ਤਾਜਾ ਖ਼ਬਰਾਂ


ਬਿਜਲੀ ਬਿੱਲ 2020 ਨੂੰ ਲਾਗੂ ਕਰਨ ਰੋਣ ਤੋਂ ਰੋਕਣ ਸੰਬੰਧੀ ਜਨਤਕ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ ਰੋਸ ਰੈਲੀ
. . .  7 minutes ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ 16 ਜਥੇਬੰਦੀਆਂ ਦੇ ਆਧਾਰ 'ਤੇ ਬਣੀ ਹੋਈ ਸੰਘਰਸ਼ ਕਮੇਟੀ ਵਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ...
ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਤਾ ਧਰਨਾ
. . .  12 minutes ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਅਤੇ ਬਰਨਾਲਾ ਨੇ ਪੰਜਾਬ ਦੀਆਂ 16 ਸੰਘਰਸ਼ ਜਥੇਬੰਦੀਆਂ ਦੇ ਸੱਦੇ 'ਤੇ ਜਰਨੈਲ ਸਿੰਘ ਜਵੰਧਾ ਦੀ...
ਪਠਾਨਕੋਟ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  29 minutes ago
ਠਾਨਕੋਟ, 3 ਜੂਨ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਅਤੇ ਸਿਹਤ ਵਿਭਾਗ ਕੋਲੋਂ ਅੱਜ 107 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ...
ਦੋ ਪਹੀਆ ਵਾਹਨ 'ਤੇ ਦੋ ਸਵਾਰੀਆਂ ਦੇ ਜਾਣ ਦੀ ਇਜਾਜ਼ਤ ਦੀ ਲੋਕਾਂ ਵਲੋਂ ਮੰਗ
. . .  33 minutes ago
ਜੰਡਿਆਲਾ ਗੁਰੂ, 3 ਜੂਨ (ਰਣਜੀਤ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਜਾਰੀ ਹਦਾਇਤਾਂ ਤਹਿਤ ਪੰਜਾਬ ਪੁਲਿਸ ਵਲੋਂ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੋਰ...
ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਦੇ ਸਿਆਸੀ ਸਕੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  41 minutes ago
ਪਾਤੜਾਂ, 3 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)- ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਿਆਸੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਧਕ ਸਕੱਤਰ...
ਜਸਪਾਲ ਸਿੰਘ ਘੁਮਾਣ ਨੇ ਸੰਭਾਲਿਆ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਦਾ ਚਾਰਜ
. . .  45 minutes ago
ਸੰਗਰੂਰ, 3 ਜੂਨ (ਧੀਰਜ ਪਸ਼ੋਰੀਆ)- ਸ. ਜਸਪਾਲ ਸਿੰਘ ਘੁਮਾਣ ਨੇ ਅੱਜ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਦਾ ਚਾਰਜ ਸੰਭਾਲਿਆ ਹੈ। ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹਾਂ...
ਦੇਸ਼ ਦਾ ਨਾਂ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖ਼ਾਰਜ
. . .  47 minutes ago
ਨਵੀਂ ਦਿੱਲੀ, 3 ਜੂਨ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਅੱਜ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ...
ਆਮ ਆਦਮੀ ਪਾਰਟੀ ਨੇ ਘੇਰੀ ਓ. ਪੀ. ਸੋਨੀ ਦੀ ਕੋਠੀ
. . .  55 minutes ago
ਅੰਮ੍ਰਿਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ, ਰਾਜੇਸ਼ ਕੁਮਾਰ ਸੰਧੂ)- ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਪੱਧਰ 'ਤੇ ਫੀਸਾਂ 'ਚ ਕੀਤੇ ਵਾਧੇ ਦੇ ਮੁੱਦੇ 'ਤੇ ਪੰਜਾਬ ਸਰਕਾਰ ਦੇ ਮੰਤਰੀ ਓਮ ਪ੍ਰਕਾਸ਼ ਸੋਨੀ...
200 ਗ੍ਰਾਮ ਅਫ਼ੀਮ ਅਤੇ ਕਾਰ ਸਮੇਤ ਇੱਕ ਕਾਬੂ
. . .  1 minute ago
ਮਮਦੋਟ, 3 ਜੂਨ (ਸੁਖਦੇਵ ਸਿੰਘ ਸੰਗਮ)- ਸੂਬੇ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਥਾਣਾ ਮਮਦੋਟ ਨੇ ਨਸ਼ਾ ਕਰਨ ਅਤੇ ਵੇਚਣ...
ਲੁਟੇਰੇ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ, ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ
. . .  about 1 hour ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਕਾਲਕੇ ਸੜਕ 'ਤੇ ਸਥਿਤ ਕੇ. ਐੱਸ. ਰਾਣਾ ਇੰਟਰਪ੍ਰਾਈਜ਼ ਦੇ ਅੱਗਿਓਂ ਦੋ ਲੁਟੇਰਿਆਂ ਵਲੋਂ ਗੁਰਪ੍ਰੀਤ ਸਿੰਘ ਨਾਮੀ ਅਕਾਊਂਟੈਂਟ...
ਬਠਿੰਡਾ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਸ਼ਹਿਰ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਹਨ, ਜਿਨ੍ਹਾਂ ਕਾਰਨ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 53 ਹੋ ਗਿਆ। ਪਾਜ਼ੀਟਿਵ...
ਲੁਧਿਆਣਾ 'ਚ ਜਲੰਧਰ ਨਾਲ ਸੰਬੰਧਿਤ ਮਰੀਜ਼ ਦੀ ਕੋਰੋਨਾ ਕਾਰਨ ਮੌਤ
. . .  about 1 hour ago
ਲੁਧਿਆਣਾ, 3 ਜੂਨ (ਸਲੇਮਪੁਰੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜਿਸ ਮਰੀਜ਼ ਦੀ ਮੌਤ ਹੋਈ ਹੈ, ਉਹ ਜਲੰਧਰ ਨਾਲ ਸੰਬੰਧਿਤ...
ਬਾਘਾਪੁਰਾਣਾ : ਤੀਜੇ ਦਿਨ ਵੀ 600 ਟੈਲੀਫ਼ੋਨਾਂ ਤੋਂ ''ਹੈਲੋ-ਹੈਲੋ'' ਬੰਦ, ਮਹਿਕਮਾ ਕਰ ਰਿਹੈ ਬਹਾਨੇਬਾਜ਼ੀ
. . .  about 1 hour ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਸ਼ਹਿਰ ਦੀਆਂ ਕੇਬਲਾਂ ਪਿਛਲੇ ਤਿੰਨ ਦਿਨਾਂ ਤੋਂ ਕੱਟੀਆਂ ਹੋਣ ਕਾਰਨ ਕਰੀਬ 600 ਟੈਲੀਫ਼ੋਨਾਂ ਤੋਂ ''ਹੈਲੋ-ਹੈਲੋ'' ਬੰਦ ਹੋ ਚੁੱਕੀ...
ਬਾਸੀ ਬਣੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਮੈਂਬਰ
. . .  about 1 hour ago
ਪਠਾਨਕੋਟ, 3 ਜੂਨ (ਸੰਧੂ)- ਅੱਜ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਲੁਧਿਆਣਾ ਇਕਾਈ ਦੀ ਮੀਟਿੰਗ ਹੋਈ, ਜਿਸ 'ਚ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਰਦਾਰ...
ਨਿਜਾਮਵਾਹ ਨਹਿਰ ਤੋਂ ਨਿਕਲਣ ਵਾਲੇ ਨਵੇਂ ਮਾਈਨਰ ਦਾ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਰੱਖਿਆ ਨੀਂਹ ਪੱਥਰ
. . .  about 1 hour ago
ਗੁਰੂਹਰਸਹਾਏ, 3 ਜੂਨ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ 'ਚ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀ...
ਪੁਲਵਾਮਾ 'ਚ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 3 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੌਕੇ ਤੋਂ ਸੁਰੱਖਿਆ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ, ਮਲੋਟ 'ਚ ਦੋ ਮਰੀਜ਼ਾਂ ਦੀਆਂ ਰਿਪੋਰਟਾਂ ਆਈਆਂ ਪਾਜ਼ੀਟਿਵ
. . .  about 2 hours ago
ਮਲੋਟ, 3 ਜੂਨ (ਰਣਜੀਤ ਸਿੰਘ ਪਾਟਿਲ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ, ਕਿਉਂਕਿ ਮਲੋਟ 'ਚ ਦੋ ਲੋਕਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ...
ਦੁਬਈ ਤੋਂ 153 ਯਾਤਰੀਆਂ ਨੂੰ ਲੈ ਕੇ ਮੁਹਾਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  about 2 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ)- ਕੋਵਿਡ-19 ਦੇ ਪ੍ਰਕੋਪ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਏਅਰ ਇੰਡੀਆ ਦੀ ਉਡਾਣ ਨੰ. ਏ. ਆਈ...
ਜ਼ਿਲ੍ਹਾ ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ)- ਐੱਸ. ਏ. ਐੱਸ. ਨਗਰ ਅੰਦਰ ਅੱਜ ਸਵੇਰੇ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਪੀੜਤਾਂ ਦੀ...
ਹਲਕਾ ਸ਼ੁਤਰਾਣਾ (ਪਟਿਆਲਾ) 'ਚ ਕੋਰੋਨਾ ਦੀ ਦਸਤਕ, ਸੱਤ ਸਾਲਾ ਬੱਚੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਸ਼ੁਤਰਾਣਾ, 3 ਜੂਨ (ਬਲਦੇਵ ਸਿੰਘ ਮਹਿਰੋਕ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਵੀ ਦਸਤਕ ਦੇ ਦਿੱਤੀ ਹੈ ਅਤੇ ਇਕ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ...
ਘਰ ਜਵਾਈ ਵਲੋਂ ਕੁਹਾੜੇ ਨਾਲ ਹਮਲਾ ਕਰਕੇ ਪਤਨੀ ਅਤੇ ਭਾਣਜੇ ਦਾ ਕਤਲ
. . .  1 minute ago
ਰੂਪਨਗਰ/ਮੋਰਿੰਡਾ (ਸਤਨਾਮ ਸੱਤੀ)- ਲੰਘੀ ਰਾਤ ਮੋਰਿੰਡਾ 'ਚ ਰਹਿੰਦੇ ਇੱਕ ਘਰ ਜਵਾਈ ਨੇ ਆਪਣੀ ਪਤਨੀ, ਸਾਲੀ ਅਤੇ ਦੋ ਬੱਚਿਆਂ 'ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਮਲਾਵਰ ਦੀ ਪਤਨੀ...
ਮਹਾਰਾਸ਼ਟਰ ਅਤੇ ਗੁਜਰਾਤ ਆ ਰਿਹਾ ਹੈ 'ਨਿਸਰਗ' ਤੂਫ਼ਾਨ
. . .  about 3 hours ago
ਮੁੰਬਈ, 3 ਜੂਨ- ਮਹਾਰਾਸ਼ਟਰ ਅਤੇ ਗੁਜਰਾਤ 'ਚ ਚੱਕਰਵਾਤੀ ਤੂਫ਼ਾਨ 'ਨਿਸਰਗ' ਅੱਜ ਦਸਤਕ ਦੇਣ ਵਾਲਾ ਹੈ, ਜਿਹੜਾ ਕਿ ਇਨ੍ਹਾਂ ਸੂਬਿਆਂ 'ਚ ਕਾਫ਼ੀ ਤਬਾਹੀ ਮਚਾ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਤੂਫ਼ਾਨ...
ਝਾਰਖੰਡ 'ਚ ਨਕਸਲੀਆਂ ਨੇ ਕਈ ਵਾਹਨਾਂ ਨੂੰ ਲਾਈ ਅੱਗ
. . .  about 3 hours ago
ਰਾਂਚੀ, 3 ਜੂਨ- ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਦੇ ਕਿਸਕੋ ਥਾਣਾ ਇਲਾਕੇ 'ਚ ਬੀਤੀ ਰਾਤ ਨਕਸਲੀਆਂ ਨੇ ਮਾਈਨਿੰਗ ਦਾ ਕੰਮ ਕਰਨ ਵਾਲੇ 11 ਵਾਹਨਾਂ ਨੂੰ ਅੱਗ ਲਗਾ...
ਭਾਰਤ-ਬੰਗਲਾਦੇਸ਼ ਸਰਹੱਦ 'ਤੇ ਆਇਆ ਭੁਚਾਲ
. . .  about 4 hours ago
ਨਵੀਂ ਦਿੱਲੀ, 3 ਜੂਨ - ਭਾਰਤ-ਬੰਗਲਾਦੇਸ਼ ਸਰਹੱਦ ਦੇ ਇਲਾਕੇ 'ਚ ਅੱਜ ਸਵੇਰੇ 7.10 ਦੇ ਕਰੀਬ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ...
ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ, 3 ਜੂਨ - ਦਿੱਲੀ ਦੀ ਰੋਹਿਨੀ ਅਦਾਲਤ ਦੇ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਜੱਜ ਨੇ ਖ਼ੁਦ ਨੂੰ ਕੁਆਰੰਟਾਈਨ ਕਰ ਲਿਆ ਹੈ। ਇਸ ਸਬੰਧੀ ਰੋਹਿਨੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾ ਜੱਜ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ ਤੇ ਹੁਣ ਦੋਵਾਂ ਨੇ ਖ਼ੁਦ ਨੂੰ ਕੁਆਰੰਟਾਈਨ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸੁਖਾਵੀਂ ਤੇ ਸਾਵੀਂ ਪੱਧਰੀ ਜ਼ਿੰਦਗੀ

ਅੱਜ ਦੇ ਯੁੱਗ ਵਿਚ ਮਨੁੱਖੀ ਜ਼ਿੰਦਗੀ ਬਹੁਤ ਹੀ ਗੁੰਝਲਦਾਰ ਬਣ ਗਈ ਹੈ। ਜਿੱਥੇ ਵਿਗਿਆਨ ਅਤੇ ਤਕਨਾਲੋਜੀ ਦੀ ਉੱਨਤੀ ਦੇ ਨਾਲ ਇਨਸਾਨ ਨੇ ਨਵੀਆਂ ਤੋਂ ਨਵੀਆਂ ਕਾਢਾਂ ਕੱਢ ਲਈਆਂ ਹਨ ਅਤੇ ਆਪਣੇ ਸੁਖ ਆਰਾਮ ਲਈ ਕਈ ਤਰ੍ਹਾਂ ਦੀਆਂ ਨਵੀਆਂ ਸਹੂਲਤਾਂ ਦਾ ਪ੍ਰਬੰਧ ਕਰ ਲਿਆ ਹੈ, ਉੱਥੇ ਉਸ ਦੀ ਜ਼ਿੰਦਗੀ ਪੇਚੀਦਾ ਵੀ ਬਣ ਗਈ ਹੈ। ਉਹ ਮਾਨਸਿਕ ਤਣਾਉ, ਚਿੰਤਾ, ਮਾਨਸਿਕ ਸੰਘਰਸ਼, ਦੁਬਿਧਾ, ਡਿਪਰੈਸ਼ਨ ਅਤੇ ਕਈ ਹੋਰ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ, ਜਿਸ ਕਰਕੇ ਉਸ ਦੀ ਮਾਨਸਿਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਹ ਆਸ ਕੀਤੀ ਜਾਂਦੀ ਸੀ ਕਿ ਇਹ ਆਰਾਮ ਦੇਣ ਵਾਲੀਆਂ ਨਵੀਆਂ ਕਾਢਾਂ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਬਣਾ ਦੇਣਗੀਆਂ ਅਤੇ ਜੀਵਨ ਨੂੰ ਖ਼ੁਸ਼ੀ ਨਾਲ ਭਰ ਦੇਣਗੀਆਂ, ਪਰ ਦੇਖਣ ਵਿਚ ਇਹ ਆਇਆ ਹੈ ਕਿ ਮਨੁੱਖ ਦੀ ਜ਼ਿੰਦਗੀ ਦੁੱਖ, ਨਿਰਾਸ਼ਾ, ਵਿਸ਼ਾਦ ਅਤੇ ਅਸਫਲਤਾ ਦੀਆਂ ਭਾਵਨਾਵਾਂ ਨਾਲ ਭਰ ਚੁੱਕੀ ਹੈ। ਮਾਨਸਿਕ ਬਿਮਾਰੀਆਂ ਦੇ ਨਾਲ ਉਸ ਦੀਆਂ ਸਰੀਰਕ ਬਿਮਾਰੀਆਂ ਵੀ ਵਧ ਗਈਆਂ ਹਨ ਕਿਉਂਕਿ ਡਾਕਟਰ ਦੱਸਦੇ ਹਨ ਕਿ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਮਨੋਵਿਗਿਆਨਕ ਹੀ ਹੁੰਦਾ ਹੈ। ਅੱਜ ਇਕ ਆਦਮੀ ਨਿਮੂਨੀਆ ਜਾਂ ਤਪਦਿਕ ਨਾਲ ਨਹੀਂ ਮਰਦਾ, ਪਰੰਤੂ ਅੱਜ ਦੇ ਮਨੁੱਖ ਨੂੰ ਦਿਲ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ, ਸ਼ੁਗਰ ਰੋਗ ਵੱਧ ਰਿਹਾ ਹੈ ਅਤੇ ਉਹ ਕੈਂਸਰ ਦੇ ਰੋਗ ਨਾਲ ਜਕੜਿਆਂ ਜਾ ਰਿਹਾ ਹੈ, ਜਿਨ੍ਹਾਂ ਦਾ ਕਾਰਨ ਅਜੋਕੀ ਜ਼ਿੰਦਗੀ ਵਿਚ ਮਾਨਸਿਕ ਤਣਾਉ ਤੇ ਦਬਾਉ ਬਹੁਤ ਵਧ ਰਿਹਾ ਹੈ।
ਜ਼ਿੰਦਗੀ ਵਿਚ ਤਣਾਉ ਪੈਦਾ ਹੋਣ ਦਾ ਕਾਰਨ ਇਹ ਹੈ ਕਿ ਸਾਡੀਆਂ ਮੰਗਾਂ ਤੇ ਲੋੜਾਂ ਬਹੁਤ ਵਧ ਰਹੀਆਂ ਹਨ। ਖ਼ਾਹਿਸ਼ਾਂ ਅਤੇ ਅਭਿਲਾਸ਼ਾਵਾਂ ਵਿਚ ਵਾਧਾ ਹੋ ਰਿਹਾ ਹੈ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ। ਸਾਡੀਆਂ ਮੰਗਾਂ ਦੀ ਲੜੀ ਏਨੀ ਵਧ ਗਈ ਹੈ ਕਿ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਹੀ ਨਹੀਂ ਸਕਦੀਆਂ। ਮੰਨ ਲਵੋ ਕਿ ਅੱਜ ਅਸੀਂ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਵੀ ਲਈਏ, ਤਾਂ ਕੱਲ੍ਹ ਨੂੰ ਕਈ ਹੋਰ ਲੋੜਾਂ ਪੈਦਾ ਹੋ ਜਾਂਦੀਆਂ ਹਨ। ਲੋੜਾਂ ਦੀ ਲੜੀ ਇਕ ਸਾਈਕਲ ਵਾਂਗ ਹੈ, ਜਿਹੜੀ ਘੁੰਮਦੀ ਹੀ ਰਹਿੰਦੀ ਹੈ। ਇਹ ਇਕ ਦੁਰਾਚੀ ਚੱਕਰ ਹੈ ਜਿਹੜਾ ਖ਼ਤਮ ਨਹੀਂ ਹੋ ਸਕਦਾ ਅਤੇ ਜਿਸ ਵਿਚ ਇਕ ਵਿਅਕਤੀ ਹਮੇਸ਼ਾ ਹੀ ਫ਼ਸਿਆ ਰਹਿੰਦਾ ਹੈ ਜਿਸ ਕਰਕੇ ਜ਼ਿੰਦਗੀ ਦੁੱਭਰ ਬਣ ਕੇ ਰਹਿ ਜਾਂਦੀ ਹੈ। ਅੱਜ ਹਰ ਵਿਅਕਤੀ ਘਰ ਵਿਚ ਨਵੀਂ ਕਿਸਮ ਦਾ ਸਾਜ਼ੋ-ਸਾਮਾਨ ਜਾਂ ਸਮੱਗਰੀ ਚਾਹੁੰਦਾ ਹੈ। ਨਵੀਂ ਤਕਨਾਲੋਜੀ ਦਾ ਟੀ.ਵੀ. ਨਵੇਂ ਤਰ੍ਹਾਂ ਦਾ ਫ਼ਰਿੱਜ਼, ਏ.ਸੀ. ਅਤੇ ਚੰਗੀ ਤੋਂ ਚੰਗੀ ਕਾਰ ਅਤੇ ਮਹਿੰਗਾ ਸਮਾਰਟ ਮੋਬਾਈਲ ਫ਼ੋਨ ਚਾਹੁੰਦਾ ਹੈ। ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਕਈ ਵਾਰ ਸਮਰੱਥਾ ਵੀ ਨਹੀਂ ਹੁੰਦੀ ਅਤੇ ਫਿਰ ਉਸ ਨੂੰ ਇਹ ਚੀਜ਼ਾਂ ਖ਼ਰੀਦਣ ਲਈ ਕਰਜ਼ਾ ਲੈਣਾ ਪੈਂਦਾ ਹੈ ਜਾਂ ਗ਼ਲਤ ਢੰਗ ਨਾਲ ਪੈਸਾ ਕਮਾਉਣਾ ਪੈਂਦਾ ਹੈ। ਕਈ ਵਾਰ ਉਹ ਕਰਜ਼ੇ ਦੀ ਕਿਸ਼ਤ ਉਤਾਰਨ ਦੇ ਸਮਰੱਥ ਵੀ ਨਹੀਂ ਹੁੰਦਾ, ਜਿਸ ਕਾਰਨ ਉਸ ਦੇ ਦਿਮਾਗ਼ 'ਤੇ ਬੋਝ ਪੈਂਦਾ ਹੈ ਜਿਹੜਾ ਮਾਨਸਿਕ ਤਣਾਉ ਨੂੰ ਜਨਮ ਦਿੰਦਾ ਹੈ। ਤਣਾਉ ਜ਼ਿੰਦਗੀ ਵਿਚ ਚਿੰਤਾ ਤੇ ਦਵੰਦ ਦੀ ਸਥਿਤੀ ਪੈਦਾ ਕਰਦਾ ਹੈ, ਜਿਸ ਕਰਕੇ ਜ਼ਿੰਦਗੀ ਵਿਚ ਵਿਸ਼ਾਦ ਪੈਦਾ ਹੁੰਦਾ ਹੈ ਅਤੇ ਫਿਰ ਉਹੀ ਆਦਮੀ ਕੋਈ ਗ਼ਲਤ ਕੰਮ ਕਰ ਕੇ ਮੁਜਰਮੀ ਭਾਵਨਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਜ਼ਿੰਦਗੀ ਵਿਚ ਇਹ ਹਾਲਤ ਹੀ ਮਾਨਸਿਕ ਰੋਗਾਂ ਤੇ ਵਿਕਾਰਾਂ ਦਾ ਕਾਰਨ ਬਣਦੀ ਹੈ। ਪਹਿਲਾਂ ਮਨੋਤੰਤੂ ਰੋਗ ਪੈਦਾ ਹੁੰਦਾ ਹੈ ਅਤੇ ਫਿਰ ਜਦ ਇਹ ਠੀਕ ਢੰਗ ਨਾਲ ਨਜਿੱਠਿਆ ਨਾ ਜਾਵੇ, ਤਾਂ ਹੀ ਮਨੋਰੋਗ ਦੀ ਸ਼ਕਲ ਫੜ ਲੈਂਦਾ ਹੈ, ਜਿਸ ਲਈ ਹਸਪਤਾਲ ਵਿਚ ਜਾ ਕੇ ਚਕਿਤਸਕ ਮਨੋਵਿਗਿਆਨੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ ਜਾਂ ਚਕਿਤਸਕ ਮਨੋਰੋਗ ਮਾਹਿਰਾਂ ਤੋਂ ਇਲਾਜ ਕਰਾਉਣਾ ਪੈਂਦਾ ਹੈ।
ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਾਵਾਂ ਪੱਧਰਾ ਬਣਾਈਏ, ਤਾਂ ਜੋ ਜ਼ਿੰਦਗੀ ਵਿਚ ਖ਼ੁਸ਼ੀ ਪ੍ਰਾਪਤ ਕਰ ਸਕੀਏ ਅਤੇ ਜ਼ਿੰਦਗੀ ਦਾ ਅਨੰਦ ਮਾਣ ਸਕੀਏ ਤਾਂ ਸੱਭ ਤੋਂ ਪਹਿਲਾਂ ਸਾਨੂੰ ਆਪਣੀਆਂ ਲੋੜਾਂ ਤੇ ਖ਼ਾਹਿਸ਼ਾਂ ਜਿਹੜੀਆਂ ਸਾਨੂੰ ਗ਼ਲਤ ਰਾਹ 'ਤੇ ਚੱਲਣ ਲਈ ਮਜਬੂਰ ਕਰ ਰਹੀਆਂ ਹਨ, ਇਨ੍ਹਾਂ ਨੂੰ ਕਾਬੂ ਕਰਨਾ ਪਵੇਗਾ ਅਤੇ ਇਨ੍ਹਾਂ ਨੂੰ ਅਸੀਂ ਕਾਬੂ ਤਾਂ ਹੀ ਕਰ ਸਕਦੇ ਹਾਂ ਜੇ ਗੁਰੂ ਜੀ ਵੱਲੋਂ ਦਿੱਤਾ ਸੰਤੋਖ ਦਾ ਸੰਦੇਸ਼ ਅਸੀਂ ਆਪਣੇ ਜੀਵਨ ਵਿਚ ਅਪਣਾ ਸਕੀਏ ਕਿਉਂਕਿ ਇਹ ਆਮ ਕਿਹਾ ਜਾਂਦਾ ਹੈ ਕਿ ਸਬਰ-ਸਬੂਰੀ ਨਾਨਕਾ ਦਰਗਾਹੀਂ ਲੇਖੇ। ਇਨ੍ਹਾਂ ਸਤਰਾਂ ਤੋਂ ਭਾਵ ਸਪੱਸ਼ਟ ਹੋ ਜਾਂਦਾ ਹੈ ਕਿ ਜੇ ਅਸੀਂ ਸਾਵਾਂ-ਪੱਧਰਾ ਜਾਂ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਆਪਣੇ ਮਨ ਨੂੰ ਸਬਰ ਸੰਤੋਖ ਦਾ ਪਾਠ ਪੜ੍ਹਾਉਣਾ ਪਵੇਗਾ, ਜਿਹੜਾ ਕਿ ਅੱਜ ਦੇ ਸਮੇਂ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਦੁਨਿਆਵੀ ਪਦਾਰਥਾਂ ਦੀ ਖਿੱਚ ਨੇ ਸਾਡੇ ਜੀਵਨ ਨੂੰ ਇਕ ਅਜਿਹੇ ਚੱਕਰਵਿਊ ਵਿਚ ਫ਼ਸਾ ਦਿੱਤਾ ਹੈ ਕਿ ਇਸ ਵਿਚੋਂ ਨਿਕਲਣ ਲਈ ਅਸੀਂ ਜੱਦੋ-ਜਹਿਦ ਕਰ ਰਹੇ ਹਾਂ।
ਇਸ ਲਈ ਜ਼ਰੂਰੀ ਹੈ ਕਿ ਜਿੰਨੀਆਂ ਜ਼ਿੰਦਗੀ ਦੀਆਂ ਲੋੜਾਂ ਘੱਟ ਹੋਣਗੀਆਂ, ਓਨੀ ਹੀ ਜ਼ਿੰਦਗੀ ਸੌਖੀ ਬੀਤੇਗੀ ਕਿਉਂਕਿ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ। ਓਨੀਆਂ ਹੀ ਲੋੜਾਂ ਲਈ ਸੋਚਿਆ ਜਾਵੇ, ਜਿਨ੍ਹਾਂ ਨੂੰ ਪੂਰਿਆਂ ਕਰਨ ਲਈ ਤੁਹਾਡੇ ਪਾਸ ਵਿਤੀ ਸ੍ਰੋਤ ਹਨ ਅਤੇ ਤੁਹਾਡੀ ਆਰਥਿਕ ਹਾਲਤ ਠੀਕ ਹੈ। ਆਪਣੀ ਆਮਦਨੀ ਦਾ ਬਜਟ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਆਪਣੀ ਬੀਵੀ ਤੇ ਬੱਚਿਆਂ ਨਾਲ ਬੈਠ ਕੇ ਪਿਆਰ ਦੇ ਨਾਲ ਸਮਝਾਇਆ ਜਾਵੇ ਕਿ ਇਸ ਮਹੀਨੇ ਅਸੀਂ ਕੀ ਖ਼ਰੀਦ ਸਕਦੇ ਹਾਂ ਜਾਂ ਕੀ ਨਹੀਂ। ਜ਼ਰੂਰੀ ਚੀਜ਼ਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਕੁਝ ਮੰਗਾਂ ਨੂੰ ਅਗਲੇ ਮਹੀਨੇ ਲਈ ਮੁਲਤਵੀ ਕਰ ਦਿੱਤਾ ਜਾਵੇ। ਇਹ ਤੁਹਾਡੀ ਸੋਚ ਤੇ ਵਿਹਾਰ 'ਤੇ ਨਿਰਭਰ ਕਰਦਾ ਹੈ ਕਿ ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਮੁਸ਼ਕਿਲਾਂ 'ਚ ਘਿਰੀ ਹੋਈ ਬਤੀਤ ਕਰਨਾ ਚਾਹੁੰਦੇ ਹੋ ਜਾਂ ਫਿਰ ਸੁਖਾਵੀਂ ਤੇ ਸਾਵੀਂ ਪੱਧਰੀ ਜ਼ਿੰਦਗੀ।
ਦੂਜਾ ਤੁਹਾਡਾ ਜ਼ਿੰਦਗੀ ਵੱਲ ਨਜ਼ਰੀਆ ਸਾਕਾਰਾਤਮਕ ਹੋਣਾ ਚਾਹੀਦਾ ਹੈ। ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਲੋਕਾਂ ਦਾ ਵਤੀਰਾ ਨਕਾਰਾਤਮਕ ਹੁੰਦਾ ਹੈ। ਉਹ ਹਰ ਚੀਜ਼ਾਂ ਦਾ ਭੈੜਾ ਪੱਖ ਦੇਖਦੇ ਹਨ। ਇਹ ਸੋਚਦੇ ਹਨ ਕਿ ਕੋਈ ਭੈੜੀ ਖ਼ਬਰ ਆਉਣ ਵਾਲੀ ਹੈ। ਹੁਣ ਕੁਝ ਭੈੜਾ ਹੋ ਕੇ ਵਾਪਰੇਗਾ। ਉਹ ਦੂਜਿਆਂ ਵੱਲ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਨੁਕਸਾਨ ਹੋਵੇ ਕਿਉਂਕਿ ਉਹ ਦੂਜਿਆਂ ਨੂੰ ਸੁਖੀ ਨਹੀਂ ਦੇਖਣਾ ਚਾਹੁੰਦੇ, ਉਹ ਉਨ੍ਹਾਂ ਦੀ ਨੁਕਤਾਚੀਨੀ ਕਰਦੇ ਹਨ, ਉਨ੍ਹਾਂ ਦੇ ਨੁਕਸ ਕੱੱਢਦੇ ਹਨ ਅਤੇ ਬਦਖੋਹੀਆਂ ਕਰਦੇ ਹਨ। ਉਨ੍ਹਾਂ ਦੀਆਂ ਚੁਗਲੀਆਂ ਕਰਦੇ ਹਨ। ਬਿਨਾਂ ਸੋਚੇ ਸਮਝੇ ਹੋਏ ਕਿ ਇਹ ਨੁਕਸ ਸਾਡੇ ਵਿਚ ਵੀ ਹੋ ਸਕਦੇ ਹਨ। ਦਰਅਸਲ ਅਸੀਂ ਦੂਜਿਆਂ ਦੇ ਨੁਕਸਾਂ ਨੂੰ ਉਜਾਗਰ ਕਰ ਕੇ ਆਪਣੇ ਨੁਕਸਾਂ ਨੂੰ ਲੁਕਾ ਰਹੇ ਹੁੰਦੇ ਹਾਂ। ਚਾਹੀਦਾ ਤਾਂ ਇਹ ਹੈ ਕਿ ਅਸੀਂ ਦੂਜੇ ਲੋਕਾਂ ਦੇ ਚੰਗੇ ਪੱਖਾਂ ਨੂੰ ਦੇਖੀਏ ਅਤੇ ਉਨ੍ਹਾਂ ਦੇ ਨੁਕਸਾਂ ਨੂੰ ਨਜ਼ਰ-ਅੰਦਾਜ਼ ਕਰ ਦੇਈਏ। ਹਰ ਚੀਜ਼ ਦਾ ਚੰਗਾ ਪੱਖ ਦੇਖਣਾ ਚਾਹੀਦਾ ਹੈ। ਇਹ ਕਿਆਸ ਨਾ ਕਰੋ ਕਿ ਗਲਾਸ ਵਿਚ ਅੱਧਾ ਪਾਣੀ ਹੈ ਅਤੇ ਅੱਧਾ ਗਲਾਸ ਖ਼ਾਲੀ ਹੈ, ਪਰ ਇਹ ਸਮਝੋ ਕਿ ਅੱਧਾ ਗਲਾਸ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਅੱਧਾ ਗਲਾਸ ਹਵਾ ਨਾਲ ਭਰਿਆ ਹੋਇਆ ਹੈ। ਇੰਝ ਤੁਹਾਡੀ ਸੋਚ ਸਾਕਾਰਾਤਮਕ ਹੋ ਜਾਵੇਗੀ। ਜੇ ਤੁਹਾਡੀ ਸੋਚ ਠੀਕ ਹੈ, ਤਾਂ ਤੁਹਾਡਾ ਵਤੀਰਾ ਵੀ ਠੀਕ ਹੋਵੇਗਾ ਅਤੇ ਤੁਸੀਂ ਚੰਗਾ ਕੰਮ ਵੀ ਕਰੋਗੇ। ਇਸ ਦੇ ਉਲਟ ਜੇ ਤੁਹਾਡੀ ਸੋਚ ਗ਼ਲਤ ਹੈ, ਤਾਂ ਤੁਹਾਡਾ ਵਤੀਰਾ ਨਕਾਰਾਤਮਕ ਹੋਵੇਗਾ ਅਤੇ ਤੁਸੀਂ ਹਮੇਸ਼ਾ ਭੈੜੇ ਕੰਮ ਕਰੋਗੇ।
ਹਮੇਸ਼ਾ ਹੀ ਆਪਣੇ ਆਪ ਨੂੰ ਚੜ੍ਹਦੀਕਲਾ ਵਿਚ ਰੱਖੋ। ਜੇ ਅੱਜ ਤੁਸੀਂ ਕਿਸੇ ਕਾਰਨ ਦੁਖੀ ਹੋ ਤਾਂ ਆਉਣ ਵਾਲੇ ਸਮੇਂ ਵਿਚ ਪਰਮਾਤਮਾ ਤੁਹਾਨੂੰ ਜ਼ਰੂਰ ਹੀ ਸੁਖੀ ਰੱਖੇਗਾ ਅਤੇ ਤੁਹਾਡੇ ਲਈ ਚੰਗੇ ਦਿਨ ਆਉਣਗੇ। ਤੁਹਾਨੂੰ ਸਵੈ-ਭਰੋਸਾ ਹੋਣਾ ਚਾਹੀਦਾ ਹੈ। ਹਮੇਸ਼ਾ ਪਰਮਾਤਮਾ 'ਤੇ ਵਿਸ਼ਵਾਸ ਰੱਖੋ ਅਤੇ ਅਰਦਾਸ ਕਰੋ ਕਿ ਪਰਮਾਤਮਾ ਤੁਹਾਨੂੰ ਖ਼ੁਸ਼ੀਆਂ ਨਾਲ ਭਰਪੂਰ ਰੱਖੇ। ਜੇ ਅੱਜ ਹਨੇਰੀ ਰਾਤ ਹੈ ਜਾਂ ਅੱਜ ਬੱਦਲ ਹਨ ਜਾਂ ਬਰਸਾਤ ਹੋਣ ਵਾਲੀ ਹੈ, ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਕਲ੍ਹ ਨੂੰ ਜ਼ਰੂਰ ਹੀ ਮੌਸਮ ਚੰਗਾ ਹੋਵੇਗਾ ਅਤੇ ਸੂਰਜ ਚੜ੍ਹੇਗਾ। ਹਮੇਸ਼ਾ ਚੰਗੀਆਂ ਗੱਲਾਂ ਬਾਰੇ ਹੀ ਸੋਚੋ ਅਤੇ ਭੈੜੇ ਵਿਚਾਰਾਂ ਨੂੰ ਦਿਮਾਗ਼ 'ਚੋਂ ਕੱਢ ਦਿਉ।
ਭਾਵੇਂ ਤੁਸੀਂ ਸਮਾਜ ਸੁਧਾਰਕ ਨਾ ਵੀ ਹੋਵੋ, ਪਰ ਤਾਂ ਵੀ ਤੁਹਾਨੂੰ ਦੂਜੇ ਲੋਕਾਂ ਦੇ ਕੰਮ ਕਰਨੇ ਚਾਹੀਦੇ ਹਨ। ਦੂਜਿਆਂ ਦੇ ਕੰਮ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਦੂਜਿਆਂ ਨੂੰ ਲੁੱਟਣ ਦਾ ਨਹੀਂ ਪਰੰਤੂ ਲੁਟਾਉਣ ਦਾ ਕੰਮ ਕਰੋ। ਲੁਟਾਉਣ ਵਿਚ ਹੀ ਤੁਹਾਨੂੰ ਸਕੂਨ ਮਿਲੇਗਾ। ਜੇ ਤੁਸੀਂ ਲੋਕਾਂ ਦੇ ਕੰਮ ਕਰੋਗੇ, ਤਾਂ ਪਰਮਾਤਮਾ ਤੁਹਾਡੇ ਕੰਮ ਸਵਾਰੇਗਾ। ਕਦੀ ਨਾ ਸੋਚੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ, ਜਾਂ ਤੁਹਾਡੇ ਲਈ ਕੀ ਕਰਦੇ ਹਨ। ਆਮ ਦੇਖਣ ਵਿਚ ਆਇਆ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਕੰਮ ਕਰਦੇ ਹਾਂ ਜਿਹੜੇ ਸਾਡੇ ਲਈ ਭਵਿੱਖ ਵਿਚ ਲਾਹੇਵੰਦ ਸਿੱਧ ਹੋ ਸਕਦੇ ਹਨ। ਪਰਮਾਤਮਾ ਤੋਂ ਖ਼ੈਰ ਮੰਗੋ, ਜੋ ਤੁਹਾਨੂੰ ਦੇ ਕੇ ਸੁਣਾਂਦਾ ਨਹੀਂ। ਜੇ ਕੋਈ ਹੋਰ ਬੰਦਾ ਤੁਹਾਡੇ ਕੰਮ ਕਰਦਾ ਹੈ, ਤਾਂ ਤੁਸੀਂ ਹਮੇਸ਼ਾ ਹੀ ਉਸ ਦੇ ਰਿਣੀ ਰਹੋਗੇ ਅਤੇ ਉਹ ਹਮੇਸ਼ਾ ਸੁਣਾਉਂਦਾ ਰਹੇਗਾ ਕਿ ਮੈਂ ਤੇਰੇ ਲਈ ਇਹ ਕੰਮ ਕੀਤਾ ਸੀ ਅਤੇ ਤੁਸੀਂ ਉਹਦੇ ਅਹਿਸਾਨ ਥੱਲੇ ਦੱਬੇ ਰਹੋਗੇ।
ਜੇ ਤੁਸੀਂ ਆਪਣੀ ਜ਼ਿੰਦਗੀ ਸਾਵੀਂ ਪੱਧਰੀ ਬਿਤਾਉਣਾ ਚਾਹੁੰਦੇ ਹੋ, ਤਾਂ ਆਪਣੇ ਆਪ ਨੂੰ ਹਮੇਸ਼ਾ ਰੁਝੇਵੇਂ ਵਿਚ ਰੱਖੋ। ਕਦੀ ਵਿਹਲੇ ਨਾ ਬੈਠੋ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲੇ ਸਮੇਂ ਅਸੀਂ ਭੈੜੇ ਕੰਮਾਂ ਬਾਰੇ ਅਤੇ ਭੈੜੀਆਂ ਗੱਲਾਂ ਬਾਰੇ ਸੋਚਦੇ ਹਾਂ। ਅਸੀਂ ਇਹ ਸੋਚ ਕੇ ਦੁਖੀ ਹੁੰਦੇ ਹਾਂ ਕਿ ਸਾਡਾ ਗੁਆਂਢੀ ਕਿਉਂ ਸੁਖੀ ਹੈ। ਪਰਮਾਤਮਾ ਤੋਂ ਸਰਬੱਤ ਦਾ ਭਲਾ ਮੰਗੋ। ਹਰ ਇਨਸਾਨ ਵਿਚ ਚੰਗਿਆਈਆਂ ਵੀ ਹੁੰਦੀਆਂ ਹਨ ਅਤੇ ਬੁਰਾਈਆਂ ਵੀ। ਹਰ ਮਨੁੱਖ ਵਿਚ ਕਮਜ਼ੋਰੀਆਂ ਹੋਣੀਆਂ ਸੁਭਾਵਿਕ ਹਨ ਕਿਉਂਕਿ ਉਹ ਗੁਣਾਂ ਅਤੇ ਔਗੁਣਾਂ ਦਾ ਪੁਤਲਾ ਹੈ। ਸਾਨੂੰ ਆਪਣੇ ਅੰਦਰ ਚੰਗੇ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਚੰਗੇ ਵਿਅਕਤੀ ਬਣ ਸਕੀਏ। ਇਸ ਲਈ ਇਹ ਚੰਗਾ ਹੋਵੇਗਾ ਜੇ ਤੁਸੀਂ ਸਵੇਰੇ ਤੇ ਸ਼ਾਮ ਸਮੇਂ, ਉੱਠਣ ਜਾਂ ਸੌਣ ਵਕਤ ਜਦੋਂ ਵੀ ਸਮਾਂ ਮਿਲੇ, ਇਕ ਦੋ ਮਿੰਟ ਲਈ ਆਪਣੇ ਮਨ ਵਿਚ ਸਵੈ-ਗੱਲਬਾਤ ਰਾਹੀਂ ਚੁੱਪ-ਚੁਪੀਤੀ ਕਥਨ ਕਰੋ ਜਾਂ ਆਪਣੇ ਮਨ ਵਿਚ ਕਹੋ ਕਿ, 'ਮੈਂ ਚੰਗਾ ਪੁਰਸ਼ ਹਾਂ, ਮੈਨੂੰ ਚੰਗਾ ਮਨੁੱਖ ਬਣਨਾ ਚਾਹੀਦਾ ਹੈ ਅਤੇ ਮੈਂ ਇਕ ਚੰਗਾ ਵਿਅਕਤੀ ਬਣ ਸਕਦਾ ਹਾਂ। ਇਹ ਗੱਲਾਂ ਮਨ ਵਿਚ ਤਿੰਨ ਚਾਰ ਵਾਰ ਦੁਹਰਾਉ।' ਮੈਨੂੰ ਯਤਨ ਕਰਨਾ ਚਾਹੀਦਾ ਹੈ ਕਿ ਮੈਂ ਜ਼ਿੰਦਗੀ ਵਿਚ ਖ਼ੁਸ਼ੀ ਲੱਭਾਂ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਖ਼ੁਸ਼ ਰੱਖਣ ਦਾ ਯਤਨ ਕਰੋ।
ਜੇ ਅਸੀਂ ਆਪਣੀ ਜ਼ਿੰਦਗੀ ਸਾਵੀਂ-ਪੱਧਰੀ ਬਿਤਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਦਾ ਜੀਵਨ ਅਤੇ ਉੱਚੀ ਸੋਚ ਦੇ ਨਿਯਮ ਨੂੰ ਲਾਗੂ ਕਰਨਾ ਹੋਵੇਗਾ। ਭਾਵ ਇਹ ਹੈ ਕਿ ਸਾਡੀ ਜ਼ਿੰਦਗੀ ਸਾਦੀ ਅਤੇ ਘੱਟ ਲੋੜਾਂ ਵਾਲੀ ਹੋਵੇ ਅਤੇ ਚੰਗੀ ਤੇ ਸਾਕਾਰਾਤਮਕ ਸੋਚ ਰੱਖੀ ਜਾਵੇ ਤਾਂ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ, ਨਹੀਂ ਤਾਂ ਜ਼ਿੰਦਗੀ ਵਿਚ ਅਸੀਂ ਗ਼ਮ, ਉਦਾਸੀ, ਨਿਸਫਲਤਾ ਤੇ ਵਿਸ਼ਾਦ ਦੀ ਖਾਈ ਵਿਚ ਡਿਗ ਜਾਵਾਂਗੇ ਅਤੇ ਫਿਰ ਜ਼ਿੰਦਗੀ ਵਿਚ ਅਸੀਂ ਗੋਤੇ ਹੀ ਲਾਉਂਦੇ ਰਹਾਂਗੇ।


-ਸਾਬਕਾ ਮੁਖੀ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 94781-69464


ਖ਼ਬਰ ਸ਼ੇਅਰ ਕਰੋ

ਬੁਲਬੁਲੋ ਮੱਤ ਰੋ ਯਹਾਂ

ਅੱਜਕਲ੍ਹ ਸਾਡੀ ਨਿੱਕੀ ਜਿਹੀ ਬਗ਼ੀਚੀ ਵਿਚ ਬੁਲਬੁਲਾਂ ਦੇ ਇਕ ਜੋੜੇ ਦਾ ਆਉਣ-ਜਾਣ ਹੈ। ਇਹ ਕਮਾਲ ਸਾਡੇ 40-ਸਾਲਾ ਸ਼ਹਿਰੀ ਜੀਵਨ ਵਿਚ ਪਹਿਲੀ ਵਾਰ ਹੋਇਐ! ਇਸ ਦਾ ਸਿਹਰਾ ਕੋਰੋਨਾ ਕਾਰਨ ਲੱਗੇ ਕਰਫ਼ਿਊ ਅਤੇ ਤਾਲਾਬੰਦੀ ਸਿਰ ਹੈ। ਬੰਦੇ ਘਰ ਦੇ ਪਿੰਜਰਿਆਂ 'ਚ ਬੰਦ ਹਨ ਅਤੇ ਪਰਿੰਦੇ ਆਜ਼ਾਦ! ਇਹ ਕੁਦਰਤ ਦਾ ਨਿਆਂ ਹੈ। ਉਸ ਨੇ ਬੁਲਬੁਲ ਵਰਗੇ ਪੰਛੀਆਂ ਨੂੰ ਪਿੰਜਰਿਆਂ ਦੀ ਕੈਦ ਵਿਚ ਰੱਖਣ ਵਾਲੇ ਸ਼ੌਕੀਨਾਂ ਸਮੇਤ ਸਭ ਪ੍ਰਾਣੀਆਂ ਨੂੰ ਅੰਦਰੀਂ ਕੈਦ ਕਰ ਦਿੱਤਾ ਹੈ।
ਬੁਲਬੁਲਾਂ ਦੀ ਆਮਦ ਨੇ ਮੈਨੂੰ ਆਪਣੇ ਬਚਪਨ ਵਿਚ ਵਾਪਸ ਭੇਜ ਦਿੱਤਾ ਹੈ। 60ਸਾਲ ਪਹਿਲਾਂ ਬਚਪਨ ਸਮੇਂ ਮੇਰੇ ਬਾਪੂ ਹਰ ਰਾਤ ਸੌਣ ਤੋਂ ਪਹਿਲਾਂ ਲੋਰ ਵਿਚ ਆ ਕੇ ਰੋਜ਼ ਇਕ ਉਦਾਸ ਜਿਹਾ ਗੀਤ ਗਾਇਆ ਕਰਦੇ ਸੀ -
'ਬੁਲਬੁਲੋ ਮੱਤ ਰੋ ਯਹਾਂ ਆਂਸੂ ਬਹਾਨਾ ਹੈ ਮਨ੍ਹਾਂ,
ਇਨ ਕਫ਼ਸ ਕੇ ਕੈਦੀਉਂ ਕੋ ਗੁਲ ਮਚਾਨਾ ਹੈ ਮਨ੍ਹਾਂ।'
ਇਹ ਗੀਤ1945ਦੀ ਫ਼ਿਲਮ 'ਜ਼ੀਨਤ' ਵਿਚ ਮਲਕਾ-ਏ-ਤਰੰਨੁਮ ਨੂਰ ਜਹਾਂ ਨੇ ਗਾਇਆ ਹੈ। ਬਾਪੂ1959ਦੀ ਫ਼ਿਲਮ 'ਬੇਦਰਦ ਜ਼ਮਾਨਾ ਕਯਾ ਜਾਨੇ' ਦੀਆਂ ਸਤਰਾਂ ਵੀ ਗੁਣਗੁਣਾਉਂਦਾ-
'ਕੈਦ ਮੇਂ ਹੈ ਬੁਲਬੁਲ ਸੱਯਾਦ ਮੁਸਕਰਾਏ,
ਕਹਾ ਭੀ ਨਾ ਜਾਏ ਚੁੱਪ ਰਹਾ ਭੀ ਨਾ ਜਾਏੇ।'
ਬਾਪੂ ਨੂੰ ਇਸ ਜਹਾਨੋਂ ਗਿਆਂ 13 ਸਾਲ ਹੋ ਗਏ ਹਨ ਪਰ ਬੁਲਬੁਲ ਬਾਰੇ ਦੱਸੀਆਂ ਉਸ ਦੀਆਂ ਕਈ ਗੱਲਾਂ ਅੱਜ ਵੀ ਯਾਦ ਹਨ।
ਮੈਂ ਉਦੋਂ 10 ਸਾਲ ਦਾ ਸਾਂ। ਗੀਤ ਦੀ ਬਹੁਤੀ ਸਮਝ ਨਹੀਂ ਸੀ ਪੈਂਦੀ। ਬਾਪੂ ਉਰਦੂ-ਫ਼ਾਰਸੀ ਜਾਣਦਾ ਸੀ। ਬੁਲਬੁਲ ਤੇ ਗੁਲ ਬਾਰੇ ਕਈ ਗੱਲਾਂ ਸੁਣਾਉਂਦਾ। ਇਨ੍ਹਾਂ ਗੱਲਾਂ ਕਾਰਨ ਬੁਲਬੁਲ ਨੇ ਬਚਪਨ ਤੋਂ ਹੀ ਮੈਨੂੰ ਘੇਰਿਆ ਹੋਇਆ ਹੈ। ਹੋਸ਼ ਸੰਭਾਲੀ ਤਾਂ ਇਸ ਪੰਛੀ ਬਾਰੇ ਆਪ ਹੋਰ ਪੜ੍ਹਿਆ। ਹੁਣ ਇਸ ਦੇ ਦੀਦਾਰ ਕਰ ਕੇ ਬੜਾ ਕੁਝ ਚਿੱਤ-ਚੇਤੇ ਦੀ ਚੰਗੇਰ 'ਚੋਂ ਚਮਕ ਪਿਐ।
ਬੁਲਬੁਲ ਅਤੇ ਗੁਲ (ਫੁੱਲ), ਖ਼ਾਸ ਕਰਕੇ ਗੁਲਾਬ ਦੇ ਫੁੱਲ ਦਾ ਇਸ਼ਕ ਦਾ ਰਿਸ਼ਤਾ ਹੈ। ਦੋਵੇਂ ਬਹਾਰ ਦਾ ਸ਼ਿੰਗਾਰ ਹਨ। ਗੁਲਾਬ ਤਾਂ ਬਹਾਰ ਦੀ ਰੁੱਤ ਦਾ ਸਿਰਨਾਵਾਂ ਹੈ। ਦਰਅਸਲ ਸਾਰੇ ਫੁੱਲ ਹੀ ਬਹਾਰ ਦੀ ਰੌਣਕ ਹਨ। ਭਲਾ ਖੇੜੇ ਤੇ ਖੁਸ਼ਬੂ ਬਿਨਾਂ ਬਹਾਰ ਕਾਹਦੀ?
ਬੁਲਬੁਲ ਗਾਉਣ ਵਾਲਾ ਪੰਛੀ ਹੈ। ਇਸ ਦੀ ਆਵਾਜ਼ ਬੜੀ ਮਧੁਰ ਹੁੰਦੀ ਹੈ। ਪੰਛੀ ਤਾਂ ਸਾਰੇ ਹੀ ਗਾਉਂਦੇ ਹਨ ਪਰ ਮੋਰ, ਕੋਇਲ ਅਤੇ ਬੁਲਬੁਲ ਦਾ ਕੋਈ ਜਵਾਬ ਨਹੀਂ। ਕੁਦਰਤ ਦੀ ਕਾਇਨਾਤ ਵਿਚ ਸੰਗੀਤ ਵੱਜਦਾ ਰਹਿੰਦੈ। ਦਰਅਸਲ ਪੂਰੇ ਬ੍ਰਹਿਮੰਡ 'ਚ ਹੀ ਅਨਹਦ ਨਾਦ ਹੈ। ਦਾਤੇ ਦਾ ਇਕ ਦੈਵੀ ਆਰਕੈਸਟਰਾ ਹਮੇਸ਼ਾ ਵੱਜਦਾ ਰਹਿੰਦੈ। ਬੰਦੇ ਦੇ ਸ਼ੋਰ ਕਾਰਨ ਇਹ ਸੁਣਾਈ ਨਹੀਂ ਦਿੰਦਾ ਜਾਂ ਘੱਟ ਸੁਣਾਈ ਦਿੰਦਾ ਹੈ। ਬੰਦਾ ਬੰਦ ਹੋਇਆ ਤਾਂ ਉਸ ਦਾ ਸ਼ੋਰ ਵੀ ਬੰਦ ਹੋ ਗਿਆ, ਸ਼ੋਰ ਬੰਦ ਹੋਇਆ ਤਾਂ ਰੱਬ ਦੇ ਸੰਗੀਤਕਾਰਾਂ/ਗਾਇਕਾਂ ਦੇ ਸੁਰ-ਸਰਗਮ ਵੀ ਸੁਣਾਈ ਦੇਣ ਲੱਗ ਪਏ!
ਬਹਾਰ 'ਤੇ ਗੁਲਾਬ ਦਾ ਪਿਆਰ ਬੁਲਬੁਲ ਦੇ ਗੀਤ ਦਾ ਨਿਖਾਰ ਹਨ।
ਅੰਮ੍ਰਿਤ ਵੇਲੇ ਹੁਣ ਹਰ ਰੋਜ਼ ਬੁਲਬੁਲ ਦਾ ਗੀਤ ਸੁਣਨ ਨੂੰ ਮਿਲਦੈ (ਭਾਵੇਂ ਇਹ ਸੌਗਾਤ ਬਹੁਤਾ ਸਮਾਂ ਨਹੀਂ ਰਹਿਣੀ ਕਿਉਂਕਿ ਕਰਫ਼ਿਊ ਵਿਚ ਅੰਸ਼ਕ ਢਿੱਲ ਮਿਲਣ ਕਾਰਨ ਹੁਣ ਸ਼ੋਰ ਫਿਰ ਤੋਂ ਸ਼ੁਰੂ ਹੋ ਗਿਐ)। ਹੋਰ ਪੰਛੀ ਵੀ ਚਹਿਚਹਾਉਂਦੇ ਹਨ। ਵਾਰਿਸ ਦਾ 'ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ' ਯਾਦ ਆ ਜਾਂਦੈ।
ਬੁਲਬੁਲ ਏਸ਼ੀਆ, ਅਫ਼ਰੀਕਾ ਅਤੇ ਮੱਧ-ਪੂਰਬੀ ਮੁਲਕਾਂ ਦਾ ਪੰਛੀ ਹੈ। ਇਕ ਅੰਦਾਜ਼ੇ ਮੁਤਾਬਿਕ ਇਸ ਦੀਆਂ 100 ਤੋਂ ਵੱਧ ਵੱਖ ਵੱਖ ਕਿਸਮਾਂ ਹਨ। ਇਹ ਫਾਰਸੀ/ਅਰਬੀ ਦੇ 'ਬੋਲਬੋਲ' ਤੋਂ ਉਰਦੂ ਰਾਹੀਂ ਸੰਸਕ੍ਰਿਤ/ਹਿੰਦੀ ਵਿਚ ਬੁਲਬੁਲ ਬਣ ਕੇ ਆਇਆ। ਇਸ ਦਾ ਪੁਰਾਣਾ ਨਾਮ ਕਲਸਿਰੀ ਹੈ, ਭਾਵ ਕਾਲੇ ਸਿਰ ਵਾਲਾ। ਇਸ ਦਾ ਕਾਵਿਕ ਨਾਮ ਹਜ਼ਾਰ ਦਾਸਤਾਂ, ਹਜ਼ਾਰ ਆਵਾਜ਼ ਜਾਂ ਸਿਰਫ਼ ਹਜ਼ਾਰਾ ਭਾਵ ਹਜ਼ਾਰ ਸੁਰੀਲ਼ੀਆਂ ਆਵਾਜ਼ਾਂ ਵਾਲਾ ਪੰਛੀ ਹੈ। ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਹ ਪੰਛੀ ਅਨੇਕਾਂ ਆਵਾਜ਼ਾਂ ਕੱਢ ਲੈਂਦਾ ਹੈ। ਖ਼ੁਦ ਮੈਂ ਇਸ ਦੀਆਂ7-8ਵੰਨਗੀਆਂ ਰੋਜ਼ ਸੁਣਦਾ ਹਾਂ।
ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿਚ ਬੁਲਬੁਲ ਅਤੇ ਗੁਲਾਬ ਦੇ ਇਸ਼ਕ ਦੀ ਬੜੀ ਚਰਚਾ ਹੈ। ਗੁਲਾਬ ਖੂਬਸੂਰਤੀ, ਖ਼ੁਸ਼ਬੂ, ਰੁਮਾਂਸ, ਪਿਆਰ ਦਾ ਪ੍ਰਤੀਕ ਹੈ। ਪਰ ਖ਼ੂਬਸੂਰਤੀ ਥੋੜ੍ਹਚਿਰੀ ਹੁੰਦੀ ਹੈ-'ਗੋਰਾ ਰੰਗ ਟਿੱਬਿਆਂ ਦਾ ਰੇਤਾ ਵਾਅ ਆਈ ਉਡ ਜਾਵੇਗਾ'! ਗੁਲਾਬ ਦੀਆਂ ਪੰਖੜੀਆਂ ਮੁਰਝਾ ਕੇ ਜਲਦੀ ਬਿਖਰ ਜਾਂਦੀਆਂ ਹਨ ਜਿਸ ਕਾਰਨ ਬੁਲਬੁਲ ਦਾ ਦਿਲ ਟੁੱਟ ਜਾਂਦੈ, ਉਹ ਉਦਾਸ ਹੋ ਜਾਂਦੈ 'ਤੇ ਵੇਦਨਮਈ ਸੁਰ 'ਚ ਗਾਉਂਦੈ।
ਪਰ ਗੁਲਾਬ ਨਿਰੰਤਰਤਾ ਦੀ ਨਿਸ਼ਾਨੀ ਵੀ ਹੈ। ਜੇ ਇਕ ਖਿੰਡ ਕੇ ਮੁਰਝਾਉਂਦੈ ਤਾਂ ਹੋਰ ਖਿੜਦੇ ਵੀ ਹਨ। ਖਿੜਾਉ 'ਚ ਬੁਲਬੁਲ ਖੁਸ਼ ਹੋ ਗਾਉਂਦੀ ਹੈ। ਜੀਵਨ ਵੀ ਇਸ ਤਰ੍ਹਾਂ ਹੀ ਹੈ। ਵਿਅਕਤੀ ਮਰਦੈ ਪਰ ਜ਼ਿੰਦਗੀ ਨਿਰੰਤਰ ਚਲਦੀ ਰਹਿੰਦੀ ਹੈ। ਆਰਿਫਾਨਾ ਪੱਧਰ 'ਤੇ ਬੁਲਬੁਲ ਦਾ ਗੁਲਾਬ ਲਈ ਰੁਦਨ ਆਤਮਾ ਦਾ ਪ੍ਰਮਾਤਮਾ ਵਿਚ ਮਿਲਣ ਦੀ ਤੜਪ ਦਾ ਵੀ ਸੂਚਕ ਹੈ।
ਗੁਲੋ-ਬੁਲਬੁਲ ਦੇ14ਵੀਂ ਸਦੀ ਦੇ ਇਸ ਫ਼ਾਰਸੀ (ਪਰਸ਼ੀਅਨ) ਥੀਮ ਨੇ18ਵੀਂ ਸਦੀ ਦੇ ਕੁਝ ਅੰਗਰੇਜ਼ੀ ਕਵੀਆਂ ਅਤੇ ਫਿਰ ਵਿਕਟੋਰੀਅਨ ਸੁਸਾਇਟੀ ਨੂੰ ਵੀ ਪ੍ਰਭਾਵਤ ਕੀਤਾ। ਆਸਕਰ ਵਾਈਲਡ ਦੀ ਕਹਾਣੀ 'ਦ ਨਾਈਟਿੰਗੇਲ ਐਂਡ ਦ ਰੋਜ਼' ਇਸ ਦੀ ਉਦਾਹਰਨ ਹੈ। ਫ਼ਾਰਸੀ ਕਵੀ ਬੁਲਬੁਲ ਅਤੇ ਨਾਈਟਿੰਗੇਲ ਨੂੰ ਇਕ ਹੀ ਸਮਝਦੇ ਸਨ ਪਰ ਯੂਰਪ ਦੀ ਨਾਈਟਿੰਗੇਲ ਬੁਲਬੁਲ ਤੋਂ ਵੱਖਰੀ ਹੈ। ਜੌਹਨ ਕੀਟਸ ਦੀ ਪ੍ਰਸਿੱਧ ਕਵਿਤਾ 'ਦ ਓਡ ਟੂ ਨਾਇਟਿੰਗੇਲ' ਵਿਚਲਾ ਪੰਛੀ ਏਸ਼ੀਅਨ ਬੁਲਬੁਲ ਨਹੀਂ ਹੈ। ਨਾ ਹੀ ਇਹ ਏਸ਼ੀਅਨ ਬੁਲਬੁਲ ਵਾਂਗ ਉਦਾਸ ਹੈ, ਸਗੋਂ ਕਵੀ ਤਾਂ ਇਸ ਨੂੰ ਅਮਰ ਤੇ ਪ੍ਰਸੰਨ ਪੰਛੀ ਕਹਿ ਕੇ 'ਤੇਜ਼ ਉਡਣ ਵਾਲੀ ਬਿਰਖਾਂ ਦੀ ਹੂਰ' ਪੁਕਾਰਦੈ। ਸਾਡੇ ਵੀ ਇਧਰ ਕਵਿਤਰੀ ਸਰੋਜਨੀ ਨਾਇਡੂ ਨੂੰ ਭਾਰਤ ਦੀ ਨਾਈਟਿੰਗੇਲ ਕਿਹਾ ਜਾਂਦੈ।
ਵਿਸ਼ਾਲ ਚਮਨ ਵਿਚ ਬੁਲਬੁਲ ਇਕ ਗੁਰਈਆ ਪੰਛੀ ਦੀ ਸ਼੍ਰੇਣੀ ਹੈ। ਚਮਨ ਸੰਸਾਰ ਦਾ ਪ੍ਰਤੀਕ ਹੈ। ਇਸ ਵਿਚ ਭਾਂਤ-ਸੁਭਾਂਤੇ ਪ੍ਰਾਣੀ, ਪਸ਼ੂ, ਪੰਛੀ, ਵਣ-ਤ੍ਰਿਣ ਹਨ। ਬੁਲਬੁਲ ਵਾਂਗ ਬੰਦਾ ਵੀ ਆਪਣੇ ਵਿਕਾਰਾਂ 'ਤੇ ਸਰੀਰ ਦੀ ਕੈਦ ਵਿਚ ਹੈ। ਇਕ ਦਿਨ ਇਹ ਪਿੰਜਰੇ 'ਚੋਂ ਆਜ਼ਾਦ ਹੋ ਜਾਏਗਾ ਪਰ ਜੀਵਨ ਚਲਦਾ ਰਹੇਗਾ। ਮੀਰ ਤਕੀ ਮੀਰ ਠੀਕ ਹੀ ਕਹਿੰਦੈ-'ਜਿਸ ਚਮਨ ਜ਼ਾਰ ਕਾ ਹੈ ਤੂ ਗੁਲੇਤਾਰ/ਬੁਲਬੁਲ ਉਸ ਗੁਲਿਸਿਤਾਨ ਕੇ ਹਮ ਭੀ ਹੈਂ' (ਅਰਥ : ਗੁਲੇਤਾਰ-ਸਭ ਤੋਂ ਤਾਜ਼ਾ ਗੁਲਾਬ)।
ਬੁਲਬੁਲ ਬਾਰੇ ਕਈ ਹੋਰ ਸ਼ੇਅਰ ਵੀ ਪ੍ਰਚੱਲਿਤ ਹਨ:
-'ਕਹਿਤਾ ਹੈ ਕੌਨ
ਨਾਲਾ-ਏ-ਬੁਲਬੁਲ ਕੋ ਬੇਅਸਰ,
ਪਰਦੇ ਮੇਂ ਗੁਲ ਕੇ ਲਾਖ ਜਿਗਰ
ਚਾਕ ਹੋ ਗਏ' (ਮਿਰਜ਼ਾ ਗਾਲਿਬ)
-'ਬੁਲਬੁਲ ਕੋ ਬਾਗਬਾਂ ਸੇ
ਨਾ ਸੱਯਾਦ ਸੇ ਗਿਲਾ ਹੈ,
ਕਿਸਮਤ ਮੇਂ ਕੈਦ ਲਿਖੀ ਥੀ
ਫਸਲੇ ਬਹਾਰ ਮੇਂ' (ਬਹਾਦਰ ਸ਼ਾਹ ਜ਼ਫਰ)
-'ਜਬ ਸੇ ਬੁਲਬੁਲ ਤੂ ਨੇ ਦੋ ਤਿਨਕੇ ਲੀਏ,
ਟੂਟਤੀ ਹੈਂ ਬਿਜਲੀਆਂ ਇਨ ਕੇ ਲੀਏ' (ਅਮੀਰ ਮਿਨਾਈ)
-'ਯੇ ਆਰਜ਼ੂ ਥੀ ਤੁਝੇ ਗੁਲ ਕੇ ਰੂਬਰੂ ਕਰਤੇ,
ਹਮ ਔਰ ਬੁਲਬੁਲ-ਏ-ਬੇਤਾਬ ਗੁਫ਼ਤਗੂ ਕਰਤੇ' (ਆਤਿਸ਼)
ਬੁਲਬੁਲ ਬਾਰੇ ਬੱਚਿਆਂ ਦੇ ਗੀਤ (ਨਰਸਰੀ ਰਾਈਮ) ਵੀ ਹਨ:
-'ਬੁਲਬੁਲ ਕਾ ਬੱਚਾ ਖਾਤਾ ਥਾ
ਖਿਚੜੀ ਪੀਤਾ ਥਾ ਪਾਨੀ
ਬੁਲਬੁਲ ਕਾ ਬੱਚਾ ਗਾਤਾ ਥਾ
ਗਾਨੇ ਮੇਰੇ ਸਿਰਹਾਨੇ'।
ਡਾ: ਇਕਬਾਲ ਨੇ ਅੰਗਰੇਜ਼ੀ ਕਵੀ ਵਿਲੀਯਮ ਕੂਪਰ ਬਰਾਨ ਦੀ ਇਕ ਕਵਿਤਾ ਢਾਲ ਕੇ ਬੱਚਿਆਂ ਲਈ ਬੁਲਬੁਲ ਔਰ ਜੁਗਨੂੰ ਦਾ ਇਕ ਸੰਵਾਦ ਬਣਾਇਆ-'ਟਹਿਨੀ ਪੇ ਕਿਸੀ ਸ਼ਜਰ ਕੀ ਤਨਹਾ ਬੁਲਬੁਲ ਥਾ ਕੋਈ ਉਦਾਸ ਬੈਠਾ...'
ਹਿੰਦੀ ਫਿਲਮਾਂ ਵੀ ਪਿੱਛੇ ਨਹੀਂ ਰਹੀਆਂ। 1992ਦੀ ਇਕ ਫਿਲਮ ਦਾ ਤਾਂ ਨਾਮ ਹੀ 'ਕੈਦ ਮੇਂ ਹੈ ਬੁਲਬੁਲ' ਹੈ ਜਿਸ ਵਿਚ ਬੰਦੀ ਬਣਾਈ ਹੋਈ ਔਰਤ (ਨਾਇਕਾ ਭਾਗਯਾਸ਼ਿਰੀ) ਉਪਰ ਇਕ ਗਾਣਾ ਫਿਲਮਾਇਆ ਗਿਆ-
'ਸੱਯਾਦ ਨੇ ਛੁਪਾਇਆ
ਬੇਬਸ ਪੇ ਸਿਤਮ ਢਾਇਆ
ਕੋਈ ਜ਼ੋਰ ਚਲ ਨਾ ਪਾਇਆ
ਕੈਦ ਮੇਂ ਹੈ ਬੁਲਬੁਲ'।
1986ਦੀ ਫਿਲਮ 'ਐਸਾ ਪਿਆਰ ਕਹਾਂ' ਵਿਚ ਬੜਾ ਉਦਾਸ ਗਾਣਾ ਹੈ- 'ਤੇਰੇ ਬਾਗੋਂ ਕੀ ਬੁਲਬੁਲ/ਮੈਂ ਬਾਬੁਲ ਬਗੀਆ ਛੋੜ ਚਲੀ'। ਪਰ ਬਿਲਕੁਲ ਇਸ ਦੇ ਉਲਟ 'ਮੈਂ ਬਾਗੋਂ ਕੀ ਬੁਲਬੁਲ' ਵਿਚਲੇ ਗਾਣੇ 'ਚ ਬੁਲਬੁਲ ਦੀ ਆਜ਼ਾਦੀ ਦੀ ਬਾਤ ਹੈ-'ਚੰਚਲ ਸ਼ੋਖ ਹਵਾਓ ਜਾ ਕੇ ਸਜਨਾ ਸੇ ਕਹਿਨਾ/ਮੈਂ ਬਾਗੋਂ ਕੀ ਬੁਲਬੁਲ ਮੁਝੇ ਪਿੰਜਰੇ ਮੇਂ ਨਹੀਂ ਰਹਿਨਾ' (ਜੁਆਰੀ) ਵਿਚ ਤਾਂ 'ਕੈਦ ਮੇਂ ਬੁਲਬੁਲ ਨਾਚ ਰਹੀ ਹੈ...' ਗਾਣੇ ਉਪਰ ਕੈਬਰੇ ਡਾਂਸ ਹੀ ਕਰਵਾ ਦਿੱਤਾ ਗਿਆ!
ਹੋਰ ਤਾਂ ਹੋਰ ਨਵੰਬਰ2019ਵਿਚ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿਚ ਆਏ ਸਮੁੰਦਰੀ ਤੂਫਾਨ ਦਾ ਨਾਮ ਬੁਲਬੁਲ ਸਾਈਕਲੋਨ ਸੁਣ ਕੇ ਬੜੀ ਹੈਰਾਨੀ ਹੋਈ।
ਇਸ ਪੰਛੀ ਬਾਰੇ ਮਜ਼ਾਹੀਆ ਵੀ ਲਿਖਿਆ ਗਿਆ ਹੈ।
ਵੈਸੇ ਮੈਨੂੰ ਇਹ ਪੰਛੀ ਕਦੀ ਵੀ ਉਦਾਸ ਨਹੀਂ ਲੱਗਾ। ਸਗੋਂ ਚੰਚਲ, ਚੁਲਬੁਲਾ, ਟਪੂੰ ਟਪੂੰ ਕਰਨ ਵਾਲਾ ਲੱਗਾ। ਟਿਕ ਕੇ ਬਹਿਣਾ ਇਸ ਦੇ ਸੁਭਾਅ ਵਿਚ ਨਹੀਂ। ਤੇ ਗਾਉਂਦੇ ਰਹਿਣਾ ਇਸ ਦਾ ਗੁਣ ਅਤੇ ਗਹਿਣੈ। ਕਦੀ ਉੱਚੀ ਉੱਚੀ 'ਤੇ ਕਦੇ ਕਦੇ ਧੀਮੇ ਸੁਰ ਵਿਚ ਗਾਂਉਂਦੈ। ਲੋਰ 'ਚ ਆ ਕੇ ਇਹ ਸਿਰ ਉਪਰ ਨਿੱਕਾ ਜਿਹਾ ਛਤਰ ਜਿਹਾ ਵੀ ਬਣਾ ਲੈਂਦੈ।
ਪਰ ਸ਼ਾਇਰੀ ਵਿਚ ਇਸ ਦਾ ਅਕਸ ਉਦਾਸ ਪੰਛੀ ਵਾਲਾ ਹੀ ਹੈ। ਪਿੰਜਰੇ ਦੀ ਕੈਦ ਵਿਚ ਬੁਲਬੁਲ ਦਾ ਉਦਾਸ ਹੋਣਾ ਸਮਝ ਆਉਂਦੈ ਪਰ ਆਜ਼ਾਦ ਬੁਲਬੁਲ ਭਲਾ ਕਿਵੇਂ ਉਦਾਸ ਹੋ ਸਕਦੈ? ਫਿਰ ਪਿੰਜਰਿਆਂ 'ਚ ਵੀ ਕਿੰਨੇ ਕੁ ਕੈਦ ਹੋਣਗੇ? ਇਹ ਗੱਲ ਵੱਖਰੀ ਹੈ ਕਿ ਥੋੜ੍ਹੇ ਵੀ ਕੈਦ ਨਹੀਂ ਹੋਣੇ ਚਾਹੀਦੇ।
ਹਾਂ, ਅੰਤ ਵਿਚ ਖ਼ਾਲਿਦ ਮਸੂਦ ਦੀ ਬੁਲਬੁਲ ਅਤੇ ਜੁਗਨੂੰ ਦਰਮਿਆਨ ਮਜ਼ਾਹੀਆ ਗਲਬਾਤ ਸੁਣ ਲਉ:
-'ਜੁਗਨੂੰ ਬੋਲਾ 'ਲੋਫਰ ਪੰਛੀ! ਅੱਧੀ ਰਾਤ ਕੋ ਸ਼ਾਖ ਪੇ ਬੈਠੈਂ/ਘਰ ਜਾ ਕਰ ਤੂੰ ਸੌਂ ਮਰ ਲੇ ਕਿ ਰਾਤ ਵੀ ਇਤਨੀ ਤੱਤੀ ਕੋਈ ਨਹੀਂ';
ਬੁਲਬੁਲ ਬੋਲਾ 'ਘਟੀਆ ਕੀੜੇ! ਤੁਝ ਕੋ ਜੁਗਤੇਂ ਸੂਝ ਰਹੀ ਹੈਂ/ਤੇਰੀ ਦੁੰਮ ਪਰ ਯ.ੂਪੀ.ਐਸ. ਹੈ ਸਾਡੇ ਘਰ ਮੇਂ ਬੱਤੀ ਕੋਈ ਨਹੀਂ''!


-ਫਗਵਾੜਾ-98766-55055

5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਤਾਜ਼ਾ ਹਵਾ ਦਾ ਬੁੱਲਾ

ਕੁਝ ਦਿਨ ਪਹਿਲਾਂ ਜਲੰਧਰ ਤੋਂ ਹਿਮਾਚਲ ਦੇ ਧੌਲਧਾਰ ਪਹਾੜ ਵੇਖੇ ਤਾਂ ਵਿਸ਼ਵਾਸ ਜਿਹਾ ਨਹੀਂ ਹੋਇਆ। 200 ਕਿਲੋਮੀਟਰ ਦੂਰੋਂ, ਇਹ ਪਹਾੜ ਕਿਵੇਂ ਨਜ਼ਰ ਆ ਰਹੇ ਸਨ? ਫਿਰ ਦਿਨ ਵੇਲੇ ਨੀਲਾ ਆਸਮਾਨ, ਰਾਤ ਨੂੰ ਤਾਰੇ, ਦਰੱਖਤਾਂ ਦੇ ਪੱਤਿਆਂ ਦਾ ਕੁਝ ਵੱਖਰਾ ਜਿਹਾ ਹਰਾ ਰੰਗ ਅਤੇ ਸਵੇਰੇ-ਸਵੇਰੇ ਪੰਛੀਆਂ ਦੇ ਚਹਿਚਹਾਉਣ ਦੀ ਆਵਾਜ਼... ਵਾਹ!! ਕੁਦਰਤ ਦਾ ਇਹ ਰੂਪ ਮੈਂ ਜਲੰਧਰ ਵਿਚ ਪਹਿਲੀ ਵਾਰ ਦੇਖਿਆ ਸੀ, ਪਰ ਕਿਉਂ?
ਕੋਵਿਡ-19 ਮਹਾਂਮਾਰੀ ਦੇ ਫੈਲਣ ਕਾਰਨ ਕੀਤੇ ਗਏ ਲਾਕਡਾਊਨ ਕਰਕੇ ਫੈਕਟਰੀਆਂ ਅਤੇ ਵਾਹਨਾਂ ਦੇ ਨਾ ਚੱਲਣ ਕਾਰਨ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਪਿਛਲੇ 20 ਸਾਲਾਂ ਵਿਚ ਸਭ ਤੋਂ ਥੱਲੇ ਆ ਗਿਆ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪੰਜਾਬ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਵਾਯੂ ਗੁਣਵੱਤਾ ਮਾਪਦੰਡ) 22 ਮਾਰਚ ਤੋਂ 23 ਅਪ੍ਰੈਲ ਤੱਕ 47.82 ਸੀ। ਇਸ ਦੇ ਮੁਕਾਬਲੇ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 113.11 ਸੀ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਏਅਰ ਕੁਆਲਿਟੀ ਇੰਡੈਕਸ ਵਿਚ 49% ਦੀ ਗਿਰਾਵਟ ਵੇਖੀ ਗਈ। ਪਰ ਅਫ਼ਸੋਸ, ਇਹ ਸਭ ਅਸਥਾਈ ਹੈ। ਲਾਕਡਾਊਨ ਖੁੱਲ੍ਹਣ 'ਤੇ ਇਹ ਸਭ ਕੁਝ ਵਾਪਸ ਉਸੇ ਤਰ੍ਹਾਂ ਹੋ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਮੁਤਾਬਿਕ ਪ੍ਰਦੂਸ਼ਿਤ ਹਵਾ ਨਾਲ ਦੁਨੀਆ ਭਰ 'ਚ ਹਰੇਕ ਸਾਲ ਕਰੀਬ 70 ਲੱਖ ਲੋਕ ਮਰਦੇ ਹਨ। ਇਹ ਸਾਡੇ ਲਈ ਚਿੰਤਾ ਵਾਲੀ ਗੱਲ ਹੈ ਕਿ ਭਾਰਤ ਦੇ 21 ਸ਼ਹਿਰ, ਦੁਨੀਆ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ਾਮਿਲ ਹਨ।
ਭਾਰਤ, ਦੁਨੀਆ ਵਿਚ ਵਾਯੂਮੰਡਲ ਵਿਚ ਜ਼ਹਿਰੀਲੀਆਂ ਗੈਸਾਂ ਛੱਡਣ ਵਿਚ ਤੀਸਰੇ ਨੰਬਰ 'ਤੇ ਆਉਂਦਾ ਹੈ ਅਤੇ ਦੁਨੀਆ ਦਾ 5ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਮੰਨਿਆ ਜਾਂਦਾ ਹੈ ਜਿਸ ਦਾ ਮੁੱਖ ਕਾਰਨ ਫੈਕਟਰੀਆਂ ਅਤੇ ਵਾਹਨਾਂ ਤੋਂ ਇਲਾਵਾ, ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਕੋਲੇ ਅਤੇ ਤੇਲ ਨਾਲ ਚਲਦੇ ਬਿਜਲੀ ਉਤਪਾਦਨ ਕਰਨ ਵਾਲੇ ਥਰਮਲ ਅਤੇ ਪਾਵਰ ਪਲਾਂਟ ਹਨ।
ਗਰਮੀਆਂ ਵਿਚ ਪੱਖੇ, ਕੂਲਰ, ਏ. ਸੀ. ਅਤੇ ਠੰਢੇ ਪਾਣੀ ਲਈ ਫਰਿੱਜ, ਸਰਦੀਆਂ ਵਿਚ ਹੀਟਰ ਅਤੇ ਗੀਜ਼ਰ, ਸਭ ਲਈ ਬਿਜਲੀ ਜਾਂ ਕਿਹਾ ਜਾ ਸਕਦਾ ਹੈ ਕਿ ਊਰਜਾ ਦੀ ਲੋੜ ਹੈ। ਰੋਟੀ ਪਕਾਉਣ ਲਈ ਊਰਜਾ, ਗੱਡੀਆਂ ਚਲਾਉਣ ਲਈ ਊਰਜਾ, ਇਥੋਂ ਤੱਕ ਕਿ ਮੋਬਾਈਲ ਚਾਰਜ ਕਰਨ ਲਈ ਵੀ ਊਰਜਾ ਦੀ ਲੋੜ ਹੈ। ਊਰਜਾ ਦੋ ਰੂਪਾਂ ਵਿਚ ਪ੍ਰਾਪਤ ਹੁੰਦੀ ਹੈ।
ਪਹਿਲਾਂ ਨਾ-ਨਵਿਆਉਣਯੋਗ ਊਰਜਾ ਜਿਸ ਦੇ ਉਤਪਾਦਨ ਦੇ ਸਾਧਨ ਹਨ ਕੋਲਾ ਜਾਂ ਤੇਲ। ਕੋਲੇ ਰਾਹੀਂ ਚਲਾਏ ਜਾਂਦੇ ਪਾਵਰ ਪਲਾਂਟਾਂ ਨਾਲ ਹਵਾ ਵਿਚ ਗ੍ਰੀਨ ਹਾਊਸ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ, ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਓਜ਼ੋਨ ਤੋਂ ਇਲਾਵਾ ਹਾਨੀਕਾਰਕ ਮਰਕਰੀ (ਪਾਰੇ) ਅਤੇ ਸਿੱਕੇ ਦੇ ਕਣ ਧੂੰਏਂ ਰਾਹੀਂ ਹਵਾ ਵਿਚ ਮਿਲ ਜਾਂਦੇ ਹਨ। ਮਨੁੱਖ ਦੇ ਸਾਹ ਲੈਣ ਲਈ ਹਵਾ ਵਿਚ ਇਨ੍ਹਾਂ ਦਾ ਇਕ ਪੱਧਰ ਤੋਂ ਵੱਧ ਹੋਣਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ।
ਨਵਿਆਉਣਯੋਗ ਊਰਜਾ ਦੇ ਉਤਪਾਦਨ ਦੇ ਸਾਧਨ ਖ਼ਤਮ ਨਹੀਂ ਹੋ ਸਕਦੇ ਜਿਵੇਂ ਹਵਾ, ਸੂਰਜ, ਪਾਣੀ, ਸਮੁੰਦਰ ਦੀਆਂ ਲਹਿਰਾਂ, ਕੂੜਾ-ਕਰਕਟ ਆਦਿ। ਇਸ ਊਰਜਾ ਨੂੰ ਹਰੀ ਊਰਜਾ ਜਾਂ ਸਾਫ਼ ਊਰਜਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਾਤਾਵਰਨ ਵਿਚ ਨਾ-ਨਵਿਆਉਣਯੋਗ ਊਰਜਾ ਦੇ ਮੁਕਾਬਲੇ ਜ਼ਹਿਰੀਲੀਆਂ ਗੈਸਾਂ ਅਤੇ ਪ੍ਰਦੂਸ਼ਤ ਜ਼ਹਿਰੀਲੇ ਕਣ ਬਿਲਕੁਲ ਨਾ ਦੇ ਬਰਾਬਰ ਛੱਡਦਾ ਹੈ। ਹਾਲਾਂਕਿ ਭਾਰਤ ਵਿਚ 1980 ਦੇ ਦਹਾਕੇ ਵਿਚ ਮਨਿਸਟਰੀ ਆਫ਼ ਨਿਊ ਐਂਡ ਰੀਨਿਊਏਬਲ ਐਨਰਜੀ(MNRE) ਦੀ ਸਥਾਪਨਾ ਕੀਤੀ ਗਈ ਸੀ। ਪਰ ਅਜੇ ਵੀ ਅਸੀਂ ਇਸ ਖੇਤਰ ਵਿਚ ਕਾਫ਼ੀ ਪਿੱਛੇ ਹਾਂ।
ਰੱਬ ਦੀ ਕਿਰਪਾ ਨਾਲ ਭਾਰਤ ਵਿਚ ਧੁੱਪ ਅਤੇ ਹਵਾ ਦੀ ਕੋਈ ਕਮੀ ਨਹੀਂ ਹੈ ਅਤੇ ਸਵਾ ਅਰਬ ਤੋਂ ਵੱਧ ਭਾਰਤੀਆਂ ਦੀ ਕਿਰਪਾ ਨਾਲ ਕੂੜੇ ਦੀ ਵੀ ਨਹੀਂ। ਹਵਾ ਨਾਲ ਉਤਪਾਦਨ ਊਰਜਾ ਭਾਰਤ ਦੀ ਕੁੱਲ ਉਤਪਾਦਨ ਬਿਜਲੀ ਦਾ ਕੇਵਲ 10% ਹੀ ਹੈ। ਮਹਾਰਾਸ਼ਟਰ, ਰਾਜਸਥਾਨ ਅਤੇ ਤਾਮਿਲਨਾਡੂ ਵਿਚ ਕਾਫ਼ੀ ਵੱਡੇ ਵਿੰਡ ਫਾਰਮ ਬਣਾਏ ਗਏ ਹਨ ਜਿਨ੍ਹਾਂ ਵਿਚ ਵਿੰਡਮਿਲ (ਪੌਣ ਚੱਕੀ) ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਪਰ ਫਿਰ ਵੀ ਇਸ ਕੁਦਰਤੀ ਸਾਧਨ, ਹਵਾ ਦਾ ਇਸਤੇਮਾਲ, ਬਿਜਲੀ ਉਤਪਾਦਨ ਵਿਚ ਬਹੁਤ ਹੀ ਘੱਟ ਕੀਤਾ ਜਾ ਰਿਹਾ ਹੈ।
ਸੋਲਰ ਊਰਜਾ ਦਾ ਭਾਵ ਹੈ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਉਤਪਾਦਨ ਵਿਚ ਤਬਦੀਲ ਕਰਨਾ। ਭਾਰਤ ਵਿਚ ਵਿਸ਼ੇਸ਼ ਸਕੀਮਾਂ ਤਹਿਤ ਜਿਵੇਂ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ, ਹਾਲੈਂਡ ਨਾਲ ਇੰਟਰਨੈਸ਼ਨਲ ਸੋਲਰ ਅਲਾਇੰਸ, ਯੂਨਾਈਟਿਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਤਹਿਤ ਇੰਡੀਆ ਸੋਲਰ ਲੋਅਨ ਪ੍ਰੋਗਰਾਮ ਨਾਲ ਸੂਰਜ ਦੀ ਸ਼ਕਤੀ ਤੋਂ ਬਿਜਲੀ ਉਤਪਾਦਨ ਦੇ ਇਸਤੇਮਾਲ ਨੇ ਤਰੱਕੀ ਕੀਤੀ ਹੈ। ਕੇਰਲਾ ਰਾਜ ਵਿਚ ਕੋਚੀਨ ਦਾ ਹਵਾਈ ਅੱਡਾ ਦੁਨੀਆ ਦਾ ਪਹਿਲਾ ਹਵਾਈ ਅੱਡਾ ਹੈ ਜੋ 100% ਸੂਰਜੀ ਊਰਜਾ ਨਾਲ ਚਲਦਾ ਹੈ। ਆਸਾਮ ਦੀ ਰਾਜਧਾਨੀ ਗੁਹਾਟੀ ਦਾ ਰੇਲਵੇ ਸਟੇਸ਼ਨ ਵੀ 100% ਸੂਰਜੀ ਊਰਜਾ ਨਾਲ ਹੀ ਚਲਾਇਆ ਜਾਂਦਾ ਹੈ।
ਪਰ ਬਿਜਲੀ ਉਤਪਾਦਨ ਦੇ ਹੋਰ ਸਾਧਨਾਂ ਜਿਵੇਂ ਬਾਇਓਮਾਸ ਜੋ, ਕਿ ਭਾਰਤ ਦੀ ਖੇਤੀਬਾੜੀ ਅਰਥ ਵਿਵਸਥਾ ਵਿਚ ਵੱਡੀ ਮਾਤਰਾ 'ਚ ਮਿਲਦੇ ਹਨ। ਇੰਡੀਅਨ ਰਿਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ (ਆਈ. ਆਰ. ਈ. ਡੀ. ਏ.) ਦੇ ਮੁਤਾਬਿਕ ਮੌਜੂਦਾ ਸਮੇਂ ਵਿਚ ਬਿਜਲੀ ਉਤਪਾਦਨ ਵਿਚ
260 ਮਿਲੀਅਨ ਟਨ ਕੋਲਾ ਬਚਾਇਆ ਜਾ ਸਕਦਾ ਹੈ। ਜੇਕਰ ਇਸ ਦੇ ਸਥਾਨ 'ਤੇ ਬਾਇਓਮਾਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਹਰੇਕ ਸਾਲ ਕਰੀਬ 250 ਬਿਲੀਅਨ ਰੁਪਏ ਦੀ ਬੱਚਤ ਹੋ ਸਕਦੀ ਹੈ। ਪਰਾਲੀ ਅਤੇ ਨਾੜ ਤੋਂ ਇਲਾਵਾ ਕਪਾਹ ਅਤੇ ਦਾਲਾਂ ਦੇ ਟਾਂਡੇ, ਸੁੱਕੇ ਨਾਰੀਅਲ ਦੇ ਛਿਲਕੇ, ਤੂੜੀ, ਪਟਸਨ, ਕਾਫ਼ੀ ਅਤੇ ਚਾਹ ਦੇ ਬੂਟਿਆਂ ਦੇ ਟਾਂਡੇ ਇਸ ਵਿਚ ਇਸਤੇਮਾਲ ਕੀਤੇ ਜਾ ਸਕਦੇ ਹਨ।
ਕਰੀਬ 55 ਮਿਲੀਅਨ ਟਨ ਕੂੜਾ ਅਤੇ 38 ਬਿਲੀਅਨ ਲੀਟਰ ਦਾ ਸੀਵਰੇਜ ਭਾਰਤ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਬਰਾਮਦ ਹੁੰਦਾ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਦੀ ਰਹਿੰਦ-ਖੂੰਹਦ ਦਾ ਇਸਤੇਮਾਲ ਵੀ ਬਿਜਲੀ ਉਤਪਾਦਨ ਵਿਚ ਕੀਤਾ ਜਾ ਸਕਦਾ ਹੈ, ਜਿਸ ਨਾਲ ਇਕ ਪਾਸੇ ਇਸ ਨੂੰ ਸਮੇਟਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਅਤੇ ਦੂਸਰੇ ਪਾਸੇ ਪ੍ਰਦੂਸ਼ਣ-ਰਹਿਤ ਊਰਜਾ ਵੀ ਪੈਦਾ ਕੀਤੀ ਜਾ ਸਕੇਗੀ।
ਊਰਜਾ ਉਤਪਾਦਨ ਦੇ ਨਵਿਆਉਣਯੋਗ ਊਰਜਾ ਸਾਧਨ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਵਿਚ ਸਹਾਇਕ ਹੁੰਦੇ ਹਨ, ਜਿਸ ਨਾਲ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਵਰਗੇ ਖ਼ਤਰਨਾਕ ਪਹਿਲੂ ਟਾਲੇ ਜਾ ਸਕਦੇ ਹਨ ਅਤੇ ਇਸ ਨਾਲ ਰੁਜ਼ਗਾਰ ਦੇ ਕਈ ਸਾਧਨਾਂ ਵਿਚ ਵੀ ਵਾਧਾ ਹੋ ਸਕਦਾ ਹੈ।
ਜੇਕਰ ਅੱਜ ਅਸੀਂ ਇਸ ਪਾਸੇ ਠੋਸ ਕਦਮ ਨਾ ਚੁੱਕੇ ਤਾਂ ਵਾਤਾਵਰਨ ਤਬਦੀਲੀ ਦੀਆਂ ਚੁਣੌਤੀਆਂ ਸਾਡੇ ਲਈ ਕੇਵਲ ਇਕ ਸੰਕਟ ਹੀ ਨਹੀਂ ਬਲਕਿ ਇਕ ਨਾ-ਟਾਲਣਯੋਗ ਕਰੋਪੀ ਵੀ ਬਣ ਜਾਣਗੀਆਂ।

E-mail : sarvinder_ajit@yahoo.co.in
Blog : sarvinderkaur.wordpress.com

ਵਿਸ਼ਵ ਦਾ ਸਭ ਤੋਂ ਵੱਡਾ ਵਪਾਰਕ ਸ਼ਹਿਰ ਨਿਊਯਾਰਕ ਖ਼ਾਮੋਸ਼ ਤੇ ਉਦਾਸ ਕਿਉਂ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਾਸ਼ਟਰਪਤੀ ਟਰੰਪ ਨੇ ਪਹਿਲੀ ਲੜੀ ਵਿਚ 2 ਫਰਵਰੀ ਨੂੰ ਚੀਨ ਦੀਆਂ ਫਲਾਈਟਾਂ ਰੱਦ ਕੀਤੀਆਂ ਅਤੇ ਕਰੀਬ ਸਵਾ ਮਹੀਨੇ ਪਿੱਛੋਂ ਇਟਲੀ ਤੇ ਹੋਰ ਯੂਰਪੀ ਦੇਸ਼ਾਂ ਦੀਆਂ ਫਲਾਈਟਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ। ਇਸੇ ਅਣਗਹਿਲੀ ਤੇ ਲਾਪ੍ਰਵਾਹੀ ਦਾ ਹਰਜ਼ਾਨਾ ਨਿਊਯਾਰਕ ਭੁਗਤ ਰਿਹਾ ਹੈ। ਗਵਰਨਰ ਕਿਓਮੋ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਨਿਊਯਾਰਕ ਅਮਰੀਕਾ ਲਈ ਸੋਨੇ ਦੀ ਖਾਨ ਸੀ। ਪਰ ਜੇ ਹਾਲਾਤ ਛੇਤੀਂ ਨਾ ਸੁਧਰੇ ਤਾਂ ਇਹ ਸ਼ਾਇਦ ਕੋਇਲੇ ਦੀ ਖਾਨ ਵੀ ਨਾ ਬਚੇ। ਇਸੇ 'ਤੇ ਹੀ ਹਾਂਗਕਾਂਗ ਯੂਨੀਵਰਸਿਟੀ ਵਿਚ ਛੂਤ ਦੀ ਬਿਮਾਰੀ ਅਤੇ ਮਹਾਂਮਾਰੀ ਦੇ ਵਿਗਿਆਨੀ ਪ੍ਰੋ: ਬੈਂਜਾਮਿਨ ਕਾਲਿੰਗ ਨੇ ਟਿੱਪਣੀ ਕੀਤੀ ਹੈ ਕਿ ਜਨਵਰੀ ਦੇ ਅੱਧ ਤੋਂ ਲੈ ਕੇ ਅਖੀਰ ਤੱਕ ਇਸ ਵਾਇਰਸ ਦੀ ਸ਼ੁਰੂਆਤੀ ਪਰ ਮੱਧਮ ਜਿਹੀ ਪਛਾਣ ਹੋ ਗਈ ਸੀ ਪਰ, ਵੁਹਾਨ ਵਿਚ ਮੌਤਾਂ ਦਾ ਸਿਲਸਿਲਾ ਚੱਲ ਪਿਆ ਸੀ। ਕਿਤੇ ਉਸ ਵੇਲੇ ਅਮਰੀਕਾ ਸੁਚੇਤ ਹੋ ਜਾਂਦਾ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ।
ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਦੇਸ਼ ਅਮਰੀਕਾ ਇਸ ਵੇਲੇ ਲਾਸ਼ਾਂ ਨਹੀਂ, ਸਗੋਂ ਲਾਸ਼ਾਂ ਦੇ ਢੇਰ ਗਿਣ ਰਿਹਾ ਹੈ। ਹੋਰਨਾਂ ਬਿਮਾਰੀਆਂ ਦੇ ਇਲਾਜ 'ਚ ਸਿਹਤ ਢਾਂਚਾ ਵੀ ਬੁਰੀ ਤਰ੍ਹਾਂ ਟੁੱਟ ਰਿਹਾ ਹੈ। ਮੌਤਾਂ ਦੀ ਗਿਣਤੀ ਦੇਖ ਕੇ ਲੋਕਾਂ ਦਾ ਮਨੋਬਲ ਡਿਗ ਰਿਹਾ ਹੈ। ਮੌਤਾਂ ਦਾ ਇਕ ਕਾਰਨ ਸਹਿਮ ਤੇ ਡਰ ਵੀ ਹੈ। ਇਹ ਧਾਰਨਾ ਵੀ ਸੱਚ ਹੈ ਕਿ ਨਿਊਯਾਰਕ ਵਿਚ ਮਰਨ ਵਾਲਿਆਂ ਵਿਚ ਕਾਲੇ ਲੋਕ ਵਧੇਰੇ ਹਨ। ਕਾਰਨ ਸਪੱਸ਼ਟ ਹੈ ਕਿ ਹਰ ਮੁਲਕ ਵਿਚ ਘੱਟ ਗਿਣਤੀਆਂ ਨਾਲ ਮਹਾਂਮਾਰੀਆਂ ਮੌਕੇ ਏਦਾਂ ਹੀ ਹੁੰਦਾ ਹੈ। ਸਰਕਾਰੀ ਰਾਸ਼ਨ ਨਾਲ ਪੜ੍ਹਨ ਵਾਲੇ ਵੱਡੇ ਪਰਿਵਾਰਾਂ ਦੇ ਇਹ ਲੋਕ ਛੋਟੇ ਘਰਾਂ ਵਿਚ ਰਹਿੰਦੇ ਹਨ। ਇਹ ਨਿੱਤ ਦਿਨ ਸਰੀਰ ਦੀ ਸੰਭਾਲ ਤੋਂ ਲਾਪ੍ਰਵਾਹ ਹੀ ਨਹੀਂ ਸਗੋਂ ਨਸ਼ਿਆਂ ਦੇ ਆਦੀ ਹੋਣ ਕਾਰਨ ਆਪਣਾ ਪਾਚਨ-ਤੰਤਰ ਵੀ ਬਹੁਤਾ ਕਰਕੇ ਕਮਜ਼ੋਰ ਕਰ ਬਹਿੰਦੇ ਹਨ। ਇਸੇ ਦਾ ਨਤੀਜਾ ਹੈ ਕਿ ਇਹ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੀ ਨਹੀਂ ਬਣੇ ਸਗੋਂ ਫੈਲਾਉਣ ਲਈ ਵੀ ਜ਼ਿੰਮੇਵਾਰ ਬਣ ਗਏ। ਤੱਥ ਹੋਰ ਵੀ ਸਾਹਮਣੇ ਇਹ ਆ ਰਹੇ ਹਨ ਕਿ ਮਰਦਮਸ਼ੁਮਾਰੀ 'ਚ ਉਹ ਲੋਕ ਸ਼ਾਮਿਲ ਹੀ ਨਹੀਂ ਹੁੰਦੇ ਜਿਨ੍ਹਾਂ ਕੋਲ ਸਥਾਈ ਤੌਰ 'ਤੇ ਰਹਿਣ ਲਈ ਕਾਗਜ਼ ਪੱਤਰ ਨਹੀਂ ਹੁੰਦੇ। ਇਹ ਫੜੇ ਜਾਣ ਦੇ ਡਰ ਤੋਂ ਵੇਰਵੇ ਛੁਪਾ ਲੈਂਦੇ ਹਨ। ਇਸ ਗੁਸਤਾਖੀ ਦਾ ਖਮਿਆਜ਼ਾ ਵੀ ਨਿਊਯਾਰਕ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਕਾਗਜ਼ੀ ਅੰਕੜਿਆਂ ਮੁਤਾਬਿਕ ਸਕੂਲ ਜਾਂ ਹਸਪਤਾਲ ਖੋਲ੍ਹਦੀ ਹੈ, ਪਰ ਅਸਲ 'ਚ ਸਚਾਈ ਹੋਰ ਹੁੰਦੀ ਹੈ। ਅਜਿਹਾ ਹੋਣ ਨਾਲ ਗ਼ੈਰ-ਕਾਨੂੰਨੀ ਨਿਵਾਸ ਤੇ ਸਕੂਲਾਂ 'ਚ ਬੱਚਿਆਂ ਦੀ ਅੰਦਾਜ਼ੇ ਤੋਂ ਵੱਧ ਗਿਣਤੀ ਸਿਹਤ ਤੇ ਵਿੱਦਿਅਕ ਸਹੂਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਨਿਊਯਾਰਕ ਵਿਚ ਭਾਰਤੀ ਲੋਕਾਂ ਦੀਆਂ ਮੌਤਾਂ ਵੀ ਨਿਰੰਤਰ ਜਾਰੀ ਹਨ। ਸਾਹਮਣੇ ਇਹ ਵੀ ਆਇਆ ਹੈ ਕਿ ਮਾਰਚ ਦੇ ਆਖਰੀ ਹਫ਼ਤੇ ਜਦੋਂ ਕੋਰੋਨਾ ਵਾਇਰਸ ਕਹਿਰ ਵਰਤਾ ਰਿਹਾ ਸੀ, ਪਾਬੰਦੀਆਂ ਲਾਗੂ ਸਨ, ਉਦੋਂ ਇਕ ਪੰਜਾਬੀ ਪਰਿਵਾਰ ਦੀ ਲਾਪ੍ਰਵਾਹੀ ਨੇ ਨਿਊਯਾਰਕ ਦੀ ਖੱਬੀ ਵੱਖੀ 'ਚ ਇਕ ਵਿਆਹ ਦੀ ਜਾਗੋ ਕੱਢ ਕੇ ਕੋਰੋਨਾ ਵਾਇਰਸ ਦੀ 'ਭਾਜੀ' ਵੀ ਖੂਬ ਵੰਡੀ। ਇੱਥੋਂ ਹੀ ਕਈਆਂ ਨੂੰ ਬੇਵਕਤੀ ਮੌਤ ਦਾ ਸਰਟੀਫਿਕੇਟ ਵੀ ਮਿਲਿਆ।
ਹਾਲਾਤ ਇਹ ਹਨ ਕਿ ਨਿਊਯਾਰਕ ਵਿਚ ਲਾਸ਼ਾਂ ਦੇ ਢੇਰ ਹਨ ਤੇ ਦਫਨਾਉਣ ਦੀਆਂ ਆਖਰੀ ਰਸਮਾਂ ਤਾਂ ਕੀ ਅਦਾ ਕੀਤੀਆਂ ਜਾਣੀਆਂ ਹਨ ਸਗੋਂ ਵਿਸ਼ਾਲ ਕਬਰਸਤਾਨਾਂ ਲਈ ਵਿਸ਼ੇਸ਼ ਥਾਵਾਂ ਲੱਭਣੀਆਂ ਪੈ ਰਹੀਆਂ ਹਨ। ਮ੍ਰਿਤਕ ਸਰੀਰ ਸਿਰਫ ਮਿੱਟੀ ਦੇ ਢੇਰ 'ਚ ਲੁਕਾਉਣ ਦਾ ਹੀ ਯਤਨ ਕੀਤਾ ਜਾ ਰਿਹਾ ਹੈ, ਫਰੰਟ ਲਾਈਨ 'ਤੇ ਡਾਕਟਰਾਂ ਅਤੇ ਨਰਸਾਂ ਦੇ ਬੁਲੰਦ ਹੌਂਸਲੇ ਨਿਊਯਾਰਕ ਨੂੰ ਬਚਾ ਰਹੇ ਹਨ ਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਦਿਨ-ਰਾਤ ਜੰਗ ਲੜਨ ਵਾਲੇ ਡਾਕਟਰਾਂ ਦੀਆਂ ਰਿਹਾਇਸ਼ਾਂ 'ਤੇ ਜਾ ਕੇ ਪੁਲਿਸ ਅਤੇ ਲੋਕਾਂ ਵਲੋਂ ਸਿਜਦਾ ਕੀਤਾ ਜਾ ਰਿਹਾ ਹੈ। ਹਾਲਾਂਕਿ ਹਾਲਾਤ ਨੇ ਕਈ ਡਾਕਟਰਾਂ ਨੂੰ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਕੀਤਾ ਹੈ।
ਇਸ ਵਕਤ ਅਮਰੀਕਾ ਜਦੋਂ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਅੰਕੜਿਆਂ ਤੋਂ ਚਿੰਤਤ ਹੈ, ਮਨੁੱਖੀ ਲਾਸ਼ਾਂ ਗਿਣ ਰਿਹਾ ਹੈ, ਉਸ ਵੇਲੇ ਰਾਜਨੀਤੀ ਦਾ ਸ਼ਿਕਾਰ ਵੀ ਹੈ। ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਜੇ ਬਹੁਤਾ ਨਹੀਂ ਤਾਂ ਕਾਫੀ ਖਮਿਆਜ਼ਾ ਨਿਊਯਾਰਕ ਅਤੇ ਅਮਰੀਕੀ ਵੀ ਭੁਗਤ ਰਹੇ ਹਨ। ਕਿਉਂਕਿ ਕੈਲੀਫੋਰਨੀਆਂ ਅਤੇ ਨਿਊਯਾਰਕ ਵਿਚ ਡੈਮੋਕਰੇਟਿਕ ਗਵਰਨਰ ਹਨ ਅਤੇ ਦੋਹਾਂ ਦੇ ਨਾਂਅ ਅੱਗੇ ਜਾ ਕੇ ਰਾਸ਼ਟਰਪਤੀ ਦੇ ਅਹੁਦੇ ਲਈ ਸਾਹਮਣੇ ਆਉਣ ਦੀ ਉਮੀਦ ਹੈ। ਇਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਨ੍ਹਾਂ ਦਰਮਿਆਨ ਇਕ ਰਾਜਨੀਤੀ ਦੀ ਲਕੀਰ ਹੋਈ ਹੈ। ਡੋਨਾਲਡ ਟਰੰਪ ਅਤੇ ਗਵਰਨਰ ਕਿਓਮੋ ਦੀ ਖਹਿਬਾਜ਼ੀ ਦੀ ਝਲਕ ਨਿੱਤ ਦਿਨ ਸਾਹਮਣੇ ਆਉਂਦੀ ਰਹੀ ਹੈ। ਕਿਓਮੋ ਨੇ ਲਗਪਗ ਆਪਣੀ ਹਰ ਪ੍ਰੈੱਸ ਕਾਨਫਰੰਸ ਵਿਚ ਕਿਹਾ ਹੈ ਕਿ 'ਕੋਰੋਨਾ ਵਾਇਰਸ ਲਾਲ ਜਾਂ ਨੀਲੇ ਨੂੰ ਨਹੀਂ, ਅਮਰੀਕੀਆਂ ਨੂੰ ਮਾਰ ਰਿਹਾ ਹੈ'। ਕਿਓਮੋ ਨੇ ਕਿਹਾ ਕਿ ਅਸੀਂ ਵਿੱਤੀ ਸੰਕਟ ਵਿਚ ਹਾਂ, ਸਾਨੂੰ ਵਾਸ਼ਿੰਗਟਨ ਉਹ ਮਾਲੀ ਮਦਦ ਨਹੀਂ ਦੇ ਰਿਹਾ ਜਿਸਦੀ ਅਸੀਂ ਮੰਗ ਕਰ ਰਹੇ ਹਾਂ ਅਤੇ ਨਿਊਯਾਰਕ ਵਰਗੇ ਵਪਾਰਕ ਕੇਂਦਰ ਨੂੰ ਰਾਜਨੀਤਕ ਖੇਡ ਦਾ ਮੈਦਾਨ ਹਰਗਿਜ਼ ਨਹੀਂ ਬਣਾਉਣਾ ਚਾਹੀਦਾ। ਦੂਜੇ ਪਾਸੇ ਰਾਸ਼ਟਰਪਤੀ ਨੇ 'ਨਿਊਯਾਰਕ ਪੋਸਟ' ਵਿਚ ਦਿੱਤੀ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਨੀਲੀਆਂ (ਡੈਮੋਕਰੇਟਿਕ ਝੰਡੇ ਦਾ ਨੀਲਾ ਰੰਗ) ਰਾਜ ਸਰਕਾਰਾਂ ਨੂੰ ਹੀ ਸੰਘੀ ਮਦਦ ਦੀ ਲੋੜ ਪੈ ਰਹੀ ਹੈ। ਟਰੰਪ ਨੇ ਟੈਕਸਸ ਅਤੇ ਫਲੋਰੀਡਾ ਦੇ ਰਿਪਬਲਿਕਨ ਗਵਰਨਰਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਉਹ ਵਿੱਤੀ ਮਦਦ ਕਿਉਂ ਨਹੀਂ ਮੰਗ ਰਹੇ? ਇਸ ਦੇ ਜਵਾਬ ਵਿਚ ਲੱਗਦੇ ਹੱਥ ਹੀ ਕਿਓਮੋ ਨੇ ਟਰੰਪ ਦੀ ਝਾੜ ਕਰਦਿਆਂ ਕਿਹਾ ਕਿ ਉਹ ਯਾਦ ਰੱਖਣ ਨਿਊਯਾਰਕ ਹਰ ਸਾਲ ਕੁਝ ਪ੍ਰਾਪਤ ਕਰਨ ਦੇ ਮੁਕਾਬਲੇ 29 ਬਿਲੀਅਨ ਅਤੇ ਕੈਲੀਫੋਰਨੀਆ ਜੋ ਪ੍ਰਾਪਤ ਕਰਦਾ ਹੈ, ਉਸ ਤੋਂ ਵੱਧ 6 ਬਿਲੀਅਨ ਡਾਲਰ ਟੈਕਸ ਦੇ ਰੂਪ ਵਿਚ ਫੈੱਡਰਲ ਢਾਂਚੇ ਨੂੰ ਦਿੰਦਾ ਹੈ ਜਦਕਿ ਰਿਪਬਲਿਕਨ ਵਾਲੇ ਫਲੋਰੀਡਾ ਅਤੇ ਕੈਨਟੱਕੀ ਰਾਜ ਕ੍ਰਮਵਾਰ 37 ਅਤੇ 30 ਬਿਲੀਅਨ ਡਾਲਰ ਵੱਧ ਵਸੂਲ ਰਹੇ ਹਨ। ਕਿਓਮੋ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਨਿਊਯਾਰਕ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਮਾਰ ਸਹਿ ਰਿਹਾ ਹੈ ਤਾਂ ਉਦੋਂ ਵੀ ਟਰੰਪ ਦਾ ਏਨੀ ਘਟੀਆ ਰਾਜਨੀਤੀ ਖੇਡਣਾ ਬਹੁਤ ਮਾੜਾ ਅਤੇ ਨਿੰਦਣਯੋਗ ਹੈ। ਨਿਊਯਾਰਕ ਦੇ ਮੇਅਰ ਬਿਲ ਡੀ. ਬਲਾਸੀਓ ਨੇ ਤਾਂ ਟਰੰਪ ਨੂੰ ਪੂਰਾ ਪਾਖੰਡੀ ਤੱਕ ਕਹਿ ਦਿੱਤਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਹਰ ਹਾਲਤ ਵਿਚ ਅਗਲੀ ਚੋਣ ਜਿੱਤਣਾ ਚਾਹੁੰਦਾ ਹੈ ਪਰ ਨਿਊਯਾਰਕ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਦੁਨੀਆ ਦੀ ਇਸ ਆਰਥਿਕ ਰਾਜਧਾਨੀ ਦੀ ਅੱਖ ਵਿਚ ਰੁਕਿਆ ਅੱਥਰੂ ਅਮਰੀਕਾ ਲਈ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਨੂੰ ਕੋਰੋਨਾ ਵਾਇਰਸ ਦੇ ਮਾਮਲੇ 'ਚ 'ਅਸਫਲ ਰਾਸ਼ਟਰਪਤੀ' ਕਿਹਾ ਹੈ ਪਰ ਆਪਣੇ ਹੀ ਅੜੀਅਲ ਤੇ ਰੁੱਖੇ ਸੁਭਾਅ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਹਾਂਮਾਰੀ ਦਾ ਅਮਰੀਕਾ ਵਿਚ ਕਿੰਨਾ ਕੁ ਨੁਕਸਾਨ ਕਰ ਗਿਆ ਹੈ, ਜਾਂ ਕਿੰਨਾ ਕੁ ਇਸ ਮਹਾਂਸ਼ਕਤੀ ਨੂੰ ਬਚਾ ਗਿਆ ਹੈ, ਇਹ ਹਿਸਾਬ-ਕਿਤਾਬ ਆਉਣ ਵਾਲਾ ਸਮਾਂ ਜ਼ਰੂਰ ਕਰੇਗਾ। (ਸਮਾਪਤ)


ashokbhaura@gmail.com

ਪ੍ਰੋਫ਼ੈਸਰ, ਅਦਾਕਾਰ ਤੇ ਕਾਮੇਡੀ ਖੇਤਰ ਦੀ ਸਿਰਮੌਰ ਸ਼ਖ਼ਸੀਅਤ ਜਸਵਿੰਦਰ ਭੱਲਾ

ਦੁਨੀਆ 'ਤੇ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਜਿਸ ਵੀ ਖੇਤਰ ਵਿਚ ਪੈਰ ਧਰਦੇ ਹਨ, ਉਸ ਖੇਤਰ ਦੇ ਸਿਖਰ 'ਤੇ ਪੁੱਜ ਜਾਂਦੇ ਹਨ। ਅਜਿਹੀ ਹੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਜਸਵਿੰਦਰ ਭੱਲਾ। ਜਿਨ੍ਹਾਂ ਦਾ ਜਨਮ 4 ਮਈ 1960 ਨੂੰ ਪਿਤਾ ਬਹਾਦਰ ਸਿੰਘ ਭੱਲਾ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਦੋਰਾਹਾ ਵਿਖੇ ਹੋਇਆ। ਉਨ੍ਹਾਂ ਨੇ ਦਸਵੀਂ ਸਰਕਾਰੀ ਹਾਈ ਸਕੂਲ ਦੋਰਾਹਾ ਤੋਂ ਬਲਾਕ ਵਿਚੋਂ ਪਹਿਲੇ ਨੰਬਰ 'ਤੇ ਆ ਕੇ ਪਾਸ ਕੀਤੀ। ਉਨ੍ਹਾਂ ਦਾ ਵਿਆਹ ਪਰਮਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀ ਇਕ ਲੜਕੀ ਅਰਸ਼ਪਰੀਤ ਕੌਰ ਤੇ ਲੜਕਾ ਪੁਖਰਾਜ ਭੱਲਾ ਹੈ। ਲੜਕਾ ਪੁਖਰਾਜ ਭੱਲਾ ਪਿਤਾ ਵਾਂਗ ਅਦਾਕਾਰ ਦੇ ਨਾਲ-ਨਾਲ ਚੰਗਾ ਗਾਇਕ ਵੀ ਹੈ।
ਜਸਵਿੰਦਰ ਭੱਲਾ ਨੂੰ ਪੜ੍ਹਾਈ ਦੇ ਨਾਲ-ਨਾਲ ਅਦਾਕਾਰੀ ਦੀ ਚੇਟਕ ਵੀ ਸਕੂਲ ਸਮੇਂ ਹੀ ਲੱਗ ਗਈ ਸੀ। ਆਪਣੀ ਜ਼ਿੰਦਗੀ ਦੀ ਪਹਿਲੀ ਪੇਸ਼ਕਾਰੀ ਚੌਧਰੀ ਰਾਮ ਪ੍ਰਕਾਸ਼ ਦੀ ਬਦੌਲਤ 9 ਵੀਂ ਜਮਾਤ ਵਿਚ ਪੜ੍ਹਦਿਆਂ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਵਿਚ ਦੇਸ਼ ਪਿਆਰ ਦਾ ਗੀਤ ਗਾ ਕੇ ਦਿੱਤੀ। 1982 ਵਿਚ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬੀ.ਐਸ.ਸੀ. ਖੇਤੀਬਾੜੀ 'ਚ ਦਾਖ਼ਲਾ ਲਿਆ। ਇਥੇ ਜਸਵਿੰਦਰ ਭੱਲਾ ਨੇ ਪੜਾਈ ਦੌਰਾਨ ਸਰਬੋਤਮ ਅਦਾਕਾਰ, ਸਰਬੋਤਮ ਗਾਇਕ, ਸਰਬੋਤਮ ਮੌਨੋਐਕਟਰ, ਸੰਗੀਤ, ਨਾਟਕ, ਮੋਨੋਐਕਟਿੰਗ ਵਿਚ ਕਾਲਜ ਤੇ ਯੂਨੀਵਰਸਿਟੀ ਕਲਰ ਅਤੇ ਅੰਤਰ ਯੂਨੀਵਰਸਿਟੀ ਮੁਕਾਬਲੇ ਜਿੱਤੇ। ਇਥੇ ਪੜ੍ਹਦਿਆਂ ਉਨ੍ਹਾਂ ਦੂਰਦਰਸ਼ਨ ਕੇਂਦਰ ਜਲੰਧਰ 'ਤੇ 1981-1982 ਵਿਚ ਪਹਿਲੀ ਵਾਰੀ ਓਮ ਗੌਰੀ ਦੱਤ ਸ਼ਰਮਾ ਦੀ ਬਦੌਲਤ ਮਾਡਰਨ ਜਾਗੋ ਤੇ ਭੰਡਾਂ ਦੀ ਪੇਸ਼ਕਾਰੀ ਦਿੱਤੀ। ਉਸ ਤੋਂ ਬਾਅਦ ਉਹ ਜਲੰਧਰ ਦੂਰਦਰਸ਼ਨ ਕੇਂਦਰ ਦੇ ਪ੍ਰੋਗਰਾਮਾਂ ਦਾ ਸ਼ਿੰਗਾਰ ਬਣ ਗਏ। 1985 ਵਿਚ ਉਨ੍ਹਾਂ ਨੇ ਐਮ.ਐਸ.ਈ. ਪਸਾਰ ਸਿੱਖਿਆ ਪਾਸ ਕੀਤੀ। 1986-87 ਵਿਚ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪੀ.ਏ.ਯੂ. ਤੋਂ ਪੜ੍ਹਾਈ ਕਰਨ ਉਪਰੰਤ ਉਹ ਪੰਜਾਬ ਖੇਤੀਬਾੜੀ ਵਿਭਾਗ ਵਿਚ ਭਰਤੀ ਹੋ ਗਏ, ਜਿੱਥੇ 5 ਸਾਲ ਉਨ੍ਹਾਂ ਸਹਾਇਕ ਵਿਕਾਸ ਅਧਿਕਾਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਏ.ਡੀ.ਓ. ਦੀ ਨੌਕਰੀ ਛੱਡ ਕੇ ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਪਸਾਰ ਸਿੱਖਿਆ ਵਜੋਂ ਅਹੁਦਾ ਸੰਭਾਲਿਆ। 31 ਅਕਤੂਬਰ 1989 ਨੂੰ ਉਨਾਂ ਖੇਤੀਬਾੜੀ ਪਸਾਰ ਸਿੱਖਿਆ ਵਿਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ (ਉੱਤਰ ਪ੍ਰਦੇਸ਼) ਤੋਂ ਪੀ.ਐਚ.ਡੀ. ਕੀਤੀ। 2008 ਵਿਚ ਉਹ ਪ੍ਰੋਫ਼ੈਸਰ ਪਸਾਰ ਸਿੱਖਿਆ ਬਣੇ। ਪੀ.ਏ.ਯੂ. ਵਿਚ ਸੇਵਾਵਾਂ ਦੌਰਾਨ ਉਨਾਂ 7 ਆਡੀਓ ਕੈਸਿਟਾਂ ਤਿਆਰ ਕਰਕੇ ਰਿਲੀਜ਼ ਕੀਤੀਆਂ। ਪੀ.ਏ.ਯੂ.ਦਾ ਬੀਜ ਵੇਚਣ ਲਈ ਪ੍ਰਚਾਰ ਫ਼ਿਲਮਾਂ ਬਣਾਈਆਂ। ਮਾਰਕਫ਼ੈਡ ਦੇ ਸੋਹਣਾ ਪੰਜਾਬ ਪ੍ਰੋਗਰਾਮ ਵਿਚ ਹਫ਼ਤਾਵਾਰੀ ਸਮਾਗਮ ਵਿਚ ਪੀ.ਏ.ਯੂ. ਬਾਰੇ ਸਲਾਹਾਂ ਦਿੱਤੀਆਂ।
ਪੜ੍ਹਾਈ ਕਰਨ ਤੇ ਪੜ੍ਹਾਉਣ ਵਿਚ ਨਿਪੁੰਨ ਜਸਵਿੰਦਰ ਭੱਲਾ ਨੇ ਛਣਕਾਟਾ ਕੈਸਿਟ ਰਾਹੀਂ ਕਾਮੇਡੀ ਤੇ ਅਦਾਕਾਰੀ ਦੇ ਖੇਤਰ ਵਿਚ ਸ਼ੌਕ ਵਜੋਂ ਪੈਰ ਧਰਿਆ, ਪਰ ਇਹ ਸ਼ੌਕ ਅਜਿਹਾ ਕਿੱਤੇ ਵਿਚ ਬਦਲਿਆ ਕਿ ਜਸਵਿੰਦਰ ਭੱਲਾ ਨੇ ਇਕ ਤੋਂ ਬਾਅਦ ਇਕ ਛਣਕਾਟੇ ਦਿੱਤੇ। 27 ਛਣਕਾਟਾ ਕੈਸਿਟਾਂ ਰਾਹੀਂ ਲੋਕਾਂ ਦੇ ਚਿਹਰਿਆਂ ਨੂੰ ਹਾਸੇ ਨਾਲ ਭਰਪੂਰ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਭਰਾਵਾਂ ਵਰਗੇ ਮਿੱਤਰ ਬਾਲ ਮੁਕੰਦ ਸ਼ਰਮਾ ਨਾਲ ਬੜੇ ਸੁਚੱਜੇ ਤਰੀਕੇ ਨਾਲ ਨਿਭਾਈ। ਕਾਮੇਡੀ ਕੈਸਿਟਾਂ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ। ਜਸਵਿੰਦਰ ਭੱਲਾ ਨੇ ਛਣਕਾਟਿਆਂ ਵਾਂਗ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਅਜਿਹਾ ਕੀਲਿਆ ਕਿ ਬਹੁਤੀਆਂ ਪੰਜਾਬੀ ਫ਼ਿਲਮਾਂ ਉਨ੍ਹਾਂ ਦੀ ਅਦਾਕਾਰੀ ਕਰਕੇ ਹਿੱਟ ਹੋਈਆਂ। ਉਹ ਹੁਣ ਤੱਕ 100 ਦੇ ਕਰੀਬ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ ਮਾਹੌਲ ਠੀਕ ਹੈ, ਸੀ। ਉਸ ਤੋਂ ਬਾਅਦ ਉਨ੍ਹਾਂ ਮੇਲ ਕਰਾਦੇ ਰੱਬਾ, ਜੀਹਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਕੈਰੀ ਆਨ ਜੱਟਾ ਸਮੇਤ ਕਈ ਦਰਜਨ ਹਿੱਟ ਫ਼ਿਲਮਾਂ ਵਿਚ ਅਦਾਕਾਰੀ ਕੀਤੀ।
ਉਨਾਂ ਨੇ ਲਗਾਤਾਰ 30 ਸਾਲ ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੌਰਾਨ ਮੰਚ ਸੰਚਾਲਨ ਦੀ ਵੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਨੇ ਅਗਸਤ 2015 ਵਿਚ ਪ੍ਰੋਫ਼ੈਸਰ ਕਮ ਮੁਖੀ ਪਸਾਰ ਸਿੱਖਿਆ ਵਿਭਾਗ ਪੀ.ਏ.ਯੂ. ਦੀ ਜ਼ਿੰਮੇਵਾਰੀ ਸੰਭਾਲੀ। ਜਸਵਿੰਦਰ ਭੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਡਾ: ਸੁਖਦੇਵ ਸਿੰਘ, ਡਾ: ਖੇਮ ਸਿੰਘ ਗਿੱਲ, ਡਾ: ਅਮਰਜੀਤ ਸਿੰਘ ਖਹਿਰਾ, ਡਾ: ਕਿਰਪਾਲ ਸਿੰਘ ਔਲਖ, ਡਾ: ਮਨਜੀਤ ਸਿੰਘ ਕੰਗ ਅਤੇ ਮੌਜੂਦਾ ਉਪਕੁਲਪਤੀ ਤੇ ਪਦਮਸ੍ਰੀ ਡਾ: ਬਲਦੇਵ ਸਿੰਘ ਢਿੱਲੋਂ ਨੇ ਹਰ ਕਿਸਮ ਦਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਜੋ ਵੀ ਹਨ, ਉਹ ਪੀ.ਏ.ਯੂ. ਕਰਕੇ ਹੀ ਹਨ। ਡਾ: ਬਲਦੇਵ ਸਿੰਘ ਢਿੱਲੋਂ ਨੇ ਜਸਵਿੰਦਰ ਭੱਲਾ ਵਲੋਂ ਪੀ.ਏ.ਯੂ. ਦੇ ਸਰਬਪੱਖੀ ਵਿਕਾਸ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾ: ਜਸਵਿੰਦਰ ਭੱਲਾ 31 ਮਈ 2020 ਨੂੰ ਪੀ.ਏ.ਯੂ. ਤੋਂ ਆਪਣੀਆਂ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਉਸ ਦਿਨ ਕੋਰੋਨਾ ਮਹਾਂਮਾਰੀ ਕਰਕੇ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਨਲਾਈਨ ਵਿਦਾਇਗੀ ਸਮਾਗਮ ਕਰ ਰਹੇ ਹਨ।


-ਵਿਸ਼ੇਸ਼ ਪ੍ਰਤੀਨਿਧ, ਲੁਧਿਆਣਾ।
ਮੋਬਾਈਲ : 98728-17800

ਜ਼ਿੰਦਗੀ 'ਚ ਸਫ਼ਲ ਹੋਣ ਲਈ ਸੋਲਾਂ ਕਲਾਵਾਂ ਅੱਜ ਦੀਆਂ

ਮਨੁੱਖੀ ਸੱਭਿਅਤਾ ਦੀ ਹੋਂਦ ਉਸ ਦੇ ਸਮਾਜਿਕ ਢਾਂਚੇ 'ਤੇ ਨਿਰਭਰ ਹੈ। ਸਮਾਜ ਦੇ ਨਿਰਮਾਣ ਵਿਚ ਵਿਅਕਤੀ ਦੀ ਅਹਿਮ ਭੂਮਿਕਾ ਹੈ। ਸਾਰੀ ਸ੍ਰਿਸ਼ਟੀ ਦਾ ਕੇਂਦਰ ਬਿੰਦੂ ਮਨੁੱਖ ਹੈ। ਮਨੁੱਖ ਆਪਣੀਆਂ ਗਤੀਵਿਧੀਆਂ ਰਾਹੀਂ ਕੁਦਰਤ ਦੇ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ। ਕੁਦਰਤ ਆਪਣਾ ਸਾਰਾ ਕੁਝ ਇਸ ਸੰਸਾਰ ਨੂੰ ਸੁੰਦਰ ਬਣਾਉਣ ਲਈ ਵਾਰ ਰਹੀ ਹੈ ਪਰ ਬਦਲੇ ਵਿਚ ਮਨੁੱਖ ਕੀ ਦੇ ਰਿਹਾ ਹੈ? ਉਹ ਆਪਣੇ ਨਿੱਜੀ ਸੁੱਖ ਅਤੇ ਸਵਾਰਥ ਲਈ ਕੁਦਰਤ ਦੀਆਂ ਅਨਮੋਲ ਦਾਤਾਂ ਵਿਚ ਵਿਗਾੜ ਪੈਦਾ ਕਰ ਕੇ ਅਮਾਨਤ ਵਿਚ ਖਿਆਨਤ ਪੈਦਾ ਕਰ ਰਿਹਾ ਹੈ। ਅੱਜ ਦੇ ਸਮਾਜ ਦੇ ਬਦਲਦੇ ਪ੍ਰਸੰਗ ਦੇ ਸੰਦਰਭ ਵਿਚ ਗੱਲ ਕੀਤੀ ਜਾਵੇ ਤਾਂ ਧਰਤੀ 'ਤੇ ਵਾਪਰ ਰਹੀ ਹਰ ਘਟਨਾ ਲਈ ਮਨੁੱਖ ਹੀ ਜ਼ਿੰਮੇਵਾਰ ਨਜ਼ਰ ਆਉਂਦਾ ਹੈ ।
ਕਾਦਰ ਦੀ ਬਖ਼ਸ਼ੀ ਇਸ ਸੁੰਦਰ ਧਰਤ ਨੂੰ ਲੋੜ ਹੈ ਮਹਿਕਾਉਣ ਦੀ, ਸੰਵਾਰਨ ਦੀ, ਹਰ ਪਾਸੇ ਖ਼ੁਸ਼ੀਆਂ ਭਰਿਆ ਮਾਹੌਲ ਸਿਰਜਣ ਦੀ । ਕਿਹਾ ਜਾਂਦਾ ਹੈ ਕਿ ਕੁਦਰਤ ਦੀ ਸਭ ਤੋਂ ਸੁੰਦਰ ਰਚਨਾ ਮਨੁੱਖ ਹੈ। ਫਿਰ ਉਸ ਦੇ ਕਾਰਜ ਵੀ ਤਾਂ ਸੁੰਦਰ ਹੋਣੇ ਜ਼ਰੂਰੀ ਹਨ, ਪਰ ਹੋ ਕੀ ਰਿਹਾ ਹੈ! ਚਿੰਤਨ ਦੀ ਲੋੜ ਹੈ। ਆਤਮ ਚਿੰਤਨ ਦੀ ਹਰ ਮਨੁੱਖ ਨੂੰ ਜ਼ਰੂਰਤ ਹੈ। ਸਾਡੇ ਵਡੇਰੇ ਸਾਨੂੰ ਕਥਾ ਕਹਾਣੀਆਂ, ਪੌਰਾਣਿਕ ਕਥਾਵਾਂ ਰਾਹੀਂ ਚੰਗਾ ਮਨੁੱਖ ਬਣਨ ਦੀ ਬਾਤ ਪਾਉਂਦੇ ਸਨ। ਉਹ ਚਾਹੁੰਦੇ ਸਨ ਕਿ ਅੱਜ ਦਾ ਮਨੁੱਖ ਸੋਲਾਂ ਕਲਾ ਸੰਪੂਰਨ ਹੋਵੇ। ਇਹ ਸੋਲਾਂ ਕਲਾ ਵੱਖ-ਵੱਖ ਧਰਮ ਗ੍ਰੰਥਾਂ ਵਿਚ ਵੱਖ-ਵੱਖ ਦਿੱਤੀਆਂ ਗਈਆਂ ਹਨ ਪਰ ਜੇਕਰ ਬਾਰੀਕੀ ਨਾਲ ਅਧਿਐਨ ਕਰੀਏ ਤਾਂ ਇਹ ਸਪਸ਼ਟ ਹੈ ਕਿ ਮਨੁੱਖ ਆਪਣੀ ਸ਼ਖ਼ਸੀਅਤ ਦਾ ਮੰਥਨ ਕਰੇ, ਸਦਗੁਣ ਅਪਣਾਏ, ਇਨ੍ਹਾਂ ਕਲਾਵਾਂ ਬਾਰੇ ਜਾਗਰੂਕ ਹੋਵੇ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਨ੍ਹਾਂ ਸੋਲਾਂ ਕਲਾਵਾਂ ਨੂੰ ਜਾਣਨਾ ਅਤੇ ਜੀਵਨ ਵਿਚ ਲਾਗੂ ਕਰਨਾ ਅਤਿਅੰਤ ਜ਼ਰੂਰੀ ਹੈ ਤਾਂ ਹੀ ਅਸੀਂ ਇਸ ਕੁਦਰਤ ਦੇ ਅਨਮੋਲ ਤੋਹਫ਼ੇ ਸਾਰੇ ਆਲਮ ਨੂੰ ਸੁੱਖਾਂ ਭਰਿਆ ਦੇਖ ਸਕਾਂਗੇ। ਸਾਡੇ ਸੱਭਿਆਚਾਰ ਵਿਚ ਵੱਖ-ਵੱਖ ਧਰਮ ਗ੍ਰੰਥਾਂ ਵਿਚ ਇਨ੍ਹਾਂ ਕਲਾਵਾਂ ਦਾ ਵਰਨਣ ਥੋੜ੍ਹੇ -ਥੋੜ੍ਹੇ ਫ਼ਰਕ ਨਾਲ ਮਿਲਦਾ ਹੈ। ਬ੍ਰਹਮਵੈਵਰਤ ਪੁਰਾਣ ਵਿਚ ਇਹ ਸੋਲਾਂ ਕਲਾਵਾਂ ਹਨ-1. ਗਿਆਨ 2. ਧਿਆਨ 3. ਸ਼ੁੱਭ ਕਰਮ 4. ਹਠ 5. ਜਮ 6. ਧਰਮੁਰਦਾਨ 7. ਵਿੱਦਿਆ 8.ਭਜਨ 9. ਜਤ 10. ਪ੍ਰੇਮ 11. ਅਧਿਆਤਮਿਕਤਾ 12.ਸਤਮਾਨ 13. ਦਇਆ 14. ਨੇਮ 15. ਚਤੁਰਤਾ 16. ਬੁੱਧ-ਸੁੱਧ। ਸਮੇਂ ਦੇ ਨਾਲ ਹੁਣ ਇਨ੍ਹਾਂ ਕਲਾਵਾਂ ਦੇ ਰੂਪ ਬਦਲ ਗਏ ਹਨ ਪਰ ਇਹ ਸਦਗੁਣ ਭਰਪੂਰ ਮਨੁੱਖਤਾ ਦੀਆਂ ਰਾਹ ਦਸੇਰਾ ਸਦਾ ਆਪਣੀ ਹੋਂਦ ਬਰਕਰਾਰ ਰੱਖਣਗੀਆਂ। ਇੱਥੇ ਆਪਾਂ ਇਨ੍ਹਾਂ ਸੋਲਾਂ ਕਲਾਵਾਂ ਦੇ ਆਧੁਨਿਕ ਰੂਪਾਂ ਬਾਰੇ ਸੰਖੇਪ ਵਿਚ ਚਰਚਾ ਕਰਾਂਗੇ ਜੋ ਕਿ ਹੁਣ ਹਰ ਮਨੁੱਖ ਨੂੰ ਗ੍ਰਹਿਣ ਕਰਨ ਦੀ ਲੋੜ ਹੈ-
* ਸਿੱਖਿਆ : ਸਿੱਖਿਆ ਪ੍ਰਾਪਤੀ ਨਾਲ ਅਨੇਕਾਂ ਸਦਗੁਣ ਆਪਣੇ ਆਪ ਆ ਜਾਂਦੇ ਹਨ। ਉਸ ਨੂੰ ਕਰਮ ਕਰਨ ਅਤੇ ਉਸ ਦੇ ਨਿਕਲਣ ਵਾਲੇ ਸਿੱਟਿਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ । ਸਿੱਖਿਅਤ ਮਨੁੱਖ ਸਮਾਜ ਦੇ ਹਰ ਨਜ਼ਰੀਏ ਨੂੰ ਘੋਖਦਾ, ਵਾਚਦਾ ਹੈ ਅਤੇ ਚੰਗਾ ਕੰਮ ਕਰ ਕੇ ਖ਼ੁਸ਼ੀ ਹਾਸਲ ਕਰਦਾ ਹੈ।
* ਲਿਖਣ: ਸਾਹਿਤ ਸਮਾਜ ਦਾ ਦਰਪਣ ਹੈ। ਆਪਣੇ ਆਪ ਦੇ ਸਵੈ ਅਭਿਆਸ, ਚਿੰਤਨ ਅਤੇ ਅਨੁਭਵ ਨੂੰ ਅਧਿਆਪਨ ਦੁਆਰਾ ਹੀ ਵਿਕਸਤ ਕੀਤਾ ਜਾ ਸਕਦਾ ਹੈ। ਅਧਿਆਪਨ ਲਿਖਣ ਕਲਾ ਨੂੰ ਵਿਕਸਤ ਕਰਦਾ ਹੈ। ਇਕ ਚੰਗਾ ਲੇਖਕ ਹੀ ਆਪਣੇ ਚਿੰਤਨ, ਸਾਕਾਰਾਤਮਕ ਸੋਚ ਨਾਲ ਆਪਣੇ ਗ੍ਰਹਿਣ ਕੀਤੇ ਗਿਆਨ ਨੂੰ ਅੱਗੇ ਵੰਡ ਸਕਦਾ ਹੈ। ਸੰਸਾਰ ਦੇ ਸਾਰੇ ਮਹਾਨ ਪੁਰਸ਼, ਜੋਧੇ, ਸੂਰਬੀਰ ਹੋਣ ਦੇ ਨਾਲ-ਨਾਲ ਚੰਗੇ ਲੇਖਕ ਵੀ ਸਨ, ਉਹ ਕਲਾ ਦੀ ਤਾਕਤ ਨੂੰ ਬਾਖ਼ੂਬੀ ਜਾਣਦੇ ਸਨ। ਵਿਅਕਤੀ ਨੂੰ ਆਪਣੀ ਲਿਖਣ ਕਲਾ ਰਾਹੀਂ ਜੀਵਨ ਦੀਆਂ ਸਫ਼ਲਤਾਵਾਂ ਨੂੰ ਦੂਜਿਆਂ ਅੱਗੇ ਰੱਖ ਕੇ ਪ੍ਰੇਰਣਾ ਦੇਣੀ ਚਾਹੀਦੀ ਹੈ। ਹਰ ਮਨੁੱਖ ਨੂੰ ਆਪਣੀ ਪ੍ਰਤੀਦਿਨ ਕਿਰਿਆ ਵਿਚ ਲੇਖਣ ਕਲਾ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ।
* ਪ੍ਰਸ਼ਾਸਨ ਕਲਾ: ਘਰ, ਸਮਾਜ, ਪ੍ਰਾਂਤ ਅਤੇ ਦੇਸ਼ ਵਿਚ ਪ੍ਰਬੰਧ ਢਾਂਚਾ ਚਲਾਉਣ ਲਈ ਕੁਸ਼ਲ ਪ੍ਰਸ਼ਾਸਨ ਕਲਾ ਦੀ ਅਤਿ ਜ਼ਰੂਰਤ ਹੈ। ਇਕ ਆਦਰਸ਼ ਮਨੁੱਖ ਨੂੰ ਸਭ ਤੋਂ ਪਹਿਲਾਂ ਸਮਾਜ ਦੀ ਮੁਢਲੀ ਇਕਾਈ ਘਰ, ਪਰਿਵਾਰ ਦੀ ਅਗਵਾਈ ਕਰਨ ਲਈ ਪ੍ਰਸ਼ਾਸਨ ਕਲਾ ਆਉਣੀ ਜ਼ਰੂਰੀ ਹੈ। ਪਰਿਵਾਰ ਵਿਚ ਕਿਸ ਵੇਲੇ ਕਿਹੜਾ ਨਿਰਣਾ ਲੈਣਾ ਹੈ, ਦੁੱਖ-ਸੁੱਖ ਵੇਲੇ ਟੱਬਰ ਦੇ ਸਾਰੇ ਜੀਆਂ ਨੂੰ ਇਕਮੁੱਠ ਰੱਖਣਾ ਅਤੇ ਉਨ੍ਹਾਂ ਨੂੰ ਕਿਵੇਂ ਸੰਤੁਸ਼ਟ ਕਰਨਾ ਹੈ, ਇਸ ਸਭ ਕਾਸੇ ਲਈ ਪ੍ਰਸ਼ਾਸਨ ਕਲਾ ਦੀ ਜਾਣਕਾਰੀ ਅਤਿ ਜ਼ਰੂਰੀ ਹੈ ।
* ਹੱਸਮੁਖਤਾ: ਜ਼ਿੰਦਗੀ ਵਿਚ ਜੇਕਰ ਹਾਸਾ ਖੇਡਾ ਨਹੀਂ ਹੋਵੇਗਾ ਤਾਂ ਜ਼ਿੰਦਗੀ ਨੀਰਸ ਬਣ ਜਾਂਦੀ ਹੈ । ਹਾਸਾ ਜੀਵਨ ਦਾ ਸ਼ਿੰਗਾਰ ਹੈ, ਪਰ ਇਹ ਵੀ ਜੇਕਰ ਇਕ ਮਰਿਆਦਾ ਅੰਦਰ ਹੋਵੇ ਤਾਂ। ਮਨੁੱਖ ਦੀ ਬੋਲਬਾਣੀ, ਸਦਾ ਖਿੜੇ ਰਹਿਣਾ ਅਤੇ ਹਸਦਿਆਂ-ਹੱਸਦਿਆਂ ਵੱਡੀਆਂ ਗੱਲਾਂ ਕਰ ਜਾਣਾ ਅਤੇ ਦੂਸਰਿਆਂ ਨੂੰ ਹਾਸੇ-ਹਾਸੇ ਵਿਚ ਸਿੱਖਿਆ ਦਿੰਦਿਆਂ ਮਹਿਸੂਸ ਵੀ ਨਾ ਹੋਣ ਦੇਣਾ ਵੀ ਇਕ ਕਲਾ ਹੈ।
* ਸਿਹਤ ਪ੍ਰਤੀ ਜਾਗਰੂਕਤਾ : ਆਪਣੇ ਆਪ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ, ਸਰੀਰ ਦੀ ਦੇਖਭਾਲ ਕਰਨਾ ਵੀ ਇਕ ਕਲਾ ਹੈ। ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਹੋਵੇਗਾ। ਜੇਕਰ ਮਨੁੱਖ ਅਰੋਗ ਹੈ ਤਾਂ ਹੀ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਸਕੇਗਾ । ਅਰੋਗ ਰਹਿ ਕੇ ਅਸੀਂ ਸਮਾਂ ਅਤੇ ਧਨ ਬਚਾ ਸਕਦੇ ਹਾਂ। ਅਜੋਕੇ ਸਮੇਂ ਵਿਚ ਮਨੁੱਖ ਬਹੁਤ ਸਾਰੀਆਂ ਸਰੀਰਕ ਬੀਮਾਰੀਆਂ ਤੋਂ ਪ੍ਰੇਸ਼ਾਨ ਹੈ। ਅਜਿਹੇ ਸਮੇਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਵੀ ਇਕ ਵੱਡੀ ਕਲਾ ਹੈ।
* ਵਿਹਾਰ: ਵਿਹਾਰਿਕਤਾ ਮਨੁੱਖ ਦੀ ਇਕ ਬਹੁਤ ਵੱਡੀ ਕਲਾ ਹੈ । ਵਿਅਕਤੀ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ, ਵਿੱਦਿਅਕ ਡਿਗਰੀਆਂ ਪ੍ਰਾਪਤ ਕਰ ਲਵੇ, ਜੇਕਰ ਉਸ ਨੂੰ ਸਮਾਜ ਵਿਚ ਵਿਚਰਨਾ ਨਹੀਂ ਆਉਂਦਾ, ਪਰਿਵਾਰਕ ਅਤੇ ਸਮਾਜਿਕ ਸਬੰਧਾਂ ਵਿਚ ਮਧੁਰਤਾ ਨਹੀਂ ਲਿਆ ਸਕਦਾ ਤਾਂ ਉਹ ਨਾ ਤਾਂ ਆਪ ਸੁਖੀ ਰਹੇਗਾ ਅਤੇ ਨਾ ਹੀ ਆਪਣੇ ਨਾਲ ਵਿਚਰ ਰਹੇ ਲੋਕਾਂ ਨੂੰ ਸੁੱਖ ਦੇ ਸਕੇਗਾ। ਵਿਹਾਰ ਵਿਚ ਪ੍ਰੇਮ, ਮਿਠਾਸ ਅਤੇ ਸਹਿਣਸ਼ੀਲਤਾ ਹੋਣਾ ਵੀ ਬਹੁਤ ਜ਼ਰੂਰੀ ਹੈ।
* ਗੱਲਬਾਤ ਕਰਨ ਦਾ ਢੰਗ: ਸਮਾਜ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੈ ਕਿ ਵਿਅਕਤੀ ਨੂੰ ਗੱਲਬਾਤ ਕਰਨ ਦਾ ਸਲੀਕਾ ਹੋਵੇ। ਉਸ ਵਿਚ ਹਾਜ਼ਰ ਜਵਾਬੀ ਅਤੇ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਗੱਲਬਾਤ ਕਰਨ ਦਾ ਹੁਨਰ ਹੋਣਾ ਵੀ ਜ਼ਰੂਰੀ ਹੈ। ਮਨੁੱਖ ਦੀ ਮਿੱਠੀ ਬੋਲੀ ਸੁਣਨ ਵਾਲੇ ਦੇ ਕੰਨਾਂ ਵਿਚ ਰਸ ਘੋਲਦੀ ਹੈ। ਵੱਡੇ ਤੋਂ ਵੱਡੇ ਵਿਗੜੇ ਕੰਮ ਮਿੱਠੀ ਬੋਲੀ ਅਤੇ ਸਹੀ ਮੌਕੇ 'ਤੇ ਕੀਤੀ ਸਹੀ ਗੱਲਬਾਤ ਦੀ ਕਲਾ ਨਾਲ ਸੰਵਰ ਜਾਂਦੇ ਹਨ।
* ਸਮੇਂ ਅਨੁਸਾਰ ਪਰਿਵਰਤਨ: ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਅੱਜ ਹੈ ਉਹ ਕੱਲ੍ਹ ਨਹੀਂ ਰਹੇਗਾ। ਜੋ ਅੱਜ ਹੋ ਰਿਹਾ ਹੈ ਉਹ ਕੱਲ੍ਹ ਨਹੀਂ ਹੋਵੇਗਾ। ਸੰਸਾਰ ਵਿਚ ਪਰਿਵਰਤਨ ਦਾ ਨਿਯਮ ਕੁਦਰਤੀ ਤੌਰ 'ਤੇ ਲਗ਼ਾਤਾਰ ਪ੍ਰੀਕਿਰਿਆ ਅਧੀਨ ਲਾਗੂ ਹੈ। ਮਨੁੱਖ ਨੂੰ ਸੰਸਾਰਿਕ ਪ੍ਰਸਥਿਤੀਆਂ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਕੇ ਜੀਵਨ ਵਿਚ ਪਰਿਵਰਤਨ ਲਿਆਉਣਾ ਚਾਹੀਦਾ ਹੈ। ਅਸੀਂ ਨਾ ਤਾਂ ਪੱਥਰ ਯੁੱਗ ਵਾਂਗ ਜੀਅ ਸਕਦੇ ਹਾਂ ਅਤੇ ਨਾ ਹੀ ਆਧੁਨਿਕਤਾ ਦੀ ਦੌੜ ਵਿਚ ਸ਼ਾਮਿਲ ਹੋ ਕੇ ਵਰਤਮਾਨ ਜੀਵਨ ਤੋਂ ਅੱਗੇ ਛਾਲਾਂ ਮਾਰਨੀਆਂ ਹਨ। ਸਾਨੂੰ ਸਮੇਂ-ਸਮੇਂ 'ਤੇ ਆ ਰਹੀਆਂ ਤਬਦੀਲੀਆਂ ਨੂੰ ਕਬੂਲ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਸਮੇਂ ਅਤੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਵੀ ਇਕ ਮਹਾਨ ਕਲਾ ਹੈ। ਇਹੀ ਸਫ਼ਲ ਜੀਵਨ ਦਾ ਮੰਤਰ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਫ਼ੋਨ: 9417166386
email:-jagtarsokhi@gmail.comWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX