ਤਾਜਾ ਖ਼ਬਰਾਂ


ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  31 minutes ago
ਵਾਸ਼ਿੰਗਟਨ, 16 ਸਤੰਬਰ - ਸਾਉਦੀ ਅਰਬ ਦੀਆਂ ਤੇਲ ਫ਼ੈਕਟਰੀਆਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਕਮੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  32 minutes ago
ਸ੍ਰੀਨਗਰ, 16 ਸਤੰਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ 'ਚ ਪੈਂਦੇ ਬਾਲਾਕੋਟ ਤੇ ਮੇਂਡਰ ਸੈਕਟਰ 'ਚ ਬੀਤੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  29 minutes ago
ਅਮਰਾਵਤੀ, 16 ਸਤੰਬਰ - ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 11 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਅੱਜ ਸਵੇਰੇ ਕਿਸ਼ਤੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ...
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  47 minutes ago
ਨਵੀਂ ਦਿੱਲੀ, 16 ਸਤੰਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਤੋਂ ਸੁਣਵਾਈ...
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  about 1 hour ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ

ਕਿਧਰ ਗਏ ਉਹ ਦਿਨ

ਅਣਵੰਡੇ ਪੰਜਾਬ ਵਿਚ ਕਈ ਰਵਾਇਤਾਂ ਮਾਣ ਤੇ ਸਤਿਕਾਰ ਯੋਗ ਹੁੰਦੀਆਂ ਸਨ | ਹਰ ਛੋਟੇ-ਵੱਡੇ ਪਿੰਡ ਵਿਚ ਵਸਨੀਕਾਂ ਦੀਆਂ ਪੱਟੀਆਂ ਹੁੰਦੀਆਂ ਸਨ | ਆਪਣੇ-ਆਪਣੇ ਰਿਵਾਜ ਹੁੰਦੇ ਸਨ | ਬੱਚਾ ਜੰਮਣ ਤੋਂ ਲੈ ਕੇ ਕਿਸੇ ਦੀ ਮੌਤ 'ਤੇ ਆਪਣੇ-ਆਪਣੇ ਰਿਵਾਜ ਅਤੇ ਰਸਮਾਂ ਹੁੰਦੀਆਂ ਸਨ | ਹਰ ਪੱਟੀ ਦੇ ਮੰਗਣੇ ਅਤੇ ਵਿਆਹ ਆਪਣੇ-ਆਪਣੇ ਢੰਗ ਨਾਲ ਹੁੰਦੇ ਸਨ ਪਰ ਬਾਰਾਤ ਦਾ ਜਾਣਾ ਅਤੇ ਡੋਲੀ ਦਾ ਆਉਣਾ ਇਕੋ ਤਰ੍ਹਾਂ ਦਾ ਹੁੰਦਾ ਸੀ | ਹਰ ਪਿੰਡ ਵਿਚ ਨਾਈ ਬਰਾਦਰੀ ਦਾ ਕੰਮ ਆਪਣੇ ਪਿੰਡ ਦੀ ਧੀ ਦਾ ਮੰਗਣਾ ਕਰਨਾ ਹੁੰਦਾ ਸੀ | ਸਾਡੇ ਪਿੰਡ ਦੇ ਨਾਈ ਸਿੱਖ ਸਨ, ਉਹ ਹਜ਼ਾਮਤ ਕਰਨ ਦਾ ਕੰਮ ਨਹੀਂ ਸਨ ਕਰਦੇ | ਪਰ ਪਿੰਡ ਦੀ ਸਿੱਖ ਬਰਾਦਰੀ ਦੀਆਂ ਕੁੜੀਆਂ ਲਈ ਮੰੁਡੇ ਲੱਭਣੇ ਉਨ੍ਹਾਂ ਦਾ ਫ਼ਰਜ਼ ਹੁੰਦਾ ਸੀ | ਨਾਈ ਲੋਕਾਂ ਵਿਚ ਇਕ ਨਹੀਂ ਕਈ ਗੁਣ ਹੁੰਦੇ ਸਨ | ਖ਼ਾਸ ਕਰਕੇ ਉਹ ਸਾਹਮਣੇ ਵਾਲੇ ਬੰਦੇ ਦੀ ਸ਼ਕਲ-ਸੂਰਤ ਅਤੇ ਗੱਲਬਾਤ ਤੋਂ ਉਹਦੀ ਸ਼ਖ਼ਸੀਅਤ, ਸੀਰਤ ਅਤੇ ਚੰਗੀ-ਮੰਦੀ ਆਦਤ ਦਾ ਪਤਾ ਲਗਾ ਲੈਂਦੇ ਸਨ | ਫਿਰ ਆਪਣੇ-ਆਪ ਨਾਲ ਵਿਸ਼ਲੇਸ਼ਣ ਕਰਕੇ ਜੇਕਰ ਮੰੁਡਾ ਉਨ੍ਹਾਂ ਨੂੰ ਜਚ ਜਾਏ ਤਾਂ ਉਹਦੇ ਮਾਪਿਆਂ ਅਤੇ ਪਿੰਡ ਦੇ ਮੋਹਤਬਰ ਲੋਕਾਂ ਦੇ ਸਾਹਵੇਂ ਮੰੁਡੇ ਦੀ ਤਲੀ 'ਤੇ ਚਾਂਦੀ ਦਾ ਰੁਪਿਆ ਰੱਖ ਕੇ ਮੰਗਣੀ ਕਰ ਦਿੰਦੇ ਸਨ | ਆਪਣੇ ਪਿੰਡ ਵਾਪਸ ਆ ਕੇ ਉਹ ਕੁੜੀ ਦੇ ਮਾਪਿਆਂ ਨੂੰ ਮੰੁਡੇ ਅਤੇ ਉਹਦੇ ਖਾਨਦਾਨ ਬਾਰੇ ਸਾਰਾ ਕੁਝ ਦੱਸ ਦਿੰਦੇ ਅਤੇ ਧੀ ਦੇ ਮੰਗਣੇ ਦੀ ਵਧਾਈ ਦਿੰਦੇ ਸਨ | ਫਿਰ ਸਮਾਂ ਪਾ ਕੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ | ਬਰਾਤ ਦੇ ਸਵਾਗਤ ਅਤੇ ਕੁੜਮਾਚਾਰੀ ਦੀਆਂ ਰਸਮਾਂ, ਮੰੁਡੇ ਦੀਆਂ ਸਾਲੀਆਂ ਵਲੋਂ ਜੁੱਤੀ ਲੁਕਾਉਣੀ, ਕੁਝ ਪੈਸੇ ਲੈ ਕੇ ਮੋੜਨੀ, ਫੇਰੇ ਹੋਣੇ ਫਿਰ ਕੁੜੀ ਨੂੰ ਵਿਦਾ ਕਰਨਾ | ਕੁੜੀ ਨੂੰ ਡੋਲੀ ਵਿਚ ਬਿਠਾ ਕੇ ਡੋਲੀ ਨੂੰ ਕਹਾਰ ਨਹੀਂ ਚੁੱਕਦੇ ਸਗੋਂ ਪਿੰਡ ਦੇ ਨੌਜਵਾਨ ਮੁੰਡੇ ਕੁੜੀ ਨੂੰ ਭੈਣ ਸਮਝ ਕੇ ਉਹਦੀ ਡੋਲੀ ਚੁੱਕ ਕੇ ਤੁਰ ਪੈਂਦੇ | ਉਹ ਪਿੰਡ ਦੀ ਜੂਹ ਤੱਕ ਡੋਲੀ ਲੈ ਕੇ ਪਹੁੰਚਦੇ ਸਨ | ਜਿਥੇ ਪਿੰਡ ਦੀ ਜ਼ਮੀਨ ਖਤਮ ਹੁੰਦੀ ਸੀ, ਡੋਲੀ ਚੁੱਕਣ ਵਾਲੇ ਕਹਾਰ ਉਥੇ ਬੈਠੇ ਹੁੰਦੇ ਸਨ | ਉਹ ਡੋਲੀ ਲੈ ਕੇ ਕੁੜੀ ਦੇ ਸਹੁਰੇ ਪਿੰਡ ਵੱਲ ਚਲੇ ਜਾਂਦੇ ਸਨ |
ਨਾਈ ਵਲੋਂ ਕੀਤਾ ਗਿਆ ਰਿਸ਼ਤਾ ਹਮੇਸ਼ਾ ਕਾਮਯਾਬ ਹੁੰਦਾ ਸੀ | ਅਸੀਂ ਇਕ ਵੀ ਐਸੀ ਗੱਲ ਨਹੀਂ ਸੀ ਸੁਣੀ ਕਿ ਕੁੜੀ ਨੂੰ ਸਹੁਰੇ ਘਰ ਵਲੋਂ ਕੋਈ ਦੁੱਖ ਮਿਲਿਆ ਹੋਵੇ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਭੇਡਾਂ ਦੀ ਨਿਲਾਮੀ

'ਭੇਡਾਂ ਵਿਕਾਊ ਹਨ |'
ਸਹੀ ਸੁਣਿਆ ਤੁਸੀਂ | ਇਹ ਕੋਈ ਵਟਸਐਪ ਦਾ ਫਾਰਵਰਡ ਕੀਤਾ ਸੰਦੇਸ਼ ਨਹੀਂ ਹੈ ਕਿ ਤੁਸੀਂ ਅਫ਼ਵਾਹ ਸਮਝ ਕੇ ਹਵਾ 'ਚ ਹੀ ਉਡਾ ਦਿਓ | ਹਾਲਾਂਕਿ ਅਜੋਕੇ ਦੌਰ 'ਚ ਵਟਸਐਪ ਸੰਦੇਸ਼ਾਂ ਨੂੰ ਅਫ਼ਵਾਹ ਦਾ ਦਰਜਾ ਦੇਣ ਦੀ ਹਿਮਾਕਤ ਵੀ ਮੇਰੇ ਵਰਗੇ ਕੁਝ ਲੋਕ ਹੀ ਕਰਦੇ ਹੋਣਗੇ | ਇਨ੍ਹਾਂ ਫਾਰਵਰਡ ਸੰਦੇਸ਼ਿਆਂ 'ਚ ਤਾਂ ਇਤਿਹਾਸ ਦੇ ਤੱਥਾਂ 'ਚ ਵੀ ਸੁਨਾਮੀ ਲਿਆਉਣ ਦੀ ਕੁੱਵਤ ਹੁੰਦੀ ਹੈ |
ਖ਼ੈਰ, ਗੱਲ ਭੇਡਾਂ ਦੀ ਹੋ ਰਹੀ ਸੀ | ਇਨ੍ਹਾਂ ਵਿਕਾਊ ਭੇਡਾਂ ਲਈ ਅਖ਼ਬਾਰ 'ਚ ਬਾਕਾਇਦਾ ਇਸ਼ਤਿਹਾਰ ਦਿੱਤਾ ਗਿਆ | ਸਿਆਸਤ ਦੀਆਂ ਖ਼ਬਰਾਂ ਤੋਂ ਅੱਕ ਚੁੱਕਾ ਅਤੇ ਜੁਰਮਾਂ ਦੀ ਨਿਰੰਤਰਤਾ ਤੋਂ ਖਿਝ ਚੁੱਕਾ ਇਨਸਾਨ ਵੀ, ਆਦਤ ਤੋਂ ਮਜਬੂਰ ਹੋ ਕੇ ਅਖ਼ਬਾਰ ਫੜਦਾ ਵੀ ਹੈ ਅਤੇ ਫਿਤਰਤ ਸਦਕਾ ਸਫ਼ੇ ਵੀ ਉਲੱਦਦਾ ਹੈ | ਇਸੇ ਅਮਲ ਨੂੰ ਦੁਹਰਾ ਹੀ ਰਹੀ ਸੀ ਕਿ ਨਜ਼ਰ ਇਸ ਇਸ਼ਤਿਹਾਰ 'ਤੇ ਪਈ | ਹਾਲਾਂਕਿ ਸਰਕਾਰ ਵਲੋਂ ਜਾਰੀ ਇਸ ਇਸ਼ਤਿਹਾਰ 'ਚ ਭੇਡਾਂ ਦੀ ਕੀਮਤ ਨਹੀਂ ਦੱਸੀ ਗਈ ਸੀ | ਇਹ ਕੀਮਤ ਨਿਲਾਮੀ ਰਾਹੀਂ ਤੈਅ ਕੀਤੀ ਜਾਣੀ ਸੀ |
ਉਂਜ ਤਾਂ 48 ਡਿਗਰੀ ਪਾਰਾ ਸਧਾਰਨ ਮਨੁੱਖ ਨੂੰ ਸੌਣ ਦੀ ਇਜਾਜ਼ਤ ਨਹੀਂ ਦਿੰਦਾ | ਪਰ ਮੈਂ ਇਕ ਗੁਸਤਾਖੀ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ | ਪਸੀਨੇ ਦੀਆਂ ਚਮਕਦੀਆਂ ਬੰੂਦਾਂ ਅਤੇ ਖੁੱਲ੍ਹੀਆਂ ਅੱਖਾਂ ਨਾਲ ਇਕ ਸੁਪਨਾ ਵੇਖਣ ਦੀ ਗੁਸਤਾਖ਼ੀ | ਉਸ ਸੁਪਨੇ 'ਚ ਭੇਡਾਂ ਦੀ ਨਿਲਾਮੀ 'ਚੋਂ 10 ਭੇਡਾਂ ਮੈਂ ਖਰੀਦ ਲਈਆਂ | ਇਹ 10 ਇਸ ਲਈ ਕਿ ਦਹਾਈ ਦਾ ਅੰਕੜਾ ਆਉਂਦਿਆਂ ਹੀ ਦੂਰ ਕਿਤੇ ਉਡਦੀ ਜਾਂਦੀ 'ਫ਼ਖ਼ਰ' ਦੀ ਅਖੌਤੀ ਹਵਾ ਇਕ ਬੁੱਲਾ ਤਾਂ ਦੇ ਹੀ ਜਾਂਦੀ ਹੈ |
ਵੈਸੇ ਤੁਹਾਡੇ ਦਿਮਾਗ਼ 'ਚ ਇਕ ਗੱਲ ਆ ਰਹੀ ਹੋਵੇਗੀ ਕਿ ਭੇਡਾਂ ਦਾ ਹੀ ਸੁਪਨਾ ਕਿਉਂ? ਜੇਕਰ ਇਸ ਦਾ ਜਵਾਬ ਮੈਂ ਇਮਾਨਦਾਰੀ ਨਾਲ ਦੇਵਾਂ ਤਾਂ ਮੈਨੂੰ ਪਸ਼ੂਆਂ ਨਾਲ ਕੋਈ ਖਾਸ ਲਗਾਓ ਨਹੀਂ ਹੈ | ਸੜਕ 'ਤੇ ਚਲਦੇ ਕੁੱਤੇ, ਬਿੱਲੀਆਂ, ਗਾਵਾਂ, ਮੱਝਾਂ, ਵੱਛੇ ਆਦਿ ਸਾਰੇ ਜਾਨਵਰਾਂ ਤੇ ਪਸ਼ੂਆਂ ਤੋਂ ਇੰਨੀ ਹੀ ਦੂਰੀ ਬਣਾ ਕੇ ਚਲਦੀ ਹਾਂ ਕਿ ਅਸੀਂ ਦੋਵੇਂ ਇਕ-ਦੂਜੇ ਦੀ 'ਹੱਦਬੰਦੀ' ਪਾਰ ਨਾ ਕਰ ਸਕੀਏ | ਇਸ ਲਈ ਬਚਪਨ 'ਚ ਸਿੱਖੀ ਸਵੈ-ਰੱਖਿਆ ਦੀ ਤਕਨੀਕ ਦਾ ਵਧੇਰੇ ਯੋਗਦਾਨ ਹੈ | ਕਿਉਂਕਿ ਮੇਰਾ ਉਨ੍ਹਾਂ ਜਾਨਵਰਾਂ 'ਤੇ ਹਮਲਾ ਕਰਨ ਦਾ 'ਸਕੋਪ' ਨਾਮਾਤਰ ਵੀ ਨਹੀਂ ਹੈ | ਪਰ ਉਨ੍ਹਾਂ ਦੇ 'ਮਨ ਦੀ ਮੌਜ' ਜੇਕਰ ਕਿਤੇ ਜਾਗ ਗਈ ਤਾਂ ਆਪਣੇ ਅੰਗਾਂ ਅਤੇ ਹੱਡੀਆਂ ਦੀ ਸਲਾਮਤੀ ਲਈ ਮੈਨੂੰ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ |
ਪਰ ਟੀ.ਵੀ. 'ਚ ਵਿਖਾਈ ਜਾਣ ਵਾਲੀ 'ਡਰ ਕੇ ਆਗੇ ਜੀਤ ਹੈ' ਵਾਲੀ ਐਡ ਵੀ ਇਕ ਕਾਰਨ ਬਣੀ ਭੇਡਾਂ ਦੇ ਇਸ ਸੁਪਨੇ ਪਿੱਛੇ | ਉਸ ਐਡ ਕਾਰਨ ਰੱਖੀ ਗਈ 'ਦਲੇਰੀ' ਦੀ ਬੁਨਿਆਦ ਤੋਂ ਬਾਅਦ ਦੂਜਾ ਕਾਰਨ ਸੀ ਕਿ ਇਸੇ ਬਹਾਨੇ 'ਮਲਕੀਅਤ' ਦੇ ਰੁਤਬੇ ਦਾ ਵੀ ਥੋੜ੍ਹਾ ਅਨੰਦ ਲੈ ਲਿਆ ਜਾਵੇਗਾ | ਆਖਿਰ 10 ਭੇਡਾਂ ਹੋਣੀਆਂ ਕਿਸੇ ਛੋਟੇ-ਮੋਟੇ ਬੰਦੇ ਦੇ ਵੱਸ ਦੀ ਗੱਲ ਤਾਂ ਨਹੀਂ ਹੈ |
ਤੀਜਾ ਅਤੇ ਸਭ ਤੋਂ ਅਹਿਮ ਕਾਰਨ ਹੈ ਮੇਰੇ ਆਲੇ-ਦੁਆਲੇ ਵਧਦਾ ਵਿਦਵਾਨਾਂ ਦਾ ਘੇਰਾ | ਇਹ ਵਿਦਵਾਨ ਹਰ ਵੇਲੇ ਨਜ਼ਰ ਤਾਂ ਨਹੀਂ ਆਉਂਦੇ ਪਰ ਮੌਕੇ-ਬੇਮੌਕੇ ਆਪਣੇ ਗਿਆਨ ਦੀਆਂ ਛਿੱਟਾਂ ਨਾਲ ਮੇਰੀ ਰਹਿਨੁਮਾਈ ਕਰਦੇ ਰਹਿੰਦੇ ਹਨ | ਇਨ੍ਹਾਂ ਵਿਦਵਾਨਾਂ ਨੇ ਹੀ ਸਫ਼ਲ ਹੋਣ ਦੇ ਗੂੜ੍ਹ ਰਹੱਸ ਦਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਚਾਈ ਤੱਕ ਪਹੁੰਚਣ ਲਈ ਭੇਡਾਂ ਦੀ ਮਲਕੀਅਤ ਹੋਣੀ ਬੜੀ ਜ਼ਰੂਰੀ ਹੈ |
ਮੈਂ ਵਿਚਾਰੀ ਮੂੜਮੱਤ ਮੱਠੀ ਆਵਾਜ਼ 'ਚ ਕਿਤੇ ਇਸ ਭੇਤ ਦੀਆਂ ਗੰੁਝਲਾਂ 'ਚ ਹੀ ਕਿਤੇ ਉਲਝ ਗਈ | (ਜਿਸ ਦੀ ਗਵਾਹੀ ਸ਼ਾਇਦ ਮੇਰੀਆਂ ਪਾਟੀਆਂ ਅੱਖਾਂ ਨੇ ਦੇ ਦਿੱਤੀ) ਵਿਦਵਾਨਾਂ ਨੇ ਮੁੜ ਚਾਨਣਾ ਪਾਉਂਦਿਆਂ ਕਿਹਾ ਕਿ ਇਕ ਤਾਂ ਭੇਡਾਂ ਸਵਾਲ ਨਹੀਂ ਕਰਦੀਆਂ ਅਤੇ ਦੂਜਾ ਮੈਂ-ਮੈਂ ਦਾ ਗੁਣਗਾਨ ਕਰਦਿਆਂ ਇਕ ਦੇ ਪਿੱਛੇ ਇਕ ਤੁਰੀਆਂ ਜਾਂਦੀਆਂ ਹਨ | ਲੋੜ ਸਿਰਫ਼ ਇਕ ਭੇਡ ਨੂੰ ਆਪਣੇ ਪਿਛੇ ਲਾਉਣ ਦੀ ਹੈ, ਹਜ਼ੂਮ ਆਪਣੇ-ਆਪ ਬਣਦਾ ਚਲਾ ਜਾਏਗਾ |
ਇਸ ਗਿਆਨ ਨੇ ਜਿਵੇਂ ਮਨ ਦੀਆਂ ਹਨੇਰੀਆਂ ਵਿੱਥਾਂ ਨੂੰ ਰੁਸ਼ਨਾ ਦਿੱਤਾ ਹੋਵੇ | ਮਕਬੂਲ ਸ਼ਖ਼ਸੀਅਤ ਬਣਨ ਦਾ ਰਾਹ ਏਨਾ ਸੌਖਾ ਹੈ, ਪਤਾ ਹੀ ਨਹੀਂ ਸੀ | ਬਸ ਇਕ ਹਜ਼ੂਮ ਵਿਖਾਉਣਾ ਹੈ | ਬਿਨਾਂ ਸਵਾਲ ਕਰਨ ਵਾਲਾ ਹਜੂਮ | ਹਜੂਮ ਜਿੰਨਾ ਵੱਡਾ ਨਜ਼ਰ ਆਏਗਾ, 'ਮਲਕੀਅਤ' ਦਾ ਟੈਗ ਓਨਾ ਵੱਡਾ ਹੁੰਦਾ ਜਾਏਗਾ | ਉਸ ਤੋਂ ਬਾਅਦ ਐਵਾਰਡ, ਸ਼ੁਹਰਤ ਸਭ ਸਿਖ਼ਰ 'ਤੇ ਹੈ |
ਅਖ਼ਬਾਰ ਦੇ ਇਸ਼ਤਿਹਾਰ ਨੇ ਜਿਵੇਂ ਖੁੱਲ੍ਹੀਆਂ ਅੱਖਾਂ ਵਾਲੇ ਸੁਪਨੇ ਨੂੰ ਖੰਭ ਲਾ ਦਿੱਤੇ ਹੋਣ | ਦੋ-ਤਿੰਨ ਵਾਰ ਐਨਕ ਸਾਫ਼ ਕਰਕੇ ਇਸ਼ਤਿਹਾਰ ਪਹਿਲਾਂ ਪੜਿ੍ਹਆ, ਫਿਰ ਸਭ ਤੋਂ ਓਹਲਾ ਕਰਕੇ ਉਸ ਦੀ ਕਟਿੰਗ ਵੀ ਪਰਸ 'ਚ ਪਾ ਲਈ |
ਨਿਲਾਮੀ ਤੋਂ ਇਕ ਦਿਨ ਪਹਿਲਾਂ ਦੀ ਰਾਤ ਮਸਾਂ ਕੱਢੀ | ਤਿਆਰੀ ਦੇ ਤੌਰ 'ਤੇ ਨਵੀਂ ਨਕੋਰ ਚੈੱਕ ਬੁੱਕ ਅਲਮਾਰੀ 'ਚੋਂ ਕੱਢੀ (ਤਨਖਾਹ ਲੈਣ ਵਾਲਿਆਂ ਨੂੰ ਸ਼ਾਇਦ ਇਹੋ ਜਿਹੇ ਮੌਕਿਆਂ ਲਈ ਹੀ ਚੈੱਕ ਬੁੱਕਾਂ ਦਿੱਤੀਆਂ ਜਾਂਦੀਆਂ ਹਨ) ਨਾਲ ਹੀ ਪ੍ਰੈੱਸ ਕਾਨਫ਼ਰੰਸ 'ਚ ਮਿਲਿਆ ਲਿਸ਼ਕਦਾ ਜਿਹਾ ਪੈੱਨ ਵੀ ਰੱਖ ਲਿਆ | ਮਤਲਬ ਪ੍ਰਭਾਵ ਪਾਉਣ ਦੀ ਪੂਰੀ ਤਿਆਰੀ ਕਰਕੇ ਇਕ ਨਾਕਾਮ ਜਿਹੀ ਕੋਸ਼ਿਸ਼ ਸੌਣ ਦੀ ਵੀ ਕਰ ਲਈ |
ਅਗਲੇ ਦਿਨ ਨਿਲਾਮੀ ਵਾਲੀ ਥਾਂ 'ਤੇ ਪਹੁੰਚੀ ਤਾਂ ਥੋੜ੍ਹੀ ਜਿਹੀ ਮਾਯੂਸੀ ਹੋਈ ਕਿਉਂਕਿ ਮੈਂ ਤਾਂ ਇਸ਼ਤਿਹਾਰ ਦੀ ਕਟਿੰਗ ਲੈ ਲਈ ਸੀ, ਪਰ ਪਤਾ ਨਹੀਂ ਏਨੇ ਲੋਕਾਂ ਨੂੰ ਕਿਵੇਂ ਇਸ ਦੀ ਖ਼ਬਰ ਲਗ ਗਈ?
ਖ਼ੈਰ! ਸ਼ਖ਼ਸੀਅਤ ਬਣਨ ਲਈ ਕਈ ਤਿਆਗ ਕਰਨੇ ਪੈਂਦੇ ਹਨ, ਇਹੀ ਸੋਚ ਕੇ ਮੈਂ ਭੀੜ 'ਚ ਸ਼ਾਮਿਲ ਹੋ ਗਈ | ਭੇਡਾਂ ਦੀ ਝਲਕ ਦੇਖਣ ਲਈ ਕਿਸੇ ਤਰ੍ਹਾਂ ਮੁਸ਼ੱਕਤ ਕਰਦੀ ਮੈਂ ਥੋੜ੍ਹਾ ਜਿਹਾ ਅੱਗੇ ਪਹੁੰਚੀ ਤਾਂ ਵੇਖਿਆ ਕਿ ਸੌ-ਦੋ ਸੌ ਨਹੀਂ ਸਗੋਂ ਲੱਖਾਂ ਦੀ ਗਿਣਤੀ 'ਚ ਭੇਡਾਂ ਸਨ |
ਵੇਖ ਕੇ ਲਾਜ਼ਮੀ ਜਿਹੇ ਤੌਰ 'ਤੇ ਸਿਰ ਚਕਰਾਇਆ ਪਰ ਕਿਸੇ ਤਰ੍ਹਾਂ ਭੇਡਾਂ ਨੂੰ ਇਕੱਠੇ ਕਰਨ ਲਈ ਲਾਏ ਫਰੇਮ ਦੀ ਮੁੱਠ ਫੜ ਕੇ ਆਪਣੇ-ਆਪ ਨੂੰ ਡਿੱਗਣ ਤੋਂ ਬਚਾਅ ਲਿਆ |
ਨਿਲਾਮੀ ਦੀ ਬੋਲੀ ਜਿਥੋਂ ਸ਼ੁਰੂ ਹੋਈ, ਉਹ ਰਕਮ ਮੇਰੇ ਜ਼ਿਹਨ ਦੇ ਕਿਸੇ ਕੋਨੇ 'ਚ ਵੀ ਨਹੀਂ ਸੀ | 10 ਭੇਡਾਂ ਤੋਂ ਸਿੱਧੀ ਸਿਫਰ 'ਤੇ ਆਉਣ 'ਤੇ ਮੈਂ ਚਾਓ-ਚਾਈ ਲਿਆਂਦੀ ਚੈੱਕ ਬੁੱਕ ਨੂੰ ਮੁੜ ਪਰਸ 'ਚ ਪਾ ਲਿਆ | ਫਿਰ ਵੀ ਜ਼ੇਰਾ ਕਰਕੇ ਇਹ ਵੇਖਣ ਲਈ ਖੜ੍ਹੀ ਰਹੀ ਕਿ ਆਖਿਰ ਸਫ਼ਲਤਾ ਦੇ ਤਾਲੇ ਦੀ ਇਹ ਕੰੁਜੀ ਕਿੰਨੇ 'ਚ ਮਿਲਦੀ ਹੈ?
ਬੋਲੀ ਲਈ ਲਾਈ ਜਾਂਦੀ ਰਕਮ ਦੇ ਅਖੀਰ 'ਚ ਜ਼ੀਰੋ ਇੰਝ ਵਧ ਰਹੇ ਸੀ ਜਿਵੇਂ ਨਤੀਜਾ ਵੇਖਣ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਧੜਕਨਾਂ |
ਸਵੇਰ ਤੋਂ ਸ਼ਾਮ ਹੋ ਗਈ ਪਰ ਬੋਲੀ ਦੀ ਰਕਮ ਉਸ ਨਿਸ਼ਾਨ ਤੱਕ ਨਹੀਂ ਪਹੁੰਚੀ ਜਿਸ ਦੀ ਸਰਕਾਰ ਨੂੰ ਉਮੀਦ ਸੀ | ਆਖਿਰ 'ਚ ਸਰਕਾਰ ਨੂੰ ਇਹ ਐਲਾਨ ਕਰਨਾ ਪਿਆ ਕਿ ਨਿਲਾਮੀ ਦੇ ਅਗਲੇ ਐਲਾਨ ਤੱਕ ਇਹ ਭੇਡਾਂ ਸਰਕਾਰ ਕੋਲ ਹੀ ਰਹਿਣਗੀਆਂ | ਸ਼ਾਇਦ ਇਨ੍ਹਾਂ ਨੂੰ ਰੱਖਣ ਦੀ ਕਵਾਇਦ 'ਚ ਸਰਕਾਰ ਨੂੰ ਇਨ੍ਹਾਂ ਨੂੰ ਪਾਲਣ-ਪੋਸ਼ਣ ਦੀ ਜਾਚ ਦੀ ਮੁਹਾਰਤ ਹਾਸਲ ਹੋ ਗਈ ਹੈ |

ਈਮੇਲ : upma.dagga0gmail.com

ਲਾਲਚ ਬੁਰੀ ਬਲਾ


ਇਸਲਾਮ ਧਰਮ ਵਾਲਿਆਂ ਨੂੰ ਇਕ ਸਬਕ ਹੈ, ਇਕ ਐਸੀ ਹਦਾਇਤ ਹੈ, ਜਿਹੜੀ ਦੁਨੀਆ ਵਿਚ ਸ਼ਾਇਦ ਕਿਸੇ ਹੋਰ ਮਜ਼੍ਹਬ 'ਚ ਨਹੀਂ ਹੈ | ਇਹ ਕਿ, 'ਪੈਸੇ 'ਤੇ ਵਿਆਜ ਕਮਾਉਣ ਦੀ ਸਖ਼ਤ ਮਨਾਹੀ ਹੈ, ਦੁਨੀਆ ਭਰ ਦੇ ਬੈਂਕਾਂ ਦਾ ਮੂਲ ਸਿਧਾਂਤ ਹੀ ਇਹ ਹੈ ਕਿ ਪੈਸੇ 'ਤੇ ਵਿਆਜ ਕਮਾਉਣਾ | ਬੈਂਕ ਤਾਂ ਵਿਆਜ-ਦਰ-ਵਿਆਜ ਵੀ ਕਮਾਉਂਦੇ ਹਨ, ਇਹੀ ਪੰ੍ਰਪਰਾ ਹੈ, ਪੈਸੇ ਨੂੰ ਪੈਸਾ ਕਮਾਉਂਦਾ ਹੈ, ਇਹੋ ਬੈਂਕਾਂ ਦਾ ਮੂਲ ਸਿਧਾਂਤ ਹੈ | ਪਰ, ਇਹ ਸਿਧਾਂਤ ਮੁਸਲਮਾਨਾਂ ਲਈ ਗ਼ੈਰ-ਇਸਲਾਮਿਕ ਹੈ | ਕਿਤੇ ਤੁਹਾਨੂੰ ਇਸਲਾਮਿਕ ਬੈਂਕ ਦਿਸਣਗੇ ਨਹੀਂ, 'ਹੱਕ ਹਲਾਲ ਦੀ ਕਮਾਈ ਖਾਓ, ਵਿਆਜ ਲੈਣ ਵਾਲੀ ਕਮਾਈ ਹਰਾਮ ਹੈ |' ਪੈਸਾ ਬਹੁਤ ਬੁਰੀ ਚੀਜ਼ ਹੈ... ਪਰ ਪੈਸੇ ਬਿਨਾਂ ਇਕ ਕਦਮ ਵੀ ਨਹੀਂ ਚੱਲ ਸਕਦਾ ਮਨੁੱਖ, ਇਸ ਸੰਸਾਰ ਵਿਚ | ਤੇ, ਪੈਸਾ ਹੀ ਪੈਸੇ ਨੂੰ ਖਿਚਦਾ ਹੈ, ਇਸ ਲਈ ਪੈਸੇ ਦੀ ਖਿੱਚ ਨੂੰ ਲਾਲਚ ਆਖੋ ਜਾਂ ਲਾਲਸਾ, ਜੋ ਮਰਜ਼ੀ, ਪੈਸੇ 'ਚ ਖਰੀਦਣ ਦੀ ਸ਼ਕਤੀ ਹੈ, ਬਹੁਤ ਵੱਡੀ ਲੋੜ ਹੈ, ਮਨੁੱਖ ਦੀ |
ਬੰਦੇ ਦੀ ਫ਼ਿਤਰਤ ਹੈ, ਪਾਬੰਦੀਆਂ ਤੋੜਨ ਵਾਲਾ ਰਾਹ ਵੀ ਲੱਭ ਹੀ ਲਿਆ ਹੈ | ਇਕ ਮੁਹੰਮਦ ਮਨਸੂਰ ਖ਼ਾਨ ਨਾਂਅ ਦੇ ਵਿਅਕਤੀ ਨੇ | ਉਸ ਨੇ ਬੰਗਲੌਰ 'ਚ ਇਕ ਇਸਲਾਮਿਕ ਬੈਂਕ ਹੀ ਖੋਲ੍ਹ ਲਿਆ ਸੀ, ਅਸਲ 'ਚ ਹੈ ਤਾਂ ਇਕ ਪੌਾਜੀ ਸਕੀਮ ਸੀ ਪਰ ਮਾਮਲਾ ਤਾਂ ਵਿਆਜ ਦਾ ਸੀ | ਮੁਹੰਮਦ ਮਨਸੂਰ ਖ਼ਾਨ ਮੈਨੇਜਮੈਂਟ ਗਰੈਜੂਏਟ ਹੈ, ਉਸ ਨੇ 2006 'ਚ ਆਈ.ਐਮ.ਏ. ਨਾਂਅ ਦੀ ਇਕ ਸਕੀਮ ਸ਼ੁਰੂ ਕੀਤੀ | ਉਹਦੀ ਸਕੀਮ ਮੁਸਲਮਾਨਾਂ ਲਈ ਸੀ ਕਿ ਜਿਹੜਾ ਵੀ ਪੈਸਾ ਜਮ੍ਹਾਂ ਕਰਾਏਗਾ, ਜਿੰਨੇ ਵੀ ਕਰਾਏ, ਉਹਨੂੰ 7 ਤੋਂ 8 ਫ਼ੀਸਦੀ ਉੱਪਰ ਪੈਸੇ ਵਿਆਜ਼ ਦੇ ਮਿਲਣਗੇ ਤੇ ਇਸ ਸਕੀਮ 'ਚ ਸਭੇ ਉਸ ਦੇ ਹਿੱਸੇਦਾਰ ਹੋਣਗੇ | ਖ਼ਾਨ ਨੇ ਸ਼ਰਧਾਵਾਨ ਲੋਕਾਂ ਨੂੰ ਵਰਗਲਾਇਆ ਗਿਆ ਕਿ ਉਹ ਸ਼ੁਰੂ 50,000 ਰੁਪਿਆਂ ਤੋਂ ਕਰਨ, ਜਿਸ 'ਤੇ ਬਤੌਰ ਹਿੱਸੇਦਾਰ ਉਨ੍ਹਾਂ ਨੂੰ ਚੌਥੇ ਮਹੀਨੇ ਜਾਂ ਛੇ ਮਹੀਨੇ ਜਾਂ ਸਾਲ ਮਗਰੋਂ ਜਿੱਦਾਂ ਉਹ ਚਾਹੁਣ, 7 ਤੋਂ 8 ਫੀਸਦੀ ਪੈਸੇ ਮਿਲਦੇ ਰਹਿਣਗੇ | ਕਿਉਂਕਿ ਇਸਲਾਮ 'ਚ ਵਿਆਜ ਲੈਣਾ-ਦੇਣਾ ਹਰਾਮ ਹੈ | ਇਸ ਲਈ ਉਸ ਨੇ ਇਹਦਾ ਤੋੜ, ਉਨ੍ਹਾਂ ਸਭਨਾਂ ਪੈਸੇ ਲਾਉਣ ਵਾਲਿਆਂ ਨੂੰ ਹਿੱਸੇਦਾਰ ਬਣਾ ਲਿਆ |
ਖ਼ਾਨ ਨੇ ਇਕ ਹੋਰ ਫਾਰਮੂਲਾ ਵੀ ਅਪਣਾਇਆ, ਲੋਕਾਂ ਨੂੰ ਪੂਰਾ ਵਿਸ਼ਵਾਸ ਦਿਵਾਉਣ ਲਈ, ਉਸ ਨੇ ਸਥਾਨਕ ਨਾਮੀ ਮੁਸਲਿਮ ਲੀਡਰਾਂ, ਵਿਧਾਇਕਾਂ ਤੇ ਵਜ਼ੀਰਾਂ, ਧਾਰਮਿਕ ਹਸਤੀਆਂ ਕੋਲੋਂ ਵੀ ਆਪਣੀਆਂ ਤਾਰੀਫ਼ਾਂ ਕਰਵਾ ਕੇ ਕਿ ਇਹ ਬੜਾ ਖ਼ੁਦਾ ਤੋਂ ਡਰਨ ਵਾਲਾ ਬੰਦਾ ਹੈ | ਆਪਣੇ ਇਮਾਨਦਾਰ ਹੋਣ ਦਾ ਪ੍ਰਚਾਰ ਕਰਵਾ ਲਿਆ | ਜਿਹੜੇ ਵੀ ਮਾਰੇ ਜਾਂਦੇ ਹਨ, ਉਹ ਵਿਸ਼ਵਾਸ 'ਤੇ ਹੀ ਮਾਰੇ ਜਾਂਦੇ ਹਨ |
ਸ਼ੁਰੂ-ਸ਼ੁਰੂ ਵਿਚ ਉਹ ਹਰ ਹਿੱਸੇਦਾਰ ਨੂੰ ਨੇਮ ਨਾਲ ਚੈੱਕ ਦੇ ਦਿੰਦਾ | ਜਿਨ੍ਹਾਂ ਵਿਸ਼ਵਾਸ ਕੀਤਾ ਸੀ, ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਪਕੇਰਾ ਹੋ ਗਿਆ | ਉਨ੍ਹਾਂ ਹੋਰ ਪੈਸੇ ਵੀ ਲਿਆ ਕੇ, ਇਹਦੇ ਕੋਲ ਜਮ੍ਹਾ ਕਰਵਾ ਦਿੱਤੇ | ਕਈਆਂ ਨੇ ਤਾਂ ਜ਼ਿੰਦਗੀ ਭਰ ਦੀ ਕਮਾਈ ਇਹਦੇ ਪੱਲੇ ਪਾ ਦਿੱਤੀ |
ਬੰਗਲੌਰ 'ਚ ਇਹਦੇ ਦੋ ਸੋਨੇ ਦੇ ਵੱਡੇ-ਵੱਡੇ ਸਟੋਰ ਵੀ ਸਨ | ਪੈਸੇ ਆਰਾਮ ਨਾਲ ਘਰ ਆਉਂਦੇ ਵੇਖ ਕੇ ਸਭੇ ਹਿੱਸੇਦਾਰ ਵੀ ਖੁਸ਼ ਸਨ | ਪਤੈ ਹਿੱਸੇਦਾਰ ਥੋੜ੍ਹੇ, ਸਮੇਂ 'ਚ 23000 ਹੋ ਚੁੱਕੇ ਸਨ |
ਖ਼ੈਰ, ਅਖੀਰ ਉਹੀਓ ਹੋਇਆ, ਜੋ ਅੱਲਾਹ ਪਾਕ ਨੂੰ ਮਨਜ਼ੂਰ ਨਹੀਂ ਹੈ | ਮੁਹੰਮਦ ਮਨਸੂਰ ਖ਼ਾਨ ਦੀ ਅਸਲੀਅਤ ਸਾਹਮਣੇ ਆਉਣ ਲੱਗੀ | 2017 ਮਗਰੋਂ ਢਹਿ ਪਈ ਦਾ ਸਿਲਸਿਲਾ ਸ਼ੁਰੂ ਹੋ ਗਿਆ | 9 ਫੀਸਦੀ ਤੋਂ 5 ਫੀਸਦੀ ਥੱਲੇ ਡਿੱਗਦਿਆਂ 2018 ਦੇ ਅੰਤ ਤੱਕ ਇਕ ਫ਼ੀਸਦੀ ਤੱਕ ਆ ਢੱਠਾ ਤੇ ਇਕ ਮਈ ਦੇ ਮਹੀਨੇ ਹੱਥ ਚੁੱਕ ਦਿੱਤੇ... ਮੰੂਹ ਵਿਖਾਉਣ ਜੋਗਾ ਥੋੜ੍ਹਾ ਰਹਿੰਦੇ ਨੇ, ਇਹੋ ਜਿਹੇ ਠੱਗ | ਅੰਡਰਗਰਾਊਾਡ ਹੋ ਗਿਆ | ਮੁੱਖ ਮੰਤਰੀ ਐਚ.ਡੀ. ਕੁਮਾਰਾਸੁਆਮੀ ਤੇ ਵੱਡੇ-ਵੱਡੇ ਕਾਂਗਰਸੀ ਤੇ ਜੇ.ਡੀ.ਯੂ. ਦੇ ਮੰਤਰੀਆਂ ਨਾਲ ਜੱਫੀਆਂ ਪਾਉਣ ਵਾਲੀ ਮੇਲ-ਮੁਲਾਕਾਤ ਸੀ | ਗਰੀਬਾਂ ਨੇ ਹਾਹਾਕਾਰ ਮਚਾਈ, ਕਿਹਨੇ ਸੁਣਨਾ ਸੀ, ਕਿਹਨੇ ਲੱਭਣਾ ਸੀ | ਇਕ ਕੰਨੀਂ ਸੁਣਿਆ, ਦੂਜੇ ਕੰਨੀਂ ਕੱਢਿਆ, ਹਵਾ ਹੋ ਗਈ, ਸਭ ਦੁਹਾਈ |
1500 ਕਰੋੜ ਰੁਪਏ ਦੀ ਹੇਰਾਫੇਰੀ ਕਰਕੇ ਉਹਨੇ ਇਕ ਆਡੀਓ ਕਲਿੱਪ 10 ਜੂਨ ਨੂੰ ਪੁਲਿਸ ਕਮਿਸ਼ਨਰ ਨੂੰ ਭੇਜੀ, ਜਿਸ ਵਿਚ ਉਹਨੇ ਆਖਿਆ ਕਿ ਉਹ ਰਾਜਸੀ ਲੀਡਰਾਂ ਤੇ ਬਿਓਰੋਕ੍ਰੈਟਸ ਦੀ ਬਦਸਲੂਕੀ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਰਿਹਾ ਹੈ |
ਉਹਨੇ ਆਤਮ-ਹੱਤਿਆ ਕੀਤੀ? ਕਿੱਥੇ ਜੀ, ਉਹ ਤਾਂ ਚੁੱਪ ਕਰਕੇ 8 ਜੂਨ ਨੂੰ ਹੀ ਇਕੱਲਾ ਆਪਣੀ ਅਤਿ-ਮਹਿੰਗੀ ਕਾਰ ਜੈਗੂਆਰ 'ਚ ਬਹਿ ਕੇ ਸਿੱਧਾ ਬੰਗਲੌਰ ਹਵਾਈ ਅੱਡੇ 'ਤੇ ਪਹੁੰਚਿਆ, ਏਅਰਬੱਸ ਦੀ ਬਿਜ਼ਨੈੱਸ ਕਲਾਸ ਦੀ ਸੀਟ 'ਤੇ ਬਹਿ ਗਿਆ ਤੇ ਸਿੱਧਾ ਦੁਬਈ ਉੱਡ ਗਿਆ |
ਮਜ਼ੇ ਦੀ ਗੱਲ ਇਹ ਹੈ ਕਿ ਲੁੱਟੇ-ਪੁੱਟੇ ਗਿਆਂ ਵਿਅਕਤੀਆਂ ਨੇ ਪੁਲਿਸ ਥਾਣੇ 'ਚ ਉਹਦੇ ਵਿਰੁੱਧ ਪਹਿਲੀ ਐਫ.ਆਈ.ਆਰ. ਦਰਜ ਹੀ ਕਰਵਾਈ ਸੀ ਕਿ ਉਸ ਤੋਂ ਪਹਿਲਾਂ ਬੰਗਲੌਰ ਨੂੰ ਭਾਰਤ ਨੂੰ 'ਬਾਏ-ਬਾਏ' ਕਹਿ ਕੇ ਦੁਬਈ ਚਲਾ ਗਿਆ ਸੀ | ਇਸ ਸਮੇਂ ਤੱਕ 23 ਹਜ਼ਾਰ ਲੋਕ ਉਸ ਵਿਰੁੱਧ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਾ ਚੁੱਕੇ ਹਨ |
ਯਾਦ ਕਰੋ, ਵਿਜੇ ਮਾਲਿਆ ਤੇ ਨੀਰਵ ਮੋਦੀ ਤੇ ਵਿਪੁਲ ਚੋਕਸੀ, ਹਜ਼ਾਰਾਂ-ਕਰੋੜਾਂ ਰੁਪਿਆ ਬੈਂਕਾਂ ਤੋਂ ਕਰਜ਼ਾ ਲੈ ਕੇ, ਦਿਨ-ਦਿਹਾੜੇ ਲੰਦਨ ਤੇ ਹੋਰ ਥਾੲੀਂ ਭੱਜ ਗਏ ਸਨ, ਇਹ ਮਨਸੂਰ ਖ਼ਾਨ ਤਾਂ ਆਪਣੀ ਹੀ ਕੌਮ ਦੇ ਲੋਕਾਂ ਦੇ 1500 ਕਰੋੜ ਰੁਪਏ ਲੈ ਕੇ ਦੁਬਈ ਭੱਜ ਗਿਆ ਹੈ | ਇਕ ਵਿਚਾਰੇ ਨੇ ਤਾਂ 8 ਲੱਖ ਰੁਪਏ ਦਿੱਤੇ ਸਨ, ਉਹ ਤਾਂ ਸਹਿ ਨਹੀਂ ਸਕਿਆ, ਉਹਨੇ ਆਪਣੀਆਂ ਦੋ ਧੀਆਂ ਦੇ ਵਿਆਹ ਕਰਨੇ ਸਨ, ਇਹੋ ਸੋਚ ਕੇ ਚਲੋ ਵਿਆਹ ਚੰਗੀ ਤਰ੍ਹਾਂ ਕਰਾਂਗੇ | ਉਹਨੂੰ ਦਿਲ ਦਾ ਦੌਰਾ ਪਿਆ ਤੇ ਉਹ ਅੱਲਾਹ ਨੂੰ ਪਿਆਰਾ ਹੋ ਗਿਆ | ਕਈ ਔਰਤਾਂ ਨੇ 5-5 ਲੱਖ ਦਿੱਤੇ ਸਨ, ਉਨ੍ਹਾਂ ਨੇ ਵੀ ਬੇਟੀਆਂ ਦੇ ਵਿਆਹ ਕਰਨੇ ਸਨ | ਗਏ... ਸਭ ਹੰੂਝੇ ਗਏ | ਸਭੇ ਕੁਰਲਾ ਰਹੇ ਹਨ:
ਅੱਛਾ ਸ਼ਿਲਾ ਦੀਆ ਤੂ ਨੇ
ਏਤਬਾਰ ਕਾ |
ਲੂਟ ਲੀਆ ਯਾਰ ਨੇ ਹੀ
ਘਰ ਯਾਰ ਕਾ |
ਯਾਦ ਏ ਨਾ, ਸੱਚ ਖ਼ਾਤਰ ਮਨਸੂਰ ਸੂਲੀ 'ਤੇ ਚੜ੍ਹ ਗਿਆ ਸੀ ਪਰ ਇਹ ਮਨਸੂਰ ਅੱਲਾਹ ਦੇ ਗਰੀਬਾਂ ਨੂੰ ਸੂਲੀ 'ਤੇ ਚਾੜ੍ਹ ਗਿਆ, ਆਪ ਹਵਾਈ ਜਹਾਜ਼ 'ਚ ਬਹਿ ਕੇ ਭੱਜ ਗਿਆ | ਕਿੰਨਾ ਬੁਰਾ ਹੈ ਲਾਲਚ ਪੈਸੇ ਦਾ |
ਲਾਲਚ ਨੇ ਇਹ ਸਭ ਕੁਝ ਭੁਲਾ ਦਿੱਤਾ | ਹੁਣ ਪਤਾ ਲੱਗਾ ਨਾ, 'ਲਾਲਚ ਬੁਰੀ ਬਲਾ ਹੈ |'
ਬਾਕੀ ਧਰਮਾਂ 'ਚ ਤਾਂ 'ਸੂਦ-ਖੋਰੀ' ਦੀ ਬਿਲਕੁਲ ਮਨਾਹੀ ਨਹੀਂ ਹੈ | ਜ਼ਮੀਨਦਾਰ, ਆੜ੍ਹਤੀ ਇਹੀ ਤਾਂ ਗਰੀਬ ਕਿਸਾਨਾਂ ਨੂੰ ਸੂਦ 'ਤੇ ਪੈਸੇ ਦਿੰਦੇ ਹਨ | ਉਨ੍ਹਾਂ ਦੇ ਵਹੀ ਖਾਤੇ ਸੂਦ-ਦਰ-ਸੂਦ ਨਾਲ ਇਉਂ ਭਰੇ ਪਏ ਹੁੰਦੇ ਹਨ ਕਿ ਆਖਿਰ ਉਹ ਗ਼ਰੀਬ, ਅਨਪੜ੍ਹ ਕਿਸਾਨਾਂ ਦੀਆਂ ਜ਼ਮੀਨਾਂ ਤੇ ਘਰ ਵੀ ਕੁਰਕ ਕਰ ਲੈਂਦੇ ਹਨ | ਕਿਸਾਨਾਂ ਦੇ ਪੀੜ੍ਹੀ-ਦਰ-ਪੀੜ੍ਹੀ, ਬੱਚੇ ਉਨ੍ਹਾਂ ਦੇ ਉਮਰ ਭਰ ਬੰਧੂਆ, ਮਜ਼ਦੂਰ ਰਹਿੰਦੇ ਹਨ | ਕਿਸਾਨ ਤਾਂ ਅੱਜ ਵੀ ਬੈਂਕਾਂ ਦੇ ਕਰਜ਼ੇ ਤੇ ਆੜ੍ਹਤੀਆਂ ਦੇ ਕਰਜ਼ੇ ਤੇ ਸੂਦ ਦੇ-ਦੇ ਕੇ ਤੰਗ ਹੈ, ਆਤਮ-ਹੱਤਿਆ ਕਰ ਰਿਹਾ ਹੈ |
ਯਾਹੂਦੀਆਂ ਦਾ ਵੀ ਇਹ ਮੁੱਖ ਕਿੱਤਾ ਹੈ | ਕਿੰਨਾ ਪ੍ਰਸਿੱਧ ਹੈ ਬਰਨਾਰਡ ਸ਼ਾਹ ਦਾ, ਡਰਾਮਾ 'ਮਰਚੈਂਟ ਆਫ਼ ਵੀਨਸ' | ਉਸ ਵਿਚ ਉਸ ਨੇ ਵਿਆਜ 'ਤੇ ਪੈਸਾ ਲੈਣ ਵਾਲੇ ਤੋਂ ਕਾਨੂੰਨੀ ਪੱਕਾ ਲਿਖਵਾ ਲਿਆ ਸੀ ਕਿ ਜੇਕਰ ਉਹ ਮਿੱਥੇ ਵੇਲੇ ਸਿਰ ਪੈਸੇ ਵਾਪਸ ਨਾ ਕਰ ਸਕਿਆ ਤਾਂ ਉਸ ਨੂੰ ਆਪਣਾ ਇਕ ਪੌਾਡ ਮਾਸ ਵੀ ਦੇਣਾ ਪਏਗਾ | ਨਹੀਂ ਦੇ ਸਕਿਆ ਵਾਪਸ ਉਹ ਮਿੱਥੇ ਵੇਲੇ 'ਤੇ ਪੈਸਾ... ਸੋ, ਕਰਾਰ ਅਨੁਸਾਰ ਉਸ ਨੂੰ ਆਪਣੀ ਲੱਤ ਦਾ ਇਕ ਪੌਾਡ ਮਾਸ ਉਸ ਨੂੰ ਦੇਣਾ ਪੈਣਾ ਸੀ | ਪਰ ਇਕ ਵਕੀਲ ਨੇ ਉਸ ਨੂੰ ਇਸ ਦਲੀਲ ਨਾਲ ਇਸ ਅਜ਼ਾਬ ਤੋਂ ਬਚਾਅ ਲਿਆ ਕਿ 'ਸਿਰਫ਼ ਮਾਸ ਵੱਢਣਾ ਹੈ, ਪਰ ਖ਼ੂਨ ਦਾ ਇਕ ਤੁਪਕਾ ਵੀ ਨਹੀਂ ਡਿਗਣਾ ਚਾਹੀਦਾ, ਕਿਉਂਕਿ ਇਸ ਦਾ ਜ਼ਿਕਰ ਕਰਾਰ 'ਚ ਕਿਤੇ ਵੀ ਨਹੀਂ ਲਿਖਿਆ ਹੈ |'
••

ਬੱਚੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਅਣਖ ਦੇ ਨਾਂਅ ਉਤੇ ਧੀਆਂ ਦੇ ਕਤਲ ਜ਼ਾਲਮ ਸਮਾਜ ਦੀ ਨਿਸ਼ਾਨੀ ਹੈ |
• ਜੀਵਨ ਦੇ ਸੰਘਰਸ਼ ਵਿਚ ਔਕੜਾਂ ਨਾਲ ਜੂਝਦੇ ਜ਼ਿਆਦਾ ਪੁੱਤਰ ਹਨ ਪਰ ਮੁਸ਼ਕਿਲਾਂ ਨੂੰ ਸਹਿੰਦੀਆਂ ਜ਼ਿਆਦਾ ਧੀਆਂ ਹਨ |
• ਪਿਤਾ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਜਾਂ ਉਸ ਦੀ ਗ਼ੈਰ-ਹਾਜ਼ਰੀ ਵਿਚ ਜੋ ਤਕਲੀਫਾਂ ਬੱਚਿਆਂ ਨੂੰ ਸਹਿਣ ਕਰਨੀਆਂ ਪੈਂਦੀਆਂ ਹਨ, ਇਸ ਦੀ ਕੋਈ ਥਹੁ ਨਹੀਂ ਪਾ ਸਕਦਾ ਪਰ ਧੀ ਲਈ ਇਹ ਤਕਲੀਫ਼ ਹੋਰਾਂ ਤੋਂ ਕਿਤੇ ਵੱਧ ਦਰਦ ਵਾਲੀ ਹੁੰਦੀ ਹੈ |
• ਬਚਪਨ ਕੱਚੀ ਮਿੱਟੀ ਦੇ ਸਮਾਨ ਹੈ | ਇਸ ਨੂੰ ਮਨਚਾਹਿਆ ਆਕਾਰ ਬੱਚੇ ਨੂੰ ਚੰਗੀ ਸਿੱਖਿਆ ਦੇ ਕੇ ਦਿੱਤਾ ਜਾਂਦਾ ਹੈ |
• ਤਿੰਨਾਂ ਚੀਜ਼ਾਂ 'ਤੇ ਹਮੇਸ਼ਾ ਤਰਸ ਖਾਣਾ ਚਾਹੀਦਾ ਹੈ : ਬੱਚਾ, ਭੁੱਖਾ ਤੇ ਪਾਗਲ |
• ਯਤੀਮ ਬੱਚੇ ਅਤੇ ਜਿਨ੍ਹਾਂ ਤੋਂ ਮਾਪੇ ਖੁਸ ਗਏ ਹੋਣ, ਉਹ ਮਾਪਿਆਂ ਦੀ ਅਹਿਮੀਅਤ ਨੂੰ ਵਧੇਰੇ ਜਾਣਦੇ ਹਨ |
• ਸ਼ਿਅਰ:
ਦੌਲਤ ਦੀ ਭੁੱਖ ਅਜਿਹੀ ਲੱਗੀ ਕਿ ਕਮਾਉਣ ਨਿਕਲ ਗਏ,
ਜਦੋਂ ਦੌਲਤ ਮਿਲੀ ਤਾਂ ਹੱਥਾਂ 'ਚੋਂ ਰਿਸ਼ਤੇ ਨਿਕਲ ਗਏ |
ਬੱਚਿਆਂ ਨਾਲ ਰਹਿਣ ਦੀ ਫੁਰਸਤ ਨਾ ਮਿਲ ਸਕੀ,
ਫੁਰਸਤ ਮਿਲੀ ਤਾਂ ਬੱਚੇ ਕਮਾਉਣ ਨਿਕਲ ਗਏ |
• ਕਈ ਵਾਰੀ ਇਹ ਵੀ ਵੇਖਣ ਵਿਚ ਆਇਆ ਹੈ ਕਿ ਮਾਂ ਇਕ ਬੇਟੇ ਨਾਲ ਰਹਿੰਦੀ ਹੈ ਅਤੇ ਪਿਤਾ ਦੂਜੇ ਬੇਟੇ ਨਾਲ | ਇਸ ਤਰ੍ਹਾਂ ਜਿਊਾਦੇ ਜੀਅ ਜੀਵਨ ਸਾਥੀਆਂ ਨੂੰ ਬੱਚਿਆਂ ਵਲੋਂ ਵੰਢਣਾ ਸਾਡੇ ਸਮਾਜ ਦਾ ਵੱਡਾ ਦੁਖਾਂਤ ਹੈ |
• ਨਵੀਂ ਪੀੜ੍ਹੀ ਦੇ 80 ਫ਼ੀਸਦੀ ਤੋਂ ਉੱਪਰ ਬੱਚੇ/ਨੌਜਵਾਨ ਆਪਣੇ-ਆਪ ਨੂੰ ਏਨੇ ਮਾਡਰਨ ਸਮਝਣ ਲੱਗ ਪਏ ਹਨ ਕਿ ਉਨ੍ਹਾਂ ਨੂੰ ਮਾਪਿਆਂ ਦੀ ਹਰ ਨਸੀਹਤ ਬੁਰੀ ਲਗਦੀ ਹੈ |
• ਮਨੁੱਖ ਦੇ ਇਹ ਚਾਰ ਵੱਡੇ ਦੁਸ਼ਮਣ ਹੁੰਦੇ ਹਨ: 1. ਕਰਜ਼ਾ ਲੈਣ ਵਾਲਾ ਪਿਤਾ, 2. ਚਰਿੱਤਰਹੀਣ ਮਾਂ, 3. ਸੰੁਦਰ ਪਤਿਤ ਔਰਤ, 4. ਮੂਰਖ ਔਲਾਦ (ਬੱਚੇ) |
• ਇਹ ਚੀਜ਼ਾਂ ਆਦਮੀ ਦੇ ਦਿਲ ਨੂੰ ਬਿਨਾਂ ਅੱਗ ਦੇ ਹੀ ਜਿਊਾਦਾ ਜਲਾਉਂਦੀਆਂ ਰਹਿੰਦੀਆਂ ਹਨ : 1. ਭੈੜੇ ਪਿੰਡ ਵਿਚ ਰਹਿਣਾ, 2. ਲੜਾਕੀ ਪਤਨੀ, 3. ਨੌਜਵਾਨ ਵਿਧਵਾ, 4. ਮੂਰਖ ਬੇਟਾ, 5 ਖਰਾਬ ਭੋਜਨ |
• ਜਿਸ ਪੁੱਤ ਨੂੰ ਮਾਂ-ਪਿਓ ਵਲੋਂ ਆਪਣਾ ਢਿੱਡ ਵੱਢ ਕੇ ਪਾਲਿਆ ਹੁੰਦਾ ਹੈ ਉਹ ਘਟੀਆ ਤੇ ਨਸ਼ੇੜੀ ਪੁੱਤ ਉਸ ਢਿੱਡ ਵਿਚ ਲੱਤ ਮਾਰਨ ਲੱਗਿਆਂ ਕੁਝ ਨਹੀਂ ਬੋਲਦਾ | ਪੁੱਤ ਵਲੋਂ ਪਿਓ ਨੂੰ ਮਾਰ ਦੇਣ ਦੀਆਂ ਘਟਨਾਵਾਂ ਵੀ ਧਿਆਨ ਵਿਚ ਆਉਂਦੀਆਂ ਰਹਿੰਦੀਆਂ ਹਨ | ਪਰ ਅਜਿਹੀ ਕਾਰਵਾਈ ਬਹੁਤ ਲਾਲਚੀ, ਕਮੀਨੇ, ਘਟੀਆ ਤੇ ਨਸ਼ੇੜੀ ਪੁੱਤ ਹੀ ਕਰਦੇ ਹਨ |
• ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ-ਪਿਓ ਨੂੰ ਕਦੇ ਵੀ ਇਹ ਗੱਲ ਨਾ ਕਹਿਣ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀਤਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਦਿਲ ਨੂੰ ਸਖਤ ਚੋਟ ਪੁੱਜਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਵਿਅੰਗ

ਨਾਕੇ ਦੇ ਚਮਤਕਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਐਨੇ ਚਿਰ ਨੂੰ ਇਕ ਸਬਜ਼ੀ ਦਾ ਲੱਦਿਆ ਹੋਇਆ ਟੈਂਪੂ ਸਿਪਾਹੀ ਨੇ ਡੱਕ ਲਿਆ | ਇਹ ਵੀ ਡੇਲ੍ਹੀ ਪਸੈਂਜਰ ਲਗਦਾ ਸੀ, ਕਿਉਂਕਿ ਗੱਲ ਕਰਦੇ ਸਮੇਂ ਸਿਪਾਹੀ ਦੇ ਬੱਤੀ ਦੇ ਬੱਤੀ ਦੰਦ ਦਿਖਾਈ ਦੇ ਰਹੇ ਸਨ | ਨਹੀਂ ਤਾਂ ਪੁਲਿਸ ਵਾਲਿਆਂ ਦੇ ਚਿਹਰਿਆਂ 'ਤੇ ਫੱੁਟ-ਫੱੁਟ ਖੁਸ਼ਕੀ ਜੰਮੀ ਹੁੰਦੀ ਆ | ਡਰਾਈਵਰ ਨੇ ਟੈਂਪੂ ਉੱਪਰ ਬੈਠੇ ਮੁੰਡੇ ਨੂੰ ਕੁਝ ਕਿਹਾ ਤੇ ਮੁੰਡਾ ਸਬਜ਼ੀ ਨਾਲ ਭਰੇ ਤਿੰਨ ਲਿਫਾਫੇ ਮਾਮੇ ਦੇ ਖੋਖੇ ਵਿਚ ਰੱਖ ਗਿਆ | ਟੈਂਪੂ ਵਾਲਾ ਸਿਪਾਹੀ ਨੂੰ ਰਾਡ ਲਾ ਕੇ ਗਰਮ ਕੀਤੇ ਪਾਣੀ 'ਚੋਂ ਨਿਕਲਦੀ ਭਾਫ਼ ਵਰਗਾ ਨਿੱਘਾ ਹੱਥ ਮਿਲਾ ਕੇ ਟਿੱਬਦਾ ਬਣਿਆ | ਦੋਵਾਂ ਦੇ ਚਿਹਰਿਆਂ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਹ ਇਸ ਖੇਡ ਵਿਚ ਬਰਾਬਰ ਰਹੇ ਹਨ ਜਾਂ ਫਿਰ ਆਪਣੇ-ਆਪ ਨੂੰ ਜਿੱਤੇ-ਜਿੱਤੇ ਮਹਿਸੂਸ ਕਰ ਰਹੇ ਸਨ |
ਸਿਪਾਹੀ ਨੇ ਹੁਣ ਇਕ ਹੋਰ ਟਰੱਕ ਰੋਕਿਆ | ਜੋ ਸਾਮਾਨ ਨਾਲ ਟੀਸੀ ਤੱਕ ਲੱਦਿਆ ਹੋਇਆ ਸੀ ਤੇ ਉੱਤੇ ਤਰਪਾਲ ਬੰਨ੍ਹੀ ਹੋਈ ਸੀ | ਸਿਪਾਹੀ ਨੇ ਡਰਾਈਵਰ ਕੋਲੋਂ ਕਾਗਜ਼-ਪੱਤਰ ਫੜੇ ਤੇ ਉਸ ਨੂੰ ਥਾਣੇਦਾਰ ਕੋਲ ਲਿਜਾ ਕੇ ਕਹਿਣ ਲੱਗਾ, 'ਸਰ ਜੀ! ਜਿਸ ਗੱਡੀ ਬਾਰੇ ਖੁਫ਼ੀਆ ਸੂਹ ਮਿਲੀ ਸੀ, ਮੈਂ ਤਾਂ ਇਹੋ ਲਗਦੀ ਆ, ਕਿਉਂਕਿ ਗੱਡੀ ਦਾ ਰੰਗ ਤੇ ਨੰਬਰ ਮੁਖ਼ਬਰ ਵਲੋਂ ਦਿੱਤੀ ਇਤਲਾਹ ਨਾਲ ਸੌ ਪ੍ਰਸੈਂਟ ਮੇਲ ਖਾਂਦਾ |' ਹਾਅ-ਹਾਅ-ਹਾਅ! ਥਾਣੇਦਾਰ ਰਾਮਲੀਲ੍ਹਾ ਵਿਚਲੇ ਰਾਵਣ ਵਾਂਗ ਆਕਾਸ਼ ਵੱਲ ਮੰੂਹ ਕਰਕੇ ਉੱਚੀ-ਉੱਚੀ ਹੱਸਿਆ ਤੇ ਕਹਿਣ ਲੱਗਾ, 'ਜਿੰਨੀ ਛੇਤੀ ਹੁੰਦਾ, ਟਰੱਕ ਵਿਹਲਾ ਕਰਾਓ, ਜੇ ਨਾਂਹ-ਫਨਾਂਹ ਕਰਦਾ ਹੈ ਤਾਂ ਇਸ ਨੂੰ ਪੱੁਠਾ ਲੰਮਾ ਪਾਓ | ਮੁਖ਼ਬਰ ਨੇ ਖਿੰਗਰ ਇੱਟ ਵਰਗੀ ਪੱਕੀ ਇਤਲਾਹ ਦਿੱਤੀ ਆ ਕਿ ਇਸ ਟਰੱਕ ਦੇ ਸਾਮਾਨ ਵਿਚ ਫੀਮ ਛੁਪਾ ਕੇ ਰੱਖੀ ਹੋਈ ਆ |' ਥਾਣੇਦਾਰ ਦੀਆਂ ਅੱਖਾਂ ਵਿਚ ਹੁਣ ਨ੍ਹੇਰੇ ਵਿਚ ਸ਼ਹਿ ਲਾ ਕੇ ਬੈਠੀ ਹੋਈ ਬਿੱਲੀ ਦੀਆਂ ਅੱਖਾਂ ਵਰਗੀ ਇਕ ਅਨੋਖੀ ਚਮਕ ਸੀ |
'ਮਾਲਕੋ! ਕੁਝ ਰਹਿਮ ਕਰੋ | ਮੈਂ ਧਾਨੂੰ ਏਹੋ ਜਿਹਾ ਲਗਦਾਂ?' ਡਰਾਈਵਰ ਨੇ ਪੈਂਦੀ ਸੱਟੇ ਹੀ ਮਿੰਨਤਾਂ-ਤਰਲਿਆਂ ਦਾ ਚੌਥਾ ਗੇਅਰ ਪਾ ਦਿੱਤਾ ਪਰ ਥਾਣੇਦਾਰ ਅੱਗੋਂ ਮਾਂਹਾਂ ਦੇ ਆਟੇ ਵਾਂਗ ਆਕੜਿਆ ਪਿਆ ਸੀ | ਕਹਿਣ ਲੱਗਾ, 'ਜ਼ਿਆਦਾ ਬਕ-ਬਕ ਨਾ ਕਰ ਓਏ ਬਿੱਜੂਆ | ਗ਼ਲਤ ਬੰਦਿਆਂ ਦੇ ਸਿਰਾਂ 'ਤੇ ਸਿੰਗ ਉੱਗੇ ਹੁੰਦੇ ਨੇ ਜਾਂ ਉਨ੍ਹਾਂ ਦੇ ਪੂਛ ਲੱਗੀ ਹੁੰਦੀ ਆ? ਉਹ ਵੀ ਦੇਖਣ ਨੂੰ ਤੇਰੇ ਵਰਗੇ ਭੋਲੇ-ਭਾਲੇ ਹੀ ਲਗਦੇ ਨੇ | ਬੰਦੇ ਦਾ ਪੱੁਤ ਬਣ ਕੇ ਦੋ ਮਿੰਟਾਂ 'ਚ ਟਰੱਕ ਵਿਹਲਾ ਕਰ ਦੇ, ਨਹੀਂ ਤਾਂ ਸਾਨੂੰ ਹੋਰ ਵੀ ਕਈ ਤਰੀਕੇ ਆਉਂਦੇ ਨੇ |' ਨਾ ਲੇਬਰ, ਨਾ ਲੈਣ, ਨਾ ਦੇਣ | ਟਰੱਕ ਖਾਲੀ ਕਰਨਾ ਤੇ ਫਿਰ ਲੱਦਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ | ਇਹ ਤਾਂ ਉਹ ਹਿਸਾਬ ਹੋਇਆ ਕਿ ਨਾ ਨੌਾ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ | ਡਰਾਈਵਰ ਵਿਚਾਰੇ ਕੋਲ ਕਿਹੜਾ ਕੋਈ ਅਲਾਦੀਨ ਦਾ ਚਿਰਾਗ ਸੀ | ਚੱਕਰ ਆ ਕੇ ਉਸ ਦਾ ਸਿਰ ਫਟਣ ਨੂੰ ਫਿਰੇ | ਉਸ ਨੂੰ ਐਾ ਲੱਗਿਆ ਜਿਵੇਂ ਉਸ ਦੇ ਨੰਗੇ ਸਿਰ 'ਤੇ ਕਿਸੇ ਨੇ ਖਰਾਸ ਦਾ ਪੁੜ ਰੱਖ ਦਿੱਤਾ ਹੋਵੇ | ਅਖੀਰ ਥਾਣੇਦਾਰ ਵਲੋਂ ਲਗਾਏ ਗਏ ਉਲਝਣਾਂ ਦੇ ਜਾਲ ਵਿਚ ਬਟੇਰਾ ਫਸ ਹੀ ਗਿਆ | ਥਾਣੇਦਾਰ ਨਾਲ ਮਿਲਣੀ ਉਪਰੰਤ ਵਿਦਾਇਗੀ ਵੇਲੇ ਡਰਾਈਵਰ ਦਾ ਬਟੂਆ ਇੰਜ ਹੌਲਾ ਫੱੁਲ ਹੋ ਗਿਆ ਸੀ ਜਿਵੇਂ ਕੋਈ ਜ਼ਨਾਨੀ ਸਿਰ ਵਿਚ ਤੇਲ ਝਸਾਉਣ ਤੋਂ ਬਾਅਦ ਆਪਣੇ-ਆਪ ਨੂੰ ਹੌਲਾ ਫੱੁਲ ਮਹਿਸੂਸ ਕਰਦੀ ਆ |
ਹੁਣ ਇਕ ਮਿੰਨੀ ਬੱਸ ਆਈ, ਜਿਹੜੀ ਸਵਾਰੀਆਂ ਨਾਲ ਹੇਠੋਂ-ਉੱਤੋਂ ਬੁਰੀ ਤਰ੍ਹਾਂ ਤੁੰਨੀ ਹੋਈ ਸੀ | ਸਿਪਾਹੀ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਬੱਸ ਬਿਲਕੁਲ ਸਿਪਾਹੀ ਦੇ ਨੇੜੇ ਆ ਚੱੁਕੀ ਸੀ | ਇਸ ਲਈ ਬਰੇਕਾਂ ਲਾਉਂਦਿਆਂ-ਲਾਉਂਦਿਆਂ ਬੱਸ ਦੀਆਂ ਚੀਕਾਂ ਨਿਕਲ ਗਈਆਂ ਤੇ ਸੜਕ 'ਤੇ ਟਾਇਰਾਂ ਦੇ ਨਿਸ਼ਾਨ ਪੈ ਗਏ | ਸਿਪਾਹੀ ਨੇ ਕਾਗਜ਼ਾਂ-ਪੱਤਰਾਂ ਦੀ ਮੰਗ ਕੀਤੀ | ਡਰਾਈਵਰ ਦੇ ਚਿਹਰੇ 'ਤੇ ਰਤਾ ਵੀ ਘਬਰਾਹਟ ਜਾਂ ਤੌਖਲਾ ਨਹੀਂ ਸੀ, ਸਗੋਂ ਉਸ ਦੇ ਚਿਹਰੇ 'ਤੇ ਦਸ ਨੰਬਰੀਆਂ ਵਾਲਾ ਖਚਰਾ ਜਿਹਾ ਹਾਸਾ ਸੀ | ਉਹ ਖੱਬੇ ਹੱਥ ਨਾਲ ਸੱਜੀ ਮੱੁਛ ਨੂੰ ਵੱਟ ਚਾੜ੍ਹਦਾ ਹੋਇਆ ਕਹਿਣ ਲੱਗਾ, 'ਮਾਲਕੋ! ਇਹ ਗੱਡੀ ਸਰਦਾਰ ਧੱਕੜ ਸਿੰਘ ਸ਼ੇਰਗੜ੍ਹੀਏ ਦੀ ਐ | ਉਨ੍ਹਾਂ ਦੇ ਤਾਂ ਡੋਰਿਆਂ ਨਾਲ ਲੱਦੇ ਹੋਏ ਟਰੱਕ ਨੂੰ ਕੋਈ ਹੱਥ ਨੲ੍ਹੀਂ ਪਾਉਂਦਾ ਤੇ ਤੁਸੀਂ ਸਵਾਰੀਆਂ ਨਾਲ ਲੱਦੀ ਬੱਸ ਡੱਕੀ ਬੈਠੇ ਓ | ਮੇਰੀ ਸਰਕਾਰ ਕਈ ਵਾਰ ਬੰਦੇ ਕੋਲੋਂ ਕਾਲੀ ਮਿਰਚ ਦੇ ਭੁਲੇਖੇ ਮੱਖੀ ਖਾਹ ਹੋ ਜਾਂਦੀ ਆ | ਇਸ ਲਈ ਚਲਾਨ ਕੱਟਣ ਤੋਂ ਪਹਿਲਾਂ ਆਪਣੇ ਡਮਾਕ ਨੂੰ ਥੋੜ੍ਹਾ ਟਿਕਾਣੇ ਜ਼ਰੂਰ ਕਰ ਲਿਓ ਜੇ | ਵੈਸੇ ਤਾਂ ਉਹ ਸਾਰਿਆਂ ਦਾ ਪਾਲਣਹਾਰ ਐ, ਪੱਥਰਾਂ ਵਿਚ ਰਹਿੰਦੇ ਕੀੜੇ-ਮਕੌੜਿਆਂ ਦਾ ਵੀ ਢਿੱਡ ਭਰਦਾ ਪਰ ਫਿਰ ਵੀ ਆਪਣੇ ਜਵਾਕ-ਜੱਲਿਆਂ ਵੱਲ ਪਿੱਛੇ ਝਾਤੀ ਜ਼ਰੂਰ ਮਾਰ ਲਿਓ ਜੇ |'
'ਮੈਂ ਨੲ੍ਹੀਂ ਜਾਣਦਾ ਓਏ ਤੇਰੇ ਕਿਸੇ ਸਰਦਾਰ ਨੂੰ ! ਸਰਦਾਰ ਹਊ ਆਪਣੇ ਘਰ ਹਊ, ਮੈਂ ਡੋਕੇ ਲੈਣੇ ਉਹਦੇ ਤੋਂ |' ਲਗਦਾ ਸੀ ਸਿਪਾਹੀ ਸਾਬ੍ਹ ਵੀ ਰੋਜ਼ ਆਪਣੇ ਪੱਟਾਂ ਨੂੰ ਖਾਲਸ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਦਾ ਸੀ ਜਾਂ ਫਿਰ ਕਦੇ-ਕਦੇ ਦੱੁਧ 'ਚ ਬਦਾਮ ਰੋਗਨ ਪਾ ਕੇ ਪੀਂਦਾ ਸੀ | ਡਰਾਈਵਰ ਜੇ ਜ਼ਿਆਦਾ ਬਹਿਸ ਵਿਚ ਪੈਂਦਾ ਤਾਂ ਉਸ ਦਾ ਅਗਲਾ ਟੈਮ ਮਿਸ ਹੁੰਦਾ ਸੀ | ਇਸ ਲਈ ਉਸ ਨੇ ਮੋਬਾਈਲ ਫੋਨ ਮਿਲਾ ਕੇ ਸਿਪਾਹੀ ਦੇ ਕੰਨ ਨਾਲ ਲਾ ਦਿੱਤਾ | ਰੱਬ ਜਾਣੇ ਟੈਲੀਫੋਨ 'ਤੇ ਕੀ ਗੱਲਾਂ ਹੋਈਆਂ ਪਰ ਜਿੰਨਾ ਚਿਰ ਫੋਨ ਸਿਪਾਹੀ ਦੇ ਕੰਨ ਨੂੰ ਲੱਗਾ ਰਿਹਾ, ਉਹ ਸਰ-ਸਰ ਕਰਦਾ ਹੀ ਸੁਣਾਈ ਦਿੱਤਾ | ਟੈਲੀਫੋਨ ਬੰਦ ਹੋਣ 'ਤੇ ਸਿਪਾਹੀ ਨੇ ਆਪਣੇ ਜਿਸਮ ਦਾ ਸਰਸਰੀ ਮੁਆਇਨਾ ਕੀਤਾ | ਉਦੋਂ ਉਸ ਦੀ ਜਾਨ ਵਿਚ ਜਾਨ ਆਈ, ਜਦੋਂ ਉਸ ਨੇ ਦੇਖਿਆ ਕਿ ਪੈਂਟ ਭਿੱਜਣ ਤੋਂ ਬਚ ਗਈ ਸੀ ਪਰ ਸਰੀਰ ਦਾ ਉਪਰਲਾ ਹਿੱਸਾ ਮੁੜ੍ਹਕੇ ਨਾਲ ਗੜੱੁਚ ਹੋਇਆ ਪਿਆ ਸੀ | ਸਿਪਾਹੀ ਨੇ ਹੁਣ ਮਹਿਸੂਸ ਕੀਤਾ ਕਿ ਸ਼ਾਇਦ ਉਸ ਕੋਲੋਂ ਸਹਿਜ ਸੁਭਾਅ ਹੀ ਸੱੁਤੇ ਹੋਏ ਸ਼ੇਰ ਦੀ ਪੂਛ 'ਤੇ ਪੈਰ ਰੱਖਿਆ ਗਿਆ ਸੀ | ਉਸ ਦੀ ਬੜ੍ਹਕ ਹੁਣ ਮੋਕ ਵਿਚ ਬਦਲ ਚੱੁਕੀ ਸੀ | ਡਰਾਈਵਰ ਨੇ ਹੁਣ ਗੇਅਰ ਪਾਉਣ ਤੋਂ ਪਹਿਲਾਂ ਸ਼ੀਸ਼ੇ ਵਿਚ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਿਹਾਰਿਆ ਤੇ ਆਪਣੇ-ਆਪ ਨੂੰ ਜੇਤੂ ਸਿਕੰਦਰ ਮਹਿਸੂਸ ਕਰਦੇ ਹੋਏ ਖੱਬੀ ਮੱੁਛ ਨੂੰ ਵੀ ਵੱਟ ਦੇ ਕੇ ਦੋਵਾਂ ਮੱੁਛਾਂ ਦੀ ਉਚਾਈ ਬਰਾਬਰ ਕਰ ਲਈ |
ਇਸ ਤਰ੍ਹਾਂ ਨਾਕੇ ਵਾਲੇ ਪੁਲਿਸ ਕਰਮਚਾਰੀ ਕਦੇ ਕਿਸੇ ਨੂੰ ਅਧੂਰੇ ਕਾਗਜ਼ਾਂ-ਪੱਤਰਾਂ, ਸ਼ੀਸ਼ਿਆਂ 'ਤੇ ਕਾਲੀ ਫ਼ਿਲਮ ਲੱਗੀ ਹੋਣ ਕਰਕੇ, ਹੈਲਮਟ ਨਾ ਹੋਣ ਕਰਕੇ, ਡਰਾਈਵਰੀ ਕਰਦੇ ਸਮੇਂ ਬੈਲਟ ਨਾ ਲਗਾਉਣ, ਮੋਬਾਈਲ ਫੋਨ ਸੁਣਨ ਤੇ ਸਿਗਰਟ ਆਦਿ ਪੀਣ ਦੇ ਭੰਬਲ-ਭੂਸਿਆਂ ਵਿਚ ਪਾ ਕੇ ਜਾਂ ਫਿਰ ਆਪੇ ਖੋਜੇ ਢੰਗ-ਤਰੀਕਿਆਂ ਦੇ ਜਾਲ ਵਿਚ ਫਸਾ ਕੇ ਵਰਮੀ ਵਾਲੇ ਬਾਬੇ ਦੀ ਕਿਰਪਾ ਸਦਕਾ ਸੁੱਖ ਨਾਲ ਹੁਣ ਤੱਕ ਵਾਹਵਾ ਗੁਜ਼ਾਰਾ ਕਰ ਚੱੁਕੇ ਸਨ ਭਾਵ ਉਨ੍ਹਾਂ ਦੇ ਪਰਸ ਨੋਟਾਂ ਨਾਲ ਭਰ ਚੱੁਕੇ ਸਨ |
ਸੂਰਜ ਡੱੁਬਣ ਦੀ ਦੇਰ ਸੀ ਕਿ ਨਾਕੇ ਵਾਲੇ ਮੁਲਾਜ਼ਮਾਂ ਦੇ ਦਿਲ ਵੀ ਡੱੁਬਣ ਅਤੇ ਘਊਾ-ਮਊਾ ਕਰਨ ਲੱਗ ਪਏ | ਉਨ੍ਹਾਂ ਦੇ ਅੰਦਰ ਦੇ ਕੀੜਿਆਂ ਨੇ ਹੁਣ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਅਕਲ ਅਤੇ ਸਿਆਣਪ ਨਾਲ ਕੰਢਿਆਂ ਤੋਂ ਦੀ ਡੱੁਲ੍ਹਦੇ ਥਾਣੇਦਾਰ ਨੇ ਵੰਡੀਆਂ ਪਾਉਣ ਤੋਂ ਪਹਿਲਾਂ ਹੀ ਸਾਂਝੇ ਖਾਤੇ ਵਿਚੋਂ ਕੁਝ ਮਾਇਆ ਦਾ ਗੱਫਾ ਅੱਡ ਰੱਖ ਲਿਆ ਤੇ ਥਕੇਵਾਂ ਲਾਹੁਣ ਲਈ ਸਿਪਾਹੀ ਨੂੰ ਭੇਜ ਕੇ ਬੋਤਲ ਅਤੇ ਮੀਟ ਮੰਗਵਾ ਲਿਆ | ਮੀਟ ਮਾਮੇ ਨੂੰ ਰਿੰਨ੍ਹਣ ਲਈ ਦੇ ਦਿੱਤਾ ਤੇ ਆਪ ਪੰਜ-ਸ਼ਨਾਨਾ ਕਰਕੇ ਮਹਿਫ਼ਲ ਜਮਾਉਣ ਦੀ ਤਿਆਰੀ ਵਿਚ ਜੱੁਟ ਗਏ | ਖੱਦਰ ਦੇ ਗਲਾਸਾਂ ਵਿਚ ਪਾਇਆ ਹੋਇਆ ਪਟਿਆਲਾਸ਼ਾਹੀ ਇਕ-ਇਕ ਪੈੱਗ ਅੰਦਰ ਜਾਣ ਦੀ ਦੇਰ ਸੀ ਕਿ ਪੁਲਿਸ ਵਾਲੇ ਅੱਧ-ਗਲੇ ਮੀਟ 'ਤੇ ਟੱੁਟ ਪਏ | ਨਾਕੇ ਦੇ ਚਮਤਕਾਰ ਸਦਕਾ ਹੁਣ ਪੁਲਿਸ ਮੁਲਾਜ਼ਮਾਂ ਦੇ ਚਿਹਰਿਆਂ ਅਤੇ ਬਟੂਵਿਆਂ 'ਤੇ ਛਪਾਰ ਦੇ ਮੇਲੇ ਵਰਗੀ ਭਰਵੀਂ ਰੌਣਕ ਨਜ਼ਰ ਆ ਰਹੀ ਸੀ | (ਸਮਾਪਤ)

-507, ਗੋਲਡਨ ਐਵੀਨਿਊ, ਫੇਜ-2, ਗੜ੍ਹਾ ਰੋਡ, ਜਲੰਧਰ-22.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX