ਹਰਕਵਲਜੀਤ ਸਿੰਘ
ਚੰਡੀਗੜ੍ਹ, 2 ਮਾਰਚ-ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ 'ਤੇ ਅੱਜ ਪੇਸ਼ ਹੋਏ ਧੰਨਵਾਦ ਮਤੇ 'ਤੇ ਬਹਿਸ ਦੌਰਾਨ ਹੁਕਮਰਾਨ ਧਿਰ ਅਤੇ ਵਿਰੋਧੀ ਮੈਂਬਰਾਂ ਦਰਮਿਆਨ ਤਿੱਖੀ ਨੋਕ-ਝੋਕ ਅਤੇ ਦੂਸ਼ਣਬਾਜ਼ੀ ਹੋਈ, ਜਦੋਂ ਕਿ ਕਿਸਾਨ ਮਸਲੇ ਬਹਿਸ ਦੌਰਾਨ ਭਾਰੂ ਰਹੇ | ਕਾਂਗਰਸ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਸਿੰਘ ਨਾਗਰਾ, ਜੋ ਪਾਰਟੀ ਦੇ ਮੁੱਖ ਬੁਲਾਰਿਆਂ ਚੋਂ ਸਨ, ਨੇ ਮਤੇ ਦਾ ਸਮਰਥਨ ਤਾਂ ਕੀਤਾ ਪਰ ਰਾਜਪਾਲ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਈਏ 'ਤੇ ਉਨ੍ਹਾਂ ਤਿੱਖਾ ਰੋਸ ਪ੍ਰਗਟਾਇਆ, ਜਿਸ ਨੇ ਮੈਂਬਰਾਂ ਨੂੰ ਹੈਰਾਨ ਕਰ ਦਿੱਤਾ | ਅਕਾਲੀ ਮੈਂਬਰ ਐਨ. ਕੇ. ਸ਼ਰਮਾ ਨੇ ਵੀ ਸਦਨ ਵਿਚ ਇਕ ਨਵਾਂ ਇੰਕਸ਼ਾਫ ਕੀਤਾ ਕਿ ਕੇਂਦਰੀ ਮੰਤਰੀ ਹੁੰਦਿਆਂ ਕੈਬਨਿਟ ਮੀਟਿੰਗ ਵਿਚ ਤਿੰਨ ਬਿੱਲ ਪਾਸ ਹੋਣ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਆਪਣਾ ਵਿਰੋਧ ਲਿਖਤੀ ਤੌਰ 'ਤੇ ਦਰਜ ਕਰਵਾਇਆ ਗਿਆ ਸੀ ਤੇ ਉਨ੍ਹਾਂ ਦਾ ਦਾਅਵਾ ਸਾਬਤ ਨਾ ਹੋਵੇ ਤਾਂ ਸਾਰੇ ਅਕਾਲੀ ਮੈਂਬਰ ਸਦਨ ਤੋਂ ਅਸਤੀਫ਼ੇ ਦੇ ਦੇਣਗੇ | 'ਆਪ' ਦੇ ਕੁੱਝ ਵਿਧਾਇਕਾਂ ਦੇ ਪਾਰਟੀ ਤੋਂ ਬਾਗ਼ੀ ਹੋਣ ਦੇ ਸਿਫ਼ਰ ਕਾਲ ਦੌਰਾਨ ਉੱਠੇ ਮੁੱਦੇ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਲਟਕਣ ਦੇ ਉਠਾਏ ਗਏ ਮੁੱਦੇ ਸਬੰਧੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਪਸ਼ਟ ਕੀਤਾ ਕਿ ਉਹ ਜੋ ਵੀ ਕਾਰਵਾਈ ਕਰ ਰਹੇ ਹਨ ਕਾਨੂੰਨ ਤੇ ਨਿਯਮਾਂ ਅਨੁਸਾਰ ਹੈ ਅਤੇ ਉਨ੍ਹਾਂ ਦੀ ਸੰਤੁਸ਼ਟੀ ਹੋਣੀ ਜ਼ਰੂਰੀ ਹੈ | ਉਨ੍ਹਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ਕਿਹਾ ਕਿ ਜੇ ਉਹ ਮੇਰੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਤਾਂ ਅਦਾਲਤ ਜਾ ਸਕਦੇ ਹਨ | ਵਿਧਾਨ ਸਭਾ ਵਿਚ ਅੱਜ ਰਾਜਪਾਲ ਦੇ ਭਾਸ਼ਨ ਸਬੰਧੀ ਹੁਕਮਰਾਨ ਧਿਰ ਵਲੋਂ ਪੇਸ਼ ਕੀਤੇ ਗਏ ਧੰਨਵਾਦ ਦੇ ਮਤੇ 'ਤੇ ਬਹਿਸ ਸੀਨੀਅਰ ਵਿਧਾਇਕ ਰਾਜ ਕੁਮਾਰ ਵੇਰਕਾ ਵਲੋਂ ਸ਼ੁਰੂ ਕੀਤੀ ਗਈ | ਉਨ੍ਹਾਂ ਦੋਸ਼ ਲਗਾਏ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਪਹਿਲਾਂ ਬਿੱਲਾਂ ਦੇ ਹੱਕ ਵਿਚ ਪ੍ਰਚਾਰ ਕਰਦੇ ਰਹੇ, ਜਿਸ ਦੀਆਂ ਵੀਡੀਓ ਮੌਜੂਦ ਹਨ ਅਤੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਤੋਂ ਵੀ ਜਬਰੀ ਬਿੱਲਾਂ ਦੇ ਹੱਕ 'ਚ ਬਿਆਨ ਦਿਵਾਇਆ | ਸ੍ਰੀ ਵੇਰਕਾ ਨੇ ਸਦਨ ਵਿਚ ਅਨੁਸੂਚਿਤ ਜਾਤੀਆਂ ਲਈ ਸਕਾਲਰਸ਼ਿਪ ਦੇ ਮਸਲੇ 'ਤੇ ਵੀ ਗੱਲ ਕੀਤੀ, ਜਿਸ ਨੂੰ ਲੈ ਕੇ ਸਦਨ ਦੇ ਬਹੁਤ ਸਾਰੇ ਮੈਂਬਰਾਂ ਵਲੋਂ ਇਤਰਾਜ਼ ਉਠਾਏ ਜਾ ਰਹੇ ਸਨ ਪਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਦਨ ਵਿਚ ਦੱਸਿਆ ਕਿ ਅਨੁਸੂਚਿਤ ਜਾਤੀਆਂ ਲਈ ਕਾਲਜਾਂ ਨੂੰ ਦਿੱਤੇ ਜਾਣ ਵਾਲੀ ਵਜ਼ੀਫ਼ੇ ਦੀ ਰਾਸ਼ੀ ਦੇ 309 ਕਰੋੜ 'ਚੋਂ 209 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਦੋਂ ਕਿ ਬਹੁਤ ਸਾਰੇ ਕਾਲਜਾਂ ਵਿਚ ਫ਼ਰਜ਼ੀ ਦਾਖ਼ਲੇ ਹੋਣ ਦਾ ਆਡਿਟ ਦੌਰਾਨ ਇਤਰਾਜ਼ ਉੱਠਿਆ ਸੀ ਅਤੇ ਅਜਿਹੇ ਕਾਲਜਾਂ ਕੋਲੋਂ ਪਹਿਲਾਂ ਕੀਤੀਆਂ ਗਈਆਂ ਅਦਾਇਗੀਆਂ ਦਾ ਪੈਸਾ ਵੀ ਵਾਪਸ ਲਿਆ ਜਾ ਰਿਹਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਸਾਰੇ ਕਾਲਜਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਜੋ ਵਿਦਿਆਰਥੀਆਂ ਦੀਆਂ ਡਿਗਰੀਆਂ ਆਪਣੇ ਕੋਲ ਰੱਖਣਗੇ ਉਨ੍ਹਾਂ ਦੀ ਸਰਕਾਰ ਤੋਂ ਮਨਜ਼ੂਰੀ ਖ਼ਤਮ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਫ਼ਰਜ਼ੀ ਦਾਖ਼ਲਿਆਂ ਲਈ ਕਾਲਜਾਂ ਨੂੰ ਵਜ਼ੀਫ਼ਾ ਰਾਸ਼ੀ ਨਹੀਂ ਦੇ ਸਕਦੀ ਕਿਉਂਕਿ ਇਹ ਜਨਤਕ ਫ਼ੰਡ ਹੈ, ਜਿਸ ਦੀ ਅਦਾਇਗੀ ਕੇਵਲ ਠੀਕ ਹੋਏ ਕੰਮ ਲਈ ਹੀ ਕੀਤੀ ਜਾ ਸਕਦੀ ਹੈ | ਕਾਂਗਰਸ ਦੇ ਹੀ ਹਰਮਿੰਦਰ ਸਿੰਘ ਗਿੱਲ ਨੇ ਮਤੇ 'ਤੇ ਬੋਲਦਿਆਂ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਨੇ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਪੂਰਾ ਕੀਤਾ ਹੈ ਅਤੇ ਮਗਰਲੇ 4 ਸਾਲਾਂ ਦੌਰਾਨ ਸ਼ਤਾਬਦੀਆਂ ਦੇ ਸਮਾਗਮ ਇਤਿਹਾਸਕ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ | ਉਨ੍ਹਾਂ ਵਿਧਾਨ ਸਭਾ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਉਣ ਲਈ ਮਤਾ ਲਿਆਉਣ ਦੀ ਮੰਗ ਕੀਤੀ | ਜਦੋਂਕਿ ਵਿਰੋਧੀ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਗੁਰਦੁਆਰਾ ਕਮਿਸ਼ਨਰ ਨੂੰ ਹੁਣ ਤੱਕ ਦਫ਼ਤਰ ਅਤੇ ਸਟਾਫ਼ ਹੀ ਮੁਹੱਈਆ ਨਹੀਂ ਕੀਤਾ ਗਿਆ | ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਦਨ ਵਿਚ ਦੋਸ਼ ਲਗਾਇਆ ਕਿ ਸ੍ਰੀ ਨਨਕਾਣਾ ਸਾਹਿਬ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਰਕਾਰ ਨੇ ਭੁਲਾ ਦਿੱਤਾ ਹੈ, ਉਨ੍ਹਾਂ ਕਰਤਾਰਪੁਰ ਲਾਂਘੇ ਨੂੰ ਦੁਬਾਰਾ ਖੋਲ੍ਹਣ ਦਾ ਮੁੱਦਾ ਰਾਜਪਾਲ ਦੇ ਭਾਸ਼ਨ ਵਿਚ ਭੁੱਲ ਜਾਣ ਦਾ ਦੋਸ਼ ਵੀ ਲਗਾਇਆ | ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨਹੀਂ ਸਾੜੀ ਉਨ੍ਹਾਂ ਨੂੰ ਸਰਕਾਰ ਨੇ ਕੁੱਝ ਨਹੀਂ ਦਿੱਤਾ ਤੇ ਪਾਣੀ ਦੇ ਜ਼ਹਿਰੀਲੇ ਹੋਣ ਨੂੰ ਰੋਕਣ ਲਈ ਵੀ ਕੋਈ ਕਦਮ ਨਹੀਂ ਚੁੱਕੇ ਗਏ, ਜਦੋਂ ਕਿ ਰੇਤ ਬਜਰੀ ਦਾ ਬਿਨਾਂ ਰੋਕ ਟੋਕ ਖਨਨ ਜਾਰੀ ਹੈ | ਉਨ੍ਹਾਂ ਸ਼ੋ੍ਰਮਣੀ ਕਮੇਟੀ ਚੋਣਾਂ ਛੇਤੀ ਕਰਨ, ਧਰਮੀ ਬੰਦੇ ਚੁਣਨ, ਜਿਨ੍ਹਾਂ ਦਾ ਸ਼ਰਾਬ ਦੇ ਵਪਾਰ ਅਤੇ ਨਸ਼ਿਆਂ ਨਾਲ ਸਬੰਧ ਨਾ ਹੋਵੇ, ਨੂੰ ਅੱਗੇ ਲਿਆਉਣ ਦੀ ਵੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਾਂਹ ਫੜਨ ਦੇ ਦਾਅਵੇ ਕਰਨ ਵਾਲੀ ਸਰਕਾਰ ਦੀਆਂ ਸਹਿਕਾਰੀ ਸੁਸਾਇਟੀਆਂ ਕਿਸਾਨਾਂ ਨੂੰ ਨੋਟਿਸ ਦੇ ਰਹੀਆਂ ਹਨ, ਜਦੋਂ ਕਿ ਨਸ਼ਿਆਂ ਕਾਰਨ ਮੌਤਾਂ ਦੀਆਂ ਰਿਪੋਰਟਾਂ ਦੇਣ ਵਾਲੇ ਪੱਤਰਕਾਰਾਂ 'ਤੇ ਕੇਸ ਬਣ ਰਹੇ ਹਨ | ਅਕਾਲੀ ਦਲ ਦੇ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਬਿਜਲੀ, ਡੀਜ਼ਲ ਅਤੇ ਅਸ਼ਟਾਮ ਡਿਊਟੀ ਬਾਕੀ ਸਾਰੇ ਰਾਜਾਂ ਨਾਲੋਂ ਮਹਿੰਗੀ ਹੈ, ਪਰ ਮਾੜੀ ਕਾਰਗੁਜ਼ਾਰੀ ਅਤੇ ਮੁੱਖ ਮੰਤਰੀ ਦੀ ਸਰਕਾਰੀ ਕੰਮਕਾਜ ਅਤੇ ਮੁੱਖ ਦਫ਼ਤਰ ਤੋਂ ਗ਼ੈਰ-ਹਾਜ਼ਰੀ ਕਾਰਨ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਨੇ ਖ਼ੁਦ ਜਵਾਬ ਵਿਚ ਮੰਨਿਆ ਹੈ ਕਿ 400 ਕਿਸਾਨਾਂ ਦੀ ਕੁਰਕੀ, 60 ਹਜ਼ਾਰ ਨੂੰ ਨੋਟਿਸ ਅਤੇ 80 ਹਜ਼ਾਰ ਨੂੰ ਜੁਰਮਾਨੇ ਸਹਿਕਾਰੀ ਕਰਜ਼ਿਆਂ ਕਾਰਨ ਹੋਏ ਹਨ ਤੇ 84 ਸਹਿਕਾਰੀ ਬੈਂਕਾਂ 'ਚੋਂ 42 ਬੈਂਕ ਡੀਲਿਸਟ ਹੋ ਚੁੱਕੇ ਹਨ ਤਾਂ ਰਾਜ ਸਰਕਾਰ ਕਿਸ ਮੂੰਹ ਨਾਲ ਕਿਸਾਨੀ ਕਰਜ਼ੇ ਮੁਆਫ਼ ਕਰਨ ਦੀ ਗੱਲ ਕਰ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦੀਆਂ ਫ਼ੈਕਟਰੀਆਂ ਚਲਦੀਆਂ ਫੜੀਆਂ ਗਈਆਂ, ਕੇਸ ਕੇਵਲ ਡਰਾਈਵਰ ਅਤੇ ਚੌਕੀਦਾਰਾਂ 'ਤੇ ਹੋਏ | ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੇ ਸੂਬੇ ਵਿਚ 5 ਮੈਡੀਕਲ ਕਾਲਜ ਖੋਲ੍ਹਣ ਅਤੇ ਸਰਬੱਤ ਸਿਹਤ ਯੋਜਨਾ ਦੀ ਸ਼ਲਾਘਾ ਕੀਤੀ | ਉਨ੍ਹਾਂ ਇਹ ਵੀ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦਾ ਕੈਪਟਨ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ | ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਨੇ ਸਪੀਕਰ ਨੂੰ ਆਪਣੇ ਭਾਸ਼ਣ ਦੌਰਾਨ ਬਾਰ-ਬਾਰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਅਤੇ ਕਾਲੇ ਕਾਨੂੰਨਾਂ ਵਿਰੁੱਧ ਮੇਰੇ ਵਲੋਂ ਦਿੱਤੇ ਗਏ ਅਸਤੀਫ਼ੇ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ | ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਸਦਨ ਵਿਚ ਕਿਹਾ ਕਿ ਭਾਜਪਾ ਵਲੋਂ ਅਕਾਲੀ ਦਲ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਖੇਤੀ ਕਾਨੂੰਨ ਸੰਸਦ ਵਿਚ ਪੇਸ਼ ਹੋਣਗੇ ਤਾਂ ਜਿਵੇਂ ਤੁਸੀਂ ਚਾਹੋਗੇ ਉਨ੍ਹਾਂ ਵਿਚ ਤਰਮੀਮਾਂ ਕਰ ਦੇਵਾਂਗੇ | ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸਮੇਂ ਦੇ ਸਿਆਸੀ ਭਾਈਵਾਲ 'ਤੇ ਇਤਬਾਰ ਕੀਤਾ ਲੇਕਿਨ ਭਾਜਪਾ ਬੇਈਮਾਨ ਨਿਕਲੀ ਅਤੇ ਸਾਨੂੰ ਉਨ੍ਹਾਂ ਵਲੋਂ ਧੋਖਾ ਦਿੱਤਾ ਗਿਆ ਅਤੇ ਸੰਸਦ ਵਿਚ ਬਿੱਲ ਪਾਸ ਕਰਨ ਮੌਕੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ | ਕਾਂਗਰਸ ਦੇ ਕੁਸ਼ਲਦੀਪ ਸਿੰਘ ਕਿਪੀ ਢਿੱਲੋਂ ਨੇ ਕਿਹਾ ਕਿ ਬਾਦਲ ਪਰਿਵਾਰ ਪਹਿਲਾਂ ਕਾਫ਼ੀ ਦੇਰ ਇਨ੍ਹਾਂ ਬਿੱਲਾਂ ਦੇ ਹੱਕ ਵਿਚ ਬੋਲਦਾ ਰਿਹਾ, ਲੇਕਿਨ ਬਾਅਦ ਵਿਚ ਜਿਵੇਂ ਉਨ੍ਹਾਂ ਆਪਣੇ ਪਿਤਾ ਤੋਂ ਹੀ ਦਬਾਅ ਹੇਠ ਬਿੱਲਾਂ ਦੇ ਹੱਕ ਵਿਚ ਬਿਆਨ ਦਿਵਾਇਆ, ਉਹ ਇਕ ਵੱਡੀ ਦੁੱਖ ਵਾਲੀ ਕਾਰਵਾਈ ਸੀ ਕਿਉਂਕਿ ਉਨ੍ਹਾਂ ਸ. ਬਾਦਲ ਦੀ ਜ਼ਿੰਦਗੀ ਦੀ ਕਮਾਈ ਵੀ ਰੋੜ ਕੇ ਰੱਖ ਦਿੱਤੀ | ਉਨ੍ਹਾਂ ਕਿਹਾ ਕਿ ਗ਼ਲਤੀ ਹਰ ਇਨਸਾਨ ਤੋਂ ਹੋ ਸਕਦੀ ਹੈ, ਲੇਕਿਨ ਲਗਾਤਾਰ ਝੂਠ ਬੋਲਣ ਦੀ ਥਾਂ ਅਕਾਲੀਆਂ ਨੂੰ ਆਪਣੀ ਇਹ ਗ਼ਲਤੀ ਮੰਨ ਲੈਣੀ ਚਾਹੀਦੀ ਹੈ | ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ 1500 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਤਾਂ ਕਿਸਾਨੀ ਕਰਜ਼ੇ ਦਾ ਸਰਕਾਰ ਨੇ ਕੀ ਨਿਪਟਾਰਾ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਤਾਲਾਬੰਦੀ ਦੌਰਾਨ ਬੰਦ ਰਹੇ ਵਪਾਰਾਂ ਤੇ ਫ਼ੈਕਟਰੀਆਂ ਨੂੰ ਬਿਜਲੀ ਦੇ ਬਿੱਲ ਨਾ ਭੇਜਣ ਦੇ ਐਲਾਨ ਦੇ ਬਾਵਜੂਦ ਬਾਅਦ ਵਿਚ ਐਵਰੇਜ਼ ਬਿੱਲ ਭੇਜ ਕੇ ਖਪਤਕਾਰਾਂ ਨੂੰ ਲੁੱਟਿਆ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਡੀਆਂ ਸਨਅਤਾਂ ਤੋਂ 13 ਰੁ. ਯੂਨਿਟ ਤੱਕ ਵਸੂਲੇ ਜਾ ਰਹੇ ਹਨ, ਜਦੋਂ ਕਿ ਛੋਟੇ ਯੂਨਿਟਾਂ ਤੋਂ 9 ਤੋਂ 11 ਰੁਪਏ ਯੂਨਿਟ ਤੱਕ ਲਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ 51 ਹਜ਼ਾਰ ਦੀ ਸ਼ਗਨ ਸਕੀਮ ਦੇ ਐਲਾਨ ਦੇ ਬਾਵਜੂਦ ਮਗਰਲੇ 2 ਸਾਲਾਂ ਦੌਰਾਨ 21 ਹਜ਼ਾਰ ਵੀ ਨਹੀਂ ਦੇ ਸਕੀ ਅਤੇ ਨਾ ਹੀ ਸੂਬੇ ਵਿਚ ਰਾਸ਼ਟਰੀ ਮੁੱਖ ਮਾਰਗਾਂ ਦਾ ਇਕ ਇੰਚ ਨਵਾਂ ਬਣਿਆ ਹੈ | ਸ੍ਰੀ ਸ਼ਰਮਾ ਅਜੇ ਬੋਲ ਰਹੇ ਸਨ ਕਿ ਸਦਨ ਦੀ ਕਾਰਵਾਈ ਕੱਲ੍ਹ ਲਈ ਉੱਠ ਗਈ |
ਸਿਫ਼ਰ ਕਾਲ
ਸਦਨ ਵਿਚ ਅੱਜ ਸਿਫ਼ਰ ਕਾਲ ਦੌਰਾਨ ਅਕਾਲੀ ਮੈਂਬਰ ਪਵਨ ਟੀਨੂੰ ਨੇ ਦੋਸ਼ ਲਗਾਇਆ ਕਿ ਕੋਈ 50 ਹਜ਼ਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਕਾਲਜਾਂ ਵਲੋਂ ਨਹੀਂ ਮਿਲ ਰਹੀਆਂ | ਉਨ੍ਹਾਂ ਕਿਹਾ ਕਿ ਰਾਜ ਵਿਚ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਔਕੜਾਂ ਵਿਚ ਫਸਣ ਕਾਰਨ ਯੂਨੀਵਰਸਿਟੀ ਦੇ ਹੱਕ ਖੋਹਣ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਯੂਨੀਵਰਸਿਟੀ ਵਿਚ 150 ਕਰੋੜ ਦਾ ਓਵਰਡਰਾਫ਼ਟ ਹੈ ਤੇ ਮੁਲਾਜ਼ਮਾਂ ਦੇ ਜੀ.ਪੀ. ਐਫ ਫ਼ੰਡ ਦਾ ਵੀ ਵੱਡਾ ਘਪਲਾ ਹੈ | ਉਨ੍ਹਾਂ ਪੰਜਾਬੀ ਭਾਸ਼ਾ ਨਾਲ ਜੁੜੀ ਇਸ ਯੂਨੀਵਰਸਿਟੀ ਨੂੰ ਬਚਾਉਣ ਦੀ ਮੰਗ ਕੀਤੀ | ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬੰਦ ਪਈ ਜੇ.ਸੀ.ਟੀ. ਕੰਪਨੀ ਨੂੰ ਕਿਸੇ ਹੋਰ ਨਿੱਜੀ ਖੇਤਰ ਕੰਪਨੀ ਨੂੰ ਦੇਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਿਸ ਕੰਪਨੀ ਦਾ ਮੁੱਲ 400 ਕਰੋੜ ਪਾਇਆ ਗਿਆ ਸੀ ਉਹ ਕੌਡੀਆਂ ਦੇ ਭਾਅ ਦੇ ਦਿੱਤੀ ਗਈ | ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਜਲੰਧਰ ਵਿਖੇ ਕਿਸਾਨਾਂ ਵਲੋਂ ਕੀਤੇ ਗਏ ਆਤਮ ਦਾਹ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਸਰਕਾਰੀ ਐਲਾਨਾਂ ਦੇ ਬਾਵਜੂਦ ਕਿਸਾਨਾਂ ਨੂੰ ਨੋਟਿਸ ਕੱਢੇ ਗਏ ਤੇ ਇਸ ਲਈ ਮੁੱਖ ਮੰਤਰੀ ਅਤੇ ਸਹਿਕਾਰਤਾ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ | 'ਆਪ' ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦਾ ਇਕ ਰੋਡਵੇਜ਼ ਦਾ ਡਰਾਈਵਰ ਤਾਲਾਬੰਦੀ ਦੌਰਾਨ ਮਹਾਰਾਸ਼ਟਰ ਪੰਜਾਬੀਆਂ ਨੂੰ ਬੱਸ ਰਾਹੀਂ ਲਿਆਉਣ ਗਿਆ ਸੀ ਜਿਸ ਦੀ ਕੋਰੋਨਾ ਕਾਰਨ ਮੌਤ ਹੋ ਗਈ, ਲੇਕਿਨ ਰਾਜ ਸਰਕਾਰ ਨੇ ਐਲਾਨ ਦੇ ਬਾਵਜੂਦ ਉਸ ਦੀ ਕੋਈ ਮਦਦ ਨਹੀਂ ਕੀਤੀ | 'ਆਪ' ਵਿਧਾਇਕ ਕੰਵਰ ਸੰਧੂ ਵਲੋਂ ਸਦਨ ਦੀ ਮਾਣ ਮਰਿਆਦਾ ਦੇ ਮੁੱਦੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਤੇ ਹਰਪਾਲ ਸਿੰਘ ਚੀਮਾ ਨੇ 'ਆਪ' ਤੋਂ ਬਾਗ਼ੀ ਹੋਏ ਵਿਧਾਇਕਾਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਸਪੀਕਰ ਵਲੋਂ ਉਨ੍ਹਾਂ 'ਤੇ ਕਾਰਵਾਈ ਨਾ ਕਰਨਾ ਸੰਵਿਧਾਨ ਦੀ ਉਲੰਘਣਾ ਹੈ, ਲੇਕਿਨ ਸਪੀਕਰ ਵਲੋਂ ਸਪਸ਼ਟ ਕੀਤਾ ਗਿਆ ਕਿ ਉਹ ਆਪਣੀ ਤਸੱਲੀ ਹੋਣ ਤੱਕ ਕਾਰਵਾਈ ਨਹੀਂ ਕਰ ਸਕਦੇ ਤੇ ਉਹ ਨਿਯਮਾਂ ਅਤੇ ਕਾਨੂੰਨ ਅਨੁਸਾਰ ਹੀ ਕੰਮ ਕਰਨਗੇ | ਸਦਨ ਵਿਚ 'ਆਪ' ਦੇ ਕੁਲਤਾਰ ਸਿੰਘ ਸੰਧਵਾਂ ਨੇ ਫ਼ਰੀਦਕੋਟ ਮੈਡੀਕਲ ਕਾਲਜ 'ਚ ਸਟਾਫ਼ ਦੀ ਕਮੀ ਕਾਰਨ ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਮੁੱਦਾ ਉਠਾਇਆ, ਲੇਕਿਨ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਦੱਸਿਆ ਕਿ ਉਨ੍ਹਾਂ ਇਸ ਮਸਲੇ ਦੀ ਜਾਂਚ ਤੇ ਹੱਲ ਕੱਢਣ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਦੇਸ਼ ਦਿੱਤੇ ਹਨ |
ਨਵੇਂ ਸਮਝੌਤਿਆਂ ਦੌਰਾਨ ਪੰਜਾਬ ਦੀਆਂ ਐਨ.ਜੀ.ਓਜ਼. ਨੂੰ ਟੋਲ ਟੈਕਸ ਤੋਂ ਛੋਟ ਦੇਵੇਗੀ ਸਰਕਾਰ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 2 ਮਾਰਚ -ਅੱਜ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਸੰਪਰਕ (ਿਲੰਕ) ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਅਗਲੇ ਇਕ ਸਾਲ ਦੇ ਅੰਦਰ ਸੂਬੇ 'ਚ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਇਹ ਕਾਰਜ ਮੁਕੰਮਲ ਕਰ ਲਏ ਜਾਣਗੇ | ਬਜਟ ਇਜਲਾਸ ਦੇ ਦੂਜੇ ਦਿਨ ਵਿਧਾਨ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਕੁੱਲ 64878 ਕਿੱਲੋਮੀਟਰ ਸੰਪਰਕ ਸੜਕਾਂ 'ਚੋਂ 34977 ਕਿੱਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਅਪ੍ਰੈਲ ਦੇ ਅਖੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਤੇ ਇਸ ਕਾਰਜ ਲਈ 4112 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ 6162 ਕਿੱਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਵਿੱਤੀ ਵਰ੍ਹੇ 'ਚ ਪੂਰਾ ਕਰ ਦਿੱਤਾ ਜਾਵੇਗਾ | ਇਸ ਦੇ ਨਾਲ ਹੀ 82 ਕਰੋੜ ਰੁਪਏ ਦੀ ਲਾਗਤ ਨਾਲ 17600 ਕਿੱਲੋਮੀਟਰ ਸੰਪਰਕ ਸੜਕਾਂ 'ਚ ਪਏ ਟੋਇਆਂ ਦੀ ਮੁਰੰਮਤ ਲਈ ਪ੍ਰਵਾਨਗੀ ਦਿੱਤੀ ਗਈ ਹੈ | ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਵਲੋਂ ਬਠਿੰਡਾ ਦੇ ਪਿੰਡ ਤਿਉਣਾ ਤੋਂ ਪਿੰਡ ਬਾਹੋ ਸਿਵਾਨੀ ਸੰਪਰਕ ਸੜਕ 'ਤੇ ਮੁਰੰਮਤ ਕੀਤੇ ਜਾਣ ਦੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਮਾਰਚ, 2014 ਤੋਂ ਪਹਿਲਾਂ ਮੁਰੰਮਤ ਕੀਤੀਆਂ ਸੜਕਾਂ 'ਤੇ ਹੀ 'ਰੀਕਾਰਪੈਟਿੰਗ' ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 3.50 ਕਿੱਲੋਮੀਟਰ ਦੇ ਵਿਸ਼ੇਸ਼ ਹਿੱਸੇ ਦੀ ਮੁਰੰਮਤ ਜੂਨ, 2016 'ਚ ਕੀਤੀ ਗਈ ਸੀ ਤੇ 2014 ਤੋਂ ਪਹਿਲਾਂ ਦੀਆਂ ਸੜਕਾਂ ਦੀ ਮੁਰੰਮਤ ਮੁਕੰਮਲ ਕਰਨ ਉਪਰੰਤ ਪ੍ਰੋਗਰਾਮ ਦੇ ਅਗਲੇ ਪੜਾਅ 'ਚ ਇਸ ਹਿੱਸੇ ਦੀ 'ਰੀਕਾਰਪੈਟਿੰਗ' ਕੀਤੀ ਜਾਵੇਗੀ | 'ਆਪ' ਵਿਧਾਇਕ ਕੁਲਵੰਤ ਪੰਡੋਰੀ ਨੇ ਐਨ.ਜੀ.ਓ. ਨੂੰ ਟੋਲ ਟੈਕਸ ਤੋਂ ਛੋਟ ਦੇਣ ਸਬੰਧੀ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਅੰਦਰ ਕੁਦਰਤੀ ਆਫ਼ਤਾਂ ਜਾਂ ਅਣਸੁਖਾਵੀਆਂ ਘਟਨਾਵਾਂ ਵਾਪਰਨ ਸਮੇਂ ਜੋ ਐਨ.ਜੀ.ਓ. ਲੋਕਾਂ ਦੀ ਮਦਦ ਕਰਦੀਆਂ ਹਨ, ਉਨ੍ਹਾਂ ਦੇ ਵਾਹਨਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ 'ਤੇ ਕੀ ਸਰਕਾਰ ਵਿਚਾਰ ਕਰੇਗੀ | ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ 'ਤੇ ਕਿਹਾ ਕਿ ਫ਼ਿਲਹਾਲ 2004 ਤੇ ਸਾਲ 2013 ਦੇ ਪੁਰਾਣੇ ਸਮਝੌਤੇ ਚੱਲ ਰਹੇ ਹਨ, ਜਿਨ੍ਹਾਂ ਤਹਿਤ ਅਜਿਹਾ ਨਹੀਂ ਕੀਤਾ ਜਾ ਸਕਦਾ, ਪਰ ਨਵੇਂ ਸਮਝੌਤਿਆਂ ਦੌਰਾਨ ਅਜਿਹਾ ਜ਼ਰੂਰ ਕੀਤਾ ਜਾਵੇਗਾ | ਬਲਾਕ ਗੜ੍ਹਸ਼ੰਕਰ ਤੇ ਮਾਹਿਲਪੁਰ ਵਿਖੇ ਪੰਚਾਇਤ ਸਕੱਤਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਲੈ ਕੇ 'ਆਪ' ਵਿਧਾਇਕ ਜੈ ਕਿਸ਼ਨ ਰੋੜੀ ਵਲੋਂ ਕੀਤੇ ਸਵਾਲ ਦੇ ਜਵਾਬ 'ਚ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਗੜ੍ਹਸ਼ੰਕਰ ਵਿਖੇ ਪੰਚਾਇਤ ਸਕੱਤਰਾਂ ਦੀਆਂ 28 ਅਸਾਮੀਆਂ ਪ੍ਰਵਾਨਿਤ ਹਨ, ਜਿਨ੍ਹਾਂ 'ਚੋਂ 5 ਪੰਚਾਇਤ ਸਕੱਤਰ ਤਾਇਨਾਤ ਹਨ ਤੇ ਪੰਚਾਇਤ ਸਮਿਤੀ ਮਾਹਿਲਪੁਰ ਵਿਖੇ ਪੰਚਾਇਤ ਸਕੱਤਰਾਂ ਦੀਆਂ 28 ਅਸਾਮੀਆਂ ਪ੍ਰਵਾਨਿਤ ਹਨ, ਜਿਨ੍ਹਾਂ 'ਚੋਂ 6 ਪੰਚਾਇਤ ਸਕੱਤਰ ਤਾਇਨਾਤ ਹਨ | ਉਨ੍ਹਾਂ ਕਿਹਾ ਕਿ ਸਟਾਫ਼ ਦੀ ਕਮੀ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ |
ਨਵੀਂ ਦਿੱਲੀ, 2 ਮਾਰਚ (ਜਗਤਾਰ ਸਿੰਘ)-ਦਿੱਲੀ ਕਾਂਗਰਸ ਵਲੋਂ ਭਾਜਪਾ ਹੈੱਡਕੁਆਰਟਰ ਨੇੜੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਕਾਂਗਰਸ ਦਫ਼ਤਰ ਤੋਂ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਸ਼ੁਰੂ ਕੀਤਾ ਗਿਆ, ਜਦੋਂ ਇਹ ਰੋਸ ਮਾਰਚ ਡੀ.ਡੀ.ਯੂ. ਮਾਰਗ 'ਤੇ ਸਥਿਤ ਭਾਜਪਾ ਹੈੱਡਕੁਆਰਟਰ ਨਜ਼ਦੀਕ ਪੁੱਜਾ ਤਾਂ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕ ਦਿੱਤਾ ਗਿਆ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਕਾਂਗਰਸ ਦੇ ਉਪ ਪ੍ਰਧਾਨ ਅਭਿਸ਼ੇਕ ਦੱਤ, ਸ਼ਿਵਾਨੀ ਚੋਪੜਾ, ਜੈਕਿਸ਼ਨ, ਮੁੁਦਿਤ ਅਗਰਵਾਲ ਤੇ ਅਲੀ ਮਹਿੰਦੀ ਦੇ ਨਾਲ ਮਹਿਲਾ ਕਾਂਗਰਸ ਦੀ ਪ੍ਰਧਾਨ ਅਮਿ੍ਤਾ ਧਵਨ ਤੇ ਹੋਰ ਆਗੂ ਕਰ ਰਹੇ ਸਨ | ਕਾਂਗਰਸੀ ਆਗੂਆਂ ਨੇ ਕੇਂਦਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਰਕਾਰ ਤੁਰੰਤ ਦੇਸ਼ ਵਾਸੀਆਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦਿਵਾਵੇ | ਦਿੱਲੀ ਕਾਂਗਰਸ ਦੇ ਆਗੂ ਪ੍ਰਵੇਜ਼ ਅਨੁਸਾਰ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਕਿਸੇ ਵੀ ਆਗੂ ਨੂੰ ਹਿਰਾਸਤ 'ਚ ਨਹੀਂ ਲਿਆ | ਇਸ ਮੌਕੇ ਪਾਰਟੀ ਆਗੂਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 20-30 ਪੈਸੇ ਵੀ ਵਾਧਾ ਕੀਤਾ ਜਾਂਦਾ ਸੀ ਤਾਂ ਭਾਜਪਾ ਦੇ ਸੀਨੀਅਰ ਆਗੂ ਸੜਕਾਂ 'ਤੇ ਉਤਰ ਕੇ ਮਹਿੰਗਾਈ ਨੂੰ 'ਡਾਇਨ' ਦਸਦੇ ਹੋਏ ਪ੍ਰਦਰਸ਼ਨ ਕਰਦੇ ਸਨ | ਹੁਣ ਜਦੋਂ ਭਾਜਪਾ ਦੀ ਸਰਕਾਰ ਹੈ ਤਾਂ ਮਹਿੰਗਾਈ, ਪੈਟਰੋਲ ਤੇ ਡੀਜ਼ਲ ਸਾਰਿਆਂ ਨੇ ਰਿਕਾਰਡ ਤੋੜ ਦਿੱਤੇ ਹਨ ਪਰ ਹੁਣ ਭਾਜਪਾ ਨੂੰ ਮਹਿੰਗਾਈ 'ਡਾਇਨ' ਨਜ਼ਰ ਨਹੀਂ ਆ ਰਹੀ | ਦਿੱਲੀ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨਾਂ ਬਣਾਉਂਦੇ ਹੋਏ ਕਿਹਾ ਕਿ ਮਹਿੰਗਾਈ ਦੇ ਮੁੱਦੇ 'ਤੇ ਕੇਜਰੀਵਾਲ ਦੀ ਪਾਰਟੀ ਵੀ ਭਾਜਪਾ ਦੇ ਖ਼ਿਲਾਫ਼ ਕੋਈ ਗਤੀਵਿਧੀ ਨਹੀਂ ਕਰ ਰਹੀ, ਬਲਕਿ ਭਾਜਪਾ ਦੀ 'ਬੀ' ਟੀਮ ਵਜੋਂ ਹੀ ਕੰਮ ਕਰ ਰਹੀ ਹੈ |
• 50 ਲੱਖ ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
• ਲੋਕ ਵੈਕਸੀਨ ਬਾਰੇ ਕੋਈ ਸ਼ੰਕਾ ਨਾ ਰੱਖਣ- ਹਰਸ਼ ਵਰਧਨ
ਨਵੀਂ ਦਿੱਲੀ, 2 ਮਾਰਚ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਭਰ 'ਚ ਹੁਣ ਤੱਕ 1.54 ਕਰੋੜ ਤੋਂ ਵੱਧ ਲੋਕਾਂ ਦੇ ਕੋਰੋਨਾ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਇਕੱਲੇ ਮੰਗਲਵਾਰ ਨੂੰ ਹੀ 6,09,845 ਲੋਕਾਂ ਨੇ ਵੈਕਸੀਨ ਲਗਵਾਈ | ਸਿਹਤ ਮੰਤਰਾਲੇ ਮੁਤਾਬਿਕ ਹੁਣ ਤੱਕ ਕੁੱਲ 1,54,61,864 ਲੋਕਾਂ ਦੇ ਵੈਕਸੀਨ ਲਗਾਈ ਜਾ ਚੁੱਕੀ ਹੈ | ਕੋਰੋਨਾ ਟੀਕੇ ਦੇ ਦੂਜੇ ਗੇੜ ਲਈ ਹੁਣ ਤੱਕ ਲਗਪਗ 50 ਲੱਖ ਲੋਕ ਕੋ-ਵਿਨ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ | ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਉਨ੍ਹਾਂ ਦੀ ਪਤਨੀ ਨੇ ਮੰਗਲਵਾਰ ਨੂੰ ਸਵਦੇਸ਼ੀ ਕੋਵਿਡ-19 ਵੈਕਸੀਨ ਕੋਵੈਕਸੀਨ ਦੀ ਪਹਿਲੀ ਡੋਜ਼ ਲਗਵਾਈ | ਹਰਸ਼ ਵਰਧਨ ਨੇ ਆਪਣੀ ਪਤਨੀ ਨੂਤਨ ਗੋਇਲ ਨਾਲ ਦਿੱਲੀ ਦੇ ਇਕ ਨਿੱਜੀ ਹਸਪਤਾਲ ਹਾਰਟ ਐਂਡ ਲੰਗ ਇੰਸਟੀਚਿਊਟ 'ਚ 250-250 ਰੁਪਏ ਦੇ ਕੇ ਟੀਕਾ ਲਗਵਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਜਾਂ ਜੋ 45 ਤੋਂ 59 ਸਾਲ ਦੀ ਉਮਰ ਵਿਚਕਾਰ ਵਾਲੇ ਲੋਕ ਬਿਮਾਰੀ ਤੋਂ ਪੀੜਤ ਹਨ ਉਹ ਜ਼ਰੂਰ ਟੀਕਾ ਲਗਵਾਉਣ | ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਾ ਦੇ ਆਰ.ਆਰ. ਹਸਪਤਾਲ ਵਿਖੇ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਗਵਾਈ | ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਏਮਜ਼ ਪਟਨਾ ਵਿਖੇ ਕੋਵੈਕਸੀਨ ਦੀ ਪਹਿਲੀ ਡੋਜ਼ ਲਗਵਾਈ, ਜਿਸ ਲਈ ਉਨ੍ਹਾਂ ਨੇ 250 ਰੁਪਏ ਅਦਾ ਕੀਤੇ | ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ | ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਡਾ. ਫ਼ਾਰੂਕ ਅਬਦੁੱਲਾ ਨੇ ਪਤਨੀ ਮੋਲੀ ਅਬਦੁੱਲਾ ਸਮੇਤ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੋਵਰਾ ਵਿਖੇ ਕੋਰੋਨਾ ਰੋਕੂ ਟੀਕਾ ਲਗਾਇਆ |
ਦੂਸਰੀ ਡੋਜ਼ ਤੋਂ ਬਾਅਦ ਵਿਅਕਤੀ ਦੀ ਮੌਤ
ਠਾਣੇ, (ਪੀ.ਟੀ.ਆਈ.)-ਮਹਾਰਾਸ਼ਟਰ ਦੇ ਭਿਵੰਡੀ ਦੇ ਇਕ ਹਸਪਤਾਲ 'ਚ 45 ਸਾਲਾ ਇਕ ਵਿਅਕਤੀ ਦੀ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਗਵਾਉਣ ਤੋਂ ਕੁਝ ਸਮਾਂ ਬਾਅਦ ਮੌਤ ਹੋ ਗਈ | ਇਕ ਸਥਾਨਕ ਡਾਕਟਰ ਦੇ ਡਰਾਈਵਰ ਸੁਖਦਿਓ ਕਿਰਦਿਤ ਨੇ 11 ਵਜੇ ਟੀਕਾ ਲਗਵਾਇਆ | ਕੁਝ ਸਮੇਂ ਬਾਅਦ ਹੀ ਉਸ ਨੇ ਟੀਕਾਕਰਨ ਕੇਂਦਰ 'ਚ ਹੀ ਚੱਕਰ ਆਉਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਆਈ.ਜੀ.ਐਮ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |
ਜਨੇਵਾ, 2 ਮਾਰਚ (ਏਜੰਸੀ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਕਿਹਾ ਕਿ ਜੇਕਰ ਅਸੀ ਇਸ ਗੱਲ ਦੀ ਉਮੀਦ ਲਗਾ ਰਹੇ ਹਾਂ ਕਿ 2021 ਦੇ ਅੰਤ ਤੱਕ ਕੋਰੋਨਾ ਖ਼ਤਮ ਹੋ ਜਾਵੇਗਾ ਤਾਂ ਇਹ ਗਲਤ ਹੈ | ਡਬਲਿਊ.ਐਚ.ਓ. ਦੇ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾ: ਮਾਈਕਲ ਰਿਆਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਖਿਆਲ 'ਚ ਇਸ ਸਾਲ ਦੇ ਅੰਤ ਤੱਕ ਕੋਵਿਡ-19 ਦੇ ਖ਼ਤਮ ਹੋਣ ਦੇ ਬਾਰੇ ਸੋਚਣਾ ਗਲਤ ਤੇ ਸੱਚ ਤੋਂ ਪਰੇ ਹੋਵੇਗਾ | ਡਾ: ਰਿਆਨ ਨੇ ਕਿਹਾ ਕਿ ਮੇਰਾ ਇਹ ਵੀ ਮੰਨਣਾ ਹੈ ਕਿ ਜੇਕਰ ਅਸੀ ਸੂਝਬੂਝ ਤੋਂ ਕੰਮ ਲਈਏ ਤਾਂ ਹਸਪਤਾਲਾਂ 'ਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਤੇ ਮਹਾਂਮਾਰੀ ਨਾਲ ਸਬੰਧਿਤ ਮੌਤਾਂ ਸਮੇਤ ਹੋਰਨਾਂ ਤ੍ਰਾਸਦੀਆਂ ਨੂੰ ਘੱਟ ਕਰ ਸਕਦੇ ਹਾਂ | ਉਨ੍ਹਾਂ ਉਮੀਦ ਜਤਾਈ ਕਿ ਕੋਰੋਨਾ ਟੀਕਾਕਾਰਨ ਨਾਲ ਕੋਰੋਨਾ ਦੇ ਪ੍ਰਸਾਰ 'ਤੇ ਜ਼ਰੂਰ ਲਗਾਮ ਲੱਗੇਗੀ | ਹਾਲਾਂਕਿ, ਨਾਲ ਹੀ ਉਨ੍ਹਾਂ ਕਿਹਾ ਕਿ ਇਕ ਵਿਕਸਿਤ ਮਹਾਂਮਾਰੀ 'ਚ ਕਿਸੇ ਵੀ ਚੀਜ ਦੀ ਗਾਰੰਟੀ ਨਹੀਂ ਹੁੰਦੀ ਹੈ |
• ਸੰਯੁਕਤ ਕਿਸਾਨ ਮੋਰਚੇ ਵਲੋਂ ਭਾਜਪਾ ਨੂੰ ਹਰਾਉਣ ਦੀ ਅਪੀਲ, 12 ਨੂੰ ਕੋਲਕਾਤਾ 'ਚ ਰੈਲੀ
• 6 ਨੂੰ 5 ਘੰਟੇ ਲਈ ਜਾਮ ਹੋਵੇਗਾ ਕੇ.ਐਮ.ਪੀ. • 8 ਨੂੰ ਮੋਰਚੇ ਦੀ ਅਗਵਾਈ ਕਰਨਗੀਆਂ ਔਰਤਾਂ
ਨਵੀਂ ਦਿੱਲੀ, 2 ਮਾਰਚ (ਏਜੰਸੀ)-ਕੇਂਦਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਜਾਰੀ ਸੰਘਰਸ਼ ਦੇ 97ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਵਲੋਂ ਸਿੰਘੂ ਬਾਰਡਰ ਵਿਖੇ ਕੀਤੀ ਮੀਟਿੰਗ ਦੌਰਾਨ ਆਉਣ ਵਾਲੇ ਦਿਨਾਂ ਲਈ ਕੁਝ ਅਹਿਮ ਫ਼ੈਸਲੇ ਲਏ ਗਏ ਹਨ | ਇਸ ਦੌਰਾਨ ਕਿਸਾਨ ਮੋਰਚੇ ਵਲੋਂ ਚੋਣਾਂ ਵਾਲੇ ਸੂਬਿਆਂ ਦੇ ਲੋਕਾਂ ਨੂੰ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਵਿਰੋਧ ਪ੍ਰਗਟਾਉਣ ਲਈ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ ਹੈ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨਾਂ ਦੇ ਨੁਮਾਇੰਦੇ ਚੋਣਾਂ ਵਾਲੇ ਸੂਬਿਆਂ ਦਾ ਦੌਰਾ ਕਰਨਗੇ ਤੇ ਉਥੇ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ ਪਰ ਕਿਸੇ ਵੀ ਪਾਰਟੀ ਲਈ ਵੋਟਾਂ ਨਹੀਂ ਮੰਗਣਗੇ | ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਭਾਰਤ 'ਚ ਇਕ 'ਐਮ.ਐਸ.ਪੀ. ਦਿਵਾਓ ਮੁਹਿੰਮ' ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਤਹਿਤ ਵੱਖ-ਵੱਖ ਬਾਜ਼ਾਰਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਦੀ ਖੋਜ ਦੀ ਹਕੀਕਤ ਨੂੰ ਪ੍ਰਦਰਸ਼ਿਤ ਕਰਕੇ ਮੋਦੀ ਸਰਕਾਰ ਨੂੰ ਉਸ ਦੇ ਐਮ.ਐਸ.ਪੀ. ਦੇ ਵਾਅਦਿਆਂ ਦੀ ਅਸਲੀਅਤ ਯਾਦ ਕਰਵਾਈ ਜਾਵੇਗੀ | ਇਸ ਦੌਰਾਨ ਕਿਸਾਨ ਨੇਤਾਵਾਂ ਵਲੋਂ ਦੱਸਿਆ ਜਾਵੇਗਾ ਕਿ ਵੱਖ-ਵੱਖ ਫ਼ਸਲਾਂ 'ਤੇ ਕਿਸਾਨਾਂ ਨੂੰ ਐਮ.ਐਸ.ਪੀ. ਨਾਲੋਂ 1000 ਰੁਪਏ ਘੱਟ ਮਿਲ ਰਹੇ ਹਨ | ਇਸ ਮੁਹਿੰਮ ਦੀ ਸ਼ੁਰੂਆਤ ਦੱਖਣੀ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਸੂਬਿਆਂ ਤੋਂ ਕੀਤੀ ਜਾ ਰਹੀ ਹੈ | ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਯੋਗੇਂਦਰ ਯਾਦਵ ਨੇ ਦੱਸਿਆ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ 6 ਮਾਰਚ ਨੂੰ 100 ਦਿਨ ਹੋ ਜਾਣਗੇ, ਉਸ ਦਿਨ ਕੇ.ਐਮ.ਪੀ. (ਵੈਸਟਰਨ ਪੇਰੀਫੇਰਲ) ਐਕਸਪ੍ਰੈਸ ਵੇਅ 'ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ 5 ਘੰਟੇ ਲਈ ਨਾਕਾਬੰਦੀ ਕੀਤੀ ਜਾਵੇਗੀ ਤੇ ਇਥੋਂ ਦੇ ਟੋਲ ਪਲਾਜ਼ੇ ਵੀ ਟੋਲ ਫੀਸਾਂ ਇਕੱਤਰ ਕਰਨ ਤੋਂ ਮੁਕਤ ਕਰਵਾਏ ਜਾਣਗੇ | ਸੰਯੁਕਤ ਕਿਸਾਨ ਮੋਰਚੇ ਵਲੋਂ ਉਸ ਦਿਨ ਭਾਰਤ ਦੇ ਬਾਕੀ ਹਿੱਸਿਆਂ 'ਚ ਅੰਦੋਲਨ ਦੇ ਸਮਰਥਨ ਤੇ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਤੇ ਦਫ਼ਤਰਾਂ 'ਤੇ ਕਾਲੇ ਝੰਡੇ ਝੁਲਾਉਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਕਾਲੀਆਂ ਪੱਟੀਆਂ ਬੰਨ੍ਹਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ | ਕਿਸਾਨ ਮੋਰਚੇ ਵਲੋਂ 8 ਮਾਰਚ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਦੇਸ਼ ਭਰ 'ਚ ਪ੍ਰਦਰਸ਼ਨ ਸਥਾਨਾਂ 'ਤੇ ਔਰਤਾਂ ਦੀ ਵਧੇਰੇ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਦੌਰਾਨ ਔਰਤਾਂ ਹੀ ਸਮੁੱਚੇ ਪ੍ਰੋਗਰਾਮਾਂ ਦਾ ਪ੍ਰਬੰਧਨ ਕਰਨਗੀਆਂ ਤੇ ਬੁਲਾਰਾ ਵੀ ਹੋਣਗੀਆਂ | ਮੋਰਚੇ ਵਲੋਂ ਔਰਤ ਸੰਗਠਨਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵੱਡੀ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਅੰਦੋਲਨ ਦੇ ਸਮਰਥਨ 'ਚ ਮਹਿਲਾ ਕਿਸਾਨਾਂ ਦੇ ਯੋਗਦਾਨ ਨੂੰ ਦੇਸ਼ ਵਿਚ ਉਜਾਗਰ ਕੀਤਾ ਜਾ ਸਕੇ | ਸੰਯੁਕਤ ਕਿਸਾਨ ਮੋਰਚੇ ਵਲੋਂ 12 ਮਾਰਚ ਨੂੰ ਕੋਲਕਾਤਾ 'ਚ ਇਕ ਰੈਲੀ ਕੀਤੀ ਜਾਵੇਗੀ ਅਤੇ 15 ਮਾਰਚ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਦਾ ਸਮਰਥਨ ਕੀਤਾ ਜਾਵੇਗਾ, ਜੋ ਉਸ ਦਿਨ ਕਾਰਪੋਰੇਟਾਂ ਦੇ ਵਿਰੋਧ 'ਚ 'ਨਿੱਜੀਕਰਨ ਵਿਰੋਧੀ ਦਿਵਸ' ਵਜੋਂ ਮਨਾ ਰਹੇ ਹਨ |
ਸ਼ਿਵ ਸ਼ਰਮਾ
ਜਲੰਧਰ, 2 ਮਾਰਚ -ਦੇਸ਼ ਭਰ 'ਚ ਪੈਟਰੋਲ, ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਹੁਣ ਆਰਥਿਕ ਮਾਹਿਰ ਵੀ ਇਸ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਉਣ ਦੀ ਸਲਾਹ ਦੇ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਨਾ ਸਿਰਫ਼ ਮਹਿੰਗੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਮਿਲ ਸਕੇਗੀ ਸਗੋਂ ਮਹਿੰਗਾਈ ਤੋਂ ਵੀ ਰਾਹਤ ਮਿਲੇਗੀ | ਪਰ ਪੈਟਰੋਲ ਤੇ ਡੀਜ਼ਲ ਦਾ ਜੀ.ਐਸ.ਟੀ. 'ਚ ਆਉਣਾ ਏਨਾ ਸੌਖਾ ਨਹੀਂ, ਕਿਉਂਕਿ ਇਸ ਤੋਂ ਕੇਂਦਰ ਸਮੇਤ ਰਾਜ ਸਰਕਾਰਾਂ ਨੂੰ ਵੱਡੀ ਆਮਦਨ ਹੁੰਦੀ ਹੈ | ਜਾਣਕਾਰੀ ਮੁਤਾਬਿਕ ਜੀ.ਐਸ.ਟੀ. ਦੀ ਜੇਕਰ ਜ਼ਿਆਦਾ ਤੋਂ ਜ਼ਿਆਦਾ ਦਰ 28 ਫ਼ੀਸਦੀ ਪੈਟਰੋਲ ਅਤੇ ਡੀਜ਼ਲ 'ਤੇ ਲਾਗੂ ਕੀਤੀ ਜਾਵੇ ਤਾਂ ਇਹ 43 ਤੋਂ 45 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ | ਇਸ ਵੇਲੇ ਪੈਟਰੋਲ ਅਤੇ ਡੀਜ਼ਲ ਉੱਪਰ ਐਕਸਾਈਜ਼ 32 ਤੋਂ 33 ਰੁਪਏ ਪ੍ਰਤੀ ਲੀਟਰ ਕੇਂਦਰ ਵਸੂਲ ਕਰ ਰਿਹਾ ਹੈ | ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਪ੍ਰਤੀ ਲੀਟਰ 14 ਰੁਪਏ ਤੋਂ ਲੈ ਕੇ 16 ਰੁਪਏ ਤੱਕ ਆਮਦਨ ਹੋ ਰਹੀ ਹੈ | ਚਾਹੇ ਕੇਂਦਰ ਨੇ ਇਸ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਉਣ ਲਈ ਰਾਜਾਂ 'ਤੇ ਹੀ ਫ਼ੈਸਲਾ ਛੱਡਿਆ ਹੈ ਪਰ ਇਸ ਬਾਰੇ ਅਜੇ ਲੰਬੀ ਚਰਚਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |
• ਮੋਦੀ 20, ਅਮਿਤ ਸ਼ਾਹ ਤੇ ਨੱਢਾ ਕਰਨਗੇ 50-50 ਰੈਲੀਆਂ ਨੂੰ ਸੰਬੋਧਨ
• 294 ਸੀਟਾਂ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 295 ਕੰਪਨੀਆਂ ਤਾਇਨਾਤ
ਰਣਜੀਤ ਸਿੰਘ ਲੁਧਿਅਣਵੀ
ਕੋਲਕਾਤਾ, 2 ਮਾਰਚ-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਪੂਰਾ ਜ਼ੋਰ ...
ਫ਼ਰੀਦਕੋਟ, 2 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸੈਸ਼ਨ ਜੱਜ ਸੁਮੀਤ ਮਲਹੋਤਰਾ ਫ਼ਰੀਦਕੋਟ ਦੀ ਅਦਾਲਤ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਅਗਾਉਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ...
ਕਿਸਾਨਾਂ ਦੇ ਸਮਰਥਨ 'ਚ ਗੱਲ ਕਰਨ ਲਈ ਕਿਹਾ
ਮੁੰਬਈ, 2 ਮਾਰਚ (ਏਜੰਸੀ)-ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੂੰ ਉਸ ਸਮੇਂ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਸਵੇਰੇ 10:30 ਵਜੇ ਸ਼ੂਟਿੰਗ ਦੇ ਸਿਲਸਿਲੇ 'ਚ ਮੁੰਬਈ ਦੇ ਗੋਰੇਗਾਓਾ ਸਥਿਤ ਫਿਲਮ ਸਿਟੀ ਜਾ ਰਹੇ ਸਨ | ...
ਨਵੀਂ ਦਿੱਲੀ, 2 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਵਲੋਂ ਗਾਜ਼ੀਪੁਰ ਸਰਹੱਦ ਵਿਖੇ ਕੌਮੀ ਹਾਈਵੇ-9 ਦਾ ਇਕ ਪਾਸਾ ਸਵੇਰ ਸਮੇਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ, ਜਿਸ ਨੂੰ ਦੁਪਹਿਰ ਬਾਅਦ ਫਿਰ ਬੰਦ ਕਰ ਦਿੱਤਾ ਗਿਆ | ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ 'ਚ ...
ਤੇਜ਼ਪੁਰ/ਬਿਸਵਨਾਥ, 2 ਮਾਰਚ (ਏਜੰਸੀ)-ਸੀਨੀਅਰ ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੇਕਰ ਆਸਾਮ 'ਚ ਸੱਤਾ 'ਚ ਆਉਂਦੀ ਹੈ ਤਾਂ ਸੂਬੇ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਖ਼ਤਮ ਕਰਨ ਲਈ ਨਵਾਂ ਕਾਨੂੰਨ ਲਿਆਏਗੀ | ਆਲ ਇੰਡੀਆ ...
ਨਵੀਂ ਦਿੱਲੀ, 2 ਮਾਰਚ (ਏਜੰਸੀ)- ਮੌਸਮ ਵਿਭਾਗ ਵਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਵਾਰ ਉੱਤਰੀ ਭਾਰਤ ਤੇ ਦਿੱਲੀ-ਐਨ.ਸੀ.ਆਰ. 'ਚ ਪਈ ਕੜਾਕੇ ਦੀ ਠੰਢ ਬਾਅਦ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਮਾਰਚ ਤੋਂ ਮਈ ਤੱਕ ਲੂ ਵੱਗਣ ...
ਜਗਰਾਉਂ/ਚੌਂਕੀਮਾਨ, 2 ਮਾਰਚ (ਜੋਗਿੰਦਰ ਸਿੰਘ, ਤੇਜਿੰਦਰ ਸਿੰਘ ਚੱਢਾ)-ਬੀਤੀ ਰਾਤ ਅਣਪਛਾਤਿਆਂ ਵਲੋਂ ਇਕ ਟਰੱਕ ਡਰਾਈਵਰ ਦਾ ਕਤਲ ਕਰ ਕੇ ਉਸ ਕੋਲੋਂ 9 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋਣ ਦੀ ਘਟਨਾ ਵਾਪਰੀ ਹੈ | ਜਾਣਕਾਰੀ ਅਨੁਸਾਰ ਜਗਰਾਉਂ ਤੋਂ ਲੁਧਿਆਣਾ ਮੁੱਖ ...
ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ 'ਚ ਅੱਜ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਾਰੇ ਮੈਬਰਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਜਿਥੇ ਮੈਬਰਾਂ ਨੂੰ ਬੈਂਚਾਂ 'ਤੇ ਇਕੱਠੇ ਬੈਠਣ ਤੋਂ ਮਨ੍ਹਾ ਕੀਤਾ, ਉਥੇ ਹੀ ...
ਲਖਨਊ, 2 ਮਾਰਚ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ 2018 ਦੇ ਛੇੜਛਾੜ ਦੇ ਇਕ ਮਾਮਲੇ 'ਚ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਚਲ ਰਹੇ ਮੁਲਜ਼ਮ ਨੇ ਪੀੜਤ ਲੜਕੀ ਦੇ 50 ਸਾਲਾ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਹਾਥਰਸ ਦੇ ਐਸ.ਪੀ. ਵਿਨੀਤ ਜੈਸਵਾਲ ਨੇ ...
ਲੰਡਨ, 2 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਸਰਕਾਰ ਬੀਤੇ ਕੁੱਝ ਸਮੇਂ ਤੋਂ ਖਾੜਕੂਆਂ ਨੂੰ ਯੂ. ਕੇ. ਤੋਂ ਵਾਪਸ ਲਿਆਉਣ ਲਈ ਯਤਨ ਕਰ ਰਹੀ ਹੈ | ਹੁਣ ਭਾਈ ਕੁਲਦੀਪ ਸਿੰਘ ਉਰਫ਼ ਕੀਪਾ ਸਿੱਧੂ ਦੀ ਯੂ. ਕੇ. ਸਰਕਾਰ ਤੋਂ ਹਵਾਲਗੀ ਮੰਗੀ ਹੈੈ | ਜਿਸ 'ਤੇ ਭਾਰਤ ਵਿਚ ...
ਨਵੀਂ ਦਿੱਲੀ, 2 ਮਾਰਚ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗਿ੍ਫ਼ਤਾਰ ਕੀਤੇ ਗਏ 22 ਹੋਰ ਲੋਕ ਤਿਹਾੜ ਜੇਲ੍ਹ 'ਚੋਂ ਰਿਹਾਅ ਹੋ ...
ਬੈਂਗਲੁਰੂ, 2 ਮਾਰਚ (ਪੀ.ਟੀ.ਆਈ.)-ਕਰਨਾਟਕ ਦੇ ਖੇਤੀਬਾੜੀ ਮੰਤਰੀ ਬੀ.ਸੀ. ਪਾਟਿਲ ਵਲੋਂ ਕਿਸੇ ਹਸਪਤਾਲ ਦੀ ਬਜਾਏ ਆਪਣੇ ਘਰ 'ਚ ਹੀ ਕੋਰੋਨਾ ਰੋਕੂ ਟੀਕਾ ਲਗਵਾ ਲਿਆ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ | ਸੂਬੇ ਦੇ ਸਿਹਤ ਮੰਤਰੀ ਕੇ. ਸੁਧਾਕਰ ਤੇ ਹੋਰਾਂ ਨੇ ਪਾਟਿਲ ਦੇ ਇਸ ...
ਨਵੀਂ ਦਿੱਲੀ, 2 ਮਾਰਚ (ਏਜੰਸੀ)-ਕੇਂਦਰ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ 'ਤੇ ਕੋਰੋਨਾ ਵੈਕਸੀਨ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤਿੰਨ ਸ਼੍ਰੇਣੀਆਂ ਅਧੀਨ ਨਿੱਜੀ ਮੈਡੀਕਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX