ਤਾਜਾ ਖ਼ਬਰਾਂ


ਵਿਰੋਧੀ ਧਿਰਾਂ ਦੇ ਨੇਤਾਵਾਂ ਸਣੇ ਸ੍ਰੀਨਗਰ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ
. . .  1 minute ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਧਾਰਾ 370 ਨੂੰ ਹਟਾਉਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਗਿਆ ਸੀ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਫ਼ਦ...
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  21 minutes ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਦਿਨ ਤਣਾਅਪੂਰਨ ਬਣੀ ਰਹੀ ਸਥਿਤੀ ਤੋਂ ਬਾਅਦ ਹੁਣ ਕੇਂਦਰ ਸਰਕਾਰ ...
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  28 minutes ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੀ ਅੰਤਰਿਮ ਪ੍ਰਧਾਨ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਨੇਤਾ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜੇਤਲੀ ਨੇ ਇੱਕ ਜਨਤਕ ਵਿਅਕਤੀ, ਸੰਸਦ ਮੈਂਬਰ ਅਤੇ ਮੰਤਰੀ ਦੇ ਰੂਪ 'ਚ ਇੱਕ...
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  33 minutes ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵਿਸ਼ਵਕਰਮਾ ਮੰਦਰ ਵਿਖੇ ਹੋਈ ਧਾਰਮਿਕ ਬੇਅਦਬੀ ਦੀ ...
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  39 minutes ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਪਹੁੰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ...
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  58 minutes ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ...
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  about 1 hour ago
ਲੌਂਗੋਵਾਲ, 24 ਅਗਸਤ (ਸ.ਸ.ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ...
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12.07 ਵਜੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਏ। ਅਰੁਣ ਜੇਤਲੀ ਦੇ ਦੇਹਾਂਤ 'ਤੇ ਰਾਸ਼ਟਰਪਤੀ...
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਸੁਲਤਾਨਵਿੰਡ, 24 ਅਗਸਤ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ ਜਲੰਧਰ ਜੀ.ਟੀ ਰੋਡ 'ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਅੱਜ ਰੱਖੜੀ 'ਤੇ ਵਿਸ਼ੇਸ਼

ਭੈਣ-ਭਰਾ ਦੇ ਨਿੱਘੇ ਰਿਸ਼ਤੇ ਦੀ ਵਿਸ਼ੇਸ਼ ਝਲਕ ਰੱਖੜੀ

ਇਕ ਮਾਂ ਦੇ ਜਾਏ ਭੈਣ-ਭਰਾ ਦਾ ਰਿਸ਼ਤਾ ਬਹੁਤ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਇਸ ਰਿਸ਼ਤੇ ਵਿਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ। ਭੈਣ-ਭਰਾ ਵਿਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ। ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿਚ ਫੁੱਲਿਆ ਨਹੀਂ ਸਮਾਉਂਦੀ। ਇਸੇ ਤਰ੍ਹਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ ਅੱਖਾਂ 'ਚੋਂ ਨਿਕਲ ਰਹੇ ਆਪਮੁਹਾਰੇ ਹੰਝੂ ਬਿਨਾਂ ਬੋਲਿਆਂ ਬਹੁਤ ਕੁਝ ਕਹਿ ਜਾਂਦੇ ਹਨ। ਹਰ ਇਕ ਭੈਣ ਨੂੰ ਹਰੇਕ ਸਾਲ ਇਕ ਵਿਸ਼ੇਸ਼ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ। ਇਸ ਦਿਨ ਭੈਣ ਬੜੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨ੍ਹਦੀ ਹੈ। ਇਸ ਦਿਨ ਸਹੁਰੇ ਘਰੋਂ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿਚ ਬੇਸਬਰੀ ਨਾਲ ਕੀਤੀ ਜਾਂਦੀ ਹੈ। ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਪਰਮਾਤਮਾ ਪਾਸੋਂ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਅਤੇ ਭਰਾ ਵਲੋਂ ਭੈਣ ਨੂੰ ਆਦਰ-ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫ਼ਾ ਦਿੱਤਾ ਜਾਂਦਾ ਹੈ। ਸਾਰੇ ਪਰਿਵਾਰ ਵਲੋਂ ਭੈਣ-ਭਰਾ ਦੇ ਪਿਆਰ ਦੀ ਝਲਕ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ।
ਇਸ ਤਿਉਹਾਰ ਵਿਚੋਂ ਭੈਣ-ਭਰਾ ਦੇ ਪਿਆਰ ਦੀ ਇਕ ਵਿਸ਼ੇਸ਼ ਝਲਕ ਨਜ਼ਰ ਆਉਂਦੀ ਹੈ। ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆਂ ਭਰੇ ਮਾਹੌਲ ਨੂੰ ਵੇਖਦੇ ਹੋਏ ਫੁੱਲਿਆਂ ਨਹੀਂ ਸਮਾਉਂਦੇ। ਰੱਖੜੀ ਦਾ ਤਿਉਹਾਰ ਭੈਣ-ਭਰਾ ਨੂੰ ਮਿਲਾਉਣ ਵਾਲਾ ਇਕੋ-ਇਕ ਵਿਸ਼ੇਸ਼ ਤਿਉਹਾਰ ਮੰਨਿਆ ਜਾਂਦਾ ਹੈ। ਖਾਸ ਕਰਕੇ ਰੱਖੜੀ 'ਤੇ ਭੈਣ-ਭਰਾ ਦਾ ਰਿਸ਼ਤਾ ਇਕ ਮਿਸਾਲ ਬਣਦਾ ਹੈ। ਕਿਸੇ ਵੇਲੇ ਮਾੜੀ-ਮੋਟੀ ਹੋਈ ਨੋਕ-ਝੋਕ ਵੀ ਇਸ ਤਿਉਹਾਰ 'ਤੇ ਭੈਣ-ਭਰਾ ਦੇ ਆਪਸੀ ਪਿਆਰ ਵਿਚ ਬਦਲ ਜਾਂਦੀ ਹੈ। ਜਿਨ੍ਹਾਂ ਭੈਣਾਂ ਦੇ ਵੀਰ ਨਹੀਂ ਹੁੰਦੇ, ਇਸ ਦਿਨ ਉਨ੍ਹਾਂ ਦੀਆਂ ਅੱਖਾਂ ਵਿਚੋਂ ਨਿਕਲ ਰਹੇ ਆਪਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀਂ ਕਿ 'ਰੱਬਾ, ਸਾਨੂੰ ਵੀ ਜੇ ਇਕ ਵੀਰ ਦੇ ਦਿੰਦਾ ਤਾਂ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ?' ਜਿਸ ਭਰਾ ਦੇ ਭੈਣ ਨਹੀਂ ਹੁੁੰਦੀ, ਉਹ ਵੀ ਇਸ ਦਿਨ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ-ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ 'ਤੇ ਰੱਖੜੀ ਤੋਂ ਵਾਂਝਾ ਰਹੇ। ਹਰੇਕ ਘਰ ਪਰਿਵਾਰ ਵਿਚ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਸਕਦਾ ਹੈ।


-ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ-151102. ਮੋਬਾ: 94170-79435
ਮੇਲ :jivansidhus@ gmail.com


ਖ਼ਬਰ ਸ਼ੇਅਰ ਕਰੋ

ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹਨਾ ਸਿੱਖੋ

ਸਾਡੇ ਸਾਰਿਆਂ ਲਈ ਜ਼ਿੰਦਗੀ ਇਕ ਸਮਾਂ ਹੈ ਅਤੇ ਅਸੀਂ ਇਸ ਸਮੇਂ ਨੂੰ ਕਿਵੇਂ ਵਰਤਣਾ ਹੈ, ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਨਿਰਾਸ਼ਾਵਾਦੀ ਨੂੰ ਹਰ ਮੌਕੇ ਵਿਚ ਮੁਸ਼ਕਿਲ ਨਜ਼ਰ ਆਉਂਦੀ ਹੈ ਅਤੇ ਆਸ਼ਾਵਾਦੀ ਨੂੰ ਹਰ ਮੁਸ਼ਕਿਲ ਵਿਚ ਇਕ ਮੌਕਾ ਦਿਖਾਈ ਦਿੰਦਾ ਹੈ। ਅਕਸਰ ਗ਼ਲਤੀਆਂ ਨੂੰ ਸਵੀਕਾਰ ਕਰਨ ਦੀ ਹਿੰਮਤ ਤੇ ਗ਼ਲਤ ਨੂੰ ਗ਼ਲਤ ਕਹਿਣ ਦਾ ਹੌਸਲਾ ਸਾਨੂੰ ਜ਼ਿੰਦਗੀ ਵਿਚ ਅੱਗੇ ਲਿਜਾਂਦਾ ਹੈ। ਆਪਣੇ-ਆਪ ਵਿਚ ਹਰ ਵਿਅਕਤੀ ਦੀ ਜ਼ਿੰਦਗੀ ਹੀ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ ਪਰ ਉਨ੍ਹਾਂ ਲਈ ਇਹ ਕਿਤਾਬ ਕਿਸੇ ਕੰਮ ਨਹੀਂ, ਜੋ ਇਸ ਜ਼ਿੰਦਗੀ ਰੂਪੀ ਕਿਤਾਬ ਨੂੰ ਪੜ੍ਹਨਾ ਨਹੀਂ ਜਾਣਦੇ। ਕਹਿੰਦੇ ਹਨ ਕਿ ਬੀਤਿਆ ਸਮਾਂ ਇਕ ਰੱਦੀ ਪੇਪਰ ਦੀ ਤਰ੍ਹਾਂ ਹੁੰਦਾ ਹੈ, ਵਰਤਮਾਨ ਸਮਾਂ ਨਿਊਜ਼ ਪੇਪਰ ਦੀ ਤਰ੍ਹਾਂ ਅਤੇ ਆਉਣ ਵਾਲਾ ਸਮਾਂ ਪ੍ਰਸ਼ਨ-ਪੱਤਰ ਦੀ ਤਰ੍ਹਾਂ ਹੁੰਦਾ ਹੈ। ਇਸ ਪ੍ਰਸ਼ਨ-ਪੱਤਰ ਨੂੰ ਧਿਆਨ ਨਾਲ ਪੜ੍ਹੋ ਅਤੇ ਸੁਚੇਤ ਹੋ ਕੇ ਲਿਖੋ, ਨਹੀਂ ਤਾਂ ਇਹ ਪ੍ਰਸ਼ਨ-ਪੱਤਰ ਇਕ ਟਿਸ਼ੂ ਪੇਪਰ ਬਣ ਕੇ ਰਹਿ ਜਾਵੇਗਾ। ਕਿਸੇ ਵੀ ਸਮੱਸਿਆ ਨੂੰ ਗ਼ਲਤ ਤਰੀਕੇ ਨਾਲ ਹੱਲ ਕਰਨ ਦਾ ਯਤਨ ਕਰਨਾ ਹੀ ਸਭ ਤੋਂ ਵੱਡੀ ਸਮੱਸਿਆ ਹੈ। ਕੋਈ ਕਿਸ ਤਰ੍ਹਾਂ ਮਰਦਾ ਹੈ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਕੋਈ ਕਿਸ ਤਰ੍ਹਾਂ ਜਿਉਂਦਾ ਹੈ।
ਅਸੀਂ ਸਿਰਫ ਉਸੇ ਨੂੰ ਹੀ ਜਾਣਦੇ ਹਾਂ ਜੋ ਗੁਆਚਿਆ ਹੁੰਦਾ ਹੈ। ਅਸੀਂ ਉਸ ਨੂੰ ਖੋਜਣ ਦੀ ਕਦੇ ਕੋਸ਼ਿਸ਼ ਨਹੀਂ ਕਰਦੇ, ਜਿਸ ਨੂੰ ਅਜੇ ਤੱਕ ਅਸੀਂ ਜਾਣ ਨਹੀਂ ਸਕੇ। ਅਕਸਰ ਛੋਟੀਆਂ-ਛੋਟੀਆਂ ਗੱਲਾਂ ਮਿਲ ਕੇ ਵੱਡੀ ਤਾਕਤ ਬਣਦੀਆਂ ਹਨ। ਇਕ ਬੁਰੀ ਆਦਤ ਅੱਗੇ ਅਨੇਕਾਂ ਬੁਰੀਆਂ ਆਦਤਾਂ ਨੂੰ ਜਨਮ ਦਿੰਦੀ ਹੈ। ਜੇਕਰ ਨਜ਼ਰੀਆ ਜਾਂ ਦ੍ਰਿਸ਼ਟੀਕੋਣ ਬਦਸੂਰਤ ਤਾਂ ਸਭ ਕੁਝ ਬਦਸੂਰਤ ਹੀ ਨਜ਼ਰ ਆਵੇਗਾ ਅਤੇ ਜੇਕਰ ਨਜ਼ਰੀਆ ਜਾਂ ਦ੍ਰਿਸ਼ਟੀਕੋਣ ਖੂਬਸੂਰਤ ਹੋਵੇਗਾ ਤਾਂ ਸਭ ਕੁਝ ਖੂਬਸੂਰਤ ਹੀ ਨਜ਼ਰ ਆਵੇਗਾ। ਉਹ ਵਿਅਕਤੀ ਦੂਜਿਆਂ ਨੂੰ ਕਦੇ ਦੁੱਖ ਨਹੀਂ ਦੇ ਸਕਦਾ, ਜੋ ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰਦਾ ਹੈ। ਦੂਜਿਆਂ ਦੇ ਮੂੰਹੋਂ ਆਪਣੀ ਪ੍ਰਸੰਸਾ ਸੁਣਨ ਦੀ ਆਦਤ ਅਸਲ ਵਿਚ ਤੁਹਾਡਾ ਸਮਾਂ ਹੀ ਖਰਾਬ ਕਰਦੀ ਹੈ। ਜੋ ਵਿਅਕਤੀ ਦੂਜਿਆਂ ਨਾਲੋਂ ਆਪਣੇ-ਆਪ ਨੂੰ ਵੱਧ ਸਿਆਣਾ ਸਮਝਦਾ ਹੈ, ਉਹ ਵਿਅਕਤੀ ਅਸਲ ਵਿਚ ਮੂਰਖ ਹੁੰਦਾ ਹੈ। ਮੂਰਖ ਨਾਲ ਬਹਿਸ ਕਰਨ ਵਾਲਾ ਵਿਅਕਤੀ ਮੂਰਖ ਹੀ ਹੁੰਦਾ ਹੈ। ਆਪਣੇ ਔਗੁਣਾਂ 'ਤੇ ਤੁਸੀਂ ਜਿੰਨਾ ਵੀ ਵੱਧ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਔਗੁਣ ਓਨੇ ਹੀ ਤੁਹਾਨੂੰ ਵੱਧ ਨੰਗਾ ਕਰਦੇ ਹਨ। ਗ਼ਲਤੀਆਂ ਕਰਨ ਨਾਲ ਅਸੀਂ ਘੱਟ ਅਤੇ ਗ਼ਲਤੀਆਂ ਬਾਰੇ ਸੋਚ-ਸੋਚ ਕੇ ਅਸੀਂ ਜ਼ਿਆਦਾ ਦੁਖੀ ਹੁੰਦੇ ਹਾਂ।
ਕਈ ਲੜਕੀਆਂ ਅਕਸਰ ਆਪਣੇ ਘੁਮੰਡ ਦੇ ਪਰਦੇ ਵਿਚ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਅਸਲ ਸਮਰੱਥਾ ਦਾ ਨਾ ਗਿਆਨ ਹੁੰਦਾ ਹੈ ਅਤੇ ਨਾ ਹੀ ਉਹ ਇਸ ਨੂੰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਸਮੇਂ ਤੋਂ ਪਹਿਲਾਂ ਸਫਲਤਾ ਦੀਆਂ ਪੌੜੀਆਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੀਆਂ ਹਨ। ਮੁਕਾਬਲੇ ਵਿਚ ਹਿੱਸਾ ਲੈਣ ਦੀ ਬਜਾਏ ਉਹ ਅਸਿੱਧੇ ਰਸਤੇ ਰਾਹੀਂ ਮੰਜ਼ਿਲਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਇਸੇ ਕੋਸ਼ਿਸ਼ ਵਿਚ ਉਹ ਕਈ ਵਾਰ ਖੁਦ ਨੂੰ ਗੁਆ ਲੈਂਦੀਆਂ ਹਨ। ਮਿਹਨਤ ਕਰੋ ਪਰ ਸਬਰ ਵੀ ਰੱਖੋ। ਰਸਤਾ ਬਦਲੋ ਪਰ ਇਰਾਦਾ ਨਹੀਂ। ਕਾਮਯਾਬੀ ਦੇ ਰਸਤੇ ਸਾਰਿਆਂ ਲਈ ਇਕੋ ਜਿਹੇ ਨਹੀਂ ਹੁੰਦੇ। ਆਪਣੇ-ਆਪ ਵਿਚ ਉਹ ਵਿਅਕਤੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਜਿਸ ਕੋਲ ਜ਼ਿੰਦਗੀ ਦੇ ਅਸੂਲ ਜਾਂ ਨਿਯਮ ਨਹੀਂ ਹੁੰਦੇ। ਨਿਯਮਾਂ ਦੀ ਉਲੰਘਣਾ ਕਰਨ ਵਾਲਾ ਡਰਾਈਵਰ ਹਾਦਸਿਆਂ ਤੋਂ ਬਚ ਨਹੀਂ ਸਕਦਾ।
ਤੁਹਾਡੀ ਜ਼ਿੰਦਗੀ ਦੇ ਸਿਰਫ 2 ਦਿਨ ਹੀ ਖਾਸ ਹੁੰਦੇ ਹਨ। ਇਕ ਉਹ ਦਿਨ ਜਿਸ ਦਿਨ ਤੁਹਾਡਾ ਜਨਮ ਹੋਇਆ ਅਤੇ ਇਕ ਉਹ ਦਿਨ ਜਿਸ ਦਿਨ ਤੁਸੀਂ ਇਹ ਸਮਝ ਗਏ ਕਿ ਤੁਹਾਡਾ ਜਨਮ ਕਿਸ ਮਕਸਦ ਲਈ ਹੋਇਆ। ਆਪਣੇ-ਆਪ ਨੂੰ ਸਮਝਣਾ ਅਸਲ ਵਿਚ ਆਪਣੇ-ਆਪ ਨੂੰ ਪੜ੍ਹਨਾ ਹੀ ਹੁੰਦਾ ਹੈ। ਨਿਰਸੰਦੇਹ ਅਸੀਂ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਆਪਣੇ-ਆਪ ਨਾਲ ਹੀ ਗੁਜ਼ਾਰਦੇ ਹਾਂ, ਇਸ ਲਈ ਆਪਣੇ-ਆਪ ਨਾਲ ਚੰਗੀ ਤਰ੍ਹਾਂ ਰਹਿਣਾ ਸਿੱਖੋ। ਆਪਣੀ ਜ਼ਿੰਦਗੀ ਦੀ ਕਿਤਾਬ ਨੂੰ ਖੁਦ ਪੜ੍ਹਨਾ ਅਤੇ ਖੁਦ ਸਿਰਜਣਾ ਸਿੱਖੋ। ਗ਼ਲਤ-ਫ਼ਹਿਮੀ ਗ਼ਲਤੀ ਤੋਂ ਵੀ ਵੱਧ ਨੁਕਸਾਨਦੇਹ ਹੈ। ਆਪਣੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਸਾਡੀ ਸਭ ਤੋਂ ਵੱਡੀ ਗ਼ਲਤੀ ਹੈ। ਮੁਸ਼ਕਿਲਾਂ ਸਾਨੂੰ ਸਾਡੀ ਸਮਰੱਥਾ ਦਾ ਗਿਆਨ ਕਰਵਾਉਣ ਲਈ ਆਉਂਦੀਆਂ ਹਨ। ਕਿਸੇ ਵੀ ਮੁਸ਼ਕਿਲ ਦੇ ਸਹੀ ਹੱਲ ਬਾਰੇ ਸੋਚਣਾ ਆਪਣੇ ਰਸਤੇ ਨੂੰ ਪੱਧਰਾ ਕਰਨ ਵਾਂਗ ਹੈ। ਜ਼ਿੰਦਗੀ ਦੇ ਸਬਕ ਸਿਖਾਏ ਨਹੀਂ ਜਾਂਦੇ, ਸਗੋਂ ਖੁਦ ਸਿੱਖਣੇ ਪੈਂਦੇ ਹਨ। ਹੰਝੂਆਂ ਦਾ ਮੁਕਾਬਲਾ ਕਰਨ ਵਾਲੀ ਮੁਸਕਰਾਹਟ ਸਭ ਤੋਂ ਵੱਧ ਸੁੰਦਰ ਹੁੰਦੀ ਹੈ। ਮੁਸੀਬਤਾਂ ਦਾ ਮੁਕਾਬਲਾ ਕਰਨ ਵਾਲੀ ਹਿੰਮਤ ਸਭ ਤੋਂ ਵੱਧ ਮਜ਼ਬੂਤ ਹੁੰਦੀ ਹੈ। ਦਰਦ ਨੂੰ ਖਿੜੇ ਮੱਥੇ ਸਹਿਣ ਕਰਨ ਵਾਲੀ ਸਮਰੱਥਾ ਨੂੰ ਕੋਈ ਹਰਾ ਨਹੀਂ ਸਕਦਾ। ਤੁਸੀਂ ਕਦੇ ਵੀ ਖੁਸ਼ ਨਹੀਂ ਰਹਿ ਸਕਦੇ, ਜੇਕਰ ਤੁਸੀਂ ਸੋਚਦੇ ਹੋ ਕਿ ਲੋਕ ਕੀ ਕਹਿਣਗੇ।


-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਰੱਖੜੀ 'ਤੇ ਸੁੰਦਰਤਾ ਟਿਪਸ

ਇਸ ਸਾਲ ਰੱਖੜੀ ਦਾ ਤਿਉਹਾਰ 15 ਅਗਸਤ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ਹੈ। ਇਸ ਦਿਨ ਭੈਣਾਂ ਦਾ ਸਜਣਾ-ਸੰਵਰਨਾ ਤਾਂ ਬਣਦਾ ਹੀ ਹੈ। ਇਸ ਪਵਿੱਤਰ ਦਿਨ 'ਤੇ ਆਕਰਸ਼ਕ ਅਤੇ ਮਨਮੋਹਕ ਦਿਸਣ ਲਈ ਤੁਸੀਂ ਚਟਕੀਲੇ ਰੰਗ ਵਾਲੇ ਰਾਇਲ ਬਲੂ, ਲਾਲ, ਗੁਲਾਬੀ ਜਾਂ ਮੈਰੂਨ ਰੰਗ ਦੇ ਕੱਪੜੇ ਜਾਂ ਸਾਦਾ ਲਿਬਾਸ ਦੋਵੇਂ ਹੀ ਪਹਿਨ ਸਕਦੇ ਹੋ ਪਰ ਮੌਸਮ ਮੁਤਾਬਿਕ ਤੁਹਾਨੂੰ ਗਲੈਮਰਸ ਜਾਂ ਸਟਾਈਲਿਸ਼ ਦਿੱਖ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਮਦਦ ਲੈਣੀ ਪਵੇਗੀ। ਬਰਸਾਤ ਦੇ ਮੌਸਮ ਵਿਚ ਮਨਾਏ ਜਾਣ ਵਾਲੇ ਇਸ ਤਿਉਹਾਰ ਵਿਚ ਚਮੜੀ ਨੂੰ ਚਮਕਦੀ ਅਤੇ ਆਕਰਸ਼ਕ ਬਣਾਉਣ ਲਈ ਤੁਹਾਨੂੰ ਤਿਉਹਾਰ ਤੋਂ ਇਕ ਹਫ਼ਤਾ ਪਹਿਲਾਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ।
ਫਰੂਟ ਮਾਸਕ : ਕੇਲਾ, ਸੇਬ, ਪਪੀਤੇ ਨੂੰ ਮਿਲਾ ਕੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾ ਕੇ ਚਿਹਰੇ ਨੂੰ ਤਾਜ਼ੇ-ਠੰਢੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਠੰਢਕ ਦਿੰਦਾ ਹੈ, ਮ੍ਰਿਤਕ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ।
ਕੁਲਿੰਗ ਮਾਸਕ : ਖੀਰੇ ਦੇ ਰਸ ਵਿਚ 2 ਚਮਚ ਪਾਊਡਰ ਦੁੱਧ ਅਤੇ ਆਂਡੇ ਦਾ ਚਿੱਟਾ ਹਿੱਸਾ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਧੌਣ 'ਤੇ ਅੱਧੇ ਘੰਟੇ ਤੱਕ ਲਗਾ ਕੇ ਬਾਅਦ ਵਿਚ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ।
ਤੇਲੀ ਚਮੜੀ ਲਈ ਮਾਸਕ : ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਦਿਓ। ਫੇਸ ਮਾਸਕ ਲਗਾਉਣ ਤੋਂ ਬਾਅਦ ਦੋ ਰੂੰ ਦੇ ਫਹਿਆਂ ਨੂੰ ਗੁਲਾਬ ਜਲ ਵਿਚ ਭਿਉਂ ਦਿਓ ਅਤੇ ਇਨ੍ਹਾਂ ਨੂੰ ਆਈ ਪੈਡ ਵਾਂਗ ਵਰਤੋ। ਵਰਤੇ ਗਏ ਟੀ-ਬੈਗ ਵੀ ਸੁੰਦਰਤਾ ਨੂੰ ਚਾਰ ਚੰਨ ਲਾ ਸਕਦੇ ਹਨ। ਵਰਤੇ ਗਏ ਟੀ-ਬੈਗ ਨੂੰ ਕੋਸੇ ਪਾਣੀ ਵਿਚ ਭਿਉਂ ਕੇ ਪਾਣੀ ਨੂੰ ਨਿਚੋੜ ਲਓ ਅਤੇ ਬਾਅਦ ਵਿਚ ਇਨ੍ਹਾਂ ਨੂੰ ਆਈ-ਪੈਡ ਵਾਂਗ ਵਰਤੋ।
ਖੁਰਦਰੇ, ਉਲਝੇ ਅਤੇ ਘੁੰਗਰਾਲੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਕਰਨ ਲਈ ਕ੍ਰੀਮੀ ਹੇਅਰ ਕੰਡੀਸ਼ਨਰ ਵਿਚ ਸਾਫ਼ ਪਾਣੀ ਮਿਲਾ ਕੇ ਇਸ ਨੂੰ ਸਪਰੇਅ ਬੋਤਲ ਵਿਚ ਪਾ ਦਿਓ। ਇਸ ਮਿਸ਼ਰਣ ਨੂੰ ਵਾਲਾਂ 'ਤੇ ਛਿੜਕਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰ ਲਓ ਤਾਂ ਕਿ ਇਹ ਵਾਲਾਂ 'ਤੇ ਪੂਰੀ ਤਰ੍ਹਾਂ ਫੈਲ ਜਾਵੇ। ਬਾਅਦ ਵਿਚ ਇਕ ਘੰਟਾ ਬਾਅਦ ਵਾਲਾਂ ਨੂੰ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ।
ਰੱਖੜੀ ਦਾ ਤਿਉਹਾਰ ਦਿਨ ਨੂੰ ਮਨਾਇਆ ਜਾਂਦਾ ਹੈ। ਦਿਨ ਦੇ ਸਮੇਂ ਦਾ ਹਾਰ-ਸ਼ਿੰਗਾਰ ਹਲਕਾ ਅਤੇ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਜੇ ਤੁਹਾਡੀ ਚਮੜੀ ਸਾਫ਼ ਹੈ ਤਾਂ ਫਾਊਂਡੇਸ਼ਨ ਤੋਂ ਪ੍ਰਹੇਜ਼ ਕਰੋ। ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਚਮੜੀ 'ਤੇ ਮਾਇਸਚਰਾਈਜ਼ਰ ਸਹਿਤ ਸਨਸਕ੍ਰੀਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ।
ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ ਵਿਚ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ। ਤੇਲੀ ਚਮੜੀ ਲਈ ਮਾਇਸਚਰਾਈਜਰ ਦੀ ਜਗ੍ਹਾ ਅਸਟ੍ਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ। ਚਿਹਰੇ ਦੇ ਨੱਕ, ਮੱਥੇ ਅਤੇ ਠੋਡੀ ਵਰਗੇ ਤੇਲੀ ਹਿੱਸਿਆਂ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਪਾਊਡਰ ਨੂੰ ਹਲਕੀ ਗਿੱਲੀ ਸਪੰਜ ਨਾਲ ਚਿਹਰੇ ਅਤੇ ਧੌਣ 'ਤੇ ਲਗਾਓ। ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।
ਜੇ ਤੁਸੀਂ ਬਲੱਸ਼ਰ ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਓ। ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈ-ਸ਼ੈਡੋ ਨਾਲ ਵੀ ਲਾਈਨ ਕਰ ਸਕਦੇ ਹੋ। ਇਸ ਨਾਲ ਕਾਫੀ ਚੰਗਾ ਪ੍ਰਭਾਵ ਦਿਸਣ ਲੱਗੇਗਾ। ਇਸ ਤੋਂ ਬਾਅਦ ਮਸਕਾਰਾ ਦਾ ਇਕ ਕੋਟ ਲਗਾਉਣ ਨਾਲ ਅੱਖਾਂ ਵਿਚ ਚਮਕ ਆ ਜਾਵੇਗੀ। ਗੂੜ੍ਹੇ ਭੂਰੇ ਰੰਗ ਦੀ ਲਿਪਸਟਿਕ ਤੋਂ ਪ੍ਰਹੇਜ਼ ਕਰੋ। ਤੁਸੀਂ ਹਲਕਾ ਗੁਲਾਬੀ, ਹਲਕੇ ਬੈਂਗਣੀ, ਹਲਕੇ ਭੂਰੇ, ਕਾਂਸੇ ਜਾਂ ਤਾਂਬੇ ਦੇ ਰੰਗ ਦੀ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ। ਲਿਪਸਟਿਕ ਦੇ ਰੰਗ ਬਹੁਤ ਤੇਜ਼ ਅਤੇ ਗੂੜ੍ਹੇ ਜਾਂ ਚਮਕੀਲੇ ਨਹੀਂ ਹੋਣੇ ਚਾਹੀਦੇ। ਪਹਿਲਾਂ ਆਪਣੇ ਬੁੱਲ੍ਹਾਂ ਨੂੰ ਲਿਪਸਟਿਕ ਨਾਲ ਸੀਮਾਂਕਿਤ ਕਰੋ ਅਤੇ ਉਸ ਤੋਂ ਬਾਅਦ ਉਸੇ ਰੰਗ ਦੀ ਲਿਪਸਟਿਕ ਬੁੱਲ੍ਹਾਂ 'ਤੇ ਲਗਾਓ। ਬੁੱਲ੍ਹਾਂ 'ਤੇ ਲਿਪਸਟਿਕ ਬਰੁੱਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ। ਰੱਖੜੀ ਦੇ ਵਿਸ਼ੇਸ਼ ਤਿਉਹਾਰਾਂ ਲਈ ਤੁਸੀਂ ਆਕਰਸ਼ਕ ਵਾਲਾਂ ਦਾ ਸਟਾਈਲ ਅਪਣਾ ਸਕਦੇ ਹੋ। ਤੁਸੀਂ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿੱਪ ਜਾਂ ਆਕਰਸ਼ਕ ਰਿਬਨ ਨਾਲ ਬੰਨ੍ਹ ਸਕਦੇ ਹੋ। ਵਾਲਾਂ ਵਿਚ ਫੁੱਲ ਜੜਨ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਆਕਰਸ਼ਣ ਪੈਦਾ ਹੋ ਸਕਦਾ ਹੈ।
ਘੁੰਗਰਾਲੇ, ਲੰਬੇ ਅਤੇ ਉਛਾਲਦਾਰ ਵਾਲਾਂ ਨੂੰ ਤਿਉਹਾਰਾਂ ਵਿਚ ਇਕ ਵਿਸ਼ੇਸ਼ ਫੈਸ਼ਨ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਇਨ੍ਹਾਂ ਨੂੰ ਘੁੰਗਰਾਲੇ ਬਣਾਓ। ਵਾਲਾਂ ਦੀ ਪਰੰਪਰਾਗਤ ਗੁੱਤ ਵੀ ਇਸ ਪਾਵਨ ਤਿਉਹਾਰ ਵਿਚ ਚਾਰ ਚੰਦ ਲਗਾਉਂਦੀ ਹੈ। ਵਾਲਾਂ ਦੀ ਗੁੱਤ ਲਗਪਗ ਸਾਰੇ ਚਿਹਰਿਆਂ 'ਤੇ ਆਕਰਸ਼ਕ ਲਗਦੀ ਹੈ ਅਤੇ ਕੁਝ ਚਿਹਰਿਆਂ 'ਤੇ ਲੰਬੀ ਅਤੇ ਕੁਝ ਚਿਹਰਿਆਂ 'ਤੇ ਛੋਟੀ ਘੁਮਾਦਾਰ ਗੁੱਤ ਖੂਬਸੂਰਤੀ ਨੂੰ ਵਧਾਉਂਦੀ ਹੈ। ਗੁੱਤ ਨੂੰ ਰਿਬਨ ਨਾਲ ਬੰਨ੍ਹਣ ਨਾਲ ਇਸ ਦਾ ਆਕਰਸ਼ਣ ਵਧ ਜਾਂਦਾ ਹੈ।
**

ਛੋਟੀਆਂ ਪਰ ਕੰਮ ਦੀਆਂ ਗੱਲਾਂ

* ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਉਣ ਲਈ ਕੱਚੇ ਅੰਬ ਨੂੰ ਉਬਾਲੋ। ਜਦੋਂ ਉਹ ਠੰਢਾ ਹੋ ਜਾਵੇ ਤਾਂ ਉਸ ਦੇ ਗੁੱਦੇ ਨੂੰ ਫਟੀਆਂ ਅੱਡੀਆਂ 'ਤੇ ਰਗੜੋ।
* ਆਲੂ ਤਲਣ ਤੋਂ ਪਹਿਲਾਂ ਉਸ ਵਿਚ ਹਲਕਾ ਸੁੱਕਾ ਮੈਦਾ ਛਿੜਕੋ। ਆਲੂ ਜ਼ਿਆਦਾ ਖਸਤਾ ਬਣਨਗੇ।
* ਚਮੜੇ ਦੇ ਪਰਸ ਜਾਂ ਬੈਲਟ ਨੂੰ ਨਵੀਂ ਦਿੱਖ ਦੇਣ ਲਈ ਉਸ 'ਤੇ ਨਿੰਬੂ ਦੀ ਛਿੱਲ ਰਗੜੋ। * ਕੀੜੇ-ਮਕੌੜਿਆਂ ਤੋਂ ਛੁਟਕਾਰਾ ਪਾਉਣ ਲਈ ਘਰ ਦੇ ਹਨੇਰੇ ਕੋਨਿਆਂ ਵਿਚ ਹਲਦੀ ਪਾਊਡਰ ਛਿੜਕ ਦਿਓ।
* ਨਹਾਉਣ ਤੋਂ ਪਹਿਲਾਂ ਪਾਣੀ ਦੀ ਬਾਲਟੀ ਵਿਚ ਦੋ ਚਮਚ ਨਾਰੀਅਲ ਦਾ ਤੇਲ ਪਾਓ। ਚਮੜੀ 'ਤੇ ਅਨੋਖੀ ਚਮਕ ਮਹਿਸੂਸ ਕਰੋਗੇ। * ਦਾਲ ਫਰਾਈ ਨੂੰ ਸੰਘਣੀ ਬਣਾਉਣ ਲਈ ਇਕ ਛੋਟੀ ਕਟੋਰੀ ਉਬਲੀ ਦਾਲ ਨੂੰ ਮਿਕਸੀ ਵਿਚ ਫੈਂਟ ਲਓ। ਉਸ ਨੂੰ ਬਾਕੀ ਦਾਲ ਵਿਚ ਮਿਲਾ ਦਿਓ। * ਨਵੀਂ ਜੁੱਤੀ ਜਿੱਥੋਂ ਪੈਰ ਨੂੰ ਕੱਟ ਰਹੀ ਹੋਵੇ, ਉਥੋਂ ਜੁੱਤੀ ਦੀ ਅੰਦਰੂਨੀ ਜਗ੍ਹਾ 'ਤੇ ਮੋਮ ਨੂੰ ਰਗੜੋ।
* ਸਬਜ਼ੀ ਜ਼ਿਆਦਾ ਤਿੱਖੀ ਬਣ ਗਈ ਹੋਵੇ ਤਾਂ ਉਸ ਵਿਚ ਥੋੜ੍ਹੀ ਟਮੈਟੋ ਸਾਸ ਪਾਓ।
* ਚੋਕਰ ਦੀ ਵਰਤੋਂ ਚਮੜੀ ਸਕਰੱਬ ਦੇ ਰੂਪ ਵਿਚ ਕਰ ਸਕਦੇ ਹੋ। ਚੋਕਰ ਦੇ ਖੁਰਦਰੇਪਨ ਨੂੰ ਘੱਟ ਕਰਨ ਲਈ ਚੋਕਰ ਨੂੰ ਦੁੱਧ ਵਿਚ ਮਿਲਾ ਕੇ ਉਸ ਦਾ ਪੇਸਟ ਬਣਾਓ। * ਸਰਦੀਆਂ ਵਿਚ ਨਾਰੀਅਲ ਦਾ ਤੇਲ ਨਾ ਜੰਮੇ, ਇਸ ਵਾਸਤੇ ਉਸ ਵਿਚ ਕੁਝ ਬੂੰਦਾਂ ਕੈਸਟਰ ਆਇਲ ਦੀਆਂ ਪਾਓ। ਤੇਲ ਨਹੀਂ ਜੰਮੇਗਾ। * ਮੂੰਹ ਦੀ ਬਦਬੂ ਦੂਰ ਕਰਨ ਲਈ ਨਿੰਬੂ ਦੇ ਰਸ ਅਤੇ ਗੁਲਾਬ ਜਲ ਨੂੰ ਮਿਲਾ ਕੇ ਗਰਾਰੇ ਕਰੋ। * ਸੂਤੀ ਕੱਪੜਿਆਂ ਦੇ ਦਾਗ ਦੂਰ ਕਰਨ ਲਈ ਨਿੰਬੂ 'ਤੇ ਨਮਕ ਪਾ ਕੇ ਦਾਗ ਵਾਲੀ ਜਗ੍ਹਾ 'ਤੇ ਰਗੜਨ ਤੋਂ ਬਾਅਦ ਧੋ ਦਿਓ, ਦਾਗ ਦੂਰ ਹੋ ਜਾਣਗੇ।
**

ਖਾਧ ਪਦਾਰਥਾਂ ਦੀ ਸੁਰੱਖਿਆ

ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਖਾਧ ਪਦਾਰਥ ਖਰਾਬ ਹੋ ਜਾਂਦੇ ਹਨ। ਇਸ ਮੌਸਮ ਵਿਚ ਨਮੀ ਹੋਣ ਕਾਰਨ ਕੀੜੇ ਵੀ ਪੈਣ ਲੱਗ ਜਾਂਦੇ ਹਨ ਅਤੇ ਉਨ੍ਹਾਂ ਦੇ ਪੋਸ਼ਕ ਤੱਤ ਨਸ਼ਟ ਹੋ ਕੇ ਬੇਸਵਾਦ ਲੱਗਣ ਲਗਦੇ ਹਨ। ਕੁਝ ਉਪਾਅ ਕਰਕੇ ਤੁਸੀਂ ਖਾਧ ਪਦਾਰਥਾਂ ਨੂੰ ਸੁਰੱਖਿਅਤ ਰੱਖ ਸਕਦੇ ਹੋ-* ਅਨਾਜ ਅਤੇ ਦਾਲਾਂ ਵਿਚ ਕੀੜੇ ਨਾ ਪੈਣ, ਇਸ ਵਾਸਤੇ ਨਿੰਮ ਦੇ ਸੁੱਕੇ ਪੱਤਿਆਂ ਦੀ ਵਰਤੋਂ ਕਰੋ।
* ਸੁੱਕੇ ਮੇਵਿਆਂ ਦੇ ਡੱਬੇ ਵਿਚ 3-4 ਲੌਂਗ ਪਾ ਦਿਓ।
* ਖੰਡ ਨੂੰ ਪਾਲੀਥੀਨ ਵਿਚ ਬੰਦ ਕਰਕੇ ਹਵਾਬੰਦ ਡੱਬੇ ਵਿਚ ਰੱਖੋ। * ਗੁੜ ਨੂੰ ਕੀੜੀਆਂ ਅਤੇ ਮਕੌੜਿਆਂ ਤੋਂ ਬਚਾਉਣ ਲਈ ਤੰਗ ਮੂੰਹ ਵਾਲੇ ਮਰਤਬਾਨ ਵਿਚ ਰੱਖੋ ਅਤੇ ਆਲੇ-ਦੁਆਸੇ ਨਮਕ ਛਿੜਕ ਦਿਓ।
* ਸਾਰੇ ਤਰ੍ਹਾਂ ਦੇ ਮਸਾਲਿਆਂ ਨੂੰ ਨਮੀ ਵਾਲੀ ਜਗ੍ਹਾ ਤੋਂ ਦੂਰ ਹਵਾਬੰਦ ਡੱਬਿਆਂ ਵਿਚ ਰੱਖੋ। ਇਨ੍ਹਾਂ ਨੂੰ ਹਵਾਦਾਰ ਅਤੇ ਰੌਸ਼ਨੀ ਵਾਲੇ ਕਮਰੇ ਵਿਚ ਰੱਖਣ ਨਾਲ ਖਰਾਬ ਨਹੀਂ ਹੋਣਗੇ। * ਇਮਲੀ ਵਿਚ ਬਬੂਲ ਦੇ ਸੁੱਕੇ ਪੱਤੇ ਰੱਖੋ। ਇਸ ਨਾਲ ਇਮਲੀ ਵਿਚ ਕੀੜੇ ਨਹੀਂ ਪੈਣਗੇ। * ਆਲੂ ਨੂੰ ਰੇਤ ਵਿਚ ਦਬਾਉਣ ਨਾਲ ਉਸ ਵਿਚ ਠੋਸਪਣ ਬਣਿਆ ਰਹੇਗਾ। * ਤੇਲ ਅਤੇ ਘਿਓ ਦੇ ਪੈਕ ਡੱਬਿਆਂ 'ਤੇ ਫਟਕੜੀ ਫੈਲਾਅ ਕੇ ਰੱਖਣ ਨਾਲ ਉਨ੍ਹਾਂ 'ਤੇ ਉੱਲੀ ਅਤੇ ਹਰੀ ਕਾਈ ਨਹੀਂ ਲਗਦੀ।
* ਅਚਾਰ ਨੂੰ ਉੱਲੀ ਤੋਂ ਬਚਾਉਣ ਲਈ ਉਚਿਤ ਮਾਤਰਾ ਵਿਚ ਤੇਲ ਅਤੇ ਨਮਕ ਦੀ ਵਰਤੋਂ ਕਰੋ।
* ਅਚਾਰ ਨੂੰ ਕੱਚ ਜਾਂ ਖੰਡ ਦੇ ਮਰਤਬਾਨਾਂ ਵਿਚ ਹੀ ਰੱਖੋ।
* ਆਟੇ ਨੂੰ ਹਵਾਬੰਦ ਭਾਂਡੇ ਜਾਂ ਡਰੰਮੀ ਵਿਚ ਪਾ ਕੇ ਅਜਿਹੀ ਜਗ੍ਹਾ ਰੱਖੋ, ਜਿਥੇ ਨਮੀ ਨਾ ਹੋਵੇ।


-ਸੰਜੇ ਕੁਮਾਰ ਚਤੁਰਵੇਦੀ 'ਪ੍ਰਦੀਪ'

ਬਿਨਾਂ ਆਂਡੇ ਦਾ ਕੇਕ (ਦਹੀਂ ਵਾਲਾ)

ਸਮੱਗਰੀ
ਮੈਦਾ-1.5 ਕੱਪ (140 ਗ੍ਰਾਮ)
ਸੰਘਣਾ ਦਹੀਂ-1 ਕੱਪ (150 ਗ੍ਰਾਮ)
ਪੀਸੀ ਹੋਈ ਖੰਡ-3/4 ਕੱਪ (100 ਗ੍ਰਾਮ)
ਰਿਫਾਇੰਡ ਤੇਲ-1/2 ਕੱਪ (65 ਗ੍ਰਾਮ)
ਬੇਕਿੰਗ ਪਾਊਡਰ-1 ਚਮਚ
ਸੋਢਾ ਬਾਈਕਾਰਬੋਨੇਟ-1 ਚਮਚ
ਵੈਨੀਲਾ ਐਸੈਂਸ-ਕੁਝ ਬੂੰਦਾਂ
ਵਿਧੀ : 1. ਖੰਡ ਅਤੇ ਦਹੀਂ ਨੂੰ ਚੰਗੀ ਤਰ੍ਹਾਂ ਰਲਾ ਲਓ।
2. ਬੇਕਿੰਗ ਪਾਊਡਰ ਅਤੇ ਸੋਢਾ ਬਾਈਕਾਰਬੋਨੇਟ ਨੂੰ ਮਿਲਾ ਲਓ, ਇਸ ਨੂੰ 2-3 ਮਿੰਟ ਲਈ ਪਿਆ ਰਹਿਣ ਦਿਓ।
3. ਮੈਦਾ ਚੰਗੀ ਤਰ੍ਹਾਂ ਛਾਣ ਲਓ ਅਤੇ ਅਲੱਗ ਤੋਂ ਰੱਖ ਦਿਓ।
4. ਹੁਣ ਮੈਦੇ ਵਿਚ ਬੇਕਿੰਗ ਪਾਊਡਰ ਅਤੇ ਸੋਢਾ ਬਾਈਕਾਰਬੋਨੇਟ ਦਾ ਪਾਊਡਰ ਮਿਲਾ ਦਿਓ ਅਤੇ 4 ਤੋਂ 5 ਵਾਰੀ ਛਾਣ ਦਿਓ।
5. ਹੁਣ ਮੈਦੇ ਵਿਚ ਤੇਲ ਅਤੇ ਵੈਨੀਲਾ ਐਸੇਂਸ ਮਿਲਾ ਦਿਓ। ਇਸ ਵਿਚ ਖੰਡ ਅਤੇ ਦਹੀਂ ਦੇ ਮਿਸ਼ਰਣ ਨੂੰ ਮਿਲਾ ਦਿਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਜਾਓ।
6. ਇਸ ਨੂੰ ਹਿਲਾਉਣ ਦਾ ਢੰਗ ਕੱਟ ਅਤੇ ਫੋਲਡ ਹੋਣਾ ਚਾਹੀਦਾ ਹੈ ਅਤੇ ਇਕ ਹੀ ਦਿਸ਼ਾ ਵਿਚ ਹਿਲਾਉਣਾ ਚਾਹੀਦਾ ਹੈ।
7. ਜੇਕਰ ਇਹ ਮਿਸ਼ਰਣ ਗਾੜ੍ਹਾ ਲੱਗੇ ਤਾਂ ਇਸ ਵਿਚ ਥੋੜ੍ਹਾ ਦੁੱਧ ਵੀ ਮਿਲਾਇਆ ਜਾ ਸਕਦਾ ਹੈ। ਇਸ ਮਿਸ਼ਰਣ ਨੂੰ ਉੱਪਰ ਚੁੱਕ ਕੇ ਦੇਖੋ ਤਾਂ ਧਾਰ ਬਣਨੀ ਚਾਹੀਦੀ ਹੈ। ਫਿਰ ਇਸ ਮਿਸ਼ਰਣ ਨੂੰ ਐਲੂਮੀਨੀਅਮ ਦੇ ਬਰਤਨ ਵਿਚ ਅੰਦਰਲੀ ਸਾਈਡ ਘਿਓ ਲਗਾ ਕੇ ਘੋਲ ਵਿਚ ਪਾ ਦਿਓ।
ਹੁਣ ਪ੍ਰੈਸ਼ਰ ਕੁੱਕਰ ਵਿਚ ਰੇਤਾ ਪਾ ਦਿਓ। ਇਸ ਉੱਪਰ ਇਕ ਕੁੱਕਰ ਵਾਲੀ ਜਾਲੀ ਰੱਖ ਦਿਓ ਤਾਂ ਕਿ ਕੇਕ ਹੇਠਾਂ ਤੋਂ ਸੜਨ ਤੋਂ ਬਚ ਜਾਵੇ। ਗੈਸ ਘੱਟ ਕਰਕੇ ਕੁੱਕਰ ਉੱਪਰ ਰੱਖ ਦਿਓ। ਇਸ ਵਿਚ ਐਲੂਮੀਨੀਅਮ ਦਾ ਮਿਸ਼ਰਣ ਵਾਲਾ ਬਰਤਨ ਰੱਖ ਦਿਓ। ਯਾਦ ਰਹੇ ਕਿ ਕੁੱਕਰ ਬੰਦ ਕਰਨ ਵੇਲੇ ਇਸ ਦੀ ਸੀਟੀ ਉਤਾਰ ਦਿਓ। ਕੇਕ ਨੂੰ ਬਣਨ ਵਿਚ 40-45 ਕੁ ਮਿੰਟ ਦਾ ਸਮਾਂ ਲੱਗ ਜਾਵੇਗਾ। ਕੇਕ ਨੂੰ ਪਰਖਣ ਲਈ ਕਿ ਕੇਕ ਪੱਕ ਚੁੱਕਾ ਹੈ ਜਾਂ ਨਹੀਂ, ਚਾਕੂ ਲੈ ਕੇ ਬਿਲਕੁਲ ਵਿਚਕਾਰ ਚੋਭ ਕੇ ਦੇਖੋ। ਜੇਕਰ ਚਾਕੂ ਨਾਲ ਮਿਸ਼ਰਣ ਲੱਗ ਜਾਵੇ ਤਾਂ ਅਜੇ ਕੇਕ ਕੱਚਾ ਹੈ। ਜੇਕਰ ਮਿਸ਼ਰਣ ਚਾਕੂ ਨਾਲ ਨਹੀਂ ਲੱਗਿਆ ਤਾਂ ਕੇਕ ਬਿਲਕੁਲ ਤਿਆਰ ਹੈ। ਗੈਸ ਬੰਦ ਕਰਕੇ ਕੇਕ ਉਤਾਰ ਲਓ ਅਤੇ ਠੰਢਾ ਹੋਣ ਦਿਓ। ਕੇਕ ਵਾਲਾ ਬਰਤਨ ਉਲਟਾ ਕਰਕੇ ਥਾਲੀ ਵਿਚ ਕੱਢ ਦਿਓ।
ਜੇਕਰ ਕੇਕ ਨੂੰ ਕਿਸੇ ਮੌਕੇ 'ਤੇ ਕੱਟਣ ਚਾਹੁੰਦੇ ਹੋਵੇ ਤੇ ਇਸ ਉੱਪਰ ਕਰੀਮ ਲਗਾਉਣੀ ਚਾਹੁੰਦੇ ਹੋ ਤਾਂ ਮਲਾਈ ਖੰਡ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ ਅਤੇ ਮਲਾਈ ਫੁੱਲ ਜਾਵੇਗੀ ਤਾਂ ਤੁਸੀਂ ਕੇਕ ਦੇ ਉੱਪਰ ਚਮਚ ਨਾਲ ਮਿਲਾਈ ਲਗਾ ਲਓ। ਜੇਕਰ ਕੇਕ ਦੇ ਉੱਪਰ ਕੁਝ ਲਿਖਣਾ ਚਾਹੁੰਦੇ ਹੋ ਤਾਂ ਜੈਮ ਨੂੰ ਪਤਲਾ ਕਰਕੇ ਕੋਣ ਵਿਚ ਪਾ ਕੇ ਉੱਪਰ ਕੁਝ ਵੀ ਲਿਖ ਵੀ ਸਕਦੇ ਹੋ। ਜੇਕਰ ਤੁਸੀਂ ਸੁੱਕੇ ਮੇਵੇ ਪਾਉਣਾ ਚਾਹੁੰਦੇ ਹੋ ਤਾਂ ਮਿਸ਼ਰਣ ਦੇ ਵਿਚ ਹੀ ਸੱਕੇ ਮੇਵੇ ਵੀ ਬਾਰੀਕ-ਬਾਰੀਕ ਕੱਟ ਕੇ ਜਾਂ ਕੱਦੂਕਸ਼ ਕਰਕੇ ਪਾ ਸਕਦੇ ਹੋ।


-ਰਜਿੰਦਰ ਕੌਰ ਸਿੱਧੂ
ਕੇ.ਵੀ.ਕੇ, ਮਾਨਸਾ।
ਮਨਦੀਪ ਸ਼ਰਮਾ
ਕੇ.ਵੀ.ਕੇ, ਫਤਹਿਗੜ੍ਹ ਸਾਹਿਬ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX