ਤਾਜਾ ਖ਼ਬਰਾਂ


ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  10 minutes ago
ਨਵੀਂ ਦਿੱਲੀ, 25 ਅਗਸਤ- ਕੇਂਦਰੀ ਮੰਤਰੀ ਹਰਸ਼ਵਰਧਨ, ਪਿਯੂਸ਼ ਗੋਇਲ ਅਤੇ ਝਾਰਖੰਡ ਦੇ ਮੁਖ ਮੰਤਰੀ ਰਘੂਬਰ ਦਾਸ ਨੇ ਭਾਜਪਾ ਹੈੱਡਕੁਆਟਰ ...
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  21 minutes ago
ਚਮਿਆਰੀ, 25 ਅਗਸਤ (ਜਗਪ੍ਰੀਤ ਸਿੰਘ) - ਨੇੜਲੇ ਪਿੰਡ ਭੂਰੇ ਗਿੱਲ ਦੇ ਇੱਕ ਡੇਰੇ ਤੋਂ ਰਾਤ ਨੂੰ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ...
'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ 'ਤੇ ਦਿੱਤਾ ਜ਼ੋਰ
. . .  27 minutes ago
ਨਵੀ ਦਿੱਲੀ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ...
ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮਨਾਮਾ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ...
ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸ਼ਾਹਕੋਟ 'ਚ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 1 hour ago
ਸ਼ਾਹਕੋਟ, 25 ਅਗਸਤ (ਸੁਖਦੀਪ ਸਿੰਘ)- ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸਬ-ਡਿਵੀਜ਼ਨ ਸ਼ਾਹਕੋਟ ਦੇ ਬਾਕੀ ਸਕੂਲ ਕੱਲ੍ਹ ਭਾਵ 26 ਅਗਸਤ ਤੋਂ ਆਮ ਵਾਂਗ ਖੁੱਲ੍ਹਣਗੇ। ਇਸ ਸੰਬੰਧੀ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਅਮਿਤ ਸ਼ਾਹ ਅਤੇ ਜੇ. ਪੀ. ਨੱਡਾ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 25 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਨੇ ਪਾਰਟੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਥੋੜ੍ਹੀ ਦੇਰ ਪਹਿਲਾਂ ਜੇਤਲੀ ਦੀ ਮ੍ਰਿਤਕ ਦੇਹ...
ਭਾਜਪਾ ਦਫ਼ਤਰ 'ਚ ਲਿਆਂਦੀ ਗਈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 2 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਭਾਜਪਾ ਦਫ਼ਤਰ 'ਚ ਲਿਆਂਦੀ ਗਈ ਹੈ। ਇੱਥੇ ਦੁਪਹਿਰ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ...
ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਕੀਤੇ ਦਰਸ਼ਨ
. . .  about 2 hours ago
ਮਨਾਮਾ, 25 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਸੀ ਕਿ ਉਹ ਸ਼੍ਰੀਨਾਥਜੀ ਮੰਦਰ 'ਚ ਜਾਣਗੇ ਅਤੇ ਦੇਸ਼ 'ਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕਰਨਗੇ। ਉਨ੍ਹਾਂ ਕਿਹਾ ਕਿ...
ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਪਟਨਾ, 25 ਅਗਸਤ- ਬਿਹਾਰ ਦੇ ਜਹਾਨਾਬਾਦ ਨੇੜੇ ਪਟਨਾ-ਗਯਾ ਰੇਲਵੇ ਲਾਈਨ 'ਤੇ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਬੱਚਾ ਬਚ ਗਿਆ ਅਤੇ ਉਸ ਨੂੰ ਸੱਟਾਂ ਲੱਗੀਆਂ ਹਨ। ਉੱਥੇ ਹੀ...
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 2 hours ago
ਨਵੀਂ ਦਿੱਲੀ, 25 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਟਰ ਵਿਖੇ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਲੰਘੇ ਦਿਨ ਜੇਤਲੀ ਦਾ ਦੇਹਾਂਤ...
ਹੋਰ ਖ਼ਬਰਾਂ..

ਖੇਡ ਜਗਤ

ਕੋਰੀ ਗੌਫ ਦਾ ਵਿੰਬਲਡਨ ਵਿਚ ਧਮਾਕੇਦਾਰ ਉਲਟਫੇਰ

ਸੰਸਾਰ ਵਿਚ ਖੇਡਾਂ ਦੇ ਖੇਤਰ ਵਿਚ ਕਈ ਅਜਿਹੀਆਂ ਸਨਸਨੀਖੇਜ਼ ਕਿਸੇ ਖਾਸ ਖੇਡ ਨੂੰ ਲੈ ਕੇ ਖੇਡ ਘਟਨਾਵਾਂ ਘਟ ਜਾਂਦੀਆਂ ਹਨ ਕਿ ਸਦਾ ਲਈ ਇਹ ਮਨ ਵਿਚ ਬੈਠ ਜਾਂਦੀਆਂ ਹਨ। ਕੁਝ ਅਜਿਹਾ ਹੀ ਇਸ ਸਾਲ ਟੈਨਿਸ ਵਿੰਬਲਡਨ ਵਿਚ ਇਕ ਧਮਾਕਾ ਦੇਖਣ ਨੂੰ ਮਿਲਿਆ, ਜਦੋਂ ਇਕ ਸਕੂਲ ਦੀ 15 ਸਾਲ ਦੀ ਅੱਲ੍ਹੜ ਕੁੜੀ ਕੋਰੀ ਗੌਫ ਨੇ ਸੰਸਾਰ ਦੀ ਮਹਾਨ ਖਿਡਾਰਨ ਵੀਨਸ ਵਿਲੀਅਮ ਨੂੰ ਸਿੱਧੇ ਸੈੱਟਾਂ ਵਿਚ 6-4, 6-4 ਨਾਲ ਹਰਾ ਕੇ ਇਕ ਅਜਿਹਾ ਧਮਾਕਾ ਕੀਤਾ ਕਿ ਜਿਸ ਦੀ ਗੂੰਜ ਸਦਾ ਮਨ ਵਿਚ ਗੂੰਜਦੀ ਰਹੇਗੀ। ਇਸ ਹੈਰਾਨ ਕਰਨ ਵਾਲੀ ਸਫਲਤਾ ਨਾਲ ਹੁਣ ਕਈ ਦਿਲਚਸਪ ਗੱਲਾਂ ਜੁੜ ਗਈਆਂ ਹਨ।
ਅੱਜ ਤੋਂ ਠੀਕ 15 ਸਾਲ ਪਹਿਲਾਂ ਕੋਰੀ ਗੌਫ ਦਾ ਜਨਮ ਹੋਇਆ ਤਾਂ ਵੀਨਸ ਵਿਲੀਅਮ ਉਸ ਸਮੇਂ ਤੱਕ 2 ਵਾਰ ਗਰੈਂਡ ਸਲੈਮ ਚੈਂਪੀਅਨਸ਼ਿਪ ਜਿੱਤ ਚੁੱਕੀ ਸੀ। ਸੰਸਾਰ ਵਿਚ ਅਮਰੀਕਾ ਦੀਆਂ ਵਿਲੀਅਮ ਭੈਣਾਂ ਦਾ ਸਦਾ ਬੋਲਬਾਲਾ ਰਿਹਾ ਹੈ। ਇਸ ਪੱਧਰ 'ਤੇ ਪਹੁੰਚ ਕੇ ਜਦੋਂ ਵੀਨਸ ਦਾ ਮੁਕਾਬਲਾ ਕੋਰੀ ਗੌਫ ਨਾਲ ਹੋਇਆ ਤਾਂ ਵੀਨਸ ਜੋ ਕਿ ਕਈ ਵਾਰ ਦੁਨੀਆ ਦੀ ਨੰਬਰ ਇਕ ਰਹਿ ਚੁੱਕੀ ਹੈ ਤੇ 5 ਵਾਰ ਇਹ ਵੱਕਾਰੀ ਗਰੈਂਡ ਸਲੈਮ ਆਪਣੇ ਨਾਂਅ ਕਰ ਚੁੱਕੀ ਹੈ ਤੇ ਦੂਜੇ ਪਾਸੇ ਬਾਲੜੀ ਕੋਰੀ ਗੌਫ, ਜੋ ਦੁਨੀਆ ਦੀ ਸਦਾ ਹੀ 300 ਤੋਂ ਉੱਪਰ ਰੈਂਕ ਦੀ ਖਿਡਾਰਨ ਰਹੀ ਹੈ, ਪਹਿਲਾਂ ਤਾਂ ਦਰਸ਼ਕਾਂ ਨੇ ਇਸ ਨੂੰ ਇਕ ਸਾਧਾਰਨ ਮੁਕਾਬਲਾ ਸਮਝਿਆ ਤਾਂ ਕਿਸ ਨੂੰ ਆਸ ਸੀ ਕਿ ਕੋਰੀ ਗੌਫ ਕੋਈ ਇਤਿਹਾਸ ਸਿਰਜਣ ਜਾ ਰਹੀ ਹੈ। ਪਰ ਜਿਉਂ-ਜਿਉਂ ਮੁਕਾਬਲਾ ਅੱਗੇ ਵਧਣ ਲੱਗਾ ਤਾਂ ਦਰਸ਼ਕਾਂ ਦੀ ਉਤਸੁਕਤਾ ਮੈਚ ਵਿਚ ਵਧਦੀ ਗਈ।
ਮਾਹਿਰਾਂ ਨੇ ਇਸ ਨੂੰ ਨੌਜਵਾਨ ਸ਼ਕਤੀ ਤੇ ਅਨੁਭਵ ਨਾਲ ਮੈਚ ਦੀ ਟੱਕਰ ਪ੍ਰਦਾਨ ਕੀਤੀ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸਰਵਿਸ ਕਰਨ ਦਾ ਢੰਗ ਇਸ ਖੇਡ ਵਿਚ ਬਹੁਤ ਮਹਾਨਤਾ ਰੱਖਦਾ ਹੈ। ਕੋਰੀ ਗੌਫ ਦੀ ਸਰਵਿਸ ਇੰਨੀ ਸਮਰੱਥ ਸੀ ਕਿ ਵੀਨਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।
ਸਾਰੀ ਖੇਡ ਵਿਚ 15 ਸਾਲ ਦੀ ਇਸ ਕੁੜੀ ਨੇ ਉਸ ਤੋਂ 24 ਸਾਲ ਵੱਡੀ ਵੀਨਸ ਨੂੰ ਖੇਡ ਦੇ ਨੇੜੇ ਨਹੀਂ ਆਉਣ ਦਿੱਤਾ ਤੇ ਆਸਾਨੀ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਸੰਸਾਰ ਵਿਚ ਅਜਿਹੀਆ ਗੱਲਾਂ ਘਰ-ਘਰ ਦੀ ਕਹਾਣੀ ਬਣ ਜਾਂਦੀਆਂ ਹਨ। ਹਰ ਖੇਡ ਵਿਚ ਇਹ ਉਲਟਫੇਰ ਦੇਖਣ ਨੂੰ ਮਿਲਦੇ ਹਨ। ਖੁਦ ਵੀਨਸ ਨੇ ਬੜੇ ਖੁੱਲ੍ਹੇ ਦਿਲ ਨਾਲ ਇਸ ਬੱਚੀ ਦੀ ਖੇਡ ਦੀ ਪ੍ਰਸੰਸਾ ਕੀਤੀ ਹੈ ਤੇ ਇਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਕੋਰੀ ਕੌਫ ਨੇ ਕਿਹਾ ਹੈ ਕਿ ਵੀਨਸ ਸਦਾ ਬਚਪਨ ਤੋਂ ਹੀ ਉਸ ਦਾ ਆਦਰਸ਼ ਬਣੀ ਰਹੀ ਹੈ ਤੇ ਉਸ ਦਾ ਨਿਸ਼ਾਨਾ ਵਿੰਬਲਡਨ ਜਿੱਤਣਾ ਹੈ।
ਰੈਕਿਟ ਨਾਲ ਖੇਡੀ ਜਾਣ ਵਾਲੀ ਬੈਡਮਿੰਟਨ ਵਿਚ ਵੀ ਜਦੋਂ ਪ੍ਰਕਾਸ਼ ਪਾਦੂਕੋਨ ਨੇ ਇਕ ਸਾਲ ਵਿਚ ਹੀ ਜੂਨੀਅਰ ਤੇ ਸੀਨੀਅਰ ਟਾਈਟਲ ਜਿੱਤੇ ਸਨ ਤਾਂ ਇਸ ਤਰ੍ਹਾਂ ਦਾ ਹੀ ਹੁਲਾਸ ਭਰਿਆ ਮਾਹੌਲ ਸਿਰਜਿਆ ਗਿਆ ਸੀ। ਭਾਰਤ ਸਦਾ ਇਸ ਖੇਡ ਵਿਚ ਪਛੜਿਆ ਰਿਹਾ ਹੈ। ਕੇਵਲ ਡਬਲਜ਼ ਵਿਚ ਸਾਨੀਆ ਮਿਰਜ਼ਾ ਨੇ ਇਸ ਵਿਚ ਨਾਂਅ ਕਮਾਇਆ ਹੈ ਤੇ ਉਹ ਇਸ ਵੰਨਗੀ ਵਿਚ ਨੰਬਰ ਇਕ 'ਤੇ ਵੀ ਰਹਿ ਚੁੱਕੀ ਹੈ। ਪੁਰਸ਼ਾਂ ਵਿਚ ਵੀ ਸਾਡਾ ਨਾਂਅ ਕੇਵਲ ਇਸ ਖੇਡ ਵਿਚ ਡਬਲਜ਼ ਵਿਚ ਹੀ ਰਿਹਾ ਹੈ।
ਚਾਹੇ ਲਇਏਂਡਰ ਪੇਸ ਜਾਂ ਸਾਨੀਆ ਮਿਰਜ਼ਾ ਹੋਵੇ, ਅਸੀਂ ਇਸ ਖੇਤਰ ਵਿਚ ਦੂਜੇ ਦੇਸ਼ ਦੇ ਖਿਡਾਰੀਆਂ ਕਾਰਨ ਹੀ ਸਿਖਰ 'ਤੇ ਪਹੁੰਚੇ ਹਾਂ। ਭਾਰਤ ਵਿਚ ਇਹ ਖੇਡ ਸਦਾ ਸ਼ਹਿਰਾਂ ਤੱਕ ਹੀ ਸੀਮਤ ਰਹੀ ਹੈ ਤੇ ਪਿੰਡਾਂ ਵਿਚ ਇਹ ਖੇਡ ਅਜੇ ਤੱਕ ਨਹੀਂ ਗਈ। ਬਹੁਤ ਸਾਰੇ ਕੁਲੀਨ ਵਰਗ ਦੇ ਲੋਕ ਹੀ ਇਸ ਨੂੰ ਖੇਡਦੇ ਰਹੇ ਹਨ ਤੇ ਖੇਡ ਮੈਦਾਨ ਵੀ ਸੀਮਤ ਹਨ।
ਹੁਣ ਲੋੜ ਹੈ ਇਸ ਨੂੰ ਆਮ ਲੋਕਾਂ ਦੀ ਖੇਡ ਬਣਾਇਆ ਜਾਵੇ। ਹੁਣ ਇਸ ਸਮੇਂ ਭਾਰਤੀ ਕੁੜੀਆਂ ਨੂੰ ਇਹ ਸਬਕ ਸਿੱਖਣ ਦੀ ਲੋੜ ਹੈ ਕਿ ਜਵਾਨੀ ਦੀ ਉਮਰ ਇਸ ਖੇਡ ਵਿਚ ਖੇਡਣ ਦੀ ਸਹੀ ਉਮਰ ਹੈ, ਕਿਉਂਕਿ ਇਹ ਖੇਡ ਬਹੁਤੀ ਸਰੀਰਕ ਸ਼ਕਤੀ ਦੀ ਹੈ। ਭਾਰਤ ਇਸ ਖੇਡ ਵਿਚ ਸਦਾ ਪਛੜਿਆ ਰਿਹਾ ਹੈ। ਹੁਣ ਭਾਰਤੀ ਕੁੜੀਆਂ ਸਕੂਲ ਵਿਚ ਜਾਣ ਵਾਲੀ ਇਕ ਬਾਲੜੀ ਤੋਂ ਪ੍ਰੇਰਿਤ ਹੋ ਕੇ ਆਪਣਾ ਨਾਂਅ ਰੌਸ਼ਨ ਕਰ ਸਕਦੀਆਂ ਹਨ।


-274-ਏ. ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295


ਖ਼ਬਰ ਸ਼ੇਅਰ ਕਰੋ

ਧਮਾਕੇਦਾਰ ਹੋਵੇਗਾ ਪ੍ਰੋ ਕਬੱਡੀ ਦਾ ਸੱਤਵਾਂ ਅਖਾੜਾ

ਇਸ ਵਾਰ ਬਹੁਚਰਚਿਤ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਅਖਾੜੇ ਦੀ ਸ਼ੁਰੂਆਤ 19 ਜੁਲਾਈ ਨੂੰ ਹੈਦਰਾਬਾਦ ਵਿਚ ਹੋਵੇਗੀ। 3 ਮਹੀਨੇ ਖੇਡੀ ਜਾਣ ਵਾਲੀ ਇਸ ਵੱਕਾਰੀ ਲੀਗ ਦਾ ਫਾਈਨਲ 19 ਅਕਤੂਬਰ ਨੂੰ ਖੇਡਿਆ ਜਾਵੇਗਾ। ਲੀਗ ਦਾ ਉਦਘਾਟਨੀ ਮੈਚ ਘਰੇਲੂ ਟੀਮ ਤੇਲਗੂ ਟਾਈਟਨਸ ਦਾ ਮੁਕਾਬਲਾ ਦੂਜੇ ਸੀਜ਼ਨ ਦੀ ਜੇਤੂ ਟੀਮ ਯੂ. ਮੁੰਬਾ ਨਾਲ ਹੋਵੇਗਾ। ਇਸੇ ਦਿਨ ਪਿਛਲੀ ਵਿਜੇਤਾ ਬੈਂਗਲੁਰੂ ਬੁਲਸ 3 ਵਾਰ ਦੀ ਚੈਂਪੀਅਨ ਪਟਨਾ ਪਾਇਰੇਟਸ ਦੇ ਖਿਲਾਫ ਮੈਦਾਨ 'ਚ ਉਤਰੇਗੀ।
ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਇਸ ਲੀਗ ਵਿਚ 12 ਟੀਮਾਂ ਤੇਲਗੂ ਟਾਈਟਨਜ਼, ਯੂ. ਮੁੰਬਾ, ਪਟਨਾ ਪਾਇਰੇਟਸ, ਗੁਜਰਾਤ ਫਾਰਚੂਨਾਈਟਸ, ਤਾਮਿਲ ਥਲਾਈਵਾਜ਼, ਦਬੰਗ ਦਿੱਲੀ, ਬੈਂਗਲੁਰੂ ਬੁਲਸ, ਬੰਗਾਲ ਵਾਰੀਅਰਸ, ਪੁਨੇਰੀ ਪਲਟਣ, ਜੈਪੁਰ ਪਿੰਕ ਪੈਂਥਰਜ਼, ਹਰਿਆਣਾ ਸਟੀਲਰਸ, ਯੂ. ਪੀ. ਯੋਧਾ ਖਿਤਾਬੀ ਦਾਅਵੇਦਾਰੀ ਪੇਸ਼ ਕਰਨਗੀਆਂ।
ਪ੍ਰੋ ਕਬੱਡੀ ਲੀਗ ਫਾਰਮੈਟ ਵਿਚ ਵੀ ਇਸ ਵਾਰ ਬਦਲਾਅ ਕੀਤਾ ਹੈ। ਇਸ ਵਾਰ ਇੰਟਰ ਜ਼ੋਨਲ, ਇੰਟਰਾ ਜ਼ੋਨਲ ਅਤੇ ਵਾਈਲਡ ਕਾਰਡ ਮੈਚਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਵਾਰ ਮੁਕਾਬਲੇ ਰਾਊਂਡ ਰੋਬਿਨ ਫਾਰਮੈਟ ਦੇ ਆਧਾਰ 'ਤੇ ਖੇਡੇ ਜਾਣਗੇ। ਹਰ ਇਕ ਟੀਮ ਦੇ ਗਰੁੱਪ ਸਟੇਜ 'ਤੇ 22 ਮੈਚ ਖੇਡਣੇ ਹੋਣਗੇ ਅਤੇ ਸਿਖਰ 'ਤੇ ਰਹਿਣ ਵਾਲੀਆਂ 6 ਟੀਮਾਂ ਪਲੇਅ ਆਫ ਲਈ ਕੁਆਲੀਫਾਈ ਕਰਨਗੀਆਂ। ਇਸ ਵਾਰ ਪਲੇਅ ਆਫ ਫਾਰਮੈਟ 'ਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲੇ ਅਲੀਮੀਨੇਟਰ 'ਚ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਦਾ ਮੁਕਾਬਲਾ 6ਵੇਂ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ ਅਤੇ ਦੂਜੇ ਐਲੀਮੀਨੇਟਰ 'ਚ ਚੌਥੇ ਨੰਬਰ 'ਤੇ ਰਹਿਣ ਵਾਲੀ ਟੀਮ ਦਾ ਮੁਕਾਬਲਾ 6ਵੇਂ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ। ਦੋਵੇਂ ਐਲੀਮੀਨੇਟਰ ਮੁਕਾਬਲੇ (ਨਾਕ ਆਊਟ) 14 ਅਕਤੂਬਰ ਨੂੰ ਖੇਡੇ ਜਾਣਗੇ। ਆਖਰੀ ਚਾਰ 'ਚ ਅੱਪੜਨ ਵਾਲੀਆਂ ਟੀਮਾਂ 16 ਅਕਤੂਬਰ ਨੂੰ ਸੈਮੀਫਾਈਨਲ 'ਚ ਟਕਰਾਉਣਗੀਆਂ ਅਤੇ ਫਾਈਨਲ ਮੁਕਾਬਲਾ 19 ਅਕਤੂਬਰ, 2019 ਨੂੰ ਖੇਡਿਆ ਜਾਵੇਗਾ।
ਟੈਲੀਵਿਜ਼ਨ ਪ੍ਰਸਾਰਨ ਦੀ ਵਜ੍ਹਾ ਕਰਕੇ ਕਬੱਡੀ ਹੁਣ ਤਮਾਮ ਦੇਸ਼ਾਂ ਵਿਚ ਦੇਖੀ ਜਾਂਦੀ ਹੈ। ਮਸ਼ਾਲ ਸਪੋਰਟਸ ਅਤੇ ਸਟਾਰ ਖੇਡ ਚੈਨਲ ਦੇ ਉੱਦਮ ਨਾਲ ਕਬੱਡੀ ਲੀਗ ਨੂੰ ਆਈ.ਪੀ.ਐਲ. ਦੀ ਤਰਜ਼ 'ਤੇ ਖੇਡ ਪ੍ਰੇਮੀਆਂ ਅੱਗੇ ਪੇਸ਼ ਕੀਤਾ ਗਿਆ ਹੈ। ਕਬੱਡੀ ਹੁਣ ਪੇਸ਼ੇਵਰ ਲੀਗ ਆਈ.ਪੀ.ਐਲ. ਅਤੇ ਆਈ.ਐਸ.ਐਲ. ਤੋਂ ਬਾਅਦ ਤੀਜੀ ਅਜਿਹੀ ਖੇਡ ਹੈ, ਜਿਸ ਨੂੰ ਭਾਰਤ ਵਿਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ। ਕਬੱਡੀ ਲੀਗ ਦੀ ਵਧ ਰਹੀ ਲੋਕਪ੍ਰਿਅਤਾ ਦਾ ਵੱਡਾ ਕਾਰਨ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਦਾ ਇਕ ਮੰਚ 'ਤੇ ਖੇਡਣਾ ਹੈ। ਇਤਿਹਾਸਕ ਨਜ਼ਰਸਾਨੀ ਮੁਤਾਬਿਕ ਹੁਣ ਤੱਕ ਇਸ ਲੀਗ ਨੂੰ ਬਤੌਰ ਚੈਂਪੀਅਨ ਜੈਪੁਰ ਪਿੰਕ ਪੈਥਰਸ, ਯੂ. ਮੁੰਬਾ, ਪਟਨਾ ਪਾਇਰੇਟਸ ਅਤੇ ਬੈਂਗਲੁਰੂ ਬੁਲਸ ਨੇ ਆਪਣੇ ਨਾਂਅ ਕੀਤਾ ਹੈ। ਪਟਨਾ ਪਾਇਰੇਟਸ ਅਤੇ ਯੂ. ਮੁੰਬਾ ਇਸ ਲੀਗ ਦੀਆਂ ਸਭ ਤੋਂ ਸਫ਼ਲ ਟੀਮਾਂ ਹਨ। ਹਾਲਾਂਕਿ ਇਸ ਕਬੱਡੀ ਲੀਗ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਖਿਤਾਬੀ ਜੰਗ ਵਿਚ ਆਪਣਾ ਸਭ ਕੁਝ ਦਾਅ 'ਤੇ ਲਗਾ ਦੇਣਗੀਆਂ, ਮੁਕਾਬਲੇ ਬੇਹੱਦ ਕਾਂਟੇਦਾਰ ਹੋਣਗੇ ਪਰ ਕਬੱਡੀ ਪੰਡਿਤਾਂ ਦੀਆਂ ਨਜ਼ਰਾਂ ਵਿਚ ਯੂ.ਪੀ. ਯੋਧਾ, ਪਟਨਾ ਪਾਇਰੇਟਸ ਅਤੇ ਤਮਿਲ ਥਲਾਈਵਾਜ਼ ਇਸ ਵਾਰ ਦਮਦਾਰ ਦਾਅਵੇਦਾਰੀ ਵਜੋਂ ਮੈਦਾਨ 'ਚ ਉਤਰਨਗੇ। ਭਾਰਤ ਦੀ ਸਭ ਤੋਂ ਵੱਡੀ ਕਬੱਡੀ ਲੀਗ ਦੇ ਸਾਰੇ ਮੈਚਾਂ ਦੀ ਸ਼ੁਰੂਆਤ ਸਨਿਚਰਵਾਰ ਸ਼ਾਮ 7.30 ਵਜੇ ਹੋਵੇਗੀ। ਖੈਰ, ਕੌਣ ਬਣੇਗਾ ਚੈਂਪੀਅਨ, ਇਹ ਤਾਂ ਵਕਤ ਹੀ ਦੱਸੇਗਾ ਪਰ ਨਿਰਸੰਦੇਹ ਧਮਾਕੇਦਾਰ ਹੋਵੇਗਾ ਪ੍ਰੋ ਕਬੱਡੀ ਦਾ ਸੱਤਵਾਂ ਅਖਾੜਾ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਖੇਡਾਂ ਲਈ ਇੱਛਾ ਸ਼ਕਤੀ ਤੇ ਜਜ਼ਬਾ ਹੋਣਾ ਜ਼ਰੂਰੀ

ਸੰਸਾਰ ਵਿਚ ਜਿਸ ਨੇ ਵੀ ਕਿਸੇ ਨਾ ਕਿਸੇ ਕੰਮ ਵਿਚ ਮੁਕਾਮ ਹਾਸਲ ਕੀਤੇ ਹਨ, ਉਸ ਨੇ ਦ੍ਰਿੜ੍ਹ ਸੰਕਲਪ ਨਾਲ ਆਪਣੇ ਕੰਮ ਨੂੰ ਹੀ ਆਪਣੀ ਪੂਜਾ ਮੰਨ ਕੇ ਉਸ ਖੇਤਰ ਵਿਚ ਜੀਅ ਤੋੜ ਮਿਹਨਤ ਕੀਤੀ ਹੈ ਤੇ ਸਫਲਤਾ ਹਾਸਲ ਕੀਤੀ ਹੈ। ਕਿਸੇ ਵੀ ਕੰਮ ਲਈ ਜਨੂੰਨ ਹੋਣਾ ਉਸ ਕੰਮ ਦੀ ਸਫਲਤਾ 'ਤੇ ਮੋਹਰ ਲਗਾ ਦਿੰਦਾ ਹੈ। ਖੇਡਾਂ ਦੇ ਖੇਤਰ ਨਾਲ ਜੁੜੇ ਹੋਣ ਕਰਕੇ ਅੱਜ ਅਸੀਂ ਖੇਡਾਂ ਵਿਚ ਖਿਡਾਰੀਆਂ ਅੰਦਰਲੇ ਉਸ ਮਨੋਵਿਗਿਆਨਕ ਪੱਖ ਦੀ ਗੱਲ ਕਰਾਂਗੇ, ਜਿਸ ਨਾਲ ਖਿਡਾਰੀ ਆਪਣੇ ਅੰਦਰ ਸਫਲਤਾ ਦੀ ਭੁੱਖ ਹਮੇਸ਼ਾ ਜਗਾ ਕੇ ਰੱਖਦੇ ਹਨ। ਖਿਡਾਰੀਆਂ ਅੰਦਰ ਇੱਛਾ ਸ਼ਕਤੀ ਅਤੇ ਜਜ਼ਬਾ ਇਕ ਇਹੋ ਜਿਹੀ ਮਨੋਭਾਵਨਾ ਹੈ, ਜਿਸ ਨਾਲ ਖਿਡਾਰੀ ਹਰ ਮੁਸ਼ਕਿਲ ਨਾਲ ਲੜਦਾ ਹੋਇਆ ਆਪਣੇ ਮੁਕਾਮ 'ਤੇ ਪਹੁੰਚਣ ਵਿਚ ਕਾਮਯਾਬ ਰਹਿੰਦਾ ਹੈ।
ਅੱਜ ਹਰ ਖੇਤਰ ਵਿਚ ਆਧੁਨਿਕਤਾ ਆਉਣ ਕਰਕੇ ਮੁਕਾਬਲੇ ਬਹੁਤ ਸਖ਼ਤ ਹੋ ਗਏ ਹਨ ਅਤੇ ਸਖ਼ਤ ਮੁਕਾਬਲਿਆਂ ਵਿਚੋਂ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਵਾਲੇ ਖਿਡਾਰੀ ਹੀ ਅੱਵਲ ਰਹਿਣ ਵਿਚ ਸਫਲ ਹੁੰਦੇ ਹਨ। ਇਹ ਆਮ ਦੇਖਣ ਵਿਚ ਆਂਉਦਾ ਹੈ ਕਿ ਸਾਡੇ ਦੇਸ਼ ਦੇ ਖਿਡਾਰੀ ਰਾਸ਼ਟਰੀ ਪੱਧਰ 'ਤੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ ਪਰ ਅੰਤਰਰਾਸ਼ਟਰੀ ਪੱਧਰ 'ਤੇ ਜਾ ਕੇ ਉਹ ਮਨੋਵਿਗਿਆਨਕ ਤੌਰ 'ਤੇ ਕਮਜ਼ੋਰ ਨਜ਼ਰ ਆਉਂਦੇ ਹਨ ਤੇ ਆਪਣਾ ਅਸਲ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਸ ਤੋਂ ਇਲਾਵਾ ਬਹੁਤ ਸਾਰੇ ਖਿਡਾਰੀ ਸਿਰਫ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚਣ ਅਤੇ ਉਸ ਆਧਾਰ 'ਤੇ ਆਪਣੇ ਭਵਿੱਖ ਨੂੰ ਸੁਧਾਰਨ ਤੱਕ ਹੀ ਸੀਮਤ ਹੁੰਦੇ ਹਨ। ਬਹੁਤੇ ਖਿਡਾਰੀ ਆਪੋ-ਆਪਣਾ ਰੁਜ਼ਗਾਰ ਮਿਲਣ ਤੱਕ ਹੀ ਸੀਮਤ ਹੁੰਦੇ ਹਨ, ਤਾਂ ਹੀ ਸਾਡੇ ਦੇਸ਼ ਦਾ ਖੇਡ ਪ੍ਰਦਰਸ਼ਨ ਅੰਤਰਰਾਸ਼ਟਰੀ ਪੱਧਰ 'ਤੇ ਹੇਠਲੇ ਦਰਜੇ ਦਾ ਹੀ ਰਹਿੰਦਾ ਹੈ, ਜਦੋਂਕਿ ਭਾਰਤ ਕੋਲ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਹੈ ਅਤੇ ਨੌਜਵਾਨ ਸ਼ਕਤੀ ਦੀ ਕੋਈ ਘਾਟ ਨਹੀਂ।
ਕਿਤੇ ਨਾ ਕਿਤੇ ਸਰਕਾਰੀ ਖੇਡ ਨੀਤੀਆਂ ਦੀ ਘਾਟ ਵੀ ਇਸ ਲਈ ਵੱਡੀ ਜ਼ਿੰਮੇਵਾਰ ਹੈ। ਬਹੁਤੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਮਨੋਵਿਗਿਆਨਕ ਸੰਤੁਲਨ ਗਵਾ ਬੈਠਦੇ ਹਨ ਤੇ ਆਪਣੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਪਾਉਂਦੇ। ਪਰ ਜੇਕਰ ਜਜ਼ਬੇ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਦੀ ਗੱਲ ਕਰੀਏ ਤਾਂ ਬਹੁਤ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਸਾਡੇ ਦੇਸ਼ ਦੇ ਖਿਡਾਰੀ ਅਤੇ ਖਿਡਾਰਨਾਂ ਵਲੋਂ ਮੁਸ਼ਕਿਲ ਦੌਰ ਵਿਚੋਂ ਗੁਜ਼ਰਦਿਆਂ ਵੀ ਆਪਣੇ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ਅਤੇ ਉਹ ਦੇਸ਼ ਦੇ ਝੰਡੇ ਨੂੰ ਬੁਲੰਦ ਕਰਨ ਲਈ ਜਾਨ ਦੀ ਬਾਜ਼ੀ ਤੱਕ ਲਗਾ ਜਾਂਦੇ ਹਨ। 2018 ਦੀਆਂ ਏਸ਼ੀਅਨ ਖੇਡਾਂ ਦੀ ਇਕ ਉਦਾਹਰਨ ਸਾਡੇ ਸਭ ਦੇ ਸਾਹਮਣੇ ਹੈ, ਜਿਸ ਵਿਚ ਭਾਰਤੀ ਮੁਟਿਆਰ ਸਵਪਨਾ ਬਰਮਨ ਨੇ ਆਪਣੀ ਸੱਟ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤ ਲਈ ਹੈਪਟਾਥਲਨ ਵਿਚ ਸੋਨ ਤਗਮਾ ਜਿੱਤਿਆ ਸੀ। ਉਸ ਮੁਟਿਆਰ ਦੇ ਚਿਹਰੇ ਦੇ ਹਾਵ-ਭਾਵ ਉਨ੍ਹਾਂ ਖੇਡਾਂ ਵਿਚ ਸਾਫ ਦਿਖਾਈ ਦੇ ਰਹੇ ਸਨ ਕਿ ਉਹ ਕਿਸ ਦ੍ਰਿੜ੍ਹ ਇਰਾਦੇ ਨਾਲ ਦੇਸ਼ ਲਈ ਤਗਮਾ ਜਿੱਤਣਾ ਚਾਹੁੰਦੀ ਹੈ। ਖੇਡਾਂ ਵਿਚ ਭਾਗ ਲੈਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਇੱਛਾ ਸ਼ਕਤੀ ਨਾਲ ਆਪਣੇ-ਆਪ ਨੂੰ ਸਾਬਤ ਕਰਨਾ ਮਾਅਨੇ ਰੱਖਦਾ ਹੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਿਸ ਨੇ ਵੀ ਮੁਸ਼ਕਿਲ ਦੌਰ ਵਿਚੋਂ ਗੁਜ਼ਰਦੇ ਹੋਏ ਅਤੇ ਔਕੜਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮਿਹਨਤ ਜਾਰੀ ਰੱਖੀ ਹੈ, ਉਸ ਨੂੰ ਉਸ ਦਾ ਮੁਕਾਮ ਜ਼ਰੂਰ ਮਿਲਿਆ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਉਡਣਾ ਸਿੱਖ ਮਿਲਖਾ ਸਿੰਘ, ਜਿਸ ਨੇ ਪੂਰੀ ਦੁਨੀਆ ਵਿਚ ਆਪਣੇ ਜਜ਼ਬੇ ਨਾਲ ਭਾਰਤ ਨੂੰ ਇਕ ਵੱਖਰੀ ਪਹਿਚਾਣ ਦਿੱਤੀ।
ਹੋਰ ਅਨੇਕਾਂ ਭਾਰਤੀ ਖੇਡ ਸਿਤਾਰੇ ਜਿਵੇਂ ਕਪਿਲ ਦੇਵ, ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਆਦਿ ਨੇ ਆਪਣੀ ਸਖ਼ਤ ਮਿਹਨਤ ਅਤੇ ਇੱਛਾ ਸ਼ਕਤੀ ਨਾਲ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅੱਜ ਭਾਰਤੀ ਖੇਡ ਦਲਾਂ ਨਾਲ ਮਨੋਵਿਗਿਆਨਕ ਮਾਹਿਰਾਂ ਦਾ ਹੋਣਾ ਵੀ ਇਸੇ ਗੱਲ ਦਾ ਸਬੂਤ ਹੈ ਕਿ ਮਨੋਵਿਗਿਆਨਕ ਤੌਰ 'ਤੇ ਖਿਡਾਰੀਆਂ ਨੂੰ ਫਿੱਟ ਰੱਖਣਾ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਕਿੰਨੀ ਕਾਰਗਰ ਸਾਬਤ ਹੁੰਦੀ ਹੈ। ਇਕ ਸਭ ਤੋਂ ਤਾਜ਼ੀ ਉਦਾਹਰਨ ਨੇ ਦੇਸ਼ ਦੇ ਖੇਡ ਖੇਤਰ ਅਤੇ ਖੇਡ ਪ੍ਰਸੰਸਕਾਂ ਨੂੰ ਮਾਣ ਨਾਲ ਭਰ ਦਿੱਤਾ, ਜਦੋਂ ਬੀਤੇ ਹਫਤੇ ਭਾਰਤੀ ਕੁੜੀਆਂ ਦੀ ਹਾਕੀ ਟੀਮ ਉਲੰਪਿਕ ਦੇ ਸੁਪਨੇ ਨੂੰ ਜਿਊਂਦਾ ਰੱਖਣ ਲਈ ਜਾਪਾਨ ਵਿਚ ਟੂਰਨਾਮੈਂਟ ਖੇਡ ਰਹੀ ਸੀ ਤਾਂ ਭਾਰਤੀ ਖਿਡਾਰਨ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਜਦੋਂ ਭਾਰਤੀ ਅਧਿਕਾਰੀਆਂ ਨੇ ਇਸ ਕੁੜੀ ਨੂੰ ਘਰ ਪਰਤਣ ਦੀ ਸਲਾਹ ਦਿੱਤੀ ਤਾਂ ਇਸ ਕੁੜੀ ਨੇ ਦੇਸ਼ ਲਈ ਆਪਣੇ ਫਰਜ਼ ਨੂੰ ਪਹਿਲ ਦਿੰਦੇ ਹੋਏ ਦੇਸ਼ ਲਈ ਖੇਡਣ ਨੂੰ ਪਹਿਲ ਦਿੱਤੀ ਅਤੇ ਔਖੇ ਵੇਲੇ ਘਰ ਨਾ ਪਰਤ ਕੇ ਦੇਸ਼ ਲਈ ਸੋਨ ਤਗਮਾ ਜਿੱਤ ਕੇ ਉਲੰਪਿਕ ਸੁਪਨੇ ਨੂੰ ਜਿਊਂਦਾ ਰੱਖਿਆ। ਸੋ ਇਹੋ ਜਿਹਾ ਜਜ਼ਬਾ ਜਦੋਂ ਦੇਸ਼ ਦੇ ਨੌਜਵਾਨਾਂ ਅਤੇ ਮੁਟਿਆਰਾਂ ਵਿਚ ਹੋਵੇਗਾ ਅਤੇ ਉਹ ਦੇਸ਼ ਨੂੰ ਪਹਿਲ ਦੇ ਕੇ ਆਪਣੇ ਖੂਨ-ਪਸੀਨੇ ਨੂੰ ਦੇਸ਼ ਲਈ ਵਹਾਉਣਗੇ ਤਾਂ ਦੇਸ਼ ਦਾ ਖੇਡ ਕੌਸ਼ਲ ਨਿਖਰ ਕੇ ਸਾਹਮਣੇ ਆਵੇਗਾ।


-ਮੋਬਾ: 94174-79449

ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਨਾਂਅ ਦਰਜ ਹੈ ਆਦਿਲ ਅੰਸਾਰੀ ਦਾ

ਆਦਿਲ ਅੰਸਾਰੀ ਮੁੰਬਈ ਦਾ ਹੀ ਮਾਣ ਨਹੀਂ, ਸਗੋਂ ਦੇਸ਼ ਦਾ ਮਾਣ ਹੈ, ਇਸੇ ਲਈ ਤਾਂ ਉਸ ਨੂੰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਂਅ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ ਅਤੇ ਉਸ ਨੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਹੌਸਲੇ ਬੁਲੰਦ ਹੋਣ ਤਾਂ ਮੰਜ਼ਿਲਾਂ ਪਾਉਣ ਤੋਂ ਰੋਕਿਆ ਨਹੀਂ ਜਾ ਸਕਦਾ। ਆਦਿਲ ਅੰਸਾਰੀ ਮੁੰਬਈ ਦੇ ਥਾਣਾ ਜ਼ਿਲ੍ਹੇ ਦੇ ਕਸਬਾ ਭਿਵੰਡੀ ਦਾ ਜੰਮਪਲ ਹੈ ਅਤੇ ਸਾਲ 2002 ਵਿਚ ਉਹ ਆਪਣੇ ਦੋਸਤਾਂ ਨਾਲ ਆਪਣੇ ਸ਼ਹਿਰ ਦੇ ਨਾਲ ਲਗਦੀ ਨਦੀ ਵਿਚ ਤੈਰਨ ਲਈ ਗਿਆ ਸੀ ਅਤੇ ਜਦ ਉਹ ਗੋਤਾ ਲਗਾਉਣ ਲਈ ਨਦੀ ਦੇ ਅੰਦਰ ਗਿਆ ਤਾਂ ਉਸ ਦਾ ਸਿਰ ਇਕ ਪੱਥਰ ਨਾਲ ਟਕਰਾ ਗਿਆ ਅਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ। ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਦੀ ਪੁਸ਼ਟੀ ਕਰ ਦਿੱਤੀ, ਜਿਸ ਦਾ ਕੋਈ ਇਲਾਜ ਨਹੀਂ ਸੀ ਅਤੇ ਆਦਿਲ ਅੰਸਾਰੀ ਦਾ ਹੇਠਲਾ ਹਿੱਸਾ ਸੁੰਨ ਹੋ ਗਿਆ ਅਤੇ ਆਦਿਲ ਸਾਰੀ ਉਮਰ ਲਈ ਵੀਲ੍ਹਚੇਅਰ ਦੇ ਸਹਾਰੇ ਤੁਰਨ ਲਈ ਮਜਬੂਰ ਹੋ ਗਿਆ।
ਅਦਿਲ ਅੰਸਾਰੀ ਨੂੰ ਰੰਗਲਾ ਸੰਸਾਰ ਇਕ ਵਾਰ ਧੁੰਦਲਾ ਹੁੰਦਾ ਜਾਪਿਆ ਪਰ ਕੁਦਰਤ ਦਾ ਭਾਣਾ ਮੰਨ ਕੇ ਉਸ ਨੇ ਇਹ ਸਵੀਕਾਰ ਕਰ ਲਿਆ ਅਤੇ ਵੀਲ੍ਹਚੇਅਰ 'ਤੇ ਬੈਠ ਹੀ ਆਪਣਾ ਭਵਿੱਖ ਤਲਾਸ਼ਣ ਲੱਗਿਆ। ਆਦਿਲ ਨੇ ਸੋਚਿਆ ਕਿ ਕੁਝ ਅਜਿਹਾ ਕੀਤਾ ਜਾਵੇ ਕਿ ਲੋਕ ਉਸ ਨੂੰ ਅਪਾਹਜ ਨਹੀਂ, ਸਗੋਂ ਜਾਂਬਾਜ਼ ਕਹਿਣ। ਆਦਿਲ ਅੰਸਾਰੀ ਨੇ ਅਪਾਹਜ ਹੋਣ ਦੇ ਬਾਵਜੂਦ ਡਰਾਈਵਿੰਗ ਯਾਨਿ ਕਾਰ ਚਲਾਉਣੀ ਸਿੱਖ ਲਈ ਅਤੇ 90 ਫੀਸਦੀ ਅਪਾਹਜ ਹੋਣ ਦੇ ਬਾਵਜੂਦ ਉਸ ਨੇ ਕਾਰ ਦੀ ਰੇਸ ਲਗਾਉਣ ਦੀ ਠਾਣ ਲਈ ਅਤੇ 29 ਜਨਵਰੀ, 2015 ਨੂੰ ਮੁੰਬਈ ਦੇ ਸਾਂਤਾਕਰੁਜ਼ ਡੋਮੈਸਟਿਕ ਏਅਰਪੋਰਟ ਤੋਂ ਕਾਰ ਦੌੜਾਈ ਅਤੇ ਮੁੰਬਈ ਤੋਂ ਦਿੱਲੀ, ਕਲਕੱਤਾ, ਚੇਨਈ ਹੁੰਦਾ ਹੋਇਆ ਉਹ 7 ਦਿਨਾਂ ਵਿਚ 6000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਦ ਮੁੰਬਈ ਵਾਪਸ ਪਰਤਿਆ ਤਾਂ ਉਸ ਦੇ ਜਜ਼ਬੇ ਨੂੰ ਪੂਰੀ ਮੁੰਬਈ ਨੇ ਸਲਾਮ ਕੀਤਾ ਅਤੇ ਉਸ ਨੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਆਦਿਲ ਨੇ 3 ਦਸੰਬਰ, 2013 ਵਿਚ ਹੀ ਐਕਟਿਵਾ ਸਕੂਟਰੀ ਨੂੰ ਮੋਡੀਫਾਈ ਕਰਕੇ ਡਰਾਈਵਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਅੱਜ ਉਸ ਦੇ ਨਾਂਅ ਕਈ ਵੱਡੇ ਰਿਕਾਰਡ ਬੋਲਦੇ ਹਨ। ਇਥੇ ਹੀ ਬਸ ਨਹੀਂ, ਆਦਿਲ ਅੰਸਾਰੀ ਇਕ ਵੱਡਾ ਤੀਰਅੰਦਾਜ਼ ਵੀ ਹੈ। ਸਾਲ 2016 ਵਿਚ ਹਰਿਆਣਾ ਦੇ ਸ਼ਹਿਰ ਰੋਹਤਕ ਵਿਖੇ ਹੋਈ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਜਿਥੇ ਉਸ ਨੇ ਸੋਨ ਤਗਮਾ ਆਪਣੇ ਨਾਂਅ ਕਰਕੇ ਕਾਰ ਰੇਸਰ ਹੋਣ ਦੇ ਨਾਲ-ਨਾਲ ਇਕ ਸਫਲ ਤੀਰਅੰਦਾਜ਼ ਹੋਣ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ।
ਸਾਲ 2017 ਵਿਚ ਹੀ ਇਕ ਵਾਰ ਫਿਰ ਰੋਹਤਕ ਵਿਖੇ ਨੈਸ਼ਨਲ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਭਾਗ ਲਿਆ ਅਤੇ ਸੋਨ ਤਗਮਾ ਜਿੱਤ ਕੇ ਚੈਂਪੀਅਨ ਬਣਿਆ ਅਤੇ ਹਰਿਆਣਾ ਵਿਖੇ ਹੀ ਸਾਲ 2018 ਵਿਚ ਤੀਸਰੀ ਆਰਚਰੀ ਚੈਂਪੀਅਨਸ਼ਿਪ ਵਿਚ ਤੀਰਅੰਦਾਜ਼ੀ ਕਰਕੇ 2 ਸੋਨ ਤਗਮੇ ਜਿੱਤ ਕੇ ਤੀਜੀ ਵਾਰ ਚੈਂਪੀਅਨ ਬਣਿਆ। ਸਾਲ 2017 ਵਿਚ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਸਾਲ 2018 ਵਿਚ ਵਰਲਡ ਪੈਰਾ ਆਰਚਰੀ ਰੈਂਕਿੰਗ ਟੂਰਨਾਮੈਂਟ ਵਿਚ ਵੀ ਭਾਰਤ ਵਲੋਂ ਹਿੱਸਾ ਲਿਆ ਅਤੇ ਸਾਲ 2019 ਵਿਚ ਦੁਬਈ ਵਿਚ ਫਾਜਾ ਪੈਰਾ ਆਰਚਰੀ ਟੂਰਨਾਮੈਂਟ ਅਤੇ ਨੀਦਰਲੈਂਡ ਵਿਚ ਵੀ ਵਰਲਡ ਪੈਰਾ ਆਰਚਰੀ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਭਾਗ ਲਿਆ ਅਤੇ ਤਗਮੇ ਜਿੱਤ ਕੇ ਭਾਰਤ ਦੀ ਸ਼ਾਨ ਉੱਚੀ ਕੀਤੀ। ਆਦਿਲ ਅੰਸਾਰੀ ਦਾ ਸਫ਼ਰ ਅਤੇ ਪ੍ਰਾਪਤੀਆਂ ਲਗਾਤਾਰ ਜਾਰੀ ਹਨ ਅਤੇ ਉਸ ਦਾ ਸੁਪਨਾ ਹੈ ਕਿ ਉਹ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੋਇਆ ਉਲੰਪਿਕ ਵਿਚ ਸੋਨ ਤਗਮਾ ਲੈ ਕੇ ਆਵੇ। ਆਦਿਲ ਅੰਸਾਰੀ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਸਾਲ 2017-2018 ਵਿਚ ਮਹਾਰਾਸ਼ਟਰ ਸਰਕਾਰ ਨੇ ਆਦਿਲ ਅੰਸਾਰੀ ਨੂੰ ਸਟੇਟ ਪੁਰਸਕਾਰ ਏਕਲਵਿਆ ਰਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ। ਆਦਿਲ ਅੰਸਾਰੀ ਆਖਦਾ ਹੈ ਕਿ, 'ਅਪਾਹਜ ਹੋਨੇ ਕੇ ਬਾਅਦ ਜ਼ਿੰਦਗੀ ਰੁਕ ਨਹੀਂ ਜਾਤੀ, ਹੌਸਲੇ ਸੇ ਚਲੋਗੇ ਤੋ ਮੰਜ਼ਿਲੇਂ ਛੁਪ ਨਹੀਂ ਜਾਤੀ।'


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ। ਮੋਬਾ: 98551-14484

ਭਾਰਤੀ ਤੀਰਅੰਦਾਜ਼ੀ ਦਾ ਨਵਾਂ ਹਸਤਾਖ਼ਰ ਵਿਨਾਇਕ ਵਰਮਾ

ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਾਸੀ ਰੋਡ, ਪਟਿਆਲਾ ਵਿਖੇ 11ਵੀਂ ਜਮਾਤ 'ਚ ਪੜ੍ਹ ਰਿਹਾ ਤੀਰਅੰਦਾਜ਼ ਵਿਨਾਇਕ ਵਰਮਾ ਜਿਸ ਅੰਦਾਜ਼ 'ਚ ਆਪਣੀਆਂ ਖੇਡ ਪ੍ਰਾਪਤੀਆਂ ਦਾ ਗ੍ਰਾਫ ਦਿਨੋ-ਦਿਨ ਉੱਪਰ ਲਿਜਾ ਰਿਹਾ ਹੈ, ਨਗਰ ਨਿਗਮ ਪਟਿਆਲਾ ਦੇ ਮੁਲਾਜ਼ਮ ਵਿਸ਼ਾਲ ਵਰਮਾ ਤੇ ਸ੍ਰੀਮਤੀ ਮੁਨੀਸ਼ਾ ਵਰਮਾ ਦੇ ਘਰ 25 ਜੁਲਾਈ, 2003 ਨੂੰ ਜਨਮੇ ਵਿਨਾਇਕ ਵਰਮਾ ਨੇ 9 ਸਾਲ ਦੀ ਉਮਰ 'ਚ ਐਨ.ਆਈ.ਐਸ. ਪਟਿਆਲਾ ਦੇ ਕੋਚ ਵਿਕਾਸ ਸ਼ਾਸਤਰੀ ਤੋਂ ਤੀਰਅੰਦਾਜ਼ੀ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਉਸ ਨੇ ਪਹਿਲੀ ਵਾਰ ਕੌਮੀ ਸਕੂਲ ਖੇਡਾਂ ਦੇ ਅੰਡਰ-14 ਵਰਗ (ਰਿਕਰਵ) 'ਚ ਇੰਦੌਰ ਵਿਖੇ ਚਾਂਦੀ ਦਾ ਤਗਮਾ ਜਿੱਤਿਆ। ਵਿਨਾਇਕ ਦੇ ਦਾਦਾ ਸ੍ਰੀ ਰਾਮ ਪ੍ਰਕਾਸ਼ ਤੇ ਮਾਤਾ-ਪਿਤਾ ਨੇ ਉਕਤ ਪ੍ਰਾਪਤੀਆਂ ਨੂੰ ਦੇਖਦੇ ਹੋਏ, ਆਪਣੇ ਬੇਟੇ ਦੀ ਖੇਡ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਉਸ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ। ਪਿਛਲੇ 3 ਸਾਲ ਤੋਂ ਕੋਚ ਗੌਰਵ ਸ਼ਰਮਾ ਤੋਂ ਸਿਖਲਾਈ ਲੈ ਰਹੇ ਵਿਨਾਇਕ ਨੇ ਅੰਡਰ-17 (ਰਿਕਰਵ) ਤਹਿਤ ਕੌਮੀ ਸਕੂਲ ਖੇਡਾਂ ਜਗਦਲਪੁਰ (ਛਤੀਸਗੜ੍ਹ) ਵਿਖੇ ਵਿਅਕਤੀਗਤ ਤੇ ਟੀਮ ਮੁਕਾਬਲਿਆਂ 'ਚੋਂ ਪਹਿਲੀ ਵਾਰ ਸੋਨ ਤਗਮੇ ਜਿੱਤੇ। ਫਿਰ ਉਸ ਨੇ ਰਾਂਚੀ (ਝਾਰਖੰਡ) ਵਿਖੇ ਹੋਈਆਂ ਕੌਮੀ ਸਕੂਲ ਖੇਡਾਂ 'ਚੋਂ ਵੀ 2 ਸੋਨ ਤਗਮੇ ਜਿੱਤੇ।
ਪਿਛਲੇ ਵਰ੍ਹੇ ਵਿਨਾਇਕ ਨੇ ਖੇਲੋ ਇੰਡੀਆ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਦੇ ਨਾਲ ਅੰਡਰ-17 ਵਰਗ 'ਚ ਨਵਾਂ ਕੌਮੀ ਕੀਰਤੀਮਾਨ (676/720) ਸਿਰਜਿਆ, ਜੋ ਅੱਜ ਵੀ ਕਾਇਮ ਹੈ। ਜਿਸ ਸਦਕਾ ਵਿਨਾਇਕ ਦੇਸ਼ ਦਾ ਸਰਬੋਤਮ ਤੀਰਅੰਦਾਜ਼ ਚੁਣਿਆ ਗਿਆ। ਪਿਛਲੇ ਵਰ੍ਹੇ ਵਿਨਾਇਕ ਨੇ ਬੰਗਲਾਦੇਸ਼ ਵਿਖੇ ਹੋਈ ਦੱਖਣੀ ਏਸ਼ੀਆ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਅਤੇ ਮੁੰਬਈ ਦੇ ਅਜਮੇਰ ਆਈਲੈਂਡ ਵਿਖੇ ਹੋਏ ਕੌਮਾਂਤਰੀ ਟੂਰਨਾਮੈਂਟ 'ਚੋਂ ਸੋਨ ਤਗਮਾ ਜਿੱਤ ਕੇ, ਆਪਣਾ ਕੌਮਾਂਤਰੀ ਸਫਰ ਸ਼ੁਰੂ ਕੀਤਾ। ਇਨ੍ਹਾਂ ਪ੍ਰਾਪਤੀਆਂ ਸਦਕਾ ਵਿਨਾਇਕ ਵਰਮਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਪੱਧਰੀ ਪੁਰਸਕਾਰ ਨਾਲ ਅਤੇ ਉਸ ਦੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੈਕੰਡਰੀ ਸਕੂਲ ਪਟਿਆਲਾ ਵਲੋਂ ਪ੍ਰਿੰ: ਤੋਤਾ ਸਿੰਘ ਚਹਿਲ ਦੀ ਅਗਵਾਈ 'ਚ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਵਿਨਾਇਕ ਵਰਮਾ ਦੀ ਹਾਲ ਹੀ ਵਿੱਚ ਵਿਸ਼ਵ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ ਮੈਡਰਿਡ (ਸਪੇਨ) ਲਈ ਚੋਣ ਭਾਰਤੀ ਟੀਮ 'ਚ ਚੋਣ ਹੋਈ ਹੈ, ਜੋ 16 ਅਗਸਤ ਤੋਂ ਆਰੰਭ ਹੋਣੀ ਹੈ।


-ਡਾ: ਸੁਖਦਰਸ਼ਨ ਸਿੰਘ ਚਹਿਲ
ਪਟਿਆਲਾ। ਮੋਬਾ: 9779590575

ਖੇਡ ਪ੍ਰਬੰਧਕ ਦੂਰਦ੍ਰਿਸ਼ਟੀ ਵਾਲੇ ਹੋਣ

ਖੇਡਾਂ ਦੀ ਦੁਨੀਆ 'ਚ ਵਿਚਰਨ ਵਾਲਾ ਆਦਮੀ ਅਕਸਰ ਇਸ ਜਗਤ ਦੇ ਵੱਖ-ਵੱਖ ਪੱਖਾਂ, ਵੱਖ-ਵੱਖ ਪਾਸਾਰਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਦੇਖਦਾ ਰਹਿੰਦਾ ਹੈ ਤੇ ਵਿਚਾਰਦਾ ਵੀ ਹੈ। ਸਾਡੀ ਜਾਚੇ ਖੇਡ ਜਗਤ 'ਚ ਜਦੋਂ ਅਸੀਂ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਤਾਂ ਇਕ ਵੱਡਾ ਮੁੱਦਾ ਜੋ ਸਾਡੇ ਰੂਬਰੂ ਆਉਂਦਾ ਹੈ, ਉਹ ਹੈ ਚੰਗੇ ਖੇਡ ਪ੍ਰਬੰਧਕਾਂ ਦੀ ਘਾਟ। ਇਹ ਉਹ ਕਮੀ ਹੈ, ਜੋ ਚੰਗੀਆਂ ਸਹੂਲਤਾਂ ਹੋਣ ਦੇ ਬਾਵਜੂਦ ਖੇਡਾਂ ਦੇ ਸਹੀ ਵਿਕਾਸ ਦੇ ਰਾਹ 'ਚ ਰੁਕਾਵਟ ਹੈ। ਜਦੋਂ ਅਸੀਂ ਪ੍ਰਬੰਧਕ ਦੀ ਗੱਲ ਕਰਦੇ ਹਾਂ ਤਾਂ ਸਾਡੀ ਮੁਰਾਦ ਸਕੂਲਾਂ-ਕਾਲਜਾਂ ਦੇ ਖੇਡ ਵਿਭਾਗ, ਖੇਡ ਕਲੱਬ, ਖੇਡ ਅਕੈਡਮੀਆਂ ਜ਼ਿਲ੍ਹਾ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਖੇਡਾਂ ਨੂੰ ਚਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਤੋਂ ਹੈ। ਸਾਨੂੰ ਇਨ੍ਹਾਂ ਸਭਨਾਂ ਖੇਡ ਇਕਾਈਆਂ 'ਚ ਕੁਝ ਕਮੀਆਂ ਨਜ਼ਰ ਆਉਂਦੀਆਂ ਹਨ। ਇਥੋਂ ਤੱਕ ਕਿ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਆਯੋਜਕਾਂ ਦਾ ਸ਼ੁਮਾਰ ਵੀ ਅਸੀਂ ਖੇਡ ਪ੍ਰਬੰਧਕਾਂ 'ਚ ਹੀ ਕਰਦੇ ਹਾਂ।
ਸਾਡੇ ਖੇਡ ਪ੍ਰਬੰਧਕ ਜਦ ਤੱਕ ਖੇਡਾਂ ਨੂੰ ਸਮਰਪਿਤ ਨਹੀਂ ਹੁੰਦੇ, ਤਦ ਤੱਕ ਉਨ੍ਹਾਂ ਦੇ ਮਾਰਗ ਦਰਸ਼ਨ 'ਚ ਚੱਲ ਰਹੀ ਖੇਡ ਸੰਸਥਾ ਤੋਂ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਪ੍ਰਬੰਧਕਾਂ ਨੂੰ ਆਪਣੇ ਨਿੱਜੀ ਹਿਤ ਜ਼ਿਆਦਾ ਪਿਆਰੇ ਹੁੰਦੇ ਹਨ। ਚੌਧਰ ਦੀ ਭੁੱਖ ਅਤੇ ਕੁਰਸੀ ਦਾ ਮੋਹ ਉਨ੍ਹਾਂ ਨੂੰ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਕਦੇ ਇਨਸਾਫ਼ ਨਹੀਂ ਕਰਨ ਦਿੰਦਾ। ਉਹ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਜੋ ਚੌਧਰ ਅਤੇ ਕੁਰਸੀ ਮਿਲੀ ਹੈ, ਉਸ ਦਾ ਕਾਰਨ ਖਿਡਾਰੀ ਹਨ, ਖਿਡਾਰੀਆਂ ਦੀਆਂ ਕੀ ਜ਼ਰੂਰਤਾਂ ਹਨ, ਕੀ-ਕੀ ਸਮੱਸਿਆਵਾਂ ਹਨ, ਖਿਡਾਰੀ ਆਪਣੀ ਖੇਡ 'ਚ ਕਿਵੇਂ ਅੱਗੇ ਵਧ ਸਕਦੇ ਹਨ। ਖੇਡ ਪ੍ਰਬੰਧਕਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੁੰਦਾ। ਵੱਡੇ-ਵੱਡੇ ਖੇਡ ਪ੍ਰਬੰਧਕ ਸਿਰਫ ਨਾਂਅ ਦੇ ਹੀ ਉਸ ਖੇਡ ਸੰਸਥਾ ਦੇ ਮੁਖੀ ਹੁੰਦੇ ਹਨ, ਕੰਮ ਉਨ੍ਹਾਂ ਦਾ ਕੋਈ ਹੋਰ ਬੰਦੇ ਚਲਾ ਰਹੇ ਹੁੰਦੇ ਹਨ, ਜਿਨ੍ਹਾਂ ਦੇ ਆਪਣੇ ਨਿੱਜੀ ਹਿਤ ਵੀ ਹੁੰਦੇ ਹਨ।
ਖਿਡਾਰੀਆਂ ਲਈ ਚੰਗੇ ਮੈਦਾਨ ਪੈਦਾ ਕਰਨੇ, ਖੇਡ ਵਿੰਗਾਂ ਦੀ ਰਕਮ ਨੂੰ ਸਹੀ ਇਸਤੇਮਾਲ ਕਰਨਾ, ਪ੍ਰਦਰਸ਼ਨੀ ਮੈਚਾਂ ਦਾ ਆਯੋਜਨ ਕਰਵਾਉਣਾ, ਖੇਡ ਟੂਰਨਾਮੈਂਟਾਂ ਨੂੰ ਸਹੀ ਤਰੀਕੇ ਨਾਲ ਆਯੋਜਿਤ ਕਰਵਾਉਣਾ, ਖੇਡ ਪ੍ਰੇਮੀਆਂ ਦਾ ਭਰਵਾਂ ਇਕੱਠ ਕਰਨਾ, ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ ਯਕੀਨੀ ਬਣਾਉਣੀ, ਖਿਡਾਰੀਆਂ ਦੀ ਪੜ੍ਹਾਈ ਦਾ ਵੀ ਉਚਿਤ ਧਿਆਨ ਰੱਖਣਾ, ਉਨ੍ਹਾਂ ਦੀ ਸ਼ਖ਼ਸੀਅਤ ਬਹੁਪੱਖੀ ਬਣਾਉਣੀ, ਉਨ੍ਹਾਂ ਲਈ ਉਚਿਤ ਮੈਡੀਕਲ ਸਹੂਲਤਾਂ ਦਾ ਇੰਤਜ਼ਾਮ ਕਰਨਾ, ਇਨ੍ਹਾਂ ਸਾਰੇ ਪੱਖਾਂ ਦੀ ਇਨ੍ਹਾਂ ਖੇਡ ਸੰਸਥਾਵਾਂ 'ਚ ਕਮੀ ਹੁੰਦੀ ਹੈ।
ਸਾਡੀਆਂ ਕੌਮੀ ਖੇਡ ਸੰਸਥਾਵਾਂ ਵੀ ਜਿਸ ਖੇਡ ਲਈ ਹੋਂਦ 'ਚ ਆਈਆਂ ਹੁੰਦੀਆਂ ਹਨ, ਉਸ ਖੇਡ ਦਾ ਮੁਕੰਮਲ ਵਿਕਾਸ ਨਹੀਂ ਕਰ ਪਾਉਂਦੀਆਂ। ਇਨ੍ਹਾਂ ਖੇਡ ਸੰਸਥਾਵਾਂ ਦੇ ਚੌਧਰੀ ਵੱਡੇ-ਵੱਡੇ ਐਲਾਨ ਕਰਦੇ ਹਨ ਕਿ ਉਹ ਲੱਖਾਂ ਰੁਪਏ ਭੁਚਾਲ ਪੀੜਤਾਂ ਅਤੇ ਹੜ੍ਹ ਪੀੜਤਾਂ ਨੂੰ ਭੇਜ ਰਹੇ ਹਨ ਪਰ ਸਹੀ ਮਾਅਨਿਆਂ 'ਚ ਜਿਸ ਖੇਡ ਦੇ ਵਿਕਾਸ ਲਈ ਉਹ ਬਣੀਆਂ ਹਨ, ਉਸ ਖੇਡ 'ਚ ਸਹੂਲਤਾਂ ਤੇ ਚੰਗੇ ਤਾਣੇ-ਬਾਣੇ ਦਾ ਜੋ ਸੋਕਾ ਪਿਆ ਹੈ, ਉਹ ਇਨ੍ਹਾਂ ਚੌਧਰੀਆਂ ਨੂੰ ਨਹੀਂ ਦਿਸਦਾ, ਕਿਉਂਕਿ ਉਨ੍ਹਾਂ ਦੀ ਦ੍ਰਿਸ਼ਟੀ ਦੂਰਦਰਸ਼ੀ ਨਹੀਂ ਹੁੰਦੀ। ਉਨ੍ਹਾਂ ਦੇ ਕੁਰਸੀ ਸੰਭਾਲਣ ਤੋਂ ਲੈ ਕੇ ਕੁਰਸੀ ਛੱਡਣ ਤੱਕ, ਉਹ ਖੇਡ ਉਥੇ ਹੀ ਖੜ੍ਹੀ ਰਹਿੰਦੀ ਹੈ। ਕੁਝ ਸਾਲ ਆਪਣੀ ਚੌਧਰ ਦਿਖਾ ਕੇ, ਕੁਝ ਸਮਾਜ ਸੁਧਾਰ ਸੰਸਥਾਵਾਂ ਵਲੋਂ ਕੰਮ ਕਰਕੇ ਉਹ ਤੁਰਦੇ ਬਣ ਗਏ। ਖੇਡ ਅਤੇ ਖਿਡਾਰੀਆਂ ਦਾ ਕੁਝ ਨਾ ਸੰਵਾਰਿਆ। ਸਾਡੀ ਮੁਰਾਦ ਹੈ, ਜੋ ਵੀ ਖੇਡ ਸੰਸਥਾ ਹੈ, ਚਾਹੇ ਉਹ ਕਿਸੇ ਵੀ ਰੂਪ 'ਚ ਹੋਵੇ, ਕਿਸੇ ਵੀ ਪੱਧਰ ਦੀ ਹੋਵੇ, ਉਸ ਨੂੰ ਆਪਣੀ ਖੇਡ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ, ਉਹ ਜਾਂ ਤਾਂ ਧਾਰਮਿਕ ਸੰਸਥਾਵਾਂ ਵਾਲੇ ਕੰਮ ਕਰ ਰਹੀਆਂ ਹੁੰਦੀਆਂ ਹਨ ਜਾਂ ਸਮਾਜ ਸੇਵੀ ਸੰਸਥਾਵਾਂ ਵਾਲੇ। ਖੇਡ ਦੀ ਲੋਕਪ੍ਰਿਅਤਾ ਵਧਾਉਣੀ, ਖੇਡ ਨੂੰ ਮਾਰਕੀਟਿੰਗ ਕਰਨ ਦੀ ਕੋਈ ਨੀਤੀ ਬਣਾਉਣੀ, ਆਉਣ ਵਾਲੀ ਪੀੜ੍ਹੀ ਨੂੰ ਉਸ ਖੇਡ ਨਾਲ ਜੋੜਨ ਦੇ ਉਪਰਾਲੇ ਕਰਨ ਲਈ ਚੰਗੀ ਸੂਝ-ਬੂਝ ਦੀ ਲੋੜ ਹੁੰਦੀ ਹੈ ਜੋ ਕਿ ਸਾਡੀਆਂ ਖੇਡ ਸੰਸਥਾਵਾਂ ਦੇ ਮੁਖੀਆਂ ਕੋਲ ਨਹੀਂ ਹੁੰਦੀ। ਖੇਡ ਜਗਤ ਦੇ ਭਲੇ ਲਈ ਜ਼ਰੂਰੀ ਹੈ ਕਿ ਵੱਖ-ਵੱਖ ਖੇਡ ਸੰਸਥਾਵਾਂ ਦੇ ਮੁਖੀ ਉਸ ਖੇਡ ਦੇ ਵਿਕਾਸ ਲਈ ਦੂਰਦ੍ਰਿਸ਼ਟੀ ਦੇ ਮਾਲਕ ਹੋਣ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਫੋਨ : 98155-35410

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX