ਤਾਜਾ ਖ਼ਬਰਾਂ


ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 minute ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  16 minutes ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  36 minutes ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  53 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  about 1 hour ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  about 1 hour ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 2 hours ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 2 hours ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551
ਵਿਚਾਰ ਪ੍ਰਵਾਹ: ਉਤਸ਼ਾਹ ਤੋਂ ਬਿਨਾਂ ਕੋਈ ਵੀ ਮਹਾਨ ਪ੍ਰਾਪਤੀ ਨਹੀਂ ਹੋ ਸਕਦੀ। -ਐਮਰਸਨ

ਤੁਹਾਡੇ ਖ਼ਤ

20-09-2019

 ਹਾਲਾਤ ਨਾਲ ਜੂਝ ਰਿਹਾ ਹਰ ਵਰਗ

ਅੱਜ ਵੀ ਹਜ਼ਾਰਾਂ, ਲੱਖਾਂ ਲੋਕ ਭੁੱਖਮਰੀ, ਬਿਮਾਰੀ, ਰੋਟੀ, ਕੱਪੜਾ, ਮਕਾਨ ਅਤੇ ਹੋਰ ਵੀ ਮੰਦਹਾਲੀ ਵਰਗੇ ਹਾਲਾਤ ਨਾਲ ਜੂਝ ਰਹੇ ਹਨ। ਉੁਂਝ ਤਾਂ ਮੇਰੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ। ਪਰ ਸੋਨੇ ਦੀ ਚਿੜੀ ਨੂੰ ਅੱਜ ਦਾ ਸਿਆਸੀਕਰਨ ਉੱਡਣ ਹੀ ਨਹੀਂ ਦੇ ਰਿਹਾ, ਕਿਉਂਕਿ ਮੰਦਹਾਲੀ ਦਾ ਦੌਰ ਲਿਆ ਕੇ ਖੰਭ ਜੁ ਕੱਟ ਦਿੱਤੇ ਗਏ ਹਨ ਇਨ੍ਹਾਂ ਲੋਕਾਂ ਨੇ। ਅੱਜ ਦੇ ਦੌਰ ਵਿਚ ਹਰ ਵਰਗ ਮੰਦੀ ਦਾ ਸ਼ਿਕਾਰ ਹੈ ਭਾਵੇਂ ਕਿਸਾਨ, ਵਪਾਰੀ, ਸਰਵਿਸਮੈਨ ਹੋਵੇ ਸਭ ਪਾਸੇ ਘਰ ਪਰਿਵਾਰ ਚਲਾਉਣ ਦੇ ਤਾਂ ਜਿਵੇਂ ਲਾਲੇ ਪੈ ਗਏ ਹੋਣ। ਏਨੀ ਮਹਿੰਗਾਈ ਤੇ ਉੱਤੋਂ ਪੈਸੇ ਦੀ ਕਮੀ, ਕੁਦਰਤੀ ਆਫ਼ਤਾਂ, ਨਸ਼ਿਆਂ ਦਾ ਵਹਿ ਰਿਹਾ ਛੇਵਾਂ ਦਰਿਆ, ਕਰਜ਼ੇ ਦੀ ਮਾਰ ਹੇਠ ਹਰ ਵਰਗ, ਧਰਮ ਦੇ ਨਾਂਅ 'ਤੇ ਵੰਡੀਆਂ ਅਤੇ ਵਿਦੇਸ਼ੀ ਜਾ ਕੇ ਵਸਣ ਦੀ ਲਾਲਸਾ ਨੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਹਰ ਵਰਗ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨਾਲ ਕਿਵੇਂ ਨਿਪਟਿਆ ਜਾਵੇ। ਪਰ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਸਮੇਂ ਦੀਆਂ ਸਰਕਾਰਾਂ ਹਾਲਾਤ ਨਾਲ ਜੂਝ ਰਹੇ ਲੋਕਾਂ ਦੀ ਹਰ ਪੱਖੋਂ ਮਦਦ ਕਰੇ, ਤਾਂ ਕਿ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਕੁਝ ਚੰਗੇ ਭਵਿੱਖ ਦੀ ਆਸ ਬੱਝ ਸਕੇ।

-ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ।

ਸੜਕ ਦੀਆਂ ਬਰਮਾਂ ਨਾਲ ਮਿੱਟੀ

ਇਸ ਵਾਰ ਪੰਜਾਬ ਵਿਚ ਭਾਰੀ ਮੀਂਹ ਪੈਣ ਕਾਰਨ ਪੰਜਾਬ ਦੀਆਂ ਤਕਰੀਬਨ ਸਾਰੀਆਂ ਲਿੰਕ ਸੜਕਾਂ ਦੀਆਂ ਬਰਮਾਂ ਨਾਲੋਂ ਮਿੱਟੀ ਖੁਰ ਗਈ ਹੈ। ਲਿੰਕ ਸੜਕਾਂ ਚੌੜੀਆਂ ਘੱਟ ਹੋਣ ਕਰਕੇ ਇਥੇ ਦੋ ਗੱਡੀਆਂ ਲੰਘਣ ਲੱਗੀਆਂ ਕੱਚੇ ਕਰਨੀਆਂ ਹੀ ਪੈਂਦੀਆਂ ਹਨ। ਇਕਦਮ ਗੱਡੀ, ਮੋਟਰਸਾਈਕਲ ਰੋਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਇਨ੍ਹਾਂ ਸੜਕਾਂ 'ਤੇ ਦੁਰਘਟਨਾਵਾਂ ਵਧ ਗਈਆਂ ਹਨ। ਸੋ, ਹਰ ਮੀਂਹ ਪੈਣ ਬਾਅਦ ਇਨ੍ਹਾਂ ਸੜਕਾਂ ਦੀਆਂ ਬਰਮਾਂ ਦੀ ਦੇਖਭਾਲ ਕਰਨੀ ਅਤਿ ਜ਼ਰੂਰੀ ਹੈ। ਇਸ ਲਈ ਸਰਕਾਰ ਸੜਕਾਂ ਦੀਆਂ ਬਰਮਾਂ ਦੀ ਦੇਖਭਾਲ ਮੀਂਹ ਪੈਣ ਤੋਂ ਤੁਰੰਤ ਬਾਅਦ ਕਰਵਾਏ। ਜਿਹੜੀਆਂ ਸੜਕਾਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀਆਂ ਹੋਈਆਂ ਹਨ, ਉਨ੍ਹਾਂ ਦੀ ਦੇਖਭਾਲ ਪੰਜ ਸਾਲ ਲਈ ਠੇਕੇਦਾਰ ਨੇ ਕਰਨੀ ਹੁੰਦੀ ਹੈ। ਠੇਕੇਦਾਰ ਨੂੰ ਵੀ ਸਖ਼ਤ ਹਦਾਇਤ ਹੋਵੇ ਕਿ ਮੀਂਹ ਪੈਣ ਦੇ ਤੁਰੰਤ ਬਾਅਦ ਸੜਕ ਦੀ ਦੇਖਭਾਲ ਕਰੇ ਜਿਥੋਂ ਬਰਮਾਂ ਤੋਂ ਮਿੱਟੀ ਖੁਰ ਗਈ ਹੈ ਤੁਰੰਤ ਲਗਾਈ ਜਾਵੇ, ਤਾਂ ਕਿ ਕੋਈ ਵੀ ਕੀਮਤੀ ਜਾਨ ਨਾ ਜਾਵੇ। ਇਸ ਕੰਮ 'ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਓਵਰਡੋਜ਼ ਨਾਲ ਮੌਤਾਂ

ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ਾਨਾ ਮਾਵਾਂ ਦੇ ਲਾਡਲੇ ਪੁੱਤਰ ਮੌਤ ਦੇ ਮੂੰਹ ਜਾ ਰਹੇ ਹਨ। ਪਹਿਲਾਂ ਤਾਂ ਹਰ ਰੋਜ਼ ਇਕ ਦੋ ਮੌਤਾਂ ਦੀ ਖ਼ਬਰ ਹੀ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਦੀ ਸੀ ਪਰ ਪਿਛਲੇ ਦਿਨ ਓਵਰਡੋਜ਼ ਨਾਲ ਇਕੱਠੀਆਂ ਤਿੰਨ ਮੌਤਾਂ ਤੋਂ ਸਿੱਧ ਹੁੰਦਾ ਕਿ ਨਸ਼ੇ ਦੀ ਦਲਦਲ 'ਚ ਫਸਿਆ ਨੌਜਵਾਨ ਕਿਸ ਹੱਦ ਤੱਕ ਪੁੱਜ ਜਾਂਦਾ ਕਿ ਸਮਾਜ ਤੇ ਪਰਿਵਾਰ ਤੋਂ ਮੁੱਖ ਮੋੜ ਮੌਤ ਨੂੰ ਗਲੇ ਲਗਾ ਰਹੇ ਹਨ। ਲਾਡਾਂ ਨਾਲ ਪਾਲੇ ਮਾਵਾਂ ਦੇ ਪੁੱਤ ਤੇ ਰੋਂਦੀਆਂ ਵਿਲਕਦੀਆਂ ਭੈਣਾਂ ਦੇ ਸ਼ੇਰਾਂ ਵਰਗੇ ਵੀਰਾਂ ਦੀਆਂ ਤਸਵੀਰਾਂ ਵੇਖ ਕਾਲਜੇ ਨੂੰ ਧੂਹ ਜਿਹੀ ਪੈਂਦੀ। ਵੱਡੀ ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਮਰਨ ਵਾਲੇ ਗੱਭਰੂ ਘਰਾਂ ਦੇ ਇਕਲੌਤੇ ਚਿਰਾਗ ਹਨ। ਵੀਹ ਦਿਨਾਂ 'ਚ ਨਸ਼ਾ ਖ਼ਤਮ ਕਰਨ ਦੀ ਕਸਮ ਖਾ ਕੇ ਆਈ ਸਰਕਾਰ ਨੂੰ ਢਾਈ ਸਾਲ ਹੋ ਗਏ ਪਰ ਨਸ਼ਾ ਵੇਚਣ ਵਾਲੇ, ਕਰਨ ਵਾਲੇ ਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ। ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦੀ ਕਸਮ ਖਾ ਚੁੱਕੇ ਲੋਕੀਂ ਸਰਕਾਰ ਦੇ ਅੱਖ ਘੱਟਾ ਪਾ ਹਰ ਹੀਲਾ ਵਰਤ ਰਹੇ ਹਨ। ਹੁਣ ਉਹ ਦਿੱਲੀ ਤੇ ਅੰਤਰਰਾਸ਼ਟਰੀ ਨਾਮੀ ਕੋਰੀਅਰ ਕੰਪਨੀ ਰਾਹੀਂ ਨਸ਼ੇ ਦੀ ਸਪਲਾਈ ਕਰ ਰਹੇ। ਅਜਿਹਾ ਪਹਿਲਾ ਕੇਸ ਲੁਧਿਆਣਾ ਟਾਕਸ ਫੋਰਸ ਦੇ ਹੱਥੀਂ ਆਇਆ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਨਸ਼ਿਆਂ ਦਾ ਕਿੰਨਾ ਗੁੰਝਲਦਾਰ ਜਾਲ ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕਰਨ ਲਈ ਵਿਛਾਇਆ ਗਿਆ ਹੈ ਪਰ ਸਰਕਾਰ ਦੇ ਹੱਥ ਅਜੇ ਖਾਲੀ ਹਨ।

-ਪਰਮ ਪਿਆਰ ਸਿੰਘ, ਨਕੋਦਰ।

ਨਵੀਂ ਵਿਦਿਅਕ ਨੀਤੀ

ਸਿੱਖਿਆ ਦੇ ਸੁਧਾਰ ਲਈ ਸਮੇਂ-ਸਮੇਂ 'ਤੇ ਹਵਾਈ ਕਿੱਸੇ ਉਸਾਰੇ ਜਾਂਦੇ ਰਹਿੰਦੇ ਹਨ ਤੇ ਕਈ ਤੁਗਲਕੀ ਫੁਰਮਾਨ ਜਾਰੀ ਹੁੰਦੇ ਰਹਿੰਦੇ ਹਨ। ਨਵੀਂ ਸਿੱਖਿਆ ਨੀਤੀ ਤਹਿਤ ਸਰਕਾਰੀ ਸਕੂਲਾਂ ਨੂੰ ਗ੍ਰੇਡਿੰਗ ਤੇ ਸਮੈਸਟਰ ਪ੍ਰਣਾਲੀ ਅਧੀਨ ਲਿਆਂਦਾ ਜਾਵੇਗਾ। ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੋਰਡ ਨੂੰ ਬੱਚੇ ਦੀ ਉਮਰ 3 ਸਾਲ ਤੋਂ ਲੈ ਕੇ 18 ਸਾਲ ਤੱਕ ਨੂੰ ਪੰਜ ਗ੍ਰੇਡਾਂ ਵਿਚ ਵੰਡਿਆ ਜਾਵੇਗਾ। ਸਮੈਸਟਰ ਪ੍ਰਣਾਲੀ ਜੋ ਸਕੂਲਾਂ ਵਿਚ ਪਹਿਲਾਂ ਹੀ ਅਸਫਲ ਹੋ ਚੁੱਕੀ ਹੈ, ਉਸ 'ਤੇ ਦੁਬਾਰਾ ਤਜਰਬਾ ਕਰਨ ਦੀ ਕੀ ਲੋੜ ਹੈ। ਇਸ ਪ੍ਰਣਾਲੀ ਤਹਿਤ ਮਾਪਿਆਂ 'ਤੇ ਦੋ ਵਾਰ ਦਾਖ਼ਲਿਆਂ ਦਾ ਵਿੱਤੀ ਬੋਝ ਪਵੇਗਾ ਤੇ ਵਿਦਿਆਰਥੀਆਂ ਦਾ ਬਹੁਤ ਸਾਰਾ ਕੀਮਤੀ ਸਮਾਂ ਪ੍ਰੀਖਿਆ ਦਿੰਦਿਆਂ ਲੰਘ ਜਾਏਗਾ। ਨਵੀਂ ਵਿੱਦਿਆ ਨੀਤੀ ਵਿਚ ਇਸ ਗੱਲ ਦਾ ਕਿਧਰੇ ਜ਼ਿਕਰ ਨਹੀਂ ਕਿ ਪੈਸਾ ਕਿੰਨਾ ਲਾਉਣਾ ਹੈ? ਕਿਵੇਂ ਲਾਉਣਾ ਹੈ? ਵਿੱਤੀ ਸਾਧਨ ਕਿਵੇਂ ਜੁਟਾਏ ਜਾਣੇ ਹਨ? ਇਸ ਵਾਰ 1919-20 ਲਈ ਸਿੱਖਿਆ ਸਬੰਧੀ 3.4 ਫ਼ੀਸਦੀ ਦਾ ਪ੍ਰਸਤਾਵ ਰੱਖਿਆ ਗਿਆ ਹੈ। ਯੂਰਪ ਜਾਂ ਵਿਕਸਤ ਦੇਸ਼ਾਂ ਵਿਚ ਜਿਥੇ ਗ੍ਰੇਡ ਪ੍ਰਣਾਲੀ ਤੇ ਵਲੰਟੀਅਰ ਪ੍ਰਣਾਲੀ ਹੈ, ਉਥੇ ਸਕੂਲੀ ਵਿੱਦਿਆ ਬਿਲਕੁਲ ਮੁਫ਼ਤ ਹੈ। ਉਥੇ ਬਸਤਾ ਤੇ ਟਿਫਨ ਮੁਕਤ ਵਿੱਦਿਆ ਹੈ। ਬੱਚੇ ਨੂੰ ਜਨਮ ਲੈਣ ਸਮੇਂ ਹੀ ਸਾਰੇ ਪੈਸੇ ਮਿਲਦੇ ਹਨ। ਹਰੇਕ ਨੂੰ ਕੰਮ ਦੀ ਗਾਰੰਟੀ, ਬੇਰੁਜ਼ਗਾਰੀ ਭੱਤਾ ਤੇ ਪੈਨਸ਼ਨ ਮਿਲਦੀ ਹੈ। ਕੀ ਇਹ ਸਭ ਕੁਝ ਕਦੇ ਸਾਡੇ ਦੇਸ਼ ਵਿਚ ਹੋ ਸਕੇਗਾ? ਸੋ, ਅੱਜ ਲੋੜ ਹੈ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਇਨ੍ਹਾਂ ਵਿਚ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ ਜਾਣ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ ਤੇ ਤਹਿ: ਪੱਟੀ, (ਤਰਨ ਤਾਰਨ)।

 

 

19-09-2019

 ਮਤਭੇਦ ਹੋਣ ਦੂਰ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਆਗਮਨ ਪ੍ਰਕਾਸ਼ ਪੁਰਬ ਸੰਸਾਰ ਭਰ ਵਿਚ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਜੋ ਕੱਢਿਆ ਗਿਆ ਹੈ, ਅੱਜ ਉਹ ਪੂਰੇ ਭਾਰਤ ਵਰਗ ਵਿਚ ਬੜੇ ਸ਼ਾਨੋ-ਸ਼ੌਕਤ ਨਾਲ ਆਪਣੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਅੱਗੇ ਵਧ ਰਿਹਾ ਹੈ, ਜੋ ਕਿ 3 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ। ਚਾਰੇ ਪਾਸੇ ਵੱਡੇ-ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਪਾਕਿਸਤਾਨ ਵਿਚ ਬਾਬਾ ਨਾਨਕ ਜੀ ਦੇ ਨਾਂਅ 'ਤੇ ਯੂਨੀਵਰਸਿਟੀ, ਰੇਲਵੇ ਸਟੇਸ਼ਨ ਦਾ ਨਾਂਅ ਤੇ ਹੋਰ ਬਹੁਤ ਕੁਝ ਕੀਤਾ ਜਾ ਰਿਹਾ ਹੈ। ਪਰ ਸਾਡੇ ਘਰ ਵਿਚ ਨੰਬਰਦਾਰੀਆਂ ਨੂੰ ਲੈ ਕੇ ਰੌਲਾ-ਰੱਪਾ ਸੁਣਨ ਨੂੰ ਹੀ ਮਿਲਦਾ ਹੈ। ਤਾਲਮੇਲ ਕਮੇਟੀਆਂ ਵਿਚ ਹਾਜ਼ਰ ਨਾ ਹੋਣ ਦੀਆਂ ਖ਼ਬਰਾਂ ਛਪਦੀਆਂ ਹਨ। ਹੁਣ ਵੇਲਾ ਹੈ ਆਪਣੇ ਸਾਰੇ ਗਿਲੇ-ਸ਼ਿਕਵੇ ਦੂਰ ਕਰਕੇ ਇਕ ਮੰਚ 'ਤੇ ਇਕੱਠੇ ਹੋਣ ਦਾ ਤਾਂ ਕਿ ਸੰਸਾਰ ਭਰ ਵਿਚ ਰਹਿੰਦੇ ਨਾਨਕ ਲੇਵਾ ਸਿੱਖ ਵੀ ਇਸ ਤੋਂ ਸੇਧ ਲੈ ਸਕਣ। ਕੋਈ ਫਾਇਦਾ ਨਹੀਂ ਬਿਆਨਬਾਜ਼ੀਆਂ ਕਰਕੇ ਇਕ-ਦੂਜੇ 'ਤੇ ਚਿੱਕੜ ਉਛਾਲਣ ਦਾ। ਅਸੀਂ ਸਾਰੇ ਇਕ ਹੀ ਗੁਰੂ ਦੇ ਸਿੱਖ ਹਾਂ। ਸਾਡਾ ਇਕ ਹੀ ਧਰਮ ਹੈ। 'ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ' ਦਾ ਉਪਦੇਸ਼ ਉੱਤੇ ਸਾਨੂੰ ਚੱਲਣ ਵਾਸਤੇ ਕਿਹਾ ਸੀ ਤੇ ਸਾਨੂੰ ਉਨ੍ਹਾਂ ਦੇ ਏਨੇ ਵਰ੍ਹੇ ਪ੍ਰਕਾਸ਼ ਪੁਰਬ ਦੇ ਆਗਮਨ ਦੀ ਖੁਸ਼ੀ ਵਿਚ ਮਤਭੇਦ ਮਿਟਾ ਕੇ ਪਈਆਂ ਤ੍ਰੇੜਾਂ ਨੂੰ ਦੂਰ ਕਰਨਾ ਚਾਹੀਦਾ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)।


ਸੁਲਤਾਨਪੁਰ ਲੋਧੀ-ਬਟਾਲਾ ਬੱਸ
ਨਵੰਬਰ 2019 'ਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਰਕਾਰ ਅਤੇ ਗੁਰਦੁਆਰਾ ਕਮੇਟੀ ਵਲੋਂ ਸੁਲਤਾਨਪੁਰ ਲੋਧੀ ਨੂੰ ਖੂਬਸੂਰਤ ਬਣਾਉਣ ਲਈ ਜ਼ੋਰ-ਸ਼ੋਰ ਨਾਲ ਕਾਰਜ ਚੱਲ ਰਹੇ ਹਨ। ਇਸ ਸਬੰਧ ਵਿਚ ਕਿਸੇ ਵੀ ਧਿਰ ਵਲੋਂ ਸ਼ਹਿਰ ਨੂੰ 'ਏਮਜ਼' ਵਰਗਾ ਹਸਪਤਾਲ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ, ਜਿਸ ਨਾਲ ਇਕ ਸਦੀਵੀ ਯਾਦਗਾਰ ਬਣ ਜਾਣੀ ਸੀ। ਬਾਬਾ ਜੀ ਦੀ ਬਰਾਤ ਸੁਲਤਾਨਪੁਰ ਤੋਂ ਬਟਾਲਾ ਗਈ ਸੀ। ਉਸ ਯਾਦ ਨੂੰ ਸਮਰਪਿਤ ਸੁਲਤਾਨਪੁਰ ਤੋਂ ਬਟਾਲਾ ਬੱਸ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ। ਇਸ ਬੱਸ ਦਾ ਰੂਟ ਸੁਲਤਾਨਪੁਰ ਲੋਧੀ ਤੋਂ ਵਾਇਆ ਫੱਤੂ ਢੀਂਗਾ ਉੱਚਾ ਢਿਲਵਾਂ ਹੋਣਾ ਚਾਹੀਦਾ। ਇਹ ਰੂਟ ਬਾਬਾ ਜੀ ਦੀ ਬਰਾਤ ਦੀ ਯਾਦ ਤਾਜ਼ਾ ਕਰੇਗਾ।


-ਮਹਿੰਦਰ ਸਿੰਘ ਬਾਜਵਾ, ਮਸੀਤਾਂ, ਜ਼ਿਲ੍ਹਾ ਕਪੂਰਥਲਾ।


ਰੁਲ ਰਿਹਾ ਦੇਸ਼ ਦਾ ਭਵਿੱਖ
ਗੁਰਬਖਸ਼ ਸਿੰਘ ਮਹੇ ਨੇ ਬੀਤੇ ਦਿਨੀਂ 'ਅਜੀਤ' ਵਿਚ ਛਪੇ ਆਪਣੇ ਲੇਖ ਵਿਚ ਠੀਕ ਹੀ ਕਿਹਾ ਹੈ ਕਿ ਬਚਪਨ ਦੇਸ਼ ਦਾ ਭਵਿੱਖ ਹੁੰਦਾ ਹੈ। ਜੇ ਬਚਪਨ ਹੀ ਰੁਲ ਗਿਆ, ਭਵਿੱਖ ਧੁੰਦਲਾ ਹੋ ਜਾਵੇਗਾ। ਮੇਰੇ ਦੇਸ਼ ਦੇ ਅੱਜ ਦੇ ਲੋਕਾਂ ਦੁਆਰਾ ਚੁਣੇ ਹੋਏ ਨੇਤਾਵਾਂ ਦਾ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ। ਕੀ ਮੇਰੇ ਦੇਸ਼ ਦੇ ਨੇਤਾਵਾਂ ਨੂੰ ਕੂੜੇ ਦੇ ਢੇਰ ਫਰੋਲਦੇ, ਕੋਠੀਆਂ ਵਿਚ ਪੋਚੇ ਲਾਉਂਦੇ, ਹੋਟਲਾਂ 'ਚ ਭਾਂਡੇ ਮਾਂਜਦੇ, ਚੌਰਾਹਿਆਂ 'ਚ ਭੀਖ ਮੰਗਦੇ ਬੱਚੇ ਵਿਖਾਈ ਨਹੀਂ ਦਿੰਦੇ? ਕਿਉਂ ਪੜ੍ਹਨ ਦੀ ਉਮਰੇ ਮੇਰੇ ਦੇਸ਼ ਦਾ ਭਵਿੱਖ ਮਜ਼ਦੂਰੀ ਕਰ ਰਿਹਾ ਹੈ। ਇਨ੍ਹਾਂ ਬਾਰੇ ਕਿਸ ਨੇ ਸੋਚਣਾ ਹੈ। ਮਨ 'ਚੋਂ ਚੀਸ ਉਦੋਂ ਉੱਠਦੀ ਹੈ, ਜਦੋਂ ਕਚਰੇ ਵਾਲਾ ਝੋਲਾ ਉਠਾਈ ਬੱਚਾ ਸੁੰਦਰ ਵਰਦੀਆਂ ਪਾਈ ਵੈਨ 'ਚ ਬੈਠੇ ਬੱਚਿਆਂ ਨੂੰ ਲਲਚਾਈਆਂ ਅੱਖਾਂ ਨਾਲ ਵੇਖਦਾ ਹੈ। ਫੈਕਟਰੀਆਂ ਵਿਚ ਕੰਮ ਕਰਦੇ ਬੱਚੇ ਜਦੋਂ ਕਿਰਤ ਵਿਭਾਗ ਫੜਦਾ ਹੈ ਤਾਂ ਉਦੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਦੀਆਂ ਜੇਬਾਂ ਗਰਮ ਹੋ ਜਾਂਦੀਆਂ ਹਨ ਤੇ ਬਚਪਨ ਠੰਢੇ ਹੌਕੇ ਭਰਦਾ ਫਿਰ ਉਸੇ ਜੂਲੇ ਹੇਠ ਆ ਜਾਂਦਾ ਹੈ। ਦੇਸ਼ ਦੇ ਭਵਿੱਖ ਦੇ ਮਰ ਰਹੇ ਸੁਪਨਿਆਂ ਨੂੰ ਸਜਾਉਣ ਦਾ ਕੰਮ ਕਿਸ ਨੇ ਕਰਨਾ ਹੈ, ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸਰਕਾਰ ਨਾ ਸਹੀ, ਸਮਾਜ-ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਫਿਲਹਾਲ ਤਾਂ ਬਾਲਾਂ ਦੀਆਂ ਭਲਾਈ ਸਕੀਮਾਂ ਦਫ਼ਤਰਾਂ ਦੀਆਂ ਫਾਈਲਾਂ ਵਿਚ ਗੁੰਮ ਹਨ। ਕਿਸੇ ਦੇਸ਼ ਦਾ ਜੇ ਭਵਿੱਖ ਸੁਰੱਖਿਅਤ ਨਹੀਂ ਤਾਂ ਉਸ ਦੇਸ਼ ਦੀਆਂ ਜੜ੍ਹਾਂ ਜ਼ਿਆਦਾ ਦੇਰ ਭਾਰ ਨਹੀਂ ਝੱਲਣਗੀਆਂ। ਮੇਰੀ ਗ਼ਜ਼ਲ ਦਾ ਇਕ ਸ਼ਿਅਰ 'ਕੂੜੇ ਦੇ ਢੇਰਾਂ 'ਤੇ ਰੁਲਦੇ ਬਚਪਨ ਨੂੰ, ਗਲ ਵਿਚ ਬਸਤਾ ਹੱਥ ਵਿਚ ਕਲਮ ਦਵਾਤ ਮਿਲੇ।'


-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


ਪਾਣੀ ਦੀ ਦੁਰਵਰਤੋਂ
ਇਕ ਪਾਸੇ ਧਰਤੀ ਦੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਦੂਜੇ ਪਾਸੇ ਪਾਣੀ ਦੀ ਦੁਰਵਰਤੋਂ ਨਹੀਂ ਰੁਕ ਰਹੀ। ਕਈ ਥਾਵਾਂ 'ਤੇ ਪਾਣੀ ਦੀ ਟੈਂਕੀ ਭਰਨ ਤੋਂ ਬਾਅਦ ਵੀ ਅਕਸਰ ਪਾਣੀ ਡੁੱਲ੍ਹਦਾ ਰਹਿੰਦਾ ਹੈ। ਕਈ ਲੋਕ ਵਾਟਰ ਵਰਕਸ ਦੇ ਪਾਣੀ ਦਾ ਕੁਨੈਕਸ਼ਨ ਲੈ ਲੈਂਦੇ ਹਨ ਪਰ ਪਾਣੀ ਆਰ.ਓ. ਦਾ ਪੀਂਦੇ ਹਨ ਤੇ ਵਾਟਰ ਵਰਕਸ ਦੇ ਪਾਣੀ ਨੂੰ ਜੋ ਕਿ ਆਰ.ਓ. ਦੇ ਪਾਣੀ ਤੋਂ ਕਈ ਗੁਣਾ ਚੰਗਾ ਹੈ, ਆਮ ਘਰੇਲੂ ਕੰਮਾਂ ਵਿਚ ਹੀ ਵਰਤ ਲੈਂਦੇ ਹਨ। ਆਰ.ਓ. ਦੇ ਇਕ ਲੀਟਰ ਪਾਣੀ ਲਈ ਪੰਜ ਤੋਂ ਅੱਠ ਲੀਟਰ ਪਾਣੀ ਵਾਧੂ ਬਾਹਰ ਖੁੱਲ੍ਹਦਾ ਹੈ, ਜਿਸ ਨੂੰ ਕਈ ਕੰਮਾਂ ਜਿਵੇਂ ਭਾਂਡੇ ਧੋਣ ਲਈ, ਪੋਚੇ ਲਗਾਉਣ ਲਈ, ਕੱਪੜੇ ਧੋਣ ਲਈ ਬੂਟਿਆਂ ਵਿਚ ਪਾਉਣ ਲਈ ਜਿਹੇ ਕੰਮਾਂ ਵਿਚ ਵਰਤ ਸਕਦੇ ਹਾਂ। ਮਾਨਸਾ ਦੇ ਗੁਰਦੁਆਰਾ ਚੌਕ ਵਿਚ ਦੁਕਾਨਦਾਰਾਂ ਵਲੋਂ ਲਗਾਏ ਗਏ ਬੂਟਿਆਂ ਵਿਚ ਉਹ ਏ.ਸੀ. ਵਿਚੋਂ ਨਿਕਲੇ ਵਾਧੂ ਪਾਣੀ ਦਾ ਸਹੀ ਉਪਯੋਗ ਬੂਟਿਆਂ ਵਿਚ ਪਾ ਕੇ ਕਰਦੇ ਹਨ। ਇਹ ਇਕ ਚੰਗਾ ਉਪਰਾਲਾ ਹੈ। ਸਾਨੂੰ ਸਭ ਨੂੰ ਅੱਗੇ ਆ ਕੇ ਖ਼ੁਦ ਰੁਕਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਸਮਝਾਉਣਾ ਚਾਹੀਦਾ ਹੈ, ਤਾਂ ਕਿ ਪਾਣੀ ਦਾ ਅਮੁੱਲ ਖਜ਼ਾਨਾ ਬਚਾਇਆ ਜਾ ਸਕੇ।


-ਸੁਖਦੀਪ ਸਿੰਘ ਗਿੱਲ।


ਅੱਖਾਂ-ਕੰਨਾਂ ਦੀ ਕਦਰ ਕੀਮਤ
ਅੱਖਾਂ ਤੇ ਕੰਨ ਸਰੀਰ ਦੇ ਬਹੁਤ ਹੀ ਅਹਿਮ ਅੰਗ ਹਨ। ਉਂਜ ਤਾਂ ਸਾਰੇ ਅੰਗ ਜ਼ਰੂਰੀ ਹਨ। ਅੱਖਾਂ ਤੇ ਕੰਨਾਂ ਬਿਨਾਂ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਚੱਲਣੀ ਮੁਸ਼ਕਿਲ ਬਣ ਜਾਂਦੀ ਹੈ। ਪਰ ਅੱਜ ਅਸੀਂ ਇਨ੍ਹਾਂ ਦੀ ਕੀਮਤ ਭੁੱਲੀ ਬੈਠੇ ਹਾਂ ਤੇ ਇਨ੍ਹਾਂ ਦੀ ਕਦਰ ਨਹੀਂ ਕਰ ਰਹੇ। ਅੱਖਾਂ ਨੂੰ ਭਾਂਤ-ਭਾਂਤ ਦੀਆਂ ਸਕਰੀਨਾਂ ਰਾਹੀਂ ਨੁਕਸਾਨਿਆ ਜਾ ਰਿਹਾ ਹੈ। ਐਵੇਂ ਊਲ-ਜਲੂਲ ਸੁਣ-ਸੁਣ ਕੇ ਕੰਨਾਂ ਦਾ ਸਤਿਆਨਾਸ ਕੀਤਾ ਜਾ ਰਿਹਾ ਹੈ। ਇਸ ਦੇ ਨਤੀਜੇ ਘਾਤਕ ਹਨ। ਇਨ੍ਹਾਂ ਆਧੁਨਿਕ ਯੰਤਰਾਂ ਨੇ ਅੱਖਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਕੁਦਰਤ ਵਲੋਂ ਬਖ਼ਸ਼ੇ ਇਨ੍ਹਾਂ ਕੋਮਲ ਅੰਗਾਂ ਦੀ ਚੰਗੇ ਢੰਗ ਨਾਲ ਦੇਖਭਾਲ ਕਰਨੀ ਚਾਹੀਦੀ ਹੈ।


-ਗੁਰਚਰਨ ਸਿੰਘ
ਪਿੰਡ ਮਜਾਰਾ, ਨਵਾਂਸ਼ਹਿਰ।

18-09-2019

 ਬਟਾਲਾ ਦੁਖਾਂਤ
ਕੁਝ ਦਿਨ ਪਹਿਲਾਂ ਬਟਾਲੇ ਸ਼ਹਿਰ ਵਿਖੇ ਪਟਾਕਿਆਂ ਦੀ ਫੈਕਟਰੀ ਵਿਚ ਹੋਏ ਧਮਾਕੇ ਨਾਲ ਦੋ ਦਰਜਨ ਦੇ ਲਗਪਗ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਵੀ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਹੋਣ ਵਾਲੇ ਹਾਦਸਿਆਂ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਨਾ ਤਾਂ ਪਟਾਕੇ ਬਣਾਉਣ ਵਾਲਿਆਂ ਨੇ ਆਪਣੀ ਮਾਨਸਿਕਤਾ ਨੂੰ ਬਦਲਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸਬਕ ਸਿੱਖਿਆ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਟਾਕੇ ਬਣਾਉਣ ਵਾਲੀਆਂ ਇਨ੍ਹਾਂ ਫੈਕਟਰੀਆਂ ਨੂੰ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਸੜਕਾਂ ਤੋਂ ਦੂਰ ਰੱਖਿਆ ਜਾਵੇ, ਤਾਂ ਜੋ ਮਨੁੱਖੀ ਜੀਵਨ ਨੂੰ ਭੈਭੀਤ ਕਰਨ ਵਾਲੀਆਂ ਇਹੋ ਜਿਹੀਆਂ ਦੁਖਦਾਇਕ ਘਟਨਾਵਾਂ ਤੋਂ ਬਚਿਆ ਜਾ ਸਕੇ।


-ਸੁਰਜੀਤ ਸਿੰਘ
ਪਿੰਡ ਸੂਚ, ਜ਼ਿਲ੍ਹਾ ਗੁਰਦਾਸਪੁਰ।


ਲਾਪ੍ਰਵਾਹ ਪ੍ਰਸ਼ਾਸਨ
ਬਟਾਲਾ ਵਿਚ ਨਾਜਾਇਜ਼ ਤਰੀਕੇ ਨਾਲ ਚੱਲ ਰਹੀ ਪਟਾਕਾ ਫੈਕਟਰੀ ਵਿਚ ਜਿਹੜਾ ਹਾਦਸਾ ਵਾਪਰਿਆ, ਉਹ ਦਰਦਨਾਕ ਹੈ, ਜਿਸ ਵਿਚ ਦੋਵੇਂ ਧਿਰਾਂ ਜ਼ਿੰਮੇਵਾਰ ਹਨ। ਇਕ ਤਾਂ ਪ੍ਰਸ਼ਾਸਨ ਤੇ ਦੂਜਾ ਉਹ ਲੋਕ ਜਿਹੜੇ ਨਾਜਾਇਜ਼ ਤਰੀਕੇ ਨਾਲ ਕੰਮ ਕਰਦੇ ਹਨ ਪਰ ਉਥੇ ਪ੍ਰਸ਼ਾਸਨ ਦੀ ਗ਼ਲਤੀ ਸਿਰੇ 'ਤੇ ਆ ਜਾਂਦੀ ਹੈ ਜਦ ਖ਼ਬਰਾਂ ਵਿਚ ਇਹ ਪਤਾ ਲਗਦਾ ਹੈ ਕਿ ਅਜਿਹੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਇਸ 'ਤੇ ਗ਼ੌਰ ਕੀਤੇ ਬਿਨਾਂ ਅੱਖ ਮੀਚ ਕੇ ਇਸ ਨੂੰ ਹੋਣ ਦਿੱਤਾ।
ਇਸ ਤੋਂ ਸਰਕਾਰ ਦੀ ਲਾਪ੍ਰਵਾਹੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ। ਨਾ ਜਾਣੇ ਸਾਡੇ ਸਮਾਜ ਵਿਚ ਪ੍ਰਸ਼ਾਸਨ ਦੀ ਹਰਕਤ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਕਿਉਂ ਹੁੰਦੀ ਹੈ ਕਿਉਂ ਪਹਿਲਾਂ ਇਨ੍ਹਾਂ ਲੋਕਾਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਵਿਚ ਪ੍ਰਸ਼ਾਸਨ ਦੀ ਤਾਂ ਗ਼ਲਤੀ ਹੈ ਹੀ ਪਰ ਉਨ੍ਹਾਂ ਲੋਕਾਂ ਦੀ ਵੀ ਹੈ ਜੋ ਕਿੰਨੀਆਂ ਜਾਨਾਂ ਦਾਅ 'ਤੇ ਲਾ ਕੇ ਅਜਿਹੇ ਕੰਮ ਕਰਦੇ ਹਨ।


-ਜਾਨਵੀ ਬਿੱਠਲ।

ਹੁਣ ਨਹੀਂ ਭਰਦੇ ਮੇਲੇ
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਮੇਲੇ ਅਤੇ ਤਿਉਹਾਰ ਪੰਜਾਬੀਆਂ ਨੂੰ ਗੁੜਤੀ ਵਿਚ ਹੀ ਮਿਲ ਜਾਂਦੇ ਹਨ। ਚਾਰ-ਪੰਜ ਪਿੰਡਾਂ ਦੇ ਨੇੜੇ-ਤੇੜੇ ਕੋਈ ਨਾ ਕੋਈ ਛੋਟਾ ਮੋਟਾ ਮੇਲਾ ਜ਼ਰੂਰ ਲੱਗਦਾ ਹੈ। ਪਰ ਮੇਲੇ ਵੇਖਣ ਦਾ ਜਾਂ ਮੇਲੇ 'ਤੇ ਜਾਣ ਦਾ ਰੁਝਾਨ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਹੁਣ ਬਾਜ਼ਾਰਾਂ ਵਿਚ ਆਉਣਾ-ਜਾਣਾ ਆਮ ਹੀ ਹੋ ਗਿਆ ਹੈ। ਜੋ ਖਰੀਦਦਾਰੀ ਅਤੇ ਖਾਣ-ਪੀਣ ਮੇਲੇ 'ਤੇ ਕੀਤਾ ਜਾਂਦਾ ਸੀ, ਉਹ ਹੁਣ ਹਰ ਰੋਜ਼ ਦੀ ਤਰ੍ਹਾਂ ਹੋਣ ਲੱਗ ਗਿਆ ਹੈ। ਜੋ ਚੰਡੋਲ, ਸਰਕਸਾਂ ਮੇਲਿਆਂ 'ਤੇ ਹੀ ਵੇਖਣ ਨੂੰ ਮਿਲਦੇ ਸੀ ਉਹ ਹੁਣ ਲੋਕ ਸ਼ਹਿਰਾਂ ਵਿਚ ਹਰ ਰੋਜ਼ ਵੇਖਦੇ ਹਨ। ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਇਹ ਸਭ ਕੁਝ ਨਾ ਹੋਣ ਕਰਕੇ ਹੀ ਮੇਲਿਆਂ ਵਿਚ ਜਾਣ ਦਾ ਉਤਸਾਹ ਬਹੁਤ ਜ਼ਿਆਦਾ ਸੀ। ਇਸ ਤਰ੍ਹਾਂ ਲੋਕ ਆਨੰਦ ਵੀ ਲੈਂਦੇ ਸੀ ਅਤੇ ਕਿਸੇ ਮਾਨਸਿਕ ਤਣਾਅ ਦੇ ਵੀ ਸ਼ਿਕਾਰ ਨਹੀਂ ਸਨ। ਪਰ ਹੁਣ ਦਾ ਸਮਾਂ ਇਸ ਦੇ ਉਲਟ ਹੈ। ਲੋਕਾਂ ਕੋਲ ਵੀ ਸਮਾਂ ਨਹੀ ਰਿਹਾ, ਨਾ ਆਪਣੇ ਲਈ ਅਤੇ ਨਾ ਹੀ ਆਪਣੇ ਬੱਚਿਆਂ ਲਈ। ਨਾ ਕੋਈ ਬੱਸ ਤੇ ਨਾ ਕੋਈ ਟਰਾਲੀ ਪਹਿਲਾਂ ਦੀ ਤਰ੍ਹਾਂ ਹੁਣ ਭਰਕੇ ਮੇਲੇ ਨਹੀਂ ਜਾਂਦੀ। ਦਿਨੋ-ਦਿਨ ਵਧ ਰਹੀ ਮਹਿੰਗਾਈ ਨੇ ਵੀ ਲੋਕਾਂ ਨੂੰ ਇਨ੍ਹਾਂ ਮੇਲਿਆ ਤੋਂ ਦੂਰੀ ਵਧਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।


-ਲੈਕਚਰਾਰ ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।


ਆਵਾਰਾ ਕੁੱਤਿਆਂ ਦੀ ਭਰਮਾਰ
ਕੋਈ ਦਿਨ ਖਾਲੀ ਨਹੀਂ ਜਾਂਦਾ, ਜਿਸ ਦਿਨ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਖ਼ਮੀ ਨਾ ਹੋਇਆ ਹੋਵੇ। ਕਈ ਵਾਰ ਤਾਂ ਆਵਾਰਾ ਕੁੱਤੇ ਨੋਚ-ਨੋਚ ਕੇ ਚੀਥੜੇ-ਚੀਥੜੇ ਕਰ ਦਿੰਦੇ ਹਨ। ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਇਨ੍ਹਾਂ ਦੇ ਸ਼ਿਕਾਰ ਬਣਦੇ ਹਨ। ਹੇੜਾਂ ਦੀਆਂ ਹੇੜਾਂ ਰਾਹ ਵਿਚ ਬੈਠੀਆਂ ਮਿਲਦੀਆਂ ਹਨ। ਇਨ੍ਹਾਂ ਲਾਗਿਓਂ ਲੰਘਣਾ ਕੋਈ ਖਾਲ੍ਹਾ ਜੀ ਦਾ ਵਾੜਾ ਨਹੀਂ। ਜਦੋਂ ਦੀਆਂ ਇੱਲਾਂ ਗੁੰਮ ਹੋਈਆਂ ਨੇ, ਹੱਡਾ-ਰੋੜੀ ਤੋਂ ਲੈ ਕੇ ਰਸਤੇ ਵਿਚ ਮਰੇ ਕਿਸੇ ਵੀ ਜਾਨਵਰਾਂ ਜਾਂ ਪਸ਼ੂਆਂ ਦੀ ਸਫ਼ਾਈ ਇਹੀ ਕੁੱਤੇ ਕਰਦੇ ਹਨ। ਇਨ੍ਹਾਂ ਦੀ ਵਧਦੀ ਗਿਣਤੀ 'ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਕੁੱਤਿਆਂ ਦੇ ਟੀਕਾਕਰਨ ਕੌਣ ਕਰੇ? ਤਦਾਦ ਘਟਾਉਣ ਲਈ ਮੁਹਿੰਮ ਤਹਿਤ ਨਸਬੰਦੀ ਜ਼ਰੂਰੀ ਹੈ। ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਲੋਕਤੰਤਰ ਵਿਚ ਸਰਕਾਰਾਂ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਇਸ ਸਮੱਸਿਆ 'ਤੇ ਵੀ ਹੰਭਲਾ ਮਾਰਨ ਦੀ ਲੋੜ ਹੈ।


-ਅਸ਼ਵਨੀ ਕੁਮਾਰ ਪੰਡੋਰੀ
ਸ.ਸ.ਸ.ਸ. ਝੜੋਲੀ (ਗੁਰਦਾਸਪੁਰ)।


ਨੌਜਵਾਨ ਪੀੜ੍ਹੀ ਅਤੇ ਗੀਤ
ਕੁਝ ਸਮਾਂ ਪਹਿਲਾਂ ਮੈਂ ਆਪਣੇ ਭਰਾ ਨਾਲ ਉਸ ਦੇ ਕਾਲਜ ਵਿਚ ਕਰਵਾਏ ਗਏ ਪ੍ਰੋਗਰਾਮ ਯੁਵਕ ਮੇਲੇ 'ਤੇ ਗਿਆ। ਉਥੇ ਨੌਜਵਾਨ ਵਰਗ ਦਾ ਭਾਰੀ ਇਕੱਠ ਸੀ। ਪੰਜਾਬ ਦਾ ਇਕ ਮਸ਼ਹੂਰ ਕਲਾਕਾਰ ਆਇਆ ਸੀ। ਪਹਿਲਾ ਗੀਤ ਬਹੁਤ ਮਨਭਾਉਂਦਾ ਸੀ। ਕਿਉਂਕਿ ਉਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ ਗਿਆ ਸੀ। ਜਦੋਂ ਉਸ ਕਲਾਕਾਰ ਨੇ ਦੂਜਾ ਗਾਣਾ ਦਾਰੂ ਵਾਲਾ ਲਾ ਦਿੱਤਾ ਤਾਂ ਸਾਰਾ ਹਾਲ ਚੀਕਾਂ ਨਾਲ ਗੂੰਜ ਉੱਠਿਆ ਤੇ ਨੌਜਵਾਨਾਂ ਦੀਆਂ ਚੀਕਾਂ ਤੇ ਨੱਚਣ ਨਾਲ ਸਾਰਿਆਂ ਵਿਚ ਜਿਵੇਂ ਜਾਨ ਆ ਗਈ ਹੋਵੇ। ਕੀ ਸਾਡੀ ਸੋਚ ਏਨੀ ਵਿਗੜ ਗਈ ਹੈ? ਜੋ ਥਾਂ ਵਿੱਦਿਆ ਦਾ ਮੰਦਰ ਹੈ ਤੇ ਜੋ ਥਾਂ ਸਾਨੂੰ ਚੰਗੇ ਮਾੜੇ ਵਿਚ ਫ਼ਰਕ ਕਰਨਾ ਸਿਖਾਉਂਦੀ ਹੋਵੇ, ਉਸ ਜਗ੍ਹਾ 'ਤੇ ਦਾਰੂ ਦੇ ਨਾਂਅ 'ਤੇ ਭੰਗੜੇ ਪੈ ਰਹੇ ਹਨ।
ਜਿਸ ਕਾਲਜ ਦਾ ਨਾਂਅ ਬਾਬੇ ਦੇ ਨਾਂਅ 'ਤੇ ਰੱਖਿਆ ਹੋਵੇ, ਉਸ ਦਾ ਕੀ ਹਾਲ ਹੋ ਗਿਆ ਹੈ। ਜਿਨ੍ਹਾਂ ਦੇ ਹੱਥ ਵਿਚ ਕਿਤਾਬ ਹੋਣੀ ਚਾਹੀਦੀ ਸੀ ਤੇ ਅੱਜ ਹਥਿਆਰ ਤੇ ਦਾਰੂ ਦੀ ਬੋਤਲ ਸਾਨੂੰ ਆਮ ਵੇਖਣ ਨੂੰ ਮਿਲਦੀ ਹੈ। ਜੇ ਅਸੀਂ ਇਕ ਵੱਡੀ ਅਣਹੋਣੀ ਤੋਂ ਬਚਣਾ ਹੈ ਤਾਂ ਸਾਨੂੰ ਸਾਡੀ ਨਸਲ ਪ੍ਰਤੀ ਸਹੀ ਅਤੇ ਗ਼ਲਤ ਵਿਚ ਫ਼ਰਕ ਕਰਵਾਉਣਾ ਤੇ ਸਾਡੀਆਂ ਸਿੱਖਿਅਕ ਸੰਸਥਾਵਾਂ ਨੂੰ ਆਪਣੇ ਕੰਮ ਪ੍ਰਤੀ ਪੂਰਾ ਸੁਚੇਤ ਹੋਣ ਦੀ ਲੋੜ ਹੈ।


-ਗੁਰਪ੍ਰੀਤ ਲਿਖਾਰੀ।

17-09-2019

 ਟ੍ਰੈਫਿਕ ਨਿਯਮਾਂ ਦੀ ਸਖ਼ਤਾਈ
ਬੜੀ ਚੰਗੀ ਗੱਲ ਹੈ ਕਿ ਆਵਾਜਾਈ ਦੇ ਨਿਯਮਾਂ ਨੂੰ ਸਰਕਾਰ ਨੇ ਲੋਕਾਂ ਦੇ ਭਲੇ ਲਈ ਸਖ਼ਤ ਕੀਤਾ ਹੈ ਤਾਂ ਕਿ ਹਾਦਸੇ ਘੱਟ ਹੋਣ, ਮੌਤਾਂ ਘੱਟ ਹੋਣ, ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਬਹੁਤ ਸਾਰੇ ਕਾਰਨ, ਤਰੁੱਟੀਆਂ, ਅਣਗਹਿਲੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸਾਡੇ ਦੇਸ਼ ਵਿਚ ਹਰੇਕ ਸਾਲ ਹਜ਼ਾਰਾਂ ਲੋਕ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਨਿਯਮ ਸਖ਼ਤ ਕਰ ਦਿੱਤੇ, ਜੁਰਮਾਨੇ, ਸਜ਼ਾ ਆਦਿ ਦੁੱਗਣੇ ਕਰ ਦਿੱਤੇ ਤਾਂ ਕਿ ਲੋਕ ਕਾਨੂੰਨ ਤੇ ਜੁਰਮਾਨੇ ਤੋਂ ਡਰਦੇ ਸਾਰੇ ਆਪਣੇ-ਆਪ ਨੂੰ ਸੁਧਾਰਨਗੇ। ਪਰ ਦੂਜਾ ਪੱਖ ਕਿ ਸੜਕੀ ਆਵਾਜਾਈ ਦੇ ਨਿਯਮਾਂ 'ਚ ਸਖ਼ਤਾਈ ਦੇ ਨਾਲ-ਨਾਲ 'ਸੜਕੀ ਸੁਧਾਰ' ਦੀ ਵੀ ਸਖ਼ਤ ਜ਼ਰੂਰਤ ਹੈ। ਜਿਵੇਂ ਸੜਕਾਂ 'ਤੇ ਆਵਾਰਾ ਪਸ਼ੂ, ਕੁੱਤੇ, ਜਾਨਵਰ ਫਿਰਦੇ ਹਨ, ਸੜਕਾਂ ਟੁੱਟੀਆਂ ਹੋਈਆਂ ਹਨ, ਲਾਈਟਾਂ-ਪਾਰਕਿੰਗ ਦਾ ਯੋਗ ਪ੍ਰਬੰਧ ਹੈ ਨਹੀਂ, ਲਾਇਸੰਸ ਬਣਾਉਣ ਸਮੇਂ, ਚਾਲਾਨ ਵੇਲੇ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼-ਰਿਸ਼ਵਤਖੋਰੀ-ਹੇਰਾ ਫੇਰੀ ਨਾ ਹੋਵੇ, ਕੈਮਰੇ ਲਾਏ ਜਾਣ, ਪੁਲਾਂ ਦੀਆਂ ਰੇਲਿੰਗਾਂ ਠੀਕ ਕੀਤੀਆਂ ਜਾਣ, ਚਮਕਦੀਆਂ ਟੇਪਾਂ ਵਾਲੇ ਹਰੇਕ ਤਰ੍ਹਾਂ ਦੇ ਦਿਸ਼ਾ-ਸੂਚਕ (ਬੋਰਡ) ਲਾਏ ਜਾਣ, ਸੀਵਰੇਜ ਜਾਂ ਕਿਸੇ ਹੋਰ ਕਾਰਨ ਪੁੱਟੀਆਂ ਸੜਕਾਂ ਨਾਲੋ-ਨਾਲ ਠੀਕ ਕੀਤੀਆਂ ਜਾਣ ਆਦਿ। ਅਸਲ 'ਸੁਧਾਰ' ਲੋਕਾਂ ਅਤੇ ਸਰਕਾਰਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ।

-ਗੁਰਚਰਨ ਸਿੰਘ, ਪਿੰਡ ਮਜਾਰਾ, ਨਵਾਂਸ਼ਹਿਰ।

ਕਰਤਾਰਪੁਰ ਲਾਂਘਾ
ਭਾਰਤ ਤੇ ਪਾਕਿਸਤਾਨ ਵਿਚ ਪੈਦਾ ਹੋਈ ਕੁੜੱਤਣ ਕਾਰਨ ਭਾਵੇਂ ਸਮਝੌਤਾ ਐਕਸਪ੍ਰੈੱਸ ਤੇ ਦੋਸਤੀ ਬੱਸ ਸੇਵਾ ਬੰਦ ਹੋ ਗਈ ਹੈ ਪਰ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਪਾਕਿਸਤਾਨ ਵਾਲੇ ਪਾਸੇ ਤੋਂ ਦਿਨ-ਰਾਤ ਕੰਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਦੁਆਰੇ ਤੋਂ ਜ਼ੀਰੋ ਲਾਈਨ ਤੱਕ ਸਾਰੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਵੀ 'ਤੇ ਉਸਾਰਿਆ ਜਾਣ ਵਾਲਾ ਪੁਲ, ਲੰਗਰ ਹਾਲ ਆਦਿ ਦਾ ਕੰਮ ਵੀ ਕਾਫੀ ਹੱਦ ਤੱਕ ਮੁਕੰਮਲ ਹੋਣ ਦੇ ਕਿਨਾਰੇ ਹੈ। ਪਾਕਿਸਤਾਨ ਨੇ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂਅ ਵੀ 'ਬਾਬਾ ਗੁਰੂ ਨਾਨਕ' ਰੱਖ ਦਿੱਤਾ ਹੈ ਜੋ ਕਿ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਭਾਰਤ ਵਾਲੇ ਪਾਸੇ ਤੋਂ ਵੀ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਪਰਮਾਤਮਾ ਕਰੇ ਦੋਵਾਂ ਦੇਸ਼ਾਂ 'ਚ ਨਫ਼ਰਤ ਦੀ ਥਾਂ ਸ਼ਾਂਤੀ ਬਣੀ ਰਹੇ ਅਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਦੋਵਾਂ ਦੇਸ਼ਾਂ ਵਲੋਂ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਵੇ ਤਾਂ ਜੋ ਭਾਰਤ ਦੇ ਲੋਕ ਆਪਣੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕਣ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਜਲੰਧਰ।

ਪੰਜਾਬ ਵਿਚ ਤਾਲਿਬਾਨੀ ਵਰਤਾਰਾ
ਅਫ਼ਗਾਨਿਸਤਾਨ ਦਾ ਅੱਤਵਾਦੀ ਸੰਗਠਨ ਆਪਣੇ ਵਿਰੋਧੀਆਂ ਨੂੰ ਕਰੂਰਤਾ ਭਰੀ ਸਜ਼ਾ ਦੇਣ ਲਈ ਪ੍ਰਸਿੱਧ ਹੈ। ਨਾਲ ਹੀ ਸਜ਼ਾ ਦੇਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਉੱਪਰ ਵਾਇਰਲ ਕਰਕੇ ਹੋਰ ਵੀ ਦਹਿਸ਼ਤ ਪੈਦਾ ਕੀਤੀ ਜਾਂਦੀ ਹੈ। ਅੱਜਕੱਲ੍ਹ ਪੰਜਾਬ ਵਿਚ ਵੀ ਅਜਿਹਾ ਤਾਲਿਬਾਨੀ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਲੋਕ ਪੁਲਿਸ/ਕਾਨੂੰਨ ਦਾ ਡਰ ਭੁਲਾ ਕੇ ਆਪ ਹੀ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਵਿਚ ਕੁੱਟ-ਮਾਰ ਕਰਨ ਲੱਗੇ ਹੋਏ ਹਨ। ਕਿਤੇ ਪ੍ਰੇਮੀ ਜੋੜੇ ਦੀ ਮਾਰ-ਕੁੱਟ, ਕਿਤੇ ਕਿਸੇ ਛੋਟੇ-ਮੋਟੇ ਚੋਰ ਦੀ ਮਾਰ-ਕੁੱਟ, ਕਿਤੇ ਰੰਜਿਸ਼ ਮਾਰ-ਕੁੱਟ ਅਤੇ ਕਿਤੇ ਛੇੜ-ਛਾੜ ਹੋਣ ਕਾਰਨ ਹੋਣ ਵਾਲੀ ਮਾਰ-ਕੁੱਟ ਦੀ ਵੀਡੀਓ ਬਣਾ ਕੇ ਬਿਨਾਂ ਕਿਸੇ ਖ਼ੌਫ ਦੇ ਵਾਇਰਲ ਕਰ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਪੀੜਤ ਵਿਅਕਤੀ ਬਦਨਾਮੀ ਦਾ ਮਾਰਿਆ ਖ਼ੁਦਕੁਸ਼ੀ ਤੱਕ ਕਰ ਲੈਂਦਾ ਹੈ। ਪੰਜਾਬੀ ਲੋਕ ਦੇਖੋ-ਦੇਖੀ ਹਰ ਚੰਗੀ-ਮਾੜੀ ਚੀਜ਼ ਜਾਂ ਗੱਲ ਦੀ ਰੀਸ ਕਰਨ ਤੁਰ ਪੈਂਦੇ ਹਨ। ਇਸ ਲਈ ਬਿਨਾਂ ਸੋਚੇ-ਸਮਝੇ ਤਾਲਿਬਾਨੀ ਵਰਤਾਰੇ ਦੀ ਰੀਸ ਕਰਕੇ ਕਾਨੂੰਨ ਵਿਰੋਧੀ ਕੰਮ ਕਰ ਰਹੇ ਹਨ। ਜੇਕਰ ਕਿਸੇ ਨੇ ਕੋਈ ਅਪਰਾਧ ਕੀਤਾ ਵੀ ਹੈ ਤਾਂ ਦੋਸ਼ੀ ਨੂੰ ਸਜ਼ਾ ਦੇਣ ਲਈ ਸਰਕਾਰ, ਕਾਨੂੰਨ ਅਤੇ ਅਦਾਲਤਾਂ ਮੌਜੂਦ ਹਨ। ਫਿਰ ਕਾਨੂੰਨ ਨੂੰ ਹੱਥ ਵਿਚ ਲੈ ਕੇ ਸਮਾਜ ਵਿਰੋਧੀ ਕੰਮ ਕਰਨ ਦਾ ਕੀ ਅਰਥ ਹੈ? 'ਨਾਇਕ' ਬਣਨ ਦੇ ਚੱਕਰਾਂ 'ਚ ਪਏ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਕੰਮ ਕਰਨਾ ਸਮਾਜ ਵਿਰੋਧੀ ਅਤੇ ਸਰਕਾਰ ਵਿਰੋਧੀ ਕਾਰਵਾਈ ਹੈ। ਜੇਕਰ ਇਕ ਵਾਰੀ ਕਿਸੇ ਦਾ ਪੁਲਿਸ ਦੇ ਰਿਕਾਰਡ ਵਿਚ ਕਿਸੇ ਮਾੜੀ ਕਾਰਵਾਈ ਲਈ ਨਾਂਅ ਚੜ੍ਹ ਗਿਆ ਤਾਂ ਇਹ ਸਾਰੀ ਉਮਰ ਸਬੰਧਿਤ ਵਿਆਕਤੀ ਦੇ ਗਲ਼੍ਹੇ ਦੀ ਹੱਡੀ ਬਣਿਆ ਰਹਿੰਦਾ ਹੈ। ਆਉਣ ਵਾਲੇ ਸਮੇਂ ਵਿਚ ਪਤਾ ਨਹੀਂ ਇਸ ਰੁਝਾਨ ਦੇ ਕੀ ਸਿੱਟੇ ਨਿਕਲਣਗੇ?

-ਲੈਕ: ਰਜਿੰਦਰ ਸਿੰਘ 'ਪਹੇੜੀ'
ਆਨੰਦ ਨਗਰ-ਬੀ, ਪਟਿਆਲਾ।

16-09-2019

 ਸੋਸ਼ਲ ਮੀਡੀਆ ਤੋਂ ਪ੍ਰਹੇਜ਼
ਵਿਗਿਆਨਕ ਯੁੱਗ ਦੀ ਜਿੰਨੀ ਸਿਫ਼ਤ ਕਰਾਂ ਉਨੀ ਹੀ ਥੋੜ੍ਹੀ ਹੈ। ਪਰ ਇਸ ਦੀ ਜ਼ਿਆਦਾ ਵਰਤੋਂ ਸਾਨੂੰ ਦਲਦਲ ਵੱਲ ਲੈ ਕੇ ਜਾ ਰਹੀ ਹੈ। ਸ਼ੋਸਲ ਮੀਡੀਆ ਜਿੰਨਾ ਸਾਨੂੰ ਫਾਇਦਾ ਦੇ ਰਿਹਾ ਹੈ, ਉਸ ਤੋਂ ਕਿਤੇ ਜ਼ਿਆਦਾ ਉਹ ਸਾਨੂੰ ਨੁਕਸਾਨ ਵੀ ਦੇ ਰਿਹਾ ਹੈ। ਬਿਨ੍ਹਾਂ ਵਜਾ ਦੇ ਵੀਡੀਓ ਕਲਿੱਪ ਬਣਾ ਕੇ ਇਕ-ਦੂਸਰੇ ਨੂੰ ਭੇਜੇ ਜਾਂਦੇ ਹਨ। ਫਿਰ ਉਨ੍ਹਾਂ ਦੇ ਲਾਈਕ ਅਤੇ ਕੁਮੈਂਟਸ ਵੇਖੇ ਜਾਂਦੇ ਹਨ। ਕਿਸੇ ਦੀ ਵੀਡੀਓ ਦੇ ਵਿਚ ਕੁਝ ਐਡਿਟ ਕਰ ਕੇ ਉਸ ਨੂੰ ਸ਼ੇਅਰ ਕੀਤਾ ਜਾਂਦਾ ਹੈ, ਜਿਸ ਨਾਲ ਕਈ ਵਾਰ ਮਸਲਾ ਵੀ ਭਟਕਿਆ ਹੈ। ਕਈ ਵਾਰੀ ਅਸੀਂ ਆਨਲਾਈਨ ਸ਼ੌਪਿੰਗ ਵਿਚ ਘਟੀਆ ਚੀਜ਼ਾਂ ਦੀ ਖਰੀਦਦਾਰੀ ਵੀ ਕਰ ਬੈਠਦੇ ਹਾਂ। ਜਦ ਕਿ ਇਸ ਦੀ ਵਰਤੋਂ ਬੜੀ ਸਮਝਦਾਰੀ ਅਤੇ ਸਮੇਂ ਦੀ ਬੱਚਤ ਲਈ ਸੀ। ਪਰ ਹੁਣ ਸ਼ੋਸਲ ਮੀਡੀਆ ਦਾ ਬੋਲ-ਬਾਲਾ ਚਾਰੇ ਪਾਸੇ ਸਿਰ ਚੜ੍ਹ ਬੋਲ ਰਿਹਾ ਹੈ। ਹਰ ਇਕ ਪ੍ਰਾਈਵੇਟ, ਸਰਕਾਰੀ ਅਤੇ ਏਡਿਡ ਅਦਾਰੇ ਜਾ ਮਹਿਕਮੇ ਵੀ ਇਸ ਉੱਪਰ ਕਾਫੀ ਜ਼ਿਆਦਾ ਨਿਰਭਰ ਹਨ। ਕੰਮ ਨਾਲੋਂ ਜ਼ਿਆਦਾ ਮੋਬਾਈਲ 'ਤੇ ਧਿਆਨ ਦਿੱਤਾ ਜਾਂਦਾ ਕਿ ਕਿਤੇ ਕੋਈ ਨੋਟਿਸ ਨਾ ਆ ਗਿਆ ਹੋਵੇ। ਇਸ ਸਫ਼ੈਦ ਦਲ-ਦਲ ਵਿਚੋਂ ਹੌਲੀ-ਹੌਲੀ ਬਾਹਰ ਨਿਕਲਣਾ ਸਿੱਖੋ,ਇਸਦੀ ਵਰਤੋਂ ਸੰਜਮ ਨਾਲ ਕਰੋ।


-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)


ਇਕ ਚੰਗਾ ਕਦਮ
ਅੱਜ ਲੋਕ ਬਾਹਰ ਜਾ ਕੇ ਖਾਣ ਨਾਲੋਂ ਆਨਲਾਈਨ ਹੀ ਖਾਣਾ ਮੰਗਵਾ ਲੈਂਦੇ ਹਨ ਤਾਂ ਹੀ ਅੱਜਕਲ੍ਹ ਸੜਕਾਂ 'ਤੇ ਜ਼ੋਮੈਟੋ ਤੇ ਸਵਿਗੀ ਵਾਲੇ ਵੱਧ ਨਜ਼ਰ ਆਉਂਦੇ ਹਨ। ਬੇਸ਼ੱਕ ਇਸ ਨਾਲ ਲੋਕਾਂ ਨੂੰ ਆਸਾਨੀ ਹੋਈ ਹੈ ਪਰ ਜਿਸ ਤਰ੍ਹਾਂ ਆਨਲਾਈਨ ਠੱਗੀਆਂ ਸਾਹਮਣੇ ਆਉਂਦੀਆਂ ਹਨ ਉਂਜ ਹੀ ਆਨਲਾਈਨ ਖਾਣੇ ਦੀ ਸ਼ੁੱਧਤਾ 'ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ ਪਰ ਪੰਜਾਬ ਦੇ ਫੂਡ ਐਂਡ ਡਰਗ ਮੈਨੇਜਮੈਂਟ ਕਮਿਸ਼ਨਰ ਕਾਹਨ ਸਿੰਘ ਪੰਨੂ ਵਲੋਂ ਇਕ ਚੰਗਾ ਕਦਮ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ 31 ਅਕਤੂਬਰ ਤੱਕ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਆਪਣੀ ਸਵੱਛਤਾ ਰੇਟਿੰਗ ਪੇਸ਼ ਕਰਨੀ ਹੋਵੇਗੀ। ਅੱਜ ਦੇ ਮਿਲਾਵਟੀ ਦੌਰ ਵਿਚ ਇਹ ਕਦਮ ਪ੍ਰਸ਼ਾਸਨ ਵਲੋਂ ਸ਼ਲਾਘਾਯੋਗ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਜਿਹੜਾ ਭੋਜਨ ਅਸੀਂ ਆਨਲਾਈਨ ਮੰਗਵਾਇਆ ਹੈ ਉਹ ਕਿਵੇਂ ਬਣਾਇਆ ਗਿਆ ਹੈ, ਚਾਹੇ ਇਨ੍ਹਾਂ ਆਨਲਾਈਨ ਫੂਡ ਐਪਸ ਤੇ ਨਾਲ-ਨਾਲ ਨਕਸ਼ਾ ਬਣਿਆ ਆਉਂਦਾ ਹੈ ਪਰ ਜਿਸ ਤਰ੍ਹਾਂ ਅੱਜ ਦੇ ਸਮੇਂ ਵਿਚ ਲੋਕ ਅੱਖਾਂ ਮੀਚ ਕੇ ਆਨਲਾਈਨ ਫੂਡ ਆਰਡਰ ਕਰਦੇ ਹਨ, ਉਸ ਵਿਚ ਕੰਪਨੀਆਂ ਨਾਲ ਇਹ ਸਖਤੀ ਜ਼ਰੂਰੀ ਹੈ।


-ਜਾਨਵੀ ਬਿੱਠਲ
ਜਲੰਧਰ।


ਬਾਲ ਮਜ਼ਦੂਰੀ
ਬਾਲ ਮਜ਼ਦੂਰੀ ਦਾ ਮੁੱਖ ਕਾਰਨ ਮਹਿੰਗਾਈ, ਵਧਦੀ ਵਸੋਂ ਭੁੱਖਮਰੀ ਤੇ ਗਰੀਬੀ ਹੈ। ਬਾਲ ਮਜ਼ਦੂਰੀ ਤੇ ਭਾਵੇਂ ਪਾਬੰਦੀ ਹੈ ਪਰ ਫਿਰ ਵੀ ਕਾਰਖਾਨਿਆਂ, ਹੋਟਲਾਂ, ਘਰਾਂ ਆਦਿ ਦੇ ਮਾਲਕ ਚੋਰੀ-ਛਿਪੇ ਇਨ੍ਹਾਂ ਕੋਲੋਂ ਜ਼ਿਆਦਾ ਕੰਮ ਕਰਵਾ ਪੈਸੇ ਘੱਟ ਦਿੰਦੇ ਹਨ।
ਸਰਕਾਰ ਨੇ ਭਾਵੇਂ ਬੱਚਿਆਂ ਦੀ ਬਿਹਤਰੀ ਲਈ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਰਕਾਰੀ ਸਕੂਲਾਂ ਵਿਚ ਮੁਫ਼ਤ ਪੜ੍ਹਾਈ ਅਤੇ ਮੁਫ਼ਤ ਰਾਸ਼ਨ ਦੀ ਸਹੂਲਤ ਦਿੱਤੀ ਹੈ। ਜਿਸ ਨਾਲ ਸਕੂਲਾਂ 'ਚ ਗਿਣਤੀ ਵਧੀ ਹੈ ਪਰ ਬਾਲ ਮਜ਼ਦੂਰੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਦੇ ਖਿਲਾਫ਼ ਸਦਨ ਵਿਚ ਸਖ਼ਤ ਕਾਨੂੰਨ ਬਣਵਾ ਕੇ ਸਖਤ ਸਜ਼ਾ ਦੀ ਵਿਵਸਥਾ ਕਰਨੀ ਚਾਹੀਦੀ ਹੈ। ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਜੋ ਲੋਕ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ ਉਹ ਲੋਕ ਦੇਸ਼ ਲਈ ਕਲੰਕ ਹਨ। ਇਸ ਦਾ ਬੁਰਾ ਅਸਰ ਬਾਹਰਲੇ ਮੁਲਕਾਂ ਵਿਚ ਪੈਂਦਾ ਹੈ ਤੇ ਦੇਸ਼ ਦੀ ਬਦਨਾਮੀ ਹੁੰਦੀ ਹੈ। ਭੀਖ ਮੰਗਣ ਵਾਲਿਆਂ ਨੂੰ ਪੈਸੇ ਦੇ ਕੇ ਇਸ ਰੁਝਾਨ ਨੂੰ ਹੋਰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਇੰਸਪੈਕਟਰ।


ਇੰਟਰਨੈੱਟ ਦੀ ਬਿਮਾਰੀ
ਅਜੋਕੇ ਸਮੇਂ ਬੱਚੇ, ਨੌਜਵਾਨ, ਬਜ਼ੁਰਗ ਮੋਬਾਈਲ 'ਤੇ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਦੇ ਆਮ ਦੇਖੇ ਜਾਂਦੇ ਹਨ। ਨਸ਼ਿਆਂ ਦੀ ਆਦਤ ਦੀ ਤਰ੍ਹਾਂ ਬਹੁਗਿਣਤੀ ਇੰਟਰਨੈੱਟ ਦੀ ਵਰਤੋਂ ਕਰਨ ਦੀ ਬਿਮਾਰੀ ਦਾ ਸ਼ਿਕਾਰ ਹੈ। ਖਾਸ ਕਰਕੇ ਬੱਚਿਆਂ 'ਤੇ ਇਸ ਦਾ ਅਸਰ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਚ ਸਹਿਣਸ਼ੀਲਤਾ ਖਤਮ ਹੋ ਰਹੀ ਹੈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਨਾਲ ਰਲਦੇ-ਮਿਲਦੇ ਨਹੀਂ, ਆਪਣੀਆਂ ਸੋਚਾਂ ਵਿਚ ਹੀ ਰਹਿੰਦੇ ਹਨ। ਹਕੀਕਤ ਭਰੀ ਜ਼ਿੰਦਗੀ ਜਿਊਣ ਦੀ ਬਜਾਏ ਝੂਠੀ ਇੰਟਰਨੈੱਟ ਦੀ ਦੁਨੀਆ ਵਿਚ ਗਲਤਾਨ ਹੋ ਰਹੇ ਹਨ। ਇਸ ਪ੍ਰਤੀ ਸਾਨੂੰ ਸਭ ਨੂੰ ਆਪਣੇ ਬੱਚਿਆਂ ਪ੍ਰਤੀ ਚੌਕਸ ਹੋ ਕੇ ਉਨ੍ਹਾਂ ਨਾਲ ਸਮਾਂ ਬਿਤਾਉਣ ਦੀ ਲੋੜ ਹੈ, ਨਹੀਂ ਤਾਂ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ।


-ਪ੍ਰਗਟ ਸਿੰਘ ਵਜੀਦਪੁਰ
ਤਹਿਸੀਲ ਤੇ ਜ਼ਿਲ੍ਹਾ ਪਟਿਆਲਾ।


ਜੰਗ ਵਰਗਾ ਮਾਹੌਲ
ਉਂਜ ਤਾਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ (ਸੰਨ 1947) ਲੈ ਕੇ ਲਗਾਤਾਰ ਹੀ ਹੁਣ ਤੱਕ ਦੋਵਾਂ ਦੇਸ਼ਾਂ ਦਰਮਿਆਨ ਰਾਜਨੀਤਕ ਸਬੰਧ ਅਣਸੁਖਾਵੇਂ ਚਲੇ ਆ ਰਹੇ ਹਨ ਅਤੇ ਕਸ਼ਮੀਰ ਦੇ ਮੁੱਦੇ 'ਤੇ ਅਜਿਹੇ ਅਣਸੁਖਾਵੇਂ ਮਾਹੌਲ ਦੇ ਚਲਦਿਆਂ ਦੋਵਾਂ ਹੀ ਦੇਸ਼ਾਂ ਦਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਅਤੇ ਹੋ ਰਿਹਾ ਹੈ ਪਰ ਹੁਣ ਜਿਹੜਾ ਰਾਜਨੀਤਕ ਮਾਹੌਲ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਸਿਰਜਿਆ ਜਾ ਰਿਹਾ ਹੈ, ਉਹ ਬਿਨਾਂ ਸ਼ੱਕ ਜੰਗ ਵਰਗਾ ਹੈ। ਅਜਿਹੇ ਮਾਹੌਲ ਵਿਚ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਚਿੰਤਤ ਹੋਣਾ ਕੋਈ ਗ਼ੈਰ-ਕੁਦਰਤੀ ਗੱਲ ਨਹੀਂ ਹੈ ਭਾਵ ਸੁਭਾਵਿਕ ਹੀ ਹੈ। ਦੋਵਾਂ ਮੁਲਕਾਂ ਵਿਚ ਇਕ ਗੱਲ ਸਾਂਝੀ ਹੈ, ਉਹ ਹੈ ਗਰੀਬੀ ਅਤੇ ਬੇਰੁਜ਼ਗਾਰੀ। ਇਸ ਪਾਸੇ ਦੋਵਾਂ ਹੀ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ। ਇਸ ਤੋਂ ਇਲਾਵਾ ਲੋਕ ਹਿਤ ਵਿਚ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਅਤੇ ਜਾਗਰੂਕ ਲੋਕਾਂ ਨੂੰ ਜੰਗ ਵਰਗੇ ਇਸ ਮਾਹੌਲ ਨੂੰ ਅਮਨ-ਸ਼ਾਂਤੀ ਦੇ ਮਾਹੌਲ ਵਿਚ ਬਦਲਣ ਲਈ ਸੰਜੀਦਾ ਯੋਗ ਅਤੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਕਿਉਂਕਿ ਜਿਹੜਾ ਵਿਕਾਸ (ਤਰੱਕੀ) ਅਮਨ-ਚੈਨ ਦੇ ਮਾਹੌਲ ਵਿਚ ਹੋ ਸਕਦਾ ਹੈ, ਉਹ ਜੰਗ ਦੇ ਮਾਹੌਲ ਵਿਚ ਨਹੀਂ ਹੋ ਸਕਦਾ। ਸੋ, ਜਿਥੋਂ ਤੱਕ ਸੰਭਵ ਹੋ ਕੇ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਸੰਜਮ ਅਤੇ ਸਮਝਦਾਰੀ ਵਿਚ ਰਹਿੰਦਿਆਂ ਅਣਸੁਖਾਵੇਂ ਹਾਲਾਤ ਨੂੰ ਸੁਖਾਵੇਂ ਹਾਲਾਤ ਵਿਚ ਬਦਲਣ ਲਈ ਅਤੇ ਲੋਕਾਂ ਦੇ ਉਜਲੇ ਭਵਿੱਖ ਲਈ ਹਰ ਹੀਲਾ ਕਰਨ ਦੀ ਵੱਡੀ ਲੋੜ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

13-09-2019

 ਕੀਟਨਾਸ਼ਕ ਦਵਾਈਆਂ ਕੈਂਸਰ ਦਾ ਕਾਰਨ
ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਕੋਲ ਭਾਰਤ ਦਾ 2 ਫ਼ੀਸਦੀ ਖੇਤੀ ਯੋਗ ਰਕਬਾ ਹੈ ਪਰ ਪੰਜਾਬ ਦਾ ਕਿਸਾਨ ਭਾਰਤ ਵਿਚ ਵਰਤੀ ਜਾਣ ਵਾਲੀ ਕੀਟਨਾਸ਼ਕ ਦਵਾਈ ਦਾ 18 ਫ਼ੀਸਦੀ ਇਸਤੇਮਾਲ ਕਰਦਾ ਹੈ। ਇਹੀ ਕੀਟਨਾਸ਼ਕ ਦਵਾਈ ਅੱਗੇ ਜਾ ਕੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਪੈਦਾ ਕਰ ਰਹੀ ਹੈ। ਇਸ ਬਿਮਾਰੀ ਦਾ ਪ੍ਰਭਾਵ ਸ਼ਹਿਰਾਂ ਨਾਲੋਂ ਜ਼ਿਆਦਾ ਪੇਂਡੂ ਖੇਤਰ 'ਤੇ ਹੈ ਪਰ ਅਨਪੜ੍ਹਤਾ ਤੇ ਜ਼ਿੱਦ ਦੀ ਵਜ੍ਹਾ ਕਰਕੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਸਬਜ਼ੀਆਂ 'ਤੇ 40 ਗ੍ਰਾਮ ਪ੍ਰਤੀ ਏਕੜ ਦੀ ਥਾਂ 200 ਗ੍ਰਾਮ ਪ੍ਰਤੀ ਏਕੜ ਕੀਟਨਾਸ਼ਕ ਦਵਾਈ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਕੰਪਨੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਹ ਜ਼ਹਿਰ ਦੀ ਵਿਕਰੀ ਵਧਾਉਣ ਲਈ ਦੁਕਾਨਦਾਰਾਂ ਨੂੰ ਵਿਦੇਸ਼ਾਂ ਦੀ ਯਾਤਰਾ ਤੇ ਹੋਰ ਲਾਭ ਦੇ ਰਹੇ ਹਨ। ਇਹ ਬਹੁਤ ਹੀ ਅਣਮਨੁੱਖੀ ਵਤੀਰੇ ਵਾਲੀ ਦੌੜ ਹੈ। ਭਾਰਤ ਵਿਚ ਪੈਸਾ ਮਨੁੱਖੀ ਜੀਵਨ ਤੋਂ ਪਿਆਰਾ ਹੈ। ਕੋਈ ਮਰੇ ਭਾਵੇਂ ਜੀਵੇ ਕੰਪਨੀ ਦੀ ਪੈਦਾਵਾਰ ਵੱਧ ਹੋਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀ ਨੌਜਵਾਨੀ ਬਾਹਰ ਦਾ ਰੁਖ਼ ਕਰ ਰਹੀ ਹੈ। ਅਜੇ ਵੀ ਸਮਾਂ ਹੈ ਬਦਲ ਲਓ ਆਪਣੇ-ਆਪ ਨੂੰ ਨਹੀਂ ਤਾਂ ਬਹੁਤ ਭਿਆਨਕ ਨਤੀਜੇ ਸਾਹਮਣੇ ਆਉਣ ਵਾਲੇ ਹਨ।


-ਐਡਵੋਕੇਟ ਹਰਦੀਪ ਸਿੰਘ ਗਿੱਲ
ਸੇਵਾਦਾਰ ਸਰਬਸੁਖ ਸੇਵਾ ਸੁਸਾਇਟੀ, ਬਠਿੰਡਾ।


ਪੰਜਾਬੀਆਂ ਦਾ ਵਿਦੇਸ਼ਾਂ ਵਿਚ ਪ੍ਰਸਾਰ
ਪੰਜਾਬ ਵਿਚ ਵਧਦੀ ਆਈਲੈਟਸ ਸਕੂਲਾਂ ਦੀ ਗਿਣਤੀ, 10+2 ਕਰਨ ਉਪਰੰਤ ਬੱਚੇ ਆਈਲੈਟਸ ਕਰ ਕੇ ਪੜ੍ਹਾਈ ਲਈ ਵਿਦੇਸ਼ਾਂ ਵਿਚ ਲੱਖਾਂ ਰੁਪਏ ਖਰਚ ਕਰ ਕੇ ਜਾ ਰਹੇ ਹਨ। ਅਰਬਾਂ ਰੁਪਏ ਪੰਜਾਬ ਦੇ ਬਾਹਰ ਜਾ ਰਹੇ ਹਨ। ਪੰਜਾਬ ਵਿਚ ਕਾਲਜ ਖਾਲੀ ਹੋ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਮੁਲਕ ਵਿਚ ਕੰਮ ਕਰ ਕੇ ਮਾਂ-ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਬੁਢਾਪਾ ਰੁਲ ਰਿਹਾ ਹੈ, ਵਿਦੇਸ਼ਾਂ ਵਿਚ ਰੁਲ ਕੇ ਅਜਾਈਂ ਨਹੀਂ ਗਵਾਉਣਾ ਚਾਹੀਦਾ। ਪਹਿਲਾਂ ਭਾਰਤੀ ਵਿਦੇਸ਼ਾਂ ਵਿਚ ਜਾ ਕੇ ਪੈਸਾ ਆਪਣੇ ਮੁਲਕ ਵਿਚ ਭੇਜਦੇ ਸੀ, ਉਲਟਾ ਹੁਣ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੇ ਆਲਮ ਵਿਚ ਪੜ੍ਹ-ਲਿਖ ਕੇ ਜਦੋਂ ਉਨ੍ਹਾਂ ਨੂੰ ਭਾਰਤ ਵਿਚ ਰਹਿ ਕੇ ਯੋਗ ਨੌਕਰੀ ਤੇ ਤਨਖਾਹ ਨਹੀਂ ਮਿਲਦੀ, ਉਹ ਆਪਣੀ ਜ਼ਮੀਨ ਵੇਚ-ਵੱਟ ਕੇ ਵਿਦੇਸ਼ ਵਿਚ ਪੱਕੇ ਤੌਰ 'ਤੇ ਰਹਿਣ ਦੇ ਹੀਲੇ ਵਰਤਦਾ ਹੈ। ਇਸ ਪ੍ਰਤੀ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰ ਭਾਰਤ ਵਿਚ ਰੁਜ਼ਗਾਰ ਦੇਣੇ ਚਾਹੀਦੇ ਹਨ। ਇਸ ਨਾਲ ਭਾਰਤ ਦਾ ਜੋ ਪੈਸਾ ਬਾਹਰ ਜਾ ਰਿਹਾ ਹੈ, 'ਤੇ ਰੋਕ ਲੱਗੇਗੀ ਤੇ ਜੋ ਮਾਂ-ਪਿਉ ਬੱਚਿਆਂ ਤੋਂ ਬਗੈਰ ਭਾਰਤ ਵਿਚ ਰੁਲ ਰਹੇ ਹਨ, ਉਨ੍ਹਾਂ ਨੂੰ ਵੀ ਬੱਚਿਆਂ ਦਾ ਸਹਾਰਾ ਮਿਲੇਗਾ।


-ਗੁਰਮੀਤ ਸਿੰਘ ਵੇਰਕਾ, ਸੇਵਾ-ਮੁਕਤ ਇੰਸਪੈਕਟਰ।


ਹੈਪੇਟਾਈਟਸ ਦੇ ਕਾਰਨ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਦੀ ਖ਼ਬਰ ਸੀ ਕਿ ਨਸ਼ੇ ਕਰਨ ਭਗਤਾ ਭਾਈ ਦੇ ਆਸ-ਪਾਸ ਏਡਜ਼ ਤੇ ਪੀਲੀਆ ਸੀ ਦੀ ਬਿਮਾਰੀ ਵਧੀ, ਜੋ ਕਿ ਨਸ਼ਾ ਤਾਂ ਬਹੁਤ ਛੋਟਾ ਕਾਰਨ ਹੈ। ਇਹ ਬਿਮਾਰੀਆਂ ਫੈਲਾਉਣ ਦਾ ਕਾਰਨ ਮਾਲਵਾ ਖੇਤਰ ਵਿਚ ਹੈਪੇਟਾਈਟਸ ਸੀ, ਜੋ ਚਿੱਟੇ ਦੇ ਨਸ਼ੇ ਤੋਂ ਵੀ ਪਹਿਲਾਂ ਦਾ ਪੰਜਾਬ ਵਿਚ ਆ ਚੁੱਕਾ ਹੈ, ਜਿਸ ਦਾ ਮੁੱਖ ਕਾਰਨ ਧਰਤੀ ਹੇਠਲੇ ਪਾਣੀ ਦਾ ਦੂਸ਼ਿਤ ਹੋਣਾ ਹੈ। ਇਸ ਤੋਂ ਬਿਨਾਂ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਲੋੜੋਂ ਜ਼ਿਆਦਾ ਦਵਾਈਆਂ ਖਾਣ ਨਾਲ ਵੀ ਹੈਪੇਟਾਈਟਸ ਸੀ ਹੁੰਦਾ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਦੇ ਫੈਲਣ ਵਾਲੇ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਕੱਲੇ ਨਸ਼ੇ ਨੂੰ ਜ਼ਿੰਮੇਵਾਰ ਠਹਿਰਾ ਕੇ ਦੂਜੇ ਕਾਰਨਾਂ ਤੋਂ ਅੱਖਾਂ ਬੰਦ ਕਰਨਾ ਆਪਣੇ-ਆਪ ਤੇ ਸਮਾਜ ਨਾਲ ਬੇਇਨਸਾਫ਼ੀ ਹੈ।


-ਜਸਕਰਨ ਲੰਡੇ, ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।


ਟੋਲ ਫ੍ਰੀ ਨੰ: 1912
ਉਪਰੋਕਤ ਲਿਖਿਆ ਨੰਬਰ ਪੰ.ਸ.ਪ.ਕਾ. ਲਿਮਟਿਡ ਪਟਿਆਲਾ ਵਲੋਂ ਬਿਜਲੀ ਸਬੰਧੀ ਨੁਕਸ ਦੂਰ ਕਰਨ ਲਈ ਦਿੱਤਾ ਗਿਆ ਹੈ ਪਰ ਬਹੁਤ ਹੀ ਅਫਸੋਸ ਨਾਲ ਇਹ ਲਿਖਣਾ ਪੈਂਦਾ ਹੈ ਕਿ ਫੋਨ ਸੁਣਿਆ ਜ਼ਰੂਰ ਜਾਂਦਾ ਹੈ ਪਰ ਦੱਸਿਆ ਗਿਆ ਨੁਕਸ ਦੂਰ ਨਹੀਂ ਕੀਤਾ ਜਾਂਦਾ। ਅੱਗੇ ਤੋਂ ਅੱਗੇ ਫੋਨ ਕਰਨ ਨੂੰ ਕਿਹਾ ਜਾਂਦਾ ਹੈ। ਅਖੀਰ ਗੱਲ ਜੇ.ਈ. ਉੱਤੇ ਜਾ ਕੇ ਮੁੱਕਦੀ ਹੈ। ਜੇ.ਈ. ਕਹਿੰਦਾ ਹੈ ਕਿ ਮੇਰੇ ਕੋਲ ਸਟਾਫ ਬਹੁਤ ਘੱਟ ਹੈ। ਇਸ ਲਈ ਜਦੋਂ ਨੰਬਰ ਆਏਗਾ ਤਾਂ ਠੀਕ ਕਰ ਦਿੱਤਾ ਜਾਵੇਗਾ। ਜੇ.ਈ. ਕੋਲ ਸਟਾਫ ਘੱਟ ਹੈ ਤਾਂ ਖਪਤਕਾਰ ਦਾ ਕੀ ਕਸੂਰ ਹੈ। ਸੋ, ਮੈਂ ਤਾਂ ਇਹ ਕਰਾਂਗਾ ਕਿ 1912 ਨੰਬਰ ਬੇਕਾਰ ਹੈ। ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਖਪਤਕਾਰ ਆਪੇ ਜੇ.ਈ. ਨਾਲ ਨਿਪਟ ਲਵੇਗਾ।


-ਰਘਵੀਰ ਸਿੰਘ, ਪਿੰਡ ਮਾਦਪੁਰ (ਲੁਧਿਆਣਾ)।

12-09-2019

 ਨਾਬਾਲਗ ਡਰਾਈਵਰ
ਅੱਜ ਦੇ ਸਮੇਂ ਵਿਚ ਹਰ ਕੋਈ ਇਕ-ਦੂਜੇ ਤੋਂ ਅੱਗੇ ਵਧਣਾ ਚਾਹੁੰਦਾ ਹੈ। ਮੁਕਾਬਲੇ ਦੇ ਇਸ ਦੌਰ ਵਿਚ ਬੱਚਿਆਂ 'ਤੇ ਪੜ੍ਹਾਈ ਦਾ ਬੋਝ ਵਧਦਾ ਜਾ ਰਿਹਾ ਹੈ। ਬੱਚੇ ਕਈ-ਕਈ ਟਿਊਸ਼ਨਾਂ 'ਤੇ ਜਾਂਦੇ ਹਨ। ਹਰ ਵਾਰ ਮਾਪੇ ਉਨ੍ਹਾਂ ਨੂੰ ਛੱਡਣ ਨਹੀਂ ਜਾ ਸਕਦੇ। ਇਸ ਲਈ ਉਨ੍ਹਾਂ ਨੂੰ ਸਕੂਟੀ ਜਾਂ ਮੋਟਰਸਾਈਕਲ ਲੈ ਕੇ ਦਿੰਦੇ ਹਨ ਜਾਂ ਉਹ ਆਪਣੀ ਮਰਜ਼ੀ ਨਾਲ ਮਾਪਿਆਂ ਦੇ ਵਹੀਕਲ ਵਰਤਣ ਲਗਦੇ ਹਨ। ਦੋਵੇਂ ਹੀ ਹਾਲਤਾਂ ਵਿਚ ਠੀਕ ਗੱਲ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਬੱਚੇ ਨਾਬਾਲਗ ਹੁੰਦੇ ਹਨ, ਜਿਨ੍ਹਾਂ ਨੂੰ ਨਾ ਤਾਂ ਡਰਾਈਵਿੰਗ ਦਾ ਕੋਈ ਅਨੁਭਵ ਹੁੰਦਾ ਹੈ ਨਾ ਹੀ ਸਹਿਣਸ਼ੀਲਤਾ ਹੁੰਦੀ ਹੈ। ਬਸ ਆਪਣੀ ਮੰਜ਼ਿਲ ਤੱਕ ਪੁੱਜਣਾ ਹੀ ਜ਼ਰੂਰੀ ਹੁੰਦਾ ਹੈ। ਉਹ ਗਲੀ-ਮੁਹੱਲਿਆਂ ਵਿਚ ਵੀ ਫੁੱਲ ਸਪੀਡ 'ਤੇ ਵਹੀਕਲ ਚਲਾਉਂਦੇ ਆਮ ਵੇਖਣ ਨੂੰ ਮਿਲਦੇ ਹਨ। ਇਸ ਕਾਰਨ ਦੁਰਘਟਨਾਵਾਂ ਬਹੁਤ ਹੁੰਦੀਆਂ ਹਨ। ਹਰ ਸਾਲ ਨਾਬਾਲਗ ਡਰਾਈਵਰ ਹਜ਼ਾਰਾਂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਇਨ੍ਹਾਂ ਘਟਨਾਵਾਂ ਕਾਰਨ ਨਾਬਾਲਗ ਡਰਾਈਵਰਾਂ ਦੀ ਗ਼ਲਤੀ ਦੀ ਸਜ਼ਾ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਹੁਣ ਸਰਕਾਰ ਦੁਆਰਾ 'ਮੋਟਰ ਵਹੀਕਲ ਸੋਧ ਬਿੱਲ' ਦੇ ਪਾਸ ਹੋਣ ਨਾਲ ਦੁਰਘਟਨਾਵਾਂ ਘਟਣ ਦੀ ਆਸ ਬੱਝੀ ਹੈ, ਕਿਉਂਕਿ ਇਸ ਅਨੁਸਾਰ ਜੇ ਕੋਈ ਨਾਬਾਲਗ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਕਸੂਰਵਾਰ ਸਮਝਿਆ ਜਾਵੇਗਾ। ਆਸ ਹੈ ਕਿ ਹੁਣ ਬੇਕਸੂਰ ਲੋਕਾਂ ਨੂੰ ਦੂਜਿਆਂ ਦਾ ਖਮਿਆਜ਼ਾ ਨਹੀਂ ਭੁਗਤਣਾ ਪਵੇਗਾ।


-ਸੁਖਦੀਪ ਸਿੰਘ ਗਿੱਲ।


ਹੜ੍ਹਾਂ ਦੀ ਮਾਰ
ਹੜ੍ਹ ਨਾਲ ਜੂਝ ਰਹੇ ਪੰਜਾਬ ਦੇ ਜ਼ਿਆਦਾਤਰ ਖੇਤਰ ਦੇ ਵਸਨੀਕਾਂ ਦਾ ਬੁਰਾ ਹਾਲ ਹੈ। ਪਿੰਡਾਂ ਦੇ ਪਿੰਡ ਇਸ ਦੀ ਮਾਰ ਹੇਠ ਹਨ। ਖੇਤੀਬਾੜੀ ਨਾਲ ਸਬੰਧਿਤ ਕਿਸਾਨ, ਮਜ਼ਦੂਰ ਅਤੇ ਹੋਰ ਕਾਮੇ ਪਹਿਲਾਂ ਹੀ ਕਈ ਤਰ੍ਹਾਂ ਦੀ ਮੁਸ਼ਕਿਲਾਂ ਨਾਲ ਦੋ-ਦੋ ਹੱਥ ਹੋ ਰਹੇ ਹਨ। ਜਿਵੇਂ ਕਰਜ਼ੇ ਦੀ ਮਾਰ, ਨਸ਼ਿਆਂ ਦੀ ਮਾਰ, ਫ਼ਸਲਾਂ ਆਦਿ ਦੀ ਅਦਾਇਗੀ, ਬਕਾਇਆ ਅਤੇ ਹੋਰ ਖਰਚਿਆਂ ਦੇ ਥੱਲੇ ਦੱਬੇ ਇਨ੍ਹਾਂ ਦਾ ਕਚੂੰਬਰ ਨਿਕਲਿਆ ਪਿਆ ਸੀ। ਉਤੋਂ ਇਕ ਹੋਰ ਹੜ੍ਹਾਂ ਦੀਆਂ ਮੁਸੀਬਤਾਂ ਨੇ ਕੱਖੋਂ ਹੌਲਾ ਕਰ ਛੱਡਿਆ। ਸਭ ਤੋਂ ਪਹਿਲਾਂ ਲੋਕਾਂ ਦਾ ਮੁੜ ਵਸੇਬਾ ਕਰਨ ਵਿਚ ਪੁਰਜ਼ੋਰ ਕੋਸ਼ਿਸ਼ ਕਰਨ ਵਿਚ ਹੈ। ਅੰਨ-ਪਾਣੀ ਤੋਂ ਇਲਾਵਾ ਦਵਾਈਆਂ, ਪਸ਼ੂਆਂ ਲਈ ਚਾਰਾ, ਘਰਾਂ ਦੀ ਸਾਫ਼-ਸਫ਼ਾਈ, ਹੌਸਲਾ-ਅਫਜ਼ਾਈ ਵਜੋਂ ਆਰਥਿਕ, ਮਾਲੀ ਮਦਦ ਕਰਨਾ ਸਰਕਾਰ ਦੇ ਨਾਲ ਸਮਾਜ ਦੇ ਭਲੇ ਲਈ ਜੁੜੀਆਂ ਸਵੈ-ਸੇਵੀ ਸੰਸਥਾਵਾਂ ਦਾ ਮੁੱਖ ਕੰਮ ਹੋਣਾ ਚਾਹੀਦਾ ਹੈ।
ਡਾਕਟਰਾਂ ਦੀਆਂ ਟੀਮਾਂ ਦੇ ਨਾਲ-ਨਾਲ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਵਲੋਂ ਮੌਕੇ 'ਤੇ ਹੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਹਰ ਸ਼ਹਿਰੀ ਨੂੰ ਹਰ ਵਸੀਲੇ ਰਾਹੀਂ ਸਰਦਾ-ਪੁੱਜਦਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਜੋ ਹੜ੍ਹਾਂ ਦੀ ਮਾਰ ਹੇਠ ਆਏ ਲੋਕ ਫਿਰ ਤੋਂ ਪੈਰਾਂ 'ਤੇ ਆ ਸਕਣ। ਆਓ, ਸਾਰੇ ਰਲ ਮਿਲ ਕੇ ਇਸ ਹੜ੍ਹਾਂ ਦੀ ਮਾਰ ਤੋਂ ਝੰਬੇ ਆਪਣੇ ਭੈਣ-ਭਰਾਵਾਂ ਦਾ ਸਾਥ ਦੇ ਕੇ ਇਸ ਮੁਸ਼ਕਿਲ ਘੜੀ ਵਿਚ ਉਨ੍ਹਾਂ ਦੇ ਨਾਲ ਖੜੋਈਏ।


-ਅਸ਼ਵਨੀ ਕੁਮਾਰ ਪੰਡੋਰੀ
ਸ.ਸ.ਸ. ਸਕੂਲ ਝੜੌਲੀ (ਗੁਰਦਾਸਪੁਰ)।


ਹਜ਼ੂਮੀ ਹਿੰਸਾ ਵਿਰੁੱਧ ਸਖ਼ਤਕਦਮੀ
ਭਾਰਤ ਇਕ ਲੋਕਤੰਤਰੀ ਗਣਰਾਜ ਦੇਸ਼ ਹੈ। ਹੱਕ ਅਤੇ ਸੁਤੰਤਰਤਾ ਦੇ ਅਧਿਕਾਰਾਂ ਦੇ ਨਾਲ-ਨਾਲ ਨਾਗਰਿਕਾਂ ਨੂੰ ਸੰਵਿਧਾਨਕ ਕਾਨੂੰਨ ਦੇ ਦਾਇਰੇ 'ਚ ਰਹਿਣਾ ਪੈਂਦਾ ਹੈ ਪਰ ਭਾਰਤ ਦੀ ਮੌਜੂਦਾ ਸਥਿਤੀ ਬਹੁਤ ਹੀ ਗੰਭੀਰ ਅਤੇ ਚੁਣੌਤੀ ਪੂਰਨ ਹੈ। ਇਥੇ ਕਾਨੂੰਨ ਅਤੇ ਸਿਆਸਤ ਦੀ ਛਾਇਆ ਹੇਠ ਕਾਨੂੰਨ ਅਤੇ ਅਧਿਕਾਰਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ। ਆਸਥਾ ਅਤੇ ਵਾਪਰੀਆਂ ਘਟਨਾਵਾਂ ਦੀ ਆੜ 'ਚ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਫੌਕੀ ਚੌਧਰ ਅਤੇ ਪਬਲੀਸਿਟੀ ਲਈ ਹਜ਼ੂਮ ਇਕੱਠਾ ਕਰਕੇ ਆਮ ਨਾਗਰਿਕਾਂ ਤੇ ਅੱਤਿਆਚਾਰ ਕੀਤਾ ਜਾਂਦਾ ਹੈ ਪਰ ਸਰਕਾਰਾਂ ਕਾਨੂੰਨ ਉਲੰਘਣਾ ਨੂੰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀਆਂ ਹਨ, ਕਾਨੂੰਨ ਦੇ ਰਖਵਾਲੇ ਬੇਵੱਸ ਨਜ਼ਰ ਆਉਂਦੇ ਹਨ। ਇਸ ਨਾਲ ਹਜ਼ੂਮੀ ਹਿੰਸਾ ਨੂੰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਤੋਂ ਮੁਕਰਿਆ ਨਹੀਂ ਜਾ ਸਕਦਾ। 29 ਦਸੰਬਰ ਦੀ ਸੰਪਾਦਕੀ 'ਚ ਵੀ 'ਹਜੂਮੀ ਹਿੰਸਾ ਵਿਰੁੱਧ ਸਖ਼ਤਕਦਮੀ' ਇਸ ਚੁਣੌਤੀ ਪ੍ਰਤੀ ਧਿਆਨ ਦਿਵਾਇਆ ਹੈ। ਹਿੰਸਕ ਅਨਸਰ ਜਿਹੜੇ ਫ਼ਿਰਕੂ, ਨਸਲੀ ਜਾਂ ਆਸਥਾ ਦੇ ਨਾਂਅ 'ਤੇ ਹਿੰਸਾ ਫੈਲਾਉਂਦੇ ਹਨ, ਪ੍ਰਤੀ ਸਖ਼ਤ ਕਾਨੂੰਨੀ ਕਾਰਵਾਈ ਦੀ ਲੋੜ ਭਾਸਦੀ ਹੈ। ਦੇਸ਼ ਵੱਖ-ਵੱਖ ਹਿੱਸਿਆਂ 'ਚ ਵਾਪਰੀਆਂ ਹਿੰਸਕ ਘਟਨਾਵਾਂ ਜਿਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ, ਉਥੇ ਕਾਨੂੰਨੀ ਢਿੱਲੀ ਕਾਰਵਾਈ 'ਤੇ ਵੀ ਸਵਾਲੀਆ ਚਿੰਨ੍ਹ ਖੜ੍ਹਾ ਕਰਦੀਆਂ ਹਨ। ਹਜੂਮ ਨੂੰ ਆਪਣੀ ਗੱਲ ਰੱਖਣ ਅਤੇ ਹੱਕਾਂ ਲਈ ਸੰਘਰਸ਼ ਕਰਨ ਦਾ ਅਧਿਕਾਰ ਹੈ, ਪਰ ਕਾਨੂੰਨ ਵਿਰੋਧੀ ਕਾਰਵਾਈਆਂ ਕਰਨ ਦੀ ਇਜਾਜ਼ਤ ਕਦਾਚਿਤ ਨਹੀਂ ਹੋਣੀ ਚਾਹੀਦੀ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਮਿਡ-ਡੇ-ਮੀਲ ਰਸੋਈਏ
ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਲਈ ਰੋਜ਼ਾਨਾ ਦੁਪਹਿਰ ਦਾ ਖਾਣਾ ਸਕੂਲ ਵਿਚ ਤਿਆਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਲਗਪਗ 8.30 ਵਜੇ ਸ਼ੁਰੂ ਕਰ ਲਿਆ ਜਾਂਦਾ ਹੈ, ਜਿਹੜਾ ਬਰਤਣ ਆਦਿ ਸਾਫ਼ ਕਰਨ 'ਤੇ 1.30 ਵਜੇ ਦੇ ਕਰੀਬ ਖ਼ਤਮ ਹੁੰਦਾ ਹੈ। ਗਰਮੀਆਂ ਵਿਚ ਚੁੱਲ੍ਹਿਆਂ ਅੱਗੇ ਰੋਟੀਆਂ ਪਕਾਉਣ ਤੇ ਸਬਜ਼ੀ ਆਦਿ ਬਣਾਉਣ ਲਈ ਇਨ੍ਹਾਂ ਔਰਤਾਂ ਨੂੰ ਬੈਠਣਾ ਪੈਂਦਾ ਹੈ। ਬਹੁਤੇ ਸਕੂਲਾਂ ਦੀਆਂ ਰਸੋਈਆਂ ਤੇ ਸ਼ੈੱਡਾਂ ਵਿਚ ਪੱਖੇ ਦਾ ਪ੍ਰਬੰਧ ਵੀ ਨਹੀਂ ਹੁੰਦਾ। ਸਰਕਾਰ ਵਲੋਂ ਇਨ੍ਹਾਂ ਨੂੰ 1700 ਰੁਪਏ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਰੋਜ਼ਾਨਾ ਦੇ 56 ਰੁਪਏ। ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ ਕਿ ਪ੍ਰਾਈਵੇਟ ਅਦਾਰਿਆਂ ਵਾਲੇ ਕੰਮ ਵੱਧ ਤੇ ਤਨਖਾਹ ਘੱਟ ਦਿੰਦੇ ਹਨ ਪਰ ਇਨ੍ਹਾਂ ਸਰਕਾਰੀ ਕਾਮਿਆਂ ਨੂੰ ਏਨੀ ਘੱਟ ਤਨਖਾਹ ਦੇਣੀ ਇਕ ਵੱਡੀ ਬੇਇਨਸਾਫ਼ੀ ਹੈ। ਏਨੇ ਔਖੇ ਤੇ ਜ਼ਿੰਮੇਵਾਰੀ ਦੇ ਕੰਮ ਲਈ ਘੱਟ ਤੋਂ ਘੱਟ 6000 ਰੁਪਏ ਤਨਖਾਹ ਹੋਣੀ ਚਾਹੀਦੀ ਹੈ। ਬੱਚਿਆਂ ਦਾ ਖਾਣਾ ਬਣਾਉਣ ਤੋਂ ਇਲਾਵਾ ਰਸਦ ਦੀ ਰੱਖ-ਰਖਾਈ ਹੋਰ ਸਕੂਲੀ ਕੰਮਾਂ ਵਿਚ ਵੀ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਕਿਉਂਕਿ ਬਹੁਤ ਸਾਰੇ ਸਕੂਲਾਂ ਵਿਚ ਸੇਵਾਦਾਰ ਸਫ਼ਾਈ ਕਰਮੀ ਆਦਿ ਨਹੀਂ ਹਨ। ਸਕੂਲਾਂ ਵਿਚ ਭੱਠੀਆਂ ਤੇ ਗੈਸ ਸਿਲੰਡਰ ਦਿੱਤੇ ਹੋਏ ਹਨ ਪਰ ਸਿਲੰਡਰ 'ਚ ਗੈਸ ਭਰਵਾਉਣੀ ਵੀ ਇਕ ਔਖੀ ਪ੍ਰਕਿਰਿਆ ਹੈ।


-ਗੁਰਿੰਦਰਜੀਤ ਸਿੰਘ ਕਲੇਰ
ਪਿੰਡ ਤੇ ਡਾਕ: ਕਲੇਰ ਕਲਾਂ, ਜ਼ਿਲ੍ਹਾ ਗੁਰਦਾਸਪੁਰ।

11-09-2019

 ਹੜ੍ਹ, ਪ੍ਰਸ਼ਾਸਨ ਤੇ ਸਰਕਾਰ
ਪੰਜਾਬ ਵਿਚ ਪਿਛਲੇ ਦਿਨੀਂ ਪਹਿਲਾਂ ਘੱਗਰ ਦਰਿਆ ਤੇ ਫਿਰ ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ। ਪ੍ਰਸ਼ਾਸਨ ਤੇ ਸਰਕਾਰ ਆਪਣੀਆਂ ਅਣਗਹਿਲੀਆਂ ਤੇ ਨਲਾਇਕੀਆਂ ਲੁਕਾਉਣ ਲਈ ਇਸ ਨੂੰ ਕੁਦਰਤੀ ਕਰੋਪੀ ਕਹਿ ਕੇ ਪੱਲਾ ਛਾੜ ਰਹੇ ਹਨ। ਪੰਜਾਬ ਵਿਚ ਹੜ੍ਹਾਂ ਦੀ ਤਬਾਹੀ ਲਈ ਭਾਖੜਾ ਡੈਮ ਦੇ ਵੱਡੇ ਅਧਿਕਾਰੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਨ, ਜਿਨ੍ਹਾਂ ਮਹੀਨਾ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ਾਂ ਦੀ ਚਿਤਾਵਨੀ ਦੇ ਬਾਵਜੂਦ ਭਾਖੜਾ ਡੈਮ ਵਿਚ ਪਾਣੀ ਰੋਕੀ ਰੱਖਿਆ। ਇਕਦਮ ਢਾਈ ਲੱਖ ਕਿਊਸਕ ਪਾਣੀ ਛੱਡਣ ਨਾਲ ਦਰਿਆ ਸਤਲੁਜ ਦੇ ਬੰਨ੍ਹ ਬਹੁਤੀਆਂ ਥਾਵਾਂ ਤੋਂ ਟੁੱਟ ਗਏ। ਇਹ ਵੀ ਬੜੀ ਤ੍ਰਾਸਦੀ ਵਾਲੀ ਗੱਲ ਹੈ ਕਿ 1988 ਤੋਂ ਬਾਅਦ ਪੰਜਾਬ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹੜ੍ਹਾਂ ਦੀ ਰੋਕਥਾਮ ਲਈ ਬਹੁਤੇ ਪੁਖਤਾ ਪ੍ਰਬੰਧ ਨਹੀਂ ਕੀਤੇ। ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਅਖ਼ੀਰ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਨੇ ਹੀ ਇਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੋ, ਹੁਣ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਅਤੇ ਇਨ੍ਹਾਂ ਦਰਿਆਵਾਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ।


-ਮਾ: ਜਸਪਿੰਦਰ ਸਿੰਘ ਗਿੱਲ, ਤਰਨ ਤਾਰਨ।


ਸੈਂਸਰ ਬੋਰਡ ਦਾ ਗਠਨ ਹੋਵੇ
ਪਿਛਲੇ ਦਿਨੀਂ ਗਾਇਕ ਹਨੀ ਸਿੰਘ ਤੇ ਨੇਹਾ ਕੱਕੜ ਵਲੋਂ ਗਾਇਆ ਗੀਤ 'ਮੱਖਣਾ' ਸ਼ਬਦਾਵਲੀ ਤੇ ਫ਼ਿਲਮਾਂਕਣ ਦੇ ਮਿਆਰ ਪੱਖੋਂ ਬੇਹੱਦ ਨਿੰਦਣਯੋਗ ਹੈ। ਚੰਗੀ ਗੱਲ ਇਹ ਹੈ ਕਿ ਇਸ ਗੀਤ ਤੇ ਪੰਜਾਬ ਮਹਿਲਾ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਅਸੀਂ ਕਮਿਸ਼ਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਉਪਰੋਕਤ ਗੀਤ ਦੀ ਤਰ੍ਹਾਂ ਇਥੇ ਸੈਂਕੜੇ ਗੀਤਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ, ਜੋ ਇਸ ਗੀਤ ਦੀ ਤਰ੍ਹਾਂ ਸ਼ਬਾਦਵਲੀ ਤੇ ਫ਼ਿਲਮਾਂਕਣ ਦੇ ਮਿਆਰ ਪੱਖੋਂ ਬੇਹੱਦ ਨਿੰਦਣਯੋਗ ਹਨ। ਜੇਕਰ ਕਮਿਸ਼ਨ ਪਹਿਲਾਂ ਹੀ ਇਸ ਪੱਖੋਂ ਗੰਭੀਰ ਹੋਇਆ ਹੁੰਦਾ ਤਾਂ ਸ਼ਾਇਦ ਅੱਜ ਹਨੀ ਸਿੰਘ ਦੀ 'ਮੱਖਣਾ' ਗੀਤ ਗਾਉਣ ਦੀ ਹਿੰਮਤ ਨਾ ਪੈਂਦੀ। ਚਲੋ ਦੇਰ ਆਏ ਦਰੁਸਤ ਆਏ। ਇਥੇ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਲਾਂ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਵਿਗੜ ਤਾਂ ਬਹੁਤ ਕੁਝ ਗਿਆ ਹੈ। ਪੰਜਾਬ ਦੇ ਸੂਝਵਾਨ ਲੋਕ ਕਮਿਸ਼ਨ ਦੇ ਨਾਲ ਹਨ। ਉਹ ਆਪਣੀ ਤਾਕਤ ਦੀ ਵਰਤੋਂ ਕਰ ਕੇ ਪੰਜਾਬ 'ਚ ਪਨਪੇ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੋਣ ਤੇ ਪੰਜਾਬ ਸਰਕਾਰ ਨੂੰ ਸੈਂਸਰ ਬੋਰਡ ਬਣਾਉਣ ਲਈ ਮਜਬੂਰ ਕਰਨ।


-ਬੰਤ ਘੁਡਾਣੀ, ਲੁਧਿਆਣਾ।


ਏ.ਸੀ. ਕਮਰੇ ਬਿਮਾਰੀ ਦਾ ਘਰ
21ਵੀਂ ਸਦੀ ਦੇ ਯੁੱਗ ਦੇ ਨਾਲ-ਨਾਲ ਲੋਕਾਂ ਦੀਆਂ ਲੋੜਾਂ ਵੀ ਆਧੁਨਿਕ ਹੋ ਗਈਆਂ ਹਨ। ਹਰ ਦਿਨ ਨਵੀਂ ਤੋਂ ਨਵੀਂ ਸਹੂਲਤ ਵੀ ਲੋਕਾਂ ਲਈ ਬਿਮਾਰੀਆਂ ਪੈਦਾ ਕਰ ਰਹੀ ਹੈ। ਜਿਥੇ ਪੁਰਾਣੇ ਸਮਿਆਂ ਵਿਚ ਲੋਕ ਤੂਤਾਂ, ਬੋਹੜਾਂ, ਪਿੱਪਲਾਂ, ਡੇਕਾਂ ਆਦਿ ਰੁੱਖਾਂ ਦੀਆਂ ਛਾਵਾਂ ਮਾਣਦੇ ਅਤੇ ਮਾਰੂ ਰੋਗਾਂ ਤੋਂ ਮੁਕਤ ਤੰਦਰੁਸਤ ਜੀਵਨ ਜਿਊਂਦੇ ਸਨ, ਉਥੇ ਹੀ ਅਜੋਕੇ ਸਮੇਂ ਦਾ ਮਨੁੱਖ ਬਿਰਖਾਂ ਦੀ ਕੱਟ-ਵੱਢ ਕਰ ਰਿਹਾ ਅਤੇ ਨਵੀਂ ਚੱਲੀ ਇਲੈਕਟ੍ਰਾਨਿਕ ਤਕਨੀਕ ਏ.ਸੀ. ਨੂੰ ਤਰਜੀਹ ਦੇ ਰਿਹਾ ਹੈ। ਇਸੇ ਤਰ੍ਹਾਂ ਰੀਸੋ-ਰੀਸ ਕਮਰਿਆਂ 'ਚ ਵੜੇ ਬੈਠੇ ਲੋਕ ਜਿਥੇ ਆਰਥਿਕ ਪੱਖ ਤੋਂ ਪਤਲੇ ਪੈ ਰਹੇ ਹਨ, ਉਥੇ ਹੀ ਵੰਨ-ਸੁਵੰਨੀਆਂ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ। ਤਾਜ਼ੀ ਹਵਾ ਵਿਚ ਰਹਿਣ ਵਾਲੇ ਲੋਕ ਤੰਦਰੁਸਤੀ ਦਾ ਆਨੰਦ ਮਾਣਦੇ ਹਨ ਅਤੇ ਹਸਪਤਾਲਾਂ ਦੇ ਚੱਕਰਾਂ ਤੋਂ ਬਚੇ ਰਹਿੰਦੇ ਹਨ। ਖੇਤਾਂ ਵਿਚ ਕੰਮ ਕਰਨ ਵਾਲਾ ਕਿਸਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ ਸਭ ਨੂੰ ਹੀ ਏ.ਸੀ. ਵਰਗੀ ਮਿੱਠੀ ਤੇ ਭਿਆਨਕ ਬਿਮਾਰੀ ਤੋਂ ਬਚ ਕੇ ਰਹਿਣਾ ਚਾਹੀਦਾ। ਏ.ਸੀ. ਇਕ ਆਦਤ ਹੈ, ਇਸ ਆਦਤ ਨੂੰ ਛੱਡਣ ਵਿਚ ਹੀ ਭਲਾਈ ਹੈ।


-ਕੁਲਵਿੰਦਰ ਕੌਰ ਬਰਾੜ, ,ਫਰੀਦਕੋਟ।


ਮੋਹ ਦੀਆਂ ਤੰਦਾਂ
ਸਾਡੀ ਜ਼ਿੰਦਗੀ ਵਿਚ ਆਂਢ-ਗੁਆਂਢ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਦੁੱਖ-ਸੁੱਖ ਵਿਚ ਇਕ ਚੰਗੇ ਗੁਆਂਢੀ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਰਿਸ਼ਤੇਦਾਰ ਨੇ ਤਾਂ ਦੂਰੋਂ ਚੱਲ ਕੇ ਹੀ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਹੁੰਦਾ ਹੈ ਪਰ ਪੈਸੇ ਦੀ ਚਕਾਚੌਂਧ ਬਦੌਲਤ ਇਹ ਰਿਸ਼ਤੇ ਵੀ ਟੁੱਟ-ਭੱਜ ਰਹੇ ਹਨ। ਮਨੁੱਖ ਆਪਣੀ ਹੰਕਾਰੀ ਪ੍ਰਵਿਰਤੀ ਕਾਰਨ ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਹੜਾ ਕਿ ਮਾਨਵੀ ਰਿਸ਼ਤਿਆਂ ਲਈ ਘਾਤਕ ਹੈ। ਗੁਆਂਢ ਵਿਚ ਛੋਟੀ-ਮੋਟੀ ਅਣਬਣ ਕਾਰਨ ਮਨੁੱਖ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਮਾਮੂਲੀ ਗੱਲ ਮਨੁੱਖ ਦਬਾਉਣ ਦੀ ਥਾਂ ਭਾਂਬੜ ਬਣਾ ਕੇ ਪੇਸ਼ ਕਰ ਰਿਹਾ ਹੈ ਜਿਸ ਦਾ ਸੇਕ ਲੱਗਣ ਤੋਂ ਬਾਅਦ ਮਨੁੱਖ ਨੂੰ ਜਾਗ ਆਉਂਦੀ ਹੈ ਪਰ ਉਦੋਂ ਤੱਕ ਸਮਾਂ ਹੱਥੋਂ ਨਿਕਲ ਚੁੱਕਿਆ ਹੁੰਦਾ ਹੈ ਪਰ ਮਨੁੱਖ ਘਟਨਾ ਪਿੱਛੋਂ ਪਛਤਾਉਂਦਾ ਹੈ। ਆਓ, ਮੋਹ ਦੀਆਂ ਤੰਦਾਂ ਨੂੰ ਟੁੱਟਣ ਤੋਂ ਬਚਾਈਏ। ਪਿਆਰ ਦਾ ਵਾਤਾਵਰਨ ਸਿਰਜੀਏ।


-ਓਮ ਪ੍ਰਕਾਸ਼ ਪੂਨੀਆਂ, ਗਿੱਦੜਬਾਹਾ।


ਨਵੀਂ ਸਿੱਖਿਆ ਨੀਤੀ ਦੇ ਖਦਸ਼ੇ
ਸੰਪਾਦਕੀ ਸਫ਼ੇ 'ਤੇ ਲੜੀਵਾਰ ਦੋ ਦਿਨ ਛਪੇ ਡਾ: ਮਹਿਲ ਸਿੰਘ ਦੇ ਲੇਖ ਨਵੀਂ ਸਿੱਖਿਆ ਨੀਤੀ 2019 ਬਾਰੇ ਸੌਖੇ ਰੂਪ ਵਿਚ ਸਮਝਾਉਂਦੇ ਹੋਏ ਇਸ ਦੇ ਭਵਿੱਖੀ ਖਦਸ਼ਿਆਂ 'ਤੇ ਚਾਨਣਾ ਵੀ ਪਾਉਂਦੇ ਹਨ। ਇਸ ਵਿਚ ਸਪੱਸ਼ਟ ਹੁੰਦਾ ਹੈ ਕਿ ਜਿਥੇ ਪਹਿਲਾਂ ਹੀ ਨਿੱਜੀਕਰਨ ਦੇ ਰਾਹ ਪਈ ਵਿੱਦਿਆ ਆਮ ਗ਼ਰੀਬ ਲੋਕਾਂ ਤੋਂ ਦੂਰ ਹੋ ਰਹੀ ਹੈ, ਉਥੇ ਇਸ ਨਵੀਂ ਨੀਤੀ ਵਿਚ ਵੀ ਆਮ ਗ਼ਰੀਬ ਬੱਚਿਆਂ ਦਾ ਕੋਈ ਪਾਰ-ਉਤਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਬਹੁਤੇ ਮਾਪੇ ਬੱਚਿਆਂ ਨੂੰ ਦੂਰ-ਦੁਰਾਡੇ ਭੇਜਣ ਦੇ ਸਮਰੱਥ ਨਹੀਂ। ਬੱਚਿਆਂ ਲਈ ਆਵਾਜਾਈ ਦੀ ਸਹੂਲਤ ਬਾਰੇ ਨੀਤੀ ਖਾਮੋਸ਼ ਜਾਪਦੀ ਹੈ। ਇਹ ਨੀਤੀ ਜਿਥੇ ਮੌਜੂਦਾ ਸਕੂਲਾਂ, ਕਾਲਜਾਂ ਦੀ ਗਿਣਤੀ ਘਟਾ ਕੇ ਬਹੁ-ਸਹੂਲਤੀ ਸਕੂਲ, ਕਾਲਜ ਖੋਲ੍ਹਣ ਦੀ ਗੱਲ ਕਰਦੀ ਹੈ, ਉਥੇ ਆਉਣ ਵਾਲੇ ਸਮੇਂ ਵਿਚ ਕਲੱਸਟਰ ਜਾਂ ਬਲਾਕ ਪੱਧਰੀ ਬਹੁ-ਸਹੂਲਤੀ ਸਕੂਲ, ਕਾਲਜ ਖੋਲ੍ਹਣ ਦੀ ਆੜ ਵਿਚ ਘੱਟ-ਗਿਣਤੀ ਵਾਲੇ ਸਕੂਲ, ਕਾਲਜ ਬੰਦ ਕਰਨ ਦੇ ਖਦਸ਼ੇ ਵੀ ਖੜ੍ਹੇ ਕਰਦੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਸਟਮ 'ਤੇ ਕਾਬਜ਼ ਲੋਕ ਗਰੀਬਾਂ ਦੇ ਵਿਹੜਿਆਂ 'ਚੋਂ ਸਿੱਖਿਆ ਦਾ ਬੂਟਾ ਪੁੱਟ ਕੇ ਸਿਰਫ ਮਹਿਲਾਂ 'ਚ ਹੀ ਸੁਸ਼ੋਭਿਤ ਕਰਨਾ ਚਾਹੁੰਦੇ ਹਨ। ਅਧਿਆਪਕ ਜਥੇਬੰਦੀਆਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਇਸ ਨੀਤੀ ਦੀ ਹੋਰ ਚੀਰ ਫਾੜ ਕਰਨ ਲਈ ਬਲਾਕ, ਜ਼ੋਨ ਪੱਧਰੀ ਸੈਮੀਨਾਰ-ਬਹਿਸਾਂ ਰੱਖ ਕੇ ਸਮੁੱਚੇ ਅਧਿਆਪਕ ਵਰਗ, ਪੰਚਾਇਤਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸਿੱਖਿਆ ਦੇ ਖ਼ਾਤਮੇ, ਭਗਵੇਂਕਰਨ ਖਿਲਾਫ਼ ਲੋਕ ਲਹਿਰ ਖੜ੍ਹੀ ਕੀਤੀ ਜਾ ਸਕੇ।


-ਬਲਵੀਰ ਸਿੰਘ ਬਾਸੀਆਂ।

10-09-2019

 ਪੰਜਾਬੀ ਬੋਲੀ ਦਾ ਹਸ਼ਰ
ਪੰਜਾਬ ਵਿਚ ਪੰਜਾਬੀ (ਮਾਤ-ਭਾਸ਼ਾ) ਦੀ ਦੁਰਦਸ਼ਾ ਬਾਰੇ ਕੈਨੇਡਾ ਤੋਂ ਸਤਪਾਲ ਸਿੰਘ ਜੌਹਲ ਹੁਰਾਂ ਨੇ ਤਾਂ ਫ਼ਿਕਰ ਜ਼ਾਹਰ ਕੀਤਾ ਹੈ ਪਰ ਪੰਜਾਬ ਵਿਚ ਵਸਣ ਵਾਲਿਆਂ ਨੇ ਤਾਂ ਪੰਜਾਬੀ ਅਤੇ ਪੰਜਾਬ ਤੋਂ ਇਕ ਤਰ੍ਹਾਂ ਨਾਲ ਮੋਹ ਤੋੜ ਹੀ ਲਿਆ ਜਾਪਦਾ ਹੈ। ਇਹ ਠੀਕ ਹੈ ਕਿ ਇਸ ਵਲੋਂ ਸਰਕਾਰਾਂ ਵੀ ਪੰਜਾਬੀ ਬੋਲੀ ਦੇ ਘਾਣ ਲਈ ਜ਼ਿੰਮੇਵਾਰ ਹਨ ਪਰ ਸਾਡੀ ਸੋਚ ਨੂੰ ਕਿਉਂ ਜੰਗਾਲ ਲੱਗ ਗਿਆ ਹੈ? ਪੰਜਾਬ ਅਸੀਂ ਗਵਾਇਆ, ਪੰਜ ਪਾਣੀ ਅਸੀਂ ਗਵਾਏ, ਪੁੱਤ ਅਸੀਂ ਗਵਾ ਰਹੇ ਹਾਂ ਤੇ ਆਪਣੀ ਮਾਂ-ਬੋਲੀ ਵੀ। ਪਿੱਛੇ ਰਹਿ ਜਾਵੇਗਾ ਬੰਜਰ ਪੰਜਾਬ ਤੇ ਮਾਂ ਵਿਹੂਣੇ ਪੰਜਾਬੀ ਪੁੱਤ। ਪਤਾ ਨਹੀਂ ਕਈ ਲੋਕ ਇਸ ਗੱਲ ਵਿਚ ਵਡੱਤਣ ਕਿਉਂ ਸਮਝਦੇ ਹਨ ਕਿ 'ਮੇਰੇ ਬੱਚੇ ਤਾਂ ਸ਼ੁਰੂ ਤੋਂ ਅੰਗਰੇਜ਼ੀ ਪੜ੍ਹੇ ਨੇ, ਪੰਜਾਬੀ ਤਾਂ ਉਨ੍ਹਾਂ ਨੂੰ ਆਉਂਦੀ ਹੀ ਨਹੀਂ।' ਇਸ ਹੋ ਰਹੇ ਘਾਣ ਤੋਂ ਸਾਨੂੰ ਜਾਗਰੂਕ ਹੋਣਾ ਪਵੇਗਾ। ਸਾਡੇ ਵੱਡੇ-ਵਡੇਰੇ ਵੀ ਅੰਗਰੇਜ਼ੀ ਪੜ੍ਹਦੇ ਤੇ ਬੋਲਦੇ ਸਨ, ਪਰਵਾਸ ਵੀ ਕਰਦੇ ਸਨ ਪਰ ਆਪਣਾ ਪਿਛੋਕੜ ਨਹੀਂ ਸਨ ਵਿਸਾਰਦੇ। ਅੱਜ ਪੰਜਾਬੀ ਦੇ ਵਿਦਵਾਨਾਂ ਨੂੰ ਵੀ ਜਾਗਣਾ ਪਵੇਗਾ। ਕਿਸ ਨੇ ਕਰਨੀ ਹੈ ਮਾਂ-ਬੋਲੀ ਦੀ ਰਾਖੀ, ਅੱਜ ਤਾਂ ਬਹੁਤੇ ਪੰਜਾਬੀ ਅਧਿਆਪਕਾਂ ਨੂੰ ਸ਼ੁੱਧ ਪੰਜਾਬੀ ਨਹੀਂ ਆਉਂਦੀ। ਅੰਗਰੇਜ਼ੀ ਪੜ੍ਹਨ ਦੀ ਭੇਡਚਾਲ ਨੂੰ ਤਿਆਗਣਾ ਪਵੇਗਾ। ਪਹਿਲਾਂ ਬੱਚਾ ਮਾਂ-ਬੋਲੀ ਵਿਚ ਪ੍ਰਪੱਕ ਹੋਵੇ, ਫਿਰ ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ ਲਵੇ। ਪੰਜਾਬ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਇਕੱਠੇ ਹੋ ਕੇ ਸੋਚਣ। ਪੰਜਾਬ ਦੇ ਬੀਬੇ ਰਾਣੇ ਲੋਕਾਂ ਨੂੰ ਚੁੱਪ ਨਹੀਂ ਵੱਟਣੀ ਚਾਹੀਦੀ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।

ਮਾਤ ਭਾਸ਼ਾਵਾਂ
ਆਪਣੀ ਮਾਂ ਤੋਂ ਸਿੱਖੀ ਮਾਤ-ਭਾਸ਼ਾ ਹੁੰਦੀ ਹੈ। ਉਹ ਲੋਕ ਬਦਕਿਸਮਤ ਹੁੰਦੇ ਹੋਣਗੇ, ਜਿਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਨੂੰ ਅਪਣਾਉਣਾ ਪੈਂਦਾ ਹੈ। ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਕੋਈ ਗਲਤ ਗੱਲ ਨਹੀਂ ਪਰ ਆਪਣੀ ਮਾਤ-ਭਾਸ਼ਾ ਨੂੰ ਨਕਾਰਨਾ ਵੀ ਸਹੀ ਨਹੀਂ ਹੈ। ਇਹ ਸਾਡੇ ਲਈ ਬਦਕਿਸਮਤੀ ਹੋਵੇਗੀ ਕਿ ਅਸੀਂ ਆਪਣੀ ਗੱਲ ਆਪਣੀ ਭਾਸ਼ਾ ਵਿਚ ਦੱਸਣ ਦੀ ਬਜਾਏ ਹੋਰਨਾਂ ਭਾਸ਼ਾ ਵਿਚ ਦੱਸੀਏ। ਕਿਉਂਕਿ ਜਿੰਨਾ ਸਾਨੂੰ ਆਪਣੀ ਭਾਸ਼ਾ ਵਿਚ ਗੱਲ ਕਹਿਣ ਦਾ ਤਜਰਬਾ ਹੁੰਦਾ ਹੈ, ਓਨਾ ਕਿਸੇ ਹੋਰ ਭਾਸ਼ਾ ਵਿਚ ਨਹੀਂ ਹੁੰਦਾ। ਆਪਣੀ ਮਾਤ-ਭਾਸ਼ਾ, ਆਪਣੇ ਸੱਭਿਆਚਾਰ ਤੇ ਰੀਤੀ-ਰਿਵਾਜਾਂ, ਆਪਣੇ ਪਹਿਰਾਵੇ ਨੂੰ ਭੁਲਾਉਣਾ ਸਾਡੇ ਲਈ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਨੁਕਸਾਨਦੇਹ ਹੋਵੇਗਾ। ਆਜ਼ਾਦੀ ਤੋਂ ਬਾਅਦ ਜਿਸ ਤੇਜ਼ੀ ਨਾਲ ਅੰਗਰੇਜ਼ੀ ਦਾ ਬੋਲਬਾਲਾ ਵਧ ਰਿਹਾ ਹੈ ਤੇ ਰਾਜ ਤੇ ਮਾਤ-ਭਾਸ਼ਾਵਾਂ ਖ਼ਤਮ ਹੋ ਰਹੀਆਂ ਹਨ, ਇਹ ਦੇਸ਼ ਦੇ ਭਵਿੱਖ ਲਈ ਬੁਰੇ ਸੰਕੇਤ ਹਨ।

-ਗਗਨਦੀਪ ਕੌਰ
ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ, ਸ੍ਰੀ ਮੁਕਤਸਰ ਸਾਹਿਬ।

'ਫਿੱਟ ਇੰਡੀਆ ਮੁਹਿੰਮ'
ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ, ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਇੰਦਰਾ ਗਾਂਧੀ ਸਟੇਡੀਅਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫਿੱਟ ਇੰਡੀਆ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਸਾਡੇ ਦੇਸ਼ ਦੇ ਲੋਕਾਂ ਲਈ ਬਹੁਤ ਹੀ ਵਧੀਆ ਅੰਦੋਲਨ ਹੈ, ਜੋ ਕਿ ਲੋਕਾਂ ਦੀ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੁਹਿੰਮ ਨੂੰ ਪੂਰੇ ਦੇਸ਼ ਵਿਚ ਫੈਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਅਤੇ ਇਲਾਜ ਦੇ ਬਾਵਜੂਦ ਉਹ ਆਪਣੇ-ਆਪ ਨੂੰ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ। ਇਹ ਸਾਡੇ ਦੇਸ਼ ਦੀ ਜਾਗਰੂਕਤਾ ਲਈ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਸਹੂਲਤਾਂ ਦੀ ਵੀ ਲੋੜ ਹੈ। ਤੰਦਰੁਸਤੀ ਦੀ ਜ਼ਰੂਰਤ ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਜ਼ਿਆਦਾ ਹੈ, ਜੋ ਕਿ ਨਸ਼ੇ ਦੇ ਦਰਿਆ ਵਿਚ ਵਹਿੰਦੀ ਜਾ ਰਹੀ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੁਹਿੰਮ ਨੂੰ ਜਲਦ ਹੀ ਲੋਕਾਂ ਤੱਕ ਪਹੁੰਚਾਉਣ ਲਈ ਉਚੇਚੇ ਢੰਗ ਅਪਣਾਉਣੇ ਚਾਹੀਦੇ ਹਨ, ਤਾਂ ਜੋ ਮਾਪੇ ਆਪਣੇ ਪੁੱਤਾਂ ਤੋਂ ਦੂਰ ਨਾ ਹੋ ਸਕਣ।

-ਮੋਨਿਕਾ ਖੋਸਲਾ।

ਅਵਾਰਾ ਪਸ਼ੂਆਂ ਦੀ ਸਮੱਸਿਆ
ਸੜਕਾਂ 'ਤੇ ਘੁੰਮਦੇ ਅਵਾਰਾ ਗਊਆਂ ਸਾਨ੍ਹ, ਬਛੜੇ ਆਦਿ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ। ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ ਪ੍ਰਤੀਦਿਨ ਗੰਭੀਰ ਹੁੰਦੀ ਜਾ ਰਹੀ ਹੈ। ਨਿੱਤ ਦਿਨ ਪਸ਼ੂਆਂ ਨਾਲ ਵਾਪਰ ਰਹੇ ਹਾਦਸੇ ਗੰਭੀਰ ਚੁਣੌਤੀ ਬਣ ਰਹੇ ਹਨ। ਲੋਕਾਂ ਦਾ ਸੜਕਾਂ ਅਤੇ ਗਲੀਆਂ 'ਚ ਚਲਣਾ ਅਤਿ ਦੁੱਭਰ ਹੋਇਆ ਪਿਆ ਹੈ, ਕਿਉਂਕਿ ਪਤਾ ਨਹੀਂ ਕਦੋਂ ਇਹ ਪਸ਼ੂ ਟੱਕਰ ਮਾਰ ਕੇ ਜ਼ਖ਼ਮੀ ਕਰ ਦੇਣ ਜਾਂ ਮੌਤ ਦੇ ਘਾਟ ਉਤਾਰ ਦੇਣ। ਅਜਿਹੇ ਦਰਦਨਾਕ ਹਾਦਸੇ 'ਚ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ, ਸਰਕਾਰਾਂ ਨੂੰ ਜਾਂ ਗਊ ਰੱਖਿਅਕਾਂ ਨੂੰ? ਸੋਚਣ ਵਾਲੀ ਗੱਲ ਇਹ ਹੈ ਕਿ ਹਰ ਭਾਰਤੀ ਗਊ ਸੈੱਸ ਅਦਾ ਕਰ ਰਿਹਾ ਹੈ ਪਰ ਫਿਰ ਵੀ ਇਨ੍ਹਾਂ ਦੇ ਯੋਗ ਨਿਪਟਾਰੇ ਦਾ ਹੱਲ ਕਿਉਂ ਨਹੀਂ ਹੋ ਰਿਹਾ। ਗਊਸ਼ਾਲਾਵਾਂ ਵਿਚ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੋਂ ਕਿਉਂ ਮੁਨਕਰ ਹੋਇਆ ਜਾ ਰਿਹਾ ਹੈ? ਪਿਛਲੇ ਦਿਨੀਂ ਸੰਪਾਦਕੀ 'ਹੋਰ ਗੰਭੀਰ ਹੋਈ ਅਵਾਰਾ ਪਸ਼ੂਆਂ ਦੀ ਸਮੱਸਿਆ' ਵਿਚ ਵੀ ਇਸੇ ਵਿਸ਼ੇ 'ਤੇ ਰੌਸ਼ਨੀ ਪਾਉਂਦਾ ਹੈ। ਸੰਪਾਦਕ ਨੇ ਉਦਾਹਰਨਾਂ ਸਹਿਤ ਇਸ ਗੰਭੀਰ ਸਮੱਸਿਆ ਨੂੰ ਉਭਾਰਿਆ ਹੈ। ਇਸ ਨਾਲ ਜਿਥੇ ਦਰਦਨਾਕ ਹਾਦਸੇ ਵਾਪਰ ਰਹੇ ਹਨ, ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਉਜਾੜਾ ਹੋ ਰਿਹਾ ਹੈ। ਵਰਨਣਯੋਗ ਹੈ ਕਿ ਅਖੌਤੀ ਗਊ ਰੱਖਿਅਕਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਇਸ ਸਮੱਸਿਆ ਦੇ ਵਾਧੇ ਨੂੰ ਮਦਦ ਮਲੀ ਹੈ। ਸਰਕਾਰਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਠੋਸ ਨੀਤੀ ਅਮਲ 'ਚ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

-ਇੰਜ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਇਸਤਰੀ ਪੰਚ ਅਤੇ ਸਰਪੰਚ
ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਆਮ ਤੌਰ 'ਤੇ ਇਹ ਵੇਖਣ ਵਿਚ ਆਇਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਵਿਚ ਚੁਣੀਆਂ ਹੋਈਆਂ ਇਸਤਰੀ ਪੰਚਾਂ ਅਤੇ ਸਰਪੰਚਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ ਜਾਂ ਭਰਾ ਪੰਚਾਇਤ ਵਿਚ ਹਾਜ਼ਰ ਹੁੰਦੇ ਹਨ ਜੋ ਕਿ ਸਰਾਸਰ ਗ਼ਲਤ ਰੁਝਾਨ ਹੈ। ਵੋਟਰਾਂ ਨਾਲ ਚੁਣਿਆ ਹੋਇਆ ਨੁਮਾਇੰਦਾ ਚਾਹੇ ਮਿਊਂਸਪਲ ਕਮੇਟੀਆਂ, ਵਿਧਾਨ ਸਭਾ ਅਤੇ ਲੋਕ ਸਭਾ ਹੋਵੇ, ਇਸਤਰੀ ਮੈਂਬਰ ਆਪ ਹਾਜ਼ਰ ਹੁੰਦੇ ਹਨ। ਪਰ ਪੰਚਾਇਤਾਂ ਇਹ ਨਹੀਂ ਹੈ। ਇਸਤਰੀਆਂ ਇਸ ਤਰ੍ਹਾਂ ਕਿਵੇਂ ਮਰਦਾਂ ਦੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਦੀਆਂ ਹਨ। ਇਸ ਬਾਰੇ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।

-ਰਘਬੀਰ ਸਿੰਘ, ਮਾਦਪੁਰ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX