ਤਾਜਾ ਖ਼ਬਰਾਂ


ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  14 minutes ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  20 minutes ago
ਨਵੀਂ ਦਿੱਲੀ, 8 ਦਸੰਬਰ- ਦੇਸ਼ ਭਰ 'ਚ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ...
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  29 minutes ago
ਗੁਰੂਹਰਸਹਾਏ, 8 ਦਸੰਬਰ (ਹਰਚਰਨ ਸਿੰਘ ਸੰਧੂ)- ਪਿੰਡ ਕੜਮਾ ਦੇ ਇੱਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ 40 ਸਾਲਾ ਰਿੰਕੂ...
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  55 minutes ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਫਾਇਰ ਸਰਵਿਸ (ਡੀ. ਐੱਫ. ਐੱਸ.) ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਕਿਹਾ ਕਿ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  about 1 hour ago
ਪਟਨਾ, 8 ਦਸੰਬਰ- ਰਾਜਧਾਨੀ ਦਿੱਲੀ 'ਚ ਇੱਕ ਫੈਕਟਰੀ 'ਚ ਲੱਗੀ ਅੱਗ ਕਾਰਨ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ...
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਮੈਂ ਇਸ 'ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ...
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  about 1 hour ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  1 minute ago
ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਨਿੱਕੂਵਾਲ, ਕਰਨੈਲ ਸਿੰਘ)- ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ...
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  about 2 hours ago
ਨਾਭਾ, 8 ਦਸੰਬਰ (ਕਰਮਜੀਤ ਸਿੰਘ)- ਕੈਪਟਨ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਹੋਈ ਹੈ ਪਰ ਇਸ ਸਭ ਤੋਂ ਬੇਖ਼ੌਫ਼ ਕਰਮਚਾਰੀ ਪੰਜਾਬ ਸਰਕਾਰ ਦੇ ਅਦਾਰਿਆਂ 'ਚ...
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਦਿੱਲੀ ਅਗਨੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਪੀ. ਐੱਮ. ਓ. ਵਲੋਂ ਜਾਰੀ ਬਿਆਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਕੱਤਕ ਸੰਮਤ 551
ਵਿਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਵੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਕਿਤਾਬਾਂ

10-11-2019

  ਤੂੰ ਕਿਉਂ ਨਹੀਂ ਬੋਲਦਾ?
ਲੇਖਕ : ਡਾ: ਲਖਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104.
ਸੰਪਰਕ : 0161-2740738.

ਡਾ: ਲਖਵਿੰਦਰ ਸਿੰਘ ਗਿੱਲ ਨੇ ਇਸ ਕਾਵਿ ਪੁਸਤਕ ਰਾਹੀਂ ਪੰਜਾਬੀ ਸਾਹਿਤ ਵਿਚ ਆਪਣਾ ਪਲੇਠਾ ਕਦਮ ਧਰਿਆ ਹੈ | ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਇਨ੍ਹਾਂ ਵਿਚੋਂ ਇਕ ਗੰਭੀਰ ਤੇ ਸੂਝਵਾਨ ਸ਼ਾਇਰ ਦੇ ਦੀਦਾਰ ਹੁੰਦੇ ਹਨ | ਮੂਲ ਰੂਪ ਵਿਚ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪੰਜਾਬ ਦੀ ਰਹਿਤਲ ਨਾਲ ਜੁੜੀਆਂ ਹਨ | ਇਨ੍ਹਾਂ ਵਿਚੋਂ ਗੁਆਚ ਰਹੇ ਪੰਜਾਬੀ ਸੱਭਿਆਚਾਰ ਦੀ ਮਹਿਕ ਆਉਂਦੀ ਮਹਿਸੂਸ ਹੁੰਦੀ ਹੈ | ਲਖਵਿੰਦਰ ਗਿੱਲ ਦਾ ਬਚਪਨ ਪਿੰਡ ਵਿਚ ਬੀਤਿਆ ਇਸੇ ਲਈ ਉਸ ਦੇ ਅੰਦਰ ਪਿੰਡ ਤੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਅਜੇ ਵੀ ਵਸੀ ਹੋਈ ਹੈ | ਇਹੀ ਖੁਸ਼ਬੂ ਉਸ ਦੀਆਂ ਕਵਿਤਾਵਾਂ ਵਿਚੋਂ ਝਰਦੀ ਪ੍ਰਤੀਤ ਹੁੰਦੀ ਹੈ |
ਚਿੜੀ ਚੂਕਦੀ ਨਹੀਂ ਹੁਣ ਪਹੁ ਫੁੱਟੇ
ਨਾ ਦੁੱਧ ਦੇ ਵਿਚ ਮਧਾਣੀਆਂ ਨੇ
ਪੁੱਤ ਤੋਰ ਕੇ ਰੋਟੀ ਦੀ ਭਾਲ ਖ਼ਾਤਰ
ਪੱਲੇ ਬੰਨ੍ਹ ਲਾਏ ਹੌਕੇ ਸਵਾਣੀਆਂ ਨੇ |
ਭਾਵੇਂ ਲੇਖਕ ਪਿੰਡ ਵਿਚੋਂ ਹਿਜ਼ਰਤ ਕਰ ਕੇ ਸ਼ਹਿਰ ਆ ਵਸਿਆ ਹੈ ਪਰ ਪਿੰਡ ਦਾ ਸੱਭਿਆਚਾਰ ਅਜੇ ਵੀ ਉਸ ਦੇ ਅੰਦਰ ਜਿਉਂ ਰਿਹਾ ਹੈ | ਪੇਂਡੂ ਲੋਕਾਂ ਦੀਆਂ ਬੇਵਸੀਆਂ, ਮਜਬੂਰੀਆਂ ਤੇ ਦੁੱਖ ਤਕਲੀਫ਼ਾਂ ਇਨ੍ਹਾਂ ਕਵਿਤਾਵਾਂ ਵਿਚ ਥਾਂ-ਥਾਂ ਦੇਖਣ ਨੂੰ ਮਿਲਦੀਆਂ ਹਨ |
ਮੈਂ ਜਦੋਂ ਵੀ ਲਿਖਣ ਬੈਠਦਾ ਹਾਂ
ਮੇਰੇ ਲਾਗੇ ਆ ਬਹਿੰਦਾ ਹੈ ਮੇਰਾ ਪਿੰਡ
ਜਿਥੇ ਪੰਜ ਸਾਲ ਬਾਅਦ ਹੀ ਸੁਣਦੀ ਹੈ
ਕਿਸੇ ਸਫੈਦ ਕੱਪੜਿਆਂ ਦੇ
ਠਹਾਕਿਆਂ ਦੀ ਆਵਾਜ਼
ਵਿਸ਼ ਘੋਲਦੇ ਪਿੰਡ ਦੀ
ਉਜੜਦੀ ਸੱਥ ਵਰਗੀ ਨਜ਼ਮ
ਮੈਂ ਲਿਖ ਦਿੰਦਾ ਹਾਂ....
ਗਲੋਬਲਾਈਜ਼ੇਸ਼ਨ, ਵਿਸ਼ਵੀਕਰਨ ਜਿਹੇ ਆਧੁਨਿਕ ਵਰਤਾਰਿਆਂ ਦੇ ਵਾਪਰਨ ਨਾਲ ਉੱਚ ਵਰਗ ਨੂੰ ਭਾਵੇਂ ਕੋਈ ਫਾਇਦਾ ਹੋਇਆ ਹੋਵੇ ਪਰ ਆਮ ਆਦਮੀ ਨੂੰ ਇਨ੍ਹਾਂ ਵਰਤਾਰਿਆਂ ਨੇ ਦਰੜ ਕੇ ਰੱਖ ਦਿੱਤਾ ਹੈ | ਵਿਸ਼ਵ ਵਿਦਿਆਲਾ ਅਜਿਹੀ ਹੀ ਕਵਿਤਾ ਹੈ, ਜਿਸ ਵਿਚ ਕਵੀ ਵਿੱਦਿਆ ਦੇ ਆਮ ਮਨੁੱਖ ਤੋਂ ਦੂਰ ਹੋਣ ਦੇ ਦੁਖਾਂਤ ਨੂੰ ਵਿਸ਼ਵੀਕਰਨ ਦੇ ਪ੍ਰਸੰਗ ਵਿਚ ਬਿਆਨ ਕਰਦਾ ਹੈ | ਲਖਵਿੰਦਰ ਗਿੱਲ ਦੀਆਂ ਕਵਿਤਾਵਾਂ ਵਿਚ ਆਮ ਮਨੁੱਖ ਦੇ ਦੁੱਖ ਦਰਦ, ਗੁਆਚ ਰਹੇ ਪੰਜਾਬੀ ਸੱਭਿਆਚਾਰ, ਖ਼ਤਮ ਹੋ ਰਹੇ ਮਾਨਵੀ ਮੁੱਲਾਂ, ਟੁੱਟ ਰਹੇ ਰਿਸ਼ਤਿਆਂ ਦੇ ਦੁਖਾਂਤ ਨੂੰ ਪੇਸ਼ ਕਰਦੀਆਂ ਹਨ | ਸਾਡੇ ਸਮਾਜ ਵਿਚ ਪਸਰੇ ਜਾਤ ਪਾਤੀ ਕੋਹੜ ਨੂੰ ਬਿਆਨ ਕਰਦਿਆਂ ਕੁਝ ਸਤਰਾਂ ਦੇਖੀਆਂ ਜਾ ਸਕਦੀਆਂ ਹਨ :
ਦਸਮੇਸ਼ ਪਿਤਾ ਮੁਆਫ਼ ਕਰੀਂ
ਦਿਨੋ ਦਿਨ ਗਿਰ ਰਹੇ ਹਾਂ ਅਸੀਂ
ਤੇਰੇ ਪੰਜਾਂ ਪਿਆਰਿਆਂ ਦੀਆਂ
ਅੱਜ ਵੀ ਜਾਤਾਂ ਪੁੱਛਦੇ ਫਿਰ ਰਹੇ ਹਾਂ..
ਸੋ, ਸਮੁਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਡਾ: ਲਖਵਿੰਦਰ ਗਿੱਲ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਸ਼ਾਇਰ ਹੈ, ਜਿਸ ਦੇ ਮਨ ਵਿਚ ਆਪਣੇ ਸੱਭਿਆਚਾਰ, ਆਪਣੀ ਵਿਰਾਸਤ, ਮਾਨਵੀ ਕਦਰਾਂ-ਕੀਮਤਾਂ ਦੇ ਗੁਆਚ ਜਾਣ ਦਾ ਦਰਦ ਹੈ | 

—ਡਾ: ਅਮਰਜੀਤ ਕੌਾਕੇ |
c c c

ਗੁਰਦੁਆਰਾ ਸੁਧਾਰ ਲਹਿਰ
ਲੇਖਕ : ਕਮੋਡੋਰ ਗੁਰਨਾਮ ਸਿੰਘ
ਪ੍ਰਕਾਸ਼ਕ : ਲਾਹੌਰ ਬੱੁਕ ਸ਼ਾਪ, ਲੁਧਿਆਣਾ |
ਪੰਨੇ : 248, ਮੱੁਲ : 350 ਰੁਪਏ
ਸੰਪਰਕ : 098181-59944

18ਵੀਂ ਸਦੀ ਦੇ ਮਹਾਰਾਜਾ ਰਣਜੀਤ ਸਿੰਘ ਤੋਂ ਪੂਰਬਲੇ ਸਾਰੇ ਸਮੇਂ ਵਿਚ ਹੀ ਸਿੱਖ ਕੌਮ ਸਖ਼ਤ ਸੰਘਰਸ਼ ਵਿਚ ਰਹੀ | ਸਿੱਖਾਂ ਦੇ ਟਿਕਾਣੇ ਜੰਗਲ ਤੇ ਘਰ ਘੋੜਿਆਂ ਦੀਆਂ ਕਾਠੀਆਂ ਸਨ | ਸਿੱਖਾਂ ਦੇ ਸਿਰਾਂ ਦੇ ਮੱੁਲ ਪੈਂਦੇ | ਅਜਿਹੇ ਸਮੇਂ ਸਿੱਖ ਗੁਰਦੁਆਰਿਆਂ ਦੀ ਸੇਵਾ-ਸੰਭਾਲ ਉਦਾਸੀ ਮਹੰਤਾਂ ਨੇ ਕਾਬੂ ਕਰ ਲਈ | ਗੁਰਮਤਿ ਨਾਲ ਇਨ੍ਹਾਂ ਦਾ ਰਿਸ਼ਤਾ ਵੀ ਮਾੜਾ ਨਹੀਂ ਸੀ ਪਰ ਇਹ ਸਿੱਖ ਰਹਿਤ ਬਹਿਤ ਦੇ ਧਾਰਨੀ ਨਹੀਂ ਸਨ | ਮਹਾਰਾਜੇ ਤੋਂ ਪਹਿਲਾਂ ਸਿੱਖ ਸਰਦਾਰਾਂ ਨੇ ਤੇ ਫਿਰ ਮਹਾਰਾਜੇ ਨੇ ਗੁਰੂ-ਘਰਾਂ ਦੇ ਨਾਂਅ ਵੱਡੀਆਂ ਜਗੀਰਾਂ ਲੁਆਈਆਂ | ਮਹੰਤ ਅੰਮਿ੍ਤਧਾਰੀ ਸਿੱਖ ਨਹੀਂ ਸਨ, ਮੰਦਰਾਂ ਦੇ ਸਾਧੂਆਂ-ਪੁਜਾਰੀਆਂ ਵਰਗੇ ਪੂਜਾ ਦਾ ਧਾਨ ਖਾਣ ਵਾਲੇ ਲੋਕ ਸਨ | ਉਨ੍ਹਾਂ ਨੇ ਮੰਦਰਾਂ ਵਾਂਗ ਗੁਰਦੁਆਰਿਆਂ ਨੂੰ ਜੱਦੀ-ਪੁਸ਼ਤੀ ਜਾਇਦਾਦ ਬਣਾ ਲਿਆ | ਪੈਸੇ ਦੀ ਬਹੁਤਾਤ ਨੇ ਉਨ੍ਹਾਂ ਨੂੰ ਦੁਰਾਚਾਰ ਤੇ ਅਨੈਤਿਕਤਾ ਦੇ ਰਾਹ ਤੋਰ ਦਿੱਤਾ | ਸਿੱਖੀ ਦੀ ਆਨ-ਸ਼ਾਨ, ਗੁਰਬਾਣੀ, ਸੇਵਾ ਤੇ ਆਦਰਸ਼ ਜੀਵਨ ਦੇ ਕੇਂਦਰ ਗੁਰਦੁਆਰੇ ਮਹੰਤਾਂ ਦੀ ਅਯਾਸ਼ੀ ਦੇ ਅੱਡੇ ਬਣ ਗਏ | ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਅਨਮਤੀ ਰਹੁਰੀਤਾਂ ਸਿੱਖ ਸਿਧਾਂਤਾਂ ਦੀ ਨੰਗੀ-ਚਿੱਟੀ ਉਲੰਘਣਾ ਸੀ | ਸਿੱਖਾਂ ਦੇ ਸਬਰ ਦਾ ਪਿਆਲਾ ਭਰ ਗਿਆ ਅਤੇ ਉਨ੍ਹਾਂ ਜਾਨਾਂ ਦੀ ਪ੍ਰਵਾਹ ਨਾ ਕਰ ਕੇ ਗੁਰਦੁਆਰਿਆਂ ਨੂੰ ਇਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾਇਆ | 1920 ਤੋਂ 1925 ਤੱਕ ਦੇ ਸਮੇਂ ਨੂੰ ਅੱਜ ਅਸੀਂ ਗੁਰਦੁਆਰਾ ਸੁਧਾਰ ਲਹਿਰ ਦਾ ਕਾਲ ਮੰਨਦੇ ਹਾਂ | ਵਿਚਾਰ ਅਧੀਨ ਕਿਤਾਬ ਇਸ ਕਾਲ ਬਾਰੇ ਨਵੀਂ ਮਿਲੀ ਜਾਣਕਾਰੀ ਉੱਤੇ ਆਧਾਰਿਤ ਹੈ |
ਇਸ ਜਾਣਕਾਰੀ ਦਾ ਸਰੋਤ ਸ: ਹਰਨਾਮ ਸਿੰਘ ਸਾਹਨੀ ਦੀਆਂ ਹੱਥਲਿਖਤਾਂ ਹਨ | ਉਨ੍ਹਾਂ ਇਸ ਲਹਿਰ ਦੌਰਾਨ 2 ਵਾਰ ਕੁਲ 2 ਸਾਲ 9 ਮਹੀਨੇ ਕੈਦ ਕੱਟੀ | ਨਵੀਂ ਸ਼ਾਦੀ ਦੇ ਬਾਵਜੂਦ ਪੰਜਾ ਸਾਹਿਬ ਤੇ ਗੁਰੂ ਕੇ ਬਾਗ ਦੇ ਸਾਕਿਆਂ ਵਿਚ ਭਾਗ ਲਿਆ | ਅੰਮਿ੍ਤਸਰ ਤੇ ਹੋਰ ਗੁਰਦੁਆਰਿਆਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਖੀਂ ਦੇਖਿਆ | ਪੂਰਨ ਗੁਰਸਿੱਖੀ ਜੀਵਨ ਜੀਏ ਤੇ ਆਪਣੇ ਪਰਿਵਾਰ ਨੂੰ ਵੀ ਇਸੇ ਤਰ੍ਹਾਂ ਪੂਰਨ ਗੁਰਸਿੱਖ ਦੇ ਰੂਪ ਵਿਚ ਵਿਚਰਨ ਦਾ ਵਿਸ਼ਵਾਸ ਦਿ੍ੜ੍ਹ ਕਰਵਾਇਆ | 1899 ਤੋਂ 1973 ਤੱਕ ਦਾ ਜੀਵਨ ਕਾਲ ਸੀ ਸਾਹਨੀ ਸਾਹਿਬ ਦਾ | ਬੇਟੇ-ਬੇਟੀਆਂ ਸਾਰੇ ਖੂਬ ਪੜ੍ਹੇ-ਲਿਖੇ ਤੇ ਉੱਚੇ ਅਹੁਦਿਆਂ 'ਤੇ ਰਹੇ | ਸ: ਸਾਹਨੀ ਦਾ ਇਕ ਬੇਟਾ ਬਿ੍ਗੇਡੀਅਰ ਮਨਮੋਹਨ ਸਿੰਘ ਸਾਹਨੀ ਹੈ, ਜਿਸ ਨੇ ਉਨ੍ਹਾਂ ਦੀਆਂ ਹੱਥਲਿਖਤ ਯਾਦਾਂ ਨੂੰ ਸੰਭਾਲੀ ਰੱਖਿਆ ਤੇ ਅੱਧੀ ਸਦੀ ਬਾਅਦ ਕਮੋਡੋਰ ਗੁਰਨਾਮ ਸਿੰਘ ਦੇ ਹਵਾਲੇ ਕੀਤਾ | ਕਮੋਡੋਰ ਸਾਹਿਬ ਨੇ ਵੀ ਸਭ ਕੰਮ ਛੱਡ ਪੂਰੇ ਪ੍ਰੇਮ ਤੇ ਸਿੱਖੀ ਸ਼ਰਧਾ ਨਾਲ ਇਸ ਬਿਰਤਾਂਤ ਦੇ ਅਗਲੇ-ਪਿਛਲੇ ਪ੍ਰਸੰਗ ਜੋੜ ਕੇ ਸਾਹਨੀ ਸਾਹਿਬ ਦੇ ਜੀਵਨ/ਕੁਰਬਾਨੀਆਂ ਦੇ ਵੇਰਵਿਆਂ ਸਮੇਤ ਗੁਰਦੁਆਰਾ ਸੁਧਾਰ ਲਹਿਰ ਦੇ ਮਹੱਤਵਪੂਰਨ ਪੰਜ ਸਾਲਾਂ ਬਾਰੇ ਬਹੁਤ ਮੱੁਲਵਾਨ ਜਾਣਕਾਰੀ ਵਾਲੀ ਇਹ ਪੁਸਤਕ ਸਿੱਖ ਜਗਤ ਨੂੰ ਭੇਟ ਕੀਤੀ ਹੈ | ਕਮੋਡੋਰ ਗੁਰਨਾਮ ਸਿੰਘ, ਬਿ੍ਗੇਡੀਅਰ ਮਨਮੋਹਨ ਸਿੰਘ ਤੇ ਲਾਹੌਰ ਬੱੁਕ ਸ਼ਾਪ ਤਿੰਨਾਂ ਨੇ ਇਹ ਕਾਰਜ ਕਰ ਕੇ ਸਿੱਖ ਕੌਮ ਉੱਤੇ ਉਪਕਾਰ ਕੀਤਾ ਹੈ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਬੋਲ ਦੋ ਸਕੇ ਭਰਾਵਾਂ ਦੇ
ਕਵੀ : ਵਰਿੰਦਰ ਸਿੰਘ ਟਾਹਲਵੀ, ਦਵਿੰਦਰ ਸਿੰਘ ਟਾਹਲਵੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 140 ਰੁਪਏ, ਸਫ਼ੇ : 95
ਸੰਪਰਕ : 81462-10637.

'ਬੋਲ ਦੋ ਸਕੇ ਭਰਾਵਾਂ ਦੇ' ਕਾਵਿ ਸੰਗ੍ਰਹਿ ਦੇ ਦੋ ਭਾਗ ਹਨ | ਪਹਿਲੇ ਭਾਗ ਵਿਚ ਕਵੀ ਵਰਿੰਦਰ ਸਿੰਘ ਟਾਹਲਵੀ ਨੇ 32 ਅਤੇ ਦੂਜੇ ਭਾਗ ਵਿਚ ਕਵੀ ਦਵਿੰਦਰ ਸਿੰਘ ਟਾਹਲਵੀ ਨੇ 32 ਯਾਨੀ ਕੁੱਲ 64 ਕਾਵਿ ਰਚਨਾਵਾਂ ਰਾਹੀਂ ਆਪਣੇ ਦਿਲੀ ਭਾਵਾਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਦਾ ਸਿਰ ਤੋੜ ਯਤਨ ਕੀਤਾ ਹੈ |
ਕਵੀ ਵਰਿੰਦਰ ਸਿੰਘ ਟਾਹਲਵੀ-ਦਵਿੰਦਰ ਸਿੰਘ ਟਾਹਲਵੀ (ਦੋ ਸਕੇ ਭਰਾ) ਭਾਵੇਂ ਅਮਰੀਕਾ ਚਕਾਚੌਾਧ ਨੂੰ ਮਾਣ ਜ਼ਰੂਰ ਰਹੇ ਹਨ ਪਰ ਉਹ ਆਪਣੀ ਮਾਂ-ਬੋਲੀ ਤੇ ਵਿਰਸੇ ਨੂੰ ਨਹੀਂ ਭੁੱਲ ਸਕੇ | ਇਹ ਸਭ ਕੁਝ ਉਨ੍ਹਾਂ ਦੀ ਕਲਮ ਰਾਹੀਂ ਫੁੱਟ ਕੇ ਬਾਹਰ ਆ ਰਿਹਾ ਹੈ |
ਇਸ ਕਾਵਿ ਸੰਗ੍ਰਹਿ ਦੀ ਵਿਲੱਖਣ ਗੱਲ ਇਹ ਹੈ ਕਿ ਇਨ੍ਹਾਂ ਕਾਵਿ ਰਚਨਾਵਾਂ ਦੇ ਸਿਰਲੇਖ ਤੇ ਕਾਵਿ ਪਾਠ ਵੱਖ-ਵੱਖ ਹਨ ਪਰ ਹਾਵ ਭਾਵ ਵਿਚ ਕਾਫੀ ਸਮਾਂਤਰਤਾ ਹੈ | ਯਾਨੀ ਕਾਵਿ ਰੂਪ ਦਰਿਆ ਦੇ ਦੋ ਕਿਨਾਰੇ ਹਨ | ਜੇ ਇਕ ਭਰਾ ਲੋਟੂ ਟੋਲੇ ਦੀ ਗੱਲ ਕਰਦਾ ਹੈ ਤਾਂ ਦੂਜਾ ਭਰਾ ਲੋਟੂ ਟੋਲੇ ਤੋਂ ਨਿਜਾਤ ਪਾਉਣ ਲਈ ਜੂਝਣ ਦੀ ਗੱਲ ਕਰਦਾ ਹੈ | ਇਕ ਭਰਾ 'ਢੋਲ ਪੰਜਾਬੀਆਂ ਦਾ' ਸਾਹਮਣੇ ਲਿਆਉਂਦਾ ਹੈ ਤੇ ਦੂਜੇ 'ਢੋਲ 'ਤੇ ਡਗਾ' ਮਾਰ ਕੇ ਪਰੀਤੋ ਤੋਂ ਬੋਲੀ ਪਵਾਉਂਦਾ ਹੋਇਆ ਜੀਤੋ ਨੂੰ ਨੱਚਣ ਲਾ ਦਿੰਦਾ ਹੈ | ਇਕ ਭਰਾ ਵਿਰਾਸਤੀ ਵਸਤਾਂ 'ਖੂਹ ਦੀਆਂ ਟਿੰਡਾਂ' ਦੀ ਝਲਕ ਅੱਖਾਂ ਸਾਹਮਣੇ ਲਿਆਉਂਦਾ ਹੈ ਤੇ ਦੂਜਾ 'ਸਾਉਣ ਮਹੀਨੇ ਦੇ ਬੱਦਲਾਂ' ਯਾਦ ਕਰਕੇ ਯਾਰਾਂ ਨੂੰ ਕਬੱਡੀ ਖੇਡਣ ਲਈ ਸੱਦਾ ਦਿੰਦਾ ਹੈ | ਨਸ਼ੇ, ਬੇਈਮਾਨੀ, ਭਿ੍ਸ਼ਟਾਚਾਰੀ ਅਤੇ ਹੋਰ ਕਈ ਸਮਾਜਿਕ ਬੁਰਾਈਆਂ 'ਤੇ ਬੜੀ ਬੇਬਾਕੀ ਨਾਲ ਉਂਗਲ ਧਰ ਕੇ ਦੋਵੇਂ ਭਰਾ ਸੱਚੀ-ਸੁੱਚੀ ਕਿਰਤ, ਹੱਕ-ਸੱਚ ਲਈ ਸੰਘਰਸ਼, ਸੱਚੀ ਮੁਹੱਬਤ, ਹੰਢਾਏ ਆਪਣੇ ਬਚਪਨ, ਮਾਂ ਦੀ ਗੋਦ, ਦਾਦੀ ਦੀਆਂ ਲੋਰੀਆਂ, ਮਾਣੀਆਂ ਪਿੰਡ ਦੀਆਂ ਮੌਜਾਂ, ਪਿੰਡ ਦੀ ਫਿਰਨੀ ਦੀਆਂ ਗੇੜੀਆਂ-ਸ਼ੇੜੀਆਂ, ਖਾਧੇ ਮਲਿਆਂ ਦੇ ਬੇਰ, ਪਰਿਵਾਰਕ ਰਿਸ਼ਤੇ ਅਤੇ ਹੋਰ ਬਹੁਤ ਸਾਰੀਆਂ ਯਾਦਾਂ ਦੇ ਮਾਣਿਕ ਮੋਤੀ ਵਰਿੰਦਰ ਸਿੰਘ ਟਾਹਲਵੀ ਤੇ ਦਵਿੰਦਰ ਸਿੰਘ ਟਾਹਲਵੀ 'ਬੋਲ ਦੋ ਸਕੇ ਭਰਾਵਾਂ ਦੇ' ਕਾਵਿ ਸੰਗ੍ਰਹਿ ਰੂਪੀ ਮਾਲਾ ਵਿਚ ਪਰੋਣ ਦਾ ਸਫਲ ਯਤਨ ਕਰਦਾ ਹੈ, ਜੋ ਪਾਠਕਾਂ ਦੀ ਪੜ੍ਹਨ ਰੁਚੀ ਵਿਚ ਵਾਧਾ ਜ਼ਰੂਰ ਕਰਨਗੇ |

—ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਫੋਨ : 98764-74858.
c c c

ਸੱਚ ਸੁਣਾਇਸੀ
ਲੇਖਿਕਾ : ਜਗਦੀਪ ਕੌਰ ਨੂਰਾਨੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 84375-19111

'ਸੱਚ ਸੁਣਾਇਸੀ' (ਕਾਵਿ-ਸੰਗ੍ਰਹਿ) ਜਗਦੀਪ ਕੌਰ ਨੂਰਾਨੀ ਦਾ ਤੀਸਰਾ ਕਾਵਿ-ਸੰਗ੍ਰਹਿ ਹੈ | ਇਸ ਕਾਵਿ-ਸੰਗ੍ਰਹਿ ਦੀਆਂ 'ਬੈਸੰਤਰ' ਤੋਂ ਲੈ ਕੇ 'ਦਾਤ' ਤੱਕ 79 ਕਵਿਤਾਵਾਂ ਹਨ | ਬੈਸੰਤਰ ਦੇ ਅਰਥ ਹੈ 'ਅਗਨ' ਅਤੇ 'ਦਾਤ' ਦਾ ਸੰਕਲਪ ਅਰਥ ਹੈ ਮਨੋਇੱਛਿਤ ਵਸਤ ਦੀ ਪ੍ਰਾਪਤੀ | ਮਿਲਾਪ ਲਈ ਪਿਆਰੇ ਦੇ ਇਸ਼ਕ ਦਾ ਮਨ 'ਚ ਪਨਪਣਾ, ਇਸ ਫੁਰਨੇ ਦੀ ਅੰਤਿਮ ਮੰਜ਼ਿਲ ਮਿਲਾਪ (ਫ਼ਨਾਹ) ਤੱਕ ਪਹੁੰਚਣਾ, ਰਸਤੇ ਵਿਚ ਆਉਂਦੀਆਂ ਦੁਸ਼ਵਾਰੀਆਂ ਦਾ ਵਰਨਣ ਅਤੇ ਉਨ੍ਹਾਂ ਤੋਂ ਪਾਰ ਲੰਘ, ਪਿਆਰੇ ਦੀ ਆਗੋਸ਼ ਵਿਚ ਸਮਾਉਣਾ ਆਦਿ ਵਿਸ਼ਿਆਂ ਦਾ ਭਾਵ ਪੂਰਤ ਵਰਨਣ 'ਪ੍ਰੇਮ ਪਿਆਲਾ', 'ਇਸ਼ਕ ਅਵੱਲੜਾ', 'ਜੋਗੀ', 'ਮੋਕਸ਼', 'ਸਭ ਗੋਬਿੰਦ ਹੈ', 'ਬੇਸੁਰਤ ਜਹਾਨ', 'ਸੱਚਾ ਮੂਲ', 'ਚਾਨਣ ਦੀ ਛਿੱਟ', 'ਬਿਰਥਾ ਜੀਵਨ', 'ਖਾਹਸ਼ਾਂ' ਅਤੇ 'ਦਾਤ' ਆਦਿ ਕਵਿਤਾਵਾਂ ਵਿਚ ਦੇਖਿਆ ਜਾ ਸਕਦਾ ਹੈ | ਇਥੇ ਇਹ ਵੀ ਵਰਨਣਯੋਗ ਹੈ ਕਿ ਇਹ 'ਇਸ਼ਕ' ਦੁਨਿਆਵੀ ਜਾਂ ਸਰੀਰਕ ਨਹੀਂ ਹੈ, ਸਗੋਂ ਇਹ ਇਸ਼ਕ ਰੂਹਾਂ ਦਾ ਹੈ | ਇਹ ਮਨੁੱਖ ਤੋਂ ਲੈ ਕੇ ਪੂਰੀ ਕਾਇਨਾਤ 'ਚ ਪਸਰਿਆ ਵਿਖਾਈ ਦਿੰਦਾ ਹੈ :
ਇਹ ਰੂਹ ਦਾ ਪੰਛੀ ਗਾਇਸੀ
ਸਭਨਾਂ ਨੂੰ ਸੱਚ ਸੁਣਾਇਸੀ
ਉਹਦੇ ਇਸ਼ਕ ਦੇ ਚਾਨਣ 'ਚ
ਰੂਹ ਭਿੱਜ ਭਿੱਜ ਜਾਇਸੀ |
ਕੁਦਰਤ ਨਾਲ ਅਭੇਦਤਾ ਮਨ ਦੀ ਫ਼ਕੀਰੀ ਨਾਲ ਹੀ ਆ ਸਕਦੀ ਹੈ, ਇਥੇ ਵੇਸ ਦੀ ਫ਼ਕੀਰੀ ਕੋਈ ਮਾਅਨੇ ਨਹੀਂ ਰੱਖਦੀ | ਇਹ ਕਵਿਤਾ ਅੱਜ ਜਜ਼ਬਿਆਂ ਦੀ ਹੈ, ਜਿਥੇ ਅਕਲ ਫਿਰ ਕੰਮ ਨਹੀਂ ਕਰਦੀ | ਪ੍ਰਕਿਰਤੀ ਦਾ ਹਰ ਕਣ-ਕਣ ਹੀ ਉਸ ਦਾ ਰੂਪ ਨਜ਼ਰ ਆਉਂਦਾ ਹੈ | ਇਹ ਤਾਂ ਮਨੁੱਖੀ ਮਨ ਦੀ ਆਂਤਰਿਕ ਵੇਦਨਾ, ਉਸ ਦੀ ਿਖ਼ਆਲ ਉਡਾਰੀ ਅਤੇ ਵਿਚਾਰਾਂ ਦੀ ਸ਼ੂਨਯ ਤੋਂ ਅਨੰਤ ਹੋਣ ਦੀ ਪਰਵਾਜ਼ ਕਹੀ ਜਾ ਸਕਦੀ ਹੈ | 'ਕੁਫ਼ਰ' ਤੇ ਜਿੱਤ ਪ੍ਰਾਪਤੀ ਦਾ ਕਰਮ ਜੀਵਨ ਦਾ ਅੰਤਿਮ ਲਕਸ਼ ਮੰਨਿਆ ਜਾ ਸਕਦਾ ਹੈ ਪਰ ਮਨੁੱਖੀ ਖਾਹਿਸ਼ਾਂ ਦੀ ਅਸੀਮ ਚਾਹਤ ਇਸ ਦੇ ਰਸਤੇ 'ਤੇ ਵੱਡੀ ਅੜਚਨ ਹਨ | ਖ਼ੈਰ ਦਿਲ ਨੂੰ ਛੂੰਹਦੀ ਸ਼ਾਇਰੀ ਦਾ ਸਵਾਗਤ ਹੈ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਸੋਨ-ਪਟਾਰੀ
ਸ਼ਾਇਰ : ਗੁਰਬਚਨ ਸਿੰਘ ਲਾਡਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 93
ਸੰਪਰਕ : 99145-33718.

ਗੁਰਬਚਨ ਸਿੰਘ ਲਾਡਪੁਰੀ ਪੁਰਾਣਾ ਸ਼ਾਇਰ ਹੈ ਜਿਸ ਦੇ ਪਹਿਲਾਂ ਪੰਜਾਬੀ ਵਿਚ ਤੇਰਾਂ ਕਾਵਿ ਸੰਗ੍ਰਹਿ ਛਪ ਚੁੱਕੇ ਹਨ | 'ਸੋਨ ਪਟਾਰੀ' ਕਾਵਿ ਸੰਗ੍ਰਹਿ ਦਰਅਸਲ ਉਸ ਦੀ ਜ਼ਿੰਦਗੀ ਦਾ ਕਾਵਿਮਈ ਇਤਿਹਾਸ ਹੈ | ਪੁਸਤਕ ਦੀ ਪਹਿਲੀ ਕਵਿਤਾ ਉਪਦੇਸ਼ਕ ਹੈ ਜਿਸ ਵਿਚ ਸ਼ਾਇਰ ਮਨੁੱਖ ਨੂੰ ਚੰਗੇ ਕੰਮਾਂ ਵਿਚ ਰੁੱਝੇ ਰਹਿਣ ਦੀ ਨਸੀਹਤ ਕਰਦਾ ਹੈ | ਦੂਜੀ ਰਚਨਾ ਗ਼ਜ਼ਲ ਰੂਪ ਵਿਚ ਤੇ ਤੀਸਰੀ ਗੀਤ ਹੈ ਜਿਸ ਵਿਚ ਧੀ ਦਾ ਆਪਣੇ ਬਾਪ ਨੂੰ ਸੰਬੋਧਨ ਹੈ | ਇੰਝ ਸਮੁੱਚੀ ਪੁਸਤਕ ਵਿਚ ਕਵਿਤਾ ਦੇ ਵੱਖ ਵੱਖ ਰੂਪ ਦੇਖਣ ਨੂੰ ਮਿਲਦੇ ਹਨ | ਉਸ ਮੁਤਾਬਿਕ ਦੁਨੀਆ ਨੂੰ ਸਜਾਉਣ ਤੇ ਸੰਵਾਰਨ ਵਿਚ ਕਵੀਆਂ ਤੇ ਤੇ ਹੋਰ ਲੇਖਕਾਂ ਦਾ ਵੱਡਾ ਯੋਗਦਾਨ ਹੈ ਤੇ ਕਲਮਾਂ ਸਮਾਜ ਦੀ ਸਫ਼ਾਈ ਕਰਦੀਆਂ ਹਨ | ਜ਼ਿੰਦਗੀ ਵਿਚ ਦਿਨ ਹਮੇਸ਼ਾਂ ਇੱਕੋ ਜਿਹੇ ਨਹੀਂ ਰਹਿੰਦੇ ਤੇ ਮਨੁੱਖ ਦੀ ਮਾਨਸਿਕ ਤੇ ਸਰੀਰਕ ਅਵਸਥਾ ਬਦਲਦੀ ਰਹਿੰਦੀ ਹੈ | ਸ਼ਾਇਰ ਅਨੁਸਾਰ ਮੰਜ਼ਿਲਾਂ ਉਨ੍ਹਾਂ ਨੇ ਹੀ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਨੇ ਵਕਤ ਦੇ ਸਮੁੰਦਰਾਂ ਵਿਚ ਤਾਰੀਆਂ ਲਾਈਆਂ ਹਨ ਤੇ ਵਕਤ ਨੂੰ ਗਵਾਉਣ ਵਾਲੇ ਹਮੇਸ਼ਾ ਹਾਰੇ ਹਨ | ਕੁਝ ਰਚਨਾਵਾਂ ਦੇਸ਼ ਪਿਆਰ ਬਾਰੇ ਤੇ ਕੁਝ ਧਾਰਮਿਕ ਹਨ | ਸ਼ਾਇਰ ਅਮਨ ਪਸੰਦ ਹੈ ਤੇ ਅਮਨ ਦੀ ਸਥਾਪਤੀ ਉਸ ਦੀ ਕਲਮ ਦਾ ਤਰਜੀਹੀ ਵਿਸ਼ਾ ਹੈ | ਲਾਡਪੁਰੀ ਦੀਆਂ ਕੁਝ ਰਚਨਾਵਾਂ ਨਿੱਜੀ ਹਨ ਤੇ ਉਨ੍ਹਾਂ ਵਿਚ ਵਿਅਕਤੀਵਾਦੀ ਉਸਤਤ ਹੈ | ਮਨੁੱਖ ਉਮਰ ਦੇ ਆਖ਼ਰੀ ਪੜਾਅ 'ਤੇ ਉਪਦੇਸ਼ਵਾਦੀ ਹੋ ਜਾਂਦਾ ਹੈ ਤੇ ਉਹ ਜਾਣ ਜਾਂਦਾ ਹੈ ਜ਼ਿੰਦਗੀ ਦੀ ਅਸਲ ਹਕੀਕਤ ਕੀ ਹੈ | ਉਸ ਨੂੰ ਰਿਸ਼ਤੇ ਨਾਤੇ, ਪਿਆਰ ਮੁਹੱਬਤ ਮਹਿਜ਼ ਛਲਾਵਾ ਲਗਦੇ ਹਨ ਤੇ ਅਜਿਹਾ ਕੁਝ ਸ਼ਾਇਰ ਦੇ ਸਬੰਧ ਵਿਚ ਹੋਇਆ ਵੀ ਮਹਿਸੂਸ ਹੁੰਦਾ ਹੈ | ਅਜਿਹਾ ਹੋਣ ਨਾਲ ਸੁਭਾਵਿਕ ਨਿਰਾਸ਼ਾ ਆ ਘੇਰਦੀ ਹੈ ਤੇ ਲਾਡਪੁਰੀ ਵੀ ਇਸ ਦਾ ਸ਼ਿਕਾਰ ਹੋਇਆ ਹੈ | ਉਸ ਨੂੰ ਆਪਣੀਆਂ ਰਚਨਾਵਾਂ ਨੂੰ ਉਤਸ਼ਾਹੀ ਪਾਣ ਦੇਣੀ ਚਾਹੀਦੀ ਸੀ | ਫਿਰ ਵੀ ਲਾਡਪੁਰੀ ਨੇ ਆਪਣੀ ਪੁਸਤਕ ਵਿਚ ਵਿਸ਼ਿਆਂ ਦੀ ਇਕ ਲੰਬੀ ਲੜੀ ਪਰੋਈ ਹੈ ਅਜਿਹਾ ਕੁਝ ਅਨੁਭਵ ਬਿਨਾਂ ਸੰਭਵ ਨਹੀਂ ਹੁੰਦਾ | ਸ਼ਾਇਰ ਦੀਆਂ ਰਚਨਾਵਾਂ ਦੀ ਰੂਪਕ ਬਣਤਰ ਬਾਰੇ ਮੈਂ ਇਸ ਲਈ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਉਹ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਦੇਰ ਤੋਂ ਜੁਟੇ ਹੋਏ ਹਨ |

—ਗੁਰਦਿਆਲ ਰੌਸ਼ਨ
ਮੋ: 99884-44002
c c c

ਜੀਵੀਏ ਹੱਕ ਲਈ
ਲੇਖਕ : ਸੁਜਾਥਾ ਗਿਡਲਾ
ਪ੍ਰਕਾਸ਼ਕ : ਯੂਨੀਸਟਾਰ ਬੁਰਕ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 350
ਸੰਪਰਕ : 0172-4027552.

ਇਸ ਸਵੈ-ਜੀਵਨੀ ਵਿਚ ਲੇਖਿਕਾ ਨੇ ਇਕ ਵਿਲੱਖਣ ਪਰਿਵਾਰਕ ਇਤਿਹਾਸ ਨੂੰ ਪੇਸ਼ ਕੀਤਾ ਹੈ, ਜੋ ਜਾਤ-ਪਾਤ ਦੇ ਵਿਤਕਰੇ ਦਾ ਸ਼ਿਕਾਰ ਹੁੰਦਾ ਹੈ |
ਇਸ ਵਿਚਲੀਆਂ ਘਟਨਾਵਾਂ ਨਾ ਸਿਰਫ ਗ਼ੈਰ-ਭਾਰਤੀਆਂ ਲਈ ਅੱਖਾਂ ਖੋਲ੍ਹਣ ਵਾਲੀਆਂ ਹਨ, ਸਗੋਂ ਭਾਰਤੀਆਂ ਲਈ ਵੀ, ਜਿਨ੍ਹਾਂ ਨੇ ਅਛੂਤਾਂ ਦਲਿਤਾਂ ਦਾ ਜਿਊਣਾ ਦੁਸ਼ਵਾਰ ਕੀਤਾ ਹੋਇਆ ਸੀ ਤੇ ਉਹ ਵਰਗ, ਇਸ ਉੱਚ ਵਰਗ (ਬ੍ਰਾਹਮਣ, ਹਿੰਦੂ) ਦੇ ਜ਼ੁਲਮਾਂ ਤੇ ਵਧੀਕੀਆਂ ਦਾ ਸ਼ਿਕਾਰ ਸੀ | ਲੇਖਿਕਾ ਨੇ ਇਕ ਔਕੜ ਭਰਿਆ ਪਰ ਸ਼ਲਾਘਾਯੋਗ ਕਾਰਜ ਨੂੰ ਹੱੱਥ ਪਾਇਆ ਤੇ ਵਿਲੱਖਣ ਢੰਗ ਨਾਲ ਨਿੱਜੀ ਬਿਰਤਾਂਤ ਨੂੰ ਸਾਢੇ ਤਿੰਨ ਸੌ ਪੰਨੇ ਦੀ ਪੁਸਤਕ ਵਿਚ ਉਲੀਕਿਆ ਹੈ | ਇਕ ਭਾਰਤੀ ਲੇਖਿਕਾ ਦੀ ਆਪਣੇ ਦੇਸ਼ ਦੀ ਤਕਲੀਫ਼ਦੇਹ ਜਾਤੀ ਪ੍ਰਥਾ ਤੇ ਇਸ ਵਿਚ ਆਪਣੇ ਪਰਿਵਾਰ ਦੀ ਸਥਿਤੀ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ, ਜੋ ਆਪਣੀ ਹੰੋਦ ਨੂੰ ਜਿਊਾਦਾ ਰੱਖਣ ਲਈ ਪੀੜ ਹੰਢਾਉਂਦਾ ਹੈ |
ਦੱਖਣੀ ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਦੇ ਕਸਬਾ ਖਾਜ਼ੀਪੇਟ ਦੀ ਜੰਮਪਲ ਗਿਡਲਾ ਬਚਪਨ ਤੋਂ ਇਸ ਪੀੜ ਨੂੰ ਵਿਤਕਰੇ ਨੂੰ ਹੰਢਾਉਂਦੀ ਹੈ, ਜਿਨ੍ਹਾਂ ਦਾ ਕਰਤੱਵ ਸੀ ਉੱਚ ਵਰਗ ਦੀ ਸੇਵਾ ਕਰਨੀ, ਵੱਖਰੀਆਂ ਬਸਤੀਆਂ ਵਿਚ ਰਹਿਣਾ, ਮੰਦਰਾਂ, ਪਾਣੀ ਦੇ ਸਰੋਤਾਂ ਤੋਂ ਦੂਰ ਰਹਿਣਾ, ਵੱਖਰੇ ਭਾਂਡਿਆਂ ਵਿਚ ਰੋਟੀ ਖਾਣੀ, ਆਦਿ | ਆਰੰਭ ਤੋਂ ਹੀ ਇਹ ਵੇਖਣ ਨੂੰ ਮਿਲਿਆ ਕਿ ਈਸਾਈ ਨੀਵੇਂ ਹਨ, ਕਮਜ਼ੋਰ ਹਨ ਤੇ ਹਿੰਦੂ ਉੱਚ ਤੇ ਤਾਕਤਵਰ ਹਨ | ਜੇ ਕਿਤੇ ਦੋਵਾਂ ਧਰਮਾਂ ਦੇ ਬੱਚੇ ਇਕ-ਦੂਸਰੇ ਨਾਲ ਰਿਸ਼ਤਾ ਜੋੜ ਲੈਂਦੇ ਹਨ ਤਾਂ ਉਨ੍ਹਾਂ ਦਾ ਮਾੜਾ ਹਸ਼ਰ ਹੁੰਦਾ ਸੀ | ਸਕੂਲ, ਕਾਲਜ, ਨੌਕਰੀ ਦੇ ਦੌਰਾਨ ਇਹੀ ਸੰਤਾਪ ਹੰਢਾਉਂਦੀ ਵੱਡੀ ਹੁੰਦੀ ਹੈ |
ਉਸ ਨੇ ਇਨ੍ਹਾਂ ਪੰਨਿਆਂ ਵਿਚ ਭਾਰਤ ਦੇ ਆਧੁਨਿਕ ਕਮਿਊਨਿਸਟ ਅੰਦੋਲਨ ਦੇ ਉਸ ਇਤਿਹਾਸ ਨੂੰ ਵੀ ਉਜਾਗਰ ਕੀਤਾ ਹੈ, ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਭਾਵ ਗ਼ਰੀਬੀ, ਲਿੰਗਕ ਨਾਬਰਾਬਰੀ, ਜਾਤੀ ਪ੍ਰਥਾ, ਸਿਆਸੀ ਭਿ੍ਸ਼ਟਾਚਾਰ ਜਿਹੇ ਵਿਸ਼ਿਆਂ ਨੂੰ ਸਹਿਜ ਭਾਵ ਨਾਲ ਪੇਸ਼ ਕੀਤਾ ਹੈ | ਇਹ ਹਿੰਸਾ ਤੇ ਦਮਨ ਵਿਰੁੱਧ ਇਕ ਜੱਦੋ-ਜਹਿਦ ਦਾ ਦਸਤਾਵੇਜ਼ ਹੈ |

—ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
c c c

ਸੰਸਕਾਰ ਤੇ ਆਖਿਰੀ ਝੌ ਾਪੜੀ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਆਰਸੀ ਪਬਲੀਕੇਸ਼ਨ, ਨਵੀ ਦਿੱਲੀ
ਮੁੱਲ 495 ਰੁਪਏ, ਸਫ਼ੇ : 362
ਸੰਪਰਕ : 98148-03254.

ਇਸ ਪੁਸਤਕ ਵਿਚ ਚਾਰ ਨਾਵਲ ਹਨ, ਜੋ ਕਿ ਵੱਖ-ਵੱਖ ਭਾਸ਼ਾਵਾਂ ਵਿਚ ਹਨ | ਪਹਿਲਾ ਨਾਵਲ ਸੰਸਕਾਰ ਹੈ, ਜੋ ਕਿ ਕੰਨੜ ਭਾਸ਼ਾ ਵਿਚ ਹੈ | ਇਸ ਨਾਵਲ ਦਾ ਅਨੁਵਾਦ ਤਰਸੇਮ ਵਲੋਂ ਹੋਇਆ ਹੈ ਤੇ ਲੇਖਕ ਯੂ .ਆਰ. ਅਨੰਤਮੂਰਤੀ ਹੈ |
ਸੰਸਕਾਰ ਨਾਵਲ ਜਿਸ ਵਿਚ ਪੰਡਤਾਂ ਬਾਰੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਹਨ ਆਪਣੇ ਸੰਸਕਾਰਾਂ ਵਿਚ ਰਹਿਣਾ ਚੰਗਾ ਸਮਝਦੇ ਹਨ | ਭਾਸ਼ਾ ਕਿਧਰੇ-ਕਿਧਰੇ ਗੁੰਝਲਦਾਰ ਹੋ ਜਾਂਦੀ ਹੈ | ਅਗਲਾ ਨਾਵਲ ਚਹਾਰ ਦਰ ਹੈ ਜੋ ਕਿ ਉਰਦੂ ਭਾਸ਼ਾ ਵਿਚ ਲਿਖਿਆ ਹੋਇਆ ਹੈ | ਇਸ ਨਾਵਲ ਦਾ ਅਨੁਵਾਦ ਡਾ: ਜਸਵਿੰਦਰ ਕੌਰ ਬਿੰਦਰਾ ਨੇ ਕੀਤਾ ਹੈ ਤੇ ਲੇਖਕ ਅਸਗਰ ਵਜਾਹਤ ਹਨ | ਇਸ ਨਾਵਲ ਦੀ ਮੁੱਖ ਪਾਤਰ ਸਾਇਮਾ ਹੈ, ਜੋ ਕਿ ਪੱਤਰਕਾਰ ਹੈ, ਜੋ ਲਾਹੌਰ ਤੋਂ ਅੰਮਿ੍ਤਸਰ ਕਿਸੇ ਪਾਕਿਸਤਾਨੀ ਸ਼ੇਰ ਅਲੀ ਦੀ ਹੋਈ ਮੌਤ ਬਾਰੇ ਛਾਣ-ਬੀਣ ਕਰਨ ਆਉਂਦੀ ਹੈ | ਇਹ ਨਾਵਲ ਪਾਕਿਸਤਾਨ ਤੇ ਹਿੰਦੁਸਤਾਨ ਦੇ ਆਪਸੀ ਪਿਆਰ, ਮੋਹ ਨੂੰ ਦਰਸਾਉਂਦਾ ਹੈ |
'ਕੁੱਚੀ ਦਾ ਕਾਨੂੰਨ' ਨਾਵਲ ਹਿੰਦੀ ਨਾਵਲ ਹੈ, ਇਸ ਨਾਵਲ ਦਾ ਲੇਖਕ ਸ਼ਿਵ ਮੂਰਤੀ ਹੈ | ਇਸ ਨਾਵਲ ਵਿਚ ਇਕ ਔਰਤ ਦੀ ਦਾਸਤਾਨ ਪੇਸ਼ ਕੀਤੀ ਗਈ ਹੈ | ਇਸ ਨਾਵਲ ਵਿਚ ਦਿਖਾਇਆ ਹੈ ਕਿ ਕਿਸ ਤਰ੍ਹਾਂ ਇਕ ਔਰਤ ਆਪਣੇ ਪਤੀ ਤੋਂ ਬਿਨਾਂ ਆਪਣਾ ਕਾਨੂੰਨ ਆਪ ਲੜਦੀ ਹੈ | ਉਹ ਚਾਹੁੰਦੀ ਹੈ ਕਿ ਅਜਿਹਾ ਕਾਨੂੰਨ ਬਣੇ ਵਿਸ ਵਿਚ ਬੱਚੇ ਦੇ ਜਨਮ 'ਤੇ ਔਰਤ ਦਾ ਨਾਂਅ ਚੱਲੇ ਤੇ ਉਸ 'ਤੇ ਮਾਂ ਦਾ ਅਧਿਕਾਰ ਹੋਵੇ | ਨਾਵਲ ਵਿਚਲੀ ਭਾਸ਼ਾ ਕਿਧਰੇ-ਕਿਧਰੇ ਗੁੰਝਲ ਹੋ ਜਾਂਦੀ ਹੈ |
ਪੁਸਤਕ ਵਿਚਲਾ ਅੰਤਲਾ ਨਾਵਲ ਆਖਿਰੀ ਝੌਾਪੜੀ ਹੈ | ਇਹ ਨਾਵਲ ਡਾ: ਕੇਸ਼ਵ ਨੇ ਲਿਖਿਆ ਹੈ | ਇਹ ਨਾਵਲ ਤੇਲਗੂ ਭਾਸ਼ਾ ਵਿਚ ਲਿਖਿਆ ਹੈ, ਇਸ ਦਾ ਅਨੁਵਾਦ ਡਾ: ਹਰਬੰਸ ਸਿੰਘ ਧੀਮਾਨ ਨੇ ਕੀਤਾ ਹੈ | ਇਹ ਨਾਵਲ ਯਾਨਾਦੀ ਜਾਤੀ ਨਾਲ ਸਬੰਧਿਤ ਹੈ | ਇਸ ਨਾਵਲ ਵਿਚ ਦਿਖਾਇਆ ਹੈ ਕਿ ਯਨਾਦੀ ਲੋਕ ਆਪਣਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰਦੇ ਹਨ | ਇਸ ਤਰ੍ਹਾਂ ਇਹ ਨਾਵਲ ਯਨਾਦੀ ਜਾਤੀ ਦੀ ਤਿ੍ਸਕਾਰੀ ਦਾ ਵਰਨਣ ਕਰਦਾ ਹੈ | ਸੋ, ਪੁਸਤਕ ਵਿਚਲੇ ਸਾਰੇ ਹੀ ਨਾਵਲ ਪੜ੍ਹਨਯੋਗ ਹਨ | ਨਾਵਲ ਵਿਚ ਘਟਨਾਵਾਂ ਨੂੰ ਠੀਕ ਤਰ੍ਹਾਂ ਨਾਲ ਪਰੋਇਆ ਗਿਆ ਹੈ | ਨਾਵਲਾਂ ਨੂੰ ਸੰਪਾਦਿਤ ਕਰਕੇ ਸੰਪਾਦਕ ਵਧਾਈ ਦਾ ਹੱਕਦਾਰ ਹੈ |

—ਇੰਦਰਪ੍ਰੀਤ ਕੌਰ
c c c 

09-11-2019

 ਮੇਰੀਆਂ ਗੱਲਾਂ
ਲੇਖਕ : ਹਰਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 98150-37279.

ਹਥਲੀ ਪੁਸਤਕ ਵਿਚ ਹਰਦੇਵ ਸਿੰਘ ਧਾਲੀਵਾਲ ਦੇ ਜੀਵਨ ਵੇਰਵੇ ਦਰਜ ਹਨ, ਜੋ ਸਮੇਂ-ਸਮੇਂ ਅਖ਼ਬਾਰਾਂ ਵਿਚ ਵੀ ਛਪ ਚੁੱਕੇ ਹਨ। ਉਨ੍ਹਾਂ ਨੇ ਆਪਣਾ ਮੁਢਲਾ ਜੀਵਨ 1940 ਤੋਂ ਆਰੰਭ ਕਰਕੇ ਲਗਪਗ ਸਾਲ 2000 ਤੱਕ ਦੇ ਵੇਰਵਿਆਂ ਨੂੰ ਸਮੋਇਆ ਹੈ।
ਜਨਮ ਤੇ ਪੜ੍ਹਾਈ ਤੋਂ ਬਾਅਦ ਫ਼ੌਜ ਦੀ ਨੌਕਰੀ ਤੇ ਇਸ ਦੌਰਾਨ ਪਏ ਪ੍ਰਭਾਵਾਂ ਨੂੰ ਮੁੱਢ ਵਿਚ ਪੇਸ਼ ਕਰਦੇ ਹੋਏ ਦੱਸਿਆ ਹੈ ਕਿ ਕਿਵੇਂ ਅੰਮ੍ਰਿਤਸਰ ਛੱਡ ਕੇ ਸ਼ੇਰੋਂ ਤੋਂ ਸੁਨਾਮ ਪਹੁੰਚੇ, ਕਾਲਜ ਦੀ ਪੜ੍ਹਾਈ ਤੋਂ ਬਾਅਦ ਦਾ ਸਮਾਂ ਕਿਵੇਂ ਬਿਤਾਇਆ, ਫਿਰ ਸਿਆਸੀ ਆਦਮੀਆਂ ਨਾਲ ਜਾਣ-ਪਛਾਣ ਹੋਣੀ ਕਿਉਂਕਿ ਪਿਛੋਕੜ ਸਿਆਸੀ ਸੀ, ਗਿਆਨੀ ਕਰਤਾਰ ਸਿੰਘ ਜੀ ਨੂੰ ਮਿਲਣਾ ਤੇ ਦਿੱਲੀ ਜਾ ਕੇ ਫ਼ੌਜ ਵਿਚ ਭਰਤੀ ਲਈ ਯਤਨ ਕਰਨੇ ਅਤੇ ਸਹਾਇਕ ਥਾਣੇਦਾਰ ਬਣ ਕੇ ਪਹਿਲਾ ਉਮਰ ਦਾ ਪੜਾਅ ਪਾਰ ਕੀਤਾ। ਆਪਣੀ ਪਹਿਲੀ ਡਿਊਟੀ ਫਿਰੋਜ਼ਪੁਰ ਜਾਇਨ ਕਰਨੀ ਤੇ ਉਸੇ ਸਮੇਂ ਮਾਤਾ ਦਾ ਦਿਹਾਂਤ ਹੋਣਾ, ਜ਼ਿਲ੍ਹਾ ਬਠਿੰਡਾ ਵਿਖੇ ਡਿਊਟੀ ਤੇ ਉਥੋਂ ਦੇ ਹਾਲਾਤ, ਥਾਣਾ ਮਾਨਸਾ ਦੀਆਂ ਯਾਦਾਂ ਤੇ ਫਿਰ ਜੇਜੀ ਸਾਹਿਬ ਵਲੋਂ ਮੁੱਖ ਅਫ਼ਸਰ ਲਾਇਆ ਜਾਣਾ, ਥਾਣਾ ਲੋਹਾ ਵਿਖੇ ਹਾਜ਼ਰੀ ਆਦਿ ਬਾਰੇ ਵਿਸਥਾਰ ਨਾਲ ਵਿਖਿਆ ਹੈ। ਉਸ ਸਮੇਂ ਅਕਾਲੀ ਸਿਆਸਤ ਦਾ ਪੂਰਾ-ਪੂਰਾ ਦਬਦਬਾ ਸੀ ਤੇ ਥਾਣਿਆਂ ਵਿਚ ਪੂਰੀ ਦਖ਼ਲਅੰਦਾਜ਼ੀ ਸੀ।
ਲੇਖਕ ਨੂੰ ਵੀ ਇਸ ਸਿਆਸਤ ਦਾ ਸ਼ਿਕਾਰ ਹੋਣਾ ਪਿਆ। ਪੁਲਿਸ ਐਜੀਟੇਸ਼ਨ ਦੇ ਹਾਲਾਤ ਤੇ ਪੁਲਿਸ ਪ੍ਰਬੰਧਾਂ ਵਿਚ ਸਿਆਸੀ ਦਖ਼ਲਅੰਦਾਜ਼ੀ, ਮਾਨਸਾ ਇਲਾਕੇ ਵਿਚ ਖਾੜਕੂਆਂ ਦੀਆਂ ਸਰਗਰਮੀਆਂ ਵਧ ਜਾਣੀਆਂ, ਬਤੌਰ ਡੀ.ਐਸ.ਪੀ. ਤਰੱਕੀ ਮਿਲਣੀ ਤੇ ਖਾੜਕੂਆਂ ਨਾਲ ਵਾਸਤਾ ਆਦਿ ਦਾ ਵਰਨਣ ਕਰਦੇ ਹੋਏ। ਉਪਰੰਤ ਜੰਮੂ-ਕਸ਼ਮੀਰ ਦੀ ਚੋਣ ਤੇ ਸਿਆਸੀ ਸਰਗਰਮੀਆਂ, ਪੁਲਿਸ ਵਿਚ ਚੰਗਾ ਮਾੜਾ ਨਹੀਂ ਦੇਖਿਆ ਜਾਂਦਾ, ਬਾਰੇ ਵੀ ਖੁੱਲ੍ਹ ਕੇ ਲਿਖਿਆ ਹੈ। ਫਿਰ ਬਰਨਾਲੇ ਦਾ ਐਸ.ਐਸ.ਪੀ. ਲੱਗਣਾ ਤੇ ਟੌਹੜਾ ਸਾਹਿਬ ਨਾਲ ਹੋਈਆਂ ਮੁਲਾਕਾਤਾਂ ਤੇ ਅੰਤ ਵਿਚ 2000 ਤੋਂ ਬਾਅਦ ਦੀ ਸਿਆਸੀ ਹਾਲਤ ਬਾਰੇ ਵੀ ਵਰਨਣ ਕੀਤਾ ਹੈ।
ਲੇਖਕ ਨੇ ਬਿਨਾਂ ਕਿਸੇ ਲੁਕ-ਲੁਕਾ ਤੋਂ ਆਪਣੇ ਸਮੇਂ ਦੀ ਸਿਆਸਤ ਤੇ ਬਾਅਦ ਦੇ ਹਾਲਾਤ ਨੂੰ ਬਹੁਤ ਹੀ ਵੇਰਵੇ ਸਹਿਤ ਪਰ ਸਰਲ ਭਾਸ਼ਾ ਵਿਚ ਬਿਆਨਿਆ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਚੌਰੀ ਚੌਰਾ
(ਵਿਦਰੋਹ ਅਤੇ ਆਜ਼ਾਦੀ ਅੰਦੋਲਨ)

ਲੇਖਕ : ਸੁਭਾਸ਼ ਚੰਦਰ ਕੁਸ਼ਵਾਹਾ
ਅਨੁਵਾਦਕ : ਬਲਬੀਰ ਚੰਦ ਲੌਂਗੋਵਾਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 350
ਸੰਪਰਕ : 172-5027427.

ਚੌਰੀ ਚੌਰਾ ਦਾ ਵਿਦਰੋਹ, ਭਾਰਤ ਦੇ ਆਜ਼ਾਦੀ ਸੰਗਰਾਮ ਦੀ ਉਹ ਨਾ ਭੁੱਲਣਯੋਗ ਘਟਨਾ ਹੈ, ਜਿਸ ਨੇ ਸੱਤਿਆਗ੍ਰਹਿ ਅੰਦੋਲਨ ਦੇ ਦੂਸਰੇ ਪੜਾਅ ਵਿਚ ਕਿਸਾਨ ਵਿਦਰੋਹ ਦੇ ਕ੍ਰਾਂਤੀਕਾਰੀ ਪੱਖ ਨੂੰ ਉਭਾਰਿਆ ਹੈ। ਚੌਰੀ ਚੌਰਾ ਪਿੰਡ, ਗੋਰਖਪੁਰ ਤੋਂ 25 ਕਿਲੋਮੀਟਰ ਦੂਰ ਸਥਿਤ ਹੈ। ਇਹ ਇਲਾਕਾ ਗੰਨੇ ਦੀ ਖੇਤੀ ਲਈ ਪ੍ਰਸਿੱਧ ਰਿਹਾ ਹੈ। ਭਾਰਤ ਦੀ ਪਹਿਲੀ ਖੰਡ ਮਿਲ ਚੌਰੀ ਚੌਰਾ ਦੇ ਕਰੀਬ 'ਸਰੈਂਯਾ' ਵਿਚ ਸਥਾਪਿਤ ਹੋਈ ਸੀ। 20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਭਾਰਤ ਅੰਦਰ ਜਾਗੀਰਦਾਰੀ ਪ੍ਰਬੰਧ ਚੱਲ ਰਿਹਾ ਸੀ। ਵਾਹੀਯੋਗ ਸਾਰੀ ਜ਼ਮੀਨ ਇਨ੍ਹਾਂ ਜਾਗੀਰਦਾਰਾਂ ਦੀ ਮਲਕੀਅਤ ਹੁੰਦੀ ਸੀ ਅਤੇ ਕਿਸਾਨ ਲੋਕ ਇਨ੍ਹਾਂ ਦੇ ਮੁਜ਼ਾਰੇ ਹੁੰਦੇ ਸਨ। ਇਕ ਤਾਂ ਅੰਗਰੇਜ਼ ਬਸਤੀਵਾਦੀਆਂ ਦੇ ਜ਼ੁਲਮ ਅਤੇ ਦੂਸਰਾ ਜਾਗੀਰਦਾਰਾਂ ਦੀ ਲੁੱਟ-ਖਸੁੱਟ। ਸਿੱਟਾ ਇਹ ਕਿ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਸੀ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਦੇ ਅਜੇਤੂ ਹੋਣ ਦੀ ਮਿੱਥ ਟੁੱਟਦੀ ਵੇਖ ਕੇ ਭਾਰਤ ਦੇ ਆਮ ਲੋਕਾਂ ਵਿਚ ਵਿਦਰੋਹ ਦੀ ਚੰਗਿਆੜੀ ਭੜਕ ਪਈ ਸੀ। ਉਹ ਆਪਣੀ ਮੁਕਤੀ ਦੇ ਸੁਪਨੇ ਸੰਜੋਣ ਲੱਗ ਪਏ ਸਨ। 4 ਫਰਵਰੀ, 1922 ਦਾ 'ਚੌਰੀ ਚੌਰਾ ਦਾ ਕਿਸਾਨ ਵਿਦਰੋਹ' ਉਸੇ ਮੁਕਤੀ ਦੀ ਉਮੰਗ ਦਾ ਨਤੀਜਾ ਸੀ। ਇਸ ਵਿਦਰੋਹ ਸਮੇਂ ਗ਼ਰੀਬ ਅਤੇ ਨਿਹੱਥੇ ਕਿਸਾਨਾਂ ਨੇ ਇਕੱਠੇ ਹੋ ਕੇ ਚੌਰੀ ਚੌਰਾ ਦੇ ਥਾਣੇ ਨੂੰ ਘੇਰ ਕੇ ਅੱਗ ਲਾ ਦਿੱਤੀ ਸੀ। ਇਸ ਵਿਚ 23-24 ਸਿਪਾਹੀ ਅੱਗ ਵਿਚ ਸੜ ਕੇ ਮਰ ਗਏ ਸਨ, ਜਿਸ ਦੇ ਸਿੱਟੇ ਵਜੋਂ 9 ਜਨਵਰੀ, 1923 ਨੂੰ 172 ਕਿਸਾਨਾਂ ਨੂੰ ਫਾਂਸੀ ਉੱਪਰ ਲਟਕਾਏ ਜਾਣ ਦਾ ਹੁਕਮ ਸੁਣਾਇਆ ਗਿਆ ਸੀ।
ਸੁਭਾਸ਼ ਚੰਦਰ ਕੁਸ਼ਵਾਹਾ ਨੇ ਇਹ ਪੁਸਤਕ ਭਾਰਤ ਦੇ ਪ੍ਰਸਿੱਧ ਜਨਵਾਦੀ ਚਿੰਤਕ ਸ੍ਰੀ ਮੈਨੇਜਰ ਪਾਂਡੇ ਦੇ ਕਹਿਣ ਉੱਪਰ ਤਿਆਰ ਕੀਤੀ ਹੈ। ਇਸ ਪੁਸਤਕ ਲਈ ਕੱਚਾ ਮਸਾਲਾ ਲੱਭਣ ਵਾਸਤੇ ਉਸ ਨੇ ਹਾਈ ਕੋਰਟ ਦੇ ਫ਼ੈਸਲੇ ਦੀਆਂ ਕਾਪੀਆਂ, ਅਰਕਾਈਵਜ਼ ਅਤੇ ਬ੍ਰਿਟਿਸ਼ ਲਾਇਬਰੇਰੀ ਵਿਚ ਪਏ ਦੁਰਲੱਭ ਦਸਤਾਵੇਜ਼ਾਂ ਤੱਕ ਰਸਾਈ ਕੀਤੀ। ਇਸ ਪੁਸਤਕ ਦਾ ਅਨੁਵਾਦ ਬਲਬੀਰ ਚੰਦ ਲੌਂਗੋਵਾਲ, ਪ੍ਰਧਾਨ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ (ਸੰਗਰੂਰ) ਨੇ ਕੀਤਾ ਹੈ। ਭਾਰਤੀ ਸੁਤੰਤਰਤਾ ਦਾ ਇਤਿਹਾਸ ਲਿਖਣ ਵਾਲੇ ਮੁੱਠੀ ਭਰ ਪ੍ਰਮਾਣਿਕ ਲੇਖਕਾਂ ਵਿਚ ਉਸ ਦੀ ਯਾਦਗਾਰੀ ਭੂਮਿਕਾ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਬਲਦੀ ਰੁੱਤ
ਲੇਖਕ : ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98147-87506.

ਇਹ ਪੁਸਤਕ ਨਾਵਲ ਹੈ। ਨਾਵਲ ਦੇ ਉਨੱਤੀ ਕਾਂਡ ਹਨ। ਪਹਿਲੇ ਕੁਝ ਪੰਨਿਆਂ 'ਤੇ ਲੇਖਕ ਨੂੰ ਨਾਵਲ ਲਿਖਣ ਲਈ ਪ੍ਰੇਰਿਤ ਕਰਨ ਵਾਲੀ ਮੁੱਖ ਪਾਤਰ ਨਾਲ ਦਿਲਚਸਪ ਸੰਵਾਦ ਹੈ। ਨਾਵਲ ਦੀ ਇਹ ਔਰਤ ਪਾਤਰ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕਰਦੀ ਹੈ। ਸ਼ਰਨਜੀਤ ਨਾਂਅ ਦੀ ਇਹ ਪਾਤਰ ਚਾਰ ਭੈਣਾਂ ਹਨ। ਪਹਿਲਾਂ ਦੋ ਭੈਣਾਂ ਗ਼ਰੀਬ ਘਰਾਂ ਵਿਚ ਵਿਆਹੀਆਂ ਹਨ। ਕਿਰਤੀ ਬਾਪ ਚਾਹੁੰਦਾ ਹੈ ਕਿ ਛੋਟੀ ਕੁੜੀ ਦਾ ਵਿਆਹ ਕਿਸੇ ਅਮੀਰ ਘਰ ਹੋਵੇ। ਇਸ ਲਈ ਉਹ ਜ਼ਮੀਨਾਂ ਵਾਲੇ ਦੁਹਾਜੂ ਵਰ ਨਾਲ ਰਿਸ਼ਤਾ ਕਰਦਾ ਹੈ। ਉਸ ਦੀ ਪਹਿਲੀ ਪਤਨੀ ਬਿਮਾਰ ਹੈ। ਲਗਦਾ ਸੀ ਕਿ ਉਹ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਉਸ ਦੀਆਂ ਦੋ ਕੁੜੀਆਂ ਸੀ ਜੋ ਮਰ ਚੁੱਕੀਆਂ ਸੀ। ਜ਼ਮੀਨ ਲਈ ਵਾਰਿਸ ਦੀ ਲੋੜ ਖ਼ਾਤਰ ਦੂਸਰਾ ਵਿਆਹ ਕਰਾਉਂਦਾ ਹੈ। ਕੁਝ ਸਮੇਂ ਪਿੱਛੋਂ ਪਹਿਲੀ ਪਤਨੀ (ਅਮਰੋ) ਸਿਹਤਮੰਦ ਹੋ ਜਾਂਦੀ ਹੈ। ਸਮੇਂ ਨਾਲ ਦੂਸਰੀ ਪਤਨੀ ਦੋ ਧੀਆਂ ਦੀ ਮਾਂ ਬਣ ਜਾਂਦੀ ਹੈ। ਪੁੱਤਰ ਨਾ ਹੋਣ ਕਰ ਕੇ ਉਸ ਦਾ ਘਰ ਵਿਚ ਵਸੇਬਾ ਔਖਾ ਹੋ ਜਾਂਦਾ ਹੈ। ਨਾਵਲ ਵਿਚ ਦੋਵਾਂ ਔਰਤਾਂ ਵਿਚਕਾਰ ਕਲੇਸ਼, ਪਤੀ ਸਮੇਤ ਸਾਰਿਆਂ ਵਿਚ ਬਣਿਆ ਨਫ਼ਰਤ ਦਾ ਮਾਹੌਲ, ਤੂਫ਼ਾਨੀ ਹਾਲਤ ਵਿਚ ਪਹੁੰਚ ਜਾਂਦਾ ਹੈ। ਸਹੁਰਾ ਜਾਇਦਾਦ ਦੀ ਵੰਡ ਕਰ ਕੇ ਦੋਵਾਂ ਨੂੰਹਾਂ ਵਿਚ ਪਿਆ ਕਲੇਸ਼ ਦੂਰ ਕਰਨ ਦਾ ਯਤਨ ਕਰਦਾ ਹੈ। ਪਹਿਲੀ ਪਤਨੀ ਨੂੰ ਨਾਲ ਲੈ ਕੇ ਉਹ ਵੱਖਰਾ ਹੋ ਜਾਂਦਾ ਹੈ। ਸ਼ਰਨਜੀਤ ਦੋਵਾਂ ਧੀਆਂ ਨਾਲ ਇਕੱਲੀ ਰਹਿਣ ਲਗਦੀ ਹੈ। ਉਹ ਪਤੀ ਦੇ ਹੁੰਦੇ ਵਿਧਵਾ ਵਾਲੀ ਮਾਨਸਿਕਤਾ ਵਿਚੋਂ ਲੰਘਦੀ ਹੈ। ਪੈਸੇ ਤੋਂ ਮੁਥਾਜ ਹੈ। ਖੇਤਾਂ ਵਿਚ ਕੰਮ ਕਰਦੀ ਹੈ। ਦੋਧੀ ਤੋਂ ਦੁੱਧ ਲਵਾ ਲੈਂਦੀ ਹੈ। ਗੁਆਂਢਣ ਨਾਲ ਦੁੱਖ-ਸੁੱਖ ਕਰਦੀ ਹੈ। ਤੇ ਧੀਆਂ ਦੀ ਖ਼ਾਤਰ ਦੋਧੀ ਨਾਲ ਰਹਿਣ ਲਗਦੀ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160
ਫ ਫ ਫ

ਖੁਸ਼ਹਾਲ ਜੀਵਨ ਦੇ ਮੰਤਰ
ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 78377-18723.

ਖੁਸ਼ਹਾਲ ਜੀਵਨ ਦੇ ਮੰਤਰ ਕਿਤਾਬ ਮੂਲ ਰੂਪ ਵਿਚ ਸ਼ਾਇਦ ਹਿੰਦੀ ਵਿਚ ਲਿਖੀ ਕਿਤਾਬ ਹੈ ਜਿਸ ਦਾ ਕੋਈ ਅਤਾ ਪਤਾ ਨਹੀਂ। ਇਸ ਨੂੰ ਪੰਜਾਬੀ ਰੂਪ ਦੇਣ ਵਾਲੇ ਪੰਜਾਬੀ ਅਨੁਵਾਦਕਾ ਹਰਵਿੰਦਰ ਕੌਰ ਤੇ ਰਾਮ ਸਰੂਪ ਸ਼ਰਮਾ ਦਾ ਨਾਂਅ ਵੀ ਕੇਵਲ ਪ੍ਰਿੰਟ ਲਾਈਨ ਵਾਲੇ ਪੰਨੇ ਉੱਤੇ ਨਿੱਕਾ ਜਿਹਾ ਲਿਖਿਆ ਮਿਲਦਾ ਹੈ। ਹਾਲਾਂ ਕਿ ਮਿਹਨਤ ਇਨ੍ਹਾਂ ਦੀ ਹੈ ਜੋ ਮੂਲ ਲਿਖਤ ਸਾਡੇ ਤੱਕ ਪਹੁੰਚਾ ਰਹੇ ਹਨ। ਪ੍ਰਕਾਸ਼ਕ ਨੂੰ ਉਨ੍ਹਾਂ ਦਾ ਨਾਂਅ ਪ੍ਰਮੁੱਖਤਾ ਨਾਲ ਟਾਈਟਲ ਪੰਨਿਆਂ ਉੱਤੇ ਦੇਣਾ ਚਾਹੀਦਾ ਹੈ। ਮੂਲ ਲੇਖਕ ਸਾਬਕਾ ਆਈ.ਏ.ਐਸ. ਅਫ਼ਸਰ ਵਿਜੈ ਅਗਰਵਾਲ ਹੈ ਜਿਸ ਨੇ 1983 ਵਿਚ ਇਹ ਪ੍ਰੀਖਿਆ ਪਾਸ ਕਰਕੇ ਭਾਂਤ-ਭਾਤ ਦੇ ਉੱਚੇ ਅਹੁਦਿਆਂ 'ਤੇ ਕੰਮ ਕਰਦੇ-ਕਰਦੇ ਅਖੀਰ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੇ ਨਿੱਜੀ ਸਕੱਤਰ ਤੱਕ ਦੀ ਜ਼ਿੰਮੇਵਾਰੀ ਨਿਭਾਈ।
ਵਿਚਾਰ ਅਧੀਨ ਕਿਤਾਬ ਵਿਚ ਦੋ-ਦੋ ਪੰਨੇ ਦੇ 85 ਲਘੂ ਨਿਬੰਧ ਹਨ। ਹਰ ਨਿਬੰਧ ਕਿਸੇ ਇਕ ਵਿਚਾਰ ਬਿੰਦੂ ਜਾਂ ਨਿੱਕੇ ਜਿਹੇ ਬਿਰਤਾਂਤ ਨੂੰ ਲੈ ਕੇ ਸਿਰਜਿਆ ਗਿਆ ਹੈ। ਲਗਪਗ ਹਰ ਨਿਬੰਧ ਦੇ ਅੰਤ ਵਿਚ ਕੋਈ ਪ੍ਰੇਰਕ ਟੂਕ ਇਸ ਸਮੱਗਰੀ ਨੂੰ ਵਿਚਾਰ ਉਤੇਜਕ ਬਣਾਉਂਦੀ ਹੈ। ਹਰ ਨਿਬੰਧ ਸਫਲਤਾ ਦੇ ਮੰਤਰ ਵਾਂਗ ਕੋਈ ਟੂਕ/ਸੂਤਰ ਸਫਲਤਾ ਦੇ ਮੰਤਰ ਵਾਂਗ ਸਾਹਮਣੇ ਰੱਖਦਾ ਹੈ। ਉਦਾਹਰਨ ਲਈ ਵਿਅਰਥ ਬੋਝ ਨਾ ਲੱਦੋ, ਜ਼ਿੰਦਗੀ ਦੀ ਕਿਤਾਬ ਤੋਂ ਸਿੱਖੋ, ਤੋੜੋ ਆਪਣੀਆਂ ਸੀਮਾਵਾਂ ਨੂੰ, ਸ਼ਿਕਾਇਤਾਂ 'ਤੇ ਧਿਆਨ ਨਾ ਦਿਓ, ਸਹੀ ਗੱਲ ਸਹੀ ਢੰਗ ਨਾਲ ਕਹਿਣੀ ਸਿੱਖੋ, ਕੰਮ ਦੇ ਮਹੱਤਵ ਨੂੰ ਪਛਾਣੋ, ਸਾਹਮਣੇ ਵਾਲੇ ਨੂੰ ਜਾਣ ਕੇ ਗੱਲ ਕਰੋ, ਜਿਥੇ ਚਾਹ ਉਥੇ ਰਾਹ। ਸਪੱਸ਼ਟ ਹੈ ਕਿ ਲੇਖਕ ਦੀ ਪਹੁੰਚ ਸਿੱਧੀ ਤੇ ਵਿਹਾਰਕ ਹੈ। ਬੇਚੈਨੀ, ਵਧ ਰਹੀ ਮੁਕਾਬਲੇਬਾਜ਼ੀ, ਘਟ ਰਹੇ ਅਵਸਰ, ਭ੍ਰਿਸ਼ਟ ਸਿਆਸਤ, ਸੰਕੀਰਨ ਸੰਪਰਦਾਇਕ ਮਾਹੌਲ, ਆਦਰਸ਼ਾਂ ਦਾ ਨਿਘਾਰ, ਇਸ ਮਾਹੌਲ ਨਾਲ ਟਕਰਾਉਣ ਲਈ ਕੁਝ ਹੌਸਲਾ ਤੇ ਸਮਰੱਥਾ ਇਹ ਕਿਤਾਬ ਦੇਵੇਗੀ ਹੀ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਤੇਰੇ ਅੱਖਰ ਤੇਰੇ ਨਾਂ
ਕਵੀ : ਬਲਵੰਤ ਸਿੰਘ ਮੁਸਾਫਿਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ 140
ਸੰਪਰਕ : 94174-15404.

ਇਸ ਕਾਵਿ-ਸੰਗ੍ਰਹਿ ਵਿਚ ਕਵੀ ਨੇ ਕੁੱਲ 111 ਕਵਿਤਾਵਾਂ-ਨਜ਼ਮਾਂ ਦਰਜ ਕੀਤੀਆਂ ਹਨ। ਹਰੇਕ ਕਵਿਤਾ ਇਕ ਵੱਖਰਾ ਅਨੁਭਵ, ਵੱਖਰਾ ਖਿਆਲ, ਵੱਖਰਾ ਤਜਰਬਾ ਪੇਸ਼ ਕਰਦੀ ਹੈ, ਜੋ ਕਿ ਕਵੀ ਦੀ ਜ਼ਿੰਦਗੀ ਦੀ ਤਪਸ਼, ਗ਼ਮ-ਖੁਸ਼ੀਆਂ, ਹਾਸੇ-ਖੇੜੇ, ਸੋਚ ਦੀ ਗਹਿਰਾਈ, ਪਰਮਾਤਮਾ ਦੀ ਹੋਂਦ ਦੇ ਅਹਿਸਾਸ ਦੇ ਝਲਕਾਰੇ ਹਨ, ਹੁਲਾਰੇ ਹਨ। ਇਨ੍ਹਾਂ ਰਚਨਾਵਾਂ 'ਚ ਕਵੀ ਦੀ ਕਾਵਿ-ਉਡਾਰੀ, ਖਿਆਲਾਂ ਦੀ ਉਚਾਈ ਕਲਮਬੰਦ ਹੈ। ਨਿਵੇਕਲੇ ਕਾਵਿ-ਗੁਣ ਉਸ ਦੀਆਂ ਕਵਿਤਾਵਾਂ ਨੂੰ ਵਿਲੱਖਣ ਬਖਸ਼ਦੇ ਹਨ। ਜਿਥੋਂ ਤੱਕ ਕਾਵਿ ਤਕਨੀਕ ਦੀ ਹੋਂਦ ਦਾ ਸਵਾਲ ਹੈ, ਉਹ ਪਾਠਕ ਮਨ ਨੂੰ ਕੀਲਣ ਦੇ ਯੋਗ ਹੈ। ਸੰਗੀਤਕਤਾ ਉਸ ਦੀਆਂ ਕਾਵਿ-ਰਚਨਾਵਾਂ ਦਾ ਉੱਭਰਵਾਂ ਤੱਤ ਹੈ। ਉਸ ਦੀਆਂ ਰਚਨਾਵਾਂ 'ਚ ਪਰਮਾਮਤਾ ਦੀ ਯਾਦ ਦਾ ਰੂਹਾਨੀ ਰਸ ਆਤਮਕ ਅਨੰਦ ਦਿੰਦਾ ਹੈ। ਉਸ ਦੀਆਂ ਮਨਮੋਹਕ ਰਚਨਾਵਾਂ 'ਤੇਰੇ ਅੱਖਰ ਤੇਰੇ ਨਾਂ', ਜਦ ਅੱਖਾਂ ਮੀਟਾਂ, ਅੱਖਾਂ ਵੇਖ ਨਾ ਥੱਕੀਆਂ, ਗਿਆਨ ਨਹੀਂ, ਜੁਗਤੀ, ਬੁੱਲ੍ਹੇ ਪੁੱਛਿਆ, ਜੀਵਨ ਜੋਤ, ਸ਼ਬਦ ਬੂੰਦ ਅੱਖਾਂ ਮੀਟ ਕੇ ਅੰਦਰ ਝਾਕ ਜ਼ਰਾ, ਦਿਲਬਰ ਸਾਡਾ ਪੱਥਰ ਦਾ ਮੈਂ ਕੌਣ, ਕਰਮਾਂ ਦੀ ਖੇਡ, ਕਿਤੋਂ ਦੀ ਇੱਟ, ਦਾਤੇ ਦੇ ਰੰਗ, ਕੱਵਾਲੀ, ਮੈਖਾਨੇ 'ਚ ਆਜਾ, ਵੰਡ ਦਿੱਤਾ ਸੀ ਮੋਦੀਖਾਨਾ, ਕਿਉਂ ਲੜਦੇ ਲੋਕ, ਬੁੱਕਲ, ਭੇਖਧਾਰੀ, ਕਣ-ਕਣ ਵਿਚ ਭਗਵਾਨ ਆਦਿ ਉਸ ਦੀ ਕਾਵਿ-ਕਲਾ ਨੂੰ ਬਾਖੂਬੀ ਬਿਆਨਦੀਆਂ ਹਨ। ਕਵੀ ਦੀ ਇਸ ਕਾਵਿ-ਪੁਸਤਕ ਬਾਰੇ ਗੀਤਕਾਰ ਰਣਜੋਧ ਸਿੰਘ ਰਾਣਾ ਲਿਖਦੇ ਹਨ ਕਿ 'ਇਸ ਵਿਚਲੀਆਂ ਰਚਨਾਵਾਂ ਪੜ੍ਹ ਕੇ ਅਹਿਸਾਸ ਹੁੰਦਾ ਕਿ ਕਵੀ ਨੇ ਡੂੰਘੇ ਅਧਿਆਤਮਵਾਦ, ਰੂਹਾਨੀਅਤ, ਰਹੱਸਵਾਦ ਪਰਮਾਤਮਾ ਦੀ ਸਰਬਸ੍ਰੇਸ਼ਟਤਾ ਅਤੇ ਸਰਬਸ਼ਕਤੀਮਾਨਤਾ ਨੂੰ ਧੁਰ ਆਤਮਾ ਤੋਂ ਬਿਆਨ ਕੀਤਾ ਹੈ।'

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਠੰਢੀ ਰਾਖ਼
ਕਹਾਣੀਕਾਰ : ਰਾਜਿੰਦਰ ਸਿੰਘ ਢੱਡਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 82849-16049.

ਠੰਢੀ ਰਾਖ਼ ਰਾਜਿੰਦਰ ਸਿੰਘ ਢੱਡਾ ਦਾ ਦੂਸਰਾ ਕਹਾਣੀ-ਸੰਗ੍ਰਹਿ ਹੈ। ਮੂਲ ਰੂਪ ਵਿਚ ਕਹਾਣੀਆਂ ਦੇ ਵਿਸ਼ੇ ਸਾਡੇ ਆਲੇ-ਦੁਆਲੇ ਵਾਪਰ ਰਹੇ ਵਰਤਾਰਿਆਂ ਦੀ ਪ੍ਰਸਤੁਤੀ ਕਰਦੇ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਠੰਡੀ ਰਾਖ਼, ਸਾਡੇ ਮਰਦ-ਪ੍ਰਧਾਨ ਸਮਾਜ ਵਿਚ ਨਾਰੀ ਜਾਤੀ ਦੀ ਸਥਿਤੀ ਅਤੇ ਉਸ ਨੂੰ ਦਰਪੇਸ਼ ਸਮੱਸਿਆਵਾਂ, ਨਸ਼ਿਆਂ ਦੀ ਮਾਰ, ਹੀਣੀ ਮਾਨਵੀ-ਸੋਚ ਅਤੇ ਭ੍ਰਿਸ਼ਟ ਨਿਆਂ ਪ੍ਰਬੰਧ ਨੂੰ ਪੇਸ਼ ਕਰਦੀ ਹੈ।
ਕਹਾਣੀ ਵਿਚ ਸਮੁੱਚੇ ਰੂਪ ਵਿਚ ਧੀਆਂ ਦੀ ਹੋਣੀ ਅਤੇ ਦਰਦ ਨੂੰ ਬਿਆਨ ਕਰਦੀ ਹੈ। ਕਹਾਣੀ ਦਲਦਲ ਰਾਹੀਂ, ਬਦਲਦੇ ਹੋਏ ਸਮੇਂ ਵਿਚ ਮਹੱਤਵਹੀਣ ਹੋ ਰਹੇ ਰਿਸ਼ਤਿਆਂ ਅਤੇ ਸਮਾਜ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਪ੍ਰਸਤੁਤ ਕਰਨ ਦੇ ਨਾਲ-ਨਾਲ, ਨਸ਼ਿਆਂ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕ-ਲਹਿਰ ਖੜ੍ਹੀ ਕਰਨ ਦਾ ਹੱਲ ਵੀ ਸੁਝਾਉਂਦੀ ਹੈ।
ਕਹਾਣੀ ਨਿਰਭਯਾ ਮਾਨਵਵਾਦੀ ਕਦਰਾਂ ਦਾ ਪ੍ਰਗਟਾਵਾ ਕਰਦੀ ਹੈ। ਢਊਆ ਕਹਾਣੀ ਦੀ ਬਿਰਤਾਂਤਕਾਰੀ ਰਾਹੀਂ ਕਈ ਵਿਸ਼ਿਆਂ ਜਿਵੇਂ ਕਿ ਸਮਾਜ ਵਿਚ ਹੋ ਰਹੀ ਨਵੀਂ ਸੋਚ ਦਾ ਪ੍ਰਵਾਹ, ਪਿੰਡਾਂ ਦੀਆਂ ਪੰਚਾਇਤੀ ਚੋਣਾਂ ਅਤੇ ਵਿਆਹ-ਸ਼ਾਦੀਆਂ ਵਿਚ ਹੋਣ ਵਾਲਾ ਬੇਲੋੜਾ ਖਰਚ ਆਦਿ ਦੀ ਥਾਂ ਵਿਖਾਵਾ-ਰਹਿਤ ਅਤੇ ਕਦਰਾਂ-ਕੀਮਤਾਂ ਯੁਕਤ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਗਿਆ ਹੈ।
ਫਿਰਕਾਪ੍ਰਸਤੀ, ਰੰਗ-ਭੇਦ ਅਤੇ ਧਰਮ ਆਧਾਰਿਤ ਮੁੱਦੇ ਵਿਸ਼ਵ-ਪੱਧਰ ਉਪਰ ਫੈਲੇ ਹੋਏ ਹਨ। ਗ਼ਦਾਰ ਕਹਾਣੀ ਦਾ ਵਿਸ਼ਾ, ਹੱਦਾਂ-ਸਰਹੱਦਾਂ ਦੀ ਰਾਜਨੀਤੀ ਤੋਂ ਉੱਪਰ ਭਾਈਚਾਰਕ ਸਾਂਝ ਅਤੇ ਮਾਨਵਤਾ ਦੀ ਸਾਂਝ ਦੇ ਪ੍ਰਸੰਗ ਵਿਚ ਪ੍ਰਸਤੁਤ ਹੁੰਦਾ ਹੈ। ਇਸੇ ਪ੍ਰਕਾਰ ਬਾਕੀ ਕਹਾਣੀਆਂ ਕਿਹੜਾ ਘਰ, ਕਾਨੂੰਨ, ਅੰਤ ਅਤੇ ਧੋਖਾ ਆਦਿ ਦੇ ਵਿਸ਼ੇ ਵੀ ਆਰਥਿਕ ਪੱਖੋਂ ਟੁੱਟ ਰਹੀ ਕਿਸਾਨੀਂ, ਆਰਥਿਕ ਨਾ-ਬਰਾਬਰੀ ਅਤੇ ਨਾਰੀ ਜਾਤੀ ਨਾਲ ਸਬੰਧਿਤ ਮਸਲਿਆਂ ਦੇ ਇਰਦ-ਗਿਰਦ ਘੁੰਮਦੇ ਹਨ। ਕਹਾਣੀ, ਟਿਕਟ ਦਾ ਵਿਸ਼ਾ ਬਸ ਵਿਚ ਵਾਪਰੀ ਇਕ ਘਟਨਾ ਨੂੰ ਬਣਾਇਆ ਗਿਆ ਹੈ, ਜੋ ਕਹਾਣੀ ਦੀ ਤੁਲਨਾ ਵਿਚ, ਵਿਅੰਗ-ਵਿਧਾ ਦੇ ਜ਼ਿਆਦਾ ਨਜ਼ਦੀਕ ਹੈ। ਕਹਾਣੀਆਂ ਦੀ ਸ਼ੈਲੀ ਠੇਠ, ਸਾਧਾਰਨ ਜ਼ਿੰਦਗੀ ਦੇ ਨੇੜੇ ਹੈ। 'ਮੁੰਡਾ ਠੀਕ-ਠਾਕ ਹੀ ਲੱਗਦਾ ਸੀ, ਚੱਲੋ ਸ਼ਾਇਦ ਕੋਈ ਤਾਪ-ਤੁਪ ਚੜ੍ਹਿਆ ਹੋਵੇਗਾ।' ਭਾਸ਼ਾ ਮੁਹਾਵਰੇਦਾਰ ਅਤੇ ਆਂਚਲਿਕ ਹੈ।

ਂਡਾ: ਪ੍ਰਦੀਪ ਕੌੜਾ
ਮੋ: 95011-15200.
ਫ ਫ ਫ

ਮਨ ਦੀ ਅੱਖ
ਲੇਖਿਕਾ : ਸੁਖਵਿੰਦਰ ਕੌਰ ਸਿੱਧੂ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 98146-73236.

ਹਥਲੀ ਕਾਵਿ ਕਿਤਾਬ 'ਮਨ ਦੀ ਅੱਖ' ਦੀ ਸ਼ਾਇਰਾ ਸੁਖਵਿੰਦਰ ਕੌਰ ਸਿੱਧੂ 'ਜ਼ਿੰਦਗੀ ਦੀ ਪੈਂਤੀ' ਕਿਤਾਬ ਪੰਜਾਬੀ ਪਾਠਕਾਂ ਦਾ ਕਚਹਿਰੀ ਵਿਚ ਪੇਸ਼ ਕਰ ਚੁੱਕੀ ਹੈ। ਕੈਨੇਡਾ ਪਰਵਾਸ ਉਪਰੰਤ ਪਰੰਪਰਕ ਭਾਰਤੀ ਆਚਾਰ ਵਿਹਾਰ, ਮੁਹੱਬਤੀ ਮਾਪਦੰਡਾਂ ਦੀ ਵਲਗਣ ਜਹਾਜ਼ ਚੜ੍ਹਨ ਦੇ ਨਾਲ ਹੀ ਕੈਨੇਡਾ ਲੈ ਆਈ। ਉਹ ਮਨ ਦੀ ਅੱਖ ਨਾਲ ਸਭ ਕੁਝ ਦੇਖਦੀ ਹੈ ਤੇ ਪੱਛਮੀ ਸੱਭਿਆਚਾਰ ਤੋਂ ਅਭਿੱਜ ਰਹਿੰਦੀ ਪ੍ਰਤੀਤ ਹੁੰਦੀ ਹੈ। ਜ਼ਿਆਦਾ ਕਰਕੇ ਨਜ਼ਮਾਂ ਪਰੰਪਰਕ ਪ੍ਰੇਮ ਮੁਹੱਬਤ ਦੇ ਦਾਇਰੇ 'ਚ ਰਹਿੰਦਿਆਂ ਮਗਰੂਰੀ ਤੇ ਮਜਬੂਰੀ ਦੇ ਤਾਣੇ-ਪੇਟੇ ਅਤੇ ਔਰਤ ਨੂੰ ਆਟੇ ਦਾ ਦੀਵਾ ਕਹਿਣ ਅਤੇ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ ਨੂੰ ਮੁੱਠੀ 'ਚੋਂ ਕਿਰਦੀ ਰੇਤ ਦੀ ਸੰਗਿਆ ਦਾ ਨਾਂਅ ਦਿੰਦੀ ਹੈ। ਹੱਡ ਭੰਨਵੀਂ ਮਿਹਨਤ ਨਾਲ ਡਾਲਰਾਂ ਦੀ ਚਮਕ ਦਮਕ ਇਸ ਕਦਰ ਬੰਦੇ ਨੂੰ ਇਕ ਹੱਡ ਮਾਸ ਦੇ ਸੰਦ ਵਿਚ ਤਬਦੀਲ ਕਰ ਰਹੀ ਹੈ ਤਾਂ ਕਿ ਬੰਦਾ ਇਧਰ ਉਧਰ ਤ੍ਰਿਸ਼ੰਕੂ ਵਾਂਗ ਝਟਕਦਾ ਰਹੇ। ਪੁਸਤਕ ਦੀ ਪੜ੍ਹਤ ਤੋਂ ਪਤਾ ਲਗਦਾ ਹੈ ਕਿ ਸ਼ਾਇਰਾ ਨੇ ਸ਼ਾਇਰੀ ਦੇ ਵਿਹੜੇ ਵਿਚ ਅਜੇ ਨਵਾਂ-ਨਵਾਂ ਕਦਮ ਰੱਖਿਆ ਹੈ ਅਤੇ ਸ਼ਾਇਰੀ ਦੀ ਮੰਜ਼ਿਲ ਤੱਕ ਪਹੁੰਚਣ ਲਈ ਉਸ ਨੂੰ ਪਰਵਾਸ ਦੇ ਸੱਲ੍ਹ ਸਹਿੰਦੇ ਮਨੁੱਖ ਦੇ ਜੀਵਨ ਦੇ ਕੌੜੇ ਮਿੱਠੇ ਅਨੁਭਵਾਂ ਅਤੇ ਅਹਿਸਾਸਾਂ ਦਾ ਬਹੁ ਪਾਸਾਰੀ ਤੇ ਬਹੁਅੱਯਾਮੀ ਪ੍ਰਗਟਾਵੇ ਦੇ ਯਥਾਰਥ ਨੂੰ ਸਮਝਣ ਅਤੇ ਉਸ ਦੇ ਕਲਾਤਮਿਕ ਪ੍ਰਗਟਾਵੇ ਸਮੇਂ ਸਮਕਾਲੀ ਸਾਹਿਤ ਨਾਲ ਵਰ ਮੇਚਣ ਲਈ ਤਰੱਦਦ ਕਰਨਾ ਪਏਗਾ। ਸ਼ਾਇਰਾ ਨੂੰ ਆਪਣੀ ਧਾਰਮਿਕ ਆਸਥਾ ਦੇ ਨਾਲ-ਨਾਲ ਤਕਦੀਰ ਤੇ ਤਦਬੀਰ ਤੱਕ ਦਾ ਸਫ਼ਰ ਸਮਝਣਾ ਪਏਗਾ। ਸ਼ਾਇਰਾ ਨਿਕਟ ਭਵਿੱਖ ਵਿਚ ਸਿਖਾਂਦੜੂ ਯਤਨ ਤੋਂ ਉਲੰਘ ਕੇ ਕਾਵਿਕ-ਪ੍ਰਤਿਭਾ ਦੇ ਨਵੇਂ ਦਿਸ ਹੱਦਿਆਂ ਨੂੰ ਤਲਾਸ਼ਣ ਲਈ ਯਤਨਸ਼ੀਲ ਰਹੇਗੀ, ਇਸ ਦੀ ਮੈਨੂੰ ਪੂਰਨ ਉਮੀਦ ਹੈ। ਆਮੀਨ।

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

03-11-2019

  ਬੋਧ ਕਹਾਣੀਆਂ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਹੌਜ਼, ਖ਼ਾਸ, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 132
ਸੰਪਰਕ : 081307-82551.

ਇਹ ਕਹਾਣੀਆਂ ਬੋਧ ਪਾਤਰਾਂ 'ਤੇ ਆਧਾਰਿਤ ਹਨ | ਬਹੁਤੀਆਂ ਕਹਾਣੀਆਂ ਇਸਤਰੀ ਪਾਤਰਾਂ ਦੁਆਲੇ ਘੁੰਮਦੀਆਂ ਹਨ | ਮਹਾਤਮਾ ਬੁੱਧ ਦਾ ਜਨਮ ਅੱਜ ਤੋਂ 2642 ਸਾਲ ਪਹਿਲਾਂ ਰਾਜੇ ਸ਼ੁਦੋਧਨ ਦੇ ਘਰ ਹੋਇਆ ਸੀ | ਬੁੱਧ ਦਾ ਨਾਂਅ ਸਿਧਾਰਥ ਸੀ | ਉਸ ਨੂੰ ਅਜਿਹਾ ਵੈਰਾਗ ਲੱਗਿਆ ਕਿ ਆਪਣੀ ਸੁੰਦਰ ਪਤਨੀ ਯਸ਼ੋਧਰਾ ਅਤੇ ਨਵਜਨਮੇ ਸੱਤ ਦਿਨਾਂ ਦੇ ਪੁੱਤਰ ਰਾਹੁਲ ਨੂੰ ਸੁੱਤਿਆਂ ਛੱਡ ਕੇ ਉਹ ਤਪ ਕਰਨ ਲਈ ਚਲਾ ਗਿਆ | ਛੇ ਸਾਲ ਦੀ ਤਪੱਸਿਆ ਨੇ ਉਸ ਦਾ ਤਨ ਬਹੁਤ ਹੀ ਕਮਜ਼ੋਰ ਕਰ ਦਿੱਤਾ ਸੀ | ਜਦੋਂ ਉਹ ਨਿਰੰਜਣਾ ਨਦੀ ਕੋਲ ਪਿੱਪਲ ਥੱਲੇ ਬੈਠਾ ਸੀ ਤਾਂ ਉਸ ਨੂੰ ਗਿਆਨ ਪ੍ਰਾਪਤ ਹੋਇਆ | ਸੁਜਾਤਾ ਨਾਂਅ ਦੀ ਇਕ ਔਰਤ ਨੇ ਉਸ ਨੂੰ ਖੀਰ ਖਵਾਈ ਅਤੇ ਉਸ ਵਿਚ ਜਾਨ ਆਈ | ਅੰਬਪਾਲੀ ਇਕ ਵੇਸਵਾ ਸੀ | ਉਸ ਨੇ ਇਕ ਵਾਰ ਮਹਾਤਮਾ ਬੁੱਧ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦਾ ਸ਼ਾਂਤ, ਪਵਿੱਤਰ ਮੁੱਖ ਦੇਖ ਕੇ ਉਸ ਨੂੰ ਜਾਪਿਆ ਕਿ ਇਹ ਸਰੀਰ ਨਹੀਂ ਆਤਮਾ ਹਨ | ਉਸ ਨੇ ਬੁੱਧ ਧਰਮ ਧਾਰਨ ਕੀਤਾ ਅਤੇ ਆਪਣਾ ਧਨ ਪਦਾਰਥ, ਭਵਨ ਆਦਿ ਬੋਧ ਸੰਘ ਨੂੰ ਭੇਟ ਕਰ ਦਿੱਤਾ | ਇਕ ਕਹਾਣੀ ਬੋਧ ਭਿਕਸ਼ੂ ਸ਼ੋਭਨ ਦੀ ਪਤਨੀ ਸੋਮਾ ਦੀ ਹੈ ਜਿਸ ਦੀ ਵੇਦਨਾ ਦੱਸਦੀ ਹੈ ਕਿ ਬੋਧ ਬਿਕਸ਼ੂਆਂ ਦੀਆਂ ਪਤਨੀਆਂ ਦੇ ਅਰਮਾਨ ਕਿਵੇਂ ਕੁਚਲੇ ਜਾਂਦੇ ਹਨ | ਇਸੇ ਤਰ੍ਹਾਂ ਨਾਰੀ ਮੁੰਡਾ, ਉਤਪਲ ਵਰਨਾ ਅਤੇ ਸੁਰਭੀ ਦੀਆਂ ਕਹਾਣੀਆਂ ਉਸ ਸਮੇਂ ਦੇ ਰਾਜਨੀਤਕ, ਸਮਾਜਿਕ ਢਾਂਚੇ ਅਤੇ ਜਾਤ-ਪਾਤ ਵੱਲ ਝਾਤ ਪੁਆਉਂਦੀਆਂ ਹਨ | ਚੰਡਾਲਿਕਾ ਦੀ ਕਹਾਣੀ ਸਦਾਚਾਰਕ ਪਤਨ ਦੀ ਗਾਥਾ ਹੈ | ਬ੍ਰਾਹਮਣਵਾਦ ਨੇ ਊਚ ਨੀਚ ਅਤੇ ਪਖੰਡਵਾਦ ਨੂੰ ਜਨਮ ਦਿੱਤਾ | ਮਨੂ ਸਿਮਰਤੀ ਅਨੁਸਾਰ ਸ਼ੂਦਰ ਆਦਮੀ ਅਤੇ ਬ੍ਰਾਹਮਣ ਇਸਤਰੀ ਦੁਆਰਾ ਪੈਦਾ ਹੋਈ ਔਲਾਦ ਚੰਡਾਲਾਂ ਵਿਚ ਸੁੱਟ ਦਿੱਤੀ ਜਾਂਦੀ ਸੀ | ਇਹੋ ਜਿਹੀ ਲੜਕੀ ਚੰਡਾਲਿਕਾ ਦਾ ਪ੍ਰੇਮ ਬੁੱਧ ਦੇ ਚਚੇਰੇ ਭਰਾ ਅਨੰਦ ਨਾਲ ਸੀ, ਜੋ ਸਦਾ ਮਹਾਤਮਾ ਬੁੱਧ ਦੇ ਨਾਲ ਰਿਹਾ | ਇਨ੍ਹਾਂ ਕਹਾਣੀਆਂ ਵਿਚ ਇਸਤਰੀਆਂ ਦੇ ਸ਼ੋਸ਼ਣ, ਅਪਮਾਨ ਅਤੇ ਦੁੱਖ ਦੀ ਗੱਲ ਕੀਤੀ ਗਈ ਹੈ | ਕਹਾਣੀਆਂ ਦਿਲਚਸਪ ਅਤੇ ਅੰਦਰ ਹਿਲਾਉਣ ਵਾਲੀਆਂ ਹਨ | ਸਮੁੱਚੇ ਤੌਰ 'ਤੇ ਇਹ ਪੁਸਤਕ ਪੜ੍ਹਨਯੋਗ ਅਤੇ ਵਿਚਾਰਨਯੋਗ ਹੈ |

—ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c

ਸੰਗਮ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੱੁਲ : 150 ਰੁਪਏ, ਸਫ਼ੇ : 64
ਸੰਪਰਕ : 78377-18723.

ਨਵਰਾਹੀ ਘੁਗਿਆਣਵੀ ਨੇ ਕਲਾਸਕੀ ਮਹੱਤਵ ਵਾਲੀਆਂ ਕਵਿਤਾਵਾਂ ਵਿਚੋਂ 15 ਕਵਿਤਾਵਾਂ ਨੂੰ ਮੂਲ ਅੰਗਰੇਜ਼ੀ ਤੇ ਉਨ੍ਹਾਂ ਦੇ ਸਰਲ ਪੰਜਾਬੀ ਕਾਵਿ-ਅਨੁਵਾਦ ਨੂੰ ਸਾਧਾਰਨ ਪੰਜਾਬੀਆਂ ਅੱਗੇ ਪ੍ਰੋਸਿਆ ਹੈ ਤਾਂ ਜੋ ਉਹ ਵੀ ਇਨ੍ਹਾਂ ਦਾ ਅਨੰਦ ਮਾਣ ਸਕਣ |
ਪੁਸਤਕ ਵਿਚ ਪੇਸ਼ ਕਵਿਤਾਵਾਂ ਦੇ ਲੇਖਕ ਹਨ : ਵਰਡਜ਼ ਵਰਥ, ਟੈਨੀਸਨ, ਵਿਲੀਅਮ ਬਲੇਕ, ਵਾਲਟਰ ਸਕਾਟ, ਜੇਮਜ਼ ਹਾਗ, ਲੇਹ ਹੰਟ, ਰਾਬਰਟ ਫਰਾਸਟ, ਆਲੀਵਰ ਗੋਲਡ ਸਮਿਥ, ਟੈਗੋਰ ਤੇ ਡੋਰੋਥੀਆ ਹੀਮਾਨਜ਼ | ਇਨ੍ਹਾਂ ਤੋਂ ਇਲਾਵਾ ਰਾਬਿਨਹੁਡ ਦੀ ਲੋਕ ਗਾਥਾ ਹੈ | ਕਵਿਤਾਵਾਂ ਵਿਚੋਂ ਕੁਝ ਦੇ ਨਾਂਅ ਹਨ : ਲੇਡੀ ਕਲੇਅਰ, ਮਾਈ ਨੇਟਿਵ ਲੈਂਡ, ਬਰੁਕ, ਐਲੀਜੀ ਆਨ ਦੀ ਡੈਥ ਆਫ ਏ ਮੈਡ ਡਾਗ, ਵੁਈ ਆਰ ਸੈਵਨ, ਹੋਮ ਦੇ ਬਰਾਟ ਹਰ ਵਾਰੀਅਰ ਡੈਂਡ, ਅਬੂ ਬਿਨ ਆਧਮ ਤੇ ਲੂਸੀ ਗਰੇ | ਆਦਰਸ਼ ਪ੍ਰੇਮ, ਕੁਰਬਾਨੀ, ਮਾਸੂਮ ਬਚਪਨ, ਦੇਸ਼ ਪ੍ਰੇਮ, ਸੰਘਰਸ਼ ਭਰੀ ਗਤੀਸ਼ੀਲਤਾ, ਇਮਾਨਦਾਰੀ ਤੇ ਬਰਾਦਰੀ ਜਿਹੇ ਆਦਰਸ਼ ਇਨ੍ਹਾਂ ਕਵਿਤਾਵਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੇ ਹਨ | ਸਰਲਚਿਤ ਕੋਰੀ ਸਲੇਟ ਜਿਹੇ ਮਨਾਂ ਉੱਤੋਂ ਇਨ੍ਹਾਂ ਦਾ ਪ੍ਰਭਾਵ ਜੀਵਨ ਭਰ ਨਹੀਂ ਮਿਟਦਾ | ਸਰਲ ਪੰਜਾਬੀ ਕਾਵਿ ਅਨੁਵਾਦ ਏਨਾ ਪ੍ਰਭਾਵਸ਼ਾਲੀ ਹੈ ਕਿ ਅੰਗਰੇਜ਼ੀ ਨਾ ਜਾਣਨ ਵਾਲੇ ਪੰਜਾਬੀ ਵੀ ਇਸ ਅਨਮੋਲ ਸਾਹਿਤਕ ਖਜ਼ਾਨੇ ਦਾ ਲਾਭ ਅਚੇਤ ਹੀ ਉਠਾਉਣ ਦੇ ਸਮਰੱਥ ਹੋ ਜਾਣਗੇ | ਨਵਰਾਹੀ ਕੋਲ ਪੰਜਾਬੀ ਜ਼ਬਾਨ ਇਸ ਦੀਆਂ ਕਾਵਿ ਰੂੜ੍ਹੀਆਂ, ਬਣਤਰਾਂ, ਛੰਦਾਂ, ਮੁਹਾਵਰੇ ਦੀ ਸਟੀਕ ਤੇ ਭਰੋਸੇਯੋਗ ਸਮਝ ਹੈ | ਉਹ ਕਵੀ ਵੀ ਹੈ ਤੇ ਅਧਿਆਪਕ ਵੀ | ਇਸ ਤੋਂ ਵੱਡੀ ਗੱਲ ਉਹ ਸੁਹਿਰਦ ਇਨਸਾਨ ਹੈ | ਆਦਰਸ਼ ਸਮਾਜ ਲਈ ਯਤਨਸ਼ੀਲ ਸਾਹਿਤਕਾਰ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਜਿੱਤ ਕੇ ਆਉਣ ਤੱਕ
ਲੇਖਕ : ਨਰਿੰਦਰ ਸ਼ਰਮਾ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 94630-57023.

ਨਰਿੰਦਰ ਸ਼ਰਮਾ ਦੀ ਨਵੀਂ ਕਾਵਿ ਪੁਸਤਕ 'ਜਿੱਤ ਕੇ ਆਉਣ ਤੱਕ' ਪੰਜਾਬੀ ਕਵਿਤਾ ਦੇ ਖੇਤਰ ਵਿਚ ਨਵੀਂ ਆਮਦ ਹੈ | ਨਰਿੰਦਰ ਸ਼ਰਮਾ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਸ਼ਾਇਰ ਹੈ | ਇਸ ਲਈ ਉਸ ਦੀਆਂ ਕਵਿਤਾਵਾਂ ਜੀਵਨ ਦੇ ਸੰਘਰਸ਼ ਅਤੇ ਆਸ਼ਾਵਾਦੀ ਨਜ਼ਰੀਏ ਵਿਚ ਰੰਗੀਆਂ ਹੋਈਆਂ ਹਨ | ਇਨ੍ਹਾਂ ਕਵਿਤਾਵਾਂ ਵਿਚ ਕਵੀ ਦੀ ਪ੍ਰਤੀਬੱਧਤਾ ਆਮ ਮਨੁੱਖ ਨਾਲ ਜੁੜੀ ਹੋਈ ਹੈ | ਆਮ ਮਨੁੱਖ ਜੋ ਭੁੱਖਾ ਹੈ, ਸ਼ੋਸ਼ਿਤ ਹੈ, ਉਦਾਸ ਹੈ, ਦਰੜਿਆ ਹੋਇਆ ਹੈ | ਇਨ੍ਹਾਂ ਕਵਿਤਾਵਾਂ ਵਿਚ ਅਜਿਹਾ ਮਨੁੱਖ ਵਾਰ-ਵਾਰ ਉਦਿਤ ਹੁੰਦਾ ਹੈ | ਨਿੱਕੇ-ਨਿੱਕੇ ਕੰਮ ਕਰ ਰਹੇ ਬੱਚੇ, ਭੁੱਖ ਦੀ ਲੜਾਈ ਲੜ ਰਿਹਾ ਮਜ਼ਦੂਰ, ਖ਼ੁਦਕੁਸ਼ੀ ਕਰ ਰਿਹਾ ਕਿਸਾਨ ਇਨ੍ਹਾਂ ਕਵਿਤਾਵਾਂ ਵਿਚ ਵਾਰ-ਵਾਰ ਪ੍ਰਗਟ ਹੁੰਦੇ ਹਨ |
ਮੈਂ ਹਰ ਰੋਜ਼ ਵੇਖਦਾ, ਉਹ ਛੋਟੇ-ਛੋਟੇ ਹੱਥ, ਜੋ ਆਪਣੇ ਤੋਂ ਦੁੱਗਣੇ ਭਾਂਡੇ ਮਾਂਜਦੇ ਹਨ... |
ਸਰਕਾਰ ਦੀਆਂ ਚਲਦੀਆਂ ਸਕੀਮਾਂ ਅਤੇ ਕੀਤੇ ਜਾਂਦੇ ਵਿਕਾਸ ਦੇ ਫੋਕੇ ਦਾਅਵਿਆਂ ਵਿਚ ਆਮ ਬੰਦੇ ਦੀ ਕਿੰਨੀ ਕੁ ਤਰੱਕੀ ਹੋਈ ਹੈ, ਉਸ ਨੂੰ ਹੁਣ ਵੀ ਰੱਜਵੀਂ ਰੋਟੀ ਨਹੀਂ ਮਿਲ ਰਹੀ | ਵਿਡੰਬਨਾ ਇਹ ਹੈ ਕਿ ਕੁੱਤੇ ਬਿਸਕੁਟ ਖਾ ਰਹੇ ਹਨ | ਇਹ ਕਵਿਤਾਵਾਂ ਜੀਵਨ ਦੀਆਂ ਸਥਾਪਿਤ ਕਦਰਾਂ-ਕੀਮਤਾਂ ਦੇ ਭੰਜਨ ਦੀਆਂ ਅਤੇ ਵਿਦਰੋਹ ਦੀਆਂ ਕਵਿਤਾਵਾਂ ਹਨ | ਕਵੀ ਪਰੰਪਰਕ ਤੇ ਰੂੜ੍ਹੀਵਾਦੀ ਮਾਨਵੀ ਮੁੱਲਾਂ ਨੂੰ ਪਰਿਵਰਤਿਤ ਕਰਨ ਵਿਚ ਯਕੀਨ ਰੱਖਦਾ ਹੈ | ਭਾਵੇਂ ਹਾਲਤ ਬਹੁਤ ਅਨੁਕੂਲ ਨਹੀਂ ਫਿਰ ਵੀ ਉਸ ਦਾ ਸੰਘਰਸ਼ ਦੀ ਜਿੱਤ ਵਿਚ ਅਟੁੱਟ ਵਿਸ਼ਵਾਸ ਹੈ | ਉਸ ਨੂੰ ਯਕੀਨ ਹੈ ਕਿ ਇਕ ਦਿਨ ਇਨਸਾਨ ਹਾਲਾਤ ਤੋਂ ਭੱਜਣ ਦੀ ਬਜਾਏ ਉਸ ਦੇ ਸਾਹਮਣੇ ਹਿੱਕ ਡਾਹ ਕੇ ਸਾਹਮਣੇ ਖੜ੍ਹਾ ਹੋ ਜਾਏਗਾ | ਉਸ ਦਿਨ ਜ਼ਾਲਮ ਦਾ ਖੋਖਲਾ ਵਜੂਦ ਕੰਬ ਜਾਏਗਾ, ਉਸੇ ਦਿਨ ਇਕ ਨਵੇਂ ਸਮਾਜ ਦੀ ਸਿਰਜਣਾ ਹੋਵੇਗਾ |
ਤਦ ਸਿਰਜਣਾ ਹੋਵੇਗੀ, ਜਿਊਾਦੇ ਸਮਾਜ ਦੀ, ਸਿਸਕੀਆਂ ਚੀਕਾਂ ਮੁੱਕ ਜਾਣੀਆਂ, ਉਦੋਂ ਸੁਣੀ ਜਾਵੇਗੀ ਹਰ ਆਵਾਜ਼..... |
ਇਕ ਚੰਗੇਰੇ ਸਮਾਜ ਦਾ ਸੁਪਨਾ ਸਿਰਜਦੀਆਂ ਇਨ੍ਹਾਂ ਕਵਿਤਾਵਾਂ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ |

—ਡਾ: ਅਮਰਜੀਤ ਕੌ ਾਕੇ
c c c

ਸੱਚ ਦੇ ਸੋਹਲੇ
ਕਵਿੱਤਰੀ : ਡਾ: ਰਾਜਵੰਤ ਕੌਰ 'ਰਾਜ'
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 250 ਰੁਪਏ, ਸਫ਼ੇ : 102
ਸੰਪਰਕ : 092132-35477.

'ਸੱਚ ਦੇ ਸੋਹਲੇ' ਕਾਵਿ ਰੂਪੀ ਗੁਲਦਸਤੇ ਨੂੰ ਸਜਾਉਣ/ਸੰਵਾਰਨ ਲਈ ਕਵਿਤਰੀ ਨੇ ਬੜੀ ਸ਼ਿੱਦਤ ਨਾਲ ਸੰਜੀਦਗੀ ਭਰੇ ਵਿਸ਼ਿਆਂ ਦੀ ਚੋਣ ਕਰਕੇ ਸੁਹਜ ਭਰਪੂਰ ਸ਼ਬਦਾਵਲੀ ਨਾਲ ਕਲਮਬੱਧ ਕੀਤਾ ਹੈ | ਮਨੁੱਖ ਮਾਪਿਆਂ ਦਾ ਦੇਣ ਕਦੇ ਨਹੀਂ ਦੇ ਸਕਦਾ ਪਰ ਜਗ ਵਿਖਾਲਣ ਦਾ ਜ਼ਰੀਆ ਬਣਦੇ ਮਾਪਿਆਂ ਦਾ ਆਦਰ ਮਾਣ ਕਰਕੇ ਉਨ੍ਹਾਂ ਦੇ ਕਰਜ਼ ਦਾ ਕੁਝ ਕੁ ਭਾਰ ਹਲਕਾ ਕੀਤਾ ਜਾ ਸਕਦਾ ਹੈ | ਮਾਪਿਆਂ ਵਲੋਂ ਔਲਾਦ ਲਈ ਘਾਲੀਆਂ ਘਾਲਣਾਵਾਂ ਪ੍ਰਥਾਏ ਕਵਿਤਰੀ ਦੀ ਕਲਮ ਇੰਜ ਬੋਲਦੀ ਹੈ :
-'ਪਿਤਾ ਬਣਦਾ ਸੂਰਜ ਦਾ ਹਾਣੀ, ਤਪਸ਼ ਥਲਾਂ ਦੀ ਸਹਿੰਦਾ,
ਮਾਂ ਹਿਰਦਾ ਚੰਨ ਵਰਗਾ ਸੀਤਲ ਸਦਾਂ ਪਸਾਰਦਾ ਬਾਹਵਾਂ |'
ਉਂਜ ਔਰਤ ਜਾਤੀ ਦੀ ਵਿਖਾਵੇ ਵਾਲੀ ਦੇਵੀ ਪੂਜਾ ਵੱਡੇ ਪੱਧਰ 'ਤੇ ਹੁੰਦੀ ਹੈ ਪਰ ਹਕੀਕਤ ਵਿਚ ਔਰਤ ਪ੍ਰਤੀ ਲੋਕ/ਸਮਾਜਿਕ ਵਰਤਾਰੇ ਦਾ ਇਹ ਅਨੋਖਾ ਸੱਚ ਕਲਮ 'ਚੋਂ ਫੁਟਦਾ ਹੈ :
'ਪੱਥਰ ਦੀ ਰਾਧਾ ਦਾ ਮੇਰੇ ਦੇਸ਼ ਵਿਚ ਆਦਰ ਏ,
ਹੱਡ ਮਾਸ ਦੀ ਪੁਤਲੀ ਦਾ ਥਾਂ-ਥਾਂ 'ਤੇ ਅਨਾਦਰ ਹੈ |'
ਮਾਦਾ ਭਰੂਣ ਹੱਤਿਆ ਦਾ ਕਰੂਰਮਈ, ਸਬਰ ਸੰਤੋਖ, ਕਿਰਦਾਰ ਦਾ ਦੋਹਰਾ ਰੂਪ, ਨਸ਼ਿਆਂ ਦਾ ਕੋਹੜ, ਰਿਸ਼ਤਿਆਂ ਦਾ ਉਲਝਿਆ ਤਾਣਾ-ਬਾਣਾ ਅਤੇ ਫੋਕੇ ਕਰਮਕਾਂਡ ਦੇ ਨੰਗੇ ਚਿੱਟੇ ਸੱਚ ਨੂੰ ਕਵਿੱਤਰੀ ਨੇ ਬੇਬਾਕੀ ਨਾਲ ਕਲਮ ਰਾਹੀਂ ਉਛਾਲਿਆ ਹੈ |
ਇਸ ਕਾਵਿ ਸੰਗ੍ਰਹਿ ਵਿਚ ਅਸਲ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਮਹਾਂ ਬਲੀ ਰਣਜੀਤ ਸਿੰਘ, ਸ਼ਹੀਦ ਮਦਨ ਲਾਲ ਤੇ ਸ਼ਹੀਦ ਭਗਤ ਸਿੰਘ ਆਦਿ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਅਣਖੀ ਕਿਰਦਾਰਾਂ ਨੂੰ ਵੀ ਸਿਜਦਾ ਕੀਤਾ ਹੋਇਆ ਮਿਲਦਾ ਹੈ | ਵਿਰਾਸਤੀ ਦਿਨ-ਦਿਹਾਰ/ਪੁਰਬ/ਰੁੱਤਾਂ, ਕੁਦਰਤ ਦੇ ਹੁਸੀਨ ਨਜ਼ਾਰੇ ਆਦਿ ਦੇ ਰੰਗ ਵੀ ਇਸ ਕਾਵਿ ਗਲਦਸਤੇ ਸ਼ਿੰਗਾਰ ਬਣੇ ਹੋਏ ਹਨ | ਉਕਤ ਸਭ ਕੁਝ ਕਵਿੱਤਰੀ ਡਾ: ਰਾਜਵੰਤ ਕੌਰ 'ਰਾਜ' ਦੀ ਕਵਿਤਾ 'ਤੇ ਪਕੜ ਤੇ ਆਪਣੇ ਵਿਚਾਰਾਂ ਨੂੰ ਸ਼ਬਦਾਂ ਵਿਚ ਢਾਲਣ ਦਾ ਤਜਰਬਾ ਆਦਿ ਦੀ ਖੁੱਲ੍ਹ ਕੇ ਬਾਤ ਪਾਉਂਦਾ ਹੈ | 'ਸੱਚ ਦੇ ਸੋਹਲੇ' ਕਾਵਿ ਰੂਪੀ ਇਸ ਗੁਲਦਸਤੇ ਨੂੰ ਪਾਠਕਾਂ ਵਲੋਂ ਇਕ ਚੰਗਾ ਤੇ ਭਰਵਾਂ ਹੁਲਾਰਾ ਮਿਲਣ ਦੀ ਤਵੱਜੋਂ ਕੀਤੀ ਜਾ ਸਕਦੀ ਹੈ |

—ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
c c c

ਉਦਾਸ ਰੁੱਤ ਦਾ ਗੀਤ
ਲੇਖਕ : ਬਲਜਿੰਦਰ ਅੱਛਣਪੁਰੀਆ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 126
ਸੰਪਰਕ : 94165-66090.

ਕਲਾਕਾਰ ਕਹਾਣੀ ਮੁਕਾਬਲੇ (ਬਰਨਾਲਾ) ਦੇ ਜੇਤੂ ਕਹਾਣੀਕਾਰ ਬਲਜਿੰਦਰ ਅੱਛਣਪੁਰੀਆ ਦਾ ਇਹ ਦੂਸਰਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ 16 ਕਹਾਣੀਆਂ ਹਨ | ਹਥਲੀ ਪੁਤਸਕ ਦੇ ਆਰੰਭ ਵਿਚ ਸਾਹਿਤਕਾਰ ਕੰਵਲਜੀਤ ਭੱਠਲ ਨੇ ਲੇਖਕ ਨੂੰ ਇਸਤਰੀ ਮਨ ਦੀਆਂ ਗੁੰਝਲਾਂ ਖੋਲ੍ਹਣ ਦਾ ਮਾਹਰ ਕਹਾਣੀਕਾਰ ਕਿਹਾ ਹੈ |
ਪੁਸਤਕ ਦੀਆਂ ਕਹਾਣੀਆਂ ਦਾ ਪਾਠ ਕਰਨ 'ਤੇ ਪਿਆਰਾ ਜਿਹਾ ਅਹਿਸਾਸ ਹੁੰਦਾ ਹੈ ਕਿ ਕਹਾਣੀਆਂ ਦੇ ਇਸਤਰੀ ਪਾਤਰ ਉਦਾਸ ਹਨ | ਉਨ੍ਹਾਂ ਦੀ ਉਦਾਸੀ ਦੇ ਇਕ ਨਹੀਂ ਕਈ ਕਾਰਨ ਹਨ, ਜਿਨ੍ਹਾਂ ਵਿਚ ਪਤੀ ਪਤਨੀ ਨੋਕ-ਝੋਕ, ਔਰਤ ਮਰਦ ਖਿੱਚ, ਕਾਮੀ ਡੇਰੇਦਾਰਾਂ ਦੀਆਂ ਹਵਸੀ ਨਜ਼ਰਾਂ ਦਾ ਸ਼ਿਕਾਰ ਔਰਤਾਂ, ਸੰਨ ਚੁਰਾਸੀ ਵਿਚ ਹੋਇਆ ਕੌਮ ਦਾ ਘਾਣ ਜਿਸ ਵਿਚ ਔਰਤਾਂ ਵੱਧ ਪ੍ਰਭਾਵਿਤ ਹੋਈਆਂ, ਪਰਿਵਾਰਕ ਝਮੇਲਿਆਂ ਤੇ ਆਰਥਿਕ ਸੰਕਟਾਂ ਵਿਚ ਘਿਰੀ ਔਰਤ, ਵਿਧਵਾ ਔਰਤ ਦਾ ਦੁਖਾਂਤ, ਬੇਮੇਲ ਵਿਆਹ, ਭਰ ਜਵਾਨੀ ਦੀ ਉਲਾਰ ਅਵਸਥਾ, ਇਹ ਸਭ ਸਥਿਤੀਆਂ ਵਿਚ ਪਾਤਰਾਂ ਦੀ ਉਦਾਸੀ ਹੈ | ਸਿਰਲੇਖ ਵਾਲੀ ਕਹਾਣੀ ਵਿਚ ਦੀਪੀ ਤੇ ਮੈਂ ਪਾਤਰ ਦੀ ਸੁਭਾਵਿਕ ਗੱਲਬਾਤ ਕਈ ਘੁੰਮਣਘੇਰੀਆਂ ਵਿਚੋਂ ਲੰਘਦੀ ਅਖੀਰ ਉਦਾਸੀ ਵਾਲਾ ਮਾਹੌਲ ਬਣਾ ਦਿੰਦੀ ਹੈ | ਮਾਰੂਥਲ ਵਿਚ ਪਤੀ ਆਪਣੀ ਪਤਨੀ ਦੀ ਪੇਕੇ ਜਾਣ ਦੀ ਧਮਕੀ ਤੋਂ ਪ੍ਰੇਸ਼ਾਨ ਹੈ | ਖਿੜੀ ਧੁੱਪ ਦੀ ਰਜਿੰਦਰ ਨੂੰ ਉਸ ਦਾ ਪਤੀ ਦੇਹ ਵਪਾਰ ਲਈ ਖ਼ੁਦ ਭੇਜਦਾ ਹੈ |
ਪਰ ਕਹਾਣੀ ਵਿਚ ਉਸ ਦਾ ਮੇਲ ਇਕ ਸੁਹਿਰਦ ਮਰਦ ਨਾਲ ਹੁੰਦਾ ਹੈ | ਸ਼ੋਸ਼ਣ ਕਰਨ ਦੀ ਬਜਾਏ ਉਹ ਸਹਾਇਤਾ ਕਰਦਾ ਹੈ | ਜ਼ਿੰਦਗੀ ਇਕ ਹਾਦਸਾ ਵਿਚ ਸੰਨ ਚੁਰਾਸੀ ਦਾ ਦੁਖਾਂਤ ਹੈ | ਕਹਾਣੀਆਂ ਜਾਗੋ ਵੇ ਲੋਕੋ, ਤੇਰਾ ਹੀ ਤਾਂ ਹਾਂ, ਬੁੱਢੀ ਖੋਰੇ ਕਦੋਂ...., ਬਾਵੀਏ ਖੈਰ ਪਾ, ਮੰਥਨ, ਲੁਕਣਮੀਚੀ ਦੀ ਸੁਹਜਮਈ ਸ਼ਬਦਾਵਲੀ ਤਿੱਖੇ, ਸੰਵਾਦ, ਦਿ੍ਸ਼ ਵਰਨਣ, ਕੁਦਰਤੀ ਨਜ਼ਾਰੇ, ਕਹਿਣ ਨਾਲੋਂ ਅਣਕਿਹਾ ਜ਼ਿਆਦਾ, ਸਿਰਜਣਾਤਮਕ ਸੰਕੇਤ, ਦਿਲਚਸਪ ਸ਼ੈਲੀ ਤੇ ਹੋਰ ਬਹੁਤ ਕੁਝ ਲੇਖਕ ਨੂੰ ਵਿਸ਼ੇਸ਼ ਕਹਾਣੀਕਾਰ ਦੀ ਕਤਾਰ ਵਿਚ ਲਿਜਾਣ ਵਾਲੇ ਹਨ | ਵਧੀਆ ਦਿੱਖ ਵਿਚ ਛਪੇ ਖੂਬਸੂਰਤ ਕਹਾਣੀ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ |

—ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
c c c

ਅਤਰਦਾਨੀ
ਗ਼ਜ਼ਲਕਾਰ : ਧਰਮਿੰਦਰ ਸ਼ਾਹਿਦ
ਪ੍ਰਕਾਸ਼ਕ : ਸਪਰੈਡ ਪਬਲੀਕੇਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ : 99144-00151.

'ਅਤਰਦਾਨੀ' ਵਿਚ ਧਰਮਿੰਦਰ ਸ਼ਾਹਿਦ ਦੀਆਂ ਸਤੱਤਰ ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਮਿਲਦੀਆਂ ਹਨ | ਪੁਸਤਕ ਦੀ ਪਹਿਲੀ ਗ਼ਜ਼ਲ ਖ਼ੂਬਸੂਰਤ ਹੈ ਤੇ ਜ਼ਿੰਦਗੀ ਨਾਲ ਸਬੰਧਤ ਵੱਖ-ਵੱਖ ਰੰਗਾਂ ਨੂੰ ਉਦੇ ਕਰਦੀ ਹੈ | ਹੋਰਨਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਇਹ ਰੰਗ ਹੋਰ ਗੂੜ੍ਹੇ ਹੋਏ ਮਿਲਦੇ ਹਨ | ਗ਼ਜ਼ਲਕਾਰ ਮੁਤਾਬਿਕ ਮੁਹੱਬਤ ਬੇਕਰਾਰ ਕਰਦੀ ਹੈ ਪਰ ਆਪਣੇ ਪਿਆਰੇ ਦੇ ਦੀਦਾਰ ਨਾਲ ਦੁੱਖ ਦੂਰ ਹੋ ਜਾਂਦੇ ਹਨ | ਸ਼ਾਇਰ ਅਨੁਸਾਰ ਜਿਨ੍ਹਾਂ ਅੰਦਰ ਮਹਿਕ ਤੇ ਮੁਹੱਬਤ ਦਾ ਖੇੜਾ ਹੈ ਉਹ ਤਲਵਾਰਾਂ ਦੀਆਂ ਗੱਲਾਂ ਨਹੀਂ ਕਰਦੇ | 'ਮਿਟਿਆ ਹਨ੍ਹੇਰ ਮਨ ਦਾ, ਦਿਲ ਨੂੰ ਕਰਾਰ ਆਇਆ, ਹਉਮੈ ਦੇ ਦੀਵਿਆਂ ਨੂੰ ਮੈਂ ਫੂਕ ਮਾਰ ਆਇਆ |' ਉਸ ਦੀ ਇਕ ਗ਼ਜ਼ਲ ਦਾ ਖ਼ੂਬਸੂਰਤ ਮਤਲਾ ਹੈ ਤੇ ਇਹ ਫ਼ਲਸਫ਼ਾ ਅਜੋਕੇ ਮਨੁੱਖ ਨੂੰ ਲੋੜੀਂਦਾ ਹੈ | ਜਿਹੜਾ ਮਨੁੱਖ ਆਪਣੇ ਅੰਦਰ ਨਾਲ ਜੁੜ ਜਾਂਦਾ ਹੈ ਉਸ ਦੇ ਦੁੱਖ ਵੀ ਸੁੱਖ ਵੱਲ ਤਬਦੀਲ ਹੋ ਜਾਂਦੇ ਹਨ |
ਪੁਸਤਕ ਦੀਆਂ ਬਹੁਤੀਆਂ ਗ਼ਜ਼ਲਾਂ ਪਿਆਰ ਆਧਾਰਤ ਹਨ ਤੇ ਇਨ੍ਹਾਂ ਦੇ ਸ਼ਿਅਰਾਂ ਵਿਚ ਮਹਿਬੂਬ ਦੀ ਤਾਰੀਫ਼, ਜੁਦਾਈ ਤੇ ਫਿਰ ਮਿਲਣ ਦੀ ਤਾਂਘ ਦਾ ਵਧੇਰੇ ਵਰਨਣ ਹੈ | ਮੇਰੀ ਸੰਤੁਸ਼ਟੀ ਤੇ ਆਸ ਹੈ ਕਿ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਪਾਠਕ ਨੂੰ ਆਪਣੇ ਨਾਲ ਜੋੜਨਗੀਆਂ | ਗ਼ਜ਼ਲਕਾਰ ਨੂੰ ਪੁਸਤਕ ਵਿਚ ਕਿਤੇ ਕਿਤੇ ਨਜ਼ਰਸਾਨੀ ਕਰਨ ਤੇ ਲੋਕਾਂ ਦੇ ਦਰਦ ਨੂੰ ਜ਼ਬਾਨ ਦੇਣ ਦੀ ਲੋੜ ਸੀ | ਭਵਿੱਖ ਵਿਚ ਸ਼ਾਹਿਦ ਤੋਂ ਹੋਰ ਵੀ ਬਿਹਤਰ ਗ਼ਜ਼ਲਕਾਰੀ ਦੀ ਉਮੀਦ ਖੁੱਲ੍ਹੇ ਮਨ ਨਾਲ ਰੱਖੀ ਜਾ ਸਕਦੀ ਹੈ |

—ਗੁਰਦਿਆਲ ਰੌਸ਼ਨ
ਮੋ: 99884-44002
c c c

ਸ਼ਕੁੰਤਲਾ
ਲੇਖਕ : ਸੁਰਜੀਤ ਸਿੰਘ ਕਾਲੇਕੇ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 325, ਸਫ਼ੇ : 144
ਸੰਪਰਕ : 94174-10736.

'ਸ਼ਕੁੰਤਲਾ' ਸੁਰਜੀਤ ਸਿੰਘ ਕਾਲੇਕੇ ਦਾ ਚੌਥਾ ਕਾਵਿ ਸੰਗ੍ਰਹਿ ਹੈ | ਇਸ ਕਾਵਿ-ਸੰਗ੍ਰਹਿ ਵਿਚ 'ਫ਼ਰਿਆਦ' ਤੋਂ ਲੈ ਕੇ 'ਪੁਨਰ ਮਿਲਣ' ਤੱਕ 14 ਕਾਵਿ ਅਧਿਆਇਆਂ ਰਾਹੀਂ ਸਕੁੰਤਲਾ ਅਤੇ ਦੁਸ਼ਿਅੰਤ ਦੀ ਪ੍ਰੇਮ ਕਥਾ ਦਾ ਪ੍ਰਸੰਗ ਛੋਹਿਆ ਗਿਆ ਹੈ | 'ਆਦਿਕਾ' ਕਾਵਿ-ਖੰਡ 'ਚ ਪ੍ਰਕਿਰਤਕ ਵਾਤਾਵਰਨ ਦਾ ਵਰਨਣ ਕਰਦਿਆਂ ਇਕ ਨਵਜੰਮੇ ਦੇ ਬੱਜੇ ਬੇਖੌਫ਼ ਪਏ ਹੋਣ ਅਤੇ ਕੁਦਰਤ ਦੇ ਨਾਲ ਖੇਡਦੇ ਹੋਣ ਦਾ ਜ਼ਿਕਰ ਕਰਦਿਆਂ ਕਹਾਣੀ ਨੂੰ ਪਿਛਲ ਝਾਤ ਵਿਧੀ ਰਾਹੀਂ ਵਰਨਣ ਕਰਨ ਦਾ ਯਤਨ ਕਿਹਾ ਜਾ ਸਕਦਾ ਹੈ | ਇਹ ਬਿਰਤਾਂਤ ਪਹਿਲਾ ਪੱਛੀ, ਦੂਜਾ ਪੰਛੀ, ਸਾਰੇ ਪੰਛੀ, ਹੰਸ ਰਾਹੀਂ ਵਰਨਣ ਕੀਤੇ ਗਏ ਹਨ | ਦੁਸ਼ਿਅੰਤ ਦਾ ਜੰਗਲ ਵਿਚ ਸ਼ਿਕਾਰ ਕਰਨ ਆਉਣਾ ਉਸ ਦਾ ਆਸ਼ਰਮ ਵਿਚ ਪ੍ਰਵੇਸ਼ ਕਰਨਾ, ਸ਼ਕੁੰਤਲਾ ਅਤੇ ਦੁਸ਼ਿਅੰਤ ਦੀ ਮਿਲਣੀ, ਮਿਲਣੀ ਦਾ ਅਸਰ, ਦੋਵਾਂ ਦਾ ਮਿਲਾਪ, ਦੁਰਬਾਸਾ ਰਿਸ਼ੀ ਦਾ ਆਸ਼ਰਮ 'ਚ ਪ੍ਰਵੇਸ਼ ਕਰਨਾ, ਸ਼ਕੁੰਤਲਾ ਦਾ ਰਾਜੇ ਦੁਸ਼ਿਅੰਤ ਦੇ ਪਿਆਰ 'ਚ ਸੁੱਧ-ਬੁੱਧ ਭੁਲਾਉਣਾ | ਦੁਰਬਾਸਾ ਦਾ ਸਰਾਪ ਦੇਣਾ, ਸਕੁੰਤਲਾ ਦਾ ਵਿਰਲਾਪ ਮੁੰਦਰੀ-ਪ੍ਰਾਪਤੀ, ਕਸ਼ਯਪ ਰਿਸ਼ੀ ਦੇ ਆਸ਼ਰਮ ਵਿਚ, ਤਲਾਸ਼ ਅਤੇ ਪੁਨਰਮਿਲਣ ਦੀਆਂ ਘਟਨਾਵਾਂ ਦਾ ਕਾਵਿਕ ਵਰਨਣ, ਪ੍ਰਕਿਰਤਿਕ ਵਾਤਾਵਰਨ ਦਾ ਚਿਤਰਣ, ਇਸ ਕਾਵਿ-ਸੰਗ੍ਰਹਿ ਦਾ ਪ੍ਰਮੁੱਖ ਵਿਸ਼ਾ ਹੈ | ਸੰਸਕ੍ਰਿਤ ਵਿਚ ਲਿਖੇ ਕਾਲੀਦਾਸ ਦੇ ਸ਼ਕੁੰਤਲਾ ਮਹਾਂ ਕਾਵਿ ਨੂੰ ਸੁਰਜੀਤ ਸਿੰਘ ਕਾਲੇਕੇ ਨੇ ਵੈਦਿਕ ਯੁੱਗ ਦੀ ਸੱਭਿਅਤਾ ਦੀ ਥਾਵੇਂ ਨਿਰੋਲ ਵਰਤਮਾਨ ਪੰਜਾਬੀ ਪੇਂਡੂ ਸੱਭਿਆਚਾਰ ਨੂੰ ਪੇਸ਼ ਕੀਤਾ ਹੈ | ਇਤੇ ਸ਼ਕੁੰਤਲਾ ਪੌਰਾਣਿਕ ਕੰਨਿਆ ਦੀ ਥਾਵੇਂ ਪੰਜਾਬੀ ਮੁਟਿਆਰ ਦੇ ਰੂਪ ਵਿਚ ਚਿਤਰੀ ਗਈ ਹੈ | ਕਮਾਲ ਦੀ ਗੱਲ ਹੈ ਕਿ ਇਹ ਕਥਾ ਸਹਿਜ-ਸੁਭਾਅ ਹੀ ਪੰਜਾਬੀ ਦੀ ਜਾਪਦੀ ਹੈ, ਵਰਨਣ ਪੱਖੋਂ ਵੀ ਅਤੇ ਤਕਨੀਕ ਪੱਖੋਂ ਵੀ | ਕਵਿਤਾ ਵਿਚ ਕਈ ਥਾੲੀਂ ਕਾਵਿਕ ਤੋਲ-ਮੋਲ ਬੇਸ਼ੱਕ ਪੂਰਾ ਨਹੀਂ ਨਿਭਦਾ ਪਰ ਉਹ ਕਥਾ ਦੇ ਅਨੁਸਾਰ ਹਾਵਾਂ-ਭਾਵਾਂ ਦੀ ਖੂਬ ਤਰਜਮਾਨੀ ਕਰਦਾ ਹੈ | ਇਸ ਦਾ ਮੁੱਖ ਬੰਦ ਪ੍ਰਸਿੱਧ ਕਵੀ ਡਾ: ਜਗਤਾਰ ਦਾ ਲਿਖਿਆ ਹੋਇਆ ਜੋ ਇਸ ਨੂੰ ਨਾਟਕੀ-ਸ਼ੈਲੀ 'ਚ ਲਿਖੀ ਕਵਿਤਾ ਮੰਨਦੇ ਹਨ | ਇਸ ਕਾਵਿ ਸੰਗ੍ਰਹਿ ਵਿਚ ਪੇਸ਼ ਯਥਾਰਥਕਤਾ, ਮੌਲਿਕਤਾ ਅਤੇ ਅਲੰਕਾਰ, ਕਾਵਿਕ ਊਣਤਾਈਆਂ ਵੱਲ ਪਾਠਕ ਦਾ ਧਿਆਨ ਕੇਂਦਰਿਤ ਨਹੀਂ ਹੋਣ ਦਿੰਦੇ | ਕਾਵਿਕ ਰਵਾਨਗੀ ਕਾਵਿ-ਪਾਠਕ ਨੂੰ ਮੱਲੋ-ਮੱਲੀ ਕਹਾਣੀ 'ਚ ਉਤਸੁਕਤਾ ਦੀ ਚਿਣਗ ਮਘਾਈ ਰੱਖਦੀ ਹੈ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096
c c c

ਡਾ: ਰਾਜ ਕੁਮਾਰ ਗਰਗ ਦੀ ਗਲਪ ਚੇਤਨਾ
ਸੰਪਾਦਕ : ਡਾ: ਦਵਿੰਦਰ ਕੌਰ
ਪ੍ਰਕਾਸ਼ਕ : ਏਸ਼ੀਆ ਵਿਜ਼ਨਜ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 99887-85546.

ਹਥਲੀ ਪੁਸਤਕ ਵਿਚ ਆਧੁਨਿਕ ਪੰਜਾਬੀ ਨਾਵਲ ਅਤੇ ਕਹਾਣੀ ਸਿਰਜਣਾ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਪ੍ਰਫਿੁਲਤਾ ਤੇ ਸਾਹਿਤਕ ਧਾਰਾ 'ਚ ਵਿਸ਼ੇਸ਼ ਤੌਰ 'ਤੇ ਉੱਘਾ ਯੋਗਦਾਨ ਪਾਉਣ ਵਾਲੇ ਡਾ: ਰਾਜ ਕੁਮਾਰ ਗਰਗ ਦੇ ਰਚਨਾਤਮਕ ਵਿਵੇਕ ਦਾ ਪ੍ਰਗਟਾਵਾ ਪੇਸ਼ ਕੀਤਾ ਗਿਆ ਹੈ | ਗਰਗ ਸਾਹਿਬ ਦੇ ਪ੍ਰਤੀਨਿਧ ਨਾਵਲਾਂ ਅਤੇ ਕਹਾਣੀ-ਸੰਗ੍ਰਹਿਾਂ ਸਬੰਧੀ ਲਿਖੇ ਜਾਂ ਵਿਭਿੰਨ ਗੋਸ਼ਟੀਆਂ, ਸੈਮੀਨਾਰਾਂ ਜਾਂ ਹੋਰ ਸਾਹਿਤਕ ਸਮਾਗਮਾਂ 'ਚ ਪੇਸ਼ ਕੀਤੇ ਗਏ ਖੋਜ-ਪਰਚੇ, ਵਿਭਿੰਨ ਅਖ਼ਬਾਰਾਂ, ਮੈਗਜ਼ੀਨਾਂ 'ਚ ਛਪੇ ਰਿਵਿਊ ਅਤੇ ਵਿਭਿੰਨ ਵਿਦਵਾਨਾਂ ਵਲੋਂ ਹੋਰ ਦਿੱਤੀਆਂ ਨਿੱਕੀਆਂ ਵੱਡੀਆਂ ਟਿੱਪਣੀਆਂ ਅਤੇ ਖਤ-ਪੱਤਰ ਆਦਿ ਨੂੰ ਸਿਲਸਲੇਵਾਰ ਤਰਤੀਬ ਦੇ ਕੇ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ | ਭਾਵੇਂ ਇਹ ਸਾਰੀ ਸਮੱਗਰੀ ਡਾ: ਦਵਿੰਦਰ ਕੌਰ ਨੇ ਆਪ ਇਕੱਠੀ ਕੀਤੀ ਜਾਂ ਡਾ: ਰਾਜ ਕੁਮਾਰ ਗਰਗ ਕੋਲੋਂ ਪ੍ਰਾਪਤ ਹੋਈ, ਡਾ: ਗਰਗ ਦੀ ਗਲਪ ਸਿਰਜਣ ਸ਼ਕਤੀ ਦਾ ਖੂਬ ਦਰਪਣ ਹੈ | ਡਾ: ਗਰਗ ਮਾਨਵ ਹਿਤੈਸ਼ੀ ਲੇਖਕ ਹੈ, ਉਹ ਕਿਰਸਾਨੀ ਅਤੇ ਇਸ ਦੇ ਸਹਾਇਕ ਧੰਦੇ ਨਾਲ ਜੁੜੇ ਹੋਏ ਲੋਕਾਂ ਦੀ ਦਰਦ-ਸੰਵੇਦਨਾ ਨੂੰ ਬਾਖੂਬੀ ਅਨੁਭਵ ਕਰਕੇ ਆਪਣੀਆਂ ਰਚਨਾਵਾਂ ਵਿਚ ਪ੍ਰਗਟ ਕਰਦਾ ਆ ਰਿਹਾ ਹੈ | 'ਮੈਂ ਕਿਉਂ ਲਿਖਦਾ ਹਾਂ', 'ਮੇਰੇ ਪਾਤਰ', 'ਕਲਮ ਚਲਦੀ ਰਹੇ', 'ਘਰ ਦਾ ਜੋਗੀ' ਆਦਿ ਅਧਿਆਇ ਇਸੇ ਉਕਤ ਗੱਲ ਦਾ ਪ੍ਰਮਾਣ ਹਨ | ਇਸ ਉਪਰੰਤ 'ਚੌਰਾਹੇ ਵਿਚ ਖੜ੍ਹਾ ਆਦਮੀ', 'ਜੱਟ ਦੀ ਜੂਨ', 'ਟਿੱਬਿਆਂ ਵਿਚ ਵਗਦਾ ਦਰਿਆ' ਵਰਗੀਆਂ ਰਚਨਾਵਾਂ ਨੇ ਜਿਸ ਕਦਰ ਗਰਗ ਲੋਕਤਾ ਦੀਆਂ ਮੂਲ ਸਮੱਸਿਆਵਾਂ ਨੂੰ ਪਛਾਣਿਆ ਉਨ੍ਹਾਂ ਸਭਨਾਂ ਸਬੰਧੀ ਬਹੁਤ ਸਾਰੇ ਪੜਚੋਲਕਾਂ ਦੇ ਖੋਜ ਪਰਚੇ ਇਸ ਪੁਸਤਕ ਵਿਚ ਅੰਕਿਤ ਹਨ | ਇਸੇ ਤਰ੍ਹਾਂ ਨਾਵਲ 'ਪੌੜੀਆਂ', 'ਜਿਗਰਾ ਧਰਤੀ ਦਾ', 'ਸੂਰਜ ਕਦੇ ਮਰਦਾ ਨਹੀਂ' ਆਦਿ ਰਚਨਾਵਾਂ ਵਿਚੋਂ ਉੱਘੜਦੇ ਯਥਾਰਥ-ਬੋਧ ਦਾ ਵਿਭਿੰਨ ਆਲੋਚਕਾਂ ਵਲੋਂ ਕੀਤਾ ਨਿਰੀਖਣ ਪੇਸ਼ ਕੀਤਾ ਗਿਆ ਹੈ | ਪੁਸਤਕ ਦੇ ਅੰਤਿਮ ਭਾਗ ਵਿਚ ਗਰਗ ਦੁਆਰਾ ਰਚਿਤ-ਪ੍ਰਵਾਸ, ਸੁਲਗਦੀ ਅੱਗ ਦਾ ਸੇਕ ਅਤੇ ਨੀਲ-ਕੰਠ ਦੀ ਉਡੀਕ ਆਦਿ ਕਹਾਣੀ-ਸੰਗ੍ਰਹਿਾਂ ਦਾ ਵੀ ਗੰਭੀਰ ਅਧਿਐਨ ਪੇਸ਼ ਕੀਤਾ ਗਿਆ ਹੈ ਅਤੇ ਇਸ ਸਮਰੱਥਾਵਾਨ ਗਲਪਕਾਰ ਦੀ ਪਛਾਣ ਨੂੰ ਨਿਰਪੱਖ ਸ਼ੈਲੀ ਜ਼ਰੀਏ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ |

—ਡਾ: ਜਗੀਰ ਸਿੰਘ ਨੂਰ
ਮੋ: 9814209732
c c c 

02-11-2019

 ਪੰਜਾਬੀ ਨਾਟ ਮੰਚ ਦੇ ਗਲੋਬਲੀ ਸਰੋਕਾਰ
ਸੰਪਾਦਕ : ਡਾ: ਰਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡਗੜ੍ਹ
ਮੁੱਲ : 400 ਰੁਪਏ, ਸਫ਼ੇ : 295
ਸੰਪਰਕ : 94630-88272.

ਨਾਟਕ ਤੇ ਰੰਗਮੰਚ ਦੋਵਾਂ ਲਈ ਸਾਂਝਾ ਸ਼ਬਦ ਡਾ: ਸਤੀਸ਼ ਵਰਮਾ ਦੀ ਘਾੜਤ ਹੈ। ਵਿਚਾਰ ਅਧੀਨ ਕਿਤਾਬ ਵਿਚ ਪੰਜਾਬੀ ਦੇ ਨਾਟਕ ਤੇ ਰੰਗਮੰਚ ਦੇ ਵਿਸ਼ਵ ਵਿਆਪੀ ਸਰੋਕਾਰਾਂ ਬਾਰੇ ਸਿਧਾਂਤਕ ਅਤੇ ਵਿਹਾਰਕ ਪੱਧਰ 'ਤੇ ਚਰਚਾ ਕਰਨ ਵਾਲੇ ਚਾਲੀ ਖੋਜ ਪੱਤਰ ਸੰਕਲਿਤ ਹਨ। ਇਹ ਖੋਜ ਪੱਤਰ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ (ਲੁਧਿਆਣਾ) ਵਿਚ ਹੋਈ ਕਾਨਫ਼ਰੰਸ ਵਿਚ ਪੇਸ਼ ਕੀਤੇ ਗਏ। ਨੁੱਕੜ ਨਾਟਕ, ਨੁੱਕੜ ਨਾਟਕ ਤੇ ਲੋਕ ਰੰਗਮੰਚ, ਪੇਂਡੂ ਰੰਗਮੰਚ, ਮੀਡੀਆ ਤੇ ਰੰਗਮੰਚ, ਪੰਜਾਬੀ ਨਾਟਕ-ਮੰਚ ਦਾ ਭਵਿੱਖ, ਪਰਵਾਸੀ, ਪੰਜਾਬੀ ਨਾਟਕ ਦੇ ਗਲੋਬਲੀ ਸਰੋਕਾਰ ਜਿਹੇ ਵਿਸ਼ੇ ਸਿਧਾਂਤਕ ਨੁਕਤਿਆਂ 'ਤੇ ਕੇਂਦਰਿਤ ਹਨ। ਵਿਹਾਰਕ ਪੱਧਰ 'ਤੇ ਪੇਸ਼ ਖੋਜ ਪੱਤਰ ਕਿਸੇ ਇਕ ਨਾਟਕਕਾਰ ਜਾਂ ਨਾਟ-ਮੰਚ ਕਰਮੀ 'ਤੇ ਕੇਂਦਰਿਤ ਹਨ। ਉਦਾਹਰਨ ਲਈ ਇਹ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਆਤਮਜੀਤ, ਅਜਮੇਰ ਔਲਖ, ਸਤੀਸ਼ ਵਰਮਾ, ਹਰਸ਼ਰਨ ਸਿੰਘ, ਸਵਰਾਜਬੀਰ ਤੇ ਨੀਲਮ ਮਾਨ ਸਿੰਘ ਬਾਰੇ ਲਿਖੇ ਖੋਜ ਪੱਤਰ ਵੇਖੇ ਜਾ ਸਕਦੇ ਹਨ। ਵੱਡੀਆਂ ਗੱਲਾਂ ਦੋ-ਤਿੰਨ ਹਨ। ਪਹਿਲੀ ਇਹ ਕਿ ਪੰਜਾਬ ਦੇ ਕਿਸੇ ਦਿਹਾਤੀ ਖੇਤਰ ਦੇ ਅਨਜਾਣੇ ਜਿਹੇ ਕਾਲਜ ਵਿਚ ਨਾਟਕ ਤੇ ਰੰਗਮੰਚ 'ਤੇ ਏਡੀ ਵੱਡੀ ਕਾਨਫ਼ਰੰਸ। ਦੂਜੀ ਇਹ ਕਿ ਇਨ੍ਹਾਂ ਵਿਚ ਪੇਸ਼ ਬਹੁਤੇ ਪੇਪਰ ਨਵੀਂ ਪੀੜ੍ਹੀ ਦੇ ਨੌਜਵਾਨ ਖੋਜ ਵਿਦਿਆਰਥੀਆਂ ਨੇ ਪੜ੍ਹੇ। ਤੀਜੀ ਇਹ ਕਿ ਇਹ ਨਵੀਂ ਪੀੜ੍ਹੀ ਵਿਸ਼ਵਾਸ ਤੇ ਵਿਵੇਕ ਨਾਲ ਆਪਣੀ ਗੱਲ ਕਹਿਣ ਦਾ ਅਹਿਸਾਸ ਜਗਾ ਰਹੀ ਹੈ। ਨਵੇਂ ਅਣਛੋਹੇ ਖੇਤਰਾਂ, ਵਿਸ਼ਿਆਂ ਨੂੰ ਹੱਥ ਪਾ ਕੇ ਉਨ੍ਹਾਂ ਨਾਲ ਨਿਆਂ ਕਰਨ ਦੇ ਸਮਰੱਥ ਹੈ।
ਚਾਲੀ ਖੋਜ ਪੱਤਰਾਂ ਦੇ ਥੀਮ ਜਾਂ ਪਰਚਾ ਲੇਖਕਾਂ ਦੇ ਵੇਰਵੇ ਦੇਣੇ ਤਾਂ ਇਸ ਨਿੱਕੇ ਜਿਹੇ ਰੀਵਿਊ ਵਿਚ ਸੰਭਵ ਨਹੀਂ। ਏਨਾ ਜ਼ਰੂਰ ਹੈ ਕਿ ਇਹ ਕਿਤਾਬ ਪਹਿਲੀ, ਦੂਜੀ ਪੀੜ੍ਹੀ ਦੇ ਹੋ ਗੁਜ਼ਰੇ ਨਾਟਕਕਾਰਾਂ ਦੀ ਥਾਂ ਤੀਜੀ, ਚੌਥੀ ਪੀੜ੍ਹੀ ਦੇ ਨਾਟਮੰਚ ਕਰਮੀਆਂ ਬਾਰੇ ਵਾਰ-ਵਾਰ ਵੱਖ-ਵੱਖ ਪਰਿਪੇਖਾਂ ਅਤੇ ਪ੍ਰਸੰਗਾਂ ਵਿਚ ਚਰਚਾ ਕਰਦੀ ਹੈ। ਸਿਧਾਂਤਕ ਤੇ ਵਿਹਾਰਕ ਦੋਵਾਂ ਪੱਧਰਾਂ 'ਤੇ ਏਨੀ ਵੱਡੀ ਗਿਣਤੀ ਵਿਚ ਆਧੁਨਿਕ ਪੰਜਾਬੀ ਹਵਾਲਾ ਪੁਸਤਕ ਬਣਾ ਰਿਹਾ ਹੈ। ਸੰਪਾਦਿਕਾ ਭਾਵੇਂ ਰਵਿੰਦਰ ਕੌਰ ਹੈ ਪਰ ਉਸ ਨਾਲ ਸਹਾਇਕ ਸੰਪਾਦਕ ਵਜੋਂ ਡਾ: ਜਸਪ੍ਰੀਤ ਕੌਰ ਗੁਲਾਟੀ, ਪ੍ਰੋ: ਅਮਨਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ ਤੇ ਪ੍ਰੋ: ਸੰਦੀਪ ਕੌਰ ਦਾ ਸਹਿਯੋਗ ਵੀ ਰਿਹਾ ਹੈ ਅਤੇ ਉਸ ਦੇ ਅਧਿਆਪਕ ਡਾ: ਸਤੀਸ਼ ਵਰਮਾ ਦਾ ਆਸ਼ੀਰਵਾਦ ਵੀ। ਸਭ ਨੇ ਆਪਣਾ ਕਰਤੱਵ ਵਧੀਆ ਨਿਭਾਇਆ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਬੀਜ-ਬਿਰਖ
(ਸਮਕਾਲੀ ਪੰਜਾਬੀ ਯੁਵਾ ਸ਼ਾਇਰੀ)
ਸੰਪਾਦਕ : ਸਤਪਾਲ ਭੀਖੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 216
ਸੰਪਰਕ : 98761-55530.

ਇਸ ਪੁਸਤਕ ਵਿਚ ਸੂਝਵਾਨ ਅਤੇ ਦੂਰਦਰਸ਼ੀ ਸੰਪਾਦਕ ਸ੍ਰੀ ਸਤਪਾਲ ਭੀਖੀ ਨੇ 46 ਅਜਿਹੇ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ ਜੋ 20ਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ 1990-91 ਦੇ ਆਸ-ਪਾਸ ਪੈਦਾ ਹੋਏ ਸਨ। ਇਨ੍ਹਾਂ ਸ਼ਾਇਰਾਂ ਨੇ ਪੰਜਾਬ ਵਿਚ ਉਸ ਸਮੇਂ ਅੱਖਾਂ ਖੁੱਲ੍ਹੀਆਂ, ਜਦੋਂ ਇਥੇ ਰੁਜ਼ਗਾਰ ਦੇ ਸੋਮੇ ਬਿਲਕੁਲ ਸੁੰਗੜ ਗਏ ਸਨ। ਚਾਰੇ ਪਾਸੇ ਅਫ਼ਰਾ-ਤਫ਼ਰੀ ਦਾ ਆਲਮ ਸੀ। ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾ ਵਸਣ ਦੀ ਨੱਠ-ਭੱਜ ਸ਼ੁਰੂ ਹੋ ਚੁੱਕੀ ਸੀ। ਪੰਜਾਬ ਦੇ ਅਜਿਹੇ ਮਾਹੌਲ ਵਿਚ ਵਿਚਰਣ ਦੇ ਬਾਵਜੂਦ ਇਹ ਸ਼ਾਇਰ ਆਪਣੀ ਸਥਿਤੀ ਨੂੰ ਇਕ ਚੁਣੌਤੀ ਵਜੋਂ ਲੈਂਦੇ ਹਨ। ਆਉਣ ਵਾਲੀਆਂ ਨਸਲਾਂ ਲਈ ਉਹ ਹਰ ਤਰ੍ਹਾਂ ਦੀ ਜਵਾਬਦੇਹੀ ਲਈ ਤਤਪਰ ਹੋ ਰਹੇ ਹਨ। ਦੇਖੋ :
ਸੋਚਿਓ ਕਦੇ
ਆਉਣ ਵਾਲੀਆਂ ਨਸਲਾਂ ਨੂੰ
ਕੀ ਦਿਆਂਗੇ ਜਾਣ ਵੇਲੇ?
ਪੀਣ ਲਈ ਕਾਰਖਾਨਿਆਂ 'ਚੋਂ ਨਿਕਲਦਾ ਤੇਜ਼ਾਬ
ਚੱਬਣ ਲਈ ਲੋਹਾ
ਪਲ ਪਲ ਮੌਤ ਦਾ ਸਹਿਮ?
(ਅਕਰਮ ਧੂਰਕੋਟ)
ਇਨ੍ਹਾਂ ਕਵਿਤਾਵਾਂ ਵਿਚ ਸਮਕਾਲੀ ਯਥਾਰਥ ਦੇ ਬੇਰਹਿਮ ਚਿਹਰੇ ਦੀ ਨਿਸ਼ਾਨਦੇਹੀ ਕਰ ਕੇ ਇਸ ਨੂੰ ਨੰਗਾ ਕੀਤਾ ਗਿਆ ਹੈ। ਆਸ-ਪਾਸ ਦੇ ਲੋਕ-ਜੀਵਨ ਦੀਆਂ ਵਿਸੰਗਤੀਆਂ ਦਾ ਨਿਰੂਪਣ ਹੋਇਆ ਹੈ। ਬਹੁਤ ਸਾਰੀਆਂ ਕਵਿਤਾਵਾਂ 'ਮਨਬਚਨੀਆਂ' ਦੇ ਰੂਪ ਵਿਚ ਹਨ ਪਰ ਕਿਧਰੇ-ਕਿਧਰੇ ਸੰਵਾਦ ਵੀ ਰਚਾਇਆ ਗਿਆ ਹੈ। ਸੰਬੋਧਨੀ-ਕਵਿਤਾਵਾਂ ਵੀ ਕਾਫੀ ਗਿਣਤੀ ਵਿਚ ਹਨ। ਵਧੇਰੇ ਕਵਿਤਾਵਾਂ ਛੰਦ ਮੁਕਤ ਹਨ। ਪ੍ਰਤੀਤ ਹੁੰਦਾ ਹੈ ਕਿ ਸਾਡੇ ਯੁਵਾ ਸ਼ਾਇਰ ਗ਼ਜ਼ਲ ਜਾਂ ਗੀਤ ਨੂੰ ਜੀਵਨ ਦੀਆਂ ਵਿਸੰਗਤੀਆਂ ਅਤੇ ਦੁਸ਼ਵਾਰੀਆਂ ਦੀ ਪੇਸ਼ਕਾਰੀ ਲਈ ਸਟੀਕ ਰੂਪਾਕਾਰ ਨਹੀਂ ਮੰਨਦੇ। ਬਲਕਿ ਉਹ ਆਪਣੀ ਵੇਦਨਾ-ਸੰਵੇਦਨਾ ਨੂੰ, ਸਿੰਧੀਆਂ ਅਤੇ ਸਪੱਸ਼ਟ ਵਿਧੀਆਂ ਦੁਆਰਾ ਅਭਿਵਿਅਕਤ ਕਰਨ ਲਈ ਕਮਰਕੱਸੇ ਕਰੀ ਬੈਠੇ ਹਨ। ਉਨ੍ਹਾਂ ਨੇ ਸਾਡੇ ਦੰਭੀ ਨੇਤਾਵਾਂ ਦੇ ਹਿੰਸਕ ਚਿਹਰੇ-ਮੋਹਰੇ ਨੂੰ ਪਛਾਣ ਲਿਆ ਹੈ :
ਸਰਮਾਏ ਦਾ ਵਹਿਸ਼ੀ ਭੇੜੀਆ
ਜਦੋਂ ਗਲੀਆਂ 'ਚ ਹਵਾਂਕਦਾ ਹੈ
ਤਾਂ ਚੁੱਲ੍ਹਿਆਂ 'ਚ ਅੱਗ ਨਹੀਂ ਬਲਦੀ
ਹੋਠਾਂ ਤੇ ਮੁਸਕਾਨ ਨਹੀਂ ਰਹਿੰਦੀ।
ਫਿਰ ਉਹ ਚਾਹੇ ਕਸ਼ਮੀਰ ਹੋਵੇ
ਪੰਜਾਬ ਹੋਵੇ, ਸੀਰੀਆ ਜਾਂ ਫਲਸਤੀਨ।
(ਗੁਰਮੁਖ ਸਿੰਘ)
ਰੂਚੀ ਸਿੰਘ, ਖੁਸ਼ਵੀਰ ਢਿੱਲੋਂ, ਹਰਵਿੰਦਰ, ਕਮਲਦੀਪ ਜਲੂਰ, ਹਰਵਿੰਦਰ ਭੀਖੀ, ਪਰਵਾਜ਼, ਪ੍ਰੀਤੀ ਸੈਲੀ ਅਤੇ ਮਨਦੀਪ ਔਲਖ ਵਰਗੇ ਯੁਵਾ ਕਵੀਆਂ ਦਾ ਅੰਦਾਜ਼ ਚਕ੍ਰਿਤ ਕਰ ਦੇਣ ਦੀ ਹੱਦ ਤੱਕ ਤਾਜ਼ਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਕੰਡਿਆਲੇ ਰਾਹਾਂ ਦਾ ਰਾਹੀ
ਕਵੀ : ਕਰਤਾਰ ਸਿੰਘ ਕਾਲੜਾ
ਸੰਪਾ: ਸਰਬਜੀਤ ਸਿੰਘ ਸੰਧੂ
ਪ੍ਰਕਾਸ਼ਕ : ਸਤਿ-ਕਰਤਾਰ ਪ੍ਰਕਾਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 94640-88998.

ਇਸ ਪੁਸਤਕ ਦੇ ਸੰਪਾਦਕ ਨੇ ਆਪਣੇ ਮਿੱਤਰ ਦੇ ਕਾਵਿ-ਸੰਗ੍ਰਹਿ ਦਾ ਸੰਪਾਦਨ ਕਰਦਿਆਂ ਬਹਿਰ-ਵਚਨ ਬਾਰੇ ਮੁਢਲੇ 48 ਪੰਨਿਆਂ ਵਿਚ ਬੜਾ ਗਿਆਨ ਵਰਧਕ ਖੋਜ ਪੱਤਰ ਪ੍ਰਸਤੁਤ ਕੀਤਾ ਹੈ।
ਕਰਤਾਰ ਸਿੰਘ ਕਾਲੜਾ ਦੇ ਇਸ ਕਾਵਿ-ਸੰਗ੍ਰਹਿ ਵਿਚ 113 ਰੁਬਾਈਆਂ, 98 ਤੁਰਿਆਈਆਂ, ਚੌਬਰਗੇ 21, 18 ਦੋਹੇ, 22 ਮਤਲੇ, 40 ਗ਼ਜ਼ਲਾਂ, 2 ਉਰਦੂ ਗ਼ਜ਼ਲਾਂ, ਬਾਕੀ ਕਵਿਤਾਵਾਂ, ਗੀਤ ਤੇ ਕਾਫੀਆਂ ਸੰਕਲਿਤ ਕੀਤੀਆਂ ਉਪਲਬਧ ਹਨ। ਸਵੈ-ਸਿੱਧ ਹੈ ਕਵੀ ਨੂੰ ਲਗਪਗ ਹਰ ਕਾਵਿ-ਰੂਪ 'ਤੇ ਅਬੂਰ ਹਾਸਲ ਹੈ। ਰੁਬਾਈਆਂ, ਤੁਰਿਆਈਆਂ ਨੂੰ ਵਿਸ਼ਿਆਂ ਅਨੁਸਾਰ ਵੱਖ-ਵੱਖ ਉਪ-ਸਿਰਲੇਖਾਂ ਹੇਠ ਵਿਭਾਜਤ ਕੀਤਾ ਹੈ।
ਇਸ ਸਮੁੱਚੇ ਸੰਪਾਦਨ ਵਿਚੋਂ ਕਵੀ ਦਾ ਕਾਵਿ ਕੋਡ 'ਚਾਨਣ' ਨਿਰਧਾਰਤ ਕੀਤਾ ਜਾ ਸਕਦਾ ਹੈ। ਕਵੀ ਲਿਖਦਾ ਹੈ :
ਮੈਂ ਚਾਨਣ, ਮੈਂ ਚਾਨਣ-ਚਾਨਣ, ਚਾਨਣ-ਚਾਨਣ ਮੈਂ।
ਖ਼ਾਕੀ ਵਿਚੋਂ ਲੱਗਿਆਂ ਨੂਰੀ ਜੋਤਿ ਪਛਾਨਣ ਮੈਂ। (ਪੰ: 99)
ਇਹ ਸਮੁੱਚਾ ਚਾਨਣ ਗੁਰਮਤਿ ਤੋਂ ਪ੍ਰਾਪਤ ਹੈ। ਜੀਵਨ ਦੀਆਂ ਆਮ ਸਮੱਸਿਆਵਾਂ ਵਿਚੋਂ ਵੀ ਉਤਪੰਨ ਹੁੰਦਾ ਹੈ। ਕਵੀ 'ਚਾਨਣ ਦਾ ਵਣਜਾਰਾ' ਆਖਿਆ ਜਾ ਸਕਦਾ ਹੈ। ਕਵੀ ਨੇ ਜਿਹੋ-ਜਿਹਾ ਜੀਵਨ ਜੀਵਿਆ, ਹੰਢਾਇਆ, ਅਨੁਭਵ ਕੀਤਾ, ਕੰਡਿਆਲੇ ਰਾਹਾਂ 'ਤੇ ਚਲਦਿਆਂ ਜੋ ਸਿੱਖਿਆਵਾਂ ਪ੍ਰਾਪਤ ਕੀਤੀਆਂ, ਉਨ੍ਹਾਂ ਨੂੰ ਹੀ ਕਾਵਿ ਦਾ ਜਾਮਾ ਪਹਿਨਾਇਆ ਹੈ। ਉਹ ਸਮਕਾਲੀ ਸਮੱਸਿਆਵਾਂ ਦੀ ਪੇਸ਼ਕਾਰੀ ਕਰਦਿਆਂ ਨੇਤਾਵਾਂ ਦੀਆਂ ਚਾਲਾਂ ਅਤੇ ਧਰਮ ਦੇ ਠੇਕੇਦਾਰਾਂ ਦਾ ਪਰਦਾਫਾਸ਼ ਕਰਦਾ ਹੈ। ਗ਼ਰੀਬਾਂ ਨਾਲ ਹਮਦਰਦੀ, ਹਾਅ ਦਾ ਨਾਅਰਾ ਮਾਰਦਾ ਹੈ। ਆਪਣੀ ਖ਼ੁਦਦਾਰੀ ਦਾ ਮਾਨਸਿਕ ਵਿਸ਼ਲੇਸ਼ਣ ਪੇਸ਼ ਕਰਦਾ ਹੈ।
ਕੁਝ ਸ਼ਿਅਰਾਂ ਦਾ ਨਮੂਨਾ ਹਾਜ਼ਰ ਹੈ :
ਮੌਤ ਬਾਰੇ :
ਮਰਨਾ ਤਾਂ ਜ਼ਰੂਰੀ ਹੈ, ਮਰਨਾ ਹੀ ਸਚਾਈ ਹੈ,
ਪਰ ਏਨਾ ਤਾਂ ਸਿੱਖ ਜਾਈਏ : ਕਿੰਞ ਆਈ-ਜਾਈਦਾ ਹੈ। (ਪੰ: 94)
ਗ਼ਜ਼ਲਾਂ ਦੀ ਸਿਰਜਣ-ਪ੍ਰਕਿਰਿਆ ਬਾਰੇ :
ਜੀਵਨ ਦੀ ਸਾਂਝ ਵਿਚੋਂ ਜਜ਼ਬਾ ਜਦੋਂ ਵੀ ਉਛਲੇ
ਰਚੀਆਂ ਹੀ ਜਾਂਦੀਆਂ ਨੇ ਬੇਅਖ਼ਤਿਆਰ ਗ਼ਜ਼ਲਾਂ। (ਪੰ: 97)
ਕੰਡਿਆਲੇ ਰਾਹਾਂ ਪੁਸਤਕ ਦੇ ਟਾਈਟਲ ਬਾਰੇ ਵੀ ਸ਼ਿਅਰ ਉਪਲਬਧ ਹਨ।
ਕੁੱਲ ਮਿਲਾ ਕੇ ਇਹ ਕਾਵਿ-ਸੰਗ੍ਰਹਿ ਮਾਨਵਤਾ ਲਈ ਉਪਦੇਸ਼ਾਤਮਕ ਹੋ ਨਿਬੜਿਆ ਹੈ। ਮਾਨਵੀ ਜੀਵਨ ਦੀ ਯਥਾਰਥਕ ਪ੍ਰਸਤੁਤੀ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਰੂਹਾਂ ਦੀਆਂ ਪੈੜਾਂ
ਆਲੋਚਕਾਂ ਦੀ ਦ੍ਰਿਸ਼ਟੀ ਵਿਚ
ਸੰਪਾਦਕ : ਡਾ: ਹਰਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 112
ਸੰਪਰਕ : 95016-99033.

ਇਹ ਵਿਚਾਰ ਕਰਨ ਵਾਲੇ ਪਾਰਖੂਆਂ ਨੂੰ 'ਆਲੋਚਕ' ਕਿਹਾ ਜਾਂਦਾ ਹੈ। ਪੁਸਤਕ 'ਰੂਹਾਂ ਦੀਆਂ ਪੈੜਾਂ :ਆਲੋਚਕਾਂ ਦੀ ਦ੍ਰਿਸ਼ਟੀ ਵਿਚ' ਕੁਦਰਤ ਪ੍ਰੇਮੀ ਡਾ: ਸਤਵੰਤ ਕੌਰ ਪੰਧੇਰ ਦੀ ਪੁਸਤਕ (ਕਹਾਣੀ ਸੰਗ੍ਰਹਿ) 'ਰੂਹਾਂ ਦੀਆਂ ਪੈੜਾਂ' ਨੂੰ ਹਰ ਪੱਖੋਂ ਆਲੋਚਨਾ ਦੀ ਕਸਵੱਟੀ 'ਤੇ ਪਰਖਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਦਰਾਂ ਵਿਦਵਾਨ ਹਸਤੀਆਂ : ਡਾ: ਰਵਿੰਦਰ ਕੌਰ (ਬੇਜ਼ੁਬਾਨ ਵਿਚ ਇਨਸਾਨੀਅਤ), ਡਾ: ਹਰਪ੍ਰੀਤ ਕੌਰ (ਬੇ ਜ਼ੁਬਾਨੇ ਵਫਾਦਾਰ ਦੋਸਤ), ਡਾ: ਪਲਵਿੰਦਰ ਕੌਰ (ਰੂਹਾਂ ਦੀਆਂ ਪੈੜਾਂ : ਇਕ ਅਧਿਐਨ), ਡਾ: ਅਮਰਜੀਤ ਕੌਰ ਕਾਲਕਟ (ਬੇਜ਼ੁਬਾਨਿਆਂ ਦੀ ਯਾਦਾਂ ਦੀ ਪਟਾਰੀ), ਡਾ: ਸੁਖਵਿੰਦਰ ਕੌਰ (ਸੰਵੇਦਨਸ਼ੀਲ ਅਹਿਸਾਸਾਂ ਦੀ ਦਾਸਤਾਂ), ਡਾ: ਗੁਰਪ੍ਰੀਤ ਕੌਰ (ਮਨੁੱਖੀ ਸੰਵੇਦਨਾ ਨੂੰ ਪ੍ਰਗਟਾਉਂਦੀ ਪੁਸਤਕ), ਡਾ: ਹਰਜੀਤ ਕੌਰ ਵਿਰਕ (ਰੂਹਾਂ ਦੀਆਂ ਪੈੜਾਂ ਵਿਚਾਰਧਾਰਾਈ ਅਧਿਐਨ), ਡਾ: ਅਮਨਦੀਪ ਕੌਰ (ਪ੍ਰਕਿਰਤੀ ਚੇਤਨਾ ਅਤੇ ਮਾਨਵੀ ਸੰਵੇਦਨਾ ਦਾ ਬਿਰਤਾਂਤ), ਡਾ: ਸੁੱਖਵੀਰ ਕੌਰ (ਰੂਹਾਂ ਦੀਆਂ ਪੈੜਾਂ 'ਚ ਪ੍ਰਕਿਰਤੀ ਚਿਤਰਨ), ਡਾ: ਸੁਖਵਿੰਦਰ ਕੌਰ (ਮਨੁੱਖ ਦੀ ਰੂਹ ਨੂੰ ਝੰਜੋੜਦੀ ਕਿਰਤ), ਡਾ: ਹਰਮਨਦੀਪ ਕੌਰ ਬਿੰਦਰਾ (ਤਜਰਬਿਆਂ ਤੇ ਯਾਦਾਂ ਦਾ ਜ਼ਖੀਰਾ), ਡਾ: ਬਲਜੀਤ ਰੰਧਾਵਾ (ਰੂਹਾਂ ਦੀਆਂ ਪੈੜਾਂ ਦਾ ਇਕ ਅਧਿਐਨ), ਡਾ: ਲਖਵੀਰ ਕੌਰ (ਪਿਆਰ ਦੀ ਅਨੋਖੀ ਮਿਸਾਲ), ਮਨਿੰਦਰਜੀਤ ਕੌਰ ਡਾ: (ਜਾਨਵਰਾਂ ਦੀ ਵਫਦਾਰੀ ਦਾ ਰੂਹ 'ਤੇ ਅਸਰ) ਅਤੇ ਸੁਖਵਿੰਦਰ ਕੌਰ ਡਾ: (ਸਿਮਰਤੀਆਂ ਦੀ ਲਿਸ਼ਕੋਰ) ਨੇ 35 ਕੁ ਕਹਾਣੀਆਂ ਵਾਲੇ ਇਸ ਕਹਾਣੀ ਸੰਗ੍ਰਹਿ 'ਰੂਹਾਂ ਦੀਆਂ ਪੈੜਾਂ' ਨੂੰ ਆਪਣੀ ਵਿਦਵਤਾ ਭਰੇ ਵਿਚਾਰਾਂ/ਢੁਕਵੇਂ ਉਪ ਵਿਸ਼ਿਆਂ ਨਾਲ ਭਰਪੂਰ ਸਰਸਾਰ ਕੀਤਾ ਹੈ। 'ਰੂਹਾਂ ਦੀਆਂ ਪੈੜਾਂ : ਆਲੋਚਕਾਂ ਦੀ ਦ੍ਰਿਸ਼ਟੀ ਵਿਚ 'ਸਾਰੇ ਵਿਦਵਾਨ ਇਕ ਮੁੱਖ ਪੱਖ 'ਤੇ ਇਕਮੱਤ ਹਨ ਕਿ ਕੁਦਰਤ ਦੇ ਪ੍ਰੇਮੀ ਬਣਨ ਲਈ ਕੁਦਰਤ ਦੀ ਰਚਨਾ (ਜੀਵ ਜੰਤੂ ਅਤੇ ਬਨਸਪਤੀ) ਨੂੰ ਪਿਆਰ ਕਰਨਾ ਜ਼ਰੂਰੀ ਹੁੰਦਾ ਹੈ। ਇਕ ਦੂਜੇ ਦੀਆਂ ਰਮਜ਼ਾਂ ਸਮਝਣੀਆਂ ਪੈਂਦੀਆਂ ਹਨ। ਜਿਸਮ ਭਾਵੇਂ ਕੋਈ ਵੀ (ਮਨੁੱਖ ਜਾਂ ਜਾਨਵਰ ਦਾ) ਹੋਵੇ ਪਰ ਰੂਹਾਂ ਦਾ ਆਪਸੀ ਸੰਵਾਦ ਸੁਰ ਇਕ ਹੋਣੀ ਚਾਹੀਦੀ ਹੈ ਅਤੇ ਇਕ ਦੂਜੇ ਲਈ ਜਨੂੰਨੀ ਹੱਦ ਤੱਕ ਖਿੱਚ ਹੋਣੀ ਚਾਹੀਦੀ ਹੈ। ਇਹ ਸਭ ਕੁਝ ਹੀ ਡਾ: ਸਤਵੰਤ ਕੌਰ ਪੰਧੇਰ ਦੁਆਰਾ ਰਚਿਤ ਪੁਸਤਕ 'ਰੂਹਾਂ ਦੀਆਂ ਪੈੜਾਂ' ਸਮੋਈ ਬੈਠੀ ਹੈ। ਕੁਦਰਤ ਨਾਲ ਪ੍ਰੇਮ ਰੱਖਣ ਵਾਲਿਆਂ ਨੂੰ ਇਹ ਪੁਸਤਕ 'ਰੂਹਾਂ ਦੀਆਂ ਪੈੜਾਂ : ਆਲੋਚਕਾਂ ਦੀ ਦ੍ਰਿਸ਼ਟੀ ਵਿਚ' ਇਕ ਵਾਰ ਜ਼ਰੂਰ ਵਾਚਣੀ ਚਾਹੀਦੀ ਹੈ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764 74858
ਫ ਫ ਫ

ਚੜ੍ਹਦੀ ਕਲਾ ਦਾ ਸੰਕਲਪ
ਲੇਖਿਕਾ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 158
ਸੰਪਰਕ : 98555-84298.

ਇਹ ਪੁਸਤਕ ਇਕ ਨਿਬੰਧ-ਸੰਗ੍ਰਹਿ ਹੈ ਜੋ ਸਹੀ ਜੀਵਨ ਜਾਚ ਦਾ ਪੈਗਾਮ ਹੈ। ਪੁਸਤਕ ਵਿਚਲੇ 37 ਲੇਖ ਜ਼ਿੰਦਗੀ ਦੀ ਕੈਨਵਸ 'ਤੇ ਬਿਖਰੇ ਵੱਖੋ-ਵੱਖ ਰੰਗਾਂ ਦੀ ਬਾਤ ਪਾਉਂਦੇ ਹਨ। ਅਜੋਕੇ ਸਮੇਂ ਵਿਚ ਮਨੁੱਖ ਏਨਾ ਪਦਾਰਥਵਾਦੀ, ਸਵਾਰਥੀ ਅਤੇ ਨਿਰਾਸ਼ਾਵਾਦੀ ਹੋ ਚੁੱਕਾ ਹੈ ਕਿ ਉਸ ਨੂੰ ਜੀਵਨ ਜਿਊਣਾ ਹੀ ਨਹੀਂ ਆਉਂਦਾ। ਕਦਰਾਂ-ਕੀਮਤਾਂ, ਰੂਹਾਨੀਅਤ, ਸ਼ਾਂਤੀ, ਸਕੂਨ ਅਤੇ ਸੰਤੁਸ਼ਟਤਾ ਅਲੋਪ ਹੋ ਚੁੱਕੀ ਹੈ। ਬੇਮਤਲਬ ਅੰਨ੍ਹੀ ਦੌੜ ਵਿਚ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਵਿਦਵਾਨ ਅਤੇ ਸੁਜਾਨ ਲੇਖਿਕਾ ਨੇ ਜੀਵਨ ਨੂੰ ਇਕ ਅਨਮੋਲ ਤੋਹਫ਼ਾ ਦੱਸਦੇ ਹੋਏ ਇਸ ਵਿਚ ਰਸ ਰੰਗ ਭਰਨ ਦੇ ਨੁਸਖੇ ਸਾਂਝੇ ਕੀਤੇ ਹਨ। ਹਰ ਇਨਸਾਨ ਨੂੰ ਸਕਾਰਾਤਮਿਕ ਸੋਚ, ਚੜ੍ਹਦੀ ਕਲਾ, ਭਾਵਾਤਮਿਕ ਸੂਝ-ਬੂਝ ਅਤੇ ਵਿਸ਼ਾਲ ਨਜ਼ਰੀਆ ਅਪਣਾ ਕੇ ਸਫ਼ਲ, ਸਕਾਰਥਾ, ਸੁਖਮਈ ਜੀਵਨ ਜਿਊਣਾ ਚਾਹੀਦਾ ਹੈ। ਜਿਊਣਾ ਹੀ ਨਹੀਂ, ਜ਼ਿੰਦਗੀ ਨੂੰ ਅਨੰਦਮਈ ਅਨੁਭਵ ਸਮਝ ਕੇ ਮਾਣਨਾ ਹੈ।
ਪਿਆਰ, ਮਿੱਠਤ, ਅਦਬ, ਸੁਹਿਰਦਤਾ, ਸੁਚੱਜ, ਸਹਿਜ ਅਤੇ ਸੁਹਜ ਜੀਵਨ ਵਿਚ ਖੁਸ਼ੀ ਦਾ ਸੰਚਾਰ ਕਰਦੇ ਹਨ। ਲੇਖਿਕਾ ਨੇ ਕੁਝ ਸਮਾਜਿਕ ਸਮੱਸਿਆਵਾਂ ਪ੍ਰਤੀ ਸੁਚੇਤ ਕਰਦੇ ਹੋਏ ਇਨ੍ਹਾਂ ਦਾ ਹੱਲ ਵੀ ਦੱਸਿਆ ਹੈ ਜਿਵੇਂ ਧੀਆਂ ਦਾ ਮਾਰਗ ਦਰਸ਼ਨ ਕਰਨਾ, ਕੰਮ ਕਾਜੀ ਔਰਤਾਂ ਨੂੰ ਤਣਾਅ-ਮੁਕਤ ਰੱਖਣਾ, ਬਿਰਧ ਆਸ਼ਰਮਾਂ ਵਿਚ ਰੁਲਦੇ ਬੁਢਾਪੇ ਅਤੇ ਨੌਜਵਾਨ ਪੀੜ੍ਹੀ ਦੇ ਡਗਮਗਾਉਂਦੇ ਕਦਮਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ, ਇਸਤਰੀ ਜਾਤੀ ਨੂੰ ਸਨਮਾਨ ਅਤੇ ਇਨਸਾਫ਼ ਦੇਣਾ, ਭਰੂਣ ਹੱਤਿਆ ਰੋਕਣਾ, ਮਾਤਾ ਪਿਤਾ ਦੀ ਇੱਜ਼ਤ ਕਰਨੀ ਅਤੇ ਟੁੱਟਦੇ ਰਿਸ਼ਤਿਆਂ ਨੂੰ ਬਚਾਉਣਾ ਆਦਿ। ਜ਼ਿੰਦਗੀ ਨੂੰ ਕੁਦਰਤ ਦੀ ਅਨਮੋਲ ਨਿਆਮਤ ਸਮਝਦੇ ਹੋਏ ਇਸ ਦੀ ਕਦਰ ਕਰਨੀ ਬਣਦੀ ਹੈ। ਵਿਦਵਤਾ, ਗਿਆਨ, ਕਲਾ ਦੇ ਨਾਲ-ਨਾਲ ਸਾਨੂੰ ਅਧਿਆਤਮਕ ਪਹਿਲੂ ਤੋਂ ਵੀ ਉੱਚਾ ਉੱਠਣਾ ਚਾਹੀਦਾ ਹੈ। ਜੀਵਨ ਵਿਚ ਵਿਸ਼ਵਾਸ, ਉਮੰਗ, ਸਦਾਚਾਰ ਭਰ ਕੇ ਆਪਣੀ ਸਮਰੱਥਾ ਨੂੰ ਪਛਾਣਨਾ ਜ਼ਰੂਰੀ ਹੈ। ਇੰਜ ਇਨ੍ਹਾਂ ਲੇਖਾਂ ਵਿਚੋਂ ਬਹੁਤ ਹੀ ਜ਼ਰੂਰੀ, ਮਹੱਤਵਪੂਰਨ, ਸੁਚੱਜੀ ਸੇਧ ਅਤੇ ਪ੍ਰੇਰਨਾ ਮਿਲਦੀ ਹੈ। ਸਰਲ, ਸਪੱਸ਼ਟ, ਰੌਚਿਕ ਬੋਲੀ ਵਿਚ ਲਿਖੀ ਇਹ ਪੁਸਤਕ ਅਨਮੋਲ ਸਮੱਗਰੀ ਹੈ। ਇਹ ਵਡਮੁੱਲੀ ਜਾਣਕਾਰੀ ਹਰ ਵਰਗ ਦੇ ਲੋਕਾਂ ਦੀ ਰਹਿਨੁਮਾਈ ਕਰਨਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਅਕਸ
ਲੇਖਿਕਾ : ਲਾਜ ਨੀਲਮ ਸੈਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 78377-18723.

ਆਪਣੀਆਂ ਸੱਤ ਕਿਤਾਬਾਂ ਤੋਂ ਇਲਾਵਾ ਹਥਲੀ ਕਾਵਿ-ਕਿਤਾਬ 'ਅਕਸ' ਦੀ ਸ਼ਾਇਰਾ ਨੀਲਮ ਲਾਜ ਸੈਣੀ ਜਿਸ ਦੁਆਬੇ ਨੂੰ ਛੱਡਣ ਲੱਗਿਆਂ ਅੰਬੀਆਂ ਦਾ ਤਰਸੇਵਾਂ ਤਰਸਾਉਂਦਾ ਹੈ, ਉਸੇ ਦੁਆਬੇ ਨੂੰ ਛੱਡਣ ਉਪਰੰਤ ਪਰਵਾਸ ਕਰਕੇ ਕੈਲੀਫੋਰਨੀਆ (ਅਮਰੀਕਾ) ਦੀਆਂ ਸਾਹਿਤਕ ਸੱਥਾਂ ਵਿਖੇ ਮੰਚ ਸੰਚਾਲਨ ਦਾ ਸਿੱਕਾ ਜਮਾਉਣ ਦੇ ਨਾਲ-ਨਾਲ ਸ਼ਾਇਰੀ ਨਾਲ ਵੀ ਪੰਜਾਬੀ ਮਾਂ-ਬੋਲੀ ਦੀ ਸੇਵਾ ਨਿਭਾਅ ਰਹੀ ਹੈ। ਆਪਣੀ ਮਿੱਟੀ ਨਾਲੋਂ ਟੁੱਟ ਕੇ ਸੱਤ ਸਮੁੰਦਰੋਂ ਪਾਰ ਜਾ ਕੇ ਬੇਗਾਨੀ ਧਰਤੀ 'ਤੇ ਜੜ੍ਹਾਂ ਜਮਾਉਣ ਲਈ ਕੀਤੀਆਂ ਮੁਸ਼ੱਕਤਾਂ ਅਤੇ ਦੁਸ਼ਵਾਰੀਆਂ ਦੀ ਅਗਾਊਂ ਚਿਤਾਵਨੀ ਦਿੰਦੀ ਹੈ ਇਹ ਕਾਵਿ-ਕਿਤਾਬ। ਸ਼ਾਇਰਾ ਅਮਰੀਕਾ ਨੂੰ ਉਸ ਮਗਰਮੱਛ ਦੀ ਸੰਗਿਆ ਦਿੰਦੀ ਹੈ ਜੋ ਆਪਣੇ ਜਬਾੜੇ ਦੇ ਤਿੱਖੇ ਦੰਦਾਂ ਹੇਠ ਛੋਟੀਆਂ ਮੱਛੀਆਂ ਤੇ ਹੋਰ ਜੀਵ-ਜੰਤੂਆਂ ਨੂੰ ਨਿਕਲਣ ਲਈ ਮੂੰਹ ਅੱਡੀ ਬੈਠਾ ਹੈ। ਉਥੇ ਡਾਲਰ ਕਮਾਉਣ ਲਈ ਕਿਸ਼ਤਾਂ ਮੋੜਦਿਆਂ ਬੰਦਾ ਕਿਵੇਂ ਕਿਸ਼ਤਾਂ ਵਿਚ ਜਿਊਂਦਾ ਮਰਦਾ ਹੈ ਅਤੇ ਪਰਵਾਸ ਤੋਂ ਬਾਅਦ ਪਿੱਛੇ ਰਹਿ ਗਏ ਲਹੂ ਮਾਸ ਦੇ ਪੱਕੇ ਪੀਡੇ ਰਿਸ਼ਤਿਆਂ ਵਿਚ ਕਿਵੇਂ ਲਹੂ ਦੀ ਥਾਂ ਪਾਣੀ ਵਿਚ ਬਦਲ ਜਾਂਦੇ ਹਨ, ਦਾ ਭਰਪੂਰ ਵਰਨਣ ਹੈ। ਮਾਂ ਧੀ ਦੇ ਪਾਕੀਜ਼ਾ ਰਿਸ਼ਤੇ ਦਾ ਥਾਂ-ਥਾਂ ਜ਼ਿਕਰ ਹੈ। ਨੀਗਰੋਆਂ ਨਾਲ ਹੁੰਦੇ ਰੰਗ ਭੇਦ ਅਤੇ ਨਸਲੀ ਵਿਤਕਰੇ ਦੇਖ ਕੇ ਪੰਜਾਬ ਰਹਿੰਦੇ ਦਲਿਤਾਂ ਨਾਲ ਹੁੰਦੇ ਵਿਤਕਰੇ ਯਾਦ ਆਉਂਦੇ ਹਨ ਅਤੇ ਆਕ੍ਰੋਸ਼ ਜਾਗਦਾ ਹੈ। ਤਥਾ ਕਥਿਤ ਕਾਮਰੇਡਾਂ 'ਤੇ ਕਟਾਸ਼ ਦੇ ਨਸ਼ਤਰ ਚਲਾਉਂਦਿਆਂ ਦਸਦੀ ਹੈ ਕਿ ਪਰਵਾਸ ਤੋਂ ਪਹਿਲਾਂ ਅਤੇ ਪਰਵਾਸ ਤੋਂ ਬਾਅਦ ਦੋਗਲੇ ਕਿਰਦਾਰ ਦਾ ਪਰਦਾ ਪਾਸ਼ ਕੀਤਾ ਗਿਆ ਹੈ। ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆਂ, ਔਰਤ ਜਾਤੀ ਦੀ ਹੋਣੀ ਤੇ ਸਤੀ ਸਵਿਤਰੀ ਤੋਂ ਗੀਤਾ ਗਾਇਤਰੀ ਤੱਕ, ਭਰੂਣ ਹੱਤਿਆ ਤੋਂ ਆਤਮ ਹੱਤਿਆ ਤੱਕ ਦਾ ਵਿਸ਼ਲਾਤਮਕ ਜ਼ਿਕਰ ਹੈ।

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

27-10-2019

  ਲੈਨਿਨ ਦੀ ਜੀਵਨ ਕਹਾਣੀ
ਮੂਲ : ਮਾਰੀਆ ਪ੍ਰੀਲੇਜ਼ਾਯੋਵਾ
ਅਨੁਵਾਦ : ਪ੍ਰੀਤਮ ਸਿੰਘ ਮਨਚੰਦਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 78377-18723.

ਦਮਨ, ਅਨਿਆਂ ਤੇ ਬਹੁਪੱਖੀ ਸੋਚਣ ਵਿਰੁੱਧ ਲੜਨ, ਮਰਨ ਤੇ ਖੜ੍ਹਨ ਲਈ ਪ੍ਰੇਰਨਾਦਾਇਕ ਆਦਰਸ਼ਾਂ ਦੀ ਲੋੜ ਹਮੇਸ਼ਾ ਹੀ ਬਣੀ ਰਹੇਗੀ | ਭਾਰਤ ਦੇ ਗੰਧਲੇ ਤੇ ਪਤਨ ਗ੍ਰਸਤ ਵਰਤਮਾਨ ਸਿਆਸੀ ਦਿ੍ਸ਼ ਵਿਚ ਇਸ ਦੀ ਲੋੜ ਹੋਰ ਵਧੇਰੇ ਹੈ | ਦੁਨੀਆ ਭਰ ਵਿਚ ਇਨਕਲਾਬੀ ਚਿੰਗਾੜੀ ਦੇ ਪ੍ਰੇਰਕ ਵਜੋਂ ਲੈਨਿਨ ਕਰੋੜਾਂ ਲੋਕਾਂ ਦਾ ਆਦਰਸ਼ ਨਾਇਕ ਸੀ ਤੇ ਹੈ ਵੀ | ਉਸ ਦੇ ਪੂੰਜੀਵਾਦੀ ਵਿਰੋਧੀਆਂ ਨੇ ਉਸ ਦੀ ਵਡਿਆਈ ਨੂੰ ਸਵੀਕਾਰਿਆ ਵੀ ਹੈ ਅਤੇ ਅਸਿੱਧੇ ਢੰਗ ਨਾਲ ਨਕਾਰਿਆ ਵੀ ਹੈ |
ਮਾਰੀਆ ਵਲੋਂ ਰਚੀ ਲੈਨਿਨ ਦੀ ਇਹ ਜੀਵਨੀ ਲੈਨਿਨ ਨੂੰ ਸ਼ਰਧਾ, ਸੁਹਿਰਦਤਾ ਤੇ ਹਮਦਰਦੀ ਨਾਲ ਚਿਤਰਦੀ ਹੈ | ਇਸ ਵਿਚਲਾ ਨਾਇਕ ਦਿ੍ੜ੍ਹ ਇਰਾਦੇ ਵਾਲਾ, ਮਿਹਨਤੀ, ਲੋਕ ਹਿਤਾਂ ਲਈ ਲੜਨ ਵਾਲੀ, ਦਲੇਰ ਸ਼ਖ਼ਸੀਅਤ ਹੈ | ਮਜ਼ਦੂਰਾਂ, ਕਿਸਾਨਾਂ ਦੇ ਮਨੋਵਿਗਿਆਨ ਦੀ ਉਸ ਨੂੰ ਖੂਬ ਸਮਝ ਹੈ | ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ |
ਅਨਿਆਂ, ਦਮਨ, ਜੰਗ ਦਾ ਵਿਰੋਧ ਕਰਦਾ ਹੈ | ਨਿਡਰ ਤੇ ਗੁਪਤ, ਪ੍ਰਗਟ ਦੋਵਾਂ ਪਧਰਾਂ 'ਤੇ ਸਫ਼ਲ ਸੰਗਠਨਕਾਰ, ਉਸ ਦੀ ਜੀਵਨੀ ਨੂੰ ਨਾਵਲ ਵਰਗੀ ਰੌਚਕਤਾ ਨਾਲ ਸਜੀਵ ਰੂਪ ਵਿਚ ਪੇਸ਼ ਕੀਤਾ ਹੈ ਮਾਰੀਆ ਨੇ | ਅਨੁਵਾਦਕ ਮਨਚੰਦਾ ਦਾ ਅਨੁਵਾਦ ਠੁਕਦਾਰ ਟਕਸਾਲੀ ਪੰਜਾਬੀ ਵਿਚ ਹੈ, ਜੋ ਮੌਲਿਕਤਾ ਵਾਲਾ ਪ੍ਰਭਾਵ ਸਿਰਜ ਕੇ ਪਾਠਕ ਨੂੰ ਨਾਲ ਤੋਰਨ ਦੇ ਸਮਰੱਥ ਹੈ | ਇਸ ਦੀ ਦੂਜੀ ਐਡੀਸ਼ਨ ਨੂੰ ਸੂਫ਼ੀ ਅਮਰਜੀਤ ਨੇ ਸੰਪਾਦਿਤ ਕਰ ਕੇ ਪ੍ਰਕਾਸ਼ਿਤ ਕਰਨ ਦਾ ਪ੍ਰਸੰਸਾਯੋਗ ਉੱਦਮ ਕੀਤਾ ਹੈ |
ਹੁਣ ਰਤਾ ਇਸ ਕਿਤਾਬ ਵਿਚ ਚਿਤਰੇ ਲੈਨਿਨ ਬਾਰੇ, ਵੋਲਗਾ ਕੰਢੇ ਸਿਮਬਰਸਕ ਵਿਚ ਵਲਾਦੀਮੀਰ ਉਲੀਆਨੋਵ ਵਜੋਂ 1870 ਵਿਚ ਜਨਮ, ਪਿਤਾ ਹਮੇਸ਼ਾ ਇਨਸਾਫ਼ ਦਾ ਸਾਥ ਦੇਣ ਵਾਲਾ, ਸੋਲਾਂ ਸਾਲ ਦੀ ਉਮਰੇ ਪਿਤਾ ਦੀ ਮੌਤ, ਸਾਲ ਕੁ ਬਾਅਦ ਵੱਡੇ ਭਰਾ ਸਾਸ਼ਾ ਨੂੰ ਜ਼ਾਰ ਦੇ ਕਤਲ ਦੀ ਸਾਜਿਸ਼ ਵਿਚ ਫਾਂਸੀ | ਉਲੀਆਨੋਵ (ਲੈਨਿਨ) ਦਾ ਕਾਜਾਨ ਯੂਨੀਵਰਸਿਟੀ ਵਿਚ ਦਾਖ਼ਲਾ ਤੇ ਬਰਖਾਸਤਗੀ | 1991 ਵਿਚ ਭੈਣ ਦੀ ਮੌਤ |
ਪੀਟਰ ਬਰਗਜ਼ ਵਿਚ ਪੜ੍ਹਾਈ ਤੇ ਮਾਰਕਸਵਾਦੀਆਂ ਨਾਲ ਸਬੰਧ | ਪ੍ਰੇਮਿਕਾ ਨਾਦੇਜ਼ਦਾ ਜੋ ਬਾਅਦ ਵਿਚ ਪਤਨੀ ਬਣੀ ਤੇ ਉਮਰ ਭਰ ਦੀ ਕ੍ਰਾਂਤੀਕਾਰੀ ਸਾਥਣ | ਅੰਡਰ ਗਰਾਊਾਡ, ਪ੍ਰਗਟ ਸੰਘਰਸ਼, ਸਰਕਾਰ, ਜ਼ਾਰ ਦੇ ਜਾਸੂਸਾਂ ਨਾਲ ਨਿਰੰਤਰ ਲੁਕਣ ਮੀਟੀ, ਖ਼ਤਰਿਆਂ ਨਾਲ ਦਲੇਰ ਖੇਡ, ਰੂਪ ਵਟਾ ਕੇ, ਚੁਸਤੀ ਨਾਲ ਦੁਸ਼ਮਣ ਤੋਂ ਬਚਾ, ਦੇਸ਼ ਤੋਂ ਦੂਰ ਕਿੰਨੇ ਹੀ ਮਹਾਂਨਗਰਾਂ ਤੱਕ ਭੱਜ ਨੱਸ, ਕ੍ਰਾਂਤੀ ਲਈ ਯਤਨ, ਉਤਾਰ-ਚੜ੍ਹਾਅ | ਫਰਵਰੀ ਤੇ ਅਕਤੂਬਰ ਦੀਆਂ ਕ੍ਰਾਂਤੀਆਂ, ਉਲਟ-ਇਨਕਲਾਬ ਦਾ ਮੁਕਾਬਲਾ, ਸਫ਼ਲਤਾ ਦੀ ਸਿਖਰ ਉੱਤੇ ਮੌਤ, ਸਾਰਾ ਕੁਝ ਪੇਸ਼ ਹੈ ਇਸ ਜੀਵਨੀ ਵਿਚ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਚੁੱਪ ਦਾ ਫ਼ਾਸਲਾ
ਕਵੀ : ਦਰਸ਼ਨ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 108
ਸੰਪਰਕ : 94667-37933.

'ਚੁੱਪ ਦਾ ਫ਼ਾਸਲਾ' ਦਰਸ਼ਨ ਸਿੰਘ ਦਾ ਪਲੇਠਾ ਕਾਵਿ-ਸੰਗ੍ਰਹਿ ਹੈ | ਇਸ ਸੰਗ੍ਰਹਿ ਵਿਚਲੀਆਂ 76 ਕਵਿਤਾਵਾਂ 'ਚ ਮਨੁੱਖੀ ਜ਼ਿੰਦਗੀ ਦੀਆਂ ਅਣਗਿਣਤ ਪਰਤਾਂ ਦਾ ਸਰਵੇਖਣ ਅਤੇ ਘੋਖ ਕਰਦਿਆਂ ਮਨੁੱਖ ਹੱਥੋਂ ਗੁਆਚ ਰਹੇ ਰਿਸ਼ਤਿਆਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਰਾਹੀਂ ਮਨੁੱਖੀ ਜੀਵਨ 'ਚ ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਕ ਖੇਤਰਾਂ 'ਚ ਨਿਘਾਰ ਆ ਰਿਹਾ ਹੈ | ਇਸ ਸੰਦਰਭ ਵਿਚ 'ਉਡਾਣ', 'ਸੋਚ', 'ਹਾਦਸਾ', 'ਕੂੜਾ ਕਰਕਟ, 'ਦਿਸ਼ਾਹੀਣ', 'ਕੌਣ ਜਾਣੇ', 'ਰਸਮਾਂ', 'ਚਿੰਤਨ', 'ਮੰਜ਼ਿਲ', 'ਯੁੱਧ', 'ਹੰਝੂ', 'ਬੱਚੇ', 'ਪਸ਼ੂ', 'ਨਾਰੀ ਮਨ', 'ਚੁੱਪ', 'ਚੁੱਪ ਦਾ ਫ਼ਾਸਲਾ', 'ਰੁਜ਼ਗਾਰ', 'ਧੁੱਪ ਛਾਂ', 'ਵਿਦਵਾਨ', 'ਸ਼ਬਦ', 'ਬੇਚੈਨੀ' ਅਤੇ ਵਸੀਅਤ ਆਦਿ ਕਵਿਤਾਵਾਂ ਦੇ ਸਿਰਲੇਖ ਹੀ ਆਪਣੇ-ਆਪ 'ਚ ਕਈ ਸਵਾਲਾਂ ਨੂੰ ਆਪਣੀ ਬੁੱਕਲ 'ਚ ਸਮੋਈ ਬੈਠੇ ਹਨ | ਇਨ੍ਹਾਂ ਕਵਿਤਾਵਾਂ 'ਚ ਉਲਝਿਆ ਕਵੀ ਮਨ 'ਉਡਾਣ' ਕਵਿਤਾ ਰਾਹੀਂ ਕੁਝ ਖੋਜਣ-ਲੱਭਣ ਦੀ ਕਾਵਿਕ ਉਡਾਰੀ ਰਾਹੀਂ ਕੁਝ-ਕੁਝ ਸਮਝਣ, ਜਾਣਨ ਅਤੇ ਫਿਰ ਕੁਝ-ਕੁਝ ਅੰਬਰੀਂ ਰਿਸ਼ਤੇ ਗੰਢਣ ਦੀ ਕੋਸ਼ਿਸ਼ ਹੀ, ਉਸ ਦੀ ਖਿਆਲ ਉਡਾਰੀ ਹੈ ਅਤੇ ਇਹੀ ਉਸ ਦੀ ਕਾਵਿਕ ਅਸੀਮ ਸ਼ਕਤੀ ਵੀ ਹੈ | ਇਸ ਲਈ ਉਹ ਬੰਦੇ 'ਚੋਂ ਬੰਦਾ ਗੁਆਚਣ ਦੀ ਗੱਲ ਕਰਦਿਆਂ ਸਮਾਜੀ ਜੀਵਨ 'ਚ ਮਨੁੱਖ ਨਾਲ ਵਾਪਰਦੇ ਨਿਸ ਦਿਨ ਹਾਦਸਿਆਂ ਦੀ ਬਾਤ ਪਾਉਣ ਦੀ ਸਮਰੱਥਾ ਰੱਖਦਾ ਹੈ |
ਕੁਝ ਖੋਜੇ ਕੁਝ ਲੱਭੇ/ਕੁਝ ਸੋਚੇ
ਅਸੀਮ ਖਿਲਾਅ ਵਿਚ/ਉਡਾਰੀ ਭਰਨਾ ਲੋਚੇ |
ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪਾਠਕ ਨੂੰ ਰੁਕ ਕੇ ਗੰਭੀਰਤਾ ਨਾਲ ਪਾਠ ਕਰਨ ਦਾ ਸੱਚਾ ਦਿੰਦੀਆਂ, ਮਨ-ਮਸਤਕ 'ਚ ਉਗ ਰਹੇ ਪ੍ਰਸ਼ਨਾਂ ਦੇ ਉੱਤਰ ਤਲਾਸ਼ਣ ਲਈ ਉਤਸ਼ਾਹਿਤ ਕਰਦੀਆਂ ਹਨ | ਕਾਵਿਕ ਪਾਤਰ ਸੰਵਾਦੀ ਪ੍ਰਕਿਰਿਆ ਰਾਹੀਂ ਸਥਿਤੀਆਂ-ਪ੍ਰਸਥਿਤੀਆਂ ਪ੍ਰਤੀ ਜਾਗਰੂਕ ਕਰਵਾਉਂਦੇ ਹਨ | 'ਸੁੱਕੇ ਰੁੱਖ' ਦਾ ਸਰਵਰਕ ਦਿ੍ਸ਼, ਪੀਲਾਪਨ ਅਤੇ 'ਸੂਰਜ ਦੀ ਰੌਸ਼ਨੀ' ਦਾ ਉਦੇ ਹੋਣਾ ਚੁੱਪ ਦੇ ਫ਼ਾਸਲੇ ਨੂੰ ਸਾਰਥਕ ਬਣਾਉਂਦਾ ਹੈ | ਆਮੀਨ | ਸਵਾਗਤ ਹੈ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਜ਼ਿੰਮੇਵਾਰ ਕੌਣ?
ਲੇਖਕ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਸਫ਼ੇ : 119, ਮੁੱਲ : 150 ਰੁਪਏ
ਸੰਪਰਕ : 98150-30221.

ਪਤੀਲੇ 'ਚ ਰਿੱਝ ਰਹੇ ਚੌਲਾਂ ਦਾ ਇਕ ਦਾਣਾ ਹੀ ਸਾਰੇ ਚੌਲਾਂ ਦਾ ਸਵਾਦ ਦੱਸ ਦਿੰਦਾ ਹੈ | ਇਸ ਪੁਸਤਕ ਵਿਚਲੇ ਲੇਖਾਂ 'ਚੋਂ ਕੇਵਲ ਇਕ ਪੜ੍ਹ ਕੇ ਹੀ ਉਨ੍ਹਾਂ ਦੀ ਸਮੁੱਚੀ ਵਿਚਾਰਧਾਰਾ, ਚੇਤਨਾ, ਸਹਿਜ, ਸੁਹਜ ਅਤੇ ਸਮਾਜਿਕ ਚਿੰਤਨ ਦੀ ਸਮਝ ਆ ਜਾਂਦੀ ਹੈ | ਹਥਲੀ ਪੁਸਤਕ 'ਚ ਉਨ੍ਹਾਂ ਦੇ 39 ਲੇਖ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਹਨ | ਇਨ੍ਹਾਂ ਦਾ ਵਿਸ਼ਾ-ਵਸਤੂ ਭਖਦੇ ਮਸਲਿਆਂ 'ਤੇ ਆਧਾਰਿਤ ਹੈ | ਵਿਸ਼ਿਆਂ ਦੀ ਪੇਸ਼ਕਾਰੀ ਸੁਚੱਜੀ ਹੈ | ਵਿਸ਼ਿਆਂ 'ਤੇ ਲੇਖਿਕਾ ਦੀ ਪਕੜ ਮਜ਼ਬੂਤ ਹੈ | ਉਨ੍ਹਾਂ ਆਪਣੀ ਹਰੇਕ ਰਚਨਾ 'ਚ ਵਿਸ਼ੇ ਨਾਲ ਸਬੰਧਿਤ ਪ੍ਰਸਿੱਧ ਚਿੰਤਕਾਂ ਦੇ ਵਿਚਾਰ ਸ਼ਾਮਿਲ ਕੀਤੇ ਹਨ, ਜੋ ਲਿਖਤਾਂ ਦੀ ਖ਼ੂਬਸੂਰਤੀ ਵਿਚ ਹੋਰ ਵਾਧਾ ਕਰਦੇ ਹਨ | ਅਗਲੀਆਂ ਪੀੜ੍ਹੀਆਂ ਮੁਆਫ਼ ਨਹੀਂ ਕਰਨਗੀਆਂ, ਸਕੂਲ ਵਧੀਆ ਬਣਾਓ, ਕੀ ਸ਼ਰਾਬ ਨਸ਼ਾ ਨਹੀਂ, ਜ਼ਿੰਮੇਵਾਰ ਕੌਣ, ਸਮਾਜ ਦਾ ਵਿਗੜਦਾ ਮਾਹੌਲ, ਪ੍ਰਦੂਸ਼ਣ ਬਣਿਆ ਦੈਂਤ, ਨਸ਼ੇ ਦੇ ਖ਼ਾਤਮੇ 'ਤੇ ਬਹਿਸ, ਰਿਸ਼ਵਤ ਦਾ ਪ੍ਰਦੂਸ਼ਣ, ਮੈਰਿਜ ਪੈਲੇਸਾਂ 'ਚ ਅਸੱਭਿਅਕ ਮਾਹੌਲ, ਦਹੇਜ ਦੀ ਸਚਾਈ, ਸਿੱਖਿਆ ਪ੍ਰਣਾਲੀ ਅਤੇ ਇਮਤਿਹਾਨੀ ਢਾਂਚਾ ਆਦਿ ਲੇਖ ਵਿਸ਼ੇ ਅਤੇ ਪੇਸ਼ਕਾਰੀ ਪੱਖੋਂ ਵਧੀਆ ਹਨ | ਲੇਖਿਕਾ ਦੱਸਦੀ ਹੈ ਕਿ ਸਾਡਾ ਆਰਥਿਕ, ਸਮਾਜਿਕ ਅਤੇ ਰਾਜਸੀ ਢਾਂਚਾ ਦਿਨ-ਬ-ਦਿਨ ਰਸਾਤਲ ਵੱਲ ਜਾ ਰਿਹਾ ਹੈ | ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਕਈ ਭਖਦੇ ਵਿਸ਼ਿਆਂ ਅਤੇ ਮਾੜੇ ਰਾਜਸੀ ਪ੍ਰਬੰਧ 'ਤੇ ਕਈ ਸਵਾਲ ਕੀਤੇ ਹਨ |
ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ, ਬੇਰੁਜ਼ਗਾਰੀ ਨੌਜਵਾਨਾਂ ਨੂੰ ਕਿਸੇ ਪਾਸੇ ਦੇ ਨਹੀਂ ਛੱਡ ਰਹੀ, ਉਹ ਗਲਤ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਧੱਕੀਦੇ ਜਾ ਰਹੇ ਹਨ ਅਤੇ ਕੁਝ ਆਪਣਾ ਘਰ-ਬਾਰ ਛੱਡ ਕੇ ਕਰਜ਼ਾ ਚੁੱਕ ਕੇ ਹਰ ਹੀਲੇ ਵਿਦੇਸ਼ ਜਾਣ ਦੇ ਚਾਹਵਾਨ ਹਨ | ਰਾਜਨੀਤੀ ਅਤੇ ਨਿੱਜੀ ਸਿੱਖਿਆ ਸੇਵਾ ਦੀ ਬਜਾਏ ਵਪਾਰ ਬਣ ਰਹੇ ਹਨ, ਆਮ ਲੋਕਾਂ ਦੀ ਖੱਜਲ-ਖ਼ੁਆਰੀ, ਰਿਸ਼ਵਤਖ਼ੋਰੀ, ਭਿ੍ਸ਼ਟਾਚਾਰ ਦਾ ਪ੍ਰਦੂਸ਼ਣ ਹਰ ਥਾਂ ਪਸਰ ਗਿਆ ਹੈ | ਲੇਖਿਕਾ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਅਜੋਕੇ ਸਮੇਂ ਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ |

—ਮੋਹਰ ਗਿੱਲ ਸਿਰਸੜੀ
ਮੋ: 98156-59110
c c c

ਵਿਰਸਾ ਬੋਲ ਪਿਆ
ਲੇਖਕ : ਬੂਟਾ ਗੁਲਾਮੀ ਵਾਲਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94171-97395.

ਬੂਟਾ ਗੁਲਾਮੀ ਵਾਲਾ ਦੀ ਇਹ ਤੀਸਰੀ ਪੁਸਤਕ ਪੰਜਾਬ ਦੀ ਵਿਰਾਸਤ ਨਾਲ ਜੁੜੇ ਇਕੱਤੀ ਲੇਖਾਂ ਦਾ ਅਜ਼ੀਮ ਸੰਗ੍ਰਹਿ ਹੈ | ਪੁਸਤਕ ਪੜ੍ਹ ਕੇ ਅੱਧੀ ਸਦੀ ਪਹਿਲਾਂ ਦੇ ਪੰਜਾਬ ਦਾ ਹੁਸੀਨ ਵਿਰਾਸਤੀ ਚਿਤਰ ਸਾਹਮਣੇ ਆ ਜਾਂਦਾ ਹੈ | ਗਲ ਵਿਚ ਬਸਤਾ | ਵਿਚ ਫੱਟੀ, ਕਲਮ, ਦਵਾਤ ਤੇ ਸਿਆਹੀ | ਸਕੂਲ ਨੂੰ ਤੁਰ ਪੈਂਦੇ ਸੀ | ਨਾਨਕਿਆਂ 'ਤੇ ਛੁੱਟੀਆਂ ਵਿਚ ਜਾਣ ਦਾ ਐਨਾ ਚਾਅ ਹੁੰਦਾ ਸੀ ਕਿ ਰੇਲ ਵਿਚ ਬੈਠੇ ਸਟੇਸ਼ਨ ਗਿਣੀ ਜਾਂਦੇ ਸੀ | ਜ਼ਿੰਦਗੀ ਵਿਚ ਸਹਿਜ ਹੁੰਦਾ ਸੀ | ਪਿਆਰ ਮੁਹੱਬਤ ਸੀ | ਖਾਲਸ ਦੁੱਧ, ਘਿਉ, ਮੱਖਣ ਆਮ ਸੀ | ਘਰ ਆਏ ਪ੍ਰਾਹੁਣੇ ਦੀ ਸੇਵਾ ਚਾਅ ਨਾਲ ਹੁੰਦੀ ਸੀ | ਪੁਸਤਕ ਵਿਚ ਇਹ ਸਾਰਾ ਬੀਤਿਆ ਵਿਰਸਾ ਹੈ | ਲੇਖ ਚਿੱਬੜਾਂ ਦੀ ਚਟਨੀ, ਬਾਪੂ ਦਾ ਖੂੰਡਾ, ਸਾਹੇ ਚਿਠੀ, ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ, ਵਿਆਹ ਵਾਲੇ ਘਰ ਹਲਵਾਈ, ਲੱਡੂਆਂ ਦੀ ਮਹਿਕ, ਕੋਠੇ 'ਤੇ ਵੱਜਦਾ ਸਪੀਕਰ, ਉਸਤਾਦ ਯਮਲਾ ਜੱਟ ਦਾ ਗੀਤ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ | ਵਿਆਹ ਵਾਲੇ ਘਰ ਨਾਨਕਾ ਮੇਲ, ਫਰਮਾਇਸ਼ੀ ਗੀਤਾਂ ਦੀ ਰੌਣਕ ਲਗਣੀ | ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਹਰਚਰਨ ਗਰੇਵਾਲ ਦੇ ਟੁਣਕਵੇਂ ਗੀਤ | ਲੇਖ ਗ਼ਰੀਬ ਦਾ ਫਰਿਜ ਘੜਾ, ਦੀਵਾ, ਲਾਲਟੈਨ, ਦਾਤੀ ਦੇ ਘੁੰਗਰੂ, ਕੁੱਕੜ ਦੀ ਬਾਂਗ, ਪ੍ਰਾਹੁਣਾਚਾਰੀ, ਬੱਚਾ ਤੇ ਗੰਡੀਰਾ ਘੋੜੀ ਨਾਲ ਸਾਰਿਆਂ ਨੇ ਬੈਠ ਕੇ, ਸੇਵੀਆਂ ਵਟਣੀਆਂ, ਚਰਖਾ ਕੱਤਦੀਆਂ ਤ੍ਰੀਮਤਾਂ ਤੇ ਹੋਰ ਬੀਤੇ ਸਮੇਂ ਦੇ ਰਸਮੋ ਰਿਵਾਜ, ਪੰਜਾਬ ਦੀ ਵਿਰਾਸਤ ਸਨ | ਪੰਜਾਬੀ ਦੇ ਅਲੋਪ ਹੋ ਚੱੁਕੇ ਸੈਂਕੜੇ ਸ਼ਬਦ, ਅਖਾਣ, ਮੁਹਾਵਰੇ ਪੁਸਤਕ ਵਿਚ ਪੜ੍ਹੇ ਜਾ ਸਕਦੇ ਹਨ | ਜਗਤਾਰ ਸਿੰਘ ਸੋਖੀ, ਮਨਵਿੰਦਰ ਸਿੰਘ, ਜੋਗਾ ਸਿੰਘ ਤੇ ਪ੍ਰਕਾਸ਼ਕ ਨੇ ਲੇਖਕ ਬਾਰੇ ਕੀਮਤੀ ਵਿਚਾਰ ਲਿਖੇ ਹਨ | ਵਿਰਸੇ ਤੋਂ ਦੂਰ ਜਾ ਰਹੀ ਨਵੀਂ ਪੀੜ੍ਹੀ ਲਈ ਪੁਸਤਕ ਸਕੂਲਾਂ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਨ ਯੋਗ ਹੈ |

—ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 09814856160
c c c

ਹਾਸ਼ੀਆ ਤੇ ਹਸਰਤ
ਸ਼ਾਇਰ : ਹਰਚੰਦ ਸਿੰਘ ਬਾਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 59
ਸੰਪਰਕ : 0172-5027427

'ਹਾਸ਼ੀਆ ਤੇ ਹਸਰਤ' ਪੁਸਤਕ 'ਤੇ ਭਾਵੇਂ ਕਿਤੇ ਵੀ ਸ਼ਾਮਿਲ ਰਚਨਾਵਾਂ ਦੇ ਗ਼ਜ਼ਲ ਹੋਣ ਦੀ ਨਿਸ਼ਾਨੀ ਨਹੀਂ ਹੈ ਪਰ ਰਚਨਾਵਾਂ ਦੇ ਰੂਪਕ ਪੱਖ ਤੋਂ ਇਨ੍ਹਾਂ ਦੇ ਗ਼ਜ਼ਲ ਹੋਣ ਦੀ ਸ਼ਨਾਖ਼ਤ ਹੋ ਜਾਂਦੀ ਹੈ | ਪੁਸਤਕ ਦੀ ਪਹਿਲੀ ਰਚਨਾ ਪੰਜਾਬੀ ਮਾਂ ਬੋਲੀ ਦੇ ਮਾਣ ਵਿਚ ਲਿਖੀ ਗਈ ਹੈ ਤੇ ਦੂਸਰੀ ਰਚਨਾ ਵਿਚ ਮਜ਼੍ਹਬ ਦੇ ਹੁੱਲੜ ਵਿਚ ਮੂਲ ਮੁੱਦਿਆਂ ਨੂੰ ਉਲਝਾਉਣ ਦੀ ਚਰਚਾ ਹੈ | ਸ਼ਾਇਰ ਅਜੋਕੇ ਮਨੁੱਖ ਦੀ ਜੀਵਨ ਸ਼ੈਲੀ 'ਤੇ ਵੀ ਤਨਜ਼ ਕਰਦਾ ਹੈ ਤੇ ਕਹਿੰਦਾ ਹੈ ਕਿ ਅੱਜਕਲ੍ਹ ਆਪਣੇ ਘਰ ਅੰਦਰ ਵੀ ਬੰਦੀ ਬਣ ਕੇ ਰਹਿਣਾ ਪੈ ਰਿਹਾ ਹੈ | ਮਨੁੱਖ ਜੀਭ ਹੁੰਦਿਆਂ ਹੋਇਆਂ ਵੀ ਕੁਝ ਬੋਲ ਸਕਣ ਦੀ ਸਥਿਤੀ ਵਿਚ ਨਹੀਂ | ਇਸ ਤੋਂ ਬਾਅਦ ਬਾਸੀ ਆਤਮ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜੋ ਠਾਣਦਾ ਹੈ ਉਸ ਨੂੰ ਅਮਲੀ ਜਾਮਾ ਪਹਿਣਾਉਣ ਦੀ ਗੱਲ ਕਰਦਾ ਹੈ | ਉਹ ਕਹਿੰਦਾ ਹੈ ਭਾਵੇਂ ਮੰਜ਼ਿਲ ਦੂਰ ਹੈ ਤੇ ਰਸਤੇ ਆਸਾਨ ਨਹੀਂ ਹਨ ਫਿਰ ਵੀ ਅਸੀਂ ਚਲਦੇ ਰਹਿਣਾ ਹੈ | ਇੰਝ ਸ਼ਾਇਰ ਦੀਆਂ ਇਹ ਤਮਾਮ ਗ਼ਜ਼ਲਨੁਮਾ ਰਚਨਾਵਾਂ ਵੰਨ-ਸੁਵੰਨਤਾ ਵਾਲੇ ਵਿਸ਼ਿਆਂ 'ਤੇ ਆਧਾਰਿਤ ਹਨ | ਵਜ਼ਨ, ਕਾਫ਼ੀਆ, ਰਦੀਫ਼ ਤੇ ਸ਼ਬਦਾਂ ਦੀ ਕਲਾਤਮਿਕ ਤਰਤੀਬ ਗ਼ਜ਼ਲ ਦੀਆਂ ਮੁਢਲੀਆਂ ਜ਼ਰੂਰਤਾਂ ਹਨ, ਜਿਨ੍ਹਾਂ ਪ੍ਰਤੀ ਇਸ ਪੁਸਤਕ ਵਿਚ ਅਵੇਸਲਾਪਨ ਦੇਖਿਆ ਜਾ ਸਕਦਾ ਹੈ | ਸ਼ਾਇਰ ਨੇ ਜੇ ਗ਼ਜ਼ਲ ਨੂੰ ਸੰਜੀਦਗੀ ਨਾਲ ਲੈਣਾ ਹੈ ਤਾਂ ਇਸ ਪਾਸੇ ਧਿਆਨ ਦੇਣਾ ਪਏਗਾ | ਉਂਜ ਮੈਂ ਪ੍ਰਦੇਸਾਂ ਵਿਚ ਬੈਠੇ ਸਾਹਿਤਕਾਰਾਂ ਦੀ ਹਮੇਸ਼ਾ ਹੌਸਲਾ ਅਫ਼ਜ਼ਾਈ ਕਰਦਾ ਹਾਂ, ਜੋ ਘੱਟੋ-ਘੱਟ ਆਪਣੀ ਮਾਂ ਬੋਲੀ ਨਾਲ ਵਫ਼ਾ ਤਾਂ ਪਾਲ ਰਹੇ ਹਨ |

—ਗੁਰਦਿਆਲ ਰੌਸ਼ਨ
ਮੋ: 99884-44002
c c c

ਇਹ ਤੇ ਉਹ
ਲੇਖਿਕਾ : ਪਰਮਬੀਰ ਕੌਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 143
ਸੰਪਰਕ : 0161-2740738.

ਅਜੋਕਾ ਮਨੁੱਖ ਜ਼ਿੰਦਗੀ ਦੀ ਭੱਜ-ਦੌੜ ਵਿਚ ਏਨਾ ਗੁਆਚਾ ਹੋਇਆ ਹੈ ਕਿ ਉਸ ਕੋਲ ਆਤਮ-ਚਿੰਤਨ ਕਰਨ ਦਾ ਮੌਕਾ ਹੀ ਨਹੀਂ ਹੈ | ਵਸਤੂ-ਜਗਤ ਦੀ ਚਕਾਚੌਾਧ ਨੇ ਉਸ ਕੋਲੋਂ ਉਸ ਦੀ ਜ਼ਿੰਦਗੀ ਦੇ ਉਹ ਪਲ ਵੀ ਖੋਹ ਲਏ ਹਨ, ਜਿਨ੍ਹਾਂ ਨੂੰ ਉਸ ਨੇ ਆਪਣਿਆਂ ਨਾਲ ਬਤੀਤ ਕਰਨਾ ਸੀ, ਕੁਦਰਤ ਦੀ ਨਿੱਘੀ ਗੋਦ ਦਾ ਅਨੰਦ ਮਾਣਨਾ ਸੀ ਅਤੇ ਉਸਾਰੂ ਕਾਰਜ ਕਰਨੇ ਸਨ | 'ਇਹ ਤੇ ਉਹ' ਪਰਮਬੀਰ ਕੌਰ ਦੀ ਵਾਰਤਕ ਪੁਸਤਕ ਹੈ ਜਿਸ ਵਿਚ ਉਸ ਨੇ ਕੁਝ ਉਪਰੋਕਤ ਭਾਂਤ ਦੇ ਹੀ ਵਿਚਾਰ ਸਾਰ ਰੂਪ ਵਿਚ ਪੇਸ਼ ਕੀਤੇ ਹਨ | ਭਾਵੇਂ ਕਿ ਪੁਸਤਕ ਵਿਚ ਲੇਖਿਕਾ ਨੇ ਹਲਕੇ-ਫੁਲਕੇ ਰੂਪ ਵਿਚ ਆਪਣੀ ਨਿੱਜੀ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਕੇ ਵਿਚਾਰ ਪੇਸ਼ ਕੀਤੇ ਹਨ, ਪਰ ਇਨ੍ਹਾਂ ਵਿਚਾਰਾਂ ਵਿਚੋਂ ਅਜਿਹੀ ਫ਼ਿਕਰਮੰਦੀ ਝਲਕਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਕੁਝ ਗੁਆ ਰਹੇ ਹਾਂ ਅਤੇ ਅਵੇਸਲੇ ਹੋ ਕੇ ਆਪਣੀ ਜ਼ਿੰਦਗੀ ਨੂੰ ਦੁੱਖਾਂ ਵੱਲ ਧਕੇਲ ਰਹੇ ਹਾਂ | ਮਿਸਾਲ ਵਜੋਂ ਲੇਖਿਕਾ ਸਿਰਜਣਾਤਮਕ ਪਹੁੰਚ ਅਪਣਾਉਣ ਦੀ ਗੱਲ ਕਰਦੀ ਹੈ | ਇਸ ਸਿਰਜਣਾਂ ਲਈ ਕਾਗਜ਼ ਕਲਮ ਵੀ ਹੋ ਸਕਦੀ ਹੈ, ਤੁਹਾਡੇ ਘਰ ਦੀ ਬਗੀਚੀ ਵੀ ਹੋ ਸਕਦੀ ਹੈ ਅਤੇ ਵਿਰਾਸਤੀ ਵਸਤੂਆਂ ਵੀ ਹੋ ਸਕਦੀਆਂ ਹਨ | ਸਿਰਫ ਲੋੜ ਹੈ ਇਨ੍ਹਾਂ ਨਾਲ ਸਾਂਝ ਪਾਉਣ ਦੀ, ਤੁਹਾਨੂੰ ਜ਼ਿੰਦਗੀ ਦੀ ਖੁਸ਼ੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਵੇਗੀ | ਲੇਖਿਕਾ ਤਾਂ ਚਿੜੀਆਂ ਨਾਲ ਵੀ ਸੰਵਾਦ ਰਚਾਉਂਦੀ ਹੈ, ਗੁਲਮੋਹਰ ਦੇ ਪੌਦੇ ਨਾਲ ਵੀ ਗੱਲਾਂ ਕਰਦੀ ਹੈ, ਗਰਮੀ ਦੀ ਰੁੱਤ ਵਿਚੋਂ ਵੀ ਅਨੰਦ ਪ੍ਰਾਪਤ ਕਰਦੀ ਹੈ ਪਰ ਲੋੜ ਹੈ ਹਾਂ-ਵਾਚੀ ਨਜ਼ਰੀਆ ਅਪਣਾਉਣ ਦੀ ਅਤੇ ਆਪਣੇ ਆਲੇ-ਦੁਆਲੇ ਨੂੰ ਸੁਖਾਵਾਂ ਅਤੇ ਸਿਰਜਣਾਤਮਕ ਬਣਾਉਣ ਦੀ | ਇਸ ਪੁਸਤਕ ਵਿਚ ਲੇਖਿਕਾ ਨੇ ਜਿਥੇ ਵਾਤਾਵਰਨ, ਸਮਾਜ ਅਤੇ ਉਸਾਰੂ ਸਾਹਿਤ ਦੀ ਅਹਿਮੀਅਤ ਬਿਆਨ ਕੀਤੀ ਹੈ, ਉਥੇ ਆਪਣੀ ਗੱਲ ਨੂੰ ਰੌਚਿਕ ਬਣਾਉਣ ਲਈ ਨਿੱਜੀ ਜ਼ਿੰਦਗੀ ਵਿਚੋਂ ਗੱਲਬਾਤ ਲਹਿਜ਼ੇ ਵਿਚ ਉਦਾਹਰਨਾਂ ਵੀ ਪੇਸ਼ ਕੀਤੀਆਂ ਹਨ | ਪੁਸਤਕ ਵਿਚ ਜ਼ਿੰਦਗੀ ਨੂੰ ਭਰਪੂਰ ਰੂਪ ਵਿਚ ਮਾਣਨ, ਸੁਚੱਜੀ ਜੀਵਨ ਜਾਚ ਧਾਰਨ ਕਰਨ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਰੰਗਮੰਚ ਪੰਜਾਬ
ਇਤਿਹਾਸ ਦੀਆਂ ਪੈੜਾਂ
ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮਿ੍ਤਸਰ
ਮੁੱਲ : 650 ਰੁਪਏ, ਸਫ਼ੇ : 465
ਸੰਪਰਕ : 9814299422.

ਹਥਲੀ ਪੁਸਤਕ ਪੰਜਾਬੀ ਨਾਟਕ ਦੇ ਉਦਭਵ ਤੋਂ ਵਰਤਮਾਨ ਸਮੇਂ ਤੱਕ ਦੇ ਇਤਿਹਾਸ ਦੀ ਸਮੁੱਚੀ ਜਾਣਕਾਰੀ ਦਾ ਸੰਕਲਨ, ਪੰਜਾਬੀ ਨਾਟਕ ਦੀ ਵਿਕਾਸ-ਪ੍ਰਕਿਰਿਆ ਨੂੰ ਪੰਜ ਪੀੜ੍ਹੀਆਂ ਦੇ ਨਾਟਕਕਾਰਾਂ ਵਿਚ ਵੰਡ ਕੇ ਪ੍ਰਸਤੁਤ ਕੀਤਾ ਗਿਆ ਹੈ |
ਪਹਿਲੇ ਅਧਿਆਇ, ਪੰਜਾਬੀ ਰੰਗਮੰਚ ਇਤਿਹਾਸ ਦੀਆਂ ਮੁਢਲੀਆਂ ਅਤੇ ਪਹਿਲੀ ਪੀੜ੍ਹੀ ਦੀਆਂ ਪੈੜਾਂ, ਰਾਹੀਂ ਪੰਜਾਬੀ ਨਾਟਕ ਦੇ ਜਨਮ ਤੋਂ ਲੈ ਕੇ 1947 ਤੱਕ ਦੇ ਸਫ਼ਰ ਨੂੰ ਪੇਸ਼ ਕੀਤਾ ਗਿਆ ਹੈ | ਇਸ ਤੋਂ ਅਗਲੇ ਭਾਗਾਂ ਵਿਚ ਪੰਜਾਬੀ ਰੰਗਮੰਚ ਦੇ ਵਿਕਾਸ ਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਕ ਪ੍ਰਸਥਿਤੀਆਂ, ਰੰਗਮੰਚ ਦੇ ਖੇਤਰ ਵਿਚ ਨਵੇਂ ਤਜਰਬਿਆਂ, ਸੂਚਨਾ ਅਤੇ ਟੈਕਨਾਲੋਜੀ ਦੇ ਪ੍ਰਭਾਵ ਅਧੀਨ ਪੀੜ੍ਹੀ ਦਰ ਪੀੜ੍ਹੀ ਲਿਖੇ ਗਏ ਨਾਟਕ/ਇਕਾਂਗੀ ਨੂੰ ਪੰਜ ਪੀੜ੍ਹੀਆਂ, ਪਹਿਲੀ ਪੀੜ੍ਹੀ 1947 ਤੱਕ (ਨਾਟਕਕਾਰ-ਅਦਾਕਾਰ), ਦੂਜੀ ਪੀੜ੍ਹੀ 1947 ਤੋਂ 1970 ਤੱਕ, ਤੀਜੀ ਪੀੜ੍ਹੀ 1971 ਤੋਂ 1985 ਤੱਕ, ਚੌਥੀ ਪੀੜ੍ਹੀ 1986 ਤੋਂ 2000 ਤੱਕ ਅਤੇ ਪੰਜਵੀਂ ਪੀੜ੍ਹੀ 2000 ਤੋਂ 2015 ਤੱਕ ਦੇ ਨਾਟਕਕਾਰ, ਅਦਾਕਾਰ ਅਤੇ ਨਿਰਦੇਸ਼ਕਾਂ ਦੀ ਰੰਗਮੰਚ ਨੂੰ ਉਨ੍ਹਾਂ ਦੀ ਦੇਣ ਦੀ ਦਿ੍ਸ਼ਟੀ ਤੋਂ ਪੇਸ਼ ਕੀਤਾ ਗਿਆ ਹੈ |
ਇਸ ਤੋਂ ਇਲਾਵਾ ਔਰਤ ਪੰਜਾਬੀ ਨਾਟਕਕਾਰਾਂ, ਪ੍ਰਵਾਸੀ ਪੰਜਾਬੀ ਨਾਟਕਕਾਰਾਂ ਅਤੇ ਪਾਕਿਸਤਾਨੀ ਪੰਜਾਬੀ ਨਾਟਕਕਾਰਾਂ ਬਾਰੇ ਉਨ੍ਹਾਂ ਦੁਆਰਾ ਲਿਖੇ ਗਏ ਨਾਟਕਾਂ ਦੀ ਸੂਚੀ ਸਹਿਤ ਵਰਨਣ ਕੀਤਾ ਗਿਆ ਹੈ | ਪੰਜਾਬੀ ਰੰਗਮੰਚ ਸਬੰਧੀ ਜਾਣਕਾਰੀ ਨੂੰ ਸੰਪੂਰਨਤਾ ਦੇਣ ਲਈ ਲੇਖਕ ਵਲੋਂ ਵੱਖ-ਵੱਖ ਥੀਏਟਰ ਕੰਪਨੀਆਂ, ਡਰਾਮਾ ਸੁਸਇਟੀਆਂ, ਨਾਟਕ ਸਭਾਵਾਂ, ਨਾਟ ਮੰਡਲੀਆਂ, ਨਿੱਜੀ ਕੋਸ਼ਿਸ਼ਾਂ ਨਾਲ ਪੰਜਾਬ ਵਿਚ ਉਸਾਰੇ ਨਾਟ ਭਵਨ, ਅਨੁਵਾਦਿਤ ਨਾਟਕਾਂ, ਰੰਗਮੰਚ, ਨਾਟਕ ਵਿਧਾ ਅਤੇ ਇਤਿਹਾਸ ਨਾਲ ਸਬੰਧਿਤ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ | ਪੰਜਾਬੀ ਰੰਗਮੰਚ ਦੇ ਇਤਿਹਾਸ ਦੀਆਂ ਪੈੜਾਂ ਦੀ ਕੋਸ਼ਕਾਰੀ ਨੂੰ ਪ੍ਰਮਾਣਿਕਤਾ ਦੇਣ ਲਈ ਨਾਟਕਾਂ ਦੇ ਛਪਣ ਦੇ ਸਾਲ ਅੰਕਿਤ ਕੀਤੇ ਗਏ ਹਨ |
ਨਿਸਚੇ ਹੀ ਕੇਵਲ ਧਾਲੀਵਾਲ ਦੁਆਰਾ ਰਚਿਤ ਪੰਜਾਬੀ ਰੰਗਮੰਚ ਦੀ ਇਤਿਹਾਸਕਾਰੀ/ਕੋਸ਼ਕਾਰੀ ਕਰਨ ਦਾ ਇਹ ਉਪਰਾਲਾ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਇਕ ਵੱਡਮੁੱਲਾ ਯੋਗਦਾਨ ਹੈ |

—ਡਾ: ਪ੍ਰਦੀਪ ਕੌੜਾ
ਮੋ: 95011-15200
c c c

ਮੈਂ ਮੀਰਾ ਨਹੀਂ ਸੁਕਰਾਤ ਨਹੀਂ
ਕਵਿੱਤਰੀ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਚਾਂਦਨੀ ਚੌਾਕ, ਦਿੱਲੀ
ਮੁੱਲ : 225 ਰੁਪਏ, ਸਫ਼ੇ : 107
ਸੰਪਰਕ : 98728-98599.

ਵਿਸਮਾਦ, ਵੈਰਾਗ, ਵਿਦਰੋਹ, ਬੇਵਸੀ ਅਤੇ ਉਦਾਸੀ ਦੇ ਰੰਗ ਵਿਚ ਰੰਗਿਆ ਇਹ ਕਾਵਿ ਸੰਗ੍ਰਹਿ ਸਾਡੇ ਹਿਰਦਿਆਂ ਨੂੰ ਛੂਹਣ ਤੇ ਟੁੰਬਣ ਦੀ ਸਮਰੱਥਾ ਰੱਖਦਾ ਹੈ | ਲਗਪਗ ਸਾਰੀਆਂ ਹੀ ਨਜ਼ਮਾਂ ਇਸਤਰੀ ਜਾਤੀ ਦੇ ਦੁੱਖਾਂ, ਗ਼ਮਾਂ, ਹਉਕਿਆਂ ਅਤੇ ਹਾਵਿਆਂ ਨਾਲ ਓਤਪੋਤ ਹਨ | ਕਵਿੱਤਰੀ ਨੇ ਇਹ ਕਾਵਿ ਸੰਗ੍ਰਹਿ ਮੁੱਦਤ ਤੋਂ ਹੁੰਦੇ ਜ਼ੁਲਮ ਤੇ ਬੇਇਨਸਾਫ਼ੀ ਦੇ ਿਖ਼ਲਾਫ਼ ਆਪਣੀ ਆਜ਼ਾਦੀ ਲਈ ਸਿਰ ਚੁੱਕ ਰਹੀ ਕੌੜ ਗੰਦਲ ਨੂੰ ਸਮਰਪਿਤ ਕੀਤਾ ਹੈ | ਉਸ ਦੀ ਕਲਮ ਕਾਦਰ ਦਾ, ਕੁਦਰਤ ਦਾ, ਆਪਣਿਆਂ ਦਾ, ਪਰਾਇਆਂ ਦਾ, ਗ਼ਮ ਦੇ ਸਿਆਹ ਸਾਇਆਂ ਦਾ, ਦੁੱਖਾਂ ਦਾ, ਰੋਹ ਦਾ ਅਤੇ ਫੁੱਲਾਂ ਦਾ ਭੁਲੇਖਾ ਪਾਉਂਦੇ ਖ਼ਾਰਾਂ ਦੀ ਛੋਹ ਦਾ ਧੰਨਵਾਦ ਕਰਦੀ ਹੈ | ਆਓ ਕੁਝ ਕਾਵਿ ਝਲਕਾਂ ਮਾਣੀਏ :
ਲੇਖੇ ਆਈ ਪੀੜ ਹਿਜਰ ਦੀ, ਲੇਖਾਂ ਦੀ ਕਿਹੀ ਰੀਤ
ਨੀ ਉੱਠ ਜਿੰਦੇ ਛੁਹ ਕੋਈ ਗੀਤ |
-ਨਾ ਕਿਸੇ ਨਫ਼ਰਤ ਨਾ ਮੁਹੱਬਤ,
ਨਾ ਹੀ ਮੋਹ ਨੇ ਕਲਮ ਫੜਾਈ
ਮੇਰੇ ਹੱਥ ਵਿਚ ਅੰਦਰ ਧੁਖਦੇ,
ਦੁੱਖ ਤੇ ਰੋਹ ਨੇ ਕਲਮ ਫੜਾਈ |
-ਚੱਲ ਜਿੰਦੇ ਚੱਲ ਉਥੇ ਚੱਲੀਏ
ਜਿਥੇ ਕੋਈ ਨਾ ਹੋਵੇ ਸਿਆਣਾ
ਹੱਸਦਿਆਂ ਦੇ ਨਾਲ ਹੱਸਦੇ ਰਹਿੰਦੇ,
ਰੋਂਦਿਆਂ ਗਲ਼ ਲੱਗ ਜਾਣਾ |
-ਨੀ ਸੁਣ ਰਿਦਮ ਜਿਹੀਏ ਕੁੜੀਏ!
ਗੀਤਾਂ ਨਜ਼ਮਾਂ ਸੰਗ ਜੁੜੀਏ
ਸੁਹਾਗ ਦੇ ਬੋਲ ਜਿਹੀ ਕੁੜੀਏ,
ਨੀ ਠੰਢੀ ਝੋਲ ਜਿਹੀ ਕੁੜੀਏ |
-ਅਹੱਲਿਆ ਤਾਂ ਹਰ ਯੁਗ 'ਚ ਹੁੰਦੀ ਹੈ
ਕੌਣ ਰਾਮ ਨਿੱਤ-ਨਿੱਤ ਉਸ ਦੇ ਦੁੱਖ ਹਰੇ?
ਕੌਣ ਨਿੱਤ-ਨਿੱਤ ਉਸ ਨੂੰ ਸੁਰਜੀਤ ਕਰੇ....?
ਸੰਵੇਦਨਾ ਨੂੰ ਜਗਾਉਣ ਅਤੇ ਚਿੰਤਨ ਨੂੰ ਟੁੰਬਣ ਵਾਲੀਆਂ ਇਨ੍ਹਾਂ ਨਜ਼ਮਾਂ ਦਾ ਸਵਾਗਤ ਕਰਨਾ ਬਣਦਾ ਹੈ |

—ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
c c c 

26-10-2019

 ਏਨੇ ਕੁ ਹਨ ਸ਼ਬਦ ਮੇਰੇ
ਲੇਖਕ : ਮਹਿੰਦਰ ਸਿੰਘ ਚੀਮਾ
ਸੰਪਾ: ਪੰਜਾਬੀ ਲਿਖਾਰੀ ਸਭਾ ਸਿਆਟਲ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 125
ਸੰਪਰਕ : 95011-45039.

ਵਿਚਾਰਾਧੀਨ ਕਾਵਿ-ਸੰਗ੍ਰਹਿ ਮਰਹੂਮ ਕਵੀ ਮਹਿੰਦਰ ਸਿੰਘ ਚੀਮਾ ਦੁਆਰਾ ਰਚਿਤ ਹੈ, ਜਿਸ ਨੂੰ ਉਸ ਦੇ ਦਿਹਾਂਤ ਉਪਰੰਤ ਨਿਕਟ ਸਬੰਧੀਆਂ ਨੇ ਪ੍ਰਕਾਸ਼ਿਤ ਕਰਵਾਇਆ ਹੈ। ਮਰਹੂਮ ਕਵੀ ਪੰਜਾਬੀ ਸਾਹਿਤ ਸਭਾ ਸਿਆਟਲ ਅਮਰੀਕਾ ਦਾ ਮੀਤ ਪ੍ਰਧਾਨ ਰਿਹਾ ਸੀ। ਉਹ 46-47 ਸਾਲ ਦੀ ਉਮਰ ਵਿਚ ਹੀ ਇਸ ਫਾਨੀ ਸੰਸਾਰ ਨੂੰ (8 ਦਸੰਬਰ, 2017) ਅਲਵਿਦਾ ਕਹਿ ਗਿਆ ਸੀ। ਉਸ ਦੀਆਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਸਵੈ-ਸਿੱਧ ਹੋ ਜਾਂਦਾ ਹੈ ਕਿ ਉਸ ਨੂੰ ਆਪਣੀ ਸਿਹਤ ਦੀ ਦਿਨ-ਪ੍ਰਤੀਦਿਨ ਨਿੱਘਰਦੀ ਅਵਸਥਾ ਬਾਰੇ ਜਾਣਕਾਰੀ ਸੀ ਜਿਵੇਂ ਉਹਦਾ ਇਕ ਸ਼ਿਅਰ ਹੈ : 'ਸੁੱਕੇ ਹੋਏ ਬੁੱਲ੍ਹ ਤੇ/ਜ਼ਬਾਨ ਸੁੱਕੀ ਜਾਂਦੀ ਏ/ਲੱਗੇ ਹੁਣ ਮੇਰੀ/ਨਬਜ਼ ਰੁਕੀ ਜਾਂਦੀ ਏ। (ਪੰ. 34.) ਉਸ ਨੇ ਆਪਣੇ ਜੀਵਨ ਵਿਚ ਜੋ ਕੁਝ ਵੇਖਿਆ ਜਾਂ ਅਨੁਭਵ ਕੀਤਾ, ਉਸੇ ਨੂੰ ਉਸ ਨੇ ਕਾਵਿ ਰਚਨਾ ਦਾ ਜਾਮਾ ਪਹਿਨਾਇਆ ਹੈ। ਉਹ ਇਕ ਧਾਰਮਿਕ ਸ਼ਖ਼ਸੀਅਤ ਸੀ। ਉਸ ਨੇ ਗੁਰੂ ਸਾਹਿਬਾਂ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਕਵਿਤਾਵਾਂ ਸਿਰਜੀਆਂ। ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਯਾਦ ਕੀਤਾ। ਦਿੱਲੀ ਦੰਗਿਆਂ 'ਤੇ ਦੁੱਖ ਪ੍ਰਗਟ ਕੀਤਾ। ਪੰਜਾਬ ਦੀ 47 ਦੀ ਵੰਡ ਅਤੇ ਪੰਜਾਬ ਵਿਚ ਨਸ਼ਿਆਂ ਦੇ ਵਗਦੇ ਦਰਿਆ 'ਤੇ ਚਿੰਤਾ ਪ੍ਰਗਟ ਕੀਤੀ। ਉਸ ਦੇ ਕਾਵਿ ਵਿਚ ਪ੍ਰਵਾਸ ਧਾਰਨ ਉਪਰੰਤ ਪੰਜਾਬ ਲਈ ਹੇਰਵਾ ਹੈ। ਗੁਰਦਾਸ ਮਾਨ ਉਸ ਦਾ ਮਨਭਾਉਂਦਾ ਗਾਇਕ ਹੈ : ਪੈਰਾਂ ਵਿਚ ਘੁੰਗਰੂ, ਰੱਬ ਨੂੰ ਧਿਆਉਂਦਾ ਏ, ਜਾਪਦਾ ਏ ਬੁੱਲ੍ਹੇਸ਼ਾਹ, ਆਪ ਗਾਉਂਦਾ ਏ। (ਪੰ. 33)
ਉਂਜ ਉਸ ਨੂੰ ਰੁਮਾਂਸਵਾਦੀ ਕਵੀ ਆਖਿਆ ਜਾ ਸਕਦਾ ਹੈ। ਉਸ ਨੇ ਗਿੱਧਾ ਪਾ ਰਹੀਆਂ ਮੁਟਿਆਰਾਂ ਬਾਰੇ ਕਈ ਗੀਤ ਸਿਰਜੇ ਹਨ। ਉਹ ਸਾਧਾਂ ਦੇ ਭੇਖ ਵਿਚ ਫਿਰਦੇ ਚੋਰਾਂ ਦੀ ਨਿਸ਼ਾਨਦੇਹੀ ਕਰਦਾ ਹੈ। ਪੰਜਾਬੋਂ ਗਏ ਪ੍ਰਵਾਸੀ ਲਈ ਉਸ ਦੀ ਜੀਵਨ ਸਾਥਣ ਕਿੰਜ ਮੇਹਣੇ ਮਾਰਦੀ ਹੈ। ਵੇਖੋ :
ਨੱਥ ਕੋਲੋਂ ਪੁੱਛ ਭਾਵੇਂ ਵਾਲਿਆਂ ਤੋਂ ਪੁੱਛ ਲੈ
ਜ਼ੁਲਫ਼ਾਂ ਦੇ ਕੁੰਡਲਾਂ ਤੋਂ ਕਾਲਿਆਂ ਤੋਂ ਪੁੱਛ ਲੈ।
ਸਾਗਰਾਂ ਦੇ ਪਾਣੀ ਉਨ੍ਹਾਂ ਖਾਰਿਆਂ ਤੋਂ ਪੁੱਛ ਲੈ
ਦਿੱਤੇ ਹੋਏ ਦਿਲਾਸੇ ਝੂਠੇ ਲਾਰਿਆਂ ਤੋਂ ਪੁੱਛ ਲੈ।
ਕਰਦੀ ਉਡੀਕਾਂ ਹੁਣ ਢਾਈ ਬੈਠੀ ਢੇਰੀ ਏ। ਤੱਕਦੀਆਂ ਤੱਕਦੀਆਂ ਰਾਹ, ਚੰਨ ਮੈਂ ਤੇਰੀ ਏ।
ਸੰਖੇਪ ਇਹ ਕਿ ਸੰਪਾਦਕਾਂ ਵਲੋਂ ਮਰਹੂਮ ਕਵੀ ਦੇ ਕਾਵਿ ਦੀ ਸੰਭਾਲ ਮਿਹਨਤ ਨਾਲ ਕੀਤੀ ਗਈ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 88376-79186.
ਫ ਫ ਫ

ਲਿਓ ਤਾਲਸਤਾਏ
(ਜੀਵਨ ਤੇ ਯਾਦਾਂ)
ਅਨੁਵਾਦ : ਕਮਲਜੀਤ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 310
ਸੰਪਰਕ : 78377-18723.

ਤਾਲਸਤਾਯ (1828-1910) ਨੂੰ 'ਮਹਾਤਮਾ' ਦੇ ਵਿਸ਼ੇਸ਼ਣ ਨਾਲ ਯਾਦ ਕੀਤਾ ਜਾਂਦਾ ਹੈ। ਭਾਵੇਂ ਉਸ ਨੇ ਇਕ ਵੱਡੇ ਜਾਗੀਰਦਾਰ ਖ਼ਾਨਦਾਨ ਵਿਚ ਜਨਮ ਲਿਆ ਪਰ ਹੌਲੀ-ਹੌਲੀ ਉਸ ਨੇ ਆਪਣਾ ਸਾਰਾ ਧਨ ਅਤੇ ਸੰਪਤੀ ਗ਼ਰੀਬ ਕਿਸਾਨਾਂ ਦੇ ਦਰਮਿਆਨ ਵੰਡ ਦਿੱਤੀ। 'ਜੰਗ ਤੇ ਅਮਨ', 'ਅੰਨਾ ਕਰੇਨਿਨਾ', 'ਰੀਸੁਰੈਕਸ਼ਨ (ਮੋਇਆਂ ਦੀ ਜਾਗ)' ਉਸ ਦੇ ਕੁਝ ਪ੍ਰਸਿੱਧ ਨਾਵਲ ਹਨ। ਹਥਲੀ ਪੁਸਤਕ ਵਿਚ ਉਸ ਦੇ ਕਰੀਬੀ ਰਿਸ਼ਤੇਦਾਰਾਂ, ਮਿੱਤਰਾਂ, ਲੇਖਕਾਂ, ਅਦਾਕਾਰਾਂ ਅਤੇ ਕਲਾਕਾਰਾਂ ਵਲੋਂ ਲਿਖੇ 30 ਲੇਖ ਸੰਗ੍ਰਹਿਤ ਹਨ।
ਤਾਲਸਤਾਏ ਦੀ ਮਾਤਾ ਮਾਰੀਆ ਨਿਕੋਨਿਕੋਲਾਏਵਨਾ ਉਸ ਦੀ ਸ਼ਿਸ਼ੂ ਅਵਸਥਾ ਵਿਚ ਹੀ ਗੁਜ਼ਰ ਗਈ ਸੀ, ਉਸ ਸਮੇਂ ਅਜੇ ਉਹ ਮਾਤਰ ਦੋ ਕੁ ਵਰ੍ਹਿਆਂ ਦਾ ਸੀ। ਪਿਤਾ ਵੀ ਲੇਖਕ ਦੀ ਚੜ੍ਹਦੀ ਜਵਾਨੀ ਸਮੇਂ ਚਲਾਣਾ ਕਰ ਗਿਆ ਸੀ। ਉਹ ਇਕ ਜ਼ਿੰਦਾਦਿਲ ਅਤੇ ਚੜ੍ਹਦੀ ਕਲਾ ਵਿਚ ਜਿਊਣ ਵਾਲਾ ਵਿਅਕਤੀ ਸੀ।
ਉਹ ਆਪ ਇਕ ਚੰਗਾ ਪਾਠਕ ਅਤੇ ਆਲੋਚਕ ਸੀ। ਹਰ ਸਮੇਂ ਜਾਂ ਤਾਂ ਉਹ ਕੋਈ ਪੁਸਤਕ ਪੜ੍ਹਦਾ ਰਹਿੰਦਾ ਸੀ ਅਤੇ ਜਾਂ ਸੰਗੀਤ/ਥੀਏਟਰ ਦੀ ਦੁਨੀਆ ਵਿਚ ਡੁੱਬਾ ਰਹਿੰਦਾ ਸੀ। ਦੋਸਤੋਵਸਕੀ ਦੇ ਪ੍ਰਸਿੱਧ ਨਾਵਲ 'ਕਰਾਮੋਜ਼ੋਵ ਭਰਾ' ਨੂੰ ਪੜ੍ਹਨ ਦੌਰਾਨ ਉਸ ਨੇ ਇਹ ਟਿੱਪਣੀ ਕੀਤੀ ਕਿ ਦੋਸਤੋਵਸਕੀ ਦੇ ਸੰਵਾਦ ਨਿਮਨ ਕੋਟੀ ਦੇ ਹਨ (ਹਾਲਾਂਕਿ ਬਾਖ਼ਤਿਨ ਉਸ ਦੇ ਇਸ ਕਥਨ ਨਾਲ ਸਹਿਮਤ ਨਹੀਂ ਹੋਵੇਗਾ)। ਦੋਸਤੋਵਸਕੀ ਦੁਆਰਾ ਲਿਖਤ ਸੰਵਾਦਾਂ ਵਿਚ ਉਹ ਆਪ ਬੋਲਦਾ ਪ੍ਰਤੀਤ ਹੁੰਦਾ ਹੈ, ਉਸ ਦੇ ਕਿਰਦਾਰ ਨਹੀਂ। ਕਿਰਦਾਰਾਂ ਵਾਂਗ ਉਸ ਦੇ ਸੰਵਾਦ ਵਿਕੋਲਿਤਰੇ ਅਤੇ ਬਹੁਵਚਨੀ ਨਹੀਂ ਹਨ। (ਦੇਖੋ ਪੰਨਾ 50) ਮੈਕਸਿਮ ਗੋਰਕੀ, ਤਾਲਸਤਾਏ ਦੀ ਸ਼ਖ਼ਸੀਅਤ ਬਾਰੇ ਟਿੱਪਣੀ ਕਰਦਾ ਹੋਇਆ ਠੀਕ ਹੀ ਲਿਖਦਾ ਹੈ, 'ਉਹ ਵਿਸ਼ੇਸ਼ ਤੇ ਵਿਆਪਕ, ਦੋਵੇਂ ਅਰਥਾਂ ਵਿਚ ਮਹਾਨ ਸੀ। ਉਸ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਵਿਚ ਪ੍ਰਗਟ ਕਰਨਾ ਅਸੰਭਵ ਹੈ। ਉਸ ਵਿਚ ਕੁਝ ਅਜਿਹਾ ਹੈ, ਜਿਹੜਾ ਮੈਨੂੰ ਇਹ ਕਹਿਣ ਲਈ ਉਕਸਾਉਂਦਾ ਹੈ ਕਿ ਦੇਖੋ! ਸਾਡੇ ਗ੍ਰਹਿ ਵਿਚ ਕਿੰਨਾ ਅਦਭੁਤ ਵਿਅਕਤੀ ਨਿਵਾਸ ਕਰ ਰਿਹਾ ਹੈ।' (ਪੰਨਾ 294) ਮੇਰਾ ਵਿਸ਼ਵਾਸ ਹੈ ਕਿ ਕਮਲਜੀਤ ਦੁਆਰਾ ਅਨੁਵਾਦਿਤ ਇਸ ਪੁਸਤਕ ਨੂੰ ਸਾਹਿਤ ਦਾ ਹਰ ਗੰਭੀਰ ਪਾਠਕ ਜ਼ਰੂਰ ਪੜ੍ਹਨਾ ਅਤੇ ਵਾਚਣਾ ਚਾਹੇਗਾ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਜੁਗਨੂੰ
ਲੇਖਕ : ਡਾ: ਅਮਰਜੀਤ ਸਿੰਘ ਉਮਰ
ਪ੍ਰਕਾਸ਼ਕ : ਆਰਸੀ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 295 ਰੁਪਏ, ਸਫ਼ੇ : 184
ਸੰਪਰਕ : 098111-65455.

" ਜੁਗਨੂੰ ਡਾ: ਅਮਰਜੀਤ ਸਿੰਘ ਉਮਰ ਦੀ ਨਵੀਂ ਕਾਵਿ ਪੁਸਤਕ ਹੈ। ਅਜੋਕੇ ਸਮਾਜ ਵਿਚ ਬਹੁਤ ਸਾਰੀਆਂ ਵਿਸੰਗਤੀਆਂ ਸਾਡੇ ਸਮਾਜ ਦਾ ਕਰੂਪ ਚਿਹਰਾ ਦ੍ਰਿਸ਼ਟੀਗੋਚਰ ਕਰਦੀਆਂ ਹਨ। ਲੇਖਕ ਇਨ੍ਹਾਂ ਸਾਰੀਆਂ ਵਿਸੰਗਤੀਆਂ ਨੂੰ ਆਪਣੀ ਕਵਿਤਾ ਰਹਿਣ ਪ੍ਰਗਟਾਉਣ ਦਾ ਯਤਨ ਕਰਦਾ ਹੈ। ਭਾਵੇਂ ਦੁਨੀਆ ਇਕੀਵੀਂ ਸਦੀ ਵਿਚ ਅਜੋਕੇ ਸਮਾਜ ਵਿਚ ਔਰਤ ਦੀ ਦਸ਼ਾ 'ਚ ਬਹੁਤ ਹੀ ਸੁਧਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਸਚਾਈ ਇਹ ਹੈ ਕਿ ਔਰਤ ਨੂੰ ਅੱਜ ਵੀ ਸਾਡੇ ਸਮਾਜ ਵਿਚ ਉਹ ਰੁਤਬਾ ਪ੍ਰਾਪਤ ਨਹੀਂ, ਜਿਸ ਦੀ ਉਹ ਹੱਕਦਾਰ ਹੈ। ਕਵੀ ਔਰਤ ਨੂੰ ਖ਼ੁਦ ਆਪਣੀ ਰੱਖਿਆ ਆਪ ਕਰਨ ਦਾ ਸੁਨੇਹਾ ਦਿੰਦਾ ਹੈ, ਤੈਨੂੰ ਆਪ ਹੀ ਚੁੱਕਣੀ ਪਵੇਗੀ ਤਲਵਾਰ ਮਿਟਾਉਣੇ ਪੈਣਗੇ ਬਲਾਤਕਾਰੀ ਤੇ ਬਲਾਤਕਾਰ। ਕੁੱਖ ਦੀ ਆਵਾਜ਼ ਕਵਿਤਾ ਵਿਚ ਵੀ ਐਸਾ ਹੀ ਸੁਨੇਹਾ ਮਿਲਦਾ ਹੈ। ਅਨੇਕ ਕਵਿਤਾਵਾਂ ਵਿਚ ਕਵੀ ਕੁਦਰਤ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਵਾਤਾਵਰਨ ਦੇ ਹੋ ਰਹੇ ਘਾਣ ਬਾਰੇ ਕਵੀ ਬਹੁਤ ਸਾਰੀਆਂ ਕਵਿਤਾਵਾਂ ਵਿਚ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦਾ ਹੈ। ਸੂਰਜ ਡੁੱਬੇ ਜਾਂ ਚੰਨ ਚੜ੍ਹੇ ਆਵੇ ਭਾਵੇਂ ਤਾਰਿਆਂ ਦੀ ਬਰਾਤ ਮੈਂ ਤਾਂ ਰਹਾਂਗਾ ਕਮਜਾਤ ਆਦਮ ਜਾਤ।
ਇਸ ਤਰ੍ਹਾਂ ਇਸ ਸੰਗ੍ਰਹਿ ਦੀਆਂ ਸਾਰੀਆਂ ਹੀ ਕਵਿਤਾਵਾਂ ਵਿਚ ਕਵੀ ਜੀਵਨ ਦੇ ਵੱਖੋ-ਵੱਖ ਵਸਤੂ ਵਰਤਾਰਿਆਂ ਨੂੰ ਆਪਣੀ ਕਵਿਤਾ ਦੇ ਮਾਧਿਅਮ ਵਜੋਂ ਪੇਸ਼ ਕਰਦਾ ਹੈ। ਸਮਾਜ ਦੇਸ਼ ਵਿਚ ਵਾਪਰਦੇ ਸਮਕਾਲੀਨ ਵਰਤਾਰਿਆਂ ਸਬੰਧੀ ਉਹ ਮਹੱਤਵਪੂਰਨ ਟਿੱਪਣੀਆਂ ਕਰਦਾ ਹੈ। ਵਿਅੰਗ ਉਸ ਦੀ ਮਨਪਸੰਦ ਵਿਧੀ ਹੈ, ਜਿਸ ਰਾਹੀਂ ਉਹ ਸਮਕਾਲੀਨ ਵਰਤਾਰਿਆਂ 'ਤੇ ਤਿੱਖੇ ਕਟਾਕਸ਼ ਕਰਦਾ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਸੋਚਾਂ ਦਾ ਸਿਰਨਾਵਾਂ
ਗ਼ਜ਼ਲਕਾਰ : ਮੇਜਰ ਭੁਪਿੰਦਰ ਸਿੰਘ ਦਲੇਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 71
ਸੰਪਰਕ : 78377-18723.

ਮੇਜਰ ਭੁਪਿੰਦਰ ਸਿੰਘ ਦਲੇਰ ਦੇਰ ਤੋਂ ਪੰਜਾਬੀ ਗ਼ਜ਼ਲ ਦੀ ਸੰਜੀਦਗੀ ਨਾਲ ਰਚਨਾ ਕਰ ਰਿਹਾ ਹੈ, ਉਸ ਦੀ ਗ਼ਜ਼ਲ ਪ੍ਰਤੀ ਲਗਨ ਕਾਰਨ ਹੀ ਇਸ ਪੁਸਤਕ ਦੀ ਮੁੜ ਪ੍ਰਕਾਸ਼ਨਾ ਹੋਈ ਹੈ। ਦਲੇਰ ਦੀ ਗ਼ਜ਼ਲਕਾਰੀ ਵਿਚ ਨਵੇਂ ਬਿੰਬ, ਨਵੀਆਂ ਤਸ਼ਬੀਹਾਂ, ਨਵੇਂ ਅਲੰਕਾਰ ਤੇ ਨਵੀਆਂ ਪਰਤਾਂ ਹਨ। ਉਹ ਕਿਸੇ ਰਹਿਬਰ 'ਤੇ ਨਿਰਭਰ ਨਾ ਹੋ ਕੇ ਖ਼ੁਦ ਵਿਚ ਹੌਸਲਾ ਪੈਦਾ ਕਰਨ ਲਈ ਆਪਣੇ ਇਸ਼ਟ ਤੋਂ ਵਰ ਮੰਗਦਾ ਹੈ ਤੇ ਉਸ ਨੂੰ ਆਪਣੇ ਕਦਮਾਂ 'ਤੇ ਭਰੋਸਾ ਵੀ ਹੈ। ਉਸ ਨੂੰ ਸ਼ੰਕਾ ਹੈ ਕਿ ਉਸ ਦੇ ਘਰ ਨੂੰ ਲੱਗੀ ਅੱਗ ਵੀ ਅੰਦਰਲੇ ਸੰਨਾਟੇ ਤੋਂ ਡਰ ਗਈ ਹੋਵੇਗੀ ਜੋ ਸਿਰਫ਼ ਉਸ ਦੇ ਨਾਂਅ ਦੀ ਤਖ਼ਤੀ ਸਾੜਨ ਤਕ ਸੀਮਤ ਰਹੀ। ਉਸ ਦੇ ਕਈ ਸ਼ਿਅਰ ਆਤਮ-ਵਿਸ਼ਵਾਸ ਨਾਲ ਲਬਰੇਜ਼ ਹਨ ਤੇ ਇਸੇ ਕਾਰਨ ਗ਼ਜ਼ਲਕਾਰ ਕਹਿੰਦਾ ਹੈ ਕਿ ਉਹ ਅਜਿਹਾ ਗੁਲਾਬ ਹੈ, ਜਿਸ ਨੂੰ ਹਵਾ ਵੀ ਨਾ ਤੋੜ ਸਕੀ। ਆਪਣੀ ਇਕ ਹੋਰ ਗ਼ਜ਼ਲ ਦੇ ਮਤਲੇ ਵਿਚ ਉਹ ਦੀਵਿਆਂ ਦੇ ਨਾਲ-ਨਾਲ ਯਾਦਾਂ ਨੂੰ ਵੀ ਜਗਾਈ ਰੱਖਣ ਦੀ ਬੜੇ ਖ਼ੂਬਸੂਰਤ ਅੰਦਾਜ਼ ਨਾਲ ਗੱਲ ਕਰਦਾ ਹੈ। ਕਿਸੇ ਦੀ ਯਾਦ ਵਿਚ ਖ਼ੁਦ ਨੂੰ ਰੁਆਉਣ ਵਿਚ ਉਹ ਆਨੰਦ ਮਹਿਸੂਸ ਕਰਦਾ ਹੈ ਤੇ ਸੱਜਣ ਦੀ ਖ਼ੁਸ਼ੀ ਵਿਚ ਉਸ ਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ। ਦਲੇਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਪਾਠਕ ਨੂੰ ਆਪਣੇ ਨਾਲ-ਨਾਲ ਤੋਰਦੇ ਹਨ ਤੇ ਆਨੰਦ ਦੀ ਅਨੁਭੂਤੀ ਦਿੰਦੇ ਹਨ। ਦਲੇਰ ਦੇ ਇਸ ਗ਼ਜ਼ਲ ਸੰਗ੍ਰਹਿ ਨੇ ਨਿਸ਼ਚੇ ਹੀ ਮੈਨੂੰ ਪ੍ਰਭਾਵਿਤ ਕੀਤਾ ਹੈ। ਕੁਝ ਨਾਮਾਤਰ ਉਕਾਈਆਂ ਨਾ ਹੁੰਦੀਆਂ ਤਾਂ ਹੋਰ ਵੀ ਬਿਹਤਰ ਹੁੰਦਾ। 'ਸੋਚਾਂ ਦਾ ਸਿਰਨਾਵਾਂ' ਵਰਗੇ ਗ਼ਜ਼ਲ ਸੰਗ੍ਰਹਿ ਪੰਜਾਬੀ ਗ਼ਜ਼ਲ ਦੀ ਪਹਿਚਾਣ ਨੂੰ ਹੋਰ ਗੂੜ੍ਹਾ ਕਰਦੇ ਹਨ ਤੇ ਪੁਸਤਕ ਛਪਵਾਉਣ ਲਈ ਕਾਹਲੇ ਨਵੇਂ ਗ਼ਜ਼ਲਕਾਰਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਇਹ ਅਵੱਸ਼ ਲਾਭਕਾਰੀ ਸਿੱਧ ਹੋਵੇਗੀ।

ਂਗੁਰਦਿਆਲ ਰੌਸ਼ਨ
ਮੋ: 99884-44002
ਫ ਫ ਫ

ਪਾਰਬਤੀ ਦਾ ਖੋਖਾ
ਕਹਾਣੀਕਾਰ : ਅਸ਼ਵਨੀ ਬਾਗੜੀਆਂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 220 ਰੁਪਏ, ਸਫ਼ੇ : 144
ਸੰਪਰਕ : 95010-19272.

ਪੰਜਾਬੀ ਕਹਾਣੀਕਾਰਾਂ ਦੇ ਨਵੇਂ ਪੋਚ ਵਿਚ ਸ਼ਾਮਿਲ ਕਹਾਣੀਕਾਰ ਅਸ਼ਵਨੀ ਬਾਗੜੀਆਂ ਆਪਣੇ ਇਸ ਦੂਜੇ ਕਹਾਣੀ ਸੰਗ੍ਰਹਿ ਨਾਲ ਪਾਠਕ-ਮਨਾਂ ਵਿਚ ਆਪਣੀ ਪਛਾਣ ਨੂੰ ਡੂੰਘਿਆ ਵਸਾ ਚੁੱਕਾ ਹੈ। ਇਸ ਸੰਗ੍ਰਹਿ ਦੀਆਂ ਕੁੱਲ 8 ਕਹਾਣੀਆਂ ਸਮੇਂ-ਸਮੇਂ ਵੱਖ-ਵੱਖ ਸਾਹਿਤਕ ਪਰਚਿਆਂ 'ਚ ਛਪਦੀਆਂ ਰਹੀਆਂ ਹਨ। ਤਮਾਮ ਕਹਾਣੀਆਂ ਕਹਾਣੀਕਾਰ ਦੀ ਸਮਾਜਵਾਦੀ ਸੋਚ 'ਚੋਂ ਨਿਕਲੀਆਂ ਹਨ। ਜੋ ਸਮਾਜ ਦੇ ਕਈ ਹਨੇਰੇ ਪੱਖਾਂ 'ਤੇ ਰੌਸ਼ਨੀ ਪਾਉਂਦੀਆਂ ਹਨ। ਯਥਾਰਥ ਉਸ ਦੀਆਂ ਕਹਾਣੀਆਂ ਦਾ ਖਾਸਾ ਹੈ। ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਪਾਰਬਤੀ ਦਾ ਖੋਖਾ', 'ਮੁਕੰਦਾ ਪੂਰਾ ਹੋ ਗਿਆ', 'ਵਾਇਰਸ', 'ਇਹ ਨੀ ਹੋਣਾ ਸਾਥੋਂ', 'ਸਜ਼ਾ', 'ਹਵਾੜ', 'ਸਤਬਚਨ', 'ਮੁੱਛ ਦਾ ਸਵਾਲ' ਕਹਾਣੀਆਂ ਅਨੇਕਾਂ ਸਵਾਲ ਖੜ੍ਹੇ ਕਰਦੀਆਂ ਹਨ ਅਤੇ ਅਨੇਕਾਂ ਸਵਾਲਾਂ ਦੇ ਜਵਾਬ ਵੀ ਬਣਦੀਆਂ ਹਨ। ਦਰਸ਼ਨ ਬੁੱਟਰ ਲਿਖਦੇ ਹਨ, 'ਉਸ ਦੀਆਂ ਕਹਾਣੀਆਂ ਦੀ ਖੂਬੀ ਇਹ ਹੈ ਕਿ ਇਨ੍ਹਾਂ ਵਿਚ ਬਿਰਤਾਂਤਕ ਰਸ ਦੀ ਭਰਪੂਰ ਸੁਗੰਧ ਦੇ ਨਾਲ ਸਹਿਜ ਸੁਭਾਵਿਕ ਕਾਵਿ-ਰਸ ਦਾ ਸੁਆਦ ਵੀ ਮਹਿਸੂਸ ਹੁੰਦਾ ਹੈ।' ਤਕਨੀਕੀ ਤੌਰ 'ਤੇ ਕਹੀਏ ਤਾਂ ਕਹਾਣੀਕਾਰ ਬਾਗੜੀਆਂ ਦੀਆਂ ਇਹ ਕਹਾਣੀਆਂ ਨਿੱਕੀ ਕਹਾਣੀ ਦੀ ਪਰਿਭਾਸ਼ਾ ਦੇ ਚੌਖਟੇ ਵਿਚ ਭਲੀ-ਭਾਂਤ ਫਿੱਟ ਹੁੰਦੀਆਂ ਹਨ। ਬਿਰਤਾਂਤਕ ਸ਼ੈਲੀ ਦੁਆਰਾ ਉਸ ਦੀ ਪਾਤਰ ਉਸਾਰੀ ਹੋਰ ਵੀ ਸਾਰਥਕ ਅਤੇ ਪਰਪੱਕ ਨਜ਼ਰ ਆਉਂਦੀ ਹੈ। ਤਮਾਮ ਪੱਖ ਉਭਾਰਦੀਆਂ ਇਹ ਕਹਾਣੀਆਂ ਕਹਾਣੀਕਾਰ ਦੀ ਕਲਾ ਪ੍ਰਤਿਭਾ ਦਾ ਜਾਦੂ ਖੂਬ ਜਗਾਉਂਦੀਆਂ ਹਨ।

ਂਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.
ਫ ਫ ਫ

ਮਹਾਂਦੇਵੀ ਵਰਮਾ ਕਾਵਿ
ਵਿਚਾਰਧਾਰਕ ਪਰਿਪੇਖ
ਲੇਖਕ : ਡਾ: ਹੈਪੀ ਬਾਂਸਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 118
ਸੰਪਰਕ : 0172-5027427.

ਇਹ ਪੁਸਤਕ ਹਿੰਦੀ ਦੀ ਸੁਪ੍ਰਸਿੱਧ ਕਵਿੱਤਰੀ ਮਹਾਂਦੇਵੀ ਵਰਮਾ ਦੇ ਕਾਵਿ-ਸੰਗ੍ਰਹਿਆਂ-ਨਿਹਾਰ, ਰਿਸ਼ਮ, ਨੀਰਜਾ, ਸਾਂਧਯਗੀਤ, ਯਾਮਾ, ਦੀਪਸ਼ਿਖਾ, ਬੰਗ ਦਰਸ਼ਨ, ਸਪਤਪਰਨਾ, ਹਿਮਾਲਯ, ਪਰਿਕਰਮਾ, ਸੰਧਿਨੀ, ਨੀਲਾਮਬਰਾ, ਪ੍ਰਥਮ ਆਯਾਮ, ਅਗਨੀਰੇਖਾ ਅਤੇ ਪਰਿਧੀ ਨੂੰ ਆਧਾਰ ਬਣਾ ਕੇ ਇਨ੍ਹਾਂ ਦੀ ਅਕ੍ਰਿਤੀ, ਪ੍ਰਕਿਰਤੀ, ਵਿਚਾਰਧਾਰਾ ਅਤੇ ਕਾਵਿ-ਕੌਸ਼ਲਤਾ ਦਾ ਦਰਪਣ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਪੁਸਤਕ ਦੇ ਅੰਤਿਮ ਭਾਗ ਵਿਚ ਮਹਾਂਦੇਵੀ ਵਰਮਾ ਦੁਆਰਾ ਰਚਿਤ ਸਮੁੱਚੀਆਂ ਕਵਿਤਾਵਾਂ ਵਿਚੋਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਵੀ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਮਹਾਂਦੇਵੀ ਵਰਮਾ ਦੀ ਕਾਵਿ-ਸਿਰਜਣਾ 20ਵੀਂ ਸਦੀ ਦੇ ਤੀਜੇ ਦਹਾਕੇ ਤੋਂ ਸ਼ੁਰੂ ਹੋਈ ਸੀ ਅਤੇ ਆਧੁਨਿਕ ਕਾਲ ਤੱਕ ਉਸ ਦੀ ਕਾਵਿ-ਕੌਸ਼ਲਤਾ ਦੀ ਸਾਰਥਿਕਤਾ ਮੰਨੀ ਜਾਂਦੀ ਆ ਰਹੀ ਹੈ। ਮਹਾਂਦੇਵੀ ਵਰਮਾ ਨੇ ਜਿਸ ਕਦਰ ਪ੍ਰਕਿਰਤੀ ਦੇ ਵਿਭਿੰਨ ਰੂਪਾਂ ਨੂੰ ਪਛਾਣਿਆ ਅਤੇ ਛਾਇਆਵਾਦ ਦੀ ਅੰਤਰਮੁਖੀ ਪ੍ਰਵਿਰਤੀ ਨੂੰ ਉਭਾਰਿਆ ਅਤੇ ਮਾਨਵੀ ਵੇਦਨਾ ਦੀ ਪਛਾਣ ਕੀਤੀ ਆਦਿ ਦਾ ਬਾਖੂਬੀ ਵੇਰਵਾ ਦਿੱਤਾ ਹੈ। ਕਿਉਂ ਜੋ ਮਹਾਂਦੇਵੀ ਵਰਮਾ ਰਹੱਸਵਾਦੀ ਕਵਿੱਤਰੀ ਸੀ ਅਤੇ ਇਸ ਦੇ ਨਾਲ-ਨਾਲ ਸਮਾਜਿਕ-ਚੇਤਨਾ ਦੀ ਗੰਭੀਰ ਅਨੁਭਵੀ ਸੀ, ਇਨ੍ਹਾਂ ਪਹਿਲੂਆਂ ਨੂੰ ਵੀ ਵਰਮਾ ਦੀ ਕਵਿਤਾ ਵਿਚੋਂ ਪਛਾਣ ਕੇ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ।
ਨਾਰੀਵਾਦੀ ਪਰਿਪੇਖ ਦੇ ਸਿਧਾਂਤਕ ਅਤੇ ਵਿਵਹਾਰਕ ਪੱਖਾਂ ਨੂੰ ਪਛਾਣਦਿਆਂ ਹੋਇਆਂ ਹੈਪੀ ਬਾਂਸਲ ਦੱਸਦੀ ਹੈ ਕਿ ਉਸ ਨੇ ਨਿੱਜ ਦੀ ਪੀੜਾ ਹੀ ਨਹੀਂ ਸਮੂਹਿਕ ਨਾਰੀ ਜਾਤੀ ਦੀ ਪੀੜਾ ਨੂੰ ਪ੍ਰਗਟਾਇਆ ਅਤੇ ਨਾਰੀ ਜਾਤੀ ਦੇ ਗੌਰਵਮਈ ਦਰਪਣ ਨੂੰ ਪੇਸ਼ ਕੀਤਾ। ਮਹਾਂਦੇਵੀ ਵਰਮਾ ਦੇ ਗੀਤ-ਕਾਵਿ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਜਿਥੇ ਭਾਸ਼ਾਈ ਪੱਧਰ 'ਤੇ ਸਰਲ ਹਨ, ਉਥੇ ਉਸ ਦੀ ਕਵਿਤਾ ਵਿਚਲੇ ਵਿਸ਼ੇਸ਼ ਗੁਣ ਸੰਗੀਤਾਤਮਕਤਾ, ਆਤਮ ਅਭਿਵਿਅਕਤੀ, ਭਾਵੁਕਤਾ, ਸੰਖੇਪਤਾ, ਅਲੰਕਾਰਿਕ ਸ਼ੈਲੀ ਆਦਿ ਪੱਖਾਂ ਦਾ ਵੀ ਖੂਬ ਵਰਨਣ ਕੀਤਾ ਹੈ। ਪੁਸਤਕ ਦੇ ਅੰਤਿਮ ਭਾਗ ਵਿਚ ਅੰਕਿਤ ਚੋਣਵੀਆਂ ਕਵਿਤਾਵਾਂ ਦੇ ਔਖੇ ਸ਼ਬਦਾਂ ਦੇ ਅਰਥ ਇਸ ਪੁਸਤਕ ਦੀ ਹੋਰ ਸ਼ੋਭਾ ਬਣਦੇ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 98142-09732.
ਫ ਫ ਫ

ਨੀਲਾ ਸੁੱਕਾ ਸਮੁੰਦਰ
ਲੇਖਕ : ਡਾ: ਅਮਰਜੀਤ ਟਾਂਡਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ (ਪਟਿਆਲਾ)
ਮੁੱਲ : 200 ਰੁਪਏ, ਸਫ਼ੇ : 104.
ਸੰਪਰਕ : 99151-03490.

ਪਰਵਾਸੀ ਲੇਖਕ ਦਾ ਇਹ ਪਹਿਲਾ ਨਾਵਲ ਹੈ। ਉਸ ਦੀਆਂ ਲਿਖੀਆਂ 13 ਕਾਵਿ ਪੁਸਤਕਾਂ ਹਨ। ਨਾਵਲ ਦੀ ਵਾਰਤਕ ਦਾ ਰੰਗ ਵੀ ਸ਼ਾਇਰਾਨਾ ਹੈ। ਕੁੱਲ 31 ਕਾਂਡ ਹਨ। ਹਰੇਕ ਕਾਂਡ ਦੀ ਸ਼ੁਰੂਆਤ ਇਕ ਕਾਵਿ ਤੁਕ ਨਾਲ ਹੁੰਦੀ ਹੈ ਤੇ ਫਿਰ ਉਸ ਤੁਕ ਦੇ ਅਰਥਾਂ ਵਿਚ ਕਾਵਿਮਈ ਵਾਰਤਕ ਵਿਚ ਘਟਨਾਵਾਂ ਹਨ। ਨਾਵਲ ਦਾ ਮੁੱਖ ਪਾਤਰ ਡਾ: ਬਲਬੀਰ ਸਿੰਘ ਹੈ, ਜਿਸ ਦੀ ਪਤਨੀ ਇਧਰ ਪੰਜਾਬ ਵਿਚ ਹੈ। ਨਾਵਲ ਦਾ ਸਿਰਲੇਖ ਵੀ ਦੋਵਾਂ ਪਾਤਰਾਂ ਦੀ ਵਿਛੋੜੇ ਵਾਲੀ ਮਾਨਸਿਕਤਾ ਵਿਚੋਂ ਲਿਆ ਗਿਆ ਹੈ।
ਸਾਰਾ ਨਾਵਲ ਵਰਤਮਾਨ ਪੰਜਾਬ ਵਿਚੋਂ ਪਰਵਾਸ ਦੀ ਚਿੰਤਾਜਨਕ ਸਥਿਤੀ ਦੀ ਚਰਚਾ ਕਰਦਾ ਹੈ। ਲੇਖਕ ਨੇ ਬਹੁਤ ਮਾਯੂਸੀ ਨਾਲ ਪੰਜਾਬ ਦੀਆ ਵਿਗੜ ਚੁੱਕੀਆਂ ਆਰਥਿਕ ਤੇ ਸਮਾਜਿਕ ਹਾਲਤਾਂ ਦਾ ਅੰਕੜਿਆਂ ਸਹਿਤ ਜ਼ਿਕਰ ਕੀਤਾ ਹੈ। ਨਾਵਲ ਦਾ ਮੁੱਖ ਪਾਤਰ ਮਨਬਚਨੀ ਰਾਹੀਂ ਜਾਂ ਆਪਣੇ ਸੰਪਰਕ ਵਿਚ ਆਉਣ ਵਾਲੇ ਹੋਰ ਪਾਤਰਾਂ ਨਾਲ ਸੰਵਾਦ ਕਰਕੇ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਪੰਜਾਬੀਆਂ ਦੀਆਂ ਔਖੀਆਂ-ਸੌਖੀਆਂ ਸਥਿਤੀਆਂ ਬਾਰੇ ਜਾਣਕਾਰੀ ਦਿੰਦਾ ਹੈ। ਨਾਵਲ ਅਨੁਸਾਰ ਬਿਗਾਨੀਆਂ ਧਰਤੀਆਂ 'ਤੇ ਜਾਣਾ ਤੇ ਰਹਿਣਾ ਸੌਖਾ ਨਹੀਂ ਹੈ। ਇਧਰ ਬਜ਼ੁਰਗ ਮਾਪੇ ਬੱਚਿਆਂ ਲਈ ਬਿਹਬਲ ਹੁੰਦੇ ਹਨ। ਵਿਦੇਸ਼ ਬੱਚਿਆਂ ਕੋਲ ਚਲੇ ਵੀ ਜਾਣ ਤਾਂ ਜ਼ਿੰਦਗੀ ਭਰ ਸੰਘਰਸ਼ ਕਰਨਾ ਪੈਂਦਾ ਹੈ।
ਬਲਦੇਵ ਸਿੰਘ ਸੜਕਨਾਮਾ, ਡਾ: ਸੁਰਿੰਦਰ ਸਿੰਘ ਦੁਸਾਂਝ, ਡਾ: ਸੁਰਜੀਤ ਪਾਤਰ, ਡਾ: ਅਮਰੀਕ ਸਿੰਘ ਪੂੰਨੀ ਨੇ ਨਾਵਲ ਬਾਰੇ ਸਟੀਕ ਵਿਚਾਰ ਲਿਖੇ ਹਨ। ਨਾਵਲ ਵਿਚ ਪੰਜਾਬ ਨੂੰ ਇਸ ਤ੍ਰਾਸਦੀ ਵਿਚੋਂ ਕੱਢਣ ਲਈ ਕਈ ਕਾਰਗਰ ਸੁਝਾਅ ਹਨ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: ੦੯੮੧੪੮੫੬੧੬੦
ਫ ਫ ਫ

20-10-2019

ਪੰਜਾਬੀ ਸੱਭਿਆਚਾਰ ਦੇ ਬਦਲਦੇ ਸਰੋਕਾਰ
ਸੰਪਾਦਕਾ : ਪ੍ਰੋ: ਕੰਵਲਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 146
ਸੰਪਰਕ : 94638-36591.

'ਪੰਜਾਬੀ ਸੱਭਿਆਚਾਰ ਦੇ ਬਦਲਦੇ ਸਰੋਕਾਰ' ਪੁਸਤਕ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਲਿਖੇ ਗਏ 15 ਲੇਖਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਨੂੰ ਪੰਜਾਬੀ ਅਧਿਆਪਨ ਨਾਲ ਜੁੜੇ ਹੋਏ ਵੱਖ-ਵੱਖ ਵਿਦਵਾਨਾਂ ਨੇ ਲਿਖਿਆ ਹੈ |
ਇਸ ਪੁਸਤਕ ਵਿਚ ਸ਼ਾਮਿਲ ਕੀਤੇ ਨਿਬੰਧ ਬਦਲ ਰਹੇ ਸੱਭਿਆਚਾਰ ਦੇ ਵਾਹਕਾਂ ਨੂੰ ਉਨ੍ਹਾਂ ਦੀਆਂ ਗਹਿਰਾਈਆਂ ਨੂੰ ਸਮਝਣ ਦਾ ਯਤਨ ਹਨ | ਕਾਵਿ ਰੂਪਾਂ, ਲੋਕ ਗੀਤਾਂ, ਕਥਾ ਕਹਾਣੀਆਂ, ਨਾਵਲਾਂ ਅਤੇ ਰਸਮੋ ਰਿਵਾਜਾਂ ਦੇ ਬਦਲ ਰਹੇ ਅੰਦਾਜ਼ ਨੂੰ ਨਵਾਂ ਸੱਭਿਆਚਾਰ ਅਤੇ ਨਵੇਂ ਸੱਭਿਆਚਾਰ ਦੇ ਉਚਾਰ ਕਿਵੇਂ ਗ੍ਰਹਿਣ ਕਰਦੇ ਹਨ, ਇਹ ਪੁਸਤਕ ਇਸ ਨੂੰ ਉਜਾਗਰ ਕਰਨ ਦਾ ਯਤਨ ਕਰਦੀ ਹੈ | ਪ੍ਰਵਾਸੀ ਪੰਜਾਬੀ ਕਹਾਣੀ, ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਅਤੇ ਜਸਬੀਰ ਭੁੱਲਰ ਦੇ ਨਾਵਲ 'ਦੋ-ਜ਼ਖੀਏ' ਵਿਚ ਪੇਸ਼ ਹੋਈ ਸੱਭਿਆਚਾਰਕ, ਲੋਕਧਾਰਾਈ ਸਮੱਗਰੀ ਨੂੰ ਆਧਾਰ ਬਣਾ ਕੇ ਕੀਤੇ ਗਏ ਸੱਭਿਆਚਾਰਕ ਵਿਸ਼ਲੇਸ਼ਣ ਧਿਆਨ ਖਿੱਚਦੇ ਹਨ | ਪੰਜਾਬ ਦੀ ਖੇਡ ਵਿਰਾਸਤ : ਸਰੂਪ ਅਤੇ ਸਥਿਤੀ ਰਾਹੀਂ ਡਾ: ਰੇਸ਼ਮ ਸਿੰਘ ਨੇ ਲੋਕ ਖੇਡਾਂ ਦੇ ਵਿਰਾਸਤੀ ਗੌਰਵ ਨੂੰ ਨਿਹਾਰਦੇ ਹੋਏ ਬਦਲਦੀਆਂ ਪ੍ਰਸਥਿਤੀਆਂ ਵਿਚ ਇਨ੍ਹਾਂ ਦੇ ਬਦਲ ਰਹੇ ਸਰੂਪਾਂ ਨੂੰ ਗਹਿਰਾਈ ਵਿਚ ਸਮਝਣ ਦਾ ਯਤਨ ਕੀਤਾ ਹੈ | ਡਾ: ਸਖਵੀਰ ਕੌਰ ਦਾ ਨਿਬੰਧ 'ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿਚ ਸਮੇਂ-ਸਮੇਂ ਆਏ ਪਰਿਵਰਤਨਾਂ' ਦਾ ਵਿਸਥਾਰ ਪੂਰਵਕ ਜ਼ਿਕਰ ਕਰਦਾ ਵੱਖ-ਵੱਖ ਜਾਤੀਆਂ, ਧਰਮਾਂ ਅਤੇ ਰਾਜ ਪ੍ਰਬੰਧਾਂ ਦੇ ਬਦਲਣ ਅਤੇ ਇਕ-ਦੂਜੇ ਨਾਲ ਸੰਵਾਦ ਵਿਚ ਪੈ ਕੇ ਦੂਸਰੇ ਨੂੰ ਪ੍ਰਭਾਵਿਤ ਕਰਨ ਦੀ ਪ੍ਰਕਿਰਿਆ ਨੂੰ ਸਮਝਣ ਦਾ ਯਤਨ ਹੈ |
ਆਰੀਅਨਾਂ ਅਤੇ ਦ੍ਰਾਵੜਾਂ ਦਾ ਟਕਰਾਓ, ਇਸਲਾਮਿਕ ਅਤੇ ਹਿੰਦੂ ਵਿਚਾਰਧਾਰਾ ਦਾ ਤਣਾਅ ਅਜਿਹੇ ਅਮਲ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਮੁਢਲੇ ਰੂਪ ਵਿਚ ਪੰਜਾਬੀ ਸੱਭਿਆਚਾਰ ਦੇ ਸਰੋਕਾਰਾਂ ਨੂੰ ਪ੍ਰਭਾਵਿਤ ਕੀਤਾ ਤੇ ਫਿਰ ਗੁਰਮਤਿ ਵਿਚਾਰਧਾਰਾ ਨੇ ਇਸ ਨੂੰ ਇਕ ਨਵੀਂ ਦਿਸ਼ਾ ਦਿੱਤੀ, ਜਿਸ ਨੇ ਪੰਜਾਬ ਦੀ ਸਮੱੁਚੀ ਜੀਵਨ-ਜਾਚ ਹੀ ਬਦਲ ਦਿੱਤੀ | ਪੰਜਾਬ ਉਹ ਧਰਤੀ ਹੈ ਜਿਥੇ ਦ੍ਰਾਵੜ, ਆਰੀਅਨ, ਈਰਾਨੀ, ਮਿਥੀਅਨ, ਕਸ਼ਾਣ, ਹੂਣ, ਮੰਗੋਲ, ਅਫ਼ਗਾਨ, ਤੁਰਕ ਗੁਜਰ ਤੇ ਫਿਰ ਅੰਗਰੇਜ਼ ਸਮੇਂ-ਸਮੇਂ 'ਤੇ ਆਏ ਅਤੇ ਇਥੋਂ ਦੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੇ ਹੋਏ ਜਾਂ ਅੱਗੇ ਨਿਕਲ ਗਏ ਜਾਂ ਵਾਪਸ ਪਰਤ ਗਏ ਅਤੇ ਜਾਂ ਫਿਰ ਇਥੇ ਹੀ ਜਜ਼ਬ ਹੋ ਗਏ | ਇਹ ਕਿਤਾਬ ਇਨ੍ਹਾਂ ਸਾਰੇ ਵਰਤਾਰਿਆਂ ਨੂੰ ਛੋਂਹਦੀ ਹੈ | ਆਮ ਪਾਠਕ ਲਈ ਵੀ ਇਹ ਓਨੀ ਹੀ ਪੜ੍ਹਨਯੋਗ ਹੈ ਜਿੰਨੀ ਸੱਭਿਆਚਾਰ ਬਾਰੇ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਲੋੜੀਂਦੀ ਹੈ |

—ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.
c c c

ਅੱਧ ਚਾਨਣੀ ਰਾਤ
ਇਕ ਆਲੋਚਨਾਤਮਕ ਅਧਿਐਨ
ਲੇਖਕ : ਡਾ: ਜੈਪ੍ਰੀਤ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 102
ਸੰਪਰਕ : 98146-42045.

ਰੀਵਿਊ/ਮੈਟਾ-ਅਧਿਐਨ ਅਧੀਨ ਵਿਚਾਰ ਹਿਤ ਡਾ: ਜੈਪ੍ਰੀਤ ਸਿੰਘ ਦਾ ਖੋਜ ਕਾਰਜ ਹੈ | ਇਸ ਵਿਚ ਨਾਵਲਕਾਰ ਪਦਮਸ੍ਰੀ ਗੁਰਦਿਆਲ ਸਿੰਘ ਦੇ ਬਹੁਚਰਚਿਤ ਨਾਵਲ 'ਅੱਧ ਚਾਨਣੀ ਰਾਤ' ਦਾ ਸਰਬਪੱਖੀ ਮੁਲਾਂਕਣ ਕੀਤਾ ਗਿਆ ਹੈ | ਪੁਸਤਕ ਸੂਚੀ ਤਾਂ ਭਾਵੇਂ ਡੇਢ ਦਰਜਨ ਤੋਂ ਉੱਪਰ ਵਿਦਵਾਨਾਂ ਦੀ ਦਿੱਤੀ ਹੈ | ਪਰ ਹਥਲੇ ਖੋਜ ਕਾਰਜ ਵਿਚ ਪ੍ਰੋ: ਸੁਰਿੰਦਰ ਕੁਮਾਰ ਦਵੇਸ਼ਵਰ ਹੀ ਫੁਟ-ਨੋਟਾਂ ਵਿਚ ਹਾਜ਼ਰ ਹੈ | ਕੇਵਲ ਇਕ ਫੁੱਟ-ਨੋਟ ਡਾ: ਟੀ.ਆਰ. ਵਿਨੋਦ ਦਾ ਹੈ | ਇਸ ਖੋਜ ਨੂੰ ਇਨ੍ਹਾਂ ਦੋਵਾਂ ਵਿਦਵਾਨਾਂ ਦੀਆਂ ਪੁਸਤਕਾਂ ('ਕ੍ਰਮਵਾਰ 'ਨਾਵਲ ਸ਼ਾਸਤਰ ਤੇ ਪੰਜਾਬੀ ਨਾਵਲ'; 'ਨਾਵਲ ਦਾ ਸੰਸਕ੍ਰਿਤਕ ਅਧਿਐਨ) ਦਾ ਆਧਾਰ ਪ੍ਰਾਪਤ ਹੈ | ਲੇਖਕ ਦੀ ਮੁੱਖ ਅਧਿਐਨ ਜੁਗਤ ਇਹ ਹੈ ਕਿ ਉਸ ਨੇ ਰਵਾਇਤ ਅਨੁਸਾਰ ਪਹਿਲਾ ਕਾਂਡ ਸਿਧਾਂਤਕ ਪਰਿਪੇਖ ਬਣਾਉਣ ਦੀ ਥਾਂ (ਵਿਸ਼ੇਗਤ, ਕਥਾਨਕ, ਗ੍ਰਾਮੀਣ ਸੰਸਕ੍ਰਿਤੀ, ਅਣਖ ਜਾਂ ਬਦਲੇ ਦੇ ਸੰਕਲਪ, ਪਾਤਰ ਸੰਸਾਰ, ਕਲਾਤਮਕ ਪੱਖ) ਹਰ ਕਾਂਡ ਦੇ ਆਰੰਭ ਵਿਚ ਹੀ ਸਬੰਧਿਤ ਨਜ਼ਰੀਏ ਬਾਰੇ ਸਿਧਾਂਤਕ ਚਰਚਾ ਕਰ ਦਿੱਤੀ ਹੈ | ਦੂਜੀ ਜੁਗਤ ਵਿਦਵਾਨ ਆਲੋਚਕ ਨੇ ਇਹ ਅਪਣਾਈ ਹੈ ਕਿ ਨਾਵਲ ਦੇ ਵਿਚੋਂ ਸਬੰਧਿਤ ਨੁਕਤੇ ਬਾਰੇ ਸਪੱਸ਼ਟ ਪਹਿਲਾਂ ਕਰਕੇ, ਬਾਅਦ ਵਿਚ ਆਪਣੇ ਵਿਚਾਰ ਦੀ ਪੁਸ਼ਟੀ ਲਈ ਨਾਵਲੀ-ਪਾਠ 'ਚੋਂ ਟੁਕੜੀ ਉਦਿਤ ਕਰ ਜਾਂਦਾ ਹੈ |
ਮਿਹਨਤੀ ਆਲੋਚਕ ਨੇ ਪਹਿਲੇ ਕਾਂਡ ਵਿਚ ਗੁਰਦਿਆਲ ਸਿੰਘ ਦੇ ਜੀਵਨ ਅਤੇ ਸਮੁੱਚੀ ਨਾਵਲ ਰਚਨਾ ਦਾ ਸਰਵੇਖਣ ਕੀਤਾ ਹੈ | ਦੂਜੇ ਕਾਂਡ ਵਿਚ ਵਿਸ਼ੇਗਤ ਅਧਿਐਨ ਕਰਦਿਆਂ ਮਾਲਵੇ ਦੇ ਕਿਰਸਾਨੀ ਜੀਵਨ ਨਾਲ ਸਬੰਧਿਤ ਬਹੁਤ ਸਾਰੇ ਪਹਿਲੂਆਂ ਨੂੰ ਵਿਭਿੰਨ ਥੀਮਿਕ ਪਾਸਾਰਾਂ ਹੇਠ ਵਾਚਿਆ ਹੈ | ਤੀਜੇ ਕਾਂਡ ਵਿਚ ਨਾਵਲ ਦੇ ਕਥਾਨਕ ਨੂੰ ਸਰਲ ਅਤੇ ਸਪੱਸ਼ਟ ਦੱਸਿਆ ਹੈ | ਚੌਥੇ ਕਾਂਡ ਵਿਚ ਪੇਂਡੂ ਸੰਸਕ੍ਰਿਤੀ ਨੂੰ ਸਮੱਗ੍ਰਤਾ ਨਾਲ ਪੇਸ਼ ਕੀਤਾ ਦਰਸਾਇਆ ਹੈ | ਪੰਜਵੇਂ ਕਾਂਡ ਵਿਚ ਮਾਲਵੇ ਦੇ ਪਿੰਡਾਂ ਵਿਚ ਅਣਖ ਜਾਂ ਬਦਲੇ ਦੇ ਸੰਕਲਪ ਨੂੰ ਬਹੁ-ਧਰਾਤਲਾਂ ਤੋਂ ਉਜਾਗਰ ਹੁੰਦਿਆਂ ਨੋਟ ਕੀਤਾ ਹੈ | ਛੇਵੇਂ ਕਾਂਡ ਵਿਚ ਪਾਤਰਾਂ ਦੀ ਵਰਗ ਵੰਡ ਦੋ ਆਧਾਰਾਂ 'ਤੇ ਕੀਤੀ | ਪਹਿਲਾ ਆਧਾਰ ਨਾਵਲ ਵਿਚ ਨਿਭਾਈ ਭੂਮਿਕਾ; ਦੂਜਾ ਆਧਾਰ ਉਨ੍ਹਾਂ ਦੇ ਸੁਭਾਅ ਅਨੁਸਾਰ, ਈ.ਐਮ. ਫਾਰਸਟਰ ਦੀ ਵੰਡ ਅਨੁਸਾਰ ਚਪਟੇ ਅਤੇ ਗੋਲ ਪਾਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ | ਬਿਰਤਾਂਤਕ ਜੁਗਤਾਂ ਵਿਚ ਮੌਕਾ ਮੇਲ, ਪ੍ਰਤੀਰੂਪਕ ਗਲਪ, ਸਮੂਹਿਕ ਸੂਤਰਧਾਰ, ਮਨਬਚਨੀ, ਕਠਪੁਤਲੀ ਪਾਤਰ ਅਤੇ ਥਾਂ ਪੁਰ ਥਾਂ ਨਾਵਲਕਾਰ ਵਲੋਂ ਬਿਰਤਾਂਤ ਵਿਚ ਸ਼ਮੂਲੀਅਤ ਆਦਿ ਦਾ ਮਹੱਤਵ ਦਰਸਾਇਆ ਹੈ | ਇੰਜ ਇਹ ਪੁਸਤਕ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ |

—ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c

ਨਾਟ ਸਰੋਕਾਰ
ਲੇਖਕ : ਡਾ: ਰੇਸ਼ਮ ਸਿੰਘ
ਪ੍ਰਕਾਸ਼ਕ : ਸਪਤ ਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 130
ਸੰਪਰਕ : 94638-36591.

ਹਥਲੀ ਪੁਸਤਕ ਪੰਜਾਬੀ ਨਾਟਕ ਦੇ ਇਤਿਹਾਸ ਅਤੇ ਇਸ ਦੇ ਪ੍ਰਵਿਰਤੀ-ਮੂਲਕ ਸਰੋਕਾਰਾਂ ਦਾ ਉਲੇਖ ਪਾਠਕਾਂ ਦੇ ਸਨਮੁਖ ਕਰਦੀ ਹੈ | ਪੁਸਤਕ ਵਿਚ ਆਲੋਚਕ ਨੇ ਲੋਕ ਨਾਟਕ ਅਤੇ ਵਸ਼ਿਸ਼ਟ ਨਾਟਕ ਦੇ ਅੰਤਰ-ਨਿਖੇੜ ਅਤੇ ਸਬੰਧਾਂ ਨੂੰ ਪ੍ਰਗਟਾਉਂਦਿਆਂ ਹੋਇਆਂ ਇਪਟਾ ਸੰਸਥਾ ਨੂੰ ਨੌਰਾ ਰਿਚਰਡ ਦੇ ਹਵਾਲੇ ਨਾਲ ਦਰਸਾਅ ਕੇ ਭਾਵਪੂਰਤ ਸਿੱਟੇ ਕੱਢੇ ਹਨ | ਉਸ ਅਨੁਸਾਰ ਵਿਸ਼ੇਸ਼ ਵਰਗ ਲਈ ਹੀ ਲਿਖਿਆ ਅਤੇ ਖੇਡਿਆ ਗਿਆ ਨਾਟਕ ਹੀ ਨਾਟਕ ਨਹੀਂ, ਸਗੋਂ ਨਾਟਕ ਤਾਂ ਉਹ ਹੈ, ਜੋ ਲੋਕ ਮਨਾਂ ਦੇ ਹਿਰਦਿਆਂ ਦੀ ਹੇਕ ਅਤੇ ਹੂਕ ਨੂੰ ਪਛਾਣ ਕੇ ਪਾਠਕਾਂ ਜਾਂ ਦਰਸ਼ਕਾਂ ਦੇ ਸਾਹਮਣੇ ਆਉਂਦਾ ਹੈ | ਲੇਖਕ ਨੇ ਪੰਜਾਬੀ ਨਾਟਕ ਦੇ ਪਲਾਟ ਵਿਚ ਇਤਿਹਾਸ ਕਿਸ ਤਰ੍ਹਾਂ ਸਮਿਲਤ ਹੁੰਦਾ ਹੈ ਅਤੇ ਕਿਸ ਤਰ੍ਹਾਂ ਉਸ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਤੋਂ ਛੁੱਟ ਹੋਰਨਾਂ ਭਾਸ਼ਾਵਾਂ ਤੋਂ ਅਨੁਵਾਦ ਰੂਪ ਵਿਚ ਕੀਤੇ ਗਏ ਨਾਟਕਾਂ ਦੀ ਪ੍ਰਕਿਰਤੀ, ਪ੍ਰਯੋਜਨ ਅਤੇ ਰੰਗਮੰਚਤਾ ਨੂੰ ਵੀ ਪਛਾਣਿਆ ਹੈ | ਸਮੁੱਚੇ ਭਾਰਤੀ ਨਾਟਕ ਵਿਚ ਔਰਤ ਜਾਤੀ ਦੀ ਭੂਮਿਕਾ ਕੀ ਰਹੀ, ਇਸ ਨੂੰ ਕਿਸ ਤਰ੍ਹਾਂ ਸਮਝਿਆ ਗਿਆ ਅਤੇ ਕਿਸ ਤਰ੍ਹਾਂ ਪ੍ਰਦਰਸ਼ਿਤ ਕੀਤਾ ਗਿਆ? ਆਦਿ ਪ੍ਰਸ਼ਨਾਂ ਨੂੰ ਵੀ ਪੁਸਤਕ ਸਾਹਮਣੇ ਲਿਆਉਂਦੀ ਹੈ |
ਪੁਸਤਕ ਦੇ ਮਹੱਤਵਪੂਰਨ ਕਾਂਡ ਉਹ ਹਨ, ਜਿਨ੍ਹਾਂ ਵਿਚ ਸਾਡੇ ਆਧੁਨਿਕ ਪੰਜਾਬੀ ਨਾਟਕਕਾਰਾਂ ਕਪੂਰ ਸਿੰਘ ਘੁੰਮਣ, ਗੁਰਸ਼ਰਨ ਸਿੰਘ, ਚਰਨਦਾਸ ਸਿੱਧੂ, ਆਤਮਜੀਤ, ਸਵਰਾਜਬੀਰ ਅਤੇ ਬਲਵੰਤ ਗਾਰਗੀ ਦੇ ਵਰਣਨਯੋਗ ਨਾਟਕਾਂ ਨੂੰ ਵਿਚਾਰਧਾਰਕ ਪੱਧਰ 'ਤੇ ਅਤੇ ਸਮਕਾਲੀਨ ਲਹਿਰਾਂ ਦੀ ਪ੍ਰਸੰਗਤਾ ਵਿਚ ਪਛਾਣ ਕੇ ਪਾਠਕਾਂ ਦੇ ਸਾਹਮਣੇ ਲਿਆਾਦਾ ਗਿਆ ਹੈ | ਪ੍ਰਵਿਰਤੀ ਪੱਖੋਂ ਭਾਵੇਂ ਇਨ੍ਹਾਂ ਨਾਟਕਕਾਰਾਂ ਵਿਚੋਂ ਕੋਈ ਐਬਸਰਡ, ਪ੍ਰਯੋਗਵਾਦੀ, ਆਲੋਚਨਾਤਮਕ ਯਥਾਰਥਵਾਦੀ, ਦਲਿਤ ਚੇਤਨਾ ਦਾ ਅਨੁਭਵੀ ਜਾਂ ਜਨ ਸਾਧਾਰਨ ਪੱਧਰ ਦਾ ਜੀਵਨ ਬਸਰ ਕਰ ਰਹੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਪੇਸ਼ ਕਰਦੇ ਰਹੇ ਹਨ, ਦਾ ਗੰਭੀਰ ਚਿਤਰਨ ਕੀਤਾ ਹੈ | ਇਹ ਸਾਰੇ ਪੱਖ ਪੁਸਤਕ ਦਾ ਹਾਸਲ ਹਨ |

—ਡਾ: ਜਗੀਰ ਸਿੰਘ ਨੂਰ
ਮੋ: 9814209732
c c c

ਯਾਦਾਂ ਤੁਰੀਆਂ ਨਾਲੋ ਨਾਲ
ਲੇਖਕ : ਡਾ: ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 130 ਰੁਪਏ, ਸਫ਼ੇ : 96
ਸੰਪਰਕ : 99145-94867.

'ਯਾਦਾਂ ਤੁਰੀਆਂ ਨਾਲੋ-ਨਾਲ' ਡਾ: ਹਰਨੇਕ ਸਿੰਘ ਕੈਲੇ ਦੀ ਸਵੈ-ਜੀਵਨੀ ਮੂਲਕ ਵਾਰਤਕ ਰਚਨਾ ਹੈ | ਇਸ ਪੁਸਤਕ ਵਿਚ ਉਸ ਦੀ ਮੁਢਲੀ ਜ਼ਿੰਦਗੀ ਦੇ ਨਾਲ-ਨਾਲ ਅਧਿਆਪਕੀ ਕਿੱਤੇ ਨਾਲ ਜੁੜੀਆਂ ਉਸ ਦੀਆਂ ਯਾਦਾਂ ਦਰਜ ਕੀਤੀਆਂ ਗਈਆਂ ਹਨ |
ਇਨ੍ਹਾਂ ਯਾਦਾਂ ਵਿਚ ਉਸ ਦੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਲੇਖਕ ਦੀ ਪੜ੍ਹਾਈ ਅਤੇ ਅਧਿਆਪਕੀ ਸਫ਼ਰ ਨਾਲ ਹੀ ਜੁੜੇ ਹੋਏ ਮਿਲਦੇ ਹਨ | ਭਾਵੇਂ ਜ਼ਿੰਦਗੀ ਦੀਆਂ ਹੋਰ ਯਾਦਾਂ ਵੀ ਦਰਜ ਹਨ, ਪਰ ਜ਼ਿਆਦਾਤਰ ਉਪਰੋਕਤ ਭਾਂਤ ਦੇ ਬਿਰਤਾਂਤ ਹੀ ਪੇਸ਼ ਹੋਏ ਪ੍ਰਾਪਤ ਹੁੰਦੇ ਹਨ | ਲੇਖਕ ਨੇ ਆਪਣੀ ਇਹ ਸਵੈ-ਜੀਵਨੀ ਲਕੀਰੀ ਬਿਰਤਾਂਤਕ ਤੋਰ ਨਾਲ ਹੀ ਪੇਸ਼ ਕੀਤੀ ਹੈ | ਪਹਿਲਾਂ ਜਨਮ ਤੋਂ ਲੈ ਕੇ ਮੁਢਲੀ ਪੜ੍ਹਾਈ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ ਤੇ ਫਿਰ ਸੰਘਰਸ਼ੀ ਦਿਨਾਂ ਬਾਰੇ ਸੰਖੇਪ ਬਿਓਰਾ ਪ੍ਰਸਤੁਤ ਕਰਨ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਕੀਤੇ ਅਧਿਆਪਨ ਕਾਰਜ ਅਤੇ ਪਿੰ੍ਰਸੀਪਲਸ਼ਿਪ ਦੇ ਵੇਰਵੇ ਪੂਰੇ ਵਿਸਥਾਰ ਸਹਿਤ ਪੇਸ਼ ਕੀਤੇ ਹਨ |
ਇਥੋਂ ਤੱਕ ਕਿ ਸੇਵਾ-ਮੁਕਤੀ ਤੋਂ ਬਾਅਦ ਵਿਚ ਵੀ ਕੀਤੀਆਂ ਨੌਕਰੀਆਂ ਬਾਰੇ ਵਿਸਥਾਰ ਵਿਚ ਦੱਸਿਆ ਹੈ | ਜਦੋਂ ਅਸੀਂ ਇਸ ਸਵੈ-ਜੀਵਨੀ ਮੂਲਕ ਕਿਰਤ ਨੂੰ ਗਹੁ ਨਾਲ ਵਾਚਦੇ ਹਾਂ ਤਾਂ ਡਾ: ਕੈਲੇ ਦੀ ਸ਼ਖ਼ਸੀਅਤ ਦੇ ਜਿਹੜੇ ਪੱਖ ਇਸ ਵਿਚੋਂ ਉਜਾਗਰ ਹੁੰਦੇ ਹਨ, ਉਨ੍ਹਾਂ ਤੋਂ ਉਹ ਇਕ ਮਿਹਨਤੀ, ਇਮਾਨਦਾਰ ਅਤੇ ਸਨਮਾਨਯੋਗ ਵਿਅਕਤੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ | ਵੱਖ-ਵੱਖ ਸਕੂਲਾਂ ਕਾਲਜਾਂ ਦੀਆਂ ਪ੍ਰਬੰਧਕੀ ਕਮੇਟੀਆਂ ਨਾਲ ਹੋਏ ਕੌੜੇ ਮਿੱਠੇ ਤਜਰਬਿਆਂ ਅਤੇ ਆਪਣੇ ਸ਼ਾਗਿਰਦਾਂ ਬਾਰੇ ਵੀ ਉਸ ਨੇ ਭਾਵਪੂਰਤ ਜਾਣਕਾਰੀ ਉਪਲਬਧ ਕਰਵਾਈ ਹੈ | ਕਿਉਂਕਿ ਲੇਖਕ ਸਿਰਜਣਾਤਮਕਤਾ ਨਾਲ ਜੁੜਿਆ ਹੈ ਇਸ ਕਰਕੇ ਆਪਣੀਆਂ ਲਿਖਤਾਂ ਬਾਰੇ ਵੀ ਉਸ ਨੇ ਇਕ ਪੂਰਾ ਪਾਠ ਇਸ ਪੁਸਤਕ ਵਿਚ ਦਰਜ ਕੀਤਾ ਹੈ | ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਆਪਣੀ ਜ਼ਿੰਦਗੀ ਦੇ ਬਰੀਕ ਤੋਂ ਬਰੀਕ ਵੇਰਵੇ ਨੂੰ ਪਾਠਕ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਦੀਨ ਕੇ ਹੇਤ
ਲੇਖਕ : ਹਰਚਰਨ ਚੋਹਲਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98889-09513.

'ਦੀਨ ਕੇ ਹੇਤ' ਕਾਵਿ-ਸੰਗ੍ਰਹਿ ਹਰਚਰਨ ਚੋਹਲਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ | ਉਸ ਦੀ ਕਾਵਿਕ-ਪ੍ਰਤੀਬੱਧਤਾ ਨਪੀੜੇ ਅਤੇ ਲਿਤਾੜੇ ਲੋਕਾਂ ਦੇ ਹੱਕ ਵਿਚ ਭੁਗਤਦੀ ਹੈ | ਇਸ ਸੰਗ੍ਰਹਿ ਵਿਚ 75 ਲਘੂ ਛੰਦ-ਮੁਕਤ (ਖੁੱਲ੍ਹੀਆਂ ਕਵਿਤਾਵਾਂ) ਨਜ਼ਮਾਂ ਸ਼ਾਮਿਲ ਕੀਤੀਆਂ ਗਈਆਂ ਹਨ | ਡਾ: ਜਗਵਿੰਦਰ ਜੋਧਾ ਨੇ ਆਪਣੇ ਜਾਣ-ਪਛਾਣ ਲੇਖ 'ਅੰਦਰੂਨੀ ਤੇ ਬਾਹਰੀ ਸੰਘਰਸ਼ ਦੀ ਬਾਹਰੀ ਟੁਣਕਾਰ : ਦੀਨ ਕੇ ਹੇਤ' ਵਿਚ ਉਸ ਦੀ ਕਾਵਿਕ-ਪ੍ਰਤਿਭਾ ਦੀ ਜਾਣ-ਪਛਾਣ ਇੰਜ ਕਰਵਾਈ ਹੈ, 'ਇਹ ਕਵਿਤਾਵਾਂ ਸਾਡੇ ਸਮਿਆਂ ਦੇ ਮਨੁੱਖ ਦੀ ਸਾਧਾਰਨਤਾ ਤੇ ਕੋਣਤਾ ਦਾ ਕਾਵਿਕ-ਦਸਤਾਵੇਜ਼ ਹਨ | ਅੰਦਰੂਨੀ ਤੇ ਬਾਹਰੀ ਸੰਕਟਾਂ ਨਾਲ ਜੂਝਦਿਆਂ ਮਨੁੱਖ ਦੀ ਸੰਘਰਸ਼ਸ਼ੀਲ ਹੋਂਦ ਦੀ ਭਟਕਣ, ਤਿਲਕਣ ਤੇ ਬਿਖਰਾਣ ਵਿਚ ਬਾਖੂਬੀ ਪੇਸ਼ ਹੋਇਆ ਹੈ |' ਇਹ ਕਵਿਤਾਵਾਂ ਸਾਧਾਰਨ ਮਨੁੱਖ ਦੇ ਅਵਚੇਤਨ 'ਚ ਵਸੇ ਸਮੂਹਿਕ ਅਤੇ ਵਿਅਕਤੀਗਤ ਧਰਮ ਦੇ ਦਰਸ਼ਨ ਸਬੰਧੀ ਰੂੜ੍ਹੀਆਂ ਨਾਲ ਜੁੜੀਆਂ ਹਨ | 'ਨਜ਼ਰ' ਕਵਿਤਾ 'ਚ ਸਾਧਾਰਨ ਮਨੁੱਖ ਦੀ ਦੂਰ ਦੀ ਸੋਚ ਨਾ ਸੋਚਣ ਦੀ ਮਜਬੂਰੀ ਜ਼ਾਹਰ ਹੁੰਦੀ ਹੈ, ਜਿਸ ਦਾ ਵਿਸਥਾਰ 'ਚੁੱਪ' ਕਵਿਤਾ 'ਚ ਪ੍ਰਗਟ ਹੁੰਦਾ ਹੈ :
ਬੋਲੋ ਘੱਟ, ਸੁਣੋ ਜ਼ਿਆਦਾ
ਪਹਿਲਾਂ ਤੋਲੋ, ਫਿਰ ਬੋਲੋ
ਇਕ ਚੁੱਪ ਸੌ ਸੁੱਖ
'ਜਿਥੇ ਬੋਲਣ ਹਾਰੀਏ ਤਿਥੈ ਚੰਗੀ ਚੁੱਪ'
.. .. .. .. ..
ਪਰ ਇਹ 'ਚੁੱਪ' ਉਸ ਨੂੰ ਪ੍ਰੇਸ਼ਾਨ ਕਿਉਂ ਕਰਦੀ ਹੈ :
ਚੁੱਪ ਰਹਿਣਾ ਹੀ ਸਭ ਕੁਝ ਠੀਕ ਹੁੰਦਾ ਜੇ
ਫਿਰ ਤੇਰੀ ਚੁੱਪ ਮੈਨੂੰ
ਪ੍ਰੇਸ਼ਾਨ ਕਿਉਂ ਕਰਦੀ ਏ, ਏਨਾ |
ਉਕਤ ਵਰਣਿਤ ਪ੍ਰਸ਼ਨ ਹੀ ਹਨ ਜੋ ਕਵੀ ਦਾ ਮਾਨਸਿਕ ਸੰਤੁਲਨ ਭੰਗ ਕਰਕੇ ਕੁਝ ਸੋਚਣ, ਕੁਝ ਕਰਨ ਲਈ ਉਤਸ਼ਾਹਿਤ ਕਰਦੇ ਹਨ | ਸੰਬਾਦਕ ਵਿਧੀ ਰਾਹੀਂ 'ਮਸਕਰੀ' ਦੇ ਮਾਧਿਅਮ ਨਾਲ ਕਵੀ ਮੌਲਿਕ ਅਨੁਭਵ ਨੂੰ ਪਾਠਕਾਂ ਸਾਹਵੇਂ ਪ੍ਰਸਤੁਤ ਕਰਨ ਦਾ ਯਤਨ ਕਰ ਰਿਹਾ ਹੈ | ਕਵਿਤਾ ਉਹ ਆਪਣੇ ਅਤੇ ਆਪਣੇ ਲੋਕਾਂ ਦੇ ਬਚਾਅ ਲਈ ਲਿਖ ਰਿਹਾ ਹੈ, ਕਿਉਂਕਿ ਅਜਿਹਾ ਨਾ ਕਰਨ ਦੀ ਸਥਿਤੀ 'ਚ ਅੱਥਰੂ ਕਿਧਰੇ ਛਲਕ ਹੀ ਨਾ ਜਾਣ | ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ | ਆਮੀਨ!

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਚੜ੍ਹਦਾ ਸੂਰਜ
ਕਵੀ : ਬਲੌਰ ਸਿੰਘ ਸਿੱਧੂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ |
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98769-52418.

'ਚੜ੍ਹਦਾ ਸੂਰਜ' ਕਾਵਿ ਸੰਗ੍ਰਹਿ ਵਿਚ ਕਰੀਬ 6 ਦਰਜਨ ਕਾਵਿ ਕਿਰਨਾਂ ਹਨ ਜੋ ਵੱਖ-ਵੱਖ ਵਿਸ਼ਿਆਂ ਦੀ ਸਾਰਥਿਕਤਾ ਨੂੰ ਰੌਸ਼ਨ ਕਰਨ ਦੇ ਯਤਨ ਵਿਚ ਹਨ | ਲੋਕ ਲਹਿਰ ਨੂੰ ਚੰਗੀ ਦਿਸ਼ਾ ਦੀ ਸ਼ਕਤੀ, ਛੋਟੀ ਅਜਿਹੀ ਫੁੱਲ ਗੁਲਾਬ ਵਰਗੀ ਜ਼ਿੰਦਗੀ ਦਾ ਮਹੱਤਵ, ਮਨੁੱਖ ਨੂੰ ਮਨੁੱਖਤਾ ਦਾ ਅਹਿਸਾਸ ਕਰਾਉਣਾ, ਕਿਰਤੀਆਂ-ਮਜ਼ਦੂਰਾਂ ਦੇ ਏਕੇ ਸ਼ਕਤੀ, ਅਸਲ-ਨਕਲ ਵਿਚ ਅੰਤਰ, ਵਿਕਾਸ ਦੇ ਨਾਂਅ ਵਿਨਾਸ਼, ਮਾਂ ਬੋਲੀ ਦੇ ਅਖੌਤੀ ਸੇਵਾਦਾਰਾਂ (ਕਲਮਕਾਰਾਂ) ਵਲੋਂ ਮਾਂ ਬੋਲੀ/ਸੱਭਿਆਚਾਰ ਨੂੰ ਰੋਲਣ ਦੀ ਜ਼ੋਰ ਅਜ਼ਮਾਈ, ਬੰਦੇ ਵਿਚਲਾ ਬੌਣਾ ਕਿਰਦਾਰ, ਧਰਮ ਦੇ ਨਾਂਅ ਉਤੇ ਦੰਗੇ-ਫਸਾਦ, ਅੰਧ ਵਿਸ਼ਵਾਸ ਅਧੀਨ ਆਪਣੀ ਅਕਲ/ਮਤ ਅਖੌਤੀ ਡੇਰੇਦਾਰਾਂ ਕੋਲ ਗਿਰਵੀਂ ਰੱਖਣ ਦਾ ਰੁਝਾਨ, ਹਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਨ ਅਤੇ ਕਿਸਾਨ ਦੀ ਤਰਾਸਦੀ ਆਦਿ ਭਾਵਪੂਰਤ ਵਿਸ਼ੇ ਇਸ ਕਾਵਿ ਸੰਗਿ੍ਹ ਦੇ ਵਿਸ਼ੇਸ਼ ਹਾਸਲ ਹਨ |
ਦਲਿੱਦਰ ਮਨੁੱਖ ਦਾ ਸਭ ਤੋਂ ਦੁਸ਼ਮਣ ਹੈ | ਪਰ ਨਿੱਘਰ ਚੁੱਕੇ ਸਿਸਟਮ ਵਿਚ ਬਦਲਾਅ ਲਈ ਹਿੰਮਤ ਕਰਕੇ ਕੁਝ ਕਰ ਗੁਜ਼ਰਨ ਦੀ 'ਤਸਵੀਰ' ਦੀ ਕਵੀ ਬਲੌਰ ਸਿੰਘ ਸਿੱਧੂ ਦੀ ਪੇਸ਼ਕਾਰੀ ਮਾਨਣਯੋਗ ਹੈ :
'ਝੋਲੀ ਅੱਡਿਆਂ ਝੋਲ ਕਦੇ ਨਾ ਭਰੀ, ਹਿੰਮਤ ਕਰੋ ਤਾਰੇ ਅਸਮਾਨੋਂ ਤੋੜਨ ਵਾਸਤੇ,
ਸੱਪ ਦੀ ਲੀਹ ਕੁੱਟੇ ਸੱਪ ਨਹੀਂ ਮਰਦੇ, ਸਿਰੀ ਸੱਪ ਦੀ ਫੇਹਣੀ ਪੈਂਦੀ ਮਾਰਨ ਵਾਸਤੇ |' ਕੰਮਚੋਰੀ ਹਰ ਕੰਮ ਨੂੰ ਗਲ ਪਿਆ ਸਿੜੀ ਸਿਆਪਾ ਸਮਝ ਝੂਰਦੀ ਰਹਿੰਦੀ ਹੈ ਜਦ ਕਿ ਕੁਝ ਮਾਣਮੱਤੇ ਪਰਬਤਾਂ ਨੂੰ ਚੀਰਨ ਵਾਲੇ ਲੋਕਾਂ ਲਈਆਂ ਔਖੀਆਂ ਮੁਹਿੰਮਾਂ ਨੂੰ ਸਰ ਕਰਨਾ ਵੀ ਉਨ੍ਹਾਂ ਵਾਸਤੇ ਖੱਬੇ ਹੱਥ ਦੀ ਖੇਡ ਹੁੰਦੀ ਹੈ | ਕੰਮ ਤਾਂ ਇਬਾਦਤ ਹੈ | ਇਸ ਬਾਬਤ ਕਵੀ ਦੇ ਕਲਮ ਰੂਪੀ ਬਗੀਚੇ 'ਚੋਂ ਕੁਝ ਇਸ ਤਰ੍ਹਾਂ ਦੇ ਕਾਵਿ ਫੁੱਲ ਬਰਸਦੇ ਹਨ :
'ਇਕ ਤਾਂ ਕੰਮ ਨੂੰ ਪੂਜਾ ਕਹਿੰਦੇ, ਇਕ ਕਹਿੰਦੇ ਨੇ ਸਿੜੀ ਸਿਆਪੇ, ਸਿਰ ਕਿਸੇ ਦਾ ਕੋਈ ਗੁੰਦਦਾ ਨਹੀਂ, ਇਹ ਤਾਂ ਸਿੱਧੂਆ ਗੁੰਦਣਾ ਪੈਂਦਾ ਆਪੇ |' ਅਜਿਹੇ ਉਚਪਾਏ ਦੇ ਵਿਚਾਰ ਸਮੋਈ ਬੈਠਾ 'ਚੜ੍ਹਦਾ ਸੂਰਜ' ਕਾਵਿ ਸੰਗ੍ਰਹਿ ਪੜ੍ਹਨ ਅਤੇ ਵਿਚਾਰਨ ਯੋਗ ਹੈ |

—ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
c c c

ਤੰੂ ਚੱਲ ਮੁਰਸ਼ਦ ਦੇ ਵੱਲ ਮੀਆਂ
ਸੂਫ਼ੀਵਾਦ : ਇਕ ਸਰਵੇਖਣ
ਲੇਖਿਕਾ : ਡਾ: ਕਮਲਪ੍ਰੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 99880-73674.

ਸੂਫ਼ੀ ਦਰਵੇਸ਼ਾਂ ਨੇ ਆਪਣੀ ਮਿੱਠਤ, ਰੂਹਾਨੀਅਤ ਅਤੇ ਮੁਹੱਬਤ ਨਾਲ ਸਾਰੇ ਧਰਮਾਂ ਦੇ ਲੋਕਾਂ ਦੇ ਦਿਲ ਜਿੱਤ ਲਏ | ਇਨ੍ਹਾਂ ਦਰਵੇਸ਼ਾਂ ਦਾ ਸਤਿਕਾਰ ਬਾਦਸ਼ਾਹ ਵੀ ਕਰਦੇ ਰਹੇ | ਭਾਰਤ ਵਿਚ ਸੂਫ਼ੀ ਦਰਵੇਸ਼ਾਂ ਦਾ ਪ੍ਰਵੇਸ਼ ਗਿਆਰ੍ਹਵੀਂ ਸਦੀ ਵਿਚ ਹੋਇਆ | ਰੱਬ ਦੇ ਇਨ੍ਹਾਂ ਆਸ਼ਕਾਂ ਨੇ ਏਨੇ ਦਰਦ, ਬਿ੍ਹੋਂ ਅਤੇ ਵੈਰਾਗ ਦੇ ਗੀਤ ਗਾਏ ਕਿ ਉਹ ਪੰਜਾਬੀਆਂ ਵਿਚ ਵੀ ਮਕਬੂਲ ਹੋ ਗਏ | ਸ਼ੇਖ ਫ਼ਰੀਦ ਜੀ, ਸੁਲਤਾਨ ਬਾਹੂ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਗੁਲਾਮ ਫ਼ਰੀਦ ਵਰਗੇ ਰੂਹਾਨੀ ਦਰਵੇਸ਼ਾਂ ਦੇ ਕਲਾਮ ਸਾਡੇ ਸਾਹਿਤ ਦਾ ਸ਼ਿੰਗਾਰ ਹਨ | ਆਓ ਦੀਦਾਰ ਕਰੀਏ—
-ਦਿਲਹੁ ਮੁਹਬਤਿ ਜਿਨਿ ਸੇਈ ਸਚਿਆ¨
ਜਿਨ ਮਨਿ ਹੋਰੁ ਮੁਖਿ ਹੋਰ ਸਿ ਕਾਂਢੇ ਰਚਿਆ¨
—ਸ਼ੇਖ ਫ਼ਰੀਦ ਜੀ
-ਭਠਿ ਪਈ ਤੇਰੀ ਚਿੱਟੀ ਚਾਦਰ
ਚੰਗੀ ਫ਼ਕੀਰਾਂ ਦੀ ਲੋਈ | —ਸ਼ਾਹ ਹੁਸੈਨ
-ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ,
ਦਿਲ ਦਾ ਕਲਮਾ ਕੋਈ ਹੂ |
ਜਿਥੇ ਕਲਮਾ ਦਿਲ ਦਾ ਪੜ੍ਹੀਏ,
ਮਿਲੇ ਜਬਾਂ ਨਾ ਢੋਈ ਹੂ —ਸੁਲਤਾਨ ਬਾਹੂ
-ਬੁੱਲ੍ਹਾ ਆਸ਼ਕ ਹੋਇਆ ਰੱਬ ਦਾ,
ਮੁਲਾਮਤ ਹੋਈ ਲਾਖ |
ਲੋਕ ਕਾਫ਼ਰ ਕਾਫ਼ਰ ਆਖਦੇ,
ਤੂੰ ਆਹੋ ਆਹੋ ਆਖ | —ਬੁੱਲ੍ਹੇ ਸ਼ਾਹ
-ਯਾਰ ਬਾਝੋਂ ਹੁਣ ਜੀਵਨ ਕੂੜੇ,
ਅੰਦਰ ਦਰਦ ਹਜ਼ਾਰਾਂ
ਗ਼ੁਲਾਮ ਫ਼ਰੀਦ ਮੈਂ ਰੋਵਾਂ ਏਵੇਂ,
ਜਿਵੇਂ ਵਿਛੜੀ ਕੂੰਜ ਕਤਾਰਾਂ |
ਇਹੋ ਜਿਹੇ ਇਲਾਹੀ ਕਲਾਮ ਨੂੰ ਸਾਡੇ ਰੂਬਰੂ ਕਰਕੇ ਲੇਖਿਕਾ ਨੇ ਸੂਫ਼ੀ ਦਰਵੇਸ਼ਾਂ ਦੇ ਦੀਦਾਰ ਕਰਵਾਏ ਹਨ | ਇਸ ਸ਼ਲਾਘਾਯੋਗ ਕਾਰਜ ਲਈ ਉਹ ਵਧਾਈ ਦੀ ਪਾਤਰ ਹੈ | ਇਹ ਪੁਸਤਕ ਬੇਸ਼ਕੀਮਤੀ ਹੈ |

—ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

19-10-2019

 ਫ਼ਸਲਾਂ ਕਹਿਣ ਕਹਾਣੀ
ਮੂਲ ਹਿੰਦੀ : ਦੇਵਿੰਦਰ ਮੇਵਾੜੀ
ਪੰਜਾਬੀ ਰੂਪ: ਖੁਸ਼ਵੰਤ ਬਰਗਾੜੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 01635-44053.

ਪੰਜਾਬ ਤੇ ਭਾਰਤ ਦੋਵੇਂ ਪਰੰਪਰਾਗਤ ਰੂਪ ਵਿਚ ਖੇਤੀ ਪ੍ਰਧਾਨ ਦੇਸ਼ ਹਨ। ਵਾਹੀ ਬੀਜੀ ਕਰ ਕੇ ਪੇਟ ਪਾਲਣਾ ਇਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਰਿਹਾ ਹੈ। ਪੀੜ੍ਹੀਆਂ ਤੋਂ ਉਹ ਇਹ ਕਾਰਜ ਕਰਦੇ ਆ ਰਹੇ ਹਨ। ਤਕਨੀਕੀ, ਵਿਗਿਆਨਕ, ਪੂੰਜੀਵਾਦੀ ਵਿਕਾਸ ਨੇ ਉਨ੍ਹਾਂ ਦੀਆਂ ਵਿਧੀਆਂ, ਸੰਦਾਂ ਵਿਚ ਤਬਦੀਲੀਆਂ ਕੀਤੀਆਂ ਹਨ। ਖੇਤਾਂ, ਖੇਤੀ ਤੋਂ ਦਬਾਅ ਘਟਿਆ ਹੈ। ਸ਼ਹਿਰੀਕਰਨ ਹੋਇਆ ਹੈ। ਉਤਪਾਦਨ ਵਧਿਆ ਹੈ ਤੇ ਫ਼ਸਲਾਂ ਦੀਆਂ ਕਿਸਮਾਂ ਵਿਚ ਪਰਿਵਰਤਨ ਵਾਪਰੇ ਹਨ। ਇਸ ਸਾਰੇ ਕੁਝ ਬਾਰੇ ਬਹੁਤੇ ਲੋਕ ਜਾਣਦੇ ਹਨ ਪਰ ਮੁੱਖ ਫ਼ਸਲਾਂ ਦੇ ਜਨਮ, ਮੂਲ ਦੇਸ਼ ਅਤੇ ਇਤਿਹਾਸ ਬਾਰੇ ਬਹੁਤ ਕੁਝ ਅਜਿਹਾ ਹੈ, ਜਿਸ ਨੂੰ ਅਸੀਂ ਨਹੀਂ ਜਾਣਦੇ। ਦੇਵਿੰਦਰ ਮੇਵਾੜੀ ਨੇ ਫ਼ਸਲਾਂ ਦੇ ਜਨਮ, ਵਿਕਾਸ, ਇਤਿਹਾਸ ਬਾਰੇ ਰੌਚਕ ਜਾਣਕਾਰੀ ਪੰਤ ਨਗਰ ਦੀ ਖੇਤੀ ਯੂਨੀਵਰਸਿਟੀ ਵਿਚ ਪ੍ਰਸਾਰ ਕਾਰਜਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਲੇ-ਦੁਆਲੇ ਦੇ ਲੋਕਾਂ ਨਾਲ ਹਿੰਦੀ ਭਾਸ਼ਾ ਵਿਚ ਸਾਂਝੀ ਕੀਤੀ। ਪੰਤ ਨਗਰ ਯੂਨੀਵਰਸਿਟੀ ਨਾਲ ਮੇਰਾ ਭੁਵਾਕ ਰਿਸ਼ਤਾ ਹੈ। ਮੈਂ ਉਥੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਚ ਕੁਝ ਦੇਰ ਪ੍ਰੋਫੈਸਰੀ ਕੀਤੀ ਹੈ। ਪੰਜਾਹ ਸਾਲ ਪਹਿਲਾਂ। ... ਖ਼ੈਰ, ਖੁਸ਼ਵੰਤ ਬਰਗਾੜੀ ਨੇ ਦੇਵਿੰਦਰ ਮੇਵਾੜੀ ਦੀਆਂ ਲਿਖਤਾਂ ਨੂੰ ਸਰਲ ਪੰਜਾਬੀ ਵਿਚ ਚਿਤਰਾਂ ਸਹਿਤ ਪੰਜਾਬੀਆਂ ਅੱਗੇ ਰੱਖਣ ਦਾ ਮੁੱਲਵਾਨ ਕਾਰਜ ਕੀਤਾ ਹੈ, ਜੋ ਪ੍ਰਸੰਸਾਯੋਗ ਹੈ। ਕਾਰਨ : ਇਸ ਵਿਚਲੀ ਸਮੱਗਰੀ ਦਾ ਮਹੱਤਵ ਅਤੇ ਅਨੁਵਾਦ ਦੀ ਸਰਲਤਾ ਤੇ ਪ੍ਰਭਾਵਸ਼ੀਲਤਾ।
ਫ਼ਸਲਾਂ ਮੂਲ ਰੂਪ ਵਿਚ ਜੰਗਲਾਂ, ਨਦੀਆਂ ਕੰਢੇ ਵਿਕਸਿਤ ਸੱਭਿਆਤਾਵਾਂ ਵਿਚ ਆਪਮੁਹਾਰੇ ਵਿਕਸਿਤ ਹੋ ਕੇ ਦੁਨੀਆ ਭਰ ਦੇ ਦੇਸ਼ਾਂ ਵਿਚ ਪਹੁੰਚੀਆਂ। ਸਵਾਦ, ਪੇਟ ਪੂਜਾ, ਆਰਥਿਕ ਹਿਤ, ਪੌਸ਼ਟਿਕਤਾ ਜਿਹੇ ਮਸਲੇ ਰਲਮਿਲ ਕੇ ਇਸ ਪ੍ਰਕਿਰਿਆ ਨੂੰ ਸਦੀਆਂ ਤੱਕ ਪ੍ਰਭਾਵਿਤ ਕਰਦੇ ਰਹੇ ਹਨ। ਚੌਲ, ਕਣਕ, ਮੱਕੀ, ਆਲੂ, ਸੋਇਆਬੀਨ, ਗੰਨਾ, ਚੁਕੰਦਰ, ਕਪਾਹ, ਤੰਬਾਕੂ, ਚਾਹ, ਕਾਫ਼ੀ, ਕੋਕੋ, ਮੂੰਗਫਲੀ ਤੇ ਖੁੰਭਾਂ ਦੇ ਜਨਮ ਤੇ ਵਿਕਾਸ ਦੀ ਸੰਖੇਪ ਵਿਗਿਆਨਕ ਝਲਕ ਪੇਸ਼ ਕਰਦੀ ਹੈ ਇਹ ਕਿਤਾਬ। ਖੇਤੀ ਕਰਨੀ ਮਨੁੱਖ ਨੇ ਇਕ ਲੱਖ ਸਾਲ ਪਹਿਲਾਂ ਸਿਖੀ। ਬਾਰ੍ਹਾਂ ਕੁ ਹਜ਼ਾਰ ਸਾਲ ਪਹਿਲਾਂ ਇਹ ਕਿੱਤਾ ਵਾਹਵਾ ਸਥਾਪਤ ਹੋ ਗਿਆ ਅਤੇ ਨਾਲ ਹੀ ਦੁਨੀਆ ਦੀਆਂ ਮੁੱਖ ਸੱਭਿਆਤਾਵਾਂ। ਪੰਜ ਹਜ਼ਾਰ ਸਾਲ ਪਹਿਲਾਂ ਸਿੰਧ ਘਾਟੀ ਆਰੀਆ ਸੱਭਿਅਤਾ ਤੇ ਹੌਲੀ-ਹੌਲੀ ਅਜੋਕੇ ਯੁੱਗ ਤੱਕ ਦੀ ਕਹਾਣੀ ਹੈ ਇਸ ਕਿਤਾਬ ਵਿਚ।

ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਦਾਰਸ਼ਨਿਕ ਤੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ
ਡਾ: ਅਮਰ ਕੋਮਲ
ਦੀ ਨਿਬੰਧ-ਚੇਤਨਾ ਦੇ ਮਾਨਵੀ ਸਰੋਕਾਰ
ਲੇਖਕ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 232
ਸੰਪਰਕ : 099588-31357.

ਹਥਲੀ ਪੁਸਤਕ ਡਾ: ਅਮਰ ਕੋਮਲ ਦਾ ਨਿਬੰਧਕਾਰੀ ਬਾਰੇ ਲਿਖਿਆ ਇਕ ਮੁਕੰਮਲ ਮੋਨੋਗ੍ਰਾਫ਼ ਹੈ। ਡਾ: ਅਮਰ ਕੋਮਲ ਦੇ ਲਗਪਗ 20 ਨਿਬੰਧ ਸੰਗ੍ਰਹਿਆਂ ਵਿਚ ਪੰਜ ਕੁ ਸੌ ਪ੍ਰਸਿੱਧ ਨਿਬੰਧ ਸੰਕਲਿਤ ਹੋ ਚੁੱਕੇ ਹਨ। ਉਹ ਇਕ ਮਾਨਵਵਾਦੀ ਲੇਖਕ ਹੈ। ਆਪਣੇ ਨਿਬੰਧਾਂ ਦੇ ਮਾਧਿਅਮ ਦੁਆਰਾ ਉਹ ਭਾਰਤੀ ਸੱਭਿਆਚਾਰ ਦੇ ਸਦਗੁਣਾਂ ਦਾ ਸੰਦੇਸ਼ ਦਿੰਦਾ ਹੈ। ਉਸ ਨੇ ਸੰਸਕ੍ਰਿਤ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਡੂੰਘਾ ਅਧਿਐਨ ਕਰ ਰੱਖਿਆ ਹੈ। ਉਸ ਦੀ ਨਿਬੰਧਕਾਰੀ ਦਾ ਮੂਲ ਸੁਰ ਇਹ ਹੈ ਕਿ ਮਨੁੱਖ ਨੂੰ ਆਪਣੇ ਮਨ-ਮਸਤਕ ਵਿਚ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਉਸ ਦੀ ਧਾਰਨਾ ਹੈ ਕਿ ਮਨੁੱਖ ਆਪਣੇ ਜੀਵਨ ਵਿਚ ਬਹੁਤੀਆਂ ਮੁਸੀਬਤਾਂ ਆਪ ਸਹੇੜਦਾ ਹੈ। (ਆਪੇ ਫਾਥੜੀਏ....!) ਉਹ ਕਰਮ-ਫਿਲਾਸਫ਼ੀ ਉੱਪਰ ਡਟ ਕੇ ਪਹਿਰਾ ਦਿੰਦਾ ਹੈ ਅਰਥਾਤ, ਜਿਹੋ ਜਿਹੇ ਕਰਮ ਕਰੋਗੇ, ਉਹੋ ਜਿਹਾ ਫਲ ਪ੍ਰਾਪਤ ਹੋਵੇਗਾ।
ਇਹ ਪੁਸਤਕ ਇਕ ਤਰ੍ਹਾਂ ਦਾ ਖੋਜ ਪ੍ਰਬੰਧ (ਥੀਸਿਜ਼) ਹੈ। ਡਾ: ਬੱਦਨ ਨੇ ਇਸ ਦੀ ਸਮੱਗਰੀ ਦੇ ਪੰਜ ਅਧਿਆਇ ਬਣਾਏ ਹਨ : 1. ਨਿਬੰਧਕਾਰੀ ਅਤੇ ਪੰਜਾਬੀ ਨਿਬੰਧ, 2. ਡਾ: ਕੋਮਲ ਦੀ ਨਿਬੰਧਕਾਰੀ, 3. ਡਾ: ਕੋਮਲ ਦੇ ਨਿਬੰਧਾਂ ਦੀ ਸੰਰਚਨਾ-ਵਿਧੀ ਤੇ ਵਿਆਖਿਆ, 4. ਕੋਮਲ ਦੀ ਨਿਬੰਧਕਾਰੀ ਦਾ ਕਲਾਤਮਿਕ ਵਿਵੇਚਨ ਅਤੇ 5. ਡਾ: ਕੋਮਲ ਦੀ ਸ਼ਖ਼ਸੀਅਤ ਦੇ ਸਾਹਿਤਕ ਪਸਾਰ : ਸਾਖਿਆਤਕਾਰ ਦੀ ਵਿਧਾ ਰਾਹੀਂ। ਡਾ: ਕੋਮਲ ਦੱਸਦਾ ਹੈ ਕਿ ਬਚਪਨ ਅਤੇ ਚੜ੍ਹਦੀ ਜਵਾਨੀ ਵਿਚ ਉਸ ਦੇ ਜੀਵਨ ਉੱਪਰ ਏਨੇ ਦਬਾਅ ਪਏ ਕਿ ਉਹ ਨਿਆਸਰਾ ਹੋ ਕੇ ਰਹਿ ਗਿਆ ਸੀ। ਪਰ ਆਪਣੀ ਅਣਥੱਕ ਮਿਹਨਤ ਦੇ ਸਦਕਾ ਉਸ ਨੇ ਜੀਵਨ ਦੇ ਸਰਬਉੱਚ ਕੀਰਤੀਮਾਨ ਛੋਹ ਲਏ। ਉਸ ਨੇ ਆਪਣੀ ਇਕ ਨਿਵੇਕਲੀ ਸ਼ਨਾਖ਼ਤ ਪ੍ਰਾਪਤ ਕਰ ਲਈ ਹੈ, ਜਿਸ ਨੂੰ ਜ਼ਮਾਨੇ ਦਾ ਕੋਈ ਵੀ ਭੁਚਾਲ ਖੰਡਿਤ ਨਹੀਂ ਕਰ ਸਕੇਗਾ। ਇਹ ਪੁਸਤਕ ਮੱਧ ਸ਼੍ਰੇਣੀ ਦੇ ਹਰ ਪਾਠਕ, ਵਿਸ਼ੇਸ਼ ਕਰ ਯੁਵਾ ਵਰਗ ਲਈ ਬਹੁਤ ਪ੍ਰੇਰਨਾਦਾਇਕ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਮਿਰਜ਼ਾ
ਇਕ ਖੋਜ ਤੇ ਮੂਲ ਪਾਠ
ਲੇਖਕ : ਹਰਦੀਪ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 450 ਰੁਪਏ, ਸਫ਼ੇ : 304
ਸੰਪਰਕ : 94171-56564.

ਇਹ ਪੁਸਤਕ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਇਕ ਖੋਜ ਕਾਰਜ ਹੈ ਜਿਸ ਲਈ ਬਹੁਤ ਸਾਰੇ ਲੇਖਕਾਂ, ਪ੍ਰਕਾਸ਼ਕਾਂ, ਸੰਪਾਦਕਾਂ ਦੀਆਂ ਪੁਸਤਕਾਂ, ਅਖ਼ਬਾਰਾਂ, ਰਸਾਲਿਆਂ ਅਤੇ ਖੋਜ ਪੱਤ੍ਰਿਕਾਵਾਂ ਦੇ ਹਵਾਲੇ ਦਿੱਤੇ ਗਏ ਹਨ। ਬਹੁਤ ਸਿਦਕ ਅਤੇ ਮਿਹਨਤ ਨਾਲ ਲਿਖੀ ਇਸ ਪੁਸਤਕ ਦੇ ਛੇ ਭਾਗ ਹਨ। ਪਹਿਲੇ ਭਾਗ ਵਿਚ ਮਿਰਜ਼ਾ ਸਾਹਿਬਾਂ ਦੀ ਕਹਾਣੀ, ਸਿਆਲਾਂ ਅਤੇ ਚੰਦੜਾਂ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ ਵਿਚ ਮਿਰਜ਼ਾਂ ਸਾਹਿਬਾਂ ਦੇ ਕਿੱਸੇ ਨੂੰ ਕਾਵਿ ਨਾਟ ਰਾਹੀਂ ਪੇਸ਼ ਕੀਤਾ ਗਿਆ ਹੈ। ਤੀਜੇ ਭਾਗ ਵਿਚ ਮਿਰਜ਼ਾ ਲਿਖਣ ਅਤੇ ਗਾਉਣ ਵਾਲੇ ਕਵੀਆਂ, ਮਰਾਸੀਆਂ ਅਤੇ ਗਾਇਕਾਂ ਦਾ ਜ਼ਿਕਰ ਕੀਤਾ ਗਿਆ ਹੈ। ਚੌਥੇ ਭਾਗ ਵਿਚ ਜੱਟ ਕਬੀਲਿਆਂ ਅਤੇ ਖੱਤਰੀਆਂ ਦੇ ਕੁਰਸੀਨਾਮੇ, ਫਰੀਦਕੋਟ ਰਾਜ ਘਰਾਣੇ ਅਤੇ ਪਟਿਆਲੇ ਰਾਜ ਘਰਾਣੇ ਦੇ ਕੁਰਸੀਨਾਮੇ ਅਤੇ ਬਰਾੜਾਂ, ਸ਼ੇਰਗਿੱਲਾਂ ਆਦਿ ਦੇ ਕੁਰਸੀਨਾਮੇ ਦਿੱਤੇ ਗਏ ਹਨ। ਪੰਜਵੇਂ ਭਾਗ ਵਿਚ ਤਸਵੀਰਾਂ ਅਤੇ ਛੇਵੇਂ ਭਾਗ ਵਿਚ ਸਹਾਇਕ ਪੁਸਤਕ ਸੂਚੀ ਪੇਸ਼ ਕੀਤੀ ਗਈ ਹੈ। ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦੁਖਾਂਤ ਕਹਾਣੀ ਨੂੰ ਲੇਖਕ ਨੇ ਬੜੇ ਸਹਿਜ ਅਤੇ ਸੁਹਜ ਨਾਲ ਪੇਸ਼ ਕੀਤਾ ਹੈ। ਇਹ ਪੁਸਤਕ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਹੈ। ਪੰਜਾਬ ਵਿਚ ਪ੍ਰਚੱਲਿਤ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਥਾ ਨੂੰ ਸੂਫ਼ੀਆਂ ਨੇ ਅਧਿਆਤਮਿਕ ਦਰਜਾ ਦਿੱਤਾ ਹੈ। ਇਸ਼ਕ ਅੱਲਾ ਦੀ ਦਾਤ ਹੈ, ਰੱਬ ਦੀ ਜ਼ਾਤ ਹੈ, ਕਾਦਰ ਦਾ ਨੂਰ ਹੈ
ਕਈ ਜੁਗ ਵਿਹਾਣੀਆਂ ਮਿਰਜ਼ੇ ਯਾਰੀਆਂ
ਇਸ਼ਕ ਦੇ ਨਾਂ 'ਤੇ ਤੂੰ ਹੀਂ ਤੂੰ ਹੀਂ।
ਮਿਰਜ਼ਾ ਯਾਰ ਰੱਬ ਨਾ ਮਾਰੀਂ
ਸਾਹਿਬਾ ਖੜੀ ਪੁਕਾਰੇ ਤੂੰ ਹੀਂ ਤੂੰ ਹੀਂ।
ਇਹ ਖੋਜ ਪੁਸਤਕ ਵਡਮੁੱਲਾ ਅਤੇ ਨਿਰਾਲਾ ਕਾਰਜ ਹੈ।

ਡਾ: ਸਰਬਜੀਤ ਕੌਰ ਸੰਧਾਵਾਲੀਆਂ
ਮੋ: 98147-16367.

c c c

ਸਵਰਗ ਦੀ ਮੌਤ
ਨਾਵਲਕਾਰ : ਜਸਵੰਤ ਸਿੰਘ ਗੱਜਣਮਾਜਰਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫੇ : 127
ਸੰਪਰਕ : 9878822000.

ਹਥਲਾ ਨਾਵਲ ਕਈ ਪੱਖਾਂ ਤੋਂ ਵੱਖਰਾ ਅਤੇ ਨਿਵੇਕਲਾ ਹੈ। ਇਸ ਨਾਵਲ ਦੀ ਬਿਰਤਾਂਤਕਾਰੀ ਪੰਚਤੰਤਰ ਦੀਆਂ ਕਹਾਣੀਆਂ ਨਾਲ ਮੇਲ ਖਾਂਦੀ ਹੈ ਅਤੇ ਵਿਸ਼ਾ, ਸਮਕਾਲੀ ਮਨੁੱਖ ਦੀਆਂ ਸੁਆਰਥੀ ਅਤੇ ਅਣਮਨੁੱਖੀ ਪ੍ਰਵਿਰਤੀਆਂ ਨੂੰ ਉਜਾਗਰ ਕਰਦਾ ਹੈ। ਨਾਵਲ ਦਾ ਆਰੰਭ ਇਕ ਸੁਪਨੇ ਨਾਲ ਹੁੰਦਾ ਹੈ, ਜਿਸ ਵਿਚ ਰੱਬ ਇਕ ਧਮਾਕੇ ਨਾਲ ਧਰਤੀ ਅਤੇ ਇਸ ਦੇ ਆਲੇ-ਦੁਆਲੇ ਦੇ ਵਾਤਾਵਰਨ, ਬਨਸਪਤੀ ਅਤੇ ਜੀਵ-ਜੰਤੂਆਂ ਦੀ ਸਿਰਜਣਾ ਕਰਦਾ ਹੈ। ਰੱਬ ਨੇ ਸ੍ਰਿਸ਼ਟੀ ਦੀ ਸਾਜਨਾ ਸਮੇਂ ਵੱਖ-ਵੱਖ ਜੀਵ-ਜੰਤੂਆਂ ਨੂੰ ਵੱਖ-ਵੱਖ ਵਿਸ਼ੇਸ਼ ਦਾਤਾਂ ਦੇ ਕੇ ਭੇਜਿਆ। ਇਨ੍ਹਾਂ ਵਿਸ਼ੇਸ਼ ਦਾਤਾਂ ਤਹਿਤ ਮਨੁੱਖ ਦੇ ਹਿੱਸੇ ਬੁੱਧੀ ਦੀ ਦਾਤ ਆਈ। ਮਨੁੱਖ ਨੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਬੁੱਧੀ ਦੇ ਬਲ 'ਤੇ ਸਾਰੇ ਜੀਵ-ਜੰਤੂਆਂ ਨੂੰ ਆਪਣੇ ਲਾਭ ਲਈ ਵਰਤਣਾ ਸ਼ੁਰੂ ਕਰ ਦਿੱਤਾ। ਮਨੁੱਖ ਦੇ ਸਤਾਏ ਸ਼ਾਕਾਹਾਰੀ, ਮਾਸਾਹਾਰੀ, ਜਲ-ਜੀਵ, ਉਡਣ ਵਾਲੇ ਅਤੇ ਧਰਤੀ ਵਿਚ ਰਹਿਣ ਵਾਲੇ ਆਦਿ ਸਾਰੇ ਜੀਵਾਂ ਦੇ ਦੁੱਖ ਦੀ ਪੁਕਾਰ, ਰੱਬ ਕੋਲ ਬੱਕਰੀ ਲੈ ਕੇ ਜਾਂਦੀ ਹੈ। ਮਨੁੱਖ ਤੋਂ ਦੁਖੀ ਕੀੜੀ, ਹਾਥੀ, ਸ਼ੇਰ, ਮੱਛੀ ਸਭ ਆਪਣਾ ਪੱਖ ਰੱਖਦੇ ਹਨ। ਕੁੱਤੇ ਦੀ ਵਫ਼ਾਦਾਰੀ, ਸਮਾਜਿਕ ਪ੍ਰਬੰਧ ਦੇ ਰਿਸ਼ਤਿਆਂ ਦੇ ਨਿਘਾਰ ਅਤੇ ਸਮਾਜ ਵਿਚ ਫੈਲੀਆਂ ਨਸ਼ੇ ਜਿਹੀਆਂ ਅਲਾਮਤਾਂ ਦੇ ਪ੍ਰਸੰਗ ਵਿਚ ਪ੍ਰਸਤੁਤ ਹੁੰਦੀ ਹੈ। ਸਾਰੇ ਜੀਵ-ਜੰਤੂਆਂ ਨੂੰ ਸੁਣਨ ਤੋਂ ਬਾਅਦ ਰੱਬ ਸੁਪਰ-ਜੀਵ ਰਾਹੀਂ ਮਨੁੱਖ ਨੂੰ ਕਾਬੂ ਵਿਚ ਲਿਆਉਣ ਬਾਰੇ ਸੋਚਦਾ ਹੈ। ਅੰਤਲੇ 2 ਕਾਂਡਾਂ ਵਿਚ ਹੱਲ ਵਜੋਂ ਸਫ਼ਾਈ ਸੇਵਕ ਲਿਆਂਦੇ ਜਾਂਦੇ ਹਨ ਜੋ ਕਿ ਮਨੁੱਖ ਦੁਆਰਾ, ਤਰੰਗਾਂ ਰਾਹੀਂ ਹਰ ਵਰਤਾਰੇ ਨੂੰ ਨਿਯੰਤਰਿਤ ਕਰਨ ਦੀ ਤਕਨੀਕ ਨੂੰ ਹੀ ਆਪਣੇ ਕੰਟਰੋਲ ਵਿਚ ਕਰਕੇ ਵਿਖਾਉਂਦੇ ਹਨ, ਜਿਸ ਨਾਲ ਮਨੁੱਖ ਡਰ ਜਾਂਦਾ ਹੈ ਅਤੇ ਸੁਧਰਨ ਦਾ ਵਾਅਦਾ ਕਰਦਾ ਹੈ। ਨਾਵਲ ਪੜ੍ਹਦੇ ਕਈ ਥਾਈਂ ਇੰਜ ਜਾਪਦਾ ਹੈ ਕਿ ਨਾਵਲ ਦੀ ਲੁਕਵੀਂ ਸੁਰ ਬਹੁਤੀਆਂ ਸਮੱਸਿਆਵਾਂ ਦੀ ਜੜ੍ਹ ਸਵਾਰਥੀ-ਮਨੁੱਖੀ ਰੁਚੀਆਂ ਦੇ ਨਾਲ-ਨਾਲ, ਮਰਦ-ਪ੍ਰਧਾਨ ਸਮਾਜਿਕ ਵਿਵਸਥਾ ਵੀ ਹੈ।

ਡਾ: ਪ੍ਰਦੀਪ ਕੌੜਾ
ਮੋ: 95011-15200

c c c

ਰੂਹਾਂ ਦੇ ਰਿਸ਼ਤੇ
ਲੇਖਕ : ਸੁਖਦੀਪ ਸਿੰਘ ਬਰਾੜ (ਬਨੀ)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 78377-18723.

'ਰੂਹ ਦੇ ਰਿਸ਼ਤੇ' ਸ਼ਾਇਰ ਸੁਖਦੀਪ ਸਿੰਘ ਬਰਾੜ (ਬਨੀ) ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਸ਼ਾਇਰ ਮਾਲਵੇ ਦੇ ਇਕ ਪਿੰਡ 'ਚੋਂ ਉੱਠ ਕੇ ਬੀ.ਸੀ. (ਕੈਨੇਡਾ) ਪਰਵਾਸ ਕਰ ਗਿਆ ਹੈ। ਰੂਹ ਦੇ ਰਿਸ਼ਤੇ ਮਾਂ, ਭੈਣ ਤੋਂ ਇਲਾਵਾ ਇਮਾਨਦਾਰ ਵਿਅਕਤੀ, ਔਰਤ ਜਾਤੀ ਦੀ ਤ੍ਰਾਸਦੀ ਨਾਲ ਰਿਸ਼ਤਾ ਜੋੜ ਕੇ ਉਸ ਦੀ ਬੰਦ ਖਲਾਸੀ ਲਈ ਵੀ ਰੂਹ ਦਾ ਰਿਸ਼ਤਾ ਜੋੜਦਾ ਹੈ। ਧੀ ਨੂੰ ਉਹ ਦਰੱਖਤ ਨਾਲ ਸੰਗਿਆ ਦਿੰਦਾ ਹੈ, ਜਿਸ ਦੀ ਛਾਂ ਉਮਰ ਭਰ ਸਾਥ ਦਿੰਦੀ ਹੈ। ਮਾਂ ਦੇ ਚੇਤਿਆਂ ਵਾਲੀ ਇਕ ਅਜਿਹੀ ਮਾਰਮਿਕ ਨਜ਼ਮ ਹੈ, ਜੋ ਮੁਨੱਵਰ ਰਾਣਾ ਦੀ ਮਾਂ ਬਾਰੇ ਲਿਖੀ ਨਜ਼ਮ ਦਾ ਚੇਤਾ ਕਰਾਉਂਦੀ ਹੈ।
ਰਾਣਾ ਲਿਖਦਾ ਹੈ 'ਕਿਸੀ ਕੇ ਹਿੱਸੇ ਮੇਂ ਮਕਾਂ ਆਇਆ, ਕਿਸੇ ਕੇ ਹਿੱਸੇ ਮੇਂ ਦੁਕਾਂ ਆਈ, ਮੈਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇਂ ਮਾਂ ਆਈ।' ਸ਼ਾਇਰ ਅਣਜਾਣਪੁਣੇ 'ਚ ਹੀ ਸ਼ਰਾਬ ਦੀ ਵਕਾਲਤ ਕਰ ਗਿਆ ਹੈ, ਜੋ ਸੰਦੇਹ ਪੈਦਾ ਕਰਦਾ ਹੈ। ਗਾਲਿਬ ਆਖਦਾ ਹੈ 'ਗਾਲਿਬ ਲੋਗ ਤੁਝੇ ਨਬੀ ਮਾਨਤੇ ਗਰ ਤੂ ਬਾਦਾਖਾਰ ਨਾ ਹੋਤਾ।' ਸ਼ਾਇਰ ਕਵਿਤਾ ਦੀ ਸਿਖਾਂਦੜੂ ਲੀਹ ਨੂੰ ਉਲੰਘ ਕੇ ਕਵਿਤਾ ਦੇ ਸਹੀ ਸੋਨ ਮਿਰਗ ਨੂੰ ਫੜਨ ਦੀ ਕੋਸ਼ਿਸ਼ ਵਿਚ ਹੈ। ਸ਼ਾਇਰ ਕੈਨੇਡਾ ਵਿਚ ਰਹਿੰਦਾ ਹੈ, ਜਿਥੇ ਵੱਖ-ਵੱਖ ਧਰਮਾਂ, ਨਸਲਾਂ ਅਤੇ ਕੌਮੀਅਤਾਂ ਦੇ ਲੋਕ ਵਸਦੇ ਹਨ, ਜਿਥੋਂ 'ਗਲੋਬਲ ਅਵੇਕਨਿੰਗ' ਦਾ ਸੂਤਰ ਸਹਿਜੇ ਹੀ ਹੱਥ ਆ ਜਾਂਦਾ ਹੈ। ਉਮੀਦ ਹੈ ਆਉਣ ਵਾਲੀ ਕਿਰਤ ਵਿਚ ਇਸ 'ਅਵੇਕਨਿੰਗ' ਦੇ ਸ਼ਾਖ਼ਸ਼ਾਤ ਦਰਸ਼ਨ ਹੋਣਗੇ, ਇਹ ਮੇਰੀ ਉਮੀਦ ਹੀ ਨਹੀਂ, ਸਗੋਂ ਵਿਸ਼ਵਾਸ ਹੈ। ਆਮੀਨ।

ਭਗਵਾਨ ਢਿੱਲੋਂ
ਮੋ: 98143-78254.

c c c

ਅੱਧੇ ਪੌਣੇ ਝੂਠ
ਲੇਖਕ : ਦੇਵਿੰਦਰ ਬੀਬੀਪੁਰੀਆ
ਪ੍ਰਕਾਸ਼ਕ : ਗਰੇਸੀਅਸ ਬੁਕਸ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 116
ਸੰਪਰਕ : 94670-39382

'ਅੱਧੇ ਪੌਣੇ ਝੂਠ' ਕਾਵਿ-ਸੰਗ੍ਰਹਿ ਦੇਵਿੰਦਰ ਨੇ ਆਪਣੇ ਉਸਤਾਦ ਸ: ਕੁਲਵੰਤ ਸਿੰਘ ਰਫ਼ੀਕ ਨੂੰ ਸਮਰਪਿਤ ਕੀਤਾ ਹੈ, ਕਿਉਂਕਿ ਉਸ ਨੂੰ ਉਸ ਦਾ ਹਰ ਬੋਲਿਆ ਵਾਕ ਹੀ ਕਵਿਤਾ ਲਗਦੀ ਸੀ। ਇਸ ਸੰਗ੍ਰਹਿ ਵਿਚਲੀਆਂ 'ਪੇਪਰ ਵੇਟ' ਤੋਂ ਲੈ ਕੇ 'ਕਵਿਤਾ' ਕਵਿਤਾਵਾਂ ਵਿਚ ਅਜੋਕੇ ਦਵੰਦੀ ਸੰਸਾਰ 'ਚ ਵਕਤ ਨਾਲ ਟੱਕਰ ਲੈਣੀ, ਅਜੋਕੇ ਸਮਾਜੀ ਰਿਸ਼ਤਿਆਂ 'ਚ ਆਈ ਤਿੜਕਾਹਟ ਨੂੰ ਮਹਿਸੂਸਣਾ ਅਤੇ ਉਨ੍ਹਾਂ ਦਾ ਵਰਨਣ ਕਰਨਾ, ਪਰਿਵਾਰਕ ਤੰਦਾਂ ਦਾ ਢਿੱਲਿਆਂ ਪੈਣਾ, ਵਿਸ਼ਵੀਕਰਨ ਦੇ ਕਰੂਪ ਚਿਹਰੇ ਦੀ ਪਛਾਣ ਕਰਨਾ, ਨਾਰੀ ਮਨ ਦੀ ਅੰਤਰੀਵ ਵੇਦਨਾ-ਸੰਵੇਦਨਾ ਦੇ ਮਨੋਵਿਗਿਆਨ ਨੂੰ ਸਮਝਣਾ, ਨਵੀਂ ਨਸਲ ਦੇ ਪਨਪਣ, ਵਿਗਸਣ, ਵਿਗੜਨ ਦੇ ਭਵਿੱਖੀ ਨਕਸ਼ਾਂ ਦੀ ਤਲਾਸ਼ ਕਰਨਾ, ਬਾਬਾ ਫ਼ਰੀਦ ਵਾਂਗ ਦੂਸਰਿਆਂ ਦੇ ਨੁਕਸ ਕੱਢਣ ਦੀ ਥਾਵੇਂ ਆਪਣੇ-ਆਪੇ ਦੀ ਪੜਚੋਲ ਕਰਨ ਦੇ ਅਨੇਕਾਂ ਵਿਸ਼ਿਆਂ ਨੂੰ ਸੰਜੋਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿਚ ਮਨੁੱਖੀ ਹੋਂਦ, ਮਨੁੱਖੀ ਕਰਤੱਵ, ਮਨੁੱਖ ਦੀ ਜਿਊਣ ਜਾਚ ਅਤੇ ਜਿਊਂਦੇ ਰਹਿਣ ਦੇ ਮਕਸਦ ਦੀ ਸ਼ਬਦਾਂ ਰਾਹੀਂ ਪਛਾਣ ਦੇ ਫ਼ਲਸਫ਼ਾਨਾ ਸਵਾਲਾਂ ਦੇ ਜਵਾਬ ਤਲਾਸ਼ਣ ਦਾ ਵੀ ਸੁਚੱਜਾ ਯਤਨ ਹੈ।
ਇਕ ਪਾਸੇ ਵਿਸ਼ਵੀਕਰਨ, ਬਾਜ਼ਾਰੀਕਰਨ ਦਾ ਵਰਨਣ ਅਤੇ ਦੂਸਰੇ ਪਾਸੇ ਸਦੀਵੀ ਮਨੁੱਖੀ ਮੋਹ-ਮੁਹੱਬਤ, ਅਪਣੱਤ ਅਤੇ ਆਪਣੇਪਨ ਦਾ ਅਹਿਸਾਸ ਪੈਦਾ ਕਰਨਾ ਵੀ ਇਨ੍ਹਾਂ ਕਵਿਤਾਵਾਂ ਦਾ ਮਨੋਰਥ ਹੈ। ਇਨ੍ਹਾਂ ਕਵਿਤਾਵਾਂ ਵਿਚ ਸਮੁੱਚੇ ਸੰਸਾਰ ਦੀ ਬਣਤਰ, ਮਸਲਨ ਪਿੰਡ, ਸ਼ਹਿਰ, ਖੁਸ਼ੀਆਂ, ਗ਼ਮੀਆਂ, ਔਖੇ, ਸੌਖੇ ਰਾਹ, ਪਗਡੰਡੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਸੜਕਾਂ, ਪ੍ਰਾਕ੍ਰਿਤਕ ਵਰਤਾਰੇ ਦੇ ਅਨੇਕਾਂ ਦ੍ਰਿਸ਼ ਢੁਕਵੀਂ ਸ਼ਬਦਾਵਲੀ ਰਾਹੀਂ ਪਾਠਕ ਮਨਾਂ 'ਤੇ ਗਹਿਰਾ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਕਵਿਤਾਵਾਂ ਵਿਚਲੇ ਸਿਰਲੇਖ 'ਪੇਪਰ ਵੇਟ', 'ਕੁਰਸੀ', 'ਤਿਰੰਗਾ', 'ਬੇਰੁਜ਼ਗਾਰੀ', 'ਗਰਭ-ਪਾਤ', 'ਰਿਸ਼ਤੇ ਦਾ ਨਾਂਅ', 'ਭਰੂਣ ਹੱਤਿਆ', 'ਗੁਰੂ', 'ਕਵਿਤਾ', 'ਮਰਦ', 'ਅੱਧੇ ਪੌਣੇ ਝੂਠ', 'ਔਰਤ', 'ਸ਼ੇਰ', 'ਛੰਦ', 'ਕਾਵਿ ਚਿੱਤਰ', 'ਚੀਰ-ਹਰਣ', 'ਗੈਂਗ ਰੇਪ' ਅਤੇ 'ਕਵਿਤਾ' ਖ਼ੁਦ-ਬ-ਖ਼ੁਦ ਕਵਿਤਾ ਦੀ ਅਜ਼ਮਤ ਦਾ ਪਰਿਚੈ ਦਿੰਦੇ ਹਨ। ਕਾਵਿਕ ਰਵਾਨਗੀ ਵੀ ਇਨ੍ਹਾਂ ਕਵਿਤਾਵਾਂ ਦੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਮੈਨੂੰ ਪੂਰੀ ਉਮੀਦ ਹੈ ਕਿ 'ਅੱਧੇ ਪੌਣੇ ਝੂਠ' ਕਾਵਿ-ਸੰਗ੍ਰਹਿ ਦਾ ਪੰਜਾਬੀ ਪਾਠਕ ਜ਼ਰੂਰ ਭਰਵਾਂ ਹੁੰਗਾਰਾ ਭਰਨਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਧੁਖਦੇ ਚਿਹਰੇ
ਕਵੀ : ਹਰਬਿੰਦਰ ਪਾਲ ਸਿੰਘ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ (ਰਾਜਪੁਰਾ)
ਮੁੱਲ : 150 ਰੁਪਏ, ਸਫ਼ੇ : 110
ਸੰਪਰਕ : 99149-38768.

ਹਥਲੀ ਪੁਸਤਕ ਵਿਚ ਕਵੀ ਨੇ 85 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ ਜੋ ਨਜ਼ਮ ਦੀ ਤੋਰ ਵਿਚ ਹਨ। ਸਾਡੇ ਸਮਾਜ ਵਿਚ ਬਹੁਤ ਸਾਰੇ ਅਜਿਹੇ ਪਾਤਰ ਹਨ ਜਿਨ੍ਹਾਂ ਦਾ ਜਨਮ ਜਾਤ ਕਿੱਤਾ ਮਜ਼ਦੂਰੀ ਹੈ। ਇਨ੍ਹਾਂ ਪਾਤਰਾਂ ਕੋਲ ਕੋਈ ਕਿਰਤ ਦਾ ਸੰਦ ਨਹੀਂ ਹੁੰਦਾ ਤੇ ਕੇਵਲ ਹੱਥ ਹੀ ਉਨ੍ਹਾਂ ਦੇ ਕਿਰਤ ਦੇ ਸੰਦ ਹੁੰਦੇ ਹਨ। ਕਾਵਿ ਪੁਸਤਕ ਦਾ ਨਾਮਕਰਨ ਵੀ ਇਹ ਦੱਸਦਾ ਹੈ ਕਿ ਇਸ ਪੁਸਤਕ ਵਿਚ ਅਜਿਹੇ ਚਿਹਰਿਆਂ ਵਾਲੇ ਪਾਤਰਾਂ ਦਾ ਸ਼ਾਨਦਾਰ ਕਾਵਿ ਚਿਤਰਨ ਹੈ। ਇਨ੍ਹਾਂ ਮਜ਼ਦੂਰ ਪਾਤਰਾਂ ਵਿਚ ਸਫ਼ਾਈ ਸੇਵਕ ਔਰਤ, ਜੀਰੀ ਵੱਢਦੀ ਔਰਤ, ਭੱਠਾ ਮਜ਼ਦੂਰ ਔਰਤ, ਗੋਹਾ ਪੱਥਦੀ ਔਰਤ, ਸਿੱਟੇ ਚੁਗਦੀ ਔਰਤ, ਆਲੂ ਚੁਗਦੀ ਔਰਤ, ਝਾੜੂ ਪੋਚੇ ਵਾਲੀ ਔਰਤ, ਰੋੜੀ ਕੁੱਟਦੀ ਔਰਤ, ਦੋਧੀ, ਮਹਿਰਾ, ਮਿਰਾਸੀ ਆਦਿ ਅਨੇਕਾਂ ਅਜਿਹੇ ਪਾਤਰ ਹਨ ਜੋ ਸਾਡੇ ਆਸ-ਪਾਸ ਕਿਰਤ ਕਰ ਕੇ ਰੋਟੀ ਖਾਂਦੇ ਹਨ। ਇਹ ਕਿਰਤ ਦੇਹੀ ਪਾਤਰ ਹਨ। ਹਰ ਪਾਤਰ ਦਾ ਕਾਵਿ ਚਿਤਰਨ ਕਵੀ ਨੇ ਸਾਦੇ ਅਤੇ ਸਰਲ ਸ਼ਬਦਾਂ ਵਿਚ ਪੇਸ਼ ਕੀਤਾ ਹੈੈ। ਹਰ ਪਾਤਰ-ਉਸਾਰੀ ਛੰਦ ਵਿਵਸਥਾ ਵਿਚ ਹੈ। ਕਵੀ ਛੰਦ-ਬਹਿਰ ਵਿਚ ਜਦ ਗੱਲ ਕਰਦਾ ਹੈ ਤਾਂ ਉਸ ਦਾ ਅਸਰ ਵਧੇਰੇ ਹੁੰਦਾ ਹੈ। ਕਵੀ ਨੇ ਪੁਰਾਣੇ ਪੰਜਾਬ ਦੇ ਅਜਿਹੇ ਪਾਤਰਾਂ ਨੂੰ ਵੀ ਪੇਸ਼ ਕੀਤਾ ਹੈ ਜੋ ਕਿ ਹੁਣ ਬਿਨਸ ਚੁੱਕੇ ਹਨ ਜਿਵੇਂ ਹਾਫਿਜ਼ ਪੇਂਜੇ ਬਾਰੇ ਕਵੀ ਲਿਖਦਾ ਹੈ :
ਪੇਂਜਾ ਮੇਰੇ ਪਿੰਡ ਦਾ ਹੈ ਮਨ ਭਾਂਵਦਾ,
ਪਿੰਜ ਪਿੰਜ ਰੂੰਈਂ ਢੇਰ ਹੈ ਲਗਾਂਵਦਾ,
ਸਰਦੀ 'ਚ ਕੰਮ ਕਰੇ ਸਦਾ ਜ਼ੋਰਾਂ 'ਤੇ
ਗਰਮੀ 'ਚ ਤਕਦਾ ਸਹਾਰੇ ਹੋਰਾਂ ਦੇ।
ਕਵੀ ਨੇ ਸਾਹਿਤਕਾਰਾਂ ਨੂੰ ਵੀ ਕਾਵਿ ਨਸੀਹਤ ਦਿੱਤੀ ਹੈ ਕਿ
ਲਿਖਣੀ ਛਡ ਦੇ ਕਵਿਤਾ ਦਿਲ ਪਰਚਾਉਣੇ ਦੇ
ਲਿਖ ਹੁਣ ਗਾਥਾ ਨਵੀਂ ਤੂੰ ਜ਼ੁਲਮ ਹਟਾਉਣੇ ਦੀ.....।
ਸਾਰੀਆਂ ਕਵਿਤਾਵਾਂ ਮਜ਼ਦੂਰਾਂ, ਮਾੜਿਆਂ ਤੇ ਲਿਤਾੜਿਆਂ ਦੇ ਹੱਕ ਵਿਚ ਹਨ ਅਤੇ ਮੂੰਹ ਚੜ੍ਹਨਯੋਗ ਹਨ।

ਸੁਲੱਖਣ ਸਰਹੱਦੀ
ਮੋ: 94174-84337.

13-10-2019

  ਭਰ ਵਗਦਾ ਦਰਿਆ
ਸੰਪਾਦਕ : ਸਰਦਾਰ ਪੰਛੀ ਅਤੇ ਸ: ਗੁਰਬਚਨ ਸਿੰਘ ਹਿਤੈਸ਼ੀ
ਪਕ੍ਰਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94170-91668.

ਸਰਦਾਰ ਪੰਛੀ ਉਰਦੂ ਦੇ ਪ੍ਰਸਿੱਧ ਨਾਮਾਨਿਗਾਰ ਹਨ, ਜਿਨ੍ਹਾਂ ਨੇ ਇਸ ਪੁਸਤਕ ਦੀ ਸੰਪਾਦਨਾ ਕਰਦਿਆਂ ਆਪਣੇ ਪਿਤਾ ਸ: ਫੌਜਾ ਸਿੰਘ ਬਿਜਲਾ ਜੀ ਦੇ ਜੀਵਨ ਪ੍ਰਸੰਗਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ ਜੋ ਉਨ੍ਹਾਂ ਨੂੰ ਚੰਗਿਆਈ ਅਤੇ ਵੱਡਪਣ ਦੇ ਭਰੇ ਹੋਏ ਦਰਿਆ ਵਾਂਗ ਵਗਦੇ ਨਜ਼ਰ ਆਉਂਦੇ ਹਨ | ਸ: ਫੌਜਾ ਸਿੰਘ ਬਿਜਲਾ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਸ਼ਾਇਰ ਸਨ, ਜਿਨ੍ਹਾਂ ਦੀ ਸ਼ਾਇਰੀ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਪਾਠਕ ਉਸ ਸਮੇਂ ਦੀ ਸ਼ਾਇਰੀ ਦਾ ਰੰਗ ਵੀ ਮਾਣ ਸਕਣ | ਸੰਪਾਦਕ ਅਨੁਸਾਰ ਪੁਸਤਕ ਦਾ ਮੰਤਵ ਇਕ ਸੰਘਰਸ਼ਮਈ ਸ਼ਖ਼ਸੀਅਤ ਦੇ ਜੀਵਨ ਤੋਂ ਪਾਠਕਾਂ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਪਾਠਕ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਹਾਸਲ ਕਰ ਸਕਣ | ਦੋ ਹਿੱਸਿਆਂ ਵਿਚ ਵੰਡੀ ਇਸ ਪੁਸਤਕ ਵਿਚ ਸ: ਬਿਜਲਾ ਦੇ ਜੀਵਨ ਪ੍ਰਸੰਗਾਂ ਨੂੰ ਪਹਿਲੇ ਹਿੱਸੇ ਵਿਚ ਸ਼ਾਮਿਲ ਕੀਤਾ ਹੈ ਜਿਸ ਵਿਚ ਉਨ੍ਹਾਂ ਦੀ ਸ਼ਖ਼ਸੀਅਤ ਦੇ ਗੁਣਾ ਦੀ ਝਲਕ ਮਿਲਦੀ ਹੈ ਜਿਸ ਕਰਕੇ ਉਹ ਸਭ ਦੇ ਹਰਮਨਪਿਆਰੇ ਬਣੇ | ਇਸ ਤੋਂ ਅੱਗੇ ਸ: ਗੁਰਚਰਨ ਸਿੰਘ ਹਿਤੈਸ਼ੀ ਦੁਆਰਾ ਸ: ਫੌਜਾ ਸਿੰਘ ਬਿਜਲਾ ਦੀ ਸੰਖੇਪ ਜੀਵਨੀ ਨੂੰ ਪੁਸਤਕ ਦਾ ਹਿੱਸਾ ਬਣਾਇਆ ਗਿਆ ਹੈ | ਇਸ ਤੋਂ ਅੱਗੇ ਫੌਜਾ ਸਿੰਘ ਦੀ ਸ਼ਾਇਰੀ ਦਾ ਅਨੂਠਾ ਰੰਗ ਪੇਸ਼ ਕੀਤਾ ਗਿਆ ਹੈ ਜਿਹੜੀ ਜੋਸ਼ੀਲੀ ਅਤੇ ਪ੍ਰੇਰਨਾਦਾਇਕ ਹੈ | ਆਪਣੇ ਪੁਰਖਿਆਂ ਦੇ ਹੌਾਸਲੇ ਅਤੇ ਬਹਾਦਰੀ ਨਾਲ ਜੁੜੇ ਇਕ ਦਿਲਚਸਪ ਕਿੱਸੇ ਨੂੰ ਸ਼ਾਮਿਲ ਕੀਤਾ ਹੈ ਜਿਸ ਵਿਚ ਉਨ੍ਹਾਂ ਦੇ ਗੋਤ ਬਦਲਣ ਦੀ ਕਹਾਣੀ ਨੂੰ ਪੇਸ਼ ਕੀਤਾ ਹੈ | ਕੁੱਲ ਮਿਲਾ ਕੇ ਪੁਸਤਕ ਇਕ ਅਜਿਹੀ ਸ਼ਖ਼ਸੀਅਤ ਦੇ ਰੂਬਰੂ ਕਰਵਾਉਣ ਦਾ ਸਬੱਬ ਬਣਾਉਂਦੀ ਹੈ ਜਿਹੜੀ ਕਿ ਪਾਠਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਪ੍ਰੇਰਨਾ ਸਰੋਤ ਬਣਨ ਦੇ ਕਾਬਲ ਵੀ ਹੈ |

—ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
c c c

ਵਿਕਾਸ ਦੀਆਂ ਹਨੇਰੀਆਂ
ਲੇਖਕ : ਐਮ. ਕੇ. ਰਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ |
ਮੁੱਲ 200 ਰੁਪਏ, ਸਫ਼ੇ : 136
ਸੰਪਰਕ : 90418-26725.

ਹਥਲੀ ਪੁਸਤਕ ਹਲਕੀਆਂ-ਫੁਲਕੀਆਂ ਵਿਅੰਗ ਰਚਨਾਵਾਂ ਦਾ ਸੰਗ੍ਰਹਿ ਹੈ | ਉਸ ਦੇ ਵਿਅੰਗ-ਵਿਸ਼ਿਆਂ ਦਾ ਸੋਮਾ ਘਰੇਲੂ, ਸਮਾਜਿਕ ਅਤੇ ਰਾਜਨੀਤਕ ਵਾਤਾਵਰਨ ਹੈ | ਇਸ ਵਿਚ ਵਿਆਹ-ਸ਼ਾਦੀਆਂ ਦੇ ਦਿ੍ਸ਼, ਸਰਕਾਰੀ ਅਤੇ ਪ੍ਰਾਈਵੇਟ ਅਦਾਰੇ, ਪੰਜਾਬ ਪ੍ਰਾਂਤ ਅਤੇ ਕੇਂਦਰੀ ਸਰਕਾਰ ਦੀਆਂ ਨੀਤੀਆਂ ਆਦਿ ਸ਼ਾਮਿਲ ਹਨ | ਲੇਖਕ ਦੀ ਖ਼ੂਬੀ ਇਹ ਹੈ ਕਿ ਉਹ ਜੀਵਨ ਨੂੰ ਨੀਝ ਨਾਲ ਵੇਖਦਾ ਹੈ, ਪਰਖਦਾ ਹੈ | ਇਸ ਜੀਵਨ ਵਿਚ ਜੋ ਕੁਝ ਹੋਣਾ ਚਾਹੀਦਾ ਹੈ ਅਤੇ ਜੋ ਕੁਝ ਵਾਸਤਵਿਕ ਰੂਪ ਵਿਚ ਹੋ ਰਿਹਾ ਹੈ, ਉਸ ਵਿਚ ਉਸ ਨੂੰ ਪਾੜਾ ਦਿਖਾਈ ਦਿੰਦਾ ਹੈ | ਉਸ ਪਾੜੇ ਵਿਚੋਂ ਹੀ ਉਸ ਦਾ ਹਾਸ-ਵਿਅੰਗ ਉਪਜਦਾ ਹੈ | ਉਸ ਦੇ ਲਿਖਣ ਦਾ ਮਨੋਰਥ ਸਮਾਜਿਕ-ਰਾਜਨੀਤਕ ਵਾਤਾਵਰਨ ਵਿਚ ਸੁਧਾਰ ਲਿਆਉਣਾ ਹੈ | ਉਹ ਵਿਅੰਗ ਨਸ਼ਤਰ ਵਾਂਗ ਵਰਤਦਾ ਹੈ | ਉਸ ਦਾ ਕਿਹਾ ਭਾਵੇਂ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ | ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਨਾ ਹੀ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਦੇ ਨੇਤਾਵਾਂ ਦਾ | ਇਸ ਪੁਸਤਕ ਦੀਆਂ ਵਿਅੰਗਾਤਮਿਕ ਰਚਨਾਵਾਂ ਬੀਤੇ ਦੋ-ਚਾਰ ਸਾਲਾਂ ਦੀਆਂ ਘਟਨਾਵਾਂ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ | ਇਨ੍ਹਾਂ ਨੂੰ ਪੜ੍ਹ ਕੇ ਹਿਣ-ਹਿਣ ਕਰਦਾ ਹਾਸਾ ਤਾਂ ਨਹੀਂ ਉਪਜਦਾ ਪਰ ਪਾਠਕ ਮੁਸਕਰਾਉਂਦਾ ਅਵੱਸ਼ ਹੈ | ਹਾਸਾ ਉਪਜਾਉਣ ਲਈ ਉਹ ਆਪਣੀ ਪਤਨੀ ਨੂੰ 'ਵੇਲਣਿਆਂ ਵਾਲੀ ਸਰਕਾਰ' ਕਹਿੰਦਾ ਹੈ | ਹੋਰ ਜਿਹੜੇ ਪਾਤਰਾਂ ਨੂੰ ਮਸ਼ਖ਼ਰੇ ਵਾਂਗ ਪ੍ਰਯੋਗ ਕਰਦਾ ਹੈ, ਉਨ੍ਹਾਂ ਵਿਚ ਭੌਾਦੂ ਰਾਮ, ਟੁਕੜਮ-ਭੰਨ, ਸੁਰਜੀਤ ਟੱਲੀ, ਘਸੀਟਾ ਰਾਮ, ਕਰੋੜੀ ਮੱਲ ਆਦਿ ਅਨੇਕਾਂ ਸ਼ਾਮਿਲ ਹਨ | ਉਸ ਦੇ ਹਾਸ-ਵਿਅੰਗ ਵਿਚ ਮੁਹਾਵਰੇ/ਅਖਾਣਾਂ ਦੀ ਭਰਮਾਰ ਹੈ ਮਸਲਨ : ਸਿਰ ਤੇ ਪੈਰ ਰੱਖ, ਆਨੇ ਵਾਲੀ ਥਾਂ, ਈਸਬਗੋਲ ਤੇ ਕੁਝ ਨਾ ਫੋਲ, ਖੋਤੇ ਦੇ ਸਿੰਗਾਂ ਵਾਂਗੰੂ ਗਾਇਬ ਆਦਿ ਅਨੇਕਾਂ ਹੀ ਪਾਠਕਾਂ ਨੂੰ ਹਰ ਪੰਨੇ 'ਤੇ ਟੱਕਰਦੇ ਹਨ | ਉਹ ਗਲੈਡੋ-ਗਲੈਡ, ਬਾਗ਼ੋ-ਬਾਗ਼ ਵਾਕੰਸ਼ਾਂ ਦਾ ਆਮ ਹੀ ਪ੍ਰਯੋਗ ਕਰਦਾ ਹੈ | ਸੰਬੋਧਨੀ ਸ਼ੈਲੀ ਵਿਚ 'ਜਨਾਬ' ਸ਼ਬਦ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ | ਕੁੱਲ ਮਿਲਾ ਕੇ ਇਹ ਸਮਕਾਲੀ ਹਾਲਾਤ ਤੇ ਕਟਾਕਸ਼ ਕਰਦਾ ਸੰਗ੍ਰਹਿ ਹੋ ਨਿਬੜਿਆ ਹੈ |

—ਡਾ: ਧਰਮ ਚੰਦ ਵਾਤਿਸ਼
ਮੋ: 98144-46007.
c c c

ਚੀਰ ਹਰਨ
ਲੇਖਕ : ਸਰੂਪ ਸਿਆਲਵੀ
ਪ੍ਰਕਾਸ਼ਕ :”ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 130 ਰੁਪਏ, ਸਫ਼ੇ : 128
ਸੰਪਰਕ : 88472-01454.

ਲੇਖਕ ਦੀ ਇਸ ਕਿਤਾਬ ਵਿਚ ਕੁਲ ਛੇ ਕਹਾਣੀਆਂ ਹਨ | ਮਹਾਂਭਾਰਤ ਸਾਡੇ ਦੇਸ਼ ਦੀ ਪੁਰਾਤਨ ਇਤਿਹਾਸਕ ਗਾਥਾ ਹੈ | ਜਿਸ ਦੀ ਪਾਤਰ ਦਰੋਪਦੀ ਨੂੰ ਆਦ ਕਾਲੀਨ  ਪੀੜਤ ਔਰਤ ਦੇ ਰੂਪ ਵਿਚ ਕਿਤਾਬ ਦੀ ਕਹਾਣੀ ਚੀਰ ਹਰਨ ਵਿਚ ਲਿਆ ਹੈ | ਇਸ ਪਹਿਲੀ ਕਹਾਣੀ ਦਾ ਆਕਾਰ ਕਿਤਾਬ ਦੇ 13-69 ਪੰਨਿਆਂ ਤੱਕ ਹੈ | ਭਾਵ ਅਠਵੰਜਾ ਪੰਨਿਆਂ ਵਿਚ ਇਹ ਕਹਾਣੀ ਹੈ | ਕਹਾਣੀ ਦੀਆਂ ਦੋ ਇਸਤਰੀ ਪਾਤਰ ਆਪਣੇ ਘਰੇਲੂ  ਦੁੱਖਾਂ ਮੁਸੀਬਤਾਂ ਤੇ ਪਰਿਵਾਰਕ ਉਲਝਣਾਂ ਨੂੰ ਰਲ ਬੈਠ ਸਾਂਝਾਂ ਕਰ ਰਹੀਆਂ ਹਨ | ਉਨ੍ਹਾਂ ਦੀਆਂ ਗੱਲਾਂ ਵਿਚ ਮਹਾਂਭਾਰਤ, ਕੌਰਵ, ਪਾਂਡਵ, ਯੁਧਿਸ਼ਟਰ ਨਾਰਦਮੁਨੀ ਹਸਤਨਾਪੁਰ ਭੀਸ਼ਮ ਪਤਾਮਾ ਵਿਭੀਸ਼ਨ ਦੇ ਨਾਲ-ਨਾਲ ਪੰਜ ਪਾਂਡਵਾਂ ਦੀ ਪਤਨੀ ਦਰੋਪਤੀ ਦਾ ਜ਼ਿਕਰ ਚਲਦਾ ਹੈ | ਕਹਾਣੀ ਵਿਚ ਹੋਰ ਔਰਤਾਂ ਵੀ ਆਪਣੇ ਨਿੱਜੀ ਦੁੱਖਾਂ ਬਾਰੇ ਸੰਵਾਦ ਕਰਦੀਆਂ ਹਨ ¢ ਕਈ ਥਾਵਾਂ 'ਤੇ ਕਹਾਣੀ ਇਤਿਹਾਸਕ ਭਾਸ਼ਨ ਬਣ ਜਾਂਦੀ ਹੈ ¢ ਕਿਉਂ ਕਿ ਲੇਖਕ ਨੇ ਔਰਤ ਦੇ ਕਈ ਰੂਪਾਂ ਨੂੰ ਚਿਤਰਣ ਦਾ ਯਤਨ ਕੀਤਾ ਹੈ | ਬਹੁਪਤਨੀ, ਬਹੁਪਤੀ, ਕੁਆਰੀ, ਵਿਆਹੀ, ਜਾਤੀ ਭੇਤ ਆਦਿ ਵਿਸ਼ੇ ਵੀ ਇਸ ਕਹਾਣੀ ਵਿਚ ਨਾਲ-ਨਾਲ ਚਲਦੇ ਹਨ ¢ ਆਧੁਨਿਕ ਪ੍ਰਸੰਗ ਦਾ ਜ਼ਿਕਰ ਕਰਨ ਵੇਲੇ ਲੇਖਕ ਭਰਾਵਾਂ ਭੈਣਾਂ ਦੀ ਆਪਸੀ ਜਾਇਦਾਦ ਵੰਡ ਵਿਚ ਔਰਤ ਦੀ ਮਾੜੀ ਸਥਿਤੀ ਦਾ ਜ਼ਿਕਰ ਕਰਦਾ ਹੈ | ਪੁਸਤਕ ਦੀ ਕਹਾਣੀ ਅਸੁਰਾਂ ਦੀ ਬਸਤੀ ਵਿਚ ਭੱਠਿਆਂ 'ਤੇ ਕੰਮ ਕਰਦੇ ਪਥੇਰਿਆਂ ਦੀ ਜ਼ਿੰਦਗੀ ਹੈ | ਇਕ ਪ੍ਰੋਫੈਸਰ ਸਦੀਆਂ ਪੁਰਾਣੇ ਮਨੱੁਖੀ ਪਿੰਜਰਾਾ ਦੀ ਖੋਜ ਕਰਦਾ ਪੁਰਾਤਨ ਸਮੇਂ ਦੀਆਾ ਸਮਾਜਿਕ ਹਾਲਤਾਾ ਵਿਚ ਇਸਤਰੀ ਦੀ ਹਾਲਤ ਦੀ ਤਲਾਸ਼ ਕਰਦਾ ਹੈ | ਸੱਪ ਕਹਾਣੀ ਵਿਚ ਮਰਦ ਆਪਣੀ ਪਤਨੀ ਤੇ ਧੀ ਦਾ ਸ਼ੋਸ਼ਣ ਕਰਦਾ ਹੈ | ਡਾ: ਗੁਰਮੇਲ ਸਿੰਘ ਚੰਡੀਗੜ੍ਹ ਨੇ ਕਹਾਣੀਆਂ ਦੇ ਵਿਸ਼ਾਲ ਪ੍ਰਸੰਗਾਂ ਵਿਚੋਂ ਦਾਰਸ਼ਨਿਕ ਪਰੰਪਰਾ ਦੀ ਤਲਾਸ਼ ਕਰਦੇ  ਪ੍ਰਭਾਵਸ਼ਾਲੀ ਭੂਮਿਕਾ ਵਿਚ ਲਿਖੀ ਹੈ ¢

—ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 09814856160
c c c

ਚੁਰਾਸੀ
ਗ਼ਜ਼ਲਕਾਰ : ਬਲਜਿੰਦਰ ਮਾਂਗਟ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮਿ੍ਤਸਰ |
ਮੁੱਲ : 180 ਰੁਪਏ, ਸਫ਼ੇ : 96
ਸੰਪਰਕ : 98140-20065.

ਬਲਜਿੰਦਰ ਮਾਂਗਟ ਲਗਾਤਾਰ ਪੰਜਾਬੀ ਗ਼ਜ਼ਲ ਦੀ ਸਿਰਜਣਾ ਵਿਚ ਰੱੁਝਿਆ ਹੋਇਆ ਹੈ | 'ਚੁਰਾਸੀ' ਗ਼ਜ਼ਲ ਸੰਗ੍ਰਹਿ ਵਿਚ ਉਸ ਦੀਆਂ ਚੁਰਾਸੀ ਗ਼ਜ਼ਲਾਂ ਸੰਮਿਲਤ ਹਨ ਤੇ ਉਹ ਆਪਣੇ ਲੇਖ ਵਿਚ ਪੁਸਤਕ ਦੇ ਨਾਂਅ ਨੂੰ ਚੁਰਾਸੀ ਲੱਖ ਜੂਨਾਂ ਤੇ ਚੁਰਾਸੀ ਦੇ ਦੰਗਿਆਂ ਨਾਲ ਵੀ ਜੋੜਦਾ ਹੈ | ਮਾਂਗਟ ਦੀਆਂ ਗ਼ਜ਼ਲਾਂ ਬਹੁਤਿਆਂ ਦੇ ਸ਼ੁਰੂਆਤੀ ਦੌਰ ਤੋਂ ਕਿਤੇ ਬਿਹਤਰ ਹਨ | ਇਨ੍ਹਾਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਵਜ਼ਨ ਵਿਚ ਹਨ ਤੇ ਸ਼ਬਦਾਬਲੀ ਗ਼ਜ਼ਲ ਦੇ ਅਨੁਕੂਲ ਹੈ | ਮਾਂਗਟ ਨੇ ਅਜੇ ਗ਼ਜ਼ਲ ਦੇ ਸਾਗਰ ਦੇ ਓਪਰੇ ਧਰਾਤਲ ਨੂੰ ਵੇਖਿਆ ਹੈ ਤੇ ਅਜੇ ਉਸ ਨੇ ਇਸ ਦੇ ਹੇਠਾਂ ਤੱਕ ਉਤਰਨਾ ਹੈ | ਆਪਣੇ ਸਫ਼ਰ ਦੇ ਲਿਹਾਜ਼ ਨਾਲ ਉਸ ਦੀ ਗ਼ਜ਼ਲਕਾਰੀ ਮੈਨੂੰ ਸੰਤੁਸ਼ਟ ਕਰਦੀ ਹੈ | ਆਪਣੇ ਸ਼ਿਅਰਾਂ ਵਿਚ ਗ਼ਜ਼ਲਕਾਰ ਦੂਸਰੇ ਉੱਤੇ ਦੋਸ਼ ਥੋਪਣ ਦੀ ਥਾਂ ਆਪਣੀਆਂ ਕਮੀਆਂ ਨੂੰ ਸਾਹਮਣੇ ਰੱਖਦਾ ਹੈ ਤੇ ਨਿਵਾਣ ਵਿਚ ਰਹਿ ਕੇ ਖ਼ੁਸ਼ ਹੈ | ਇਕ ਖ਼ੂਬਸੂਰਤ ਮਤਲੇ ਵਿਚ ਉਹ ਆਪਣੇ ਲਈ ਨੀਂਦ ਚਾਹੁੰਦਾ ਹੈ ਤੇ ਨੀਂਦ ਵਿਚ ਸੁੰਦਰ ਸੁਪਨਿਆਂ ਨੂੰ ਵੇਖਣਾ ਚਾਹੁੰਦਾ ਹੈ | 'ਉਂਗਲਾਂ ਦੀ ਛੋਹ ਮਿਲੇਗੀ ਜਦ ਕਦੇ, ਰਾਗ ਹੈ ਸਾਜ਼ਾਂ 'ਚੋਂ ਕਿਧਰ ਜਾਏਗਾ' ਦੇ ਭਾਵ ਬੜੇ ਸੰਜੀਦਾ ਤੇ ਖਿੜੇ-ਖਿੜੇ ਹਨ | 'ਕਦੇ ਮੈਂ ਫੇਰ ਦੱਸਾਂਗਾ' ਉਸ ਦੀ ਅਛੂਤੀ ਰਦੀਫ਼ ਵਾਲੀ ਗ਼ਜ਼ਲ ਹੈ ਜੋ ਪ੍ਰਭਾਵਿਤ ਕਰਦੀ ਹੈ | ਮਾਂਗਟ ਹਨ੍ਹੇਰਿਆਂ ਿਖ਼ਲਾਫ਼ ਜੰਗ ਲੜਨ ਵਾਲਾ ਸ਼ਾਇਰ ਹੈ ਤੇ ਆਪਣੀ ਪੁਸਤਕ 'ਚੁਰਾਸੀ' ਦੇ ਅਖ਼ੀਰ ਵਿਚ ਉਹ ਮਨਾਂ ਵਿਚ ਦੀਵੇ ਬਾਲਣ ਦੀ ਸਲਾਹ ਦਿੰਦਾ ਹੈ | ਉਹ ਆਪਣੇ ਮਿਸ਼ਨ ਵਿਚ ਸਫ਼ਲ ਹੋਵੇ, ਮੇਰੀ ਇਹੋ ਦੁਆ ਹੈ ਤੇ ਅਗਲੀ ਪੁਸਤਕ ਵਿਚ ਮੈਂ ਉਸ ਦੀ ਗ਼ਜ਼ਲ ਵਿਚ ਵਧੇਰੇ ਤਰਲਤਾ ਤੇ ਗਹਿਰਾਈ ਦੇਖਣਾ ਚਾਹਵਾਂਗਾ |

—ਗੁਰਦਿਆਲ ਰੌਸ਼ਨ
ਮੋ: 9988444002
c c c

ਮੋਰਾਂ
(ਇਕ ਸੱਚੀ ਪ੍ਰੇਮ ਕਾਵਿ ਕਥਾ)
ਮੂਲ ਲੇਖਕ : ਡਾ: ਗੀਤਾ ਡੋਗਰਾ
ਅਨੁਵਾਦਕ : ਡਾ: ਧਰਮ ਪਾਲ ਸਾਹਿਲ
ਪ੍ਰਕਾਸ਼ਕ : ਤਿ੍ਵੇਣੀ ਸਾਹਿਤ ਅਕਾਦਮੀ (ਰਜਿ:) ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98768-00379.

ਡਾ: ਗੀਤਾ ਡੋਗਰਾ ਬਹੁਵਿਧਾਈ ਸਾਹਿਤ ਲੇਖਿਕਾ ਹੈ | 'ਮੋਰਾਂ' ਉਨ੍ਹਾਂ ਦਾ ਛੇਵਾਂ ਕਾਵਿ ਸੰਗ੍ਰਹਿ ਹੈ ਜਿਸ ਨੂੰ ਡਾ: ਧਰਮ ਪਾਲ ਸਾਹਿਲ ਨੇ ਪੰਜਾਬੀ ਵਿਚ ਅਨੁਵਾਦ ਕਰ ਕੇ ਪੰਜਾਬੀ ਕਾਵਿ ਪਾਠਕਾਂ ਨਾਲ ਇਸ ਦੀ ਸਾਂਝ ਪੁਆਈ ਹੈ | ਇਸ ਕਾਵਿਕ ਨਾਟਕ ਰਾਹੀਂ ਪੰਜਾਬ ਦੇ ਹਰਮਨ-ਪਿਆਰੇ ਮਹਾਰਾਜਾ ਰਣਜੀਤ ਸਿੰਘ ਅਤੇ 'ਮੋਰਾਂ' ਦੀ ਇਤਿਹਾਸਕ ਪ੍ਰੇਮ ਕਥਾ ਵਰਨਣ ਕੀਤੀ ਗਈ ਹੈ | ਮਹਾਰਾਜਾ ਰਣਜੀਤ ਸਿੰਘ ਦੀ 'ਮੋਰਾਂ' ਪ੍ਰਤੀ ਖਿੱਚ ਅਤੇ ਉਸ ਦੀ, ਉਸ ਨੂੰ ਪਾਉਣ ਦੀ ਚਾਹਤ ਦਾ ਵਰਨਣ ਭਾਵਪੂਰਤ ਸ਼ਬਦਾਂ ਰਾਹੀਂ ਕੀਤਾ ਗਿਆ ਹੈ | ਇਸ ਬਿਰਤਾਂਤ ਦੇ ਪਾਤਰ ਜ਼ੁਬੈਦਾ (ਮੋਰਾਂ ਦੀ ਮਾਂ), ਧਿਆਨ ਸਿੰਘ, ਚੂਹੜ ਸਿੰਘ, ਲਹਿਣਾ ਸਿੰਘ ਆਦਿ 'ਮਹਾਰਾਜੇ' ਦੀ ਅੰਤਰ-ਵੇਦਨਾ 'ਚ ਪੈਂਦੀਆਂ ਚੀਸਾਂ ਅਤੇ ਮੋਰਾਂ ਦੀ ਪ੍ਰਾਪਤੀ ਲਈ ਸਭ ਕੁਝ ਕੁਰਬਾਨ ਕਰਨ ਦੇ ਦਿ੍ਸ਼ਟਾਂਤ, ਸੰਕੇਤ ਕਰਦੇ ਹਨ ਕਿ ਬੇਸ਼ਕ 'ਮਹਾਰਾਜਾ' ਦੇ ਹਰਮ 'ਚ ਸੈਂਕੜੇ ਰਾਣੀਆਂ ਅਤੇ ਰਖੈਲਾਂ ਹਨ ਪਰ ਉਹ 'ਮਹਾਰਾਜੇ' ਦੇ ਅੰਦਰ 'ਮੁਹੱਬਤ' ਦੀ ਬਲਦੀ ਅਗਨ ਨੂੰ ਸ਼ਾਂਤ ਕਰਨ 'ਚ ਅਸਫਲ ਹਨ | ਕਵਿੱਤਰੀ ਨੇ ਉਨ੍ਹਾਂ ਕਾਰਨਾਂ ਵੱਲ ਵੀ ਸੰਕੇਤ ਕੀਤੇ ਹਨ ਕਿਵੇਂ ਮਹਾਰਾਣੀ ਮਹਿਤਾਬ ਕੌਰ ਉਸ ਨੂੰ ਆਪਣੇ ਪਿਤਾ ਦਾ ਕਾਤਲ ਸਮਝਦੀ ਹੈ ਅਤੇ ਕਿਵੇਂ ਦੂਜੀ ਮਹਾਰਾਣੀ ਉਸ ਦੇ ਕਰੂਪ ਚਿਹਰੇ ਨੂੰ ਨਾ-ਪਸੰਦ ਕਰਦੀ ਹੈ, ਉਹ ਤਨ ਦੀ ਖੂਬਸੂਰਤੀ ਨੂੰ ਹੀ ਸਭ ਕੁਝ ਸਮਝਦੀ 'ਮਹਾਰਾਜੇ' ਦੀ ਅੰਦਰੂਨੀ ਸ਼ਖ਼ਸੀਅਤ ਤੋਂ ਬਿਲਕੁਲ ਅਣਜਾਣ ਹੈ | ਇਸੇ ਲਈ ਮਹਾਰਾਜਾ ਮੋਰਾਂ ਦੀ ਇੱਛਾ ਅਨੁਸਾਰ, ਉਸ ਦਾ ਧਰਮ ਬਦਲੇ ਬਗੈਰ ਉਸ ਨਾਲ 'ਨਿਕਾਹ' ਕਰ ਲੈਂਦਾ ਹੈ | ਸੂਤਰਧਾਰ ਰਾਹੀਂ ਇਹ ਪ੍ਰਸ਼ਨ ਉਠਾਉਣਾ ਕਿੰਨਾ ਵਾਜਿਬ ਲਗਦਾ ਹੈ ਕਿ 'ਮੋਰਾਂ' ਦੀ ਹੈਸੀਅਤ ਕੀ ਹੈ?
ਪਲਕਾਂ ਝਮਕਾਉਂਦੀ ਤਾਂ
ਬੁਝਾਰਤ ਬਣ ਜਾਂਦੀ
.. .. .. .. .. ..
ਕਿੱਥੇ ਪੁੱਜੀ
ਉਹ ਨਾਰੀ ਸੀ
ਨਾਚੀ ਸੀ
ਜਾਂ ਮਹਿਜ
ਇਕ ਵੇਸਵਾ....?
ਇਸੇ ਲਈ 'ਅੰਤ ਵਿਚ ........' 'ਮਹਾਰਾਜੇ' ਦੀ ਅੰਤਰ-ਵੇਦਨਾ ਦਾ ਸੰਕੇਤਕ ਵਰਨਣ ਕਵਿੱਤਰੀ ਇਸ ਪ੍ਰਕਾਰ ਕਰ ਕੇ ਆਪਣੇ-ਆਪ ਨੂੰ 'ਪ੍ਰੇਮ ਕਥਾ' ਕਹਿ ਸੁਰਖ਼ਰੂ ਹੋਣ ਦਾ ਯਤਨ ਕਰਦੀ ਹੈ :
ਇਤਿਹਾਸ ਬੜਾ ਡੂੰਘਾ ਹੈ ਪੰਜਾਬ ਦਾ
ਮੈਂ ਤਾਂ ਪ੍ਰੇਮ ਕਥਾ ਹੀ ਕਹਿਣੀ ਸੀ
ਪੁਲ ਕੰਜਰੀ ਹੋ ਜਾਵੇ ਪੁਲ ਮੋਰਾਂ
ਬਸ ਇਹੋ ਕਹਾਣੀ ਮੋਰਾਂ ਦੀ |
ਡਾ: ਧਰਮ ਪਾਲ ਸਾਹਿਲ ਨੇ 'ਮੁਹੱਬਤੀ ਭਾਸ਼ਾ' ਖੂਬਸੂਰਤ ਅਨੁਵਾਦ ਕਰਦਿਆਂ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਪਾਠਕ ਅਨੁਵਾਦ ਕੀਤੀ ਰਚਨਾ ਦਾ ਅਨੰਦ ਮਾਣ ਰਿਹਾ ਹੈ | ਆਮੀਨ |

—ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
c c c

ਚਿੱਠੀਆਂ ਦਾ ਮੌਸਮ
ਲੇਖਿਕਾ : ਕੰਵਲਜੀਤ ਕੌਰ ਜੁਨੇਜਾ
ਪ੍ਰਕਾਸ਼ਕ : ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 098120-32868.

ਸ਼ਾਇਰਾ ਕੰਵਲਜੀਤ ਕੌਰ ਜੁਨੇਜਾ ਗੁਆਂਢੀ ਪ੍ਰਾਂਤ ਹਰਿਆਣਾ ਦੀ ਪੰਜਾਬੀ ਕਹਾਣੀ ਖੇਤਰ ਦੀ ਨਾਮਵਰ ਹਸਤਾਖਰ ਹੈ ਅਤੇ ਹਥਲੀ ਪੁਸਤਕ 'ਚਿੱਠੀਆਂ ਦਾ ਮੌਸਮ' ਰਾਹੀਂ ਕਾਵਿ ਖੇਤਰ ਵਿਚ ਪ੍ਰਵੇਸ਼ ਕਰਦੀ ਹੈ | ਵਿਗਿਆਨ ਅਤੇ ਤਕਨਲੋਜੀ ਨੇ ਸੂਚਨਾ ਦੇ ਸੰਚਾਰ ਦੀ ਗਤੀ ਨੂੰ ਤੇਜ਼ ਕੀਤਾ ਹੈ | ਇਸ ਉਪਲਬੱਧੀ ਕਾਰਨ ਜਿਥੇ ਅੱਜ ਦੇ ਮਨੁੱਖ ਲਈ ਸੁੱਖ-ਸਹੂਲਤਾਂ ਦੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ ਹਨ | ਅੱਜ ਜਦੋਂ ਇਲੈਕਟ੍ਰਾਨਿਕ ਨੈੱਟਵਰਕ ਰਾਹੀਂ ਫੈਕਸ, ਫੇਸਬੁੱਕ, ਟਵਿੱਟਰ ਅਤੇ ਮੋਬਾਈਲ ਫੋਨ ਨੇ ਸੰਸਾਰ ਨੂੰ ਇਕ 'ਗਲੋਬਲ ਵਿਲੇਜ' ਵਿਚ ਤਬਦੀਲ ਕਰ ਦਿੱਤਾ ਹੈ, ਉਥੇ ਚਿੱਠੀਆਂ ਲਿਖਣਾ ਬੀਤੇ ਦੀ ਗੱਲ ਬਣ ਗਈ ਹੈ | ਸ਼ਾਇਰਾ ਇਹ ਨਹੀਂ ਚਾਹੁੰਦੀ ਕਿ ਚਿੱਠੀਆਂ ਲਿਖਣ ਦਾ ਦੁਬਾਰਾ ਸਮਾਂ ਆਏ, ਉਹ ਤਾਂ ਇਕ ਜੁਗਤ ਵਜੋਂ ਅਸਿੱਧੇ ਢੰਗ ਨਾਲ ਆਏ ਨਿਘਾਰਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ | ਤਕਨਾਲੋਜੀ ਰਾਹੀਂ ਪਰੋਸੀ ਜਾ ਰਹੀ ਅਸ਼ਲੀਲਤਾ ਤੋਂ ਇਲਾਵਾ ਵੱਖ-ਵੱਖ ਮਾਨਵੀ ਸਰੋਕਾਰਾਂ ਨਾਲ ਸੂਝਦੀਆਂ ਸਮੱਸਿਆਵਾਂ ਨਾਲ ਵੀ ਦਸਤਪੰਜਾ ਲੈਂਦੀ ਹੈ | ਸ਼ਾਇਰਾ ਅਕਾਦਮਿਕ ਸੰਸਥਾਵਾਂ ਵਿਚ ਫੈਲੇ ਅਨੈਤਿਕ ਤੇ ਭਿ੍ਸ਼ਟਾਚਾਰ, ਵਿੱਦਿਆ ਦਾ ਵਪਾਰੀਕਰਨ ਹੋਣ 'ਤੇ ਵਿਅੰਗ ਦਾ ਨਸ਼ਤਰ ਚਲਾਉਂਦੀ ਹੈ | 'ਚਿੱਠੀਆਂ ਦਾ ਮੌਸਮ', 'ਦੀਵਾ', 'ਘਰ ਮੇਂ ਸਭ ਕਿਛੁ', 'ਪਿੰਜਰਾ' ਅਤੇ 'ਬਿ੍ਧ ਆਸ਼ਰਮ ਤੋਂ ਮਾਂ ਦੀ ਚਿੱਠੀ' ਆਦਿ ਨਜ਼ਮਾਂ ਸ਼ਾਇਰਾ ਦੇ ਸ਼ਿਲਪ ਅਤੇ ਕਾਵਿ ਧਰਮ ਦੀ ਚਰਮ ਸੀਮਾ ਦੇ ਦੀਦਾਰ ਕਰਾਉਂਦੀਆਂ ਹਨ | ਮਾਨਵੀ ਸਰੋਕਾਰਾਂ ਲਈ ਉਹ ਕਵਿਤਾ ਦੀ ਠਾਹਰ ਭਾਲਦੀ ਹੈ, ਜਿਥੇ ਕਲਮੀ ਯੋਧਾ ਕਲਮ ਦੀ ਇਬਾਦਤ ਕਰ ਸਕੇ | ਸ਼ਾਇਰਾ ਕਿਉਂਕਿ ਰੋਹਤਕ (ਹਰਿਆਣਾ) ਦੀ ਵਸਨੀਕ ਹੈ, ਇਸ ਲਈ ਬਹੁਤੇ ਥਾੲੀਂ ਹਿੰਦੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਨਜ਼ਰਅੰਦਾਜ਼ ਕਰਨ ਯੋਗ ਹੈ | ਹਰਿਆਣੇ ਵਿਚ ਪੰਜਾਬੀ ਸ਼ਾਇਰੀ ਦੇ ਪੌਦੇ ਨੂੰ ਮੌਲਣ ਵਿਰਾਸਣ ਲਈ ਇਸ ਕਲਮੀ ਮਾਲਣ ਨੂੰ ਤਾਂ ਸਲਾਮ ਕਰਨਾ ਬਣਦਾ ਹੀ ਹੈ |

—ਭਗਵਾਨ ਢਿੱਲੋਂ
ਮੋ: 98143-78254.
c c c

ਚੰਨ ਦੀ ਦੀਵਾਰ
ਲੇਖਕ : ਮੋਹਨਜੀਤ 
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ  
ਮੁੱਲ : ਰੁਪਏ : 250, ਸਫ਼ੇ : 92
ਸੰਪਰਕ : 098113-98223.

ਮੋਹਨਜੀਤ ਪੰਜਾਬੀ ਕਵਿਤਾ ਦਾ ਮਾਣਮੱਤਾ ਸ਼ਾਇਰ ਹੈ | ਚੰਨ ਦੀ ਦੀਵਾਰ ਉਸ ਦੀ ਨਵੀਂ ਪੁਸਤਕ ਹੈ ਜਿਸ ਵਿਚ ਉਸ ਦੇ ਲਿਖੇ ਕਾਵਿ-ਚਿੱਤਰ ਸ਼ਾਮਿਲ ਹਨ | ਇਸ ਸੰਗ੍ਰਹਿ ਵਿਚ ਸ਼ਾਮਿਲ ਕਾਵਿ-ਚਿੱਤਰ ਮੋਹਨਜੀਤ ਦੀ ਚਿਰਪਰਿਚਿਤ ਸ਼ੈਲੀ ਵਿਚ ਹਨ | ਮੋਹਨਜੀਤ ਦੀ ਕਵਿਤਾ ਦੀ ਇਕ ਵਿਲੱਖਣ ਕਾਵਿ-ਸ਼ੈਲੀ ਹੈ ਜੋ ਪੰਜਾਬੀ ਦੇ ਹੋਰ ਕਿਸੇ ਕਵੀ ਕੋਲ ਨਹੀਂ | ਉਸ ਸ਼ੈਲੀ ਰਾਹੀਂ ਉਹ ਆਪਣੀ ਕਵਿਤਾ ਨੂੰ ਆਰੰਭਦਾ, ਵਿਸਤਾਰਦਾ ਤੇ ਅੰਤਿਆਉਂਦਾ ਹੈ. ਇਹ ਪ੍ਰਕਿਰਿਆ ਕਿਸੇ ਝਰਨੇ ਦੇ ਵਹਾਅ ਜਿਹੀ ਹੁੰਦੀ ਜਿਸ ਵਿਚ ਪਾਠਕ ਵਹਿ ਤੁਰਦਾ,
ਕੋਠੇ ਵਿਚ ਡੰਗਰ ਬੱਝੇ ਨੇ
ਇਕ ਪਾਸੇ ਮੁੰਜ ਦਾ ਮੰਜਾ ਪਿਆ
ਪਾਣੀ ਦੀ ਗੜਵੀ 
ਉੱਘੜ ਦੁੱਘੜੇ ਕਾਗਤ ਕਿਤਾਬਾਂ
ਤੇ ਗੁਡਮੈਨ ਦੀ ਲਾਲਟੈਣ
ਹੌਲੀ ਹੌਲੀ ਸਥਿਤੀਆਂ ਨੂੰ ਸਿਰਜਦਾ, ਉਨ੍ਹਾਂ ਨੂੰ ਸਮੇਟਦਾ ਲੇਖਕ ਬਿੰਬਾਂ, ਮੈਟਾਫਰਾਂ ਦਾ ਅਨੋਖਾ ਸੰਸਾਰ ਸਿਰਜ ਦਿੰਦਾ ਹੈ | ਇਨ੍ਹਾਂ ਕਾਵਿ-ਚਿਤਰਾਂ ਵਿਚ ਮੋਹਨਜੀਤ ਆਪਣੇ ਪਾਤਰਾਂ ਦੇ ਸਿਰਫ ਕੱਦ ਬੁੱਤ ਨੂੰ ਹੀ ਬਿਆਨ ਨਹੀਂ ਕਰਦਾ ਉਹ ਇਸ ਘਾੜਤ ਵਿਚ ਉਨ੍ਹਾਂ ਦੇ ਮਨ ਦੀਆਂ ਉਨ੍ਹਾਂ ਹਨੇਰੀਆਂ ਨੁੱਕਰਾਂ ਵਿਚ ਵੀ ਜਾ ਵੜਦਾ ਜਿਸ ਦਾ ਉਸ ਦੇ ਪਾਤਰਾਂ ਨੂੰ ਵੀ ਇਲਮ ਨਹੀਂ ਹੁੰਦਾ | ਇਹੀ ਕਵੀ ਦੀ ਖੂਬਸੂਰਤੀ ਹੁੰਦੀ ਹੈ...
ਉਹ ਈਕਣ ਬੈਠਦੀ ਹੈ ਜਿਵੇਂ ਸਹਿਮੀ ਹੋਈ ਹੋਵੇ 
ਤੇ ਇਵੇਂ ਤੁਰਦੀ ਹੈ ਜਿਵੇਂ ਠੰਢ ਵਿਚ ਰੁਮਕਦੀ ਹੋਵੇ
ਪਹਿਰਾਵੇ ਵਿਚ ਜੋਗ ਦੀ ਝਲਕ ਹੈ
ਨਜ਼ਰਾਂ ਵਿਚ ਕੈਦ ਦੀ
ਰੇਖਾ ਚਿੱਤਰ ਲਿਖਦਿਆਂ ਮੋਹਨਜੀਤ ਬਹੁਤ ਸਾਰੇ ਸਮਕਾਲੀਨ ਵਰਤਾਰਿਆਾ ਨੂੰ ਵੀ ਆਪਣੀ ਕਵਿਤਾ ਵਿਚ ਸਹਿਜੇ ਹੀ ਚਿਤਰ ਜਾਾਦਾ | ਦੇਸ਼ ਵਿਦੇਸ਼ ਵਿਚ ਵਾਪਰਦੇ ਅਨੇਕ ਵਰਤਾਰੇ ਤੇ ਤਬਦੀਲੀਆਂ ਇਨ੍ਹਾਂ ਰੇਖਾ ਚਿੱਤਰਾਂ ਦੇ ਮਾਧਿਅਮ ਰਾਹੀਂ ਪਛਾਣੇ ਜਾ ਸਕਦੇ ਹਨ |
ਵਰਤਮਾਨ ਗਵਾਹ ਹੈ ਬੰਗਾਲ ਤੇ ਕੇਰਲ 'ਚੋਂ
ਸਗੋਂ ਸਾਰੇ ਦੇਸ਼ 'ਚੋਂ ਕਮਿਊਨਿਸਟ ਪਾਰਟੀਆਂ ਦਾ ਬੁਹਾਰਿਆ ਜਾਣਾ
ਰੂਸ ਦੇ ਕੰਧ ਟੁੱਟਣ ਦੀ ਗੱਲ ਤੁਰੀ 
ਤਾਂ ਇਕ ਧੁਰੰਧਰ ਮਾਰਕਸਵਾਦੀ ਵਿਦਵਾਨ ਨੇ ਕਿਹਾ 
ਰੂਸ ਵਿਚ ਵੀ ਕਦੋਂ ਆਇਆ ਸੀ ਸਮਾਜਵਾਦ
ਬਹੁਤ ਪ੍ਰਚਾਰ ਤੰਤਰ ਦਾ ਕਮਾਲ ਸੀ.....
ਇਸ ਤਰ੍ਹਾਂ ਇਨ੍ਹਾਂ ਰੇਖਾ ਚਿੱਤਰਾਂ ਦਾ ਕਾਵਿ-ਸੰਸਾਰ ਬਹੁਪਰਤੀ ਤੇ ਬਹੁਦਿਸ਼ਾਵੀ ਹੈ. ਇਨ੍ਹਾਂ ਵਿਚ ਮੋਹਨਜੀਤ ਦੀ ਕਵਿਤਾ ਆਪਣੇ ਪੂਰੇ ਜਲੌਅ ਵਿਚ ਰੂਪਮਾਨ ਹੈ |

—ਡਾ: ਅਮਰਜੀਤ ਕੌਾਕੇ |
c c c

ਯਾਦਾਂ ਦੇ ਪ੍ਰਛਾਵੇਂ
ਲੇਖਕ : ਇਕਬਾਲ ਖਾਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 011-23280657.

ਪਰਵਾਸੀ ਲੇਖਕ ਇਕਬਾਲ ਖਾਨ ਦੀਆਂ ਯਾਦਾਂ ਦੀ ਇਸ ਪੁਸਤਕ ਵਿਚ ਪੰਜਾਬ ਵਿਚ ਚੱਲੀ ਨਕਸਲਵਾਦੀ ਲਹਿਰ ਸਮੇਂ ਦੀਆਂ ਯਾਦਾਂ ਦੀ ਖੁੱਲ੍ਹੀ ਪਟਾਰੀ ਹੈ | 1969-1972 ਦੇ ਸਮੇਂ ਵਿਚ ਲੇਖਕ ਨੇ ਇਸ ਲਹਿਰ ਨਾਲ ਜੁੜ ਕੇ ਜੇਲ੍ਹ ਕੱਟੀ ਸੀ | ਪੁਸਤਕ ਵਿਚ ਜੇਲ੍ਹ ਦੌਰਾਨ ਹੋਏ ਤਸ਼ਦਦ ਦਾ ਜ਼ਿਕਰ ਹੈ | ਜ਼ਿੰਦਗੀ ਵਿਚ ਕੀਤਾ ਸਿਆਸੀ ਸੰਘਰਸ਼ ਹੈ | ਮੇਰਾ ਪਿੰਡ ਮੇਰਾ ਬਚਪਨ ਵਿਚ ਆਪਣੇ ਪਿੰਡ ਖਾਨ ਦਾ ਇਤਿਹਾਸਕ ਪੱਖ ਹੈ | ਲੇਖਕ ਨੂੰ ਸਿਆਸਤ ਨਾਲ ਮੋਹ ਘਰ ਵਿਚ ਪਿਤਾ ਕੋਲੋਂ ਪਿਆ, ਜੋ ਕਮਿਊਨਿਸਟ ਪਾਰਟੀ ਦੇ ਉੱਘੇ ਕਾਰਕੁਨ ਸਨ | ਘਰ ਤੋਂ ਲੱਗੀ ਸਿਆਸੀ ਜਾਗ ਕਾਰਨ ਲੇਖਕ ਨਕਸਲਵਾਦੀ ਲਹਿਰ ਨਾਲ ਜੁੜਿਆ | ਇਸ ਲਹਿਰ ਦੇ ਹੋਰ ਕਾਮਿਆਂ ਦਰਸ਼ਨ ਬਾਗੀ, ਦਰਸ਼ਨ ਖਟਕੜ, ਕਾਮਰੇਡ ਗੰਧਰਵ ਸੈਨ, ਕਾਮਰੇਡ ਬੂਝਾ ਸਿੰਘ ਨਾਲ ਰਹਿ ਕੇ ਇਨਕਲਾਬੀ ਸਾਹਿਤ ਪੜਿ੍ਹਆ ਤੇ ਇਸ ਵਿਸ਼ੇਸ਼ ਧਾਰਾ ਦਾ ਉੱਘਾ ਕਵੀ ਬਣਿਆ | 1996 ਵਿਚ ਲੇਖਕ ਵਿਦੇਸ਼ ਗਿਆ | ਸਿਆਸਤ ਦੇ ਨਾਲ ਸੱਭਿਆਚਾਰ ਸਰਗਰਮੀਆਂ ਦਾ ਪੂਰਾ ਜ਼ਿਕਰ ਕਿਤਾਬ ਵਿਚ ਹੈ | ਦਰਸ਼ਨ ਖਟਕੜ ਨਾਲ ਪਹਿਲੀ ਮੁਲਾਕਾਤ ਨੂੰ ਉਹ ਖਾਮੋਸ਼ ਮੁਲਾਕਾਤ ਕਹਿੰਦਾ ਹੈ | ਦਰਸ਼ਨ ਦੁਸਾਂਝ ਨਾਲ ਖੇਤਾਂ ਵਿਚ ਹਲ ਚਲਾਉਂਦੇ 1968 ਵਿਚ ਮੇਲ ਹੋਇਆ | ਦਰਸ਼ਨ ਦੁਸਾਂਝ ਤੇ ਲੇਖਕ 'ਤੇ ਹੋਏ ਤਸ਼ਦਦ ਦਾ ਜ਼ਿਕਰ ਪੰਨਾ 30 'ਤੇ ਪੜ੍ਹ ਕੇ ਮਨ ਪਸੀਜਿਆ ਜਾਂਦਾ ਹੈ | ਇਹ ਦੋਵੇਂ ਯੋਧੇ ਡੇਢ ਸਾਲ ਜੇਲ੍ਹ ਵਿਚ ਇਕੱਠੇ ਰਹੇ | ਪੁਲਿਸ ਅਫ਼ਸਰਾਂ ਨਾਲ ਲੇਖਕ ਦੇ ਸਵਾਲ-ਜਵਾਬ ਪੜ੍ਹ ਕੇ ਲੇਖਕ ਦੀ ਉਸਾਰੂ ਮਾਨਸਿਕਤਾ ਦੇ ਦੀਦਾਰ ਹੁੰਦੇ ਹਨ | ਸ਼ਾਇਰ ਸੰਤ ਰਾਮ ਉਦਾਸੀ, ਕਵੀ ਪਾਸ਼ ਦੀਆਂ ਯਾਦਾਂ ਤੇ ਹੋਰ ਬਹੁਤ ਕੁਝ ਪੁਸਤਕ ਵਿਚ ਹੈ | ਪਾਸ਼ ਦਾ ਨਾਮਕਰਨ, ਦਰਸ਼ਨ ਦੁਸਾਂਝ ਨਾਲ ਜੱਫੀ ਪਾ ਕੇ ਇਕੱਠੇ ਮਰਨ ਦਾ ਕਰਾਰ, ਇਕਬਾਲ ਅਰਪਨ ਦਾ ਨਾਨਕ ਪੰਥੀ ਸਮਾਜਵਾਦੀ ਸਿਧਾਂਤ, ਸਤਨਾਮ ਸਿੰਘ ਢਾਅ ਦੀ ਲੇਖਕ ਨਾਲ ਲੰਮੀ ਮੁਲਾਕਾਤ ਪੜ੍ਹਨ ਵਾਲੀ ਹੈ | ਪੁਸਤਕ ਦੀ ਸ਼ਾਨਦਾਰ ਦਿੱਖ ਵਿਚ ਲੇਖਕ ਦਾ ਸੰਘਰਸ਼ਵਾਦੀ ਤੇ ਇਨਕਲਾਬੀ ਬਿੰਬ ਉੱਭਰਦਾ ਹੈ |

—ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
c c c 

12-10-2019

 ਪੂੰਜੀਵਾਦ ਦੀ ਏ ਬੀ ਸੀ
ਲੇਖਕ : ਵਿਵੇਕ ਛਿੱਬੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 112
ਸੰਪਰਕ : 78377-18723.

1991 ਦੇ ਆਸ-ਪਾਸ ਰੂਸ ਵਿਚ ਸਮਾਜਵਾਦੀ/ਮਾਰਕਸਵਾਦੀ ਸੱਤਾ ਦੇ ਖਿੰਡਾਅ ਤੇ ਕਮਜ਼ੋਰੀ ਨੇ ਵਿਸ਼ਵ ਪੱਧਰ 'ਤੇ ਮਨੁੱਖ ਜਾਤੀ ਨੂੰ ਉਲਾਰ ਇਕ ਧਰੁਵੀ ਸੰਸਾਰ ਦੇ ਰਹਿਮੋ ਕਰਮ ਦੇ ਹਵਾਲੇ ਕਰ ਦਿੱਤਾ ਹੈ। ਨਿਰਵਿਰੋਧ ਪੂੰਜੀਵਾਦੀ ਸੱਤਾ ਦੀ ਜਕੜ ਮਜ਼ਬੂਤ ਹੋਈ ਹੈ ਅਤੇ ਆਮ ਆਦਮੀ ਨਿਹੱਥਾ, ਬੇਵੱਸ ਤੇ ਨਿਰਾਸ਼ ਹੋਇਆ ਹੈ। ਨਿਰਵਿਰੋਧ ਸੱਤਾ ਕਿਸੇ ਵੀ ਦੇਸ਼/ਕਾਲ ਲਈ ਘਾਤਕ ਹੁੰਦੀ ਹੈ। ਸਾਨੂੰ ਚਾਹੀਦਾ ਹੈ ਕਿ ਇਸ ਪ੍ਰਕਿਰਿਆ ਨੂੰ ਤੇਜ਼/ਪ੍ਰਚੰਡ ਕਰਨ ਵਿਚ ਮਦਦ ਕਰੀਏ। ਪੂੰਜੀਵਾਦ/ਲੋਕਤੰਤਰ ਦੀਆਂ ਕੁਟਲ ਚਾਲਾਂ ਕਾਰਨ ਅਜਿਹਾ ਹੋਣ ਵਿਚ ਰੁਕਾਵਟ ਹੀ ਨਹੀਂ ਪਈ, ਆਏ ਇਨਕਲਾਬ ਵੀ ਕੁਰਾਹੇ ਪੈ ਕੇ ਅਸਫਲ ਹੋ ਗਏ ਹਨ। ਮਾਰਕਸੀ ਬੁੱਧੀਜੀਵੀ ਇਸ ਸਥਿਤੀ ਨਾਲ ਨਿਬੜਣ ਲਈ ਪਰੰਪਰਾਗਤ ਮਾਰਕਸੀ ਚਿੰਤਨ ਦੀ ਨਵੀਂ ਵਿਆਖਿਆ ਲਈ ਯਤਨਸ਼ੀਲ ਹਨ। ਇਸ ਪੁਸਤਕ ਵਿਚ ਨਵੀਂ ਵਿਆਖਿਆ ਤਾਂ ਨਹੀਂ ਪਰ ਪਰੰਪਰਾਗਤ ਮਾਰਕਸਵਾਦ ਦੇ ਪ੍ਰਸੰਗ ਵਿਚ ਪੂੰਜੀਵਾਦ ਦੀ ਏ ਬੀ ਸੀ ਭਾਵ ਮੂਲ ਸਿਧਾਂਤ ਅਤਿ ਸਰਲ ਰੂਪ ਵਿਚ ਪੇਸ਼ ਹੈ।
ਪੁਸਤਕ ਦਾ ਲੇਖਕ ਵਿਵੇਕ ਛਿੱਬੜ ਨਿਊਯਾਰਕ ਯੂਨੀਵਰਸਿਟੀ ਵਿਚ ਸਮਾਜ ਵਿਗਿਆਨ ਦਾ ਪ੍ਰੋਫੈਸਰ ਹੈ ਪਰ ਫਿਰ ਵੀ ਉਹ ਸਰਲ ਸੁਹਿਰਦ ਜ਼ਬਾਨ ਵਿਚ ਇਸ ਮਸਲੇ ਦੀ ਵਿਆਖਿਆ ਕਰਦਾ ਹੈ। ਉਸ ਦੇ ਨੁਕਤੇ ਸੰਖੇਪ ਵਿਚ ਇਹ ਹਨ : ਸਮਾਜਵਾਦ ਮੁੜ ਚਰਚਾ ਵਿਚ ਹੈ ਤੇ ਗੂਗਲ ਉੱਤੇ ਸਭ ਤੋਂ ਵੱਧ ਖੋਜਿਆ ਗਿਆ ਸੰਕੇਤ ਹੈ। ਪੂੰਜੀਵਾਦੀ ਵਿਵਸਥਾ ਵਿਚ ਮਜ਼ਦੂਰ ਕਿਰਤ ਵੇਚਣ ਲਈ ਮਜਬੂਰ ਹੈ। ਪੂੰਜੀਪਤੀ ਕਿਰਤ ਖਰੀਦਦਾ ਹੈ।
ਉਹ ਆਪਣੇ ਲਾਭ ਨੂੰ ਵਧਾਉਣ ਲਈ ਮਜ਼ਦੂਰ ਨੂੰ ਘੱਟ ਤੋਂ ਘੱਟ ਮਜ਼ਦੂਰੀ ਦੇ ਕੇ ਵੱਧ ਤੋਂ ਵੱਧ ਕੰਮ ਕਰਵਾਉਂਦਾ ਹੈ। ਮਜ਼ਦੂਰ ਮਜਬੂਰੀ ਕਾਰਨ ਸ਼ੋਸ਼ਿਤ ਹੁੰਦਾ ਹੈ। ਇਕੱਲੇ-ਦੁਕੱਲੇ ਮਜ਼ਦੂਰ ਨੂੰ ਸ਼ੋਸ਼ਿਤ ਕਰਨਾ ਸੰਭਵ ਹੈ। ਕ੍ਰਾਂਤੀਕਾਰੀ ਪਰਿਵਰਤਨ ਲਈ ਮਜ਼ਦੂਰਾਂ ਨੂੰ ਵਿਆਪਕ ਪੱਧਰ 'ਤੇ ਸੰਗਠਿਤ ਹੋਣ ਦੀ ਲੋੜ ਹੈ। ਉਨ੍ਹਾਂ ਦੀਆਂ ਯੂਨੀਅਨਾਂ ਮਜ਼ਬੂਤ ਕਰ ਕੇ ਹੀ ਸੱਤਾ ਨੂੰ ਅਮੀਰਾਂ ਦੇ ਹਿਤਾਂ ਉੱਤੇ ਕੇਂਦਰਿਤ ਹੋਣ ਤੋਂ ਰੋਕਣਾ ਸੰਭਵ ਹੈ। ਅਮੀਰ ਸੱਤਾ ਨੂੰ ਖਰੀਦ ਕੇ ਪੂੰਜੀ ਦੇ ਜ਼ੋਰ ਨਾਲ ਪ੍ਰਭਾਵਿਤ ਕਰਦੇ ਹਨ। ਪੂੰਜੀਪਤੀ ਮਜ਼ਦੂਰ ਸੰਗਠਨਾਂ, ਉਨ੍ਹਾਂ ਦੇ ਸਮਰਥਕਾਂ ਨੂੰ ਕਮਜ਼ੋਰ ਕਰਦੇ ਹਨ। ਸਾਡੇ ਦੇਸ਼ ਵਿਚ ਇਹੀ ਹੋ ਰਿਹਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਜ਼ੀਲ ਦੀ ਕਾਵਿ ਵਿਲੱਖਣਤਾ
ਸੰਪਾਦਕ : ਜਗਦੀਪ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 82838-26876.

'ਜ਼ੀਲ' (2017) ਪ੍ਰਸਿੱਧ ਪੰਜਾਬੀ ਕਵੀ, ਨਾਵਲਕਾਰ, ਅਨੁਵਾਦਕ ਅਤੇ ਚਿੰਤਕ ਡਾ: ਮਨਮੋਹਨ ਦਾ ਨੌਵਾਂ ਕਾਵਿ ਸੰਗ੍ਰਹਿ ਹੈ। ਮਨਮੋਹਨ ਭਾਰਤੀ ਪੁਲਿਸ ਸੇਵਾਵਾਂ ਵਿਚ ਇਕ ਆਲ੍ਹਾ ਅਫਸਰ ਹੈ ਅਤੇ ਉਹ ਆਪਣੀ ਚੜ੍ਹਦੀ ਜਵਾਨੀ ਦੇ ਸਮੇਂ ਤੋਂ ਹੀ ਕਾਵਿ ਸਿਰਜਣਾ ਨਾਲ ਜੁੜਿਆ ਰਿਹਾ ਹੈ। ਉਸ ਦਾ ਪਿਛੋਕੜ ਪੰਜਾਬ ਦੇ ਸਭ ਤੋਂ ਪ੍ਰਸਿੱਧ ਅਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਹੈ। 'ਅੰਮ੍ਰਿਤਸਰ' ਦਾ ਸਿਮਰਨ ਕਰਦਾ ਹੋਇਆ ਉਹ ਲਿਖਦਾ ਹੈ :
ਅਜੀਬ ਸ਼ਹਿਰ ਅੰਮ੍ਰਿਤਸਰ
ਕਥਾ ਕਹਾਣੀਆਂ 'ਚ ਜਿਊਂਦੈ
ਸਿਮਰਤੀਆਂ 'ਚ ਧੜਕਦਾ
ਅਸਲ ਜ਼ਿੰਦਗੀ 'ਚ ਗ਼ੈਰ-ਹਾਜ਼ਰ...
ਪਰ ਹੁਣ ਕੀ ਹੈ ਵਰਤਮਾਨ 'ਚ
ਸੋਚ ਰਿਹਾਂ ਜਾਣ ਬੁੱਝ ਹੀ ਜਾ ਵੱਜਾਂ
ਕਿਸੇ 'ਚ! ਕੁਝ ਤਾਂ ਮਿਲੂ ਸੁਣਨ ਨੂੰ।
'ਜ਼ੀਲ' ਤੰਤੀ ਸਾਜ਼ਾਂ ਦੀ ਸਭ ਤੋਂ ਉਪਰਲੀ ਤਾਰ ਦਾ ਨਾਂਅ ਹੈ, ਜਿਸ ਵਿਚੋਂ ਪੰਚਮ ਸੁਰ ਨਿਕਲਦਾ ਹੈ। ਵਾਰਿਸ਼ ਸ਼ਾਹ ਇਸ ਤਾਰ ਦਾ ਉਲੇਖ ਕਰਦਾ ਹੋਇਆ ਲਿਖਦਾ ਹੈ : 'ਇਸ਼ਕ ਬੋਲਦਾ ਨੱਢੀ ਦੇ ਥਾਉਂ ਥਾਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿਚੋਂ। ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿਚੋਂ।' 'ਜ਼ੀਲ' ਸੰਗ੍ਰਹਿ ਵਿਚ ਸੰਕਲਿਤ 64 ਕਵਿਤਾਵਾਂ ਬਾਰੇ ਇਸ ਆਲੋਚਨਾਤਮਕ ਪੁਸਤਕ ਵਿਚ 14 ਲੇਖ ਸ਼ਾਮਿਲ ਹਨ। ਹਰ ਆਲੋਚਕ ਨੇ ਆਪਣੀ-ਆਪਣੀ ਦ੍ਰਿਸ਼ਟੀ ਅਤੇ ਕਾਵਿ-ਸ਼ਾਸਤਰੀ ਪੈਮਾਨਿਆਂ ਨਾਲ ਜ਼ੀਲ-ਕਾਵਿ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਚੰਡੀਗੜ੍ਹ ਵਿਚ ਲਿਖੀਆਂ ਗਈਆਂ ਹਨ। ਕਵੀ ਆਪਣੇ ਰਚਨਾਤਮਕ ਜੀਵਨ ਦਾ ਬਹੁਤਾ ਸਮਾਂ ਆਪਣੇ ਆਪ ਨਾਲ ਇਕੱਲਾ ਰਿਹਾ ਹੈ। ਇਸੇ ਕਾਰਨ 'ਆਤਮ' ਨਾਲ ਉਸ ਦੀ ਬਹੁਤ ਗੂੜ੍ਹੀ ਪਛਾਣ ਹੋ ਗਈ ਹੈ। ਉਸ ਦਾ ਵਿਚਾਰ ਹੈ : 'ਬੋਲੋ, ਕੁਝ ਵੀ ਕਹੋ! ਹਰ ਸਥਿਤੀ ਬਾਰੇ ਆਪਣਾ ਪ੍ਰਤੀਕਰਮ ਦਿਉ। ਇਸੇ ਵਿਚ ਮਨੁੱਖੀ ਜੀਵਨ ਦੀ ਪ੍ਰਮਾਣਿਕਤਾ ਛਿਪੀ ਹੋਈ ਹੈ। ਸਾਨੂੰ ਮੱਧ ਸ਼੍ਰੇਣਿਕ ਡਰਪੋਕ ਲੋਕਾਂ ਨੂੰ ਉਸ ਤੋਂ ਪ੍ਰੇਰਨਾ/ਉਤਸ਼ਾਹ ਲੈਣਾ ਚਾਹੀਦਾ ਹੈ।'
ਇਹ ਪੁਸਤਕ ਜ਼ੀਲ-ਕਾਵਿ ਦੀਆਂ ਖੂਬੀਆਂ ਤਾਂ ਦੱਸਦੀ ਹੈ ਪਰ ਇਹ 'ਜ਼ੀਲ' ਦਾ ਬਦਲ ਨਹੀਂ ਹੈ। ਪਾਠਕਾਂ ਨੂੰ ਚਾਹੀਦਾ ਹੈ ਕਿ ਉਹ 'ਜ਼ੀਲ' ਪੁਸਤਕ ਨੂੰ ਪੜ੍ਹਨ, ਪੜ੍ਹਦੇ ਰਹਿਣ ਅਤੇ ਇਸ ਅਮਲ ਵਿਚ ਉਹ ਮਨਮੋਹਨ ਦੇ ਨਾਲ-ਨਾਲ ਆਪਣੇ-ਆਪ ਨੂੰ ਵੀ ਪੜ੍ਹ ਰਹੇ ਹੋਣਗੇ। ਦੋ ਪੜ੍ਹਤਾਂ ਇਕੱਠੀਆਂ, ਇਕੋ ਸਮੇਂ ਮਾਣੀਆਂ ਜਾ ਸਕਣਗੀਆਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸੱਚ ਦੀ ਧੀ
ਨਾਵਲਕਾਰ : ਰੁਸ਼ਪਾਲ ਕੌਰ ਸਿੱਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 256
ਸੰਪਰਕ : 99151-03490.

'ਸੱਚ ਦੀ ਧੀ' ਰੁਸ਼ਪਾਲ ਕੌਰ ਸਿੱਧੂ ਦਾ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਨੂੰਹ-ਸੱਸ ਦੇ ਪਰੰਪਰਕ ਨੋਕ-ਝੋਕ ਅਤੇ ਅਣਸੁਖਾਵੇਂ ਰਿਸ਼ਤੇ ਨੂੰ ਨਿੱਘ ਅਤੇ ਅਪਣੱਤ ਦੇ ਨਜ਼ਰੀਏ ਤੋਂ ਪੇਸ਼ ਕਰਨ ਦਾ ਯਤਨ ਕੀਤਾ ਹੈ, ਜਿਥੇ ਨੂੰਹ ਸੱਸ, ਨੂੰਹ ਸੱਸ ਦੀ ਬਜਾਇ ਮਾਵਾਂ-ਧੀਆਂ ਬਣ ਕੇ ਰਹਿੰਦੀਆਂ ਹਨ। ਨਾਵਲ ਵਿਚਲੀਆਂ ਦੋ ਪਾਤਰ ਬਚਨ ਕੌਰ ਸੱਸ ਅਤੇ ਮਾਨੋ ਨੂੰਹ ਸਮਾਜਿਕ ਤੌਰ 'ਤੇ ਭਾਵੇਂ ਨੂੰਹ-ਸੱਸ ਦੇ ਰਿਸ਼ਤੇ ਵਿਚ ਬੱਝੀਆਂ ਹਨ ਪਰ ਇਨ੍ਹਾਂ ਦਾ ਇਹ ਰਿਸ਼ਤਾ ਏਨਾ ਸੁਖਾਵਾਂ ਅਤੇ ਆਦਰਸ਼ਕ ਰੂਪ ਵਿਚ ਪੇਸ਼ ਹੋਇਆ ਹੈ ਕਿ ਸਾਡੇ ਸਮਾਜ ਲਈ ਆਦਰਸ਼ਕ ਰਿਸ਼ਤਾ ਹੋ ਨਿਬੜਦਾ ਹੈ। ਇਹ ਨੂੰਹ-ਸੱਸ ਜਿਥੇ ਪਿਆਰ ਮੁਹੱਬਤੀ ਪਲਾਂ ਨੂੰ ਨਾਵਲ ਦੇ ਪੂਰੇ ਕਥਾਨਕ ਵਿਚ ਮਾਣਦੀਆਂ ਹਨ, ਉਥੇ ਦੁਨੀਆ ਤੋਂ ਵਿਦਾ ਵੀ ਅੱਗੜ-ਪਿੱਛੜ ਹੀ ਹੁੰਦੀਆਂ ਹਨ। ਮਾਨੋ ਦੀ ਮੌਤ ਤੋਂ ਬਾਅਦ ਬਚਨ ਕੌਰ ਵੀ ਸਦਮਾ ਨਾ ਸਹਾਰਦੀ ਹੋਈ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੰਦੀ ਹੈ। ਨਾਵਲ ਵਿਚ ਪੰਜਾਬ ਦੀ ਪੇਂਡੂ ਰਹਿਤਲ ਅਤੇ ਪਰੰਪਰਕ ਰਹਿਣੀ-ਬਹਿਣੀ ਨੂੰ ਲੋਕਯਾਨਕ ਰੰਗਣ ਵਿਚ ਪੇਸ਼ ਕੀਤਾ ਗਿਆ ਹੈ। ਵਿਸ਼ੇਸ਼ ਕਰਕੇ ਪੰਜਾਬ ਦੇ ਪੇਂਡੂ ਵਿਆਹ ਦੇ ਦ੍ਰਿਸ਼ ਅਤੇ ਲੋਕ ਗੀਤਾਂ ਦੀਆਂ ਧੁਨਾਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਦੀਆਂ ਹਨ। ਤੀਆਂ ਦੇ ਤਿਉਹਾਰ ਅਤੇ ਪਿੰਡਾਂ ਵਿਚ ਪੈਂਦੀ ਧਮਾਲ ਦੇ ਚਿੱਤਰ ਵੀ ਬਿਰਤਾਂਤਕ ਤੌਰ ਨੂੰ ਹੋਰ ਗਹਿਨ ਰੂਪ ਵਿਚ ਪੇਸ਼ ਕਰਦੇ ਹਨ। ਨਾਵਲੀ ਬਿਰਤਾਂਤ ਭਾਵੇਂ ਪਰਿਵਾਰਕ ਕਹਾਣੀ ਨੂੰ ਹੀ ਪੇਸ਼ ਕਰਦਾ ਹੈ ਪਰ ਸਮਾਜ ਸੱਭਿਆਚਾਰ ਦੇ ਪਰੰਪਰਕ ਰੰਗ ਵਿਚ ਰੰਗਿਆ ਵਾਤਾਵਰਨ ਪਾਠਕ ਹੋਰ ਵੀ ਪ੍ਰਭਾਵਿਤ ਕਰਦਾ ਹੈ। ਹੂ-ਬਹੂ ਲੋਕ ਗੀਤਾਂ ਦੀਆਂ ਟੂਕਾਂ ਨਾਵਲੀ ਬਿਰਤਾਂਤੀ ਨੂੰ ਵਿਸ਼ੇਸ਼ ਰੂਪ ਵਿਚ ਗਤੀਸ਼ੀਲ ਕਰਦੀਆਂ ਹਨ। ਇਕਹਿਰੇ ਬਿਰਤਾਂਤਕ ਸੰਗਠਨ ਵਾਲਾ ਇਹ ਨਾਵਲ ਆਮ ਪਾਠਕ ਨੂੰ ਪ੍ਰਭਾਵਿਤ ਕਰਨ ਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸ਼ਾਨ ਪੰਜਾਬੀਆਂ ਦੀ
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਗਰੇਸੀਅਸ ਬੁੱਕਸ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053.

ਇਸ ਪੁਸਤਕ ਵਿਚ ਪੰਜਾਬੀ ਸੱਭਿਆਚਾਰ ਨਾਲ ਜੁੜੇ ਗੀਤ ਅੰਕਿਤ ਹਨ। ਪੁਸਤਕ ਦੀ ਛਪਾਈ ਬੜੀ ਹੀ ਖੂਬਸੂਰਤ ਹੈ ਅਤੇ ਹਰੇਕ ਸਫ਼ੇ ਨੂੰ ਫੁੱਲ ਪੱਤੀਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਗਿਆ ਹੈ। ਸੱਭਿਆਚਾਰਕ ਗੀਤਾਂ ਵਿਚ ਗੀਤਕਾਰ ਸ਼ਲੀਨਤਾ ਦਾ ਪੱਲਾ ਨਹੀਂ ਛੱਡਦਾ ਅਤੇ ਲੱਚਰਤਾ ਨੂੰ ਨਜ਼ਦੀਕ ਨਹੀਂ ਢੁਕਣ ਦਿੰਦਾ। ਉਪਰੋਕਤ ਵਰਨਣ ਤੋਂ ਇਹ ਭਲੀ-ਭਾਂਤ ਜ਼ਾਹਰ ਹੋ ਜਾਂਦਾ ਹੈ ਕਿ ਗੀਤਕਾਰ ਸਟੇਜ ਰੁਮਾਨੀਅਤ ਅਤੇ ਧਾਰਮਿਕ ਗੀਤਕਾਰੀ ਨਾਲ ਜੁੜਿਆ ਹੋਇਆ ਹੈ। ਇਸ ਗੀਤਕਾਰੀ ਦੀ ਸੀਮਾ ਰੇਖਾ ਤੱਕ ਤਾਂ ਠੀਕ ਹੈ ਪਰ ਜੇ ਇਸ ਰੁਮਾਨੀਅਤ ਨੂੰ ਤਿਲਾਂਜਲੀ ਦੇ ਕੇ ਕੰਨ ਰਸ ਵਾਲੀ ਅਤੇ ਵੱਖਰੇ ਪਾਠਕ ਵਰਗ ਵਾਲੀ ਗੀਤਕਾਰੀ ਦੀ ਰਾਮ ਕਾਰ ਉਲੰਘਣੀ ਹੈ ਅਤੇ ਸਾਹਿਤਕ ਵਰਗ ਵਿਚ ਆਪਣੀ ਪਛਾਣ ਬਣਾਉਣੀ ਹੈ ਤਾਂ ਇਸ ਗੀਤਕਾਰ ਨੂੰ ਦਰਪੇਸ਼ ਸਮਾਜਿਕ ਸਥਿਤੀਆਂ ਨੂੰ ਸਮਝਣ ਅਤੇ ਉਸ ਦੇ ਕਲਾਤਮਕ ਪ੍ਰਗਟਾਵੇ ਦੀ ਸਮਕਾਲੀ ਪ੍ਰਬੁੱਧਤਾ ਦੇ ਲੜ ਲੱਗਣਾ ਪਏਗਾ। ਇਹ ਕੋਈ ਹਦਾਇਤ ਨਹੀਂ ਸਿਰਫ ਸੁਝਾਅ ਹੈ। ਇਹ ਦੇਖਣਾ ਹੁਣ ਸ਼ਾਇਰ ਦਾ ਕੰਮ ਹੈ ਕਿ ਉਸ ਨੇ ਪਹਿਲੇ ਰਸਤੇ 'ਤੇ ਚਲਣਾ ਹੈ ਜਾਂ ਸਾਹਿਤਕ ਪਗਡੰਡੀ ਦਾ ਰਸਤਾ ਅਖ਼ਤਿਆਰ ਕਰਨਾ ਹੈ।

ਂਭਗਵਾਨ ਢਿੱਲੋਂ
ਮੋ: 98143-78254.
ਫ ਫ ਫ

ਹਾਇਕੂ-ਏ-ਮਣਕੇ
ਲੇਖਕ : ਚੌਧਰੀ ਅਮੀ ਚੰਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 94640-29540.

ਚੌਧਰੀ ਅਮੀਂ ਚੰਦ ਅਧਿਆਪਨ ਅਤੇ ਅਧਿਆਪਨ ਪ੍ਰਸ਼ਾਸਕੀ ਅਮਲ ਨਾਲ ਜੁੜੇ ਹੋਏ ਵਿਅਕਤੀ ਪੰਜਾਬੀ ਕਾਵਿ-ਜਗਤ ਨਾਲ ਵੀ ਡੂੰਘੀ ਤਰ੍ਹਾਂ ਜੁੜੇ ਹੋਏ ਹਨ। 'ਹਾਇਕੂ-ਏ-ਮਣਕੇ' ਉਨ੍ਹਾਂ ਦਾ ਛੇਵਾਂ ਕਾਵਿ ਸੰਗ੍ਰਹਿ ਹੈ। ਇਸ ਕਾਵਿ ਪੁਸਤਕ ਵਿਚ ਹਾਇਕੂ (ੳ ਤੋਂ ੜ) ਤਾਂਕਾਂ (ੳ ਤੋਂ ੜ) ਵਰਣਮਾਲਾ ਦੇ ਅਨੁਸਾਰ ਸ਼ਾਮਿਲ ਕੀਤੇ ਹਨ। ਇਨ੍ਹਾਂ ਹਾਇਕੂਆਂ ਵਿਚ ਪ੍ਰਮੁੱਖਤਾ ਅਧਿਆਤਮਿਕ ਚਿੰਤਨ, ਸਮਾਜਿਕ ਚਿੰਤਨ ਨੂੰ ਦਿੱਤੀ ਗਈ ਹੈ। ਉਸਤਤ ਕਰੋ, ਅਲੰਕਾਰ, ਈਸ਼ਵਰ, ਜੀਵ-ਜੰਤੂ, ਝਗੜਾ, ਕਾਇਆ, ਪਤੰਗ, ਪਰਮੇਸ਼ਵਰ, ਛੱਲ-ਕਪਟ, ਡਰ, ਰੱਬ ਅਤੇ ਅਨੇਕਾਂ ਉਨਵਾਨਾਂ ਤਹਿਤ ਮਨੁੱਖੀ ਜ਼ਿੰਦਗੀ ਦੇ ਅਨੇਕਾਂ ਪਹਿਲੂਆਂ ਜਨਮ, ਮੌਤ, ਸਬੰਧ, ਸਾਕਾਚਾਰੀ, ਰਿਸ਼ਤੇਦਾਰੀ, ਮਨ, ਤਨ, ਰਿਸ਼ਤੇ-ਨਾਤੇ, ਭਰਮ ਆਦਿ ਅਨੇਕਾਂ ਵਿਸ਼ਿਆਂ ਨੂੰ ਸਮੇਟਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ਦੇ ਆਰੰਭ ਵਿਚ ਪਰਿਭਾਸ਼ਕ ਸ਼ਬਦਾਵਲੀ ਵੀ ਦਿੱਤੀ ਗਈ ਹੈ ਜੋ ਇਨ੍ਹਾਂ ਵਿਚ ਸ਼ਾਮਿਲ ਹਾਇਕੂਆਂ ਦੀ ਸਮੱਗਰੀ ਨੂੰ ਸਮਝਣ ਵਿਚ ਸਹਾਇਕ ਹੁੰਦੀ ਹੈ। ਹਾਇਕੂਆਂ ਦੀ ਬਣਤਰ ਵਰਣਾਂ ਅਨੁਸਾਰ 5, 7, 5 ਦੀ ਹੈ, ਜਦ ਕਿ ਤਾਂਕਾਂ ਦੀ ਬਣਤਰ 5, 7, 5, 7, 7 ਦੀ ਹੈ। ਅਕਾਲ ਪੁਰਖ ਦੀ ਵਿਆਖਿਆ, ਗੁਰਬਾਣੀ ਦੇ ਆਸ਼ੇ ਅਨੁਸਾਰ ਹੀ ਥਾਂ-ਪੁਰ-ਥਾਂ ਕੀਤੀ ਮਿਲਦੀ ਹੈ :
ਉਹੀ ਹੈ ਪਿਤਾ
ਉਹੀ ਮਾਤਾ ਤੇ ਪਿਤਾ
ਉਹੀ ਅਜੂਨੀ
ਉਹੀ ਪਰਮਾਤਮਾ
ਉਹੀ ਆਦਿ ਜੁਗਾਦ।
ਉਪਰੋਕਤ 'ਆਦਿ-ਪੁਰਖ' ਧੁਨੀ ਇਨ੍ਹਾਂ ਹਾਇਕੂਆਂ ਵਿਚ ਥਾਂ-ਪੁਰ-ਥਾਂ ਵਿਦਮਾਨ ਹੈ। ਇਸ ਕਾਵਿ ਵਿਧਾ 'ਚ ਥੋੜ੍ਹੇ ਸ਼ਬਦਾਂ 'ਚ ਕੁੱਜੇ 'ਚ ਸਮੁੰਦਰ ਬੰਦ ਕਰਨ ਦੀ ਮੁਹਾਰਤ ਆਉਂਦੀ ਹੈ। ਦ੍ਰਿਸ਼ ਸਿਰਜਣਾ ਇਸ ਵਿਧਾ ਦਾ ਇਕ ਹੋਰ ਅਨੋਖਾ ਅਮਲ ਹੈ। ਪਰਤ-ਦਰ-ਪਰਤ, ਕਾਵਿਕ ਮੰਜਰ ਪਾਠਕ ਸਾਹਵੇਂ ਦਿਖਾਈ ਦਿੰਦੇ ਹਨ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਮਾਵਾਂ ਧੀਆਂ ਜਦ ਬਹਿੰਦੀਆਂ
ਗੀਤਕਾਰ : ਹਰਦਿਆਲ ਸਿੰਘ 'ਚੀਮਾ'
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 95011-45039.

ਕਵੀ ਤੇ ਗੀਤਕਾਰ ਹਰਦਿਆਲ ਸਿੰਘ ਚੀਮਾ 'ਵਹਿਣੀਵਾਲ' 14ਵੀਂ ਪੁਸਤਕ 'ਮਾਵਾਂ ਧੀਆਂ ਜਦ ਬਹਿੰਦੀਆਂ' (ਗੀਤ ਸੰਗ੍ਰਹਿ) ਨਾਲ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਇਨ੍ਹਾਂ 49 ਗੀਤਾਂ ਨੂੰ ਪੜ੍ਹਨ ਉਪਰੰਤ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਗੀਤਕਾਰ ਮਾਂ, ਮਾਂ-ਧੀ, ਸੱਸ-ਨੂੰਹ, ਭੈਣ-ਭਰਾ, ਨਾਨੀਆਂ-ਦਾਦੀਆਂ ਆਦਿ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ, ਸਤਕਾਰਿਤ, ਮਾਰਗਦਰਸ਼ਕ, ਭਾਵਨਾਤਮਕ ਅਤੇ ਸਿਹਤਮੰਦ ਸਮਾਜ ਲਈ ਬਹੁਤ ਹੀ ਜ਼ਰੂਰੀ ਸਮਝਦਾ ਹੈ। ਇਨ੍ਹਾਂ ਗੀਤਾਂ ਵਿਚ ਮਾਂ ਤੇ ਧੀ ਦਾ ਵਿਛੋੜਾ ਮਾਪੇ ਤੇ ਪਰਦੇਸਣਾਂ ਧੀਆਂ, ਕੰਨਿਆ ਭਰੂਣ ਹੱਤਿਆ, ਦਾਜ ਦੀ ਬੁਰਾਈ, ਔਰਤ 'ਤੇ ਘਰੇਲੂ ਤਸ਼ੱਦਦ, ਧੀਆਂ-ਭੈਣਾਂ, ਪੋਤੀਆਂ-ਦੋਹਤੀਆਂ ਦਾ ਪਿਆਰ, ਸਮਾਜ ਵਿਚ ਫੈਲਿਆ ਜਾਤ-ਪਾਤ, ਛੂਆ-ਛੂਤ, ਵਹਿਮ-ਭਰਮ ਆਦਿ 'ਤੇ ਤਿੱਖੇ ਵਿਅੰਗ ਕੀਤੇ ਹਨ। ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਵਿਚ ਜੀਜਾ-ਸਾਲੀ ਅਤੇ ਦਿਉਰ-ਭਰਜਾਈ ਵਿਚਲੇ ਪਵਿੱਤਰ ਪਰ ਨਾਜ਼ੁਕ ਰਿਸ਼ਤਿਆਂ ਦੇ ਪਿਆਰ, ਮਜ਼ਾਕ, ਨਹੋਰੇ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਉਂਜ ਇਹ ਸਾਰੇ ਵਿਸ਼ੇ ਕਿਸੇ ਵੀ ਪੰਜਾਬੀ ਗੀਤਕਾਰ ਲਈ ਹਰਮਨ-ਪਿਆਰੇ ਵਿਸ਼ੇ ਹਨ ਪਰ ਇਨ੍ਹਾਂ ਦਾ ਨਿਭਾਅ ਅਤੇ ਪੇਸ਼ਕਾਰੀ ਇਨ੍ਹਾਂ ਨੂੰ ਨਿਵੇਕਲਾ ਰੰਗ ਪ੍ਰਦਾਨ ਕਰਦੀ ਹੈ।
ਗੀਤਕਾਰ ਹਰਦਿਆਲ ਸਿੰਘ ਚੀਮਾ ਵਿਦੇਸ਼ੀ ਧਰਤੀ 'ਤੇ ਬੈਠ ਕੇ ਵੀ ਪੰਜਾਬੀ ਸੱਭਿਆਚਾਰ ਦੇ ਮੋਢੀ ਇਨ੍ਹਾਂ ਰਿਸ਼ਤਿਆਂ ਅਤੇ ਮਾਂ-ਬੋਲੀ ਪੰਜਾਬੀ ਲਈ ਗੀਤਾਂ ਰਾਹੀਂ ਹਾਅ ਦਾ ਨਾਅਰਾ ਲਾ ਰਿਹਾ ਹੈ। ਗੀਤਕਾਰ ਚੀਮਾ ਦੇ ਕਈ ਗੀਤਾਂ ਨੂੰ ਨਾਮਵਰ ਗਾਇਕਾਂ ਨੇ ਆਪਣੇ ਸੁਰ ਕੰਠ ਰਾਹੀਂ ਪੇਸ਼ ਕਰ ਕੇ ਹਰਮਨ-ਪਿਆਰਾ ਬਣਾਇਆ ਹੈ ਤੇ ਵੱਡੀ ਗਿਣਤੀ ਵਿਚ ਸਰੋਤਿਆਂ ਤੇ ਪਾਠਕਾਂ ਵਲੋਂ ਪਸੰਦ ਕੀਤੇ ਗਏ ਹਨ। ਜਦੋਂ ਇਹ ਲਿਖਦਾ ਹੈ :
'ਵੀਰਾਂ ਦਾ ਮਾਣ ਨੇ ਧੀਆਂ, ਵਿਹੜੇ ਦੀ ਸ਼ਾਨ ਨੇ ਧੀਆਂ
ਪੁੱਤਰਾਂ ਨਾਲੋਂ ਨੱਬੇ ਫ਼ੀਸਦੀ, ਹੁੰਦੀਆਂ ਸਿਆਣੀਆਂ
ਮਾਪਿਆਂ ਦਾ ਦਰਦ ਵੰਡਾਵਣ, ਧੀਆਂ ਧਿਆਣੀਆਂ।'
ਤਾਂ ਉਸ ਦਾ ਧੀਆਂ ਪ੍ਰਤੀ ਹੇਜ ਉੱਭਰ ਕੇ ਸਾਹਮਣੇ ਆਉਂਦਾ ਹੈ। ਨਵੇਂ ਨਰੋਏ ਅਤੇ ਸਾਫ਼-ਸੁਥਰੇ ਗੀਤਾਂ ਦੀ ਅੱਜ ਪੰਜਾਬੀ ਸੱਭਿਆਚਾਰ ਨੂੰ ਬਹੁਤ ਲੋੜ ਹੈ।

ਂਡਾ: ਧਰਮ ਪਾਲ ਸਾਹਿਲ
ਮੋ: 98761-56964.
ਫ ਫ ਫ

ਸੋਚ ਦਾ ਸਾਗਰ
ਲੇਖਕ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਏਸ਼ੀਐਡਜ਼ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 93165-44777.

ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ ਜਿਸ ਵਿਚ ਲੇਖਕ ਨੇ ਆਪਣੇ ਘਰ ਪਰਿਵਾਰ, ਸਮਾਜਿਕ ਗਤੀਵਿਧੀਆਂ, ਸੈਰ-ਸਪਾਟੇ ਅਤੇ ਜੀਵਨ ਦੇ ਅਨੁਭਵਾਂ ਸਬੰਧੀ ਜਾਣਕਾਰੀ ਦਿੱਤੀ ਹੈ। ਲੇਖਾਂ ਦੀ ਭਾਸ਼ਾ ਸਰਲ, ਸਪੱਸ਼ਟ ਅਤੇ ਰੌਚਿਕ ਹੈ। ਲੇਖਕ ਨੇ ਅਖ਼ਬਾਰ ਪੜ੍ਹਨ ਦੀ ਮਹੱਤਤਾ ਅਤੇ ਡਾਇਰੀ ਲਿਖਣ ਦੇ ਲਾਭ ਦੱਸੇ ਹਨ। ਡਲਹੌਜ਼ੀ, ਚੰਬਾ, ਗੋਆ ਅਤੇ ਸਿੰਗਾਪੁਰ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ। ਨੁਕਤਾਚੀਨੀ, ਫਜ਼ੂਲ ਬਹਿਸ ਅਤੇ ਕਾਹਲੀ ਤੋਂ ਵਰਜਿਆ ਹੈ। ਦੂਜਿਆਂ ਦੇ ਗੁਣ ਪਛਾਣਨ, ਕਲਾਤਮਿਕ ਰੁਚੀਆਂ ਪੈਦਾ ਕਰਨ, ਸੋਹਣਾ ਬਣ ਕੇ ਰਹਿਣ, ਮਸਤੀ ਭਰੀ ਖੁਸ਼ੀ ਵਿਚ ਵਿਚਰਨ ਅਤੇ ਰਿਸ਼ਤਿਆਂ ਦੀ ਖੁਸ਼ਬੂ ਮਾਣਨ ਵੱਲ ਪ੍ਰੇਰਿਆ ਗਿਆ ਹੈ। ਪੀੜ ਸਹਿਣ ਦੀ ਜਾਚ, ਧੀਆਂ ਦਾ ਸਤਿਕਾਰ, ਆਤਮ-ਵਿਸ਼ਵਾਸ ਅਤੇ ਚੰਗੀ ਜੀਵਨ ਜਾਚ ਦੇ ਨੁਕਤੇ ਦੱਸੇ ਹਨ। ਅੰਤ ਵਿਚ ਲੇਖਕ ਨੇ ਤਿੰਨ ਬਹੁਪੱਖੀ ਸ਼ਖ਼ਸੀਅਤਾਂ ਦਾ ਜੀਵਨ ਬਿਓਰਾ ਅਤੇ ਰੰਗਦਾਰ ਤਸਵੀਰਾਂ ਪੇਸ਼ ਕੀਤੀਆਂ ਹਨ।
ਇਨ੍ਹਾਂ ਲੇਖਾਂ ਵਿਚ ਲੇਖਕ ਦਾ ਵਿਅਕਤਿਤਵ ਸਮੋਇਆ ਹੋਇਆ ਹੈ। ਉਹ ਪੰਜਾਬ, ਪੰਜਾਬੀਅਤ ਅਤੇ ਇਨਸਾਨੀਅਤ ਦਾ ਅਲੰਬਰਦਾਰ ਜਾਪਦਾ ਹੈ। ਘਰ ਦੇ ਛੋਟੇ-ਵੱਡੇ ਜੀਆਂ ਨਾਲ ਪਿਆਰ ਸਤਿਕਾਰ ਦਾ ਰਿਸ਼ਤਾ ਹੈ। ਧਾਰਮਿਕ ਸਥਾਨਾਂ ਦਾ ਅਦਬ ਅਤੇ ਸੇਵਾ ਉਸ ਦਾ ਕਰਤੱਵ ਹੈ। ਉਹ ਬਜ਼ੁਰਗੀ ਦੀ ਸੱਚੀ-ਸੁੱਚੀ ਤਸਵੀਰ ਪੇਸ਼ ਕਰਦਾ ਹੈ। ਇਹੋ ਜਿਹੇ ਬਜ਼ੁਰਗ ਘਰ ਪਰਿਵਾਰ ਦਾ ਸੰਤੁਲਨ ਕਾਇਮ ਰੱਖਦੇ ਹਨ। ਉਹ ਪੋਤੇ ਪੋਤੀਆਂ ਲਈ ਆਦਰਸ਼ ਅਤੇ ਪ੍ਰੇਰਨਾ ਬਣਦੇ ਹਨ। ਇਸ ਸਿੱਧੀ-ਸਾਦੀ, ਪ੍ਰੇਰਨਾਦਾਇਕ ਪੁਸਤਕ ਦਾ ਤਹਿਦਿਲੋਂ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

06-10-2019

  ਮਨ ਨਾਹੀਂ ਵਿਸਰਾਮ
ਲੇਖਕ : ਬੀਬਾ ਬਲਵੰਤ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮਿ੍ਤਸਰ
ਪੰਨੇ : 104, ਕੀਮਤ : 200 ਰੁਪਏ
ਸੰਪਰਕ : 98552-94356.

ਬੀਬਾ ਬਲਵੰਤ ਇਕ ਚਿੱਤਰਕਾਰ ਹੈ, ਫੋੋਟੋਗਰਾਫ਼ਰ ਹੈ, ਕਵੀ ਹੈ | 'ਮਨ ਨਾਹੀਂ ਵਿਸਰਾਮ' ਉਸ ਦੀ ਕਵਿਤਾਵਾਂ ਦੀ ਕਿਤਾਬ ਹੈ, ਜਿਸ ਵਿਚ ਛੋਟੀਆਂ ਕਵਿਤਾਵਾਂ ਵੀ ਹਨ, ਗ਼ਜ਼ਲਾਂ ਵੀ ਹਨ, ਗੀਤ ਵੀ ਹਨ | ਇਨ੍ਹਾਂ ਵਿਚ ਸਾਂਝੀ ਤੰਦ ਉਹ ਸੂਖ਼ਮਤਾ ਹੈ, ਜਿਹੜੀ ਪਾਠਕ ਨੂੰ ਅੰਤਰੀਵੀ ਅਨੰਦ ਦਿੰਦੀ ਹੈ | ਸੂਖ਼ਮ ਭਾਵੀ ਮਨ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦੋ-ਚਾਰ ਹੁੰਦਾ ਹੋਇਆ, ਬਹੁਤ ਕੁਝ ਸੋਚਦਾ ਹੈ, ਅੰਦਰ ਹੀ ਅੰਦਰ ਬਹੁਤ ਕੁਝ ਹੰਢਾਉਂਦਾ ਹੈ, ਵਿਚਾਰਦਾ ਹੈ | ਪਰ ਜਦੋਂ ਕੋਮਲ ਕਲਾਵਾਂ ਨਾਲ ਸਹਿਜ ਸੰਵਾਦ ਵਿਚ ਪੈਂਦਾ ਹੈ ਤਾਂ ਉਸ ਸੰਵਾਦ ਵਿਚ ਅਚੇਤ ਰੂਪ ਵਿਚ ਹੀ ਸਕੂਨ ਦੀ ਤਲਾਸ਼ ਵਿਚ ਹੁੰਦਾ ਹੈ | ਕਵਿਤਾ ਨਾਲ ਅਜਿਹੇ ਸਕੂਨ ਦਾ ਰਿਸ਼ਤਾ ਹੀ ਕਿਸੇ ਕਵਿਤਾ ਦੀ ਪ੍ਰਮਾਣਿਕਤਾ ਕਿਹਾ ਜਾ ਸਕਦਾ ਹੈ | ਕਲਾ ਦਾ ਵਾਹਕ ਕੋਈ ਕੈਨਵਸ ਹੋਵੇ ਭਾਵੇਂ ਕੋਈ ਕਾਗ਼ਜ਼, ਇਹ ਰੰਗ ਜਾਂ ਬੁਰਸ਼ ਨਾਲ ਨੇਪਰੇ ਚੜ੍ਹੇ ਤੇ ਭਾਵੇਂ ਕਲਮ ਨਾਲ, ਇਸ ਦੀ ਮੰਜ਼ਿਲ ਮਨੁੱਖੀ ਮਨ ਹੈ | ਮਨੁੱਖੀ ਮਨ ਨਾਲ ਕਲਾ ਦਾ ਰਿਸ਼ਤਾ ਹੀ ਅਨੰਦ ਦੀ ਅਵਸਥਾ ਨੂੰ ਤਹਿ ਕਰੇਗਾ |
ਜੇ ਰੰਗ ਬੁਰਸ਼
ਕਹਿਣੇ 'ਚ ਨੇ
ਤਾਂ ਬੇਜਾਨ ਕੈਨਵਸ
ਜਾਨਦਾਰ
-0-
ਜੇ ਸ਼ਬਦ ਕਹਿਣੇ 'ਚ ਨੇ
ਗੂੰਗਾ ਕਾਗ਼ਜ਼ ਬੋਲਦਾ
ਜੇ ਮਨ ਕਹਿਣੇ 'ਚ
ਤਾਂ... ਅੱਲਾ ਮਿਹਰਬਾਨ-
ਮਨ ਦੀ ਰਜ਼ਾ ਸਾਰੀਆਂ ਕਲਾਵਾਂ ਨੂੰ ਉਨ੍ਹਾਂ ਦਾ ਚਰਮ ਬਖ਼ਸ਼ਦੀ ਹੈ | ਬੀਬਾ ਬਲਵੰਤ ਦੀ ਕਵਿਤਾ ਉਨ੍ਹਾਂ ਖਾਮੋਸ਼ੀਆਂ ਦੀ ਆਵਾਜ਼ ਹੈ ਜੋ ਵਿਅਕਤੀ ਦੇ ਅੰਦਰ ਖੌਰੂ ਪਾਉਂਦੀਆਂ ਹਨ ਪਰ ਸੀਤਲ ਝੀਲ ਵਾਂਗ ਸ਼ਾਂਤ ਅਤੇ ਰਮਣੀਕ ਦਿਸਦੀਆਂ ਹਨ | ਦੁਵੱਲੀਆਂ ਪਿਆਰ ਭਾਵਨਾਵਾਂ ਦੀ ਸੂਖ਼ਮਤਾ ਨੂੰ ਗਹਿਰਾਈ ਤੱਕ ਸਮਝਣਾ ਅਤੇ ਭਾਵਨਾਵਾਂ ਦੇ ਸੱਚ ਨੂੰ ਕਾਵਿਕ ਸੱਚ ਵਿਚ ਢਾਲ ਕੇ ਉਜਾਗਰ ਕਰਨਾ, ਇਨ੍ਹਾਂ ਕਵਿਤਾਵਾਂ ਦਾ ਵਿਲੱਖਣ ਅੰਦਾਜ਼ ਹੈ—
ਨੀਵੇਂ ਥਾਂ 'ਤੇ ਖਲੋਤਾ
ਅੱਡੀਆਂ ਚੁੱਕ ਚੁੱਕ
ਮੈਂ ਤੈਨੂੰ ਉਡੀਕਦਾ
ਪਹਾੜੋਂ ਉਤਰਦੀਏ ਨਦੀਏ
ਉਂਝ ਕਹਿਣ ਨੂੰ
ਮੈਂ ਸਮੁੰਦਰ... ... ...
ਨਦੀ ਅਤੇ ਸਮੁੰਦਰ ਦੇ ਰਿਸ਼ਤੇ ਨੂੰ ਅਜਿਹੀ ਕਾਵਿਕ ਬਿੰਬਾਵਲੀ ਨਾਲ ਪੇਸ਼ ਕਰਨਾ ਅਦਭੁੱਤ ਹੈ | ਬੀਬਾ ਬਲਵੰਤ ਦੀਆਂ ਕਵਿਤਾਵਾਂ ਗੁਲਾਬ ਦੇ ਫੁੱਲਾਂ ਵਰਗੀਆਂ ਨੇ | ਉਨ੍ਹਾਂ ਦੀ ਖ਼ੁਸ਼ਬੂ ਵਰਗੀਆਂ ਨੇ, ਉਸ ਦੇ ਸ਼ਬਦਾਂ ਵਿਚ ਰੰਗਾਂ ਦੀ ਰਵਾਨੀ ਹੈ ਜੋ ਸਾਡੀਆਂ ਅੱਖਾਂ ਥਾਣੀਂ ਸਾਡੇ ਮਨਾਂ ਵਿਚ ਉਤਰਦੀ ਹੈ ਤੇ ਉਹ ਝਰਨਾਟ ਛੇੜਦੀ ਹੈ—
ਮੇਰੇ ਤੇ
ਕਵਿਤਾ ਲਿਖ ਸਕਦੈਂ?
ਹਾਂ
ਪਰ ਪਹਿਲਾਂ
ਹੱਸ ਕੇ ਵਿਖਾ!!
-0-
ਕਵਿਤਾ ਲਿਖਣ ਵਾਲੀ
ਸ਼ੈਅ ਥੋਹੜੀ ਹੈ
ਜਿਊਣ ਵਾਲੀ ਹੈ
ਤੇਰੇ ਹੱਸਣ ਦੌਰਾਨ ਹੀ
ਕਵਿਤਾ ਸੀ... ... ... |
'ਮਨ ਨਾਹੀਂ ਵਿਸਰਾਮ' ਵਿਚਲੀਆਂ ਕਵਿਤਾਵਾਂ ਨਵੀਂ ਕਵਿਤਾ ਦੇ ਨਵੇਂ ਅਯਾਮ ਹਨ | ਅਕਵਿਤਾ ਦੇ ਦੌਰ ਵਿਚ ਅਜਿਹੀ ਕਵਿਤਾ ਦੀ ਆਮਦ ਸੁਖ਼ਦ ਅਹਿਸਾਸ ਦਿੰਦੀ ਹੈ | ਨਵੇਂ ਪਾਠਕਾਂ ਨੂੰ ਕਵਿਤਾ ਨਾਲ ਜੋੜਨ ਵਿਚ ਇਹ ਕਿਤਾਬ ਵੀ ਵੱਡਾ ਯੋਗਦਾਨ ਪਾ ਸਕਦੀ ਹੈ |

—ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812.
c c c

ਚਾਨਣ ਵਿਹੜਿਆਂ ਦੇ
ਕਵੀ : ਗੁਰਬਚਨ ਸਿੰਘ ਲਾਡਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 100
ਸੰਪਰਕ : 99145-33718.

ਗੁਰਬਚਨ ਸਿੰਘ ਲਾਡਪੁਰੀ ਇਕ ਨਾਮਵਰ ਪ੍ਰੋੜ੍ਹ ਕਵੀ ਹੈ | ਉਸ ਦੀ ਕਵਿਤਾ ਵਿਚ ਸਮਾਜਿਕ ਭਲਾਈ ਦੇ ਅੰਸ਼ ਹਨ, ਜੋ ਕਿ ਕਾਵਿ-ਸਹਿਜ ਦੀ ਉੱਚੀ ਹੁਨਰਮੰਦੀ ਨਾਲ ਪੇਸ਼ ਹੋਏ ਹਨ | ਪੁਸਤਕ ਵਿਚ ਹਰ ਸਫ਼ੇ ਉੱਤੇ ਨਵੀਂ ਕਾਵਿ ਰਚਨਾ ਹੈ | ਇਨ੍ਹਾਂ ਰਚਨਾਵਾਂ ਵਿਚ ਜ਼ਿਆਦਾ ਗ਼ਜ਼ਲਾਂ ਹਨ | ਕੁਝ ਬੈਂਤ ਸਿਰਲੇਖ ਹੇਠ ਅਤੇ ਕੁਝ ਗੀਤ ਸਿਰਲੇਖ ਹੇਠ ਸਿਰਜਨਾਵਾਂ ਹਨ | ਕਵੀ ਨੇ ਸਮਾਜ ਵਿਚ ਫੈਲੀ ਅਨਾਰਕੀ ਨੂੰ ਬੜੀ ਮਾਮਰਿਕਤਾ ਨਾਲ ਪੇਸ਼ ਕੀਤਾ ਹੈ | ਕਵੀ ਕਹਿੰਦਾ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਲੋਕਾਂ ਵਿਚ ਚੇਤਨਾ ਨਹੀਂ ਆਈ :
ਦਹਾਕੇ ਸੱਤ ਬੀਤ ਚਲੇ
ਪਰ ਖੱਜਲ ਖੁਆਰੀ ਏ,
ਬਣੀ ਹੁਣ ਵੀ ਲੋਕਾਈ ਵਤਨ ਦੀ
ਉਵੇਂ ਅਨਾੜੀ ਏ,
ਇਹ ਨੀਵੇਂ ਹੋ ਰਹੇ ਨੀਵੇਂ
ਤੇ ਉੱਚਿਆਂ ਦੀ ਤਾਂ ਪੌਾ ਬਾਰ੍ਹਾਂ,
ਇਉਂ ਜਾਪੇ ਕਿ ਸੁੱਕੀ ਬਾਗਬਾਂ ਦੀ
ਹਰ ਕਿਆਰੀ ਏ |
ਕਵੀ ਲਾਡਪੁਰੀ ਦੀਆਂ ਗ਼ਜ਼ਲਾਂ ਬਹਿਰ-ਛੰਦ ਵਿਚ ਸੰਪੂਰਨ ਹਨ ਅਤੇ ਗ਼ਜ਼ਲ ਤਕਨੀਕ ਵਿਚ ਪੂਰਨ ਹਨ | ਉਸ ਨੇ ਹਰ ਗ਼ਜ਼ਲ ਦਾ ਸਿਰਲੇਖ ਦਿੱਤਾ ਹੈ | ਕਵੀ ਦੇ ਬੈਂਤ ਬੜੇ ਰੌਚਕ ਅਤੇ ਵਾਰਸ ਦੀ ਤਰਜ਼ ਦੇ ਹਨ :
ਔਕੜ ਵੇਲੇ ਜੋ ਪੱਤਰਾ ਵਾਚ ਜਾਂਦੇ,
ਉਹ ਤਾਂ ਝੜਦਿਆਂ ਝੜਦਿਆਂ ਝੜ ਜਾਂਦੇ |
ਨਿੰਦਿਆ ਝੂਠ ਨੂੰ ਸਦਾ ਹੀ ਪਾਲਦੇ ਜੋ,
ਅੰਦਰ ਵੜਦਿਆਂ ਵੜਦਿਆਂ ਵੜ ਜਾਂਦੇ... |
ਬੈਂਤ ਸਟੇਜ ਦਾ ਸੰਚਾਲਨ ਕਰਨ ਦੇ ਯੋਗ ਹਨ |
ਲਾਡਪੁਰੀ ਦੀਆਂ ਸਾਰੀਆਂ ਗ਼ਜ਼ਲਾਂ ਗੀਤ ਅਤੇ ਬੈਂਤ ਪੰਜਾਬ ਦੇ ਸ਼ਾਨਦਾਰ ਵਿਰਸੇ ਦੀਆਂ ਲਖਾਇਕ ਹਨ | ਮਜ਼੍ਹਬਾਂ ਦੀਆਂ ਦੀਵਾਰਾਂ ਤੋਂ ਉੱਪਰ ਉੱਠ ਕੇ ਸਮੂਹ ਮਨੁੱਖਤਾ ਦੀ ਭਲਾਈ ਦੀ ਆਰਜ਼ੂਮੰਦੀ ਵਿਚ ਕਹੀਆਂ ਇਹ ਕਾਵਿ ਸਿਰਜਨਾਵਾਂ ਮਨੁੱਖੀ ਸਰੋਕਾਰਾਂ ਦੀ ਖੇਤੀ ਹਨ | ਬਿਗਾਨੇ ਦਰਦ ਨੂੰ ਆਪਣਾ ਜਾਨਣਾ ਇਨ੍ਹਾਂ ਕਵਿਤਾਵਾਂ ਦੀ ਸੰਵੇਦਨਸ਼ੈਲੀ ਹੈ |

—ਸੁਲੱਖਣ ਸਰਹੱਦੀ
ਮੋ: 94174-84337.
c c c

ਤੂੰ ਚਾਨਣੀ ਬਿਖੇਰੀਂ...
ਲੇਖਕ : ਸੀਰਾ ਗਰੇਵਾਲ ਰੌਾਤਾ
ਪ੍ਰਕਾਸ਼ਕ : ਰਹਾਉ ਪ੍ਰਕਾਸ਼ਨ, ਮੋਗਾ
ਮੁੱਲ : 160 ਰੁਪਏ, ਸਫ਼ੇ : 94
ਸੰਪਰਕ : 82888-57452.

ਸੀਰਾ ਗਰੇਵਾਲ ਰੌਾਤਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਅਸਲੋਂ ਨਵਾਂ ਨਾਂਅ ਹੈ | ਤੂੰ ਚਾਨਣੀ ਬਿਖੇਰੀਂ ਉਸ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਵੱਖ-ਵੱਖ ਵਸਤੂ ਵਰਤਾਰਿਆਂ ਨਾਲ ਸਬੰਧਿਤ ਉਸ ਦੀਆਂ ਕਵਿਤਾਵਾਂ ਸ਼ਾਮਿਲ ਹਨ | ਇਨ੍ਹਾਂ ਕਵਿਤਾਵਾਂ ਵਿਚ ਲੇਖਕ ਆਪਣੇ ਸਮਕਾਲੀ ਯਥਾਰਥ ਨੂੰ ਪੜਚੋਲਵੀਂ ਨਿਗਾਹ ਨਾਲ ਦੇਖਦਾ ਆਪਣੀ ਕਾਵਿ-ਸਿਰਜਣਾ ਕਰਦਾ ਹੈ | ਸੀਰਾ ਗਰੇਵਾਲ ਇਕ ਚੇਤੰਨ ਸ਼ਾਇਰ ਹੈ ਜਿਸ ਲਈ ਸ਼ਾਇਰੀ ਸਮਾਜ ਵਿਚ ਤਬਦੀਲੀ ਲਿਆਉਣ ਦਾ ਸਾਧਨ ਹੈ | ਇਸ ਲਈ ਉਹ ਆਪਣੀ ਸ਼ਾਇਰੀ ਵਿਚ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਹੈ |
ਉੱਠੋ ਕਿਰਤਾਂ ਦੇ ਸ਼ਾਹ ਅਸਵਾਰੋ
ਤੋੜ ਦਿਉ ਗੁਲਾਮੀ ਦੇ ਸੰਗਲ
ਹੂੰਝ ਦਿਉ ਮੁਸ਼ਕਾਂ ਮਾਰਦੀਆਂ
ਰਸਮਾਂ ਦੀ ਕੂੜ ਕਬਾੜ
ਉਸ ਦੀਆਂ ਕਵਿਤਾਵਾਂ ਆਮ ਆਦਮੀ ਦੇ ਦੁੱਖ ਦਰਦ ਦੀਆਂ ਕਵਿਤਾਵਾਂ ਹਨ | ਉਹ ਅਜਿਹੀ ਮੁਰਦਾ ਚੁੱਪ ਦੇ ਖਿਲਾਫ਼ ਹੈ ਜਿਹੜੀ ਅਨਿਆਂ ਤੇ ਜ਼ੁਲਮ ਨੂੰ ਦੇਖਦੇ ਹੋਏ ਵੀ ਸਹਿਣ ਕਰੀ ਜਾਂਦੀ ਹੈ | ਸੀਰਾ ਗਰੇਵਾਲ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਅਜਿਹੀ ਚੁੱਪ ਦੇ ਖਿਲਾਫ਼ ਹਲੂਣਦਾ ਹੈ | ਉਸ ਦਾ ਖਿਆਲ ਹੈ ਕਿ ਦੁਨੀਆ 'ਤੇ ਵਾਪਰਦਾ ਹਰ ਦੁਖਾਂਤ ਇਸੇ ਸੁੱਖ ਦੇਣ ਵਾਲੀ ਮੁਰਦਾ ਚੁੱਪ ਦੀ ਹੀ ਦੇਣ ਹੈ |
ਇਕ ਚੁੱਪ ਤੇ ਸੌ ਸੁਖ
ਮੈਨੂੰ ਨਹੀਂ ਚਾਹੀਦੀ ਅਜਿਹੀ
ਸੁਖ ਦੇਣ ਵਾਲੀ ਮੁਰਦਾ ਚੁੱਪ
ਇਨ੍ਹਾਂ ਕਵਿਤਾਵਾਂ ਵਿਚ ਕਵੀ ਸਾਡੇ ਸਮਾਜ ਵਿਚ ਵਿਆਪਕ ਹਰ ਬੁਰਾਈ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕਰਦਾ ਹੈ | ਇਸ ਸੰਗ੍ਰਹਿ ਵਿਚ ਉਹ ਯੁੱਧ ਦੇ ਮਾਰੂ ਸਿੱਟਿਆਂ, ਵਾਤਾਵਰਨ ਸਮੱਸਿਆ, ਭਰੂਣ ਸਮੱਸਿਆ ਅਤੇ ਪੰਜਾਬ ਵਿਚ ਨਸ਼ਿਆਂ ਦੀ ਸਥਿਤੀ, ਕਿਸਾਨ ਖ਼ੁਦਕੁਸ਼ੀਆਂ ਦੀ ਸਮੱਸਿਆ ਨੂੰ ਵੀ ਆਪਣੀ ਕਾਵਿ ਸੰਸਾਰ ਦਾ ਹਿੱਸਾ ਬਣਾਉਂਦਾ ਹੈ | ਸੀਰਾ ਗਰੇਵਾਲ ਦੀ ਕਵਿਤਾ ਵਰਤਮਾਨ ਦੀ ਕਵਿਤਾ ਹੈ | ਉਸ ਕੋਲ ਇਕ ਨਿਵੇਕਲੀ ਦਿ੍ਸ਼ਟੀ ਹੈ, ਜਿਸ ਰਾਹੀਂ ਉਹ ਆਪਣੀ ਸੋਚ ਨੂੰ ਕਾਵਿਕ ਵਿਸਤਾਰ ਦਿੰਦਾ ਹੈ |

—ਡਾ: ਅਮਰਜੀਤ ਕੌ ਾਕੇ |
c c c

ਮੈਂ ਸਾਰੇ ਦਾ ਸਾਰਾ ਹਲਵਾਰਵੀ
ਸੰਪਾਦਕ : ਅਮਰਜੀਤ ਸਿੰਘ ਕਾਂਗ, ਪਿ੍ਤਪਾਲ ਹਲਵਾਰਵੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98159-85641.

ਇਸ ਸੰਗ੍ਰਹਿ ਵਿਚ ਪੰਜਾਬੀ ਦੇ ਅਨੁਭਵੀ ਅਤੇ ਚੇਤੰਨ-ਬੁੱਧ ਕਵੀ ਸ: ਹਰਭਜਨ ਸਿੰਘ ਹਲਵਾਰਵੀ ਦਾ ਚੋਣਵਾਂ ਕਾਵਿ ਸੰਕਲਿਤ ਹੈ | ਹਲਵਾਰਵੀ ਨੇ ਪੰਜਾਬ ਦੀ ਨਕਸਲੀ ਲਹਿਰ ਲਈ ਸਿਧਾਂਤਕ ਅਤੇ ਵਿਹਾਰਕ ਕਾਰਜ ਕੀਤਾ | ਪੰਜਾਬ ਯੂਨੀਵਰਸਿਟੀ ਵਿਚ ਡਾ: ਅਤਰ ਸਿੰਘ ਨਾਲ ਮਿਲ ਕੇ ਕੋਸ਼ਕਾਰੀ ਦੇ ਖੇਤਰ ਵਿਚ ਬਣਦਾ ਯੋਗਦਾਨ ਪਾਇਆ ਅਤੇ ਅੰਤ ਸ: ਬਰਜਿੰਦਰ ਸਿੰਘ ਦੀ ਟੀਮ ਵਿਚ ਰਹਿ ਕੇ ਪੰਜਾਬੀ ਟਿ੍ਬਿਊਨ ਨੂੰ ਇਕ ਨਿੱਗਰ ਸੁਭਾਰੰਭ ਦਿੱਤਾ | ਬਾਅਦ ਵਿਚ ਉਹ ਇਸੇ ਅਖ਼ਬਾਰ ਦਾ ਸੰਪਾਦਕ ਵੀ ਰਿਹਾ | ਨਾਲੋ-ਨਾਲ ਕਾਵਿ ਰਚਨਾ ਦੇ ਖੇਤਰ ਵਿਚ ਵੀ ਨਿਵੇਕਲੀਆਂ ਪੈੜਾਂ ਪਾਈਆਂ | ਭਾਰਤ ਸਾਹਿਤ ਅਕਾਦਮੀ ਦਾ ਵਕਾਰੀ ਪੁਰਸਕਾਰ ਜਿੱਤ ਕੇ ਉਹ ਪੰਜਾਬੀ ਕਾਵਿ ਵਿਚ ਇਕ ਮੀਲ ਪੱਥਰ ਵਜੋਂ ਸਥਾਪਿਤ ਹੋ ਗਿਆ ਸੀ | ਉਸ ਨੇ ਪੰਜਾਬੀ ਸਾਹਿਤ ਨੂੰ 4 ਪੁਸਤਕਾਂ ਪ੍ਰਦਾਨ ਕੀਤੀਆਂ ਸਨ | ਇਹ ਪੁਸਤਕ ਮੇਪਲ ਲੀਫ਼ ਰਾਈਟਰਜ਼ ਫਾਊਾਡੇਸ਼ਨ ਐਡਮਿੰਟਨ ਐਲਬਰਟਾ ਨਾਂਅ ਦੀ ਸੰਸਥਾ ਦੇ ਸਹਿਯੋਗ ਨਾਲ ਛਾਪੀ ਗਈ ਦੂਜੀ ਐਡੀਸ਼ਨ (2019) ਹੈ | ਪਹਿਲੀ ਐਡੀਸ਼ਨ 2005 ਵਿਚ ਪ੍ਰਕਾਸ਼ਿਤ ਹੋਈ ਸੀ |
ਸ: ਹਲਵਾਰਵੀ ਵਿਚ ਏਨੀ ਸਿਰਜਣਾਤਮਕ ਸ਼ਿੱਦਤ ਸੀ ਕਿ ਉਹ ਜੀਵਨ ਦੇ ਦਾਰਸ਼ਨਿਕ ਵਰਤਾਰੇ ਨੂੰ ਵੀ ਸਰੋਦੀ ਅਤੇ ਰਮਜ਼ ਭਰਪੂਰ ਕਵਿਤਾਵਾਂ ਵਿਚ ਰੂਪਮਾਨ ਕਰ ਦਿੰਦਾ ਸੀ | ਉਸ ਦੀ ਹਰ ਕਵਿਤਾ ਇਕ ਪ੍ਰਗੀਤਾਤਮਕ ਸਵੈਜੀਵਨੀ ਦਾ ਅਧਿਆਇ ਪ੍ਰਤੀਤ ਹੁੰਦੀ ਹੈ | ਕਵੀ ਇਸਤਰੀ-ਪ੍ਰੇਮ ਨੂੰ ਆਪਣੀ ਸ਼ਖ਼ਸੀਅਤ ਦੇ ਖੰਭ ਚਿਤਵਦਾ ਸੀ | ਜਦੋਂ ਕਦੇ ਉਹ ਇਸ ਪ੍ਰੇਮ ਤੋਂ ਵੰਚਿਤ ਹੁੰਦਾ ਸੀ, ਉਸ ਨੂੰ ਇੰਜ ਲਗਦਾ ਸੀ, ਜਿਵੇਂ ਉਹ 'ਪੰਖ-ਵਿਹੂਣਾ' ਹੋ ਗਿਆ ਹੋਵੇ |
ਉਸ ਨੇ ਸਰੋਦੀ, ਬੌਧਿਕ, ਸੂਫ਼ੀਆਨਾ ਅਤੇ ਪ੍ਰਗਤੀਸ਼ੀਲ ਨਜ਼ਮਾਂ ਦੇ ਨਾਲ-ਨਾਲ ਕੁਝ ਗੀਤ ਅਤੇ ਗ਼ਜ਼ਲਾਂ ਵੀ ਕਹੀਆਂ ਸਨ | ਪੁਸਤਕ ਦੇ ਅੰਤ ਵਿਚ ਗੀਤਾਂ ਅਤੇ ਗ਼ਜ਼ਲਾਂ ਦੇ ਕੁਝ ਚੋਣਵੇਂ ਨਮੂਨੇ ਵੀ ਦਿੱਤੇ ਗਏ ਹਨ | ਭਾਵੇਂ ਉਹ 1961 ਈ: ਤੋਂ ਕਾਵਿ ਰਚਨਾ ਕਰਦਾ ਰਿਹਾ ਸੀ ਅਤੇ ਲਗਪਗ ਚਾਰ ਦਹਾਕੇ ਇਸ ਸਿਨਫ਼ ਨਾਲ ਜੁੜਿਆ ਰਿਹਾ ਪਰ ਉਹ ਜੀਵਨ ਭਰ ਏਨਾ ਵਿਅਸਤ ਰਿਹਾ ਕਿ ਕਾਵਿ ਰਚਨਾ ਨੂੰ ਆਪਣਾ ਸਗਲਾ ਵਜੂਦ ਸਮਰਪਿਤ ਨਾ ਕਰ ਸਕਿਆ | ਆਪਣੀ ਇਹ ਮਜਬੂਰੀ ਉਸ ਨੂੰ ਜੀਵਨ ਭਰ ਕਚੋਟਦੀ ਰਹੀ ਪਰ ਵੱਡੇ ਆਦਮੀਆਂ ਦੇ ਜ਼ਿੰਮੇ ਹੋਰ ਵੀ ਕਈ ਕੰਮ ਹੁੰਦੇ ਹਨ, ਉਨ੍ਹਾਂ ਨੂੰ ਨਿਭਾਉਣਾ ਪੈਂਦਾ ਹੈ | ਇੰਸ਼ਾ ਅੱਲਾ! ਉਹ ਜਿੱਥੇ ਵੀ ਹੈ, ਖੁਸ਼ ਰਹੇ | ਆਮੀਨ!

—ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

ਅਲਵਿਦਾ
ਕਹਾਣੀਕਾਰ : ਜਗਬੀਰ ਬਾਵਾ
ਪ੍ਰਕਾਸ਼ਕ : ਨਵੀਆਂ ਰਾਹਾਂ ਪਬਲੀਕੇਸ਼ਨਜ਼
ਮੁੱਲ : 125 ਰੁਪਏ, ਸਫ਼ੇ : 87
ਸੰਪਰਕ : 99152-54110

ਇਸ ਪੁਸਤਕ ਵਿਚ ਸਿਰਲੇਖੀ ਕਹਾਣੀ ਅਲਵਿਦਾ ਸਮੇਤ ਨੌਾ ਨਿੱਕੀਆਂ ਕਹਾਣੀਆਂ ਦਰਜ ਹਨ | ਪਹਿਲੀ ਕਹਾਣੀ 'ਕਸੁੰਭਾ' ਵਿਚ ਸਾਡੀ ਨੌਜਵਾਨ ਪੀੜ੍ਹੀ ਵਲੋਂ ਚੜ੍ਹਦੀ ਉਮਰੇ ਮਾਂ-ਬਾਪ ਤੋਂ ਬਾਹਰ ਹੋ ਕੇ ਵਿਆਹ ਵਰਗੇ ਵੱਡੇ ਫ਼ੈਸਲੇ ਲੈਣ ਨਾਲ, ਮਾਂ-ਬਾਪ ਅਤੇ ਪਰਿਵਾਰ ਤੇ ਉਸ ਦੇ ਪੈਣ ਵਾਲੇ ਗ਼ਲਤ ਪ੍ਰਭਾਵਾਂ ਅਤੇ ਇਨ੍ਹਾਂ ਫ਼ੈਸਲਿਆਂ ਦੇ ਗ਼ਲਤ ਸਾਬਤ ਹੋਣ ਤੋਂ ਬਾਅਦ ਦੀਆਂ ਸਥਿਤੀਆਂ ਨੂੰ ਬਿਆਨਿਆ ਗਿਆ ਹੈ | ਸੂਤ ਦੇ ਲੱਡੂ ਕਹਾਣੀ, ਪੰਜਾਬੀ ਸੱਭਿਆਚਾਰ ਦੀ ਅਮੁੱਲ ਪਰੰਪਰਾ ਸਾਂਝਾ-ਪਰਿਵਾਰ ਸੰਸਥਾ ਦੀ ਟੁੱਟ-ਭੱਜ ਨੂੰ ਰਿਸ਼ਤਿਆਂ ਦੇ ਸੁਆਰਥੀਪਣ ਦੇ ਪ੍ਰਸੰਗ ਵਿਚ ਪੇਸ਼ ਕਰਦੀ ਹੈ | ਕਹਾਣੀ ਮੰਗਤੇ ਸਮਾਜ ਵਿਚ ਪਸਰੀ ਦਾਜ-ਦਹੇਜ ਦੀ ਸਮੱਸਿਆ ਨੂੰ , ਉਨ੍ਹਾਂ ਲਾਲਚੀ ਲੋਕਾਂ ਦੇ ਪ੍ਰਸੰਗ ਵਿਚ ਪ੍ਰਸਤੁਤ ਕੀਤਾ ਹੈ | ਪਰਬਤ ਕਹਾਣੀ ਮਨੁੱਖ ਅੰਦਰਲੇ ਸਾਊਪੁਣੇ ਨੂੰ ਸਮਕਾਲੀ ਪ੍ਰਸਥਿਤੀਆਂ ਦੇ ਦਿ੍ਸ਼ਟੀਕੋਣ ਤੋਂ ਪੇਸ਼ ਕਰਦੀ ਹੈ | ਸਿਰਲੇਖੀ ਕਹਾਣੀ ਅਲਵਿਦਾ ਗੁਰਨੈਬ ਸਿੰਘ ਜਿਹੇ ਉਨ੍ਹਾਂ ਸਾਰੇ ਇਨਸਾਨਾਂ ਦੀ ਕਹਾਣੀ ਹੈ, ਜੋ ਗੱਗੀ ਵਰਗੇ ਆਪਣੇ ਪੁੱਤਰਾਂ ਨੂੰ ਜ਼ਿੰਦਗੀ ਵਿਚ ਕੁਝ ਬਣਾਉਣਾ ਲੋਚਦੇ ਹਨ | ਦੂਜੇ ਪਾਸੇ ਗੱਗੀ ਵਰਗੇ ਪੁੱਤ ਵੀੇ ਆਪਣੇ ਮਾਂ-ਬਾਪ ਦੀ ਇੱਜ਼ਤ ਦਾ ਖਿਆਲ ਰੱਖਦੇ ਹੋਏ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਦੇਸ਼ ਦਾ ਅਮਨ-ਚੈਨ ਭੰਗ ਕਰਨ ਵਿਚ ਲੱਗੀਆਂ ਤਾਕਤਾਂ ਦੇ ਸਾਰੇ ਮਨਸੂਬੇ ਨਾਕਾਮ ਕਰਨ ਲਈ ਆਪਣੀ ਜਿੰਦ-ਜਾਨ ਤੱਕ ਵਾਰ ਦਿੰਦੇ ਹਨ | ਕਹਾਣੀ ਚੱਕਰਵਿਊ ਵਿਚ ਆਰਥਿਕ ਤੰਗੀ ਅਤੇ ਇਸ ਆਰਥਿਕ ਤੰਗੀ ਕਾਰਨ ਮਨੁੱਖੀ ਜੀਵਨ ਵਿਚ ਆਉਣ ਵਾਲੇ ਪ੍ਰੇਸ਼ਾਨੀਆਂ/ਬਦਲਾਅ ਦਾ ਮਨੋਵਿਗਿਆਨਕ ਅਤੇ ਮਾਰਮਿਕ ਚਿਤਰਣ ਮਿਲਦਾ ਹੈ |
ਇਨ੍ਹਾਂ ਕਹਾਣੀਆਂ ਵਿਚ ਕਹਾਣੀਕਾਰ ਕਈ ਵਾਰ ਕਹਾਣੀ ਨੂੰ ਮਨ-ਇੱਛਤ ਦਿਸ਼ਾ ਦੇਣ ਲਈ ਨਾਟਕੀ ਮੌਕਾ-ਮੇਲ ਦੀਆਂ ਪ੍ਰਸਥਿਤੀਆਂ ਸਿਰਜਦਾ ਹੈ, ਜੋ ਕਿ ਕਹਾਣੀ ਦੇ ਪ੍ਰਭਾਵ ਦੀ ਤੀਖਣਤਾ ਅਤੇ ਸੁੱਤੇ-ਸਿੱਧ ਰਵਾਨੀ ਨੂੰ ਮੱਠਾ ਕਰ ਦਿੰਦੀਆਂ ਹਨ | ਵਾਰਤਾਲਾਪ ਸ਼ੈਲੀ ਵਿਚਲੀ ਰੌਚਕਿਤਾ ਕਹਾਣੀਆਂ ਦਾ ਉਭਰਵਾਂ ਲੱਛਣ ਹੈ | ਭਵਿੱਖ ਵਿਚ ਜਗਬੀਰ ਬਾਵਾ ਤੋਂ ਨਵੇਂ ਵਿਸ਼ਿਆਂ ਤੇ ਨਿੱਗਰ ਸਾਹਿਤਕ ਯੋਗਦਾਨ ਦੀ ਆਸ ਕੀਤੀ ਜਾ ਸਕਦੀ ਹੈ |

—ਡਾ: ਪ੍ਰਦੀਪ ਕੌੜਾ
ਮੋ: 9501115200
c c c

ਪੰਜਾਬੀ ਲੋਕ ਜੀਵਨ ਵਿਚ ਆਹਰ-ਪਾਹਰ
ਲੇਖਿਕਾ : ਰਾਜਵਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 106
ਸੰਪਰਕ : 95929-46620.

'ਪੰਜਾਬੀ ਲੋਕ ਜੀਵਨ ਵਿਚ ਆਹਰ ਪਾਹਰ' ਲੇਖਿਕਾ ਰਾਜਵਿੰਦਰ ਕੌਰ ਵਲੋਂ ਕੀਤਾ ਗਿਆ ਲੋਕਧਾਰਾਈ ਸਰਵੇਖਣ ਅਤੇ ਵਿਸ਼ਲੇਸ਼ਣ ਸਬੰਧੀ ਖੋਜ ਕਾਰਜ ਹੈ | ਇਸ ਨੂੰ ਚਾਰ ਚੈਪਟਰਾਂ ਲੋਕ ਧਾਰਾ : ਸਿਧਾਂਤਕ ਪਰਿਪੇਖ, ਲੋਕ ਧਾਰਾਈ ਅਧਿਐਨ ਵਿਧੀ, ਪੰਜਾਬੀ ਲੋਕ ਜੀਵਨ ਦੇ ਲੋਕ ਧਾਰਾਈ ਪੱਖ ਅਤੇ ਆਹਰ ਪਾਹਰ, ਲੋਕਧਾਰਾਈ ਵਿਸ਼ਲੇਸ਼ਣ ਵਿਚ ਵੰਡਿਆ ਗਿਆ ਹੈ | ਇਨ੍ਹਾਂ ਚੈਪਟਰਾਂ ਵਿਚੋਂ ਦੀ ਲੰਘਦਿਆਂ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਕੁਝ ਵਿਸ਼ੇਸ਼ ਅਤੇ ਪ੍ਰਮੁੱਖ ਤੱਤ ਉੱਭਰ ਕੇ ਸਾਹਮਣੇ ਆਉਂਦੇ ਹਨ | ਲੇਖਿਕਾ ਨੇ ਇਨ੍ਹਾਂ ਤੱਤਾਂ ਨੂੰ ਖੋਜ ਦੇ ਵਿਧੀਵੱਤ, ਖੋਜ ਮੂਲਕ ਅਤੇ ਬਾਰੀਕਬੀਨੀ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ | ਖੋਜ ਕਰਤਾ ਨੇ ਲੋਕਧਾਰਾਈ ਅਧਿਐਨ ਨੂੰ ਪੰਜਾਬੀ ਲੋਕ ਜੀਵਨ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ, ਨੈਤਿਕ, ਧਾਰਮਿਕ ਪੈਟਰਨ ਰਾਹੀਂ ਪੇਸ਼ ਕੀਤਾ ਹੈ | ਇਸ ਸਿਧਾਂਤਕ ਵਿਸ਼ਲੇਸ਼ਣ ਵਿਚ ਲੇਖਿਕਾ ਦਾ ਨਿੱਜੀ ਅਨੁਭਵ, ਪੇਂਡੂ ਰਹਿਤਲ-ਬਹਿਤਲ ਦੀ ਡੂੰਘੀ ਸਮਝ ਅਤੇ ਇਸ ਨਾਲ ਨੇੜਲਾ ਸਬੰਧ ਝਲਕ ਮਾਰਦਾ ਹੈ | ਇਸ ਲਈ ਇਹ ਨਿਰਾ ਦਸਤਾਵੇਜ਼ੀ, ਓਪਰਾ-ਓਪਰਾ ਅਤੇ ਖੁਸ਼ਕ ਜਿਹਾ ਨਾ ਹੋ ਕੇ ਮੌਲਿਕਤਾ, ਸਵੈ-ਅਨੁਭਵ ਤੇ ਆਪਣੀ ਸੋਚ ਤੇ ਨਜ਼ਰੀਏ ਦੀ ਚਾਹਣੀ ਵਿਚੋਂ ਸਰਾਘੋਰ ਮਹਿਸੂਸ ਹੁੰਦਾ ਹੈ | ਇਸ ਅਧਿਐਨ ਵਿਚ ਸਚਮੁੱਚ ਹੀ ਪੰਜਾਬੀ ਜਨਜੀਵਨ ਦੀ ਰੂਹ ਧੜਕਦੀ ਮਹਿਸੂਸ ਹੁੰਦੀ ਹੈ |
ਲੇਖਿਕਾ ਦੇ ਇਸ ਖੋਜ ਕਾਰਜ ਦੀ ਮਹੱਤਤਾ ਇਸ ਲਈ ਹੋਰ ਵੀ ਵਧ ਜਾਂਦੀ ਹੈ ਕਿ ਅਜੋਕੇ ਡਿਜੀਟਲ ਇੰਡੀਆ, ਨੈੱਟਵਰਕ ਦੇ ਯੁੱਗ ਵਿਚ ਨਵੀਂ ਪੀੜ੍ਹੀ ਲਈ ਇਹ 'ਆਹਰ ਪਾਹਰ' ਬੀਤੇ ਸਮੇਂ ਦੀਆਂ ਗੱਲਾਂ ਹੋ ਚੁੱਕੀਆਂ ਹਨ | ਵਿਗਿਆਨਕ ਤਕਨਾਲੋਜੀ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਯੁੱਗ ਵਿਚ ਇਹ ਸਭ ਹੋਣਾ ਲਾਜ਼ਮੀ ਸੀ ਪਰ ਰਾਜਵਿੰਦਰ ਕੌਰ ਵਲੋਂ ਇਸ ਪੁਰਾਤਨ ਵਿਰਸੇ ਨੂੰ ਖੋਜ ਕਾਰਜ ਦੀ ਲੋਕਧਾਰਾਈ ਪ੍ਰਣਾਲੀ ਰਾਹੀਂ ਦਸਤਾਵੇਜ਼ੀ ਰੂਪ ਵਿਚ ਸਾਂਭ ਲੈਣਾ ਆਪਣੇ-ਆਪ ਵਿਚ ਵਡਮੁੱਲਾ ਕਾਰਜ ਹੈ | ਲੋਕਾਂ ਦੀ ਮਿੱਟੀ, ਰੋਟੀ ਤੇ ਬੇਟੀ ਨਾਲ ਸਾਂਝ ਬਹੁਤ ਮਹੀਨ ਤੇ ਪੀਡੀ ਹੁੰਦੀ ਸੀ | ਉਨ੍ਹਾਂ ਨੂੰ ਸਮਝ ਕੇ ਅਜੋਕੀ ਆਧੁਨਿਕ ਜੀਵਨ ਸ਼ੈਲੀ ਵਿਚ ਵੀ ਅਪਣਾਇਆ ਜਾ ਸਕਦਾ ਹੈ | ਭਾਸ਼ਾ ਸਰਲ ਤੇ ਸਹਿਜ ਹੈ | ਰੰਗੀਨ ਚਿੱਤਰਾਂ ਨੇ ਪੁਸਤਕ ਵਿਚ ਸੱਭਿਆਚਾਰਕ ਨੂੰ ਸਜੀਵਤਾ ਪ੍ਰਦਾਨ ਕੀਤੀ ਹੈ |

—ਡਾ: ਧਰਮਪਾਲ ਸਾਹਿਲ
ਮੋ: 98761-56964.
c c c

ਸੁਲਗਦਾ ਸਮੁੰਦਰ
ਲੇਖਕ : ਡਾ: ਸਤੀਸ਼ ਠੁਕਰਾਲ ਸੋਨੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 94173-58393.

ਇਹ ਲੇਖ ਸੰਗ੍ਰਹਿ ਡਾ: ਸਤੀਸ਼ ਠੁਕਰਾਲ ਸੋਨੀ ਦੇ ਵੱਖ-ਵੱਖ ਅਖ਼ਬਾਰਾਂ ਵਿਚ ਛਪੇ 36 ਲੇਖਾਂ ਦਾ ਕਿਤਾਬੀ ਰੂਪ ਹੈ | ਇਹ ਲੇਖ ਵਿਭਿੰਨ ਅਖ਼ਬਾਰਾਂ ਵਿਚ 2012 ਤੋਂ 2017 ਤੱਕ (ਪੰਜ ਵਰਿ੍ਹਆਂ ਵਿਚ) ਪ੍ਰਕਾਸ਼ਿਤ ਹੋ ਚੁੱਕੇ ਹਨ | ਲੇਖਕ ਕਿੱਤੇ ਵਜੋਂ ਡਾਕਟਰ ਹੈ | ਇੰਜ ਉਹ ਜਿਥੇ ਮਰੀਜ਼ਾਂ ਦੀ ਨਬਜ਼ ਦੇਖਣ ਦਾ ਮਾਹਿਰ ਹੈ, ਉਵੇਂ ਹੀ ਸਮੇਂ ਦੀ ਨਬਜ਼ ਵੀ ਪਛਾਣਦਾ ਹੈ | ਫਲਸਰੂਪ ਇਹ ਨਿਬੰਧ ਬੀਤੇ ਪੰਜ ਵਰਿ੍ਹਆਂ ਦੀਆਂ ਘਟਨਾਵਾਂ ਦੀ ਨਬਜ਼ ਹੀ ਆਖੇ ਜਾ ਸਕਦੇ ਹਨ | ਉਹ ਨਿੱਤ ਵਾਪਰਦੀਆਂ ਘਟਨਾਵਾਂ ਪ੍ਰਤੀ ਜਾਗਰੂਕ ਹੈ ਅਤੇ ਪਾਠਕਾਂ ਵਿਚ ਸਮਕਾਲੀ ਜਾਗਰੂਕਤਾ ਪੈਦਾ ਕਰਨ ਦਾ ਇੱਛੁਕ ਹੈ | ਇਨ੍ਹਾਂ ਲੇਖਾਂ ਦਾ ਅਧਿਐਨ ਕਰਦਿਆਂ ਵਿਭਿੰਨ ਪ੍ਰਕਾਰ ਦੇ ਸਮਕਾਲੀ ਵਿਸ਼ਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ | ਮਸਲਨ : ਯੂ.ਐਨ.ਓ., ਮੋਦੀ-ਟਰੰਪ, ਓਸਾਮਾ ਬਿਨ ਲਾਦੇਨ (ਅੰਤਰਰਾਸ਼ਟਰੀ ਵਿਸ਼ੇ), ਚੋਣਾਂ, ਸਿਆਸੀ ਦੂਸ਼ਣਬਾਜ਼ੀ, ਅੱਤਵਾਦ, ਨੇਤਾ ਕਟਹਿਰੇ 'ਚ (ਰਾਜਨੀਤੀ ਨਾਲ ਸਬੰਧਿਤ ਵਿਸ਼ੇ), ਨੋਟਬੰਦੀ, ਕਾਲਾ ਧਨ, ਲੋਕਪਾਲ ਬਿੱਲ (ਆਰਥਿਕਤਾ ਨਾਲ ਸਰੋਕਾਰ ਵਾਲੇ ਵਿਸ਼ੇ), ਜਾਇਦਾਦ ਰਜਿਸਟ੍ਰੇਸ਼ਨ, ਜੀਵਨ ਸੰਘਰਸ਼, ਸਮਲਿੰਗਤਾ, ਤਹਿਜ਼ੀਬ, ਸੱਭਿਆਚਾਰ, ਸੁਪਨਿਆਂ ਦਾ ਜੀਵਨ ਵਿਚ ਮਹੱਤਵ, ਔਰਤ ਦਾ ਸਥਾਨ, ਮੁਹੱਬਤ ਦੀ ਗੱਲ ਆਦਿ (ਸਮਾਜਿਕ ਮਹੱਤਵ ਵਾਲੇ ਵਿਸ਼ੇ), ਆਸਥਾ ਦੇ ਸਥਾਨ, ਸਿਰੋਪਾਓ ਦਾ ਮਹੱਤਵ (ਧਾਰਮਿਕ ਵਿਸ਼ੇ), ਪਾਣੀ, ਧਰਤੀ, ਚੌਗਿਰਦੇ ਦੀ ਸੰਭਾਲ (ਪ੍ਰਦੂਸ਼ਣ ਨਾਲ ਸਬੰਧਿਤ ਵਿਸ਼ੇ), ਡਾ: ਦਲਜੀਤ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਗਲਵਕੜੀ (ਵਿਸ਼ੇਸ਼ ਸ਼ਖ਼ਸੀਅਤਾਂ ਨਾਲ ਸਬੰਧਿਤ ਆਦਿ | ਕਾਲਕ੍ਰਮ ਦੀ ਥਾਂ ਵਿਸ਼ੇ-ਵੰਡ ਅਨੁਸਾਰ ਸੰਪਾਦਨ ਸੋਨੇ 'ਤੇ ਸੁਹਾਗਾ ਹੋ ਜਾਣਾ ਸੀ |
ਇੰਜ ਇਨ੍ਹਾਂ ਲੇਖਾਂ ਦਾ ਭਵਿੱਖ ਵਿਚ ਇਤਿਹਾਸਕ ਮਹੱਤਵ ਰਹੇਗਾ | ਲੇਖਕ ਦੀ ਸ਼ੈਲੀ ਸਰਲ, ਸਪੱਸ਼ਟ ਅਤੇ ਰਵਾਨਗੀ ਵਾਲੀ ਹੈ | ਲੇਖਕ ਦਾ ਸਾਹਿਤ ਨਾਲ ਲਗਾਓ ਗੀਤਾਂ, ਨਜ਼ਮ, ਗ਼ਜ਼ਲ, ਨਾਟਕ, ਨਾਵਲ ਤੋਂ ਹੁੰਦਾ ਹੋਇਆ ਵਾਰਤਕ ਰਚਣ ਨਾਲ ਸਿਖ਼ਰ ਨੂੰ ਪੁੱਜਦਾ ਹੈ |

—ਡਾ: ਧਰਮ ਚੰਦ ਵਾਤਿਸ਼
ਮੋ: 98144-46007.
c c c
 

05-10-2019

 ਮਾਨਸ ਕੀ ਜਾਤਿ
ਮਾਨਵਵਾਦੀ ਗਲਪ ਰਚਨਾ
ਲੇਖਕ : ਸੁਰਿੰਦਰ ਸਿੰਘ ਨੇਕੀ
ਪ੍ਰਕਾਸ਼ਕ : 5 ਆਬ, ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 104
ਸੰਪਰਕ : 98552-35424.

ਇਹ ਨਾਵਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ 'ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ' ਵਿਚਲੇ ਸੰਦੇਸ਼ ਨੂੰ ਗਾਲਪਨਿਕ ਵਿਵੇਕ ਦੁਆਰਾ ਪ੍ਰਸਤੁਤ ਕਰਦਾ ਹੈ। ਨਾਵਲ ਦੀ ਮੁੱਖ ਫੇਬੁਲਾ ਇਸ ਪ੍ਰਕਾਰ ਹੈ : ਨਾਇਕਾ ਦੀਪੀ (ਹਰਦੀਪ ਕੌਰ) ਦੁਆਬੇ ਦੇ ਇਕ ਕਿਸਾਨ ਪਰਿਵਾਰ ਦੀ ਧੀ ਹੈ। ਨਾਇਕ ਹੀਰਾ ਲਾਲ ਬੀ.ਏ. ਪਾਸ ਮਾਝੇ ਦੇ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਿਤ ਯੁਵਕ ਹੈ, ਜੋ ਨਾਇਕਾ ਦੇ ਪਿੰਡ ਵਿਚ ਅਰਧ-ਸਰਕਾਰੀ ਦੁੱਧ ਕੇਂਦਰ ਦਾ ਨਵਾਂ-ਨਵਾਂ ਨਿਯੁਕਤ ਹੋਇਆ ਕਰਮਚਾਰੀ ਹੈ। ਦੋਵਾਂ ਦਾ ਪਹਿਲੇ ਨਜ਼ਰੇ ਪ੍ਰੇਮ ਹੋਣਾ, ਕਿਰਾਏਦਾਰ ਵਜੋਂ ਨਾਇਕਾ ਦੇ ਘਰ ਰਹਿਣਾ, ਬਿਆਸ ਦਰਿਆ ਦੇ ਹੜ੍ਹਾਂ ਦੀ ਮਾਰ, ਫ਼ਸਲਾਂ ਦੀ ਤਬਾਹੀ, ਨਾਇਕਾ ਦੀ ਮਾਂ ਦਾ ਰੁੜ੍ਹਨਾ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਨਾਇਕ ਦਾ ਨਾਇਕਾ ਦੀ ਮਾਂ ਨੂੰ ਬਚਾਉਣਾ, ਪਰ ਆਪ ਰੁੜ੍ਹ ਜਾਣਾ, ਨਾਇਕਾ ਦੀ ਸ਼ਾਦੀ ਇਕ ਸ਼ਰਾਬੀ ਨਾਲ ਹੋ ਜਾਣਾ, ਪਤੀ ਦੀ ਮੌਤ, ਜਨਮੀ ਬੱਚੀ ਦੀ ਮੌਤ, ਵਿਧਵਾ ਹੋਣ 'ਤੇ ਸੱਸ ਦਾ ਦੁਰਵਿਵਹਾਰ, ਪੇਕੀਂ ਆਉਣਾ, ਸੇਵਾ ਦਲ ਵਲੋਂ ਨਾਇਕ ਨੂੰ ਬਚਾਇਆ ਜਾਣਾ, ਸਿਰ ਦੀ ਸੱਟ ਕਾਰਨ ਬੀਤਿਆ ਸਮਾਂ ਭੁੱਲਣਾ, ਮਿਸਤਰੀ ਵਲੋਂ ਆਪਣੇ ਘਰ ਨੌਕਰ ਵਜੋਂ ਲਿਆਇਆ ਜਾਣਾ, ਆਇਰਨ ਦਾ ਹਥੌੜਾ ਮੱਥੇ ਵੱਜਣਾ, ਫਲਸਰੂਪ ਬੀਤਿਆ ਸਮਾਂ ਮੁੜ ਯਾਦ ਆਉਣਾ, ਇਕ ਮਿੱਤਰ ਦੀ ਸਹਾਇਤਾ ਨਾਲ ਨਾਇਕ-ਨਾਇਕਾ ਦਾ ਪੁਨਰ ਮਿਲਾਪ, ਮਾਪਿਆਂ ਵਲੋਂ ਅੰਤਰਜਾਤੀ ਵਿਆਹ ਦਾ ਵਿਰੋਧ, ਨਾਇਕਾ ਦਾ ਜਾਤ-ਪਾਤ ਦੇ ਬੰਧਨ ਉਲੰਘ ਕੇ, ਚਿੱਠੀ ਲਿਖ ਕੇ, ਘਰੋਂ ਨਾਇਕ ਨਾਲ ਸ਼ਾਦੀ ਕਰਵਾਉਣ ਲਈ ਚਲੇ ਜਾਣਾ ਆਦਿ ਘਟਨਾਵਾਂ ਤੇਜ਼ ਰਫ਼ਤਾਰ ਨਾਲ ਵਾਪਰਦੀਆਂ ਹਨ।
ਸਾਰੇ ਨਾਵਲ ਵਿਚ ਦੁਆਬੇ ਦੀ ਆਂਚਲਿਕਤਾ ਹੈ। ਇਹ ਘਟਨਾਵਾਂ ਦੁਆਬੇ ਦਾ 60-70 ਸਾਲ ਪਹਿਲਾਂ ਦਾ ਦ੍ਰਿਸ਼ ਰੂਪਮਾਨ ਕਰਦੀਆਂ ਹਨ। ਉਦੋਂ ਕੁੜੀਆਂ ਨੂੰ ਜ਼ਿਆਦਾ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਉਦੋਂ ਬਿਜਲੀ ਨਹੀਂ ਸੀ ਹੁੰਦੀ। ਲਾਲਟੈਨਾਂ, ਸਾਈਕਲਾਂ, ਰੇਡੀਓ ਦਾ ਯੁੱਗ ਸੀ। ਸੰਪਰਕ ਦਾ ਸਾਧਨ ਚਿੱਠੀ ਪੱਤਰ ਹੀ ਸੀ। ਲੇਖਕ ਨੂੰ ਦੁਆਬੇ ਦੇ ਪਿੰਡਾਂ ਦੀ ਭੂਗੋਲਿਕ ਜਾਣਕਾਰੀ ਹੈ, ਜੋ ਵੀ ਨਵਾਂ ਪਾਤਰ ਪ੍ਰਵੇਸ਼ ਕਰਦਾ ਹੈ, ਉਸ ਦਾ ਮੁਹਾਂਦਰਾ ਸਿਰਜਿਆ ਜਾਂਦਾ ਹੈ। ਮੌਕਾ-ਮੇਲ ਹੀ ਘਟਨਾਵਾਂ ਨੂੰ ਸੰਚਾਲਿਤ ਕਰਦਾ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਅਜਮੇਰ ਸਿੰਘ ਔਲਖ
ਚਿੰਤਨ ਦਾ ਮੰਥਨ
ਸੰਪਾਦਕ : ਡਾ: ਜਗਮਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 198
ਸੰਪਰਕ : 94176-64928.

ਪ੍ਰੋ: ਅਜਮੇਰ ਸਿੰਘ ਔਲਖ ਨੇ ਪੰਜਾਬੀ ਨਾਟਕ ਨੂੰ ਇਕ ਨਵਾਂ ਗੌਰਵ ਅਤੇ ਆਕ੍ਰਸ਼ਣ ਪ੍ਰਦਾਨ ਕੀਤਾ। ਜਿੰਨੀ ਦੇਰ ਤੱਕ ਉਹ ਜ਼ਿੰਦਾ ਰਿਹਾ, ਪੰਜਾਬੀ ਦਰਸ਼ਕਾਂ ਨੂੰ ਨਿਮਨ ਕਿਰਸਾਣੀ ਦੀਆਂ ਸਮੱਸਿਆਵਾਂ ਅਤੇ ਕਿਤਾਪ੍ਰਤੀ ਦੇ ਸਰੋਕਾਰਾਂ ਨਾਲ ਜੋੜਦਾ ਰਿਹਾ। ਅਜੇ ਉਹ ਕਾਫੀ ਊਰਜਾਵੰਤ ਸੀ ਪਰ ਫਿਰ ਇਕ ਦਿਨ ਅਚਾਨਕ ਹੀ ਉਹ ਸਾਨੂੰ ਸਭ ਨੂੰ ਵਿਗੋਚੇ ਵਿਚ ਛੱਡ ਕੇ ਸਦੀਵੀ ਵਿਛੋੜਾ ਦੇ ਗਿਆ। ਇਸ ਸੂਰਤ ਵਿਚ ਪੰਜਾਬੀ ਰੰਗਮੰਚ ਦਾ ਵਿਹੜਾ ਸੁੰਨਾ ਜਿਹਾ ਹੋ ਗਿਆ। ਇਸ ਵਕਤ ਡਾ: ਜਗਮਿੰਦਰ ਕੌਰ ਹੋਰਾਂ ਵਰਗੇ ਚਿੰਤਕਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪਛਾਣਿਆ ਅਤੇ ਔਲਖ ਦੇ ਰੰਗਮੰਚੀ ਪਰਿਪੇਖ ਬਾਰੇ ਕੁਝ ਸਿਧਾਂਤਕ ਅਤੇ ਵਿਹਾਰਕ ਲੇਖ ਪੰਜਾਬੀ ਬੁੱਧੀਜੀਵੀਆਂ ਪਾਸੋਂ ਲਿਖਵਾਏ, ਜੋ ਹਥਲੀ ਪੁਸਤਕ ਵਿਚ ਸੰਗ੍ਰਹਿਤ ਕੀਤੇ ਗਏ ਹਨ।
ਹਥਲੇ ਸੰਕਲਨ ਵਿਚ ਅਮਰੀਕ ਪਾਠਕ, ਸੁਖਰਾਜ ਸਿੰਘ, ਸੁਰਜੀਤ ਸਿੰਘ ਭੱਟੀ, ਸਤਪ੍ਰੀਤ ਸਿੰਘ ਜੱਸਲ, ਸੰਦੀਪ ਕੌਰ, ਹਰਜੋਤ ਕੌਰ, ਹਰਪ੍ਰੀਤ ਸਿੰਘ, ਹਰਪ੍ਰੀਤ ਕੁਮਾਰ, ਕਰਨੈਲ ਸਿੰਘ ਵੈਰਾਗੀ, ਕੁਲਦੀਪ ਕੌਰ, ਕੁਲਵਿੰਦਰ ਸਿੰਘ ਸਰਾਂ, ਗੁਰਜੀਤ ਭੁੱਲਰ, ਚੰਦਰ ਪ੍ਰਕਾਸ਼, ਜਗਮਿੰਦਰ ਕੌਰ, ਤਰਜਿੰਦਰ ਕੌਰ, ਨਰਿੰਦਰਪਾਲ ਸਿੰਘ, ਪ੍ਰਦੀਪ ਕੁਮਾਰ, ਪਵਨ ਕੁਮਾਰ, ਬੇਅੰਤ ਸਿੰਘ, ਮਨਜੀਤ ਸਿੰਘ, ਰਾਜਭੁਪਿੰਦਰ ਸਿੰਘ, ਵੀਰਪਾਲ ਕੌਰ, ਵੇਦਪਾਲ ਭਾਟੀਆ ਅਤੇ ਹੰਸ ਕਲੇਰ ਵਰਗੇ ਪ੍ਰਬੁੱਧ ਲੇਖਕਾਂ ਦੇ 22 ਲੇਖ ਸੰਗ੍ਰਹਿਤ ਹਨ। ਕੁਝ ਲੇਖਕਾਂ ਨੇ ਮੈਕਰੋ-ਸਟਡੀ ਕੀਤੀ ਹੈ ਅਤੇ ਕੁਝ ਇਕ ਨੇ ਮਾਈਕਰੋ-ਅਧਿਐਨ ਕੀਤਾ ਹੈ। ਔਲਖ ਸਾਹਿਬ ਦੇ ਨਾਟਕ ਦੀ ਵਸਤੂ-ਸਮਗਰੀ, ਰੰਗਮੰਚੀ ਜੁਗਤਾਂ ਅਤੇ ਗ੍ਰਾਮੀਣ ਸੰਸਕ੍ਰਿਤੀ ਦੇ ਅੰਤਰ-ਵਿਰੋਧ ਆਦਿਕ ਵਿਸ਼ਿਆਂ ਦੇ ਨਾਲ-ਨਾਲ ਕੁਝ ਨਾਟਕਾਂ ਦਾ ਵਿਸ਼ੇਸ਼ ਅਧਿਐਨ ਵੀ ਕੀਤਾ ਗਿਆ ਹੈ। ਔਲਖ ਸਾਹਿਬ ਦੀ ਰੰਗਮੰਚ ਚੇਤਨਾ ਅਤੇ ਮੰਚੀ ਜੁਗਤਾਂ ਬਾਰੇ ਇਹ ਇਕ ਮਹੱਤਵਪੂਰਨ ਪ੍ਰਯਾਸ ਹੈ। ਵਿਦਿਆਰਥੀਆਂ ਅਤੇ ਔਲਖ-ਪ੍ਰੇਮੀਆਂ ਲਈ ਇਹ ਇਕ ਉੱਤਮ ਉਪਹਾਰ ਹੈ। ਮੈਂ ਹਰ ਸੰਜੀਦਾ ਪਾਠਕ ਨੂੰ ਇਹ ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਤਿੜਕੇ ਅੱਖਰਾਂ ਦਾ ਸ਼ੀਸ਼ ਮਹਿਲ
ਗ਼ਜ਼ਲਕਾਰ : ਸਤਿਨਾਮ ਔਜਲਾ
ਪ੍ਰਕਾਸ਼ਕ : ਆਸਥਾ ਪ੍ਰਕਾਸ਼ਨ, ਜਲੰਧਰ
ਮੁੱਲ : 280 ਰੁਪਏ, ਸਫ਼ੇ : 103
ਸੰਪਰਕ : 0181-4627152.

'ਤਿੜਕੇ ਅੱਖਰਾਂ ਦਾ ਸ਼ੀਸ਼ ਮਹਿਲ' ਗ਼ਜ਼ਲਕਾਰ ਦੀ ਸੱਤਵੀਂ ਪੁਸਤਕ ਹੈ ਜਿਸ ਵਿਚ ਉਸ ਦੀਆਂ 85 ਗ਼ਜ਼ਲਾਂ ਪ੍ਰਕਾਸ਼ਿਤ ਹਨ। ਗ਼ਜ਼ਲਕਾਰ ਦੇ ਸ਼ਿਅਰਾਂ ਦੇ ਵਿਸ਼ੇ ਵਧੇਰੇ ਕਰਕੇ ਸਮਾਜਿਕ ਰਿਸ਼ਤਿਆਂ, ਰਾਜਨੀਤਕ ਨਿਵਾਣਾਂ ਤੇ ਮਨੁੱਖੀ ਦੁਬਿਧਾ ਦੁਆਲੇ ਕੇਂਦਰਿਤ ਹਨ। ਉਹ ਆਪਣੀ ਪਹਿਲੀ ਗ਼ਜ਼ਲ ਦੇ ਮਤਲੇ ਵਿਚ ਆਪਣਿਆਂ 'ਤੇ ਭਰੋਸਾ ਕਰਨ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਤੇ ਆਖਦਾ ਹੈ ਉਨ੍ਹਾਂ ਦੀ ਮੁਹੱਬਤ ਵੀ ਦੁਸ਼ਮਣਾ ਵਰਗੀ ਹੈ। ਹਾਦਸਿਆਂ ਭਰਪੂਰ ਜੀਵਨ ਵਿਚੋਂ ਉਹ ਆਨੰਦ ਦੀ ਤਲਾਸ਼ ਕਰਦਾ ਹੈ ਤੇ ਉਸ ਦਾ ਵੱਖਰਾ ਅੰਦਾਜ਼ ਮਹਿਸੂਸ ਕਰਦਾ ਹੈ। ਸ਼ਾਇਰ ਕੁਦਰਤ ਦੀ ਰਜ਼ਾ ਵਿਚ ਰਹਿਣ ਦਾ ਤਰਫ਼ਦਾਰ ਹੈ ਤੇ ਮਨੁੱਖ ਵਲੋਂ ਆਪਣੇ ਹਿਤ ਵਿਚ ਰੁੱਖਾਂ ਦੀ ਕਟਾਈ ਦਾ ਉਹ ਵੀ ਵਿਰੋਧ ਕਰਦਾ ਹੈ। ਪਿਆਰ ਮੁਹੱਬਤ ਉਸ ਲਈ ਸਭ ਤੋਂ ਵੱਡਾ ਤੇ ਅਹਿਮ ਫ਼ਲਸਫ਼ਾ ਹੈ ਮਨੁੱਖੀ ਮਨ ਵਿਚ ਵਧ ਰਹੀ ਨਫ਼ਰਤ ਉਸ ਨੂੰ ਦੁੱਖ ਪਹੁੰਚਾਉਂਦੀ ਹੈ। ਇੰਝ ਉਸ ਦੇ ਸ਼ਿਅਰ ਮਨੁੱਖੀ ਜੀਵਨ ਨੂੰ ਬਿਹਤਰੀਨ ਬਣਾਉਣ ਲਈ ਤਾਂਘਦੇ ਹਨ ਤੇ ਸ਼ਾਇਰ ਹਰ ਪਾਸੇ ਪਿਆਰ ਹੀ ਪਿਆਰ ਦੇਖਣ ਦਾ ਚਾਹਵਾਨ ਹੈ। ਸਤਿਨਾਮ ਔਜਲਾ ਕੋਲ ਭਾਵ ਹਨ, ਨੀਝ ਹੈ ਤੇ ਸ਼ਬਦਾਂ ਦਾ ਵਿਸ਼ਾਲ ਭੰਡਾਰ ਹੈ ਪਰ ਉਸ ਨੇ ਗ਼ਜ਼ਲ ਵਰਗੀ ਸੂਖ਼ਮ ਵਿਧਾ ਨੂੰ ਜਾਨਣ ਲਈ ਅਵੇਸਲਾਪਨ ਦਿਖਾਇਆ ਹੈ। ਆਸ ਹੈ ਉਸ ਦੀ ਅਗਲੀ ਪੁਸਤਕ ਇਸ ਸਬੰਧੀ ਸੁਚੇਤ ਹੋਵੇਗੀ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਦਰ ਦੀਵਾਰਾਂ ਤੇ ਸਿਆਸੀ ਦੰਦ-ਕਥਾ
ਨਾਟਕਕਾਰ : ਰਵਿੰਦਰ ਰਵੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ
ਮੁੱਲ : 550 ਰੁਪਏ, ਸਫ਼ੇ : 304
ਸੰਪਰਕ : 01123264342.


ਪੰਜਾਬੀ ਕਾਵਿ-ਨਾਟ ਸਿਰਜਣ ਦੇ ਖੇਤਰ 'ਚ ਰਵਿੰਦਰ ਰਵੀ ਦਾ ਉੱਘਾ ਯੋਗਦਾਨ ਹੈ। ਹਥਲੀ ਪੁਸਤਕ ਵਿਚ ਅੰਕਿਤ ਦੋਵੇਂ ਨਾਟਕ ਅਜੋਕੀ ਮਾਨਸਿਕਤਾ, ਜੀਵਨ ਸ਼ੈਲੀ ਦੇ ਬਾਹਰੀ ਵਰਤਾਰੇ ਅਤੇ ਉਚੇਰੀਆਂ ਕਦਰਾਂ-ਕੀਮਤਾਂ ਦੇ ਤਿੜਕਣ ਜਿਹੇ ਸਰੋਕਾਰਾਂ ਨੂੰ ਵਿਅਕਤ ਕਰਦੇ ਹਨ। 'ਦਰ ਦੀਵਾਰਾਂ' ਕਾਵਿ-ਨਾਟ ਭਾਵੇਂ 1980 'ਚ ਲਿਖਿਆ ਗਿਆ ਸੀ ਅਤੇ 'ਸਿਆਸੀ ਦੰਦ-ਕਥਾ '2017 'ਚ ਰਚਿਆ ਗਿਆ । ਇਹ ਦੋਵੇਂ ਨਾਟਕ ਵੱਖ-ਵੱਖ ਦ੍ਰਿਸ਼ਾਂ ਅਤੇ ਝਾਕੀਆਂ ਦੀ ਵੰਡ ਅਤੇ ਨਾਟ-ਪ੍ਰੋਡਕਸ਼ਨ ਦੀ ਸ਼ੈਲੀ ਵਿਚ ਉਪਲਬਧ ਹਨ। ਇਨ੍ਹਾਂ ਨੂੰ ਕੇਵਲ ਧਾਲੀਵਾਲ ਅਤੇ ਕੁਝ ਇਕ ਹੋਰ ਸਟੇਜੀ ਮਾਹਿਰਾਂ ਨੇ ਵੀ ਮੰਚਨ ਕੀਤਾ ਹੈ। 'ਦਰ ਦੀਵਾਰਾਂ' ਦੇ ਪਾਤਰ ਚਾਹੇ ਉਹ ਕਵੀ, ਮਰਦ, ਨੌਜਵਾਨ ਮੁੰਡੇ-ਕੁੜੀਆਂ, ਕਾਮਦੇਵ, ਕਾਮਨੀ, ਪ੍ਰਚਾਰਕ ਹਿੱਪੀ, ਮੁਟਿਆਰ ਜਾਂ ਔਰਤ ਹੈ ਸਾਰੇ ਪਾਤਰ ਆਪੋ-ਆਪਣੀ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੇ ਪ੍ਰਤੀਤ ਹੋਏ ਹਨ। ਇਸੇ ਤਰ੍ਹਾਂ 'ਸਿਆਸੀ ਦੰਦ-ਕਥਾ' ਨਾਟਕ ਦੇ ਪਾਤਰ ਭਾਵੇਂ ਉਹ ਕਵੀਸ਼ਰ ਹਨ, ਚੁਗਲਖੋਰ ਹਨ, ਟਿੱਪਣੀਕਾਰ ਹਨ ਜਾਂ ਇਨਕਲਾਬੀ ਹਨ ਇਹ ਕਥਾਨਕ ਨੂੰ ਤਰਕ ਵਿਤਰਕ ਜ਼ਰੀਏ ਰੋਚਕ ਬਣਾਉਂਦੇ ਹਨ, ਜਿਹੜੀ ਕਿ ਨਾਟਕਕਾਰ ਦੀ ਨਾਟ-ਸਿਰਜਣਾ ਦੀ ਵਿਸ਼ੇਸ਼ ਖੂਬੀ ਆਖੀ ਜਾ ਸਕਦੀ ਹੈ। ਇਸੇ ਤਰ੍ਹਾਂ ਰਾਜਸੀ, ਧਾਰਮਿਕ ਅਤੇ ਮਿਲਟਰੀ ਅਫ਼ਸਰਾਂ ਵਰਗੇ ਪਾਤਰਾਂ ਨੂੰ ਨਾਟਕ ਵਿਚ ਪੇਸ਼ ਕਰਕੇ ਆਪਣੀ ਨਿਰਭੈ ਰਚਨਾ ਸ਼ਕਤੀ ਨੂੰ ਰਵੀ ਨੇ ਵਿਅਕਤ ਕੀਤਾ ਹੈ। ਨਾਟਕਕਾਰ ਦਾ ਸੰਦੇਸ਼ ਹੈ ਕਿਂੳ-'ਬ੍ਰਹਿਮੰਡ ਦੀ ਨਹੀਂ, ਪਿੰਡ ਦੀ ਗੱਲ ਹੈ। ਦਰ ਤਾਂ ਹੈ, ਦੀਵਾਰ ਦੇ ਵਿਚ ਹੀ, ਖੁੱਲ੍ਹਦਾ ਵੀ, ਉਹ ਅੰਦਰ ਵੱਲ ਹੈ।' ਪੁਸਤਕ ਦੀ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨਾਟਕਾਂ ਦੇ ਖੇਡੇ ਜਾਣ ਵੇਲੇ ਦੀਆਂ ਰੰਗਦਾਰ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ ਅਤੇ ਲੇਖਕ ਦੀ ਸਮੁੱਚੀ ਰਚਨਾ ਦਾ ਬਿਊਰਾ, ਇਸ ਵਲੋਂ ਖ਼ੁਦ ਕੀਤੀਆਂ ਗਈਆਂ ਟਿੱਪਣੀਆਂ ਅਤੇ ਹੋਰਨਾਂ ਰੰਗਕਰਮੀਆਂ ਅਤੇ ਆਲੋਚਕਾਂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 98142-09732
ਫ ਫ ਫ

ਸਮੇਂ ਦੀ ਮਹਿਕ
ਲੇਖਕ : ਡਾ: ਹਰੀਸ਼ ਮਲਹੋਤਰਾ
ਪ੍ਰਕਾਸ਼ਨ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ: 150 ਰੁਪਏ, ਪੰਨੇ : 143
ਸੰਪਰਕ : 78377-18723.

ਡਾ: ਹਰੀਸ਼ ਮਲਹੋਤਰਾ ਬ੍ਰਮਿੰਘਮ ਪੰਜਾਬ ਦੀ ਧਰਤੀ ਦਾ ਜੰਮਿਆ ਪਲਿਆ ਇਕ ਅਗਾਂਹਵਧੂ ਖਿਆਲਾਂ ਵਾਲਾ ਚੇਤੰਨ, ਸੁਹਿਰਦ ਸਾਹਿਤਕਾਰ ਹੈ। ਹਥਲੀ ਪੁਸਤਕ 'ਚ ਉਸ ਦੀਆਂ ਲਿਖੀਆਂ ਹੋਈਆਂ ਦੋ ਦਰਜਨ ਵਾਰਤਕ ਰਚਨਾਵਾਂ ਹਨ, ਜਿਨ੍ਹਾਂ ਦੇ ਵਿਸ਼ੇ-ਵਸਤੂ ਅਤੇ ਪੇਸ਼ਕਾਰੀ ਸੁਚੱਜੀ ਹੈ। ਆਪਣੇ-ਆਪਣੇ ਸਮੇਂ ਦੌਰਾਨ ਜੀਵਨ ਦੇ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨਾਲ ਲੇਖਕ ਵਲੋਂ ਕੀਤੀਆਂ ਗਈਆਂ ਮੁਲਾਕਾਤਾਂ ਨੂੰ ਉਸ ਨੇ ਆਪਣੀਆਂ ਲਿਖਤਾਂ ਦਾ ਵਿਸ਼ਾ-ਵਸਤੂ ਬਣਾਇਆ ਹੈ। ਇਨ੍ਹਾਂ ਮੁਲਾਕਾਤਾਂ 'ਚੋਂ ਪਾਠਕ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਸਹਿਜੇ ਹੀ ਮਿਲ ਜਾਂਦਾ ਹੈ। ਸੁੱਚਾ ਸਿੰਘ ਨਰ, ਅਮਰ ਸਿੰਘ ਤੇਗ, ਹਰਦਿਆਲ ਸਿੰਘ ਬੈਂਸ, ਕਾਮਰੇਡ ਬੂਝਾ ਸਿੰਘ ਜੀ, ਰੁਸਤਮੇ ਹਿੰਦ ਮੇਹਰਦੀਨ, ਫ਼ਿਲਮ ਅਦਾਕਾਰ ਦੇਵ ਕੁਮਾਰ, ਨਾਵਲਕਾਰ ਜਸਵੰਤ ਸਿੰਘ ਕੰਵਲ ਸਮੇਤ ਕਈ ਹੋਰ ਮੁਲਾਕਾਤਾਂ ਵਧੀਆ ਹਨ। ਮਹਾਨ ਵਿਗਿਆਨੀ ਚਾਰਲਸ ਡਾਰਵਿਨ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ ਅਤੇ ਪ੍ਰਾਪਤੀਆਂ ਸਬੰਧੀ ਦਿੱਤੀ ਗਈ ਜਾਣਕਾਰੀ ਪ੍ਰਭਾਵਸ਼ਾਲੀ ਤੇ ਰੌਚਕ ਹੈ। ਉਹ ਜੁਝਾਰਵਾਦੀ ਕਵੀ ਅਵਤਾਰ ਪਾਸ਼ ਨੂੰ ਯਾਦ ਕਰਦਾ ਹੈ। ਲੇਖਕ ਨਿਰੰਜਨ ਸਿੰਘ ਨੂਰ, ਅਜਮੇਰ ਕੁਵੈਂਟਰੀ ਅਤੇ ਹਰਭਜਨ ਵਿਰਕ ਵਰਗੇ ਸਿਰਮੌਰ ਲੇਖਕਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਾ ਹੈ ਅਤੇ ਆਪਣੇ ਸੁਹਿਰਦ ਸਾਥੀ ਦਰਸ਼ਨ ਖਟਕੜ ਨਾਲ ਹੋਈ ਪਹਿਲੀ ਮਿਲਣੀ ਦਾ ਜ਼ਿਕਰ ਵੀ ਬਾਖ਼ੂਬੀ ਕਰਦਾ ਹੈ। ਇਵੇਂ ਹੀ ਉਹ 'ਜਿਊਣ ਦਾ ਇਕ ਅੰਦਾਜ਼ ਇਹ ਵੀ ਹੈ' ਪੋਲੈਂਡ ਦੀ ਵਸਨੀਕ ਔਰਤ ਆਈਰੇਨਾ ਸੈਂਡਲਰ ਨਾਮੀ ਔਰਤ ਦੀ ਬਹਾਦਰੀ ਅਤੇ ਮਾਨਵਵਾਦੀ ਸੋਚ ਦਾ ਪ੍ਰਗਟਾਵਾ ਬੜੇ ਕਲਾਤਮਿਕ ਢੰਗ ਨਾਲ ਕਰਦਾ ਹੈ। ਸੱਚ ਤਾਂ ਇਹ ਹੈ ਕਿ ਜੋ ਕੁਝ ਵੀ ਲੇਖਕ ਦੇ ਚੇਤਿਆਂ 'ਚ ਵਸਿਆ ਹੁੰਦਾ ਹੈ, ਉਸ ਦਾ ਸਦੀਵੀ ਪ੍ਰਭਾਵ ਹੁੰਦਾ ਹੈ। ਲੇਖਕ ਨੇ ਵਿਸ਼ੇ ਦੀ ਸੂਖਮਤਾ ਅਤੇ ਗੰਭੀਰਤਾ ਦਾ ਲੜ ਨਹੀਂ ਛੱਡਿਆ, ਇਹੋ ਸਾਹਿਤਕ ਪੱਖ ਸਾਰੀਆਂ ਰਚਨਾਵਾਂ ਨੂੰ ਵਧੇਰੇ ਰੌਚਕ ਬਣਾਉਂਦਾ ਹੈ।

ਂਮੋਹਰ ਗਿੱਲ ਸਿਰਸੜੀ
ਮੋ: 98156-59110
ਫ ਫ ਫ

ਟੂਣ-ਚੁਰਸਤਾ
ਮੁੱਖ ਸੰਪਾਦਕ : ਡਾ: ਸਰਬਜੀਤ ਕੌਰ ਸੋਹਲ
ਸੰਪਾਦਕ : ਸੱਤਪਾਲ ਭੀਖੀ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨ, ਪਟਿਆਲਾ
ਮੁੱਲ : 260 ਰੁਪਏ, ਸਫ਼ੇ : 192
ਸੰਪਰਕ : 98151-72023.

ਇਸ ਪੁਸਤਕ ਵਿਚ ਮਾਨਸਾ ਜ਼ਿਲ੍ਹੇ ਦੇ ਕਵੀਆਂ ਦੀ ਕਵਿਤਾ ਸ਼ਾਮਿਲ ਹੈ, ਜਿਸ ਵਿਚ ਬਲਦੇਵ ਚਾਹਲ ਮੱਤੀ ਤੋਂ ਲੈ ਕੇ ਲਿੱਪੀ ਮਹਾਦੇਵ ਤੱਕ ਦੀ ਕਵਿਤਾ ਨੂੰ ਥਾਂ ਦਿੱਤੀ ਗਈ ਹੈ। ਕਵਿਤਾਵਾਂ ਦੇ ਪੜ੍ਹਨ ਉਪਰੰਤ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤਕਰੀਬਨ ਇਹ ਸਾਰੇ ਸ਼ਾਇਰ ਪੰਜਾਬੀ ਵਿਚ ਜਾਣੇ-ਪਛਾਣੇ ਸ਼ਾਇਰ ਹਨ। ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਵਿਚ ਉਹ ਸਾਰੇ ਮਸਲੇ ਦਰਪੇਸ਼ ਹਨ, ਜਿਨ੍ਹਾਂ ਨਾਲ ਅਜੋਕੀ ਪੰਜਾਬੀ ਸ਼ਾਇਰੀ ਜੂਝ ਰਹੀ ਹੈ। ਡਾ: ਇੰਦਰਪਾਲ ਕੌਰ ਦੀ ਕਵਿਤਾ 'ਵੇਲਾ ਬਨਾਮ ਔਰਤਾਂ' ਵੇਖੀ ਜਾ ਸਕਦੀ ਹੈ
ਖੁਸ਼ਬੂ ਭਰੀਆਂ ਲਗਦੀਆਂ ਨੇ
ਜੋਬਨ ਲੱਦੀਆਂ ਲੱਗਦੀਆਂ ਨੇ
ਅਕਾਸ਼ 'ਚ ਉੱਡਦੀਆਂ ਜਾਪਦੀਆਂ ਨੇ
ਪਰ ਕਿਸੇ ਰੁੱਖ ਦੇ ਸਹਾਰੇ ਨਾ ਖੜ੍ਹੀਆਂ
ਇਹ ਮੈਨੂੰ ਕਮਜ਼ੋਰ ਔਰਤਾਂ ਵਾਂਗ
ਨਜ਼ਰ ਆਉਂਦੀਆਂ ਹਨ...
ਔਰਤ ਦੀ ਦਸ਼ਾ ਨੂੰ ਬਿਆਨਣ ਲਈ ਮੇਰੇ ਖਿਆਲ ਅਨੁਸਾਰ ਇਸ ਤੋਂ ਖੂਬਸੂਰਤ ਮੈਟਾਫਰ ਨਹੀਂ ਮਿਲ ਸਕਦਾ। ਅਵਤਾਰ ਖਹਿਰਾ ਦੀ ਕਵਿਤਾ 'ਦਰੋਪਦੀ' ਦੀਆਂ ਕੁਝ ਸਤਰਾਂ ਇਸੇ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ :
ਮੌਨ ਨੇ ਭੀਸ਼ਮ, ਦ੍ਰੋਣ, ਵਿਦੁਰ, ਅਰਜੁਨ, ਭੀਮ
ਕੁਰੁ ਦਰਬਾਰ ਵਿਚ ਅਜੇ ਵੀ
ਨਗਨ ਖੜ੍ਹੀ ਹੈ ਦਰੋਪਦੀ ਕ੍ਰਿਸ਼ਨ ਨੂੰ ਉਡੀਕ ਰਹੀ ਹੈ।
ਇਸੇ ਤਰ੍ਹਾਂ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਭਿੰਨ ਵਸਤੂ ਵਰਤਾਰਿਆਂ ਨੂੰ ਆਪਣੇ ਕਾਵਿ ਵਸਤੂ ਵਜੋਂ ਪੇਸ਼ ਕਰਦੀਆਂ ਹਨ। ਅਨੇਕ ਕਵਿਤਾਵਾਂ ਆਮ ਮਨੁੱਖ ਦੇ ਹੋ ਰਹੇ ਸ਼ੋਸ਼ਣ ਨਾਲ ਸਬੰਧਿਤ ਹਨ। ਸਦੀਆਂ ਬੀਤਣ ਦੇ ਬਾਅਦ ਵੀ ਗਰੀਬ ਮਜ਼ਦੂਰ ਦੇ ਜੀਵਨ ਵਿਚ ਕੋਈ ਤਬਦੀਲੀ ਨਹੀਂ ਆਈ। ਮਸ਼ੀਨ ਯੁੱਗ ਨੇ ਸਗੋਂ ਉਸ ਦੇ ਸਦੀਆਂ ਪੁਰਾਣੇ ਸੰਤਾਪ ਨੂੰ ਹੋਰ ਜਟਿਲ ਕਰ ਦਿੱਤਾ ਹੈ। ਰਾਜਿੰਦਰ ਜਾਫਰੀ ਦੀ ਕਵਿਤਾ ਦੀਆਂ ਹੇਠਲੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ :
ਹੁਣ ਉਹ ਲੋਹੇ ਦਾ ਆਦਮੀ
ਦਿਹਾੜੀਦਾਰ ਬਣ ਕੇ
ਚੌਕ ਵਿਚ ਖੜ੍ਹਦਾ ਹੈ
ਮਸ਼ੀਨੀ ਯੁੱਗ ਦਾ ਆਰਾ
ਉਸ ਦੇ ਘਰ 'ਤੇ ਚਲਦਾ ਹੈ.....।
ਜਿਵੇਂ ਇਸ ਪੁਸਤਕ ਦੀਆਂ ਕਵਿਤਾਵਾਂ ਦੇ ਵਸਤੂ ਵਿਚ ਵਿਭਿੰਨਤਾ ਹੈ, ਉਸੇ ਤਰ੍ਹਾਂ ਰੂਪਕ ਪੱਧਰ 'ਤੇ ਵੀ ਇਸ ਪੁਸਤਕ ਵਿਚ ਛੰਦਬੰਧ ਕਵਿਤਾ, ਖੁੱਲ੍ਹੀ ਕਵਿਤਾ, ਗ਼ਜ਼ਲ, ਗੀਤ ਜਿਹੀਆਂ ਅਨੇਕ ਵੰਨਗੀਆਂ ਦੀ ਸਿਰਜਣਾ ਦੇਖਣ ਨੂੰ ਮਿਲਦੀ ਹੈ।

ਂਡਾ: ਅਮਰਜੀਤ ਕੌਂਕੇ।
ਫ ਫ ਫ

ਸਮਿਆਂ ਦੇ ਸਨਮੁੱਖ
ਲੇਖਕ : ਕੁੰਦਨ ਸਿੰਘ 'ਹੰਝੂ'
ਪ੍ਰਕਾਸ਼ਕ : ਪਾਰਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98725-59935.

'ਸਮਿਆਂ ਦੇ ਸਨਮੁੱਖ' ਕਾਵਿ ਸੰਗ੍ਰਹਿ ਕਵੀ ਕੁੰਦਨ ਸਿੰਘ 'ਹੰਝੂ' ਦਾ ਦੂਜਾ ਕਾਵਿ ਸੰਗ੍ਰਹਿ ਹੈ। ਇਸ ਵਿਚ ਕੁੱਲ 93ਵੇਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਚਮੁੱਚ ਹੀ ਕਵੀ ਨੇ ਸਮਿਆਂ ਦੇ ਸਨਮੁੱਖ ਦਰਪੇਸ਼ ਚੁਣੌਤੀਆਂ ਅਤੇ ਉਲਝ ਰਹੇ ਸਮਾਜਿਕ ਤਾਣੇ-ਬਾਣੇ ਨੂੰ ਆਪਣੀਆਂ ਜ਼ਿਆਦਾਤਰ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਭਾਈਚਾਰਕ ਸਾਂਝ ਦਾ ਹੋਕਾ, ਪਿਆਰ-ਮੁਹੱਬਤ ਦੇ ਤਰਾਨੇ, ਬੇਵਫ਼ਾਈ ਦੀ ਚੀਸ, ਭ੍ਰਿਸ਼ਟ ਨਿਜ਼ਾਮ 'ਤੇ ਟਕੋਰਾਂ, ਬੇਰੁਜ਼ਗਾਰੀ ਦਾ ਦੁਖਾਂਤ, ਕਿਸਾਨੀ ਦਾ ਦਰਦ, ਮਿਹਨਤਕਸ਼ ਮਨੁੱਖ ਦੀ ਦੋ ਵਕਤ ਦੀ ਰੋਟੀ ਦਾ ਫ਼ਿਕਰ ਸਾਫ਼ ਝਲਕਦਾ ਹੈ। ਕਵੀ ਕਿਸਾਨੀ ਦਾ ਦਰਦ ਬਿਆਨਦਾ ਲਿਖਦਾ ਹੈ :
ਕਿਸਾਨ ਦਾ ਇਕ ਆਲੂ
ਦਸ ਪੈਸੇ 'ਚ ਵਿੱਕਿਆ ਨਾ,
ਉਸ ਤੋਂ ਬਣਿਆ ਚਿਪਸ,
ਵੀਹ ਰੁਪਏ 'ਚ ਵਿਕ ਗਿਆ।
ਦਿਨੋ-ਦਿਨ ਡਗਮਗਾ ਰਹੀ ਕਿਸਾਨੀ ਆਰਥਿਕਤਾ 'ਤੇ ਟਕੋਰ ਕਰਦਾ ਕਵੀ ਆਖਦਾ ਹੈ :
ਟਰੈਕਟਰ ਜਦੋਂ ਦੇ ਚੱਲੇ, ਟਿਊਬਵੈਲ ਜਦੋਂ ਦੇ ਲੱਗੇ,
ਅਮੀਰ ਬਣਦੇ-ਬਣਦੇ ਗਰੀਬ ਹੋ ਗਏ ਹਾਂ।
ਕਵੀ ਕੁੰਦਨ ਸਿੰਘ ਹੰਝੂ ਦੀਆਂ ਕੁਝ ਕਵਿਤਾਵਾਂ 'ਚ ਬੇਰੁਜ਼ਗਾਰੀ ਦੇ ਸੰਤਾਪੇ ਨੌਜਵਾਨ ਦਾ ਉਦਰੇਵਾਂ ਹੈ, ਮਹਿੰਗਾਈ ਦੀ ਮਾਰ ਦਾ ਦਰਦ ਹੈ। ਧਰਤੀ ਹੇਠਲੇ ਪਾਣੀ ਦੇ ਹੋਰ ਡੂੰਘੇ ਜਾਣ ਅਤੇ ਇਕ ਦਿਨ ਮੁੱਕ ਜਾਣ ਦੀ ਚਿੰਤਾ ਉਸ ਨੂੰ ਸਤਾ ਰਹੀ ਹੈ।
ਇਸ ਪੁਸਤਕ ਦੀਆਂ ਕਈ ਹੋਰ ਰਚਨਾਵਾਂ ਵੀ ਕਾਬਲੇ ਜ਼ਿਕਰ ਹਨ। ਭਾਵੇਂ ਇਸ ਕਿਤਾਬ 'ਚ ਕੁਝ ਸ਼ਬਦਾਂ ਦੀਆਂ ਗਲਤੀਆਂ ਜ਼ਰੂਰ ਰੜਕਦੀਆਂ ਹਨ, ਪਰੰਤੂ ਕੁੱਲ ਮਿਲਾ ਕੇ ਇਹ ਪੁਸਤਕ ਪੜ੍ਹਣਯੋਗ ਹੈ।

ਂਮਨਜੀਤ ਸਿੰਘ ਘੜੈਲੀ
ਮੋ: 98153-91625
ਫ ਫ ਫ

29-09-2019

  ਡਾ: ਭੀਮ ਰਾਵ ਰਾਮ ਜੀ ਅੰਬੇਡਕਰ ਦੇ ਦੋ ਯਾਦਗਾਰੀ ਭਾਸ਼ਣ
ਅਨੁਵਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 400 ਰੁਪਏ, ਸਫ਼ੇ : 183
ਸੰਪਰਕ : 098910-98438.

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਅੰਬੇਡਕਰ ਸਿਆਣੇ ਬੁੱਧੀਜੀਵੀ ਤੇ ਨਿਡਰ ਅਗਾਂਹ ਵਧੂ ਚਿੰਤਕ ਸਨ | ਉਸ ਦੇ ਚਿੰਤਨ ਦੀ ਮੌਲਿਕਤਾ ਤੇ ਮਹੱਤਵ ਨੂੰ ਵਿਆਪਕ ਰੂਪ ਵਿਚ ਪਛਾਣਨਾ ਚਾਹੀਦਾ ਹੈ | ਦਲਿਤ ਨੇਤਾ ਉਨ੍ਹਾਂ ਦੇ ਸਿਧਾਂਤਾਂ ਤੋਂ ਥਿੜਕ ਕੇ ਕੁਰਸੀ ਦੀ ਸਿਆਸਤ ਕਰਦੇ ਰਹੇ ਹਨ | ਉੱਚ ਸ਼੍ਰੇਣੀ ਵਾਲਿਆਂ ਨੇ ਇਕ-ਇਕ ਕਰਕੇ ਕਾਂਗਰਸ, ਦਲਿਤ, ਮਾਰਕਸਿਸਟ, ਸਮਾਜਵਾਦੀ, ਅਕਾਲੀ ਹਰ ਵਰਗ ਨੂੰ ਚਲਾਕੀ ਨਾਲ ਵਰਗਲਾ, ਡਰਾ, ਪਾੜ ਕੇ ਸਿਫ਼ਰ ਕਰ ਦਿੱਤਾ ਹੈ | ਦਲਿਤ ਸਿਆਸਤਦਾਨ ਦਲਿਤਾਂ ਦੀ ਦੇਸ਼ ਵਿਚ ਬਹੁਗਿਣਤੀ ਦਾ ਲਾਭ ਉਠਾ ਕੇ ਮੁਸਲਮਾਨਾਂ, ਸਿੱਖਾਂ, ਘੱਟ-ਗਿਣਤੀਆਂ, ਮਾਰਕਸਵਾਦੀਆਂ, ਸਮਾਜਵਾਦੀਆਂ ਨੂੰ ਸੰਗਠਿਤ ਕਰਕੇ ਵੱਡੀ ਤਾਕਤ ਬਣ ਸਕਦੇ ਹਨ | ਬਲਦੇਵ ਬੱਦਨ ਦੀ ਇਸ ਕਿਤਾਬ ਵਿਚ ਅੰਕਿਤ ਡਾ: ਅੰਬੇਡਕਰ ਦੇ ਦੋ ਭਾਸ਼ਨ ਦਲਿਤਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ |
ਪਹਿਲਾ ਭਾਸ਼ਨ ਜਾਤ ਪਾਤ ਤੋੜਕ ਸਮਾਜ ਲਾਹੌਰ ਦੇ 1936 ਦੇ ਸੈਸ਼ਨ ਦਾ ਪ੍ਰਧਾਨਗੀ ਐਡਰੈੱਸ ਹੈ | ਡਾ: ਅੰਬੇਡਕਰ ਦੇ ਬੇਬਾਕ ਨਿਡਰ ਵਿਚਾਰਾਂ ਨੂੰ ਵੇਖ ਕੇ ਪ੍ਰਬੰਧਕਾਂ ਨੇ ਇਹ ਸੈਸ਼ਨ ਹੀ ਰੱਦ ਕਰ ਦਿੱਤਾ ਸੀ | ਦੂਜਾ ਭਾਸ਼ਨ ਜਸਟਿਸ ਮਹਾਂਦੇਵ ਗੋਵਿੰਦ ਰਾਨਾਡੇ ਦੇ 101ਵੇਂ ਜਨਮ ਦਿਨ ਮੌਕੇ 1913 ਦੇ ਪੂਨੇ ਦੇ ਸਮਾਗਮ ਦਾ ਪ੍ਰਧਾਨਗੀ ਭਾਸ਼ਨ ਹੈ ਜਿਸ ਵਿਚ ਡਾ: ਅੰਬੇਡਕਰ ਨੇ ਰਾਨਾਡੇ ਨੂੰ ਸਾਧਾਰਨ ਸਿਆਸਤਦਾਨ ਦੀ ਥਾਂ ਸੁਚੇਤ ਰੂਪ ਵਿਚ ਹਿੰਦੂ ਧਰਮ ਸਮਾਜ ਦੇ ਸੁਧਾਰਕ ਵਜੋਂ ਉਭਾਰਿਆ | ਦੋਵੇਂ ਭਾਸ਼ਨਾਂ ਵਿਚ ਧਿਆਨ ਦੇਣਯੋਗ ਮੂਲ ਨੁਕਤੇ ਇਹ ਹਨ ਕਿ ਜਾਤ ਪਾਤ ਵਰਣ ਆਸ਼ਰਮ ਵਾਲੇ ਹਿੰਦੂ ਸਮਾਜ ਦੀਆਂ ਜੜ੍ਹਾਂ ਹਿੰਦੂ ਧਰਮ ਗ੍ਰੰਥਾਂ ਵੇਦਾਂ ਸ਼ਾਸਤਰਾਂ ਸਿਮਰਤੀਆਂ ਵਿਚ ਹਨ |
ਡਾਕਟਰ ਸਾਹਿਬ ਅਨੁਸਾਰ ਹਿੰਦੂ ਧਰਮ ਇਕ ਅਜਿਹਾ ਧਰਮ ਜੋ ਸਵਾਧੀਨਤਾ, ਬਰਾਬਰੀ ਤੇ ਭਾਈਚਾਰਾ ਸਥਾਪਤ ਕਰਨ ਦੇ ਹੱਕ ਵਿਚ ਨਹੀਂ ਸੀ | ਭਾਰਤ ਦੀ ਪਤਨਮਈ ਅਵਸਥਾ ਦਾ ਕਾਰਨ ਹਿੰਦੂ ਸਮਾਜ ਵਿਚ ਪ੍ਰਚਲਿਤ ਕਮਜ਼ੋਰੀਆਂ ਹਨ | ਇਨ੍ਹਾਂ ਦੀਆਂ ਜੜ੍ਹਾਂ ਰਾਮਾਇਣ, ਮਹਾਂਭਾਰਤ, ਸਿਮਰਤੀਆਂ ਤੇ ਵੇਦਾਂ ਤੱਕ ਵਿਚ ਹਨ |
ਹਿੰਦੂ ਧਰਮ ਤੇ ਇਸ ਨਾਲ ਜੁੜੇ ਇਨ੍ਹਾਂ ਸਭ ਗ੍ਰੰਥਾਂ ਨੂੰ ਛੱਡੇ, ਰੱਦ ਕੀਤੇ ਬਿਨਾਂ ਅਸੀਂ ਦਲਿਤ, ਸਮਾਜ, ਦੇਸ਼, ਮਨੁੱਖਤਾ ਦਾ ਭਲਾ ਨਹੀਂ ਕਰ ਸਕਦੇ | ਇਸੇ ਲਈ ਉਸ ਨੇ ਦਲਿਤਾਂ ਨੂੰ ਹਿੰਦੂ ਧਰਮ ਤਿਆਗਣ ਲਈ ਵੰਗਾਰਿਆ | ਦਲਿਤ ਸਿਆਸਤਦਾਨਾਂ ਲਈ ਅੱਜ ਸੰਕਟ ਦੀ ਘੜੀ ਹੈ | ਉਨ੍ਹਾਂ ਨੂੰ ਸਮਾਂ ਸੰਭਾਲਣ ਲਈ ਡਾ: ਅੰਬੇਡਕਰ ਨੂੰ ਪੜ੍ਹਨਾ ਸਮਝਣਾ ਚਾਹੀਦਾ ਹੈ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਗੁਆਚੇ ਹੱਥ ਦੀ ਤਲਾਸ਼
ਲੇਖਕ : ਡਾ: ਬਲਦੇਵ ਸਿੰਘ ਖਹਿਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 9872007658.

ਇਹ ਡਾ: ਖਹਿਰਾ ਦਾ ਤੀਸਰਾ ਮੌਲਿਕ ਮਿੰਨੀ-ਕਹਾਣੀ ਸੰਗ੍ਰਹਿ ਹੈ ਜਿਸ ਵਿਚ 63 ਮਿੰਨੀ-ਕਹਾਣੀਆਂ ਦਰਜ ਹਨ | ਵਿਸ਼ਾ ਪੱਖ ਤੋਂ ਵਿਚਾਰਧੀਨ ਮਿੰਨੀ-ਕਹਾਣੀ ਸੰਗ੍ਰਹਿ ਵਿਚ ਦਰਜ ਕਹਾਣੀਆਂ ਨੂੰ ਮੋਟੇ ਤੌਰ 'ਤੇ ਤਿੰਨ ਭਾਗਾਂ ਵਿਚ ਰੱਖ ਕੇ ਵਿਚਾਰਿਆ ਜਾ ਸਕਦਾ ਹੈ | ਪਹਿਲੇ ਭਾਗ ਵਿਚ ਉਹ ਕਹਾਣੀਆਂ, ਜਿਨ੍ਹਾਂ ਦੇ ਵਿਸ਼ੇ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀਆਂ ਨਾਲ ਸਬੰਧਿਤ ਹਨ | ਇਹ ਸਮੱਸਿਆਵਾਂ ਅੱਗੋਂ ਭੋਂ-ਹੇਰਵਾ, ਵਿਦੇਸ਼ਾਂ ਦੀ ਜ਼ਿੰੰਦਗੀ ਅਤੇ ਉੱਥੋਂ ਦਾ ਰਹਿਣ-ਸਹਿਣ, ਪੰਜਾਬੀਆਂ ਦੀ ਹਰ ਹੀਲੇ ਵਿਦੇਸ਼ ਜਾਣ ਦੀ ਲਲਕ, ਪੰਜਾਬੀ ਅਤੇ ਵਿਦੇਸ਼ੀ ਸਮਾਜਿਕ-ਸੱਭਿਆਚਾਰਕ ਪ੍ਰਸਥਿਤੀਆਂ ਦਾ ਵਖਰੇਵਾਂ, ਬਜ਼ੁਰਗ (ਪ੍ਰੋੜ) ਸੋਚ ਦੇ ਪਰਿਪੇਖ ਵਿਚ ਪ੍ਰਸਤੁਤ ਕੀਤਾ ਗਿਆ ਹੈ | ਯੂਅਰ ਪ੍ਰਾਬਲਮ, ਪੱਛਮ ਵਿਚ ਖੁਰਦਾ ਪੂਰਬ, ਦਿਸ਼ਾਹੀਣ, ਪੌੜੀ, ਲੁਕੀ ਹੋਈ ਗੱਲ ਆਦਿ ਮਿੰਨੀ ਕਹਾਣੀਆਂ ਨੂੰ ਇਸੇ ਪ੍ਰਸੰਗ ਵਿਚ ਵਿਚਾਰਿਆ ਜਾ ਸਕਦਾ ਹੈ |
ਬਜ਼ੁਰਗ ਪੀੜ੍ਹੀ ਦੀ ਪੁੱਤ-ਪੋਤਰਿਆਂ ਹੱਥੋਂ ਹੋ ਰਹੀ ਦੁਰਗਤ/ਅਣਦੇਖੀ, ਡਾ: ਖਹਿਰਾ ਦੀਆਂ ਕਹਾਣੀਆਂ ਦਾ ਦੂਸਰਾ ਮੁੱਖ ਨੁਕਤਾ ਹੈ | ਲੇਖਕ ਖ਼ੁਦ ਉਮਰ ਦੇ ਇਸ ਪੜਾਅ ਵਿਚੋਂ ਗੁਜ਼ਰ ਰਿਹਾ ਹੋਣ ਕਾਰਨ, ਨੌਜਵਾਨ ਪੀੜ੍ਹੀ ਦੀ ਮਾਂ-ਬਾਪ ਪੀੜ੍ਹੀ ਪ੍ਰਤੀ ਬੇਰੁਖ਼ੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ | ਮੰਮੀ ਦਾ ਡੇ ਕੇਅਰ ਸੈਂਟਰ, ਬਿਸ਼ਨੀਏ ਫੇਰ ਆਊਾ, ਜਲਾਵਤਨੀ ਮੰਗਦਾ ਬੁਢਾਪਾ, ਗੰਢੇ ਵੀ ਤੇ ਕੋਰੜੇ ਵੀ, ਗੁਆਚੇ ਹੱਥ ਦੀ ਤਲਾਸ਼ ਆਦਿ ਮਿੰਨੀ ਕਹਾਣੀ ਵਿਚ ਬਜ਼ੁਰਗ ਵਰਗ ਦੀ ਵੇਦਨਾ ਦਾ ਮਾਰਮਿਕ ਚਿਤਰਨ ਮਿਲਦਾ ਹੈ | ਤੀਸਰੇ ਵਰਗ ਦੀਆਂ ਕਹਾਣੀਆਂ ਦੇ ਵਿਸ਼ੇ ਨਿਰੋਲ ਮਨੋਵਿਗਿਆਨਕ, ਸਮੁੱਚੇ ਸਮਾਜਿਕ ਨਿਘਾਰ ਨੂੰ ਰਿਸ਼ਤਿਆਂ ਦੀ ਟੁੱਟ-ਭੱਜ, ਆਰਥਿਕ ਮੰਦਹਾਲੀ, ਊਚ-ਨੀਚ, ਜਾਤੀਗਤ ਭੇਦ-ਭਾਵ ਦਾ ਨਿਖੇਧ ਕਰਦੀਆਂ ਹੋਈਆਂ, ਮਾਨਵੀ ਕਦਰਾਂ-ਕੀਮਤਾਂ ਵਾਲਾ ਸਮਾਜ ਸਿਰਜਣ ਦਾ ਸੰਦੇਸ਼ ਦਿੰਦੀਆਂ ਹਨ |

—ਡਾ: ਪ੍ਰਦੀਪ ਕੌੜਾ
ਮੋ: 9501115200
c c c

ਸਮੇਂ ਦੀ ਪੁਕਾਰ
ਲੇਖਕ : ਨਰੰਜਨ ਸਿੰਘ ਵਿਰਕ
ਸੰਪਾਦਕ : ਬਾਬੂ ਰਾਮ ਦੀਵਾਨਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ |
ਮੁੱਲ:200 ਰੁਪਏ, ਸਫ਼ੇ : 104
ਸੰਪਰਕ : 98037-44401.

'ਸਮੇਂ ਦੀ ਪੁਕਾਰ' ਇਸ ਪੁਸਤਕ ਵਿਚ ਸਮੇਂ ਦੀਆਂ ਚਲੰਤ ਗੰਭੀਰ ਸਮੱਸਿਆਵਾਂ ਨੂੰ 55 ਕੁ ਮਿੰਨੀ ਕਹਾਣੀਆਂ ਰਾਹੀਂ ਪ੍ਰਗਟ ਕੀਤਾ ਗਿਆ ਹੈ | ਮੁੱਖ ਚੁਣੌਤੀ ਪ੍ਰਦੂਸ਼ਣ ਸਮੱਸਿਆ ਨੂੰ ਲੇਖਕ ਨਰੰਜਨ ਸਿੰਘ ਵਿਰਕ ਵਲੋਂ ਬੜੀ ਸੰਜੀਦੀਗੀ ਨਾਲ ਲਿਆ ਗਿਆ ਹੈ |
ਟ੍ਰੈਫਿਕ ਨਿਯਮ ਦੀਆਂ ਧੱਜੀਆਂ ਉਡਾਉਂਦਾ ਹੋਇਆ ਦਨਦਨਾਉਂਦਾ ਟ੍ਰੈਫਿਕ ਦੈਂਤ, ਪ੍ਰਦੂਸ਼ਿਤ ਹਵਾ ਨਾਲ ਫੇਫੜਿਆਂ 'ਤੇ ਮਾਰੂ ਪ੍ਰਭਾਵ, ਪੈਸਿਆਂ ਨਾਲ ਮੌਤ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਪਾਣੀ ਦੀ ਦੁਰਵਰਤੋਂ ਨਾਲ ਹੋ ਰਹੇ ਘਾਣ, ਕਿਸਾਨੀ ਦੀ ਨਿਗਰਦੀ ਜਾ ਰਹੀ ਹਾਲਤ, ਬੇਈਮਾਨੀ ਤੇ ਰਿਸ਼ਵਤਖੋਰੀ ਦੀ ਚੜ੍ਹਤ, ਮਿਲਾਵਟਖੋਰੀ ਦਾ ਬੋਲਬਾਲਾ, ਪੁਜਾਰੀਵਾਦ ਦੀ ਐਸ਼ੋ-ਇਸ਼ਰਤ ਭਰਿਆ ਜੀਵਨ ਜਦ ਕਿ ਕਿਰਤੀ ਦੋ ਡੰਗ ਟਪਾਉਣ ਤੋਂ ਵੀ ਆਤੁਰ, ਵਿਕਾਸ ਲਈ ਕਿਸੇ 'ਤੇ ਨਿਰਭਰ ਹੋਣ ਦੀ ਥਾਂ ਸਵੈ-ਸੇਵਾ ਨੂੰ ਤਰਜੀਹ ਦੇਣਾ, ਆਪਣੇ ਸਿਰ ਤੋਂ ਮੁਸੀਬਤ ਟਾਲਣ ਵਾਸਤੇ ਕਿਸੇ ਲਾਚਾਰ ਦੀ ਬਲੀ ਦੇਣਾ, ਕਿਤਾਬਾਂ ਸੰਗ ਦੋਸਤੀ ਦੇ ਫਾਇਦੇ ਹੀ ਫਾਇਦੇ, ਸਿਹਤ ਦੀ ਸਾਂਭ-ਸੰਭਾਲ, ਪਰਉਪਕਾਰਤਾ ਦਾ ਮਿੱਠਾ ਫਲ, ਅਮੀਰੀ ਦੀ ਫੁਕਰੀ, ਗ਼ਰੀਬ ਦੀ ਗਰਜ਼, ਤਰੱਕੀ ਬਨਾਮ ਸੋਹਣੀ ਪਤਨੀ ਅਤੇ ਇਕ ਚੁੱਪ ਸੌ ਸੁਖ ਆਦਿ ਵਿਸ਼ਿਆਂ ਦੀ ਮਾਲਾ ਨੂੰ ਬੜੀ ਸ਼ਿੱਦਤ ਨਾਲ ਪਰੋਇਆ ਹੈ | ਜਿਥੇ ਲੇਖਕ ਨੇ ਗਹਿਰ-ਗੰਭੀਰ ਮਸਲਿਆਂ 'ਤੇ ਬੜੀ ਬੇਬਾਕੀ ਨਾਲ ਉਂਗਲ ਧਰੀ ਹੈ ਉਥੇ ਲੇਖਕ ਵਲੋਂ ਹਲਕੇ-ਫੁਲਕੇ ਵਾਰਤਾਲਾਪ ਰਾਹੀਂ ਹਾਸੇ ਦੀਆਂ ਫੁਹਾਰਾਂ ਬਰਸਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਕਿ ਪਾਠਕ ਨੂੰ ਇਹ ਪੁਸਤਕ ਕਾਫੀ ਰੋਚਿਕਤਾ ਵੀ ਪ੍ਰਦਾਨ ਕਰੇ | ਇਸ ਪੁਸਤਕ ਵਿਚ ਬਹੁਤ ਸਾਰੇ ਸ਼ਬਦਾਂ, ਵਾਕਾਂ ਤੇ ਕੁਝ ਪੈਰਿਆਂ ਦਾ ਵਾਰ-ਵਾਰ ਦੁਹਰਾਓ ਕੁਝ ਕੁ ਅੱਖੜਦਾ ਜ਼ਰੂਰ ਹੈ | ਲੇਖਕ ਨੇ ਇਕ ਇੰਜੀਨੀਅਰ ਹੋਣ ਦੇ ਨਾਤੇ ਆਪਣੇ ਕੰਮ ਦੇ ਸਫਲ ਤਜਰਬੇ ਤੇ ਅਨੁਭਵਾਂ ਨੂੰ ਵੀ ਇਸ ਪੁਸਤਕ ਵਿਚ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ | ਕਿਰਤੀ ਸੰਘਰਸ਼ ਦੀ ਸਫਲਤਾ ਨਾਲ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਇਸ ਪੁਸਤਕ ਦਾ ਸਿਖਰ ਹੋ ਨਿਬੜਦਾ ਹੈ |

—ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764 74858
c c c

ਇਕ ਫ਼ੌਜੀ ਦੀ ਸਵੈ ਜੀਵਨੀ
ਜੀਵਨ ਗਾਥਾ
ਲੇਖਕ : ਜਮਾਂਦਾਰ ਬਲਵੰਤ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 224
ਸੰਪਰਕ : 78377-18723.

ਲੇਖਕ ਨੇ ਆਪਣੀ ਇਸ ਜੀਵਨ ਗਾਥਾ ਨੂੰ ਭਾਗਾਂ ਵਿਚ ਵੰਡ ਕੇ ਪਹਿਲਾ ਪੜਾਅ (1924-1950), ਦੂਜਾ ਪੜਾਅ (1951-1990), ਤੀਜਾ ਪੜਾਅ (1990-2007), ਚੌਥਾ ਪੜਾਅ (2008-2011) ਅਤੇ ਪੰਜਵਾਂ ਪੜਾਅ (2012-2019) ਤੱਕ ਦੇ ਵੇਰਵਿਆਂ ਨੂੰ ਦਰਜ ਕਰਦੇ ਹੋਏ ਪਾਠਕਾਂ ਦੇ ਰੂਬਰੂ ਕੀਤਾ ਹੈ | ਜੇਕਰ ਦੇਖਿਆ ਜਾਵੇ ਤਾਂ ਇਸ ਜੀਵਨ ਗਾਥਾ ਦਾ ਬਿਰਤਾਂਤਕ ਘੇਰਾ ਨਿੱਜ ਤੱਕ ਹੀ ਸੀਮਤ ਹੈ ਭਾਵੇਂ ਕਿ 1947 ਦੀ ਦੇਸ਼ ਵੰਡ, ਯੂ.ਪੀ. ਵਿਚ ਪੰਜਾਬੀਆਂ ਦੇ ਵਸਣ ਅਤੇ ਫ਼ੌਜੀ ਜੀਵਨ ਦੀ ਕਰੜੇ ਅਨੁਸ਼ਾਸਨ ਵਾਲੀ ਜ਼ਿੰਦਗੀ ਦੇ ਸੰਖੇਪ ਵੇਰਵੇ ਵੀ ਇਸ ਪੁਸਤਕ ਵਿਚ ਦਰਜ ਹਨ ਪਰ ਇਨ੍ਹਾਂ ਵੇਰਵਿਆਂ ਤੋਂ ਇਲਾਵਾ ਲੇਖਕ ਨੇ ਆਪਣੇ ਪਰਿਵਾਰਕ ਪਿਛੋਕੜ ਤੋਂ ਲੈ ਕੇ ਹੁਣ ਤੱਕ ਕੈਨੇਡਾ ਵਸਣ ਦੇ ਲੰਮੇ ਚੌੜੇ ਅਤੇ ਸੰਘਣੇ ਵੇਰਵੇ ਇਸ ਪੁਸਤਕ ਵਿਚ ਪੇਸ਼ ਕੀਤੇ ਹਨ | ਇਸੇ ਕਰਕੇ ਹੀ ਕਈ ਵਾਰੀ ਪਾਠਕ ਨੂੰ ਪੁਸਤਕ ਵਿਚ ਰੌਚਿਕਤਾ ਦੀ ਘਾਟ ਵੀ ਰੜਕਦੀ ਹੈ ਕਿਉਂਕਿ ਪਰਿਵਾਰਕ ਨਾਵਾਂ ਦੇ ਵੇਰਵੇ ਅਤੇ ਜਾਣਕਾਰੀ ਸਿਰਫ ਜਾਣਕਾਰੀ ਤੱਕ ਹੀ ਮਹਿਦੂਦ ਰਹਿ ਜਾਂਦੀ ਹੈ | ਕੋਈ ਵਡੇਰਾ ਸਮਾਜਿਕ ਜਾਂ ਇਤਿਹਾਸਕ ਪ੍ਰਸੰਗ ਨਹੀਂ ਸਿਰਜਦੀ | ਖ਼ਾਸ ਗੱਲ ਇਹ ਹੈ ਕਿ ਇਹ ਜਾਣਕਾਰੀ ਲੇਖਕ ਦੀ ਡਾਇਰੀ ਤੋਂ ਪੁਸਤਕ ਤੱਕ ਸਫ਼ਰ ਤੈਅ ਕਰਦੀ ਹੈ | ਇਸ ਕਰਕੇ ਇਸ ਤਰ੍ਹਾਂ ਜਾਪਦਾ ਹੈ ਕਿ ਘਰ ਦਾ ਕੋਈ ਵਡੇਰਾ ਪਰਿਵਾਰਕ ਮੈਂਬਰਾਂ ਨੂੰ ਕੋਲ ਬਿਠਾ ਕੇ ਆਪਣੀ ਖਾਨਦਾਰੀ ਜਾਣਕਾਰੀ ਸਾਂਝੀ ਕਰ ਰਿਹਾ ਹੋਵੇ | ਪੁਸਤਕ ਦੇ ਅਖੀਰ 'ਤੇ ਲੇਖਕ ਦੀ ਖਾਨਦਾਨੀ ਜਾਣਕਾਰੀ ਦਾ ਚਾਰਟ ਅਤੇ ਪਰਿਵਾਰਕ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਸਰਦ ਮੌਸਮਾਂ ਦੇ ਸੂਰਜ
ਕਵੀ : ਗੁਰਨਾਮ ਕੰਵਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 170 ਰੁਪਏ, ਸਫ਼ੇ : 100
ਸੰਪਰਕ : 98142-13317.

ਗੁਰਨਾਮ ਕੰਵਰ ਦੀ ਹਥਲੀ ਕਾਵਿ ਪੁਸਤਕ ਸੁਚੇਤਕ ਵਿਚਾਰਮੁਖਤਾ ਦੀ ਕਵਿਤਾ ਹੈ | ਜਿਨ੍ਹਾਂ ਅਹਿਸਾਸਮੰਦ ਕਵੀਆਂ ਨੇ ਕਵਿਤਾ ਨੂੰ ਗੁਰੂ ਨਾਨਕ ਦੇਵ ਜੀ ਦੀ ਪ੍ਰਥਾਇ ਸ਼ਬਦ ਹਥਿਆਰ ਅਤੇ ਲੋਕ ਧਰਮ ਵਜੋਂ ਪੇਸ਼ ਕੀਤਾ, ਉਨ੍ਹਾਂ ਵਿਚ ਗੁਰਨਾਮ ਦਾ ਨਾਂਅ ਸਿਤਾਰੇ ਵਾਂਗ ਹੈ | ਜਿਸ ਨੇ ਰਾਜਨੀਤਕ ਲਹਿਜ਼ੇ ਦੀ ਕਵਿਤਾ ਨੂੰ ਪੰਜਾਬੀ ਕਾਵਿ ਖੇਤਰ ਵਿਚ ਮਾਨਤ ਮਾਨਤ ਕੀਤਾ ਹੈ | ਅੱਜ ਪੰਜਾਬੀ ਸਮਾਜ ਨੂੰ ਕੇਵਲ ਵਿਰੋਧ ਦੀ ਕਵਿਤਾ ਦੀ ਹੀ ਲੋੜ ਨਹੀਂ ਸਗੋਂ ਸਿਆਸੀ ਸੰਦਰਭਾਂ ਦੇ ਅਸੀਮ 'ਤੇ ਗੁੱਝੇ ਰਹੱਸਾਂ ਨੂੰ ਕਾਵਿ ਜ਼ਬਾਨ ਵਿਚ ਪੇਸ਼ ਕਰਨ ਦੀ ਅਤੇ ਸੱਤਾ ਵਿਵਸਥਾ ਦੇ ਦਾਅ ਪੇਚਕ ਅਫਲਸਫੇ ਤੋਂ ਪਾਰ ਜਾ ਕੇ ਪਾਠਕ, ਸਰੋਤੇ, ਰਈਅਤ ਨੂੰ ਜਾਣੂ ਕਰਵਾਉਣ ਦੀ ਲੋੜ ਹੈ | ਜਦ ਤੱਕ ਰਈਅਤ ਦਾ ਚੇਤਨਾ ਮੁਖੀ ਅੰਧਰਾਤਾ ਦੂਰ ਨਹੀਂ ਹੁੰਦਾ ਭਾਰਤੀ ਰਾਜਨੀਤੀ ਇਸੇ ਹੀ ਤਰ੍ਹਾਂ ਬੇਨਿਆਈਆਂ ਨੂੰ ਨਿਆਂ ਬਣਾ ਕੇ ਪ੍ਰਗਟਾਉਂਦੀ ਰਹੇਗੀ | ਇਹ ਕਵਿਤਾ ਇਕ ਅਦਨੇ ਮਨੁੱਖ ਲਈ ਸ਼ਕਤੀ ਦਾ ਸੋਮਾ ਅਤੇ ਆਸ ਦੀ ਪੰੁਜਤਾ ਹੈ | 'ਸਰਦ ਮੌਸਮਾਂ ਦੇ ਸੂਰਜ' ਬੜੇ ਪਿਆਰੇ ਤੇ ਲੋੜਮੂਲਕ ਹੁੰਦੇ ਹਨ | ਪਰ ਇਨ੍ਹਾਂ ਸੂਰਜਾਂ ਨੂੰ ਵੀ ਗੁੰਬਦ ਅਤੇ ਚੁਬਾਰੇ ਵਿਹੜਿਆਂ ਤੱਕ ਆਉਣੋਂ ਰੋਕ ਰਹੇ ਹਨ | ਸਾਰੀਆਂ ਕਵਿਤਾਵਾਂ ਭਾਵੇਂ ਛੰਦਾਂ-ਬਹਿਰਾਂ ਦੀ ਉਂਗਲੀ ਫੜ ਕੇ ਨਹੀਂ ਤੁਰਦੀਆਂ ਪਰ ਹਰ ਕਵਿਤਾ ਸਹਿਜ ਨਾਲ ਹੀ 'ਮੰਨੇ ਕੀ ਗਤ' ਦਾ ਆਦਰ ਪ੍ਰਾਪਤ ਕਰ ਜਾਂਦੀ ਹੈ | ਏਨੇ ਵੱਡੇ-ਵੱਡੇ ਰਾਸ਼ਟਰੀ-ਅੰਤਰਰਾਸ਼ਟਰੀ ਮਾਨਵੀ ਪ੍ਰਸ਼ਨਾਂ ਨੂੰ ਜਿਸ ਕਲਮ ਨੇ ਸਹਿਜ ਨਾਲ ਕਾਵਿ ਬਿਆਨਾਂ ਵਿਚ ਢਾਲ ਦਿੱਤਾ, ਉਸ ਕਲਮ ਦਾ ਸਤਿਕਾਰ ਹੈ | ਉਸ ਦੇ ਹੀ ਸ਼ਬਦਾਂ ਵਿਚ ਉਸ ਨੂੰ ਸਲਾਮ ਹੈ :
ਸਾਥੀ ਤੇਰੀ ਸਾਦਗੀ ਦੀ ਸਹੁੰ
ਕਿਰਤ ਬੰਦਗੀ ਦੀ ਸਹੁੰ
ਲਿਖਾਂਗੇ ਮਿਹਨਤਾਂ ਦੀਆਂ ਸੁੱਚੀਆਂ ਤਕਦੀਰਾਂ.... |

—ਸੁਲੱਖਣ ਸਰਹੱਦੀ
ਮੋ: 94174-84337.
c c c

ਕਾਰਵਾਈ ਮੁਕੱਦਮਾ
ਸ਼ਹੀਦ ਭਗਤ ਸਿੰਘ ਅਤੇ ਸਾਥੀ
ਮੁੱਖ ਸੰਪਾਦਕ : ਡਾ: ਗੁਰਦੇਵ ਸਿੰਘ ਸਿੱਧੂ
ਲੜੀ ਸੰਪਾਦਕ : ਮਾਲਵਿੰਦਰ ਸਿੰਘ ਵੜੈਚ, ਹਰੀਸ਼ ਜੈਨ
ਮੁੱਲ : 595 ਰੁਪਏ, ਸਫ਼ੇ : 492
ਸੰਪਰਕ : 94170-49417.

ਪੁਸਤਕ ਦੇ ਮੁੱਢ 'ਚ ਸੰਪਾਦਕ ਸਾਹਿਬਾਨ ਨੇ ਦੱਸਿਆ ਹੈ ਕਿ ਜਦੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਲਾਹੌਰ ਅਸੈਂਬਲੀ ਵਿਚ ਬੰਬ ਸੁੱਟਿਆ ਸੀ ਤਾਂ ਇਸ ਕੇਸ ਨੂੰ 'ਲਾਹੌਰ ਸਾਜਿਸ਼ ਕੇਸ' ਦਾ ਨਾਂਅ ਦਿੱਤਾ ਗਿਆ ਸੀ | ਇਸ ਮੁਕੱਦਮੇ ਦੀ ਸੁਣਵਾਈ ਮੁਢਲੇ ਤੌਰ 'ਤੇ 10 ਜੁਲਾਈ, 1929 ਨੂੰ ਪੰਡਿਤ ਸ੍ਰੀ ਕ੍ਰਿਸ਼ਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਸ਼ੁਰੂ ਹੋਈ ਸੀ ਜੋ ਬਾਅਦ 'ਚ ਕੇਸ ਛੇਤੀ ਨਿਬੇੜਨ ਵਾਸਤੇ ਇਕ ਵਿਸ਼ੇਸ਼ ਟਿ੍ਬਿਊਨਲ ਨੂੰ ਸੌਾਪੀ ਗਈ | ਮੈਜਿਸਟ੍ਰੇਟ ਸਾਹਮਣੇ ਲਗਪਗ 9 ਮਹੀਨੇ ਦੀ ਸੁਣਵਾਈ ਦੌਰਾਨ 607 ਗਵਾਹਾਂ ਵਿਚੋਂ 230 ਗਵਾਹ ਹੀ ਭੁਗਤੇ ਪਰ ਇਸ ਸਮੇਂ ਨੂੰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਹਿਤ ਵਰਤਣ ਵਿਚ ਕੋਈ ਕਸਰ ਨਾ ਛੱਡੀ | ਇਸੇ ਕਰਕੇ ਬੇਈਮਾਨ ਅੰਗਰੇਜ਼ੀ ਸਰਕਾਰ ਜਲਦ ਤੋਂ ਜਲਦ ਇਹ ਕੇਸ ਨਿਬੇੜ ਕੇ ਇਨ੍ਹਾਂ ਸਿਰਲੱਥ ਦੇਸ਼ ਭਗਤਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਸੀ | ਇਸ ਕਰਕੇ 5 ਮਈ, 1930 ਨੂੰ ਕੇਸ ਦੀ ਸੁਣਵਾਈ ਸ਼ੁਰੂ ਹੋਈ ਅਤੇ 7 ਅਕਤੂਬਰ, 1930 ਨੂੰ ਫ਼ੈਸਲਾ ਸੁਣਾਇਆ ਗਿਆ | ਇਹ ਮੁਕੱਦਮਾ ਜਿਸ ਨੂੰ 'ਸਰਕਾਰ ਬਨਾਮ ਸੁਖਦੇਵ ਵਗੈਰਾ ਮੁਲਜ਼ਮਾਨ' ਦਾ ਨਾਂਅ ਦਿੱਤਾ ਗਿਆ, ਵਿਚ ਸਰਕਾਰੀ ਪੱਖ ਤੋਂ ਤਿੰਨ ਵਕੀਲ ਪੇਸ਼ ਹੁੰਦੇ ਸਨ | ਜਿਥੋਂ ਤੱਕ ਸਾਹਿਤ ਵਿਧਾ 'ਵਾਰਤਕ' ਦੀ ਪਰਿਭਾਸ਼ਾ ਅਤੇ ਤਕਨੀਕ ਦਾ ਸਵਾਲ ਹੈ, ਇਹ ਪੁਸਤਕ ਖਰੀ ਉਤਰਦੀ ਹੈ | ਪੁਸਤਕ ਦੇ ਤਮਾਮ ਕਰਤਾਵਾਂ ਨੇ ਇਸ ਸਬੰਧੀ ਉਪਲਬਧ ਇਤਿਹਾਸਕ ਦਸਤਾਵੇਜ਼ਾਂ ਦਾ ਬਹੁਤ ਨਿੱਠ ਕੇ ਅਧਿਐਨ ਕਰਕੇ ਇਸ ਨੂੰ ਨੇਪਰੇ ਚੜ੍ਹਾਇਆ ਹੈ | ਪੁਸਤਕ ਸੱਚ-ਮੁੱਚ ਸਾਂਭਣਯੋਗ ਹੈ |

—ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.
c c c

ਬੌਧਿਕ ਔੜ ਦਾ ਯੁੱਗ
ਲੇਖਕ : ਗੁਰਚਰਨ ਸਿੰਘ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 98550-51099.

ਗੁਰਚਰਨ ਸਿੰਘ ਨੂਰਪੁਰ ਨੇ 21ਵੀਂ ਸਦੀ ਨੂੰ 'ਬੌਧਿਕ ਔੜ ਦਾ ਯੁੱਗ' ਕਿਹਾ ਹੈ | ਸਮਕਾਲੀ ਜਗਤ ਪ੍ਰਤੀ ਉਸ ਦਾ ਗਿਲਾ ਪੂਰੀ ਤਰ੍ਹਾਂ ਵਾਜਬ ਹੈ | ਅਸੀਂ, ਜਿਨ੍ਹਾਂ ਨੇ 50ਵਿਆਂ ਵਿਚ ਆਪਣਾ ਜੀਵਨ ਸ਼ੁਰੂ ਕੀਤਾ ਸੀ, ਪ੍ਰੀਤਲੜੀ, ਪੰਜ ਦਰਿਆ ਅਤੇ ਕਵਿਤਾ ਵਰਗੇ ਰਸਾਲੇ ਪੜ੍ਹਦੇ ਹੋਏ ਜਵਾਨ ਹੋਏ ਸਾਂ ਅਤੇ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿਚ ਲਗਪਗ ਮੁਫ਼ਤੋ-ਮੁਫ਼ਤ ਹਾਈ ਸਕੂਲ ਪਾਸ ਕਰ ਲਿਆ ਸੀ, ਕਦੇ ਵੀ ਏਨੇ ਵਹਿਮੀ-ਭਰਮੀ, ਪਾਖੰਡੀ ਅਤੇ ਅੰਧ-ਵਿਸ਼ਵਾਸੀ ਨਹੀਂ ਸਾਂ ਹੋਏ | ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦੇ ਸਾਂ ਅਤੇ ਕਦੇ ਰਾਤੋ-ਰਾਤ ਅਮੀਰ ਬਣ ਜਾਣ ਦੀ ਲਾਲਸਾ ਨਹੀਂ ਸੀ ਕੀਤੀ ਪਰ ਅੱਜ ਪਬਲਿਕ ਸਕੂਲਾਂ ਵਿਚ ਲੱਖਾਂ ਰੁਪਏ ਖਰਚ ਕਰਕੇ ਲਗਪਗ ਸ਼ਤ-ਪ੍ਰਤੀਸ਼ਤ ਨੌਜਵਾਨ ਵੀ ਠੱਗੀਆਂ-ਚੋਰੀਆਂ ਅਤੇ ਭਿ੍ਸ਼ਟਾਚਾਰ ਵਿਚ ਲਿਪਤ ਹਨ | ਸਕੂਲਾਂ, ਕਾਲਜਾਂ ਦੇ ਅਧਿਆਪਕਾਂ, ਮਾਪਿਆਂ ਅਤੇ ਲੇਖਕਾਂ ਨੇ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾਲ ਨਿਭਾਈ ਨਹੀਂ ਲਗਦੀ | ਸਾਡੇ ਲੋਕ ਗੁਲਾਬ ਦੇ ਫੁੱਲ ਵਰਗੇ ਮਹਿਕਦੇ ਪੰਜਾਬ ਨੂੰ ਛੱਡ ਕੇ ਜਾਂ ਤਾਂ ਪਰਦੇਸਾਂ ਵਿਚ ਪਲਾਇਨ ਲੱਭ ਰਹੇ ਹਨ ਅਤੇ ਜਾਂ ਆਤਮ-ਹੱਤਿਆ ਦੁਆਰਾ ਇਸ ਸੋਹਣੇ ਪ੍ਰਦੇਸ਼ ਵਿਚੋਂ ਰੁਖਸਤ ਹੋ ਰਹੇ ਹਨ | ਲੇਖਕ ਨੇ ਬਿਲਕੁਲ ਸਹੀ ਨਿਸ਼ਾਨਦੇਹੀ ਕੀਤੀ ਹੈ ਕਿ ਅਜੋਕਾ ਯੁੱਗ 'ਬੌਧਿਕ ਔੜ ਦਾ ਯੁੱਗ' ਹੈ | ਇਸ ਵਿਚ ਕੁਝ ਵੀ ਨਹੀਂ ਪੁੰਗਰਦਾ |
ਹਥਲੀ ਪੁਸਤਕ ਵਿਚ ਉਸ ਦੇ 42 ਲੇਖ ਸੰਗ੍ਰਹਿਤ ਹਨ | ਇਨ੍ਹਾਂ ਲੇਖਾਂ ਵਿਚ ਉਹ ਵਿਗਿਆਨਕ ਅਤੇ ਤਰਕਸ਼ੀਲ ਰਵੱਈਆ ਅਪਣਾਉਣ ਉੱਪਰ ਜ਼ੋਰ ਦਿੰਦਾ ਹੈ | ਉਹ ਗਿਲਾ ਕਰਦਾ ਹੈ ਕਿ ਅਜੋਕਾ ਮਨੁੱਖ ਪੜਿ੍ਹਆ-ਲਿਖਿਆ ਹੋਣ ਦੇ ਬਾਵਜੂਦ ਆਪਣੀਆਂ ਮੁਸ਼ਕਿਲਾਂ-ਮੁਸੀਬਤਾਂ ਦੇ ਕਾਰਨ ਜਾਣਨ ਦੀ ਬਜਾਇ ਸ਼ਾਰਟ-ਕੱਟ ਹੱਲ ਲੱਭਣ ਦੇ ਰਾਹ ਪੈ ਗਿਆ ਹੈ | ਘਰ ਵਿਚ ਕਿਸੇ ਜੀਅ ਨੂੰ ਬਿਮਾਰੀ ਹੋ ਗਈ ਤਾਂ ਉਸ ਦਾ ਠੀਕ ਇਲਾਜ ਕਰਨ ਦੀ ਬਜਾਇ ਨਗਾਂ ਅਤੇ ਲੌਕਟਾਂ ਦਾ ਸਹਾਰਾ ਲੈਣ ਲੱਗ ਪਿਆ ਹੈ | ਅਖੌਤੀ ਬਾਬੇ ਅਤੇ ਵਸਤੂ-ਸ਼ਾਸਤਰੀ ਉਸ ਦੀ ਕਮਾਈ ਨੂੰ ਬੇਦਰਦੀ ਨਾਲ ਲੁੱਟ ਰਹੇ ਹਨ | ਅਜੋਕੀ ਸਿੱਖਿਆ ਪ੍ਰਣਾਲੀ ਨੇ ਮਨੁੱਖੀ ਚੇਤਨਾ ਨੂੰ ਖੁੰਢਾ ਕਰ ਦਿੱਤਾ ਹੈ | ਆਪਣੇ ਲੇਖਾਂ ਰਾਹੀਂ ਉਹ ਪਾਠਕਾਂ ਨੂੰ ਚੇਤੰਨ ਕਰਨ ਦਾ ਸੁਹਿਰਦ ਪ੍ਰਯਾਸ ਕਰ ਰਿਹਾ ਹੈ | ਉਸ ਦਾ ਸੰਦੇਸ਼ ਹੈ :
ਕਬਰੀਂ ਮੱਥੇ ਰਗੜਿਆਂ ਹੋਣਾ ਨਹੀਂ ਗਿਆਨ |
ਸ਼ਬਦਾਂ 'ਚੋਂ ਸੱਚ ਲੱਭਣਾ ਡੂੰਘਾ ਮਾਰ ਧਿਆਨ |
ਗੁਰਚਰਨ ਸਿੰਘ ਨੂਰਪੁਰ ਦੇ ਇਹ ਸਾਰੇ ਲੇਖ ਦਲੀਲਮਈ ਸ਼ੈਲੀ ਵਿਚ ਲਿਖੇ ਗਏ ਹਨ ਅਤੇ ਪੜ੍ਹਨਯੋਗ ਹਨ |

—ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

ਅਸੀਂ ਨਹੀਂ ਸੁਧਰਾਂਗੇ
ਲੇਖਕ : ਡਾ: ਜੱਸ ਕੋਹਲੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 98726-87200.

ਡਾ: ਜੱਸ ਕੋਹਲੀ ਲੁਧਿਆਣਾ ਦੇ ਨਾਮਵਰ ਪਲਾਸਟਿਕ ਸਰਜਨ ਹਨ ਅਤੇ ਕਾਸਮੈਟਿਕ ਸਰਜਰੀ ਨਾਲ ਜਿਥੇ ਕਰੂਪ ਚਿਹਰਿਆਂ ਨੂੰ ਸੁੰਦਰ ਦਿੱਖ ਪ੍ਰਦਾਨ ਕਰਦੇ ਹਨ, ਉਥੇ ਪਦਾਰਥਵਾਦੀ ਯੁੱਗ ਅਤੇ ਧਨ ਦੀ ਬਹੁਲਤਾ ਕਾਰਨ ਮਨੁੱਖ ਨੇ ਆਪਣੇ ਆਚਾਰ-ਵਿਹਾਰ ਵਿਚ ਵੀ ਕੁਹਜ ਆਪੇ ਹੀ ਸਹੇੜ ਲਿਆ ਹੈ | ਇਸ ਕੁਹਜ ਨੂੰ ਦੂਰ ਕਰਨ ਲਈ ਡਾ: ਕੋਹਲੀ ਨੇ ਆਪਣੀ ਪਲੇਠੀ ਤੇ ਵੱਖਰੀ ਵਿਅੰਗ ਵਿਧੀ ਰਾਹੀਂ ਵਿਗੜੇ ਮਨੁੱਖ ਨੂੰ ਸੁਧਾਰਨ ਲਈ 'ਅਸੀਂ ਨਹੀਂ ਸੁਧਰਾਂਗੇ' ਦੀ ਕਾਵਿ-ਰਚਨਾ ਦੀ ਕਿਰਤ ਪੰਜਾਬੀ ਪਾਠਕਾਂ ਅੱਗੇ ਪੇਸ਼ ਕੀਤੀ | ਰਸ਼ੀਅਨ ਚਿੰਤਕ ਪਲੈਖਨੋਵ ਦਾ ਇਹ ਕਥਨ ਕਿ 'ਖੂਬਸੂਰਤ ਮੱਥਾ ਨਹੀਂ ਹੁੰਦਾ ਖੂਬਸੂਰਤ ਤਾਂ ਮੱਥੇ ਅੰਦਰ ਛੁਪਿਆ ਖੂਬਸੂਰਤ ਖਿਆਲ ਹੁੰਦਾ ਹੈ, ਜਿਥੇ ਉਹ ਮੱਥਿਆਂ ਨੂੰ ਸੰਵਾਰਦੇ ਹਨ, ਉਥੇ ਅੱਖਰ ਕਾਸਮੈਟਿਕਸ ਰਾਹੀਂ ਮਨੁੱਖੀ ਆਚਾਰ ਵਿਆਰਨ ਨੂੰ ਸੰਵਾਰਨ ਲਈ ਸੱਤਿਅਮ, ਸ਼ਿਵਮ, ਸੁੰਦਰਮ ਸ਼ਬਦਾਂ ਦੀ ਲੱਜ ਪਾਲ ਰਹੇ ਹਨ |
ਪਹਿਲੀ ਨਜ਼ਰੇ ਇਹ ਨਜ਼ਮਾਂ ਪੁੱਠੀਆਂ ਜਿਹੀਆਂ ਲਗਦੀਆਂ ਹਨ ਪਰ ਜਦੋਂ ਖੁਰਦਬੀਨੀ ਅੱਖ ਨਾਲ ਸਕੈਨਿੰਗ ਕੀਤੀ ਜਾਂਦੀ ਹੈ ਤਾਂ ਅਰਥ ਜਿੱਥੇ ਨਜ਼ਰ ਆਉਣ ਲਗਦੇ ਹਨ | ਵਿਅੰਗ ਵਿਧੀ ਵਿਚ ਸਭ ਤੋਂ ਔਖਾ ਕੰਮ ਆਪਣੇ-ਆਪ 'ਤੇ ਵਿਅੰਗ ਕੱਸਣਾ ਹੁੰਦਾ ਹੈ | ਵਿਅੰਗ ਦੀ ਚਰਮ ਸੀਮਾ ਉਨ੍ਹਾਂ ਦੀਆਂ ਨਜ਼ਮਾਂ 'ਨੌਜਵਾਨਾਂ ਦੀ ਪਾਰਟੀ', 'ਅਸੀਂ ਨਹੀਂ ਸੁਧਰਾਂਗੇ', 'ਬੁੱਢਾ ਡਾਕਟਰ' ਤੇ 'ਛੋਟੀਆਂ ਵੱਡੀਆਂ ਹੇਰਾਫੇਰੀਆਂ' ਵਿਚ ਦੇਖੀ ਜਾ ਸਕਦੀ ਹੈ | ਇਸ ਵਿਚ ਲਗਪਗ ਨਜ਼ਮਾਂ 'ਉੱਚ ਵਰਗ' ਨਾਲ ਵਿਗੜੀਆਂ ਅਲਾਮਤਾਂ ਨਾਲ ਹੈ | ਡਾ: ਸਾਹਿਬ ਇਸ ਵੇਲੇ ਕੁਤਬ ਮੀਨਾਰ 'ਤੇ ਖੜੇ੍ਹ ਹਨ | ਉਨ੍ਹਾਂ ਨੂੰ ਚਾਹੀਦਾ ਹੈ ਕਿ 'ਨਿਮਨ ਵਰਗ' ਦੀ ਵੀ ਸਕੈਨਿੰਗ ਕਰਨ | ਇਸ ਵਿਕਲੋਤਰੀ ਕਿਸਮ ਦੀ ਕਿਤਾਬ ਦਾ ਪੰਜਾਬੀ ਪਾਠਕ ਜਗਤ ਵਿਚ ਇਕ ਸ਼ੁੱਭ ਸ਼ਗਨ ਹੈ | ਨਿਕਟ ਭਵਿੱਖ ਵਿਚ ਇਸੇ ਤਰਜ਼ ਦੀ ਪੁਸਤਕ ਦੀ ਬੇਸਬਰੀ ਨਾਲ ਉਡੀਕ ਰਹੇਗੀ |

—ਭਗਵਾਨ ਢਿੱਲੋਂ
ਮੋ: 98143-78254.
c c c

28-09-2019

 ਹਲੂਣਾ
ਲੇਖਕ : ਹਾਕਮ ਰੂੜੇਕੇ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 94175-18518.

ਹਾਕਮ ਰੂੜੇਕੇ ਇਕ ਚੇਤੰਨ 'ਤੇ ਉੱਭਰਦਾ ਹੋਇਆ ਸ਼ਾਇਰ ਹੈ। 'ਹਲੂਣਾ' ਉਸ ਦਾ ਦੂਜਾ ਸੱਜਰਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਲੋਕ ਹਿਤਾਂ ਦੀ ਬਾਤ ਪਾਉਂਦਾ ਹੈ। ਇਸ ਪੁਸਤਕ ਵਿਚ ਕਿਰਤ ਤੇ ਕਿਰਤੀ ਦੀ ਹੋਣੀ, ਵਿਸਰ ਰਹੀ ਸੱਭਿਆਚਾਰਕ ਵਿਰਾਸਤ, ਪ੍ਰਦੂਸ਼ਣ, ਔਰਤ ਦੇ ਅਸਤਿਤਵਮੂਲਕ ਮਸਲਿਆਂ, ਧਰਮ, ਆਜ਼ਾਦੀ ਦੇ ਪ੍ਰਵਾਨਿਆਂ, ਭ੍ਰਿਸ਼ਟ ਨਿਜ਼ਾਮ ਆਦਿ ਭਿੰਨ ਸਰੋਕਾਰਾਂ ਨਾਲ ਸਬੰਧਿਤ 70 ਕਵਿਤਾਵਾਂ ਹਨ। ਪੁਸਤਕ ਦਾ ਸਿਰਲੇਖ ਹਲੂਣਾ ਜਿਥੇ ਭ੍ਰਿਸ਼ਟ ਸਮਕਾਲੀ ਨਿਜ਼ਾਮ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਹਲੂਣਦਾ ਹੈ, ਉਥੇ ਕਿਰਤੀਆਂ ਅਤੇ ਮਜ਼ਲੂਮਾਂ ਨੂੰ ਵੀ ਮਘਦੀ ਚਿਣਗ ਬਣਨ ਲਈ ਹਲੂਣਦਾ ਹੈ। ਸਮੇਂ ਦੇ ਹਾਕਮਾਂ ਪ੍ਰਤੀ ਉਸ ਦਾ ਉਲਾਂਭਾ ਹੈ ਕਿ ਆਜ਼ਾਦੀ ਦੇ 70 ਵਰ੍ਹਿਆਂ ਬਾਅਦ ਵੀ ਆਮ ਲੁਕਾਈ ਕੁੱਲੀ, ਗੁੱਲੀ ਤੇ ਜੁੱਲੀ ਤੋਂ ਵਿਰਵੀ ਹੈ। 'ਵੋਟਾਂ', 'ਅੱਜ ਦਾ ਨੇਤਾ', 'ਦੇਸ਼ ਮਹਾਨ', 'ਨੇਤਾ' ਕਵਿਤਾਵਾਂ ਰਾਹੀਂ ਲੇਖਕ ਨੇਤਾਵਾਂ ਦੇ ਦੰਭੀ ਕਿਰਦਾਰ ਦਾ ਬਾਖੂਬੀ ਚਿਤਰਨ ਕਰਦਾ ਹੈ।
ਕਵਿਤਾਵਾਂ 'ਮਜ਼ਦੂਰ ਦੀ ਜ਼ਿੰਦਗੀ', 'ਧੁੱਪਾਂ', 'ਖ਼ੁਦਕੁਸ਼ੀ', 'ਕਰਜ਼ਾ', 'ਕਿਰਤਾਂ ਦਾ ਚੋਰ', 'ਕਿਰਤ', 'ਕੰਮੀ ਮਜ਼ਦੂਰ', 'ਹੰਥੀਂ ਕਰਦਾ ਕਾਰ', 'ਕ੍ਰਾਂਤੀ', 'ਹਲੂਣਾ' ਆਦਿ ਵਿਚ ਲੇਖਕ ਕਿਰਤੀਆਂ ਦੇ ਸੁਨਹਿਰੀ ਭਵਿੱਖ ਲਈ ਹੱਕ-ਸੱਚ ਦੀ ਲੜਾਈ ਦੀ ਹਾਮੀ ਭਰਦਾ ਹੈ। ਸ਼ਹੀਦਾਂ ਦੇ ਪੂਰਨਿਆਂ ਉੱਤੇ ਚੱਲਣ ਵਾਲਾ ਹਾਕਮ ਰੂੜੇਕੇ ਵਿਗਿਆਨਕ ਸੋਚ ਅਤੇ ਸਮਾਜਵਾਦ ਦਾ ਧਾਰਨੀ ਹੈ। ਉਹ ਬਾਬੇ ਨਾਨਕ ਦੇ ਨੂਰੀ ਫਲਸਫੇ ਦਾ ਅਨੁਯਾਈ ਹੈ, ਜਿਸ ਦੀ ਬਾਤ ਪਾਉਂਦੀਆਂ ਕਵਿਤਾਵਾਂ 'ਬਾਬਾ ਨਾਨਕ', 'ਸ੍ਰੀ ਗੁਰੂ ਗੋਬਿੰਦ ਸਿੰਘ ਜੀ', 'ਕਲਮ ਤੇ ਤਲਵਾਰ' ਆਦਿ ਹਨ।
ਲੇਖਕ ਵਿਸ਼ਵੀਕਰਨ ਦੇ ਦੌਰ ਵਿਚ ਗੁਆਚ ਰਹੀ ਸੱਭਿਆਚਾਰਕ ਵਿਰਾਸਤ, ਕਦਰਾਂ-ਕੀਮਤਾਂ ਅਤੇ ਸਦਾਚਾਰਕ ਮੁੱਲਾਂ ਪ੍ਰਤੀ ਚਿੰਤਤ ਹੈ। ਉਸ ਦੀਆਂ ਕਵਿਤਾਵਾਂ 'ਮੇਰਾ ਪਿੰਡ', 'ਰੁਲਦਾ ਬਾਬਾ', 'ਮਸ਼ੀਨ' ਤੇ 'ਮਾਂ-ਬੋਲੀ' 'ਚੋਂ ਸਵਾਰਥੀ ਤੇ ਖਪਤਕਾਰ ਮਨੁੱਖ ਦੇ ਦਰਸ਼ਨ ਹੁੰਦੇ ਹਨ।
'ਝੂਠੀ ਸ਼ਾਨ ਸ਼ੌਕਤ ਵਿਚ ਪੈ ਕੇ
ਕਰਦੈਂ ਕਿਉਂ ਮਨਰਮਜ਼ੀ।
ਸਿੱਖਿਆ ਰੁੜ੍ਹਨਾ, ਤੁਰਨਾ, ਬੋਲਣਾ
ਫਿਰ ਵੀ ਨਾ ਹਮਦਰਦੀ।
ਕਵਿਤਾਵਾਂ ਦਾ ਆਵੇਸ਼ ਤਰਕਮਈ ਤੇ ਬੌਧਿਕ ਰੰਗਤ ਵਾਲਾ ਹੈ ਜਿਹੜਾ ਪਾਠਕ ਦੇ ਅਵਚੇਤਨ ਨੂੰ ਹਲੂਣਦਾ ਹੈ। ਭਾਸ਼ਾਈ ਮੁਹਾਂਦਰਾ ਆਮ ਪਾਠਕਾਂ ਦੀ ਸੋਝੀ ਦੇ ਅਨੁਕੂਲ ਹੈ।

ਂਸੁਖਵਿੰਦਰ ਸਿੰਘ ਕਾਹਲੋਂ
ਮੋ: 95924-18152.
ਫ ਫ ਫ

ਪਾਬਲੋ ਨੈਰੁਦਾ
ਅਨੁਵਾਦ : ਮਨਦੀਪ
ਪ੍ਰਕਾਸ਼ਕ : ਬਾਦਬਾਨ ਪ੍ਰਕਾਸ਼ਨ ਪੱਖੋਵਾਲ (ਲੁਧਿਆਣਾ)
ਮੁੱਲ : 150 ਰੁਪਏ, ਸਫ਼ੇ : 158
ਸੰਪਰਕ : 97819-43772.

ਪਾਬਲੋ ਨੈਰੁਦਾ ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਅਤੇ ਸਲਾਹੇ ਜਾਣ ਵਾਲੇ ਕਵੀਆਂ ਵਿਚੋਂ ਇਕ ਸੀ। ਉਸ ਦਾ ਜਨਮ ਚਿੱਲੀ ਵਿਚ ਹੋਇਆ। ਚਿੱਲੀ ਵਿਚ ਸਮਾਜਵਾਦੀ ਨਿਜ਼ਾਮ ਦੀ ਸਥਾਪਨਾ ਵਿਚ ਉਸ ਨੇ ਵੱਡਾ ਯੋਗਦਾਨ ਪਾਇਆ। ਉਹ ਜਿੰਨੀ ਦੇਰ ਤੱਕ ਜ਼ਿੰਦਾ ਰਿਹਾ, ਨੈਰੁਦਾ ਸਮਾਜਿਕ ਕ੍ਰਾਂਤੀ ਅਤੇ ਮਨੁੱਖੀ ਸਮਾਨਤਾ ਦਾ ਪ੍ਰਮੁੱਖ ਚਿਤੇਰਾ ਬਣਿਆ ਰਿਹਾ।
ਨੈਰੁਦਾ ਯਥਾਸਥਿਤੀਵਾਦ ਦਾ ਸਖ਼ਤ ਵਿਰੋਧੀ ਸੀ। ਕਿਉਂਕਿ ਇਸ ਨਾਲ ਮਨੁੱਖੀ ਵਤੀਰੇ ਵਿਚ ਖੜੋਤ ਆ ਜਾਂਦੀ ਹੈ। ਉਹ ਕਿਸੇ ਵੀ ਵਿਪਰੀਤ ਸਥਿਤੀ ਦੇ ਵਿਰੁੱਧ ਸਟੈਂਡ ਨਹੀਂ ਲੈਂਦਾ। ਮੋਇਆਂ ਦੇ ਬਰਾਬਰ ਹੋ ਜਾਂਦਾ ਹੈ। ਨੈਰੁਦਾ ਦਾ ਵਿਚਾਰ ਸੀ ਕਿ ਆਦਮੀ ਹੋਣ ਦਾ ਅਰਥ ਹੈ ਬੇਇਨਸਾਫ਼ੀ ਦੇ ਵਿਰੁੱਧ ਡਟ ਕੇ ਖੜ੍ਹੇ ਹੋਣਾ। ਜਿਹੜਾ ਵਿਅਕਤੀ ਅਗਿਆਨਤਾਵੱਸ ਜਾਂ ਕਿਸੇ ਸਵਾਰਥ ਅਧੀਨ ਜ਼ੁਲਮ ਅਤੇ ਧੱਕੇਸ਼ਾਹੀ ਦਾ ਪ੍ਰਤੀਕਾਰ ਨਹੀਂ ਕਰਦਾ, ਉਹ ਆਦਮੀ ਹੋਣ ਦੀ ਭੂਮਿਕਾ ਨਹੀਂ ਨਿਭਾਉਂਦਾ। ਨੈਰੁਦਾ ਨੇ ਕ੍ਰਾਂਤੀ ਨੂੰ ਨਵੇਂ ਅਰਥ ਪ੍ਰਦਾਨ ਕੀਤੇ। ਉਹ ਕਹਿੰਦਾ ਸੀ, 'ਹੌਲੀ-ਹੌਲੀ ਮਰਨ ਲਗਦੇ ਹਨ ਜੋ ਆਦਤਾਂ ਦੇ ਗੁਲਾਮ ਹੋ ਜਾਂਦੇ ਹਨ ਜੋ ਰੋਜ਼ ਇਕੋ ਹੀ ਸਫ਼ਰ 'ਤੇ ਨਿਕਲਦੇ ਹਨ, ਜੋ ਤਰਤੀਬ ਨਹੀਂ ਬਦਲਦੇ, ਜੋ ਰੰਗ-ਬਰੰਗੀਆਂ ਪੁਸ਼ਾਕਾਂ ਨਹੀਂ ਪਹਿਨਦੇ..... ਉਹ ਮਰਨਾ ਸ਼ੁਰੂ ਕਰ ਦਿੰਦੇ ਹਨ, ਜਿਨ੍ਹਾਂ ਨੇ ਟੈਲੀਵਿਜ਼ਨ ਨੂੰ ਗੁਰੂ ਧਾਰ ਲਿਆ ਹੈ, ਜੋ ਜਨੂੰਨ ਤੋਂ ਬਚਦੇ ਹਨ, ਜੋ ਆਪਣੇ ਨੀਰਸ ਕਿੱਤੇ ਨੂੰ ਨਹੀਂ ਬਦਲਦੇ, ਜੋ ਸੁਪਨਿਆਂ ਪਿੱਛੇ ਨਹੀਂ ਭਜਦੇ ਤੇ ਖ਼ਤਰਾ ਨਹੀਂ ਸਹੇੜਦੇ। (ਪੰਨੇ 31-32)
ਨੈਰੁਦਾ ਨੂੰ ਇਧਰ ਭਾਰਤ ਵਿਚ ਵੀ ਬਹੁਤ ਯਾਦ ਕੀਤਾ ਜਾਂਦਾ ਹੈ। ਪੰਜਾਬੀ ਲੋਕ ਤਾਂ ਉਸ ਦੇ ਖ਼ਾਸ ਦੀਵਾਨੇ ਹਨ, ਰਸੂਲ ਹਮਜ਼ਾਤੋਵ ਵਾਂਗ। ਨੈਰੁਦਾ ਇਕ ਮਹਾਨ ਕਵੀ ਸੀ। ਉਸ ਵਾਂਗ 'ਸੋਚਣਾ ਅਤੇ ਜੀਣਾ' ਚਾਹੀਦਾ ਹੈ। ਲਿਖਣਾ ਆਪੇ ਆ ਜਾਵੇਗਾ। ਮਨਦੀਪ ਨੇ ਨੈਰੁਦਾ ਦੀਆਂ ਕਵਿਤਾਵਾਂ ਦਾ ਅਨੁਵਾਦ ਬਹੁਤ ਸੁਚੱਜੇ ਅਤੇ ਸੁੰਦਰ ਢੰਗ ਨਾਲ ਕੀਤਾ ਹੈ। ਮੈਂ ਉਸ ਦੇ ਸਿਦਕ ਅਤੇ ਸਾਧਨਾਂ ਦੀ ਪ੍ਰਸੰਸਾ ਕਰਦਾ ਹਾਂ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਪ੍ਰਮਾਤਮਾ ਦਾ ਪ੍ਰਬੰਧਕੀ ਢਾਂਚਾ
ਲੇਖਕ : ਬਲਵੰਤ ਸਿੰਘ ਮੁਸਾਫ਼ਿਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94174-15404.

ਸਾਡਾ ਸਮਾਜਿਕ ਪ੍ਰਬੰਧ ਇਕ ਵਿਸ਼ੇਸ਼ ਅਨੁਸ਼ਾਸਨ ਵਿਚ ਬੱਝਾ ਹੋਇਆ ਹੈ। ਇਸੇ ਕਰਕੇ ਹੀ ਸਮਾਜ ਆਪਣੀਆਂ ਮਰਿਆਦਾਵਾਂ ਵਿਚ ਬੱਝਾ ਹੋਇਆ ਕਾਰਜਸ਼ੀਲ ਹੈ। ਜੇਕਰ ਇਸ ਦੇ ਪ੍ਰਬੰਧ ਦੀ ਕੋਈ ਚੂਲ ਹਿੱਲਦੀ ਹੈ ਤਾਂ ਸਾਰਾ ਪ੍ਰਬੰਧ ਹੀ ਵਿਗੜ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕੁਦਰਤ ਦੇ ਪ੍ਰਬੰਧ ਨੂੰ ਦੇਖਦੇ ਹਾਂ ਤਾਂ ਚੰਦਰਮਾ, ਸੂਰਜ ਦਾ ਚੜ੍ਹਨਾ ਲਹਿਣਾ, ਰੁੱਤਾਂ ਦਾ ਆਉਣਾ, ਦਿਨ, ਰਾਤ ਇਹ ਸਾਰਾ ਕੁਝ ਕਿਸੇ ਨਾ ਕਿਸੇ ਪ੍ਰਬੰਧ ਵਿਚ ਬੱਝਾ ਹੋਇਆ ਹੈ ਅਤੇ ਗਤੀਸ਼ੀਲ ਹੈ। 'ਪ੍ਰਮਾਤਮਾ ਦਾ ਪ੍ਰਬੰਧਕੀ ਢਾਂਚਾ' ਬਲਵੰਤ ਸਿੰਘ ਮੁਸਾਫ਼ਿਰ ਦੀ ਪੁਸਤਕ ਰੱਬੀ ਪ੍ਰਬੰਧ ਦੇ ਤਾਣੇ-ਬਾਣੇ ਨੂੰ ਹੀ ਪੇਸ਼ ਕਰਦੀ ਹੈ। ਲੇਖਕ ਨੇ ਜਿਸ ਪੁਸਤਕ ਨੂੰ ਆਪਣੇ ਨਿੱਜੀ ਅਨੁਭਵ ਦੇ ਆਧਾਰ 'ਤੇ ਪੇਸ਼ ਕੀਤਾ ਹੈ ਜਿਸ ਵਿਚ ਉਸ ਨੇ ਸ੍ਰਿਸ਼ਟੀ ਰਚਨਾ ਬਾਰੇ ਦਾਰਸ਼ਨਿਕ ਆਧਾਰ ਨੂੰ ਉਸਾਰਨ ਦਾ ਯਤਨ ਕੀਤਾ ਹੈ, ਇਸ ਲਈ ਉਸ ਨੇ ਭਾਰਤੀ ਦਰਸ਼ਨ ਵਿਚ ਦੇਵੀ ਦੇਵਦਿਆਂ ਦੀ ਉਤਪਤੀ ਅਤੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਕਾਰਜਾਂ ਦੇ ਵੇਰਵੇ ਦਰਜ ਕੀਤੇ ਹਨ। ਲੇਖਕ ਅਨੁਸਾਰ ਕੁਦਰਤ ਨੇ ਬਹੁਤ ਸਾਰੇ ਦੇਵੀ ਦੇਵਤੇ ਸਿਰਜੇ ਹਨ ਜੋ ਇਸ ਪ੍ਰਬੰਧ ਨੂੰ ਚਲਾਉਣ ਵਿਚ ਕਾਰਜਸ਼ੀਲ ਹਨ। ਇਸੇ ਕਰਕੇ ਇਹ ਕੁਦਰਤੀ ਪ੍ਰਬੰਧਕੀ ਢਾਂਚਾ ਇਕ ਵਿਸ਼ੇਸ਼ ਡੋਰ ਵਿਚ ਬੱਝਾ ਹੋਇਆ ਆਪਣਾ ਸਫ਼ਰ ਤੈਅ ਕਰਦਾ ਹੈ। ਬ੍ਰਹਮਾ, ਵਿਸ਼ਨੂੰ, ਮਹੇਸ਼ ਦੇਵਤਿਆਂ ਦੀ ਉਤਪਤੀ, ਸੂਰਜ ਦੀ ਉਤਪਤੀ, ਚੰਦਰਮਾ ਦੀ ਉਤਪਤੀ ਅਤੇ ਇਨ੍ਹਾਂ ਦੇ ਪਰਿਵਾਰਾਂ ਦੇ ਵੇਰਵੇ ਵੀ ਲੇਖਕ ਨੇ ਪੇਸ਼ ਕੀਤੇ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਪਰਵਾਸੀ ਪੰਜਾਬੀ ਨਾਵਲ
ਲੇਖਿਕਾ : ਡਾ: ਸਵਰਨਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 250 ਰੁਪਏ, ਸਫ਼ੇ : 102
ਸੰਪਰਕ : 0172-5027427.

ਹਥਲੀ ਪੁਸਤਕ ਵਿਚ ਪਰਵਾਸੀ ਪੰਜਾਬੀ ਨਾਵਲਕਾਰਾਂ ਦੀਆਂ ਪ੍ਰਸਿੱਧ ਸੱਤ ਰਚਨਾਵਾਂ ਨੂੰ ਆਧਾਰ ਬਣਾ ਕੇ ਸਮੁੱਚੀ ਜੀਵਨ ਸ਼ੈਲੀ ਨੂੰ ਜਿਸ ਤਰ੍ਹਾਂ ਪ੍ਰਵਾਸ ਦੀਆਂ ਸਮੱਸਿਆਵਾਂ ਨੇ ਪ੍ਰਭਾਵਿਤ ਕੀਤਾ ਹੈ ਉਨ੍ਹਾਂ ਸਭਨਾਂ ਵਰਤਾਰਿਆਂ ਦੇ ਬਹੁਪੱਖੀ ਪ੍ਰਸੰਗਾਂ ਨੂੰ ਪ੍ਰਗਟਾਇਆ ਹੈ। ਸਭ ਤੋਂ ਪਹਿਲਾਂ ਨਾਵਲ 'ਪੈੜਾਂ ਦੇ ਆਰ ਪਾਰ' ਰਚਿਤ ਦਰਸ਼ਨ ਸਿੰਘ ਧੀਰ ਨੂੰ ਵਿਚਾਰਦਿਆਂ ਹੋਇਆਂ ਲੇਖਿਕਾ ਨੇ ਪ੍ਰਵਾਸੀ ਅਨੁਭਵ ਦੀਆਂ ਬਹੁਪਰਤੀ ਤਲਖ ਅਤੇ ਸੁਖਦ ਹਕੀਕਤਾਂ ਨੂੰ ਪ੍ਰਗਟਾਇਆ ਹੈ। ਹਰਜੀਤ ਅਟਵਾਲ ਦੇ ਨਾਵਲ 'ਰੇਤ' ਅਤੇ 'ਸਵਾਰੀ' ਦੀ ਪੜਚੋਲ ਕਰਦਿਆਂ ਰਿਸ਼ਤਿਆਂ ਦੀ ਤਿਕੜਮਬਾਜ਼ੀ ਅਤੇ ਇਨ੍ਹਾਂ ਦੀ ਟੁੱਟ-ਭੱਜ ਨੂੰ ਪਛਾਣਿਆ ਹੈ ਅਤੇ ਨਾਲ ਦੀ ਨਾਲ ਮਨੁੱਖ ਵਿਚਲੇ ਨੈਤਿਕ ਨਿਘਾਰ ਅਤੇ ਬੇਗਾਨਗੀ ਜਿਹੇ ਵਿਚਾਰਾਂ ਨੂੰ ਖੂਬ ਉਭਾਰਿਆ ਹੈ ਕਿ ਕਿਵੇਂ ਪ੍ਰਸਥਿਤੀਆਂ ਮਨੁੱਖ 'ਤੇ ਭਾਰੂ ਹੋ ਕੇ ਉਸ ਦੀ ਸੋਚ ਦ੍ਰਿਸ਼ਟੀ ਨੂੰ ਬਦਲ ਦਿੰਦੀਆਂ ਹਨ। 'ਰਣਭੂਮੀ' ਨਾਵਲ ਵਿਚ ਜਿਸ ਕਦਰ ਦਰਸ਼ਨ ਸਿੰਘ ਧੀਰ ਸੰਘਰਸ਼ੀਲ ਮਨੁੱਖ ਦੀ ਗਾਥਾ ਨੂੰ ਪੇਸ਼ ਕਰਦਾ ਹੈ ਉਸ ਦੀ ਪਛਾਣ ਇਸ ਲੇਖਿਕਾ ਨੇ ਬਾਖੂਬੀ ਕੀਤੀ ਹੈ ਅਤੇ ਦੱਸਿਆ ਹੈ ਕਿ ਪ੍ਰਵਾਸੀ ਪੁਰਾਣੀ ਪੀੜ੍ਹੀ ਆਪਣੀ ਪਰੰਪਰਾ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੀ ਹੋਈ ਹੈ ਪਰ ਨਵੀਨ ਪੀੜ੍ਹੀ ਇਸ ਵਿਰਸੇ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ। 'ਬਲਦੇ ਸਿਵਿਆਂ ਦਾ ਸੇਕ' ਨਾਵਲ ਵਿਚ ਪ੍ਰੋ: ਹਰਭਜਨ ਸਿੰਘ ਨੇ ਪ੍ਰਵਾਸੀ ਪੰਜਾਬੀ ਜੀਵਨ ਦੇ ਜਿਹੜੇ ਵਿਭਿੰਨ ਸਰੋਕਾਰਾਂ ਨੂੰ ਬਿਆਨ ਕੀਤਾ ਹੈ ਉਨ੍ਹਾਂ ਨੂੰ ਲੇਖਿਕਾ ਨੇ ਸਮਾਜਿਕ, ਸੱਭਿਆਚਾਰਕ ਵਰਤਾਰੇ ਵਿਚੋਂ ਉੱਭਰੀਆਂ ਵਿਸ਼ੇਸ਼ਤਾਵਾਂ ਨੂੰ ਪਛਾਣਿਆ ਹੈ। ਦਹਿਸ਼ਤ ਭਾਵੇਂ ਨਿੱਜੀ ਖੇਤਰ ਵਿਚ ਹੈ, ਰਾਜਨੀਤਕ ਖੇਤਰ ਵਿਚ ਹੈ ਜਾਂ ਮਾੜੇ ਅਨਸਰਾਂ ਵਲੋਂ ਹੈ, ਦੀ ਘੋਖ ਕੀਤੀ ਗਈ ਹੈ। ਇਸੇ ਤਰ੍ਹਾਂ ਪੱਛਮੀ ਜੀਵਨ ਵਰਤਾਰੇ ਵਿਚ ਪੰਜਾਬੀ ਰਿਸ਼ਤਿਆਂ ਦੇ ਭੰਜਨ ਦੀ ਗਾਥਾ ਨੂੰ ਸੰਤੋਖ ਧਾਲੀਵਾਲ ਦੇ ਨਾਵਲ 'ਸਰਘੀ' ਵਿਚ ਅਤੇ ਨਾਵਲ 'ਸਪੌਂਸਰਸ਼ਿਪ' ਵਿਚ ਬੰਦੇ ਦੀਆਂ ਵਿਭਿੰਨ ਲਾਲਸਾਵਾਂ ਦੀ ਜਿਸ ਕਦਰ ਨਿਸ਼ਾਨਦੇਹੀ ਨਦੀਮ ਪਰਮਾਰ ਨੇ ਪਛਾਣੀ ਹੈ, ਇਨ੍ਹਾਂ ਸਭਨਾਂ ਸਰੋਕਾਰਾਂ ਨੂੰ ਡਾ: ਸਵਰਨਜੀਤ ਕੌਰ ਨੇ ਗਹਿਨ ਅਧਿਐਨ ਕਰਨ ਉਪਰੰਤ ਪਾਠਕਾਂ ਦੇ ਸਨਮੁੱਖ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਚਮਚਾ ਯੁੱਗ
ਮੂਲ ਲੇਖਕ : ਕਾਂਸ਼ੀ ਰਾਮ
ਅਨੁਵਾਦਕ : ਸੋਹਣ ਸਹਿਜਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 100 ਰੁਪਏ, ਸਫ਼ੇ : 148
ਸੰਪਰਕ : 95014-77278.

ਵਿਚਾਰ ਅਧੀਨ ਪੁਸਤਕ ਕਾਂਸ਼ੀ ਰਾਮ ਦੀ ਪੂਨਾ ਸਮਝੌਤੇ ਦੇ ਸੰਦਰਭ ਵਿਚ ਰਚੀ ਅੰਗਰੇਜ਼ੀ ਭਾਸ਼ਾ ਦੀ ਪੁਸਤਕ 'ਦੀ ਚਮਚਾ ਏਜ਼' ਦਾ ਪੰਜਾਬੀ ਅਨੁਵਾਦ ਹੈ। ਸ੍ਰੀ ਕਾਂਸ਼ੀ ਰਾਮ ਨੇ ਆਪਣਾ ਸਾਰਾ ਜੀਵਨ ਦਲਿਤ ਤੇ ਸ਼ੋਸ਼ਿਤ ਵਰਗ ਨੂੰ ਵੱਖ-ਵੱਖ ਉਦੇਸ਼ਾਂ ਲਈ ਸੰਗਠਿਤ ਕਰਨ ਲਈ ਅਰਪਿਤ ਕੀਤਾ ਹੋਇਆ ਸੀ। ਇਹ ਪੁਸਤਕ ਉਨ੍ਹਾਂ ਨੇ 20 ਸਤੰਬਰ, 1982 ਨੂੰ ਪੂਨਾ ਸਮਝੌਤੇ ਦੀ 50ਵੀਂ ਵਰ੍ਹੇਗੰਢ 'ਤੇ ਲੋਕ ਅਰਪਣ ਕੀਤੀ ਸੀ। ਇਸ ਪੁਸਤਕ ਦੇ ਚਾਰ ਭਾਗ ਹਨ। ਪਹਿਲੇ ਭਾਗ ਵਿਚ ਪੂਨਾ ਸਮਝੌਤੇ ਦੀ ਭੂਮਿਕਾ ਬਾਰੇ ਭਰਪੂਰ ਚਰਚਾ ਕੀਤੀ ਗਈ ਹੈ, ਜਿਸ ਵਿਚ ਸ਼ੁਰੂ ਦੀਆਂ ਕੋਸ਼ਿਸ਼ਾਂ, ਅੰਬੇਡਕਰ ਦਾ ਉਭਾਰ, ਕਮਿਊਨਲ ਫ਼ੈਸਲਾ, ਮਹਾਤਮਾ ਗਾਂਧੀ ਦਾ ਵਰਤ, ਡਾ: ਅੰਬੇਡਕਰ ਦਾ ਬਿਆਨ ਅਤੇ ਪੂਨਾ ਸਮਝੌਤੇ ਦਾ ਅਧਿਐਨ ਕੀਤਾ ਗਿਆ ਹੈ। ਦੂਜੇ ਭਾਗ ਵਿਚ ਪੂਨਾ ਸਮਝੌਤੇ ਦੀਆਂ ਹਾਨੀਆਂ ਅਤੇ ਪੂਨਾ ਸਮਝੌਤੇ ਦੀ ਨਿੰਦਾ ਵਿਸ਼ੇ 'ਤੇ ਚਰਚਾ ਕੀਤੀ ਗਈ ਹੈ। ਤੀਜੇ ਭਾਗ ਵਿਚ ਚਮਚਾ ਯੁੱਗ, ਚਮਚਿਆਂ ਦੀਆਂ ਵੱਖ-ਵੱਖ ਕਿਸਮਾਂ, ਚਮਚਿਆਂ ਦੇ ਮਾੜੇ ਪ੍ਰਭਾਵ ਅਤੇ ਮੁਸੀਬਤਾਂ ਵਿਚ ਚਮਚਿਆਂ ਦਾ ਜ਼ਿਕਰ ਕੀਤਾ ਗਿਆ ਹੈ। ਚੌਥੇ ਭਾਗ ਵਿਚ ਡਾ: ਅੰਬੇਡਕਰ ਦੇ ਯਤਨ, ਡਾ: ਅੰਬੇਡਕਰ ਤੋਂ ਬਾਅਦ ਦੀ ਸਥਿਤੀ, ਅਸਲੀ ਸਮਰੱਥ ਲੀਡਰਸ਼ਿਪ, ਸਮਾਜੀ ਐਕਸ਼ਨ, ਰਾਜਨੀਤਕ ਐਕਸ਼ਨ ਅਤੇ ਸੱਭਿਆਚਾਰਕ ਤਬਦੀਲੀ ਤੇ ਕੰਟਰੋਲ ਦੇ ਵਿਸ਼ਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472
ਫ ਫ ਫ

ਝਗੜਾ ਸਾਰਾ ਕੁਰਸੀ ਦਾ
ਲੇਖਕ : ਮੁਖਤਿਆਰ ਸਿੰਘ ਅਰਸ਼ੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 94657-08424.

ਮੁਖਤਿਆਰ ਸਿੰਘ ਅਰਸ਼ੀ ਦੀ ਇਸ ਤੀਸਰੀ ਪੁਸਤਕ ਵਿਚ ਇਸ ਦੇਸ਼ ਦੀ ਆਦਿਕਾਲੀਨ ਭਗਤੀ ਲਹਿਰ, ਭਾਰਤ ਦਾ ਸਿਆਸੀ ਇਤਿਹਾਸ, ਸਮੇਂ-ਸਮੇਂ 'ਤੇ ਚੱਲੀਆਂ ਲਹਿਰਾਂ, ਇਸ ਦੇਸ਼ ਦੀ ਜਾਤੀ ਪ੍ਰਣਾਲੀ ਭਾਰਤ ਵਿਚ, ਅੰਗਰੇਜ਼ ਹਕੂਮਤ ਦਾ ਆਉਣਾ, ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਦੇਸ਼ ਵੰਡ ਤੇ ਸਿੱਖ ਰਾਜ, ਆਜ਼ਾਦੀ ਸਮੇਂ ਸਿੱਖਾਂ ਦੀ ਸਿਆਸੀ ਸਥਿਤੀ, ਪੰਜਵੇਂ ਗੁਰੂ ਤੇ ਨੌਵੇਂ ਗੁਰੂ ਦੀ ਦੇਸ਼ ਕੌਮ ਲਈ ਦਿੱਤੀ ਮਹਾਨ ਕੁਰਬਾਨੀ ਦੇ ਪ੍ਰਸੰਗ ਤੇ ਹੋਰ ਬਹੁਤ ਕੁਝ ਹੈ। ਲੇਖਕ ਅਨੁਸਾਰ ਭਾਰਤੀ ਇਤਿਹਾਸ ਦੇ ਸੰਦਰਭ ਵਿਚ ਮੁਗਲ ਕਾਲ ਸਮੇਂ ਸਿੱਖਾਂ 'ਤੇ ਹੋਏ ਕਹਿਰ ਆਜ਼ਾਦੀ ਅੰਦੋਲਨ ਤੇ ਹਰ ਸਮੇਂ ਦੇ ਸੰਘਰਸ਼ਾਂ ਵਿਚੋਂ ਕਿਸੇ ਨਾ ਕਿਸੇ ਧਿਰ ਦਾ ਸੱਤਾਧਾਰੀ ਹੋਣਾ। ਤੇ ਕੁਰਸੀ ਹਾਸਲ ਕਰਨ ਦਾ ਟੀਚਾ ਪੂਰਾ ਕਰਨਾ ਰਿਹਾ ਹੈ। ਪੁਸਤਕ ਦਾ ਸਿਰਲੇਖ ਵੀ ਇਸੇ ਅਗਾਊਂ ਮਿਥੀ ਲਕੀਰ ਦੇ ਆਧਾਰਿਤ ਹੈ। ਹਰ ਕਾਲ ਦਾ ਇਤਿਹਾਸ ਕੁਰਸੀ ਨਾਲ ਲੇਖਕ ਨੇ ਜੋੜਿਆ ਹੈ। ਪਰ ਇਸ ਮਿਥ ਵਿਚ ਲੇਖਕ ਨੇ 11 ਨਵੰਬਰ, 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਨੌਵੇਂ ਗੁਰੂ ਜੀ ਦੀ ਕੁਰਬਾਨੀ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ । (ਪੰਨਾ 21) ਕਿਉਂਕਿ ਇਤਿਹਾਸ ਵਿਚ ਸਿੱਖ ਗੁਰੂ ਸਾਹਿਬਾਨ ਵਲੋਂ ਕਦੇ ਵੀ ਇਹ ਗੱਲ ਵੇਖਣ, ਪੜ੍ਹਨ ਨੂੰ ਨਹੀਂ ਮਿਲੀ ਕਿ ਗੁਰਮਤਿ ਵਿਚ ਸੱਤਧਾਰੀ ਹੋਣ (
ਕੁਰਸੀ ਹਾਸਲ ਕਰਨ) ਨੂੰ ਪਹਿਲ ਦਿੱਤੀ ਗਈ ਹੋਵੇ, ਉਸ ਸਮੇਂ ਵੀ ਜਦੋਂ ਦੇਸ਼ ਦੀ ਵੰਡ ਹੋਈ ਤਾਂ ਸਿੱਖ ਆਗੂਆਂ ਨੇ ਆਪਣੀ ਤਕਦੀਰ ਭਾਰਤ ਨਾਲ ਜੋੜ ਲਈ। ਪੁਸਤਕ ਲੇਖਕ ਨੇ ਡਾ: ਅੰਬੇਡਕਰ ਦੀ ਦੇਣ, ਭਾਰਤ ਵਿਚ ਮਿਹਨਤਕਸ਼ਾਂ ਤੇ ਮਜ਼ਦੂਰ ਸ਼੍ਰੇਣੀ ਲਈ ਕੀਤੇ ਕੰਮ, ਦੇਸ਼ ਦਾ ਸੰਵਿਧਾਨ ਤਿਆਰ ਕਰਨ, ਅਛੂਤ ਤੇ ਦੱਬੇ ਕੁਚਲੇ ਵਰਗ ਲਈ ਕੀਤੇ ਕੰਮਾਂ ਨੂੰ ਉਭਾਰਿਆ ਹੈ। ਬਾਬਾ ਅੰਬੇਡਕਰ ਦੇ ਨਿੱਜੀ ਜੀਵਨ ਵਿਚ ਬੁੱਧ ਧਰਮ ਅਪਣਾਉਣ ਤੇ ਇਸ ਤੋਂ ਪਹਿਲਾਂ ਸਿੱਖ ਧਰਮ, ਇਸਾਈ ਧਰਮ ਤੇ ਇਸਲਾਮ ਧਰਮ ਬਾਰੇ ਉਨ੍ਹਾਂ ਦੇ ਵਿਚਾਰ ਲਿਖੇ ਹਨ। ਇਸ ਗਾਥਾ ਵਿਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਤੇ ਸਿੱਖ ਲੀਡਰਾਂ ਨਾਲ ਮੇਲ ਮੁਲਾਕਾਤਾਂ ਦਾ ਇਤਿਹਾਸਕ ਵੇਰਵਾ ਹੈ। ਡਾ: ਅੰਬੇਡਕਰ ਚਿੰਤਨ ਨੂੰ ਸਮਰਪਿਤ ਪੁਸਤਕ ਇਤਿਹਾਸ ਦੇ ਪਾਠਕਾਂ ਲਈ ਪੜ੍ਹਨ ਵਾਲੀ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

ਚੁਟਕਲਿਆਂ ਦੀ ਸ਼ਾਮ
ਲੇਖਿਕਾ : ਬਰਜਿੰਦਰ ਢਿੱਲੋਂ
ਪ੍ਰਕਾਸ਼ਕ : ਸੁਮੀਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 95011-45039.

ਹੱਸਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਚੁਟਕਲੇ ਹਸਾਉਣ ਦਾ ਇਕ ਗਾਰੰਟਿਡ ਸਾਧਨ ਹਨ। ਖਾਣੇ 'ਤੇ ਇਕੱਠੇ ਹੋਏ ਮਿੱਤਰ ਤੇ ਰਿਸ਼ਤੇਦਾਰ, ਵਿਹਲੜਾਂ ਦੀ ਚੰਡਾਲ ਚੌਂਕੜੀ, ਫੁਰਸਤ ਵੇਲੇ ਇਕੱਠੀਆਂ ਹੋਈਆਂ ਔਰਤਾਂ ਟਾਈਮ ਕੱਟਣ ਜਾਂ ਮਨੋਰੰਜਨ ਲਈ ਇਕ-ਦੂਸਰੇ ਨੂੰ ਚੁਟਕਲੇ ਸੁਣਾਉਂਦੇ ਹਨ। ਚੁਟਕਲੇ ਬਹੁਤ ਲੰਮੇ ਨਹੀਂ ਹੋਣੇ ਚਾਹੀਦੇ। ਇਹ ਨਾ ਹੋਵੇ ਕਿ ਚੁਟਕਲਾ ਸੁਣਨ ਵਾਲੇ ਨੂੰ ਅੱਕ ਕੇ ਕਹਿਣਾ ਪੈ ਜਾਵੇ, 'ਕੀ ਯਾਰ ਤੂੰ ਘਾਣੀ ਪਾ ਕੇ ਬਹਿ ਗਿਆਂ।' ਚੁਟਕਲਾ ਚਟਕੀਲਾ ਤੇ ਆਕਾਰ ਵਿਚ ਛੋਟਾ ਹੋਣਾ ਚਾਹੀਦਾ ਹੈ। ਉਸ ਦੀ ਪੂਛ ਵਿਚ ਡੰਗ ਹੋਣਾ ਚਾਹੀਦਾ ਹੈ। ਚੰਗਾ ਚੁਟਕਲਾ ਆਤਿਸ਼ਬਾਜ਼ੀ ਜਿਹਾ ਹੁੰਦਾ ਹੈ, ਜੋ ਬਹੁਤ ਤੇਜ਼ੀ ਨਾਲ ਅਗਾਂਹ ਵਧਦਾ ਹੋਇਆ ਉੱਤੇ ਆਕਾਸ਼ 'ਚ ਜਾ ਕੇ ਫਟ ਜਾਂਦਾ ਹੈ। ਜਾਤਾਂ 'ਤੇ ਆਧਾਰਿਤ ਘ੍ਰਿਣਾ ਫੈਲਾਉਣ ਵਾਲੇ ਚੁਟਕਲਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
'ਚੁਟਕਲਿਆਂ ਦੀ ਸ਼ਾਮ' ਪੁਸਤਕ ਵਿਚ ਬਰਜਿੰਦਰ ਢਿੱਲੋਂ ਵਲੋਂ 328 ਚੁਟਕਲਿਆਂ ਦਾ ਸੰਗ੍ਰਹਿ ਕੀਤਾ ਗਿਆ ਹੈ। ਇਨ੍ਹਾਂ ਚੁਟਕਲਿਆਂ ਵਿਚ ਸਕੂਲ ਅਧਿਆਪਕ, ਲੀਡਰ, ਨੌਕਰ/ਮਾਲਿਕ ਤੇ ਜ਼ਿਆਦਾਤਰ ਪਤੀ, ਪਤਨੀ ਦੇ ਪਾਤਰ ਆਉਂਦੇ ਹਨ। ਇਨ੍ਹਾਂ ਦਾ ਮੰਤਵ ਨਿਰੋਲ ਹਸਾਉਣਾ ਹੀ ਹੈ। ਕੋਈ ਚੁਟਕਲਾ ਘ੍ਰਿਣਾ ਜਾਂ ਨਫ਼ਰਤ ਫੈਲਾਉਂਦਾ ਨਜ਼ਰ ਨਹੀਂ ਆਉਂਦਾ। ਇਹ ਆਕਾਰ ਵਿਚ ਵੀ ਛੋਟੇ ਹਨ ਤੇ ਆਪਣੇ ਮੰਤਵ ਵੱਲ ਬਹੁਤ ਤੇਜ਼ੀ ਨਾਲ ਵਧਦੇ ਹਨ। ਭਾਵੇਂ ਇਨ੍ਹਾਂ ਵਿਚ ਹਰ ਰੰਗ ਤੇ ਸੁਭਾਅ ਦੇ ਚੁਟਕਲੇ ਹਨ। ਪਤੀ-ਪਤਨੀ ਦੇ ਵਿਹਾਰ ਤੇ ਆਪਸੀ ਕਟਾਖਸ਼ ਦੇ ਬਹੁਤੇ ਰੰਗ ਹੀ ਪੇਸ਼ ਹੋਏ ਹਨ। ਅੰਗਰੇਜ਼ੀ ਵਿਚ ਤਾਂ ਅਜਿਹੀਆਂ ਅਨੇਕਾਂ ਪੁਸਤਕਾਂ ਮਿਲ ਜਾਂਦੀਆਂ ਹਨ। ਪੰਜਾਬੀ ਵਿਚ ਵੀ ਇਹ ਪਿਰਤ ਲਾਹੇਵੰਦ ਰਹੇਗੀ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

22-09-2019

  ਪੰਜਾਬੀ ਨਾਵਲ
ਸਮਾਜਿਕ-ਸੱਭਿਆਚਾਰਕ ਸਰੋਕਾਰ
ਲੇਖਕ : ਡਾ. ਸੁਰਜੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 240
ਸੰਪਰਕ : 98553-71313.

ਹਥਲੀ ਪੁਸਤਕ ਵਿਚ ਗੰਭੀਰ ਚਿੰਤਕ ਡਾ: ਸੁਰਜੀਤ ਬਰਾੜ ਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਦੇ 22 ਨਾਵਲਾਂ ਨੂੰ ਆਪਣੇ ਅਧਿਐਨ ਦੀ ਸੀਮਾ ਵਿਚ ਰੱਖਿਆ ਹੈ | ਇਹ ਅਧਿਐਨ ਜਿਥੇ ਆਧੁਨਿਕ ਪੰਜਾਬੀ ਨਾਵਲ ਦੀ ਇਤਿਹਾਸਕਾਰੀ ਦਾ ਪੜਾਅਵਾਰ ਦਰਪਣ ਹੈ ਉਥੇ ਪੰਜਾਬੀ ਨਾਵਲ-ਸਾਹਿਤ ਦੇ ਵਰਤਮਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਸਬੰਧੀ ਵੀ ਵਿਚਾਰਧਾਰਾ ਦਾ ਪ੍ਰਗਟਾਵਾ ਹੈ | ਇਸ ਆਲੋਚਕ ਨੇ ਆਦਰਸ਼ਵਾਦੀ ਅਥਵਾ ਸਮਾਜ-ਸੁਧਾਰਕ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਨਾਵਲਕਾਰਾਂ ਦੇ ਰਚਨਾਤਮਕ ਵਿਵੇਕ ਨੂੰ ਪ੍ਰਗਟਾਇਆ ਹੈ | ਜਿਵੇਂ 'ਪਵਿੱਤਰ ਪਾਪੀ' ਵਿਚ ਨਾਨਕ ਸਿੰਘ ਸੁਧਾਰਵਾਦੀ ਹੈ | 'ਸੁੰਦਰਾਂ' ਵਿਚ ਜਸਵੰਤ ਕੰਵਲ ਔਰਤ ਵਰਗ ਦੀ ਤਰਾਸਦੀ ਬਿਆਨ ਕਰਦਾ ਹੈ, ਅੰਮਿ੍ਤਾ ਪ੍ਰੀਤਮ 'ਪਿੰਜਰ' 'ਚ ਸਮਾਜਿਕ ਯਥਾਰਥ ਨੂੰ ਪੇਸ਼ ਕਰਦੀ ਹੈ, ਨੂੰ ਚਿੰਤਨਸ਼ੀਲ ਸਮਝ-ਦਿ੍ਸ਼ਟੀ ਤੋਂ ਪਰਖਿਆ ਗਿਆ ਹੈ | ਇਸੇ ਤਰ੍ਹਾਂ ਨਛੱਤਰ ਗਿੱਲ ਦੇ ਨਾਵਲ ਵਿਚ ਪ੍ਰਵਾਸੀ ਚੇਤਨਾ ਅਤੇ ਰਾਜਸੀ ਸਰੋਕਾਰਾਂ ਨੂੰ ਪਛਾਣਿਆ ਗਿਆ ਹੈ ਅਤੇ 'ਸੂਰਜ ਦੀ ਅੱਖ' ਵਿਚ ਬਲਦੇਵ ਸਿੰਘ ਦੀ ਗਲਪ ਦਿ੍ਸ਼ਟੀ ਦਾ ਭਾਵਨਾਤਮਕ ਬੋਧ ਕਰਾਇਆ ਹੈ | ਇਥੇ ਹੀ ਬਸ ਨਹੀਂ ਅਗਾਂਹ ਕੇ. ਐਲ. ਗਰਗ ਰਚਿਤ 'ਅੰਤਲੇ ਦਿਨ' ਅਤੇ ਸ਼ਾਹ ਚਮਨ ਰਚਿਤ 'ਇਹ ਅਰਦਾਸ ਤੁਮਾਰੀ ਹੈ', 'ਮਾਤਮਖਾਨਾ', 'ਜੁਆਲਾਮੁਖੀ' ਅਤੇ ਡਾ: ਜਸਵਿੰਦਰ ਰਚਿਤ ਨਾਵਲ 'ਮਾਤਲੋਕ' ਦੇ ਬਿਰਤਾਂਤਾਂ ਵਿਚ ਮਾਨਵ ਹਿਤੈਸ਼ੀ ਮੁੱਲਾਂ ਦਾ ਮੁਲਾਂਕਣ ਮਨੋਵਿਗਿਆਨਕ, ਸਮਾਜਿਕ, ਆਰਥਿਕ, ਨੈਤਿਕ ਆਦਿ ਦਿ©ਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ | ਡਾ: ਬਰਾੜ ਕਿਉਂ ਜੋ ਆਪਣੀ ਆਲੋਚਨਾਤਮਕ ਦਿ©ਸ਼ਟੀ ਨੂੰ ਮਾਨਵਵਾਦ ਅਥਵਾ ਮਾਰਕਸਵਾਦ ਤੋਂ ਪ੍ਰਪੱਕ ਕਰ ਚੁੱਕਿਆ ਹੈ ਇਸੇ ਦਿ੍ਸ਼ਟੀਕੋਣ ਤੋਂ ਉਹ ਪੂੰਜੀਵਾਦੀ ਵਿਵਸਥਾ ਅਤੇ ਵਿਸ਼ਵੀਕਰਨ ਪੱਧਰ 'ਤੇ ਪੱਸਰੇ ਗੰਭੀਰ ਸਰੋਕਾਰਾਂ ਦਾ ਵੀ ਗਿਆਤਾ ਹੈ | ਇਸੇ ਸੋਚ ਦੇ ਅੰਤਰਗਤ ਉਸ ਨੇ ਦੁਨੀਆ ਕੈਸੀ ਹੋਈ (ਜਗਤਾਰ ਸਿੰਘ), ਅੰਬਰ ਵੱਲ ਉਡਾਨ (ਬਲਬੀਰ ਪਰਵਾਨਾ), ਜੁਗਤੂ (ਸਾਧੂ ਬਿਨਿੰਗ), ਨਥਾਵੇਂ (ਮਹਿੰਦਰ ਪਾਲ ਸਿੰਘ) ਵਿਚ ਪੰਜਾਬੀ ਜਨਜੀਵਨ ਨਾਲ ਸਬੰਧਿਤ ਦੇਸ਼ ਵਿਦੇਸ਼ ਦੇ ਪੰਜਾਬੀਆਂ ਦੇ ਸਮਾਜਿਕ, ਸੱਭਿਆਚਾਰਕ ਸਰੋਕਾਰਾਂ ਨਾਲ ਸੰਬੰਧਿਤ ਦੁਖਦ, ਸੁਖਦ ਪ©ਸਥਿਤੀਆਂ ਦਾ ਤੁਲਨਾਤਮਿਕ ਅਧਿਐਨ ਪੇਸ਼ ਕੀਤਾ ਹੈ | ਕਰੂਰ ਯਥਾਰਥ, ਸੱਭਿਆਚਾਰਕ ਜੀਵਨ ਸ਼ੈਲੀ ਅਤੇ ਮਨੱੁਖਤਾ ਵਿਚੋਂ ਗਿਰ ਰਹੀ ਨੈਤਿਕਤਾ ਨੂੰ ਲੇਖਕ ਨੇ ਜੇਕਰ, ਪੈੜਾਂ, ਮਾਇਆ, ਜੰਗ ਇਊਾ ਵੀ, ਸ਼ਹਿਰ ਵੱਲ ਜਾਂਦੀ ਸੜਕ, ਅੰਤਹੀਣ, ਨਿਰਭਓ ਨਿਰਵੈਰ ਨਾਵਲਾਂ ਦੇ ਨੇੜਿਉਂ ਅਧਿਐਨ ਰਾਹੀਂ ਪੇਸ਼ ਕੀਤਾ ਹੈ ਅਤੇ ਤੌਖਲਾ ਪ੍ਰਗਟ ਕੀਤਾ ਹੈ ਕਿ ਭਾਵੇਂ ਇਹ ਨਾਵਲਕਾਰੀ ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ ਪਰੰਤੂ ਪੰਜਾਬੀ ਨਾਵਲ ਵਿਸ਼ਵ ਪੱਧਰ ਦੇ ਨਾਵਲ ਤੱਕ ਅਜੇ ਨਹੀਂ ਪਹੁੰਚ ਸਕਿਆ |

—ਡਾ: ਜਗੀਰ ਸਿੰਘ ਨੂਰ
ਮੋ: 9814209732
c c c

ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ
ਲੇਖਕ : ਪ੍ਰੋ: ਰਾਜਿੰਦਰ ਲਹਿਰੀ
ਪ੍ਰਕਾਸ਼ਕ : ਗਰੇਸੀਅਸ ਬੁੱਕਸ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 106
ਸੰਪਰਕ : 91-1755017642.

ਪ੍ਰੋ: ਰਾਜਿੰਦਰ ਲਹਿਰੀ ਨੇ ਅਰਸਤੂ ਦੀ ਤ੍ਰਾਸਦੀ ਬਾਰੇ ਸਦੀਆਂ ਤੋਂ ਟਿਕੀ ਟਿਕਾਈ ਪ੍ਰਵਾਨਿਤ ਪਰਿਭਾਸ਼ਾ ਦਾ ਰੇਜ਼ਾ-ਰੇਜ਼ਾ ਕਰਦਿਆਂ ਆਪਣੇ ਨਿਕਟ ਅਧਿਐਨ ਦੁਆਰਾ ਮੁੜ ਵਿਚਾਰਨ ਦੀ ਚਰਚਾ ਛੇੜ ਦਿੱਤੀ ਹੈ | ਉਸ ਨੇ ਆਪਣੇ ਵਿਚਾਰਾਂ ਦਾ ਆਧਾਰ ਮੈਲਕਮ ਹੀਥ ਵਲੋਂ ਅਨੁਵਾਦਿਤ ਪੁਸਤਕ (ਅਰਸਤੂ : ਪੋਇਟਿਕਸ-1996) ਨੂੰ ਬਣਾਇਆ ਹੈ | ਇੰਜ ਹੀ ਡਾ: ਨਗੇਂਦਰ ਅਤੇ ਮਹੇਂਦਰ ਚਤੁਰਵੇਦੀ ਦੇ ਅਨੁਵਾਦ (ਹਿੰਦੀ), ਜਿਸ ਦਾ ਪੰਜਾਬੀ ਰੂਪਾਂਤਰਨ ਡਾ: ਹਰਿਭਜਨ ਸਿੰਘ ਨੇ 1964 ਵਿਚ ਕੀਤਾ, ਨੂੰ ਵੀ ਉਦਿ੍ਤ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਸੇ ਵੀ ਕਲਾਤਮਕ ਵਰਤਾਰੇ ਨੂੰ ਨਿਰਧਾਰਤ ਕਰਨ ਵਾਲੇ ਤਿੰਨ ਪੱਖ (ਅਨੁਕਰਨ ਦਾ ਵਿਸ਼ਾ, ਮਾਧਿਅਮ, ਅਤੇ ਰੀਤੀ) ਹੁੰਦੇ ਹਨ | ਅਰਸਤੂ ਦੇ ਕਾਵਿ-ਸ਼ਾਸਤਰ ਵਿਚ ਇਨ੍ਹਾਂ ਤਿੰਨਾਂ ਗੁਣਾਂ ਦੇ ਬਾਵਜੂਦ ਲੇਖਕ ਨੂੰ ਵਿਰੋਧਾਭਾਸ ਵਿਖਾਈ ਦਿੱਤਾ ਹੈ |
ਅਸਲ ਵਿਚ ਐਫ.ਆਰ. ਲੀਵਿਸ ਅਨੁਸਾਰ 'ਆਲੋਚਨਾ ਵਿਚ ਵਿਵੇਕਸ਼ੀਲ ਮੱਤਭੇਦ ਇਸ ਦਾ ਜੀਵਨ ਅਤੇ ਵਿਵੇਕਹੀਣ ਸਹਿਮਤੀ ਇਸ ਦੀ ਮੌਤ ਹੁੰਦੀ ਹੈ |' ਇਵੇਂ ਵਿਵੇਕਸ਼ੀਲ ਦਲੀਲਾਂ ਪ੍ਰਸਤੁਤ ਕਰਦਿਆਂ ਲੇਖਕ ਨੇ ਨਤੀਜਾ ਪੇਸ਼ ਕਰਦਿਆਂ ਲਿਖਿਆ ਹੈ ਕਿ ਅਰਸਤੂ ਦੇ ਤ੍ਰਾਸਦੀ ਬਾਰੇ ਵਿਚਾਰ ਨਾਟ-ਸਾਹਿਤ ਹੈ, ਨਾਟ-ਪੇਸ਼ਕਾਰੀ ਨਹੀਂ ਕਿਉਂਕਿ ਉਸ ਦੇ ਨਾਟ-ਚਿੰਤਨ ਦੀ ਦਿਸ਼ਾ ਨਾਟ-ਲਿਖਤ ਤੋਂ ਨਾਟ-ਪੇਸ਼ਕਾਰੀ ਵੱਲ ਹੈ, ਨਾਟਕ-ਪੇਸ਼ਕਾਰੀ ਤੋਂ ਨਾਟ-ਲਿਖਤ ਵੱਲ ਨਹੀਂ | ਅਰਸਤੂ ਦੀ ਭਾਰੂ-ਬਿਰਤੀ ਨਾਟ-ਕਲਾ ਨੂੰ ਸਾਹਿਤ-ਕਲਾ ਸਮਝਣ ਵਿਚ ਨਿਹਿਤ ਹੈ | ਉਹ ਨਾਟ-ਸਾਹਿਤ ਨੂੰ ਭਰਤ ਮੁਨੀ ਵਾਂਗ ਦਿ੍ਸ਼-ਕਲਾ ਵਜੋਂ ਵੇਖਣ ਦੇ ਸਮਰੱਥ ਨਹੀਂ ਹੋ ਸਕਿਆ | ਲੇਖਕ ਪਾਤਰ ਅਤੇ ਅਭਿਨੇਤਾ ਨੂੰ ਵੱਖ-ਵੱਖ ਕਰਨ ਵੱਲ ਰੁਚਿਤ ਹੈ | ਬੇਸ਼ੱਕ ਵਿਦਵਾਨ ਕਿੰਤੂ ਕਰ ਸਕਦੇ ਨੇ : ਕੀ ਐਕਸ਼ਨ ਅਭਿਨੇਤਾ ਦਾ ਕਾਰਜ ਖੇਤਰ ਨਹੀਂ? ਕੀ ਕਥਾਰਸਿਸ ਦਰਸ਼ਕਾਂ ਦਾ ਨਹੀਂ ਹੁੰਦਾ? ਡਾ: ਲਹਿਰੀ ਤ੍ਰਾਸਦੀ-ਕਲਾ ਦਾ ਉਦਭਵ ਮਹਾਂਕਾਵਿ ਦੀ ਸਾਹਿਤ-ਧਾਰਾ 'ਚੋਂ ਹੋਇਆ ਮੰਨਦਾ ਹੈ | ਫਰਕ ਕੇਵਲ ਏਨਾ ਹੈ ਕਿ ਮਹਾਂਕਾਵਿ ਦੀ ਵਿਧੀ 'ਬਿਰਤਾਂਤ' ਹੈ | ਤ੍ਰਾਸਦੀ ਦੀ ਵਿਧੀ 'ਸੰਵਾਦ' ਹੈ |
ਤ੍ਰਾਸਦੀ ਦਾ ਸਾਹਿਤ-ਰੂਪ ਰੰਗ-ਮੰਚ ਦੀ ਕਲਾ ਕਲਾ ਨਾਲ ਬਾਅਦ ਵਿਚ ਜੁੜਦੀ ਹੈ | ਪਾਠਕਾਂ ਨੂੰ ਅਜਿਹੇ ਵਿਚਾਰ ਦਿ੍ੜ੍ਹ ਕਰਵਾਉਣ ਲਈ ਲੇਖਕ 'ਬਾਰੰਬਾਰਤਾ' (ਫਰੀਕੁਐਾਸੀ) ਦੀ ਜੁਗਤ ਵਰਤਦਾ ਹੈ | ਅਜਿਹਾ ਜਾਪਦਾ ਹੈ ਕਿ ਵਿਚਾਰ-ਪ੍ਰਸਤੁਤੀ ਦੀ, ਅਰਸਤੂ ਦੀ ਸੰਖੇਪ/ਸੰਕੇਤਕ ਵਿਧੀ ਕਾਰਨ ਅਜਿਹਾ ਵਿਰੋਧਾਭਾਸ ਪੈਦਾ ਹੋਇਆ ਹੈ | ਲੌਾਗਮੈਨ ਅਤੇ ਐਾਡਰਿਊ ਨੇ ਭਾਵੇਂ ਕੋਈ ਅਜਿਹਾ ਸੰਕੇਤ ਨਹੀਂ ਕੀਤਾ | ਕੁਝ ਵੀ ਹੋਵੇ, ਲੇਖਕ ਦੀ ਨਿੱਕੀ ਜਿਹੀ ਪੁਸਤਕ ਖੋਜੀ ਵਿਦਵਾਨਾਂ ਦਾ ਧਿਆਨ ਆਕਰਸ਼ਿਤ ਕਰਕੇ ਨਵੀਂ ਸੋਚ ਨੂੰ ਟੁੰਬਣ ਵਾਲੀ ਹੈ | ਅਗਲੇਰੀ ਚਰਚਾ ਲਈ ਆਮੰਤਿ੍ਤ ਕਰਨ ਵਿਚ ਸਫਲ ਹੈ |

—ਡਾ: ਧਰਮ ਚੰਦ ਵਾਤਿਸ਼
ਮੋ: 88376-79186.
c c c

ਮੰਟੋ ਦੇ ਅਫ਼ਸਾਨੇ
ਲੇਖਕ : ਸਆਦਤ ਹਸਨ ਮੰਟੋ
ਅਨੁਵਾਦ : ਕਮਲਜੀਤ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 230
ਸੰਪਰਕ : 78377-18723.

ਮੰਟੋ ਨੂੰ ਸਾਹਿਤ ਦਾ ਹਰ ਪਾਠਕ ਜਾਣਦਾ ਹੈ | ਉਸ ਨੂੰ ਅਸ਼ਲੀਲ ਕਹਿ ਕੇ ਨਿੰਦਣ ਵਾਲੇ ਵੀ ਬਥੇਰੇ ਹਨ, ਪਰ ਇਸ ਗੱਲ ਉੱਤੇ ਦੋ ਰਾਵਾਂ ਨਹੀਂ ਕਿ ਉਹ ਅਫ਼ਸਾਨਾ ਇਨਗਾਰੀ ਦਾ ਬਾਦਸ਼ਾਹ ਹੈ | ਉਸ ਦੀਆਂ ਕਈ ਕਹਾਣੀਆਂ ਉੱਤੇ ਦੇਸ਼ ਆਜ਼ਾਦੀ ਤੋਂ ਪਹਿਲਾਂ ਤੇ ਪਿੱਛੋਂ ਮੁਕੱਦਮੇ ਚੱਲੇ ਹਨ | ਸਾਡੇ ਦੇਸ਼ ਦੇ ਇਕ ਚੋਟੀ ਦੇ ਵਕੀਲ ਤੇ ਸਿਆਸਤਦਾਨ ਕਪਿਲ ਸਿੱਬਲ ਦੇ ਪਿਤਾ ਮਸ਼ਹੂਰ ਵਕੀਲ ਹੀਰਾ ਲਾਲ ਸਿੱਬਲ ਨੇ ਉਸ ਦਾ ਪਹਿਲਾ ਕੇਸ ਲੜ ਕੇ ਜਿੱਤਿਆ | ਮੰਟੋ ਕਹਾਣੀ ਦਾ ਬਾਦਸ਼ਾਹ ਹੈ | ਕਹਾਣੀ ਇਉਂ ਉਸ ਦੇ ਜ਼ਿਹਨ ਵਿਚ ਫੁਟਦੀ ਸੀ ਜਿਵੇਂ ਉਪਜਾਊ ਮਿੱਟੀ ਵਿਚੋਂ ਬਨਸਪਤੀ | ਬਿਨਾਂ ਉਚੇਚ, ਸਹਿਜ ਸੁਆਦ, ਰੰਗ, ਰਸ ਉਦੇਸ਼ ਨਾਲ ਭਰਪੂਰ | ਬੇਬਾਕ ਹੋ ਕੇ ਸਮਾਜ ਦੀ ਨੰਗੀ ਤਸਵੀਰ ਸਾਡੇ ਸਾਹਮਣੇ ਰੱਖ ਕੇ ਗਾਲਾਂ ਖਾਂਦਾ ਰਿਹਾ ਪਰ ਉਸ ਦੀ ਹਰ ਲਿਖਤ ਇਹ ਕਹਿੰਦੀ ਕਿ ਬਦਲੋ ਆਪਣੀ ਗੰਦੀ ਸੋਚ ਤੇ ਗੰਦੇ ਵਿਹਾਰ | ਬਦਲੋ ਇਸ ਮੰਦੇ ਸਮਾਜ ਨੂੰ | ਜਿਨ੍ਹਾਂ ਲੋਕਾਂ ਨੂੰ ਤੁਸੀਂ ਮਾੜੇ ਕਹਿੰਦੇ ਹੋ, ਉਨ੍ਹਾਂ ਦੇ ਮਨਾਂ ਦੇ ਧੁਰ ਹੇਠ ਮੂਲ ਮਨੁੱਖੀ ਗੁਣਾਂ ਦੀ ਅਜਿਹੀ ਨੈਤਿਕਤਾ ਹੈ, ਜਿਸ ਦਾ ਕਿਣਕਾ ਵੀ ਤੁਹਾਡੇ ਕੋਲ ਨਹੀਂ ਤੇ ਤੁਸੀਂ ਨਿਰਾ ਦੰਭ ਪਾਖੰਡ ਕਰਦੇ ਹੋ |
ਮੰਟੋ ਦੀਆਂ ਕਹਾਣੀਆਂ ਦਾ ਇਹ ਸੰਗ੍ਰਹਿ ਮੰਟੋ ਦੀ ਉਰਦੂ ਕਹਾਣੀ ਦੇ ਬਹੁਤ ਨੇੜੇ ਹੈ | ਸ਼ਬਦਾਵਲੀ, ਅੰਦਾਜ਼-ਏ-ਬਿਆਂ, ਮਾਹੌਲ ਹਰ ਪੱਖੋਂ | ਕਿਤੇ-ਕਿਤੇ ਅਨੁਵਾਦਕ ਨੇ ਲਿੰਗ/ਵਚਨ/ਕਿਰਿਆ ਦੀ ਪਛਾਣ ਵਿਚ ਟਪਲਾ ਖਾਧਾ ਹੈ, ਪਰ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ | ਕੁੱਲ ਮਿਲਾ ਕੇ ਇਸ ਲਿਖਤ ਦਾ ਜ਼ਾਇਕਾ ਮੰਟੋ ਦੀ ਯਾਦ ਤਾਜ਼ਾ ਕਰਵਾਉਣ ਵਾਲਾ ਹੈ | ਮੈਨੂੰ ਬਹੁਤੇ ਅਨੁਵਾਦ ਇਸ ਗੁਣ ਤੋਂ ਕੋਰੇ ਲਗਦੇ ਰਹੇ ਹਨ | ਮੰਟੋ ਦੇ ਇਸ ਸੰਗ੍ਰਹਿ ਵਿਚ ਸਾਰੀਆਂ ਕਹਾਣੀਆਂ ਹੀ ਨਹੀਂ | ਕੁਝ ਮਜ਼ਮੂਨ ਵੀ ਹਨ | ਦੀਵਾਨ ਸਿੰਘ ਮਫ਼ਤੂਨ, ਆਗਾ ਹਸਨ ਤੇ ਅਖ਼ਤਰ ਸ਼ੀਰਾਨੀ ਬਾਰੇ ਲਿਖਤਾਂ ਲੇਖਕਾਂ ਦੀਆਂ ਯਾਦਾਂ/ਮੁਲਾਕਾਤਾਂ ਉੱਤੇ ਆਧਾਰਿਤ ਹਨ | ਅਫ਼ਸਾਨੇ ਇਕ ਤੋਂ ਇਕ ਕਮਾਲ ਹਨ | ਤਵਾਇਫ਼ ਹੋਵੇ ਜਾਂ ਸਾਧਾਰਨ ਦਫ਼ਤਰੀ ਬਾਬੂ, ਮਜਬੂਰ ਔਰਤ ਹੋਵੇ ਜਾਂ ਜਿਸਮ ਦਾ ਦਲਾਲ, ਮੰਟੋ ਹਰ ਪਾਤਰ ਨੂੰ ਅੰਦਰੋਂ ਬਾਹਰੋਂ ਚਿਤਰਨ ਦੇ ਸਮਰੱਥ ਹੈ | ਮੰਟੋ ਨੂੰ ਅਸ਼ਲੀਲ ਸਮਝ ਕੇ ਪਾਸੇ ਕਰਨ ਦੀ ਥਾਂ ਸਮਝਣ ਦੀ ਲੋੜ ਹੈ |

—ਡਾ: ਕੁਲਦੀਪ ਸਿੰਘ ਧੀਰ
ਮੋ: 98722-60550
c c c

ਯਾਦਾਂ ਦੇ ਕਾਫ਼ਲੇ
ਕਹਾਣੀਕਾਰਾ : ਕੁਲਵਿੰਦਰ ਕੌਰ ਮਹਿਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 180 ਰੁਪਏ, ਸਫੇ : 104
ਸੰਪਰਕ : 94638-36591.

ਕੁਲਵਿੰਦਰ ਕੌਰ ਮਹਿਕ ਦੇ ਕਹਾਣੀ ਸੰਗ੍ਰਹਿ 'ਯਾਦਾਂ ਦੇ ਕਾਫ਼ਲੇ' ਵਿਚ 18 ਨਿੱਕੀਆਂ ਕਹਾਣੀਆਂ ਦਰਜ ਹਨ | ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ਮਾਈ ਭਾਗੋ ਦਾ ਵਿਸ਼ਾ ਸਮਾਜ ਵਿਚ ਔਰਤ ਦੀ ਸਥਿਤੀ, ਇਕ ਧੀ ਵਜੋਂ ਉਸ ਨਾਲ ਘਰ-ਪਰਿਵਾਰ ਵਿਚ ਹੋਣ ਵਾਲੇ ਭੇਦ-ਭਾਵ, ਸਹੁਰੇ ਪਰਿਵਾਰ ਵਿਚ ਪਤੀ ਅਤੇ ਸੱਸ ਵਲੋਂ ਦਿੱਤੇ ਜਾਣ ਵਾਲੇ ਕਸ਼ਟਾਂ ਜਿਹੀਆਂ ਸਮਾਜਿਕ ਸਮੱਸਿਆਵਾਂ ਦਾ ਹੱਲ, ਧਰਮ ਅਤੇ ਧਾਰਮਿਕ ਆਸਥਾ ਵਾਲੀ ਸੋਚ ਦੇ ਰਸਤਿਓਾ ਭਾਵਨਾਤਾਮਕ ਪੱਧਰ ਉੱਪਰ ਪੇਸ਼ ਕੀਤਾ ਗਿਆ ਹੈ | ਹੱਸਦੇ ਹੰਝੂ ਕਹਾਣੀ ਰਾਹੀਂ ਧੀ ਵਲੋਂ ਪੜ੍ਹ-ਲਿਖ ਕੇ, ਚੰਗੀ ਨੌਕਰੀ ਹਾਸਲ ਕਰਕੇ ਆਪਣੀ ਮਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰਨ ਵਾਲੀ ਜ਼ਿੰਮੇਵਾਰ ਧੀ (ਨਾਰੀ) ਦਾ ਬਿਰਤਾਂਤ ਸਿਰਜਿਆ ਗਿਆ ਹੈ | ਕਹਾਣੀ ਅਕਲ ਦੀ ਜਿੱਤ ਦਾ ਵਿਸ਼ਾ ਵੀ, ਪੜ੍ਹ-ਲਿਖ ਕੇ ਸਮਾਜ ਵਿਚ ਉੱਚੇ ਰੁਤਬੇ ਨੂੰ ਹਾਸਲ ਕਰਨ ਵਾਲੀ ਲੜਕੀ ਦੇ ਇਰਾਦਿਆਂ ਨੂੰ ਹੀ ਦਰਸਾਇਆ ਗਿਆ ਹੈ |
ਕਹਾਣੀ ਸੰਗ੍ਰਹਿ ਦੀ ਸਿਰਲੇਖੀ ਕਹਾਣੀ ਯਾਦਾਂ ਦਾ ਕਾਫ਼ਲੇ ਦਾ ਵਿਸ਼ਾ, ਵਿਦੇਸ਼ਾਂ ਵਿਚ ਪ੍ਰਵਾਸ ਦਾ ਸੰਤਾਪ ਭੋਗ ਰਹੇ ਉਨ੍ਹਾਂ ਭਾਰਤੀਆਂ ਦੀ ਸਥਿਤੀ ਨੂੰ ਨੰਤੂ ਅੰਕਲ ਦੇ ਪ੍ਰਸੰਗ ਵਿਚ ਉਜਾਗਰ ਕਰਨਾ ਹੈ, ਜਿਹੜੇ ਵਿਦੇਸ਼ਾਂ ਵਿਚ ਵਰਿ੍ਹਆਂ ਤੋਂ ਰਹਿਣ ਦੇ ਬਾਵਜੂਦ ਆਪਣੀ ਜੰਮਣ-ਭੌਾ ਅਤੇ ਪਿਛੋਕੜ ਨੂੰ ਭੁਲਾ ਨਹੀਂ ਸਕੇ | ਗੁੱਝਾ ਰਾਜ਼ ਕਹਾਣੀ ਮਨੁੱਖ ਦੇ ਦੋਗਲੇ ਕਿਰਦਾਰ ਨੂੰ ਬਿਆਨ ਕਰਦੀ ਹੈ |
ਲੇਖਿਕਾ ਇਕ ਔਰਤ ਹੋਣ ਨਾਤੇ ਸਮਕਾਲੀ ਸਧਾਰਨ ਨਾਰੀ ਨਾਲ ਜੁੜੇ ਸਰੋਕਾਰਾਂ ਅਤੇ ਉਸ ਦੀ ਸਮਾਜਿਕ ਸਥਿਤੀ ਨੂੰ ਪ੍ਰਾਪਤ ਸਮਾਜ ਅੰਦਰ ਦਰਪੇਸ਼ ਔਕੜਾਂ/ਸੰਕਟਾਂ ਦੇ ਪ੍ਰਸੰਗ ਵਿਚ ਆਪਣੀਆਂ ਕਹਾਣੀਆਂ ਰਾਹੀਂ ਉੁਭਾਰ ਕੇ ਪੇਸ਼ ਕਰਦੀ ਹੈ | ਉਸ ਦੀਆਂ ਕਹਾਣੀਆਂ ਦੀ ਉਭਰਵੀਂ, ਨਾਰੀਗਤ ਸਮੱਸਿਆਵਾਂ ਦਾ ਨਿਸ਼ਾਨਦੇਹੀ ਅਤੇ ਸਮਾਧਾਨ ਦੀ ਦਿ੍ਸ਼ਟੀ ਤੋਂ ਸਮਾਜਿਕ ਲੈਗਿੰਕ ਬਰਾਬਰੀ ਅਤੇ ਆਰਥਿਕ-ਪੱਖ ਤੋਂ ਔਰਤ ਦੇ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਵਿਚ ਨਿਸਚਿਤ ਕਰਦੀ ਹੈ |

—ਡਾ: ਪ੍ਰਦੀਪ ਕੌੜਾ
ਮੋ: 9501115200
c c c

ਕਿਰਨਾਂ ਸੋਨ ਰੰਗੀਆਂ
ਕਵਿੱਤਰੀ : ਜਸਪ੍ਰੀਤ
ਪ੍ਰਕਾਸ਼ਕ : ਐਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 102
ਸੰਪਰਕ : 94636-65340.

ਇਹ ਪੁਸਤਕ ਕਵਿੱਤਰੀ ਜਸਪ੍ਰੀਤ ਦੀ ਕਾਵਿਕ ਸੰਵੇਦਨਾ ਅਤੇ ਫੋਟੋਗ੍ਰਾਫ਼ੀ ਦਾ ਸੁਮੇਲ ਹੈ | ਪੁਸਤਕ ਵਿਚ 50 ਕੁ ਕਵਿਤਾਵਾਂ ਦਰਜ ਹਨ | ਇਨ੍ਹਾਂ ਬਿਨਾਂ ਸਿਰਲੇਖ ਦੀਆਂ ਕਵਿਤਾਵਾਂ ਵਿਚ ਦੋ ਸਤਰਾਂ ਤੋਂ ਲੈ ਕੇ 33 ਸਤਰਾਂ ਵਾਲੀਆਂ ਲਘੂ ਤੇ ਛੋਟੀਆਂ ਨਜ਼ਮਾਂ ਸ਼ਾਮਿਲ ਹਨ | ਜਿਨ੍ਹਾਂ ਤਸਵੀਰਾਂ ਅਤੇ ਕਵਿਤਾਵਾਂ ਨੂੰ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਦੀ ਸਲਾਹੁਣਾ ਪ੍ਰਾਪਤ ਹੋ ਗਈ ਹੋਵੇ, ਉਹ ਸਚਮੁੱਚ ਹੀ ਸ਼ਾਇਰੀ ਦੀਆਂ ਖੂਬਸੂਰਤ ਵੰਨਗੀਆਂ ਹੋਣਗੀਆਂ | ਹਥਲੀ ਪੁਸਤਕ ਦੀਆਂ ਕਵਿਤਾਵਾਂ ਕੁਦਰਤ ਨਾਲ ਸੰਵਾਦ ਰਚਾ ਕੇ ਉਸ ਨਾਲ ਇਕਮਿਕ ਹੋਣ ਦਾ ਉਪਰਾਲਾ ਹਨ | ਜਸਪ੍ਰੀਤ ਦੇ ਸੰਵੇਦਨਸ਼ੀਲ ਮਨ ਨੇ ਇਨ੍ਹਾਂ ਨੂੰ ਕਲਮ ਅਤੇ ਕੈਮਰੇ ਦੀ ਅੱਖ ਰਾਹੀਂ ਵੇਖ, ਘੋਖ ਤੇ ਮਹਿਸੂਸ ਕਰਕੇ ਸਿਰਜਣਾਤਮਕਤਾ ਦਾ ਲਿਬਾਸ ਪੁਆਇਆ ਹੈ | ਇਨ੍ਹਾਂ ਤਸਵੀਰਾਂ ਰਾਹੀਂ ਕਵਿਤਾਵਾਂ ਸ਼ਿੰਗਾਰੀਆਂ ਗਈਆਂ ਹਨ, ਜੋ ਪੜ੍ਹਨ ਦੇ ਨਾਲ-ਨਾਲ ਅੱਖਾਂ ਨੂੰ ਵੀ ਆਕਰਸ਼ਕ ਲਗਦੀਆਂ ਹਨ |
ਇਸ ਪ੍ਰਯੋਗ ਦਾ ਇਕ ਸਿਰਜਣਾਤਮਕ ਪਹਿਲੂ ਇਹ ਵੀ ਹੈ ਕਿ ਕਵਿਤਾ ਦੀ ਸੰਚਾਰ ਸ਼ਕਤੀ ਵੱਧ ਜਾਂਦੀ ਹੈ | ਪਾਠਕ ਵਧੇਰੇ ਅਸਥੈਟਿਕ ਪਲਈਜ਼ਰ ਮਹਿਸੂਸ ਕਰਨ ਲਗਦਾ ਹੈ | ਹੁਣ ਅਮਲਤਾਸ ਦੀ ਤਸਵੀਰ ਨੂੰ ਵੀ ਲਏ—'ਪਿਆਰੇ ਅਮਲਤਾਸ/ਜਦ ਵੀ ਮਿਲਦੀ ਹਾਂ/ਤੂੰ ਬਣੇ/ਕਦੋਂ ਕਲੀਰਾ/ਝਮਕਾ/ਮਾਲਾ/ਗਜਰਾ/ਤੇ ਕਦੀ ਵਿਛ ਜਾਂਦਾ ਪੈਰਾਂ ਵਿਚੋਂ/ਚੁੰਮਦਾ ਪੈਰ/ਕਿਹੜੇ-ਕਿਹੜੇ ਰੂਪ ਵਿਚ ਮਿਲਦਾ ਹੈ/ਤੂੰ ਮੈਨੂੰ/ਮੇਰੇ ਪਿਆਰ (ਸਫਾ 22-23)) ਇਹ ਕਵਿਤਾ ਅਮਲਤਾਸ ਦੇ ਬਿੰਬ ਰਾਹੀਂ ਨਾਰੀ ਦੇ ਕਿੰਨੇ ਹੀ ਸਰੋਕਾਰਾਂ ਨਾਲ ਜੁੜ ਜਾਂਦੀ ਹੈ | ਇੰਜ ਤਸਵੀਰ ਵੇਖ ਕੇ ਕਵਿਤਾ ਪੜ੍ਹਨਾ ਅਤੇ ਕਵਿਤਾ ਪੜ੍ਹ ਕੇ ਤਸਵੀਰ ਵੇਖਣਾ ਹੋਰ-ਹੋਰ ਸਾਰਥਕ ਤੇ ਦਿਲਚਸਪ ਅਨੁਭਵ ਹੋ ਨਿਬੜਦਾ ਹੈ | ਪਾਠਕ ਸੰਗ੍ਰਹਿਣੀ ਹਰੇਕ ਤਸਵੀਰ ਤੇ ਕਵਿਤਾ ਨਾਲ ਇਸ ਤਰ੍ਹਾਂ ਦੀ ਹੀ ਸਾਹਿਤਕ ਤਿ੍ਪਤੀ ਦਾ ਅਹਿਸਾਸ ਕਰਨਗੇ | ਇਹ ਪੁਸਤਕ ਕੁਦਰਤ ਅਤੇ ਮਨੁੱਖੀ ਮਨ ਦੇ ਕਈ ਰਹੱਸਾਂ ਨੂੰ ਉਜਾਗਰ ਕਰਨ ਦਾ ਉਪਰਾਲਾ ਕਰਨ ਵਿਚ ਕਾਮਯਾਬ ਹੈ |

—ਡਾ: ਧਰਮਪਾਲ ਸਾਹਿਲ
ਮੋ: 98761-56964.
c c c

ਸਾਰੰਗੀ ਦੀ ਮੌਤ
ਤੇ ਹੋਰ ਕਹਾਣੀਆਂ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98726-40994.

ਗੁਰਮੀਤ ਕੜਿਆਲਵੀ ਨੂੰ 'ਦਲਿਤ ਸਰੋਕਾਰਾਂ ਦਾ ਕਹਾਣੀਕਾਰ' ਕਿਹਾ ਜਾਂਦਾ ਹੈ | ਮੇਰੇ ਲਈ ਉਹ ਇਕ ਪ੍ਰਮਾਣਿਕ ਕਹਾਣੀਕਾਰ ਹੈ, ਜਿਹੜੇ ਅਜੋਕੇ ਜਗਤ ਦੇ ਭਖਦੇ ਸਵਾਲਾਂ ਦਾ ਗਲਪੀਕਰਨ ਕਰਨ ਦੇ ਮਹੱਤਵਪੂਰਨ ਕਾਰਜ ਨੂੰ ਸਰੰਜਾਮ ਦੇ ਰਿਹਾ ਹੈ | ਇਸ ਸੰਗ੍ਰਹਿ ਵਿਚ ਉਸ ਦੀਆਂ ਕੁੱਲ 10 ਕਹਾਣੀਆਂ ਸੰਗ੍ਰਹਿਤ ਹਨ |
ਪਹਿਲੀ ਕਹਾਣੀ 'ਹੱਡਾ ਰੋੜੀ ਅਤੇ ਰੇਹੜੀ' ਇਕ ਪ੍ਰਤੀਕਾਤਮਕ ਰਚਨਾ ਹੈ | ਕਹਾਣੀ ਵਿਚਲਾ ਦਲਿਤ ਪਾਤਰ ਹੱਡਾ ਰੋੜੀ ਵੱਲ ਮੁਰਦਾ ਪਸ਼ੂ ਢੋਣ ਵਾਲੀ ਰੇਹੜੀ ਨੂੰ ਜਲਾ ਕੇ ਰਾਖ ਕਰ ਦੇਣੀ ਚਾਹੁੰਦਾ ਹੈ ਕਿਉਂਕਿ ਇਹ ਉਸ ਨੂੰ ਉਸ ਦਾ ਨਿਮਨ ਅਤੀਤ ਦਿਖਾਉਂਦੀ ਹੈ ਪਰ ਅੰਤ ਵਿਚ ਉਸ ਨੂੰ ਇਹ ਬੋਧ ਹੋ ਜਾਂਦਾ ਹੈ ਕਿ ਕੋਈ ਵੀ ਅਤੀਤ ਨਿਮਨ ਨਹੀਂ ਹੁੰਦਾ | ਇਸ ਤੱਥ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ | ਇਸੇ ਵਿਚ ਇਨਸਾਨ ਦਾ ਗੌਰਵ ਛਿਪਿਆ ਹੁੰਦਾ ਹੈ | 'ਨਮੋਲੀਆਂ' ਵਿਚ ਪਾਲ ਨਾਂਅ ਦੇ ਇਕ ਦਲਿਤ ਨੌਜਵਾਨ ਨੂੰ ਚੰਗੀਆਂ ਡਿਗਰੀਆਂ ਦੇ ਬਾਵਜੂਦ ਕੋਈ ਨੌਕਰੀ ਨਹੀਂ ਮਿਲਦੀ ਕਿਉਂਕਿ ਉਹ ਰਿਸ਼ਵਤ ਨਹੀਂ ਦੇ ਸਕਦਾ | 'ਹਵਾ ਵਿਚ ਲਟਕਦੀ ਜ਼ਿੰਦਗੀ' ਆਰਜ਼ੀ ਤੌਰ 'ਤੇ ਨੌਕਰੀ ਕਰਕੇ ੱਆਪਣਾ ਡੰਗ ਟਪਾਉਣ ਵਾਲੇ ਵਿਅਕਤੀ, ਬੇਲਦਾਰ ਜੰਗ ਸਿੰਘ ਦੀ ਤ੍ਰਾਸਦੀ ਦਾ ਨਿਰੂਪਣ ਕਰਦੀ ਹੈ | 'ਸਾਰੰਗੀ ਦੀ ਮੌਤ' ਇਕ ਸੱਚੇ-ਸੁੱਚੇ ਕਲਾਕਾਰ ਦੇ ਸੰਘਰਸ਼ ਦੀ ਕਹਾਣੀ ਹੈ, ਜੋ ਆਪਣੀ ਕਲਾ ਨੂੰ ਵੇਚਣ ਤੋਂ ਇਨਕਾਰੀ ਹੋ ਜਾਂਦਾ ਹੈ | ਉਹ ਸਰੋਤਿਆਂ ਦੇ ਬਾਜ਼ਾਰੂ ਸੁਹਜ-ਸੁਆਦ ਦੀ ਤਿ੍ਪਤੀ ਨਹੀਂ ਕਰਦਾ ਪਰ ਅੰਤ ਆਪਣੇ ਹੀ ਪੁੱਤਰ ਦੇ ਥਿੜਕਣ ਕਾਰਨ ਹਾਰ ਜਾਂਦਾ ਹੈ | 'ਤਾਰਾ ਚੰਦ ਚਿੱਬ ਕੱਢ' ਇਕ ਅਣਖੀ ਘੁਮਿਆਰ ਦੇ ਬਿਰਤਾਂਤ ਨੂੰ ਬਿਆਨ ਕਰਦੀ ਹੈ | ਤਾਰਾ ਚੰਦ ਕਿਰਤ ਦੇ ਸਵੈਮਾਨ ਨਾਲ ਜੁੜਿਆ ਹੋਇਆ ਹੈ | 'ਅੰਨ੍ਹੀ ਗਲੀ' ਵਿਚ ਭਾਰਤ ਦੀਆਂ ਦਲਿਤ ਰਾਜਸੀ ਪਾਰਟੀਆਂ ਦੀ ਦਿਸ਼ਾਹੀਣਤਾ ਦਾ ਨਿਰੂਪਣ ਹੋਇਆ ਹੈ | 'ਨਦੀ ਦੇ ਆਰ ਪਾਰ' ਦਾ ਵਿਸ਼ਾ ਅਜੋਕੇ ਸਮਾਜ ਦੀਆਂ ਵਿਸੰਗਤੀਆਂ ਦੇ ਕਾਰਨ ਵਾਪਰਨ ਵਾਲੇ ਰਿਸ਼ਤਿਆਂ ਦੇ ਦੁਖਾਂਤ ਦੀ ਪੇਸ਼ਕਾਰੀ ਕਰਦਾ ਹੈ | 'ਗੁਰਚਰਨਾ ਗਾਡ੍ਹਰ' ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਨਿਭਾਉਣ ਵਾਲੇ ਇਕ ਅਣਖੀ ਇਨਸਾਨ ਦੀ ਪ੍ਰਭਾਵਸ਼ਾਲੀ ਗਾਥਾ ਹੈ | 'ਚੀਕ' ਵਿਚ ਸਾਡੇ ਦੰਭੀ ਮੱਧ ਸ਼੍ਰੇਣਿਕ ਸਮਾਜ ਦੇ ਦਲਿਤਾਂ ਪ੍ਰਤੀ ਪੂਰਵਾਗ੍ਰਹਿਆਂ ਦਾ ਚਿਤਰਨ ਹੋਇਆ ਹੈ |
ਬਿਰਤਾਂਤ ਅਤੇ ਪੇਸ਼ਕਾਰੀ ਦੀ ਦਿ੍ਸ਼ਟੀ ਤੋਂ ਇਹ ਅਤਿਅੰਤ ਪਰਿਪੱਕ ਰਚਨਾਵਾਂ ਹਨ | ਗੁਰਮੀਤ ਕੜਿਆਲਵੀ ਦਾ ਇਹ ਸੰਗ੍ਰਹਿ ਪਾਠਕਾਂ ਨੂੰ ਆਪਣੇ ਨਾਲ ਤੋਰੀ ਫਿਰੇਗਾ |

—ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c

ਪੰਜਾਬੀ ਕਵਿਤਾ ਪੁਨਰ ਸੰਵਾਦ
ਲੇਖਕ : ਡਾ: ਸੁਖਦੇਵ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98156-36563.

ਇਸ ਪੁਸਤਕ ਰਾਹੀਂ ਡਾ: ਸੁਖਦੇਵ ਸਿੰਘ ਨੇ ਪੰਜਾਬੀ ਕਵਿਤਾ ਦੇ ਮੁਲਾਂਕਣ ਦਾ ਗੰਭੀਰ ਯਤਨ ਕੀਤਾ ਹੈ | ਲਗਪਗ ਇਕ ਹਜ਼ਾਰ ਸਾਲ ਦੇ ਕਾਲ-ਖੰਡ ਵਿਚ ਫੈਲੀ ਹੋਈ ਪੰਜਾਬੀ ਕਵਿਤਾ ਦੀ ਸਾਰੀ ਪਰੰਪਰਾ ਨੂੰ ਆਪਣੇ ਅਧਿਐਨ ਦਾ ਕੇਂਦਰ-ਬਿੰਦੂ ਬਣਾਇਆ ਹੈ | ਉਹ ਆਪਣੀਆਂ ਧਾਰਨਾਵਾਂ ਨੂੰ ਸਥਾਪਤ ਕਰਦੇ ਸਮੇਂ ਪਰੰਪਰਾ ਅਤੇ ਵਰਤਮਾਨ ਵਿਚਲੇ ਮੂਲ ਸਰੋਕਾਰਾਂ ਸੰਗ ਵਿਚਰਦਾ ਹੋਇਆ ਸੰਵਾਦ ਰਚਾਉਂਦਾ ਹੈ | ਇਸ ਇਤਿਹਾਸਕ ਦੌਰ ਵਿਚ ਅਨੇਕਾਂ ਯੁੱਗ-ਗਰਦੀਆਂ, ਤਬਦੀਲੀਆਂ ਆਈਆਂ, ਜਿਹੜੀਆਂ ਇਸ ਸਾਹਿਤ ਨੂੰ ਪ੍ਰਭਾਵਿਤ ਕਰਦੀਆਂ ਰਹੀਆਂ |
'ਪੰਜਾਬੀ ਕਵਿਤਾ ਪੁਨਰ ਸੰਵਾਦ' ਵਿਚ ਡਾ: ਸੁਖਦੇਵ ਸਿੰਘ ਨੇ ਪੰਜਾਬੀ ਕਾਵਿ-ਚਿੰਤਨ ਪਰੰਪਰਾ ਦਾ ਅਧਿਐਨ ਕਰਦੇ ਹੋਏ ਮੱਧਕਾਲੀ ਦੌਰ ਦੀ ਪੰਜਾਬੀ ਕਵਿਤਾ ਦੇ ਕਾਵਿ-ਸ਼ਾਸਤਰ ਦੀ ਤਲਾਸ਼ ਅਤੇ ਉਸ ਦੀ ਵਿਲੱਖਣਤਾ ਰਾਹੀਂ ਇਸ ਕਾਲ ਨੂੰ ਸਾਹਿਤਕ ਮਜ਼ਬੂਤੀ ਬਖ਼ਸ਼ੀ ਹੈ | ਉਹ ਆਪਣੇ ਅਧਿਐਨ ਦਾ ਘੇਰਾ ਮੋਕਲਾ ਕਰਦਾ ਹੋਇਆ ਇਸ ਪਰੰਪਰਾ ਵਿਚੋਂ ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਪ੍ਰੋ: ਮੋਹਨ ਸਿੰਘ, ਬਾਵਾ ਬਲਵੰਤ, ਡਾ: ਹਰਿਭਜਨ ਸਿੰਘ, ਡਾ: ਜਸਵੰਤ ਸਿੰਘ ਨੇਕੀ ਅਤੇ ਜੁਝਾਰਵਾਦੀ ਕਵੀ ਪਾਸ਼ ਦੀ ਕਵਿਤਾ ਦੇ ਵਿਚਾਰਧਾਰਕ ਆਧਾਰਾਂ ਅਤੇ ਕਾਵਿ-ਸੁਹਜ ਦੀ ਪਛਾਣ ਕਰਵਾਉਂਦਾ ਹੈ | ਇਸ ਪੁਸਤਕ ਵਿਚੋਂ ਇਨ੍ਹਾਂ ਚੋਣਵੇਂ ਕੁਝ ਕਵੀਆਂ ਦੀ ਰਚਨਾਤਮਕ ਵੱਖਰਤਾ ਦੀ ਨਿਸ਼ਾਨਦੇਹੀ ਹੁੰਦੀ ਹੈ |
ਡਾ: ਸੁਖਦੇਵ ਸਿੰਘ ਮਾਰਕਸਵਾਦੀ ਆਲੋਚਨਾ ਦਾ ਇਕ ਸੂਝਵਾਨ ਆਲੋਚਕ ਹੈ | ਜਿਸ ਦੇ ਚਿੰਤਨ ਦੀਆਂ ਅੰਤਰ-ਦਿ੍ਸ਼ਟੀਆਂ ਦਾ ਆਧਾਰ ਵਿਗਿਆਨਕ ਹੈ | ਪੰਜਾਬੀ ਕਾਵਿ-ਆਲੋਚਨਾ ਦੇ ਖੇਤਰ ਵਿਚ ਵਿਲੱਖਣ ਸਥਾਨ ਰੱਖਦਾ ਹੋਇਆ ਉਹ ਪੰਜਾਬੀ ਕਵਿਤਾ ਦੇ ਪੁਨਰ-ਮੁਲਾਂਕਣ ਵਰਗੇ ਕਾਰਜ ਨੂੰ ਸਫ਼ਲਤਾਪੂਰਵਕ ਮੁੱਲਵਾਨ ਧਾਰਨਾਵਾਂ ਰਾਹੀਂ ਪੇਸ਼ ਕਰਦਾ ਹੈ | ਉਸ ਨੇ ਚਿੰਤਨ ਦੇ ਉੱਚ ਪੱਧਰ ਨੂੰ ਕਾਇਮ ਰੱਖਿਆ ਹੈ |

—ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
c c c 

21-09-2019

 ਅਧੂਰੀ ਕਵਿਤਾ
ਲੇਖਕ : ਪਰਮਜੀਤ ਰਾਮਗੜ੍ਹੀਆ
ਪ੍ਰਕਾਸ਼ਕ : ਜੇ.ਪੀ. ਪਬਲਿਸ਼ਰਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 124
ਸੰਪਰਕ : 94171-72832.

'ਅਧੂਰੀ ਕਵਿਤਾ' ਪਰਮਜੀਤ ਸਿੰਘ ਰਾਮਗੜ੍ਹੀਆ ਦਾ ਦੂਜਾ ਕਾਵਿ ਸੰਗ੍ਰਹਿ ਹੈ। ਕਵੀ ਧਰਮ ਵਿਚ ਸਿਆਸਤ ਦੇ ਦਖ਼ਲ ਅਤੇ ਪੰਜਾਬੀ ਜੀਵਨ ਜਾਚ ਵਿਚ ਆ ਰਹੀਆਂ ਨਾਂਹਵਾਚੀ ਤਬਦੀਲੀਆਂ ਉੱਪਰ ਚਿੰਤਾ ਪ੍ਰਗਟ ਕਰਦਾ ਹੈ। ਧਰਮ ਦੀ ਆੜ ਵਿਚ ਗਰਕਦੀ ਜਾ ਰਹੀ ਇਨਸਾਨੀਅਤ ਅਤੇ ਸਿਆਸਤ ਵਿਚ ਵਧ ਰਹੀ ਅਨੈਤਿਕਤਾ ਅਤੇ ਦਿਖਾਵਾ ਕਵੀ ਨੂੰ ਚਿੰਤਤ ਕਰਦਾ ਹੈ। ਪੰਨਾ 71 'ਤੇ ਦਰਜ ਕਵਿਤਾ ਧਰਮ ਅਤੇ ਰਾਜਨੀਤੀ ਇਸ ਦਾ ਸੁੰਦਰ ਉਦਾਹਰਨ ਹੈ। 'ਆਖ਼ਰ ਕਦੋਂ' ਕਵਿਤਾ ਸਮਾਜਿਕ ਮਸਲਿਆਂ ਉੱਪਰ ਸਿਆਸੀ ਪ੍ਰਛਾਵਿਆਂ ਦੀ ਪਕੜ ਦਾ ਪ੍ਰਗਟਾਵਾ ਕਰਦੀ ਹੈ। ਕਵੀ ਨੇ ਮਹਿੰਗਾਈ, ਆਰਥਿਕ ਨਾਬਰਾਬਰੀ, ਪ੍ਰਦੂਸ਼ਣ ਦੀ ਸਮੱਸਿਆ, ਭਰੂਣ ਹੱਤਿਆ, ਨਸ਼ਿਆਂ ਦੀ ਖੁੱਲ੍ਹੇਆਮ ਵਰਤੋਂ ਬਾਰੇ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ :
ਕੁੱਖ ਦੇ ਅੰਦਰ ਕੂੰਜ ਹੈ ਸਹਿਮੀ, ਕਿੰਝ ਰੋਵੇ ਤੇ ਕੁਰਲਾਵੇ
ਕਿੱਥੇ ਨੇ ਰੱਬਾ ਮੋਹ ਦੀਆਂ ਤੰਦਾਂ, ਮਾਪੇ ਧੀ 'ਤੇ ਛੁਰੀ ਚਲਾਵੇ।
ਛੋਟੀਆਂ-ਛੋਟੀਆਂ ਖਿੱਚ ਭਰਪੂਰ ਰਚਨਾਵਾਂ ਸਮਾਜਿਕ ਮਸਲਿਆਂ ਨੂੰ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪ੍ਰਗਟ ਕਰਦੀਆਂ ਹਨ। ਨਸ਼ਾਖੋਰੀ ਕਵਿਤਾ ਕਵੀ ਦੀ ਸੰਵੇਦਨਸ਼ੀਲ ਮਾਨਸਿਕਤਾ ਨੂੰ ਝੰਜੋੜਦੀ ਹੈ ਜਿਥੇ ਉਹ ਆਪਣੀ ਚਿਤਰਕਾਰੀ ਕਰਦਾ ਵੀ ਚਿੱਟੇ ਰੰਗ ਦੇ ਪ੍ਰਭਾਵ ਨੂੰ ਚਿੱਟੇ ਨਸ਼ੇ ਨਾਲ ਤੁਲਨਾਉਂਦਾ ਤ੍ਰਬਕ ਜਾਂਦਾ ਹੈ। ਮਾਂ ਦੇ ਰਿਸ਼ਤੇ ਪ੍ਰਤੀ ਕਵੀ ਦੀ ਉਪਭਾਵੁਕਤਾ ਉਸ ਨੂੰ ਬਹੁਤ ਚਿੰਤਤ ਕਰ ਦਿੰਦੀ ਹੈ ਜਦ ਚੁਫੇਰੇ ਖੁੱਲ੍ਹੇ ਬਿਰਧ ਆਸ਼ਰਮ ਉਸ ਨੂੰ ਪੰਜਾਬੀ ਮਾਪਿਆਂ ਅਤੇ ਬੱਚਿਆਂ ਦੀ ਵਧ ਰਹੀ ਦੂਰੀ ਦਾ ਸੰਕੇਤ ਦਿੰਦੇ ਹਨ। ਅੰਮੜੀ ਦੀ ਹੂਕ, ਮਦਰ ਡੇ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਸਲਾਹੁਣਯੋਗ ਹਨ। ਸਮਾਜਿਕ ਢਾਂਚੇ ਵਿਚ ਆ ਰਿਹਾ ਅਸਾਵਾਂਪਣ ਅਤੇ ਰਿਸ਼ਤਿਆਂ ਅਤੇ ਕਦਰਾਂ-ਕੀਮਤਾਂ ਉੱਪਰ ਪਦਾਰਥਕਤਾ ਦਾ ਪ੍ਰਭਾਵ ਕਵੀ ਨੂੰ ਪ੍ਰੇਸ਼ਾਨ ਕਰਦਾ ਹੈ। ਕਵੀ ਨੇ ਰੁਮਾਂਟਿਕ ਭਾਵਾਂ ਦਾ ਵੀ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਪਿਆਰੇ ਨਾਲ ਮਿਲਾਪ ਵਿਚੋਂ ਪੈਦਾ ਹੋਏ ਅਹਿਸਾਸ ਕਵੀ ਦੀ ਮਾਨਸਿਕਤਾ ਨੂੰ ਅਨੰਦਿਤ ਕਰ ਦਿੰਦੇ ਹਨ। ਧੁੰਦਲਾ ਅਕਸ ਤੇਰੇ ਜਾਣ ਮਗਰੋਂ, ਪਿਆਰਾ ਪ੍ਰੀਤਮ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਅਜੋਕੀ ਕਵਿਤਾ ਸਵੈ-ਸੰਵਾਦ ਰਚਾਉਣ ਵਾਲੀ ਕਵਿਤਾ ਹੈ। ਕਵੀ ਵੀ ਸਵੈ-ਪੜਚੋਲ ਕਰਦਾ ਹੈ। ਉਹ ਦਿਲ ਦੀ ਹੂਕ, ਨਾਚੀਜ਼, ਐ ਜ਼ਿੰਦਗੀ ਕਵਿਤਾਵਾਂ ਵਿਚ ਸਵੈ ਨੂੰ ਮੁਖਾਤਿਬ ਹੁੰਦਾ ਹੋਇਆ ਕੁਝ ਪ੍ਰਸ਼ਨ ਖ਼ੁਦ ਨੂੰ ਕਰਦਾ ਨਜ਼ਰ ਆਉਂਦਾ ਹੈ। ਇਹ ਸਮੁੱਚੀ ਕਾਵਿ ਪੁਸਤਕ ਪਾਠਕ ਨੂੰ ਸਮਾਜ ਦੀ ਤਸਵੀਰ ਵਿਖਾਉਂਦੀ ਹੋਈ ਉਸ ਨੂੰ ਕੁਝ ਅਹਿਸਾਸਾਂ ਅਤੇ ਭਾਵਾਂ ਨੂੰ ਹੋਰ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦੀ ਹੈ।

ਂਪ੍ਰੋ: ਕੁਲਜੀਤ ਕੌਰ।
ਫ ਫ ਫ

ਤੈਨੂੰ ਆਖਿਆ ਤਾਂ ਸੀ
ਲੇਖਕ : ਗੁਰਦਿਆਲ ਦਲਾਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 98141-85363.

ਸ੍ਰੀ ਗੁਰਦਿਆਲ ਦਲਾਲ ਇਕ ਬਹੁਵਿਧਾਈ ਲੇਖਕ ਹੈ। ਉਸ ਨੇ ਆਪਣਾ ਕਲਮੀ ਸਫ਼ਰ ਕਹਾਣੀ ਅਤੇ ਵਿਅੰਗ-ਲੇਖਣ ਦੁਆਰਾ ਸ਼ੁਰੂ ਕੀਤਾ ਸੀ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਗ਼ਜ਼ਲ ਦੀ ਸਿਨਫ਼ ਉੱਪਰ ਵੀ ਬਰਾਬਰ ਕਲਮ ਅਜ਼ਮਾਈ ਕਰ ਰਿਹਾ ਹੈ। ਕਵੀ ਆਪਣੀਆਂ ਗ਼ਜ਼ਲਾਂ ਵਿਚ ਗੁਫ਼ਤਗੂ ਦਾ ਅੰਦਾਜ਼ ਬਾਖੂਬੀ ਨਿਭਾਉਂਦਾ ਹੈ। ਇਸ ਵਿਧੀ ਨਾਲ ਉਹ ਪਾਠਕਾਂ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਉਹ ਵਿਅੰਗ ਦੀ ਵੀ ਬੜੀ ਧਾਰਦਾਰ ਵਰਤੋਂ ਕਰਦਾ ਹੈ। ਆਪਣੇ-ਆਪ ਉੱਪਰ ਵਿਅੰਗ ਕਰਨ ਤੋਂ ਵੀ ਉਹ ਝਿਜਕਦਾ ਨਹੀਂ ਹੈ। ਕਿਧਰੇ-ਕਿਧਰੇ ਮਲਵਈ ਸ਼ਬਦਾਵਲੀ ਵੀ ਵਰਤੀ ਗਈ ਹੈ ਜੋ ਉਸ ਦਾ ਵਿਸ਼ੇਸ਼ ਅੰਦਾਜ਼ ਹੈ। ਸ਼ੇਅਰ ਦੇਖੋ, 'ਭਰੀ ਹੋਈ ਲਿਆਉਂਦੇ ਹਾਂ ਤੇ ਪੀ ਕੇ ਵੇਚਦੇ ਬੋਤਲ, ਇਹੋ ਚਿਰ ਤੋਂ ਅਸੀਂ ਪੰਜਾਬ ਵਿਚ ਵਿਓਪਾਰ ਕਰਦੇ ਹਾਂ। ਇਹ ਖਰੜਾ ਹੈ ਮੇਰੀ ਪੁਸਤਕ ਦਾ, ਗ਼ਜ਼ਲਾਂ 'ਲੋਟ ਕਰ ਦੇਣਾ' ਗ਼ਜ਼ਲ-ਉਸਤਾਦ ਤੈਨੂੰ ਭੇਟ ਇਕ ਦਸਤਾਰ ਕਰਦੇ ਹਾਂ'। ਪੁਸਤਕ ਵਿਚ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਵੇਰਵੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਨਿਭਾਏ ਗਏ ਹਨ।
ਉਹ ਪੰਜਾਬੀ ਦੇ ਅਖਾਣ-ਮੁਹਾਵਰਿਆਂ ਦੇ ਕਲਾਮਈ ਪ੍ਰਯੋਗ ਦੁਆਰਾ ਆਪਣੀਆਂ ਗ਼ਜ਼ਲਾਂ ਨੂੰ ਸਹਿਜ-ਸੁਭਾਵਿਕ ਬਣਾ ਲੈਂਦਾ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਉਲੇਖਯੋਗ ਹਨ, 'ਤੂੰ ਆਪਣੇ ਝੂਠ ਤੇ ਏਨਾ ਅੜ ਕਿਵੇਂ ਜਾਨੈਂ? ਚੜ੍ਹਾਈ ਵੇਖ ਆਪਣੇ ਯਾਰ ਦੀ ਏਨਾ ਸੜ ਕਿਵੇਂ ਜਾਨੈਂ? ਕੋਈ ਵੀ ਨਿਕਲਦਾ ਅੱਗੇ ਤਾਂ ਤੈਨੂੰ ਚੁਭਦੀਆਂ ਆਰਾਂ, ਉਦ੍ਹੇ ਸੀਨੇ 'ਤੇ ਚੜ੍ਹ ਕੇ ਬਣ ਖੜੱਪਾ ਲੜ ਕਿਵੇਂ ਜਾਨੈਂ? ਸੁਖਾਂਦਾ ਨਾ ਵਿਰੋਧੀ ਅੰਬਰ ਤੇ ਜਦੋਂ ਉੱਡਦਾ, ਨਿਰਾਸ਼ਾ ਵਿਚ ਘਰ ਦੀ ਖੁੱਡ ਅੰਦਰ ਵੜ ਕਿਵੇਂ ਜਾਨੈਂ?' ਇੰਜ ਕਵੀ ਆਧੁਨਿਕ ਵਿਅਕਤੀ ਦੀ ਸੋਚ ਅਤੇ ਵਿਹਾਰ ਉੱਪਰ ਬੜੇ ਭਰਵੇਂ ਵਿਅੰਗ ਕਰ ਜਾਂਦਾ ਹੈ। ਗੁਰਦਿਆਲ ਦਲਾਲ ਨੇ ਆਪਣਾ ਇਕ ਵਿਸ਼ੇਸ਼ ਅੰਦਾਜ਼ ਅਤੇ ਲਹਿਜਾ ਪ੍ਰਾਪਤ ਕਰ ਲਿਆ ਹੈ। ਉਸ ਦੀ ਇਕ ਵਿਸ਼ੇਸ਼ ਸ਼ਨਾਖ਼ਤ ਬਣ ਗਈ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸੰਨਾਟਾ ਬੋਲਦਾ
ਲੇਖਕ : ਰੁਪਿੰਦਰ ਸੋਜ਼
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95011-45039.

'ਸੰਨਾਟਾ ਬੋਲਦਾ' ਗਜ਼ਲ ਸੰਗ੍ਰਹਿ ਰੁਪਿੰਦਰ ਸੋਜ਼ ਦਾ ਪਹਿਲਾ ਗਜ਼ਲ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਗਜ਼ਲਾਂ ਦੀ ਪੇਸ਼ਕਾਰੀ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਹੈ। ਉਸ ਦੀ ਸ਼ਾਇਰੀ ਜੀਵਨ ਦੀ ਤਾਂਘ ਤੇ ਰੀਝ ਵਿਚੋਂ ਉਪਜੀ ਹੈ। ਰੁਪਿੰਦਰ ਸੋਜ਼ ਨੇ ਪੁਸਤਕ ਵਿਚ ਆਪਣੇ ਜੀਵਨ ਦੀ ਜਾਣਕਾਰੀ ਵੀ ਵਿਸਥਾਰ ਸਹਿਤ ਦਿੱਤੀ ਹੈ। ਉਸ ਦੀ ਸ਼ਾਇਰੀ ਵੱਲ ਮੁੜਣ ਦਾ ਕਾਰਨ ਉਹ ਫੇਸਬੁੱਕ ਨੂੰ ਮੰਨਦਾ ਹੈ ਅਤੇ ਫਿਰ ਉਸ ਦੀ ਗ਼ਜ਼ਲ ਲਿਖਣ ਦੀ ਤਾਂਘ ਵੀ ਪੂਰੀ ਹੋ ਜਾਂਦੀ ਹੈ, ਜਿਸ ਵਿਚ ਉਸ ਨੇ ਵਿਸ਼ਵ-ਪੱਧਰੀ ਸ਼ੇਅਰ ਲਿਖਣ ਦੀ ਗੱਲ ਆਖੀ ਹੈ, ਜਿਵੇਂ :
'ਜਦੋਂ ਮਿਲਿਆ ਨਹੀਂ ਤਾਲੀਮ
ਗਾਹ ਆਪਣੇ ਹੀ ਵਿਰਸੇ ਦਾ,
ਮੇਰੇ ਬੱਚਿਆਂ ਨੂੰ ਫਿਰ ਬਣਨਾ ਪਿਆ
ਤਾਲਿਬ ਕਲੀਸੇ ਦਾ,'
ਉਸ ਨੇ ਆਸਟ੍ਰੇਲੀਆ ਵਿਚ ਕੰਮ-ਕਾਰ ਕਰਦਿਆਂ ਹੀ ਗ਼ਜ਼ਲਾਂ ਦੀ ਸਿਰਜਣਾ ਕੀਤੀ ਹੈ। ਮਨੁੱਖ ਭਾਵੇਂ ਦੌੜ-ਭੱਜ ਵਿਚ ਰਹਿੰਦਾ ਹੈ ਪਰ ਫਿਰ ਵੀ ਉਸ ਨੇ ਆਪਣੀ ਗ਼ਜ਼ਲ ਲਿਖਣ ਦੀ ਰੀਝ ਨੂੰ ਬਰਕਰਾਰ ਰੱਖਿਆ। ਜਿਵੇਂ, ਉਹ ਲਿਖਦਾ ਹੈ :
'ਕੌਣ ਕਹਿੰਦਾ ਹੈ ਕਿ ਚੱਲਦੇ ਸਾਹ ਨਹੀਂ
ਬਸ ਕਿ ਹੁਣ ਤਾਂ ਜਿਊਣ ਦੀ ਹੀ ਚਾਹ ਨਹੀਂ'
'ਮੁੱਦਤਾਂ ਮਗਰੋਂ ਜਦੋਂ ਮੈਂ ਦਰ ਗਿਆ ਆਪਣੇ
ਸਲਾਮਤੀ ਮੰਗੀ ਫਿਰ ਅੰਦਰ ਨੂੰ ਡਰ ਡਰ ਗਿਆ'।
ਇਨ੍ਹਾਂ ਗ਼ਜ਼ਲਾਂ ਵਿਚ ਉਹ ਆਪਣੇ ਦੇਸ਼ ਦੀ ਮੁਹੱਬਤ ਦੀ ਵੀ ਗੱਲ ਕਰਦਾ ਹੈ। ਉਸ ਨੇ ਇਸ ਵਿਚ ਬਹਿਰਾਂ ਅਪਣਾਈਆਂ ਹਨ, ਜਿਸ ਕਰਕੇ ਗ਼ਜ਼ਲ ਦੀ ਸ਼ਿਲਪ ਕਲਾ ਵੱਲ ਵੀ ਧਿਆਨ ਦਿੱਤਾ ਹੈ।

ਂਡਾ: ਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਭਖਦੇ ਅੰਗਿਆਰ
ਲੇਖਕ : ਨਰਿੰਦਰ ਬਾਈਆ ਅਰਸ਼ੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ : 88
ਸੰਪਰਕ : 98146-73236.

ਅਧਿਐਨ ਅਧੀਨ ਪੁਸਤਕ 60 ਗ਼ਜ਼ਲਾਂ ਦਾ ਸੰਗ੍ਰਹਿ ਹੈ। ਇੰਜ ਇਹ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀ ਵਿਸ਼ੇਸ਼ਤਾ ਇਹ ਹੈ ਕਿ ਹਰੇਕ ਗ਼ਜ਼ਲ ਦੇ ਫੁਟ-ਨੋਟ ਵਿਚ ਬਹਿਰ ਦਾ ਨਾਂਅ ਦਿੱਤਾ ਗਿਆ ਹੈ। ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੰਗ੍ਰਹਿ ਪਿੰਗਲ-ਅਰੂਜ਼ ਦੇ ਮਾਹਿਰ ਜਨਾਬ ਨਦੀਮ ਪਰਮਾਰ ਦੀ ਦੇਖ-ਰੇਖ ਹੇਠ ਸੰਪੰਨ ਹੋਇਆ ਹੈ। ਨਿਰਸੰਦੇਹ ਇਨ੍ਹਾਂ ਗ਼ਜ਼ਲਾਂ ਦਾ ਬਹਿਰ-ਵਜ਼ਨ ਸੰਤੋਖਜਨਕ ਹੈ। ਪੰਜਾਬੀ ਬੈਂਤ ਦੇ ਪ੍ਰੋਖ ਪ੍ਰਭਾਵ ਵੀ ਉਪਲਬਧ ਹਨ। ਰਦੀਫ਼ ਤੋਂ ਪਹਿਲਾਂ ਆਉਣ ਵਾਲੇ ਕਾਫ਼ੀਏ ਪੂਰੇ ਸ਼ਬਦ, ਇਕ ਅੱਖਰੀ ਜਾਂ ਲਗਾ-ਮਾਤਰਾ 'ਤੇ ਆਧਾਰਿਤ ਵੇਖੇ ਜਾ ਸਕਦੇ ਹਨ। ਮੁਸੱਲਸਲ ਅਤੇ ਗ਼ੈਰ-ਮੁਸੱਲਸਲ ਦੋਵੇਂ ਕਿਸਮਾਂ ਦੀਆਂ ਗ਼ਜ਼ਲਾਂ ਹਾਜ਼ਰ ਹਨ।
ਗ਼ਜ਼ਲਾਂ ਵਿਚ ਆਧੁਨਿਕ ਵਿਸ਼ਿਆਂ ਦੀ ਭਰਮਾਰ ਹੈ, ਮਸਲਨ : ਅਜੋਕਾ ਸੱਭਿਆਚਾਰ, ਜਿਸ ਵਿਚ ਖੁਸ਼ੀਆਂ ਵੀ ਨੇ ਗ਼ਮੀਆਂ ਵੀ ਨੇ, ਨਿਰਾਸ਼ਾ ਵੀ ਆਸ਼ਾ ਵੀ ਹੈ, ਮਿੱਤਰ ਵੀ ਨੇ, ਦੁਸ਼ਮਨ ਵੀ ਨੇ, ਜੀਵਨ ਜਿਊਣ ਦੀ ਇੱਛਾ ਵੀ ਹੈ, ਖ਼ੁਦਕੁਸ਼ੀਆਂ ਵੀ ਨੇ, ਪਿਆਰ ਵੀ ਹੈ, ਨਫ਼ਰਤ ਵੀ ਹੈ, ਈਰਖਾ ਵੀ ਹੈ, ਪ੍ਰਕਿਰਤੀ ਦੀ ਮੇਹਰ ਵੀ ਹੈ, ਕੁਦਰਤ ਦੀ ਕਰੋਪੀ ਵੀ ਹੈ, ਧੜਕਦਾ ਜੀਵਨ ਵੀ ਹੈ, ਮੌਤ ਦਾ ਜ਼ਿਕਰ ਵੀ ਹੈ, ਰੱਬ ਦੀ ਇਬਾਦਤ ਵੀ ਹੈ, ਰੱਬ ਦੀ ਬਖ਼ਸ਼ਿਸ਼ ਵੀ ਹੈ, ਸੋਚਾਂ ਦਾ ਗਿਰਦਾ ਮਿਆਰ ਵੀ ਹੈ, ਉੱਚਾ-ਸੁੱਚਾ ਕਿਰਦਾਰ ਵੀ ਹੈ, ਵਿਹਲੜ ਬੇਕਾਰ ਵੀ ਨੇ, ਕਾਮੇ ਬਾਰੁਜ਼ਗਾਰ ਵੀ ਨੇ, ਨੈਣਾਂ-ਨਕਸ਼ਾਂ ਦੀ ਸੁੰਦਰਤਾ ਕਮਾਲ ਹੈ, ਸਾਂਝੀਵਾਲਤਾ ਦਾ ਸੰਦੇਸ਼ ਵੀ ਹੈ। ਸੁਖੀ ਹੋਣ ਦੀਆਂ ਗੱਲਾਂ ਵੀ ਨੇ, ਦੁਖੀ ਹੋਣ ਦੀਆਂ ਗੱਲਾਂ ਵੀ ਨੇ, ਗੱਲਾਂ ਹੀ ਸ਼ੇਅਰ ਨੇ, ਗੱਲਾਂ ਹੀ ਗ਼ਜ਼ਲਾਂ ਨੇ। ਲੇਖਕ ਦੀ ਕਾਵਿ-ਪ੍ਰਤਿਭਾ ਰੱਬੀ ਦਾਤ ਹੈ।
ਵਿਚਾਰਾਂ ਦੀ ਸੂਖਮ ਪਕੜ ਵੇਖੋ :
-ਜਦ ਦਿਨ ਢਲੇ ਲੰਮੇ ਸਫ਼ਰ ਦੀ ਕੂਚ ਤੋਂ
ਹਰ ਯਾਤਰੀ ਹੀ ਲੋਚਦਾ ਮੰਜੀ ਮਿਲੇ। (ਪੰ: 23)
-ਉਹ ਕੋਲਾ ਹੈ ਜਾਂ ਫਿਰ ਜਿਗਰ ਆਸ਼ਕਾਂ ਦਾ
ਜੋ ਅੰਗਾਰ ਬਣ ਕੇ ਸੜੀ ਜਾ ਰਿਹਾ ਹੈ। (ਪੰ: 30)
ਮਿੱਤਰ ਦੇ ਟੁਰ ਜਾਣ ਦੀ ਪੀੜ ਦੇਖੋ :
ਤੇਰੇ ਨਾਲ ਸਾਡੀ ਰੂਹ ਵੀ ਟੁਰ ਗਈ ਸੀ
ਨਿਰੀ ਲਾਸ਼ ਸਾਥੋਂ ਉਠਾਈ ਨਾ ਜਾਵੇ। (ਪੰ: 29)
ਕਾਮਿਆਂ ਦੀ ਪ੍ਰਸੰਸਾ ਵੇਖੋ :
ਉਨ੍ਹਾਂ ਹੱਥਾਂ ਨੂੰ ਭਲਾ ਰੁਜ਼ਗਾਰ ਦੀ ਕੀ ਦਿੱਕਤ
ਜਿਨ੍ਹਾਂ ਹੱਥਾਂ ਦੇ ਵਿਚ ਕਾਰਾਗਰੀ ਹੋਵੇ। (ਪੰ: 56)
ਸੰਖੇਪ ਵਿਚ ਆਖਿਆ ਜਾ ਸਕਦਾ ਹੈ ਕਿ ਇਹ ਗ਼ਜ਼ਲ ਸੰਗ੍ਰਹਿ ਰੁਮਾਂਸਵਾਦੀ, ਪ੍ਰਗਤੀਵਾਦੀ ਅਤੇ ਯਥਾਰਥਵਾਦੀ ਸ਼ੇਅਰਾਂ ਦਾ ਗੁਲਦਸਤਾ ਹੈ। ਉਪਦੇਸ਼ਾਤਮਕਤਾ ਦਾ ਗੂੜ੍ਹਾ ਰੰਗ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਵਹਿਸ਼ੀ ਰੁੱਤ
ਲੇਖਕ : ਸੁਖਦੇਵ ਸਿੰਘ ਮਾਨ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ (ਮਾਨਸਾ)
ਮੁੱਲ : 250 ਰੁਪਏ, ਸਫ਼ੇ : 304
ਸੰਪਰਕ : 94170-59142.

'ਵਹਿਸ਼ੀ ਰੁੱਤ' ਪੰਜਾਬ ਦੀ ਕਿਰਸਾਨੀ ਦੇ ਦਰਦ ਨੂੰ ਬਿਆਨਦਾ ਸੁਖਦੇਵ ਸਿੰਘ ਮਾਨ ਦਾ ਮਹੱਤਵਪੂਰਨ ਨਾਵਲ ਹੈ। ਵਿਸ਼ਵ ਮੰਡੀਕਰਨ ਦੇ ਦੈਂਤ ਨੇ ਸਾਰੇ ਮੁਲਕਾਂ ਨੂੰ ਵਿਸ਼ੇਸ਼ਕਰ ਪੰਜਾਬ ਦੀ ਛੋਟੀ ਕਿਰਸਾਨੀ ਨੂੰ ਬੇਹਾਲ ਕਰ ਦਿੱਤਾ ਹੈ। ਇਸੇ ਲਈ ਉਹ ਆਪਣੇ ਆਰਥਿਕ ਚਾਰੇ ਨੂੰ ਥੰਮ੍ਹ ਦੇਣ ਲਈ ਅੱਕੀਂ-ਪਲਾਹੀਂ ਹੱਥ ਮਾਰਦੀ ਫਿਰਦੀ ਹੈ। 'ਵਹਿਸ਼ੀ ਰੁੱਤ' ਪੂੰਜੀਵਾਦੀ ਸ਼ੋਸ਼ਣ ਅਤੇ ਕਰੂਰਤਾ ਦਾ ਪ੍ਰਤੀਕ ਹੈ। ਇਸ ਵਿਚ ਜੰਡੀ ਅਤੇ ਉਸ ਦੀ ਪੜ੍ਹੀ-ਲਿਖੀ ਪਤਨੀ ਸ਼ਰਨਜੀਤ ਦੀਆਂ ਔਕੜਾਂ ਅਤੇ ਬਿਰਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਨਾਵਲਕਾਰ ਕਾਰਪੋਰੇਟ ਦੇ ਭਿਆਨਕ ਚਿਹਰੇ ਨੂੰ ਬੇਪਰਦ ਕਰਦਾ ਪ੍ਰਤੀਤ ਹੁੰਦਾ ਹੈ। ਨਿੱਜੀਕਰਨ ਦਾ ਪ੍ਰੇਤ ਆਪਣੇ ਮੁਨਾਫ਼ੇ ਦੀ ਹੋੜ ਵਿਚ ਆਮ ਲੋਕਾਂ ਦਾ ਰੁਜ਼ਗਾਰ ਦਿਨੋ-ਦਿਨ ਖੋਹੀ ਜਾਂਦਾ ਹੈ। ਪੈਸੇ ਬਗੈਰ ਚੰਗੇ ਸਕੂਲਾਂ ਵਿਚ ਦਾਖ਼ਲਾ ਨਹੀਂ ਮਿਲਦਾ। ਮਹਿੰਗਾਈ ਦਾ ਦੈਂਤ ਨਿਮਨ ਮੱਧ ਵਰਗ ਦੇ ਪੈਰ ਨਹੀਂ ਲੱਗਣ ਦਿੰਦਾ। ਨਿੱਜੀ ਅਦਾਰੇ ਮਿਹਨਤ ਦੀ ਲੁੱਟ ਕਰਨ ਵਾਲੀਆਂ ਦੁਕਾਨਾਂ ਸਿੱਧ ਹੋ ਰਹੀਆਂ ਹਨ। ਖੇਤੀ ਹਾਦਸੇ ਅਤੇ ਸਮਾਜਿਕ ਰੀਤਾਂ ਵੀ ਆਮ ਟੱਬਰਾਂ ਨੂੰ ਸਾਹ ਨਹੀਂ ਲੈਣ ਦਿੰਦੀਆਂ। ਇਸ ਜਕੜ ਅਤੇ ਪਕੜ ਵਿਚ ਜੰਡੀ ਤੇ ਉਸ ਦੀ ਪਤਨੀ ਸਾਹੋਸਾਹ ਹੋਏ ਦਿਖਾਈ ਦਿੰਦੇ ਹਨ। ਆਰਥਿਕ ਮਜਬੂਰੀਆਂ ਕਾਰਨ ਜਾਤ-ਪਾਤ ਦੇ ਕਿੰਗਰੇ ਵੀ ਭੁਰਦੇ ਦਿਖਾਈ ਦਿੰਦੇ ਹਨ ਜਦੋਂ ਅਵਤਾਰ ਜਿਹਾ ਛੋਟੀ ਜਾਤ ਦਾ ਬੇਰੁਜ਼ਗਾਰ ਮੁੰਡਾ ਜੱਟਾਂ ਦੀ ਧੀ ਵਿਆਹ ਲਿਆਉਂਦਾ ਹੈ। ਲੇਖਕ ਇਸ ਸਮੱਸਿਆ ਦਾ ਹੱਲ ਸਹਿਕਾਰੀ ਖੇਤੀ ਰਾਹੀਂ ਤੇ ਸਵੈ-ਰੁਜ਼ਗਾਰ ਰਾਹੀਂ ਕੱਢਣ ਦਾ ਸੁਝਾਅ ਦਿੰਦਾ ਹੈ। ਇਹ ਨਾਵਲ ਪੰਜਾਬ ਦੀ ਆਰਥਿਕ ਸਮੱਸਿਆ ਨੂੰ ਸਮਝਣ-ਸਮਝਾਉਣ ਦਾ ਰਾਹ ਦੱਸਦਾ ਹੈ।

ਂਕੇ. ਐਲ. ਗਰਗ
ਮੋ: 94635-37050.
ਫ ਫ ਫ

ਅੱਜ ਦੀ ਅਰਬ ਕਥਾ
ਅਨੁਵਾਦਕ ਤੇ ਸੰਪਾਦਕ : ਇੰਦੇ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 093123-35078.

ਇੰਦੇ ਦੇਸ਼-ਵਿਦੇਸ਼ ਦੇ ਸਾਹਿਤ ਦਾ ਰਸੀਆ ਹੈ। ਵਿਸ਼ਵ ਭਰ ਦੇ ਕਵੀਆਂ/ਕਥਾਕਾਰਾਂ/ਦੇਸ਼ਾਂ ਦੀਆਂ ਲਿਖਤਾਂ ਦਾ ਪੰਜਾਬੀ ਅਨੁਵਾਦ ਕਰਨਾ ਉਸ ਦਾ ਸ਼ੌਕ ਹੈ। ਇਹ ਕਾਰਜ ਤੁਲਨਾਤਮਕ ਸਾਹਿਤ ਅਧਿਐਨ ਪੱਖੋਂ ਬਹੁਤ ਮਹੱਤਵਪੂਰਨ ਹੈ। ਇਸ ਨਾਲ ਲੇਖਕਾਂ/ਪਾਠਕਾਂ ਦੀ ਪਛਾਣ ਨਵੀਆਂ ਸਾਹਿਤਕ, ਰੂੜੀਆਂ, ਨਵੀਆਂ ਸਾਹਿਤਕ ਜੁਗਤਾਂ ਤੇ ਨਵੇਂ ਵਿਸ਼ਿਆਂ ਨਾਲ ਹੁੰਦੀ ਹੈ।
ਵਿਚਾਰ ਅਧੀਨ ਕਿਤਾਬ ਵਿਚ ਇੰਦੇ ਨੇ 16 ਅਰਬ ਦੇਸ਼ਾਂ ਦੇ ਛੱਤੀ ਲੇਖਕਾਂ ਦੀਆਂ 51 ਕਹਾਣੀਆਂ ਦਾ ਪੰਜਾਬੀ ਅਨੁਵਾਦ ਸਾਡੇ ਸਾਹਮਣੇ ਰੱਖਿਆ ਹੈ। ਇਹ ਦੇਸ਼ ਹਨ : ਸੁਜਾਨ, ਫਿਲਸਤੀਨ, ਨਾਮੀਬੀਆ, ਮਿਸਰ, ਇਰਾਕ, ਦੱਖਣੀ ਅਫਰੀਕਾ, ਸੀਰੀਆ, ਲੈਬਨਾਨ, ਲੀਬੀਆ, ਮੋਰਾਕੋ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਗਿਆਨਾ, ਜਾਰਡਨ, ਇਜ਼ਰਾਈਲ ਤੇ ਕੁਵੈਤ। ਦੱਖਣੀ ਅਫਰੀਕਾ ਤੇ ਗਿਆਨਾ ਦੇ ਕਹਾਣੀਕਾਰ ਅੰਗਰੇਜ਼ ਹਨ। ਬਾਕੀ ਸਾਰੇ ਮੂਲ ਰੂਪ ਵਿਚ ਮੁਸਲਿਮ ਦੇਸ਼ਾਂ ਦੇ ਮੁਸਲਮਾਨ ਲੇਖਕ ਹਨ। ਪਾਠਕ ਉਮਰ ਖਿਆਮ ਤੋਂ ਬਿਨਾਂ ਬਾਕੀ ਸਭ ਤੋਂ ਨਾਵਾਕਿਫ਼ ਹਨ। ਉਨ੍ਹਾਂ ਲਈ ਇਨ੍ਹਾਂ ਕਹਾਣੀਆਂ ਦਾ ਗਲਪ ਸੰਸਾਰ ਅਤੇ ਉਹ ਯਥਾਰਥ ਜਿਸ ਵਿਚੋਂ ਇਹ ਉਪਜੀਆਂ ਅਸਲੋਂ ਅਜਨਬੀ ਹੈ। ਅਜਨਬੀ ਕਰਕੇ ਆਪਣੇ ਆਪ ਵਿਚ ਇਕ ਪ੍ਰਭਾਵਸ਼ਾਲੀ ਸਾਹਿਤ ਜੁਗਤ ਹੈ, ਜੋ ਜੀਵਨ ਅਨੁਭਵ ਦੀ ਡੂੰਘੇਰੀ ਸਮਝ ਲਈ ਮਦਦਗਾਰ ਹੁੰਦੀ ਹੈ। ਅੱਜ ਦੀ ਅਰਬ ਕਥਾ ਦੀਆਂ ਕਹਾਣੀਆਂ ਪ੍ਰੇਮਾ, ਨਫ਼ਰਤ, ਸੈਕਸ, ਗੁੱਸਾ, ਮੌਤ, ਖੁਸ਼ੀ, ਗਮੀ ਜਿਹੀਆਂ ਮੂਲ ਮਨੁੱਖੀ ਪ੍ਰਵਿਰਤੀਆਂ ਅਤੇ ਵਿਸ਼ਿਆਂ ਬਾਰੇ ਜੋ ਅੰਤਰਦ੍ਰਿਸ਼ਟੀਆਂ ਪੇਸ਼ ਕਰਦੀਆਂ ਹਨ, ਉਨ੍ਹਾਂ ਵਿਚੋਂ ਕੁਝ ਪੰਜਾਬ, ਪੰਜਾਬੀਆਂ ਨਾਲ ਬਿਲਕੁਲ ਮਿਲਦੀਆਂ ਹਨ। ਕੁਝ ਵੱਖਰੀਆਂ ਹਨ। ਸਮਾਜਿਕ ਸੱਭਿਆਚਾਰਕ ਮਾਹੌਲ ਸ਼ਲੀਲ, ਅਸ਼ਲੀਲ ਦੇ ਆਪਣੇ ਪੈਮਾਨੇ ਹਨ। ਰਿਸ਼ਤਿਆਂ ਦੀ ਆਪਣੀ ਗਰਾਮਰ ਹੈ ਪਰ ਇਸ ਬਾਰੇ ਕੁਝ ਵਿਚ ਜੀਅ ਰਿਹਾ ਮਨੁੱਖ ਆਖਰ ਮਨੁੱਖ ਹੈ। ਇਨ੍ਹਾਂ ਕਹਾਣੀਆਂ ਵਿਚੋਂ ਬਹੁਤੀਆਂ ਲੋਕ ਕਹਾਣੀ ਦੀ ਸ਼ੈਲੀ ਦੇ ਨੇੜੇ ਹਨ। ਪਾਤਰਾਂ ਦੇ ਨਾਵਾਂ ਦੀ ਥਾਂ ਉਨ੍ਹਾਂ ਦੇ ਕਿੱਤੇ ਰਿਸ਼ਤੇ ਨਾਲ ਗੱਲ ਕਹਿਣ ਦੀ ਰੁਚੀ ਹੈ। ਸੈਕਸ ਪੱਖੋਂ ਇਨ੍ਹਾਂ ਦੇਸ਼ਾਂ ਦਾ ਨਜ਼ਰੀਆ ਪੰਜਾਬ ਨਾਲੋਂ ਪੱਛਮ ਦੇ ਵਧੇਰੇ ਨੇੜੇ ਹੈ। ਵਿਸ਼ੇ ਤੇ ਮਾਹੌਲ ਦਾ ਵੱਖਰਾਪਣ ਹੋਣ ਦੇ ਬਾਵਜੂਦ ਪਾਠਕ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਆਪਣੇ ਅਨੁਭਵ ਨੂੰ ਵਿਸ਼ਾਲ ਕਰੇਗਾ। ਚੰਗਾ ਹੋਵੇ ਕੋਈ ਖੋਜਾਰਥੀ ਇਨ੍ਹਾਂ ਦਾ ਪੰਜਾਬੀ ਕਹਾਣੀ ਨਾਲ ਤੁਲਨਾਤਮਕ ਅਧਿਐਨ ਕਰੇ। ਇਹ ਕਾਰਜ ਨਿਸਚੇ ਹੀ ਲਾਹੇਵੰਦ ਹੋਵੇਗਾ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-6055
ਫ ਫ ਫ

ਰੁੱਖਾਂ ਵਰਗਾ ਜੇਰਾ
ਲੇਖਕ : ਡਾ: ਕੁਲਵੰਤ ਸਿੰਘ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 94641-53862.

ਪੁਸਤਕ ਵਿਚ ਗੁਰਬਾਣੀ ਆਧਾਰਿਤ ਖੋਜਮਈ ਪੰਜ ਵਿਸਤਰਿਤ ਲੇਖ ਹਨ, ਜਿਨ੍ਹਾਂ ਵਿਚ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਅਹਿਮੀਅਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸਿਰਲੇਖ ਵਾਲੇ ਪਹਿਲੇ ਲੇਖ ਵਿਚ ਗੁਰਬਾਣੀ ਸ਼ਬਦ ਕੁਦਰਤਿ ਦਿਸੈ ਕੁਦਰਤ ਸੁਣੀਐ ਦੀ ਪ੍ਰਭਾਵਸ਼ਾਲੀ ਵਿਆਖਿਆ ਹੈ। ਲੇਖਕ ਦਾ ਸੰਕਲਪ ਹੈ ਕਿ ਰੁੱਖ ਪਰਮਾਤਮਾ ਦਾ ਰੂਪ ਹਨ। ਲੱਖਾਂ ਜੀਵਾਂ ਦਾ ਰੈਣ ਬਸੇਰਾ ਹਨ। ਲੇਖਕ ਦੀ ਚਿੰਤਾ ਹੈ ਕਿ ਮਨੁੱਖ ਰੁੱਖਾਂ 'ਤੇ ਕਿਉਂ ਕੁਹਾੜਾ ਚਲਾ ਰਿਹਾ ਹੈ? ਪੰਜਾਬ ਵਿਚ ਰੁੱਖਾਂ ਦੀ ਜ਼ਿਆਦਾ ਕਟਾਈ ਹੋਣ ਨਾਲ ਆਬਾਦੀ ਤੇ ਰਕਬੇ ਅਨੁਸਾਰ ਘਟ ਕੇ ਤਿੰਨ ਤੋਂ ਪੰਜ ਫ਼ੀਸਦੀ ਰਹਿ ਗਿਆ ਹੈ, ਜੋ ਕਿ ਮਾਹਿਰਾਂ ਅਨੁਸਾਰ ਘੱਟੋ-ਘੱਟ 33 ਫ਼ੀਸਦੀ ਹੋਣਾ ਚਾਹੀਦਾ ਹੈ। ਇਸ ਕਰਕੇ ਮੌਸਮੀ ਤਪਸ਼ ਵਧ ਗਈ ਹੈ। ਰੁੱਖਾਂ ਬਾਰੇ ਲੇਖਕ ਨੇ ਗੁਰਬਾਣੀ ਪ੍ਰਮਾਣ ਦਿੱਤੇ ਹਨ। ਗੁਰੂਆਂ ਦੇ ਅਲੌਕਿਕ ਜੀਵਨ ਵਿਚੋਂ ਸਾਖੀਆਂ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਜੀ ਤੱਕ ਪੁਸਤਕ ਵਿਚ ਪ੍ਰਮਾਣ ਹਨ। ਜੇ ਮਨੁੱਖ ਇਹ ਇਤਿਹਾਸ ਪੜ੍ਹੇ ਤਾਂ ਉਸ ਨੂੰ ਚਾਨਣ ਹੋ ਸਕਦਾ ਹੈ ਕਿ ਰੁੱਖਾਂ ਦਾ ਕਿੰਨਾ ਮਹੱਤਵ ਹੈ। ਕਾਂਡ ਜਲ ਬਿਨ ਸਾਖ ਕੁਮਲਾਵਤੀ ਵਿਚ ਪਾਣੀ ਦੀ ਮਹੱਤਤਾ ਬਾਰੇ ਚਰਚਾ ਹੈ। ਧਰਤੀ ਹੇਠਲਾ ਖ਼ਤਮ ਹੋ ਰਿਹਾ ਪਾਣੀ ਪੱਧਰ ਇਸ ਵੇਲੇ ਪੰਜਾਬ ਦੀ ਵੱਡੀ ਚਿੰਤਾ ਬਣ ਚੁੱਕੀ ਹੈ। ਕਾਂਡ ਜੈਸੇ ਜਲ ਮਹਿ ਕਮਲ ਨਿਰਾਮਲ ਵਿਚ ਮਨੁੱਖੀ ਵਿਕਾਰਂਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਗੁਰਬਾਣੀ ਪ੍ਰਮਾਣਾਂ ਨਾਲ ਬਹੁਤ ਸੁੰਦਰ ਵਿਆਖਿਆ ਹੈ। ਮਨੁੱਖ ਨੂੰ ਅਜੋਕੇ ਸਮੇਂ ਵਿਚ ਗੁਰਮਤਿ ਸੇਧਾਂ ਦਿੱਤੀਆਂ ਗਈਆਂ ਹਨ। ਮਹਾਨ ਗੁਰਮਤਿ ਵਿਦਵਾਨ ਭਾਈ ਗੁਰਦਾਸ, ਪ੍ਰੋ: ਪਿਆਰਾ ਸਿੰਘ ਪਦਮ, ਡਾ: ਹਰਨਾਮ ਸਿੰਘ ਸ਼ਾਨ, ਭਾਈ ਵੀਰ ਸਿੰਘ, ਡਾ: ਸਰੂਪ ਸਿੰਘ ਅਲੱਗ, ਪ੍ਰੋ: ਗੰਗਾ ਸਿੰਘ, ਰਤਨ ਸਿੰਘ ਭੰਗੂ ਦੀਆਂ ਲਿਖਤਾਂ ਸਹਿਤ ਚਾਰ ਦਰਜਨ ਪੁਸਤਕਾਂ ਦੇ ਹਵਾਲੇ ਹਨ। ਸਮਾਜਿਕ ਸਰੋਕਾਰਾਂ ਦੀ ਚਿੰਤਾ ਕਰਦੀ ਪੁਸਤਕ ਦਾ ਸਵਾਗਤ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160.
ਫ ਫ ਫ

15-09-2019

  ਦੇਵਤਾ ਦੀ ਪਤਨੀ
ਮੂਲ ਹਿੰਦੀ ਨਾਵਲਕਾਰ : ਅਚਾਰੀਆ ਚਤੁਰਸੇਨ
ਪੰਜਾਬੀ ਅਨੁਵਾਦ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 200 ਰੁਪਏ, ਸਫ਼ੇ : 118.
ਸੰਪਰਕ : 098910-98438.

ਕਿਸੇ ਸਮੇਂ ਅਚਾਰੀਆ ਚਤੁਰਸੇਨ ਹਿੰਦੀ ਦਾ ਲੋਕਪਿ੍ਯ ਨਾਵਲਕਾਰ ਸੀ | 1891 ਤੋਂ 1960 ਤੱਕ ਦੇ ਜੀਵਨ ਕਾਲ ਵਾਲਾ ਚਤੁਰਸੇਨ ਸ਼ਾਸਤਰੀ ਮੂਲਵਾਦੀ ਹਿੰਦੂ/ਬ੍ਰਾਹਮਣਵਾਦੀ ਸੋਚ ਦਾ ਪ੍ਰਚਾਰਕ ਲੇਖਕ ਸੀ | 72 ਕਿਤਾਬਾਂ ਦਾ ਇਹ ਲੇਖਕ ਪਰੰਪਰਾਗਤ ਵਰਣ ਆਸ਼ਰਮ ਧਰਮ ਵਿਚ ਜੰਮਿਆ-ਪਲਿਆ ਪੰਡਿਤ ਸੀ ਅਤੇ ਗਾਂਧੀ ਨਹਿਰੂ ਦੀ ਉਦਾਰ ਸੈਕੂਲਰ ਸੋਚ ਦਾ ਘੋਰ ਵਿਰੋਧੀ | ਪੰਡਿਤ ਨਹਿਰੂ ਨੇ ਤਾਂ ਇਸ ਦੀਆਂ ਕਿਤਾਬਾਂ ਕਿਸੇ ਸਮੇਂ ਬੈਨ ਕਰਨ ਦੀ ਵੀ ਸੋਚੀ ਸੀ | ਕਾਰਨ ਇਹ ਕਿ ਇਹ ਲਿਖਤਾਂ ਹਿੰਦੂ ਮੁਸਲਮਾਨਾਂ ਵਿਚ ਨਫ਼ਰਤ, ਵਖਰੇਵੇਂ ਵਧਾਉਂਦੀਆਂ ਸਨ | ਸ਼ਾਸਤਰ ਦੀ ਸਮਰਥਕ ਲਾਬੀ ਕਾਰਨ ਪ੍ਰਧਾਨ ਮੰਤਰੀ ਨੇ ਇਹ ਕਦਮ ਨਾ ਚੁੱਕਿਆ | ਅਜੋਕੇ ਸਮੇਂ ਵਿਚ ਉਸ ਜਿਹੀ ਸੋਚ ਦੇ ਖਰੀਦਦਾਰ, ਪ੍ਰਚਾਰਕ, ਪ੍ਰਕਾਸ਼ਕ ਪੈਦਾ ਹੋਣੇ ਕੁਦਰਤੀ ਹਨ | ਇਸ ਕਿਤਾਬ ਦਾ ਪ੍ਰਕਾਸ਼ਨ ਇਸੇ ਦਾ ਪ੍ਰਮਾਣ ਹੈ |
12ਵੀਂ ਸਦੀ ਦੇ ਇਤਿਹਾਸਕ ਮਾਹੌਲ ਵਿਚ ਉਸਾਰਿਆ ਇਹ ਬਿਰਤਾਂਤ ਸਿੱਧੇ ਰੂਪ ਵਿਚ ਬ੍ਰਾਹਮਣਵਾਦੀ ਸੋਚ ਦਾ ਪ੍ਰਚਾਰ ਨਹੀਂ ਕਰਦਾ ਪਰ ਅਸਿੱਧੇ ਰੂਪ ਵਿਚ ਇਸੇ ਉਦੇਸ਼ ਨੂੰ ਸਮਰਪਿਤ ਹੈ | ਬੁੱਧ ਧਰਮ ਦੀ ਲੋਕ ਮੁਖੀ ਬ੍ਰਾਹਮਣ ਵਿਰੋਧੀ ਵਿਚਾਰਧਾਰਾ ਕਿਸੇ ਤੋਂ ਛਿਪੀ ਨਹੀਂ ਹੋਈ | ਬੁੱਧ ਧਰਮ ਨੇ ਵੈਦਿਕ ਬ੍ਰਾਹਮਣਵਾਦੀ ਧਰਮ, ਕਰਮ ਕਾਂਡ ਨੂੰ ਇਕ ਵਾਰ ਵੱਡੀ ਸੱਟ ਮਾਰ ਕੇ ਮਰਨ ਕੰਢੇ ਕਰ ਦਿੱਤਾ | ਸ਼ੰਕਰ ਵਰਗੇ ਬ੍ਰਾਹਮਣਵਾਦੀਆਂ ਨੇ ਇਸ ਧਰਮ ਨੂੰ ਦੇਸ਼ ਵਿਚੋਂ ਖ਼ਤਮ ਕਰ ਦਿੱਤਾ | ਅੰਬੇਡਕਰ ਨੂੰ ਇਹੀ ਬੁੱਧ ਧਰਮ ਦਲਿਤਾਂ ਦਾ ਮੁਕਤੀ ਦਾਤਾ ਲੱਗਾ | ਚਤੁਰਸੇਨ ਨੇ ਇਸ ਨਾਵਲ ਵਿਚ ਬੁੱਧ ਧਰਮ ਦੀ ਭਾਰਤ ਵਿਚੋਂ ਖ਼ਾਤਮੇ ਦੀ ਜ਼ਿੰਮੇਵਾਰੀ ਬ੍ਰਾਹਮਣ ਸਾਜਿਸ਼ਾਂ, ਕੁਟਿਲ ਨੀਤੀ, ਪ੍ਰਚਾਰ ਦੀ ਥਾਂ ਬੁੱਧ ਧਰਮ ਵਿਚ ਆਏ ਅਚਾਨਕ ਪਤਨ 'ਤੇ ਸੱੁਟੀ ਹੈ | ਉਹ ਕਹਿੰਦਾ ਹੈ ਕਿ ਵਜਰਯਾਨ ਬੋਧੀ ਸ਼ਕਤੀਸ਼ਾਲੀ ਵੀ ਸਨ, ਸਾਜਿਸ਼ੀ ਵੀ ਤੇ ਵਾਮ ਮਾਰਗੀ, ਦੁਰਾਚਾਰੀ ਵੀ | ਉਹ ਰਾਜਿਆਂ ਮਹਾਰਾਜਿਆਂ ਦੀ ਦੌਲਤ, ਰਾਜ ਹਥਿਆਂਦੇ, ਵਿਭਚਾਰ ਕਰਦੇ ਇਸ ਨਾਵਲ ਵਿਚ ਦਿਵੋਦਾਸ ਨਾਂਅ ਦਾ ਬਿਖਸ਼ੂ ਸਾਜਿਸ਼ ਅਧੀਨ ਰਾਜਕੁਮਾਰ ਤੋਂ ਬਿਖਸ਼ੂ ਬਣਾਇਆ ਗਿਆ | ਉਸ ਦਾ ਸੇਵਕ ਚਾਚਾ ਉਸ ਉੱਤੇ ਨਿਗਾਹ ਰੱਖ ਕੇ ਉਸ ਦੀ ਮਦਦ ਕਰਦਾ ਹੈ | ਦਿਵੋਦਾਸ ਨੂੰ ਉਹ ਤੇ ਇਕ ਰਾਜ ਕੁਮਾਰੀ ਕੈਦ ਤੋਂ ਮੁਕਤ ਕਰਵਾਉਂਦੇ ਹਨ | ਦੋਵਾਂ ਦਾ ਪ੍ਰੇਮ ਵਿਜੇਈ ਹੁੰਦਾ ਹੈ | ਨਾਵਲ ਦਾ ਮਾਹੌਲ ਸਮੁੱਚੇ ਰੂਪ ਵਿਚ ਬੁੱਧ ਧਰਮ ਦੇ ਬਿਖਸ਼ੂਆਂ ਉੱਤੇ ਚੋਟ ਮਾਰਦਾ ਹੈ | ਪ੍ਰਗਤੀਵਾਦੀ, ਸੈਕੂਲਰ, ਉਦਾਰ ਸੋਚ ਵਾਲੇ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਸ਼ਾਸਤਰੀ ਦੀ ਕੱਟੜ ਸੋਚ ਉਦਾਸ ਤੇ ਪ੍ਰੇਸ਼ਨ ਕਰੇਗੀ | ਅੱਜ ਸਾਨੂੰ ਬ੍ਰਾਹਮਣਵਾਦੀ ਸੰਕੀਰਨ ਤੇ ਉਲਾਰ ਸੋਚ ਤੋਂ ਬਚਣ ਦੀ ਲੋੜ ਪਹਿਲਾਂ ਨਾਲੋਂ ਵੀ ਵਧੇਰੇ ਹੈ |

—ਡਾ: ਕੁਲਦੀਪ ਸਿੰਘ ਧੀਰ
ਮੋ: 98760-52136
c c c

ਮੈਂ ਓਹੀ ਤਾਂ ਹਾਂ
ਲੇਖਕ : ਕਿ੍ਸ਼ਨ ਸਿੰਘ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 100 ਰੁਪਏ, ਸਫ਼ੇ : 128
ਸੰਪਰਕ : 094622-90937.

ਕੁੱਲ 12 ਕਹਾਣੀਆਂ ਵਾਲੇ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਸਰਲ ਸਾਦੇ ਬਿਰਤਾਂਤ ਦੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚ ਮੌਕਾ ਮੇਲ ਦੀਆਂ ਘਟਨਾਵਾਂ ਅਤੇ ਇੱਛਿਤ ਯਥਾਰਥ ਨੂੰ ਬਿਰਤਾਂਤ ਦਾ ਆਧਾਰ ਬਣਾਇਆ ਗਿਆ ਹੈ | ਇਨ੍ਹਾਂ ਸਾਰੀਆਂ ਕਹਾਣੀਆਂ ਵਿਚ ਕਾਮਨ ਫੈਕਟਰ ਇਹ ਹੈ ਕਿ ਇਸ ਦੇ ਪਾਤਰ ਸਾਧਾਰਨ ਹਨ ਅਤੇ ਸਾਧਾਰਨ ਜੀਵਨ ਜਾਚ ਦੇ ਧਾਰਨੀ ਹਨ ਪਰ ਕਦੇ-ਕਦੇ ਪ੍ਰਸਥਿਤੀਆਂ ਅਨੁਸਾਰ ਅਸਧਾਰਨਤਾ ਦਾ ਪ੍ਰਗਟਾਵਾ ਕਰਦੇ ਨਜ਼ਰੀਂ ਪੈਂਦੇ ਹਨ | ਕਾਮਨ ਫੈਕਟਰ ਅਤੇ ਗੰਢ ਜੋੜੇ ਦੀ ਸੁੱਖ ਆਦਿ ਕਹਾਣੀਆਂ ਦੇ ਪਾਤਰ ਅਸਾਧਾਰਨ ਫ਼ੈਸਲੇ ਲੈਂਦੇ ਹਨ ਅਤੇ ਸੁਖਦ ਅੰਤ ਦਾ ਅਹਿਸਾਸ ਕਰਵਾਉਂਦੇ ਹਨ |
ਨਾ ਕੋਈ ਬੈਰੀ ਨਾ ਹੀ ਬੇਗਾਨਾ ਸਹਿਜ ਜਾਚ ਦੀ ਯਾਤਰਾ ਦੀ ਕਹਾਣੀ ਹੈ, ਜਿਸ ਵਿਚਲਾ ਸਰਕਾਰੀ ਅਫ਼ਸਰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣਾ ਜੀਵਨ ਲੋਕ ਭਲਾਈ ਲਈ ਅਰਪਣ ਕਰ ਦਿੰਦਾ ਹੈ | ਹਮਸਫ਼ਰ ਅਤੇ ਪਟੋਲਾ ਕਹਾਣੀਆਂ ਦੇ ਮੁੱਖ ਪਾਤਰ ਆਪਣੇ ਜੀਵਨ ਵਿਚ ਅਜਿਹੇ ਫ਼ੈਸਲੇ ਲੈਂਦੇ ਹਨ ਜਿਹੜੇ ਕਿ ਸਮਾਜ ਸਵੀਕਾਰਦਾ ਨਹੀਂ ਪਰ ਉਹ ਆਪਣੀ ਸੂਝ ਨਾਲ ਉਨ੍ਹਾਂ ਨੂੰ ਸਵੀਕਾਰਨ ਦੇ ਕਾਬਲ ਬਣਾ ਲੈਂਦੇ ਹਨ | ਪਾਣੀ ਬਦਲ ਆਪਣੀਆਂ ਜੜ੍ਹਾਂ ਦੀ ਤਲਾਸ਼ ਵਿਚ ਭਾਰਤ ਆਏ ਅੰਗਰੇਜ਼ ਡਾਕਟਰ ਦੀ ਕਹਾਣੀ ਹੈ, ਜੋ ਆਪਣੇ ਪਿਤਾ ਦੀ ਅੰਤਿਮ ਇੱਛਾ ਪੂਰੀ ਕਰਦਾ ਹੈ | ਕਿੱਥੇ ਦਾ ਚਿਰਾਗ ਕਿੱਥੇ ਰੁਸ਼ਨਾਇਆ ਖੂਬਸੂਰਤ ਮਾਨਵੀ ਕਦਰਾਂ-ਕੀਮਤਾਂ ਨਾਲ ਭਰਪੂਰ ਕਹਾਣੀ ਹੈ, ਜਿਸ ਵਿਚ ਇਕ ਅਨਾਥ ਬੱਚੇ ਨੂੰ ਪੜ੍ਹਾਉਣਾ ਅਤੇ ਉਸ ਦੇ ਜੀਵਨ ਨੂੰ ਸਫ਼ਲ ਬਣਾਉਣ ਲਈ ਸਾਰੇ ਪਾਤਰਾਂ ਦੀ ਕੋਸ਼ਿਸ਼ ਉਨ੍ਹਾਂ ਨੂੰ ਸਾਧਾਰਨਤਾ ਤੋਂ ਪਾਰ ਲੈ ਜਾਂਦੀ ਹੈ |

—ਡਾ: ਸੁਖਪਾਲ ਕੌਰ ਸਮਰਾਲਾ
ਮੋ: 83606-83823
c c c

ਜੀਵਨ ਚਰਿੱਤਰ
ਬਾਬਾ ਵਿਸ਼ਵਕਰਮਾ ਜੀ
ਲੇਖਕ : ਕੇਹਰ ਸਿੰਘ ਮਠਾਰੂ ਕੈਨੇਡਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 239 ਰੁਪਏ, ਸਫ਼ੇ : 350
ਸੰਪਰਕ : 0161-2740738.

ਪੁਸਤਕ ਵਿਚ ਦਰਜ ਵਿਦਵਾਨਾਂ ਦੇ ਵਿਚਾਰਾਂ ਮੁਤਾਬਿਕ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਏਨੇ ਬਾਰੀਕ ਅਤੇ ਗਿਆਨ ਭਰਪੂਰ ਵੇਰਵੇ ਦੇ ਕੇ ਲਿਖਣਾ ਹਰੇਕ ਕਿਸੇ ਦੇ ਵਸ ਦਾ ਰੋਗ ਨਹੀਂ, ਕਿਉਂਕਿ ਕਿਰਤ ਨਾਲ ਜੁੜਿਆ ਹੋਇਆ ਹਰੇਕ ਵਿਅਕਤੀ ਹੀ ਆਪਣਾ ਦੈਨਿਕ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਵਿਸ਼ਵਕਰਮਾ ਜੀ ਦੇ ਚਰਨਾਂ ਵਿਚ ਨਤਮਸਤਕ ਹੁੰਦਾ ਹੈ | ਲੇਖਕ ਨੇ ਇਸ ਪੁਸਤਕ ਵਿਚ ਬਾਬਾ ਵਿਸ਼ਵਕਰਮਾ ਜੀ ਦੀ ਜੀਵਨੀ ਦੇ ਨਾਲ-ਨਾਲ ਸਿ੍ਸ਼ਟੀ ਰਚਨਾ ਬਾਰੇ ਭਾਰਤੀ ਦਰਸ਼ਨ ਅਤੇ ਵਿਸ਼ੇਸ਼ ਕਰਕੇ ਗੁਰਬਾਣੀ ਦੇ ਹਵਾਲਿਆਂ ਨਾਲ ਆਪਣੀ ਗੱਲ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ | ਇਸ ਤੋਂ ਇਲਾਵਾ ਵਿਸ਼ੇ ਨਾਲ ਸਬੰਧਿਤ ਪੁਸਤਕਾਂ ਅਤੇ ਹਵਾਲਾ ਗ੍ਰੰਥਾਂ ਦੇ ਵੇਰਵੇ ਵੀ ਦਰਜ ਕੀਤੇ ਗਏ ਹਨ | ਪੁਸਤਕ ਦੇ ਅਖੀਰ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਉਸਤਤ ਵਿਚ ਪ੍ਰਕਾਸ਼ਿਤ ਕੀਤੀਆਂ ਕਾਵਿ-ਰਚਨਾਵਾਂ ਵੀ ਸ਼ਾਮਿਲ ਹਨ | ਪੁਸਤਕ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਅੱਖਰ ਕ੍ਰਮ ਅਨੁਸਾਰ ਰਾਮਗੜ੍ਹੀਆ ਦੇ ਗੋਤਾਂ ਦੀ ਇਕ ਲੰਮੀ ਸੂਚੀ ਵੀ ਦਰਜ ਕੀਤੀ ਗਈ ਹੈ | ਇਸ ਪੁਸਤਕ ਨੂੰ ਪੜ੍ਹਦਿਆਂ ਜਿਥੇ ਪਾਠਕ ਦੇ ਮਨ ਵਿਚ ਸ਼ਰਧਾਮਈ ਭਾਵ ਪੈਦਾ ਹੁੰਦੇ ਹਨ, ਉਥੇ ਇਕ ਪ੍ਰਮਾਣਿਕ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ | ਬਾਬਾ ਵਿਸ਼ਵਕਰਮਾ ਜੀ ਕਰਕੇ ਇਹ ਪੁਸਤਕ ਕਿਰਤ ਦੀ ਮਹਾਨਤਾ ਵੀ ਪੇਸ਼ ਕਰਦੀ ਹੈ |

—ਡਾ: ਸਰਦੂਲ ਸਿੰਘ ਔਜਲਾ
ਮੋ: 98141-68611.
c c c

ਹਰਫ਼ਾਂ ਦੀ ਆਹਟ
ਕਵੀ : ਗੋਗੀ ਜ਼ੀਰਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 97811-36240.

'ਹਰਫ਼ਾਂ ਦੀ ਆਹਟ' ਕਾਵਿ ਸੰਗ੍ਰਹਿ ਨੌਜਵਾਨ ਸ਼ਾਇਰ ਗੋਗੀ ਜ਼ੀਰਾ ਦੀ ਪਹਿਲੀ ਸਾਹਿਤਕ ਕ੍ਰਿਤ ਹੈ | ਭਾਵੇਂ ਗੋਗੀ ਜ਼ੀਰਾ ਦੀ ਇਹ ਪ੍ਰਥਮ ਕਾਵਿ ਪੁਸਤਕ ਹੈ ਪਰ ਉਸ ਦੀ ਪੇਸ਼ਕਾਰੀ ਵਿਚ ਸ਼ਬਦ ਜੜਤ ਅਤੇ ਭਾਵਾਂ ਦੀ ਅਦਾਇਗੀ ਸਲਾਹੁਣਯੋਗ ਹੈ | ਨਵੇਂ ਕਵੀਆਂ ਵਿਚ ਅੱਜਕਲ੍ਹ ਕੁਝ ਅਜਿਹੇ ਕਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੇ ਆਪਣਾ ਕਾਵਿ ਸਫ਼ਰ ਸੋਸ਼ਲ ਮੀਡੀਏ ਤੋਂ ਸ਼ੁਰੂ ਕੀਤਾ, ਭਾਵੇਂ ਕਿ ਸੋਸ਼ਲ ਮੀਡੀਏ ਉੱਤੇ ਪੇਸ਼ ਹੋਣ ਵਾਲੇ ਕਵੀਆਂ ਵਿਚ ਪਕਿਆਈ ਅਤੇ ਇਸਲਾਹ ਦੀ ਘਾਟ ਹੋਣ ਕਰਕੇ ਕਾਵਿ ਰਚਨਾਵਾਂ ਵਿਚ ਕਚਿਆਈ ਰਹਿ ਜਾਂਦੀ ਹੈ ਪਰ ਹਥਲੀ ਕਾਵਿ ਪੁਸਤਕ ਇਕ ਮੰਝੇ ਹੋਏ ਕਵੀ ਦੀ ਪੇਸ਼ਕਾਰੀ ਲਗਦੀ ਹੈ | ਪੁਸਤਕ ਵਿਚ ਅਧਿਓਾ ਵੱਧ ਗ਼ਜ਼ਲਾਂ ਹਨ ਭਾਵੇਂ ਕਿ ਕਵੀ ਨੇ ਗ਼ਜ਼ਲਾਂ ਦੇ ਸਿਰਲੇਖ 'ਗ਼ਜ਼ਲ' ਕਰਕੇ ਨਹੀਂ ਵੀ ਰੱਖੇ ਪਰ ਇਹ ਰਚਨਾਵਾਂ ਪੂਰਨ ਗ਼ਜ਼ਲਾਂ ਹਨ | ਗੋਗੀ ਵੱਖ-ਵੱਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਵੀ ਚੰਗੀਆਂ ਕਾਵਿ ਰਚਨਾਵਾਂ ਨਾਲ ਹਾਜ਼ਰ ਰਹਿੰਦਾ ਹੈ | ਕਵੀ ਯੁੱਧ ਦੇ ਵਿਰੋਧ ਵਿਚ ਲਿਖਦਾ ਹੈ :
'ਸ਼ਾਂਤ ਹੋ ਜਾਉ ਬੰਦੂਕੋ/ਰੋਕੇ ਦੇਵੋ/ਜੰਗਬੰਦੀ ਦੀ ਉਲੰਘਣਾ/ਮਾਵਾਂ ਦੇ ਪੁੱਤ/ਭੈਣਾਂ ਦੇ ਵੀਰ/ਸਿਰਾਂ ਦੇ ਸਾੲੀਂ/ਆਪਸ 'ਚ ਹੀ ਭਿੜ ਰਹੇ ਨੇ'
ਰਾਜਨੀਤੀ ਬਾਰੇ ਕਵੀ ਲਿਖਦਾ ਹੈ :
'ਰਾਜਨੀਤੀ/ਤਾਂ ਇਕ ਖੇਡ ਹੈ ਜਨਾਬ/ਸ਼ਤਰੰਜ ਦੀ ਤਰ੍ਹਾਂ/ਮਤਦਾਤਾ ਤਾਂ/ਇਕ ਪਿਆਦਾ ਹੈ/ਜੋ ਇਕ ਕਦਮ ਅੱਗੇ ਚੱਲ ਕੇ/ਪਿੱਛੇ ਵੀ ਨਹੀਂ ਮੁੜ ਸਕਦਾ..... |
ਸ਼ਾਇਰ ਦੀਆਂ ਗ਼ਜ਼ਲਾਂ ਛੰਦਾਂ ਅਤੇ ਬਹਿਰਾਂ ਵਿਚ ਪਰਿਪੂਰਨ ਹਨ | ਸ਼ਿਅਰਾਂ ਵਿਚ ਸੰਵੇਦਨਸ਼ੀਲਤਾ ਅਤੇ ਮਨੁੱਖੀ ਸਰੋਕਾਰ ਅਹਿਮ ਹਨ :
—ਝੂਠ ਦਾ ਵਿਛਿਆ ਜਾਲ
ਬਈ ਸਚ ਲੁਕਿਆ ਫਿਰਦਾ |
ਕਰੋ ਯਾਰੋ ਇਸ ਦੀ ਭਾਲ
ਬਈ ਸਚ ਲੁਕਿਆ ਫਿਰਦਾ |
—ਮਚਿਆ ਹੋਇਆ ਹੈ ਹੜਕੰਪ
ਜਿੱਧਰ ਨੂੰ ਵੀ ਤਕਦਾ ਹਾਂ,
ਮਹਿਫੂਜ਼ ਕੋਈ ਵੀ ਥਾਂ
ਨਾ ਦਿਸਦੀ ਨਾਲ ਸ਼ਾਂਤੀ ਰਹਿਣ ਲਈ |

—ਸੁਲੱਖਣ ਸਰਹੱਦੀ
ਮੋ: 94174-84337.
c c c

ਇਕ ਤੁਪਕਾ ਸਮੁੰਦਰ
ਲੇਖਕ : ਜਗੀਰ ਸੱਧਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੱੁਲ : 195 ਰੁਪਏ, ਸਫ਼ੇ : 119
ਸੰਪਰਕ : 98881-79758.

ਜਗੀਰ ਸੱਧਰ ਫੱਕਰ ਤੇ ਫ਼ਕੀਰਾਨਾ ਮੌਜ ਵਿਚ ਸਾਹਿਤ ਸਾਧਨਾ ਨਾਲ ਜੁੜਿਆ ਹੋਇਆ ਸ਼ਾਇਰ ਹੈ | ਹਥਲੀ ਪੁਸਤਕ ਵਿਚ ਨਜ਼ਮਾਂ, ਲਘੂ ਨਜ਼ਮਾਂ ਅਤੇ ਗ਼ਜ਼ਲਾਂ ਹਨ | ਸ਼ਾਇਰ ਮਹਿਸੂਸ ਕਰਦਾ ਹੈ ਕਿ ਉਹ ਹੁਣ ਤੱਕ ਅਣਗੌਲਿਆ ਹੀ ਰਹਿ ਗਿਆ ਹੈ | ਇਸ ਦਾ ਸ਼ਾਇਰ ਨੂੰ ਹੇਰਵਾ ਨਹੀਂ ਕਰਨਾ ਚਾਹੀਦਾ | ਇਹ ਸ਼ਾਇਰ ਤਾਂ ਸਮੁੰਦਰ ਨੂੰ ਇਕ ਕਤਰੇ ਵਿਚ ਸਮਾਉਣ ਦੀ ਜੁਗਤੀ ਸਾਂਭੀ ਬੈਠਾ ਹੈ | ਸੱਧਰ ਸਾਹਿਬ ਦਾ ਪਾਠਕ ਵਰਗ ਤਾਂ ਉਨ੍ਹਾਂ ਨੂੰ ਹੱਥਾਂ 'ਤੇ ਚੁੱਕ ਰਿਹਾ ਹੈ | ਸ਼ਾਇਰ ਦਾ ਤਖੱਲਸ 'ਸੱਧਰ' ਵੀ ਉਸ ਦੀ ਨਿੱਜੀ ਸਧਰ ਨਹੀਂ, ਸਗੋਂ ਹਾਸ਼ੀਏ ਵਿਚ ਧਕੇਲੇ ਮਨੁੱਖ ਦੀ ਸੱਧਰ ਦੀ ਵੀ ਲੱਜ ਪਾਲ ਰਿਹਾ ਹੈ ਅਤੇ ਉਮਰ ਦੀਆਂ ਤਿਰਕਾਲਾਂ ਵਿਚ ਵੀ ਰਚਨਾਤਮਿਕਤਾ ਦੀ ਧੂਣੀ ਧੁਖਾਈ ਰੱਖਦਾ ਹੈ | ਉਸ ਦੀ ਸ਼ਾਇਰੀ 'ਕਲਾ ਕਲਾ ਲਈ' ਨਹੀਂ ਕਲਾ ਜੀਵਨ ਲਈ ਦਾ ਦਮ ਭਰਦੀ ਹੈ | ਉਹ ਸਮਿਆਂ ਦੇ ਚੱਕਰ ਵਿਚ ਜ਼ਿੰਦਗੀ ਦਾ ਦੀਵਾ ਬਾਲ ਕੇ ਅਜਿਹੇ ਰਾਹਾਂ ਦੀ ਤਲਾਸ਼ ਕਰਦਾ ਹੈ, ਜਿਥੇ ਮੰਦਰ ਮਸਜਿਦ ਦਾ ਝਗੜਾ ਨਾ ਹੋਵੇ, ਪੰਜ ਸਾਲਾਂ ਬਾਅਦ ਮਗਰਮੱਛ ਦੇ ਹੰਝੂ ਵਹਾਉਣ ਵਾਲਾ ਨਾ ਹੋਵੇ, ਜਿਥੇ ਸਮਿਆਂ ਦਾ ਦੁੱਲਾ ਭੱਟੀ ਅਕਬਰ ਬਾਦਸ਼ਾਹ ਦਾ ਹੁੱਕਾ ਤਾਜ਼ਾ ਨਾ ਕਰਦਾ ਹੋਵੇ, ਸਗੋਂ ਜੋਕ ਰਾਜ ਦੀ ਥਾਂ ਲੋਕ ਰਾਜ ਹੋਵੇ | ਸ਼ਾਇਰ ਮਨੁੱਖ ਦੇ ਸੁਪਨਿਆਂ ਨੂੰ ਇਕ ਵਿਸ਼ਵ ਪਿੰਡ ਯਾਨੀ ਕਿ 'ਗਲੋਬਲ ਵਿਲੇਜ਼' ਦੀ ਹਕੀਕਤ ਵਿਚ ਬਦਲਣ ਲਈ ਯਤਨਸ਼ੀਲ ਹੈ | ਸ਼ਾਇਰ ਹੈਮਿੰਗਵੇ ਦੇ ਨਾਵਲ 'ਓਲਡ ਮੈਨ ਐਾਡ ਦ ਸੀ' ਭਾਵ ਬੁੱਢਾ ਤੇ ਸਮੁੰਦਰ ਦਾ ਹੀ ਇਕ ਪਾਤਰ ਲਗਦਾ ਹੈ | ਸ਼ਾਇਰ ਦੀ ਇਸ ਪੁਸਤਕ ਦਾ ਰਚਨਾ ਕਾਲ 1990 ਤੋਂ 2018 ਤੱਕ ਫੈਲਿਆ ਹੋਇਆ ਹੈ | ਅਸੀਂ ਉਮੀਦ ਕਰਦੇ ਹਾਂ ਕਿ ਤਿਰਕਾਲਾਂ ਦੀ ਅਉਧ ਹੰਢਾ ਰਿਹਾ ਇਹ ਸੂਰਜ ਛਿਪਣ ਤੋਂ ਪਹਿਲਾਂ ਨਵੀਂ ਲਿਸ਼ਕੋਰ ਮਾਰੇਗਾ |

—ਭਗਵਾਨ ਢਿੱਲੋਂ
ਮੋ: 98143-78254.
c c c

ਯਾਰ ਮੇਰੇ ਪ੍ਰਦੇਸੀ
ਲੇਖਕ : ਅਮਰੀਕ ਬੇਗ਼ਮਪੁਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98152-62473.

ਅਮਰੀਕ ਬੇਗ਼ਮਪੁਰੀ ਲੰਮੇ ਸਮੇਂ ਤੋਂ ਲਿਖਦਾ ਆ ਰਿਹਾ ਹੈ | ਗੀਤ, ਗ਼ਜ਼ਲਾਂ ਉਹ ਨਿੱਠ ਕੇ ਲਿਖਦਾ ਹੈ | ਉਸ ਦੀਆਂ ਹੁਣ ਤੱਕ ਪੰਜ ਕਿਤਾਬਾਂ ਛਪੀਆਂ ਹਨ ਤੇ ਛੇਵੀਂ ਵਿਚ ਵੀ ਉਸ ਨੇ ਕਾਵਿ ਰੂਪ ਦੀ ਪੇਸ਼ਕਾਰੀ ਕੀਤੀ ਹੈ | ਉਹ ਆਲੇ-ਦੁਆਲੇ ਵਿਚ ਹੁੰਦੇ ਵਾਪਰਦੇ ਦਾ ਦਰਦ ਮਹਿਸੂਸਦਾ ਹੈ | ਉਸ ਦਰਦ ਨੂੰ ਕਾਗ਼ਜ਼ 'ਤੇ ਝਰੀਟਦਾ ਹੈ | ਉਹ ਕਵੀ ਹੋਣ ਦੇ ਨਾਲ ਚੰਗਾ ਪਾਠਕ ਵੀ ਹੈ ਤੇ ਉਸ ਦੀ ਠੇਠਦਾ ਉਸ ਦੇ ਕਵਿਤਾ ਪਾਠ ਦਾ ਝਲਕਾਰਾ ਪੇਸ਼ ਕਰਦੀ ਹੈ | ਵਿਚਾਰ ਅਧੀਨ ਪੁਸਤਕ 'ਯਾਰ ਮੇਰੇ ਪਰਦੇਸੀ' ਦਾ ਸੰਪਾਦਨ ਗੁਰਚਰਨ ਬੱਧਨ ਵਲੋਂ ਕੀਤਾ ਗਿਆ ਹੈ |
ਬੇਗ਼ਮਪੁਰੀ ਪਿਆਰ, ਵਿਛੋੜੇ, ਤਾਂਘ ਦੇ ਨਾਲ-ਨਾਲ ਯਥਾਰਥ ਦੀ ਪੇਸ਼ਕਾਰੀ ਕਰਦਾ ਹੈ | ਉਸ ਨੇ ਲਿਖਿਆ ਹੈ :
ਉੱਚਾ ਸੁੱਚਾ ਰਹੇ ਚਰਿੱਤਰ,
ਜੀਵਨ ਹੋਵੇ ਫੇਰ ਪਵਿੱਤਰ |
ਫੋਕਾ ਮਾਰਿਆ ਐਵੇਂ ਫਰਾਟਾ,
ਕੋਈ ਫਰਾਟਾ ਨਹੀਂ ਹੁੰਦਾ,
ਧਨ, ਦੌਲਤ ਦਾ ਘਾਟਾ,
ਕੋਈ ਘਾਟਾ ਨਹੀਂ ਹੁੰਦਾ |
ਉਹ ਜ਼ਿੰਦਗੀ ਦੇ ਸਾਰ ਨੂੰ ਸਮਝਦਾ ਹੈ, ਇਸੇ ਕਰਕੇ ਉੱਚੇ-ਸੁੱਚੇ ਚਰਿੱਤਰ ਅਤੇ ਪੈਸੇ ਦੇ ਘਾਟੇ ਨੂੰ ਕੋਈ ਅਹਿਮੀਅਤ ਨਾ ਦੇਣ ਦੀ ਗੱਲ ਕਰਦਾ ਹੈ | ਬੇਗਮਪੁਰੀ ਗੱਭਰੂ-ਮੁਟਿਆਰ ਦੀ ਮੁਹੱਬਤ ਬਾਰੇ ਵੀ ਕਾਫੀ ਕੁਝ ਲਿਖਦਾ ਹੈ ਤੇ 'ਪ੍ਰੀਤੀ ਕੀ ਕਰੇ' ਵਿੱਚ ਮੁਟਿਆਰ ਵਲੋਂ ਆਪਣੇ ਹੁਸਨ 'ਤੇ ਕੀਤੇ ਜਾਂਦੇ ਮਾਣ ਦਾ ਵੇਰਵਾ ਪੇਸ਼ ਕਰਦਾ ਹੈ |
ਉਹ ਧਰਤੀ ਦੀ ਹਿੱਕ ਸਾੜਨ 'ਤੇ ਦੁਖੀ ਹੈ | ਪਲੀਤ ਹੁੰਦੇ ਵਾਤਾਵਰਨ 'ਤੇ ਉਸ ਨੂੰ ਅਫ਼ਸੋਸ ਹੈ | ਅੰਨ ਪੈਦਾ ਕਰਨ ਵਾਲੀ ਧਰਤੀ ਤੋਂ ਬਲਿਹਾਰੇ ਜਾਂਦਾ ਲਿਖਦਾ ਹੈ :
ਅੰਨ ਪੈਦਾ ਕਰਦੀ ਮਾਂ ਧਰਤੀ,
ਇਹਦੀ ਹਿੱਕ ਨਾ ਰਾੜ੍ਹਾਂਗੇ,
ਅੱਜ ਤੋਂ ਕਰੋ ਤਹੱਈਆ,
ਭੁੱਲ ਕੇ ਨਾੜ ਨਾ ਸਾੜਾਂਗੇ |
ਇਹ ਉਸ ਦੀਆਂ ਲਿਖਤਾਂ ਦੇ ਕੁਝ ਇਕ ਨਮੂਨੇ ਹਨ | ਉਹ ਬਹੁਭਾਂਤੀ ਲਿਖਦਾ ਹੈ | ਆਪਣੇ ਵਲਵਲਿਆਂ ਦਾ ਪ੍ਰਗਟਾਵਾ ਕਰਦਾ ਹੈ | ਉਹ ਲਿਖਦਾ ਰਹੇਗਾ ਤੇ ਹੋਰ ਚੰਗਾ ਲਿਖੇਗਾ, ਆਸ ਕਰਦੇ ਹਾਂ |

—ਸਵਰਨ ਸਿੰਘ ਟਹਿਣਾ
ਮੋ: 98141-78883
c c c

ਪੱਤਿਆਂ ਦੀ ਗ਼ੁਫ਼ਤਗੂ
(ਮੁਲਾਕਾਤਾਂ)
ਸੰਪਾਦਕ : ਜਗਮੇਲ ਸਿੱਧੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਸਫ਼ੇ : 152, ਕੀਮਤ : 250 ਰੁਪਏ
ਸੰਪਰਕ : 79862-97644.

'ਪੱਤਿਆਂ ਦੀ ਗ਼ੁਫ਼ਤਗੂ' ਮਾਲਵੇ ਵਿਚ ਵਸਦੇ ਬਾਰ੍ਹਾਂ ਗ਼ਜ਼ਲਗੋਆਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦਾ ਸੰਗ੍ਰਹਿ ਹੈ | ਇਨ੍ਹਾਂ ਬਾਰ੍ਹਾਂ ਵਿਚ ਮੂਲ ਰੂਪ ਵਿਚ ਮਾਲਵੇ ਵਿਚ ਜੰਮੇ ਪਲੇ ਅਤੇ ਪ੍ਰਵਾਨ ਚੜ੍ਹੇ ਗ਼ਜ਼ਲਗੋ ਵੀ ਹਨ ਅਤੇ ਮਾਲਵੇ ਤੋਂ ਬਾਹਰ ਜੰਮੇ ਪਲੇ, ਪਰ ਰੋਟੀ-ਰੋਜ਼ੀ ਅਤੇ ਵਪਾਰ ਦੇ ਨੁਕਤੇ ਤੋਂ ਮਾਲਵੇ ਵਿਚ ਆਣ ਵਸੇ ਗੁਰਭਜਨ ਗਿੱਲ ਅਤੇ ਮਨਜਿੰਦਰ ਧਨੋਆ ਵਰਗੇ ਲੇਖਕ ਵੀ ਸ਼ਾਮਿਲ ਹਨ | ਬਾਰ੍ਹਾਂ ਗ਼ਜ਼ਲਗੋਆਂ ਨਾਲ ਮੁਲਾਕਾਤਾਂ ਕਰਨ ਵਾਲੇ ਬਾਰ੍ਹਾਂ ਹੀ ਮੁਲਾਕਾਤੀ ਹਨ, ਕਿਉਂਕਿ ਹਰ ਮੁਲਾਕਾਤ ਇਕ ਵੱਖਰੇ ਮੁਲਾਕਾਤੀ ਵਲੋਂ ਕੀਤੀ ਗਈ ਹੈ | ਇਸ ਕਰਕੇ ਇਹ ਮੁਲਾਕਾਤਾਂ ਵੰਨ-ਸੁੁਵੰਨੇ ਪਹਿਲੂਆਂ ਤੱਕ ਫੈਲਦੀਆਂ ਹਨ | ਨਵੇਂ ਲੇਖਕ ਨਵੀਂ ਕਵਿਤਾ, ਨਵੇਂ ਸਮਾਜ, ਨਵੀਂ ਜ਼ਿੰਦਗੀ ਅਤੇ ਨਵੇਂ ਦਿਸਹੱਦਿਆਂ ਬਾਰੇ ਕਿਵੇਂ ਸੋਚਦੇ ਹਨ, ਇਹ ਕਿਤਾਬ ਇਸ ਦੇ ਰਹੱਸ ਖੋਲ੍ਹਦੀ ਹੈ | ਰਣਜੀਤ ਸਰਾਵਾਲੀ, ਗੁਰਤੇਜ ਕੋਹਾਰਵਾਲਾ, ਤ੍ਰੈਲੋਚਨ ਲੋਚੀ, ਬੂਟਾ ਸਿੰਘ ਚੌਹਾਨ ਅਤੇ ਮਨਜਿੰਦਰ ਧਨੋਆ ਪੰਜਾਬੀ ਗ਼ਜ਼ਲ ਦਾ ਉਹ ਭਵਿੱਖ ਹਨ, ਜਿਨ੍ਹਾਂ ਨੇ ਗੁਰਭਜਨ ਗਿੱਲ ਅਤੇ ਵਿਜੇ ਵਿਵੇਕ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ | ਅਸੀਮ ਸੰਭਾਵਨਾਵਾਂ ਭਰਪੂਰ ਲੇਖਕਾਂ ਨਾਲ ਹੋਈਆਂ ਇਹ ਗੱਲਾਬਾਤਾਂ ਰਚਨਾ ਅਤੇ ਰਚਨਾਕਾਰ ਦੇ ਸੰਬੰਧਾਂ ਦਾ ਰਹੱਸ ਜਾਣਨ ਵਿਚ ਸਹਾਈ ਹੋ ਰਹੀਆਂ ਹਨ | ਇਸ ਕਿਤਾਬ ਦੀ ਖ਼ੂਬਸੂਰਤੀ ਇਸ ਦੀ ਯੋਜਨਾਬੰਦੀ ਵੀ ਹੈ | ਬਾਰ੍ਹਾਂ ਲੇਖਕਾਂ ਦੀਆਂ ਮੁਲਾਕਾਤਾਂ ਦੇ ਨਾਲ-ਨਾਲ ਹਰ ਸ਼ਾਇਰ ਦੀਆਂ ਪੰਜ-ਪੰਜ ਗ਼ਜ਼ਲਾਂ ਵੀ ਛਾਪੀਆਂ ਗਈਆਂ ਹਨ | ਜੋ ਕੁਝ ਸ਼ਾਇਰਾਂ ਨੇ ਕਿਹਾ ਹੈ, ਉਨ੍ਹਾਂ ਦੀਆਂ ਰਚਨਾਵਾਂ ਵਿਚ ਉਸ ਦਾ ਕਿੰਨਾ ਕੁ ਪਰਤੌ ਹੈ ਇਹ ਜਾਨਣ ਦੀ ਜਗਿਆਸਾ ਇਸ ਕਿਤਾਬ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੀ ਹੈ | ਪੰਜਾਬੀ ਪਾਠਕਾਂ ਨਾਲੋਂ ਦਿਨ-ਬ-ਦਿਨ ਦੂਰ ਹੋ ਰਹੀ ਕਵਿਤਾ ਨੂੰ ਮੁੜ ਪਾਠਕਾਂ ਨਾਲ ਜੋੜਨ ਵਿਚ ਪੰਜਾਬੀ ਗ਼ਜ਼ਲ ਦੀ ਕੀ ਭੂਮਿਕਾ ਹੋ ਸਕਦੀ ਹੈ | ਇਹ ਕਿਤਾਬ ਇਸ ਪਾਸੇ ਨੂੰ ਸੋਚਣ ਲਈ ਵੀ ਦਿਸ਼ਾ ਪ੍ਰਦਾਨ ਕਰਦੀ ਹੈ ਅਤੇ ਲੇਖਕਾਂ ਦੀ ਨਿੱਜੀ ਜ਼ਿੰਦਗੀ ਦੇ ਕਈ ਗਹਿਰੇ ਰਹੱਸਾਂ ਤੋਂ ਵੀ ਪਰਦਾ ਚੁੱਕਦੀ ਹੈ | ਰਚਨਾ ਤੇ ਰਚਨਾਕਾਰ ਦੇ ਅੰਤਰ-ਸਬੰਧਾਂ ਨੂੰ ਜਾਨਣ ਅਤੇ ਸਮਝਣ ਲਈ 'ਪੱਤਿਆਂ ਦੀ ਗ਼ੁਫ਼ਤਗੂ' ਕਾਫ਼ੀ ਸਹਾਈ ਹੋ ਸਕਦੀ ਹੈ | ਪੰਜਾਬੀ ਵਿਚ ਅਜਿਹੇ ਨਿਵੇਕਲੇ ਯਤਨ ਦਾ ਸਵਾਗਤ ਹੈ |

—ਡਾ: ਲਖਵਿੰਦਰ ਸਿੰਘ ਜੌਹਲ
ਮੋ: 94171-94812
c c c

ਤੇਰੇ ਭਾਣੇ
ਲੇਖਕ : ਹਰਦੇਵ ਸਿੰਘ 'ਪ੍ਰੀਤ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 94630-35535.

'ਤੇਰੇ ਭਾਣੇ' ਨਾਵਲ ਵਿਚ ਲੇਖਕ ਹਰਦੇਵ ਸਿੰਘ 'ਪ੍ਰੀਤ' ਨੇ ਪਰਿਵਾਰਕ, ਸਮਾਜਿਕ, ਭਾਈਚਾਰਕ ਤੇ ਵਿਰਾਸਤੀ ਤੰਦ ਤਾਣੇ ਉੱਤੇ ਧਾਰਮਿਕ ਪਾਣ ਚਾੜ੍ਹਦਿਆਂ ਇਸ ਸਭ ਨੂੰ ਇਕ ਸਾਹਿਤਕ ਧਾਰਾ ਨਾਲ ਜੋੜਿਆ ਹੈ |
ਇਸ ਨਾਵਲ ਦੇ ਬਹੁਤ ਸਾਰੇ ਪਾਤਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅਜਿਹੇ ਕਰਮ ਕੀਤੇ ਜਾਣ ਕਿ ਜਿਸ ਨਾਲ ਸਰਬੱਤ ਦਾ ਭਲਾ ਹੀ ਉਜਾਗਰ ਹੋਵੇ | ਅਜਿਹੇ ਕਰਮਾਂ ਦੀ ਕੁਦਰਤ ਵੀ ਹਰ ਹੀਲੇ ਬਹੁੜੀ ਕਰਦੀ ਹੈ ਤੇ ਇਹ ਕਰਮ ਸਫ਼ਲ ਵੀ ਹੋ ਜਾਂਦੇ ਹਨ | ਚੰਗੇ ਸੰਸਕਾਰਾਂ ਵਾਲੇ ਪਰਿਵਾਰਾਂ ਦੀ ਔਲਾਦ ਵੀ ਸੁਲੱਗ ਹੀ ਨਿਕਲਦੀ ਹੈ, ਜੋ ਆਪਣੇ ਅਮਲਾਂ ਨਾਲ ਜਗ ਸੋਭਾ ਵੀ ਪਾਉਂਦੀ ਹੈ | ਪੈਂਦੀਆਂ ਭੀੜਾਂ ਨੂੰ ਬੜੇ ਹੀ ਸਹਿਜ ਨਾਲ ਨਜਿੱਠਣ ਦੀ ਵਿਉਂਤਬੰਦੀ ਨੂੰ ਲੇਖਕ ਨੇ ਇਸ ਨਾਵਲ ਵਿਚ ਬੜੀ ਸੂਝ ਨਾਲ ਪੇਸ਼ ਕੀਤਾ ਹੈ | ਇਸ ਨਾਵਲ ਵਿਚ ਜਿਥੇ ਜਵਾਨੀ ਸਮੇਂ ਅਨੈਤਿਕਤਾ ਦੇ ਰੋੜ ਵਿਚ ਰੁੜਨਾ, ਭਿ੍ਸ਼ਟਾਚਾਰੀ, ਹੱਕ ਹੜੱਪਣ ਲਈ ਹੇਰਾਫੇਰੀ ਦਾ ਸਹਾਰਾ, ਰੁਤਬੇ ਪਾਉਣ ਲਈ ਮਨੁੱਖਤਾ ਦੇ ਲਹੂ ਨਾਲ ਹੱਥ ਰੰਗਣੇ, ਈਰਖਾ ਵੱਸ ਕਿਸੇ ਦੇ ਸੰਵਰਦੇ ਕੰਮ ਵਿਚ ਰੋੜਾ ਬਣਨਾ, ਰਾਵਣ ਬਿਰਤੀ ਦਾ ਪਸਾਰਾ ਆਦਿ ਦੀਆਂ ਮਨੁੱਖੀ ਕਾਲੀਆਂ ਕਰਤੂਤਾਂ ਉੱਤੇ ਬੇਬਾਕੀ ਨਾਲ ਲੇਖਕ ਨੇ ਉਂਗਲ ਧਰੀ ਹੈ |
ਉਥੇ ਲੇਖਕ ਨੇ ਜਵਾਨੀ ਦੇ ਚੰਗੇ ਖਿਆਲਾਤਾਂ, ਨੈਤਿਕਤਾ ਭਰੇ ਅਮਲਾਂ ਨਾਲ ਰਿਸ਼ਤਿਆਂ ਦੀ ਸਾਂਝ ਪੀਢੀ ਕਰਨਾ, ਜਾਤ-ਪਾਤ ਦਾ ਖੰਡਨ, ਨੇਕ ਨੀਤੀ, ਰਾਵਣ ਬਿਰਤੀ ਨਾਲ ਲੋਹਾ ਲੈਣਾ, ਦਰਿੰਦਗੀ ਦੀ ਪੀੜਤ ਇਕ ਅਬਲਾ ਵਲੋਂ ਸ਼ੀਹਣੀ ਬਣ ਕੇ ਦਰਿੰਦਿਆਂ ਨੂੰ ਇਕ ਸਬਕ ਸਿਖਾਉਂਦਿਆਂ ਵੀਰਗਤੀ ਨੂੰ ਪ੍ਰਾਪਤ ਹੋਣਾ, ਸਾਦੇ ਖੁਸ਼ੀ-ਗਮੀ ਦੇ ਸਮਾਗਮ, ਲੋੜਵੰਦਾਂ ਦੀ ਮਦਦ ਲਈ ਤਤਪਰ ਹੋਣਾ ਆਦਿ ਸਾਰਥਿਕ ਸੁਨੇਹਾਂ ਨੂੰ ਜਗ-ਜ਼ਾਹਰ ਕਰਨ ਦਾ ਸਫ਼ਲ ਯਤਨ ਕੀਤਾ | ਸ਼ੁੱਧ ਦੇਸੀ ਖੁਰਾਕਾਂ ਪੰਜੀਰੀ ਤੇ ਖੋਆ ਦਾ ਜ਼ਿਕਰ ਪਾਠਕਾਂ ਨੂੰ ਸੁਆਦੋ-ਸੁਆਦ ਕਰਨ ਦੇ ਸਮਰੱਥ ਹੈ | ਇੰਜ ਜਾਪਦਾ ਹੈ ਕਿ ਜਿਵੇਂ ਲੇਖਕ ਹਰਦੇਵ ਸਿੰਘ ਪ੍ਰੀਤ ਆਪਣੇ ਇਸ ਨਾਵਲ 'ਤੇਰੇ ਭਾਣੇ' ਦੇ ਮੁੱਖ ਪਾਤਰ ਹਿਰਦੇਪਾਲ ਸਿੰਘ ਤੇ ਦਿਲਪ੍ਰੀਤ ਕੌਰ ਅਤੇ ਹੋਰ ਸਹਾਇਕ ਪਾਤਰਾਂ ਰਾਹੀਂ ਆਪਣੇ ਜੀਵਨ ਇਤਿਹਾਸ (ਸਵੈ-ਜੀਵਨੀ) ਨੂੰ ਪਾਠਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ |

—ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858.
c c c 

14-09-2019

 ਹੁਣ ਮੈਂ ਉਹ ਨਹੀਂ
ਲੇਖਕ : ਜਸਪਾਲ ਮਾਨਖੇੜਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 150 ਰੁਪਏ, ਸਫ਼ੇ : 175
ਸੰਪਰਕ : 97800-42156.

ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ ਦਾ ਇਹ ਨਾਵਲ ਕਹਿਣ ਨੂੰ ਤਾਂ ਪਲੇਠਾ ਪਰ ਪ੍ਰੌੜ੍ਹ ਕਿਰਤ ਹੈ। ਇਸ ਬਿਰਤਾਂਤ ਦੇ ਵਿਸ਼ੇ ਸਮਕਾਲੀ ਸਮੇਂ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸ ਦੇ ਨਾਇਕ ਵਿਚ ਮੁੰਡ-ਪੁਣੇ ਦੀਆਂ ਬੜ੍ਹਕਾਂ ਹਨ; ਮਾਡਰਨ ਖੇਤੀ ਦੇ ਢੰਗ ਵੀ ਆਉਂਦੇ ਨੇ; ਫ਼ਸਲਾਂ ਦੀ ਅਦਲਾ-ਬਦਲੀ ਦੀ ਸੋਝੀ ਵੀ ਐ; ਜ਼ਮੀਨ ਵੇਚ ਕੇ ਇੰਟਰਨੈਸ਼ਨਲ ਗਲੋਬਲ ਸਕੂਲ ਸਥਾਪਤ ਕਰਨਾ ਵੀ ਹੈ। ਕਿਸਾਨਾਂ ਨੂੰ ਹਰੀ-ਕ੍ਰਾਂਤੀ ਨਾਲ ਮਿਲੇ ਕਰਜ਼ੇ ਵੀ ਨੇ; ਕਰਜ਼ੇ ਉਤਾਰਨ ਲਈ ਵਿਕਦੀਆਂ ਜ਼ਮੀਨਾਂ ਵੀ ਨੇ; ਕਰਜ਼ਿਆਂ ਦੇ ਦੁੱਖ ਤੋਂ ਗਲ ਵਿਚ ਪੈਂਦੇ ਰੱਸੇ ਵੀ ਨੇ; ਨਸ਼ਿਆਂ ਨਾਲ ਹੁੰਦੀ ਜਵਾਨਾਂ ਦੀ ਬਰਬਾਦੀ ਵੀ ਐ; ਬਾਪ ਦੀ ਹੁੰਦੀ ਹੁਕਮ-ਅਦੂਲੀ ਵੀ ਐ; ਧੀਆਂ ਨਾਲ ਹੁੰਦੀ ਵਧੀਕੀ; ਨਾਰੀਵਾਦੀ ਵਿਦਰੋਹ ਵੀ ਐ; ਪਿਆਰ ਦੀਆਂ ਯਾਦਾਂ ਵੀ ਨੇ; ਆਪਣੇ ਹਿੱਸੇ ਵੰਡਾਉਂਦੀਆਂ ਧੀਆਂ ਵੀ ਨੇ; ਸ਼ਰੀਕਾਂ ਦੀ ਧੱਕੇਸ਼ਾਹੀ ਵੀ ਐ; ਜ਼ਮੀਨਾਂ ਵੇਚ ਕੇ ਨਵੇਂ ਕੰਮ ਦੀਆਂ ਸਕੀਮਾਂ ਦੀ ਸੋਚ ਵੀ ਹੈ; ਸਫ਼ਲਤਾ ਤੇ ਜਸ਼ਨ ਵਜੋਂ ਹੁੰਦੇ ਅਖੰਡ ਪਾਠ ਵੀ ਨੇ, ਹਲਕਾ ਇੰਚਾਰਜਾਂ, ਮੰਤਰੀਆਂ ਦੇ ਭਾਸ਼ਨ, ਖੁਸ਼ੀ ਤੇ ਵਧਾਈਆਂ ਦੁੱਖ ਸਮੇਂ ਹਮਦਰਦੀ ਵੀ ਐ। ਕਿਸਾਨਾਂ ਦੀ ਦਸ਼ਾ ਬਾਰੇ ਲੇਖਕ ਦਾ ਨਿਰਣਾ ਹੈ :
'ਇਕ ਦਿਨ ਐਸਾ ਆਊ.... ਜ਼ਮੀਨ ਸ਼ਾਹੂਕਾਰਾਂ, ਆੜ੍ਹਤੀਆਂ ਕੋਲ ਜਾਂ ਵੱਡੇ ਜ਼ਿਮੀਂਦਾਰਾਂ ਕੋਲ.... ਉਹ ਬਣਾਉਣਗੇ ਵੱਡੇ-ਵੱਡੇ ਐਗਰੀਕਲਚਰ ਫਾਰਮ.... ਕਿਸਾਨ ਕਰੂਗਾ ਉਨ੍ਹਾਂ ਫਰਮਾਂ-ਫੈਕਟਰੀਆਂ 'ਚ ਨੌਕਰੀ-ਦਿਹਾੜੀ.... ਮਜ਼ਦੂਰੀ-ਲੇਬਰ.... ਇਹ ਕੋਈ ਦੂਰ ਦੀ ਵਾਟ ਨਹੀਂ ਯੋਧਿਓ......।' ਪੰ: 146
ਕਲਾਤਮਿਕ ਤੌਰ 'ਤੇ ਲੌਨਜਾਈਨਸ ਦੇ ਔਨ ਦਾ ਸਬਲਿਮ (ਉਦਾਤ ਬਾਰੇ) ਸਿਧਾਂਤ ਅਨੁਸਾਰ ਬਿਰਤਾਂਤਕ ਘਟਨਾਵਾਂ ਵਿਚ ਅਚਾਨਕ ਧਮਾਕੇ ਹੁੰਦੇ ਹਨ ਜੋ ਪਾਠਕ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕਰਦੇ ਹਨ। ਨਾਵਲ ਵਿਚ ਕਾਮਰੇਡ ਦੀ ਬੈਠਕ ਅਤੇ ਮਾਰਕਿਟ ਵਾਲਾ ਤਖ਼ਤਪੋਸ਼ ਆਬਜੈਕਟਿਵ, ਕੋਰੀਲੇਟਿਵ ਦਾ ਕਾਰਜ ਕਰਦੇ ਹਨ। ਘਟਨਾਵਾਂ ਇਕ ਵਾਰ ਪਲਾਂਟ ਹੋ ਕੇ ਟਰਾਂਸਪਲਾਂਟ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ। ਮਸ਼ਖਰੇ (ਪਾਰਸ) ਦੇ ਬੋਲਾਂ ਨਾਲ ਬਿਰਤਾਂਤ ਨਵਾਂ ਮੋੜ ਕੱਟ ਜਾਂਦਾ ਹੈ। ਬਿਰਤਾਂਤ ਵਿਚ ਕਈ ਪਾਤਰਾਂ ਦੇ ਅਸਤਿਤਵ ਦਾ ਵਿਕਾਸ ਅਤੇ ਕਈਆਂ ਦੀ ਹੋਂਦ ਨਿਘਾਰ ਵੱਲ ਜਾਂਦੀ ਹੈ। ਉੱਤਰ ਆਧੁਨਿਕਤਾ ਦੀਆਂ ਨਿਸ਼ਾਨੀਆਂ ਦੀ ਸੂਚੀ ਉਪਲਬਧ ਹੈ। ਆਪਣਾ ਮਾਨਸਿਕ ਵਿਸ਼ਲੇਸ਼ਣ ਕਰਦੇ ਪਾਤਰ ਅਕਸਰ ਹੀ ਸ਼ੀਜ਼ੋਫਰੇਨਿਕ ਅਵਸਥਾ ਵਿਚ ਘਿਰ ਜਾਂਦੇ ਹਨ। ਨਾਵਲ ਪੜ੍ਹਨ ਵਾਲਾ, ਚਿੰਤਨ ਕਰਨ ਵਾਲਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 88376-79186.

c c c

ਬਿਰਸਾ ਮੁੰਡਾ ਦਾ ਪੁਨਰ ਜਨਮ
ਕਵੀ : ਮੱਖਣ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 136
ਸੰਪਰਕ : 94172-07627.

ਖਣ ਮਾਨ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਰਚਨਾਸ਼ੀਲ ਹੈ। ਮੇਰੀ ਸੂਚਨਾ ਅਨੁਸਾਰ ਪੰਜਾਬੀ ਕਾਵਿ ਦੇ ਖੇਤਰ ਵਿਚ ਇਹ ਪੁਸਤਕ ਉਸ ਦਾ ਪਹਿਲਾ ਯਤਨ ਹੈ ਪਰ ਇਸ ਪਹਿਲੇ ਯਤਨ ਦੁਆਰਾ ਹੀ ਉਸ ਨੇ ਪੰਜਾਬੀ ਦੇ ਗੰਭੀਰ ਪਾਠਕਾਂ ਨੂੰ ਸੰਮੋਹਿਤ ਕਰ ਲਿਆ ਹੈ। ਮੱਖਣ ਮਾਨ ਦੀ ਕਾਵਿ ਰਚਨਾ ਦੇ ਬਹੁਤ ਸਾਰੇ ਅੰਤਰ-ਸਬੰਧਿਤ ਪਰ ਮੁਖ਼ਤਲਿਫ਼ ਅੰਦਾਜ਼ ਹਨ। ਕਦੇ ਉਹ ਪੁਰਾਣਾਂ ਨੂੰ ਨਵੇਂ ਸਿਰਿਉਂ ਲਿਖਣ ਦਾ ਐਲਾਨ ਕਰਦਾ ਹੈ, ਕਦੇ ਮਿਥਿਹਾਸ ਨੂੰ ਆਧੁਨਿਕ ਨਜ਼ਰੀਏ ਤੋਂ ਦੇਖਣ ਦੀ ਜੁਰਅੱਤ ਕਰਦਾ ਹੈ। ਉਹ ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਚਿਹਨਕਾਂ ਨੂੰ ਰੱਜ ਕੇ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਭੂਮਿਕਾ ਦਾ ਪੁਨਰ-ਲੇਖਣ ਕਰਦਾ ਹੈ। ਉਹ ਜੀਵਨ ਦੇ ਹਰ ਰੰਗ ਵਿਚ ਘੁਲ-ਮਿਲ ਜਾਣ ਵਾਲਾ ਕਵੀ ਹੈ। ਹਾਸ਼ੀਏ ਉੱਪਰ ਧੱਕ ਦਿੱਤੀਆਂ ਗਈਆਂ ਧਿਰਾਂ ਦੀ ਜ਼ਬਾਨ ਬਣਦਾ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਲੜਦੇ ਰਹਿਣ ਦੀ ਵਚਨਬੱਧਤਾ ਦਾ ਇਜ਼ਹਾਰ ਕਰਦਾ ਹੈ।
ਉਹ ਕਦੇ ਦੰਭ ਦਾ ਸਹਾਰਾ ਨਹੀਂ ਲੈਂਦਾ। ਉਸ ਨੇ ਆਪਣੀ ਸ਼ਨਾਖ਼ਤ ਮਿਹਨਤ ਨਾਲ ਬਣਾਈ ਹੈ। ਇਸ ਕਾਰਨ ਉਸ ਨੂੰ ਇਸ ਦੇ ਟੁੱਟਣ-ਭੁਰਨ ਦਾ ਖ਼ਤਰਾ ਨਹੀਂ ਹੈ। ਜਾਅਲੀ ਸ਼ਨਾਖਤ ਵਾਲੇ ਲੋਕਾਂ ਨੂੰ ਸੌ ਤਰ੍ਹਾਂ ਦੇ ਫਰੇਬ ਕਰਨੇ ਪੈਂਦੇ ਹਨ। ਉਹ ਸਦਾ ਡਰੇ-ਸਹਿਮੇ ਜਿਹੇ ਰਹਿੰਦੇ ਹਨ। ਆਪਣੀ ਪ੍ਰਮਾਣਿਕ ਸ਼ਨਾਖਤ ਦਾ ਪਰਿਚੈ ਦਿੰਦਾ ਹੋਇਆ ਉਹ ਲਿਖਦਾ ਹੈ :
ਮੈਂ ਨਾਸਤਿਕ ਹਾਂ ਤੇ ਚਰਚਾ ਕਰਦਿਆਂ
ਕਈ ਵਾਰ ਫਸਿਆ ਸਾਂ ਮੂਲਵਾਦੀਆਂ ਨਾਲ....
ਅੰਬੇਡਕਰ ਦੇ ਕਿਸੇ ਸੈਮੀਨਾਰ 'ਤੇ
ਅਛੂਤ ਦੇ ਸਵਾਲ 'ਤੇ ਡਟ ਕੇ ਖੜ੍ਹਾ ਸਾਂ
ਉਸ ਸੋਚ ਨਾਲ ਔਰਤ ਦੇ ਹਿੰਦੂ ਐਕਟ ਤੇ....
ਮਹਾਂਰਿਸ਼ੀ ਵਾਲਮੀਕਿ ਦੀ ਰਾਮਾਇਣ 'ਤੇ
ਜ਼ਿਕਰ ਕਰਦਿਆਂ..... ਇਕ ਜ਼ੋਰ ਦੀ
ਆਵਾਜ਼ ਗੂੰਜੀ ਸੀ
'ਮਾਨ ਵਾਲਮੀਕੀਏ ਵੀ ਹੁੰਦੇ?'
ਕਵੀ ਦੱਸਦਾ ਹੈ ਕਿ ਸਾਡੇ ਦੇਸ਼ ਵਿਚ ਕਿਸੇ ਸਿਆਣੇ ਤੇ ਹੱਸਾਸ ਵਿਅਕਤੀ ਨਾਲ ਸਹਿਮਤ ਹੋਣ ਤੋਂ ਪਹਿਲਾਂ ਉਸ ਦਾ ਜਾਤੀ, ਜਮਾਤੀ ਅਤੇ ਸੰਪਰਦਾਇਕ ਪਿਛੋਕੜ ਫਰੋਲਿਆ ਜਾਂਦਾ ਹੈ, ਤਾਂ ਜੋ ਉਸ ਨੂੰ ਧਰਾਸ਼ਾਈ ਕੀਤਾ ਜਾ ਸਕੇ। ਇਹ ਪੁਸਤਕ ਬਹੁਤ ਕੁਝ ਨਵਾਂ ਦੱਸਦੀ ਤੇ ਕਹਿੰਦੀ ਹੈ।


-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਖੇਤੀ ਵਿਕਾਸ ਦੇ ਸਿਰਜਕ
ਲੇਖਕ : ਡਾ: ਰਣਜੀਤ ਸਿੰਘ
ਪ੍ਰਕਾਸ਼ਕ : ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 129
ਸੰਪਰਕ : 82880-57707.

'ਖੇਤੀ ਵਿਕਾਸ ਦੇ ਸਿਰਜਕ' ਡਾ: ਰਣਜੀਤ ਸਿੰਘ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਉਨ੍ਹਾਂ 31 ਖੇਤੀ ਵਿਗਿਆਨੀਆਂ ਦੀਆਂ ਜੀਵਨੀਆਂ ਨੂੰ ਸੰਖੇਪ ਪਰ ਭਾਵਪੂਰਤ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ, ਜਿਨ੍ਹਾਂ ਖੇਤੀ ਖੇਤਰ ਅਤੇ ਇਸ ਨਾਲ ਜੁੜੇ ਹੋਰ ਸਹਾਇਕ ਖੇਤਰਾਂ ਨੂੰ ਅਮੀਰੀ ਪ੍ਰਦਾਨ ਕਰਨ ਲਈ ਵੱਡਮੁੱਲੇ ਯਤਨ ਕੀਤੇ। ਜਿਨ੍ਹਾਂ 31 ਖੇਤੀ ਵਿਗਿਆਨੀਆਂ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਗਿਆ ਹੈ ਉਨ੍ਹਾਂ ਨੇ ਇਸ ਖੇਤੀ ਖੇਤਰ ਵਿਚ ਨਵੇਂ ਬੀਜਾਂ, ਨਵੀਨ ਕਾਢਾਂ, ਨਵੀਆਂ ਖੋਜਾਂ ਨੂੰ ਕਿਸਾਨੀ ਦੀ ਬਿਹਤਰੀ ਲਈ ਪੇਸ਼ ਕੀਤਾ, ਜਿਸ ਸਦਕਾ ਇਸ ਖੇਤਰ ਵਿਚ ਇਕ ਇਨਕਲਾਬੀ ਤਬਦੀਲੀ ਵਾਪਰੀ। ਇਨ੍ਹਾਂ ਵਿਗਿਆਨੀਆਂ ਨੇ ਨਵੀਆਂ ਖੋਜਾਂ ਕਰਕੇ ਅਤੇ ਸੇਧਮਈ ਸਮੱਗਰੀ ਪ੍ਰਕਾਸ਼ਿਤ ਕਰਵਾ ਕੇ ਕਿਸਾਨੀ ਨੂੰ ਨਵਾਂ ਜੀਵਨ ਅਤੇ ਵੱਖਰੀ ਨੁਹਾਰ ਪ੍ਰਦਾਨ ਕੀਤੀ। ਲੇਖਕ ਨੇ ਇਸ ਪੁਸਤਕ ਵਿਚ ਵੱਖ-ਵੱਖ ਵਿਗਿਆਨੀਆਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਉਨ੍ਹਾਂ ਦੀ ਖੋਜ ਨਾਲ ਜੁੜੇ ਵਿਸ਼ੇਸ਼ਣ ਲਾ ਕੇ ਯਾਦ ਕੀਤਾ ਹੈ ਅਤੇ ਇਨ੍ਹਾਂ ਦੀ ਯਾਦ ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਦੀਆਂ ਹੋਰ ਥਾਵਾਂ 'ਤੇ ਬਣੀਆਂ ਯਾਦਗਾਰਾਂ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਹਨ। ਇਨ੍ਹਾਂ ਦੇ ਨਾਵਾਂ ਨਾਲ ਜੁੜੇ ਵਿਸ਼ੇਸ਼ਣ ਵਿਚੋਂ ਚੌਲਾਂ ਦਾ ਬਾਦਸ਼ਾਹ, ਸੰਸਾਰ ਨੂੰ ਭੁੱਖਮਰੀ ਤੋਂ ਬਚਾਉਣ ਵਾਲਾ ਵਿਗਿਆਨੀ, ਕੱਲਰਾਂ ਨੂੰ ਗੁਲਜ਼ਾਰ ਬਣਾਉਣ ਵਾਲਾ ਵਿਗਿਆਨੀ, ਬਹੁਪੱਖੀ ਅਰਥ-ਸ਼ਾਸਤਰੀ, ਚਿੱਟੇ ਸੋਨੇ ਦਾ ਖੋਜੀ, ਨਰਮੇ ਦੀ ਖੇਤੀ ਦਾ ਰਖਵਾਲਾ ਆਦਿ ਪ੍ਰਮੁੱਖ ਹਨ। ਹਰੇਕ ਖੇਤੀ ਵਿਗਿਆਨੀ ਦੀ ਜੀਵਨੀ ਦੇ ਨਾਲ ਉਸ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ। ਸੰਖੇਪ ਪਰ ਜਾਣਕਾਰੀ ਭਰਪੂਰ ਇਹ ਜੀਵਨੀਆਂ ਪਾਠਕਾਂ ਲਈ ਰੌਚਿਕ, ਜਾਣਕਾਰੀ ਭਰਪੂਰ ਅਤੇ ਸੇਧਮਈ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 

c c c

 

ਬੇ-ਜ਼ੁਬਾਨ ਰੀਝਾਂ
ਲੇਖਿਕਾ : ਵਰਿੰਦਰ ਕੌਰ ਰੰਧਾਵਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 96468-52416.

ਵਰਿੰਦਰ ਕੌਰ ਬਾਜਵਾ ਉੱਭਰ ਰਹੀ ਲੇਖਿਕਾ ਹੈ। ਉਸ ਨੇ ਇਸ ਤੋਂ ਪਹਿਲਾਂ ਕਾਵਿ ਸੰਗ੍ਰਹਿ ਤੇ ਕਹਾਣੀ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਏ ਹਨ। ਲਿਖਣ ਦਾ ਉਸ ਅੰਦਰ ਜਨੂੰਨ ਹੈ ਤੇ ਸਮਾਜਿਕ ਅਲਾਮਤ ਬਾਰੇ ਉਹ ਨਿੱਠ ਕੇ ਲਿਖਦੀ ਹੈ। ਵਲਵਲਿਆਂ ਦੀ ਪੇਸ਼ਕਾਰੀ ਲਈ ਉਹ ਕਲਮ ਚੁੱਕਦੀ ਹੈ ਤੇ ਗੀਤ, ਗ਼ਜ਼ਲ, ਰੁਬਾਈਆਂ ਲਿਖਦੀ ਹੈ। ਵਿਚਾਰ ਅਧੀਨ ਪੁਸਤਕ 'ਬੇਜ਼ੁਬਾਨ ਰੀਝਾਂ' ਵਿਚ ਵਰਿੰਦਰ ਕੌਰ ਰੰਧਾਵਾ ਨੇ ਹਰ ਭਾਂਤ ਦਾ ਲਿਖਿਆ ਹੈ। ਇੱਕ ਗੀਤ ਵਿਚ ਉਹ ਵਿਸਰਦੇ ਵਿਰਸੇ ਨੂੰ ਚੇਤੇ ਕਰਦੀ ਪਿੱਪਲਾਂ, ਚਰਖੇ, ਪੂਣੀਆਂ, ਚੂਰੀ ਦੇ ਛੰਨੇ ਦੀ ਬਾਤ ਪਾਉਂਦੀ ਹੈ :
ਵੱਟ ਪੂਣੀਆਂ ਮੈਂ ਤੰਦ ਚਰਖੇ 'ਤੇ ਪਾਉਨੀ ਆਂ,
ਠੰਢੀ ਪਿੱਪਲ ਦੀ ਛਾਵੇਂ,
ਗੀਤ ਚਾਅ ਵਾਲੇ ਗਾਉਂਦੀ ਆਂ।
ਦੁਨੀਆਦਾਰੀ ਵਰਿੰਦਰ ਕੌਰ ਨੂੰ ਕਈ ਕੁਝ ਸੋਚਣ ਸਮਝਣ ਲਈ ਪ੍ਰੇਰਦੀ ਹੈ। ਸੋਚਾਂ ਦੀ ਉੁਡਾਰੀ ਬਾਰੇ ਉਸ ਨੇ ਲਿਖਿਆ ਹੈ :
ਸੋਚਾਂ ਦੀ ਚਿੜੀ ਵਿਚਾਰੀ,
ਫਿਰਦੀ ਅੱਜ ਡਰਦੀ ਉਏ।
ਖ਼ਲਕਤ ਤਾਂ ਮੋੜ ਮੋੜ 'ਤੇ,
ਟਿੱਚਰਾਂ ਪਈ ਕਰਦੀ ਉਏ।
ਉਹ ਬਹੁਪਰਤੀ ਰਿਸ਼ਤਿਆਂ ਦਾ ਵਿਸ਼ੇਲਸ਼ਣ ਕਰਦੀ ਹੈ। ਉਸ ਦੀ ਚਾਹਨਾ ਲੇਖਣੀ ਵਿਚ ਕੁਝ ਵੱਡਾ ਕਰਨ ਦੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

c c c

ਕੱਤਣੀ
ਲੇਖਿਕਾ : ਜੱਗੀ ਬਰਾੜ ਸਮਾਲਸਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 182
ਸੰਪਰਕ : 98152-98459.

ਵਿਚਾਰ ਅਧੀਨ ਪੁਸਤਕ ਪੰਜਾਬੀ ਸੱਭਿਆਚਾਰ ਨੂੰ ਪ੍ਰਣਾਈ ਪ੍ਰਵਾਸੀ ਕਵਿੱਤਰੀ ਜੱਗੀ ਬਰਾੜ ਸਮਾਲਸਰ ਦਾ ਤੀਜਾ ਕਾਵਿ ਸੰਗ੍ਰਹਿ ਹੈ। ਪੁਸਤਕ ਦਾ ਸਿਰਲੇਖ ਉਸ ਨੇ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅਵਸ਼ੇਸ਼ 'ਕੱਤਣੀ' ਦੇ ਨਾਂਅ 'ਤੇ ਰੱਖਿਆ ਹੈ। ਇਸ ਦਾ ਸਮਰਪਣ ਉਨ੍ਹਾਂ ਵਿਆਹੀਆਂ ਧੀਆਂ ਦੇ ਨਾਂਅ ਕੀਤਾ ਹੈ, ਜਿਨ੍ਹਾਂ ਦੇ ਬੱਚਿਆਂ ਨੂੰ ਆਉਣ-ਜਾਣ ਲਈ ਨਾਨਕਾ ਘਰ ਨਸੀਬ ਨਹੀਂ ਹੁੰਦਾ। ਉਹ ਵੀ ਜ਼ਮਾਨਾ ਸੀ ਜਦੋਂ ਕੁੜੀਆਂ ਮੋਹ ਤੇ ਖੰਭਾਂ ਨਾਲ ਆਪ ਬਣਾਈ ਕੱਤਣੀ ਵਿਚ ਪੂਣੀਆਂ ਰੱਖ ਕੇ ਛੋਪ ਕੱਤਦੀਆਂ ਸਨ। ਜੱਗੀ ਨੇ ਆਪਣੀ ਇਸ ਕੱਤਣੀ ਵਿਚ ਨਿੱਕੀਆਂ ਅਤੇ ਬਿਰਤਾਂਤਕ 126 ਕਵਿਤਾਵਾਂ ਦੀ ਚੰਗੇਰ ਪੰਜਾਬੀ ਪਾਠਕਾਂ ਲਈ ਪਰੋਸੀ ਹੈ। ਉਸ ਨੇ ਦੇਸ਼-ਪ੍ਰਦੇਸ ਦੇ ਵਗੋਚਿਆਂ ਅਤੇ ਸਮਾਜਿਕ ਸਰੋਕਾਰਾਂ ਨੂੰ ਆਪਣੀ ਦੇਹ 'ਤੇ ਹੰਢਾਇਆ ਹੈ ਅਤੇ ਉਨ੍ਹਾਂ ਅਹਿਸਾਸਾਂ ਨੂੰ ਕਵਿਤਾਵਾਂ ਦਾ ਰੂਪ ਦੇ ਕੇ ਆਪਣੇ ਮਨ ਦਾ ਭਾਰ ਹੌਲਾ ਕੀਤਾ ਹੈ ਤੇ ਔਰਤ ਦੀ ਸੰਵੇਦਨਾ ਨੂੰ ਬੜੀ ਬੇਬਾਕੀ ਨਾਲ ਬਿਆਨਿਆ ਹੈ। ਅਜੋਕੇ ਸਮੇਂ ਵਿਚ ਸਦਾਚਾਰਕ ਕਦਰਾਂ-ਕੀਮਤਾਂ ਦੇ ਹੋ ਰਹੇ ਨਿਘਾਰ ਨੂੰ ਵੀ ਉਸ ਨੇ ਅੱਖੋਂ-ਪਰੋਖੇ ਨਹੀਂ ਕੀਤਾ। ਉਸ ਦੀ ਕਵਿਤਾ ਵਿਚ ਸਮੇਂ ਦਾ ਦਰਦ ਵੀ ਹੈ ਤੇ ਮਨੁੱਖੀ ਮੋਹ ਦੀਆਂ ਤੰਦਾਂ ਵੀ ਹਨ। ਗੇਂਦੇ ਦੇ ਫੁੱਲਾਂ ਵਾਲਾ ਹਾਰ, ਖਿਡਾਵੀਂ, ਡਰੈਗਨ, ਸਿਰਫ ਅਤੇ ਸਿਰਫ ਧੀਆਂ, ਨਵਵਿਆਹੀ ਦੀ ਜ਼ਬਾਨੀ, ਸ਼ਰਤਾਂ, ਇਸ਼ਤਿਹਾਰ, ਦਰਦ, ਅੱਜਕਲ੍ਹ, ਕੈਨੇਡਾ, ਦਰਦ ਦੀ ਅਮੀਰੀ, ਹੈ ਕੋਈ ਵੀਰ ਅਤੇ ਦਿਲ ਦੀਆਂ ਗਲੀਆਂ ਆਦਿ ਅਨੇਕਾਂ ਕਵਿਤਾਵਾਂ ਇਸ ਸੰਗ੍ਰਹਿ ਦੀਆਂ ਦਿਲਾਂ ਨੂੰ ਟੁੰਭਣ ਵਾਲੀਆਂ ਹਨ। ਇਸ ਪੁਸਤਕ ਪਾਠਕ ਨੂੰ ਸੁਹਜ ਆਤਮਿਕ ਅਨੰਦ ਅਤੇ ਸੰਤੁਸ਼ਟੀ ਪ੍ਰਦਾਨ ਕਰੇਗਾ।

-ਸੁਖਵੇਦ ਮਾਦਪੁਰੀ
ਮੋ: 94630-34472.

c c c

ਪੰਜਾਬੀ ਸਿਰਜਣਕਾਰੀ ਵਿਚ ਨਾਰੀ ਬਿੰਬ ਦੀ ਘਾੜਤ
ਸੰਪਾਦਕਾ : ਡਾ: ਰੁਪਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 118
ਸੰਪਰਕ : 0172-5027427.

ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਦਿ-ਕਾਲ ਤੋਂ ਵਰਤਮਾਨ ਕਾਲ-ਖੰਡ ਤੱਕ ਨਾਰੀ ਜਾਤੀ ਨੂੰ ਵਿਭਿੰਨ ਪ੍ਰਸੰਗਾਂ ਤਹਿਤ ਸਮਝਿਆ, ਵਿਚਾਰਿਆ ਅਤੇ ਪ੍ਰਗਟਾਇਆ ਗਿਆ ਹੈ। ਇਸੇ ਪ੍ਰਸੰਗਾਂ 'ਚ ਹਥਲੀ ਪੁਸਤਕ ਅਜੋਕੇ ਕਾਲ-ਖੰਡ 'ਚ ਨਾਰੀ-ਸੰਵੇਦਨਾ, ਇਸ ਦੀ ਸਮਾਜਿਕ, ਨੈਤਿਕ, ਆਰਥਿਕ, ਰਾਜਸੀ ਅਤੇ ਵਿਸ਼ੇਸ਼ਤਰ ਘਰ-ਪਰਿਵਾਰ ਦੀ ਸਥਿਤੀ ਦਾ ਮੁਲਾਂਕਣ ਪੇਸ਼ ਕਰਦੀ ਹੈ।
ਡਾ: ਰੁਪਿੰਦਰ ਕੌਰ ਨੇ ਪੁਸਤਕ ਨੂੰ ਸੁਚੱਜੇ ਪ੍ਰਬੰਧਨ 'ਚ ਪੇਸ਼ ਕਰਦਿਆਂ ਹੋਇਆਂ ਇਸ ਦੇ ਸੱਤ ਕਾਂਡ ਨਿਰਧਾਰਿਤ ਕੀਤੇ ਹਨ। ਇਹ ਸਾਰੇ ਅਧਿਆਇ ਵਿਭਿੰਨ ਪਹਿਲੂਆਂ ਦਾ ਦਰਪਣ ਤਾਂ ਹੈ ਹੀ ਹਨ, ਨਾਲ ਦੀ ਨਾਲ ਅਜੋਕੀ ਵਿਸ਼ਵ ਵਿਆਪੀ ਪੱਧਰ 'ਤੇ ਨਾਰੀ ਜਾਤੀ ਬਾਬਤ ਜੋ ਉਥਾਨ ਅਤੇ ਨਿਘਾਰ ਦੀਆਂ ਸਿਰਜਕ ਜਾਂ ਢਾਹੂ ਸ਼ਕਤੀਆਂ ਹਨ, ਉਨ੍ਹਾਂ ਸਭਨਾਂ ਦਾ ਵੀ ਵਿਵਰਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਧੁਨਿਕ ਪੰਜਾਬੀ ਕਵਿਤਾ ਭਾਵੇਂ ਕਿਸੇ ਵੀ ਜੈਂਡਰ ਨਾਲ ਸਬੰਧਿਤ ਹੈ ਪਰ ਉਸ ਵਿਚ ਔਰਤ ਦੀ ਦੁਰਗਤੀ ਨੂੰ ਸਿਰਜਣ ਦਾ ਕਾਰਕ ਮਰਦ ਹੀ ਨਹੀਂ ਹੈ ਖ਼ੁਦ ਔਰਤ ਵੀ ਹੈ।
ਪੰਜਾਬੀ ਮੀਡੀਆ, ਸਿਨੇਮਾਗ੍ਰਾਫੀ, ਆਧੁਨਿਕ ਸਟੇਜੀ ਪੇਸ਼ਕਾਰੀਆਂ ਅਤੇ ਸੁੰਦਰਤਾ ਮੁਕਾਬਲਿਆਂ 'ਚ ਨਾਰੀ ਦਾ ਅਸਤਿੱਤਵ, ਕੱਟੜਵਾਦੀ ਦੇਸ਼ਾਂ 'ਚ ਰਚੇ ਜਾਂਦੇ ਗਲਪ ਸਾਹਿਤ, ਪਰਵਾਸੀ ਸਾਹਿਤ ਵਿਚ ਨਾਰੀ ਚਿਤਰਣ, ਪਾਪੂਲਰ ਗੀਤਾਂ ਵਿਚ ਨਾਰੀ ਦਾ ਬਿੰਬ ਜਿਸ ਪ੍ਰਕਾਰ ਉਲਾਰੂ ਚਿੱਤਰਪਟ ਪੇਸ਼ ਕੀਤਾ ਜਾ ਰਿਹਾ ਹੈ ਉਸ ਸਭ ਕਾਸੇ ਦੇ ਕਾਰਨਾਂ, ਪ੍ਰਭਾਵਾਂ ਅਤੇ ਅਗਾਊਂ ਸੰਭਾਵਨਾਵਾਂ ਵਿਚੋਂ ਉਭਰ ਰਹੇ ਸੰਕਟਾਂ ਜਾਂ ਦੁਸ਼ਵਾਰੀਆਂ ਨੂੰ ਵੀ ਅਧਿਐਨ ਦਾ ਵਿਸ਼ਾ ਬਣਾ ਕੇ ਪੇਸ਼ ਕੀਤਾ ਹੈ। ਬੱਚੀ ਨੂੰ ਜੰਮਣ ਤੋਂ ਪਹਿਲਾਂ ਮਾਰ ਮੁਕਾਉਣਾ, ਸਹੁਰੇ ਵਸਣ ਨਾ ਦੇਣਾ, ਹੋਰ ਸਾੜੇ ਕਰਨਾ ਕਿੱਧਰ ਦੀ ਜੀਵਨ ਸ਼ੈਲੀ ਹੈ?
ਇਹ ਪ੍ਰਸ਼ਨ ਉੱਭਰ ਕੇ ਸਾਹਮਣੇ ਆਉਂਦੇ ਹਨ। ਸੱਚਮੁਚ ਡਾ: ਰੁਪਿੰਦਰ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਡਾ: ਰਤਨਜੀਤ ਕੌਰ, ਸੁਹਜਦੀਪ ਅਤੇ ਖੁਸ਼ਮਿੰਦਰ ਕੌਰ ਦੇ ਇਹ ਸਾਰੇ ਖੋਜ-ਪਰਕ ਨਿਬੰਧ ਸਲਾਹੁਣਯੋਗ ਹਨ। ਨਿਰਸੰਦੇਹ, ਪੁਸਤਕ ਨਵੀਆਂ ਸੰਭਾਵਨਾਵਾਂ ਜਗਾਉਂਦੀ ਪ੍ਰਤੀਤ ਹੁੰਦੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 9814209732

c c c

ਗਾਥਾ-ਏ-ਗ਼ਦਰ
ਲੇਖਕ : ਰਮਨ
ਪ੍ਰਕਾਸ਼ਕ : ਯੂਨੀਵਰਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 50 ਰੁਪਏ, ਸਫ਼ੇ : 64
ਸੰਪਰਕ : 98785-31166.

ਪੰਜਾਬੀ ਕਵਿਤਾ ਦੇ ਖੇਤਰ ਵਿਚ ਵਿਲੱਖਣ ਪਛਾਣ ਰੱਖਣ ਵਾਲਾ ਸ਼ਾਇਰ ਰਮਨ 'ਗ਼ਦਰ ਲਹਿਰ' ਬਾਰੇ ਨਾਟਕ ਸਿਰਜਦਾ ਹੈ। ਇਹ ਨਾਟਕ ਵੱਡੇ ਰਾਜਨੀਤਕ ਅੰਦੋਲਨ ਦੀ ਸ਼ਤਾਬਦੀ ਨੂੰ ਸਮਰਪਿਤ ਹਨ। ਇਸ ਅੰਦੋਲਨ ਨੇ ਸੁਤੰਤਰਤਾ ਸੰਗਰਾਮ ਨੂੰ ਇਕ ਨਵਾਂ ਮੋੜ ਦਿੱਤਾ ਸੀ। ਇਨ੍ਹਾਂ ਨਾਟਕਾਂ ਦੀ ਸਿਰਜਣਾ ਵਰਤਮਾਨ ਪ੍ਰਸਥਿਤੀਆਂ ਵਿਚ ਵਿਚਰ ਰਹੇ ਨੌਜਵਾਨ ਵਰਗ ਦੀ ਅਵਸਥਾ, ਦਰਪੇਸ਼ ਮੁਸ਼ਕਿਲਾਂ ਅਤੇ ਸਾਮਰਾਜਵਾਦ ਦੇ ਵਧ ਰਹੇ ਖ਼ਤਰੇ ਤੋਂ ਸੁਚੇਤ ਕਰਦਿਆਂ ਕੀਤੀ। ਕਿਉਂਕਿ 21ਵੀਂ ਸਦੀ ਦੇ ਮੁਢਲੇ ਦਹਾਕੇ ਵਿਚ ਨਵ-ਸਾਮਰਾਜਵਾਦ ਦੀਆਂ ਪੈਦਾ ਕੀਤੀਆਂ ਚੁਣੌਤੀਆਂ ਸੰਗ ਵਿਚਰ ਰਿਹਾ ਭਾਰਤੀ ਆਪਣੇ-ਆਪ ਨੂੰ ਫਸਿਆ ਮਹਿਸੂਸ ਕਰਦਾ ਹੈ। ਗ਼ਦਰ ਲਹਿਰ ਬਾਰੇ ਇਹ ਨਿਵੇਕਲਾ ਯਤਨ ਹੈ। ਇਸ ਲਹਿਰ ਬਾਰੇ ਲਿਖੀ ਕਵਿਤਾ ਦੀ ਇਕ ਅਮੀਰ ਪਰੰਪਰਾ ਹੈ। ਨਾਟਕ ਰੂਪ ਵਿਚ ਲਿਖੀ ਇਹ ਗਾਥਾ ਇਤਿਹਾਸਕ ਲਿਖਤਾਂ ਨੂੰ ਆਪਣੀ ਆਧਾਰ ਸਮੱਗਰੀ ਬਣਾਉਂਦੀ ਹੈ। ਨਾਟਕੀ ਸਥਿਤੀ ਸਿਰਜਣ ਲਈ ਲੇਖਕ ਨੂੰ ਗ਼ਦਰ ਲਹਿਰ ਤੋਂ ਪਹਿਲਾਂ ਦਾ ਵਾਤਾਵਰਨ ਅਤੇ ਹਾਲਾਤ ਨੂੰ ਸਿਰਜਿਆ। ਆਰਥਿਕ ਸੰਕਟਾਂ ਨਾਲ ਗਰੱਸੀ ਕਿਸਾਨੀ ਕਿਵੇਂ ਪ੍ਰਦੇਸਾਂ ਵੱਲ ਜਾਂਦੀ ਹੈ ਅਤੇ ਕਿਵੇਂ ਗੁਲਾਮੀ ਦਾ ਅਹਿਸਾਸ ਅਨੁਭਵ ਕਰਦੀ ਹੋਈ ਆਜ਼ਾਦੀ ਸੰਗਰਾਮ ਪ੍ਰਤੀ ਇਕਜੁਟ ਹੁੰਦੀ ਹੋਈ ਸਾਰੇ ਜੀਵਨ ਦੇ ਸੁੱਖ ਆਰਾਮ ਨੂੰ ਛੱਡ ਭਾਰਤ ਵੱਲ ਹਥਿਆਰਬੰਦ ਗ਼ਦਰ ਕਰਨ ਲਈ ਤਿਆਰ ਹੋ ਜਾਂਦੀ ਹੈ। ਹਜ਼ਾਰਾਂ ਗ਼ਦਰੀ ਯੋਧੇ ਭਾਰਤ ਵੱਲ ਵਹੀਰਾਂ ਘੱਤਦੇ ਹਨ। ਗ਼ਦਰ ਪਾਰਟੀ ਉਨ੍ਹਾਂ ਦੀ ਅਗਵਾਈ ਕਰਦੀ ਹੈ। ਗ਼ਦਰ ਦੇ ਅਸਫ਼ਲ ਹੋਣ 'ਤੇ ਬਰਤਾਨਵੀ ਸਾਮਰਾਜ ਦੇ ਕਹਿਰ ਦਾ ਸ਼ਿਕਾਰ ਇਹ ਗ਼ਦਰੀ ਬਣਦੇ ਹਨ। ਇਹ ਨਾਟਕ ਇਕ ਸੋਚ ਦੇ ਪੈਂਤੜੇ ਤੋਂ ਇਸ ਲਹਿਰ ਦੀ ਵਿਚਾਰਧਾਰਾ ਦੀ ਪੇਸ਼ਕਾਰੀ ਕਰਦਾ ਹੋਇਆ ਨਿਵੇਕਲਾ ਯਤਨ ਹੈ। ਲੇਖਕ ਵਧਾਈ ਦਾ ਹੱਕਦਾਰ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX