ਤਾਜਾ ਖ਼ਬਰਾਂ


ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  5 minutes ago
ਨਵੀਂ ਦਿੱਲੀ, 16 ਸਤੰਬਰ - ਰਾਸ਼ਟਰਪਤੀ ਭਵਨ ਨੇੜੇ ਡੋਰਨ ਉਡਾਉਣ ਦੇ ਦੋਸ਼ 'ਚ ਪੁਲਿਸ ਨੇ ਪਿਉ-ਪੁੱਤਰ ਨੂੰ ਹਿਰਾਸਤ ਵਿਚ ਲਿਆ ਹੈ। ਦੋਵੇਂ ਅਮਰੀਕਾ ਦੇ ਰਹਿਣ ਵਾਲੇ...
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  7 minutes ago
ਸੁਲਤਾਨਪੁਰ ਲੋਧੀ, 16 ਸਤੰਬਰ (ਹੈਪੀ, ਲਾਡੀ, ਥਿੰਦ) - ਸੁਲਤਾਨਪੁਰ ਲੋਧੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਸਵੇਰੇ ਤੇਜ ਹਨੇਰੀ ਅਤੇ ਹਲਕੇ ਮੀਂਹ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਹੁੰਮਸ...
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  47 minutes ago
ਵਾਸ਼ਿੰਗਟਨ, 16 ਸਤੰਬਰ - ਸਾਉਦੀ ਅਰਬ ਦੀਆਂ ਤੇਲ ਫ਼ੈਕਟਰੀਆਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਕਮੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  48 minutes ago
ਸ੍ਰੀਨਗਰ, 16 ਸਤੰਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ 'ਚ ਪੈਂਦੇ ਬਾਲਾਕੋਟ ਤੇ ਮੇਂਡਰ ਸੈਕਟਰ 'ਚ ਬੀਤੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  45 minutes ago
ਅਮਰਾਵਤੀ, 16 ਸਤੰਬਰ - ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 11 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਅੱਜ ਸਵੇਰੇ ਕਿਸ਼ਤੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ...
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 16 ਸਤੰਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਤੋਂ ਸੁਣਵਾਈ...
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  about 1 hour ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਖਾਣ-ਪੀਣ ਦਾ ਬਦਲਦਾ ਰੰਗ-ਢੰਗ

ਪਿਛਲੇ 50 ਸਾਲਾਂ ਤੋਂ ਸਾਡਾ ਖਾਣ-ਪੀਣ ਬਹੁਤ ਬਦਲ ਗਿਆ ਹੈ | ਅਗਲੇ 50 ਸਾਲ ਵਿਚ ਇਹ ਬਿਲਕੁਲ ਬਦਲ ਜਾਣ ਵਾਲਾ ਹੈ | ਪਰ ਕੀ ਖਾਣੇ ਦੇ ਨਾਲ-ਨਾਲ ਪੇਟ ਵੀ ਬਦਲੇਗਾ |
ਕੀ ਅਸੀਂ ਉਹੀ ਸਭ ਕੁਝ ਖਾ ਰਹੇ ਹਾਂ ਜੋ ਅੱਜ ਤੋਂ 50 ਸਾਲ ਪਹਿਲਾਂ ਖਾ ਰਹੇ ਸੀ? ਅਸੀਂ ਜੋ ਅੱਜ ਖਾ ਰਹੇ ਹਾਂ ਕੀ ਇਹੀ ਸਭ ਕੁਝ 50 ਸਾਲਾਂ ਬਾਅਦ ਵੀ ਸਾਡੀ ਖੁਰਾਕ ਦਾ ਹਿੱਸਾ ਰਹੇਗਾ? ਹੋ ਸਕਦਾ ਹੈ ਕਿ ਚੌਲ, ਦਾਲ, ਰੋਟੀ, ਸਬਜ਼ੀ ਤਾਂ ਸ਼ਾਇਦ ਕੁਝ ਹੱਦ ਤੱਕ ਅਸੀਂ ਖਾਂਦੇ ਰਹੀਏ ਪਰ ਸ਼ਾਇਦ ਇਹ ਕਿਤੇ-ਕਿਤੇ ਹੀ ਰਹਿ ਜਾਣਗੇ | ਉਂਜ ਅਸੀਂ ਇਸ ਤੋਂ ਇਲਾਵਾ ਵੀ ਬਹੁਤ ਕੁਝ ਖਾਂਦੇ ਹਾਂ | ਵਾਤਾਵਰਨ ਮਾਹਿਰਾਂ ਅਤੇ ਭੋਜਨ ਵਿਗਿਆਨੀਆਂ ਦਾ ਮੰਨਣਾ ਹੈ ਕਿ 2070 ਤੱਕ ਸਾਡਾ ਖਾਣ-ਪੀਣ ਬਹੁਤ ਬਦਲ ਜਾਵੇਗਾ | ਉਨ੍ਹਾਂ ਦਾ ਵਿਚਾਰ ਹੈ ਕਿ ਸਰੀਰ ਨੂੰ ਪੌਸ਼ਕ ਤੱਤ ਚਾਹੀਦੇ ਹਨ ਨਾ ਕਿ ਖਾਣਾ | ਤਾਂ ਫਿਰ ਵੱਖ-ਵੱਖ ਤਰ੍ਹਾਂ ਦੇ ਅਨਾਜ ਉਗਾਉਣ ਅਤੇ ਫਿਰ ਉਨ੍ਹਾਂ ਨੂੰ ਕਈ ਪੜਾਵਾਂ ਵਿਚ ਵੰਡ ਕੇ ਰਸੋਈ ਤੱਕ ਲਿਆਉਣਾ ਅਤੇ ਫਿਰ ਪਕਾਉਣਾ ਅਤੇ ਮੇਜ਼ 'ਤੇ ਸਜਾ ਕੇ ਫਿਰ ਖਾਣਾ |
ਇਨ੍ਹਾਂ ਝਮੇਲਿਆਂ ਤੋਂ ਜਿੰਨੀ ਦੂਰੀ ਬਣਾਈ ਜਾਵੇਗੀ, ਓਨਾ ਸਮੇਂ ਅਤੇ ਊਰਜਾ ਦੀ ਬੱਚਤ ਹੋਵੇਗੀ | ਖਾਣ-ਪੀਣ ਤੋਂ ਇਹੀ ਭਾਵ ਹੈ ਕਿ ਉਸ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਲਈ ਊਰਜਾ ਮਿਲੇ | ਇਹ ਊਰਜਾ ਕੋਈ ਇਕ ਗਿਲਾਸ ਪੀਣ ਵਾਲੇ ਪਦਾਰਥ, ਇਕ ਪਾਊਡਰ ਜਾਂ ਫਿਰ ਕੋਈ ਗੋਲੀ ਜਾਂ ਕੈਪਸੂਲ ਦੇ ਸਕਦਾ ਹੈ ਤਾਂ ਫਿਰ ਥਾਲੀ ਭਰ ਕੇ ਖਾਣਾ ਕਿਉਂ ਚਾਹੀਦਾ ਹੈ, ਜਿਸ ਵਿਚ ਮਿਲਾਵਟ ਅਤੇ ਦੂਸਰੇ ਖਤਰੇ ਵਧੇਰੇ ਹੋ ਸਕਦੇ ਹਨ | ਪਰ ਜੇਕਰ ਖਾਣਾ ਪਾਊਡਰ, ਗੋਲੀ, ਕੈਪਸੂਲ ਜਾਂ ਸ਼ਰਬਤ ਦੀ ਸ਼ਕਲ ਹੋਵੇਗਾ ਤਾਂ ਪੇਟ, ਅੰਤੜੀਆਂ, ਪਾਚਕ ਰਸਾਂ ਅਤੇ ਜੀਭ ਦੇ ਲਈ ਕਿੰਨਾ ਕੰਮ ਬਾਕੀ ਰਹਿ ਜਾਵੇਗਾ | ਕੀ ਸਾਡਾ ਢਿੱਡ, ਸਾਡਾ ਸਰੀਰ ਇਸ ਨੂੰ ਸਵੀਕਾਰ ਕਰੇਗਾ ਤੇ ਨਵੇਂ ਰਸ ਰਸਾਇਣਾਂ ਨਾਲ ਕਿਸ ਤਰ੍ਹਾਂ ਤਾਲਮੇਲ ਕਰੇਗਾ?
ਹਿਊਵੇਲ ਯਾਨੀ ਹਿਊਮਨ ਫਿਊਲ ਭਾਵ ਮਨੁੱਖੀ ਬਾਲਣ | ਇਹ ਬਰਤਾਨੀਆ ਦਾ ਉਤਪਾਦ ਹੈ | ਇਸ ਨੂੰ ਮਨੁੱਖ ਦਾ ਬਾਲਣ ਕਹਿ ਸਕਦੇ ਹਾਂ | ਇਹ ਪਾਊਡਰ ਦੇ ਰੂਪ 'ਚ ਹੈ ਜੋ ਮਨੁੱਖ ਦੀ ਸਰੀਰ ਰੂਪੀ ਗੱਡੀ ਨੂੰ ਚਲਾਉਣ, ਉਸ ਨੂੰ ਰਫ਼ਤਾਰ ਦੇਣ ਦੇ ਸਮਰੱਥ ਹੈ | ਹਰ ਤਰ੍ਹਾਂ ਦੇ ਪੋਸ਼ਣ ਨਾਲ ਭਰਪੂਰ ਖਾਣ ਦਾ ਬਦਲ ਹੈ | ਇਕ ਹਿੱਸਾ ਪਾਊਡਰ ਅਤੇ ਪੰਜ ਹਿੱਸੇ ਪਾਣੀ ਮਿਲਾ ਕੇ ਪੀ ਲਿਆ ਤਾਂ ਸਮਝੋ ਭੋਜਨ ਪਕਾਉਣ ਅਤੇ ਭਾਰੀ ਭਰਕਮ ਖਾਣੇ ਤੋਂ ਛੁੱਟੀ | ਹਾਂ, ਢਿੱਡ ਨੂੰ ਵੀ ਤਾਂ ਕੁਝ ਚਾਹੀਦੈ, ਕੁਝ ਅਨਾਜ, ਸਬਜ਼ੀਆਂ ਜਾਂ ਫਲ ਤਾਂ ਬਚ ਹੀ ਜਾਣਗੇ | ਸੋ ਰੇਸ਼ੇ ਭਾਵ ਫਾਈਬਰ ਵਗੈਰਾ ਲਈ ਕਦੀ ਖੀਰਾ, ਤਰ, ਖਰਬੂਜ਼ਾ, ਟਮਾਟਰ ਆਦਿ ਫਲ ਜਾਂ ਆਪਣੀ ਪਸੰਦ ਦੀ ਕੋਈ ਵੀ ਚੀਜ਼ ਖਾ ਸਕਦੇ ਹਾਂ ਤਾਂ ਕਿ ਜੀਭ ਵੀ ਸੰਤੁਸ਼ਟ ਰਹੇ | ਸਵਾਦ ਮਿਲੇ ਅਤੇ ਢਿੱਡ ਵਿਚ ਵੀ ਕੁਝ ਜਾਵੇ ਤਾਂ ਕਿ ਪਾਚਕ ਰਸਾਂ ਨੂੰ ਕੋਈ ਤਾਂ ਕੰਮ ਮਿਲਦਾ ਰਹੇ |
ਇਸ ਪਾਊਡਰ ਨੂੰ ਮਨਚਾਹੇ ਸਵਾਦ ਵਿਚ ਬਦਲਿਆ ਜਾ ਸਕਦਾ ਹੈ, ਤਾਂ ਕਿ ਨੱਕ, ਮੰੂਹ ਚਿੜਾਉਣ ਵਾਲੇ ਬੱਚੇ ਵੀ ਇਸ ਨੂੰ ਪੀ ਜਾਣ | ਸਾਓਲੇਂਟ, ਇਹ ਵੀ ਭੋਜਨ ਦਾ ਇਕ ਬਦਲ ਹੈ, ਸੋਇਆਬੀਨ ਤੋਂ ਪ੍ਰੋਟੀਨ ਅਤੇ ਚੁਕੰਦਰ ਤੋਂ ਕਾਰਬੋਹਾਈਡ੍ਰੇਟ ਭਾਵ ਉਸ ਵਿਚ ਵਿਟਾਮਿਨ ਅਤੇ ਮਿਨਰਲ ਮਿਲਾ ਕੇ ਬਣਿਆ ਪੀਣ ਵਾਲਾ ਪਦਾਰਥ ਹੈ | ਇਹ ਬਰਤਾਨਵੀ ਹਿਊਏਲ ਦਾ ਅਮਰੀਕੀ ਜਵਾਬ ਹੈ | ਭੋਜਨ ਪਦਾਰਥਾਂ 'ਚ ਅਜਿਹੇ ਬਹੁਤ ਸਾਰੇ ਦੂਸਰੇ ਬਦਲ ਤਿਆਰ ਹੋ ਰਹੇ ਹਨ | ਬਿਨਾਂ ਇਹ ਜਾਂਚ ਕੀਤਿਆਂ ਕਿ ਇਹ ਸਾਡੇ ਢਿੱਡ 'ਤੇ ਕਿਸ ਤਰ੍ਹਾਂ ਦਾ ਦੂਰਗਾਮੀ ਪ੍ਰਭਾਵ ਪਾਉਣਗੇ | ਮੀਲ ਸਕਵਾਇਰ ਇਕ ਚੌਕੋਰ ਪੈਟੀਜ਼ ਵਰਗੀ ਚੀਜ਼ ਹੈ | ਮੀਲ ਸਕਵਾਇਰ ਦੇ ਦੋ ਪੀਸ ਜੇਕਰ ਨਾਸ਼ਤੇ ਵਿਚ ਖਾ ਲਏ ਜਾਣ ਤਾਂ ਫਿਰ ਦਿਨ ਅਤੇ ਰਾਤ ਨੂੰ ਖਾਣ ਦੀ ਕੋਈ ਜ਼ਰੂਰਤ ਨਹੀਂ | ਇਸ ਦੇ ਦੋ ਪੈਕੇਟ ਖਰੀਦ ਕੇ ਮਹੀਨੇ ਭਰ ਦੇ ਲਈ ਫਰਿੱਜ਼ ਵਿਚ ਰੱਖ ਲਓ | ਫਿਰ ਜਦੋਂ ਚਾਹੋ ਓਵਨ ਵਿਚ ਦੋ ਮਿੰਟ 'ਚ ਇਸ ਨੂੰ ਗਰਮ ਕਰੋ ਅਤੇ ਖਾਓ |
ਇਸ ਵਿਚ ਸੋਇਆਬੀਨ ਦੇ ਬੀਜ, ਜਈ ਜਾਂ ਓਟ ਅਤੇ ਸੰਤਰੇ ਅਤੇ ਦੂਸਰੇ ਕਈ ਪੌਸ਼ਕ ਤੱਤਾਂ ਦੇ ਨਾਲ ਅਤੇ ਭਿੰਨ-ਭਿੰਨ ਤਰ੍ਹਾਂ ਦੇ ਵਿਟਾਮਿਨਜ਼ ਅਤੇ ਮਿਨਰਲ ਹੁੰਦੇ ਹਨ | ਇਹ ਸਭ ਖਾਣੇ ਦੀ ਜ਼ਰੂਰਤ ਮਹਿਸੂਸ ਨਹੀਂ ਹੋਣ ਦਿੰਦੇ | ਖਾਣ ਤੋਂ ਬਾਅਦ ਜਾਂ ਨਾਸ਼ਤੇ ਵਿਚ ਦੁੱਧ ਲੈਣਾ ਹੈ ਤਾਂ ਮੂਫਰੀ ਪੀਓ | ਗਾਂ ਦੇ ਡੀ.ਐਨ.ਏ. ਨੂੰ ਯੀਸਟ ਵਿਚ ਪਾ ਕੇ ਗਾਂ ਦੇ ਦੁੱਧ ਦਾ ਅਸਲੀ ਪ੍ਰੋਟੀਨ ਪੈਦਾ ਕੀਤਾ ਗਿਆ ਹੈ | ਇਹੀ ਨਹੀਂ, ਇਸ ਵਿਚ ਖਾਸ ਤੌਰ 'ਤੇ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਮਿਲਾਇਆ ਗਿਆ ਹੈ | ਹਾਂ, ਇਸ ਦੀ ਮਿਠਾਸ ਥੋੜ੍ਹੀ ਵੱਖਰੀ ਕਿਸਮ ਦੀ ਹੈ ਤਾਂ ਕਿ ਲੈਕਟੋਜ਼ ਇੰਟਲਰੈਂਟ ਵਾਲੇ ਯਾਨਿ ਦੁੱਧ ਪੀਣ ਤੋਂ ਦੂਰ ਭੱਜਣ ਵਾਲੇ ਵੀ ਇਸ ਨੂੰ ਪੀ ਸਕਣ | ਇਸ ਦੁੱਧ ਵਿਚ ਬਦਾਮ ਵੀ ਮਿਲਿਆ ਹੋਇਆ ਹੈ | ਇਹ ਗਾਂ ਦੇ ਦੁੱਧ ਦਾ ਬਦਲ ਤਾਂ ਹੈ ਪਰ ਸਦੀਆਂ ਤੋਂ ਮਨੁੱਖ ਜਾਤੀ ਜਾਂ ਦੇਸ਼ ਦੇ ਲੋਕ ਜਿਸ ਤਰ੍ਹਾਂ ਦੀ ਦੇਸੀ ਗਾਂ ਦਾ ਦੁੱਧ ਪੀਂਦੇ ਆ ਰਹੇ ਹਨ, ਇਹ ਉਸ ਤੋਂ ਬਹੁਤ ਅਲੱਗ ਹੈ | ਪੇਟ ਇਸ ਵਿਚ ਫਰਕ ਜ਼ਰੂਰ ਕਰੇਗਾ |
ਜਦੋਂ ਸਾਡੇ ਕੋਲ ਹਰ ਆਦਮੀ ਦੇ ਜੀਨੋਮ ਦੀ ਪੂਰੀ ਤਸਵੀਰ ਸਾਹਮਣੇ ਰੱਖਣ ਦੀ ਸਹੂਲਤ ਹਾਸਲ ਹੋ ਜਾਵੇਗੀ ਤਾਂ ਫਿਰ ਇਕ ਆਦਮੀ ਦੇ ਲਈ ਇਹ ਤੈਅ ਕਰਨਾ ਸੌਖਾ ਹੋ ਜਾਵੇਗਾ ਕਿ ਉਸ ਨੂੰ ਕਿਸ ਤਰ੍ਹਾਂ ਦਾ ਭੋਜਨ ਚਾਹੀਦਾ ਹੈ | ਉਸ ਨੂੰ ਪ੍ਰੋਟੀਨ ਜ਼ਿਆਦਾ ਲੈਣਾ ਚਾਹੀਦਾ ਹੈ ਜਾਂ ਕੁਝ ਹੋਰ | ਪ੍ਰੋਟੀਨ ਵੀ ਲੈਣਾ ਹੈ ਤਾਂ ਕਿਸ ਤਰ੍ਹਾਂ ਦਾ ਅਤੇ ਕਿਸ ਸਰੋਤ ਤੋਂ ਮਿਲੇ | ਸਬੱਬ ਇਹ ਹੈ ਕਿ ਹਰ ਵਿਅਕਤੀ ਲਈ ਉਸ ਦੇ ਖਾਨਦਾਨੀ ਗੁਣਾਂ ਦੇ ਅਨੁਸਾਰ ਹੀ ਉਸ ਨੂੰ ਖਾਣਾ ਪਰੋਸਿਆ ਜਾਣਾ ਚਾਹੀਦਾ ਹੈ | ਇਸ ਤਰ੍ਹਾਂ ਦਾ ਖਾਣਾ ਬਨਾਵਟੀ ਤੌਰ 'ਤੇ ਹੀ ਤਿਆਰ ਕੀਤਾ ਜਾ ਸਕੇਗਾ, ਜਿਸ ਨੂੰ ਕਸਟਮਾਈਜ਼ਡ ਖਾਣਾ ਕਹਾਂਗੇ | ਬਿਨਾਂ ਸ਼ੱਕ ਇਸ ਵਿਚ ਅਲੱਗ ਤਰ੍ਹਾਂ ਦੇ ਤੱਤ ਸ਼ਾਮਿਲ ਹੋਣਗੇ | ਇਸ ਵਿਚ ਅਲੱਗ ਤਰ੍ਹਾਂ ਦੇ ਤਿਆਰ ਕੀਤੇ ਸਵਾਦ ਅਤੇ ਰੰਗਾਂ ਦੇ ਨਾਲ ਡਾਕਟਰਾਂ ਦੇ ਆਦੇਸ਼ ਜਾਂ ਵਿਅਕਤੀਗਤ ਖੁਰਾਕ ਲੋੜਾਂ ਅਨੁਸਾਰ ਤਿਆਰ ਕੀਤੀ ਗਈ ਸਮੱਗਰੀ ਹੋਵੇਗੀ |
ਜਦ ਬੱਚਿਆਂ ਲਈ ਖਾਸ ਤਰ੍ਹਾਂ ਦਾ ਬੇਬੀ ਫੂਡ ਆ ਸਕਦਾ ਹੈ ਤਾਂ ਅੱਲ੍ਹੜ ਉਮਰ ਵਾਲਿਆਂ ਅਤੇ ਬਜ਼ੁਰਗਾਂ ਲਈ ਜਾਂ ਨੌਜਵਾਨਾਂ, ਔਰਤਾਂ ਜ਼ਿਆਦਾ ਕੰਮ ਕਰਨ ਵਾਲੇ ਜਾਂ ਫਿਰ ਤਕਰੀਬਨ ਸਰਗਰਮ ਨਾ ਰਹਿਣ ਵਾਲੇ ਭਾਵ ਇਸ ਤਰ੍ਹਾਂ ਦੇ ਬਣੇ ਬਣਾਏ ਖਾਣੇ ਕਿਉਂ ਨਹੀਂ ਬਣਾਏ ਜਾ ਸਕਦੇ | ਇਨ੍ਹਾਂ ਖਾਣਿਆਂ ਵਿਚ ਉਹ ਸਾਰੇ ਤੱਤ ਜਾਂ ਯੋਗਿਕ ਮੌਜੂਦ ਹੋਣਗੇ ਜੋ ਹਰ ਉਮਰ ਦੇ ਸਰੀਰ ਲਈ ਜ਼ਰੂਰੀ ਹਨ | ਦਰਅਸਲ ਇਸ ਵਿਚ ਕਈ ਤਰ੍ਹਾਂ ਦੇ ਸੰਸ਼ਲੇਸ਼ਤ ਰਸਾਇਣਕ ਘਟਕ ਵੀ ਸ਼ਾਮਿਲ ਹੋਣਗੇ, ਜਿਨ੍ਹਾਂ ਤੋਂ ਪੇਟ ਜਾਣੂ ਨਹੀਂ ਹੋ ਸਕਦਾ | ਖਾਣ ਵਾਲੇ ਪਦਾਰਥਾਂ ਵਿਚ ਗੁਣਵੱਤਾ, ਸੁਰੱਖਿਆ, ਪੋਸ਼ਣ ਵਧਾਉਣ ਅਤੇ ਲਾਗਤ ਘਟਾਉਣ ਲਈ ਨੈਨੋ ਤਕਨਾਲੋਜੀ ਦੇ ਤਹਿਤ ਨੈਨੋ ਪਾਰਟੀਕਲ ਦੀ ਵਰਤੋਂ ਹੋਣੀ ਯਕੀਨੀ ਹੈ |
ਇਸ ਵਿਚ ਚਾਂਦੀ, ਲੋਹਾ ਆਕਸਾਈਡ, ਟਾਈਟੇਨੀਅਮ ਡਾਈਆਕਸਡਾਈਡ, ਸਿਲੀਕਾਨ ਡਾਈਆਕਸਾਈਡ ਅਤੇ ਜ਼ਿੰਕ ਆਕਸਾਈਡ ਤੋਂ ਇਲਾਵਾ ਲਿਪਿਡ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੇ ਨੈਨੋ ਕਣਾਂ ਦਾ ਇਸਤੇਮਾਲ ਤਾਂ ਯਕੀਨੀ ਹੈ, ਨੈਨੋ ਪਾਰਟੀਕਲ ਗੁਣਾਂ 'ਤੇ ਫੂਡ ਮੈਟਿ੍ਕਸ ਅਤੇ ਖਾਣੇ ਵਾਲੀ ਨਾੜੀ 'ਤੇ ਇਸ ਦਾ ਪ੍ਰਭਾਵ ਹੈਰਾਨੀ ਵਾਲਾ ਹੈ, ਭਾਵੇਂ ਪਾਚਣ ਤੰਤਰ 'ਤੇ ਨੈਨੋ ਕਾਰਨਾਂ ਦੇ ਸੰਭਾਵਿਤ ਜ਼ਹਿਰੀਲੇਪਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਹਾਲਾਂ ਕਿ ਇਹ ਤੈਅ ਹੈ ਕਿ ਵਿਗਿਆਨੀ ਅਗਲੇ ਕੁਝ ਸਾਲਾਂ ਵਿਚ ਇਸ ਸਬੰਧੀ ਖੋਜ ਕਰ ਕੇ ਇਸ ਦਾ ਕੋਈ ਰਾਹ ਕੱਢ ਲੈਣਗੇ | ਪਰ ਇਹ ਉਨ੍ਹਾਂ ਦੀ ਸਫ਼ਲਤਾ ਹੋ ਸਕਦੀ ਹੈ, ਢਿੱਡ ਇਸ ਨੂੰ ਕਿਸ ਤਰ੍ਹਾਂ ਸਵੀਕਾਰ ਕਰਦਾ ਹੈ, ਇਹ ਅਜੇ ਦੇਖਣਾ ਹੋਵੇਗਾ |
ਭਵਿੱਖ ਵਿਚ ਨਮੀ ਲੈ ਕੇ ਆਪਣਾ ਆਕਾਰ ਬਦਲਣ ਵਾਲੇ ਖਾਣਿਆਂ ਵਿਚ ਖਾਸ ਤਰ੍ਹਾਂ ਦਾ ਪਦਾਰਥ (ਬੈਕਟੀਰੀਅਮ) ਮਿਲਾਇਆ ਜਾਏਗਾ | ਇਸ ਦੇ ਨਾਲ ਪਾਸਤਾ ਨੂੰ ਪ੍ਰੋਗ੍ਰਾਮਡ ਕੀਤਾ ਗਿਆ ਹੈ | ਇਸ ਤੋਂ ਇਲਾਵਾ ਭਵਿੱਖ ਵਿਚ ਖਾਣਯੋਗ ਪਾਲੀਮਰ ਦੀ ਵਰਤੋਂ ਖਾਣ ਵਾਲੇ ਪਦਾਰਥਾਂ ਨੂੰ ਸੁਰੱਖਿਅਤ ਰੱਖਣ, ਜ਼ਿਆਦਾ ਟਿਕਾਊ ਰੱਖਣ ਅਤੇ ਆਕਰਸ਼ਿਕ ਬਣਾਉਣ ਲਈ ਕੀਤੀ ਜਾਵੇਗੀ | ਇਹ ਪਾਲੀਮਰ ਬਹੁਤਾ ਕਰ ਕੇ ਗ਼ੈਰ-ਕੁਦਰਤੀ ਸੋਮਿਆਂ ਤੋਂ ਲਏ ਜਾਣਗੇ | ਚੰਗੀ ਗੁਣਵੱਤਾ ਵਾਲੇ ਰੈਡੀ ਟੂ ਈਟ ਫੂਡ ਵਿਚ ਖਾਸ ਤੌਰ 'ਤੇ ਕੰਮ ਆਉਣਗੇ, ਇਨ੍ਹਾਂ ਦਾ ਪੈਕੇਜਿੰਗ ਵਿਚ ਵੀ ਕੰਮ ਲਿਆ ਜਾ ਸਕਦਾ ਹੈ, ਜਿਸ ਨੂੰ ਖਾਣ ਵਾਲੇ ਪਦਾਰਥਾਂ ਦੇ ਨਾਲ ਖਾਧਾ ਜਾ ਸਕੇ | ਇਹ ਸਭ ਹੋਵੇ ਜਾਂ ਜੈਨੇਟਿਕ ਇੰਜੀਨੀਅਰਿੰਗ ਦੀ ਮਦਦ ਨਾਲ ਤਿਆਰ ਫਿਰ ਗ਼ੈਰ-ਐਲਰਜਨਿਕ ਮੰੂਗਫਲੀ ਜਾਂ ਖਾਸ ਤੌਰ 'ਤੇ ਚੌਲ (ਚਾਵਲ) ਭਾਵੇਂ ਇਸ ਨੂੰ ਜ਼ਰੂਰਤ ਕਿਹਾ ਜਾ ਰਿਹਾ ਹੈ ਪਰ ਫਿਰ ਵੀ ਢਿੱਡ ਬਾਰੇ ਸ਼ੰਕਾ ਤਾਂ ਹੈ ਹੀ |
ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਜਦੋਂ ਖੇਤੀ ਅਤੇ ਬਾਗਬਾਨੀ 'ਤੇ ਅਸਰ ਪਾਵੇਗਾ ਤਾਂ ਉਦੋਂ ਸਾਨੂੰ ਪ੍ਰੋਟੀਨ ਲਈ ਕੀੜਿਆਂ-ਮਕੌੜਿਆਂ 'ਤੇ ਆਉਣਾ ਪੈ ਸਕਦਾ ਹੈ |
ਸਮੰੁਦਰੀ ਸ਼ੈਵਾਲ ਸੁਪਰ ਫੂਡ ਦੇ ਰੂਪ ਵਿਚ ਸ਼ਾਮਿਲ ਹੋਵੇਗਾ ਜੋ ਅੱਜ ਤੱਕ ਅਸੀਂ ਕਦੀ ਵੀ ਨਹੀਂ ਖਾਧਾ | ਇਸ ਵਿਚ ਜ਼ਬਰਦਸਤ ਕੈਲਸ਼ੀਅਮ, ਪ੍ਰੋਟੀਨ, ਲੋਹਾ, ਮਿਨਰਲ ਅਤੇ ਰੇਸ਼ੇਦਾਰ ਅਤੇ ਐਾਟੀਆਕਸੀਡੈਂਟ ਮਿਲਣਗੇ ਪਰ ਸਵਾਲ ਇਹ ਹੈ ਕਿ ਕੀ ਇਹ ਸਾਡੇ ਪੇਟ ਲਈ ਬਹੁਤ ਸਹਿਜ ਹੋਵੇਗਾ ਜਾਂ ਨਹੀਂ | ਭਵਿੱਖ ਵਿਚ ਸ਼ੈਵਾਲ ਤੋਂ ਬਣੇ ਸੁਪਰ ਫੂਡ ਹੋਣਗੇ ਤਾਂ ਸਬਜ਼ੀਆਂ ਲੋਪ ਨਹੀਂ ਹੋ ਜਾਣਗੀਆਂ | ਇਹ ਜ਼ਮੀਨ ਦੀ ਬਜਾਏ ਪਾਣੀ ਵਿਚ, ਊਰਧਵਾਧਰ ਦੀ ਬਜਾਏ ਸ਼ੈਤਿਜ ਭਾਵ ਤਾਪਮਾਨ ਕੰਟਰੋਲ ਕਰਨ ਵਾਲੀ ਪ੍ਰਯੋਗਸ਼ਾਲਾ ਵਿਚ ਸੂਰਜ ਦੀ ਬਜਾਏ ਐਲ.ਈ.ਡੀ. ਰੌਸ਼ਨੀ ਵਿਚ ਆਮ ਨਾਲੋਂ ਪੰਜ ਗੁਣਾ ਤੇਜ਼ੀ ਨਾਲ ਵਿਕਸਤ ਕੀਤੀ ਜਾਵੇਗੀ | ਇਸ ਤਰ੍ਹਾਂ ਦੇ ਸ਼ਾਕਪਾਤ ਵਿਚ ਆਮ ਦੇ ਮੁਕਾਬਲੇ, ਇਨ੍ਹਾਂ ਦੀ ਰੂਪ-ਰੇਖਾ ਕੀ ਹੋਵੇਗੀ ਅਜੇ ਕਹਿਣਾ ਮੁਸ਼ਕਿਲ ਹੈ |
ਸਾਡਾ ਖਾਣਾ ਅਤੇ ਪੀਣਾ ਬਹੁਤ ਸਾਰੀਆਂ ਚੀਜ਼ਾਂ ਦਾ ਇਕ ਗੰੁਝਲਦਾਰ ਮਿਲਗੋਭਾ ਹੋਵੇਗਾ | ਇਹ ਅਲੱਗ-ਅਲੱਗ ਸੋਮਿਆਂ ਤੋਂ ਆਏਗਾ | ਕੋਈ ਵਰਟੀਕਲ ਖੇਤ ਤੋਂ, ਕੋਈ ਫੈਕਟਰੀ ਤੋਂ, ਕੋਈ ਥ੍ਰੀ-ਡੀ ਪਿ੍ੰਟਿੰਗ ਤੋਂ ਬਣਿਆ ਹੋਵੇਗਾ ਤੇ ਬਹੁਤ ਸਾਰੇ ਖਾਣ ਵਾਲੇ ਪਦਾਰਥ ਰੀਐਕਟਰ 'ਚੋਂ ਨਿਕਲੇ ਹੋਣਗੇ | ਕੁਝ ਅਣਬੁੱਝੇ ਜਿਹੀ ਖਾਣ ਯੋਗ ਸਮੱਗਰੀ ਅਜਿਹੇ ਪਦਾਰਥਾਂ ਤੋਂ ਬਣੀ ਹੋਵੇਗੀ, ਜਿਸ ਬਾਰੇ ਅੱਜ ਅਸੀਂ ਸੋਚ ਵੀ ਨਹੀਂ ਸਕਦੇ | ਅਸੀਂ ਕਿੰਨੇ ਸ਼ਾਕਾਹਾਰੀ ਬਚਾਂਗੇ ਜਾਂ ਮਾਸਾਹਾਰੀ ਇਹ ਸਵਾਲ ਬਹੁਤਾ ਮੁੱਦਾ ਨਹੀਂ ਰਹਿ ਜਾਵੇਗਾ | ਅਸੀਂ ਜੋ ਖਾ ਰਹੇ ਹੋਵਾਂਗੇ, ਉਹ ਇਸ ਤੋਂ ਬਹੁਤ ਪਰ੍ਹੇ ਦੀ ਗੱਲ ਹੋਵੇਗੀ | ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਰੇ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਨੂੰ ਸਾਡਾ ਢਿੱਡ ਵੀ ਅਜਨਬੀ ਅਤੇ ਅਦਭੁੱਤ ਮੰਨੇਗਾ ਤਾਂ ਅਜਿਹੇ ਵਿਚ ਕੀ ਉਹ ਉਨ੍ਹਾਂ ਨੂੰ ਸਹਿਜ ਸਵੀਕਾਰ ਕਰੇਗਾ ਜਾਂ ਫਿਰ ਇਸ ਲਈ ਅਲੱਗ ਖੋਜ ਕਰਨੀ ਪਵੇਗੀ |

-ਇਮੇਜ ਰਿਫਲੈਕਸ਼ਨ ਸੈਂਟਰ |


ਖ਼ਬਰ ਸ਼ੇਅਰ ਕਰੋ

ਤਾਮਿਲਨਾਡੂ ਦੇ ਰਾਮੇਸ਼ਵਰਮ ਟਾਪੂ ਨੂੰ ਦੇਸ਼ ਨਾਲ ਜੋੜਨ ਵਾਲਾ ਇਕੋ-ਇਕ ਪਾਮਬਨ ਰੇਲਵੇ ਪੁਲਭਾਰਤ ਦੇ ਸਭ ਤੋਂ ਖ਼ਤਰਨਾਕ ਸਮੁੰਦਰੀ ਰੇਲਵੇ ਪੁਲ 'ਤੇ ਸਫ਼ਰ ਕਰਦਿਆਂ ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਤਕਰੀਬਨ 564 ਕਿਲੋਮੀਟਰ ਦੂਰ ਪੈਂਦੇ ਇਕ ਟਾਪੂ ਰਾਮੇਸ਼ਵਰਮ ਆਈਲੈਂਡ ਨੂੰ ਬਾਕੀ ਦੇਸ਼ ਨਾਲ ਜੋੜਦੇ ਭਾਰਤ ਦੇ ਨੰਬਰ ਇਕ ਖ਼ਤਰਨਾਕ ਰੇਲਵੇ ਪੁਲ ਪਾਮਬਨ 'ਤੇ ਬੀਤੇ ਦਿਨ ਸਫਰ ਕਰਨ ਦਾ ਮੌਕਾ ਮਿਲਿਆ | ਵਿਸ਼ਾਲ ਸਮੁੰਦਰ ਦੇ ਵਿਚਕਾਰ ਬਣੇ ਇਸ ਰੇਲਵੇ ਪੁਲ ਦਾ ਨਜ਼ਾਰਾ ਮਨ ਨੂੰ ਟੁੰਬਣ ਦੇ ਨਾਲ ਨਾਲ ਬੇਹੱਦ ਖਤਰਨਾਕ ਅਤੇ ਡਰਾਉਣਾ ਵੀ ਹੈ | ਬਰਤਾਨਵੀ ਸਾਮਰਾਜ ਵੱਲੋਂ ਭਾਰਤ ਵਿਚ ਆਪਣੇ ਵਪਾਰ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਸੰਨ 1870 ਈ: ਨੂੰ ਇਸ ਮਹਾਂ ਪੁਲ ਨੂੰ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਅਗਸਤ 1911 ਨੂੰ ਇਸ 'ਤੇ ਅਮਲ ਕਰਦਿਆਂ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਕੇ ਲਗਪਗ ਸਾਢੇ ਤਿੰਨ ਸਾਲ ਬਾਅਦ ਭਾਵ 24 ਫਰਵਰੀ 1914 ਨੂੰ ਇਹ ਰੇਲਵੇ ਪੁਲ ਬਣ ਕੇ ਤਿਆਰ ਹੋ ਗਿਆ¢
ਇਹ ਭਾਰਤ ਦਾ ਨੰਬਰ ਇਕ ਅਤੇ ਵਿਸ਼ਵ ਦਾ ਦੂਜਾ ਲੰਬਾ ਖ਼ਤਰਨਾਕ ਸਮੁੰਦਰੀ ਪੁਲ ਹੈ | ਇਸ 'ਤੇ ਸਫ਼ਰ ਕਰਨ ਸਮੇਂ ਗੱਡੀ ਦੀ ਸਪੀਡ ਬਹੁਤ ਹੌਲੀ ਹੁੰਦੀ ਹੈ ਤਾਂ ਕਿ ਧਮਕ ਨਾਲ ਇਸ ਦੇ ਥਮ੍ਹਲਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ | ਆਮ ਕਰਕੇ ਰੇਲ ਗੱਡੀ ਇਸ ਉਪਰੋਂ ਰਾਤ ਨੂੰ ਹੀ ਲੰਘਦੀ ਹੈ ਕਿਉਂਕਿ ਦਿਨ ਦੇ ਸਮੇਂ ਸਮੁੰਦਰੀ ਲਹਿਰਾਂ ਦਾ ਵੇਗ ਏਨਾ ਭਿਆਨਕ ਹੁੰਦਾ ਹੈ ਕਿ ਸਮੁੰਦਰ ਦਾ ਪਾਣੀ ਗੱਡੀ ਨਾਲ ਟਕਰਾ ਕੇ ਕਿਸੇ ਵੀ ਸਮੇਂ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ | 23 ਦਸੰਬਰ 1964 ਨੂੰ ਇਕ ਸਮਾਂ ਅਜਿਹਾ ਵੀ ਆਇਆ ਜਦ ਧਨੁਸ਼ਕੋਟੀ ਪੈਸੰਜਰ ਰੇਲ ਗੱਡੀ ਇਸ ਪੁਲ ਤੋਂ ਗੁਜ਼ਰ ਰਹੀ ਸੀ ਤਾਂ ਸਮੁੰਦਰ ਵਿਚੋਂ ਉੱਠੇ ਸ਼ਕਤੀਸ਼ਾਲੀ ਤੂਫ਼ਾਨ ਨੇ ਗੱਡੀ ਨੂੰ ਪਲਟਾ ਦਿੱਤਾ ਤੇ ਵੇਖਦਿਆਂ ਹੀ ਵੇਖਦਿਆਂ ਆਪਣੀਆਂ ਸੱਧਰਾਂ ਤੇ ਅਰਮਾਨਾਂ ਨੂੰ ਸੀਨੇ ਵਿਚ ਜਜ਼ਬ ਕਰ ਕੇ ਸਫ਼ਰ ਕਰਦੇ ਯਾਤਰੀਆਂ ਸਮੇਤ ਰੇਲ ਗੱਡੀ ਸਮੁੰਦਰ ਵਿਚ ਡੁੱਬ ਗਈ ਤੇ 150 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪਿਆ | ਇਸ ਸੁਨਾਮੀ ਨਾਲ ਪੁਲ ਦਾ ਵੱਡਾ ਹਿੱਸਾ ਨੁਕਸਾਨੇ ਜਾਣ ਕਾਰਨ ਇਸ ਉੱਪਰ ਆਵਾਜਾਈ ਬੰਦ ਹੋ ਗਈ ਤੇ ਲੰਮਾ ਸਮਾਂ ਮੁਰੰਮਤ ਦਾ ਕੰਮ ਚੱਲਿਆ | ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਸਮੁੰਦਰੀ ਲਹਿਰਾਂ 25 ਫੁੱਟ ਤੋਂ ਵੀ ਵੱਧ ਉੱਚੀਆਂ ਉੱਠ ਕੇ ਆਲੇ-ਦੁਆਲੇ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਸਨ | 105 ਸਾਲ ਪੁਰਾਣੇ ਇਸ ਪੁਲ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ | ਵਿਚਕਾਰੋਂ ਦੀ ਇਕ ਰਸਤਾ ਬਣਾ ਕੇ ਸਮੁੰਦਰੀ ਜਹਾਜ਼ਾਂ ਨੂੰ ਲਘਾਉਂਦੇ ਸਮੇਂ ਇਹ ਪੁਲ ਉੱਪਰ ਵੱਲ ਨੂੰ ਉੱਠਦਾ ਹੈ ਜੋ ਆਪਣੇ ਆਪ ਵਿਚ ਰੌਚਕ 'ਤੇ ਵਿਲੱਖਣਤਾ ਭਰਪੂਰ ਦਿ੍ਸ਼ ਪੇਸ਼ ਕਰਦਾ ਹੈ ¢
ਇੰਜੀਨੀਅਰਾਂ ਨੇ 145 ਵੱਡ ਆਕਾਰੀ ਖੰਭਿਆਂ ਦੇ ਦੁਆਲੇ ਕੰਕਰੀਟ ਦਾ ਵੱਡਾ ਜਾਲ ਵਿਛਾਅ ਸਮੁੰਦਰ ਦੇ ਇਕ ਘੱਟ ਡੂੰਘੇ ਹਿੱਸੇ ਨੂੰ ਇਸਤੇਮਾਲ ਕਰ ਕੇ ਇਸ ਨੂੰ ਨੇਪਰੇ ਚਾੜਿ੍ਹਆ ਸੀ | ਭਾਵੇਂ ਬਾਅਦ ਵਿਚ 1988 ਨੂੰ ਇਸ ਰੇਲਵੇ ਪੁਲ ਦੇ ਨਾਲ ਨਾਲ ਇਕ ਸੜਕੀ ਪੁਲ ਦਾ ਨਿਰਮਾਣ ਵੀ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਰਾਮੇਸ਼ਵਰਮ ਨਾਂਅ ਦੇ ਇਸ ਟਾਪੂ ਨੂੰ ਕੇਵਲ ਇਹ ਰੇਲਵੇ ਪੁਲ ਹੀ ਭਾਰਤ ਨਾਲ ਜੋੜਨ ਦਾ ਇਕੋ ਇਕ ਸਾਧਨ ਸੀ | ਰਾਮੇਸ਼ਵਰਮ ਤਾਮਿਲਨਾਡੂ ਦੇ ਪੂਰਵ ਵਿਚ ਬੇਹੱਦ ਖ਼ੂਬਸੂਰਤ ਅਤੇ ਚਾਰੇ ਪਾਸਿਓਾ ਸਮੁੰਦਰ ਵਿਚ ਘਿਰਿਆ ਹਰਿਆਵਲ ਭਰਪੂਰ ਛੋਟਾ ਜਿਹਾ ਸ਼ਹਿਰ ਹੈ | ਇੱਥੇ ਭਾਰਤ ਦੇ ਸੜਕੀ ਤੇ ਰੇਲ ਮਾਰਗ ਖ਼ਤਮ ਹੋ ਜਾਂਦੇ ਹਨ |
ਇਸ ਟਾਪੂ 'ਤੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1511 ਈਸਵੀ ਨੂੰ ਆਪਣੇ ਪਵਿੱਤਰ ਚਰਨ ਪਾਏ ਸਨ¢ ਇਤਿਹਾਸ ਨੂੰ ਵਾਚੀਏ ਤਾਂ ਗੁਰੂ ਸਾਹਿਬ ਸ੍ਰੀਲੰਕਾ ਤੋਂ ਵਾਪਸੀ ਸਮੇਂ ਇੱਥੇ ਕਰੀਬ 19 ਦਿਨ ਠਹਿਰੇ ਸਨ | ਉਨ੍ਹਾਂ ਦੀ ਯਾਦ ਵਿਚ ਰਾਮੇਸ਼ਵਰਮ ਸ਼ਹਿਰ ਅੰਦਰ ਇਕ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ¢ ਇਸ ਖ਼ੂਬਸੂਰਤ ਟਾਪੂ ਦਾ ਜ਼ਿਲ੍ਹਾ ਰਾਮਨਾਡਪੁਰਮ ਹੈ ਤੇ ਇਹ ਆਪਣੇ ਆਪ ਵਿਚ ਇਕ ਤਹਿਸੀਲ ਹੈ | ਇੱਥੋਂ ਸ੍ਰੀਲੰਕਾ 38 ਕਿਲੋਮੀਟਰ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ 378 ਕਿਲੋਮੀਟਰ 'ਤੇ ਸਥਿਤ ਹੈ | ਇੱਥੇ ਸਿੱਖ ਭਾਈਚਾਰੇ ਨਾਲ ਸਬੰਧਤ ਕੋਈ ਪਰਿਵਾਰ ਨਹੀਂ ਰਹਿੰਦਾ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੇਨਈ ਗੁਰਦੁਆਰਾ ਕਮੇਟੀ ਕੋਲ ਹੈ ¢
ਭਾਰਤ ਦੇ ਮਰਹੂਮ ਰਾਸ਼ਟਰਪਤੀ ਅਤੇ ਮਿਜ਼ਾਈਲਮੈਨ ਏ.ਪੀ.ਜੇ. ਅਬਦੁਲ ਕਲਾਮ ਨੇ ਇਸ ਟਾਪੂ ਦੀ ਮਿੱਟੀ 'ਤੇ ਆਪਣੇ ਬਚਪਨ ਨੂੰ ਮਾਣਿਆ ਤੇ ਉਨ੍ਹਾਂ ਦੀ ਜਨਮ ਭੂਮੀ ਹੋਣ ਦਾ ਮਾਣ ਇਸ ਧਰਤੀ ਨੂੰ ਪ੍ਰਾਪਤ ਹੈ | ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਭਾਵੇਂ ਸਾਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਪਰ ਆਪਣੇ ਇਸ ਛੋਟੇ ਜਿਹੇ ਖਿੱਤੇ ਨੂੰ ਵਿਕਾਸ ਦੀ ਐਸੀ ਪੁੱਠ ਚਾੜ੍ਹੀ ਕਿ ਵੇਖਣ ਵਾਲੇ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ | ਭਾਵੇਂ ਭਾਰਤ ਦੇ ਤਾਮਿਲਨਾਡੂ ਸੂਬੇ ਦੀ ਨੁੱਕਰੇ ਦੂਰ ਸਮੁੰਦਰ ਵਿਚ ਰਾਮੇਸ਼ਵਰਮ ਨੂੰ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਬਾਕੀਆਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਇੱਥੇ ਸਥਿਤ ਰੇਲਵੇ ਪੁਲ ਨੂੰ ਵੇਖਣ ਵਾਲੇ ਲੋਕਾਂ ਦਾ ਲੱਗਿਆ ਤਾਂਤਾ ਦੁਨੀਆਂ ਦਾ ਧਿਆਨ ਜ਼ਰੂਰ ਖਿੱਚਦਾ ਹੈ¢
ਇਕ ਵਾਰ ਇੱਥੋਂ ਦੀ ਰੇਲ ਗੱਡੀ ਵਿਚ ਸਫ਼ਰ ਕਰ ਇਨਸਾਨ ਜ਼ਰੂਰ ਸੋਚਦੈ ਕਿ ਹੁਣ ਤੱਕ ਮੈਂ ਇਸ ਨਜ਼ਾਰੇ ਤੋਂ ਵਾਂਝਾ ਕਿਉਂ ਰਿਹਾਂ | ਸਰਕਾਰਾਂ ਵੱਲੋਂ ਇਸ ਰੇਲਵੇ ਪੁਲ ਨੂੰ ਕਈ ਵਾਰ ਅਣਸੁਰੱਖਿਅਤ ਐਲਾਨੇ ਜਾਣ ਦੇ ਬਾਵਜੂਦ ਇਸ ਨੂੰ ਵੇਖਣ ਵਾਲੇ ਡਰ ਤੇ ਉੱਤੇਜਿੱਤ ਖ਼ੁਸ਼ੀ ਦਾ ਲੁਤਫ਼ ਬਿਨਾਂ ਝਿਜਕ ਲੈਂਦੇ ਹਨ¢ ਬਿਨਾਂ ਸ਼ੱਕ 2 ਕਿਲੋਮੀਟਰ ਲੰਬੇ ਇਸ ਪੁਲ ਤੇ ਸਫ਼ਰ ਕਰਦਿਆਂ ਹਰ ਇਕ ਦੇ ਮਨ ਵਿਚ ਖਿਆਲਾਂ ਦਾ ਜਵਾਰਭਾਟਾ ਜ਼ਰੂਰ ਆਉਂਦਾ ਹੈ¢ ਤਾਮਿਲਨਾਡੂ ਜਾਣ ਵਾਲੇ ਹਰ ਵਿਅਕਤੀ ਨੂੰ ਭਾਰਤ ਦੇ ਪਹਿਲੇ ਤੇ ਦੁਨੀਆ ਦੇ ਦੂਜੇ ਨੰਬਰ ਦੇ ਇਸ ਖ਼ਤਰਨਾਕ ਰੇਲਵੇ ਪੁਲ ਉੱਪਰ ਰੇਲ ਗੱਡੀ ਦੇ ਸਫ਼ਰ ਦਾ ਅਨੰਦ ਜ਼ਰੂਰ ਮਾਣਨਾ ਚਾਹੀਦਾ ਹੈ¢

ਮੋਬਾਈਲ : 94634-63136.

ਹਜ਼ਾਰਾਂ ਮੀਲਾਂ ਵਿਚ ਫੈਲਿਆ ਹੈ ਸਹਾਰਾ ਮਾਰੂਥਲ

ਉੱਤਰੀ ਅਫਰੀਕਾ ਮਹਾਂਦੀਪ ਦੇ ਲਗਪਗ ਦਸ ਦੇਸ਼ਾਂ ਵਿਚ ਫੈਲਿਆ ਸਹਾਰਾ ਮਾਰੂਥਲ ਇੰਨਾ ਵਿਸ਼ਾਲ ਖਿੱਤਾ ਹੈ ਕਿ ਸ਼ਬਦਾਂ ਦੀ ਵਰਤੋਂ ਕਰ ਕੇ ਇਸ ਦੇ ਅਕਾਰ ਨੂੰ ਮਨੁੱਖੀ ਤਸੱਵਰ ਵਿਚ ਲਿਆਉਣਾ ਮੁਨਾਸਿਬ ਨਹੀਂ ਹੈ | 'ਸਹਾਰਾ' ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਤੋਂ ਭਾਵ ਹੈ 'ਵਿਸ਼ਾਲ ਰੇਗਿਸਤਾਨ' | ਕਰੀਬ 3.6 ਮਿਲੀਅਨ ਵਰਗ ਮੀਲ ਵਿਚ ਫੈਲਿਆ ਇਸ ਦਾ ਰਕਬਾ ਲਗਪਗ ਚੀਨ ਦੇਸ਼ ਦੇ ਆਕਾਰ ਦੇ ਬਰਾਬਰ ਹੈ | ਭਾਰਤ ਦੇ ਆਕਾਰ ਦੇ ਤਿੰਨ ਦੇਸ਼ ਇਸ ਵਿਚ ਸਮਾ ਸਕਦੇ ਹਨ | ਜਦ ਕਦੇ ਅਸੀਂ ਗਲੋਬ ਉੱਤੇ ਜਾਂ ਵਿਸ਼ਵ ਦੇ ਭੂਗੋਲਿਕ ਨਕਸ਼ੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਉੱਤਰੀ ਅਫਰੀਕਨ ਖਿੱਤੇ ਨੂੰ ਦੇਖਦਿਆਂ ਅਸੀਂ ਇਸੇ ਮਾਰੂਥਲ ਨੂੰ ਹੀ ਵੇਖ ਰਹੇ ਹੁੰਦੇ ਹਾਂ | ਮਿਸਰ, ਸੂਡਾਨ, ਚਾਡ, ਲਿਬੀਆ, ਟੁਨੇਸ਼ੀਆ, ਮਾਲੀ, ਅਲਜੀਰੀਆ, ਮੋਰਾਕੋ, ਮਾਰੂਤਾਨੀਆ ਅਤੇ ਨਾਈਜਰ ਆਦਿ ਦੇਸ਼ ਸਭ ਇਸੇ ਦਾ ਹੀ ਹਿੱਸਾ ਹਨ | ਧਰਤੀ ਉੱਪਰ ਇਹ ਸਭ ਤੋਂ ਵਿਸ਼ਾਲ ਰੇਤੀਲਾ ਮਾਰੂਥਲ ਹੈ | ਕਈ ਵਾਰ ਅਸੀਂ ਅੰਗਰੇਜ਼ੀ ਦੇ 'ਡੈਜ਼ਰਟ' ਅਤੇ ਪੰਜਾਬੀ ਦੇ 'ਮਾਰੂਥਲ' ਸ਼ਬਦਾਂ ਦੇ ਅਰਥ ਇਕੋ ਜਿਹੇ ਸਮਝ ਲੈਂਦੇ ਹਾਂ ਪਰ ਇੱਥੇ ਇਹ ਤੱਥ ਖਿਆਲ ਰੱਖਣਯੋਗ ਹੈ ਕਿ ਜਦ ਅਸੀਂ ਅੰਗਰੇਜ਼ੀ ਦੇ ਸ਼ਬਦ 'ਡੈਜ਼ਰਟ' ਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਤੋਂ ਭਾਵ ਸਿਰਫ ਰੇਤ ਦਾ ਮਾਰੂਥਲ ਹੀ ਨਹੀਂ ਹੁੰਦਾ | 'ਡੈਜ਼ਰਟ' ਸ਼ਬਦ ਇਕ ਖਾਸ ਮਿਕਦਾਰ ਤੋਂ ਘੱਟ ਵਰਖਾ ਵਾਲੇ ਅਤੇ ਮਨੁੱਖੀ ਆਬਾਦੀ ਦੇ ਨਾ-ਰਹਿਣਯੋਗ ਖਿੱਤਿਆਂ ਲਈ ਵਰਤੋਂ ਵਿਚ ਆਉਂਦਾ ਹੈ | ਧਰਤੀ ਦੇ ਦੋਵੇਂ ਬਰਫ਼ੀਲੇ ਧਰੁਵ ਐਾਟਾਰਕਟਿਕਾ ਅਤੇ ਆਰਕਟਿਕ ਵੀ ਡੈਜ਼ਰਟ ਸ਼੍ਰੇਣੀ ਵਿਚ ਹੀ ਆਉਂਦੇ ਹਨ ਅਤੇ ਸਹਾਰਾ ਤੋਂ ਵੱਡੇ ਹਨ | ਸੋ, ਜਦ ਵੀ ਸਹਾਰਾ ਮਾਰੂਥਲ ਦੇ ਸਭ ਤੋਂ ਵਿਸ਼ਾਲ ਹੋਣ ਬਾਰੇ ਜ਼ਿਕਰ ਆਉਂਦਾ ਹੈ ਤਾਂ ਇਹ ਤੱਥ ਸਿਰਫ ਰੇਤੀਲੇ ਮਾਰੂਥਲਾਂ ਦੀ ਜਮਾਤ ਨਾਲ ਹੀ ਸਬੰਧ ਰੱਖਦਾ ਹੈ |
ਸਹਾਰਾ ਮਾਰੂਥਲ ਦੇ ਹੋਂਦ ਵਿਚ ਆਉਣ ਦੇ ਸਮੇਂ ਬਾਰੇ ਮਾਹਿਰਾਂ ਦੀ ਰਾਇ ਵੱਖ-ਵੱਖ ਹੈ | ਨਾਰਵੇ ਦੇ ਸ਼ਹਿਰ ਬਰਗਿਨ ਵਿਚ ਸਥਿਤ ਵਾਤਾਵਰਨ ਖੋਜ ਨਾਲ ਸਬੰਧਿਤ ਸੰਸਥਾ (ਸੈਂਟਰ ਫਾਰ ਕਲਾਈਮੇਟ ਰੀਸਰਚ, ਬਰਗਿਨ) ਦੀ ਨਵੀਂ ਖੋਜ ਅਨੁਸਾਰ ਇਹ ਰੇਗਿਸਤਾਨ ਅੱਜ ਤੋਂ ਕਰੀਬ ਸੱਤ ਹਜ਼ਾਰ ਸਾਲ ਪਹਿਲਾਂ ਹੋਂਦ ਵਿਚ ਆਉਣਾ ਸ਼ੁਰੂ ਹੋਇਆ | ਮੰਨਿਆਂ ਗਿਆ ਹੈ ਕਿ ਇਸ ਤੋਂ ਪਹਿਲਾਂ ਇਹ ਇਲਾਕਾ ਵੀ ਜਰਖੇਜ਼ ਅਤੇ ਹਰਿਆ-ਭਰਿਆ ਸੀ ਪਰ ਸਮੇ ਦੇ ਅਨੰਤ ਗੇੜ ਅਤੇ ਕੁਦਰਤੀ ਚੱਕਰ ਨੇ ਇਸ ਨੂੰ ਮਾਰੂਥਲ ਵਿਚ ਬਦਲ ਦਿੱਤਾ | ਇਸ ਖਿੱਤੇ ਵਿਚ ਬਹੁਤ ਸਾਰੇ ਐਸੇ ਪੁਰਾਣੇ ਸਬੂਤ ਅਤੇ ਤੱਥ ਮੌਜੂਦ ਹਨ ਜੋ ਸਿੱਧ ਕਰਦੇ ਹਨ ਕਿ ਕਦੇ ਇਸ ਦੇ ਕੁਝ ਇਲਾਕਿਆਂ ਵਿਚ ਸਾਗਰ ਵੀ ਮੌਜੂਦ ਸੀ | ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੀ ਪ੍ਰੋਫੈਸਰ ਡਾ: ਜੇਨ ਸਮਿਥ ਵਲੋਂ ਤਿਆਰ ਕੀਤੀ ਗਈ ਖੋਜ ਭਰਪੂਰ ਦਸਤਾਵੇਜ਼ੀ ਫ਼ਿਲਮ ਮੁਤਾਬਿਕ ਮਿਸਰ ਦੇ ਕੁਝ ਇਲਾਕੇ ਕਦੇ ਸਾਗਰ ਹੇਠ ਸਨ ਪਰ ਕੁਦਰਤੀ ਵਰਤਾਰੇ ਹੇਠ ਹੁਣ ਇਹ ਮਾਰੂਥਲਾਂ ਵਿਚ ਬਦਲ ਚੁੱਕੇ ਹਨ | ਵਾਦੀ-ਅਲ-ਹਿਤਾਨ ਵਿਚ ਖੋਜੇ ਗਏ ਵੇਲ੍ਹ ਮੱਛੀਆਂ ਦੇ ਵਿਸ਼ਾਲ ਪਿੰਜਰ ਇਸ ਗੱਲ ਦੇ ਗਵਾਹ ਹਨ ਕਿ ਕਦੇ ਇਹ ਖਿੱਤਾ ਸਾਗਰਾਂ ਦਾ ਘਰ ਸੀ |
ਸਹਾਰਾ ਬਾਰੇ ਕਿਆਸ ਕਰਦਿਆਂ ਅਕਸਰ ਇਹ ਸੋਚ ਲਿਆ ਜਾਂਦਾ ਹੈ ਕਿ ਇਹ ਬਹੁਤ ਵਿਸ਼ਾਲ ਰੇਤੀਲੇ ਟਿੱਬਿਆਂ ਵਾਲਾ ਇਲਾਕਾ ਹੈ ਜਿਸ ਵਿਚ ਕਿਧਰੇ ਕੋਈ ਮਨੁੱਖੀ ਆਬਾਦੀ ਨਹੀਂ ਵੱਸਦੀ ਹੋਵੇਗੀ | ਖ਼ੈਰ, ਇਵੇਂ ਨਹੀਂ ਹੈ | ਸੂਡਾਨ ਅਤੇ ਮਿਸਰ ਆਦਿ ਰਾਹੀਂ ਗੁਜ਼ਰਦੇ ਦੁਨੀਆ ਦੇ ਸਭ ਤੋਂ ਲੰਮੇ ਨੀਲ ਦਰਿਆ ਤੇ ਮਾਲੀ ਅਤੇ ਨਾਈਜੇਰੀਆਈ ਦੇਸ਼ਾਂ ਵਿਚੋਂ ਗੁਜ਼ਰਦੇ ਨਾਈਜਰ ਦਰਿਆ ਨੇ ਇਸ ਮਾਰੂਥਲ ਵਿਚ ਵੱਖ-ਵੱਖ ਸੱਭਿਅਤਾਵਾਂ ਦੀ ਸਿਰਜਣਾ ਕੀਤੀ ਹੈ | ਇਹ ਕੁਦਰਤ ਦਾ ਕਿੰਨਾਂ ਦਿਲਚਸਪ ਅਤੇ ਰਹੱਸਮਈ ਵਰਤਾਰਾ ਹੈ ਕਿ ਧਰਤੀ ਦੇ ਜਿਸ ਵਿਹੜੇ ਵਿਚ ਉਸ ਨੇ ਸਭ ਤੋਂ ਵਿਸ਼ਾਲ ਮਾਰੂਥਲ ਦੀ ਰਚਨਾ ਕੀਤੀ ਹੈ, ਉਥੇ ਹੀ ਸਭ ਤੋਂ ਲੰਮੇਰੇ ਦਰਿਆ ਵੀ ਏਸੇ ਹੀ ਖਿੱਤੇ ਵਿਚ ਵਹਿੰਦੇ ਰੱਖੇ ਹਨ | ਉੱਤਰੀ ਅਫਰੀਕੀ ਦੇਸ਼ਾਂ ਦੇ ਲਗਪਗ ਸਾਰੇ ਵੱਡੇ ਸ਼ਹਿਰ ਇਨ੍ਹਾਂ ਦਰਿਆਵਾਂ ਦੇ ਕੰਢੇ ਹੀ ਵੱਸੇ ਹੋਏ ਹਨ | ਇਨ੍ਹਾਾ ਦਰਿਆਵਾਂ ਤੋਂ ਇਲਾਵਾ ਜ਼ਮੀਨਦੋਜ਼ ਵਹਿੰਦੀਆਂ ਪਾਣੀ ਵਾਲੀਆਂ ਨਦੀਆਂ ਵੀ ਹਨ ਜੋ ਕਿਧਰੇ-ਕਿਧਰੇ ਸਤਾਹ 'ਤੇ ਵੀ ਆਣ ਵਗਦੀਆਂ ਹਨ | ਬਹੁਤ ਘੱਟ ਗਿਣਤੀ ਵਿਚ ਖੜ੍ਹੇ ਪਾਣੀ ਦੇ ਸ੍ਰੋਤ ਵੀ ਮੌਜੂਦ ਹਨ | ਚਾਡ ਦੇਸ਼ ਵਿਚ ਸਥਿਤ ਚਾਡ ਝੀਲ ਸਹਾਰਾ ਮਾਰੂਥਲ ਦਾ ਖੜ੍ਹੇ ਪਾਣੀ ਦਾ ਸਭ ਤੋਂ ਵੱਡਾ ਸ੍ਰੋਤ ਹੈ | ਇਹ ਝੀਲ 520 ਵਰਗ ਮੀਲ ਵਿਚ ਫੈਲੀ ਹੋਈ ਹੈ | ਇਸ ਦੇਸ਼ ਦਾ ਨਾਂਅ ਵੀ ਪਾਣੀ ਦੀ ਇਸ ਵਿਸ਼ਾਲ ਝੀਲ ਤੋਂ ਹੀ ਪਿਆ ਹੈ | ਚਾਡ ਸ਼ਬਦ ਖੇਤਰੀ ਭਾਸ਼ਾ ਦਾ ਸ਼ਬਦ ਹੈ ਜਿਸ ਤੋਂ ਭਾਵ ਹੈ 'ਪਾਣੀ ਦਾ ਬਹੁਤ ਵੱਡਾ ਜ਼ਖੀਰਾ' | ਬਿਨਾਂ ਸ਼ੱਕ, ਏਨੇ ਅਥਾਹ ਮਾਰੂਥਲੀ ਇਲਾਕੇ ਵਿਚ ਕਿਧਰੇ ਪਾਣੀ ਦੀ ਵਿਸ਼ਾਲ ਝੀਲ ਦਾ ਹੋਣਾ ਕੁਦਰਤੀ ਅਮੀਰੀ ਦੀ ਨਿਸ਼ਾਨੀ ਹੈ | ਇਸ ਤੋਂ ਇਲਾਵਾ ਮਾਰੂਥਲ ਵਿਚ ਜਿੱਥੇ ਕਿਧਰੇ ਵੀ ਕੋਈ ਛੋਟੀ-ਵੱਡੀ ਝੀਲ ਜਾਂ ਜ਼ਮੀਨਦੋਜ਼ ਪਾਣੀ ਦੀ ਸਤਹੀ ਹੋਂਦ ਮੌਜੂਦ ਹੈ, ਉਹੀ ਜਗ੍ਹਾ ਰਹਿਣਯੋਗ ਬਣੀ ਹੋਈ ਹੈ ਅਤੇ ਛੋਟੇ-ਵੱਡੇ ਸ਼ਹਿਰ ਵੱਸੇ ਹੋਏ ਹਨ | ਫਿਰ ਵੀ ਅੱਜ ਤੱਕ ਸਹਾਰਾ ਖਿੱਤੇ ਦੇ ਰੇਗਿਸਤਾਨ ਨਾਲ ਭਰੇ ਬਹੁਤ ਸਾਰੇ ਇਸ ਤਰਾਂ ਦੇ ਉਜਾੜ ਹਿੱਸੇ ਹਨ ਜਿੱਥੇ ਅੱਜ ਤੱਕ ਕੋਈ ਮਨੁੱਖ ਨਹੀਂ ਪਹੁੰਚਿਆ | ਆਬਾਦੀ ਦੇ ਲਿਹਾਜ਼ ਨਾਲ ਇਹ ਬਹੁਤ ਥੋੜ੍ਹੀ ਘਣਤਾ ਵਾਲਾ ਇਲਾਕਾ ਹੈ |
ਪੱਛਮੀ ਅਫਰੀਕਾ ਸਥਿਤ ਮਾਲੀ ਦੇਸ਼ ਦਾ ਪ੍ਰਸਿੱਧ ਸ਼ਹਿਰ ਟਿੰਬਕਟੂ ਸਹਾਰਾ ਖੇਤਰ ਦਾ ਬਹੁਤ ਪੁਰਾਣਾ ਸ਼ਹਿਰ ਹੈ | ਇਹ ਸ਼ਹਿਰ ਸਹਾਰਾ ਮਾਰੂਥਲ ਦੀਆਂ ਬਹੁਤ ਪੁਰਾਣੀਆਂ ਲੋਕ-ਗਾਥਾਵਾਂ ਅਤੇ ਕਹਾਣੀਆਂ ਦਾ ਹਿੱਸਾ ਰਿਹਾ ਹੈ | ਸਦੀਆਂ ਤੋਂ ਅਫਰੀਕਾ ਦੀਆਂ ਸੈਂਕੜੇ ਪਰੀ-ਕਹਾਣੀਆਂ ਇਸ ਸ਼ਹਿਰ ਨਾਲ ਜੁੜੀਆਂ ਰਹੀਆਂ ਹਨ | ਇਹ ਦਿਲਚਸਪ ਤੱਥ ਹੈ ਕਿ ਸਹਾਰਾ ਤੋਂ ਬਾਹਰ ਦੀ ਦੁਨੀਆ ਵਿਚ ਤਾਂ ਇਸ ਸ਼ਹਿਰ ਨੂੰ ਅਸਲੀ ਨਾ ਮੰਨਦਿਆਂ ਹੋਇਆਂ ਸਿਰਫ ਲੇਖਕਾਂ ਦੀ ਕਲਪਨਾ ਦੀ ਉਪਜ ਵੀ ਮੰਨਿਆ ਜਾਂਦਾ ਰਿਹਾ ਹੈ | ਦਰਅਸਲ ਧੁਰ ਰੇਗਿਸਤਾਨ ਅੰਦਰ ਵੱਸਿਆ ਹੋਣ ਕਰਕੇ ਬਾਹਰੀ ਦੁਨੀਆ ਲਈ ਇਹ ਸ਼ਹਿਰ ਭੇਦ ਭਰਿਆ ਬਣਿਆ ਰਿਹਾ ਅਤੇ ਯੂਰਪ ਦੇ ਬਹੁਤ ਸਾਰੇ ਲੇਖਕਾਂ ਨੇ ਇਸ ਨੂੰ ਪਰੀ-ਦੇਸ਼ ਜਾਂ ਰਹੱਸਮਈ ਸ਼ਹਿਰ ਦਾ ਦਰਜਾ ਦੇ ਦਿੱਤਾ |
ਵੱਡੇ ਸ਼ਹਿਰਾਂ ਦੀ ਆਬਾਦੀ ਨੂੰ ਛੱਡ ਦੇਈਏ ਤਾਂ ਇਸ ਖਿੱਤੇ ਦੀ ਜ਼ਿਆਦਾ ਆਬਾਦੀ ਖਾਨਾਬਦੋਸ਼ ਵਣਜਾਰੇ ਕਬੀਲਿਆਂ ਦੀ ਹੈ | ਇਹ ਕਦੇ ਕਦਾਈਾ ਪੈਂਦੇ ਮੀਂਹ ਤੋਂ ਪੈਦਾ ਹੋਈ ਹਰਿਆਵਲ ਵਾਲੀਆਂ ਥਾਵਾਂ ਉੱਤੇ ਅਸਥਾਈ ਬਸਤੀਆਂ ਵਸਾਉਂਦੇ ਹਨ ਅਤੇ ਹਰਿਆਲੀ ਮੁੱਕ ਜਾਣ 'ਤੇ ਫਿਰ ਕਿਧਰੇ ਅੱਗੇ ਤੁਰ ਪੈਂਦੇ ਹਨ | ਊਠ, ਬੱਕਰੀਆਂ ਅਤੇ ਭੇਡਾਂ ਆਦਿ ਇਨ੍ਹਾਂ ਦੇ ਪਾਲਤੂ ਪਸ਼ੂ ਹਨ | ਬਹੁਤ ਵਿਸ਼ਾਲ ਇਲਾਕਾ ਹੋਣ ਕਰਕੇ ਇੱਥੋਂ ਦੀ ਸੱਭਿਅਤਾਵਾਂ ਦੇ ਰਹਿਣ-ਬਹਿਣ, ਬੋਲੀ, ਸੱਭਿਆਚਾਰ ਅਤੇ ਰਹੁ-ਰੀਤਾਂ ਵਿਚ ਬਹੁਤ ਭਿੰਨਤਾਵਾਂ ਮੌਜੂਦ ਹਨ |
ਮਿਸਰ ਦੇ ਮਸ਼ਹੂਰ ਪਿਰਾਮਿਡ, ਰੋਮਨ ਸਾਮਰਾਜ ਨਾਲ ਸਬੰਧ ਰੱਖਣ ਵਾਲੇ ਨਾਦਰਾ ਮੰਦਰਾਂ ਦੇ ਖੰਡਰ, ਪੱਛਮੀ ਇਜਿਪਟ ਵਿਚ ਮੌਜੂਦ ਸਮੇਂ ਅਤੇ ਹਵਾਵਾਂ ਦੇ ਵੇਗ ਅੰਦਰ ਤਾਮੀਰ ਹੋਇਆ ਚੱਟਾਨਾਂ ਅਤੇ ਰੇਤ ਨਾਲ ਬਣਿਆਂ ਚਿੱਟਾ ਰੇਗਿਸਤਾਨ, ਅਨੰਤ ਰੇਗਿਸਤਾਨ ਵਿਚ ਪਾਣੀ ਦੀ ਹੋਂਦ ਬਣਾਈ ਬੈਠੀ ਚਾਡ ਝੀਲ ਅਤੇ ਪਰੀ-ਲੋਕ ਦਾ ਸ਼ਹਿਰ ਟਿੰਬਕਟੂ ਆਦਿ ਸੈਲਾਨੀਆਂ ਦੀ ਖਿੱਚ ਵਾਲੇ ਸਥਾਨ ਹਨ | ਸਹਾਰਾ ਖੇਤਰ ਆਧੁਨਿਕ ਦੁਨੀਆ ਦੀ ਚਕਾਚੌਾਧ ਤੋਂ ਥੱਕ ਚੁੱਕੇ ਸੈਲਾਨੀਆਂ ਦੀ ਮਨਪਸੰਦ ਥਾਂ ਹੈ | ਇਹ ਕੁਦਰਤ ਦਾ ਇਕ ਅਨੂਠਾ ਰੂਪ ਹੈ ਜੋ ਤਪਦੀ ਰੇਤ ਵਿਚ ਵੀ ਜੀਵਨ ਜਿਊਣ ਦੀਆਂ ਸੰਭਾਵਨਾਵਾਂ ਨੂੰ ਪਾਲਦਾ ਹੈ | ਇਸ ਨੂੰ ਵੇਖਣਾ, ਮਾਨਣਾ, ਹੰਢਾਉਣਾ ਅਤੇ ਮਹਿਸੂਸ ਕਰਨਾ ਆਪਣੇਂ ਆਪ ਵਿਚ ਇਕ ਦਿਸਚਸਪ ਤਜਰਬਾ ਹੈ |

ਫੋਨ : 0048-516732105
yadsatkoha0yahoo.com

ਲੋਕ ਗਾਥਾਵਾਂ ਤੇ ਤੂੰਬੀ-ਅਲਗੋਜ਼ੇ ਦੀ ਵਿਰਾਸਤ ਨੂੰ ਸੰਭਾਲ ਰਿਹੈ ਮੱਖਣ ਸਿੰਘ ਦਾ ਜਥਾ

ਪੰਜਾਬੀ ਲੋਕਧਾਰਾ ਦਾ ਹਿੱਸਾ ਰਹੀਆਂ ਪੰਜਾਬੀ ਲੋਕ ਗਾਥਾਵਾਂ, ਲੋਕ ਸਾਜ਼ ਤੂੰਬਾ ਤੇ ਅਲਗੋਜ਼ੇ ਅੱਜ ਆਧੁਨਿਕਤਾ ਦੀ ਮਾਰ ਹੇਠ ਹਨ | ਮਾਡਰਨ ਯੁੱਗ ਦੇ ਸਾਜ਼ਾਂ ਨੇ ਇਨ੍ਹਾਂ ਸਾਜ਼ਾਂ ਦੀ ਅਹਿਮੀਅਤ ਨੂੰ ਭਾਵੇਂ ਹਾਸ਼ੀਏ 'ਤੇ ਲਿਆ ਕੇ ਰੱਖ ਦਿੱਤਾ ਹੈ, ਪਰ ਪਿਛਲੀ ਪੀੜ੍ਹੀ ਨਾਲ ਜੁੜੇ ਜਨੂੰਨੀ ਲੋਕਾਂ ਵਲੋਂ ਇਨ੍ਹਾਂ ਸਾਜ਼ਾਂ ਤੇ ਲੋਕ ਗਾਥਾਵਾਂ ਨੂੰ ਹਾਲੇ ਵੀ ਜ਼ਿੰਦਾ ਰੱਖਿਆ ਹੋਇਆ ਹੈ | ਪੰਜਾਬ ਦੇ ਦੁਆਬਾ ਅਤੇ ਦੂਣੀ ਖੇਤਰ ਵਿਚ ਕਈ ਬਜ਼ੁਰਗ ਲੋਕ ਹਾਲੇ ਵੀ ਇਸ ਪੁਰਾਤਨ ਵਿਰਸੇ ਦੇ ਕਾਇਲ ਹਨ | ਪੰਜਾਬ ਦੀ ਬੰਗਾ ਤਹਿਸੀਲ ਦੇ ਪਿੰਡ ਮਹਿਰਮਪੁਰ ਬਤੁੱਲੀ ਦੇ ਮੱਖਣ ਸਿੰਘ, ਬੰਗਾ ਤਹਿਸੀਲ ਦੇ ਪਿੰਡ ਫਰਾਲਾ ਦੇ ਮੋਹਨ ਲਾਲ, ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਦੋਨੋਵਾਲ ਖੁਰਦ ਦੇ ਧਰਮ ਚੰਦ ਅਤੇ ਬਲਾਚੌਰ ਤਹਿਸੀਲ ਦੇ ਪਿੰਡ ਟਕਾਰਲਾ ਦੇ ਸ਼ੰਕਰ ਦਾਸ ਵਡੇਰੀ ਉਮਰ ਵਿਚ ਵੀ ਇਨ੍ਹਾਂ ਸਾਜ਼ਾਂ ਦੇ ਸ਼ੌਕ ਨੂੰ ਪਾਲ ਰਹੇ ਹਨ | ਪੰਜਾਬ ਦੀ ਪੁਰਾਤਨ ਗਾਇਕੀ ਤੇ ਸਾਜ਼ਾਂ ਨੂੰ ਪਿਆਰ ਕਰਨ ਵਾਲੇ ਲੋਕ ਇਨ੍ਹਾਂ ਦੇ ਜਥੇ ਨੂੰ ਖੂਬ ਪਿਆਰ ਦਿੰਦੇ ਹਨ | ਵਲੇਟਵੀਆਂ ਤੁਰਲੇ ਵਾਲੀਆਂ ਪੱਗਾਂ ਤੇ ਚਿੱਟੇ ਚਾਦਰੇ ਪਹਿਨ ਕੇ ਜਦੋਂ ਇਹ ਟੋਲਾ ਪਿੰਡਾਂ ਦੇ ਪ੍ਰੋਗਰਾਮਾਂ ਵਿਚ ਹੇਕਾ ਲਾ ਕੇ ਗਾਉਂਦਾ ਹੈ ਤਾਂ ਲੋਕੀ ਇਨ੍ਹਾਂ ਨੂੰ ਖੜ੍ਹ-ਖੜ੍ਹ ਕੇ ਦੇਖਦੇ ਹਨ | ਅੱਸੀਆਂ ਨੂੰ ਢੁੱਕੇ ਸ਼ੰਕਰ ਦਾਸ ਤੇ ਮੱਖਣ ਸਿੰਘ ਆਪਣੇ ਜੁੱਟ ਦੇ ਆਗੂ ਵਜੋਂ ਲੋਕਾਂ ਨੂੰ ਪੁਰਾਤਨ ਲੋਕ ਗਾਥਾਵਾਂ ਹੀਰ-ਰਾਂਝਾ, ਸੱਸੀ ਪੁਨੂੰ ਤੇ ਮਿਰਜ਼ਾ-ਸਾਹਿਬਾ, ਉਕਤ ਸਾਜ਼ਾਂ ਨਾਲ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ | ਧਰਮ ਚੰਦ ਨੂੰ ਸਾਹ ਉਲਟਾ ਕੇ ਅਲਗੋਜ਼ੇ ਵਜਾਉਣਾ ਨਵੇਂ ਯੁੱਗ ਵਿਚ ਵੀ ਰਾਸ ਆ ਰਿਹਾ ਹੈ ਦੇਸ਼ ਦੀ ਵੰਡ ਵੇਲੇ ਦਾ ਪਿਤਾ-ਪੁਰਖੀ ਤੂੰਬਾ ਅੱਜ ਵੀ ਸੰਭਾਲੀ ਬੈਠੇ ਮੋਹਨ ਲਾਲ ਦੇ ਬੱਚਿਆਂ ਨੇ ਭਾਵੇਂ ਇਸ ਸ਼ੌਕ ਨੂੰ ਨਹੀਂ ਪਾਲਿਆ, ਪਰ ਉਸ ਅੰਦਰ ਤੂੰਬੇ ਦੀ ਕਲਾਕਾਰੀ ਦਾ ਜਜ਼ਬਾ ਹੁਣ ਵੀ ਠਾਠਾਂ ਮਾਰ ਰਿਹਾ ਹੈ | ਤੂੰਬਾ ਵਜਾਉਣ ਵਾਲੇ ਕਲਾਕਾਰ ਮੋਹਨ ਲਾਲ ਨੇ ਦੱਸਿਆ ਕਿ ਉਸ ਕੋਲ ਜੋ ਤੂੰਬਾ ਹੈ, ਉਹ ਉਸ ਦੇ ਪਿਤਾ ਦੇ ਮੁਸਲਿਮ ਦੋਸਤ ਕਲਾਕਾਰ ਨੇ ਸੰਨ 1947 ਵੇਲੇ ਉਸ ਦੇ ਪਿਤਾ ਨੂੰ ਦੇ ਦਿੱਤਾ ਸੀ ਜਿਸ ਨੂੰ ਉਹ ਅੱਜ ਵੀ ਸੰਭਾਲ ਰਿਹਾ ਹੈ | ਅਲਗੋਜ਼ਾ ਕਲਾਕਾਰ ਧਰਮ ਚੰਦ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਦੇ ਮੁੰਡੇ ਹੁਣ ਇਹ ਸਾਜ਼ ਸਿੱਖਣਾ ਨਹੀਂ ਚਾਹੁੰਦੇ ਜਿਸ ਕਰਕੇ ਉੇਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਘਰਾਂ ਵਿਚ ਇਨ੍ਹਾਂ ਸਾਜ਼ਾਂ ਦਾ ਕੋਈ ਅਰਥ ਨਹੀਂ ਰਹਿ ਜਾਣਾ | ਮੋਹਣ ਸਿੰਘ ਕਹਿੰਦਾ ਹੈ ਕਿ ਉਹ ਚਾਰੇ ਕਲਾਕਾਰ ਦੋ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ ਹਨ ਅਤੇ ਇਕੱਠੇ ਹੋ ਕੇ ਇਸ ਵਿਰਾਸਤ ਨੂੰ ਸੰਭਾਲ ਰਹੇ ਹਨ | ਜਦੋਂ ਕਦੀ ਵੀ ਕੋਈ ਪ੍ਰੋਗਰਾਮ ਬੁੱਕ ਹੁੰਦਾ ਹੈ ਤਾਂ ਉਹ ਇਕ ਦੂਜੇ ਨਾਲ ਤਾਲਮੇਲ ਕਰ ਕੇ ਪ੍ਰੋਗਰਾਮ ਵਾਲੀ ਥਾਂ ਪੁੱਜ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਿਸੇ ਜ਼ਮਾਨੇ ਵਿਚ ਉਨ੍ਹਾਂ ਦੇ ਗੌਣ ਸੁਣਨ ਲਈ ਲੋਕ ਦੂਰੋਂ-ਦੂਰੋਂ ਆਉਂਦੇ ਸਨ ਅਤੇ ਉਨ੍ਹਾਂ ਦਾ ਸਮਾਜ ਵਿਚ ਬੜਾ ਸਨਮਾਨ ਹੁੰਦਾ ਸੀ | ਪਰ ਅੱਜ ਦੇ ਸਮੇਂ ਵਿਚ ਉਨ੍ਹਾਂ ਦੀ ਕਲਾ ਪਤਨ ਵੱਲ ਜਾ ਰਹੀ ਹੈ | ਨਵੀਂ ਪੀੜ੍ਹੀ ਦੇ ਮੁੰਡੇ ਇਸ ਅਮੀਰ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਨ | ਇਨ੍ਹਾਂ ਕਲਾਕਾਰਾਂ ਦੀ ਖਾਸੀਅਤ ਇਹ ਹੈ ਕਿ ਉਹ ਅੱਜ ਵੀ ਇਸ ਕਲਾ ਨਾਲ ਜੁੜ ਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ | ਰੇਡੀਓ ਤੇ ਟੀ.ਵੀ. 'ਤੇ ਭਾਵੇਂ ਇਨ੍ਹਾਂ ਦੇ ਪ੍ਰੋਗਰਾਮ ਵੀ ਪ੍ਰਸਾਰਿਤ ਹੋ ਚੁੱਕੇ ਹਨ ਪਰ ਇਨ੍ਹਾਂ ਕਲਾਕਾਰਾਂ ਦੀ ਆਰਥਿਕਤਾ ਲਈ ਕੋਈ ਵੀ ਕੁਝ ਨਹੀਂ ਕਰ ਰਿਹਾ | ਗੱਲਬਾਤ ਦੌਰਾਨ ਉਕਤ ਕਲਾਕਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਪੁਰਾਤਨ ਪੰਜਾਬੀ ਵਿਰਸੇ ਨੂੰ ਅਗਰ ਨਾ ਸੰਭਾਲਿਆ ਗਿਆ ਤਾਂ ਇਹ ਕਲਾ ਪੰਜਾਬ ਦੇ ਧਰਾਤਲ ਤੋਂ ਜਲਦ ਹੀ ਆਲੋਪ ਹੋ ਜਾਵੇਗੀ | ਇਨ੍ਹਾਂ ਕਲਾਕਾਰਾਂ ਦੀ ਮੰਗ ਹੈ ਕਿ ਸਰਕਾਰ ਨੂੰ ਨਵੀਂ ਪੀੜ੍ਹੀ ਤੱਕ ਇਹ ਵਿਰਾਸਤ ਪਹੁੰਚਾਉਣ ਲਈ ਯੂਨੀਵਰਸਿਟੀ ਜਾਂ ਕਾਲਜਾਂ ਵਿਚ ਇਸ ਕਲਾ ਨੂੰ ਸੁਰਜੀਤ ਰੱਖਣ ਲਈ ਕਦਮ ਉਠਾਉਣੇ ਚਾਹੀਦੇ ਹਨ |

-ਨੂਰਪੁਰ ਬੇਦੀ | ਮੋਬਾਈਲ : 94179-73200.

ਪੰਜ ਤੱਤਾਂ ਦੀ ਦੁਨੀਆ ਵਿਚ ਅੱਜ ਕਿੰਨੇ ਤੱਤ ਹਨ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਕੋ ਜਿਹੇ ਗੁਣਾਂ ਵਾਲੇ ਤੱਤ ਇਕੋ ਕਾਲਮ ਵਿਚ ਇਕ-ਦੂਜੇ ਦੇ ਹੇਠਾਂ ਹਨ | ਤੱਤਾਂ ਦੀ ਗਿਣਤੀ ਮੈਂਡੀਲੀਵ ਪਿਛੋਂ ਵਧਦੀ ਗਈ ਤੇ ਤੱਤਾਂ ਨੂੰ ਇਕੋ ਜਿਹੇ ਕਾਲਮਾਂ ਵਿਚ ਜੜਨ ਲਈ ਲੇਟਵੀਆਂ ਕਤਾਰਾਂ ਤੇ ਖੜ੍ਹੇ ਰੁਖ਼ ਕਾਲਮਾਂ ਦੀ ਗਿਣਤੀ ਵਧਦੀ ਗਈ | ਲੇਟਵੀਆਂ ਕਤਾਰਾਂ ਨੂੰ ਪੀਰੀਅਡ ਅਤੇ ਖੜ੍ਹੇ ਕਾਲਮਾਂ ਨੂੰ ਵਿਗਿਆਨੀ ਗਰੁੱਪ ਆਖਦੇ ਹਨ | ਮਾਡਰਨ ਪੀਰੀਆਡਿਕ ਟੇਬਲ ਵਿਚ ਅੱਜ ਅਠਾਰਾਂ ਗਰੁੱਪ ਹਨ ਅਤੇ ਇਕ ਸੌ ਅਠਾਰਾਂ ਤੱਤ ਹਨ | ਇਨ੍ਹਾਂ ਵਿਚੋਂ 92 ਤੱਤ ਕੁਦਰਤੀ ਰੂਪ ਵਿਚ ਪ੍ਰਾਪਤ ਹਨ ਅਤੇ ਬਾਕੀ ਦੇ ਵਿਗਿਆਨੀਆਂ ਨੇ ਪ੍ਰਯੋਗਸ਼ਾਲਾਵਾਂ ਵਿਚ ਬਣਾ ਕੇ ਪਰਖੇ ਪਛਾਣੇ ਹਨ | ਸੱਤ ਪੀਰੀਅਡਾਂ ਵਾਲੇ ਟੇਬਲ ਵਿਚ ਹੁਣ ਅੱਠਵਾਂ ਪੀਰੀਅਡ ਵੀ ਜੁੜ ਚੁੱਕਾ ਹੈ | ਤੱਤਾਂ ਦੀ ਗਿਣਤੀ 118 ਤੱਕ ਪਛਾਣੀ | ਖੋਜੀ ਜਾ ਚੁੱਕੀ ਹੈ | 119 ਤੋਂ 122 ਨੰਬਰ ਤੱਕ ਦੇ ਨਵੇਂ ਤੱਤਾਂ ਨੂੰ ਲੈਬਾਰਟਰੀਆਂ ਵਿਚ ਬਣਾਉਣ ਦੇ ਯਤਨ ਜਾਰੀ ਹਨ |
ਜਦੋਂ ਅਸੀਂ 10ਵੀਂ-12ਵੀਂ ਵਿਚ ਪੜ੍ਹਦੇ ਸਾਂ ਤੱਤਾਂ ਦੀ ਗਿਣਤੀ 92 ਹੀ ਦੱਸੀ ਜਾਂਦੀ | ਫਿਰ 110 ਤੱਤਾਂ ਵਾਲਾ ਚਾਰਟ ਪਾਠ ਪੁਸਤਕਾਂ ਦਾ ਹਿੱਸਾ ਬਣਿਆ | ਉਸ ਵਿਚ ਵੀ ਕਿੰਨੇ ਹੀ ਤੱਤਾਂ ਦੇ ਖਾਨੇ ਖਾਲੀ ਹੁੰਦੇ | ਫਿਰ 118 ਤੱਤਾਂ ਵਾਲਾ ਚਾਰਟ ਆਇਆ | ਥਾਂ-ਥਾਂ ਖਾਲੀ ਖਾਨੇ ਸਨ | ਅੱਜ 118 ਦੇ 118 ਤੱਤ ਲੱਭ ਕੇ ਇਹ ਚਾਰਟ ਇਕ ਵਾਰ ਤਾਂ ਭਰ ਹੀ ਗਿਆ ਹੈ ਅਗਾਂਹ ਜੋ ਹੋਵੇਗੀ ਸਮਾਂ ਦੱਸੇਗਾ | ਇਨ੍ਹਾਂ 118 ਤੱਤਾਂ ਦੀ ਖੋਜ ਤੇ ਪਛਾਣ ਕਰਨ ਵਿਚ ਪੀਰੀਆਡਿਕ ਟੇਬਲ ਤੋਂ ਬਹੁਤ ਮਦਦ ਮਿਲੀ ਹੈ | ਇਹ ਟੇਬਲ ਹੀ ਦੱਸਦਾ ਰਿਹਾ ਹੈ ਕਿ ਨਵੇਂ/ਅਣਲੱਭੇ/ਅਗਿਆਤ ਤੱਤਾਂ ਵਿਚ ਕਿੰਨੇ ਪ੍ਰੋਟਾਨ/ਇਲੈਕਟ੍ਰਾਨ ਹੋਣਗੇ | ਉਨ੍ਹਾਂ ਦੇ ਗੁਣ ਕਿਹੋ ਜਿਹੇ ਹੋਣਗੇ | ਉਨ੍ਹਾਂ ਸੰਕੇਤਾਂ ਦੇ ਆਧਾਰ ਉਤੇ ਖੋਜਾਂ ਨਾਲ ਨਵੇਂ ਤੱਤ ਲੱਭੇ ਗਏ ਹਨ | ਸਪੱਸ਼ਟ ਹੈ ਕਿ ਮੈਂਡੇਲੀਵ ਦਾ ਪੀਰੀਆਡਿਕ ਨੇਮ/ਟੇਬਲ ਬੜੇ ਕੰਮ ਦੀ ਚੀਜ਼ ਸੀ | ਉਸ ਤੋਂ ਵੀ ਕਮਾਲ ਦੀ ਚੀਜ਼ ਸੀ ਹੈਨਰੀ ਮੋਜ਼ਲੇ ਦਾ ਪੀਰੀਆਡਿਕ ਨੰਬਰ ਲਾਅ ਅਤੇ ਉਸ ਦਾ ਬਣਾਇਆ ਮਾਡਰਨ ਪੀਰੀਆਡਿਕ ਟੇਬਲ | ਕਮਾਲ ਦੀ ਜੀਨੀਅਸ ਸੀ ਮੋਜ਼ਲੇ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਜੋਬਨ ਰੁੱਤੇ ਹੀ ਮਰ ਕੇ ਸੱਚਮੁੱਚ ਕੋਈ ਫੁੱਲ ਜਾਂ ਤਾਰਾ ਬਣ ਗਿਆ | ਸਾਡੇ ਸ਼ਿਵ ਤੋਂ ਵੀ ਛੋਟੀ ਉਮਰੇ ਤੁਰ ਗਿਆ | ਕੇਵਲ ਸਤਾਈ ਸਾਲ ਦਾ, 1913 ਵਿਚ ਉਸ ਨੇ ਇਹ ਨੇਮ ਬਣਾ ਕੇ ਚਾਰਟ ਬਣਾਉਣਾ ਸ਼ੁਰੂ ਕੀਤਾ ਅਤੇ ਤੁਰ ਵੀ ਗਿਆ | ਜੰਗ ਖਾ ਗਈ ਉਸ ਨੂੰ | ਪਹਿਲੇ ਮਹਾਂ ਯੁੱਧ ਦੀ ਭੇਟ ਚੜ੍ਹ ਗਿਆ ਉਹ | ਵਿਗਿਆਨੀ ਇਕ ਜ਼ਬਾਨ ਹੋ ਕੇ ਕਹਿੰਦੇ ਹਨ ਕਿ ਜੇ ਉਹ ਜਿਊਾਦਾ ਹੁੰਦਾ ਤਾਂ 1915 ਜਾਂ 1916 ਦਾ ਨੋਬਲ ਵਿਜੇਤਾ ਹੁੰਦਾ ਪਰ ਜੇ ਕਿਸ ਨੇ ਵੇਖੀ ਹੈ?
ਪੰਜ ਤੱਤਾਂ ਵਾਲੀ ਸਰਲ ਦੁਨੀਆ ਦੇ ਅੱਜ 118 ਤੱਤ ਹਨ | ਇਹ ਨਿਬੰਧ ਖਤਮ ਕਰਨ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਦੇ ਨਾਂਅ ਕ੍ਰਮਵਾਰ, ਇਉਂ ਕਹੋ ਕਿ ਐਟਮੀ ਨੰਬਰ ਅਨੁਸਾਰ ਪੰਜਾਬੀ ਪਾਠਕਾਂ ਦੀ ਜਾਣਕਾਰੀ ਹਿੱਤ ਅੰਕਿਤ ਕਰਨਾ ਜ਼ਰੂਰੀ ਪ੍ਰਤੀਤ ਹੁੰਦਾ ਹੈ | ਲਓ ਪੜ੍ਹ ਲਓ ਤੱਤਾਂ ਦੀ ਕਲਾਸ ਦੇ ਤੱਤਾਂ ਦੇ ('ਰੋਲ) ਨੰਬਰ ਅਨੁਸਾਰ ਨਾਂਅ | ਇਹ ਹਨ : ਹਾਈਡ੍ਰੋਜਨ, ਹੀਲੀਅਮ, ਲੀਥੀਅਮ, ਬੈਰੀਲੀਅਮ, ਬੋਰਾਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨੀਆਨ | ਸੋਡੀਅਮ, ਮੈਗਨੀਸ਼ੀਅਮ, ਅਲਮੀਨੀਅਮ, ਸਿਲੀਕਾਨ, ਫਾਸਫੋਰਸ, ਸਲਫ਼ਰ, ਕਲੋਰੀਨ, ਆਰਗਨ, ਪੋਟਾਸ਼ੀਅਮ, ਕੈਲਸ਼ੀਅਮ, ਸਕੈਂਡੀਅਮ, ਟਾਈਟੇਨੀਅਮ, ਵੈਨੇਡੀਅਮ, ਕਰੋਮੀਅਮ, ਮੈਂਗਾਨੀਜ਼, ਆਇਰਨ, ਕੋਬਾਲਟ, ਨਿਕਲ, ਕਾਪਰ, ਜ਼ਿੰਕ, ਮੈਲੀਅਮ, ਜਰਮੇਨੀਅਮ, ਆਰਸੈਨਿਕ, ਸੀਲੀਨੀਅਮ, ਬਰੋਮੀਨ, ਕਰਿਪਟਨ, ਰੁਬੀਡੀਅਮ, ਸਟਰਾਂਸ਼ੀਅਮ, ਯਟਰੀਅਮ, ਜ਼ਿਰਕੋਨੀਅਮ, ਨਿਓਬੀਅਮ, ਮਾਲੀਬਡੈਨਮ, ਟੈਕਨੀਟੀਅਮ, ਰੁਥੇਨੀਅਮ, ਰਹੋਡੀਅਮ, ਪੈਲੇਡੀਅਮ, ਸਿਲਵਰ, ਕੈਡਮੀਅਮ, ਇੰਡੀਅਮ, ਟਿਨ, ਐਾਟੀਮਨੀ, ਟੈਲੂਰੀਅਮ, ਆਇਓਡੀਨ, ਜ਼ੀਨਾਨ, ਕੇਜ਼ੀਅਮ, ਬੇਰੀਅਮ, ਲੈਂਥਾਨਮ, ਸੀਰੀਅਮ, ਪਰੇਜ਼ੀਓਡੀਮੀਅਮ, ਨੀਓਡੀਮੀਅਮ, ਪ੍ਰੋਮੀਥੀਅਮ, ਸਮਾਰੀਅਮ, ਯੂਰੋਪੀਅਮ, ਗੈਡੋਲੀਨੀਅਮ, ਟਰਥੀਅਮ, ਡਿਸਪਰੋਜ਼ੀਅਮ, ਹੋਲਮੀਅਮ, ਐਰਬੀਅਮ, ਥੂਲੀਅਮ, ਯਟਰਥੀਅਮ, ਲਿਊਟੀਟੀਅਮ, ਹਾਫ਼ਨੀਅਮ, ਟੈਂਟਾਲਮ, ਟੰਗਸਟਨ, ਰਹੀਨੀਅਮ, ਆਸਮੀਅਮ, ਇਰੀਡੀਅਮ, ਪਲਾਟੀਨਮ, ਗੋਲਡ, ਮਰਕਰੀ, ਥੈਲੀਅਮ, ਲੈਡ, ਬਿਸਮਥ, ਪੋਲੋਨੀਅਮ, ਐਸਟਾਟੀਨ, ਰੇਡਨ, ਫਰੈਂਸੀਅਮ, ਰੇਡੀਅਮ, ਐਕਟੀਨੀਅਮ, ਥੋਰੀਅਮ, ਪ੍ਰੋਟੈਕਟੀਨੀਅਮ, ਯੂਰੇਨੀਅਮ, ਨੈਪਚੂਨੀਅਮ, ਪਲੂਟੋਨੀਅਮ, ਅਮੈਰੀਕੀਅਮ, ਕੂਰੀਅਮ, ਬਰਕੇਲੀਅਮ, ਕੈਲੀਫੋਰਨੀਅਮ, ਆਈਨਸਟੀਨੀਅਮ, ਫਰਮਨੀਅਮ, ਮੈਂਡੇਲੀਵੀਅਮ, ਨੋਬੇਲੀਅਮ, ਲਾਰੈਂਸੀਅਮ, ਰੁਦਰ ਫੋਰਡੀਅਮ, ਡੂਬਨੀਅਮ, ਸੀਬੋਰਗੀਅਮ, ਬੋਹਰੀਅਮ, ਹੈਸੀਅਮ, ਮੀਟਨਰੀਅਮ, ਡਰਮਸਟੈਟੀਅਮ, ਰਾਂਟਜੈਨੀਅਮ, ਕਾਪਰਨੀਕੀਅਮ, ਨੀਹੋਨੀਅਮ, ਫਲੈਰੋਵੀਅਮ, ਮਾਸਕੋਵੀਅਮ, ਲਿਵਰਮੋਰੀਅਮ, ਟੈਨੇਸਾਈਨ, ਓਗਾਨੈਸਨ | ਇਹ ਹਨ ਐਟਮ ਨੰਬਰ ਇਕ ਤੋਂ ਐਟਮ ਨੰਬਰ 118 ਤੱਕ ਦੇ ਕੁੱਲ ਤੱਤ ਆਪਣੇ ਐਟਮੀ ਨੰਬਰ ਜਾਂ ਇਉਂ ਕਹੋ ਕਿ ਰੋਲ ਨੰਬਰ ਅਨੁਸਾਰ |
ਗੱਲਾਂ ਤਾਂ ਇਨ੍ਹਾਂ ਤੱਤਾਂ ਬਾਰੇ ਇਨ੍ਹਾਂ ਦੀ ਖੋਜ, ਨਾਮਕਰਨ ਵਰਤੋਂ ਆਦਿ ਬਾਰੇ ਇਕ ਤੋਂ ਇਕ ਹੋਰ ਬਹੁਤ ਹਨ | ਮਜ਼ੇਦਾਰ ਵੀ ਤੇ ਜਾਣਨਯੋਗ ਵੀ ਪਰ ਉਨ੍ਹਾਂ ਬਾਰੇ ਗੱਲ ਕਦੇ ਫੇਰ ਸਹੀ | ਅੰਗਰੇਜ਼ਾਂ ਨੇ ਤਾਂ ਇਨ੍ਹਾਂ ਤੱਤਾਂ ਦੇ ਨਾਂਅ ਬੱਚਿਆਂ ਨੂੰ ਯਾਦ ਕਰਾਉਣ ਲਈ ਆਰਕੈਸਟਰਾਂ ਨਾਲ ਰਿਕਾਰਡ ਕਰਕੇ ਭਾਂਤ-ਭਾਂਤ ਦੇ ਗੀਤ ਬਣਾ ਰੱਖੇ ਹਨ | ਸਾਡੇ ਗਾਇਕ/ਗੀਤਕਾਰ ਤਾਂ ਰਫਲਾਂ, ਸ਼ਰਾਬ, ਜੀਪਾਂ ਤੇ ਅਸ਼ਲੀਲਤਾ ਵਿਚ ਹੀ ਉਲਝੇ ਫਿਰ ਰਹੇ ਹਨ | ਇਸ ਮਾਹੌਲ ਵਿਚ ਏਨਾ ਹੀ ਬੜਾ ਹੈ | ਜਾਂਦੇ-ਜਾਂਦੇ ਇਕ ਗੱਲ, ਤੱਤਾਂ ਵਿਚੋਂ 118 ਨੰਬਰ ਦਾ ਅੰਤਿਮ ਤੱਤ ਓਗਾਨੈਸਨ 1998 ਵਿਚ ਲੱਭ ਪਿਆ ਸੀ ਪਰ 117 ਨੰਬਰ ਦਾ ਤੱਤ ਸਭ ਤੋਂ ਬਾਅਦ 2010 ਵਿਚ ਲੱਭਾ ਹੈ | ਹੈ ਨਾ ਕਮਾਲ | ਹੁਣ ਦਾਖਲਾ ਫੁੱਲ ਹੈ ਹੁਣ ਤੱਤਾਂ ਦੀ ਕਲਾਸ ਦਾ | ਕੀ ਪਤਾ ਸੀਟਾਂ ਵਧ ਜਾਣ? (ਸਮਾਪਤ)

-ਫੋਨ ਨੰ: 98722-60550.

ਮਿੰਨੀ ਕਹਾਣੀ

ਵਾਹ ਕੈਨੇਡਾ

ਸਰਵਣ ਸਿੰਘ ਬੇਸ਼ੱਕ ਲੋਕਾਂ ਵਿਚ 'ਰੱਬੀ ਬੰਦੇ' ਵਜੋਂ ਜਾਣਿਆ ਜਾਂਦਾ ਸੀ, ਪਰ ਮੈਂ ਉਸ ਅੰਦਰਲੇ, 'ਦੰਭ' ਤੋਂ ਵੀ ਨਾਵਾਕਿਫ਼ ਨਹੀਂ ਸਾਂ |
ਸਵੇਰੇ ਸ਼ਾਮਾ ਸੈਰ ਕਰਦਿਆਂ ਅਕਸਰ ਸਾਡਾ ਮੇਲ ਹੋ ਜਾਂਦਾ | ਉਹ 'ਰੱਬ', 'ਸੁਰਗ-ਨਰਕ' ਅਤੇ ਅਜਿਹੇ ਹੋਰ ਵਿਸ਼ਿਆਂ ਬਾਰੇ ਬੋਲਣ ਲਗਦਾ ਤਾਂ ਚੁੱਪ ਹੀ ਨਾ ਕਰਦਾ | ਮੇਰੇ ਵਰਗੇ ਤੋਂ ਮੰੂਹ ਚੜ੍ਹ ਕੇ ਰੋਕਿਆ-ਟੋਕਿਆ ਤਾਂ ਨਾ ਜਾਂਦਾ, ਪਰ ਮੈਨੂੰ ਅਕੇਵਾਂ ਜ਼ਰੂਰ ਹੀ ਮਹਿਸੂਸ ਹੋਣ ਲਗਦਾ | ਮੇਰੇ ਦੁਆਰਾ ਲੰਮਾ ਸਮਾਂ ਹੁੰਗਾਰਾ ਨਾ ਭਰਨ ਤੋਂ ਬਾਅਦ ਉਹ ਆਖਿਰ, ਖੁਦ ਹੀ ਚੁੱਪ ਕਰ ਜਾਂਦਾ |
ਕਦੇ-ਕਦੇ ਤਾਂ ਜਾਣ-ਬੁੱਝ ਕੇ ਮੈਂ ਉਸ ਤੋਂ ਪਾਸਾ ਵੀ ਵੱਟ ਜਾਂਦਾ |
ਇਕ ਦਿਨ, ਸਵੇਰੇ-ਸਵੇਰੇ ਉਸ ਨੇ ਇਕ ਅਜਿਹਾ ਕਿੱਸਾ ਛੇੜ ਲਿਆ, ਜਿਸ ਵਿਚ ਮੇਰੀ ਵੀ ਦਿਲਚਸਪੀ ਬਣ ਗਈ |
ਸਰਵਣ ਸਿੰਘ 'ਬਾਹਰ' ਜਾਣ ਦਾ ਇਰਾਦਾ ਰੱਖਦਾ ਸੀ ਪਰ ਉਸ ਦਾ ਕਿਤੇ ਵੀ ਥਹੁ ਨਾ ਪਿਆ | ਉਸ ਦੀ ਔਲਾਦ ਵੀ ਇਸ ਤੋਂ ਵਾਂਝੀ ਰਹਿ ਗਈ |
ਇਕ ਵਕਤ ਪੰਜਾਬ ਦੀ ਸਥਿਤੀ ਅਜਿਹੀ ਬਣ ਗਈ ਕਿ ਵਿਦੇਸ਼ ਜਾਣਾ ਜਿਵੇਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ ਹੋਵੇ | ਮੰੁਡੇ-ਕੁੜੀਆਂ ਤੇ ਉਨ੍ਹਾਂ ਦੇ ਮਾਪਿਆਂ-ਬਜ਼ੁਰਗਾਂ ਨਾਲ ਅੱਗੜ-ਪਿਛੜ ਹਵਾਈ ਜਹਾਜ਼ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਾਂਗ ਨੱਕੋ-ਨੱਕ ਭਰੇ ਵਿਦੇਸ਼ਾਂ ਨੂੰ ਜਾਣ ਲੱਗੇ | ਘਰ ਘਰ ਵਿਚੋਂ ਵੀਜ਼ੇ ਦੀ ਫਾਈਲ ਲੱਗੀ ਹੋਈ ਸੀ | ਕੈਨੇਡਾ ਇਨ੍ਹਾਂ ਸਭਨਾਂ ਲਈ ਧਰਤੀ ਉਤਰਿਆ ਜਿਵੇਂ ਸਵਰਗ ਹੋਵੇ | 'ਡਾਲਰਾਂ' ਦੀ ਚਕਾਚੌਾਧ ਇਧਰਲਿਆਂ ਨੂੰ ਨਜ਼ਰ ਆਉਂਦੀ ਹੈ, ਪਰ ਡਾਲਰ ਕਮਾਉਣੇ ਕਿੰਨੇ ਮੁਸ਼ਕਿਲ ਹੁੰਦੇ ਨੇ? ਇਹ ਉਧਰ ਜਾ ਕੇ ਹੀ ਪਤਾ ਲਗਦਾ ਹੈ | ਪਰ ਹਰ ਇਕ ਦੀ ਜ਼ਬਾਨ 'ਤੇ ਕੈਨੇਡਾ-ਕੈਨੇਡਾ ਤੇ ਬੱਸ ਕੈਨੇਡਾ |
'ਰੱਬੀ ਬੰਦੇ' ਸਰਵਣ ਸਿੰਘ ਨੇ ਤਾਂ ਅੱਜ ਇਕ ਨਵੀਂ ਕਿਸਮ ਦੀ ਇੱਛਾ ਦਾ ਹੀ ਇਜ਼ਹਾਰ ਕਰ ਦਿੱਤਾ | ਗੁਰਬਾਣੀ ਦੇ ਹਵਾਲਿਆਂ ਨਾਲ ਉਹ ਕਹਿਣ ਲੱਗਾ ਕਿ ਮਰਨ ਸਮੇਂ ਬੰਦਾ ਜਿਹੜੀ ਵੀ ਇੱਛਾ ਕਰੇ, ਅਗਲੇ ਜਨਮ ਵਿਚ ਉਹ ਉਹੀ ਕੁਝ ਬਣ ਕੇ ਜਨਮ ਲੈਂਦਾ ਹੈ | ਭਾਵ ਜੇਕਰ ਉਸ ਦਾ ਮਾਇਆ ਵੱਲ ਧਿਆਨ ਹੋਵੇ ਤਾਂ 'ਸੱਪ' ਅਤੇ ਇਸੇ ਤਰ੍ਹਾਂ ਦੇ ਹੋਰ ਪੁੱਠੇ-ਸਿੱਧੇ ਖਿਆਲਾਂ 'ਚ ਮਰਿਆ ਬੰਦਾ 'ਸੂਰ' ਜਾਂ 'ਭੂਤ' ਆਦਿ ਜੂਨਾਂ ਵਿਚ ਭਟਕਦਾ ਰਹਿੰਦਾ ਹੈ | 'ਪਰ ਮੈਂ ਤਾਂ ਹੋਰ ਪਾਸੇ ਹੀ ਆਪਣਾ ਧਿਆਨ ਰੱਖ ਕੇ ਆਖਰੀ ਸਾਹ ਲਵਾਂਗਾ', ਉਸ ਨੇ ਗੰਭੀਰ ਹੁੰਦਿਆਂ ਕਿਹਾ |
ਮੈਂ ਸੋਚਿਆ ਕਿ ਸਰਵਣ ਸਿੰਘ ਤਾਂ 'ਨਾਮ ਸਿਮਰਨ' ਕਰਦਾ ਹੀ ਸਵਾਸ ਤਿਆਗੇਗਾ | ਫਿਰ ਵੀ ਮੈਂ ਸੁਆਲ ਕਰ ਦਿੱਤਾ, 'ਜਿਹੜੇ ਪਾਸੇ ਦਾ ਧਿਆਨ?'
'ਕੈਨੇਡਾ ਦਾ |'
ਮੈਂ ਚੁੱਪ ਕਰ ਗਿਆ |
'ਨਾਲ ਮੈਂ ਇਹ ਅਰਦਾਸ ਵੀ ਕਰਾਂਗਾ ਕਿ ਰੱਬਾ, ਇਹ ਜਨਮ ਤਾਂ ਬੀਤ ਗਿਆ, ਸੋ ਬੀਤ ਗਿਆ, ਅਗਲੀ ਵਾਰੀ ਕੈਨੇਡਾ ਵਿਚ ਹੀ ਜਨਮ ਦੇੲੀਂ |'
ਮੇਰੇ ਮੰੂਹੋਂ ਸਹਿਜ-ਸੁਭਾਵਕ ਹੀ ਬੋਲਿਆ ਗਿਆ, 'ਵਾਹ ਕੈਨੇਡਾ |'

-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

1984 'ਚ ਕਾਲਜਾਂ ਦੇ ਇਮਤਿਹਾਨ

1984 ਦੇ ਕੁਲਹਿਣੇ ਦਿਨਾਂ ਵਿਚ ਸਮਾਜ ਦੇ ਹੋਰ ਵਰਗਾਂ ਵਾਂਗ ਸਕੂਲਾਂ ਅਤੇ ਕਾਲਜਾਂ ਦੇ ਨਿਹੱਥੇ ਅਧਿਆਪਕਾਂ ਨੂੰ ਵੀ ਕਈ ਸੰਕਟਾਂ 'ਚੋਂ ਲੰਘਣਾ ਪਿਆ | ਖਾਸ ਤੌਰ 'ਤੇ ਸਾਲਾਨਾ ਇਮਤਿਹਾਨਾਂ ਵੇਲੇ ਕਈ ਤਰ੍ਹਾਂ ਦੇ ਦਬਾਅ, ਧਮਕੀਆਂ, ਗੁੰਮਨਾਮ ਚਿੱਠੀਆਂ ਅਤੇ ਡਰਾਵੇ ਆਉਂਦੇ ਰਹੇ ਜਿਨ੍ਹਾਂ ਵਿਚੋਂ ਜ਼ਿਆਦਾਤਰ ਕਮਜ਼ੋਰ ਵਿਦਿਆਰਥੀਆਂ ਵਲੋਂ ਜਾਅਲੀ ਹੁੰਦੇ ਸਨ, ਪਰ ਉਹ ਮਾਨਸਿਕ ਤਣਾਅ ਜ਼ਰੂਰ ਪੈਦਾ ਕਰ ਦਿੰਦੇ ਸਨ |
ਉਸ ਸਮੇਂ ਮੈਂ ਸਰਕਾਰੀ ਕਾਲਜ, ਮੁਕਤਸਰ ਵਿਚ ਪੜ੍ਹਾਉਂਦਾ ਸਾਂ | ਉਸ ਕਾਲਜ ਦੀ ਇਸ ਗੱਲੋਂ ਵਿਲੱਖਣਤਾ ਸੀ ਕਿ ਪਿ੍ੰਸੀਪਲ ਵਾਜਪਾਈ, ਪ੍ਰੀਤਮ ਸਿੰਘ, ਪ੍ਰੇਮ ਸਾਗਰ ਸ਼ਾਸਤਰੀ ਆਦਿ ਅਤੇ ਪ੍ਰੋ: ਬਹੁਗੁਣਾ, ਗੁਰਮੇਲ ਸਿੰਘ ਜੌਹਲ, ਬਾਲ ਕਿ੍ਸ਼ਨ ਭਾਰਤੀ ਵਗੈਰਾ ਨੇ ਨਿੱਡਰਤਾ ਨਾਲ ਖਤਰੇ ਸਹੇੜ ਕੇ ਉਸ ਨੂੰ ਨਕਲ-ਮੁਕਤ ਬਣਾ ਦਿੱਤਾ ਸੀ | '84 ਦੇ ਯੂਨੀਵਰਸਿਟੀ ਇਮਤਿਹਾਨਾਂ ਤੋਂ ਪਹਿਲਾਂ ਸਾਡੇ ਸਾਰੇ ਸਟਾਫ਼ ਨੇ ਫੈਸਲਾ ਕਰ ਲਿਆ ਕਿ ਇਹ ਪ੍ਰੰਪਰਾ ਹਰ ਹੀਲੇ ਕਾਇਮ ਰੱਖਣੀ ਹੈ, ਵਰਨਾ ਆਪਣੇ ਵਿਦਿਆਰਥੀਆਂ ਦੀਆਂ ਨਜ਼ਰਾਂ ਵਿਚ ਗਿਰ ਜਾਵਾਂਗੇ |
ਜੂਨ ਦੇ ਆਰੰਭ ਵਿਚ ਤਣਾਅ ਸਿਖਰ 'ਤੇ ਸੀ | ਸਰਕਾਰ ਕਿਸੇ ਵੇਲੇ ਕੁਝ ਵੀ ਕਰ ਸਕਦੀ ਸੀ | ਪਰ ਸਾਲਾਨਾ ਇਮਤਿਹਾਨ ਲੈਣ ਦੀ ਤਿਆਰੀ ਜਾਰੀ ਸੀ | ਦਾਖ਼ਲਾ ਰੁਕਣ ਵਾਲੇ ਵਿਦਿਆਰਥੀਆਂ ਦੀ ਲਿਸਟ ਲੱਗ ਚੁੱਕੀ ਸੀ | 4 ਜੂਨ ਨੂੰ ਦਫ਼ਤਰ ਦੇ ਇਕ ਕਲਰਕ ਨੇ ਮੈਨੂੰ ਬੁਲਾ ਕੇ ਦੱਸਿਆ ਕਿ ਦਰਬਾਰ ਸਾਹਿਬ ਵਿਚ ਬੈਠੇ ਖਾੜਕੂਆਂ ਦੇ ਮੁਖੀ ਨੇ ਮੇਰੇ ਨਾਲ ਫੋਨ 'ਤੇ ਗੱਲ ਕਰਨੀ ਸੀ | ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ | ਜਦ ਦੁਬਾਰਾ ਫੋਨ ਆਇਆ ਤਾਂ ਉਸ ਨੇ ਮੈਨੂੰ ਕਿਹਾ ਕਿ ਉਨ੍ਹਾਂ ਦੇ ਇਕ ਸਾਥੀ ਦਾ ਦਾਖਲਾ ਰੁਕ ਗਿਆ ਹੈ; ਉਹ ਠੀਕ ਕਰਨਾ ਹੈ | ਮੈਂ ਉਸ ਨੂੰ ਦੱਸਿਆ ਕਿ ਜ਼ਰੂਰ ਕੋਈ ਕਾਰਨ ਹੋਣਾ ਹੈ; ਕਾਲਜ ਆ ਕੇ ਸਮਝ ਜਾਓ | ਉਸ ਨੇ ਕਿਹਾ ਕਿ ਵਾਰੰਟ ਨਿਕਲੇ ਹੋਣ ਕਰਕੇ ਉਹ ਬਾਹਰ ਨਹੀਂ ਆ ਸਕਦੇ ਸਨ | ਸਪਸ਼ਟ ਸੀ ਕਿ ਮੈਂ ਉਨ੍ਹਾਂ ਕੋਲ ਜਾਵਾਂ ਜਾਂ ਫਿਰ... |
ਕਿਸੇ ਨਾਲ ਇਹ ਗੱਲ ਸਾਂਝੀ ਕੀਤੇ ਬਗੈਰ ਮੈਂ ਹਾਜ਼ਰੀ ਰਜਿਸਟਰ ਘਰ ਲੈ ਆਇਆ | ਘਰ ਵੀ ਕੁਝ ਨਹੀਂ ਦੱਸਿਆ | ਰੋਟੀ ਖਾ ਕੇ ਲੇਟ ਗਿਆ | ਸਮਝ ਨਾ ਆਵੇ ਕਿ ਕੀ ਕਰਾਂ | ਜੇ ਜਾਂਦਾ ਹਾਂ ਤਾਂ ਸੁਰੱਖਿਆ ਮੁਲਾਜ਼ਮਾਂ ਅਤੇ ਖਾੜਕੂਆਂ ਵੱਲੋਂ ਖ਼ਤਰਾ | ਜੇ ਨਹੀਂ ਜਾਂਦਾ ਤਾਂ ਵੀ ਖ਼ਤਰਾ | ਕੀ ਪਤਾ ਉਸ ਨੇ ਕੀ ਦੂਸ਼ਣ ਲਾਏ ਹੋਣਗੇ | ਅੰਤ ਵਿਚ ਮੈਂ ਵਾਹਿਗੁਰੂ ਦਾ ਨਾਂ ਲੈ ਕੇ ਉੱਠਿਆ ਅਤੇ ਰਜਿਸਟਰ ਲੈ ਕੇ ਦਰਬਾਰ ਸਾਹਿਬ ਪਹੁੰਚ ਗਿਆ | ਜੂਨ ਦੀ ਦੁਪਹਿਰ ਦੇ ਦੋ ਵਜੇ ਉੱਥੇ ਕੋਈ ਨਹੀਂ ਸੀ | ਇਕ ਸੇਵਾਦਾਰ ਤੋਂ ਉਨ੍ਹਾਂ ਦੇ ਟਿਕਾਣੇ ਬਾਰੇ ਪੁੱਛ ਕੇ ਮੈਂ ਉਨ੍ਹਾਂ ਕੋਲ ਚਲਾ ਗਿਆ | ਹੈਰਾਨੀ ਹੋਈ ਕਿ ਉਹ ਬਹੁਤ ਸਤਿਕਾਰਪੂਰਵਕ ਮਿਲੇ | ਲੇਟੇ ਹੋਏ ਸਨ; ਸਾਰੇ ਉੱਠ ਕੇ ਬੈਠ ਗਏ | ਮੁਖੀ ਪੜਿ੍ਹਆ ਲਿਖਿਆ ਸੀ | ਨਿਯਮ ਸਮਝਦਾ ਸੀ | ਉਸ ਨੂੰ ਰਜਿਸਟਰ ਵਿਖਾ ਕੇ ਮੈਂ ਦੱਸਿਆ ਕਿ ਇਹ ਮੁੰਡਾ ਤਾਂ ਕਈ ਮਹੀਨਿਆਂ ਤੋਂ ਗ਼ੈਰਹਾਜ਼ਰ ਸੀ ਅਤੇ ਉਸ ਦਾ ਨਾਂ ਕੱਟੇ ਨੂੰ ਹੀ ਦੋ ਮਹੀਨੇ ਹੋ ਗਏ ਸਨ | ਉਹ ਲੜਕਾ ਆਪਣੀ ਗਲਤੀ ਮੰਨ ਗਿਆ | ਮੁਖੀ ਨੇ ਉਸ ਨੂੰ ਡਾਂਟਿਆ ਅਤੇ ਮੇਰੇ ਲਈ ਦੁੱਧ ਲਿਆਉਣ ਲਈ ਕਿਹਾ | ਮੈਂ ਮਨ੍ਹਾਂ ਕਰ ਦਿੱਤਾ | ਦੁੱਧ ਕਿੱਥੇ ਲੰਘਣਾ ਸੀ? ਪਤਾ ਨਹੀਂ ਸੀ ਕਿ ਕਦੋਂ ਘੇਰਾ ਪੈ ਜਾਵੇ | ਬਾਹਰ ਆ ਕੇ ਸਕੂਟਰ ਨੂੰ ਕਿੱਕ ਮਾਰ ਕੇ ਮੈਂ ਘਰ ਆ ਗਿਆ ਅਤੇ ਘੂਕ ਸੌਾ ਗਿਆ |
ਜੁਲਾਈ-ਅਗਸਤ 'ਚ ਜਦ ਇਮਤਿਹਾਨ ਆਰੰਭ ਹੋਏ ਤਾਂ ਪ੍ਰੀਖਿਆ ਕੇਂਦਰ ਦੇ ਦੁਆਲੇ ਸੀ.ਆਰ.ਪੀ. ਅਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ | ਕਈ ਜਗ੍ਹਾ ਡਿਊਟੀ ਦੇਣ ਵਾਲੇ ਪ੍ਰੋਫ਼ੈਸਰ ਮਾਰੇ ਵੀ ਗਏ ਸਨ | ਹਰ ਇਕ ਨੂੰ ਧਮਕੀਆਂ ਆਉਂਦੀਆਂ ਪਰ ਸਾਰੇ ਅਡੋਲ ਰਹੇ | ਇਕ ਦਿਨ ਇਕ ਥਾਣੇਦਾਰ ਬਿਨਾਂ ਪੁੱਛੇ ਹਾਲ ਵਿਚ ਆ ਵੜਿਆ ਅਤੇ ਇਕ ਵਿਦਿਆਰਥੀ ਵੱਲ ਵਧ ਗਿਆ | ਨੀਅਤ ਸਾਫ਼ ਸੀ | ਸਾਡੇ ਟੋਕਣ ਤੇ ਉਹ ਬੋਲਿਆ, 'ਅਸੀਂ ਕਿਤੇ ਵੀ ਜਾ ਸਕਦੇ ਹਾਂ |' ਮੈਂ ਇਕਦਮ ਕਿਹਾ, 'ਬਿਲਕੁਲ ਠੀਕ | ਤੁਸੀਂ ਲਓ ਇਮਤਿਹਾਨ; ਅਸੀਂ ਚਲੇ ਜਾਂਦੇ ਹਾਂ |' ਮੈਂ ਸਾਰੇ ਸਟਾਫ਼ ਨੂੰ ਹੱਥ ਮਾਰ ਦਿੱਤਾ, 'ਆਓ ਆਪਾਂ ਚੱਲੀਏ | ਇਮਤਿਹਾਨ ਪੁਲਿਸ ਲਵੇਗੀ |' ਇਹ ਸੁਣਦੇ ਹੀ ਜਿਸ ਤਰ੍ਹਾਂ ਦਗੜ-ਦਗੜ ਕਰਦੇ ਉਹ ਪੁਲਿਸ ਵਾਲੇ ਪੌੜੀਆਂ ਉੱਤਰ ਕੇ ਭੱਜੇ, ਉਹ ਵੇਖਣ ਦੇ ਲਾਇਕ ਸੀ |
ਅਸੀਂ ਅਸੂਲ, ਦਿਆਨਤਦਾਰੀ, ਅਣਖ, ਨਿਡਰਤਾ ਅਤੇ ਅਨੁਸ਼ਾਸਨ ਦੇ ਨਾਲ-ਨਾਲ ਇਨਸਾਨੀਅਤ ਵੀ ਕਾਇਮ ਰੱਖੀ | ਬੁਰੇ ਸਮਿਆਂ ਦੇ ਬਾਵਜੂਦ ਅਸੀਂ ਹਰ ਵਿਦਿਆਰਥੀ ਨੁੰ ਸਹਿਜ ਮਹਿਸੂਸ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਇਨਸਾਨੀ ਹਮਦਰਦੀ ਲਈ ਇਕ ਵਾਰ ਮੈਂ ਆਪਣੇ ਅਸੂਲ ਵੀ ਵਾਰ ਦਿੱਤੇ | ਇਕ ਸਿੱਖ ਨੌਜਵਾਨ ਨੂੰ ਇਕ ਸਿਪਾਹੀ ਅਬੋਹਰ ਤੋਂ ਹੱਥਕੜੀ ਲਾ ਕੇ ਲਿਆਇਆ ਸੀ | ਦਰਸ਼ਨੀ ਜਵਾਨ ਸੀ—ਲੰਬਾ ਕੱਦ, ਗੋਰਾ ਨਿਸ਼ੋਹ, ਖੁੱਲ੍ਹੀ ਲੰਬੀ ਦਾਹੜੀ ਅਤੇ ਸੋਹਣੀ ਕੇਸਰੀ ਦਸਤਾਰ | ਸਿਪਾਹੀ ਨੂੰ ਅਸੀਂ ਉਸ ਦੇ ਬਰਾਬਰ ਬਿਠਾ ਦਿੱਤਾ | ਮੇਰੀ ਉਨ੍ਹਾਂ ਤੇ ਖਾਸ ਨਜ਼ਰ ਸੀ | ਕੁਝ ਦੇਰ ਬਾਅਦ ਉਸ ਨੇ ਪਰਚੀ ਕੱਢ ਲਈ | ਮੈਂ ਪਰਚੀ ਫੜ ਕੇ ਚਿਤਾਵਨੀ ਦੇ ਦਿੱਤੀ ਕਿ ਜੇ ਹੋਰ ਪਰਚੀ ਕੱਢੀ ਤਾਂ ਨਕਲ ਦਾ ਕੇਸ ਬਣੇਗਾ | ਮੈਂ ਗੇੜੇ ਮਾਰਦਾ ਰਿਹਾ | ਹਰ ਵਾਰ ਉਹ ਮੇਰੇ ਵੱਲ ਲਾਲ ਅੱਖਾਂ ਨਾਲ ਕੌੜ-ਕੌੜ ਕੇ ਵੇਖਦਾ ਰਿਹਾ | ਜਦ ਉਸ ਨੇ ਭਾਂਪ ਲਿਆ ਕਿ ਮੈਂ ਯਰਕਣਾ ਨਹੀਂ ਤਾਂ ਉਸ ਨੇ ਮੈਨੂੰ ਕੋਲ ਬੈਠ ਕੇ ਉਸ ਦੀ ਗੱਲ ਸੁਣਨ ਨੂੰ ਕਿਹਾ |
ਉਹ ਬੋਲਿਆ, 'ਸਰ, ਮੈਂ ਕੋਈ ਖਾੜਕੂ ਨਹੀਂ | ਮੈਂ ਮੇਰੇ ਸ਼ਹਿਰ ਦੇ ਉਸ ਗੁੰਡੇ ਨੂੰ ਮਾਰਿਆ ਹੈ ਜਿਸ ਨੇ ਸਕੂਲਾਂ ਕਾਲਜਾਂ ਦੀਆਂ ਕੁੜੀਆਂ ਦਾ ਜੀਣਾ ਦੁੱਭਰ ਕਰ ਰੱਖਿਆ ਸੀ | ਇਕ ਦਿਨ ਉਸ ਨੇ ਮੇਰੀ ਭੈਣ ਦਾ ਦੁਪੱਟਾ ਖਿੱਚ ਲਿਆ ਅਤੇ ਮੈਂ ਉਸ ਨੂੰ ਮਾਰ ਦਿੱਤਾ | ਸਰ, ਮੇਰੀ ਇਸ ਵਿਸ਼ੇ ਵਿਚ ਬੀ.ਐਸਸੀ. (ਫ਼ਾਈਨਲ) ਵਿਚੋਂ ਕੰਪਾਰਟਮੈਂਟ ਹੈ | ਕਈ ਮਹੀਨਿਆਂ ਤੋਂ ਪੁਲਿਸ ਹਿਰਾਸਤ 'ਚ ਹੋਣ ਕਰ ਕੇ ਤਿਆਰੀ ਨਹੀਂ ਹੋ ਸਕੀ | ਮੈਨੂੰ ਘੱਟੋ-ਘੱਟ ਉਮਰ ਕੈਦ ਤਾਂ ਹੋਣੀ ਹੀ ਹੈ | ਜੇ ਇਹ ਪੇਪਰ ਨਿਕਲ ਗਿਆ ਤਾਂ 'ਬੀ' ਕਲਾਸ ਮਿਲ ਜਾਵੇਗੀ; ਨਹੀਂ ਤਾਂ ਸਾਰੀ ਉਮਰ ਭੁੰਜੇ ਅੱਡੀਆਂ ਰਗੜਾਂਗਾ | ਅੱਗੇ ਤੁਹਾਡੀ ਮਰਜ਼ੀ |'
ਉਸ ਕਤਲ ਬਾਰੇ ਮੈਂ ਪੜਿ੍ਹਆ ਸੀ | ਮੇਰੀਆਂ ਅੱਖਾਂ ਭਰ ਆਈਆਂ | ਇੰਨਾ ਅਣਖੀਲਾ ਨੌਜਵਾਨ! ਮੈਨੂੰ ਮੇਰਾ ਇਕ ਪਿਆਰਾ ਦੋਸਤ ਚਮਨ ਲਾਲ ਯਾਦ ਆ ਗਿਆ ਜਿਸ ਨੂੰ ਬੀਏ ਕਰਦੇ ਹੋਏ ਪਿੰਡ ਦੀ ਇਕ ਲੜਾਈ ਵਿਚ ਉਮਰ ਕੈਦ ਹੋ ਗਈ ਸੀ ਅਤੇ ਉਸ ਨੇ ਬਹੁਤ ਦੁੱਖ ਝੱਲੇ ਸਨ | ਮੈਂ ਉਸ ਲੜਕੇ ਨੂੰ ਉਠਾ ਕੇ ਬਿਲਕੁਲ ਅਖੀਰਲੇ ਖਾਲੀ ਪਏ ਡੈਸਕ 'ਤੇ ਬਿਠਾ ਦਿੱਤਾ ਅਤੇ ਫਿਰ ਉਸ ਕੋਲ ਗਿਆ ਹੀ ਨਹੀਂ | ਮੇਰੀ ਨਿਗੂਣੀ ਸੋਚ ਅਨੁਸਾਰ ਇਨਸਾਨੀਅਤ ਅਸੂਲਾਂ ਤੋਂ ਉੱਪਰ ਹੈ |

-305, ਮਾਡਲ ਟਾਊਨ ( ਫੇਜ਼-1),
ਬਠਿੰਡਾ-151001
ਫੋਨ: 9814941214

ਪਾਲੀਵੁੱਡ ਝਰੋਖਾ

ਗਿੱਪੀ ਗਰੇਵਾਲ ਦੀ 'ਅਨਟੋਲਡ ਸਟੋਰੀ'

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗਿੱਪੀ ਦੀਆਂ 'ਫਰਾਰ' ਅਤੇ 'ਜੱਟ ਜੇਮਜ਼ ਬਾਂਡ' ਫ਼ਿਲਮਾਂ ਇਸ ਗੱਲ ਦੀਆਂ ਸੂਚਕ ਹਨ ਕਿ ਉਹ ਪੰਜਾਬੀ ਸਿਨੇਮਾ 'ਚ ਵਿਭਿੰਨਤਾ ਕਾਇਮ ਕਰਨਾ ਚਾਹੁੰਦਾ ਹੈ | 'ਜੱਟ ਜੇਮਜ਼ ਬਾਂਡ' ਇਕ ਥਿੱ੍ਰਲਰ (ਸਨਸਨੀ ਖੇਜ਼) ਕਿਸਮ ਦੀ ਹਲਕੇ-ਫੁਲਕੇ ਲਹਿਜ਼ੇ ਵਾਲੀ ਫ਼ਿਲਮ ਸੀ |
ਉਪਰੋਕਤ ਫ਼ਿਲਮਾਂ ਕਰਨ ਤੋਂ ਬਾਅਦ ਸ਼ਾਇਦ ਗਿੱਪੀ ਗਰੇਵਾਲ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਸ ਦੀਆਂ ਬਹੁਗਿਣਤੀ ਫ਼ਿਲਮਾਂ ਮਸਾਲਾ ਫ਼ਿਲਮਾਂ ਹੀ ਹਨ | ਇਸ ਲਈ ਉਹ ਕੁਝ ਵੱਖਰਾ ਕਰਨ ਦੀ ਕੋਸ਼ਿਸ਼ 'ਚ ਸੀ | ਉਸ ਦੀ ਸੋਚ ਦਾ ਸਿੱਟਾ 'ਅਰਦਾਸ' ਦੇ ਰੂਪ 'ਚ ਨਿਕਲਿਆ | 'ਅਰਦਾਸ' ਦਾ ਸਾਰਾ ਹੀ ਪ੍ਰਾਜੈਕਟ ਉਸ ਨੇ ਖ਼ੁਦ ਤਿਆਰ ਕੀਤਾ ਸੀ | ਕਹਾਣੀ ਤੋਂ ਲੈ ਕੇ ਨਿਰਦੇਸ਼ਨ ਦੀ ਵਾਗ ਡੋਰ ਉਸ ਨੇ ਖ਼ੁਦ ਸੰਭਾਲੀ ਸੀ |
ਇਸ ਫ਼ਿਲਮ ਨੇ ਪੰਜਾਬ ਦੇ ਕਈ ਚਲੰਤ ਮਸਲਿਆਂ (ਨਸ਼ਾਖੋਰੀ, ਡਰੱਗਜ਼, ਰਾਜਨੀਤਕ ਵਿਵਸਥਾਵਾਂ) ਨੂੰ ਉਜਾਗਰ ਕੀਤਾ ਸੀ | ਅਪ੍ਰਤੱਖ ਤੌਰ 'ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ 'ਅਰਦਾਸ' ਦੇ ਮਾਧਿਅਮ ਰਾਹੀਂ ਗਿੱਪੀ ਉਹੀ ਕੰਮ ਕਰਨਾ ਚਾਹੁੰਦਾ ਸੀ ਜਿਹੜਾ ਕਦੇ ਵਰਿੰਦਰ ਨੇ ਪੰਜਾਬੀ ਸਿਨੇਮਾ ਦੇ ਲਈ ਕੀਤਾ ਸੀ |
ਪਰ ਕਈ ਵਾਰ ਜਦੋਂ ਬਾਲੀਵੁੱਡ ਵੀ ਗਿੱਪੀ ਨੂੰ ਆਵਾਜ਼ ਮਾਰ ਲੈਂਦਾ ਹੈ ਤਾਂ ਉਸ ਲਈ ਦੁਬਿਧਾ ਹੀ ਪੈਦਾ ਹੋ ਜਾਂਦੀ ਹੈ | ਜਦੋਂ ਦਾ ਉਸ ਦਾ 'ਅੰਗਰੇਜ਼ੀ ਬੀਟ' ਵਾਲਾ 'ਕਾਕਟੇਲ' ਵਿਚਲਾ ਗੀਤ ਹਿੱਟ ਹੋਇਆ, ਉਸ ਦੀ ਪੁੱਛਗਿੱਛ ਬਾਲੀਵੁੱਡ ਵਿਚ ਵਧ ਗਈ ਹੈ | ਲਿਹਾਜ਼ਾ ਕਦੇ ਉਹ 'ਡਬਲ ਦਿ ਟ੍ਰਬਲ' ਵਿਚ ਧਰਮਿੰਦਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਨਜ਼ਰ ਆਉਂਦਾ ਹੈ ਅਤੇ ਕਦੇ ਗੋਵਿੰਦਾ ਦੀ ਲੜਕੀ ਨਾਲ 'ਸੈਕੰਡ ਹੈਾਡ ਹਸਬੈਂਡ' ਵਿਚ ਲੀਡਿੰਗ ਰੋਲ ਪੇਸ਼ ਕਰ ਰਿਹਾ ਦਿ੍ਸ਼ਟੀਗੋਚਰ ਹੁੰਦਾ ਹੈ |
ਪਰ ਗਿੱਪੀ ਨੂੰ ਪਤਾ ਹੈ ਕਿ ਉਸ ਦੀ ਅਸਲ ਕਰਮ ਭੂਮੀ ਤਾਂ ਪੰਜਾਬੀ ਸਿਨੇਮਾ ਹੀ ਹੈ | ਇਹ ਅਲੱਗ ਗੱਲ ਹੈ ਕਿ ਬਤੌਰ ਗਾਇਕ ਵੀ ਉਹ ਵਧੀਆ ਹਾਜ਼ਰੀ ਲੁਆਉਣ 'ਚ ਵਿਸ਼ਵਾਸ ਕਰਦਾ ਹੈ | ਉਸ ਨੂੰ ਵਰਿੰਦਰ ਦੀ ਇਹ ਗੱਲ ਵੀ ਯਾਦ ਹੀ ਰੱਖਣੀ ਹੋਵੇਗੀ ਕਿ 'ਸਿਨੇਮਾ ਮੇਰੇ ਲਈ ਨਹੀਂ ਹੈ, ਮੈਂ ਸਿਨੇਮਾ ਦੇ ਲਈ ਹਾਂ |'
ਇਸੇ ਸੰਕਲਪ ਦੀ ਪੂਰਤੀ ਲਈ ਗਿੱਪੀ ਹਰ ਤਰ੍ਹਾਂ ਦੇ ਸਿਨੇਮਾ ਦੇ ਨਾਲ ਜੁੜਨਾ ਪਸੰਦ ਕਰਦਾ ਹੈ | ਕੁਝ ਚਿਰ ਪਹਿਲਾਂ ਹਾਲੀਵੁੱਡ ਦੀ ਇਕ ਫ਼ਿਲਮ 'ਏ ਗੁੱਡ ਡੇਅ ਟੂ ਡਾਈ ਹਾਰਡ' ਨੂੰ ਪੰਜਾਬੀ 'ਚ ਵੀ ਉਸ ਨੇ ਡਬ ਕੀਤਾ ਸੀ | ਇਹ ਚੇਸ਼ਟਾ ਇਸ ਗੱਲ ਦੀ ਸੂਚਕ ਹੈ ਕਿ ਗਿੱਪੀ ਮੰਨਦਾ ਹੈ ਕਿ ਸਿਨੇਮਾ ਇਕ ਅਸੀਮਤ ਕਲਾ-ਸਮੰੁਦਰ ਹੈ, ਜਿਸ 'ਚ ਜਿਹੜਾ ਵੀ ਕਲਾਕਾਰ ਗਹਿਰਾਈ 'ਚ ਜਾਵੇਗਾ, ਉਸ ਨੂੰ ਮੋਤੀ ਮਿਲ ਸਕਦੇ ਹਨ |
ਗਿੱਪੀ ਦਾ ਫ਼ਿਲਮੀ ਸਫ਼ਰ (ਚੋਣਵੀਆਂ ਫ਼ਿਲਮਾਂ) ਜਿਵੇਂ 'ਮੇਲ ਕਰਾ ਦੇ ਰੱਬਾ' (2010), 'ਜਿਨ੍ਹੇ ਮੇਰਾ ਦਿਲ ਲੁੱਟਿਆ', (2011), 'ਮਿਰਜ਼ਾ' (2012), 'ਕੈਰੀ ਆਨ ਜੱਟਾ' (2012), 'ਸਿੰਘ ਵਰਸਜ਼ ਕੌਰ' (2013), 'ਲੱਕੀ ਦੀ ਅਨਲੱਕੀ ਸਟੋਰੀ' (2013), 'ਬੈਸਟ ਆਫ਼ ਲੱਕ' (2013), 'ਭਾਅ ਜੀ ਇਨ ਪ੍ਰਾਬਲਮ' (2013), 'ਜੱਟ ਜੇਮਜ਼ ਬਾਂਡ' (2014), 'ਡਬਲ ਦਾ ਟ੍ਰਬਲ' (2014), 'ਸੈਕੰਡ ਹੈਾਡ ਹਸਬੈਂਡ' (2014), 'ਫ਼ਰਾਰ' (2015), 'ਅਰਦਾਸ' (2016), 'ਕਪਤਾਨ' (2016) ਆਦਿ-ਆਦਿ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਭਰ ਅੱਤਵਾਦ ਦੇ ਸਮੇਂ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ 'ਤੇ ਲਾਲ ਚੰਦ ਯਮਲਾ ਜੱਟ ਦਾ ਸਨਮਾਨ ਕੀਤਾ ਗਿਆ ਸੀ ਤੇ ਸਵਾਗਤੀ ਕਮੇਟੀ ਨੇ ਪਹਿਲਾਂ ਉਨ੍ਹਾਂ ਨੂੰ ਜੀ ਆਇਆਂ ਆਖਿਆ | ਪ੍ਰੋ: ਮੈਕਮਿਲਨ, ਡੀ.ਪੀ. ਓਮ ਪ੍ਰਕਾਸ਼, ਜੋਗਿੰਦਰ ਸਿੰਘ ਚੱਠਾ ਸਰਪੰਚ, ਸਵਿੰਦਰ ਸਿੰਘ ਭਾਗੋਵਾਲੀਆ ਗਾਇਕ ਤੇ ਹੋਰ ਸਾਥੀ ਲਾਲ ਚੰਦ ਯਮਲਾ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ |

-ਮੋਬਾਈਲ : 98767-41231

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX