ਤਾਜਾ ਖ਼ਬਰਾਂ


ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)- ਪਿਛਲੀ ਅਕਾਲੀ ਸਰਕਾਰ ਸਮੇਂ ਹੋਂਦ 'ਚ ਆਏ ਬਿਜਲੀ ਮਾਫ਼ੀਆ, ਰੇਤ ਮਾਫ਼ੀਆ, ਲੈਂਡ ਮਾਫ਼ੀਆਂ, ਕੇਬਲ ਮਾਫ਼ੀਆ ਤੇ ਗੁੰਡਾ ਟੈਕਸ ...
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਨਵੀਂ ਦਿੱਲੀ, 21 ਨਵੰਬਰ- ਟੈਰਰ ਫੰਡਿੰਗ ਮਾਮਲੇ 'ਚ ਈ.ਡੀ. ਨੇ ਕਸ਼ਮੀਰ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀਆਂ ਦੀ ਜਾਇਦਾਦ ਨੂੰ ਜ਼ਬਤ ਕਰ...
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਸਮਾਣਾ(ਪਟਿਆਲਾ) 21 ਨਵੰਬਰ (ਸਾਹਿਬ ਸਿੰਘ)- ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦਾ ਫ਼ੋਨ ਸੀ.ਆਈ.ਏ. ਸਮਾਣਾ ਦੇ ਸਾਬਕਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਵਲੋਂ ਕਥਿਤ ਟੈਪ ਕਰਨ ਦਾ ਮਾਮਲਾ ਗਰਮਾ...
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਸੁਲਤਾਨਵਿੰਡ, 21 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ-ਜਲੰਧਰ ਜੀ.ਟੀ ਰੋਤ ਸਥਿਤ ਟੀ ਪੁਆਇੰਟ ਨਿਊ ਅੰਮ੍ਰਿਤਸਰ ਵਿਖੇ ਆਈ ਟਵੰਟੀ ਕਾਰ 'ਚ ਅਣਪਛਾਤੇ ਸਵਾਰ ਵਿਅਕਤੀਆਂ ਵੱਲੋਂ ਦੂਜੇ ਕਾਰ ਸਵਾਰ ਵਿਅਕਤੀ ...
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਅੱਜ ਸ਼ੁਰੂ ਹੋਈਆਂ ਪੰਜਾਬ ਸਕੂਲੀ ਖੇਡਾਂ 'ਚ ਡਿਊਟੀ 'ਚ ਕੁਤਾਹੀ ਕਾਰਣ ਜੋਗਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੋਦਾ (ਸ੍ਰੀ ਮੁਕਤਸਰ ਸਾਹਿਬ) ਨੂੰ ਤਤਕਾਲ...
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵੱਖ-ਵੱਖ ਪੱਕੇ ਮੋਰਚੇ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਇੱਕਜੁੱਟ ਹੋ ਕੇ 24 ਨਵੰਬਰ ਨੂੰ....
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ 1 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਣ ਪੁੱਜੇ। ਉਹ...
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਜਮੀਅਤ ਉਲਮਾ-ਏ-ਹਿੰਦ ਨੇ ਇੱਕ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜਮੀਅਤ ਉਲਮਾ-ਏ-ਹਿੰਦ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਕਿ ਉਹ ਬਾਬਰੀ ਮਸਜਿਦ...
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਸਰਾਏ ਅਮਾਨਤ ਖਾਂ, 21 ਨਵੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਗੰਡੀ ਵਿੰਡ ਦੇ ਵਸਨੀਕ 23 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ ਪਹੁੰਚ ਗਈ ਹੈ ਅਤੇ ਹੁਣ ਉਸ...
ਹੋਰ ਖ਼ਬਰਾਂ..

ਖੇਡ ਜਗਤ

ਕਿਸ਼ਤੀ ਚਾਲਣ 'ਚ ਪੰਜਾਬੀ ਬਣ ਸਕਦੇ ਹਨ ਦੇਸ਼ ਦਾ ਧੁਰਾ

ਪੰਜਾਂ ਪਾਣੀਆਂ ਦੀ ਧਰਤੀ ਦੇ ਜਾਏ ਤਾਕਤ ਮੰਗਦੀਆਂ ਖੇਡਾਂ 'ਚ ਹਮੇਸ਼ਾ ਹੀ ਦੇਸ਼ ਲਈ ਨਾਮਣਾ ਖੱਟਦੇ ਆਏ ਹਨ ਅਤੇ ਖੱਟ ਰਹੇ ਹਨ। ਕੁਝ ਖੇਡਾਂ ਅਜਿਹੀਆਂ ਵੀ ਹਨ, ਜਿਨ੍ਹਾਂ ਲਈ ਪੰਜਾਬੀਆਂ ਵਰਗੇ ਲੰਬੇ-ਉੱਚੇ ਤੇ ਸਡੌਲ ਜੁੱਸੇ ਚਾਹੀਦੇ ਹਨ ਪਰ ਪੰਜਾਬੀ ਇਸ ਤਰ੍ਹਾਂ ਦੀਆਂ ਖੇਡਾਂ ਵੱਲ ਅਜੇ ਬਹੁਤ ਧਿਆਨ ਨਹੀਂ ਦੇ ਰਹੇ। ਕਿਸ਼ਤੀ ਚਾਲਣ ਵੀ ਅਜਿਹੀ ਖੇਡ ਹੈ, ਜਿਸ ਵਿਚ ਕੁਝ ਪੰਜਾਬੀ ਖਿਡਾਰੀ ਭਾਵੇਂ ਉਲੰਪਿਕ ਤੱਕ ਪੁੱਜ ਚੁੱਕੇ ਹਨ, ਅਜੇ ਉਹ ਇਸ ਖੇਡ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲੈ ਰਹੇ। ਕਿਸ਼ਤੀ ਚਾਲਣ ਅਜਿਹੀ ਖੇਡ ਹੈ, ਜਿਸ 'ਚ ਪੰਜਾਬੀ ਆਪਣੇ ਮਜ਼ਬੂਤ ਜੁੱਸੇ, ਲਗਨ ਤੇ ਮਿਹਨਤ ਬਲਬੂਤੇ ਦੇਸ਼ ਦੀਆਂ ਪ੍ਰਾਪਤੀਆਂ ਦਾ ਧੁਰਾ ਬਣ ਸਕਦੇ ਹਨ। ਹਾਲ ਹੀ ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ 21 ਮੈਂਬਰੀ ਭਾਰਤੀ ਟੀਮ 'ਚ 11 ਖਿਡਾਰੀ ਪੰਜਾਬ ਦੇ ਸਨ ਅਤੇ ਤਕਰੀਬਨ ਸਾਰੇ ਹੀ ਦੇਸ਼ ਲਈ ਤਗਮੇ ਜਿੱਤ ਕੇ ਆਏ। ਖਾਸ ਗੱਲ ਇਹ ਹੈ ਕਿ ਇਹ ਸਾਰੇ ਖਿਡਾਰੀ ਭਾਰਤੀ ਸੈਨਾ ਦੇ ਜਵਾਨ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ਼ਤੀ ਚਾਲਣ ਦੀਆਂ ਵੱਖ-ਵੱਖ ਵੰਨਗੀਆਂ 'ਚ ਹਿੱਸਾ ਲੈਣ ਲਈ ਪੰਜਾਬੀ ਖਿਡਾਰੀਆਂ ਨੂੰ ਜੇਕਰ ਪੂਰੀਆਂ ਸਹੂਲਤਾਂ ਤੇ ਸਿਖਲਾਈ ਮਿਲੇ ਤਾਂ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਹਨ। ਕਿਸ਼ਤੀ ਚਾਲਣ ਦੀਆਂ ਮੁੱਖ ਤੌਰ 'ਤੇ ਰੋਇੰਗ, ਯਾਟਿੰਗ, ਡਰੈਗਨ, ਰਾਫਟਿੰਗ, ਕਾਈਕਿੰਗ ਤੇ ਕਨੋਇੰਗ ਵੰਨਗੀਆਂ ਉਲੰਪਿਕ ਲਹਿਰ ਦੀਆਂ ਖੇਡਾਂ 'ਚ ਸ਼ਾਮਲ ਹਨ। ਪੰਜਾਬ ਕੋਲ ਇਨ੍ਹਾਂ ਖੇਡਾਂ 'ਚ ਅੱਗੇ ਵਧਣ ਲਈ ਲੋੜੀਂਦੇ ਪਾਣੀ ਦੇ ਸੋਮੇ ਵੀ ਹਨ, ਜਿਨ੍ਹਾਂ 'ਚ ਨਵਾਂ ਸਥਾਪਤ ਕੀਤਾ ਰੋਇੰਗ ਕੇਂਦਰ ਪਠਾਨਕੋਟ, ਪੌਂਗ ਡੈਮ ਦੀ ਝੀਲ, ਰੋਪੜ ਥਰਮਲ ਪਲਾਂਟ ਦੀ ਝੀਲ, ਬਠਿੰਡਾ ਥਰਮਲ ਪਲਾਂਟ ਦੀ ਝੀਲ ਅਤੇ ਸੁਖਨਾ ਝੀਲ ਚੰਡੀਗੜ੍ਹ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ।
ਸ: ਜੱਲ੍ਹਾ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੇ ਆਪਣੀ 'ਵਰਸਿਟੀ ਦੀਆਂ ਟੀਮਾਂ ਤਿਆਰ ਕੀਤੀਆਂ ਅਤੇ ਸ਼ਾਨਦਾਰ ਨਤੀਜਿਆਂ ਦੀ ਸ਼ੁਰੂਆਤ ਕੀਤੀ, ਜਿਸ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਤੇ ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣੀਆਂ ਤਾਕਤਵਰ ਟੀਮਾਂ ਬਣਾ ਲਈਆਂ ਹਨ ਅਤੇ ਕੌਮੀ ਪੱਧਰ 'ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਪਿਛਲੇ ਇਕ ਦਹਾਕੇ ਤੋਂ ਪੂਰਾ ਦਬਦਬਾ ਹੈ।
ਕਿਸ਼ਤੀ ਚਾਲਣ 'ਚ ਪੰਜਾਬੀ ਪੁੱਤਰ ਮਨਜੀਤ ਸਿੰਘ ਤੇ ਸਵਰਨ ਸਿੰਘ ਵਿਰਕ ਉਲੰਪਿਕ ਖੇਡਾਂ 'ਚ ਦੇਸ਼ ਦੀ ਰਹਿਨੁਮਾਈ ਕਰ ਚੁੱਕੇ ਹਨ। ਏਸ਼ੀਅਨ ਖੇਡਾਂ 'ਚ ਸੈਨਾ ਰਾਹੀਂ ਕਿਸ਼ਤੀ ਚਾਲਕ ਬਣ ਕੇ ਤਗਮੇ ਜਿੱਤਣ ਵਾਲਿਆਂ 'ਚ ਜਗਜੀਤ ਸਿੰਘ ਜੱਲ੍ਹਾ ਅਰਜਨ ਐਵਾਰਡੀ, ਪੱਪੀ ਸਿੰਘ ਰੱਲੀ, ਰਾਮ ਪਾਲ, ਰਣਜੀਤ ਸਿੰਘ, ਸਵਰਨ ਸਿੰਘ ਵਿਰਕ (ਸੋਨ), ਮਨਜੀਤ ਸਿੰਘ, ਦਵਿੰਦਰ ਸਿੰਘ, ਮਨਿੰਦਰ ਸਿੰਘ ਤੇ ਸੁਖਮੀਤ ਸਿੰਘ ਸਮਾਘ (ਸੋਨ) ਸ਼ਾਮਲ ਹਨ। ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪਾਂ 'ਚ ਵੀ ਬਹੁਤ ਸਾਰੇ ਪੰਜਾਬੀ ਤਗਮੇ ਜਿੱਤ ਚੁੱਕੇ ਹਨ। ਪੰਜਾਬ ਦੀ ਕਿਸ਼ਤੀ ਚਾਲਕ ਨਵਨੀਤ ਕੌਰ ਵੀ ਲਗਾਤਾਰ ਏਸ਼ੀਅਨ ਚੈਂਪੀਅਨਸ਼ਿਪਾਂ 'ਚੋਂ ਤਗਮੇ ਜਿੱਤ ਰਹੀ ਹੈ। ਪੰਜਾਬ 'ਚ ਕੋਚ ਤੇਜਿੰਦਰ ਸਿੰਘ ਜੌਹਲ, ਲਛਮਣ ਸਿੰਘ, ਪਵਨ ਕੁਮਾਰ ਤੇ ਵਿਪਨ ਕੰਬੋਜ ਕਿਸ਼ਤੀ ਚਾਲਣ ਦੀ ਵਧੀਆ ਸਿਖਲਾਈ ਦੇ ਰਹੇ ਹਨ। ਜੇਕਰ ਪੰਜਾਬ ਸਰਕਾਰ ਇਸ ਖੇਡ ਵੱਲ ਹੋਰਨਾਂ ਖੇਡਾਂ ਵਾਂਗ ਵਿਸ਼ੇਸ਼ ਧਿਆਨ ਦੇਵੇ ਤਾਂ ਪੰਜਾਬੀ ਖਿਡਾਰੀ ਦੇਸ਼ ਦੀਆਂ ਖੇਡ ਪ੍ਰਾਪਤੀਆਂ ਦਾ ਧੁਰਾ ਬਣ ਸਕਦੇ ਹਨ।


-ਪਟਿਆਲਾ।
ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਸ਼ਤਰੰਜ ਗੁਰੂਕੁਲ ਜਿੱਥੇ ਚੈਂਪੀਅਨ ਪੈਦਾ ਹੁੰਦੇ ਹਨ

ਸ਼ਤਰੰਜ ਇਕ ਇਸ ਤਰ੍ਹਾਂ ਦੀ ਖੇਡ ਹੈ, ਜਿਸ ਵਿਚ ਤੁਹਾਨੂੰ ਲਗਾਤਾਰ ਬਦਲਾਂ ਵਿਚੋਂ ਦੀ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦੂਜੇ ਸ਼ਬਦਾਂ ਵਿਚ ਇਕ ਚੰਗੀ ਚਾਲ ਦਾ ਓਨੀ ਹੀ ਚੰਗੀ ਤਰ੍ਹਾਂ ਚੱਲਣਾ ਬਦਲ ਹੁੰਦਾ ਹੈ। ਆਰਬੀ ਰਮੇਸ਼ ਨੇ ਸ਼ਤਰੰਜ ਦੀ ਬਿਸਾਤ 'ਤੇ ਇਸ ਤਰ੍ਹਾਂ ਹੀ ਅਣਗਿਣਤ ਨਿਰਣੇ ਲੈ ਕੇ ਆਪਣੀ ਰੋਜ਼ੀ-ਰੋਟੀ ਹਾਸਲ ਕੀਤੀ ਹੈ ਪਰ 2008 ਵਿਚ ਚੇਨਈ ਦੇ ਰਹਿਣ ਵਾਲੇ ਇਸ ਗਰੈਂਡਮਾਸਟਰ ਨੇ ਇਕ ਚਾਲ 'ਤੇ ਏਨਾ ਜ਼ਿਆਦਾ ਸਮਾਂ ਲਿਆ ਜਿੰਨਾ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ਦੌਰਾਨ ਪਹਿਲਾਂ ਕਦੀ ਨਹੀਂ ਲਿਆ ਸੀ। ਉਸ ਨਿਰਣੇ ਦਾ ਪ੍ਰਭਾਵ ਸਿਰਫ਼ ਇਕ ਖੇਡ 'ਤੇ ਨਹੀਂ ਪੈਣ ਜਾ ਰਿਹਾ ਸੀ। ਆਖ਼ਿਰਕਾਰ ਉਨ੍ਹਾਂ ਨੇ ਆਪਣਾ ਮਨ ਬਣਾ ਲਿਆ, ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਇੰਡੀਅਨ ਆਇਲ ਕਾਰੋਪਰੇਸ਼ਨ ਵਿਚੋਂ ਆਪਣੀ ਨੌਕਰੀ ਛੱਡ ਦੇਣਗੇ ਅਤੇ ਕੋਚਿੰਗ ਵਿਚ ਆਪਣਾ ਕਰੀਅਰ ਬਣਾਉਣਗੇ। ਪਬਲਿਕ ਸੈਕਟਰ ਪੈਟ੍ਰੋਲੀਅਮ ਕੰਪਨੀ ਵਿਚ ਨੌਕਰੀ ਦਾ ਹੋਣਾ ਹਰੇਕ ਸ਼ਤਰੰਜ ਖਿਡਾਰੀ ਦਾ ਸੁਪਨਾ ਹੁੰਦਾ ਹੈ। ਇਸ ਤਰ੍ਹਾਂ ਦੀ ਕੰਪਨੀਆਂ ਨਾ ਸਿਰਫ ਚੰਗੀ ਤਨਖ਼ਾਹ ਦਿੰਦੀਆਂ ਹਨ ਬਲਕਿ ਖਿਡਾਰੀ ਦੇ ਕੈਰੀਅਰ 'ਤੇ ਖਰਚ ਦੀ ਜ਼ਿੰਮੇਵਾਰੀ ਵੀ ਚੁੱਕਦੀ ਹੈ।
32 ਸਾਲ ਦੀ ਉਮਰ ਦੇ ਰਮੇਸ਼ ਹੋਰ ਵੀ ਕਈ ਸਾਲ ਤੱਕ ਖੇਡ ਸਕਦੇ ਸਨ। ਜਦ ਉਹ 2004 ਵਿਚ ਗ੍ਰੈਂਡਮਾਸਟਰ ਬਣੇ ਸਨ ਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਭਾਰਤ ਦੇ ਸਿਰਫ਼ ਦਸਵੇਂ ਖਿਡਾਰੀ ਸਨ। ਪਰ ਉਨ੍ਹਾਂ ਨੂੰ ਲੱਗਿਆ ਕਿ ਉਹ ਕੋਚ ਦੀ ਭੂਮਿਕਾ 'ਚ ਜ਼ਿਆਦਾ ਵਧੀਆ ਹੋਵੇਗਾ। ਰਮੇਸ਼ ਦੱਸਦੇ ਹਨ, 'ਮੇਰੀ ਕੋਚ ਬਣਨ ਦੀ ਪਹਿਲੀ ਜ਼ਿੰਮੇਵਾਰੀ ਜੋ ਕਿ ਅਸਥਾਈ ਸੀ, 1998 ਵਿਚ ਸੀ, ਜਦ ਅਖਿਲ ਭਾਰਤੀ ਸ਼ਤਰੰਜ ਪ੍ਰੀਸ਼ਦ ਨੇ ਮੈਨੂੰ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਲਈ ਰਾਸ਼ਟਰੀ ਟੀਮ ਦੇ ਨਾਲ ਕੋਚ ਬਣਾ ਕੇ ਭੇਜਿਆ। ਮੈਂ ਜੇਤੂਆਂ ਤੇਜਸ ਤੇ ਐਸ. ਵਿਜੇ ਲਕਸ਼ਮੀ ਤੋਂ ਕੁਝ ਹੀ ਸਾਲ ਵੱਡਾ ਸੀ।' ਇਸ ਦੇ ਇਕ ਸਾਲ ਬਾਅਦ ਉਨ੍ਹਾਂ ਦੀ ਸ਼ਾਗਿਰਦ ਆਰਤੀ ਰਾਮਾਸਵਾਮੀ ਨੇ ਵਿਸ਼ਵ ਅੰਡਰ-18 ਚੈਂਪੀਅਨਸ਼ਿਪ ਜਿੱਤੀ। ਵਿਸ਼ਵਨਾਥਨ ਆਨੰਦ ਨੇ 1987 ਵਿਚ ਵਿਸ਼ਵ ਜੂਨੀਅਰਜ਼ ਜਿੱਤਿਆ ਸੀ, ਉਸ ਤੋਂ ਬਾਅਦ ਭਾਰਤ ਲਈ ਇਹ ਪਹਿਲਾ ਵਿਸ਼ਵ ਖਿਤਾਬ ਸੀ।
ਫਿਲਹਾਲ, ਆਰਤੀ ਦੇ ਮਾਮਲੇ ਵਿਚ ਉਹ ਜੋ ਅੰਤਰ ਲਿਆਏ, ਉਹ ਸ਼ਤਰੰਜ ਦੀ ਬਿਸਾਤ ਤੋਂ ਕਾਫੀ ਅੱਗੇ ਗਿਆ। ਉਨ੍ਹਾਂ ਨੇ 2003 ਵਿਚ ਆਰਤੀ ਨਾਲ ਵਿਆਹ ਕਰ ਲਿਆ ਅਤੇ ਇਸ ਤਰ੍ਹਾਂ ਉਹ ਭਾਰਤ ਦੀ ਪਹਿਲੀ ਗ੍ਰੈਂਡਮਾਸਟਰ ਜੋੜੀ ਬਣੀ। ਹੁਣ ਆਰਤੀ, ਰਮੇਸ਼ ਦੀ ਮਦਦ ਉਨ੍ਹਾਂ ਦੀ ਅਕਾਦਮੀ 'ਚੈੱਸ ਗੁਰੂਕੁਲ' ਚਲਾਉਣ ਵਿਚ ਮਦਦ ਕਰਦੀ ਹੈ, ਜੋ ਚੇਨਈ ਵਿਚ ਹੀ ਹੈ। ਇਹ ਗੁਰੂਕੁਲ ਭਾਰਤੀ ਸ਼ਤਰੰਜ ਦੀ ਨਰਸਰੀ ਬਣ ਗਿਆ ਹੈ। ਇਸ ਸਮੇਂ ਜੋ ਦੇਸ਼ ਦੇ ਉੱਭਰਦੇ ਹੋਏ ਸ਼ਤਰੰਜ ਸਿਤਾਰੇ ਹਨ, ਜਿਨ੍ਹਾਂ ਤੋਂ ਬਹੁਤ ਉਮੀਦਾਂ ਹਨ, ਜਿਵੇਂ ਆਰ. ਪ੍ਰਗਿਆਨੰਦ, ਅਰਵਿੰਦ ਚਿਦੰਬਰਮ ਆਦਿ ਉਹ ਇਸੇ ਗੁਰੂਕੁਲ ਦੇ ਪੈਦਾ ਕੀਤੇ ਹਨ।
ਰਮੇਸ਼ ਦੇ ਕੋਲ ਟ੍ਰੇਨਿੰਗ ਲਈ ਵਿਦੇਸ਼ੋਂ ਤੋਂ ਵੀ ਖਿਡਾਰੀ ਆਉਂਦੇ ਹਨ। ਸਪੇਨ, ਹਾਲੈਂਡ, ਦੱਖਣੀ ਅਫਰੀਕਾ ਤੋਂ ਤੇ ਖਿਡਾਰੀ ਆਉਂਦੇ ਹੀ ਹਨ, ਦੁਨੀਆ ਭਰ ਤੋਂ ਆਪ੍ਰਵਾਸੀ ਭਾਰਤੀਆਂ ਲਈ ਵੀ ਸ਼ਤਰੰਜ ਸਿੱਖਣ ਦਾ ਇਹੀ ਥਾਂ ਹੈ। ਰਮੇਸ਼ ਦੇ ਸ਼ਾਗਿਰਦਾਂ ਨੇ ਵਿਸ਼ਵ ਉਮਰ ਵਰਗ ਚੈਂਪੀਅਨਸ਼ਿਪ ਵਿਚ ਹੁਣ ਤੱਕ 35 ਤਗਮੇ ਜਿੱਤੇ ਹਨ, ਏਸ਼ੀਅਨ ਚੈਂਪੀਅਨਸ਼ਿਪ ਵਿਚ 40 ਤਗਮੇ ਜਿੱਤੇ ਹਨ ਅਤੇ 35 ਰਾਸ਼ਟਰੀ ਇਨਾਮ ਹਨ। ਉਹ ਭਾਰਤੀ ਸੀਨੀਅਰ ਟੀਮ ਦੇ ਵੀ ਕੋਚ ਰਹੇ ਹਨ।
ਭਾਰਤ ਨੇ 2014 ਵਿਚ ਆਪਣਾ ਪਹਿਲਾ ਚੈੱਸ ਓਲੰਪੀਆਡ ਟੀਮ ਤਗਮਾ ਰਮੇਸ਼ ਦੀ ਮਦਦ ਨਾਲ ਹੀ ਜਿੱਤਿਆ ਸੀ। ਉਹ ਪਿਛਲੇ ਉਲੰਪੀਆਡ ਵਿਚ ਵੀ ਟੀਮ ਦੇ ਕੋਚ ਸਨ, ਪਰ ਆਨੰਦ, ਜੋ ਇਸ ਦੂਜੇ ਸਾਲ ਪ੍ਰਤੀਯੋਗਤਾ ਤੋਂ ਅਕਸਰ ਵੱਖ ਹੀ ਰਹਿੰਦੇ ਹਨ, ਦੀ ਮੌਜੂਦਗੀ ਦੇ ਬਾਵਜੂਦ ਟੀਮ ਪੋਡੀਅਮ 'ਤੇ ਨਾ ਪਹੁੰਚ ਸਕੇ। ਦਿਲਚਸਪ ਇਹ ਹੈ ਕਿ ਦੋਵਾਂ ਆਨੰਦ ਤੇ ਰਮੇਸ਼ ਦਾ ਜਨਮ ਥਾਂ ਇਕ ਹੀ ਹੈ। ਆਨੰਦ ਤੋਂ ਪ੍ਰੇਰਿਤ ਹੋ ਕੇ ਹੀ ਰਮੇਸ਼ ਨੇ 12 ਸਾਲ ਦੀ ਉਮਰ ਵਿਚ ਸ਼ਤਰੰਜ ਖੇਡਣੀ ਸ਼ੁਰੂ ਕੀਤੀ ਸੀ, ਸ਼ੁਰੂਆਤ ਕਰਨ ਦੀ ਇਹ ਉਮਰ ਹੋਰਾਂ ਦੀ ਤੁਲਨਾ ਵਿਚ ਕਈ ਸਾਲ ਜ਼ਿਆਦਾ ਹੈ। ਹਾਲਾਂਕਿ ਰਮੇਸ਼ ਦੇ ਵੱਡੇ ਭਰਾ ਜੀ. ਬੀ. ਪ੍ਰਕਾਸ਼ ਵੀ ਬਹੁਤ ਚੰਗੇ ਖਿਡਾਰੀ ਸਨ, ਪਰ ਜਦੋਂ 1987 ਵਿਚ ਆਨੰਦ ਭਾਰਤ ਦੇ ਪਹਿਲੇ ਗਰੈਂਡਮਾਸਟਰ ਬਣੇ ਤਾਂ ਇਸ ਨੇ ਰਮੇਸ਼ ਨੂੰ ਪ੍ਰੇਰਿਤ ਕੀਤਾ ਅਤੇ ਉਹ ਸ਼ਤਰੰਜ ਬਾਰੇ ਵਿਚ ਗੰਭੀਰਤਾ ਨਾਲ ਸੋਚਣ ਲੱਗਿਆ।
ਹੁਣ ਲਗਪਗ ਤਿੰਨ ਦਹਾਕੇ ਬਾਅਦ ਭਾਰਤ ਵਿਚ 65 ਗ੍ਰੈਂਡਮਾਸਟਰ ਹਨ, ਪਰ ਉਨ੍ਹਾਂ ਵਿਚੋਂ ਕੁਝ ਨੇ ਹੀ ਫੁੱਲ-ਟਾਈਮ ਕੋਚਿੰਗ ਨੂੰ ਅਪਣਾਇਆ ਹੈ, ਜਿਨ੍ਹਾਂ ਵਿਚੋਂ ਰਮੇਸ਼ ਇਕ ਹਨ।

ਸੌਰਵ, ਸਚਿਨ, ਦ੍ਰਾਵਿੜ : ਤਿੱਕੜੀ ਹੁਣ ਲਿਖੇਗੀ ਕ੍ਰਿਕਟ ਦੀ ਨਵੀਂ ਕਹਾਣੀ

ਭਾਰਤੀ ਕ੍ਰਿਕਟ ਦੇ ਵੱਖ-ਵੱਖ ਦੌਰ 'ਚ ਕਈ ਮਹਾਨ ਖਿਡਾਰੀ ਆਏ ਅਤੇ ਉਨ੍ਹਾਂ ਬਿਹਤਰੀਨ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਰੱਜ ਕੇ ਜਸ਼ਨ ਮਨਾਉਣ ਦੇ ਮੌਕੇ ਦਿੱਤੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਰਤਮਾਨ ਸਮੇਂ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਇਕ ਹੋਰ ਸੁਨਹਿਰੀ ਦੌਰ ਦੀ ਗਾਥਾ ਲਿਖ ਰਹੀ ਹੈ ਪਰ ਜਦੋਂ ਵੀ ਕਦੇ ਭਾਰਤੀ ਕ੍ਰਿਕਟ ਦੇ ਸੁਨਹਿਰੇ ਦੌਰ ਦੀ ਗੱਲ ਚੱਲੇਗੀ ਤਾਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਾਵਿੜ ਦੀ ਤਿੱਕੜੀ ਦੇ ਯੁੱਗ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੋਵੇਗਾ। ਇਹ ਕ੍ਰਿਕਟ ਜਗਤ ਦੇ ਉਹ ਨਾਂਅ ਹਨ, ਜਿਨ੍ਹਾਂ ਨੇ ਆਪਣੀ ਕ੍ਰਿਸ਼ਮਈ ਖੇਡ ਨਾਲ ਦੁਨੀਆ 'ਚ ਮੀਲ ਦੇ ਪੱਥਰ ਸਥਾਪਿਤ ਕੀਤੇ। ਇਹ ਉਹ ਕ੍ਰਿਕਟ ਪਿੱਚ ਦੇ ਸਟਾਰ ਹਨ, ਜਿਨ੍ਹਾਂ ਨੇ ਕੁੱਲ ਮਿਲਾ ਕੇ 1595 ਅੰਤਰਰਾਸ਼ਟਰੀ ਮੈਚਾਂ ਵਿਚ 77099 ਦੌੜਾਂ ਅਤੇ 186 ਸੈਂਕੜੇ ਦਰਜ ਕੀਤੇ।
ਕਿਸੇ ਵੀ ਦੇਸ਼ ਦੇ ਖੇਡ ਦਾ ਵਿਕਾਸ ਉਸ ਖੇਡ ਦੇ ਦਿੱਗਜਾਂ 'ਤੇ ਨਿਰਭਰ ਕਰਦਾ ਹੈ। ਇਸ ਲਿਹਾਜ਼ ਨਾਲ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਤਾਕਤਵਰ ਸ਼ਖ਼ਸ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਹਨ, ਜੋ ਹਾਲ ਹੀ ਵਿਚ ਬੀ.ਸੀ.ਸੀ.ਆਈ. ਦੇ 39ਵੇਂ ਮੁਖੀ ਬਣੇ ਹਨ, ਉਥੇ ਭਾਰਤੀ ਟੀਮ ਦੀ ਧੁਰੀ ਰਹੇ ਰਾਹੁਲ ਦ੍ਰਾਵਿੜ ਮੌਜੂਦਾ ਸਮੇਂ ਭਾਰਤੀ ਕ੍ਰਿਕਟ ਅਕੈਡਮੀ ਦੇ ਮੁਖੀ ਹਨ ਅਤੇ ਕ੍ਰਿਕਟ ਪ੍ਰਤੀ ਆਪਣਾ ਯੋਗਦਾਨ ਦੇ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸਚਿਨ ਤੇਂਦੁਲਕਰ ਵੀ ਸੌਰਵ ਅਤੇ ਰਾਹੁਲ ਦ੍ਰਾਵਿੜ ਨਾਲ ਮਿਲ ਕੇ ਕ੍ਰਿਕਟ ਦੀ ਬਿਹਤਰੀ ਲਈ ਯੋਗਦਾਨ ਦੇ ਸਕਦੇ ਹਾਂ। ਗੰਗੋਲੀ ਭਾਵੇਂ ਸਿਰਫ 9 ਮਹੀਨੇ ਹੀ ਬਤੌਰ ਮੁਖੀ ਰਹਿਣਗੇ, ਪਰ ਕ੍ਰਿਕਟ ਚਹੇਤਿਆਂ ਨੂੰ ਉਸ ਕੋਲੋਂ ਕਾਫੀ ਉਮੀਦਾਂ ਹਨ। ਆਉਣ ਵਾਲੇ ਦਿਨਾਂ ਵਿਚ ਇਹ ਤਿੱਕੜੀ ਕ੍ਰਿਕਟ ਦੀ ਨਵੀਂ ਪਟਕਥਾ ਲਿਖਣ ਲਈ ਯਤਨਸ਼ੀਲ ਰਹੇਗੀ।
ਸੌਰਵ ਗਾਂਗੁਲੀ ਨੇ ਮੁਖੀ ਬਣਨ ਤੋਂ ਬਾਅਦ ਸਾਫ਼ ਕਹਿ ਦਿੱਤਾ ਹੈ ਕਿ ਜਿੰਨਾ ਵੀ ਸਮਾਂ ਉਨ੍ਹਾਂ ਕੋਲ ਹੈ, ਉਹ ਵੱਧ ਤੋਂ ਵੱਧ ਕੰਮ ਕਰਨਾ ਚਾਹੁਣਗੇ। ਉਨ੍ਹਾਂ ਦੇ ਏਜੰਡੇ 'ਤੇ ਸਭ ਤੋਂ ਮਹੱਤਵਪੂਰਨ ਮੁੱਦਾ ਹਿਤਾਂ ਦੇ ਟਕਰਾਅ ਦਾ ਹੈ, ਜਿਸ ਨੂੰ ਹੱਲ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਸਾਬਕਾ ਖਿਡਾਰੀਆਂ ਨੂੰ ਖੇਡ ਦੇ ਵਿਕਾਸ ਲਈ ਹਿੱਸੇਦਾਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ। ਹਿਤਾਂ ਦੇ ਟਕਰਾਅ ਤੋਂ ਇਲਾਵਾ ਉਹ ਰਣਜੀ ਕ੍ਰਿਕਟਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨਾ ਹੈ।
ਟੀਮ ਇੰਡੀਆ ਦੇ ਦਿੱਗਜ਼ ਬੱਲੇਬਾਜ਼ ਸੌਰਵ ਗਾਂਗੁਲੀ ਨੇ ਆਪਣੇ ਕੈਰੀਅਰ 'ਚ 311 ਵਨ-ਡੇ ਮੈਚ ਖੇਡਦਿਆਂ 11363 ਦੌੜਾਂ ਬਣਾਈਆਂ। ਵਨ-ਡੇ 'ਚ ਉਨ੍ਹਾਂ ਨੇ 22 ਸੈਂਕੜੇ, 72 ਅਰਧ ਸੈਂਕੜੇ ਵੀ ਜੜੇ। ਇਸ ਤੋਂ ਇਲਾਵਾ ਗਾਂਗੁਲੀ ਨੇ 113 ਟੈਸਟ ਮੈਚ 42.19 ਦੀ ਔਸਤ ਨਾਲ 7212 ਦੌੜਾਂ ਬਣਾਈਆਂ, ਟੈਸਟ ਕ੍ਰਿਕਟ 'ਚ ਸੌਰਵ ਨੇ 16 ਸੈਂਕੜੇ, 35 ਅਰਧ ਸੈਂਕੜੇ ਜੜੇ।
ਰਾਹੁਲ ਦ੍ਰਾਵਿੜ : ਪੱਥਰ ਨੂੰ ਤਰਾਸ਼ ਕੇ ਹੀਰਾ ਬਣਾਉਣ ਵਾਲੇ ਜੌਹਰੀ, ਸਾਬਕਾ ਬੱਲੇਬਾਜ਼ ਰਾਹੁਲ ਦ੍ਰਾਵਿੜ ਵਰਤਮਾਨ ਸਮੇਂ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਮੁਖੀ ਦੇ ਤੌਰ 'ਤੇ ਭਾਰਤੀ ਕ੍ਰਿਕਟ ਦੀ ਨਵੀਂ ਪੀੜ੍ਹੀ ਨੂੰ ਤਰਾਸ਼ਣ ਦਾ ਕੰਮ ਕਰ ਰਹੇ ਹਨ। ਬਹੁਤੇ ਯੁਵਾ ਖਿਡਾਰੀ ਆਪਣੀ ਸਫ਼ਲਤਾ ਦਾ ਸਿਹਰਾ ਦ੍ਰਾਵਿੜ ਦੇ ਸਿਰ ਹੀ ਬੰਨ੍ਹਦੇ ਹਨ। ਇਹ ਦ੍ਰਾਵਿੜ ਦੀ ਮਿਹਨਤ ਦਾ ਹੀ ਕਮਾਲ ਹੈ ਕਿ ਟੀਮ ਇੰਡੀਆ ਲਈ ਹੁਣ ਰਿਸ਼ਵ ਪੰਤ, ਮਯਕ ਅਗਰਵਾਲ, ਈਸ਼ਾਨ ਕ੍ਰਿਸ਼ਨ, ਪ੍ਰਿਥਵੀ ਝਾ ਅਤੇ ਸ਼ੁਭਮਨ ਗਿੱਲ ਵਰਗੇ ਪ੍ਰਤਿਭਾਸ਼ੀਲ ਖਿਡਾਰੀ ਤਿਆਰ ਹੋ ਰਹੇ ਹਨ। ਟੀਮ ਇੰਡੀਆ ਦੇ ਭਰੋਸੇਮੰਦ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਟੀਮ ਇੰਡੀਆ ਲਈ 164 ਟੈਸਟ ਮੈਚ ਖੇਡੇ, 52.31 ਦੀ ਔਸਤ ਨਾਲ 13288 ਦੌੜਾਂ ਬਣਾਈਆਂ, ਜਿਸ ਵਿਚ 36 ਸੈਂਕੜੇ, 63 ਅਰਧ ਸੈਂਕੜੇ ਸ਼ਾਮਿਲ ਹਨ, ਉਸ ਦਾ ਸਰਵਸ੍ਰੇਸ਼ਟ ਸਕੋਰ 270 ਹੈ। ਦ੍ਰਾਵਿੜ ਨੇ 344 ਵਨ ਡੇ ਮੈਚਾਂ 'ਚ 39.16 ਦੀ ਔਸਤ ਨਾਲ 72.24 ਦੇ ਸਟਰਾਈਕ ਰੇਟ ਤੇ 10889 ਦੌੜਾਂ ਬਣਾਈਆਂ। ਵਨ ਡੇ 'ਚ 12 ਸੈਂਕੜੇ ਅਤੇ 83 ਅਰਧ-ਸੈਂਕੜੇ ਅਤੇ ਉਸ ਦਾ ਸਰਬਉੱਚ ਸਕੋਰ 153 ਦੌੜਾਂ ਹਨ। ਇਸ ਤੋਂ ਇਲਾਵਾ ਇਕ ਟੀ-20 ਮੈਚ ਖੇਡਿਆ, ਜਿਸ ਵਿਚ 31 ਦੌੜਾਂ ਬਣਾਈਆਂ।
ਸਚਿਨ ਤੇਂਦੁਲਕਰ : ਮੰਨਿਆ ਜਾ ਰਿਹਾ ਹੈ ਕਿ ਬੀ.ਸੀ.ਸੀ.ਆਈ. ਬੋਸ ਸੌਰਵ ਗਾਂਗੁਲੀ ਨੇ ਉੱਭਰਦੇ ਖਿਡਾਰੀਆਂ ਨੂੰ ਤਰਾਸ਼ਣ ਲਈ ਸਚਿਨ ਤੇਂਦੁਲਕਰ ਦੀ ਮਦਦ ਲੈਣ ਦਾ ਮਨ ਬਣਾ ਲਿਆ ਹੈ। ਸਚਿਨ ਹੁਣ ਉੱਭਰਦੇ ਖਿਡਾਰੀਆਂ ਨਾਲ ਆਪਣਾ ਅਨੁਭਵ ਅਤੇ ਤਜਰਬਾ ਸਾਂਝਾ ਕਰਨਗੇ, ਜੋ ਕਿ ਨਵੀਂ ਲੜੀ ਦੀ ਸ਼ੁਰੂਆਤ ਹੋਵੇਗੀ ਪਰ ਅਜੇ ਸਪੱਸ਼ਟ ਤੌਰ 'ਤੇ ਸਚਿਨ ਦੀ ਭੂਮਿਕਾ ਬਾਰੇ ਕੁਝ ਕਿਹਾ ਨਹੀਂ ਗਿਆ ਹੈ।
ਵਿਸ਼ਵ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਨੇ ਟੀਮ ਇੰਡੀਆ ਲਈ 200 ਟੈਸਟ ਮੈਚ ਖੇਡੇ ਹਨ ਅਤੇ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ। ਇਸ ਵੰਨਗੀ 'ਚ ਸਚਿਨ ਦੇ ਨਾਂਅ 51 ਸੈਂਕੜੇ ਅਤੇ 68 ਅਰਧ ਸੈਂਕੜੇ ਦਰਜ ਹਨ। ਉਸ ਦਾ ਸਰਬਉੱਚ ਸਕੋਰ ਬਿਨਾਂ ਆਊਟ ਹੋਏ 248 ਹੈ। ਸਚਿਨ ਨੇ 463 ਵਨ-ਡੇ 'ਚ 18426 ਦੌੜਾਂ ਬਣਾਈਆਂ, ਜਿਸ ਵਿਚ 49 ਸੈਂਕੜੇ, 96 ਅਰਧ ਸੈਂਕੜੇ ਸ਼ਾਮਿਲ ਹਨ। ਉਸ ਦਾ ਸਰਬਉੱਚ ਸਕੋਰ 200 ਹੈ। ਸਚਿਨ ਨੇ ਇਕ ਟੀ-20 ਮੈਚ ਖੇਡਿਆ, ਜਿਸ ਵਿਚ ਉਸ ਦੇ ਬੱਲੇ 'ਚੋਂ 10 ਦੌੜਾਂ ਨਿਕਲੀਆਂ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਕੇਸਾਧਾਰੀ ਫੁੱਟਬਾਲ ਟੂਰਨਾਮੈਂਟ ਕਰੇਗਾ ਸਿੱਖ ਪਛਾਣ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ

ਸਿੱਖ ਨੌਜਵਾਨਾਂ ਨੂੰ ਆਪਣੀ ਸਾਬਤ-ਸੂਰਤ ਪਛਾਣ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਮੂਹ ਖੇਡਾਂ ਵਿਚ ਸਿੱਖੀ ਸਰੂਪ ਬਣਾਈ ਰੱਖਣ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖ਼ਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐਫਸੀ) ਵਲੋਂ ਪੰਜਾਬ ਵਿਚ ਲੜਕਿਆਂ ਲਈ ਪਹਿਲਾ 'ਸਿੱਖ ਫੁੱਟਬਾਲ ਕੱਪ' 30 ਜਨਵਰੀ ਤੋਂ 8 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਸਾਬਤ-ਸੂਰਤ ਲੜਕੀਆਂ ਲਈ ਫੁੱਟਬਾਲ ਮੁਕਾਬਲੇ ਅਗਲੇ ਵਰ੍ਹੇ ਤੋਂ ਸ਼ੁਰੂ ਹੋਣਗੇ।
ਇਹ ਖ਼ਾਲਸਾ ਐਫਸੀ, ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜਿਸਟਰਡ ਹੈ, ਜਿਸ ਵਲੋਂ ਸਿੱਖ ਫੁੱਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਏਗਾ। ਇਸ ਟੂਰਨਾਮੈਂਟ ਲਈ ਖ਼ਾਲਸਾ ਐਫਸੀ ਵਲੋਂ ਜ਼ਿਲ੍ਹਾ ਪੱਧਰ 'ਤੇ ਲੜਕਿਆਂ ਦੀਆਂ ਫੁੱਟਬਾਲ ਟੀਮਾਂ ਦੀ ਚੋਣ ਕਰਨ ਲਈ ਹਰੇਕ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਚੋਣ ਟਰਾਇਲ ਮੁਕੰਮਲ ਕਰ ਲਏ ਗਏ ਹਨ। ਕਲੱਬ ਦਾ ਲੋਗੋ, ਵੈੱਬਸਾਈਟ ਤੇ ਮੋਬਾਈਲ ਐਪ ਵੀ ਲਾਂਚ ਹੋ ਚੁੱਕਾ ਹੈ।
ਫੀਫਾ ਦੇ ਨਿਯਮਾਂ ਤਹਿਤ ਕੇਸਾਧਾਰੀ ਖਿਡਾਰੀਆਂ ਦਾ ਇਹ ਫੁੱਟਬਾਲ ਟੂਰਨਾਮੈਂਟ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਵੇਗਾ। ਨਾਕ-ਆਊਟ ਵਿਧੀ ਦੇ ਅਧਾਰ 'ਤੇ ਹੋਣ ਵਾਲੇ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿਚ 14 ਸਾਲ ਤੋਂ 21 ਸਾਲ ਤੱਕ ਦੀ ਉਮਰ ਦੇ ਸਾਬਤ-ਸੂਰਤ ਖਿਡਾਰੀ ਭਾਗ ਲੈਣਗੇ।
ਫੁੱਟਬਾਲ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਆਪਣੀ ਕਿਸਮ ਦਾ ਇਹ ਵਿਲੱਖਣ ਕੇਸਾਧਾਰੀ ਟੂਰਨਾਮੈਂਟ ਵਿਸ਼ਵ ਭਰ ਵਿਚ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰੇਗਾ, ਉਥੇ ਸਿੱਖ ਪਛਾਣ ਨੂੰ ਹੋਰ ਉਜਾਗਰ ਕਰੇਗਾ, ਜਿਸ ਨਾਲ ਵਿਦੇਸ਼ਾਂ ਵਿਚ ਸਿੱਖਾਂ 'ਤੇ ਹੁੰਦੇ ਨਸਲੀ ਹਮਲੇ ਰੋਕਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਨੌਜਵਾਨਾਂ ਦੀ ਤਾਕਤ ਨੂੰ ਖੇਡ ਗਤੀਵਿਧੀਆਂ ਵੱਲ ਮੋੜਨ ਵਿਚ ਸਹਾਇਤਾ ਕਰੇਗਾ, ਤਾਂ ਜੋ ਖਿਡਾਰੀ ਫੁੱਟਬਾਲ ਖੇਡ ਨੂੰ ਪੇਸ਼ੇ ਵਜੋਂ ਅਪਣਾ ਕੇ ਆਪਣਾ ਭਵਿੱਖ ਉਜਲ ਬਣਾ ਸਕਣ। ਖ਼ਾਲਸਾ ਐਫਸੀ ਵਲੋਂ ਖਿਡਾਰੀਆਂ ਨੂੰ ਕਈ ਲਾਭ ਦਿੱਤੇ ਜਾ ਰਹੇ ਹਨ। ਇਸ ਸਿੱਖ ਫੁੱਟਬਾਲ ਕੱਪ ਵਿਚ ਖੇਡਣ ਵਾਲੀਆਂ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਕੇਸਾਧਾਰੀ ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਤੋਂ ਇਲਾਵਾ ਯਾਤਰਾ ਭੱਤਾ ਵੀ ਮਿਲੇਗਾ। ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ-ਜੇਤੂ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰ ਤੋਂ ਇਲਾਵਾ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਰਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ।
ਖ਼ਾਲਸਾ ਐਫਸੀ ਦੇ ਪ੍ਰਧਾਨ ਗਰੇਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਟੇਡੀਅਮਾਂ ਵਿਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਹਰਜੀਤ ਸਿੰਘ ਗਰੇਵਾਲ ਨੇ ਭਵਿੱਖਤ ਯੋਜਨਾਵਾਂ ਬਾਰੇ ਕਿਹਾ ਕਿ ਖ਼ਾਲਸਾ ਐਫਸੀ ਦੀ ਟੀਮ ਭਾਰਤ ਦੀਆਂ ਪ੍ਰਮੁੱਖ ਟੀਮਾਂ ਤੇ ਫੁੱਟਬਾਲ ਲੀਗ ਸਮੇਤ ਵੱਖ-ਵੱਖ ਦੇਸ਼ਾਂ ਵਿਚ ਫੁੱਟਬਾਲ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ।
ਖ਼ਾਲਸਾ ਐਫਸੀ ਆਪਣੀ ਸਾਬਤ-ਸੂਰਤ ਟੀਮ ਨੂੰ ਬਿਹਤਰੀਨ ਸਿਖਲਾਈ, ਕੋਚਿੰਗ ਸਮੇਤ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਮੁਫਤ ਪੜ੍ਹਾਈ ਅਤੇ ਰਿਹਾਇਸ਼ ਪ੍ਰਦਾਨ ਕਰਨ ਲਈ ਸਪਾਂਸਰਾਂ ਦਾ ਪ੍ਰਬੰਧ ਕਰੇਗਾ। ਇਸ ਤੋਂ ਇਲਾਵਾ ਖ਼ਾਲਸਾ ਐਫਸੀ ਆਪਣੇ ਕੇਸਾਧਾਰੀ ਫੁੱਟਬਾਲਰਾਂ ਨੂੰ ਟੂਰਨਾਮੈਂਟਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਜਾਂ ਨੁਕਸਾਨ ਨੂੰ ਪੂਰਾ ਕਰਨ ਲਈ ਬੀਮਾ ਯੋਜਨਾ ਲੈਣ ਦੀ ਕੋਸ਼ਿਸ਼ ਕਰੇਗਾ।
ਖ਼ਾਲਸਾ ਐਫਸੀ ਵਲੋਂ ਹਰ ਸਾਲ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਜਿਸ ਦੌਰਾਨ ਉੱਘੇ ਸਾਬਤ-ਸੂਰਤ ਖਿਡਾਰੀਆਂ, ਫੁੱਟਬਾਲਰਾਂ, ਕੋਚਾਂ ਅਤੇ ਤਕਨੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਜਾਵੇਗਾ। ਖ਼ਾਲਸਾ ਐਫਸੀ ਵਲੋਂ ਨਵੰਬਰ ਦੇ ਪਹਿਲੇ ਹਫ਼ਤੇ ਕਲੱਬ ਦੀਆਂ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੀਆਂ ਟੀਮਾਂ ਦੀ ਚੋਣ ਸਮੇਤ ਚੰਡੀਗੜ੍ਹ ਦੀ ਸਾਬਤ-ਸੂਰਤ ਟੀਮ ਲਈ ਚੋਣ ਟਰਾਇਲ ਮੁਕੰਮਲ ਹੋ ਚੁੱਕੇ ਹਨ, ਜਿਨਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜੋਸ਼ ਅਤੇ ਉਤਸ਼ਾਹ ਉਮੀਦ ਨਾਲੋਂ ਕਿਤੇ ਜ਼ਿਆਦਾ ਸੀ। ਚੰਡੀਗੜ੍ਹ ਅਤੇ ਪੰਜਾਬ ਦੇ 23 ਵੱਖ-ਵੱਖ ਫੁੱਟਬਾਲ ਸਟੇਡੀਅਮਾਂ ਵਿਚ ਸਿੱਖ ਫੁੱਟਬਾਲ ਕੱਪ ਲਈ ਟੀਮਾਂ ਦੇ ਚੋਣ ਟਰਾਇਲਾਂ ਮੌਕੇ 2200 ਤੋਂ ਵੱਧ ਸਾਬਤ-ਸੂਰਤ ਫੁੱਟਬਾਲਰਾਂ ਨੇ ਹਿੱਸਾ ਲਿਆ।
ਇਹ ਜ਼ਿਲ੍ਹਾ ਪੱਧਰੀ ਕੇਸਾਧਾਰੀ ਟੀਮਾਂ ਪੰਜਾਬ ਅਤੇ ਚੰਡੀਗੜ੍ਹ ਦੇ ਫੁੱਟਬਾਲ ਮੈਦਾਨਾਂ ਵਿਚ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਜੋਂ ਨਾਕ-ਆਊਟ ਵਿਧੀ ਮੁਤਾਬਿਕ ਮੈਚ ਖੇਡਣਗੀਆਂ। ਉਪਰੰਤ ਫ਼ਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ 8 ਫਰਵਰੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਟੇਡੀਅਮ ਵਿਚ ਹੋਵੇਗਾ। ਵੱਖ-ਵੱਖ ਸਟੇਡੀਅਮਾਂ ਵਿਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ।


-ਅਜੀਤ ਬਿਊਰੋ

ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਖਿਡਾਰੀ ਹੈ ਸ਼ਾਹਜਹਾਨ ਬੁਲਬੁਲ ਵੈਸਟ ਬੰਗਾਲ

ਪੈਰਾ ਬੈਡਮਿੰਟਨ ਦੇ ਖੇਤਰ ਵਿਚ ਦੇਸ਼ ਦੇ ਚੋਟੀ ਦੇ ਖਿਡਾਰੀਆਂ ਵਿਚ ਆਉਂਦੇ ਹਨ ਮਾਨਸੀ ਜੋਸ਼ੀ, ਮਨੋਜ ਸਰਕਾਰ ਅਤੇ ਪ੍ਰਮੋਧ ਭਗਤ ਅਤੇ ਇਕ ਹੋਰ ਨਾਮਵਰ ਖਿਡਾਰੀ ਹੈ ਸ਼ਾਹਜਹਾਨ ਬੁਲਬੁਲ, ਜਿਸ ਨੇ ਅਪਾਹਜਤਾ ਦੀਆਂ ਸਾਰੀਆਂ ਹੱਦਾਂ ਤੋੜ ਕੇ ਬੈਡਮਿੰਟਨ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਸ਼ਾਹਜਹਾਨ ਬੁਲਬੁਲ ਦਾ ਜਨਮ ਪਿਤਾ ਫਰਦੋਸੀ ਬੁਲਬੁਲ ਦੇ ਘਰ ਮਾਤਾ ਸਹਨਾਰਾ ਬੁਲਬੁਲ ਦੀ ਕੁੱਖੋਂ ਪੱਛਮੀ ਬੰਗਾਲ ਦੇ ਪਿੰਡ ਅਬੂਆ ਵਿਖੇ ਹੋਇਆ ਅਤੇ ਅੱਜਕਲ੍ਹ ਉਹ ਕੋਲਕਾਤਾ ਵਿਚ ਰਹਿ ਕੇ ਬੈਡਮਿੰਟਨ ਦੀ ਤਿਆਰੀ ਕਰਦਾ ਹੈ। ਸ਼ਾਹਜਹਾਨ ਬਹੁਤ ਹੀ ਛੋਟੀ ਉਮਰ ਦਾ ਸੀ ਕਿ ਉਸ ਨੂੰ ਬੁਖਾਰ ਹੋ ਗਿਆ ਅਤੇ ਡਾਕਟਰ ਵਲੋਂ ਲਗਾਏ ਗਏ ਗਲਤ ਟੀਕੇ ਨੇ ਉਸ ਨੂੰ ਪੋਲੀਓ ਦਾ ਸ਼ਿਕਾਰ ਬਣਾ ਦਿੱਤਾ ਪਰ ਐਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਸ ਨੇ ਖੇਡਾਂ ਦੇ ਖੇਤਰ ਵਿਚ ਪੈਰ ਧਰਿਆ ਤਾਂ ਵੀਲ੍ਹਚੇਅਰ 'ਤੇ ਬੈਡਮਿੰਟਨ ਦੀ ਤਿਆਰੀ ਕਰਨ ਲੱਗਿਆ ਅਤੇ ਅੱਜ ਉਹ ਆਪਣੇ ਇਸ ਖੇਤਰ ਵਿਚ ਚਮਕਦਾ ਸਿਤਾਰਾ ਹੈ ਅਤੇ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ 20 ਕਾਂਸੀ ਦੇ ਤਗਮੇ ਅਤੇ ਇਕ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਚੁੱਕਾ ਹੈ।
ਉਸ ਨੇ ਅੰਤਰਰਾਸ਼ਟਰੀ ਮੈਚਾਂ ਵਿਚ ਸਾਲ 2013 ਵਿਚ ਵਰਲਡ ਪੈਰਾ ਬੈਡਮਿੰਟਨ ਵਿਚ ਡਬਲ ਅਤੇ ਸਿੰਗਲ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਸਾਲ 2008 ਵਿਚ ਉਸ ਨੇ ਏਸ਼ੀਅਨ ਪੈਰਾ ਉਲੰਪਕ ਕੱਪ ਵਿਚ ਵੀ ਡਬਲ ਅਤੇ ਸਿੰਗਲ ਵਿਚ ਖੇਡਦਿਆਂ ਆਪਣੀ ਖੇਡ ਕਲਾ ਦਾ ਲੋਹਾ ਮੰਨਵਾਇਆ। ਸਾਲ 2015 ਵਿਚ ਪੇਰੂ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਵਿਚ ਵੀ ਸਿੰਗਲ ਅਤੇ ਡਬਲ ਵਿਚ ਆਪਣੀ ਧਾਂਕ ਨੂੰ ਬਰਕਰਾਰ ਰੱਖਿਆ। ਸਾਲ 2014 ਵਿਚ ਇੰਡੋਨੇਸ਼ੀਆ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀ ਭਾਰਤ ਦੀ ਟੀਮ ਦਾ ਹਿੱਸਾ ਬਣਿਆ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਵੈਸਟ ਬੰਗਾਲ ਸਰਕਾਰ ਖੇਲਸਾਮੰਦ ਸਟੇਟ ਐਵਾਰਡ ਨਾਲ ਸਨਮਾਨ ਕਰ ਚੁੱਕੀ ਹੈ ਅਤੇ ਹੁਣ ਉਹ ਸਾਲ 2020 ਵਿਚ ਟੋਕੀਓ ਵਿਖੇ ਹੋਣ ਵਾਲੀ ਪੈਰਾ ਉਲੰਪਿਕ ਦੀ ਤਿਆਰੀ ਕਰ ਰਿਹਾ ਹੈ।


-ਮੋਬਾ: 98551-14484

ਨਵੀਂ ਸੰਸਥਾ ਲਿਜਾਏਗੀ ਸਿਖਰਾਂ 'ਤੇ ਖੇਡ ਕਬੱਡੀ ਨੂੰ

ਖੇਡ ਕਬੱਡੀ ਦੀ ਨਵੀਂ ਸੰਸਥਾ ਦੀ ਉਪਜ, ਮਾਂ ਜਾਈ ਖੇਡ ਨੂੰ ਵਧੇਰੀਆਂ ਅਤੇ ਚੰਗੇਰੀਆਂ ਆਸਾਂ, ਹੋਂਦ 'ਚ ਆਈ ਇਸ ਨਵੀਂ ਕਬੱਡੀ ਸੰਸਥਾ 'ਮੇਜਰ ਲੀਗ ਕਬੱਡੀ ਫੈਡਰੇਸ਼ਨ' ਦੀ ਅਗਵਾਈ ਜਿਥੇ ਨਾਮੀ ਤੇ ਤਜਰਬੇਕਾਰ ਕਬੱਡੀ ਖਿਡਾਰੀ ਕਰਨਗੇ, ਉੱਥੇ ਫੈਡਰੇਸ਼ਨ ਦਾ ਕੰਮਕਾਜ ਵੀ ਖੇਡ ਕਬੱਡੀ ਨੂੰ ਬੇਪਨਾਹ ਮੁਹੱਬਤ ਕਰਨ ਵਾਲੀਆਂ ਅਦਬੀ ਸ਼ਖ਼ਸੀਅਤਾਂ ਦੇ ਹੱਥੀਂ ਹੋਵੇਗਾ। ਖੇਡ ਕਬੱਡੀ ਦੇ ਵਰਤਮਾਨ ਅਤੇ ਮਹਾਨ ਪੁਰਾਤਨ ਖਿਡਾਰੀਆਂ ਦਾ ਵਿਸ਼ੇਸ਼ ਸਹਿਯੋਗ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਕੌਮਾਂਤਰੀ ਮੰਚ 'ਤੇ ਰਲਗੱਡ ਯਤਨ ਸਫਲਤਾ ਦੀ ਕੁੰਜੀ ਸਿੱਧ ਹੋਣਗੇ। ਫੈਡਰੇਸ਼ਨ ਦਾ ਮੁੱਖ ਮੰਤਵ ਨਸ਼ਾ ਰਹਿਤ ਖੇਡ ਕਬੱਡੀ ਜ਼ਰੀਏ ਦੇਸੀ ਖਾਧ ਖੁਰਾਕਾਂ ਵਾਲੇ ਖਾਲਸ ਤੇ ਨਰੋਏ ਕਬੱਡੀ ਖਿਡਾਰੀ ਪੈਦਾ ਕਰਨਾ ਹੈ।
ਖੇਡ ਕਬੱਡੀ ਨੂੰ ਦੁਨੀਆ ਭਰ ਦੇ ਖੇਡ ਧਰਾਤਲ 'ਤੇ ਲਿਆਉਣ ਲਈ ਸਰਬ ਪ੍ਰਮਾਣਿਤ ਖਰੜਾ ਤਿਆਰ ਕੀਤਾ ਗਿਆ ਹੈ। ਖੇਡ ਕਬੱਡੀ ਨੂੰ ਸੰਸਾਰ ਪੱਧਰ 'ਤੇ ਹਰਮਨ ਪਿਆਰੀ ਬਣਾਉਣ ਲਈ ਅਨੁਸ਼ਾਸਤ ਕਰਨਾ ਲਾਜ਼ਮੀ ਹੈ, ਜਿਸ ਤਹਿਤ 'ਮੇਜਰ ਲੀਗ ਕਬੱਡੀ ਫੈਡਰੇਸ਼ਨ' ਨੂੰ ਕੌਮਾਂਤਰੀ ਖੇਡ ਸੰਸਥਾਵਾਂ ਦੀ ਤਰਜ਼ 'ਤੇ ਇਕ ਸੰਵਿਧਾਨਕ ਦਾਇਰੇ ਅਨੁਸਾਰ ਕਦਰਾਂ ਕੀਮਤਾਂ ਨੂੰ ਵਿਕਸਤ ਕੀਤਾ ਜਾਵੇਗਾ। ਫੈਡਰੇਸ਼ਨ ਦਾ ਉਦੇਸ਼ ਹੋਵੇਗਾ ਕਿ ਕਬੱਡੀ ਟੂਰਨਾਮੈਂਟਾਂ, ਖੇਡ ਮੇਲਿਆਂ ਅਤੇ ਕਬੱਡੀ ਦੀ ਬੇਹਤਰੀ ਲਈ ਖੇਡ ਪ੍ਰੇਮੀਆਂ, ਖੇਡ ਕਲੱਬਾਂ, ਸੰਸਥਾਵਾਂ ਵਲੋਂ ਕਬੱਡੀ ਲਈ ਭੇਜਿਆ ਪੈਸਾ ਪਾਰਦਰਸ਼ੀ ਹੋਵੇਗਾ। ਫੈਡਰੇਸ਼ਨ ਨੂੰ ਹੋਣ ਵਾਲੀ ਆਮਦਨ ਦਾ ਸਹੀ ਵਾ ਦਰੁਸਤ ਢੰਗ ਨਾਲ ਇਸਤੇਮਾਲ ਕੀਤਾ ਜਾਵੇਗਾ। ਸੰਸਥਾ ਨਾਲ ਰਹਿਣ ਵਾਲੀਆਂ ਟੀਮਾਂ ਨੂੰ ਆਤਮ ਨਿਰਭਰ ਬਣਾਉਣ ਲਈ ਪੈਸੇ ਨੂੰ ਸ਼ੇਅਰ ਅਧਾਰਿਤ ਵੰਡਿਆ ਜਾਵੇਗਾ। ਇਕ ਅਹਿਮ ਤੇ ਵਿਸ਼ੇਸ਼ ਫੈਸਲਾ ਲੈਂਦਿਆਂ ਪੰਜਾਬ ਸਟਾਈਲ ਦਾਇਰੇ ਵਾਲੀ ਕਬੱਡੀ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਨ ਲਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਲੋਂ ਅੰਡਰ 21 ਸਾਲ ਦੀਆਂ ਟੀਮਾਂ ਬਣਾਉਣਾ ਲਾਜ਼ਮੀ ਕੀਤਾ ਗਿਆ ਹੈ, ਅੰਡਰ 21 ਸਾਲ ਟੀਮਾਂ ਦੇ ਰਾਊਂਡ ਤੇ ਰਾਬਿਨ ਆਧਾਰ 'ਤੇ ਫੈਡਰੇਸ਼ਨ ਦੇ ਕੱਪਾਂ 'ਚ ਵਜ਼ਨੀ ਕਬੱਡੀ ਨੂੰ ਜ਼ਿੰਦਾਦਿਲੀ ਤੇ ਤੰਦਰੁਸਤੀ ਨਾਲ ਮਜ਼ਬੂਤ ਕਰਨ ਲਈ ਸ਼ੋ ਮੈਚ ਕਰਵਾਏ ਜਾਣਗੇ।
ਅੰਕਾਂ ਦੇ ਆਧਾਰ 'ਤੇ ਹੀ ਜੇਤੂ ਟੀਮਾਂ ਦਾ ਐਲਾਨ ਕਰਦਿਆਂ ਫੈਡਰੇਸ਼ਨ ਵਲੋਂ ਪੇਡੂ ਖੇਡ ਕਲੱਬਾਂ ਅਤੇ ਟੂਰਨਾਮੈਂਟ ਕਮੇਟੀਆਂ ਦੀ ਮੱਦਦ ਨਾਲ ਇਨ੍ਹਾਂ ਵਜ਼ਨੀ ਕਬੱਡੀ ਟੀਮਾਂ ਨੂੰ ਨਗਦ ਰਾਸ਼ੀ ਦੇ ਨਾਲ-ਨਾਲ ਘਿਉ, ਮੱਖਣ, ਬਦਾਮ ਆਦਿ ਦੇਸ਼ੀ ਖਾਧ-ਖੁਰਾਕਾਂ ਨਾਲ ਵਿਅਕਤੀਗਤ ਇਨਾਮ ਵਜੋਂ ਸਰਬੋਤਮ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਨਿਵਾਜਿਆ ਜਾਵੇਗਾ, ਫੈਡਰੇਸ਼ਨ ਦੇ ਹਰੇਕ ਕੱਪ 'ਤੇ ਅੰਡਰ 21 ਸਾਲ ਦੇ ਦੋ ਮੁਕਾਬਲੇ ਲਾਜ਼ਮੀ ਕਰਵਾਏ ਜਾਣਗੇ ਅਤੇ ਕਲੱਬਾਂ ਨੂੰ ਇਨ੍ਹਾਂ ਜੂਨੀਅਰ ਖਿਡਾਰੀਆਂ ਦੇ ਟਰੇਨਿੰਗ ਕੈਂਪ ਲਗਾਉਂਣ ਦੀ ਹਦਾਇਤ ਕੀਤੀ। ਖਿਡਾਰੀਆਂ ਪੱਖੀ ਇਕ ਅਹਿਮ ਫੈਸਲਾ ਲੈਂਦਿਆਂ ਫੈਡਰੇਸ਼ਨ ਨੇ ਖੇਡ ਗਰਾਊਂਡ ਦੌਰਾਨ ਕਿਸੇ ਵੀ ਖਿਡਾਰੀ ਦੇ ਸੱਟ ਲਗਦੀ ਹੈ ਤਾਂ ਸਪਾਂਸਰਾਂ ਦੀ ਮਾਲੀ ਮਦਦ ਨਾਲ ਸੱਟ ਦਾ ਬੀਮਾ ਬਿਲਕੁਲ ਮੁਫਤ ਕੀਤਾ ਜਾਵੇਗਾ ਅਤੇ ਫੱਟੜ ਹੋਏ ਖਿਡਾਰੀ ਦੇ ਇਲਾਜ ਦਾ ਜ਼ਿੰਮਾ ਵੀ ਫੈਡਰੇਸ਼ਨ ਦਾ ਹੋਵੇਗਾ। ਖਿਡਾਰੀਆਂ ਦਾ ਡੋਪ ਟੈਸਟ ਨਾਮੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸੰਸਥਾ ਵਲੋਂ ਹੀ ਕਰਵਾਇਆ ਜਾਵੇਗਾ। ਕਬੱਡੀ ਦੀ ਚੜ੍ਹਦੀ ਕਲਾ ਲਈ ਅਤੇ ਕੌਮਾਂਤਰੀ ਮੰਚ 'ਤੇ ਪੰਜਾਬ ਸਟਾਈਲ ਕਬੱਡੀ ਨੂੰ ਵਡੇਰਾ ਮਾਣ-ਸਤਿਕਾਰ ਦਿਵਾਉਣ ਬਾਬਤ ਸਖਤ ਰੂਲ-ਨਿਯਮ ਅਤੇ ਸਿਰਤੋੜ ਯਤਨ ਬਹੁਤ ਹੀ ਸਲਾਹੁਣਯੋਗ ਹਨ।


-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)। ਮੋਬਾ: 98147 45867

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX