ਤਾਜਾ ਖ਼ਬਰਾਂ


ਵਿਰੋਧੀ ਧਿਰਾਂ ਦੇ ਨੇਤਾਵਾਂ ਸਣੇ ਸ੍ਰੀਨਗਰ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ
. . .  3 minutes ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਧਾਰਾ 370 ਨੂੰ ਹਟਾਉਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਗਿਆ ਸੀ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਫ਼ਦ...
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  23 minutes ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਦਿਨ ਤਣਾਅਪੂਰਨ ਬਣੀ ਰਹੀ ਸਥਿਤੀ ਤੋਂ ਬਾਅਦ ਹੁਣ ਕੇਂਦਰ ਸਰਕਾਰ ...
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  30 minutes ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੀ ਅੰਤਰਿਮ ਪ੍ਰਧਾਨ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਨੇਤਾ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜੇਤਲੀ ਨੇ ਇੱਕ ਜਨਤਕ ਵਿਅਕਤੀ, ਸੰਸਦ ਮੈਂਬਰ ਅਤੇ ਮੰਤਰੀ ਦੇ ਰੂਪ 'ਚ ਇੱਕ...
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  35 minutes ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵਿਸ਼ਵਕਰਮਾ ਮੰਦਰ ਵਿਖੇ ਹੋਈ ਧਾਰਮਿਕ ਬੇਅਦਬੀ ਦੀ ...
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  41 minutes ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਪਹੁੰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ...
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  about 1 hour ago
ਫਗਵਾੜਾ, 24 ਅਗਸਤ (ਹਰੀਪਾਲ ਸਿੰਘ)- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ...
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  about 1 hour ago
ਲੌਂਗੋਵਾਲ, 24 ਅਗਸਤ (ਸ.ਸ.ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ...
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 24 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਕੈਪਟਨ, ਅਮਿਤ ਸ਼ਾਹ ਅਤੇ ਸੰਨੀ ਦਿਓਲ ਸਮੇਤ ਕਈ ਨੇਤਾਵਾਂ ਨੇ ਜਤਾਇਆ ਦੁੱਖ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੁਪਹਿਰ ਕਰੀਬ 12.07 ਵਜੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਏ। ਅਰੁਣ ਜੇਤਲੀ ਦੇ ਦੇਹਾਂਤ 'ਤੇ ਰਾਸ਼ਟਰਪਤੀ...
ਨਿਊ ਅੰਮ੍ਰਿਤਸਰ ਵਿਖੇ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ਕੇ ਲੁੱਟਿਆ
. . .  about 1 hour ago
ਸੁਲਤਾਨਵਿੰਡ, 24 ਅਗਸਤ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ ਜਲੰਧਰ ਜੀ.ਟੀ ਰੋਡ 'ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਜ਼ਖਮੀ ਕਰ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਾਉਣੀ ਰੁੱਤ ਦੇ ਪਿਆਜ਼ ਦੀ ਸਫ਼ਲ ਕਾਸ਼ਤ ਦੇ ਨੁਕਤੇ

ਪਿਆਜ਼ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਹੋਣ ਕਰਕੇ ਸਬਜ਼ੀਆਂ ਦੀ ਕਾਸ਼ਤ ਵਿਚ ਇਸ ਦਾ ਅਹਿਮ ਸਥਾਨ ਹੈ। ਭਾਰਤ ਦੁਨੀਆਂ ਦਾ ਪਿਆਜ਼ ਪੈਦਾ ਕਰਨ ਵਾਲਾ ਦੂਜਾ ਵੱਡਾ ਦੇਸ਼ ਹੈ, ਜਿੱਥੇ 12.7 ਲੱਖ ਹੈਕਟੇਅਰ ਵਿਚ ਕਾਸ਼ਤ ਕਰਕੇ 215.6 ਲੱਖ ਐਮ.ਟੀ. ਪੈਦਾਵਾਰ ਅਤੇ 17.0 ਐਮ.ਟੀ. ਪ੍ਰਤੀ ਹੈਕਟੇਅਰ ਝਾੜ ਲਿਆ ਜਾਂਦਾ ਹੈ। ਪੰਜਾਬ ਵਿਚ 8.47 ਹਜ਼ਾਰ ਹੈਕਟੇਅਰ ਵਿਚ ਪਿਆਜ਼ ਬੀਜਿਆ ਜਾਂਦਾ ਹੈ ਅਤੇ 23.0 ਐਮ.ਟੀ. ਪ੍ਰਤੀ ਹੈਕਟੇਅਰ ਔਸਤ ਝਾੜ ਹੋ ਜਾਂਦਾ ਹੈ। ਪੰਜਾਬ ਵਿਚ ਸੁਚੱਜਾ ਸਿੰਚਾਈ ਢਾਂਚਾ, ਉਪਜਾਊ ਜ਼ਮੀਨ ਅਤੇ ਮੌਸਮ ਦੀਆਂ ਅਨੁਕੁਲ ਹਾਲਤਾਂ ਹੋਣ ਕਰਕੇ ਇਸ ਦੀ ਚੰਗੀ ਪੈਦਾਵਾਰ ਕੀਤੀ ਜਾਂਦੀ ਹੈ। ਦੇਸ਼ ਦੇ ਦੱਖਣ ਪੱਛਮੀ ਭਾਗਾਂ ਵਿਚ ਪਿਆਜ਼ ਦੀਆਂ ਤਿੰਨ ਫ਼ਸਲਾਂ ਜਿਵੇਂ ਹਾੜ੍ਹੀ, ਸਾਉਣੀ ਅਤੇ ਪਿਛੇਤੀ ਸਾਉਣੀ ਪੈਦਾ ਕੀਤੀਆਂ ਜਾਂਦੀਆਂ ਹਨ, ਪਰ ਉੱਤਰ ਪੱਛਮੀ ਭਾਰਤ ਵਿਚ ਹਾੜ੍ਹੀ ਅਤੇ ਸਾਉਣੀ ਦੇ ਪਿਆਜ਼ ਦੀ ਹੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਾਰਾ ਸਾਲ ਪਿਆਜ਼ ਦੀ ਪੂਰਤੀ ਲਈ ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿਚ ਪਿਆਜ਼ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ। ਹਾੜ੍ਹੀ ਦੇ ਪਿਆਜ਼ ਦੀ ਪੰਜਾਬ ਵਿਚ ਜ਼ਿਆਦਾਤਰ ਕਾਸ਼ਤ (ਜਨਵਰੀ-ਅਪ੍ਰੈਲ) ਹੀ ਕੀਤੀ ਜਾਂਦੀ ਹੈ, ਪਰ ਸਾਰਾ ਸਾਲ ਇਸ ਦੀ ਖਪਤ ਨੂੰ ਪੂਰਾ ਕਰਨ ਲਈ ਸਾਉਣੀ ਦੇ ਪਿਆਜ਼ ਦੀ ਕਾਸ਼ਤ ਨੂੰ ਵੀ ਸਿਫਾਰਿਸ਼ ਕੀਤਾ ਗਿਆ ਹੈੈ। ਸਾਉਣੀ ਦੇ ਪਿਆਜ਼ ਦੀ ਕਾਸ਼ਤ ਅਗਸਤ-ਨਵੰਬਰ ਵਿਚ ਕੀਤੀ ਜਾਂਦੀ ਹੈ, ਪਰ ਇਸ ਸਮੇਂ ਜ਼ਿਆਦਾ ਗਰਮੀ ਅਤੇ ਬਰਸਾਤਾਂ ਹੋਣ ਕਾਰਨ ਇਸ ਦੀ ਸਫ਼ਲ ਕਾਸ਼ਤ ਸਬੰਧੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮੌਸਮ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਇਸ ਦੀ ਬਿਜਾਈ ਦੇ ਸਮੇਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਦਾ ਨਿਸਾਰਾ ਜ਼ਿਆਦਾ ਹੋ ਜਾਂਦਾ ਹੈ ਅਤੇ ਇਸ ਦਾ ਮੰਡੀਕਰਨਯੋਗ ਝਾੜ ਘੱਟ ਜਾਂਦਾ ਹੈ। ਸੋ ਇਸ ਦੀ ਸਫ਼ਲ ਕਾਸ਼ਤ ਲਈ ਸਾਰੀਆਂ ਸਿਫ਼ਾਰਸ਼ਾਂ ਧਿਆਨ ਵਿਚ ਰੱਖਣੀਆਂ ਜ਼ਰੂਰੀ ਹਨ।
ਮੌਸਮ, ਜ਼ਮੀਨ ਦੀ ਬਣਤਰ ਅਤੇ ਕਿਸਮਾਂ: ਪਿਆਜ਼ ਦੀ ਕਾਸ਼ਤ ਲਈ ਅਨੁਕੂਲ ਵਾਤਾਵਰਨ ਜਿਹੜਾ ਕਿ ਬਹੁਤਾ ਗਰਮ ਜਾਂ ਠੰਢਾ ਅਤੇ ਜ਼ਿਆਦਾ ਵਰਖਾਂ ਵਾਲਾ ਨਾ ਹੋਵੇ, ਢੁੱਕਵਾਂ ਹੈ। ਇਸ ਦੇ ਫ਼ਸਲੀ ਵਾਧੇ ਲਈ 13-21 ਡਿਗਰੀ ਅਤੇ ਗੰਢੇ ਬਣਨ ਲਈ 15-25 ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੈ। ਇਸ ਨੂੰ ਡੂੰਘੀ ਭੁਰਭੁਰੀ ਅਤੇ ਚੰਗੇ ਨਿਕਾਸ ਵਾਲੀ ਮੈਰਾ ਜ਼ਮੀਨ ਜਿਸ ਵਿਚ ਮੱਲੜ੍ਹ ਕਾਫੀ ਮਾਤਰਾ ਵਿਚ ਹੋਵੇ ਅਤੇ ਬਿਮਾਰੀਆਂ ਅਤੇ ਨਦੀਨਾਂ ਤੋਂ ਰਹਿਤ ਹੋਵੇ, ਇਸ ਦੀ ਕਾਸ਼ਤ ਲਈ ਬਹੁਤ ਢੁੱਕਵੀਂ ਹੈ। ਖਾਰੀਆਂ ਅਤੇ ਡੁੰਘੀਆਂ ਜ਼ਮੀਨਾਂ, ਜਿੱਥੇ ਪਾਣੀ ਖੜਨ ਦੀ ਸਮੱਸਿਆ ਆਉਂਦੀ ਹੈ, ਇਸ ਦੀ ਪੈਦਾਵਾਰ ਲਈ ਢੁੱਕਵੀਆਂ ਨਹੀਂ ਹਨ। ਇਸ ਦੇ ਪੌਦਿਆਂ ਅਤੇ ਗੰਢਿਆਂ ਦੇ ਚੰਗੇ ਵਾਧੇ ਲਈ ਖਾਰੀ ਅੰਗ 5.8-6.8 ਹੋਣਾ ਚਾਹੀਂਦਾ ਹੈ। ਸਾਉਣੀ ਦੇ ਪਿਆਜ਼ ਲਈ ਢੁਕਵੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਜੇਕਰ ਹਾੜ੍ਹੀ ਦੇ ਪਿਆਜ਼ ਵਾਲੀਆਂ ਕਿਸਮਾਂ ਦੀ ਚੋਣ ਕਰਾਂਗੇ ਤਾਂ ਇਸ ਦੇ ਗੰਢਿਆਂ ਦਾ ਪੂਰਾ ਵਿਕਾਸ ਨਹੀਂ ਹੋਵੇਗਾ। ਅਗੇਤੀਆਂ ਪੱਕਣ ਅਤੇ ਚੰਗੇ ਆਕਾਰ ਦੇ ਗੰਢੇ ਵਾਲੀਆ ਕਿਸਮਾਂ ਹੀ ਇਸ ਰੁੱਤ ਦੀ ਕਾਸ਼ਤ ਲਈ ਢੁੱਕਵੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸਾਉਣੀ ਵਿਚ ਸੁਧਰੀ ਉਨਤ ਕਿਸਮ ਐਗਰੀਫੋਂਡ ਡਾਰਕ ਰੈਡ (ਏ.ਡੀ.ਆਰ.) ਸਿਫਾਰਸ਼ ਕੀਤੀ ਹੈ। ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਇਕਸਾਰ ਗੂੜ੍ਹੇ ਲਾਲ, ਦਰਮਿਆਨੇ ਆਕਾਰ ਦੇ (70-80 ਗ੍ਰਾਮ) ਗੋਲ ਅਤੇ ਘੁਟਵੇਂ ਛਿਲਕੇ ਅਤੇ ਦਰਮਿਆਨੀ ਕੁੜੱਤਣ ਵਾਲੇ ਹੁੰਦੇ ਹਨ। ਇਹ ਕਿਸਮ ਫ਼ਸਲ ਸਾਉਣੀ ਦੀ ਫ਼ਸਲ ਲਈ ਢੁੱਕਵੀਂ ਹੈ। ਇਸ ਦਾ ਔਸਤ ਝਾੜ 120 ਕੁਇੰਟਲ ਪ੍ਰਤੀ ਏਕੜ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 99141-44157


ਖ਼ਬਰ ਸ਼ੇਅਰ ਕਰੋ

ਝੋਨੇ, ਮੱਕੀ ਅਤੇ ਨਰਮੇ ਵਿਚ ਸੰਯੁਕਤ ਨਦੀਨ ਪ੍ਰਬੰਧ ਅਪਣਾਓ

ਖੇਤ ਵਿਚ ਉੱਗੇ ਬੇਲੋੜੇ ਬੂਟਿਆਂ ਨੂੰ ਨਦੀਨ ਕਿਹਾ ਜਾਂਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਾਉਣੀ ਦੀਆਂ ਮੁੱਖ ਫ਼ਸਲਾਂ ਝੋਨਾ, ਮੱਕੀ ਅਤੇ ਨਰਮੇ ਲਈ ਹੇਠਾਂ ਦਿੱਤੇ ਅਨੁਸਾਰ ਸੰਯੁਕਤ ਨਦੀਨ ਪ੍ਰਬੰਧ ਸ਼ਿਫਾਰਿਸ਼ ਕੀਤੇ ਗਏ ਹਨ:
ਝੋਨੇ ਦੀ ਸਿੱਧੀ ਬਿਜਾਈ : ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿਚ ਝੋਨੇ ਅਤੇ ਨਦੀਨਾਂ ਦੇ ਬੂਟੇ ਇਕੋ ਸਮੇਂ ਉੱਗਣ ਕਰਕੇ ਇਸ ਵਿਚ ਕੱਦੂ ਕਰਕੇ ਲਗਾਏ ਝੋਨੇ ਦੀ ਫ਼ਸਲ ਨਾਲੋਂ ਨਦੀਨਾਂ ਦੀ ਸਮੱਸਿਆ ਥੋੜ੍ਹੀ ਜ਼ਿਆਦਾ ਆਉਂਦੀ ਹੈ।
ਝੋਨੇ ਦੀ ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਖੇਤ ਵਿਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ 'ਤੇ ਨਦੀਨ-ਨਾਸ਼ਕਾਂ ਦੀ ਵਰਤੋਂ ਕਰਨ ਨਾਲ ਕੀਤੀ ਜਾ ਸਕਦੀ ਹੈ। ਨਦੀਨ-ਨਾਸ਼ਕਾਂ ਨੂੰ 150 ਲਿਟਰ ਪਾਣੀ/ਏਕੜ ਵਿਚ ਘੋਲ ਕੇ ਬਿਜਾਈ ਤੋਂ 20-25 ਦਿਨਾਂ ਅੰਦਰ ਛਿੜਕਾਅ ਕਰੋ। ਨਦੀਨ-ਨਾਸ਼ਕਾਂ ਦੇ ਬਦਲ ਵਿਚ, ਨਦੀਨਾਂ ਦੀ ਰੋਕਥਾਮ ਬਿਜਾਈ ਤੋਂ 20, 40 ਅਤੇ 60 ਦਿਨ ਬਾਅਦ ਗੋਡੀ ਕਰਨ ਨਾਲ ਵੀ ਕੀਤੀ ਜਾ ਸਕਦੀ ਹੈ। ਨਦੀਨ-ਨਾਸ਼ਕਾਂ ਦੇ ਛਿੜਕਾਅ ਜਾਂ ਗੋਡੀ ਤੋਂ ਬਾਅਦ ਬਚੇ ਹੋਏ ਜਾਂ ਬਾਅਦ ਵਿਚ ਉਗੇ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਾਉਣ ਤੋਂ ਪਹਿਲਾਂ ਪੁੱਟ ਦੇਣਾ ਚਹੀਦਾ ਹੈ।
ਸਿੱਧੇ ਬੀਜੇ ਹੋਏ ਝੋਨੇ ਵਿਚ ਚੋਬੇ ਦੀ ਰੋਕਥਾਮ : ਉਨ੍ਹਾਂ ਖੇਤਾਂ ਵਿਚ ਜਿੱਥੇ ਪਿਛਲੇ ਸਾਲਾਂ ਵਿਚ ਵੱਖਰੀ ਝੋਨੇ ਦੀ ਕਿਸਮ ਬੀਜੀ ਹੋਵੇ ਵੱਧ ਰਹੀ ਹੈ, ਜੋ ਕਿ ਫ਼ਸਲ ਦੀ ਬਜ਼ਾਰੀ ਗੁਣਵੱਤਾ ਘਟਾਉਂਦੀ ਹੈ। ਚੋਬੇ ਦੀ ਰੋਕਥਾਮ ਲਈ ਝੋਨੇ ਦੀ ਸਿੱਧੀ ਬਿਜਾਈ ਰੌਣੀ ਕਰਕੇ ਵੱਤਰ ਖੇਤ ਵਿਚ ਕਰੋ। ਇਸ ਤੋਂ ਇਲਾਵਾ ਹਾੜ੍ਹੀ ਦੀ ਫ਼ਸਲ ਕੱਟਣ ਤੋਂ ਬਾਅਦ, ਗਰਮੀ ਰੁੱਤ ਦੀ ਮੂੰਗੀ/ਮਾਂਹ ਦੀ ਕਾਸ਼ਤ ਕਰਨ ਨਾਲ ਚੋਬੇ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ।
ਕੱਦੂ ਕੀਤਾ ਝੋਨਾ : ਝੋਨੇ ਦੀ ਲੁਆਈ ਤੋਂ 2 ਹਫ਼ਤੇ ਤੱਕ ਲਗਾਤਾਰ ਖੇਤ ਵਿਚ 10 ਸੈਂ.ਮੀ. ਪਾਣੀ ਖੜ੍ਹਾ ਕਰਨ ਨਾਲ ਨਦੀਨਾਂ ਨੂੰ ਉੱਗਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਜੋ ਨਦੀਨ ਫ਼ਸਲ ਦੇ ਪਿਛਲੇ ਜੀਵਨਕਾਲ ਦੌਰਾਨ ਉੱਗਦੇ ਹਨ, ਉਨ੍ਹਾਂ ਨੂੰ ਲੁਆਈ ਤੋਂ 20 ਅਤੇ 40 ਦਿਨਾਂ ਬਾਅਦ ਹੱਥ ਨਾਲ ਗੋਡੀ ਕਰਕੇ ਪੁੱਟਿਆ ਜਾ ਸਕਦਾ ਹੈ। ਇਸ ਦੇ ਬਦਲ ਵਿਚ ਨਦੀਨਾਂ ਦੀ ਰੋਕਥਾਮ, ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਕਿਸਮ ਦੇ ਆਧਾਰ 'ਤੇ ਝੋਨੇ ਦੀ ਲੁਆਈ ਤੋਂ 20 ਤੋਂ 25 ਦਿਨਾਂ ਅੰਦਰ ਨਦੀਨ-ਨਾਸ਼ਕ ਵਰਤਣ ਨਾਲ ਵੀ ਕੀਤੀ ਜਾ ਸਕਦੀ ਹੈ। ਛਿੜਕਾਅ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦੇਣਾ ਚਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।
ਮੱਕੀ- ਮੱਕੀ ਨੂੰ ਜ਼ਿਆਦਾ ਵਿੱਥ ਵਾਲੀਆਂ ਚੌੜੀਆਂ ਕਤਾਰਾਂ ਵਿਚ ਬੀਜਿਆ ਜਾਂਦਾ ਹੈ ਅਤੇ ਇਸ ਦਾ ਮੁਢਲਾ ਵਾਧਾ ਕਾਫੀ ਹੌਲੀ ਹੁੰਦਾ ਹੈ। ਜਿਸ ਕਰਕੇ ਨਦੀਨਾਂ ਨੂੰ ਚੰਗਾ ਵਧਣ-ਫੁਲਣ ਦਾ ਮੌਕਾ ਮਿਲ ਜਾਂਦਾ ਹੈ। ਮੱਕੀ ਵਿਚ ਵੀ ਝੋਨੇ ਵਾਂਗ, ਨਦੀਨ-ਨਾਸ਼ਕਾਂ ਦੀ ਵਰਤੋਂ ਕਾਫ਼ੀ ਪ੍ਰਚੱਲਿਤ ਹੈ, ਜਦਕਿ ਮੱਕੀ ਵਿਚ ਵਧੀਆ ਕਾਸ਼ਤਕਾਰੀ ਤਕਨੀਕਾਂ ਅਤੇ ਵਹਾਈ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਿਵੇਂ ਕਿ ਮੱਕੀ ਵਿਚ ਰਵਾਂਹ ਦੀ ਅੰਤਰ ਫ਼ਸਲ ਬੀਜਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤਕਨੀਕ ਵਿਚ ਮੱਕੀ ਦੀਆਂ ਦੋ ਕਤਾਰਾਂ ਵਿਚ ਰਵਾਂਹ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ (16 ਕਿੱਲੋ ਬੀਜ ਰਵਾਂਹ 88 ਕਿਸਮ ਲਈ ਅਤੇ 8 ਕਿੱਲੋ ਬੀਜ ਰਵਾਂਹ ਸੀ ਐਲ 367 ਕਿਸਮ ਪ੍ਰਤੀ ਏਕੜ ਲਈ)। ਰਵਾਂਹ ਨੂੰ ਬਿਜਾਈ ਤੋਂ 35-45 ਦਿਨਾਂ ਬਾਅਦ ਚਾਰੇ ਲਈ ਕੱਟ ਲਿਆ ਜਾਂਦਾ ਹੈ। ਇਸ ਤੋਂ ਬਾਅਦ ਮੱਕੀ ਦੀ ਫ਼ਸਲ ਵਿਚ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਮੱਕੀ ਦੇ ਉਹ ਖੇਤ ਜਿੱਥੇ ਸਖ਼ਤ ਜਾਨ ਨਦੀਨ ਜਿਵੇਂ ਕਿ ਬਾਂਸ ਪੱਤਾ, ਕਾਂ ਮੱਕੀ, ਅਰੈਕਨੀ ਘਾਹ ਅਤੇ ਡੀਲਾ ਆਦਿ ਹੋਵੇ ਉਥੇ ਇਹ ਅੰਤਰ ਫ਼ਸਲ ਤਕਨੀਕ ਬਹੁਤ ਕਾਰਗਰ ਹੈ। ਇਸ ਦੇ ਬਦਲ ਵਿਚ ਮੱਕੀ ਦੀ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਟਰੈਕਟਰ ਨਾਲ ਜਾਂ ਹੱਥ ਨਾਲ ਦੋ ਗੋਡੀਆਂ ਕਰਨ ਨਾਲ ਵੀ ਨਦੀਨਾਂ ਦੀ ਅਸਰਦਾਰ ਰੋਕਥਾਮ ਕੀਤੀ ਜਾ ਸਕਦੀ ਹੈ। ਖਾਦਾਂ ਨੂੰ ਕਤਾਰਾਂ ਵਿਚ ਛੱਟੇ ਨਾਲ ਪਾਉਣ ਦੀ ਬਜਾਏ ਫ਼ਸਲ ਦੀਆਂ ਕਤਾਰਾਂ ਨਾਲ ਇਕਸਾਰ ਪੋਰ ਕੇ ਨਦੀਨਾਂ ਦੀ ਆਮਦ ਨੂੰ ਘਟਾਇਆ ਜਾ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਜ਼ਿਆਦਾਤਰ ਖਾਦ ਮੱਕੀ ਦੇ ਬੂਟਿਆਂ ਨੂੰ ਹੀ ਮਿਲਦੀ ਹੈ।
ਨਰਮਾ : ਨਰਮੇ ਦੇ ਖੇਤ ਵਿਚ ਘਾਹ ਵਾਲੇ ਨਦੀਨ (ਜਿਵੇਂ ਗੁੜਤ ਮਧਾਣਾ/ ਮੱਕੜਾ/ ਛੋਟੀ ਸਵਾਂਕ/ ਤੱਕੜੀ ਘਾਹ), ਚੌੜੇ ਪੱਤੇ ਵਾਲੇ ਨਦੀਨ (ਜਿਵੇਂ ਇਟਸਿਟ, ਤਾਂਦਲਾ ਅਤੇ ਚੁਲਾਈ) ਅਤੇ ਬਹੁਸਾਲੇ ਨਦੀਨ (ਜਿਵੇਂ ਗੰਢੀ ਵਾਲਾ ਮੋਥਾ, ਖੱਬਲ ਘਾਹ ਅਤੇ ਬਰੂ) ਆਦਿ ਪਾਏ ਜਾਂਦੇ ਹਨ। ਨਰਮੇ ਦੀ ਫ਼ਸਲ ਵਿਚ ਵੀ ਬੂਟੇ ਤੋਂ ਬੂਟੇ ਅਤੇ ਕਤਾਰਾਂ ਵਿਚ ਜ਼ਿਆਦਾ ਫਾਸਲਾ ਅਤੇ ਮੱਕੀ ਵਾਂਗ ਨਰਮੇ ਦਾ ਮੁਢਲਾ ਹੌਲੀ ਵਾਧਾ ਹੋਣ ਕਰਕੇ ਨਦੀਨਾਂ ਨੂੰ ਵਧਣ-ਫੁਲਣ ਲਈ ਬਹੁਤ ਵਧੀਆ ਮੌਕਾ ਮਿਲ ਜਾਂਦਾ ਹੈ। ਨਰਮੇ ਵਿਚ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਟਰੈਕਟਰ ਨਾਲ ਪਹਿਲੀ ਗੋਡੀ ਪਹਿਲੀ ਸਿੰਚਾਈ ਤੋਂ ਪਹਿਲਾਂ ਅਤੇ ਬਾਅਦ ਦੀਆਂ ਗੋਡੀਆਂ ਫੁੱਲ ਪੈਣੇ ਸ਼ੁਰੂ ਹੋਣ ਤੋਂ ਪਹਿਲਾਂ ਕਰੋ। ਖਾਦਾਂ ਨੂੰ ਸਾਰੇ ਖੇਤ ਵਿਚ ਇਕਸਾਰ ਛੱਟਾ ਦੇਣ ਦੀ ਬਜਾਏ ਫ਼ਸਲ ਦੀਆ ਕਤਾਰਾਂ ਦੇ ਨਾਲ ਪੋਰ ਕੇ ਨਦੀਨਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।
ਇਸ ਦੇ ਬਦਲ ਵਿਚ ਨਦੀਨ ਦੀ ਰੋਕਥਾਮ ਲਈ ਸਿਫਾਰਸ਼ ਕੀਤੇ ਨਦੀਨ-ਨਾਸ਼ਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਇਕੱਠੇ ਕਰਨ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ।


-ਫ਼ਸਲ ਵਿਗਿਆਨ ਵਿਭਾਗ। ਮੋਬਾਈਲ : 98728-11350

ਫ਼ਸਲੀ ਵਿਭਿੰਨਤਾ ਯੋਜਨਾਬੰਦੀ 'ਚ ਬਾਸਮਤੀ ਦਾ ਵਿਸ਼ੇਸ਼ ਸਥਾਨ ਹੈ

ਫ਼ਸਲੀ ਵਿਭਿੰਨਤਾ ਦੀ ਯੋਜਨਾਬੰਦੀ 'ਚ ਇਸ ਸ਼ਤਾਬਦੀ ਦੇ ਸ਼ੁਰੂ ਵਿਚ ਅਤੇ ਦੂਜੇ ਦਹਾਕੇ ਦੇ ਦੌਰਾਨ ਬਾਸਮਤੀ ਨੂੰ ਕੋਈ ਖ਼ਾਸ ਮਹੱਤਤਾ ਨਹੀਂ ਦਿੱਤੀ ਗਈ। ਹੁਣ ਫ਼ਸਲਾਂ ਦਰਮਿਆਨ ਝੋਨੇ ਨੂੰ ਛੱਡ ਕੇ ਬਾਸਮਤੀ ਦੀ ਕਾਸ਼ਤ ਪ੍ਰਧਾਨ ਹੈ ਅਤੇ ਇਸ ਥੱਲੇ ਸਭ ਦੂਜੀਆਂ ਫ਼ਸਲਾਂ ਨਾਲੋਂ ਵੱਧ ਰਕਬਾ ਹੈ। ਹੁਣ ਤੱਕ ਇਹ 6.25 ਲੱਖ ਹੈਕਟੇਅਰ ਰਕਬੇ 'ਤੇ ਲੱਗ ਚੁੱਕੀ ਹੈ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ 25 ਕੁ ਹਜ਼ਾਰ ਹੈਕਟੇਅਰ ਰਕਬਾ ਹੋਰ ਅਗਸਤ ਦੌਰਾਨ ਇਸ ਫ਼ਸਲ ਥੱਲੇ ਆਉਣ ਦੀ ਸੰਭਾਵਨਾ ਹੈ। ਘੱਗਰ ਦੇ ਆਲੇ ਦੁਆਲੇ ਜਿੱਥੇ ਘੱਗਰ ਦੇ ਪਾਣੀ ਜਾਂ ਹੋਰ ਇਲਾਕਿਆਂ ਵਿਚ ਬਾਰਿਸ਼ਾਂ ਨੇ ਫ਼ਸਲਾਂ ਦੀ ਮਾਰ ਕੀਤੀ ਹੈ, ਉੱਥੇ ਝੋਨੇ ਦੀਆਂ ਸਾਰੀਆਂ ਕਿਸਮਾਂ ਅਤੇ ਹੋਰ ਦੂਜੀਆਂ ਫ਼ਸਲਾਂ ਪਾਣੀ 'ਚ ਡੁੱਬ ਕੇ ਖ਼ਤਮ ਹੋ ਗਈਆਂ। ਸੀਨੀਅਰ ਬਰੀਡਰ ਤੇ ਆਈ ਸੀ ਏ ਆਰ -ਭਾਰਤੀ ਖੇਤੀ ਖੋਜ ਸੰਸਥਾਨ ਦੇ ਸੰਯੁਕਤ ਡਾਇਰੈਕਟਰ ਤੇ ਜੈਨੇਟਿਕਸ ਡਵੀਜ਼ਨ ਦੇ ਮੁਖੀ ਡਾ: ਅਸ਼ੋਕ ਕੁਮਾਰ ਸਿੰਘ ਕਹਿੰਦੇ ਹਨ ਕਿ ਸੰਕਟਕਾਲੀਨ ਯੋਜਨਾ ਥੱਲੇ ਰਾਜ ਸਰਕਾਰ ਨੂੰ ਬਾਸਮਤੀ ਦੀਆਂ ਯੋਗ ਕਿਸਮਾਂ ਦੀ ਨਰਸਰੀ ਦਾ ਪੱਕਾ ਪ੍ਰਬੰਧ ਰੱਖਣਾ ਚਾਹੀਦਾ ਹੈ ਤਾਂ ਜੋ ਹੜ੍ਹਾਂ ਨਾਲ ਪ੍ਰਭਾਵਤ ਇਲਾਕਿਆਂ 'ਚ ਕਿਸਾਨਾਂ ਨੂੰ ਪਨੀਰੀ ਮੁਹਈਆ ਕੀਤੀ ਜਾ ਸਕੇ ਅਤੇ ਖੇਤ ਖ਼ਾਲੀ ਨ ਰਹਿਣ। ਕਪਾਹ, ਨਰਮੇ ਦੀ ਕਾਸ਼ਤ 401355 ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਪਿਛਲੇ ਸਾਲ 2017 -18 ਦੌਰਾਨ ਇਸ ਫ਼ਸਲ ਦੀ ਕਾਸ਼ਤ 2.87 ਲੱਖ ਹੈਕਟੇਅਰ ਰਕਬੇ 'ਤੇ ਹੋਈ ਸੀ। ਮੱਕੀ ਦੀ ਕਾਸ਼ਤ 1.60 ਲੱਖ ਹੈਕਟੇਅਰ 'ਤੇ ਅਤੇ ਕਮਾਦ 96 ਹਜ਼ਾਰ ਹੈਕਟੇਅਰ 'ਤੇ ਬੀਜਿਆ ਗਿਆ ਹੈ। ਇਸ ਸਾਲ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਿਆ ਹੈ। ਡਾ ਐਰੀ ਅਨੁਸਾਰ ਇਹ 23 ਲੱਖ ਹੈਕਟੇਅਰ ਤੋਂ ਕਿਸੇ ਹਾਲਤ 'ਚ ਵੀ ਨਹੀਂ ਵਧਣ ਲਗਿਆ। ਸੰ: 2017 'ਚ ਝੋਨੇ ਦੀ ਕਾਸ਼ਤ ਥੱਲੇ 30.65 ਲੱਖ ਹੈਕਟੇਅਰ ਅਤੇ ਸੰਨ 2018-19 'ਚ 31 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਥੱਲੇ ਸੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੱਕੀ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਲਈ ਪੱਬਾਂ ਭਾਰ ਹੈ ਪਰ ਇਸ ਦੇ 2 - 3 ਹਜ਼ਾਰ ਹੈਕਟੇਅਰ ਤੋਂ ਹੋਰ ਵਧਣ ਦੀ ਉੱਕਾ ਹੀ ਕੋਈ ਸੰਭਾਵਨਾ ਨਹੀਂ। ਝੋਨੇ ਨੂੰ ਛੱਡ ਕੇ ਖ਼ਰੀਫ਼ ਵਿਚ ਸਾਰੀਆਂ ਫ਼ਸਲਾਂ ਤੋਂ ਵੱਧ ਕਾਸ਼ਤ ਥੱਲੇ ਰਕਬਾ ਬਾਸਮਤੀ ਕਿਸਮਾਂ ਦਾ ਹੈ।
ਪੰਜਾਬ ਸਰਕਾਰ ਨੇ ਹੁਣ ਇਸ ਸਾਲ ਵਿਸ਼ੇਸ਼ ਕਰਕੇ ਫ਼ਸਲੀ ਵਿਭਿੰਨਤਾ ਅਤੇ ਵਿਦੇਸ਼ੀ ਮੁਦਰਾ ਕਮਾਉਣ ਪੱਖੋਂ ਬਾਸਮਤੀ ਦੀ ਕਾਸ਼ਤ ਨੂੰ ਵਿਸ਼ੇਸ਼ ਮਹਤੱਤਾ ਦੇਣੀ ਸ਼ੁਰੂ ਕੀਤੀ ਹੈ। ਵਿਦੇਸ਼ਾਂ 'ਚ ਬਰਾਮਦ ਵਧਾਉਣ ਲਈ ਬਾਸਮਤੀ ਦੀ ਗੁਣਵੱਤਾ ਵਧਾਈ ਜਾ ਰਹੀ ਹੈ ਅਤੇ ਇਸ ਨੂੰ ਜ਼ਹਿਰ-ਮੁਕਤ ਕੀਤਾ ਗਿਆ ਹੈ। ਬਾਸਮਤੀ ਦੇ ਉਤਪਾਦਕ ਰਜਿਸਟਰ ਕਰ ਕੇ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਸਮੇਂ ਸਮੇਂ ਅਗਵਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਲਈ ਵਿਸ਼ੇਸ਼ ਟੈਕਨੀਕਲ ਅਮਲਾ ਨੀਯਤ ਕੀਤਾ ਗਿਆ ਹੈ। ਜ਼ਹਿਰਾਂ ਵਿਚ ਐਸੀਫੇਟ, ਕਾਰਬਨਡਾਇਜ਼ੀਮ, ਥਾਈਮੇਥੋਕਸਮ, ਟਰਾਈਸਾਇਕਲਾਜ਼ੋਨ, ਬੁਪ੍ਰੋਫੈਜ਼ੀਨ, ਕਾਰਬੋਫਿਉਰੋਨ, ਪ੍ਰੋਪੀਕੋਨਾਜ਼ੋਲ ਅਤੇ ਥਾਇਉਫਨਾਟੇ ਆਦਿ ਦਵਾਈਆਂ ਦੀ ਵਰਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ।
ਪੰਜਾਬ ਸਰਕਾਰ ਵਲੋਂ ਜੋ ਮੱਕੀ ਤੇ ਕਮਾਦ ਦੀ ਕਾਸ਼ਤ ਵਧੇਰੇ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੱਕੀ ਦੀ ਕਾਸ਼ਤ ਕਰ ਕੇ ਕਿਸਾਨ ਹੱਥ ਫੂਕ ਚੁੱਕੇ ਹਨ। ਉਨ੍ਹਾਂ ਨੂੰ ਬੜੇ ਮੰਦੇ ਭਾਅ 'ਤੇ ਪਿਛਲੇ ਸਾਲਾਂ 'ਚ ਮੱਕੀ ਦੀ ਫ਼ਸਲ ਵੇਚਣੀ ਪਈ ਹੈ। ਕਮਾਦ ਦੀ ਪਾਣੀ ਦੀ ਲੋੜ ਕੋਈ ਝੋਨੇ ਨਾਲੋਂ ਘੱਟ ਨਹੀਂ। ਇਹ ਕੇਵਲ ਉਨ੍ਹਾਂ ਖੇਤਾਂ ਵਿਚ ਬੀਜਣਾ ਚਾਹੀਦਾ ਹੈ ਜਿੱਥੇ ਤੁਪਕਾ ਸਿੰਜਾਈ ਦੀ ਸਹੂਲਤ ਉਪਲਬਧ ਹੋਵੇ ਜਾਂ ਫਿਰ ਦਰਿਆਵਾਂ ਦੇ ਕੰਢੇ 2 -3 ਕਿਲੋਮੀਟਰ ਦੇ ਰਕਬੇ ਅੰਦਰ ਬੀਜਣਾ ਚਾਹੀਦਾ ਹੈ ਜਿੱਥੇ ਸਿੰਚਾਈ ਦੀ ਬਹੁਤੀ ਸਮੱਸਿਆ ਨਾ ਆਵੇ।
ਬਾਸਮਤੀ ਦੀ ਬਰਾਮਦ ਮਸਾਂ ਅਜੇ ਪਿਛਲੇ ਸਾਲ ਦੇ ਪੱਧਰ 'ਤੇ ਪਹੁੰਚੀ ਹੈ। ਆਲ-ਇੰਡੀਆ ਰਾਈਸ ਐਕਸਪੋਰਟੇਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸੇਤੀਆ ਅਨੁਸਾਰ ਪੰਜਾਬ-ਹਰਿਆਣਾ ਦੀ ਬਾਸਮਤੀ ਦਾ ਵੱਡਾ ਦਰਾਮਦਕਾਰ ਇਰਾਨ ਹੈ। ਇੱਥੇ ਐਕਸਪੋਰਟਰਜ਼ ਦਾ 1500 ਤੋਂ 2000 ਕਰੋੜ ਰੁਪਿਆ ਫਸਿਆ ਹੋਇਆ ਹੈ ਜੋ ਉਨ੍ਹਾਂ ਵਲੋਂ ਚਾਵਲ ਉਧਾਰ ਦਿੱਤੇ ਗਏ ਸਨ। ਜਿਸ ਕਾਰਨ ਖਰੀਦਾਰ ਮੰਡੀ ਵਿਚੋਂ ਗ਼ਾਇਬ ਹੋ ਗਏ। ਇਰਾਨ ਨੂੰ ਬਹੁਤ ਘੱਟ ਬਾਸਮਤੀ ਦੀ ਬਰਾਮਦ ਹੋਣ ਦੀ ਸੰਭਾਵਨਾ ਹੈ। ਸਾਉਦੀ ਅਰਬ ਗੁਣਵੱਤਾ ਵਾਲੀ ਤੇ ਜ਼ਹਿਰ ਮੁਕਤ ਬਾਸਮਤੀ ਦਾ ਖਰੀਦਦਾਰ ਹੈ। ਪੰਜਾਬ ਇਸ ਸਬੰਧੀ ਜੋ ਉਪਰਾਲਾ ਕਰ ਰਿਹਾ ਹੈ, ਉਸ ਨਾਲ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਮਿਲੇਗਾ ਅਤੇ ਬਾਸਮਤੀ ਦੇ ਉਤਪਾਦਕਾਂ ਨੂੰ ਚੰਗਾ ਭਾਅ ਮਿਲਣ ਦੀ ਸੰਭਾਵਨਾ ਹੈ। ਜੇ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣਾ ਹੈ ਅਤੇ ਜ਼ਮੀਨ ਥੱਲੇ ਪਾਣੀ ਦਾ ਪੱਧਰ ਘਟਣ ਦੀ ਸਮੱਸਿਆ ਹੱਲ ਕਰਨੀ ਹੈ ਤਾਂ ਬਾਸਮਤੀ ਦੀ ਕਾਸ਼ਤ ਵਧਾਉਣ ਲਈ ਪੰਜਾਬ ਸਰਕਾਰ ਨੂੰ ਕੇਂਦਰ 'ਤੇ ਇਸ ਦੀ ਐਮ ਐਸ ਪੀ ਐਲਾਨਣ ਦਾ ਉਪਰਾਲਾ ਕਰਨਾ ਲੋੜੀਂਦਾ ਹੈ।


-ਮੋਬਾਈਲ : 98152-36307

ਗਮਲੇ 'ਚ ਰੁੱਖ

ਖੇਤਾਂ, ਸੜਕਾਂ ਕੰਢੇ ਜਾਂ ਸ਼ਾਮਲਾਟਾਂ ਵਿਚ ਰੁੱਖ ਲਾਉਣੇ ਚੰਗੀ ਗੱਲ ਹੈ। ਇਹ ਗੁਣਕਾਰੀ ਰੁੱਖ ਲੱਗ ਤਾਂ ਜਾਂਦੇ ਹਨ ਪਰ ਇਨ੍ਹਾਂ ਨੂੰ ਵਰਤੋਂ ਵਿਚ ਲੈ ਕੇ ਆਉਣਾ ਬਹੁਤ ਔਖਾ ਹੋ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਜੇ ਰੋਜ਼ ਸੁਹਾਂਜਣੇ ਦੇ ਪੱਤੇ ਤੋੜ ਕੇ ਭੋਜਨ ਵਿਚ ਪਾਉਣੇ ਹੋਣ ਤਾਂ ਸੁਆਣੀਆਂ ਲਈ ਮੁਸ਼ਕਿਲ ਹੋ ਜਾਂਦਾ ਹੈ। ਇਸ ਦਾ ਹੱਲ ਹੈ ਕਿ ਇਹ ਰੁੱਖ ਘਰ ਦੇ ਵਿਹੜੇ ਜਾਂ ਛੱਤ ਤੇ ਗਮਲੇ ਵਿਚ ਲਾਇਆ ਜਾਵੇ। ਇਸ ਲਈ ਸੀਮੈਂਟ ਜਾਂ ਪੱਥਰ ਦਾ ਗਮਲਾ ਕਾਮਯਾਬ ਨਹੀਂ ਹੈ। ਸੌਖਾ ਤਰੀਕਾ ਹੈ ਕਿ ਪੁਰਾਣੇ ਦੋ ਛੋਟੇ ਕਾਰ ਸਾਇਜ਼ ਜਾਂ ਇਕ ਪੁਰਾਣਾ ਟਰੈਕਟਰ ਦਾ ਟਾਇਰ ਲੈ ਕੇ ਵਿਚ ਮਿੱਟੀ ਭਰਕੇ ਇਹ ਰੁੱਖ ਲਾ ਦਿਓ। ਬਸ ਖਿਆਲ ਰੱਖੋ ਕਿ ਸੱਤ ਫੁੱਟ ਤੋਂ ਉੱਚਾ ਨਾ ਹੋਣ ਦਿਓ। ਇਸ ਤਰ੍ਹਾਂ ਤੁਹਾਨੂੰ ਇਸ ਦੇ ਗੁਣਕਾਰੀ ਪੱਤਿਆਂ ਦੀ ਭਰਪੂਰ ਫ਼ਸਲ ਮਿਲਦੀ ਰਹੇਗੀ, ਜਿਵੇਂ ਕਿ ਸਾਡੇ ਘਰ ਗਮਲੇ ਚ ਲੱਗੇ ਸੁਹਾਂਜਣੇ ਦੇ ਪੱਤਿਆਂ ਦੀ ਫੋਟੋ ਹੈ ।


-ਮੋਬਾ: 98159-45018

ਖੂਹ ਦਾ ਚੱਕ

ਨਵੀਂ ਪੀੜ੍ਹੀ ਦੇ ਬਹੁਤ ਘੱਟ ਨੌਜਵਾਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਨਵਾਂ ਖੂਹ ਲਗਾਇਆ ਜਾਂਦਾ ਸੀ ਤਾਂ ਉਸ ਦੀ ਨੀਂਹ ਵਿਚ ਢੱਕ ਦੀ ਲੱਕੜ (ਜੋ ਕਿ ਗਲਦੀ ਨਹੀਂ) ਨੂੰ ਪਹਿਲਾਂ ਥੱਲੇ ਜ਼ਮੀਨ ਵਿਚ ਰੱਖ ਕੇ ਉਸ ਉੱਪਰ ਖੂਹ ਦੀ ਗੋਲ ਦੀਵਾਰ ਦੀ ਉਸਾਰੀ ਕੀਤੀ ਜਾਂਦੀ ਸੀ, ਜੋ ਉਸ ਢੱਕ ਦੀ ਲੱਕੜ ਨੂੰ ਖੂਹ ਦਾ ਚੱਕ ਪਾਉਣਾ ਕਿਹਾ ਜਾਂਦਾ ਸੀ ਤੇ ਇਹ ਵੀ ਲੋਕਾਂ ਦਾ ਮੰਨਣਾ ਸੀ ਕਿ ਉਹ ਲੱਕੜ ਮਾਨੋਂ ਉਸ ਸਮੇਂ ਬਹੁਤ ਵਰਲਾਪ ਕਰਦੀ ਹੈ ਕਿ ਉਸ ਨੇ ਇਸ ਧਰਤੀ 'ਤੇ ਦੁਬਾਰਾ ਫਿਰ ਨਹੀਂ ਆਉਣਾ। ਲੋਕਾਂ ਵਿਚ ਨਵਾਂ ਚੱਕ ਪੈਂਦਾ ਦੇਖਣ ਦੀ ਉਤਸੁਕਤਾ ਹੁੰਦੀ ਸੀ।
ਸੋਹਣੇ ਪੰਜਾਬ ਦੀ ਧਰਤੀ 'ਤੇ ਇਕ ਅਜਿਹਾ ਮਾੜਾ ਸਮਾਂ ਆ ਗਿਆ, ਜਿਸ ਵਿਚ ਭਾਰਤ-ਪਾਕਿ ਦੀ ਜ਼ਮੀਨ ਵਿਚ ਵੰਡ, ਦੋਸਤਾਂ ਤੇ ਹਮਸਾਇਆਂ ਦੇ ਆਪਸੀ ਪਿਆਰ ਦੀ ਵੰਡ ਹੋ ਰਹੀ ਸੀ। ਇਸ ਕਾਤਲੋ-ਗਾਰਤ ਵਿਚ ਮਾਲੀ ਤੇ ਪਰਿਵਾਰਕ ਜਾਨੀ ਨੁਕਸਾਨ ਹੋਣ ਦੇ ਬਾਵਜੂਦ ਵੀ ਲੋਕ ਸਿਰਫ਼ ਆਪਣੇ ਧਰਮ ਪਿੱਛੇ ਇਧਰੋਂ-ਉਧਰ ਹਿਜਰਤ ਕਰਦੇ ਹੋਏ ਆ-ਜਾ ਰਹੇ ਸਨ।
ਪਿੰਡ ਗੋਂਦਲਾਵਾਲਾ (ਗੁਜਰਾਂਵਾਲਾ ਪਾਕਿਸਤਾਨ) ਦੀ ਨਿਆਈਂ ਵਿਚ ਸਿੱਖਾਂ ਦਾ ਕਾਫ਼ਲਾ ਗੱਡੇ ਜੋੜ ਕੇ ਤੁਰਨ ਲਈ ਤਿਆਰ ਖੜ੍ਹਾ ਸੀ, ਜੋ ਕਰਤਾਰ ਤੇ ਕਰੀਮ (ਜੋ ਕਿ ਪੱਗ ਵੱਟ ਯਾਰ ਭਰਾ ਸਨ) ਘੁੱਟ ਕੇ ਜੱਫੀ ਪਾ ਕੇ ਖਲੋਤੇ ਸਨ ਤੇ ਇਕ-ਦੂਜੇ ਤੋਂ ਵੱਖ ਨਹੀਂ ਸਨ ਹੋ ਰਹੇ ਤਾਂ ਫਿਰ ਇਕ ਸਿੱਖ ਬਜ਼ੁਰਗ ਨੇ ਉਨ੍ਹਾਂ ਦੋਵਾਂ ਨੂੰ ਰੋਂਦਿਆਂ ਨੂੰ ਵੱਖ ਕੀਤਾ ਤਾਂ ਕਰਤਾਰ ਨੇ ਕਿਹਾ, 'ਰੱਜ ਕੇ ਮਿਲ ਲੈਣ ਦੇ ਚਾਚਾ, ਸਾਡਾ ਅੱਜ ਦਾ ਮਿਲਣਾ ਵੀ ਖੂਹ ਦੀ ਚੱਕ ਦੀ ਲੱਕੜ ਵਰਗਾ ਈ ਏ, ਖੌਰੇ ਫਿਰ ਇਸ ਹਯਾਤੀ ਵਿਚ ਮਿਲ ਸਕਣਾ ਹੈ ਕਿ ਨਹੀਂ।'
ਕਾਫ਼ਲਾ ਤੁਰ ਪਿਆ, ਕਰਤਾਰ ਤੇ ਕਰੀਮ ਇਕ-ਦੂਜੇ ਨੂੰ ਮੁੜ-ਮੁੜ ਕੇ ਵੇਖਦੇ ਰਹੇ, ਜਦੋਂ ਤੱਕ ਇਕ-ਦੂਜੇ ਦੀਆਂ ਅੱਖਾਂ ਤੋਂ ਓਝਲ ਨਾ ਹੋ ਗਏ।


17-ਐਲ, ਲਹਿਲ ਕਾਲੋਨੀ, ਪਟਿਆਲਾ।
ਮੋਬਾਈਲ : 97798-82050.

ਕਪਾਹ-ਨਰਮੇ ਵਿਚ ਸਪਰੇਅ ਮਸ਼ੀਨਾਂ ਦੀ ਸੁਚੱਜੀ ਵਰਤੋਂ ਕਰੋ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬੂਮ ਅਤੇ ਡਰੋਪ ਅਪ ਨੋਜ਼ਲਾਂ ਸਿਸਟਮ ਵਿਚ 14 ਨੋਜ਼ਲਾਂ ਬੂਮ ਉਤੇ, 13 ਡਰੋਪ ਅਪ ਨੌਜ਼ਲਾਂ (ਟੀ ਜ਼ੈਟ) ਜੋ ਕਿ 9.8 ਮੀਟਰ ਲੰਬੀ ਬੂਮ ਅਤੇ ਨੋਜ਼ਲਾਂ ਵਿਚਕਾਰ ਫਾਸਲਾ 67.5 ਸੈਟੀਮੀਟਰ ਹੈ। ਬੂਮ ਉਪਰ ਫਿਟ ਨੋਜ਼ਲਾਂ ਨਾਲ ਫਸਲ ਉਤੇ ਅਤੇ ਡਰੋਪ ਅਪ ਨੋਜ਼ਲਾਂ ਨਾਲ ਫਸਲ ਦੇ 65-75 ਸੈਂਟੀਮੀਟਰ ਹੇਠਾਂ ਤੋਂ ਪੱਤਿਆਂ 'ਤੇ ਸਪਰੇਅ ਹੁੰਦੀ ਹੈ, ਜੋ ਕਿ ਚਿੱਟੀ ਮੱਖੀ ਨੂੰ ਮਾਰਦੀ ਹੈ। ਬੂਮ ਦੀ ਉਚਾਈ ਨੂੰ 30-250 ਸੈਂਟੀਮੀਟਰ 'ਤੇ ਫਸਲ ਦੀ ਉਚਾਈ ਮੁਤਾਬਿਕ ਉਤੇ ਹੇਠਾਂ ਕੀਤਾ ਜਾ ਸਕਦਾ ਹੈ।
ਸਵੈ ਘੁਮਾਅ ਸਿਸਟਮ 'ਤੇ ਦੋ ਗੰਨਾਂ 9.5 ਮੀਟਰ ਬੂਮ ਦੇ ਕਿਨਾਰੇ 'ਤੇ ਲੱਗੀਆਂ ਹਨ ਅਤੇ ਇਕ ਗੰਨ 35 ਕਿਲੋ ਵਰਗ ਸੈਂਟੀਮੀਟਰ ਪ੍ਰੈਸ਼ਰ ਉੱਤੇ 10 ਮੀਟਰ ਦੇ ਅਰਧ ਵਿਆਸ ਤਕ ਸਪਰੇਅ ਮਾਰਦੀ ਹੈ। ਇਹ ਗੰਨਾਂ 120 ਡਿਗਰੀ ਕੋਨ ਤੱਕ ਘੁੰਮਦੀਆਂ ਹਨ ਅਤੇ 20 ਮੀਟਰ ਦੀ ਦੂਰੀ ਤਕ ਸਪਰੇਅ ਕਰਦੀਆਂ ਹਨ। ਇਨ੍ਹਾਂ ਗੰਨਾਂ ਨੂੰ ਸਪਰੇਅਰ ਦੇ ਨਾਲ ਜਾਂ ਇਕੱਲਿਆਂ ਵੀ ਚਲਾਇਆ ਜਾ ਸਕਦਾ ਹੈ। ਇਸ ਸਪਰੇਅਰ ਨੂੰ ਕਿਸਾਨਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਸਮੇਂ, ਲੇਬਰ ਅਤੇ ਲਾਗਤ ਦੀ ਬੱਚਤ ਹੁੰਦੀ ਹੈ ਅਤੇ ਸਪਰੇਅ ਕਰਨਾ ਵੀ ਸੁਖਾਲਾ ਹੈ। ਇਸ ਸਪਰੇਅਰ ਦੀ ਸਮਰੱਥਾ 5 ਏਕੜ ਪ੍ਰਤੀ ਘੰਟਾ (ਗੰਨਾਂ ਨਾਲ) ਅਤੇ 2.5 ਏਕੜ ਪ੍ਰਤੀ ਘੰਟਾ (ਬਿਨਾਂ ਗੰਨਾਂ ਤੋਂ) ਕੰਮ ਕਰਨ ਦੀ ਹੈ। ਇਸ ਮਸ਼ੀਨ ਨੂੰ ਪ੍ਰਾਈਵੇਟ ਕੰਪਨੀਆਂ ਨਰਮੇ 'ਤੇ ਸਪਰੇਅ ਲਈ ਕਿਰਾਏ 'ਤੇ ਦੇ ਰਹੀਆਂ ਹਨ। ਪਿਛਲੇ ਸਾਲ 2018 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਅਬੋਹਰ ਜ਼ਿਲ੍ਹੇ ਦੇ ਦੋ ਪਿੰਡ ਬੁਕੈਨਵਾਲਾ ਅਤੇ ਕੋਇਲਖੇੜਾ ਵਿਖੇ 500 ਏਕੜ ਰਕਬੇ 'ਤੇ ਕਿਸਾਨਾਂ ਦੇ ਖੇਤਾਂ ਸਪਰੇਅ ਕੀਤੀ ਗਈ।
ਸਵੈ ਘੁਮਾਅ ਗੰਨ ਸਪਰੇਅਰ: ਇਸ ਸਪਰੇਅਰ ਵਿਚ ਦੋ ਗੰਨਾਂ 9.5 ਮੀਟਰ ਬੂਮ ਦੇ ਕਿਨਾਰੇ 'ਤੇ ਲਗੀਆਂ ਹਨ ਇਸ ਵਿਚ ਦੋ ਗੰਨਾਂ, ਡੀ.ਸੀ ਮੋਟਰ, ਹਾਈਡ੍ਰੋਲਿਕ ਪਿਸਟਨ ਪੰਪ ਅਤੇ ਸਪਰੇਅ ਟੈਂਕ (600 ਲਿਟਰ) ਪ੍ਰਮੁੱਖ ਹਨ, ਹਰੇਕ ਗੰਨ 120 ਡਿਗਰੀ ਤਕ 35-40 ਕਿਲੋ ਪ੍ਰਤੀ ਵਰਗ ਸਂੈਟੀਮੀਟਰ ਪ੍ਰੈਸ਼ਰ 'ਤੇ ਘੁੰਮਦੀ ਹੈ ਅਤੇ 30 ਮੀਟਰ ਦੀ ਦੂਰੀ ਤੱਕ ਸਪਰੇਅ ਕਰਦੀ ਹੈ। ਕਿਸੇ ਵੀ ਗੰਨ ਨੂੰ ਬੰਦ ਜਾਂ ਚਾਲੂ ਕੀਤਾ ਜਾ ਸਕਦਾ ਹੈ ਅਤੇ ਗੰਨਾਂ ਦੀ ਸਪੀਡ 30 ਜਾਂ 40 ਚੱਕਰ ਪ੍ਰਤੀ ਮਿੰਟ 'ਤੇ ਸੈੱਟ ਕੀਤੀ ਜਾ ਸਕਦੀ ਹੈ। ਇਸ ਸਪਰੇਅਰ ਦੀ ਸਮਰੱਥਾ 34 ਏਕੜ ਪ੍ਰਤੀ ਘੰਟਾ ਕੰਮ ਕਰਨ ਦੀ ਹੈ।
ਬੈਕਪੈਕ ਟਾਈਪ ਇਲੈਕਟ੍ਰੋਸਟੈਟਿਕ ਸਪਰੇਅਰ: ਕਪਾਹ ਦੀ ਫਸਲ ਲਈ 6.5 ਹਾਰਸ ਪਾਵਰ ਦੇ ਇੰਜਣ ਨਾਲ ਚਲਣ ਵਾਲੇ ਕੰਪਰੈਸ਼ਰ ਅਤੇ ਸਪਰੇਅ ਗੰਨ ਵਾਲੇ ਮੋਬਾਈਲ ਬੈਕਪੈਕ ਟਾਈਪ ਇਲੈਕਟ੍ਰੋਸਟੈਟਿਕ ਸਪਰੇਅਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇੰਜਨ ਨਾਲ ਚੱਲਣ ਵਾਲਾ ਕੰਪਰੈਸਰ ਹਵਾ ਦਾ ਦਬਾਅ ਬਣਾਉਂਦਾ ਹੈ ਜੋ ਕਿ ਘੋਲ ਨੂੰ ਸੂਖਮ ਬੂੰਦਾਂ ਵਿਚ ਤਬਦੀਲ ਕਰਨ ਲਈ ਸਹਾਈ ਹੁੰਦਾ ਹੈ। ਇਸ ਇਲੈਕਟ੍ਰੋਸਟੈਟਿਕ ਸਪਰੇਅਰ ਵਿਚ 15 ਲਿਟਰ ਦੀ ਟੈਂਕੀ, 9 ਵੋਲਟ ਦੀ ਰਿਚਾਰਜ ਹੋਣ ਵਾਲੀ ਬੈਟਰੀ ਅਤੇ ਸਪਰੇ ਗੰਨ ਵਾਲੀ ਨੋਜਲ ਅਸੰਬਲੀ ਦੀ ਵਰਤੋਂ ਕੀਤੀ ਜਾਂਦੀ ਹੈ। ਸਪਰੇ ਦੌਰਾਨ ਇਸ ਗੰਨ ਨੂੰ ਕਾਮੇ ਦੁਆਰਾ ਹੱਥ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਸ ਇਲੈਕਟ੍ਰੋਸਟੈਟਿਕ ਸਪਰੇਅਰ ਨਾਲ ਰਵਾਇਤੀ ਸਪਰੇਅਰ ਦੇ ਮੁਕਾਬਲੇ 80 ਤੋਂ 85 ਪ੍ਰਤੀਸ਼ਤ ਵੱਧ ਘੋਲ ਦਾ ਢੁਕਵਾਂ ਛਿੜਕਾਅ ਕੀਤਾ ਜਾ ਸਕਦਾ ਹੈ ਅਤੇ ਰਵਾਇਤੀ ਸਪਰੇਅਰ ਦੇ ਮੁਕਾਬਲੇ 50% ਘੱਟ ਸਪਰੇਅ ਦਾ ਨੁਕਸਾਨ ਹੁੰਦਾ ਹੈ। ਸਮੁੱਚੇ ਤੌਰ 'ਤੇ ਇਲੈਕਟ੍ਰੋਸਟੈਟਿਕ ਸਪਰੇਅਰ ਦੀ ਕੀੜਿਆਂ ਨੂੰ ਮਾਰਨ ਦੀ ਕਾਰਜ ਕੁਸ਼ਲਤਾ 68% ਹੈ ਜਦੋ ਂਕਿ ਰਵਾਇਤੀ ਸਪਰੇਅਰ ਦੀ ਕਾਰਜਕੁਸ਼ਲਤਾ ਤਕਰੀਬਨ 50% ਹੈ।
ਕੀਟਨਾਸ਼ਕਾਂ ਦੇ ਛਿੜਕਾਅ ਤੋਂ ਪਹਿਲਾਂ : ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਅਲੱਗ-ਅਲੱਗ ਪੰਪਾਂ ਦਾ ਇਸਤੇਮਾਲ ਕਰੋ। ਜੇਕਰ ਪੰਪ ਪਹਿਲਾਂ ਨਦੀਨਨਾਸ਼ਕ ਦੇ ਲਈ ਵਰਤਿਆ ਗਿਆ ਹੈ ਤਾਂ ਇਸ ਨੂੰ ਕੱਪੜੇ ਧੋਣ ਵਾਲੇ ਸੋਢੇ ਦਾ ਘੋਲ (ਲਗਭਗ 5 ਗਰਾਮ ਸੋਢਾ ਇਕ ਲਿਟਰ ਪਾਣੀ ਵਿਚ) ਬਣਾ ਕੇ ਚੰਗੀ ਤਰ੍ਹਾਂ ਧੋ ਲਓ। ਅਗਰ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਫਸਲ ਦੇ ਝੁਲਸਣ ਜਾਂ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ।
ਘੋਲ ਬਣਾਉਣ ਵੇਲੇ ਸਾਵਧਾਨੀਆਂ : * ਕੀਟਨਾਸ਼ਕਾਂ ਦੇ ਡੱਬੇ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਖੋਲ੍ਹੋ। ਜਿਸ ਪਾਸਿਉਂ ਹਵਾ ਆ ਰਹੀ ਹੋਵੇ, ਉਸ ਪਾਸੇ ਵੱਲ ਪਿੱਠ ਹੋਣੀ ਚਾਹੀਦੀ ਹੈ। * ਹਮੇਸ਼ਾਂ ਮਾਹਿਰਾਂ ਵਲੋਂ ਸਿਫਾਰਸ਼ ਕੀਤੀ ਕੀਟਨਾਸ਼ਕ ਦੀ ਮਾਤਰਾ ਹੀ ਵਰਤੋ।
* ਕੀਟਨਾਸ਼ਕ ਨੂੰ ਪਾਣੀ ਵਿਚ ਘੋਲਦੇ ਵੇਲੇ ਹਮੇਸ਼ਾਂ ਲਕੜੀ ਦੇ ਡੰਡੇ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਕਦੀ ਵੀ ਹੱਥ ਨਾਲ ਨਹੀਂ ਘੋਲਣਾ ਚਾਹੀਦਾ। * ਕੀਟਨਾਸ਼ਕ ਦਾ ਘੋਲ ਬਣਾਉਣ ਵਾਲਾ ਡਰੰਮ ਜਾਂ ਟੱਬ ਹਮੇਸ਼ਾ ਵੱਖਰਾ ਹੋਣਾ ਚਾਹੀਦਾ ਹੈ। ਘਰ ਵਿਚ ਇਸਤੇਮਾਲ ਹੋਣ ਵਾਲੇ ਬਰਤਨ ਘੋਲ ਬਣਾਉਣ ਲਈ ਨਾ ਵਰਤੋ। * ਇਲੈਕਟ੍ਰੋਸਟੈਟਿਕ ਸਪਰੇਅਰ ਨਾਲ ਛਿੜਕਾਅ ਕਰਨ ਲਈ ਸਿਰਫ 15 ਲਿਟਰ ਪਾਣੀ ਪ੍ਰਤੀ ਏਕੜ ਵਰਤੋ।
ਛਿੜਕਾਅ ਕਰਦੇ ਸਮੇਂ ਸਾਵਧਾਨੀਆਂ : * ਤੇਜ਼ ਹਵਾ ਵਾਲੇ ਦਿਨ ਛਿੜਕਾਅ ਨਾ ਕਰੋ। * ਛਿੜਕਾਅ ਕਰਨ ਵੇਲੇ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ। ਸਿਗਰੇਟ, ਬੀੜੀ ਜਾਂ ਤੰਬਾਕੂ ਆਦਿ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। * ਬੰਦ ਨੋਜ਼ਲ ਨੂੰ ਮੂੰਹ ਨਾਲ ਫੂਕ ਮਾਰ ਕੇ ਖੋਲ੍ਹਣ ਦੀ ਗਲਤੀ ਕਦੀ ਵੀ ਨਹੀਂ ਕਰਨੀ ਚਾਹੀਦੀ। (ਸਮਾਪਤ)


-ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ
ਮੋਬਾਈਲ : 94173-83464.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX