ਤਾਜਾ ਖ਼ਬਰਾਂ


ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਨਾਭਾ ,16 ਸਤੰਬਰ {ਅਮਨਦੀਪ ਸਿੰਘ ਲਵਲੀ}- ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਤਿੰਨ ਗੈਂਗਸਟਰਾਂ ਵੱਲੋਂ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ । ਕੈਦੀ ਕਰਮਜੀਤ ...
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਭਾਦੋਂ ਸੰਮਤ 551
ਵਿਚਾਰ ਪ੍ਰਵਾਹ: ਲੋਕਤੰਤਰ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ

ਤੁਹਾਡੇ ਖ਼ਤ

11-09-2019

 ਹੜ੍ਹ, ਪ੍ਰਸ਼ਾਸਨ ਤੇ ਸਰਕਾਰ
ਪੰਜਾਬ ਵਿਚ ਪਿਛਲੇ ਦਿਨੀਂ ਪਹਿਲਾਂ ਘੱਗਰ ਦਰਿਆ ਤੇ ਫਿਰ ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ। ਪ੍ਰਸ਼ਾਸਨ ਤੇ ਸਰਕਾਰ ਆਪਣੀਆਂ ਅਣਗਹਿਲੀਆਂ ਤੇ ਨਲਾਇਕੀਆਂ ਲੁਕਾਉਣ ਲਈ ਇਸ ਨੂੰ ਕੁਦਰਤੀ ਕਰੋਪੀ ਕਹਿ ਕੇ ਪੱਲਾ ਛਾੜ ਰਹੇ ਹਨ। ਪੰਜਾਬ ਵਿਚ ਹੜ੍ਹਾਂ ਦੀ ਤਬਾਹੀ ਲਈ ਭਾਖੜਾ ਡੈਮ ਦੇ ਵੱਡੇ ਅਧਿਕਾਰੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਨ, ਜਿਨ੍ਹਾਂ ਮਹੀਨਾ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ਾਂ ਦੀ ਚਿਤਾਵਨੀ ਦੇ ਬਾਵਜੂਦ ਭਾਖੜਾ ਡੈਮ ਵਿਚ ਪਾਣੀ ਰੋਕੀ ਰੱਖਿਆ। ਇਕਦਮ ਢਾਈ ਲੱਖ ਕਿਊਸਕ ਪਾਣੀ ਛੱਡਣ ਨਾਲ ਦਰਿਆ ਸਤਲੁਜ ਦੇ ਬੰਨ੍ਹ ਬਹੁਤੀਆਂ ਥਾਵਾਂ ਤੋਂ ਟੁੱਟ ਗਏ। ਇਹ ਵੀ ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ 1988 ਤੋਂ ਬਾਅਦ ਪੰਜਾਬ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹੜ੍ਹਾਂ ਦੀ ਰੋਕਥਾਮ ਲਈ ਬਹੁਤੇ ਪੁਖਤਾ ਪ੍ਰਬੰਧ ਨਹੀਂ ਕੀਤੇ। ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਅਖ਼ੀਰ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਨੇ ਹੀ ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੋ, ਹੁਣ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਅਤੇ ਇਨ੍ਹਾਂ ਦਰਿਆਵਾਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ, ਤਰਨ ਤਾਰਨ।


ਸੈਂਸਰ ਬੋਰਡ ਦਾ ਗਠਨ ਹੋਵੇ
ਪਿਛਲੇ ਦਿਨੀਂ ਗਾਇਕ ਹਨੀ ਸਿੰਘ ਤੇ ਨੇਹਾ ਕੱਕੜ ਵਲੋਂ ਗਾਇਆ ਗੀਤ 'ਮੱਖਣਾ' ਸ਼ਬਦਾਵਲੀ ਤੇ ਫ਼ਿਲਮਾਂਕਣ ਦੇ ਮਿਆਰ ਪੱਖੋਂ ਬੇਹੱਦ ਨਿੰਦਣਯੋਗ ਹੈ। ਚੰਗੀ ਗੱਲ ਇਹ ਹੈ ਕਿ ਇਸ ਗੀਤ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਅਸੀਂ ਕਮਿਸ਼ਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਉਪਰੋਕਤ ਗੀਤ ਦੀ ਤਰ੍ਹਾਂ ਇਥੇ ਸੈਂਕੜੇ ਗੀਤਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ, ਜੋ ਇਸ ਗੀਤ ਦੀ ਤਰ੍ਹਾਂ ਸ਼ਬਾਦਵਲੀ ਤੇ ਫ਼ਿਲਮਾਂਕਣ ਦੇ ਮਿਆਰ ਪੱਖੋਂ ਬੇਹੱਦ ਨਿੰਦਣਯੋਗ ਹਨ। ਜੇਕਰ ਕਮਿਸ਼ਨ ਪਹਿਲਾਂ ਹੀ ਇਸ ਪੱਖੋਂ ਗੰਭੀਰ ਹੋਇਆ ਹੁੰਦਾ ਤਾਂ ਸ਼ਾਇਦ ਅੱਜ ਹਨੀ ਸਿੰਘ ਦੀ 'ਮੱਖਣਾ' ਗੀਤ ਗਾਉਣ ਦੀ ਹਿੰਮਤ ਨਾ ਪੈਂਦੀ। ਚਲੋ ਦੇਰ ਆਏ ਦਰੁਸਤ ਆਏ। ਇਥੇ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਲਾਂ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਵਿਗੜ ਤਾਂ ਬਹੁਤ ਕੁਝ ਗਿਆ ਹੈ। ਪੰਜਾਬ ਦੇ ਸੂਝਵਾਨ ਲੋਕ ਕਮਿਸ਼ਨ ਦੇ ਨਾਲ ਹਨ। ਉਹ ਆਪਣੀ ਤਾਕਤ ਦੀ ਵਰਤੋਂ ਕਰ ਕੇ ਪੰਜਾਬ 'ਚ ਪਨਪੇ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੋਣ ਤੇ ਪੰਜਾਬ ਸਰਕਾਰ ਨੂੰ ਸੈਂਸਰ ਬੋਰਡ ਬਣਾਉਣ ਲਈ ਮਜਬੂਰ ਕਰਨ।


-ਬੰਤ ਘੁਡਾਣੀ, ਲੁਧਿਆਣਾ।


ਏ.ਸੀ. ਕਮਰੇ ਬਿਮਾਰੀ ਦਾ ਘਰ
21ਵੀਂ ਸਦੀ ਦੇ ਯੁੱਗ ਦੇ ਨਾਲ-ਨਾਲ ਲੋਕਾਂ ਦੀਆਂ ਲੋੜਾਂ ਵੀ ਆਧੁਨਿਕ ਹੋ ਗਈਆਂ ਹਨ। ਹਰ ਦਿਨ ਨਵੀਂ ਤੋਂ ਨਵੀਂ ਸਹੂਲਤ ਵੀ ਲੋਕਾਂ ਲਈ ਬਿਮਾਰੀਆਂ ਪੈਦਾ ਕਰ ਰਹੀ ਹੈ। ਜਿਥੇ ਪੁਰਾਣੇ ਸਮਿਆਂ ਵਿਚ ਲੋਕ ਤੂਤਾਂ, ਬੋਹੜਾਂ, ਪਿੱਪਲਾਂ, ਡੇਕਾਂ ਆਦਿ ਰੁੱਖਾਂ ਦੀਆਂ ਛਾਵਾਂ ਮਾਣਦੇ ਅਤੇ ਮਾਰੂ ਰੋਗਾਂ ਤੋਂ ਮੁਕਤ ਤੰਦਰੁਸਤ ਜੀਵਨ ਜਿਊਂਦੇ ਸਨ, ਉਥੇ ਹੀ ਅਜੋਕੇ ਸਮੇਂ ਦਾ ਮਨੁੱਖ ਬਿਰਖਾਂ ਦੀ ਕੱਟ-ਵੱਢ ਕਰ ਰਿਹਾ ਅਤੇ ਨਵੀਂ ਚੱਲੀ ਇਲੈਕਟ੍ਰਾਨਿਕ ਤਕਨੀਕ ਏ.ਸੀ. ਨੂੰ ਤਰਜੀਹ ਦੇ ਰਿਹਾ ਹੈ। ਇਸੇ ਤਰ੍ਹਾਂ ਰੀਸੋ-ਰੀਸ ਕਮਰਿਆਂ 'ਚ ਵੜੇ ਬੈਠੇ ਲੋਕ ਜਿਥੇ ਆਰਥਿਕ ਪੱਖ ਤੋਂ ਪਤਲੇ ਪੈ ਰਹੇ ਹਨ, ਉਥੇ ਹੀ ਵੰਨ-ਸੁਵੰਨੀਆਂ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ। ਤਾਜ਼ੀ ਹਵਾ ਵਿਚ ਰਹਿਣ ਵਾਲੇ ਲੋਕ ਤੰਦਰੁਸਤੀ ਦਾ ਆਨੰਦ ਮਾਣਦੇ ਹਨ ਅਤੇ ਹਸਪਤਾਲਾਂ ਦੇ ਚੱਕਰਾਂ ਤੋਂ ਬਚੇ ਰਹਿੰਦੇ ਹਨ। ਖੇਤਾਂ ਵਿਚ ਕੰਮ ਕਰਨ ਵਾਲਾ ਕਿਸਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ ਸਭ ਨੂੰ ਹੀ ਏ.ਸੀ. ਵਰਗੀ ਮਿੱਠੀ ਤੇ ਭਿਆਨਕ ਬਿਮਾਰੀ ਤੋਂ ਬਚ ਕੇ ਰਹਿਣਾ ਚਾਹੀਦਾ। ਏ.ਸੀ. ਇਕ ਆਦਤ ਹੈ, ਇਸ ਆਦਤ ਨੂੰ ਛੱਡਣ ਵਿਚ ਹੀ ਭਲਾਈ ਹੈ।


-ਕੁਲਵਿੰਦਰ ਕੌਰ ਬਰਾੜ, ,ਫਰੀਦਕੋਟ।


ਮੋਹ ਦੀਆਂ ਤੰਦਾਂ
ਸਾਡੀ ਜ਼ਿੰਦਗੀ ਵਿਚ ਆਂਢ-ਗੁਆਂਢ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਦੁੱਖ-ਸੁੱਖ ਵਿਚ ਇਕ ਚੰਗੇ ਗੁਆਂਢੀ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਰਿਸ਼ਤੇਦਾਰ ਨੇ ਤਾਂ ਦੂਰੋਂ ਚੱਲ ਕੇ ਹੀ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਹੁੰਦਾ ਹੈ ਪਰ ਪੈਸੇ ਦੀ ਚਕਾਚੌਂਧ ਬਦੌਲਤ ਇਹ ਰਿਸ਼ਤੇ ਵੀ ਟੁੱਟ-ਭੱਜ ਰਹੇ ਹਨ। ਮਨੁੱਖ ਆਪਣੀ ਹੰਕਾਰੀ ਪ੍ਰਵਿਰਤੀ ਕਾਰਨ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਹੜਾ ਕਿ ਮਾਨਵੀ ਰਿਸ਼ਤਿਆਂ ਲਈ ਘਾਤਕ ਹੈ। ਗੁਆਂਢ ਵਿਚ ਛੋਟੀ-ਮੋਟੀ ਅਣਬਣ ਕਾਰਨ ਮਨੁੱਖ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਮਾਮੂਲੀ ਗੱਲ ਮਨੁੱਖ ਦਬਾਉਣ ਦੀ ਥਾਂ ਭਾਂਬੜ ਬਣਾ ਕੇ ਪੇਸ਼ ਕਰ ਰਿਹਾ ਹੈ ਜਿਸ ਦਾ ਸੇਕ ਲੱਗਣ ਤੋਂ ਬਾਅਦ ਮਨੁੱਖ ਨੂੰ ਜਾਗ ਆਉਂਦੀ ਹੈ ਪਰ ਉਦੋਂ ਤੱਕ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਹੈ ਪਰ ਮਨੁੱਖ ਘਟਨਾ ਪਿੱਛੋਂ ਪਛਤਾਉਂਦਾ ਹੈ। ਆਓ, ਮੋਹ ਦੀਆਂ ਤੰਦਾਂ ਨੂੰ ਟੁੱਟਣ ਤੋਂ ਬਚਾਈਏ। ਪਿਆਰ ਦਾ ਵਾਤਾਵਰਨ ਸਿਰਜੀਏ।


-ਓਮ ਪ੍ਰਕਾਸ਼ ਪੂਨੀਆਂ, ਗਿੱਦੜਬਾਹਾ।


ਨਵੀਂ ਸਿੱਖਿਆ ਨੀਤੀ ਦੇ ਖਦਸ਼ੇ
ਸੰਪਾਦਕੀ ਸਫ਼ੇ 'ਤੇ ਲੜੀਵਾਰ ਦੋ ਦਿਨ ਛਪੇ ਡਾ: ਮਹਿਲ ਸਿੰਘ ਦੇ ਲੇਖ ਨਵੀਂ ਸਿੱਖਿਆ ਨੀਤੀ 2019 ਬਾਰੇ ਸੌਖੇ ਰੂਪ ਵਿਚ ਸਮਝਾਉਂਦੇ ਹੋਏ ਇਸ ਦੇ ਭਵਿੱਖੀ ਖਦਸ਼ਿਆਂ 'ਤੇ ਚਾਨਣਾ ਵੀ ਪਾਉਂਦੇ ਹਨ। ਇਸ ਵਿਚ ਸਪੱਸ਼ਟ ਹੁੰਦਾ ਹੈ ਕਿ ਜਿਥੇ ਪਹਿਲਾਂ ਹੀ ਨਿੱਜੀਕਰਨ ਦੇ ਰਾਹ ਪਈ ਵਿੱਦਿਆ ਆਮ ਗ਼ਰੀਬ ਲੋਕਾਂ ਤੋਂ ਦੂਰ ਹੋ ਰਹੀ ਹੈ, ਉਥੇ ਇਸ ਨਵੀਂ ਨੀਤੀ ਵਿਚ ਵੀ ਆਮ ਗ਼ਰੀਬ ਬੱਚਿਆਂ ਦਾ ਕੋਈ ਪਾਰ-ਉਤਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਬਹੁਤੇ ਮਾਪੇ ਬੱਚਿਆਂ ਨੂੰ ਦੂਰ-ਦੁਰਾਡੇ ਭੇਜਣ ਦੇ ਸਮਰੱਥ ਨਹੀਂ। ਬੱਚਿਆਂ ਲਈ ਆਵਾਜਾਈ ਦੀ ਸਹੂਲਤ ਬਾਰੇ ਨੀਤੀ ਖਾਮੋਸ਼ ਜਾਪਦੀ ਹੈ। ਇਹ ਨੀਤੀ ਜਿਥੇ ਮੌਜੂਦਾ ਸਕੂਲਾਂ, ਕਾਲਜਾਂ ਦੀ ਗਿਣਤੀ ਘਟਾ ਕੇ ਬਹੁ-ਸਹੂਲਤੀ ਸਕੂਲ, ਕਾਲਜ ਖੋਲ੍ਹਣ ਦੀ ਗੱਲ ਕਰਦੀ ਹੈ, ਉਥੇ ਆਉਣ ਵਾਲੇ ਸਮੇਂ ਵਿਚ ਕਲੱਸਟਰ ਜਾਂ ਬਲਾਕ ਪੱਧਰੀ ਬਹੁ-ਸਹੂਲਤੀ ਸਕੂਲ, ਕਾਲਜ ਖੋਲ੍ਹਣ ਦੀ ਆੜ ਵਿਚ ਘੱਟ-ਗਿਣਤੀ ਵਾਲੇ ਸਕੂਲ, ਕਾਲਜ ਬੰਦ ਕਰਨ ਦੇ ਖਦਸ਼ੇ ਵੀ ਖੜ੍ਹੇ ਕਰਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਸਟਮ 'ਤੇ ਕਾਬਜ਼ ਲੋਕ ਗਰੀਬਾਂ ਦੇ ਵਿਹੜਿਆਂ 'ਚੋਂ ਸਿੱਖਿਆ ਦਾ ਬੂਟਾ ਪੁੱਟ ਕੇ ਸਿਰਫ ਮਹਿਲਾਂ 'ਚ ਹੀ ਸੁਸ਼ੋਭਿਤ ਕਰਨਾ ਚਾਹੁੰਦੇ ਹਨ। ਅਧਿਆਪਕ ਜਥੇਬੰਦੀਆਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਇਸ ਨੀਤੀ ਦੀ ਹੋਰ ਚੀਰ ਫਾੜ ਕਰਨ ਲਈ ਬਲਾਕ, ਜ਼ੋਨ ਪੱਧਰੀ ਸੈਮੀਨਾਰ-ਬਹਿਸਾਂ ਰੱਖ ਕੇ ਸਮੁੱਚੇ ਅਧਿਆਪਕ ਵਰਗ, ਪੰਚਾਇਤਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸਿੱਖਿਆ ਦੇ ਖ਼ਾਤਮੇ, ਭਗਵੇਂਕਰਨ ਖਿਲਾਫ਼ ਲੋਕ ਲਹਿਰ ਖੜ੍ਹੀ ਕੀਤੀ ਜਾ ਸਕੇ।


-ਬਲਵੀਰ ਸਿੰਘ ਬਾਸੀਆਂ।

10-09-2019

 ਪੰਜਾਬੀ ਬੋਲੀ ਦਾ ਹਸ਼ਰ
ਪੰਜਾਬ ਵਿਚ ਪੰਜਾਬੀ (ਮਾਤ-ਭਾਸ਼ਾ) ਦੀ ਦੁਰਦਸ਼ਾ ਬਾਰੇ ਕੈਨੇਡਾ ਤੋਂ ਸਤਪਾਲ ਸਿੰਘ ਜੌਹਲ ਹੁਰਾਂ ਨੇ ਤਾਂ ਫ਼ਿਕਰ ਜ਼ਾਹਰ ਕੀਤਾ ਹੈ ਪਰ ਪੰਜਾਬ ਵਿਚ ਵਸਣ ਵਾਲਿਆਂ ਨੇ ਤਾਂ ਪੰਜਾਬੀ ਅਤੇ ਪੰਜਾਬ ਤੋਂ ਇਕ ਤਰ੍ਹਾਂ ਨਾਲ ਮੋਹ ਤੋੜ ਹੀ ਲਿਆ ਜਾਪਦਾ ਹੈ। ਇਹ ਠੀਕ ਹੈ ਕਿ ਇਸ ਵਲੋਂ ਸਰਕਾਰਾਂ ਵੀ ਪੰਜਾਬੀ ਬੋਲੀ ਦੇ ਘਾਣ ਲਈ ਜ਼ਿੰਮੇਵਾਰ ਹਨ ਪਰ ਸਾਡੀ ਸੋਚ ਨੂੰ ਕਿਉਂ ਜੰਗਾਲ ਲੱਗ ਗਿਆ ਹੈ? ਪੰਜਾਬ ਅਸੀਂ ਗਵਾਇਆ, ਪੰਜ ਪਾਣੀ ਅਸੀਂ ਗਵਾਏ, ਪੁੱਤ ਅਸੀਂ ਗਵਾ ਰਹੇ ਹਾਂ ਤੇ ਆਪਣੀ ਮਾਂ-ਬੋਲੀ ਵੀ। ਪਿੱਛੇ ਰਹਿ ਜਾਵੇਗਾ ਬੰਜਰ ਪੰਜਾਬ ਤੇ ਮਾਂ ਵਿਹੂਣੇ ਪੰਜਾਬੀ ਪੁੱਤ। ਪਤਾ ਨਹੀਂ ਕਈ ਲੋਕ ਇਸ ਗੱਲ ਵਿਚ ਵਡੱਤਣ ਕਿਉਂ ਸਮਝਦੇ ਹਨ ਕਿ 'ਮੇਰੇ ਬੱਚੇ ਤਾਂ ਸ਼ੁਰੂ ਤੋਂ ਅੰਗਰੇਜ਼ੀ ਪੜ੍ਹੇ ਨੇ, ਪੰਜਾਬੀ ਤਾਂ ਉਨ੍ਹਾਂ ਨੂੰ ਆਉਂਦੀ ਹੀ ਨਹੀਂ।' ਇਸ ਹੋ ਰਹੇ ਘਾਣ ਤੋਂ ਸਾਨੂੰ ਜਾਗਰੂਕ ਹੋਣਾ ਪਵੇਗਾ। ਸਾਡੇ ਵੱਡੇ-ਵਡੇਰੇ ਵੀ ਅੰਗਰੇਜ਼ੀ ਪੜ੍ਹਦੇ ਤੇ ਬੋਲਦੇ ਸਨ, ਪਰਵਾਸ ਵੀ ਕਰਦੇ ਸਨ ਪਰ ਆਪਣਾ ਪਿਛੋਕੜ ਨਹੀਂ ਸਨ ਵਿਸਾਰਦੇ। ਅੱਜ ਪੰਜਾਬੀ ਦੇ ਵਿਦਵਾਨਾਂ ਨੂੰ ਵੀ ਜਾਗਣਾ ਪਵੇਗਾ। ਕਿਸ ਨੇ ਕਰਨੀ ਹੈ ਮਾਂ-ਬੋਲੀ ਦੀ ਰਾਖੀ, ਅੱਜ ਤਾਂ ਬਹੁਤੇ ਪੰਜਾਬੀ ਅਧਿਆਪਕਾਂ ਨੂੰ ਸ਼ੁੱਧ ਪੰਜਾਬੀ ਨਹੀਂ ਆਉਂਦੀ। ਅੰਗਰੇਜ਼ੀ ਪੜ੍ਹਨ ਦੀ ਭੇਡਚਾਲ ਨੂੰ ਤਿਆਗਣਾ ਪਵੇਗਾ। ਪਹਿਲਾਂ ਬੱਚਾ ਮਾਂ-ਬੋਲੀ ਵਿਚ ਪ੍ਰਪੱਕ ਹੋਵੇ, ਫਿਰ ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ ਲਵੇ। ਪੰਜਾਬ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਇਕੱਠੇ ਹੋ ਕੇ ਸੋਚਣ। ਪੰਜਾਬ ਦੇ ਬੀਬੇ ਰਾਣੇ ਲੋਕਾਂ ਨੂੰ ਚੁੱਪ ਨਹੀਂ ਵੱਟਣੀ ਚਾਹੀਦੀ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

ਮਾਤ ਭਾਸ਼ਾਵਾਂ
ਆਪਣੀ ਮਾਂ ਤੋਂ ਸਿੱਖੀ ਮਾਤ-ਭਾਸ਼ਾ ਹੁੰਦੀ ਹੈ। ਉਹ ਲੋਕ ਬਦਕਿਸਮਤ ਹੁੰਦੇ ਹੋਣਗੇ, ਜਿਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਨੂੰ ਅਪਣਾਉਣਾ ਪੈਂਦਾ ਹੈ। ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਕੋਈ ਗਲਤ ਗੱਲ ਨਹੀਂ ਪਰ ਆਪਣੀ ਮਾਤ-ਭਾਸ਼ਾ ਨੂੰ ਨਕਾਰਨਾ ਵੀ ਸਹੀ ਨਹੀਂ ਹੈ। ਇਹ ਸਾਡੇ ਲਈ ਬਦਕਿਸਮਤੀ ਹੋਵੇਗੀ ਕਿ ਅਸੀਂ ਆਪਣੀ ਗੱਲ ਆਪਣੀ ਭਾਸ਼ਾ ਵਿਚ ਦੱਸਣ ਦੀ ਬਜਾਏ ਹੋਰਨਾਂ ਭਾਸ਼ਾ ਵਿਚ ਦੱਸੀਏ। ਕਿਉਂਕਿ ਜਿੰਨਾ ਸਾਨੂੰ ਆਪਣੀ ਭਾਸ਼ਾ ਵਿਚ ਗੱਲ ਕਹਿਣ ਦਾ ਤਜਰਬਾ ਹੁੰਦਾ ਹੈ, ਓਨਾ ਕਿਸੇ ਹੋਰ ਭਾਸ਼ਾ ਵਿਚ ਨਹੀਂ ਹੁੰਦਾ। ਆਪਣੀ ਮਾਤ-ਭਾਸ਼ਾ, ਆਪਣੇ ਸੱਭਿਆਚਾਰ ਤੇ ਰੀਤੀ-ਰਿਵਾਜਾਂ, ਆਪਣੇ ਪਹਿਰਾਵੇ ਨੂੰ ਭੁਲਾਉਣਾ ਸਾਡੇ ਲਈ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਨੁਕਸਾਨਦੇਹ ਹੋਵੇਗਾ। ਆਜ਼ਾਦੀ ਤੋਂ ਬਾਅਦ ਜਿਸ ਤੇਜ਼ੀ ਨਾਲ ਅੰਗਰੇਜ਼ੀ ਦਾ ਬੋਲਬਾਲਾ ਵਧ ਰਿਹਾ ਹੈ ਤੇ ਰਾਜ ਤੇ ਮਾਤ-ਭਾਸ਼ਾਵਾਂ ਖ਼ਤਮ ਹੋ ਰਹੀਆਂ ਹਨ, ਇਹ ਦੇਸ਼ ਦੇ ਭਵਿੱਖ ਲਈ ਬੁਰੇ ਸੰਕੇਤ ਹਨ।

-ਗਗਨਦੀਪ ਕੌਰ
ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ, ਸ੍ਰੀ ਮੁਕਤਸਰ ਸਾਹਿਬ।

'ਫਿੱਟ ਇੰਡੀਆ ਮੁਹਿੰਮ'
ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ, ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਇੰਦਰਾ ਗਾਂਧੀ ਸਟੇਡੀਅਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫਿੱਟ ਇੰਡੀਆ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਸਾਡੇ ਦੇਸ਼ ਦੇ ਲੋਕਾਂ ਲਈ ਬਹੁਤ ਹੀ ਵਧੀਆ ਅੰਦੋਲਨ ਹੈ, ਜੋ ਕਿ ਲੋਕਾਂ ਦੀ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੁਹਿੰਮ ਨੂੰ ਪੂਰੇ ਦੇਸ਼ ਵਿਚ ਫੈਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਅਤੇ ਇਲਾਜ ਦੇ ਬਾਵਜੂਦ ਉਹ ਆਪਣੇ-ਆਪ ਨੂੰ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ। ਇਹ ਸਾਡੇ ਦੇਸ਼ ਦੀ ਜਾਗਰੂਕਤਾ ਲਈ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਸਹੂਲਤਾਂ ਦੀ ਵੀ ਲੋੜ ਹੈ। ਤੰਦਰੁਸਤੀ ਦੀ ਜ਼ਰੂਰਤ ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਜ਼ਿਆਦਾ ਹੈ, ਜੋ ਕਿ ਨਸ਼ੇ ਦੇ ਦਰਿਆ ਵਿਚ ਵਹਿੰਦੀ ਜਾ ਰਹੀ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੁਹਿੰਮ ਨੂੰ ਜਲਦ ਹੀ ਲੋਕਾਂ ਤੱਕ ਪਹੁੰਚਾਉਣ ਲਈ ਉਚੇਚੇ ਢੰਗ ਅਪਣਾਉਣੇ ਚਾਹੀਦੇ ਹਨ, ਤਾਂ ਜੋ ਮਾਪੇ ਆਪਣੇ ਪੁੱਤਾਂ ਤੋਂ ਦੂਰ ਨਾ ਹੋ ਸਕਣ।

-ਮੋਨਿਕਾ ਖੋਸਲਾ।

ਅਵਾਰਾ ਪਸ਼ੂਆਂ ਦੀ ਸਮੱਸਿਆ
ਸੜਕਾਂ 'ਤੇ ਘੁੰਮਦੇ ਅਵਾਰਾ ਗਊਆਂ ਸਾਨ੍ਹ, ਬਛੜੇ ਆਦਿ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀਦਿਨ ਗੰਭੀਰ ਹੁੰਦੀ ਜਾ ਰਹੀ ਹੈ। ਨਿੱਤ ਦਿਨ ਪਸ਼ੂਆਂ ਨਾਲ ਵਾਪਰ ਰਹੇ ਹਾਦਸੇ ਗੰਭੀਰ ਚੁਣੌਤੀ ਬਣ ਰਹੇ ਹਨ। ਲੋਕਾਂ ਦਾ ਸੜਕਾਂ ਅਤੇ ਗਲੀਆਂ 'ਚ ਚਲਣਾ ਅਤਿ ਦੁੱਭਰ ਹੋਇਆ ਪਿਆ ਹੈ, ਕਿਉਂਕਿ ਪਤਾ ਨਹੀਂ ਕਦੋਂ ਇਹ ਪਸ਼ੂ ਟੱਕਰ ਮਾਰ ਕੇ ਜ਼ਖ਼ਮੀ ਕਰ ਦੇਣ ਜਾਂ ਮੌਤ ਦੇ ਘਾਟ ਉਤਾਰ ਦੇਣ। ਅਜਿਹੇ ਦਰਦਨਾਕ ਹਾਦਸੇ 'ਚ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ, ਸਰਕਾਰਾਂ ਨੂੰ ਜਾਂ ਗਊ ਰੱਖਿਅਕਾਂ ਨੂੰ? ਸੋਚਣ ਵਾਲੀ ਗੱਲ ਇਹ ਹੈ ਕਿ ਹਰ ਭਾਰਤੀ ਗਊ ਸੈੱਸ ਅਦਾ ਕਰ ਰਿਹਾ ਹੈ ਪਰ ਫਿਰ ਵੀ ਇਨ੍ਹਾਂ ਦੇ ਯੋਗ ਨਿਪਟਾਰੇ ਦਾ ਹੱਲ ਕਿਉਂ ਨਹੀਂ ਹੋ ਰਿਹਾ। ਗਊਸ਼ਾਲਾਵਾਂ ਵਿਚ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੋਂ ਕਿਉਂ ਮੁਨਕਰ ਹੋਇਆ ਜਾ ਰਿਹਾ ਹੈ? ਪਿਛਲੇ ਦਿਨੀਂ ਸੰਪਾਦਕੀ 'ਹੋਰ ਗੰਭੀਰ ਹੋਈ ਅਵਾਰਾ ਪਸ਼ੂਆਂ ਦੀ ਸਮੱਸਿਆ' ਵਿਚ ਵੀ ਇਸੇ ਵਿਸ਼ੇ 'ਤੇ ਰੌਸ਼ਨੀ ਪਾਉਂਦਾ ਹੈ। ਸੰਪਾਦਕ ਨੇ ਉਦਾਹਰਨਾਂ ਸਹਿਤ ਇਸ ਗੰਭੀਰ ਸਮੱਸਿਆ ਨੂੰ ਉਭਾਰਿਆ ਹੈ। ਇਸ ਨਾਲ ਜਿਥੇ ਦਰਦਨਾਕ ਹਾਦਸੇ ਵਾਪਰ ਰਹੇ ਹਨ, ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਉਜਾੜਾ ਹੋ ਰਿਹਾ ਹੈ। ਵਰਨਣਯੋਗ ਹੈ ਕਿ ਅਖੌਤੀ ਗਊ ਰੱਖਿਅਕਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਇਸ ਸਮੱਸਿਆ ਦੇ ਵਾਧੇ ਨੂੰ ਮਦਦ ਮਲੀ ਹੈ। ਸਰਕਾਰਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਠੋਸ ਨੀਤੀ ਅਮਲ 'ਚ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

-ਇੰਜ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਇਸਤਰੀ ਪੰਚ ਅਤੇ ਸਰਪੰਚ
ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਆਮ ਤੌਰ 'ਤੇ ਇਹ ਵੇਖਣ ਵਿਚ ਆਇਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਵਿਚ ਚੁਣੀਆਂ ਹੋਈਆਂ ਇਸਤਰੀ ਪੰਚਾਂ ਅਤੇ ਸਰਪੰਚਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ ਜਾਂ ਭਰਾ ਪੰਚਾਇਤ ਵਿਚ ਹਾਜ਼ਰ ਹੁੰਦੇ ਹਨ ਜੋ ਕਿ ਸਰਾਸਰ ਗ਼ਲਤ ਰੁਝਾਨ ਹੈ। ਵੋਟਰਾਂ ਨਾਲ ਚੁਣਿਆ ਹੋਇਆ ਨੁਮਾਇੰਦਾ ਚਾਹੇ ਮਿਊਂਸਪਲ ਕਮੇਟੀਆਂ, ਵਿਧਾਨ ਸਭਾ ਅਤੇ ਲੋਕ ਸਭਾ ਹੋਵੇ, ਇਸਤਰੀ ਮੈਂਬਰ ਆਪ ਹਾਜ਼ਰ ਹੁੰਦੇ ਹਨ। ਪਰ ਪੰਚਾਇਤਾਂ ਇਹ ਨਹੀਂ ਹੈ। ਇਸਤਰੀਆਂ ਇਸ ਤਰ੍ਹਾਂ ਕਿਵੇਂ ਮਰਦਾਂ ਦੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਦੀਆਂ ਹਨ। ਇਸ ਬਾਰੇ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।

-ਰਘਬੀਰ ਸਿੰਘ, ਮਾਦਪੁਰ।

09-09-2019

 ਅਧਿਆਪਕ ਦਾ ਰੁਤਬਾ
ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਹ ਵਿੱਦਿਆ ਹੀ ਹੈ ਜੋ ਮਨੁੱਖ ਨੂੰ ਬਾਕੀ ਜੀਵਾਂ ਨਾਲੋਂ ਸ੍ਰੇਸ਼ਠ ਬਣਾਉਂਦੀ ਹੈ। ਇਸ ਲਈ ਵਿਦਿਆ ਦੇ ਕੇ ਮਨੁੱਖ ਨੂੰ ਇਕ ਬਿਹਤਰ ਜ਼ਿੰਦਗੀ ਦੇਣ ਵਾਲੇ ਅਧਿਆਪਕ ਦਾ ਰੁਤਬਾ ਸਭ ਤੋਂ ਉੱਚਾ ਹੁੰਦਾ ਹੈ। ਮਾਪੇ ਸਾਨੂੰ ਜਨਮ ਦਿੰਦੇ ਹਨ ਤੇ ਅਧਿਆਪਕ ਸਾਡਾ ਰਾਹ ਦਸੇਰਾ ਬਣ ਕੇ ਸਾਨੂੰ ਇਕ ਕਾਬਲ ਮਨੁੱਖ ਬਣਾਉਂਦਾ ਹੈ। ਜਿਹੜੀ ਕੌਮ ਅਧਿਆਪਕ ਦਾ ਸਨਮਾਨ ਨਹੀਂ ਕਰਦੀ ਉਹ ਕਦੇ ਕਾਮਯਾਬ ਨਹੀਂ ਹੁੰਦੀ। ਅਧਿਆਪਕ ਗਿਆਨ ਦਾ ਸਾਗਰ ਹੈ। ਇਸ ਦੁਨੀਆ ਦੀ ਸੁੰਦਰਤਾ ਨੂੰ ਵਧਾਉਣ ਲਈ ਜੇ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿਚ ਵੀ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਨੂੰ ਪਰਮਾਤਮਾ ਤੋਂ ਉੱਪਰ ਕਿਹਾ ਗਿਆ ਹੈ ਕਿਉਂਕਿ ਪਰਮਾਤਮਾ ਨੂੰ ਗੁਰੂ ਦੇ ਦਿੱਤੇ ਗਿਆਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।


-ਹਰਜੀਤ ਕੌਰ ਗਿੱਲ
ਈ.ਟੀ.ਟੀ. ਟੀਚਰ।


ਬਟਾਲੇ ਦਾ ਦੁਖਾਂਤ
ਪਿਛਲੇ ਦਿਨੀਂ ਬਟਾਲਾ ਸ਼ਹਿਰ 'ਚ ਸਥਿਤ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਨਾਲ ਕਈ ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਇਸ ਦੁਖਾਂਤ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇਸ ਫੈਕਟਰੀ ਦੇ ਆਲੇ-ਦੁਆਲੇ ਸੰਘਣੀ ਆਬਾਦੀ ਦੇ ਨਾਲ-ਨਾਲ ਇਕ ਸਕੂਲ ਅਤੇ ਗੁਰਦੁਆਰਾ ਤੇ ਨੇੜੇ ਹੀ ਕੁੜੀਆਂ ਦਾ ਕਾਲਜ ਤੇ ਹੋਰ ਜਨਤਕ ਥਾਵਾਂ ਹਨ, ਜੋ ਕਿ ਹਰ ਵੇਲੇ ਖਚਾਖਚ ਭਰੀਆਂ ਰਹਿੰਦੀਆਂ ਹਨ। ਜਦੋਂ ਧਮਾਕ ਹੋਇਆ ਸਕੂਲ ਤੋਂ ਛੁੱਟੀ ਹੋ ਚੁੱਕੀ ਸੀ ਨਹੀਂ ਤਾਂ ਹੋਰ ਜਾਨੀ ਨੁਕਸਾਨ ਹੋਣਾ ਸੀ। ਇਸ ਦੁੱਖ ਦੀ ਘੜੀ 'ਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਮਾਜ ਸੇਵੀ ਸੰਸਥਾਵਾਂ ਆਦਿ ਨੇ ਜੰਗੀ ਪੱਧਰ 'ਤੇ ਕੰਮ ਕਰਕੇ ਲਾਸ਼ਾਂ ਕੱਢੀਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਹ ਦੱਸਿਆ ਜਾਂਦਾ ਹੈ ਕਿ ਇਸ ਬਾਰੂਦੀ ਫੈਕਟਰੀ ਦਾ ਲਾਇਸੈਂਸ ਕਾਦੀਆਂ ਰੋਡ 'ਤੇ ਪਿੰਡ ਸ਼ਾਹਬਾਦ ਵਿਖੇ ਦਾ ਹੈ ਅਤੇ ਇਥੇ ਸਿਰਫ ਆਰਡਰ ਹੀ ਬੁੱਕ ਹੁੰਦੇ ਸਨ ਪ੍ਰੰਤੂ ਚਲਦੀ ਇਥੇ ਬਾਰੂਦ ਦੀ ਫੈਕਟਰੀ ਸੀ। ਅਜਿਹੀਆਂ ਫੈਕਟਰੀਆਂ ਸ਼ਹਿਰੋਂ ਬਾਹਰ ਹੋਣੀਆਂ ਚਾਹੀਦੀਆਂ ਹਨ। ਲਾਇਸੈਂਸ ਅਥਾਰਟੀਆਂ ਨੂੰ ਅਜਿਹੀਆਂ ਬਾਰੂਦੀ ਫੈਕਟਰੀਆਂ ਨੂੰ ਲਾਇਸੰਸ ਜਾਰੀ ਕਰਨ ਤੋਂ ਪਹਿਲਾਂ ਜ਼ਮੀਨੀ ਪੱਧਰ 'ਤੇ ਜ਼ਰੂਰ ਘੋਖ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਦੁਖਾਂਤ ਦੁਬਾਰਾ ਨਾ ਵਾਪਰੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਬੱਚਿਆਂ ਦਾ ਭਵਿੱਖ
ਬੀਤੇ ਦਿਨੀਂ ਸੰਪਾਦਕੀ ਸਫੇ 'ਤੇ ਗੁਰਬਖ਼ਸ਼ ਸਿੰਘ ਮਹੇ ਦਾ ਲੇਖ 'ਕੀ ਦੇਸ਼ ਵਿਚ ਸੁਰੱਖਿਅਤ ਹੈ ਬੱਚਿਆਂ ਦਾ ਭਵਿੱਖ' ਵਿਚਾਰਨਯੋਗ ਸੀ। ਜਨ-ਸੰਖਿਆ, ਬੇਰੁਜ਼ਗਾਰੀ ਅਤੇ ਮਹਿੰਗਾਈ ਇਕੋ ਸਾਹ ਹੀ ਵਧਦੀਆਂ ਜਾ ਰਹੀਆਂ ਹਨ। ਇਨਸਾਨ ਨੂੰ ਪੇਟ ਭਰਨ ਲਈ ਅਨੇਕਾਂ ਵਸੀਲੇ ਕਰਨੇ ਪੈ ਰਹੇ ਹਨ। ਗ਼ਰੀਬ ਮਾਂ-ਬਾਪ ਨੂੰ ਬੱਚੇ ਦੇ ਭਵਿੱਖ ਨਾਲੋਂ ਵੱਧ ਆਥਣ ਵੇਲੇ ਦੀ ਰੋਟੀ ਦੀ ਚਿੰਤਾ ਹੈ। ਇਸੇ ਕਰਕੇ ਦਿਨੋ-ਦਿਨ ਬਾਲ ਮਜ਼ਦੂਰਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਬੱਚੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਹੋ ਰਹੇ ਹਨ। ਬੇਸ਼ੱਕ ਮੁਢਲੀ ਸਿੱਖਿਆ ਬਿਲਕੁਲ ਮੁਫ਼ਤ ਹੈ, ਪਰ ਫਿਰ ਵੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜੋ ਸਕੂਲ ਜਾ ਵੀ ਰਹੇ ਹਨ, ਉਨ੍ਹਾਂ 'ਚੋਂ ਬਹੁਤੇ ਗਰੀਬ ਬੱਚਿਆਂ ਦੇ ਮਾਪੇ ਮਿਡ-ਡੇ-ਮੀਲ ਕਰਕੇ ਹੀ ਭੇਜ ਰਹੇ ਹਨ। ਲੋੜ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਇਕਜੁਟ ਹੋ ਕੇ ਬੱਚਿਆਂ ਦਾ ਹੀ ਨਹੀਂ ਸਗੋਂ ਦੇਸ਼ ਦਾ ਭਵਿੱਖ ਬਚਾਵੇ।


-ਮਨਦੀਪ ਸਿੰਘ ਸ਼ੇਰੋਂ
ਸੁਨਾਮ ਊਧਮ ਸਿੰਘ ਵਾਲਾ।


ਬਾਇਓਮੈਟ੍ਰਿਕ ਸਿਸਟਮ
ਕੋਈ ਸ਼ੱਕ ਨਹੀਂ ਕਿ ਅੱਜ ਦਾ ਯੁੱਗ ਵਿਗਿਆਨਕ ਹੈ। ਪਰ ਇਸ ਯੁੱਗ ਦੇ ਅਨੁਸਾਰ ਅਸੀਂ ਕਦੋਂ ਚੱਲਣਾ ਇਹ ਲਗਦਾ ਕਿ ਸਮਾਂ ਅਜੇ ਕੋਹਾਂ ਦੂਰ ਹੈ। ਵਿਗਿਆਨ ਕਾਢਾਂ ਕੱਢਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ, ਪਰ ਇਨ੍ਹਾਂ ਚੀਜ਼ਾਂ ਨੂੰ ਵਰਤਣਾ ਕਦੋਂ ਸ਼ੁਰੂ ਹੋਵੇਗਾ, ਇਹ ਬਹੁਤ ਵੱਡਾ ਸਵਾਲ ਹੈ। ਬਾਇਓਮੈਟ੍ਰਿਕ ਸਿਸਟਮ ਵੀ ਸਮੇਂ ਦੀ ਵਰਤੋਂ ਦੇ ਅਨੁਸਾਰ ਹੀ ਮਾਰਕੀਟ ਵਿਚ ਆਇਆ ਹੈ ਪਰ ਇਸ ਨੂੰ ਕੇਵਲ ਪ੍ਰਾਈਵੇਟ ਅਦਾਰਿਆਂ ਜਾਂ ਕੰਪਨੀਆਂ ਵਿਚ ਹੀ ਵਰਤਿਆ ਗਿਆ ਹੈ। ਸਰਕਾਰਾਂ ਇਸ ਸਿਸਟਮ ਨੂੰ ਵਰਤਣ ਤੋਂ ਬਹੁਤ ਪ੍ਰਹੇਜ਼ ਕਰ ਰਹੀਆਂ ਹਨ। ਪਰ ਅੱਜ ਦੇ ਹਾਲਾਤ ਨੂੰ ਵੇਖਦੇ ਹੋਏ ਇਸ ਸਿਸਟਮ ਨੂੰ ਹਰ ਇਕ ਸਰਕਾਰੀ ਅਦਾਰੇ ਵਿਚ ਲਗਵਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਹਰ ਇਕ ਸਰਕਾਰੀ ਕਰਮਚਾਰੀ ਸਮੇਂ ਦੇ ਅਨੁਾਸਰ ਉਸ ਕੁਰਸੀ ਉੱਪਰ ਮੌਜੂਦ ਮਿਲੇ। ਇਸ ਹਾਜ਼ਰੀ ਸਿਸਟਮ ਨਾਲ ਲੋਕਾਂ ਨੂੰ ਆਸ ਤੋਂ ਜ਼ਿਆਦਾ ਹੁੰਗਾਰਾ ਮਿਲੇਗਾ ਅਤੇ ਕੰਮ ਦੀ ਕਦਰ ਹੋਵੇਗੀ, ਸਮੇਂ ਦੀ ਕਦਰ ਹੋਵੇਗੀ। ਲੋਕਾਂ ਦੀ ਹਰ ਇਕ ਮੁਸੀਬਤ ਛੇਤੀ ਨਿਪਟਾਰਾ ਹੋਵੇਗਾ। ਸਰਕਾਰੀ ਕੰਮਾਂ ਵਿਚ ਕਾਫੀ ਹੱਦ ਤੱਕ ਸੁਧਾਰ ਆਵੇਗਾ। ਹਰ ਕੋਈ ਕਰਮਚਾਰੀ ਸਮੇਂ ਅਨੁਸਾਰ ਮਿਲੇਗਾ। ਸਰਕਾਰ ਨੂੰ ਇਸ ਬਾਇਓਮੈਟ੍ਰਿਕ ਸਿਸਟਮ ਨੂੰ ਲਗਵਾਉਣ ਵਿਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ।


-ਲੈਕ: ਸੁਖਦੀਪ ਸਿੰਘ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।


ਬਿਨਾਂ ਗਾਰਡ ਏ.ਟੀ.ਐਮ.
ਬੈਂਕਾਂ ਨੇ ਪਬਲਿਕ ਦੀ ਸਹੂਲਤ ਲਈ ਜਗ੍ਹਾ-ਜਗਵਾ ਏ.ਟੀ.ਐਮ. ਲਗਾਏ ਹਨ। ਭਾਰਤ ਵਿਚ ਚੋਰਾਂ ਦੁਆਰਾ ਹਰ ਰੋਜ਼ ਤਕਰੀਬਨ 20 ਏ.ਟੀ.ਐਮਜ਼ ਵਿਚੋਂ ਨਗਦੀ ਚੋਰੀ ਹੋ ਰਹੀ ਹੈ ਕਿਉਂਕਿ ਰਾਤ ਦੇ ਸਮੇਂ ਇਨ੍ਹਾਂ ਦੀ ਨਿਗਰਾਨੀ ਲਈ ਸੁਰੱਖਿਆ ਮੁਲਾਜ਼ਮ ਉਪਲਬੱਧ ਨਹੀਂ ਹੁੰਦੇ। ਇਸ ਕਰਕੇ ਚੋਰ ਧੜੱਲੇ ਨਾਲ ਬਿਨਾਂ ਕਿਸੇ ਖੌਫ਼ ਦੇ ਚੋਰੀ ਕਰ ਰਹੇ ਹਨ। ਬਾਹਰਲੇ ਦੇਸ਼ਾਂ ਦੀ ਤਰਜ਼ 'ਤੇ ਦਿੱਤੀ ਜਾ ਰਹੀ ਸਹੂਲਤ ਭਾਰਤ ਵਿਚ ਬੁਰੀ ਤਰ੍ਹਾਂ ਫੇਲ੍ਹ ਹੈ। ਪੁਲਿਸ ਵਿਭਾਗ ਨੇ ਵੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਲਈ ਬਿਨਾਂ ਸੁਰੱਖਿਆ ਮੁਲਾਜ਼ਮਾਂ ਵਾਲੇ ਏ.ਟੀ.ਐਮ. ਬੰਦ ਹੋਣੇ ਚਾਹੀਦੇ ਹਨ ਕਿਉਂਕਿ ਭਾਰਤ ਦੇ ਲੋਕ ਇਸ ਸਹੂਲਤ ਦੇ ਕਾਬਿਲ ਨਹੀਂ ਹਨ। ਇਸ ਨਾਲ ਬੈਂਕਾਂ ਦਾ ਹੋ ਰਿਹਾ ਮਾਲੀ ਨੁਕਸਾਨ ਘੱਟ ਜਾਵੇਗਾ। ਲੋਕਾਂ ਵਲੋਂ ਜਮ੍ਹਾ ਕਰਵਾਇਆ ਇਹ ਪੈਸਾ ਸੰਭਾਲਣ ਦੀ ਜ਼ਿੰਮੇਵਾਰੀ ਬੈਂਕਾਂ ਦੀ ਬਣਦੀ ਹੈ। ਇਨ੍ਹਾਂ ਵੱਧ ਰਹੀਆਂ ਏ.ਟੀ.ਐਮ. ਵਿਚ ਚੋਰੀਆਂ ਲਈ ਬੈਂਕ ਅਥਾਰਟੀ ਵੀ ਜ਼ਿੰਮੇਵਾਰ ਹੈ। ਇਸ ਲਈ ਬਿਨਾਂ ਸੁਰੱਖਿਆ ਮੁਲਾਜ਼ਮਾਂ ਵਾਲੇ ਏ.ਟੀ.ਐਮ. ਬੰਦ ਕੀਤੇ ਜਾਣ।


-ਐਡਵੋਕੇਟ ਹਰਦੀਪ ਸਿੰਘ ਗਿੱਲ
ਸੇਵਾਦਾਰ ਸਰਬਸੁਖ ਸੇਵਾ ਸੁਸਾਇਟੀ, ਬਿਠੰਡਾ।

06-09-2019

 ਬਟਾਲਾ ਫੈਕਟਰੀ 'ਚ ਧਮਾਕਾ
ਅਖ਼ਬਾਰ ਦੀ ਮੁੱਖ ਸੁਰਖੀ 'ਬਟਾਲਾ ਫੈਕਟਰੀ ਧਮਾਕੇ ਨਾਲ 25 ਮੌਤਾਂ' ਸਬੰਧੀ ਪੜ੍ਹ ਕੇ ਦਿਲ ਦੇ ਧੁਰ ਅੰਦਰ ਤੱਕ ਧੂਹ ਪਈ। ਹਾਦਸੇ 'ਚ ਮਾਰੇ ਗਏ ਲੋਕਾਂ ਦੀ ਮੌਤ ਦੇ ਮੰਜਰ ਦੀਆਂ ਤਸਵੀਰਾਂ ਨੇ ਦਿਲ ਪਸੀਜ ਦਿੱਤਾ। ਅਜਿਹੀਆਂ ਘਟਨਾਵਾਂ ਨੂੰ ਕੁਦਰਤੀ ਹਾਦਸੇ ਨਹੀਂ ਕਿਹਾ ਜਾ ਸਕਦਾ, ਇਸ ਨੂੰ ਸਿਆਸੀ ਸ਼ਹਿ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਹਿਣਾ ਗ਼ਲਤ ਨਹੀਂ ਹੋਵੇਗਾ। ਰਿਹਾਇਸ਼ੀ ਏਰੀਏ 'ਚ ਚੱਲ ਰਹੀ ਧਮਾਕਾਖੇਜ਼ ਸਮੱਗਰੀ ਦੀ ਫੈਕਟਰੀ ਲਈ ਸਿਆਸੀ ਸਰਪ੍ਰਸਤੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਨ੍ਹਾਂ ਦੇ ਮੈਂਬਰ ਅਣਿਆਈ ਮੌਤ ਮਾਰੇ ਗਏ, ਉਨ੍ਹਾਂ ਦਾ ਕੀ ਕਸੂਰ ਸੀ? ਕੀ ਸਰਕਾਰਾਂ ਇਸ ਦਰਦਨਾਕ ਹਾਦਸੇ ਤੋਂ ਕੋਈ ਸਬਕ ਸਿੱਖਣਗੀਆਂ?


-ਸਤਨਾਮ ਸਿੰਘ ਮੱਟੂ, ਬੀਂਬੜ, ਸੰਗਰੂਰ।


ਵਿਰੋਧ ਨਹੀਂ ਸਹਿਯੋਗ ਕਰੋ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਹਰ ਪਿੰਡ ਵਿਚ 550 ਬੂਟੇ ਲਗਾਉਣ ਦੀ ਜੋ ਮੁਹਿੰਮ ਚਲਾਈ ਜਾ ਰਹੀ ਹੈ, ਉਹ ਕਾਫੀ ਸ਼ਲਾਘਾਯੋਗ ਹੈ ਅਤੇ ਪਿੰਡਾਂ ਦੇ ਨੌਜਵਾਨ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਵੀ ਪਾ ਰਹੇ ਹਨ ਪਰ ਕਈ ਥਾਵਾਂ 'ਤੇ ਇਸ ਚੰਗੇ ਕੰਮ ਦੀ ਵਿਰੋਧਤਾ ਵੀ ਹੋ ਰਹੀ ਹੈ, ਜੋ ਕਿ ਗ਼ਲਤ ਹੈ। ਪੰਜਾਬ ਦਾ ਪੌਣ-ਪਾਣੀ ਅੱਜ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ, ਇਸ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣ ਲਈ ਇਹ ਮੁਹਿੰਮ ਬਹੁਤ ਕਾਰਗਰ ਸਿੱਧ ਹੋ ਸਕਦੀ ਹੈ। ਪੰਜਾਬ ਦੀ ਜਵਾਨੀ ਨੂੰ ਵਾਤਾਵਰਨ ਦੇ ਨਾਲ ਜੋੜਨਾ ਇਕ ਚੰਗਾ ਉਪਰਾਲਾ ਹੈ। ਸਾਰਿਆ ਨੂੰ ਚਾਹੀਦਾ ਹੈ ਕਿ ਇਸ ਕੰਮ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰੇ ਨਾ ਕਿ ਵਿਰੋਧ। ਇਸ ਮੁਹਿੰਮ ਨੂੰ ਸਭ ਦੇ ਸਹਿਯੋਗ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।


ਬੱਸਾਂ ਦੇ ਡਰਾਈਵਰ ਤੇ ਕੰਡਕਟਰ
ਅੱਜ ਵੀ ਹਜ਼ਾਰਾਂ-ਲੱਖਾਂ ਲੋਕ ਰੋਜ਼ਾਨਾ ਬੱਸਾਂ ਵਿਚ ਸਫ਼ਰ ਕਰਦੇ ਹਨ ਪਰ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦਾ ਵਰਤਾਰਾ ਮਨੁੱਖੀ ਮਾਣ-ਮਰਿਆਦਾ ਅਤੇ ਜਾਨ-ਮਾਲ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਨੂੰ ਸਿੱਕੇ ਟੰਗ ਹੁੰਦਾ ਹੈ। ਬੱਸ ਡਰਾਈਵਰ ਬੱਸ ਅੱਡਿਆਂ ਤੋਂ ਕਿਸੇ ਹੋਰ ਬੱਸ ਤੋਂ ਪਹਿਲਾਂ ਸਵਾਰੀਆਂ ਚੁੱਕਣ ਦੇ ਲਾਲਚ ਵਿਚ ਬੱਸ ਨੂੰ ਬੇਹਿਸਾਬਾ ਭਜਾਉਂਦੇ ਹਨ। ਬੱਸ ਵਿਚ ਬੈਠੇ ਲੋਕਾਂ ਨੂੰ ਸੱਟ ਲੱਗ ਜਾਵੇ ਜਾਂ ਕੋਈ ਬੱਸ ਥੱਲੇ ਨਾ ਆ ਜਾਵੇ, ਇਸ ਪ੍ਰਤੀ ਉਹ ਬੇਫ਼ਿਕਰ ਹੁੰਦੇ ਹਨ। ਬੱਸ ਵਿਚ ਸੀਟਾਂ ਤੋਂ ਕਿਤੇ ਜ਼ਿਆਦਾ ਸਵਾਰੀਆਂ ਚੜ੍ਹਾਈਆਂ ਜਾਂਦੀਆਂ ਹਨ, ਜਿਸ ਕਾਰਨ ਬੱਸ ਵਿਚ ਸਾਹ ਲੈਣਾ ਵੀ ਔਖਾ ਹੁੰਦਾ ਹੈ। ਬਹੁਤੀਆਂ ਬੱਸਾਂ ਸਿਆਸੀ ਲੋਕਾਂ ਦੀਆਂ ਜਾਂ ਫਿਰ ਸਿਆਸੀ ਅਸਰ-ਰਸੂਖ ਵਾਲੇ ਲੋਕਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਗ਼ਲਤੀ ਸਾਹਮਣੇ ਦਿਸਦੇ ਹੋਏ ਵੀ ਟ੍ਰੈਫਿਕ ਪੁਲਿਸ ਸਬੰਧਿਤ ਮਹਿਕਮਾ ਗ਼ਲਤੀ ਨੂੰ ਅੱਖੋਂ ਪਰੋਖੇ ਕਰ ਜਾਂਦੇ ਹਨ। ਜ਼ਿਆਦਾ ਬੱਸਾਂ ਮਗਰ ਬੱਸ ਮਾਲਕ/ਕੰਪਨੀ ਜਾਂ ਸਬੰਧਿਤ ਮਹਿਕਮੇ ਦਾ ਫੋਨ ਨੰਬਰ ਨਹੀਂ ਲਿਖਿਆ ਹੁੰਦਾ, ਜਿਸ 'ਤੇ ਸਵਾਰੀ ਫੋਨ ਕਰਕੇ ਸ਼ਿਕਾਇਤ ਦਰਜ ਕਰਵਾ ਸਕੇ। ਸ਼ਿਕਾਇਤ ਬਕਸੇ ਦਾ ਜਿੰਦਰਾ ਵੀ ਜ਼ਿਆਦਾ ਬੱਸਾਂ ਵਿਚ ਖੁੱਲ੍ਹਾ ਹੋਇਆ ਜਾਂ ਟੁੱਟਾ ਹੋਇਆ ਨਜ਼ਰ ਆਉਂਦਾ ਹੈ। ਕਈ ਵਾਰ ਸਵਾਰੀਆਂ ਉਤਰੀਆਂ ਵੀ ਨਹੀਂ ਹੁੰਦੀਆਂ ਕਿ ਬੱਸ ਤੋਰ ਲਈ ਜਾਂਦੀ ਹੈ। ਚਾਹੇ ਕੋਈ ਬਜ਼ੁਰਗ, ਅਪਾਹਜ, ਔਰਤ, ਬੱਚਾ ਡਿਗ ਜਾਏ, ਇਸ ਨਾਲ ਇਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ।


-ਸੁਰਿੰਦਰਜੀਤ ਸਿੰਘ ਕਲੇਰ,
ਜ਼ਿਲ੍ਹਾ ਗੁਰਦਾਸਪੁਰ।


ਬੇਕਾਬੂ ਹੋ ਰਹੀ ਭੁੱਖਮਰੀ
ਹਰ ਸਾਲ ਭਾਰਤ ਵਿਚ ਕਰੋੜਾਂ ਰੁਪਏ ਦਾ ਅਨਾਜ ਬਰਬਾਦ ਹੋ ਜਾਂਦਾ ਹੈ। ਕਿਉਂਕਿ ਸਾਡੇ ਦੇਸ਼ ਵਿਚ ਅਨਾਜ-ਭੰਡਾਰਨ ਦੀ ਲੋੜੀਂਦੀ ਸਮਰੱਥਾ ਨਹੀਂ ਹੈ। ਸੁਸਰੀ ਅਤੇ ਬਰਸਾਤ ਦੋ ਅਜਿਹੇ ਕਾਰਨ ਹਨ ਜੋ ਅਨਾਜ ਦੀ ਬਰਬਾਦੀ ਦੇ ਮੁੱਖ ਕਾਰਨ ਹਨ। ਇਕ ਪਾਸੇ ਅੰਨ ਦੀ ਬਰਬਾਦੀ ਤੇ ਦੂਸਰੇ ਪਾਸੇ ਸਾਡੇ ਦੇਸ਼ ਵਿਚ ਭੁੱਖਮਰੀ ਦਾ ਅੰਕੜਾ ਦਿਨੋਂ-ਦਿਨ ਵਧ ਰਿਹਾ ਹੈ। ਗਲੋਬਲ ਹੰਗਰ ਇੰਡੈਕਸ ਵਲੋਂ 2018 ਦੇ ਜਾਰੀ 119 ਦੇਸ਼ਾਂ ਦੇ ਅੰਕੜਿਆ ਅਨੁਸਾਰ ਭੁੱਖਮਰੀ ਨੂੰ ਖ਼ਤਮ ਕਰਨ ਵਿਚ ਭਾਰਤ ਦਾ ਨੰਬਰ 103ਵਾਂ ਹੈ, ਜੋ ਕਿ 2016 ਵਿਚ 97ਵਾਂ ਅਤੇ ਪਿਛਲੇ ਸਾਲਾਂ ਵਿਚ 55ਵਾਂ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨਿਪਾਲ ਅਤੇ ਬੰਗਲਾਦੇਸ਼ ਵਰਗੇ ਗਰੀਬ ਸਮਝੇ ਜਾਂਦੇ ਦੇਸ਼ ਵੀ ਇਸ ਸੂਚੀ ਵਿਚ ਸਾਡੇ ਨਾਲੋਂ ਮੂਹਰੇ ਹਨ। ਜੇਕਰ ਬਰਬਾਦ ਹੋ ਰਹੇ ਅੰਨ ਨੂੰ ਬਚਾਅ ਲਿਆ ਜਾਵੇ ਤਾਂ ਸਾਡੇ ਦੇਸ਼ ਵਿਚ ਕਿੰਨੇ ਹੀ ਲੋਕਾਂ ਨੂੰ ਭੁੱਖਮਰੀ ਅਤੇ ਕੁਪੋਸ਼ਣ ਵਰਗੀ ਲਾਹਣਤ ਤੋਂ ਬਚਾਇਆ ਜਾ ਸਕਦਾ ਹੈ। ਮਾਣਯੋਗ ਸੁਪਰੀਮ ਕੋਰਟ ਦੇ ਸੁਝਾਅ ਅਨੁਸਾਰ ਅਨਾਜ ਖ਼ਰਾਬ ਹੋਣ ਨਾਲੋਂ ਸਸਤੇ ਰੇਟਾਂ 'ਤੇ ਗ਼ਰੀਬ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਅਜਿਹਾ ਕਰਕੇ ਅਸੀਂ ਭੁੱਖਮਰੀ ਦੇ ਖ਼ਿਲਾਫ਼ ਨਿਸਚੇ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ।


-ਲੈਕ: ਰਜਿੰਦਰ ਸਿੰਘ 'ਪਹੇੜੀ', ਪਟਿਆਲਾ।

05-09-2019

 ਸਰਕਾਰੀ ਸਕੂਲਾਂ ਦਾ ਪੱਧਰ
ਅੱਜਕਲ੍ਹ ਆਮ ਇਨਸਾਨ ਦੀ ਸੋਚ ਬਣ ਚੁੱਕੀ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਬੱਚਾ ਕੁਝ ਬਣ ਨਹੀਂ ਸਕਦਾ। ਪ੍ਰਾਈਵੇਟ ਸਕੂਲ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਪ੍ਰਤੀ ਵਧ ਤਰਜੀਹ ਦਿੱਤੀ ਜਾਂਦੀ ਹੈ। ਅਜੋਕੀ ਨਵੀਂ ਪੀੜ੍ਹੀ ਆਪਣਾ ਭਵਿੱਖ ਬਣਾਉਣ ਲਈ ਬਾਹਰ ਜਾਣ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਦੇ ਅਨੁਸਾਰ ਭਾਰਤ ਵਿਚ ਕੋਈ ਭਵਿੱਖ ਨਹੀਂ ਹੈ ਪਰ ਜਿਨ੍ਹਾਂ ਨੇ ਮਿਹਨਤ ਕਰਨੀ ਹੈ, ਉਹ ਇਥੇ ਰਹਿ ਕੇ ਹੀ ਆਪਣਾ ਟੀਚਾ ਪੂਰਾ ਕਰ ਲੈਂਦੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕੰਵਰਜੀਤ ਮਾਨ ਜੀ ਹਨ, ਜਿਨ੍ਹਾਂ ਨੇ ਸਰਕਾਰੀ ਸਕੂਲ ਵਿਚ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾਉਣ ਉਪਰੰਤ ਪੀ.ਸੀ.ਐਸ. ਦੀ ਪ੍ਰੀਖਿਆ 'ਚੋਂ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਜੋ ਕਿ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਲੋਂ ਕੀਤੀ ਮਿਹਨਤ ਸਾਡੀ ਨੌਜਵਾਨ ਪੀੜ੍ਹੀ ਲਈ ਬਹੁਤ ਵੱਡਾ ਸੰਦੇਸ਼ ਹੈ, ਜੋ ਆਪਣਾ ਭਵਿੱਖ ਬਣਾਉਣ ਲਈ ਬਾਹਰ ਵੱਲ ਨੂੰ ਜਾ ਰਹੇ ਹਨ। ਸਰਕਾਰੀ ਸਕੂਲ ਵਿਚ ਪੜ੍ਹ ਕੇ ਵੀ ਜੇ ਅਸੀਂ ਨਿਰੰਤਰ ਮਿਹਨਤ ਕਰੀਏ ਤਾਂ ਆਪਣੇ ਦੇਸ਼ ਵਿਚ ਵੀ ਕੈਰੀਅਰ ਬਣਾ ਸਕਦੇ ਹਾਂ। ਕਿਉਂ ਨਾ ਅਸੀਂ ਮਿਹਨਤ ਕਰਕੇ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹਾਂ 'ਤੇ ਲੈ ਜਾਈਏ।


-ਵਿਜੇਤਾ, ਫ਼ਰੀਦਕੋਟ।


ਅਧਿਆਪਕ ਬਦਲੀਆਂ ਬਾਰੇ
ਸਿੱਖਿਆ ਵਿਭਾਗ ਦੁਆਰਾ ਇਸ ਵਾਰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜੋ ਕਿ ਇਕ ਵਧੀਆ ਕਦਮ ਸੀ। ਇਸ ਦੇ ਪਹਿਲੇ ਪੜਾਅ 'ਚ 4500 ਦੇ ਕਰੀਬ ਅਧਿਆਪਕਾਂ ਦੇ ਤਬਾਦਲੇ ਕੀਤੇ ਗਏ, ਜੋ ਕਿ ਸ਼ਲਾਘਾਯੋਗ ਕਦਮ ਸੀ, ਪਰ ਦੂਜੇ ਪੜਾਅ 'ਚ ਬਹੁਤੇ ਸਕੂਲ ਜਿਨ੍ਹਾਂ ਵਿਚ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਹੋਈਆਂ ਸਨ, ਉਹ ਖਾਲੀ ਸਕੂਲਾਂ ਦੀਆਂ ਅਸਾਮੀਆਂ ਸੂਚੀ ਵਿਚ ਦਿਖਾਈਆਂ ਹੀ ਨਹੀਂ ਗਈਆਂ, ਜੋ ਕਿ ਕਈ ਤਰ੍ਹਾਂ ਦੇ ਸ਼ੱਕ ਖੜ੍ਹੇ ਕਰਦੀਆਂ ਹਨ। ਭਾਵੇਂ ਸਕੂਲਾਂ ਵਿਚ ਸਰਪਲੱਸ ਅਸਾਮੀਆਂ ਖ਼ਤਮ ਹੋ ਸਕਦੀਆਂ ਹਨ ਪਰ ਕਈ ਸਕੂਲਾਂ ਵਿਚ ਵਿਦਿਆਰਥੀਆਂ ਦੇ 10 ਸੈਕਸ਼ਨ ਹੋਣ ਦੇ ਬਾਵਜੂਦ ਉਥੇ ਕੇਵਲ ਇਕ ਹੀ ਅਸਾਮੀ ਰਹਿ ਗਈ ਹੈ ਜੋ ਕਿ ਸਮਝ ਤੋਂ ਪਰ੍ਹੇ ਹੈ, ਕੀ ਇਕ ਵੀ ਵਿਸ਼ਾ ਅਧਿਆਪਕ 400 ਵਿਦਿਆਰਥੀ ਅਤੇ 60 ਪੀਰੀਅਡ ਹਫ਼ਤੇ ਵਿਚ ਲਗਾ ਸਕਦਾ ਹੈ? ਮੇਰੀ ਸਿੱਖਿਆ ਮੰਤਰੀ ਜੀ ਨੂੰ ਬੇਨਤੀ ਹੈ ਕਿ ਇਸ ਮੁੱਦੇ ਨੂੰ ਵਿਚਾਰ ਕੇ ਹੀ ਬਦਲੀਆਂ ਕੀਤੀਆਂ ਜਾਣ ਅਤੇ ਬਣਦੇ ਖਾਲੀ ਸਟੇਸ਼ਨ ਵੀ ਸੂਚੀ ਵਿਚ ਸ਼ਾਮਿਲ ਕੀਤੇ ਜਾਣ।


-ਮਨਦੀਪ ਸਿੰਘ


ਮਾੜੀ ਮਾਨਸਿਕਤਾ
ਅੱਜ ਦੇ ਸਮੇਂ ਵਿਚ ਪੜ੍ਹਨ ਦੇ ਲਈ ਬੱਚਿਆਂ ਕੋਲ ਸਕੂਲਾਂ ਦੀ ਕਮੀ ਨਹੀਂ ਹੈ, ਸਗੋਂ ਸਾਡੇ ਸਮੇਂ ਤੋਂ ਤਾਂ ਕਈ ਗੁਣਾ ਬਿਹਤਰ ਸਕੂਲ ਅੱਜ ਬੱਚਿਆਂ ਦੇ ਲਈ ਹਨ ਪਰ ਬੱਚਿਆਂ ਦੀ ਮਾਨਸਿਕਤਾ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲਾਂ ਵਾਂਗ ਵੰਡੀ ਗਈ ਹੈ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹਮੇਸ਼ਾ ਇਹ ਹੀ ਲਗਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਤੋਂ ਪਿੱਛੇ ਹਾਂ ਜਦ ਕਿ ਅਜਿਹਾ ਨਹੀਂ ਹੈ ਕਿ ਇਹ ਮਾੜੀ ਮਾਨਸਿਕਤਾ ਬੱਚਿਆਂ ਵਿਚ ਵਧਦੀ ਜਾ ਰਹੀ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮਨ ਵਿਚ ਇਕ ਇਹ ਵੱਡਾ ਵਹਿਮ ਹੈ ਕਿ ਅਸੀਂ ਅੰਗਰੇਜ਼ੀ ਵਿਚ ਵਾਰਤਾਲਾਪ ਨਹੀਂ ਕਰ ਸਕਦੇ ਤੇ ਉਹ ਸੋਚਦੇ ਹਨ ਕਿ ਅਸੀਂ ਜੇ ਪੰਜਾਬੀ ਵਿਚ ਵਾਰਤਾਲਾਪ ਕਰਾਂਗੇ ਤਾਂ ਬਾਕੀ ਬੱਚੇ ਸਾਡਾ ਮਖੌਲ ਉਡਾਉਣਗੇ। ਇਸ ਦੇ ਨਾਲ ਉਹ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਸਕੂਲਾਂ ਵਿਚ ਬੇਸ਼ੱਕ ਵਾਧਾ ਹੋਇਆ ਹੈ ਪਰ ਇਸ ਮਾਨਸਿਕਤਾ ਦੇ ਨਾਲ ਬੱਚਿਆਂ ਦੀ ਪ੍ਰਤਿਭਾ ਲੁਪਤ ਹੋਈ ਜਾ ਰਹੀ ਹੈ, ਜਦ ਕਿ ਕੋਈ ਵੀ ਬੱਚਾ ਪਰਮਾਤਮਾ ਨੇ ਅਜਿਹਾ ਨਹੀਂ ਬਣਾਇਆ, ਜਿਸ ਵਿਚ ਕੋਈ ਪ੍ਰਤਿਭਾ ਨਾ ਹੋਵੇ, ਇਸ ਲਈ ਬੱਚਿਆਂ ਨੂੰ ਅਜਿਹੀ ਮਾਨਸਿਕਤਾ ਤਿਆਗ ਦੇਣੀ ਚਾਹੀਦੀ ਹੈ।


-ਜਾਨਵੀ ਬਿੱਠਲ।


ਵਿਸਰ ਗਈਆਂ ਚਿੱਠੀਆਂ
ਜਿਉਂ-ਜਿਉਂ ਤਕਨੀਕ ਵਿਚ ਵਾਧਾ ਹੋਇਆ, ਮੋਬਾਈਲ ਆਏ, ਉਦੋਂ ਦੀਆਂ ਚਿੱਠੀਆਂ ਸਾਡੇ ਚੇਤੇ ਵਿਚੋਂ ਵਿਸਰ ਗਈਆਂ। ਹੁਣ ਤਾਂ ਪਲ-ਪਲ ਦੀ ਜਾਣਕਾਰੀ ਮੋਬਾਈਲ ਰਾਹੀਂ ਮਿਲ ਜਾਂਦੀ ਹੈ। ਇਸੇ ਕਾਰਨ ਰਿਸ਼ਤਿਆਂ ਵਿਚ ਤਣਾਅ ਆ ਗਿਆ। ਅੱਜ ਤੋਂ ਕੁਝ ਸਮਾਂ ਪਹਿਲਾਂ ਚਿੱਠੀਆਂ ਹੀ ਦੂਰ ਵਸੇਂਦੇ ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਹਾਲ ਪੁੱਛਣ ਦਾ ਸਾਧਨ ਹੁੰਦੀਆਂ ਸਨ। ਚਿੱਠੀ ਲਿਖਣ ਦਾ ਵੀ ਇਕ ਆਪਣਾ ਹੀ ਮਜ਼ਾ ਸੀ। ਉਸ ਤੋਂ ਬਾਅਦ ਉਸ ਚਿੱਠੀ ਦੇ ਜਵਾਬ ਦੀ ਉਡੀਕ ਵੀ ਬਾ-ਕਮਾਲ ਹੁੰਦੀ ਸੀ। ਹਰ ਰੋਜ਼ ਡਾਕੀਏ ਦੀ ਉਡੀਕ ਰਹਿੰਦੀ ਸੀ। ਡਾਕੀਏ ਤੋਂ ਪੁੱਛਦੇ ਰਹਿਣਾ ਕਿ ਸਾਡੀ ਕੋਈ ਚਿੱਠੀ ਤਾਂ ਨਹੀਂ ਆਈ। ਪਿਛਲੇ ਸਮਿਆਂ ਵਿਚ ਚਿੱਠੀਆਂ ਰਾਹੀਂ ਰਿਸ਼ਤਿਆਂ ਵਿਚ ਪਿਆਰ ਤੇ ਅਪਣੱਤ ਹੁੰਦੀ ਸੀ।


-ਪ੍ਰਮਿੰਦਰ ਕੌਰ ਸ਼ਾਂਤੀ ਕੈਂਥ
ਬੇਅੰਤ ਨਗਰ, ਮੋਗਾ।


ਸੜਕ ਹਾਦਸੇ
ਦਿਨੋ-ਦਿਨੀ ਵਾਪਰਦੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਪਰ ਅਵਾਰਾ ਪਸ਼ੂਆਂ ਦਾ ਖੁੱਲ੍ਹੇਆਮ ਸੜਕਾਂ 'ਤੇ ਘੁੰਮਣਾ ਹੋਰ ਵੀ ਗੰਭੀਰ ਵਿਸ਼ਾ ਹੈ। ਸ਼ਹਿਰ ਸੰਗਰੂਰ ਦੀਆਂ ਸੜਕਾਂ ਅਵਾਰਾ ਪਸ਼ੂਆਂ ਨਾਲ ਗਦ-ਗਦ ਭਰੀਆਂ ਪਈਆਂ ਹਨ। ਕੋਈ ਮੋੜ ਅਜਿਹਾ ਨਹੀਂ ਜਿਥੇ ਇਹ ਅਵਾਰਾ ਪਸ਼ੂ ਨਾ ਦਸਤਕ ਦੇਣ। ਪ੍ਰਸ਼ਾਸਨ ਭਾਵੇਂ ਘੂਕ ਗੂੜੀ ਨੀਂਦ ਸੌ ਰਿਹਾ ਹੈ ਪਰ ਇਥੋਂ ਦੇ ਲੋਕ ਬਹੁਤ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ। ਇਹ ਪਸ਼ੂ ਜਦੋਂ ਆਪਸ ਵਿਚ ਭਿੜਦੇ ਹਨ ਤਾਂ ਬਹੁਤ ਸਾਰੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਅੰਜ਼ਾਮ ਦਿੰਦੇ ਹਨ। ਆਏ ਦਿਨ ਪਸ਼ੂਆਂ ਦੇ ਕੀਤੇ ਹਮਲੇ ਨਾਲ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਅਵਾਰਾ ਪਸ਼ੂ ਜਿਥੇ ਲੋਕਾਂ ਦੇ ਰਾਹ ਵਿਚ ਰੁਕਾਵਟ ਬਣਦੇ ਹਨ, ਉਥੇ ਹੀ ਆਵਾਜਾਈ ਦੇ ਸਾਧਨਾਂ ਨੂੰ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ ਅਵਾਰਾ ਪਸ਼ੂ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਥੇ ਹੀ ਬਸ ਨਹੀਂ, ਸਗੋਂ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਪਰ ਬੜੇ ਅਫ਼ਸੋਸ ਦੀ ਗੱਲ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਹੱਥ ਉੱਤੇ ਹੱਥ ਧਰ ਕੇ ਹੋਰ ਪਤਾ ਨਹੀਂ ਕਿੰਨੀਆਂ ਦੁਰਘਟਨਾਵਾਂ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ। ਜੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪਤਾ ਨਹੀਂ ਹੋਰ ਕਿੰਨੇ ਲੋਕ ਅਣਿਆਈ ਮੌਤ ਦਾ ਸ਼ਿਕਾਰ ਹੋ ਜਾਣਗੇ। ਪ੍ਰਸ਼ਾਸਨ ਨੂੰ ਇਸ ਸਮੱਸਿਆ ਨੂੰ ਗੰਭੀਰ ਲੈਂਦੇ ਹੋਏ ਇਸ 'ਤੇ ਵਿਚਾਰ ਕਰਨ ਦੀ ਲੋੜ ਹੈ।


-ਨੂਰਦੀਪ ਕੋਮਲ, ਸੰਗਰੂਰ।

04-09-2019

 ਹੜ੍ਹ ਕੁਦਰਤੀ ਕਰੋਪੀ ਜਾਂ...
ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹ ਨੇ ਇਕ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਆਖ਼ਰ ਬਿਨਾਂ ਬਾਰਿਸ਼ ਦੇ ਹੜ੍ਹ ਕਿਵੇਂ ਆ ਗਿਆ ਅਤੇ ਗੁਆਂਢੀ ਸੂਬੇ ਵਿਚ ਪਏ ਮੀਂਹ ਦੀ ਏਨੀ ਮਾਰ ਪੰਜਾਬ ਨੂੰ ਕਿਉਂ ਸਹਿਣੀ ਪਈ? ਅੱਜ ਇਹ ਪ੍ਰਸ਼ਨ ਪੰਜਾਬੀ ਲੋਕਾਂ ਦੇ ਮਨਾਂ ਅੰਦਰ ਪੈਦਾ ਹੋ ਰਹੇ ਹਨ। ਸਰਕਾਰ ਦੁਆਰਾ ਸਹੀ ਵਕਤ ਤੇ ਠੋਸ ਉਪਰਾਲੇ ਕਰਕੇ ਇਸ ਨਾਲ ਨਿਪਟਿਆ ਜਾ ਸਕਦਾ ਸੀ। ਦਰਿਆਵਾਂ ਦੇ ਬੰਨ੍ਹ ਜੋ 'ਨਾਜਾਇਜ਼ ਮਾਈਨਿੰਗ' ਨਾਲ ਨੁਕਸਾਨੇ ਗਏ ਸਨ, ਅੱਜ ਲੋਕ ਆਪ ਇਕਜੁਟ ਹੋ ਕੇ ਬਣਾ ਰਹੇ ਹਨ। ਨਾਜਾਇਜ਼ ਮਾਈਨਿੰਗ ਨਾਲ ਕੁਝ ਥਾਵਾਂ 'ਤੇ ਪਏ ਪਾੜ ਕਾਰਨ ਭਾਰੀ ਰੋਸ ਸਰਕਾਰ ਪ੍ਰਤੀ ਜਤਾਇਆ ਜਾ ਰਿਹਾ ਹੈ। ਪਾਣੀ ਦਾ ਪੱਧਰ ਜ਼ਿਆਦਾ ਹੋਣ ਨਾਲ ਜਿਥੇ ਕੁਝ ਇਨਸਾਨਾਂ ਦੀ ਮੌਤ ਹੋਈ ਹੈ, ਉਥੇ ਬਹੁਤ ਸਾਰੇ ਪਸ਼ੂ ਵੀ ਮਰ ਗਏ ਹਨ। ਕਈ ਘਰ ਢਹਿ ਗਏ ਹਨ, ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ ਅਤੇ ਟਿਊਬਵੈੱਲ ਵੀ ਖ਼ਰਾਬ ਹੋ ਗਏ ਹਨ। ਪਾਣੀ ਘਟਣ ਨਾਲ ਵੀ ਸਮੱਸਿਆ ਘਟੀ ਨਹੀਂ ਸਗੋਂ ਹੁਣ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਸਮਾਜ ਸੇਵੀ ਸੰਸਥਾਵਾਂ ਵੱਡੇ ਪੈਮਾਨੇ 'ਤੇ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਸਰਕਾਰ ਦਾ ਵੀ ਨੈਤਿਕ ਫ਼ਰਜ਼ ਬਣਦਾ ਹੈ ਕਿ ਨਾਗਰਿਕਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਜਲਦੀ ਤੋਂ ਜਲਦੀ ਕੀਤੀ ਜਾਵੇ। ਭਵਿੱਖ ਵਿਚ ਕਿਸੇ ਚੁਣੌਤੀ ਦਾ ਸਾਹਮਣਾ ਕਰਨ ਲਈ ਸਰਕਾਰ ਨੂੰ ਪਹਿਲਾਂ ਤੋਂ ਹੀ ਢੁਕਵੇਂ ਪ੍ਰਬੰਧ ਕਰਨ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।


-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।


* ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦੇ ਪਾਣੀ ਦਾ ਪ੍ਰਕੋਪ ਜਾਰੀ ਹੈ। ਅਖ਼ਬਾਰੀ ਰਿਪੋਰਟਾਂ ਅਨੁਸਾਰ ਪਸ਼ੂ ਧਨ ਤੇ ਜਾਨੀ ਮਾਲੀ ਨੁਕਸਾਨ ਦੀਆਂ ਚਿੰਤਾਜਨਕ ਖ਼ਬਰਾਂ ਹਨ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੇਘਰ ਹੋਏ ਹਨ। ਪਸ਼ੂਆਂ ਲਈ ਚਾਰੇ ਦੀ ਕਮੀ ਹੈ। ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਜਿਸ ਕਰਕੇ ਉਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਵੱਡਾ ਵਾਧਾ ਹੋਇਆ ਹੈ। ਸਰਕਾਰ ਨੇ ਇਸ ਆਫ਼ਤ ਨੂੰ ਕੁਦਰਤੀ ਕਰੋਪੀ ਐਲਾਨ ਕੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਅਸੀਂ ਪੰਜਾਬੀ ਦੇਸ਼-ਵਿਦੇਸ਼ ਵਿਚ ਜਾ ਕੇ ਲੋੜਵੰਦਾਂ ਦੀ ਮਦਦ ਕਰਦੇ ਹਾਂ ਪਰ ਜਦੋਂ ਸਾਡੇ ਆਪਣੇ 'ਤੇ ਹੀ ਬਿਪਤਾ ਪੈ ਗਈ ਹੈ ਤਾਂ ਸਾਨੂੰ ਆਪਣਿਆਂ ਦੀ ਯਥਾਸ਼ਕਤੀ ਅਨੁਸਾਰ ਮਦਦ ਕਰਨੀ ਚਾਹੀਦੀ ਹੈ। ਅੱਜ ਲੋੜਵੰਦਾਂ ਨੂੰ ਮਦਦ ਦੀ ਲੋੜ ਹੈ। ਅਸੀਂ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਕੇ ਮਾਨਵਵਾਦੀ ਸੋਚ ਦੇ ਧਾਰਨੀ ਹੋਣ ਦਾ ਸਬੂਤ ਦੇਈਏ।


-ਓਮ ਪ੍ਰਕਾਸ਼ ਪੂਨੀਆ
ਗਿੱਦੜਬਾਹਾ।


* ਬਰਸਾਤੀ ਮੌਸਮ ਵਿਚ ਪੰਜਾਬ ਦਾ ਕਾਫੀ ਹਿੱਸਾ ਹੜ੍ਹਾਂ ਦੀ ਮਾਰ ਹੇਠ ਆ ਗਿਆ। ਬੇਸ਼ੱਕ ਇਹ ਕੁਦਰਤੀ ਕਰੋਪੀ ਹੈ ਪਰ ਮਨੁੱਖੀ ਗ਼ਲਤੀਆਂ ਕਾਰਨ ਹੀ ਵੱਡੇ ਨੁਕਸਾਨ ਹੁੰਦੇ ਹਨ। ਲੰਮੇ ਸਮੇਂ ਤੋਂ ਨਾਜਾਇਜ਼ ਹੋ ਰਹੀ ਮਾਈਨਿੰਗ ਜੋ ਕਿ ਗ਼ਲਤ ਤਰੀਕੇ ਨਾਲ ਰੇਤ ਕੱਢੀ ਜਾ ਰਹੀ ਹੈ, ਦਾ ਵੀ ਇਨ੍ਹਾਂ ਹੜ੍ਹਾਂ ਵਿਚ ਵਿਸ਼ੇਸ਼ ਯੋਗਦਾਨ ਹੈ। ਸੜਕਾਂ ਤੇ ਹੋਰ ਥਾਵਾਂ 'ਤੇ ਨਾਜਾਇਜ਼ ਕਬਜ਼ੇ 'ਤੇ ਸੜਕਾਂ ਬਣਾਉਣ ਸਮੇਂ ਹੇਠਾਂ ਪੁਲੀਆਂ ਆਦਿ ਨਾ ਬਣਾਉਣਾ। ਹੁਣ ਜਦੋਂ ਲੋਕ ਬੁਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆ ਗਏ ਹਨ ਤੇ ਆਪਣਾ ਬਹੁਤ ਕੁਝ ਗੁਆ ਚੁੱਕੇ ਹਨ ਤਾਂ ਸਿਆਸੀ ਲੋਕ ਵੀ ਉਨ੍ਹਾਂ ਕੋਲ ਪੁੱਜਣੇ ਸ਼ੁਰੂ ਹੋ ਗਏ ਹਨ ਤੇ ਫੋਟੋਆਂ ਆਦਿ ਖਿਚਵਾ ਕੇ ਸ਼ਾਇਦ ਜ਼ਾਬਤਾ ਪੂਰਾ ਕਰ ਰਹੇ ਹੋਣ। ਇਥੇ ਆਮ ਲੋਕਾਂ ਨੇ ਹੀ ਆਮ ਲੋਕਾਂ ਦੀ ਮਦਦ ਕੀਤੀ। ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਲੱਖਾਂ ਵੋਟਾਂ ਨਾਲ ਜਿਤਾਏ ਗੁਰਦਾਸਪੁਰੀਆਂ ਦਾ ਫ਼ਿਲਮੀ ਐਮ.ਪੀ. ਸੰਨੀ ਦਿਓਲ ਕਿੱਥੇ ਹੈ? ਜਦੋਂ ਏਨੀ ਵੱਡੀ ਆਫ਼ਤ 'ਚ ਵੀ ਚੁਣੇ ਨੁਮਾਇੰਦੇ ਲੋਕਾਂ ਦੇ ਦੁੱਖ 'ਚ ਸ਼ਾਮਿਲ ਨਾ ਹੋਣ ਤਾਂ ਉਨ੍ਹਾਂ ਨੂੰ ਕੀ ਕਹੀਏ? ਸ਼ਾਇਦ ਲੋਕਾਂ ਨੂੰ ਵੀ ਹੁਣ ਪਤਾ ਲੱਗ ਗਿਆ ਹੋਣਾ ਕਿ ਸਾਥੋਂ ਗ਼ਲਤੀ ਹੋਈ।


-ਬਲਬੀਰ ਸਿੰਘ ਬੱਬੀ, ਤੱਖਰਾਂ, ਲੁਧਿਆਣਾ।


ਬੀਬਾ ਗਾਇਕ
ਪਿਛਲੇ ਦਿਨੀਂ ਗੁਰਚਰਨ ਸਿੰਘ ਜੰਜੂਆ ਵਲੋਂ ਅਮਰਜੀਤ ਮੱਟੂ ਬਾਰੇ ਲਿਖਿਆ ਲੇਖ ਪੜ੍ਹਿਆ, ਬੜੀ ਖੁਸ਼ੀ ਹੋਈ, ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ 'ਅਜੀਤ' ਵਿਚ ਪੰਜਾਬ ਦੇ ਸਾਫ਼-ਸੁਧਰਾ ਗਾਉਣ ਵਾਲੇ ਮਿਆਰੀ ਕਲਾਕਾਰ ਬਾਰੇ ਛਪਣਾ ਬੜੇ ਮਾਣ ਵਾਲੀ ਗੱਲ ਹੈ, ਘਰ-ਪਰਿਵਾਰ ਵਿਚ ਬੈਠ ਕੇ, ਸਾਫ਼-ਸੁਥਰੀ ਗਾਇਕੀ ਅਕਸਰ ਅਸੀਂ ਅਮਰਜੀਤ ਮੱਟੂ ਨੂੰ ਟੀ.ਵੀ. ਰਾਹੀਂ, ਯੂ ਟਿਊਬ ਅਤੇ ਲਾਈਵ ਸ਼ੋਅ ਜ਼ਰੀਏ ਸੁਣਦੇ-ਮਾਣਦੇ ਹਾਂ, ਮਨ ਨੂੰ ਬੜਾ ਸਕੂਨ ਮਿਲਦਾ ਹੈ, ਲੱਚਰ ਗਾਉਣ ਵਾਲੇ ਗਾਇਕ ਵੀ ਜੇ ਅਮਰਜੀਤ ਮੱਟੂ ਵਰਗੇ ਬੀਬੇ ਗਾਇਕ ਤੋਂ ਸੇਧ ਲੈ ਕੇ ਚੰਗਾ ਗਾਉਣ ਲੱਗ ਪੈਣ ਤਾਂ ਕਿੰਨਾ ਚੰਗਾ ਹੋਵੇ।


-ਇੰਦਰਜੀਤ ਜਵੰਦਾ, ਫ਼ਤਹਿਗੜ੍ਹ ਸਾਹਿਬ।


ਭਾਰਤ-ਪਾਕਿ ਵਿਚ ਵਧ ਰਹੈ ਤਣਾਅ
1947 ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਈ ਮੁੱਦਿਆਂ 'ਤੇ ਤਕਰਾਰ ਹੁੰਦੀ ਆ ਰਹੀ ਹੈ, ਜੋ ਕਿ 1965, 1971 ਅਤੇ 1999 ਦੇ ਯੁੱਧਾਂ ਦੇ ਰੂਪ ਵਿਚ ਸਾਹਮਣੇ ਆਈ। ਪਰ ਯੁੱਧ ਕਿਸੇ ਵੀ ਸਮੱਸਿਆ, ਤਕਰਾਰ ਜਾਂ ਮਨ-ਮੁਟਾਵ ਦਾ ਹੱਲ ਨਹੀਂ ਬਣ ਸਕਦਾ। ਜੋ ਸੁੱਖ-ਅਨੰਦ 'ਸ਼ਾਂਤੀ' ਵਿਚ ਹੈ, ਉਹ ਯੁੱਧ ਵਿਚ ਕਿਵੇਂ ਹੋ ਸਕਦਾ ਹੈ? ਯੁੱਧ ਤਾਂ ਤਬਾਹੀ, ਲਾਸ਼ਾਂ, ਵਿਲਕਦੇ-ਕੁਰਲਾਉਂਦੇ ਇਨਸਾਨਾਂ, ਵੈਣਾਂ, ਚੀਕ-ਚਿਹਾੜਿਆਂ, ਅਨੰਤ ਜ਼ਹਿਰੀਲੇ ਪ੍ਰਦੂਸ਼ਣ,ਤਪਸ਼, ਭਿਆਨਕ ਗਰਜਾਂ, ਸਿਸਕੀਆਂ, ਉਜਾੜੇ, ਉਦਾਸ ਚਿਹਰਿਆਂ ਦਾ ਦ੍ਰਿਸ਼ ਅੱਖਾਂ ਅੱਗੇ ਲੈ ਆਉਂਦਾ ਹੈ। ਇਹ ਸਾਡੇ ਪਾਸੋਂ ਸ਼ਾਂਤੀ, ਖੁਸ਼ੀ, ਤਰੱਕੀ, ਹਰਾ-ਭਰਾ ਵਾਤਾਵਰਨ, ਆਸਾਂ, ਰੀਝਾਂ ਚੰਗਾ ਭਵਿੱਖ ਤੇ ਵਰਤਮਾਨ ਖੋਹ ਲੈਂਦਾ ਹੈ। ਜੇ ਦੋਵਾਂ ਦੇਸ਼ਾਂ ਦੇ ਆਪਸੀ ਮਸਲੇ ਪ੍ਰੇਮ-ਪਿਆਰ ਨਾਲ ਸੁਹਿਰਦ ਮਾਹੌਲ ਵਿਚ ਮਿਲ-ਬੈਠ ਕੇ ਹੱਲ ਹੋ ਜਾਣ ਤਾਂ ਬਹੁਤ ਵੱਡੀ ਸਮੱਸਿਆ (ਯੁੱਧ) ਟਲ ਸਕਦੀ ਹੈ।
ਪਰਮਾਤਮਾ ਅੱਗੇ ਅਰਦਾਸ ਹੈ ਕਿ ਕੇਵਲ ਭਾਰਤ ਪਾਕਿਸਤਾਨ ਦੇਸ਼ਾਂ ਵਿਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਵਿਚ ਅਮਨ, ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ। ਦੁਨੀਆ ਵਿਚ ਕਦੇ ਵੀ ਕਿਸੇ ਵੀ ਥਾਂ ਯੁੱਧ ਨਾ ਹੋਵੇ ਅਤੇ ਸ਼ਾਂਤੀ ਬਣੀ ਰਹੇ। ਹਰ ਮਨੁੱਖ, ਜੀਵਨ-ਜੰਤੂ, ਪ੍ਰਣਾਣੀ ਸੁੱਖ-ਸ਼ਾਂਤੀ ਨਾਲ ਜੀਅ ਸਗੇ, ਇਹੋ ਪਰਵਰਦਗਾਰ ਅੱਗੇ ਦੁਆ ਹੈ।


-ਮਾ: ਸੰਜੀਵ ਧਰਮਾਣੀ, ਸ੍ਰੀ ਅਨੰਦਪੁਰ ਸਾਹਿਬ।


ਗਿਰਗਿਟ ਵਾਂਗੂ ਰੰਗ ਬਦਲਣਾ
ਅਸੀਂ ਆਮ ਹੀ ਕਿਤਾਬਾਂ ਵਿਚ ਇਹ ਪੜ੍ਹਦੇ ਹਾਂ ਕਿ ਗਿਰਗਿਟ ਇਕ ਅਜਿਹਾ ਜੀਵ ਹੈ ਜੋ ਆਪਣੀ ਰੱਖਿਆ ਲਈ ਆਪਣੀ ਚਮੜੀ ਦਾ ਰੰਗ ਬਦਲ ਲੈਂਦਾ ਹੈ ਤਾਂ ਜੋ ਉਹ ਆਪਣੇ ਦੁਸ਼ਮਣਾਂ ਤੋਂ ਬਚ ਸਕੇ। ਜਦੋਂ ਵੀ ਗਿਰਗਿਟ ਨੂੰ ਕੋਈ ਖ਼ਤਰਾ ਲਗਦਾ ਹੈ ਤਾਂ ਉਹ ਜਿਸ ਚੀਜ਼ 'ਤੇ ਬੈਠਾ ਹੁੰਦਾ ਹੈ, ਆਪਣੀ ਚਮੜੀ ਦਾ ਰੰਗ ਉਹੋ ਜਿਹਾ ਹੀ ਕਰ ਲੈਂਦਾ ਹੈ ਤਾਂ ਜੋ ਉਹ ਆਪਣੇ ਦੁਸ਼ਮਣ ਨੂੰ ਭੁਲੇਖਾ ਪਾ ਸਕੇ ਅਤੇ ਇਸ ਤਰ੍ਹਾਂ ਉਹ ਆਪਣੀ ਰੱਖਿਆ ਕਰ ਸਕਦਾ ਹੈ ਅਤੇ ਇਸ ਕਰਕੇ ਹੀ ਪੰਜਾਬੀ ਵਿਚ ਇਹ ਕਹਾਵਤ ਬਣੀ ਹੋਈ ਹੈ 'ਗਿਰਗਿਟ ਵਾਂਗੂ ਰੰਗ ਬਦਲਣਾ' ਪਰ ਇਹ ਕਹਾਵਤ ਉਕਤ ਭੋਲੇ-ਭਾਲੇ ਜੀਵ ਦਾ ਨਾਂਅ ਲੈ ਕੇ ਆਮ ਤੌਰ 'ਤੇ ਉਨ੍ਹਾਂ ਲੋਕਾਂ ਲਈ ਵਰਤੀ ਜਾਂਦੀ ਹੈ ਜੋ ਕਿ ਮੌਕਾਪ੍ਰਸਤ ਹੁੰਦੇ ਹਨ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਆਪਣਾ ਰਵੱਈਆ ਬਦਲ ਲੈਂਦੇ ਹਨ। ਗਿਰਗਿਟ ਤਾਂ ਸਿਰਫ ਆਪਣੀ ਜਾਨ ਬਚਾਉਣ ਲਈ ਆਪਣੀ ਚਮੜੀ ਦਾ ਰੰਗ ਹੀ ਬਦਲਦਾ ਹੈ। ਪਰ ਇਸ ਦੇ ਉਲਟ ਇਹ ਕਹਾਵਤ ਆਮ ਤੌਰ 'ਤੇ ਇਕ ਚੁਸਤ ਚਲਾਕ ਅਤੇ ਫਰੇਬੀ ਮਨੁੱਖ ਲਈ ਹੀ ਵਰਤੀ ਜਾਂਦੀ ਹੈ। ਪਰ ਕੀ ਇਸ ਤਰ੍ਹਾਂ ਦੇ ਚਤੁਰ ਚਲਾਕ ਵਿਅਕਤੀ ਦੀ ਤੁਲਨਾ ਉਕਤ ਭੋਲੇ-ਭਾਲੇ ਜੀਵ ਨਾਲ ਕਰਨੀ ਉੱਚਿਤ ਹੈ? ਕਈ ਵਿਅਕਤੀ ਏਨੇ ਮੌਕਾਪ੍ਰਸਤ ਹੁੰਦੇ ਹਨ ਕਿ ਮਤਲਬ ਨਿਕਲ ਜਾਣ ਤੋਂ ਬਾਅਦ ਇਕਦਮ ਆਪਣਾ ਰੰਗ ਬਦਲ ਲੈਂਦੇ ਹਨ। ਆਪਾਂ ਨੂੰ ਆਪਣਾ ਮਤਲਬ ਕੱਢ ਕੇ ਰੰਗ ਬਦਲਣ ਵਾਲੇ ਅਜਿਹੇ ਵਿਅਕਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।


-ਨਿਰਮਲਜੀਤ ਕੌਰ
ਈ.ਟੀ.ਟੀ. ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ, ਝੰਡੇਵਾਲਾ (ਮੋਗਾ)।

03-09-2019

 ਆਸ ਦੀ ਕਿਰਨ
ਜਿਥੇ ਅਖ਼ਬਾਰਾਂ ਵਿਚ ਚਿੰਤਾਜਨਕ ਖ਼ਬਰਾਂ ਛਪਦੀਆਂ ਹਨ, ਉਥੇ ਇਹੋ ਜਿਹੀਆਂ ਵੀ ਖ਼ਬਰਾਂ ਹਨ ਜੋ ਮਨ ਨੂੰ ਸਕੂਨ ਦੇ ਜਾਂਦੀਆਂ ਹਨ, ਜਿਵੇਂ ਸੰਗਰੂਰ ਦੇ ਤਿੰਨ ਪਿੰਡਾਂ ਸੰਗਤਪੁਰਾ, ਰੇਤਗੜ੍ਹ ਅਤੇ ਰਾਜਪੁਰਾ ਦੀਆਂ ਗ੍ਰਾਮ ਪੰਚਾਇਤਾਂ ਨੇ ਇਨ੍ਹਾਂ ਪਿੰਡਾਂ ਨੂੰ ਨਸ਼ਾ-ਮੁਕਤ ਘੋਸ਼ਿਤ ਕਰਦਿਆਂ ਮਤੇ ਪਾਸ ਕੀਤੇ ਹਨ। ਇਹ ਦੂਜੇ ਪਿੰਡਾਂ ਲਈ ਵੀ ਇਕ ਬਹੁਤ ਵਧੀਆ ਮਿਸਾਲ ਹੈ। ਜਿੰਨਾ ਚਿਰ ਪਿੰਡਾਂ ਵਾਲੇ ਆਪਣੇ ਲਾਡਲੇ ਪੁੱਤਾਂ ਨੂੰ ਨਸ਼ੇ ਤੋਂ ਬਚਾਉਣ ਲਈ ਖ਼ੁਦ ਉਪਰਾਲੇ ਨਹੀਂ ਕਰਨਗੇ, ਓਨਾ ਚਿਰ ਵਧੀਆ ਨਤੀਜੇ ਸਾਹਮਣੇ ਨਹੀਂ ਆਉਣਗੇ। ਜੇ ਸਾਰੇ ਪਿੰਡ ਇਕਜੁਟ ਹੋ ਕੇ ਆਪਣੇ-ਆਪਣੇ ਪਿੰਡਾਂ ਨੂੰ ਨਸ਼ਾ-ਮੁਕਤ ਕਰਨ ਦੀ ਕੋਸ਼ਿਸ਼ ਕਰਨ ਤਾਂ ਇਹ ਕੋਸ਼ਿਸ਼ਾਂ ਜ਼ਰੂਰ ਕਾਮਯਾਬ ਹੋਣਗੀਆਂ। ਜਦੋਂ ਕਿਸੇ ਪਿੰਡ ਦਾ ਜਵਾਨ ਪੁੱਤ ਨਸ਼ੇ ਨਾਲ ਮਰਦਾ ਹੈ ਤਾਂ ਲੋਕਾਂ ਲਈ ਇਕ ਨਸ਼ੇੜੀ ਦੀ ਮੌਤ ਹੁੰਦੀ ਹੈ। ਪਰ ਜਿਸ ਪਿੰਡ ਦਾ ਪੁੱਤਰ ਚਲਿਆ ਜਾਂਦਾ ਹੈ, ਉਸ ਪਿੰਡ ਵਿਚ ਹਨੇਰ ਪੈ ਜਾਂਦਾ ਹੈ। ਸੋ, ਇਸ ਭੈੜੀ ਬਿਮਾਰੀ ਨੂੰ ਜੜ੍ਹੋਂ ਪੁੱਟਣ ਲਈ ਸਭ ਨੂੰ ਹਮਲਾ ਮਾਰਨ ਦੀ ਲੋੜ ਹੈ। ਚੁੱਪ ਕਰ ਕੇ ਦੇਖਦੇ ਰਹਿਣ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ।

-ਅੰਮ੍ਰਿਤ ਕੌਰ, ਬਡਰੁੱਖਾਂ, ਸੰਗਰੂਰ।

ਦੁੱਧ ਵਿਚ ਮਿਲਾਵਟ
ਪਿਛਲੇ ਦਿਨੀਂ 'ਅਜੀਤ' ਵਿਚ ਸੰਪਾਦਕੀ ਪੜ੍ਹੀ ਅਤੇ ਬਹੁਤ ਅਫ਼ਸੋਸ ਹੋਇਆ ਕਿ ਕੁਝ ਆਦਮੀ ਕਿਵੇਂ ਆਪਣੇ ਸਵਾਰਥਾਂ ਲਈ ਲੋਕਾਂ ਦੀ ਸਿਹਤ ਨਾਲ ਕਿਵੇਂ ਖਿਲਵਾੜ ਕਰਦੇ ਨੇ ਅਤੇ ਪ੍ਰਸ਼ਾਸਨਿਕ ਤੰਤਰ ਕਿਵੇਂ ਭ੍ਰਿਸ਼ਟ ਹੋਣ ਦਾ ਸਬੂਤ ਦੇ ਰਿਹਾ ਹੈ। ਸਰਕਾਰਾਂ ਨੂੰ ਜਾਗਣ ਦੀ ਲੋੜ ਹੈ। ਭਾਵੇਂ ਦੇਸ਼ ਵਿਚ ਮਿਲਾਵਟ ਦਾ ਧੰਦਾ ਕੋਈ ਨਵਾਂ ਨਹੀਂ ਪਰ ਪੰਜਾਬ ਜੋ ਦੁੱਧ ਦੀਆਂ ਨਦੀਆਂ, ਨਹਿਰਾਂ ਦਾ ਪ੍ਰਦੇਸ਼ ਸੀ ਪਰ ਅੱਜ ਇਥੇ ਮਿਲਾਵਟੀ ਦੁੱਧ ਦੀਆਂ ਨਦੀਆਂ (ਨਹਿਰਾਂ) ਲਗਾਤਾਰ ਵਹਿ ਰਹੀਆਂ ਹਨ। ਰਸਾਇਣਕ ਪਦਾਰਥਾਂ ਤੋਂ ਨਕਲੀ ਦੁੱਧ, ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥ ਖੋਆ, ਪਨੀਰ, ਮੱਖਣ ਆਦਿ ਬਣਾਉਣ ਦਾ ਕੰਮ ਧੜੱਲੇ ਨਾਲ ਤਿਆਰ ਕਰ ਕੇ ਆਲੇ-ਦੁਆਲੇ ਸ਼ਹਿਰਾਂ, ਕਸਬਿਆਂ ਵਿਚ ਵੇਚਿਆ ਜਾਂਦਾ ਹੈ। ਖ਼ਤਰਨਾਕ ਪਦਾਰਥ ਦਾ ਮਿਲਾਵਟੀ ਦੁੱਧ ਇਕ ਗੰਭੀਰ ਅਪਰਾਧ ਹੈ। ਇਸ ਵਿਚ ਸਜ਼ਾ ਦਾ ਪ੍ਰਬੰਧ ਹੋਣਾ ਬੇਹੱਦ ਜ਼ਰੂਰੀ ਹੈ। ਸਾਨੂੰ ਸਭ ਨੂੰ ਅਜਿਹੇ ਅਸਮਾਜਿਕ ਤੱਤਾਂ ਨੂੰ ਨੱਥ ਪਾਉਣ ਲਈ ਲੋਕ-ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਇਸ ਨੂੰ ਜਿੰਨੀ ਜਲਦੀ ਹੋ ਸਕੇ, ਨੱਥ ਪਾਉਣੀ ਚਾਹੀਦੀ ਹੈ, ਜੋ ਸਮਾਜ ਵਿਚ ਇਹ ਘ੍ਰਿਣਾ ਭਰਿਆ ਕਾਰਜ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਨਸ਼ਿਆਂ ਦੇ ਕਾਰਨ ਤੇ ਹੱਲ
ਜਵਾਨੀ ਜ਼ਿੰਦਗੀ ਦਾ ਅਜਿਹਾ ਮੋੜ ਹੁੰਦੀ ਹੈ ਜਦੋਂ ਆਦਮੀ ਨੂੰ ਕੁਝ ਵੱਖਰਾ ਕਰਨ ਦੀ ਤਾਂਘ ਰਹਿੰਦੀ ਹੈ। ਸਾਡੇ ਇਥੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਨੌਜਵਾਨ ਪੀੜ੍ਹੀ ਨੂੰ ਕੋਈ ਵੀ ਕੰਮ ਨਹੀਂ ਦਿੱਤਾ ਜਾਂਦਾ। ਅੱਜ ਦੇ ਨੌਜਵਾਨਾਂ ਦਾ ਕੰਮ ਪ੍ਰਤੀ ਧਿਆਨ ਬਹੁਤ ਘੱਟ ਹੈ। ਸਾਡੇ ਪੁਰਖੇ ਕੰਮ ਨੂੰ ਹੀ ਨਸ਼ਾ ਮੰਨਦੇ ਸਨ। ਉਹ ਕੰਮ ਵਿਚ ਹੀ ਆਪਣੀ ਕਲਾਕਾਰੀ ਦਿਖਾਉਂਦੇ ਸਨ। ਕੋਈ ਵੀ ਆਦਮੀ ਆਪਣੇ ਬਾਪ, ਚਾਚੇ, ਤਾਏ ਆਦਿ ਸਾਹਮਣੇ ਕੋਈ ਨਸ਼ਾ ਨਹੀਂ ਸੀ ਕਰਦਾ। ਹੁਣ ਪੈਲਿਸ ਸੱਭਿਆਚਾਰ ਨੇ ਲੋਕ ਇਕੱਠੇ ਸ਼ਰਾਬ ਪੀਣ ਤੇ ਨੱਚਣ-ਟੱਪਣ ਲਾ ਦਿੱਤੇ ਹਨ। ਅੱਜ ਨੌਜਵਾਨਾਂ ਕੋਲੋਂ ਸੱਭਿਆਚਾਰ ਹੀ ਖੋਹ ਲਿਆ ਗਿਆ ਹੈ। ਕੰਮ ਤੋਂ ਬਿਨਾਂ ਜ਼ਿੰਦਗੀ ਬੇਕਾਰ ਹੁੰਦੀ ਹੈ। ਇਨ੍ਹਾਂ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਮੋੜਿਆ ਜਾ ਸਕਦਾ ਹੈ। ਪਿੰਡ-ਪਿੰਡ ਖੇਡ ਸਟੇਡੀਅਮ ਖੋਲ੍ਹਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਆਪਣੀ ਕੁਝ ਕਲਾਕਾਰੀ ਲੋਕਾਂ ਨੂੰ ਦਿਖਾ ਸਕਣ। ਹਰ ਸਕੂਲ ਵਿਚ ਖੇਡਾਂ ਜ਼ਰੂਰੀ ਕੀਤੀਆਂ ਜਾਣ। ਇਨ੍ਹਾਂ ਤੋਂ ਇਲਾਵਾ ਹਰ ਪਿੰਡ ਵਿਚ ਲਾਇਬਰੇਰੀ ਖੋਲ੍ਹਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਸਾਹਿਤ ਨਾਲ ਜੁੜਨ। ਜੇ ਕੋਈ ਨੌਜਵਾਨ ਕਵਿਤਾ, ਕਹਾਣੀ, ਪੇਂਟਿੰਗ, ਖੇਡ ਆਦਿ ਵਿਚ ਚੰਗਾ ਕਰ ਕੇ ਦਿਖਾਉਂਦਾ ਹੈ ਤਾਂ ਉਹਦਾ ਹੌਸਲਾ ਵਧਾਉਣ ਲਈ ਪਿੰਡ ਪੱਧਰ 'ਤੇ ਹੀ ਉਸ ਨੂੰ ਇਨਾਮ ਦੇਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਦੇਖ ਕੇ ਹੋਰ ਨੌਜਵਾਨ ਵੀ ਚੰਗੇ ਕੰਮਾਂ ਵੱਲ ਮੁੜਨ। ਨੌਜਵਾਨਾਂ ਨੂੰ ਪਿਤਾ ਪੁਰਖੀ ਧੰਦੇ ਵੱਲ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਨੌਜਵਾਨਾਂ ਲਈ ਖ਼ਤਰਾ
ਪੰਜਾਬ ਏਸ਼ੀਆ ਮਹਾਂਦੀਪ ਦਾ ਉਹ ਖਿੱਤਾ ਬਣਿਆ ਹੋਇਆ ਹੈ, ਜਿਥੇ ਨਸ਼ਿਆਂ ਕਾਰਨ ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਨੂੰ ਚਿੱਟਾ ਨਿਗਲ ਰਿਹਾ ਹੈ। ਸਿਆਸੀ ਆਗੂਆਂ ਨੂੰ ਕੋਈ ਚਿੰਤਾ ਨਹੀਂ ਕਿ ਮੁਲਕ ਦਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਚਿੱਟੇ ਕਾਰਨ ਹਰ 11 ਮਿੰਟ ਬਾਅਦ ਇਕ ਨੌਜਵਾਨ ਦਾ ਸਿਵਾ ਬਲਦਾ ਹੈ। ਹੋਰ ਤਾਂ ਹੋਰ 3 ਮਿੰਟ ਬਾਅਦ ਇਕ ਜਬਰ ਜਨਾਹ ਦੀ ਵਾਰਦਾਤ ਸਾਹਮਣੇ ਆਉਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਾਅਦਿਆਂ ਦੀ ਝੜੀ ਤੇ ਚੋਣ ਮਨੋਰਥ ਪੱਤਰ ਵਿਚ ਸਭ ਨੂੰ ਰੁਜ਼ਗਾਰ ਤੇ ਨਸ਼ਿਆਂ ਦੇ ਕਾਲੇ ਧੰਦੇ ਨੂੰ ਇਕ ਮਹੀਨੇ ਵਿਚ ਖ਼ਤਮ ਕਰਨ ਦੀ ਕਸਮ 'ਤੇ ਵਿਸ਼ਵਾਸ ਕਰਦਿਆਂ ਲੋਕਾਂ ਨੇ ਕਾਂਗਰਸ ਨੂੰ ਜਿਤਾਇਆ। ਪਹਿਲੇ ਕੁਝ ਮਹੀਨੇ ਤਾਂ ਨਸ਼ਾ ਸੌਦਾਗਰਾਂ 'ਤੇ ਸ਼ਿਕੰਜਾ ਕੱਸਿਆ ਗਿਆ, ਫਿਰ ਢਿੱਲ ਕਾਰਨ ਉਨ੍ਹਾਂ ਨੇ ਨਸ਼ਾ ਤਸਕਰੀ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਕ ਸਰਪੰਚ ਕੋਲੋਂ 80 ਕਿੱਲੋ ਹੈਰੋਈਨ ਫੜੀ। ਸਿਆਸੀ ਦਬਾਅ ਹੇਠ ਆ ਕੇ ਉਸ ਨੂੰ ਛੱਡ ਦਿੱਤਾ ਗਿਆ। ਜਾਗੋ ਪੰਜਾਬੀਓ! ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਾਮਬੰਦ ਹੋਵੋ।

-ਸੰਜੀਵ ਸਿੰਘ ਸੈਣੀ, ਦੇਸੂ ਮਾਜਰਾ।

ਲਟਕਦੇ ਮੁਕੱਦਮੇ
ਪਿਛਲੇ ਦਿਨੀਂ 'ਅਜੀਤ' ਵਿਚ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ 'ਅਦਾਲਤਾਂ 'ਚ ਪਏ ਮੁਕੱਦਮੇ ਕਿਉਂ ਨਹੀਂ ਘੱਟ ਰਹੇ' ਤਾਜ਼ਾ ਸਥਿਤੀ ਨੂੰ ਬਿਆਨ ਕਰਦਾ ਹੈ। ਕਿਹਾ ਜਾਂਦਾ ਰਿਹਾ ਹੈ ਕਿ ਜੱਜਾਂ ਦੀ ਘਾਟ ਹੈ। ਪਰ ਹਰ ਸੂਬਾ ਜੁਡੀਸ਼ੀਅਲ ਦੀ ਭਰਤੀ ਰੈਗੂਲਰ ਕਰ ਰਿਹਾ ਹੈ। ਫਿਰ ਇਸ ਦਾ ਕੀ ਕਾਰਨ ਹੋ ਸਕਦਾ ਹੈ। ਹੇਠਲੀਆਂ ਅਦਾਲਤਾਂ ਵੀ ਬਹੁਤ ਹਨ। ਹੇਠਲੀਆਂ ਅਦਾਲਤਾਂ ਵਿਚ ਵਕੀਲਾਂ 'ਤੇ ਗੱਠਜੋੜ ਨੂੰ ਤੋੜਿਆ ਜਾਵੇ। ਜੱਜਾਂ ਦੀਆਂ ਛੁੱਟੀਆਂ ਘਟਾਈਆਂ ਜਾਣ। ਕੋਈ ਵੀ ਕੇਸ ਹੋਵੇ ਪਹਿਲਾਂ ਉਸ ਦੀ ਜਾਂਚ ਕੀਤੀ ਜਾਵੇ, ਫਿਰ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਕਾਨੂੰਨ ਤਾਂ ਹਰ ਇਕ ਚੀਜ਼ 'ਤੇ ਹੈ, ਫਿਰ ਉਸ ਨੂੰ ਅਮਲੀ ਰੂਪ ਕਿਉਂ ਨਹੀਂ ਦਿੱਤਾ ਜਾਂਦਾ। ਅਫ਼ਸਰਸ਼ਾਹੀ ਦਾ ਅਹਿਮ ਯੋਗਦਾਨ ਹੈ। ਹਰ ਕੇਸ ਲਈ ਸਮਾਂ ਨਿਸਚਿਤ ਹੋਣਾ ਚਾਹੀਦਾ ਹੈ। ਫ਼ੈਸਲਾ ਸੁਣਾਉਣ ਵਾਲੇ ਜੱਜ ਨੂੰ ਪੀੜਤ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

-ਇੰਜ: ਸ.ਸ. ਸੈਣੀ, ਦੇਸੂ ਮਾਜਰਾ (ਮੁਹਾਲੀ)।

ਵਿਗਿਆਨ ਅਤੇ ਸਾਡਾ ਜੀਵਨ
ਹੁਣ ਦੇ ਯੁੱਗ ਵਿਚ ਸਾਰਾ ਸੰਸਾਰ ਇਕ ਨਗਰ ਦੇ ਰੂਪ ਵਿਚ ਬਦਲ ਗਿਆ ਹੈ। ਇਹ ਵਿਗਿਆਨ ਦੀ ਦੁਨੀਆ ਵਿਚ ਉੱਨਤੀ ਦੇ ਕਾਰਨ ਕਰਕੇ ਹੀ ਹੋਇਆ ਹੈ। ਵਿਗਿਆਨ ਦੀ ਉੱਨਤੀ ਦੇ ਕਾਰਨ ਇਕ ਸਾਧਾਰਨ ਵਿਅਕਤੀ ਦਾ ਜੀਵਨ ਬਦਲ ਗਿਆ ਹੈ। ਇਨਸਾਨ ਹਰ ਰੋਜ਼ ਵਿਗਿਆਨ ਦੀਆਂ ਨਵੀਆਂ-ਨਵੀਆਂ ਪਹੇਲੀਆਂ ਨੂੰ ਸੁਲਝਾ ਰਿਹਾ ਹੈ। ਹੁਣ ਦੇ ਯੁੱਗ ਵਿਚ ਵਿਗਿਆਨ ਦੇ ਕਾਰਨ ਵਿਅਕਤੀ ਹਮੇਸ਼ਾ ਰੁੱਝੇ ਰਹੇ ਹਨ। ਵਧ ਰਹੀ ਵਿਗਿਆਨ ਦੀ ਪ੍ਰਗਤੀ ਆਮ ਵਿਅਕਤੀਆਂ ਦੇ ਲਈ ਇਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਹਥਿਆਰਾਂ ਦੀ ਅੰਨ੍ਹੀ ਦੌੜ ਭੱਜ ਨੇ ਮਾਨਵ ਜਾਤੀ ਨੂੰ ਇਕ ਵੱਡੇ ਜਵਾਲਾਮੁਖੀ ਦੇ ਦੁਆਰ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਖ਼ਤਰਨਾਕ ਹਥਿਆਰਾਂ ਦੇ ਰਸਤੇ ਦੇ ਸਹਾਰੇ ਅਮੀਰ ਦੇਸ਼ ਦੂਸਰੇ ਗ਼ਰੀਬ ਦੇਸ਼ਾਂ ਨੂੰ ਆਪਣਾ ਗੁਲਾਮ ਬਣਾਉਣ ਵਿਚ ਲੱਗੇ ਹੋਏ ਹਨ। ਜਿਵੇਂ ਪਹਿਲਾਂ ਅੰਗਰੇਜ਼ ਹਕੂਮਤ ਨੇ ਸਾਡੇ ਭਾਰਤ ਦੇਸ਼ 'ਤੇ ਦੋ ਸੌ ਸਾਲ ਸ਼ਾਸਨ ਕੀਤਾ ਸੀ, ਉਸੇ ਨੀਤੀ ਨਾਲ ਅਮੀਰ ਦੇਸ਼ ਗ਼ਰੀਬ ਦੇਸ਼ਾਂ 'ਤੇ ਸ਼ਾਸਨ ਕਰਨਾ ਚਾਹੁੰਦੇ ਹਨ।

-ਅਰਸ਼ਪ੍ਰੀਤ ਕੌਰ ਦਲਿਓ
ਸੁਨਾਮ ਊਧਮ ਸਿੰਘ ਵਾਲਾ।

ਅੱਜ ਦੇ ਨੇਤਾ
ਸੱਤਾ ਪ੍ਰਾਪਤ ਕਰਨ ਤੋਂ ਪਹਿਲਾਂ ਨੇਤਾ ਲੋਕ ਵਿਰੋਧੀਆਂ ਨੂੰ ਆਪਣੇ ਭਾਸ਼ਨਾਂ 'ਚ ਸ਼ਬਦਾਂ ਰਾਹੀਂ ਉਹ ਕੁਝ ਕਹਿ ਜਾਂਦੇ ਹਨ ਜੋ ਇਕ ਸੰਵੇਦਨਸ਼ੀਲ ਮਨੁੱਖ ਸੁਣ ਕੇ ਨਿਰਾਸ਼ ਹੋ ਜਾਂਦਾ ਹੈ। ਚੋਣ ਲੜਨ ਵਾਲੇ ਆਮ ਲੋਕਾਂ ਤੋਂ ਸਿਆਣੇ ਹੋਣੇ ਚਾਹੀਦੇ ਹਨ ਪਰ ਅੱਜ ਦੇ ਨੇਤਾਵਾਂ ਦੇ ਬੋਲ ਹਰ ਸੁਣਨ ਵਾਲੇ ਨੂੰ ਸੋਚਾਂ ਵਿਚ ਪਾ ਦਿੰਦੇ ਹਨ। ਡਾ: ਰਾਧਾ ਕ੍ਰਿਸ਼ਨਨ, ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਪਟੇਲ, ਡਾ: ਅਬੁਲ ਕਲਾਮ ਆਜ਼ਾਦ ਆਦਿ ਭਾਵੇਂ ਕਿਸੇ ਵੀ ਅਹੁਦੇ 'ਤੇ ਰਹੇ ਹੋਣ, ਅੱਜ ਕਿਸੇ ਨੂੰ ਉਨ੍ਹਾਂ ਦੀ ਪਾਰਟੀ ਦਾ ਨਹੀਂ ਪਤਾ ਪਰ ਕੀਤੇ ਕੰਮ ਜ਼ਿਹਨ 'ਚੋਂ ਨਿਕਲਦੇ ਨਹੀਂ। ਅੱਜ ਦੇ ਨੇਤਾਵਾਂ ਦੀ ਗੱਲ ਕਰੀਏ ਤਾਂ ਸਥਿਤੀ ਹੋਰ ਦੀ ਹੋਰ ਹੀ ਹੋ ਜਾਂਦੀ ਹੈ। ਉਹ ਪਾਰਟੀਬਾਜ਼ੀ ਤੋਂ ਬਾਹਰ ਨਹੀਂ ਨਿਕਲਦੇ। ਵਿਰੋਧੀ ਲੋਕਾਂ ਪ੍ਰਤੀ ਉਨ੍ਹਾਂ ਦੀ ਘ੍ਰਿਣਾ ਵਧ ਜਾਂਦੀ ਹੈ। ਉਹ ਦੇਸ਼ ਦੇ ਨਾ ਹੋ ਕੇ ਪਾਰਟੀ ਦੇ ਨੇਤਾ ਹੀ ਬਣੇ ਰਹਿਣਾ ਚਾਹੁੰਦੇ ਹਨ। ਇਸੇ ਕਰਕੇ ਲੋਕਾਂ ਵਿਚ ਉਸ ਦੀ ਇੱਜ਼ਤ ਬਰਕਰਾਰ ਨਹੀਂ ਰਹਿੰਦੀ। ਉਹ ਸਟੇਜ ਤੋਂ ਉਲਟੇ-ਸਿੱਧੇ ਬਿਆਨ ਦਿੰਦੇ ਰਹਿੰਦੇ ਹਨ। ਸਟੇਜ ਤੋਂ ਬੋਲਣ ਲੱਗਿਆਂ ਇਹ ਨਹੀਂ ਵੇਖਦੇ ਕਿ ਇਨ੍ਹਾਂ ਬੋਲਾਂ ਦਾ ਦੇਸ਼ 'ਤੇ ਕੀ ਅਸਰ ਹੋਵੇਗਾ। ਕਿਸੇ ਕਾਲਜ ਦਾ ਨਾਂਅ ਬਦਲ ਦਿਓ, ਕਿਸੇ ਯੂਨੀਵਰਸਿਟੀ ਦਾ, ਕਿਸੇ ਸ਼ਹਿਰ ਦਾ, ਕਿਸੇ ਰੇਲਵੇ ਸਟੇਸ਼ਨ ਜਾਂ ਹੋਰ ਕਿਸੇ ਸਰਕਾਰੀ ਅਦਾਰੇ ਦਾ, ਇਸ ਨਾਲ ਲੋਕਾਂ ਵਿਚ ਕੀ ਸੁਨੇਹਾ ਜਾਵੇਗਾ, ਅੱਜ ਸੋਚਣ ਦੀ ਲੋੜ ਹੈ। ਇਕ ਆਦਰਸ਼ ਨੇਤਾ ਉਹੀ ਹੋਵੇਗਾ, ਜੋ ਬਿਨਾਂ ਭੇਦ-ਭਾਵ ਦੇ ਲੋਕਾਂ ਵਿਚ ਵਿਚਰੇਗਾ। ਨੇਤਾ ਲੋਕ ਆਪਣੇ ਦੇਸ਼ ਵਾਸੀਆਂ ਲਈ ਆਦਰਸ਼ ਨੇਤਾ ਹੋਣੇ ਚਾਹੀਦੇ ਹਨ, ਕਿਉਂਕਿ ਲੋਕਾਂ ਨੇ ਆਪਣਾ ਭਰੋਸਾ ਦੇ ਕੇ ਅਹੁਦੇ 'ਤੇ ਬਿਠਾਇਆ ਹੁੰਦਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

02-09-2019

 ਹੜ੍ਹ ਦੀ ਕਰੋਪੀ
ਪਿਛਲੇ ਦਿਨੀਂ ਆਏ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਨਾਲ ਲੋਕਾਂ ਦੀ ਜ਼ਿੰਦਗੀ ਪਟੜੀ ਤੋਂ ਉਤਰ ਗਈ। ਜਿਥੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਫ਼ਸਲਾਂ ਬਰਬਾਦ ਹੋ ਗਈਆਂ ਉਥੇ ਹੀ ਲੋਕਾਂ ਦੇ ਹੱਸਦੇ-ਵੱਸਦੇ ਘਰ ਤਹਿਸ-ਨਹਿਸ ਹੋ ਗਏ ਅਤੇ ਹਜ਼ਾਰਾਂ ਹੀ ਪਸ਼ੂ ਮਰ ਗਏ ਅਤੇ ਲੋਕ ਘਰੋਂ-ਬੇਘਰ ਹੋ ਗਏ। ਜਿਸ ਨੂੰ ਲੀਹਾਂ 'ਤੇ ਲਿਆਉਣ ਲਈ ਸ਼ਾਇਦ ਕਈ ਸਾਲ ਲੱਗ ਜਾਣ। ਸਮੇਂ ਦੇ ਨਾਲ ਭਾਵੇਂ ਸਰਕਾਰ ਇਨ੍ਹਾਂ ਲੋਕਾਂ ਦੇ ਹੋਏ ਨੁਕਸਾਨ ਦੀ ਕੁਝ ਹੱਦ ਤੱਕ ਭਰਪਾਈ ਵੀ ਕਰੇ ਪ੍ਰੰਤੂ ਜਿੰਨਾ ਨੁਕਸਾਨ ਹੋ ਗਿਆ ਹੈ, ਉਹ ਸ਼ਾਇਦ ਪੂਰਾ ਕਰਨਾ ਮੁਸ਼ਕਿਲ ਹੈ। ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫ਼ਸਰਾਂ ਨੇ ਜਿਥੇ ਆਪਣੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਵਿਚ ਦਿਨ-ਰਾਤ ਇਕ ਕਰੀ ਰੱਖਿਆ ਹੈ, ਉਥੇ ਹੀ ਸ਼ਾਹਕੋਟ, ਲੋਹੀਆਂ, ਦੀਆਂ ਦੋ ਮਹਿਲਾ ਅਫ਼ਸਰ ਐਸ.ਡੀ.ਐਮ. ਤੇ ਨਾਇਬ ਤਹਿਸੀਲ ਵੀ ਆਪਣੇ ਪਰਿਵਾਰ 'ਚ ਜਾਣ ਦੀ ਬਜਾਏ ਹੜ੍ਹਾਂ ਦੀ ਮਾਰ ਝੱਲ ਰਹੇ ਪਰਿਵਾਰਾਂ ਵਿਚ ਹੀ ਸਮਾਂ ਗੁਜ਼ਾਰ ਰਹੀਆਂ ਹਨ। ਪੰਜਾਬ ਦੇ ਕਈ ਹੋਰ ਇਲਾਕਿਆਂ ਵਿਚ ਵੀ ਅਜਿਹੇ ਕਈ ਅਫਸਰਾਂ ਨੇ ਆਪਣੇ ਫ਼ਰਜ਼ਾਂ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਲੋੜ ਹੈ ਇਸ ਔਖੀ ਘੜੀ ਵਿਚ ਹਰੇਕ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਨ ਦੀ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਭੋਜਨ ਦੀ ਬੇਕਦਰੀ ਨਾ ਕਰੋ
ਅਨਾਜ ਨੂੰ ਪਰਮਾਤਮਾ ਦਾ ਦੂਜਾ ਰੂਪ ਮੰਨਿਆ ਗਿਆ ਹੈ ਅਤੇ ਕਿਸਾਨ ਆਪਣੇ-ਆਪਣੇ ਢੰਗ-ਤਰੀਕੇ ਅਨੁਸਾਰ ਜਦੋਂ ਵੀ ਫ਼ਸਲ ਘਰ ਆਉਂਦੀ ਹੈ ਤਾਂ ਪਰਮਾਤਮਾ ਦਾ ਅਨਾਜ ਦੇਣ ਲਈ ਸ਼ੁਕਰਾਨਾ ਕਰਦੇ ਹਨ। ਇਹ ਅਨਾਜ ਹੀ ਹੈ ਜੋ ਸਭ ਪ੍ਰਾਣੀਆਂ, ਮਾਨਵ ਜਾਤੀ ਅਤੇ ਪਸ਼ੂ-ਪੰਛੀਆਂ ਨੂੰ ਜੀਵਨ ਪ੍ਰਦਾਨ ਕਰਦਾ ਹੈ। ਅਨਾਜ ਤੋਂ ਬਿਨਾਂ ਮਾਨਵ ਜਾਤੀ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ ਪਰ ਅੱਜਕਲ੍ਹ ਵਿਆਹਾਂ-ਸ਼ਾਦੀਆਂ, ਵੱਡੀਆਂ-ਵੱਡੀਆਂ ਪਾਰਟੀਆਂ, ਮੇਲਿਆਂ, ਮੀਟਿੰਗਾਂ ਤੇ ਦੁੱਖ-ਸੁੱਖ ਦੇ ਪ੍ਰੋਗਰਾਮਾਂ ਵਿਚ ਅਨਾਜ ਭੋਜਨ ਦੀ ਬੇਕਦਰੀ ਅਤੇ ਦੁਰਵਰਤੋਂ ਆਮ ਦੇਖੀ ਜਾ ਰਹੀ ਹੈ। ਜੋ ਕਿ ਬਹੁਤ ਵੱਡਾ ਜਾਣੇ-ਅਣਜਾਣੇ ਵਿਚ ਕੀਤਾ ਜਾ ਰਿਹਾ ਅਪਰਾਧ ਜਾਂ ਪਾਪ ਹੈ। ਸਾਨੂੰ ਆਪਣੇ ਘਰ ਵਿਚ ਜਾਂ ਹੋਰ ਬਾਹਰਲੇ ਪ੍ਰੋਗਰਾਮਾਂ ਵਿਚ ਆਪਣੀ ਥਾਲੀ ਵਿਚ ਜ਼ਰੂਰਤ ਅਨੁਸਾਰ ਭੋਜਨ ਪਵਾਉਣਾ ਚਾਹੀਦਾ ਹੈ ਅਤੇ ਫਾਲਤੂ ਭੋਜਨ ਥਾਲੀ ਵਿਚ ਪਾ ਕੇ ਬਾਅਦ ਵਿਚ ਇਧਰ-ਉਧਰ ਨਹੀਂ ਸੁੱਟਣਾ ਚਾਹੀਦਾ ਹੈ। ਵਾਧੂ ਪਿਆ ਭੋਜਨ ਕਿਸੇ ਲੋੜਵੰਦ, ਭੁੱਖੇ ਜਾਂ ਦੁਖੀ ਵਿਅਕਤੀ ਨੂੰ ਦੇ ਕੇ ਉਸ ਦੀ ਸੰਤੁਸ਼ਟੀ ਕਰ ਦੇਣੀ ਚਾਹੀਦੀ ਹੈ। ਇਸ ਨਾਲ ਕਈ ਕੁਇੰਟਲ ਅਨਾਜ ਬਚ ਸਕੇਗਾ ਅਤੇ ਦੇਸ਼ ਵਿਚੋਂ ਭੁੱਖਮਰੀ ਦੀ ਸਮੱਸਿਆ ਵੀ ਦੂਰ ਹੋਵੇਗੀ। ਲੋੜ ਹੈ ਇਸ ਵੱਲ ਇਕਦਮ ਵਧਾਉਣ ਦੀ।


-ਮਾ: ਸੰਜੀਵ ਧਰਮਾਣੀ
ਸ੍ਰੀ ਆਨੰਦਪੁਰ ਸਾਹਿਬ।


ਵਿਰਸਾ ਸੰਭਾਲੋ
ਕਹਿਣ ਨੂੰ ਪੰਜਾਬ ਦੀ ਤਰੱਕੀ ਦਾ ਕੋਈ ਅੰਤ ਨਹੀਂ। ਬਸ ਮਣਾਂ-ਮੂੰਹੀਂ ਲੋਹਾ-ਸੀਮੈਂਟ, ਇੱਟਾਂ-ਬਜਰੀ ਦਾ ਪੱਕਾ ਪੰਜਾਬ ਤਾਂ ਬਣ ਗਿਆ ਹੈ ਪਰ ਖਾਲੀ-ਖਾਲੀ, ਕਿਸੇ ਪਿੰਡ ਵਿਚ ਕੋਈ ਪੁਰਾਣੀ ਚੀਜ਼ ਮਿਲਣੀ ਤਾਂ ਇਕ ਪਾਸੇ ਕੋਈ ਬੰਦਾ ਵੀ ਮੁਸ਼ਕਿਲ ਹੀ ਲੱਭਦਾ ਹੈ। ਸਾਰੇ ਪਾਸੇ ਉੱਚੇ-ਉੱਚੇ ਮਕਾਨ, ਵੱਡੇ-ਵੱਡੇ ਗੇਟ ਵਿਖਾਈ ਦਿੰਦੇ ਹਨ। ਡੰਗਰ-ਪਸ਼ੂ ਵੀ ਹੌਲੀ-ਹੌਲੀ ਦਿਸਣੋਂ ਬੰਦ ਹੋ ਰਹੇ ਹਨ। ਦੱਸੋ ਫਿਰ ਬਾਕੀ ਬਚਿਆ ਕੀ? ਤਰੱਕੀ ਕਰੋ ਜੀ ਸਦਕੇ, ਪਰ ਜਿਸ ਤਰ੍ਹਾਂ ਇਹ ਘਰਾਂ 'ਚ, ਵਿਹੜਿਆਂ 'ਚ, ਅੰਦਰਾਂ 'ਚ, ਚਾਰ-ਚੁਫੇਰੇ ਪੱਥਰ, ਟਾਈਲਾਂ, ਬਲਾਕ ਲਾ-ਲਾ ਕੇ ਆਪਣੇ ਚੌਗਿਰਦੇ ਦਾ ਬੁਰ੍ਹਾ ਹਾਲ ਕੀਤਾ ਹੈ, ਉਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਹਿਲਾਂ ਤਾਂ ਫਜ਼ੂਲ ਖਰਚਾ ਕਰਨ ਦਾ ਫਾਇਦਾ ਹੀ ਕੀ ਹੈ, ਦੂਜਾ ਇਨ੍ਹਾਂ ਟਾਈਲਾਂ, ਪੱਥਰ ਦੇ ਫਰਸ਼ਾਂ ਤੋਂ ਡਿੱਗ ਕੇ/ਤਿਲਕ ਕੇ ਵਿਰਲਾ ਹੀ ਘਰ ਹੋਵੇਗਾ, ਜਿਸ ਦੇ ਜੀਅ ਦਾ ਚੂਲਾ, ਲੱਤ, ਬਾਂਹ ਆਦਿ ਨਾ ਟੁੱਟੀ ਹੋਵੇ। ਤੀਜਾ ਇਨ੍ਹਾਂ ਨਾਲ ਗਰਮੀਆਂ ਨੂੰ ਚਾਰ-ਚੁਫੇਰਾ ਅੱਗ ਵਾਂਗ ਤਪਦਾ ਹੈ। ਸੋ, ਪੰਜਾਬੀਓ, ਸੰਭਲੋ ਆਪਣੇ ਵਿਰਸੇ, ਸਿਹਤ, ਰਹਿਣ-ਸਹਿਣ, ਖਾਣ-ਪੀਣ, ਬਨਸਪਤੀ, ਪਸ਼ੂ-ਪੰਛੀ, ਪੌਦੇ, ਪਹਿਨਣ-ਪੱਤਣ ਵੱਲ ਝਾਤੀ ਮਾਰੋ।


-ਗੁਰਚਰਨ ਸਿੰਘ
ਮਜਾਰਾ, ਨਵਾਂਸ਼ਹਿਰ।


ਦੋ ਸਾਲ ਦਾ ਵਾਧਾ
ਮੈਨੂੰ ਨਹੀਂ ਲਗਦਾ ਕਿ ਪੜ੍ਹੇ-ਲਿਖੇ ਬੇਰੁਜਗਾਰ ਸਰਕਾਰਾਂ ਦੇ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਣਗੇ। ਐਨੀ ਬੇਰੁਜ਼ਗਾਰੀ ਹੋਣ ਦੇ ਬਾਵਜੂਦ ਵੀ ਸਰਕਾਰਾਂ ਅਜਿਹਾ ਫੈਸਲਾ ਲੈ ਕੇ ਕੀ ਸਾਬਿਤ ਕਰ ਰਹੀਆਂ ਹਨ। ਕਿਉਂ 58 ਸਾਲ ਪੂਰੇ ਕਰ ਚੁੱਕੇ ਮੁਲਾਜ਼ਮ ਨੂੰ ਦੋ ਸਾਲ ਦਾ ਵਾਧਾ ਦਿੱਤਾ ਜਾਂਦਾ ਹੈ ? ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਪ੍ਰਾਈਵੇਟ ਨੌਕਰੀ ਲਈ ਪੜ੍ਹੇ-ਲਿਖੇ ਨੌਜਵਾਨ 10-10 ਹਜ਼ਾਰ 'ਤੇ ਖੁਸ਼ ਹੋ ਕੇ ਕੰਮ ਕਰ ਰਹੇ ਹਨ, ਜਦ ਕਿ ਇਕ ਰਿਟਾਇਰ ਹੋਣ ਵਾਲੇ ਮੁਲਾਜ਼ਮ ਦੀ ਤਨਖਾਹ ਕਾਫੀ ਗੁਣਾ ਵਾਧੇ ਵਿਚ ਪਹੁੰਚੀ ਹੁੰਦੀ ਹੈ।
ਇਕ ਮੁਲਾਜ਼ਮ ਦੀ ਤਨਖਾਹ ਵਿਚ ਕਈ ਨੌਜਵਾਨ ਭਰਤੀ ਕਰਕੇ ਕਿਸੇ ਸਕੀਮ ਅਧੀਨ ਲਿਆਂਦੇ ਜਾਣ। ਉਸ 58 ਸਾਲ ਪੂਰੇ ਕਰ ਚੁੱਕੇ ਮੁਲਾਜ਼ਮ ਨੂੰ ਸੇਵਾਮੁਕਤੀ ਦੇ ਕੇ ਨਵੀਂ ਪੜ੍ਹੀ-ਲਿਖੀ ਨੌਜਵਾਨੀ ਨੂੰ ਕਿਸੇ ਸਕੀਮ ਅਧੀਨ ਲਿਆ ਕੇ ਸਰਕਾਰੀ ਨੌਕਰੀ ਦੇ ਕੇ ਬੇਰੁਜ਼ਗਾਰੀ ਨੂੰ ਨੱਥ ਪਾਈ ਜਾ ਸਕਦੀ ਹੈ। ਇਸ ਨਾਲ ਆਮ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ, ਉਨਾਂ ਦੇ ਕੰਮ ਵੀ ਸਮੇਂ ਸਿਰ ਹੋ ਜਾਇਆ ਕਰਨਗੇ। ਕਾਫੀ ਹੱਦ ਤੱਕ ਬੇਰੁਜ਼ਗਾਰੀ ਨੂੰ ਨਸ਼ਿਆਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਸੇਵਾ ਮੁਕਤੀ ਵਾਧੇ ਨੂੰ ਬੰਦ ਕਰ ਕੇ ਕੋਈ ਨਾ ਕੋਈ ਸਕੀਮ ਜ਼ਰੂਰ ਅਜਿਹੀ ਬਣਾਈ ਜਾਵੇ, ਜੋ ਬੇਰੁਜ਼ਗਾਰੀ ਨੂੰ ਤਾਂ ਖਤਮ ਕਰੇਗੀ ਹੀ ਉਸਦੇ ਨਾਲ ਨਾਲ ਨਸ਼ਿਆਂ ਦੇ ਵਹਿ ਰਹੇ ਦਰਿਆ ਨੂੰ ਵੀ ਠੱਲ੍ਹ ਪਾਵੇਗੀ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ ਜ਼ਿਲ੍ਹਾ ਲੁਧਿਆਣਾ।


ਪੋਲੀਥੀਨ 'ਤੇ ਪਾਬੰਦੀ
ਪੋਲੀਥੀਨ ਦੇ ਲਿਫ਼ਾਫ਼ੇ ਵਾਤਾਵਰਨ ਅਤੇ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਹਨ। ਵਰਤੇ ਲਿਫ਼ਾਫ਼ਿਆਂ ਨੂੰ ਜੇਕਰ ਸਾੜਿਆ ਜਾਵੇ ਤਾਂ ਇਸਦੇ ਜ਼ਹਿਰੀਲੇ ਤੱਤ ਹਵਾ ਵਿਚ ਘੁਲ ਜਾਂਦੇ ਹਨ, ਜੇਕਰ ਇਨ੍ਹਾਂ ਨੂੰ ਧਰਤੀ ਵਿਚ ਦਬਾਇਆ ਜਾਵੇ ਤਾਂ ਇਹ ਗਲਣਸ਼ੀਲ ਨਾ ਹੋਣ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਖ਼ਤਮ ਕਰ ਦਿੰਦੇ ਹਨ। ਇਸ ਤੋਂ ਬਿਨਾਂ ਸੀਵਰੇਜ ਅਤੇ ਨਾਲੀਆਂ ਨੂੰ ਜਾਮ ਕਰਨ ਦਾ ਕਾਰਨ ਅਤੇ ਅਵਾਰਾ ਪਸ਼ੂਆਂ ਦੁਆਰਾ ਨਿਗਲੇ ਜਾਣ 'ਤੇ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਇਸ ਕਰਕੇ ਹੀ ਪੰਜਾਬ ਸਰਕਾਰ ਦੁਆਰਾ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਇਸਦੇ ਬਾਵਜੂਦ ਵੀ ਇਹਨਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ। ਇਸ ਅਸਫ਼ਲਤਾ ਦਾ ਕਾਰਨ ਇਹ ਹੈ ਕਿ ਇਸ ਦੀ ਵਰਤੋਂ ਰੋਕਣ ਲਈ ਛੋਟੀਆਂ ਦੁਕਾਨਾਂ ਅਤੇ ਸਬਜ਼ੀ ਦੀਆਂ ਰੇਹੜੀਆਂ 'ਤੇ ਹੀ ਛਾਪੇਮਾਰੀ ਕਰਕੇ ਲ਼ਿਫ਼ਾਫ਼ੇ ਜ਼ਬਤ ਕਰ ਲਏ ਜਾਣ ਤੱਕ ਹੀ ਸੀਮਿਤ ਰਹਿੰਦੀ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਇਹਨਾਂ ਲਿਫ਼ਾਫ਼ਿਆਂ ਨੂੰ ਬਣਾਉਣ ਵਾਲੇ ਪ੍ਰੋਡਸ਼ਨ ਯੂਨਿਟਾਂ 'ਤੇ ਕਾਰਵਾਈ ਕੀਤੀ ਜਾਵੇ। ਵੈਸੇ ਵੀ ਅਖਾਣ ਹੈ ਕਿ ਚੋਰ ਨੂੰ ਮਾਰਨ ਨਾਲੋਂ ਉਸਦੀ ਮਾਂ ਨੂੰ ਮਾਰਨਾ ਚਾਹੀਦਾ ਹੈ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

30-08-2019

 ਪਲਾਸਟਿਕ 'ਤੇ ਪਾਬੰਦੀ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਵਿਚ ਆਪਣੇ ਭਾਸ਼ਨ ਅਤੇ ਮਨ ਕੀ ਬਾਤ ਵਿਚ 2 ਅਕਤੂਬਰ ਤੋਂ ਬਾਅਦ ਪਲਾਸਟਿਕ ਤੋਂ ਮੁਕਤੀ ਕਰਨ ਦੇ ਸੁਨੇਹੇ ਵਿਚ ਇਸ ਦੀ ਅੰਧਾਧੁੰਦ ਵਰਤੋਂ ਨਾਲ ਮਨੁੱਖੀ ਜਾਤੀ ਦੇ ਨਾਲ-ਨਾਲ ਸਮੁੱਚੀ ਜੀਵ ਜਾਤੀ ਦੇ ਖ਼ਤਮ ਹੋਣ 'ਤੇ ਚਿੰਤਾ ਜਤਾਈ ਹੈ। ਕਾਬਲੇ ਗ਼ੌਰ ਹੈ। ਅੱਜ ਜਦੋਂ ਪੂਰੇ ਦੇਸ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪੁਰਬ ਮਨਾਇਆ ਜਾ ਰਿਹਾ ਹੈ, ਪਲਾਸਟਿਕ ਪ੍ਰਦੂਸ਼ਣ ਦੇ ਜ਼ਹਿਰੀਲੇ ਵਾਤਾਵਰਨ ਤੋਂ ਬਚਣ ਲਈ ਸਾਰੀ ਮਨੁੱਖਤਾ ਨੂੰ ਸੰਕਲਪ ਲੈ ਕੇ ਪਲਾਸਟਿਕ ਦੀ ਜਗ੍ਹਾ ਕੱਚ ਦੀਆਂ ਬੋਤਲਾਂ ਦੀ ਵਰਤੋਂ, ਦਫ਼ਤਰਾਂ ਵਿਚ ਪਾਣੀ ਦੀ ਬੋਤਲ ਨਾ ਵਰਤ ਕੇ ਗਲਾਸ 'ਚ ਪਾਣੀ ਪੀਓ, ਪਲਾਸਟਿਕ ਦੇ ਖਿਡੌਣੇ ਬੱਛਿਆਂ ਨੂੰ ਨਾ ਦੇਵੋ, ਵਾਤਾਵਰਨ ਅਨੁਕੂਲ ਸੈਨੀਟਰੀ ਨੈਪਕਿਨ ਦੀ ਵਰਤੋਂ ਕਰੋ, ਰਸੋਈ ਵਿਚ ਪਲਾਸਟਿਕ ਦੇ ਕੰਟੇਨਰ ਦੀ ਵਰਤੋਂ ਨਾ ਕਰੋ, ਦੁਕਾਨਦਾਰ ਪੋਲੀਥੀਨ ਬੈਗ ਗਾਹਕਾਂ ਨੂੰ ਨਾ ਦੇਣ, ਗਾਹਕ ਕੱਪੜੇ ਦਾ ਬਣਿਆ ਬੈਗ ਜਾਂ ਝੋਲਾ ਇਸਤੇਮਾਲ ਕਰਨ, ਪਲਾਸਟਿਕ ਤੋਂ ਬਣੇ ਉਤਪਾਦਨ ਤੇ ਥੈਲੀਆਂ 'ਤੇ ਸਰਕਾਰ ਵਲੋਂ ਮੁਕੰਮਲ ਪਾਬੰਦੀ ਲਗਾਉਣ 'ਤੇ ਲੋਕਾਂ ਵਲੋਂ ਪ੍ਰਧਾਨ ਮੰਤਰੀ ਦਾ ਪੂਰਾ ਸਾਥ ਦਿੱਤਾ ਜਾਵੇ। ਇਹ ਹੀ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਪ੍ਰਧਾਨ ਮੰਤਰੀ ਵਲੋਂ ਪਲਾਸਟਿਕ ਕਚਰੇ ਤੋਂ ਮੁਕਤੀ ਪਾਉਣ ਦਾ ਸੁਨੇਹਾ ਸਮੁੱਚੀ ਜੀਵ ਜਾਤੀ ਲਈ ਸ਼ੁੱਭ ਚਿੰਤਕ ਸੰਕੇਤ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।


ਪੰਚਾਇਤੀ ਪ੍ਰਬੰਧ ਵਿਚ ਸੁਧਾਰ ਦੀ ਲੋੜ
ਲੋਕਤੰਤਰ ਵਿਚ ਪੰਚਾਇਤਾਂ ਮੁਢਲੀ ਕੜੀ ਹਨ। ਪਰ ਜੋ ਪੰਚਾਇਤਾਂ ਵਿਚ ਪਿੰਡ ਪੱਧਰ 'ਤੇ ਹੋ ਰਿਹਾ ਹੈ, ਆਪਾਂ ਸਭ ਭਲੀ-ਭਾਂਤ ਜਾਣੂ ਹਾਂ। ਪਿੰਡਾਂ ਦੀਆਂ ਪੰਚਾਇਤਾਂ ਵਿਚ ਹਾਰੇ ਹੋਏ ਧੜੇ ਨੂੰ ਅਣਗੌਲਿਆ ਕਰ ਕੇ ਵਿਰੋਧੀ ਧਿਰ ਦੇ ਵੋਟਰਾਂ ਨੂੰ ਸਰਕਾਰੀ ਸਹੂਲਤਾਂ ਦੇਣ-ਦਿਵਾਉਣ ਵਿਚ ਔਕੜਾਂ ਖੜ੍ਹੀਆਂ ਕਰਨੀਆਂ, ਪੰਚਾਇਤ ਪੱਧਰ 'ਤੇ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੰਚਾਇਤੀ ਵੋਟਾਂ ਵਾਲਿਆਂ ਕਿੜ੍ਹਾਂ ਕੱਢਣੀਆਂ, ਪੰਚਾਇਤਾਂ ਵਲੋਂ ਗ਼ਲਤ ਲੋਕਾਂ ਦੀ ਮਦਦ ਕਰਨੀ। ਕੁਝ ਪੰਚਾਇਤਾਂ ਵਧੀਆਂ ਕੰਮ ਕਰ ਰਹੀਆਂ ਹਨ। ਪੰਚਾਇਤਾਂ ਪਿੰਡਾਂ ਦੇ ਭਲੇ ਦੇ ਕਾਰਜ ਕਰਨ ਲਈ ਹਨ ਨਾ ਕਿ ਸਿਆਸੀ ਅਖਾੜਾ, ਸੌੜੀ ਸੋਚ ਤੋਂ ਉੱਪਰ ਉੱਠ ਕੇ ਚੁਣੇ ਹੋਏ ਪੰਚਾਇਤੀ ਲੋਕਾਂ ਨੂੰ ਸਭ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ ਅਤੇ ਮਾਣਯੋਗ ਅਦਾਲਤਾਂ ਵਿਚ ਜਾਣ ਵਾਲੇ ਝਗੜਿਆਂ ਨੂੰ ਘਟਾਇਆ ਜਾ ਸਕਦਾ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ।


ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਏ
ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਪਿੰਡਾਂ ਦੇ ਪਿੰਡ ਪਾਣੀ ਨਾਲ ਡੁੱਬੇ ਪਏ ਹਨ। ਹੜ੍ਹ ਦੇ ਕਾਰਨ ਇਨ੍ਹਾਂ ਇਲਾਕਿਆਂ ਵਿਚ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ। ਘਰਾਂ ਦੇ ਘਰ ਪਾਣੀ ਵਿਚ ਡੁੱਬੇ ਪਏ ਹਨ ਜਿਸ ਕਾਰਨ ਲੋਕ ਕੜਕਦੀ ਧੁੱਪ ਵਿਚ ਵੀ ਛੱਤਾਂ 'ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਅਜਿਹੀ ਬਿਪਤਾ ਦੀ ਘੜੀ ਵਿਚ ਸਮੂਹ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਸਾਰੇ ਇਕ-ਦੂਸਰੇ ਦਾ ਸਹਾਰਾ ਬਣਨ। ਜੋ ਖੇਤਰ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ। ਉਨ੍ਹਾਂ ਨੂੰ ਮੁੜ ਆਪਣੇ ਹਾਲਾਤਾਂ ਨੂੰ ਸੁਧਾਰਨ ਲਈ ਅਜੇ ਕਾਫੀ ਸਮਾਂ ਲੱਗੇਗਾ। ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਬਿਪਤਾ ਦੀ ਘੜੀ ਵਿਚ ਆਪਣਿਆਂ ਦਾ ਸਾਥ ਦੇਈਏ ਅਤੇ ਜਿੰਨੀ ਸੰਭਵ ਹੋ ਸਕੇ ਹੜ੍ਹ ਪੀੜਤਾਂ ਦੀ ਮਦਦ ਕਰੀਏ ਕਿਉਂਕਿ ਸਰਕਾਰਾਂ ਤੋਂ ਕੋਈ ਵੀ ਆਸ ਰੱਖਣਾ ਫਜ਼ੂਲ ਹੈ।


-ਜਸਪ੍ਰੀਤ ਕੌਰ ਸੰਘਾ, ਪਿੰਡ ਤਨੂੰਲੀ।


ਨਕਲੀ ਦੁੱਧ
ਕਿਸੇ ਵੇਲੇ ਪੁਰਾਤਨ ਪੰਜਾਬ ਨੂੰ ਦੁੱਧ ਦੇ ਦਰਿਆਵਾਂ ਅਤੇ ਘਿਓ ਦੇ ਪਹਾੜਾਂ ਵਾਲੀ ਧਰਤੀ ਕਿਹਾ ਜਾਂਦਾ ਸੀ ਅਤੇ ਲੋਕ ਦੂਰੋਂ-ਦੂਰੋਂ ਇਥੇ ਲਵੇਰੀਆਂ ਖਰੀਦਣ ਆਉਂਦੇ ਸਨ ਪਰ ਹੁਣ ਪਸ਼ੂ ਲਗਾਤਾਰ ਘਟ ਰਹੇ ਹਨ ਅਤੇ ਨਕਲੀ ਦੁੱਧ ਦੀਆਂ ਨਹਿਰਾਂ ਲਗਾਤਾਰ ਵਹਿ ਰਹੀਆਂ ਹਨ। ਪਿਛਲੇ ਸਮਿਆਂ ਵਿਚ ਦੁੱਧ ਅਤੇ ਪੁੱਤ ਦੀ ਲੋਕ ਸਹੁੰ ਵੀ ਖਾਂਦੇ ਸਨ ਪਰ ਹੁਣ ਰਸਾਇਣਕ ਪਦਾਰਥਾਂ ਤੋਂ ਨਕਲੀ ਦੁੱਧ ਅਤੇ ਦੁੱਧ ਤੋਂ ਤਿਆਰ ਹੁੰਦੇ ਪਦਾਰਥ ਬਣਾਏ ਜਾ ਰਹੇ ਹਨ। ਅਜੋਕੇ ਸਮੇਂ ਵਿਚ ਲੋਕ ਲਵੇਰੀਆਂ ਨੂੰ ਕਿੰਝ ਬੰਨ੍ਹ ਕੇ ਸੇਵਾ ਕਰਨ ਤੋਂ ਇਨਕਾਰੀ ਹੁੰਦੇ ਜਾ ਰਹੇ ਹਨ ਅਤੇ ਕਈ ਸਾਲ ਪਹਿਲਾਂ ਗਰਮੀਆਂ ਦੇ ਮੌਸਮ 'ਚ ਦੁੱਧ ਦੀ ਘਾਟ ਨੂੰ ਵੇਖਦਿਆਂ ਪ੍ਰਸ਼ਾਸਨ ਵਲੋਂ ਹਲਵਾਈਆਂ ਤੇ ਖੋਆ, ਬਰਫ਼ੀ ਤੇ ਪਨੀਰ ਆਦਿ ਬਣਾਉਣ ਦੀ ਪੰਬਾਦੀ ਲਗਾਈ ਜਾਂਦੀ ਸੀ ਪਰ ਹੁਣ ਪਾਬੰਦੀ ਦੀ ਲੋੜ ਨਹੀਂ ਸਮਝੀ ਜਾਂਦੀ। ਪਸ਼ੂ ਘਟਣ ਦੇ ਬਾਵਜੂਦ ਦੁੱਧ ਦੀ ਪੈਦਾਵਾਰ ਵਧ ਰਹੀ ਹੈ। ਭਾਵੇਂ ਦੁੱਧ ਦੇ ਨਮੂਨੇ ਫੇਲ੍ਹ ਹੋਣ 'ਤੇ ਕਈ ਅਮਲ ਦਰਜ ਕਰਕੇ ਲੱਖਾਂ ਰੁਪਏ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ ਪਰ ਸਾਰੇ ਪੰਜਾਬ ਵਿਚ ਹੀ ਜ਼ਹਿਰੀਲੇ ਅਤੇ ਖਤਰਨਾਕ ਪਦਾਰਥਾਂ ਨਾਲ ਤਿਆਰ ਕੀਤਾ ਜਾਂਦਾ ਦੁੱਧ ਆਦਿ ਦਾ ਕਾਰੋਬਾਰ ਦਿਨੋ-ਦਿਨ ਵਧ ਰਿਹਾ ਹੈ। ਨਕਲੀ ਦੁੱਧ ਅਤੇ ਪਦਾਰਥ ਬਣਾਉਣ ਵਾਲਿਓ ਚੰਦ ਛਿੱਲੜਾਂ ਦੀ ਖਾਤਰ ਕਿਉਂ ਇਨਸਾਨਾਂ ਦੀ ਜਾਨ ਦੇ ਦੁਸ਼ਮਨ ਬਣੇ ਹੋ, ਕੁਝ ਤੇ ਪਰਮਾਤਮਾ ਦਾ ਭੈਅ ਖਾਓ ਅਤੇ ਦੁੱਧ ਵਿਚ ਮਿਲਾਵਟ ਕਰਕੇ ਗੰਭੀਰ ਅਪਰਾਧ ਨਾ ਕਰੋ। ਸਰਕਾਰ ਨੂੰ ਵੀ ਅਜਿਹੇ ਅਪਰਾਧ ਕਰਨ ਵਾਲਿਆਂ ਖਿਲਾਫ਼ ਹੋਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਠੁੱਸ ਹੁੰਦੇ ਯੋਗਾ ਪ੍ਰੋਗਰਾਮ
ਅੱਜਕਲ੍ਹ ਦੇ ਹਾਲਾਤ ਵਿਚ ਹਰ ਕੋਈ ਵਿਅਕਤੀ ਬਿਮਾਰੀ, ਤਣਾਅ/ਪ੍ਰੇਸ਼ਾਨੀ 'ਚ ਨਜ਼ਰ ਆ ਰਿਹਾ ਹੈ। ਡਾਕਟਰਾਂ ਕੋਲ ਤਾਂ ਭੀੜ ਹੀ ਨਜ਼ਰ ਆਉਂਦੀ ਹੈ ਪਰ ਯੋਗਾ ਵੀ ਬਹੁਤ ਭੀੜ ਖਿੱਚ ਰਿਹਾ ਹੈ। ਪਰ ਇਹ ਯੋਗਾ ਕੈਂਪ ਵਿਚ ਜੋ 10-12 ਦਿਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਬਾਅਦ ਵਿਚ ਇਨ੍ਹਾਂ ਆਸਣਾ ਨੂੰ ਕੋਈ ਘੱਟ ਹੀ ਅਪਣਾਉਂਦਾ ਹੈ, ਜਿਸਦਾ ਅਸਰ ਘੱਟ ਹੀ ਦਿਖਾਈ ਦਿੰਦਾ ਹੈ ਕਿਉਂਕਿ ਬਾਕੀ 355 ਦਿਨ ਸਾਲ ਦੇ ਕੋਈ ਵਿਰਲਾ ਵਾਂਝਾ ਹੀ ਯੋਗਾ ਕਰਦਾ ਹੈ। ਇਸ ਲਈ 10-12 ਦਿਨਾਂ ਦੀ ਯੋਗਾ ਸਿਖਲਾਈ ਕੁਝ ਖਾਸ ਅਸਰ ਨਹੀਂ ਦਿਖਾ ਪਾਉਂਦੀ। ਇਸ ਲਈ ਯੋਗਾ ਟੀਚਰ ਹਰ ਮਹੀਨੇ ਉਨ੍ਹਾਂ ਨੂੰ ਜਾਰੀ ਰੱਖਣ ਤੇ ਯੋਗਾ ਕਰਨ ਵਾਲਿਆਂ ਨੂੰ ਉਸ ਬਾਰੇ ਪ੍ਰਤੀ ਜਾਣਕਾਰੀ ਦਿੰਦੇ ਰਹਿਣ ਤਾਂ ਕਿ ਉਸ ਦਾ ਕੋਈ ਤਾਂ ਅਸਰ ਹੋਵੇ ਨਹੀਂ ਤਾਂ ਕਿਸੇ ਦੀ ਚੂਲ ਠੀਕ ਨਜ਼ਰ ਆਉਂਦੀ। ਇਹ ਕੁਝ ਦਿਨਾਂ ਦਾ ਯੋਗਾ ਆਪਣਾ ਪੂਰਾ ਅਸਰ ਨਹੀਂ ਦਿਖਾਉਂਦਾ। ਸਿਰਫ਼ ਕੁਝ ਲੋਕ ਹੀ ਇਸ ਨੂੰ ਜਾਰੀ ਰੱਖਦੇ ਹਨ, ਜਿਹੜੇ ਕਿ ਆਟੇ ਵਿਚ ਲੂਣ ਦੇ ਬਰਾਬਰ ਹਨ।


ਕ੍ਰਿਸ਼ਨ ਖੇੜਾ, ਲੋਹੀਆਂ ਖਾਸ।

27-08-2019

 ਆਪਣੀ ਪ੍ਰਤਿਭਾ 'ਤੇ ਸ਼ੱਕ
ਸਾਡੇ ਨੌਜਵਾਨ ਵਰਗ ਵਿਚ ਪ੍ਰਤਿਭਾਵਾਂ ਦਾ ਸਮੁੰਦਰ ਸਮਾਇਆ ਹੋਇਆ ਹੈ ਤੇ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੀ ਇਸ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਉਨ੍ਹਾਂ ਨੂੰ ਮੌਕਾ ਤਾਂ ਮਿਲਦਾ ਹੈ ਪਰ ਅਸਲ ਵਿਚ ਉਨ੍ਹਾਂ ਦੇ ਮਨ ਵਿਚ ਆਪਣੀ ਪ੍ਰਤਿਭਾ ਦੇ ਪ੍ਰਤੀ ਹਮੇਸ਼ਾ ਇਕ ਸ਼ੱਕ ਰਹਿੰਦਾ ਹੈ ਤੇ ਉਹ ਹਮੇਸ਼ਾ ਹੀ ਇਹ ਹੀ ਸੋਚਦੇ ਹਨ ਕਿ ਸਾਡਾ ਜਵਾਬ ਜਾਂ ਸਾਡਾ ਕੰਮ ਗ਼ਲਤ ਹੋਵੇਗਾ ਤੇ ਸਾਹਮਣੇ ਵਾਲੇ ਦਾ ਬਿਲਕੁਲ ਸਹੀ ਇਹ ਹੀ ਕਾਰਨ ਹੈ ਕਿ ਅਸੀਂ ਉਹ ਕੰਮ ਕਦੇ ਕਰ ਹੀ ਨਹੀਂ ਪਾਉਂਦੇ ਤੇ ਆਪਣੀ ਪ੍ਰਤਿਭਾ 'ਤੇ ਸ਼ੱਕ ਕਰਕੇ ਅਸੀਂ ਸਿਰਫ ਆਪਣੇ-ਆਪ ਨੂੰ ਹੀ ਨੁਕਸਾਨ ਦਿੰਦੇ ਹਾਂ। ਮੈਂ ਨਹੀਂ ਕਰ ਸਕਦਾ ਜਾਂ ਮੇਰੇ ਤੋਂ ਨਹੀਂ ਹੋਣਾ ਇਹ ਸ਼ਬਦ ਸਾਡੀ ਪ੍ਰਤਿਭਾ ਦਾ ਅੰਤ ਕਰ ਦਿੰਦੇ ਹਨ। ਅੱਜ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਕਿ ਉਹ ਕੀ ਕਰਦਾ, ਉਹ ਨੌਜਵਾਨ ਹਮੇਸ਼ਾ ਇਹ ਕਹੇਗਾ ਕਿ ਮੈਂ ਬਣਨਾ ਤੇ ਇਹ ਚਾਹੁੰਦਾ ਸੀ ਪਰ ਹਾਲਾਤ ਨੇ ਕੁਝ ਹੋਰ ਬਣਾ ਦਿੱਤਾ ਜਦ ਕਿ ਹਾਲਾਤ ਬਣਾਉਣ ਵਾਲੇ ਅਸੀਂ ਖ਼ੁਦ ਹਾਂ ਤੇ ਅਜਿਹੇ ਹਾਲਾਤ ਉਸ ਵਕਤ ਹੀ ਪੈਦਾ ਹੁੰਦੇ ਹਨ ਜਦ ਸਾਡੇ ਮਨ ਵਿਚ ਸ਼ੱਕ ਦੀ ਸਥਿਤੀ ਪੈਦਾ ਹੁੰਦੀ ਹੈ।

-ਜਾਨਵੀ ਬਿੱਠਲ।

ਆਬਾਦੀ ਵਿਚ ਵਾਧਾ
ਆਬਾਦੀ ਵਿਜ ਵਾਧਾ ਬੇਰੁਜ਼ਗਾਰੀ, ਗ਼ਰੀਬੀ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਪੈਦਾ ਕਰ ਰਿਹਾ ਹੈ। ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਆਬਾਦੀ ਹਰੇਕ ਦੇਸ਼ ਲਈ ਹੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਪਿਛਲੇ ਸਮੇਂ ਵਿਚ ਵਧਦੀ ਆਬਾਦੀ ਦੇ ਕਾਰਨ ਆਵਾਜਾਈ ਦੇ ਸਾਧਨਾਂ ਵਿਚ ਦਿਨੋ-ਦਿਨ ਹੋ ਰਿਹਾ ਵਾਧਾ ਸ਼ੁੱਧ ਹਵਾ ਨੂੰ ਗੰਧਲਾ ਕਰ ਰਿਹਾ ਹੈ ਜੋ ਕਿ ਮਨੁੱਖ ਜਾਤੀ ਲਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ। ਵਧਦੀ ਆਬਾਦੀ ਕਾਰਨ ਰਹਿਣ ਲਈ ਮਕਾਨਾਂ ਦੀ ਮੰਗ ਦਿਨੋ-ਦਿਨ ਵਧ ਰਹੀ ਹੈ ਜਿਸ ਕਰਕੇ ਖੇਤੀਯੋਗ ਜ਼ਮੀਨ ਤੇ ਜੰਗਲਾਂ ਆਦਿ ਦੀ ਕਟਾਈ ਕਾਰਨ ਦਰੱਖਤਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ। ਦਰੱਖਤ ਹੀ ਧਰਤੀ ਤੇ ਵਾਤਾਵਰਨ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ, ਦਰੱਖਤਾਂ ਦੀ ਘਟ ਰਹੀ ਗਿਣਤੀ ਕਾਰਨ ਵਾਤਾਵਰਨ ਵਿਚ ਵੱਡਾ ਅਸੰਤੁਲਨ ਆ ਗਿਆ ਹੈ ਜਿਸ ਕਰਕੇ ਕੁਦਰਤੀ ਆਫ਼ਤਾਂ ਵਿਚ ਵੀ ਵਾਧਾ ਹੋਇਆ ਹੈ। ਇਸ ਵਧਦੀ ਆਬਾਦੀ ਕਾਰਨ ਕੰਮ ਤੋਂ ਵਾਂਝੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਆਬਾਦੀ ਵਧਣ ਨਾਲ ਬੇਰੁਜ਼ਗਾਰੀ ਵਧ ਰਹੀ ਹੈ। ਜਿਸ ਦਰ ਨਾਲ ਆਬਾਦੀ ਦਿਨੋ-ਦਿਨ ਵਧ ਰਹੀ ਹੈ, ਉਸ ਨੂੰ ਦੇਖ ਕੇ ਤਾਂ ਇੰਜ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਖੇਤੀ ਕਰਨ ਲਈ ਜ਼ਮੀਨ ਲਗਪਗ ਖ਼ਤਮ ਹੋ ਜਾਏਗੀ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਸ੍ਰੀ ਮੁਕਤਸਰ ਸਾਹਿਬ।

550ਵਾਂ ਪ੍ਰਕਾਸ਼ ਪੁਰਬ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਸ੍ਰੀ ਸਤਨਾਮ ਸਿੰਘ ਮਾਣਕ ਦਾ ਛਪਿਆ ਲੇਖ 'ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਭਾਰਤ ਤੇ ਪਾਕਿਸਤਾਨ ਲਈ ਇਕ ਵੱਡਾ ਮੌਕਾ' ਪੜ੍ਹਿਆ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਸੀ। ਲੇਖਕ ਨੇ ਬੜੇ ਅਹਿਮ ਨੁਕਤੇ ਉਠਾਏ ਹਨ ਅਤੇ ਪਾਠਕਾਂ ਨੂੰ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼-ਵਿਦੇਸ਼ ਵਿਚ ਸਿੱਖ ਸੰਗਤਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਵਿਸ਼ਵਾਸ ਰੱਖਣ ਵਾਲੇ ਹੋਰ ਲੋਕਾਂ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਭਾਰਤ ਸਰਕਾਰ ਵਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਵਿਸ਼ਵ ਵਿਚ ਪ੍ਰਕਾਸ਼ ਪੁਰਬ ਨੂੰ ਲੈ ਕੇ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਸਰਗਰਮੀਆਂ ਦੇ ਨਾਲ ਇਕ ਹੋਰ ਵੀ ਬਹੁਤ ਵੱਡੀ ਸਰਗਰਮੀ ਜੁੜੀ ਹੋਈ ਹੈ, ਉਹ ਹੈ ਕਰਤਾਰਪੁਰ ਦੇ ਲਾਂਘੇ ਦੀ। ਬਿਨਾਂ ਸ਼ੱਕ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਇਕ ਬਹੁਤ ਵੱਡਾ ਇਤਿਹਾਸਕ ਕਦਮ ਹੈ ਤੇ ਇਸ ਦੇ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ 'ਤੇ ਹਾਂ-ਪੱਖੀ ਪ੍ਰਭਾਵ ਪੈਣਗੇ।

-ਸੁਰਿੰਦਰ ਸਿੰਘ
ਧਨੌਲਾ ਰੋਡ, ਬਰਨਾਲਾ।

ਬਿਜਲ਼ੀ ਦੀਆਂ ਤਾਰਾਂ ਜ਼ਮੀਨਦੋਜ਼ ਹੋਣ
ਭਾਰਤ ਵਿਚ ਬਿਜਲੀ ਦੀ ਆਮਦ ਅੰਗਰੇਜ਼ਾਂ ਦੀ ਆਮਦ ਨਾਲ ਹੋਈ। 1955 ਵਿਚ ਭਾਖੜਾ ਡੈਮ ਬਣਨ ਨਾਲ਼ ਉੱਤਰੀ ਭਾਰਤ ਖ਼ਾਸ ਕਰਕੇ ਪੰਜਾਬ ਦੇ ਪਿੰਡ-ਪਿੰਡ ਬਿਜਲੀ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋਇਆ। 1960-70 ਦੇ ਦਹਾਕੇ ਦੌਰਾਨ ਪੰਜਾਬ ਦੇ ਲਗਪਗ ਹਰ ਪਿੰਡ ਤੱਕ ਬਿਜਲੀ ਪਹੁੰਚ ਚੁੱਕੀ ਸੀ। ਇਸ ਦੇ ਆਉਣ ਨਾਲ ਮਨੁੱਖੀ ਜੀਵਨ ਦੇ ਵਿਚ ਹਰ ਪੱਖ ਤੋਂ ਵਰਨਣਯੋਗ ਤਬਦੀਲੀ ਆਈ। ਪਰ ਨਾਲ ਹੀ ਬਿਜਲੀ ਮਨੁੱਖੀ ਜਾਨ ਦਾ ਖੌਅ ਵੀ ਬਣ ਚੁੱਕੀ ਹੈ। ਹਰ ਰੋਜ਼ ਕਈ ਆਦਮੀ, ਔਰਤਾਂ, ਬੱਚੇ ਅਤੇ ਪਸ਼ੂ-ਪੰਛੀ ਇਸ ਦੀ ਲਪੇਟ ਵਿਚ ਆ ਕੇ ਜਾਨ ਤੋਂ ਹੱਥ ਧੋ ਲੈਂਦੇ ਹਨ। ਸਾਰੇ ਭਾਰਤ ਵਿਚ ਹਰ ਰੋਜ਼ 30 ਵਿਅਕਤੀਆਂ ਦਾ ਬਿਜਲੀ ਦੇ ਕਰੰਟ ਨਾਲ ਜਾਨੀ ਨੁਕਸਾਨ ਹੁੰਦਾ ਹੈ ਅਤੇ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੁੰਦਾ ਹੈ। ਇਸ ਜਾਨੀ ਅਤੇ ਮਾਲੀ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਬਿਜਲੀ ਦੀਆਂ ਨੰਗੀਆਂ ਤਾਰਾਂ, ਘਟੀਆ ਕੁਆਲਟੀ ਦਾ ਵਰਤਿਆ ਗਿਆ ਸਾਮਾਨ ਅਤੇ ਵੇਲਾ ਵਿਹਾਅ ਚੁੱਕੇ ਖੰਭੇ ਹਨ। ਕਈ ਅਣਜਾਣ ਲੋਕ ਖ਼ੁਦ ਹੀ ਟਰਾਂਸਫਾਰਮਰ 'ਤੇ ਚੜ੍ਹ ਕੇ ਫਿਊਜ਼ ਲਗਾਉਂਦਿਆਂ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਇਸ ਮੈਨ ਮੇਡ ਸਮੱਸਿਆ ਤੋਂ ਬਚਾਅ ਦਾ ਸਭ ਤੋਂ ਵਧੀਆਂ ਤਰੀਕਾ ਵਿਕਸਿਤ ਦੇਸ਼ਾਂ ਵਾਂਗੂ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨਾ ਹੈ। ਭਾਵੇਂ ਇਹ ਪ੍ਰਾਜੈਕਟ ਮਹਿੰਗਾ ਹੋ ਸਕਦਾ ਹੈ ਪਰ ਮਨੁੱਖੀ ਜ਼ਿੰਦਗੀ ਤੋਂ ਮਹਿੰਗਾ ਨਹੀਂ ਕਿਹਾ ਜਾ ਸਕਦਾ। ਇਸ ਤੋਂ ਬਿਨਾਂ ਵੱਡੀ ਸਾਵਧਾਨੀ ਦੇ ਨਾਲ-ਨਾਲ ਘਰਾਂ ਅਤੇ ਦੁਕਾਨਾਂ, ਸ਼ੋਅ-ਰੂਮਾਂ, ਮਾੱਲਜ਼ ਵਿਚ ਉੱਚ ਕੁਆਲਟੀ ਦੇ ਬਿਜਲਈ ਉਪਕਰਨ ਵਰਤਣੇ ਚਾਹੀਦੇ ਹਨ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

ਤੀਆਂ
ਪਿਛਲੇ ਦਿਨੀਂ 'ਅਜੀਤ' ਵਿਚ ਡਾ: ਜਗੀਰ ਸਿੰਘ ਨੂਰ ਦਾ 'ਤੀਆਂ ਤੀਜ ਦੀਆਂ' ਲੇਖ ਪੜ੍ਹ ਕੇ ਵਧੀਆ ਲੱਗਾ। ਤੀਆਂ ਜਾਂ ਸਾਵੇਂ ਔਰਤਾਂ ਦਾ ਗੌਰਵਮਈ ਤਿਉਹਾਰ ਹੈ। ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਤੀਆਂ ਦੇ ਤਿਉਹਾਰ ਵਿਚ ਰੌਚਕਤਾ ਘਟ ਗਈ ਹੈ। ਇਹ ਸਿਰਫ ਰਸਮ ਦੇ ਤੌਰ 'ਤੇ ਪੰਜਾਬੀ ਸੱਭਿਆਚਾਰ ਦਾ ਅੰਗ ਬਣ ਚੁੱਕੀਆਂ ਹਨ। ਪਰ ਅੱਜ ਇੰਟਰਨੈੱਟ ਦੀਆਂ ਪ੍ਰਾਪਤੀਆਂ ਨੇ ਸਾਡੀਆਂ ਰਸਮਾਂ ਤੇ ਤਿਉਹਾਰਾਂ ਨੂੰ ਖੋਰਾ ਲਾ ਦਿੱਤਾ। ਪਰ ਅੱਜ ਦੇ ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਤਿਉਹਾਰਾਂ ਬਾਰੇ ਜਾਣਨ ਅਤੇ ਉਨ੍ਹਾਂ ਨੂੰ ਮਨਾਉਣ ਤਾਂ ਜੋ ਇਹ ਤਿਉਹਾਰ ਅਗਲੀਆਂ ਪੀੜ੍ਹੀਆਂ ਤੱਕ ਜੀਵਤ ਰਹਿ ਸਕਣ।

-ਗਗਨਦੀਪ ਕੌਰ
ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ।

26-08-2019

 ਕਰਤਾਰਪੁਰ ਲਾਂਘਾ
ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਮਗਰੋਂ ਬੇਸ਼ੱਕ ਭਾਰਤ-ਪਾਕਿ ਵਿਚਾਲੇ ਕੁੜੱਤਣ ਵਾਲਾ ਮਾਹੌਲ ਪੈਦਾ ਹੋ ਗਿਆ ਹੈ, ਪਾਕਿ ਨੇ ਬਖਲਾਹਟ 'ਚ ਆ ਕੇ ਆਪਣੇ ਵਪਾਰਕ ਸਬੰਧ, ਸਮਝੌਤਾ ਐਕਸਪ੍ਰੈੱਸ ਦਾ ਬੰਦ ਕਰਨਾ ਆਦਿ ਦੇ ਨਿਰਣੇ ਲਏ ਹਨ। ਪਰ ਪਾਕਿ ਦੇ ਮੰਤਰੀ ਵਲੋਂ ਇਹ ਐਲਾਨ ਕਿ ਕਰਤਾਰਪੁਰ ਲਾਂਘਾ ਤੈਅ ਸਮੇਂ 'ਤੇ ਖੁੱਲ੍ਹੇਗਾ ਤੇ ਭਾਰਤ ਨਾਲ ਦੁਵੱਲੇ ਸਬੰਧਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ। ਬਾਬੇ ਨਾਨਕ ਦੀ ਮੇਹਰ ਸਦਕਾ ਦੋਵਾਂ ਮੁਲਕਾਂ ਵਲੋਂ ਕਰਤਾਰਪੁਰ ਲਾਂਘੇ ਦਾ ਨਿਰਮਾਣ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦਾ ਅਸਰ ਕਰਤਾਰਪੁਰ ਲਾਂਘੇ 'ਤੇ ਨਹੀਂ ਪਿਆ। ਪਾਕਿ ਵਲੋਂ ਬਿਆਨ ਕਿ ਬਾਬੇ ਨਾਨਕ ਦੇ 550 ਸਾਲਾ ਗੁਰਪੁਰਬ 'ਤੇ ਸੰਗਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਸ੍ਰੀ ਨਨਕਾਣਾ ਸਾਹਿਬ ਵਿਖੇ ਮਹਿਮਾਨ ਖਾਨੇ ਬਣਾਏ ਜਾ ਰਹੇ ਹਨ। ਸਿੱਖ ਸੰਗਤ ਲਈ ਰਿਹਾਇਸ਼ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਕਰਤਾਰਪੁਰ ਲਾਂਘਾ ਕੋਈ ਸਿਆਸੀ ਮੁੱਦਾ ਨਹੀਂ ਹੈ। ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਉਮੀਦ ਹੈ ਬਾਬੇ ਨਾਨਕ ਦੀ ਕਿਰਪਾ ਸਦਕਾ ਤੇ ਨਾਨਕ ਨਾਮ ਲੇਵਾ ਸੰਗਤ ਵਲੋਂ ਕੀਤੀਆਂ ਅਰਦਾਸਾਂ ਨਾਲ ਲਾਂਘਾ ਜ਼ਰੂਰ ਖੁੱਲ੍ਹੇਗਾ। ਕੋਰੀਡੋਰ ਬਣੇਗਾ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਇਕੱਠਿਆਂ ਮਨਾਇਆ ਜਾਵੇਗਾ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਇੰਸਪੈਕਟਰ।

ਸਰੋਗੇਈ ਬਿੱਲ
ਸਰੋਗੇਸੀ (ਕਿਰਾਏ ਦੀ ਕੁੱਖ) ਬਿੱਲ 2019 ਜੋ ਕਿ ਸੰਸਦ ਦੇ ਦੋਵੇਂ ਸਦਨਾਂ ਵਿਚੋਂ ਪਾਸ ਹੋ ਚੁੱਕਾ ਹੈ। ਇਹ ਬਿੱਲ ਭਾਰਤ ਦਾ ਪਹਿਲਾ ਬਿੱਲ ਹੈ ਜੋ ਵਪਾਰਕ ਸਰੋਗੇਈ 'ਤੇ ਰੋਕ ਲਾਉਂਦਾ ਹੈ ਅਤੇ ਜੋ ਪਰਉਪਕਾਰੀ ਸਰੋਗੇਸੀ ਲਈ ਇਜਾਜ਼ਤ ਦਿੰਦਾ ਹੈ। ਇਹ ਬਿੱਲ ਸਰੋਗੇਟ ਮਾਂ ਦੁਆਰਾ ਪਰਉਪਕਾਰੀ ਤਰੀਕੇ ਨਾਲ ਕਿਸੇ ਬਾਂਝਪਨ ਮਾਂ ਨੂੰ ਬੱਚਾ ਦੇਣ ਦੀ ਪ੍ਰਕਿਰਿਆ ਨਿਰਧਾਰਤ ਕਰਦਾ ਹੈ। ਇਸ ਬਿੱਲ ਦੁਆਰਾ ਸਰੋਗੇਟ ਮਾਂ ਆਪਣੇ ਨੇੜੇ ਦੇ ਰਿਸ਼ਤੇ ਵਾਲੇ ਜੋੜੇ ਨੂੰ ਹੀ ਬੱਚਾ ਦੇ ਸਕਦੀ ਹੈ। ਸਰੋਗੇਟ ਮਾਂ ਦੀ ਉਮਰ 25 ਤੋਂ 35 ਹੋਣੀ ਚਾਹੀਦੀ ਹੈ ਉਹ ਕੇਵਲ ਆਪਣੀ ਪੂਰੀ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਸਰੋਗੇਟ ਮਾਂ ਬਣ ਸਕਦੀ ਹੈ।
ਇਸ ਵਿਚ ਕੁਝ ਸ਼ਰਤਾਂ ਬੱਚਾ ਲੈਣ ਵਾਲੇ ਜੋੜੇ ਲਈ ਵੀ ਰੱਖੀਆਂ ਗਈਆਂ ਹਨ। ਜੋੜਾ ਬਾਂਝਪਨ ਘੋਸ਼ਿਤ ਹੋਣਾ ਚਾਹੀਦਾ ਹੈ। ਉਹ ਵਿਆਹੇ ਜੋੜੇ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ। ਜੋੜੇ ਲਈ ਮਾਂ ਦੀ ਉਮਰ 23 ਤੋਂ 50 ਅਤੇ ਪਿਤਾ ਦੀ ਉਮਰ 26 ਤੋਂ 55 ਸਾਲ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਵਿਆਹ ਨੂੰ 5 ਸਾਲ ਪੂਰੇ ਹੋ ਜਾਣੇ ਚਾਹੀਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਕੋਲ ਕੋਈ ਬੱਚਾ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਬਿੱਲ ਨਹੀਂ ਸੀ, ਜਿਸ ਨਾਲ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਵੇਂ ਬਾਅਦ ਵਿਚ ਜੇ ਕੁੜੀ ਜਨਮ ਲੈ ਲੈਂਦੀ ਜਾਂ ਜੌੜੇ ਬੱਚੇ ਜਨਮ ਲੈ ਲੈਂਦੇ ਤਾਂ ਜੋੜੇ ਵਲੋਂ ਬੱਚਾ ਲੈਣ ਲਈ ਇਨਕਾਰ ਕਰ ਦਿੱਤਾ ਜਾਂਦਾ ਸੀ ਅਤੇ ਸਰੋਗੇਟ ਮਾਂ ਲਈ ਇਸ ਹਾਲਤ ਵਿਚ ਕਈ ਕਠੋਰ ਕਦਮ ਵੀ ਲਏ ਜਾਂਦੇ ਸੀ। ਇਸ ਬਿੱਲ ਨਾਲ ਇਸ ਤਰ੍ਹਾਂ ਦੇ ਹਾਲਾਤ ਵਿਚ ਕਮੀ ਦੇਖਣ ਨੂੰ ਮਿਲੇਗੀ।

-ਐਸ. ਐਸ. ਸ਼ੈਲਾ

ਪਾਣੀ ਦੀ ਸੰਭਾਲ
ਵਿਗਿਆਨੀ ਹੋਕਾ ਦਿੰਦੇ ਆਏ ਹਨ ਕਿ ਤੀਸਰੀ ਵਿਸ਼ਵ ਜੰਗ ਪਾਣੀ ਦੀ ਵੰਡ ਦੀ ਹੋਵੇਗੀ। ਇਸ ਸੱਚਾਈ ਦੇ ਬਹੁਤ ਨੇੜੇ ਪਹੁੰਚ ਗਏ ਹਾਂ, ਇਸ ਸੰਦਰਭ ਵਿਚ ਪ੍ਰੋਫੈਸਰ ਬਸੰਤ ਸਿੰਘ ਬਰਾੜ ਦੀ ਕਿਰਤ 'ਪਾਣੀ ਹੀ ਨਹੀਂ ਸੰਭਾਲ ਦੀ ਸਮੱਸਿਆ' ਇਹ ਵਿਆਖਿਆ ਕਰਦੀ ਹੈ ਕਿ ਪਾਣੀ ਦੀ ਘਾਟ ਸਮੇਂ ਹਰ ਵਿਅਕਤੀ ਤਰਾਹ-ਤਰਾਹ ਕਰਦਾ ਹੈ, ਬਨਸਪਤੀ ਸੁੱਕਦੀ ਹੈ ਪਰ ਜਦੋਂ ਬਰਸਾਤਾਂ ਵਿਚ ਹੜ੍ਹ ਆਉਂਦੇ ਹਨ ਤਾਂ ਇਹ ਤਬਾਹੀ ਮਚਾਉਂਦੇ ਹਨ, ਜਿਸ ਨੂੰ ਯੋਗ ਤਰੀਕੇ ਨਾਲ ਸੰਭਾਲਣ ਦੀ ਲੋੜ ਹੈ, ਜੋ ਅੱਜ ਰਾਜਸੀ ਗੱਦੀਆਂ 'ਤੇ ਬੈਠਣ ਵਾਲੇ ਅਤੇ ਇਸ ਕੰਮ ਲਈ ਤਾਇਨਾਤ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਹੈ, ਲਿਖਤ ਸੋਚਣ ਲਈ ਮਜਬੂਰ ਕਰਦੀ ਹੈ ਕਿ ਲੇਖਕ ਦੇ ਪਿੰਡ ਡੇਢ ਸਦੀ ਪਹਿਲਾਂ ਵੱਡ-ਵਡੇਰਿਆਂ ਨੇ ਕਿਸੇ ਸਰਕਾਰ ਦੀ ਆਸ ਨਹੀਂ ਰੱਖੀ ਅਤੇ ਖੁਦ ਹੀ ਦੋ ਛੱਪੜ (ਟੋਭੇ/ਟੈਂਕ) ਖੁਦਵਾਏ ਅਤੇ ਮਿੱਟੀ ਉੱਚੇ ਥਾਂ 'ਤੇ ਸੁੱਟ ਕੇ ਪਿੰਡ ਉੱਚੇ ਥਾਂ 'ਤੇ ਵਸਾਇਆ, ਜਿਸ ਕਰਕੇ ਪਾਣੀ ਖੁਦ-ਬਖੁਦ ਬਰਸਾਤਾਂ ਵਿਚ ਇਨ੍ਹਾਂ ਛੱਪੜਾਂ ਵਿਚ ਭਰ ਜਾਂਦਾ ਹੈ। ਡਾ: ਗੁਰਿੰਦਰ ਕੌਰ ਦੀ ਲੇਖਣੀ 'ਧਰਤੀ ਅਤੇ ਲੋਕਾਂ ਦੀ ਸਿਹਤ ਨੂੰ ਕਿਵੇਂ ਬਚਾਇਆ ਜਾਵੇ?' ਚਿਤਾਵਨੀ ਦਿੰਦੀ ਹੈ। ਸਾਨੂੰ ਕੁਦਰਤ ਦੇ ਨੇੜੇ ਹੋ ਕੇ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣਾ ਹਰ ਇਕ ਦਾ ਫਰਜ਼ ਹੋਣਾ ਚਾਹੀਦਾ ਹੈ, ਇਹੀ ਇਬਾਦਤ ਹੈ।

-ਇੰਜ: ਨਰਕੇਵਲ ਸਿੰਘ
230 ਮਾਡਲ ਟਾਊਨ-1, ਬਠਿੰਡਾ।

ਬੂਟੇ ਤੇ ਅਵਾਰਾ ਪਸ਼ੂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਰੇਕ ਪਿੰਡ 'ਚ 550 ਬੂਟੇ ਲਗਾਉਣ ਦੀ ਯੋਜਨਾ ਅਧੀਨ ਪਿੰਡਾਂ ਵਿਚ ਲਗਾਏ ਬੂਟਿਆਂ ਨੂੰ ਕਈ ਲੋਕਾਂ ਵਲੋਂ ਖੁੱਲ੍ਹੇ ਵਿਚ ਚਾਰੇ ਜਾਂਦੇ ਪਸ਼ੂਆਂ ਨਾਲ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਸ਼ਹਿਰਾਂ ਵਿਚ ਲਗਾਏ ਗਏ ਬੂਟਿਆਂ ਨੂੰ ਵੀ ਅਵਾਰਾ ਘੁੰਮਦੇ ਪਸ਼ੂਆਂ ਵਲੋਂ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਜਿਸ ਨਾਲ ਜ਼ੋਰਾਂ-ਸ਼ੋਰਾਂ ਨਾਲ ਲਗਾਏ ਗਏ ਬੂਟਿਆਂ ਦੀ ਹੋਂਦ ਖਤਰੇ ਵਿਚ ਪਈ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਵੀ ਇਨ੍ਹਾਂ ਬੂਟਿਆਂ ਨੂੰ ਲਗਾ ਕੇ ਇਨ੍ਹਾਂ ਦੀ ਸੰਭਾਲ ਕਰਨਾ ਭੁੱਲ ਗਈਆਂਹਨ, ਕਿਉਂਕਿ ਕਈ ਥਾਈਂ ਇਨ੍ਹਾਂ ਬੂਟਿਆਂ ਦੀ ਸਾਂਭਾਲ ਲਈ ਸੁਰੱਖਿਆ ਕਵਰ ਨਹੀਂ ਲਗਾਏ, ਜਿਸ ਕਾਰਨ ਪਸ਼ੂ ਅਸਾਨੀ ਨਾਲ ਬੂਟਿਆਂ ਦਾ ਨੁਕਸਾਨ ਕਰ ਦਿੰਦੇ ਹਨ। ਜਿਥੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨ ਦਾ ਉਪਰਾਲਾ ਕਰਨ, ਉਥੇ ਹੀ ਪ੍ਰਸ਼ਾਸਨ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਫਿਰਦੇ ਵੱਗਾਂ ਦੇ ਵਗ ਅਵਾਰਾ ਪਸ਼ੂਆਂ ਦਾ ਵੀ ਕੋਈ ਢੁਕਵਾਂ ਤੇ ਠੋਸ ਪ੍ਰਬੰਧ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਅਖ਼ਬਾਰੀ ਕਾਗਜ਼ 'ਤੇ ਟੈਕਸ
ਪਿਛਲੇ ਦਿਨੀਂ ਅਖ਼ਬਾਰੀ ਕਾਗਜ਼ 'ਤੇ ਸਰਕਾਰ ਵਲੋਂ ਲਗਾਈ ਡਿਊਟੀ ਬਾਰੇ ਪੜ੍ਹਿਆ ਤਾਂ ਬੜੀ ਠੇਸ ਪਹੁੰਚੀ ਕਿਉਂਕਿ ਡਿਜੀਟਲ ਮੀਡੀਆ ਤਾਂ ਪਹਿਲਾਂ ਹੀ ਪ੍ਰਿੰਟ ਮੀਡੀਆ ਤੋਂ ਅੱਗੇ ਹੈ। ਉਪਰੋਂ ਸਾਡੀ ਮੈਗਜ਼ੀਨ ਅਤੇ ਅਖ਼ਬਾਰ ਪ੍ਰਿੰਟ ਕਰਨ ਵਾਲੇ ਕਾਗਜ਼ 'ਤੇ 10 ਫ਼ੀਸਦੀ ਡਿਊਟੀ ਲਗਾ ਕੇ ਇਸ ਦੇ ਅੱਗੇ ਵਧਣ ਦੇ ਆਸਾਰ ਹੀ ਘੱਟ ਕਰ ਦਿੱਤੇ ਹਨ।
ਵੱਡੇ ਪੇਪਰ ਤਾਂ ਇਹ ਸਭ ਝੱਲ ਲੈਂਦੇ ਹਨ ਅਤੇ ਇਸ਼ਤਿਹਾਰ ਲਗਾ ਕੇ ਪੈਸਾ ਵੀ ਕਮਾ ਲੈਂਦੇ ਹਨ ਪਰ ਦਰਮਿਆਨੇ ਪੇਪਰ ਇਹ ਟੈਕਸ ਕਿਵੇਂ ਭਰਨਗੇ। ਜੇਕਰ ਅਖ਼ਬਾਰ ਦੇ ਰੇਟ ਵਿਚ ਵਾਧਾ ਹੋਵੇਗਾ ਤਾਂ ਮੱਧਵਰਗੀ ਪਰਿਵਾਰ ਲਈ ਇਹ ਖਰਚਾ ਬਜਟ ਤੋਂ ਬਾਹਰ ਹੋ ਜਾਵੇਗਾ ਅਤੇ ਪ੍ਰਿੰਟ ਮੀਡੀਆ ਤੋਂ ਵੀ ਪਿੱਛੇ ਰਹਿ ਜਾਵੇਗਾ। ਸੋ, ਅਖ਼ਬਾਰੀ ਕਾਗਜ਼ 'ਤੇ ਇਹ ਲਗਾਇਆ ਗਿਆ ਟੈਕਸ ਜਲਦੀ ਹਟਾਇਆ ਜਾਵੇ ਤਾਂ ਕਿ ਪ੍ਰਿੰਟ ਮੀਡੀਆ ਮੁੜ ਤੋਂ ਅੱਗੇ ਵਧ ਦਾ ਹੋਇਆ ਸਮੇਂ ਦਾ ਹਾਣੀ ਬਣ ਸਕੇ।

-ਪਰਮਿੰਦਰ ਕੌਰ
ਸ਼ਾਂਤੀ ਕੈਂਥ, ਬੇਅੰਤ ਨਗਰ, ਮੋਗਾ।

23-08-2019

 * ਇਨ੍ਹੀਂ ਦਿਨੀਂ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਕਰਕੇ ਤਬਾਹੀ ਦੇ ਕੰਢੇ 'ਤੇ ਹਨ। ਇਸ ਪਾਣੀ ਦੀ ਮਾਰ ਕਰਕੇ ਲੋਕ ਬੇਘਰ ਹੋ ਗਏ ਹਨ ਤੇ ਪਸ਼ੂਆਂ ਤੇ ਖੇਤੀ ਦਾ ਕਾਫੀ ਨੁਕਸਾਨ ਹੋ ਗਿਆ ਹੈ। ਪਰ ਕਿਤੇ ਨਾ ਕਿਤੇ ਸਾਡੀ ਸਰਕਾਰ ਦੀ ਨਾਲਾਇਕੀ ਜ਼ਰੂਰ ਹੈ। ਜੇ ਬਾਰਿਸ਼ ਤੋਂ ਪਹਿਲਾਂ ਹੀ ਨਦੀਆਂ ਦੀ ਵਧੀਆ ਸਫ਼ਾਈ ਕੀਤੀ ਹੁੰਦੀ ਤਾਂ ਏਨੇ ਪਿੰਡਾਂ ਦੇ ਲੋਕਾਂ ਦੇ ਘਰਾਂ ਵਿਚ ਪਾਣੀ ਨਹੀਂ ਸੀ ਆਉਣਾ ਪਰ ਅਫ਼ਸੋਸ ਜਦੋਂ ਸਾਡੇ ਲੋਕਾਂ ਤੇ ਇਹੋ ਜਿਹੀ ਆਫ਼ਤ ਆਉਂਦੀ ਹੈ ਉਦੋਂ ਇਨ੍ਹਾਂ ਨੇਤਾਵਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਜ਼ਰ ਨਹੀਂ ਆਉਂਦੀਆਂ ਹਨ। ਉਧਰ ਜਿਨ੍ਹਾਂ ਕਿਸਾਨਾਂ ਨੇ ਆਪਣੀ ਪੁੱਤਾਂ ਵਾਂਗ ਫ਼ਸਲ ਪਾਲੀ ਸੀ। ਉਹ ਵੀ ਹੜ੍ਹ ਦੀ ਮਾਰ ਕਰਕੇ ਤਬਾਹ ਹੋ ਗਈ ਹੈ, ਜਿਸ ਦਾ ਨੁਕਸਾਨ ਕਿਸਾਨ ਨੂੰ ਹੁਣ ਝੱਲਣਾ ਪੈ ਰਿਹਾ ਹੈ। ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਕਰਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਸਾਡੀ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਤੇ ਗ਼ਰੀਬ ਵਰਗ ਦਾ ਜਿੰਨਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪੂਰਾ ਮੁਆਵਜ਼ਾ ਦੇਵੇ। ਜਿਸ ਤਰ੍ਹਾਂ ਸਾਡੇ ਨੇਤਾ ਵੋਟਾਂ ਦੇ ਦਿਨਾਂ ਵਿਚ ਲੋਕਾਂ ਕੋਲ ਗੇੜੇ ਮਾਰਦੇ ਹਨ, ਉਸੇ ਤਰ੍ਹਾਂ ਹੁਣ ਵੀ ਹੜ੍ਹਾਂ ਵਿਚ ਘਿਰੇ ਲੋਕਾਂ ਦੀ ਸਾਰ ਲੈਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਮੰਤਰੀਆਂ ਤੇ ਉੱਚ ਅਧਿਕਾਰੀਆਂ ਨੂੰ ਹੜ੍ਹਾਂ ਵਿਚ ਘਿਰੇ ਲੋਕਾਂ ਦੀ ਸਿਹਤ ਸਹੂਲਤਾਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕਮੀ ਨਾ ਆਉਣ ਦੇਣ ਲਈ ਸਖ਼ਤ ਆਦੇਸ਼ ਦੇਣ ਕਿਉਂਕਿ ਲੋਕਾਂ ਦਾ ਨੁਕਸਾਨ ਜ਼ਿਆਦਾ ਹੋਣ ਕਰਕੇ ਲੋਕ ਸਦਮੇ ਵਿਚ ਹਨ, ਜੋ ਮੌਜੂਦਾ ਸਰਕਾਰ ਦੁੱਖ ਘੜੀ ਵਿਚ ਇਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਤੇ ਉਨ੍ਹਾਂ ਲੋਕਾਂ ਦੀ ਆਰਥਿਕ ਤੌਰ 'ਤੇ ਮਦਦ ਕਰੇ।


-ਸੁਖਦੇਵ ਸਿੱਧੂ ਕੁਸਲਾ, ਤਹਿ: ਸਰਦੂਲਗੜ੍ਹ।


* 1988 ਵਿਚ ਪੰਜਾਬ ਵਿਚ ਹੜ੍ਹ ਆਏ ਸੀ, ਜਿਸ ਦਾ ਮੁੱਖ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਬਿਨਾਂ ਕਿਸੇ ਚਿਤਾਵਨੀ ਦੇ ਇਕੋ ਝਟਕੇ ਪਾਣੀ ਛੱਡ ਦਿੱਤਾ ਗਿਆ ਸੀ। 34 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ। ਸਮੇਂ ਦੇ ਨੇਤਾਵਾਂ ਨੇ ਵਾਅਦੇ ਕੀਤੇ ਕਿ ਦੁਬਾਰਾ ਹੜ੍ਹਾਂ ਨਾਲ ਨੁਕਸਾਨ ਨਹੀਂ ਹੋਣ ਦੇਵਾਂਗੇ। ਹੁਣ 2019 ਵਿਚ ਵੀ ਉਹੀ ਹਾਲ। 31 ਸਾਲਾਂ ਵਿਚ ਸਮੇਂ ਦੀਆਂ ਸਰਕਾਰਾਂ ਕੁਝ ਨਹੀਂ ਕਰ ਸਕੀਆਂ ਜਾਂ ਫਿਰ ਇਹ ਕਹਿ ਲਓ ਕਿ 1988 ਤੋਂ ਬਾਅਦ ਕਿਸੇ ਸਰਕਾਰ ਨੇ ਇਸ ਮੁੱਦੇ ਵੱਲ ਧਿਆਨ ਹੀ ਨਹੀਂ ਦਿੱਤਾ। 31 ਸਾਲਾਂ ਵਿਚ ਜੇਕਰ ਦਰਿਆਵਾਂ ਨਦੀਆਂ ਦੇ ਕਿਨਾਰੇ ਚੰਗੀ ਤਰ੍ਹਾਂ ਪੱਕੇ ਜਾਂ ਮੋਟੇ ਚੌੜੇ ਕੀਤੇ ਹੁੰਦੇ ਤਾਂ ਇਹ ਹਾਲ ਨਾ ਹੁੰਦੇ। ਅੱਜ ਦੇ ਹੜ੍ਹਾਂ ਦੇ ਬਰਬਾਦ ਕੀਤੇ ਲੋਕ ਕਈ ਸਾਲ ਪਿੱਛੇ ਹੋ ਗਏ ਹਨ। ਹੁਣ ਦੁਬਾਰਾ ਤੋਂ ਘਰ-ਬਾਰ ਦਾ ਨਿਰਮਾਣ ਕਰਨਾ ਪਉ। ਮਾਲ ਪਸ਼ੂ ਦੁਬਾਰਾ ਲੈਣਾ ਪਉ। ਪੰਜਾਬ ਦੇ ਦਰਿਆਵਾਂ ਵਿਚ ਹੜ੍ਹ ਆਉਣ ਨਾਲ ਰਾਜਸਥਾਨ, ਦਿੱਲੀ, ਹਰਿਆਣਾ ਨੂੰ ਤਾਂ ਕੋਈ ਅਸਰ ਨਹੀਂ ਹੁੰਦਾ ਪਰ ਗ਼ੈਰ-ਸੰਵਿਧਾਨਕ ਤਰੀਕਿਆਂ ਨਾਲ ਮੁਫ਼ਤ ਪਾਣੀ ਜ਼ਰੂਰ ਲਈ ਜਾਂਦੇ ਹਨ। ਅਜੋਕੇ ਸਮੇਂ ਪੰਜਾਬ ਵਿਚ ਨਾਲੇ ਤੇ ਕੱਸੀਆਂ ਦਾ ਵੀ ਬੁਰਾ ਹਾਲ ਹੈ। ਖੇਤਾਂ ਵਿਚ ਪਾਣੀ ਪਹੁੰਚਾਉਣ ਲਈ ਕੱਸੀਆਂ 50 ਫ਼ੀਸਦੀ ਤੋਂ ਵੱਧ ਲੋਕਾਂ ਨੇ ਆਪਦੇ ਖੇਤਾਂ ਵਿਚ ਹੀ ਵਾਹ ਲਈਆਂ ਹਨ। ਲੋੜ ਹੈ ਸਮੇਂ ਦੀਆਂ ਸਰਕਾਰਾਂ ਲਾਰਿਆਂ ਦੀ ਨੀਤੀ ਛੱਡ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੱਚੇ ਮਨ ਧਨ ਨਾਲ ਮਦਦ ਕਰਨ।


-ਬਲਵੀਰ ਸਿੰਘ ਚੀਮਾ, ਅਕਬਰਪੁਰ (ਸੰਗਰੂਰ)।


* ਪੰਜਾਬ ਵਿਚ ਵੀ ਜ਼ਿਆਦਾ ਬਾਰਿਸ਼ ਹੋਣ ਕਰਕੇ ਹੜ੍ਹਾਂ ਜਿਹੀ ਸਥਿਤੀ ਬਣਦੀ ਜਾ ਰਹੀ ਹੈ ਅਤੇ ਪਿੰਡਾਂ ਦੇ ਪਿੰਡ ਰੁੜ੍ਹਦੇ ਜਾ ਰਹੇ ਹਨ। ਲੋਕ ਆਪਣੀਆ ਜਾਨਾਂ ਬਚਾਉਣ ਦੀ ਖ਼ਾਤਰ ਆਪਣਾ ਮਾਲ, ਡੰਗਰ ਅਤੇ ਕੀਮਤੀ ਸਮਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਲਦ ਤੋਂ ਜਲਦ ਘਰ ਛੱਡ ਕੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾ ਰਹੇ ਹਨ। ਅਤੇ ਘੱਗਰ ਜਾਂ ਦਰਿਆਵਾਂ ਕੰਢੇ ਵਸ ਰਹੇ ਪਿੰਡ ਤਾਂ ਪਹਿਲਾਂ ਵੀ ਆਪਣੀਆਂ ਫ਼ਸਲਾਂ ਆਦਿ ਦਾ ਨੁਕਸਾਨ ਦਾ ਖਮਿਆਜ਼ਾ ਭੁਗਤ ਰਹੇ ਸਨ ਉੱਤੋਂ ਘਰ-ਬਾਰ ਛੱਡਣਾ ਹੋਰ ਵੀ ਮੁਸ਼ਕਿਲਾਂ ਵਿਚ ਪਾ ਦਿੰਦਾ ਹੈ ਜੀ। ਕਿੱਥੇ ਹੈ ਵਿਕਾਸ ਇਹ ਹੜ੍ਹਾਂ ਵਰਗੀ ਸਥਿਤੀ ਸਾਡੀ ਸਰਕਾਰ ਵਲੋਂ ਵਿਕਾਸ ਕਾਰਜਾਂ ਦਾ ਪੋਲ ਖੋਲ੍ਹ ਰਹੀ ਹੈ। ਸਰਕਾਰ ਹੁਣ ਵੀ ਪੁਖਤਾ ਪ੍ਰਬੰਧ ਕਰੇ ਤਾਂ ਕਿ ਪਾਣੀ ਦੇ ਪ੍ਰਕੋਪ ਤੋਂ ਜਾਨੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


* ਪੰਜਾਬ ਦੇ ਅੱਧੇ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ। ਇਕ ਵਾਰੀ ਫਿਰ ਪੰਜਾਬ ਦੇ ਲੋਕਾਂ ਨੂੰ 1988 ਵਰਗੇ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਭਾਰੀ ਬਿਪਤਾ ਵਿਚ 6 ਮੌਤਾਂ ਅਤੇ 1700 ਕਰੋੜ ਦਾ ਮਾਲੀ ਨੁਕਸਾਨ ਪੰਜਾਬ ਨੂੰ ਝੱਲਣਾ ਪਿਆ ਹੈ। ਹੜ੍ਹ ਦਾ ਵੱਡਾ ਕਾਰਨ ਹਿਮਾਚਲ ਵਿਚ 70 ਸਾਲਾਂ ਦਾ ਬਾਰਿਸ਼ ਦਾ ਟੁੱਟਿਆ ਰਿਕਾਰਡ, ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਮਜਬੂਰੀ, ਪਾਣੀ ਦੇ ਕੁਦਰਤੀ ਵਹਿਣ ਨੂੰ ਤਹਿਸ-ਨਹਿਸ ਕਰਨ ਦੀਆਂ ਮਨੁੱਖੀ ਗ਼ਲਤੀਆਂ, ਨਦੀਆਂ ਨਾਲਿਆਂ ਦੀ ਸਫ਼ਾਈ ਲਈ ਕੀਤੀ ਗਈ ਢਿੱਲ ਅਤੇ ਵਾਤਾਵਰਨ ਵਿਗਾੜ ਹੀ ਮੁੱਖ ਕਾਰਨ ਹਨ।
ਮੁਸੀਬਤ ਵਿਚ ਫਸੇ ਲੋਕਾਂ ਦੀ ਫ਼ੌਜ, ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਭਰਪੂਰ ਮਦਦ ਕੀਤੀ ਜਾ ਰਹੀ ਹੈ। ਅਜਿਹੇ ਸਮੇਂ ਆਮ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਹੜ੍ਹਾਂ ਦਾ ਸੇਕ ਝੱਲ ਰਹੇ ਲੋੜਵੰਦ ਪੰਜਾਬੀ ਭਰਾਵਾਂ ਦੀ ਯਥਾਯੋਗ ਮੱਦਦ ਕਰਨ ਲਈ ਅੱਗੇ ਆਉਣ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।


* ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਦਰਿਆਵਾਂ ਵਿਚ ਪਾਣੀ ਬਹੁਤ ਜ਼ਿਆਦਾ ਵਧ ਗਿਆ ਹੈ, ਜਿਸ ਕਾਰਨ ਭਾਖੜਾ ਡੈਮ ਦੇ ਗੇਟ ਵੀ ਖੋਲ੍ਹੇ ਗਏ ਹਨ। ਪੰਜਾਬ ਵਿਚ ਵੀ ਭਾਰੀ ਮੀਹ ਵਰ੍ਹਿਆ ਹੈ, ਜਿਸ ਕਾਰਨ ਸਤਲੁਜ ਦਰਿਆ ਦੇ ਨਾਲ ਲਗਦੇ ਰੂਪਨਗਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ ਆਦਿ ਜ਼ਿਲ੍ਹੇ ਹੜ੍ਹਾਂ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਵੀ ਇਸ ਸਮੇਂ ਪੂਰੀ ਮਦਦ ਕਰ ਰਿਹਾ ਹੈ, ਲੋਕ ਵੀ ਅਜਿਹੀ ਹਾਲਤ ਵਿਚ ਬਣਦਾ ਸਹਿਯੋਗ ਪਾ ਰਹੇ ਹਨ। ਕੁਦਰਤ ਦੀ ਕਰੋਪੀ ਅੱਗੇ ਕਿਸੇ ਦਾ ਜ਼ੋਰ ਨਹੀ ਚਲਦਾ, ਇਸ ਹੜ੍ਹਾਂ ਦੀ ਮਾਰ ਹੇਠ ਜਾਨੀ-ਮਾਲੀ ਕਾਫੀ ਨੁਕਸਾਨ ਹੋਇਆ ਹੈ। ਬਹੁਤ ਸਾਰੀ ਫ਼ਸਲ ਵੀ ਇਸ ਹੜ੍ਹਾਂ ਦੀ ਮਾਰ ਹੇਠ ਆਈ ਹੈ। ਸਰਕਾਰ ਨੂੰ ਹਰ ਇਕ ਚਾਹੇ ਉਹ ਫ਼ਸਲ ਦਾ ਮੁਆਵਜ਼ਾ, ਚਾਹੇ ਕਿਸੇ ਦੇ ਘਰ ਦਾ ਮੁਆਵਜ਼ਾ, ਇਨ੍ਹਾਂ ਨੂੰ ਛੇਤੀ ਤੋਂ ਛੇਤੀ ਰਿਪੋਰਟ ਲੈ ਕੇ ਭੁਗਤਾਨ ਕਰ ਦੇਣਾ ਚਾਹੀਦਾ ਹੈ। ਪੰਜਾਬ ਨੂੰ ਇਸ ਸਥਿਤੀ ਵਿਚੋਂ ਕੱਢਣ ਲਈ ਸਾਡਾ ਸਾਰਿਆਂ ਦੇ ਸਹਿਯੋਗ ਦੇ ਨਾਲ-ਨਾਲ ਸਮੂਹ ਸਮਾਜਿਕ ਸੰਸਥਾਵਾ ਨੂੰ ਵੀ ਵਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ, ਲੁਧਿਆਣਾ।

22-08-2019

 ਰੁੱਖਾਂ ਦੀ ਸਾਂਭ-ਸੰਭਾਲ
ਅਜੋਕੇ ਸਮੇਂ ਹਰ ਪਾਸੇ ਪੌਦੇ ਲਗਾਉਣ ਦੀ ਲਹਿਰ ਚੱਲ ਰਹੀ ਹੈ। ਸਰਕਾਰਾਂ ਅਤੇ ਸਮਾਜ ਇਸ ਸਾਂਝੇ ਕਾਰਜ ਵਿਚ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਵਿਚ 550 ਬੂਟੇ ਲਾਉਣ ਦੀ ਮੁਹਿੰਮ ਵੀ ਚੱਲ ਰਹੀ ਹੈ। ਅਸੀਂ ਕੇਵਲ ਸੋਸ਼ਲ ਮੀਡੀਆ ਜਾਂ ਅਖ਼ਬਾਰਾਂ ਵਿਚ 'ਬੂਟੇ ਲਾਉਣ ਦੀ ਫੋਟੋ' ਦਿਖਾਉਣ ਤੱਕ ਹੀ ਸੀਮਤ ਨਾ ਰਹਿ ਜਾਈਏ। ਪੌਦੇ ਲਗਾਉਣ ਨਾਲੋਂ ਕਿਤੇ ਅਤਿ ਜ਼ਰੂਰੀ ਹੈ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ। ਵਾਤਾਵਰਨ ਪ੍ਰੇਮੀਆਂ ਦੁਆਰਾ ਬਹੁਤ ਸਾਰੇ ਬੂਟੇ ਲਗਾ ਤਾਂ ਦਿੱਤੇ ਜਾਂਦੇ ਹਨ ਪਰ ਬਾਅਦ ਵਿਚ ਆਮ ਲੋਕਾਂ ਦੁਆਰਾ ਇਨ੍ਹਾਂ ਦੀ ਦੇਖਭਾਲ ਨਾ ਹੋਣ ਕਰਕੇ ਅਨੇਕਾਂ ਬੂਟੇ ਨਸ਼ਟ ਹੋ ਜਾਂਦੇ ਹਨ। ਇਨਸਾਨ ਚੁੱਪ-ਚਾਪ ਕੁਦਰਤ ਦੇ ਹੋ ਰਹੇ ਵਿਨਾਸ਼ ਨੂੰ ਤੱਕ ਰਿਹਾ ਹੈ। ਸਰਕਾਰਾਂ ਅਤੇ ਸੰਸਥਾਵਾਂ ਨੂੰ ਬੂਟੇ ਲਗਾਉਣ ਦੇ ਨਾਲ-ਨਾਲ ਲੋਹੇ ਦੇ ਜੰਗਲਿਆਂ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਪੌਦਿਆਂ ਦੀ ਮੁਕੰਮਲ ਦੇਖਭਾਲ ਕੀਤੀ ਜਾਵੇ ਤਾਂ ਹੀ ਪੌਦੇ, ਦਰੱਖ਼ਤ ਬਣਨ ਤੱਕ ਦਾ ਸਫ਼ਰ ਤੈਅ ਕਰ ਸਕਦੇ ਹਨ। ਅਸਲੀ ਹਰਿਆਲੀ ਅਤੇ ਖ਼ੁਸ਼ਹਾਲੀ ਫਿਰ ਹੀ ਸਾਡੇ ਜੀਵਨ ਦਾ ਹਿੱਸਾ ਬਣੇਗੀ।


-ਗੁਰਪ੍ਰੀਤ ਸਿੰਘ ਔਲਖ
ਪਿੰਡ ਦਿਆਲਗੜ੍ਹ, ਬਟਾਲਾ।


ਰੁਝੇਵਿਆਂ ਦੇ ਅਸਰ

ਚੰਗੇ ਵਿਵਹਾਰ ਦੀ ਸ਼ੁਰੂਆਤ ਚੰਗੇ ਵਿਚਾਰਾਂ ਤੋਂ ਹੁੰਦੀ ਹੈ ਅਤੇ ਚੰਗੇ ਵਿਚਾਰਾਂ ਦੀ ਨੀਂਹ ਰੋਜ਼ਾਨਾ ਦੀਆਂ ਆਦਤਾਂ ਤੋਂ ਰੱਖੀ ਜਾਂਦੀ ਹੈ। ਵਿਕਸਿਤ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਅਕਸਰ ਕਾਹਲੀ ਵਿਚ ਦਿਖਾਈ ਦਿੰਦੇ ਹਨ, ਪਰ ਕਾਹਲੀ ਉਨ੍ਹਾਂ ਦੇ ਕੰਮ ਕਾਰ ਵਿਚ ਨਹੀਂ ਉਨ੍ਹਾਂ ਦੇ ਵਿਵਹਾਰ ਵਿਚ ਘਰ ਕਰ ਚੁੱਕੀ ਹੁੰਦੀ ਹੈ। ਰੁਝੇਵੇਂ ਭਰੀ ਜ਼ਿੰਦਗੀ ਅਤੇ ਆਪਸੀ ਪਰਿਵਾਰਿਕ ਤਾਲਮੇਲ ਦੀ ਕਮੀ ਦਾ ਪ੍ਰਭਾਵ ਸਾਡੀ ਨਿੱਜੀ ਜ਼ਿੰਦਗੀ ਹੁੰਦਾ ਹੈ। ਇਨ੍ਹਾਂ ਰੁਝੇਵਿਆਂ ਦਾ ਅਸਰ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਰਹਿਣ-ਸਹਿਣ 'ਤੇ ਪੈਂਦਾ ਹੈ। ਜੋ ਕਿ ਭਵਿੱਖ ਵਿਚ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ। ਅਜਿਹੀਆਂ ਆਦਤਾਂ ਦਾ ਅਸਰ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਹੁੰਦਾ ਹੈ। ਇਸ ਲਈ ਰੋਜ਼ਾਨਾ ਦੀਆਂ ਆਦਤਾਂ ਵਿਚ ਭੋਜਨ ਕਰਨਾ ਲੲਂੀ ਸਹੀਂ ਸਮਾਂ ਹੋਣਾ ਚਾਹੀਦਾ ਹੈ। ਇਹ ਸਮਾਂ ਹਰ ਵਿਅਕਤੀ ਦੀ ਮਾਨਸਿਕ ਅਤੇ ਸਰੀਰਕ ਹਾਲਤ ਲਈ ਬਹੁਤ ਜ਼ਰੂਰੀ ਹੈ, ਜੋ ਕਿ ਆਦਤਾਂ ਤੋਂ ਵਿਚਾਰ ਅਤੇ ਫਿਰ ਵਿਵਹਾਰ ਦਾ ਰੂਪ ਧਾਰਨ ਕਰ ਲੈਂਦਾ ਹੈ।


-ਸੁਖਦੀਪ ਸਿੰਘ ਖੇਲਾ, ਜਗਰਾਉਂ।


ਤਿੰਨ ਤਲਾਕ ਦੀ ਤ੍ਰਾਸਦੀ

ਪਿਛਲੇ ਦਿਨੀਂ ਖ਼ਬਰ 'ਤਿੰਨ ਤਲਾਕ ਤੋਂ ਮਿਲੀ ਰਾਹਤ' ਪੜ੍ਹੀ। ਇਹ ਖ਼ਬਰ ਪੜ੍ਹ ਕੇ ਵਧਿਆ ਲੱਗਾ ਕਿ ਸਾਡੇ ਦੇਸ਼ ਵਿਚ ਸਮਾਜ ਸੁਧਾਰ ਦੇ ਕੰਮ ਹੋ ਰਹੇ ਹਨ। ਇਸ ਦੇ ਨਾਲ ਹੀ ਮੁਸਲਿਮ ਔਰਤਾਂ ਲਈ ਇਹ ਸਭ ਤੋਂ ਖ਼ੁਸ਼ੀਆ ਭਰਿਆ ਦਿਨ ਸੀ ਕਿਉਂਕਿ ਉਨ੍ਹਾਂ ਨੂੰ ਆਖ਼ਰ ਜਿੱਤ ਮਿਲ ਹੀ ਗਈ। ਸਾਡਾ ਮੁਲਕ ਤਰੱਕੀ ਦੀ ਰਾਹ 'ਤੇ ਉਦੋਂ ਹੀ ਤੇਜ਼ੀ ਨਾਲ ਅੱਗੇ ਵੱਧ ਸਕੇਗਾ ਜਦ ਸਿਆਸਤਦਾਨ ਸਚਮੁੱਚ ਦੇਸ਼ ਭਗਤ ਹੋਣਗੇ। ਉਹ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣੇ ਸ਼ੁਰੂ ਕਰ ਦੇਣ ਤਾਂ ਦੇਸ਼ ਦੇ ਬਹੁਤ ਸਾਰੇ ਮਸਲੇ ਆਪਣੇ-ਆਪ ਹੀ ਹੱਲ ਹੋ ਜਾਣਗੇ। ਵਿਰੋਧੀ ਧਿਰ ਨੂੰ ਵੀ ਸੰਜੀਦਾ ਮਸਲਿਆਂ 'ਤੇ ਸਿਆਸਤ ਨਾ ਖੇਡ ਕੇ ਹਾਂ-ਪੱਖੀ ਰੁਖ਼ ਅਪਣਾਉਣਾ ਚਾਹੀਦਾ ਹੈ ਕਿਉਂਕਿ ਮਸਲੇ ਸਭ ਦੇ ਸਾਂਝੇ ਹਨ। ਕੀ ਵਿਰੋਧੀ ਧਿਰ ਨਾਲ ਸਬੰਧਿਤ ਵਿਅਕਤੀਆਂ ਨੂੰ ਤਿੰਨ ਤਲਾਕ ਦੀ ਤ੍ਰਾਸਦੀ ਨਾਲ ਕਦੇ ਦੋ-ਚਾਰ ਨਹੀਂ ਹੋਣਾ ਪਿਆ ਹੋਵੇਗਾ?


-ਸੁਰਿੰਦਰ ਸਿੰਘ ਗੌਗੀ, ਧਨੌਲਾ ਰੋਡ, ਬਰਨਾਲਾ।


ਪਾਣੀ ਦੀ ਘਾਟ
ਹਰੀ ਕ੍ਰਾਂਤੀ ਆਉਣ ਦਾ ਬੜਾ ਰੌਲਾ ਸੀ, ਬੜਾ ਪ੍ਰਚਾਰ ਸੀ। ਕਹਿੰਦੇ ਸਨ ਹਰੀ ਕ੍ਰਾਂਤੀ ਆਏਗੀ ਤੇ ਆਈ ਵੀ। ਫਿਰ ਕਹਿਣ ਲੱਗੇ ਸਫੈਦ ਕ੍ਰਾਂਤੀ ਆਏਗੀ, ਉਹ ਵੀ ਆਈ। ਕਹਿੰਦੇ ਸਨ ਖ਼ੁਸ਼ਹਾਲੀ ਆਏਗੀ, ਅੰਨ ਬਹੁਤ ਹੋਵੇਗਾ ਤੇ ਸਭ ਰੱਜ ਕੇ ਖਾਣਗੇ। ਪਰ ਖ਼ੁਸ਼ਹਾਲੀ ਕੀ ਆਈ, ਆਟਾ ਤੇ ਦਾਲਾਂ ਮਹਿੰਗੀਆਂ ਹੋ ਗਈਆਂ। ਦੁੱਧ ਹੋਰ ਮਹਿੰਗਾ ਤੇ ਮਿਲਾਵਟੀ ਹੋ ਗਿਆ। ਕਿਸਾਨਾਂ ਦਾ ਕਰਜ਼ਾ ਦੁੱਗਣਾ ਹੋ ਗਿਆ। ਆਤਮਘਾਤ ਹੋਣ ਲੱਗ ਪਏ। ਪਾਣੀ ਦਾ ਪੱਧਰ ਘਟ ਗਿਆ ਤੇ ਧਰਤੀ ਬੰਜਰ ਹੋ ਗਈ। ਦੁੱਧ ਤਾਂ ਕੀ ਪਾਣੀ ਲਈ ਵੀ ਲੋਕ ਤਰਸ ਗਏ। ਕਈ ਥਾਈਂ ਰੇਲਾਂ ਰਾਹੀਂ ਪਾਣੀ ਭੇਜਿਆ ਗਿਆ। ਪਾਣੀ ਵੀ ਨਾਪ ਕੇ ਮਿਲਣ ਲੱਗਾ ਪਿਆ। ਆਉਣ ਵਾਲੇ ਸਮੇਂ ਨੂੰ ਜੇ ਨਾ ਸੰਭਾਲਿਆ ਤਾਂ ਸਭ ਕੁਝ ਮੁੱਕ ਜਾਵੇਗਾ। ਪਾਣੀ ਕਿੱਥੋਂ ਤੇ ਕਿੱਥੇ ਭੇਜਿਆ ਜਾਵੇਗਾ?


-ਰੁਪਿੰਦਰ ਕੌਰ ਧਨੋਆ।


ਸਖ਼ਤ ਉਪਰਾਲੇ ਦੀ ਲੋੜ
ਪਿਛਲੇ ਦਿਨੀਂ 'ਅਜੀਤ' ਵਿਚ ਖਾੜੀ ਦੇਸ਼ਾਂ ਵਿਚ ਪੰਜਾਬੀ ਮੁਟਿਆਰਾਂ ਦੇ ਸਰੀਰਕ ਸ਼ੋਸ਼ਣ ਸਬੰਧੀ ਖ਼ਬਰ ਪੜ੍ਹ ਕੇ ਮਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਸਾਡੀਆਂ ਸਰਕਾਰਾਂ ਸਾਡੇ ਦੇਸ਼ ਦੇ ਲੋਕਾਂ ਨੂੰ ਗੁਜਰ-ਬਸਰ ਕਰਨ ਲਈ ਆਪਣੇ ਦੇਸ਼ ਅੰਦਰ ਰੁਜ਼ਗਾਰ ਮੁਹੱਈਆ ਕਿਉਂ ਨਹੀਂ ਕਰਵਾ ਰਹੀਆਂ। ਅਨੇਕਾਂ ਦੁਰਘਟਨਾਵਾਂ ਦੇ ਵਾਪਰ ਜਾਣ 'ਤੇ ਵੀ ਅਸੀਂ ਸੰਜੀਦਾ ਕਿਉਂ ਨਹੀਂ ਹੋ ਰਹੇ। ਬੇਗਾਨੇ ਦੇਸ਼ਾਂ ਵਿਚ ਰੁਲ ਰਹੀ ਜਵਾਨੀ ਨੂੰ ਬਚਾਉਣ ਲਈ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਧਰ 'ਤੇ ਗੰਭੀਰ ਹੋ ਕੇ ਉਪਰਾਲੇ ਕਰਨ ਦੀ ਸਖ਼ਤ ਲੋੜ ਹੈ।


-ਸੀਰਾ ਗਰੇਵਾਲ, ਪਿੰਡ ਰੌਂਤਾ, ਜ਼ਿਲ੍ਹਾ ਮੋਗਾ।


ਪੁਲਿਸ ਵਿਚ ਥਾਣੇਦਾਰਾਂ ਦੀ ਭਰਮਾਰ
ਅਖ਼ਬਾਰ ਵਿਚ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਸਿਪਾਹੀ ਤੋਂ ਬਣੇ ਹਵਾਲਦਾਰ, ਏ.ਐਸ.ਆਈ. ਦੀ ਤਰੱਕੀ ਲੈਂਦੇ ਦਿਖਾਈ ਦੇ ਰਹੇ ਹਨ, ਵਾਕਿਆ ਹੀ ਜੇਕਰ ਇਵੇਂ ਹੀ ਤਰੱਕੀ ਦੇ ਕੇ ਥਾਣੇਦਾਰ ਬਣਾਏ ਜਾਂਦੇ ਰਹੇ ਤਾਂ ਫਿਰ ਸਿਪਾਹੀ ਦੀ ਡਿਊਟੀ ਕੌਣ ਕਰੇਗਾ? ਮੈਂ ਵੀ ਪੁਲਿਸ ਅਫ਼ਸਰ 2003 ਵਿਚ ਸੇਵਾ-ਮੁਕਤ ਹੋਇਆ ਸੀ। ਪਰ ਉਸ ਵਕਤ ਤਰੱਕੀ ਐਵੇਂ ਨਹੀਂ ਸੀ ਮਿਲ ਜਾਂਦੀ, ਕੁਝ ਮਿਹਨਤ ਕਰਨੀ ਪੈਂਦੀ ਸੀ ਤੇ ਸਖ਼ਤ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਸੀ। ਪਰ ਹੁਣ ਜਿਵੇਂ ਕਿਹਾ ਜਾ ਰਿਹਾ ਹੈ ਕਿ 24 ਸਾਲ ਦੀ ਸੇਵਾ ਪੂਰੀ ਹੋਣ 'ਤੇ ਉਸ ਨੂੰ ਹਵਾਲਦਾਰ ਤੋਂ ਏ.ਐਸ.ਆਈ. ਬਣਾ ਦਿੱਤਾ ਜਾਂਦਾ ਹੈ, ਇਹ ਰਵਾਇਤ ਠੀਕ ਨਹੀਂ ਹੈ। ਸੋ, ਮੇਰੀ ਰਾਇ ਹੈ ਕਿ ਇਸ ਪ੍ਰਕਿਰਿਆ ਨਾਲ ਰੈਂਕ ਦੇ ਕੇ ਮਹਿਕਮੇ ਦੀ ਸ਼ਾਨ ਨਾ ਘਟਾਓ। ਜਿਸ ਮੁਲਾਜ਼ਮ ਦਾ ਮਿਹਨਤ ਕਰ ਕੇ ਰੈਂਕ ਵਧਦਾ ਹੈ, ਉਹ ਕਿੰਨਾ ਖ਼ੁਸ਼ ਹੁੰਦਾ ਹੈ। ਸੋ, ਫੋਕੇ ਰੈਂਕ ਦੇਣਾ ਠੀਕ ਨਹੀਂ। ਇਸ ਬਾਰੇ ਅਫ਼ਸਰਸ਼ਾਹੀ ਨੂੰ ਸੋਚਣ ਦੀ ਜ਼ਰੂਰਤ ਹੈ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

21-08-2019

 ਖਾਲੀ ਪਲਾਟਾਂ ਬਾਰੇ
ਸ਼ਹਿਰਾਂ ਵਿਚ ਆਮ ਰਿਵਾਜ ਹੋ ਗਿਆ ਹੈ ਕਿ ਮੁਹੱਲਿਆਂ ਵਿਚ ਜਿਥੇ ਮਕਾਨ ਜਾਂ ਕੋਠੀਆਂ ਬਣ ਗਈਆਂ ਹਨ ਅਤੇ ਉਥੇ ਬਹੁਤੀਆਂ ਗਲੀਆਂ ਵਿਚ ਲੋਕਾਂ ਵਲੋਂ ਪਲਾਟ ਖਰੀਦ ਕੇ ਖਾਲੀ ਛੱਡੇ ਹੋਏ ਹਨ, ਕਈ ਮਾਲਕਾਂ ਨੇ ਤਾਂ ਪਲਾਟਾਂ ਦੀਆਂ ਨੀਹਾਂ ਭਰੀਆਂ ਹੋਈਆਂ ਹਨ ਅਤੇ ਕਈਆਂ ਨੇ ਨਹੀਂ ਭਰੀਆਂ। ਇਥੇ ਮੁਹੱਲਿਆਂ ਵਿਚ ਲੋਕਾਂ ਦੇ ਰਹਿਣ ਵਾਲਿਆਂ ਨੂੰ ਇਹ ਮੁਸ਼ਕਿਲਾਂ ਆ ਰਹੀਆਂ ਹਨ ਕਿ ਇਨ੍ਹਾਂ ਪਲਾਟਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ ਕਿ ਇਥੇ ਭੰਗ, ਗਾਜਰ ਬੂਟੀ ਅਤੇ ਹੋਰ ਘਾਸ ਫੂਸ ਕਾਫੀ ਮਾਤਰਾ ਵਿਚ ਉੱਗਿਆ ਹੁੰਦਾ ਹੈ ਅਤੇ ਕਈ ਪਲਾਟਾਂ ਵਿਚ ਆਮ ਬਰਸਾਤੀ ਪਾਣੀ ਇਕੱਠਾ ਹੋਇਆ ਹੁੰਦਾ ਹੈ ਜੋ ਕਿ ਬਦਬੂ ਮਾਰਦਾ ਹੈ। ਇਸ ਬਾਰੇ ਕਾਰਪੋਰੇਸ਼ਨ ਵਾਲਿਆਂ ਨੂੰ, ਕਮੇਟੀ ਵਾਲਿਆਂ ਨੂੰ ਜਾਂ ਡੀ.ਸੀ. ਸਾਹਿਬਾਨ ਨੂੰ ਇਕ ਸਰਕੂਲਰ ਜਾਰੀ ਕਰਨਾ ਚਾਹੀਦਾ ਹੈ ਕਿ ਇਹ ਖਾਲੀ ਪਲਾਟਾਂ ਦੇ ਮਾਲਕ ਆਪਣੇ-ਆਪਣੇ ਪਲਾਟਾਂ ਦੀਆਂ ਨੀਹਾਂ ਭਰਨ ਜਾਂ ਚਾਰ ਦੀਵਾਰੀ ਕਰਨ ਅਤੇ ਪਲਾਟਾਂ ਵਿਚ ਮਿੱਟੀ ਪਾ ਕੇ ਗਲੀਆਂ ਦੇ ਬਰਾਬਰ ਕਰਨ ਅਤੇ ਇਨ੍ਹਾਂ ਵਿਚੋਂ ਗਾਹੇ-ਬਗਾਹੇ, ਘਾਸ-ਫੂਸ ਦੀ ਸਫ਼ਾਈ ਕਰਨ। ਇਸ ਨਾਲ ਇਕ ਤਾਂ ਮੁਹੱਲਿਆਂ ਦੀ ਸਫ਼ਾਈ ਰਹੇਗੀ ਅਤੇ ਲੋਕਾਂ ਨੂੰ ਮੱਛਰ ਅਤੇ ਦੂਸਰੇ ਜਾਨਵਰਾਂ ਦੇ ਡਰ ਤੋਂ ਨਿਜਾਤ ਮਿਲੇਗੀ।


-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।


ਮਨੁੱਖੀ ਜੀਵਨ ਦੀ ਦੁਸ਼ਮਣ ਇਕੱਲਤਾ
ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ 'ਇਕੱਲਾ ਤਾਂ ਕੋਈ ਰੁਖ਼ ਵੀ ਨਾ ਹੋਵੇ'। ਇਕੱਲਤਾ ਮਨੁੱਖੀ ਜੀਵਨ ਨੂੰ ਨਿਗਲ ਜਾਂਦੀ ਹੈ। ਇਕੱਲਾ ਆਦਮੀ ਕਈ ਭਿਆਨਕ ਸੋਚਾਂ ਵਿਚ ਘਿਰਿਆ ਹੁੰਦਾ ਹੈ। ਜਦੋਂ ਸਾਂਝੇ ਪਰਿਵਾਰ ਸਨ, ਕੋਈ ਪ੍ਰੇਸ਼ਾਨੀ ਨਹੀਂ ਸੀ ਹੁੰਦੀ। ਅੱਜ ਵੱਡੇ-ਵੱਡੇ ਘਰਾਂ ਵਿਚ ਇਕ ਦੋ ਜੀਅ, ਹਰ ਕਮਰੇ ਵਿਚ ਬੈੱਡ, ਘਰ ਨਹੀਂ ਜਿਵੇਂ ਹਸਪਤਾਲ ਹੋਵੇ। ਮੋਬਾਈਲ ਨੇ ਇਕ-ਦੂਜੇ ਤੋਂ ਕੋਹਾਂ ਦੀਆਂ ਦੂਰੀਆਂ ਪਾ ਦਿੱਤੀਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਅਸੀਂ ਇਕੱਲੇ ਰਹਿਣਾ ਸਿੱਖ ਲਿਆ ਹੈ। ਆਪਣਾ ਦੁੱਖ ਕਿਸੇ ਨੂੰ ਦੱਸ ਕੇ ਰਾਜ਼ੀ ਨਹੀਂ, ਆਪਣੀਆਂ ਮੁਸੀਬਤਾਂ ਵਿਚ ਆਪ ਹੀ ਘਿਰੇ ਰਹਿੰਦੇ ਹਾਂ। ਸਿਆਣਿਆਂ ਦੀ ਕਹਾਵਤ ਹੈ, ਦੁੱਖ ਵੰਡਾਇਆਂ ਘਟਦਾ ਹੈ, ਖੁਸ਼ੀ ਵੰਡਾਇਆ ਦੁੱਗਣੀ ਹੁੰਦੀ ਹੈ। ਸਾਰਾ ਪਰਿਵਾਰ ਦਿਨ ਵਿਚ ਦੋ ਵਾਰ ਤਾਂ ਇਕੱਠਾ ਹੋਵੇ, ਸਵੇਰੇ ਤੇ ਸ਼ਾਮ। ਇਕ ਦੂਜੇ ਨਾਲ ਸਮੱਸਿਆਵਾਂ ਸਾਂਝੀਆਂ ਕੀਤੀਆਂ ਜਾਣ, ਉਸ ਸਮੇਂ ਮੋਬਾਈਲਾਂ ਨੂੰ ਬੰਦ ਰੱਖਿਆ ਜਾਵੇ। ਘਰ ਦੇ ਵੱਡੇ ਜੀਆਂ ਨੂੰ ਅਜਿਹੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ। ਆਪਣੇ ਜੀਵਨ 'ਚੋਂ ਇਕੱਲਤਾ ਖ਼ਤਮ ਕਰਾਂਗੇ ਤਾਂ ਖੁਸ਼ਹਾਲ ਜ਼ਿੰਦਗੀ ਜੀਆਂਗੇ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਮਨੁੱਖੀ ਜ਼ਿੰਦਗੀ ਅਤੇ ਰੁੱਖ
ਮਨੁੱਖੀ ਜ਼ਿੰਦਗੀ ਅੰਦਰ ਰੁੱਖ ਖ਼ਾਸ ਮਹੱਤਤਾ ਅਤੇ ਅਹਿਮੀਅਤ ਰੱਖਦੇ ਹਨ। ਜੇ ਰੁੱਖਾਂ ਨੂੰ ਮਨੁੱਖੀ ਜ਼ਿੰਦਗੀ ਦਾ ਆਧਾਰ ਵੀ ਆਖਿਆ ਜਾਏ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਰੁੱਖ ਜਿਥੇ ਸਾਨੂੰ ਜਿਊਣ ਲਈ ਆਕਸੀਜਨ ਅਤੇ ਵਰਤਣ ਲਈ ਲੱਕੜ ਦਿੰਦੇ ਹਨ, ਉਥੇ ਅਨੇਕਾਂ ਪ੍ਰਕਾਰ ਦੇ ਫੁੱਲ ਅਤੇ ਫਲ ਵੀ ਮੁਹੱਈਆ ਕਰਵਾਉਂਦੇ ਹਨ। ਸਿਆਣਿਆਂ ਦਾ ਕਥਨ ਹੈ 'ਇਕ ਰੁੱਖ ਸੌ ਸੁੱਖ'। ਸੋ ਪੰਗੂੜੇ ਤੋਂ ਲੈ ਕੇ ਸੀੜ੍ਹੀ ਤੱਕ ਦਾ ਸਫ਼ਰ ਮਨੁੱਖੀ ਜ਼ਿੰਦਗੀ ਅੰਦਰ ਰੁੱਖਾਂ ਦੀ ਬਦੌਲਤ ਹੀ ਤੈਅ ਹੁੰਦਾ ਹੈ। ਇਸ ਤਰ੍ਹਾਂ ਰੁੱਖ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ ਜਿਨ੍ਹਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਅੰਦਰ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਪਾਲਣੇ ਚਾਹੀਦੇ ਹਨ ਪਰ ਬਦਕਿਸਮਤੀ ਨਾਲ ਅਸੀਂ ਇਸ ਪਾਸੇ ਬਹੁਤਾ ਧਿਆਨ ਨਹੀਂ ਦੇ ਰਹੇ ਅਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰ ਰਹੇ ਹਾਂ। ਸੋ, ਇਸ ਸਬੰਧੀ ਸਾਨੂੰ ਸਰਕਾਰ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਵਿਸ਼ੇਸ਼ ਧਿਆਨ ਦੇ ਕੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਜੋ ਰੁੱਖਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਧਰਤੀ ਅਤੇ ਲੋਕਾਂ ਦੀ ਸਿਹਤ
'ਅਜੀਤ' ਦੇ ਅੰਕ 4 ਅਗਸਤ, 2019 ਦੇ ਸੰਪਾਦਕੀ ਸਫ਼ੇ 'ਤੇ ਪ੍ਰੋਫੈਸਰ ਡਾ: ਗੁਰਿੰਦਰ ਕੌਰ ਦਾ ਲੇਖ ਪੜ੍ਹਿਆ, ਬਹੁਤ ਜਾਣਕਾਰੀ ਭਰਪੂਰ ਸੀ ਅਤੇ ਭਵਿੱਖ ਲਈ ਚਿੰਤਤ ਕਰਨ ਵਾਲਾ ਸੀ ਕਿ ਕਿਵੇਂ ਧਰਤੀ ਦੀ ਸਿਹਤ ਨੂੰ ਅਸੀਂ ਵਿਗਾੜ ਰਹੇ ਹਾਂ। ਧਰਤੀ ਦੀ ਸਿਹਤ ਵਿਗੜਨ ਨਾਲ ਹਰ ਤਰ੍ਹਾਂ ਦੇ ਜੈਵਿਕ ਦੀ ਹੋਂਦ ਨੂੰ ਵੀ ਉਸ ਦੀ ਸਿਹਤ ਲਈ ਖ਼ਤਰਾ ਹੈ। ਮਨੁੱਖੀ ਸਿਹਤ ਤੇ ਖੁਸ਼ਹਾਲੀ ਆਲੇ-ਦੁਆਲੇ ਨਾਲ ਜੁੜੀ ਹੋਈ ਹੈ। ਜੇਕਰ ਸਾਡਾ ਆਲਾ-ਦੁਆਲਾ ਧਰਤੀ, ਹਵਾ, ਪਾਣੀ ਦੂਸ਼ਿਤ ਹੋਣਗੇ ਤਾਂ ਅਸੀਂ ਸਿਹਤਮੰਦ ਕਿਵੇਂ ਹੋਵਾਂਗੇ। ਇਸ ਲਈ ਸਾਨੂੰ ਧਰਤੀ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਹੋਣਗੇ, ਜ਼ਹਿਰੀਲਾ ਪਾਣੀ ਧਰਤੀ ਵਿਚ ਸਿਮਣ ਤੋਂ ਰੋਕਣਾ ਹੋਵੇਗਾ। ਸਾਨੂੰ ਆਪਣੇ ਚੌਗਿਰਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਮੁਸ਼ਕਿਲਾਂ ਵਾਲਾ ਨਾ ਹੋਵੇ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।


ਕਸ਼ਮੀਰ ਦੀਆਂ ਧੀਆਂ
ਜਦੋਂ ਤੋਂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਉਦੋਂ ਤੋਂ ਹੀ ਕਸ਼ਮੀਰ ਦੀਆਂ ਧੀਆਂ ਸਬੰਧੀ ਕੁਝ ਜ਼ਿੰਮੇਵਾਰ ਅਤੇ ਗ਼ੈਰ-ਜ਼ਿੰਮੇਵਾਰ ਲੋਕਾਂ ਵਲੋਂ ਅਸੱਭਿਅਕ ਕਿਸਮ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਮਨੁੱਖ ਦੀ ਘਟੀਆ ਸੋਚ ਜਨਾਜ਼ਾ ਕੱਢਿਆ ਜਾ ਰਿਹਾ ਹੈ। ਇਕ ਸੱਭਿਅਕ ਸਮਾਜ ਲਈ ਇਸ ਤਰ੍ਹਾਂ ਦੀ ਸੋਚ ਹਰਗ਼ਿਜ਼ ਪ੍ਰਵਾਨਯੋਗ ਨਹੀਂ ਹੁੰਦੀ ਅਤੇ ਨਾ ਹੀ ਇਸ ਦੀ ਆਸ ਕੀਤੀ ਜਾ ਸਕਦੀ ਹੈ। ਧੀਆਂ ਤਾਂ ਧੀਆਂ ਹਨ ਭਾਵੇਂ ਕਸ਼ਮੀਰ ਦੀਆਂ ਹੋਣ, ਪੰਜਾਬੀ ਦੀਆਂ ਹੋਣ ਜਾਂ ਕਿਸੇ ਹੋਰ ਮੁਲਕ ਦੀਆਂ ਹੋਣ। ਉਂਜ ਵੀ ਕਸ਼ਮੀਰ ਦੇ ਲੋਕ ਪਹਿਲਾਂ ਹੀ ਅੱਤਵਾਦ ਦੇ ਸੇਕ ਨਾਲ ਝੁਲਸ ਚੁੱਕੇ ਹਨ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਜੇਕਰ ਅਸੀਂ ਕਿਸੇ ਦੇ ਜ਼ਖਮਾਂ ਉੱਪਰ ਮੱਲ੍ਹਮ ਨਹੀਂ ਲਗਾ ਸਕਦੇ ਤਾਂ ਘੱਟੋ-ਘੱਟ ਉਨ੍ਹਾਂ ਉੱਪਰ ਲੂਣ ਵੀ ਛਿੜਕਣ ਦੀ ਕੋਸ਼ਿਸ਼ ਨਾ ਕਰੀਏ।


-ਲੈਕ: ਰਜਿੰਦਰ ਸਿੰਘ 'ਪਹੇੜੀ'
ਅਨੰਦ ਨਗਰ-ਬੀ, ਪਟਿਆਲਾ।

20-08-2019

 ਪੰਜਾਹ ਪਿੱਛੋਂ ਪਰਿਵਰਤਨ
ਬਚਪਨ, ਜਵਾਨੀ, ਬੁਢਾਪਾ, ਇਨ੍ਹਾਂ ਪੜਾਵਾਂ ਵਿਚੋਂ ਜ਼ਿੰਦਗੀ ਗੁਜ਼ਰਦੀ ਹੈ। ਬਚਪਨ ਵੇਲੇ ਤਾਂ ਸਾਨੂੰ ਪਤਾ ਹੀ ਨਹੀਂ ਲਗਦਾ। ਕੀ ਹੋ ਰਿਹਾ ਹੈ, ਕੌਣ ਕਰ ਰਿਹਾ ਹੈ, ਕੀ ਹੋਵੇਗਾ। ਫਿਰ ਜਵਾਨੀ ਆਉਂਦੀ ਹੈ। ਇਸ ਉਮਰੇ ਬੰਦਾ ਕੁਝ ਵੀ ਕਰ ਸਕਦਾ ਹੈ। ਚੰਗਾ-ਮਾੜਾ, ਔਖਾ-ਸੌਖਾ, ਸਖਤ-ਨਰਮ, ਹਰੇਕ ਖੇਤਰ ਵਿਚ ਮਾਣ-ਸਨਮਾਨ ਜਾਂ ਬਦਨਾਮੀ ਖੱਟ ਸਕਦਾ ਹੈ। ਪਰ ਜਦੋਂ ਜਵਾਨੀ ਦੇ ਪਿਛੋਂ ਪੰਜਾਹਵੇਂ ਵਰ੍ਹੇ ਨੂੰ ਪਾਰ ਕਰਦਾ ਹੈ ਤਾਂ ਅਨੇਕਾਂ ਔਕੜਾਂ ਦਿਖਾਈ ਦੇਣ ਲੱਗ ਪੈਂਦੀਆਂ ਹਨ। ਜਿਵੇਂ ਇਥੇ ਆ ਕੇ ਬੱਚੇ ਜਵਾਨ ਹੋ ਜਾਂਦੇ ਹਨ। ਉਨ੍ਹਾਂ ਦੀ ਪੜ੍ਹਾਈ, ਰੁਜ਼ਗਾਰ, ਵਿਆਹ ਦੀ ਚਿੰਤਾ ਲੱਗ ਜਾਂਦੀ ਹੈ। ਸਾਂਝੇ ਘਰਾਂ ਦੀਆਂ ਵੰਡਾਂ ਵੀ ਇਸੇ ਉਮਰੇ ਹੀ ਪੈਂਦੀਆਂ ਹਨ। ਸਿਹਤ ਵੀ ਪੂਰਾ ਸਾਥ ਨਹੀਂ ਦਿੰਦੀ। ਰੱਬ ਨਾਲ ਨਰਾਜ਼ਗੀਆਂ ਵੀ ਇਸੇ ਉਮਰੇ ਪੈਦਾ ਹੁੰਦੀਆਂ ਹਨ। ਸੋ ਪਤਾ ਤਾਂ ਹੈ ਹੀ ਧਿਆਨ ਰੱਖੋ ਕਿ ਇਹ ਵਕਤ ਆਉਣ ਵਾਲਾ ਹੈ ਕਿਉਂ ਨਾ ਅਸੀਂ ਆਪਣੇ-ਆਪ ਨੂੰ ਇਸ ਵਾਸਤੇ ਤਿਆਰ ਰੱਖੀਏ. ਸੋ, ਜਿੰਨਾ ਵੀ ਹੋ ਸਕੇ, ਸੰਜਮ, ਸੰਤੋਖ, ਧੀਰਜ, ਠਰ੍ਹੰਮੇ, ਭਾਣੇ ਨੂੰ ਮੰਨ ਕੇ ਇਸ ਔਖੇ ਵਕਤ (ਪਰਿਵਰਤਨ) ਨੂੰ ਐਵੇਂ ਹੀ ਮਖੌਲ-ਮਖੌਲ ਵਿਚ ਲੰਘਾਉਣਾ ਚਾਹੀਦਾ ਹੈ।

-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ (ਪੰਜਾਬ)।

ਰੁੱਖ ਤੇ ਮਨੁੱਖ
ਰੁੱਖ ਮਨੁੱਖ ਦੇ ਸਾਥੀ ਹਨ। ਬਚਪਨ ਤੋਂ ਲੈ ਕੇ ਅੰਤ ਤੱਕ ਰੁੱਖ ਮਨੁੱਖ ਦੇ ਨਾਲ ਨਿਭਦੇ ਹਨ ਪਰ ਮਨੁੱਖ ਆਪਣੀ ਸਵਾਰਥੀ ਸੋਚ ਕਾਰਨ ਰੁੱਖਾਂ 'ਤੇ ਅੰਨ੍ਹੇਵਾਹ ਹਮਲੇ ਕਰ ਰਿਹਾ ਹੈ। ਵਿਕਾਸ ਦੇ ਨਾਂਅ 'ਤੇ ਰੁੱਖਾਂ ਦੀ ਧੜਾਧੜ ਕਟਾਈ ਹੋ ਰਹੀ ਹੈ। ਪੰਛੀ ਰੈਣ-ਬਸੇਰੇ ਨੂੰ ਤਰਸ ਰਹੇ ਹਨ। ਪਰ ਮਨੁੱਖ ਖਾਨਾਪੂਰਤੀ ਕਰਕੇ ਰੁੱਖ ਲਾਉਣ ਦੀ ਬਜਾਏ ਰੈਡੀਮੇਡ ਆਲ੍ਹਣੇ ਬਣਾ ਕੇ ਬੁੱਤਾ ਸਾਰ ਰਿਹਾ ਹੈ। ਜਦੋਂ ਕਿ ਪੰਛੀਆਂ ਲਈ ਰੁੱਖਾਂ ਦੀ ਲੋੜ ਹੈ। ਕੁਝ ਵਾਤਾਵਰਨ ਪ੍ਰੇਮੀਆਂ ਨੇ ਰੁੱਖਾਂ ਦੀ ਵੱਡੇ ਪੱਧਰ 'ਤੇ ਹੋ ਰਹੀ ਕਟਾਈ ਨੂੰ ਗੰਭੀਰਤਾ ਨਾਲ ਲਿਆ ਹੈ। ਉਹ ਆਪਣੇ ਪੱਧਰ 'ਤੇ ਆਲੇ-ਦੁਆਲੇ ਰੁੱਖਾਂ ਨੂੰ ਲਾ ਕੇ ਸੰਭਾਲ ਕੇ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਹਨ, ਜੋ ਕਿ ਆਉਣ ਵਾਲੀ ਪੀੜ੍ਹੀ ਲਈ ਸ਼ੁਭ ਸੰਕੇਤ ਹੈ। ਹਰ ਮਨੁੱਖ ਨੂੰ ਆਪਣੇ ਪੱਧਰ 'ਤੇ ਰੁੱਖ ਲਾ ਕੇ ਵਾਤਾਵਰਨ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਕਿਉਂਕਿ 'ਜੇ ਹੋਣਗੇ ਰੁੱਖ ਤਾਂ ਹੀ ਬਚੇਗਾ ਮਨੁੱਖ।'

-ਓਮ ਪ੍ਰਕਾਸ਼ ਪੂਨੀਆ
ਗਿੱਦੜਬਾਹਾ।

550ਵਾਂ ਪ੍ਰਕਾਸ਼ ਦਿਹਾੜਾ
ਪਿਛਲੇ ਦਿਨੀਂ ਸੰਪਾਦਕੀ ਲੇਖ 550ਵਾਂ ਪ੍ਰਕਾਸ਼ ਪੁਰਬ ਇਕ ਚੰਗੀ ਸ਼ੁਰੂਆਤ ਪੜ੍ਹਿਆ। ਮਹਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਉਨ੍ਹਾਂ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਹੈ,ਉਸ ਦੇ ਲਈ ਅਸੀਂ ਪਾਕਿਸਤਾਨ ਸਰਕਾਰ ਦੇ ਵੀ ਬਹੁਤ ਧੰਨਵਾਦੀ ਹਾਂ। ਜਿਸ ਨੇ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਸ਼ੁਰੂਆਤ ਕਰਨ ਲਈ ਪੂਰਾ ਸਹਿਯੋਗ ਦਿੱਤਾ। ਇਸ ਤਰ੍ਹਾਂ ਕਰਨ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰਨ ਦੇ ਆਸਾਰ ਬਣ ਸਕਦੇ ਹਨ।

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ।

ਕਿਧਰ ਗਏ ਰੁੱਖ
ਬੀਤੇ ਦਿਨ ਲੋਕਮੰਚ ਪੰਨੇ 'ਤੇ ਜਸਬੀਰ ਦੱਦਾਹੂਰ ਦਾ ਲੇਖ 'ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਕਦਰ ਜ਼ਰੂਰੀ' ਪੜ੍ਹਿਆ, ਬਹੁਤ ਵਧੀਆ ਲੱਗਿਆ। ਉਪਰੰਤ ਮਨ ਖੁਸ਼ ਹੋਇਆ ਕਿ ਵਾਤਾਵਰਨ ਪ੍ਰੇਮੀ ਰੁੱਖਾਂ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਇਸੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਕੋਈ ਵੀ ਅਜਿਹਾ ਦਿਨ ਹੋਵੇਗਾ ਜਿਸ ਦਿਨ ਅਖ਼ਬਾਰ ਵਿਚ ਪੰਜ-ਦਸ ਤਸਵੀਰਾਂ ਬੂਟੇ ਲਗਾਉਂਦੇ ਲੋਕਾਂ ਦੀ ਵੇਖਣ ਨੂੰ ਨਾ ਮਿਲਣ, ਜੇਕਰ ਵਿਚਾਰਿਆ ਜਾਵੇ ਤਾਂ ਕਈ ਸਾਲਾਂ ਤੋ ਲੱਖਾਂ ਸ਼ਖ਼ਸੀਅਤਾਂ ਵਲੋਂ ਪੌਦੇ ਲਗਾਏ ਗਏ ਹਨ ਪ੍ਰੰਤੂ ਧਰਤੀ ਫਿਰ ਹੁੰਡ-ਮਰੁੰਡ ਦਿਖਾਈ ਦੇ ਰਹੀ ਹੈ। ਉਹ ਅਖ਼ਬਾਰਾਂ ਵਿਚ ਲੱਗੇ ਬੂਟੇ ਕਿੱਧਰ ਗਏ।
ਕੁਝ ਦਿਨਾਂ ਬਾਅਦ ਬੂਟਾ ਸੁੱਕ ਕੇ ਖਤਮ ਕਿਉਂਕਿ ਉਸ ਦੀ ਸੰਭਾਲ ਨਹੀਂ ਹੋਈ। ਮਤਲਬ ਬੂਟੇ ਲਗਾ ਕੇ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਸਗੋਂ ਉਸ ਦੀ ਲਗਾਤਾਰ ਸੰਭਾਲ ਕਰਨੀ ਜ਼ਿੰਮੇਵਾਰੀ ਬਣ ਜਾਂਦੀ ਹੈ, ਜਦੋਂ ਤੱਕ ਪੌਦੇ, ਰੁੱਖ ਦਾ ਰੂਪ ਨਾ ਧਾਰ ਲੈਣ।

-ਮਾ: ਦੇਵ ਰਾਜ ਖੁੰਡਾ
ਸ੍ਰੀ ਰਾਮ ਸ਼ਰਨਮ ਕਾਲੋਨੀ, ਗੁਰਦਾਸਪੁਰ।

ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ?
ਇਕ ਅਗਸਤ ਦੇ ਅਖ਼ਬਾਰਾਂ 'ਚ ਖ਼ਬਰ ਛਪੀ ਹੈ ਕਿ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚਲੇ ਪਿੰਡ ਲਖਪਤ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਉਦਾਸੀਆਂ ਦੇ ਗੁਰਦੁਆਰੇ ਵਿਚ ਪਈਆਂ ਹਨ। ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਵਫਦ ਉਹ ਖੜਾਵਾਂ ਲੈਣ ਗੁਜਰਾਤ ਵੱਲ ਰਵਾਨਾ ਹੋ ਗਿਆ ਹੈ, ਕਮੇਟੀ ਨੇ ਵਫਦ ਦੀ ਫੋਟੋ ਛਾਪੀ ਹੈ। 550ਵੇਂ ਪ੍ਰਕਾਸ਼-ਪੁਰਬ ਮੌਕੇ ਸੰਗਤ ਨੂੰ ਇਨ੍ਹਾਂ ਖੜਾਵਾਂ ਦੇ ਦੀਦਾਰ ਨਗਰ ਕੀਰਤਨਾਂ ਵਿਚ ਕਰਾਏ ਜਾਣਗੇ।
ਗੁਰਮਤਿ ਦਾ ਵਿਦਿਆਰਥੀ ਹੋਣ ਸਦਕਾ ਮੈਂ ਸਿੱਖ ਸਾਹਿਤ ਦਾ ਅਧਿਐਨ ਕਰਦਾ ਰਿਹਾ ਹਾਂ। ਭਰੋਸੇਯੋਗ ਕਿਸੇ ਪੁਰਾਤਨ ਲਿਖਤ ਵਿਚ ਹਵਾਲਾ ਨਹੀਂ ਮਿਲਦਾ ਕਿ ਗੁਰੂ ਨਾਨਕ ਦੇਵ ਜੀ ਨੇ ਖੜਾਵਾਂ ਪਹਿਨੀਆਂ ਹੋਣ ਜਾ ਮਾਲਾ ਫੇਰੀ ਹੋਵੇ। ਖੜਾਵਾਂ ਰੋਕ, ਖੜੋਤ, ਠਹਿਰਾਅ ਦਾ ਚਿੰਨ੍ਹ ਹਨ। ਸਾਧੂਆਂ ਸੰਨਿਆਸੀਆਂ ਦੇ ਬੋਲ, ਤੋਰ, ਹਰ ਵਿਹਾਰ ਵਿਚ ਸੰਜਮ ਹੋਣਾ ਲੋੜੀਂਦਾ ਹੈ, ਜਿਸ ਕਾਰਨ ਖੜਾਵਾਂ ਪਹਿਨਣੀਆਂ ਉਚਿਤ ਸਮਝੀਆਂ ਗਈਆਂ। ਗੁਰੂ ਨਾਨਕ ਦੇਵ ਜੀ ਸਮਾਜਿਕ, ਮਾਨਸਿਕ, ਰੂਹਾਨੀ ਖੜੋਤ ਤੋੜਨ ਵਾਸਤੇ ਆਏ ਸਨ। ਉਨ੍ਹਾਂ ਨੇ ਏਸ਼ੀਆ ਦੀ ਯਾਤਰਾ ਕਰਨੀ ਸੀ, ਯਾਤਰਾ ਸਮਾਪਤ ਕੀਤੀ ਤਾਂ ਖੇਤੀ ਕਰਨੀ ਸੀ। ਖੇਤੀ ਕਰਦੇ ਕਿਸੇ ਕਿਸਾਨ ਦੇ ਪੈਰਾਂ ਵਿਚ ਖੜਾਵਾਂ ਪਹਿਨੀਆਂ ਦੇਖੀਆਂ? ਸ਼੍ਰੋਮਣੀ ਕਮੇਟੀ ਤੋਂ ਸਾਰਥਕ ਕੰਮਾਂ ਦੀ ਉਮੀਦ ਸੀ।


-ਡਾ: ਹਰਪਾਲ ਸਿੰਘ ਪੰਨੂ,
ਕੇਂਦਰੀ ਯੂਨੀਵਰਸਿਟੀ, ਬਠਿੰਡਾ।

19-08-2019

 ਖ਼ਤਮ ਹੋ ਰਹੀ ਸਾਕਾਰਾਤਮਕ ਸੋਚ
ਅਜੋਕੇ ਮਨੁੱਖ ਨੇ ਭਾਵੇਂ ਬਹੁਤ ਸਾਰੇ ਖੇਤਰਾਂ ਵਿਚ ਤਰੱਕੀ ਕਰ ਲਈ ਹੈ ਪਰ ਅੱਜ ਵੀ ਸਮਾਜ ਦਾ ਇਕ ਵੱਡਾ ਹਿੱਸਾ 'ਮਾਨਸਿਕਤਾ ਦੀ ਬਿਮਾਰੀ' ਤੋਂ ਪੀੜਤ ਹੈ। ਨਾਗਰਿਕਾਂ ਵਿਚ ਭਾਈਚਾਰਕ ਸਾਂਝ, ਸਹਿਣਸ਼ੀਲਤਾ, ਵਿਸ਼ਵਾਸ, ਸੰਜਮ ਅਤੇ ਅਗਾਂਹਵਧੂ ਸੋਚ ਦਿਨੋ-ਦਿਨ ਘਟ ਰਹੀ ਹੈ। ਰੋਜ਼ਾਨਾ ਹੀ ਅਨੇਕਾਂ ਕਤਲ, ਖੁਦਕੁਸ਼ੀਆਂ, ਚੋਰੀਆਂ ਅਤੇ ਜਬਰ-ਜਨਾਹ ਹੋ ਰਹੇ ਹਨ। ਭਰਾ-ਭਰਾ ਨੂੰ, ਪੁੱਤਰ-ਪਿਤਾ ਨੂੰ, ਪਿਤਾ-ਪੁੱਤਰ ਨੂੰ ਨਿੱਕੀ-ਨਿੱਕੀ ਗੱਲ 'ਤੇ ਮੌਤ ਦੇ ਘਾਟ ਉਤਾਰ ਰਿਹਾ ਹੈ। ਦਰਿੰਦਗੀ ਦੀ ਹੱਦ ਉਦੋਂ ਟੁੱਟ ਜਾਂਦੀ ਹੈ ਜਦੋਂ ਕੋਈ ਦਰਿੰਦਾ ਔਰਤਾਂ ਜਾਂ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ। ਅਜਿਹੀਆਂ ਘਟਨਾਵਾਂ ਕਰਕੇ ਜਿਥੇ ਰੂਹ ਕੰਬ ਉੱਠਦੀ ਹੈ, ਉਥੇ ਸਮਾਜ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।
ਆਖਰ ਕਿਉਂ ਇਹ ਹਨੇਰਗਰਦੀ ਇਸ ਪਵਿੱਤਰ ਧਰਤੀ 'ਤੇ ਆਪਣੇ ਪੈਰ ਪਸਾਰ ਰਹੀ ਹੈ? ਅਸੀਂ ਇਸ ਦਾ ਸਾਰਾ ਜ਼ਿੰਮਾ ਸਰਕਾਰ ਸਿਰ ਨਹੀਂ ਭੰਨ ਸਕਦੇ। ਵਰਤਮਾਨ ਸਮੇਂ ਦੀ ਮੁੱਖ ਲੋੜ ਹੈ ਕਿ ਸਾਡੇ ਅਧਿਆਪਕਾਂ, ਪੜ੍ਹੇ-ਲਿਖੇ ਲੋਕਾਂ, ਬੁੱਧੀਜੀਵੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਲੋਕਾਂ ਵਿਚ ਸਾਕਾਰਾਤਮਿਕ ਸੋਚ ਪੈਦਾ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਵਿਕਾਸ ਦੀ ਰਫਤਾਰ ਵਿਚ ਸਮਾਜਿਕ ਕਦਰਾਂ-ਕੀਮਤਾਂ ਬਹੁਤ ਪਿੱਛੇ ਨਾ ਰਹਿ ਜਾਣ।

-ਗੁਰਪ੍ਰੀਤ ਸਿੰਘ ਔਲਖ,
ਪਿੰਡ ਦਿਆਲਗੜ੍ਹ, ਬਟਾਲਾ।

ਨਸ਼ਿਆਂ ਅਤੇ ਖੁਦਕੁਸ਼ੀਆਂ ਨਾਲ ਮੌਤਾਂ
ਪੰਜਾਬ 'ਚ ਜਿਥੇ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਕਿਸਾਨ ਖੁਦਕੁਸ਼ੀਆਂ ਵਿਚ ਵਾਧਾ ਹੋਇਆ ਹੈ, ਉਥੇ ਹੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਘਰਾਂ ਦੇ ਘਰ ਉੱਜੜ ਰਹੇ ਹਨ। ਹਰੇਕ ਇਨਸਾਨ ਰੋਜ਼ਾਨਾ ਅਖ਼ਬਾਰਾਂ ਵਿਚ ਅਜਿਹੀਆਂ ਖ਼ਬਰਾਂ ਪੜ੍ਹ ਕੇ, ਠੰਢਾ ਹੌਕਾ ਲੈ ਕੇ, ਬੇਵੱਸ ਹੋਇਆ ਚੁੱਪ ਕਰਕੇ ਬੈਠ ਜਾਂਦਾ ਹੈ, ਕਿਉਂਕਿ ਬੇਰੁਜ਼ਗਾਰੀ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਨੌਜਵਾਨ ਹੱਥਾਂ ਵਿਚ ਡਿਗਰੀਆਂ ਫੜ ਕੇ ਵਿਹਲੇ ਫਿਰ ਰਹੇ ਹਨ। ਪੰਜਾਬ ਵਿਚ ਹਰੇਕ ਸਾਲ ਲੱਖਾਂ ਹੀ ਨੌਜਵਾਨ ਕਈ ਹਜ਼ਾਰ ਕਰੋੜ ਖਰਚ ਕਰਕੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ, ਜਿਸ ਨਾਲ ਪੰਜਾਬ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਰਿਹਾ ਹੈ। ਸਰਕਾਰ ਨੂੰ ਜਿਥੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਂਦੇ ਮੁਆਵਜ਼ੇ ਦੀ ਰਕਮ ਨੂੰ ਵੰਡਣ ਦੀਆਂ ਸ਼ਰਤਾਂ ਨੂੰ ਸੌਖਾ ਕਰਨਾ ਚਾਹੀਦਾ ਹੈ, ਉਥੇ ਹੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਠੋਸ ਪ੍ਰਬੰਧ ਕਰਨ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ,
ਸ਼ਾਹਬਾਦੀਆ, ਜਲੰਧਰ।

ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ
ਵਿਦੇਸ਼ਾਂ ਵਿਚ ਵਸਦੇ ਸਾਡੇ ਪੰਜਾਬੀ ਭੈਣ-ਭਰਾਵਾਂ ਦੀਆਂ ਖ਼ਬਰਾਂ ਰੋਜ਼ ਆਉਂਦੀਆਂ ਹਨ ਕਿ ਕੋਈ ਕਤਲ ਹੋ ਗਿਆ ਅਤੇ ਕੋਈ ਕਿਸੇ ਦੁਰਘਟਨਾ ਵਿਚ ਮਾਰਿਆ ਗਿਆ। ਏਨੀਆਂ ਤ੍ਰਾਸਦੀਆਂ ਤੋਂ ਬਾਅਦ ਵੀ ਨੌਜਵਾਨਾਂ ਨੂੰ ਵਿਦੇਸ਼ ਆਪਣੇ ਦੇਸ਼ ਨਾਲੋਂ ਜ਼ਿਆਦਾ ਚੰਗਾ ਲਗਦਾ ਹੈ। ਨੌਜਵਾਨ ਭੁੱਲ ਰਹੇ ਹਨ ਕਿ ਜੇ ਉਹ ਪੰਜਾਬ 'ਚ ਰਹਿਣ ਅਤੇ ਜੇ ਇਥੇ ਹੀ ਮਿਹਨਤ ਕਰਨ ਤਾਂ ਪੰਜਾਬ ਨੂੰ ਉਹ ਪਹਿਲਾਂ ਵਾਲਾ ਪੰਜਾਬ ਬਣਨ ਵਿਚ ਦੇਰੀ ਨਹੀਂ ਲੱਗੇਗੀ। ਵਿਦੇਸ਼ਾਂ ਵੱਲ ਚਾਹੇ ਨੌਜਵਾਨ ਆਪਣੇ ਪੈਰ ਅੱਗੇ ਵਧਾ ਰਹੇ ਹਨ ਪਰ ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ਹੈ। ਵਿਦੇਸ਼ਾਂ ਵਿਚ ਪੰਜਾਬ ਵਰਗੇ ਬੰਦੇ, ਮਾਂ ਵਰਗਾ ਪਿਆਰ, ਬਾਪੂ ਵਰਗੀ ਝਿੜਕ ਤੇ ਇਥੋਂ ਦਾ ਸੁਖ ਵਾਲਾ ਮਾਹੌਲ ਨਹੀਂ ਮਿਲ ਸਕਦਾ।

-ਹਰਿੰਦਰਜੀਤ ਸਿੰਘ ਦਿਲਮੋਹਨ ਗਰਚਾ,
ਆਤਮ ਨਗਰ, ਜਗਰਾਉਂ।

ਨਸ਼ਿਆਂ ਵਿਰੁੱਧ ਹੰਭਲਾ
ਅੱਜਕਲ੍ਹ ਸਮੇਂ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਸਬੰਧੀ ਖ਼ਬਰਾਂ ਆਮ ਹੀ ਅਖ਼ਬਾਰਾਂ 'ਚ ਛਪਦੀਆਂ ਰਹਿੰਦੀਆਂ ਹਨ। ਜਿਥੇ ਸਰਕਾਰਾਂ ਨੂੰ ਨਸ਼ੇ 'ਤੇ ਰੋਕਥਾਮ ਲਈ ਸੰਜੀਦਾ ਕਦਮ ਚੁੱਕਣੇ ਚਾਹੀਦੇ ਹਨ, ਉਥੇ ਹੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਗ਼ਲਤ ਸੰਗਤ ਦਾ ਸ਼ਿਕਾਰ ਨਾ ਹੋਣ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਵਿਚ ਦਿਨ-ਬਦਿਨ ਬਹੁਤ ਵਿਗਾੜ ਆ ਰਿਹਾ ਹੈ।
ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ। ਨਸ਼ਿਆਂ ਦੇ ਆਦੀ ਹੋ ਕੇ ਉਹ ਸਮਾਜ ਤੇ ਦੇਸ਼ 'ਤੇ ਭਾਰ ਬਣਦੇ ਹਨ। ਉਨ੍ਹਾਂ ਦੇ ਨਸ਼ੇੜੀ ਹੋਣ ਕਾਰਨ ਮਾਪੇ ਵੀ ਬਹੁਤ ਦੁਖੀ ਹੁੰਦੇ ਹਨ। ਨਸ਼ੇ ਸਿਹਤ ਲਈ ਬਹੁਤ ਨੁਕਸਾਨਦਾਇਕ ਹਨ। ਨਸ਼ੇ ਕਾਨੂੰਨੀ ਮਸਲੇ ਦੇ ਨਾਲ-ਨਾਲ ਸਮਾਜਿਕ ਮਸਲਾ ਵੀ ਹਨ। ਜਦ ਤੱਕ ਸਮਾਜ ਇਨ੍ਹਾਂ ਨੂੰ ਖ਼ਤਮ ਕਰਨ ਦਾ ਪ੍ਰਣ ਨਹੀਂ ਕਰਦਾ, ਸਰਕਾਰਾਂ ਤੇ ਪੁਲਿਸ ਦੇ ਯਤਨ ਵੀ ਕਾਰਗਰ ਸਿੱਧ ਨਹੀਂ ਹੋ ਸਕਦੇ। ਇਸ ਲਈ ਸਭ ਇਨ੍ਹਾਂ ਵਿਰੁੱਧ ਹੰਭਲਾ ਮਾਰਨ।

-ਸੁਰਿੰਦਰ ਸਿੰਘ ਗੋਗੀ,
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

ਜ਼ਿੰਦਗੀ ਦੀ ਖੁਰਾਕ
ਬੱਬੂ ਤੀਰ ਹੁਰਾਂ ਦੀ 'ਨੇੜਿਓਂ ਤੱਕੀ' ਜ਼ਿੰਦਗੀ ਨੂੰ ਸਹੀ ਤਰ੍ਹਾਂ ਨਾਲ ਜਿਊਣ ਦੀ ਵਿਉਂਤਬੰਦੀ ਵੱਲ ਇਸ਼ਾਰਾ ਕਰਦੀ ਹੈ। ਅੱਜਕਲ੍ਹ ਸਾਡੀ ਜ਼ਿੰਦਗੀ ਵਿਚ ਜ਼ਿੰਦਾਦਿਲੀ ਰਹਿ ਹੀ ਕਿਥੇ ਗਈ ਹੈ? ਨਿੱਕੀ-ਨਿੱਕੀ ਗੱਲ 'ਤੇ ਨੀਵਾਣਾਂ ਵੱਲ ਵਹਿ ਤੁਰਦੇ ਹਾਂ। ਕਦੇ ਸੋਚਿਆ ਹੀ ਨਹੀਂ ਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਸਭ ਕੁਝ ਹੁੰਦਿਆਂ-ਸੁੰਦਿਆਂ ਹੌਕੇ ਲਈ ਜਾਂਦੇ ਹਾਂ। ਪਲਾਂ ਵਿਚ ਕਿਉਂ ਜਾਪਣ ਲੱਗ ਜਾਂਦਾ ਹੈ ਜਿਵੇਂ ਸਦੀਆਂ ਦੇ ਬਿਮਾਰ ਹੋਈਏ। ਗੱਲ ਵਿਚੋਂ ਕੁਝ ਵੀ ਨਹੀਂ ਹੁੰਦੀ। ਔਖਿਆਈਆਂ, ਦੁਸ਼ਵਾਰੀਆਂ ਤਾਂ ਜ਼ਿੰਦਗੀ ਦਾ ਇਕ ਹਿੱਸਾ ਹਨ। ਜਿਹੜਾ ਸ਼ਖ਼ਸ ਕਦੇ ਬਿਮਾਰ ਨਹੀਂ ਹੋਇਆ, ਉਸ ਨੂੰ ਤੰਦਰੁਸਤੀ ਦਾ ਕੀ ਮਜ਼ਾ? ਬੇਵਜ੍ਹਾ ਭੀੜ ਵਿਚ ਗੁਆਚਣਾ ਕਿਥੋਂ ਦੀ ਅਕਲਮੰਦੀ? ਆਪਣੇ-ਆਪ ਨੂੰ ਸਜ਼ਾ ਕਾਹਦੇ ਲਈ? ਜ਼ਿੰਦਗੀ ਜ਼ਹਿਰ ਦੇ ਘੁੱਟ ਭਰਨ ਲਈ ਨਹੀਂ। ਅਕਲਮੰਦੀ ਇਸੇ ਵਿਚ ਹੈ ਕਿ ਤਕਲੀਫ ਜਾਂ ਪ੍ਰੇਸ਼ਾਨੀ ਸਥਾਈ ਨਹੀਂ ਹੁੰਦੀ, ਹੱਸ ਕੇ ਇਨ੍ਹਾਂ ਦਾ ਮੁਕਾਬਲਾ ਕਰੋ। ਅਣਸੁਲਝੇ ਸਵਾਲ ਸਮਾਂ ਪਾ ਕੇ ਆਪੇ ਹੱਲ ਹੋ ਜਾਂਦੇ ਹਨ, ਬਹੁਤਾ ਫਿਕਰ ਵੀ ਸਰੀਰ ਲਈ ਘੁਣ ਵਾਂਗ ਹੁੰਦਾ ਹੈ।
ਪਿਆਰ ਨਾਲ ਬੋਲੇ ਲਫ਼ਜ਼ ਆਪਣੇ ਲਈ ਅਤੇ ਅਗਲੇ ਲਈ ਵਰਦਾਨ ਸਾਬਤ ਹੋ ਜਾਂਦੇ ਹਨ। ਵਕਤ ਕਦੇ ਮਾੜਾ ਨਹੀਂ ਹੁੰਦਾ। ਗੱਲ ਸਾਡੇ ਮਹਿਸੂਸ ਕਰਨ ਜਾਂ ਸਮਝਣ ਦੀ ਹੁੰਦੀ ਹੈ। ਕਾਲੀ-ਬੋਲੀ ਰਾਤ ਪਿੱਛੋਂ ਸੁਨਹਿਰੀ ਸੂਰਜ ਨੇ ਉਗਮਣਾ ਹੀ ਹੁੰਦਾ ਹੈ, ਦੁੱਖ ਤੋਂ ਸੁਖ ਆ ਜਾਣ ਵਾਂਗ। ਇਸੇ ਲਈ ਤੀਰ ਹੁਰਾਂ ਕਿਹਾ ਹੈ ਕਿ ਜ਼ਿੰਦਾਦਿਲੀ ਦਾ ਨਾਂਅ ਹੈ ਜ਼ਿੰਦਗੀ। ਇਹ ਲਫ਼ਜ਼ ਹੀ ਨਹੀਂ, ਮਾਣਕ-ਮੋਤੀ ਹਨ ਜ਼ਿੰਦਗੀ ਲਈ।

-ਜਗਤਾਰ ਗਿੱਲ,
ਬੱਲ ਸਚੰਦਰ, ਅੰਮ੍ਰਿਤਸਰ।

ਬੱਚਿਆਂ ਦੇ ਸਿਰ ਦੀ ਛੱਤਰੀ ਹੈ ਬਾਪ
ਇਹ ਗੱਲ ਬਿਲਕੁਲ ਸੱਚ ਹੈ ਕਿ ਬੱਚਿਆਂ ਦੇ ਸਿਰ ਦੀ ਛਤਰੀ ਇਕ ਬਾਪ ਹੈ, ਕਿਉਂਕਿ ਜਿਸ ਬੱਚੇ ਦੇ ਸਿਰ ਉੱਤੋਂ ਬਾਪ ਦਾ ਸਾਇਆ ਉੱਠ ਜਾਂਦਾ ਹੈ ਜਾਂ ਜਿਸ ਬੱਚੇ ਦਾ ਬਾਪ ਬੱਚੇ ਨੂੰ ਛੋਟੀ ਉਮਰੇ ਹੀ ਛੱਡ ਕੇ ਚਲਾ ਜਾਂਦਾ ਹੈ, ਉਸ ਬੱਚੇ ਲਈ ਸਾਰੀ ਉਮਰ ਮੁਸ਼ਕਿਲ ਭਰੀ ਹੋ ਜਾਂਦੀ ਹੈ, ਕਿਉਂਕਿ ਇਕ ਬਾਪ ਬੱਚਿਆਂ ਅਤੇ ਪਰਿਵਾਰ ਲਈ ਤਲਵਾਰ ਦੀ ਧਾਰ ਹੁੰਦੀ ਹੈ। ਜਿਸ ਬੱਚੇ ਅਤੇ ਪਰਿਵਾਰ 'ਤੇ ਜੋ ਮੁਸ਼ਕਿਲ ਪੈਂਦੀ ਹੈ, ਉਹ ਸਿਰਫ ਉਨ੍ਹਾਂ ਨੂੰ ਹੀ ਪਤਾ ਹੁੰਦਾ ਹੈ, ਬਾਕੀ ਸਭ ਰਿਸ਼ਤੇਦਾਰ ਤਾਂ ਸੁਖ ਦੇ ਹੀ ਸਾਥੀ ਹੁੰਦੇ ਹਨ, ਦੁੱਖ ਦੀ ਘੜੀ ਦੇ ਸਮੇਂ ਕੋਈ ਵੀ ਰਿਸ਼ਤੇਦਾਰ ਸਾਥੀ ਨਹੀਂ ਹੁੰਦਾ। ਕੋਈ ਪਰਮਾਤਮਾ ਦਾ ਦੁਨੀਆ ਉੱਤੇ ਭੇਜਿਆ ਹੋਇਆ ਹੀ ਫਰਿਸ਼ਤਾ ਹੋਵੇਗਾ, ਜੋ ਕਿਸੇ ਬੱਚਿਆਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰੇਗਾ ਜਾਂ ਪਰਿਵਾਰ ਦੀ ਮਦਦ ਕਰੇਗਾ। ਜੋ ਕਿਸੇ ਬੱਚਿਆਂ ਅਤੇ ਪਰਿਵਾਰ 'ਤੇ ਦੁੱਖ ਬੀਤਦਾ ਹੈ, ਉਹ ਸਿਰਫ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਹੀ ਪਤਾ ਹੁੰਦਾ ਹੈ। ਕਹਿੰਦੇ ਹਨ ਮਾਂ-ਬਾਪ ਬਿਨਾਂ ਤਾਂ ਕਾਂ ਵੀ ਰੋਟੀ ਹੱਥੋਂ ਖੋਹ ਲੈਂਦਾ ਹੈ ਤਾਂ ਕਿਸੇ ਰਿਸ਼ਤੇਦਾਰ ਨੇ ਕੀ ਪੁੱਛਣਾ? ਸਿਆਣੇ ਕਹਿੰਦੇ ਹਨ ਕਿ ਗਰੀਬੀ ਤਾਂ ਕੱਟੀ ਜਾਵੇਗੀ ਪਰ ਬੱਚਿਆਂ ਅਤੇ ਪਰਿਵਾਰ 'ਤੇ ਪਿਆ ਅਜਿਹਾ ਦੁੱਖ ਕੱਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

-ਵਿਵੇਕ ਗਰਗ (ਸ਼ੰਟੀ),
ਮੰਡੀ ਮੁੱਲਾਂਪੁਰ।

ਵਿਆਹਾਂ ਵਿਚ ਅਸ਼ਲੀਲ ਗੀਤਾਂ ਤੇ ਹਥਿਆਰ 'ਤੇ ਰੋਕ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਛਪੀ ਖ਼ਬਰ ਪੜ੍ਹ ਕੇ ਬਹੁਤ ਵਧੀਆ ਲੱਗਾ ਕਿ ਹਾਈ ਕੋਰਟ ਨੇ ਪੰਜਾਬ ਵਿਚ ਵਜਦੇ ਅਸ਼ਲੀਲ, ਸ਼ਰਾਬ ਤੇ ਹਥਿਆਰਾਂ ਤੋਂ ਇਲਾਵਾ ਹੁੱਲੜਬਾਜ਼ੀ ਤੇ ਹਿੰਸਾ ਨੂੰ ਉਤਸ਼ਾਹ ਦੇਣ ਵਾਲੇ ਗੀਤਾਂ ਦੇ ਖੁੱਲ੍ਹੇ ਵਿਚ ਚੱਲਣ 'ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਗੀਤਾਂ ਨਾਲ ਜਿਥੇ ਪੰਜਾਬੀ ਸੱਭਿਆਚਾਰ ਨੂੰ ਠੀਸ ਪਹੁੰਚਦੀ ਹੈ, ਉਥੇ ਪੰਜਾਬ ਵਿਚ ਗੈਂਗ ਕਲਚਰ ਉੱਭਰਦਾ ਹੈ, ਜੋ ਸਾਡੀ ਹੁਣ ਵਾਲੀ ਪੀੜ੍ਹੀ ਨੂੰ ਤਾਂ ਨੁਕਸਾਨ ਕਰਦਾ ਹੀ ਹੈ, ਨਾਲ ਹੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਘਾਤਕ ਬਿਮਾਰੀ ਸਾਬਤ ਹੋ ਸਕਦਾ ਹੈ। ਹਾਈ ਕੋਰਟ ਦੁਆਰਾ ਲਗਾਈ ਇਹ ਰੋਕ ਇਕ ਸ਼ਲਾਘਾਯੋਗ ਕਦਮ ਹੈ।

-ਸੁਖਦੀਪ ਸਿੰਘ ਗਿੱਲ

14-08-2019

 ਚੰਦਰਮਾ 'ਤੇ ਚੜ੍ਹਾਈ
ਭਾਵੇਂ ਅੱਜ ਭਾਰਤ ਦੀ ਚੰਦਰਮਾ ਤੱਕ ਚੜ੍ਹਾਈ ਹੋ ਗਈ ਹੈ ਅਤੇ ਜਿਥੇ ਪੂਰਾ ਦੇਸ਼ ਵਧਾਈ ਦਾ ਪਾਤਰ ਹੈ, ਉਥੇ ਹੀ ਦੇਸ਼ ਦੀ ਅਸਲ ਤਸਵੀਰ ਕੁਝ ਹੋਰ ਹੀ ਹੈ। ਆਜ਼ਾਦੀ ਤੋਂ ਬਾਅਦ ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਗ਼ਰੀਬੀ ਤੇ ਭੁੱਖਮਰੀ ਦਾ ਅਜੇ ਵੀ ਖ਼ਾਤਮਾ ਨਹੀਂ ਹੋਇਆ। ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਵਿਚ ਬਣੀਆਂ ਝੁੱਗੀਆਂ-ਝੌਂਪੜੀਆਂ, ਸੜਕਾਂ 'ਤੇ ਭੀਖ ਮੰਗਦਾ ਬਚਪਨ, ਕੂੜੇ ਦੇ ਢੇਰਾਂ 'ਤੇ ਆਪਣੇ ਭਵਿੱਖ ਤਲਾਸ਼ਦੇ ਬੱਚੇ, ਸਮਾਜ ਦੇ ਮੱਥੇ 'ਤੇ ਕਲੰਕ ਹਨ। ਜਿਸ ਉਮਰ 'ਚ ਬੱਚਿਆਂ ਦੇ ਹੱਥ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਸ ਉਮਰੇ ਛੋਟੇ-ਛੋਟੇ ਬੱਚੇ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਆਪਣੀ ਪੜ੍ਹਾਈ ਨੂੰ ਬਾਲ ਮਜ਼ਦੂਰੀ ਦੀ ਭੱਠੀ ਵਿਚ ਝੌਂਕਣ ਲਈ ਮਜਬੂਰ ਹਨ। ਢਾਬਿਆਂ ਤੇ ਕਾਰਖਾਨਿਆਂ ਅਤੇ ਹੋਰ ਅਨੇਕਾਂ ਕੰਮ ਕਰਨ ਵਾਲੀ ਥਾਵਾਂ 'ਤੇ ਆਪਣੀਆਂ ਰੀਝਾਂ-ਚਾਵਾਂ ਨੂੰ ਦੱਬੀ ਸਮਾਜ ਦੇ ਸਾਹਮਣੇ ਬੇਵੱਸ ਹਨ। ਪੰਜਾਬ ਵਰਗੇ ਖੁਸ਼ਹਾਲ ਸਮਝੇ ਜਾਂਦੇ ਸੂਬੇ ਵਿਚ ਵੀ ਜੇਕਰ ਅਜਿਹਾ ਕੁਝ ਵਾਪਰ ਰਿਹਾ ਹੈ ਤਾਂ ਦੇਸ਼ ਦੇ ਬਾਕੀ ਹਿੱਸਿਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ? ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ। ਲੋੜ ਹੈ ਅਸਮਾਨੀ ਤਰੱਕੀ ਦੇ ਨਾਲ-ਨਾਲ ਜ਼ਮੀਨੀ ਤਰੱਕੀ ਵੱਲ ਵੀ ਝਾਤੀ ਮਾਰਨ ਦੀ।


-ਅਮਰੀਕ ਸਿੰਘ ਚੀਮਾ, ਜਲੰਧਰ।


ਆਵਾਰਾ ਪਸ਼ੂਆਂ ਲਈ ਸੜਕਾਂ
ਸਾਡੇ ਦੇਸ਼ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਪਿੰਡਾਂ ਤੇ ਸ਼ਹਿਰਾਂ ਜਿਥੇ ਵੀ ਜਾਈਏ, ਉਥੇ ਹੀ ਸੜਕਾਂ ਘੇਰੀ ਖੜ੍ਹੇ ਹੁੰਦੇ ਹਨ। ਕਈ ਵਾਰ ਤਾਂ ਸੜਕਾਂ ਤੇ ਆਰਾਮ ਫਰਮਾ ਰਹੇ ਨਜ਼ਰ ਆਉਂਦੇ ਹਨ। ਸਵੇਰੇ-ਸ਼ਾਮ ਦਿਨ ਵਿਚ ਕਿਸੇ ਵੀ ਵੇਲੇ ਵਾਹਨਾਂ ਦੇ ਮੂਹਰੇ ਆ ਜਾਂਦੇ ਹਨ। ਸੜਕੀ ਦੁਰਘਟਨਾਵਾਂ ਵੀ ਵਜ੍ਹਾ ਹੁਣ ਇਹ ਬਣ ਰਹੇ ਹਨ। ਜਿਥੇ ਨਵੇਂ ਮੋਟਰ ਵਹੀਕਲ ਸੋਧ ਬਿੱਲ ਤਹਿਤ ਦੁਰਘਟਨਾਵਾਂ ਰੋਕਣ ਲਈ ਕਾਨੂੰਨ ਸਖ਼ਤ ਕੀਤੇ ਹਨ, ਉਥੇ ਸਰਕਾਰ ਨੂੰ ਆਵਾਰਾ ਪਸ਼ੂਆਂ ਤੇ ਸੜਕਾਂ 'ਤੇ ਪਏ ਖੱਡਿਆਂ ਦਾ ਵੀ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਕਾਰਨਾਂ ਕਰਕੇ ਬੇਕਸੂਰ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਸਕੇ।


-ਸੁਖਦੀਪ ਸਿੰਘ ਗਿੱਲ


ਪੜ੍ਹਾਈ 'ਚ ਘਟਦਾ ਧਿਆਨ
ਬੱਚੇ ਕੋਰੀ ਸਲੇਟ ਹੁੰਦੇ ਹਨ। ਉਸ ਉੱਪਰ ਜੋ ਮਰਜ਼ੀ ਉੱਕਰੋ। ਉਹ ਮੁੱਢਲੇ ਸਮੇਂ ਤੋਂ ਹੀ ਉੱਕਰਨਾ ਸ਼ੁਰੂ ਹੁੰਦਾ ਹੈ। ਘਰ ਬੱਚੇ ਦਾ ਮੁੱਢਲਾ ਸਕੂਲ ਹੁੰਦਾ ਹੈ ਤੇ ਸਕੂਲ ਦੂਜਾ। ਮਾਪੇ ਉਸ ਦੇ ਮੁੱਢਲੇ ਅਧਿਆਪਕ ਵੀ ਹੁੰਦੇ ਹਨ। ਘਰ ਦਾ ਘਰੇਲੂ ਮਾਹੌਲ ਬੱਚੇ ਨੂੰ ਬਹੁਤ ਕੁਝ ਸਿਖਾਉਂਦਾ ਹੈ। ਮੈਂ ਅਧਿਆਪਕ ਹੋਣ ਨਾਤੇ ਕੁਝ ਨੁਕਤੇ ਸਾਂਝੇ ਕਰ ਰਿਹਾ ਹਾਂ। ਬੱਚੇ ਦੇ ਘਰ ਮਾਪਿਆਂ ਦਾ ਹੁੰਦਾ ਘਰੇਲੂ ਝਗੜਾ ਉਸ ਦੀ ਪੜ੍ਹਾਈ ਨੂੰ ਪ੍ਰਭਾਵਿਤ ਕਰਦਾ ਹੈ। ਘਰ ਦੀ ਗ਼ਰੀਬੀ ਕਾਰਨ ਬੱਚੇ ਲੋੜੀਂਦੀ ਸਟੇਸ਼ਨਰੀ ਨਹੀਂ ਖਰੀਦਦੇ ਜਿਸ ਕਾਰਨ ਉਨ੍ਹਾਂ ਨੂੰ ਅਧਿਆਪਕਾਂ ਦੀ ਨਾਰਾਜ਼ਗੀ ਝੱਲਣੀ ਪੈਂਦੀ ਹੈ। ਮੋਬਾਈਲ ਫੋਨ ਸਸਤੇ ਹੋਣ ਕਾਰਨ ਅੱਜਕਲ੍ਹ ਲਗਪਗ ਹਰ ਘਰ 'ਚ ਸਮਾਰਟ ਫੋਨ ਜ਼ਰੂਰ ਹਨ, ਜਿਸ ਉੱਪਰ ਬੱਚੇ ਗੇਮਾਂ ਖੇਡ ਕੇ ਆਪਣਾ ਸਮਾਂ ਤੇ ਨਿਗਾਹ ਬਰਬਾਦ ਕਰਦੇ ਹਨ। ਸਾਡਾ ਸਮਾਜ ਵੀ ਕਈ ਵਾਰ ਬੱਚੇ ਸਾਹਵੇਂ ਪੜ੍ਹਾਈ ਦੇ ਸਬੰਧ 'ਚ ਨਾਂਹ-ਪੱਖੀ ਸੋਚ ਨੂੰ ਹੀ ਵਿਕਸਤ ਕਰਦਾ ਹੈ। ਅਧਿਆਪਕਾਂ ਦੀ ਝਿੜਕ ਅਤੇ ਡਰ ਵੀ ਬੱਚੇ ਨੂੰ ਕਈ ਵਾਰ ਪੜ੍ਹਾਈ ਵੱਲ ਵਧਣ ਤੋਂ ਰੋਕਦੀ ਹੈ। ਸੋ ਮਾਪਿਆਂ ਅਤੇ ਅਧਿਆਪਕਾਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਤਾਂ ਜੋ ਬਾਲ ਮਨਾਂ ਉੱਤੇ ਕੋਈ ਨਾਂਹ-ਪੱਖੀ ਪ੍ਰਭਾਵ ਨਾ ਪਵੇ।


-ਹੀਰਾ ਸਿੰਘ ਤੂਤ।


ਵਾਤਾਵਰਨ ਚੇਤਨਾ
ਅੱਜ ਦੇ ਦੌਰ ਵਿਚ ਵਾਤਾਵਰਨ ਦੀ ਸ਼ੁੱਧਤਾ ਬਹੁਤ ਜ਼ਰੂਰੀ ਹੋ ਗਈ ਹੈ। ਅਸੀਂ ਜਦੋਂ ਆਪਣੇ ਆਲੇ-ਦੁਆਲੇ ਝਾਤੀ ਮਾਰਦੇ ਹਾਂ ਤਾਂ ਸਿਵਾਏ ਪਲਾਸਟਿਕ ਕਚਰੇ ਤੋਂ ਕੁਝ ਵੀ ਵਿਖਾਈ ਨਹੀਂ ਦਿੰਦਾ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਸਿੱਧ ਹੋ ਰਿਹਾ ਹੈ। ਫ਼ਸਲਾਂ ਬੂਟਿਆਂ ਨੂੰ ਵੀ ਇਹ ਕਚਰਾ ਨੁਕਸਾਨ ਪਹੁੰਚਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੀ ਸਰਕਾਰ ਨੇ ਵੀ ਰੁੱਖ ਬੂਟੇ ਲਾ ਕੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਲਈ ਜੋ ਯਤਨ ਆਰੰਭੇ ਹਨ, ਸਵਾਗਤਯੋਗ ਹਨ। ਬੂਟੇ ਲਾਈਏ ਵੀ ਤੇ ਬਚਾਈਏ ਵੀ। ਘਰਾਂ ਦੇ ਵਿਹੜਿਆਂ ਨੂੰ ਕੀਮਤੀ ਪੱਥਰਾਂ ਤੋਂ ਬਚਾ ਕੇ ਕੁਝ ਹਿੱਸੇ ਵਿਚ ਫੁੱਲ, ਬੂਟੇ, ਘਾਹ ਆਦਿ ਲਾ ਕੇ ਜੀਵਨ ਨੂੰ ਤੰਦਰੁਸਤ ਬਣਾਈਏ। ਆਪਣੇ ਆਲੇ-ਦੁਆਲੇ ਜਿਥੇ ਖਾਲੀ ਥਾਂ ਦਿਸੇ ਦਰੱਖਤ, ਬੂਟੇ ਲਾ ਕੇ ਧਰਤੀ ਦੀ ਸੁੱਖ ਮੰਗੀਏ। ਪ੍ਰਦੂਸ਼ਣ ਤਾਂ ਹੀ ਘਟੇਗਾ ਜੇ ਆਲਾ-ਦੁਆਲਾ ਹਰਿਆਲੀ ਭਰਪੂਰ ਹੋਵੇਗਾ। ਇਕ-ਦੂਜੇ 'ਤੇ ਅਹਿਸਾਨ ਨਾ ਕਰੀਏ। ਕਿਸੇ ਦਾ ਲਾਇਆ ਬੂਟਾ ਪਾਲੀਏ, ਜਦੋਂ ਉਹ ਬੂਟਾ ਵਧੇਗਾ ਫੁੱਲੇਗਾ, ਤੁਹਾਨੂੰ ਅਥਾਹ ਖੁਸ਼ੀ ਹੋਵੇਗੀ। ਹਰਿਆ-ਭਰਿਆ ਵਾਤਾਵਰਨ ਕੁਦਰਤ ਨੂੰ ਸੁਹੱਪਣ ਬਖਸ਼ਦਾ ਹੈ, ਇਹੋ ਮਨੁੱਖੀ ਸਿਹਤ ਅਤੇ ਧਰਤੀ ਦੀ ਸਿਹਤ ਲਈ ਵਰਦਾਨ ਹੈ। ਆਓ! ਸਾਰੇ ਰਲ ਕੇ ਇਸ ਨੇਕ ਕਾਰਜ ਦਾ ਹਿੱਸਾ ਬਣੀਏ। ਵਾਤਾਵਰਨ ਮਾਹਿਰਾਂ ਦੀਆਂ ਚਿਤਾਵਨੀਆਂ ਵੱਲ ਧਿਆਨ ਦੇਈਏ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

13-08-2019

 ਆਵਾਰਾ ਜਾਨਵਰਾਂ ਦਾ ਹੱਲ
ਕਿੱਥੇ ਗਈਆਂ ਮੌਜਾਂ ਪਸ਼ੂਆਂ, ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਲਈ ਠੰਡਾ ਪਾਣੀ ਪੀਣ, ਠੰਡੇ ਸਾਹ ਲੈਣ, ਨਹਾਉਣ ਅਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣ ਦੀਆਂ। ਮੌਤ ਦੇ ਖੂਹ ਬਣ ਗਏ, ਨਹਿਰਾਂ ਪੱਕੀਆਂ ਅਤੇ ਡੂੰਘੀਆਂ ਜੋ ਕਿ ਮਿੱਟੀ ਖੁਰਨ ਦੇ ਬਚਾਅ ਲਈ ਬਣਾਈਆਂ ਜਾ ਰਹੀਆਂ ਹਨ। ਜੇਕਰ ਇਕ-ਦੋ ਕਿੱਲੋਮੀਟਰ 'ਤੇ ਪੱਕੀਆਂ ਨਹਿਰਾਂ 'ਤੇ ਘਾਟ ਬਣਾ ਦਿੱਤੇ ਜਾਣ ਜਿਸ ਨਾਲ ਸਭ ਦੀ ਜਾਨ ਦਾ ਬਚਾਅ ਹੋ ਜਾਵੇ ਅਤੇ ਪ੍ਰਕਿਰਤੀ 'ਤੇ ਜ਼ੁਲਮ ਨਾ ਹੋਵੇ। ਪਸ਼ੂ, ਪੰਛੀ ਤੇ ਇਨਸਾਨ ਪਾਣੀ ਤੋਂ ਬਾਹਰ ਆ ਜਾਣ। ਕੁਝ ਘਾਟਾਂ 'ਤੇ ਪਿਕਨਿਕ ਪਾਰਕ ਆਮਦਨ ਦਾ ਸਾਧਨ ਵੀ ਬਣ ਸਕਦੇ ਹਨ। ਚੰਗਾ ਹੋਵੇਗਾ ਜੇਕਰ ਹਰ ਪਿੰਡ ਵਿਚ ਪਿੰਡ ਪੱਧਰ 'ਤੇ ਪਸ਼ੂ ਸੁਰੱਖਿਆ ਕੇਂਦਰ ਜਾਂ ਗਊਸ਼ਾਲਾ ਬਣਾਏ ਜਾਣ ਤੇ ਪੰਚਾਇਤ ਕੋਲ ਇਨ੍ਹਾਂ ਦਾ ਪ੍ਰਬੰਧ ਹੋਵੇ ਅਤੇ ਇਕ ਡਾਕਟਰ ਵੀ ਹੋਵੇ, ਜਿਸ ਨਾਲ ਫ਼ਸਲਾਂ ਦੀ ਬਰਬਾਦੀ ਰੁਕੇ ਅਤੇ ਪਸ਼ੂ ਜਾਨਵਰ ਵੀ ਸੁੱਖ ਦਾ ਸਾਹ ਲੈਣ। ਇਹ ਪ੍ਰਬੰਧ ਜੰਗਲਾਤ ਵਿਭਾਗ ਨੂੰ ਵੀ ਦਿੱਤਾ ਜਾ ਸਕਦਾ ਹੈ। ਅੱਗੇ ਜਦੋਂ ਪਸ਼ੂ ਦੁੱਧ ਦੇਣੋਂ ਹੱਟ ਜਾਂਦਾ ਸੀ ਤਾਂ ਮਾਲਕ ਕਾਮਿਆਂ-ਕ੍ਰਿਤੀਆਂ ਨੂੰ ਪਸ਼ੂ ਅਧਿਆਰੇ ਜਾਂ ਪੰਜ ਦੁਅੰਜੀ 'ਤੇ ਦੇ ਦਿੰਦੇ ਸਨ। ਜਦੋਂ ਫਿਰ ਪਸ਼ੂ ਦੁੱਧ ਦੇਣ ਵਾਲਾ ਹੋ ਜਾਂਦਾ ਸੀ ਤਾਂ ਮਾਲਕ ਉਸ ਨੂੰ ਪੈਸੇ ਦੇ ਕੇ ਵਾਪਸ ਲੈ ਲੈਂਦਾ ਸੀ। ਅਜਿਹੀ ਪ੍ਰਥਾ ਹੁਣ ਵੀ ਚਾਲੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। 50 ਤੋਂ 80 ਹਜ਼ਾਰ ਰੁਪਏ ਤੱਕ ਦੀਆਂ ਗਾਵਾਂ ਇਕ ਸਾਲ ਤੋਂ ਬਾਅਦ ਬੇਕਾਰ ਹੋ ਜਾਂਦੀਆਂ ਹਨ। ਪਸ਼ੂ ਸੁਰੱਖਿਆ ਕੇਂਦਰਾਂ ਵਿਚ ਇਨ੍ਹਾਂ ਦਾ ਇਲਾਜ ਜ਼ਰੂਰ ਕੀਤਾ ਜਾਵੇ, ਜਿਸ ਨਾਲ ਆਵਾਰਾ ਪਸ਼ੂ ਘਟ ਸਕਦੇ ਹਨ।

-ਸੁਪਰਡੈਂਟ ਰਘਵੀਰ ਸਿੰਘ ਬੈਂਸ।

ਲੋੜ ਹੈ ਸਖ਼ਤ ਮਿਹਨਤ ਦੀ
ਅੱਜਕਲ੍ਹ ਹਰੇਕ ਮਾਪੇ ਆਪਣੇ ਬੱਚੇ ਨੂੰ ਵੱਡਾ ਅਫ਼ਸਰ ਹੀ ਬਣਾਉਣਾ ਲੋਚਦੇ ਹਨ। ਸ਼ਹਿਰਾਂ ਵਿਚ ਇਹ ਚਾਅ ਪੂਰਾ ਵੀ ਹੋਈ ਜਾਂਦਾ ਹੈ। ਪਰ ਪਿੰਡਾਂ ਵਾਲੇ ਐਵੇਂ ਹੀ ਮਹਿੰਗੇ ਸਕੂਲ, ਮਹਿੰਗੀਆਂ ਟਿਊਸ਼ਨਾਂ, ਵਰਦੀਆਂ, ਕੱਪੜੇ-ਲੀੜੇ ਆਦਿ ਨਾਲ ਕਰਜ਼ਈ ਹੋਈ ਫਿਰਦੇ ਹਨ। ਉਹ ਬੱਚੇ ਨੂੰ ਨਹੀਂ ਪੁੱਛਦੇ ਕਿ ਤੂੰ ਕੀ ਕਰਨਾ ਚਾਹੁੰਦਾ ਹੈ ਤੇਰਾ ਸ਼ੌਕ ਕੀ ਬਣਨ/ਕਰਨ ਦਾ ਹੈ। ਅਜਿਹੇ ਮਾਪਿਆਂ ਨੂੰ ਖ਼ੁਦ ਨੂੰ ਕੋਈ ਜਾਣਕਾਰੀ ਹੈ ਨਹੀਂ। ਏਨਾ ਪਤਾ ਨਹੀਂ ਕਿ ਬੱਚੇ ਦਾ ਪੜ੍ਹਾਈ ਦਾ ਮਾਧਿਅਮ ਕੀ ਹੈ, ਵਿਸ਼ੇ ਕਿਹੜੇ ਪੜ੍ਹਦਾ ਹੈ, ਪੰਜਾਬੀ ਵਿਸ਼ਾ ਹੈ ਕਿ ਨਹੀਂ। ਬਸ ਰੀਸੋ-ਰੀਸੀ ਦਿਖਲਾਵੇ ਲਈ ਸਰਕਾਰੀ ਸਕੂਲਾਂ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਸਕੂਲਾਂ 'ਚ ਦਾਖ਼ਲ ਕਰਾਈ ਜਾਂਦੇ ਹਨ। ਬੱਚੇ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦੇ ਹਨ ਜੋ ਪੂਰੀਆਂ ਕੀਤੀਆਂ ਜਾਂਦੀਆਂ ਹਨ। ਨਤੀਜਾ ਸਿਫ਼ਰ ਨਿਕਲਦਾ ਹੈ। ਗੱਲ ਸਖ਼ਤ ਮਿਹਨਤ ਨਾਲ ਬਣਨੀ ਹੈ ਨਾ ਕਿ ਇਸ ਵਰਤਾਰੇ ਨਾਲ। ਖ਼ੁਦ ਮਿਹਨਤ ਕਰਵਾਓ, ਨਾਲ ਹੀ ਪੂਰੀ ਜਾਣਕਾਰੀ ਰੱਖੋ। ਨਾ ਕਿ ਬੱਸ ਫੀਸਾਂ ਭਰਨ, ਚੀਜ਼ਾਂ ਲਿਆ ਕੇ ਦੇਣ ਤੱਕ ਸੀਮਤ ਰਹੋ। ਇਸ ਨਾਲ ਫਜ਼ੂਲ ਦੇ ਕਰਜ਼ੇ ਤੋਂ ਬਚਿਆ ਜਾ ਸਕਦਾ ਹੈ।

-ਗੁਰਚਰਨ ਸਿੰਘ, ਮਜਾਰਾ, ਨਵਾਂਸ਼ਹਿਰ।

ਅਨੰਦ ਕਾਰਜ
ਦਿਲਜੀਤ ਦੁਸਾਂਝ ਦੀ ਫ਼ਿਲਮ 'ਛੜਾ' ਦੀ ਟੀ.ਵੀ. 'ਤੇ ਟ੍ਰੇਲਰ ਤੋਂ ਬਾਅਦ 'ਕੁੱਤਾ ਹੋਵੇ ਜਿਹੜਾ ਵਿਆਹ ਕਰਵਾਏ' ਗੱਲ ਸੁਣ ਕੇ ਮਨ ਸੋਚੀਂ ਪੈ ਗਿਆ। ਇਹ ਗੱਲ ਅਣਵਿਆਹੇ ਲੋਕ ਹੀ ਸੁਣ ਜਾਂ ਕਹਿ ਸਕਦੇ ਹਨ। ਵਿਆਹੇ ਹੋਏ ਨਹੀਂ। ਸਾਡੇ ਮਾਤਾ-ਪਿਤਾ ਵਿਆਹ ਨਹੀਂ ਕਰਾਉਂਦੇ ਤਾਂ ਅਸੀਂ ਅੱਜ ਇਹ ਰੰਗਲੀ ਦੁਨੀਆ ਨਹੀਂ ਦੇਖ ਸਕਦੇ ਸੀ। ਵਿਆਹ ਕੋਈ ਮਜਬੂਰੀ ਨਹੀਂ ਹੈ। ਇਹ ਇਕ ਕੁਦਰਤੀ ਚਾਹਤ ਹੈ। ਇਸ ਤੋਂ ਵੀ ਉੱਪਰ ਜੀਵਨ ਸਾਥੀ ਦੇ ਦੁੱਖ-ਸੁੱਖ ਨੂੰ ਗਹਿਰਾਈ ਨਾਲ ਸਮਝਿਆ ਜਾਂਦਾ ਹੈ। ਅਜਿਹਾ ਹੋਰ ਕੋਈ ਵੀ ਰਿਸ਼ਤਾ ਨਹੀਂ ਹੈ। ਸਾਡੇ 'ਗੁਰੂ ਸਾਹਿਬਾਨਾਂ' ਨੇ ਵੀ ਵਿਆਹ ਨੂੰ ਅਨੰਦ ਕਾਰਜ ਦਾ ਦਰਜਾ ਦਿੱਤਾ ਹੈ। ਅਨੰਦ ਕਾਰਜ ਤੋਂ ਬਾਅਦ ਭਾਈ ਗ੍ਰੰਥੀ ਜੀ ਵੀ ਸਾਨੂੰ 'ਸੁਭਾਗੀ ਜੋੜੀ' ਕਹਿ ਵਿਆਹੁਤਾ ਜੀਵਨ ਬਾਰੇ ਸਿੱਖਿਆ ਦਿੰਦੇ ਹਨ। ਜਿਹੜੀ ਬਹੁਤ ਹੀ ਅਹਿਮ ਹੁੰਦੀ ਅਤੇ ਮਾਤਾ-ਪਿਤਾ ਵੀ ਸਾਡਾ ਮਾਰਗਦਰਸ਼ਨ ਬਚਪਨ ਤੋਂ ਹੀ ਕਰਨ ਲੱਗ ਪੈਂਦੇ ਹਨ, ਚਾਹੇ ਅਸੀਂ ਇਨ੍ਹਾਂ 'ਤੇ ਅਮਲ ਕਰਦੇ ਹਾਂ ਜਾਂ ਨਹੀਂ। ਦੋਸਤ, ਅਸੀਂ ਆਪਣੀ ਜ਼ਿੰਦਗੀ ਦੇ ਆਪ ਹੀ ਸਿਤਾਰੇ ਹਾਂ। ਸਾਨੂੰ ਵਿਆਹੇ ਹੋਏ ਜੋੜਿਆਂ ਨੂੰ ਹੋਰ ਵੀ ਜ਼ਿਆਦਾ ਇਕ-ਦੂਜੇ ਦੀ ਇੱਜ਼ਤ-ਮਾਣ ਕਰਨੀ ਚਾਹੀਦੀ ਹੈ। ਹਰ ਮੁਕਾਮ 'ਤੇ ਸਬਰ ਸੰਤੋਖ, ਸੱਚ, ਸਮਝਦਾਰੀ ਨਾਲ ਚੱਲਣਾ ਚਾਹੀਦਾ ਹੈ। ਲੋਕ ਸਾਡੇ ਤੋਂ ਸਿੱਖਣ ਨਾ ਕਿ ਸਾਡੇ 'ਤੇ ਊਲ-ਜਲੂਲ ਗੱਲਾਂ ਅਤੇ ਵਿਅੰਗ ਕੱਸਣ।

-ਪਵਨਦੀਪ ਕੌਰ।

ਬੂਟੇ ਲਾਉਣ ਬਾਰੇ
ਪੰਜਾਬ ਸਰਕਾਰ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬੂਟੇ ਵੰਡ ਰਹੀ ਹੈ, ਜੋ ਅਖ਼ਬਾਰਾਂ ਰਾਹੀਂ ਪੜ੍ਹ ਕੇ ਪਤਾ ਲੱਗ ਰਿਹਾ ਹੈ। ਬੂਟੇ ਲਾਉਣਾ ਬੜੀ ਚੰਗੀ ਗੱਲ ਹੈ, ਕਿਉਂਕਿ ਬੂਟੇ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹਨ। ਗੱਲ ਇਹ ਕਿ ਜਿਵੇਂ ਸਰਕਾਰ ਹਰ ਪਿੰਡ ਨੂੰ 550 ਬੂਟੇ ਦੇ ਰਹੀ ਹੈ, ਪਰ ਉਥੇ ਪਿੰਡ ਵਾਸੀਆਂ ਦਾ, ਖ਼ਾਸ ਕਰਕੇ ਪਿੰਡ ਦੇ ਸਰਪੰਚ ਦਾ ਫ਼ਰਜ਼ ਬਣਦਾ ਹੈ ਕਿ ਇਹ ਬੂਟੇ ਉਥੇ ਲਗਾਏ ਜਾਣ ਜਿਥੇ ਇਹ ਆਸਾਨੀ ਨਾਲ ਵੱਧ-ਫੁੱਲ ਸਕਣ। ਕਿਉਂਕਿ ਬੂਟੇ ਦੀ ਜ਼ਮੀਨ ਵਿਚ ਜੜ੍ਹ ਫੜਨ ਤੱਕ ਸੰਭਾਲ ਕਰਨੀ ਪੈਣੀ ਹੈ, ਪਾਣੀ ਦੇਣਾ ਪੈਣਾ ਹੈ, ਗੋਡੀ ਕਰਨੀ ਪੈਣੀ ਹੈ, ਕਿਉਂਕਿ ਬਿਨ ਪਾਣੀ ਬੂਟੇ ਨੇ ਤੁਰਨਾ ਨਹੀਂ, ਮੁਰਝਾ ਜਾਣਾ ਹੈ। ਆਵਾਰਾ ਪਸ਼ੂਆਂ ਤੋਂ ਵੀ ਬਚਾਉਣ ਦੀ ਲੋੜ ਹੈ। ਸ਼ਹਿਰ ਵਾਸੀ ਵੀ ਕਿਧਰੇ ਖਾਲੀ ਜਗ੍ਹਾ ਦੇਖ ਕੇ ਬੂਟੇ ਲਾਉਣ। ਅਸੀਂ ਸੜਕਾਂ ਦੇ ਕਿਨਾਰੇ ਬੂਟੇ ਲਾ ਤਾਂ ਦਿੰਦੇ ਹਾਂ ਪਰ ਜਦੋਂ ਬੂਟਾ ਵੱਧ-ਫੁੱਲ ਕੇ ਉੱਪਰ ਬਿਜਲੀ ਦੀਆਂ ਤਾਰਾਂ ਨਾਲ ਲਗਦਾ ਹੈ ਤਾਂ ਬਿਜਲੀ ਮਹਿਕਮਾ ਉੱਪਰੋਂ-ਉੱਪਰੋਂ ਸਾਰਾ ਕੱਟ ਦਿੰਦਾ ਹੈ। ਇਸ ਕਰਕੇ ਬੂਟਾ ਲਾਉਣ ਵੇਲੇ ਸਹੀ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ

ਧਰਤੀ ਹੇਠ ਘਟਦੇ ਪਾਣੀ ਦਾ ਪੱਧਰ
ਪਾਣੀ ਕੁਦਰਤ ਦਾ ਅਣਮੁੱਲਾ ਖਜ਼ਾਨਾ ਹੈ। ਰੁੱਖ-ਬੂਟੇ, ਜੀਵ-ਜੰਤੂਆਂ ਤੇ ਮਨੁੱਖੀ ਜੀਵਨ ਲਈ ਪਾਣੀ ਬਹੁਤ ਜ਼ਰੂਰੀ ਹੈ। ਮਨੁੱਖ ਵਲੋਂ ਨਿੱਜੀ ਹਿਤਾਂ ਦੀ ਪੂਰਤੀ ਲਈ ਪਾਣੀ ਦੀ ਬੇਲੋੜੀ ਵਰਤੋਂ ਕਰਕੇ ਇਸ ਦੇ ਜ਼ਮੀਨ ਹੇਠਲੇ ਪੱਧਰ ਨੂੰ ਘਟਾਇਆ ਜਾ ਰਿਹਾ ਹੈ ਜੋ ਕਿ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਨਸਾਨ ਦਾ ਸੁਭਾਅ ਹੈ ਜੋ ਚੀਜ਼ ਮੁਫ਼ਤ ਵਿਚ ਮਿਲਦੀ ਹੈ, ਉਸ ਦੀ ਕਦਰ ਨਹੀਂ ਕਰਦਾ ਤੇ ਬੇਲੋੜੀ ਵਰਤੋਂ ਕਰਦਾ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬਿਜਲੀ ਖੇਤੀਬਾੜੀ ਲਈ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਖੇਤਾਂ ਵਿਚ ਲੋੜ ਅਨੁਸਾਰ ਪਾਣੀ ਹੋਣ ਦੇ ਬਾਵਜੂਦ ਪਾਣੀ ਚਲਦਾ ਰਹਿੰਦਾ ਹੈ। ਜੇ ਇਸੇ ਬਿਜਲੀ ਦਾ ਬਿੱਲ ਦੇਣਾ ਪੈਂਦਾ ਤਾਂ ਮੋਟਰ ਲੋੜ ਅਨੁਸਾਰ ਹੀ ਚਲਦੀ ਤੇ ਕਾਫੀ ਪਾਣੀ ਧਰਤੀ ਹੇਠ ਬਚਿਆ ਰਹਿੰਦਾ। ਮਿੱਠੇ ਜ਼ਹਿਰ ਦਾ ਅਸਰ ਮਾਰੂ ਅਸਰ ਦੇਰ ਬਾਅਦ ਹੁੰਦਾ ਹੈ ਤੇ ਇਹ ਮੁਫ਼ਤ ਬਿਜਲੀ ਵੀ ਮਿੱਠਾ ਜ਼ਹਿਰ ਹੈ। ਜੇ ਇਸ ਦਾ ਲੋੜੀਂਦਾ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਪਛਤਾਉਣਾ ਪਵੇਗਾ ਤੇ ਇਹ ਧਰਤੀ ਬੰਜਰ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ।

-ਜਸਵਿੰਦਰ ਸਿੰਘ
ਬਟਾਲਾ, ਗੁਰਦਾਸਪੁਰ।

12-08-2019

 ਬੇ-ਤਰਤੀਬੇ ਕੰਮ
ਦੋ ਕੁ ਹਫ਼ਤੇ ਪਹਿਲਾਂ ਨਿਰਦੇਸ਼ਕ ਸਕੂਲ ਸਿੱਖਿਆ ਦੇ ਦਫਤਰ ਜਾਣਾ ਪਿਆ। ਦੇਖਿਆ ਹਰ ਪਾਸੇ ਖਿਲਾਰਾ, ਪੁੱਟ-ਪੁਟਾਈ, ਤੋੜ-ਤੋੜਾਈ। ਕਿਤੇ ਨਵੇਂ ਏਅਰ ਕੰਡੀਸ਼ਨਰਜ਼ ਦੇ ਅੰਬਾਰ ਲੱਗੇ ਪਏ। ਪੁੱਛਣ 'ਤੇ ਪਤਾ ਲੱਗਾ ਕਿ ਇਮਾਰਤ ਨਵਿਆਈ ਜਾ ਰਹੀਹੈ। ਜਿਸ 'ਤੇ ਕਰੋੜਾਂ ਦੇ ਹਿਸਾਬ ਨਾਲ ਰੁਪਏ ਲੱਗਣਗੇ। ਸੋਚਿਆ ਇਮਾਰਤ ਤਾਂ ਅਜੇ ਅੱਠ-ਦੱਸ ਸਾਲ ਹੀ ਪੁਰਾਣੀ ਸੀ। ਪੰਜਾਬ ਵਿਚ ਸਰਹੱਦੀ ਇਲਾਕੇ ਦੇ 55 ਸਰਕਾਰੀ ਸਕੂਲਾਂ ਵਿਚ ਇਕ ਵੀ ਅਧਿਆਪਕ ਨਹੀਂ। 1000 ਕੁ ਸਕੂਲ ਕੇਵਲ ਇਕ ਅਧਿਆਪਕ ਨਾਲ ਡੰਗ-ਟਪਾਈ ਕਰ ਰਹੇ ਹਨ। ਕੁੱਝ ਕੁ ਸਕੂਲਾਂ ਨੂੰ ਅਧਿਆਪਕ ਨਾ ਹੋਣ ਕਰਕੇ ਤਾਲੇ ਲੱਗ ਗਏ ਹਨ। ਸਮਝ ਹੀ ਨਹੀਂ ਆ ਰਹੀ ਕਿ ਬਣ ਕੀ ਰਿਹਾ ਹੈ? ਸਮਝ ਹੀ ਨਹੀਂ ਆ ਰਹੀ ਕਿ ਬਣ ਕੀ ਰਿਹਾ ਹੈ? ਇਕ ਸੂਝਵਾਨ, ਨੇਕਨੀਅਤ ਟੱਬਰ ਦਾ ਮੁਖੀ ਪਹਿਲਾਂ ਟੱਬਰ ਦੇ ਬਿਮਾਰ ਮੈਂਬਰ ਦੀ ਦਵਾਈ ਦਾ ਪ੍ਰਬੰਧ ਕਰਦਾ ਹੈ। ਬਾਅਦ ਵਿਚ ਬੱਚਿਆਂ ਦੀ ਫੈਸ਼ਨਪ੍ਰਸਤੀ ਦੇ ਬਰਾਂਡਿਡ ਕੱਪੜੇ ਤੇ ਬੂਟ ਖਰੀਦਦਾ ਹੈ। ਪ੍ਰਸ਼ਾਸਕਾਂ ਦੀਆਂ ਇਮਾਰਤਾਂ ਤਾਂ ਹੀ ਸ਼ੋਭਾ ਦੇਣਗੀਆਂ ਜੇ ਸਕੂਲ ਚਲਦੇ ਰਹਿਣਗੇ। ਜੇ ਬਾਂਸ ਹੀ ਨਾ ਰਿਹਾ ਤਾਂ ਬੰਸਰੀ ਨਹੀਂ ਵੱਜਣੀ।


-ਹਰਬੰਸ ਸਿੰਘ
ਮੌਜੋਵਾਲ ਮਜਾਰਾ (ਸ਼. ਭ. ਸ. ਨਗਰ)


ਅਲੌਕਿਕ ਨਗਰ ਕੀਰਤਨ
ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਦੀ ਵੰਡ ਦੇ 72 ਵਰ੍ਹਿਆਂ ਬਾਅਦ ਪਹਿਲੀ ਵਾਰ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੋਂ ਭਾਰਤ ਲਿਜਾਣ ਲਈ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਇਕ ਨਵਾਂ ਇਤਿਹਾਸ ਸਿਰਜ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸ ਨਗਰ ਕੀਰਤਨ ਨੂੰ ਪ੍ਰਵਾਨਗੀ ਤੇ ਸਹਿਯੋਗ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਉਹ ਲੋਕ ਬੇਹੱਦ ਭਾਗਾਂ ਵਾਲੇ ਹਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਵਿਚ ਸ਼ਿਰਕਤ ਕਰ ਰਹੇ ਹਨ। ਧੜਿਆਂ ਵਿਚ ਵੰਡਿਆ ਸਿੱਖ ਸਮਾਜ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਇਕ ਮੰਚ 'ਤੇ ਇਕੱਠਾ ਨਾ ਹੋਇਆ ਤਾਂ ਕੌਮ ਇਸ ਸੁਨਹਿਰੀ ਅਵਸਰ ਦਾ ਲਾਹਾ ਲੈਣ ਤੋਂ ਖੁੰਝ ਜਾਵੇਗੀ।


-ਸੁਰਿੰਦਰ ਸਿੰਘ ਗੋਗੀ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।


ਅਵਾਰਾ ਪਸ਼ੂ
ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਜ਼ਿੰਮੇਵਾਰੀ ਕੀਹਦੀ ਹੈ? ਪਹਿਲਾਂ ਤਾਂ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਹ ਟੈਕਸ ਲੈ ਰਹੀ ਹੈ। ਗਊ ਸੈੱਸ ਤਾਂ ਲਗਾ ਦਿੱਤਾ ਪਰ ਇਨ੍ਹਾਂ ਬੇਸਹਾਰਾ ਗਊਆਂ ਨੂੰ ਸੰਭਾਲਣ ਲਈ ਇੰਤਜ਼ਾਮ ਕੋਈ ਨਹੀਂ ਕੀਤੇ ਗਏ। ਅਵਾਰਾ ਪਸ਼ੂਆਂ ਦਾ ਸੜਕਾਂ 'ਤੇ ਘੁੰਮਣਾ ਅਤੇ ਉਨ੍ਹਾਂ ਸਦਕਾ ਦੁਰਘਟਨਾਵਾਂ ਹੋਣ ਕਾਰਨ ਪਤਾ ਨਹੀਂ ਕਿੰਨੇ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ। ਸੜਕਾਂ 'ਤੇ ਝੁੰਡਾਂ ਦੇ ਝੁੰਡ ਪਸ਼ੂ ਘੁੰਮ ਰਹੇ ਹਨ। ਇਨ੍ਹਾਂ ਨੂੰ ਹਟਾਉਣ ਦਾ ਕੰਮ ਨਗਰ ਨਿਗਮਾਂ, ਨਗਰ ਕੌਂਸਲਾਂ ਦਾ ਹੈ। ਵੋਟਾਂ ਵੇਲੇ ਇਮਾਨਦਾਰ ਉਮੀਦਵਾਰਾਂ ਨੂੰ ਹੀ ਚੁਣ ਕੇ ਭੇਜਿਆ ਜਾਵੇਗਾ ਤਾਂ ਜੋ ਉਹ ਜਨਤਾ ਦੇ ਹੱਕ ਵਿਚ ਖੜ੍ਹ ਸਕਣ।


-ਹਰਿੰਦਰਜੀਤ ਸਿੰਘ ਦਿਲਮੋਹਨ ਗਰਚਾ
ਆਤਮ ਨਗਰ, ਜਗਰਾਉਂ।


ਏਡਜ਼ ਤੇ ਨਸ਼ੇ
ਪੰਜਾਬ ਵਿਚ ਅੰਨ੍ਹੇਵਾਹ ਨਸ਼ਿਆਂ ਦੀ ਵਰਤੋਂ ਨੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਕਰ ਦਿੱਤੇ। ਪਹਿਲਾਂ ਛੋਟੀ ਉਮਰ ਵਿਚ ਨਸ਼ੇ ਸ਼ੌਕ ਨਾਲ ਦੇਖੋ ਦੇਖੀ ਕਰਦੇ ਹਨ, ਫਿਰ ਇਹ ਨਸ਼ਿਆਂ ਦੇ ਗੁਲਾਮ ਹੋਏ ਨੌਜਵਾਨ ਲੁੱਟ-ਖੋਹ ਦੀਆਂ ਵਾਰਦਾਤਾਂ ਕਰਕੇ ਨਸ਼ਿਆਂ ਦੀ ਲੱਤ ਪੂਰੀ ਕਰਦੇ ਹਨ। ਨਸ਼ੇ ਵੇਚਣ ਵਾਲੇ ਅਸਲੋਂ ਮੌਤ ਦੇ ਸੌਦਾਗਰ ਹਨ। ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਨਸ਼ਿਆਂ ਦੀ ਵਰਤੋਂ ਅੱਗੋਂ ਕੀ-ਕੀ ਨਤੀਜੇ ਕੱਢ ਰਹੀ ਹੈ। ਇਸ ਨਾਲ ਏਡਜ਼ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਈ-ਕਈ ਨਸ਼ੇੜੀ ਨਸ਼ਾ ਲੈਣ ਲਈ ਇਕ ਹੀ ਸਰਿੰਜ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਏਡਜ਼ ਤੇਜ਼ੀ ਨਾਲ ਫੈਲ ਰਹੀ ਹੈ। ਨਸ਼ਿਆਂ ਨੂੰ ਘਟਾਏ ਬਗੈਰ ਇਸ ਵਾਧੇ ਨੂੰ ਰੋਕ ਪਾਉਣੀ ਸੰਭਵ ਨਹੀਂ ਲਗਦੀ। ਮੀਟਿੰਗਾਂ ਜਾਂ ਸੈਮੀਨਾਰ ਲਾ ਕੇ ਇਹ ਬਿਮਾਰੀ ਦਾ ਹੱਲ ਨਹੀਂ। ਇਹ ਤਾਂ ਨਸ਼ਿਆਂ ਨੂੰ ਪੂਰੀ ਠੱਲ੍ਹ ਪਾ ਕੇ ਹੀ ਹੱਲ ਹੋ ਸਕਦਾ ਹੈ। ਜੇ ਨਸ਼ੇ ਤੇ ਏਡਜ਼ ਨੂੰ ਪੰਜਾਬ ਵਿਚ ਖਤਮ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਇਹ ਦੋਵੇਂ ਚੀਜ਼ਾਂ ਹੀ ਖਾ ਜਾਣਗੀਆਂ। ਆਓ, ਪੰਜਾਬੀਓ ਨਸ਼ਿਆਂ ਖਿਲਾਫ਼ ਤਕੜੇ ਹੋ ਲਈਏ ਤਾਂ ਕਿ ਦੁਬਾਰਾ ਪੰਜਾਬ ਨੂੰ ਹੱਸਦਾ-ਖੇਡਦਾ ਵੇਖੀਏ।


-ਕਵੀ ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਪੰਜਾਬੀਓ, ਕੁਝ ਤਾਂ ਸੋਚੋ
ਪੰਜ ਪਾਣੀਆਂ ਦੀ ਧਰਤੀ ਪੰਜਾਬ ਜਿਸ ਨੂੰ ਮਾਣ ਸੀ ਆਪਣੇ ਧੀਆਂ - ਪੁੱਤਰਾਂ 'ਤੇ ,ਉਹੀ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਫਸੀ ਆਪਣੀ ਜਵਾਨੀ ਦੇਖ ਅੱਜ ਖ਼ੂਨ ਦੇ ਹੰਝੂ ਕੇਰ ਰਿਹਾ ਹੋਵੇਗਾ। ਚਿੱਟੇ ਦੇ ਕੋਹੜ ਨੇ ਜਿੱਥੇ ਪੰਜਾਬੀ ਗੱਭਰੂਆਂ ਦੀ ਜਵਾਨੀ ਖਾ ਲਈ ਉਥੇ ਹੀ ਪੰਜਾਬਣਾਂ ਨੂੰ ਵੀ ਨਹੀ ਬਖਸ਼ਿਆ। ਉਹ ਪੰਜਾਬਣਾਂ ਜੋ ਆਪਣੇ ਸਿਦਕ, ਆਪਣੀ ਸਾਦਗੀ ਲਈ ਪੂਰੀ ਦੁਨੀਆ ਵਿਚ ਜਾਣੀਆਂ ਜਾਂਦੀਆਂ ਸਨ, ਉਹ ਅੱਜ ਨਸ਼ਿਆਂ ਦੀ ਓਵਰਡੋਜ ਨਾਲ ਮਰ ਰਹੀਆਂ ਹਨ। ਲੜਕਾ ਤਾਂ ਇਕ ਘਰ ਦਾ ਚਿਰਾਗ ਹੁੰਦਾ ਹੈ ਪਰ ਇਕ ਲੜਕੀ ਤਾਂ ਦੋ - ਦੋ ਘਰਾਂ ਨੂੰ ਰੁਸ਼ਨਾਉਂਦੀ ਹੈ ਪਰ ਨਸ਼ਿਆਂ ਦੀ ਦਲਦਲ ਵਿਚ ਫਸੀਆਂ ਇਨ੍ਹਾਂ ਮੁਟਿਆਰਾਂ ਤੋਂ ਉਜਵਲ ਭਵਿੱਖ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਸੱਚ ਤਾਂ ਇਹੀ ਹੈ ਕਿ ਮਾਈ ਭਾਗੋ ਦੀਆਂ ਵਾਰਿਸ ਇਹ ਪੰਜਾਬਣਾਂ ਜੀਵਨ ਜਾਚ ਭੁੱਲ ਚੁੱਕੀਆਂ ਹਨ। ਜੋ ਔਰਤ ਖੁਦ ਨਸ਼ਿਆਂ ਦੀ ਦਲਦਲ ਵਿਚ ਫਸੀ ਹੋਵੇਗੀ ਉਹ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਸੂਰਬੀਰ ਯੋਧਿਆਂ ਨੂੰ ਜਨਮ ਕਿਥੋਂ ਦੇਵੇਗੀ? ਔਰਤ ਦੇ ਚੰਗੇ ਸੰਸਕਾਰ ਇਕ ਚੰਗਾ ਸਮਾਜ ਸਿਰਜਦੇ ਹਨ ਪਰ ਜੇਕਰ ਔਰਤ ਦਾ ਕਿਰਦਾਰ ਹੀ ਗਿਰ ਜਾਵੇ ਤਾਂ ਸਮਾਜ ਨੂੰ ਵਿਨਾਸ਼ ਤੋਂ ਕੋਈ ਨਹੀਂ ਬਚਾ ਸਕਦਾ। ਪੰਜਾਬਣਾਂ ਦੀ ਨਸ਼ਿਆਂ ਨਾਲ ਹੋ ਰਹੀ ਮੌਤ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਜੇ ਅੱਜ ਇਸ ਵਿਸ਼ੇ 'ਤੇ ਚਿੰਤਨ ਨਾ ਕੀਤਾ ਗਿਆ ਤਾਂ ਪੰਜਾਬ ਦਾ ਵਿਨਾਸ਼ ਨਿਸਚਿਤ ਹੈ ।


-ਜਸਪ੍ਰੀਤ ਕੌਰ ਸੰਘਾ
ਪਿੰਡ: ਤਨੂੰਲੀ।

09-08-2019

 ਧਰਤੀ ਵੱਲ ਵੀ ਝਾਤੀ
ਚੰਦ ਵੱਲ ਵੱਡੀ ਪੁਲਾਂਘ ਪੁੱਟ ਲਈ ਹੈ। 978 ਕਰੋੜ ਰੁਪਏ ਖਰਚ ਹੋਏ ਹਨ। ਸਰਕਾਰ ਖੁਸ਼ੀ ਨਾਲ ਪਾਗਲ ਹੋ ਰਹੀ ਹੈ ਤੇ ਉਧਰ ਮੇਰੇ ਦੇਸ਼ ਦੇ 40 ਕਰੋੜ ਲੋਕ ਭੁੱਖੇ ਸੌਂਦੇ ਹਨ। ਜਿਸ ਵੇਲੇ ਚੰਦਰਯਾਨ ਉਡਾਰੀ ਭਰ ਰਿਹਾ ਸੀ, ਉਦੋਂ ਮੇਰੇ ਦੇਸ਼ ਦੇ ਫ਼ੌਜੀ ਜਵਾਨ ਤੇ ਇਲਾਕਾ ਨਿਵਾਸੀ ਘੱਗਰ 'ਚ ਪਏ ਪਾੜ ਨੂੰ ਬੰਨ੍ਹ ਲਾਉਣ ਲਈ ਜੂਝ ਰਹੇ ਸਨ ਪਰ ਸਫਲਤਾ ਨਹੀਂ ਸੀ ਮਿਲ ਰਹੀ। ਕਿੰਨੇ ਕਿਸਾਨ ਖ਼ੁਦਕੁਸ਼ੀ ਕਰ ਗਏ। ਕਿੰਨੇ ਕਾਰਖਾਨੇ ਬੰਦ ਹੋ ਗਏ, ਮਜ਼ਦੂਰ ਵਿਹਲੇ ਹੋ ਕੇ ਪਰਿਵਾਰਾਂ ਸਮੇਤ ਭੁੱਖ ਦੀ ਭੇਟ ਚੜ੍ਹ ਰਹੇ ਹਨ, ਕਿਸ ਨੂੰ ਫ਼ਿਕਰ ਹੈ? ਕੀ ਅਸੀਂ ਚੰਦ 'ਤੇ ਪਹੁੰਚ ਬਣਾ ਕੇ ਆਪਣੇ ਦੇਸ਼ ਦੀ ਕੰਗਾਲੀ, ਗ਼ਰੀਬੀ, ਬਿਮਾਰੀ ਤੇ ਬੇਰੁਜ਼ਗਾਰੀ 'ਤੇ ਕਾਬੂ ਪਾ ਲਵਾਂਗੇ? ਕੂੜਾ ਇਕੱਠਾ ਕਰਦੇ ਬੱਚਿਆਂ ਅਤੇ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਮੇਰੇ 'ਭਾਰਤ ਮਹਾਨ' ਦੇ ਭੁੱਖੇ ਨੰਗੇ ਦੇਸ਼ਵਾਸੀਆਂ ਨੂੰ ਇਸ 'ਚੰਦਰਯਾਨ' ਦੀ ਕਾਰਗੁਜ਼ਾਰੀ ਬਾਰੇ ਪਤਾ ਹੈ? ਕੀ ਮੇਰੇ ਦੇਸ਼ ਦਾ 'ਮਹਾਨ ਆਗੂ' ਆਪਣੇ 'ਮਨ ਕੀ ਬਾਤ' ਵਿਚ ਇਸ ਪੁੱਟੀ ਪੁਲਾਂਘ ਦਾ ਫਾਇਦਾ ਦੱਸੇਗਾ? ਕਰੋੜਾਂ ਰੁਪਏ ਬਰਬਾਦ ਕਰਕੇ ਦੇਸ਼ ਭਗਤਾਂ ਦੀਆਂ ਉੱਚੀਆਂ-ਉੱਚੀਆਂ ਮੂਰਤੀਆਂ ਸਥਾਪਿਤ ਕਰਕੇ ਢਿੱਡਾਂ 'ਚ ਵਸਦੀ ਭੁੱਖ ਨੂੰ ਦੂਰ ਕਰ ਸਕਾਂਗੇ? ਸੋਨੇ ਰੰਗੀ ਧਰਤੀ 'ਤੇ ਕਚਰਾ ਖਿਲਾਰ ਕੇ ਹੁਣ ਅਸੀਂ ਚੰਨ 'ਤੇ ਕਚਰਾ ਖਿਲਾਰਨ ਤੁਰ ਪਏ ਹਾਂ। ਇਹੋ ਧਨ ਖਰਚ ਕੇ ਧਰਤੀ ਨੂੰ ਧਰਤੀ ਹੀ ਰਹਿਣ ਦੇਈਏ।


-ਜਗਤਾਲ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਪਵਿੱਤਰ ਗਊ
ਪੰਜਾਬ ਸਰਕਾਰ ਨੇ ਕੇਂਦਰ ਤੋਂ 'ਪਵਿੱਤਰ ਗਊ' ਦੀ ਪਰਿਭਾਸ਼ਾ ਪੁੱਛੀ ਹੈ ਅਤੇ ਮੈਂ ਸੁਣਿਆ ਇਸ 'ਤੇ ਧਾਰਮਿਕ ਸੰਗਠਨਾਂ ਤੋਂ ਵੀ ਰਾਇ ਲਈ ਜਾਵੇਗੀ। ਅਵਾਰਾ ਗਊਆਂ ਤੇ ਹੋਰ ਪਸ਼ੂਆਂ ਕਾਰਨ ਹਰ ਰੋਜ਼ ਅਨੇਕਾਂ ਹਾਦਸੇ ਵਾਪਰਦੇ ਹਨ, ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ। ਸਮਝ ਨਹੀਂ ਆ ਰਿਹਾ ਕਿ ਕਿਹੜੀ ਕਿਸਮ ਦੀ ਨਸਲ ਨੂੰ ਪਵਿੱਤਰ ਸਮਝ ਕੇ ਹਾਦਸੇ ਹੋਣ ਦਿੱਤੇ ਜਾਣ ਤੇ ਫ਼ਸਲਾਂ ਦੀ ਤਬਾਹੀ ਰੋਕੀ ਨਾ ਜਾਵੇ? ਗਾਂ ਨੂੰ ਮਾਤਾ ਕਿਹਾ ਜਾਂਦਾ ਹੈ। ਇਸ ਦੀ ਪੂਜਾ ਕੀਤੀ ਜਾਂਦੀ ਹੈ। ਉਹ ਵੱਖਰੀ ਗੱਲ ਹੈ ਗਊ ਮਾਤਾ ਸੜਕਾਂ 'ਤੇ ਰੁਲ ਰਹੀ ਹੈ ਆਪਣਾ ਪੇਟ ਭਰਨ ਦੀ ਖਾਤਰ ਕਿਸਾਨ ਦੀ ਫ਼ਸਲ ਖ਼ਰਾਬ ਕਰ ਰਹੀ ਹੈ। ਇਹ ਵਿਚਾਰੀ ਹੈ ਤਾਂ ਮਾਤਾ ਪਰ ਪੇਟ ਉਹਨੂੰ ਵੀ ਲੱਗਾ ਹੈ ਜਿਹੜਾ ਭਰਨਾ ਤਾਂ ਪੈਂਦਾ ਹੈ ਪਰ ਇਸ ਵਿਚਾਰੀ ਨੂੰ ਕੀ ਪਤਾ ਮੇਰਾ ਪੇਟ ਭਰਨ ਨਾਲ ਕਿਸੀ ਦਾ ਨੁਕਸਾਨ ਵੀ ਹੁੰਦਾ ਹੈ। ਅੱਜ ਦੇ ਸਮੇਂ ਵਿਚ ਜਿੱਥੇ ਗਊ ਨੂੰ ਪਵਿੱਤਰ ਸਮਝ ਕੇ ਭਾਰਤ ਦੇਸ਼ ਵਿਚ ਪੂਜਾ ਕੀਤੀ ਜਾਂਦੀ ਹੈ, ਉਸੇ ਦੇਸ਼ ਵਿਚ ਸਭ ਤੋਂ ਵੱਧ ਗਾਵਾਂ ਆਵਾਰਾ ਫਿਰਦੀਆਂ ਹਨ। ਦੇਖਦੇ ਹਾਂ ਕਿ ਕੇਂਦਰ ਸਰਕਾਰ ਕੀ ਫ਼ੈਸਲਾ ਸੁਣਾਉਂਦੀ ਹੈ। ਹਰ ਵਾਰ ਇਹ ਮੁੱਦਾ ਉੱਠਦਾ ਹੈ ਪਰ ਕਿਸੇ ਨਾ ਕਿਸੇ ਕੋਨੇ 'ਤੇ ਦਬਿਆ ਰਹਿ ਕੇ ਦਮ ਤੋੜ ਦਿੰਦਾ ਹੈ। ਇਸ ਮੁੱਦੇ ਦਾ ਇਕ ਸੰਭਵ ਤੇ ਸੁਚੱਜਾ ਫ਼ੈਸਲਾ ਹੋਣਾ ਜ਼ਰੂਰੀ ਹੈ।


-ਅਮਰਜੀਤ ਕੌਰ 'ਲਾਲਪੁਰ', ਰੋਪੜ।


ਮੈਡੀਕਲ ਸਿੱਖਿਆ ਦੀ ਤ੍ਰਾਸਦੀ
ਡਾ: ਅਰੁਣ ਮਿੱਤਰਾ ਦਾ ਪਿਛਲੇ ਦਿਨੀਂ ਛਪਿਆ ਲੇਖ 'ਮੈਡੀਕਲ ਸਿੱਖਿਆ ਨੂੰ ਬਾਜ਼ਾਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ' ਮੈਡੀਕਲ ਸਿੱਖਿਆ ਦੀ ਤ੍ਰਾਸਦੀ ਬਿਆਨ ਕਰਦਾ ਹੈ। ਅੱਜ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਵਾਉਣਾ ਆਮ ਵਰਗ ਲਈ ਬਹੁਤ ਔਖਾ ਹੋ ਚੁੱਕਾ ਹੈ ਕਿਉਂਕਿ ਪ੍ਰਾਈਵੇਟ ਮੈਡੀਕਲ ਕਾਲਜ ਅਤੇ ਡੀਮਡ ਯੂਨੀਵਰਸਿਟੀਆਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ 70 ਲੱਖ ਰੁਪਏ ਤੋਂ ਸਵਾ ਕਰੋੜ ਰੁਪਏ ਤੱਕ ਦੀਆਂ ਫੀਸਾਂ ਲੈ ਰਹੀਆਂ ਹਨ ਅਤੇ ਸਾਡੀਆਂ ਸਰਕਾਰਾਂ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੀਆਂ ਹਨ। ਇਕ ਪਾਸੇ ਦੇਸ਼ ਵਿਚ ਡਾਕਟਰਾਂ ਦੀ ਵੱਡੀ ਘਾਟ ਹੈ ਪਰ ਦੂਜੇ ਪਾਸੇ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣਾ ਵੀ ਚਿੰਤਾ ਦਾ ਵਿਸ਼ਾ ਹੈ ਅਤੇ ਇਨ੍ਹਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਡੀਮਡ ਯੂਨੀਵਰਸਿਟੀਆਂ ਉੱਤੇ ਨੱਥ ਪਾਈ ਜਾਣੀ ਚਾਹੀਦੀ ਹੈ ਤਾਂ ਜੋ ਆਮ ਵਰਗ ਦੇ ਲੋਕਾਂ ਦੇ ਬੱਚੇ ਵੀ ਡਾਕਟਰ ਬਣ ਸਕਣ।


-ਚਿਰਾਗ ਸ਼ਰਮਾ
ਵਾਸੀ ਵਾਰਡ ਨੰਬਰ 10, ਖਮਾਣੋਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਸ਼ਲਾਘਾਯੋਗ ਫ਼ੈਸਲਾ
ਪਿਛਲੇ ਦਿਨੀਂ ਅਖ਼ਬਾਰ ਵਿਚ ਖ਼ਬਰ ਪੜ੍ਹੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖ਼ਤ ਹੁੰਦੇ ਹੋਏ ਲੁਧਿਆਣੇ ਦੀਆਂ 44 ਉਦਯੋਗਿਕ ਇਕਾਈਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਬਿਲਕੁਲ ਸਹੀ ਫ਼ੈਸਲਾ ਹੈ। ਪਰ ਇਹ ਕਦਮ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਹਿਲਾਂ ਹੀ ਚੁੱਕਣੇ ਚਾਹੀਦੇ ਸਨ ਕਿਉਂਕਿ ਇਨ੍ਹਾਂ ਉਦਯੋਗਿਕ ਇਕਾਈਆਂ ਦਾ ਰਸਾਇਣ ਬੁੱਢੇ ਦਰਿਆ ਵਿਚ ਹੁੰਦਾ ਹੋਇਆ ਸਤਲੁਜ ਦਰਿਆ 'ਚ ਰਲ ਕੇ ਹਰੀਕੇ ਜਾਂਦਾ ਸੀ ਅਤੇ ਫਿਰ ਨਹਿਰਾਂ ਰਾਹੀਂ ਅੱਗੇ ਰਾਜਸਥਾਨ ਵਿਚ। ਮਹੀਨਾ ਪਹਿਲਾਂ ਸਾਡੇ ਕੋਲੋਂ ਲੰਘਦੀ ਗੰਗ ਕੈਨਾਲ ਨਹਿਰ ਦਾ ਏਨਾ ਕਾਲਾ ਦੂਸ਼ਿਤ ਪਾਣੀ ਆ ਰਿਹਾ ਸੀ ਜਿਹੜਾ ਇਨਸਾਨਾਂ ਤਾਂ ਕੀ ਜਾਨਵਰਾਂ ਦੇ ਪੀਣ ਦੇ ਵੀ ਕਾਬਲ ਨਹੀਂ ਸੀ। ਇਸ ਨਹਿਰ ਦਾ ਰਾਜਸਥਾਨ ਦੇ ਲੋਕ ਪਾਣੀ ਪੀਂਦੇ ਹਨ। ਕੀ ਅਜਿਹਾ ਪਾਣੀ ਪੀ ਕੇ ਉਹ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਸਨ? ਚਲੋ ਇਹ ਚੰਗਾ ਹੋਇਆ ਜੋ ਹੁਣ ਵੀ ਪ੍ਰਦੂਸ਼ਣ ਕੰਟਰੋਲ ਨੇ ਇਹ ਸਹੀ ਵਕਤ 'ਤੇ ਸਹੀ ਫ਼ੈਸਲਾ ਲਿਆ। ਦੇਰ ਆਇਦ, ਦਰੁੱਸਤ ਆਇਦ ਵਾਲੀ ਗੱਲ ਹੋਈ। ਸੋ, ਇਸੇ ਤਰ੍ਹਾਂ ਪੰਜਾਬ 'ਚ ਜੋ ਸਨਅਤਾਂ ਦੀਆਂ ਚਿਮਨੀਆਂ 'ਚੋਂ ਧੂੰਆਂ ਨਿਕਲਦਾ ਹੈ, ਉਸ ਨਾਲ ਵੀ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਬਾਰੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


-ਸੁਖਚੈਨ ਸਿੰਘ ਢਿੱਲੋਂ, ਖਿੱਪਾਂ ਵਾਲੀ (ਫ਼ਾਜ਼ਿਲਕਾ)।


'ਪੰਜਾਬ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ'
ਕਾਫੀ ਸਮੇਂ ਤੋਂ ਜਿਸ ਹਿਸਾਬ ਨਾਲ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਵਧਦੀ ਜਾ ਰਹੀ ਹੈ, ਉਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਸੇ ਦੇਸ਼ ਦੀ ਤਰੱਕੀ ਉਥੋਂ ਦੇ ਨੌਜਵਾਨਾਂ 'ਤੇ ਨਿਰਭਰ ਕਰਦੀ ਹੈ ਪਰ ਸਾਡੇ ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਵਿਚ ਕਿਸੇ ਵੀ ਵਿਦਿਆਰਥੀ ਨੂੰ ਪੁੱਛ ਲਓ ਕਿ ਭਵਿੱਖ ਵਿਚ ਕੀ ਕਰਨਾ ਪਸੰਦ ਕਰੋਗੇ ਤਾਂ ਬਹੁਗਿਣਤੀ ਵਿਚ ਇਹੋ ਜਵਾਬ ਮਿਲੇਗਾ ਕਿ ਵਿਦੇਸ਼ ਚਲੇ ਜਾਵਾਂਗੇ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਘਟੀਆ ਸਿਸਟਮ ਤੇ ਰਾਜਨੀਤਕ ਆਗੂਆਂ ਦਾ ਇਸ ਪ੍ਰਤੀ ਕੋਈ ਧਿਆਨ ਨਾ ਦੇਣਾ ਹੈ। ਇਕ ਵਾਰ ਗਏ ਵਿਦਿਆਰਥੀ ਹਮੇਸ਼ਾ ਲਈ ਉਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ ਕਈ ਤਾਂ ਕੇਵਲ ਆਪਣੇ ਸਕੇ ਸਬੰਧੀਆਂ ਦੇ ਅੰਤਿਮ ਦਰਸ਼ਨ ਕਰਨ ਲਈ ਦੇਸ਼ ਪਰਤਦੇ ਹਨ। ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਸ਼ੋਅ ਵਿਚ ਇਕ ਪਾਤਰ ਤੋਂ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਬਾਰੇ ਕੀ ਜਾਣਦੇ ਹੋ ਤਾਂ ਉਸ ਦਾ ਜਵਾਬ ਸੀ ਕਿ 'ਪੰਜਾਬ ਇਕ ਅਜਿਹਾ ਰਾਜ ਹੈ ਜੋ ਕੈਨੇਡਾ ਨੂੰ ਬੰਦੇ ਸਪਲਾਈ ਕਰਦਾ ਹੈ' ਬੇਸ਼ੱਕ ਉਸ ਦੇ ਜਵਾਬ ਨੇ ਉਥੇ ਬੈਠੇ ਲੋਕਾਂ ਨੂੰ ਹਸਾ ਦਿੱਤਾ ਪਰ ਉਹ ਮਜ਼ਾਕ ਵਿਚ ਬਹੁਤ ਕੌੜੀ ਸਚਾਈ ਬੋਲ ਗਿਆ। ਜੇਕਰ ਨੌਜਵਾਨਾਂ ਦਾ ਰੁਝਾਨ ਇਸ ਤਰ੍ਹਾਂ ਦਾ ਹੀ ਵਿਦੇਸ਼ਾਂ ਵੱਲ ਵਧਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਕੇਵਲ ਬਜ਼ੁਰਗਾਂ ਦਾ ਰਾਜ ਰਹਿ ਜਾਵੇਗਾ। ਸੋ, ਇਸ ਗੰਭੀਰ ਮੁੱਦੇ 'ਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨ ਆਪਣੇ ਹੀ ਦੇਸ਼ ਵਿਚ ਰਹਿ ਕੇ ਇਸ ਦੀ ਤਰੱਕੀ ਲਈ ਕੁਝ ਯੋਗਦਾਨ ਪਾ ਸਕਣ।


-ਸਿਫ਼ਤੀ ਸੋਢੀ, ਫ਼ਰੀਦਕੋਟ।

08-08-2019

 ਸਮਾਜ ਵਿਚਲੀਆਂ ਸਮੱਸਿਆਵਾਂ
ਅੱਜਕਲ੍ਹ ਸਮਾਜ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਨਸ਼ੇ, ਅਨੇਕਾਂ ਭਿਆਨਕ ਬਿਮਾਰੀਆਂ, ਸੜਕ ਹਾਦਸੇ ਆਦਿ। ਇਸੇ ਤਰ੍ਹਾਂ ਅੱਜਕਲ੍ਹ ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ ਦੀ ਸਮੱਸਿਆ ਵੀ ਮਨੁੱਖ ਨੂੰ ਰੋਗਾਂ ਦੀ ਤਰ੍ਹਾਂ ਹੀ ਚਿੰਬੜ ਗਈ ਹੈ। ਕਿਉਂਕਿ ਇਹ ਸਮੱਸਿਆ ਫਿਲਹਾਲ ਲਾਇਲਾਜ ਹੀ ਬਣੀ ਹੋਈ ਹੈ। ਕਦੇ ਸਮਾਂ ਸੀ ਜਦ ਸਰਕਾਰਾਂ ਅਤੇ ਪ੍ਰਸ਼ਾਸਨ ਅਵਾਰਾ ਕੁੱਤਿਆਂ 'ਤੇ ਨਜ਼ਰ ਰੱਖਦੇ ਸਨ ਪਰ ਕਾਫੀ ਲੰਮੇ ਸਮੇਂ ਤੋਂ ਅਜਿਹਾ ਨਹੀਂ ਹੈ, ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਅਵਾਰਾ ਜਾਨਵਰ ਸੜਕਾਂ 'ਤੇ ਅਕਸਰ ਵੇਖੇ ਜਾ ਰਹੇ ਹਨ। ਰੋਜ਼ ਅਖ਼ਬਾਰਾਂ ਵਿਚ 2-4 ਖ਼ਬਰਾਂ ਅਜਿਹੀਆਂ ਪੜ੍ਹਨ ਨੂੰ ਮਿਲਦੀਆਂ ਹਨ। ਅਵਾਰਾ ਪਸ਼ੂ ਸੜਕਾਂ ਵਿਚਕਾਰ ਬੈਠੇ ਹੁੰਦੇ ਹਨ ਜਾਂ ਆਪਸ ਵਿਚ ਭਿੜ ਰਹੇ ਹੁੰਦੇ ਹਨ। ਆਵਾਜਾਈ ਦੋਵਾਂ ਪਾਸਿਓਂ ਰੁਕੀ ਹੁੰਦੀ ਹੈ। ਇਸ ਸਮੱਸਿਆ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ। ਜੇ ਹੈ ਵੀ ਤਾਂ ਇਹ ਸਮੱਸਿਆ ਨੂੰ ਹੱਲ ਕਰਨਾ ਅਜੇ ਨਿਟਕ ਭਵਿੱਖ ਵਿਚ ਦਿਸਦਾ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਜੰਗਲੀ ਸੂਰਾਂ ਦੀ ਵਧਦੀ ਧੜਾਧੜ ਗਿਣਤੀ ਕਿਸਾਨਾਂ ਦੀਆਂ ਫ਼ਸਲਾਂ ਵੀ ਬਰਬਾਦ ਕਰ ਰਹੀ ਹੈ। ਇਹੋ ਜਿਹੀਆਂ ਸਮੱਸਿਆਵਾਂ ਨਾਲ ਕਦੋਂ ਤੱਕ ਸਮਾਜ ਜੂਝੇਗਾ, ਕੋਈ ਸਮਾਂ ਤੈਅ ਨਹੀਂ। ਕੋਈ ਬਦਲਵਾਂ ਤਰੀਕਾ ਵੀ ਫਿਲਹਾਲ ਕਿਧਰੇ ਵਿਚਾਰਿਆ ਨਹੀਂ ਜਾ ਰਿਹਾ।


-ਮਾ: ਦੇਵਰਾਜ ਖੁੰਡਾ, ਗੁਰਦਾਸਪੁਰ।


ਭਾਰੀ ਬਾਰਿਸ਼
ਪਿੱਛੇ ਜਿਹੇ ਪੰਜਾਬ 'ਚ ਭਾਰੀ ਮੀਂਹ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪਟਿਆਲੇ ਅਤੇ ਸੰਗਰੂਰ 'ਚ ਘੱਗਰ ਨੇ ਕਹਿਰ ਢਾਹਿਆ। ਹਜ਼ਾਰਾਂ ਏਕੜ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ। ਪਟਿਆਲੇ ਦੇ ਸਮਾਣੇ ਤੇ ਪਾਤੜਾਂ ਅਤੇ ਸੰਗਰੂਰ ਦੇ ਖਨੌਰੀ ਅਤੇ ਮੂਣਕ ਇਲਾਕੇ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਤੋਂ ਪ੍ਰੇਸ਼ਾਨ ਸਨ, ਉਤੋਂ ਇਹ ਕੁਦਰਤ ਦੀ ਕਰੋਪੀ। ਹੁਣ ਜ਼ਰੂਰਤ ਹੈ ਕਿਸਾਨਾਂ ਦੀਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਾ ਕੇ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਹੜ੍ਹ ਪੀੜਤਾਂ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰੀਏ ਅਤੇ ਉਨ੍ਹਾਂ ਲਈ ਲੰਗਰ ਆਦਿ ਦੀ ਵਿਵਸਥਾ ਕੀਤੀ ਜਾਵੇ।


-ਸੁਖਚੈਨ ਸਿੰਘ ਢਿੱਲੋਂ, ਫਾਜ਼ਿਲਕਾ।


ਸੋਸ਼ਲ ਮੀਡੀਏ ਦਾ ਉਸਾਰੂ ਪੱਖ
ਜਿਥੇ ਕਿਤੇ ਚਾਰ ਬੰਦੇ ਇਕੱਠੇ ਹੁੰਦੇ ਹਨ ਤਾਂ ਅਸੀਂ ਅਕਸਰ ਹੀ ਸੋਸ਼ਲ ਮੀਡੀਏ ਦੀ ਆਲੋਚਨਾ ਹੁੰਦੀ ਸੁਣਦੇ ਹਾਂ। ਜਿਵੇਂ ਕਹਿੰਦੇ ਹਨ ਕਿ ਸਿੱਕੇ ਦੇ ਦੋ ਪਾਸੇ ਹੁੰਦੇ ਹਨ, ਇਸ ਤਰ੍ਹਾਂ ਸੋਸ਼ਲ ਮੀਡੀਏ ਦੇ ਬਹੁਤ ਸਾਰੇ ਫਾਇਦੇ ਵੀ ਹਨ। ਪਰ ਸੋਸ਼ਲ ਮੀਡੀਏ ਦੇ ਉਸਾਰੂ ਪੱਖ ਦੀ ਗੱਲ ਬਹੁਤ ਘੱਟ ਹੁੰਦੀ ਹੈ। ਅੱਜਕਲ੍ਹ ਹਰ ਬੰਦੇ ਦੀ ਜੇਬ ਵਿਚ ਟੱਚ ਮੋਬਾਈਲ ਫੋਨ ਹੈ। ਸਫ਼ਰ ਦੌਰਾਨ ਕਿਤੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਤੁਰੰਤ ਉਸ ਦੀ ਤਸਵੀਰ ਜਾਂ ਵੀਡੀਓ ਵਾਇਰਲ ਹੋ ਜਾਂਦੀ ਹੈ। ਇਸ ਤਰ੍ਹਾਂ ਪੀੜਤਾਂ ਦੇ ਵਾਰਸ ਛੇਤੀ ਤੋਂ ਛੇਤੀ ਦੁਰਘਟਨਾ ਸਥਾਨ ਜਾਂ ਹਸਪਤਾਲ ਪਹੁੰਚ ਜਾਂਦੇ ਹਨ ਅਤੇ ਕੀਮਤੀ ਜਾਨਾਂ ਬਚ ਜਾਂਦੀਆਂ ਹਨ। ਕਈ ਵਾਰ ਗੁੰਮ ਹੋਏ ਕੀਮਤੀ ਦਸਤਾਵੇਜ਼ ਸੋਸ਼ਲ ਮੀਡੀਏ ਦੇ ਜ਼ਰੀਏ ਅਸਲ ਵਾਰਸਾਂ ਤੱਕ ਪਹੁੰਚ ਜਾਂਦੇ ਹਨ। ਅੱਜਕਲ੍ਹ ਬਹੁਤ ਸਾਰੀਆਂ ਸੰਸਥਾਵਾਂ/ਵਿਅਕਤੀ ਅਸਮਰੱਥ ਮਰੀਜ਼ਾਂ ਦਾ ਇਲਾਜ ਕਰਵਾਉਣ ਵਿਚ ਲੱਗੇ ਹੋਏ ਹਨ। ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਮਰੀਜ਼ਾਂ ਦੀ ਆਵਾਜ਼ ਦਾਨੀ ਸੱਜਣਾਂ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਕਿ ਦਹਾਕਿਆਂ ਤੋਂ ਵਿਛੜੇ ਭੈਣ-ਭਰਾ ਫੇਸਬੁੱਕ ਨੇ ਮਿਲਾ ਦਿੱਤੇ। ਆਪੋ-ਆਪਣੇ ਵਿਚਾਰ ਸਾਂਝੇ ਕਰਨ ਲਈ ਸੋਸ਼ਲ ਮੀਡੀਆ ਇਕ ਉੱਤਮ ਜਰੀਆ ਹੈ। ਸੋਸ਼ਲ ਮੀਡੀਏ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਦੁਨੀਆ ਭਰ ਦੀ ਜਾਣਕਾਰੀ ਘਰ ਬੈਠੇ, ਹੀ ਪ੍ਰਾਪਤ ਕਰ ਸਕਦੇ ਹਾਂ। ਸੋ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵਿਗਿਆਨ ਵਲੋਂ ਦਿੱਤੀ ਹੋਈ ਇਸ ਸੌਗਾਤ ਦਾ ਸਦਉਪਯੋਗ ਕਰ ਕੇ ਵੱਧ ਤੋਂ ਵੱਧ ਫਾਇਦਾ ਉਠਾਈਏ।


-ਜਸਵੀਰ ਸਿੰਘ ਭਲੂਰੀਆ


ਕਾਹਲੀ ਅੱਗੇ ਟੋਏ
ਇਸ ਤੇਜ਼ ਤਰਾਰ ਜ਼ਿੰਦਗੀ ਵਿਚ ਹਰ ਇਕ ਬੰਦਾ ਆਪਣੇ ਕੰਮ ਵਿਚ ਜਲਦਬਾਜ਼ੀ ਦਿਖਾ ਰਿਹਾ ਹੈ। ਇਸ ਕਾਹਲ ਵਿਚ ਕੀਤਾ ਕੰਮ ਸਿਰੇ ਘੱਟ ਚੜ੍ਹਦਾ ਹੈ, ਵਿਗੜਦਾ ਜ਼ਿਆਦਾ ਜਾਂਦਾ ਹੈ। ਜਦੋਂ ਅਸੀਂ ਕੋਈ ਵੀ ਕੰਮ ਸਮੇਂ 'ਤੇ ਨਹੀਂ ਕਰਦੇ ਤਾਂ ਉਹ ਕੰਮ ਇਕੱਠਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸਾਡਾ ਦਿਮਾਗ ਅਸੰਤੁਲਿਤ ਹੋ ਜਾਂਦਾ ਹੈ। ਅਸੀਂ ਪ੍ਰੇਸ਼ਾਨ ਹੋਣ ਲੱਗ ਪੈਂਦੇ ਹਾਂ। ਫਿਰ ਅਸੀਂ ਜੋ ਆਪਣੇ ਕੰਮ ਵਿਚ ਕਾਹਲ ਕਰਦੇ ਹਾਂ ਉਸ ਦਾ ਸਿੱਟਾ ਕਦੇ ਵੀ ਸਾਰਥਿਕ ਨਹੀਂ ਹੁੰਦਾ। ਇਕ ਪੁਰਾਣੀ ਕਹਾਵਤ ਹੈ 'ਕਾਹਲੀ ਅੱਗੇ ਟੋਏ ਕਾਹਲੇ ਕੰਮ ਕਦੇ ਨਾ ਹੋਏ', ਕਾਹਲੀ ਨਾਲ ਕੀਤਾ ਗਿਆ ਕੰਮ ਖਤਮ ਤਾਂ ਹੋ ਜਾਂਦਾ ਹੈ ਪਰ ਪਿੱਛੇ ਕਈ ਘਾਟਾਂ ਰਹਿ ਜਾਂਦੀਆਂ ਹਨ। ਉਨ੍ਹਾਂ ਘਾਟਾਂ ਨੂੰ ਪੂਰਾ ਕਰਨ ਲਈ ਅਸੀਂ ਸਦੀਵੀ ਉਲਝੇ ਰਹਿੰਦੇ ਹਾਂ। ਸਿੱਟਾ ਇਹ ਨਿਕਲਦਾ ਹੈ ਕਿ ਪ੍ਰੇਸ਼ਾਨੀ ਦਾ ਸਬੱਬ ਸਾਡੇ ਲਈ ਸਦਾ ਬਣਿਆ ਹੀ ਰਹਿੰਦਾ ਹੈ। ਕਾਹਲੀ ਨਾਲ ਕੰਮ ਕਰਦੇ ਵਿਅਕਤੀ ਲਈ ਮੇਰਾ ਸੁਝਾਅ ਹੈ ਕਿ ਉਹ ਆਪਣੇ ਵਿਚਾਰ, ਵਿਹਾਰ ਅਤੇ ਕੰਮ ਵਿਚ ਸਹਿਜਤਾ ਲਿਆਵੇ। ਕੰਮ ਨੂੰ ਸਮੇਂ ਸਿਰ ਇਕ ਚੰਗੀ ਵਿਉਂਤ ਨਾਲ ਸ਼ੁਰੂ ਕਰੇ ਅਤੇ ਉਹ ਕੋਸ਼ਿਸ਼ ਕਰੇ ਕਿ ਕੰਮ ਲੋੜੀਂਦੇ ਸਮੇਂ ਦੇ ਅੰਦਰ-ਅੰਦਰ ਖਤਮ ਹੋ ਜਾਵੇ। ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਨਜਿੱਠਣ ਲਈ ਉਹ ਆਪਣੇ ਸੀਨੀਅਰ ਤੋਂ ਵੀ ਸਲਾਹ ਲੈ ਸਕਦਾ ਹੈ।


-ਨਵਦੀਪ ਸਿੰਘ ਭਾਟੀਆ (ਖਰੜ)।


ਬੂਟਿਆਂ ਦੀ ਸੁਰੱਖਿਆ
ਪ੍ਰੋ: ਬਸੰਤ ਸਿੰਘ ਬਰਾੜ ਦਾ ਲੇਖ 'ਚੰਡੀਗੜ੍ਹ ਦੇ ਦੋ ਦਰੱਖਤ' ਪੜ੍ਹਿਆ। ਲੇਖਕ ਨੇ ਹਰ ਸਾਲ ਮਨਾਏ ਜਾਂਦੇ ਵਣ-ਉਤਸਵ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਜੇ ਸਚਮੁੱਚ ਹੀ ਲਗਾਏ ਬੂਟਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਹੁਣ ਤੱਕ ਪੰਜਾਬ ਇਕ ਜੰਗਲ ਬਣ ਗਿਆ ਹੁੰਦਾ। ਬੂਟਿਆਂ ਨੂੰ ਭੇਡਾਂ ਤੇ ਬੱਕਰੀਆਂ ਤੋਂ ਬਚਾਉਣਾ ਵੱਡੀ ਚੁਣੌਤੀ ਹੈ। ਇਸ ਸਮੇਂ ਮੁਹਾਲੀ ਵਿਚ ਜੋ ਬੂਟੇ ਲਗਾਏ ਜਾ ਰਹੇ ਹਨ, ਉਹ ਏਨੇ ਕੱਚੇ ਹੁੰਦੇ ਹਨ ਕਿ ਮੀਂਹ ਹਨੇਰੀ ਵਿਚ ਸੜਕਾਂ 'ਤੇ ਡਿੱਗ ਕੇ ਜਾਨੀ ਤੇ ਮਾਲੀ ਨੁਕਸਾਨ ਕਰ ਰਹੇ ਹਨ। ਵਣ ਵਿਭਾਗ ਨੂੰ ਚਾਹੀਦਾ ਹੈ ਕਿ ਟਾਹਲੀ, ਨਿੰਮ, ਸ਼ਹਿਤੂਤ ਵਰਗੇ ਜਾਣਦਾਰ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕੇ।


-ਦਲੀਪ ਸਿੰਘ ਜੁਨੇਜਾ, 593, ਫੇਜ਼-2, ਮੁਹਾਲੀ।

07-08-2019

 ਛੁੱਟੀ ਸਮੇਂ ਦਾ ਪ੍ਰਬੰਧ
ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਬਹੁਤ ਸਾਰੇ ਨਿਆਣੇ ਬੱਸ ਵਿਚ ਘਰ ਜਾਂਦੇ ਹਨ ਤੇ ਕਈਆਂ ਨੂੰ ਤਾਂ ਖ਼ੁਦ ਘਰ ਦੇ ਲੈਣ ਲਈ ਆਉਂਦੇ ਹਨ ਪਰ ਛੁੱਟੀ ਸਮੇਂ ਸਕੂਲਾਂ ਦੇ ਬਾਹਰਲਾ ਹਾਲ ਵੇਖਣ ਵਾਲਾ ਹੁੰਦਾ ਹੈ। ਬੱਚਿਆਂ ਨੂੰ ਲੈਣ ਆਏ ਮਾਪਿਆਂ ਦਾ, ਬੱਸਾਂ ਦਾ, ਗੱਡੀਆਂ ਖੜ੍ਹਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੁੰਦਾ। ਵਿਚ ਹੀ ਮਾਪੇ ਖੜ੍ਹੇ ਹੁੰਦੇ ਹਨ, ਵਿਚੇ ਹੀ ਵਾਹਨ ਚਾਲਕ ਹੁੰਦੇ ਹਨ ਤੇ ਵਿਚੇ ਹੀ ਉਹ ਨਿੱਕੀ ਜਾਨ ਆਪਣੀ ਬੱਸ, ਬੱਗੀ ਜਾਂ ਮਾਪਿਆਂ ਨੂੰ ਉਡੀਕ ਰਹੇ ਹੁੰਦੇ ਹਨ।
ਇਸੇ ਕਾਰਨ ਤਾਂ ਅਸੀਂ ਰੋਜ਼ ਬੱਚਿਆਂ ਦੀਆਂ ਮਰਨ ਦੀਆਂ ਖ਼ਬਰਾਂ ਸੁਣਦੇ ਹਾਂ ਕਿ ਬੱਸ ਨੇ ਬੱਚਾ ਕੁਚਲ ਦਿੱਤਾ। ਅਜਿਹੀ ਹੀ ਘਟਨਾ ਜਲੰਧਰ ਵਿਚ ਵਾਪਰੀ, ਜਿਥੇ ਸਕੂਲ ਦੀ ਹੀ ਬੱਸ ਨੇ ਸਕੂਲ ਦਾ ਬੱਚਾ ਹੀ ਕੁਚਲ ਦਿੱਤਾ। ਇਸ ਤੋਂ ਪਤਾ ਲਗਦਾ ਹੈ ਕਿ ਸਕੂਲ ਵਾਲਿਆਂ ਨੇ ਛੁੱਟੀ ਸਮੇਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਇਹ ਹਾਲ ਸਿਰਫ ਕਿਸੇ ਇਕ ਸਕੂਲ ਦਾ ਨਹੀਂ, ਜਦ ਕਿ ਹਰ ਇਕ ਸਕੂਲ ਦਾ ਹੈ। ਤੁਸੀਂ ਸ਼ਹਿਰ ਵਿਚ ਸਕੂਲਾਂ ਦੇ ਬਾਹਰ ਤਕਰੀਬਨ ਛੁੱਟੀ ਵੇਲੇ ਵੇਖ ਲਵੋ। ਇੰਜ ਹਾਲ ਹੁੰਦਾ ਹੈ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੈ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਤੇ ਸਕੂਲ ਵਾਲਿਆਂ ਨੂੰ ਇਸ 'ਤੇ ਕੁਝ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੂੰ ਇਹ ਖਾਸਾ ਧਿਆਨ ਰੱਖਣਾ ਚਾਹੀਦਾ ਹੈ ਕਿ ਛੁੱਟੀ ਸਮੇਂ ਗੇਟ ਦੇ ਬਾਹਰ ਬੱਸ ਨਾ ਆਵੇ ਜਾਂ ਮਾਪਿਆਂ ਦੇ ਵਾਹਨਾਂ ਕਾਰਨ ਮੇਨ ਸੜਕ 'ਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।


-ਜਾਨਵੀ ਬਿੱਠਲ।


ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝੋ
ਪੰਜਾਬ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਵਿਚ ਫ਼ਰਦ ਕੇਂਦਰ ਖੋਲ੍ਹ ਕੇ ਲੋਕਾਂ ਨੂੰ ਚੰਗੀ ਸਹੂਲਤ ਦਿੱਤੀ ਹੈ, ਇਸ ਦੀ ਤਾਰੀਫ਼ ਬਣਦੀ ਹੈ ਪਰ ਜੋ ਇਨ੍ਹਾਂ ਫ਼ਰਦ ਕੇਂਦਰ ਵਿਚ ਮੁਲਾਜ਼ਮ ਕੰਮ ਕਰ ਰਹੇ ਹਨ, ਉਨ੍ਹਾਂ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ। ਕਿਉਂਕਿ ਕੰਮ ਦੇ ਹਿਸਾਬ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਬਹੁਤ ਘੱਟ ਦਿੱਤੀ ਜਾ ਰਹੀ ਹੈ। ਇਸ ਫ਼ਰਦ ਕੇਂਦਰ ਵਿਚ ਮੁਲਾਜ਼ਮ ਕੰਮ ਕਰਨ ਵਾਲਿਆਂ ਨੂੰ ਚਾਹ-ਰੋਟੀ ਖਾਣ ਦਾ ਵੀ ਸਮਾਂ ਮਸਾਂ ਮਿਲਦਾ ਹੈ।
ਏਨਾ ਕੰਮ ਦਾ ਬੋਝ ਹੁੰਦਾ ਹੈ ਪਰ ਮੌਜੂਦਾ ਸਰਕਾਰ ਮੁਲਾਜ਼ਮਾਂ ਨੂੰ ਤਨਖਾਹ ਸਿਰਫ 6200 ਰੁਪਏ ਦਿੰਦੀ ਹੈ, ਜਿਸ ਨਾਲ ਮੁਲਾਜ਼ਮ ਦੇ ਘਰ ਦਾ ਗੁਜ਼ਾਰਾ ਵੀ ਏਨੇ ਪੈਸਿਆਂ ਨਾਲ ਮਸਾਂ ਹੁੰਦਾ ਹੈ। ਏਨੀ ਮਹਿੰਗਾਈ ਦੇ ਯੁੱਗ ਵਿਚ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੈ। ਇਕ ਪਾਸੇ ਤਾਂ ਸੂਬਾ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਲੱਖਾਂ ਰੁਪਏ ਤਨਖਾਹ ਦੇ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਸਰਾਸਰ ਵਿਤਕਰਾ ਕਰ ਰਹੀ ਹੈ। ਇਸ ਕਰਕੇ ਮੌਜੂਦਾ ਕੈਪਟਨ ਸਰਕਾਰ ਨੂੰ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤਨਖਾਹਾਂ ਵਿਚ ਜ਼ਰੂਰ ਵਾਧਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਮੁਲਾਜ਼ਮ ਆਪਣੀ ਤਨਖਾਹ ਨਾਲ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਚਲਾ ਸਕਣ।


-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

06-08-2019

 ਚੰਦਰਯਾਨ ਮਿਸ਼ਨ-2
ਸ੍ਰੀਹਰੀਕੋਟਾ ਵਿਚ ਚੰਦਰਯਾਨ-2 ਲਾਂਚ ਹੋਇਆ। ਪੁਲਾੜ ਵਿਚ ਭਾਰਤੀ ਵਿਗਿਆਨੀਆਂ ਨੇ ਰਚਿਆ ਨਵਾਂ ਇਤਿਹਾਸ। ਈਸਰੋ ਨੂੰ ਚੰਦਰਮਾ 'ਤੇ ਨਵੀਂ ਖੋਜ ਲਈ ਭਾਰਤੀ ਵਿਗਿਆਨੀਆਂ ਨੂੰ ਪ੍ਰਧਾਨ ਮੰਤਰੀ, ਰਾਜਨੇਤਾਵਾਂ ਤੇ ਦੇਸ਼ ਵਾਸੀਆਂ ਵਲੋਂ ਪੁਲਾੜ ਵਿਚ ਪਲਾਂਘ ਪੁੱਟਣ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਪੁਲਾੜ ਵਿਚ ਜਾਣ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਗਿਆ ਹੈ। ਇਸ ਲਈ ਸਾਡੇ ਵਿਗਿਆਨੀ ਵਧਾਈ ਦੇ ਪਾਤਰ ਹਨ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਨੇ ਫ਼ਤਹਿ ਹਾਸਲ ਕੀਤੀ ਹੈ। ਇਹ ਚੰਦਰਮਾ 'ਤੇ 48 ਦਿਨਾਂ ਵਿਚ 6 ਸਤੰਬਰ ਨੂੰ ਪਹੁੰਚੇਗਾ। ਚੰਦਰਮਾ ਦਾ ਨਕਸ਼ਾ, ਭੁਚਾਲਾਂ ਅਤੇ ਖਣਿਜ ਪਦਾਰਥਾਂ ਦਾ ਅਧਿਐਨ ਕਰੇਗਾ। ਚੰਦ ਦੇ ਵਾਤਾਵਰਨ ਦੀ ਰਿਪੋਰਟ, ਮਿੱਟੀ ਦੀ ਜਾਂਚ ਕਰੇਗਾ।
ਅੱਗੇ ਦਿਨਾਂ ਤੱਕ ਜ਼ਰੂਰੀ ਟੈਸਟ ਹੁੰਦੇ ਰਹਿਣਗੇ। ਸਖ਼ਤ ਮਿਹਨਤ ਨਾਲ ਲਾਂਚ ਕੀਤਾ ਗਿਆ। ਸਭ ਤੋਂ ਪਹਿਲੇ ਮਿਸ਼ਨ 2 ਨੂੰ ਸਿਖ਼ਰਾਂ ਤੱਕ ਪਹੁੰਚਾਇਆ ਜਾਵੇਗਾ। ਮਾਨਵ ਨੂੰ ਚੰਨ 'ਤੇ ਉਤਾਰੇਗਾ। ਹੁਣ ਭਾਰਤ ਪੂਰੀ ਦੁਨੀਆ ਵਿਚ ਆਪਣੀ ਧਾਂਕ ਜਮਾ ਸਕਦਾ ਹੈ। ਪੂਰੇ ਭਾਰਤ ਵਾਸੀਆਂ ਵਲੋਂ ਵਿਗਿਆਨੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ 'ਤੇ ਮਾਣ ਹੈ, ਇਸ ਲਈ ਪੂਰੀ ਟੀਮ ਸਲੂਟ ਦੀ ਹੱਕਦਾਰ ਹੈ।

-ਗੁਰਮੀਤ ਸਿੰਘ ਵੇਰਕਾ।

ਆਓ, ਰੁੱਖ ਲਾਈਏ, ਸੁੱਖ ਪਾਈਏ
ਅਸੀਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਬੜੇ ਜ਼ੋਰ-ਸੋਰ ਨਾਲ ਕਰ ਰਹੇ ਹਾਂ। ਆਓ ਆਪਾਂ ਵੀ ਇਸ ਦਿਵਸ ਵਿਚ ਆਪਣਾ ਯੋਗਦਾਨ ਇਕ-ਇਕ ਰੁੱਖ ਲਾ ਕੇ ਪਾਈਏ ਕਿਉਂਕਿ ਇਸ ਪ੍ਰਦੂਸ਼ਣ ਵਾਲੇ ਵਾਤਾਵਰਨ ਵਿਚ ਆਕਸੀਜਨ ਦੀ ਬਹੁਤ ਕਮੀ ਆ ਰਹੀ ਹੈ, ਹਰ ਤੀਜਾ ਵਿਅਕਤੀ ਘੁਟਣ ਮਹਿਸੂਸ ਕਰ ਰਿਹਾ ਹੈ। ਦਰੱਖਤਾਂ ਦੀ ਘਾਟ ਸਾਨੂੰ ਅਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੀ ਹੈ।
ਅੱਜ ਪੁਰਾਣੀਆਂ ਬਣੀਆਂ ਸੜਕਾਂ 'ਤੇ ਲੱਗੇ ਵੱਡੇ-ਵੱਡੇ ਰੁੱਖ ਵੱਢ ਕੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਦਿਨ-ਬ-ਦਿਨ ਵਧ ਰਹੀ ਤਪਸ਼ ਇਸ ਗੱਲ ਦੀ ਉਦਾਹਰਨ ਹੈ। ਭਾਵੇਂ ਹਰ ਸਾਲ ਲੱਖਾਂ-ਕਰੋੜਾਂ ਬੂਟੇ ਸਰਕਾਰ ਜਾਂ ਕਈ ਨਾਮਵਾਰ ਸੰਸਥਾਵਾਂ ਵਲੋਂ ਪਿੰਡਾਂ, ਸ਼ਹਿਰਾਂ, ਸੜਕਾਂ 'ਤੇ ਲਗਵਾਏ ਤਾਂ ਜਾਂਦੇ ਹਨ, ਪਰ ਇਨ੍ਹਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ। ਇਹ ਫੋਟੋਆਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਇਨ੍ਹਾਂ ਨੂੰ ਪਾਲਿਆ-ਪੋਸਿਆ ਨਹੀਂ ਜਾਂਦਾ। ਮੈਨੂੰ ਲਗਦਾ ਕਿ ਬੂਟੇ ਲਗਾਉਣ ਨਾਲੋਂ ਜ਼ਿਆਦਾ ਸਾਂਭਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਕ ਨਾਗਰਿਕ ਦੇ ਤੌਰ 'ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖਾਂ ਦੀ ਸੰਭਾਲ ਕਰੀਏ,ਜੋ ਸਾਡੀ ਜ਼ਿੰਦਗੀ ਦਾ ਹਿੱਸਾ ਹਨ।
ਆਓ ਸਾਰੇ ਇਕ ਪਲੇਟਫਾਰਮ 'ਤੇ ਇਕੱਠੇ ਹੋਈਏ, ਇਕ-ਇਕ ਰੁੱਖ ਲਾ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰੀਏ, ਆਪ ਸੁਖੀ ਅਤੇ ਸੰਸਾਰ ਸੁੱਖੀ ਬਣਾਈਏ। ਆਓ ਆਪਾਂ ਸਾਰੇ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਸਕੇ ਸਾਬੰਧੀਆਂ ਨੂੰ ਬੂਟਿਆਂ ਦੇ ਗਿਫਟ ਦੇਈਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਵਿਚ ਯੋਗਦਾਨ ਪਾ ਕੇ ਫ਼ਰਜ਼ ਨਿਭਾਈਏ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ (ਲੁਧਿਆਣਾ)।

ਪੌਣ-ਪਾਣੀ ਦਾ ਅਸਰ
ਪਿਛਲੇ ਦਿਨੀਂ ਦੋਸਤਾਂ ਸੰਗ ਪਰਬਤੀ ਖੇਤਰ ਮੰਡੀ, ਕੁੱਲੂ ਅਤੇ ਮਨਾਲੀ ਜਾਣ ਦਾ ਸਬੱਬ ਬਣਿਆ। ਪਹਾੜਾਂ ਦੀ ਆਬੋ-ਹਵਾ ਵਾਕਾਈ ਧੁਰ ਅੰਦਰ ਤੱਕ ਸਕੂਨ ਨਾਲ ਭਰ ਦੇਣੀ ਵਾਲੀ ਹੁੰਦੀ ਹੈ। ਹਰਿਆਲੀ ਨਾਲ ਲਥਪਥ ਵਾਦੀਆਂ ਵਿਚ ਚੈਨ ਦਾ ਸਾਹ ਭਲਾਂ ਕੌਣ ਨਹੀਂ ਲੈਣਾ ਚਾਹੁੰਦਾ ਜਿੱਥੇ ਮੌਸਮ ਦਾ ਮਿਜ਼ਾਜ਼ ਵੀ ਦਿਲ ਵਿਚ ਤਰੰਗਾਂ ਛੇੜਨ ਵਾਲਾ ਹੋਵੇ। ਪਰਬਤੀ ਪ੍ਰਦੇਸ਼ ਦੀ ਸੈਰ ਕਰਦਿਆਂ ਇਕ ਗੱਲ ਵਾਰ-ਵਾਰ ਜ਼ਹਿਨ ਵਿਚ ਆ ਰਹੀ ਸੀ ਕਿ ਸਵੱਛ ਪੌਣ-ਪਾਣੀ ਸਾਡੀ ਸਰੀਰਕ ਅਰੋਗਤਾ ਦਾ ਮੂਲ ਆਧਾਰ ਹੈ।
ਪਹਾੜਾਂ ਦੇ ਸ਼ਹਿਰ, ਬਾਜ਼ਾਰਾਂ ਵਿਚੋਂ ਗੁਜ਼ਰਦਿਆਂ ਕੋਈ ਟਾਵਾਂ ਹੀ ਮੈਡੀਕਲ ਸਟੋਰ ਜਾਂ ਹਸਪਤਾਲ ਨਜ਼ਰੀਂ ਪਿਆ। ਇਸ ਗੱਲ ਤੋਂ ਪਹਾੜੀ ਲੋਕਾਂ ਦੇ ਸਿਹਤਮੰਦ ਹੋਣ ਦਾ ਪ੍ਰਮਾਣ ਮਿਲਦਾ ਹੈ। ਪੰਜਾਬ ਵਿਚ ਪੈਰ-ਪੈਰ ਤੇ ਖੁੱਲ੍ਹੇ ਮੈਡੀਕਲ ਸਟੋਰ ਅਤੇ ਹਸਪਤਾਲ ਸਾਡੀ ਬਿਮਾਰ ਲੋਕਾਈ ਦਾ ਨਤੀਜਾ ਹਨ। ਜਿੰਨੀ ਗਿਣਤੀ ਵਿਚ ਪੰਜਾਬ ਵਿਚ ਮੈਡੀਕਲ ਕੇਂਦਰ ਹਨ, ਹਿਮਾਚਲ ਵਿਚ ਸ਼ਾਇਦ ਓਨੇ ਹੀ ਹੋਟਲ ਹਨ। ਸੋ ਇਸ ਤੋਂ ਭਲੀ-ਭਾਂਤ ਪਤਾ ਚਲਦਾ ਹੈ ਕਿ ਜਿੱਥੇ ਜਿਹੜੀ ਚੀਜ਼ ਦੀ ਜ਼ਿਆਦਾ ਲੋੜ ਹੋਵੇਗੀ ਉੱਥੇ ਉਸ ਦੀ ਉਪਲਬਧੀ ਵੀ ਜ਼ਿਆਦਾ ਹੋਵੇਗੀ। ਹਿਮਾਚਲ ਵਿਚ ਅਜਿਹਾ ਹੋਣ ਦਾ ਸਭ ਤੋਂ ਵੱਡਾ ਕਾਰਨ ਸਵੱਛ ਪੌਣ-ਪਾਣੀ ਹੈ ਜੋ ਪੰਜਾਬ ਵਿਚ ਬਹੁਤ ਗੰਧਲਾ ਹੋ ਚੁੱਕਾ ਹੈ। ਹਿਮਾਚਲ ਨੇ ਸਿਹਤਯਾਬੀ ਦਾ ਬਹੁਤ ਵੱਡਾ ਸਰੋਤ ਸਵੱਛ ਪੌਣ-ਪਾਣੀ ਅਤੇ ਹਰਿਆਲੀ ਸੰਭਾਲ ਕੇ ਰੱਖਿਆ ਹੋਇਆ ਹੈ ਜਦ ਕਿ ਪੰਜਾਬ ਆਪਣਾ ਇਹ ਸਰੋਤ ਨਿਤ-ਦਿਨ ਗੁਆ ਰਿਹਾ ਹੈ।

-ਜਗਦੀਪ ਸਿੰਘ ਭੁੱਲਰ
ਪਿੰਡ ਜੋਗਾਨੰਦ, ਜ਼ਿਲ੍ਹਾ ਬਠਿੰਡਾ।

ਬੁੱਢਾ ਹੋ ਰਿਹਾ ਪੰਜਾਬ
ਜਦੋਂ ਸਰਕਾਰ ਨੇ ਬੁਢਾਪਾ ਪੈਨਸ਼ਨ ਲਾਗੂ ਕੀਤੀ ਤਾਂ ਪੈਨਸ਼ਨ ਦੇ ਲਾਲਚ ਲਈ ਕਈ ਗੱਭਰੂ ਵੀ ਬੁੱਢੇ ਬਣ ਗਏ ਅਤੇ ਕਈ ਥਾਈਂ ਪੰਜਾਬ ਦੇ ਭਲਵਾਨ ਚਿੱਟੇ ਨੇ ਢਾਹੇ, ਮਾਲਵੇ ਦੇ ਕੁਝ ਕੁ ਇਲਾਕੇ ਵਿਚ ਨਿਆਣਿਆਂ ਦੇ ਵੀ ਸਿਰ ਚਿੱਟੇ ਹੋ ਰਹੇ ਹਨ ਅਤੇ ਕੁਝ ਕੁ ਨੌਜਵਾਨਾਂ ਦੇ ਵਾਲ ਉਮਰਾਂ ਨਾਲ ਨਹੀਂ ਫ਼ਿਕਰ ਨਾਲ ਚਿੱਟੇ ਹੋ ਰਹੇ ਹਨ। ਰਹਿੰਦੀ-ਖੂੰਹਦੀ ਕਸਰ ਬੇਰੁਜ਼ਗਾਰੀ ਨੇ ਕੱਢ ਦਿੱਤੀ ਅਤੇ ਨੌਜਵਾਨ ਮੁੰਡੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਕੇ ਤੁਰੀ ਜਾ ਰਹੇ ਹਨ। ਕੁਝ ਸਮੇਂ ਬਾਅਦ ਪੰਜਾਬ ਵਿਚ ਸਿਰਫ ਬੁੱਢੇ ਹੀ ਰਹਿ ਜਾਣਗੇ। ਪੰਜਾਬ ਬੁੱਢਾ ਹੀ ਨਹੀਂ ਹੋ ਰਿਹਾ ਖਾਲੀ ਵੀ ਹੋ ਰਿਹਾ ਹੈ। ਪਿੰਡਾਂ 'ਚ ਸੁੰਨ ਦਾ ਪਹਿਰਾ ਹੈ। ਬਗਾਨੇ ਮੁਲਕਾਂ ਵਿਚ ਜਾਣ ਦੀ ਕੋਈ ਤੇ ਮਜਬੂਰੀ ਹੋਵੇਗੀ। ਪਰ ਜੇ ਹਵਾ ਇਹੋ ਹੀ ਰਹੀ ਤਾਂ ਪਰਵਾਸੀ ਮਜ਼ਦੂਰ ਪੰਜਾਬ ਦੇ ਵਾਰਿਸ ਹੋਣਗੇ। ਇਸ ਸਮੱਸਿਆ ਦਾ ਜੇਕਰ ਠੋਸ ਹੱਲ ਨਾ ਲੱਭਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਪੰਜਾਬ ਜਲਦੀ ਬੁੱਢਾ ਹੋ ਜਾਵੇਗਾ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।

05-08-2019

ਸੋਸ਼ਲ ਮੀਡੀਆ ਬਨਾਮ ਅਫ਼ਵਾਹਾਂ
ਕੁਝ ਕੁ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਬੱਚੇ ਧੜਾਧੜ ਅਗਵਾ ਹੋ ਰਹੇ ਹਨ। ਪਰ ਸੱਚਾਈ ਕੁਝ ਹੋਰ ਹੀ ਹੈ। ਏਨੀ ਦੇਰ ਤਾਂ ਸ਼ਾਇਦ ਅਗਵਾ ਕਰਨ ਵਾਲਾ ਵੀ ਨਾ ਲਾਉਂਦਾ ਹੋਵੇ ਜਿੰਨੀ ਛੇਤੀ ਅਸੀਂ ਕਿਸੇ ਗੱਲ ਨੂੰ ਸ਼ੇਅਰ ਕਰਨ ਲੱਗੇ ਇਕ ਪਲ ਹੀ ਲਗਾਉਂਦੇ ਹਾਂ। ਪਿਛਲੇ ਦਿਨੀਂ ਬਠਿੰਡਾ ਪੁਲਿਸ ਵਲੋਂ ਗ਼ਲਤ ਅਫਵਾਹਾਂ ਫੈਲਾ ਰਹੇ ਕੁਝ ਲੋਕਾਂ ਉੱਪਰ ਪਰਚੇ ਦਰਜ ਕੀਤੇ ਗਏ ਹਨ। ਜਿਹੜੇ ਹਰੇਕ ਮੁਲਜ਼ਮ ਦੀ ਵੀਡੀਓ ਨੂੰ ਅਗਵਾਕਾਰਾਂ ਨਾਲ ਜੋੜ ਕੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਰਹੇ ਹਨ। ਅਸੀਂ ਵੀ ਬਿਨਾਂ ਕੁਝ ਸੋਚਿਆਂ ਖ਼ਬਰ ਨੂੰ ਹਵਾ ਦੇ ਦਿੰਦੇ ਹਾਂ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਕਿਸੇ ਘਟਨਾ ਨੂੰ ਬਿਨਾਂ ਸੋਚੇ-ਸਮਝੇ ਨਾ ਫੈਲਾਇਆ ਜਾਵੇ। ਉਸ ਸਮੇਂ ਤਾਂ ਸੋਸ਼ਲ ਮੀਡੀਆ ਵੀ ਨਹੀਂ ਸੀ। ਕਦੇ ਕਾਲੇ ਕੱਛਿਆਂ ਵਾਲਿਆਂ ਦੀ ਅਫਵਾਹ ਹੁੰਦੀ ਹੈ। ਇਸ ਕਰਕੇ ਸਾਨੂੰ ਅਫ਼ਵਾਹਾਂ ਉੱਪਰ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਆਪਣਾ ਵੀ ਦਿਮਾਗ ਵਰਤਣਾ ਚਾਹੀਦਾ ਹੈ। ਘਟਨਾਵਾਂ ਵਾਪਰਦੀਆਂ ਹਨ ਪਰ ਐਨੀਆਂ ਵੀ ਨਹੀਂ ਵਾਪਰਦੀਆਂ ਜਿੰਨਾ ਅਸੀਂ ਕਿਆਸ ਲਗਾਉਂਦੇ ਰਹਿੰਦੇ ਹਾਂ।


-ਹੀਰਾ ਸਿੰਘ ਤੂਤ
ਜ਼ਿਲ੍ਹਾ ਫਿਰੋਜ਼ਪੁਰ।


ਪੰਜਾਬ ਵਿਚ ਪਾਣੀ ਦੀ ਸਮੱਸਿਆ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਧਰਤੀ ਹੇਠਾਂ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਖਤਰੇ ਦੀ ਘੰਟੀ ਵੱਜ ਰਹੀ ਹੈ। ਹਰ ਸਾਲ ਔਸਤਨ ਸਵਾ ਫੁੱਟ ਪਾਣੀ ਧਰਤੀ ਹੇਠਾਂ ਡੂੰਘਾ ਜਾ ਰਿਹਾ ਹੈ। ਇਸ ਦਾ ਕਾਰਨ ਪੰਜਾਬ ਵਿਚ 78 ਫ਼ੀਸਦੀ ਖੇਤੀਬਾੜੀ ਨਾਲ ਸਬੰਧਿਤ ਰਕਬਾ ਟਿਊਬਵੈੱਲਾਂ ਉਤੇ ਨਿਰਭਰ ਹੈ। ਪੰਜਾਬ ਵਿਚ ਲਗਪਗ 15 ਲੱਖ ਟਿਊਬਵੈੱਲ ਧਰਤੀ ਹੇਠੋਂ ਪਾਣੀ ਕੱਢ ਰਹੇ ਹਨ। ਸਭ ਤੋਂ ਵੱਧ ਪਾਣੀ ਸਾਉਣੀ ਦੀ ਫ਼ਸਲ ਝੋਨੇ ਲਈ ਕੱਢਿਆ ਜਾਂਦਾ ਹੈ। ਵੱਡੀ ਪੱਧਰ 'ਤੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਬਰਬਾਦ ਹੋ ਰਿਹਾ ਹੈ। ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਗੁਆਂਢੀ ਦੇਸ਼ ਪਾਕਿਸਤਾਨ ਨੂੰ ਜਾ ਰਿਹਾ ਹੈ। ਹਰੀਕੇ ਪੱਤਣ ਤੋਂ ਹਜ਼ਾਰਾਂ ਕਿਊਸਕ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਜਦ ਕਿ ਪੰਜਾਬ ਦੇ ਬਹੁਤ ਸਾਰੇ ਬਲਾਕ ਸੋਕਾਗ੍ਰਸਤ ਘੋਸ਼ਿਤ ਕੀਤੇ ਗਏ ਹਨ। ਸੋ, ਕੇਂਦਰ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਰਤੀ ਹੇਠਾਂ ਘਟ ਰਹੇ ਪਾਣੀ ਦੇ ਪੱਧਰ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਪਣੀਆਂ ਜ਼ਿੰਮੇਵਾਰੀਆਂ ਵੀ ਤਹਿ ਕਰਨ।


-ਮਾ: ਜਸਪਿੰਦਰ ਸਿੰਘ ਗਿੱਲ,
ਪਿੰਡ ਉਬੋਕੇ, ਤਹਿ: ਪੱਟੀ, (ਤਰਨਤਾਰਨ)।


ਪੰਜਾਬ, ਪੰਜਾਬੀ ਅਤੇ ਨਸ਼ੇ
ਕੀ ਹੋ ਗਿਆ ਸਾਡੀ ਨੌਜਵਾਨ ਪੀੜ੍ਹੀ ਨੂੰ? ਹਰ ਰੋਜ਼ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨਾਲ ਅਖ਼ਬਾਰ ਭਰੀ ਰਹਿੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਲੈਣਾ ਆਪਣਾ 'ਹਾਈ ਸਟੇਟਸ' ਸਮਝਦੀ ਹੈ। ਇਸ ਵਿਚ ਸਿਰਫ਼ ਲੜਕੇ ਹੀ ਨਹੀਂ ਸਗੋਂ ਲੜਕੀਆਂ ਵੀ ਸ਼ਾਮਿਲ ਹਨ। ਅਜਿਹੀਆਂ ਖ਼ਬਰਾਂ ਪੜ੍ਹ ਕੇ ਮਨ ਕਿੰਨਾ ਚਿਰ ਦੁਖੀ ਰਹਿੰਦਾ ਹੈ ਕਿ ਸਾਡੇ ਬੱਚੇ ਆਖਿਰ ਕਿਧਰ ਨੂੰ ਜਾ ਰਹੇ ਹਨ? ਇਕ ਨਸ਼ਾ ਕਰਨ ਵਾਲਾ ਵਿਅਕਤੀ ਜਿਸ ਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ ਹੁੰਦੀ, ਉਹ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਕਿਥੋਂ ਚੁੱਕੇਗਾ? ਹਰ ਰੋਜ਼ ਚਿੱਟੇ, ਹੈਰੋਇਨ, ਟੀਕਿਆਂ ਅਤੇ ਮੈਡੀਕਲ ਨਸ਼ਿਆਂ ਨਾਲ ਨੌਜਵਾਨ ਮਰ ਰਿਹਾ ਹੈ। ਜੇਕਰ ਮਾਪੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਵੱਲ ਲੈ ਜਾਣ ਤਾਂ ਮੈਂ ਸਮਝਦੀ ਹਾਂ ਕਿ ਨਸ਼ੇ ਥੋੜ੍ਹੇ ਘੱਟ ਹੋ ਸਕਦੇ ਹਨ। ਅਸੀਂ ਇਸ ਸਮਾਜ ਵਿਚ ਮਿਲਜੁਲ ਕੇ ਰਹਿ ਰਹੇ ਹਾਂ, ਨਸ਼ਿਆਂ ਦਾ ਖਾਤਮਾ ਇਕੱਲੀ ਸਰਕਾਰ, ਪਰਿਵਾਰ ਜਾਂ ਸਮਾਜ ਨਹੀਂ ਕਰ ਸਕਦਾ। ਇਸ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਆਸ ਕਰਦੀ ਹਾਂ ਕਿ ਭਵਿੱਖ ਵਿਚ ਵਾਹਿਗੁਰੂ ਜੀ ਸਭ ਭਲੀ ਕਰਨ ਤੇ ਸਾਡੀ ਨੌਜਵਾਨ ਪੀੜ੍ਹੀ ਸਹੀ ਰਸਤੇ 'ਤੇ ਪਵੇ।


-ਹਰਪ੍ਰੀਤ ਕੌਰ
ਸੈਲੀ ਰੋਡ, ਪਠਾਨਕੋਟ।


ਬੁਲਟ ਦੇ ਪਟਾਕੇ
ਕੋਈ ਵੀ ਸਮਾਜ ਵਿਰੋਧੀ ਅਨਸਰ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨਾ ਕਰ ਸਕੇ, ਇਸੇ ਕਰਕੇ ਹੀ ਸਰਕਾਰ ਅਕਸਰ ਨਾਗਰਿਕਾਂ ਦੀ ਸੁਰੱਖਿਆ ਲਈ ਸਮੇਂ-ਸਮੇਂ ਸਿਰ ਪਾਬੰਦੀਆਂ ਲਗਾਉਂਦੀ ਰਹਿੰਦੀ ਹੈ ਪ੍ਰੰਤੂ ਬੁਲਟ ਨਾਲ ਪਟਾਕੇ ਵਜਾਉਣ 'ਤੇ ਵੀ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਮਨਚਲੇ ਲੋਕਾਂ ਵਲੋਂ ਬੁਲਟ ਮੋਟਰ ਸਾਈਕਲ ਦੇ ਪਟਾਕੇ ਵਜਾ ਕੇ ਜਿਥੇ ਸਰਕਾਰ ਵਲੋਂ ਲਗਾਈ ਪਾਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ, ਉਥੇ ਹੀ ਇਹ ਲੋਕ ਆਮ ਨਾਗਰਿਕਾਂ ਨੂੰ ਵੀ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਸੜਕ 'ਤੇ ਅਚਾਨਕ ਬੁਲਟ ਦਾ ਪਟਾਕਾ ਵੱਜਦਾ ਹੈ ਤਾਂ ਰਾਹਗੀਰ ਡਰ ਨਾਲ ਤ੍ਰਬਕ ਜਾਂਦਾ ਹੈ ਅਤੇ ਦਿਲ ਦੇ ਮਰੀਜ਼ਾਂ ਲਈ ਜਾਨ ਦਾ ਖੌਅ ਬਣਨ ਦੇ ਨਾਲ-ਨਾਲ ਆਵਾਜ਼ ਪ੍ਰਦੂਸ਼ਣ ਵੀ ਫੈਲਾਉਂਦਾ ਹੈ। ਜਿਥੇ ਅਜਿਹੇ ਮਨਚਲੇ ਨੌਜਵਾਨਾਂ ਨੂੰ ਸੁਹਿਰਦ ਹੋਣ ਦੀ ਲੋੜ ਹੈ, ਉਥੇ ਹੀ ਬੁਲਟਾਂ 'ਤੇ ਗਾਣੇ ਲਿਖਣ ਵਾਲੇ ਅਤੇ ਗਾਉਣ ਵਾਲਿਆਂ ਨੂੰ ਵੀ ਸਮਾਜ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਪੁਲਿਸ ਨੂੰ ਅਜਿਹੇ ਅਨਸਰਾਂ 'ਤੇ ਨਕੇਲ ਕੱਸਦੇ ਹੋਏ ਸਖਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

02-08-2019

 ਕਾਗਜ਼ 'ਤੇ ਡਿਊਟੀ ਬੇਹੱਦ ਨੁਕਸਾਨਦੇਹ
ਜਦੋਂ ਮੈਂ 20 ਜੁਲਾਈ ਦੇ 'ਅਜੀਤ' ਅਖ਼ਬਾਰ ਵਿਚ ਸੰਪਾਦਕੀ ਪੰਨੇ 'ਤੇ ਅਖ਼ਬਾਰੀ ਕਾਗਜ਼ 'ਤੇ ਸਰਕਾਰ ਵਲੋਂ ਲਗਾਈ ਡਿਊਟੀ ਬਾਰੇ ਪੜ੍ਹਿਆ ਤਾਂ ਬੜੀ ਠੇਸ ਪਹੁੰਚੀ। ਕਿਉਂਕਿ ਡਿਜੀਟਲ ਮੀਡੀਆ ਤਾਂ ਪਹਿਲਾਂ ਹੀ ਪ੍ਰਿੰਟ ਮੀਡੀਆ ਤੋਂ ਅੱਗੇ ਹੈ। ਉੱਪਰੋਂ ਸਾਡੀ ਮੈਗਜ਼ੀਨ ਅਤੇ ਅਖ਼ਬਾਰ ਪ੍ਰਿੰਟ ਕਰਨ ਵਾਲੇ ਕਾਗਜ਼ 'ਤੇ 10 ਫ਼ੀਸਦੀ ਡਿਊਟੀ ਲਗਾ ਕੇ ਇਸ ਦੇ ਅੱਗੇ ਵਧਣ ਦੇ ਆਸਾਰ ਹੀ ਘੱਟ ਕਰ ਦਿੱਤੇ ਹਨ। ਹੋਰ ਤਾਂ ਹੋਰ ਇਹ ਚੀਜ਼ ਸਾਡੇ ਪਾਠਕਾਂ, ਲੇਖਕਾਂ ਅਤੇ ਹਰ ਮੈਗਜ਼ੀਨਾਂ 'ਤੇ ਗਹਿਰਾ ਅਸਰ ਪਾਵੇਗੀ। ਵੱਡੇ ਪੇਪਰ ਤਾਂ ਇਹ ਸਭ ਝੱਲ ਲੈਂਦੇ ਹਨ ਅਤੇ ਇਸ਼ਤਿਹਾਰ ਲਗਾ ਕੇ ਪੈਸਾ ਵੀ ਕਮਾ ਲੈਂਦੇ ਹਨ ਪਰ ਦਰਮਿਆਨੇ ਪੇਪਰ ਇਹ ਟੈਕਸ ਕਿਵੇਂ ਭਰਨਗੇ?
ਅੱਜਕਲ੍ਹ ਹਰ ਇਨਸਾਨ ਅਖ਼ਬਾਰ, ਮੈਗਜ਼ੀਨ ਵਗੈਰਾ ਪੜ੍ਹਨਾ ਚਾਹੁੰਦਾ ਹੈ ਤੇ ਦੁਨੀਆ ਦੀ ਖ਼ਬਰ ਜਾਣਨ ਲਈ ਉਤਾਵਲਾ ਰਹਿੰਦਾ ਹੈ। ਪਰ ਜੇਕਰ ਅਖ਼ਬਾਰ ਜਾਂ ਮੈਗਜ਼ੀਨ ਦੇ ਰੇਟ ਵਿਚ ਵਾਧਾ ਹੋਵੇਗਾ ਤਾਂ ਮੱਧਵਰਗੀ ਪਰਿਵਾਰ ਲਈ ਇਹ ਖਰਚਾ ਬਜਟ ਤੋਂ ਬਾਹਰ ਹੋ ਜਾਵੇਗਾ ਅਤੇ ਪ੍ਰਿੰਟ ਮੀਡੀਆ ਹੋਰ ਵੀ ਪਿੱਛੇ ਰਹਿ ਜਾਵੇਗਾ। ਸੋ, ਅਖ਼ਬਾਰੀ ਕਾਗਜ਼ 'ਤੇ ਇਹ ਲਗਾਇਆ ਗਿਆ ਟੈਕਸ ਜਲਦੀ ਹਟਾਇਆ ਜਾਵੇ ਤਾਂ ਕਿ ਪ੍ਰਿੰਟ ਮੀਡੀਆ ਮੁੜ ਤੋਂ ਅੱਗੇ ਵੱਧ ਸਮੇਂ ਦਾ ਹਾਣੀ ਬਣ ਸਕੇ।


-ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ।


ਰੁੱਖ ਤੇ ਮਨੁੱਖ
ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਰੁੱਖ ਮਨੁੱਖ ਦਾ ਅੰਤ ਤੱਕ ਸਾਥ ਦਿੰਦਾ ਹੈ ਅਤੇ ਉਹ ਮਨੁੱਖ ਦੇ ਨਾਲ ਅੰਤ ਸਮੇਂ ਸੜਦਾ ਹੈ। ਪਰ ਮਨੁੱਖ ਪੈਸੇ ਦੀ ਹੋੜ ਵਿਚ ਰੁੱਖਾਂ ਨੂੰ ਹੀ ਖ਼ਤਮ ਕਰਨ 'ਤੇ ਤੁਲ ਗਿਆ ਹੈ। ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ। ਅੱਗੇ ਹਰੇਕ ਘਰ ਇਕ ਜਾਂ ਦੋ ਦਰੱਖਤ ਹੁੰਦੇ ਸਨ ਜੋ ਏ.ਸੀ. ਦਾ ਕੰਮ ਕਰਦੇ ਸਨ। ਜੰਗਲ ਘਟਣ ਨਾਲ ਜੈਵ ਵਿਭਿੰਨਤਾ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਬਹੁਤ ਸਾਰੇ ਗੁਣਕਾਰੀ ਤੇ ਅਨਮੋਲ ਪੌਦੇ ਲੁਪਤ ਹੋ ਚੁੱਕੇ ਹਨ। ਰੁੱਖਾਂ ਦੀ ਹੋਂਦ ਖ਼ਤਮ ਹੋਣ ਨਾਲ ਸੋਹਣੇ-ਸੋਹਣੇ ਪੰਛੀ ਜੰਗਲੀ ਜੀਵ ਖ਼ਤਮ ਹੋ ਗਏ ਹਨ। ਜੇਕਰ ਇਸ ਰਫ਼ਤਾਰ ਨਾਲ ਜੰਗਲ ਨਸ਼ਟ ਹੁੰਦੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਕੀ ਇਹ ਕੁਦਰਤੀ ਨਜ਼ਾਰਾ ਦੇਖਣ ਨੂੰ ਮਿਲੇਗਾ? ਸ਼ਾਇਦ ਨਹੀਂ। ਅੱਜ ਲੋੜ ਹੈ ਵੱਧ ਤੋਂ ਵੱਧ ਰੱਖ ਲਗਾਈਏ। ਰੁੱਖਾਂ ਦੀ ਮਹਾਨਤਾ ਨੂੰ ਸਮਝ ਕੇ ਹਰ ਸਾਲ ਵਣ ਮਹਾਂਉਤਸਵ ਮਨਾ ਕੇ ਵੱਧ ਤੋਂ ਵੱਧ ਧਰਤੀ ਨੂੰ ਹਰਿਆ-ਭਰਿਆ ਬਣਾਈਏ।


-ਕਵੀ ਪ੍ਰੋਸ਼ਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਮੈਡੀਕਲ ਸਿੱਖਿਆ ਸਬੰਧੀ ਸਰਕਾਰਾਂ ਗੰਭੀਰ ਹੋਣ
ਮਿਤੀ 19 ਜੁਲਾਈ ਨੂੰ ਡਾ: ਅਰੁਣ ਮਿੱਤਰਾ ਦਾ ਛਪਿਆ ਲੇਖ 'ਮੈਡੀਕਲ ਸਿੱਖਿਆਨੂੰ ਬਾਜ਼ਾਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ' ਪੜ੍ਹਿਆ, ਜਿਸ ਰਾਹੀਂ ਮੈਡੀਕਲ ਸਿੱਖਿਆ ਵਿਚ ਹੋ ਰਹੀ ਲੁੱਟ ਬਾਰੇ ਵਿਸਥਾਰ ਸਹਿਤ ਲਿਖਿਆ। ਅੱਜ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਵਾਉਣਾ ਆਮ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਕਿਉਂਕਿ ਪ੍ਰਾਈਵੇਟ ਮੈਡੀਕਲ ਕਾਲਜ ਅਤੇ ਹੋਰ ਯੂਨੀਵਰਸਿਟੀਆਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ ਵੱਡੀਆਂ ਫੀਸਾਂ ਲੈ ਰਹੀਆਂ ਹਨ ਜੋ ਕਿ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੈ।ਆਮ ਵਰਗ ਦੇ ਕਈ ਬੱਚਿਆਂ ਦਾ ਏਨੇ ਜ਼ਿਆਦਾ ਰੁਪਏ ਨਾ ਹੋਣ ਕਾਰਨ ਡਾਕਟਰ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ।
ਵੇਖਣ ਵਾਲੀ ਗੱਲ ਹੈਕੇਂਦਰ ਦੀ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਵਿੱਦਿਆ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਦੀਆਂ ਵੱਡੀਆਂ ਟਾਹਰਾਂ ਮਾਰ ਰਹੀਆਂ ਹਨ ਪਰ ਡਾਕਟਰੀ ਦੀ ਇਸ ਪੜ੍ਹਾਈ ਵਿਚ ਹੋ ਰਹੀ ਵੱਡੀ ਲੁੱਟ ਵੱਲ ਜ਼ਰਾ ਵੀ ਗੰਭੀਰ ਨਹੀਂ ਸਗੋਂਮੈਡੀਕਲ ਸਿੱਖਿਆ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਸਰਕਾਰਾਂ ਤਮਾਸ਼ਾ ਵੇਖ ਰਹੀਆਂ ਹਨ।ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਸਮਾਜ ਕਲਿਆਣ ਹਿੱਤ ਮੈਡੀਕਲ ਸਿੱਖਿਆ ਦੀ ਪਹੁੰਚ ਆਮ ਲੋਕਾਂ ਤੱਕ ਮੁਹੱਈਆ ਹੋਣੀ ਚਾਹੀਦੀ ਹੈ ਅਤੇ ਅਜੋਕੀ ਮੈਡੀਕਲ ਸਿੱਖਿਆ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਸਰਕਾਰਾਂ ਨੂੰ ਕਾਰਗਰ ਕਦਮ ਚੁੱਕਣ ਦੀ ਵੱਡੀ ਲੋੜ ਹੈ।


-ਰਮੇਸ਼ ਕੁਮਾਰ ਖਮਾਣੋਂ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਅਗਿਆਨਤਾ ਦੀ ਨਿਸ਼ਾਨੀ
ਅਜੋਕੇਯੁੱਗ ਵਿਚ ਹਰ ਮਨੁੱਖ ਖ਼ੁਦ ਨੂੰ ਬਹੁਤ ਗੁਣਵਾਨ, ਗਿਆਨੀ ਅਤੇ ਵੱਡਾ ਕਹਾਉਣਾ ਚਾਹੁੰਦਾ ਹੈ । ਪਰ ਮਨੁੱਖ ਦੇ ਕਰਮ ਉਸ ਦੇ ਦਾਅਵੇ ਦੀ ਪੋਲ ਖੋਲ੍ਹ ਜਾਂਦੇ ਹਨ। ਮਨੁੱਖ ਜਦ ਸਮਾਜ ਦੇ ਦਰਪਨ ਅੱਗੇ ਖ਼ੁਦ ਨੂੰ ਕੁਝ ਛੋਟਾ ਮਹਿਸੂਸ ਕਰਦਾ ਹੈ ਤਾਂ ਉਸ ਦੇ ਸਹਿਜ ਸੁਭਾਅ ਵਿਚ ਗੁੱਸਾ, ਕੜਵਾਹਟ ਆ ਜਾਂਦੀ ਹੈ ਜੋ ਕਿ ਅਗਿਆਨਤਾ ਦੀ ਨਿਸ਼ਾਨੀ ਹੈ। ਆਮ ਕਹਾਵਤ ਹੈ ਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਜਾਂ ਖਾਲੀ ਭਾਂਡਾ ਜ਼ਿਆਦਾ ਖੜਕਦਾ ਹੈ। ਇਸ ਲਈ ਗੁੱਸੇ ਉੱਪਰ ਕਾਬੂ ਕਰਨਾ ਬੇਹੱਦ ਜ਼ਰੂਰੀ ਹੈ। ਨਿਮਰਤਾ, ਪਿਆਰ ਵਿਚ ਵੱਡਾਪਣ ਹੈ। ਆਪਣੀ ਗ਼ਲਤੀ ਮੰਨ ਲੈਣ ਨਾਲ ਕੋਈ ਮਨੁੱਖ ਛੋਟਾ ਨਹੀਂ ਹੋ ਜਾਂਦਾ, ਸਗੋਂ ਸਾਹਮਣੇ ਵਾਲੇ ਦੀ ਨਜ਼ਰ ਵਿਚ ਉਸ ਦਾ ਕੱਦ ਹੋਰ ਉੱਚਾ ਹੋ ਜਾਂਦਾ ਹੈ। ਸਮਾਜ ਦੀ ਸੇਵਾ ਕਰਕੇ ਮੰਨ ਨੂੰ ਨਿਰਮਲ ਰੱਖਿਆ ਜਾ ਸਕਦਾ ਹੈ। ਈਰਖਾ, ਵੈਰ, ਵਿਰੋਧ ਦੀ ਅਗਨੀ ਮਨੁੱਖ ਨੂੰ ਖਾਕ ਬਣਾ ਦਿੰਦੀ ਹੈ।


-ਲਖਵਿੰਦਰ ਸਿੰਘ ਗਿੱਲ
ਪਿੰਡ ਤੇ ਡਾਕ: ਧਨਾਨਸੂ, ਜ਼ਿਲ੍ਹਾ ਲੁਧਿਆਣਾ।


ਪੋਪਲ ਚੰਡੀਗੜ੍ਹ ਅਸਟੇਟ ਆਫਿਸ
ਮੈਨੂੰ 40 ਕੁ ਸਾਲ ਹੋ ਗਏ ਦੇਖਦੇ ਨੂੰ ਜਦੋਂ ਤੋਂ ਚੰਡੀਗੜ੍ਹ ਦਾ ਅਸਟੇਟ ਆਫਿਸ ਨਾਜਾਇਜ਼ ਰੇਹੜੀਆਂ ਤੇ ਫੜੀਆਂ ਦਾ ਸ਼ਿਕਾਰ ਖੇਡਦਾ ਆ ਰਿਹਾ ਹੈ। ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਜਾਂ ਤਾਂ ਐਵੇਂ ਲੋਕ ਦਿਖਾਵਾ ਹੀ ਹੈ, ਚਾਲ ਕੋਈ ਹੋਰ ਹੈ। ਅਸਟੇਟ ਆਫਿਸ ਤੋਂ ਇਹ ਸਮੱਸਿਆ ਹੱਲ ਨਹੀਂ ਹੋਈ। ਕੋਈ ਆਖਦਾ ਹੈ ਅਸਟੇਟ ਆਫਿਸ ਵਾਲਿਆਂ ਦਾ ਮਹੀਨਾ ਬੰਨ੍ਹਿਆ ਹੋਇਆ ਹੈ, ਕੋਈ ਆਖਦਾ ਹੈ ਪੁਲਿਸ ਨੇ ਹਫ਼ਤਾ ਕੀਤਾ ਹੋਇਆ ਹੈ। ਜੇਕਰ ਕਿਸੇ ਨੇ ਤਾਜ਼ੀ ਮਿਸਾਲ ਦੇਖਣੀ ਹੋਵੇ ਤਾਂ ਸ਼ਾਮ ਨੂੰ ਸੈਕਟਰ 37 ਸੀ ਦੇ ਗੁਰਦੁਆਰਾ ਸਾਹਬ ਕੋਲ ਆ ਕੇ ਵੇਖ ਲਵੋ। ਸੜਕ 'ਤੇ ਲੰਘਣ ਨੂੰ ਥਾਂ ਕੋਈ ਨਹੀਂ ਹੁੰਦੀ।
ਜੇਕਰ ਇਹ ਮਹੀਨੇ ਅਤੇ ਹਫ਼ਤੇ ਬੰਨ੍ਹਣ ਜਾਂ ਵੋਟਾਂ ਦੀ ਰਾਜਨੀਤੀ ਹੈ ਤਾਂ ਲੀ-ਕਾਰਬੂਜ਼ੀਅਰ ਦੇ ਮੱਥੇ 'ਤੇ ਕਲੰਕ ਲਾਉਣ ਵਾਲੀ ਗੱਲ ਹੈ, ਜੋ ਨਹੀਂ ਹੋਣੀ ਚਾਹੀਦੀ।


-ਹਰਬੰਸ ਸਿੰਘ
ਮੋਜੋਵਾਲ ਮਜਾਰਾ (ਸ਼.ਭ.ਸ. ਨਗਰ)।

01-08-2019

 ਸਕੂਲਾਂ ਵਿਚ ਲਾਇਬ੍ਰੇਰੀ
ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਵਿਦਿਆਰਥੀਆਂ ਦੀ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਵਿਚ ਉਤਸੁਕਤਾ ਵਧਾਈ ਜਾਵੇ, ਜੋ ਕਿ ਇਕ ਬਹੁਤ ਹੀ ਚੰਗੀ ਗੱਲ ਹੈ। ਮਹਿਕਮੇ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਕਿ ਲਾਇਬਰੇਰੀ ਦੀਆਂ ਕਿਤਾਬਾਂ ਨੂੰ ਕੰਪਿਊਟਰ 'ਤੇ ਆਨਲਾਈਨ ਕੀਤਾ ਜਾਵੇ ਤੇ ਬੱਚਿਆਂ ਨੂੰ ਮਹੀਨੇ ਵਿਚ ਕਿੰਨੀਆਂ ਕਿਤਾਬਾਂ ਵੰਡੀਆਂ ਗਈਆਂ, ਕਦੋਂ ਵਾਪਸ ਲਈਆਂ ਆਦਿ ਜਾਣਕਾਰੀ ਕੰਪਿਊਟਰ 'ਤੇ ਆਨਲਾਈਨ ਦੱਸੀ ਜਾਵੇ ਜਦ ਕਿ ਬਹੁਤੀ ਵਾਰ ਸਕੂਲ ਸਮੇਂ ਦੌਰਾਨ ਲਾਈਟ ਬੰਦ ਹੋ ਜਾਂਦੀ ਹੈ, ਇਸ ਦੇ ਨਾਲ-ਨਾਲ ਇੰਟਰਨੈੈੱਟ 'ਚ ਖਰਾਬੀ ਪੈਣੀ ਆਮ ਜਿਹੀ ਗੱਲ ਹੈ। ਜਿਹੜੀ ਕਈ-ਕਈ ਦਿਨ ਠੀਕ ਨਹੀਂ ਹੁੰਦੀ। ਹੋ ਸਕਦਾ ਹੈ ਜਦ ਲਾਈਟ ਆ ਰਹੀ ਹੋਵੇ, ਸਬੰਧਿਤ ਅਧਿਆਪਕ ਦਾ ਪੀਰਡ ਲੱਗਾ ਹੋਵੇ ਕਿਉਂਕਿ ਬਹੁਤੇ ਸਕੂਲਾਂ ਵਿਚ ਲਾਇਬਰੇਰੀਅਨ ਦੀ ਪੋਸਟ ਨਹੀਂ ਹੁੰਦੀ। ਇਸ ਦੇ ਨਾਲ-ਨਾਲ ਇਕ ਅਹਿਮ ਗੱਲ ਇਹ ਹੈ ਕਿ ਅਧਿਆਪਕ ਨੂੰ ਆਪਣੇ ਪੀਰੀਅਡ ਵਿਚ ਹੀ ਕਿਤਾਬਾਂ ਵੰਡਣੀਆਂ ਤੇ ਵਾਪਸ ਲੈਣੀਆਂ ਪੈਂਦੀਆਂ ਹਨ। ਸੋ, ਮਹਿਕਮੇ ਨੂੰ ਕਿਤਾਬਾਂ ਨੂੰ ਆਫਲਾਈਨ ਰਜਿਸਟਰ 'ਤੇ ਵੰਡਣ ਤੇ ਰੋਜ਼ਾਨਾ ਹਰ ਕਲਾਸ ਦਾ ਇਕ ਪੀਰੀਅਡ ਟਾਈਮ ਟੇਬਲ ਵਿਚ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਲਈ ਰੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਇਸ ਨੂੰ ਉਪਰਾਲੇ ਦਾ ਵਿਦਿਆਰਥੀ ਫਾਇਦਾ ਲੈ ਸਕਣ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।


ਅਧਿਆਪਕਾਂ ਦੀਆਂ ਖ਼ੁਦਕੁਸ਼ੀਆਂ
ਸਮਾਣਾ ਨੇੜਲੇ ਕੁਲਾਰ ਪਿੰਡ ਦੇ ਅਪੰਗ ਬੱਚਿਆਂ ਨੂੰ ਨਿਗੂਣੀ ਜਿਹੀ ਤਨਖਾਹ 'ਤੇ ਪੜ੍ਹਾਉਂਦੇ ਅਧਿਆਪਕ ਆਈ.ਈ. ਵਲੰਟੀਅਰ ਕੁਲਦੀਪ ਸਿੰਘ ਜ਼ਹਿਰੀਲਾ ਪਦਾਰਥ ਖਾ ਕੇ ਇਸ ਜਹਾਨ ਤੋਂ ਫਾਨੀ ਹੋ ਗਿਆ। ਸੜਕਾਂ 'ਤੇ ਧੱਕੇ ਖਾ ਕੇ ਰੁਲਦਿਆਂ ਨੂੰ ਸਰਕਾਰਾਂ ਨੇ ਲਾਰੇ ਲੱਪੇ ਲਾਈ ਰੱਖੇ ਪਰ ਨਾ ਪੱਕੇ ਕੀਤੇ ਨਾ ਹੀ ਤਨਖਾਹ ਵਧਾਈ। ਮਹਿੰਗਾਈ ਦੀ ਮਾਰ ਝਲਦਿਆਂ ਘਰ ਪਰਿਵਾਰ ਦਾ ਗੁਜ਼ਾਰਾ ਚਲਾਉਣ ਤੋਂ ਅਸਮੱਰਥ ਹੋਣ ਕਾਰਨ ਪ੍ਰੇਸ਼ਾਨੀ ਦੇ ਆਲਮ 'ਚ ਮੌਤ ਨੂੰ ਗਲੇ ਲਗਾ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਨਿਸ਼ਾਨ ਛੱਡ ਗਿਆ। ਨਵੀਂ ਚੁਣੀ ਅਜਿਹੀ ਸਰਕਾਰ ਜਿਸ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਲਾਰਾ ਵੀ ਲਾਇਆ ਸੀ ਪਰ ਸੱਤਾ 'ਚ ਆਉਂਦਿਆਂ ਹੀ ਸਭ ਭੁੱਲ ਬੈਠੀ। ਹਰ ਰੋਜ਼ ਅਖ਼ਬਾਰਾਂ 'ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਸਨ। ਇਕ ਹਫਤੇ ਵਿਚ ਦੋ ਪੜ੍ਹੇ-ਲਿਖੇ ਨੌਜਵਾਨ ਸਰਕਾਰ ਦੀਆਂ ਘਟੀਆ ਨੀਤੀਆਂ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਸੁੱਖ ਦੀ ਨੀਂਦੇ ਸੌਂ ਗਏ। ਅਜੇ ਕੁਝ ਦਿਨ ਪਹਿਲਾਂ ਹੀ ਐਮ.ਏ., ਐਮ.ਐੱਡ, ਐਮ ਫਿਲ. ਨੈੱਟ ਤੇ ਟੈਟ ਪਾਸ ਦੋ ਡੰਗ ਰੋਟੀ ਲਈ ਦਿਹਾੜੀਆਂ ਕਰਦਾ ਬੇਰੁਜ਼ਗਾਰ ਜਗਸੀਰ ਸਿੰਘ ਗਲ 'ਚ ਰੱਸਾ ਪਾ ਕੇ ਝੂਲ ਗਿਆ ਸੀ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗ਼ਰੀਬ ਪਰਿਵਾਰਾਂ ਦੀ ਮਾਇਕ ਸਹਾਇਤਾ ਕਰੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਰੁਜ਼ਗਾਰ ਦੇਵੇ।


-ਪਰਮ ਪਿਆਰ ਸਿੰਘ, ਨਕੋਦਰ।


ਬੂਟੇ, ਪਾਣੀ ਅਤੇ ਵਾਤਾਵਰਨ ਬਚਾਓ
ਇਨ੍ਹਾਂ ਦਿਨਾਂ ਵਿਚ ਬੂਟੇ ਲਗਾਉਣ ਦਾ ਕੰਮ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ ਆਦਿ ਅਤੇ ਜੰਗਲਾਤ ਵਿਭਾਗ ਵਲੋਂ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। ਹਰਿਆਵਲ ਦੀ ਸ਼ੁੱਧਤਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਿਰਫ ਬੂਟੇ ਲਗਾ ਕੇ ਸਫਲਤਾ ਨਹੀਂ ਮਿਲਣੀ ਅਤੇ ਨਾ ਹੀ ਅਸੀਂ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ ਸਗੋਂ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਦਾ ਵੀ ਅਹਿਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਸਹੀ ਅਰਥਾਂ ਵਿਚ ਬੂਟਿਆਂ ਨੂੰ ਬਚਾਉਣ ਵਿਚ ਗੰਭੀਰ ਹਾਂ ਤਾਂ ਸਭ ਤੋਂ ਪਹਿਲਾਂ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਕੋਈ ਠੋਸ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਪਾਣੀ, ਵਾਤਾਵਰਨ ਅਤੇ ਬੂਟਿਆਂ ਦੀ ਸਾਂਭ-ਸੰਭਾਲ ਸਮੇਂ ਦੀ ਮੁੱਖ ਲੋੜ ਹੈ। ਮੌਜੂਦਾ ਸਮੇਂ ਵਿਚ ਜਿਸ ਤਰ੍ਹਾਂ ਵਾਤਾਵਰਨ ਪਲੀਤ ਹੋ ਰਿਹਾ ਹੈ, ਇਸ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਪੀਣਯੋਗ ਪਾਣੀ ਅਤੇ ਸਾਫ਼ ਜਲਵਾਯੂ ਤੋਂ ਬਿਨਾਂ ਜੀਵਨ ਦੀ ਹੋਂਦ ਬਾਰੇ ਸੋਚਣਾ ਵੀ ਮੁਨਾਸਿਬ ਨਹੀਂ ਹੈ। ਆਵਾਜ਼ ਪ੍ਰਦੂਸ਼ਣ 'ਤੇ ਵੀ ਭਾਵੇਂ ਹਾਈ ਕੋਰਟ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਇਸ ਨੂੰ ਸਖ਼ਤੀ ਨਾਲ ਲਾਗੂ ਕਰਨਾ ਵੀ ਪ੍ਰਸ਼ਾਸਨ ਦੀ ੱਜ਼ਿੰਮੇਵਾਰੀ ਬਣਦੀ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਨਸ਼ੇ ਦੀ ਲਤ
ਨਸ਼ਾ ਅਜੋਕੀ ਪੀੜ੍ਹੀ ਲਈ ਇਕ ਲਾਹਨਤ ਬਣ ਚੁੱਕਾ ਹੈ। ਪੰਜਾਬ ਦੇ ਕਈ ਗੱਭਰੂ ਇਸ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ, ਮਾਨਸਿਕ ਤਣਾਅ ਦਾ ਨੌਜਵਾਨ ਜਦੋਂ ਸਾਹਮਣਾ ਨਹੀਂ ਕਰ ਪਾਉਂਦੇ ਤਾਂ ਉਹ ਨਸ਼ੇ ਦਾ ਸਹਾਰਾ ਲੈਂਦੇ ਹਨ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ। ਹੋਸਟਲਾਂ, ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਂ-ਪਿਉ ਕੁਝ ਉਮੀਦਾਂ ਨਾਲ ਪੜ੍ਹਨ ਨੂੰ ਭੇਜਦੇ ਹਨ। ਪਰ ਮਾਂ-ਪਿਉ ਨੂੰ ਇਸ ਗੱਲ ਦਾ ਅਨੁਮਾਨ ਵੀ ਨਹੀਂ ੁਹੰਦਾ ਕਿ ਉਨ੍ਹਾਂ ਦਾ ਬੱਚਾ ਮਾਨਸਿਕ ਤਣਾਅ ਕਾਰਨ ਨਸ਼ੇ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਬੱਚਿਆਂ ਵਿਚ ਇਹੋ ਜਿਹੇ ਸੰਸਕਾਰ ਭਰੇ ਜਾਣ ਕਿ ਉਹ ਹਰ ਮੁਸੀਬਤ ਦਾ ਸਾਹਮਣਾ ਕਰ ਸਕਣ, ਨਾ ਕਿ ਕਿਸੇ ਗ਼ਲਤ ਰਸਤੇ ਪੈ ਕੇ ਆਪਣਾ ਭਵਿੱਖ ਖਰਾਬ ਕਰਨ।


-ਵਿਜੇਤਾ, ਸ. ਮਿ. ਸਕੂਲ, ਫ਼ਰੀਦਕੋਟ।


ਡਾਕ ਚਿੱਠੀਆਂ ਲੱਗੀਆਂ ਖੂੰਜੇ
ਅੱਜ ਤੋਂ ਕੁਝ ਸਮਾਂ ਪਹਿਲਾਂ ਚਿੱਠੀਆਂ ਹੀ ਦੂਰ ਵਸੇਂਦੇ ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਹਾਲ ਪੁੱਛਣ ਦਾ ਸਾਧਨ ਹੁੰਦੀਆਂ ਸਨ। ਚਿੱਠੀ ਲਿਖਣ ਦਾ ਵੀ ਇਕ ਆਪਣਾ ਹੀ ਮਜ਼ਾ ਸੀ। ਉਸ ਤੋਂ ਬਾਅਦ ਉਸ ਚਿੱਠੀ ਦੇ ਜਵਾਬ ਦੀ ਉਡੀਕ ਵੀ ਬਾ-ਕਮਾਲ ਹੁੰਦੀ ਸੀ। ਹਰ ਰੋਜ਼ ਡਾਕ ਵਾਲੇ ਡਾਕੀਆ ਜੀ ਨੂੰ ਉਡੀਕਣਾ ਜਾਂ ਉਂਜ ਹੀ ਪੁੱਛ ਲੈਣਾ ਡਾਕੀਆ ਜੀ ਸਾਡੀ ਕੋਈ ਚਿੱਠੀ ਤਾਂ ਨਹੀਂ ਆਈ। ਜਿਉਂ-ਜਿਉਂ ਤਕਨੀਕ ਵਿਚ ਵਾਧਾ ਹੋਇਆ, ਮੋਬਾਈਲ ਆਏ, ਉਦੋਂ ਦੀਆਂ ਚਿੱਠੀਆਂ ਸਾਡੇ ਚੇਤੇ ਵਿਚੋਂ ਵਿਸਰ ਗਈਆਂ। ਹੁਣ ਤਾਂ ਪਲ-ਪਲ ਦੀ ਜਾਣਕਾਰੀ ਮੋਬਾਈਲ ਰਾਹੀਂ ਮਿਲ ਜਾਂਦੀ ਹੈ। ਇਸੇ ਕਾਰਨ ਰਿਸ਼ਤਿਆਂ ਵਿਚ ਤਣਾਅ ਆ ਗਿਆ। ਚਿੱਠੀਆਂ ਰਾਹੀਂ ਰਿਸ਼ਤਿਆਂ ਵਿਚ ਪਿਆਰ ਅਪਣੱਤ ਹੁੰਦੀ ਸੀ।


-ਪ੍ਰਦੀਪ, ਹੁਸ਼ਿਆਰਪੁਰ।

31-07-2019

 ਸੋਨ ਪਰੀ ਹਿਮਾ ਦਾਸ

ਪਿਛਲੇ 20 ਦਿਨਾਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਚੈੱਕ ਗਣਰਾਜ 'ਚ ਹੋਈ ਅਥਲੈਟਿਕਸ ਮੀਟ 'ਚ ਹਿੱਸਾ ਲੈਂਦਿਆਂ ਲਗਾਤਾਰ ਪੰਜ ਗੋਲਡ ਮੈਡਲ ਲੈ ਕੇ ਹਿਮਾ ਦਾਸ ਨੇ ਦੁਨੀਆ ਭਰ 'ਚ ਤਹਿਲਕਾ ਮਚਾ ਦਿੱਤਾ ਹੈ। ਆਸਾਮ ਦੇ ਗ਼ਰੀਬ ਪਰਿਵਾਰ 'ਚ ਜਨਮੀ ਬੇਟੀ ਬਾਰੇ ਕਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਹ 19 ਸਾਲਾਂ ਦੀ ਲੜਕੀ ਸਿਰਫ ਦੋ ਸਾਲਾਂ 'ਚ ਅਜਿਹੇ ਕੀਰਤੀਮਾਨ ਸਥਾਪਿਤ ਕਰ ਦੇਵੇਗੀ ਜਿਸ 'ਤੇ ਹਰ ਭਾਰਤਵਾਸੀ ਮਾਣ ਮਹਿਸੂਸ ਕਰੇਗਾ। ਪੰਜ ਭੈਣ-ਭਰਾਵਾਂ 'ਚ ਹਿਮਾ ਦਾਸ ਸਭ ਤੋਂ ਛੋਟੀ ਹੈ। ਕੋਈ ਸਮਾਂ ਸੀ ਜਦੋਂ ਹਿਮਾ ਦਾਸ ਪਿਤਾ ਜੀ ਨਾਲ ਖੇਤੀ 'ਚ ਹੱਥ ਵਟਾਉਂਦੀ ਹੋਈ ਸਖ਼ਤ ਮਿਹਨਤ ਕਰਦੀ। ਵਿਹਲੇ ਸਮੇਂ ਖੇਤਾਂ ਵਿਚ ਮੁੰਡਿਆਂ ਨਾਲ ਫੁੱਟਬਾਲ ਖੇਡਦੀ ਪਰ ਪੈਰੀਂ ਬੂਟ ਪਾਉਣ ਲਈ ਪੈਸੇ ਨਹੀਂ ਸਨ। ਪੱਕੀ ਨਿਸ਼ਠਾ, ਮਿਹਨਤ ਤੇ ਲਗਨ ਰੰਗ ਲਿਆਈ ਕਿ ਅੱਜ ਦੁਨੀਆ ਭਰ 'ਚ ਹਿਮਾ ਦਾਸ ਦੇ ਨਾਂਅ ਦੀਆਂ ਧੁੰਮਾਂ ਪਈਆਂ ਹੋਈਆਂ ਹਨ। ਪਰ ਦੁੱਖ ਦੀ ਗੱਲ ਹੈ ਕਿ 19 ਦਿਨਾਂ 'ਚ ਪੰਜ ਗੋਲਡ ਮੈਡਲ ਲੈ ਕੇ ਭਾਰਤੀ ਮੀਡੀਆ 'ਚ ਖਿੱਚ ਦਾ ਕੇਂਦਰ ਨਹੀਂ ਬਣ ਸਕੀ। ਹਿਮਾ ਦੀਆਂ ਉਪਲਬੱਧੀਆਂ ਬਾਰੇ ਜਾਣਕਾਰੀ ਲੋਕ ਸੋਸ਼ਲ ਨੈੱਟਵਰਕ ਜ਼ਰੀਏ ਹੀ ਸ਼ਿਅਰ ਕਰ ਰਹੇ ਹਨ ਜਦ ਕਿ ਵਿਸ਼ਵ ਕੱਪ 'ਚੋਂ ਬਾਹਰ ਹੋਣ ਵਾਲੀ ਕ੍ਰਿਕਟ ਟੀਮ ਤੇ ਖਿਡਾਰੀਆਂ ਦੀ ਚਰਚਾ ਅੱਜ ਵੀ ਨਾਮੀ ਅਖ਼ਬਾਰਾਂ ਤੇ ਨਿਊਜ਼ ਚੈਨਲਾਂ 'ਚ ਹੋ ਰਹੀ ਹੈ। ਲੋੜ ਤਾਂ ਇਹ ਹੈ ਕਿ ਭਾਰਤ ਦੀ ਇਸ ਮਹਾਨ ਬੇਟੀ ਨੂੰ ਹੋਰ ਖਿਡਾਰੀਆਂ ਲਈ ਰੋਲ ਮਾਡਲ ਦੇ ਤੌਰ 'ਤੇ ਪੇਸ਼ ਕਰਨ ਦੀ ਜਿਸ ਨਾਲ ਬਾਕੀ ਖਿਡਾਰੀ ਪ੍ਰੇਰਿਤ ਹੋਣ।

-ਪਰਮ ਪਿਆਰ ਸਿੰਘ
ਨਕੋਦਰ।

ਮੋਬਾਈਲ ਦੀ ਬੇਲੋੜੀ ਵਰਤੋਂ

ਆਏ ਦਿਨ ਟੁੱਟ ਰਹੀ ਆਰਥਿਕਤਾ ਕਾਰਨ ਜਿਥੇ ਪੰਜਾਬੀ ਕਿਸਾਨ, ਪਾੜ੍ਹੇ, ਮਜ਼ਦੂਰ ਅਤੇ ਸੁਆਣੀਆਂ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਉੱਥੇ ਹੀ ਮੋਬਾਈਲ ਫੋਨਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਪੰਜਾਬੀ ਖ਼ੁਦ ਕੰਗਾਲੀ ਦੇ ਰਾਹ ਅਤੇ ਕੰਪਨੀਆਂ ਨੂੰ ਖੁਸ਼ਹਾਲੀ ਦੇ ਰਾਹ ਪਾ ਰਹੇ ਹਨ। ਪੰਜਾਬ ਦੀ ਕੁੱਲ ਵਸੋਂ 2.77 ਕਰੋੜ ਹੈ ਜਦ ਕਿ ਮੋਬਾਈਲ ਫੋਨਾਂ ਦੀ ਗਿਣਤੀ 4.50 ਕਰੋੜ ਹੈ। ਔਸਤ ਹਰ ਘਰ ਵਿਚ ਲਗਪਗ 2 ਕੁਨੈਕਸ਼ਨ ਚਲ ਰਹੇ ਹਨ। ਏਨਾ ਹੀ ਨਹੀਂ ਹਰ ਮਹੀਨੇ ਪੰਜਾਬੀ 500 ਕਰੋੜ ਰੁਪਏ ਨਵੇਂ-ਨਵੇਂ ਬਰਾਂਡ ਦੇ ਮੋਬਾਈਲ ਫੋਨ ਖਰੀਦਣ ਲਈ ਅਤੇ ਹਰ ਸਾਲ 2500 ਕਰੋੜ ਰੁਪਿਆ ਮੋਬਾਈਲਾਂ ਦੇ ਬਿੱਲ ਤਾਰਨ ਤੇ ਰੀਚਾਰਜ ਕਰਨ ਵਿਚ ਖ਼ਰਚ ਸੁੱਟਦੇ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਅਸੀਂ ਮੋਬਾਈਲ ਦੀ ਕਿੰਨੀ ਬੇਲੋੜੀ ਵਰਤੋਂ ਕਰ ਰਹੇ ਹਾਂ। ਭਾਵੇਂ ਕਿ ਸੰਚਾਰ ਕ੍ਰਾਂਤੀ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪ੍ਰੰਤੂ ਇਸ ਦੀ ਬੇਲੋੜੀ ਵਰਤੋਂ ਖ਼ਤਰਨਾਕ ਹੈ। ਇਸ ਲਈ ਮੋਬਾਈਲ ਦੀ ਸਹੀ ਤੇ ਢੁਕਵੀਂ ਵਰਤੋਂ ਕਰਕੇ ਅਸੀਂ ਪੰਜਾਬ ਦਾ ਵੱਡਾ ਸਰਮਾਇਆ ਬਚਾ ਸਕਦੇ ਹਾਂ ਅਤੇ ਕਈ ਮੁਸੀਬਤਾਂ ਤੋਂ ਬਚ ਸਕਦੇ ਹਾਂ।

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

ਰੁੱਖ ਲਗਾਓ, ਪਾਣੀ ਬਚਾਓ

ਪਿਛਲੇ ਕਾਫੀ ਦਿਨਾਂ ਤੋਂ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਲਈ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਗਰਮੀ ਦਾ ਕਹਿਰ ਮਨੁੱਖ ਦੁਆਰਾ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਨਤੀਜਾ ਹੈ। ਅਸੀਂ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਾਂ, ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰ ਕੇ ਧਰਤੀ ਮਾਂ ਨੂੰ ਜ਼ਹਿਰੀਲਾ ਬਣਾ ਰਹੇ ਹਾਂ। ਅਜਿਹੇ ਵਿਚ ਗਰਮੀ ਦਾ ਕਹਿਰ, ਹਨੇਰੀਆਂ, ਤੂਫਾਨ, ਜ਼ਹਿਰੀਲੀ ਹਵਾ ਇਹ ਸਭ ਕੁਦਰਤੀ ਕਰੋਪੀ ਦੀਆਂ ਨਿਸ਼ਾਨੀਆਂ ਹਨ। ਰੁੱਖਾਂ ਨਾਲ ਮਨੁੱਖ ਦੀ ਸਾਂਝ ਬਹੁਤ ਗੂੜ੍ਹੀ ਹੈ। ਜਿਊਂਦੇ ਜੀਅ ਮਨੁੱਖ ਇਸ ਦੀ ਠੰਢੀ ਛਾਂ ਮਾਣਦਾ ਹੈ ਅਤੇ ਮੌਤ ਤੋਂ ਬਾਅਦ ਇਨ੍ਹਾਂ ਰੁੱਖਾਂ ਦੀ ਲੱਕੜੀ ਹੀ ਮਨੁੱਖ ਦੇ ਸਸਕਾਰ ਦੇ ਕੰਮ ਆਉਂਦੀ ਹੈ। ਪਰ ਫਿਰ ਵੀ ਮਨੁੱਖ ਰੁੱਖ ਦੀ ਕੀਮਤ, ਉਸ ਦਾ ਮਹੱਤਵ ਨਹੀਂ ਸਮਝ ਰਿਹਾ। ਜੇਕਰ ਧਰਤੀ 'ਤੇ ਰੁੱਖ ਨਹੀਂ ਹੋਣਗੇ, ਪਾਣੀ ਨਹੀਂ ਹੋਵੇਗਾ ਤਾਂ ਇਹ ਧਰਤੀ ਬੰਜਰ ਬਣ ਜਾਵੇਗੀ। ਜੇਕਰ ਧਰਤੀ ਮਾਂ ਨੂੰ ਹਰਿਆ-ਭਰਿਆ ਬਣਾਉਣਾ ਹੈ ਤਾ ਵੱਧ ਤੋ ਵੱਧ ਰੁੱਖ ਲਗਾਓ ਕਿਉਂਕਿ ਇਹ ਰੁੱਖ ਜੀਵਨਦਾਤਾ ਹਨ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।

ਭੀੜਤੰਤਰ ਦਾ ਕਹਿਰ

ਸਾਡੇ ਦੇਸ਼ ਵਿਚ ਅੱਜਕਲ੍ਹ ਭੀੜਤੰਤਰ ਦੀ ਸਮੱਸਿਆ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਕਿਸੇ ਵੀ ਵਿਅਕਤੀ 'ਤੇ ਥੋੜ੍ਹੇ ਜਿਹੇ ਸ਼ੱਕ 'ਤੇ ਭੀੜ ਦੁਆਰਾ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਿੱਤ ਦੀਆਂ ਇਹ ਘਟਨਾਵਾਂ ਕਰਕੇ ਕਈ ਬੇਕਸੂਰ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ। 21 ਜੁਲਾਈ ਦੇ 'ਅਜੀਤ' ਅਖ਼ਬਾਰ ਵਿਚ ਛਪੀ ਖ਼ਬਰ ਪੜ੍ਹੀ ਕਿ ਝਾਰਖੰਡ ਵਿਚ ਟੂਣਾ ਕਰਨ ਦੇ ਸ਼ੱਕ ਵਿਚ ਚਾਰ ਬਜ਼ੁਰਗਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿਚ ਕਿਸੇ ਨੂੰ ਚੁੜੇਲ ਸਮਝ ਕੇ ਮਾਰ ਦਿੱਤਾ, ਕਿਸੇ ਨੂੰ ਕੁਝ ਹੋਰ। ਇਕ ਪਾਸੇ ਦੁਨੀਆ ਚੰਨ 'ਤੇ ਵਸਣ ਨੂੰ ਫਿਰਦੀ ਹੈ, ਦੂਜੇ ਪਾਸੇ ਸਾਡੀ ਅਨਪੜ੍ਹ ਜਨਤਾ ਕਿਸੇ ਦੁਖਿਆਰਨ ਨੂੰ ਚੁੜੇਲ ਸਮਝ ਕੇ ਮਾਰ ਰਹੀ ਹੈ। ਇਨ੍ਹਾਂ ਘਟਨਾਵਾਂ 'ਤੇ ਸਖ਼ਤ ਕਾਨੂੰਨ ਤੇ ਕਾਰਵਾਈਆਂ ਬਹੁਤ ਜ਼ਰੂਰੀ ਹਨ।

-ਸੁਖਦੀਪ ਸਿੰਘ ਗਿੱਲ
ਮਾਨਸਾ।

ਜਿੰਨੇ ਰੁੱਖ ਓਨੇ ਸੁੱਖ

ਇਹ ਗੱਲ ਬਿਲਕੁਲ ਸੱਚ ਅਤੇ ਬਿਲਕੁਲ ਸਹੀ ਹੈ ਕਿ ਜਿੰਨੇ ਰੁੱਖ ਹੋਣਗੇ, ਓਨੇ ਸੁਖ ਹੋਣਗੇ। ਤਰ੍ਹਾਂ-ਤਰ੍ਹਾਂ ਦੇ ਫਲਾਂ ਦੇ ਰੁੱਖ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਹਨ, ਜਿਨ੍ਹਾਂ ਬਿਨਾਂ ਇਸ ਧਰਤੀ 'ਤੇ ਜੀਵਨ ਅਸੰਭਵ ਹੈ। ਰੁੱਖ ਹੀ ਤਾਂ ਸਾਨੂੰ ਸ਼ੁੱਧ ਅਤੇ ਸਾਫ਼ ਹਵਾ ਦਿੰਦੇ ਹਨ। ਸਾਡੇ ਸਾਹ ਵੀ ਤਾਂ ਇਨ੍ਹਾਂ ਰੁੱਖਾਂ ਨਾਲ ਹੀ ਤਾਂ ਚਲਦੇ ਹਨ, ਕਿਉਂਕਿ ਇਹ ਸਾਡੇ ਲਈ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਖਿੱਚ ਲੈਂਦੇ ਹਨ। ਖੇਤਾਂ ਦੇ ਕੋਲ ਸੜਕਾਂ ਦੇ ਆਲੇ-ਦੁਆਲੇ ਲੱਗੇ ਹੋਏ ਰੁੱਖ ਮਿੱਟੀ ਨੂੰ ਭੂ ਖੋਰ ਤੋਂ ਬਚਾਅ ਕੇ ਰੱਖਦੇ ਹਨ। ਸਾਡੀ ਧਰਤੀ ਦਾ ਤਾਪਮਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਇਸ ਦਾ ਮੁੱਖ ਕਾਰਨ ਰੁੱਖਾਂ ਦੀ ਘਟਦੀ ਹੋਈ ਗਿਣਤੀ ਹੈ। ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੁੱਖ ਕੱਟ ਤਾਂ ਦਿੰਦੇ ਹਨ ਪਰ ਉਸ ਦੀ ਥਾਂ ਹੋਰ ਰੁੱਖ ਲਾਉਣੇ ਭੁੱਲ ਜਾਂਦੇ ਹਨ। ਇਹ ਧਰਤੀ ਸਾਨੂੰ ਉਸ ਪਰਮਾਤਮਾ ਵਲੋਂ ਦਿੱਤੀ ਹੋਈ ਬਹੁਤ ਹੀ ਸੋਹਣੀ ਸੌਗਾਤ ਹੈ, ਜਿਸ ਦੀ ਸਾਂਭ-ਸੰਭਾਲ ਕਰਨਾ ਇਸ ਦੇ ਹਰ ਇਕ ਵਾਸੀ ਦਾ ਫਰਜ਼ ਬਣਦਾ ਹੈ। ਸਰਕਾਰਾਂ ਨੂੰ ਵੀ ਇਸ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਅੱਜ ਹਰ ਇਕ ਨੂੰ ਰੁੱਖਾਂ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਆਲੇ-ਦੁਆਲੇ ਨੂੰ ਹਰਾ-ਭਰਾ ਬਣਾ ਸਕੀਏ ਅਤੇ ਇਸ ਬਹੁਤ ਹੀ ਖੂਬਸੂਰਤ ਕੁਦਰਤ ਨੂੰ ਸੰਭਾਲ ਸਕੀਏ। ਜਿਸ ਦਿਨ ਇਸ ਧਰਤੀ 'ਤੇ ਰੁੱਖਾਂ ਦੀ ਬਹੁਤਾਤ ਹੋ ਗਈ ਤਾਂ ਅੱਧੀਆਂ ਬਿਮਾਰੀਆਂ ਤਾਂ ਉਂਜ ਹੀ ਮੁੱਕ ਜਾਣਗੀਆਂ।

-ਮਨਪ੍ਰੀਤ ਕੌਰ
ਸ੍ਰੀ ਗੋਇੰਦਵਾਰ ਸਾਹਿਬ।

30-07-2019

 ਗ਼ੈਰ-ਮਿਆਰੀ ਗਾਇਕੀ
ਹਾਲ ਹੀ ਵਿਚ ਗਾਇਕ ਹਨੀ ਸਿੰਘ ਖਿਲਾਫ ਇਕ ਗੀਤ 'ਚ ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਅਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ 'ਤੇ ਕਾਰਵਾਈ ਹੋਈ ਹੈ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਜਿਵੇਂ ਬਾਦਸ਼ਾਹ, ਬੱਬੂ ਮਾਨ ਆਦਿ ਵਲੋਂ ਆਪਣੇ ਗੀਤਾਂ ਵਿਚ ਔਰਤਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਅਰਸਾ ਪਹਿਲਾਂ ਹਨੀ ਸਿੰਘ ਵਲੋਂ ਹੀ ਆਪਣੇ ਇਕ ਗੀਤ ਵਿਚ ਔਰਤਾਂ ਲਈ ਬੇਹੱਦ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਅਜਿਹੇ ਗਾਇਕਾਂ ਤੇ ਗੀਤਕਾਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਪੰਜਾਬ ਵਿਚ ਮਾੜੀ ਸ਼ਬਦਾਵਲੀ ਵਾਲੇ ਗੀਤਾਂ 'ਤੇ ਰੋਕ ਲਾਉਣ ਲਈ ਸੈਂਸਰ ਬੋਰਡ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਫ਼ਿਲਮਾਂ ਵਾਂਗ ਇਤਰਾਜ਼ਯੋਗ ਗੀਤਾਂ 'ਤੇ ਵੀ ਸੈਂਸਰ ਦੀ ਕੈਂਚੀ ਚੱਲ ਸਕੇ। ਇਸ ਕਾਰਵਾਈ ਤੋਂ ਸਾਰੇ ਗਾਇਕਾਂ ਤੇ ਗੀਤਕਾਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਇਕ ਔਰਤ, ਜਿਸ ਨੂੰ ਸਾਡੇ ਗੁਰੂਆਂ ਪੀਰਾਂ ਵਲੋਂ ਸਨਮਾਨਯੋਗ ਰੁਤਬਾ ਦਿੱਤਾ ਗਿਆ ਹੈ, ਦਾ ਗੀਤਾਂ ਵਿਚ ਪੇਸ਼ ਕੀਤਾ ਜਾਂਦਾ ਨਿੰਦਣਯੋਗ ਤੇ ਘਟੀਆ ਅਕਸ ਸਮਾਜਿਕ ਤੇ ਸੱਭਿਅਕ ਵਾਤਾਵਰਨ ਨੂੰ ਗੰਧਲਾ ਕਰਦਾ ਹੈ।

-ਗੁਰਪ੍ਰੀਤ ਕੌਰ ਚਹਿਲ (ਮਾਨਸਾ)
ਪੰਜਾਬੀ ਅਧਿਆਪਕਾ, ਐਮ.ਏ., ਪੰਜਾਬੀ, ਹਿੰਦੀ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ।

ਅਵਾਰਾ ਪਸ਼ੂ
ਪੰਜਾਬ ਸਰਕਾਰ ਵਲੋਂ ਤੰਦਰੁਸਤ ਮਿਸ਼ਨ ਦੇ ਅਧੀਨ ਵਾਤਾਵਰਨ ਦੀ ਸ਼ੁੱਧਤਾ ਅਤੇ ਚੌਗਿਰਦੇ ਨੂੰ ਹਰਾ ਭਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ, ਜਿਸ ਦੀ ਸ਼ਲਾਘਾ ਹਰ ਇਨਸਾਨ ਵਲੋਂ ਕੀਤੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਅੰਦਰ ਬੂਟੇ ਤਾਂ ਲਗਾਏ ਜਾ ਰਹੇ ਹਨ ਪਰ ਉਹ ਲਗਾਉਣ ਤੋਂ ਬਾਅਦ ਕੇਵਲ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਹੀ ਸੁਰੱਖਿਅਤ ਹੁੰਦੇ ਹਨ ਤੇ ਅਸਲੀਅਤ ਵਿਚ ਉਹ ਅਵਾਰਾ ਘੁੰਮ ਰਹੇ ਪਸ਼ੂਆਂ ਦੀ ਭੇਟ ਚੜ੍ਹ ਜਾਂਦੇ ਹਨ। ਜਦੋਂ ਤੱਕ ਅਵਾਰਾ ਪਸ਼ੂਆਂ ਲਈ ਕੋਈ ਠੋਸ ਨੀਤੀ ਨਹੀਂ ਅਪਣਾਈ ਜਾਂਦੀ, ਸ਼ਾਇਦ ਉਸ ਸਮੇਂ ਤੱਕ ਬੂਟੇ ਲਗਾਉਣ ਵਾਲੇ ਮਨੁੱਖ ਤੇ ਮਨੁੱਖ ਨੂੰ ਬਚਾਉਣ ਵਾਲੇ ਬੂਟੇ ਦੋਵੇਂ ਹੀ ਮੌਤ ਦੇ ਮੂੰਹ ਵਿਚ ਰਹਿਣਗੇ। ਇਸ ਲਈ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਸਰਕਾਰ ਸਭ ਤੋਂ ਪਹਿਲਾਂ ਅਵਾਰਾ ਘੁੰਮ ਰਹੇ ਪਸ਼ੂਆਂ ਲਈ ਕੋਈ ਪ੍ਰਬੰਧ ਕਰੇ ਤਾਂ ਕਿ ਤੰਦਰੁਸਤ ਮਿਸ਼ਨ ਨੂੰ ਪੂਰਨ ਹੁੰਗਾਰਾ ਮਿਲ ਸਕੇ, ਜਿਸ ਨਾਲ ਬੂਟਿਆਂ ਨੂੰ ਰੁੱਖ ਬਣਨ ਦਾ ਮੌਕਾ ਪ੍ਰਾਪਤ ਹੋਵੇ।

-ਰਵਿੰਦਰ ਸਿੰਘ ਰੇਸ਼ਮ
ਉਮਰਪੁਰਾ (ਨੱਥੂਮਾਜਰਾ) ਸੰਗਰੂਰ।

ਹੜ੍ਹਾਂ ਦੀ ਮਾਰ
ਪੰਜਾਬ ਵਿਚ ਮੌਨਸੂਨ ਦੇ ਸ਼ੁਰੂ ਹੁੰਦਿਆਂ ਹੀ ਹੜ੍ਹਾਂ ਦੀ ਸਮੱਸਿਆ ਪੈਦਾ ਹੋ ਗਈ। ਖ਼ਾਸ ਕਰਕੇ ਮਾਲਵੇ ਦੇ ਬਠਿੰਡਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਹੜ੍ਹਾਂ ਦੀ ਮਾਰ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੋਇਆ ਹੈ। ਭਾਵੇਂ ਕਿ ਹੜ੍ਹ ਕੁਦਰਤ ਦੀ ਕਰੋਪੀ ਮੰਨੇ ਜਾ ਸਕਦੇ ਹਨ ਪਰ ਇਸ ਦੇ ਨਾਲ-ਨਾਲ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ, ਅਣਗਹਿਲੀਆਂ ਤੇ ਬੇਈਮਾਨੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਬਾਰਿਸ਼ਾਂ ਸ਼ੁਰੂ ਹੋਣ ਤੋਂ ਪਹਿਲਾਂ ਨਹਿਰਾਂ, ਰਜਬਾਹਿਆਂ, ਡਰੇਨਾਂ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਜਿਸ ਦੀ ਘਾਟ ਦਿਖਾਈ ਦਿੰਦੀ ਹੈ।
ਇਕ ਪਾਸੇ ਅਸੀਂ ਪੰਜਾਬ ਦੀ ਧਰਤੀ ਹੇਠ ਘਟ ਰਹੇ ਪਾਣੀ ਦਾ ਰੋਣਾ ਰੋ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਪੰਜਾਬ ਵਾਸੀ ਬਾਰਿਸ਼ਾਂ ਦੇ ਲੋੜੋਂ ਵੱਧ ਪਾਣੀ ਨਾਲ ਵੱਡਾ ਨੁਕਸਾਨ ਝੱਲ ਰਹੇ ਹਨ। ਸਰਕਾਰ ਵਲੋਂ ਖ਼ਰਾਬ ਹੋਈਆਂ ਫ਼ਸਲਾਂ ਲਈ ਗਿਰਦਾਵਰੀ ਦੇ ਹੁਕਮ ਸਿਰਫ 'ਊਠ ਦੇ ਮੂੰਹ ਵਿਚ ਜੀਰਾ' ਦੇਣ ਦੀ ਗੱਲ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹਾਂ ਦਾ ਪਾਣੀ ਸਾਂਭਣ ਲਈ ਧਰਤੀ ਹੇਠ ਹੜ੍ਹਾਂ ਦਾ ਪਾਣੀ ਭੇਜਣ ਲਈ ਵੱਡੇ-ਵੱਡੇ ਡੂੰਘੇ ਬੋਰ ਕਰਵਾਏ। ਨਹਿਰਾਂ, ਨਾਲਿਆਂ ਡਰੇਨਾਂ ਤੇ ਛੱਪੜਾਂ ਦੀ ਸਫ਼ਾਈ ਵਕਤ ਸਿਰ ਕਰਵਾਏ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਵਿਧਾਇਕਾਂ ਦੀ ਗੁੰਡਾਗਰਦੀ
ਵਿਧਾਇਕ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ। ਲੋਕਾਂ ਦੇ ਸੁੱਖ-ਦੁੱਖ ਦਾ ਖਿਆਲ ਰੱਖਣਾ ਉਸ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ। ਅੱਜ ਸੱਤਾ ਦੇ ਗਰੂਰ ਵਿਚ ਆਪਣੇ ਫ਼ਰਜ਼ ਭੁੱਲ ਕੇ ਵਿਧਾਇਕ ਗੁੰਡਾਗਰਦੀ 'ਤੇ ਉਤਰ ਆਏ ਹਨ। ਹਾਲ ਹੀ ਵਿਚ ਭਾਜਪਾ ਆਗੂ ਕੈਲਾਸ਼ ਵਿਜੇਵਰਗੀਆ ਦੇ ਵਿਧਾਇਕ ਬੇਟੇ ਅਕਾਸ਼ ਵਿਜੇਵਰਗੀਆ ਨੇ ਇੰਦੌਰ ਨਗਰ ਨਿਗਮ ਦੇ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਿਧਾਇਕ ਨੂੰ ਨਸੀਹਤ ਦੇਣੀ ਪਈ। ਅਜੇ ਇਹ ਸੁਰਖੀਆਂ ਠੰਢੀਆਂ ਨਹੀਂ ਹੋਈਆਂ ਸਨ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਵਿਧਾਇਕ ਬੇਟੇ ਨਿਤੇਸ਼ ਰਾਣੇ ਨੇ ਇਕ ਇੰਜੀਨੀਅਰ 'ਤੇ ਚਿੱਕੜ ਨਾਲ ਹਮਲਾ ਕੀਤਾ ਅਤੇ ਬਾਅਦ ਵਿਚ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸ ਨੂੰ ਅਪਨਾਮਿਤ ਕੀਤਾ। ਤੀਜੀ ਘਟਨਾ ਹਾਲ ਹੀ ਵਿਚ ਤੇਲੰਗਾਨਾ ਦੇ ਆਦਿਲਾਬਾਦ ਵਿਚ ਵਾਪਰੀ, ਜਿਥੇ ਜੰਗਲਾਤ ਭੂਮੀ 'ਤੇ ਕਬਜ਼ਾ ਹਟਾਉਣ ਗਈ ਇਕ ਮਹਿਲਾ ਅਧਿਕਾਰੀ ਨੂੰ ਸਥਾਨਕ ਵਿਧਾਇਕ ਦੇ ਭਰਾ ਕੋਨੇਰੂ ਕ੍ਰਿਸ਼ਨਾ ਅਤੇ ਉਸ ਦੇ ਸਾਥੀਆਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਇਹ ਘਟਨਾਵਾਂ ਦੇਸ਼ ਦੇ ਲੋਕਤੰਤਰ ਉੱਪਰ ਸਭ ਤੋਂ ਵੱਡਾ ਧੱਬਾ ਹਨ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉਸ ਦੀ ਰਾਖੀ ਕੌਣ ਕਰੇਗਾ। ਇਨ੍ਹਾਂ ਤਿੰਨਾਂ ਵਿਧਾਇਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

-ਕਾਜਲ
ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 

29-07-2019

 ਕਸ਼ਮੀਰ ਮਸਲਾ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਦਾ ਸੰਪਾਦਕੀ ਲੇਖ 'ਟਰੰਪ ਨੇ ਛੇੜਿਆ ਇਕ ਹੋਰ ਵਿਵਾਦ' ਪੜ੍ਹਿਆ, ਜਿਸ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਕਸ਼ਮੀਰ ਮਸਲੇ ਵਿਚ ਵਿਚੋਲਗੀ ਦੀ ਇੱਛਾ ਪ੍ਰਗਟਾਉਣ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਇਸ ਨਾਲ ਰਾਜਨੀਤਕ ਪਾਰਟੀਆਂ ਦੀ ਘਟੀਆ ਸਿਆਸਤ ਗਰਮਾ ਗਈ ਹੈ। ਭਾਰਤ ਹਮੇਸ਼ਾ ਦੁਵੱਲੀ ਗੱਲ ਦਾ ਹਾਮੀ ਰਿਹਾ ਹੈ। ਇਸ ਵਿਚ, ਉਹ ਹੋਰ ਕਿਸੇ ਦੀ ਵਿਚੋਲਗੀ ਪਸੰਦ ਨਹੀਂ ਕਰਦਾ। ਕਿਸੇ ਹੋਰ ਦੇਸ਼ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਨਹੀਂ ਕਰਦਾ। ਇਹ ਹੀ ਚਾਹੁੰਦਾ ਹੈ ਕਿ ਪਾਕਿ ਪਹਿਲਾਂ ਅੱਤਵਾਦ ਖਤਮ ਕਰਕੇ ਸ਼ਿਮਲੇ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਤਹਿਤ ਗੱਲ ਕਰੇ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਵੀ ਇਸ 'ਤੇ ਸਪੱਸ਼ਟੀਕਰਨ ਦੇ ਕੇ ਭਾਰਤ ਦੀ ਸਥਿਤੀ ਦਾ ਪੂਰੀ ਤਰ੍ਹਾਂ ਬਿਉਰਾ ਦੇਣਾ ਚਾਹੀਦਾ ਹੈ। ਤਾਂ ਜੋ ਸਥਿਤੀ ਸਪੱਸ਼ਟ ਹੋ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ।


ਬੇਰੁਜ਼ਗਾਰੀ ਅਤੇ ਨੌਜਵਾਨ ਦੀ ਖ਼ੁਦਕੁਸ਼ੀ
ਪੰਜਾਬ ਸਮੇਤ ਭਾਰਤ 'ਚ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਹੱਥਾਂ 'ਚ ਡਿਗਰੀਆਂ ਚੁੱਕੀ ਨਮੋਸ਼ੀ ਦੇ ਆਲਮ ਦੀ ਮਾਨਸਿਕਤਾ ਨਾਲ ਜੂਝ ਰਹੇ ਹਨ। ਅੱਕੀ ਜਵਾਨੀ ਫਿਲਮਾਂ, ਗੀਤਾਂ ਆਦਿ ਦੇ ਪ੍ਰਭਾਵ ਤੋਂ ਭਟਕ ਕੇ ਹਿੰਸਕ, ਨਸ਼ੇੜੀ, ਅਸੱਭਿਅਕ ਹੋ ਕੇ ਜਾਂ ਤਾਂ ਗ਼ੈਰ-ਸਮਾਜਿਕ ਰੁਖ਼ ਅਖ਼ਤਿਆਰ ਕਰ ਰਹੀ ਹੈ, ਜਾਂ ਰੁਜ਼ਗਾਰ ਦੀ ਭਾਲ 'ਚ ਵਿਦੇਸ਼ ਉਡਾਰੀ ਮਾਰਨ ਲਈ ਮਾਪਿਆਂ ਨੂੰ ਮਜਬੂਰ ਕਰ ਰਹੀ ਹੈ, ਪਰ ਸਰਕਾਰਾਂ ਇਸ ਪਾਸੇ ਤੋਂ ਗ਼ੈਰ-ਸੰਜੀਦਾ ਹੋ ਵੋਟ ਬੈਂਕ ਨੂੰ ਹੀ ਮੂਲ ਆਧਾਰ ਬਣਾ ਕੇ ਆਟਾ-ਦਾਲ, ਪੈਨਸ਼ਨਾਂ, ਸ਼ਗਨ ਸਕੀਮਾਂ, ਗਲੀਆਂ, ਨਾਲੀਆਂ, ਸ਼ਮਸ਼ਾਨਘਾਟਾਂ, ਮੁਫਤ ਬਿਜਲੀ-ਪਾਣੀ, ਕਿਸਾਨਾਂ ਨੂੰ ਸਾਲਾਨਾ ਪੈਨਸ਼ਨ ਆਦਿ ਨਾਲ ਜਨਤਾ ਨੂੰ ਉਲਝਣਬਾਜ਼ੀ 'ਚ ਪਾ ਰੱਖਿਆ ਹੈ। ਪਿਛਲੇ ਦਿਨੀਂ ਡਿਗਰੀਆਂ ਪ੍ਰਾਪਤ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਦੀ ਖ਼ੁਦਕੁਸ਼ੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਤੋਂ ਬਾਅਦ ਹੁਣ ਮੰਦਹਾਲੀ ਦੇ ਸਤਾਏ ਨੌਜਵਾਨ ਵੀ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਇਸ ਤਰ੍ਹਾਂ ਹੋਰ ਪਤਾ ਨਹੀਂ ਕਿੰਨੇ ਨੌਜਵਾਨ ਨਮੋਸ਼ੀ ਦੀ ਸਥਿਤੀ 'ਚ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋਣਗੇ। ਸ਼ੇਰੋਂ ਪਿੰਡ ਦਾ ਐਮ.ਏ.ਐਮ. ਐੱਡ, ਟੈਟ ਪਾਸ ਮੱਖਣ ਸ਼ੇਰੋਂ ਵਾਲਾ ਭੱਠੇ 'ਤੇ ਇੱਟਾਂ ਪੱਥ ਕੇ ਆਪਣੇ ਗਰੀਬ ਪਰਿਵਾਰ ਦੀ ਰੋਟੀ ਦਾ ਸਹਾਰਾ ਬਣਿਆ ਸਾਡੇ ਸਿਸਟਮ 'ਤੇ ਕਰਾਰੀ ਚਪੇੜ ਹੈ। ਸੋਚਣ ਵਾਲੀ ਗੱਲ ਹੈ ਕਿ ਹਰ ਗਰੀਬ, ਅਮੀਰ, ਸਰਕਾਰੀ, ਗ਼ੈਰ-ਸਰਕਾਰੀ ਵਿਅਕਤੀ ਸਰਕਾਰਾਂ ਨੂੰ ਟੈਕਸ ਅਦਾ ਕਰ ਰਿਹਾ ਹੈ, ਫਿਰ ਦੇਸ਼ ਦੀ ਆਰਥਿਕ ਮੰਦਹਾਲੀ ਦੇ ਦੌਰ ਦੀ ਸਮੱਸਿਆ ਦੀ ਲੋੜ ਕਿਉਂ ਭਾਸਦੀ ਹੈ? ਸਰਕਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਅਸਮਰੱਥ ਅਤੇ ਬੇਵੱਸ ਕਿਉਂ ਨਜ਼ਰ ਆਉਂਦੀਆਂ ਹਨ? ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਰਕਾਰਾਂ, ਚਿੰਤਕਾਂ, ਅਰਥਸ਼ਾਸਤਰੀਆਂ, ਵਿਦਵਾਨਾਂ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਪਾਸੇ ਵਿਸ਼ੇਸ਼ ਉਦਮ ਕਰਨ ਲਈ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ।


-ਇੰਜ: ਸਤਨਾਮ ਸਿੰਘ ਮੱਟੂ
ਬੀਬੜ, ਸੰਗਰੂਰ।


ਵਧ ਰਹੇ ਸੜਕ ਹਾਦਸੇ
ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇ ਜਿਸ ਦਿਨ ਪੰਜਾਬ ਦੀਆਂ ਸੜਕਾਂ ਉੱਪਰ ਕੋਈ ਹਾਦਸਾ ਨਾ ਵਾਪਰਦਾ ਹੋਵੇ। ਇਨ੍ਹਾਂ ਹਾਦਸਿਆਂ ਵਿਚ ਹਰ ਰੋਜ਼ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੁੰਦਾ ਹੈ ਅਤੇ ਕਿੰਨੀਆਂ ਹੀ ਦਰਦਨਾਕ ਮੌਤਾਂ ਹੋ ਜਾਂਦੀਆਂ ਹਨ। ਪਿਛਲੇ ਸਮੇਂ ਤੋਂ ਹਾਦਸਿਆਂ ਵਿਚ ਭਾਰੀ ਵਾਧਾ ਹੋਇਆ ਹੈ। ਇਕ ਅੰਦਾਜ਼ੇ ਅਨੁਸਾਰ ਹਰ ਰੋਜ਼ 13 ਕੀਮਤੀ ਜਾਨਾਂ ਸੜਕ ਹਾਦਸਿਆਂ ਦੀ ਭੇਟ ਚੜ੍ਹ ਜਾਂਦੀਆਂ ਹਨ। ਇਨ੍ਹਾਂ ਕੀਮਤੀ ਜਾਨਾਂ ਵਿਚ ਮੁੱਖ ਤੌਰ 'ਤੇ 20-40 ਸਾਲ ਦੀ ਉਮਰ ਦੇ ਨੌਜਵਾਨ ਹੁੰਦੇ ਹਨ। ਅਜਿਹਾ ਜਾਨੀ ਨੁਕਸਾਨ ਤਾਂ ਪੰਜਾਬ ਦਾ ਕਾਲੇ ਦੌਰ ਵਿਚ ਵੀ ਨਹੀਂ ਹੋਇਆ ਸੀ, ਜੋ ਮੌਜੂਦਾ ਸਮੇਂ 'ਚ ਹੋ ਰਿਹਾ ਹੈ। ਇਨ੍ਹਾਂ ਹਾਦਸਿਆਂ ਵਿਚ ਸੜਕਾਂ ਨੂੰ ਖੂਨੀ ਕਿਹਾ ਜਾਂਦਾ ਹੈ। ਅਸਲ ਤਾਂ ਕਸੂਰਵਾਰ ਅਸੀਂ ਖੁਦ ਹੀ ਹਾਂ। ਹੱਦੋਂ ਵੱਧ ਰਫ਼ਤਾਰ 'ਤੇ ਗੱਡੀ ਚਲਾਉਣਾ, ਨਸ਼ੇ ਦੀ ਵਰਤੋਂ ਅਤੇ ਮਾਨਸਿਕ ਪ੍ਰੇਸ਼ਾਨੀ ਵਿਚ ਗੱਡੀ ਚਲਾਉਣਾ ਵੀ ਹਾਦਸਿਆਂ ਦਾ ਕਾਰਨ ਬਣਦੇ ਹਨ। ਜੇਕਰ ਥੋੜ੍ਹੀ ਸੂਝ-ਬੂਝ ਅਪਣਾਈ ਜਾਵੇ ਤਾਂ ਇਹ ਹਾਦਸੇ ਘੱਟ ਕੀਤੇ ਜਾ ਸਕਦੇ ਹਨ, ਜਿਸ ਨਾਲ ਮਨੁੱਖੀ ਜਾਨਾਂ ਦੇ ਨਾਲ-ਨਾਲ ਕਰੋੜਾਂ ਰੁਪਏ ਦੀ ਮਸ਼ੀਨਰੀ ਵੀ ਬਚਾਈ ਜਾ ਸਕਦੀ ਹੈ।


-ਲੈਕ: ਰਜਿੰਦਰ ਸਿੰਘ ਪਹੇੜੀ
ਆਨੰਦ ਨਗਰ-ਬੀ, ਪਟਿਆਲਾ।


ਕੁਦਰਤੀ ਸਾਧਨਾਂ ਦੀ ਸੰਭਾਲ
ਕੁਦਰਤ ਨੇ ਸਾਨੂੰ ਬਹੁਤ ਅਨਮੋਲ ਤੋਹਫੇ ਦਿੱਤੇ ਹਨ। ਸ੍ਰਿਸ਼ਟੀ ਦੇ ਕਣ-ਕਣ ਵਿਚ ਸਾਡੇ ਲਈ ਫਾਇਦੇ ਹੀ ਲੁਕੇ ਹੋਏ ਹਨ। ਕੁਦਰਤ ਨੇ ਸਾਨੂੰ ਹਮੇਸ਼ਾ ਵਰਦਾਨ ਹੀ ਦਿੱਤਾ ਹੈ ਪਰ ਅਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਬਹੁਤ ਹੀ ਅੰਨ੍ਹੇਵਾਹ ਅਤੇ ਬੇਰਹਿਮੀ ਨਾਲ ਕਰਦੇ ਹਾਂ। ਸਾਨੂੰ ਇਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਪਰ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ। ਹਵਾ ਨੂੰ ਦੂਸ਼ਿਤ ਕਰ ਰਹੇ ਹਾਂ। ਜੰਗਲੀ ਜੀਵਾਂ ਦੀ ਹੱਤਿਆ ਕਰ ਰਹੇ ਹਾਂ ਤੇ ਭੂਮੀ ਦੀ ਬਹੁਤ ਬੇਕਦਰੀ ਕਰ ਰਹੇ ਹਾਂ। ਅਸੀਂ ਇਹ ਬਿਲਕੁਲ ਨਹੀਂ ਸੋਚਦੇ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਨਤੀਜੇ ਕੀ ਹੋ ਸਕਦੇ ਹਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ, ਵੇਲਾ ਹੈ ਅਜੇ ਵੀ ਅਸੀਂ ਸੰਭਲ ਜਾਈਏ ਅਤੇ ਕੁਦਰਤੀ ਸਾਧਨਾਂ ਨੂੰ ਸੰਜਮ ਨਾਲ ਵਰਤੀਏ ਤਾਂ ਭਵਿੱਖ ਵਿਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।


-ਦਵਿੰਦਰ ਕੌਰ ਡੀਵੀ
ਦੋਦੜਾ, ਜ਼ਿਲ੍ਹਾ ਮਾਨਸਾ।


ਸਕਾਰਾਤਮਿਕ ਸੋਚ
ਅਜੋਕੇ ਸਮੇਂ ਵਿਚ ਇਨਸਾਨ ਖ਼ੁਦਗਰਜ਼ ਹੋ ਗਿਆ ਹੈ ਅਤੇ ਇਹ ਅਕਸਰ ਵੇਖਿਆ ਗਿਆ ਹੈ ਕਿ ਕਈ ਪਰਿਵਾਰਾਂ ਵਿਚ ਸਕੇ ਭੈਣ-ਭਰਾ ਵੀ ਆਪਣੇ ਮਤਲਬ ਤੱਕ ਸੀਮਤ ਹੁੰਦੇ ਹਨ ਤੇ ਕਈ ਬੱਚੇ ਮਾਂ-ਬਾਪ ਨੂੰ ਬੁਢਾਪੇ ਵੇਲੇ ਇਕੱਲੇ ਰਹਿਣ ਲਈ ਛੱਡ ਦਿੰਦੇ ਤੇ ਆਪ ਉਨ੍ਹਾਂ ਤੋਂ ਅਲੱਗ ਹੋ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ, ਇਹ ਉਨ੍ਹਾਂ ਦੀ ਨਕਾਰਾਤਮਿਕ ਸੋਚ ਦਾ ਨਤੀਜਾ ਹੁੰਦਾ ਹੈ। ਖ਼ੁਸ਼ਹਾਲ ਜੀਵਨ ਦਾ ਰਾਜ਼ ਤੁਹਾਡੀ ਸੋਚ 'ਤੇ ਹੀ ਨਿਰਭਰ ਕਰਦਾ ਹੈ। ਸਿਰਫ਼ ਤੁਸੀਂ ਖ਼ੁਦ ਹੀ ਆਪਣੇ ਜੀਵਨ ਨੂੰ ਸੁੰਦਰ, ਸਕਾਰਾਤਮਿਕ ਅਤੇ ਖ਼ੁਸ਼ਹਾਲ ਬਣਾ ਸਕਦੇ ਹੋ। ਕਿਸੇ ਪ੍ਰਤੀ ਮਾੜੀ ਸੋਚ ਨਾ ਰੱਖੋ, ਕਿਸੇ ਨਾਲ ਨਫ਼ਰਤ ਹੋਣਾ ਜਾਂ ਕਿਸੇ ਤੋਂ ਈਰਖਾ ਹੋਣ ਕਰਕੇ ਨਕਾਰਾਤਮਿਕ ਸੋਚ ਪੈਦਾ ਹੁੰਦੀ ਹੈ ਜੋ ਕਿ ਮਨੁੱਖ ਨੂੰ ਅੱਗੇ ਨਹੀਂ ਜਾਣ ਦਿੰਦੀ ਅਤੇ ਹਮੇਸ਼ਾ ਪਿੱਛੇ ਖਿੱਚਦੀ ਹੈ। ਜੋ ਇਨਸਾਨ ਹਰ ਮੁਸ਼ਕਿਲ ਪਾਰ ਕਰ ਜਾਂਦਾ ਹੈ, ਉਹੀ ਅਸਲ ਵਿਚ ਨਾਇਕ ਹੈ। ਸੋ ਲੋੜ ਹੈ ਹਮੇਸ਼ਾ ਸਕਾਰਾਤਮਿਕ ਸੋਚ ਰੱਖਣ ਦੀ ਤਾਂ ਜੋ ਖ਼ੁਸ਼ਹਾਲ ਜ਼ਿੰਦਗੀ ਗੁਜ਼ਾਰੀ ਜਾ ਸਕੇ। ਖ਼ੁਦਗਰਜ਼ੀ, ਮਤਲਬਪ੍ਰਸਤੀ ਤੋਂ ਬਚਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਕੈਨੇਡਾ।

25-07-2019

 ਵਿਸ਼ਵੀਕਰਨ ਦੇ ਖ਼ਤਰਨਾਕ ਪ੍ਰਭਾਵ
ਅੱਜ ਦੇ ਦੌਰ ਵਿਚ ਮਨੁੱਖ ਕੋਲੋਂ ਕੁਦਰਤੀ ਸਾਧਨ ਖੋਹਣ ਦੀ ਖੇਡ ਬਾਰੇ ਗੁਰਚਰਨ ਸਿੰਘ ਨੂਰਪੁਰ ਹੁਰਾਂ ਨੇ ਵਿਸਥਾਰ ਨਾਲ ਲਿਖਿਆ ਹੈ। ਇਕ ਦਿਲ ਕੰਬਾਊ ਘਟਨਾ ਜਿਸ ਵਿਚ ਸੌ ਡਿਗਰੀ ਤਾਪਮਾਨ ਵਾਲੇ ਮਾਰੂਥਲ 'ਚ ਪੰਜਾਬ ਦੀ 6 ਸਾਲਾ ਧੀ ਦਾ ਪਾਣੀ ਬਿਨਾਂ ਮਰਨਾ ਵੀ ਅਜੋਕੇ ਵਿਸ਼ਵੀਕਰਨ ਦੀ ਖੇਡ ਹੀ ਹੈ। ਵਿਸ਼ਵੀਕਰਨ ਦੀ ਇਸ ਖੇਡ ਨੇ ਲੋਕਤੰਤਰ ਨੂੰ ਅਧਰੰਗ ਕਰ ਦਿੱਤਾ ਹੈ। ਪਹਾੜਾਂ 'ਚ ਕਲ-ਕਲ ਕਰਦੀਆਂ ਕੁਦਰਤੀ ਨਦੀਆਂ ਨੂੰ ਬੰਨ੍ਹ ਮਾਰ ਕੇ, ਜੰਗਲ ਕੱਟ ਕੇ, ਖਣਿਜ ਕੱਢਣ ਦੀ ਆੜ 'ਚ ਪਹਾੜ ਖੋਖਲੇ ਕਰ ਕੇ ਮਨੁੱਖਤਾ ਦੀ ਤਬਾਹੀ ਦਾ ਮੁੱਢ ਬੰਨ੍ਹ ਦਿੱਤਾ ਹੈ। ਵਿਸ਼ਵੀਕਰਨ ਦੇ ਨਾਂਅ 'ਤੇ ਬਾਜ਼ਾਰਾਂ ਵਿਚ ਬੇਲੋੜੇ ਸਾਮਾਨ ਦੇ ਢੇਰ ਲਾ ਕੇ ਲੋਕਾਂ ਨੂੰ ਜਬਰੀ ਵਸਤਾਂ ਖ਼ਰੀਦਣ ਲਈ ਉਕਸਾਉਣਾ, ਦੇਸ਼ 'ਚ ਬਣੇ ਮਾਲ ਦੀ ਬੇਕਦਰੀ ਕਰਨਾ, ਪੂੰਜੀਵਾਦੀ ਤਾਕਤਾਂ ਦਾ ਕਹਿਰ ਹੱਦਾਂ ਟੱਪਦਾ ਜਾ ਰਿਹਾ ਹੈ। ਪੂੰਜੀਵਾਦੀ ਦੇ ਦੈਂਤ ਤੋਂ ਬਚਣ ਲਈ ਵਿਦਵਾਨ ਤੇ ਬੁੱਧੀਜੀਵੀ ਲੋਕਾਂ ਦਾ ਸਿਰ ਜੋੜ ਕੇ ਸੋਚਣਾ ਜ਼ਰੂਰੀ ਹੋ ਗਿਆ ਹੈ। ਕੁਦਰਤੀ ਸਾਧਨਾਂ ਨੂੰ ਪੂੰਜੀਪਤੀ ਤਾਕਤਾਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਅੱਜ ਜ਼ਰੂਰਤ ਹੈ। ਅਸੀਂ ਫਿਰ ਤੋਂ ਗੁਲਾਮੀ ਵੱਲ ਵਧ ਰਹੇ ਹਾਂ। ਜੇ ਸੁੱਤੇ ਰਹੇ ਤਾਂ ਇਹ ਵਿਸ਼ਵੀਕਰਨ ਦਾ ਦੈਂਤ ਸਾਨੂੰ ਨੱਪ ਲਵੇਗਾ।


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਭੰਗ ਤੇ ਗਾਜਰ ਬੂਟੀ
ਪੰਜਾਬ 'ਚ ਭੰਗ ਦੀ ਬੂਟੀ, ਜਿਥੇ ਆਮ ਹੀ ਵੇਖੀ ਜਾ ਸਕਦੀ ਹੈ। ਇਸ ਦੇ ਆਦੀ ਨੌਜਵਾਨ ਇਸ ਦਾ ਨਸ਼ਾ ਸਸਤਾ ਹੋਣ ਕਾਰਨ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰਦੇ ਹਨ। ਮੁਫ਼ਤ ਦੇ ਇਸ ਨਸ਼ੇ ਨਾਲ ਸੂਬੇ ਦੇ ਕਈ ਨੌਜਵਾਨ ਇਸ ਦਾ ਸੇਵਨ ਕਰਦੇ ਸ਼ਰੇਆਮ ਵੇਖੇ ਜਾ ਸਕਦੇ ਹਨ। ਇਸ ਸੇਵਨ ਨਾਲ ਨੌਜਵਾਨਾਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ, ਉਥੇ ਹੀ ਕਈ ਬਿਮਾਰੀਆਂ ਨਾਲ ਭਰਪੂਰ ਗਾਜਰ ਬੂਟੀ ਜੋ ਕਿ 6-7 ਦਹਾਕੇ ਪਹਿਲਾਂ ਅਮਰੀਕਾ 'ਚੋਂ ਕਣਕ ਦੇ ਨਾਲ ਆਈ ਸੀ, ਨੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਵਿਚ ਪੈਰ ਪਸਾਰੇ ਹਨ ਅਤੇ ਇਹ ਖਾਲੀ ਥਾਵਾਂ, ਰੇਲਵੇ ਟਰੈਕ, ਸੜਕਾਂ ਦੇ ਕਿਨਾਰੇ ਅਤੇ ਪਿੰਡਾਂ ਦੀਆਂ ਫਿਰਨੀਆਂ 'ਤੇ ਆਮ ਹੀ ਵੇਖੀ ਜਾ ਸਕਦੀ ਹੈ। ਇਹ ਬੂਟੀ ਮਨੁੱਖ ਦੇ ਨਾਲ-ਨਾਲ ਪਸ਼ੂਆਂ 'ਤੇ ਵੀ ਮਾੜਾ ਅਸਰ ਕਰਦੀ ਹੈ। ਇਨ੍ਹਾਂ ਘਾਤਕ ਬੂਟੀਆਂ ਨੂੰ ਖ਼ਤਮ ਕਰਨ ਲਈ ਵਿਸ਼ਾਲ ਪੱਧਰ 'ਤੇ ਮੁਹਿੰਮ ਚਲਾਉਣੀ ਚਾਹੀਦੀ ਹੈ। ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਕੈਨੇਡਾ।


ਅਵਾਰਾ ਪਸ਼ੂਆਂ ਦੀ ਸਮੱਸਿਆ
ਭਾਵੇਂ ਕਿ ਮਨੁੱਖ ਅਤੇ ਪਸ਼ੂਆਂ ਦਾ ਬੜਾ ਗੂੜ੍ਹਾ ਸਬੰਧ ਹੈ ਪਰ ਅਫ਼ਸੋਸ ਪੰਜਾਬ ਵਿਚ ਜਦੋਂ ਗਾਵਾਂ ਅਤੇ ਬਲਦ ਮਨੁੱਖ ਦੇ ਕੰਮ ਦੇ ਨਹੀਂ ਰਹਿੰਦੇ ਤਾਂ ਉਹ ਇਨ੍ਹਾਂ ਨੂੰ ਅਵਾਰਾ ਛੱਡ ਦਿੰਦਾ ਹੈ। ਆਏ ਦਿਨ ਇਹ ਪਸ਼ੂ ਸੜਕਾਂ 'ਤੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਤੋਂ ਇਲਾਵਾ ਇਹ ਅਵਾਰਾ ਗਊਆਂ, ਵੱਛੇ ਅਤੇ ਬਲਦ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੀ ਪੱਧਰ 'ਤੇ ਉਜਾੜਾ ਵੀ ਕਰ ਰਹੇ ਹਨ। ਸਰਕਾਰ ਵਲੋਂ ਖਾਨਾਪੂਰਤੀ ਲਈ ਸ਼ਹਿਰਾਂ ਅਤੇ ਕਸਬਿਆਂ ਵਿਚ ਗਊਸ਼ਾਲਾਵਾਂ ਵੀ ਬਣਾਈਆਂ ਹਨ। ਪੰਜਾਬ ਦੇ ਲੋਕਾਂ 'ਤੇ ਗਊਸੈੱਸ ਦੇ ਨਾਂਅ ਹੇਠ ਟੈਕਸ ਵੀ ਵਸੂਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਸ਼ੂਆਂ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਠੋਸ ਅਤੇ ਉਸਾਰੂ ਨੀਤੀ ਬਣਾਈ ਜਾਵੇ। ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਵਿਚ ਇਕ ਖ਼ਾਸ ਭਾਈਚਾਰਾ ਵੀ ਵੱਡਾ ਰੋੜਾ ਬਣਿਆ ਹੋਇਆ ਹੈ ਭਾਵੇਂ ਕਿ ਇਸ ਧਰਤੀ 'ਤੇ ਹਰ ਇਕ ਪਸ਼ੂ ਪੰਛੀ ਦੀ ਜਾਨ ਕੀਮਤੀ ਹੈ ਪਰ ਮਨੁੱਖ ਨਾਲੋਂ ਵੱਧ ਕੀਮਤੀ ਨਹੀਂ ਹੈ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


ਟੁੱਟਦਾ ਮਨੋਬਲ

ਸਾਡੀ ਸੂਬਾ ਸਰਕਾਰ ਤੇ ਸਾਡੀ ਕੇਂਦਰ ਸਰਕਾਰ ਜਦ ਵੀ ਕਦੇ ਦੇਸ਼ ਦੇ ਵਿਕਾਸ ਦੀ ਗੱਲ ਕਰਦੀ ਹੈ ਤਾਂ ਉਸ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਭ ਤੋਂ ਜ਼ਰੂਰੀ ਸਮਝਿਆ ਜਾਂਦਾ ਹੈ ਤੇ ਨੌਜਵਾਨਾਂ ਲਈ ਬਹੁਤੀਆਂ ਸਕੀਮਾਂ ਜਾਂ ਯੋਜਨਾਵਾਂ ਵੀ ਬਣਾਈਆਂ ਜਾਂਦੀਆਂ ਹਨ ਪਰ ਸਾਡੇ ਸੂਬੇ ਤੇ ਦੇਸ਼ ਦਾ ਵਿਕਾਸ ਤਦ ਰੁਕ ਜਾਂਦਾ ਹੈ ਜਦ ਇਕ ਯੁਵਾ ਜਿਸ ਨੇ ਸੂਬੇ ਤੇ ਦੇਸ਼ ਨੂੰ ਆਪਣਾ ਸਭ ਕੁਝ ਦਿੱਤਾ ਹੋਵੇ ਪਰ ਬਦਲੇ ਵਿਚ ਉਹ ਇਕ ਨੌਕਰੀ ਨੂੰ ਵੀ ਤਰਸੇ ਤੇ ਇੰਜ ਹੀ ਪੰਜਾਬ ਦੇ ਐਥਲੀਟ ਦੇ ਖਿਡਾਰੀ ਗੁਰਪ੍ਰੀਤ ਸਿੰਘ ਜੋ ਰਾਸ਼ਟਰੀ ਪੱਧਰ 'ਤੇ ਖੇਡਣ ਦੇ ਬਾਵਜੂਦ ਵੀ ਨੌਕਰੀ ਦੀ ਤਲਾਸ਼ ਕਰ ਰਹੇ ਹਨ, ਅਜਿਹੀਆਂ ਚੀਜ਼ਾਂ ਆਪਣੇ ਆਲੇ-ਦੁਆਲੇ ਹੁੰਦਾ ਵੇਖ ਪੰਜਾਬ ਦੇ ਨੌਜਵਾਨਾਂ ਦੀ ਸੋਚ ਤਾਂ ਭਟਕੇਗੀ ਹੀ ਤੇ ਦੂਜਾ ਇਸ ਦੇ ਨਾਲ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਲਈ ਤੇ ਖੇਡ ਵਿਚ ਆਪਣਾ ਨਾਂਅ ਬਣਾਉਣ ਦੇ ਸੁਪਨੇ ਵੇਖ ਰਹੇ ਨੌਜਵਾਨਾਂ ਦਾ ਇਹ ਸਭ ਵੇਖ ਕੇ ਮਨੋਬਲ ਟੁੱਟ ਰਿਹਾ ਹੈ। ਹੋ ਸਕਦਾ ਹੈ ਕਿ ਇਹ ਇਕ ਮੁੱਖ ਕਾਰਨ ਹੋਵੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਜਾਣ ਦਾ। ਸਰਕਾਰ ਜੇਕਰ ਏਨਾ ਹੀ ਰੁਜ਼ਗਾਰ ਵਾਲੇ ਪਾਸੇ ਧਿਆਨ ਦੇ ਰਹੀ ਹੈ ਤਾਂ ਸਰਕਾਰ ਨੂੰ ਅਜਿਹੀਆਂ ਸਥਿਤੀਆਂ 'ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ।


-ਜਾਨਵੀ ਬਿੱਠਲ।


ਸ਼ਰਧਾ ਭਾਵਨਾ
ਬਹੁਤ ਵਾਰ ਵੇਖਣ 'ਚ ਆਇਆ ਹੈ ਕਿ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮ ਆਪਣੇ ਮਹਿਕਮੇ ਦੀ ਸਲਾਮਤੀ ਲਈ ਨਵੇਂ ਸਾਲ ਦੀ ਆਮਦ 'ਤੇ, ਦਫ਼ਤਰ ਨਵੀਂ ਇਮਾਰਤ ਵਿਚ ਤਬਦੀਲ ਹੋਣ 'ਤੇ, ਕਿਸੇ ਦੇ ਸੇਵਾ-ਮੁਕਤ ਹੋਣ 'ਤੇ ਆਦਿ ਹੋਰ ਵੀ ਕਈ ਮੌਕਿਆਂ 'ਤੇ ਧਾਰਮਿਕ ਜਾਂ ਖੁਸ਼ੀ ਦੇ ਪ੍ਰੋਗਰਾਮ ਕਰਦੇ ਹਨ-ਚੰਗੀ ਗੱਲ ਹੈ। ਕਿੰਨਾ ਚੰਗਾ ਹੋਵੇ ਜੇ ਇਨ੍ਹਾਂ ਪ੍ਰੋਗਰਾਮਾਂ ਨੂੰ ਕੰਮ ਵਾਲੇ ਦਿਨ ਨਾ ਰੱਖਿਆ ਜਾਵੇ। ਜ਼ਿਆਦਾਤਰ ਇਹ ਪ੍ਰੋਗਰਾਮ ਕੰਮ ਵਾਲੇ ਦਿਨ ਹੀ ਰੱਖੇ ਜਾਂਦੇ ਹਨ। ਕੋਈ ਵੀ ਛਬੀਲ, ਲੰਗਰ, ਧਾਰਮਿਕ ਪ੍ਰੋਗਰਾਮ ਕਰਨਾ ਹੋਵੇ, ਉਹ ਜਾਂ ਤਾਂ ਉਸੇ ਦਿਨ (ਸਰਕਾਰੀ ਛੁੱਟੀ) ਜਿਸ ਦਿਨ ਇਹ ਸ਼ੁੱਭ ਮੌਕਾ ਹੋਵੇ, ਉਸੇ ਦਿਨ ਕੀਤੇ ਜਾਣ ਜਾਂ ਫਿਰ ਐਤਵਾਰ-ਸਨਿਚਰਵਾਰ ਨੂੰ ਕੀਤੇ ਜਾ ਸਕਦੇ ਹਨ, ਇਸ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ, ਕੰਮ ਨਹੀਂ ਰੁਕੇਗਾ, ਨਾਲੇ ਛੁੱਟੀ ਵਾਲੇ ਦਿਨ ਰੱਖਣ ਨਾਲ ਇਸ ਵਿਚ ਭਾਗ ਲੈਣ ਵਾਲਿਆਂ ਦੀ ਸ਼ਰਧਾ, ਭਾਵਨਾ, ਭਗਤੀ ਦਾ ਪਤਾ ਲੱਗੇਗਾ। ਇਹੀ ਸੱਚੀ ਸ਼ਰਧਾ ਹੋਵੇਗੀ।


-ਗੁਰਚਰਨ ਸਿੰਘ ਮਜਾਰਾ, ਨਵਾਂਸ਼ਹਿਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX