ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਚੋਣ 9 ਜੂਨ ਨੂੰ ਹੋਵੇਗੀ
ਜਲੰਧਰ, 18 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਇਕ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਸੂਬਾ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਹੋਏ। ਇਸ ਦੌਰਾਨ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਲਏ ਗਏ ਫ਼ੈਸਲਿਆਂ ਅਨੁਸਾਰ ਜਥੇਬੰਦੀ ਵਲੋਂ ਲਾਏ ਗਏ ਬਕਾਇਆ ਫੰਡ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 30 ਅਪ੍ਰੈਲ ਹੈ ਤੇ ਤਹਿਸੀਲ ਕਮੇਟੀਆਂ ਦੀਆਂ ਚੋਣਾਂ 15 ਮਈ ਤੱਕ ਹਰ ਹਾਲਤ ਵਿਚ ਕਰਵਾ ਲਈਆਂ ਜਾਣ ਤੇ ਫਿਰ ਜ਼ਿਲ੍ਹਾ ਕਮੇਟੀਆਂ ਦੀ ਚੋਣ 30 ਮਈ ਤੱਕ ਹਰ ਹਾਲਤ ਵਿਚ ਨੇਪਰੇ ਚਾੜ੍ਹਨੀ ਲਾਜ਼ਮੀ ਹੈ ਅਤੇ ਅਖੀਰ ਵਿਚ 9 ਜੂਨ ਨੂੰ ਸੂਬਾ ਪ੍ਰਧਾਨ ਸਮੇਤ ਸੂਬਾ ਕਮੇਟੀ ਦੀ ਚੋਣ ਹੋਵੇਗੀ।