ਤਾਜਾ ਖ਼ਬਰਾਂ


ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 23 ਸਤੰਬਰ ( ਸੁਰਿੰਦਰ ਸਿੰਘ ਵਰਪਾਲ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ...
ਸੰਗਤਾਂ ਲਈ ਤੋਹਫ਼ਾ,ਦਿੱਲੀ-ਲੋਹੀਆਂ ਖ਼ਾਸ 'ਇੰਟਰਸਿਟੀ ਸੁਪਰ ਫਾਸਟ' ਰੇਲ ਗੱਡੀ 4 ਅਕਤੂਬਰ ਤੋਂ ਚੱਲੇਗੀ
. . .  about 1 hour ago
ਲੋਹੀਆਂ ਖ਼ਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਮਨਾਉਣ ਲਈ...
ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ 'ਚ ਮੌਸਮ ਤਬਦੀਲੀ ਬਾਰੇ ਬੋਲੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ
. . .  about 1 hour ago
ਛੇਹਰਟਾ : ਅਚਾਨਕ ਹੋਏ ਧਮਾਕੇ 'ਚ 2 ਵਿਅਕਤੀਆਂ ਦੀ ਮੌਤ, 7 ਜ਼ਖਮੀ
. . .  about 3 hours ago
ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ....
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
. . .  about 3 hours ago
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ ਰੋਡ ਟਾਂਗਰਾ 'ਤੇ ਇਕ ਤੇਜ ਰਫ਼ਤਾਰ ਸਵਿਫ਼ਟ ਕਾਰ ਮੋਟਰਸਾਈਕਲ ਦੇ ਪਿਛਲੇ ਪਾਸਿਉਂ ਟਕਰਾ ਗਈ ...
ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ
. . .  about 3 hours ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ...
ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  1 minute ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  about 4 hours ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  about 4 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਤੁਹਾਡੇ ਖ਼ਤ

19-08-2019

 ਖ਼ਤਮ ਹੋ ਰਹੀ ਸਾਕਾਰਾਤਮਕ ਸੋਚ
ਅਜੋਕੇ ਮਨੁੱਖ ਨੇ ਭਾਵੇਂ ਬਹੁਤ ਸਾਰੇ ਖੇਤਰਾਂ ਵਿਚ ਤਰੱਕੀ ਕਰ ਲਈ ਹੈ ਪਰ ਅੱਜ ਵੀ ਸਮਾਜ ਦਾ ਇਕ ਵੱਡਾ ਹਿੱਸਾ 'ਮਾਨਸਿਕਤਾ ਦੀ ਬਿਮਾਰੀ' ਤੋਂ ਪੀੜਤ ਹੈ। ਨਾਗਰਿਕਾਂ ਵਿਚ ਭਾਈਚਾਰਕ ਸਾਂਝ, ਸਹਿਣਸ਼ੀਲਤਾ, ਵਿਸ਼ਵਾਸ, ਸੰਜਮ ਅਤੇ ਅਗਾਂਹਵਧੂ ਸੋਚ ਦਿਨੋ-ਦਿਨ ਘਟ ਰਹੀ ਹੈ। ਰੋਜ਼ਾਨਾ ਹੀ ਅਨੇਕਾਂ ਕਤਲ, ਖੁਦਕੁਸ਼ੀਆਂ, ਚੋਰੀਆਂ ਅਤੇ ਜਬਰ-ਜਨਾਹ ਹੋ ਰਹੇ ਹਨ। ਭਰਾ-ਭਰਾ ਨੂੰ, ਪੁੱਤਰ-ਪਿਤਾ ਨੂੰ, ਪਿਤਾ-ਪੁੱਤਰ ਨੂੰ ਨਿੱਕੀ-ਨਿੱਕੀ ਗੱਲ 'ਤੇ ਮੌਤ ਦੇ ਘਾਟ ਉਤਾਰ ਰਿਹਾ ਹੈ। ਦਰਿੰਦਗੀ ਦੀ ਹੱਦ ਉਦੋਂ ਟੁੱਟ ਜਾਂਦੀ ਹੈ ਜਦੋਂ ਕੋਈ ਦਰਿੰਦਾ ਔਰਤਾਂ ਜਾਂ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ। ਅਜਿਹੀਆਂ ਘਟਨਾਵਾਂ ਕਰਕੇ ਜਿਥੇ ਰੂਹ ਕੰਬ ਉੱਠਦੀ ਹੈ, ਉਥੇ ਸਮਾਜ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।
ਆਖਰ ਕਿਉਂ ਇਹ ਹਨੇਰਗਰਦੀ ਇਸ ਪਵਿੱਤਰ ਧਰਤੀ 'ਤੇ ਆਪਣੇ ਪੈਰ ਪਸਾਰ ਰਹੀ ਹੈ? ਅਸੀਂ ਇਸ ਦਾ ਸਾਰਾ ਜ਼ਿੰਮਾ ਸਰਕਾਰ ਸਿਰ ਨਹੀਂ ਭੰਨ ਸਕਦੇ। ਵਰਤਮਾਨ ਸਮੇਂ ਦੀ ਮੁੱਖ ਲੋੜ ਹੈ ਕਿ ਸਾਡੇ ਅਧਿਆਪਕਾਂ, ਪੜ੍ਹੇ-ਲਿਖੇ ਲੋਕਾਂ, ਬੁੱਧੀਜੀਵੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਲੋਕਾਂ ਵਿਚ ਸਾਕਾਰਾਤਮਿਕ ਸੋਚ ਪੈਦਾ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਵਿਕਾਸ ਦੀ ਰਫਤਾਰ ਵਿਚ ਸਮਾਜਿਕ ਕਦਰਾਂ-ਕੀਮਤਾਂ ਬਹੁਤ ਪਿੱਛੇ ਨਾ ਰਹਿ ਜਾਣ।

-ਗੁਰਪ੍ਰੀਤ ਸਿੰਘ ਔਲਖ,
ਪਿੰਡ ਦਿਆਲਗੜ੍ਹ, ਬਟਾਲਾ।

ਨਸ਼ਿਆਂ ਅਤੇ ਖੁਦਕੁਸ਼ੀਆਂ ਨਾਲ ਮੌਤਾਂ
ਪੰਜਾਬ 'ਚ ਜਿਥੇ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਕਿਸਾਨ ਖੁਦਕੁਸ਼ੀਆਂ ਵਿਚ ਵਾਧਾ ਹੋਇਆ ਹੈ, ਉਥੇ ਹੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਹਰੇਕ ਇਨਸਾਨ ਰੋਜ਼ਾਨਾ ਅਖ਼ਬਾਰਾਂ ਵਿਚ ਅਜਿਹੀਆਂ ਖ਼ਬਰਾਂ ਪੜ੍ਹ ਕੇ, ਠੰਢਾ ਹੌਕਾ ਲੈ ਕੇ, ਬੇਵੱਸ ਹੋਇਆ ਚੁੱਪ ਕਰਕੇ ਬੈਠ ਜਾਂਦਾ ਹੈ, ਕਿਉਂਕਿ ਬੇਰੁਜ਼ਗਾਰੀ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਨੌਜਵਾਨ ਹੱਥਾਂ ਵਿਚ ਡਿਗਰੀਆਂ ਫੜ ਕੇ ਵਿਹਲੇ ਫਿਰ ਰਹੇ ਹਨ। ਪੰਜਾਬ ਵਿਚ ਹਰੇਕ ਸਾਲ ਲੱਖਾਂ ਹੀ ਨੌਜਵਾਨ ਕਈ ਹਜ਼ਾਰ ਕਰੋੜ ਖਰਚ ਕਰਕੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ, ਜਿਸ ਨਾਲ ਪੰਜਾਬ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਰਿਹਾ ਹੈ। ਸਰਕਾਰ ਨੂੰ ਜਿਥੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਂਦੇ ਮੁਆਵਜ਼ੇ ਦੀ ਰਕਮ ਨੂੰ ਵੰਡਣ ਦੀਆਂ ਸ਼ਰਤਾਂ ਨੂੰ ਸੌਖਾ ਕਰਨਾ ਚਾਹੀਦਾ ਹੈ, ਉਥੇ ਹੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਠੋਸ ਪ੍ਰਬੰਧ ਕਰਨ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।

ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ
ਵਿਦੇਸ਼ਾਂ ਵਿਚ ਵਸਦੇ ਸਾਡੇ ਪੰਜਾਬੀ ਭੈਣ-ਭਰਾਵਾਂ ਦੀਆਂ ਖ਼ਬਰਾਂ ਰੋਜ਼ ਆਉਂਦੀਆਂ ਹਨ ਕਿ ਕੋਈ ਕਤਲ ਹੋ ਗਿਆ ਅਤੇ ਕੋਈ ਕਿਸੇ ਦੁਰਘਟਨਾ ਵਿਚ ਮਾਰਿਆ ਗਿਆ। ਏਨੀਆਂ ਤ੍ਰਾਸਦੀਆਂ ਤੋਂ ਬਾਅਦ ਵੀ ਨੌਜਵਾਨਾਂ ਨੂੰ ਵਿਦੇਸ਼ ਆਪਣੇ ਦੇਸ਼ ਨਾਲੋਂ ਜ਼ਿਆਦਾ ਚੰਗਾ ਲਗਦਾ ਹੈ। ਨੌਜਵਾਨ ਭੁੱਲ ਰਹੇ ਹਨ ਕਿ ਜੇ ਉਹ ਪੰਜਾਬ 'ਚ ਰਹਿਣ ਅਤੇ ਜੇ ਇਥੇ ਹੀ ਮਿਹਨਤ ਕਰਨ ਤਾਂ ਪੰਜਾਬ ਨੂੰ ਉਹ ਪਹਿਲਾਂ ਵਾਲਾ ਪੰਜਾਬ ਬਣਨ ਵਿਚ ਦੇਰੀ ਨਹੀਂ ਲੱਗੇਗੀ। ਵਿਦੇਸ਼ਾਂ ਵੱਲ ਚਾਹੇ ਨੌਜਵਾਨ ਆਪਣੇ ਪੈਰ ਅੱਗੇ ਵਧਾ ਰਹੇ ਹਨ ਪਰ ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ਹੈ। ਵਿਦੇਸ਼ਾਂ ਵਿਚ ਪੰਜਾਬ ਵਰਗੇ ਬੰਦੇ, ਮਾਂ ਵਰਗਾ ਪਿਆਰ, ਬਾਪੂ ਵਰਗੀ ਝਿੜਕ ਤੇ ਇਥੋਂ ਦਾ ਸੁਖ ਵਾਲਾ ਮਾਹੌਲ ਨਹੀਂ ਮਿਲ ਸਕਦਾ।

-ਹਰਿੰਦਰਜੀਤ ਸਿੰਘ ਦਿਲਮੋਹਨ ਗਰਚਾ,
ਆਤਮ ਨਗਰ, ਜਗਰਾਉਂ।

ਨਸ਼ਿਆਂ ਵਿਰੁੱਧ ਹੰਭਲਾ
ਅੱਜਕਲ੍ਹ ਸਮੇਂ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਸਬੰਧੀ ਖ਼ਬਰਾਂ ਆਮ ਹੀ ਅਖ਼ਬਾਰਾਂ 'ਚ ਛਪਦੀਆਂ ਰਹਿੰਦੀਆਂ ਹਨ। ਜਿਥੇ ਸਰਕਾਰਾਂ ਨੂੰ ਨਸ਼ੇ 'ਤੇ ਰੋਕਥਾਮ ਲਈ ਸੰਜੀਦਾ ਕਦਮ ਚੁੱਕਣੇ ਚਾਹੀਦੇ ਹਨ, ਉਥੇ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਗ਼ਲਤ ਸੰਗਤ ਦਾ ਸ਼ਿਕਾਰ ਨਾ ਹੋਣ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਦਿਨ-ਬਦਿਨ ਬਹੁਤ ਵਿਗਾੜ ਆ ਰਿਹਾ ਹੈ।
ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ। ਨਸ਼ਿਆਂ ਦੇ ਆਦੀ ਹੋ ਕੇ ਉਹ ਸਮਾਜ ਤੇ ਦੇਸ਼ 'ਤੇ ਭਾਰ ਬਣਦੇ ਹਨ। ਉਨ੍ਹਾਂ ਦੇ ਨਸ਼ੇੜੀ ਹੋਣ ਕਾਰਨ ਮਾਪੇ ਵੀ ਬਹੁਤ ਦੁਖੀ ਹੁੰਦੇ ਹਨ। ਨਸ਼ੇ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ। ਨਸ਼ੇ ਕਾਨੂੰਨੀ ਮਸਲੇ ਦੇ ਨਾਲ-ਨਾਲ ਸਮਾਜਿਕ ਮਸਲਾ ਵੀ ਹਨ। ਜਦ ਤੱਕ ਸਮਾਜ ਇਨ੍ਹਾਂ ਨੂੰ ਖ਼ਤਮ ਕਰਨ ਦਾ ਪ੍ਰਣ ਨਹੀਂ ਕਰਦਾ, ਸਰਕਾਰਾਂ ਤੇ ਪੁਲਿਸ ਦੇ ਯਤਨ ਵੀ ਕਾਰਗਰ ਸਿੱਧ ਨਹੀਂ ਹੋ ਸਕਦੇ। ਇਸ ਲਈ ਸਭ ਇਨ੍ਹਾਂ ਵਿਰੁੱਧ ਹੰਭਲਾ ਮਾਰਨ।

-ਸੁਰਿੰਦਰ ਸਿੰਘ ਗੋਗੀ,
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

ਜ਼ਿੰਦਗੀ ਦੀ ਖੁਰਾਕ
ਬੱਬੂ ਤੀਰ ਹੁਰਾਂ ਦੀ 'ਨੇੜਿਓਂ ਤੱਕੀ' ਜ਼ਿੰਦਗੀ ਨੂੰ ਸਹੀ ਤਰ੍ਹਾਂ ਨਾਲ ਜਿਊਣ ਦੀ ਵਿਉਂਤਬੰਦੀ ਵੱਲ ਇਸ਼ਾਰਾ ਕਰਦੀ ਹੈ। ਅੱਜਕਲ੍ਹ ਸਾਡੀ ਜ਼ਿੰਦਗੀ ਵਿਚ ਜ਼ਿੰਦਾਦਿਲੀ ਰਹਿ ਹੀ ਕਿਥੇ ਗਈ ਹੈ? ਨਿੱਕੀ-ਨਿੱਕੀ ਗੱਲ 'ਤੇ ਨੀਵਾਣਾਂ ਵੱਲ ਵਹਿ ਤੁਰਦੇ ਹਾਂ। ਕਦੇ ਸੋਚਿਆ ਹੀ ਨਹੀਂ ਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਸਭ ਕੁਝ ਹੁੰਦਿਆਂ-ਸੁੰਦਿਆਂ ਹੌਕੇ ਲਈ ਜਾਂਦੇ ਹਾਂ। ਪਲਾਂ ਵਿਚ ਕਿਉਂ ਜਾਪਣ ਲੱਗ ਜਾਂਦਾ ਹੈ ਜਿਵੇਂ ਸਦੀਆਂ ਦੇ ਬਿਮਾਰ ਹੋਈਏ। ਗੱਲ ਵਿਚੋਂ ਕੁਝ ਵੀ ਨਹੀਂ ਹੁੰਦੀ। ਔਖਿਆਈਆਂ, ਦੁਸ਼ਵਾਰੀਆਂ ਤਾਂ ਜ਼ਿੰਦਗੀ ਦਾ ਇਕ ਹਿੱਸਾ ਹਨ। ਜਿਹੜਾ ਸ਼ਖ਼ਸ ਕਦੇ ਬਿਮਾਰ ਨਹੀਂ ਹੋਇਆ, ਉਸ ਨੂੰ ਤੰਦਰੁਸਤੀ ਦਾ ਕੀ ਮਜ਼ਾ? ਬੇਵਜ੍ਹਾ ਭੀੜ ਵਿਚ ਗੁਆਚਣਾ ਕਿਥੋਂ ਦੀ ਅਕਲਮੰਦੀ? ਆਪਣੇ-ਆਪ ਨੂੰ ਸਜ਼ਾ ਕਾਹਦੇ ਲਈ? ਜ਼ਿੰਦਗੀ ਜ਼ਹਿਰ ਦੇ ਘੁੱਟ ਭਰਨ ਲਈ ਨਹੀਂ। ਅਕਲਮੰਦੀ ਇਸੇ ਵਿਚ ਹੈ ਕਿ ਤਕਲੀਫ ਜਾਂ ਪ੍ਰੇਸ਼ਾਨੀ ਸਥਾਈ ਨਹੀਂ ਹੁੰਦੀ, ਹੱਸ ਕੇ ਇਨ੍ਹਾਂ ਦਾ ਮੁਕਾਬਲਾ ਕਰੋ। ਅਣਸੁਲਝੇ ਸਵਾਲ ਸਮਾਂ ਪਾ ਕੇ ਆਪੇ ਹੱਲ ਹੋ ਜਾਂਦੇ ਹਨ, ਬਹੁਤਾ ਫਿਕਰ ਵੀ ਸਰੀਰ ਲਈ ਘੁਣ ਵਾਂਗ ਹੁੰਦਾ ਹੈ।
ਪਿਆਰ ਨਾਲ ਬੋਲੇ ਲਫ਼ਜ਼ ਆਪਣੇ ਲਈ ਅਤੇ ਅਗਲੇ ਲਈ ਵਰਦਾਨ ਸਾਬਤ ਹੋ ਜਾਂਦੇ ਹਨ। ਵਕਤ ਕਦੇ ਮਾੜਾ ਨਹੀਂ ਹੁੰਦਾ। ਗੱਲ ਸਾਡੇ ਮਹਿਸੂਸ ਕਰਨ ਜਾਂ ਸਮਝਣ ਦੀ ਹੁੰਦੀ ਹੈ। ਕਾਲੀ-ਬੋਲੀ ਰਾਤ ਪਿੱਛੋਂ ਸੁਨਹਿਰੀ ਸੂਰਜ ਨੇ ਉਗਮਣਾ ਹੀ ਹੁੰਦਾ ਹੈ, ਦੁੱਖ ਤੋਂ ਸੁਖ ਆ ਜਾਣ ਵਾਂਗ। ਇਸੇ ਲਈ ਤੀਰ ਹੁਰਾਂ ਕਿਹਾ ਹੈ ਕਿ ਜ਼ਿੰਦਾਦਿਲੀ ਦਾ ਨਾਂਅ ਹੈ ਜ਼ਿੰਦਗੀ। ਇਹ ਲਫ਼ਜ਼ ਹੀ ਨਹੀਂ, ਮਾਣਕ-ਮੋਤੀ ਹਨ ਜ਼ਿੰਦਗੀ ਲਈ।

-ਜਗਤਾਰ ਗਿੱਲ,
ਬੱਲ ਸਚੰਦਰ, ਅੰਮ੍ਰਿਤਸਰ।

ਬੱਚਿਆਂ ਦੇ ਸਿਰ ਦੀ ਛੱਤਰੀ ਹੈ ਬਾਪ
ਇਹ ਗੱਲ ਬਿਲਕੁਲ ਸੱਚ ਹੈ ਕਿ ਬੱਚਿਆਂ ਦੇ ਸਿਰ ਦੀ ਛਤਰੀ ਇਕ ਬਾਪ ਹੈ, ਕਿਉਂਕਿ ਜਿਸ ਬੱਚੇ ਦੇ ਸਿਰ ਉੱਤੋਂ ਬਾਪ ਦਾ ਸਾਇਆ ਉੱਠ ਜਾਂਦਾ ਹੈ ਜਾਂ ਜਿਸ ਬੱਚੇ ਦਾ ਬਾਪ ਬੱਚੇ ਨੂੰ ਛੋਟੀ ਉਮਰੇ ਹੀ ਛੱਡ ਕੇ ਚਲਾ ਜਾਂਦਾ ਹੈ, ਉਸ ਬੱਚੇ ਲਈ ਸਾਰੀ ਉਮਰ ਮੁਸ਼ਕਿਲ ਭਰੀ ਹੋ ਜਾਂਦੀ ਹੈ, ਕਿਉਂਕਿ ਇਕ ਬਾਪ ਬੱਚਿਆਂ ਅਤੇ ਪਰਿਵਾਰ ਲਈ ਤਲਵਾਰ ਦੀ ਧਾਰ ਹੁੰਦੀ ਹੈ। ਜਿਸ ਬੱਚੇ ਅਤੇ ਪਰਿਵਾਰ 'ਤੇ ਜੋ ਮੁਸ਼ਕਿਲ ਪੈਂਦੀ ਹੈ, ਉਹ ਸਿਰਫ ਉਨ੍ਹਾਂ ਨੂੰ ਹੀ ਪਤਾ ਹੁੰਦਾ ਹੈ, ਬਾਕੀ ਸਭ ਰਿਸ਼ਤੇਦਾਰ ਤਾਂ ਸੁਖ ਦੇ ਹੀ ਸਾਥੀ ਹੁੰਦੇ ਹਨ, ਦੁੱਖ ਦੀ ਘੜੀ ਦੇ ਸਮੇਂ ਕੋਈ ਵੀ ਰਿਸ਼ਤੇਦਾਰ ਸਾਥੀ ਨਹੀਂ ਹੁੰਦਾ। ਕੋਈ ਪਰਮਾਤਮਾ ਦਾ ਦੁਨੀਆ ਉੱਤੇ ਭੇਜਿਆ ਹੋਇਆ ਹੀ ਫਰਿਸ਼ਤਾ ਹੋਵੇਗਾ, ਜੋ ਕਿਸੇ ਬੱਚਿਆਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰੇਗਾ ਜਾਂ ਪਰਿਵਾਰ ਦੀ ਮਦਦ ਕਰੇਗਾ। ਜੋ ਕਿਸੇ ਬੱਚਿਆਂ ਅਤੇ ਪਰਿਵਾਰ 'ਤੇ ਦੁੱਖ ਬੀਤਦਾ ਹੈ, ਉਹ ਸਿਰਫ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹੀ ਪਤਾ ਹੁੰਦਾ ਹੈ। ਕਹਿੰਦੇ ਹਨ ਮਾਂ-ਬਾਪ ਬਿਨਾਂ ਤਾਂ ਕਾਂ ਵੀ ਰੋਟੀ ਹੱਥੋਂ ਖੋਹ ਲੈਂਦਾ ਹੈ ਤਾਂ ਕਿਸੇ ਰਿਸ਼ਤੇਦਾਰ ਨੇ ਕੀ ਪੁੱਛਣਾ? ਸਿਆਣੇ ਕਹਿੰਦੇ ਹਨ ਕਿ ਗਰੀਬੀ ਤਾਂ ਕੱਟੀ ਜਾਵੇਗੀ ਪਰ ਬੱਚਿਆਂ ਅਤੇ ਪਰਿਵਾਰ 'ਤੇ ਪਿਆ ਅਜਿਹਾ ਦੁੱਖ ਕੱਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

-ਵਿਵੇਕ ਗਰਗ (ਸ਼ੰਟੀ),
ਮੰਡੀ ਮੁੱਲਾਂਪੁਰ।

ਵਿਆਹਾਂ ਵਿਚ ਅਸ਼ਲੀਲ ਗੀਤਾਂ ਤੇ ਹਥਿਆਰ 'ਤੇ ਰੋਕ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਛਪੀ ਖ਼ਬਰ ਪੜ੍ਹ ਕੇ ਬਹੁਤ ਵਧੀਆ ਲੱਗਾ ਕਿ ਹਾਈ ਕੋਰਟ ਨੇ ਪੰਜਾਬ ਵਿਚ ਵਜਦੇ ਅਸ਼ਲੀਲ, ਸ਼ਰਾਬ ਤੇ ਹਥਿਆਰਾਂ ਤੋਂ ਇਲਾਵਾ ਹੁੱਲੜਬਾਜ਼ੀ ਤੇ ਹਿੰਸਾ ਨੂੰ ਉਤਸ਼ਾਹ ਦੇਣ ਵਾਲੇ ਗੀਤਾਂ ਦੇ ਖੁੱਲ੍ਹੇ ਵਿਚ ਚੱਲਣ 'ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਗੀਤਾਂ ਨਾਲ ਜਿਥੇ ਪੰਜਾਬੀ ਸੱਭਿਆਚਾਰ ਨੂੰ ਠੀਸ ਪਹੁੰਚਦੀ ਹੈ, ਉਥੇ ਪੰਜਾਬ ਵਿਚ ਗੈਂਗ ਕਲਚਰ ਉੱਭਰਦਾ ਹੈ, ਜੋ ਸਾਡੀ ਹੁਣ ਵਾਲੀ ਪੀੜ੍ਹੀ ਨੂੰ ਤਾਂ ਨੁਕਸਾਨ ਕਰਦਾ ਹੀ ਹੈ, ਨਾਲ ਹੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਘਾਤਕ ਬਿਮਾਰੀ ਸਾਬਤ ਹੋ ਸਕਦਾ ਹੈ। ਹਾਈ ਕੋਰਟ ਦੁਆਰਾ ਲਗਾਈ ਇਹ ਰੋਕ ਇਕ ਸ਼ਲਾਘਾਯੋਗ ਕਦਮ ਹੈ।

-ਸੁਖਦੀਪ ਸਿੰਘ ਗਿੱਲ

14-08-2019

 ਚੰਦਰਮਾ 'ਤੇ ਚੜ੍ਹਾਈ
ਭਾਵੇਂ ਅੱਜ ਭਾਰਤ ਦੀ ਚੰਦਰਮਾ ਤੱਕ ਚੜ੍ਹਾਈ ਹੋ ਗਈ ਹੈ ਅਤੇ ਜਿਥੇ ਪੂਰਾ ਦੇਸ਼ ਵਧਾਈ ਦਾ ਪਾਤਰ ਹੈ, ਉਥੇ ਹੀ ਦੇਸ਼ ਦੀ ਅਸਲ ਤਸਵੀਰ ਕੁਝ ਹੋਰ ਹੀ ਹੈ। ਆਜ਼ਾਦੀ ਤੋਂ ਬਾਅਦ ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਗ਼ਰੀਬੀ ਤੇ ਭੁੱਖਮਰੀ ਦਾ ਅਜੇ ਵੀ ਖ਼ਾਤਮਾ ਨਹੀਂ ਹੋਇਆ। ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਵਿਚ ਬਣੀਆਂ ਝੁੱਗੀਆਂ-ਝੌਂਪੜੀਆਂ, ਸੜਕਾਂ 'ਤੇ ਭੀਖ ਮੰਗਦਾ ਬਚਪਨ, ਕੂੜੇ ਦੇ ਢੇਰਾਂ 'ਤੇ ਆਪਣੇ ਭਵਿੱਖ ਤਲਾਸ਼ਦੇ ਬੱਚੇ, ਸਮਾਜ ਦੇ ਮੱਥੇ 'ਤੇ ਕਲੰਕ ਹਨ। ਜਿਸ ਉਮਰ 'ਚ ਬੱਚਿਆਂ ਦੇ ਹੱਥ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਸ ਉਮਰੇ ਛੋਟੇ-ਛੋਟੇ ਬੱਚੇ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਆਪਣੀ ਪੜ੍ਹਾਈ ਨੂੰ ਬਾਲ ਮਜ਼ਦੂਰੀ ਦੀ ਭੱਠੀ ਵਿਚ ਝੌਂਕਣ ਲਈ ਮਜਬੂਰ ਹਨ। ਢਾਬਿਆਂ ਤੇ ਕਾਰਖਾਨਿਆਂ ਅਤੇ ਹੋਰ ਅਨੇਕਾਂ ਕੰਮ ਕਰਨ ਵਾਲੀ ਥਾਵਾਂ 'ਤੇ ਆਪਣੀਆਂ ਰੀਝਾਂ-ਚਾਵਾਂ ਨੂੰ ਦੱਬੀ ਸਮਾਜ ਦੇ ਸਾਹਮਣੇ ਬੇਵੱਸ ਹਨ। ਪੰਜਾਬ ਵਰਗੇ ਖੁਸ਼ਹਾਲ ਸਮਝੇ ਜਾਂਦੇ ਸੂਬੇ ਵਿਚ ਵੀ ਜੇਕਰ ਅਜਿਹਾ ਕੁਝ ਵਾਪਰ ਰਿਹਾ ਹੈ ਤਾਂ ਦੇਸ਼ ਦੇ ਬਾਕੀ ਹਿੱਸਿਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ? ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ। ਲੋੜ ਹੈ ਅਸਮਾਨੀ ਤਰੱਕੀ ਦੇ ਨਾਲ-ਨਾਲ ਜ਼ਮੀਨੀ ਤਰੱਕੀ ਵੱਲ ਵੀ ਝਾਤੀ ਮਾਰਨ ਦੀ।


-ਅਮਰੀਕ ਸਿੰਘ ਚੀਮਾ, ਜਲੰਧਰ।


ਆਵਾਰਾ ਪਸ਼ੂਆਂ ਲਈ ਸੜਕਾਂ
ਸਾਡੇ ਦੇਸ਼ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਪਿੰਡਾਂ ਤੇ ਸ਼ਹਿਰਾਂ ਜਿਥੇ ਵੀ ਜਾਈਏ, ਉਥੇ ਹੀ ਸੜਕਾਂ ਘੇਰੀ ਖੜ੍ਹੇ ਹੁੰਦੇ ਹਨ। ਕਈ ਵਾਰ ਤਾਂ ਸੜਕਾਂ ਤੇ ਆਰਾਮ ਫਰਮਾ ਰਹੇ ਨਜ਼ਰ ਆਉਂਦੇ ਹਨ। ਸਵੇਰੇ-ਸ਼ਾਮ ਦਿਨ ਵਿਚ ਕਿਸੇ ਵੀ ਵੇਲੇ ਵਾਹਨਾਂ ਦੇ ਮੂਹਰੇ ਆ ਜਾਂਦੇ ਹਨ। ਸੜਕੀ ਦੁਰਘਟਨਾਵਾਂ ਵੀ ਵਜ੍ਹਾ ਹੁਣ ਇਹ ਬਣ ਰਹੇ ਹਨ। ਜਿਥੇ ਨਵੇਂ ਮੋਟਰ ਵਹੀਕਲ ਸੋਧ ਬਿੱਲ ਤਹਿਤ ਦੁਰਘਟਨਾਵਾਂ ਰੋਕਣ ਲਈ ਕਾਨੂੰਨ ਸਖ਼ਤ ਕੀਤੇ ਹਨ, ਉਥੇ ਸਰਕਾਰ ਨੂੰ ਆਵਾਰਾ ਪਸ਼ੂਆਂ ਤੇ ਸੜਕਾਂ 'ਤੇ ਪਏ ਖੱਡਿਆਂ ਦਾ ਵੀ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਕਾਰਨਾਂ ਕਰਕੇ ਬੇਕਸੂਰ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਸਕੇ।


-ਸੁਖਦੀਪ ਸਿੰਘ ਗਿੱਲ


ਪੜ੍ਹਾਈ 'ਚ ਘਟਦਾ ਧਿਆਨ
ਬੱਚੇ ਕੋਰੀ ਸਲੇਟ ਹੁੰਦੇ ਹਨ। ਉਸ ਉੱਪਰ ਜੋ ਮਰਜ਼ੀ ਉੱਕਰੋ। ਉਹ ਮੁੱਢਲੇ ਸਮੇਂ ਤੋਂ ਹੀ ਉੱਕਰਨਾ ਸ਼ੁਰੂ ਹੁੰਦਾ ਹੈ। ਘਰ ਬੱਚੇ ਦਾ ਮੁੱਢਲਾ ਸਕੂਲ ਹੁੰਦਾ ਹੈ ਤੇ ਸਕੂਲ ਦੂਜਾ। ਮਾਪੇ ਉਸ ਦੇ ਮੁੱਢਲੇ ਅਧਿਆਪਕ ਵੀ ਹੁੰਦੇ ਹਨ। ਘਰ ਦਾ ਘਰੇਲੂ ਮਾਹੌਲ ਬੱਚੇ ਨੂੰ ਬਹੁਤ ਕੁਝ ਸਿਖਾਉਂਦਾ ਹੈ। ਮੈਂ ਅਧਿਆਪਕ ਹੋਣ ਨਾਤੇ ਕੁਝ ਨੁਕਤੇ ਸਾਂਝੇ ਕਰ ਰਿਹਾ ਹਾਂ। ਬੱਚੇ ਦੇ ਘਰ ਮਾਪਿਆਂ ਦਾ ਹੁੰਦਾ ਘਰੇਲੂ ਝਗੜਾ ਉਸ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਦਾ ਹੈ। ਘਰ ਦੀ ਗ਼ਰੀਬੀ ਕਾਰਨ ਬੱਚੇ ਲੋੜੀਂਦੀ ਸਟੇਸ਼ਨਰੀ ਨਹੀਂ ਖਰੀਦਦੇ ਜਿਸ ਕਾਰਨ ਉਨ੍ਹਾਂ ਨੂੰ ਅਧਿਆਪਕਾਂ ਦੀ ਨਾਰਾਜ਼ਗੀ ਝੱਲਣੀ ਪੈਂਦੀ ਹੈ। ਮੋਬਾਈਲ ਫੋਨ ਸਸਤੇ ਹੋਣ ਕਾਰਨ ਅੱਜਕਲ੍ਹ ਲਗਪਗ ਹਰ ਘਰ 'ਚ ਸਮਾਰਟ ਫੋਨ ਜ਼ਰੂਰ ਹਨ, ਜਿਸ ਉੱਪਰ ਬੱਚੇ ਗੇਮਾਂ ਖੇਡ ਕੇ ਆਪਣਾ ਸਮਾਂ ਤੇ ਨਿਗਾਹ ਬਰਬਾਦ ਕਰਦੇ ਹਨ। ਸਾਡਾ ਸਮਾਜ ਵੀ ਕਈ ਵਾਰ ਬੱਚੇ ਸਾਹਵੇਂ ਪੜ੍ਹਾਈ ਦੇ ਸਬੰਧ 'ਚ ਨਾਂਹ-ਪੱਖੀ ਸੋਚ ਨੂੰ ਹੀ ਵਿਕਸਤ ਕਰਦਾ ਹੈ। ਅਧਿਆਪਕਾਂ ਦੀ ਝਿੜਕ ਅਤੇ ਡਰ ਵੀ ਬੱਚੇ ਨੂੰ ਕਈ ਵਾਰ ਪੜ੍ਹਾਈ ਵੱਲ ਵਧਣ ਤੋਂ ਰੋਕਦੀ ਹੈ। ਸੋ ਮਾਪਿਆਂ ਅਤੇ ਅਧਿਆਪਕਾਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਤਾਂ ਜੋ ਬਾਲ ਮਨਾਂ ਉੱਤੇ ਕੋਈ ਨਾਂਹ-ਪੱਖੀ ਪ੍ਰਭਾਵ ਨਾ ਪਵੇ।


-ਹੀਰਾ ਸਿੰਘ ਤੂਤ।


ਵਾਤਾਵਰਨ ਚੇਤਨਾ
ਅੱਜ ਦੇ ਦੌਰ ਵਿਚ ਵਾਤਾਵਰਨ ਦੀ ਸ਼ੁੱਧਤਾ ਬਹੁਤ ਜ਼ਰੂਰੀ ਹੋ ਗਈ ਹੈ। ਅਸੀਂ ਜਦੋਂ ਆਪਣੇ ਆਲੇ-ਦੁਆਲੇ ਝਾਤੀ ਮਾਰਦੇ ਹਾਂ ਤਾਂ ਸਿਵਾਏ ਪਲਾਸਟਿਕ ਕਚਰੇ ਤੋਂ ਕੁਝ ਵੀ ਵਿਖਾਈ ਨਹੀਂ ਦਿੰਦਾ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਸਿੱਧ ਹੋ ਰਿਹਾ ਹੈ। ਫ਼ਸਲਾਂ ਬੂਟਿਆਂ ਨੂੰ ਵੀ ਇਹ ਕਚਰਾ ਨੁਕਸਾਨ ਪਹੁੰਚਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੀ ਸਰਕਾਰ ਨੇ ਵੀ ਰੁੱਖ ਬੂਟੇ ਲਾ ਕੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਲਈ ਜੋ ਯਤਨ ਆਰੰਭੇ ਹਨ, ਸਵਾਗਤਯੋਗ ਹਨ। ਬੂਟੇ ਲਾਈਏ ਵੀ ਤੇ ਬਚਾਈਏ ਵੀ। ਘਰਾਂ ਦੇ ਵਿਹੜਿਆਂ ਨੂੰ ਕੀਮਤੀ ਪੱਥਰਾਂ ਤੋਂ ਬਚਾ ਕੇ ਕੁਝ ਹਿੱਸੇ ਵਿਚ ਫੁੱਲ, ਬੂਟੇ, ਘਾਹ ਆਦਿ ਲਾ ਕੇ ਜੀਵਨ ਨੂੰ ਤੰਦਰੁਸਤ ਬਣਾਈਏ। ਆਪਣੇ ਆਲੇ-ਦੁਆਲੇ ਜਿਥੇ ਖਾਲੀ ਥਾਂ ਦਿਸੇ ਦਰੱਖਤ, ਬੂਟੇ ਲਾ ਕੇ ਧਰਤੀ ਦੀ ਸੁੱਖ ਮੰਗੀਏ। ਪ੍ਰਦੂਸ਼ਣ ਤਾਂ ਹੀ ਘਟੇਗਾ ਜੇ ਆਲਾ-ਦੁਆਲਾ ਹਰਿਆਲੀ ਭਰਪੂਰ ਹੋਵੇਗਾ। ਇਕ-ਦੂਜੇ 'ਤੇ ਅਹਿਸਾਨ ਨਾ ਕਰੀਏ। ਕਿਸੇ ਦਾ ਲਾਇਆ ਬੂਟਾ ਪਾਲੀਏ, ਜਦੋਂ ਉਹ ਬੂਟਾ ਵਧੇਗਾ ਫੁੱਲੇਗਾ, ਤੁਹਾਨੂੰ ਅਥਾਹ ਖੁਸ਼ੀ ਹੋਵੇਗੀ। ਹਰਿਆ-ਭਰਿਆ ਵਾਤਾਵਰਨ ਕੁਦਰਤ ਨੂੰ ਸੁਹੱਪਣ ਬਖਸ਼ਦਾ ਹੈ, ਇਹੋ ਮਨੁੱਖੀ ਸਿਹਤ ਅਤੇ ਧਰਤੀ ਦੀ ਸਿਹਤ ਲਈ ਵਰਦਾਨ ਹੈ। ਆਓ! ਸਾਰੇ ਰਲ ਕੇ ਇਸ ਨੇਕ ਕਾਰਜ ਦਾ ਹਿੱਸਾ ਬਣੀਏ। ਵਾਤਾਵਰਨ ਮਾਹਿਰਾਂ ਦੀਆਂ ਚਿਤਾਵਨੀਆਂ ਵੱਲ ਧਿਆਨ ਦੇਈਏ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

13-08-2019

 ਆਵਾਰਾ ਜਾਨਵਰਾਂ ਦਾ ਹੱਲ
ਕਿੱਥੇ ਗਈਆਂ ਮੌਜਾਂ ਪਸ਼ੂਆਂ, ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਲਈ ਠੰਡਾ ਪਾਣੀ ਪੀਣ, ਠੰਡੇ ਸਾਹ ਲੈਣ, ਨਹਾਉਣ ਅਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣ ਦੀਆਂ। ਮੌਤ ਦੇ ਖੂਹ ਬਣ ਗਏ, ਨਹਿਰਾਂ ਪੱਕੀਆਂ ਅਤੇ ਡੂੰਘੀਆਂ ਜੋ ਕਿ ਮਿੱਟੀ ਖੁਰਨ ਦੇ ਬਚਾਅ ਲਈ ਬਣਾਈਆਂ ਜਾ ਰਹੀਆਂ ਹਨ। ਜੇਕਰ ਇਕ-ਦੋ ਕਿੱਲੋਮੀਟਰ 'ਤੇ ਪੱਕੀਆਂ ਨਹਿਰਾਂ 'ਤੇ ਘਾਟ ਬਣਾ ਦਿੱਤੇ ਜਾਣ ਜਿਸ ਨਾਲ ਸਭ ਦੀ ਜਾਨ ਦਾ ਬਚਾਅ ਹੋ ਜਾਵੇ ਅਤੇ ਪ੍ਰਕਿਰਤੀ 'ਤੇ ਜ਼ੁਲਮ ਨਾ ਹੋਵੇ। ਪਸ਼ੂ, ਪੰਛੀ ਤੇ ਇਨਸਾਨ ਪਾਣੀ ਤੋਂ ਬਾਹਰ ਆ ਜਾਣ। ਕੁਝ ਘਾਟਾਂ 'ਤੇ ਪਿਕਨਿਕ ਪਾਰਕ ਆਮਦਨ ਦਾ ਸਾਧਨ ਵੀ ਬਣ ਸਕਦੇ ਹਨ। ਚੰਗਾ ਹੋਵੇਗਾ ਜੇਕਰ ਹਰ ਪਿੰਡ ਵਿਚ ਪਿੰਡ ਪੱਧਰ 'ਤੇ ਪਸ਼ੂ ਸੁਰੱਖਿਆ ਕੇਂਦਰ ਜਾਂ ਗਊਸ਼ਾਲਾ ਬਣਾਏ ਜਾਣ ਤੇ ਪੰਚਾਇਤ ਕੋਲ ਇਨ੍ਹਾਂ ਦਾ ਪ੍ਰਬੰਧ ਹੋਵੇ ਅਤੇ ਇਕ ਡਾਕਟਰ ਵੀ ਹੋਵੇ, ਜਿਸ ਨਾਲ ਫ਼ਸਲਾਂ ਦੀ ਬਰਬਾਦੀ ਰੁਕੇ ਅਤੇ ਪਸ਼ੂ ਜਾਨਵਰ ਵੀ ਸੁੱਖ ਦਾ ਸਾਹ ਲੈਣ। ਇਹ ਪ੍ਰਬੰਧ ਜੰਗਲਾਤ ਵਿਭਾਗ ਨੂੰ ਵੀ ਦਿੱਤਾ ਜਾ ਸਕਦਾ ਹੈ। ਅੱਗੇ ਜਦੋਂ ਪਸ਼ੂ ਦੁੱਧ ਦੇਣੋਂ ਹੱਟ ਜਾਂਦਾ ਸੀ ਤਾਂ ਮਾਲਕ ਕਾਮਿਆਂ-ਕ੍ਰਿਤੀਆਂ ਨੂੰ ਪਸ਼ੂ ਅਧਿਆਰੇ ਜਾਂ ਪੰਜ ਦੁਅੰਜੀ 'ਤੇ ਦੇ ਦਿੰਦੇ ਸਨ। ਜਦੋਂ ਫਿਰ ਪਸ਼ੂ ਦੁੱਧ ਦੇਣ ਵਾਲਾ ਹੋ ਜਾਂਦਾ ਸੀ ਤਾਂ ਮਾਲਕ ਉਸ ਨੂੰ ਪੈਸੇ ਦੇ ਕੇ ਵਾਪਸ ਲੈ ਲੈਂਦਾ ਸੀ। ਅਜਿਹੀ ਪ੍ਰਥਾ ਹੁਣ ਵੀ ਚਾਲੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। 50 ਤੋਂ 80 ਹਜ਼ਾਰ ਰੁਪਏ ਤੱਕ ਦੀਆਂ ਗਾਵਾਂ ਇਕ ਸਾਲ ਤੋਂ ਬਾਅਦ ਬੇਕਾਰ ਹੋ ਜਾਂਦੀਆਂ ਹਨ। ਪਸ਼ੂ ਸੁਰੱਖਿਆ ਕੇਂਦਰਾਂ ਵਿਚ ਇਨ੍ਹਾਂ ਦਾ ਇਲਾਜ ਜ਼ਰੂਰ ਕੀਤਾ ਜਾਵੇ, ਜਿਸ ਨਾਲ ਆਵਾਰਾ ਪਸ਼ੂ ਘਟ ਸਕਦੇ ਹਨ।

-ਸੁਪਰਡੈਂਟ ਰਘਵੀਰ ਸਿੰਘ ਬੈਂਸ।

ਲੋੜ ਹੈ ਸਖ਼ਤ ਮਿਹਨਤ ਦੀ
ਅੱਜਕਲ੍ਹ ਹਰੇਕ ਮਾਪੇ ਆਪਣੇ ਬੱਚੇ ਨੂੰ ਵੱਡਾ ਅਫ਼ਸਰ ਹੀ ਬਣਾਉਣਾ ਲੋਚਦੇ ਹਨ। ਸ਼ਹਿਰਾਂ ਵਿਚ ਇਹ ਚਾਅ ਪੂਰਾ ਵੀ ਹੋਈ ਜਾਂਦਾ ਹੈ। ਪਰ ਪਿੰਡਾਂ ਵਾਲੇ ਐਵੇਂ ਹੀ ਮਹਿੰਗੇ ਸਕੂਲ, ਮਹਿੰਗੀਆਂ ਟਿਊਸ਼ਨਾਂ, ਵਰਦੀਆਂ, ਕੱਪੜੇ-ਲੀੜੇ ਆਦਿ ਨਾਲ ਕਰਜ਼ਈ ਹੋਈ ਫਿਰਦੇ ਹਨ। ਉਹ ਬੱਚੇ ਨੂੰ ਨਹੀਂ ਪੁੱਛਦੇ ਕਿ ਤੂੰ ਕੀ ਕਰਨਾ ਚਾਹੁੰਦਾ ਹੈ ਤੇਰਾ ਸ਼ੌਕ ਕੀ ਬਣਨ/ਕਰਨ ਦਾ ਹੈ। ਅਜਿਹੇ ਮਾਪਿਆਂ ਨੂੰ ਖ਼ੁਦ ਨੂੰ ਕੋਈ ਜਾਣਕਾਰੀ ਹੈ ਨਹੀਂ। ਏਨਾ ਪਤਾ ਨਹੀਂ ਕਿ ਬੱਚੇ ਦਾ ਪੜ੍ਹਾਈ ਦਾ ਮਾਧਿਅਮ ਕੀ ਹੈ, ਵਿਸ਼ੇ ਕਿਹੜੇ ਪੜ੍ਹਦਾ ਹੈ, ਪੰਜਾਬੀ ਵਿਸ਼ਾ ਹੈ ਕਿ ਨਹੀਂ। ਬਸ ਰੀਸੋ-ਰੀਸੀ ਦਿਖਲਾਵੇ ਲਈ ਸਰਕਾਰੀ ਸਕੂਲਾਂ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਸਕੂਲਾਂ 'ਚ ਦਾਖ਼ਲ ਕਰਾਈ ਜਾਂਦੇ ਹਨ। ਬੱਚੇ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦੇ ਹਨ ਜੋ ਪੂਰੀਆਂ ਕੀਤੀਆਂ ਜਾਂਦੀਆਂ ਹਨ। ਨਤੀਜਾ ਸਿਫ਼ਰ ਨਿਕਲਦਾ ਹੈ। ਗੱਲ ਸਖ਼ਤ ਮਿਹਨਤ ਨਾਲ ਬਣਨੀ ਹੈ ਨਾ ਕਿ ਇਸ ਵਰਤਾਰੇ ਨਾਲ। ਖ਼ੁਦ ਮਿਹਨਤ ਕਰਵਾਓ, ਨਾਲ ਹੀ ਪੂਰੀ ਜਾਣਕਾਰੀ ਰੱਖੋ। ਨਾ ਕਿ ਬੱਸ ਫੀਸਾਂ ਭਰਨ, ਚੀਜ਼ਾਂ ਲਿਆ ਕੇ ਦੇਣ ਤੱਕ ਸੀਮਤ ਰਹੋ। ਇਸ ਨਾਲ ਫਜ਼ੂਲ ਦੇ ਕਰਜ਼ੇ ਤੋਂ ਬਚਿਆ ਜਾ ਸਕਦਾ ਹੈ।

-ਗੁਰਚਰਨ ਸਿੰਘ, ਮਜਾਰਾ, ਨਵਾਂਸ਼ਹਿਰ।

ਅਨੰਦ ਕਾਰਜ
ਦਿਲਜੀਤ ਦੁਸਾਂਝ ਦੀ ਫ਼ਿਲਮ 'ਛੜਾ' ਦੀ ਟੀ.ਵੀ. 'ਤੇ ਟ੍ਰੇਲਰ ਤੋਂ ਬਾਅਦ 'ਕੁੱਤਾ ਹੋਵੇ ਜਿਹੜਾ ਵਿਆਹ ਕਰਵਾਏ' ਗੱਲ ਸੁਣ ਕੇ ਮਨ ਸੋਚੀਂ ਪੈ ਗਿਆ। ਇਹ ਗੱਲ ਅਣਵਿਆਹੇ ਲੋਕ ਹੀ ਸੁਣ ਜਾਂ ਕਹਿ ਸਕਦੇ ਹਨ। ਵਿਆਹੇ ਹੋਏ ਨਹੀਂ। ਸਾਡੇ ਮਾਤਾ-ਪਿਤਾ ਵਿਆਹ ਨਹੀਂ ਕਰਾਉਂਦੇ ਤਾਂ ਅਸੀਂ ਅੱਜ ਇਹ ਰੰਗਲੀ ਦੁਨੀਆ ਨਹੀਂ ਦੇਖ ਸਕਦੇ ਸੀ। ਵਿਆਹ ਕੋਈ ਮਜਬੂਰੀ ਨਹੀਂ ਹੈ। ਇਹ ਇਕ ਕੁਦਰਤੀ ਚਾਹਤ ਹੈ। ਇਸ ਤੋਂ ਵੀ ਉੱਪਰ ਜੀਵਨ ਸਾਥੀ ਦੇ ਦੁੱਖ-ਸੁੱਖ ਨੂੰ ਗਹਿਰਾਈ ਨਾਲ ਸਮਝਿਆ ਜਾਂਦਾ ਹੈ। ਅਜਿਹਾ ਹੋਰ ਕੋਈ ਵੀ ਰਿਸ਼ਤਾ ਨਹੀਂ ਹੈ। ਸਾਡੇ 'ਗੁਰੂ ਸਾਹਿਬਾਨਾਂ' ਨੇ ਵੀ ਵਿਆਹ ਨੂੰ ਅਨੰਦ ਕਾਰਜ ਦਾ ਦਰਜਾ ਦਿੱਤਾ ਹੈ। ਅਨੰਦ ਕਾਰਜ ਤੋਂ ਬਾਅਦ ਭਾਈ ਗ੍ਰੰਥੀ ਜੀ ਵੀ ਸਾਨੂੰ 'ਸੁਭਾਗੀ ਜੋੜੀ' ਕਹਿ ਵਿਆਹੁਤਾ ਜੀਵਨ ਬਾਰੇ ਸਿੱਖਿਆ ਦਿੰਦੇ ਹਨ। ਜਿਹੜੀ ਬਹੁਤ ਹੀ ਅਹਿਮ ਹੁੰਦੀ ਅਤੇ ਮਾਤਾ-ਪਿਤਾ ਵੀ ਸਾਡਾ ਮਾਰਗਦਰਸ਼ਨ ਬਚਪਨ ਤੋਂ ਹੀ ਕਰਨ ਲੱਗ ਪੈਂਦੇ ਹਨ, ਚਾਹੇ ਅਸੀਂ ਇਨ੍ਹਾਂ 'ਤੇ ਅਮਲ ਕਰਦੇ ਹਾਂ ਜਾਂ ਨਹੀਂ। ਦੋਸਤ, ਅਸੀਂ ਆਪਣੀ ਜ਼ਿੰਦਗੀ ਦੇ ਆਪ ਹੀ ਸਿਤਾਰੇ ਹਾਂ। ਸਾਨੂੰ ਵਿਆਹੇ ਹੋਏ ਜੋੜਿਆਂ ਨੂੰ ਹੋਰ ਵੀ ਜ਼ਿਆਦਾ ਇਕ-ਦੂਜੇ ਦੀ ਇੱਜ਼ਤ-ਮਾਣ ਕਰਨੀ ਚਾਹੀਦੀ ਹੈ। ਹਰ ਮੁਕਾਮ 'ਤੇ ਸਬਰ ਸੰਤੋਖ, ਸੱਚ, ਸਮਝਦਾਰੀ ਨਾਲ ਚੱਲਣਾ ਚਾਹੀਦਾ ਹੈ। ਲੋਕ ਸਾਡੇ ਤੋਂ ਸਿੱਖਣ ਨਾ ਕਿ ਸਾਡੇ 'ਤੇ ਊਲ-ਜਲੂਲ ਗੱਲਾਂ ਅਤੇ ਵਿਅੰਗ ਕੱਸਣ।

-ਪਵਨਦੀਪ ਕੌਰ।

ਬੂਟੇ ਲਾਉਣ ਬਾਰੇ
ਪੰਜਾਬ ਸਰਕਾਰ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬੂਟੇ ਵੰਡ ਰਹੀ ਹੈ, ਜੋ ਅਖ਼ਬਾਰਾਂ ਰਾਹੀਂ ਪੜ੍ਹ ਕੇ ਪਤਾ ਲੱਗ ਰਿਹਾ ਹੈ। ਬੂਟੇ ਲਾਉਣਾ ਬੜੀ ਚੰਗੀ ਗੱਲ ਹੈ, ਕਿਉਂਕਿ ਬੂਟੇ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹਨ। ਗੱਲ ਇਹ ਕਿ ਜਿਵੇਂ ਸਰਕਾਰ ਹਰ ਪਿੰਡ ਨੂੰ 550 ਬੂਟੇ ਦੇ ਰਹੀ ਹੈ, ਪਰ ਉਥੇ ਪਿੰਡ ਵਾਸੀਆਂ ਦਾ, ਖ਼ਾਸ ਕਰਕੇ ਪਿੰਡ ਦੇ ਸਰਪੰਚ ਦਾ ਫ਼ਰਜ਼ ਬਣਦਾ ਹੈ ਕਿ ਇਹ ਬੂਟੇ ਉਥੇ ਲਗਾਏ ਜਾਣ ਜਿਥੇ ਇਹ ਆਸਾਨੀ ਨਾਲ ਵੱਧ-ਫੁੱਲ ਸਕਣ। ਕਿਉਂਕਿ ਬੂਟੇ ਦੀ ਜ਼ਮੀਨ ਵਿਚ ਜੜ੍ਹ ਫੜਨ ਤੱਕ ਸੰਭਾਲ ਕਰਨੀ ਪੈਣੀ ਹੈ, ਪਾਣੀ ਦੇਣਾ ਪੈਣਾ ਹੈ, ਗੋਡੀ ਕਰਨੀ ਪੈਣੀ ਹੈ, ਕਿਉਂਕਿ ਬਿਨ ਪਾਣੀ ਬੂਟੇ ਨੇ ਤੁਰਨਾ ਨਹੀਂ, ਮੁਰਝਾ ਜਾਣਾ ਹੈ। ਆਵਾਰਾ ਪਸ਼ੂਆਂ ਤੋਂ ਵੀ ਬਚਾਉਣ ਦੀ ਲੋੜ ਹੈ। ਸ਼ਹਿਰ ਵਾਸੀ ਵੀ ਕਿਧਰੇ ਖਾਲੀ ਜਗ੍ਹਾ ਦੇਖ ਕੇ ਬੂਟੇ ਲਾਉਣ। ਅਸੀਂ ਸੜਕਾਂ ਦੇ ਕਿਨਾਰੇ ਬੂਟੇ ਲਾ ਤਾਂ ਦਿੰਦੇ ਹਾਂ ਪਰ ਜਦੋਂ ਬੂਟਾ ਵੱਧ-ਫੁੱਲ ਕੇ ਉੱਪਰ ਬਿਜਲੀ ਦੀਆਂ ਤਾਰਾਂ ਨਾਲ ਲਗਦਾ ਹੈ ਤਾਂ ਬਿਜਲੀ ਮਹਿਕਮਾ ਉੱਪਰੋਂ-ਉੱਪਰੋਂ ਸਾਰਾ ਕੱਟ ਦਿੰਦਾ ਹੈ। ਇਸ ਕਰਕੇ ਬੂਟਾ ਲਾਉਣ ਵੇਲੇ ਸਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ

ਧਰਤੀ ਹੇਠ ਘਟਦੇ ਪਾਣੀ ਦਾ ਪੱਧਰ
ਪਾਣੀ ਕੁਦਰਤ ਦਾ ਅਣਮੁੱਲਾ ਖਜ਼ਾਨਾ ਹੈ। ਰੁੱਖ-ਬੂਟੇ, ਜੀਵ-ਜੰਤੂਆਂ ਤੇ ਮਨੁੱਖੀ ਜੀਵਨ ਲਈ ਪਾਣੀ ਬਹੁਤ ਜ਼ਰੂਰੀ ਹੈ। ਮਨੁੱਖ ਵਲੋਂ ਨਿੱਜੀ ਹਿਤਾਂ ਦੀ ਪੂਰਤੀ ਲਈ ਪਾਣੀ ਦੀ ਬੇਲੋੜੀ ਵਰਤੋਂ ਕਰਕੇ ਇਸ ਦੇ ਜ਼ਮੀਨ ਹੇਠਲੇ ਪੱਧਰ ਨੂੰ ਘਟਾਇਆ ਜਾ ਰਿਹਾ ਹੈ ਜੋ ਕਿ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਨਸਾਨ ਦਾ ਸੁਭਾਅ ਹੈ ਜੋ ਚੀਜ਼ ਮੁਫ਼ਤ ਵਿਚ ਮਿਲਦੀ ਹੈ, ਉਸ ਦੀ ਕਦਰ ਨਹੀਂ ਕਰਦਾ ਤੇ ਬੇਲੋੜੀ ਵਰਤੋਂ ਕਰਦਾ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬਿਜਲੀ ਖੇਤੀਬਾੜੀ ਲਈ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਖੇਤਾਂ ਵਿਚ ਲੋੜ ਅਨੁਸਾਰ ਪਾਣੀ ਹੋਣ ਦੇ ਬਾਵਜੂਦ ਪਾਣੀ ਚਲਦਾ ਰਹਿੰਦਾ ਹੈ। ਜੇ ਇਸੇ ਬਿਜਲੀ ਦਾ ਬਿੱਲ ਦੇਣਾ ਪੈਂਦਾ ਤਾਂ ਮੋਟਰ ਲੋੜ ਅਨੁਸਾਰ ਹੀ ਚਲਦੀ ਤੇ ਕਾਫੀ ਪਾਣੀ ਧਰਤੀ ਹੇਠ ਬਚਿਆ ਰਹਿੰਦਾ। ਮਿੱਠੇ ਜ਼ਹਿਰ ਦਾ ਅਸਰ ਮਾਰੂ ਅਸਰ ਦੇਰ ਬਾਅਦ ਹੁੰਦਾ ਹੈ ਤੇ ਇਹ ਮੁਫ਼ਤ ਬਿਜਲੀ ਵੀ ਮਿੱਠਾ ਜ਼ਹਿਰ ਹੈ। ਜੇ ਇਸ ਦਾ ਲੋੜੀਂਦਾ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਪਛਤਾਉਣਾ ਪਵੇਗਾ ਤੇ ਇਹ ਧਰਤੀ ਬੰਜਰ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ।

-ਜਸਵਿੰਦਰ ਸਿੰਘ
ਬਟਾਲਾ, ਗੁਰਦਾਸਪੁਰ।

12-08-2019

 ਬੇ-ਤਰਤੀਬੇ ਕੰਮ
ਦੋ ਕੁ ਹਫ਼ਤੇ ਪਹਿਲਾਂ ਨਿਰਦੇਸ਼ਕ ਸਕੂਲ ਸਿੱਖਿਆ ਦੇ ਦਫਤਰ ਜਾਣਾ ਪਿਆ। ਦੇਖਿਆ ਹਰ ਪਾਸੇ ਖਿਲਾਰਾ, ਪੁੱਟ-ਪੁਟਾਈ, ਤੋੜ-ਤੋੜਾਈ। ਕਿਤੇ ਨਵੇਂ ਏਅਰ ਕੰਡੀਸ਼ਨਰਜ਼ ਦੇ ਅੰਬਾਰ ਲੱਗੇ ਪਏ। ਪੁੱਛਣ 'ਤੇ ਪਤਾ ਲੱਗਾ ਕਿ ਇਮਾਰਤ ਨਵਿਆਈ ਜਾ ਰਹੀਹੈ। ਜਿਸ 'ਤੇ ਕਰੋੜਾਂ ਦੇ ਹਿਸਾਬ ਨਾਲ ਰੁਪਏ ਲੱਗਣਗੇ। ਸੋਚਿਆ ਇਮਾਰਤ ਤਾਂ ਅਜੇ ਅੱਠ-ਦੱਸ ਸਾਲ ਹੀ ਪੁਰਾਣੀ ਸੀ। ਪੰਜਾਬ ਵਿਚ ਸਰਹੱਦੀ ਇਲਾਕੇ ਦੇ 55 ਸਰਕਾਰੀ ਸਕੂਲਾਂ ਵਿਚ ਇਕ ਵੀ ਅਧਿਆਪਕ ਨਹੀਂ। 1000 ਕੁ ਸਕੂਲ ਕੇਵਲ ਇਕ ਅਧਿਆਪਕ ਨਾਲ ਡੰਗ-ਟਪਾਈ ਕਰ ਰਹੇ ਹਨ। ਕੁੱਝ ਕੁ ਸਕੂਲਾਂ ਨੂੰ ਅਧਿਆਪਕ ਨਾ ਹੋਣ ਕਰਕੇ ਤਾਲੇ ਲੱਗ ਗਏ ਹਨ। ਸਮਝ ਹੀ ਨਹੀਂ ਆ ਰਹੀ ਕਿ ਬਣ ਕੀ ਰਿਹਾ ਹੈ? ਸਮਝ ਹੀ ਨਹੀਂ ਆ ਰਹੀ ਕਿ ਬਣ ਕੀ ਰਿਹਾ ਹੈ? ਇਕ ਸੂਝਵਾਨ, ਨੇਕਨੀਅਤ ਟੱਬਰ ਦਾ ਮੁਖੀ ਪਹਿਲਾਂ ਟੱਬਰ ਦੇ ਬਿਮਾਰ ਮੈਂਬਰ ਦੀ ਦਵਾਈ ਦਾ ਪ੍ਰਬੰਧ ਕਰਦਾ ਹੈ। ਬਾਅਦ ਵਿਚ ਬੱਚਿਆਂ ਦੀ ਫੈਸ਼ਨਪ੍ਰਸਤੀ ਦੇ ਬਰਾਂਡਿਡ ਕੱਪੜੇ ਤੇ ਬੂਟ ਖਰੀਦਦਾ ਹੈ। ਪ੍ਰਸ਼ਾਸਕਾਂ ਦੀਆਂ ਇਮਾਰਤਾਂ ਤਾਂ ਹੀ ਸ਼ੋਭਾ ਦੇਣਗੀਆਂ ਜੇ ਸਕੂਲ ਚਲਦੇ ਰਹਿਣਗੇ। ਜੇ ਬਾਂਸ ਹੀ ਨਾ ਰਿਹਾ ਤਾਂ ਬੰਸਰੀ ਨਹੀਂ ਵੱਜਣੀ।


-ਹਰਬੰਸ ਸਿੰਘ
ਮੌਜੋਵਾਲ ਮਜਾਰਾ (ਸ਼. ਭ. ਸ. ਨਗਰ)


ਅਲੌਕਿਕ ਨਗਰ ਕੀਰਤਨ
ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਦੀ ਵੰਡ ਦੇ 72 ਵਰ੍ਹਿਆਂ ਬਾਅਦ ਪਹਿਲੀ ਵਾਰ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੋਂ ਭਾਰਤ ਲਿਜਾਣ ਲਈ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਇਕ ਨਵਾਂ ਇਤਿਹਾਸ ਸਿਰਜ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸ ਨਗਰ ਕੀਰਤਨ ਨੂੰ ਪ੍ਰਵਾਨਗੀ ਤੇ ਸਹਿਯੋਗ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਉਹ ਲੋਕ ਬੇਹੱਦ ਭਾਗਾਂ ਵਾਲੇ ਹਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਵਿਚ ਸ਼ਿਰਕਤ ਕਰ ਰਹੇ ਹਨ। ਧੜਿਆਂ ਵਿਚ ਵੰਡਿਆ ਸਿੱਖ ਸਮਾਜ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਇਕ ਮੰਚ 'ਤੇ ਇਕੱਠਾ ਨਾ ਹੋਇਆ ਤਾਂ ਕੌਮ ਇਸ ਸੁਨਹਿਰੀ ਅਵਸਰ ਦਾ ਲਾਹਾ ਲੈਣ ਤੋਂ ਖੁੰਝ ਜਾਵੇਗੀ।


-ਸੁਰਿੰਦਰ ਸਿੰਘ ਗੋਗੀ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।


ਅਵਾਰਾ ਪਸ਼ੂ
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਜ਼ਿੰਮੇਵਾਰੀ ਕੀਹਦੀ ਹੈ? ਪਹਿਲਾਂ ਤਾਂ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਹ ਟੈਕਸ ਲੈ ਰਹੀ ਹੈ। ਗਊ ਸੈੱਸ ਤਾਂ ਲਗਾ ਦਿੱਤਾ ਪਰ ਇਨ੍ਹਾਂ ਬੇਸਹਾਰਾ ਗਊਆਂ ਨੂੰ ਸੰਭਾਲਣ ਲਈ ਇੰਤਜ਼ਾਮ ਕੋਈ ਨਹੀਂ ਕੀਤੇ ਗਏ। ਅਵਾਰਾ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ ਅਤੇ ਉਨ੍ਹਾਂ ਸਦਕਾ ਦੁਰਘਟਨਾਵਾਂ ਹੋਣ ਕਾਰਨ ਪਤਾ ਨਹੀਂ ਕਿੰਨੇ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਸੜਕਾਂ 'ਤੇ ਝੁੰਡਾਂ ਦੇ ਝੁੰਡ ਪਸ਼ੂ ਘੁੰਮ ਰਹੇ ਹਨ। ਇਨ੍ਹਾਂ ਨੂੰ ਹਟਾਉਣ ਦਾ ਕੰਮ ਨਗਰ ਨਿਗਮਾਂ, ਨਗਰ ਕੌਂਸਲਾਂ ਦਾ ਹੈ। ਵੋਟਾਂ ਵੇਲੇ ਇਮਾਨਦਾਰ ਉਮੀਦਵਾਰਾਂ ਨੂੰ ਹੀ ਚੁਣ ਕੇ ਭੇਜਿਆ ਜਾਵੇਗਾ ਤਾਂ ਜੋ ਉਹ ਜਨਤਾ ਦੇ ਹੱਕ ਵਿਚ ਖੜ੍ਹ ਸਕਣ।


-ਹਰਿੰਦਰਜੀਤ ਸਿੰਘ ਦਿਲਮੋਹਨ ਗਰਚਾ
ਆਤਮ ਨਗਰ, ਜਗਰਾਉਂ।


ਏਡਜ਼ ਤੇ ਨਸ਼ੇ
ਪੰਜਾਬ ਵਿਚ ਅੰਨ੍ਹੇਵਾਹ ਨਸ਼ਿਆਂ ਦੀ ਵਰਤੋਂ ਨੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਕਰ ਦਿੱਤੇ। ਪਹਿਲਾਂ ਛੋਟੀ ਉਮਰ ਵਿਚ ਨਸ਼ੇ ਸ਼ੌਕ ਨਾਲ ਦੇਖੋ ਦੇਖੀ ਕਰਦੇ ਹਨ, ਫਿਰ ਇਹ ਨਸ਼ਿਆਂ ਦੇ ਗੁਲਾਮ ਹੋਏ ਨੌਜਵਾਨ ਲੁੱਟ-ਖੋਹ ਦੀਆਂ ਵਾਰਦਾਤਾਂ ਕਰਕੇ ਨਸ਼ਿਆਂ ਦੀ ਲੱਤ ਪੂਰੀ ਕਰਦੇ ਹਨ। ਨਸ਼ੇ ਵੇਚਣ ਵਾਲੇ ਅਸਲੋਂ ਮੌਤ ਦੇ ਸੌਦਾਗਰ ਹਨ। ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਨਸ਼ਿਆਂ ਦੀ ਵਰਤੋਂ ਅੱਗੋਂ ਕੀ-ਕੀ ਨਤੀਜੇ ਕੱਢ ਰਹੀ ਹੈ। ਇਸ ਨਾਲ ਏਡਜ਼ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਈ-ਕਈ ਨਸ਼ੇੜੀ ਨਸ਼ਾ ਲੈਣ ਲਈ ਇਕ ਹੀ ਸਰਿੰਜ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਏਡਜ਼ ਤੇਜ਼ੀ ਨਾਲ ਫੈਲ ਰਹੀ ਹੈ। ਨਸ਼ਿਆਂ ਨੂੰ ਘਟਾਏ ਬਗੈਰ ਇਸ ਵਾਧੇ ਨੂੰ ਰੋਕ ਪਾਉਣੀ ਸੰਭਵ ਨਹੀਂ ਲਗਦੀ। ਮੀਟਿੰਗਾਂ ਜਾਂ ਸੈਮੀਨਾਰ ਲਾ ਕੇ ਇਹ ਬਿਮਾਰੀ ਦਾ ਹੱਲ ਨਹੀਂ। ਇਹ ਤਾਂ ਨਸ਼ਿਆਂ ਨੂੰ ਪੂਰੀ ਠੱਲ੍ਹ ਪਾ ਕੇ ਹੀ ਹੱਲ ਹੋ ਸਕਦਾ ਹੈ। ਜੇ ਨਸ਼ੇ ਤੇ ਏਡਜ਼ ਨੂੰ ਪੰਜਾਬ ਵਿਚ ਖਤਮ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਇਹ ਦੋਵੇਂ ਚੀਜ਼ਾਂ ਹੀ ਖਾ ਜਾਣਗੀਆਂ। ਆਓ, ਪੰਜਾਬੀਓ ਨਸ਼ਿਆਂ ਖਿਲਾਫ਼ ਤਕੜੇ ਹੋ ਲਈਏ ਤਾਂ ਕਿ ਦੁਬਾਰਾ ਪੰਜਾਬ ਨੂੰ ਹੱਸਦਾ-ਖੇਡਦਾ ਵੇਖੀਏ।


-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਪੰਜਾਬੀਓ, ਕੁਝ ਤਾਂ ਸੋਚੋ
ਪੰਜ ਪਾਣੀਆਂ ਦੀ ਧਰਤੀ ਪੰਜਾਬ ਜਿਸ ਨੂੰ ਮਾਣ ਸੀ ਆਪਣੇ ਧੀਆਂ - ਪੁੱਤਰਾਂ 'ਤੇ ,ਉਹੀ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਫਸੀ ਆਪਣੀ ਜਵਾਨੀ ਦੇਖ ਅੱਜ ਖ਼ੂਨ ਦੇ ਹੰਝੂ ਕੇਰ ਰਿਹਾ ਹੋਵੇਗਾ। ਚਿੱਟੇ ਦੇ ਕੋਹੜ ਨੇ ਜਿੱਥੇ ਪੰਜਾਬੀ ਗੱਭਰੂਆਂ ਦੀ ਜਵਾਨੀ ਖਾ ਲਈ ਉਥੇ ਹੀ ਪੰਜਾਬਣਾਂ ਨੂੰ ਵੀ ਨਹੀ ਬਖਸ਼ਿਆ। ਉਹ ਪੰਜਾਬਣਾਂ ਜੋ ਆਪਣੇ ਸਿਦਕ, ਆਪਣੀ ਸਾਦਗੀ ਲਈ ਪੂਰੀ ਦੁਨੀਆ ਵਿਚ ਜਾਣੀਆਂ ਜਾਂਦੀਆਂ ਸਨ, ਉਹ ਅੱਜ ਨਸ਼ਿਆਂ ਦੀ ਓਵਰਡੋਜ ਨਾਲ ਮਰ ਰਹੀਆਂ ਹਨ। ਲੜਕਾ ਤਾਂ ਇਕ ਘਰ ਦਾ ਚਿਰਾਗ ਹੁੰਦਾ ਹੈ ਪਰ ਇਕ ਲੜਕੀ ਤਾਂ ਦੋ - ਦੋ ਘਰਾਂ ਨੂੰ ਰੁਸ਼ਨਾਉਂਦੀ ਹੈ ਪਰ ਨਸ਼ਿਆਂ ਦੀ ਦਲਦਲ ਵਿਚ ਫਸੀਆਂ ਇਨ੍ਹਾਂ ਮੁਟਿਆਰਾਂ ਤੋਂ ਉਜਵਲ ਭਵਿੱਖ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਸੱਚ ਤਾਂ ਇਹੀ ਹੈ ਕਿ ਮਾਈ ਭਾਗੋ ਦੀਆਂ ਵਾਰਿਸ ਇਹ ਪੰਜਾਬਣਾਂ ਜੀਵਨ ਜਾਚ ਭੁੱਲ ਚੁੱਕੀਆਂ ਹਨ। ਜੋ ਔਰਤ ਖੁਦ ਨਸ਼ਿਆਂ ਦੀ ਦਲਦਲ ਵਿਚ ਫਸੀ ਹੋਵੇਗੀ ਉਹ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਸੂਰਬੀਰ ਯੋਧਿਆਂ ਨੂੰ ਜਨਮ ਕਿਥੋਂ ਦੇਵੇਗੀ? ਔਰਤ ਦੇ ਚੰਗੇ ਸੰਸਕਾਰ ਇਕ ਚੰਗਾ ਸਮਾਜ ਸਿਰਜਦੇ ਹਨ ਪਰ ਜੇਕਰ ਔਰਤ ਦਾ ਕਿਰਦਾਰ ਹੀ ਗਿਰ ਜਾਵੇ ਤਾਂ ਸਮਾਜ ਨੂੰ ਵਿਨਾਸ਼ ਤੋਂ ਕੋਈ ਨਹੀਂ ਬਚਾ ਸਕਦਾ। ਪੰਜਾਬਣਾਂ ਦੀ ਨਸ਼ਿਆਂ ਨਾਲ ਹੋ ਰਹੀ ਮੌਤ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਜੇ ਅੱਜ ਇਸ ਵਿਸ਼ੇ 'ਤੇ ਚਿੰਤਨ ਨਾ ਕੀਤਾ ਗਿਆ ਤਾਂ ਪੰਜਾਬ ਦਾ ਵਿਨਾਸ਼ ਨਿਸਚਿਤ ਹੈ ।


-ਜਸਪ੍ਰੀਤ ਕੌਰ ਸੰਘਾ
ਪਿੰਡ: ਤਨੂੰਲੀ।

09-08-2019

 ਧਰਤੀ ਵੱਲ ਵੀ ਝਾਤੀ
ਚੰਦ ਵੱਲ ਵੱਡੀ ਪੁਲਾਂਘ ਪੁੱਟ ਲਈ ਹੈ। 978 ਕਰੋੜ ਰੁਪਏ ਖਰਚ ਹੋਏ ਹਨ। ਸਰਕਾਰ ਖੁਸ਼ੀ ਨਾਲ ਪਾਗਲ ਹੋ ਰਹੀ ਹੈ ਤੇ ਉਧਰ ਮੇਰੇ ਦੇਸ਼ ਦੇ 40 ਕਰੋੜ ਲੋਕ ਭੁੱਖੇ ਸੌਂਦੇ ਹਨ। ਜਿਸ ਵੇਲੇ ਚੰਦਰਯਾਨ ਉਡਾਰੀ ਭਰ ਰਿਹਾ ਸੀ, ਉਦੋਂ ਮੇਰੇ ਦੇਸ਼ ਦੇ ਫ਼ੌਜੀ ਜਵਾਨ ਤੇ ਇਲਾਕਾ ਨਿਵਾਸੀ ਘੱਗਰ 'ਚ ਪਏ ਪਾੜ ਨੂੰ ਬੰਨ੍ਹ ਲਾਉਣ ਲਈ ਜੂਝ ਰਹੇ ਸਨ ਪਰ ਸਫਲਤਾ ਨਹੀਂ ਸੀ ਮਿਲ ਰਹੀ। ਕਿੰਨੇ ਕਿਸਾਨ ਖ਼ੁਦਕੁਸ਼ੀ ਕਰ ਗਏ। ਕਿੰਨੇ ਕਾਰਖਾਨੇ ਬੰਦ ਹੋ ਗਏ, ਮਜ਼ਦੂਰ ਵਿਹਲੇ ਹੋ ਕੇ ਪਰਿਵਾਰਾਂ ਸਮੇਤ ਭੁੱਖ ਦੀ ਭੇਟ ਚੜ੍ਹ ਰਹੇ ਹਨ, ਕਿਸ ਨੂੰ ਫ਼ਿਕਰ ਹੈ? ਕੀ ਅਸੀਂ ਚੰਦ 'ਤੇ ਪਹੁੰਚ ਬਣਾ ਕੇ ਆਪਣੇ ਦੇਸ਼ ਦੀ ਕੰਗਾਲੀ, ਗ਼ਰੀਬੀ, ਬਿਮਾਰੀ ਤੇ ਬੇਰੁਜ਼ਗਾਰੀ 'ਤੇ ਕਾਬੂ ਪਾ ਲਵਾਂਗੇ? ਕੂੜਾ ਇਕੱਠਾ ਕਰਦੇ ਬੱਚਿਆਂ ਅਤੇ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਮੇਰੇ 'ਭਾਰਤ ਮਹਾਨ' ਦੇ ਭੁੱਖੇ ਨੰਗੇ ਦੇਸ਼ਵਾਸੀਆਂ ਨੂੰ ਇਸ 'ਚੰਦਰਯਾਨ' ਦੀ ਕਾਰਗੁਜ਼ਾਰੀ ਬਾਰੇ ਪਤਾ ਹੈ? ਕੀ ਮੇਰੇ ਦੇਸ਼ ਦਾ 'ਮਹਾਨ ਆਗੂ' ਆਪਣੇ 'ਮਨ ਕੀ ਬਾਤ' ਵਿਚ ਇਸ ਪੁੱਟੀ ਪੁਲਾਂਘ ਦਾ ਫਾਇਦਾ ਦੱਸੇਗਾ? ਕਰੋੜਾਂ ਰੁਪਏ ਬਰਬਾਦ ਕਰਕੇ ਦੇਸ਼ ਭਗਤਾਂ ਦੀਆਂ ਉੱਚੀਆਂ-ਉੱਚੀਆਂ ਮੂਰਤੀਆਂ ਸਥਾਪਿਤ ਕਰਕੇ ਢਿੱਡਾਂ 'ਚ ਵਸਦੀ ਭੁੱਖ ਨੂੰ ਦੂਰ ਕਰ ਸਕਾਂਗੇ? ਸੋਨੇ ਰੰਗੀ ਧਰਤੀ 'ਤੇ ਕਚਰਾ ਖਿਲਾਰ ਕੇ ਹੁਣ ਅਸੀਂ ਚੰਨ 'ਤੇ ਕਚਰਾ ਖਿਲਾਰਨ ਤੁਰ ਪਏ ਹਾਂ। ਇਹੋ ਧਨ ਖਰਚ ਕੇ ਧਰਤੀ ਨੂੰ ਧਰਤੀ ਹੀ ਰਹਿਣ ਦੇਈਏ।


-ਜਗਤਾਲ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਪਵਿੱਤਰ ਗਊ
ਪੰਜਾਬ ਸਰਕਾਰ ਨੇ ਕੇਂਦਰ ਤੋਂ 'ਪਵਿੱਤਰ ਗਊ' ਦੀ ਪਰਿਭਾਸ਼ਾ ਪੁੱਛੀ ਹੈ ਅਤੇ ਮੈਂ ਸੁਣਿਆ ਇਸ 'ਤੇ ਧਾਰਮਿਕ ਸੰਗਠਨਾਂ ਤੋਂ ਵੀ ਰਾਇ ਲਈ ਜਾਵੇਗੀ। ਅਵਾਰਾ ਗਊਆਂ ਤੇ ਹੋਰ ਪਸ਼ੂਆਂ ਕਾਰਨ ਹਰ ਰੋਜ਼ ਅਨੇਕਾਂ ਹਾਦਸੇ ਵਾਪਰਦੇ ਹਨ, ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ। ਸਮਝ ਨਹੀਂ ਆ ਰਿਹਾ ਕਿ ਕਿਹੜੀ ਕਿਸਮ ਦੀ ਨਸਲ ਨੂੰ ਪਵਿੱਤਰ ਸਮਝ ਕੇ ਹਾਦਸੇ ਹੋਣ ਦਿੱਤੇ ਜਾਣ ਤੇ ਫ਼ਸਲਾਂ ਦੀ ਤਬਾਹੀ ਰੋਕੀ ਨਾ ਜਾਵੇ? ਗਾਂ ਨੂੰ ਮਾਤਾ ਕਿਹਾ ਜਾਂਦਾ ਹੈ। ਇਸ ਦੀ ਪੂਜਾ ਕੀਤੀ ਜਾਂਦੀ ਹੈ। ਉਹ ਵੱਖਰੀ ਗੱਲ ਹੈ ਗਊ ਮਾਤਾ ਸੜਕਾਂ 'ਤੇ ਰੁਲ ਰਹੀ ਹੈ ਆਪਣਾ ਪੇਟ ਭਰਨ ਦੀ ਖਾਤਰ ਕਿਸਾਨ ਦੀ ਫ਼ਸਲ ਖ਼ਰਾਬ ਕਰ ਰਹੀ ਹੈ। ਇਹ ਵਿਚਾਰੀ ਹੈ ਤਾਂ ਮਾਤਾ ਪਰ ਪੇਟ ਉਹਨੂੰ ਵੀ ਲੱਗਾ ਹੈ ਜਿਹੜਾ ਭਰਨਾ ਤਾਂ ਪੈਂਦਾ ਹੈ ਪਰ ਇਸ ਵਿਚਾਰੀ ਨੂੰ ਕੀ ਪਤਾ ਮੇਰਾ ਪੇਟ ਭਰਨ ਨਾਲ ਕਿਸੀ ਦਾ ਨੁਕਸਾਨ ਵੀ ਹੁੰਦਾ ਹੈ। ਅੱਜ ਦੇ ਸਮੇਂ ਵਿਚ ਜਿੱਥੇ ਗਊ ਨੂੰ ਪਵਿੱਤਰ ਸਮਝ ਕੇ ਭਾਰਤ ਦੇਸ਼ ਵਿਚ ਪੂਜਾ ਕੀਤੀ ਜਾਂਦੀ ਹੈ, ਉਸੇ ਦੇਸ਼ ਵਿਚ ਸਭ ਤੋਂ ਵੱਧ ਗਾਵਾਂ ਆਵਾਰਾ ਫਿਰਦੀਆਂ ਹਨ। ਦੇਖਦੇ ਹਾਂ ਕਿ ਕੇਂਦਰ ਸਰਕਾਰ ਕੀ ਫ਼ੈਸਲਾ ਸੁਣਾਉਂਦੀ ਹੈ। ਹਰ ਵਾਰ ਇਹ ਮੁੱਦਾ ਉੱਠਦਾ ਹੈ ਪਰ ਕਿਸੇ ਨਾ ਕਿਸੇ ਕੋਨੇ 'ਤੇ ਦਬਿਆ ਰਹਿ ਕੇ ਦਮ ਤੋੜ ਦਿੰਦਾ ਹੈ। ਇਸ ਮੁੱਦੇ ਦਾ ਇਕ ਸੰਭਵ ਤੇ ਸੁਚੱਜਾ ਫ਼ੈਸਲਾ ਹੋਣਾ ਜ਼ਰੂਰੀ ਹੈ।


-ਅਮਰਜੀਤ ਕੌਰ 'ਲਾਲਪੁਰ', ਰੋਪੜ।


ਮੈਡੀਕਲ ਸਿੱਖਿਆ ਦੀ ਤ੍ਰਾਸਦੀ
ਡਾ: ਅਰੁਣ ਮਿੱਤਰਾ ਦਾ ਪਿਛਲੇ ਦਿਨੀਂ ਛਪਿਆ ਲੇਖ 'ਮੈਡੀਕਲ ਸਿੱਖਿਆ ਨੂੰ ਬਾਜ਼ਾਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ' ਮੈਡੀਕਲ ਸਿੱਖਿਆ ਦੀ ਤ੍ਰਾਸਦੀ ਬਿਆਨ ਕਰਦਾ ਹੈ। ਅੱਜ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਵਾਉਣਾ ਆਮ ਵਰਗ ਲਈ ਬਹੁਤ ਔਖਾ ਹੋ ਚੁੱਕਾ ਹੈ ਕਿਉਂਕਿ ਪ੍ਰਾਈਵੇਟ ਮੈਡੀਕਲ ਕਾਲਜ ਅਤੇ ਡੀਮਡ ਯੂਨੀਵਰਸਿਟੀਆਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ 70 ਲੱਖ ਰੁਪਏ ਤੋਂ ਸਵਾ ਕਰੋੜ ਰੁਪਏ ਤੱਕ ਦੀਆਂ ਫੀਸਾਂ ਲੈ ਰਹੀਆਂ ਹਨ ਅਤੇ ਸਾਡੀਆਂ ਸਰਕਾਰਾਂ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੀਆਂ ਹਨ। ਇਕ ਪਾਸੇ ਦੇਸ਼ ਵਿਚ ਡਾਕਟਰਾਂ ਦੀ ਵੱਡੀ ਘਾਟ ਹੈ ਪਰ ਦੂਜੇ ਪਾਸੇ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ ਅਤੇ ਇਨ੍ਹਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਡੀਮਡ ਯੂਨੀਵਰਸਿਟੀਆਂ ਉੱਤੇ ਨੱਥ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਆਮ ਵਰਗ ਦੇ ਲੋਕਾਂ ਦੇ ਬੱਚੇ ਵੀ ਡਾਕਟਰ ਬਣ ਸਕਣ।


-ਚਿਰਾਗ ਸ਼ਰਮਾ
ਵਾਸੀ ਵਾਰਡ ਨੰਬਰ 10, ਖਮਾਣੋਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਸ਼ਲਾਘਾਯੋਗ ਫ਼ੈਸਲਾ
ਪਿਛਲੇ ਦਿਨੀਂ ਅਖ਼ਬਾਰ ਵਿਚ ਖ਼ਬਰ ਪੜ੍ਹੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖ਼ਤ ਹੁੰਦੇ ਹੋਏ ਲੁਧਿਆਣੇ ਦੀਆਂ 44 ਉਦਯੋਗਿਕ ਇਕਾਈਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਬਿਲਕੁਲ ਸਹੀ ਫ਼ੈਸਲਾ ਹੈ। ਪਰ ਇਹ ਕਦਮ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਹਿਲਾਂ ਹੀ ਚੁੱਕਣੇ ਚਾਹੀਦੇ ਸਨ ਕਿਉਂਕਿ ਇਨ੍ਹਾਂ ਉਦਯੋਗਿਕ ਇਕਾਈਆਂ ਦਾ ਰਸਾਇਣ ਬੁੱਢੇ ਦਰਿਆ ਵਿਚ ਹੁੰਦਾ ਹੋਇਆ ਸਤਲੁਜ ਦਰਿਆ 'ਚ ਰਲ ਕੇ ਹਰੀਕੇ ਜਾਂਦਾ ਸੀ ਅਤੇ ਫਿਰ ਨਹਿਰਾਂ ਰਾਹੀਂ ਅੱਗੇ ਰਾਜਸਥਾਨ ਵਿਚ। ਮਹੀਨਾ ਪਹਿਲਾਂ ਸਾਡੇ ਕੋਲੋਂ ਲੰਘਦੀ ਗੰਗ ਕੈਨਾਲ ਨਹਿਰ ਦਾ ਏਨਾ ਕਾਲਾ ਦੂਸ਼ਿਤ ਪਾਣੀ ਆ ਰਿਹਾ ਸੀ ਜਿਹੜਾ ਇਨਸਾਨਾਂ ਤਾਂ ਕੀ ਜਾਨਵਰਾਂ ਦੇ ਪੀਣ ਦੇ ਵੀ ਕਾਬਲ ਨਹੀਂ ਸੀ। ਇਸ ਨਹਿਰ ਦਾ ਰਾਜਸਥਾਨ ਦੇ ਲੋਕ ਪਾਣੀ ਪੀਂਦੇ ਹਨ। ਕੀ ਅਜਿਹਾ ਪਾਣੀ ਪੀ ਕੇ ਉਹ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਸਨ? ਚਲੋ ਇਹ ਚੰਗਾ ਹੋਇਆ ਜੋ ਹੁਣ ਵੀ ਪ੍ਰਦੂਸ਼ਣ ਕੰਟਰੋਲ ਨੇ ਇਹ ਸਹੀ ਵਕਤ 'ਤੇ ਸਹੀ ਫ਼ੈਸਲਾ ਲਿਆ। ਦੇਰ ਆਇਦ, ਦਰੁੱਸਤ ਆਇਦ ਵਾਲੀ ਗੱਲ ਹੋਈ। ਸੋ, ਇਸੇ ਤਰ੍ਹਾਂ ਪੰਜਾਬ 'ਚ ਜੋ ਸਨਅਤਾਂ ਦੀਆਂ ਚਿਮਨੀਆਂ 'ਚੋਂ ਧੂੰਆਂ ਨਿਕਲਦਾ ਹੈ, ਉਸ ਨਾਲ ਵੀ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਬਾਰੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


-ਸੁਖਚੈਨ ਸਿੰਘ ਢਿੱਲੋਂ, ਖਿੱਪਾਂ ਵਾਲੀ (ਫ਼ਾਜ਼ਿਲਕਾ)।


'ਪੰਜਾਬ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ'
ਕਾਫੀ ਸਮੇਂ ਤੋਂ ਜਿਸ ਹਿਸਾਬ ਨਾਲ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਵਧਦੀ ਜਾ ਰਹੀ ਹੈ, ਉਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਸੇ ਦੇਸ਼ ਦੀ ਤਰੱਕੀ ਉਥੋਂ ਦੇ ਨੌਜਵਾਨਾਂ 'ਤੇ ਨਿਰਭਰ ਕਰਦੀ ਹੈ ਪਰ ਸਾਡੇ ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਵਿਚ ਕਿਸੇ ਵੀ ਵਿਦਿਆਰਥੀ ਨੂੰ ਪੁੱਛ ਲਓ ਕਿ ਭਵਿੱਖ ਵਿਚ ਕੀ ਕਰਨਾ ਪਸੰਦ ਕਰੋਗੇ ਤਾਂ ਬਹੁਗਿਣਤੀ ਵਿਚ ਇਹੋ ਜਵਾਬ ਮਿਲੇਗਾ ਕਿ ਵਿਦੇਸ਼ ਚਲੇ ਜਾਵਾਂਗੇ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਘਟੀਆ ਸਿਸਟਮ ਤੇ ਰਾਜਨੀਤਕ ਆਗੂਆਂ ਦਾ ਇਸ ਪ੍ਰਤੀ ਕੋਈ ਧਿਆਨ ਨਾ ਦੇਣਾ ਹੈ। ਇਕ ਵਾਰ ਗਏ ਵਿਦਿਆਰਥੀ ਹਮੇਸ਼ਾ ਲਈ ਉਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ ਕਈ ਤਾਂ ਕੇਵਲ ਆਪਣੇ ਸਕੇ ਸਬੰਧੀਆਂ ਦੇ ਅੰਤਿਮ ਦਰਸ਼ਨ ਕਰਨ ਲਈ ਦੇਸ਼ ਪਰਤਦੇ ਹਨ। ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਸ਼ੋਅ ਵਿਚ ਇਕ ਪਾਤਰ ਤੋਂ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਬਾਰੇ ਕੀ ਜਾਣਦੇ ਹੋ ਤਾਂ ਉਸ ਦਾ ਜਵਾਬ ਸੀ ਕਿ 'ਪੰਜਾਬ ਇਕ ਅਜਿਹਾ ਰਾਜ ਹੈ ਜੋ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ ਹੈ' ਬੇਸ਼ੱਕ ਉਸ ਦੇ ਜਵਾਬ ਨੇ ਉਥੇ ਬੈਠੇ ਲੋਕਾਂ ਨੂੰ ਹਸਾ ਦਿੱਤਾ ਪਰ ਉਹ ਮਜ਼ਾਕ ਵਿਚ ਬਹੁਤ ਕੌੜੀ ਸਚਾਈ ਬੋਲ ਗਿਆ। ਜੇਕਰ ਨੌਜਵਾਨਾਂ ਦਾ ਰੁਝਾਨ ਇਸ ਤਰ੍ਹਾਂ ਦਾ ਹੀ ਵਿਦੇਸ਼ਾਂ ਵੱਲ ਵਧਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਕੇਵਲ ਬਜ਼ੁਰਗਾਂ ਦਾ ਰਾਜ ਰਹਿ ਜਾਵੇਗਾ। ਸੋ, ਇਸ ਗੰਭੀਰ ਮੁੱਦੇ 'ਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨ ਆਪਣੇ ਹੀ ਦੇਸ਼ ਵਿਚ ਰਹਿ ਕੇ ਇਸ ਦੀ ਤਰੱਕੀ ਲਈ ਕੁਝ ਯੋਗਦਾਨ ਪਾ ਸਕਣ।


-ਸਿਫ਼ਤੀ ਸੋਢੀ, ਫ਼ਰੀਦਕੋਟ।

08-08-2019

 ਸਮਾਜ ਵਿਚਲੀਆਂ ਸਮੱਸਿਆਵਾਂ
ਅੱਜਕਲ੍ਹ ਸਮਾਜ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਨਸ਼ੇ, ਅਨੇਕਾਂ ਭਿਆਨਕ ਬਿਮਾਰੀਆਂ, ਸੜਕ ਹਾਦਸੇ ਆਦਿ। ਇਸੇ ਤਰ੍ਹਾਂ ਅੱਜਕਲ੍ਹ ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ ਦੀ ਸਮੱਸਿਆ ਵੀ ਮਨੁੱਖ ਨੂੰ ਰੋਗਾਂ ਦੀ ਤਰ੍ਹਾਂ ਹੀ ਚਿੰਬੜ ਗਈ ਹੈ। ਕਿਉਂਕਿ ਇਹ ਸਮੱਸਿਆ ਫਿਲਹਾਲ ਲਾਇਲਾਜ ਹੀ ਬਣੀ ਹੋਈ ਹੈ। ਕਦੇ ਸਮਾਂ ਸੀ ਜਦ ਸਰਕਾਰਾਂ ਅਤੇ ਪ੍ਰਸ਼ਾਸਨ ਅਵਾਰਾ ਕੁੱਤਿਆਂ 'ਤੇ ਨਜ਼ਰ ਰੱਖਦੇ ਸਨ ਪਰ ਕਾਫੀ ਲੰਮੇ ਸਮੇਂ ਤੋਂ ਅਜਿਹਾ ਨਹੀਂ ਹੈ, ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਅਵਾਰਾ ਜਾਨਵਰ ਸੜਕਾਂ 'ਤੇ ਅਕਸਰ ਵੇਖੇ ਜਾ ਰਹੇ ਹਨ। ਰੋਜ਼ ਅਖ਼ਬਾਰਾਂ ਵਿਚ 2-4 ਖ਼ਬਰਾਂ ਅਜਿਹੀਆਂ ਪੜ੍ਹਨ ਨੂੰ ਮਿਲਦੀਆਂ ਹਨ। ਅਵਾਰਾ ਪਸ਼ੂ ਸੜਕਾਂ ਵਿਚਕਾਰ ਬੈਠੇ ਹੁੰਦੇ ਹਨ ਜਾਂ ਆਪਸ ਵਿਚ ਭਿੜ ਰਹੇ ਹੁੰਦੇ ਹਨ। ਆਵਾਜਾਈ ਦੋਵਾਂ ਪਾਸਿਓਂ ਰੁਕੀ ਹੁੰਦੀ ਹੈ। ਇਸ ਸਮੱਸਿਆ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ। ਜੇ ਹੈ ਵੀ ਤਾਂ ਇਹ ਸਮੱਸਿਆ ਨੂੰ ਹੱਲ ਕਰਨਾ ਅਜੇ ਨਿਟਕ ਭਵਿੱਖ ਵਿਚ ਦਿਸਦਾ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਜੰਗਲੀ ਸੂਰਾਂ ਦੀ ਵਧਦੀ ਧੜਾਧੜ ਗਿਣਤੀ ਕਿਸਾਨਾਂ ਦੀਆਂ ਫ਼ਸਲਾਂ ਵੀ ਬਰਬਾਦ ਕਰ ਰਹੀ ਹੈ। ਇਹੋ ਜਿਹੀਆਂ ਸਮੱਸਿਆਵਾਂ ਨਾਲ ਕਦੋਂ ਤੱਕ ਸਮਾਜ ਜੂਝੇਗਾ, ਕੋਈ ਸਮਾਂ ਤੈਅ ਨਹੀਂ। ਕੋਈ ਬਦਲਵਾਂ ਤਰੀਕਾ ਵੀ ਫਿਲਹਾਲ ਕਿਧਰੇ ਵਿਚਾਰਿਆ ਨਹੀਂ ਜਾ ਰਿਹਾ।


-ਮਾ: ਦੇਵਰਾਜ ਖੁੰਡਾ, ਗੁਰਦਾਸਪੁਰ।


ਭਾਰੀ ਬਾਰਿਸ਼
ਪਿੱਛੇ ਜਿਹੇ ਪੰਜਾਬ 'ਚ ਭਾਰੀ ਮੀਂਹ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪਟਿਆਲੇ ਅਤੇ ਸੰਗਰੂਰ 'ਚ ਘੱਗਰ ਨੇ ਕਹਿਰ ਢਾਹਿਆ। ਹਜ਼ਾਰਾਂ ਏਕੜ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ। ਪਟਿਆਲੇ ਦੇ ਸਮਾਣੇ ਤੇ ਪਾਤੜਾਂ ਅਤੇ ਸੰਗਰੂਰ ਦੇ ਖਨੌਰੀ ਅਤੇ ਮੂਣਕ ਇਲਾਕੇ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਤੋਂ ਪ੍ਰੇਸ਼ਾਨ ਸਨ, ਉਤੋਂ ਇਹ ਕੁਦਰਤ ਦੀ ਕਰੋਪੀ। ਹੁਣ ਜ਼ਰੂਰਤ ਹੈ ਕਿਸਾਨਾਂ ਦੀਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਾ ਕੇ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਹੜ੍ਹ ਪੀੜਤਾਂ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰੀਏ ਅਤੇ ਉਨ੍ਹਾਂ ਲਈ ਲੰਗਰ ਆਦਿ ਦੀ ਵਿਵਸਥਾ ਕੀਤੀ ਜਾਵੇ।


-ਸੁਖਚੈਨ ਸਿੰਘ ਢਿੱਲੋਂ, ਫਾਜ਼ਿਲਕਾ।


ਸੋਸ਼ਲ ਮੀਡੀਏ ਦਾ ਉਸਾਰੂ ਪੱਖ
ਜਿਥੇ ਕਿਤੇ ਚਾਰ ਬੰਦੇ ਇਕੱਠੇ ਹੁੰਦੇ ਹਨ ਤਾਂ ਅਸੀਂ ਅਕਸਰ ਹੀ ਸੋਸ਼ਲ ਮੀਡੀਏ ਦੀ ਆਲੋਚਨਾ ਹੁੰਦੀ ਸੁਣਦੇ ਹਾਂ। ਜਿਵੇਂ ਕਹਿੰਦੇ ਹਨ ਕਿ ਸਿੱਕੇ ਦੇ ਦੋ ਪਾਸੇ ਹੁੰਦੇ ਹਨ, ਇਸ ਤਰ੍ਹਾਂ ਸੋਸ਼ਲ ਮੀਡੀਏ ਦੇ ਬਹੁਤ ਸਾਰੇ ਫਾਇਦੇ ਵੀ ਹਨ। ਪਰ ਸੋਸ਼ਲ ਮੀਡੀਏ ਦੇ ਉਸਾਰੂ ਪੱਖ ਦੀ ਗੱਲ ਬਹੁਤ ਘੱਟ ਹੁੰਦੀ ਹੈ। ਅੱਜਕਲ੍ਹ ਹਰ ਬੰਦੇ ਦੀ ਜੇਬ ਵਿਚ ਟੱਚ ਮੋਬਾਈਲ ਫੋਨ ਹੈ। ਸਫ਼ਰ ਦੌਰਾਨ ਕਿਤੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਤੁਰੰਤ ਉਸ ਦੀ ਤਸਵੀਰ ਜਾਂ ਵੀਡੀਓ ਵਾਇਰਲ ਹੋ ਜਾਂਦੀ ਹੈ। ਇਸ ਤਰ੍ਹਾਂ ਪੀੜਤਾਂ ਦੇ ਵਾਰਸ ਛੇਤੀ ਤੋਂ ਛੇਤੀ ਦੁਰਘਟਨਾ ਸਥਾਨ ਜਾਂ ਹਸਪਤਾਲ ਪਹੁੰਚ ਜਾਂਦੇ ਹਨ ਅਤੇ ਕੀਮਤੀ ਜਾਨਾਂ ਬਚ ਜਾਂਦੀਆਂ ਹਨ। ਕਈ ਵਾਰ ਗੁੰਮ ਹੋਏ ਕੀਮਤੀ ਦਸਤਾਵੇਜ਼ ਸੋਸ਼ਲ ਮੀਡੀਏ ਦੇ ਜ਼ਰੀਏ ਅਸਲ ਵਾਰਸਾਂ ਤੱਕ ਪਹੁੰਚ ਜਾਂਦੇ ਹਨ। ਅੱਜਕਲ੍ਹ ਬਹੁਤ ਸਾਰੀਆਂ ਸੰਸਥਾਵਾਂ/ਵਿਅਕਤੀ ਅਸਮਰੱਥ ਮਰੀਜ਼ਾਂ ਦਾ ਇਲਾਜ ਕਰਵਾਉਣ ਵਿਚ ਲੱਗੇ ਹੋਏ ਹਨ। ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਮਰੀਜ਼ਾਂ ਦੀ ਆਵਾਜ਼ ਦਾਨੀ ਸੱਜਣਾਂ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਕਿ ਦਹਾਕਿਆਂ ਤੋਂ ਵਿਛੜੇ ਭੈਣ-ਭਰਾ ਫੇਸਬੁੱਕ ਨੇ ਮਿਲਾ ਦਿੱਤੇ। ਆਪੋ-ਆਪਣੇ ਵਿਚਾਰ ਸਾਂਝੇ ਕਰਨ ਲਈ ਸੋਸ਼ਲ ਮੀਡੀਆ ਇਕ ਉੱਤਮ ਜਰੀਆ ਹੈ। ਸੋਸ਼ਲ ਮੀਡੀਏ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਦੁਨੀਆ ਭਰ ਦੀ ਜਾਣਕਾਰੀ ਘਰ ਬੈਠੇ, ਹੀ ਪ੍ਰਾਪਤ ਕਰ ਸਕਦੇ ਹਾਂ। ਸੋ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵਿਗਿਆਨ ਵਲੋਂ ਦਿੱਤੀ ਹੋਈ ਇਸ ਸੌਗਾਤ ਦਾ ਸਦਉਪਯੋਗ ਕਰ ਕੇ ਵੱਧ ਤੋਂ ਵੱਧ ਫਾਇਦਾ ਉਠਾਈਏ।


-ਜਸਵੀਰ ਸਿੰਘ ਭਲੂਰੀਆ


ਕਾਹਲੀ ਅੱਗੇ ਟੋਏ
ਇਸ ਤੇਜ਼ ਤਰਾਰ ਜ਼ਿੰਦਗੀ ਵਿਚ ਹਰ ਇਕ ਬੰਦਾ ਆਪਣੇ ਕੰਮ ਵਿਚ ਜਲਦਬਾਜ਼ੀ ਦਿਖਾ ਰਿਹਾ ਹੈ। ਇਸ ਕਾਹਲ ਵਿਚ ਕੀਤਾ ਕੰਮ ਸਿਰੇ ਘੱਟ ਚੜ੍ਹਦਾ ਹੈ, ਵਿਗੜਦਾ ਜ਼ਿਆਦਾ ਜਾਂਦਾ ਹੈ। ਜਦੋਂ ਅਸੀਂ ਕੋਈ ਵੀ ਕੰਮ ਸਮੇਂ 'ਤੇ ਨਹੀਂ ਕਰਦੇ ਤਾਂ ਉਹ ਕੰਮ ਇਕੱਠਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸਾਡਾ ਦਿਮਾਗ ਅਸੰਤੁਲਿਤ ਹੋ ਜਾਂਦਾ ਹੈ। ਅਸੀਂ ਪ੍ਰੇਸ਼ਾਨ ਹੋਣ ਲੱਗ ਪੈਂਦੇ ਹਾਂ। ਫਿਰ ਅਸੀਂ ਜੋ ਆਪਣੇ ਕੰਮ ਵਿਚ ਕਾਹਲ ਕਰਦੇ ਹਾਂ ਉਸ ਦਾ ਸਿੱਟਾ ਕਦੇ ਵੀ ਸਾਰਥਿਕ ਨਹੀਂ ਹੁੰਦਾ। ਇਕ ਪੁਰਾਣੀ ਕਹਾਵਤ ਹੈ 'ਕਾਹਲੀ ਅੱਗੇ ਟੋਏ ਕਾਹਲੇ ਕੰਮ ਕਦੇ ਨਾ ਹੋਏ', ਕਾਹਲੀ ਨਾਲ ਕੀਤਾ ਗਿਆ ਕੰਮ ਖਤਮ ਤਾਂ ਹੋ ਜਾਂਦਾ ਹੈ ਪਰ ਪਿੱਛੇ ਕਈ ਘਾਟਾਂ ਰਹਿ ਜਾਂਦੀਆਂ ਹਨ। ਉਨ੍ਹਾਂ ਘਾਟਾਂ ਨੂੰ ਪੂਰਾ ਕਰਨ ਲਈ ਅਸੀਂ ਸਦੀਵੀ ਉਲਝੇ ਰਹਿੰਦੇ ਹਾਂ। ਸਿੱਟਾ ਇਹ ਨਿਕਲਦਾ ਹੈ ਕਿ ਪ੍ਰੇਸ਼ਾਨੀ ਦਾ ਸਬੱਬ ਸਾਡੇ ਲਈ ਸਦਾ ਬਣਿਆ ਹੀ ਰਹਿੰਦਾ ਹੈ। ਕਾਹਲੀ ਨਾਲ ਕੰਮ ਕਰਦੇ ਵਿਅਕਤੀ ਲਈ ਮੇਰਾ ਸੁਝਾਅ ਹੈ ਕਿ ਉਹ ਆਪਣੇ ਵਿਚਾਰ, ਵਿਹਾਰ ਅਤੇ ਕੰਮ ਵਿਚ ਸਹਿਜਤਾ ਲਿਆਵੇ। ਕੰਮ ਨੂੰ ਸਮੇਂ ਸਿਰ ਇਕ ਚੰਗੀ ਵਿਉਂਤ ਨਾਲ ਸ਼ੁਰੂ ਕਰੇ ਅਤੇ ਉਹ ਕੋਸ਼ਿਸ਼ ਕਰੇ ਕਿ ਕੰਮ ਲੋੜੀਂਦੇ ਸਮੇਂ ਦੇ ਅੰਦਰ-ਅੰਦਰ ਖਤਮ ਹੋ ਜਾਵੇ। ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਨਜਿੱਠਣ ਲਈ ਉਹ ਆਪਣੇ ਸੀਨੀਅਰ ਤੋਂ ਵੀ ਸਲਾਹ ਲੈ ਸਕਦਾ ਹੈ।


-ਨਵਦੀਪ ਸਿੰਘ ਭਾਟੀਆ (ਖਰੜ)।


ਬੂਟਿਆਂ ਦੀ ਸੁਰੱਖਿਆ
ਪ੍ਰੋ: ਬਸੰਤ ਸਿੰਘ ਬਰਾੜ ਦਾ ਲੇਖ 'ਚੰਡੀਗੜ੍ਹ ਦੇ ਦੋ ਦਰੱਖਤ' ਪੜ੍ਹਿਆ। ਲੇਖਕ ਨੇ ਹਰ ਸਾਲ ਮਨਾਏ ਜਾਂਦੇ ਵਣ-ਉਤਸਵ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਜੇ ਸਚਮੁੱਚ ਹੀ ਲਗਾਏ ਬੂਟਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਹੁਣ ਤੱਕ ਪੰਜਾਬ ਇਕ ਜੰਗਲ ਬਣ ਗਿਆ ਹੁੰਦਾ। ਬੂਟਿਆਂ ਨੂੰ ਭੇਡਾਂ ਤੇ ਬੱਕਰੀਆਂ ਤੋਂ ਬਚਾਉਣਾ ਵੱਡੀ ਚੁਣੌਤੀ ਹੈ। ਇਸ ਸਮੇਂ ਮੁਹਾਲੀ ਵਿਚ ਜੋ ਬੂਟੇ ਲਗਾਏ ਜਾ ਰਹੇ ਹਨ, ਉਹ ਏਨੇ ਕੱਚੇ ਹੁੰਦੇ ਹਨ ਕਿ ਮੀਂਹ ਹਨੇਰੀ ਵਿਚ ਸੜਕਾਂ 'ਤੇ ਡਿੱਗ ਕੇ ਜਾਨੀ ਤੇ ਮਾਲੀ ਨੁਕਸਾਨ ਕਰ ਰਹੇ ਹਨ। ਵਣ ਵਿਭਾਗ ਨੂੰ ਚਾਹੀਦਾ ਹੈ ਕਿ ਟਾਹਲੀ, ਨਿੰਮ, ਸ਼ਹਿਤੂਤ ਵਰਗੇ ਜਾਣਦਾਰ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕੇ।


-ਦਲੀਪ ਸਿੰਘ ਜੁਨੇਜਾ, 593, ਫੇਜ਼-2, ਮੁਹਾਲੀ।

07-08-2019

 ਛੁੱਟੀ ਸਮੇਂ ਦਾ ਪ੍ਰਬੰਧ
ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਬਹੁਤ ਸਾਰੇ ਨਿਆਣੇ ਬੱਸ ਵਿਚ ਘਰ ਜਾਂਦੇ ਹਨ ਤੇ ਕਈਆਂ ਨੂੰ ਤਾਂ ਖ਼ੁਦ ਘਰ ਦੇ ਲੈਣ ਲਈ ਆਉਂਦੇ ਹਨ ਪਰ ਛੁੱਟੀ ਸਮੇਂ ਸਕੂਲਾਂ ਦੇ ਬਾਹਰਲਾ ਹਾਲ ਵੇਖਣ ਵਾਲਾ ਹੁੰਦਾ ਹੈ। ਬੱਚਿਆਂ ਨੂੰ ਲੈਣ ਆਏ ਮਾਪਿਆਂ ਦਾ, ਬੱਸਾਂ ਦਾ, ਗੱਡੀਆਂ ਖੜ੍ਹਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੁੰਦਾ। ਵਿਚ ਹੀ ਮਾਪੇ ਖੜ੍ਹੇ ਹੁੰਦੇ ਹਨ, ਵਿਚੇ ਹੀ ਵਾਹਨ ਚਾਲਕ ਹੁੰਦੇ ਹਨ ਤੇ ਵਿਚੇ ਹੀ ਉਹ ਨਿੱਕੀ ਜਾਨ ਆਪਣੀ ਬੱਸ, ਬੱਗੀ ਜਾਂ ਮਾਪਿਆਂ ਨੂੰ ਉਡੀਕ ਰਹੇ ਹੁੰਦੇ ਹਨ।
ਇਸੇ ਕਾਰਨ ਤਾਂ ਅਸੀਂ ਰੋਜ਼ ਬੱਚਿਆਂ ਦੀਆਂ ਮਰਨ ਦੀਆਂ ਖ਼ਬਰਾਂ ਸੁਣਦੇ ਹਾਂ ਕਿ ਬੱਸ ਨੇ ਬੱਚਾ ਕੁਚਲ ਦਿੱਤਾ। ਅਜਿਹੀ ਹੀ ਘਟਨਾ ਜਲੰਧਰ ਵਿਚ ਵਾਪਰੀ, ਜਿਥੇ ਸਕੂਲ ਦੀ ਹੀ ਬੱਸ ਨੇ ਸਕੂਲ ਦਾ ਬੱਚਾ ਹੀ ਕੁਚਲ ਦਿੱਤਾ। ਇਸ ਤੋਂ ਪਤਾ ਲਗਦਾ ਹੈ ਕਿ ਸਕੂਲ ਵਾਲਿਆਂ ਨੇ ਛੁੱਟੀ ਸਮੇਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਇਹ ਹਾਲ ਸਿਰਫ ਕਿਸੇ ਇਕ ਸਕੂਲ ਦਾ ਨਹੀਂ, ਜਦ ਕਿ ਹਰ ਇਕ ਸਕੂਲ ਦਾ ਹੈ। ਤੁਸੀਂ ਸ਼ਹਿਰ ਵਿਚ ਸਕੂਲਾਂ ਦੇ ਬਾਹਰ ਤਕਰੀਬਨ ਛੁੱਟੀ ਵੇਲੇ ਵੇਖ ਲਵੋ। ਇੰਜ ਹਾਲ ਹੁੰਦਾ ਹੈ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੈ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਤੇ ਸਕੂਲ ਵਾਲਿਆਂ ਨੂੰ ਇਸ 'ਤੇ ਕੁਝ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੂੰ ਇਹ ਖਾਸਾ ਧਿਆਨ ਰੱਖਣਾ ਚਾਹੀਦਾ ਹੈ ਕਿ ਛੁੱਟੀ ਸਮੇਂ ਗੇਟ ਦੇ ਬਾਹਰ ਬੱਸ ਨਾ ਆਵੇ ਜਾਂ ਮਾਪਿਆਂ ਦੇ ਵਾਹਨਾਂ ਕਾਰਨ ਮੇਨ ਸੜਕ 'ਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।


-ਜਾਨਵੀ ਬਿੱਠਲ।


ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝੋ
ਪੰਜਾਬ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਵਿਚ ਫ਼ਰਦ ਕੇਂਦਰ ਖੋਲ੍ਹ ਕੇ ਲੋਕਾਂ ਨੂੰ ਚੰਗੀ ਸਹੂਲਤ ਦਿੱਤੀ ਹੈ, ਇਸ ਦੀ ਤਾਰੀਫ਼ ਬਣਦੀ ਹੈ ਪਰ ਜੋ ਇਨ੍ਹਾਂ ਫ਼ਰਦ ਕੇਂਦਰ ਵਿਚ ਮੁਲਾਜ਼ਮ ਕੰਮ ਕਰ ਰਹੇ ਹਨ, ਉਨ੍ਹਾਂ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ। ਕਿਉਂਕਿ ਕੰਮ ਦੇ ਹਿਸਾਬ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਬਹੁਤ ਘੱਟ ਦਿੱਤੀ ਜਾ ਰਹੀ ਹੈ। ਇਸ ਫ਼ਰਦ ਕੇਂਦਰ ਵਿਚ ਮੁਲਾਜ਼ਮ ਕੰਮ ਕਰਨ ਵਾਲਿਆਂ ਨੂੰ ਚਾਹ-ਰੋਟੀ ਖਾਣ ਦਾ ਵੀ ਸਮਾਂ ਮਸਾਂ ਮਿਲਦਾ ਹੈ।
ਏਨਾ ਕੰਮ ਦਾ ਬੋਝ ਹੁੰਦਾ ਹੈ ਪਰ ਮੌਜੂਦਾ ਸਰਕਾਰ ਮੁਲਾਜ਼ਮਾਂ ਨੂੰ ਤਨਖਾਹ ਸਿਰਫ 6200 ਰੁਪਏ ਦਿੰਦੀ ਹੈ, ਜਿਸ ਨਾਲ ਮੁਲਾਜ਼ਮ ਦੇ ਘਰ ਦਾ ਗੁਜ਼ਾਰਾ ਵੀ ਏਨੇ ਪੈਸਿਆਂ ਨਾਲ ਮਸਾਂ ਹੁੰਦਾ ਹੈ। ਏਨੀ ਮਹਿੰਗਾਈ ਦੇ ਯੁੱਗ ਵਿਚ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੈ। ਇਕ ਪਾਸੇ ਤਾਂ ਸੂਬਾ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਲੱਖਾਂ ਰੁਪਏ ਤਨਖਾਹ ਦੇ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਸਰਾਸਰ ਵਿਤਕਰਾ ਕਰ ਰਹੀ ਹੈ। ਇਸ ਕਰਕੇ ਮੌਜੂਦਾ ਕੈਪਟਨ ਸਰਕਾਰ ਨੂੰ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤਨਖਾਹਾਂ ਵਿਚ ਜ਼ਰੂਰ ਵਾਧਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਮੁਲਾਜ਼ਮ ਆਪਣੀ ਤਨਖਾਹ ਨਾਲ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਚਲਾ ਸਕਣ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

06-08-2019

 ਚੰਦਰਯਾਨ ਮਿਸ਼ਨ-2
ਸ੍ਰੀਹਰੀਕੋਟਾ ਵਿਚ ਚੰਦਰਯਾਨ-2 ਲਾਂਚ ਹੋਇਆ। ਪੁਲਾੜ ਵਿਚ ਭਾਰਤੀ ਵਿਗਿਆਨੀਆਂ ਨੇ ਰਚਿਆ ਨਵਾਂ ਇਤਿਹਾਸ। ਈਸਰੋ ਨੂੰ ਚੰਦਰਮਾ 'ਤੇ ਨਵੀਂ ਖੋਜ ਲਈ ਭਾਰਤੀ ਵਿਗਿਆਨੀਆਂ ਨੂੰ ਪ੍ਰਧਾਨ ਮੰਤਰੀ, ਰਾਜਨੇਤਾਵਾਂ ਤੇ ਦੇਸ਼ ਵਾਸੀਆਂ ਵਲੋਂ ਪੁਲਾੜ ਵਿਚ ਪਲਾਂਘ ਪੁੱਟਣ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਪੁਲਾੜ ਵਿਚ ਜਾਣ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ ਹੈ। ਇਸ ਲਈ ਸਾਡੇ ਵਿਗਿਆਨੀ ਵਧਾਈ ਦੇ ਪਾਤਰ ਹਨ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਨੇ ਫ਼ਤਹਿ ਹਾਸਲ ਕੀਤੀ ਹੈ। ਇਹ ਚੰਦਰਮਾ 'ਤੇ 48 ਦਿਨਾਂ ਵਿਚ 6 ਸਤੰਬਰ ਨੂੰ ਪਹੁੰਚੇਗਾ। ਚੰਦਰਮਾ ਦਾ ਨਕਸ਼ਾ, ਭੁਚਾਲਾਂ ਅਤੇ ਖਣਿਜ ਪਦਾਰਥਾਂ ਦਾ ਅਧਿਐਨ ਕਰੇਗਾ। ਚੰਦ ਦੇ ਵਾਤਾਵਰਨ ਦੀ ਰਿਪੋਰਟ, ਮਿੱਟੀ ਦੀ ਜਾਂਚ ਕਰੇਗਾ।
ਅੱਗੇ ਦਿਨਾਂ ਤੱਕ ਜ਼ਰੂਰੀ ਟੈਸਟ ਹੁੰਦੇ ਰਹਿਣਗੇ। ਸਖ਼ਤ ਮਿਹਨਤ ਨਾਲ ਲਾਂਚ ਕੀਤਾ ਗਿਆ। ਸਭ ਤੋਂ ਪਹਿਲੇ ਮਿਸ਼ਨ 2 ਨੂੰ ਸਿਖ਼ਰਾਂ ਤੱਕ ਪਹੁੰਚਾਇਆ ਜਾਵੇਗਾ। ਮਾਨਵ ਨੂੰ ਚੰਨ 'ਤੇ ਉਤਾਰੇਗਾ। ਹੁਣ ਭਾਰਤ ਪੂਰੀ ਦੁਨੀਆ ਵਿਚ ਆਪਣੀ ਧਾਂਕ ਜਮਾ ਸਕਦਾ ਹੈ। ਪੂਰੇ ਭਾਰਤ ਵਾਸੀਆਂ ਵਲੋਂ ਵਿਗਿਆਨੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ 'ਤੇ ਮਾਣ ਹੈ, ਇਸ ਲਈ ਪੂਰੀ ਟੀਮ ਸਲੂਟ ਦੀ ਹੱਕਦਾਰ ਹੈ।

-ਗੁਰਮੀਤ ਸਿੰਘ ਵੇਰਕਾ।

ਆਓ, ਰੁੱਖ ਲਾਈਏ, ਸੁੱਖ ਪਾਈਏ
ਅਸੀਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਬੜੇ ਜ਼ੋਰ-ਸੋਰ ਨਾਲ ਕਰ ਰਹੇ ਹਾਂ। ਆਓ ਆਪਾਂ ਵੀ ਇਸ ਦਿਵਸ ਵਿਚ ਆਪਣਾ ਯੋਗਦਾਨ ਇਕ-ਇਕ ਰੁੱਖ ਲਾ ਕੇ ਪਾਈਏ ਕਿਉਂਕਿ ਇਸ ਪ੍ਰਦੂਸ਼ਣ ਵਾਲੇ ਵਾਤਾਵਰਨ ਵਿਚ ਆਕਸੀਜਨ ਦੀ ਬਹੁਤ ਕਮੀ ਆ ਰਹੀ ਹੈ, ਹਰ ਤੀਜਾ ਵਿਅਕਤੀ ਘੁਟਣ ਮਹਿਸੂਸ ਕਰ ਰਿਹਾ ਹੈ। ਦਰੱਖਤਾਂ ਦੀ ਘਾਟ ਸਾਨੂੰ ਅਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀ ਹੈ।
ਅੱਜ ਪੁਰਾਣੀਆਂ ਬਣੀਆਂ ਸੜਕਾਂ 'ਤੇ ਲੱਗੇ ਵੱਡੇ-ਵੱਡੇ ਰੁੱਖ ਵੱਢ ਕੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਦਿਨ-ਬ-ਦਿਨ ਵਧ ਰਹੀ ਤਪਸ਼ ਇਸ ਗੱਲ ਦੀ ਉਦਾਹਰਨ ਹੈ। ਭਾਵੇਂ ਹਰ ਸਾਲ ਲੱਖਾਂ-ਕਰੋੜਾਂ ਬੂਟੇ ਸਰਕਾਰ ਜਾਂ ਕਈ ਨਾਮਵਾਰ ਸੰਸਥਾਵਾਂ ਵਲੋਂ ਪਿੰਡਾਂ, ਸ਼ਹਿਰਾਂ, ਸੜਕਾਂ 'ਤੇ ਲਗਵਾਏ ਤਾਂ ਜਾਂਦੇ ਹਨ, ਪਰ ਇਨ੍ਹਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ। ਇਹ ਫੋਟੋਆਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਇਨ੍ਹਾਂ ਨੂੰ ਪਾਲਿਆ-ਪੋਸਿਆ ਨਹੀਂ ਜਾਂਦਾ। ਮੈਨੂੰ ਲਗਦਾ ਕਿ ਬੂਟੇ ਲਗਾਉਣ ਨਾਲੋਂ ਜ਼ਿਆਦਾ ਸਾਂਭਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਕ ਨਾਗਰਿਕ ਦੇ ਤੌਰ 'ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖਾਂ ਦੀ ਸੰਭਾਲ ਕਰੀਏ,ਜੋ ਸਾਡੀ ਜ਼ਿੰਦਗੀ ਦਾ ਹਿੱਸਾ ਹਨ।
ਆਓ ਸਾਰੇ ਇਕ ਪਲੇਟਫਾਰਮ 'ਤੇ ਇਕੱਠੇ ਹੋਈਏ, ਇਕ-ਇਕ ਰੁੱਖ ਲਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰੀਏ, ਆਪ ਸੁਖੀ ਅਤੇ ਸੰਸਾਰ ਸੁੱਖੀ ਬਣਾਈਏ। ਆਓ ਆਪਾਂ ਸਾਰੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਸਕੇ ਸਾਬੰਧੀਆਂ ਨੂੰ ਬੂਟਿਆਂ ਦੇ ਗਿਫਟ ਦੇਈਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਵਿਚ ਯੋਗਦਾਨ ਪਾ ਕੇ ਫ਼ਰਜ਼ ਨਿਭਾਈਏ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।

ਪੌਣ-ਪਾਣੀ ਦਾ ਅਸਰ
ਪਿਛਲੇ ਦਿਨੀਂ ਦੋਸਤਾਂ ਸੰਗ ਪਰਬਤੀ ਖੇਤਰ ਮੰਡੀ, ਕੁੱਲੂ ਅਤੇ ਮਨਾਲੀ ਜਾਣ ਦਾ ਸਬੱਬ ਬਣਿਆ। ਪਹਾੜਾਂ ਦੀ ਆਬੋ-ਹਵਾ ਵਾਕਾਈ ਧੁਰ ਅੰਦਰ ਤੱਕ ਸਕੂਨ ਨਾਲ ਭਰ ਦੇਣੀ ਵਾਲੀ ਹੁੰਦੀ ਹੈ। ਹਰਿਆਲੀ ਨਾਲ ਲਥਪਥ ਵਾਦੀਆਂ ਵਿਚ ਚੈਨ ਦਾ ਸਾਹ ਭਲਾਂ ਕੌਣ ਨਹੀਂ ਲੈਣਾ ਚਾਹੁੰਦਾ ਜਿੱਥੇ ਮੌਸਮ ਦਾ ਮਿਜ਼ਾਜ਼ ਵੀ ਦਿਲ ਵਿਚ ਤਰੰਗਾਂ ਛੇੜਨ ਵਾਲਾ ਹੋਵੇ। ਪਰਬਤੀ ਪ੍ਰਦੇਸ਼ ਦੀ ਸੈਰ ਕਰਦਿਆਂ ਇਕ ਗੱਲ ਵਾਰ-ਵਾਰ ਜ਼ਹਿਨ ਵਿਚ ਆ ਰਹੀ ਸੀ ਕਿ ਸਵੱਛ ਪੌਣ-ਪਾਣੀ ਸਾਡੀ ਸਰੀਰਕ ਅਰੋਗਤਾ ਦਾ ਮੂਲ ਆਧਾਰ ਹੈ।
ਪਹਾੜਾਂ ਦੇ ਸ਼ਹਿਰ, ਬਾਜ਼ਾਰਾਂ ਵਿਚੋਂ ਗੁਜ਼ਰਦਿਆਂ ਕੋਈ ਟਾਵਾਂ ਹੀ ਮੈਡੀਕਲ ਸਟੋਰ ਜਾਂ ਹਸਪਤਾਲ ਨਜ਼ਰੀਂ ਪਿਆ। ਇਸ ਗੱਲ ਤੋਂ ਪਹਾੜੀ ਲੋਕਾਂ ਦੇ ਸਿਹਤਮੰਦ ਹੋਣ ਦਾ ਪ੍ਰਮਾਣ ਮਿਲਦਾ ਹੈ। ਪੰਜਾਬ ਵਿਚ ਪੈਰ-ਪੈਰ ਤੇ ਖੁੱਲ੍ਹੇ ਮੈਡੀਕਲ ਸਟੋਰ ਅਤੇ ਹਸਪਤਾਲ ਸਾਡੀ ਬਿਮਾਰ ਲੋਕਾਈ ਦਾ ਨਤੀਜਾ ਹਨ। ਜਿੰਨੀ ਗਿਣਤੀ ਵਿਚ ਪੰਜਾਬ ਵਿਚ ਮੈਡੀਕਲ ਕੇਂਦਰ ਹਨ, ਹਿਮਾਚਲ ਵਿਚ ਸ਼ਾਇਦ ਓਨੇ ਹੀ ਹੋਟਲ ਹਨ। ਸੋ ਇਸ ਤੋਂ ਭਲੀ-ਭਾਂਤ ਪਤਾ ਚਲਦਾ ਹੈ ਕਿ ਜਿੱਥੇ ਜਿਹੜੀ ਚੀਜ਼ ਦੀ ਜ਼ਿਆਦਾ ਲੋੜ ਹੋਵੇਗੀ ਉੱਥੇ ਉਸ ਦੀ ਉਪਲਬਧੀ ਵੀ ਜ਼ਿਆਦਾ ਹੋਵੇਗੀ। ਹਿਮਾਚਲ ਵਿਚ ਅਜਿਹਾ ਹੋਣ ਦਾ ਸਭ ਤੋਂ ਵੱਡਾ ਕਾਰਨ ਸਵੱਛ ਪੌਣ-ਪਾਣੀ ਹੈ ਜੋ ਪੰਜਾਬ ਵਿਚ ਬਹੁਤ ਗੰਧਲਾ ਹੋ ਚੁੱਕਾ ਹੈ। ਹਿਮਾਚਲ ਨੇ ਸਿਹਤਯਾਬੀ ਦਾ ਬਹੁਤ ਵੱਡਾ ਸਰੋਤ ਸਵੱਛ ਪੌਣ-ਪਾਣੀ ਅਤੇ ਹਰਿਆਲੀ ਸੰਭਾਲ ਕੇ ਰੱਖਿਆ ਹੋਇਆ ਹੈ ਜਦ ਕਿ ਪੰਜਾਬ ਆਪਣਾ ਇਹ ਸਰੋਤ ਨਿਤ-ਦਿਨ ਗੁਆ ਰਿਹਾ ਹੈ।

-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।

ਬੁੱਢਾ ਹੋ ਰਿਹਾ ਪੰਜਾਬ
ਜਦੋਂ ਸਰਕਾਰ ਨੇ ਬੁਢਾਪਾ ਪੈਨਸ਼ਨ ਲਾਗੂ ਕੀਤੀ ਤਾਂ ਪੈਨਸ਼ਨ ਦੇ ਲਾਲਚ ਲਈ ਕਈ ਗੱਭਰੂ ਵੀ ਬੁੱਢੇ ਬਣ ਗਏ ਅਤੇ ਕਈ ਥਾਈਂ ਪੰਜਾਬ ਦੇ ਭਲਵਾਨ ਚਿੱਟੇ ਨੇ ਢਾਹੇ, ਮਾਲਵੇ ਦੇ ਕੁਝ ਕੁ ਇਲਾਕੇ ਵਿਚ ਨਿਆਣਿਆਂ ਦੇ ਵੀ ਸਿਰ ਚਿੱਟੇ ਹੋ ਰਹੇ ਹਨ ਅਤੇ ਕੁਝ ਕੁ ਨੌਜਵਾਨਾਂ ਦੇ ਵਾਲ ਉਮਰਾਂ ਨਾਲ ਨਹੀਂ ਫ਼ਿਕਰ ਨਾਲ ਚਿੱਟੇ ਹੋ ਰਹੇ ਹਨ। ਰਹਿੰਦੀ-ਖੂੰਹਦੀ ਕਸਰ ਬੇਰੁਜ਼ਗਾਰੀ ਨੇ ਕੱਢ ਦਿੱਤੀ ਅਤੇ ਨੌਜਵਾਨ ਮੁੰਡੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਕੇ ਤੁਰੀ ਜਾ ਰਹੇ ਹਨ। ਕੁਝ ਸਮੇਂ ਬਾਅਦ ਪੰਜਾਬ ਵਿਚ ਸਿਰਫ ਬੁੱਢੇ ਹੀ ਰਹਿ ਜਾਣਗੇ। ਪੰਜਾਬ ਬੁੱਢਾ ਹੀ ਨਹੀਂ ਹੋ ਰਿਹਾ ਖਾਲੀ ਵੀ ਹੋ ਰਿਹਾ ਹੈ। ਪਿੰਡਾਂ 'ਚ ਸੁੰਨ ਦਾ ਪਹਿਰਾ ਹੈ। ਬਗਾਨੇ ਮੁਲਕਾਂ ਵਿਚ ਜਾਣ ਦੀ ਕੋਈ ਤੇ ਮਜਬੂਰੀ ਹੋਵੇਗੀ। ਪਰ ਜੇ ਹਵਾ ਇਹੋ ਹੀ ਰਹੀ ਤਾਂ ਪਰਵਾਸੀ ਮਜ਼ਦੂਰ ਪੰਜਾਬ ਦੇ ਵਾਰਿਸ ਹੋਣਗੇ। ਇਸ ਸਮੱਸਿਆ ਦਾ ਜੇਕਰ ਠੋਸ ਹੱਲ ਨਾ ਲੱਭਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬ ਜਲਦੀ ਬੁੱਢਾ ਹੋ ਜਾਵੇਗਾ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।

05-08-2019

ਸੋਸ਼ਲ ਮੀਡੀਆ ਬਨਾਮ ਅਫ਼ਵਾਹਾਂ
ਕੁਝ ਕੁ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਬੱਚੇ ਧੜਾਧੜ ਅਗਵਾ ਹੋ ਰਹੇ ਹਨ। ਪਰ ਸੱਚਾਈ ਕੁਝ ਹੋਰ ਹੀ ਹੈ। ਏਨੀ ਦੇਰ ਤਾਂ ਸ਼ਾਇਦ ਅਗਵਾ ਕਰਨ ਵਾਲਾ ਵੀ ਨਾ ਲਾਉਂਦਾ ਹੋਵੇ ਜਿੰਨੀ ਛੇਤੀ ਅਸੀਂ ਕਿਸੇ ਗੱਲ ਨੂੰ ਸ਼ੇਅਰ ਕਰਨ ਲੱਗੇ ਇਕ ਪਲ ਹੀ ਲਗਾਉਂਦੇ ਹਾਂ। ਪਿਛਲੇ ਦਿਨੀਂ ਬਠਿੰਡਾ ਪੁਲਿਸ ਵਲੋਂ ਗ਼ਲਤ ਅਫਵਾਹਾਂ ਫੈਲਾ ਰਹੇ ਕੁਝ ਲੋਕਾਂ ਉੱਪਰ ਪਰਚੇ ਦਰਜ ਕੀਤੇ ਗਏ ਹਨ। ਜਿਹੜੇ ਹਰੇਕ ਮੁਲਜ਼ਮ ਦੀ ਵੀਡੀਓ ਨੂੰ ਅਗਵਾਕਾਰਾਂ ਨਾਲ ਜੋੜ ਕੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਰਹੇ ਹਨ। ਅਸੀਂ ਵੀ ਬਿਨਾਂ ਕੁਝ ਸੋਚਿਆਂ ਖ਼ਬਰ ਨੂੰ ਹਵਾ ਦੇ ਦਿੰਦੇ ਹਾਂ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਕਿਸੇ ਘਟਨਾ ਨੂੰ ਬਿਨਾਂ ਸੋਚੇ-ਸਮਝੇ ਨਾ ਫੈਲਾਇਆ ਜਾਵੇ। ਉਸ ਸਮੇਂ ਤਾਂ ਸੋਸ਼ਲ ਮੀਡੀਆ ਵੀ ਨਹੀਂ ਸੀ। ਕਦੇ ਕਾਲੇ ਕੱਛਿਆਂ ਵਾਲਿਆਂ ਦੀ ਅਫਵਾਹ ਹੁੰਦੀ ਹੈ। ਇਸ ਕਰਕੇ ਸਾਨੂੰ ਅਫ਼ਵਾਹਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਆਪਣਾ ਵੀ ਦਿਮਾਗ ਵਰਤਣਾ ਚਾਹੀਦਾ ਹੈ। ਘਟਨਾਵਾਂ ਵਾਪਰਦੀਆਂ ਹਨ ਪਰ ਐਨੀਆਂ ਵੀ ਨਹੀਂ ਵਾਪਰਦੀਆਂ ਜਿੰਨਾ ਅਸੀਂ ਕਿਆਸ ਲਗਾਉਂਦੇ ਰਹਿੰਦੇ ਹਾਂ।


-ਹੀਰਾ ਸਿੰਘ ਤੂਤ
ਜ਼ਿਲ੍ਹਾ ਫਿਰੋਜ਼ਪੁਰ।


ਪੰਜਾਬ ਵਿਚ ਪਾਣੀ ਦੀ ਸਮੱਸਿਆ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਧਰਤੀ ਹੇਠਾਂ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਖਤਰੇ ਦੀ ਘੰਟੀ ਵੱਜ ਰਹੀ ਹੈ। ਹਰ ਸਾਲ ਔਸਤਨ ਸਵਾ ਫੁੱਟ ਪਾਣੀ ਧਰਤੀ ਹੇਠਾਂ ਡੂੰਘਾ ਜਾ ਰਿਹਾ ਹੈ। ਇਸ ਦਾ ਕਾਰਨ ਪੰਜਾਬ ਵਿਚ 78 ਫ਼ੀਸਦੀ ਖੇਤੀਬਾੜੀ ਨਾਲ ਸਬੰਧਿਤ ਰਕਬਾ ਟਿਊਬਵੈੱਲਾਂ ਉਤੇ ਨਿਰਭਰ ਹੈ। ਪੰਜਾਬ ਵਿਚ ਲਗਪਗ 15 ਲੱਖ ਟਿਊਬਵੈੱਲ ਧਰਤੀ ਹੇਠੋਂ ਪਾਣੀ ਕੱਢ ਰਹੇ ਹਨ। ਸਭ ਤੋਂ ਵੱਧ ਪਾਣੀ ਸਾਉਣੀ ਦੀ ਫ਼ਸਲ ਝੋਨੇ ਲਈ ਕੱਢਿਆ ਜਾਂਦਾ ਹੈ। ਵੱਡੀ ਪੱਧਰ 'ਤੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਬਰਬਾਦ ਹੋ ਰਿਹਾ ਹੈ। ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਗੁਆਂਢੀ ਦੇਸ਼ ਪਾਕਿਸਤਾਨ ਨੂੰ ਜਾ ਰਿਹਾ ਹੈ। ਹਰੀਕੇ ਪੱਤਣ ਤੋਂ ਹਜ਼ਾਰਾਂ ਕਿਊਸਕ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਜਦ ਕਿ ਪੰਜਾਬ ਦੇ ਬਹੁਤ ਸਾਰੇ ਬਲਾਕ ਸੋਕਾਗ੍ਰਸਤ ਘੋਸ਼ਿਤ ਕੀਤੇ ਗਏ ਹਨ। ਸੋ, ਕੇਂਦਰ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਰਤੀ ਹੇਠਾਂ ਘਟ ਰਹੇ ਪਾਣੀ ਦੇ ਪੱਧਰ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਪਣੀਆਂ ਜ਼ਿੰਮੇਵਾਰੀਆਂ ਵੀ ਤਹਿ ਕਰਨ।


-ਮਾ: ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿ: ਪੱਟੀ, (ਤਰਨਤਾਰਨ)।


ਪੰਜਾਬ, ਪੰਜਾਬੀ ਅਤੇ ਨਸ਼ੇ
ਕੀ ਹੋ ਗਿਆ ਸਾਡੀ ਨੌਜਵਾਨ ਪੀੜ੍ਹੀ ਨੂੰ? ਹਰ ਰੋਜ਼ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨਾਲ ਅਖ਼ਬਾਰ ਭਰੀ ਰਹਿੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਲੈਣਾ ਆਪਣਾ 'ਹਾਈ ਸਟੇਟਸ' ਸਮਝਦੀ ਹੈ। ਇਸ ਵਿਚ ਸਿਰਫ਼ ਲੜਕੇ ਹੀ ਨਹੀਂ ਸਗੋਂ ਲੜਕੀਆਂ ਵੀ ਸ਼ਾਮਿਲ ਹਨ। ਅਜਿਹੀਆਂ ਖ਼ਬਰਾਂ ਪੜ੍ਹ ਕੇ ਮਨ ਕਿੰਨਾ ਚਿਰ ਦੁਖੀ ਰਹਿੰਦਾ ਹੈ ਕਿ ਸਾਡੇ ਬੱਚੇ ਆਖਿਰ ਕਿਧਰ ਨੂੰ ਜਾ ਰਹੇ ਹਨ? ਇਕ ਨਸ਼ਾ ਕਰਨ ਵਾਲਾ ਵਿਅਕਤੀ ਜਿਸ ਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ ਹੁੰਦੀ, ਉਹ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਕਿਥੋਂ ਚੁੱਕੇਗਾ? ਹਰ ਰੋਜ਼ ਚਿੱਟੇ, ਹੈਰੋਇਨ, ਟੀਕਿਆਂ ਅਤੇ ਮੈਡੀਕਲ ਨਸ਼ਿਆਂ ਨਾਲ ਨੌਜਵਾਨ ਮਰ ਰਿਹਾ ਹੈ। ਜੇਕਰ ਮਾਪੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਵੱਲ ਲੈ ਜਾਣ ਤਾਂ ਮੈਂ ਸਮਝਦੀ ਹਾਂ ਕਿ ਨਸ਼ੇ ਥੋੜ੍ਹੇ ਘੱਟ ਹੋ ਸਕਦੇ ਹਨ। ਅਸੀਂ ਇਸ ਸਮਾਜ ਵਿਚ ਮਿਲਜੁਲ ਕੇ ਰਹਿ ਰਹੇ ਹਾਂ, ਨਸ਼ਿਆਂ ਦਾ ਖਾਤਮਾ ਇਕੱਲੀ ਸਰਕਾਰ, ਪਰਿਵਾਰ ਜਾਂ ਸਮਾਜ ਨਹੀਂ ਕਰ ਸਕਦਾ। ਇਸ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਆਸ ਕਰਦੀ ਹਾਂ ਕਿ ਭਵਿੱਖ ਵਿਚ ਵਾਹਿਗੁਰੂ ਜੀ ਸਭ ਭਲੀ ਕਰਨ ਤੇ ਸਾਡੀ ਨੌਜਵਾਨ ਪੀੜ੍ਹੀ ਸਹੀ ਰਸਤੇ 'ਤੇ ਪਵੇ।


-ਹਰਪ੍ਰੀਤ ਕੌਰ
ਸੈਲੀ ਰੋਡ, ਪਠਾਨਕੋਟ।


ਬੁਲਟ ਦੇ ਪਟਾਕੇ
ਕੋਈ ਵੀ ਸਮਾਜ ਵਿਰੋਧੀ ਅਨਸਰ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨਾ ਕਰ ਸਕੇ, ਇਸੇ ਕਰਕੇ ਹੀ ਸਰਕਾਰ ਅਕਸਰ ਨਾਗਰਿਕਾਂ ਦੀ ਸੁਰੱਖਿਆ ਲਈ ਸਮੇਂ-ਸਮੇਂ ਸਿਰ ਪਾਬੰਦੀਆਂ ਲਗਾਉਂਦੀ ਰਹਿੰਦੀ ਹੈ ਪ੍ਰੰਤੂ ਬੁਲਟ ਨਾਲ ਪਟਾਕੇ ਵਜਾਉਣ 'ਤੇ ਵੀ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਮਨਚਲੇ ਲੋਕਾਂ ਵਲੋਂ ਬੁਲਟ ਮੋਟਰ ਸਾਈਕਲ ਦੇ ਪਟਾਕੇ ਵਜਾ ਕੇ ਜਿਥੇ ਸਰਕਾਰ ਵਲੋਂ ਲਗਾਈ ਪਾਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ, ਉਥੇ ਹੀ ਇਹ ਲੋਕ ਆਮ ਨਾਗਰਿਕਾਂ ਨੂੰ ਵੀ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਸੜਕ 'ਤੇ ਅਚਾਨਕ ਬੁਲਟ ਦਾ ਪਟਾਕਾ ਵੱਜਦਾ ਹੈ ਤਾਂ ਰਾਹਗੀਰ ਡਰ ਨਾਲ ਤ੍ਰਬਕ ਜਾਂਦਾ ਹੈ ਅਤੇ ਦਿਲ ਦੇ ਮਰੀਜ਼ਾਂ ਲਈ ਜਾਨ ਦਾ ਖੌਅ ਬਣਨ ਦੇ ਨਾਲ-ਨਾਲ ਆਵਾਜ਼ ਪ੍ਰਦੂਸ਼ਣ ਵੀ ਫੈਲਾਉਂਦਾ ਹੈ। ਜਿਥੇ ਅਜਿਹੇ ਮਨਚਲੇ ਨੌਜਵਾਨਾਂ ਨੂੰ ਸੁਹਿਰਦ ਹੋਣ ਦੀ ਲੋੜ ਹੈ, ਉਥੇ ਹੀ ਬੁਲਟਾਂ 'ਤੇ ਗਾਣੇ ਲਿਖਣ ਵਾਲੇ ਅਤੇ ਗਾਉਣ ਵਾਲਿਆਂ ਨੂੰ ਵੀ ਸਮਾਜ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਪੁਲਿਸ ਨੂੰ ਅਜਿਹੇ ਅਨਸਰਾਂ 'ਤੇ ਨਕੇਲ ਕੱਸਦੇ ਹੋਏ ਸਖਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

02-08-2019

 ਕਾਗਜ਼ 'ਤੇ ਡਿਊਟੀ ਬੇਹੱਦ ਨੁਕਸਾਨਦੇਹ
ਜਦੋਂ ਮੈਂ 20 ਜੁਲਾਈ ਦੇ 'ਅਜੀਤ' ਅਖ਼ਬਾਰ ਵਿਚ ਸੰਪਾਦਕੀ ਪੰਨੇ 'ਤੇ ਅਖ਼ਬਾਰੀ ਕਾਗਜ਼ 'ਤੇ ਸਰਕਾਰ ਵਲੋਂ ਲਗਾਈ ਡਿਊਟੀ ਬਾਰੇ ਪੜ੍ਹਿਆ ਤਾਂ ਬੜੀ ਠੇਸ ਪਹੁੰਚੀ। ਕਿਉਂਕਿ ਡਿਜੀਟਲ ਮੀਡੀਆ ਤਾਂ ਪਹਿਲਾਂ ਹੀ ਪ੍ਰਿੰਟ ਮੀਡੀਆ ਤੋਂ ਅੱਗੇ ਹੈ। ਉੱਪਰੋਂ ਸਾਡੀ ਮੈਗਜ਼ੀਨ ਅਤੇ ਅਖ਼ਬਾਰ ਪ੍ਰਿੰਟ ਕਰਨ ਵਾਲੇ ਕਾਗਜ਼ 'ਤੇ 10 ਫ਼ੀਸਦੀ ਡਿਊਟੀ ਲਗਾ ਕੇ ਇਸ ਦੇ ਅੱਗੇ ਵਧਣ ਦੇ ਆਸਾਰ ਹੀ ਘੱਟ ਕਰ ਦਿੱਤੇ ਹਨ। ਹੋਰ ਤਾਂ ਹੋਰ ਇਹ ਚੀਜ਼ ਸਾਡੇ ਪਾਠਕਾਂ, ਲੇਖਕਾਂ ਅਤੇ ਹਰ ਮੈਗਜ਼ੀਨਾਂ 'ਤੇ ਗਹਿਰਾ ਅਸਰ ਪਾਵੇਗੀ। ਵੱਡੇ ਪੇਪਰ ਤਾਂ ਇਹ ਸਭ ਝੱਲ ਲੈਂਦੇ ਹਨ ਅਤੇ ਇਸ਼ਤਿਹਾਰ ਲਗਾ ਕੇ ਪੈਸਾ ਵੀ ਕਮਾ ਲੈਂਦੇ ਹਨ ਪਰ ਦਰਮਿਆਨੇ ਪੇਪਰ ਇਹ ਟੈਕਸ ਕਿਵੇਂ ਭਰਨਗੇ?
ਅੱਜਕਲ੍ਹ ਹਰ ਇਨਸਾਨ ਅਖ਼ਬਾਰ, ਮੈਗਜ਼ੀਨ ਵਗੈਰਾ ਪੜ੍ਹਨਾ ਚਾਹੁੰਦਾ ਹੈ ਤੇ ਦੁਨੀਆ ਦੀ ਖ਼ਬਰ ਜਾਣਨ ਲਈ ਉਤਾਵਲਾ ਰਹਿੰਦਾ ਹੈ। ਪਰ ਜੇਕਰ ਅਖ਼ਬਾਰ ਜਾਂ ਮੈਗਜ਼ੀਨ ਦੇ ਰੇਟ ਵਿਚ ਵਾਧਾ ਹੋਵੇਗਾ ਤਾਂ ਮੱਧਵਰਗੀ ਪਰਿਵਾਰ ਲਈ ਇਹ ਖਰਚਾ ਬਜਟ ਤੋਂ ਬਾਹਰ ਹੋ ਜਾਵੇਗਾ ਅਤੇ ਪ੍ਰਿੰਟ ਮੀਡੀਆ ਹੋਰ ਵੀ ਪਿੱਛੇ ਰਹਿ ਜਾਵੇਗਾ। ਸੋ, ਅਖ਼ਬਾਰੀ ਕਾਗਜ਼ 'ਤੇ ਇਹ ਲਗਾਇਆ ਗਿਆ ਟੈਕਸ ਜਲਦੀ ਹਟਾਇਆ ਜਾਵੇ ਤਾਂ ਕਿ ਪ੍ਰਿੰਟ ਮੀਡੀਆ ਮੁੜ ਤੋਂ ਅੱਗੇ ਵੱਧ ਸਮੇਂ ਦਾ ਹਾਣੀ ਬਣ ਸਕੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਰੁੱਖ ਤੇ ਮਨੁੱਖ
ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਰੁੱਖ ਮਨੁੱਖ ਦਾ ਅੰਤ ਤੱਕ ਸਾਥ ਦਿੰਦਾ ਹੈ ਅਤੇ ਉਹ ਮਨੁੱਖ ਦੇ ਨਾਲ ਅੰਤ ਸਮੇਂ ਸੜਦਾ ਹੈ। ਪਰ ਮਨੁੱਖ ਪੈਸੇ ਦੀ ਹੋੜ ਵਿਚ ਰੁੱਖਾਂ ਨੂੰ ਹੀ ਖ਼ਤਮ ਕਰਨ 'ਤੇ ਤੁਲ ਗਿਆ ਹੈ। ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ। ਅੱਗੇ ਹਰੇਕ ਘਰ ਇਕ ਜਾਂ ਦੋ ਦਰੱਖਤ ਹੁੰਦੇ ਸਨ ਜੋ ਏ.ਸੀ. ਦਾ ਕੰਮ ਕਰਦੇ ਸਨ। ਜੰਗਲ ਘਟਣ ਨਾਲ ਜੈਵ ਵਿਭਿੰਨਤਾ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਬਹੁਤ ਸਾਰੇ ਗੁਣਕਾਰੀ ਤੇ ਅਨਮੋਲ ਪੌਦੇ ਲੁਪਤ ਹੋ ਚੁੱਕੇ ਹਨ। ਰੁੱਖਾਂ ਦੀ ਹੋਂਦ ਖ਼ਤਮ ਹੋਣ ਨਾਲ ਸੋਹਣੇ-ਸੋਹਣੇ ਪੰਛੀ ਜੰਗਲੀ ਜੀਵ ਖ਼ਤਮ ਹੋ ਗਏ ਹਨ। ਜੇਕਰ ਇਸ ਰਫ਼ਤਾਰ ਨਾਲ ਜੰਗਲ ਨਸ਼ਟ ਹੁੰਦੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਕੀ ਇਹ ਕੁਦਰਤੀ ਨਜ਼ਾਰਾ ਦੇਖਣ ਨੂੰ ਮਿਲੇਗਾ? ਸ਼ਾਇਦ ਨਹੀਂ। ਅੱਜ ਲੋੜ ਹੈ ਵੱਧ ਤੋਂ ਵੱਧ ਰੱਖ ਲਗਾਈਏ। ਰੁੱਖਾਂ ਦੀ ਮਹਾਨਤਾ ਨੂੰ ਸਮਝ ਕੇ ਹਰ ਸਾਲ ਵਣ ਮਹਾਂਉਤਸਵ ਮਨਾ ਕੇ ਵੱਧ ਤੋਂ ਵੱਧ ਧਰਤੀ ਨੂੰ ਹਰਿਆ-ਭਰਿਆ ਬਣਾਈਏ।


-ਕਵੀ ਪ੍ਰੋਸ਼ਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਮੈਡੀਕਲ ਸਿੱਖਿਆ ਸਬੰਧੀ ਸਰਕਾਰਾਂ ਗੰਭੀਰ ਹੋਣ
ਮਿਤੀ 19 ਜੁਲਾਈ ਨੂੰ ਡਾ: ਅਰੁਣ ਮਿੱਤਰਾ ਦਾ ਛਪਿਆ ਲੇਖ 'ਮੈਡੀਕਲ ਸਿੱਖਿਆਨੂੰ ਬਾਜ਼ਾਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ' ਪੜ੍ਹਿਆ, ਜਿਸ ਰਾਹੀਂ ਮੈਡੀਕਲ ਸਿੱਖਿਆ ਵਿਚ ਹੋ ਰਹੀ ਲੁੱਟ ਬਾਰੇ ਵਿਸਥਾਰ ਸਹਿਤ ਲਿਖਿਆ। ਅੱਜ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਵਾਉਣਾ ਆਮ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਕਿਉਂਕਿ ਪ੍ਰਾਈਵੇਟ ਮੈਡੀਕਲ ਕਾਲਜ ਅਤੇ ਹੋਰ ਯੂਨੀਵਰਸਿਟੀਆਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ ਵੱਡੀਆਂ ਫੀਸਾਂ ਲੈ ਰਹੀਆਂ ਹਨ ਜੋ ਕਿ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੈ।ਆਮ ਵਰਗ ਦੇ ਕਈ ਬੱਚਿਆਂ ਦਾ ਏਨੇ ਜ਼ਿਆਦਾ ਰੁਪਏ ਨਾ ਹੋਣ ਕਾਰਨ ਡਾਕਟਰ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ।
ਵੇਖਣ ਵਾਲੀ ਗੱਲ ਹੈਕੇਂਦਰ ਦੀ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਵਿੱਦਿਆ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਦੀਆਂ ਵੱਡੀਆਂ ਟਾਹਰਾਂ ਮਾਰ ਰਹੀਆਂ ਹਨ ਪਰ ਡਾਕਟਰੀ ਦੀ ਇਸ ਪੜ੍ਹਾਈ ਵਿਚ ਹੋ ਰਹੀ ਵੱਡੀ ਲੁੱਟ ਵੱਲ ਜ਼ਰਾ ਵੀ ਗੰਭੀਰ ਨਹੀਂ ਸਗੋਂਮੈਡੀਕਲ ਸਿੱਖਿਆ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਸਰਕਾਰਾਂ ਤਮਾਸ਼ਾ ਵੇਖ ਰਹੀਆਂ ਹਨ।ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਸਮਾਜ ਕਲਿਆਣ ਹਿੱਤ ਮੈਡੀਕਲ ਸਿੱਖਿਆ ਦੀ ਪਹੁੰਚ ਆਮ ਲੋਕਾਂ ਤੱਕ ਮੁਹੱਈਆ ਹੋਣੀ ਚਾਹੀਦੀ ਹੈ ਅਤੇ ਅਜੋਕੀ ਮੈਡੀਕਲ ਸਿੱਖਿਆ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਸਰਕਾਰਾਂ ਨੂੰ ਕਾਰਗਰ ਕਦਮ ਚੁੱਕਣ ਦੀ ਵੱਡੀ ਲੋੜ ਹੈ।


-ਰਮੇਸ਼ ਕੁਮਾਰ ਖਮਾਣੋਂ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਅਗਿਆਨਤਾ ਦੀ ਨਿਸ਼ਾਨੀ
ਅਜੋਕੇਯੁੱਗ ਵਿਚ ਹਰ ਮਨੁੱਖ ਖ਼ੁਦ ਨੂੰ ਬਹੁਤ ਗੁਣਵਾਨ, ਗਿਆਨੀ ਅਤੇ ਵੱਡਾ ਕਹਾਉਣਾ ਚਾਹੁੰਦਾ ਹੈ । ਪਰ ਮਨੁੱਖ ਦੇ ਕਰਮ ਉਸ ਦੇ ਦਾਅਵੇ ਦੀ ਪੋਲ ਖੋਲ੍ਹ ਜਾਂਦੇ ਹਨ। ਮਨੁੱਖ ਜਦ ਸਮਾਜ ਦੇ ਦਰਪਨ ਅੱਗੇ ਖ਼ੁਦ ਨੂੰ ਕੁਝ ਛੋਟਾ ਮਹਿਸੂਸ ਕਰਦਾ ਹੈ ਤਾਂ ਉਸ ਦੇ ਸਹਿਜ ਸੁਭਾਅ ਵਿਚ ਗੁੱਸਾ, ਕੜਵਾਹਟ ਆ ਜਾਂਦੀ ਹੈ ਜੋ ਕਿ ਅਗਿਆਨਤਾ ਦੀ ਨਿਸ਼ਾਨੀ ਹੈ। ਆਮ ਕਹਾਵਤ ਹੈ ਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਜਾਂ ਖਾਲੀ ਭਾਂਡਾ ਜ਼ਿਆਦਾ ਖੜਕਦਾ ਹੈ। ਇਸ ਲਈ ਗੁੱਸੇ ਉੱਪਰ ਕਾਬੂ ਕਰਨਾ ਬੇਹੱਦ ਜ਼ਰੂਰੀ ਹੈ। ਨਿਮਰਤਾ, ਪਿਆਰ ਵਿਚ ਵੱਡਾਪਣ ਹੈ। ਆਪਣੀ ਗ਼ਲਤੀ ਮੰਨ ਲੈਣ ਨਾਲ ਕੋਈ ਮਨੁੱਖ ਛੋਟਾ ਨਹੀਂ ਹੋ ਜਾਂਦਾ, ਸਗੋਂ ਸਾਹਮਣੇ ਵਾਲੇ ਦੀ ਨਜ਼ਰ ਵਿਚ ਉਸ ਦਾ ਕੱਦ ਹੋਰ ਉੱਚਾ ਹੋ ਜਾਂਦਾ ਹੈ। ਸਮਾਜ ਦੀ ਸੇਵਾ ਕਰਕੇ ਮੰਨ ਨੂੰ ਨਿਰਮਲ ਰੱਖਿਆ ਜਾ ਸਕਦਾ ਹੈ। ਈਰਖਾ, ਵੈਰ, ਵਿਰੋਧ ਦੀ ਅਗਨੀ ਮਨੁੱਖ ਨੂੰ ਖਾਕ ਬਣਾ ਦਿੰਦੀ ਹੈ।


-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।


ਪੋਪਲ ਚੰਡੀਗੜ੍ਹ ਅਸਟੇਟ ਆਫਿਸ
ਮੈਨੂੰ 40 ਕੁ ਸਾਲ ਹੋ ਗਏ ਦੇਖਦੇ ਨੂੰ ਜਦੋਂ ਤੋਂ ਚੰਡੀਗੜ੍ਹ ਦਾ ਅਸਟੇਟ ਆਫਿਸ ਨਾਜਾਇਜ਼ ਰੇਹੜੀਆਂ ਤੇ ਫੜੀਆਂ ਦਾ ਸ਼ਿਕਾਰ ਖੇਡਦਾ ਆ ਰਿਹਾ ਹੈ। ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਜਾਂ ਤਾਂ ਐਵੇਂ ਲੋਕ ਦਿਖਾਵਾ ਹੀ ਹੈ, ਚਾਲ ਕੋਈ ਹੋਰ ਹੈ। ਅਸਟੇਟ ਆਫਿਸ ਤੋਂ ਇਹ ਸਮੱਸਿਆ ਹੱਲ ਨਹੀਂ ਹੋਈ। ਕੋਈ ਆਖਦਾ ਹੈ ਅਸਟੇਟ ਆਫਿਸ ਵਾਲਿਆਂ ਦਾ ਮਹੀਨਾ ਬੰਨ੍ਹਿਆ ਹੋਇਆ ਹੈ, ਕੋਈ ਆਖਦਾ ਹੈ ਪੁਲਿਸ ਨੇ ਹਫ਼ਤਾ ਕੀਤਾ ਹੋਇਆ ਹੈ। ਜੇਕਰ ਕਿਸੇ ਨੇ ਤਾਜ਼ੀ ਮਿਸਾਲ ਦੇਖਣੀ ਹੋਵੇ ਤਾਂ ਸ਼ਾਮ ਨੂੰ ਸੈਕਟਰ 37 ਸੀ ਦੇ ਗੁਰਦੁਆਰਾ ਸਾਹਬ ਕੋਲ ਆ ਕੇ ਵੇਖ ਲਵੋ। ਸੜਕ 'ਤੇ ਲੰਘਣ ਨੂੰ ਥਾਂ ਕੋਈ ਨਹੀਂ ਹੁੰਦੀ।
ਜੇਕਰ ਇਹ ਮਹੀਨੇ ਅਤੇ ਹਫ਼ਤੇ ਬੰਨ੍ਹਣ ਜਾਂ ਵੋਟਾਂ ਦੀ ਰਾਜਨੀਤੀ ਹੈ ਤਾਂ ਲੀ-ਕਾਰਬੂਜ਼ੀਅਰ ਦੇ ਮੱਥੇ 'ਤੇ ਕਲੰਕ ਲਾਉਣ ਵਾਲੀ ਗੱਲ ਹੈ, ਜੋ ਨਹੀਂ ਹੋਣੀ ਚਾਹੀਦੀ।


-ਹਰਬੰਸ ਸਿੰਘ
ਮੋਜੋਵਾਲ ਮਜਾਰਾ (ਸ਼.ਭ.ਸ. ਨਗਰ)।

01-08-2019

 ਸਕੂਲਾਂ ਵਿਚ ਲਾਇਬ੍ਰੇਰੀ
ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਵਿਦਿਆਰਥੀਆਂ ਦੀ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਵਿਚ ਉਤਸੁਕਤਾ ਵਧਾਈ ਜਾਵੇ, ਜੋ ਕਿ ਇਕ ਬਹੁਤ ਹੀ ਚੰਗੀ ਗੱਲ ਹੈ। ਮਹਿਕਮੇ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਕਿ ਲਾਇਬਰੇਰੀ ਦੀਆਂ ਕਿਤਾਬਾਂ ਨੂੰ ਕੰਪਿਊਟਰ 'ਤੇ ਆਨਲਾਈਨ ਕੀਤਾ ਜਾਵੇ ਤੇ ਬੱਚਿਆਂ ਨੂੰ ਮਹੀਨੇ ਵਿਚ ਕਿੰਨੀਆਂ ਕਿਤਾਬਾਂ ਵੰਡੀਆਂ ਗਈਆਂ, ਕਦੋਂ ਵਾਪਸ ਲਈਆਂ ਆਦਿ ਜਾਣਕਾਰੀ ਕੰਪਿਊਟਰ 'ਤੇ ਆਨਲਾਈਨ ਦੱਸੀ ਜਾਵੇ ਜਦ ਕਿ ਬਹੁਤੀ ਵਾਰ ਸਕੂਲ ਸਮੇਂ ਦੌਰਾਨ ਲਾਈਟ ਬੰਦ ਹੋ ਜਾਂਦੀ ਹੈ, ਇਸ ਦੇ ਨਾਲ-ਨਾਲ ਇੰਟਰਨੈੈੱਟ 'ਚ ਖਰਾਬੀ ਪੈਣੀ ਆਮ ਜਿਹੀ ਗੱਲ ਹੈ। ਜਿਹੜੀ ਕਈ-ਕਈ ਦਿਨ ਠੀਕ ਨਹੀਂ ਹੁੰਦੀ। ਹੋ ਸਕਦਾ ਹੈ ਜਦ ਲਾਈਟ ਆ ਰਹੀ ਹੋਵੇ, ਸਬੰਧਿਤ ਅਧਿਆਪਕ ਦਾ ਪੀਰਡ ਲੱਗਾ ਹੋਵੇ ਕਿਉਂਕਿ ਬਹੁਤੇ ਸਕੂਲਾਂ ਵਿਚ ਲਾਇਬਰੇਰੀਅਨ ਦੀ ਪੋਸਟ ਨਹੀਂ ਹੁੰਦੀ। ਇਸ ਦੇ ਨਾਲ-ਨਾਲ ਇਕ ਅਹਿਮ ਗੱਲ ਇਹ ਹੈ ਕਿ ਅਧਿਆਪਕ ਨੂੰ ਆਪਣੇ ਪੀਰੀਅਡ ਵਿਚ ਹੀ ਕਿਤਾਬਾਂ ਵੰਡਣੀਆਂ ਤੇ ਵਾਪਸ ਲੈਣੀਆਂ ਪੈਂਦੀਆਂ ਹਨ। ਸੋ, ਮਹਿਕਮੇ ਨੂੰ ਕਿਤਾਬਾਂ ਨੂੰ ਆਫਲਾਈਨ ਰਜਿਸਟਰ 'ਤੇ ਵੰਡਣ ਤੇ ਰੋਜ਼ਾਨਾ ਹਰ ਕਲਾਸ ਦਾ ਇਕ ਪੀਰੀਅਡ ਟਾਈਮ ਟੇਬਲ ਵਿਚ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਲਈ ਰੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਇਸ ਨੂੰ ਉਪਰਾਲੇ ਦਾ ਵਿਦਿਆਰਥੀ ਫਾਇਦਾ ਲੈ ਸਕਣ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।


ਅਧਿਆਪਕਾਂ ਦੀਆਂ ਖ਼ੁਦਕੁਸ਼ੀਆਂ
ਸਮਾਣਾ ਨੇੜਲੇ ਕੁਲਾਰ ਪਿੰਡ ਦੇ ਅਪੰਗ ਬੱਚਿਆਂ ਨੂੰ ਨਿਗੂਣੀ ਜਿਹੀ ਤਨਖਾਹ 'ਤੇ ਪੜ੍ਹਾਉਂਦੇ ਅਧਿਆਪਕ ਆਈ.ਈ. ਵਲੰਟੀਅਰ ਕੁਲਦੀਪ ਸਿੰਘ ਜ਼ਹਿਰੀਲਾ ਪਦਾਰਥ ਖਾ ਕੇ ਇਸ ਜਹਾਨ ਤੋਂ ਫਾਨੀ ਹੋ ਗਿਆ। ਸੜਕਾਂ 'ਤੇ ਧੱਕੇ ਖਾ ਕੇ ਰੁਲਦਿਆਂ ਨੂੰ ਸਰਕਾਰਾਂ ਨੇ ਲਾਰੇ ਲੱਪੇ ਲਾਈ ਰੱਖੇ ਪਰ ਨਾ ਪੱਕੇ ਕੀਤੇ ਨਾ ਹੀ ਤਨਖਾਹ ਵਧਾਈ। ਮਹਿੰਗਾਈ ਦੀ ਮਾਰ ਝਲਦਿਆਂ ਘਰ ਪਰਿਵਾਰ ਦਾ ਗੁਜ਼ਾਰਾ ਚਲਾਉਣ ਤੋਂ ਅਸਮੱਰਥ ਹੋਣ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ ਮੌਤ ਨੂੰ ਗਲੇ ਲਗਾ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਨਿਸ਼ਾਨ ਛੱਡ ਗਿਆ। ਨਵੀਂ ਚੁਣੀ ਅਜਿਹੀ ਸਰਕਾਰ ਜਿਸ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਾਰਾ ਵੀ ਲਾਇਆ ਸੀ ਪਰ ਸੱਤਾ 'ਚ ਆਉਂਦਿਆਂ ਹੀ ਸਭ ਭੁੱਲ ਬੈਠੀ। ਹਰ ਰੋਜ਼ ਅਖ਼ਬਾਰਾਂ 'ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਸਨ। ਇਕ ਹਫਤੇ ਵਿਚ ਦੋ ਪੜ੍ਹੇ-ਲਿਖੇ ਨੌਜਵਾਨ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਸੁੱਖ ਦੀ ਨੀਂਦੇ ਸੌਂ ਗਏ। ਅਜੇ ਕੁਝ ਦਿਨ ਪਹਿਲਾਂ ਹੀ ਐਮ.ਏ., ਐਮ.ਐੱਡ, ਐਮ ਫਿਲ. ਨੈੱਟ ਤੇ ਟੈਟ ਪਾਸ ਦੋ ਡੰਗ ਰੋਟੀ ਲਈ ਦਿਹਾੜੀਆਂ ਕਰਦਾ ਬੇਰੁਜ਼ਗਾਰ ਜਗਸੀਰ ਸਿੰਘ ਗਲ 'ਚ ਰੱਸਾ ਪਾ ਕੇ ਝੂਲ ਗਿਆ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗ਼ਰੀਬ ਪਰਿਵਾਰਾਂ ਦੀ ਮਾਇਕ ਸਹਾਇਤਾ ਕਰੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਰੁਜ਼ਗਾਰ ਦੇਵੇ।


-ਪਰਮ ਪਿਆਰ ਸਿੰਘ, ਨਕੋਦਰ।


ਬੂਟੇ, ਪਾਣੀ ਅਤੇ ਵਾਤਾਵਰਨ ਬਚਾਓ
ਇਨ੍ਹਾਂ ਦਿਨਾਂ ਵਿਚ ਬੂਟੇ ਲਗਾਉਣ ਦਾ ਕੰਮ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ ਆਦਿ ਅਤੇ ਜੰਗਲਾਤ ਵਿਭਾਗ ਵਲੋਂ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਹਰਿਆਵਲ ਦੀ ਸ਼ੁੱਧਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਿਰਫ ਬੂਟੇ ਲਗਾ ਕੇ ਸਫਲਤਾ ਨਹੀਂ ਮਿਲਣੀ ਅਤੇ ਨਾ ਹੀ ਅਸੀਂ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ ਸਗੋਂ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਦਾ ਵੀ ਅਹਿਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਸਹੀ ਅਰਥਾਂ ਵਿਚ ਬੂਟਿਆਂ ਨੂੰ ਬਚਾਉਣ ਵਿਚ ਗੰਭੀਰ ਹਾਂ ਤਾਂ ਸਭ ਤੋਂ ਪਹਿਲਾਂ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਕੋਈ ਠੋਸ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਪਾਣੀ, ਵਾਤਾਵਰਨ ਅਤੇ ਬੂਟਿਆਂ ਦੀ ਸਾਂਭ-ਸੰਭਾਲ ਸਮੇਂ ਦੀ ਮੁੱਖ ਲੋੜ ਹੈ। ਮੌਜੂਦਾ ਸਮੇਂ ਵਿਚ ਜਿਸ ਤਰ੍ਹਾਂ ਵਾਤਾਵਰਨ ਪਲੀਤ ਹੋ ਰਿਹਾ ਹੈ, ਇਸ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਪੀਣਯੋਗ ਪਾਣੀ ਅਤੇ ਸਾਫ਼ ਜਲਵਾਯੂ ਤੋਂ ਬਿਨਾਂ ਜੀਵਨ ਦੀ ਹੋਂਦ ਬਾਰੇ ਸੋਚਣਾ ਵੀ ਮੁਨਾਸਿਬ ਨਹੀਂ ਹੈ। ਆਵਾਜ਼ ਪ੍ਰਦੂਸ਼ਣ 'ਤੇ ਵੀ ਭਾਵੇਂ ਹਾਈ ਕੋਰਟ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨਾ ਵੀ ਪ੍ਰਸ਼ਾਸਨ ਦੀ ੱਜ਼ਿੰਮੇਵਾਰੀ ਬਣਦੀ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਨਸ਼ੇ ਦੀ ਲਤ
ਨਸ਼ਾ ਅਜੋਕੀ ਪੀੜ੍ਹੀ ਲਈ ਇਕ ਲਾਹਨਤ ਬਣ ਚੁੱਕਾ ਹੈ। ਪੰਜਾਬ ਦੇ ਕਈ ਗੱਭਰੂ ਇਸ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ, ਮਾਨਸਿਕ ਤਣਾਅ ਦਾ ਨੌਜਵਾਨ ਜਦੋਂ ਸਾਹਮਣਾ ਨਹੀਂ ਕਰ ਪਾਉਂਦੇ ਤਾਂ ਉਹ ਨਸ਼ੇ ਦਾ ਸਹਾਰਾ ਲੈਂਦੇ ਹਨ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ। ਹੋਸਟਲਾਂ, ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਂ-ਪਿਉ ਕੁਝ ਉਮੀਦਾਂ ਨਾਲ ਪੜ੍ਹਨ ਨੂੰ ਭੇਜਦੇ ਹਨ। ਪਰ ਮਾਂ-ਪਿਉ ਨੂੰ ਇਸ ਗੱਲ ਦਾ ਅਨੁਮਾਨ ਵੀ ਨਹੀਂ ੁਹੰਦਾ ਕਿ ਉਨ੍ਹਾਂ ਦਾ ਬੱਚਾ ਮਾਨਸਿਕ ਤਣਾਅ ਕਾਰਨ ਨਸ਼ੇ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਬੱਚਿਆਂ ਵਿਚ ਇਹੋ ਜਿਹੇ ਸੰਸਕਾਰ ਭਰੇ ਜਾਣ ਕਿ ਉਹ ਹਰ ਮੁਸੀਬਤ ਦਾ ਸਾਹਮਣਾ ਕਰ ਸਕਣ, ਨਾ ਕਿ ਕਿਸੇ ਗ਼ਲਤ ਰਸਤੇ ਪੈ ਕੇ ਆਪਣਾ ਭਵਿੱਖ ਖਰਾਬ ਕਰਨ।


-ਵਿਜੇਤਾ, ਸ. ਮਿ. ਸਕੂਲ, ਫ਼ਰੀਦਕੋਟ।


ਡਾਕ ਚਿੱਠੀਆਂ ਲੱਗੀਆਂ ਖੂੰਜੇ
ਅੱਜ ਤੋਂ ਕੁਝ ਸਮਾਂ ਪਹਿਲਾਂ ਚਿੱਠੀਆਂ ਹੀ ਦੂਰ ਵਸੇਂਦੇ ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਹਾਲ ਪੁੱਛਣ ਦਾ ਸਾਧਨ ਹੁੰਦੀਆਂ ਸਨ। ਚਿੱਠੀ ਲਿਖਣ ਦਾ ਵੀ ਇਕ ਆਪਣਾ ਹੀ ਮਜ਼ਾ ਸੀ। ਉਸ ਤੋਂ ਬਾਅਦ ਉਸ ਚਿੱਠੀ ਦੇ ਜਵਾਬ ਦੀ ਉਡੀਕ ਵੀ ਬਾ-ਕਮਾਲ ਹੁੰਦੀ ਸੀ। ਹਰ ਰੋਜ਼ ਡਾਕ ਵਾਲੇ ਡਾਕੀਆ ਜੀ ਨੂੰ ਉਡੀਕਣਾ ਜਾਂ ਉਂਜ ਹੀ ਪੁੱਛ ਲੈਣਾ ਡਾਕੀਆ ਜੀ ਸਾਡੀ ਕੋਈ ਚਿੱਠੀ ਤਾਂ ਨਹੀਂ ਆਈ। ਜਿਉਂ-ਜਿਉਂ ਤਕਨੀਕ ਵਿਚ ਵਾਧਾ ਹੋਇਆ, ਮੋਬਾਈਲ ਆਏ, ਉਦੋਂ ਦੀਆਂ ਚਿੱਠੀਆਂ ਸਾਡੇ ਚੇਤੇ ਵਿਚੋਂ ਵਿਸਰ ਗਈਆਂ। ਹੁਣ ਤਾਂ ਪਲ-ਪਲ ਦੀ ਜਾਣਕਾਰੀ ਮੋਬਾਈਲ ਰਾਹੀਂ ਮਿਲ ਜਾਂਦੀ ਹੈ। ਇਸੇ ਕਾਰਨ ਰਿਸ਼ਤਿਆਂ ਵਿਚ ਤਣਾਅ ਆ ਗਿਆ। ਚਿੱਠੀਆਂ ਰਾਹੀਂ ਰਿਸ਼ਤਿਆਂ ਵਿਚ ਪਿਆਰ ਅਪਣੱਤ ਹੁੰਦੀ ਸੀ।


-ਪ੍ਰਦੀਪ, ਹੁਸ਼ਿਆਰਪੁਰ।

31-07-2019

 ਸੋਨ ਪਰੀ ਹਿਮਾ ਦਾਸ

ਪਿਛਲੇ 20 ਦਿਨਾਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਚੈੱਕ ਗਣਰਾਜ 'ਚ ਹੋਈ ਅਥਲੈਟਿਕਸ ਮੀਟ 'ਚ ਹਿੱਸਾ ਲੈਂਦਿਆਂ ਲਗਾਤਾਰ ਪੰਜ ਗੋਲਡ ਮੈਡਲ ਲੈ ਕੇ ਹਿਮਾ ਦਾਸ ਨੇ ਦੁਨੀਆ ਭਰ 'ਚ ਤਹਿਲਕਾ ਮਚਾ ਦਿੱਤਾ ਹੈ। ਆਸਾਮ ਦੇ ਗ਼ਰੀਬ ਪਰਿਵਾਰ 'ਚ ਜਨਮੀ ਬੇਟੀ ਬਾਰੇ ਕਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਹ 19 ਸਾਲਾਂ ਦੀ ਲੜਕੀ ਸਿਰਫ ਦੋ ਸਾਲਾਂ 'ਚ ਅਜਿਹੇ ਕੀਰਤੀਮਾਨ ਸਥਾਪਿਤ ਕਰ ਦੇਵੇਗੀ ਜਿਸ 'ਤੇ ਹਰ ਭਾਰਤਵਾਸੀ ਮਾਣ ਮਹਿਸੂਸ ਕਰੇਗਾ। ਪੰਜ ਭੈਣ-ਭਰਾਵਾਂ 'ਚ ਹਿਮਾ ਦਾਸ ਸਭ ਤੋਂ ਛੋਟੀ ਹੈ। ਕੋਈ ਸਮਾਂ ਸੀ ਜਦੋਂ ਹਿਮਾ ਦਾਸ ਪਿਤਾ ਜੀ ਨਾਲ ਖੇਤੀ 'ਚ ਹੱਥ ਵਟਾਉਂਦੀ ਹੋਈ ਸਖ਼ਤ ਮਿਹਨਤ ਕਰਦੀ। ਵਿਹਲੇ ਸਮੇਂ ਖੇਤਾਂ ਵਿਚ ਮੁੰਡਿਆਂ ਨਾਲ ਫੁੱਟਬਾਲ ਖੇਡਦੀ ਪਰ ਪੈਰੀਂ ਬੂਟ ਪਾਉਣ ਲਈ ਪੈਸੇ ਨਹੀਂ ਸਨ। ਪੱਕੀ ਨਿਸ਼ਠਾ, ਮਿਹਨਤ ਤੇ ਲਗਨ ਰੰਗ ਲਿਆਈ ਕਿ ਅੱਜ ਦੁਨੀਆ ਭਰ 'ਚ ਹਿਮਾ ਦਾਸ ਦੇ ਨਾਂਅ ਦੀਆਂ ਧੁੰਮਾਂ ਪਈਆਂ ਹੋਈਆਂ ਹਨ। ਪਰ ਦੁੱਖ ਦੀ ਗੱਲ ਹੈ ਕਿ 19 ਦਿਨਾਂ 'ਚ ਪੰਜ ਗੋਲਡ ਮੈਡਲ ਲੈ ਕੇ ਭਾਰਤੀ ਮੀਡੀਆ 'ਚ ਖਿੱਚ ਦਾ ਕੇਂਦਰ ਨਹੀਂ ਬਣ ਸਕੀ। ਹਿਮਾ ਦੀਆਂ ਉਪਲਬੱਧੀਆਂ ਬਾਰੇ ਜਾਣਕਾਰੀ ਲੋਕ ਸੋਸ਼ਲ ਨੈੱਟਵਰਕ ਜ਼ਰੀਏ ਹੀ ਸ਼ਿਅਰ ਕਰ ਰਹੇ ਹਨ ਜਦ ਕਿ ਵਿਸ਼ਵ ਕੱਪ 'ਚੋਂ ਬਾਹਰ ਹੋਣ ਵਾਲੀ ਕ੍ਰਿਕਟ ਟੀਮ ਤੇ ਖਿਡਾਰੀਆਂ ਦੀ ਚਰਚਾ ਅੱਜ ਵੀ ਨਾਮੀ ਅਖ਼ਬਾਰਾਂ ਤੇ ਨਿਊਜ਼ ਚੈਨਲਾਂ 'ਚ ਹੋ ਰਹੀ ਹੈ। ਲੋੜ ਤਾਂ ਇਹ ਹੈ ਕਿ ਭਾਰਤ ਦੀ ਇਸ ਮਹਾਨ ਬੇਟੀ ਨੂੰ ਹੋਰ ਖਿਡਾਰੀਆਂ ਲਈ ਰੋਲ ਮਾਡਲ ਦੇ ਤੌਰ 'ਤੇ ਪੇਸ਼ ਕਰਨ ਦੀ ਜਿਸ ਨਾਲ ਬਾਕੀ ਖਿਡਾਰੀ ਪ੍ਰੇਰਿਤ ਹੋਣ।

-ਪਰਮ ਪਿਆਰ ਸਿੰਘ
ਨਕੋਦਰ।

ਮੋਬਾਈਲ ਦੀ ਬੇਲੋੜੀ ਵਰਤੋਂ

ਆਏ ਦਿਨ ਟੁੱਟ ਰਹੀ ਆਰਥਿਕਤਾ ਕਾਰਨ ਜਿਥੇ ਪੰਜਾਬੀ ਕਿਸਾਨ, ਪਾੜ੍ਹੇ, ਮਜ਼ਦੂਰ ਅਤੇ ਸੁਆਣੀਆਂ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਉੱਥੇ ਹੀ ਮੋਬਾਈਲ ਫੋਨਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਪੰਜਾਬੀ ਖ਼ੁਦ ਕੰਗਾਲੀ ਦੇ ਰਾਹ ਅਤੇ ਕੰਪਨੀਆਂ ਨੂੰ ਖੁਸ਼ਹਾਲੀ ਦੇ ਰਾਹ ਪਾ ਰਹੇ ਹਨ। ਪੰਜਾਬ ਦੀ ਕੁੱਲ ਵਸੋਂ 2.77 ਕਰੋੜ ਹੈ ਜਦ ਕਿ ਮੋਬਾਈਲ ਫੋਨਾਂ ਦੀ ਗਿਣਤੀ 4.50 ਕਰੋੜ ਹੈ। ਔਸਤ ਹਰ ਘਰ ਵਿਚ ਲਗਪਗ 2 ਕੁਨੈਕਸ਼ਨ ਚਲ ਰਹੇ ਹਨ। ਏਨਾ ਹੀ ਨਹੀਂ ਹਰ ਮਹੀਨੇ ਪੰਜਾਬੀ 500 ਕਰੋੜ ਰੁਪਏ ਨਵੇਂ-ਨਵੇਂ ਬਰਾਂਡ ਦੇ ਮੋਬਾਈਲ ਫੋਨ ਖਰੀਦਣ ਲਈ ਅਤੇ ਹਰ ਸਾਲ 2500 ਕਰੋੜ ਰੁਪਿਆ ਮੋਬਾਈਲਾਂ ਦੇ ਬਿੱਲ ਤਾਰਨ ਤੇ ਰੀਚਾਰਜ ਕਰਨ ਵਿਚ ਖ਼ਰਚ ਸੁੱਟਦੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਅਸੀਂ ਮੋਬਾਈਲ ਦੀ ਕਿੰਨੀ ਬੇਲੋੜੀ ਵਰਤੋਂ ਕਰ ਰਹੇ ਹਾਂ। ਭਾਵੇਂ ਕਿ ਸੰਚਾਰ ਕ੍ਰਾਂਤੀ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪ੍ਰੰਤੂ ਇਸ ਦੀ ਬੇਲੋੜੀ ਵਰਤੋਂ ਖ਼ਤਰਨਾਕ ਹੈ। ਇਸ ਲਈ ਮੋਬਾਈਲ ਦੀ ਸਹੀ ਤੇ ਢੁਕਵੀਂ ਵਰਤੋਂ ਕਰਕੇ ਅਸੀਂ ਪੰਜਾਬ ਦਾ ਵੱਡਾ ਸਰਮਾਇਆ ਬਚਾ ਸਕਦੇ ਹਾਂ ਅਤੇ ਕਈ ਮੁਸੀਬਤਾਂ ਤੋਂ ਬਚ ਸਕਦੇ ਹਾਂ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਰੁੱਖ ਲਗਾਓ, ਪਾਣੀ ਬਚਾਓ

ਪਿਛਲੇ ਕਾਫੀ ਦਿਨਾਂ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਲਈ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਗਰਮੀ ਦਾ ਕਹਿਰ ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਨਤੀਜਾ ਹੈ। ਅਸੀਂ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਾਂ, ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਕੇ ਧਰਤੀ ਮਾਂ ਨੂੰ ਜ਼ਹਿਰੀਲਾ ਬਣਾ ਰਹੇ ਹਾਂ। ਅਜਿਹੇ ਵਿਚ ਗਰਮੀ ਦਾ ਕਹਿਰ, ਹਨੇਰੀਆਂ, ਤੂਫਾਨ, ਜ਼ਹਿਰੀਲੀ ਹਵਾ ਇਹ ਸਭ ਕੁਦਰਤੀ ਕਰੋਪੀ ਦੀਆਂ ਨਿਸ਼ਾਨੀਆਂ ਹਨ। ਰੁੱਖਾਂ ਨਾਲ ਮਨੁੱਖ ਦੀ ਸਾਂਝ ਬਹੁਤ ਗੂੜ੍ਹੀ ਹੈ। ਜਿਊਂਦੇ ਜੀਅ ਮਨੁੱਖ ਇਸ ਦੀ ਠੰਢੀ ਛਾਂ ਮਾਣਦਾ ਹੈ ਅਤੇ ਮੌਤ ਤੋਂ ਬਾਅਦ ਇਨ੍ਹਾਂ ਰੁੱਖਾਂ ਦੀ ਲੱਕੜੀ ਹੀ ਮਨੁੱਖ ਦੇ ਸਸਕਾਰ ਦੇ ਕੰਮ ਆਉਂਦੀ ਹੈ। ਪਰ ਫਿਰ ਵੀ ਮਨੁੱਖ ਰੁੱਖ ਦੀ ਕੀਮਤ, ਉਸ ਦਾ ਮਹੱਤਵ ਨਹੀਂ ਸਮਝ ਰਿਹਾ। ਜੇਕਰ ਧਰਤੀ 'ਤੇ ਰੁੱਖ ਨਹੀਂ ਹੋਣਗੇ, ਪਾਣੀ ਨਹੀਂ ਹੋਵੇਗਾ ਤਾਂ ਇਹ ਧਰਤੀ ਬੰਜਰ ਬਣ ਜਾਵੇਗੀ। ਜੇਕਰ ਧਰਤੀ ਮਾਂ ਨੂੰ ਹਰਿਆ-ਭਰਿਆ ਬਣਾਉਣਾ ਹੈ ਤਾ ਵੱਧ ਤੋ ਵੱਧ ਰੁੱਖ ਲਗਾਓ ਕਿਉਂਕਿ ਇਹ ਰੁੱਖ ਜੀਵਨਦਾਤਾ ਹਨ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।

ਭੀੜਤੰਤਰ ਦਾ ਕਹਿਰ

ਸਾਡੇ ਦੇਸ਼ ਵਿਚ ਅੱਜਕਲ੍ਹ ਭੀੜਤੰਤਰ ਦੀ ਸਮੱਸਿਆ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਕਿਸੇ ਵੀ ਵਿਅਕਤੀ 'ਤੇ ਥੋੜ੍ਹੇ ਜਿਹੇ ਸ਼ੱਕ 'ਤੇ ਭੀੜ ਦੁਆਰਾ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਿੱਤ ਦੀਆਂ ਇਹ ਘਟਨਾਵਾਂ ਕਰਕੇ ਕਈ ਬੇਕਸੂਰ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ। 21 ਜੁਲਾਈ ਦੇ 'ਅਜੀਤ' ਅਖ਼ਬਾਰ ਵਿਚ ਛਪੀ ਖ਼ਬਰ ਪੜ੍ਹੀ ਕਿ ਝਾਰਖੰਡ ਵਿਚ ਟੂਣਾ ਕਰਨ ਦੇ ਸ਼ੱਕ ਵਿਚ ਚਾਰ ਬਜ਼ੁਰਗਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿਚ ਕਿਸੇ ਨੂੰ ਚੁੜੇਲ ਸਮਝ ਕੇ ਮਾਰ ਦਿੱਤਾ, ਕਿਸੇ ਨੂੰ ਕੁਝ ਹੋਰ। ਇਕ ਪਾਸੇ ਦੁਨੀਆ ਚੰਨ 'ਤੇ ਵਸਣ ਨੂੰ ਫਿਰਦੀ ਹੈ, ਦੂਜੇ ਪਾਸੇ ਸਾਡੀ ਅਨਪੜ੍ਹ ਜਨਤਾ ਕਿਸੇ ਦੁਖਿਆਰਨ ਨੂੰ ਚੁੜੇਲ ਸਮਝ ਕੇ ਮਾਰ ਰਹੀ ਹੈ। ਇਨ੍ਹਾਂ ਘਟਨਾਵਾਂ 'ਤੇ ਸਖ਼ਤ ਕਾਨੂੰਨ ਤੇ ਕਾਰਵਾਈਆਂ ਬਹੁਤ ਜ਼ਰੂਰੀ ਹਨ।

-ਸੁਖਦੀਪ ਸਿੰਘ ਗਿੱਲ
ਮਾਨਸਾ।

ਜਿੰਨੇ ਰੁੱਖ ਓਨੇ ਸੁੱਖ

ਇਹ ਗੱਲ ਬਿਲਕੁਲ ਸੱਚ ਅਤੇ ਬਿਲਕੁਲ ਸਹੀ ਹੈ ਕਿ ਜਿੰਨੇ ਰੁੱਖ ਹੋਣਗੇ, ਓਨੇ ਸੁਖ ਹੋਣਗੇ। ਤਰ੍ਹਾਂ-ਤਰ੍ਹਾਂ ਦੇ ਫਲਾਂ ਦੇ ਰੁੱਖ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਹਨ, ਜਿਨ੍ਹਾਂ ਬਿਨਾਂ ਇਸ ਧਰਤੀ 'ਤੇ ਜੀਵਨ ਅਸੰਭਵ ਹੈ। ਰੁੱਖ ਹੀ ਤਾਂ ਸਾਨੂੰ ਸ਼ੁੱਧ ਅਤੇ ਸਾਫ਼ ਹਵਾ ਦਿੰਦੇ ਹਨ। ਸਾਡੇ ਸਾਹ ਵੀ ਤਾਂ ਇਨ੍ਹਾਂ ਰੁੱਖਾਂ ਨਾਲ ਹੀ ਤਾਂ ਚਲਦੇ ਹਨ, ਕਿਉਂਕਿ ਇਹ ਸਾਡੇ ਲਈ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਖਿੱਚ ਲੈਂਦੇ ਹਨ। ਖੇਤਾਂ ਦੇ ਕੋਲ ਸੜਕਾਂ ਦੇ ਆਲੇ-ਦੁਆਲੇ ਲੱਗੇ ਹੋਏ ਰੁੱਖ ਮਿੱਟੀ ਨੂੰ ਭੂ ਖੋਰ ਤੋਂ ਬਚਾਅ ਕੇ ਰੱਖਦੇ ਹਨ। ਸਾਡੀ ਧਰਤੀ ਦਾ ਤਾਪਮਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਇਸ ਦਾ ਮੁੱਖ ਕਾਰਨ ਰੁੱਖਾਂ ਦੀ ਘਟਦੀ ਹੋਈ ਗਿਣਤੀ ਹੈ। ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੁੱਖ ਕੱਟ ਤਾਂ ਦਿੰਦੇ ਹਨ ਪਰ ਉਸ ਦੀ ਥਾਂ ਹੋਰ ਰੁੱਖ ਲਾਉਣੇ ਭੁੱਲ ਜਾਂਦੇ ਹਨ। ਇਹ ਧਰਤੀ ਸਾਨੂੰ ਉਸ ਪਰਮਾਤਮਾ ਵਲੋਂ ਦਿੱਤੀ ਹੋਈ ਬਹੁਤ ਹੀ ਸੋਹਣੀ ਸੌਗਾਤ ਹੈ, ਜਿਸ ਦੀ ਸਾਂਭ-ਸੰਭਾਲ ਕਰਨਾ ਇਸ ਦੇ ਹਰ ਇਕ ਵਾਸੀ ਦਾ ਫਰਜ਼ ਬਣਦਾ ਹੈ। ਸਰਕਾਰਾਂ ਨੂੰ ਵੀ ਇਸ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਅੱਜ ਹਰ ਇਕ ਨੂੰ ਰੁੱਖਾਂ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਆਲੇ-ਦੁਆਲੇ ਨੂੰ ਹਰਾ-ਭਰਾ ਬਣਾ ਸਕੀਏ ਅਤੇ ਇਸ ਬਹੁਤ ਹੀ ਖੂਬਸੂਰਤ ਕੁਦਰਤ ਨੂੰ ਸੰਭਾਲ ਸਕੀਏ। ਜਿਸ ਦਿਨ ਇਸ ਧਰਤੀ 'ਤੇ ਰੁੱਖਾਂ ਦੀ ਬਹੁਤਾਤ ਹੋ ਗਈ ਤਾਂ ਅੱਧੀਆਂ ਬਿਮਾਰੀਆਂ ਤਾਂ ਉਂਜ ਹੀ ਮੁੱਕ ਜਾਣਗੀਆਂ।

-ਮਨਪ੍ਰੀਤ ਕੌਰ
ਸ੍ਰੀ ਗੋਇੰਦਵਾਰ ਸਾਹਿਬ।

30-07-2019

 ਗ਼ੈਰ-ਮਿਆਰੀ ਗਾਇਕੀ
ਹਾਲ ਹੀ ਵਿਚ ਗਾਇਕ ਹਨੀ ਸਿੰਘ ਖਿਲਾਫ ਇਕ ਗੀਤ 'ਚ ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਅਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ 'ਤੇ ਕਾਰਵਾਈ ਹੋਈ ਹੈ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਜਿਵੇਂ ਬਾਦਸ਼ਾਹ, ਬੱਬੂ ਮਾਨ ਆਦਿ ਵਲੋਂ ਆਪਣੇ ਗੀਤਾਂ ਵਿਚ ਔਰਤਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਅਰਸਾ ਪਹਿਲਾਂ ਹਨੀ ਸਿੰਘ ਵਲੋਂ ਹੀ ਆਪਣੇ ਇਕ ਗੀਤ ਵਿਚ ਔਰਤਾਂ ਲਈ ਬੇਹੱਦ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਅਜਿਹੇ ਗਾਇਕਾਂ ਤੇ ਗੀਤਕਾਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਪੰਜਾਬ ਵਿਚ ਮਾੜੀ ਸ਼ਬਦਾਵਲੀ ਵਾਲੇ ਗੀਤਾਂ 'ਤੇ ਰੋਕ ਲਾਉਣ ਲਈ ਸੈਂਸਰ ਬੋਰਡ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਫ਼ਿਲਮਾਂ ਵਾਂਗ ਇਤਰਾਜ਼ਯੋਗ ਗੀਤਾਂ 'ਤੇ ਵੀ ਸੈਂਸਰ ਦੀ ਕੈਂਚੀ ਚੱਲ ਸਕੇ। ਇਸ ਕਾਰਵਾਈ ਤੋਂ ਸਾਰੇ ਗਾਇਕਾਂ ਤੇ ਗੀਤਕਾਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਇਕ ਔਰਤ, ਜਿਸ ਨੂੰ ਸਾਡੇ ਗੁਰੂਆਂ ਪੀਰਾਂ ਵਲੋਂ ਸਨਮਾਨਯੋਗ ਰੁਤਬਾ ਦਿੱਤਾ ਗਿਆ ਹੈ, ਦਾ ਗੀਤਾਂ ਵਿਚ ਪੇਸ਼ ਕੀਤਾ ਜਾਂਦਾ ਨਿੰਦਣਯੋਗ ਤੇ ਘਟੀਆ ਅਕਸ ਸਮਾਜਿਕ ਤੇ ਸੱਭਿਅਕ ਵਾਤਾਵਰਨ ਨੂੰ ਗੰਧਲਾ ਕਰਦਾ ਹੈ।

-ਗੁਰਪ੍ਰੀਤ ਕੌਰ ਚਹਿਲ (ਮਾਨਸਾ)
ਪੰਜਾਬੀ ਅਧਿਆਪਕਾ, ਐਮ.ਏ., ਪੰਜਾਬੀ, ਹਿੰਦੀ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ।

ਅਵਾਰਾ ਪਸ਼ੂ
ਪੰਜਾਬ ਸਰਕਾਰ ਵਲੋਂ ਤੰਦਰੁਸਤ ਮਿਸ਼ਨ ਦੇ ਅਧੀਨ ਵਾਤਾਵਰਨ ਦੀ ਸ਼ੁੱਧਤਾ ਅਤੇ ਚੌਗਿਰਦੇ ਨੂੰ ਹਰਾ ਭਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ, ਜਿਸ ਦੀ ਸ਼ਲਾਘਾ ਹਰ ਇਨਸਾਨ ਵਲੋਂ ਕੀਤੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਅੰਦਰ ਬੂਟੇ ਤਾਂ ਲਗਾਏ ਜਾ ਰਹੇ ਹਨ ਪਰ ਉਹ ਲਗਾਉਣ ਤੋਂ ਬਾਅਦ ਕੇਵਲ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਹੀ ਸੁਰੱਖਿਅਤ ਹੁੰਦੇ ਹਨ ਤੇ ਅਸਲੀਅਤ ਵਿਚ ਉਹ ਅਵਾਰਾ ਘੁੰਮ ਰਹੇ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨ। ਜਦੋਂ ਤੱਕ ਅਵਾਰਾ ਪਸ਼ੂਆਂ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ ਜਾਂਦੀ, ਸ਼ਾਇਦ ਉਸ ਸਮੇਂ ਤੱਕ ਬੂਟੇ ਲਗਾਉਣ ਵਾਲੇ ਮਨੁੱਖ ਤੇ ਮਨੁੱਖ ਨੂੰ ਬਚਾਉਣ ਵਾਲੇ ਬੂਟੇ ਦੋਵੇਂ ਹੀ ਮੌਤ ਦੇ ਮੂੰਹ ਵਿਚ ਰਹਿਣਗੇ। ਇਸ ਲਈ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਅਵਾਰਾ ਘੁੰਮ ਰਹੇ ਪਸ਼ੂਆਂ ਲਈ ਕੋਈ ਪ੍ਰਬੰਧ ਕਰੇ ਤਾਂ ਕਿ ਤੰਦਰੁਸਤ ਮਿਸ਼ਨ ਨੂੰ ਪੂਰਨ ਹੁੰਗਾਰਾ ਮਿਲ ਸਕੇ, ਜਿਸ ਨਾਲ ਬੂਟਿਆਂ ਨੂੰ ਰੁੱਖ ਬਣਨ ਦਾ ਮੌਕਾ ਪ੍ਰਾਪਤ ਹੋਵੇ।

-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ) ਸੰਗਰੂਰ।

ਹੜ੍ਹਾਂ ਦੀ ਮਾਰ
ਪੰਜਾਬ ਵਿਚ ਮੌਨਸੂਨ ਦੇ ਸ਼ੁਰੂ ਹੁੰਦਿਆਂ ਹੀ ਹੜ੍ਹਾਂ ਦੀ ਸਮੱਸਿਆ ਪੈਦਾ ਹੋ ਗਈ। ਖ਼ਾਸ ਕਰਕੇ ਮਾਲਵੇ ਦੇ ਬਠਿੰਡਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਹੜ੍ਹਾਂ ਦੀ ਮਾਰ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋਇਆ ਹੈ। ਭਾਵੇਂ ਕਿ ਹੜ੍ਹ ਕੁਦਰਤ ਦੀ ਕਰੋਪੀ ਮੰਨੇ ਜਾ ਸਕਦੇ ਹਨ ਪਰ ਇਸ ਦੇ ਨਾਲ-ਨਾਲ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ, ਅਣਗਹਿਲੀਆਂ ਤੇ ਬੇਈਮਾਨੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਨਹਿਰਾਂ, ਰਜਬਾਹਿਆਂ, ਡਰੇਨਾਂ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਜਿਸ ਦੀ ਘਾਟ ਦਿਖਾਈ ਦਿੰਦੀ ਹੈ।
ਇਕ ਪਾਸੇ ਅਸੀਂ ਪੰਜਾਬ ਦੀ ਧਰਤੀ ਹੇਠ ਘਟ ਰਹੇ ਪਾਣੀ ਦਾ ਰੋਣਾ ਰੋ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਪੰਜਾਬ ਵਾਸੀ ਬਾਰਿਸ਼ਾਂ ਦੇ ਲੋੜੋਂ ਵੱਧ ਪਾਣੀ ਨਾਲ ਵੱਡਾ ਨੁਕਸਾਨ ਝੱਲ ਰਹੇ ਹਨ। ਸਰਕਾਰ ਵਲੋਂ ਖ਼ਰਾਬ ਹੋਈਆਂ ਫ਼ਸਲਾਂ ਲਈ ਗਿਰਦਾਵਰੀ ਦੇ ਹੁਕਮ ਸਿਰਫ 'ਊਠ ਦੇ ਮੂੰਹ ਵਿਚ ਜੀਰਾ' ਦੇਣ ਦੀ ਗੱਲ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹਾਂ ਦਾ ਪਾਣੀ ਸਾਂਭਣ ਲਈ ਧਰਤੀ ਹੇਠ ਹੜ੍ਹਾਂ ਦਾ ਪਾਣੀ ਭੇਜਣ ਲਈ ਵੱਡੇ-ਵੱਡੇ ਡੂੰਘੇ ਬੋਰ ਕਰਵਾਏ। ਨਹਿਰਾਂ, ਨਾਲਿਆਂ ਡਰੇਨਾਂ ਤੇ ਛੱਪੜਾਂ ਦੀ ਸਫ਼ਾਈ ਵਕਤ ਸਿਰ ਕਰਵਾਏ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਵਿਧਾਇਕਾਂ ਦੀ ਗੁੰਡਾਗਰਦੀ
ਵਿਧਾਇਕ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ। ਲੋਕਾਂ ਦੇ ਸੁੱਖ-ਦੁੱਖ ਦਾ ਖਿਆਲ ਰੱਖਣਾ ਉਸ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ। ਅੱਜ ਸੱਤਾ ਦੇ ਗਰੂਰ ਵਿਚ ਆਪਣੇ ਫ਼ਰਜ਼ ਭੁੱਲ ਕੇ ਵਿਧਾਇਕ ਗੁੰਡਾਗਰਦੀ 'ਤੇ ਉਤਰ ਆਏ ਹਨ। ਹਾਲ ਹੀ ਵਿਚ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਦੇ ਵਿਧਾਇਕ ਬੇਟੇ ਅਕਾਸ਼ ਵਿਜੇਵਰਗੀਆ ਨੇ ਇੰਦੌਰ ਨਗਰ ਨਿਗਮ ਦੇ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਿਧਾਇਕ ਨੂੰ ਨਸੀਹਤ ਦੇਣੀ ਪਈ। ਅਜੇ ਇਹ ਸੁਰਖੀਆਂ ਠੰਢੀਆਂ ਨਹੀਂ ਹੋਈਆਂ ਸਨ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਵਿਧਾਇਕ ਬੇਟੇ ਨਿਤੇਸ਼ ਰਾਣੇ ਨੇ ਇਕ ਇੰਜੀਨੀਅਰ 'ਤੇ ਚਿੱਕੜ ਨਾਲ ਹਮਲਾ ਕੀਤਾ ਅਤੇ ਬਾਅਦ ਵਿਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸ ਨੂੰ ਅਪਨਾਮਿਤ ਕੀਤਾ। ਤੀਜੀ ਘਟਨਾ ਹਾਲ ਹੀ ਵਿਚ ਤੇਲੰਗਾਨਾ ਦੇ ਆਦਿਲਾਬਾਦ ਵਿਚ ਵਾਪਰੀ, ਜਿਥੇ ਜੰਗਲਾਤ ਭੂਮੀ 'ਤੇ ਕਬਜ਼ਾ ਹਟਾਉਣ ਗਈ ਇਕ ਮਹਿਲਾ ਅਧਿਕਾਰੀ ਨੂੰ ਸਥਾਨਕ ਵਿਧਾਇਕ ਦੇ ਭਰਾ ਕੋਨੇਰੂ ਕ੍ਰਿਸ਼ਨਾ ਅਤੇ ਉਸ ਦੇ ਸਾਥੀਆਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਇਹ ਘਟਨਾਵਾਂ ਦੇਸ਼ ਦੇ ਲੋਕਤੰਤਰ ਉੱਪਰ ਸਭ ਤੋਂ ਵੱਡਾ ਧੱਬਾ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉਸ ਦੀ ਰਾਖੀ ਕੌਣ ਕਰੇਗਾ। ਇਨ੍ਹਾਂ ਤਿੰਨਾਂ ਵਿਧਾਇਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

-ਕਾਜਲ
ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 

29-07-2019

 ਕਸ਼ਮੀਰ ਮਸਲਾ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਦਾ ਸੰਪਾਦਕੀ ਲੇਖ 'ਟਰੰਪ ਨੇ ਛੇੜਿਆ ਇਕ ਹੋਰ ਵਿਵਾਦ' ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਕਸ਼ਮੀਰ ਮਸਲੇ ਵਿਚ ਵਿਚੋਲਗੀ ਦੀ ਇੱਛਾ ਪ੍ਰਗਟਾਉਣ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਇਸ ਨਾਲ ਰਾਜਨੀਤਕ ਪਾਰਟੀਆਂ ਦੀ ਘਟੀਆ ਸਿਆਸਤ ਗਰਮਾ ਗਈ ਹੈ। ਭਾਰਤ ਹਮੇਸ਼ਾ ਦੁਵੱਲੀ ਗੱਲ ਦਾ ਹਾਮੀ ਰਿਹਾ ਹੈ। ਇਸ ਵਿਚ, ਉਹ ਹੋਰ ਕਿਸੇ ਦੀ ਵਿਚੋਲਗੀ ਪਸੰਦ ਨਹੀਂ ਕਰਦਾ। ਕਿਸੇ ਹੋਰ ਦੇਸ਼ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਨਹੀਂ ਕਰਦਾ। ਇਹ ਹੀ ਚਾਹੁੰਦਾ ਹੈ ਕਿ ਪਾਕਿ ਪਹਿਲਾਂ ਅੱਤਵਾਦ ਖਤਮ ਕਰਕੇ ਸ਼ਿਮਲੇ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਤਹਿਤ ਗੱਲ ਕਰੇ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਵੀ ਇਸ 'ਤੇ ਸਪੱਸ਼ਟੀਕਰਨ ਦੇ ਕੇ ਭਾਰਤ ਦੀ ਸਥਿਤੀ ਦਾ ਪੂਰੀ ਤਰ੍ਹਾਂ ਬਿਉਰਾ ਦੇਣਾ ਚਾਹੀਦਾ ਹੈ। ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ।


ਬੇਰੁਜ਼ਗਾਰੀ ਅਤੇ ਨੌਜਵਾਨ ਦੀ ਖ਼ੁਦਕੁਸ਼ੀ
ਪੰਜਾਬ ਸਮੇਤ ਭਾਰਤ 'ਚ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਹੱਥਾਂ 'ਚ ਡਿਗਰੀਆਂ ਚੁੱਕੀ ਨਮੋਸ਼ੀ ਦੇ ਆਲਮ ਦੀ ਮਾਨਸਿਕਤਾ ਨਾਲ ਜੂਝ ਰਹੇ ਹਨ। ਅੱਕੀ ਜਵਾਨੀ ਫਿਲਮਾਂ, ਗੀਤਾਂ ਆਦਿ ਦੇ ਪ੍ਰਭਾਵ ਤੋਂ ਭਟਕ ਕੇ ਹਿੰਸਕ, ਨਸ਼ੇੜੀ, ਅਸੱਭਿਅਕ ਹੋ ਕੇ ਜਾਂ ਤਾਂ ਗ਼ੈਰ-ਸਮਾਜਿਕ ਰੁਖ਼ ਅਖ਼ਤਿਆਰ ਕਰ ਰਹੀ ਹੈ, ਜਾਂ ਰੁਜ਼ਗਾਰ ਦੀ ਭਾਲ 'ਚ ਵਿਦੇਸ਼ ਉਡਾਰੀ ਮਾਰਨ ਲਈ ਮਾਪਿਆਂ ਨੂੰ ਮਜਬੂਰ ਕਰ ਰਹੀ ਹੈ, ਪਰ ਸਰਕਾਰਾਂ ਇਸ ਪਾਸੇ ਤੋਂ ਗ਼ੈਰ-ਸੰਜੀਦਾ ਹੋ ਵੋਟ ਬੈਂਕ ਨੂੰ ਹੀ ਮੂਲ ਆਧਾਰ ਬਣਾ ਕੇ ਆਟਾ-ਦਾਲ, ਪੈਨਸ਼ਨਾਂ, ਸ਼ਗਨ ਸਕੀਮਾਂ, ਗਲੀਆਂ, ਨਾਲੀਆਂ, ਸ਼ਮਸ਼ਾਨਘਾਟਾਂ, ਮੁਫਤ ਬਿਜਲੀ-ਪਾਣੀ, ਕਿਸਾਨਾਂ ਨੂੰ ਸਾਲਾਨਾ ਪੈਨਸ਼ਨ ਆਦਿ ਨਾਲ ਜਨਤਾ ਨੂੰ ਉਲਝਣਬਾਜ਼ੀ 'ਚ ਪਾ ਰੱਖਿਆ ਹੈ। ਪਿਛਲੇ ਦਿਨੀਂ ਡਿਗਰੀਆਂ ਪ੍ਰਾਪਤ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਦੀ ਖ਼ੁਦਕੁਸ਼ੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਤੋਂ ਬਾਅਦ ਹੁਣ ਮੰਦਹਾਲੀ ਦੇ ਸਤਾਏ ਨੌਜਵਾਨ ਵੀ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਇਸ ਤਰ੍ਹਾਂ ਹੋਰ ਪਤਾ ਨਹੀਂ ਕਿੰਨੇ ਨੌਜਵਾਨ ਨਮੋਸ਼ੀ ਦੀ ਸਥਿਤੀ 'ਚ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋਣਗੇ। ਸ਼ੇਰੋਂ ਪਿੰਡ ਦਾ ਐਮ.ਏ.ਐਮ. ਐੱਡ, ਟੈਟ ਪਾਸ ਮੱਖਣ ਸ਼ੇਰੋਂ ਵਾਲਾ ਭੱਠੇ 'ਤੇ ਇੱਟਾਂ ਪੱਥ ਕੇ ਆਪਣੇ ਗਰੀਬ ਪਰਿਵਾਰ ਦੀ ਰੋਟੀ ਦਾ ਸਹਾਰਾ ਬਣਿਆ ਸਾਡੇ ਸਿਸਟਮ 'ਤੇ ਕਰਾਰੀ ਚਪੇੜ ਹੈ। ਸੋਚਣ ਵਾਲੀ ਗੱਲ ਹੈ ਕਿ ਹਰ ਗਰੀਬ, ਅਮੀਰ, ਸਰਕਾਰੀ, ਗ਼ੈਰ-ਸਰਕਾਰੀ ਵਿਅਕਤੀ ਸਰਕਾਰਾਂ ਨੂੰ ਟੈਕਸ ਅਦਾ ਕਰ ਰਿਹਾ ਹੈ, ਫਿਰ ਦੇਸ਼ ਦੀ ਆਰਥਿਕ ਮੰਦਹਾਲੀ ਦੇ ਦੌਰ ਦੀ ਸਮੱਸਿਆ ਦੀ ਲੋੜ ਕਿਉਂ ਭਾਸਦੀ ਹੈ? ਸਰਕਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਅਸਮਰੱਥ ਅਤੇ ਬੇਵੱਸ ਕਿਉਂ ਨਜ਼ਰ ਆਉਂਦੀਆਂ ਹਨ? ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ, ਚਿੰਤਕਾਂ, ਅਰਥਸ਼ਾਸਤਰੀਆਂ, ਵਿਦਵਾਨਾਂ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਪਾਸੇ ਵਿਸ਼ੇਸ਼ ਉਦਮ ਕਰਨ ਲਈ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।


-ਇੰਜ: ਸਤਨਾਮ ਸਿੰਘ ਮੱਟੂ
ਬੀਬੜ, ਸੰਗਰੂਰ।


ਵਧ ਰਹੇ ਸੜਕ ਹਾਦਸੇ
ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇ ਜਿਸ ਦਿਨ ਪੰਜਾਬ ਦੀਆਂ ਸੜਕਾਂ ਉੱਪਰ ਕੋਈ ਹਾਦਸਾ ਨਾ ਵਾਪਰਦਾ ਹੋਵੇ। ਇਨ੍ਹਾਂ ਹਾਦਸਿਆਂ ਵਿਚ ਹਰ ਰੋਜ਼ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੁੰਦਾ ਹੈ ਅਤੇ ਕਿੰਨੀਆਂ ਹੀ ਦਰਦਨਾਕ ਮੌਤਾਂ ਹੋ ਜਾਂਦੀਆਂ ਹਨ। ਪਿਛਲੇ ਸਮੇਂ ਤੋਂ ਹਾਦਸਿਆਂ ਵਿਚ ਭਾਰੀ ਵਾਧਾ ਹੋਇਆ ਹੈ। ਇਕ ਅੰਦਾਜ਼ੇ ਅਨੁਸਾਰ ਹਰ ਰੋਜ਼ 13 ਕੀਮਤੀ ਜਾਨਾਂ ਸੜਕ ਹਾਦਸਿਆਂ ਦੀ ਭੇਟ ਚੜ੍ਹ ਜਾਂਦੀਆਂ ਹਨ। ਇਨ੍ਹਾਂ ਕੀਮਤੀ ਜਾਨਾਂ ਵਿਚ ਮੁੱਖ ਤੌਰ 'ਤੇ 20-40 ਸਾਲ ਦੀ ਉਮਰ ਦੇ ਨੌਜਵਾਨ ਹੁੰਦੇ ਹਨ। ਅਜਿਹਾ ਜਾਨੀ ਨੁਕਸਾਨ ਤਾਂ ਪੰਜਾਬ ਦਾ ਕਾਲੇ ਦੌਰ ਵਿਚ ਵੀ ਨਹੀਂ ਹੋਇਆ ਸੀ, ਜੋ ਮੌਜੂਦਾ ਸਮੇਂ 'ਚ ਹੋ ਰਿਹਾ ਹੈ। ਇਨ੍ਹਾਂ ਹਾਦਸਿਆਂ ਵਿਚ ਸੜਕਾਂ ਨੂੰ ਖੂਨੀ ਕਿਹਾ ਜਾਂਦਾ ਹੈ। ਅਸਲ ਤਾਂ ਕਸੂਰਵਾਰ ਅਸੀਂ ਖੁਦ ਹੀ ਹਾਂ। ਹੱਦੋਂ ਵੱਧ ਰਫ਼ਤਾਰ 'ਤੇ ਗੱਡੀ ਚਲਾਉਣਾ, ਨਸ਼ੇ ਦੀ ਵਰਤੋਂ ਅਤੇ ਮਾਨਸਿਕ ਪ੍ਰੇਸ਼ਾਨੀ ਵਿਚ ਗੱਡੀ ਚਲਾਉਣਾ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਜੇਕਰ ਥੋੜ੍ਹੀ ਸੂਝ-ਬੂਝ ਅਪਣਾਈ ਜਾਵੇ ਤਾਂ ਇਹ ਹਾਦਸੇ ਘੱਟ ਕੀਤੇ ਜਾ ਸਕਦੇ ਹਨ, ਜਿਸ ਨਾਲ ਮਨੁੱਖੀ ਜਾਨਾਂ ਦੇ ਨਾਲ-ਨਾਲ ਕਰੋੜਾਂ ਰੁਪਏ ਦੀ ਮਸ਼ੀਨਰੀ ਵੀ ਬਚਾਈ ਜਾ ਸਕਦੀ ਹੈ।


-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।


ਕੁਦਰਤੀ ਸਾਧਨਾਂ ਦੀ ਸੰਭਾਲ
ਕੁਦਰਤ ਨੇ ਸਾਨੂੰ ਬਹੁਤ ਅਨਮੋਲ ਤੋਹਫੇ ਦਿੱਤੇ ਹਨ। ਸ੍ਰਿਸ਼ਟੀ ਦੇ ਕਣ-ਕਣ ਵਿਚ ਸਾਡੇ ਲਈ ਫਾਇਦੇ ਹੀ ਲੁਕੇ ਹੋਏ ਹਨ। ਕੁਦਰਤ ਨੇ ਸਾਨੂੰ ਹਮੇਸ਼ਾ ਵਰਦਾਨ ਹੀ ਦਿੱਤਾ ਹੈ ਪਰ ਅਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਬਹੁਤ ਹੀ ਅੰਨ੍ਹੇਵਾਹ ਅਤੇ ਬੇਰਹਿਮੀ ਨਾਲ ਕਰਦੇ ਹਾਂ। ਸਾਨੂੰ ਇਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਪਰ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ। ਹਵਾ ਨੂੰ ਦੂਸ਼ਿਤ ਕਰ ਰਹੇ ਹਾਂ। ਜੰਗਲੀ ਜੀਵਾਂ ਦੀ ਹੱਤਿਆ ਕਰ ਰਹੇ ਹਾਂ ਤੇ ਭੂਮੀ ਦੀ ਬਹੁਤ ਬੇਕਦਰੀ ਕਰ ਰਹੇ ਹਾਂ। ਅਸੀਂ ਇਹ ਬਿਲਕੁਲ ਨਹੀਂ ਸੋਚਦੇ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਨਤੀਜੇ ਕੀ ਹੋ ਸਕਦੇ ਹਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ, ਵੇਲਾ ਹੈ ਅਜੇ ਵੀ ਅਸੀਂ ਸੰਭਲ ਜਾਈਏ ਅਤੇ ਕੁਦਰਤੀ ਸਾਧਨਾਂ ਨੂੰ ਸੰਜਮ ਨਾਲ ਵਰਤੀਏ ਤਾਂ ਭਵਿੱਖ ਵਿਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।


-ਦਵਿੰਦਰ ਕੌਰ ਡੀਵੀ
ਦੋਦੜਾ, ਜ਼ਿਲ੍ਹਾ ਮਾਨਸਾ।


ਸਕਾਰਾਤਮਿਕ ਸੋਚ
ਅਜੋਕੇ ਸਮੇਂ ਵਿਚ ਇਨਸਾਨ ਖ਼ੁਦਗਰਜ਼ ਹੋ ਗਿਆ ਹੈ ਅਤੇ ਇਹ ਅਕਸਰ ਵੇਖਿਆ ਗਿਆ ਹੈ ਕਿ ਕਈ ਪਰਿਵਾਰਾਂ ਵਿਚ ਸਕੇ ਭੈਣ-ਭਰਾ ਵੀ ਆਪਣੇ ਮਤਲਬ ਤੱਕ ਸੀਮਤ ਹੁੰਦੇ ਹਨ ਤੇ ਕਈ ਬੱਚੇ ਮਾਂ-ਬਾਪ ਨੂੰ ਬੁਢਾਪੇ ਵੇਲੇ ਇਕੱਲੇ ਰਹਿਣ ਲਈ ਛੱਡ ਦਿੰਦੇ ਤੇ ਆਪ ਉਨ੍ਹਾਂ ਤੋਂ ਅਲੱਗ ਹੋ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ, ਇਹ ਉਨ੍ਹਾਂ ਦੀ ਨਕਾਰਾਤਮਿਕ ਸੋਚ ਦਾ ਨਤੀਜਾ ਹੁੰਦਾ ਹੈ। ਖ਼ੁਸ਼ਹਾਲ ਜੀਵਨ ਦਾ ਰਾਜ਼ ਤੁਹਾਡੀ ਸੋਚ 'ਤੇ ਹੀ ਨਿਰਭਰ ਕਰਦਾ ਹੈ। ਸਿਰਫ਼ ਤੁਸੀਂ ਖ਼ੁਦ ਹੀ ਆਪਣੇ ਜੀਵਨ ਨੂੰ ਸੁੰਦਰ, ਸਕਾਰਾਤਮਿਕ ਅਤੇ ਖ਼ੁਸ਼ਹਾਲ ਬਣਾ ਸਕਦੇ ਹੋ। ਕਿਸੇ ਪ੍ਰਤੀ ਮਾੜੀ ਸੋਚ ਨਾ ਰੱਖੋ, ਕਿਸੇ ਨਾਲ ਨਫ਼ਰਤ ਹੋਣਾ ਜਾਂ ਕਿਸੇ ਤੋਂ ਈਰਖਾ ਹੋਣ ਕਰਕੇ ਨਕਾਰਾਤਮਿਕ ਸੋਚ ਪੈਦਾ ਹੁੰਦੀ ਹੈ ਜੋ ਕਿ ਮਨੁੱਖ ਨੂੰ ਅੱਗੇ ਨਹੀਂ ਜਾਣ ਦਿੰਦੀ ਅਤੇ ਹਮੇਸ਼ਾ ਪਿੱਛੇ ਖਿੱਚਦੀ ਹੈ। ਜੋ ਇਨਸਾਨ ਹਰ ਮੁਸ਼ਕਿਲ ਪਾਰ ਕਰ ਜਾਂਦਾ ਹੈ, ਉਹੀ ਅਸਲ ਵਿਚ ਨਾਇਕ ਹੈ। ਸੋ ਲੋੜ ਹੈ ਹਮੇਸ਼ਾ ਸਕਾਰਾਤਮਿਕ ਸੋਚ ਰੱਖਣ ਦੀ ਤਾਂ ਜੋ ਖ਼ੁਸ਼ਹਾਲ ਜ਼ਿੰਦਗੀ ਗੁਜ਼ਾਰੀ ਜਾ ਸਕੇ। ਖ਼ੁਦਗਰਜ਼ੀ, ਮਤਲਬਪ੍ਰਸਤੀ ਤੋਂ ਬਚਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

25-07-2019

 ਵਿਸ਼ਵੀਕਰਨ ਦੇ ਖ਼ਤਰਨਾਕ ਪ੍ਰਭਾਵ
ਅੱਜ ਦੇ ਦੌਰ ਵਿਚ ਮਨੁੱਖ ਕੋਲੋਂ ਕੁਦਰਤੀ ਸਾਧਨ ਖੋਹਣ ਦੀ ਖੇਡ ਬਾਰੇ ਗੁਰਚਰਨ ਸਿੰਘ ਨੂਰਪੁਰ ਹੁਰਾਂ ਨੇ ਵਿਸਥਾਰ ਨਾਲ ਲਿਖਿਆ ਹੈ। ਇਕ ਦਿਲ ਕੰਬਾਊ ਘਟਨਾ ਜਿਸ ਵਿਚ ਸੌ ਡਿਗਰੀ ਤਾਪਮਾਨ ਵਾਲੇ ਮਾਰੂਥਲ 'ਚ ਪੰਜਾਬ ਦੀ 6 ਸਾਲਾ ਧੀ ਦਾ ਪਾਣੀ ਬਿਨਾਂ ਮਰਨਾ ਵੀ ਅਜੋਕੇ ਵਿਸ਼ਵੀਕਰਨ ਦੀ ਖੇਡ ਹੀ ਹੈ। ਵਿਸ਼ਵੀਕਰਨ ਦੀ ਇਸ ਖੇਡ ਨੇ ਲੋਕਤੰਤਰ ਨੂੰ ਅਧਰੰਗ ਕਰ ਦਿੱਤਾ ਹੈ। ਪਹਾੜਾਂ 'ਚ ਕਲ-ਕਲ ਕਰਦੀਆਂ ਕੁਦਰਤੀ ਨਦੀਆਂ ਨੂੰ ਬੰਨ੍ਹ ਮਾਰ ਕੇ, ਜੰਗਲ ਕੱਟ ਕੇ, ਖਣਿਜ ਕੱਢਣ ਦੀ ਆੜ 'ਚ ਪਹਾੜ ਖੋਖਲੇ ਕਰ ਕੇ ਮਨੁੱਖਤਾ ਦੀ ਤਬਾਹੀ ਦਾ ਮੁੱਢ ਬੰਨ੍ਹ ਦਿੱਤਾ ਹੈ। ਵਿਸ਼ਵੀਕਰਨ ਦੇ ਨਾਂਅ 'ਤੇ ਬਾਜ਼ਾਰਾਂ ਵਿਚ ਬੇਲੋੜੇ ਸਾਮਾਨ ਦੇ ਢੇਰ ਲਾ ਕੇ ਲੋਕਾਂ ਨੂੰ ਜਬਰੀ ਵਸਤਾਂ ਖ਼ਰੀਦਣ ਲਈ ਉਕਸਾਉਣਾ, ਦੇਸ਼ 'ਚ ਬਣੇ ਮਾਲ ਦੀ ਬੇਕਦਰੀ ਕਰਨਾ, ਪੂੰਜੀਵਾਦੀ ਤਾਕਤਾਂ ਦਾ ਕਹਿਰ ਹੱਦਾਂ ਟੱਪਦਾ ਜਾ ਰਿਹਾ ਹੈ। ਪੂੰਜੀਵਾਦੀ ਦੇ ਦੈਂਤ ਤੋਂ ਬਚਣ ਲਈ ਵਿਦਵਾਨ ਤੇ ਬੁੱਧੀਜੀਵੀ ਲੋਕਾਂ ਦਾ ਸਿਰ ਜੋੜ ਕੇ ਸੋਚਣਾ ਜ਼ਰੂਰੀ ਹੋ ਗਿਆ ਹੈ। ਕੁਦਰਤੀ ਸਾਧਨਾਂ ਨੂੰ ਪੂੰਜੀਪਤੀ ਤਾਕਤਾਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਅੱਜ ਜ਼ਰੂਰਤ ਹੈ। ਅਸੀਂ ਫਿਰ ਤੋਂ ਗੁਲਾਮੀ ਵੱਲ ਵਧ ਰਹੇ ਹਾਂ। ਜੇ ਸੁੱਤੇ ਰਹੇ ਤਾਂ ਇਹ ਵਿਸ਼ਵੀਕਰਨ ਦਾ ਦੈਂਤ ਸਾਨੂੰ ਨੱਪ ਲਵੇਗਾ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਭੰਗ ਤੇ ਗਾਜਰ ਬੂਟੀ
ਪੰਜਾਬ 'ਚ ਭੰਗ ਦੀ ਬੂਟੀ, ਜਿਥੇ ਆਮ ਹੀ ਵੇਖੀ ਜਾ ਸਕਦੀ ਹੈ। ਇਸ ਦੇ ਆਦੀ ਨੌਜਵਾਨ ਇਸ ਦਾ ਨਸ਼ਾ ਸਸਤਾ ਹੋਣ ਕਾਰਨ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰਦੇ ਹਨ। ਮੁਫ਼ਤ ਦੇ ਇਸ ਨਸ਼ੇ ਨਾਲ ਸੂਬੇ ਦੇ ਕਈ ਨੌਜਵਾਨ ਇਸ ਦਾ ਸੇਵਨ ਕਰਦੇ ਸ਼ਰੇਆਮ ਵੇਖੇ ਜਾ ਸਕਦੇ ਹਨ। ਇਸ ਸੇਵਨ ਨਾਲ ਨੌਜਵਾਨਾਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ, ਉਥੇ ਹੀ ਕਈ ਬਿਮਾਰੀਆਂ ਨਾਲ ਭਰਪੂਰ ਗਾਜਰ ਬੂਟੀ ਜੋ ਕਿ 6-7 ਦਹਾਕੇ ਪਹਿਲਾਂ ਅਮਰੀਕਾ 'ਚੋਂ ਕਣਕ ਦੇ ਨਾਲ ਆਈ ਸੀ, ਨੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਵਿਚ ਪੈਰ ਪਸਾਰੇ ਹਨ ਅਤੇ ਇਹ ਖਾਲੀ ਥਾਵਾਂ, ਰੇਲਵੇ ਟਰੈਕ, ਸੜਕਾਂ ਦੇ ਕਿਨਾਰੇ ਅਤੇ ਪਿੰਡਾਂ ਦੀਆਂ ਫਿਰਨੀਆਂ 'ਤੇ ਆਮ ਹੀ ਵੇਖੀ ਜਾ ਸਕਦੀ ਹੈ। ਇਹ ਬੂਟੀ ਮਨੁੱਖ ਦੇ ਨਾਲ-ਨਾਲ ਪਸ਼ੂਆਂ 'ਤੇ ਵੀ ਮਾੜਾ ਅਸਰ ਕਰਦੀ ਹੈ। ਇਨ੍ਹਾਂ ਘਾਤਕ ਬੂਟੀਆਂ ਨੂੰ ਖ਼ਤਮ ਕਰਨ ਲਈ ਵਿਸ਼ਾਲ ਪੱਧਰ 'ਤੇ ਮੁਹਿੰਮ ਚਲਾਉਣੀ ਚਾਹੀਦੀ ਹੈ। ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਅਵਾਰਾ ਪਸ਼ੂਆਂ ਦੀ ਸਮੱਸਿਆ
ਭਾਵੇਂ ਕਿ ਮਨੁੱਖ ਅਤੇ ਪਸ਼ੂਆਂ ਦਾ ਬੜਾ ਗੂੜ੍ਹਾ ਸਬੰਧ ਹੈ ਪਰ ਅਫ਼ਸੋਸ ਪੰਜਾਬ ਵਿਚ ਜਦੋਂ ਗਾਵਾਂ ਅਤੇ ਬਲਦ ਮਨੁੱਖ ਦੇ ਕੰਮ ਦੇ ਨਹੀਂ ਰਹਿੰਦੇ ਤਾਂ ਉਹ ਇਨ੍ਹਾਂ ਨੂੰ ਅਵਾਰਾ ਛੱਡ ਦਿੰਦਾ ਹੈ। ਆਏ ਦਿਨ ਇਹ ਪਸ਼ੂ ਸੜਕਾਂ 'ਤੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਤੋਂ ਇਲਾਵਾ ਇਹ ਅਵਾਰਾ ਗਊਆਂ, ਵੱਛੇ ਅਤੇ ਬਲਦ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੀ ਪੱਧਰ 'ਤੇ ਉਜਾੜਾ ਵੀ ਕਰ ਰਹੇ ਹਨ। ਸਰਕਾਰ ਵਲੋਂ ਖਾਨਾਪੂਰਤੀ ਲਈ ਸ਼ਹਿਰਾਂ ਅਤੇ ਕਸਬਿਆਂ ਵਿਚ ਗਊਸ਼ਾਲਾਵਾਂ ਵੀ ਬਣਾਈਆਂ ਹਨ। ਪੰਜਾਬ ਦੇ ਲੋਕਾਂ 'ਤੇ ਗਊਸੈੱਸ ਦੇ ਨਾਂਅ ਹੇਠ ਟੈਕਸ ਵੀ ਵਸੂਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਸ਼ੂਆਂ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਠੋਸ ਅਤੇ ਉਸਾਰੂ ਨੀਤੀ ਬਣਾਈ ਜਾਵੇ। ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਵਿਚ ਇਕ ਖ਼ਾਸ ਭਾਈਚਾਰਾ ਵੀ ਵੱਡਾ ਰੋੜਾ ਬਣਿਆ ਹੋਇਆ ਹੈ ਭਾਵੇਂ ਕਿ ਇਸ ਧਰਤੀ 'ਤੇ ਹਰ ਇਕ ਪਸ਼ੂ ਪੰਛੀ ਦੀ ਜਾਨ ਕੀਮਤੀ ਹੈ ਪਰ ਮਨੁੱਖ ਨਾਲੋਂ ਵੱਧ ਕੀਮਤੀ ਨਹੀਂ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


ਟੁੱਟਦਾ ਮਨੋਬਲ

ਸਾਡੀ ਸੂਬਾ ਸਰਕਾਰ ਤੇ ਸਾਡੀ ਕੇਂਦਰ ਸਰਕਾਰ ਜਦ ਵੀ ਕਦੇ ਦੇਸ਼ ਦੇ ਵਿਕਾਸ ਦੀ ਗੱਲ ਕਰਦੀ ਹੈ ਤਾਂ ਉਸ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਭ ਤੋਂ ਜ਼ਰੂਰੀ ਸਮਝਿਆ ਜਾਂਦਾ ਹੈ ਤੇ ਨੌਜਵਾਨਾਂ ਲਈ ਬਹੁਤੀਆਂ ਸਕੀਮਾਂ ਜਾਂ ਯੋਜਨਾਵਾਂ ਵੀ ਬਣਾਈਆਂ ਜਾਂਦੀਆਂ ਹਨ ਪਰ ਸਾਡੇ ਸੂਬੇ ਤੇ ਦੇਸ਼ ਦਾ ਵਿਕਾਸ ਤਦ ਰੁਕ ਜਾਂਦਾ ਹੈ ਜਦ ਇਕ ਯੁਵਾ ਜਿਸ ਨੇ ਸੂਬੇ ਤੇ ਦੇਸ਼ ਨੂੰ ਆਪਣਾ ਸਭ ਕੁਝ ਦਿੱਤਾ ਹੋਵੇ ਪਰ ਬਦਲੇ ਵਿਚ ਉਹ ਇਕ ਨੌਕਰੀ ਨੂੰ ਵੀ ਤਰਸੇ ਤੇ ਇੰਜ ਹੀ ਪੰਜਾਬ ਦੇ ਐਥਲੀਟ ਦੇ ਖਿਡਾਰੀ ਗੁਰਪ੍ਰੀਤ ਸਿੰਘ ਜੋ ਰਾਸ਼ਟਰੀ ਪੱਧਰ 'ਤੇ ਖੇਡਣ ਦੇ ਬਾਵਜੂਦ ਵੀ ਨੌਕਰੀ ਦੀ ਤਲਾਸ਼ ਕਰ ਰਹੇ ਹਨ, ਅਜਿਹੀਆਂ ਚੀਜ਼ਾਂ ਆਪਣੇ ਆਲੇ-ਦੁਆਲੇ ਹੁੰਦਾ ਵੇਖ ਪੰਜਾਬ ਦੇ ਨੌਜਵਾਨਾਂ ਦੀ ਸੋਚ ਤਾਂ ਭਟਕੇਗੀ ਹੀ ਤੇ ਦੂਜਾ ਇਸ ਦੇ ਨਾਲ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਲਈ ਤੇ ਖੇਡ ਵਿਚ ਆਪਣਾ ਨਾਂਅ ਬਣਾਉਣ ਦੇ ਸੁਪਨੇ ਵੇਖ ਰਹੇ ਨੌਜਵਾਨਾਂ ਦਾ ਇਹ ਸਭ ਵੇਖ ਕੇ ਮਨੋਬਲ ਟੁੱਟ ਰਿਹਾ ਹੈ। ਹੋ ਸਕਦਾ ਹੈ ਕਿ ਇਹ ਇਕ ਮੁੱਖ ਕਾਰਨ ਹੋਵੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਜਾਣ ਦਾ। ਸਰਕਾਰ ਜੇਕਰ ਏਨਾ ਹੀ ਰੁਜ਼ਗਾਰ ਵਾਲੇ ਪਾਸੇ ਧਿਆਨ ਦੇ ਰਹੀ ਹੈ ਤਾਂ ਸਰਕਾਰ ਨੂੰ ਅਜਿਹੀਆਂ ਸਥਿਤੀਆਂ 'ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ।


-ਜਾਨਵੀ ਬਿੱਠਲ।


ਸ਼ਰਧਾ ਭਾਵਨਾ
ਬਹੁਤ ਵਾਰ ਵੇਖਣ 'ਚ ਆਇਆ ਹੈ ਕਿ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮ ਆਪਣੇ ਮਹਿਕਮੇ ਦੀ ਸਲਾਮਤੀ ਲਈ ਨਵੇਂ ਸਾਲ ਦੀ ਆਮਦ 'ਤੇ, ਦਫ਼ਤਰ ਨਵੀਂ ਇਮਾਰਤ ਵਿਚ ਤਬਦੀਲ ਹੋਣ 'ਤੇ, ਕਿਸੇ ਦੇ ਸੇਵਾ-ਮੁਕਤ ਹੋਣ 'ਤੇ ਆਦਿ ਹੋਰ ਵੀ ਕਈ ਮੌਕਿਆਂ 'ਤੇ ਧਾਰਮਿਕ ਜਾਂ ਖੁਸ਼ੀ ਦੇ ਪ੍ਰੋਗਰਾਮ ਕਰਦੇ ਹਨ-ਚੰਗੀ ਗੱਲ ਹੈ। ਕਿੰਨਾ ਚੰਗਾ ਹੋਵੇ ਜੇ ਇਨ੍ਹਾਂ ਪ੍ਰੋਗਰਾਮਾਂ ਨੂੰ ਕੰਮ ਵਾਲੇ ਦਿਨ ਨਾ ਰੱਖਿਆ ਜਾਵੇ। ਜ਼ਿਆਦਾਤਰ ਇਹ ਪ੍ਰੋਗਰਾਮ ਕੰਮ ਵਾਲੇ ਦਿਨ ਹੀ ਰੱਖੇ ਜਾਂਦੇ ਹਨ। ਕੋਈ ਵੀ ਛਬੀਲ, ਲੰਗਰ, ਧਾਰਮਿਕ ਪ੍ਰੋਗਰਾਮ ਕਰਨਾ ਹੋਵੇ, ਉਹ ਜਾਂ ਤਾਂ ਉਸੇ ਦਿਨ (ਸਰਕਾਰੀ ਛੁੱਟੀ) ਜਿਸ ਦਿਨ ਇਹ ਸ਼ੁੱਭ ਮੌਕਾ ਹੋਵੇ, ਉਸੇ ਦਿਨ ਕੀਤੇ ਜਾਣ ਜਾਂ ਫਿਰ ਐਤਵਾਰ-ਸਨਿਚਰਵਾਰ ਨੂੰ ਕੀਤੇ ਜਾ ਸਕਦੇ ਹਨ, ਇਸ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ, ਕੰਮ ਨਹੀਂ ਰੁਕੇਗਾ, ਨਾਲੇ ਛੁੱਟੀ ਵਾਲੇ ਦਿਨ ਰੱਖਣ ਨਾਲ ਇਸ ਵਿਚ ਭਾਗ ਲੈਣ ਵਾਲਿਆਂ ਦੀ ਸ਼ਰਧਾ, ਭਾਵਨਾ, ਭਗਤੀ ਦਾ ਪਤਾ ਲੱਗੇਗਾ। ਇਹੀ ਸੱਚੀ ਸ਼ਰਧਾ ਹੋਵੇਗੀ।


-ਗੁਰਚਰਨ ਸਿੰਘ ਮਜਾਰਾ, ਨਵਾਂਸ਼ਹਿਰ।

24-07-2019

 ਬਰਸਾਤਾਂ ਵਿਚ ਸਾਵਧਾਨੀ
ਅੱਜਕੱਲ੍ਹ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਜਿੱਥੇ ਇਹ ਜੀਵ- ਜੰਤੂ, ਬਨਸਪਤੀ, ਫ਼ਸਲਬਾੜੀ ਅਤੇ ਮਨੁੱਖਾਂ ਦੇ ਗਰਮੀ ਨਾਲ ਤਪਦੇ ਹਿਰਦੇ ਸ਼ਾਂਤ ਕਰਦੀ ਹੈ, ਉੱਥੇ ਹੀ ਕਈ ਮੁਸੀਬਤਾਂ ਵੀ ਲੈ ਕੇ ਆਉਂਦੀ ਹੈ। ਹੋਰਨਾਂ ਮੁਸੀਬਤਾਂ ਤੋਂ ਬਿਨਾਂ ਇਸ ਮੌਸਮ ਵਿਚ ਸੱਪਾਂ ਦੁਆਰਾ ਕੱਟਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਜਾਂਦਾ ਹੈ। ਦਰਅਸਲ ਖੁੱਡਾਂ ਵਿਚ ਪਾਣੀ ਭਰਨ ਕਾਰਨ ਸੱਪ ਬਾਹਰ ਨਿਕਲ ਆਉਂਦੇ ਹਨ। ਸੱਪਾਂ ਨੂੰ ਛੁਪਣ ਲਈ ਬਹੁਤੀਆਂ ਥਾਵਾਂ ਨਹੀਂ ਬਚੀਆਂ। ਇਸ ਲਈ ਜਦੋਂ ਹੀ ਇਨ੍ਹਾਂ ਨੂੰ ਆਦਮੀ ਤੋਂ ਕੋਈ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਆਦਮੀ ਨੂੰ ਕੱਟ ਲੈਂਦੇ ਹਨ। ਅਜਿਹੀ ਸਥਿਤੀ ਵਿਚ ਜਿੰਨਾ ਜਲਦੀ ਹੋ ਸਕੇ ਤਾਂ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਅਜਿਹੇ ਸਮੇਂ ਹੌਂਸਲਾ ਜ਼ਰੂਰ ਰੱਖਣਾ ਚਾਹੀਦਾ ਹੈ। ਇਕ ਸਰਵੇ ਵਿੱਚ ਖੁਲਾਸਾ ਹੋਇਆ ਹੈ ਕਿ ਸੱਪ ਦੇ ਕੱਟਣ 'ਤੇ ਓਨੀਆਂ ਮੌਤਾਂ ਨਹੀਂ ਹੁੰਦੀਆ ਜਿੰਨੀਆਂ ਕਿ ਸੱਪ ਦੇ ਦਹਿਲ (ਡਰ) ਕਾਰਨ ਹੁੰਦੀਆਂ ਹਨ। ਬਰਸਾਤ ਦੇ ਦਿਨਾਂ ਵਿਚ ਨੰਗੇ ਪੈਰ ਲੈ ਕੇ ਖੱਲਾਂ-ਖੂੰਜੇ, ਖੇਤ ਬੰਨ੍ਹੇ, ਇੱਟਾਂ/ਲੱਕੜਾਂ ਦੇ ਢੇਰ, ਤੂੜੀ ਦੇ ਮੂਸਲ, ਹਨੇਰੀਆਂ ਥਾਵਾਂ ਅਤੇ ਗੋਹੇ ਦੇ ਗੁਹਾਰਿਆਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਨ੍ਹਾਂ ਸਥਾਨਾਂ 'ਤੇ ਹੀ ਸੱਪਾਂ ਦੇ ਛੁਪਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਉਂਜ ਵੀ ਬਚਾਓ ਵਿਚ ਹੀ ਬਚਾਓ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।


ਕੁਦਰਤ ਦਾ ਲੇਖਾ-ਜੋਖਾ

ਭਾਰੀ ਬਾਰਿਸ਼ ਕਾਰਨ ਕਿਤੇ ਹਾਈ ਅਲਰਟ ਤੇ ਕਿਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਹਰ ਗਲੀ, ਪਿੰਡ, ਸ਼ਹਿਰ ਵਿਚ ਆਵਾਜਾਈ ਬਹੁਤ ਕਠਿਨ ਬਣੀ ਹੋਈ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸੈਂਕੜੇ ਏਕੜ ਖੇਤ ਡੁੱਬੇ ਹੋਏ ਹਨ, ਕਈ ਥਾਈਂ ਘਰ, ਗਰੀਬਾਂ ਦੀਆਂ ਝੁੱਗੀਆਂ ਅਤੇ ਹੋਰ ਇਮਾਰਤਾਂ ਡੁੱਬੀਆਂ ਹਨ ਜੋ ਕਾਫ਼ੀ ਚਿੰਤਾ ਦਾ ਵਿਸ਼ਾ ਹੈ। ਜਦ ਕੁਦਰਤ ਕਹਿਰ ਕਰਦੀ ਹੈ ਤਾਂ ਕੋਈ ਇਸ ਤੋਂ ਬਚਦਾ ਨਹੀਂ ਚਾਹੇ ਉਸ ਕਸੂਰਵਾਰ ਹੋਵੇ ਜਾਂ ਬੇਕਸੂਰ। ਅਸੀਂ ਇਨਸਾਨ ਜੋ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ, ਆਪਣੇ ਸਵਾਰਥ ਦੀ ਪੂਰਤੀ ਲਈ ਅਤੇ ਸਮਾਜ ਅਤੇ ਵਾਤਾਵਰਨ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਕਿਤੇ ਨਾ ਕਿਤੇ ਉਸ ਦਾ ਹਿਸਾਬ-ਕਿਤਾਬ ਕੁਦਰਤ ਜ਼ਰੂਰ ਕਰਦੀ ਹੈ। ਸੋ, ਇਸ ਸਭ ਤੋਂ ਸਬਕ ਲੈ ਕੇ ਇਨਸਾਨ ਨੂੰ ਸਮਝਦਾਰ ਹੋ ਜਾਣਾ ਚਾਹੀਦਾ ਹੈ ਤੇ ਆਪਣੇ ਆਲੇ-ਦੁਆਲੇ ਦੀ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਕੁਦਰਤੀ ਸਾਧਨਾਂ ਜਿਵੇਂ ਪਾਣੀ, ਮਿੱਟੀ, ਹਵਾ, ਬਨਸਪਤੀ ਆਦਿ ਦੀ ਕਦਰ ਕਰਨੀ ਚਾਹੀਦੀ ਹੈ ਤੇ ਅੰਨ੍ਹੇਵਾਹ ਜਲ ਦੀ ਬਰਬਾਦੀ ਤੇ ਰੁੱਖਾਂ ਦੀ ਕਟਾਈ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।


-ਦਵਿੰਦਰ ਕੌਰ 'ਡੀਵੀ'
ਸ.ਸ.ਸ. ਸਕੂਲ ਰੱਲੀ (ਮਾਨਸਾ)।


'ਗੁਰਮੁਖੀ ਦਾ ਬੇਟਾ'
ਆਓ ਅੱਜ ਗੱਲ ਕਰੀਏ ਪੰਜਾਬ ਦੀ ਗਾਇਕੀ ਬਾਰੇ, ਬਹੁਤ ਸਾਰੇ ਨਾਮਵਰ ਕਲਾਕਾਰ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਛਾਏ ਪਏ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਜੋ ਲੱਚਰ ਸ਼ਾਮਿਲ ਹਨ, ਜਿਨ੍ਹਾਂ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਵੱਲ ਤੋਰ ਦਿੱਤੀ ਹੈ, ਇਨ੍ਹਾਂ ਲੱਚਰਾਂ ਦੇ ਗਾਏ ਗ਼ਲਤ ਗੀਤਾਂ ਨਾਲ ਪੰਜਾਬ ਦਾ ਨੌਜਵਾਨ ਆਪਣੇ ਵਿਰਸੇ ਨਾਲੋਂ ਟੁੱਟਦਾ ਨਜ਼ਰ ਆ ਰਿਹਾ ਹੈ। ਕਿਤੇ ਬੰਬਾਂ ਦੀ ਗੱਲ, ਕਿਤੇ ਗੰਨਾਂ ਦੀ ਗੱਲ ਤੇ ਹੋਰ ਜਿਵੇਂ ਸ਼ਰਾਬ, ਚਿੱਟਾ ਤੇ ਭੰਗ ਆਦਿ ਸ਼ਾਮਿਲ ਹਨ। ਜਿਥੇ ਇਹ ਵਿਕਾਊ ਤੇ ਮਰੀ ਜ਼ਮੀਰ ਵਾਲੇ ਲੋਕ ਪੰਜਾਬੀ ਮਾਂ-ਬੋਲੀ ਦਾ ਘਾਣ ਕਰ ਰਹੇ ਹਨ, ਉਤੇ ਕੁਝ ਸਿਆਣੇ ਸੂਝਵਾਨ ਕਲਾਕਾਰ ਪੰਜਾਬੀ ਮਾਂ-ਬੋਲੀ ਨੂੰ ਆਪਣੀ ਮਾਂ ਸਮਝਦੇ ਹੋਏ ਤੇ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਕਲਾਕਾਰਾਂ ਵਿਚੋਂ ਇਕ ਕਲਾਕਾਰ ਹੈ ਸਤਿੰਦਰ ਸਰਤਾਜ, ਜਿਸ ਦਾ ਹੁਣੇ-ਹੁਣੇ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ 'ਗੁਰਮੁਖੀ ਦਾ ਬੇਟਾ' ਜੋ ਕਿ ਸਾਡੇ ਆਉਣ ਵਾਲੇ ਬੱਚਿਆਂ ਲਈ ਬਹੁਤ ਵਧੀਆ ਤੇ ਢੁਕਵਾਂ ਸੁਨੇਹਾ ਸਾਬਤ ਹੋਵੇਗਾ। ਜਿਥੇ ਹਰ ਸਮੇਂ ਕੋਈ ਚੰਗਾ ਕਾਰਜ ਕਰ ਰਿਹਾ ਹੈ ਤਾਂ ਉਸ ਦੀ ਪ੍ਰਸੰਸਾ ਕਰਨੀ ਜ਼ਰੂਰੀ ਬਣਦੀ ਹੈ ਤਾਂ ਕਿ ਅੱਗੇ ਵਾਸਤੇ ਇਹੋ ਜਿਹੇ ਜਵਾਨੀ ਨੂੰ ਸੇਧ ਦੇਣ ਵਾਲੇ ਗੀਤ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿਚ ਸ਼ਾਮਿਲ ਹੁੰਦਾ ਰਹੇ, ਸਾਡੇ ਸਮਾਜ ਨੂੰ ਵਧੀਆ ਤੇ ਸਚਿਆਰਾ ਸੁਨੇਹਾ ਮਿਲਦਾ ਰਹੇ। ਜਿਸ ਵਿਚ ਪਾਣੀਆਂ ਦੀ ਗੱਲ ਹੋਵੇ, ਪੰਜਾਂ ਦਰਿਆਵਾਂ ਦੀ ਗੱਲ ਹੋਵੇ, ਸਾਡੇ ਗੁਰੂਆਂ ਦੀ ਬਣਾਈ ਗੁਰਮੁਖੀ ਲਿਪੀ ਦੀ ਗੱਲ ਹੋਵੇ, ਇਸ ਤਰ੍ਹਾਂ ਦੇ ਸੁਨੇਹੇ ਮਿਲਦੇ ਰਹਿਣਗੇ ਤਾਂ ਸਾਡੀ ਪੰਜਾਬ ਦੀ ਜਵਾਨੀ ਕੁਰਾਹੇ ਪੈਣ ਤੋਂ ਬਚੀ ਰਹੇਗੀ।


-ਸੁਖਚੈਨ ਸਿੰਘ
ਠੱਠੀ ਭਾਈ।


ਪ੍ਰਸ਼ਾਸਨ ਦੀ ਨਾਕਾਮੀ
ਪੰਜਾਬ ਵਿਚ ਸਾਵਣ ਮਹੀਨੇ ਦੀ ਆਮਦਨ ਦੇ ਨਾਲ ਹੋਈ ਮੌਨਸੂਨ ਦੀ ਪਹਿਲੀ ਵਰਖਾ ਨਾਲ ਜਿਥੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਉਥੇ ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਸੀਂ ਸਭ ਨੇ ਵੱਖ-ਵੱਖ ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਦੇਖਿਆ ਹੀ ਹੈ ਕਿ ਇਸ ਪਹਿਲੀ ਵਰਖਾ ਨਾਲ ਹੀ ਕਿਵੇਂ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਖੇਤਾਂ ਵਿਚ ਵੱਡੀ ਪੱਧਰ'ਤੇ ਫ਼ਸਲਾਂ ਡੁੱਬਣ ਕਾਰਨ ਪ੍ਰਸ਼ਾਸਨ ਦੀ ਪੋਲ ਖੁੱਲ੍ਹਦੀ ਨਜ਼ਰ ਆਈ ਹੈ। ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਵਿਚ ਗੁਜ਼ਰਦੇ ਸੂਏ, ਕੱਸੀਆਂ, ਨਹਿਰਾਂ ਅਤੇ ਸੇਮ ਨਾਲਿਆਂ ਦੀ ਸਮੇਂ ਵਿਚ ਸਫ਼ਾਈ ਨਾ ਹੋਣ ਕਾਰਨ ਹਰ ਸਾਲ ਇਹ ਬਰਸਾਤ ਦੇ ਦਿਨਾਂ ਵਿਚ ਅਕਸਰ ਹੀ ਥਾਂ-ਥਾਂ ਤੋਂ ਟੁੱਟ ਕੇ ਲੋਕਾਂ ਦਾ ਭਾਰੀ ਨੁਕਸਾਨ ਕਰ ਦਿੰਦੇ ਹਨ। ਇਸ ਵਾਰ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਪੰਜਾਬ ਦੇ ਅਨੇਕਾਂ ਥਾਵਾਂ 'ਤੇ ਸੂਏ, ਨਹਿਰਾਂ ਅਤੇ ਦਰਿਆਵਾਂ ਦੇ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋਇਆ ਹੈ। ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਜਿਥੇ ਨੁਕਸਾਨ ਹੋਈਆਂ ਫ਼ਸਲਾਂ ਦੀ ਜਾਂਚ ਕਰਕੇ ਅਜਿਹੇ ਕਿਸਾਨਾਂ ਦੀ ਵਿਸ਼ੇਸ਼ ਮਦਦ ਕਰਨੀ ਚਾਹੀਦੀ ਹੈ, ਉਥੇ ਨਹਿਰਾਂ, ਸੂਇਆਂ ਅਤੇ ਸੇਮ ਨਾਲਿਆਂ ਦੀ ਸਫ਼ਾਈ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਵਰਖਾ ਤਾਂ ਅਜੇ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਕਿਤੇ ਵਧੇਰੇ ਵੀ ਹੋ ਸਕਦੀ ਹੈ।


-ਰਾਜਾ ਗਿੱਲ (ਚੜਿੱਕ), (ਮੋਗਾ)।


ਕਰਜ਼ਾ ਬਨਾਮ ਸਿੱਖਿਆ
ਪੇਂਡੂ ਅਨਪੜ੍ਹ ਮਾਪੇ ਸ਼ਰੀਕੇਬਾਜ਼ੀ ਦੀ ਹੋੜ ਵਿਚ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲਾਂ ਵਿਚ ਦਾਖ਼ਲ ਕਰਵਾਉਂਦੇ ਹਨ ਅਤੇ ਉਨ੍ਹਾਂ ਸਕੂਲਾਂ ਵਿਚ ਪੜ੍ਹਦੇ ਅਮੀਰ ਘਰਾਂ ਦੇ ਬੱਚਿਆਂ ਦੀ ਰੀਸ ਨਾਲ ਉਨ੍ਹਾਂ ਦੇ ਬੱਚੇ ਵੀ ਆਏ ਦਿਨ ਵੱਡੀਆਂ-ਵੱਡੀਆਂ ਮੰਗਾਂ ਰੱਖਦੇ ਹਨ। ਬਿਨਾਂ ਕਿਸੇ ਮਾਰਗਦਰਸ਼ਨ ਦੇ ਸਿੱਖਿਆ ਉੱਤੇ ਵਿਤੋਂ ਬਾਹਰ ਹੋ ਕੇ ਕੀਤੇ ਗਏ ਖ਼ਰਚ ਕਾਰਨ ਪਿੰਡਾਂ ਦੇ ਲੋਕ ਕਰਜ਼ਦਾਰੀ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਉਸੇ ਕਰਜ਼ੇ ਨੂੰ ਉਤਾਰਨ ਨੂੰ ਨੌਜਵਾਨ ਪੜ੍ਹਾਈ ਦੇ ਨਾਂਅ 'ਤੇ ਵਿਦੇਸ਼ਾਂ ਵਿਚ ਜਾ ਕੇ ਮਜ਼ਦੂਰੀ ਕਰਦੇ ਹਨ। ਸੋ, ਸੋਚਣ ਦੀ ਲੋੜ ਮਾਪਿਆਂ ਨੂੰ ਹੈ ਕਿ ਉਹ ਆਪਣੀ ਚਾਦਰ ਅਤੇ ਆਪੇ ਬੱਚਿਆਂ ਦੀ ਪੜ੍ਹਨ ਦੀ ਸਮਰੱਥਾ ਨੂੰ ਵੇਖ ਕੇ ਹੀ ਉਨ੍ਹਾਂ ਦੀ ਪੜ੍ਹਾਈ ਉੱਤੇ ਖ਼ਰਚ ਕਰਨ।


-ਸਿਮਰਨ ਔਲਖ
ਪਿੰਡ ਸੀਰਵਾਲ, ਸ੍ਰੀ ਮੁਕਤਸਰ ਸਾਹਿਬ।

23-07-2019

 ਮਾੜੀ ਗਾਇਕੀ
ਗੀਤ-ਸੰਗੀਤ ਕਿਸੇ ਵੀ ਖਿੱਤੇ ਦਾ ਹੋਵੇ, ਉਹ ਰੂਹ ਨੂੰ ਸਕੂਨ ਦੇਣ ਵਾਲਾ ਹੀ ਹੁੰਦਾ ਹੈ ਤੇ ਸੰਗੀਤ ਰੂਹ ਦੀ ਮਨੋਰੰਜਕ ਖੁਰਾਕ ਹੈ। ਅਫ਼ਸੋਸ ਕਿ ਸਾਡੇ ਮਹਾਨ 'ਪੰਜਾਬੀ ਸੱਭਿਆਚਾਰਕ' ਦੇ ਨਾਂਅ ਹੇਠ ਬਹੁਤੇ ਗਾਇਕ ਕਲਾਕਾਰਾਂ ਵਲੋਂ ਗ਼ਲਤ ਤੇ ਲੱਚਰ ਗਾਇਕੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਿਮਾਰੀ ਘਟਣ ਦੀ ਥਾਂ ਵਧਦੀ ਹੀ ਜਾ ਰਹੀ ਹੈ। ਰਾਤੋ-ਰਾਤ ਸਟਾਰ ਬਣਨ ਤੇ ਪੈਸੇ ਦੀ ਭੁੱਖ ਵਿਚ ਅੱਜ ਬੜਾ ਕੁਝ ਪੰਜਾਬੀ ਗਾਇਕੀ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿਸੇ ਪਾਸਿਓਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਰ ਸਾਡੀ ਵੀ ਜ਼ਮੀਰ ਮਰ ਚੁੱਕੀ ਹੈ ਜੋ ਗ਼ਲਤ ਚੀਜ਼ਾਂ ਦਾ ਵਿਰੋਧ ਕਰਨ ਦਾ ਹੌਸਲਾ ਹੀ ਨਹੀਂ ਕਰਦੀ। ਹੋਰ ਤਾਂ ਹੋਰ ਪੰਜਾਬ ਦੀਆਂ ਔਰਤ ਗਾਇਕਾਵਾਂ ਨੇ ਵੀ ਕਾਫੀ ਹੱਦ ਤੱਕ ਹੱਦ ਬੰਨ੍ਹੇ ਟੱਪ ਦਿੱਤੇ ਹਨ।
ਮੈਨੂੰ ਤਾਂ ਇੰਜ ਜਾਪ ਰਿਹਾ ਹੈ ਜਿਵੇਂ ਅੱਜ ਗ਼ਲਤ ਗਾਇਕੀ ਦਾ ਮੁਕਾਬਲਾ ਹੀ ਚੱਲ ਰਿਹਾ ਹੋਵੇ। ਕਈ ਕਲਮਕਾਰ, ਸਾਹਿਤਕਾਰ, ਪੱਤਰਕਾਰ ਆਦਿ ਇਸ ਗ਼ਲਤ ਗਾਇਕੀ ਦਾ ਵਿਰੋਧ ਕਰ ਰਹੇ ਹਨ ਪਰ ਕਿਸੇ ਦੀ ਪੇਸ਼ ਨਹੀਂ ਜਾਂਦੀ। ਸਰਕਾਰਾਂ ਤਾਂ ਸੁੱਤੀਆਂ ਹੀ ਹਨ ਤੇ ਪੰਜਾਬੀ ਦੀਆਂ ਵੱਡੀਆਂ ਸੰਸਥਾਵਾਂ ਨੇ ਵੀ ਇਸ ਦੇ ਵਿਰੋਧ 'ਚ ਕੋਈ ਕਦਮ ਨਹੀਂ ਚੁੱਕਿਆ। ਗਾਇਕ ਵੀਰੋ, ਤੁਸੀਂ ਵੀ ਜ਼ਿੰਮੇਵਾਰੀ ਸਮਝੋ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

* ਸੰਗੀਤ ਰੂਹ ਨੂੰ ਸਕੂਨ ਦੇਣ ਵਾਲੀ ਸ਼ੈਅ ਮੰਨੀ ਜਾਂਦੀ ਹੈ। ਪਰ ਅਜੋਕੀ ਗਾਇਕੀ 'ਸੁਰੀਲੀ' ਦੀ ਥਾਂ 'ਸ਼ੋਰੀਲੀ' ਬਣ ਹੋ ਗਈ ਹੈ। ਬੇਹੂਦਾ ਪਹਿਰਾਵਾ ਪਾ ਕੇ, ਬੇਹੂਦਾ ਹਰਕਤ ਕਰ ਕੇ ਅਤੇ ਬੇਹੂਦੇ ਬੋਲਾਂ ਨਾਲ ਗਾਇਕ ਪਤਾ ਨਹੀਂ ਕਿਹੜੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰ ਰਹੇ ਹਨ। ਇਸ ਤੋਂ ਬਿਨਾਂ ਇਹ ਗਾਇਕੀ ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕਰ ਰਹੀ ਹੈ। ਇਹ ਗਾਇਕੀ ਨੌਜਵਾਨਾਂ ਨੂੰ ਨਸ਼ੇੜੀ, ਹਿੰਸਕ, ਕਾਤਲ, ਵਿਹਲੜ ਅਤੇ ਹੋਰ ਗ਼ੈਰ-ਕਾਨੂੰਨੀ ਕੰਮ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਹਰ ਸ਼ਹਿਰ ਵਿਚ ਗਲੀ-ਮੁਹੱਲਿਆਂ ਵਿਚ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਜਿਹੀ ਗਾਇਕੀ ਤੋਂ ਪ੍ਰਭਾਵਿਤ ਵਿਗੜੈਲ ਮੁੰਡਿਆਂ ਦੇ ਕਾਰੇ ਹਨ, ਜੋ ਕਿ ਆਪਣੀਆਂ ਲੋੜਾਂ ਬੇਹੱਦ ਵਧਾ ਚੁੱਕੇ ਹਨ। ਆਖਰ ਨੂੰ ਪਤਾ ਨਹੀਂ ਇਸ ਰੁਝਾਨ ਦੇ ਕੀ ਦੁਰਗਾਮੀ ਸਿੱਟੇ ਨਿਕਲਣਗੇ। ਸਾਡੀ ਸਰਕਾਰ ਨੂੰ ਅਜਿਹੀ ਗਾਇਕੀ 'ਤੇ ਸੈਂਸਰ ਬੋਰਡ ਕਾਇਮ ਕਰਨਾ ਚਾਹੀਦਾ ਹੈ ਤਾਂ ਕਿ ਗਾਇਕ ਅਤੇ ਗਾਇਕੀ ਪੰਜਾਬੀ ਸੱਭਿਆਚਾਰ ਦੀ ਬਾਤ ਪਾ ਸਕਣ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਮੁਹਾਲੀ ਦੇ ਫੇਜ਼ ਅਤੇ ਸੈਕਟਰ
ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹਾ ਹੈੱਡਕੁਆਰਟਰ ਹੈ। ਇਸ ਦੀ ਵਿਉਂਤਬੰਦੀ ਦਾ ਹਰੇਕ ਕੰਮ ਸੁਚੱਜੀ ਸੂਝ ਦੀ ਮੰਗ ਕਰਦਾ ਹੈ। ਇਥੇ ਬਹੁਤ ਸਾਰੇ ਮਹੱਤਵਪੂਰਨ ਸਰਕਾਰੀ ਦਫ਼ਤਰ ਹਨ। ਉੱਚ ਪੱਧਰ ਦੀਆਂ ਹੋਰ ਬਹੁਤ ਮਹੱਤਵਪੂਰਨ ਸੰਸਥਾਵਾਂ ਹਨ। ਅਜਿਹੇ ਸ਼ਹਿਰ ਦੀ ਇਲਾਕਾ ਵੰਡ ਦਾ ਨਾਮਕਰਨ ਕਰਨਾ ਬਹੁਤ ਸੰਜੀਦਗੀ ਦਾ ਕੰਮ ਹੈ। ਇਕ ਦੁਕਾਨ 'ਤੇ ਉਸ ਦੇ ਐਡਰੈੱਸ ਦਾ ਲੱਗਾ ਬੋਰਡ ਪੜ੍ਹਿਆ। ਲਿਖਿਆ ਸੀ '(ਫੇਜ਼ 7) ਸੈਕਟਰ 61' ਮੁਹਾਲੀ। ਸੋਚਿਆ ਕਿ ਸ਼ਾਇਦ ਸੈਕਟਰ 61 ਅੱਗੇ ਫੇਜ਼ਾਂ ਵਿਚ ਵੰਡ ਦਿੱਤਾ ਗਿਆ ਹੈ। ਪਰ ਦੁਕਾਨਦਾਰ ਨੇ ਦੱਸਿਆ ਕਿ ਅਜਿਹਾ ਨਹੀਂ ਹੈ। ਇਹ ਸੁਣ ਕੇ ਤੇ ਦੇਖ ਕੇ ਹੈਰਾਨੀ ਹੋਈ ਕਿ ਮੁਹਾਲੀ ਦੇ ਇਕ (1) ਤੋਂ ਗਿਆਰਾਂ (11) ਤੱਕ ਫੇਜ਼ ਸਨ। ਅੱਗੇ 61, 62, 63, ........ 93, 94 ਸੈਕਟਰ ਆ ਗਏ। ਕੋਈ ਗੱਲ ਬਣੀ ਨਹੀਂ। ਕਿਹੜੀ ਵਿਉਂਤਬੰਦੀ ਹੋਈ? ਜੇ ਸੈਕਟਰ ਬਣਾ ਦਿੱਤੇ ਗਏ ਹਨ ਤਾਂ ਇਕ (1) ਤੋਂ ਸੱਠ (60) ਤੱਕ ਸੈਕਟਰ ਕਿੱਥੇ ਹਨ? ਜੇ ਫੇਜ਼ ਹਨ ਤਾਂ 11 ਤੋਂ ਅੱਗੇ ਫੇਜ਼ ਕਿੱਥੇ ਹਨ? ਇਹ ਭੰਬਲਭੂਸਾ ਸਰਕਾਰੀ ਪੱਧਰ 'ਤੇ ਸ਼ੋਭਦਾ ਨਹੀਂ ਜਾਂ ਫਿਰ ਇਸ ਪਿੱਛੇ ਕੀ ਚਾਲ ਹੈ? ਅਕਲ ਤੋਂ ਬਾਹਰ ਹੈ।

-ਹਰਬੰਸ ਸਿੰਘ
ਮੌਜੋਵਾਲ ਮਜਾਰਾ (ਸ਼.ਭ.ਸ. ਨਗਰ)।

ਵਿਦੇਸ਼ੀ ਪੜ੍ਹਾਈ ਦਾ ਰੁਝਾਨ
ਅਜੋਕੀ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਲਗਦਾ ਹੈ ਕਿ ਇਨ੍ਹਾਂ ਦਾ ਭਵਿੱਖ ਹੁਣ ਇਨ੍ਹਾਂ ਕੋਲੋਂ ਦੂਰ ਉਡਾਰੀ ਮਾਰ ਗਿਆ ਹੈ। ਵਿਦੇਸ਼ਾਂ ਦੀ ਭੱਜ-ਦੌੜ ਨੇ ਨਵੀਂ ਪੀੜ੍ਹੀ ਦੇ ਮਨਾਂ 'ਚੋਂ ਦੇਸ਼ ਪ੍ਰਤੀ ਮੋਹ ਹੀ ਨਹੀਂ ਘਟਾਇਆ, ਸਗੋਂ ਮਾਪਿਆਂ ਪ੍ਰਤੀ ਮੋਹ ਦੀਆਂ ਤੰਦਾਂ ਵੀ ਕੱਚੀਆਂ ਕਰ ਦਿੱਤੀਆਂ ਹਨ। ਵਿਦੇਸ਼ਾਂ ਵਿਚ ਪੜ੍ਹਨ ਦਾ ਰੁਝਾਨ ਐਨਾ ਵੱਧ ਗਿਆ ਹੈ ਕਿ ਹਰ ਬੱਚਾ ਸੈਕੰਡਰੀ ਦੀ ਪੜ੍ਹਾਈ ਕਰਨ ਪਿੱਛੋਂ ਵਿਦੇਸ਼ ਜਾਣਾ ਚਾਹੁੰਦਾ ਹੈ। ਇੰਜ ਜਾਪਦਾ ਕਿ ਇਹ ਪੀੜ੍ਹੀ ਪੜ੍ਹਾਈ ਲਈ ਘੱਟ ਸਗੋਂ ਐਸ਼-ਪ੍ਰਸਤੀ ਅਤੇ ਮਾਪਿਆਂ ਤੋਂ ਆਜ਼ਾਦੀ ਲਈ ਵਿਦੇਸ਼ ਦਾ ਰਾਹ ਚੁਣ ਰਹੇ ਹਨ। ਵਿਦੇਸ਼ੀ ਸੱਭਿਆਚਾਰ, ਪਹਿਰਾਵਾ, ਵਿਦੇਸ਼ੀ ਰਹਿਣ-ਸਹਿਣ ਸਾਡੀ ਨਵੀਂ ਪੀੜ੍ਹੀ ਉੱਤੇ ਕਾਫੀ ਹੱਦ ਤੱਕ ਪ੍ਰਭਾਵ ਪਾ ਰਿਹਾ ਹੈ। ਬੇਸ਼ੱਕ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਖਿੱਚ ਤਾਂ ਰੱਖਦੇ ਹਨ, ਪਰ ਕਿਤੇ ਨਾ ਕਿਤੇ ਆਪਣੇ ਚਾਵਾਂ ਦਾ ਗਲਾ ਆਪ ਹੀ ਘੁੱਟ ਰਹੇ ਹਨ। ਅਸੀਂ ਕਿਉਂ ਐਨਾ ਕਰਜ਼ਾ ਚੁੱਕ ਕੇ ਅਜਿਹੇ ਰਾਹਾਂ ਦੀ ਚੋਣ ਕਰਦੇ ਹਾਂ। ਆਪਣੇ ਬੱਚਿਆਂ ਨੂੰ ਆਪਣੇ ਹੀ ਹੱਥਾਂ ਵਿਚੋਂ ਕੱਢਣ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੋਵਾਂਗੇ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

22-07-2019

 ਬੇਰੁਜ਼ਗਾਰੀ ਦਾ ਠੋਸ ਹੱਲ
ਪਿਛਲੇ ਦਿਨੀਂ ਸੰਪਾਦਕੀ ਸਫੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੇ ਲੇਖ 'ਬੇਰੁਜ਼ਗਾਰੀ ਬਾਰੇ ਠੋਸ ਨੀਤੀ ਦੀ ਲੋੜ' ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਬਜਟ ਵਿਚ ਨੌਜਵਾਨਾਂ ਬਾਰੇ ਰੁਜ਼ਗਾਰ ਦੇ ਵਸੀਲੇ ਨਾ ਪੈਦਾ ਕਰਨ ਬਾਰੇ ਵਿਸਥਾਰ ਨਾਲ ਬਿਆਨ ਕੀਤਾ ਹੈ ਅਤੇ ਵਧਦੀ ਬੇਰੁਜ਼ਗਾਰੀ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਅੱਜ ਦਾ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਆਪਣੀ ਸਾਰੀ ਜ਼ਮੀਨ-ਜਾਇਦਾਦ ਵੇਚ ਪੱਕੇ ਤੌਰ 'ਤੇ ਬਾਹਰ ਜਾ ਰਿਹਾ ਹੈ। ਉਸ ਨੂੰ ਆਪਣਾ ਭਵਿੱਖ ਭਾਰਤ 'ਚ ਧੁੰਦਲਾ ਨਜ਼ਰ ਆ ਰਿਹਾ ਹੈ। ਪਹਿਲਾਂ ਲੋਕ ਬਾਹਰੋਂ ਪੈਸੇ ਭਾਰਤ ਭੇਜਦੇ ਸੀ, ਹੁਣ ਇਸ ਦੇ ਉਲਟ ਭਾਰਤ ਦਾ ਪੈਸਾ ਬਾਹਰ ਜਾ ਰਿਹਾ ਹੈ। ਕਰੀਮ ਬਾਹਰ ਤੁਰੀ ਜਾ ਰਹੀ ਹੈ। ਕਾਲਜ ਖਾਲੀ ਹੋ ਰਹੇ ਹਨ। ਜੋ ਚਿੰਤਾ ਦਾ ਵਿਸ਼ਾ ਹੈ ਅਤੇ ਜੋ ਦੇਸ਼ ਅਤੇ ਲੋਕ ਹਿਤ ਵਿਚ ਨਹੀਂ ਹੈ। ਇਸ ਬਾਰੇ ਸਰਕਾਰ ਸੰਜੀਦਾ ਨਹੀਂ ਹੈ। ਬਜਟ ਵਿਚ ਵੀ ਨੌਜਵਾਨਾਂ ਦੀਆਂ ਨੌਕਰੀਆਂ ਬਾਰੇ ਕੁਝ ਨਹੀਂ ਹੈ। ਸਰਕਾਰ ਨੂੰ ਇਸ ਬਾਰੇ ਸੰਜੀਦਗੀ ਨਾਲ ਵਿਚਾਰ ਕਰ ਕੇ ਬਾਹਰ ਜਾ ਰਹੇ ਪ੍ਰਸਾਰ ਨੂੰ ਰੋਕਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਸਰਕਾਰਾਂ ਨੂੰ ਸਰਕਾਰ ਬਣਾਉਣ ਲਈ ਕੋਈ ਨੌਜਵਾਨ ਨਾ ਮਿਲਣ ਸਿਰਫ਼ ਬੁਢਾਪਾ ਹੀ ਰੁਲਦਾ ਨਜ਼ਰ ਆਵੇ।

-ਗੁਰਮੀਤ ਸਿੰਘ ਵੇਰਕਾ

ਭੋਜਨ ਦੀ ਬਰਬਾਦੀ
ਅੱਜਕਲ੍ਹ ਖ਼ੁਸ਼ੀ ਦੇ ਵਧੇਰੇ ਪ੍ਰੋਗਰਾਮ ਪੈਲੇਸਾਂ ਵਿਚ ਹੋਣ ਲੱਗੇ ਹਨ। ਇਸ ਨੇ ਜਿਥੇ ਕਾਫ਼ੀ ਪੱਖਾਂ ਤੋਂ ਫਾਇਦਾ ਕੀਤਾ ਹੈ, ਉਥੇ ਹੀ ਕਈ ਪੱਖਾਂ ਤੋਂ ਇਸ ਨਾਲ ਸਮਾਜ ਨੂੰ ਨੁਕਸਾਨ ਵੀ ਹੋਇਆ ਹੈ। ਪੈਲੇਸਾਂ ਵਿਚ ਸਭ ਤੋਂ ਵੱਧ ਅੰਨ ਦੀ ਬਰਬਾਦੀ ਹੁੰਦੀ ਹੈ। ਮਹਿਮਾਨ ਕੇਵਲ ਇਕ ਜਾਂ ਦੋ ਘੰਟੇ ਲਈ ਹੀ ਵਿਆਹਾਂ ਵਿਚ ਸ਼ਾਮਿਲ ਹੁੰਦੇ ਹਨ। ਇਸ ਸਮੇਂ ਦੌਰਾਨ ਕਈ ਸੱਜਣ ਇਉਂ ਕਰਦੇ ਹਨ ਕਿ ਜੇਕਰ ਖਾਣਾ ਚੰਗਾ ਨਾ ਲੱਗੇ ਤਾਂ ਤੁਰੰਤ ਹੀ ਜੂਠੀ ਪਲੇਟ ਕੂੜੇਦਾਨ ਵਿਚ ਸੁੱਟ ਕੇ ਹੋਰ ਪਲੇਟ ਲੈ ਕੇ ਅਗਲੇ, ਸਟਾਲ ਵੱਲ ਤੁਰ ਪੈਂਦੇ ਹਨ। ਇਸ ਤਰ੍ਹਾਂ ਜੂਠੀ ਕਰਕੇ ਸੁੱਟੀ ਗਈ ਪਲੇਟ ਮੇਜ਼ਬਾਨ ਦੀ ਜੇਬ ਉੱਪਰ ਡਾਕਾ ਹੈ। ਵੈਸੇ ਹੀ ਜੇਕਰ ਲੋੜ ਅਨੁਸਾਰ ਅਤੇ ਆਪਣੇ ਸਵਾਦ ਅਨੁਸਾਰ ਹੀ ਖਾਈਏ ਤਾਂ ਕਿੰਨਾ ਹੀ ਅੰਨ ਬਚਾਇਆ ਜਾ ਸਕਦਾ ਹੈ। ਇਸ ਬਚੇ ਹੋਏ ਅੰਨ ਨਾਲ ਕਿੰਨੇ ਹੀ ਲੋੜਵੰਦਾਂ ਦੀ ਭੁੱਖ ਮਿਟਾਈ ਜਾ ਸਕਦੀ ਹੈ। ਇਸ ਲਈ ਜੂਠ ਛੱਡਣ ਦੀ ਬੁਰੀ ਆਦਤ ਦਾ ਤਿਆਗ ਕਰਨਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ ਪਹੇੜੀ
ਅਨੰਦ ਨਗਰ-ਬੀ, ਪਟਿਆਲਾ।

ਲਾਸ਼ਾਂ ਢੋਂਹਦੀਆਂ ਨਹਿਰਾਂ
ਔਰਤ ਨੇ ਅੱਠ ਮਹੀਨਿਆਂ ਦੀ ਬੱਚੀ ਸਮੇਤ ਨਹਿਰ 'ਚ ਮਾਰੀ ਛਾਲ। ਅਜਿਹੀ ਖ਼ਬਰ ਇਕ ਦਿਨ ਦੀ ਨਹੀਂ। ਤਕਰੀਬਨ ਰੋਜ਼ ਹੀ ਅਜਿਹੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਅੱਜ ਦਾ ਮਨੁੱਖ ਕਿਧਰ ਨੂੰ ਤੁਰ ਪਿਆ ਹੈ? ਜ਼ਿੰਦਗੀ ਨਾਲੋਂ ਮੋਹ ਟੁਟਦਾ ਜਾ ਰਿਹਾ ਹੈ। ਕਦੀ ਨਹਿਰਾਂ ਦਰਿਆਵਾਂ ਨੂੰ ਪਵਿੱਤਰ ਮੰਨਦਿਆਂ ਪੂਜਾ ਕੀਤੀ ਜਾਂਦੀ ਸੀ।
ਅੱਜ ਉਨ੍ਹਾਂ ਹੀ ਪਾਣੀਆਂ ਨੂੰ ਜ਼ਹਿਰੀਲਾ ਕਰਨ ਅਤੇ ਲਾਸ਼ਾਂ ਢੋਹਣ ਲਈ ਵਰਤਿਆ ਜਾ ਰਿਹਾ ਹੈ। ਨਹਿਰਾਂ ਦਾ ਪਾਣੀ ਵੀ ਖੇਤਾਂ ਨੂੰ ਲਾਉਣ ਜੋਗਾ ਨਹੀਂ ਰਿਹਾ ਹੋਣਾ। ਇਕ ਪਾਸੇ ਨਿੱਕੇ ਖਾਲੇ ਪਾਣੀਆਂ ਨੂੰ ਤਰਸ ਗਏ ਹਨ, ਦੂਜੇ ਪਾਸੇ ਨੱਕੋ-ਨੱਕ ਭਰੀਆਂ ਨਹਿਰਾਂ ਲਾਸ਼ਾਂ ਢੋਹਣ 'ਤੇ ਲੱਗ ਗਈਆਂ ਹਨ। ਕੀ ਕਲਯੁੱਗ ਹੈ, ਅੱਜ ਸਾਡੇ ਕਈ ਨੌਜਵਾਨ ਨਹਿਰਾਂ 'ਚੋਂ ਲਾਸ਼ਾਂ ਲੱਭਣ ਦਾ ਰੁਜ਼ਗਾਰ ਬਣਾਈ ਬੈਠੇ ਹਨ ਤੇ ਦੂਜੇ ਪਾਸੇ ਜ਼ਿੰਦਗੀ ਤੋਂ ਮੂੰਹ ਮੋੜੀ ਆਪਣੇ ਜਿਗਰ ਦੇ ਟੋਟਿਆਂ ਸਮੇਤ ਮੌਤ ਨੂੰ ਗਲ ਲਾਈ ਪਵਿੱਤਰ ਪਾਣੀਆਂ 'ਚ ਛਾਲਾਂ ਮਾਰੀ ਜਾ ਰਹੇ ਹਨ। ਆਓ, ਪਾਣੀਆਂ ਨੂੰ ਗੰਧਲਿਆਂ ਹੋਣ ਤੋਂ ਬਚਾਈਏ ਅਤੇ ਕੀਮਤੀ ਜ਼ਿੰਦਗੀਆਂ ਨੂੰ ਪਾਣੀਆਂ ਦੇ ਵਹਿਣ ਵਿਚ ਨਾ ਵਹਿਣ ਦੇਈਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਆਵਾਜਾਈ-ਸਮੱਸਿਆ
ਜਿੰਨੀ ਤੇਜ਼ੀ ਨਾਲ ਸਾਡੇ ਦੇਸ਼ ਦੀ ਆਬਾਦੀ ਵਧ ਰਹੀ ਹੈ, ਉਸ ਨਾਲੋਂ ਕਿਤੇ ਜ਼ਿਆਦਾ ਮਸ਼ੀਨਰੀ ਸੜਕਾਂ 'ਤੇ ਵਧ ਰਹੀ ਹੈ। ਸ਼ਹਿਰਾਂ ਵਿਚ ਲੱਗਦੇ ਵੱਡੇ-ਵੱਡੇ ਜਾਮ ਇਸ ਗੱਲ ਦੇ ਗਵਾਹ ਹਨ। ਮਸ਼ੀਨਰੀ ਵਧਣ ਕਰਕੇ ਨਵੇਂ ਬਣੇ ਫਲਾਈ-ਓਵਰ, ਨਵੀਆਂ ਬਣੀਆਂ ਸੜਕਾਂ ਵੀ ਤੰਗ ਲਗਦੀਆਂ ਹਨ।
ਸਾਡੇ ਦੇਸ਼ ਵਿਚ ਮਸ਼ੀਨਰੀ ਵਧਣ ਦਾ ਵੱਡਾ ਕਾਰਨ ਇਹ ਜਾਪਦਾ ਕਿ ਜੋ ਕਾਫੀ ਪੁਰਾਣੇ ਵਾਹਨ ਹਨ, ਉਹ ਅੱਜ ਵੀ ਸੜਕਾਂ 'ਤੇ ਬਿਨਾਂ ਮਨਜ਼ੂਰੀ ਚੱਲ ਰਹੇ ਹਨ। ਜਿੰਨਾ ਸਮਾਂ ਪੁਰਾਣੇ ਵਾਹਨਾਂ ਲਈ ਕੋਈ ਕਾਨੂੰਨ ਨਹੀਂ ਬਣਦਾ, ਅਸੀਂ ਆਵਾਜਾਈ ਵਾਲੀ ਸਮੱਸਿਆ ਤੋਂ ਮੁਕਤ ਨਹੀਂ ਹੋ ਸਕਾਂਗੇ। ਸਰਕਾਰ ਕਿਸੇ ਨੀਤੀ ਤਹਿਤ ਇਨ੍ਹਾਂ ਪੁਰਾਣੇ ਵਾਹਨਾਂ ਨੂੰ ਬੰਦ ਕਰਵਾ ਸਕਦੀ ਹੈ, ਤਾਂ ਜੋ ਵਿਅਕਤੀ ਆਪਣਾ ਪੁਰਾਣਾ ਵਾਹਨ ਦੇ ਕੇ ਨਵੇਂ ਬਾਰੇ ਸੋਚ ਸਕੇ। ਸਾਨੂੰ ਲੱਗਦਾ ਕਿ ਜੇਕਰ ਕੋਈ ਠੋਸ ਕਦਮ ਚੁੱਕੇ ਜਾਣ ਤਾਂ ਹੋ ਰਹੀਆਂ ਸੜਕ ਦੁਰਘਟਨਾਵਾਂ ਵੀ ਕਾਫੀ ਹੱਦ ਤੱਕ ਘਟ ਜਾਣਗੀਆਂ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਲੋਕ ਸਭਾ ਚੋਣਾਂ
ਬੀਤੇ ਦਿਨੀਂ 'ਅਜੀਤ ਮੈਗਜ਼ੀਨ' ਅੰਕ ਵਿਚ ਸ੍ਰੀ ਸਤਨਾਮ ਸਿੰਘ ਮਾਣਕ ਦਾ ਲੇਖ '2019 ਦੀਆਂ ਲੋਕ ਸਭਾ ਚੋਣਾਂ ਵੱਡਾ ਫ਼ਤਵਾ ਵੱਡੀ ਜ਼ਿੰਮੇਵਾਰੀ' ਪੜ੍ਹਿਆ ਜੋ ਕਿ ਬਹੁਤ ਹੀ ਵਧੀਆ ਲੱਗਾ। ਅੱਜ 'ਮੋਦੀ ਮੈਜਿਕ' ਹਰੇਕ ਦੇ ਸਿਰ ਚੜ੍ਹ ਬੋਲ ਰਿਹਾ ਹੈ। ਮੋਦੀ ਸਰਕਾਰ ਦੀ ਇਹ ਜਿੱਤ ਕਾਫੀ ਇਤਿਹਾਸਕ ਰਹੀ ਹੈ। ਇਹ ਜਿੱਤ ਕੋਈ ਇਕ ਦਿਨ ਜਾਂ ਰਾਤ ਦੀ ਮਿਹਨਤ ਦਾ ਨਤੀਜਾ ਨਹੀਂ ਹੈ। ਇਸ ਦੇ ਪੈਰ ਤਾਂ ਉਸ ਦਿਨ ਤੋਂ ਹੀ ਬੱਝਣੇ ਸ਼ੁਰੂ ਹੋ ਗਏ ਸਨ, ਜਿਸ ਦਿਨ 2014 'ਚ ਐਨ.ਡੀ.ਏ. ਦੀ ਸਰਕਾਰ ਕੇਂਦਰ ਵਿਚ ਬਣੀ ਸੀ। ਫਿਰ ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਸ਼ੁਰੂ ਕਰਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਰਹਿਣ ਲਈ ਘਰ, ਘਰ ਵਿਚ ਪਖਾਨਾ, ਗੈਸ ਸਿਲੰਡਰ ਆਦਿ ਯੋਜਨਾਵਾਂ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ। ਮੋਦੀ ਸਰਕਾਰ ਨੇ ਆਪਣੀ ਪਾਰਟੀ ਦਾ ਪ੍ਰਚਾਰ ਦਿਨ-ਰਾਤ ਜਾਰੀ ਰੱਖਿਆ।
ਪੰਜਾਬ 'ਚ ਕਾਂਗਰਸ ਸੱਤਾ 'ਚ ਹੈ ਅਤੇ ਇਨ੍ਹਾਂ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਕਾਂਗਰਸ 'ਤੇ ਹੀ ਭਰੋਸਾ ਕੀਤਾ ਹੈ। ਖ਼ੈਰ, ਹਰ ਸਰਕਾਰ ਦਾ ਮੰਤਵ ਦੇਸ਼ ਦੀ ਤਰੱਕੀ ਹੋਣਾ ਚਾਹੀਦਾ ਹੈ। ਮਹਿੰਗਾਈ, ਰੁਜ਼ਗਾਰ, ਕਿਸਾਨਾਂ ਦੀਆਂ ਸਮੱਸਿਆਵਾਂ, ਵਿਕਾਸ ਦਰ ਆਦਿ ਮੋਦੀ ਸਰਕਾਰ ਅੱਗੇ ਇਕ ਚੁਣੌਤੀ ਹੈ। ਜਨਤਾ ਨੂੰ ਉਮੀਦ ਹੈ ਕਿ ਮੋਦੀ ਸਰਕਾਰ ਨੂੰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।

-ਪਰਮਿੰਦਰ ਕੌਰ ਸ਼ਾਂਤੀ
ਬੇਅੰਤ ਨਗਰ, ਮੋਗਾ।

20-07-2019

 ਨਿਰਾਸ਼ਾਜਨਕ ਰਿਹਾ ਬਜਟ
ਕੇਂਦਰ ਦੀ ਮੋਦੀ ਸਰਕਾਰ ਵਲੋਂ 2019-20 ਦੇ ਪੇਸ਼ ਕੀਤੇ ਪਹਿਲੇ ਬਜਟ ਤੋਂ ਨੌਜਵਾਨਾਂ, ਸਨਅਤਕਾਰਾਂ, ਕਿਸਾਨਾਂ, ਅਤੇ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ। ਪਰ ਕੇਂਦਰੀ ਸਰਕਾਰ ਇਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰ ਸਕੀ। ਨੌਜਵਾਨ, ਜੋ ਅੱਜ ਨੌਕਰੀ ਦੀ ਭਾਲ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਲਈ ਨੌਕਰੀਆਂ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਹੁਣ ਹੋਰ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਮੂੰਹ ਕਰਨਗੇ। ਦੇਖਿਆ ਜਾਵੇ ਤਾਂ ਪਹਿਲਾਂ ਹੀ ਭਾਰਤ ਦਾ ਅਰਬਾਂ ਰੁਪਇਆਂ ਬਾਹਰਲੇ ਮੁਲਕਾਂ ਵੱਲ ਜਾ ਚੁੱਕਾ ਹੈ, ਅਤੇ ਸ਼ਾਇਦ ਹੁਣ ਅੱਗੇ ਹੋਰ ਵੀ ਇਸੇ ਤਰ੍ਹਾਂ ਹੀ ਜਾਂਦਾ ਰਹੇਗਾ। ਇਸ ਦੇ ਨਾਲ ਹੀ ਅਖ਼ਬਾਰੀ ਕਾਗਜ਼ ਉੱਪਰ ਲਾਏ 10 ਫ਼ੀਸਦੀ ਟੈਕਸ ਨੇ ਵੀ ਠੇਸ ਪਹੁੰਚਾਈ ਹੈ। ਕੁਝ ਕੁ ਅਖ਼ਬਾਰ ਤਾਂ ਪਹਿਲਾਂ ਹੀ ਬੰਦ ਹੋਣ ਦੇ ਕਿਨਾਰੇ 'ਤੇ ਹਨ, ਪਰ ਫਿਰ ਵੀ ਇਹ ਫ਼ੈਸਲਾ ਲਿਆ ਗਿਆ। ਪ੍ਰਿੰਟ ਮੀਡੀਆ ਜੋ ਕਿ ਪਹਿਲਾਂ ਹੀ ਬਿਜਲਈ ਮੀਡੀਆਂ ਦਾ ਮੁਕਾਬਲਾ ਕਰ ਰਿਹਾ ਹੈ, ਉਸ ਨੂੰ ਹੁਣ ਹੋਰ ਤਸ਼ੱਦਦ ਦਾ ਸਾਹਮਣਾ ਕਰਨਾ ਪਵੇਗਾ। ਸੋ ਕੁੱਲ ਮਿਲਾ ਕੇ ਕੁਝ ਕੁ ਵਰਗ ਨੂੰ ਛੱਡ ਕੇ ਬਹੁਤ ਸਾਰਾ ਵਰਗ ਇਸ ਬਜਟ ਤੋਂ ਨਿਰਾਸ਼ ਹੀ ਰਿਹਾ।

-ਸ਼ੰਕਰ, ਮੋਗਾ।

ਬੋਰਵੈੱਲ ਬਨਾਮ ਮੌਤ ਦਾ ਖੂਹ
ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿਚ ਬੜੀ ਵੱਡੀ ਦੁਖਦਾਈ ਘਟਨਾ ਵਾਪਰੀ। ਜਿਥੇ ਪੰਜਾਬ ਸਰਕਾਰ ਅਤੇ ਇਸ ਦੇ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਸਾਹਮਣੇ ਆਈ, ਉਥੇ ਐਨ.ਡੀ.ਆਰ.ਐਫ. ਨੂੰ ਵੀ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਥੇ ਬਹੁਤ ਹੀ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਲਗਪਗ ਸੌ ਫੁੱਟ ਡੂੰਘੇ ਬੋਰ ਵਿਚ ਡਿੱਗੇ ਦੋ ਸਾਲ ਦੇ ਮਾਸੂਮ ਬੱਚੇ ਨੂੰ ਕੱਢਣ ਲਈ ਸਾਡੇ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ. ਨੇ ਪੰਜ ਦਿਨ ਤੋਂ ਵੱਧ ਸਮਾਂ ਲਾ ਦਿੱਤਾ। ਅਖੀਰ ਬੱਚੇ ਦੀ ਲਾਸ਼ ਨੂੰ ਬੇਹੁਰਮਤੀ ਕਰਕੇ ਬਾਹਰ ਕੱਢਿਆ ਗਿਆ। ਡਿਜੀਟਲ ਇੰਡੀਆ ਦੀਆਂ ਗੱਲਾਂ ਕਰਨ ਵਾਲੇ ਭਾਰਤ ਦੇ ਵੱਡੇ ਰਾਜਸੀ ਆਗੂਆਂ ਦੀ ਕਰਤੂਤ ਸਾਰੀ ਦੁਨੀਆ ਸਾਹਮਣੇ ਨੰਗੀ ਹੋ ਗਈ ਹੈ। ਕਿੰਨੀ ਅਫ਼ਸੋਸ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੇ ਹਾਕਮ ਆਪਣੀ ਰਾਜਸੀ ਪੈਂਠ ਬਣਾਉਣ ਲਈ ਮਰ ਚੁੱਕੇ ਇਨਸਾਨਾਂ ਦੀਆਂ ਮੂਰਤੀਆਂ ਬਣਾਉਣ 'ਤੇ ਲੱਖਾਂ ਰੁਪਏ ਖ਼ਰਚ ਕਰ ਰਹੇ ਹਨ ਜਦ ਕਿ ਧਰਤੀ 'ਤੇ ਵਸਣ ਵਾਲੇ ਜਿਊਂਦੇ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਵੱਡੀ ਅਣਹੋਂਦ ਅੱਜ ਹਰ ਪਾਸੇ ਰੜਕਦੀ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ।

ਪਾਣੀ ਦੀ ਬਰਬਾਦੀ
ਪਾਣੀ ਬਾਰੇ ਰੋਜ਼ਾਨਾ ਪੜ੍ਹਨ ਅਤੇ ਸੁਣਨ ਨੂੰ ਮਿਲ ਰਿਹਾ ਹੈ ਕਿ ਜ਼ਮੀਨ ਹੇਠਲਾ ਪਾਣੀ ਬਹੁਤ ਥੱਲੇ ਜਾ ਰਿਹਾ ਹੈ। ਜੇ ਇਹੀ ਹਾਲ ਰਿਹਾ ਤਾਂ ਇਕ ਦਿਨ ਪਾਣੀ ਪੀਣ ਲਈ ਵੀ ਮੁਸ਼ਕਿਲ ਨਾਲ ਲੱਭੇਗਾ। ਅਸੀਂ ਘਰਾਂ ਵਿਚ ਆਪਣੀਆਂ ਗੱਡੀਆਂ ਨੂੰ ਪਾਈਪਾਂ ਰਾਹੀਂ ਧੋਣ ਲਈ ਬੇਤਹਾਸ਼ਾ ਪਾਣੀ ਰੋੜ੍ਹਦੇ ਹਾਂ, ਫਿਰ ਅਸੀਂ ਉਸੇ ਪਾਈਪ ਨਾਲ ਗਲੀ ਵਿਚ ਛਿੜਕਾ ਕਰਕੇ ਖੂਬ ਪਾਣੀ ਰੋੜ੍ਹਦੇ ਹਾਂ। ਕਮੇਟੀਆਂ/ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਜਾ ਕੇ ਅਜਿਹਾ ਹੋਣ ਤੋਂ ਰੋਕਣਾ ਚਾਹੀਦਾ ਹੈ। ਦੂਸਰਾ ਸਰਕਾਰ ਨੂੰ ਸਰਵੇਖਣ ਕਰਨਾ ਚਾਹੀਦਾ ਹੈ ਕਿ ਕਿਸਾਨ ਕਿਵੇਂ ਪਾਣੀ ਦੀ ਬਰਬਾਦੀ ਕਰ ਰਿਹਾ ਹੈ। ਇਸ ਦੀ ਬੱਚਤ ਲਈ ਸਾਨੂੰ ਝੋਨੇ ਦੀ ਕਾਸ਼ਤ ਘੱਟ ਕਰਨੀ ਪੈਣੀ ਹੈ, ਕਿਉਂਕਿ ਝੋਨਾ ਪਾਣੀ ਬੇਤਹਾਸ਼ਾ ਮੰਗਦਾ ਹੈ। ਸਰਕਾਰ ਵੀ ਕੋਸ਼ਿਸ਼ ਕਰੇ, ਪਰ ਇਸ ਦੇ ਨਾਲ ਹੀ ਸਾਡੀ ਵੀ ਘਰਾਂ ਵਿਚ ਮਜਬੂਰੀ ਹੋਣੀ ਚਾਹੀਦੀ ਹੈ ਕਿ ਅਸੀਂ ਪਾਣੀ ਬੇਤਹਾਸ਼ਾ ਨਾ ਵਰਤੀਏ। ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਸੀ, ਇਥੇ ਪਾਣੀ ਹੀ ਪਾਣੀ ਸੀ ਪਰ ਹੁਣ ਦੇਖੋ, ਕਿਵੇਂ ਪਾਣੀ ਥੱਲੇ ਜਾਣ ਕਰਕੇ ਕਿੰਨੀ ਤੰਗੀ ਹੋ ਰਹੀ ਹੈ ਅਤੇ ਹੋਵੇਗੀ ਵੀ। ਸੋ, ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

 

19-07-2019

 ਪੈਨਸ਼ਨ ਸਕੀਮ
ਇਕ ਮੁਲਾਜ਼ਮ ਜੋ 20-25 ਸਾਲ ਤੱਕ ਆਪਣੇ ਮਹਿਕਮੇ ਵਿਚ ਸਰਵਿਸ ਕਰਦਾ ਸੀ, ਜਦ ਉਸ ਦੀ ਉਮਰ 58 ਸਾਲ ਹੋ ਜਾਂਦੀ ਸੀ ਤਾਂ ਉਸ ਮੁਲਾਜ਼ਮ ਨੂੰ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਂਦਾ ਸੀ। ਪਰ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਇਹ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ। ਪਰ ਦੂਸਰੇ ਪਾਸੇ ਇਸ ਦੇ ਉਲਟ ਲੋਕਾਂ ਵਲੋਂ ਚੁਣੇ ਵਿਧਾਇਕ, ਸੰਸਦ ਮੈਂਬਰ ਅਤੇ ਰਾਜ ਸਭਾ ਮੈਂਬਰ ਆਪਣਾ ਪੰਜ ਸਾਲ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਵੀ ਪੈਨਸ਼ਨ ਦੇ ਤੌਰ 'ਤੇ ਲੱਖਾਂ ਰੁਪਏ ਦਾ ਹਰ ਮਹੀਨੇ ਸਰਕਾਰੀ ਖਜ਼ਾਨੇ 'ਤੇ ਬੋਝ ਪਾ ਰਹੇ ਹਨ। ਫਿਰ ਉਨ੍ਹਾਂ ਦੀ ਪੈਨਸ਼ਨ ਸਕੀਮ ਅਜੇ ਤੱਕ ਕਿਉਂ ਲਾਗੂ ਹੈ? ਕਿਉਂ ਨਹੀਂ ਸਰਕਾਰਾਂ ਕੋਈ ਅਜਿਹਾ ਬਿੱਲ ਪਾਸ ਕਰਦੀਆਂ ਕਿ ਵਿਧਾਇਕ, ਸੰਸਦ ਮੈਂਬਰ ਆਦਿ ਦਾ ਕਾਰਜਕਾਲ ਸਮਾਪਤ ਹੋਣ ਪਿੱਛੋਂ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲਣੀ ਚਾਹੀਦੀ। ਸੋਸ਼ਲ ਮੀਡੀਆ ਰਾਹੀਂ ਹੀ ਸਾਨੂੰ ਇਨ੍ਹਾਂ ਦੀਆਂ ਪੈਨਸ਼ਨਾਂ, ਸਹੂਲਤਾਂ, ਭੱਤਿਆਂ ਬਾਰੇ ਜਾਣਕਾਰੀ ਮਿਲੀ ਹੈ। ਜੇਕਰ ਕੋਈ ਅਜਿਹਾ ਬਿੱਲ ਨਹੀਂ ਬਣ ਸਕਦਾ ਤਾਂ ਫਿਰ ਸਰਕਾਰੀ ਮੁਲਾਜ਼ਮਾਂ ਲਈ ਵੀ ਇਹ ਪੈਨਸ਼ਨ ਮੁੜ ਲਾਗੂ ਕਰ ਦਿੱਤੀ ਜਾਵੇ।


-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।


ਲਟਕਦੀਆਂ ਬਿਜਲੀ ਦੀਆਂ ਤਾਰਾਂ
ਸਾਡੇ ਸ਼ਹਿਰ, ਮੁਹੱਲਿਆਂ 'ਚ ਜਿਥੇ ਕੂੜੇ ਜਾਂ ਪਾਣੀ ਇਕੱਲੇ ਹੋਣ ਦੀ ਸਮੱਸਿਆਵਾਂ ਆਮ ਹਨ। ਉਂਜ ਹੀ ਹੁਣ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਵੀ ਆਮ ਜਿਹੀ ਜਾਪਦੀ ਮਹਿਸੂਸ ਹੁੰਦੀ ਹੈ, ਤਾਰਾਂ ਦਾ ਸਥਾਨ ਜਿਥੇ ਹੋਣਾ ਚਾਹੀਦਾ, ਉਥੇ ਨਹੀਂ ਹੈ ਤੇ ਇਹ ਬਿਜਲੀ ਦੀਆਂ ਤਾਰਾਂ ਹੁਣ ਮੌਨਸੂਨ ਦੇ ਮੌਸਮ ਵਿਚ ਤਾਂ ਸਾਡੇ ਆਮ ਜਨ ਲਈ ਖ਼ਤਰਨਾਕ ਹਨ, ਵਾਹਨ ਚਾਲਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਕਿਸ ਗਲੀ ਵਿਚ ਕਿਹੜੀ ਬਿਜਲੀ ਦੀ ਲਟਕਦੀ ਤਾਰ ਨਾਲ ਉਨ੍ਹਾਂ ਦਾ ਵਾਹ ਪੈ ਜਾਣਾ ਹੈ। ਜਿਹੜੇ ਬੱਚੇ ਬਾਹਰ ਖੇਡਦੇ ਹਨ, ਉਨ੍ਹਾਂ ਲਈ ਇਹ ਇਕ ਵੱਡੀ ਸਮੱਸਿਆ ਹੈ ਕਿਉਂਕਿ ਬੱਚੇ ਇਨ੍ਹਾਂ ਤਾਰਾਂ ਨੂੰ ਗਿੱਲੇ ਹੱਥ ਵੀ ਲਾ ਸਕਦੇ ਹਨ, ਉਤੋਂ ਬਰਸਾਤਾਂ ਦੇ ਦਿਨੀਂ ਕਦ ਤਾਰ ਸਪਾਰਕ ਕਰ ਜਾਵੇ, ਕੁਝ ਪਤਾ ਨਹੀਂ ਲਗਦਾ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤਾਰਾਂ ਸਮੇਟ ਕੇ ਰੱਖੀਆਂ ਜਾਣ। ਇਨ੍ਹਾਂ ਦਾ ਸਥਾਨ ਜਿਥੇ ਹੈ, ਉਥੇ ਹੀ ਇਸ ਨੂੰ ਰੱਖਿਆ ਜਾਵੇ ਤੇ ਇਸ ਮੁਸੀਬਤ 'ਤੇ ਜਲਦੀ ਹੱਲ ਪਾਉਣਾ ਜ਼ਰੂਰੀ ਹੈ ਕਿਉਂਕਿ ਪ੍ਰਸ਼ਾਸਨ ਇਹ ਨਾ ਭੁੱਲੇ ਕਿ ਹੁਣ ਮੌਨਸੂਨ ਨੇ ਇਕ ਵਾਰ ਦਸਤਕ ਦੇ ਦਿੱਤੀ ਹੈ।


-ਜਾਨਵੀ ਬਿੱਠਲ।


ਜੇਲ੍ਹ ਸੁਧਾਰ ਨਹੀਂ, ਵਿਗਾੜ ਘਰ
ਪੰਜਾਬ ਦੇ ਹਾਲਾਤ 'ਚ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਬਦਲਾਅ ਆਇਆ ਤੇ ਹੁਣ ਗੈਂਗਸਟਰ ਤੇ ਨਸ਼ਾ ਸ਼ਬਦ ਲਗਾਤਾਰ ਸੁਣਨ ਨੂੰ ਮਿਲ ਰਿਹਾ ਹੈ। ਕੈਪਟਨ ਸਰਕਾਰ ਤੋਂ ਇਹ ਆਸਾਂ ਸਨ ਚਲੋ ਗੁੰਡਾ ਅਨਸਰਾਂ ਤੋਂ ਛਟਕਾਰਾ ਮਿਲੇਗਾ, ਪਰ ਹੋਇਆ ਇਸ ਦੇ ਉਲਟ। ਆਏ ਦਿਨ ਜੇਲ੍ਹਾਂ ਵਿਚ ਸ਼ਰੇਆਮ ਗੋਲੀਆਂ ਦੇ ਚੱਲਣ ਦੀਆਂ ਘਟਨਾਵਾਂ ਬਾਰੇ ਸੁਣਨ ਨੂੰ ਮਿਲਦਾ ਰਹਿੰਦਾ ਹੈ। ਅੱਗੇ ਜੇਲ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ ਸੀ ਕਿ ਆਦਮੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ ਤੇ ਉਹ ਇਕ ਚੰਗਾ ਨਾਗਰਿਕ ਬਣ ਕੇ ਜੇਲ੍ਹ 'ਚੋਂ ਨਿਕਲੇ। ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ। ਹੁਣ ਕੈਦੀ ਜੇਲ੍ਹ 'ਚ ਗੈਂਗਸਟਰ ਤੇ ਬਲੈਕੀਆ ਬਣ ਕੇ ਨਿਕਲ ਰਿਹਾ ਹੈ। ਉਧਰ ਸਰਕਾਰ ਮੁਲਾਜ਼ਮ ਘੱਟ ਹੋਣ ਦਾ ਬਹਾਨਾ ਲਾ ਰਹੀ ਹੈ ਤੇ ਸੀ.ਆਰ.ਪੀ. ਕੇਂਦਰ ਤੋਂ ਮੰਗ ਕਰ ਰਹੀ ਹੈ। ਪੰਜਾਬ ਵਿਚ ਲੱਖਾਂ ਹੀ ਨੌਜਵਾਨ ਨੌਕਰੀਆਂ ਦੀ ਤਲਾਸ਼ ਵਿਚ ਇਧਰ-ਉਧਰ ਭਟਕ ਰਹੇ ਹਨ, ਉਨ੍ਹਾਂ ਨੂੰ ਜੇਲ੍ਹ ਵਿਭਾਗ ਵਿਚ ਫਿਟ ਕੀਤਾ ਜਾਵੇ। ਜੇਲ੍ਹ ਅਧਿਕਾਰੀਆਂ ਨੂੰ ਸਖ਼ਤੀ ਵਰਤਣੀ ਪਵੇਗੀ। ਸਿਸਟਮ ਵਿਚ ਸੁਧਾਰ ਲਿਆਉਣ ਲਈ ਚੰਗੇ ਅਧਿਕਾਰੀ ਜੇਲ੍ਹਾਂ ਵਿਚ ਲਾਉਣੇ ਪੈਣਗੇ ਜੋ ਪੰਜਾਬ ਦਾ ਮਾਹੌਲ ਫਿਰ ਖ਼ਰਾਬ ਕਰਨ ਵੱਲ ਵਧ ਰਹੇ ਕਦਮਾਂ ਨੂੰ ਰੋਕਣਾ ਹੋਵੇਗਾ ਤਾਂ ਕਿ ਲੋਕ ਖੁੱਲ੍ਹੀ ਹਵਾ ਵਿਚ ਸੁੱਖ ਦਾ ਸਾਹ ਲੈ ਸਕਣ।


-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਹਿੰਸਕ ਭੀੜ ਤੇ ਕੰਟਰੋਲ
ਨਵਤੇਜ ਸਿੰਘ ਮੱਲ੍ਹੀ ਦੀ ਲਿਖੀ ਰਚਨਾ 'ਭੀੜਤੰਤਰ ਦੀ ਥਾਂ ਕਾਨੂੰਨ ਦਾ ਰਾਜ ਬਹਾਲ ਹੋਵੇ' ਪੜ੍ਹੀ, ਜਿਸ ਵਿਚ ਲੇਖਕ ਨੇ ਦੇਸ਼ ਵਿਚ ਹੋ ਰਹੀਆਂ ਹਿੰਸਕ ਭੀੜ ਦੀਆਂ ਦੁਰਘਟਨਾਵਾਂ ਬਾਰੇ ਵਿਸਥਾਰ ਸਹਿਤ ਲਿਖ ਚਿੰਤਾ ਜਤਾਈ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਭੀੜ ਦੀ ਹਿੰਸਾ ਦੇ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ। ਕਾਨੂੰਨ ਨੂੰ ਹੱਥ ਵਿਚ ਲੈ ਕੇ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੂੰ ਇਸ ਦਾ ਸੰਜੀਦਗੀ ਨਾਲ ਹੱਲ ਲੱਭਣਾ ਚਾਹੀਦਾ ਹੈ। ਹਿੰਸਕ ਭੀੜ ਬਹੁਤ ਹੀ ਭਿਅੰਕਰ ਅਤੇ ਅਹਿਮ ਮੁੱਦਾ ਹੈ। ਅਦਾਲਤਾਂ ਦੇ ਦਖ਼ਲ 'ਤੇ ਵੀ ਇਸ ਦਾ ਹੱਲ ਨਹੀਂ ਹੋ ਰਿਹਾ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਸੰਸਦ ਨੂੰ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਵਿਸ਼ਵਾਸ ਵਿਚ ਨਾਲ ਲੈ ਕੇ ਇਸ ਦਾ ਠੋਸ ਹੱਲ ਕੱਢਣਾ ਚਾਹੀਦਾ ਹੈ। ਸਿਆਸੀ ਇੱਛਾ ਸ਼ਕਤੀ ਦੇ ਬਿਨਾਂ ਕੋਈ ਵੀ ਨਵਾਂ ਕਾਨੂੰਨ ਹਿੰਸਕ ਭੀੜ 'ਤੇ ਕੰਟਰੋਲ ਨਹੀਂ ਕਰ ਸਕਦਾ। ਕੇਂਦਰ ਤੇ ਰਾਜ ਸਰਕਾਰਾਂ ਨੂੰ ਹਿੰਸਕ ਭੀੜ 'ਤੇ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਬਣਨ ਤੋਂ ਪਹਿਲਾਂ ਪੁਲਿਸ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਸੁਤੰਤਰ, ਗਵਰਨਰ ਦੇ ਅਧੀਨ ਜਵਾਬਦੇਹ ਬਣਾਉਣਾ ਚਾਹੀਦਾ ਹੈ। ਇਨ੍ਹਾਂ ਕੇਸਾਂ ਦੀ ਤਫ਼ਤੀਸ਼ ਲਈ ਵੱਖਰੇ ਵਿੰਗ ਸਪੈਸ਼ਲ ਅਦਾਲਤਾਂ ਦਾ ਗਠਨ ਕਰ ਕੇ ਦੋਸ਼ੀਆਂ ਦੇ ਖਿਲਾਫ਼ ਚਲਾਨ ਦੇੇਣ ਦੀ ਸਮਾਂ ਸੀਮਾ ਨਿਸਚਿਤ ਕਰਨੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਮੇਂ ਸਿਰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

18-07-2019

 ਖੇਤੀਯੋਗ ਜ਼ਮੀਨ ਵਿਚ ਕਮੀ
ਪਿਛਲੇ ਸਾਲਾਂ ਤੋਂ ਲਗਾਤਾਰ ਪੰਜਾਬ ਵਿਚੋਂ ਨਵੀਆਂ ਕਾਲੋਨੀਆਂ ਦੇ ਪਸਾਰੇ ਅਤੇ ਲੋਕਾਂ ਦੇ ਸ਼ਹਿਰਾਂ ਵੱਲ ਕੂਚ ਕਰਨ ਕਾਰਨ ਖੇਤੀ ਯੋਗ ਭੂਮੀ ਘਟਦੀ ਜਾ ਰਹੀ ਹੈ। ਅਸੀਂ ਆਮ ਇਹ ਵੇਖਦੇ ਹਾਂ ਕਿ ਪਿੰਡ ਦੇ ਵਿਚ ਜੋ ਘਰ ਹਨ, ਉਹ ਲੋਕ ਆਪਣੀਆਂ ਜ਼ਮੀਨਾਂ ਵਿਚ ਖੁੱਲ੍ਹੀਆਂ ਕੋਠੀਆਂ ਛੱਤ ਰਹੇ ਹਨ ਤੇ ਪਿੰਡ ਵਿਚ ਉਨ੍ਹਾਂ ਦੇ ਘਰ ਖੰਡਰਾਂ ਦਾ ਰੂਪ ਧਾਰਨ ਕਰ ਰਹੇ ਹਨ, ਜਿਸ ਦਾ ਸਿੱਧਾ ਪ੍ਰਭਾਵ ਖੇਤੀਯੋਗ ਭੂਮੀ ਦਾ ਰਿਹਾਇਸ਼ੀ ਖੇਤਰ ਵਿਚ ਬਦਲਣ ਕਾਰਨ ਖੇਤੀ ਪੈਦਾਵਾਰ ਘੱਟ ਹੋਣ 'ਤੇ ਪੈ ਰਿਹਾ ਹੈ। ਸੋ ਲੋੜ ਹੈ ਕਿ ਸਰਕਾਰ ਸਖ਼ਤ ਨਿਯਮ ਬਣਾਵੇ ਤਾਂ ਜੋ ਕਿਸੇ ਸਮੇਂ ਅਨਾਜ ਦੀ ਕਮੀ ਤੋਂ ਬਚਿਆ ਜਾ ਸਕੇ ਅਤੇ ਖੇਤੀਯੋਗ ਜ਼ਮੀਨ ਵਿਚ ਕਮੀ ਦਾ ਖਮਿਆਜ਼ਾ ਨਾ ਭੁਗਤਣਾ ਪਵੇ।

-ਮਾਸਟਰ ਹਰਿੰਦਰ ਸਿੰਘ
ਫ਼ਤਹਿਗੜ੍ਹ ਸਾਹਿਬ।

ਵਧਦੀ ਵਸੋਂ ਦੀ ਰੋਕਥਾਮ
ਦਲਬੀਰ ਸਿੰਘ ਲੁਧਿਆਣਵੀ ਦੀ ਰਚਨਾ 'ਦੇਸ਼ ਲਈ ਵੱਡੀ ਚੁਣੌਤੀ ਵਧ ਰਹੀ ਆਬਾਦੀ' ਪੜ੍ਹੀ, ਜਿਸ ਵਿਚ ਲੇਖਕ ਨੇ ਵਸੋਂ 'ਚ ਹੋ ਰਹੇ ਤੇਜ਼ ਵਾਧੇ ਨੂੰ ਰੋਕਣ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ ਹੈ ਅਤੇ ਚਿੰਤਾ ਜਤਾਈ ਹੈ। ਵਧਦੀ ਆਬਾਦੀ ਨਾਲ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਪ੍ਰਦੂਸ਼ਣ, ਪਾਣੀ ਦੀ ਸਮੱਸਿਆ ਆਦਿ ਵਿਚ ਵਾਧਾ ਹੋਇਆ ਹੈ। ਖੇਤੀਯੋਗ ਜ਼ਮੀਨ ਦਾ ਖ਼ਤਮ ਹੋਣਾ, ਧਰਤੀ ਲਈ ਖ਼ਤਰੇ ਦੀ ਘੰਟੀ ਹੈ। ਗ਼ਰੀਬੀ ਰੇਖਾ ਤੋਂ ਦੂਰ ਰਹਿ ਰਹੇ ਟੱਪਰੀ, ਝੁੱਗੀ ਝੌਂਪੜੀ ਵਾਲੇ ਜ਼ਿਆਦਾ ਬੱਚੇ ਪੈਦਾ ਕਰਦੇ ਹਨ। ਇਨ੍ਹਾਂ ਦੇ ਸੈਮੀਨਾਰ ਲਗਾ ਸਰਕਾਰਾਂ ਨੂੰ ਵਧਦੀ ਆਬਾਦੀ ਦੇ ਹੋਣ ਵਾਲੇ ਪ੍ਰਭਾਵ ਅਸਰ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਸਰਕਾਰਾਂ ਨੂੰ ਇਸ 'ਤੇ ਗੰਭੀਰ ਹੋ ਕੇ ਜਨ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਸਕੂਲ ਪੱਧਰ 'ਤੇ ਪਰਿਵਾਰ ਨਿਯੋਜਨ ਬਾਰੇ ਵਿਸ਼ਾ ਵਸਤੂ ਰੱਖ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ
ਸੇਵਾ-ਮੁਕਤ ਇੰਸਪੈਕਟਰ।

ਕੈਨੇਡਾ ਦੀ ਥਾਂ ਪੰਜਾਬ ਸੰਭਾਲਣ ਕੈਪਟਨ
ਸ: ਦਰਬਾਰਾ ਸਿੰਘ ਕਾਹਲੋਂ ਦਾ 3 ਜੁਲਾਈ, 2019 ਨੂੰ 'ਅਜੀਤ' ਵਿਚ ਛਪਿਆ ਲੇਖ 'ਕੈਨੇਡਾ 'ਤੇ ਹਮਲਾਵਰ ਹੋਣ ਨਾਲੋਂ ਕੈਪਟਨ ਪੰਜਾਬ ਨੂੰ ਸੰਭਾਲਣ' ਬੜੀ ਬੇਬਾਕੀ ਨਾਲ ਪੰਜਾਬ ਤੇ ਸਿੱਖ ਨੌਜਵਾਨੀ ਦੀ ਵਕਾਲਤ ਵਜੋਂ ਹੈ ਅਤੇ ਇਹ ਵਕਾਲਤ ਡਟ ਕੇ ਹੋਣੀ ਚਾਹੀਦੀ ਸੀ। ਸਚਮੁੱਚ ਬਗੈਰ ਪੱਕੇ ਤੱਥਾਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਸਿੱਖ ਭਾਈਚਾਰੇ 'ਤੇ ਖ਼ਾਲਿਸਤਾਨੀ ਅੱਤਵਾਦੀਆਂ ਦਾ ਦੋਸ਼ ਮੜ੍ਹਦਿਆਂ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਕੈਨੇਡਾ ਦਾ ਸਿੱਖ ਭਾਈਚਾਰਾ ਸਖ਼ਤ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ ਕਿ ਇਸ ਬੇਤੁਕੀ ਬਿਆਨਬਾਜ਼ੀ ਦਾ ਖ਼ਮਿਆਜ਼ਾ ਸਿੱਖਾਂ ਨੂੰ ਪੰਜਾਬ ਅੰਦਰ ਵੀ ਅਤੇ ਬਾਹਰ ਵੀ ਭੁਗਤਣਾ ਪਵੇਗਾ।
ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਨੌਜਵਾਨ ਰਾਤ-ਦਿਨ ਕਿਰਤ ਕਰਨ ਵਿਚ ਮਸਰੂਫ਼ ਹਨ। ਜੇ ਕੋਈ ਧੜੇ ਖ਼ਾਲਿਸਤਾਨ ਬਾਰੇ ਆਵਾਜ਼ ਉਠਾਉਂਦੇ ਹਨ ਤਾਂ ਉਥੋਂ ਦਾ ਸੰਵਿਧਾਨ ਸ਼ਾਂਤਮਈ ਢੰਗ ਦੀ ਸ਼ਰਤ ਨਾਲ ਇਜਾਜ਼ਤ ਦਿੰਦਾ ਹੈ। ਲੇਖ ਨੇ ਹਕੀਕਤ ਪੇਸ਼ ਕਰ ਦਿੱਤੀ ਹੈ ਕਿ ਕੈਪਟਨ ਆਪਣੀਆਂ ਨਾਕਾਮੀਆਂ ਵਲੋਂ ਧਿਆਨ ਹਟਾਉਣ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਲੇਖ ਪੜ੍ਹਦਿਆਂ ਉਹ ਲੋਕ ਬੋਲ ਵੀ ਦਸਤਕ ਦੇ ਰਹੇ ਹਨ ਕਿ ਕੈਪਟਨ, ਭਾਰਤ ਸਰਕਾਰ ਦੀ ਖੁਸ਼ਾਮਦ ਕਰਕੇ ਆਪਣੀ ਚਮੜੀ ਨੂੰ ਸੁਰੱਖਿਅਤ ਕਰ ਰਹੇ ਹਨ। ਕੈਪਟਨ ਸਾਹਿਬ ਜਿਸ ਭਾਰਤ ਨੂੰ ਕੈਨੇਡਾ ਵਿਰੁੱਧ ਉਕਸਾ ਰਹੇ ਹੋ ਉਸ ਨੂੰ ਇਹ ਵੀ ਅਹਿਸਾਸ ਕਰਵਾਉ ਕਿ ਵਰਲਡ ਇਕਾਨੋਮਿਕ ਫੋਰਮ ਵਲੋਂ '2019 ਵਰਲਡ ਹੈਪੀਨੈਸ' ਪੇਸ਼ ਸਰਵੇਖਣ ਵਿਚ ਭਾਰਤ 140ਵੇਂ ਨੰਬਰ 'ਤੇ ਹੈ ਅਤੇ ਕੈਨੇਡਾ ਪਹਿਲੇ ਨੰਬਰ 'ਤੇ ਹੈ।

-ਰਸ਼ਪਾਲ ਸਿੰਘ
ਪ੍ਰੀਤ ਨਿਵਾਸ, ਐਸ.ਜੈ.ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਆਜ਼ਾਦੀ ਦੀ ਤਾਂਘ ਵਿਚ
ਕਈ ਵਰ੍ਹੇ ਪਹਿਲਾਂ ਮੈਂ ਜਦ ਪੜ੍ਹਦਾ ਹੁੰਦਾ ਸੀ ਤਾਂ ਪੜ੍ਹਾਈ ਇਕ ਬੋਝ ਨਹੀਂ ਸੀ ਲੱਗਦੀ ਹੁੰਦੀ। ਨਾ ਤਾਂ ਮਾਪਿਆਂ ਵਲੋਂ ਜ਼ਿਆਦਾ ਦਬਾਅ ਸੀ ਤੇ ਨਾ ਹੀ ਅਧਿਆਪਕ ਜਾਂ ਸਕੂਲ ਏਨਾ ਦਬਾਅ ਪਾਉਂਦਾ ਸੀ ਕਿ ਤੂੰ ਡਾਕਟਰ ਹੀ ਬਣਨਾ ਹੈ ਜਾਂ ਇੰਜੀਨੀਅਰ ਹੀ ਬਣਨਾ ਹੈ ਜਾਂ ਕੋਈ ਹੋਰ ਵੱਡਾ ਟੈਸਟ ਕਲੀਅਰ ਕਰਨਾ ਹੈ। ਅਸੀਂ ਮਨਮੌਜੀ ਬਣ ਕੇ ਪੜ੍ਹਨਾ, ਖੇਡਣਾ ਅਤੇ ਜ਼ਿੰਦਗੀ ਦਾ ਅਨੰਦ ਲੈਣਾ। ਕਦੀ ਪੜ੍ਹਾਈ ਬੋਝ ਨਹੀਂ ਸੀ ਲੱਗੀ। ਆਪਣੇ ਆਪ 'ਚ ਆਜ਼ਾਦ ਸੀ।
ਪਰ ਅੱਜ ਦੇ ਸਮੇਂ ਨੂੰ ਜੇਕਰ ਦੇਖੀਏ ਤਾਂ ਬੱਚਾ ਨੰਬਰ ਲਿਆਉਣ ਵਾਲੀ ਮਸ਼ੀਨ ਬਣ ਕੇ ਰਹਿ ਗਿਆ ਹੈ। ਬੱਚਾ ਬਾਰ੍ਹਵੀਂ ਕਲਾਸ ਵਿਚ ਜੇਕਰ 80 ਫ਼ੀਸਦੀ ਨੰਬਰ ਵੀ ਲੈ ਲੈਂਦਾ ਹੈ ਤਾਂ ਮਾਪੇ ਅਤੇ ਅਧਿਆਪਕ ਖੁਸ਼ ਨਹੀਂ ਹੁੰਦੇ, ਉਹ ਤਾਂ 90+ ਦੀ ਗੱਲ ਕਰਦੇ ਹਨ। ਪਰ ਅਸੀਂ ਕਦੇ ਇਹ ਸੋਚਿਆ ਹੈ ਕਿ ਬੱਚੇ ਦਾ ਬਚਪਨ ਅਸੀਂ ਗਵਾ ਰਹੇ ਹਾਂ। ਉਸ ਦਾ ਖੇਡਣਾ, ਤੁਹਾਡੇ ਨਾਲ ਜਾਂ ਮਿੱਤਰਾਂ ਨਾਲ ਗੱਲਾਂ ਕਰਨ ਦਾ ਸਾਰਾ ਸਮਾਂ ਕੋਚਿੰਗ ਸੈਂਟਰਾਂ ਵਿਚ ਬੀਤ ਰਿਹਾ ਹੈ। ਕੀ ਇਹ ਇਕ ਆਜ਼ਾਦੀ ਹੈ? ਨਹੀਂ। ਅਸੀਂ ਬੱਚਿਆਂ ਤੋਂ ਉਨ੍ਹਾਂ ਦੀ ਆਜ਼ਾਦੀ ਖੋਹ ਰਹੇ ਹਾਂ। ਉਨ੍ਹਾਂ ਨੂੰ ਅਸੀਂ ਕਦੇ ਪੁੱਛਿਆ ਹੀ ਨਹੀਂ ਕਿ ਉਹ ਕੀ ਚਾਹੁੰਦੇ ਹਨ। ਉਨ੍ਹਾਂ ਦੀ ਮਰਜ਼ੀ ਜਾਣੇ ਬਗੈਰ ਹੀ ਅਸੀਂ ਉਨ੍ਹਾਂ ਦੇ ਵਿਸ਼ਿਆਂ ਦੀ ਚੋਣ ਕਰ ਦਿੰਦੇ ਹਾਂ। ਸਾਨੂੰ ਆਪਣਾ ਮਾਪੇ ਹੋਣ ਦਾ ਫਰਜ਼ ਪਛਾਨਣਾ ਪਵੇਗਾ ਅਤੇ ਬੱਚੇ ਦਾ ਬਚਪਨ ਬਚਾਉਣਾ ਹੋਵੇਗਾ ਤਾਂ ਹੀ ਸਹੀ ਅਰਥਾਂ ਵਿਚ ਬੱਚਾ ਆਜ਼ਾਦ ਹੋਵੇਗਾ।

-ਸਰਬਜੀਤ ਸਿੰਘ
(ਸ.ਸ. ਮਾਸਟਰ), ਸ.ਹ. ਸਕੂਲ ਗੁਰੂਵਾਲੀ (ਅੰਮ੍ਰਿਤਸਰ)।

ਸਰਕਾਰ ਦੀ ਕਾਰਗੁਜ਼ਾਰੀ
ਭਾਵੇਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਣੇ ਕਾਫੀ ਸਮਾਂ ਹੋ ਚੁੱਕਾ ਹੈ ਪਰ ਬੁਨਿਆਦੀ ਤੌਰ 'ਤੇ ਇਸ ਸਰਕਾਰ ਦੀਆਂ ਪ੍ਰਾਪਤੀਆਂ ਨਾਮਾਤਰ ਹੀ ਹਨ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਸਲਾ ਜਿਉਂ ਦਾ ਤਿਉਂ ਬਰਕਰਾਰ ਹੈ। ਜਾਪਦਾ ਹੈ ਕਿ ਸਰਕਾਰ ਆਪਣੇ ਇਸ ਕਾਰਜਕਾਲ ਦੇ ਸਮੇਂ ਅਜੇ ਤੱਕ ਕਿਸੇ ਵੀ ਵਰਗ ਨੂੰ ਖੁਸ਼ ਨਹੀਂ ਕਰ ਸਕੀ। ਮਜ਼ਦੂਰਾਂ ਦੇ ਪੰਚਾਇਤੀ ਜ਼ਮੀਨ ਠੇਕੇ 'ਤੇ ਲੈ ਕੇ ਵਾਹੁਣ ਦੇ ਮਾਮਲੇ 'ਤੇ ਵੀ ਨਿੱਤ ਦਿਨ ਸੰਘਰਸ਼ ਹੋ ਰਹੇ ਹਨ ਤੇ ਔਰਤਾਂ ਤੇ ਬੱਚਿਆਂ ਨੂੰ ਵੀ ਨਿਰੰਤਰ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਦੇ ਹੇਠਲੀ ਪੱਧਰ ਦੇ ਆਗੂਆਂ ਦੀ ਸ਼ਹਿ 'ਤੇ ਨਸ਼ਾ ਤਸਕਰੀ ਜ਼ੋਰਾਂ 'ਤੇ ਹੈ।
ਹਰ ਰੋਜ਼ ਨਸ਼ੇੜੀ ਨੌਜਵਾਨਾਂ ਦੀਆਂ ਨਸ਼ੇ ਦੀ ਓਵਰ ਡੋਜ਼ ਨਾਲ ਮਰਨ ਦੀਆਂ ਖ਼ਬਰਾਂ ਵੱਖ-ਵੱਖ ਖੇਤਰਾਂ 'ਚੋਂ ਆ ਰਹੀਆਂ ਹਨ। ਪੰਜਾਬ ਸਰਕਾਰ ਹਰ ਖੇਤਰ ਵਿਚ ਫੇਲ੍ਹ ਨਜ਼ਰ ਆ ਰਹੀ ਹੈ।

-ਸੀਰਾ ਗਰੇਵਾਲ
ਰੌਂਤਾ, ਮੋਗਾ।

17-07-2019

 ਪਾਣੀ ਦਾ ਲਗਾਤਾਰ ਵਧ ਰਿਹੈ ਸੰਕਟ
ਪਾਣੀ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਪਿਛਲੇ ਸਮੇਂ ਤੋਂ ਪਾਣੀ ਦੀ ਘਾਟ ਕਾਰਨ ਕਈ ਸੂਬੇ ਸੋਕੇ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਦੀ ਸਮੱਸਿਆ ਪੰਜਾਬ ਵਿਚ ਵੇਖਣ ਨੂੰ ਮਿਲ ਰਹੀ ਹੈ। ਪਾਣੀ ਦੀ ਹੋ ਰਹੀ ਅੰਨ੍ਹੇਵਾਹ ਵਰਤੋਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਹੀ ਹੈ। ਸਰਕਾਰ ਨੇ ਵੀ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਗੰਭੀਰਤਾ ਨਾਲ ਲਿਆ ਹੈ। ਕਹਾਵਤ ਹੈ ਕਿ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਅਸੀਂ ਵੀ ਜੇਕਰ ਪਾਣੀ ਦੀ ਵਰਤੋਂ ਸੰਜਮ ਨਾਲ ਕਰਾਂਗੇ ਤਾਂ ਧਰਤੀ ਹੇਠਲੇ ਤੇ ਉਪਰਲੇ ਪਾਣੀ ਦੇ ਭੰਡਾਰ ਨੂੰ ਸੁਰੱਖਿਅਤ ਰੱਖਣ ਲਈ ਯੋਗਦਾਨ ਪਾ ਰਹੇ ਹੋਵਾਂਗੇ। ਜੇਕਰ ਅਸੀਂ ਸਮਾਂ ਰਹਿੰਦੇ ਪਾਣੀ ਦੀ ਘਾਟ ਦੇ ਖ਼ਤਰੇ ਨੂੰ ਅਣਗੌਲਿਆਂ ਕਰ ਦਿੱਤਾ ਤਾਂ ਮਨੁੱਖੀ ਜੀਵਨ ਤਬਾਹ ਹੋ ਜਾਵੇਗਾ। ਆਉ ਰਲ ਕੇ ਪਾਣੀ ਨੂੰ ਬਚਾਉਣ ਲਈ ਯੋਗ ਉਪਰਾਲੇ ਕਰੀਏ ਕਿਉਂਕਿ 'ਜਲ ਹੀ ਜੀਵਨ ਹੈ', 'ਜਲ ਹੈ ਤਾਂ ਕੱਲ੍ਹ ਹੈ।'


-ਓਮ ਪ੍ਰਕਾਸ਼ ਪੂਨੀਆ, ਗਿੱਦੜਬਾਹਾ।


* ਭਾਰਤ ਦੇ 21 ਸ਼ਹਿਰਾਂ ਦੀ ਤਸਵੀਰ ਮੀਡੀਆ ਤੇ 2020 ਵਿਚ ਪਾਣੀ ਦੀ ਕਿੱਲਤ ਦੀ ਭਵਿੱਖਬਾਣੀ ਕਰ ਰਹੀ ਹੈ। ਇਸ ਨੂੰ ਖ਼ਤਰੇ ਦੀ ਘੰਟੀ ਸਮਝਿਆ ਜਾਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਗੁਰਬਾਣੀ ਵਿਚ ਪਾਣੀ, ਹਵਾ ਤੇ ਧਰਤੀ ਬਾਰੇ ਉੱਚਾ ਤੇ ਸੁੱਚਾ ਦ੍ਰਿਸ਼ਟਾਂਤ ਦਿੱਤਾ ਸੀ, ਜਿਸ 'ਤੇ ਅਸੀਂ ਅਮਲ ਨਹੀਂ ਕੀਤਾ। ਹਰੇਕ ਨੂੰ ਘਰ ਤੋਂ ਖੇਤੀਬਾੜੀ ਵਿਚ ਖੇਤੀ ਵਿਗਿਆਨੀਆਂ ਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਖੇਤੀ ਵਿਚ ਫ਼ਸਲਾਂ ਦੇ ਬਦਲ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਲਈ ਕਿਸਾਨ ਨੂੰ ਸਬਸਿਡੀਆਂ ਦਿੱਤੀਆਂ ਜਾਣ, ਮੰਡੀਕਰਨ ਠੀਕ ਕੀਤਾ ਜਾਵੇ। ਲਾਹੇਵੰਦ ਭਾਅ ਦਿੱਤੇ ਜਾਣ, ਭਾਸ਼ਨਾਂ 'ਤੇ ਜ਼ੋਰ ਨਾ ਦਿੱਤਾ ਜਾਵੇ, ਹਕੀਕਤ ਵਿਚ ਪਾਣੀ ਦੀ ਸੰਭਾਲ ਲਈ ਸਾਂਝੇ ਯਤਨ ਕੀਤੇ ਜਾਣ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਤਹਿ: ਤੇ ਜ਼ਿਲ੍ਹਾ ਪਟਿਆਲਾ।


* ਗੁਰਚਰਨ ਸਿੰਘ ਨੂਰਪੁਰ ਹੁਰਾਂ ਅੱਜ ਦੇ ਗੰਭੀਰ ਮਸਲੇ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਬਾਰੇ ਹੋਕਾ ਦਿੱਤਾ ਹੈ। ਪਾਣੀ ਪਲੀਤ ਹੋਣ ਦੇ ਨਾਲ-ਨਾਲ ਹਵਾ ਤੇ ਮਿੱਟੀ ਵੀ ਪਲੀਤ ਹੋ ਰਹੀ ਹੈ। ਆਖ਼ਰ ਇਸ ਵਿਚ ਕਸੂਰ ਕਿਸ ਦਾ ਹੈ, ਕਦੇ ਨਹੀਂ ਸੋਚਿਆ। ਪਿੰਡਾਂ, ਕਸਬਿਆਂ, ਸ਼ਹਿਰਾਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਅਸੀਂ ਦਰਿਆਵਾਂ ਵਿਚ ਸੁੱਟ ਰਹੇ ਹਾਂ। ਮਨੁੱਖੀ ਜਾਤ ਨੂੰ ਨੁਕਸਾਨ ਤਾਂ ਹੋ ਹੀ ਰਿਹਾ ਹੈ, ਦਰਿਆ ਵਿਚਲੇ ਜੀਵ ਜੰਤੂ ਵੀ ਖ਼ਤਮ ਹੋ ਰਹੇ ਹਨ। ਝੋਨਾ ਜੋ ਪੰਜਾਬ ਦੀ ਫ਼ਸਲ ਨਹੀਂ ਸੀ, ਕੇਵਲ ਨਹਿਰਾਂ ਨੇੜੇ ਹੀ ਥੋੜ੍ਹਾ-ਬਹੁਤਾ ਬੀਜਿਆ ਜਾਂਦਾ ਸੀ, 'ਹਰੇ ਇਨਕਲਾਬ' ਦੇ ਨਾਂਅ ਹੇਠ ਪੰਜਾਬ ਦੀ ਸਾਰੀ ਧਰਤੀ 'ਤੇ ਬੀਜਿਆ ਜਾਣ ਕਰਕੇ ਪੰਜਾਬ ਨੂੰ ਪਾਣੀ ਦੇ ਸੰਕਟ ਵਿਚ ਪਾ ਦਿੱਤਾ ਹੈ। ਦੂਜਾ ਵੱਡਾ ਕਾਰਨ ਹੈ ਮੁਫ਼ਤ ਬਿਜਲੀ ਦਾ ਕਿਸਾਨਾਂ ਨੂੰ ਮਿਲਣਾ। ਵਿਦਵਾਨ ਲੋਕ ਇਸ ਹੋ ਰਹੇ ਅਨਰਥ ਤੋਂ ਪ੍ਰੇਸ਼ਾਨ ਹਨ। ਜਿਨ੍ਹਾਂ ਖੂਹਾਂ ਤੋਂ ਅਸੀਂ ਬੁੱਕਾਂ ਨਾਲ ਪਾਣੀ ਪੀਤਾ, ਉਹ ਰੇਤ ਦੀਆਂ ਖੱਡਾਂ ਹੋ ਗਏ ਹਨ। ਜ਼ਹਿਰ ਘੁਲ ਰਹੇ ਪਾਣੀਆਂ ਨੂੰ ਬਚਾਈਏ, ਧਰਤੀ ਦੇ ਖੂਬਸੂਰਤ ਵਾਤਾਵਰਨ ਨੂੰ ਗ੍ਰਹਿਣ ਲੱਗਣ ਤੋਂ ਬਚਾਈਏ। ਪੰਜ-ਆਬ ਦੀ ਧਰਤੀ ਰੁਦਨ ਕਰ ਰਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮੁਆਫ਼ ਨਹੀਂ ਕਰਨਾ।


-ਜਗਤਾਰ ਗਿੱਲ, ਬਲ ਸਚੰਦਰ, ਅੰਮ੍ਰਿਤਸਰ।


* ਪੀਣ ਦੇ ਪਾਣੀ ਦਾ ਸੰਕਟ ਦਿਨ-ਪ੍ਰਤੀਦਿਨ ਗੰਭੀਰ ਅਤੇ ਵਿਕਰਾਲ ਖ਼ਤਰਨਾਕ ਰੂਪ ਅਖ਼ਤਿਆਰ ਕਰ ਰਿਹਾ ਹੈ। ਸਰਕਾਰਾਂ ਅਤੇ ਆਮ ਲੋਕ ਇਸ ਗੰਭੀਰ ਸਮੱਸਿਆ ਪ੍ਰਤੀ ਸੁਹਿਰਦ ਨਹੀਂ ਹਨ, ਜਿਸ ਦੇ ਸਮਾਂ ਬੀਤਿਆਂ ਖ਼ਤਰਨਾਕ ਸਿੱਟੇ ਭੁਗਤਣੇ ਪੈਣਗੇ। ਸਰਕਾਰਾਂ ਪਾਣੀ ਬਚਾਉਣ ਲਈ ਨੀਤੀਆਂ, ਬੋਰਡ ਬਣਾ ਕੇ, ਦਾਅਵੇ ਅਤੇ ਵਾਅਦਿਆਂ ਦੀਆਂ ਤਕਰੀਰਾਂ ਤਾਂ ਕਰਦੀਆਂ ਹਨ ਪਰ ਮੂਲ ਰੂਪ 'ਚ ਕਾਰਵਾਈਆਂ ਵੋਟ ਬੈਂਕ ਦੀ ਭੇਟ ਚੜ੍ਹ ਜਾਂਦੀਆਂ ਹਨ। ਧਰਤੀ ਹੇਠਲੇ ਪਾਣੀ ਨੂੰ ਰੋਕਣ ਲਈ ਕੋਈ ਕਾਨੂੰਨ ਜਾਂ ਨੀਤੀ ਨਹੀਂ ਹੈ, ਧਰਤੀ ਉਪਰਲੇ ਪਾਣੀ ਦੀ ਵੰਡ ਅਤੇ ਖੇਤੀਬਾੜੀ ਲਈ ਵਰਤੋਂ ਕਰਨ ਦੇ ਯੋਗ ਵਸੀਲਿਆਂ ਦੀ ਬੇਹੱਦ ਘਾਟ ਹੈ। ਨਹਿਰੀ ਵਿਭਾਗ ਦੇ ਸੂਏ, ਨਾਲੇ, ਕੱਸੀਆਂ, ਨਹਿਰੀ ਜ਼ਮੀਨ 'ਤੇ ਕਿਸਾਨਾਂ ਨੇ ਕਬਜ਼ੇ ਕਰਕੇ ਉਨ੍ਹਾਂ ਦੀ ਹੋਂਦ ਹੀ ਮਿਟਾ ਦਿੱਤੀ ਹੈ ਅਤੇ ਵਿਭਾਗ ਗੁਆਂਢੀ ਸੂਬਿਆਂ ਨੂੰ ਜਾਂਦੇ ਪਾਣੀ ਦੀ ਸਾਂਭ-ਸੰਭਾਲ ਲਈ ਹੀ ਨਿਯੁਕਤ ਰੱਖਿਆ ਜਾਪਦਾ ਹੈ। ਇਹ ਸਭ ਕੁਝ ਸਰਕਾਰਾਂ ਦੀ ਵੋਟ ਬੈਂਕ ਨੀਤੀ ਦੀ ਭੇਟ ਚੜ੍ਹਿਆ ਹੈ। ਨਹਿਰੀ ਵਿਭਾਗ ਦਾ ਸਮੂਹ ਅਮਲਾ ਸਰਕਾਰਾਂ ਨੇ ਨਹਿਰੀ ਪਾਣੀ ਮੁਫ਼ਤ ਕਰਕੇ ਨਹਿਰੀ ਪਾਣੀ ਦੇ ਸਾਧਨਾਂ ਦੀ ਰੱਖ-ਰਖਾਅ ਜ਼ਰੂਰਤ ਤੋਂ ਵਿਰਵਾ ਕਰਕੇ ਬਿਠਾ ਦਿੱਤਾ ਹੈ। ਕਿਸਾਨਾਂ ਦੀ ਨਹਿਰੀ ਪਾਣੀ ਪ੍ਰਤੀ ਮਨਮਰਜ਼ੀ ਅਤੇ ਬਿਜਲੀ ਟਿਊਬਵੈੱਲਾਂ ਦੇ ਸਰਕਾਰੀ ਹੁਲਾਰੇ ਨੇ ਧਰਤੀ ਹੇਠਲੇ ਪਾਣੀ ਦੇ ਸੰਕਟ ਦੀ ਗੰਭੀਰਤਾ 'ਚ ਅਹਿਮ ਰੋਲ ਅਦਾ ਕੀਤਾ ਹੈ। ਪਿੰਡਾਂ 'ਚ ਪਾਣੀ ਦੀਆਂ ਟੈਂਕੀਆਂ ਰਾਹੀਂ ਕਰੋੜਾਂ ਲੀਟਰ ਪਾਣੀ ਨਾਜਾਇਜ਼ ਰੋੜ੍ਹਿਆ ਜਾ ਰਿਹਾ ਹੈ। ਇਸ ਸਭ ਕਾਸੇ ਨੂੰ ਵਾਚਦਿਆਂ ਭਵਿੱਖ ਦੇ ਪਾਣੀ ਖ਼ਤਰੇ ਦੇ ਮੱਦੇਨਜ਼ਰ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਦੀ ਪ੍ਰੋੜ੍ਹਤਾ 'ਚ ਇਕਜੁਟਤਾ ਦਾ ਸਬੂਤ ਦੇਣ ਦੀ ਲੋੜ ਭਾਸਦੀ ਹੈ। ਸਰਕਾਰਾਂ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਕੇ ਮਹਿਕਮਿਆਂ ਨੂੰ ਖ਼ੁਦਮੁਖ਼ਤਿਆਰੀ ਨਾਲ ਕਾਰਜ ਕਰਨ ਦੀ ਖੁੱਲ੍ਹ ਦੇਣ।


-ਇੰਜੀ: ਸਤਨਾਮ ਸਿੰਘ ਮੱਟੂ
ਬੀਂਬੜੀ, ਸੰਗਰੂਰ।


* ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਮੌਨਸੂਨ ਦੀ ਬਾਰਿਸ਼ ਘੱਟ ਹੁੰਦੀ ਜਾ ਰਹੀ ਹੈ ਅਤੇ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਵੀ ਘੱਟ ਹੀ ਹੁੰਦੀਆਂ ਹਨ। ਬਹੁਤ ਸਾਰੇ ਛੱਪੜ, ਤਲਾਬਾਂ ਆਦਿ ਤੇ ਨਾਜਾਇਜ਼ ਕਬਜ਼ੇ ਕਰਕੇ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਪਾਣੀ ਦੀ ਦੁਰਵਰਤੋਂ ਦਿਨੋ-ਦਿਨ ਵਧਣ ਨਾਲ ਪਾਣੀ ਪਤਾਲ ਤੱਕ ਪਹੁੰਚ ਗਿਆ ਹੈ, ਅੱਜ ਪਾਣੀ ਦੀ ਕਮੀ ਸਭ ਤੋਂ ਵੱਡੀ ਚੁਣੌਤੀ ਹੈ। ਝੋਨੇ ਦੀ ਖੇਤੀ ਨੇ ਜ਼ਮੀਨ ਦੇ ਪਾਣੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਰਿਆਵਾਂ ਦੇ ਪਾਣੀ ਵੀ ਬਹੁਤ ਘਟ ਗਏ ਹਨ ਅਤੇ ਬੁਰੀ ਤਰ੍ਹਾਂ ਪ੍ਰਦੂਸ਼ਿਤ ਹਨ। ਧਰਤੀ ਹੇਠਲੇ ਪਾਣੀ ਨੂੰ ਕਿਵੇਂ ਸੰਭਾਲਣਾ ਹੈ ਅਤੇ ਇਸ ਦਾ ਪੱਧਰ ਉੱਪਰ ਕਿਵੇਂ ਚੁੱਕਣਾ ਹੈ, ਇਹ ਇਕ ਵੱਡੀ ਚੁਣੌਤੀ ਹੈ। ਇਸ ਲਈ ਬਾਰਿਸ਼ ਦੇ ਪਾਣੀ ਨੂੰ ਬਚਾਉਣ ਅਤੇ ਖੇਤੀ ਲਈ ਫੁਆਰਾ ਜਾਂ ਤੁਪਕਾ ਸਿੰਚਾਈ ਨੂੰ ਅਪਣਾਉਣ ਦੀ ਲੋੜ ਹੈ। ਘਰਾਂ, ਵਪਾਰਕ ਅਦਾਰਿਆਂ, ਸਨਅਤਾਂ ਆਦਿ ਵਿਚ ਪਾਣੀ ਦੀ ਵਰਤੋਂ ਲਈ ਬਿਜਲੀ ਦੇ ਮੀਟਰ ਲਗਾਉਣੇ ਚਾਹੀਦੇ ਹਨ। ਝੋਨੇ ਦੀ ਜਗ੍ਹਾ ਕੋਈ ਬਦਲਵੀਂ ਫ਼ਸਲ ਬੀਜਣ ਦੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ, ਜਿਸ ਨਾਲ ਕਿਸਾਨ ਨੂੰ ਵੀ ਫ਼ਸਲੀ ਘਾਟਾ ਨਾ ਪਵੇ ਅਤੇ ਕੁਦਰਤ ਦੀ ਅਣਮੁੱਲੀ ਦਾਤ ਪਾਣੀ ਨੂੰ ਵੀ ਬਚਾਇਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਬਹਾਦੀਆ, ਕੈਨੇਡਾ।

16-07-2019

 ਨਵੇਂ ਭਾਰਤ ਦਾ ਨਿਰਮਾਣ
ਪਿਛਲੇ ਦਿਨੀਂ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਟੀਚਾ ਨਵੇਂ ਭਾਰਤ ਦਾ ਨਿਰਮਾਣ ਕਰਦਿਆਂ ਹਰ ਵਿਅਕਤੀ ਨੂੰ ਸਮਰੱਥ ਬਣਾਉਣਾ ਹੈ। ਦੇਸ਼ ਵਾਸੀ ਵੀ ਮੋਦੀ ਸਰਕਾਰ ਤੋਂ ਇਹੀ ਉਮੀਦ ਰੱਖਦੇ ਹਨ। ਦੇਸ਼ ਦਾ ਹਰ ਵਿਅਕਤੀ ਸਮਰੱਥ ਤਦ ਹੀ ਬਣੇਗਾ, ਜਦ ਹਰ ਵਿਅਕਤੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਜਦ ਮਹਿੰਗਾਈ 'ਤੇ ਲਗਾਮ ਕੱਸੀ ਜਾਵੇਗੀ। ਨਵੀਂ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਜੇਕਰ ਇਹ ਯੋਜਨਾਵਾਂ ਰੁਜ਼ਗਾਰ ਮੁਖੀ ਬਣਾਈਆਂ ਜਾਂਦੀਆਂ ਹਨ ਤਾਂ ਇਹ ਯੋਜਨਾਵਾਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ 'ਚ ਜ਼ਰੂਰ ਸਹਾਈ ਹੋਣਗੀਆਂ। ਹੋ ਸਕਦਾ ਹੈ ਕਿ ਸਰਕਾਰ ਲਈ ਬਹੁਤੀਆਂ ਯੋਜਨਾਵਾਂ ਨੇਪਰੇ ਚੜ੍ਹਾਉਣੀਆਂ ਸੰਭਵ ਨਾ ਹੋਣ। ਪਰ ਜੇਕਰ ਸਰਕਾਰ ਗੰਭੀਰ ਹੈ ਤਾਂ ਉਸ ਲਈ ਸਭ ਕੁਝ ਸੰਭਵ ਹੈ। ਗੰਭੀਰ ਹੋਇਆਂ ਬਿਨਾਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਅਸੰਭਵ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪ੍ਰਦੂਸ਼ਣ ਚੈੱਕ ਸੈਂਟਰ ਫੈਲਾ ਰਹੇ ਨੇ ਪ੍ਰਦੂਸ਼ਣ
ਆਵਾਜਾਈ ਦੇ ਸਾਧਨਾਂ ਵਿਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ ਅਤੇ ਇਹ ਪ੍ਰਕਿਰਿਆ ਦਿਨੋ-ਦਿਨ ਵਧ ਰਹੀ ਹੈ। ਅੱਜ ਘਰ ਵਿਚ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਸਕੂਟਰ, ਮੋਟਰਸਾਈਕਲ, ਕਾਰ ਅਤੇ ਹੋਰ ਆਵਾਜਾਈ ਦੇ ਸਾਧਨ ਮੌਜੂਦ ਹਨ। ਅਕਸਰ ਹੀ ਪੁਲਿਸ ਵਲੋਂ ਸੜਕ 'ਤੇ ਵਾਹਨ ਦੀ ਚੈਕਿੰਗ ਕੀਤੀ ਜਾਂਦੀ ਹੈ। ਹੋਰ ਦਸਤਾਵੇਜ਼ਾਂ ਦੇ ਨਾਲ-ਨਾਲ ਇਹ ਵੀ ਦੇਖਿਆ ਜਾਂਦਾ ਹੈ ਕਿ ਵਾਹਨ ਦਾ ਪ੍ਰਦੂਸ਼ਣ ਸਰਟੀਫਿਕੇਟ ਵੀ ਬਣਿਆ ਹੋਵੇ ਅਤੇ ਚੈਕਿੰਗ ਕਰਦੇ ਸਮੇਂ ਪੁਲਿਸ ਵਲੋਂ ਪ੍ਰਦੂਸ਼ਣ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਹ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਵਾਹਨ ਵਲੋਂ ਤੈਅ ਮਾਤਰਾ ਤੋਂ ਵੱਧ ਧੂੰਆਂ ਨਹੀਂ ਛੱਡਿਆ ਜਾ ਰਿਹਾ ਅਤੇ ਇਹ ਵਾਹਨ ਕਿਸੇ ਵੀ ਤਰ੍ਹਾਂ ਹਵਾ ਪ੍ਰਦੂਸ਼ਣ ਨਹੀਂ ਫੈਲਾ ਰਿਹਾ ਪਰ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਖੁੰਬਾਂ ਵਾਂਗ ਖੁੱਲ੍ਹੀਆਂ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਦੁਕਾਨਾਂ ਤੋਂ ਇਹ ਸਰਟੀਫਿਕੇਟ ਬਹੁਤ ਹੀ ਘੱਟ ਕੀਮਤ 'ਤੇ ਉਪਲਬਧ ਹੋ ਜਾਂਦਾ ਹੈ। ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਵੇਲੇ ਨਾ ਹੀ ਵਾਹਨ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾ ਹੀ ਸਰਕਾਰ ਵਲੋਂ ਜਾਰੀ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਸਰਕਾਰ ਨੂੰ ਅਜਿਹੇ ਸੈਂਟਰਾਂ ਖਿਲਾਫ਼ ਸਖ਼ਤ ਕਾਨੂੰਨ ਅਮਲ ਵਿਚ ਲਿਆਉਣਾ ਚਾਹੀਦਾ ਹੈ ਅਤੇ ਪ੍ਰਦੂਸ਼ਣ ਸਰਟੀਫਿਕੇਟ ਸਿਰਫ ਉਸ ਵਾਹਨ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਵੱਧ ਮਾਤਰਾ ਵਿਚ ਧੂੰਆਂ ਨਾ ਛੱਡਦਾ ਹੋਵੇ। ਪ੍ਰਦੂਸ਼ਣ ਚੈੱਕ ਸੈਂਟਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਜਿਹੇ ਸਰਟੀਫਿਕੇਟ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਹਰ ਦੇਸ਼ਵਾਸੀ ਸਾਫ਼ ਹਵਾ ਵਿਚ ਸਾਹ ਲੈ ਸਕੇ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਕੁੱਲੂ ਜ਼ਿਲ੍ਹੇ 'ਚ ਬੰਜਾਰ ਬੱਸ ਹਾਦਸਾ
ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੇ ਬੰਜਾਰ ਇਲਾਕੇ 'ਚ ਹੋਏ ਬੱਸ ਹਾਦਸੇ 'ਚ 44 ਦੇ ਕਰੀਬ ਸਵਾਰੀਆਂ ਦੀ ਭਿਆਨਕ ਮੌਤ ਨੇ ਸਾਰੇ ਦੇਸ਼ਵਾਸੀਆਂ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਬੱਸ ਹਾਦਸੇ ਲਈ ਕਾਰਨ ਭਾਵੇਂ ਕੋਈ ਵੀ ਜ਼ਿੰਮੇਵਾਰ ਹੋਵੇ, ਪਰ ਇਸ ਅਮਲ ਲਈ ਸੂਬੇ ਦੀ ਸੜਕੀ ਆਵਾਜਾਈ ਪ੍ਰਬੰਧ 'ਤੇ ਕਈ ਸਵਾਲ ਉੱਠਦੇ ਹਨ। ਸੂਬੇ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੂਬੇ ਦੀਆਂ ਸੜਕਾਂ 'ਤੇ ਕੇਵਲ ਸਥਾਨਕ ਲੋਕ ਹੀ ਸਫ਼ਰ ਨਹੀਂ ਕਰਦੇ, ਸਗੋਂ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੈਰ-ਸਪਾਟੇ ਦੇ ਸ਼ੌਕੀਨ ਆਪਣੀ ਜਾਨ ਜੋਖ਼ਮ 'ਚ ਪਾ ਕੇ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦੀ ਸੁੰਦਰਤਾ ਦੇਖਣ ਆਉਂਦੇ ਹਨ। ਹਿਮਾਚਲ ਦੇ ਬੱਸਾਂ ਤੇ ਟੈਕਸੀ ਚਾਲਕਾਂ ਦਾ ਦੂਜੇ {ਰਾਜਾਂ ਤੋਂ ਆਉਂਦੀਆਂ ਗੱਡੀਆਂ ਤੇ ਕਾਰਾਂ ਦੇ ਚਾਲਕਾਂ ਨਾਲ ਵਿਵਹਾਰ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ। ਇਸ ਮਾਮਲੇ 'ਚ ਸਰਕਾਰੀ ਬੱਸਾਂ ਦੇ ਡਰਾਈਵਰ ਵੀ ਘੱਟ ਨਹੀਂ ਹਨ ਤੇ ਹਿਮਾਚਲ ਦੇ ਟੈਕਸੀ ਚਾਲਕਾਂ ਨੂੰ ਤਾਂ ਇਸ ਗੱਲ ਦੀ ਸਿਰੇ ਦੀ ਈਰਖਾ ਤੇ ਸਾੜਾ ਹੁੰਦਾ ਹੈ ਕਿ ਇੱਧਰ ਘੁੰਮਣ-ਫਿਰਨ ਆਉਣ ਵਾਲੇ ਲੋਕ ਆਪਣੀ ਟੈਕਸੀ ਜਾ ਗੱਡੀ ਮੋਟਰ ਦਾ ਪ੍ਰਬੰਧ ਕਰਕੇ ਕਿਉਂ ਆ ਰਹੇ ਹਨ। ਡਰਾਈਵਰਾਂ ਦੀ ਦਾਦਾਗਿਰੀ ਹਿਮਾਚਲੀ ਪ੍ਰਾਹੁਣਚਾਰੀ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਹਿਮਾਚਲ ਸਰਕਾਰ ਨੂੰ ਸੂਬੇ ਦੀ ਸੜਕ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਸਰਕਾਰੀ ਤੇ ਪ੍ਰਾਈਵੇਟ ਵਾਹਨ ਚਾਲਕਾਂ ਨੂੰ ਪਹਾੜੀ ਰਸਤਿਆਂ 'ਤੇ ਚੱਲਣ ਸਮੇਂ ਬਾਹਰੋਂ ਆਏ ਗੱਡੀ ਚਾਲਕਾਂ ਨਾਲ ਚੰਗੇ ਵਤੀਰੇ ਦੀ ਰਵਾਇਤ ਨੂੰ ਧਿਆਨ 'ਚ ਰੱਖਣ ਦੀ ਖਾਸ ਸਿਖਲਾਈ ਦੇਣੀ ਚਾਹੀਦੀ ਹੈ। ਹਿਮਾਚਲ ਸਰਕਾਰ ਤੇ ਸਥਾਨਕ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੂਬੇ ਦਾ ਸੈਰ-ਸਪਾਟਾ ਕਾਰੋਬਾਰ ਸੂਬੇ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਵਸੀਲਾ ਹੈ ਤੇ ਸੂਬੇ ਦੀ ਸੜਕੀ ਆਵਾਜਾਈ 'ਚ ਪਾਈਆਂ ਊਣਤਾਈਆਂ ਸੈਲਾਨੀਆਂ ਨੂੰ ਸਕੂਨ ਦੇਣ ਦੀ ਬਜਾਏ ਬੇਚੈਨ ਕਰਨ ਲਈ ਵੱਡਾ ਕਾਰਨ ਬਣਨਗੀਆਂ ਜਿਸ ਨਾਲ ਸੂਬੇ ਦੇ ਸੈਰ-ਸਪਾਟਾ ਕਾਰੋਬਾਰ ਨੂੰ ਢਾਹ ਲੱਗ ਸਕਦੀ ਹੈ।

-ਵਰਿੰਦਰ ਸਿੰਘ ਨਿਮਾਣਾ, ਪ੍ਰਿੰ: ਅਮਨਦੀਪ ਸ਼ਰਮਾ, ਸਰਬਜੀਤ ਸਿੰਘ ਕੰਗ ਤੇ ਸਮੂਹ ਮੈਂਬਰ
ਪੰਜਾਬੀ ਵਿਕਾਸ ਮੰਚ ਹਰਿਆਣਾ ਰਜਿ: ਹੁਸ਼ਿਆਰਪੁਰ।

ਬੋਰਵੈੱਲ ਬੰਦ ਕਿਵੇਂ ਕੀਤੇ ਜਾਣ...
ਸੰਗਰੂਰ ਦੇ ਭਗਵਾਨਪੁਰਾ ਦੇ ਮਾਸੂਮ ਫਤਹਿਵੀਰ ਦੀ ਬੋਰਵੈੱਲ ਵਿਚ ਡਿਗਣ ਕਾਰਨ ਹੋਈ ਦੁਖਦਾਈ ਮੌਤ ਤੋਂ ਬਾਅਦ ਬੋਰਵੈੱਲ ਬੰਦ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਹ ਜ਼ਰੂਰੀ ਵੀ ਹੋ ਗਿਆ ਹੈ, ਕਿਉਂਕਿ ਇਹ ਬੋਰਵੈੱਲ ਜਾਨ ਦਾ ਖੌਅ ਬਣ ਗਏ ਹਨ। ਧਰਤੀ ਦੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਨਵੇਂ ਬੋਰ ਕਰਵਾਉਣੇ ਪੈਂਦੇ ਹਨ ਅਤੇ ਇਹ ਪੁਰਾਣੇ ਬੋਰ ਦੇ ਮੂੰਹ 'ਤੇ ਜਾਂ ਤਾਂ ਕੋਈ ਲੱਕੜੀ, ਪੱਥਰ ਆਦਿ ਰੱਖ ਦਿੱਤਾ ਜਾਂਦਾ ਹੈ ਜਾਂ ਫਿਰ ਆਮ ਕਰਕੇ ਬੋਰੀ ਨਾਲ ਇਸ ਦਾ ਮੂੰਹ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਸਾਲਾਂਬੱਧੀ ਇਸੇ ਤਰ੍ਹਾਂ ਬੰਨ੍ਹਿਆ ਰਹਿੰਦਾ ਹੈ। ਨਤੀਜੇ ਵਜੋਂ ਇਹ ਦੇਖਣ ਨੂੰ ਸਾਬਤ-ਸਬੂਤਾ ਲਗਦਾ ਹੈ ਪਰ ਬਾਰਸ਼ ਤੇ ਧੁੱਪਾਂ ਨਾਲ ਬੋਦਾ ਹੋ ਜਾਂਦਾ ਹੈ, ਥੋੜ੍ਹਾ ਜਿਹਾ ਦਬਾਅ ਪੈਣ 'ਤੇ ਹੀ ਫਟ ਜਾਂਦਾ ਹੈ, ਜਿਸ ਤਰ੍ਹਾਂ ਮਾਸੂਮ ਫਤਹਿਵੀਰ ਨਾਲ ਹੋਇਆ। ਕਈ ਕਿਸਾਨ ਆਖਦੇ ਹਨ ਕਿ ਜਦੋਂ ਬਾਰਸ਼ਾਂ ਦਾ ਪਾਣੀ ਉਨ੍ਹਾਂ ਦੀਆਂ ਫਸਲਾਂ ਖਰਾਬ ਕਰਦਾ ਹੈ ਤਾਂ ਉਹ ਇਨ੍ਹਾਂ ਪੁਰਾਣੇ ਬੋਰਾਂ ਦਾ ਮੂੰਹ ਖੋਲ੍ਹ ਦਿੰਦੇ ਹਨ, ਜਿਸ ਨਾਲ ਪਾਣੀ ਹੇਠਾਂ ਧਰਤੀ ਵਿਚ ਚਲਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਮਰਨ ਤੋਂ ਬਚ ਜਾਂਦੀਆਂ ਹਨ ਪਰ ਜੇ ਇਨ੍ਹਾਂ ਪੁਰਾਣੇ ਬੋਰਾਂ ਦਾ ਐਨਾ ਫਾਇਦਾ ਹੈ ਤਾਂ ਮਾਹਿਰਾਂ ਦੀ ਸਲਾਹ ਨਾਲ ਇਨ੍ਹਾਂ ਨੂੰ ਇੱਟਾਂ ਦੇ ਟੁਕੜਿਆਂ, ਬੱਟਿਆਂ, ਬੱਜਰੀ ਆਦਿ ਨਾਲ ਭਰ ਦਿੱਤਾ ਜਾਵੇ, ਤਾਂ ਕਿ ਪਾਣੀ ਵੀ ਧਰਤੀ ਅੰਦਰ ਚਲਾ ਜਾਵੇ ਤੇ ਕੋਈ ਮੰਦਭਾਗੀ ਘਟਨਾ ਵੀ ਨਾ ਵਾਪਰੇ।

-ਅੰਮ੍ਰਿਤ ਕੌਰ,
ਅੱਧੀ ਟਿੱਬੀ, ਬਡਰੁੱਖਾਂ (ਸੰਗਰੂਰ)।

15-07-2019

 ਵਣ ਮਹਾਂਉਤਸਵ...
ਜੁਲਾਈ-ਅਗਸਤ ਮਹੀਨੇ ਵਣ ਮਹਾਂਉਤਸਵ ਮਨਾਉਣ ਦੇ ਹੀ ਹਨ। ਹਰ ਸਾਲ ਇਨ੍ਹਾਂ ਦਿਨਾਂ ਵਿਚ ਲੱਖਾਂ ਪੌਦੇ ਵੱਖ-ਵੱਖ ਅਦਾਰੇ ਲਾਉਂਦੇ ਹਨ। ਜਿੰਨੇ ਰੁੱਖ ਲਗਾਉਣ ਦਾ ਵੱਖ-ਵੱਖ ਸੰਸਥਾਵਾਂ ਦਾਅਵਾ ਕਰ ਰਹੀਆਂ ਹਨ, ਉਸ ਹਿਸਾਬ ਨਾਲ ਪੰਜਾਬ ਵਿਚ ਪੱਚੀ ਫ਼ੀਸਦੀ ਧਰਤੀ 'ਤੇ ਦਰੱਖਤ ਹੋਣੇ ਚਾਹੀਦੇ ਹਨ ਪਰ ਇਥੇ ਧਰਤੀ ਦੇ ਪੰਜ ਫ਼ੀਸਦੀ ਹਿੱਸੇ ਤੋਂ ਦਰੱਖਤ ਨਹੀਂ ਵਧੇ। ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬੂਟੇ ਜਾਂਦੇ ਕਿੱਥੇ ਹਨ? ਬੂਟੇ ਲਾਉਣ ਵਾਲੀਆਂ ਧਿਰਾਂ ਕੀ ਸੱਚਮੁੱਚ ਹੀ ਦਰੱਖਤ ਲਾਉਣ ਲਈ ਸੰਜੀਦਾ ਹਨ? ਜੇ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇ ਤਾਂ ਜਵਾਬ ਨਹੀਂ ਹੀ ਹੋਵੇਗਾ। ਇਥੇ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਹਰ ਸਾਲ ਲੱਖਾਂ ਰੁਪਏ ਦੀ ਕੀਮਤ ਦੇ ਦਰੱਖਤ ਵਿਹਲੀ ਥਾਂ 'ਤੇ ਲਾ ਕੇ ਸੁੱਕਣ ਲਈ ਛੱਡ ਦਿੰਦੇ ਹਨ। ਉਨ੍ਹਾਂ ਦੀ ਗਿਣਤੀ ਵਧਾਉਣ ਨਾਲੋਂ ਬੂਟੇ ਦੀ ਘੱਟੋ-ਘੱਟ ਦੋ ਸਾਲ ਸੰਭਾਲ ਕੀਤੀ ਜਾਵੇ।
ਜਿਹੜੇ ਦਰੱਖਤ ਸੜਕਾਂ ਆਦਿ 'ਤੇ ਲਾਏ ਜਾਂਦੇ ਹਨ, ਉਹ ਜਾਂ ਤਾਂ ਫਲਦਾਰ ਹੋਣ ਜਿਸ ਦੀ ਸਾਂਭ-ਸੰਭਾਲ ਨਾਲ ਦੇ ਖੇਤ ਵਾਲਾ ਕਿਸਾਨ ਕਰੇ ਤੇ ਉਸ ਦੇ ਫਲ ਦਾ ਮਾਲਕ ਵੀ ਉਹੀ ਕਿਸਾਨ ਹੋਵੇ ਜਾਂ ਉਹ ਦਰੱਖਤ ਲਾਏ ਜਾਣ ਜੋ ਬਹੁਤ ਲੰਮੇ ਨਾ ਹੋਣ, ਨਾਲ ਵਾਲੇ ਖੇਤ ਵਿਚਲੀ ਫਸਲ ਨੂੰ ਨੁਕਸਾਨ ਨਾ ਕਰਨ। ਸਰਕਾਰ ਹਰ ਪੰਚਾਇਤ ਨੂੰ 550 ਬੂਟੇ ਦੇ ਰਹੀ ਹੈ ਹਰ ਪੰਚਾਇਤ ਨੂੰ ਜਿਸ ਕੋਲ ਪੰਚਾਇਤੀ ਜ਼ਮੀਨ ਹੈ, ਉਸ ਵਿਚ ਦਰੱਖਤ ਲਾਉਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਹਰ ਪੰਚਾਇਤੀ ਜ਼ਮੀਨ ਦਾ 25 ਫ਼ੀਸਦੀ ਹਿੱਸੇ ਵਿਚ ਦਰੱਖਤ ਲਾਜ਼ਮੀ ਕੀਤੇ ਜਾਣ। ਹਰ ਕਿਸਾਨ ਨੂੰ ਇਕ ਏਕੜ ਮਗਰ ਦੋ ਦਰੱਖਤ ਲਾਉਣੇ ਲਾਜ਼ਮੀ ਹੋਣ ਅਜਿਹਾ ਨਾ ਕਰਨ ਵਾਲੇ ਨੂੰ ਬਿਜਲੀ ਦਾ ਬਿੱਲ ਲਾ ਦਿੱਤਾ ਜਾਵੇ। ਹਰ ਆਦਮੀ ਨੂੰ ਵੱਧ ਤੋਂ ਵੱਧ ਦਰੱਖਤ ਲਾਉਣ ਲਈ ਪ੍ਰੇਰਨਾ ਦਿੱਤੀ ਜਾਵੇ।

-ਜਸਕਰਨ
jaskaranlande@gmail.com

ਲੀਹੋਂ ਲੱਥਾ ਸਰਕਾਰੀਤੰਤਰ
ਗੋਬਿੰਦਰ ਸਿੰਘ ਬਰੜ੍ਹਵਾਲ ਦਾ ਲੇਖ ਸਰਕਾਰੀ ਮੁਲਾਜ਼ਮਾਂ ਦੀ ਬੇਰੁਖ਼ੀ ਬਾਰੇ ਵਿਸਥਾਰ ਨਾਲ ਚਾਨਣਾ ਪਾ ਗਿਆ। ਅੱਜ ਸਾਡੇ ਆਮ ਲੋਕਾਂ ਦਾ ਸਰਕਾਰੀ ਪ੍ਰਸ਼ਾਸਨ ਤੋਂ ਮੋਹ ਭੰਗ ਹੋ ਗਿਆ ਹੈ। ਕਚਹਿਰੀਆਂ, ਥਾਣੇ, ਡੀ.ਸੀ. ਦਫਤਰ, ਤਹਿਸੀਲ ਦਫਤਰ ਆਦਿ ਸਭ ਡਰਾਉਣੇ ਜਾਪਣ ਲੱਗੇ ਹਨ। ਆਮ ਆਦਮੀ ਇਨ੍ਹਾਂ ਦਫ਼ਤਰਾਂ ਦਾ ਨਾਂਅ ਸੁਣ ਕੇ ਹੀ ਦਹਿਲ ਜਾਂਦਾ ਹੈ। ਵਾਕਫ਼ੀ ਵਾਲੇ ਅਤੇ ਪੈਸੇ ਵਾਲੇ ਆਪਣਾ ਕੰਮ ਕਰਵਾ ਜਾਂਦੇ ਹਨ ਅਤੇ ਦੂਸਰੇ ਆਮ ਲੋਕਾਂ ਨੂੰ ਸਿਵਾਏ ਖੱਜਲ-ਖੁਆਰੀ ਤੋਂ ਕੁਝ ਹੱਥ ਨਹੀਂ ਆਉਂਦਾ। ਭ੍ਰਿਸ਼ਟਾਚਾਰ ਤਾਂ ਸਰਕਾਰੀ ਮੁਲਾਜ਼ਮਾਂ ਦੇ ਹੱਡੀਂ ਰਚ ਗਿਆ ਹੈ, ਖਾਸ ਕਰਕੇ ਪੁਲਿਸ ਮਹਿਕਮਾ ਤਾਂ ਨਾਲੇ ਲੁਟਦਾ ਹੈ ਅਤੇ ਨਾਲੇ ਕੁੱਟਦਾ ਹੈ। ਕੋਈ ਸੌ ਵਿਚੋਂ ਇਕ-ਅੱਧਾ ਹੀ ਹੋਣਾ ਹੈ ਜੋ ਰਿਸ਼ਵਤ ਲਏ ਬਿਨਾਂ ਕੰਮ ਕਰਦਾ ਹੋਵੇ। ਕੁਝ ਨੇਤਾ ਵੀ ਇਸ 'ਵਗਦੀ ਗੰਗਾ' ਚੋਂ ਹੱਥ ਧੋ ਕੇ ਮਾਲਾਮਾਲ ਹੋਈ ਜਾ ਰਹੇ ਹਨ। ਉਪਰਲੇ ਠੀਕ ੋਹਣ ਤਾਂ ਹੇਠਲੇ ਆਪੇ ਠੀਕ ਹੋ ਜਾਣਗੇ। ਮੋਟੀਆਂ-ਮੋਟੀਆਂ ਤਨਖਾਹਾਂ ਲੈ ਕੇ ਵੀ ਕੰਮ ਕਰਾਉਣ ਵਾਲਿਆਂ ਦੀਆਂ ਜੇਬ੍ਹਾਂ ਵਿਚ ਝਾਕਣਾ ਇਨ੍ਹਾਂ ਲੋਕਾਂ ਦੀ ਆਦਤ ਪੱਕੀ ਹੋ ਗਈ ਹੈ। ਲੀਹੋਂ ਲੱਥਾ ਸਰਕਾਰੀਤੰਤਰ ਕਦੋਂ ਲੀਹ 'ਤੇ ਆਵੇਗਾ? ਇਸ ਸਵਾਲ ਦਾ ਜਵਾਬ ਹੈ ਕਿਸੇ ਕੋਲ? ਆਮ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਤਾਂ ਹੀ ਇਸ ਬਿਮਾਰੀ ਤੋਂ ਰਾਹਤ ਮਿਲੇਗੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਵਾਤਾਵਰਨ ਪ੍ਰਤੀ ਅਣਗਹਿਲੀ
ਮਨੁੱਖ ਦੀ ਵਧਦੀ ਲਾਲਸਾ ਨੇ ਕੁਦਰਤੀ ਨਿਯਮਾਂ ਨੂੰ ਤੋੜ ਕੇ ਸੋਮਿਆਂ ਅਤੇ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਵਾਤਾਵਰਨ ਵਿਚ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ। ਪਾਣੀ ਦਾ ਪੱਧਰ ਦਿਨੋ-ਦਿਨ ਡਿੱਗ ਰਿਹਾ ਹੈ। ਅਸੀਂ ਹਵਾ ਨੂੰ ਵੀ ਅਸੀਂ ਵੱਖ-ਵੱਖ ਤਰੀਕਿਆਂ ਨਾਲ ਗੰਧਲਾ ਕਰ ਰਹੇ ਹਾਂ। ਕੁਦਰਤ ਨੇ ਸਾਨੂੰ ਹਵਾ ਪਾਣੀ ਮੁਫ਼ਤ ਵਿਚ ਦਿੱਤੇ ਹਨ ਪਰ ਮਨੁੱਖ ਨੇ ਆਪਣੀਆਂ ਸੁਆਰਥੀ ਲੋੜਾਂ ਦੀ ਪੂਰਤੀ ਕਰਨ ਹਿਤ ਇਨ੍ਹਾਂ ਦੋਵਾਂ ਨੂੰ ਹੀ ਗੰਧਲਾ ਕਰ ਦਿੱਤਾ ਹੈ। ਜਿਥੇ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਕਿੰਨੇ ਤਰ੍ਹਾਂ ਦੇ ਪ੍ਰਹੇਜ਼ ਕਰਦੇ ਹਾਂ ਪਰ ਪਾਣੀ ਅਤੇ ਸ਼ੁੱਧ ਹਵਾ ਜਿਸ ਦੀ ਬਦੌਲਤ ਧਰਤੀ ਦੇ ਜੀਵਨ ਦੀ ਹੋਂਦ ਬਰਕਰਾਰ ਹੈ, ਉਸ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਅਸੀਂ ਕੋਈ ਉਪਰਾਲਾ ਹੀ ਨਹੀਂ ਕਰਦੇ। ਜੇਕਰ ਹਵਾ ਪਾਣੀ ਸਾਨੂੰ ਸ਼ੁੱਧ ਤੇ ਸਾਫ਼ ਪ੍ਰਾਪਤ ਹੋਣਗੇ ਤਾਂ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਸ਼ਾਇਦ ਪੈਦਾ ਹੀ ਨਾ ਹੋਣ। ਸਾਡਾ ਫ਼ਰਜ਼ ਬਣਦਾ ਹੈ ਕਿ ਵਾਤਾਵਰਨ ਵਿਚ ਸ਼ੁੱਧਤਾ ਲਿਆਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਉਪਰਾਲੇ ਕਰੀਏ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਜ਼ਿਲ੍ਹਾ ਮੁਕਤਸਰ ਸਾਹਿਬ।

ਪਾਣੀ ਦੀ ਦੁਰਵਰਤੋਂ
ਸਾਡੀ ਜ਼ਿੰਦਗੀ ਲਈ ਅਨਮੋਲ ਖਜ਼ਾਨਾ ਪਾਣੀ ਹੈ ਪਰ ਫਿਰ ਵੀ ਇਸ ਦੀ ਵਰਤੋਂ ਅਸੀਂ ਸੰਜਮ ਨਾਲ ਨਹੀਂ ਕਰਦੇ। ਹਰ ਰੋਜ਼ ਬੁਰਸ਼ ਕਰਨ ਵੇਲੇ, ਨਹਾਉਣ ਵੇਲੇ, ਕੋਈ ਵਾਹਨ ਧੋਣ ਲਈ ਅਸੀਂ ਕਦੇ ਵੀ ਸੰਕੋਚ ਨਹੀਂ ਕਰਦੇ। ਟਿਊਬਵੈੱਲਾਂ ਰਾਹੀਂ ਖੇਤਾਂ ਵਿਚ ਝੋਨੇ ਦੀ ਫ਼ਸਲ ਪਾਲਣ ਲਈ ਵੀ ਬਹੁਤ ਪਾਣੀ ਵਰਤਿਆ ਜਾਂਦਾ ਹੈ। ਮਾਹਿਰਾਂ ਨੇ ਇਹ ਕਹਿ ਦਿੱਤਾ ਹੈ ਕਿ 2030 ਤੱਕ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਪਾਣੀ ਨੂੰ ਬਚਾਉਣ ਵਿਚ ਅੱਜ ਵੀ ਅਸੀਂ ਬਹੁਤ ਦੇਰ ਕਰ ਚੁੱਕੇ ਹਾਂ ਪਰ ਅੱਜ ਤੋਂ ਇਹ ਪਾਣੀ ਦੀ ਦੁਰਵਰਤੋਂ ਘਟਾ ਕੇ ਚੰਗੇ ਸਮਾਜ ਸੇਵੀ ਬਣੀਏ। ਇਸ ਚੰਗੇ ਕੰਮ ਦੀ ਸ਼ੁਰੂਆਤ ਕਿਸੇ ਹੋਰ ਤੋਂ ਨਹੀਂ, ਸਗੋਂ ਆਪਣੇ ਘਰ ਤੋਂ ਹੀ ਕਰੀਏ। ਜਿਥੇ ਵੀ ਪਾਣੀ ਦੀ ਵਰਤੋਂ ਕਰਦੇ ਹਾਂ, ਬੜੇ ਸੰਜਮ ਨਾਲ ਕਰੀਏ। ਜੇ ਅਸੀਂ ਸਾਰੇ ਇਸ ਪਲੇਟਫਾਰਮ 'ਤੇ ਇਕ ਹੋ ਜਾਈਏ ਤਾਂ ਅਸੀਂ ਪਾਣੀ ਨੂੰ ਬਚਾ ਸਕਦੇ ਹਾਂ।

-ਲੈਕ: ਸੁਖਦੀਪ ਸਿੰਘ ਸੁਖਾਣਾ,
ਪਿੰਡ ਸੁਖਾਣਾ (ਲੁਧਿਆਣਾ)।

ਸਾਦੇ ਵਿਆਹ
ਪੁਰਾਤਨ ਸਮੇਂ ਵਿਚ ਘਰਾਂ, ਗੁਰਦੁਆਰਿਆਂ, ਮੰਦਰਾਂ, ਧਰਮਸਥਾਨਾਂ ਆਦਿ ਵਿਚ ਸਾਦੇ ਵਿਆਹ ਕੀਤੇ ਜਾਂਦੇ ਸਨ। ਆਪਸੀ ਭਾਈਚਾਰਾ ਹੋਣ ਕਰਕੇ ਕਿਸੇ ਦੀ ਵੀ ਧੀ, ਭੈਣ ਦੇ ਵਿਆਹ ਵਿਚ ਸਾਰੇ ਇਕ-ਦੂਜੇ ਨਾਲ ਮਿਲ ਕੇ ਹੱਥ ਵਟਾਉਂਦੇ ਸਨ। ਹੁਣ ਸਾਰਿਆਂ ਨੂੰ ਆਪੋ-ਧਾਪੀ ਪਈ ਹੋਈ ਹੈ। ਕੇਵਲ ਦਿਖਾਵੇ ਤੇ ਆਮਦਨ ਤੋਂ ਵੱਧ ਖਰਚ ਕਰਕੇ ਮੈਰਿਜ ਪੈਲੇਸਾਂ 'ਚ ਵਿਆਹ ਕੀਤੇ ਜਾਂਦੇ ਹਨ ਅਤੇ ਕਈ ਲੋਕ ਆਪਣਾ ਦਿਵਾਲਾ ਕੱਢ ਲੈਂਦੇ ਹਨ। ਇਨ੍ਹਾਂ ਦੀ ਰੀਸ ਕਰਕੇ ਗਰੀਬ ਤੇ ਮੱਧ ਵਰਗ ਵੀ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਪੁਰਾਣੇ ਵਿਆਹਾਂ ਵਿਚ ਰਿਸ਼ਤੇਦਾਰ-ਮਿੱਤਰ ਸਾਰੇ ਸਬੰਧੀ ਕਈ-ਕਈ ਦਿਨ ਇਕੱਠੇ ਰਹਿ ਕੇ ਆਪਸੀ ਪਿਆਰ ਵਧਾਉਂਦੇ ਸਨ ਅਤੇ ਅਜੋਕੇ ਵਿਆਹਾਂ 'ਚ ਸਭ ਕੁਝ ਗਾਇਬ ਹੈ। ਮੈਰਿਜ ਪੈਲੇਸਾਂ ਵਿਚ ਵਿਆਹ ਹੋਣ ਨਾਲ ਵਿਆਹ ਵਾਲੇ ਘਰਾਂ ਵਿਚ ਸੁੰਨ-ਮਸਾਨ ਪਈ ਹੁੰਦੀ ਹੈ। ਦਿਖਾਵੇ ਦੇ ਵਿਆਹਾਂ ਤੋਂ ਬਚਣਾ ਚਾਹੀਦਾ ਹੈ। ਮੈਰਿਜ ਪੈਲੇਸਾਂ ਵਿਚ ਹੁੰਦੀ ਪੈਸੇ ਦੀ ਬਰਬਾਦੀ, ਅੰਨ ਦੀ ਬਰਬਾਦੀ ਅਤੇ ਹੋਰ ਬੇਸ਼ੁਮਾਰ ਫਜ਼ੂਲ ਖਰਚ ਤੋਂ ਬਚਣ ਦੀ ਲੋੜ ਹੈ। ਸਾਦੇ ਵਿਆਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ, ਜੇਕਰ ਸਮਾਜ ਖੁਦ ਹੀ ਇਸ ਦੀ ਪਹਿਲ ਕਰੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

12-07-2019

 ਕਾਨੂੰਨ ਦੀ ਉਲੰਘਣਾ
ਪੁਲਿਸ ਦਾ ਕੰਮ ਸਮਾਜ ਦੀ ਰੱਖਿਆ ਕਰਨਾ ਹੁੰਦਾ ਹੈ ਤੇ ਸਮਾਜ ਵਿਚ ਫੈਲੇ ਅਪਰਾਧਾਂ ਨੂੰ ਰੋਕ ਕੇ ਅਪਰਾਧੀਆਂ ਨੂੰ ਸਜ਼ਾ ਦੇਣਾ ਹੁੰਦਾ ਹੈ ਪਰ ਉਸ ਸਮੇਂ ਕੀ ਕੀਤਾ ਜਾਵੇ, ਜਦ ਪੁਲਿਸ ਹੀ ਕਾਨੂੰਨ ਦੀ ਉਲੰਘਣਾ ਕਰਨ ਲੱਗੇ। ਕਦੇ ਦਿੱਲੀ ਵਿਚ ਪੁਲਿਸ ਵਲੋਂ ਕੀਤੀ ਸਿੱਖਾਂ ਨਾਲ ਕੁੱਟਮਾਰ ਪੁਲਿਸ ਦਾ ਇਕ ਹੈਰਾਨੀਜਨਕ ਰੂਪ ਦਿਖਾਉਂਦੀ ਹੈ, ਉਥੇ ਹੀ ਤਹਿਸੀਲ ਫਿਲੌਰ ਦੇ ਪਿੰਡ ਉੱਪਲ ਵਿਚ ਪੰਜਾਬ ਪੁਲਿਸ ਦੁਆਰਾ ਇਕ ਮਹਿਲਾ ਨਾਲ ਕੀਤੀ ਕੁੱਟਮਾਰ ਦੀ ਖ਼ਬਰ ਪੜ੍ਹੀ। ਹੈਰਾਨੀ ਹੋਈ ਕਿ ਖੁਦ ਕਾਨੂੰਨ ਦੇ ਰਾਖੇ ਕਿਵੇਂ ਕਾਨੂੰਨ ਦੀ ਉਲੰਘਣਾ ਕਰ ਸਕਦੇ ਹਨ। ਸਾਡਾ ਸਮਾਜ ਕਿਸ ਦਸ਼ਾ ਵਿਚ ਜਾ ਰਿਹਾ ਹੈ? ਕਦੇ ਰਾਜਨੀਤਕ ਪਾਰਟੀ ਦਾ ਕੋਈ ਬੰਦਾ ਸ਼ਰ੍ਹੇਆਮ ਮਹਿਲਾਵਾਂ 'ਤੇ ਹੱਥ ਚੁੱਕਦਾ ਹੈ ਤੇ ਕਦੇ ਪੁਲਿਸ ਮੁਲਾਜ਼ਮ। ਸਰਕਾਰ ਨੂੰ ਵੀ ਅਜਿਹੇ ਪੁਲਿਸ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਜਾਨਵੀ ਬਿੱਠਲ


ਆਦਰਸ਼ਹੀਣ ਜਵਾਨੀ
ਸਾਡੇ ਦੇਸ਼ ਦੀ 35 ਫੀਸਦੀ ਆਬਾਦੀ ਨੌਜਵਾਨਾਂ ਦੀ ਹੈ। ਇਸ ਨੌਜਵਾਨ ਸ਼ਕਤੀ ਦਾ ਵੱਡਾ ਹਿੱਸਾ ਆਦਰਸ਼ਹੀਣ ਜ਼ਿੰਦਗੀ ਬਤੀਤ ਕਰ ਰਿਹਾ ਹੈ। ਕੰਨਾਂ 'ਤੇ ਮੋਬਾਈਲ, ਮੋਟਰਸਾਈਕਲ, ਗੋਡਿਆਂ ਕੋਲੋਂ ਫਟੀ ਜੀਨ, ਬਾਹਾਂ 'ਤੇ ਟੈਟੂ ਅਤੇ ਬੇਹੂਦਾ ਢੰਗ ਨਾਲ ਕਟਵਾਏ ਵਾਲ ਇਸ ਜਵਾਨੀ ਦੀ ਪਛਾਣ ਬਣ ਚੁੱਕੇ ਹਨ। ਸ਼ਿਸ਼ਟਾਚਾਰੀ, ਸੰਜੀਦਗੀ, ਵੱਡਿਆਂ ਦਾ ਸਤਿਕਾਰ ਅਤੇ ਨਿਮਰਤਾ ਵਰਗੇ ਨੈਤਿਕ ਗੁਣ ਇਨ੍ਹਾਂ ਦੇ ਸ਼ਬਦਕੋਸ਼ ਵਿਚੋਂ ਮਨਫੀ ਹੋ ਚੁੱਕੇ ਹਨ। ਆਏ ਦਿਨ ਲੜਾਈ-ਝਗੜੇ, ਹੁੱਲੜਬਾਜ਼ੀ ਅਤੇ ਕੰਨ-ਪਾੜਵੇਂ ਹਾਰਨ ਵਜਾ ਕੇ ਅਵਾਰਾ ਘੁੰਮਣਾ ਇਨ੍ਹਾਂ ਦੀ ਫਿਤਰਤ ਬਣ ਚੁੱਕਾ ਹੈ। ਸਾਡੇ ਸ਼ਹੀਦਾਂ, ਗੁਰੂਆਂ ਅਤੇ ਦਾਰਸ਼ਨਿਕਾਂ ਦੀ ਵਿਰਾਸਤ ਤਿਆਗ ਕੇ ਇਹ ਫਿਲਮੀ ਨਾਇਕਾਂ, ਲੱਚਰ ਗਾਇਕਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਆਪਣਾ ਆਦਰਸ਼ ਬਣਾਈ ਫਿਰਦੇ ਹਨ। ਮੁਕਦੀ ਗੱਲ, ਸਾਡੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਕੁਰਾਹੇ ਪੈ ਚੁੱਕਾ ਹੈ, ਜੋ ਕਿ ਆਉਣ ਵਾਲੇ ਸਮੇਂ ਘਾਤਕ ਸਿੱਧ ਹੋਵੇਗਾ। ਇਸ ਨੌਜਵਾਨ ਸ਼ਕਤੀ ਨੂੰ ਸਾਂਭਣ ਦੀ ਲੋੜ ਹੈ।


-ਲੈਕ: ਰਜਿੰਦਰ ਸਿੰਘ ਪਹੇੜੀ,
ਅਨੰਦ ਨਗਰ-ਬੀ, ਪਟਿਆਲਾ।


ਮੈਂ ਗੁਰਮੁਖੀ ਦਾ ਬੇਟਾ
ਪ੍ਰਸਿੱਧ ਗਾਇਕ ਤੇ ਅਦਾਕਾਰ ਡਾ: ਸਤਿੰਦਰ ਸਰਤਾਜ ਵਲੋਂ ਪੰਜਾਬੀ ਜ਼ਬਾਨ, ਸੱਭਿਆਚਾਰ ਤੇ ਵਿਰਸੇ ਦੀ ਧੁਰ ਅੰਦਰ ਤੱਕ ਤਰਜਮਾਨੀ ਕਰਦਾ ਗੀਤ 'ਮੈਂ ਗੁਰਮੁਖੀ ਦਾ ਬੇਟਾ' ਮਣਾਂਮੂੰਹੀਂ ਅਦਬ-ਸਤਿਕਾਰ ਤੇ ਪਿਆਰ ਦਾ ਹੱਕਦਾਰ ਹੈ। ਸਤਿੰਦਰ ਸਰਤਾਜ ਦੀ ਸੂਫ਼ੀਆਨਾ ਤੇ ਨਿਵੇਕਲੀ ਗਾਇਕੀ ਸ਼ੁਰੂ ਤੋਂ ਹੀ ਲੋਕ ਮਨਾਂ 'ਚ ਘਰ ਕਰ ਚੁੱਕੀ ਹੈ। ਗਾਇਕ ਨੇ ਗੀਤ ਰਾਹੀਂ ਗੁਰਮੁਖੀ ਲਿਪੀ ਦੀ ਅਹਿਮੀਅਤ ਦਾ ਜੋ ਗਿਆਨ ਵੰਡਿਆ ਹੈ, ਉਹ ਬਾਕਮਾਲ ਹੈ। ਸਤਿੰਦਰ ਸਰਤਾਜ ਵਰਗੇ ਮਹਾਨ ਕਲਾਕਾਰਾਂ ਦੇ ਹੁੰਦਿਆਂ ਪੰਜਾਬੀ ਭਾਸ਼ਾ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੈਂ ਉਨ੍ਹਾਂ ਚੰਦ ਕੁ ਅਖੌਤੀ ਗਾਇਕਾਂ ਨੂੰ ਕਹਿਣਾ ਚਾਹੁੰਦਾ ਹਾਂ ਜਿਹੜੇ ਆਪਣੇ ਮਨਾਂ 'ਚ ਵੱਡੇ ਗਾਇਕ ਹੋਣ ਦਾ ਭਰਮ ਪਾਲੀ ਬੈਠੇ ਹਨ। ਜੇ ਤੁਸੀਂ ਸਹੀ ਅਰਥਾਂ 'ਚ ਗਾਇਕ ਬਣਨਾ ਹੈ ਤਾਂ ਸਤਿੰਦਰ ਸਰਤਾਜ ਵਰਗੀ ਮਹਾਨ ਹਸਤੀ ਨੂੰ ਪ੍ਰੇਰਨਾ ਦਾ ਸਰੋਤ ਬਣਾਓ।


-ਬੰਤ ਘੁਡਾਣੀ,
ਪਿੰਡ ਤੇ ਡਾਕ: ਘੁਡਾਣੀ ਕਲਾਂ
(ਲੁਧਿਆਣਾ)।

11-07-2019

 ਪਾਣੀ ਦੀ ਬਰਬਾਦੀ
ਪਾਣੀ ਦੀ ਬਰਬਾਦੀ ਲਈ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਨਾ ਸਰਕਾਰਾਂ, ਨਾ ਕਿਸਾਨ ਤੇ ਨਾ ਸ਼ਹਿਰੀ ਤੇ ਆਮ ਲੋਕ। ਹਰ ਕੋਈ ਕਿਸਾਨ ਨੂੰ ਹੀ ਪਾਣੀ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਜੇ ਸੋਚੀਏ ਤਾਂ ਜ਼ਿਆਦਾ ਜ਼ਿੰਮੇਵਾਰੀ ਸਰਕਾਰ ਦੀ ਹੀ ਬਣਦੀ ਹੈ। ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਕੇ ਪਾਣੀ ਤੇ ਬਿਜਲੀ ਦੀ ਬਰਬਾਦੀ ਕੀਤੀ ਹੈ। ਝੋਨੇ ਦੀ ਫ਼ਸਲ ਨੇ ਪਾਣੀ ਦੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਪੰਜਾਬ ਵਿਚ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਵੀ ਹੁੰਦੀਆਂ ਰਹੀਆਂ ਹਨ। ਦਾਲਾਂ, ਕਪਾਹ, ਕਮਾਦ, ਮੱਕੀ, ਸੂਰਜਮੁਖੀ ਤੇ ਸਬਜ਼ੀਆਂ ਘੱਟ ਪਾਣੀ ਲੈ ਕੇ ਚੋਖਾ ਝਾੜ ਦਿੰਦੀਆਂ ਹਨ ਪਰ ਸਰਕਾਰਾਂ ਵਲੋਂ ਇਨ੍ਹਾਂ ਫ਼ਸਲਾਂ ਦੇ ਮੁੱਲ ਨਿਰਧਾਰਤ ਨਾ ਕਰਨ ਕਰਕੇ ਕਿਸਾਨ ਘਾਟੇ ਵਿਚ ਜਾਂਦਾ ਹੈ। ਇਸ ਸਮੱਸਿਆ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਕਿਸਾਨਾਂ ਨੂੰ ਘੱਟ ਰੇਟ 'ਤੇ ਬਿਜਲੀ ਅਤੇ ਹੋਰ ਫ਼ਸਲਾਂ ਦੇ ਲਾਹੇਵੰਦ ਭਾਅ ਦੇ ਕੇ ਸਰਕਾਰਾਂ ਹੱਲ ਕਰ ਸਕਦੀਆਂ ਹਨ। ਸ਼ਹਿਰਾਂ ਵਾਲੇ ਲੋਕ ਵੀ ਪੀਣ ਵਾਲੇ ਪਾਣੀ ਨੂੰ ਨਹੀਂ ਸੰਭਾਲਦੇ। ਟੂਟੀਆਂ ਖੁੱਲ੍ਹੀਆਂ ਰਹਿਣ ਕਰਕੇ ਸ਼ੁੱਧ ਪਾਣੀ ਗੰਦੀਆਂ ਨਾਲੀਆਂ ਰਾਹੀਂ ਵਹਿ ਕੇ ਛੱਪੜਾਂ ਵਿਚ ਚਲਾ ਜਾਂਦਾ ਹੈ। ਪਿਤਾ ਰੂਪੀ ਪਾਣੀ ਨੂੰ ਬਚਾਉਣ ਲਈ ਲੋਕ ਅਤੇ ਸਰਕਾਰਾਂ ਗੰਭੀਰ ਹੋਣ। ਜਲ ਹੈ ਤਾਂ ਜਹਾਨ ਹੈ। ਦੇਰ ਹੁੰਦੀ ਜਾ ਰਹੀ ਹੈ, ਅੱਜ ਹੀ ਸੋਚਣਾ ਪੈਣਾ ਹੈ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਰਿਸ਼ਤਿਆਂ ਦਾ ਕਤਲ
ਸਕੇ ਭਰਾਵਾਂ ਵਲੋਂ ਭਰਾ ਦਾ ਜ਼ਮੀਨ ਦੇ ਟੁਕੜੇ ਪਿੱਛੇ ਕਤਲ, ਪੁੱਤ ਵਲੋਂ ਮਾਂ-ਬਾਪ ਦਾ ਕਤਲ, ਪਤਨੀ ਵਲੋਂ ਜਾਂ ਪਤੀ ਵਲੋਂ ਆਪਣੇ ਜੀਵਨ ਸਾਥੀ ਦਾ ਕਤਲ, ਦੋਸਤ ਵਲੋਂ ਦੋਸਤ ਦਾ ਕਤਲ, ਪ੍ਰੇਮੀ/ਪ੍ਰੇਮਿਕਾਵਾਂ ਦੇ ਕਤਲ ਆਦਿ ਅਜਿਹੀਆਂ ਮਨਹੂਸ ਖ਼ਬਰਾਂ ਹਨ ਜੋ ਅਕਸਰ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਉਂਦੀਆਂ ਰਹਿੰਦੀਆਂ ਹਨ। ਲਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਖ਼ੂਨ ਪੂਰੀ ਤਰ੍ਹਾਂ ਸਫੇਦ ਹੁੰਦਾ ਜਾ ਰਿਹਾ ਹੈ। ਆਪਸੀ ਪ੍ਰੇਮ, ਭਾਈਚਾਰਾ, ਵੱਡਿਆਂ ਦੀ ਅਪਣੱਤ, ਸਾਂਝ, ਸਹਿਣਸ਼ੀਲਤਾ, ਵਡੱਪਣ ਅਤੇ ਰਿਸ਼ਤਿਆਂ ਨੂੰ ਕਾਇਮ ਰੱਖਣ ਵਾਲੇ ਹੋਰ ਗੁਣ ਸਾਡੇ ਵਿਚੋਂ ਕਿਧਰੇ ਉੱਡ ਚੁੱਕੇ ਹਨ। ਅਸੀਂ ਇਹ ਭੁੱਲ ਗਏ ਹਾਂ ਕਿ ਇਹ ਸਭ ਨਾਸ਼ਵਾਨ ਚੀਜ਼ਾਂ ਮਨੁੱਖੀ ਰਿਸ਼ਤਿਆਂ ਤੋਂ ਉੱਪਰ ਨਹੀਂ ਹਨ। ਕਿਸੇ ਨੂੰ ਮਾਰਨ ਵਾਲਾ ਖ਼ੁਦ ਵੀ ਸਾਰੀ ਉਮਰ ਜੇਲ੍ਹਾਂ ਵਿਚ ਗੁਜ਼ਾਰ ਕੇ ਖ਼ੁਦ ਵੀ ਮਰਿਆਂ ਵਰਗਾ ਹੀ ਹੋ ਜਾਂਦਾ ਹੈ। ਅੱਜ ਲੋੜ ਹੈ ਕਿ ਨਿੱਜ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੀ ਕਦਰ ਕੀਤੀ ਜਾਵੇ। ਜੇ ਕੁਝ ਥੋੜ੍ਹਾ ਬਹੁਤ ਗੁਆ ਕੇ ਵੀ ਕੋਈ ਰਿਸ਼ਤਾ ਨਿਭਾਇਆ ਜਾ ਸਕੇ ਤਾਂ ਇਹ ਸੌਦਾ ਵੀ ਮਾੜਾ ਨਹੀਂ ਕਿਹਾ ਜਾ ਸਕਦਾ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


ਨਕਲੀ ਅੰਡੇ
ਪਹਿਲਾਂ ਹੀ ਪੰਜਾਬ ਵਿਚ ਨਕਲੀ ਚੀਜ਼ਾਂ ਦੀ ਭਰਮਾਰ ਹੈ। ਇਸ ਵਿਚ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਦੁੱਧ, ਪਨੀਰ, ਖੋਆ, ਦਾਲਾਂ, ਸਬਜ਼ੀਆਂ ਆਦਿ ਹੀ ਸੁਣਨ ਵਿਚ ਆਉਂਦਾ ਸੀ। ਹੁਣ ਨਕਲੀ ਆਂਡੇ ਵੀ ਸੁਣਨ ਵਿਚ ਆ ਰਹੇ ਹਨ। ਜਿਥੇ ਸਾਡੀ ਸਿਹਤ 'ਤੇ ਇਨ੍ਹਾਂ ਦਾ ਬੁਰਾ ਅਸਰ ਪੈਂਦਾ ਹੈ, ਉਥੇ ਅਸਲੀ ਚੀਜ਼ਾਂ ਪੈਦਾ ਕਰਨ ਵਾਲੇ ਦਾ ਧੰਦਾ ਵੀ ਨਕਲੀ ਚੀਜ਼ਾਂ ਤਬਾਹ ਕਰ ਦਿੰਦੀਆਂ ਹਨ। ਜਿਵੇਂ ਨਕਲੀ ਦੁੱਧ ਕਰਕੇ ਪਸ਼ੂ ਪਾਲਕ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਅੱਜ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਇਸੇ ਤਰ੍ਹਾਂ ਨਕਲੀ ਆਂਡੇ ਆਉਣ ਨਾਲ ਪੋਲਟਰੀ ਫਾਰਮ 'ਤੇ ਵੀ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਇਸ ਕਰਕੇ ਇਹ ਧੰਦਾ ਕਰਨ ਵਾਲੇ ਲੋਕ ਆਰਥਿਕ ਸੰਕਟ ਵਿਚ ਫਸ ਜਾਣਗੇ। ਸੋ, ਸਰਕਾਰ ਨੂੰ ਬੇਨਤੀ ਹੈ ਕਿ ਸਮੇਂ ਦੇ ਰਹਿੰਦੇ-ਰਹਿੰਦੇ ਹੀ ਨਕਲੀ ਚੀਜ਼ਾਂ ਪੈਦਾ ਕਰਨ ਤੇ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਖ਼ਾਸ ਕਰਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਮਿਲਾਵਟਖ਼ੋਰਾਂ ਨੂੰ ਕਿਸੇ ਵੀ ਕੀਮਤ 'ਤੇ ਮੁਆਫ਼ ਨਾ ਕੀਤਾ ਜਾਵੇ। ਇਸ ਨਾਲ ਜਿਥੇ ਸਾਡੀ ਸਿਹਤ ਠੀਕ ਰਹੇਗੀ, ਉਥੇ ਸਾਡੇ ਛੋਟੇ-ਛੋਟੇ ਧੰਦਾ ਕਰਨ ਵਾਲੇ ਆਪਣੀ ਰੋਜ਼ੀ ਰੋਟੀ ਕਮਾ ਕੇ ਖਾ ਸਕਣਗੇ।


-ਜਸਕਰਨ ਲੰਡੇ
ਪਿੰਡ ਲੰਡੇ, ਜ਼ਿਲ੍ਹਾ ਮੋਗਾ।


ਪੰਜਾਬੀ ਦੀ ਵਿਸ਼ੇਸ਼ ਪ੍ਰੀਖਿਆ
ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਤੇ ਪੰਜਾਬੀ ਮਾਧਿਅਮ ਸਰਕਾਰ ਵਲੋਂ ਲਾਜ਼ਮੀ ਹੈ। ਮਾਰਚ, ਸਤੰਬਰ ਵਿਚ ਸਾਰੇ ਵਿਸ਼ਿਆਂ ਦੀਆਂ ਨਿਯਮਤ ਪ੍ਰੀਖਿਆਵਾਂ ਹੁੰਦੀਆਂ ਹਨ। ਸਮਝ ਨਹੀਂ ਆ ਰਹੀ ਸੀ ਕਿ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਰੇਕ ਤਿੰਨ ਮਹੀਨੇ ਬਾਅਦ ਸਿਰਫ ਪੰਜਾਬੀ ਵਿਸ਼ੇ ਵਿਚ ਪ੍ਰੀਖਿਆ ਲੈਣ ਦੀ ਕੀ ਲੋੜ ਪੈ ਗਈ? ਆਰ.ਟੀ.ਆਈ. ਅਧੀਨ ਬੋਰਡ ਨੇ ਜਵਾਬ ਦਿੱਤਾ ਕਿ ਇਹ ਪ੍ਰੀਖਿਆ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿਚ ਸਰਕਾਰੀ ਨੌਕਰੀ ਲੈ ਸਕਣ। ਹੈਰਾਨੀ ਹੋਈ ਕਿ ਕੀ ਪੰਜਾਬ ਦੇ ਸਾਰੇ ਯੋਗ ਅਤੇ ਲੋੜਵੰਦ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੈ, ਜਿਸ ਕਰਕੇ ਹੋਰ ਲੋਕਾਂ ਨੂੰ ਫਟਾਫਟ ਪੰਜਾਬੀ ਦਾ ਆਈ.ਈ.ਐਲ.ਟੀ.ਐਸ. ਕਰਵਾ ਕੇ ਸਰਕਾਰੀ ਕੰਮ ਚਲਾਇਆ ਜਾ ਸਕੇ। ਗੱਲ ਸਮਝ ਤੋਂ ਬਾਹਰ ਅਤੇ ਹੈਰਾਨੀਜਨਕ ਹੈ।


-ਹਰਬੰਸ ਸਿੰਘ
ਮੌਜੋਵਾਲ ਮਜਾਰਾ (ਸ਼.ਭ.ਸ. ਨਗਰ)।

10-07-2019

 ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ
ਪੰਜਾਬ ਦੀ ਗੰਧਲ ਚੁੱਕੀ ਰਾਜਨੀਤੀ ਵਿਚ ਸਿਆਸਤ ਵੀ ਹਰ ਦਿਨ ਨਵੇਂ ਰੰਗ ਦਿਖਾਉਂਦੀ ਹੈ, ਬੇਸ਼ੱਕ ਸਾਡੇ ਲੋਕਾਂ ਨੂੰ ਸਰਕਾਰਾਂ ਤੋਂ ਆਪਣੀਆਂ ਹੱਕੀ ਮੰਗਾਂ ਲੈਣ ਦੀ ਸੋਝੀ ਆ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਰਕਾਰਾਂ ਸਾਨੂੰ ਬੁੱਧੂ ਬਣਾ ਹੀ ਜਾਂਦੀਆਂ ਨੇ। ਪਿਛਲੇ ਸਮੇਂ ਵੱਲ ਜ਼ਰਾ ਤੁਸੀਂ ਧਿਆਨ ਮਾਰ ਲਵੋ, ਜਿਵੇਂ ਗੰਦੇ ਪਾਣੀਆਂ ਦਾ ਮੁੱਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਆਦਿ।
ਪਿਛਲੇ ਦਿਨੀਂ ਫਰੀਦਕੋਟ ਦੇ ਜਸਪਾਲ ਕਤਲ ਕਾਂਡ ਨੂੰ ਲੈ ਕੇ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਸਨ ਪਰ ਇਸ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ। ਵੱਖ-ਵੱਖ ਜਥੇਬੰਦੀਆਂ ਵਲੋਂ ਜਸਪਾਲ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ ਪਰ ਨਾ ਤਾ ਕੋਈ ਨਿਆਂ ਮਿਲਿਆ ਤੇ ਨਾ ਹੀ ਜਸਪਾਲ ਦੀ ਲਾਸ਼ ਮਿਲੀ। ਐਨ ਮੌਕੇ 'ਤੇ ਕੁਦਰਤ ਦੀ ਇਹੋ ਜਿਹੀ ਮਾਰ ਵੱਜੀ ਕਿ ਇਕ ਨੰਨ੍ਹਾ ਫਰਿਸ਼ਤਾ ਫ਼ਤਹਿਵੀਰ ਬੋਰਵੈੱਲ ਵਿਚ ਜਾ ਡਿੱਗਿਆ ਅਤੇ ਸਾਡੀ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਇਸ ਮਾਸੂਮ ਬੱਚੇ ਨੂੰ ਕੱਢਣ ਦੀ ਬਜਾਏ ਇਸ ਕੰਮ ਨੂੰ 6 ਦਿਨ ਲਮਕਾਅ ਦਿੱਤਾ ਗਿਆ ਅਤੇ ਇਕ ਮਾਸੂਮ ਨੂੰ ਉਸ ਦੇ ਮਾਪਿਆਂ ਤੋਂ ਖੋਹ ਲਿਆ ਗਿਆ। ਇਸ ਤਰ੍ਹਾਂ ਸਰਕਾਰ ਦੀਆਂ ਨਾਕਾਮੀਆਂ ਦੀ ਵਜ੍ਹਾ ਕਰਕੇ ਦੋਵੇਂ ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਹੱਥ ਧੋਣੇ ਪਏ।


-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ।


ਆਓ! ਰਲ ਮਿਲ ਦਰੱਖ਼ਤ ਬਚਾਈਏ
ਕਿਸਾਨਾਂ ਦੀਆਂ ਪੈਲੀਆਂ ਦੀਆਂ ਵੱਟਾਂ ਤੋਂ ਟਾਹਲੀਆਂ, ਤੂਤ, ਸਫੈਦੇ, ਧਰੇਕਾਂ, ਕਿੱਕਰ ਅਤੇ ਹੋਰ ਦਰੱਖਤ ਵੱਢੇ ਗਏ ਕਿ ਲਾਗੋਂ ਫ਼ਸਲਾਂ ਨਹੀਂ ਹੋਣ ਦਿੰਦੇ ਅਤੇ ਹੋਰ ਲੱਗ ਨਹੀਂ ਰਹੇ। ਇਕ ਅੰਧ-ਵਿਸ਼ਵਾਸੀ ਵੀ ਹੈ ਕਿ ਘਰ ਵਿਚ ਦਰੱਖਤ ਐਸ ਪਾਸੇ ਹੀ ਹੋਣਾ ਚਾਹੀਦੈ ਇਧਰ ਨਹੀਂ ਜਾਂ ਇਧਰੋਂ ਗਰਮੀਆਂ ਨੂੰ ਛਾਂ ਨਹੀਂ ਮਿਲਣੀ, ਇਧਰੋਂ ਸਰਦੀਆਂ ਨੂੰ ਧੁੱਪ ਨਹੀਂ ਮਿਲਣੀ। ਪਰ ਜੇ ਸੋਚਿਆ ਜਾਏ ਤਾਂ ਜੀਵਨ ਰਹੇਗਾ ਤਾਂ ਹੀ ਇਨਸਾਨ ਧੁੱਪ ਜਾਂ ਛਾਂ ਮਾਣ ਸਕੇਗਾ। ਰਹਿ ਗਏ ਸੜਕਾਂ, ਨਹਿਰਾਂ, ਖਾਲ਼ਾਂ, ਰੇਲ ਪਟੜੀਆਂ ਦੇ ਪਾਸੇ। ਦਾਣਾ ਮੰਡੀਆਂ, ਫੋਕਲ ਪੁਆਇੰਟ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਪਾਸੇ। ਆਮ ਆਦਮੀ ਦਾ ਇਨ੍ਹਾਂ ਥਾਵਾਂ ਨਾਲ ਸਬੰਧ ਨਹੀਂ, ਇਸ ਕਰਕੇ ਉਹ ਉਥੇ ਦਰੱਖਤ ਲਾਉਣ ਦੀ ਖੇਚਲ ਨਹੀਂ ਕਰਦੇ।
ਇਨ੍ਹਾਂ ਥਾਵਾਂ 'ਤੇ ਰੁੱਖ ਲਾਉਣ ਲਈ ਸਬੰਧਿਤ ਸਰਕਾਰਾਂ, ਮਹਿਕਮੇ, ਜੰਗਲਾਤ ਅਤੇ ਖੇਤਰੀ ਲੋਕਾਂ ਦਰਮਿਆਨ ਸਾਂਝੀ ਨੀਤੀ ਬਣਨੀ ਚਾਹੀਦੀ ਹੈ। ਸਕੂਲ ਅਤੇ ਸਰਕਾਰੀ ਦਫ਼ਤਰਾਂ ਵਿਚ ਉਪਲਬਧ ਜਗ੍ਹਾ ਜਿਥੇ ਸਬੰਧਿਤ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਦਰੱਖਤ ਲਾਉਣ ਦੀ ਸੇਵਾ ਬਾਖੂਬ ਕਰ ਸਕਦੇ ਹਨ। ਸਾਰੇ ਆਮ ਲੋਕਾਂ ਅਤੇ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਦਰੱਖਤਾਂ ਨੂੰ ਬਚਾਉਣ ਅਤੇ ਨਵੇਂ ਬੂਟੇ ਲਗਾ ਕੇ ਉਨ੍ਹਾਂ ਦੇ ਪਾਲਣ ਪੋਸ਼ਣ ਵੱਲ ਧਿਆਨ ਦਿੱਤਾ ਜਾਵੇ।


-ਮੇਜਰ ਜਸਬੀਰ ਸਿੰਘ
724/9, ਰਣਜੀਤ ਐਵਨਿਊ, ਗੁਰਦਾਸਪੁਰ।


ਪਾਣੀ ਬਚਾਓ, ਜ਼ਿੰਦਗੀ ਬਚਾਓ
ਜੇ ਦੇਖਿਆ ਜਾਵੇ ਤਾਂ ਸਾਰੀ ਕਾਇਨਾਤ ਭਾਵ ਮਨੁੱਖ, ਜੀਵ-ਜੰਤੂ, ਪਸ਼ੂ-ਪੰਛੀ ਅਤੇ ਪੌਦੇ ਆਦਿ ਦਾ ਮੂਲ ਆਧਾਰ ਹੀ ਪਾਣੀ ਹੈ ਪਰ ਅਸੀਂ ਜਾਣੇ-ਅਣਜਾਣੇ ਕੁਦਰਤ ਦੀ ਇਸ ਬਹੁਮੁੱਲੀ ਦਾਤ ਨੂੰ ਅਜਾਈਂ ਗੁਆ ਕੇ ਨਾਸ਼ ਕਰ ਰਹੇ ਹਾਂ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਡਾ ਮੁਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣੀਏ, ਪਾਣੀ ਦੀ ਬੇਲੋੜੀ ਵਰਤੋਂ ਕਰਨੀ ਛੱਡੀਏ ਅਤੇ ਲੋਕ ਭਲਾਈ ਸੰਸਥਾਵਾਂ, ਪ੍ਰਸ਼ਾਸਨ ਅਤੇ ਪੰਚਾਇਤਾਂ ਨਾਲ ਮਿਲ ਕੇ ਪਾਣੀ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ। ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਘਰਾਂ ਵਿਚ ਚਲਦੀਆਂ ਟੂਟੀਆਂ ਲੋੜ ਮੁਤਾਬਿਕ ਵਰਤੀਏ ਅਤੇ ਗਲੀ-ਮੁਹੱਲੇ ਵਿਚ ਚਲਦੀਆਂ ਬੇਲੋੜੀਆਂ ਟੂਟੀਆਂ ਬੰਦ ਕਰਨ ਦੀ ਆਦਤ ਪਾਈਏ। ਆਪਣੇ ਪਿੰਡ ਜਾਂ ਸ਼ਹਿਰ ਦੇ ਨੇੜੇ ਪੈਂਦੇ ਨਦੀਆਂ, ਸੂਏ, ਕੱਸੀਆਂ ਅਤੇ ਨਹਿਰਾਂ ਦੇ ਪਾਣੀ ਨੂੰ ਦੂਸ਼ਿਤ ਹੋਣੋਂ ਬਚਾਈਏ। ਆਓ, ਫਿਰ ਪਾਣੀ ਰੂਪੀ ਕੁਦਰਤ ਦੀ ਅਨਮੋਲ ਦਾਤ ਨੂੰ ਬਚਾਅ ਕੇ ਆਪਣੇ ਭਵਿੱਖ ਨੂੰ ਜੀਵਨ ਦਾਨ ਦੇਈਏ।


-ਦਰਸ਼ਨ ਸਿੰਘ ਬਾਈ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਤਹਿ: ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ।


ਸਰਕਾਰ ਦੀ ਮਾੜੀ ਕਾਰਗੁਜ਼ਾਰੀ
ਫ਼ਤਹਿਵੀਰ ਸਿੰਘ ਮਾਸੂਮ ਬੱਚਾ ਜੋ ਪੰਜ ਦਿਨਾਂ ਤੱਕ ਡੂੰਘੇ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਆਖ਼ਰ ਸਰਕਾਰ ਦੀਆਂ ਨਕਾਮੀਆਂ ਦੀ ਭੇਟ ਚੜ੍ਹ ਗਿਆ। ਲੋਕਾਂ ਵਿਚ ਰੋਸ ਦੀ ਲਹਿਰ ਹੈ ਤੇ ਹਰ ਕੋਈ ਸੋਚਣ ਲਈ ਮਜਬੂਰ ਹੈ ਕਿ ਅਸੀਂ ਆਪਣੀਆਂ ਸਰਕਾਰਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਵਿਖਾਈ। ਬੱਚੇ ਨੂੰ ਬਚਾਇਆ ਜਾ ਸਕਦਾ ਸੀ ਜੇ ਸਾਡੀ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੀ। ਪੰਜਾਬ ਸਿਵਲ ਇੰਜੀਨੀਅਰ ਦੀ ਟੀਮ ਵੀ ਉਥੇ ਨਹੀਂ ਪਹੁੰਚੀ। ਐਨ.ਡੀ.ਆਰ.ਐਫ. ਅਤੇ ਫ਼ੌਜ ਦੀਆਂ ਟੀਮਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਪੰਜਾਬ ਕੈਬਨਿਟ ਨੂੰ ਆਪਣੇ ਸੁਖ ਆਰਾਮ ਛੱਡ ਕੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਲੋਕਾਂ ਲਈ ਬਣਦੀਆਂ ਹਨ, ਨਾ ਕਿ ਲੋਕ ਸਰਕਾਰ ਲਈ। ਜਾਂਦਾ ਹੋਇਆ ਫ਼ਤਹਿਵੀਰ ਸਾਡੀ ਹਰ ਤਰ੍ਹਾਂ ਦੀ ਅਪਾਹਜ ਹੋ ਚੁੱਕੀ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਕੇ ਗਿਆ ਕਿ ਸਾਡੀਆਂ ਸਰਕਾਰਾਂ ਸਿਰਫ ਫੋਕੀਆਂ ਗੱਲਾਂ ਕਰਨ ਵਾਲੀਆਂ ਹਨ, ਸਾਡੇ ਪ੍ਰਸ਼ਾਸਨ ਦੇ ਪੱਲੇ ਹੋਰ ਕੁਝ ਵੀ ਨਹੀਂ ਹੈ।


-ਨਵਜੋਤ ਬਜਾਜ (ਗੱਗੂ)
ਭਗਤਾ ਭਾਈ ਕਾ।

09-07-2019

 ਸਿਹਤ ਸਹੂਲਤਾਂ ਨੂੰ ਤਰਸ ਰਹੇ ਆਮ ਲੋਕ
ਉਂਜ ਤਾਂ ਆਮ ਲੋਕ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਇਨ੍ਹਾਂ ਵਿਚੋਂ ਸਿਹਤ ਸਹੂਲਤਾਂ ਦਾ ਨਾ ਮਿਲਣਾ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਆਮ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਵੱਡੇ-ਵੱਡੇ ਸਿਵਲ ਹਸਪਤਾਲ ਤਾਂ ਥਾਂ-ਥਾਂ ਬਣੇ ਹੋਏ ਹਨ। ਕੀ ਆਮ ਲੋਕਾਂ ਦਾ ਇਲਾਜ ਸਹੀ ਢੰਗ ਨਾਲ ਹੋ ਰਿਹਾ ਹੈ? ਜਾਂ ਫਿਰ ਉਥੇ ਆਮ ਲੋਕਾਂ ਦੀ ਕੋਈ ਸੁਣਵਾਈ ਹੈ? ਅਮੀਰ ਲੋਕ ਤਾਂ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਲੈਂਦੇ ਹਨ ਪਰ ਮੱਧ ਵਰਗੀ ਤੇ ਗ਼ਰੀਬ ਲੋਕ ਕਿੱਧਰ ਜਾਣ? ਹਰ ਪਾਸੇ ਨਿੱਜੀ ਹਸਪਤਾਲਾਂ ਦਾ ਬੋਲਬਾਲਾ ਹੈ ਤੇ ਹਰ ਵਰਗ ਹੀ ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਆਮ ਲੋਕ ਇਲਾਜ ਤੋਂ ਵਿਹੂਣੇ ਰਹਿ ਕੁਝ ਤਾਂ ਲੰਬਾ ਸਮਾਂ ਬਿਮਾਰੀ ਨਾਲ ਮੰਜੇ ਨਾਲ ਜੁੜ ਜਾਂਦੇ ਹਨ। ਸੋ, ਮੇਰੀ ਬੇਨਤੀ ਹੈ ਕਿ ਮੌਕੇ ਦੀ ਸਰਕਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਣ ਦੇਵੇ ਅਤੇ ਜਿਹੜੇ ਆਮ ਲੋਕ ਡਾਕਟਰੀ ਸਹੂਲਤਾਂ ਨੂੰ ਤਰਸ ਰਹੇ ਹਨ, ਉਨ੍ਹਾਂ ਨੂੰ ਸਿਹਤ ਸਹੂਲਤਾਂ ਦੇਵੇ ਤਾਂ ਕਿ ਬੇਸ਼ਕੀਮਤੀ ਜਾਨ ਬਚਾਈਆਂ ਜਾ ਸਕਣ।

-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।

ਸੌ ਕੋਹ ਲੰਮੀ ਲੋਕ-ਕਥਾ
ਬੀਤੀ ਦਿਨੀਂ ਸੰਪਾਦਕੀ ਸਫ਼ੇ 'ਤੇ ਡਾ: ਲਖਵਿੰਦਰ ਸਿੰਘ 'ਜੌਹਲ' ਦਾ ਲਿਖਿਆ ਲੇਖ 'ਸੌ ਕੋਹ ਲੰਮੀ ਲੋਕ-ਕਥਾ' ਪਾਠਕਾਂ ਨੂੰ ਪੰਜਾਬੀ ਬੋਲੀ ਦੇ ਮਹਾਨ ਸਪੂਤ ਸ: ਜਸਵੰਤ ਸਿੰਘ 'ਕੰਵਲ' ਦੇ ਰੂਬਰੂ ਕਰ ਗਿਆ। ਲੇਖਕ ਨੇ ਬੇਸ਼ੱਕ ਉਸ ਦੇ ਸਰੀਰਕ ਜੀਵਨ ਨੂੰ ਸੌ ਸਾਲ ਦੀ ਉਮਰ ਦੇ ਗਜ਼ ਨਾਲ ਮਿਣਦਿਆਂ ਮਾਣ ਮਹਿਸੂਸ ਕੀਤਾ ਹੈ ਪਰ ਜੋ ਕੁਝ 'ਕੰਵਲ' ਲਿਖ ਗਿਆ ਹੈ, ਉਹ ਤਾਂ ਕਈ ਸਦੀਆਂ ਦੇ ਹਾਣ ਦਾ ਹੈ। ਪੰਜਾਬੀਆਂ ਦੇ ਮਨਭਾਉਂਦੇ ਵਿਸ਼ੇ ਪਿਆਰ ਮੁਹੱਬਤ ਵਿਚੋਂ ਦੀ ਲੰਘ ਕੇ ਮਾਰਕਸਵਾਦ, ਨਕਸਲੀ ਲਹਿਰ ਤੇ ਖਾੜਕੂਵਾਦ 'ਤੇ ਲਿਖਣ ਤੋਂ ਬਾਅਦ 'ਕੰਵਲ ਕਹਿੰਦਾ ਰਿਹਾ' ਅਤੇ 'ਪੰਜਾਬ ਤੇਰਾ ਕੀ ਬਣੂੰ' ਉਸ ਦੇ ਅੰਦਰਲੇ ਦਰਦ ਦਾ ਹੀ ਕਲਮੀ ਇਜ਼ਹਾਰ ਹੈ। ਪੰਜਾਬ ਦੀ ਕੌਮੀ ਵਿਰਾਸਤ ਨੂੰ ਢਹਿ-ਢੇਰੀ ਹੁੰਦਿਆਂ ਵੇਖ ਕੇ ਉਹ ਅੱਜ ਵੀ ਫ਼ਿਕਰਮੰਦ ਹੈ। ਰੱਬ ਕਰੇ, ਪੰਜਾਬੀਅਤ ਦਾ ਬਾਬਾ ਬੋਹੜ ਤੰਦਰੁਸਤੀਆਂ ਮਾਣੇ ਤੇ ਹੋਰ ਜੀਵੇ।

-ਗਿ: ਜੋਗਾ ਸਿੰਘ 'ਕਵੀਸ਼ਰ'
ਭਾਗੋਵਾਲ (ਗੁਰਦਾਸਪੁਰ)।

ਬਿਜਲੀ ਦੀ ਬੱਚਤ
ਪੰਜਾਬ ਵਿਚ ਏਨੀ ਦਿਨੀਂ ਗਰਮੀ ਦਾ ਪ੍ਰਕੋਪ ਲੋਕਾਂ ਉੱਪਰ ਕਹਿਰ ਢਾਹੁੰਦਾ ਨਜ਼ਰ ਆ ਰਿਹਾ ਹੈ। ਘਰਾਂ ਵਿਚ ਗਰਮੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਪੱਖੇ, ਕੂਲਰ ਅਤੇ ਏ.ਸੀ. ਲੋਕਾਂ ਵਲੋਂ ਧੜਾਧੜ ਚਲਾਏ ਜਾ ਰਹੇ ਹਨ। ਬਿਜਲੀ ਉਪਕਰਨ ਜ਼ਿਆਦਾ ਮਾਤਰਾ 'ਚ ਚੱਲਣ ਕਾਰਨ ਇਨ੍ਹਾਂ ਮਹੀਨਿਆਂ ਵਿਚ ਲੋਕਾਂ ਨੂੰ ਬਿਜਲੀ ਦੇ ਵੱਡੇ ਬਿੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਵਲੋਂ ਭਾਰੀ ਬਿੱਲਾਂ ਤੋਂ ਬਚਣ ਲਈ ਘਰਾਂ ਵਿਚ ਬਿਨਾਂ ਲੋੜ ਤੋਂ ਬਿਜਲੀ ਉਪਕਰਨ ਲਗਾਉਣ ਤੋਂ ਖ਼ਾਸ ਗੁਰੇਜ਼ ਕੀਤਾ ਜਾਂਦਾ ਹੈ। ਪਰ ਹੁਣ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨਾਂ ਵਲੋਂ ਆਪਣੇ ਖੇਤਾਂ ਵਾਲੀਆਂ ਮੋਟਰਾਂ ਉੱਪਰ 100-100 ਵਾਟ ਅਤੇ ਕਈ ਕਿਸਾਨਾਂ ਵਲੋਂ 200 ਵਾਟ ਦੇ ਦੋ-ਦੋ ਬਲਬ ਲਗਾਏ ਹੋਏ ਹਨ ਜੋ ਦਿਨ ਵੇਲੇ ਵੀ ਅਕਸਰ ਜਗਦੇ ਰਹਿੰਦੇ ਹਨ। ਸੋ, ਅਜਿਹੇ ਕਿਸਾਨਾਂ ਨੂੰ ਅਜਿਹੀ ਫਾਲਤੂ ਬਲਦੀ ਬਿਜਲੀ ਨੂੰ ਬਚਾਉਣ ਲਈ ਆਪਣੇ ਘਰ ਵਾਲੀ ਆਦਤ ਖੇਤਾਂ ਵਿਚ ਪਾਉਣੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਤਰ੍ਹਾਂ ਛੋਟੀ-ਛੋਟੀ ਬੱਚਤ ਨਾਲ ਸੂਬੇ ਦੀ ਰੋਜ਼ਾਨਾ ਕਾਫੀ ਬਿਜਲੀ ਬਚਾ ਸਕਦੇ ਹਾਂ।

-ਰਾਜਾ ਗਿੱਲ, ਚੜਿੱਕ।

ਜ਼ਰੂਰੀ ਹੈ ਜਲ ਸਰੋਤਾਂ ਦੀ ਵਿਉਂਤਬੰਦੀ
ਪੰਜਾਬ ਸਮੇਤ ਪੂਰੇ ਭਾਰਤ 'ਚ ਪੀਣ ਵਾਲੇ ਪਾਣੀ ਦਾ ਸੰਕਟ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਚੇਨੱਈ ਵਰਗੇ ਸ਼ਹਿਰਾਂ 'ਚ 20-20 ਲੀਟਰ ਪਾਣੀ ਲੈਣ ਲਈ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਭਾਰਤ ਵਿਚ ਰੁੱਖਾਂ ਦੀ ਗਿਣਤੀ ਘਟਣ ਨਾਲ ਬਾਰਿਸ਼ਾਂ ਵੀ ਘੱਟ ਹੋਣ ਲੱਗ ਪਈਆਂ ਹਨ ਅਤੇ ਮੌਨਸੂਨ ਪ੍ਰਤੀ ਸਾਲ ਹਲਕੀ ਹੁੰਦੀ ਜਾ ਰਹੀ ਹੈ। ਹਰਜਿੰਦਰ ਸਿੰਘ ਲਾਲ ਦਾ ਸੁਝਾਅ 'ਪੰਜਾਬ ਲਈ ਬੇਹੱਦ ਜ਼ਰੂਰੀ ਹੈ ਕੁਦਰਤੀ ਜਲ ਸਰੋਤਾਂ ਦੀ ਵਿਉਂਤਬੰਦੀ' ਸਰਕਾਰ ਦਾ ਧਿਆਨ ਇਸ ਪਾਸੇ ਖਿੱਚਦਾ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਕਣਕ ਅਤੇ ਚੌਲਾਂ ਦੀ ਪੈਦਾਵਾਰ ਲਈ ਪੰਜਾਬ ਦੇਸ਼ ਦੇ ਅੰਨ ਭੰਡਾਰ 'ਚ ਵੱਡਾ ਹਿੱਸਾ ਪਾਉਂਦਾ ਹੈ। ਪਾਣੀ ਦੀ ਕਿੱਲਤ ਇਥੋਂ ਦੀ ਖੇਤੀਬਾੜੀ 'ਤੇ ਮਾੜੇ ਪ੍ਰਭਾਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਜਿਹੇ 'ਚ ਕੁਦਰਤੀ ਜਲ ਸਰੋਤਾਂ ਤੋਂ ਪਾਣੀ ਦੀ ਉਪਲਬਧੀ ਨੂੰ ਵਿਉਂਤਬੰਦੀ ਕਰ ਕੇ ਨਹਿਰਾਂ, ਸੂਏ, ਕੱਸੀਆਂ, ਨਾਲਿਆਂ ਆਦਿ ਨਾਲ ਖੇਤਾਂ ਦੀ ਸਿੰਜਾਈ ਲਈ ਪ੍ਰਯੋਗ ਕੀਤੇ ਜਾਣ ਦੇ ਯੋਗ ਬਣਾਇਆ ਜਾਵੇ। ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਅਤੇ ਆਮ ਲੋਕਾਂ ਨੂੰ 'ਰੇਨ ਹਾਰਵੈਸਟਿੰਗ' ਲਈ ਮਜਬੂਰ ਕੀਤਾ ਜਾਵੇ ਤਾਂ ਜੋ ਧਰਤੀ ਹੇਠਾਂ ਪਾਣੀ ਮੁੜ ਜਮ੍ਹਾਂ ਕੀਤਾ ਜਾ ਸਕੇ ਜਾਂ ਘਰ ਅੰਦਰ ਪੀਣ ਦੇ ਪਾਣੀ ਨੂੰ ਛੱਡ ਕੇ ਹੋਰ ਘਰੇਲੂ ਲੋੜਾਂ ਲਈ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਵਰਤਣ ਲਈ ਜ਼ਰੂਰੀ ਬਣਾਇਆ ਜਾਵੇ। ਪਾਣੀ ਦੀ ਬੂੰਦ ਬਚਾਉਣ ਲਈ ਜਾਗਰੂਕਤਾ ਮੁਹਿੰਮ ਵਿੱਢਣ ਦੀ ਲੋੜ 'ਤੇ ਜ਼ੋਰ ਦੇਣ ਦੀ ਜ਼ਰੂਰਤ ਹੈ।

-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

08-07-2019

 ਪ੍ਰਵਾਸ ਦਾ ਦੁਖਾਂਤ
ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਮਾਲਟਾ ਕਾਂਡ ਵਿਚ ਮੌਤ ਦੇ ਮੂੰਹ ਵਿਚ ਜਾ ਪਏ 283 ਪੰਜਾਬੀ ਨੌਜਵਾਨਾਂ ਦਾ ਦੁਖਾਂਤਕ ਅੰਤ ਅਜੇ ਤੱਕ ਭੁਲਾਇਆ ਨਹੀਂ ਜਾ ਸਕਿਆ ਸੀ। ਹੁਣ ਇਕ 8 ਸਾਲ ਦੀ ਮਾਸੂਮ ਬੱਚੀ ਗੁਰਪ੍ਰੀਤ ਸਿੰਘ ਦੀ ਗ਼ੈਰ-ਕਾਨੂੰਨੀ ਪ੍ਰਵਾਸ ਦੌਰਾਨ ਮੈਕਸੀਕੋ ਦੇ ਮਾਰੂਥਲਾਂ ਦੀ ਪਿਆਸ ਨੇ ਬਲੀ ਲੈ ਲਈ ਹੈ। ਇਹ ਬਾਲੜੀ ਮਨੁੱਖੀ ਤਸਕਰਾਂ ਰਾਹੀਂ ਪਰਿਵਾਰ ਸਮੇਤ ਅਮਰੀਕਾ ਜਾਣ ਦੀ ਫਿਰਾਕ ਵਿਚ ਸੀ। ਇਹੀ ਨਹੀਂ ਪਿਛਲੇ ਮਹੀਨੇ ਦੇ ਅੰਤ ਤੱਕ 58 ਗ਼ੈਰ-ਕਾਨੂੰਨੀ ਪ੍ਰਵਾਸੀ ਆਪਣੀ ਮੰਜ਼ਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਵੱਖ-ਵੱਖ ਕਾਰਨਾਂ ਕਰਕੇ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਦੇ ਕਰੀਬ ਜੇਲ੍ਹਾਂ ਵਿਚ ਸੜ ਰਹੇ ਹਨ। ਅਫਸੋਸ ਕਿ ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ।
ਜਾਨ ਤਲੀ 'ਤੇ ਧਰ ਕੇ, ਜ਼ਮੀਨਾਂ ਜਾਇਦਾਦਾਂ ਵੇਚ ਕੇ, ਏਜੰਟਾਂ ਦਾ ਢਿੱਡ ਭਰ ਕੇ ਆਖਰ ਅਸੀਂ ਪੰਜਾਬੀ ਹਰ ਹਾਲਤ ਵਿਚ ਪ੍ਰਵਾਸ ਕਰਨ ਲਈ ਕਿਉਂ ਖਤਰਾ ਮੁੱਲ ਲੈਣ ਲਈ ਤਿਆਰ ਹਾਂ? ਡੁੱਬ ਰਹੀ ਕਿਸਾਨੀ, ਬੇਰੁਜ਼ਗਾਰੀ, ਅਸੁਰੱਖਿਅਤ ਭਵਿੱਖ ਅਤੇ ਸਾਹ ਸੂਤ ਰਹੀ ਮਹਿੰਗਾਈ ਅਜਿਹੇ ਕਾਰਨ ਹਨ ਜੋ ਕਿ ਸਾਨੂੰ ਪ੍ਰਵਾਸ ਲਈ ਮਜਬੂਰ ਕਰ ਰਹੇ ਹਨ। ਸਾਡੀਆਂ ਸਰਕਾਰਾਂ ਆਜ਼ਾਦੀ ਦੇ ਬਾਅਦ ਵੀ ਇਨ੍ਹਾਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਕੱਢ ਸਕੀਆਂ। ਸਰਕਾਰਾਂ ਨੂੰ ਸੂਝ ਭਰੀਆਂ ਨੀਤੀਆਂ ਆਪਣਾ ਕੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨੇ ਚਾਹੀਦੇ ਹਨ। ਨਿੱਜੀ ਖੇਤਰ ਵਿਚ ਹੋ ਰਹੇ ਆਰਥਿਕ ਸੋਸ਼ਣ ਨੂੰ ਰੋਕਿਆ ਜਾਣਾ ਚਾਹੀਦਾ ਹੈ। ਹਰ ਨਾਗਰਿਕ ਨੂੰ ਸਨਮਾਨਯੋਗ ਜ਼ਿੰਦਗੀ ਜਿਊਣ ਦਾ ਮੌਕਾ ਮਿਲਣਾ ਚਾਹੀਦਾ ਹੈ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਦੋ ਸ਼ਬਦ...
ਅਦਾਰਾ 'ਅਜੀਤ' ਵਲੋਂ ਸਮਾਜ ਦਾ ਦਰਦ ਪਛਾਨਣ ਵਾਲੇ ਡਾ: ਬੀ. ਸੀ. ਰਾਏ ਦੇ ਜਨਮ ਦਿਹਾੜੇ ਨੂੰ ਸਮਰਪਿਤ ਡਾਕਟਰ ਦਿਵਸ ਮੌਕੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ 'ਤੇ ਸਭ ਨੂੰ ਮੁਬਾਰਕਾਂ ਦਿੰਦੇ ਹਾਂ ਅਤੇ ਪ੍ਰਣ ਕਰੀਏ ਕਿ ਕੋਈ ਵੀ ਮਰੀਜ਼ ਇਲਾਜ ਖੁਣੋਂ ਨਾ ਮਰੇ। ਸਰਕਾਰ ਅਤੇ ਡਾਕਟਰਾਂ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਹਰੇਕ ਨਾਗਰਿਕ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ, ਜਦੋਂ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਇਲਾਜ ਦੌਰਾਨ ਵਪਾਰੀ ਕੋਈ ਚੰਗੀ-ਮਾੜੀ ਘਟਨਾ ਨੂੰ ਲੈ ਕੇ ਡਾਕਟਰਾਂ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ ਤੱਕ ਜਾਣ ਅਤੇ ਡਾਕਟਰਾਂ ਤੇ ਹਸਪਤਾਲਾਂ 'ਤੇ ਹਮਲੇ ਕਰਨ ਤੋਂ ਗੁਰੇਜ਼ ਗਰਨ।

-ਪਰਮਜੀਤ ਕੌਰ ਸਲੇਮਪੁਰੀ

ਕੈਨੇਡਾ 'ਚ ਸਿਹਤ ਅਤੇ ਹੋਰ ਸਹੂਲਤਾਂ
ਕੈਨੇਡਾ ਵੱਡਾ ਦੇਸ਼ ਹੈ ਪ੍ਰੰਤੂ ਇਸ ਦੀ ਆਬਾਦੀ ਪੰਜਾਬ ਨਾਲੋਂ ਵੀ ਘੱਟ ਦੱਸੀ ਜਾਂਦੀ ਹੈ। ਆਵਾਜਾਈ, ਸਿਹਤ ਆਦਿ ਜਿੰਨੀਆਂ ਸਹੂਲਤਾਂ ਕੈਨੇਡਾ ਆਪਣੇ ਨਾਗਰਿਕਾਂ ਨੂੰ ਦਿੰਦਾ ਹੈ, ਉਸ ਦੇ ਬਦਲੇ ਲੋਕਾਂ ਪਾਸੋਂ ਟੈਕਸ ਦੇ ਰੂਪ ਵਿਚ ਪੈਸੇ ਵੀ ਇਕੱਠੇ ਕਰਦਾ ਹੈ। ਹਰ ਸਹੂਲਤ ਲੋਕਾਂ ਨੂੰ ਘਰ ਤੱਕ ਪਹੁੰਚ ਜਾਂਦੀ ਹੈ। ਇਸ ਦੇ ਨਾਗਰਿਕ ਕਾਇਦੇ-ਕਾਨੂੰਨ ਨੂੰ ਨਜ਼ਰਅੰਦਾਜ਼ ਨਹੀਂ ਕਰਦੇ। ਹਰੇਕ ਨਾਗਰਿਕ ਭਾਵੇਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਆਮ ਨਾਗਰਿਕ ਹੈ, ਸਭ ਲਈ ਕਾਨੂੰਨ ਬਰਾਬਰ ਹੈ।
ਮੈਨੂੰ ਕੈਨੇਡਾ 'ਚ ਪਰਿਵਾਰਕ ਮੈਂਬਰਾਂ ਨਾਲ ਜਨਰਲ ਹਸਪਤਾਲ (ਸਰਕਾਰੀ) ਜਾਣ ਦਾ ਮੌਕਾ ਮਿਲਿਆ ਅਤੇ ਮੈਂ ਹੈਰਾਨ ਰਹਿ ਗਿਆ ਕਿ ਇਥੋਂ ਦੇ ਹਸਪਤਾਲ ਵਿਚ ਏਨੀ ਸਫਾਈ, ਏਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਕਿ ਪੰਜਾਬ ਵਿਚ ਸ਼ਾਇਦ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਨਾ ਹੋਣ ਅਤੇ ਸਰਕਾਰੀ ਹਸਪਤਾਲਾਂ ਦਾ ਤੇ ਸਭ ਨੂੰ ਪਤਾ ਹੀ ਹੈ। ਪੰਜਾਬ 'ਚ ਗਰੀਬਾਂ ਦਾ ਹਸਪਤਾਲਾਂ 'ਚ ਕਚੂੰਮਰ ਨਿਕਲ ਜਾਂਦਾ ਹੈ। ਇਥੋਂ ਦੇ ਡਾਕਟਰ ਨਾਰਮਲ ਡਲਿਵਰੀ ਨੂੰ ਹੀ ਤਰਜੀਹ ਦਿੰਦੇ ਹਨ ਜਦੋਂ ਕਿ ਆਪ੍ਰੇਸ਼ਨ ਦਾ ਰਿਵਾਜ ਇਥੇ ਨਹੀਂ ਹੈ। ਪਰਮਾਤਮਾ ਕਰੇ ਅਜਿਹੀਆਂ ਸਹੂਲਤਾਂ ਭਾਰਤ ਵਿਚ ਵੀ ਆਮ ਲੋਕਾਂ ਨੂੰ ਮਿਲ ਜਾਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

ਸਰਕਾਰਾਂ ਗੰਭੀਰ ਹੋਣ
ਅਮਰਵੇਲ ਵਾਂਗ ਨਿੱਤ ਦਿਨ ਵਧਦੀ ਜਾ ਰਹੀ ਆਬਾਦੀ ਤੇ ਦਿਨੋ-ਦਿਨ ਵਧ ਰਿਹਾ ਵਿਹਲੜਪੁਣਾ ਅੱਜ ਦੇਸ਼ ਲਈ ਸਰਾਪ ਬਣ ਚੁੱਕੇ ਹਨ। ਆਬਾਦੀ ਨੂੰ ਠੱਲ੍ਹ ਪਾਉਣ ਲਈ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤੇ ਨਾ ਹੀ ਰੁਜ਼ਗਾਰ ਦੇ ਮੌਕੇ ਹੀ ਪੈਦਾ ਕੀਤੇ ਜਾ ਰਹੇ ਹਨ। ਅੱਜ ਦੇਸ਼ ਦੀ ਵੱਡੀ ਗਿਣਤੀ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ। ਪੰਜਾਬ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਰੁਜ਼ਗਾਰ ਦੀ ਭਾਲ ਕਰਦੀ-ਕਰਦੀ ਅਖੀਰ ਥੱਕ ਹਾਰ ਕੇ ਬਾਹਰਲੇ ਦੇਸ਼ਾਂ ਨੂੰ ਰੁਖ਼ ਕਰ ਰਹੀ ਹੈ। ਜੋ ਇਧਰ ਬਚੇ ਹਨ, ਉਨ੍ਹਾਂ ਵਿਚੋਂ ਬੁਹਤੇ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੇ ਹਨ।
ਅੱਜ ਮਾਪਿਆਂ ਦੇ ਨਾਲ-ਨਾਲ ਦੇਸ਼ ਦੇ ਬਹੁਤੇ ਨੌਜਵਾਨ ਭਵਿੱਖ ਨੂੰ ਲੈ ਕੇ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਇਧਰ ਰਹਿ ਕੇ ਕੋਈ ਕਾਰੋਬਾਰ ਕਰਨ ਲਈ ਕਰਜ਼ਾ ਵਗੈਰਾ ਦੀ ਸਹੂਲਤ ਲੈਣ ਲਈ ਜੇ ਕੋਈ ਹਿੰਮਤ ਜਤਾਉਂਦਾ ਹੈ ਤਾਂ ਉਸ ਨੂੰ ਇਕ ਵਾਰ ਨਹੀਂ ਕਈ-ਕਈ ਵਾਰ ਸੂਈ ਦੇ ਨੱਕੇ 'ਚੋਂ ਨਿਕਲਣਾ ਪੈਂਦਾ ਹੈ, ਤ੍ਰਾਸਦੀ ਇਹ ਹੈ ਕਿ ਫਿਰ ਵੀ ਇਹ ਸਹੂਲਤ ਨਸੀਬ ਨਹੀਂ ਹੁੰਦੀ। ਅੱਜ ਸਮੇਂ ਦੀ ਮੰਗ ਹੈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਕਿਤੇ ਮਸਤੀ ਜਾਨ ਲੇਵਾ ਨਾ ਬਣ ਜਾਵੇ
ਮੀਂਹ ਨਾ ਪੈਣ ਕਾਰਨ, ਵਾਤਾਵਰਨ ਦੂਸ਼ਿਤ ਹੋਣ ਕਾਰਨ, ਰੁੱਖਾਂ ਦੀ ਹੋ ਰਹੀ ਤੇ ਹੋ ਚੁੱਕੀ ਕਟਾਈ ਕਾਰਨ ਅਤੇ ਹੋਰ ਅਨੇਕਾਂ ਮਨੁੱਖੀ ਗ਼ਲਤੀਆਂ ਕਾਰਨ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ। ਹਰ ਕੋਈ ਗਰਮੀ ਤੋਂ ਰਾਹਤ ਚਾਹੁੰਦਾ ਹੈ। ਪਰ ਜਵਾਨ ਮੁੰਡੇ ਗਰਮੀ ਤੋਂ ਬਚਣ ਲਈ ਨਹਿਰਾਂ, ਦਰਿਆਵਾਂ ਆਦਿ ਵਿਚ ਨਹਾਉਣ ਚਲੇ ਜਾਂਦੇ ਹਨ, ਇਨ੍ਹਾਂ ਨੂੰ ਪੁਲਾਂ 'ਤੇ ਚੜ੍ਹ ਕੇ ਛਾਲਾਂ ਮਾਰਦੇ ਆਮ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਗਰਮੀ ਤੋਂ ਰਾਹਤ ਪਾਉਣਾ ਮਸਤੀ ਵਿਚ ਬਦਲ ਜਾਂਦਾ ਹੈ। ਜਿਵੇਂ ਅਖ਼ਬਾਰਾਂ ਵਿਚ ਖ਼ਬਰ ਹੈ ਕਿ ਦਰਿਆ ਵਿਚ ਨਹਾਉਣ ਗਏ ਨੌਜਵਾਨ ਦਰਿਆ ਦੇ ਉੱਪਰੋਂ ਲੰਘਦੀ ਰੇਲਵੇ ਲਾਈਨ ਉੱਪਰ ਚੜ੍ਹ ਕੇ ਦਰਿਆਵਾਂ ਵਿਚ ਛਾਲਾਂ ਮਾਰਦੇ ਹੋਏ ਰੇਲ ਗੱਡੀ ਦੀ ਲਪੇਟ ਵਿਚ ਆ ਗਏ। ਇਸੇ ਤਰ੍ਹਾਂ ਬਹੁਤ ਵਾਰ ਹੁੰਦਾ ਹੈ ਕਿ ਦਰਿਆ ਦੇ ਤੇਜ਼ ਵਹਾਅ ਦੇ ਸਾਹਮਣੇ ਕਈ ਨੌਜਵਾਨ ਮੁੰਡੇ ਜਾਂ ਬੱਚੇ ਜ਼ਿੰਦਗੀ ਹਾਰ ਜਾਂਦੇ ਹਨ ਇਹ ਕੀਤੀ ਮਸਤੀ ਮਹਿੰਗੀ ਪੈ ਜਾਂਦੀ ਹੈ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਦੇ ਪੱਲੇ ਸਾਰੀ ਉਮਰ ਦਾ ਰੋਣਾ ਪੈ ਜਾਂਦਾ ਹੈ। ਸੋ, ਦਰਿਆਵਾਂ ਵਿਚ ਨਹਾਉਣਾ ਗਰਮੀ ਤੋਂ ਛੁਟਕਾਰਾ ਪਾਉਣਾ ਦਾ ਕੋਈ ਸਥਾਈ ਹੱਲ ਨਹੀਂ ਹੈ।

-ਅੰਮ੍ਰਿਤ ਕੌਰ-
ਅੱਧੀ ਟਿੱਬੀ, ਬਡਰੁੱਖਾਂ, ਸੰਗਰੂਰ।

05-07-2019

 ਕਿਹੋ ਜਿਹੀ ਮੌਤ?
ਪਿਛਲੇ ਦਿਨੀਂ 2 ਸਾਲ ਦਾ ਬਾਲ ਫ਼ਤਹਿਵੀਰ ਖੇਡਦਾ ਹੋਇਆ ਅਚਾਨਕ 9 ਇੰਚ ਚੌੜੇ ਬੋਰਵੈੱਲ ਵਿਚ ਜਾ ਡਿੱਗਾ, ਜਿਸ ਨੂੰ ਕਾਫੀ ਜਦੋ-ਜਹਿਦ ਬਾਅਦ ਮ੍ਰਿਤਕ ਹਾਲਤ 'ਚ ਬਾਹਰ ਕੱਢਿਆ ਗਿਆ। ਮਾਂ-ਬਾਪ ਲਈ ਅਸਹਿ ਅਤੇ ਅਕਹਿ ਸਦਮਾ ਸਮੁੱਚੀ ਇਨਸਾਨੀਅਤ ਦੀਆਂ ਅੱਖਾਂ ਨਮ ਕਰਨ ਵਾਲੀ ਮੰਦਭਾਗੀ ਘਟਨਾ ਹੈ। ਕਲਪਨਾ ਕਰੋ ਕਿ ਇਕ ਮਾਸੂਮ ਬਾਲ ਨੇ ਕਿੱਦਾਂ ਉਸ ਬੋਰਵੈੱਲ ਵਿਚ ਜਾਨ ਦਿੱਤੀ ਹੋਵੇਗੀ, ਦੇਖ-ਸੁਣ ਕੇ ਜਿਥੇ ਰੂਹ ਕੰਬਦੀ ਹੈ, ਉਥੇ ਸਾਡੀ ਆਧੁਨਿਕ ਤਕਨੀਕ ਦੇ ਮੂੰਹ 'ਤੇ ਕਰਾਰੀ ਚਪੇੜ ਵੀ ਹੈ। ਇਕ ਪਾਸੇ ਅਸੀਂ ਭਾਰਤ ਦੀ ਤਰੱਕੀ ਦੇ ਦਮਗਜੇ ਨਹੀਂ ਮਾਰਦੇ ਥੱਕਦੇ, ਚੰਨ ਤੋਂ ਮਿੱਟੀ ਲਿਆਉਣ ਦੇ ਦਾਅਵੇ ਕਰੀ ਬੈਠੇ ਹਾਂ ਪਰ ਲਾਹਨਤ ਹੈ ਕਿ ਦੋ ਸਾਲ ਦੇ ਮਾਸੂਮ ਬਾਲ ਨੂੰ ਧਰਤੀ ਤੋਂ ਨਹੀਂ ਚੁੱਕ ਸਕੇ।
ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਵੱਖ-ਵੱਖ ਖੇਤਰਾਂ ਵਿਚ ਨਵੀਆਂ-ਨਵੀਆਂ ਮਸ਼ੀਨਾਂ ਦੀ ਲੱਭਤ ਨਾਲ ਕੰਮ ਨੂੰ ਸੌਖਿਆਂ ਕਰ ਲਿਆ ਪਰ ਡੂੰਘੀ ਜ਼ਮੀਨ, ਬੋਰ 'ਚੋਂ ਕੋਈ ਚੀਜ਼ ਚੁੱਕਣ ਵਾਲੀ ਮਸ਼ੀਨ ਇਜਾਦ ਨਹੀਂ ਕਰ ਸਕੇ। ਪਰ ਉਸ ਮਾਸੂਮ ਨੇ ਭਾਵੇਂ ਆਪਣੀ ਜਾਨ ਗੁਆ ਦਿੱਤੀ ਪਰ ਉਸ ਨੇ ਸਾਡੇ 'ਜੰਗਾਲੇ ਖੋਪੜਾਂ' ਨੂੰ ਝੰਜੋੜ ਦਿੱਤਾ ਕਿ ਇਸ ਵਿਸ਼ੇ 'ਤੇ ਵੀ ਡੂੰਘੀ ਖੋਜ ਕਰਨ ਦੀ ਜ਼ਰੂਰਤ ਹੈ। ਅੰਤ ਉਸ ਦੋ ਸਾਲਾ ਮਾਸੂਮ ਦਾ ਨਾਂਅ ਸੁਨਹਿਰੀ ਅੱਖਰਾਂ 'ਚ ਲਿਖਣਾ ਬਣਦਾ ਹੈ ਜਿਸ ਨੇ ਛੋਟੀ ਉਮਰੇ ਹੀ ਵੱਡੇ ਦਿਮਾਗਾਂ ਨੂੰ 'ਜ਼ਮੀਨੀ ਖੋਜ' ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਬੱਚੇ ਮਾਂ-ਬਾਪ ਦਾ 'ਅਮੁੱਲ ਧਨ' ਹੁੰਦੇ ਨੇ। ਭਵਿੱਖ 'ਚ ਅਜਿਹੀ ਘਟਨਾ ਕਿਸੇ ਨਾਲ ਵੀ ਨਾ ਵਾਪਰੇ, ਅਜਿਹੀ ਕਾਮਨਾ ਹੈ।


-ਜਸਬੀਰ ਦੱਧਾਹੂਰ, ਪਿੰਡ ਤੇ ਡਾਕ: ਦੱਧਾਹੂਰ, ਜ਼ਿਲ੍ਹਾ ਲੁਧਿਆਣਾ।


ਸਕੂਲੀ ਸਿੱਖਿਆ ਦੀ ਅਸਲ ਤਸਵੀਰ
28 ਅਤੇ 29 ਜੂਨ ਦੋ ਕਿਸ਼ਤਾਂ ਵਿਚ ਸਤਨਾਮ ਸਿੰਘ ਮਾਣਕ ਹੋਰਾਂ ਸਕੂਲੀ ਸਿੱਖਿਆ ਦੀ ਅਸਲ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਪੰਜਾਬ ਤੇ ਪੰਜਾਬੀ ਦੀ ਹੋ ਰਹੀ ਦੁਰਗਤੀ ਬਾਰੇ ਆਪਣਾ ਦਰਦ ਪੇਸ਼ ਕੀਤਾ ਹੈ। ਉਨ੍ਹਾਂ ਨਵੇਂ ਬਣੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ, ਜੋ ਪੜ੍ਹੇ-ਲਿਖੇ ਤੇ ਸੰਵੇਦਨਸ਼ੀਲ ਵਿਅਕਤੀ ਹਨ, ਤੋਂ ਆਸ ਪ੍ਰਗਟ ਕੀਤੀ ਹੈ ਕਿ ਉਹ ਠੋਸ ਫ਼ੈਸਲੇ ਲੈ ਕੇ ਪੰਜਾਬ ਦਾ ਅਸਲ ਪੁੱਤਰ ਹੋਣ ਦਾ ਮਾਣ ਪ੍ਰਾਪਤ ਕਰਨਗੇ। ਉਨ੍ਹਾਂ ਆਪਣੇ ਲੇਖ ਰਾਹੀਂ ਸਿੱਖਿਆ ਮੰਤਰੀ ਨੂੰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਨ੍ਹਾਂ ਨੂੰ ਹੜਤਾਲਾਂ, ਧਰਨਿਆਂ ਤੋਂ ਵਿਹਲੇ ਕਰਕੇ ਪੜ੍ਹਾਉਣ ਵੱਲ ਤੋਰਨ ਤੇ ਆਪਣੇ ਨਾਲ ਸਿੱਖਿਆ ਮਾਹਿਰਾਂ ਦੀ ਅਸਲ ਟੀਮ ਲੈ ਕੇ ਬਿਮਾਰ ਹੋ ਚੁੱਕੀ ਸਿੱਖਿਆ ਨੂੰ ਫਿਰ ਤੋਂ ਤੰਦਰੁਸਤ ਕਰਕੇ ਭਾਰਤ ਵਿਚ ਪੰਜਾਬ ਨੂੰ ਫਿਰ ਤੋਂ ਮੋਹਰੀ ਸੂਬਾ ਬਣਾਉਣ ਲਈ ਉਪਰਾਲੇ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਪੰਜਾਬ ਦੀ ਸਿੱਖਿਆ ਨੂੰ ਇਤਿਹਾਸ, ਵਿਰਸੇ ਤੇ ਸੱਭਿਆਚਾਰਕ ਨਾਲ ਜੋੜੀ ਰੱਖਣ ਤੇ ਸਿੱਖਿਆ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇਯੋਗ ਬਣਾਉਣ ਲਈ ਦ੍ਰਿੜ੍ਹਤਾ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ ਜੋ ਸਲਾਹੁਣਯੋਗ ਹੈ। ਇਹ ਲੇਖ ਸੁਹਿਰਦ ਅਧਿਆਪਕ ਨੂੰ ਪੜ੍ਹ ਕੇ ਇਸ ਵਿਚਾਰ ਨੂੰ ਅਗਾਂਹ ਤੋਰਨ ਦੀ ਅੱਜ ਮੁੱਖ ਲੋੜ ਹੈ।


-ਬਹਾਦਰ ਸਿੰਘ ਸੰਧੂ


ਭੀੜਤੰਤਰ ਦੀ ਬਰਬਰਤਾ
ਭਾਵੇਂ ਭੀੜਤੰਤਰ ਦੀਆਂ ਜ਼ਾਲਮਾਨਾ ਹਰਕਤਾਂ 'ਤੇ ਨਕੇਲ ਪਾਉਣ ਲਈ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ 'ਤੇ ਕਾਬੂ ਪਾਉਣ ਲਈ ਕਿਹਾ ਹੈ ਪਰ ਅਜੇ ਵੀ ਭੀੜ ਵਲੋਂ ਘੱਟ-ਗਿਣਤੀਆਂ ਨਾਲ ਘਟਨਾਵਾਂ ਵਾਪਰ ਰਹੀਆਂ ਹਨ। ਧਰਮ ਦੇ ਨਾਂਅ 'ਤੇ ਲੋਕਾਂ ਨੂੰ ਕੁੱਟਣ ਦੇ ਨਾਲ-ਨਾਲ ਜਾਨੋਂ ਮਾਰ ਦਿੱਤਾ ਜਾਂਦਾ ਹੈ, ਜਿਸ ਨਾਲ ਘੱਟ-ਗਿਣਤੀ ਦੇ ਲੋਕ ਆਪਣੇ ਹੀ ਦੇਸ਼ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਹਨ। ਬਹੁਤੀ ਵਾਰ ਗਊ-ਰੱਖਿਆ ਦੇ ਨਾਂਅ 'ਤੇ ਅਖੌਤੀ ਗਊ ਭਗਤਾਂ ਵਲੋਂ ਭਾਵੇਂ ਕੋਈ ਪਸ਼ੂ ਇਧਰ-ਉਧਰ ਲਿਜਾ ਰਿਹਾ ਹੋਵੇ ਤਾਂ ਵਾਹਨ ਚਾਲਕ ਦੇ ਨਾਲ-ਨਾਲ ਮਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਇਥੋਂ ਤੱਕ ਲੋਕਾਂ ਨੂੰ ਜਾਨੋਂ ਵੀ ਮਾਰ ਦਿੱਤਾ ਜਾਂਦਾ ਹੈ। ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਰ ਵਿਚ ਅਜਿਹੇ ਘਿਨੌਣੇ ਕਰਮ ਅਨੇਕਾਂ ਵਾਰ ਵਾਪਰ ਚੁੱਕੇ ਹਨ। ਅਜਿਹਾ ਮਾਹੌਲ ਘ੍ਰਿਣਾ ਨੂੰ ਜਨਮ ਦਿੰਦਾ ਹੈ। ਸਰਕਾਰ ਨੂੰ ਘੱਟ-ਗਿਣਤੀਆਂ ਦੀ ਰਖਵਾਲੀ ਅਤੇ ਭੀੜਤੰਤਰ ਦੀ ਅਜਿਹੀ ਮਾਰੂ ਮਾਨਸਿਕਤਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਜੋ ਦੇਸ਼ ਵਿਚ ਹਰ ਕੋਈ ਸੁਰੱਖਿਅਤ ਮਹਿਸੂਸ ਕਰ ਸਕੇ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਨਹਿਰਾਂ ਦੀ ਮਾੜੀ ਹਾਲਤ
ਅਜੋਕੇ ਸਮੇਂ ਸਰਕਾਰਾਂ ਅਤੇ ਬੁੱਧੀਜੀਵੀ ਸਮਾਜ ਆਮ ਲੋਕਾਂ ਨੂੰ ਪਾਣੀ ਦੀ ਸਾਂਭ-ਸੰਭਾਲ ਕਰਨ ਪ੍ਰਤੀ ਜਾਗਰੂਕ ਕਰਨ ਦੇ ਅਨੇਕਾਂ ਯਤਨ ਕਰ ਰਹੇ ਹਨ। ਜੇਕਰ ਗੌਰ ਨਾਲ ਤੱਕਿਆ ਜਾਵੇ ਤਾਂ ਇਹ ਉਪਰਾਲੇ ਕੇਵਲ ਨਾਅਰਿਆਂ ਤੱਕ ਹੀ ਸੀਮਤ ਰਹਿ ਚੁੱਕੇ ਹਨ। ਇਸ ਦੀ ਮਿਸਾਲ ਹਨ ਅੱਜ ਦੀਆਂ ਨਹਿਰਾਂ ਦੀ ਮੰਦੜੀ ਹਾਲਤ। ਅੱਜ ਦਾ ਇਨਸਾਨ ਏਨਾ ਖ਼ੁਦਗਰਜ਼, ਅਵੇਸਲਾ ਅਤੇ ਤੰਗ ਸੋਚ ਵਾਲਾ ਹੋ ਗਿਆ ਹੈ ਕਿ ਪਾਣੀ ਨੂੰ ਹੀ ਦੂਸ਼ਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਮਨੁੱਖ ਦੁਆਰਾ ਕੂੜਾ-ਕਰਕਟ, ਮਰੇ ਪਸ਼ੂ ਅਤੇ ਜਾਦੂ-ਟੂਣੇ ਦੀ ਸਮੱਗਰੀ ਆਦਿ ਨਹਿਰਾਂ ਵਿਚ ਸੁੱਟੀ ਜਾਂਦੀ ਹੈ। ਬਜ਼ੁਰਗਾਂ ਦੇ ਬੋਲ ਸਨ ਕਿ 'ਵਗਦਾ ਪਾਣੀ ਗੰਦਲਾ ਨਹੀਂ ਹੁੰਦਾ। ਪਰ ਅਜੋਕੇ ਸਮਾਜ ਨੇ ਪੁਰਖਾਂ ਦੇ ਇਹ ਕਥਨ ਝੂਠੇ ਕਰ ਦਿੱਤੇ ਹਨ। ਪੜ੍ਹੇ-ਲਿਖੇ ਸਮਾਜ ਅਤੇ ਪ੍ਰਸ਼ਾਸਨ ਨੂੰ ਸੰਜੀਦਗੀ ਵਰਤਦੇ ਹੋਏ ਆਮ ਲੋਕਾਂ ਨੂੰ ਪਾਣੀ ਦੀ ਮਹੱਤਤਾ ਪ੍ਰਤੀ ਸੁਚੇਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਕੁਦਰਤੀ ਦਾਤਾਂ ਦਾ ਉਪਯੋਗ ਕਰ ਸਕਣ।


-ਗੁਰਪ੍ਰੀਤ ਸਿੰਘ ਔਲਖ, ਦਿਆਲਗੜ੍ਹ, ਬਟਾਲਾ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX