ਤਾਜਾ ਖ਼ਬਰਾਂ


ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  24 minutes ago
ਲਖਨਊ, 20 ਜੁਲਾਈ- ਸੋਨਭੱਦਰ ਹੱਤਿਆ ਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਭਾਵੁਕ ਹੋ ਗਈ। ਇਸ ਮੌਕੇ 'ਤੇ ਉਹ ਆਪਣੇ ਹੰਝੂ ਵੀ ਰੋਕ ਨਹੀਂ ਸਕੀ। ਪ੍ਰਿਅੰਕਾ ਗਾਂਧੀ ਨੇ ਆਪਣੇ ਸਾੜੀ ਨਾਲ ...
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  38 minutes ago
ਸ਼ੁਤਰਾਣਾ, 20 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਅੱਜ ਤੜਕੇ ਕਰੀਬ 200 ਫੁੱਟ ਪਾੜ ਪੈ ਗਿਆ ਤੇ ਆਲੇ ਦੁਆਲੇ ਦੇ ਇਲਾਕੇ 'ਚ ਪਾਣੀ ਭਰ ਗਿਆ ਹੈ। ਘੱਗਰ ਦਰਿਆ 'ਚ ਪਏ ਹੋਏ ...
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  45 minutes ago
ਖਡੂਰ ਸਾਹਿਬ, 20 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਬਿਆਸ ਦਰਿਆ ਵੱਲੋਂ ਦਾਰਾਪੁਰ ਵਿਖੇ ਕਿਸਾਨਾਂ ਦੀ ਜ਼ਮੀਨ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਐਮ ਪੀ...
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  1 minute ago
ਜਲੰਧਰ, 20 ਜੁਲਾਈ (ਚਿਰਾਗ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤੇ ਜਾਣ 'ਤੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਕੋਈ ਵੀ ਸਮਝੌਤਾ ਆਪਣੇ ਨਿੱਜੀ ਸਵਾਰਥ ਲਈ ...
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  about 1 hour ago
ਜਲੰਧਰ, 20 ਜੁਲਾਈ (ਚਿਰਾਗ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਭਾਜਪਾ 'ਚ ਸ਼ਾਮਲ ਹੋ ਗਏ। ਦੋਹਾਂ ਨੇ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  about 1 hour ago
ਲਖਨਊ, 20 ਜੁਲਾਈ- ਚੁਨਾਰ ਗੈਸਟ ਹਾਊਸ ਵਿੱਚ ਮੌਜੂਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੋਨਭੱਦਰ ਹੱਤਿਆ ਕਾਂਡ ਦੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਪਰ 15 ਲੋਕਾਂ ਨੂੰ ਪੁਲਿਸ ਨੇ ਬਾਹਰ ਹੀ ਰੋਕ ਲਿਆ...
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  about 1 hour ago
ਲਖਨਊ, 20 ਜੁਲਾਈ- ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਮਿਰਜ਼ਾਪੁਰ ਸਥਿਤ ਚੁਨਾਰ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਮੁੰਬਈ, 20 ਜੁਲਾਈ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਸਵੇਰੇ 9.17 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 2 hours ago
ਅਜਨਾਲਾ, 20 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ 'ਚੋਂ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਵਲੋਂ ਅਸਤੀਫ਼ਾ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ...
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 2 hours ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ.................................
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਹਾੜ ਸੰਮਤ 551
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਤੁਹਾਡੇ ਖ਼ਤ

27-06-2019

 ਬਨਾਵਟੀਪਨ ਦੀ ਭਰਮਾਰ
ਭਾਰਤ ਵਿਚ ਇਮਾਨਦਾਰੀ ਖੰਭ ਲਾ ਕੇ ਉੱਡ-ਪੁੱਡ ਗਈ ਲਗਦੀ ਹੈ। ਗ਼ੈਰ-ਸਮਾਜਿਕ, ਅਸੱਭਿਅਕ, ਗੁੰਡਾਗਰਦੀ, ਜਬਰ ਜਨਾਹ, ਦੰਗੇ, ਰਿਸ਼ਵਤਖੋਰੀ, ਪਰਿਵਾਰਵਾਦ, ਆਦਿ ਦੇ ਨਾਲ-ਨਾਲ ਨਕਸਲਵਾਦ ਨੇ ਆਮ ਇਨਸਾਨਾਂ ਅਤੇ ਇਨਸਾਨੀਅਤ ਦਾ ਲੱਕ ਤੋੜ ਦਿੱਤਾ ਹੈ। ਨਿੱਤ ਛਪਦੀਆਂ ਅਖ਼ਬਾਰਾਂ ਦੀ ਸੁਰਖੀਆਂ ਦਿਲ ਝੰਜੋੜ ਦਿੰਦੀਆਂ ਹਨ। ਨਕਲੀ ਦੁੱਧ, ਨਕਲੀ ਦਵਾਈਆਂ, ਨਕਲੀ ਬੀਜ, ਨਕਲੀ ਆਂਡੇ, ਨਕਲੀ ਕੋਲਡ ਡਰਿੰਗ ਆਦਿ ਗ਼ੈਰ-ਇਨਸਾਨੀਅਤ ਨਹੀਂ ਤਾਂ ਹੋਰ ਕੀ ਹੈ? ਇਨਸਾਨ ਏਨਾ ਗਿਰ ਗਿਆ ਹੈ ਕਿ ਖਾਣ-ਪੀਣ ਅਤੇ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ 'ਚ ਲੋੜੀਂਦੀਆਂ ਵਸਤੂਆਂ ਨੂੰ ਵੀ ਨਕਲਵਾਦ ਤੋਂ ਨਹੀਂ ਬਖ਼ਸ਼ਿਆ।
ਆਮ ਇਨਸਾਨ ਪਹਿਲਾਂ ਹੀ ਪ੍ਰਦੂਸ਼ਣ ਅਤੇ ਅਨਾਜ, ਫਲਾਂ 'ਚ ਰਸਾਇਣਕ ਜ਼ਹਿਰਾਂ ਦੀ ਮਾਤਰਾ ਜ਼ਿਆਦਾ ਹੋਣ ਨਾਲ ਭਿਆਨਕ ਅਤੇ ਖ਼ਤਰਨਾਕ ਬਿਮਾਰੀਆਂ ਨਾਲ ਜੂਝ ਰਿਹਾ ਹੈ ਪਰ ਖਾਣ-ਪੀਣ ਦੀਆਂ ਵਸਤੂਆਂ 'ਚ ਬਨਾਵਟੀਪਨ ਨੇ ਮਨੁੱਖ ਲਈ ਨਵੀਂ ਚਿੰਤਾ ਛੇੜ ਦਿੱਤੀ ਹੈ। ਨਕਲੀ ਵਸਤੂਆਂ ਦੀ ਮਾਰਕੀਟ 'ਚ ਭਰਮਾਰ ਹੈ। ਸਬੰਧਿਤ ਮਹਿਕਮਿਆਂ 'ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਮਹਿਕਮੇ ਕਾਰਵਾਈ ਨਾ ਕਰ ਸਕਣ ਲਈ ਮਜਬੂਰ ਹਨ। ਸੋ, ਸਰਕਾਰੀ ਧਿਰਾਂ ਨੂੰ ਇਨਸਾਨੀਅਤ ਦੀ ਕਦਰ ਕਰਦਿਆਂ ਅਗਲੀ ਪੀੜ੍ਹੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਕਤ ਨਕਲੀ ਚੀਜ਼ਾਂ ਨੂੰ ਨੱਥ ਪਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਧਰਤੀ ਦਿਵਸ
ਪਿਛਲੇ ਦਿਨੀਂ ਅਮਰੀਕੀ ਸੈਨੇਟਰ ਗੈਲਾਰਡ ਨੈਲੇਸਨ ਨੇ ਧਰਤੀ ਦਿਵਸ ਮਨਾ ਕੇ ਧਰਤੀ ਗ੍ਰਹਿ ਨੂੰ ਵੱਖ-ਵੱਖ ਪ੍ਰਦੂਸ਼ਣ ਤੋਂ ਬਚਾ ਕੇ ਕੁਦਰਤੀ ਢਾਂਚੇ ਵਿਚ ਮੁੜ ਸਥਾਪਿਤ ਕਰਨ ਦਾ ਅਹਿਮ ਫ਼ੈਸਲਾ ਲਿਆ। ਸ਼ਾਇਦ ਇਸੇ ਮਕਸਦ ਤੋਂ ਪ੍ਰਭਾਵਿਤ ਹੋ ਕੇ ਜਰਮਨ ਨਿਵਾਸੀ ਲੇਖਿਕਾ ਤੇ ਚਿੱਤਰਕਾਰ ਹੈਲਿਨਾ ਨੇ 'ਬਲਿਹਾਰੀ ਕੁਦਰਤਿ ਵਸਿਆ' ਦੇ ਨਾਅਰੇ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਨੌੜੀ ਵਿਚ ਕੁਦਰਤ ਨੂੰ ਸਮਰਪਤ ਇਕ ਪਾਰਕ ਵਿਕਸਤ ਕੀਤਾ, ਜਿਥੇ ਹਰ ਪ੍ਰਕਾਰ ਦੇ ਫੁੱਲ, ਬੂਟੇ, ਪੌਦੇ, ਰੁੱਖਾਂ ਤੇ ਕੁਦਰਤੀ ਬਨਸਪਤੀ ਨਾਲ ਸਾਂਝ ਪਾ ਕੇ ਕੁਦਰਤ ਨਾਲ ਨੇੜਤਾ ਕਾਇਮ ਕਰਨ ਦਾ ਸਾਰਥਕ ਯਤਨ ਕੀਤਾ ਹੈ। ਰੁੱਖ, ਪੌਦੇ, ਹਰਿਆਵਲ ਵਾਲੀ ਬਨਸਪਤੀ ਵਧੇਗੀ, ਧਰਤੀ 'ਤੇ ਠੰਢਕ ਵਧੇਗੀ। ਪੰਛੀਆਂ ਦਾ ਰੈਣ ਬਸੇਰਾ ਵਧੇਗਾ। ਮਨੁੱਖੀ ਸ਼ੋਰ ਪ੍ਰਦੂਸ਼ਣ ਘਟੇਗਾ। ਦਰਿਆਵਾਂ ਦੇ ਕੰਢੇ ਲੱਗੇ ਉਦਯੋਗਾਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਫ਼ਸਲਾਂ ਉੱਪਰ ਖ਼ਤਰਨਾਕ ਰਸਾਇਣਾਂ ਦਾ ਛਿੜਕਾ, ਧਰਤੀ ਦੀ ਉਪਰਲੀ ਤਹਿ ਨੂੰ ਬਿਮਾਰ ਕਰਦਾ ਹੈ।
ਰੁੱਖਾਂ ਦੀ ਅੰਨ੍ਹੇਵਾਹ ਕਟਾਈ ਧਰਤੀ ਨੂੰ ਮਾਰੂਥਲ ਬਣਾ ਰਹੀ ਹੈ। ਸੱਭਿਅਕ ਕਹਾਉਂਦਾ ਮਨੁੱਖ ਧਰਤੀ ਨੂੰ ਪ੍ਰਦੂਸ਼ਣ ਦੇ ਜ਼ਰੀਏ ਕਬਾੜਖਾਨਾ ਬਣਾਉਣ 'ਤੇ ਤੁਲਿਆ ਹੈ। ਕੂੜੇ ਦੇ ਢੇਰਾਂ ਤੋਂ ਤੌਬਾ ਕਰੇ। ਜਰਮਨ ਬੀਬੀ ਵਾਂਗ 'ਬਲਿਹਾਰੀ ਕੁਦਰਤਿ ਵਸਿਆ' ਵਰਗੇ ਹੋਰ ਪਾਰਕ ਵਿਕਸਤ ਕਰੇ ਤੇ ਕੁਦਰਤ ਨਾਲ ਸਾਂਝ ਵਧਾਏ, ਹਰਿਆਵਲ ਵਾਲੀ ਬਨਸਪਤੀ ਉਗਾਵੇ। ਸ਼ਾਂਤੀ ਨਾਲ ਜੀਵੇ। ਪੰਛੀਆਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਵੀ ਬਚ ਜਾਣਗੀਆਂ।


-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।


ਤਿੜਕਦੇ ਰਿਸ਼ਤੇ
ਦਿਨੋਂ-ਦਿਨ ਮਨੁੱਖੀ ਰਿਸ਼ਤਿਆਂ ਵਿਚ ਕੁੜੱਤਣ ਫੈਲ ਰਹੀ ਹੈ। ਰਿਸ਼ਤਿਆਂ ਵਿਚ ਪਈ ਫਿੱਕ ਕਾਰਨ ਸਕਿਆਂ ਹੱਥੋਂ ਸਕਿਆਂ ਦੇ ਕਤਲ, ਧੋਖਾ, ਝਗੜੇ, ਖ਼ਿਆਨਤ, ਤਲਾਕ ਅਤੇ ਬੇਵਿਸ਼ਵਾਸੀ ਨੇ ਪੈਰ ਪਸਾਰ ਲਏ ਹਨ। ਅਖ਼ਬਾਰਾਂ ਵਿਚ ਹਰ ਰੋਜ਼ ਛਪਦੇ ਬੇਦਖ਼ਲੀ ਨੋਟਿਸ ਰਿਸ਼ਤਿਆਂ ਵਿਚ ਪੈਦਾ ਹੋਈ ਕੜਵਾਹਟ ਦੀ ਸਪੱਸ਼ਟ ਵੰਨਗੀ ਹਨ। ਅਸਲ ਵਿਚ ਬਿਨਾਂ ਕਿਰਤ ਕੀਤਿਆਂ ਹਾਈ-ਫਾਈ ਜੀਵਨ ਬਸ਼ਰ ਕਰਨ ਦੀ ਚਾਹਤ ਨੇ ਸਾਡੀ ਮਾਨਸਿਕਤਾ ਇਸ ਕਦਰ ਗਿਰਾ ਦਿੱਤੀ ਹੈ ਕਿ ਰਿਸ਼ਤਿਆਂ ਦੀ ਥਾਂ 'ਠੀਕਰੀਆਂ' ਪ੍ਰਧਾਨ ਹੋ ਗਈਆਂ ਹਨ। ਅਸੀਂ ਆਪਣੇ ਬਿਗਾਨੇ ਸਭ ਨੂੰ ਲਿਤਾੜ ਕੇ ਅੱਗੇ ਲੰਘ ਜਾਣਾ ਚਾਹੁੰਦੇ ਹਾਂ। ਅਸੀਂ ਇਹ ਭੁੱਲ ਗਏ ਹਾਂ ਕਿ ਪੈਸਾ ਤਾਂ ਸ਼ਾਇਦ ਕਿਸੇ ਨਾ ਕਿਸੇ ਪੜਾਅ ਉੱਪਰ ਮਿਲ ਜਾਵੇ ਪਰ ਤਿੜਕੇ ਰਿਸ਼ਤੇ ਸ਼ਾਇਦ ਹੀ ਗੰਢੇ ਜਾ ਸਕਣ। ਇਸ ਲਈ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਰੁੱਖ ਲਗਾਓ, ਵਾਤਾਵਰਨ ਬਚਾਓ
ਪਿਛਲੇ 4-5 ਦਹਾਕੇ ਪੁਰਾਣਾ ਪੰਜਾਬ ਰੁੱਖਾਂ ਨਾਲ ਹਰਿਆ-ਭਰਿਆ, ਸਿਹਤਮੰਦ ਲੋਕ, ਉੱਨਤ ਖੇਤੀ, ਮੈਦਾਨੀ ਇਲਾਕੇ ਤੇ ਸਾਫ਼-ਸੁਥਰੇ ਦਰਿਆਵਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਹੁਣ ਸਭ ਤੋਂ ਵੱਧ ਦੂਸ਼ਿਤ ਵਾਤਾਵਰਨ, ਬਿਮਾਰੀਆਂ ਨਾਲ ਭਰਪੂਰ ਹੈ। ਲੋਕਾਂ ਵਲੋਂ ਧਰਤੀ ਹੇਠਲੇ ਪਾਣੀ ਨੂੰ ਵੀ ਗੰਦਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਓਨੇ ਰੁੱਖ ਲਗਾਏ ਨਹੀਂ ਜਾਂਦੇ, ਜਿੰਨੀ ਕਟਾਈ ਹੋ ਜਾਂਦੀ ਹੈ। ਵਿਕਾਸ ਦੇ ਨਾਂਅ 'ਤੇ ਰੁੱਖਾਂ ਦੀ ਧੜਾਧੜ ਕਟਾਈ ਹੋ ਰਹੀ ਹੈ। ਪਹਿਲਾਂ ਪਿੰਡਾਂ ਦੀ ਲਿੰਕ ਸੜਕਾਂ, ਨਹਿਰਾਂ, ਨਾਲਿਆਂ 'ਤੇ ਰੁੱਖਾਂ ਦੀਆਂ ਕਤਾਰਾਂ ਹੁੰਦੀਆਂ ਸਨ ਪਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ, ਅਵਾਰਾ ਪਸ਼ੂਆਂ ਤੇ ਗ਼ੈਰ-ਕਾਨੂੰਨੀ ਕਟਾਈ ਨੇ ਰੁੱਖਾਂ ਦੀ ਗਿਣਤੀ ਘਟਾਈ ਹੈ। ਰਹਿੰਦ-ਖੂੰਹਦ ਨੂੰ ਲਗਾਈਆਂ ਅੱਗਾਂ ਨਾਲ ਜਿਥੇ ਜੀਵ, ਜੰਤੂ, ਪੰਛੀ, ਬਨਸਪਤੀ ਝੁਲਸ ਰਹੀ ਹੈ, ਉਥੇ ਹੀ ਰੁੱਖਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਰੁੱਖਾਂ ਦੀ ਘਾਟ ਕਾਰਨ ਬਰਸਾਤਾਂ ਵੀ ਘਟ ਰਹੀਆਂ ਹਨ। ਵਾਤਾਵਰਨ ਨੂੰ ਬਚਾਉਣ ਲਈ ਜਿਥੇ ਵਾਤਾਵਰਨ ਪ੍ਰੇਮੀਆਂ, ਜੰਗਲਾਤ ਵਿਭਾਗ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਉਥੇ ਹੀ ਸਰਕਾਰ ਨੂੰ ਮੇਨ ਹਾਈਵੇਅ 'ਤੇ ਸੜਕਾਂ ਕਿਨਾਰੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

26-06-2019

 ਲਾਸਾਨੀ ਸ਼ਹੀਦੀ
ਸ਼ਾਂਤੀ ਦੇ ਪੁੰਜ, ਪਿਆਰ ਦੇ ਮੁਜੱਸਮੇ, ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਦੇ ਸਬੰਧ ਵਿਚ ਵੱਖ-ਵੱਖ ਵਿਦਵਾਨਾਂ ਦੇ ਵਿਚਾਰ 'ਅਜੀਤ' ਵਿਚ ਪੜ੍ਹਨ ਨੂੰ ਮਿਲੇ। ਗੁਰੂ ਜੀ ਦੇ ਜੀਵਨ ਫਲਸਫ਼ੇ ਨਾਲ ਸਬੰਧਿਤ ਲੇਖ ਪੜ੍ਹਨ 'ਤੇ ਪਤਾ ਲੱਗਿਆ ਕਿ ਗੁਰੂ ਜੀ ਨੂੰ ਮਨੁੱਖਤਾ ਨਾਲ ਅਥਾਹ ਪਿਆਰ ਸੀ। ਜੇਠ ਮਹੀਨੇ ਦੀ ਗਰਮੀ ਦੀ ਰੁੱਤ, ਤੱਤੀ ਤਵੀ, ਅੱਗ ਦੀਆਂ ਲਪਟਾਂ, ਉੱਪਰੋਂ ਸਿਖ਼ਰ ਦੁਪਹਿਰ ਗਰਮ ਰੇਤ ਦੇ ਕੜਛਿਆਂ ਦੇ ਕਹਿਰ ਨੂੰ ਇਕ ਸੰਪੂਰਨ ਸਤਿਗੁਰੂ ਦੀ ਮਨੁੱਖਤਾ ਦੀ ਭਲਾਈ ਲਈ ਆਪਣੇ ਪਿੰਡੇ 'ਤੇ ਸਹਿ ਸਕਦਾ ਹੈ ਜੋ ਕਿ ਪੂਰੀ ਦੁਨੀਆ ਵਿਚ ਇਕ ਮਿਸਾਲ ਹੈ। ਅਜੋਕੇ ਸਮੇਂ ਦੇ ਅੰਦਰ ਗੁਰੂ ਜੀ ਦੇ ਪਿਆਰ ਭਰੇ ਉਪਦੇਸ਼ਾਂ, ਸੰਦੇਸ਼ਾਂ ਨੂੰ ਅਪਣਾ ਕੇ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਂਦਾ ਜਾ ਸਕਦਾ ਹੈ ਜੋ ਕਿ ਸਮੇਂ ਦੀ ਅਣਸਰਦੀ ਲੋੜ ਹੈ। ਕਿਸੇ ਮਹਾਨ ਚਿੰਤਕ ਨੇ ਵੀ ਇਸ ਸਬੰਧੀ ਲਿਖਿਆ ਹੈ ਕਿ 'ਨਫ਼ਰਤ ਵੈਰ ਦੀਆਂ ਢਾਹ ਕੰਧਾਂ, ਪੁਲ ਬਣਾਈਏ ਪਿਆਰਾਂ ਦੇ।'


-ਓਮ ਪ੍ਰਕਾਸ਼ ਪੂਨੀਆਂ, ਗਿੱਦੜਬਾਹਾ।


ਸੋਸ਼ਲ ਮੀਡੀਆ ਦੀ ਸਹੀ ਵਰਤੋਂ
ਅਸੀਂ ਦੇਖਦੇ ਹਾਂ ਕਿ ਅੱਜ ਦੇ ਯੁੱਗ ਵਿਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਅਜਿਹਾ ਕੋਈ ਹੀ ਹੋਵੇਗਾ ਜੋ ਇਸ ਦਾ ਪ੍ਰਯੋਗ ਨਾ ਕਰ ਰਿਹਾ ਹੋਵੇ। ਪਰ ਅੱਜਕਲ੍ਹ ਇਕ ਨਵਾਂ ਰਿਵਾਜ ਆਇਆ ਹੈ ਕਿ ਹਰ ਇਕ ਗੱਲ ਸਾਂਝਾ ਕਰਨ ਦਾ, ਪਰ ਬੜਾ ਦੁੱਖ ਲਗਦਾ ਜਦੋਂ ਦੇਖਦੇ ਹਾਂ ਕਿ ਕਿਸ ਦੇ ਘਰ ਮੌਤ ਹੋ ਜਾਂਦੀ ਤਾਂ ਲੋਕ ਉਨ੍ਹਾਂ ਦੇ ਮ੍ਰਿਤਕ ਸਰੀਰ ਦੀਆਂ ਤਸਵੀਰਾਂ ਤੱਕ ਸਾਂਝਾ ਕਰੀ ਜਾਂਦੇ ਹਨ ਜਾਂ ਫਿਰ ਅਸਥੀਆਂ ਚੁਗਣ ਜਾਂਦੇ ਹਨ ਤਾਂ ਸਾਂਝਾ ਕਰੀ ਜਾਂਦੇ ਹਨ। ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੀ ਪੜ੍ਹੀ-ਲਿਖੀ ਪੀੜ੍ਹੀ ਕਿਤੇ ਵੀ ਘੁੰਮਣ ਫਿਰਨ ਜਾਂਦੀ ਹੈ ਤਾਂ ਨਾਲ-ਨਾਲ ਜਗ੍ਹਾ ਦਾ ਨਾਂਅ ਤੇ ਤਸਵੀਰਾਂ ਪਾਈ ਜਾਂਦੇ ਹਨ। ਕਈ ਵਾਰ ਅਪਰਾਧੀ ਇਨ੍ਹਾਂ ਨੂੰ ਦੇਖਦੇ ਹਨ ਤਾਂ ਪਿੱਛੋਂ ਉਨ੍ਹਾਂ ਦੀ ਘਰ ਲੁੱਟਮਾਰ ਕਰਦੇ ਹਨ। ਇਸ ਤਰ੍ਹਾਂ ਉਹ ਆਪ ਹੀ ਸੂਚਨਾ ਦੇ ਕੇ ਆਪਣੇ ਘਰਾਂ ਵਿਚ ਡਾਕੇ ਪੁਆ ਰਹੇ ਹਨ। ਜੇਕਰ ਅਸੀਂ ਅਜਿਹੀਆਂ ਘਟਨਾਵਾਂ ਤੋਂ ਬਚਣਾ ਹੈ ਤਾਂ ਅਜਿਹੀਆਂ ਸੂਚਨਾਵਾਂ ਸਾਨੂੰ ਫੇਸਬੁੱਕ 'ਤੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕੋਈ ਖਾਸ ਖੁਸ਼ੀ ਦੀ ਗੱਲ ਹੋਵੇ ਤਾਂ ਸਾਂਝੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰੋ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਬੁਰੇ ਅਨਸਰਾਂ ਤੋਂ ਸੁਰੱਖਿਅਤ ਰੱਖ ਸਕਦੇ ਹੋ। ਕੋਈ ਵੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਤੋਂ ਪਹਿਲਾਂ ਧਿਆਨਪੂਰਵਕ ਸੋਚ ਲੈਣਾ ਚਾਹੀਦਾ ਹੈ ਕਿ ਤੁਹਾਡੇ ਵਲੋਂ ਸਾਂਝਾ ਕੀਤੀ ਕੋਈ ਵੀ ਸੂਚਨਾ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਨੁਕਸਾਨਦੇਹ ਹੋ ਸਕਦੀ ਹੈ।


-ਸੰਦੀਪ ਦਿਉੜਾ।


ਘਟੀਆ ਕਾਰਗੁਜ਼ਾਰੀ
ਅੱਜ ਦੇ ਸਮੇਂ ਵਿਚ ਏਨੇ ਉੱਚ ਪੱਧਰ ਦੀ ਤਕਨੀਕ ਆ ਗਈ ਹੈ ਕਿ ਜਲਦੀ ਕੋਈ ਕਿਸੇ ਵੀ ਮਸ਼ੀਨਰੀ ਬਾਰੇ ਨੁਕਸ ਪੈਣ ਦੀ ਸੰਭਾਵਨਾ ਹੀ ਨਹੀਂ ਰਹਿ ਜਾਣੀ ਪਰ ਇਸ ਸਾਡੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੀ ਕਾਰਗੁਜ਼ਾਰੀ ਬਾਰੇ ਦੇਖਿਆ ਜਾਂਦਾ ਹੈ ਕਿ ਹਨੇਰੀ ਅਜੇ ਰਾਜਸਥਾਨ ਵਿਚ ਹੀ ਹੁੰਦੀ ਹੈ ਤੇ ਬਿਜਲੀ ਪੰਜਾਬ ਵਿਚ ਬੰਦ ਕਰ ਦਿੱਤੀ ਜਾਂਦੀ ਹੈ। ਏਨਾ ਵੱਡਾ ਉਪਰਾਲਾ ਕਰਕੇ ਮੋਟੀਆਂ-ਮੋਟੀਆਂ ਕੇਬਲਾਂ ਪਾ ਕੇ ਵੀ ਇਹੀ ਹਾਲ ਬਣਿਆ ਰਹਿੰਦਾ ਹੈ ਕਿ ਕਈ-ਕਈ ਘੰਟੇ ਬਿਜਲੀ ਚਾਲੂ ਹੀ ਨਹੀਂ ਹੋ ਸਕਦੀ। ਮਾੜੇ ਪ੍ਰਬੰਧਾਂ ਦੀ ਇਸ ਤੋਂ ਉੱਪਰ ਕੀ ਮਿਸਾਲ ਹੋ ਸਕਦੀ ਹੈ। ਇਹੀ ਹਾਲ ਦੂਸਰੇ ਵਿਭਾਗਾਂ ਦਾ ਬਣਿਆ ਹੋਇਆ ਹੈ। ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਲੋਕਾਂ ਨੂੰ ਬਿਜਲੀ ਸਬੰਧੀ ਪ੍ਰੇਸ਼ਾਨੀ ਨਾ ਆਵੇ।


-ਕ੍ਰਿਸ਼ਨ ਖੇੜਾ
ਲੋਹੀਆਂ ਖਾਸ।


ਕ੍ਰਿਕਟ ਨੂੰ ਖੇਡ ਹੀ ਰਹਿਣ ਦਈਏ

ਭਾਰਤ ਤੇ ਪਾਕਿਸਤਾਨ ਵਿਚ ਕ੍ਰਿਕਟ ਜੰਗ ਲੜਨ ਦੀ ਭਾਵਨਾ ਨਾਲ ਖੇਡੀ ਜਾਂਦੀ ਹੈ। ਜਿਸ ਵੀ ਟੀਮ ਦੀ ਹਾਰ ਹੋ ਜਾਂਦੀ ਹੈ ਤਾਂ ਉਸ ਟੀਮ ਦੇ ਖਿਡਾਰੀਆਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ, ਟੀ.ਵੀ. ਤੋੜੇ ਜਾਂਦੇ ਹਨ, ਹਿੰਸਕ ਪ੍ਰਦਰਸ਼ਨ ਕੀਤੇ ਜਾਂਦੇ ਹਨ ਅਤੇ ਖਿਡਾਰੀਆਂ ਦੇ ਘਰਾਂ 'ਤੇ ਹਮਲੇ ਤੱਕ ਕੀਤੇ ਜਾਂਦੇ ਹਨ। ਮੇਰੇ ਖਿਆਲ ਅਨੁਸਾਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਦੋਂ ਕੋਈ ਮੈਚ ਹੁੰਦਾ ਹੈ ਤਾਂ ਜਿੱਤ ਤਾਂ ਇਕ ਦੀ ਹੀ ਹੋਣੀ ਹੁੰਦੀ ਹੈ। ਸਾਨੂੰ ਜਿੱਤ ਹਾਰ ਦੀ ਭਾਵਨਾ ਨਾਲ ਹੀ ਮੈਚ ਦੇ ਨਤੀਜੇ ਨੂੰ ਲੈਣਾ ਚਾਹੀਦਾ ਹੈ। ਜੇਕਰ ਅਸੀਂ ਬੇਲੋੜੀ ਪ੍ਰਤੀਕਿਰਿਆ ਜ਼ਾਹਰ ਕਰਦੇ ਹਾਂ ਤਾਂ ਇਸ ਨਾਲ ਦੋਵਾਂ ਮੁਲਕਾਂ ਵਿਚ ਨਫ਼ਰਤ ਦੀ ਜਵਾਲਾ ਭਖ਼ਦੀ ਹੈ। ਇਸ ਸਬੰਧੀ ਮੀਡੀਆ ਨੂੰ ਵੀ ਭੜਕਾਊ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਡੇ ਵਰਗੇ ਵਿਕਾਸਸ਼ੀਲ ਮੁਲਕਾਂ ਲਈ ਸ਼ਾਂਤੀਪੂਰਨ ਮਾਹੌਲ ਦੀ ਬਹੁਤ ਜ਼ਰੂਰਤ ਹੈ। ਸੋ ਖੇਡ ਨੂੰ ਖੇਡ ਹੀ ਸਮਝਿਆ ਜਾਵੇ ਤਾਂ ਦੋਵਾਂ ਮੁਲਕਾਂ ਲਈ ਬਿਹਤਰ ਹੋਵੇਗਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਇਕ ਦੇਸ਼, ਇਕ ਚੋਣ
60 ਹਜ਼ਾਰ ਕਰੋੜ ਰੁਪਏ ਲੋਕ ਸਭਾ ਚੋਣਾਂ 'ਤੇ ਖਰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਵੰਨ ਨੇਸ਼ਨ ਵੰਨ ਇਲੈਕਸ਼ਨ' ਨਾਂਅ ਦੇ ਮੁੱਦੇ ਤਹਿਤ ਸਰਬ ਦਲੀ ਬੈਠਕ ਬੁਲਾਈ ਗਈ ਹੈ ਜਿਸ ਦਾ ਕਾਂਗਰਸ, ਮਮਤਾ ਬੈਨਰਜੀ, ਮਾਇਆਵਤੀ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਪਾਰਟੀਆਂ ਨੇ ਬਾਈਕਾਟ ਕੀਤਾ ਹੈ। ਭਾਵੇਂ ਇਸ ਮਕਸਦ ਨਾਲ ਪੈਸੇ ਦੀ ਬਰਬਾਦੀ, ਮਨੁੱਖੀ ਊਰਜਾ ਤੇ ਚੋਣ ਜ਼ਾਬਤੇ ਅਧੀਨ ਰੁਕਣ ਵਾਲੇ ਕੰਮਾਂ ਨੂੰ ਧਿਆਨ ਵਿਚ ਰੱਖਿਆ ਜਾ ਸਕਦਾ ਹੈ। ਪਰ ਲੋਕ ਸਭਾ ਜਾਂ ਵਿਧਾਨ ਸਭਾ ਦਾ ਆਪਣੇ ਸਮੇਂ ਤੋਂ ਪਹਿਲਾਂ ਮੁਲਤਵੀ ਹੋ ਜਾਣਾ ਦੁਬਾਰਾ ਫਿਰ ਚੋਣਾਂ ਲਈ ਸੱਦਾ ਦਿੰਦਾ ਹੈ। ਦੂਜਾ ਭਾਰਤ 'ਚ ਪਾਰਟੀ ਬਹੁਲਤਾ ਹੈ ਇਸ ਨੂੰ ਧੋਪਿਆ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਹੋ ਸਕਦਾ ਹੈ ਕਿ ਰਾਸ਼ਟਰੀ ਵਿਸ਼ੇ, ਖੇਤਰੀ ਵਿਸ਼ਿਆਂ ਨੂੰ ਆਪੇ ਨਾਲ ਰੋੜ੍ਹ ਕੇ ਲੈ ਜਾਣ ਤੇ ਸਾਰਾ ਕਾਰਜ ਇਕ ਧੁਰੀ 'ਤੇ ਰਿੜਕਿਆ ਜਾਵੇ।


-ਰਮਨਦੀਪ ਸਿੰਘ
ਸ.ਸ.ਸ. ਹੀਰੋਂ ਖੁਰਦ (ਮਾਨਸਾ)।

25-06-2019

 ਪਾਣੀ ਬਚਾਓ
ਪਾਣੀ ਅਮੋਲਕ ਦਾਤ ਹੈ। ਇਸ ਬਿਨਾਂ ਜੀਵਨ ਸੰਭਵ ਨਹੀਂ। ਪਰ ਬਦਲਦੇ ਸਮਾਜਿਕ ਤੇ ਆਰਥਿਕ ਹਾਲਾਤ ਮੁਤਾਬਿਕ ਅਜੋਕੇ ਮਨੁੱਖ ਨੇ ਅਖੌਤੀ ਵਿਕਾਸ ਦੇ ਨਾਂਅ ਥੱਲੇ ਪਾਣੀ ਦੇ ਸਰੋਤਾਂ ਦਾ ਰੱਜ ਕੇ ਵਿਨਾਸ਼ ਕੀਤਾ। ਦਰਿਆਵਾਂ ਦੇ ਪਾਣੀਆਂ ਨੂੰ ਪਲੀਤ ਕੀਤਾ ਗਿਆ। ਧਰਤੀ ਦੀ ਉਪਰਲੀ 25-30 ਫੁੱਟ ਵਾਲੀ ਪਾਣੀ ਦੀ ਤਹਿ ਖ਼ਤਮ ਹੋ ਗਈ। ਪਾਣੀ ਦੀ ਦੁਰਵਰਤੋਂ ਸਬੰਧੀ ਇਕ ਲੇਖਕ ਦੀ ਰਿਪੋਰਟ ਮੁਤਾਬਿਕ ਸੰਸਾਰ ਦੀ ਸਭ ਤੋਂ ਵੱਧ ਵਰਖਾ ਵਾਲੀ ਧਰਤੀ 'ਚਿਰਾਪੂੰਜੀ' ਜਲ ਸਰੋਤਾਂ ਦੇ ਸੋਕੇ ਨਾਲ ਜੂਝ ਰਹੀ ਹੈ। ਉਸ ਖੇਤਰ ਦੇ ਲੋਕ 'ਪਾਣੀ ਦੀ ਸੰਭਾਲ' ਪ੍ਰਤੀ ਚੇਤੰਨ ਨਹੀਂ। ਇਸ ਦੇ ਉਲਟ ਰਾਜਸਥਾਨ ਦੇ ਜੈਸਲਮੇਰ ਦਾ ਇਲਾਕਾ ਪਾਣੀ ਦੀ ਸੰਭਾਲ ਕਰਕੇ 'ਜੰਗਲ ਵਿਚ ਮੰਗਲ' ਲਾ ਕੇ ਉਹ ਇਲਾਕਾ ਹਰਿਆ-ਭਰਿਆ ਕਰਕੇ ਸਿਆਣਪ ਦਾ ਸਬੂਤ ਦਿੱਤਾ। ਅਸੀਂ ਪੰਜਾਬੀ ਪਾਣੀ ਪ੍ਰਤੀ ਬਹੁਤ ਹੀ ਬੇਧਿਆਨੀ ਵਰਤਦੇ ਹਾਂ। ਬਿਨਾਂ ਸ਼ੱਕ ਅਸੀਂ ਮਾਰੂਥਲ ਵੱਲ ਵਧ ਰਹੇ ਹਾਂ। ਪੰਜਾਬ ਵਿਚ ਤਕਰੀਬਨ 13 ਲੱਖ ਟਿਊਬਵੈੱਲ, ਕਰੋੜਾਂ ਘਰ ਵਿਚ ਕਰੋੜਾਂ ਮੋਟਰ ਮੱਛੀਆਂ ਦਿਨ-ਰਾਤ ਧਰਤੀ ਵਿਚੋਂ ਪਾਣੀ ਖਿੱਚ ਰਹੀਆਂ ਹਨ। ਗੱਡੀਆਂ ਧੋਣ, ਵਿਹੜੇ ਧੋਣ, ਟੂਟੀਆਂ ਵਿਚੋਂ ਵਗਦਾ ਪਾਣੀ ਸਾਰਾ ਦਿਨ ਬਰਬਾਦ ਹੋ ਰਿਹਾ ਹੈ। ਕੀ ਅਸੀਂ ਪਾਣੀ ਦੀ ਕਦਰ ਪਾਉਣੀ ਸਿੱਖੀ ਹੀ ਨਹੀਂ? ਕੁਦਰਤ ਵਲੋਂ ਮੁਫ਼ਤ ਵਿਚ ਮਿਲਿਆ ਸ਼ੁੱਧ ਪਾਣੀ ਅਸੀਂ ਮੁੱਲ ਪੁਆ ਕੇ 800 ਮਿ.ਲੀ. ਪਾਣੀ 20 ਰੁਪਏ ਵਿਚ ਧੜਾਧੜ ਖਰੀਦ ਰਹੇ ਹਾਂ। ਕੀ ਇਹ ਸਾਡੀ ਸਿਆਣਪ ਹੈ? ਆਓ, ਵੇਲਾ ਸੰਭਾਲ ਕੇ ਆਉਣ ਵਾਲੀਆਂ ਨਸਲਾਂ 'ਤੇ ਤਰਸ ਕਰਕੇ ਪਾਣੀ ਬਚਾਉਣ ਦੇ ਉਪਰਾਲੇ ਕਰੀਏ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਝੁਲਸ ਰਿਹਾ ਪੰਜਾਬ
ਪੰਜਾਬ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਤਾਪਮਾਨ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਲੋਕ ਗਰਮੀ ਨਾਲ ਝੁਲਸ ਰਹੇ ਹਨ। ਵਧ ਰਹੀ ਗਰਮੀ ਦਾ ਜ਼ਿੰਮੇਵਾਰ ਮਨੁੱਖ ਆਪ ਹੀ ਹੈ। ਕਈ ਮੁਸੀਬਤਾਂ-ਪ੍ਰੇਸ਼ਾਨੀਆਂ ਮਨੁੱਖ ਨੇ ਆਪ ਸਹੇੜੀਆਂ ਹਨ। ਵਾਤਾਵਰਨ ਵਿਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਰਹੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ। ਸਾਨੂੰ ਠੰਢੀ ਛਾਂ ਦੇਣ ਵਾਲੇ ਰੁੱਖ ਜਿਵੇਂ ਪਿੱਪਲ, ਬੋਹੜ, ਨਿੰਮ, ਬਹੇੜਾ ਆਦਿ ਘਟ ਰਹੇ ਹਨ। ਰੁੱਖਾਂ ਦੀ ਕਟਾਈ ਵਧ ਰਹੀ ਹੈ ਅਤੇ ਨਵੇਂ ਰੁੱਖ ਘੱਟ ਲਗਾਏ ਜਾ ਰਹੇ ਹਨ, ਜਿਸ ਨਾਲ ਵਾਤਾਵਰਨ ਸ਼ੁੱਧ ਹੋਣ ਦੀ ਬਜਾਏ ਦੂਸ਼ਿਤ ਹੋ ਰਿਹਾ ਹੈ। ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਕੁਦਰਤ ਦਾ ਇਕ ਨਾਮਾਤਰ ਅੰਸ਼ ਹੈ। ਜੇਕਰ ਉਹ ਨਾ ਸੰਭਲਿਆ ਤਾਂ ਉਸ ਨੂੰ ਭਵਿੱਖ ਵਿਚ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ। ਅਗਰ ਇਸੇ ਤਰ੍ਹਾਂ ਗਰਮੀ ਵਿਚ ਵਾਧਾ ਹੁੰਦਾ ਗਿਆ ਤਾਂ ਪੰਜਾਬ ਵਿਚ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ ਤੇ ਪੰਜਾਬ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਾਤਾਵਰਨ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰੇ ਅਤੇ ਰੁੱਖ ਕੱਟਣ 'ਤੇ ਤੁਰੰਤ ਪਾਬੰਦੀ ਲਗਾਏ।

-ਕਾਜਲ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਬੀਲ ਤੇ ਡੀ.ਜੇ.
ਛਬੀਲ ਦਾ ਸਬੰਧ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਛਬੀਲ ਦੀ ਸੇਵਾ ਕਰਦੇ ਸਮੇਂ ਉਸ ਜਗ੍ਹਾ 'ਤੇ ਉੱਚੀ-ਉੱਚੀ ਆਵਾਜ਼ ਵਿਚ ਡੀ.ਜੇ. 'ਤੇ ਧਾਰਮਿਕ ਗੀਤ ਲੱਗੇ ਹੁੰਦੇ ਹਨ, ਜਦ ਕਿ ਇਹ ਦਿਨ ਇਕ ਦੁਖਦਾਇਕ ਦਿਨ ਹੁੰਦਾ ਹੈ। ਇਸ ਦਿਨ ਨੂੰ ਗੁਰੂ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਛਬੀਲਾਂ ਲਗਾਈਆ ਜਾਂਦੀਆਂ ਹਨ। ਆਵਾਜ਼ ਤੇ ਧਮਕ ਏਨੀ ਜ਼ਿਆਦਾ ਹੁੰਦੀ ਹੈ ਕਿ ਛਬੀਲ ਵਾਲੀ ਜਗ੍ਹਾ 'ਤੇ ਖਲੌਣਾ ਔਖਾ ਹੋ ਜਾਂਦਾ ਹੈ। ਇਨ੍ਹਾਂ ਜਗ੍ਹਾ 'ਤੇ ਸਿਆਣੇ ਤੇ ਸੁਲਝੇ ਹੋਏ ਲੋਕ ਵੀ ਮੌਜੂਦ ਹੁੰਦੇ ਹਨ। ਜੇਕਰ ਸਪੀਕਰ ਲਗਾਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਘੱਟ ਆਵਾਜ਼ ਵਿਚ ਗੁਰੂ ਦੀ ਬਾਣੀ ਦੇ ਸ਼ਬਦ ਜਾਂ ਪਾਠ ਸੁਣਨਾ ਚਾਹੀਦਾ ਹੈ। ਜੇਕਰ ਸਾਡਾ ਕੋਈ ਪਰਿਵਾਰਕ ਮੈਂਬਰ ਅਕਾਲ ਚਲਾਣਾ ਕਰ ਜਾਵੇ ਤਾਂ ਅਸੀਂ ਉਸ ਦੇ ਭੋਗ ਜਾਂ ਬਰਸੀ 'ਤੇ ਪਾਠ ਕਰਵਾਉਂਦੇ ਹਾਂ ਅਤੇ ਗੁਰੂ ਕੀ ਬਾਣੀ ਦੀ ਕੀਰਤਨ ਕਰਵਾਉਂਦੇ ਹਾਂ। ਪਰ ਛਬੀਲ ਦੇ ਸਮੇਂ ਡੀ.ਜੇ. ਲਗਾ ਕੇ ਕੀ ਦੱਸਣਾ ਚਾਹੁੰਦੇ ਹਾਂ?

-ਗੁਰਿੰਦਰਜੀਤ ਸਿੰਘ ਕਲੇਰ, ਗੁਰਦਾਸਪੁਰ।

24-06-2019

 ਕਦੋਂ ਗੰਭੀਰ ਹੋਣਗੀਆਂ ਸਰਕਾਰਾਂ?
ਰਾਜ ਭਾਗ ਹਾਸਲ ਕਰਨ ਦੀ ਅੰਨ੍ਹੀ ਲਾਲਸਾ ਦੇ ਚਲਦਿਆਂ ਸਮੇਂ ਦੀਆਂ ਸਰਕਾਰਾਂ ਕੁਝ ਅਜਿਹੇ ਫੈਸਲੇ ਅੱਖਾਂ ਮੀਟ ਕੇ ਕਰ ਦਿੰਦੀਆਂ ਹਨ ਜਿੰਨ੍ਹਾਂ ਦਾ ਵੱਡਾ ਖਮਿਆਜ਼ਾ ਸਮੁੱਚੀ ਮਾਨਵਤਾ ਨੂੰ ਭੁਗਤਣਾ ਪੈ ਜਾਂਦਾ ਹੈ। ਜੇਕਰ ਜ਼ਮੀਨ ਹੇਠਲੇ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਥਾਂ-ਥਾਂ ਟਿਊਬਵੈਲ ਲਗਾ ਕੇ ਜ਼ਮੀਨ ਨੂੰ ਛਾਣਨੀ ਦੀ ਤਰ੍ਹਾਂ ਬਣਾ ਦਿੱਤਾ ਗਿਆ ਹੈ। ਪਾਣੀ ਦੀਆਂ ਮੋਟਰਾਂ ਦੇ ਬਿੱਲ ਵੀ ਮੁਆਫ ਕਰ ਦਿੱਤੇ ਗਏ ਜਿਸ ਕਾਰਨ ਅਰਬਾਂ-ਖਰਬਾਂ ਲੀਟਰ ਬਹੁਮੁੱਲਾ ਪਾਣੀ ਬੇਅਰਥੀ ਦੀ ਭੇਟ ਚੜ੍ਹ ਰਿਹਾ ਹੈ। ਜਦਕਿ ਬਿੱਲ ਮੁਆਫੀ ਦਾ ਵੱਡਾ ਲਾਭ ਵੀ ਵੱਡੇ ਕਿਸਾਨਾਂ ਨੂੰ ਹੀ ਹੈ ਕਿਉਂਕਿ ਛੋਟੇ ਕਿਸਾਨਾਂ ਨੂੰ ਤਾਂ 50-60 ਰਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈ ਰਿਹਾ ਹੈ। ਪਾਣੀ ਦਾ ਪੱਧਰ ਸਥਿਰ ਰੱਖਣ ਲਈ ਅਹਿਮ ਫੈਸਲਾ ਲੈਣਾ ਅਤਿ ਜ਼ਰੂਰੀ ਹੈ ਜਿਵੇਂ ਕਿਸਾਨਾਂ ਦੀਆਂ ਮੋਟਰਾਂ ਅਤੇ ਪੀਣ ਵਾਲੇ ਪਾਣੀ ਨੂੰ ਜਾਇਜ਼ ਰੇਟ ਤੇ ਯੂਨਿਟ ਦੇ ਹਿਸਾਬ ਨਾਲ ਬਿੱਲ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਜਿਸ ਨਾਲ ਖਪਤਕਾਰ ਲੋੜ ਅਨੁਸਾਰ ਹੀ ਪਾਣੀ ਵਰਤਣਗੇ। ਇਸ ਦੇ ਬਦਲੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਦਲਵੀ ਰਾਹਤ ਪ੍ਰਦਾਨ ਕਰ ਦਿੱਤੀ ਜਾਵੇ। ਜੇਕਰ ਇਸ ਮੁੱਖ ਮਸਲੇ ਸਬੰਧੀ ਗੰਭੀਰਤਾ ਨਾ ਦਿਖਾਈ ਗਈ ਤਾਂ ਸਮੁੱਚਾ ਪੰਜਾਬ ਇੱਕ ਦਿਨ ਰਾਜਸਥਾਨ ਬਣ ਕੇ ਰਹਿ ਜਾਵੇਗਾ।


-ਨਰੇਸ਼ ਧੌਲ
ਕਸਬਾ ਭੱਦੀ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ।


ਆਓ ਤੰਦਰੁਸਤ ਪੰਜਾਬ ਸਿਰਜੀਏ
ਪੰਜਾਬ ਵਰਗਾ ਖੁਸ਼ਹਾਲੀ ਦਾ ਭਰਮ ਪਾਲਣ ਵਾਲਾ ਸੂਬਾ ਬੁਰੀ ਤਰ੍ਹਾਂ ਬਿਮਾਰੀਆਂ ਦੀ ਲਪੇਟ ਵਿਚ ਆ ਚੁੱਕਿਆ ਹੈ। ਸ਼ਾਇਦ ਹੀ ਕੋਈ ਪਰਿਵਾਰ ਹੋਵੇਗਾ ਜਿਸ ਘਰ ਵਿਚ ਕੋਈ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਨਾ ਹੋਵੇ। ਇਨ੍ਹਾਂ ਬਿਮਾਰੀਆਂ ਉੱਪਰ ਆਉਣ ਵਾਲਾ ਖਰਚ ਹੁਣ 90 ਫੀਸਦੀ ਪੰਜਾਬੀਆਂ ਦੇ ਵੱਸੋਂ ਬਾਹਰ ਹੋ ਚੁੱਕਿਆ ਹੈ। ਜਿਸ ਕਰਕੇ ਇਨ੍ਹਾਂ ਬਿਮਾਰੀਆਂ ਦੀ ਭਿਆਨਕਤਾ ਦਿਨੋ-ਦਿਨ ਸਾਡੇ ਪੰਜਾਬ ਨੂੰ ਖੰਘਰ ਕਰਦੀ ਜਾ ਰਹੀ ਹੈ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥੀਂ ਕਿਰਤ ਕਰਨ ਦਾ ਉਪਦੇਸ਼ ਭੁੱਲ ਕੇ ਵਿਹਲ ਦੀ ਆਦਤ ਪਾ ਬੈਠੇ ਹਾਂ। ਉੱਪਰੋਂ ਮਿਲਾਵਟੀ ਖਾਣਾ, ਕੰਮ-ਚੋਰੀ, ਬੇਲੋੜਾ ਤਣਾਅ ਅਤੇ ਪ੍ਰਦੂਸ਼ਣ ਆਦਿ ਖ਼ੁਦ ਸਹੇੜ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਜੇਕਰ ਅਜੇ ਵੀ ਅਸੀਂ ਹੱਥੀਂ ਕੰਮ ਕਰਨ ਦੀ ਆਦਤ ਪਾਈਏ, ਸਧਾਰਨ ਖਾਣਾ ਖਾਈਏ, ਕਸਰਤ ਕਰੀਏ ਅਤੇ ਚੰਗੇ ਵਿਚਾਰ ਪੜੀ੍ਹਏ-ਸੁਣੀਏ ਤਾਂ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤੰਦਰੁਸਤ ਕੌਮਾਂ ਹੀ ਤੰਦਰੁਸਤ ਦੇਸ਼ ਦਾ ਨਿਰਮਾਣ ਕਰਦੀਆ ਹਨ। ਅਸੀਂ ਵੀ ਆਪਣੇ ਪੰਜਾਬ ਨੂੰ ਤੰਦਰੁਸਤ ਬਣਾਉਣ ਵਿਚ ਸਹਾਈ ਹੋਈਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ,ਪਟਿਆਲਾ।


ਬਰਬਾਦੀ ਦੀ ਰਾਹ 'ਤੇ ਨੌਜਵਾਨ
ਨਸ਼ੇ ਨਾਲ ਲਗਾਤਾਰ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਕੀ ਕੁੜੀ ਤੇ ਕੀ ਮੁੰਡਾ ਹਰ ਕੋਈ ਨਸ਼ੇ ਦੀ ਰਾਹ 'ਤੇ ਤੁਰ ਪਿਆ ਹੈ, ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਹੈ ਜਦੋਂ ਇਹ ਪਤਾ ਲਗਦਾ ਹੈ ਕਿ ਨੌਜਵਾਨਾਂ ਦੀ ਮੌਤ ਨਸ਼ਾ ਵੱਧ ਮਾਤਰਾ 'ਚ ਲੈਣ ਕਾਰਨ ਹੋਈ ਹੈ। ਕਈ ਲੋਕ ਇਹ ਨਸ਼ਾ ਇਸ ਲਈ ਕਰਦੇ ਹਨ ਤਾਂ ਜੋ ਉਹ ਆਪਣੇ ਤਣਾਅ ਨੂੰ ਦੂਰ ਕਰ ਸਕਣ ਪਰ ਤਣਾਅ ਦੂਰ ਕਰਨ ਦਾ ਇਹ ਤਰੀਕਾ ਗ਼ਲਤ ਹੈ। ਇਕ ਪਾਸੇ ਜਿੰਨਾ ਮਾੜਾ ਹਾਲ ਨਸ਼ਾ ਕਰਨ ਵਾਲਿਆਂ ਦਾ ਹੈ, ਉਸ ਤੋਂ ਵੱਧ ਤਾਂ ਨਸ਼ਾ ਛੁਡਾਊ ਕੇਂਦਰਾਂ ਦਾ ਹੈ ਜੋ ਕਿ ਬਾਹਰੋਂ ਤਾਂ ਇਹ ਦਿਖਾਉਂਦੇ ਹਨ ਕਿ 'ਇਥੇ ਆਓ ਤੇ ਨਸ਼ਾ ਛੁਡਾਓ' ਵਰਗੇ ਬੈਨਰ ਲਾ ਕੇ ਮਰੀਜ਼ਾਂ ਦਾ ਦਾਖ਼ਲਾ ਇਥੇ ਕਰਵਾ ਲੈਂਦੇ ਹਨ ਪਰ ਇਲਾਜ ਸਹੀ ਢੰਗ ਨਾਲ ਨਹੀਂ ਕਰਦੇ ਤੇ ਇਸੇ ਕਾਰਨ ਅੱਜ ਨਸ਼ੇ ਨਾਲ ਮੌਤਾਂ ਦੀਆਂ ਵੱਧ ਖ਼ਬਰਾਂ ਦੀਆਂ ਆਵਾਜ਼ਾਂ ਇਨ੍ਹਾਂ ਕੇਂਦਰਾਂ ਤੋਂ ਆਉਂਦੀਆਂ ਹਨ। ਸਰਕਾਰ ਨੂੰ ਇਸ ਬਰਬਾਦੀ ਦੀ ਰਾਹ 'ਤੇ ਜਾ ਰਹੇ ਨੌਜਵਾਨਾਂ ਲਈ ਕੁਝ ਕਦਮ ਚੁੱਕਣੇ ਚਾਹੀਦੇ ਹਨ।


-ਜਾਨਵੀ ਬਿੱਠਲ, ਜਲੰਧਰ।


ਹੱਦਾਂ-ਸਰਹੱਦਾਂ ਤੋਂ ਪਾਰ...

'ਦੂਰਦਰਸ਼ਨ ਪੰਜਾਬੀ' ਚੈਨਲ ਦੇ ਪ੍ਰੋਗਰਾਮਾਂ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਜਿਸ ਚੈਨਲ ਨੂੰ ਅਸੀਂ ਬਲੈਕ ਐਂਡ ਵਾਈਟ ਟੀ. ਵੀ. ਦੇ ਜ਼ਮਾਨੇ ਵਿਚ ਦੇਖ-ਦੇਖ ਵੱਡੇ ਹੋਏ। ਜੀਵਨ ਸੇਧ ਲਈ ਅੱਜ ਉਸ ਦੀ ਇਹ ਹਾਲਤ ਦੇਖ ਕੇ ਮਨ ਉਦਾਸ ਹੋ ਜਾਦਾ ਹੈ। ਬਚਪਨ ਵਿਚ ਇਸ ਚੈਨਲ ਦੇ ਪ੍ਰੋਗਰਾਮਾਂ ਰਾਹੀਂ ਬਹੁਤ ਕੁਝ ਸਿੱਖਿਆ ਪਰ ਹੁਣ ਇਸ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਇਕ-ਦੋ ਨੂੰ ਛੱਡ ਕੇ ਸਾਰੇ ਹੀ ਉਦੇਸ਼ ਵਿਹੂਣੇ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਰਸਾਤਲ ਵੱਲ ਲੈ ਜਾਣ ਵਾਲੇ ਹਨ। 'ਹੱਦਾਂ-ਸਰਹੱਦਾਂ ਤੋਂ ਪਾਰ ਦਿਲਾਂ ਨੂੰ ਜੋੜਨ ਵਾਲਾ ਡੀ.ਡੀ. ਪੰਜਾਬੀ ਅੱਜ ਕਾਰਪੋਰੇਟ ਘਰਾਣਿਆਂ ਦੇ ਧੱਕੇ ਚੜ੍ਹ ਆਪਣੀ ਹੋਂਦ ਅਤੇ ਪਛਾਣ ਪੰਜਾਬੀ ਪਿਆਰਿਆਂ ਦੇ ਦਿਲਾਂ 'ਚੋਂ ਗੁਆ ਰਿਹਾ ਹੈ। 24 ਘੰਟੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿਚੋਂ ਜ਼ਿਅਦਾ ਸਮਾਂ ਹੋਰਨਾਂ ਕੰਪਨੀਆਂ ਦੇ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ। ਇਸ ਚੈਨਲ ਦਾ ਜ਼ਿਆਦਾ ਸਮਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦੇਣਾ ਬਹੁਤ ਵੱਡੀ ਗ਼ਲਤੀ ਸਾਬਤ ਹੋ ਰਿਹਾ ਹੈ। ਸਰਕਾਰ ਇਸ ਦੇ ਡਿੱਗ ਰਹੇ ਮਿਆਰ ਅਤੇ ਉਭਾਰ ਵੱਲ ਧਿਆਨ ਦੇਵੇ।


ਜਗਦੀਪ ਸਿੰਘ ਭੁੱਲਰ
ਪਿੰਡ: ਜੋਗਾਨੰਦ, ਜ਼ਿਲ੍ਹਾ ਬਠਿੰਡਾ।

21-06-2019

 ਫ਼ਤਹਿਵੀਰ ਦੀ ਮੌਤ

ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ 2 ਸਾਲ ਦਾ ਬੱਚਾ ਫ਼ਤਹਿਵੀਰ ਬੋਰਵੈੱਲ ਵਿਚ ਡਿੱਗ ਪਿਆ ਸੀ ਅਤੇ ਉਸ ਨੂੰ ਬਚਾਉਣ ਦੇ ਬਹੁਤ ਯਤਨ ਕੀਤੇ ਗਏ। ਪਰ 6 ਦਿਨ ਬੀਤ ਜਾਣ ਪਿੱਛੋਂ ਉਸ ਨੂੰ ਬੋਰਵੈੱਲ ਤੋਂ ਕੱਢਿਆ ਗਿਆ। ਬੱਚੇ ਨੂੰ ਆਪਣੀ ਜਾਨ ਗੁਆਉਣੀ ਪਈ। ਹੁਣ ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਪੂਰੇ ਘਟਨਾਕ੍ਰਮ ਪਿੱਛੇ ਗ਼ਲਤੀ ਕਿਸ ਦੀ ਹੈ? ਮੇਰੀ ਸੋਚ ਅਨੁਸਾਰ ਇਹ ਹਾਦਸਾ ਪ੍ਰਸ਼ਾਸਨ ਦੇ ਨਾਲ-ਨਾਲ ਪਰਿਵਾਰ ਦੀ ਵੀ ਬਹੁਤ ਵੱਡੀ ਅਣਗਹਿਲੀ ਕਾਰਨ ਵਾਪਰਿਆ। ਜਦੋਂ ਬੋਰਵੈੱਲ ਵਰਤੋਂ ਵਿਚ ਨਹੀਂ ਤਾਂ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਸੀ।
ਦੂਜੀ ਗੱਲ ਫ਼ਤਹਿਵੀਰ ਜਿਸ ਦਿਨ ਬੋਰਵੈੱਲ ਵਿਚ ਡਿੱਗਿਆ ਸੀ, ਉਸੇ ਦਿਨ ਤੋਂ ਆਮ ਲੋਕਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਬੱਚੇ ਨੂੰ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ ਗਈ ਜੋ ਇਕ ਚੰਗੀ ਗੱਲ ਹੈ ਪਰ ਉਨ੍ਹਾਂ ਨੂੰ ਇਸ ਕੰਮ ਬਾਰੇ ਪੂਰੀ ਜਾਣਕਾਰੀ ਨਾ ਹੋਣਾ ਅਤੇ ਪ੍ਰਸ਼ਾਸਨ ਵਲੋਂ ਫ਼ੌਜ ਨੂੰ ਨਾ ਬੁਲਾਉਣਾ ਜਾਂ ਦੇਰੀ ਨਾਲ ਬੁਲਾਉਣਾ ਵੀ ਫ਼ਤਹਿਵੀਰ ਲਈ ਜਾਨਲੇਵਾ ਸਾਬਤ ਹੋਇਆ। ਇਥੇ ਪ੍ਰਸ਼ਾਸਨ ਨੇ ਬਹੁਤ ਵੱਡੀ ਗ਼ਲਤੀ ਤੇ ਨਾਲਾਇਕੀ ਕੀਤੀ। ਹੁਣ ਵਾਹਿਗੁਰੂ ਜੀ ਦਾ ਭਾਣਾ ਮੰਨ ਕੇ ਪਰਿਵਾਰ ਨੂੰ ਤੇ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਸੁਚੇਤ ਹੋਣਾ ਚਾਹੀਦਾ। ਸਰਕਾਰ ਅਤੇ ਪ੍ਰਸ਼ਾਸਨ ਨੂੰ ਪੁੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਅੱਗੇ ਤੋਂ ਕਿਸੇ ਹੋਰ ਮਾਂ ਦਾ ਫ਼ਤਹਿਵੀਰ ਆਪਣੀ ਜਾਨ ਨਾ ਗੁਆ ਬੈਠੇ।

-ਗੁਰਵਿੰਦਰ 'ਗੋਸਲ'।

ਟੋਲ ਪਲਾਜ਼ਿਆਂ ਦਾ ਜਾਲ

ਬਿਨਾਂ ਸ਼ੱਕ ਪੰਜਾਬ ਦੇ ਲਗਪਗ ਸਾਰੇ ਕੌਮੀ ਸ਼ਾਹਰਾਹਾਂ ਦੀ ਹਾਲਤ ਕਾਫੀ ਦਰੁਸਤ ਹੈ। ਪਰ ਇਨ੍ਹਾਂ ਉੱਪਰ ਲੱਗੇ ਟੋਲ ਪਲਾਜ਼ੇ 'ਜਜ਼ੀਆ' ਟੈਕਸ ਮਹਿਸੂਸ ਹੁੰਦੇ ਹਨ। ਕੋਈ ਐਸਾ ਸ਼ਹਿਰ ਨਹੀਂ ਹੈ ਜੋ ਇਨ੍ਹਾਂ ਦੀ ਮਾਰ ਹੇਠ ਨਾ ਹੋਵੇ। ਸਾਡੀਆਂ ਸਰਕਾਰਾਂ ਆਪਣੇ ਫ਼ਰਜ਼ਾਂ ਤੋਂ ਬੇਮੁੱਖ ਹੋ ਕੇ ਨਿੱਜੀਕਰਨ ਵੱਲ ਵਧ ਰਹੀਆਂ ਹਨ। ਇਸ ਕਰਕੇ ਸਾਰੇ ਮਹਿਕਿਮਆਂ ਦਾ ਇਕ-ਇਕ ਕਰਕੇ ਭੋਗ ਪਾਇਆ ਜਾ ਰਿਹਾ ਹੈ।
ਇਸ ਨੀਤੀ ਤਹਿਤ ਹੀ ਸੜਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਨਿੱਜੀ ਕੰਪਨੀਆਂ ਨੂੰ ਦਿੱਤੀ ਗਈ ਹੈ। ਪਹਿਲਾਂ ਖ਼ਰਚ ਕਰਕੇ ਸੜਕ ਦਾ ਨਿਰਮਾਣ ਕੀਤਾ ਜਾਂਦਾ ਹੈ ਫਿਰ ਸਮਝੌਤੇ ਅਨੁਸਾਰ ਕਈ ਸਾਲਾਂ ਤੱਕ ਇਹ ਕੰਪਨੀਆਂ ਟੋਲ ਟੈਕਸ ਵਸੂਲ ਕਰਦੀਆਂ ਹਨ। ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਟੋਲ ਟੈਕਸਾਂ ਦੀ ਦਰ ਬਹੁਤ ਜ਼ਿਆਦਾ ਹੈ। ਜੇਕਰ ਇਹ ਟੋਲ ਟੈਕਸ ਖ਼ਤਮ ਨਹੀਂ ਕੀਤੇ ਜਾ ਸਕਦੇ ਤਾਂ ਘੱਟੋ-ਘੱਟ ਇਸ ਦੀਆਂ ਮੌਜੂਦਾ ਦਰਾਂ ਨੂੰ ਅੱਧਾ ਕਰਨਾ ਚਾਹੀਦਾ ਹੈ ਤਾਂ ਕਿ ਮਹਿੰਗਾਈ ਦੇ ਝੰਬੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਨਾਜਾਇਜ਼ ਕਬਜ਼ੇ ਛੁਡਾਏ ਜਾਣ

ਪੇਂਡੂ ਜਨਜੀਵਨ ਦਾ ਅਨਿੱਖੜਵਾਂ ਅੰਗ ਰਹੇ ਪਿੰਡਾਂ ਦੇ ਛੱਪੜ ਜੋ ਕਿਸੇ ਸਮੇਂ ਪਸ਼ੂਆਂ ਨੂੰ ਪਾਣੀ ਪਿਆਉਣ, ਨਹਾਉਣ, ਮੱਛੀ ਪਾਲਣ, ਸੁਆਣੀਆਂ ਵਲੋਂ ਛੱਪੜਾਂ ਵਿਚਲੀ ਚੀਕਣੀ ਮਿੱਟੀ ਨਾਲ ਘਰਾਂ 'ਚ ਲਿੱਪਾ ਪੋਚੀ ਕਰਨ ਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਸਨ, ਉਹ ਅੱਜ ਲਾਲਚੀ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਪਣੀ ਹੋਂਦ ਗੁਆ ਚੁੱਕੇ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਨਾ ਹੀ ਪਿੰਡਾਂ ਦੇ ਸਰਪੰਚ ਤੇ ਨਾ ਹੀ ਪਿੰਡਾਂ ਦੇ ਮੋਹਤਬਰ ਵਿਅਕਤੀ ਅੱਗੇ ਆ ਰਹੇ ਹਨ। ਅੱਜ ਪੰਜਾਬ ਦੇ ਪਿੰਡਾਂ ਵਿਚ ਕੋਈ ਵਿਰਲਾ ਛੱਪੜ ਹੀ ਹੈ ਜੋ ਪੂਰਾ ਬਚਿਆ ਹੈ। ਨਾਜਾਇਜ਼ ਕਬਜ਼ੇ ਹੋਣ ਕਾਰਨ ਘਰਾਂ ਦਾ ਨਿਕਾਸੀ ਪਾਣੀ ਨਾਲੀਆਂ, ਸੜਕਾਂ ਤੇ ਖੇਤਾਂ ਵਿਚ ਖੜ੍ਹ ਰਿਹਾ ਹੈ, ਜਿਸ ਕਰਕੇ ਲੜਾਈ ਝਗੜੇ ਹੋ ਰਹੇ ਹਨ ਤੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਫ਼ਾਈ ਨਾ ਹੋਣ ਕਰਕੇ ਚੱਪੜਾਂ ਦਾ ਦੂਸ਼ਿਤ ਪਾਣੀ ਪਿੰਡ ਦੇ ਜ਼ਮੀਨਦੋਜ਼ ਪਾਣੀਆਂ ਨੂੰ ਵੀ ਵਿਗਾੜ ਰਿਹਾ ਹੈ।
ਸਰਪੰਚਾਂ ਨੂੰ ਚਾਹੀਦਾ ਹੈ ਕਿ ਮਨਰੇਗਾ ਸਕੀਮ ਤਹਿਤ ਆਉਂਦੀ ਗਰਾਂਟ ਸਿਰਫ ਛੱਪੜ ਦੀ ਸਫ਼ਾਈ ਲਈ ਹੀ ਵਰਤਣ ਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਅੱਗੇ ਆਉਣ। ਛੱਪੜਾਂ ਦੀ ਹੋਂਦ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਮਾਲ ਵਿਭਾਗ ਤੋਂ ਨਿਸ਼ਾਨਦੇਹੀ ਲੈ ਕੇ ਪਿੰਡ ਦੇ ਛੱਪੜ ਦਾ ਰਕਬਾ ਪੂਰਾ ਕਰ ਕੇ ਇਨ੍ਹਾਂ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਲਿਆਉਣਾ ਚਾਹੀਦਾ ਹੈ। ਅੱਜ ਲੋੜ ਹੈ ਵਿਗਿਆਨਕ ਤਕਨੀਕ ਨਾਲ ਬਹੁਤ ਘੱਟ ਖਰਚ 'ਚ ਉਸਾਰੇ ਪਿੰਡ ਸੀਚੇਵਾਲ ਦੇ ਮਾਡਲ ਵਾਂਗ ਪੰਜਾਬ ਦੇ ਹੋਰਨਾਂ ਪਿੰਡਾਂ ਦੇ ਛੱਪੜਾਂ ਦੀ ਹਾਲਤ ਵੀ ਸੁਧਾਰੀ ਜਾਵੇ। ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗਦੇ ਮਿਆਰ ਨੂੰ ਸੁਧਾਰਨ ਲਈ ਕਦਮ ਚੁੱਕੇ ਜਾਣ। ਸਰਕਾਰ ਵਲੋਂ ਪੰਜਾਬ ਤੰਦਰੁਸਤ ਮਿਸ਼ਨ ਤਹਿਤ ਛੱਪੜਾਂ ਦੀ ਸਫ਼ਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਰਸਾਤਾਂ ਦੌਰਾਨ ਮੀਂਹ ਦਾ ਪਾਣੀ ਛੱਪੜ ਤੋਂ ਬਾਹਰ ਨਹੀਂ ਆਵੇਗਾ ਪਰ ਨਾਲ ਹੀ ਜੇਕਰ ਛੱਪੜਾਂ 'ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਸਰਕਾਰ ਸਖ਼ਤ ਹੁਕਮ ਜਾਰੀ ਕਰੇ ਤਾਂ ਇਹ ਇਕ ਬਹੁਤ ਹੀ ਵੱਡਾ ਉਪਰਾਲਾ ਹੋਵੇਗਾ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਬੱਚੇ ਅਤੇ ਗਰਮੀ ਦੀਆਂ ਛੁੱਟੀਆਂ

ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ। ਜੇਕਰ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਕੰਮ 'ਬੱਚਾ ਕੇਂਦਰਤ' ਹੁੰਦਾ ਹੈ, ਭਾਵ ਮਾਂ ਬਾਪ ਕੋਰੇ ਅਨਪੜ੍ਹ, ਦਿਹਾੜੀਦਾਰ ਹੋਣ ਕਰ ਕੇ ਵਿਦਿਆਰਥੀ ਆਪ ਹੀ ਕੰਮ ਕਰਦਾ ਹੈ ਜਾਂ ਵੱਡੇ ਭੈਣ ਭਰਾ ਹੋਣ ਤਾਂ ਮਦਦ ਲੈਂਦਾ ਹੈ। ਸੋ ਕੰਮ ਸਿਲੇਬਸ ਨਿਰਧਾਰਤ ਅਕੇਵੇਂ ਵਾਲਾ ਜਾਂ ਨੀਰਸਤਾ ਵਾਲਾ ਬਿਲਕੁਲ ਨਾ ਹੋਵੇ। ਕਿਉਂਕਿ ਇਨ੍ਹਾਂ ਬੱਚਿਆਂ ਨੂੰ ਕੋਈ ਬਿਠਾ ਕੇ ਕੰਮ ਕਰਾਉਣ ਵਾਲਾ ਨਹੀਂ ਹੁੰਦਾ, ਇਨ੍ਹਾਂ ਨੇ ਕੰਮ ਆਪ ਹੀ ਕਰਨਾ ਹੁੰਦਾ ਹੈ, ਤਾਂ ਛੁੱਟੀਆਂ ਦਾ ਕੰਮ ਰੌਚਕ, ਥੋੜ੍ਹਾ ਅਤੇ ਜਾਣਕਾਰੀ ਭਰਭੂਰ ਹੋਵੇ। ਛੋਟੇ ਬੱਚਿਆਂ ਲਈ ਰੰਗ ਭਰਨੇ, ਮੈਚ ਕਰਨਾ, ਗੋਲੇ ਲਗਾਉਣੇ, ਤਸਵੀਰਾਂ ਕੱਟਣੀਆਂ, ਖੰਭ ਇਕੱਠੇ ਕਰਨੇ ਆਦਿ।
ਹੁਣ ਜੇਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਖਾਸ ਕਰ ਛੋਟੇ ਬੱਚਿਆ ਦਾ ਕੰਮ 'ਮਾਪੇ ਕੇਂਦਰਤ' ਹੁੰਦਾ ਹੈ। ਪ੍ਰਾਜੈਕਟ ਵਰਕ ਅਜਿਹਾ ਹੁੰਦਾ ਹੈ ਜਿਸ ਦਾ ਬੱਚੇ ਨੇ ਬਣਾਉਣਾ ਤਾਂ ਕੀ ਉਸ ਦੀ ਸਮਝ ਤੋਂ ਵੀ ਦੂਰ ਹੁੰਦਾ ਹੈ। ਸਾਮਾਨ ਵੀ ਬਜ਼ਾਰੋਂ ਹੀ ਖਰੀਦਣਾ ਪੈਂਦਾ ਹੈ, ਸੋ ਸਾਰੀ ਸਿਰਦਰਦੀ ਮਾਪਿਆਂ ਦੀ ਹੁੰਦੀ ਹੈ। ਕਈ ਵਾਰ ਮਾਪਿਆਂ ਦੀਆਂ ਸਾਰੀਆਂ ਛੁੱਟੀਆਂ ਪ੍ਰਾਜੈਕਟ ਵਰਕ ਦੀ ਤਿਆਰੀ, ਖਰੀਦੋ-ਫ਼ਰੋਖਤ ਵਿਚ ਹੀ ਲੰਘ ਜਾਂਦੀਆਂ ਹਨ। ਵੱਡੇ ਬੱਚਿਆਂ ਨੂੰ ਵੀ ਲਿਖਤੀ ਕੰੰਮ ਲੋੜ ਅਨੁਸਾਰ ਹੋਵੇ। ਸੋ, ਛੁੱਟੀਆਂ ਦਾ ਕੰਮ ਭਾਵੇਂ ਸਰਕਾਰੀ ਜਾਂ ਪ੍ਰਾਈਵੇਟ, ਸਹੀ ਯੋਜਨਾ ਅਤੇ ਸੰਜਮ ਨਾਲ ਹੋਵੇ। ਰੌਚਕ ਹੋਵੇ, ਜਿਸ ਨਾਲ ਬੱਚੇ ਨੂੰ ਚਾਅ ਅਤੇ ਉਤਸ਼ਾਹ ਹੋਵੇ।

ਕੁਲਵਿੰਦਰਜੀਤ ਕੌਰ 'ਕਿਸ਼ਨਪੁਰਾ'
ਈ.ਟੀ.ਟੀ. ਅਧਿਆਪਕਾ
ਸ. ਐ. ਸਕੂਲ ਚੱਬਾ (ਅੰਮ੍ਰਿਤਸਰ)।

20-06-2019

 ਟੁੱਟ ਰਹੇ ਰਿਸ਼ਤੇ
ਪੁਰਾਣੇ ਪੰਜਾਬ ਵਿਚ ਕੱਚੇ ਘਰਾਂ ਅੰਦਰ ਪਿਆਰ ਇੱਜ਼ਤ ਕਰਨ ਵਾਲੇ ਲੋਕ ਵਸਦੇ ਸਨ। ਇਕ-ਦੂਜੇ ਨਾਲ ਰਲ-ਮਿਲ ਕੇ ਅਤੇ ਇਕ-ਦੂਜੇ ਦੇ ਸਹਾਈ ਹੋ ਕੇ ਚਲਦੇ ਸਨ। ਪੁਰਾਣੇ ਪੰਜਾਬ 'ਚ ਰਿਸ਼ਤਿਆਂ ਦੀ ਕਦਰ ਹੁੰਦੀ ਸੀ ਹਰੇਕ ਰਿਸ਼ਤੇ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ, ਜੇਕਰ ਸੱਜ ਵਿਆਹੀ ਨੂੰਹ ਘਰ ਵਿਚ ਆਉਂਦੀ ਸੀ ਤਾਂ ਸੱਸ, ਸਹੁਰੇ, ਜੇਠ, ਦਿਉਰ ਦੇ ਰਿਸ਼ਤੇ ਦਾ ਵੱਖੋ-ਵੱਖਰਾ ਸਨਮਾਨ ਹੁੰਦਾ ਸੀ, ਆਂਢ-ਗੁਆਂਢ ਦੇ ਵਡੇਰਿਆਂ ਦੀ ਵੀ ਸ਼ਰਮ ਮੰਨਦੇ ਸਾਂ, ਇਥੋਂ ਤੱਕ ਕੇ ਪਿੰਡ ਦੇ ਵੱਡੇ-ਵਡੇਰਿਆਂ ਅਤੇ ਬਜ਼ੁਰਗਾਂ ਦਾ ਵੀ ਸਨਮਾਨ ਹੁੰਦਾ ਸੀ। ਪਰ ਅੱਜ ਦੇ ਅਗਾਂਹਵਧੂ ਪੰਜਾਬ ਵਿਚ ਓਹੀ ਰਿਸ਼ਤੇ ਚੂਰ-ਚੂਰ ਹੋ ਚੁੱਕੇ ਹਨ ਸ਼ਰਮਾਂ ਦੇ ਪਰਦੇ ਲੱਥ ਚੁੱਕੇ ਹਨ।
ਪੈਸੇ ਦੀ ਇਸ ਅੰਨੀ ਦੌੜ ਨੇ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਭੁਲਾ ਦਿੱਤੀ ਹੈ। ਪੱਛਮੀ ਸੱਭਿਆਚਾਰ ਅਗਾਂਹਵਧੂ ਅਤੇ ਟੈਕਨਾਲੋਜੀ ਦੇ ਜ਼ਮਾਨੇ ਨੇ ਸੰਗ-ਸ਼ਰਮ ਨੂੰ ਬਿਲਕੁਲ ਖੂੰਜੇ ਲਗਾ ਦਿੱਤਾ ਹੈ। ਅਸੀਂ ਆਪਣੇ-ਆਪ ਨੂੰ ਅਗਾਂਹਵਧੂ ਸਾਬਿਤ ਕਰਨ ਦੀ ਦੌੜ ਵਿਚ ਆਪਣੇ ਸੱਭਿਆਚਾਰ ਨੂੰ ਅਤੇ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਨੂੰ ਭੁੱਲ ਬੈਠੇ ਹਾਂ। ਆਓ, ਅਸੀਂ ਪੈਸੇ ਅਤੇ ਪੱਛਮੀ ਸੱਭਿਆਚਾਰ ਵਿਚ ਵਹਿ ਕੇ ਟੁੱਟ ਰਹੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਰੰਗਲੇ ਪੰਜਾਬ ਦੀਆਂ ਰੌਣਕਾਂ ਨੂੰ ਵਾਪਸ ਲੈ ਕੇ ਆਈਏ।


-ਨਿਰਵੈਰ ਸਿੰਘ ਸਿੰਧੀ


ਜਲ ਬਚਾਓ, ਆਪਣਾ ਅੱਜ ਤੇ ਕੱਲ੍ਹ ਬਚਾਓ
ਅਜੋਕੇ ਸਮੇਂ ਦਾ ਕੌੜਾ ਸੱਚ ਇਹ ਹੈ ਕਿ ਪੰਜਾਂ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਅੱਜ 'ਬੇਆਬ' ਹੋਣ ਨੂੰ ਫਿਰ ਰਿਹਾ ਹੈ ਤੇ ਆਉਣ ਵਾਲੇ 20-22 ਸਾਲਾਂ ਵਿਚ ਇਸ ਦੇ ਪਾਣੀ ਦੀ ਇਕ-ਇਕ ਬੂੰਦ ਨੂੰ ਵੀ ਤਰਸਣ ਦੇ ਆਸਾਰ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਨਾਸਾ ਅਨੁਸਾਰ ਹਰ ਤਿੰਨ ਸਾਲ ਵਿਚ ਪਾਣੀ ਦਾ ਪੱਧਰ ਇਕ ਮੀਟਰ ਹੇਠਾਂ ਜਾ ਰਿਹਾ ਹੈ। ਕੁਝ ਮਾਹਿਰ ਝੋਨੇ ਦੀ ਖੇਤੀ ਨੂੰ ਇਸ ਵਾਸਤੇ ਜ਼ਿੰਮੇਵਾਰ ਮੰਨਦੇ ਹਨ। ਓਧਰ ਖੇਤੀ ਵਿਗਿਆਨੀ ਵੀ ਮੰਨਦੇ ਹਨ ਕਿ ਜੇਕਰ ਪਾਣੀ ਹੀ ਨਹੀਂ ਬਚੇਗਾ ਤਾਂ ਭਵਿੱਖ ਵਿਚ ਖੇਤੀ ਕਿਵੇਂ ਹੋਵੇਗੀ?
ਇਹ ਤਲਖ਼ ਹਕੀਕਤ ਹੈ ਕਿ ਬੀਤੇ ਚਾਲੀ ਸਾਲਾਂ ਵਿਚ ਟਿਊਬਵੈੱਲਾਂ ਦੀ ਗਿਣਤੀ ਵੀਹ ਗੁਣਾ ਵਧ ਗਈ ਹੈ। ਪੰਜਾਬ ਨੇ ਭਾਰਤ ਦੇ ਅੰਨ ਭੰਡਾਰ ਵਿਚ ਸਦਾ ਹੀ ਵੱਡਾ ਯੋਗਦਾਨ ਪਾਇਆ ਹੈ ਪਰ ਹੁਣ ਸਮਾਂ ਅੰਨ ਉਤਪਾਦਨ ਦੇ ਢੰਗ-ਤਰੀਕਿਆਂ ਵਿਚ ਵੱਡੀ ਤਬਦੀਲੀ ਦੀ ਮੰਗ ਕਰਦਾ ਹੈ। ਭਾਰਤ ਦੇ ਕਈ ਸੂਬਿਆਂ ਵਿਚ ਪੀਣ ਵਾਲੇ ਪਾਣੀ ਦੀ ਪ੍ਰਾਪਤੀ ਲਈ ਤਰਸਦੇ, ਜੂਝਦੇ ਤੇ ਝਗੜਦੇ ਲੋਕਾਂ ਦੀਆਂ ਤਸਵੀਰਾਂ ਵੀ ਖ਼ਤਰੇ ਦੀ ਘੰਟੀ ਲਗਾਤਾਰ ਵਜਾ ਰਹੀਆਂ ਹਨ।
ਦਰਸਅਲ ਪਾਣੀ ਦਾ ਪੱਧਰ ਹੇਠਾਂ ਚਲੇ ਜਾਣ ਪਿੱਛੇ ਖੇਤੀ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਵੇਂ ਕਿ ਵਧਦੀ ਜਨਸੰਖਿਆ, ਉਦਯੋਗੀਕਰਨ, ਪਾਣੀ ਦੀ ਵਰਤੋਂ ਪ੍ਰਤੀ ਅਣਗਹਿਲੀ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਮਨੁੱਖੀ ਸਵਾਰਥ ਅਤੇ ਆਧੁਨਿਕ ਜੀਵਨ ਸ਼ੈਲੀ। ਗੁਰਬਾਣੀ ਅਨੁਸਾਰ ਵੀ ਜਲ ਹੀ ਜੀਵਨ ਦਾ ਆਧਾਰ ਹੈ। ਇਸ ਲਈ ਇਸ ਧਰਤੀ 'ਤੇ ਅਸੀਂ ਜੇਕਰ ਜੀਵਤ ਰਹਿਣਾ ਹੈ ਤਾਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਖੇਤੀ ਮਾਹਿਰਾਂ, ਕਿਸਾਨ ਜਥੇਬੰਦੀਆਂ, ਉਦਯੋਗਪਤੀਆਂ, ਵਾਤਾਵਰਨ ਪ੍ਰੇਮੀਆਂ, ਵਿਦਿਅਕ ਮਾਹਿਰਾਂ, ਧਾਰਮਿਕ, ਸਮਾਜਿਕ ਤੇ ਸਿਆਸੀ ਆਗੂਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।


-ਅਸ਼ਵਨੀ ਚਤਰਥ
ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।


ਸਿੱਖਿਆ ਸੁਧਾਰ...
ਕੇਂਦਰ ਵਿਚ ਦੁਬਾਰਾ ਸਰਕਾਰ ਬਣਦੇ ਹੀ ਸਿੱਖਿਆ ਨੀਤੀ ਵਿਚ ਵੱਡੇ ਸੁਧਾਰ ਕਰਨ ਦੀਆਂ ਸੰਕੇਤਕ ਖ਼ਬਰਾਂ ਆਈਆਂ ਸਨ। ਜਲਦ ਹੀ ਇਹ ਵੀ ਸੁਣਿਆ ਗਿਆ ਕਿ ਸਰਕਾਰ ਫਿਲਹਾਲ ਇਸ ਬਾਰੇ ਕੋਈ ਕਦਮ ਨਹੀਂ ਚੁੱਕ ਰਹੀ। ਅਜੋਕਾ ਪਰਿਵਰਤਨਾਂ ਦਾ ਯੁੱਗ ਹੈ। ਜਿਥੇ ਆਰਥਿਕ, ਸਮਾਜਿਕ, ਵਿਗਿਆਨਕ ਅਤੇ ਰਾਜਨੀਤਕ ਖੇਤਰ ਵਿਚ ਵੱਡੇ ਪੱਧਰ ਦੇ ਪਰਿਵਰਤਨ ਹੋ ਰਹੇ ਹਨ। ਉਥੇ ਸਿੱਖਿਆ ਵਰਗੇ ਅਹਿਮ ਖੇਤਰ ਵਿਚ ਵੀ ਬਦਲਾਅ ਲਿਆਉਣਾ ਸਮੇਂ ਦੀ ਲੋੜ ਹੈ। ਸਾਡੇ ਦੇਸ਼ ਦਾ ਬਹੁਗਿਣਤੀ ਨੌਜਵਾਨ ਵਰਗ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰ ਫਿਰ ਰਿਹਾ ਹੈ। ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਬਹੁਤ ਵੱਡੀ ਊਣਤਾਈ ਹੈ। ਪੰਜਾਬ ਵਰਗੇ ਮਿਹਨਤਕਸ਼ ਅਖਵਾਏ ਜਾਣ ਵਾਲੇ ਸੂਬੇ ਦੇ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਜੋ ਨੌਜਵਾਨ ਪਿੱਛੇ ਰਹਿ ਵੀ ਰਹੇ ਹਨ ਉਨ੍ਹਾਂ ਵਿਚ ਵੀ ਬਹੁਤੇ ਬੇਰੁਜ਼ਗਾਰੀ ਦੇ ਕਾਰਨ ਨਿਰਾਸ਼ ਅਤੇ ਲਾਚਾਰ ਹਨ। ਕੀ ਸਾਡੀ ਸਿੱਖਿਆ ਪ੍ਰਣਾਲੀ ਏਨੀ ਕੁ ਵੀ ਸਮਰੱਥ ਨਹੀਂ ਕਿ ਪੜ੍ਹ-ਲਿਖ ਕੇ ਨੌਜਵਾਨ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ? ਸਿੱਖਿਆ ਪ੍ਰਣਾਲੀ ਵਿਚ ਅਜਿਹੇ ਸੁਧਾਰ ਹੋਣ ਜੋ ਸਿਰਫ ਕਾਗਜ਼ੀ ਨਾ ਰਹਿ ਕੇ ਜ਼ਮੀਨੀ ਹਕੀਕਤ ਦੀ ਪਛਾਣ 'ਤੇ ਆਧਾਰਿਤ ਹੋਣ। ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਕੇ ਬੱਚਿਆਂ ਨੂੰ ਅਜਿਹੀ ਸਿੱਖਿਆ ਮੁਹੱਈਆ ਕਰਵਾਈ ਜਾਵੇ, ਜਿਸ ਲਈ ਭਵਿੱਖ ਵਿਚ ਸਾਡੇ ਦੇਸ਼ ਵਿਚ ਹੀ ਉਨ੍ਹਾਂ ਦੀ ਕੁਸ਼ਲਤਾ ਦੀ ਵਰਤੋਂ ਲਈ ਮੌਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹੋਣ।


-ਗੁਰਦੀਪ ਬਰਾੜ
ਕੋਟਲੀ ਅਬਲੂ।


ਖ਼ਤਮ ਨਹੀਂ ਹੋਇਆ ਜਾਤ-ਪਾਤ ਦਾ ਪਾੜਾ
ਕਹਿਣ ਨੂੰ ਤਾਂ ਅਸੀਂ ਚੰਦ ਤੱਕ ਪਹੁੰਚ ਕਰ ਲਈ ਹੈ ਪਰ ਅਜੇ ਵੀ ਸਾਡੇ ਦਿਮਾਗਾਂ 'ਚੋਂ ਜਾਤ-ਪਾਤ ਨੂੰ ਲੈ ਕੇ ਜੋ ਫੂਸ ਭਰਿਆ ਹੋਇਆ ਹੈ, ਉਹ ਨਿਕਲਣ ਦਾ ਨਾਂਅ ਨਹੀਂ ਲੈ ਰਿਹਾ। ਪੜ੍ਹਾਈਆਂ-ਲਿਖਾਈਆਂ ਵੀ ਜਾਤ-ਪਾਤ ਦਾ ਪਾੜਾ ਖ਼ਤਮ ਨਹੀਂ ਕਰ ਸਕੀਆਂ। ਹਾਂ, ਥੋੜ੍ਹਾ ਫ਼ਰਕ ਜ਼ਰੂਰ ਨਜ਼ਰ ਆਉਂਦਾ ਹੈ। ਨਵੀਂ ਪੀੜ੍ਹੀ ਵਿਚ ਜੋ ਚੰਗੇ ਸੰਕੇਤ ਨਜ਼ਰ ਆ ਰਹੇ ਹਨ। ਜੇਕਰ ਪਿੰਡਾਂ ਦੀ ਗੱਲ ਕਰ ਲਈਏ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਅਲੱਗ-ਅਲੱਗ ਜਾਤਾਂ ਦੇ ਅਲੱਗ-ਅਲੱਗ ਗੁਰਦੁਆਰੇ ਹਨ, ਧਰਮਸ਼ਾਲਾ ਵੱਖਰੀਆਂ ਹਨ, ਇਥੋਂ ਤੱਕ ਸ਼ਮਸ਼ਾਨਘਾਟ ਵੀ ਜਾਤਾਂ ਵਿਚ ਵੰਡੇ ਹੋਏ ਹਨ। ਮੈਨੂੰ ਲਗਦੈ ਜਦ ਤੱਕ ਗੁਰੂ ਘਰ ਜਾਂ ਸ਼ਮਸ਼ਾਨਘਾਟ ਇਕ ਨਹੀਂ ਹੁੰਦੇ ਫਿਰ ਜਾਤਾਂ ਦਾ ਕਲੇਸ਼ ਕਿਵੇਂ ਮੁਕਣਾ।
ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਸਿਆਸਤ ਨੇ ਵੀ ਬਖੇੜਾ ਖੜ੍ਹਾ ਕੀਤਾ ਹੈ। ਲੀਡਰ ਵੀ ਗ੍ਰਾਂਟਾਂ ਜਾਤਾਂ ਦੇ ਆਧਾਰ 'ਤੇ ਦਿੰਦੇ ਹਨ। ਸਦੀਆਂ ਤੋਂ ਚੱਲ ਰਹੀ ਜਾਤ-ਪਾਤ ਦੀ ਬਿਮਾਰੀ ਸਾਡਾ ਪਿੱਛਾ ਨਹੀਂ ਛੱਡ ਰਹੀ। ਅਸੀਂ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਾਂ ਪਰ ਉਹ ਲੋਕ ਤਾਂ ਜਾਤਾਂ ਦੇ ਬੰਧਨ ਤੋਂ ਮੁਕਤ ਹਨ। ਜਾਤਾਂ ਦੇ ਸੱਪ ਨੂੰ ਜੰਗਲ ਵਿਚ ਛੱਡਣ ਦੀ ਲੋੜ ਹੈ ਅਤੇ ਸਾਡੀ ਤਰੱਕੀ ਅਤੇ ਮੁਲਕ ਦੀ ਤਰੱਕੀ ਉਦੋਂ ਹੀ ਹੋ ਸਕਦੀ ਹੈ ਜਦੋਂ ਅਸੀਂ ਇਸ ਫੂਸ ਨੂੰ ਦਿਮਾਗ 'ਚੋਂ ਕੱਢ ਦੇਈਏ। ਅੱਜ ਲੋੜ ਹੈ ਜਾਤ-ਪਾਤ ਦੇ ਕਲੇਸ਼ ਤੋਂ ਬਾਹਰ ਆਉਣ ਦੀ। ਇਨਸਾਨੀਅਤ ਪਹਿਲਾਂ ਹੈ। ਆਸ ਹੈ ਨੌਜਵਾਨ ਤਬਕਾ ਇਸ ਪਾਸੇ ਧਿਆਨ ਦੇ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦਾ ਹੈ।


-ਅਵਤਾਰ ਨਗਲੀਆਂ
ਪੱਕਾ ਦਰਵਾਜ਼ਾ, ਕੁਰਾਲੀ (ਮੁਹਾਲੀ)।


ਸਾਵਧਾਨੀ ਦੀ ਲੋੜ
ਪੰਜਾਬ ਵਿਚ ਤਕਰੀਬਨ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਬੇਹੱਦ ਗਰਮੀ ਦਾ ਪ੍ਰਕੋਪ ਰਹਿੰਦਾ ਹੈ। ਗਰਮੀ ਦੇ ਇਸ ਸਮੇਂ ਦੌਰਾਨ ਜੂਨ ਅਤੇ ਜੁਲਾਈ ਦੇ ਮਹੀਨੇ ਤਾਂ ਏਨੇ ਗਰਮ ਹੁੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਤਾਪਮਾਨ 50 ਡਿਗਰੀ ਤੱਕ ਵੀ ਚਲਾ ਜਾਂਦਾ ਹੈ। ਬੱਚੇ ਇਨ੍ਹਾਂ ਦਿਨਾਂ ਵਿਚ ਅਕਸਰ ਹੀ ਗਰਮੀ ਦੀ ਤਪਸ਼ ਤੋਂ ਬਚਣ ਲਈ ਨਹਿਰਾਂ-ਸੂਇਆਂ ਦੇ ਪੁਲਾਂ ਅਤੇ ਨੇੜੇ ਖੜ੍ਹੇ ਦਰੱਖਤਾਂ ਆਦਿ ਟਾਹਣਿਆਂ ਆਦਿ ਤੋਂ ਲਟਕ ਕੇ ਪਾਣੀ ਵਿਚ ਪੁੱਠੀਆਂ-ਸਿੱਧੀਆਂ ਛਾਲਾਂ ਮਾਰਦੇ ਹੋਏ ਨਹਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ। ਕਈ ਵਾਰ ਇਹ ਬੱਚੇ ਪਾਣੀ ਦੇ ਤੇਜ਼ ਵਹਾਅ ਅਤੇ ਡੂੰਘਾਈ ਤੋਂ ਬੇਖ਼ਬਰ ਇਕ-ਦੂਜੇ ਨੂੰ ਦੇਖ ਕੇ ਹੀ ਪਾਣੀ ਵਿਚ ਵੜ ਤਾਂ ਜਾਂਦੇ ਹਨ ਪਰ ਉਹ ਤੈਰਨ ਵਿਚ ਅਣਜਾਣ ਹੋਣ ਕਾਰਨ ਆਪਣਾ ਸੰਤੁਲਨ ਗੁਆ ਕੇ ਗੋਤੇ ਖਾਂਦੇ ਹੋਏ ਵੇਖਦੇ-ਵੇਖਦੇ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਪੰਜਾਬ ਵਿਚ ਹਰ ਸਾਲ ਇਨ੍ਹਾਂ ਦਿਨਾਂ ਵਿਚ ਅਨੇਕਾਂ ਮੌਤਾਂ ਇਸ ਤਰ੍ਹਾਂ ਨਹਿਰਾਂ ਦੇ ਪਾਣੀਆਂ ਵਿਚ ਡੁੱਬਣ ਨਾਲ ਹੀ ਹੋ ਜਾਂਦੀਆਂ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਜਿਹੇ ਖ਼ਤਰਿਆਂ ਪ੍ਰਤੀ ਬੇਹੱਦ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਕਿ ਕਿਸੇ ਦੀ ਨਿੱਕੀ ਜਿਹੀ ਗ਼ਲਤੀ ਸਾਡੀ ਸਾਰੀ ਉਮਰ ਲਈ ਪਛਤਾਵਾ ਨਾ ਬਣ ਜਾਵੇ।


-ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ (ਮੋਗਾ)।

19-06-2019

 ਅਣਗਹਿਲੀ ਦਾ ਸ਼ਿਕਾਰ ਹੋਇਆ ਮਾਸੂਮ
ਇਹ ਤਾਂ ਸਭ ਜਾਣਦੇ ਹਨ ਕਿ ਕੁਦਰਤ ਦੀਆਂ ਲਿਖੀਆਂ ਨੂੰ ਕੋਈ ਮਿਟਾ ਨਹੀਂ ਸਕਦਾ ਪਰ ਨਾਲ-ਨਾਲ ਇਨਸਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਵੀ ਹੁੰਦੀ ਹੈ। ਅੱਜ 'ਡਿਜੀਟਲ ਇੰਡੀਆ' ਏਨਾ ਕੁ ਪਛੜਿਆ ਹੋਇਆ ਨਜ਼ਰ ਆਇਆ ਕਿ ਮਾਸੂਮ ਫ਼ਤਹਿਵੀਰ ਦੀ ਜਾਨ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਚਲੀ ਗਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਭ ਆਪਣੇ-ਆਪਣੇ ਤਜਰਬੇ ਕਰ ਰਹੇ ਹਨ ਅਤੇ ਸਮੇਂ ਦੀ ਕੀਮਤ ਕਿਸੇ ਨੂੰ ਪਤਾ ਹੀ ਨਹੀਂ। ਤਕਨੀਕ ਦੇ ਏਨੇ ਵਿਕਾਸ ਦੇ ਬਾਵਜੂਦ ਅਤੇ ਸਿਆਸਤ ਦੀ ਖੇਡ ਵਿਚ ਕਿਸੇ ਨੂੰ ਮਾਸੂਮ ਦੀ ਤੜਫ ਸ਼ਾਇਦ ਮਹਿਸੂਸ ਹੀ ਨਾ ਹੋਈ। ਅੱਜ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਲੋਕਤੰਤਰ ਦੇ ਨਿਯਮਾਂ ਦਾ ਬੜੇ ਨਿਯਮਬੱਧ ਅਤੇ ਸੁਚੱਜੇ ਢੰਗ ਨਾਲ ਇਸ ਤਰ੍ਹਾਂ ਸ਼ੋਸ਼ਣ ਹੋ ਰਿਹਾ ਹੈ ਕਿ ਜ਼ਿੰਦਗੀ ਦੇ ਨਫ਼ੇ-ਨੁਕਸਾਨ ਇਨਸਾਨ ਨੂੰ ਖ਼ੁਦ ਹੀ ਝੱਲਣੇ ਪੈਂਦੇ ਹਨ ਅਤੇ ਆਮ ਜਨਤਾ ਦੀ ਸਹੂਲਤ ਲਈ ਸਭ ਪ੍ਰਬੰਧ ਨਿਕੰਮੇ ਹਨ।


-ਦਵਿੰਦਰ ਕੌਰ ਡੀਵੀ
ਸ.ਸ.ਸ. ਰੱਲੀ (ਮਾਨਸਾ)।


ਮੰਦਭਾਗੀ ਘਟਨਾ
ਫ਼ਤਹਿਵੀਰ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਬੇਸ਼ੱਕ ਪੰਜਾਬ ਵਿਚ ਸੋਗ ਹੈ ਪਰ ਸਵਾਲ ਇਹ ਹੈ ਕਿ ਲੋਕ ਇਸ ਸੋਗ ਨੂੰ ਕਿੰਨਾ ਚਿਰ ਜਿਊਂਦਾ ਰੱਖ ਸਕਣਗੇ? ਇਸ ਤੋਂ ਪਹਿਲਾਂ ਵੀ ਬੋਰ ਵਿਚ ਬੱਚੇ ਡਿੱਗੇ ਸਨ, ਜਿਨ੍ਹਾਂ ਨੂੰ ਬੇਸ਼ੱਕ ਬਚਾਅ ਲਿਆ ਗਿਆ ਸੀ ਪਰ ਸਿੱਖਿਆ ਕੋਈ ਨਹੀਂ ਲਈ। ਸਾਡਾ ਪ੍ਰਸ਼ਾਸਨ ਤੇ ਤਕਨੀਕੀ ਢੰਗ ਏਨਾ ਕਮਜ਼ੋਰ ਹੈ ਕਿ 120 ਫੁੱਟ ਦੇ ਨੇੜੇ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ 6 ਦਿਨ ਲਗਾ ਦਿੱਤੇ। ਇਕ ਸਵਾਲ ਇਹ ਵੀ ਹੈ ਕਿ ਇਸ ਸਮੇਂ ਸਾਡੇ ਦੇਸ਼ ਦੇ ਨੇਤਾ ਕਿੱਥੇ ਸੀ? ਜਿਹੜੇ ਵੋਟਾਂ ਵੇਲੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ। ਜੇ ਇਹੀ ਬੱਚਾ ਕਿਤੇ ਵੋਟਾਂ ਤੋਂ ਕੁਝ ਦਿਨ ਪਹਿਲਾਂ ਡਿੱਗਿਆ ਹੁੰਦਾ ਤਾਂ ਹਰ ਨੇਤਾ ਦੇ ਹੱਥ 'ਚ ਕਹੀਆਂ ਹੁੰਦੀਆਂ। ਇਸ ਘਟਨਾ ਤੋਂ ਆਮ ਲੋਕਾਂ ਅਤੇ ਸਰਕਾਰਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਅਗਾਂਹ ਤੋਂ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ।


-ਸੁਰਜੀਤ ਸਿੰਘ
ਪਿੰਡ ਦਿਲਾ ਰਾਮ, ਜ਼ਿਲ੍ਹਾ ਫ਼ਿਰੋਜ਼ਪੁਰ।


ਅਵਾਰਾ ਕੁੱਤਿਆਂ ਦੀ ਸਮੱਸਿਆ
ਕਈ ਸਾਲ ਪਹਿਲਾਂ ਪਿੰਡਾਂ, ਸ਼ਹਿਰਾਂ ਵਿਚ ਅਵਾਰਾ ਕੁੱਤਿਆਂ ਨੂੰ ਦਵਾਈ ਪਾ ਕੇ ਮਾਰ ਦਿੱਤਾ ਜਾਂਦਾ ਸੀ, ਜਿਸ ਨਾਲ ਕੁੱਤਿਆਂ ਦੀ ਆਬਾਦੀ 'ਤੇ ਕਾਬੂ ਰਹਿੰਦਾ ਸੀ ਪਰ ਜਦੋਂ ਤੋਂ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਦਾ ਕਾਨੂੰਨ ਬਣਿਆ ਹੈ, ਅਵਾਰਾ ਕੁੱਤਿਆਂ ਦੀ ਆਬਾਦੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਮੈਂ ਕੈਨੇਡਾ ਵਿਚ ਦੇਖਿਆ ਕਿ ਇਥੇ ਕੋਈ ਵੀ ਅਵਾਰਾ ਕੁੱਤਾ ਨਹੀਂ ਹੈ। ਇਥੇ ਲੋਕਾਂ ਨੇ ਆਪਣੇ ਪਾਲਤੂ ਕੁੱਤੇ ਰੱਖੇ ਹੋਏ ਹਨ ਤੇ ਉਹ ਉਨ੍ਹਾਂ ਨੂੰ ਬਾਹਰ ਘੁਮਾਉਣ ਸਮੇਂ ਆਪ ਹੀ ਉਨ੍ਹਾਂ ਦੀ ਰੱਸੀ ਫੜ ਕੇ ਰੱਖਦੇ ਹਨ, ਕੁੱਤੇ ਨੂੰ ਖੁੱਲ੍ਹਾ ਨਹੀਂ ਛੱਡਦੇ ਪਰ ਸਾਡੇ ਭਾਰਤ (ਖਾਸ ਕਰਕੇ ਪੰਜਾਬ) ਵਿਚ ਅਵਾਰਾ ਕੁੱਤੇ ਪਿੰਡਾਂ ਦੀਆਂ ਹੱਡਾਰੋੜੀਆਂ, ਗਲੀਆਂ, ਮੁਹੱਲਿਆਂ ਵਿਚ ਝੁੰਡਾਂ ਦੇ ਰੂਪ ਵਿਚ ਫਿਰਦੇ ਹਨ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਨੋਚ-ਨੋਚ ਕੇ ਖਾ ਰਹੇ ਹਨ, ਜਿਸ ਕਾਰਨ ਲੋਕ ਬੇਵਕਤੀ ਮੌਤ ਮਰ ਰਹੇ ਹਨ। ਇਨ੍ਹਾਂ ਦੇ ਆਪ੍ਰੇਸ਼ਨ ਕਰਨ ਦੀ ਚਾਲ ਬੜੀ ਮੱਠੀ ਚੱਲ ਰਹੀ ਹੈ, ਜਦੋਂ ਕਿ ਅਵਾਰਾ ਕੁੱਤਿਆਂ ਦੀ ਆਬਾਦੀ ਵਿਚ ਲਾਗਤਾਰ ਹੋਰ ਵਾਧਾ ਹੋ ਰਿਹਾ ਹੈ। ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਅਮਨ ਤੇ ਸ਼ਾਂਤੀ ਜ਼ਰੂਰੀ
ਜੂਨ ਮਹੀਨਾ ਸਿੱਖ ਕੌਮ ਵਾਸਤੇ ਸੋਗੀ ਮਹੀਨਾ ਹੁੰਦਾ ਹੈ। ਇਸ ਮਹੀਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ। ਇਨ੍ਹਾਂ ਦਿਨਾਂ 'ਚ ਕਈ ਸ਼ਰਾਰਤੀ ਅਨਸਰ ਸਿੱਖਾਂ ਵਿਰੁੱਧ ਸੋਸ਼ਲ ਮੀਡੀਆ ਉਪਰ ਭੜਕਾਊ ਭਾਸ਼ਣ ਕਰਦੇ ਹਨ। ਜਿਸ ਨਾਲ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਭੜਕੀਲੇ ਭਾਸ਼ਣ ਕਰਨ ਵਾਲੇ ਆਪਣਾ ਕੰਮ ਕਰ ਕੇ ਪਤਾ ਨਹੀਂ ਕਿੱਧਰ ਅਲੋਪ ਹੋ ਜਾਂਦੇ ਹਨ? ਪਰ ਇਸ ਨਾਲ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਈਚਾਰਕ ਕਦਰਾਂ-ਕੀਮਤਾਂ 'ਚ ਦਰਾੜਾਂ ਆਉਣ ਲੱਗਦੀਆਂ ਹਨ। ਅਮਨ-ਸ਼ਾਂਤੀ ਭੰਗ ਹੋਣ ਲਗਦੀ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਭੜਕਾਊ ਭਾਸ਼ਣ ਦੇਣ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅਮਨ ਸ਼ਾਂਤੀ ਲਈ ਖ਼ਤਰਾ ਪੈਦਾ ਨਾ ਹੋਵੇ।


-ਹੀਰਾ ਸਿੰਘ ਤੂਤ, ਜ਼ਿਲ੍ਹਾ ਫ਼ਿਰੋਜ਼ਪੁਰ।


ਮੌਨਸੂਨ ਦੀ ਦਸਤਕ
ਇਸ ਵਾਰ ਦੇਸ਼ ਵਿਚ ਮੌਨਸੂਨ ਥੋੜਾ ਪਛੜ ਕੇ ਆਇਆ ਹੈ। ਮੌਨਸੂਨ ਦਾ ਦੇਸ਼ ਦੀ ਆਰਥਿਕਤਾ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਡਾ ਦੇਸ਼ ਖੇਤੀ ਪ੍ਰਧਾਨ ਹੈ। ਮੌਨਸੂਨ ਵਿਚ ਹੋਈ ਦੇਰੀ ਜਾਂ ਕਮੀ ਦਾ ਖੇਤੀਬਾੜੀ 'ਤੇ ਬਹੁਤ ਅਸਰ ਪੈਂਦਾ ਹੈ। ਸਾਡੇ ਦੇਸ਼ ਵਿਚ ਫ਼ਸਲਾਂ ਦੀ ਬਹੁਤੀ ਨਿਰਭਰਤਾ ਮੌਨਸੂਨ ਉੱਪਰ ਹੀ ਹੈ। ਚੰਗਾ ਮੌਨਸੂਨ ਦੇਸ਼ ਦੀ ਵਿਕਾਸ ਦਰ ਵਿਚ ਵਾਧਾ ਕਰਦਾ ਹੈ। ਜਲ ਸਰੋਤਾਂ ਵਿਚ ਆਈ ਕਮੀ ਦੀ ਕੁਝ ਭਰਪਾਈ ਮੌਨਸੂਨ ਹੀ ਕਰਦਾ ਹੈ। ਚੰਗਾ ਮੌਨਸੂਨ ਕਿਸਾਨ ਦੀ ਪੈਦਾਵਾਰ ਵਿਚ ਵਾਧਾ ਕਰਨ ਵਿਚ ਸਹਾਇਤਾ ਕਰਦਾ ਹੈ।


-ਲਖਵੀਰ ਸਿੰਘ, ਸ੍ਰੀ ਮੁਕਤਸਰ ਸਾਹਿਬ।


ਹਾਦਸਿਆਂ ਮਗਰੋਂ ਹੀ ਜਾਗ ਕਿਉਂ?
ਸੂਰਤ ਸ਼ਹਿਰ ਵਿਚ ਵਾਪਰੇ ਭਿਆਨਕ ਅਗਜ਼ਨੀ ਕਾਂਡ ਵਿਚ ਕਰੀਬ 20 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋਏ। ਹੁਣ ਸਰਕਾਰ ਜਾਂਚ ਕਰੇਗੀ, ਕਮੇਟੀ ਬਣਾਏਗੀ ਅਤੇ ਦਿਲਾਂ ਦੇ ਜ਼ਖ਼ਮ ਭਰਨ ਲਈ ਮੁਆਵਜ਼ਾ ਦੇ ਦੇਵੇਗੀ। ਥੋੜ੍ਹੇ ਚਿਰ ਬਾਅਦ ਦੁਖਿਆਰੇ ਮਾਂ-ਬਾਪ ਤੋਂ ਬਿਨਾਂ ਹੋਰ ਹਾਦਸਿਆਂ ਵਾਂਗ ਅਸੀਂ ਸਭ ਭੁੱਲ-ਭੁਲਾ ਜਾਵਾਂਗੇ। ਸਮਝ ਨਹੀਂ ਆਉਂਦੀ ਕਿ ਅਸੀਂ ਹਾਦਸਿਆਂ ਤੋਂ ਬਾਅਦ ਹੀ ਕਿਉਂ ਜਾਗਦੇ?
ਹੋਰ ਕਿੰਨੇ ਹੀ ਸ਼ਹਿਰਾਂ ਵਿਚ ਅਜਿਹੀਆਂ ਇਮਾਰਤਾਂ ਹਨ ਜਿਥੇ ਕੋਚਿੰਗ ਸੈਂਟਰ, ਦਫ਼ਤਰ, ਸ਼ੋਅ ਰੂਮ, ਸ਼ਾਪਿੰਗ ਮਾਲ ਅਤੇ ਹੋਰ ਕਾਰੋਬਾਰ ਚਲਦੇ ਹਨ। ਕੀ ਕਦੇ ਅਜਿਹੀਆਂ ਇਮਾਰਤਾਂ ਦੀ ਕਦੇ ਜਾਂਚ ਕੀਤੀ ਜਾਂਦੀ ਹੈ ਕਿ ਸੰਕਟਮਈ ਸਥਿਤੀ ਨਾਲ ਨਿਪਟਣ ਲਈ ਇਨ੍ਹਾਂ ਵਿਚ ਕੀ ਪ੍ਰਬੰਧ ਹਨ? ਹਾਦਸਿਆਂ ਵਿਚ ਜਾਨ-ਮਾਲ ਗੁਆ ਕੇ ਜਾਗਣਾ ਸਾਡੀ ਫ਼ਿਤਰਤ ਕਿਉਂ ਬਣ ਗਈ ਹੈ?


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ, ਪਟਿਆਲਾ।

18-06-2019

 ਨਸ਼ਿਆਂ ਦਾ ਮਕੜ-ਜਾਲ
ਕਾਲੇ ਦੌਰ ਦੀ ਤ੍ਰਾਸਦੀ ਤੋਂ ਬਾਅਦ ਪੰਜਾਬ ਹੁਣ ਨਸ਼ਿਆਂ ਦੇ ਮਕੜ-ਜਾਲ ਵਿਚ ਪੂਰੀ ਤਰ੍ਹਾਂ ਫਸ ਚੁੱਕਿਆ ਹੈ। ਆਏ ਦਿਨ ਸਰੂ ਵਰਗੇ ਨੌਜਵਾਨ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ। ਅਤੀ ਘਿਨੌਣਾ ਸੱਚ ਇਹ ਹੈ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਇਸ ਭੈੜੀ ਵਾਦੀ ਦਾ ਸ਼ਿਕਾਰ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਬਠਿੰਡਾ ਵਿਖੇ ਬੇ-ਹੋਸ਼ ਪਈ ਇਕ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਡਾਕਟਰੀ ਰਿਪੋਰਟਾਂ ਅਨੁਸਾਰ ਇਹ ਲੜਕੀ 'ਚਿੱਟੇ' ਦੇ ਨਸ਼ੇ ਵਿਚ ਖ਼ਤਰਨਾਕ ਹੱਦ ਤੱਕ ਗ਼ਲਤਾਨ ਹੋ ਚੁੱਕੀ ਹੈ। ਆਖ਼ਰ ਕੌਣ ਹਨ ਇਹ ਮੌਤ ਦੇ ਸੌਦਾਗਰ ਜੋ ਰੱਬ, ਕਾਨੂੰਨ, ਪੁਲਿਸ ਅਤੇ ਸਮਾਜ ਦਾ ਖ਼ੌਫ ਭੁੱਲ ਕੇ ਪੰਜਾਬ ਦੀ ਜਵਾਨੀ ਦੀ ਬਲੀ ਲੈਣ 'ਤੇ ਤੁਲੇ ਹਨ? ਇਸ ਪ੍ਰਤੀ ਸਭ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ...
ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖੀਆਂ ਕਾਵਿ ਸਤਰਾਂ ਨੂੰ ਸੁਣਦਿਆਂ ਕਈ ਵਾਰ ਮਨ ਵਿਚ ਖਿਆਲ ਆਉਂਦਾ ਹੈ ਕਿ ਇਕ ਪਾਸੇ ਰੁੱਖ ਤੇ ਮਨੁੱਖ ਦਾ ਰਿਸ਼ਤਾ ਬਨਸਪਤੀ ਦੀ ਉਤਪਤੀ ਤੋਂ ਹੀ ਗੂੜ੍ਹਾ ਰਿਹਾ ਹੈ ਪਰ ਦੂਜੇ ਪਾਸੇ ਅੱਜ ਦਾ ਮਨੁੱਖ ਕੁਦਰਤ ਤੋਂ ਕਾਫੀ ਦੂਰ ਹੋਇਆ ਜਾਪਦਾ ਹੈ ਕਿਉਂਕਿ ਮਨੁੱਖੀ ਜੀਵਨ ਨੂੰ ਜਿਊਂਦਾ ਰੱਖਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਰੁੱਖਾਂ ਦੀ ਹਾਲਤ ਵਰਤਮਾਨ ਸਮੇਂ ਕਾਫੀ ਤਰਸਯੋਗ ਬਣੀ ਹੋਈ ਹੈ, ਜਿਥੇ ਉਪਰੋਂ ਸੂਰਜ ਦੀ ਪੈ ਰਹੀ ਤਪਸ਼ ਤੇ ਹੇਠਾਂ ਤੋਂ ਮਨੁੱਖ ਨੇ ਅੱਗ ਲਗਾ ਕੇ ਦਰੱਖਤਾਂ ਦੀ ਹਰਿਆਵਲ ਨੂੰ ਖ਼ਤਮ ਕਰ ਸੁੱਟਿਆ ਹੈ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ। ਇਕ ਪਾਸੇ ਵਾਤਾਵਰਨ ਦੀ ਸ਼ੁੱਧਤਾ ਲਈ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਪਿਛਲੇ ਸਮੇਂ ਤੋਂ ਵੱਡੀ ਮਾਤਰਾ ਵਿਚ ਦਰੱਖਤ ਲਗਾਏ ਜਾ ਰਹੇ ਹਨ, ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਪਹਿਲਾਂ ਲਗਾਏ ਗਏ ਦਰੱਖਤਾਂ ਪ੍ਰਤੀ ਇਨਸਾਨ ਦਾ ਰਵੱਈਆ ਬੜਾ ਨਿਰਦਾਇਤਾ ਵਾਲਾ ਹੈ ਤਾਂ ਨਵੇਂ ਦਰੱਖਤਾਂ ਦਾ ਹੋਂਦ ਵਿਚ ਆਉਣਾ ਸੌਖਾ ਨਹੀਂ ਜਾਪ ਰਿਹਾ। ਗੰਧਲੇ ਵਾਤਾਵਰਨ ਅਤੇ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਸਰਕਾਰਾਂ ਨੂੰ ਦਰੱਖ਼ਤਾਂ ਪ੍ਰਤੀ ਠੋਸ ਨੀਤੀ ਬਣਾਉਣੀ ਹੋਵੇਗੀ ਜਿਸ ਕਾਰਨ ਲੋਕ ਰੁੱਖਾਂ ਦੇ ਪਾਲਣ ਪੋਸ਼ਣ ਸਬੰਧੀ ਅਤੇ ਇਸ ਦੀ ਮਹੱਤਤਾ ਨੂੰ ਸਮਝ ਸਕਣ ਤੇ ਇਨ੍ਹਾਂ ਨੂੰ ਤਰਜੀਹ ਦੇ ਸਕਣ।

-ਰਵਿੰਦਰ ਸਿੰਘ ਰੇਸ਼ਮ
ਪਿੰਡ ਉਮਰਪੁਰਾ, ਸੰਗਰੂਰ।

ਵਧ ਰਹੀ ਆਲਮੀ ਤਪਸ਼
ਆਲਮੀ ਤਪਸ਼ ਦਿਨੋ-ਦਿਨ ਵਧ ਰਹੀ ਹੈ। ਆਲਮੀ ਤਪਸ਼ ਦੇ ਕਾਰਨ ਹਰ ਸਾਲ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਮਨੁੱਖ ਦੀ ਵਧਦੀ ਲਾਲਸਾ ਨੇ ਕੁਦਰਤੀ ਨਿਯਮਾਂ ਨੂੰ ਤੋੜ ਕੇ ਸੋਮਿਆਂ ਅਤੇ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਵਾਤਾਵਰਨ ਵਿਚ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ। ਮਨੁੱਖ ਨੂੰ ਕੁਦਰਤ ਨੇ ਅਨਮੋਲ ਦਾਤ ਹਵਾ ਪਾਣੀ ਦਿੱਤੇ ਹਨ ਪਰ ਮਨੁੱਖ ਨੇ ਆਪਣੀਆਂ ਸਵਾਰਥੀ ਲੋੜਾਂ ਦੀ ਪੂਰਤੀ ਕਰਨ ਹਿਤ ਇਨ੍ਹਾਂ ਦੋਵਾਂ ਨੂੰ ਹੀ ਦੂਸ਼ਿਤ ਕਰ ਦਿੱਤਾ ਹੈ। ਪਾਣੀ ਮਨੁੱਖੀ ਜੀਵਨ ਦੀ ਸਭ ਤੋਂ ਮੁਢਲੀ ਜ਼ਰੂਰਤ ਹੈ। ਇਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਦਾ ਡਿਗ ਰਿਹਾ ਪੱਧਰ ਆਉਣ ਵਾਲੇ ਸਮੇਂ ਲਈ ਖ਼ਤਰੇ ਦੀ ਘੰਟੀ ਹੈ। ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕੁਦਰਤ ਨਾਲ ਕੀਤੀ ਛੇੜਛਾੜ ਇਸ ਕਦਰ ਮਹਿੰਗੀ ਪੈਂਦੀ ਹੈ। ਇਸ ਦੇ ਨਤੀਜੇ ਸਾਨੂੰ ਮਿਲ ਰਹੇ ਹਨ ਪਰ ਅਸੀਂ ਫਿਰ ਵੀ ਲਾਪਰਵਾਹੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਭਿਆਨਕ ਨਤੀਜੇ ਆ ਸਕਦੇ ਹਨ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਸ੍ਰੀ ਮੁਕਤਸਰ ਸਾਹਿਬ।

ਵਿਕਾਸ ਬਨਾਮ ਵਿਨਾਸ਼!
ਸਾਡੇ ਪੰਜਾਬ ਵਿਚ ਸੜਕ ਮਾਰਗ ਬਣ ਰਹੇ ਹਨ। ਆਵਾਜਾਈ ਨੂੰ ਸੁਖਾਲਾ ਕਰਨ ਲਈ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵਧੀਆ ਗੱਲ ਹੈ ਪਰ ਇਸ ਦੇ ਬਦਲੇ ਲੱਗੇ ਹੋਏ ਦਰੱਖਤਾਂ ਦੀ ਬਲੀ ਦੇਣੀ ਪੈ ਰਹੀ ਹੈ। ਨਵੀਆਂ ਸੜਕਾਂ ਤਾਂ ਬਣ ਰਹੀਆਂ ਹਨ ਪਰ ਸੜਕਾਂ ਦੇ ਦੋਵੇਂ ਪਾਸੇ ਛਾਵਾਂ ਤੋਂ ਸੱਖਣੇ ਕੀਤੇ ਜਾ ਰਹੇ ਹਨ। ਹਜ਼ਾਰਾਂ ਰੁੱਖ ਕੱਟ-ਵੱਢ ਦਿੱਤੇ ਗਏ ਹਨ ਪਰ ਉਨ੍ਹਾਂ ਦੀ ਥਾਂ ਓਨੇ ਨਵੇਂ ਰੁੱਖ ਨਹੀਂ ਲਗਾਏ ਗਏ।
ਜੇਕਰ ਕੁਝ ਰੁੱਖ ਸੜਕਾਂ ਦੇ ਵਿਚਕਾਰ ਲੱਗੇ ਵੀ ਹਨ ਤਾਂ ਉਹ ਸਿਰਫ ਸਜਾਵਟੀ ਹੀ ਹਨ ਸਗੋਂ ਛਾਂਦਾਰ ਨਹੀਂ ਹਨ। ਉਂਜ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਪਰ ਸਾਡੀ ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਪੁੱਟੇ ਗਏ ਰੁੱਖਾਂ ਦੀ ਥਾਂ ਚੌਗੁਣੇ ਰੁੱਖ ਲਗਵਾਉਣ ਵੱਲ ਧਿਆਨ ਦੇਵੇ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।

ਸਾਹਿਤਕ ਚੋਰ
ਅਜੀਤ ਅਖਬਾਰ ਦੇ 08.06.2019. ਦੇ ਬਾਲ ਸੰਸਾਰ ਅੰਕ ਵਿਚ ਸਾਹਿਤਕ ਚੋਰੀ ਬਾਰੇ ਸਪੱਸ਼ਟੀਕਰਨ ਲੱਗਾ ਸੀ। ਦੇਰ ਆਏ ਦਰੁਸਤ ਆਏ ਦੇ ਕਥਨ ਅਨੁਸਾਰ ਆਉਣ ਵਾਲੇ ਸਮੇਂ ਵਿਚ ਸਾਹਿਤਕ ਚੋਰ ਸੌ ਵਾਰੀ ਸੋਚਿਆ ਕਰਨਗੇ। ਪੰਜ ਛੇ ਤਾਂ ਨਕਲੀ ਲੇਖਕ ਮੇਰੀਆਂ ਲਿਖਤਾਂ ਚੋਰੀ ਕਰਕੇ ਛਪਵਾ ਚੁੱਕੇ ਹਨ ਜਦੋਂ ਮੈਂ ਇਤਰਾਜ਼ ਕਰਦਾ ਹਾਂ ਤਾਂ ਝੱਟ ਗ਼ਲਤੀ ਮੰਨ ਲੈਂਦੇ ਹਨ। 'ਵਿਸਾਖੀਆਂ ਨਾਲ ਤੁਰਨ ਵਾਲੇ ਕਦੇ ਵੀ ਮੂਧੇ ਮੂੰਹ ਡਿੱਗ ਸਕਦੇ ਹਨ' ਕਹਿੰਦੇ ਹਨ ਚੋਰਾਂ ਦੇ ਪੈਰ ਨਹੀਂ ਹੁੰਦੇ। ਚੋਰ ਨੇ ਅਕਸਰ ਫੜੇ ਹੀ ਜਾਣਾ ਹੁੰਦਾ ਹੈ। ਸੋ ਇਸ ਕਲੰਕ ਤੋਂ ਬਚੋ। ਸਾਰੀ ਦੁਨੀਆ ਕਿਹੜਾ ਲੇਖਕ ਬਣੀ ਹੋਈ ਹੈ ਜੇ ਤੁਸੀਂ ਨਾ ਬਣੋਗੇ ਫਿਰ ਕਿਹੜਾ ਆਫਤ ਆਉਣ ਲੱਗੀ ਹੈ। ਸਾਹਿਤਕ ਚੋਰਾਂ ਨੂੰ ਨੱਥ ਪਾਉਣ ਲਈ ਬਹੁਤ ਹੀ ਹਰਮਨ ਪਿਆਰੇ 'ਅਜੀਤ' ਅਖਬਾਰ ਵਲੋਂ ਕੀਤੇ ਗਏ ਪਵਿੱਤਰ ਤੇ ਮਹਾਨ ਕਾਰਜ ਲਈ ਮੈਂ ਭਰਪੂਰ ਪ੍ਰਸੰਸਾ ਕਰਦਾ ਹਾਂ।

-ਅਮਰੀਕ ਸਿੰਘ
ਤਲਵੰਡੀ ਕਲਾਂ, ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ।

14-06-2019

 ਕਿੱਧਰ ਜਾ ਰਿਹਾ ਪਾਣੀ
ਪੰਜਾਬ ਦਾ ਪਾਣੀ ਕਿੱਧਰ ਚਲਾ ਗਿਆ? ਸਮਝ ਨਹੀਂ ਆ ਰਹੀ। ਜਿਹੜੇ ਸੂਏ, ਕੱਸੀਆਂ ਅਤੇ ਨਹਿਰਾਂ ਪਾਣੀ ਨਾਲ ਭਰੇ ਚਲਦੇ ਹੁੰਦੇ ਸੀ, ਉਨ੍ਹਾਂ 'ਚ ਹੁਣ ਸਾਲ ਵਿਚ ਇਕ-ਅੱਧ ਵਾਰ ਹੀ ਪਾਣੀ ਆਉਂਦਾ ਹੈ, ਉਹ ਵੀ ਬਿਲਕੁਲ ਥੋੜ੍ਹਾ, ਜਿਵੇਂ ਕੋਈ ਵੱਟ ਰਿਸਦੀ ਹੋਵੇ ਅਤੇ ਆਉਂਦਾ ਵੀ ਏਨੀ ਕੁ ਦੇਰ ਕਿ ਰਾਤ ਨੂੰ ਆਇਆ ਸਵੇਰ ਤੱਕ ਉਹ ਵੀ ਬੰਦ ਹੋ ਜਾਂਦਾ ਹੈ। ਇਹੀ ਸੂਏ ਅਤੇ ਕੱਸੀਆਂ ਨੂੰ ਸਿੰਚਾਈ ਦਾ ਸਾਧਨ ਮੰਨਿਆ ਜਾਂਦਾ ਰਿਹਾ ਹੈ। ਪਰ ਹੁਣ ਇਨ੍ਹਾਂ ਵਿਚ ਦਰੱਖਤਾਂ ਦੇ ਸੁੱਕੇ ਪੱਤੇ ਹੀ ਦੇਖਣ ਨੂੰ ਮਿਲਦੇ ਹਨ। ਕੂੜਾ ਸੁੱਟਣ ਵਾਲੇ ਟੋਇਆਂ ਵਰਗੀ ਹਾਲਤ ਹੋਈ ਪਈ ਹੈ। ਥੋੜ੍ਹੇ ਸਮੇਂ ਬਾਅਦ ਮਨਰੇਗਾ ਯੋਜਨਾ ਅਧੀਨ ਕੰਮ ਕਰਨ ਵਾਲੇ ਕਾਮੇ ਇਨ੍ਹਾਂ ਦੀ ਸਾਫ਼-ਸਫਾਈ ਕਰ ਦਿੰਦੇ ਹਨ। ਇਨ੍ਹਾਂ ਦੇ ਕਿਨਾਰਿਆਂ 'ਤੇ ਲਾਏ ਨਵੇਂ ਰੁੱਖ ਵੀ ਪਾਣੀ ਦੀ ਥੁੜ ਕਾਰਨ ਗਰਮੀ ਦੀ ਮਾਰ ਨਹੀਂ ਝੱਲ ਸਕਦੇ। ਜੇਕਰ ਇਨ੍ਹਾਂ ਵਿਚ ਪਾਣੀ ਆਉਂਦਾ ਹੋਵੇ ਤਾਂ ਕੋਈ ਵੀ ਭਲਾ ਪੁਰਸ਼ ਸੂਏ ਵਿਚੋਂ ਪਾਣੀ ਕੱਢ ਕੇ ਬੂਟਿਆਂ ਵਿਚ ਪਾ ਸਕਦਾ ਹੈ ਕਿਉਂਕਿ ਹੁਣ ਲੋਕ ਮਹਿਸੂਸ ਕਰ ਰਹੇ ਹਨ ਕਿ ਰੁੱਖ ਲਾਉਣੇ ਤੇ ਬਚਾਉਣੇ ਸਾਡੀ ਲਈ ਬਹੁਤ ਜ਼ਰੂਰੀ ਹਨ।


-ਅੰਮ੍ਰਿਤ ਕੌਰ, ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਰੁੱਖਾਂ ਦੀ ਅਹਿਮੀਅਤ
ਜੂਨ ਮਹੀਨੇ ਦੇ ਸ਼ੁਰੂ ਹੁੰਦੇ ਹੀ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਅਤੇ ਗਰਮੀ ਨਾਲ ਬੇਹਾਲ ਲੋਕਾਂ ਨੂੰ ਰੁੱਖਾਂ ਦੀ ਘਾਟ ਵੀ ਮਹਿਸੂਸ ਹੋਣ ਲੱਗੀ ਹੈ। ਦਫ਼ਤਰਾਂ ਅਤੇ ਕੰਮਕਾਜ ਵਾਲੀਆਂ ਥਾਵਾਂ 'ਤੇ ਅਕਸਰ ਹਰ ਵਿਅਕਤੀ ਆਪਣੇ ਵਾਹਨ ਨੂੰ ਰੋਕਣ ਲਈ ਰੁੱਖ ਦੀ ਛਾਂ ਦੀ ਘਾਟ ਮਹਿਸੂਸ ਕਰਦਾ ਹੈ। ਵਾਤਾਵਰਨ ਨੂੰ ਸੰਤੁਲਿਤ ਅਤੇ ਸਾਫ਼-ਸੁਥਰਾ ਰੱਖਣ ਲਈ ਰੁੱਖ ਅੱਜ ਦੇ ਸਮੇਂ ਦੀ ਅਹਿਮ ਜ਼ਰੂਰਤ ਹਨ। ਮਨੁੱਖ ਨੇ ਆਪਣੇ ਐਸ਼ੋ-ਆਰਾਮ ਦੇ ਸਾਧਨਾਂ ਦੀ ਪੂਰਤੀ ਲਈ ਕੁਦਰਤ ਨਾਲ ਅੰਨ੍ਹੇਵਾਹ ਖਿਲਵਾੜ ਕੀਤਾ। ਉਸ ਨੇ ਕੁਦਰਤੀ ਸਰੋਤ ਹਵਾ, ਪਾਣੀ ਨੂੰ ਬੇਤਹਾਸ਼ਾ ਦੂਸ਼ਿਤ ਕਰਨ ਦੇ ਨਾਲ-ਨਾਲ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ। ਧਰਤੀ 'ਤੇ ਜੀਵਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਲੋੜ ਹੈ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਜੰਗਲਾਂ ਹੇਠ ਰਕਬਾ ਵਧਾਉਣ ਲਈ ਠੋਸ ਪ੍ਰੋਗਰਾਮ ਉਲੀਕੇ ਜਾਣ। ਇਹ ਤਾਂ ਹੀ ਸੰਭਵ ਹੈ ਜੇ ਸਾਡੇ ਦੇਸ਼ ਦੇ ਨੇਤਾ ਏ.ਸੀ. ਸਹੂਲਤਾਂ ਵਿਚੋਂ ਬਾਹਰ ਨਿਕਲ ਕੇ ਆਮ ਲੋਕਾਂ ਵਿਚ ਵਿਚਰ ਕੇ ਵੇਖਣਗੇ।


-ਗੁਰਦੀਪ ਬਰਾੜ. ਕੋਟਲੀ ਅਬਲੂ।


ਚੜ੍ਹਦੀ ਕਲਾ ਵਿਚ ਰਹਿਣਾ
ਬੱਬੂ ਤੀਰ ਹੁਰਾਂ ਦਾ 'ਨੇੜਿਓਂ ਤੱਕੀ' ਪੜ੍ਹਿਆ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਬਾਰੇ ਉਹ ਅਕਸਰ ਲਿਖਦੇ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਸਮਝਣ ਲਈ ਕਈ ਵਾਰ ਦੋ-ਦੋ ਵਾਰ ਵੀ ਪੜ੍ਹਨੀਆਂ ਪੈਂਦੀਆਂ ਹਨ। ਧਾਰਮਿਕ ਪੁਸਤਕਾਂ ਵੀ ਸਾਨੂੰ ਦੁੱਖ ਅਤੇ ਸੁੱਖ ਵਿਚ ਚੜ੍ਹਦੀ ਕਲਾ ਵਿਚ ਰਹਿਣ ਲਈ ਸਬਕ ਦਿੰਦੀਆਂ ਹਨ। ਅੱਜ ਦਾ ਮਨੁੱਖ ਜ਼ਰਾ ਜਿੰਨਾ ਵੀ ਦੁੱਖ ਨਹੀਂ ਸਹਾਰ ਸਕਦਾ। ਝੱਟ ਕੁਦਰਤ ਦੀ ਬਖਸ਼ੀ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਕਰਦਾ ਹੈ। ਚੜ੍ਹਦੀ ਕਲਾ ਵਿਚ ਰਹਿਣਾ ਤਾਂ ਜਿਵੇਂ ਭੁੱਲ ਹੀ ਗਏ ਹਾਂ। ਹਰ ਵਕਤ ਨਾਕਾਰਾਤਮਿਕ ਸੋਚਾਂ ਵਿਚ ਪਏ ਰਹਿਣਾ ਕੁਦਰਤ ਵਲੋਂ ਮਿਲੀ ਖੁਸ਼ੀ ਨੂੰ ਵੀ ਅਜਾਈਂ ਗੁਆ ਲੈਂਦੇ ਹਾਂ। ਕਈ ਵਾਰ ਇਕੱਲਤਾ ਵਿਚ ਸੋਚਿਆ ਜ਼ਿੰਦਗੀ ਨੂੰ ਸਾਰਥਿਕ ਬਣਾ ਦਿੰਦਾ ਹੈ ਤੇ ਆਪਣੇ ਮੂੰਹ ਵੀ ਨਿਕਲ ਜਾਂਦਾ ਹੈ ਕਿ 'ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ।' ਤੀਰ ਹੁਰਾਂ ਠੀਕ ਹੀ ਕਿਹਾ ਹੈ ਕਿ 'ਧੁੱਪਾਂ ਤੋਂ ਉਹ ਡਰਦੇ ਹਨ, ਜਿਹੜੇ ਆਪ ਛਾਂ ਬਣ ਜਾਣਾ ਨਹੀਂ ਸਿੱਖਦੇ। ਜ਼ਿੰਦਗੀ ਵਿਚ ਕਿਸੇ ਕਿਸਮ ਦਾ ਘਾਟਾ ਨਹੀਂ ਸਿਰਫ ਹਾਰ ਨੂੰ ਪਾਸੇ ਕਰਕੇ ਸਹੀ ਜ਼ਿੰਦਗੀ ਜਿਊਣ ਲਈ ਸਦਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਚੜ੍ਹਦੀ ਕਲਾ ਵਿਚ ਰਹਿਣ ਨਾਲ ਹਨ੍ਹੇਰੇ ਰਾਹ ਵੀ ਰੌਸ਼ਨ ਹੋ ਜਾਂਦੇ ਹਨ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਬਸਤਿਆਂ ਦਾ ਬੋਝ
ਸਕੂਲੀ ਬੱਚਿਆਂ ਦੇ ਬਸਤਿਆਂ ਦੇ ਬੋਝ ਨੂੰ ਲੈ ਕੇ ਵਿਨੋਦ ਸ਼ਰਮਾ ਜੀ ਨੇ ਖੁੰਢ ਚਰਚਾ 'ਚ ਬਹੁਤ ਸੋਹਣੀ ਗੱਲ ਕੀਤੀ ਹੈ। ਉਨ੍ਹਾਂ ਬਸਤਿਆਂ ਦੇ ਬੋਝ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ ਜੋ ਬਿਲਕੁਲ ਵਾਜਬ ਹੈ। ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਭਾਰ ਤੋਂ ਵੱਧ ਬਸਤੇ ਦਾ ਬੋਝ ਉਠਾਉਣਾ ਪੈ ਰਿਹਾ ਹੈ। ਬਿਨਾਂ ਕਿਸੇ ਕਾਰਨ ਭਾਵ ਪੜ੍ਹਾਈ ਦੇ ਨਾਂਅ 'ਤੇ ਉਨ੍ਹਾਂ ਦੇ ਸਰੀਰਕ ਵਿਕਾਸ 'ਤੇ ਮਾੜਾ ਅਸਰ ਪੈ ਰਿਹਾ ਹੈ। ਪਿੱਛੇ ਜਿਹੇ ਕੇਂਦਰ ਸਰਕਾਰ ਵਲੋਂ ਜਮਾਤਾਂ ਅਤੇ ਬੱਚੇ ਦੀ ਉਮਰ ਅਨੁਸਾਰ ਸੂਚੀ ਤਿਆਰ ਕਰਕੇ ਰਾਜ ਸਰਕਾਰਾਂ ਨੂੰ ਭੇਜੀ ਸੀ। ਵਾਧੂ ਕਿਤਾਬਾਂ-ਕਾਪੀਆਂ ਇਕ ਪਾਸੇ ਬੱਚੇ ਦੇ ਸਰੀਰ 'ਤੇ ਬੋਝ ਦੂਜਾ ਮਾਪਿਆਂ 'ਤੇ ਆਰਥਿਕ ਬੋਝ, ਕੇਂਦਰ ਦੇ ਫ਼ੈਸਲੇ ਨਾਲ ਕੁਝ ਰਾਹਤ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ ਪਰ ਪਰਨਾਲਾ ਉਥੇ ਦਾ ਉਥੇ ਹੈ। ਛੋਟੇ-ਛੋਟੇ ਬੱਚਿਆਂ ਦੀ ਸਹਾਇਤਾ ਅਕਸਰ ਮਾਪੇ ਜਾਂ ਬਜ਼ੁਰਗ ਦਾਦਾ-ਦਾਦੀ ਵਗੈਰਾ ਕਰਦੇ ਹਨ। ਉਨ੍ਹਾਂ ਤੋਂ ਵੀ ਬਸਤਿਆਂ ਦਾ ਭਾਰ ਦੱਸਣਾ ਕਠਿਨ ਹੈ। ਕੁੱਲ ਮਿਲਾ ਕੇ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਜ਼ਰੂਰ ਦੇਣਾ ਬਣਦਾ ਹੈ। ਬਸਤਿਆਂ ਦਾ ਬੋਝ ਬੱਚੇ ਉਠਾ ਰਹੇ ਹਨ ਅਤੇ ਇਸੇ ਦੀ ਆੜ ਹੇਠ ਪ੍ਰਾਈਵੇਟ ਸਕੂਲਾਂ ਵਲੋਂ ਆਰਥਿਕ ਲੁੱਟ-ਖਸੁੱਟ ਦਾ ਬੋਝ ਵਿਚਾਰੇ ਮਾਪੇ ਉਠਾ ਰਹੇ ਹਨ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਸੱਤਵਾਂ ਦਰਿਆ
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਜਿਥੇ ਕਿਸੇ ਵੇਲੇ ਪੰਜ ਦਰਿਆ ਵਗਦੇ ਸਨ ਪਰ ਫਿਰ ਸਮਾਂ ਪਾ ਕੇ ਇਕ ਛੇਵਾਂ ਦਰਿਆ ਵੀ ਸ਼ੁਰੂ ਹੋਇਆ ਨਸ਼ਿਆਂ ਦਾ, ਜੋ ਹੌਲੀ-ਹੌਲੀ ਵਧਦਾ-ਵਧਦਾ ਏਨਾ ਤੇਜ਼ ਵਗਣ ਲੱਗਾ ਕਿ ਇਸ ਨੇ ਉਹ ਗੱਭਰੂ, ਜਿਨ੍ਹਾਂ ਨੂੰ ਅਟਕ ਤੇ ਸਰਸਾ ਨਹੀਂ ਡੋਬ ਸਕੇ, ਉਨ੍ਹਾਂ ਨੂੰ ਵਹਾ ਲੈ ਗਿਆ। ਪਿਛਲੇ ਇਕ ਦਹਾਕੇ ਤੋਂ ਇਕ ਨਵਾਂ ਦਰਿਆ ਹੋਰ ਸ਼ੁਰੂ ਹੋਇਆ ਸੀ, ਜਿਸ ਵਿਚ ਅਸੀਂ ਖ਼ੁਦ ਛਾਲਾਂ ਮਾਰ ਰਹੇ ਤੇ ਆਪਣਿਆਂ ਨੂੰ ਧੱਕਾ ਵੀ ਦੇ ਰਹੇ ਹਾਂ। ਹਾਂ, ਇਸ ਨੂੰ ਮੈਂ ਉਹ ਦਰਿਆ ਕਹਾਂਗਾ ਜੋ ਸ਼ੁਰੂ ਤਾਂ ਪੰਜਾਬ ਤੋਂ ਹੁੰਦਾ ਹੈ ਪਰ ਖ਼ਤਮ ਵੱਖ-ਵੱਖ ਦੇਸ਼ਾਂ 'ਚ ਹੁੰਦਾ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਬੰਦਾ ਡਿਗਦਾ ਆਪਣੀ ਮਰਜ਼ੀ ਨਾਲ ਹੈ ਪਰ ਉਹ ਆਪਣੀ ਮਰਜ਼ੀ ਨਾਲ ਨਿਕਲ ਨਹੀਂ ਸਕਦਾ। ਨੌਜਵਾਨਾਂ ਨੂੰ ਇਥੇ ਰਹਿੰਦਿਆਂ ਕੋਈ ਉੱਜਵਲ ਭਵਿੱਖ ਨਹੀਂ ਦਿਖਦਾ। ਸਮਾਂ ਇਹੋ ਜਿਹਾ ਚੱਲ ਰਿਹਾ ਹੈ ਕਿ ਸਰਕਾਰੀ ਅਦਾਰੇ ਅਤੇ ਸਰਕਾਰੀ ਯੂਨੀਵਰਸਿਟੀਆਂ ਵੀ ਆਇਲੈਟਸ ਕਰਾਉਣ 'ਤੇ ਮਜਬੂਰ ਹਨ। ਦਾਖ਼ਲੇ ਆਏ ਸਾਲ ਘਟ ਰਹੇ ਹਨ। ਵਿਦੇਸ਼ਾਂ ਵਿਚ ਜਾ ਸਾਡੇ ਨੌਜਵਾਨ ਸਿਰਫ ਹੋਟਲਾਂ 'ਚ ਕੰਮ, ਟਰੱਕ ਚਲਾਉਣ ਆਦਿ ਕੰਮਾਂ ਜੋਗੇ ਰਹਿ ਜਾਂਦੇ ਹਨ। ਏਜੰਟਾਂ ਦੀ ਤਾਂ ਪੰਜੇ ਛੱਡੋ ਦਸੇ ਉਂਗਲਾਂ ਘਿਉ 'ਚ ਹਨ। ਸਰਕਾਰ ਨੇ ਜੇਕਰ ਸਮਾਂ ਰਹਿੰਦੇ ਆਪਣੀਆਂ ਨੀਤੀਆਂ 'ਚ ਨਾ ਸੁਧਾਰ ਕੀਤਾ ਅਤੇ ਰੁਜ਼ਗਾਰ ਦਰ ਐਵੇਂ ਹੀ ਘਟਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਸੇ-ਪਾਸੇ ਕੋਈ ਟਾਵਾਂ-ਟਾਵਾਂ ਨੌਜਵਾਨ ਦਿਸਿਆ ਕਰੂ। ਕਿਉਂਕਿ ਇਹ ਸਤਵਾਂ ਦਰਿਆ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਏਦਾ ਨਾ ਹੋਵੇ ਸੋਹਣੇ ਦੇਸ਼ ਪੰਜਾਬ ਨੂੰ ਡੋਬ ਦੇਵੇ।


-ਕਮਲਪ੍ਰੀਤ ਸਿੰਘ, ਪਿੰਡ ਤੇ ਡਾਕ: ਦਾਖਾ, ਲੁਧਿਆਣਾ।

13-06-2019

 ਫ਼ਤਹਿ ਦੀ ਮੌਤ ਸਾਡੇ ਲਈ ਸਬਕ
ਫ਼ਤਹਿਵੀਰ ਸਿੰਘ ਪੰਜਾਬ ਦਾ ਉਹ ਪੁੱਤਰ ਸੀ ਜੋ ਸਭ ਤੋਂ ਛੋਟੀ ਉਮਰ ਵਿਚ ਕੁੱਲ ਅਵਾਮ ਨੂੰ ਪੰਜਾਬ ਦੇ ਸਰਕਾਰੀ ਪ੍ਰਬੰਧ ਦੇ ਖੋਖਲੇਪਣ ਬਾਰੇ ਸੋਚਣ ਲਈ ਮਜਬੂਰ ਕਰ ਗਿਆ। ਜਿਵੇਂ ਭਗਤ ਸਿੰਘ ਹੋਰਾਂ ਨੇ ਸੁਚੇਤ ਹੋ ਅਸੈਂਬਲੀ 'ਚ ਬੰਬ ਸੁੱਟ ਕੇ ਗੋਰੀ ਸਰਕਾਰ ਨੂੰ ਵੰਗਾਰਿਆ ਸੀ, ਉਸੇ ਤਰ੍ਹਾਂ ਇਸ ਅਣਭੋਲ ਜਿੰਦ ਨੇ ਸਾਨੂੰ ਵੰਗਾਰਿਆ ਹੈ। ਉਸ ਦਾ ਮਰਨਾ ਸਾਡੇ ਲਈ ਸਬਕ ਹੈ ਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ ਉਹ ਸਾਡੀ ਹਿਫਾਜ਼ਤ ਕਰਨ ਦੀ ਜਗ੍ਹਾ ਸਾਡੀ ਮੌਤ ਦੀ ਵੀ ਖਿੱਲੀ ਉਡਾਉਂਦੇ ਹਨ। ਉਂਜ ਅਸੀਂ ਰੀਸ ਵਿਕਸਤ ਦੇਸ਼ਾਂ ਦੀ ਕਰਦੇ ਹਾਂ ਪਰ ਹਕੀਕਤ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿਚ ਵੀ ਫਾਡੀ ਹਾਂ। ਅਣਜਾਣਪੁਣੇ ਕਾਰਨ ਮੌਤ ਦੇ ਮੂੰਹ ਵਿਚ ਪਏ ਮਾਸੂਮ ਨੂੰ ਬਚਾਉਣ ਦੇ ਜੇਕਰ ਸਾਡੇ ਕੋਲ ਆਧੁਨਿਕ ਸਾਧਨ ਨਹੀਂ ਹਨ ਤਾਂ ਜਾਣਬੁੱਝ ਕੇ ਮਾਰਨ ਵਾਲੇ ਰਾਫ਼ੇਲ ਜਹਾਜ਼ ਸਾਨੂੰ ਨਹੀਂ ਚਾਹੀਦੇ। ਸਭ ਤੋਂ ਵੱਡੀ ਹੈਰਾਨੀ ਹੁੰਦੀ ਹੈ ਕਿ ਪ੍ਰਸ਼ਾਸਨ ਕੋਲ ਕਿਸੇ ਵੀ ਘਟਨਾ ਨਾਲ ਨਜਿੱਠਣ ਦੀ ਵਿਧੀਬੱਧ ਤਕਨੀਕ ਨਹੀਂ ਹੈ। ਜੇਕਰ ਅਸੀਂ ਆਪੋ-ਧਾਪੀ 'ਚ ਹਰ ਮੁਸੀਬਤ ਜਾਂ ਘਟਨਾ ਵਿਚ ਪ੍ਰਭਾਵਿਤ ਵਿਅਕਤੀ ਨੂੰ ਬਚਾਉਣ ਲਈ ਇਕ ਟਰਾਇਲ ਸਮਝ ਕੇ ਜੁਗਾੜਬਾਜ਼ੀ ਹੀ ਕਰਨੀ ਹੈ ਤਾਂ ਫਿਰ ਕਿਹੜੇ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ? ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਭਵਿੱਖ 'ਚ ਸੁਧਾਰ ਹੋ ਸਕੇ।


-ਜਗਦੀਪ ਸਿੰਘ ਭੁੱਲਰ, ਬਠਿੰਡਾ।


* ਆਖ਼ਰ 5 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਫ਼ਤਹਿਵੀਰ ਅਣਹੋਣੀ ਮੌਤ ਦਾ ਸ਼ਿਕਾਰ ਹੋ ਗਿਆ। ਸਾਡੀ ਪੀੜ੍ਹੀ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੋ ਇਕ ਮਾਸੂਮ ਨੂੰ ਨਹੀਂ ਬਚਾ ਸਕੇ। ਅਸੀਂ ਬੇਲੋੜੀਆਂ ਮੂਰਤੀਆਂ, ਬੁੱਤਾਂ ਅਤੇ ਯਾਦਗਾਰਾਂ ਉੱਪਰ ਅਰਬਾਂ-ਖਰਬਾਂ ਤਾਂ ਖਰਚ ਸਕਦੇ ਹਾਂ ਪਰ ਅਜਿਹੀ ਕੋਈ ਤਕਨੀਕ ਨਹੀਂ ਵਿਕਸਤ ਕਰ ਸਕੇ ਜੋ ਫ਼ਤਹਿਵੀਰ ਵਰਗੇ ਮਾਸੂਮਾਂ ਜਾਂ ਨਿੱਤ ਦਿਨ ਖੂਹੀਆਂ ਪੁੱਟਣ ਸਮੇਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਮਜ਼ਦੂਰਾਂ ਦਾ ਬਚਾਅ ਕਰ ਸਕੇ। ਵਿਦੇਸ਼ਾਂ 'ਚ ਅਜਿਹੀਆਂ ਡਰਿੱਲ ਮਸ਼ੀਨਾਂ ਬਣ ਚੁੱਕੀਆਂ ਹਨ ਜੋ ਇਕ ਘੰਟੇ ਵਿਚ ਇਕ ਮੀਟਰ ਚੌੜਾ 70 ਮੀਟਰ ਡੂੰਘਾ ਟੋਅ ਪੁੱਟ ਸਕਦੀਆਂ ਹਨ। ਅਸੀਂ ਧਰਤੀ ਹੇਠਲਾ ਪਾਣੀ ਏਨਾ ਥੱਲੇ ਲੈ ਗਏ ਹਾਂ ਕਿ ਸਾਨੂੰ 200-200 ਫੁੱਟ ਡੂੰਘੇ ਬੋਰਵੈੱਲ ਪੁੱਟਣੇ ਪੈ ਰਹੇ ਹਨ। ਇਹੀ ਬੋਰਵੈੱਲ ਪਤਾ ਨਹੀਂ ਕਿੰਨੇ ਕੁ 'ਫ਼ਤਹਿਵੀਰਾਂ' ਦੀ ਜਾਨ ਦਾ ਖੌਅ ਬਣ ਰਹੇ ਹਨ। ਹੁਣ ਅਸੀਂ ਇਨਕੁਆਰੀਆਂ, ਰਿਪੋਰਟਾਂ ਤਲਬ ਕਰ ਕੇ ਅਤੇ ਇਕ-ਦੂਸਰੇ 'ਤੇ ਇਲਜ਼ਾਮ ਲਗਾ ਕੇ ਸੁਰਖ਼ਰੂ ਹੋ ਜਾਵਾਂਗੇ ਪਰ ਉਸ ਮਾਸੂਮ ਜ਼ਿੰਦੜੀ ਨੂੰ ਵਾਪਸ ਨਹੀਂ ਲਿਆ ਸਕਦੇ। ਸਾਨੂੰ ਮੁਆਫ਼ ਕਰੀਂ ਫ਼ਤਿਹਵੀਰ ਪੁੱਤਰਾ...ਅਸੀਂ ਤੇਰੇ ਗੁਨਾਹਗ਼ਾਰ ਹਾਂ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।


* ਪਿਛਲੇ ਕਈ ਦਿਨਾਂ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਮਾਸੂਮ ਫ਼ਤਹਿਵੀਰ ਨੂੰ ਬੋਰਵੈੱਲ ਵਿਚੋਂ ਸਹੀ ਸਲਾਮਤ ਬਾਹਰ ਆਉਣ ਦੀਆਂ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀਆਂ। ਆਖ਼ਰ ਫ਼ਤਹਿਵੀਰ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਮਾਸੂਮ ਦੀ ਮੌਤ ਦਾ ਜਿਥੇ ਦੁੱਖ ਹੈ, ਉਥੇ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਸਾਡੇ ਦੇਸ਼ ਵਿਚ ਕੋਈ ਵੀ ਅਜਿਹੀ ਤਕਨੀਕ ਨਹੀਂ ਹੈ ਜਿਹੜੀ ਏਨੇ ਡੂੰਘੇ ਟੋਏ ਵਿਚੋਂ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਵੇ। ਇਹ ਸਾਡੀਆਂ ਮੌਜੂਦਾ ਸਰਕਾਰਾਂ ਲਈ ਸ਼ਰਮ ਵਾਲੀ ਗੱਲ ਵੀ ਹੈ। ਇਸ ਬੱਚੇ ਦੀ ਮੌਤ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨ 'ਤੇ ਵੀ ਹੁਣ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਜਦੋਂ ਇਹ ਘਟਨਾ ਵਾਪਰੀ ਸੀ, ਉਸ ਵਕਤ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਫ਼ੌਜ ਨੂੰ ਕਿਉਂ ਨਹੀਂ ਬੁਲਾਇਆ ਤੇ ਇਕ ਡੇਰੇ ਦੇ ਸ਼ਰਧਾਲੂਆਂ ਨੂੰ ਇਹ ਕੰਮ ਕਿਉਂ ਸੌਂਪਿਆ ਗਿਆ?
ਜੇਕਰ ਸਾਡੀ ਮੌਜੂਦਾ ਪੰਜਾਬ ਸਰਕਾਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਸ ਬੱਚੇ ਨੂੰ ਜਲਦੀ ਬਾਹਰ ਕੱਢਣ ਲਈ ਸਖ਼ਤ ਹਦਾਇਤਾਂ ਦਿੰਦੀ ਤੇ ਇਸ ਕੰਮ ਦੀ ਕਮਾਨ ਫ਼ੌਜ ਦੇ ਹੱਥ ਦਿੰਦੀ ਤਾਂ ਫ਼ਤਹਿਵੀਰ ਦੀ ਮੌਤ ਨਾ ਹੁੰਦੀ। ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਸੂਰਵਾਰ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਇਹ ਘਟਨਾ ਕਿਸੇ ਬਾਹਰਲੇ ਮੁਲਕ ਵਿਚ ਵਾਪਰੀ ਹੁੰਦੀ ਤਾਂ ਬੱਚੇ ਨੂੰ ਕੁਝ ਘੰਟਿਆਂ ਵਿਚ ਹੀ ਉਥੋਂ ਦੇ ਪ੍ਰਸ਼ਾਸਨ ਨੇ ਕੱਢ ਲੈਣਾ ਸੀ ਪਰ ਸਾਡੀਆਂ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਹਨ। ਆਮ ਲੋਕਾਂ ਨੂੰ ਵੀ ਇਹੋ ਜਿਹੇ ਖੁੱਲ੍ਹੇ ਬੋਰਵੈੱਲ ਵਾਲੀਆਂ ਲਾਪਰਵਾਹੀਆਂ ਨਹੀਂ ਵਰਤਣੀਆਂ ਚਾਹੀਦੀਆਂ ਤਾਂ ਕਿ ਅਗਾਂਹ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।


-ਸੁਖਦੇਵ ਸਿੱਧੂ ਕੁਸਲਾ, ਤਹਿ: ਸਰਦੂਲਗੜ੍ਹ।


* ਇਹ ਖ਼ਬਰ ਬੜਾ ਦੁੱਖ ਦੇਣ ਵਾਲੀ ਸੀ ਕਿ ਦੋ ਸਾਲ ਦਾ ਫ਼ਤਹਿਵੀਰ ਬੋਰ ਵਿਚ ਡਿਗ ਪਿਆ ਸੀ ਤੇ ਉਸ ਨੂੰ ਕੱਢਣ ਲਈ ਪੰਜ-ਛੇ ਦਿਨ ਲੱਗ ਗਏ। ਏਨੀ ਦੇਰ ਹੋਣ ਕਾਰਨ ਲੋਕਾਂ ਵਿਚ ਗੁੱਸਾ ਆਉਣਾ ਸੁਭਾਵਿਕ ਹੀ ਸੀ। ਇਸ ਗੱਲ ਦਾ ਬੜਾ ਦੁੱਖ ਹੈ ਕਿ ਬੱਚੇ ਦੀ ਜਾਨ ਚਲੀ ਗਈ ਪਰ ਹੁਣ ਵੇਲਾ ਹੈ ਅਜਿਹਾ ਕਰਨ ਦਾ ਜਿਸ ਨਾਲ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਇਸ ਲਈ ਜਿਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਚੁੱਕੇ, ਉਥੇ ਸਾਡਾ ਸਭ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸੇ-ਪਾਸੇ ਇਸ ਤਰ੍ਹਾਂ ਦੇ ਬੋਰਾਂ ਨੂੰ ਬੰਦ ਕਰਨ ਲਈ ਦਿਲੋਂ ਜ਼ਿੰਮੇਵਾਰੀ ਨਾਲ ਕੰਮ ਕਰੀਏ। ਪਹਿਲਾਂ ਅਜਿਹੇ ਬੋਰ ਸਰਕਾਰ ਦੇ ਧਿਆਨ ਵਿਚ ਲਿਆਈਏ, ਜੇ ਉਹ ਕੁਝ ਨਹੀਂ ਕਰਦੀ ਤਾਂ ਇਹ ਬੋਰ ਬੰਦ ਕਰੀਏ। ਇਹ ਕਾਰਜ ਹੀ ਫ਼ਤਹਿਵੀਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਆਓ, ਸਾਰੇ ਇਸ ਕੰਮ ਲਈ ਅੱਜ ਤੋਂ ਹੀ ਜੁੱਟ ਜਾਈਏ। ਬੋਰਾਂ ਦੇ ਨਾਲ-ਨਾਲ ਪੁਰਾਣੇ ਖੂਹਾਂ ਵੱਲ ਵੀ ਧਿਆਨ ਦੇਈਏ।


-ਜਸਕਰਨ ਲੰਡੇ, ਜ਼ਿਲ੍ਹਾ ਮੋਗਾ।


* ਬੋਲਵੈੱਲਾਂ ਵਿਚ ਬੱਚੇ ਡਿਗਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਕੁਝ ਕੁ ਦਿਨਾਂ ਬਾਅਦ ਹੀ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕੁਝ ਸਾਲ ਪਹਿਲਾਂ ਜਦ ਹਰਿਆਣਾ ਵਿਚ ਪ੍ਰਿੰਸ ਨਾਂਅ ਦਾ ਬੱਚਾ ਬੋਰਵੈੱਲ ਵਿਚ ਡਿਗਿਆ ਸੀ ਤਾਂ ਪ੍ਰਸ਼ਾਸਨ ਵਲੋਂ ਵੱਡੇ-ਵੱਡੇ ਬਿਆਨ ਦਿੱਤੇ ਗਏ ਸਨ ਕਿ ਭਵਿੱਖ ਵਿਚ ਅਜਿਹੀ ਕੋਈ ਵੀ ਘਟਨਾ ਨਹੀਂ ਹੋਵੇਗੀ ਅਤੇ ਇਸ ਪ੍ਰਕਾਰ ਖੁੱਲ੍ਹਾ ਬੋਰ ਛੱਡਣ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਉਸ ਤੋਂ ਬਾਅਦ ਵੀ ਬੱਚਿਆਂ ਦਾ ਬੋਰਵੈੱਲ ਵਿਚ ਡਿਗਣਾ ਲਗਾਤਾਰ ਜਾਰੀ ਹੈ। ਜਦ ਕੋਈ ਮਾਸੂਮ ਬੱਚਾ ਬੋਰ ਵਿਚ ਡਿਗਦਾ ਹੈ ਤਾਂ ਉਸ ਬੱਚੇ ਦੇ ਨਾਲ-ਨਾਲ ਉਸ ਦੇ ਮਾਪਿਆਂ 'ਤੇ ਕੀ ਬੀਤਦੀ ਹੋਵੇਗੀ, ਇਸ ਗੱਲ ਦਾ ਅੰਦਾਜ਼ਾ ਲਗਾ ਪਾਉਣਾ ਵੀ ਮੁਸ਼ਕਿਲ ਕੰਮ ਹੈ।
ਇਨਸਾਨੀ ਗ਼ਲਤੀ ਦੇ ਕਾਰਨ ਫ਼ੌਜ, ਆਮ ਜਨਤਾ ਅਤੇ ਪ੍ਰਸ਼ਾਸਨ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਸਭ ਭਲੀ ਭਾਂਤ ਜਾਣੂੰ ਹਨ। ਸਾਰੀਆਂ ਗੱਲਾਂ ਦਾ ਦੋਸ਼ ਸਰਕਾਰਾਂ 'ਤੇ ਨਾ ਪਾ ਕੇ ਆਮ ਜਨਤਾ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੇ ਖਾਲੀ ਬੋਰਾਂ ਨੂੰ ਤੁਰੰਤ ਭਰ ਦੇਣਾ ਚਾਹੀਦਾ ਹੈ।


-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

12-06-2019

 ਗ਼ੈਰ-ਇਖਲਾਕੀ ਵਰਤਾਰਾ
ਅਜੋਕੇ ਸਮੇਂ ਸਾਡੇ ਸਮਾਜ ਅੰਦਰ ਉੱਚੇ-ਸੁੱਚੇ ਇਖਲਾਕ ਦੀ ਘਾਟ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਸ਼ਾਇਦ ਇਸੇ ਕਰਕੇ ਹੀ ਸਮਾਜ ਵਿਚ ਆਪੋ-ਧਾਪੀ ਦਾ ਮਾਹੌਲ ਬਣਿਆ ਹੋਇਆ ਅਤੇ ਕਾਫੀ ਬੇਚੈਨੀ ਵੀ ਹੈ। ਕੋਈ ਸਮਾਂ ਸੀ ਜਦੋਂ ਪਿੰਡ ਦੀ ਧੀ-ਭੈਣ ਨੂੰ ਸਾਰਾ ਪਿੰਡ ਆਪਣੀ ਧੀ-ਭੈਣ ਸਮਝਦਾ ਸੀ। ਜਦੋਂ ਕਿਸੇ ਦੀ ਧੀ-ਭੈਣ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਦੇ ਲੋਕ ਰਲ ਕੇ ਉਸ ਪਰਿਵਾਰ ਨੂੰ ਹਰ ਪੱਖੋਂ ਸਹਿਯੋਗ ਦੇਣਾ ਆਪਣਾ ਨੈਤਿਕ ਫ਼ਰਜ਼ ਸਮਝਦੇ ਸਨ। ਪਰ ਹੁਣ ਅਜਿਹਾ ਨਹੀਂ ਹੈ। ਨੈਤਿਕ ਕਦਰਾਂ-ਕੀਮਤਾਂ ਜਿਵੇਂ ਖੰਭ ਲਗਾ ਕੇ ਉੱਡ ਗਈਆਂ ਹੋਣ, ਭਾਵ ਨੈਤਿਕ ਕਦਰਾਂ-ਕੀਮਤਾਂ ਵਿਚ ਵੱਡੀ ਗਿਰਾਵਟ ਆਈ ਹੈ। ਸਮਾਜ ਦੇ ਬਹੁਤ ਸਾਰੇ ਲੋਕ ਗ਼ੈਰ-ਇਖਲਾਕੀ ਕਾਰਵਾਈਆਂ ਵਿਚ ਮਸਰੂਫ਼ ਹਨ। ਨਾਰੀ ਨਾਲ ਅਸ਼ਲੀਲ ਮਖੌਲ ਅਤੇ ਜਿਸਮਾਨੀ ਛੇੜਛਾੜ ਅੱਜ ਆਮ ਜਿਹੀ ਗੱਲ ਹੋ ਗਈ ਹੈ। ਇਥੇ ਹੀ ਬੱਸ ਨਹੀਂ, 2-2 ਸਾਲ, 5-5 ਸਾਲ ਦੀਆਂ ਬਾਲੜੀਆਂ ਨਾਲ ਜਬਰ ਜਨਾਹ ਦੀਆਂ ਵਾਪਰਦੀਆਂ ਘਟਨਾਵਾਂ ਸਾਡੇ ਸਮਾਜ ਦੇ ਮੱਥੇ 'ਤੇ ਕਾਲਾ ਧੱਬਾ ਹਨ। ਬਿਨਾਂ ਸ਼ੱਕ ਇਹ ਡਾਢੀ ਚਿੰਤਾ ਦਾ ਵਿਸ਼ਾ ਹੈ। ਸਮੇਂ ਦੀ ਸਰਕਾਰ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਮਿਲ ਕੇ ਇਸ ਸਬੰਧੀ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਸ ਗ਼ੈਰ-ਇਖਲਾਕੀ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਇਕ ਸੱਭਿਅਕ ਅਤੇ ਨਿੱਗਰ ਸਮਾਜ ਦੀ ਸਿਰਜਣਾ ਹੋ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਅਤਿ ਨਿੰਦਣਯੋਗ ਘਟਨਾਵਾਂ
ਬੀਤੇ ਦਿਨੀਂ ਸੰਪਾਦਕੀ ਸਫ਼ੇ 'ਤੇ 'ਜਬਰ ਜਨਾਹ ਦੀਆਂ ਵਧਦੀਆਂ ਘਟਨਾਵਾਂ ਵੱਡੀ ਚਿੰਤਾ ਦਾ ਵਿਸ਼ਾ' ਲੇਖ ਪੜ੍ਹਿਆ। ਉਪਰੰਤ ਦਿਲੋਂ ਦੁੱਖ ਹੋਇਆ ਕਿ ਆਖ਼ਰ ਕਦੋਂ ਰੁਕਣਗੀਆਂ ਅਜਿਹੀਆਂ ਛੋਟੀਆਂ-ਛੋਟੀਆਂ ਬੱਚੀਆਂ ਨਾਲ ਸ਼ਰਮਨਾਕ ਸਨਸਨੀਖੇਜ਼ ਵਾਰਦਾਤਾਂ, ਬੇਹੱਦ ਚਿੰਤਾ ਦੀ ਗੱਲ ਹੈ। ਘਟਨਾ ਪੰਚਕੂਲਾ, ਚੇਨਈ, ਬਾਂਦੀਪੋਰਾ ਜਾਂ ਸ਼ਾਮਲੀ ਦੀ ਹੋਵੇ ਜਾਂ ਦੇਸ਼ 'ਚ ਹੋਰ ਕਿਸੇ ਹਿੱਸੇ ਦੀ ਹੋਵੇ, ਅਤਿ ਨਿੰਦਣਯੋਗ ਹੈ। ਭਾਰਤ ਦੀ ਸੱਭਿਅਤਾ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਸਾਡਾ ਭਾਰਤ ਰਿਸ਼ੀਆਂ, ਮੁਨੀਆਂ, ਪੀਰਾਂ, ਪੈਗੰਬਰਾਂ, ਗੁਰੂਆਂ ਦੀ ਪਵਿੱਤਰ ਧਰਤੀ ਹੈ। ਬੇਟੀਆਂ ਨਾਲ ਸ਼ਰਮਨਾਕ ਘਟਨਾਵਾਂ ਸਮਾਜ ਦੇ ਮੱਥੇ 'ਤੇ ਕਲੰਕ ਹਨ। ਧੀਆਂ ਸਭ ਦੀਆਂ ਸਾਂਝੀਆਂ ਹਨ। ਇਨ੍ਹਾਂ ਦਾ ਮਾਣ ਸਨਮਾਨ ਸਾਰੇ ਸਮਾਜ ਨੂੰ ਕਰਨਾ ਬਣਦਾ ਹੈ। ਅਜਿਹੇ ਸ਼ਰਮਸਾਰ ਹਰਕਤਾਂ ਕਰਨ ਵਾਲੇ ਗੰਦੇ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਹੀ ਦਹਿਸ਼ਤ ਵਾਲੇ ਮਾਹੌਲ ਤੋਂ ਨਿਜਾਤ ਮਿਲੇਗੀ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਟ੍ਰੈਫਿਕ ਸਮੱਸਿਆ
ਲਗਪਗ 50 ਸਾਲ ਪਿਛਾਂਹ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਜਿਥੇ ਹਰ ਖੇਤਰ ਵਿਚ ਬੇਸ਼ੁਮਾਰ ਵਿਕਾਸ ਹੋਇਆ ਹੈ, ਉਥੇ ਹੀ ਸੜਕਾਂ, ਪੁਲਾਂ ਦਾ ਜਾਲ ਵਿਛਿਆ ਹੋਇਆ ਹੈ, ਪਰ ਆਵਾਜਾਈ ਸਮੱਸਿਆ ਜਿਉਂ ਦੀ ਤਿਉਂ ਹੀ ਹੈ। ਸੜਕਾਂ, ਟੋਲ ਪਲਾਜ਼ਿਆਂ, ਚੌਂਕਾਂ 'ਤੇ ਵੱਡੇ-ਵੱਡੇ ਜਾਮ ਲਗਦੇ ਹਨ ਅਤੇ ਨਿੱਤ ਦਿਨ ਹਾਦਸਿਆਂ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਇਥੋਂ ਤੱਕ ਕਿ ਬੱਤੀਆਂ ਵਾਲੇ ਚੌਕਾਂ 'ਚ ਵੀ ਪੁਲਿਸ ਤਾਇਨਾਤ ਹੈ ਅਤੇ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਪੁਲਿਸ ਵਾਲਾ ਨਹੀਂ ਹੈ ਤਾਂ ਲਾਲ ਬੱਤੀ ਪਾਰ ਕਰਕੇ ਨਿਯਮ ਤੋੜ ਕੇ ਸੂਰਬੀਰਤਾ ਵਾਲਾ ਕੰਮ ਕੀਤਾ ਜਾਵੇ। ਪੈਦਲ ਚੱਲਣ ਵਾਲੇ ਨੂੰ ਚੌਂਕ, ਸੜਕ ਪਾਰ ਕਰਨਾ ਤਾਂ ਜਿਵੇਂ ਜੰਗ ਜਿੱਤਣ ਵਾਲੀ ਗੱਲ ਹੁੰਦੀ ਹੈ, ਜਦੋਂ ਕਿ ਵਿਦੇਸ਼ਾਂ ਵਿਚ ਅਜਿਹਾ ਨਹੀਂ ਹੈ, ਜੇਕਰ ਕਿਸੇ ਪੈਦਲ ਚੱਲਣ ਵਾਲੇ ਨੇ ਸੜਕ ਪਾਰ ਕਰਨੀ ਹੈ ਤਾਂ ਉਹ ਚੌਂਕ 'ਚ ਲੱਗੇ ਬਟਨ ਦਬਾ ਕੇ ਅਤੇ ਸੜਕ ਕਰਾਸ ਕਰਨ ਵਾਲੀ ਜਗ੍ਹਾ ਤੋਂ ਆਸਾਨੀ ਨਾਲ ਸੜਕ ਪਾਰ ਕਰ ਸਕਦਾ ਹੈ ਅਤੇ ਉਥੇ ਸੜਕਾਂ 'ਤੇ ਜਾਮ ਤੇ ਹਾਦਸੇ ਨਾਮਾਤਰ ਹੀ ਹਨ। ਲੋੜ ਹੈ, ਜਿਥੇ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ, ਉਥੇ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਆਵਾਜਾਈ ਦੇ ਸੁਚੱਜੇ ਪ੍ਰਬੰਧਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਸੜਕ ਹਾਦਸਿਆਂ 'ਚ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।


ਸਮਰ ਕੈਂਪਾਂ ਦੀ ਸਾਰਥਿਕਤਾ
ਸਾਰੇ ਸਾਲ ਵਿਚ ਜੂਨ ਦਾ ਮਹੀਨਾ ਸਭ ਤੋਂ ਵੱਧ ਤਪਸ਼ ਵਾਲਾ ਹੁੰਦਾ ਹੈ, ਇਸ ਕਰਕੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਰਕਾਰ ਵਲੋਂ ਇਕ ਮਹੀਨੇ ਦੀਆਂ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਇਹ ਸਮਾਂ ਬੱਚਿਆਂ ਲਈ ਮੌਜ ਮਸਤੀ ਦਾ, ਘੁੰਮਣ-ਫਿਰਨ ਦਾ ਅਤੇ ਨਾਨਕੇ ਜਾਣ ਦਾ ਹੁੰਦਾ ਹੈ। ਪਰ ਇਸ ਵਾਰ ਸਿੱਖਿਆ ਮਹਿਕਮੇ ਵਲੋਂ ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚ 'ਸਮਰ ਕੈਂਪ' ਲਗਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਬੱਚਿਆਂ ਵਿਚ ਰਚਨਾਤਮਕ ਕਿਰਿਆਵਾਂ ਨੂੰ ਉਤਸ਼ਾਹਿਤ ਕਰਨਾ ਹੈ। ਬਹੁਤ ਸਾਰੇ ਸਕੂਲ ਆਪਣੀ ਸੁਵਿਧਾ ਅਨੁਸਾਰ ਅੱਠ ਜਾਂ ਦਸ ਦਿਨਾਂ ਦਾ 'ਸਮਰ ਕੈਂਪ' ਲਗਾ ਰਹੇ ਹਨ। ਵਿਦਿਆਰਥੀ ਮਨੋਰੰਜਨ ਦੇ ਨਾਲ-ਨਾਲ ਕੁਝ ਨਵੀਆਂ ਚੀਜ਼ਾਂ ਵੀ ਸਿੱਖ ਰਹੇ ਹਨ ਜਿਵੇਂ ਕਿ ਯੋਗਾ, ਨਾਚ-ਗਾਣਾ, ਪੇਂਟਿੰਗ, ਕਵਿਤਾ ਉਚਾਰਣ ਅਤੇ ਸੁਲੇਖ ਰਚਨਾ ਆਦਿ। ਇਨ੍ਹਾਂ ਸਰਗਰਮੀਆਂ ਦੇ ਜ਼ਰੀਏ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਸੂਝ-ਸਮਝ ਵਧਣ ਦੀਆਂ ਸੰਭਾਵਨਾਵਾਂ ਵੀ ਜਾਗਰੂਕ ਹੋ ਰਹੀਆਂ ਹਨ। ਪਾਠਕ੍ਰਮ ਦੇ ਬੋਝ ਨਾਲ ਉਨ੍ਹਾਂ ਦੇ ਅੰਦਰ ਦੀਆਂ ਕਲਾਵਾਂ ਦੱਬ ਕੇ ਰਹਿ ਜਾਂਦੀਆਂ ਹਨ। ਇਨ੍ਹਾਂ ਦੱਬੀਆਂ ਕਲਾਵਾਂ ਨੂੰ ਉਜਾਗਰ ਕਰਨ ਲਈ ਇਹ ਸਮਰ ਕੈਂਪ ਇਕ ਵਧੀਆ ਪਲੇਟਫਾਰਮ ਹਨ। ਸਕੂਲਾਂ ਵਿਚ ਵਿਦਿਆਰਥੀ ਅਤੇ ਅਧਿਆਪਕ ਰਲ ਕੇ ਸਕੂਲ ਦੀਆਂ ਦੀਵਾਰਾਂ 'ਤੇ ਸੁੰਦਰ ਚਿੱਤਰ ਬਣਾ ਕੇ ਸਕੂਲ ਕੈਂਪਸ ਦੀ ਸੁੰਦਰਤਾ ਨੂੰ ਵਧਾ ਰਹੇ ਹਨ। ਇਨ੍ਹਾਂ ਕੈਂਪਾਂ 'ਚ ਬੱਚੇ ਬੜੇ ਚਾਵਾਂ ਤੇ ਮਲਾਰਾਂ ਨਾਲ ਲੁੱਡੀਆਂ ਪਾਉਂਦੇ ਦਿਖਾਈ ਦੇ ਰਹੇ ਹਨ। ਸਮਰ ਕੈਂਪਾਂ ਦੌਰਾਨ ਬਿਨਾਂ ਸਕੂਲ ਬੈਗ ਦੇ ਬੱਚਿਆਂ ਦਾ ਸਕੂਲ ਵਿਚ ਆ ਕੇ ਨਿਵੇਕਲੇ ਢੰਗ ਨਾਲ ਕੁਝ ਸਿੱਖਣ ਦਾ ਅਹਿਸਾਸ ਵੱਖਰਾ ਹੀ ਪ੍ਰਤੀਤ ਹੋ ਰਿਹਾ ਹੈ ਅਤੇ ਇਹ ਇਕ ਬਹੁਤ ਵਧੀਆ ਉਪਰਾਲਾ ਹੈ।


-ਨਵਦੀਪ ਸਿੰਘ ਭਾਟੀਆ, ਖਰੜ।

11-06-2019

 ਕੁਦਰਤੀ ਅਤੇ ਮਨੁੱਖੀ ਸਾਧਨ ਲਈ ਖ਼ਤਰਾ
ਅਜੋਕੇ ਸਮੇਂ ਦੀ ਗੰਭੀਰ ਸਮੱਸਿਆ ਪਾਣੀ ਦੀ ਹੈ, ਜਿਸ ਦਾ ਦਿਨੋ-ਦਿਨ ਪੱਧਰ ਨੀਵਾਂ ਹੁੰਦਾ ਜਾਂਦਾ ਹੈ। ਖ਼ਾਸ ਕਰਕੇ ਮਾਲਵਾ ਪੱਟੀ ਦੇ ਇਲਾਕੇ ਇਸ ਸਮੱਸਿਆ ਦੀ ਲਪੇਟ ਵਿਚ ਹਨ। ਦੂਜੀ ਸਮੱਸਿਆ ਹੈ ਪਾਣੀ ਦੀ ਸ਼ੁੱਧਤਾ ਦੀ। ਪੀਣਯੋਗ ਪਾਣੀ ਵਿਚ ਯੂਰੇਨੀਅਮ ਅਤੇ ਸਲਫ਼ਰ ਦੀ ਮਾਤਰਾ ਵੱਧ ਮਿਲਣ ਕਾਰਨ ਇਸ ਖੇਤਰ ਵਿਚ ਕੈਂਸਰ ਅਤੇ ਹੋਰ ਘਾਤਕ ਬਿਮਾਰੀਆਂ ਵਧ ਰਹੀਆਂ ਹਨ। ਥਰਮਲ ਪਾਵਰ ਪਲਾਂਟ ਦੇ ਧੂੰਏ ਅਤੇ ਬਚੇ ਹੋਏ ਫ਼ੋਕਟ ਪਦਾਰਥ ਜਿਵੇਂ ਸਵਾਹ ਅਤੇ ਕਚਰਾ ਆਦਿ ਨਾਲ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਹਰੀ ਕ੍ਰਾਂਤੀ ਦੇ ਚੰਗੇ ਨਤੀਜਿਆਂ ਦੇ ਨਾਲ ਜਿਥੇ ਖੇਤੀਬਾੜੀ ਖੇਤਰ ਵਿਚ ਵਿਕਾਸ ਹੋਇਆ ਹੈ, ਉੱਥੇ ਇਸ ਦੇ ਨਤੀਜੇ ਵਜੋਂ ਖੇਤੀਬਾੜੀ ਵਿਚ ਯੂਰੀਆ ਜਾਂ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਉਦਯੋਗਿਕ ਵਿਕਾਸ ਅਤੇ ਹਰੀ ਕ੍ਰਾਂਤੀ ਦੇ ਕੁਝ ਕੁ ਸਿੱਟੇ ਘਾਤਕ ਵੀ ਸਿੱਧ ਹੋਏ ਹਨ ਜਿਸ ਨਾਲ ਕੁਦਰਤੀ ਸਾਧਨਾਂ ਜਿਵੇਂ ਮਿੱਟੀ, ਪਾਣੀ, ਹਵਾ ਦਾ ਜ਼ਹਿਰੀਲਾਪਣ ਵਧਿਆ ਹੈ ਅਤੇ ਮਨੁੱਖੀ ਸਾਧਨਾਂ ਨੂੰ ਵੀ ਲਪੇਟ ਵਿੱਚ ਲੈ ਰੱਖਿਆ ਹੈ। ਸਾਧਨਾਂ ਦੀ ਸੁਰੱਖਿਆ ਲਈ ਗੰਭੀਰ ਕਦਮ ਚੁੱਕਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।

-ਦਵਿੰਦਰ ਕੌਰ ਡੀਵੀ
ਸ.ਸ.ਸ. ਸਕੂਲ ਰੱਲੀ, ਮਾਨਸਾ।

ਪੁਲਿਸ ਤਸ਼ੱਦਦ ਦੇ ਸ਼ਿਕਾਰ ਨੌਜਵਾਨ
ਪਿਛਲੇ ਨਿਦੀਂ 'ਅਜੀਤ' ਵਿਚ ਲੱਗੀ ਖ਼ਬਰ 'ਪੁਲਿਸ ਤਸ਼ੱਦਦ ਦੇ ਸਿਕਾਰ ਨੌਜਵਾਨ ਦੀ ਹਾਲਤ ਗੰਭੀਰ' ਪੜ੍ਹ ਕੇ ਦਿਲ ਨੂੰ ਦੁੱਖ ਤੇ ਅਫ਼ਸੋਸ ਹੋਇਆ। ਜਦੋਂ ਮੁਲਜ਼ਮ ਨੌਜਵਾਨ ਮਨਵੀਰ ਸਿੰਘ ਨੂੰ ਉਸ ਦੇ ਪਿੰਡ ਦੀ ਪੰਚਾਇਤ ਨੇ ਖ਼ੁਦ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਪੇਸ਼ ਕਰਵਾ ਦਿੱਤਾ ਸੀ ਤੇ ਦੋਵਾਂ ਧਿਰਾਂ ਦੇ ਰਾਜ਼ੀਨਾਮੇ ਦੀ ਗੱਲ ਵੀ ਹੋ ਗਈ ਸੀ ਤਾਂ ਪੁਲਿਸ ਚੌਕੀ ਇੰਚਾਰਜ ਕੌਰ ਸਿੰਘ ਨੂੰ ਤਸ਼ੱਦਦ ਕਰਨ ਦੀ ਕੀ ਲੋੜ ਸੀ? ਮੁਲਜ਼ਮ ਗੰਭੀਰ ਜ਼ਖ਼ਮੀ ਹੈ। ਕੌਰ ਸਿੰਘ ਵਰਗੇ ਪੁਲਿਸ ਮੁਲਾਜ਼ਮ ਲੋਕਤੰਤਰ 'ਤੇ ਉਸ ਦਾਗ਼ ਵਾਂਗ ਹਨ ਜੋ ਪੰਜਾਬ ਦੀ ਪੂਰੀ ਪੁਲਿਸ ਟੀਮ ਨੂੰ ਬਦਨਾਮ ਕਰ ਦਿੰਦੇ ਹਨ। ਪੁਲਿਸ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੀ ਹੈ। ਪੁਲਿਸ ਬਣੀ ਤਾਂ ਲੋਕਾਂ ਦੀ ਹਿਫ਼ਾਜ਼ਤ ਲਈ ਹੈ ਪਰ ਲੋਕ ਪੁਲਿਸ ਤੋਂ ਡਰਦੇ ਹਨ। ਗੁਨਹਾਗਾਰ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾਂਦਾ ਹੈ ਜੋ ਥੋੜ੍ਹੇ ਸਮੇਂ ਬਾਅਦ ਬਹਾਲ ਹੋ ਜਾਂਦੇ ਹਨ। ਅਣਮਨੁੱਖੀ ਤਸ਼ੱਦਦ ਇਨਸਾਨੀਅਤ ਦਾ ਘਾਣ ਹੈ। ਪੁਲਿਸ ਆਪਣਾ ਤਫ਼ਤੀਸ਼ੀ ਕੰਮ ਕਰੇ, ਸਜ਼ਾ ਦੇਣਾ ਲੋਕਤੰਤਰ ਵਿਚ ਮਾਣਯੋਗ ਅਦਾਲਤਾਂ ਦਾ ਕੰਮ ਹੈ। ਦੋਸ਼ੀ ਪੁਲਿਸ ਮੁਲਾਜ਼ਮ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਅਤੇ ਲੋਕਤੰਤਰ 'ਤੇ ਬਣਿਆ ਰਹਿ ਸਕੇ।

-ਨਵਜੋਤ ਬਜਾਜ (ਗੱਗੂ), ਭਗਤਾ ਭਾਈ ਕਾ।

ਅੱਜ ਦੇ ਹਾਲਾਤ
ਹਾਲੇ ਨਰਿੰਦਰ ਮੋਦੀ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੱਕੀ ਹੀ ਹੈ ਪਰ ਦੇਸ਼ ਵਿਚ ਹਿੰਦੂਤਵ ਵਾਲਾ ਰੰਗ ਦਿਖਣਾ ਸ਼ੁਰੂ ਵੀ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਵਿਚ ਚਾਰ ਘਟਨਾਵਾਂ ਸਾਹਮਣੇ ਆ ਗਈਆਂ ਹਨ। ਗੁਰੂਗ੍ਰਾਮ ਵਿਖੇ ਇਕ ਨੌਜਵਾਨ ਨੂੰ ਰਵਾਇਤੀ ਮੁਸਲਿਮ ਟੋਪੀ ਪਹਿਨਣ 'ਤੇ ਕੁੱਟਮਾਰ ਕਰ ਕੇ ਉਸ ਨੂੰ 'ਭਾਰਤ ਮਾਤਾ ਦੀ ਜੈ' ਤੇ 'ਜੈ ਸ੍ਰੀ ਰਾਮ' ਕਹਿਣ ਲਈ ਮਜਬੂਰ ਕੀਤਾ ਗਿਆ। ਬੇਗੂਰਾਏ ਹਲਕੇ ਤੋਂ ਖ਼ਬਰ ਆਈ ਹੈ ਕਿ ਇਥੇ ਇਕ ਫੇਰੀ ਲਾਉਣ ਵਾਲੇ ਨੂੰ ਪਾਕਿਸਤਾਨ ਜਾਣ ਲਈ ਕਿਹਾ ਤੇ ਗੋਲੀ ਮਾਰ ਦਿੱਤੀ ਗਈ।
ਇਹ ਤਾਂ ਉਹ ਘਟਨਾਵਾਂ ਹਨ ਜੋ ਸਾਡੇ ਸਾਹਮਣੇ ਮੀਡੀਆ ਰਾਹੀਂ ਆ ਗਈਆਂ ਹਨ। ਹੋਰ ਪਤਾ ਨਹੀਂ ਕਿੰਨੀ ਨਫ਼ਰਤ ਸਾਡੇ ਦੇਸ਼ ਵਿਚ ਧਰਮ ਦੇ ਨਾਂਅ 'ਤੇ ਲੋਕ ਮਨਾਂ ਵਿਚ ਭਰੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸੋਸ਼ਲ ਮੀਡੀਏ 'ਤੇ ਭਡਕਾਊ ਪ੍ਰਚਾਰ ਕਰਨ ਵਾਲੇ ਸਰਗਰਮ ਹੋ ਗਏ ਹਨ। ਅੱਜ ਲੋੜ ਹੈ ਅਜਿਹੇ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਦੇਸ਼ ਨੂੰ ਫ਼ਿਰਕੂ ਹਿੰਸਾ ਤੋਂ ਬਚਾਇਆ ਜਾ ਸਕੇ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਜਬਰ ਜਨਾਹ
ਹਰ ਤੀਜੇ ਦਿਨ ਇਕ ਜਬਰ ਜਨਾਹ ਘਟਨਾ ਸੁਣਨ ਜਾਂ ਪੜ੍ਹਨ ਨੂੰ ਮਿਲਦੀ ਹੈ, ਜੋ ਸਾਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਵੀ ਸ਼ਰਮਸਾਰ ਕਰਦੀ ਹੈ। ਕੁਝ ਦਿਨ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਕਸਬਾ ਧੂਰੀ ਵਿਚ ਇਕ ਗ਼ਰੀਬ ਪਰਿਵਾਰ ਦੀ ਲੜਕੀ ਨਾਲ ਅਜਿਹੀ ਘਟਨਾ ਵਾਪਰੀ। ਉਸ ਤੋਂ ਤੀਜੇ ਦਿਨ ਬਾਅਦ ਫ਼ਤਹਿਗੜ੍ਹ ਸਾਹਿਬ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਵੀ ਜਬਰ ਜਨਾਹ ਦੀ ਘਟਨਾਂ ਵਾਪਰੀ। ਕੁਝ ਅਜਿਹੀਆ ਘਟਨਾਵਾਂ ਵੀ ਹੋਣਗੀਆ ਜੋ ਅਖ਼ਬਾਰ ਅਤੇ ਟੀ.ਵੀ. ਚੈਨਲ ਤੋਂ ਦੂਰ ਰਹਿ ਜਾਂਦੀਆ ਹੋਣ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜ਼ਿਆਦਾਤਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਵੀ ਕੋਈ ਨੇੜੇ ਦਾ ਰਿਸ਼ਤਾ ਹੀ ਦਿੰਦਾ ਹੈ। ਅਜਿਹੀ ਘਟਨਾ ਸੁਣਨ ਜਾਂ ਪੜ੍ਹਨ ਸਾਰ ਹੀ ਦਿਲ ਕੰਬ ਉੱਠਦਾ ਹੈ। ਹਰ ਸਾਲ 'ਮਹਿਲਾ ਦਿਵਸ' ਮੌਕੇ ਭਾਸ਼ਣ ਵਿਚ ਤਾਂ ਹਰ ਕੋਈ ਔਰਤ ਨੂੰ ਸ਼ਕਤੀਸ਼ਾਲੀ ਕਹਿ ਕੇ ਸੰਬੋਧਨ ਕਰਦਾ ਹੈ, ਪਰ ਕਦੇ ਨਹੀਂ ਲਗਦਾ ਕਿ ਔਰਤ ਨੂੰ ਕੋਈ ਸ਼ਕਤੀ ਮਿਲੀ ਵੀ ਹੈ। ਸਾਨੂੰ ਲੱਗਦਾ ਕਿ ਸਾਰਾ ਦੇਸ਼ ਅਜਿਹੀਆ ਘਟਨਾਵਾਂ ਲਈ ਦੋਸ਼ੀ ਨੂੰ ਫ਼ਾਸੀ ਦੀ ਸਜ਼ਾ ਦੀ ਆਸ ਕਰਦਾ ਹੋਵੇਗਾ ਤਾਂ ਕਿ ਇਹ ਘਟਨਾਵਾਂ ਵਾਪਰਨੀਆਂ ਬੰਦ ਹੋ ਸਕਣ।

-ਕੁਲਜਿੰਦਰ ਕੌਰ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।

ਕਿਉਂ ਹੋ ਰਿਹੈ ਪੰਜਾਬ ਦਾ ਉਜਾੜਾ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਜ਼ਮੀਨ ਉਪਜਾਊ ਅਤੇ ਕੁਦਰਤੀ ਗੁਣਾਂ ਭਰਪੂਰ ਹੈ ਪਰ ਪੰਜਾਬੀਆਂ ਨੇ ਹਰੀ ਕ੍ਰਾਂਤੀ ਅਤੇ ਆਰਥਿਕ ਸੁਧਾਰ ਦੀ ਉਮੀਦ ਦੇ ਪ੍ਰਭਾਵ ਹੇਠ ਲੋੜੋਂ ਵੱਧ ਖਾਦਾਂ ਤੇ ਦਵਾਈਆਂ ਦੇ ਛਿੜਕਾਅ ਕਰ ਕੇ ਅਤੇ ਧਰਤੀ ਹੇਠਲੇ ਪਾਣੀ ਨੂੰ ਵਰਤ ਕੇ ਧਰਤੀ ਨੂੰ ਬੰਜਰ ਬਣਾਉਣ ਅਤੇ ਫ਼ਸਲੀ ਉਤਪਾਦਨ ਨੂੰ ਲੋੜੋਂ ਵੱਧ ਜ਼ਹਿਰੀਲਾ ਕਰਕੇ ਗੁਣਵੱਤਾ ਖ਼ਤਮ ਕਰ ਲਈ, ਖਪਤਕਾਰੀ ਮੰਡੀਆਂ 'ਚ ਉਤਪਾਦਨ ਦੀ ਮੰਗ ਘਟਾ ਲਈ, ਜਿਸ ਕਾਰਨ ਪੰਜਾਬ ਦੀ ਫ਼ਸਲ ਦੇ ਮੰਡੀਕਰਨ 'ਤੇ ਪ੍ਰਭਾਵ ਪਿਆ। ਪੰਜਾਬ ਦੀ ਕਿਸਾਨੀ ਮੰਦਹਾਲੀ ਦੀ ਜਿੱਲਣ 'ਚ ਫਸਣ ਲਈ ਮਜਬੂਰ ਹੋ ਗਈ। ਸਰਕਾਰਾਂ ਨੇ ਕਿਸਾਨੀ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਬਾਹਰ ਕੱਢਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ।
ਇਸ ਤੋਂ ਇਲਾਵਾ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਲਈ ਕੋਈ ਠੋਸ ਨੀਤੀ ਨਾ ਹੋਣ ਕਾਰਨ ਨੌਜਵਾਨ ਬੇਰੁਜ਼ਗਾਰੀ ਦੇ ਹਾਸ਼ੀਏ 'ਤੇ ਧੱਕੇ ਗਏ ਅਤੇ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਨੂੰ ਉਡਾਰੀਆਂ ਮਾਰਨ ਲੱਗ ਪਏ। ਸਮਾਜਵਾਦੀ ਅਤੇ ਰੁਜ਼ਗਾਰਵਾਦੀ ਨੀਤੀਆਂ ਦੀ ਅਣਹੋਂਦ ਨੇ ਪੰਜਾਬ 'ਚ ਉਜਾੜੇ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਇਸੇ 'ਤੇ ਧਿਆਨ ਦਿਵਾਉਂਦਾ ਪ੍ਰੋ: ਰਣਜੀਤ ਸਿੰਘ ਧਨੋਆ ਦਾ 'ਕਿਉਂ ਹੋ ਰਿਹੈ ਪੰਜਾਬ ਦਾ ਉਜਾੜਾ?' ਸਿਰਲੇਖ ਅਧੀਨ ਚੁਣੌਤੀਪੂਰਨ ਲੇਖ ਪੜ੍ਹਿਆ। ਲੇਖਕ ਨੇ ਪੰਜਾਬ ਦੀ ਪੂੰਜੀਵਾਦੀ ਸਥਿਤੀ ਨੂੰ ਕਮਜ਼ੋਰ ਕਰਨ ਵਾਲੇ ਕਾਰਕਾਂ ਉੱਪਰ ਨਿੱਠ ਕੇ ਵਿਚਾਰ ਕੀਤੀ ਹੈ। ਸਰਕਾਰਾਂ, ਸਿੱਖਿਆ ਸ਼ਾਸਤਰੀਆਂ, ਸਿਆਸੀ ਗਲਿਆਰਿਆਂ, ਧਾਰਮਿਕ ਸੰਸਥਾਵਾਂ ਨੂੰ ਇਸ ਚੁਣੌਤੀ ਭਰਪੂਰ ਸਥਿਤੀ ਨਾਲ ਨਜਿੱਠਣ ਲਈ ਯੋਗ ਉਪਰਾਲਿਆਂ ਅਤੇ ਉੱਦਮ ਕਰਨ ਦੀ ਲੋੜ 'ਤੇ ਜ਼ੋਰ ਦੇਣਾ ਚਾਹੀਦਾ ਹੈ।

-ਸਤਨਾਮ ਸਿੰਘ ਮੱਟੂ, ਬੀਂਬੜ੍ਹ, ਸੰਗਰੂਰ।

10-06-2019

 ਸਰਕਾਰ ਕਾਰਵਾਈ ਕਰੇ
ਅਕਾਲੀ-ਭਾਜਪਾ ਸਰਕਾਰ ਸਮੇਂ ਫ਼ਰੀਦਕੋਟ ਸ਼ਹਿਰ ਵਿਚ ਸ਼ਰੂਤੀ ਕਾਂਡ ਹੋਇਆ ਸੀ ਤਾਂ ਲੋਕਾਂ ਵਿਚ ਬਹੁਤ ਗੁੱਸਾ ਸੀ, ਕਿਉਂਕਿ ਪੰਜਾਬ ਪੁਲਿਸ ਇਸ ਕੇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸੀ। ਇਸ ਕੇਸ ਵਿਚ ਸਰਕਾਰੀ ਅਫਸਰਾਂ ਅਤੇ ਸਿਆਸੀ ਆਗੂਆਂ ਦੀ ਪੂਰੀ ਦਖਲਅੰਦਾਜ਼ੀ ਸੀ ਪਰ ਸਥਾਨਕ ਲੋਕਾਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਐਕਸ਼ਨ ਕਮੇਟੀ ਬਣਾ ਕੇ ਰੋਸ ਮੁਜ਼ਾਹਰੇ ਕੀਤੇ, ਫਰੀਦਕੋਟ ਤੇ ਆਸ-ਪਾਸ ਦੇ ਸ਼ਹਿਰ ਰੋਸ ਵਜੋਂ ਬੰਦ ਕੀਤੇ ਗਏ। ਕਾਂਗਰਸੀ ਆਗੂਆਂ ਨੇ ਇਸ ਧਰਨੇ ਵਿਚ ਸ਼ਾਮਿਲ ਹੋ ਕੇ ਅਕਾਲੀ-ਭਾਜਪਾ ਸਰਕਾਰ ਦੀ ਨਿੰਦਿਆ ਕੀਤੀ ਸੀ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਧਰਨੇ ਵਿਚ ਸ਼ਾਮਿਲ ਹੋਏ ਤੇ ਮੋਰਚਾ ਸਫਲ ਕੀਤਾ। ਅੱਜ ਫਿਰ ਸ਼ਰੂਤੀ ਕਾਂਡ ਵਾਂਗ ਹੀ ਜਸਪਾਲ ਸਿੰਘ ਕਾਂਡ ਹੈ, ਜਿਸ ਨੂੰ ਪੰਜਾਬ ਪੁਲਿਸ ਨੇ ਵੋਟਾਂ ਤੋਂ ਇਕ ਦਿਨ ਪਹਿਲਾਂ ਬਿਨਾਂ ਕਸੂਰੋਂ ਰੱਤੀ ਰੋੜੀ ਤੋਂ ਸੀ.ਆਈ.ਏ. ਸਟਾਫ ਵਿਚ ਲਿਆ ਕੇ ਅਣਮਨੁੱਖੀ ਤਸ਼ੱਦਦ ਢਾਹਿਆ ਅਤੇ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ। ਅੱਜ ਜਸਪਾਲ ਸਿੰਘ ਦੇ ਮਾਪੇ ਉਸ ਦੀ ਲਾਸ਼ ਲੈਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਧਰਨੇ ਲਗਾਉਣ ਲਈ ਮਜਬੂਰ ਹੋ ਗਏ ਹਨ ਪਰ ਅਫਸੋਸ ਕਿ ਅੱਜ ਕਈ ਦਿਨ ਬੀਤ ਜਾਣ ਦੇ ਬਾਵਜੂਦ ਜਸਪਾਲ ਸਿੰਘ ਦੀ ਲਾਸ਼ ਨਹੀਂ ਮਿਲੀ। ਕੈਪਟਨ ਅਮਰਿੰਦਰ ਸਿੰਘ ਅੱਖਾਂ ਬੰਦ ਕਰਕੇ ਮਹਿਲਾਂ ਵਿਚ ਬੈਠੇ ਹਨ, ਸਾਡੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ, ਐਮ. ਸੀ. ਆਦਿ ਨੇ ਦੁਖੀ ਮਾਪਿਆਂ ਕੋਲ ਜਾ ਕੇ ਹਮਦਰਦੀ ਜਤਾਉਣਾ ਵੀ ਚੰਗਾ ਨਹੀਂ ਸਮਝਿਆ, ਜਿਸ ਕਰਕੇ ਲੋਕਾਂ ਵਿਚ ਕਾਂਗਰਸ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਉਪਜ ਪਈ ਹੈ। ਸਰਕਾਰ ਪੰਜਾਬ ਪੁਲਿਸ 'ਤੇ ਕਿਉਂ ਨਹੀਂ ਕਾਰਵਾਈ ਕਰ ਰਹੀ? ਜਸਪਾਲ ਸਿੰਘ ਦੇ ਮਾਪਿਆਂ ਤੇ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਦੋਸ਼ੀ ਪੁਲਿਸ ਵਾਲਿਆਂ ਤੇ ਇਸ ਕਾਂਡ ਵਿਚ ਸ਼ਾਮਿਲ ਵਿਅਕਤੀਆਂ ਵਿਰੁੱਧ ਕਤਲ ਕੇਸ ਦਾ ਪਰਚਾ ਦਰਜ ਹੋਵੇ ਅਤੇ ਜਸਪਾਲ ਸਿੰਘ ਦੀ ਲਾਸ਼ ਵਾਰਸਾਂ ਨੂੰ ਦਿਵਾਈ ਜਾਵੇ।


-ਧਰਮ ਪ੍ਰਵਾਨਾ,
ਪਿੰਡ ਤੇ ਡਾਕ: ਕਿਲ੍ਹਾ ਨੌ (ਫਰੀਦਕੋਟ)।


ਸ਼੍ਰੋਮਣੀ ਕਮੇਟੀ ਦੇ ਧਿਆਨ ਹਿਤ
ਤਕਰੀਬਨ ਰੋਜ਼ਾਨਾ ਹੀ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਫਲਾਣੀ ਫ਼ਿਲਮ ਵਿਚ ਸਿੱਖੀ ਨਾਲ ਖਿਲਵਾੜ ਕੀਤਾ ਗਿਆ, ਫਲਾਣੇ ਨਾਟਕ ਵਿਚ ਸਿੱਖੀ ਖਿਲਾਫ਼ ਗ਼ਲਤ ਲਫ਼ਜ਼ ਬੋਲੇ ਗਏ ਆਦਿ। ਇਸ ਬਾਰੇ ਬਹੁਤ ਕੁਝ ਸੋਚਣ ਦੀ ਲੋੜ ਹੈ। ਫਿਲਮਾਂ ਬਾਰੇ ਮੇਰੀ ਰਾਇ ਇਹ ਹੈ ਕਿ ਫ਼ਿਲਮ ਸੈਂਸਰ ਬੋਰਡ ਵਿਚ ਸਿੱਖਾਂ ਦਾ ਇਕ ਨੁਮਾਇੰਦਾ ਵੀ ਹੋਣਾ ਚਾਹੀਦਾ ਹੈ, ਜੋ ਇਸ ਬਾਰੇ ਪੂਰਾ ਸੁਚੇਤ ਹੋਵੇ, ਤਾਂ ਜੋ ਫ਼ਿਲਮ ਬਣਨ ਤੋਂ ਬਾਅਦ ਦੇਖਣ ਵਾਲਿਆਂ 'ਤੇ ਕੋਈ ਗ਼ਲਤ ਪ੍ਰਭਾਵ ਨਾ ਛੱਡਦੀ ਹੋਵੇ। ਸ਼੍ਰੋਮਣੀ ਕਮੇਟੀ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਸਿੱਖ ਸੰਗਤ ਗੁਰੂਆਂ ਬਾਰੇ ਜਾਣਕਾਰੀ ਲਈ ਸਿੱਖੀ ਦਾ ਇਤਿਹਾਸ ਜ਼ਰੂਰ ਪੜ੍ਹੇ।


-ਹਰਜਿੰਦਰਪਾਲ ਸਿੰਘ ਬਾਜਵਾ,
ਵਿਜੇ ਨਗਰ, ਹੁਸ਼ਿਆਰਪੁਰ।


ਆਮਦਨ ਦੀ ਨਾਬਰਾਬਰੀ
ਲੋਕਤੰਤਰ ਦੇ ਰਾਹ ਵਿਚ ਵੱਡੀ ਰੁਕਾਵਟ ਬਾਰੇ ਡਾ: ਸ: ਸ: ਛੀਨਾ ਹੁਰਾਂ ਦਾ ਲੇਖ ਪੜ੍ਹਿਆ। ਛੀਨਾ ਸਾਹਿਬ ਨੇ ਬਹੁਤ ਹੀ ਵਿਸਥਾਰ ਨਾਲ ਦੇਸ਼ ਵਿਚ ਆਮਦਨ ਦੀ ਨਾਬਰਾਬਰੀ, ਲੋਕਤੰਤਰ ਦੇ ਰਾਹ ਵਿਚ ਰੁਕਾਵਟ ਅਤੇ ਸਮਾਜਿਕ ਬੁਰਾਈਆਂ ਦੀ ਜੜ੍ਹ ਬਾਰੇ ਪਾਠਕਾਂ ਨੂੰ ਦੱਸਿਆ ਹੈ। ਪੈਸੇ ਦੇ ਗਲਬੇ ਨੇ ਰਾਜਨੀਤੀ ਨੂੰ ਗੰਧਲਿਆਂ ਕਰ ਦਿੱਤਾ ਹੈ। ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਆਦਿ ਅਲਾਮਤਾਂ ਨੇ ਲੋਕਤੰਤਰ ਦੀ ਸਫਲਤਾ ਵਿਚ ਵੱਡੀ ਰੁਕਾਵਟ ਪਾਈ ਹੈ। ਦੇਸ਼ ਦਾ ਬਹੁਤਾ ਧਨ ਭ੍ਰਿਸ਼ਟ ਅਫਸਰਸ਼ਾਹੀ ਅਤੇ ਭ੍ਰਿਸ਼ਟ ਨੇਤਾਵਾਂ ਦੀਆਂ ਤਿਜੌਰੀਆਂ ਵਿਚ ਪੈ ਗਿਆ ਹੈ। ਮਿਹਨਤੀ ਲੋਕ ਅਤੇ ਕਿਸਾਨੀ, ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਹੈ, ਦਾ ਆਮਦਨ ਦੀ ਨਾਬਰਾਬਰੀ ਨੇ ਬੁਰਾ ਹਾਲ ਕਰ ਦਿੱਤਾ ਹੈ। ਹਰ 5 ਸਾਲ ਪਿੱਛੋਂ ਦੇਸ਼ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਤਾਕਤ ਹਥਿਆ ਲਈ ਜਾਂਦੀ ਹੈ। ਸਫਲ ਲੋਕਤੰਤਰ ਉਹੀ ਹੋ ਸਕਦਾ ਹੈ, ਜਿਸ ਵਿਚ ਰਾਜ ਕਰਨ ਵਾਲੇ ਲੋਕ ਇਮਾਨਦਾਰ ਹੋਣ, ਚੋਣ ਪ੍ਰਣਾਲੀ ਸਰਲ ਹੋਵੇ, ਇਹ ਤਾਂ ਹੀ ਹੋ ਸਕਦਾ ਹੈ ਜੇ ਆਮਦਨ ਦੀ ਨਾਬਰਾਬਰੀ ਖ਼ਤਮ ਹੋਵੇ। ਚੋਣ ਮਨੋਰਥ ਪੱਤਰਾਂ ਵਿਚ ਲੋਕਾਂ ਨਾਲ ਧੋਖਾ ਨਾ ਹੋਵੇ। ਜੇ ਵਾਅਦੇ ਪੂਰੇ ਨਾ ਹੋਣ ਤਾਂ ਵਾਅਦੇ ਕਰਨ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਤਾਕਤ ਲੋਕਾਂ ਦੇ ਹੱਥ ਹੋਵੇ। ਇਹ ਅਲਾਮਤ ਅਜੇ ਖ਼ਤਮ ਹੁੰਦੀ ਨਹੀਂ ਦਿਸਦੀ।


-ਜਗਤਾਰ ਗਿੱਲ,
ਬੱਲ ਸਚੰਦਰ, ਅੰਮ੍ਰਿਤਸਰ।


ਨਿਰਾਸ਼ਾ ਨੂੰ ਭਾਰੂ ਨਾ ਹੋਣ ਦਿਓ
ਬੀਤੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਬੱਬੂ ਤੀਰ ਦਾ ਲੇਖ 'ਚੜ੍ਹਦੀ ਕਲਾ ਵਿਚ ਰਹਿਣਾ ਹੀ ਜ਼ਿੰਦਗੀ' ਪੜ੍ਹਿਆ। ਉਨ੍ਹਾਂ ਦੇ ਲਿਖਣ ਦਾ ਢੰਗ ਬਹੁਤ ਹੀ ਵੱਖਰਾ ਹੈ। ਉਨ੍ਹਾਂ ਦੀ ਲਿਖੀ ਹਰ ਸਤਰ ਵਿਚ ਬਹੁਤ ਹੀ ਡੂੰਘਾਈ ਹੁੰਦੀ ਹੈ। ਉਹ ਜੀਵਨ ਦੇ ਹਰ ਪਹਿਲੂ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਜਾਣੂ ਕਰਵਾਉਂਦੇ ਹਨ। ਸੱਚਮੁੱਚ ਹੀ ਜਿਨ੍ਹਾਂ ਲੋਕਾਂ ਵਿਚ ਦੂਜਿਆਂ ਦੀ ਜ਼ਿੰਦਗੀ ਵਿਚ ਰੰਗ ਭਰਨ ਦੀ ਤਾਕਤ ਹੁੰਦੀ ਹੈ, ਕਈ ਵਾਰ ਉਨ੍ਹਾਂ ਦੀ ਖੁਦ ਦੀ ਜ਼ਿੰਦਗੀ ਬੇਰੰਗ ਤੇ ਅਧੂਰੇ ਰਿਸ਼ਤਿਆਂ ਨਾਲ ਭਰੀ ਹੁੰਦੀ ਹੈ। ਇਕੱਲਤਾ ਸੱਚਮੁੱਚ ਹੀ ਜ਼ਿੰਦਗੀ ਦਾ ਖ਼ਤਰਨਾਕ ਰੂਪ ਹੈ। ਕਈ ਵਾਰ ਸਾਨੂੰ ਭਰੇ-ਪੂਰੇ ਪਰਿਵਾਰ ਵਿਚ ਰਹਿੰਦਿਆਂ ਹੋਇਆਂ ਦੂਜਿਆਂ ਦੀ ਇਕੱਲਤਾ ਦੇ ਦਰਦ ਦਾ ਅਹਿਸਾਸ ਹੀ ਨਹੀਂ ਹੁੰਦਾ। ਇਹ ਅਹਿਸਾਸ ਸਾਨੂੰ ਉਦੋਂ ਹੀ ਹੁੰਦਾ ਹੈ, ਜਦੋਂ ਅਸੀਂ ਖੁਦ ਇਕੱਲਤਾ ਦੇ ਦੌਰ ਵਿਚੋਂ ਗੁਜ਼ਰਦੇ ਹਾਂ। ਪਰ ਕਦੇ-ਕਦੇ ਸਾਨੂੰ ਆਪਣੇ-ਆਪ ਨੂੰ ਪਛਾਨਣ ਲਈ ਥੋੜ੍ਹੀ-ਬਹੁਤੀ ਇਕੱਲਤਾ ਦੀ ਲੋੜ ਵੀ ਪੈਂਦੀ ਹੈ। ਦੂਜਿਆਂ ਨੂੰ ਹੌਸਲੇ ਦੇ ਦੋ ਸ਼ਬਦ ਬੋਲਣ ਨਾਲ ਤੇ ਨਿਰਾਸ਼ ਮਨਾਂ ਵਿਚ ਆਸ ਦੀ ਕਿਰਨ ਜਗਾਉਣ ਨਾਲ ਸਾਡਾ ਕੋਈ ਮੁੱਲ ਨਹੀਂ ਲਗਦਾ ਪਰ ਅੱਜ ਤਾਂ ਹਰ ਕੋਈ ਸਿਰਫ ਆਪਣੀ ਖੁਸ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਦੂਜਿਆਂ ਤੋਂ ਉਮੀਦ ਦੀ ਜ਼ਿਆਦਾ ਆਸ ਨਾ ਕਰਦੇ ਹੋਏ ਆਪਣੀ ਇਕੱਲਤਾ ਨੂੰ ਆਪਣੀ ਕਲਾ ਨਾਲ ਭਰੋ। ਕੁਝ ਅਜਿਹੇ ਕੰਮ ਕਰੋ, ਜੋ ਤੁਹਾਡੇ ਮਨ ਨੂੰ ਸੰਤੁਸ਼ਟੀ ਦੇਣ। ਵਿਹਲੇ ਬੈਠਣ ਨਾਲੋਂ ਕੁਝ ਨਾ ਕੁਝ ਕਰਦੇ ਰਹੋ, ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਸਾਨੂੰ ਆਪਣੀ ਇਕੱਲਤਾ ਦੀ ਮਰਜ਼ ਦੀ ਦਵਾਈ ਖੁਦ ਬਣਨਾ ਪਵੇਗਾ, ਕਿਉਂਕਿ ਤੁਹਾਨੂੰ ਖੁਸ਼ ਕਰਨ ਲਈ ਕੋਈ ਨਹੀਂ ਆਵੇਗਾ। ਸੋ, ਆਪਣੇ ਮਨ ਨੂੰ ਨਿਰਾਸ਼ਾ ਤੋਂ ਬਚਾ ਲਓ, ਕਿਉਂਕਿ ਜੇ ਮਨ ਹੀ ਬੁਝ ਗਿਆ ਤਾਂ ਸਾਰੀ ਦੁਨੀਆ ਹੀ ਹਨੇਰੀ ਦਿਖਾਈ ਦੇਵੇਗੀ।


-ਬਲਵਿੰਦਰ ਜੀਤ ਕੌਰ
ਚੱਕਲਾਂ (ਰੋਪੜ)।

07-06-2019

 ਵਿੱਦਿਆ ਦਾ ਵਪਾਰੀਕਰਨ
ਅੱਜ ਵਿੱਦਿਆ ਮੰਡੀ ਦੀ ਵਸਤੂ ਬਣਦੀ ਜਾ ਰਹੀ ਹੈ। ਵਿੱਦਿਆ ਨੂੰ ਵਪਾਰ ਅਤੇ ਮੁਨਾਫ਼ਾ ਕਮਾਉਣ ਦਾ ਸਾਧਨ ਸਮਝਿਆ ਜਾਣ ਲੱਗਾ ਹੈ। ਅੱਜ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿੱਦਿਆ ਨੂੰ ਵਸਤੂ ਬਣਾ ਕੇ ਵੇਚ ਰਹੀਆਂ ਹਨ। ਅਮੀਰ ਲੋਕ ਵਿੱਦਿਆ ਨੂੰ ਆਰਥਿਕ ਸੁਰੱਖਿਆ ਸਮਝਦੇ ਹੋਏ ਖ਼ਰੀਦ ਰਹੇ ਹਨ ਪਰ ਬਹੁਤ ਸਾਰੇ ਗ਼ਰੀਬ ਲੋਕਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਹਨ ਪਰ ਆਰਥਿਕ ਕਮਜ਼ੋਰੀ ਕਰਕੇ ਮਹਿੰਗੀ ਵਿੱਦਿਆ ਤੋਂ ਸੱਖਣੇ ਰਹਿ ਜਾਂਦੇ ਹਨ। ਅਜੋਕੀਆਂ ਸਰਕਾਰਾਂ ਬੱਚਿਆਂ ਤੇ ਨੌਜਵਾਨਾਂ ਨੂੰ ਵਿੱਦਿਆ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਰਹੀਆਂ ਹਨ। ਵਿੱਦਿਆ ਮਨੁੱਖ ਦਾ ਮਾਨਸਿਕ, ਆਤਮਿਕ, ਨੈਤਿਕ ਤੇ ਸਮਾਜਿਕ ਵਿਕਾਸ ਕਰਦੀ ਹੈ। ਕੋਈ ਸਮਾਂ ਸੀ ਜਦੋਂ ਵਿੱਦਿਆ ਨੂੰ ਪਰਉਪਕਾਰ ਸਮਝਿਆ ਜਾਂਦਾ ਸੀ ਪਰ ਅੱਜ ਵਿੱਦਿਆ ਮੰਡੀ ਤੇ ਮੁਨਾਫ਼ਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ। ਇਸ ਕਰਕੇ ਵਿੱਦਿਆ ਦਾ ਵਪਾਰੀਕਰਨ ਰੋਕਣਾ ਚਾਹੀਦਾ ਹੈ। ਇਸ ਨੂੰ ਨਿੱਜੀ ਮੁਨਾਫ਼ੇ ਲਈ ਵਰਤਣ ਦੀ ਥਾਂ ਸਮੁੱਚੀ ਮਨੁੱਖਤਾ ਦੇ ਲਾਭ ਤੇ ਵਿਕਾਸ ਲਈ ਫੈਲਾਉਣਾ ਚਾਹੀਦਾ ਹੈ।


-ਗੁਲਸ਼ੇਰ ਸਿੰਘ ਚੀਮਾ
ਰਾਮਗੜ੍ਹ ਸਰਦਾਰਾਂ, ਤਹਿ: ਪਾਇਲ (ਲੁਧਿਆਣਾ)।


ਆਚਰਨ ਦੀ ਗਿਰਾਵਟ
ਹਰ ਸਮਾਜ ਦੀ ਫ਼ਿਲਾਸਫ਼ੀ ਉੱਚ ਇਖ਼ਲਾਕੀ ਕਦਰਾਂ-ਕੀਮਤਾਂ ਦਾ ਧਾਰਨੀ ਬਣਨ ਦੀ ਸਿੱਖਿਆ ਦਿੰਦੀ ਹੈ ਤਾਂ ਫਿਰ ਕਿਉਂ ਸਮਾਜ ਵਿਚ ਏਨੇ ਨੀਵੇਂ ਪੱਧਰ ਦੀ ਗਿਰਾਵਟ ਆ ਚੁੱਕੀ ਹੈ? ਲੋੜ ਹੈ ਬਿਜਲਈ ਮੀਡੀਆ ਵਿਚ ਪਰੋਸੀ ਜਾ ਰਹੀ ਅਸ਼ਲੀਲਤਾ ਵਿਰੁੱਧ ਆਵਾਜ਼ ਉਠਾਉਣ ਦੀ ਅਤੇ ਵਿਦਿਆਰਥੀ ਜੀਵਨ ਨੂੰ 'ਨੰਬਰਾਂ' ਦੀ ਦੌੜ ਵਿਚੋਂ ਕੱਢ ਕੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਦੀ। ਤਦ ਹੀ ਕਿਰਦਾਰ ਦੀ ਗਿਰਾਵਟ ਦੀ ਇਸ ਚਿੱਕੜ ਭਰੀ ਹਨੇਰੀ ਨੂੰ ਠੱਲ੍ਹਿਆ ਜਾ ਸਕਦਾ ਹੈ। ਆਧੁਨਿਕਤਾ ਦੀ ਹਨੇਰੀ ਵਿਚ ਮਨੁੱਖੀ ਆਚਰਨ ਅੰਤਾਂ ਦੀ ਗਿਰਾਵਟ ਵੱਲ ਚਲਾ ਗਿਆ ਹੈ। ਆਚਰਨ ਪੱਖ ਤੋਂ ਮਨੁੱਖ ਹੈਵਾਨ ਦਾ ਰੂਪ ਧਾਰਨ ਕਰ ਗਿਆ ਹੈ। ਧੂਰੀ ਵਿਖੇ 4 ਸਾਲ ਦੀ ਬੱਚੀ ਨਾਲ ਜਬਰ-ਜਨਾਹ, ਅਜਿਹੀਆਂ ਸ਼ਰਮਨਾਕ ਘਟਨਾਵਾਂ ਹਨ, ਜੋ ਸਾਡੇ ਆਚਰਨ ਦੀ ਗਿਰਾਵਟ ਦਾ ਸਬੂਤ ਹਨ।


-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ
ਬੇਅੰਤ ਨਗਰ, ਮੋਗਾ।


ਠੋਸ ਨੀਤੀਆਂ ਦੀ ਲੋੜ
ਬੀਤੇ ਦਿਨ ਲੋਕ ਮੰਚ ਸਫ਼ੇ 'ਤੇ ਸਾਰੇ ਲੇਖ ਸਿੱਖਿਆਦਾਇਕ ਸਨ। ਸਾਰੇ ਲੇਖਕਾਂ ਨੇ ਸਮਾਜਿਕ ਮੁੱਦਿਆਂ ਨੂੰ ਆਪਣੇ ਲੇਖਾਂ 'ਚ ਉਭਾਰਨ ਦਾ ਯਤਨ ਕੀਤਾ। 'ਟਿਊਸ਼ਨਾਂ ਦੇ ਜਾਲ 'ਚ ਫਸੇ ਵਿਦਿਆਰਥੀ ਅਤੇ ਮਾਪੇ' ਲੇਖ ਦੇ ਸੰਦਰਭ ਵਿਚ ਲੇਖਕ ਡਾ: ਧਰਮਜੀਤ ਸਿੰਘ ਮਾਨ ਦੀ ਤਾਰੀਫ ਕਰਨੋਂ ਨਹੀਂ ਰਹਿ ਸਕਦਾ। ਉਨ੍ਹਾਂ ਦੀ ਲਿਖਤ ਸਮਾਜ ਨੂੰ ਸੇਧ ਦਿੰਦੀ ਹੈ। ਉਸ ਸੰਦਰਭ ਵਿਚ ਵਾਕਿਆ ਅੱਜ ਹੈਰਾਨੀ ਹੁੰਦੀ ਹੈ ਕਿ ਮਾਪੇ ਆਪਣੇ ਛੋਟੀ ਉਮਰ ਦੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਜਮਾਤਾਂ 'ਚ ਹੀ ਕਈ-ਕਈ ਟਿਊਸ਼ਨਾਂ ਰੱਖ ਕੇ ਕਿਸ ਤਰ੍ਹਾਂ ਦੇ ਟੀਚੇ ਹਾਸਲ ਕਰਨੇ ਚਾਹੁੰਦੇ ਹਨ, ਗੱਲ ਸਮਝ ਤੋਂ ਬਾਹਰ ਹੈ। 12ਵੀਂ ਦੀ ਪੜ੍ਹਾਈ ਉਪਰੰਤ ਡਾਕਟਰ ਜਾਂ ਇੰਜੀਨੀਅਰ ਬਣਨ ਲਈ ਵਕਾਰੀ ਕਿੱਤਿਆਂ 'ਚ ਦਾਖ਼ਲਾ ਲੈਣ ਲਈ ਜ਼ਿਆਦਾ ਮਿਹਨਤ ਦੀ ਲੋੜ ਹੈ। ਲਗਦਾ ਹੈ ਜਿਵੇਂ ਵਿਦਿਆਰਥੀ ਲਈ ਟਿਊਸ਼ਨ ਲਾਜ਼ਮੀ ਹੋ ਚੁੱਕੀ ਹੈ। ਪਰ ਅਜਿਹਾ ਸਭ ਸਰਕਾਰ ਵਲੋਂ ਸਿੱਖਿਆ ਦੀਆਂ ਗ਼ਲਤ ਨੀਤੀਆਂ ਕਾਰਨ ਹੋਇਆ ਹੈ। ਪਿਛਲੇ ਕੋਈ ਤਿੰਨ ਕੁ ਦਹਾਕਿਆਂ ਪਿੱਛੇ ਝਾਤ ਮਾਰੀਏ ਤਾਂ ਅਜਿਹਾ ਮਾਹੌਲ ਨਹੀਂ ਸੀ ਉਦੋਂ ਵੀ ਸਰਕਾਰੀ ਸਕੂਲਾਂ, ਅਦਾਰਿਆਂ ਵਿਚ ਪੜ੍ਹਾਈ ਕਰਕੇ ਚੰਗੇ ਡਾਕਟਰ, ਇੰਜੀਨੀਅਰ, ਅਧਿਆਪਕ ਬਣਦੇ ਸਨ। ਅੱਜ ਸਿੱਖਿਆ ਦਾ ਵਪਾਰੀਕਰਨ ਹੋ ਚੁੱਕਾ ਹੈ। ਸਿਹਤ ਤੇ ਸਿੱਖਿਆ ਇਨਸਾਨ ਦੀਆਂ ਦੋ ਅਹਿਮ ਮੁਢਲੀਆਂ ਲੋੜਾਂ ਹਨ ਜੋ ਸਰਕਾਰ ਨੂੰ ਠੋਸ ਨੀਤੀਆਂ ਬਣਾ ਕੇ ਨੇਕ ਨੀਅਤ ਨਾਲ ਲੋਕਾਂ ਨੂੰ ਦੇਣੀਆਂ ਬਣਦੀਆਂ ਹਨ।


-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।


ਪਾਣੀ ਦੀ ਸੰਭਾਲ
ਭਾਵੇਂ ਸਰਕਾਰਾਂ ਕਿਸਾਨ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਪਾਉਂਦੀਆਂ ਪਰ ਹਰੀ ਕ੍ਰਾਂਤੀ ਦੇ ਨਾਂਅ 'ਤੇ ਜਿਥੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਨੂੰ ਭਰਨ 'ਚ ਆਪਣਾ ਪੂਰਾ ਯੋਗਦਾਨ ਪਾਇਆ ਹੈ, ਉਥੇ ਹੀ ਧਰਤੀ ਹੇਠਲਾ ਪਾਣੀ ਘਟਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਰਹੀ। ਮੈਨੂੰ ਇਨ੍ਹੀਂ ਦਿਨੀਂ ਕੈਨੇਡਾ ਜਾਣ ਦਾ ਮੌਕਾ ਮਿਲਿਆ। ਮੈਂ ਇਥੇ ਦੇਖਿਆ ਕਿ ਪਾਣੀ ਦੀ ਵਰਤੋਂ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਇਕ ਵੀ ਬੂੰਦ ਅਜਾਈਂ ਨਹੀਂ ਜਾਣ ਦਿੱਤੀ ਜਾਂਦੀ। ਪਰ ਸਾਡੇ ਪੰਜਾਬ ਵਿਚ ਫੈਕਟਰੀਆਂ 'ਚ ਰੋਜ਼ਾਨਾ ਪਾਣੀ ਦੀ ਬੇਹਿਸਾਬ ਖਪਤ ਨਾਲ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ। ਕੁਦਰਤ ਦੀ ਇਸ ਅਣਮੁੱਲੀ ਦਾਤ ਦੀ ਵਰਤੋਂ ਖੇਤਾਂ ਵਿਚ, ਫਲੱਸ਼ਾਂ, ਟੂਟੀਆਂ, ਵਿਹੜੇ ਧੋਣ, ਕੱਪੜੇ ਧੋਣ, ਗੱਡੀਆਂ ਧੋਣ ਲਈ ਜ਼ਰੂਰ ਕਰੋ ਪਰ ਇਸ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਆਉਣ ਵਾਲੀ ਨਸਲ ਨਾਲ ਦਿਲੋਂ ਪਿਆਰ ਕਰਦੇ ਹਾਂ ਤਾਂ ਪਾਣੀ ਦੀ ਦੁਰਵਰਤੋਂ ਨਾ ਕਰੋ ਅਤੇ ਪਾਣੀ ਦੀ ਸੰਭਾਲ ਕਰਕੇ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਓ।


-ਅਮਰੀਕ ਸਿੰਘ ਚੀਮਾ, ਕੈਨੇਡਾ।

06-06-2019

 ਗ਼ਰੀਬਾਂ ਦੇ ਸਕੂਲ
ਅੱਜ ਦੇ ਸਮੇਂ ਵਿਚ ਜੇ ਸਰਕਾਰੀ ਸਕੂਲਾਂ ਨੂੰ ਗ਼ਰੀਬਾਂ ਦੇ ਸਕੂਲ ਕਿਹਾ ਜਾਵੇ ਤਾਂ ਇਸ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਪ੍ਰਾਇਮਰੀ ਤੋਂ ਲੈ ਕੇ ਮਿਡਲ ਤੱਕ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨ-ਪ੍ਰਤੀਦਿਨ ਘਟਦੀ ਹੀ ਜਾ ਰਹੀ ਹੈ। ਇਸ ਦਾ ਇਕੋ-ਇਕ ਕਾਰਨ ਹੈ ਕਿ ਗ਼ਰੀਬ ਆਦਮੀ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਦਾਖ਼ਲ ਨਹੀਂ ਕਰਵਾ ਸਕਦਾ। ਵਿਦੇਸ਼ ਜਾਣ ਦੀ ਚਾਹਤ ਨੇ ਪ੍ਰਾਈਵੇਟ ਸਕੂਲਾਂ ਦੀ ਜ਼ਿੰਦਗੀ ਸੋਨੇ ਵਰਗੀ ਕਰ ਦਿੱਤੀ ਹੈ ਪਰ ਇਹ ਪ੍ਰਾਈਵੇਟ ਸਕੂਲ ਆਮ ਗ਼ਰੀਬ ਦੀ ਪਹੁੰਚ ਤੋਂ ਕਾਫੀ ਪਰ੍ਹੇ ਹਨ। ਬੜੇ ਅਫ਼ਸੋਸ ਦੀ ਗੱਲ ਹੈ ਕਿ ਅਧਿਆਪਕ ਆਪ ਤਾਂ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਹੁੰਦੇ ਹਨ ਪਰ ਉਨ੍ਹਾਂ ਦੇ ਆਪਣੇ ਬੱਚੇ ਮਹਿੰਗੇ-ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹੁੰਦੇ ਹਨ। ਜੇ ਆਪਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣੀ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਵੀ ਸਰਕਾਰੀ ਅਧਿਆਪਕ ਹੈ, ਉਸ ਦਾ ਬੱਚਾ ਵੀ ਸਰਕਾਰੀ ਸਕੂਲਾਂ ਵਿਚ ਲੱਗਣਾ ਲਾਜ਼ਮੀ ਕਰਨਾ ਚਾਹੀਦਾ ਹੈ। ਸੋ, ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਬੇਹੱਦ ਲੋੜ ਹੈ ਅਤੇ ਸਰਕਾਰੀ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਦਾਖ਼ਲ ਕਰਵਾਉਣ ਕਿਉਂਕਿ ਜੇ ਸਰਕਾਰੀ ਸਕੂਲ ਹੀ ਨਾ ਰਹੇ ਤਾਂ ਆਪਣਾ ਆਉਣ ਵਾਲਾ ਭਵਿੱਖ ਵੀ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ।


-ਕੇਵਲ ਸਿੰਘ ਬਾਠਾਂ।


ਕੀ ਜਵਾਬ ਦੇਵਾਂਗੇ?
ਸਾਲ 1974 ਵਿਚ ਸੰਯੁਕਤ ਰਾਸ਼ਟਰ ਵਲੋਂ ਵਾਤਾਵਰਨ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਉਦੇਸ਼ ਆਮ ਲੋਕਾਂ ਤੇ ਰਾਜਸੀ ਲੋਕਾਂ ਦਾ ਧਿਆਨ ਕੁਦਰਤੀ ਸਾਧਨਾਂ ਦੀ ਸੁਰੱਖਿਆ ਵੱਲ ਦਿਵਾਉਣਾ ਸੀ ਅਤੇ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਕਰਨਾ ਸੀ। ਇਹ ਦਿਨ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਜੇਕਰ ਅਸੀਂ ਹਵਾ, ਪਾਣੀ ਤੇ ਮਿੱਟੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ? ਪਾਣੀ ਦਿਨੋ-ਦਿਨ ਗੰਧਲੇ ਤੇ ਡੂੰਘੇ ਹੋ ਰਹੇ ਹਨ। ਧਰਤੀ ਬੰਜਰ ਹੁੰਦੀ ਜਾ ਰਹੀ ਹੈ। ਪ੍ਰਦੂਸ਼ਣ ਕਾਰਨ ਹਵਾ 'ਚ ਜ਼ਹਿਰਾਂ ਘੁਲ ਰਹੀਆਂ ਹਨ। ਫਲਸਰੂਪ, ਆਲਮੀ ਤਪਸ਼ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ। ਆਓ ਅਸੀਂ ਸਾਰੇ ਮਿਲ ਕੇ ਰੁੱਖ ਲਗਾਈਏ। ਰੁੱਖਾਂ ਦੀ ਸਾਂਭ-ਸੰਭਾਲ ਵੀ ਕਰੀਏ ਤਾਂ ਜੋ ਸ਼ੁੱਧ ਹਵਾ ਪ੍ਰਾਪਤ ਹੋਵੇ ਤੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ। ਪਰ ਹਾਲੇ ਵੀ ਸਾਡੇ ਲੋਕ ਇਸ ਪੱਖੋਂ ਬਹੁਤੇ ਜਾਗਰੂਕ ਨਹੀਂ ਹੋ ਰਹੇ। ਜੇਕਰ ਅਸੀਂ ਕੁਦਰਤ ਦਾ ਕੁਝ ਸੰਵਾਰ ਨਹੀਂ ਸਕਦੇ ਤਾਂ ਘੱਟੋ-ਘੱਟ ਸਾਡਾ ਨਾਂਅ ਵਿਨਾਸ਼ ਕਰਨ ਵਾਲਿਆਂ 'ਚ ਵੀ ਨਹੀਂ ਆਉਣਾ ਚਾਹੀਦਾ।


-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।


ਡੇਅਰੀ ਉਦਯੋਗ
ਕਿਸਾਨੀ ਦੀ ਆਮਦਨ 'ਚ ਡੇਅਰੀ ਉਦਯੋਗ ਦੇ ਅਹਿਮ ਯੋਗਦਾਨ ਬਾਰੇ ਡਾ: ਸ.ਸ. ਛੀਨਾ ਦਾ ਲੇਖ ਪੜ੍ਹਿਆ। ਡਾ: ਹੁਰਾਂ ਵਿਸਥਾਰ ਨਾਲ ਇਸ ਧੰਦੇ ਬਾਰੇ ਲਿਖਿਆ ਹੈ ਪਰ ਸਭ ਤੋਂ ਜ਼ਿਆਦਾ ਮਾਰ ਕਿਸਾਨਾਂ ਨੂੰ ਇਸ ਧੰਦੇ ਵਿਚੋਂ ਹੀ ਪਈ ਹੈ। ਇਸ ਦੇ ਮੁੱਖ ਕਾਰਨ ਹਨ ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦਾ ਬਾਜ਼ਾਰ ਵਿਚ ਸ਼ਰ੍ਹੇਆਮ ਵਿਕਣਾ, ਚੰਗੀ ਨਸਲ ਦੇ ਪਸ਼ੂ ਨਾ ਮਿਲਣੇ, ਘਟੀਆ ਪਸ਼ੂ ਖੁਰਾਕ ਦਾ ਬਾਜ਼ਾਰਾਂ ਵਿਚ ਭੰਡਾਰ ਅਤੇ ਸਭ ਤੋਂ ਵੱਡਾ ਕਾਰਨ ਉਤਪਾਦਕ ਅਤੇ ਖ਼ਰੀਦਦਾਰ ਦੇ ਪੱਲੇ ਕੁਝ ਨਾ ਪੈਣਾ। ਵਿਚਲਾ ਵਪਾਰੀ ਖੱਟੀ ਖਟ ਜਾਂਦਾ ਹੈ। ਲੋਕਾਂ ਨੂੰ ਨਕਲੀ ਦੁੱਧ ਦੀਆਂ ਵਸਤਾਂ ਦੂਣੇ ਚੋਣੇ ਮੁੱਲ 'ਤੇ ਪੈਂਦੀਆਂ ਹਨ, ਨਾਲ ਹੀ ਲੋਕਾਂ ਦੀ ਸਿਹਤ ਵੀ ਖ਼ਰਾਬ ਹੁੰਦੀ ਹੈ। ਪਿੱਛੇ ਜਿਹੇ ਕਿਸਾਨਾਂ ਨੂੰ ਪੂਰਾ ਭਾਅ ਨਾ ਮਿਲਣ ਕਰਕੇ ਦੁੱਧ ਸੜਕਾਂ 'ਤੇ ਡੋਲ੍ਹਣਾ ਪਿਆ ਪਰ ਦੂਜੇ ਪਾਸੇ ਖ਼ਰੀਦਦਾਰਾਂ ਦੀ ਵਪਾਰੀਆਂ ਤੇ ਪ੍ਰਾਈਵੇਟ ਡੇਅਰੀਆਂ ਨੇ ਲੁੱਟ ਉਸੇ ਤਰ੍ਹਾਂ ਜਾਰੀ ਰੱਖੀ। ਕਿਸਾਨ ਤਾਂ ਚਾਹੁੰਦਾ ਹੈ ਕਿ ਉਸ ਨੂੰ ਵਧੀਆ ਨਸਲ ਦੇ ਪਸ਼ੂ ਮਿਲਣ, ਵਧੀਆ ਖੁਰਾਕ ਮਿਲੇ ਤੇ ਵਧੀਆ ਭਾਅ ਮਿਲੇ, ਜਿਸ ਨਾਲ ਉਸ ਦੀ ਆਰਥਿਕ ਹਾਲਤ ਸੁਧਰ ਸਕੇ। ਸਿਹਤ ਮਹਿਕਮੇ ਨੂੰ ਵੀ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਕਿਸਾਨ ਤਾਂ ਚਾਹੁੰਦਾ ਹੈ ਕਿ ਉਸ ਦੀ ਆਰਥਿਕ ਸਥਿਤੀ ਸੁਧਰੇ ਪਰ ਸਰਕਾਰ ਨੂੰ ਵੀ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਬਿਜਲੀ ਹੋਰ ਮਹਿੰਗੀ

ਪੰਜਾਬ ਸਰਕਾਰ ਨਿੱਤ ਦਿਨ ਲੋਕਾਂ 'ਤੇ ਕੋਈ ਨਾ ਕੋਈ ਨਵਾਂ ਬੋਝ ਪਾ ਕੇ ਜਨਤਾ ਦੀ ਆਰਥਿਕ ਲੁੱਟ ਲਈ ਨਵੇਂ ਢੰਗ ਲੱਭਦੀ ਰਹਿੰਦੀ ਹੈ। ਲੰਘੀਆਂ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਹੀ ਸਰਕਾਰ ਨੇ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਨੂੰ ਹੋਰ ਮਹਿੰਗਾ ਕਰ ਕੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਉਂਜ ਜੇ ਦੇਖਿਆ ਜਾਵੇ ਤਾਂ ਭਾਰਤ ਦੇ ਸਮੁੱਚੇ ਸੂਬਿਆਂ ਨਾਲੋਂ ਪੰਜਾਬ ਵਿਚ ਬਿਜਲੀ ਪਹਿਲਾਂ ਹੀ ਮਹਿੰਗੀ ਸੀ। ਸਮੁੱਚੇ ਭਾਰਤ ਵਿਚ ਬਿਜਲੀ ਕੀਮਤਾਂ ਦੇ ਅੰਕੜੇ ਪੜ੍ਹਦੇ ਹਾਂ ਤਾਂ ਵੇਖ ਕੇ ਹੈਰਾਨੀ ਇਹ ਹੁੰਦੀ ਹੈ ਕਿ ਜਿਨ੍ਹਾਂ ਸੂਬਿਆਂ ਕੋਲ ਬਿਜਲੀ ਪੈਦਾ ਕਰਨ ਦੇ ਵੀ ਸਾਧਨ ਨਹੀਂ ਹਨ, ਉਥੇ ਬਿਜਲੀ ਏਨੀ ਮਹਿੰਗੀ ਨਹੀਂ ਹੈ। ਪਰ ਪੰਜਾਬ ਵਿਚ ਬਿਜਲੀ ਪੈਦਾ ਹੋ ਰਹੀ ਹੈ ਤੇ ਸਭ ਸਾਧਨ ਵੀ ਹਨ ਫਿਰ ਵੀ ਪਤਾ ਨਹੀਂ ਸਰਕਾਰ ਕਿਸ ਨੀਤੀ ਅਧੀਨ ਦਿਨ-ਬ-ਦਿਨ ਪੰਜਾਬ ਵਿਚ ਬਿਜਲੀ ਮਹਿੰਗੀ ਕਰ ਰਹੀ ਹੈ, ਜੋ ਕਿ ਜਨਤਾ ਦੀ ਸਿੱਧੀ ਲੁੱਟ ਹੈ। ਹਾਲਾਂਕਿ ਕਾਂਗਰਸ ਨੇ ਚੋਣਾਂ ਸਮੇਂ ਉਦਯੋਗ ਤੇ ਹੋਰ ਵਰਗਾਂ ਨੂੰ ਸਸਤੀ ਬਿਜਲੀ ਦੇਣ ਦੀ ਗੱਲ ਕੀਤੀ ਸੀ, ਹੁਣ ਕੁਰਸੀ 'ਤੇ ਬਿਰਾਜਮਾਨ ਹੋ ਕੇ ਸਭ ਕੁਝ ਭੁੱਲ ਗਏ ਹਨ ਜੋ ਜਨਤਾ ਨਾਲ ਸਿੱਧਾ ਧੱਕਾ ਹੈ। ਅੱਤ ਦੀ ਮਹਿੰਗਾਈ ਹੋਣ ਕਾਰਨ ਸਰਕਾਰ ਨੂੰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੱਲ ਵੇਖਣਾ ਚਾਹੀਦਾ ਹੈ।


-ਬਲਬੀਰ ਸਿੰਘ ਬੱਬੀ, ਤੱਖਰਾਂ, ਲੁਧਿਆਣਾ।

05-06-2019

ਸਰਕਾਰ ਨੂੰ ਦੁਬਾਰਾ ਮੌਕਾ

ਪਿਛਲੇ ਪੰਜ ਸਾਲਾਂ ਦੌਰਾਨ ਸਰਕਾਰ ਦੇ ਨੋਟਬੰਦੀ, ਜੀ.ਐਸ.ਟੀ. ਆਦਿ ਵਰਗੇ ਫ਼ੈਸਲਿਆਂ ਤੋਂ ਲੋਕ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਸਨ। ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਕੰਮਾਂ ਨੂੰ ਲੋਕਾਂ ਨੇ ਸਵੀਕਾਰ ਕਰਕੇ ਉਨ੍ਹਾਂ ਨੂੰ ਦੁਬਾਰਾ ਮੌਕਾ ਦਿੱਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਭਾਰੀ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਵਿਚ ਇਕ ਵਾਰ ਫਿਰ ਸਫ਼ਲ ਹੋ ਗਿਆ ਹੈ। ਲੋਕਾਂ ਦਾ ਅਨੁਮਾਨ ਇਹੀ ਸੀ ਕਿ ਹੋ ਸਕਦਾ ਹੈ ਕਿ ਕੌਮੀ ਜਮਹੂਰੀ ਗੱਠਜੋੜ ਸਰਕਾਰ ਬਣਾ ਜਾਵੇ ਪਰ ਏਨੇ ਜ਼ਿਆਦਾ ਬਹੁਮਤ ਨਾਲ ਬਣੇਗੀ, ਇਹ ਨਤੀਜਾ ਹੈਰਾਨੀਜਨਕ ਸੀ। ਹੁਣ ਲੋਕਾਂ ਨੂੰ ਇਸ ਸਰਕਾਰ ਕੋਲੋਂ ਹੋਰ ਵੀ ਜ਼ਿਆਦਾ ਉਮੀਦਾਂ ਰਹਿਣਗੀਆਂ।

-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ, ਬੇਅੰਤ ਨਗਰ, ਮੋਗਾ।

ਧਰਤੀ ਹੇਠਲੇ ਪਾਣੀ ਦਾ ਫ਼ਿਕਰ

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਮੁੱਚਾ ਪੰਜਾਬ ਇਸ ਸਮੇਂ ਪਾਣੀ ਦੇ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ ਅਤੇ ਪਾਣੀ ਖ਼ਤਰੇ ਦੀ ਹੱਦ ਤੱਕ ਨੀਵਾਂ ਚਲਿਆ ਗਿਆ ਹੈ। ਸਾਡੇ ਵਿਚੋਂ ਬਹੁਤੇ ਲੋਕਾਂ ਦੀ ਇਹ ਗ਼ਲਤ ਧਾਰਨਾ ਹੈ ਕਿ ਧਰਤੀ ਹੇਠਲਾ ਪਾਣੀ ਕਦੇ ਵੀ ਖਤਮ ਨਹੀਂ ਹੋਵੇਗਾ। ਪੰਜਾਬ ਕਿਸਾਨੀ ਸੂਬਾ ਹੋਣ ਕਰਕੇ ਇਥੇ ਵਧੇਰੇ ਕਾਰੋਬਾਰ ਖੇਤੀ ਨਾਲ ਸਬੰਧਿਤ ਹੈ। ਇਸ ਲਈ ਗ਼ੈਰ-ਕਿਸਾਨੀ ਲੋਕ ਧਰਤੀ ਹੇਠਲੇ ਪਾਣੀ ਦਾ ਨੀਵਾਂ ਜਾਣ ਦਾ ਕਾਰਨ ਕਿਸਾਨੀ ਨੂੰ ਮੰਨ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ ਇਹ ਕਿਉਂ ਨਹੀਂ ਸੋਚਦੇ ਕਿ ਜੇਕਰ ਕਿਸਾਨ ਧਰਤੀ ਹੇਠੋਂ ਪਾਣੀ ਨਾ ਕੱਢੇ ਤਾਂ ਅਨਾਜ ਉਤਪਾਦਨ ਕਿਵੇਂ ਹੋਵੇਗਾ? ਕਿਸਾਨ ਇਕੱਲਾ ਆਪਣਾ ਫਾਇਦਾ ਲੈਣ ਲਈ ਧਰਤੀ ਹੇਠੋਂ ਪਾਣੀ ਨਹੀਂ ਕੱਢ ਰਿਹਾ, ਸਗੋਂ ਇਸੇ ਅਨਾਜ ਉਤਪਾਦਨ ਨਾਲ ਹੀ ਉਸ ਨੇ ਸਮੁੱਚੇ ਦੇਸ਼ ਦੀ ਲੋਕਾਈ ਦਾ ਪੇਟ ਭਰਨਾ ਹੈ। ਪਾਣੀ ਦੀ ਦੁਰਵਰਤੋਂ ਰੋਕਣ ਲਈ ਇਕੱਲੇ ਕਿਸਾਨ ਲਈ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਉੱਦਮ ਕਰਨਾ ਹੋਵੇਗਾ।

-ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)।

ਦਰਿਆਵਾਂ ਦਾ ਜ਼ਹਿਰੀਲਾ ਪਾਣੀ

ਲੁਧਿਆਣਾ ਅਤੇ ਜਲੰਧਰ ਦੀਆਂ ਵੱਖ-ਵੱਖ ਸਨਅਤਾਂ ਦਾ ਰਸਾਇਣਾਂ ਵਾਲਾ ਜ਼ਹਿਰੀਲਾ ਪਾਣੀ ਨਦੀਆਂ, ਨਾਲਿਆਂ ਰਾਹੀਂ ਹੁੰਦਾ ਹੋਇਆ ਸਤਲੁਜ ਅਤੇ ਬਿਆਸ ਦਰਿਆਵਾਂ 'ਚ ਪਹੁੰਚ ਜਾਂਦਾ ਹੈ। ਜਿਥੇ ਇਹ ਜ਼ਹਿਰੀਲਾ ਪਾਣੀ ਮੱਛੀਆਂ ਅਤੇ ਹੋਰ ਜੀਵ ਜੰਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ, ਉਥੇ ਹੀ ਇਨਸਾਨਾਂ ਅਤੇ ਪਸ਼ੂਆਂ ਲਈ ਇਹ ਪਾਣੀ ਘਾਤਕ ਸਾਬਤ ਹੋ ਰਿਹਾ ਹੈ। ਇਸ ਰਸਾਇਣਾਂ ਵਾਲੇ ਜ਼ਹਿਰੀਲੇ ਪਾਣੀ ਨਾਲ ਪਾਣੀ ਕਾਫੀ ਹੱਦ ਤੱਕ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਲੋਕਾਂ ਵਿਚ ਖੌਫ਼ ਪੈਦਾ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦੀ ਸਿਹਤ, ਜਲਚਰ ਜੀਵਾਂ ਦੀ ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਸਖ਼ਤੀ ਨਾਲ ਰਸਾਇਣਾਂ ਵਾਲਾ ਜ਼ਹਿਰੀਲਾ ਪਾਣੀ ਟਰੀਟਮੈਂਟ ਪਲਾਂਟਾਂ ਤੋਂ ਬਿਨਾਂ ਦਰਿਆਵਾਂ ਵਿਚ ਨਹੀਂ ਪੈਣ ਦੇਣਾ ਚਾਹੀਦਾ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

ਸਿੱਖਿਆ ਬੋਰਡ ਦੇ ਧਿਆਨ ਹਿਤ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੌਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਦਾ ਦਾਖ਼ਲਾ 15 ਜੁਲਾਈ ਤੱਕ ਵਧਾ ਦਿੱਤਾ ਹੈ। ਦੋ ਮਹੀਨੇ ਦਾ ਹੋਰ ਸਮਾਂ ਮਿਲਣ ਨਾਲ ਮੱਧ ਵਰਗੀ ਵਿਦਿਆਰਥੀਆਂ ਨੂੰ ਦਾਖ਼ਲਾ ਫੀਸਾਂ ਭਰਨ ਲਈ ਕੁਝ ਸਮਾਂ ਮਿਲ ਜਾਵੇਗਾ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਿੱਖਿਆ ਬੋਰਡ ਹੁਣ ਰੀਅਪੀਅਰ ਵਾਲੇ ਪੇਪਰਾਂ ਵਿਚੋਂ ਫੇਲ੍ਹ ਹੋਏ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਇਕ 'ਗੋਲਡਨ ਚਾਂਸ' ਵੀ ਦੇ ਦੇਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਹੁਣ ਬੱਚਿਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਦਾ ਸਮਾਂ ਵੀ ਮਿਲ ਜਾਵੇਗਾ ਤੇ ਉਨ੍ਹਾਂ ਦਾ ਸਾਲ ਵੀ ਖ਼ਰਾਬ ਨਹੀਂ ਹੋਵੇਗਾ। ਉਮੀਦ ਹੈ ਸਿੱਖਿਆ ਬੋਰਡ ਇਨ੍ਹਾਂ ਪੜ੍ਹਾਈ ਪੱਖੋਂ ਕਮਜ਼ੋਰ ਵਿਦਿਆਰਥੀਆਂ ਬਾਰੇ ਜ਼ਰੂਰ ਸੋਚੇਗਾ।

-ਲਖਵਿੰਦਰ ਸਿੰਘ ਗਿੱਲ, ਜ਼ਿਲ੍ਹਾ ਲੁਧਿਆਣਾ।

04-06-2019

 ਸੜਕ ਹਾਦਸੇ ਚਿੰਤਾ ਦਾ ਵਿਸ਼ਾ
ਅੱਜਕਲ੍ਹ ਦਿਨ-ਬ-ਦਿਨ ਵਧ ਰਹੇ ਸੜਕੀ ਹਾਦਸੇ ਇਕ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਹਰ ਰੋਜ਼ ਵਾਪਰਦੇ ਅਣਗਿਣਤ ਸੜਕੀ ਹਾਦਸਿਆਂ ਵਿਚ ਅਜਾਈਂ ਮੌਤਾਂ ਹੋ ਰਹੀਆਂ ਹਨ। ਬਹੁਤ ਵਾਰੀ ਅਸੀਂ ਅਖ਼ਬਾਰਾਂ ਵਿਚ ਜਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਕਿ ਕਿਸ ਤਰ੍ਹਾਂ ਭਿਆਨਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਵਿਚ ਅਨੇਕਾਂ ਪਰਿਵਾਰ ਖ਼ਤਮ ਹੋ ਜਾਂਦੇ ਹਨ। ਇਨ੍ਹਾਂ ਵਿਚ ਸਾਡੀਆਂ ਬਹੁਤ ਸਾਰੀਆਂ ਗ਼ਲਤੀਆਂ ਹਨ, ਜਿਨ੍ਹਾਂ ਨੂੰ ਅਸੀਂ ਕੁਦਰਤੀ ਘਟਨਾਵਾਂ ਕਹਿ ਕੇ ਟਾਲ ਰਹੇ ਹਾਂ। ਅੱਜ ਆਵਾਜਾਈ ਸਾਧਨਾਂ ਸਬੰਧੀ ਜਾਣੂ ਹੋਣ ਦੀ ਲੋੜ ਹੈ। ਸੜਕ 'ਤੇ ਕਾਹਲੇ ਲੋਕਾਂ ਦੀ ਵਜ੍ਹਾ ਕਰਕੇ ਕਈ ਵਾਰੀ ਬੇਕਸੂਰ ਚਾਲਕ ਜਾਂ ਰਾਹਗੀਰਾਂ ਨੂੰ ਬਿਨਾਂ ਵਜ੍ਹਾ ਨੁਕਸਾਨ ਝੱਲਣਾ ਪੈਂਦਾ ਹੈ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਡਰਾਈਵਿੰਗ ਧਿਆਨ ਨਾਲ ਕਰੋ, ਭਾਵੇਂ ਤੁਸੀਂ 10-15 ਮਿੰਟ ਲੇਟ ਹੋ ਜਾਵੋ। ਆਪਣੇ ਸਾਧਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ। ਕੋਈ ਵੀ ਨਸ਼ਾ ਕਰ ਕੇ ਕੋਈ ਵੀ ਵਾਹਨ ਨਾ ਚਲਾਓ। ਹੈਲਮੈਟ ਦੀ ਵਰਤੋਂ ਕਰੋ ਜਾਂ ਪੱਗ ਬੰਨ੍ਹੋ। ਆਪਣੇ ਵਾਹਨਾਂ ਦੇ ਉੱਪਰ ਉੱਚੀ ਆਵਾਜ਼ ਕਰ ਕੇ ਮਿਊਜ਼ਿਕ ਸਿਸਟਮ ਨਾ ਚਲਾਓ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਛੋਟੀ ਉਮਰ ਦੇ ਬੱਚਿਆਂ ਨੂੰ ਤੇਜ਼ ਰਫ਼ਤਾਰ ਵਾਲੇ ਸਾਧਨ ਨਾ ਚਲਾਉਣ ਦੇਣ। ਸਾਡੀਆਂ ਨਿੱਕੀਆਂ-ਨਿੱਕੀਆਂ ਗ਼ਲਤੀਆਂ ਕਈ ਵਾਰੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦਿੰਦੀਆਂ ਹਨ। ਇਸ ਲਈ ਸਾਨੂੰ ਕੋਈ ਵੀ ਵਾਹਨ ਚਲਾਉਂਦੇ ਸਮੇਂ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।

-ਗੁਪਦੀਪ ਸਿੰਘ , ਘੋਲੀਆਂ ਕਲਾਂ।

ਲੋਕ ਸਭਾ ਚੋਣਾਂ ਤੇ 'ਨੋਟਾ'
17ਵੀਂ ਲੋਕ ਸਭਾ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਪੰਜਾਬ ਦੇ 1.5 ਲੱਖ ਲੋਕਾਂ ਨੇ 'ਨੋਟਾ' ਨੂੰ ਵੋਟ ਪਾਈ ਹੈ। ਇਹ ਵੋਟਾਂ ਤਾਂ ਉਹ ਹਨ ਜੋ ਗਿਣਤੀ ਵਿਚ ਆ ਗਈਆਂ ਹਨ। ਇਥੇ 34 ਫ਼ੀਸਦੀ ਲੋਕ ਉਹ ਵੀ ਹਨ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਹੀ ਨਹੀਂ ਕੀਤਾ। ਉਨ੍ਹਾਂ ਵਿਚੋਂ ਕੁਝ ਲੋਕਾਂ ਦੀ ਮਜਬੂਰੀ ਹੋ ਸਕਦੀ ਹੈ ਪਰ ਕਈ ਵਿਚ ਅਜਿਹੇ ਹਨ ਜਿਨ੍ਹਾਂ ਨੂੰ ਇਨ੍ਹਾਂ ਵਿਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ ਸੀ। 'ਨੋਟਾ' ਨੂੰ ਸਭ ਤੋਂ ਘੱਟ ਵੋਟਾਂ 5082 ਖਡੂਰ ਸਾਹਿਬ ਤੋਂ ਪਈਆਂ ਹਨ ਜਦੋਂ ਕਿ ਇਥੇ 2014 ਵਿਚ 5624 ਵੋਟਾਂ ਪਈਆਂ ਸਨ। ਦੂਜੇ ਸਥਾਨ 'ਤੇ ਹਲਕਾ ਸੰਗਰੂਰ ਹੈ ਜਿਥੇ 6426 ਵੋਟਾਂ ਪਈਆਂ ਹਨ। ਇਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਲੋਕਾਂ ਵਿਚ ਦੋਵੇਂ ਰਵਾਇਤੀ ਪਾਰਟੀਆਂ ਪ੍ਰਤੀ ਗੁੱਸਾ ਹੈ। ਜਿਥੇ ਚੰਗੇ ਅਕਸ ਵਾਲੇ ਬੀਬੀ ਖਾਲੜਾ ਤੇ ਭਗਵੰਤ ਮਾਨ ਵਰਗੇ ਸੁਹਿਰਦ ਉਮੀਦਵਾਰ ਖੜ੍ਹੇ ਸਨ, ਉਥੇ ਲੋਕਾਂ ਨੇ 'ਨੋਟਾ' ਦਾ ਘੱਟ ਇਸਤੇਮਾਲ ਕੀਤਾ। ਇਸ ਤੋਂ ਲਗਦਾ ਹੈ ਕਿ ਹਰ ਪਾਰਟੀ ਅੱਗੇ ਤੋਂ ਟਿਕਟ ਦੇਣ ਲੱਗੀ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਪਹਿਲ ਦੇਵੇਗੀ। ਹਰ ਪਾਰਟੀ ਨੂੰ ਇਸ ਬਾਰੇ ਸੋਚਣਾ ਪਵੇਗਾ।

-ਜਸਕਰਨ ਲੰਡੇ, ਜ਼ਿਲ੍ਹਾ ਮੋਗਾ।

ਭੁੱਲਣਾ
ਜ਼ਿੰਦਗੀ ਦੇ ਸਫ਼ਰ ਵਿਚ ਭੁੱਲ ਜਾਣਾ ਸ਼ਬਦ ਆਮ ਵਰਤਿਆ ਜਾਂਦਾ ਹੈ। ਭੁੱਲਣਾ ਕੀ ਹੈ? ਪਹਿਲੇ ਸਿੱਖੇ ਹੋਏ ਕਿਸੇ ਕੰਮ ਨੂੰ ਕਰਨ ਵਿਚ ਮਿਲਣ ਵਾਲੀ ਅਸਫ਼ਲਤਾ ਜਾਂ ਪਿਛਲੇ ਅਨੁਭਵਾਂ ਜਾਂ ਤਜਰਬਿਆਂ ਨੂੰ ਯਾਦ ਕਰਨ ਵਿਚ ਮਿਲਣ ਵਾਲੀ ਅਸਫ਼ਲਤਾ ਨੂੰ 'ਭੁੱਲਣਾ' ਕਿਹਾ ਜਾਂਦਾ ਹੈ। ਮਨੋਵਿਗਿਆਨੀਆਂ ਅਨੁਸਾਰ, ਭੁੱਲਣਾ ਦੋ ਪ੍ਰਕਾਰ ਦਾ ਹੁੰਦਾ ਹੈ ਪਹਿਲਾ ਸਾਧਾਰਨ ਭੁੱਲਣਾ ਤੇ ਦੂਜਾ ਅਸਾਧਾਰਨ ਭੁੱਲਣਾ। ਸਾਧਾਰਨ ਭੁੱਲਣਾ ਇਕ ਸੁਭਾਵਿਕ-ਕੁਦਰਤੀ ਕਿਰਿਆ ਹੈ। ਅਸੀਂ ਬਿਨਾਂ ਕੋਈ ਭੁੱਲਣ ਦਾ ਯਤਨ ਕੀਤੇ ਬਹੁਤ ਸਾਰੀਆਂ ਗੱਲਾਂ ਤੇ ਕਿਰਿਆਵਾਂ ਨੂੰ ਸਮਾਂ ਬੀਤਣ ਦੇ ਨਾਲ-ਨਾਲ ਸੁਭਾਵਿਕ ਢੰਗ ਨਾਲ ਭੁੱਲਦੇ ਰਹਿੰਦੇ ਹਾਂ। ਅਸਾਧਾਰਨ ਭੁੱਲਣਾ ਵਿਚ ਵਿਅਕਤੀ ਆਪਣੇ ਉਦਾਸ ਜਜ਼ਬਿਆਂ ਅਤੇ ਕੌੜੀਆਂ ਯਾਦਾਂ ਨੂੰ ਜਾਣਬੁੱਝ ਕੇ ਅਚੇਤ ਮਨ ਵਿਚ ਧਕੇਲ ਕੇ ਭੁੱਲਣ ਦਾ ਯਤਨ ਕਰਦਾ ਹੈ। ਭੁੱਲਣਾ ਸਦਾ ਹੀ ਗ਼ੈਰ-ਜ਼ਰੂਰੀ ਅਤੇ ਫਜ਼ੂਲ ਨਹੀਂ ਹੁੰਦਾ। ਗ਼ੈਰ-ਜ਼ਰੂਰੀ ਅਤੇ ਅਸਬੰਧਿਤ ਗੱਲਾਂ ਨੂੰ ਭੁੱਲਣਾ ਲਾਭਕਾਰੀ ਸਿੱਧ ਹੁੰਦਾ ਹੈ। ਇਸ ਤਰ੍ਹਾਂ ਦੇ ਭੁੱਲਣ ਨਾਲ ਯਾਦ-ਸ਼ਕਤੀ ਵਿਚ ਵਾਧਾ ਹੁੰਦਾ ਹੈ। ਲੋੜ ਤੋਂ ਜ਼ਿਆਦਾ ਭੁੱਲਣਾ ਇਕ ਸਮੱਸਿਆ ਹੁੰਦਾ ਹੈ, ਇਸ ਲਈ ਭੁੱਲਣ ਦੇ ਮੂਲ ਕਾਰਨਾਂ ਦੀ ਜਾਂਚ-ਪੜਤਾਲ ਕਰ ਕੇ ਦੂਰ ਕਰਨਾ ਜ਼ਰੂਰੀ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।

ਅੱਗ ਲੱਗਣ ਦੀ ਘਟਨਾ
ਸੂਰਤ ਵਿਚ ਇਕ ਟਿਊਸ਼ਨ ਸੈਂਟਰ ਵਿਚ ਅੱਗ ਲੱਗਣ ਨਾਲ ਅਨੇਕਾਂ ਬੱਚਿਆਂ ਦੀ ਮੌਤ ਦੀ ਖ਼ਬਰ ਪੜ੍ਹ ਕੇ ਬੇਹੱਦ ਦੁੱਖ ਹੋਇਆ। ਜਿਨ੍ਹਾਂ ਦੇ ਬੱਚੇ ਚਲੇ ਗਏ, ਉਹ ਤਾਂ ਵਾਪਸ ਨਹੀਂ ਆਉਣੇ। ਪੀੜਤ ਪਰਿਵਾਰਾਂ ਦੇ ਇਸ ਦੁੱਖ ਨੂੰ ਸਿਰਫ ਪੀੜਤ ਪਰਿਵਾਰ ਹੀ ਜਾਣਦੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਦੋਂ ਅਸੀਂ ਸੁਚੇਤ ਹੋਵਾਂਗੇ? ਅਜਿਹੇ ਹਾਦਸੇ ਕਈ ਵਾਰ ਵਾਪਰ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਨਾ ਸਾਡੇ ਲੋਕ ਗ਼ਲਤ ਕੰਮ ਕਰਨੋਂ ਹਟਦੇ ਹਨ ਅਤੇ ਨਾ ਵਿਭਾਗ ਇਮਾਨਦਾਰੀ ਨਾਲ ਕੰਮ ਕਰਦੇ ਹਨ। ਮਹਾਨਗਰ ਪਾਲਿਕਾ ਨੂੰ ਜ਼ਿੰਮੇਵਾਰ ਠਹਿਰਾਅ ਦਿੱਤਾ ਗਿਆ ਪਰ ਕਾਰਵਾਈ ਦੇ ਨਾਂਅ 'ਤੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਗਈ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਹਾਦਸਿਆਂ ਤੋਂ ਸਬਕ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਅੱਗੇ ਤੋਂ ਅਜਿਹੀ ਤ੍ਰਾਸਦੀ ਨਾ ਵਾਪਰੇ।

-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ
ਬੇਅੰਤ ਨਗਰ, ਮੋਗਾ।

ਸ਼ਰਾਬ ਦੇ ਵਿਗਿਆਪਨ
ਸਰਕਾਰਾਂ ਭਾਵੇਂ ਨਸ਼ੇ ਖ਼ਤਮ ਕਰਨ ਦੇ ਲੱਖ ਵਾਅਦੇ ਕਰੀ ਜਾਣ ਪਰ ਅਸਲ ਸਚਾਈ ਤੋਂ ਕੋਈ ਵੀ ਅਣਜਾਣ ਨਹੀਂ। ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਸਮਝਣ ਲਈ ਤਿਆਰ ਨਹੀਂ ਹਨ। ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ ਕਿਉਂਕਿ ਸ਼ਰਾਬ ਦੀ ਕਮਾਈ ਨਾਲ ਹੀ ਖ਼ਜ਼ਾਨਾ ਭਰਿਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਚੈਨਲਾਂ 'ਤੇ ਸ਼ਰਾਬ ਦੀਆਂ ਮਸ਼ਹੂਰੀਆਂ ਦਿਖਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਅਸ਼ਲੀਲਤਾ ਵੀ ਹੁੰਦੀ ਹੈ। ਕੇਵਲ ਬੋਤਲਾਂ ਉੱਪਰ ਹਾਨੀਕਾਰਕ ਸ਼ਬਦ ਲਿਖਣ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਸਾਡੀਆਂ ਸਰਕਾਰਾਂ ਨਸ਼ੇ ਖ਼ਤਮ ਕਰਨ ਲਈ ਇਮਾਨਦਾਰੀ ਨਹੀਂ ਵਰਤਦੀਆਂ। ਸਾਡੇ ਬੁੱਧੀਜੀਵੀ ਸਮਾਜ ਅਤੇ ਪ੍ਰਸ਼ਾਸਨ ਨੂੰ ਥੋੜ੍ਹਾ ਚੇਤੰਨ ਹੋਣ ਦੀ ਜ਼ਰੂਰਤ ਹੈ।

-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।

ਹੁਣ ਕਿੱਥੇ ਕੁੱਟ ਖਾ ਹੁੰਦੀ ਏ
ਅੱਜ ਤੋਂ ਡੇਢ ਕੁ ਦਹਾਕੇ ਪਹਿਲਾਂ ਗੁਰੂ-ਚੇਲੇ ਦੇ ਸਬੰਧ ਕੁਝ ਹੋਰ ਤਰ੍ਹਾਂ ਦੇ ਸਨ। ਸਿਖਾਉਣ ਵਾਲੀ ਧਿਰ ਆਪਣਾ ਪੂਰਾ ਜ਼ੋਰ ਲਾ ਦਿੰਦੀ ਸੀ ਤੇ ਮਾਪੇ ਵੀ ਆਖਦੇ ਸਨ ਕਿ 'ਭਾਵੇਂ ਬੱਚੇ ਨੂੰ ਗੁੱਲੀ ਵਾਂਗ ਘੜ ਦਿਓ ਪਰ ਸਾਡਾ ਬੱਚਾ ਪੜ੍ਹਨਾ ਚਾਹੀਦਾ ਹੈ।' ਉਦੋਂ ਬੱਚੇ ਵੀ ਸਰੀਰਕ ਤੌਰ 'ਤੇ ਮਜ਼ਬੂਤ ਹੁੰਦੇ ਸਨ ਤੇ ਕੁੱਟਮਾਰ ਝੱਲ ਜਾਂਦੇ ਸਨ। ਪਰ ਹੁਣ ਉਲਟਾ ਗੁਰੂ ਬੱਚੇ ਅਤੇ ਮਾਪਿਆਂ ਤੋਂ ਡਰਦਾ ਹੈ। ਮੈਂ ਇਸ ਗੱਲ ਦਾ ਪੱਖ ਨਹੀਂ ਪੂਰਦਾ ਕਿ ਚੇਲੇ ਨੂੰ ਕਿਸੇ ਮਾਨਸਿਕ ਜਾਂ ਸਰੀਰਕ ਤੌਰ 'ਤੇ ਪੀੜਤ ਕੀਤਾ ਜਾਵੇ ਪਰ ਡਰ ਨਾਲ ਪੜ੍ਹਾਈ ਦਾ ਗੂੜਾ ਸਬੰਧ ਰਿਹਾ ਹੈ। ਅੱਜਕਲ੍ਹ ਸਿੱਖਣ-ਸਿਖਾਉਣ ਦੀਆਂ ਬਹੁਤ ਸਾਰੀਆਂ ਮਨੋਵਿਗਿਆਨਕ ਤਕਨੀਕਾਂ ਵੀ ਆ ਚੁੱਕੀਆਂ ਹਨ। ਫਿਰ ਵੀ ਇਹ ਗੱਲ ਝੁਠਲਾਈ ਨਹੀਂ ਜਾ ਸਕਦੀ ਕਿ ਜਿਹੜੇ ਚੇਲੇ ਆਪਣੇ ਉਸਤਾਦਾਂ ਦੀਆਂ ਝਿੜਕਾਂ ਖਾਂਦੇ ਰਹੇ ਹਨ, ਉਨ੍ਹਾਂ ਨੇ ਜ਼ਿੰਦਗੀ 'ਚ ਕਿਧਰੇ ਵੀ ਮਾਰ ਨਹੀਂ ਖਾਧੀ ਪਰ ਸੱਚ ਇਹ ਵੀ ਹੈ ਕਿ ਕਿਸੇ ਚੀਜ਼ ਦਾ ਬੀਅ ਵੀ ਨਾਸ਼ ਨਹੀਂ ਹੁੰਦਾ। ਹੁਣ ਵੀ ਚੰਗੇ ਗੁਰੂ-ਚੇਲੇ ਤੇ ਮਾਪੇ ਮੌਜੂਦ ਹਨ, ਗਿਣਤੀ ਭਾਵੇਂ ਘੱਟ ਹੈ।

-ਹੀਰਾ ਸਿੰਘ ਤੂਤ, ਜ਼ਿਲ੍ਹਾ ਫ਼ਿਰੋਜ਼ਪੁਰ।

03-06-2019

 ਮੋਬਾਈਲ ਦੀ ਵਰਤੋਂ
ਸਿੱਖਣ ਪ੍ਰਕਿਰਿਆ ਦੌਰਾਨ ਰੱਟਾ ਮਾਰਨ ਦੀ ਬਜਾਏ ਸੁਣ ਕੇ ਅਤੇ ਦੇਖ ਕੇ 82 ਫ਼ੀਸਦੀ ਬੱਚਾ ਸਿੱਖ ਲੈਂਦਾ ਹੈ, ਜਦਕਿ ਇਕੱਲਾ ਸੁਣ ਕੇ 11 ਫ਼ੀਸਦੀ ਸਿਖਿਆ ਜਾਂਦਾ ਹੈ। ਅੱਜਕਲ੍ਹ ਹਰ ਅਧਿਆਪਕ ਕੋਲ ਮੋਬਾਈਲ ਅਤੇ ਇੰਟਰਨੈੱਟ ਦੀ ਸਹੂਲਤ ਹੈ। ਅਧਿਆਪਨ ਦੌਰਾਨ ਅਕਸਰ ਨੀਰਸਤਾ ਬਣ ਜਾਂਦੀ ਹੈ, ਸੋ ਮੋਬਾਈਲ ਦੀ ਵਿਸ਼ੇ ਵਿਚ ਯੋਗ ਵਰਤੋਂ ਨੀਰਸਤਾ ਖਤਮ ਕਰ ਸਕਦੀ ਹੈ ਅਤੇ ਰੌਚਕਤਾ ਵਧਾ ਸਕਦੀ ਹੈ।
ਭਾਵੇਂ ਕਈ ਸਮਾਰਟ ਸਕੂਲਾਂ ਵਿਚ ਐਲ.ਈ.ਡੀ. ਦੀ ਸ਼ਮੂਲੀਅਤ ਹੋ ਗਈ ਹੈ, ਪਰ ਕਲਾਸ ਵਿਚ ਮੋਬਾਈਲ ਰੂਪੀ ਮਿੰਨੀ ਟੀ.ਵੀ. ਵਿਸ਼ੇ ਲਈ ਸੋਨੇ 'ਤੇ ਸੁਹਾਗੇ ਵਾਲਾ ਕੰਮ ਕਰਦਾ ਹੈ। ਖਾਸ ਕਰਕੇ ਛੋਟੀਆਂ ਜਮਾਤਾਂ ਮਿੰਨੀ ਟੀ.ਵੀ. ਪ੍ਰਤੀ ਬੁਹਤ ਆਕਰਸ਼ਿਤ ਹੁੰਦੀਆਂ ਹਨ ਅਤੇ ਸੁੱਤੇ ਸਿੱਧ ਹੀ ਜੋ ਅਸੀਂ ਦੱਸਣਾ ਚਾਹੁੰਦੇ ਹਾਂ ਰੱਟਾ ਮਾਰਨ ਦੀ ਬਜਾਏ ਆਪਣੇ-ਆਪ ਦਿਮਾਗ ਵਿਚ ਉਮਰ ਭਰ ਲਈ ਘਰ ਕਰ ਲੈਂਦੀਆਂ ਹਨ। ਸੋ, ਉਹ ਕਹਾਵਤ ਵਾਂਗ ਕਿ 'ਨਾਲੇ ਖਾਈਏ ਅੰਬ, ਨਾਲੇ ਲਈਏ ਗਿਟਕਾਂ ਦਾ ਮੁੱਲ' ਅਧਿਆਪਨ ਵੀ ਪੂਰਾ, ਨਾਲੇ ਡਾਇਰੀ 'ਚ ਟੀ.ਐਲ.ਐਮ. ਦੀ ਵਰਤੋਂ ਵੀ ਹੋਗੀ, ਬੱਚੇ ਵੀ ਖੁਸ਼। ਸੋ, ਇਸ ਤਰ੍ਹਾਂ ਦੀ ਪ੍ਰਣਾਲੀ ਨੂੰ ਲਾਗੂ ਕਰਨ ਸਬੰਧੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।


-ਕੁਲਵਿੰਦਰਜੀਤ ਕੌਰ 'ਕਿਸ਼ਨਪੁਰਾ'
ਈ.ਟੀ.ਟੀ. ਅਧਿਆਪਕਾ, ਸ. ਐ. ਸਕੂਲ ਚੱਬਾ (ਅੰਮ੍ਰਿਤਸਰ)।


ਕੀ ਬਣੂ ਦੁਨੀਆ ਦਾ...
ਰੋਜ਼ ਸਵੇਰੇ ਅਖ਼ਬਾਰਾਂ ਵਿਚ ਕਤਲਾਂ ਤੇ ਜਬਰਜਨਾਹ ਵਰਗੀਆਂ ਦਿਲ ਦਹਿਲਾ ਦੇਣ ਵਾਲੀਆਂ ਸੁਰਖੀਆਂ ਪੜ੍ਹ ਕੇ ਮਨ ਬਹੁਤ ਹੀ ਉਦਾਸ ਹੁੰਦਾ ਹੈ। ਤਾਜ਼ਾ ਮਾਮਲਿਆਂ ਤਹਿਤ ਫਰੀਦਕੋਟ 'ਚ ਪੁਲਿਸ ਹਿਰਾਸਤ 'ਚ ਹੋਈ ਜਸਪਾਲ ਦੀ ਮੌਤ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਧੂਰੀ 'ਚ 4 ਸਾਲਾ ਬੱਚੀ ਨਾਲ ਮੰਦਭਾਗੀ ਘਟਨਾ ਵਾਪਰੀ ਤੇ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਸਰਾਏਨਾਗਾ 'ਚ ਇਕ ਸਿਰਫਿਰੇ ਆਸ਼ਕ ਨੇ ਨੌਜਵਾਨ ਲੜਕੀ 'ਤੇ ਜਾਨ ਲੇਵਾ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਹੋਰ ਅਨੇਕਾਂ ਘਟਨਾਵਾਂ ਦਿਨ-ਬਦਿਨ ਵਧ ਰਹੀਆਂ ਹਨ, ਜੋ ਬੇਹੱਦ ਚਿੰਤਾਜਨਕ ਹਨ।
ਇਨ੍ਹਾਂ ਵਾਰਦਾਤਾਂ ਦਾ ਲਗਾਤਾਰ ਵਧਣਾ ਪੰਜਾਬ ਲਈ ਖਤਰੇ ਦੀ ਘੰਟੀ ਹੈ। ਸੋ, ਅਜਿਹੇ ਮਾਮਲਿਆਂ ਵਿਚਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ, ਤਾਂ ਜੋ ਵਿਗ਼ਦੇ ਹਾਲਾਤ ਨੂੰ ਸੁਧਾਰਿਆ ਜਾ ਸਕੇ।


-ਜੱਗਾ ਸਿੰਘ ਰੱਤੇਵਾਲਾ
ਪਿੰਡ ਸੋਹਣਗੜ੍ਹ (ਰੱਤੇਵਾਲਾ), ਜ਼ਿਲ੍ਹਾ ਫਿਰੋਜ਼ਪੁਰ।


ਕਿਸਾਨੀ ਬਚਾਓ
ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਅੱਜ ਜਿਸ ਤਰ੍ਹਾਂ ਕਿਸਾਨ ਦੀ ਹਾਲਤ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੀ ਕਿਸਾਨੀ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਕੁਝ ਫੋਕੀਆਂ ਟੌਹਰਾਂ ਕਾਰਨ, ਕੁਝ ਕੁਦਰਤੀ ਕਰੋਪੀ ਕਾਰਨ ਤੇ ਕੁਝ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਸਾਡਾ ਕਿਸਾਨ ਖੁਦਕੁਸ਼ੀ ਕਰਨ ਅਤੇ ਖੁਦ ਭੁੱਖਾ ਮਰਨ ਲਈ ਮਜਬੂਰ ਹੈ। ਇਸੇ ਕਾਰਨ ਹੀ ਪੰਜਾਬ ਦੀ ਕਿਸਾਨੀ ਅੱਜ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਜਾ ਰਹੀ ਹੈ ਕਿਉਂਕਿ ਪੰਜਾਬ ਵਿਚ ਉਨ੍ਹਾਂ ਨੂੰ ਕਿਸਾਨੀ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਜੇਕਰ ਹਾਲਾਤ ਇਸੇ ਤਰ੍ਹਾਂ ਦੇ ਬਣੇ ਰਹੇ ਤਾਂ ਪੰਜਾਬ ਇਕ ਦਿਨ ਬੰਜਰ ਹੋ ਜਾਵੇਗਾ। ਇਸ ਲਈ ਪੰਜਾਬ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾਵੇ।


-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।


ਬਦਲਾਅ ਹੋਣਾ ਚਾਹੀਦੈ
ਬੱਚਿਆਂ ਦੀ ਭੁੱਖ ਨੂੰ ਦੂਰ ਕਰਨ ਲਈ ਸਰਕਾਰੀ ਸਕੂਲਾਂ ਵਿਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਬਹੁਤ ਚੰਗੇਰਾ ਕਦਮ ਹੈ ਪਰ ਕਈ ਸਾਲਾਂ ਤੋਂ ਸਕੂਲਾਂ ਵਿਚ ਇਕ ਹੀ ਤਰ੍ਹਾਂ ਦਾ ਖਾਣਾ ਬਣਾਇਆ ਜਾ ਰਿਹਾ ਹੈ। ਇਕ ਹੀ ਤਰ੍ਹਾਂ ਦੇ ਭੋਜਨ ਨੇ ਬੱਚਿਆਂ ਦਾ ਨੱਕ ਮੋੜ ਦਿੱਤਾ ਹੈ।
ਕਈ ਬੱਚੇ ਘਰ ਦਾ ਖਾਣਾ ਲਿਆਉਣਾ ਚਾਹੁੰਦੇ ਹਨ ਪਰ ਵਧੇਰੇ ਸਕੂਲ ਇਸ ਦੀ ਆਗਿਆ ਨਹੀਂ ਦਿੰਦੇ। ਬੱਚਿਆਂ ਦੇ ਮਨ ਨੂੰ ਇਕ ਹੀ ਤਰ੍ਹਾਂ ਦਾ ਖਾਣਾ ਨਹੀਂ ਭਾਉਂਦਾ। ਮੂੰਗੀ ਦੀ ਦਾਲ ਹੀ ਬੱਚੇ ਨੂੰ ਹਫ਼ਤੇ ਵਿਚ ਤਿੰਨ ਦਿਨ ਖਾਣੀ ਪੈਂਦੀ ਹੈ। ਬੱਚਿਆਂ ਨੂੰ ਇਕ ਹੀ ਤਰ੍ਹਾਂ ਦੇ ਖਾਣੇ ਤੋਂ ਰਾਹਤ ਦੇਣੀ ਚਾਹੀਦੀ ਹੈ ਤੇ ਹਫ਼ਤੇ ਦੇ ਹਰੇਕ ਦਿਨ ਵੱਖ-ਵੱਖ ਸਬਜ਼ੀਆਂ ਆਦਿ ਬਣਾਉਣੀਆਂ ਚਾਹੀਦੀਆਂ ਹਨ। ਬੱਚੇ ਜੇ ਸੁਆਦ ਨਾਲ ਖਾਣਗੇ ਤਾਂ ਹੀ ਤੰਦਰੁਸਤ ਰਹਿਣਗੇ ਅਤੇ ਵਧੀਆ ਖਾਣਾ ਮਿਲਣ ਕਰਕੇ ਬੱਚਿਆਂ ਦਾ ਪੜ੍ਹਾਈ ਅਤੇ ਖੇਡਾਂ ਵਿਚ ਵੀ ਧਿਆਨ ਲੱਗੇਗਾ। ਵਿਭਾਗ ਨੂੰ ਇਸ ਪਾਸੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ। ਅਧਿਆਪਕ ਬੱਚਿਆਂ ਦੀ ਆਵਾਜ਼ ਨੂੰ ਅੱਗੇ ਪਹੁੰਚਾ ਸਕਦੇ ਹਨ।


-ਪਰਮਜੀਤ ਕੌਰ ਸਰਾਂ
ਕੋਟਕਪੂਰਾ।


ਸੋਸ਼ਲ ਸਾਈਟਾਂ ਦਾ ਅਸਰ
ਸੋਸ਼ਲ ਸਾਈਟ ਫੇਸਬੁੱਕ ਦਾ ਇਸਤੇਮਾਲ ਜਾਣਕਾਰੀ ਹਾਸਲ ਕਰਨ ਅਤੇ ਆਪਸੀ ਮੋਹ-ਪ੍ਰੇਮ ਵਧਾਉਣ ਲਈ ਕੀਤਾ ਜਾਣਾ ਚਾਹੀਦੈ, ਪਰ ਕੁਝ ਲੋਕ ਇਸਦਾ ਗ਼ਲਤ ਇਸਤੇਮਾਲ ਕਰਦੇ ਹਨ। ਨਫ਼ਰਤ ਫੈਲਾਉਣ ਅਤੇ ਨਕਲੀ ਆਈ.ਡੀ. ਬਣਾ ਕੇ ਕਿਸੇ ਲੜਕੀ ਜਾਂ ਔਰਤ ਦੀ ਤਸਵੀਰ ਨਾਲ ਕਿਸੇ ਸਾਫਟਵੇਅਰ ਦੀ ਮਦਦ ਨਾਲ ਛੇੜਖਾਨੀ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਸਰਕਾਰ ਨੂੰ ਇਸ ਬਾਰੇ ਸੋਚਦੇ ਹੋਏ ਲੋੜੀਂਦੀ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਮਾਰਟ ਫੋਨ ਦੇ ਮੋਹ ਨੇ ਸਾਨੂੰ ਸਕੇ-ਸਬੰਧੀਆਂ ਤੋਂ ਬਹੁਤ ਦੂਰ ਅਤੇ ਸੰਵੇਦਨਹੀਣ ਬਣਾ ਦਿੱਤਾ ਹੈ। ਜੇਕਰ ਕੋਈ ਬੱਚਾ ਛੁੱਟੀਆਂ ਕੱਟਣ ਜਾਂ ਰਿਸ਼ਤੇਦਾਰੀ ਵਿਚ ਮਿਲਣ ਜਾਂਦਾ ਹੈ ਤਾਂ ਉਨ੍ਹਾਂ ਬੱਚਿਆਂ ਖੇਡਣ ਦੀ ਬਜਾਏ ਆਪਣੇ ਫੋਨ ਵਿਚ ਹੀ ਧਿਆਨ ਲਗਾਈ ਰੱਖਦਾ ਹੈ, ਜੋ ਤਣਾਅ ਦਾ ਸਭ ਤੋਂ ਵੱਡਾ ਕਾਰਨ ਅੱਜ ਸਮਾਰਟ ਫੋਨ ਬਣ ਚੁੱਕਿਆ ਹੈ। ਸੋਸ਼ਲ ਮੀਡੀਆ ਤੋਂ ਲਾਈਕ ਜਾਂ ਕੁਮੈਂਟ ਨਾ ਮਿਲਣ ਕਾਰਨ ਲੋਕ ਨਿਰਾਸ਼ ਹੋ ਕੇ ਤਣਾਅ 'ਚ ਜਾ ਰਹੇ ਹਨ। ਇਸ ਲਈ ਸਾਨੂੰ ਰੋਜ਼ਾਨਾ ਜ਼ਰੂਰ ਕੁਝ ਸਮਾਂ ਕੱਢ ਕੇ ਆਪਣੇ ਘਰ, ਪਰਿਵਾਰ ਅਤੇ ਸਮਾਜ ਨੂੰ ਦੇਣਾ ਚਾਹੀਦਾ ਹੈ। ਸਮਾਰਟ ਫੋਨ ਦੀ ਥਾਂ ਸਮਾਰਟ ਪਰਿਵਾਰ ਨੂੰ ਪਹਿਲ ਦਿਓ।


-ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ.ਓ. 174, ਮਿਲਟਰੀ ਹਸਪਤਾਲ, ਮੇਨ ਏਅਰਫੋਰਸ ਰੋਡ, ਬਠਿੰਡਾ।


ਪਾਣੀ ਦੀ ਵਰਤੋਂ
ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਘਰਾਂ ਵਿਚ ਪਾਣੀ ਦੀ ਵਰਤੋਂ ਗੱਡੀਆਂ ਨੂੰ ਧੋਣ ਤੋਂ ਲੈ ਕੇ ਬਾਗ-ਬਗੀਚੇ ਤੱਕ ਹਜ਼ਾਰਾਂ ਲੀਟਰ ਪਾਣੀ ਬਿਨਾਂ ਕਿਸੇ ਸੰਕੋਚ ਦੇ ਵਰਤਿਆ ਜਾਂਦਾ ਹੈ। ਮਨੁੱਖ ਦੀ ਲਾਪ੍ਰਵਾਹੀ ਕਾਰਨ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਕਈ ਇਲਾਕਿਆਂ ਵਿਚ ਇਸ ਦਾ ਪੱਧਰ ਬਹੁਤ ਹੇਠਾਂ ਪਹੁੰਚ ਗਿਆ ਹੈ ਜੋ ਕਿ ਖਤਰੇ ਦੀ ਘੰਟੀ ਹੈ। ਗਰਮੀਆਂ ਦੇ ਦਿਨਾਂ ਵਿਚ ਪਾਣੀ ਦੀ ਭਾਰੀ ਕਿੱਲਤ ਹੋ ਜਾਂਦੀ ਹੈ। ਪਾਣੀ ਦੀ ਹੋ ਰਹੀ ਬੇਲੋੜੀ ਵਰਤੋਂ ਨੂੰ ਕਾਬੂ 'ਚ ਕਰ ਕੇ ਪਾਣੀ ਦੀ ਵਰਤੋਂ ਸੰਕੋਚ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕੁਦਰਤ ਦੀ ਇਸ ਅਮੁੱਲੀ ਦਾਤ ਨੂੰ ਬਚਾ ਕੇ ਰੱਖ ਸਕੀਏ।


-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


550ਵਾਂ ਪ੍ਰਕਾਸ਼ ਪੁਰਬ ਤੇ ਬੂਟੇ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜੰਗਲਾਤ ਵਿਭਾਗ ਪੰਜਾਬ ਹਰੇਕ ਪਿੰਡ ਵਿਚ 550 ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਫੈਸਲਾ ਹੈ। ਜਿਥੇ ਇਹ ਯੋਜਨਾ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ, ਉਥੇ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਬਹੁਤ ਵਧੀਆ ਸਾਬਤ ਹੋਵੇਗੀ। ਅਜਿਹੀ ਹੀ ਕੋਈ ਯੋਜਨਾ ਸ਼ਹਿਰਾਂ ਵਿਚ ਵੀ ਸ਼ੁਰੂ ਕਰਨੀ ਚਾਹੀਦੀ ਹੈ।
ਪਿੰਡਾਂ ਅਤੇ ਸ਼ਹਿਰਾਂ ਵਿਚ ਖਾਲੀ ਪਈਆਂ ਥਾਵਾਂ 'ਤੇ ਬੂਟੇ ਲਗਾਉਣ ਦਾ ਉਪਰਾਲਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਦੇ ਮੈਂਬਰਾਂ ਨੂੰ ਕਰਨਾ ਚਾਹੀਦਾ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਜਿਥੇ ਬੂਟਿਆਂ ਦੀ ਸੰਭਾਲ ਪੂਰੀ ਜਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ, ਉਥੇ ਹੀ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਲਗਾਏ ਗਏ ਬੂਟਿਆਂ ਦੀ ਸੰਭਾਲ ਪੂਰੀ ਤਨਦੇਹੀ ਨਾਲ ਕਰਨ। ਜਿਥੇ ਅਜਿਹਾ ਕਰਨ ਨਾਲ ਸਹੀ ਅਰਥਾਂ ਨਾਲ ਸੱਚੀ ਸ਼ਰਧਾ ਨਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਸਕੇਗਾ, ਉਥੇ ਹੀ ਪੂਰੇ ਪੰਜਾਬ ਦਾ ਵਾਤਾਵਰਨ ਹਰਿਆ-ਭਰਿਆ ਤੇ ਸ਼ੁੱਧ ਹੋਵੇਗਾ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

 

31-05-2019

 ਪੰਜਾਬੀ ਸੰਗੀਤ
ਪੰਜਾਬੀ ਸੰਗੀਤ ਇਸ ਸਮੇਂ ਪੂਰੀ ਤਰ੍ਹਾਂ ਨਿਘਾਰ ਵੱਲ ਜਾ ਰਿਹਾ ਹੈ। ਜਿਸ ਤਰ੍ਹਾਂ ਪੰਜਾਬੀ ਗਾਣਿਆਂ ਰਾਹੀਂ ਅਸ਼ਲੀਲਤਾ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਹ ਗ਼ਲਤ ਹੈ। ਅਸੀਂ ਅਕਸਰ ਪੰਜਾਬੀ ਸੰਗੀਤ ਵਿਚ ਆਈ ਇਸ ਗਿਰਾਵਟ ਲਈ ਗਾਇਕਾਂ ਅਤੇ ਗੀਤਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਪਰ ਅਸੀਂ ਖ਼ੁਦ ਵੀ ਓਨੇ ਹੀ ਦੋਸ਼ੀ ਹਾਂ ਜਿੰਨੇ ਗਾਇਕ ਅਤੇ ਗੀਤਕਾਰ ਹਨ। ਗੀਤਕਾਰ ਦਾ ਕੰਮ ਹੈ ਗੀਤ ਲਿਖਣਾ ਉਸ ਨੇ ਗੀਤ ਲਿਖ ਦਿੱਤਾ, ਗਾਇਕ ਦਾ ਕੰਮ ਹੈ ਗੀਤ ਗਾਉਣਾ ਉਸ ਨੇ ਗਾ ਦਿੱਤਾ ਪਰ ਉਸ ਗੀਤ ਨੂੰ ਸੁਣਨਾ ਜਾਂ ਨਾ ਸੁਣਨਾ ਇਹ ਤਾਂ ਸਾਡੇ ਆਪਣੇ ਹੱਥ-ਵੱਸ ਹੈ। ਜੇਕਰ ਉਹ ਘਟੀਆ ਗੀਤ ਗਾਉਂਦੇ ਹਨ ਤਾਂ ਅਸੀਂ ਉਨ੍ਹਾਂ ਘਟੀਆਂ ਗੀਤਾਂ ਨੂੰ ਸੁਣਦੇ ਕਿਉਂ ਹਾਂ? ਬੱਸਾਂ, ਟਰੈਕਟਰਾਂ, ਗੱਡੀਆਂ ਅਤੇ ਡੀ.ਜੇ. ਤੇ ਉਹੀ ਗੀਤ ਅਸੀਂ ਸਾਰਾ-ਸਾਰਾ ਦਿਨ ਵਜਾਉਂਦੇ ਹਾਂ ਜਿਸ ਨੂੰ ਸਿਰਫ ਆਪ ਹੀ ਨਹੀਂ ਸੁਣਦੇ ਸਗੋਂ ਦੂਜਿਆਂ ਨੂੰ ਵੀ ਸੁਣਨ ਲਈ ਮਜਬੂਰ ਕਰਦੇ ਹਾਂ। ਜੇਕਰ ਅਸੀਂ ਸਮਾਜ 'ਚ ਸੁਧਾਰ ਚਾਹੁੰਦੇ ਹਾਂ ਤਾਂ ਸਾਨੂੰ ਮਾੜੇ ਗੀਤਾਂ ਦਾ ਬਾਈਕਾਟ ਕਰ ਕੇ ਚੰਗੇ ਗੀਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

-ਜਸਪ੍ਰੀਤ ਕੌਰ ਸੰਘਾ
ਤਨੂੰਲੀ।

ਆਰਕੈਸਟਰਾ ਉੱਪਰ ਉੱਡਦੇ ਨੋਟ
ਹੁਣ ਪ੍ਰੋਗਰਾਮ ਵੱਡੇ ਹੋਣ ਜਾਂ ਛੋਟੇ ਪਰ ਤੁਸੀਂ ਡੀ.ਜੇ. ਅਤੇ ਆਰਕੈਸਟਰਾ ਨੂੰ ਇਨ੍ਹਾਂ ਪ੍ਰੋਗਰਾਮਾਂ 'ਚ ਆਮ ਦੇਖੋਗੇ। ਕਈ ਮਨਚਲੇ ਗੱਭਰੂ ਕਈ ਤਰ੍ਹਾਂ ਦੇ ਅਸ਼ਲੀਲ ਇਸ਼ਾਰੇ ਤੇ ਹਰਕਤਾਂ ਕਰਦੇ ਹਨ ਜਿਸ ਨਾਲ ਕਈ ਵਾਰ ਲੜਾਈ-ਝਗੜੇ ਦਾ ਸਬੱਬ ਬਣਦਾ ਹੈ। ਸਾਡੇ ਕਈ ਬਜ਼ੁਰਗ ਵੀ ਪੋਤੀਆਂ ਦੇ ਹਾਣ ਦੀਆਂ ਆਰਕੈਸਟਰਾਂ ਨਾਲ ਨੱਚਣ ਤੋਂ ਗੁਰੇਜ਼ ਨਹੀਂ ਕਰਦੇ ਤੇ ਪੱਤਿਆਂ ਵਾਂਗ ਨੋਟ ਸੁੱਟਦੇ ਹਨ। ਮੈਂ ਕਈ ਵਾਰ ਆਰਕੈਸਟਰਾਂ ਤੋਂ ਇਸ ਕੰਮ ਦੇ ਕਾਰਨ ਬਾਰੇ ਜਦ ਪੁੱਛਦਾ ਹਾਂ ਤਾਂ ਉਹ ਦੱਸਦੀਆਂ ਹਨ ਕਿ ਉਹ ਇਹ ਕੰਮ ਪੈਸੇ ਖਾਤਰ ਜਾਂ ਸ਼ੌਕ ਨਾਲ ਕਰਦੀਆਂ ਹਨ। ਮਜਬੂਰੀਵੱਸ ਕੰਮ ਕਰਨ ਵਾਲਾ ਉੱਤਰ ਮੈਨੂੰ ਅਜੇ ਤੱਕ ਕਿਧਰੇ ਵੀ ਨਹੀਂ ਮਿਲਿਆ ਹੈ। ਜਦ ਮੈਂ ਆਰਕੈਸਟਰਾਂ ਤੋਂ ਵਾਰੇ ਜਾਂਦੇ ਉੱਡਦੇ ਨੋਟ ਵੇਖਦਾ ਹਾਂ ਤਾਂ ਮੈਨੂੰ ਕਿਸੇ ਗ਼ਰੀਬ ਘਰ ਦਾ ਰਾਸ਼ਨ ਵਿਹੜੇ 'ਚ ਖਿੱਲਰਿਆ ਪ੍ਰਤੀਤ ਹੁੰਦਾ ਹੈ ਤੇ ਮਹਿਸੂਸ ਹੁੰਦਾ ਹੈ ਜਿਵੇਂ ਪੰਜਾਬੀ ਵਰਨਮਾਲਾ ਆਖ ਰਹੀ ਹੋਵੇ ਕਿ ਮੇਰੇ ਅੱਖਰਾਂ ਤੋਂ ਇਕ ਸ਼ਬਦ ਬਣਦਾ ਹੈ, 'ਪੰਜਾਬੀ ਸੱਭਿਆਚਾਰ'। ਕਿਰਪਾ ਕਰਕੇ ਮੈਨੂੰ ਨੋਟਾਂ ਵਾਂਗ ਖਿਲਾਰ ਕੇ ਪੈਰਾਂ 'ਚ ਨਾ ਮਿੱਧੋ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫਿਰੋਜ਼ਪੁਰ।

ਆਖ਼ਰ ਕਦੋਂ ਤੱਕ?
ਅਖ਼ਬਾਰਾਂ ਅਤੇ ਟੀ.ਵੀ. 'ਤੇ ਰੋਜ਼ ਕਈ ਖ਼ਬਰਾਂ ਜਬਰ ਜਨਾਹ ਨਾਲ ਸਬੰਧਿਤ ਹੁੰਦੀਆਂ ਹਨ। ਉਂਜ ਤਾਂ ਸਰਕਾਰ ਨੇ 10 ਸਾਲ ਤੱਕ ਬੱਚਿਆਂ ਨਾਲ ਹੁੰਦੀਆਂ ਇਨ੍ਹਾਂ ਰੂਹ ਕੰਬਾਉਣ ਵਾਲੀਆਂ ਘਟਨਾਵਾਂ ਲਈ ਸਖ਼ਤ ਕਾਨੂੰਨ ਬਣਾਇਆ ਹੈ ਪਰ ਇਸ ਦਾ ਕੋਈ ਖ਼ਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਅਜੇ ਵੀ ਅਨੇਕਾਂ ਮਾਸੂਮ ਬੱਚਿਆਂ ਨਾਲ ਇਹ ਘਿਨੌਣਾ ਅਪਰਾਧ ਲਗਾਤਾਰ ਹੋ ਰਿਹਾ ਹੈ। ਧੂਰੀ ਵਾਲੀ ਖ਼ਬਰ ਪੜ੍ਹਨ ਤੋਂ ਬਾਅਦ ਹਰ ਦਿਲ ਬਹੁਤ ਰੋਇਆ ਹੋਵੇਗਾ। ਉਸ ਨਿੱਕੀ ਜਿਹੀ ਮਾਸੂਮ ਬੱਚੀ ਦਾ ਕੀ ਕਸੂਰ ਸੀ, ਜਿਸ ਨਾਲ ਇਸ ਤਰ੍ਹਾਂ ਕੀਤਾ ਗਿਆ। ਸਾਡੇ ਸਮਾਜ ਵਿਚ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਹੋਰ ਵੀ ਮਾਸੂਮਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਰਿਹਾ ਹੈ। ਨੌਜਵਾਨ ਕੁੜੀਆਂ ਲਈ ਤਾਂ ਇਹ ਖ਼ਤਰਾ ਸੀ ਹੀ ਪਰ ਹੁਣ ਇਨ੍ਹਾਂ ਦਰਿੰਦਿਆਂ ਨੇ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਛੱਡਿਆ। ਮਰ ਚੁੱਕੀ ਜ਼ਮੀਰ ਵਾਲੇ ਲੋਕ ਇਸ ਤਰ੍ਹਾਂ ਦੇ ਪਾਪ ਕਰਨੇ ਨਹੀਂ ਹਟਦੇ। ਮੇਰੇ ਮਾਤਾ ਨੇ ਮੈਨੂੰ ਚੰਗੀ ਸਿੱਖਿਆ ਦਿਵਾਈ ਹੈ। ਹੁਣ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਲਈ ਕੁਝ ਕਰਾਂ ਪਰ ਸਾਡੇ ਦੇਸ਼ ਵਿਚ ਨਿੱਤ ਹੀ ਵਧ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਮੇਰੇ ਘਰ ਦੇ ਵੀ ਥੋੜ੍ਹੇ ਡਰੇ ਰਹਿੰਦੇ ਹਨ। ਮਾਪਿਆਂ ਦੇ ਦਿਲਾਂ ਵਿਚੋਂ ਇਹ ਡਰ ਸਰਕਾਰਾਂ ਵਲੋਂ ਕਦੋਂ ਕੱਢਿਆ ਜਾਵੇਗਾ? ਮੇਰੀ ਸਭ ਨੂੰ ਬੇਨਤੀ ਹੈ ਕਿ ਧੀਆਂ-ਭੈਣਾਂ ਨਾਲ ਹੁੰਦੇ ਇਸ ਤਰ੍ਹਾਂ ਦੇ ਜ਼ੁਲਮ ਦੀ ਲੜਾਈ ਵਿਚ ਸਾਰੇ ਇਕਜੁੱਟ ਹੋ ਜਾਈਏ। ਸਰਕਾਰ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ 'ਤੇ ਠੱਲ੍ਹ ਪਾਈ ਜਾ ਸਕੇ।

-ਮਨਪ੍ਰੀਤ ਕੌਰ, ਸ੍ਰੀ ਗੋਇੰਦਵਾਲ ਸਾਹਿਬ।

ਜ਼ਿੰਦਗੀ ਨੂੰ ਚਲਦਾ ਰੱਖਦੇ ਹਨ ਅੰਦਾਜ਼ੇ
ਮਨੁੱਖ ਦੀ ਸੋਚਣ ਸ਼ਕਤੀ ਏਨੀ ਪ੍ਰਬਲ ਹੈ ਕਿ ਉਹ ਕਿਸੇ ਵਿਅਕਤੀ, ਵਸਤੂ, ਆਲੇ-ਦੁਆਲੇ ਜਾਂ ਹੋਰ ਬਹੁਤ ਕੁਝ ਬਾਰੇ ਆਪਣੇ ਅੰਦਰ ਬਹੁਤ ਸਾਰੇ ਅਨੁਮਾਨ ਉਪਜਦਾ ਹੈ, ਜਿਨ੍ਹਾਂ ਨੂੰ 'ਅੰਦਾਜ਼ੇ' ਕਿਹਾ ਜਾਂਦਾ ਹੈ। ਇਸ ਤਰ੍ਹਾਂ ਹੋਵੇਗਾ ਜਾਂ ਇਸ ਤਰ੍ਹਾਂ ਨਹੀਂ ਹੋਵੇਗਾ, ਇਹ ਸਭ ਅੰਦਾਜ਼ੇ ਹੁੰਦੇ ਹਨ ਤੇ ਕਈ ਵਾਰ ਇਹ ਬਿਲਕੁਲ ਸਹੀ ਵੀ ਨਿਕਲ ਆਉਂਦੇ ਹਨ। ਸਮੇਂ ਦੇ ਬੀਤਣ ਨਾਲ ਅੰਦਾਜ਼ਿਆਂ ਵਿਚ ਵੀ ਤਬਦੀਲੀ ਹੁੰਦੀ ਰਹਿੰਦੀ ਹੈ। ਮਨੁੱਖ ਦੀ ਇਹ ਖਾਸੀਅਤ ਹੈ ਕਿ ਉਹ ਅੰਦਾਜ਼ਾ ਲਗਾਉਣ ਤੋਂ ਕਦੇ ਪ੍ਰਹੇਜ਼ ਨਹੀਂ ਕਰਦਾ ਭਾਵੇਂ ਉਹ ਕਿਸੇ ਆਦਮੀ ਦੀ ਸ਼ਖ਼ਸੀਅਤ ਬਾਰੇ, ਉਸ ਦੀ ਆਰਥਿਕ ਸਥਿਤੀ ਬਾਰੇ, ਉਸ ਦੇ ਵਿਵਹਾਰ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ। ਕਈ ਵਾਰ ਲਗਾਇਆ ਅੰਦਾਜ਼ਾ ਦੋ ਰਸਤਿਆਂ 'ਤੇ ਭਟਕਦਾ ਨਜ਼ਰ ਆਉਂਦਾ ਹੈ ਤੇ ਸਾਡੇ ਅੰਦਰ ਬੜੀ ਤੇਜ਼ ਜਿਹੀ ਝਰਨਾਹਟ ਉੱਠਦੀ ਹੈ ਤੇ ਦਿਮਾਗ ਲੰਮੀਆਂ ਸੋਚਾਂ ਵਿਚ ਪੈ ਜਾਂਦਾ ਹੈ। ਸਾਡੇ ਅੰਦਾਜ਼ੇ ਕੁਝ ਹੱਦ ਤੱਕ ਸਾਡੀ ਵਿਚਾਰਧਾਰਾ 'ਤੇ ਨਿਰਭਰ ਕਰਦੇ ਹਨ, ਸਾਡੀ ਸੋਚਣੀ ਕਿਸ ਪ੍ਰਕਾਰ ਦੀ ਹੈ ਨਾਂਹ-ਪੱਖੀ ਜਾਂ ਹਾਂ-ਪੱਖੀ ਹੈ। ਕਿਸਾਨ ਦੇ ਆਪਣੇ ਫ਼ਸਲਾਂ ਦੀ ਪੈਦਾਵਾਰ ਪ੍ਰਤੀ, ਵਿਦਿਆਰਥੀਆਂ ਦੇ ਆਪਣੇ ਨਤੀਜਿਆਂ ਪ੍ਰਤੀ, ਮਾਪਿਆਂ ਦੇ ਆਪਣੇ ਬੱਚਿਆਂ ਪ੍ਰਤੀ, ਪਰਿਵਾਰ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਅਤੇ ਪਤਾ ਨਹੀਂ ਕਿੰਨੇ ਕੁ ਹੋਰ ਅੰਦਾਜ਼ੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੰਦਾਜ਼ੇ ਸਹੀ ਜਾਂ ਗ਼ਲਤ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਪਰ ਫਿਰ ਵੀ ਅੰਦਾਜ਼ੇ ਇਸ ਦੁਨੀਆ 'ਤੇ ਮਨੁੱਖ ਦੀਆਂ ਆਸਾਂ ਅਤੇ ਸੱਧਰਾਂ, ਉਮੀਦਾਂ ਤੇ ਜੀਵਨ ਦੇ ਪ੍ਰਵਾਹ ਨੂੰ ਚਲਦਾ ਰੱਖਣ ਲਈ ਬਹੁਤ ਮਦਦ ਕਰਦੇ ਹਨ।

-ਲਖਵੀਰ ਸਿੰਘ
ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਗੂੜ੍ਹਾ ਰਿਸ਼ਤਾ
ਪਰਮੇਸ਼ਵਰ ਨੇ 'ਅਧਿਆਪਕ' ਸ਼ਬਦ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਜਿੰਨਾ ਵੱਡਾ ਬਣਾਇਆ, ਓਨੀਆਂ ਹੀ ਉਸ ਵਿਚ ਸਮਰੱਥਾਵਾਂ ਦੀ ਬਖ਼ਸ਼ਿਸ਼ ਕੀਤੀ। ਇਨ੍ਹਾਂ ਵਿਚੋਂ ਹੀ ਇਕ ਹੈ 'ਅਨੁਸ਼ਾਸਨ'। ਅਧਿਆਪਕ ਦਾ ਅਨੁਸ਼ਾਸਨ ਨਾਲ ਗੂੜ੍ਹਾ ਅਤੇ ਨਿੱਘਾ ਰਿਸ਼ਤਾ ਹੋਣਾ ਚਾਹੀਦਾ ਹੈ। ਚੰਗਾ ਅਧਿਆਪਕ ਅਨੁਸ਼ਾਸਨ ਦਾ ਆਦਰਸ਼ ਹੋਣਾ ਚਾਹੀਦਾ ਹੈ। ਉਸ ਦੇ ਜੀਵਨ ਦਾ ਹਰ ਪਹਿਲੂ ਅਨੁਸ਼ਾਸਨ ਵਿਚ ਬੱਝਾ ਹੋਣਾ ਚਾਹੀਦਾ ਹੈ। ਉਸ ਦੇ ਕਾਰਜਾਂ ਵਿਚ ਅਨੁਸ਼ਾਸਨ ਦੀ ਖੁਸ਼ਬੂ ਮਹਿਕਾਂ ਮਾਰਦੀ ਹੋਵੇ। ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਨੇਮ ਅਨੁਸ਼ਾਸਨ ਭਰਿਆ ਹੋਵੇ। ਉਹ ਆਤਮਾ ਨਾਲ ਅਨੁਸ਼ਾਸਨ ਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾਵੇ। ਸਵੇਰੇ ਸਮੇਂ ਸਿਰ ਉੱਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਕੇ, ਘਰੇਲੂ ਜ਼ਿੰਮੇਵਾਰੀਆਂ ਸਮੇਂ ਸਿਰ ਪੂਰੀਆਂ ਕਰ ਕੇ, ਸਮੇਂ ਸਿਰ ਸਕੂਲ, ਸਮੇਂ ਸਿਰ ਕਿੱਤੇ ਪ੍ਰਤੀ ਕਾਰਜ ਕਰ ਕੇ ਸਮਾਜ ਅਤੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੇ। ਅਖੀਰ ਇਹੀ ਕਹਾਂਗੀ ਕਿ ਜੇਕਰ ਅਧਿਆਪਕ ਅੰਦਰ ਤੋਂ ਮਹੱਤਵਪੂਰਨ ਗੁਣ ਅਨੁਸ਼ਾਸਨ ਦਾ ਧਾਰਨੀ ਨਹੀਂ ਤਾਂ ਜੀਵਨ ਤੇ ਕਿੱਤੇ ਦੇ ਬਾਕੀ ਸਭ ਕਾਰਜਾਂ 'ਚ ਵੀ ਸਫ਼ਲ ਨਹੀਂ ਹੋ ਸਕਦਾ।

-ਪਰਮਿੰਦਰ ਕੌਰ, ਈ.ਟੀ.ਟੀ. ਅਧਿਆਪਕਾ, ਸ.ਐ. ਸਕੂਲ ਵਲੀਪੁਰ (ਤਰਨ ਤਾਰਨ)।

29-05-2019

 ਹੈਰਾਨੀਜਨਕ ਨਤੀਜੇ
ਇਨ੍ਹਾਂ ਲੋਕ ਸਭਾ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਭਾਰੀ ਬਹੁਮਤ ਪ੍ਰਾਪਤ ਕਰ ਕੇ ਸਰਕਾਰ ਬਣਾਉਣ ਵਿਚ ਇਕ ਵਾਰ ਫਿਰ ਸਫ਼ਲ ਹੋ ਗਿਆ ਹੈ। ਲੋਕਾਂ ਦਾ ਅਨੁਮਾਨ ਇਹੀ ਸੀ ਕਿ ਹੋ ਸਕਦਾ ਹੈ ਕਿ ਕੌਮੀ ਜਮਹੂਰੀ ਗੱਠਜੋੜ ਸਰਕਾਰ ਬਣਾ ਜਾਵੇ ਪਰ ਏਨੇ ਜ਼ਿਆਦਾ ਬਹੁਮਤ ਨਾਲ ਬਣੇਗੀ, ਇਹ ਨਤੀਜਾ ਹੈਰਾਨੀਜਨਕ ਸੀ। ਪਿਛਲੇ ਪੰਜ ਸਾਲਾਂ ਦੌਰਾਨ ਸਰਕਾਰ ਦੇ ਨੋਟਬੰਦੀ, ਜੀ.ਐਸ.ਟੀ. ਆਦਿ ਵਰਗੇ ਫ਼ੈਸਲਿਆਂ ਤੋਂ ਲੋਕ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਸਨ। ਲਗਦਾ ਸੀ ਕਿ ਹਰ ਵਰਗ ਕੌਮੀ ਜਮਹੂਰੀ ਗੱਠਜੋੜ ਸਰਕਾਰ ਤੋਂ ਦੁਖੀ ਹੈ ਪਰ ਚੋਣ ਨਤੀਜਿਆਂ ਤੋਂ ਲਗਦਾ ਹੈ ਕਿ ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਕੰਮਾਂ ਨੂੰ ਲੋਕਾਂ ਨੇ ਸਵੀਕਾਰ ਕਰ ਕੇ ਉਨ੍ਹਾਂ ਨੂੰ ਦੁਬਾਰਾ ਮੌਕਾ ਦਿੱਤਾ ਹੈ। ਹੁਣ ਲੋਕਾਂ ਨੂੰ ਹੋਰ ਵੀ ਜ਼ਿਆਦਾ ਉਮੀਦਾਂ ਰਹਿਣਗੀਆਂ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਵਧਦੇ ਬੱਸਾਂ ਦੇ ਕਿਰਾਏ ਚਿੰਤਾਜਨਕ
ਆਮ ਲੋਕਾਂ ਲਈ ਬੱਸ ਹੀ ਇਕ ਸਸਤਾ ਆਵਾਜਾਈ ਦਾ ਸਾਧਨ ਮੰਨਿਆ ਜਾਂਦਾ ਹੈ, ਪਰ ਅੱਜ ਬੱਸਾਂ ਵਿਚ ਵੀ ਸਫ਼ਰ ਕਰਨਾ ਬਹੁਤ ਮਹਿੰਗਾ ਅਤੇ ਔਖਾ ਹੋਇਆ ਹੈ। ਬੰਦਾ ਭਾਵੇਂ ਘਰੋਂ ਅੱਧੀ ਰੋਟੀ ਖਾ ਕੇ ਤੁਰ ਪਵੇ, ਪਰ ਬੱਸ ਵਿਚ ਸਫ਼ਰ ਕਰਨ ਲੱਗਿਆਂ ਉਸ ਨੂੰ ਬੱਸ ਦਾ ਕਿਰਾਇਆ ਪੂਰਾ ਦੇਣਾ ਪੈਂਦਾ ਹੈ। ਪੰਜ-ਪੰਜ ਰੁਪਏ ਕਰ ਕੇ ਬੱਸਾਂ ਦੇ ਕਿਰਾਏ ਏਨੇ ਵਧਾ ਦਿੱਤੇ ਗਏ ਹਨ ਕਿ ਗ਼ਰੀਬ ਬੰਦੇ ਵਾਸਤੇ ਬੱਸ ਦਾ ਸਫ਼ਰ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ। ਚਾਹੀਦਾ ਤਾਂ ਇਹ ਹੈ ਕਿ ਬੱਸਾਂ ਦੇ ਕਿਰਾਏ ਵਿੱਚ ਕਟੌਤੀ ਕਰ ਕੇ ਗ਼ਰੀਬ ਲੋਕਾਂ ਨੂੰ ਰਾਹਤ ਦਿੱਤੀ ਜਾਵੇ, ਪਰ ਕਿਸੇ ਵੀ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਜਾਂਦਾ। ਇਕ ਹੋਰ ਵੱਡੀ ਸਮੱਸਿਆ ਹੈ ਕਿ ਬੱਸਾਂ ਵਿਚ ਉੱਚੀ ਆਵਾਜ਼ ਵਿਚ ਫ਼ਿਲਮੀ ਗਾਣੇ ਆਦਿ ਲਗਾਏ ਜਾਂਦੇ ਹਨ, ਜਿਸ ਨਾਲ ਸਫ਼ਰ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਗੀਤਾਂ ਦੀ ਬਜਾਏ ਘੱਟ ਆਵਾਜ਼ ਵਿਚ ਗੁਰਬਾਣੀ ਜਾਂ ਧਾਰਮਿਕ ਗੀਤ ਹੀ ਲਾਏ ਜਾਣ।


-ਰਾਜਵਿੰਦਰ ਕੌਰ ਰਾਜ, ਅੰਮ੍ਰਿਤਸਰ।

ਸਮਾਜ ਵਿਚ ਆਚਰਨਿਕ ਗਿਰਾਵਟ
ਆਧੁਨਿਕਤਾ ਦੀ ਹਨ੍ਹੇਰੀ ਵਿਚ ਮਨੁੱਖੀ ਆਚਰਨ ਅੰਤਾਂ ਦੀ ਗਿਰਾਵਟ ਵੱਲ ਚਲਾ ਗਿਆ ਹੈ। ਆਚਰਨ ਪੱਖ ਤੋਂ ਮਨੁੱਖ ਹੈਵਾਨ ਦਾ ਰੂਪ ਧਾਰਨ ਕਰ ਗਿਆ ਹੈ। ਬੱਧਣੀ ਕਲਾਂ ਵਿਖੇ ਨਸ਼ੇੜੀ ਪੁੱਤ ਵਲੋਂ ਮਾਂ ਨਾਲ ਜਬਰ ਜਨਾਹ, ਧੂਰੀ ਵਿਖੇ 4 ਸਾਲ ਦੀ ਬੱਚੀ ਨਾਲ ਜਬਰ ਜਨਾਹ, ਚੰਡੀਗੜ੍ਹ ਨੇੜੇ ਮਤਰੇਏ ਪਿਓ ਵਲੋਂ ਧੀ ਨਾਲ ਜਬਰ ਜਨਾਹ, 70 ਸਾਲ ਦੇ ਬਜ਼ੁਰਗ ਵਲੋਂ ਨੌਕਰਾਣੀ ਨਾਲ ਜਬਰ ਜਨਾਹ ਅਤੇ ਅੰਬਾਲਾ ਵਿਖੇ ਮੰਦਬੁੱਧੀ ਬੱਚੇ ਨਾਲ ਸਕੇ ਚਾਚੇ ਦੇ ਮੁੰਡੇ ਵਲੋਂ ਕੁਕਰਮ ਆਦਿ ਅਜਿਹੀਆਂ ਸ਼ਰਮਾਨਕ ਘਟਨਾਵਾਂ ਹਨ ਜੋ ਸਾਡੇ ਸਮਾਜ ਦੇ ਆਚਰਨ 'ਚ ਗਿਰਾਵਟ ਦੀ ਸਿਖ਼ਰ ਹਨ। ਹਰ ਸਮਾਜ ਦੀ ਫ਼ਿਲਾਸਫ਼ੀ ਉੱਚ ਇਖਲਾਕੀ ਕਦਰਾਂ-ਕੀਮਤਾਂ ਦਾ ਧਾਰਨੀ ਬਣਨ ਦੀ ਸਿੱਖਿਆ ਦਿੰਦੀ ਹੈ ਤਾਂ ਫਿਰ ਕਿਉਂ ਸਮਾਜ ਵਿਚ ਏਨੇ ਨੀਵੇਂ ਪੱਧਰ ਦੀ ਗਿਰਾਵਟ ਆ ਚੁੱਕੀ ਹੈ? ਲੋੜ ਹੈ ਬਿਜਲਈ ਮੀਡੀਆ ਵਿਚ ਪਰੋਸੀ ਜਾ ਰਹੀ ਅਸ਼ਲੀਲਤਾ ਖ਼ਿਲਾਫ਼ ਆਵਾਜ਼ ਉਠਾਉਣ ਦੀ ਅਤੇ ਵਿਦਿਆਰਥੀ ਜੀਵਨ ਨੂੰ 'ਨੰਬਰਾਂ' ਦੀ ਦੌੜ ਵਿਚੋਂ ਕੱਢ ਕੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣ ਦੀ, ਤਦ ਹੀ ਇਸ ਆਚਰਨਿਕ ਗਿਰਾਵਟ ਦੀ ਹਨ੍ਹੇਰੀ ਨੂੰ ਠੱਲ੍ਹਿਆ ਜਾ ਸਕਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਇਨਸਾਨੀਅਤ ਫਿਰ ਸ਼ਰਮਸਾਰ
ਧੂਰੀ ਸ਼ਹਿਰ ਵਿਚ ਵਾਪਰੀ ਮਾਸੂਮ ਬਾਲੜੀ ਨਾਲ ਹੋਏ ਜਬਰ ਜਨਾਹ ਦੀ ਮੰਦਭਾਗੀ ਘਟਨਾ ਨੇ ਇਨਸਾਨੀਅਤ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦਿੱਤਾ ਹੈ। ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਤੋਂ ਇਲਾਵਾ ਬੱਚਾ-ਬੱਚਾ ਇਸ ਮੰਦਭਾਗੀ ਘਟਨਾ ਦੇ ਦੋਸ਼ੀਆਂ ਨੂੰ ਸ਼ਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਅਪਰਾਧੀਆਂ ਨੂੰ ਜੇਕਰ ਸਜ਼ਾ ਛੇਤੀ ਅਤੇ ਸਖ਼ਤ ਦਿੱਤੀ ਜਾਵੇ ਤਾਂ ਇਹੋ ਜਿਹੇ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਵਿਚ ਦਿਨੋ-ਦਿਨ ਵਧ ਰਹੀਆਂ ਹਨ। ਹਰ ਰੋਜ਼ ਅਖ਼ਬਾਰਾਂ ਵਿਚ ਕਿੰਨੀਆਂ ਹੀ ਖ਼ਬਰਾਂ ਛਪਦੀਆਂ ਹਨ ਪਰ ਪਤਾ ਨਹੀਂ ਕਿੰਨੀਆਂ ਕੁ ਅਣਛਪੀਆਂ ਰਹਿ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਦੋਸ਼ੀ ਦੇ ਮੋਬਾਈਲ ਫੋਨ ਵਿਚੋਂ ਇਤਰਾਜ਼ਯੋਗ ਫ਼ਿਲਮਾਂ ਮਿਲੀਆਂ ਹਨ। ਬਹੁਤ ਹੱਦ ਤੱਕ ਇਸ ਤਰ੍ਹਾਂ ਦੀਆਂ ਫ਼ਿਲਮਾਂ ਕਾਰਨ ਹੀ ਮਨੁੱਖ ਪਸ਼ੂਆਂ ਤੋਂ ਵੀ ਨੀਚ ਹੋ ਜਾਂਦਾ ਹੈ। ਇਹ ਇਕ ਬਹੁਤ ਗੰਭੀਰ ਅਤੇ ਘਾਤਕ ਸਮੱਸਿਆ ਹੈ। ਇਸ ਦਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ।


-ਅੰਮ੍ਰਿਤ ਕੌਰ
ਅੱਧੀ ਟਿੱਬੀ ਬਡਰੁੱਖਾਂ, ਸੰਗਰੂਰ।


ਸੂਰਤ ਦਾ ਅਗਨੀ ਕਾਂਡ
ਚੋਣ ਨਤੀਜੇ ਆਉਣ ਨਾਲ ਜਿਥੇ 23 ਮਈ ਦਾ ਦਿਨ ਇਤਿਹਾਸਕ ਹੋ ਨਿਬੜਿਆ, ਬਹੁਗਿਣਤੀ ਲੋਕ ਖ਼ੁਸ਼ ਤੇ ਜੇਤੂ ਲੀਡਰ ਖ਼ੁਸ਼ੀਆਂ ਮਨਾ ਰਹੇ ਸਨ, ਉਥੇ ਹੀ ਦੂਜੇ ਦਿਨ ਪ੍ਰਧਾਨ ਮੰਤਰੀ ਦੀ ਜਨਮ ਤੇ ਕਰਮ ਭੂਮੀ ਰਾਜ ਗੁਜਰਾਤ 'ਚ ਮੌਤ ਨੇ ਮਾਸੂਮ ਬੱਚਿਆਂ ਨਾਲ ਅਜਿਹੀ ਖੇਡ ਖੇਡੀ, ਜਿਸ ਨੇ ਹੱਸਦੇ ਵਸਦੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ। ਸੂਰਤ ਸ਼ਹਿਰ ਦੇ ਟਿਊਸ਼ਨ ਸੈਂਟਰ 'ਚ ਅੱਗ ਨਾਲ ਮਰਨ ਵਾਲੇ ਬੱਚੇ ਬੱਚੀਆਂ ਦੀ ਗਿਣਤੀ ਵੀ 23 ਤੱਕ ਪੁੱਜ ਗਈ ਹੈ। ਕੁਝ ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜੋ ਕਿ ਪਲਾਸਟਿਕ ਦੀ ਛੱਤ 'ਤੇ ਪਏ ਟਾਇਰਾਂ ਕਾਰਨ ਜ਼ਿਆਦਾ ਨੁਕਸਾਨ ਕਰ ਗਈ। ਸੁਰੱਖਿਆ ਉਪਕਰਨਾਂ ਦੀ ਅਣਹੋਂਦ ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਇਸ ਕੋਚਿੰਗ ਸੈਂਟਰ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪੁੱਜਣ ਲਈ 45 ਮਿੰਟ ਲੱਗ ਗਏ। ਪਰ ਦੁੱਖ ਦੀ ਗੱਲ ਇਹ ਰਹੀ ਜਿਥੇ 597 ਫੁੱਟ ਉੱਚੀ ਮੂਰਤੀ ਤਾਂ ਸਰਕਾਰ ਨੇ ਬਣਾ ਦਿੱਤੀ, ਉਥੇ ਫਾਇਰ ਬ੍ਰਿਗੇਡ ਕੋਲ ਸਿਰਫ 15 ਫੁੱਟ ਤੱਕ ਦੀ ਪੌੜੀ ਵੀ ਨਹੀਂ ਸੀ। ਜਾਨ ਬਚਾਉਣ ਲਈ ਜਦੋਂ ਬੱਚੇ ਤੀਜੀ ਮੰਜ਼ਿਲ ਤੋਂ ਛਾਲਾਂ ਮਾਰ ਰਹੇ ਸਨ ਤਾਂ ਥੱਲੇ ਖੜ੍ਹੇ ਸੜਕ 'ਤੇ ਜਾ ਰਹੇ ਲੋਕ ਵੀਡੀਓ ਬਣਾ ਰਹੇ ਸਨ। ਕਿਸੇ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਹਿੰਮਤ ਨਹੀਂ ਕੀਤੀ। ਇਕ ਦਲੇਰ ਨੌਜਵਾਨ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸੱਤ-ਅੱਠ ਘਰ ਡੁਬਣੋਂ ਬਚਾ ਲਏ। ਉਧਰ ਜੇਤੂ ਪਾਰਟੀ ਅਤੇ ਪ੍ਰਧਾਨ ਮੰਤਰੀ ਅਜੇ ਤੱਕ ਘਟਨਾ ਸਥਾਨ 'ਤੇ ਜਾਣ ਲਈ ਸਮਾਂ ਨਹੀਂ ਕੱਢ ਸਕੇ। ਲੋੜ ਹੈ ਅਜਿਹੇ ਪੁਖਤਾ ਪ੍ਰਬੰਧ ਕਰਨ ਦੀ, ਜਿਸ ਨਾਲ ਅਗਾਂਹ ਤੋਂ ਅਜਿਹੀ ਘਟਨਾ ਨਾ ਵਾਪਰੇ।


-ਪਰਮ ਪਿਆਰ ਸਿੰਘ, ਨਕੋਦਰ।

28-05-2019

 ਹਵਾ ਪ੍ਰਦੂਸ਼ਣ
ਬੀਤੇ ਦਿਨੀਂ 'ਅਜੀਤ' ਦੇ ਪਹਿਲੇ ਸਫ਼ੇ 'ਤੇ ਹਵਾ ਪ੍ਰਦੂਸ਼ਣ ਮਾਮਲੇ ਵਿਚ ਪੰਜਾਬ ਨੂੰ ਗਰੀਨ ਟ੍ਰਿਬਿਊਨਲ ਵਲੋਂ ਕਈ ਹੋਰਨਾਂ ਸੂਬਿਆਂ ਸਮੇਤ ਨੋਟਿਸ ਲੈਂਦਿਆਂ ਕਿਹਾ ਕਿ ਹਵਾ ਦੀ ਗੁਣਵੱਤਾ ਦੇ ਨਿਯਮਾਂ ਅਨੁਸਾਰ ਠੋਸ ਯੋਜਨਾ ਪੇਸ਼ ਕੀਤੀ ਜਾਵੇ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੀ ਹਵਾ ਦੂਸ਼ਿਤ ਹੈ, ਸਾਹ ਲੈਣ ਦੇ ਯੋਗ ਨਹੀਂ। ਇਸੇ ਤਰ੍ਹਾਂ ਸ਼ੋਰ ਪ੍ਰਦੂਸ਼ਣ ਵੀ ਜ਼ੋਰਾਂ 'ਤੇ ਹੈ। ਕੁੱਲ ਮਿਲਾ ਕੇ ਕਈ ਤਰ੍ਹਾਂ ਦੇ ਪ੍ਰਦੂਸ਼ਣਾਂ ਨੇ ਮਨੁੱਖ ਨੂੰ ਆਪਣੀ ਪਕੜ ਵਿਚ ਲਿਆ ਹੋਇਆ ਹੈ। ਉਂਜ ਤਾਂ ਇਸ ਸਭ ਕਾਸੇ ਲਈ ਮਨੁੱਖ ਖ਼ੁਦ ਜ਼ਿੰਮੇਵਾਰ ਹੈ, ਕੁਦਰਤ ਦਾ ਇਸ ਵਿਚ ਕੋਈ ਦੋਸ਼ ਨਹੀਂ। ਅਨੇਕਾਂ ਪ੍ਰਕਾਰ ਦੇ ਰਸਾਇਣ ਪਦਾਰਥਾਂ ਦੀ ਵਰਤੋਂ, ਆਵਾਜਾਈ ਦੇ ਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ, ਪ੍ਰੈਸ਼ਰ ਹਾਰਨਾਂ ਦੀ ਵਰਤੋਂ, ਆਦਿ ਨੇ ਹਰੇਕ ਤਰ੍ਹਾਂ ਦੇ ਪ੍ਰਦੂਸ਼ਣ ਵਿਚ ਵਾਧਾ ਕੀਤਾ ਹੈ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਨੂੰ ਮਨੁੱਖ ਨੇ ਖ਼ੁਦ ਪੀਣ ਵਾਲਾ ਪਾਣੀ ਨਹੀਂ ਰਹਿਣ ਦਿੱਤਾ। ਕੁੱਲ ਮਿਲਾ ਕੇ ਮਨੁੱਖ ਦੇ ਜ਼ਿੰਦਗੀ ਜੀਵਨ ਲਈ ਅਤੀ ਅਹਿਮ ਮੁੱਖ ਸੋਮੇ ਹਵਾ-ਪਾਣੀ ਆਦਿ ਨੂੰ ਪੂਰੀ ਤਰ੍ਹਾਂ ਮਨੁੱਖ ਨੇ ਲਾਪਰਵਾਹੀ ਨਾਲ ਵਰਤੋਂ ਕੀਤੀ ਉਨ੍ਹਾਂ ਸੰਜਮ ਨਾਲ ਨਹੀਂ ਵਰਤਿਆ, ਜਿਸ ਦਾ ਖਮਿਆਜ਼ਾ ਸਮੁੱਚੀ ਮਨੁੱਖਤਾ ਭੋਗ ਰਹੀ ਹੈ ਅਤੇ ਆਉਣ ਵਾਲੀਆਂ ਜਿਣਸਾਂ ਭੋਗਣ ਲਈ ਤਿਆਰ ਰਹਿਣ। ਅਜੇ ਵੀ ਮਨੁੱਖ ਅਵੇਸਲਾ ਹੈ ਜਦੋਂ ਕਿ ਨਤੀਜੇ ਸਾਹਮਣੇ ਹਨ। ਵਾਤਾਵਰਨ ਪ੍ਰਤੀ ਮਨੁੱਖ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਸੁਹਿਰਦਤਾ ਦੀ ਲੋੜ ਹੈ।

-ਮਾ: ਦੇਵਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਪ੍ਰਦੂਸ਼ਣ ਦਾ ਸੰਤਾਪ
ਪਿਛਲੇ ਸਮੇਂ ਦੌਰਾਨ ਆਈਆਂ ਖ਼ਬਰਾਂ ਮੁਤਾਬਿਕ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ 15 ਸ਼ਹਿਰਾਂ ਵਿਚੋਂ 14 ਇਕੱਲੇ ਭਾਰਤ ਵਿਚ ਹਨ, ਜਿਥੋਂ ਦੇ ਨੇਤਾ ਚੰਗੀ ਸਿਹਤ, ਸਿੱਖਿਆ, ਰੁਜ਼ਗਾਰ, 'ਸਫ਼ਾਈ ਵਿਚ ਖੁਦਾਈ' ਦੇ ਢੰਡੋਰੇ ਪਿੱਟਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਹਲਕਾ ਵਾਰਾਨਸੀ ਗੰਦਗੀ ਪ੍ਰਦੂਸ਼ਣ ਵਿਚ ਤੀਜੇ ਨੰਬਰ 'ਤੇ ਹੈ। ਆਗਰਾ, ਮੁਜ਼ੱਫਰ ਨਗਰ, ਸ੍ਰੀਨਗਰ, ਗੁਰੂਗ੍ਰਾਮ, ਜੈਪੁਰ, ਜੋਧਪੁਰ ਅਤੇ ਪੰਜਾਬ ਦਾ ਪਟਿਆਲਾ ਵੀ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਸ਼ੁਮਾਰ ਹਨ। ਭਾਰਤ ਦੇ ਵੱਡੇ ਮਹਾਂਨਗਰਾਂ ਮੁੰਬਈ, ਕੋਲਕਾਤਾ, ਦਿੱਲੀ ਵਿਚ ਵਸਦੇ ਲੋਕ ਵੀ ਮੂੰਹੋਂ ਬੋਲ ਕੇ ਦੱਸਦੇ ਹਨ ਕਿ ਹੁਣ ਭਾਰਤ ਵਿਚ ਸਾਹ ਲੈਣਾ ਰੁਜ਼ਗਾਰ ਲੈਣ ਨਾਲੋਂ ਵੀ ਔਖਾ ਹੋ ਗਿਆ ਹੈ। ਕਾਰਖਾਨਿਆਂ ਅਤੇ ਗੱਡੀਆਂ ਵਿਚੋਂ ਨਿਕਲਦਾ ਧੂੰਆਂ, ਟੁੱਟੀਆਂ ਸੜਕਾਂ ਵਿਚੋਂ ਉਡਦਾ ਘੱਟਾ-ਮਿੱਟੀ ਹਵਾ ਨੂੰ ਪ੍ਰਦੂਸ਼ਿਤ ਕਰਨ ਦੇ ਮੁੱਖ ਕਾਰਨ ਹਨ। ਭਾਰਤ ਵਿਚ ਜੁਲਾਈ-ਅਗਸਤ ਵਿਚ ਮਨਾਇਆ ਜਾਂਦਾ ਵਣ ਮਹਾਂਉਤਸਵ ਸਿਰਫ ਰੁੱਖ ਲਗਾ ਕੇ ਫੋਟੋਆਂ ਖਿਚਵਾਉਣ ਅਤੇ ਖ਼ਬਰਾਂ ਪ੍ਰਕਾਸ਼ਿਤ ਕਰਵਾਉਣ ਤੱਕ ਸੀਮਤ ਰਹਿੰਦਾ ਹੈ। ਭਾਰਤ ਵਰਗੇ ਵਿਸ਼ਾਲ ਖੇਤਰਫਲ ਵਾਲੇ ਦੇਸ਼ ਲਈ ਸਾਰਥਿਕ ਉਪਰਾਲੇ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਹਨ।

-ਮਾ: ਜਸਵੰਤ ਸਿੰਘ,
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਸਿਹਤ ਸੰਭਾਲ ਲਈ ਮਾਪਦੰਡ
ਸਾਡੀਆਂ ਸਰਕਾਰਾਂ ਸਿਹਤ ਸੰਭਾਲ ਲਈ ਨਿਯਮ ਤਾਂ ਬਣਾ ਦਿੰਦੀਆਂ ਹਨ ਪਰ ਕਈ ਵਾਰ ਇਨ੍ਹਾਂ ਦੀ ਪਾਲਣਾ ਲੋਕਤੰਤਰ ਦੇ ਨਾਂਹ-ਪੱਖੀ ਪ੍ਰਭਾਵ ਅਧੀਨ ਆ ਜਾਂਦੀ ਹੈ। ਸਿਹਤ ਨਾਲ ਜੁੜੇ ਮੁੱਦੇ ਆਮ ਤੌਰ 'ਤੇ ਚਰਚਾ ਵਿਚ ਰਹਿੰਦੇ ਹਨ ਪਰ ਮਾਪਦੰਡ ਅਗਿਆਨਤਾ ਕਾਰਨ ਗਾਹਕਾਂ ਵਲੋਂ ਵੀ ਨਹੀਂ ਘੋਖੇ ਜਾਂਦੇ। ਰੇਹੜੀਆਂ ਵਾਲੇ ਆਮ ਹੀ ਖਾਣ ਪੀਣ ਵਾਲੇ ਪਦਾਰਥ ਵੇਚਦੇ ਹਨ ਪਰ ਜਨਤਾ ਦੀ ਸਿਹਤ ਨੂੰ ਕੋਈ ਨਹੀਂ ਦੇਖਦਾ। ਬਣੇ ਕਾਨੂੰਨ ਵੀ 'ਮਹੀਨੇ' ਦੀ ਭੇਟ ਚੜ੍ਹ ਜਾਂਦੇ ਹਨ। ਉੱਡਦੀ ਧੂੜ ਖਾਣ ਪੀਣ ਦੇ ਪਦਾਰਥਾਂ ਨੂੰ ਜਕੜ ਲੈਂਦੀ ਹੈ। ਅਜਿਹੇ ਪਦਾਰਥ ਸਿਹਤ 'ਤੇ ਮਾੜੇ ਪ੍ਰਭਾਵ ਪਾਉਂਦੇ ਹਨ। ਖਾਣ-ਪੀਣ ਦੇ ਪਦਾਰਥਾਂ ਲਈ ਸਰਕਾਰੀ ਪੱਖ ਦੀ ਤਰਜਮਾਨੀ 'ਫੂਡ ਸੇਫਟੀ ਸਟੈਂਡਰਡ ਅਥਾਰਟੀ' ਕਰਦੀ ਹੈ। ਖਾਣ-ਪੀਣ ਵਾਲੇ ਪਦਾਰਥਾਂ ਦੀ ਸੁਰੱਖਿਆ ਬਾਰੇ ਫੂਡ ਸੇਫਟੀ ਐਕਟ 2006 ਬਣਿਆ ਹੋਇਆ ਹੈ। ਇਸ ਤਹਿਤ ਸਿਖਲਾਈ ਦੇ ਉਪਰਾਲੇ ਅਤੇ ਰਜਿਸਟੇਰਸ਼ਨ ਲਾਜ਼ਮੀ ਹੈ। 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ 'ਫੂਡ ਸੇਫਟੀ ਡਿਸਪਲੇਅ ਬੋਰਡ' ਲਾਉਣ ਲਈ ਪਾਬੰਦ ਕੀਤਾ ਹੈ ਪਰ ਇਸ ਵਿਸ਼ੇ 'ਤੇ ਹਕੀਕਤ ਕੁਝ ਵੱਖਰੀ ਹੀ ਹੈ। ਭਾਵੇਂ ਪੰਜਾਬ ਸਰਕਾਰ ਨੇ ਆਨਲਾਈਨ ਇੰਸਫੈਕਸ਼ਨ ਅਤੇ ਫੂਡ ਸੈਂਪਲਿੰਗ ਦਾ ਉਪਬੰਧ ਕੀਤਾ ਹੈ। ਇਹ ਸਾਰੇ ਉਪਰਾਲੇ ਆਪਣਾ ਸਹੀ ਪ੍ਰਭਾਵ ਨਹੀਂ ਪਾ ਸਕੇ। ਇਸ ਵਿਸ਼ੇ 'ਤੇ ਤਾਲਮੇਲ ਬਿਠਾ ਕੇ ਸਿਹਤ ਸੰਭਾਲ ਅਤੇ ਰੁਜ਼ਗਾਰ ਦੇ ਬਰਾਬਰ ਮੌਕੇ ਰੱਖਣੇ ਚਾਹੀਦੇ ਹਨ। ਅੱਜ ਮਾਹੌਲ ਮੰਗ ਕਰਦਾ ਹੈ ਕਿ ਲੋਕ ਹਿੱਤਾਂ ਅਤੇ ਸਿਹਤ ਸੰਭਾਲ ਲਈ ਮਾਪਦੰਡਾਂ ਵਿਚੋਂ ਗੁਜ਼ਰ ਕੇ ਹੀ ਕੰਮ ਕਰਨ ਦਿੱਤਾ ਜਾਵੇ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

ਸਰਕਾਰੀ ਸਕੂਲ
ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ ਅਤੇ ਬੱਚਿਆਂ ਦੇ ਦਾਖ਼ਲੇ ਵੀ ਬਹੁਤੇ ਉਤਸ਼ਾਹਜਨਕ ਨਹੀਂ ਹੁੰਦੇ। ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਲਈ ਪੜ੍ਹਨ ਲਈ ਪੁਸਤਕਾਂ ਅਤੇ ਵਰਦੀਆਂ, ਨਿੱਜੀ ਪੱਧਰ 'ਤੇ ਚੱਲ ਰਹੇ ਸਕੂਲਾਂ ਦੀ ਤਰਜ਼ 'ਤੇ ਸਮੇਂ ਸਿਰ ਮਿਲਣੀਆਂ ਚਾਹੀਦੀਆਂ ਹਨ। ਪੰਜਾਬੀ ਮਾਧਿਅਮ ਦੇ ਨਾਲ-ਨਾਲ ਅੰਗਰੇਜ਼ੀ ਵੀ ਪੜ੍ਹਾਏ ਜਾਣ ਦੇ ਯਤਨ ਕਰਨੇ ਚਾਹੀਦੇ ਹਨ। ਪੜ੍ਹਾਏ ਜਾਣ ਵਾਲੇ ਪਾਠਕ੍ਰਮ ਵਿਚ ਬੇਲੋੜੀਆਂ ਖਾਮੀਆਂ ਵੀ ਸਿੱਖਿਆ ਦਾ ਅਸਲ ਮਕਸਦ ਪ੍ਰਭਾਵਿਤ ਕਰਦੀਆਂ ਹਨ। ਅਧਿਆਪਕਾਂ ਨੂੰ ਸਿੱਖਿਆ ਦਾ ਪੱਧਰ ਸੁਧਾਰਨ ਦੇ ਨਾਲ-ਨਾਲ ਆਪਣੇ ਜੀਵਨ ਤੇ ਵਿਹਾਰ ਸਬੰਧੀ ਵੀ ਮਿਸਾਲੀ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਬੱਚਿਆਂ 'ਤੇ ਚੰਗਾ ਪ੍ਰਭਾਵ ਪਾ ਸਕਣ।
ਸਰਕਾਰ ਨੂੰ ਜਿਥੇ ਸਿੱਖਿਆ ਦੇ ਪੱਧਰ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ, ਉਥੇ ਹੀ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਵਿਚ ਵੀ ਹੋਰ ਸੁਧਾਰ ਕਰਨ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

 

ਵਧੀਆ ਸੇਧ
ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ 'ਅਜੀਤ' ਅਖ਼ਬਾਰ ਜਦੋਂ ਤੋਂ ਛਪਣ ਲੱਗਿਆ ਹੈ, ਇਸ ਦੇ ਵਧੀਆ ਲੇਖਾਂ, ਖ਼ਬਰਾਂ ਨੇ ਪੰਜਾਬ, ਪੰਜਾਬੀਅਤ ਹੀ ਨਹੀਂ ਸਗੋਂ ਦੂਜੇ ਰਾਜਾਂ ਨੂੰ ਵੀ ਵਧੀਆ ਸੇਧ ਦਿੱਤੀ। ਵੰਡ ਤੋਂ ਬਾਅਦ ਜੇ ਭਾਰਤ ਦੀ ਪਾਕਿਸਤਾਨ ਨਾਲ ਤੁਲਨਾ ਕਰੀਏ ਤਾਂ ਭਾਰਤ ਨੇ ਤਰੱਕੀ ਕੀਤੀ ਹੈ ਪਰ ਭਾਰਤ ਵਿਚ ਪੰਜਾਬ ਅੱਜ ਔਸਤਨ ਦੂਜੇ ਰਾਜਾਂ ਨਾਲੋਂ ਤਰੱਕੀ 'ਤੇ ਹੈ। ਜੇ ਇਹ ਤਰੱਕੀ ਵਿਚ ਯੋਗਦਾਨ ਦੇਖੀਏ ਇਥੋਂ ਦੀਆਂ ਸਰਕਾਰਾਂ ਜਾਂ ਪੰਜਾਬੀਆਂ ਦੀ ਮਿਹਨਤ ਕਰਕੇ ਤਾਂ ਹੋਇਆ ਹੈ ਪਰ ਇਸ ਵਿਚ ਮੀਡੀਏ ਦਾ ਬਹੁਤ ਯੋਗਦਾਨ ਹੈ। ਮੈਂ ਮੀਡੀਆ ਸਾਧਨਾਂ 'ਚੋਂ ਅਖ਼ਬਾਰਾਂ ਨੂੰ ਵਧੀਆ ਸਮਝਦਾ ਹਾਂ ਜੇ ਅਖ਼ਬਾਰਾਂ ਦੀ ਗੱਲ ਕਰੀਏ ਤਾਂ 'ਅਜੀਤ' ਅਖ਼ਬਾਰ ਨੇ ਦੇਸ਼ ਤੇ ਪੰਜਾਬ ਦੀ ਤਰੱਕੀ 'ਚ ਬਹੁਤ ਯੋਗਦਾਨ ਪਾਇਆ ਹੈ। ਇਸ ਅਖ਼ਬਾਰ ਵਿਚ ਖੇਤੀਬਾੜੀ, ਵਪਾਰ, ਅੰਤਰਰਾਸ਼ਟਰੀ ਪ੍ਰਾਪਤੀਆਂ ਦੇ ਛਪਦੇ ਰਹੇ ਲੇਖਾਂ ਨੇ ਪੰਜਾਬੀਆਂ ਨੂੰ ਬਹੁਤ ਸੇਧ ਦਿੱਤੀ ਹੈ। 'ਅਜੀਤ' ਨੂੰ ਪੰਜਾਬ ਨੂੰ ਕਾਲੇ ਦੌਰ ਸਮੇਂ ਫ਼ਿਰਕੂ ਸੋਚਾਂ ਤੋਂ ਬਚਾ ਕੇ ਰੱਖਿਆ। ਅਸੀਂ ਇਹੀ ਆਸ ਕਰਦੇ ਹਾਂ ਕਿ 'ਅਜੀਤ' ਅਖ਼ਬਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਅਤੇ ਆਪਣੀ ਵਧੀਆ ਸੋਚ ਬਣਾਈ ਰੱਖੇ।

-ਦਲਜੀਤ ਸਿੰਘ
ਪਿੰਡ ਹਿੰਮਤਪੁਰਾ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।

27-05-2019

 ਰੇਲਵੇ ਲਾਈਨ
ਬਿਨਾਂ ਸ਼ੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਰੇਲਵੇ ਲਾਈਨਾਂ ਦਾ ਜਾਲ ਵਿਛਾ ਕੇ ਭਾਰਤ ਦੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਆਪਸ ਵਿਚ ਜੋੜਿਆ ਗਿਆ ਹੈ ਪਰ ਇਸ ਦੇ ਬਾਵਜੂਦ ਅੱਜ ਵੀ ਕਈ ਜ਼ਰੂਰੀ ਰੇਲਵੇ ਲਾਈਨਾਂ ਬਣਨ ਲਈ ਕੇਂਦਰ ਸਰਕਾਰ ਦਾ ਇੰਤਜ਼ਾਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਐਲਾਨੀ ਗਈ ਪੱਟੀ-ਫਿਰੋਜ਼ਪੁਰ ਰੇਲਵੇ ਲਾਈਨ ਦਾ ਕੰਮ ਅੱਜ ਤੱਕ ਸ਼ੁਰੂ ਨਹੀਂ ਹੋ ਸਕਿਆ। ਇਹ ਰੇਲਵੇ ਲਾਈਨ ਮਾਝੇ ਅਤੇ ਮਾਲਵੇ ਨੂੰ ਆਪਸ ਵਿਚ ਜੋੜੇਗੀ। ਇਸ ਰੇਲਵੇ ਲਾਈਨ ਦੇ ਬਣਨ ਨਾਲ ਪਠਾਨਕੋਟ, ਗੁਰਦਾਸਪੁਰ, ਬਟਾਲਾ, ਧਾਰੀਵਾਲ, ਤਰਨ ਤਾਰਨ, ਪੱਟੀ, ਫਿਰੋਜ਼ਪੁਰ, ਗੁਰੂ ਹਰਸਹਾਏ, ਜਲਾਲਾਬਾਦ, ਫਾਜ਼ਿਲਕਾ ਅਤੇ ਅਬੋਹਰ ਪੱਛਮੀ ਭਾਰਤ ਦੀ ਮੁੱਖ ਰੇਲਵੇ ਲਾਈਨ ਉੱਪਰ ਆ ਜਾਣਗੇ। ਇਹ ਸਾਰਾ ਇਲਾਕਾ ਇਕ ਪਾਸੇ ਸ੍ਰੀਨਗਰ ਨਾਲ ਜੁੜ ਜਾਂਦਾ ਹੈ ਅਤੇ ਦੂਜੇ ਪਾਸੇ ਅਹਿਮਦਾਬਾਦ, ਬੜੌਦਾ, ਸੂਰਤ ਅਤੇ ਮੁੰਬਈ ਨਾਲ ਜੁੜ ਜਾਵੇਗਾ। ਸੋ, ਨਵੀਂ ਬਣੀ ਕੇਂਦਰ ਸਰਕਾਰ ਨੂੰ ਇਹ ਕਦਮ ਪਹਿਲ ਦੇ ਆਧਾਰ 'ਤੇ ਚੁੱਕਣਾ ਚਾਹੀਦਾ ਹੈ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰਾਂ ਨੂੰ ਸੰਸਦ ਵਿਚ ਜ਼ੋਰਦਾਰ ਮੰਗ ਉਠਾਉਣੀ ਚਾਹੀਦੀ ਹੈ।


-ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


ਨੌਜਵਾਨ ਵਰਗ ਅਤੇ ਨੈਤਿਕਤਾ
ਅਜੋਕੇ ਸਮੇਂ ਸਾਡੇ ਸਮਾਜ ਦੇ ਅਹਿਮ ਅਤੇ ਮਹੱਤਵਪੂਰਨ ਅੰਗ ਨੌਜਵਾਨ ਵਰਗ ਅੰਦਰ ਜੇ ਸਭ ਤੋਂ ਜ਼ਿਆਦਾ ਘਾਟ ਮਹਿਸੂਸ ਹੋ ਰਹੀ ਹੈ ਤਾਂ ਉਹ ਹੈ ਨੈਤਿਕਤਾ ਦੀ। ਸ਼ਾਇਦ ਇਸੇ ਘਾਟ ਕਰਕੇ ਹੀ ਇਹ ਵਰਗ ਆਪਮੁਹਾਰਾ ਅਤੇ ਬੇਲਗਾਮ ਹੁੰਦਾ ਜਾ ਰਿਹਾ ਹੈ ਅਤੇ ਅਜਿਹੇ ਕੰਮ ਕਰ ਰਿਹਾ ਹੈ ਜੋ ਸਾਡੇ ਸਮਾਜ ਨੂੰ ਗਿਰਾਵਟ ਵੱਲ ਲਿਜਾ ਰਹੇ ਹਨ ਅਰਥਾਤ ਸਮਾਜ ਦਾ ਚਿਹਰਾ-ਮੋਹਰਾ ਵਿਗਾੜ ਰਹੇ ਹਨ। ਇਸ ਵਰਗ ਵਲੋਂ ਲੁੱਟਾਂ-ਖੋਹਾਂ, ਜਬਰ ਜਨਾਹ ਅਤੇ ਕਤਲਾਂ ਦੀਆਂ ਖ਼ਬਰਾਂ ਆਏ ਦਿਨ ਅਖ਼ਬਾਰਾਂ ਵਿਚ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਹਰ ਸਹੀ ਸੋਚ ਰੱਖਣ ਵਾਲਾ ਵਿਅਕਤੀ ਇਹ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਜਿਸ ਨੌਜਵਾਨ ਪੀੜ੍ਹੀ ਨੇ ਭਵਿੱਖ ਵਿਚ ਸੱਭਿਅਕ ਸਮਾਜ ਦੀ ਸਿਰਜਣਾ ਕਰਨੀ ਹੈ ਅਤੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ, ਜੇ ਉਹ ਆਪ ਹੀ ਕੁਰਾਹੇ ਪੈ ਗਈ ਤਾਂ ਸਮਾਜ ਅਤੇ ਦੇਸ਼ ਦਾ ਭਵਿੱਖ ਕਿਵੇਂ ਉਜਵਲ ਹੋ ਸਕਦਾ ਹੈ? ਸੋ, ਲੋੜ ਹੈ ਮਾਪਿਆਂ, ਅਧਿਆਪਕਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਵਿਚ ਨੈਤਿਕਤਾ ਭਰੀ ਜਾਵੇ, ਤਾਂ ਹੀ ਅਸੀਂ ਸਮਾਜ ਅਤੇ ਦੇਸ਼ ਦਾ ਭਵਿੱਖ ਧੁੰਦਲਾ ਹੋਣ ਤੋਂ ਬਚਾ ਸਕਦੇ ਹਾਂ।


-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਸਰੀਰਕ ਵਾਧਾ ਤੇ ਵਿਕਾਸ
ਸਾਡੇ ਸਰੀਰਕ ਢਾਂਚੇ ਅਤੇ ਅੰਦਰਲੇ ਤੇ ਬਾਹਰਲੇ ਅੰਗਾਂ ਵਿਚ ਜਨਮ ਤੋਂ ਲੈ ਕੇ ਮੌਤ ਤੱਕ ਕੁਝ ਨਾ ਕੁਝ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਤਬਦੀਲੀਆਂ ਦੀ ਇਸ ਕਿਰਿਆ ਨੂੰ ਹੀ ਸਰੀਰਕ ਵਾਧਾ ਤੇ ਵਿਕਾਸ ਕਿਹਾ ਜਾਂਦਾ ਹੈ। ਬਾਹਰੋਂ ਦਿਖਾਈ ਦੇਣ ਵਾਲੀਆਂ ਤਬਦੀਲੀਆਂ ਵਿਚ ਉਚਾਈ, ਭਾਰ, ਸਰੀਰਕ ਵਾਧਾ ਆਦਿ, ਅੰਦਰੂਨੀ ਤਬਦੀਲੀਆਂ ਵਿਚ ਨਾੜੀ-ਪ੍ਰਬੰਧ, ਸਾਹ-ਪ੍ਰਬੰਧ, ਪਾਚਣ-ਪ੍ਰਬੰਧ, ਲਹੂ-ਪ੍ਰਬੰਧ ਅਤੇ ਉਤਪਾਦਕ ਪ੍ਰਬੰਧ ਤੇ ਵੱਖ-ਵੱਖ ਗ੍ਰੰਥੀਆਂ ਦੀ ਕਾਰਜ ਪ੍ਰਣਾਲੀ ਅਤੇ ਸਮਰੱਥਾ ਨਾਲ ਸਬੰਧਤ ਸਭ ਕਿਸਮ ਦੀਆਂ ਤਬਦੀਲੀਆਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ। ਜਨਮ ਸਮੇਂ ਬੱਚੇ ਦਾ ਕੱਦ 19 ਜਾਂ 20 ਇੰਚ ਅਤੇ ਭਾਰ 7 ਜਾਂ 8 ਪੌਂਡ ਦੇ ਲਗਪਗ ਹੁੰਦਾ ਹੈ। ਸਾਰੇ ਬੱਚਿਆਂ ਵਿਚ ਦੋ ਸਾਲ ਦੀ ਉਮਰ ਤੱਕ ਦੁੱਧ ਦੇ ਦੰਦ ਨਿਕਲ ਆਉਂਦੇ ਹਨ। 5 ਸਾਲ ਤੱਕ ਪੱਕੇ ਦੰਦ ਵੀ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਜੋ ਕਾਫੀ ਲੰਬੇ ਸਮੇਂ ਤੱਕ ਨਿਕਲਦੇ ਰਹਿੰਦੇ ਹਨ। ਇਨ੍ਹਾਂ ਵਿਚ ਆਖਰੀ 4 ਦੰਦ ਜਿਨ੍ਹਾਂ ਨੂੰ ਅਕਲ ਦਾੜ੍ਹ ਆਖਦੇ ਹਨ, 17 ਤੋਂ 25 ਸਾਲ ਦੀ ਉਮਰ ਵਿਚ ਨਿਕਲਦੇ ਹਨ। ਜਨਣ-ਅੰਗਾਂ ਦਾ ਵਾਧਾ ਤੇ ਵਿਕਾਸ ਕਿਸ਼ੋਰ ਅਵਸਥਾ ਦੇ ਅੰਤ ਤੱਕ ਸੰਪੂਰਨ ਹੋ ਜਾਂਦਾ ਹੈ।


-ਕੁਲਵਿੰਦਰ ਸਿੰਘ,
ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ।


ਮਾਨਸਿਕ ਰੋਗੀਆਂ ਦੀ ਸਮੱਸਿਆ
ਅੱਜਕਲ੍ਹ ਹਰ ਇਕ ਸ਼ਹਿਰ, ਕਸਬੇ ਵਿਚ ਕਈ-ਕਈ ਮਾਨਸਿਕ ਰੋਗੀ ਬਹੁਤ ਮੰਦੀ ਹਾਲਤ ਵਿਚ ਘੁੰਮਦੇ ਦਿਖਾਈ ਦਿੰਦੇ ਹਨ। ਜਨਤਕ ਸਥਾਨਾਂ 'ਤੇ ਅਜਿਹੇ ਵਿਅਕਤੀ ਅਕਸਰ ਘੁੰਮਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੋਈ ਗਾਲ੍ਹਾਂ ਕੱਢ ਰਿਹਾ ਹੁੰਦਾ ਹੈ, ਕੋਈ ਹਰ ਇਕ ਨਾਲ ਹੱਥ ਮਿਲਾਉਂਦਾ ਫਿਰਦਾ ਹੈ, ਕੋਈ ਲਿਬੜੇ-ਤਿਬੜੇ ਸਮਾਨ ਨੂੰ ਚੁੱਕੀ ਫਿਰਦਾ ਹੈ ਅਤੇ ਕੋਈ ਅਸੱਭਿਅਕ ਤਰੀਕੇ ਨਾਲ ਵਿਚਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਵਿਵਹਾਰ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ਵਿਅਕਤੀਆਂ ਦੀ ਤੀਮਾਰਦਾਰੀ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਇਹ ਵਿਅਕਤੀ ਵੀ ਸਮਾਜ ਵਿਚ ਇੱਜ਼ਤ ਦੀ ਜ਼ਿੰਦਗੀ ਬਤੀਤ ਕਰ ਸਕਣ।


-ਲੈਕ: ਰਜਿੰਦਰ ਸਿੰਘ ਪਹੇੜੀ,
ਅਨੰਦ ਨਗਰ, ਪਟਿਆਲਾ।


ਸੇਵੀਆਂ ਵੱਟਣਾ
ਔਰਤਾਂ ਲਈ ਪਿੰਡਾਂ ਵਿਚ ਭਾਦੋਂ ਦੇ ਮਹੀਨੇ ਘਰ ਦੇ ਹੋਰ ਕੰਮਾਂ ਦੇ ਨਾਲ-ਨਾਲ ਇਕ ਬੜਾ ਹੀ ਮਨਭਾਉਂਦਾ ਕੰਮ 'ਸੇਵੀਆਂ ਵੱਟਣਾ' ਸ਼ੁਰੂ ਹੋ ਜਾਂਦਾ ਸੀ। ਹੁਣ ਕੋਈ ਅਜਿਹੇ ਕੰਮ ਨੂੰ ਪਸੰਦ ਨਹੀਂ ਕਰਦਾ। ਸੇਵੀਆਂ ਵੱਟਣ ਦਾ ਕੰਮ ਆਂਢ-ਗੁਆਂਢ ਜਾਂ ਸ਼ਰੀਕੇ-ਭਾਈਚਾਰੇ ਨਾਲ ਪੂਰੀ ਤਰ੍ਹਾਂ ਵਿਉਂਤ ਬਣਾ ਕੇ ਕੀਤਾ ਜਾਂਦਾ ਸੀ ਕਿ ਕਿਸ ਦਿਨ ਕਿਸ ਦੇ ਘਰ ਸੇਵੀਆਂ ਵੱਟਣੀਆਂ ਹਨ। ਸੇਵੀਆਂ ਵੱਟਣ ਵਾਲੀ ਮਸ਼ੀਨ ਹੁੰਦੀ ਸੀ, ਜਿਸ ਨੂੰ 'ਜਿੰਦੀ' ਕਿਹਾ ਜਾਂਦਾ ਹੈ। ਦੁਆਬੇ ਅਤੇ ਮਾਲਵੇ ਦੇ ਕੁਝ ਪਿੰਡਾਂ ਵਿਚ ਇਸ ਮਸ਼ੀਨ ਨੂੰ 'ਘੋੜੀ' ਵੀ ਕਿਹਾ ਜਾਂਦਾ ਹੈ। ਇਸ ਨੂੰ ਵਾਣ ਦੇ ਮੰਜੇ ਦੀ ਬਾਹੀ 'ਤੇ ਕੱਸ ਕੇ ਬੰਨ੍ਹ ਲਿਆ ਜਾਂਦਾ ਹੈ, ਤਾਂ ਜੋ ਮੰਜੇ 'ਤੇ ਬੈਠ ਕੇ ਸੌਖੇ ਢੰਗ ਨਾਲ ਇਸ ਦੀ ਹੱਥੀ ਨੂੰ ਘੁਮਾਇਆ ਜਾ ਸਕੇ। ਵਰਤਮਾਨ ਸਮੇਂ ਵਿਚ ਨਾ ਤਾਂ ਕਿਸੇ ਘਰ ਘੋੜੀ ਹੈ ਤੇ ਨਾ ਹੀ ਸੇਵੀਆਂ ਵੱਟਣ ਵਾਲੀਆਂ ਉਹ ਮਾਹਿਰ ਔਰਤਾਂ ਹਨ।


-ਕਮਲ ਬਰਾੜ,
ਪਿੰਡ ਕੋਟਲੀ ਅਬਲੂ।

24-05-2019

 ਮਹਿੰਗੀ ਸਿੱਖਿਆ
ਕਿਸੇ ਵੀ ਦੇਸ਼ ਦੀ ਤਰੱਕੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਥੋਂ ਦਾ ਸਿੱਖਿਆ ਢਾਂਚਾ ਕਿਹੋ ਜਿਹਾ ਹੈ। ਵਰਤਮਾਨ ਸਮੇਂ ਵਿਚ ਹਰੇਕ ਵਿਅਕਤੀ ਲਈ ਆਪਣੇ ਬੱਚੇ ਨੂੰ ਤਾਲੀਮ ਦਿਵਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਫੀਸਾਂ ਤੋਂ ਇਲਾਵਾ ਫੁਟਕਲ ਖ਼ਰਚ ਬਹੁਤ ਜ਼ਿਆਦਾ ਹੋ ਗਏ ਹਨ। ਬੇਸ਼ੱਕ ਸਰਕਾਰੀ ਸਕੂਲਾਂ ਵਿਚ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ ਪਰ ਸਮੱਸਿਆ ਉੱਚ ਪੱਧਰੀ ਵਿੱਦਿਆ ਲੈਣ ਵਿਚ ਆ ਰਹੀ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਗ਼ਰੀਬ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀ ਕਾਲਜਾਂ ਯੂਨੀਵਰਸਿਟੀਆਂ ਦੀਆਂ ਫੀਸਾਂ ਤੋਂ ਅਸਮਰੱਥ ਹੋਣ ਕਰਕੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਕਈ ਜ਼ਿਲ੍ਹਿਆਂ ਵਿਚ ਤਾਂ ਡਿਗਰੀ ਕਾਲਜ ਜਾਂ ਯੂਨੀਵਰਸਿਟੀਆਂ ਹੀ ਨਹੀਂ ਹਨ ਤੇ ਉਥੋਂ ਦੇ ਨੌਜਵਾਨਾਂ ਨੂੰ ਦੂਜੇ ਜ਼ਿਲ੍ਹਿਆਂ ਵਿਚ ਸਿੱਖਿਆ ਲਈ ਜਾਣਾ ਪੈਂਦਾ ਹੈ, ਜਿਸ ਕਰਕੇ ਜਿਥੇ ਟਰਾਂਸਪੋਰਟ ਖ਼ਰਚ ਵਧਦਾ ਹੈ, ਉਥੇ ਪੀ.ਜੀ. ਤੇ ਹੋਸਟਲਾਂ ਵਿਚ ਰਹਿਣ 'ਤੇ ਵਿਦਿਆਰਥੀਆਂ ਨੂੰ ਦੋਹਰੀ ਖ਼ਰਚੇ ਦੀ ਮਾਰ ਪੈਂਦੀ ਹੈ। ਸਿੱਖਿਆ ਇਕ ਵਪਾਰ ਬਣ ਕੇ ਰਹਿ ਗਈ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਪ੍ਰਾਈਵੇਟ ਕਾਲਜਾਂ ਦੀਆਂ ਫੀਸਾਂ ਦੀ ਕੋਈ ਨਿਸਚਿਤ ਸੀਮਾ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਹੀ ਫੀਸਾਂ ਵਧਾ ਰਹੇ ਹਨ। ਸਰਕਾਰੀ ਵਿਦਿਅਕ ਅਦਾਰਿਆਂ ਵਿਚ ਸਟਾਫ ਦੀ ਘਾਟ ਹੈ। ਕਈ ਕੋਰਸ ਸਟਾਫ ਦੀ ਘਾਟ ਕਰਕੇ ਬੰਦ ਪਏ ਹਨ। ਇਸ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ।

-ਕਮਲ ਬਰਾੜ
ਪਿੰਡ ਕੋਟਲੀ ਅਬਲੂ।

ਕਣਕ/ਪਰਾਲੀ ਸਾੜਨ ਦੇ ਨਤੀਜੇ
ਕਣਕ ਦੇ ਨਾੜ ਨੂੰ ਸਾੜਨ ਬਾਰੇ 'ਹਮਦਰਦ' ਜੀ ਅਤੇ ਡਾ: ਅਮਰੀਕ ਸਿੰਘ ਦਾ ਲੇਖ ਪੜ੍ਹਿਆ। ਪੜ੍ਹਨ 'ਤੇ ਪਤਾ ਲਗਦਾ ਹੈ ਕਿ ਇਸ ਨਾਲ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਕਿਸਾਨ ਨੂੰ ਤੂੜੀ ਦੀ ਸਖ਼ਤ ਲੋੜ ਹੈ ਅਤੇ ਇਹ ਕਿੰਨੀ ਮਹਿੰਗੀ ਵਿਕਦੀ ਹੈ, ਇਸ ਬਾਰੇ ਜੇਕਰ ਉਸ ਨੂੰ ਗਿਆਨ ਹੈ ਤਾਂ ਫਿਰ ਇਹ ਨਾੜ ਕਿਉਂ ਸਾੜਦਾ ਹੈ, ਕੰਬਾਈਨ ਨਾਲ ਕਣਕ ਵੱਢ ਕੇ ਦਾਣੇ ਸਾਂਭ ਲਏ ਪਰ ਰੋਟਾਵੇਟਰ ਨਾਲ ਕੀ ਇਹ ਨਾੜ ਦੀ ਕਟਾਈ ਕਰਕੇ ਤੂੜੀ ਨਹੀਂ ਬਣਾ ਸਕਦਾ। ਹੁਣ ਜਦੋਂ ਕਿਸਾਨ ਕਾਫੀ ਪੜ੍ਹਿਆ, ਲਿਖਿਆ ਹੈ, ਤਾਂ ਫਿਰ ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਕਿਸਾਨ ਨੂੰ ਇਹ ਨਹੀਂ ਪਤਾ ਕਿ ਉਹ ਆਪਣਾ ਅਤੇ ਲੋਕਾਂ ਦਾ ਕਿੰਨਾ ਨੁਕਸਾਨ ਕਰ ਰਿਹਾ ਹੈ। ਜੇ ਇਹੀ ਅੱਗ ਕਿਧਰੇ ਸੜਕ ਵੱਲ ਨੂੰ ਆ ਜਾਵੇ ਤਾਂ ਰਾਹਗੀਰਾਂ ਦਾ ਵੀ ਕਿੰਨਾ ਨੁਕਸਾਨ ਹੋਵੇ। ਪਰਾਲੀ ਦਾ ਨੁਕਸਾਨ ਇਹ ਹੈ ਕਿ ਠੰਢ ਹੋਣ ਕਰਕੇ ਬਲਦੀ ਘੱਟ ਹੈ ਪਰ ਧੂੰਆਂ ਸਭ ਤੋਂ ਵਧੇਰੇ ਛੱਡਦੀ ਹੈ। ਸਰਕਾਰ ਵੀ ਬਹੁਤਾ ਧਿਆਨ ਦੇਵੇ ਪਰ ਇਸ ਦੇ ਨਾਲ-ਨਾਲ ਪਿੰਡਾਂ ਦੇ ਸਰਪੰਚ ਵੀ ਕਿਸਾਨਾਂ ਨੂੰ ਸਮਝਾਉਣ। ਦਰਅਸਲ, ਸਾਡੇ ਮੁਲਕ 'ਚ ਬਗੈਰ ਸਖ਼ਤੀ ਦੇ ਕੰਮ ਰਾਸ ਨਹੀਂ ਆਉਂਦਾ। ਅੱਜ ਲੋੜ ਹੈ ਕਿ ਅਸੀਂ ਆਪਣਾ ਵਾਤਾਵਰਨ ਸਾਫ਼ ਰੱਖੀਏ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

ਪੰਜਾਬ ਤੋਂ ਪ੍ਰਵਾਸ
ਜਿਥੇ ਰੋਜ਼ਾਨਾ ਹੀ ਜਹਾਜ਼ ਭਰ-ਭਰ ਕੇ ਪੰਜਾਬੀ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ, ਉਥੇ ਹੀ ਪੰਜਾਬੀਆਂ ਦੇ ਪ੍ਰਵਾਸ ਨਾਲ ਜੁੜਿਆ ਗ਼ੈਰ-ਪੰਜਾਬੀਆਂ ਦਾ ਪੰਜਾਬ ਵਿਚ ਅਵਾਸ ਹੈ ਅਤੇ ਇਹ ਲੱਗ ਰਿਹਾ ਹੈ ਕਿ ਇਹ ਗ਼ੈਰ-ਪੰਜਾਬੀ ਪ੍ਰਵਾਸੀ ਭਾਈਚਾਰਾ ਪੰਜਾਬੀ ਸੱਭਿਆਚਾਰ ਵਿਚ ਹੌਲੀ-ਹੌਲੀ ਜਜ਼ਬ ਹੋ ਜਾਵੇਗਾ, ਜੋ ਕਿ ਪੰਜਾਬ ਦੇ ਵਿਲੱਖਣ ਸੱਭਿਆਚਾਰ ਲਈ ਵੱਡੀ ਚੁਣੌਤੀ ਅਤੇ ਪੰਜਾਬੀ ਬੋਲੀ ਨੂੰ ਵੱਡਾ ਖ਼ਤਰਾ ਬਣਿਆ ਹੋਇਆ ਹੈ। ਸ਼ਹਿਰਾਂ, ਪਿੰਡਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਬਣੀਆਂ ਹਨ, ਉਨ੍ਹਾਂ ਵਿਚ ਪ੍ਰਵਾਸੀ ਮਜ਼ਦੂਰ ਜਾਂ ਬਜ਼ੁਰਗ ਮਾਂ-ਬਾਪ ਹੀ ਰਹਿੰਦੇ ਹਨ। ਉਂਜ ਵੀ ਜਿਹੜੇ ਬਜ਼ੁਰਗ ਆਪਣੇ ਬੱਚਿਆਂ ਕੋਲ ਵਿਦੇਸ਼ ਜਾਂਦੇ ਹਨ, ਉਹ ਦੱਸਦੇ ਹਨ ਕਿ ਉਥੇ ਮਿੱਠੀ ਕੈਦ ਹੈ। ਗ਼ੈਰ-ਪੰਜਾਬੀਆਂ ਦੀ ਸਸਤੀ ਮਜ਼ਦੂਰੀ ਨੇ ਵੀ ਪੰਜਾਬੀਆਂ ਨੂੰ ਕਿਰਤ ਨਾਲੋਂ ਤੋੜਿਆ ਹੈ। ਇਸ ਵਰਤਾਰੇ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ਿਆਂ ਲੁੱਟਾ-ਖੋਹਾਂ 'ਤੇ ਗੈਂਗਾਂ ਵਿਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਹੈ ਅਤੇ ਹਿੰਸਾ ਵੱਲ ਧਕਿਆ ਹੈ। ਪੰਜਾਬ ਹਿਤੈਸ਼ੀਆਂ ਤੇ ਲੀਡਰਾਂ ਨੂੰ ਪੰਜਾਬ ਤੇ ਪੰਜਾਬੀਆਂ ਨੂੰ ਦਰਪੇਸ਼ ਆਉਂਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਦੀ ਅਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਘਰੇਲੂ ਨੌਕਰਾਂ ਤੇ ਚੋਰੀਆਂ
ਲਗਪਗ ਰੋਜ਼ਾਨਾ ਹੀ ਘਰੇਲੂ ਨੌਕਰਾਂ ਵਲੋਂ ਚੋਰੀ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਜਿਸ ਘਰ ਵਿਚ ਇਹ ਲੋਕ ਕੰਮ ਕਰ ਰਹੇ ਹੁੰਦੇ ਹਨ, ਉਥੋਂ ਹੀ ਮੌਕਾ ਪਾ ਕੇ ਘਰ ਦਾ ਸਾਰਾ ਕੀਮਤੀ ਸਾਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਇਹ ਸਮੱਸਿਆ ਅੱਜ ਇਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਪਰ ਚੋਰੀ ਹੋਣ ਤੋਂ ਬਾਅਦ ਮਾਲਕਾਂ ਨੂੰ ਨਾ ਤਾਂ ਸਾਮਾਨ ਵਾਪਸ ਮਿਲਦਾ ਹੈ ਅਤੇ ਨਾ ਹੀ ਚੋਰ ਦਾ ਪਤਾ ਲਗਦਾ ਹੈ, ਜਿਸ ਦਾ ਮੂਲ ਕਾਰਨ ਹੁੰਦਾ ਹੈ ਕਿ ਘਰ ਵਿਚ ਨੌਕਰ ਰੱਖਣ ਸਮੇਂ ਘਰ ਦੇ ਮਾਲਕਾਂ ਵਲੋਂ ਉਸ ਦੀ ਕੋਈ ਵੇਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਸਿਰਫ ਨੌਕਰ ਵਲੋਂ ਜ਼ਬਾਨੀ ਕਹੀਆਂ ਗੱਲਾਂ ਨੂੰ ਮੰਨ ਲਿਆ ਜਾਂਦਾ ਹੈ। ਇਸ ਪ੍ਰਕਾਰ ਕੀਤੀ ਗਈ ਅਣਗਹਿਲੀ ਭਵਿੱਖ ਵਿਚ ਭਿਅੰਕਰ ਸਮੱਸਿਆ ਨੂੰ ਜਨਮ ਦਿੰਦੀ ਹੈ। ਘਰ ਦਾ ਕੀਮਤੀ ਸਾਮਾਨ ਚੋਰੀ ਕਰਨ ਦੇ ਚੱਕਰ ਵਿਚ ਕਈ ਵਾਰ ਨੌਕਰਾਂ ਵਲੋਂ ਆਪਣੇ ਮਾਲਕ ਨੂੰ ਜ਼ਖ਼ਮੀ ਕਰਨ, ਗੰਭੀਰ ਸੱਟਾਂ ਮਾਰਨ ਅਤੇ ਕਈ ਮਾਮਲਿਆਂ ਵਿਚ ਮਾਲਕਾਂ ਨੂੰ ਇਸ ਦੀ ਕੀਮਤ ਆਪਣੀ ਜਾਨ ਤੱਕ ਦੇ ਕੇ ਚੁਕਾਉਣੀ ਪੈਂਦੀ ਹੈ। ਅਜਿਹੀ ਦੁਰਘਟਨਾ ਹੋਣ ਦੀ ਸਥਿਤੀ ਵਿਚ ਘਰ ਵਾਲਿਆਂ ਵਲੋਂ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਪਰ ਬਹੁਤੇ ਮਾਮਲਿਆਂ ਵਿਚ ਪੁਲਿਸ ਦੇ ਹੱਥ ਵੀ ਕੁਝ ਨਹੀਂ ਲਗਦਾ ਕਿਉਂਕਿ ਮਾਲਕਾਂ ਕੋਲ ਆਪਣੇ ਨੌਕਰ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਹੁੰਦੀ। ਅਜਿਹੇ ਵੇਲੇ ਮਾਲਕਾਂ ਹੱਥ ਸਿਰਫ ਪਛਤਾਵਾ ਹੀ ਪੈਂਦਾ ਹੈ। ਇਸ ਲਈ ਕਿਸੇ ਵੀ ਘਰੇਲੂ ਨੌਕਰ ਨੂੰ ਕੰਮ 'ਤੇ ਰੱਖਣ ਵੇਲੇ ਉਸ ਦੀ ਪੁਲਿਸ ਵੇਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ ਤਾਂ ਜੋ ਉਸ ਦੇ ਪਿਛੋਕੜ ਦੀ ਜਾਣਕਾਰੀ ਰੱਖੀ ਜਾ ਸਕੇ। ਅਜਿਹਾ ਕਰਕੇ ਅਸੀਂ ਆਪਣੀ ਅਤੇ ਪਰਿਵਾਰ ਦੀ ਜਾਨਮਾਲ ਦੀ ਰਾਖੀ ਕਰ ਸਕਦੇ ਹਾਂ।

-ਪ੍ਰਿੰਸ ਅਰੋੜਾ, ਮਲੌਦ, ਲੁਧਿਆਣਾ।

 

23-05-2019

 ਕਿਸਾਨੀ 'ਤੇ ਆਫ਼ਤਾਂ
ਕਿਸੇ ਵੀ ਦੇਸ਼ ਦੀ ਕਿਸਾਨੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਪਰ ਅਫ਼ਸੋਸ ਸਾਡੇ ਦੇਸ਼ ਵਿਚ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੀਆਂ ਪਸਲਾਂ 'ਤੇ ਪੈਣ ਵਾਲੀਆਂ ਆਫ਼ਤਾਂ ਤੋਂ ਬਚਾਅ ਕਰਨ ਲਈ ਅਸਫ਼ਲ ਰਹਿੰਦਾ ਹੈ। ਹਰ ਸਾਲ ਖੇਤਾਂ ਵਿਚ ਪੱਕੀਆਂ ਕਣਕਾਂ ਅਤੇ ਨਾੜ ਨੂੰ ਅਚਾਨਕ ਜਾਂ ਮਨੁੱਖੀ ਅਣਗਹਿਲੀ ਕਰਕੇ ਅੱਗ ਲੱਗਣ ਨਾਲ ਹਜ਼ਾਰਾਂ ਏਕੜ ਫ਼ਸਲ ਸੜ ਕੇ ਸੁਆਹ ਹੋ ਜਾਂਦੀ ਹੈ। ਫਾਇਰ ਬ੍ਰਿਗੇਡ ਦੀ ਗੱਡੀ ਉਦੋਂ ਪਹੁੰਚਦੀ ਹੈ, ਜਦੋਂ ਲੱਖਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਕਿਸਾਨਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਜਾਂਦੀ ਹੈ। ਪਿੰਡ ਅਤੇ ਇਲਾਕੇ ਦੇ ਲੋਕਾਂ ਵਲੋਂ ਭਾਰੀ ਜੱਦੋ-ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ ਜਾਂਦਾ ਹੈ। ਪੰਜਾਬ ਵਿਚ ਅੱਗ ਬੁਝਾਊ ਗੱਡੀਆਂ ਜ਼ਿਆਦਾਤਰ ਵੱਡੇ ਸ਼ਹਿਰਾਂ ਵਿਚ ਹੀ ਮੌਜੂਦ ਹਨ। ਜੇਕਰ ਕਿਧਰੇ ਛੋਟੇ ਸ਼ਹਿਰ ਜਾਂ ਕਸਬੇ ਵਿਚ ਇਹ ਫਾਇਰ ਬ੍ਰਿਗੇਡ ਦੀ ਗੱਡੀ ਮੌਜੂਦ ਵੀ ਹੈ ਤਾਂ ਉਥੇ ਕੋਈ ਸਿੱਖਿਅਤ ਸਟਾਫ ਨਹੀਂ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੱਕੀਆਂ ਕਣਕਾਂ ਦੇ ਮੌਸਮ ਵੇਲੇ ਫਾਇਰ ਬ੍ਰਿਗੇਡ ਦੀਆਂ ਵੱਧ ਤੋਂ ਵੱਧ ਗੱਡੀਆਂ ਪੇਂਡੂ ਇਲਾਕਿਆਂ ਵਿਚ ਮੁਹੱਈਆ ਕਰਵਾਏ। ਬਾਅਦ ਵਿਚ ਕਿਸਾਨਾਂ ਨੂੰ ਨਿਗੂਣਾ ਮੁਆਵਜ਼ਾ ਦੇਣ ਦੀ ਬਜਾਏ ਇਹ ਪੈਸਾ ਵੱਧ ਤੋਂ ਵੱਧ ਮੁਲਾਜ਼ਮ ਰੱਖ ਕੇ ਉਨ੍ਹਾਂ 'ਤੇ ਖਰਚ ਕੀਤਾ ਜਾਵੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


ਦੁਰਘਟਨਾਵਾਂ ਤੋਂ ਬਚਾਅ ਲਈ ਤਵੱਜੋ
ਅੱਜ ਦੇ ਮਸ਼ੀਨੀ ਯੁੱਗ ਵਿਚ ਆਵਾਜਾਈ ਦੇ ਸਾਧਨਾਂ ਵਿਚ ਬਹੁਤ ਵਾਧਾ ਹੋ ਗਿਆ ਹੈ। ਹੁਣ ਤਾਂ ਵਿਦਿਆਰਥੀ ਜੀਵਨ ਵਿਚ ਵੀ ਵਾਹਨਾਂ ਦੀ ਵਰਤੋਂ ਬਹੁਤ ਵਧ ਗਈ ਹੈ ਅਤੇ ਸਾਧਨਾਂ ਦੀ ਬਹੁਤਾਤ ਕਾਰਨ ਦੁਰਘਟਨਾਵਾਂ ਵੀ ਬਹੁਤ ਵੱਧ ਗਈਆਂ ਹਨ। ਵੱਡੇ ਸ਼ਹਿਰਾਂ ਵਿਚ ਨਿਯਮਾਂ ਦਾ ਬਹੁਤ ਵਧੀਆ ਪਾਲਣ ਹੋ ਰਿਹਾ ਹੈ ਪਰ ਪਿੰਡਾਂ ਅਤੇ ਛੋਟੇ ਸ਼ਹਿਰਾਂ-ਕਸਬਿਆਂ ਵਿਚ ਅੰਨ੍ਹੇਵਾਹ ਡਰਾਈਵਰੀ ਹੋ ਰਹੀ ਹੈ। ਪ੍ਰਸ਼ਾਸਨ ਨੂੰ ਆਵਾਜਾਈ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਵਿਚ ਪੂਰੀ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ 18 ਸਾਲ ਤੋਂ ਛੋਟੇ ਬੱਚਿਆਂ ਨੂੰ ਸਕੂਲਾਂ-ਕਾਲਜਾਂ ਤੱਕ ਜਾਣ ਲਈ ਦੋ-ਪਹੀਆ ਜਾਂ ਤਿੰਨ-ਪਹੀਆਂ ਵਾਹਨਾਂ ਦੀ ਮਨਾਹੀ ਹੋਵੇ। ਇਨ੍ਹਾਂ ਦੀ ਜਗ੍ਹਾ ਨੇੜੇ-ਤੇੜੇ ਜਾਣ ਲਈ ਸਾਈਕਲ ਦੀ ਵਰਤੋਂ ਜ਼ਰੂਰੀ ਬਣਾਈ ਜਾਵੇ ਜੋ ਆਪਣੀ ਸਿਹਤ, ਜੀਵਨ, ਪੂੰਜੀ ਅਤੇ ਦੂਜਿਆਂ ਦੇ ਜੀਵਨ ਲਈ ਬਹੁਤ ਫ਼ਾਇਦੇਮੰਦ ਹਨ। ਨਾਲ-ਨਾਲ ਖਣਿਜ ਤੇਲ ਵਿਚ ਆ ਰਹੀ ਕਮੀ 'ਤੇ ਵੀ ਕੁਝ ਕੁ ਠੱਲ੍ਹ ਪਾਈ ਜਾ ਸਕਦੀ ਹੈ।


-ਦਵਿੰਦਰ ਕੌਰ
ਸ.ਸ.ਸ. ਸਕੂਲ ਰੱਲੀ (ਮਾਨਸਾ)।


'ਗੋਲਡਨ ਚਾਂਸ' ਦਿੱਤਾ ਜਾਏ
ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਇਸ ਵਾਰ 87 ਫ਼ੀਸਦੀ ਤੋਂ ਵੱਧ ਪਾਸ ਫ਼ੀਸਦੀ ਨਾਲ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜੋ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਸਰਕਾਰ ਨੇ ਵੀ ਕਾਫੀ ਹੱਦ ਤੱਕ ਨਕਲ ਰਹਿਤ ਪ੍ਰੀਖਿਆ ਕਰਾਉਣ ਵਿਚ ਸਫਲਤਾ ਪਾਈ ਹੈ। ਬੀ.ਓ. ਸਾਹਿਬਾਨ ਅਤੇ ਉੱਡਣ ਦਸਤਿਆਂ ਵਲੋਂ ਸਖ਼ਤੀ ਕਰਨ ਨਾਲ ਵਿਦਿਆਰਥੀ ਵੀ ਸੁਚੇਤ ਰਹੇ। ਦੁੱਖ ਦੀ ਗੱਲ ਇਹ ਹੈ ਕਿ ਵਧੀਆ ਨਤੀਜਾ ਆਉਣ ਦੇ ਬਾਵਜੂਦ ਬਹੁਤ ਸਾਰੇ ਰੀਪੀਅਰ ਵਾਲੇ ਵਿਦਿਆਰਥੀ ਆਪਣਾ ਪਾਸ ਹੋਣ ਦਾ ਆਖਰੀ ਮੌਕਾ ਗੁਆ ਬੈਠੇ ਹਨ। ਇਨ੍ਹਾਂ ਪੜ੍ਹਾਈ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਸੰਵਾਰਨ ਲਈ ਹਮਦਰਦੀ ਅਤੇ ਮਦਦ ਦੀ ਜ਼ਰੂਰਤ ਹੈ। ਅਸੀਂ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਇਕ 'ਗੋਲਡਨ ਚਾਂਸ' ਜ਼ਰੂਰ ਦਿੱਤਾ ਜਾਏ ਤਾਂ ਕਿ ਇਨ੍ਹਾਂ ਬੱਚਿਆਂ ਦਾ ਭਵਿੱਖ ਖ਼ਰਾਬ ਨਾ ਹੋਵੇ।


-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।


ਝੂਠ ਦੀ ਦੁਕਾਨ
ਪਿਛਲੇ ਦਿਨੀਂ 'ਅਜੀਤ' ਵਿਚ ਲੱਗੀ ਖ਼ਬਰ 'ਮੁੱਲ ਦੀਆਂ ਖ਼ਬਰਾਂ ਲਗਾਉਣ ਵਾਲੇ ਅਖ਼ਬਾਰ ਦੀ ਦੁਕਾਨ ਫਿੱਕੀ ਪਈ' ਪੜ੍ਹੀ। ਕਹਿੰਦੇ ਹਨ ਕਿ ਝੂਠ ਦੀ ਦੁਕਾਨ ਲੰਮਾ ਸਮਾਂ ਨਹੀਂ ਚਲਦੀ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਤੇ ਆਮ ਲੋਕਾਂ ਲਈ ਮਾਰਗ ਦਰਸ਼ਕ ਹੁੰਦਾ ਹੈ। ਜੇਕਰ ਇਹ ਕਲਮ ਹੀ ਵਿਕ ਜਾਵੇ ਤਾਂ ਸਮਾਜ ਦਾ ਤਾਂ ਰੱਬ ਹੀ ਰਾਖਾ ਹੈ।
ਪਿਛਲੇ ਕੁਝ ਸਾਲਾਂ ਤੋਂ ਇਹ ਵੇਖਣ ਵਿਚ ਆਇਆ ਸੀ ਕਿ ਇਕ ਅਖ਼ਬਾਰ ਵਲੋਂ ਚੋਣਾਂ ਦੌਰਾਨ ਉਮੀਦਵਾਰਾਂ ਪਾਸੋਂ ਵੱਡੀਆਂ ਰਕਮਾਂ ਲੈ ਕੇ ਵਧਾ-ਚੜ੍ਹਾ ਕੇ ਖ਼ਬਰਾਂ ਛਾਪੀਆਂ ਜਾਂਦੀਆਂ ਸਨ, ਜਿਸ ਨਾਲ ਆਮ ਲੋਕਾਂ 'ਤੇ ਕਾਫੀ ਪ੍ਰਭਾਵ ਪੈਦਾ ਸੀ, ਜਿਸ ਦਾ ਸਿੱਧਾ ਫਾਇਦਾ ਪੈਸੇ ਵਾਲੇ ਉਮੀਦਵਾਰ ਲੈ ਜਾਂਦੇ ਸਨ ਪਰ ਐਤਕੀਂ ਚੋਣ ਕਮਿਸ਼ਨ ਵਲੋਂ ਕੀਤੀ ਸਖ਼ਤੀ ਕਾਰਨ ਕਾਫੀ ਹੱਦ ਤੱਕ ਠੱਲ੍ਹ ਪਈ ਲਗਦੀ ਹੈ। 'ਅਜੀਤ' ਦੀ ਸਾਫ਼-ਸੁਥਰੀ ਅਤੇ ਸੁਚੱਜੀ ਪੱਤਰਕਾਰੀ 'ਤੇ ਹਰ ਵਰਗ ਦੇ ਲੋਕ ਕਾਫੀ ਯਕੀਨ ਕਰਦੇ ਹਨ ਜਿਸ ਕਰਕੇ ਇਹ ਅਖ਼ਬਾਰ ਹਰ ਘਰ ਦਾ ਸ਼ਿੰਗਾਰ ਬਣਿਆ ਹੈ। ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕਿ 'ਅਜੀਤ' ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।


-ਅਜਮੇਰ ਸਿੰਘ ਬੱਲ
ਪਿੰਡ ਰਾਜਪੁਰ, ਡਾਕ: ਬੁਤਾਲਾ, ਤਹਿ: ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ।

22-05-2019

 ਅਸੀਂ ਕਿਧਰ ਤੁਰ ਪਏ ਹਾਂ
ਪਿਛਲੇ ਦਿਨੀਂ ਇਕ ਮੰਦਭਾਗੀ ਖ਼ਬਰ ਪੜ੍ਹੀ। ਇਕ ਸਿਹਤ ਅਧਿਕਾਰੀ ਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਹੋਣਾ। ਪੜ੍ਹ ਕੇ ਇਕ ਝਟਕਾ ਜਿਹਾ ਲੱਗਾ। ਆਖ਼ਰ ਅਸੀਂ ਕਿਧਰ ਨੂੰ ਤੁਰ ਪਏ ਹਾਂ। ਲੋਕਾਂ ਦੀ ਸਿਹਤ ਦਾ ਰਖਵਾਲਾ ਹੀ ਭ੍ਰਿਸ਼ਟ ਹੋ ਜਾਵੇ ਤਾਂ ਕੀ ਬਣੇਗਾ। ਤਨਖ਼ਾਹ ਵੀ ਕਾਫੀ, ਰੁਤਬਾ ਵੀ ਸਨਮਾਨਯੋਗ, ਫਿਰ ਕਿਉਂ ਕਿਰਦਾਰ ਦਾਗ਼ੀ ਹੋ ਜਾਂਦੇ ਹਨ। ਕੀ ਜ਼ਿੰਦਗੀ ਵਿਚ ਪੈਸਾ ਹੀ ਸਭ ਕੁਝ ਹੈ? ਭਾਵੇਂ ਉਸ ਦੇ ਦੋਸ਼ਾਂ ਨੂੰ ਅਦਾਲਤ ਨੇ ਚੌਕਸੀ ਵਿਭਾਗ ਦੇ ਸਬੂਤਾਂ ਨਾਲ ਸਜ਼ਾ ਕਰਨੀ ਹੈ ਪਰ ਜਿਸ ਤਰ੍ਹਾਂ ਪੱਕੇ ਸਬੂਤਾਂ ਸਹਿਤ ਚੌਕਸੀ ਵਿਭਾਗ ਨੇ ਕਾਰਵਾਈ ਕੀਤੀ ਹੈ, ਕੁਝ ਤਾਂ ਸਚਾਈ ਹੋਣੀ ਹੈ। ਸੋਚਣ ਵਾਲੀ ਗੱਲ ਹੈ ਅਸੀਂ ਆਪਣੀ ਜ਼ਮੀਰ ਨੂੰ ਏਨਾ ਬਿਮਾਰ ਕਰ ਲਿਆ ਹੈ ਕਿ ਆਪਣੇ ਫ਼ਰਜ਼ ਵੀ ਭੁਲਦੇ ਜਾ ਰਹੇ ਹਾਂ। ਨੇਤਾ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਅਧਿਕਾਰੀ ਦੋਵੇਂ ਧਿਰਾਂ ਦਾਗ਼ੀ ਹੋ ਜਾਣ ਤਾਂ ਦੇਸ਼ ਦਾ ਰੱਬ ਹੀ ਰਾਖਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਧਿਆਨ ਦੇਣ ਦੀ ਲੋੜ
ਹੋਟਲਾਂ 'ਚ ਬਣਨ ਵਾਲੇ ਪਕਵਾਨ ਜ਼ਿਆਦਾਤਰ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਧੂੜ, ਮਿੱਟੀ, ਮੱਛਰ, ਮੱਖੀਆਂ ਆਦਿ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਖਾਣਾ ਬਣਾਉਣ ਵਾਲੀ ਜਗ੍ਹਾ ਹੋਟਲ ਤੋਂ ਕਾਫੀ ਦੂਰ ਹੁੰਦੀ ਹੈ। ਉਥੋਂ ਵੀ ਖਾਣੇ ਨੂੰ ਬਿਨਾਂ ਢਕੇ ਹੀ ਹੋਟਲ ਤੱਕ ਲਿਆਂਦਾ ਜਾਂਦਾ ਹੈ। ਹਰ ਪਿੰਡ ਸ਼ਹਿਰ ਵਿਚ ਇਸ ਤਰ੍ਹਾਂ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਲੋਕਾਂ ਨੂੰ ਸ਼ੁੱਧ ਤੇ ਸਾਫ਼-ਸੁਥਰੇ ਪਕਵਾਨ ਖਾਣ ਨੂੰ ਮਿਲ ਸਕਣ ਤੇ ਗੰਭੀਰ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।


-ਨਵਜੋਤ ਬਜਾਜ (ਗੱਗੂ), ਭਗਤਾ ਭਾਈ ਕਾ।


ਵਿਦਿਆਰਥੀਆਂ ਦੀ ਘਟਦੀ ਗਿਣਤੀ
ਪ੍ਰੋ: ਧਰਮਜੀਤ ਸਿੰਘ ਮਾਨ ਦੁਆਰਾ ਆਪਣੇ ਲੇਖ ਵਿਚ ਸਰਕਾਰੀ ਕਾਲਜਾਂ ਵਿਚ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦਾ ਕਾਰਨ ਵਿਦਿਆਰਥੀਆਂ ਦੇ ਫੇਲ੍ਹ ਹੋਣਾ ਦੱਸਣਾ ਸਹੀ ਨਹੀਂ ਜਾਪਦਾ ਕਿਉਂਕਿ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੀ ਦਰ 'ਚ ਜਦੋਂ ਵੀ ਵਾਧਾ ਹੁੰਦਾ ਹੈ ਤਾਂ ਉਸ ਸੰਸਥਾ ਨੂੰ ਜਵਾਬ ਦੇਣਾ ਪੈਂਦਾ ਹੈ ਜਿਸ ਵਿਚੋਂ ਜ਼ਿਆਦਾ ਵਿਦਿਆਰਥੀ ਫੇਲ੍ਹ ਹੁੰਦੇ ਹਨ। ਜੇਕਰ ਸਿੱਧੇ ਰੂਪ 'ਚ ਦੇਖਿਆ ਜਾਵੇ ਤਾਂ ਵਿਦਿਆਰਥੀਆਂ ਦੀ ਗਿਣਤੀ ਘੱਟ ਜਾਣ ਦਾ ਕਾਰਨ ਨਿੱਜੀ ਅਦਾਰਿਆਂ ਦਾ ਵਧ ਜਾਣਾ ਹੈ ਕਿਉਂਕਿ ਨਿੱਜੀ ਅਦਾਰੇ ਵਿੱਦਿਆ ਦਾ ਮੰਡੀਕਰਨ ਕਰ ਕੇ ਉਸ ਨੂੰ ਵੇਚਦੇ ਹਨ। ਏਨਾ ਹੀ ਨਹੀਂ ਪੰਜਾਬ ਦੇ ਹਰ ਸ਼ਹਿਰ ਵਿਚ ਧੜਾਧੜ ਆਈਲਟਸ ਕੇਂਦਰਾਂ ਦਾ ਖੁੱਲ੍ਹ ਜਾਣਾ ਵੀ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦਾ ਇਕ ਵੱਡਾ ਕਾਰਨ ਹੈ ਕਿਉਂਕਿ ਅਜੋਕੇ ਸਮੇਂ ਦਾ ਵਿਦਿਆਰਥੀ ਵਰਗ +2 ਕਰਨ ਤੋਂ ਬਾਅਦ ਆਈਲਟਸ ਕਰਕੇ ਵਿਦੇਸ਼ਾਂ ਵਿਚ ਜਾਣ ਦੀ ਜ਼ਿਆਦਾ ਰੁਚੀ ਰੱਖਦਾ ਹੈ। ਸਰਕਾਰੀ ਸਕੂਲਾਂ, ਕਾਲਜਾਂ ਵਿਚ ਪੜ੍ਹਾਈ ਨਹੀਂ ਹੁੰਦੀ ਜਾਂ ਉਥੇ ਜ਼ਿਆਦਾਤਰ ਵਿਦਿਆਰਥੀ ਫੇਲ੍ਹ ਹੀ ਹੁੰਦੇ ਹਨ। ਇਹੋ ਜਿਹੇ ਵਿਚਾਰਾਂ ਦਾ ਆਮ ਲੋਕਾਂ ਵਿਚ ਪ੍ਰਚਲਿਤ ਹੋਣਾ ਵੀ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦਾ ਇਕ ਕਾਰਨ ਹੋ ਸਕਦਾ ਹੈ। ਸਰਕਾਰਾਂ ਨੂੰ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦੇ ਕਾਰਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤੇ ਯੋਗ ਹੱਲ ਲੱਭਣਾ ਚਾਹੀਦਾ ਹੈ।


-ਸੁਰਜੀਤ ਸਿੰਘ, ਪਿੰਡ ਦਿਲਾ ਰਾਮ, ਫ਼ਿਰੋਜ਼ਪੁਰ।


ਆਈਲਟਸ ਬਨਾਮ ਰਿਸ਼ਤੇ
ਪੰਜਾਬ ਦੀ ਜਵਾਨੀ ਪਰਦੇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਅਜਿਹਾ ਕਰਨ ਲਈ ਪੰਜਾਬੀ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਆਈਲਟਸ ਅਤੇ ਪਰਦੇਸ ਜਾਣ ਦੀ ਹੋੜ ਨੇ ਸਾਡੀ ਰਿਸ਼ਤਾ-ਨਾਤਾ ਪ੍ਰਣਾਲੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਜਿਹੀ ਸੂਰਤ ਵਿਚ ਜ਼ਿਆਦਾਤਰ ਰਿਸ਼ਤੇ ਇਕ ਸੌਦੇਬਾਜ਼ੀ ਤੱਕ ਸੀਮਤ ਹੋ ਰਹੇ ਹਨ। ਪਰਦੇਸ ਜਾਣ ਦੀ ਦੌੜ ਵਿਚ ਸਾਰਾ ਖ਼ਰਚਾ ਕਿਸੇ ਇਕ ਧਿਰ ਵਲੋਂ ਕੀਤੇ ਜਾਣ ਦੀ ਹਾਮੀ ਭਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਰਿਸ਼ਤਿਆਂ 'ਤੇ ਪੈਸਾ ਅਤੇ ਆਈਲਟਸ ਬੈਂਡ ਭਾਰੂ ਪੈ ਰਹੇ ਹਨ। ਅਜਿਹੀ ਸੂਰਤ ਵਿਚ ਅਨਜੋੜ ਰਿਸ਼ਤੇ ਬਣ ਰਹੇ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਦੀ ਮਿਆਦ ਜਹਾਜ਼ ਵਿਚ ਚੜ੍ਹਨ ਤੋਂ ਲੈ ਕੇ ਉਤਰ ਜਾਣ ਤੱਕ ਹੁੁੰਦੀ ਹੈ। ਬਾਅਦ ਵਿਚ ਪਛਤਾਵਾ ਅਤੇ ਬਾਹਰ ਦੇ ਸੁਪਨੇ ਬਾਕੀ ਬਚਦੇ ਹਨ। ਦੂਸਰਾ ਪੱਖ ਇਹ ਹੈ ਕਿ ਪਰਦੇਸ ਦੀ ਚਾਹਤ ਨੇ ਰਿਸ਼ਤਿਆਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਵੀ ਖੋਰਾ ਲਾਇਆ ਹੈ। ਜਹਾਜ਼ ਦੀ ਤਾਕੀ ਨੂੰ ਹੱਥ ਪਾਉਣ ਦੀ ਲਾਲਸਾ ਵਿਚ ਭਰਾ ਭੈਣ ਨਾਲ, ਨੂੰਹ ਸਹੁਰੇ ਨਾਲ ਆਦਿ ਸਮਾਜਿਕ ਰਿਸ਼ਤਿਆਂ ਵਿਚ ਫ਼ਰਜ਼ੀ ਵਿਆਹ ਕਰਾ ਰਹੇ ਹਨ। ਇਹ ਰਿਸ਼ਤਿਆਂ ਦਾ ਅਸਲ ਘਾਣ ਹੈ ਜੋ ਅਸੀਂ ਆਪਣੇ ਸੁਆਰਥ ਲਈ ਕਰ ਰਹੇ ਹਾਂ। ਸੋ, ਬਾਹਰ ਜੀਅ ਸਦਕੇ ਜਾਓ ਪਰ ਅਜਿਹੇ ਬੇਢੰਗੇ ਤਰੀਕੇ ਨਾ ਅਪਣਾਓ। ਬਾਹਰ ਦੇ ਚੱਕਰ ਵਿਚ ਰਿਸ਼ਤਿਆਂ ਦਾ ਘਾਣ ਨਾ ਕਰੋ।


-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।


ਠੱਗ ਲਾੜਿਆਂ ਤੋਂ ਬਚਣ ਦੀ ਲੋੜ
ਅੱਜ ਧੀਆਂ ਨੂੰ ਠੱਗ ਲਾੜਿਆਂ ਹੱਥੋਂ ਉਜੜਨੋਂ ਬਚਾਉਣ ਲਈ ਸਾਨੂੰ ਸਭ ਨੂੰ ਜਥੇਬੰਦ ਤੇ ਸੁਚੇਤ ਹੋਣ ਦੀ ਲੋੜ ਹੈ। ਅੱਜ ਵਿਦੇਸ਼ੀ ਪੰਜਾਬੀ ਲਾੜਿਆਂ ਦੀ ਸਾਡੇ ਦੇਸ਼ ਵਿਚ ਬਹੁਤ ਭਰਮਾਰ ਹੈ ਜੋ ਕਿ ਇਕ ਚਿੰਤਾਜਨਕ ਵਿਸ਼ਾ ਬਣਦੀ ਜਾ ਰਹੀ ਹੈ। ਇਹ ਠੱਗ ਲਾੜੇ ਸਾਡੇ ਦੇਸ਼ ਵਿਚ ਪ੍ਰਵਾਸੀ ਪੰਛੀਆਂ ਦੀ ਤਰ੍ਹਾਂ ਆਉਂਦੇ ਹਨ ਅਤੇ ਚੋਗਾ ਚੁਗ ਕੇ ਵਾਪਸ ਚਲੇ ਜਾਂਦੇ ਹਨ। ਇਨ੍ਹਾਂ ਲਈ ਕਿਸੇ ਮਾਸੂਮ ਲੜਕੀ ਦੀ ਜ਼ਿੰਦਗੀ ਕੋਈ ਅਹਿਮੀਅਤ ਨਹੀਂ ਰੱਖਦੀ। ਸੋ, ਅੱਜ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਠੱਗ ਲਾੜਿਆਂ ਹੱਥੋਂ ਧੀਆਂ ਨੂੰ ਉਜੜਣੋਂ ਬਚਾਉਣ ਲਈ ਸੰਗਠਤ ਹੋਈਏ ਅਤੇ ਪ੍ਰਸ਼ਾਸਨ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਪ੍ਰਤੀ ਕਰੜੇ ਕਦਮ ਚੁੱਕੇ।


-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ
ਬੇਅੰਤ ਨਗਰ, ਮੋਗਾ।

21-05-2019

 ਹਵਾ ਪ੍ਰਦੂਸ਼ਣ
ਹਵਾ ਦਾ ਨਿਰੰਤਰ ਚਲਦੇ ਰਹਿਣਾ ਕੁਦਰਤੀ ਵਰਤਾਰਾ ਹੈ। ਜੇ ਅਸੀਂ ਆਪਣੇ ਜੀਵਨ ਦੀ ਯਾਤਰਾ ਨੂੰ ਸੌਖੇ ਤੇ ਲੰਮੇ ਸਮੇਂ ਤੱਕ ਤੈਅ ਕਰਨਾ ਹੈ, ਤਾਂ ਹਵਾ ਨੂੰ ਅਸ਼ੁੱਧ ਹੋਣ ਤੋਂ ਬਚਾਉਣਾ ਪਵੇਗਾ। ਸ਼ੁੱਧ ਹਵਾ ਹੀ ਸਾਨੂੰ ਤੰਦਰੁਸਤੀ ਨਾਲ ਭਰਿਆ ਜੀਵਨ ਦਿੰਦੀ ਹੈ। ਅੱਜਕਲ੍ਹ ਸਮੁੱਚੇ ਸੰਸਾਰ ਅੰਦਰ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਪ੍ਰਦੂਸ਼ਿਤ ਹਵਾ ਨਾਲ ਮਰਨ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੈ। ਅੰਦਰੂਨੀ ਤੇ ਬਾਹਰੀ ਪ੍ਰਦੂਸ਼ਣ ਸਾਡੇ ਲਈ ਗੰਭੀਰ ਖ਼ਤਰਾ ਹੈ। ਇਸ ਨਾਲ ਬਿਮਾਰੀਆਂ ਲਗਦੀਆਂ ਹਨ।
ਉਂਜ ਤਾਂ ਅਸੀਂ ਸਾਰੇ ਹੀ ਕੁਦਰਤੀ ਸਰੋਤਾਂ ਨੂੰ ਬਰਬਾਦ ਕਰ ਰਹੇ ਹਾਂ ਪਰ ਹਵਾ 'ਚ ਵਧ ਰਿਹਾ ਪ੍ਰਦੂਸ਼ਣ ਸਾਡੇ ਸਰੀਰਕ ਰੋਗਾਂ ਦੀ ਜੜ੍ਹ ਬਣਦਾ ਜਾ ਰਿਹਾ ਹੈ। ਕੁਦਰਤੀ ਸਰੋਤਾਂ ਨੂੰ ਸਾਂਭਣਾ ਆਪਣੇ-ਆਪ ਨੂੰ ਸਾਂਭਣਾ ਹੈ। ਪੌਣ-ਪਾਣੀ ਦੀ ਕਦਰ ਕਰਨੀ ਸਿੱਖੋ, ਨਹੀਂ ਤਾਂ ਨਿਕਟ ਭਵਿੱਖ 'ਚ ਪਛਤਾਵਾ ਹੀ ਪੱਲੇ ਪਏਗਾ। ਜੇ ਇਹ ਹੀ ਪਲੀਤ ਕਰ ਦਿੱਤੀ, ਫਿਰ ਤਾਂ ਜੀਵਨ ਸਹੀ ਢੰਗ ਨਾਲ ਨਹੀਂ ਚੱਲ ਸਕਦਾ। ਸੋ, ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਕੁਦਰਤ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

-ਐਸ. ਮੀਲੂ ਫਰੌਰ, ਖੰਨਾ।

ਕੂੜਾ ਸੰਭਾਲ ਪ੍ਰਾਜੈਕਟ
ਭਾਵੇਂ ਕਿ ਜਲੰਧਰ ਸ਼ਹਿਰ ਸਮਾਰਟ ਸਿਟੀ ਸੂਚੀ ਵਿਚ ਸ਼ਾਮਿਲ ਹੈ ਪਰ ਸ਼ਹਿਰ ਵਿਚ ਇਸ ਵੇਲੇ ਕੂੜਾ ਸੰਭਾਲਣਾ ਵੱਡੀ ਸਮੱਸਿਆ ਬਣੀ ਹੋਈ ਹੈ, ਕਿਉਂਕਿ ਵਰਿਆਣਾ ਡੰਪ 'ਤੇ ਹੁਣ ਜ਼ਿਆਦਾ ਕੂੜਾ ਸੁੱਟਣ ਦੀ ਸਮਰੱਥਾ ਖ਼ਤਮ ਹੋ ਚੁੱਕੀ ਦੱਸੀ ਜਾਂਦੀ ਹੈ। ਕੂੜੇ ਨੂੰ ਖਾਲੀ ਪਈ ਜਗ੍ਹਾ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਗੰਦਗੀ ਫੈਲ ਰਹੀ ਹੈ। ਹੁਣ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਖ਼ਲ ਨਾਲ ਚੋਣ ਕਮਿਸ਼ਨ ਨੇ ਸ਼ਹਿਰ ਦੇ ਵਰਿਆਣਾ ਡੰਪ ਤੇ ਵਿਗਿਆਨਕ ਤਰੀਕੇ ਨਾਲ ਕੂੜਾ ਸੰਭਾਲ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ ਜੋ ਕਿ ਵਧੀਆ ਫ਼ੈਸਲਾ ਹੈ। ਸਮਾਰਟ ਸਿਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਕੂੜੇ ਨੂੰ ਵਿਗਿਆਨਕ ਤਰੀਕੇ ਨਾਲ ਖ਼ਤਮ ਕੀਤਾ ਜਾਵੇਗਾ। ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਵੀ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਦਖ਼ਲ ਦੇ ਕੇ ਕੂੜਾ ਸੰਭਾਲ ਪ੍ਰਾਜੈਕਟਾਂ ਵਿਚ ਕੂੜਾ ਨਸ਼ਟ ਕਰਨ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਤਾਂ ਜੋ ਪੂਰੇ ਪੰਜਾਬ ਵਿਚ ਕੂੜੇ ਦੀ ਗੰਦਗੀ ਖ਼ਤਮ ਹੋਣ ਦੇ ਨਾਲ-ਨਾਲ ਵਾਤਾਵਰਨ ਸ਼ੁੱਧ ਹੋਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਅਲੋਪ ਹੁੰਦੀ ਗੁਣਵੱਤਾ
ਅੱਜ ਦੇ ਵਿਗਿਆਨਕ ਯੁੱਗ ਵਿਚ ਅੱਗੇ ਵਧਣ ਦੀ ਦੌੜ ਲੱਗੀ ਹੋਈ ਹੈ ਅਤੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਸੰਘਰਸ਼ ਚੱਲ ਰਿਹਾ ਹੈ, ਜਿਸ ਕਾਰਨ ਹੁਣ ਮਾਪੇ ਅਤੇ ਅਧਿਆਪਕਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚਾ ਵੱਧ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਅੱਗੇ ਵਧਦਾ ਜਾਏ ਪਰ ਇਸ ਦੌਰਾਨ ਕਿਤੇ ਨਾ ਕਿਤੇ ਪੜ੍ਹਾਈ ਦੇ ਬੋਝ ਵਿਚ ਬੱਚਾ ਆਪਣੀ ਮੌਜ ਮਸਤੀ ਅਤੇ ਖੇਡਾਂ ਤੋਂ ਮੁੱਖ ਮੋੜ ਰਿਹਾ ਹੈ। ਉਸ ਦੇ ਅੰਦਰ ਦੀਆਂ ਕਲਾਤਮਕ ਅਤੇ ਸਿਰਜਣਾਤਮਕ ਸ਼ਕਤੀਆਂ ਨੂੰ ਨਜ਼ਰਅੰਦਾਜ਼ ਕਰਕੇ ਉਸ 'ਤੇ ਪਾਠਕ੍ਰਮ ਦਾ ਬੋਝ ਥੋਪਿਆ ਜਾ ਰਹਾ ਹੈ। ਇਹ ਬੱਚੇ ਦੇ ਸਰਵਪੱਖੀ ਵਿਕਾਸ ਨੂੰ ਖੋਰਾ ਲਗਾ ਰਿਹਾ ਹੈ। ਉਸ ਵਿਚ ਜੋ ਖ਼ੁਦ ਦੀਆਂ ਭਾਵਨਾਵਾਂ ਅਤੇ ਸੋਚਣ ਸਮਝਣ ਦੀ ਤਾਕਤ ਹੈ, ਉਸ ਨੂੰ ਬਾਹਰ ਲਿਆਉਣ ਲਈ ਵਕਤ ਹੀ ਨਹੀਂ ਬਚਿਆ ਹੈ। ਸੋ, ਅੰਕਾਂ ਦੀ ਦੌੜ ਵਿਚ ਸਾਨੂੰ ਪੜ੍ਹਾਈ ਦੀ ਗੁਣਵੱਤਾ ਅਤੇ ਬੱਚੇ ਦੀ ਕਲਾਤਮਿਕਤਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਨਿਰਜੀਵ ਜਿਹਾ ਜੀਵਨ ਜਿਊਣ ਲਈ ਮਜਬੂਰ ਨਾ ਹੋਣ।

-ਦਵਿੰਦਰ ਕੌਰ
ਸ.ਸ.ਸ. ਰੱਲੀ, ਮਾਨਸਾ।

ਗੱਲ ਸੋਚਣ ਦੀ
ਜਾਪਾਨ ਦੀ ਦੁਨੀਆ ਅੰਦਰ ਧਾਕ ਇਸੇ ਕਰਕੇ ਹੈ ਕਿਉਂਕਿ ਉਹ ਆਪਣੇ ਮਨੁੱਖੀ ਸਾਧਨਾਂ ਤੇ ਤਕਨੀਕ ਦੀ ਸੁਚੱਜੀ ਵਰਤੋਂ ਕਰਦਾ ਹੈ। ਜਾਪਾਨ ਦੇ ਹੋਕੈਡੋ ਵਿਚ ਕਿਊ ਸ਼ਿਰਾਤਾਕੀ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਸਿਰਫ ਇਕ ਯਾਤਰੀ ਲਈ ਚਲਾਈ ਜਾ ਰਹੀ ਹੈ। ਇਹ ਯਾਤਰੀ ਹਾਈ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੀ ਇਕ ਲੜਕੀ ਹੈ। ਉਸ ਦੇ ਆਉਣ ਜਾਣ ਦਾ ਇਕਮਾਤਰ ਸਾਧਨ ਰੇਲ ਹੈ। ਜਾਪਾਨ ਸਰਕਾਰ, ਦੇ ਰੇਲਵੇ ਵਿਭਾਗ ਨੇ ਇਸ ਬੱਚੀ ਦੀ ਪੜ੍ਹਾਈ ਦੀ ਮਹੱਤਤਾ ਨੂੰ ਸਮਝਦਿਆਂ ਇਹ ਰੇਲ ਚਲਦੀ ਰੱਖੀ। ਨਤੀਜੇ ਵਜੋਂ ਉਸ ਬੱਚੀ ਦੇ ਮਨ ਵਿਚ ਵੀ ਦੇਸ਼ ਪ੍ਰਤੀ ਪਿਆਰ, ਦੇਸ਼ ਭਗਤੀ ਪੈਦਾ ਹੋਣੀ ਹੀ ਹੈ। ਉਹ ਵੀ ਪੂਰੀ ਸ਼ਿੱਦਤ ਨਾਲ ਦੇਸ਼ ਲਈ ਕੰਮ ਕਰੇਗੀ ਕਿਉਂਕਿ ਦੇਸ਼ ਉਸ ਲਈ ਏਨਾ ਕੁਝ ਕਰ ਰਿਹਾ ਹੈ। ਇਸੇ ਕਰਕੇ ਜਾਪਾਨ ਦੇ ਲੋਕ ਤਕਨੀਕੀ ਪੱਖੋਂ ਸਭ ਤੋਂ ਅੱਗੇ ਹਨ। ਪਰ ਭਾਰਤ ਵਿਚ ਪੰਜਾਬ ਪ੍ਰਾਂਤ ਦੇ ਫਗਵਾੜਾ ਵਿਚ ਪੰਜਾਬ ਸਰਕਾਰ ਦੇ ਭੌਂ ਪ੍ਰਾਪਤੀ ਵਿਭਾਗ ਦੁਆਰਾ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕੇ ਫਗਵਾੜਾ (ਜੇ.ਜੇ. ਸਕੂਲ) ਦੇ ਸੇਲ ਵਰੰਟ ਕੱਢੇ ਗਏ ਹਨ। ਇਸ ਸਮੇਂ ਉਸ ਸਕੂਲ ਵਿਚ 900 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਜੇਕਰ ਸਕੂਲ ਦੀ ਜ਼ਮੀਨ ਵਿਕ ਗਈ, ਫਿਰ ਬੱਚੇ ਕਿੱਥੇ ਪੜ੍ਹਨਗੇ? ਕੀ ਹੁਣ ਲੋਕਾਂ ਨੂੰ ਮੁਆਵਜ਼ਾ ਸਰਕਾਰੀ ਸਕੂਲ ਨਿਲਾਮ ਕਰਕੇ ਮਿਲੇਗਾ? ਕੀ ਇਸ ਤਰ੍ਹਾਂ ਬੱਚਿਆਂ ਅੰਦਰ ਦੇਸ਼ ਪ੍ਰਤੀ ਪ੍ਰੇਮ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ? ਇਕ ਜਾਪਾਨ ਦੇਸ਼ ਹੈ ਜੋ ਸਿਰਫ ਇਕ ਬੱਚੇ ਦੀ ਸਿੱਖਿਆ ਲਈ ਕਰੋੜਾਂ ਰੁਪਏ ਦਾ ਖਰਚਾ ਕਰਕੇ ਰੇਲ ਚਾਲੂ ਰੱਖ ਰਿਹਾ ਤੇ ਦੂਜਾ ਸਾਡਾ ਦੇਸ਼ ਜੋ ਕਿਸੇ ਹੋਰ ਦੀ ਗ਼ਲਤੀ ਕਰਕੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਸੈਂਕੜੇ ਬੱਚਿਆਂ ਤੋਂ ਸਿੱਖਿਆ ਅਤੇ ਸਕੂਲ ਖੋਹ ਰਿਹਾ ਹੈ। ਉਸ ਸਕੂਲ ਨੂੰ ਨਿਲਾਮ ਹੋਣ ਤੋਂ ਰੋਕਣ ਲਈ ਸਰਕਾਰ ਨੂੰ ਠੋਸ ਉਪਰਾਲਾ ਕਰਨਾ ਚਾਹੀਦਾ ਹੈ।

-ਅਮਰਪ੍ਰੀਤ ਸਿੰਘ ਝੀਤਾ।

ਕਿਰਤੀਆਂ ਦਾ ਸਨਮਾਨ
ਮਜ਼ਦੂਰ ਦਿਵਸ ਨੂੰ ਸਮਰਪਿਤ ਲੇਖ ਗੁਰਚਰਨ ਸਿੰਘ ਨੂਰਪੁਰ ਹੁਰਾਂ ਦਾ ਅੱਜ ਦੇ ਸਮੇਂ ਵਿਚ ਕਿਰਤੀਆਂ ਨਾਲ ਹੋ ਰਹੀ ਲੁੱਟ-ਖਸੁੱਟ ਨੂੰ ਉਜਾਗਰ ਕਰਦਾ ਸੀ। ਅੱਜ ਮੇਰੇ ਭਾਰਤ ਮਹਾਨ 'ਚ ਕਿਰਤੀਆਂ ਤੇ ਕਿਸਾਨਾਂ ਦੀ ਜੋ ਹਾਲਤ ਹੈ, ਉਸ ਵੱਲ ਕੋਈ ਰਾਜਨੇਤਾ ਧਿਆਨ ਨਹੀਂ ਦੇ ਰਿਹਾ। ਕਾਰਪੋਰੇਟ ਘਰਾਣਿਆਂ ਤੇ ਨਿੱਜੀ ਬੈਂਕਾਂ ਨੇ ਦੇਸ਼ ਦੇ ਸਾਰੇ ਸਰਮਾਏ ਅਤੇ ਕੁਦਰਤੀ ਵਸੀਲਿਆਂ ਨੂੰ ਆਪਣੇ ਕਬਜ਼ੇ 'ਚ ਕਰਨ ਦੀ ਪੂਰੀ ਤਾਕਤ ਝੋਕ ਦਿੱਤੀ ਹੈ। ਅਨਾਜ ਗੁਦਾਮਾਂ ਅੰਦਰ ਸੜ ਰਿਹਾ ਹੈ। ਪੈਦਾ ਕਰਨ ਵਾਲਾ ਅਤੇ ਕਾਰਖਾਨਿਆਂ ਵਿਚ ਦਿਨ ਰਾਤ ਆਪਣਾ ਖੂਨ ਪਸੀਨਾ ਡੋਲ੍ਹਣ ਵਾਲਾ ਭੁੱਖੇ ਪੇਟ ਰਹਿ ਰਿਹਾ ਹੈ। ਨੇਤਾਵਾਂ ਦੀ ਨੀਤ ਖੋਟੀ ਹੋਈ ਜਾ ਰਹੀ ਹੈ। ਬਹੁਤੇ ਉਦਯੋਗ ਬੰਦ ਹੋ ਗਏ ਹਨ, ਜਿਹੜੇ ਚਲਦੇ ਹਨ, ਉਨ੍ਹਾਂ ਵਿਚ ਮਜ਼ਦੂਰਾਂ ਨੂੰ 12-12 ਘੰਟੇ ਕੰਮ ਕਰ ਕੇ ਪੂਰੀ ਉਜਰਤ ਨਹੀਂ ਦਿੱਤੀ ਜਾਂਦੀ। ਕੋਈ ਪੁੱਛਣ ਵਾਲਾ ਨਹੀਂ ਰਹਿ ਗਿਆ। ਈ.ਐਸ.ਆਈ.ਈ.ਪੀ.ਐਫ. ਦੀ ਸਹੂਲਤ ਤਰਸਯੋਗ ਹੈ। ਲੇਬਰ ਵਿਭਾਗ ਸੁੱਤਾ ਪਿਆ ਹੈ। ਸਰਮਾਏਦਾਰ ਮਨਮਰਜ਼ੀਆਂ ਕਰ ਰਹੇ ਹਨ। ਅੱਜ ਲੋੜ ਹੈ ਕਿਰਤੀਆਂ, ਕਾਮਿਆਂ ਤੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨ ਦੀ। ਕਿਰਤੀਆਂ ਤੇ ਕਿਸਾਨਾਂ ਦੇ ਸਨਮਾਨ ਦੀ ਬਹਾਲੀ ਜ਼ਰੂਰੀ ਹੈ। ਸਰਕਾਰਾਂ ਨੂੰ ਗੰਭੀਰ ਹੋ ਜਾਣਾ ਚਾਹੀਦਾ ਹੈ।

-ਜਗਤਾਰ ਗਿੱਲ, ਅੰਮ੍ਰਿਤਸਰ।

20-05-2019

 ਸਿੱਖਿਆ
ਸਿੱਖਿਆ ਇਕ ਲਗਾਤਾਰ ਚੱਲਣ ਵਾਲਾ ਅਮਲ ਹੈ, ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਰੋਜ਼ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਸਿੱਖਿਆ ਦਾ ਮੁੱਖ ਉਦੇਸ਼ ਵਿਹਾਰ ਵਿਚ ਲੋੜੀਂਦੀਆਂ ਤਬਦੀਲੀਆਂ ਕਰਕੇ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਕਰਨਾ ਹੈ। ਸਿੱਖਿਆ ਦੇ ਉਦੇਸ਼ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਵਿਅਕਤੀ ਜਾਂ ਵਿਦਿਆਰਥੀ ਦੀ ਮਨੋਬਿਰਤੀ ਵਿਚ ਸੋਧ ਕੀਤੀ ਜਾਵੇ। ਮਨੁੱਖੀ ਮਨੋਬਿਰਤੀ ਵਿਚ ਮਨ, ਬੁੱਧੀ, ਸੋਚ, ਯਾਦ ਤੇ ਧਿਆਨ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਕੀਤਾ ਜਾਂਦਾ ਹੈ। ਮਨੋਬਿਰਤੀ ਅਤੇ ਉਸ ਦੀ ਉਪਜ ਕਰਮ ਤੇ ਚਰਿੱਤਰ ਵਿਚ ਤਾਲਮੇਲ ਇਕਸੁਰਤਾ ਹੋਣੀ ਜ਼ਰੂਰੀ ਹੈ। ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮਨੋਬਿਰਤੀ ਜਿਸ ਨੂੰ ਜਮਾਂਦਰੂ ਯੋਗਤਾਵਾਂ, ਚੇਤਨ ਅਰਧ-ਚੇਤਨ ਅਤੇ ਅਚੇਤਨ ਮਨ ਛੁਪਿਆ ਹੁੰਦਾ ਹੈ, ਨੂੰ ਜਾਨਣਾ ਜ਼ਰੂਰੀ ਹੈ। ਪਾਠ ਸਮੱਗਰੀ ਢੁਕਵੀਂ ਤੇ ਅਧਿਆਪਕ ਲਈ ਆਪਣੇ-ਆਪ ਦੀ ਸੋਝੀ ਤੇ ਦੂਸਰਿਆਂ ਨੂੰ ਜਾਨਣ ਦੀ ਯੋਗਤਾ ਲਾਜ਼ਮੀ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਗਲਾ, ਜ਼ਿਲ੍ਹਾ ਹੁਸ਼ਿਆਰਪੁਰ।

ਅਲੋਪ ਹੋ ਰਹੀ ਗੁਣਵੱਤਾ
ਅੱਜ ਦੇ ਵਿਗਿਆਨਕ ਯੁੱਗ ਵਿਚ ਅੱਗੇ ਵਧਣ ਦੀ ਦੌੜ ਲੱਗੀ ਹੋਈ ਹੈ ਅਤੇ ਭਵਿੱਖ ਨੂੰ ਉਜਵਲ ਬਣਾਉਣ ਲਈ ਸੰਘਰਸ਼ ਚੱਲ ਰਿਹਾ ਹੈ। ਜਿਸ ਕਾਰਨ ਹੁਣ ਮਾਪੇ ਅਤੇ ਅਧਿਆਪਕਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚਾ ਵੱਧ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਅੱਗੇ ਵਧਦਾ ਜਾਵੇ ਪਰ ਇਸ ਦੌਰਾਨ ਕਿਤੇ ਨਾ ਕਿਤੇ ਪੜ੍ਹਾਈ ਦੇ ਬੋਝ ਵਿਚ ਬੱਚਾ ਆਪਣੀ ਮੌਜਮਸਤੀ ਅਤੇ ਖੇਡਾਂ ਤੋਂ ਮੁੱਖ ਮੋੜ ਰਿਹਾ ਹੈ ਅਤੇ ਬੰਧੂਆ ਹੋ ਗਿਆ ਹੈ। ਉਸ ਦੇ ਅੰਦਰ ਦੀਆਂ ਕਲਾਤਮਕ ਅਤੇ ਸਿਰਜਣਾਤਮਕ ਸ਼ਕਤੀਆਂ ਨੂੰ ਨਜ਼ਰਅੰਦਾਜ਼ ਕਰ ਕੇ ਉਸ 'ਤੇ ਪਾਠਕ੍ਰਮ ਦਾ ਬੋਝ ਥੋਪਿਆ ਜਾ ਰਿਹਾ ਹੈ। ਇਹ ਬੱਚੇ ਦੇ ਸਰਵਪੱਖੀ ਵਿਕਾਸ ਨੂੰ ਖੋਰਾ ਲਗਾ ਰਿਹਾ ਹੈ। ਉਹ ਹੁਣ ਇਕ ਰੋਬੋਟ ਦੀ ਤਰ੍ਹਾਂ ਕੰਮ ਕਰਦਾ ਹੈ। ਉਸ ਵਿਚ ਜੋ ਖੁਦ ਦੀਆਂ ਭਾਵਨਾਵਾਂ ਅਤੇ ਸੋਚਣ ਸਮਝਣ ਦੀ ਤਾਕਤ ਹੈ ਉਸ ਨੂੰ ਬਾਹਰ ਲਿਆਉਣ ਲਈ ਵਕਤ ਹੀ ਨਹੀਂ ਬਚਿਆ ਹੈ। ਸੋ ਅੰਕਾਂ ਦੀ ਦੌੜ ਵਿਚ ਸਾਨੂੰ ਪੜ੍ਹਾਈ ਦੀ ਗੁਣਵੱਤਾ ਅਤੇ ਬੱਚੇ ਦੀ ਕਲਾਤਮਿਕਤਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਨਿਰਜੀਵ ਜਿਹਾ ਜੀਵਨ ਜਿਉਣ ਲਈ ਮਜਬੂਰ ਨਾ ਹੋਣ।

-ਦਵਿੰਦਰ ਕੌਰ
ਸ.ਸ.ਸ. ਰੱਲੀ, ਮਾਨਸਾ।

ਮਾਝਾ ਖੇਤਰ ਅਤੇ ਉਦਯੋਗ
ਜੇਕਰ ਮਾਝੇ ਖੇਤਰ ਦੀ ਗੱਲ ਕਰੀਏ ਤਾਂ ਉਦਯੋਗ ਪੱਖੋਂ ਇਹ ਇਲਾਕਾ ਦੇਸ਼ ਦੀ ਵੰਡ ਤੋਂ ਬਾਅਦ ਲਗਾਤਾਰ ਪਛੜਦਾ ਹੀ ਗਿਆ ਹੈ। ਇਹ ਸਾਰਾ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲਗਦਾ ਹੋਣ ਕਰਕੇ ਤੇ ਹਮੇਸ਼ਾ ਤਣਾਅਪੂਰਨ ਸਥਿਤੀ ਬਣੀ ਰਹਿਣ ਕਰਕੇ ਬਹੁਤੇ ਉਦਯੋਗ ਇਸ ਇਲਾਕੇ ਵਿਚੋਂ ਹੋਰ ਰਾਜਾਂ ਅਤੇ ਇਲਾਕਿਆਂ ਵਿਚ ਚਲੇ ਗਏ ਹਨ। ਕਿਸੇ ਵੇਲੇ ਬਟਾਲੇ ਵਿਚ ਸਾਰੇ ਭਾਰਤ ਦੀਆਂ ਸਭ ਤੋਂ ਵੱਡੀਆਂ ਫਾਊਂਡਰੀਆਂ ਸਨ ਅਤੇ ਵੱਡੀ ਪੱਧਰ 'ਤੇ ਖੇਤੀਬਾੜੀ ਦੇ ਸੰਦ ਤਿਆਰ ਹੁੰਦੇ ਸਨ। ਧਾਰੀਵਾਲ ਕਸਬੇ ਵਿਚ ਭਾਰਤ ਦਾ ਸਭ ਤੋਂ ਵੱਡਾ ਉੱਨ ਉਦਯੋਗ ਸੀ। ਅੰਮ੍ਰਿਤਸਰ ਵਿਚ ਸਾਰੇ ਭਾਰਤ ਵਿਚੋਂ ਤੀਜੀ ਸਭ ਤੋਂ ਵੱਡੀ ਸੂਤੀ ਕੱਪੜੇ ਦੀ ਸਨਅਤ ਸੀ। ਅੰਮ੍ਰਿਤਸਰ ਸਾਰੇ ਭਾਰਤ ਵਿਚ ਇਕ ਨੰਬਰ ਗਲੀਚਾ ਉਤਪਾਦਕ ਸ਼ਹਿਰ ਸੀ। ਬਿਜਲੀ ਦੇ ਪੱਖਿਆਂ ਦੀ ਸਭ ਤੋਂ ਵੱਡੀ ਸਨਅਤ ਵੀ ਅੰਮ੍ਰਿਤਸਰ ਵਿਚ ਹੀ ਸੀ। ਮਾਝੇ ਇਲਾਕੇ ਦੀਆਂ ਸਰਕਾਰੀ ਖੰਡ ਮਿੱਲਾਂ ਅੱਜ ਬੰਦ ਹੋ ਗਈਆਂ ਹਨ। ਸੋ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਾਝੇ ਇਲਾਕੇ ਵਿਚੋਂ ਬੁਰੀ ਤਰ੍ਹਾਂ ਉੱਜੜ ਚੁੱਕੀ ਸਨਅਤ ਨੂੰ ਦੁਬਾਰਾ ਕਾਇਮ ਕਰੇ ਅਤੇ ਇਥੇ ਨਵੀਆਂ ਸਨਅਤਾਂ ਨੂੰ ਲਾਇਆ ਜਾਵੇ, ਤਾਂ ਕਿ ਸਰਹੱਦੀ ਮਾਰ ਝੱਲਣ ਵਾਲੇ ਲੋਕਾਂ ਦਾ ਆਰਥਿਕ ਜੀਵਨ ਖੁਸ਼ਹਾਲ ਹੋ ਸਕੇ।

-ਮਾ: ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

ਮਾਸੂਮ ਦੀ ਹੱਤਿਆ
ਪਿਛਲੇ ਦਿਨੀਂ 'ਅਜੀਤ' 'ਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਚ, ਮਜੀਠਾ ਰੋਡ ਵਿਖੇ ਜਤਿੰਦਰ ਉਰਫ਼ ਬਿੱਟੂ ਪੰਡਿਤ ਨਾਂਅ ਦੇ ਇਕ ਦਰਿੰਦੇ ਵਲੋਂ ਇਕ ਸਾਢੇ ਤਿੰਨ ਸਾਲਾ ਮਾਸੂਮ ਬੱਚੇ ਤੇਜਪਾਲ ਸਿੰਘ ਨੂੰ ਅਗਵਾ ਕਰਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਪੜ੍ਹੀ। ਖ਼ਬਰ ਮੁਤਾਬਿਕ ਬਿੱਟੂ ਪੰਡਿਤ ਵਲੋਂ ਬੱਚੇ ਦਾ ਕਤਲ ਪ੍ਰੇਤ ਆਤਮਾਵਾਂ ਨੂੰ ਆਪਣੇ ਵੱਸ 'ਚ ਕਰਕੇ ਗੈਬੀ ਸ਼ਕਤੀਆਂ ਹਾਸਲ ਕਰਨ ਲਈ ਕੀਤਾ ਗਿਆ ਹੈ। ਇਸ ਬੱਚੇ ਦੀ ਹੱਤਿਆ ਤੋਂ ਬਾਅਦ ਕਾਤਲ ਹੋਰ ਜਵਾਕਾਂ ਦੀਆਂ ਬਲੀਆਂ ਦੇਣ ਵੀ ਤਾਕ 'ਚ ਸੀ। ਪ੍ਰੰਤੂ ਇਸ ਤੋਂ ਪਹਿਲਾਂ ਕਿ ਉਹ ਕਿਸੇ ਹੋਰ ਨਿਆਣੇ ਦਾ ਜਾਨੀ ਨੁਕਸਾਨ ਕਰਦਾ, ਉਹ ਪੁਲਿਸ ਵਲੋਂ ਦਬੋਚ ਲਿਆ ਗਿਆ। ਮਾਸੂਮ ਬੱਚਿਆਂ ਜਾਂ ਹੋਰਾਂ ਦੀਆਂ ਜਾਨਾਂ ਲੈਣ ਵਾਲੇ ਅਜਿਹੇ ਸਿਰਫਿਰੇ, ਅੰਧਵਿਸ਼ਵਾਸੀ ਤੇ ਬੇਰਹਿਮ ਕਾਤਲਾਂ ਨੂੰ ਸਖਤ ਸਜ਼ਾਵਾਂ ਤਾਂ ਮਿਲਣੀਆਂ ਹੀ ਚਾਹੀਦੀਆਂ ਹਨ। ਸਾਨੂੰ ਅੰਧ-ਵਿਸ਼ਵਾਸੀ ਵਰਤਾਰਿਆਂ ਖਿਲਾਫ਼ ਵੱਡੇ ਪੱਧਰ 'ਤੇ ਲੋਕ ਲਹਿਰ ਵੀ ਖੜ੍ਹੀ ਕਰਨ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਸਮਾਜ ਵਿਚ ਉਪਰੋਕਤ ਜਿਹੀਆਂ ਮਾੜੀਆਂ ਘਟਨਾਵਾਂ ਨਾ ਵਾਪਰਨ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਪ੍ਰਦੂਸ਼ਣ ਦੀ ਸਮੱਸਿਆ
ਦੇਸ਼ ਵਿਚ ਉਂਜ ਤਾਂ ਸਾਰੇ ਹੀ ਪੱਧਰਾਂ 'ਤੇ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ ਪ੍ਰੰਤੂ ਹਵਾ ਵਿਚ ਪ੍ਰਦੂਸ਼ਣ ਸਬੰਧੀ ਖਤਰੇ ਦੀ ਘੰਟੀ ਵੱਜ ਰਹੀ ਹੈ। ਵਿਸ਼ਵ ਪੱਧਰ 'ਤੇ ਪ੍ਰਦੂਸ਼ਣ ਦਾ ਲੇਖਾ-ਜੋਖਾ ਰੱਖਣ ਵਾਲੀ ਖ਼ਬਰ ਅਨੁਸਾਰ ਭਾਰਤ ਵਿਚ ਕਈ ਸ਼ਹਿਰਾਂ ਨੂੰ ਪ੍ਰਦੂਸ਼ਿਤ ਐਲਾਨਿਆ ਗਿਆ ਹੈ। ਪ੍ਰਦੂਸ਼ਣ ਦਾ ਮੁੱਖ ਕਾਰਨ ਨਾਜਾਇਜ਼ ਉਸਾਰੀਆਂ, ਵਧਦੀ ਹੋਈ ਆਬਾਦੀ ਅਤੇ ਹਵਾ ਵਿਚ ਘੁਲਣ ਵਾਲੇ ਜ਼ਹਿਰੀਲੇ ਧੂੰਏਂ ਨੂੰ ਦੱਸਿਆ ਗਿਆ ਹੈ। ਪ੍ਰਦੂਸ਼ਣ ਦੀ ਸਥਿਤੀ ਪਿਛਲੇ ਕਾਫੀ ਸਾਲਾਂ ਤੋਂ ਗੰਭੀਰ ਬਣੀ ਹੋਈ ਹੈ।
ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਆਮ ਲੋਕ ਅਜਿਹੇ ਪ੍ਰਦੂਸ਼ਿਤ ਵਾਤਾਵਰਨ ਵਿਚ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਸ਼ਹਿਰਾਂ ਵਿਚ ਗ਼ੈਰ-ਕਾਨੂੰਨੀ ਉਸਾਰੀਆਂ, ਵਧਦੀ ਹੋਈ ਆਬਾਦੀ ਅਤੇ ਜ਼ਹਿਰੀਲੇ ਧੂੰਏਂ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਮੁੱਖਤਾ ਨਾਲ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ। ਜੇਕਰ ਪ੍ਰਦੂਸ਼ਣ ਦੀ ਬਣੀ ਹੋਈ ਇਸ ਗੰਭੀਰ ਸਮੱਸਿਆ ਨੂੰ ਠੱਲ੍ਹ ਪਾਉਣ ਦੇ ਯਤਨ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਧਰਤੀ 'ਤੇ ਜ਼ਿੰਦਗੀ ਬਸਰ ਕਰਨੀ ਔਖੀ ਹੋ ਜਾਵੇਗੀ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

17-05-2019

 ਪੰਜਾਬ ਦੇ ਅਸਲ ਮੁੱਦੇ
ਪੰਜਾਬ ਵਾਸੀਆਂ ਦੇ ਅਸਲ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ, ਮਜ਼ਦੂਰ ਦੀ ਹਾਲਤ ਤਰਸਯੋਗ ਹੈ, ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਨਹੀਂ, ਨਿੱਜੀ ਸਕੂਲਾਂ ਵਿਚ ਮਹਿੰਗੀ ਪੜ੍ਹਾਈ ਹਾਸਲ ਕਰਨ ਲਈ ਲੋਕ ਮਜਬੂਰ ਹਨ, ਗੰਨੇ ਦੀ ਫਸਲ ਦੇ ਬਕਾਏ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ, ਜਦੋਂ ਕਿ ਗੰਨੇ ਤੋਂ ਬਣੀ ਖੰਡ ਮਿੱਲਾਂ ਵਲੋਂ ਵੇਚੀ ਜਾ ਚੁੱਕੀ ਹੈ, ਕਿਸਾਨ ਧਰਨੇ ਲਗਾਉਣ ਲਈ ਮਜਬੂਰ ਹਨ, ਹਰੇਕ ਕਿਸਮ ਦਾ ਮੁਲਾਜ਼ਮ ਹੜਤਾਲਾਂ ਕਰ ਰਿਹਾ ਹੈ। ਸਿਰਫ ਤੇ ਸਿਰਫ ਵੋਟਾਂ ਬਟੋਰਨ ਲਈ ਇਕ-ਦੂਜੇ 'ਤੇ ਦੂਸ਼ਣਬਾਜ਼ੀ ਦਾ ਸਹਾਰਾ ਲੈਂਦੀਆਂ ਨਜ਼ਰ ਆ ਰਹੀਆਂ ਹਨ। ਚੋਣ ਰੈਲੀਆਂ ਵਿਚ ਆਪਣੇ-ਆਪ ਨੂੰ ਸਹੀ ਸਾਬਤ ਕਰਨ ਦਾ ਯਤਨ ਕਰ ਰਹੀਆਂ ਹਨ। ਇਨ੍ਹਾਂ ਰੈਲੀਆਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ 2019 ਵਿਚ ਪੰਜਾਬ ਦੇ ਲੋਕਾਂ ਦੇ ਅਸਲ ਮੁੱਦੇ ਗਵਾਚ ਗਏ ਹਨ।


-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।


ਜ਼ਿੰਮੇਵਾਰ ਕੌਣ?
ਕਣਕ ਤੇ ਇਸ ਦਾ ਨਾੜ ਹਰ ਵਾਰ ਕੁਝ ਕੁ ਥਾਵਾਂ 'ਤੇ ਅੱਗ ਦੀ ਭੇਟ ਚੜ੍ਹ ਜਾਂਦਾ ਹੈ, ਜੋ ਮਾੜੀ ਗੱਲ ਹੈ। ਹੋਰ ਕਈ ਕਾਰਨ ਹੋਣਗੇ ਪਰ ਇਸ ਵਾਰ ਲਗਦਾ ਹੈ ਕਿ ਪ੍ਰਸ਼ਾਸਨ ਵਲੋਂ ਕੀਤੀ ਜਾਂਦੀ ਢਿੱਲ ਵੀ ਜ਼ਿੰਮੇਵਾਰ ਹੈ। ਲਗਦਾ ਹੈ ਕਿ ਇਸ ਵਾਰ ਪਿਛਲੀ ਵਾਰ ਵਾਂਗ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਬਹੁਤ ਰੋਕਿਆ ਨਹੀਂ ਗਿਆ, ਨਾ ਹੀ ਰੋਕਣ ਲਈ ਬਹੁਤਾ ਪ੍ਰਚਾਰ ਕੀਤਾ ਗਿਆ ਹੈ। ਉਹ ਕਈ ਵਾਰ ਬੇਕਾਬੂ ਹੋ ਕੇ ਅੱਗੇ ਵਧ ਜਾਂਦੀ ਹੈ।
ਕਿਸਾਨ ਪਿਛਲੇ ਲੰਮੇ ਸਮੇਂ ਤੋਂ ਅੱਗ ਲਾਉਂਦੇ ਆ ਰਹੇ ਹਨ। ਉਹ ਇਕ-ਦੋ ਵਾਰ ਦੀ ਸਖ਼ਤੀ ਨਾਲ ਘੱਟ ਸਮਝਣਗੇ। ਇਨ੍ਹਾਂ ਨੂੰ ਲੰਮਾ ਸਮਾਂ ਸਮਝਾਉਣ ਦੀ ਲੋੜ ਹੈ। ਸੋ, ਇਸ ਵਾਰ ਸਰਕਾਰ ਦੀ ਥੋੜ੍ਹੀ ਦਿੱਤੀ ਢਿੱਲ ਵੀ ਨਾੜ ਨੂੰ ਅੱਗ ਲੱਗਣ ਲਈ ਜ਼ਿੰਮੇਵਾਰ ਹੈ। ਹੋ ਸਕਦਾ ਹੈ ਇਹ ਢਿੱਲ ਵੋਟਾਂ ਨੇੜੇ ਹੋਣ ਕਰਕੇ ਜਾਣ ਕੇ ਦਿੱਤੀ ਗਈ ਹੋਵੇ। ਇਹ ਤਾਂ ਸਾਡਾ ਅਨੁਮਾਨ ਹੀ ਹੈ ਪਰ ਕਈ ਵਾਰ ਅਨੁਮਾਨ ਵੀ ਸੱਚ ਸਾਬਤ ਹੁੰਦੇ ਹਨ।


-ਜਸਕਰਨ,
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

16-05-2019

 ਚੋਣਾਂ
ਪੂਰੇ ਭਾਰਤ ਤੋਂ ਬਿਨਾਂ ਜੇ ਆਪਾਂ ਪੰਜਾਬ ਦੀ ਸਿਆਸਤ ਵੱਲ ਨਜ਼ਰ ਮਾਰੀਏ ਤਾਂ ਇਸ ਵਾਰ ਪੰਜਾਬ ਦਾ ਸਿਆਸੀ ਦ੍ਰਿਸ਼ ਵੀ ਬਹੁਤ ਹੀ ਅਜੀਬ ਦਿਖਾਈ ਦੇ ਰਿਹਾ ਹੈ। ਪ੍ਰਮੁੱਖ ਸਿਆਸੀ ਪਾਰਟੀਆਂ ਆਪੋ ਵਿਚ ਹੀ ਪਾਟੋਧਾੜ ਹੋ ਕੇ ਟੋਟੇ-ਟੋਟੇ ਹੋ ਗਈਆਂ ਹਨ ਤੇ ਉੱਪਰੋਂ ਸਿਆਸੀ ਜੋੜ-ਤੋੜ ਵੀ ਸਮਝ ਵਿਚ ਨਹੀਂ ਆ ਰਹੇ। ਜਦੋਂ ਕਿਸੇ ਵੀ ਵੱਡੇ ਜਾਂ ਛੋਟੇ ਸਿਆਸੀ ਦਲ ਦੀ ਗੱਲ ਕਰਦੇ ਜਾਂ ਸੁਣਦੇ ਹਾਂ ਤਾਂ ਸਾਰੇ ਇਹੀ ਰਾਗ ਅਲਾਪ ਰਹੇ ਹਨ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਲੜ ਰਹੇ ਹਾਂ। ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਤੜਪ ਰੱਖਣ ਵਾਲੇ ਇਹ ਸਿਆਸੀ ਗੁੱਟ ਅਪਸੀ ਏਕਤਾ 'ਤੇ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ। ਜੇ ਕੋਈ ਆਪਸੀ ਸਮਝੌਤੇ ਖ਼ਾਤਰ ਗੱਲ ਵੀ ਕਰਦੇ ਹਨ ਤਾਂ ਇਹ ਗੱਲ ਜਲਦੀ ਹੀ ਟੁੱਟ ਜਾਂਦੀ ਹੈ। ਇਸ ਤੋਂ ਤਾਂ ਇਹੀ ਜਾਪਦਾ ਹੈ ਕਿ ਪੰਜਾਬ ਦੀ ਫ਼ਿਕਰ ਸਿਆਸੀ ਲੋਕਾਂ ਨੂੰ ਘੱਟ ਹੈ ਤੇ ਆਪਣੀ ਕੁਰਸੀ ਦੀ ਫ਼ਿਕਰ ਕੁਝ ਜ਼ਿਆਦਾ ਹੈ। ਕਿਉਂਕਿ ਕਿਸੇ ਵੀ ਪਾਸੇ ਆਪਸੀ ਏਕਤਾ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਅੱਗੇ ਦੇਖੋ ਕੀ ਬਣਦਾ ਹੈ ਤੇ ਕੀ ਪੰਜਾਬ ਦੇ ਪੱਲੇ ਪੈਂਦਾ ਹੈ।


-ਬਲਬੀਰ ਸਿੰਘ ਬੱਬੀ
ਤੱਖਰਾਂ, ਲੁਧਿਆਣਾ।


ਆਵਾਜਾਈ ਦੀ ਸਮੱਸਿਆ
ਅੱਜ ਦਾ ਯੁੱਗ ਮਸ਼ੀਨਰੀ ਯੁੱਗ ਹੈ। ਹਰ ਕਿਸੇ ਆਦਮੀ ਕੋਲ ਕੋਈ ਨਾ ਕੋਈ ਆਵਾਜਾਈ ਲਈ ਸਾਧਨ ਹੈ ਜਿਵੇਂ ਕਿ ਕਾਰ, ਸਕੂਟਰ ਤੇ ਮੋਟਰਸਾਈਕਲ ਆਦਿ ਜਿਸ ਨਾਲ ਸ਼ਹਿਰਾਂ ਵਿਚ ਟ੍ਰੈਫਿਕ ਸਮੱਸਿਆ ਅਤੇ ਤੇਜ਼ ਰਫ਼ਤਾਰੀ ਜ਼ਿਆਦਾ ਹੋਣ ਕਾਰਨ ਸੜਕ ਹਾਦਸੇ ਵਧੇ ਹਨ। ਅੱਜਕਲ੍ਹ ਕਣਕ ਦਾ ਸੀਜ਼ਨ ਹੈ, ਜਿਸ ਦੌਰਾਨ ਕਣਕ ਦੀ ਰਹਿੰਦ-ਖੂੰਹਦ ਨੂੰ ਆਮ ਹੀ ਸੜਕ 'ਤੇ ਦੂਰ ਤੱਕ ਵਿਛਾ ਦਿੱਤਾ ਜਾਂਦਾ ਹੈ, ਜਿਸ ਨਾਲ ਸੜਕ ਹਾਦਸੇ ਆਮ ਹੀ ਹੁੰਦੇ ਹਨ। ਲੋੜ ਹੈ ਲੋਕਾਂ ਨੂੰ ਜਾਗਰੂਕ ਕਰਨ ਦੀ, ਜਿਸ ਨਾਲ ਸੜਕ ਹਾਦਸੇ ਘੱਟ ਕੀਤੇ ਜਾ ਸਕਣ ਅਤੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।


-ਗੁਰਮੀਤ ਸਿੰਘ ਖਾਈ।


ਕਦਰਾਂ-ਕੀਮਤਾਂ ਦੀ ਮਹੱਤਤਾ
ਕਦਰਾਂ-ਕੀਮਤਾਂ ਵਿਦਿਆਰਥੀ ਜ਼ਿੰਦਗੀ ਦਾ ਅਹਿਮ ਪਹਿਲੂ ਹੈ ਜਾਂ ਫਿਰ ਇਵੇਂ ਕਹਿ ਲਿਆ ਜਾਵੇ ਕਿ ਕਿਸੇ ਮਜ਼ਬੂਤ ਇਮਾਰਤ ਦੀ ਅਡੋਲ ਨੀਂਹ ਹੈ, ਜੋ ਕਿ ਵਿਦਿਆਰਥੀ ਦਾ ਜੀਵਨ ਆਦਰਸ਼ ਰੂਪੀ ਚਾਨਣ ਨਾਲ ਉਸਾਰਦੀ ਹੈ। ਸਹੀ ਕਦਰਾਂ-ਕੀਮਤਾਂ ਇਕ ਬੱਚੇ ਵਿਚ ਜਿਥੇ ਅੰਦਰੂਨੀ ਗੁਣਾਂ ਦਾ ਵਿਕਾਸ ਕਰਦੀਆਂ ਹਨ, ਨਾਲ ਹੀ ਬਾਹਰੀ ਅਸਤਿਤਵ ਦਾ ਨਿਰਮਾਣ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਵਿਦਿਆਰਥੀ ਦਾ ਰਵੱਈਆ ਬਦਲਣ ਦੇ ਨਾਲ-ਨਾਲ ਉਸ ਵਿਚ ਸਾਕਾਰਾਤਮਕ ਸੋਚ ਅਤੇ ਭਾਵਨਾਵਾਂ ਦਾ ਸਹੀ ਨਿਰਬਾਹ ਕਰਨਾ ਹੀ ਸਿਖਾਉਂਦੀਆਂ ਹਨ। ਕਦਰਾਂ ਅਜਿਹਾ ਬੀਜ ਹੈ, ਜਿਸ ਨੂੰ ਪਰਿਵਾਰ ਨਾਮੀ ਬੀਜ ਦੀ, ਪਿਆਰ ਭੂਮੀ ਪਾਣੀ ਦੀ ਜ਼ਰੂਰਤ ਪੈਂਦੀ ਹੈ। ਜਦੋਂ ਇਹ ਸਭ ਮਿਲ ਜਾਂਦਾ ਹੈ ਤਾਂ ਇਹ ਇਕ ਅਜਿਹਾ ਵਿਸ਼ਾਲ ਰੁੱਖ ਬਣ ਕੇ ਸਾਹਮਣੇ ਆਉਂਦਾ ਹੈ, ਜੋ ਆਪਣੇ ਨਾਲ ਦੂਸਰਿਆਂ ਨੂੰ ਵੀ ਠੰਢੀ ਛਾਂ ਦਿੰਦਾ ਹੈ। ਸੋ, ਆਪਣੇ ਉੱਜਵਲ ਭਵਿੱਖ ਲਈ ਆਪਣੇ ਬੱਚਿਆਂ ਨੂੰ ਕਦਰਾਂ-ਕੀਮਤਾਂ ਨਾਮੀ ਗੁੜਤੀ ਜ਼ਰੂਰ ਦੇਈਏ।


-ਕਵਲਪ੍ਰੀਤ ਕੌਰ, ਬਟਾਲਾ (ਗੁਰਦਾਸਪੁਰ)।


ਸੁਚੇਤ ਵੋਟਰ
ਦੇਸ਼ ਵਿਚ ਇਸ ਸਮੇਂ ਲੋਕ ਸਭਾ ਚੋਣਾਂ ਦਾ ਸਿਆਸੀ ਅਖਾੜਾ ਸਜ ਚੁੱਕਾ ਹੈ। ਉਮੀਦਵਾਰਾਂ ਦੁਆਰਾ ਲੋਕਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਹੀਲੇ ਵਰਤੇ ਜਾ ਰਹੇ ਹਨ। ਪੰਜਾਬ ਵਿਚ ਇਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਲੋਕ ਕੁਝ ਹੱਦ ਤੱਕ ਜਾਗਰੂਕ ਹੋਏ ਹਨ ਤੇ ਆਪਣੇ ਹੱਕਾਂ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਵਾਬਦੇਹ ਕਰ ਰਹੇ ਹਨ। ਵਰਤਮਾਨ ਸਮੇਂ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਲੋਕ ਵੋਟਾਂ ਲੈਣ ਆ ਰਹੇ ਉਮੀਦਵਾਰਾਂ ਨੂੰ ਪਿਛਲੇ ਸਮੇਂ ਦੌਰਾਨ ਕੀਤੇ ਵਾਅਦੇ ਯਾਦ ਕਰਾ ਰਹੇ ਹਨ। ਉਹ ਬੇਰੁਜ਼ਗਾਰੀ, ਕਰਜ਼ਾ ਮੁਆਫ਼ੀ, ਗ੍ਰੰਥਾਂ ਦੀ ਬੇਅਦਬੀ ਵਰਗੇ ਸੰਜੀਦਾ ਮੁੱਦਿਆਂ 'ਤੇ ਸਿਆਸੀ ਲੀਡਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ। ਨੌਜਵਾਨ ਜਾਗਰੂਕ ਹੋ ਗਏ ਹਨ, ਉਨ੍ਹਾਂ ਨੂੰ ਆਪਣੇ ਹੱਕਾਂ ਦਾ ਇਲਮ ਹੋ ਗਿਆ ਹੈ। ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਵੀ ਮੁੱਦਿਆਂ ਪ੍ਰਤੀ ਸੰਜੀਦਾ ਹੋ ਕੇ ਚੋਣਾਂ ਲੜਨ ਤੇ ਆਪਣੇ ਮਨੋਰਥ ਪੱਤਰ ਵਿਚ ਜੋ ਵਾਅਦੇ ਕਰਦੀਆਂ ਹਨ, ਉਨ੍ਹਾਂ ਦੀ ਘੋਖ ਪੜਤਾਲ ਕਰਨੀ ਚਾਹੀਦੀ ਹੈ ਕਿ ਕੀ ਉਹ ਸਚਮੁੱਚ ਲਾਗੂ ਕੀਤੇ ਜਾ ਸਕਦੇ ਹਨ ਤਾਂ ਹੀ ਉਹ ਅਜਿਹੇ ਵਾਅਦੇ ਚੋਣ ਮਨੋਰਥ ਪੱਤਰ ਵਿਚ ਕਰਨ ਨਹੀਂ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਫਿਰ ਜਵਾਬਦੇਹ ਹੋਣਾ ਪਊਗਾ, ਕਿਉਂ ਇਹੀ ਭਾਰਤੀ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਕਿ ਇਥੇ ਲੋਕਾਂ ਦਾ ਲੋਕਮਤ ਹੀ ਸਰਕਾਰ ਬਣਾਉਂਦਾ ਤੇ ਡੇਗਦਾ ਹੈ।


-ਕਮਲ ਬਰਾੜ, ਪਿੰਡ ਕੋਟਲੀ ਅਬਲੂ।


ਭਾਸ਼ਾ ਨਿਪੁੰਨਤਾ ਬਾਰੇ ਸੋਚ ਵਿਚਾਰ
ਪੰਜਾਬ ਵਿਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਖ-ਵੱਖ ਬੋਰਡਾਂ ਵਲੋਂ ਐਲਾਨੇ ਨਤੀਜਿਆਂ ਨੂੰ ਸੁਣ ਕੇ ਕਿਤੇ ਖੁਸ਼ੀ ਦੀ ਲਹਿਰ ਹੈ, ਜਿਥੇ ਨਤੀਜੇ ਬਹੁਤ ਉੱਚੇ ਪ੍ਰਤੀਸ਼ਤ 'ਤੇ ਹਨ। ਬਹੁਤ ਵਿਦਿਆਰਥੀ ਬਹੁਤੇ ਵਿਸ਼ਿਆਂ ਵਿਚੋਂ ਸੌ ਫ਼ੀਸਦੀ ਅੰਕ ਵੀ ਲੈ ਕੇ ਗਏ, ਜੋ ਕਿ ਬਹੁਤ ਵਧੀਆ ਅਤੇ ਹੈਰਾਨੀਜਨਕ ਗੱਲ ਹੈ ਪਰ ਜ਼ਿਹਨ ਵਿਚ ਉਸੇ ਵੇਲੇ ਇਕ ਸਵਾਲ ਇਹ ਵੀ ਪੈਦਾ ਹੋਏ ਹਨ ਕਿ 14-15 ਵਰ੍ਹਿਆਂ ਦਾ, ਦਸਵੀਂ ਜਮਾਤ ਦਾ ਵਿਦਿਆਰਥੀ ਜਾਂ ਵਿਦਿਆਰਥਣ ਕੀ ਭਾਸ਼ਾ ਦੇ ਖੇਤਰ ਵਿਚ ਵੀ ਏਨਾ ਸੰਪੂਰਨ ਹੋ ਸਕਦਾ ਹੈ ਕਿ ਉਸ ਤੋਂ ਕੋਈ ਬਿੰਦੂ ਜਿੰਨੀ ਵੀ ਗ਼ਲਤੀ ਵੀ ਨਾ ਹੋਵੇ। ਸੋਚਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਭਾਸ਼ਾ ਚਾਹੇ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਹੈ ਉਸ ਵਿਚ ਮੁਲਾਂਕਣ ਵੇਲੇ ਵਿਆਕਰਣਕ ਨਿਯਮਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਤੇ ਨਿਯਮਾਂ ਦੀ ਅਪੂਰਨਤਾ 'ਤੇ ਗ਼ਲਤੀਆਂ ਦੇ ਨੰਬਰ ਕੱਟੇ ਜਾਂਦੇ ਹਨ। ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹ ਬੱਚੇ ਵਿਆਕਰਣਕ ਤੌਰ 'ਤੇ ਵੀ ਭਾਸ਼ਾ ਵਿਚ ਏਨੀ ਨਿਪੁੰਨਤਾ ਹਾਸਲ ਕਰ ਗਏ ਹਨ? ਜੇ ਅਜਿਹਾ ਹੈ ਤਾਂ ਬਹੁਤ ਮਾਣ ਵਾਲੀ ਗੱਲ ਹੈ।


-ਦਵਿੰਦਰ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਲੀ, ਮਾਨਸਾ।

15-05-2019

 ਵੋਟ ਦੀ ਤਾਕਤ
ਵੋਟ ਇਨਸਾਨ ਦਾ ਇਕ ਮੁੱਢਲਾ ਅਤੇ ਮੌਲਿਕ ਅਧਿਕਾਰ ਹੈ। ਅੱਜ ਦੇ ਸਮੇਂ ਵਿਚ ਵੀ ਕਈ ਇਨਸਾਨਾਂ ਲਈ ਵੋਟ ਦਾ ਮਤਲਬ ਸ਼ਰਾਬ ਦੀ ਬੋਤਲ, ਥੋੜ੍ਹੀ ਜਹੀ ਨਗਦੀ ਜਾਂ ਕੋਈ ਹੋਰ ਲਾਲਚ ਹੈ। ਜਦੋਂ ਕਿ ਉਹ ਇਹ ਨਹੀਂ ਜਾਣਦੇ ਕਿ ਉਹ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਕੇ ਆਪਣੇ ਸਵਾਰਥ ਕਰ ਕੇ ਆਪਣੇ ਭਵਿੱਖ ਨੂੰ ਦਾਅ 'ਤੇ ਲਾ ਦਿੰਦੇ ਹਨ। ਨੇਤਾ ਵੀ ਸਿਰਫ਼ ਇਹੋ ਜਹੇ ਇਨਸਾਨਾਂ ਨੂੰ ਸਿਰਫ਼ ਆਪਣੀਆਂ ਵਿਕਾਊ ਵੋਟਾਂ ਹੀ ਸਮਝਦੇ ਹਨ। ਨੇੇਤਾ ਇਸ ਤਰ੍ਹਾਂ ਦੇ ਵੋਟਰਾਂ ਦੀਆਂ ਵੋਟਾਂ ਦੀ ਖ਼ਰੀਦਦਾਰੀ ਕਰ ਕੇ ਆਪਣੇ ਘਰ, ਪੈਸਾ ਅਤੇ ਜਾਇਦਾਦਾਂ ਬਣਾ ਲੈਂਦੇ ਹਨ, ਕਈ ਤਰ੍ਹਾਂ ਦੇ ਘੋਟਾਲੇ ਕਰਦੇ ਹਨ। ਜਿਸ ਨਾਲ ਦੇਸ਼ ਦੇ ਭਵਿੱਖ ਅਤੇ ਆਰਥਿਕਤਾ ਨੂੰ ਖੋਰਾ ਲੱਗ ਰਿਹਾ ਹੈ।
ਵੋਟਾਂ ਦੇ ਸੀਜ਼ਨ ਵਿਚ ਚੋਣ ਕਮਿਸ਼ਨ ਭਾਵੇਂ ਕਿੰਨੀ ਵੀ ਨਜ਼ਰ ਰੱਖੇ ਪਰ ਸ਼ਾਤਿਰ ਨੇਤਾ ਆਪਣਾ ਦਾਅ ਖੇਡ ਹੀ ਜਾਂਦੇ ਹਨ। ਲੁਭਾਵਣੇ ਵਾਅਦੇ ਕਰ ਕੇ ਜਿੱਤ ਤਾਂ ਜਾਂਦੇ ਹਨ ਪਰ ਬਾਅਦ ਵਿਚ ਵੋਟਰਾਂ ਦੀ ਸਾਰ ਨਹੀਂ ਲੈਂਦੇ। ਇਹੋ ਜਹੇ ਨੇਤਾਵਾਂ ਨੂੰ ਸਿਰਫ਼ ਆਪਣੀ ਰਾਜਗੱਦੀ ਤੱਕ ਮਤਲਬ ਹੁੰਦਾ ਹੈ। ਜੇਕਰ ਵੋਟਰ ਕਿਸੇ ਇਕ ਵਿਸ਼ੇਸ਼ ਪਾਰਟੀ ਨੂੰ ਨਾ ਪਹਿਲ ਦੇ ਕੇ ਇਕ ਵਧੀਆ, ਇਮਾਨਦਾਰ ਅਤੇ ਚੰਗੇ ਆਚਰਣ ਵਾਲੇ ਉਮੀਦਵਾਰ ਨੂੰ ਵੋਟ ਦੇਵੇ ਤਾਂ ਦੇਸ਼ ਦਾ ਭਵਿੱਖ ਸੰਵਰ ਸਕਦਾ ਹੈ।
ਵੋਟਰਾਂ ਲਈ ਆਪਣੀ ਵੋਟ ਦੀ ਤਾਕਤ ਪਹਿਚਾਨਣੀ ਸਮੇਂ ਦੀ ਇਕ ਵੱਡੀ ਲੋੜ ਬਣਦੀ ਜਾ ਰਹੀ ਹੈ। ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ, ਲਾਲਚ ਤੋਂ ਵੋਟ ਪਾਉਣ, ਆਪਣਾ, ਆਪਣੇ ਪਰਿਵਾਰ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ਕਰਨ ਅਤੇ ਦੇਸ਼ ਨੂੰ ਖ਼ੁਸ਼ਹਾਲ ਕਰਨ ਵਿਚ ਆਪਣਾ ਯੋਗਦਾਨ ਪਾਉਣ।


-ਪਰਗਟ ਸੇਹ
ਪਿੰਡ ਤੇ ਡਾਕ. ਸੇਹ ਜ਼ਿਲ੍ਹਾ ਲੁਧਿਆਣਾ।


ਮਨੁੱਖ ਦਾ ਦੁਸ਼ਮਣ ਪਲਾਸਟਿਕ
ਬਿਨਾਂ ਸ਼ੱਕ ਪਲਾਸਟਿਕ ਅੱਜ ਮਨੁੱਖ ਜਾਤੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਵਿਸ਼ਵ ਦਾ ਕੋਈ ਅਜਿਹਾ ਖਿੱਤਾ ਨਹੀਂ ਹੈ, ਜਿਥੇ ਇਸ ਦੀ ਵਰਤੋਂ ਨਾ ਹੁੰਦੀ ਹੋਵੇ। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਜਿਥੇ ਇਸ ਨੇ ਮਨੁੱਖੀ ਜ਼ਿੰਦਗੀ ਨੂੰ ਕੁਝ ਸੁਖਾਵਾਂ ਕੀਤਾ ਹੈ, ਉਥੇ ਇਹ ਪ੍ਰਦੂਸ਼ਣ ਫੈਲਾਉਣ ਅਤੇ ਕਚਰਾ ਪੈਦਾ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਪਲਾਸਟਿਕ ਤੋਂ ਪੈਦਾ ਹੋਇਆ ਕਚਰਾ ਨਾ ਗਲ ਕੇ ਜ਼ਮੀਨੀ ਸ਼ਕਤੀ, ਨਦੀਆਂ, ਝੀਲਾਂ ਦਰਿਆਵਾਂ ਆਦਿ ਕੁਦਰਤੀ ਸੋਮਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸੈਂਕੜੇ ਸਾਲਾਂ ਤੱਕ ਧਰਤੀ 'ਤੇ ਜਿਉਂ ਦੀ ਤਿਉਂ ਕਾਇਮ ਰਹਿੰਦਾ ਹੈ। ਪਲਾਸਟਿਕ ਮਨੁੱਖ ਜਾਤੀ ਦਾ ਅਦਿੱਖ ਦੁਸ਼ਮਣ ਹੈ, ਜੋ ਉਸ ਦੀ ਸਿਹਤ ਨਾਲ ਚੁੱਪ-ਚੁਪੀਤੇ ਖਿਲਵਾੜ ਕਰ ਰਿਹਾ ਹੈ। 80 ਤੋਂ 85 ਫ਼ੀਸਦੀ ਲੋਕਾਂ ਨੂੰ ਇਸ ਦੇ ਕੁਪ੍ਰਭਾਵਾਂ ਬਾਰੇ ਉੱਕਾ ਹੀ ਗਿਆਨ ਨਹੀਂ।
ਉਹ ਆਪਣੇ ਲਈ ਇਸ ਨੂੰ ਸਭ ਤੋਂ ਸੌਖਾ ਅਤੇ ਸਸਤਾ ਸਾਧਨ ਸਮਝ ਕੇ ਇਸ ਦੀ ਨਿਰੰਤਰ ਵਰਤੋਂ ਕਰ ਰਹੇ ਹਨ। ਅੱਜ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਪਲਾਸਟਿਕ ਦੀ ਮਾਰ ਹੇਠ ਹੈ। ਪਲਾਸਟਿਕ ਦੇ ਨਿਪਟਾਰੇ ਲਈ ਲੋਕਾਂ ਅਤੇ ਰਾਜ ਸਰਕਾਰਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।


-ਸੁਖਮੰਦਰ ਸਿੰਘ ਤੂਰ
ਖੋਸਾ ਪਾਂਡੋ (ਮੋਗਾ)।


ਸਰਕਾਰੀ ਬੇਨਿਯਮੀਆਂ
ਹਰਵਿੰਦਰ ਸਿੰਘ ਸੰਧੂ ਨੇ ਆਪਣੇ ਲੇਖ ਵਿਚ ਸਰਕਾਰੀ ਸਕੂਲਾਂ ਵਿਚ ਆਏ ਨਿਘਾਰ ਦੀ ਗੱਲ ਵਿਸਥਾਰ ਨਾਲ ਕੀਤੀ ਹੈ। ਅੱਜ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਮਿਆਰ ਦਿਨੋ-ਦਿਨ ਹੇਠਾਂ ਨੂੰ ਜਾ ਰਿਹਾ ਹੈ।
ਸਰਕਾਰਾਂ ਇਸ ਮਸਲੇ 'ਤੇ ਕਦੇ ਗੰਭੀਰ ਨਹੀਂ ਹੋਈਆਂ। ਪਿੰਡਾਂ ਵਿਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਬਦਤਰ ਹੈ। ਕਈਆਂ ਸਕੂਲਾਂ ਵਿਚ ਤਾਂ ਅਵਾਰਾ ਪਸ਼ੂ ਫਿਰਦੇ ਰਹਿੰਦੇ ਹਨ ਤੇ ਚਾਰਦੀਵਾਰੀਆਂ ਦੇ ਨਾਲ ਪਸ਼ੂ ਬੰਨ੍ਹੇ ਹੁੰਦੇ ਹਨ। ਕੇਵਲ ਗ਼ਰੀਬਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਉਹ ਵੀ ਮੁਫ਼ਤ ਖਾਣਾ, ਮੁਫ਼ਤ ਵਰਦੀਆਂ ਤੇ ਵਜ਼ੀਫ਼ਿਆਂ ਦੇ ਲਾਲਚ ਨੂੰ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਹਿਕਮੇ ਦੇ ਨਾਦਰਸ਼ਾਹੀ ਫੁਰਮਾਨ ਹੀ ਪੜ੍ਹਾਈ ਨਹੀਂ ਕਰਾਉਣ ਦਿੰਦੇ। ਸਮੇਂ ਸਿਰ ਪੁਸਤਕਾਂ ਦਾ ਨਾ ਮਿਲਣਾ ਵੀ ਪੜ੍ਹਾਈ ਲਈ ਰੁਕਾਵਟ ਬਣਦਾ ਹੈ।
ਹੁਣ ਵਰਦੀਆਂ ਦੇ ਘਟੀਆ ਮਿਆਰ ਦਾ ਰੌਲਾ ਵੀ ਪੈ ਰਿਹਾ ਹੈ। ਪੰਚਾਇਤਾਂ ਅਤੇ ਰਾਜਨੀਤਕ ਨੇਤਾਵਾਂ ਨੂੰ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਪੜ੍ਹਾਈ ਪ੍ਰਤੀ ਸੁਹਿਰਦ ਹੋਣਾ ਪਵੇਗਾ। ਪੜ੍ਹਾਈ ਦੇ ਨਾਂਅ 'ਤੇ ਅਖੌਤੀ ਪ੍ਰਾਈਵੇਟ ਸਕੂਲ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਟੋਲ ਪਲਾਜ਼ਿਆਂ ਦੀ ਸਿਰਦਰਦੀ
ਪਿਛਲੇ ਦਿਨੀਂ ਅਖ਼ਬਾਰ ਵਿਚ ਸ: ਮੇਜਰ ਸਿੰਘ ਨਾਭਾ ਦਾ ਲੇਖ ਟੋਲ ਪਲਾਜ਼ਿਆਂ ਬਾਰੇ ਪੜ੍ਹਿਆ। ਵਾਕਈ ਉਨ੍ਹਾਂ ਨੇ ਪੰਜਾਬੀਆਂ ਦੀ ਦੁਖਦੀ ਰਗ ਦਾ ਸਹੀ ਤਰੀਕੇ ਨਾਲ ਬਿਆਨ ਕੀਤਾ। ਸਰਕਾਰ ਨੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਤਾਂ ਕੀ ਦੇਣੀਆਂ ਹਨ ਸਗੋਂ ਉਨ੍ਹਾਂ ਦੀ ਜੁੱਤੀ ਉਨ੍ਹਾਂ ਦੇ ਸਿਰ 'ਤੇ ਹੀ ਮਾਰ ਰਹੀ ਹੈ। ਘਰੋਂ ਬਾਹਰ ਜਾਣ ਬਾਰੇ ਹੀ ਚਾਰ ਵਾਰੀ ਸੋਚਣਾ ਪੈਂਦਾ ਹੈ। ਅਸੀਂ ਨੌਕਰੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਚੱਕਰ ਵਿਚ ਮੁਹਾਲੀ ਰਹਿੰਦੇ ਹਾਂ ਤੇ ਸਾਡੇ ਮਾਪੇ ਬਠਿੰਡੇ ਤੋਂ ਪਰ੍ਹੇ। ਹੁਣ ਉਨ੍ਹਾਂ ਨੂੰ ਮਿਲਣ ਤਾਂ ਜਾਣਾ ਹੀ ਪੈਂਦਾ ਹੈ। ਸਾਡਾ ਘੱਟੋ-ਘੱਟ 600 ਰੁਪਏ ਤਾਂ ਟੋਲ ਟੈਕਸ ਹੀ ਲੱਗ ਜਾਂਦਾ ਹੈ। ਆਮ ਆਦਮੀ ਮਰ ਕੇ ਚਾਰ ਪੈਸੇ ਕਮਾਉਂਦਾ ਹੈ ਤੇ ਉਹ ਵੀ ਸਰਕਾਰ ਕੱਢ ਲੈਂਦੀ ਹੈ ਉਸ ਦੀ ਜੇਬ ਵਿਚੋਂ ਟੈਕਸ ਦੇ ਨਾਂਅ 'ਤੇ। ਕੋਈ ਕਰੇ ਤਾਂ ਕੀ ਕਰੇ। ਟੋਲ ਸੜਕਾਂ ਦੀ ਹੀ ਏਨੀ ਮਾੜੀ ਹਾਲਤ ਹੁੰਦੀ ਹੈ ਤੇ ਆਮ ਸੜਕਾਂ ਤੇ ਲਿੰਕ ਰੋਡਾਂ ਦਾ ਤਾਂ ਕੀ ਕਹਿਣਾ। ਉਹੀ ਅਵਾਰਾ ਪਸ਼ੂ ਸੜਕਾਂ 'ਤੇ ਘੁੰਮ ਰਹੇ ਹੁੰਦੇ ਹਨ ਤੇ ਉਹੀ ਸੜਕ ਹਾਦਸੇ ਹੋ ਰਹੇ ਹੁੰਦੇ ਹਨ। ਸਰਕਾਰ ਜਿਹੜੀ ਮਰਜ਼ੀ ਆਵੇ ਜਾਵੇ ਪਰ ਆਮ ਆਦਮੀ ਦੀਆਂ ਮੁਸ਼ਕਿਲਾਂ ਉਥੇ ਹੀ ਰਹਿਣਗੀਆਂ ਤਾਂ ਹੀ ਤਾਂ ਅੱਜਕਲ੍ਹ ਦੀ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ।


-ਮੀਨਾਕਸ਼ੀ ਦੱਤਾ, ਮੁਹਾਲੀ।


ਅਸਲੀ ਚੋਣ ਮੁੱਦੇ ਗਾਇਬ
ਅੱਜਕੱਲ੍ਹ ਹਰ ਇਕ ਸ਼ਹਿਰ, ਕਸਬੇ ਵਿਚ ਹਰ ਪਾਰਟੀ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਦੌਰਾਨ ਕਿਸੇ ਵੀ ਉਮੀਦਵਾਰ ਵਲੋਂ ਹਲਕੇ ਪ੍ਰਤੀ ਕੋਈ ਵਿਜ਼ਨ ਨਹੀਂ ਪੇਸ਼ ਕੀਤਾ ਜਾ ਰਿਹਾ ਹੈ। ਹਰ ਕੋਈ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਭੰਡਣ 'ਤੇ ਹੀ ਲੱਗਿਆ ਹੋਇਆ ਹੈ।
ਸਾਡੇ ਦੇਸ਼ ਵਿਚ ਕਿਸਾਨੀ ਸੰਕਟ, ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਸਮਾਜਿਕ ਸੁਰੱਖਿਆ, ਨਸ਼ੇ, ਇਨਸਾਫ਼ ਵਿਚ ਦੇਰੀ, ਖੁੱਸ ਰਹੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਅਤੇ ਵਧ ਰਹੀ ਮਹਿੰਗਾਈ ਵਰਗੇ ਮੁੱਦਿਆਂ ਉੱਪਰ ਕੋਈ ਉਮੀਦਵਾਰ ਆਪਣਾ ਦ੍ਰਿਸ਼ਟੀਕੋਣ ਪੇਸ਼ ਨਹੀਂ ਕਰ ਰਿਹਾ। ਅੱਜ ਲੋੜ ਹੈ ਕਿ ਕਿਰਦਾਰਕੁਸ਼ੀ ਛੱਡ ਕੇ ਮੁਲਕ ਦੀਆਂ ਸਮੱਸਿਆਵਾਂ ਪ੍ਰਤੀ ਆਪੋ-ਆਪਣਾ ਵਿਜ਼ਨ ਪੇਸ਼ ਕੀਤਾ ਜਾਵੇ। ਸਾਰੇ ਉਮੀਦਵਾਰ ਕਿਸੇ ਜਨਤਕ ਥਾਂ ਉੱਪਰ ਇਨ੍ਹਾਂ ਮੁੱਦਿਆਂ ਪ੍ਰਤੀ ਆਪਣੀ ਪਹੁੰਚ ਬਾਰੇ ਜਨਤਾ ਦੇ ਰੂ-ਬ-ਰੂ ਹੋਣ, ਤਦ ਹੀ ਦੇਸ਼ ਹਿੱਤਾਂ ਦੀ ਭਲਾਈ ਹੋ ਸਕਦੀ ਹੈ।


-ਲੈਕਚਰਾਰ ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ, ਪਟਿਆਲਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX