ਤਾਜਾ ਖ਼ਬਰਾਂ


ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  34 minutes ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  about 1 hour ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  about 2 hours ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  about 2 hours ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  about 3 hours ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  about 4 hours ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾਈ
. . .  about 4 hours ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਦੀ ਬਾਣੀ ਤੋਂ ਨਿੱਤਰਦੀ ਸਿੱਖ ਦੀ ਪਛਾਣ

ਗੁਰਸਿੱਖ ਕੌਣ ਹੈ? ਇਸ ਗੂੜ੍ਹ ਪ੍ਰਸ਼ਨ ਦਾ ਕੋਈ ਇਕ, ਕੁਝ ਪੰਕਤੀਆਂ ਦਾ ਜਵਾਬ ਸੰਭਵ ਨਹੀਂ ਹੈ। ਗੁਰਸਿੱਖ ਹੋਣਾ ਹਰ ਕਿਸੇ ਦਾ ਆਪੋ-ਆਪਣਾ ਅਨੁਭਵ ਹੈ, ਜਿਸ ਨੂੰ ਸ਼ਬਦਾਂ 'ਚ ਨਹੀਂ ਬੰਨ੍ਹਿਆ ਜਾ ਸਕਦਾ। ਗੁਰਸਿੱਖੀ ਕੋਈ ਬਾਣਾ, ਕੋਈ ਵਿਉਹਾਰ, ਕੋਈ ਢੰਗ ਨਹੀਂ ਹੈ। ਗੁਰਸਿੱਖੀ ਇਕ ਮਾਰਗ ਹੈ। ਇਸ ਮਾਰਗ 'ਤੇ ਚੱਲਦਿਆਂ ਜਿਸ ਨੂੰ ਜਿਹੋ ਜਿਹੀ ਬਖਸ਼ਿਸ਼ ਹੁੰਦੀ ਹੈ, ਉਹੋ ਜਿਹੀ ਸੋਝੀ ਪ੍ਰਾਪਤ ਹੁੰਦੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਦੇ ਕੁਝ ਮੁੱਢਲੇ ਸਿਧਾਂਤ ਸਿਰਜੇ, ਜੋ ਉਨ੍ਹਾਂ ਦੀ ਬਾਣੀ ਅੰਦਰ ਪ੍ਰਗਟ ਹੁੰਦੇ ਹਨ। ਇਨ੍ਹਾਂ ਨੂੰ ਗੁਰਸਿੱਖ ਦੀ ਪਛਾਣ ਦੇ ਸੂਤਰ ਕਿਹਾ ਜਾ ਸਕਦਾ ਹੈ। ਵਿਲੱਖਣਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਿਸੇ ਵੀ ਸ਼ਬਦ ਅੰਦਰ ਇਨ੍ਹਾਂ ਤੱਤਾਂ ਦੇ ਦਰਸ਼ਨ ਕਿਸੇ ਨਾ ਕਿਸੇ ਰੂਪ 'ਚ ਹੋ ਜਾਂਦੇ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਪਰਮਾਤਮਾ ਦੀ ਗੱਲ ਕੀਤੀ ਹੈ ਜਾਂ ਮਨੁੱਖ ਦੀ ਜਾਂ ਸੰਸਾਰ ਦੀ। ਇਹ ਤਿੰਨੋ ਹੀ ਪੱਖ ਇਕ-ਦੂਜੇ ਨਾਲ ਅੰਤਰ ਸਬੰਧਤ ਹਨ ਤੇ ਇਕ ਆਦਰਸ਼ ਅਵਸਥਾ ਵੱਲ ਹੀ ਤੋਰਦੇ ਹਨ।
ਅਪੁਨੇ ਠਾਕੁਰ ਕੀ ਹਉ ਚੇਰੀ॥
ਚਰਨ ਗਹੇ ਜਗਜੀਵਨ ਪ੍ਰਭ ਕੇ
ਹਉਮੈ ਮਾਰਿ ਨਿਬੇਰੀ॥ ੧॥ ਰਹਾਉ॥
ਪੂਰਨ ਪਰਮ ਜੋਤਿ ਪਰਮੇਸਰ
ਪ੍ਰੀਤਮ ਪ੍ਰਾਨ ਹਮਾਰੇ॥
ਮੋਹਨ ਮੋਹਿ ਲੀਆ ਮਨੁ
ਮੇਰਾ ਸਮਝਸਿ ਸਬਦੁ ਬੀਚਾਰੇ॥ ੧॥
(ਪੰਨਾ ੧੧੯੭)
ਉਪਰੋਕਤ ਗੁਰੂ ਵਚਨ ਦੀ ਪਹਿਲੀ ਪੰਕਤੀ ਅੰਦਰ ਹੀ ਮਨੁੱਖ ਤੇ ਪਰਮਾਤਮਾ ਬਾਰੇ ਰੌਸ਼ਨੀ ਪ੍ਰਾਪਤ ਹੁੰਦੀ ਹੈ। ਪਰਮਾਤਮਾ ਸੁਵਾਮੀ ਹੈ, ਸਰਬ ਸ਼ਕਤੀਆਂ ਦਾ ਮਾਲਕ ਹੈ, ਜਿਸ ਦਾ ਹੁਕਮ ਚੱਲ ਰਿਹਾ ਹੈ। ਮਨੁੱਖ ਦਾ ਧਰਮ ਹੈ ਕਿ ਉਹ ਪਰਮਾਤਮਾ ਨੂੰ ਆਪਣਾ ਸੁਆਮੀ ਧਾਰਨ ਕਰੇ ਤੇ ਸੇਵਕ ਬਣ ਕੇ ਰਹੇ। ਪਰਮਾਤਮਾ ਨਾਲ ਮਨੁੱਖ ਦਾ ਸਬੰਧ ਹੀ ਸੱਚਾ ਸਬੰਧ ਹੈ। ਪਰਮਾਤਮਾ ਹੀ ਉਸ ਦਾ ਆਪਣਾ ਹੈ ਤੇ ਉਸ ਆਪਣੇ ਦਾ ਸੇਵਕ ਬਣ ਕੇ ਰਹਿਣਾ ਉਸ ਦਾ ਧਰਮ ਹੈ। ਇਸ ਸਬੰਧ ਅੰਦਰ ਦੀ ਰਮਜ਼ ਖੋਲ੍ਹਦਿਆਂ ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਮਨੁੱਖ ਦੀ ਅਵਸਥਾ ਅਤਿ ਨਿਮਾਣੀ ਹੈ। ਉਸ ਦਾ ਮਨੋਰਥ ਪਰਮਾਤਮਾ ਦੀ ਸ਼ਰਨ 'ਚ ਆਉਣਾ ਹੈ। ਵਿਕਾਰਾਂ, ਮਾਇਆ ਦੇ ਮਾਰੇ ਹੋਏ ਮਨੁੱਖ ਲਈ ਪਰਮਾਤਮਾ ਜੀਵਨ ਤੁਲ ਹੈ। ਪਰਮਾਤਮਾ ਕਿਸੇ ਇਕ ਮਨੁੱਖ ਲਈ ਹੀ ਨਹੀਂ, ਪੂਰੇ ਸੰਸਾਰ ਦਾ ਜੀਵਨ ਦਾਤਾ ਹੈ। ਪਰਮਾਤਮਾ ਹੀ ਮਨੁੱਖ ਨੂੰ ਸਿਰਜ ਰਿਹਾ ਹੈ, ਵਿਕਾਰਾਂ, ਮਾਇਆ ਦੇ ਜਾਲ ਤੋਂ ਬਚਾ ਰਿਹਾ ਹੈ। ਪਰਮਾਤਮਾ ਦੀ ਸ਼ਰਨ ਆਉਣਾ ਵਿਕਾਰਾਂ ਤੋਂ ਮੁਕਤ ਹੋਣਾ ਹੈ, ਮਾਇਆ ਦੀ ਝੂਠੀ ਚਮਕ ਤੋਂ ਉਦਾਸ ਹੋਣਾ ਹੈ। ਜੋ ਮਨੁੱਖ ਦੇ ਯੋਗ ਨਹੀਂ, ਜੋ ਅਧਰਮ ਹੈ, ਉਸ ਤੋਂ ਉਬਰ ਜਾਣਾ ਹੈ। ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਮਕਿਨ ਹੋ ਸਕਦਾ ਹੈ। ਪਰਮਾਤਮਾ ਦੀ ਸ਼ਰਨ ਆਏ ਬਿਨਾਂ, ਪਰਮਾਤਮਾ ਦੀ ਮਿਹਰ ਬਿਨਾਂ ਵਿਕਾਰਾਂ, ਮਾਇਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਇਹ ਸਮਰੱਥਾ ਇਕੋ-ਇਕ ਪਰਮਾਤਮਾ ਅੰਦਰ ਹੀ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਇਹ ਪਰਮਾਤਮਾ ਦਾ ਸਭ ਤੋਂ ਮਨੋਹਰ ਰੂਪ ਹੈ, ਜੋ ਮਨੁੱਖ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਭਾਵ ਪੈਦਾ ਕਰਨ ਵਾਲਾ ਹੈ। ਦਾਸ ਭਾਵ ਨਾਲ ਪ੍ਰੇਮ ਭਾਵ ਦਾ ਵੀ ਸੰਜੋਗ ਹੋ ਜਾਂਦਾ ਹੈ।
ਮਨੁੱਖ ਨੂੰ ਪਰਮਾਤਮਾ ਦੀਆਂ ਬੇਅੰਤ ਵਡਿਆਈਆਂ ਵਾਲੇ ਉਸ ਸਵਰੂਪ ਦੇ ਦਰਸ਼ਨ ਹੁੰਦੇ ਹਨ, ਜੋ ਸਾਰੇ ਦੁੱਖਾਂ ਦਾ ਨਿਦਾਨ ਕਰਨ ਵਾਲਾ ਹੈ, ਸਰਬ ਸੁੱਖਾਂ ਨਾਲ ਭਰਪੂਰ ਕਰ ਦੇਣ ਵਾਲਾ ਹੈ। ਪਰਮਾਤਮਾ ਦੀ ਅਨੰਤ ਵਡਿਆਈ ਦੇ ਦਰਸ਼ਨ ਗੁਰੂ ਸ਼ਬਦ ਵੀਚਾਰਨ ਨਾਲ ਹੀ ਹੁੰਦੇ ਹਨ। ਜੀਵਨ ਗੁਰ ਦੇ ਹੁਕਮ ਅੰਦਰ ਲਿਆਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੀ ਉਪਰੋਕਤ ਬਾਣੀ ਤੋਂ ਗੁਰਸਿੱਖ ਬਾਰੇ ਕਾਫੀ ਕੁਝ ਸਮਝਿਆ ਜਾ ਸਕਦਾ ਹੈ। ਗੁਰਸਿੱਖ ਉਹ ਜਿਸ ਨੇ ਪਰਮਾਤਮਾ ਨੂੰ ਆਪਣਾ ਸੁਆਮੀ ਧਾਰ ਲਿਆ ਹੈ ਤੇ ਆਪਣੇ-ਆਪ ਨੂੰ ਪਰਮਾਤਮਾ ਦਾ ਸੇਵਕ ਮੰਨ ਲਿਆ ਹੈ। ਇਹ ਪਰਮਾਤਮਾ ਪ੍ਰਤੀ ਗੁਰਸਿੱਖ ਦਾ ਪੂਰਨ ਸਮਰਪਣ ਹੈ। ਗੁਰਸਿੱਖ ਨੇ ਪਰਮਾਤਮਾ ਦੀ ਪੂਰਨ ਸਮਰੱਥਾ ਤੇ ਅਸੀਮ ਵਡਿਆਈ ਦੇ ਦਰਸ਼ਨ ਕਰਦੇ ਹੋਏ ਆਪਣਾ ਜੀਵਨ ਉਸ ਦੇ ਭਰੋਸੇ 'ਤੇ ਟਿਕਾ ਦਿੱਤਾ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਵਿਕਾਰਾਂ, ਮਾਇਆ ਮੋਹ ਤੋਂ ਮੁਕਤ ਹੋਣ ਵੱਲ ਤੁਰ ਪਿਆ ਹੈ। ਪਰਮਾਤਮਾ ਦੀ ਸ਼ਰਨ ਆਉਣ ਤੋਂ ਬਾਅਦ ਪ੍ਰਗਟ ਹੋਣ ਵਾਲੇ ਪਰਮਾਤਮਾ ਦੇ ਬੇਅੰਤ ਗੁਣ, ਮਨ ਅੰਦਰ ਪਰਮਾਤਮਾ ਲਈ ਗੂੜ੍ਹੇ ਪ੍ਰੇਮ ਨੂੰ ਜਨਮ ਦੇ ਰਹੇ ਹਨ। ਉਸ ਦੀ ਸੇਵਾ ਤੇ ਭਗਤੀ ਭਾਵਨਾ ਅੰਦਰ ਪ੍ਰੇਮ ਰਸ ਸਮੋ ਗਿਆ ਹੈ। ਇਹ ਵਰਤਾਰਾ ਗੁਰ ਸ਼ਬਦ ਅਨੁਸਾਰ ਜੀਵਨ ਨੂੰ ਢਾਲਣ ਤੋਂ ਬਾਅਦ ਹੀ ਵਰਤਦਾ ਹੈ, ਕਿਉਂਕਿ ਗੁਰੂ ਹੀ ਪਰਮਾਤਮਾ ਨਾਲ ਜੋੜਨ ਵਾਲਾ ਤੇ ਪਰਮਾਤਮਾ ਦੀ ਵਡਿਆਈ ਦੀ ਸਮਝ ਬਖਸ਼ਣ ਵਾਲਾ ਹੈ।
ਪਰਮਾਤਮਾ ਦੀ ਪ੍ਰੀਤਿ ਮਨ ਨੂੰ ਰੰਗਣ ਵਾਲੀ ਤੇ ਪੂਰਨ ਤ੍ਰਿਪਤ ਕਰਨ ਵਾਲੀ ਹੈ।
ਜਬ ਕੀ ਰਾਮ ਰੰਗੀਲੈ ਰਾਤੀ
ਰਾਮ ਜਪਤ ਮਨ ਧੀਰੇ॥
ਪਰਮਾਤਮਾ ਤੋਂ ਦੂਰ ਮਨੁੱਖ ਸਦਾ
ਪਾਪ ਕਰਮ ਕਰਦਾ ਰਹਿੰਦਾ ਹੈ ਤੇ ਦੁਖ ਭੋਗਦਾ ਹੈ।
ਮਨਮੁਖ ਹੀਨ ਹੋਛੀ ਮਤਿ
ਝੂਠੀ ਮਨਿ ਤਨਿ ਪੀਰ ਸਰੀਰੇ॥
ਪਰਮਾਤਮਾ ਨਾਲ ਪ੍ਰੇਮ ਹੀ ਮਨ ਨੂੰ ਧੀਰਜ ਦੇਣ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨਾਲ ਪ੍ਰੇਮ ਸਬੰਧ ਸਦੀਵੀ ਕਾਇਮ ਰੱਖਣ ਲਈ ਬੇਨਤੀ ਦੀ ਰਾਹ ਦੱਸੀ।
ਕਰਉ ਬਿਨਉ ਗੁਰ ਅਪਨੇ ਪ੍ਰੀਤਮ
ਹਰਿ ਵਰੁ ਆਣਿ ਮਿਲਾਵੈ॥
ਸੁਣਿ ਘਨਘੋਰ ਸੀਤਲੁ ਮਨੁ ਮੋਰਾ
ਲਾਲ ਰਤੀ ਗੁਣ ਗਾਵੈ॥ ੧॥
ਬਰਸੁ ਘਨਾ ਮੇਰਾ ਮਨੁ ਭੀਨਾ॥
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ
ਮੋਹੀ ਮਨੁ ਹਰਿ ਰਸਿ ਲੀਨਾ॥ ੧॥ ਰਹਾਉ॥
(ਪੰਨਾ ੧੨੫੪)
ਨਿਮਾਣਾ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਨਾ ਗੁਰਸਿੱਖ ਦਾ ਸੁਭਾਅ ਹੈ। ਪਰਮਾਤਮਾ ਦਾਤਾ ਹੈ ਤੇ ਗੁਰਸਿੱਖ ਮੰਗਤਾ ਹੈ। ਭਿਖਾਰੀ ਸਦਾ ਨਿਮਾਣਾ ਹੋ ਕੇ ਹੀ ਮੰਗਦਾ ਹੈ। ਆਮ ਭਿਖਾਰੀ ਤੇ ਗੁਰਸਿੱਖ 'ਚ ਵੱਡਾ ਫਰਕ ਹੈ। ਆਮ ਭਿਖਾਰੀ ਇਹ ਵੇਖ ਕੇ ਝੋਲੀ ਅੱਡਦਾ ਹੈ ਕਿ ਕੌਣ ਉਸ ਨੂੰ ਦੇ ਸਕਦਾ ਹੈ। ਇਸ ਮੰਗਣ ਦੇ ਕੇਂਦਰ 'ਚ ਮਾਤਰ ਲੈਣ-ਦੇਣ ਹੈ। ਗੁਰਸਿੱਖ ਦੇ ਮੰਗਣ 'ਚ ਭਾਵਨਾ ਤੇ ਵਿਸ਼ਵਾਸ ਮੁੱਖ ਹੁੰਦਾ ਹੈ। ਗੁਰਸਿੱਖ ਨੂੰ ਭਰੋਸਾ ਹੈ ਕਿ ਪਰਮਾਤਮਾ ਉਸ ਦੀ ਬੇਨਤੀ ਪ੍ਰਵਾਨ ਕਰੇਗਾ। ਗੁਰਸਿੱਖ ਦੇ ਭਰੋਸੇ 'ਚ ਪ੍ਰੇਮ ਦਾ ਰੰਗ ਵੀ ਮਿਲਿਆ ਹੋਇਆ ਹੈ ਜੋ ਉਸ ਦੇ ਵਿਸ਼ਵਾਸ ਨੂੰ ਕਦੇ ਡਿੱਗਣ ਨਹੀਂ ਦਿੰਦਾ। ਉਸ ਦੀ ਬੇਨਤੀ ਪ੍ਰੇਮਮਈ ਹੈ ਤੇ ਉਮੰਗ ਨਾਲ ਭਰੇ ਮਨ ਤੋਂ ਨਿਕਲ ਰਹੀ ਹੈ। ਗੁਰਸਿੱਖ ਦੀ ਕਾਮਨਾ ਹੈ ਕਿ ਉਸ ਦਾ ਮਨ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਤਰ੍ਹਾਂ ਭਿੱਜ ਜਾਏ। ਗੁਰਸਿੱਖ ਦੀ ਅਰਦਾਸ ਕਿਸੇ ਰਾਜ ਭਾਗ, ਦੌਲਤ, ਤਾਕਤ, ਨਿੱਜੀ ਲੋੜਾਂ ਲਈ ਨਹੀਂ ਹੈ। ਗੁਰਸਿੱਖ ਦੀ ਅਰਦਾਸ ਨਿੱਕੀ ਤੇ ਸਹਿਜ ਜਿਹੀ ਹੈ ਕਿ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਏ। ਇਹ ਬੇਮਿਸਾਲ ਹੈ। ਸਰਬ ਸਮਰੱਥ ਪਰਮਾਤਮਾ ਅੱਗੇ ਆ ਕੇ ਸਾਰੀਆਂ ਸੰਸਾਰਕ ਲਾਲਸਾਵਾਂ ਮੁੱਕ ਗਾਈਆਂ ਹਨ। ਆਪਣੀਆਂ ਲੋੜਾਂ ਦਰਕਿਨਾਰ ਹੋ ਗਈਆਂ ਹਨ। ਮਨ ਅੰਦਰ ਆਸ ਹੈ ਤਾਂ ਪਰਮਾਤਮਾ ਦੀ ਨਦਰਿ ਲਈ। ਗੁਰਸਿੱਖ ਲਈ ਪਰਮਾਤਮਾ ਤੁਲ ਕੋਈ ਨਹੀਂ।
ਤੁਝ ਤੇ ਵਡਾ ਨਾਹੀ ਕੋਇ॥
ਇਹ ਦ੍ਰਿਸ਼ਟੀ ਧਾਰਨ ਕਰਨਾ ਬਹੁਤ ਹੀ ਕਠਿਨ ਹੈ। ਸੰਸਾਰਕ ਲਾਭ ਲਈ ਮਨੁੱਖ ਕਿਸੇ ਵੀ ਅੱਗੇ ਝੁਕ ਜਾਂਦਾ ਹੈ, ਬੇਨਤੀ ਕਰਨ 'ਚ ਸੰਕੋਚ ਨਹੀਂ ਕਰਦਾ। ਜਿਸ ਪ੍ਰਾਪਤੀ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੀਤੀ, ਉਹ ਆਤਮਿਕ ਤੇ ਅਦ੍ਰਿਸ਼ ਹੈ। ਸੰਸਾਰਕ ਲਾਭ ਲੁਭਾਉਣੇ ਹਨ, ਕਿਉਂਕਿ ਵਿਖਾਈ ਦਿੰਦੇ ਹਨ ਤੇ ਹਾਸਲ ਕਰਨ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਸਾਰੀ ਦੁਨੀਆ ਦਾ ਰਾਜ ਮਿਲ ਸਕਦਾ ਹੈ ਪਰ ਪਰਮਾਤਮਾ ਨਾਲ ਮੇਲ, ਪਰਮਾਤਮਾ ਦੀ ਮਿਹਰ ਲਈ ਅਲੂਣੀ ਸਿਲ ਚੱਟਨੀ ਪੈਂਦੀ ਹੈ, ਖੰਡੇ ਦੀ ਧਾਰ 'ਤੇ ਚੱਲਣਾ ਪੈਂਦਾ ਹੈ, ਵਾਲ ਤੋਂ ਵੀ ਬਾਰੀਕ ਸਮਝ ਵਿਕਸਿਤ ਕਰਨੀ ਪੈਂਦੀ ਹੈ। ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਭਗਤੀ ਦਾ ਚਾਓ ਪੈਦਾ ਹੋਣਾ ਹੀ ਆਪਣੇ-ਆਪ 'ਚ ਵੱਡੀ ਪ੍ਰਾਪਤੀ ਹੈ, ਜੋ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਮਕਿਨ ਹੁੰਦੀ ਹੈ।
ਨਦਰਿ ਕਰੇ ਤਾ ਸਿਮਰਿਆ ਜਾਇ, ਆਤਮਾ ਦ੍ਰਵੈ ਰਹੈ ਲਿਵ ਲਾਇ॥
ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਗੁਰਸਿੱਖ ਦਾ ਮਨ ਸਦਾ ਪਰਮਾਤਮਾ ਦੀ ਮਿਹਰ ਲਈ ਨਿਵਿਆ ਰਹੇ, ਸਿਮਰਨ ਭਗਤੀ 'ਚ ਰਮਿਆ ਰਹੇ, ਸਚ ਦੇ ਮਾਰਗ 'ਤੇ ਚੱਲਦਾ ਰਹੇ। ਇਹੋ ਇਕ ਵਿਧੀ ਹੈ ਪਰਮਾਤਮਾ ਲਈ ਪ੍ਰੇਮ ਜਾਗ੍ਰਿਤ ਕਰਨ ਦੀ।
ਸਚਿ ਸਿਮਰਿਐ ਹੋਵੈ ਪਰਗਾਸੁ॥
ਇਸ ਕਠਿਨ ਮਾਰਗ ਨੂੰ ਸਹਿਲਾ ਬਣਾਉਣ ਲਈ ਹੀ ਗੁਰੂ ਨਾਨਕ ਸਾਹਿਬ ਨੇ ਨਿਤਨੇਮ ਤੇ ਸਿਮਰਨ ਨੂੰ ਗੁਰਸਿੱਖ ਦੇ ਜੀਵਨ ਦਾ ਅੰਗ ਬਣਾ ਦਿੱਤਾ। ਗੁਰੂ ਸਾਹਿਬ ਜਾਣਦੇ ਸਨ ਕਿ ਮਨੁੱਖ ਦਾ ਮਨ ਤਾਂ ਵਿਕਾਰਾਂ, ਭਰਮਾਂ ਤੇ ਅਗਿਆਨਤਾ ਨਾਲ ਭਰਿਆ ਹੋਇਆ ਹੈ।
ਸੁਣਿ ਮਨ ਅੰਧੇ ਕੁਤੇ ਕੂੜਿਆਰ॥
ਧਰਮ ਜਗਤ ਦਾ ਹਾਲ ਵੀ ਨਿਰਾਸ਼ ਕਰਨ ਵਾਲਾ ਸੀ।
ਗੁਰੂ ਨਾਨਕ ਸਾਹਿਬ ਨੇ ਗੁਰਸਿੱਖ ਲਈ ਰਾਹ ਉਸਾਰੀ।
ਅੰਤਰਿ ਸਾਚੁ ਸਭੇ ਸੁਖ ਨਾਲਾ,
ਨਦਰਿ ਕਰੇ ਰਾਖੈ ਰਖਵਾਲਾ॥
ਕੂੜ ਨਾਲ ਭਰਿਆ ਹੋਇਆ ਜੋ ਮਨ ਮਨੁੱਖ ਦੇ ਦੁੱਖਾਂ ਦਾ ਮੂਲ ਸੀ ਗੁਰੂ ਸਾਹਿਬ ਨੇ ਉਸ ਨੂੰ ਹੀ ਨਿਸ਼ਾਨੇ 'ਤੇ ਲਿਆ। ਮਨ ਦੀ ਨਿਰਮਲਤਾ ਲਈ ਆਪ ਨੇ ਗੁਰਸਿੱਖ ਨੂੰ ਗੁਰ ਸ਼ਬਦ ਦੇ ਲੜ ਲਾਇਆ।
ਮਾਇਆ ਮੋਹੁ ਗੁਰ ਸਬਦਿ ਜਲਾਏ, ਨਿਰਮਲ ਨਾਮੁ ਸਦ ਹਿਰਦੈ ਧਿਆਏ॥
ਨਿਤਨੇਮ ਨਾਮ ਸਿਮਰਨ ਅੰਤਰ ਦੇ ਵਿਕਾਰਾਂ ਔਗੁਣਾਂ ਦਾ ਨਾਸ਼ ਕਰ ਕਰਨ ਵਾਲਾ ਹੈ ਤੇ ਪਰਮਾਤਮਾ ਦੀ ਪ੍ਰੀਤਿ ਨੂੰ ਸਦਾ ਲਈ ਥਿਰ ਕਰਨ ਵਾਲਾ ਹੈ। ਗੁਰਸਿੱਖ ਦੀ ਭਗਤੀ ਇਸ ਕਾਰਨ ਵਿਲੱਖਣ ਹੈ। ਸੰਸਾਰ ਅੰਦਰ ਭਗਤੀ ਪਦਾਰਥਾਂ ਤੇ ਪਦਵੀਆਂ ਲਈ ਹੋ ਰਹੀ ਹੈ ਪਰ ਗੁਰਸਿੱਖ ਦੀ ਭਗਤੀ ਪਦਾਰਥਾਂ ਤੇ ਪਦਵੀਆਂ ਤੋਂ ਉਦਾਸ ਹੋਣ ਲਈ ਹੈ।
ਜਗੁ ਮੋਹਿ ਬਾਧਾ ਬਹੁਤੀ ਆਸਾ, ਗੁਰਮਤੀ ਇਕਿ ਭਏ ਉਦਾਸਾ॥
ਗੁਰਸਿੱਖ ਦੀ ਇਕੋ ਕਾਮਨਾ ਹੈ ਪਰਮਾਤਮਾ ਦੀ ਸ਼ਰਨ ਤੇ ਮਿਹਰ ਪ੍ਰਾਪਤ ਕਰਨਾ। ਇਸ ਲਈ ਗੁਰਸਿੱਖ ਗੁਣ ਦ੍ਰਿੜ੍ਹ ਕਰਦਾ ਹੈ ਤੇ ਵਾਹਿਗੁਰੂ ਦੁਆਰਾ ਵਿਖਾਏ ਸਚ ਦੇ ਮਾਰਗ 'ਤੇ ਚੱਲਦਾ ਹੈ।
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ॥
ਨਿਰਮਲ ਤੇ ਸੱਚੇ ਮਨ ਨਾਲ ਸਵਾਸ ਸਵਾਸ ਕੀਤੀ ਭਗਤੀ ਹੀ ਪਰਵਾਨ ਹੁੰਦੀ ਹੈ।
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ,
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ॥
ਗੁਰਸਿੱਖ ਦੀ ਪ੍ਰੇਮ ਭਗਤੀ ਤੇ ਪ੍ਰਸੰਨ ਹੋ ਪਰਮਾਤਮਾ ਮਿਹਰ ਕਰਦਾ ਹੈ ਤਾਂ ਗੁਰਸਿੱਖ ਨਿਰਾਲੀ ਅਵਸਥਾ 'ਚ ਪ੍ਰਵੇਸ਼ ਕਰ ਜਾਂਦਾ ਹੈ।
ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ॥
ਸੰਸਾਰ ਅੰਦਰ ਕਿਸੇ ਵਿਚ ਤਮੋ ਗੁਣ ਪ੍ਰਬਲ ਹੋਣ ਕਾਰਨ ਉਹ ਭੋਗ ਵਿਲਾਸ 'ਚ ਪਿਆ ਹੋਇਆ ਹੈ। ਕੋਈ ਰਜੋ ਗੁਣ ਦੀ ਪ੍ਰਧਾਨਤਾ ਕਾਰਨ ਸੰਸਾਰਕ ਬਲ, ਸੱਤਾ ਪਿੱਛੇ ਨੱਸ-ਭੱਜ ਕਰ ਰਿਹਾ ਹੈ। ਕੋਈ ਸਤੋ ਗੁਣ ਮੁੱਖ ਹੋਣ ਕਾਰਨ ਆਪਣੇ ਧਰਮ ਕਰਮ ਦੇ ਹੰਕਾਰ 'ਚ ਜੀਅ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਸਿੱਖ ਇਨ੍ਹਾਂ ਤਿੰਨੋਂ ਅਵਸਥਾਵਾਂ ਤੋਂ ਉੱਪਰ ਸਹਿਜ ਵਿਚ ਆ ਜਾਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਮਾਣ-ਅਪਮਾਨ, ਜਸ-ਅਪਜਸ, ਹਰਖ-ਸੋਗ ਤੋਂ ਦੂਰ ਹੋ ਜਾਂਦਾ ਹੈ। ਗੁਰਸਿੱਖ ਆਪਣੀ ਬੁਧਿ, ਸਿਆਣਪ ਤਿਆਗ ਪਰਮਾਤਮਾ ਦੇ ਹੁਕਮ ਅੰਦਰ ਜੀਉਣਾ ਸਿਖ ਜਾਂਦਾ ਹੈ।
ਜੋ ਤੁਧੁ ਭਾਵੈ ਸੋਈ ਚੰਗਾ॥


-ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 94159-60533


ਖ਼ਬਰ ਸ਼ੇਅਰ ਕਰੋ

ਸੂਬਾ ਵਾਸੀਆਂ ਨੂੰ ਰੂਹਾਨੀਅਤ ਦੇ ਰੰਗ 'ਚ ਰੰਗ ਰਿਹੈ

ਡਿਜੀਟਲ ਮਿਊਜ਼ੀਅਮ, ਲਾਈਟ ਐਂਡ ਸਾਊਂਡ ਤੇ ਫਲੋਟਿੰਗ ਸ਼ੋਅ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਸਰਕਾਰ ਵਲੋਂ ਇਕ ਸਾਲ ਤੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਦੇ ਤਹਿਤ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਲੋਂ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਤਿਆਰ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਪਾਣੀ, ਮਿੱਟੀ ਤੇ ਹਵਾ ਤਿੰਨਾਂ ਦੀ ਸੰਭਾਲ ਦਾ ਉਪਦੇਸ਼ ਦਿੱਤਾ ਹੈ, ਇਸੇ ਮਹੱਤਵ ਤਹਿਤ ਇਹ ਸ਼ੋਅ ਜਲ, ਥਲ ਤੇ ਪੌਣ ਵਿਖੇ ਕਰਵਾਇਆ ਜਾ ਰਿਹਾ ਹੈ। ਧਰਤੀ 'ਤੇ ਡਿਜੀਟਲ ਮਿਊਜ਼ੀਅਮ, ਹਵਾ ਵਿਚ ਲਾਈਟ ਐਂਡ ਸਾਊਂਡ ਸ਼ੋਅ ਅਤੇ ਪਾਣੀ ਵਿਚ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ।
ਆਉਣ ਵਾਲੇ 4 ਮਹੀਨਿਆਂ ਤੱਕ 26 ਸਥਾਨਾਂ 'ਤੇ ਕਰਵਾਏ ਜਾਣ ਵਾਲੇ ਇਸ ਸ਼ੋਅ ਤੇ ਮਿਊਜ਼ੀਅਮ ਦਾ ਆਗਾਜ਼ 7 ਅਕਤੂਬਰ ਨੂੰ ਮੁਹਾਲੀ ਤੋਂ ਹੋ ਚੁੱਕਾ ਹੈ। ਫਲੋਟਿੰਗ ਸ਼ੋਅ ਦਾ ਆਗਾਜ਼ 17 ਅਕਤੂਬਰ ਨੂੰ ਰੂਪਨਗਰ ਵਿਖੇ ਸਤਲੁਜ ਦਰਿਆ ਦੇ ਕੰਢੇ ਹੋਇਆ। ਇਹ ਸ਼ੋਅ ਸੂਬੇ ਦੇ ਲੋਕਾਂ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗ ਰਹੇ ਹਨ। ਇਹ ਸ਼ੋਅ ਅਗਲੇ ਸਾਲ ਫਰਵਰੀ ਮਹੀਨੇ ਦੇ ਅੱਧ ਤੱਕ ਗੁਰੂ ਸਾਹਿਬ ਨਾਲ ਸਬੰਧਤ ਤਿੰਨ ਇਤਿਹਾਸਕ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਬਟਾਲਾ, ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਹੋਵੇਗਾ। ਸੂਬੇ ਦੇ ਲੋਕਾਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਲਗਾਤਾਰ 4 ਮਹੀਨੇ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਵੇਗਾ, ਜਿਸ ਨੂੰ ਲੈ ਕੇ ਸੰਗਤਾਂ ਵਿਚ ਚਾਅ ਤੇ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਡਿਜੀਟਲ ਮਿਊਜ਼ੀਅਮ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਗਿਆ ਹੈ। ਇਸ ਮਿਊਜ਼ੀਅਮ ਵਿਚ ਵੱਖ-ਵੱਖ ਪੈਨਲ ਲਗਾਏ ਗਏ ਹਨ, ਜਿਸ ਵਿਚ ਗੁਰੂ ਸਾਹਿਬ ਦੇ ਜੀਵਨ, ਉਦਾਸੀਆਂ ਤੇ ਸੰਦੇਸ਼ ਦਿਖਾਏ ਗਏ ਹਨ, ਜਿਨ੍ਹਾਂ ਨੂੰ ਸੁਣਨ ਲਈ ਹਰ ਦਰਸ਼ਕ ਨੂੰ ਹੈੱਡ ਫੋਨ ਮੁਹੱਈਆ ਕਰਵਾਏ ਜਾਂਦੇ ਹਨ। ਮਿਊਜ਼ੀਅਮ ਵਿਚ ਪਹਿਲੀ ਪਾਤਸ਼ਾਹੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਸੁਸ਼ੋਭਿਤ ਹੈ, ਜਿੱਥੇ 'ਥ੍ਰੀ-ਡੀ' ਤਕਨੀਕ ਰਾਹੀਂ ਸੰਗਤਾਂ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ। ਮਿਊਜ਼ੀਅਮ ਦੇ ਅੰਤਿਮ ਹਿੱਸੇ ਵਿਚ ਛੋਟਾ ਜਿਹਾ ਆਡੀਟੋਰੀਅਮ ਨੁਮਾ ਕਮਰਾ ਬਣਾਇਆ ਗਿਆ ਹੈ, ਜਿੱਥੇ ਗੁਰੂ ਸਾਹਿਬ ਦੇ ਜੀਵਨ ਬਾਰੇ ਮਲਟੀ ਮੀਡੀਆ ਤਕਨੀਕਾਂ ਰਾਹੀਂ ਸੰਗੀਤਮਈ ਪੇਸ਼ਕਾਰੀ ਦਿਖਾਈ ਗਈ ਹੈ।
ਇਸੇ ਤਰ੍ਹਾਂ ਰੰਗਦਾਰ ਦ੍ਰਿਸ਼-ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ ਪੌਣੇ ਘੰਟੇ ਦੇ ਲਾਈਟ ਐਂਡ ਸਾਊਂਡ ਸ਼ੋਅ ਵਿਚ ਆਧੁਨਿਕ ਤਕਨੀਕਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਦਿਖਾਈਆਂ ਗਈਆਂ ਹਨ। ਇਸ ਸ਼ੋਅ ਵਿਚ ਗੁਰੂ ਸਾਹਿਬ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਅਤੇ ਫੇਰ ਗੁਰੂ ਸਾਹਿਬ ਵਲੋਂ ਆਪਣੇ ਜੀਵਨ ਵਿਚ ਕੀਤੀਆਂ ਗਈਆਂ ਉਦਾਸੀਆਂ ਤੇ ਫ਼ਲਸਫ਼ਾ ਦਿਖਾਉਂਦੀਆਂ ਸਾਖੀਆਂ ਦਿਖਾਉਂਦਿਆਂ ਅੰਤ ਵਿਚ ਕਰਤਾਰਪੁਰ ਸਾਹਿਬ ਵਿਖੇ ਹੱਥੀਂ ਕਿਰਤ ਕਰਨ, ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪਣ ਤੇ ਜੋਤਿ-ਜੋਤ ਸਮਾਉਣ ਤੱਕ ਦਾ ਸਮਾਂ ਦਿਖਾਇਆ ਗਿਆ ਹੈ। ਲੜੀ ਤਹਿਤ ਆਪਣੀ ਕਿਸਮ ਦਾ ਪਹਿਲਾ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜੋ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਇਲਾਵਾ ਪੰਜਾਬ ਦੇ 10 ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿਚ ਕਰਵਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਕਰਵਾਏ ਜਾਣ ਵਾਲੇ ਮੁੱਖ ਸਮਾਗਮਾਂ ਨੂੰ ਦੇਖਦਿਆਂ 4 ਨਵੰਬਰ ਤੋਂ 12 ਨਵੰਬਰ ਤੱਕ ਲਗਾਤਾਰ 9 ਦਿਨ ਵਿਸ਼ਾਲ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ 'ਤੇ ਰੌਸ਼ਨੀ ਪਾਵੇਗਾ।


-ਮੋਬਾ: 97800-36216

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਸ: ਸ਼ਾਮ ਸਿੰਘ ਅਟਾਰੀਵਾਲਾ

ਖ਼ਾਲਸਾ ਰਾਜ ਦੇ ਮਹਾਨ ਜਰਨੈਲ ਸ: ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੇ ਫੌਜੀ ਕਮਾਂਡਰ ਸ: ਨਿਹਾਲ ਸਿੰਘ ਦੇ ਘਰ ਹੋਇਆ। ਇਸ ਹੋਣਹਾਰ ਬਾਲਕ ਨੇ ਛੋਟੀ ਉਮਰ ਵਿਚ ਹੀ ਘੋੜਸਵਾਰੀ, ਸ਼ਸਤਰ ਵਿੱਦਿਆ ਅਤੇ ਜੰਗੀ ਕਰਤੱਬ ਸਿੱਖ ਕੇ ਆਪਣੇ ਪਿਤਾ ਨਾਲ ਲੜਾਈਆਂ ਵਿਚ ਜਾਣਾ ਆਰੰਭ ਕਰ ਦਿੱਤਾ ਸੀ। ਉਸ ਦੀ ਬਹਾਦਰੀ 'ਤੇ ਖੁਸ਼ ਹੋ ਕੇ ਮਹਾਰਾਜੇ ਨੇ 12 ਮਾਰਚ, 1816 ਈ: ਨੂੰ ਉਸ ਨੂੰ ਇਕ ਹੀਰਿਆਂ ਜੜੀ ਕਲਗੀ ਦੇ ਕੇ ਨਿਵਾਜਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਸ਼ਾਮ ਸਿੰਘ ਨੂੰ ਉਸ ਦੇ ਪਿਤਾ ਦੀ ਪਦਵੀ ਦੀ ਨਿਯੁਕਤੀ ਮਿਲ ਗਈ। 1818 ਈ: ਵਿਚ ਉਸ ਨੇ ਮੁਲਤਾਨ ਅਤੇ ਪਿਸ਼ਾਵਰ ਦੀਆਂ ਲੜਾਈਆਂ ਵਿਚ ਜਿੱਤਾਂ ਪ੍ਰਾਪਤ ਕਰ ਕੇ ਭਾਰੀ ਇਨਾਮ ਲਏ। ਕਸ਼ਮੀਰ, ਬੰਨੂ ਅਤੇ ਹਜ਼ਾਰੇ ਦੀਆਂ ਮੁਹਿੰਮਾਂ ਵਿਚ ਉਸ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। ਸ: ਸ਼ਾਮ ਸਿੰਘ ਦੇ ਪਰਿਵਾਰ ਵਿਚ ਦੋ ਲੜਕੇ ਅਤੇ ਇਕ ਲੜਕੀ ਸਨ। ਉਸ ਨੇ ਆਪਣੀ ਪੁੱਤਰੀ ਬੀਬੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਕੀਤਾ।
ਮਹਾਰਾਜੇ ਦੇ ਚਲਾਣੇ ਤੋਂ ਬਾਅਦ ਡੋਗਰਿਆਂ ਅਤੇ ਗਦਾਰਾਂ ਨੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਕਿ ਸਿੱਖ ਰਾਜ ਦਾ ਸੂਰਜ ਅਲੋਪ ਹੋਣ ਲੱਗ ਪਿਆ। ਸਿੱਖਾਂ ਅਤੇ ਅੰਗਰੇਜ਼ਾਂ ਵਿਚ ਲੜਾਈਆਂ ਸ਼ੁਰੂ ਹੋ ਗਈਆਂ। ਮਹਾਰਾਣੀ ਜਿੰਦ ਕੌਰ ਨੇ ਸਿੱਖ ਰਾਜ ਦੇ ਬਚਾਅ ਲਈ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਫ਼ੌਜ ਦੀ ਕਮਾਨ ਸੰਭਾਲਣ ਲਈ ਸੁਨੇਹਾ ਭੇਜਿਆ। ਸਰਦਾਰ ਨੇ ਪ੍ਰਣ ਕਰ ਲਿਆ ਕਿ ਜਾਂ ਤਾਂ ਉਹ ਜੇਤੂ ਬਣ ਕੇ ਪਰਤੇਗਾ, ਨਹੀਂ ਤਾਂ ਸ਼ਹੀਦੀ ਪ੍ਰਾਪਤ ਕਰੇਗਾ। ਉਹ ਸਿੱਖ ਰਾਜ, ਆਪਣੇ ਵਤਨ ਅਤੇ ਮਹਾਰਾਜੇ ਦਾ ਸੱਚਾ ਵਫ਼ਾਦਾਰ ਸੀ। ਉਸ ਨੇ ਆਪਣੇ ਲਹੂ ਨਾਲ ਸਿਦਕਦਿਲੀ, ਸੂਰਬੀਰਤਾ ਅਤੇ ਅਣਖ ਦੀ ਕਹਾਣੀ ਲਿਖੀ। 10 ਫਰਵਰੀ, 1846 ਨੂੰ ਸਭਰਾਉਂ ਵਿਖੇ ਅੰਗਰੇਜ਼ਾਂ ਦੀ ਚਤੁਰ ਅਤੇ ਸ਼ਕਤੀਸ਼ਾਲੀ ਫੌਜ ਨਾਲ ਸਿੰਘਾਂ ਦਾ ਟਾਕਰਾ ਹੋਇਆ। ਸਿੰਘ ਏਨੀ ਬਹਾਦਰੀ ਨਾਲ ਲੜੇ ਕਿ ਅੰਗਰੇਜ਼ ਵੀ ਅਸ਼-ਅਸ਼ ਕਰ ਉੱਠੇ। ਸ: ਸ਼ਾਮ ਸਿੰਘ ਵੱਖੋ-ਵੱਖਰੇ ਮੋਰਚਿਆਂ 'ਤੇ ਜਾ ਕੇ ਸਿੰਘਾਂ ਨੂੰ ਉਤਸ਼ਾਹ ਅਤੇ ਅਗਵਾਈ ਦੇ ਰਿਹਾ ਸੀ। ਸ਼ਾਹ ਮੁਹੰਮਦ ਲਿਖਦਾ ਹੈ-
ਸ਼ਾਮ ਸਿੰਘ ਸਰਦਾਰ ਅਟਾਰੀਵਾਲੇ, ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਲਾਲ ਸਿੰਘ ਤੇ ਤੇਜਾ ਸਿੰਘ ਨੇ ਗਦਾਰੀ ਕਰ ਕੇ ਅੰਗਰੇਜ਼ਾਂ ਨੂੰ ਸਾਰੇ ਭੇਤ ਦੱਸ ਦਿੱਤੇ ਅਤੇ ਸਿੱਖ ਸੈਨਾ ਲਈ ਪੁਲ ਵੀ ਤੋੜ ਦਿੱਤਾ। ਸਤਲੁਜ ਦਾ ਪਾਣੀ ਸਿੰਘਾਂ ਦੇ ਲਹੂ ਨਾਲ ਰੰਗਿਆ ਗਿਆ। ਅੰਗਰੇਜ਼ੀ ਸੈਨਾ ਨੂੰ ਤੂਫਾਨ ਵਾਂਗ ਪਛਾੜਦੇ ਹੋਏ ਸ: ਸ਼ਾਮ ਸਿੰਘ ਦੇ ਸੀਨੇ 'ਤੇ 7 ਗੋਲੀਆਂ ਲੱਗੀਆਂ। ਸਿੱਖ ਰਾਜ ਦਾ ਇਹ ਥੰਮ੍ਹ ਅੰਤ ਬੀਰਤਾ ਦੇ ਜੌਹਰ ਵਿਖਾਉਂਦਾ ਹੋਇਆ ਸ਼ਹੀਦੀ ਜਾਮ ਪੀ ਗਿਆ। 12 ਫਰਵਰੀ, 1846 ਨੂੰ ਵਤਨ ਦੇ ਇਸ ਆਸ਼ਕ ਦੀ ਦੇਹ ਦਾ ਸਸਕਾਰ ਅਟਾਰੀ ਵਿਖੇ ਕੀਤਾ ਗਿਆ। ਹਰ ਸਾਲ 10 ਫਰਵਰੀ ਵਾਲੇ ਦਿਨ ਜਨਰਲ ਸਰਦਾਰ ਸ਼ਾਮ ਸਿੰਘ ਅਟਾਰੀ ਯਾਦਗਾਰੀ ਕੰਪਲੈਕਸ ਵਿਖੇ ਰਾਜ ਪੱਧਰ 'ਤੇ ਇਸ ਮਹਾਨ ਸੂਰਬੀਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
**

ਸੁਲਤਾਨਪੁਰ ਲੋਧੀ ਵਾਲਾ ਨਵਾਬ ਦੌਲਤ ਖ਼ਾਨ

ਸੁਲਤਾਨਪੁਰ ਲੋਧੀ ਦੇ ਪੁਨਰ ਜਨਮ ਅਤੇ ਪੁਨਰ ਸਿਰਜਣਾ ਵਿਚ ਨਵਾਬ ਦੌਲਤ ਖਾਨ ਲੋਧੀ ਦਾ ਬਹੁਤ ਵੱਡਾ ਯੋਗਦਾਨ ਹੈ। ਤਮਸਵਨ ਦੇ ਨਾਂਅ ਥੱਲੇ ਵਸਿਆ ਬੋਧੀ ਧਰਮ ਦਾ ਅਹਿਮ ਕੇਂਦਰ ਹੋਣ ਦੀ ਸਜ਼ਾ ਪਾਏ ਜਾਣ ਤੋਂ ਬਾਅਦ ਇਹ ਮਹੱਤਵਪੂਰਨ ਸ਼ਹਿਰ ਇਕ ਵਾਰੀ ਤਾਂ ਪੂਰੀ ਤਰ੍ਹਾਂ ਉੱਜੜ-ਪੁੱਜੜ ਗਿਆ ਸੀ, ਪਰ ਇਸ ਦਿਆਂ ਪੁਰਾਤਨ ਖੰਡਰਾਂ 'ਤੇ ਭਾਵੇਂ ਮਹਿਮੂਦ ਗਜ਼ਨਵੀ ਦੇ ਇਕ ਫੌਜਦਾਰ ਸੁਲਤਾਨ ਖਾਨ ਨੇ ਇਸ ਨੂੰ ਮੁੜ ਵਸਾਇਆ ਹੋਵੇ ਜਾਂ ਕਿਸੇ ਸੁਲਤਾਨ ਲੋਧੀ ਨੇ ਪਰ ਇਸ ਨੂੰ ਕਮਾਲ ਦੀ ਪ੍ਰਸਿੱਧੀ ਤੱਕ ਪਹੁੰਚਾਉਣ ਵਾਲਾ ਤਾਂ ਨਵਾਬ ਦੌਲਤ ਖਾਨ ਲੋਧੀ ਹੀ ਸੀ। ਇਹ ਮੌਕਾ 1500 ਈਸਵੀ ਤੋਂ ਪਹਿਲਾਂ ਦਾ ਹੈ ਜਦੋਂ ਦੌਲਤ ਖਾਨ ਲੋਧੀ ਨੇ ਸੁਲਤਾਨਪੁਰ ਲੋਧੀ ਨੂੰ ਆਪਣਾ ਦੌਲਤਖਾਨਾ ਬਣਾ ਲਿਆ। ਕਈ ਇਤਿਹਾਸਕਾਰ ਇਹ ਮੰਨਦੇ ਹਨ ਕਿ ਲੋਧੀ ਸਲਤਨਤ ਦੇ ਸਮੇਂ ਪੰਜਾਬ 6 ਇਕਾਈਆਂ ਵਿਚ ਵੰਡਿਆ ਹੋਇਆ ਸੀ। ਇਹ ਇਕਾਈਆਂ ਸਨ : ਮੁਲਤਾਨ, ਦਿਪਾਲਪੁਰ, ਲਾਹੌਰ, ਜਲੰਧਰ, ਸਰਹਿੰਦ ਅਤੇ ਸਮਾਣਾ। ਇਨ੍ਹਾਂ ਦਾ ਹਰੇਕ ਦਾ ਆਪਣਾ-ਆਪਣਾ ਗਵਰਨਰ ਸੀ। ਨਵਾਬ ਦੌਲਤ ਖਾਨ ਲੋਧੀ ਜਲੰਧਰ-ਦੁਆਬ ਦਾ ਗਵਰਨਰ ਸੀ ਤੇ ਉਸ ਨੇ ਆਪਣੀ ਰਾਜਧਾਨੀ ਸੁਲਤਾਨਪੁਰ ਲੋਧੀ ਰੱਖੀ ਹੋਈ ਸੀ। ਦੌਲਤ ਖਾਨ ਲੋਧੀ ਪੇਸ਼ਾਵਰ ਦੇ ਪਰਬਤੀ ਇਲਾਕੇ ਦੇ ਇਕ ਸ਼ਕਤੀਸ਼ਾਲੀ 'ਰੋਹ' ਕਬੀਲੇ ਨਾਲ ਸਬਿੰਧਤ ਸੀ। ਉਹ ਨੁਸਰਤ ਖਾਨ ਅਤੇ ਬਹਿਰ ਖਾਨ ਸਮੇਤ ਸਿਕੰਦਰ ਲੋਧੀ ਦੇ ਰਾਜ ਸਮੇਂ ਹਿੰਦੁਸਤਾਨ ਆਇਆ। ਸਿਕੰਦਰ ਲੋਧੀ ਵਲੋਂ ਉਨ੍ਹਾਂ ਨੂੰ ਪੰਜਾਬ ਵਿਚ ਜਗੀਰਾਂ ਬਖਸ਼ੀਆਂ ਗਈਆਂ।
ਕੁਝ ਹੋਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਨਵਾਬ ਦੌਲਤ ਖਾਨ ਲੋਧੀ ਦਾ ਪਿਤਾ ਤਤਾਰ ਖਾਨ ਯੂਸਫ ਖਲੀਲ ਲਾਹੌਰ ਦਾ ਗਵਰਨਰ ਸੀ ਅਤੇ ਉਸ ਨੇ ਆਪਣੇ ਪੁੱਤਰ ਦੌਲਤ ਖਾਨ ਨੂੰ ਸੁਲਤਾਨਪੁਰ ਇਕ ਜਗੀਰ ਵਜੋਂ ਦਿੱਤੀ ਹੋਈ ਸੀ। ਕੁਝ ਵੀ ਹੋਵੇ ਪਰ ਇਹ ਦੌਲਤ ਖਾਨ ਲੋਧੀ ਹੈ ਬੜਾ ਚੇਤੰਨ ਵਿਅਕਤੀ ਸੀ ਅਤੇ ਚੰਗੇ ਸੁਹਜ-ਸੁਆਦ ਦਾ ਮਾਲਕ ਸੀ। ਉਸ ਨੇ ਆਪਣੇ ਆਲੇ-ਦੁਆਲੇ ਦੀਆਂ ਪ੍ਰਸ਼ਾਸਨਿਕ ਇਕਾਈਆਂ ਨਾਲ ਆਪਣੀ ਵਪਾਰਕ ਸਾਂਝ ਕਾਇਮ ਕੀਤੀ। ਸ਼ਾਹ-ਮਾਰਗ 'ਤੇ ਹੋਣ ਕਰਕੇ ਸੁਲਤਾਨਪੁਰ ਲੋਧੀ ਛੇਤੀ ਹੀ ਮੁੜ ਤਰੱਕੀ ਦੇ ਰਾਹ ਪੈ ਗਿਆ। ਦੂਰੋਂ-ਦੂਰੋਂ ਇੱਥੇ ਦਸਤਕਾਰੀ ਦੇ ਕਾਰੀਗਰ ਲੋਕ ਧਨ-ਦੌਲਤ ਕਮਾਉਣ ਆਉਂਦੇ ਤੇ ਬਹੁਤੀ ਵਾਰੀ ਇੱਥੇ ਹੀ ਟਿਕ ਜਾਂਦੇ। ਦੌਲਤ ਖਾਨ ਨੇ ਸ਼ਹਿਰ ਦੀ ਕਿਲਾਬੰਦੀ ਕਰਕੇ ਇਸ ਦਾ ਸੁਰੱਖਿਆ ਢਾਂਚਾ ਮਜ਼ਬੂਤ ਕਰ ਲਿਆ ਅਤੇ ਇਸ ਦੇ ਬਾਹਰਲੇ ਪਾਸੇ ਬਾਗ-ਬਗੀਚੇ ਵਿਕਸਤ ਕੀਤੇ। ਜਰਖੇਜ਼ ਇਲਾਕਾ ਸੀ ਅਤੇ ਵੇਈਂ ਦਾ ਕੰਢਾ ਅਤੇ ਦਰਿਆ ਦੀ ਨਜ਼ਦੀਕੀ ਹੋਣ ਕਰਕੇ ਇਹ 'ਬਲਿਹਾਰੀ ਕੁਦਰਤ ਵਸਿਆ' ਦਾ ਨਮੂਨਾ ਬਣਨ ਲੱਗਾ। ਸੁਲਤਾਨਪੁਰ ਲੋਧੀ ਇਸ ਖੂਬਸੂਰਤੀ ਕਰਕੇ ਸਭ ਪਾਸੇ ਮਸ਼ਹੂਰ ਹੋ ਗਿਆ।
ਦੌਲਤ ਖਾਨ ਨੇ ਇਥੇ ਇਸਲਾਮਿਕ ਅਤੇ ਵਿਵਹਾਰਕ ਤਾਲੀਮ ਦੇ ਵਿਦਿਆਲੇ ਅਤੇ ਮਦਰੱਸੇ ਖੋਲ੍ਹਣ ਅਤੇ ਪ੍ਰਫੁੱਲਤ ਕਰਨ ਹਿੱਤ ਵੀ ਹੱਲਾਸ਼ੇਰੀ ਦਿੱਤੀ। ਨਵਾਬ ਦੌਲਤ ਖਾਨ ਜਿੱਥੇ ਇਕ ਕਾਬਲ ਪ੍ਰਸ਼ਾਸਕ ਸੀ, ਉਥੇ ਉਹ ਸ਼ਕਤੀਸ਼ਾਲੀ ਅਤੇ ਸਖ਼ਤ ਪ੍ਰਬੰਧਕ ਵੀ ਸੀ। ਉਹ ਹੈ ਭਾਵੇਂ ਦਿੱਲੀ ਸਲਤਨਤ ਦੇ ਅਧੀਨ ਸੀ, ਪਰ ਉਹ ਪੂਰਨ ਆਤਮਨਿਰਭਰ ਹੋ ਕੇ ਚੱਲਦਾ ਸੀ। ਉਹ ਆਪਣੇ ਅਧੀਨ ਆਉਂਦੇ ਪਿੰਡਾਂ-ਕਸਬਿਆਂ ਵਿਚੋਂ ਮਾਲੀਆ ਇਕੱਠਾ ਕਰਨ ਵਿਚ ਰਤਾ ਲਾਪ੍ਰਵਾਹੀ ਨਹੀਂ ਸੀ ਹੋਣ ਦਿੰਦਾ। ਇਹੀ ਵਜ੍ਹਾ ਹੈ ਕਿ ਉਸ ਦਾ ਮੋਦੀਖਾਨਾ ਐਨਾ ਵੱਡਾ ਸੀ ਕਿ ਉਸ ਦਾ ਇੰਤਜ਼ਾਮ ਆਮ ਆਦਮੀ ਨਹੀਂ ਸੀ ਕਰ ਸਕਦਾ।
ਹੈਰਾਨੀ ਦੀ ਗੱਲ ਹੈ ਕਿ ਇਤਿਹਾਸ ਵਿਚ ਨਵਾਬ ਦੌਲਤ ਖਾਨ ਦਾ ਨਾਂਅ ਸੁਲਤਾਨਪੁਰ ਲੋਧੀ ਦੇ ਸੰਦਰਭ ਵਿਚ ਕੇਵਲ ਗੁਰੂ ਨਾਨਕ ਦੇਵ ਜੀ ਕਰਕੇ ਹੀ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਪਿੰਡ ਰਾਇ ਭੋਇ ਤਲਵੰਡੀ ਵੀ ਮਾਲੀਆ ਉਗਰਾਹੁਣ ਪੱਖੋਂ ਸੁਲਤਾਨਪੁਰ ਲੋਧੀ ਦੇ ਅਧੀਨ ਹੀ ਸੀ। ਜੈ ਰਾਮ ਨਵਾਬ ਦੌਲਤ ਖਾਨ ਦਾ ਖਾਸ ਅਹੁਦੇਦਾਰ ਸੀ। ਉਹ ਅਕਸਰ ਰਾਏ ਬੁਲਾਰ ਅਤੇ ਕਲਿਆਣ ਰਾਏ ਕੋਲ ਬਣਦਾ ਮਾਲੀਆ ਆਦਿ ਵਸੂਲਣ ਲਈ ਤਲਵੰਡੀ ਜਾਂਦਾ-ਆਉਂਦਾ ਰਹਿੰਦਾ ਸੀ। ਰਾਏ ਬੁਲਾਰ ਨੂੰ ਜੈ ਰਾਮ ਚੰਗੀ ਸੂਰਤ-ਸੀਰਤ ਵਾਲਾ ਸ਼ਖ਼ਸ ਲੱਗਾ ਤੇ ਉਸ ਨੇ ਮਹਿਤਾ ਕਾਲੂ ਨੂੰ ਇਸ ਰਿਸ਼ਤੇ ਦੀ ਸਲਾਹ ਦਿੱਤੀ।
ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਵੀ ਆਪਣੇ ਭੈਣ-ਭਣਵੱਈਏ ਕੋਲ ਸੁਲਤਾਨਪੁਰ ਆ ਗਏ। ਜਦੋਂ ਜੈ ਰਾਮ ਨੇ ਉਨ੍ਹਾਂ ਨੂੰ ਨਵਾਬ ਨਾਲ ਮਿਲਾਇਆ ਤਾਂ ਨਵਾਬ ਨੂੰ ਗੁਰੂ ਜੀ ਦੀ ਸ਼ਖ਼ਸੀਅਤ ਨੇ ਵਾਹਵਾ ਪ੍ਰਭਾਵਿਤ ਕੀਤਾ ਅਤੇ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਵਿਦਵਤਾ ਅਤੇ ਸ਼ਖ਼ਸੀਅਤ ਮੁਤਾਬਕ ਮੋਦੀ ਦੀ ਜ਼ਿੰਮੇਵਾਰੀ ਦੇ ਦਿੱਤੀ। ਗੁਰੂ ਜੀ ਸੁਲਤਾਨਪੁਰ ਲੋਧੀ ਕਿਸ ਉਮਰ ਵਿਚ ਆਏ ਅਤੇ ਇਥੇ ਕਿੰਨੇ ਸਾਲ ਰਹੇ, ਪੱਕੇ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹਾਂ, ਇਹੀ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਆਪਣੇ ਪਰਿਵਾਰ ਸਮੇਤ ਇਥੇ ਲੰਬਾ ਸਮਾਂ ਰਹੇ। ਮਰਦਾਨਾ ਵੀ ਆਉਂਦਾ-ਜਾਂਦਾ ਰਹਿੰਦਾ ਤੇ ਆਪਣੀ ਬੇਟੀ ਦੀ ਸ਼ਾਦੀ ਤੋਂ ਬਾਅਦ ਇੱਥੇ ਹੀ ਟਿਕ ਗਿਆ। ਸੰਭਾਵਨਾ ਹੈ ਕਿ ਗੁਰੂ ਜੀ ਨੇ ਉਸ ਨੂੰ ਵੀ ਨਵਾਬ ਕੋਲ ਕੋਈ ਨੌਕਰੀ-ਚਾਕਰੀ ਦੁਆ ਦਿੱਤੀ ਹੋਵੇਗੀ। ਹੁਣ ਸਾਰੇ ਖੁਸ਼ ਸਨ: ਰਾਏ ਬੁਲਾਰ ਵੀ, ਮਹਿਤਾ ਕਾਲੂ ਵੀ, ਸੁਲੱਖਣੀ ਅਤੇ ਬੱਚੇ ਵੀ ਅਤੇ ਭਾਈਆ ਜੈ ਰਾਮ ਅਤੇ ਭੈਣ ਨਾਨਕੀ ਵੀ।
ਗੁਰੂ ਨਾਨਕ ਦੇਵ ਜੀ ਧੁਰ-ਅੰਦਰੀਵ ਤੋਂ ਕਿਸੇ ਹੋਰ ਪ੍ਰਯੋਜਨ ਬਾਰੇ ਗਹਿਰੀ ਸੋਚ ਵਿਚ ਪਏ ਰਹਿੰਦੇ ਸਨ। ਰੋਜ਼ ਸਵੇਰੇ ਸਾਝਰੇ ਉੱਠਦੇ, ਪਰਮਾਤਮਾ ਦਾ ਚਿੰਤਨ ਕਰਦੇ, ਵੇਂਈਂ 'ਤੇ ਇਸ਼ਨਾਨ ਕਰਦੇ ਅਤੇ ਆਪਣੇ ਕੰਮ ਵਿਚ ਰੁੱਝ ਜਾਂਦੇ। ਰਾਤ ਨੂੰ ਦੇਰ ਗਈ ਤੱਕ ਕੀਰਤਨ ਅਤੇ ਅਧਿਆਤਮ-ਵਿਚਾਰਾਂ ਹੁੰਦੀਆਂ ਰਹਿੰਦੀਆਂ। ਸੁਲਤਾਨਪੁਰ ਵਿਚ ਉਸ ਸਮੇਂ ਗੁੱਝੀਆਂ ਰਮਜ਼ਾਂ ਪਾਉਣ ਵਾਲੇ ਅਤੇ ਸਮਝਣ ਵਾਲੇ ਸਾਧ ਵੀ ਵੇਂਈਂ ਦੇ ਕੰਢੇ 'ਤੇ ਡੇਰੇ ਲਾਈ ਬੈਠੇ ਸਨ। ਇਸਲਾਮਿਕ ਸਿੱਖਿਆ ਦਾ ਕੇਂਦਰ ਹੋਣ ਕਰਕੇ ਇੱਥੇ ਪਰਮਾਰਥ ਦੀਆਂ ਬਾਤਾਂ ਪਾਉਣ ਵਾਲੇ ਉਲਮਾ ਅਤੇ ਪ੍ਰਬੁੱਧ ਵੀ ਆਉਂਦੇ ਰਹਿੰਦੇ ਸਨ। ਗੁਰੂ ਜੀ ਨੂੰ ਆਪਣੇ ਭਵਿੱਖਤ ਰਸਤੇ ਬਾਰੇ ਕੁਝ-ਕੁਝ ਚਾਨਣਾ ਹੋਣ ਲੱਗਾ ਸੀ। ਫਿਰ ਅਚਾਨਕ ਇਕ ਦਿਨ ਵੇਈਂ ਵਿਚ ਪ੍ਰਵੇਸ਼ ਕਰਨ ਉਪਰੰਤ ਉਨ੍ਹਾਂ ਨੂੰ ਐਸਾ ਅਨੁਭਵ ਹੋਇਆ ਕਿ ਤਿੰਨ ਦਿਨ ਅਗਿਆਤਵਾਸ ਹੋ ਕੇ ਆਤਮ-ਚਿੰਤਨ ਕਰਦੇ ਰਹੇ। ਇਸ ਪ੍ਰਕਿਰਿਆ ਵਿਚੋਂ ਨਿਕਲਣ ਤੋਂ ਬਾਅਦ ਉਨ੍ਹਾਂ ਉਚਾਰਿਆ 'ਏਕੋ ਸਿਮਰੋ ਨਾਨਕਾ, ਦੂਜਾ ਨਾਹੀਂ ਕੋਇ' ਅਤੇ 'ਨ ਕੋ ਹਿੰਦੂ, ਨ ਮੁਸਲਮਾਨ'। ਅੱਜ ਆਜ਼ਾਦ ਭਾਰਤ ਵਰਸ਼ ਵਿਚ ਸ਼ਾਇਦ ਇਹ ਪ੍ਰਵਚਨ ਏਨੇ ਇਨਕਲਾਬੀ ਨਾ ਲੱਗਣ ਪਰ ਅਫਗਾਨੀ-ਮੁਸਲਮਾਨੀ-ਮੁਗ਼ਲ ਰਾਜ ਵਿਚ ਇਹ ਬਹੁਤ ਵੱਡੀ ਗੱਲ ਸੀ ਜਦੋਂ ਕਿ ਸਮਕਾਲ ਵਿਚ ਹੀ ਲਖਨਊ ਨਜ਼ਦੀਕ ਪੈਂਦੇ ਪਿੰਡ ਕਨੇਰ ਦੇ ਇਕ ਬ੍ਰਾਹਮਣ ਨੂੰ ਇਬਰਾਹੀਮ ਲੋਧੀ ਨੇ ਕਾਜ਼ੀ ਦੇ ਫਤਵਾ ਦੇਣ 'ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਸਿਰਫ ਇਹੀ ਕਿਹਾ ਸੀ, 'ਠੀਕ ਹੈ ਮੁਸਲਮਾਨ ਧਰਮ ਬਹੁਤ ਚੰਗਾ ਹੈ ਪਰ ਹਿੰਦੂ ਧਰਮ ਵੀ ਮਾੜਾ ਨਹੀਂ'।
ਕਾਜ਼ੀ ਦੇ ਕਹੇ 'ਤੇ ਨਵਾਬ ਦੌਲਤ ਖਾਨ ਨੇ ਨਾਨਕ ਦੇਵ ਨੂੰ ਪੇਸ਼ ਹੋਣ ਲਈ ਹੁਕਮ ਦਿੱਤਾ। ਉਨ੍ਹਾਂ ਦੇ ਨਾਂਹ ਕਰਨ 'ਤੇ ਗੁੱਸਾ ਕਰਨ ਦੀ ਬਜਾਏ ਇਕ ਵਾਰੀ ਫੇਰ ਸਖ਼ਤ ਹੁਕਮ ਭੇਜਿਆ ਗਿਆ। ਕਾਜ਼ੀ ਨਾਲ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਨੂੰ ਨਮਾਜ਼ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਕਿ ਉਨ੍ਹਾਂ ਦੀ ਧਰਮ-ਨਿਰਪੱਖਤਾ ਪਰਖੀ ਜਾ ਸਕੇ। ਗੁਰੂ ਜੀ ਵਲੋਂ ਨਮਾਜ਼ ਰੂਹੋਂ ਅਤੇ ਧੁਰ ਅੰਦਰੋਂ ਕਰਨ ਦੀ ਗੱਲ ਨੇ ਉਥੇ ਹਾਜ਼ਰ ਸਈਅਦਾਂ, ਸ਼ੇਖਾਂ, ਮੁਫਤੀਆਂ, ਖਾਨਾਂ, ਮੇਹਰਾਂ, ਮੁਕੱਦਮਾਂ, ਕਾਜ਼ੀਆਂ ਅਤੇ ਨਵਾਬ ਸਮੇਤ ਸਭ ਨੂੰ ਇਸ ਤਰ੍ਹਾਂ ਕੀਲ ਲਿਆ ਜਿਵੇਂ ਕੋਈ ਦੈਵੀ ਚਾਨਣਾ ਹੋ ਗਿਆ ਹੋਵੇ। ਸਾਖੀਕਾਰਾਂ ਦੇ ਕਹਿਣ ਮੁਤਾਬਕ ਨਵਾਬ ਦੌਲਤ ਖਾਨ ਕਹਿ ਉੱਠਿਆ, 'ਉਸ ਵਿਚੋਂ ਤਾਂ ਅੱਲਾ ਬੋਲਦੈ'। ਕਿਹਾ ਜਾ ਸਕਦੈ ਕਿ ਉਸ ਦਿਨ ਤੋਂ ਨਵਾਬ ਦੌਲਤ ਖਾਨ ਗੁਰੂ ਜੀ ਦਾ ਭਗਤ ਹੀ ਬਣ ਗਿਆ। ਮੈਕਾਲਫ ਅਨੁਸਾਰ ਇਹ ਦੌਲਤ ਖਾਨ ਦੀ ਉਦਾਰਤਾ ਸੀ ਕਿ ਉਸ ਨੇ ਸ਼ਾਹੀ ਕਾਜ਼ੀ ਨਾਲ ਗੁਰੂ ਜੀ ਨੂੰ ਖੁੱਲ੍ਹ ਕੇ ਵਿਚਾਰਾਂ ਕਰਨ ਦਾ ਮੌਕਾ ਦਿੱਤਾ ਅਤੇ ਇਸ ਨਾਜ਼ੁਕ ਮਸਲੇ ਨੂੰ ਦਿੱਲੀ ਤੱਕ ਨਾ ਪਹੁੰਚਣ ਦਿੱਤਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਨਡਾਲਾ (ਕਪੂਰਥਲਾ)। ਮੋਬਾ: 97798-53245

200 ਸਾਲ ਪੁਰਾਣੀ ਰਾਣੀ ਦੀ ਹਵੇਲੀ ਦੀ ਹੋਂਦ ਅਤੇ ਇਤਿਹਾਸ ਬਣੇ ਬੁਝਾਰਤ

ਅੰਮ੍ਰਿਤਸਰ ਦੇ ਕਟੜਾ ਬੱਗੀਆਂ ਦੀ ਗਲੀ ਕੂਚਾ ਦਿਆਲ ਸਿੰਘ ਵਾਲਾ ਵਿਚ ਮੌਜੂਦ ਰਾਣੀ ਭਗਵਾਨ ਕੌਰ ਦੀ ਹਵੇਲੀ ਦੀ ਹੋਂਦ ਅਤੇ ਇਤਿਹਾਸ ਲੰਬੇ ਸਮੇਂ ਤੋਂ ਬੁਝਾਰਤ ਬਣੇ ਹੋਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਟੂਰਿਜ਼ਮ ਵਿਭਾਗ ਕੋਲ ਇਸ ਕਰੀਬ 200 ਸਾਲ ਪੁਰਾਣੀ ਹਵੇਲੀ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਨ 1969 'ਚ ਅਨੁਵਾਦ ਕਰਵਾਈ ਗਈ ਪੁਸਤਕ ਤਵਾਰੀਖ਼-ਏ-ਪੰਜਾਬ ਦੇ ਅਨੁਸਾਰ ਕਟੜਾ ਬੱਗਿਆਂ ਸ: ਅਮਰ ਸਿੰਘ ਬੱਗਾ ਨੇ ਆਬਾਦ ਕੀਤਾ, ਜੋ ਬਾਅਦ ਵਿਚ ਉਸ ਦੀ ਜਾਤਿ ਤੋਂ ਜਾਣਿਆ ਜਾਣ ਲੱਗਾ। ਇਸ ਕਟੜੇ ਦੀ ਹੱਦ ਢਾਬ ਅਹਾਤਾ (ਗੁਰਦੁਆਰਾ ਸੰਤੋਖਸਰ) ਤੱਕ ਸੀ। ਮੌਜੂਦਾ ਸਮੇਂ ਇਹ ਕਟੜਾ ਆਪਣੇ ਵਿਗੜੇ ਨਾਂਅ 'ਕਟੜਾ ਬੱਘੀਆਂ' ਨਾਲ ਜਾਣਿਆ ਜਾਂਦਾ ਹੈ। ਇਸ ਕਟੜੇ ਵਿਚ ਸ: ਅਮਰ ਸਿੰਘ ਬੱਗਾ ਦੇ ਤਿੰਨ ਹੋਰ ਭਾਈਵਾਲਾਂ ਸ: ਜੈ ਸਿੰਘ ਕਨ੍ਹਈਆ, ਸ: ਜੈਮਲ ਸਿੰਘ ਦੇ ਪੁੱਤਰ ਸ: ਹਕੀਕਤ ਸਿੰਘ ਅਤੇ ਸ: ਅਮਰ ਸਿੰਘ ਕਾਂਗੜਾ ਦਾ ਹਿੱਸਾ ਸੀ। ਇਨ੍ਹਾਂ ਨੇ ਕਟੜੇ ਵਿਚ ਆਪਣੀਆਂ-ਆਪਣੀਆਂ ਹਵੇਲੀਆਂ ਬਣਵਾਈਆਂ। ਇਨ੍ਹਾਂ ਹਵੇਲੀਆਂ ਦੇ ਗੁਪਤ ਤਹਿਖ਼ਾਨਿਆਂ ਨੂੰ ਆਪਸ ਵਿਚ ਜੋੜਨ ਲਈ ਅੰਦਰੋ-ਅੰਦਰੀਂ ਸੁਰੰਗਾਂ ਬਣਾਈਆਂ ਗਈਆਂ ਸਨ। ਲਗਪਗ 20 ਕੁ ਸਾਲ ਪਹਿਲਾਂ ਹਵੇਲੀ ਦਾ ਵੱਡਾ ਹਿੱਸਾ ਗਿਰਾ ਕੇ ਉੱਥੇ ਮਕਾਨ ਬਣਾਉਣ ਸਮੇਂ ਹੇਠਾਂ ਤੋਂ ਇਹ ਸੁਰੰਗਾਂ ਮਿਲੀਆਂ ਸਨ, ਜੋ ਆਸ-ਪਾਸ ਦੇ ਘਰਾਂ ਵਾਲਿਆਂ ਨੇ ਬੰਦ ਕਰਵਾ ਦਿੱਤੀਆਂ। ਉਹ ਸੁਰੰਗਾਂ ਅੰਦਰੋ-ਅੰਦਰੀ ਕਟੜਾ ਕਨ੍ਹਈਆ ਤੇ ਕਟੜਾ ਜੈਮਲ ਤੱਕ ਜਾਣ ਲਈ ਬਣਾਈਆਂ ਗਈਆਂ ਸਨ।
ਸ: ਜੈ ਸਿੰਘ ਕਨ੍ਹਈਆ ਦੀ ਹਵੇਲੀ ਵਿਚ ਬਾਅਦ 'ਚ ਉਸ ਦੇ ਪੁੱਤਰ ਗੁਰਬਖ਼ਸ਼ ਸਿੰਘ ਦੀ ਵਿਧਵਾ ਰਾਣੀ ਸਦਾ ਕੌਰ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਂ ਸੀ, ਨੇ ਆਪਣੀ ਆਰਜ਼ੀ ਰਿਹਾਇਸ਼ ਰੱਖੀ। ਬਾਅਦ ਵਿਚ ਸ਼ੇਰ-ਏ-ਪੰਜਾਬ ਨੇ ਕਟੜਾ ਬੱਗਿਆਂ ਸ: ਲਹਿਣਾ ਸਿੰਘ ਮਜੀਠੀਆ ਨੂੰ ਦੇ ਦਿੱਤਾ। ਉਸ ਨੇ ਉੱਥੇ ਮੌਜੂਦ ਕਿਲ੍ਹੇਨੁਮਾ ਹਵੇਲੀ ਵਿਚ ਆਪਣੀ ਰਿਹਾਇਸ਼ ਰੱਖੀ। ਮਾਰਚ, 1836 'ਚ ਸ: ਲਹਿਣਾ ਸਿੰਘ ਦੇ ਭਰਾ ਗੁੱਜਰ ਸਿੰਘ ਦੀ ਇਸੇ ਹਵੇਲੀ ਦੀ ਛੱਤ ਤੋਂ ਡਿਗ ਕੇ ਮੌਤ ਹੋਈ ਸੀ। ਸ: ਲਹਿਣਾ ਸਿੰਘ ਮਜੀਠੀਆ ਦੇ ਦਿਹਾਂਤ ਤੋਂ ਬਾਅਦ ਇਹ ਹਵੇਲੀ ਉਸ ਦੇ ਪੁੱਤਰ ਸ: ਦਿਆਲ ਸਿੰਘ ਮਜੀਠੀਆ ਨੂੰ ਮਿਲ ਗਈ ਅਤੇ ਇਸ ਵਿਚ ਉਸ ਦੀ ਪਤਨੀ ਰਾਣੀ ਭਗਵਾਨ ਕੌਰ ਰਹਿੰਦੀ ਰਹੀ। ਇਸੇ ਹਵੇਲੀ ਵਿਚ ਰਾਣੀ ਦੇ ਜਾਣਕਾਰ ਕਾਹਨ ਚੰਦ ਦੀ ਜ਼ਹਿਰ ਮਿਲਿਆ ਦੁੱਧ ਪਿਆ ਕੇ ਹੱਤਿਆ ਕੀਤੀ ਗਈ ਸੀ। ਰਾਣੀ 'ਤੇ ਅਦਾਲਤ ਵਿਚ ਕਤਲ ਦਾ ਮੁਕੱਦਮਾ ਵੀ ਚੱਲਿਆ ਪਰ ਅਖ਼ੀਰ ਤੱਕ ਸਾਫ਼ ਨਹੀਂ ਹੋ ਸਕਿਆ ਕਿ ਕਾਹਨ ਚੰਦ ਦੀ ਹੱਤਿਆ ਹੋਈ ਸੀ ਜਾਂ ਉਸ ਨੇ ਆਤਮਹੱਤਿਆ ਕੀਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ 13 ਸਤੰਬਰ, 1877 ਨੂੰ ਸਵਾਮੀ ਦਯਾਨੰਦ ਸਰਸਵਤੀ ਅੰਮ੍ਰਿਤਸਰ ਪਧਾਰਨ 'ਤੇ ਇਸੇ ਹਵੇਲੀ ਵਿਚ ਸ: ਦਿਆਲ ਸਿੰਘ ਮਜੀਠੀਆ ਪਾਸ ਠਹਿਰੇ ਸਨ। ਸ: ਦਿਆਲ ਸਿੰਘ ਨੂੰ ਅੰਮ੍ਰਿਤਸਰ ਦਾ ਆਨਰੇਰੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ, ਪਰ ਕੁਝ ਸਮੇਂ ਬਾਅਦ ਉਹ ਅਸਤੀਫ਼ਾ ਦੇ ਕੇ ਇੰਗਲੈਂਡ ਚਲੇ ਗਏ। ਅੰਮ੍ਰਿਤਸਰ ਵਿਚਲੀ ਉਨ੍ਹਾਂ ਦੀ ਇਸ ਜਾਇਦਾਦ ਦੀ ਦੇਖ-ਰੇਖ ਉਨ੍ਹਾਂ ਦਾ ਚਚੇਰਾ ਭਰਾ ਅਤੇ ਰਣਜੋਧ ਸਿੰਘ ਮਜੀਠੀਆ ਦਾ ਪੁੱਤਰ ਸ: ਗਜਿੰਦਰ ਸਿੰਘ ਕਰਦਾ ਰਿਹਾ। ਸੰਨ 1908 ਵਿਚ ਉਸ ਦਾ ਦਿਹਾਂਤ ਹੋਣ ਤੋਂ ਬਾਅਦ ਉਸ ਦੀ ਪਤਨੀ ਅਤੇ ਪੁੱਤਰੀ ਇਸ ਜਾਇਦਾਦ ਦੀਆਂ ਵਾਰਸ ਬਣੀਆਂ।
ਦੇਸ਼ ਦੀ ਵੰਡ ਤੋਂ ਬਾਅਦ ਇਹ ਹਵੇਲੀ ਵੱਖ-ਵੱਖ ਲੋਕਾਂ ਨੇ ਖ਼ਰੀਦ ਲਈ। ਮੌਜੂਦਾ ਸਮੇਂ ਹਵੇਲੀ ਦੇ ਮੁੱਢਲੇ ਹਿੱਸੇ ਵਿਚ ਜੋ ਪਰਿਵਾਰ ਰਹਿ ਰਿਹਾ ਹੈ, ਉਸ ਵਲੋਂ ਹਵੇਲੀ ਵਿਚ ਸਟੇਸ਼ਨਰੀ ਦੀ ਦੁਕਾਨ ਸ਼ੁਰੂ ਕੀਤੀ ਗਈ ਹੈ। ਕੂਚਾ ਦਿਆਲ ਸਿੰਘ ਵਾਲਾ 'ਚ ਮੌਜੂਦ ਉਪਰੋਕਤ ਹਵੇਲੀ ਦੇ ਦਸਤਾਵੇਜ਼ਾਂ ਸਹਿਤ ਇਸ ਦੇ ਪ੍ਰਮੁੱਖ ਦਰਵਾਜ਼ੇ 'ਤੇ ਲਗਾਏ ਬੋਰਡ 'ਤੇ ਲਿਖਿਆ 'ਰਾਣੀ ਦੀ ਹਵੇਲੀ' ਸਾਫ਼ ਪੜ੍ਹਿਆ ਜਾ ਸਕਦਾ ਹੈ।


-ਅੰਮ੍ਰਿਤਸਰ।
ਮੋਬਾ: 93561-27771

ਕੱਲ੍ਹ 'ਤੇ ਵਿਸ਼ੇਸ਼

ਸਾਕਾ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ

ਅੰਮ੍ਰਿਤਸਰ ਦੇ ਨੇੜੇ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ ਵਿਚ 8 ਫਰਵਰੀ, 1921 ਨੂੰ ਮਹੰਤ ਕੋਲੋਂ ਗੁ: ਸਾਹਿਬ ਦਾ ਕਬਜ਼ਾ ਛੁਡਾਉਣ ਲਈ ਪੰਥ ਦਰਦੀਆਂ ਵੱਲੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਮਹੰਤ ਨੇ ਪੁਲਿਸ ਇੰਚਾਰਜ ਮਿ: ਬੀ.ਟੀ. ਨਾਲ ਮਿਲ ਕੇ ਇਕ ਚਾਲ ਚੱਲੀ।
ਜਿਹੜੇ ਸਿੰਘ ਬਾਗ ਵਿਚੋਂ ਗੁਰੂ-ਘਰ ਦੇ ਲੰਗਰ ਲਈ ਲੱਕੜਾਂ ਕੱਟਣ ਲਈ ਗਏ ਸਨ, ਉਨ੍ਹਾਂ ਨੂੰ ਚੋਰੀ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰ ਲਿਆ ਤਾਂ ਉੱਥੇ ਮੋਰਚਾ ਲੱਗ ਗਿਆ। ਇਨ੍ਹਾਂ 5-6 ਦਿਨਾਂ ਵਿਚ 836 ਸਿੰਘ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ। ਕੋਈ 1200 ਤੋਂ ਜ਼ਿਆਦਾ ਹਸਪਤਾਲਾਂ ਵਿਚ ਜ਼ਖਮੀ ਹਾਲਤ ਵਿਚ ਪਹੁੰਚਾਏ ਗਏ। ਤਿੰਨ ਸਿੰਘ ਹਸਪਤਾਲਾਂ ਵਿਚ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸਿੱਖ ਸਾਬਕਾ ਫੌਜੀ ਅਫਸਰਾਂ ਨੇ ਵੀ ਜਥੇ 'ਚ ਸ਼ਾਮਿਲ ਹੋਣ ਲਈ ਕਮਰਕੱਸੇ ਕਰ ਲਏ। ਜਦ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁ: ਸਾਹਿਬ ਵੱਲ ਚੱਲਣ ਲੱਗੇ ਤਾਂ ਇਨ੍ਹਾਂ ਨੂੰ ਵੀ ਉਸੇ ਤਰ੍ਹਾਂ ਗ੍ਰਿਫਤਾਰ ਕਰਕੇ ਜਦ ਰੇਲ ਗੱਡੀ ਰਾਹੀਂ ਅਟਕ ਦੀ ਜੇਲ੍ਹ ਵਿਚ ਭੇਜਿਆ ਜਾਣ ਲੱਗਾ ਤਾਂ ਜਦ ਇਸ ਗੱਲ ਦਾ ਪਤਾ ਗੁਜਰਾਂਵਾਲੇ ਦੇ ਸਿੰਘਾਂ ਨੂੰ ਲੱਗਾ ਕਿ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਰੇਲ ਗੱਡੀ ਨੂੰ ਗੁਜਰਾਂਵਾਲੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਉਸ ਤੋਂ ਅੱਗੇ ਜਦ ਹਸਨ ਅਬਦਾਲ (ਪੰਜਾ ਸਾਹਿਬ) ਦੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ 100 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਇਸ ਗੱਡੀ ਨੂੰ ਰੋਕ ਕੇ ਗ੍ਰਿਫਤਾਰ ਸਿੰਘਾਂ ਨੂੰ ਲੰਗਰ ਛਕਾਉਣ ਦਾ ਮਨ ਬਣਾਇਆ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਹੋਰ ਸਿੰਘਾਂ ਨੇ ਸਟੇਸ਼ਨ ਮਾਸਟਰ ਨਾਲ ਗੱਡੀ ਰੋਕਣ ਬਾਰੇ ਗੱਲ ਕੀਤੀ ਤਾਂ ਉਸ ਨੇ ਨਾਂਹ ਕਰ ਦਿੱਤੀ। ਸਿੰਘਾਂ ਨੇ ਕਿਹਾ ਕਿ ਤੁਸੀਂ ਸਾਡੇ ਭਰਾਵਾਂ ਨੂੰ ਜੇਲ੍ਹ ਵਿਚ ਬੰਦ ਕਰਨ ਲਈ ਲਿਜਾ ਰਹੇ ਹੋ। ਗੱਡੀ ਤਾਂ ਇੱਥੇ ਜ਼ਰੂਰ ਰੁਕੇਗੀ, ਭਾਵੇਂ ਇਸ ਲਈ ਸਾਨੂੰ ਸ਼ਹਾਦਤਾਂ ਹੀ ਕਿਉਂ ਨਾ ਦੇਣੀਆਂ ਪੈਣ। ਸਿੰਘ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਗੱਡੀ ਰੋਕਣ ਲਈ ਰੇਲ ਦੀ ਪਟੜੀ ਉੱਪਰ ਬੈਠ ਗਏ। ਦੂਰੋਂ ਗੱਡੀ ਆਉਂਦੀ ਨਜ਼ਰੀਂ ਪਈ। ਗੱਡੀ ਦੇ ਡਰਾਈਵਰ ਨੇ ਕਈ ਵਿਸਲਾਂ ਦਿੱਤੀਆਂ, ਪਰ ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਟੜੀ 'ਤੇ ਡਟੇ ਰਹੇ, ਉੱਥੋਂ ਉੱਠੇ ਨਹੀਂ, ਡਰਦੇ ਮਾਰੇ ਭੱਜੇ ਨਹੀਂ। ਗੱਡੀ ਸਿੰਘਾਂ ਨੂੰ ਮਸਲਦੀ ਹੋਈ 11 ਸਿੰਘਾਂ ਸਮੇਤ ਦਰੜਦੀ ਹੋਈ ਅੱਗੇ ਜਾ ਕੇ ਰੁਕ ਗਈ। ਉਸ ਸਮੇਂ ਉੱਥੇ ਮੌਕੇ ਦੇ ਗਵਾਹ ਗਿਆਨੀ ਭਜਨ ਸਿੰਘ ਲਿਖਦੇ ਹਨ ਕਿ ਸ: ਪਰਤਾਪ ਸਿੰਘ ਜੋ ਗੁਰਦੁਆਰਾ ਪੰਜਾ ਸਾਹਿਬ ਦੇ ਖਜ਼ਾਨਚੀ ਸਨ, ਤਾਂ ਮੌਕੇ 'ਤੇ ਹੀ ਚੜ੍ਹਾਈ ਕਰ ਚੁੱਕੇ ਸਨ ਤੇ ਸ: ਕਰਮ ਸਿੰਘ ਜੋ ਗੁਰਦੁਆਰਾ ਪੰਜਾ ਸਾਹਿਬ ਦੇ ਕੀਰਤਨੀਏ ਸਨ, ਦਾ ਜਿਸਮ ਇੰਜਣ ਵਿਚ ਫਸਿਆ ਹੋਇਆ ਸੀ, ਜਿਸ ਨੂੰ ਸੰਗਤ ਨੇ ਕਿਸੇ ਤਰ੍ਹਾਂ ਨਾਲ ਬਾਹਰ ਕੱਢਿਆ ਤੇ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਸ: ਕਰਮ ਸਿੰਘ ਨੇ ਕੁਝ ਇਸ਼ਾਰਿਆਂ ਨਾਲ ਤੇ ਕੁਝ ਬਚੀ-ਖੁਚੀ ਆਵਾਜ਼ ਵਿਚ ਕਿਹਾ ਕਿ 'ਪਹਿਲੇ ਸਿੰਘਾਂ ਨੂੰ ਲੰਗਰ ਛਕਾਓ, ਮੇਰੀ ਪ੍ਰਵਾਹ ਨਾ ਕਰੋ'। ਅਖੀਰ ਉਹ ਵੀ ਸ਼ਹੀਦ ਹੋ ਗਏ। 30 ਅਕਤੂਬਰ ਨੂੰ ਉਨ੍ਹਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
email : dharmindersinghchabba@gmail.com

ਗੁਰਦੁਆਰਾ ਗੁਰੂ ਨਾਨਕ ਟਿੱਲਾ ਵ੍ਰਿੰਦਾਵਨ (ਮਥੁਰਾ)

ਜੇਕਰ ਗੁਰਦੁਆਰੇ ਦੇ ਸ਼ਬਦੀ ਅਰਥ ਕੀਤੇ ਜਾਣ ਤਾਂ ਇਹ ਹਨ ਗੁਰੂ ਦਾ ਦੁਆਰ (ਬੂਹਾ) ਭਾਵ ਗੁਰੂ ਦਾ ਘਰ ਜਿਥੇ ਗੁਰੂ ਸਾਹਿਬ ਦਾ ਨਿਵਾਸ ਹੋਵੇ। ਇਹ ਨਿਵਾਸ ਸਰੀਰਕ ਨਾ ਹੋ ਕਿ ਸ਼ਬਦਿਕ ਰੂਪ ਵਿਚ ਪ੍ਰਵਾਨਿਆ ਜਾਂਦਾ ਹੈ, ਕਿਉਂਕਿ ਸਰੀਰ ਸਦੀਵੀ ਨਹੀਂ ਹੈ। ਗੁਰੂ ਗਿਆਨ ਦਾ ਦਾਤਾ ਹੈ ਅਤੇ ਇਹ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਸੁਭਾਇਮਾਨ ਹੈ। ਜਾਗਤ ਜੋਤ ਦੇ ਰੂਪ ਵਿਚ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਪ੍ਰਵਾਨਿਤ ਗੁਰੂ ਹਨ ਪਰ ਸਿੱਖ ਧਰਮ ਦੇ ਆਰੰਭਲੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਨੌਂ ਜੋਤਾਂ ਵਲੋਂ ਸਰੀਰਕ ਰੂਪ ਵਿਚ ਪਾਇਆ ਯੋਗਦਾਨ ਵੀ ਵੱਡਮੁੱਲਾ ਅਤੇ ਕਲਿਆਣਕਾਰੀ ਰਿਹਾ ਹੈ। ਮਨੁੱਖਤਾ ਦੇ ਲੋਕ ਤੇ ਪ੍ਰਲੋਕ ਨੂੰ ਸੰਵਾਰਨ ਹਿੱਤ ਪਾਏ ਗੁਰੂ ਸਾਹਿਬਾਨ ਦੇ ਇਸ ਯੋਗਦਾਨ ਨੂੰ ਯਾਦਗਾਰੀ ਬਣਾਉਣ ਲਈ ਗੁਰੂ ਕੀ ਸੰਗਤ ਵਲੋਂ ਦੇਸ਼-ਵਿਦੇਸ਼ਾਂ ਵਿਚ ਗੁਰਧਾਮਾਂ ਦੀ ਉਸਾਰੀ ਕਰਵਾਈ ਗਈ, ਜਿਥੇ ਨਾਨਕ ਨਾਮ ਲੇਵਾ ਸੰਗਤ ਸਵੇਰੇ-ਸ਼ਾਮ ਆਪਣੀ ਹਾਜ਼ਰੀ ਭਰ ਕੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀ ਹੈ। ਇਨ੍ਹਾਂ ਗੁਰਧਾਮਾਂ ਵਿਚ ਹੀ ਸ਼ਾਮਿਲ ਹੈ ਗੁਰਦੁਆਰਾ ਗੁਰੂ ਨਾਨਕ ਟਿੱਲਾ ਸਾਹਿਬ, ਜੋ ਹਿੰਦੂ ਧਰਮ ਵਿਚ ਪਵਿੱਤਰ ਨਗਰ ਕਰਕੇ ਜਾਣੇ ਜਾਂਦੇ ਨਗਰ ਵ੍ਰਿੰਦਾਵਨ (ਮਥੁਰਾ) ਵਿਚ ਸਥਿਤ ਹੈ।
ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਟਿੱਲਾ ਸਾਹਿਬ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਚਰਨਛੋਹ ਪ੍ਰਾਪਤ ਹੈ। ਜਗਤ ਜਲੰਦੇ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ (1513 ਈ:) ਦੇ ਸਮੇਂ ਭਗਤ ਧੰਨਾ ਜੀ ਦੇ ਜੱਦੀ ਪਿੰਡ ਧੂੰਆਂ ਕਲਾਂ ਤੋਂ ਹੁੰਦੇ ਹੋਏ ਇਸ ਸਥਾਨ ਉੱਪਰ ਆਏ ਸਨ। ਇਥੇ ਪਹੁੰਚ ਕੇ ਗੁਰੂ ਸਾਹਿਬ ਨੇ ਨਗਰ ਦੇ ਬਾਹਰਵਾਰ ਇਕ ਉੱਚੀ ਥਾਂ 'ਤੇ ਪੜਾਅ ਕੀਤਾ, ਜਿਹੜੀ ਇਕ ਟਿੱਲੇ ਵਰਗੀ ਸੀ। ਹਿੰਦੂ ਮਾਨਤਾ ਅਨੁਸਾਰ ਵ੍ਰਿੰਦਾਵਨ ਦੀ ਧਰਤੀ ਉਹ ਧਰਤੀ, ਜਿਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਈ ਤਰ੍ਹਾਂ ਦੀਆਂ ਲੀਲਾ ਰਚਾਈਆਂ ਸਨ। ਗੁਰੂ ਸਾਹਿਬ ਨੇ ਕ੍ਰਿਸ਼ਨ ਜੀ ਦੇ ਅਨੁਯਾਈਆਂ ਨੂੰ ਸਮਝਾਇਆ ਕਿ ਪਰਮਾਤਮਾ ਦੀ ਲੀਲਾ ਸਭ ਤੋਂ ਨਿਆਰੀ ਹੈ, ਜਿਸ ਨੂੰ ਸਮਝਣ ਅਤੇ ਸਮਝਾਉਣ ਲਈ ਸੱਚਾ-ਸੁੱਚਾ ਅਤੇ ਪਰਉਪਕਾਰੀ ਜੀਵਨ ਜਿਉਣ ਦੀ ਲੋੜ ਹੈ, ਜਿਸ ਦਾ ਆਧਾਰ ਕ੍ਰਿਤ ਕਰਨਾ ਅਤੇ ਵੰਡ ਛਕਣਾ ਹੁੰਦਾ ਹੈ। ਪਰਮ ਪਿਤਾ ਦੀ ਲੀਲਾ ਬਿਆਨ ਕਰਦਿਆਂ ਗੁਰੂ ਸਾਹਿਬ ਨੇ ਇੰਜ ਫੁਰਮਾਇਆ:
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨ॥
ਗਾਵਨਿ ਸੀਤਾ ਰਾਜੇ ਰਾਮ॥
ਨਿਰਭਉ ਨਿਰੰਕਾਰੁ ਸਚੁ ਨਾਮੁ,
ਜਾ ਕਾ ਕੀਆ ਸਗਲ ਜਹਾਨ॥
18 ਜੂਨ, 1707 ਈ: ਨੂੰ ਸਿੱਖ ਫ਼ੌਜ ਦੀ ਸਹਾਇਤਾ ਨਾਲ ਜਦੋਂ ਬਹਾਦਰ ਸ਼ਾਹ ਨੂੰ ਜਿੱਤ ਨਸੀਬ ਹੋਈ ਤਾਂ ਉਸ ਨੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਆਗਰਾ ਆਉਣ ਦਾ ਸੱਦਾ ਭੇਜਿਆ। ਉਸ ਦੇ ਸੱਦੇ ਨੂੰ ਪ੍ਰਵਾਨ ਕਰਕੇ ਜੁਲਾਈ, 1707 ਈ: ਵਿਚ ਜਦੋਂ ਗੁਰੂ ਜੀ ਨੇ ਦਿੱਲੀ ਤੋਂ ਆਗਰੇ ਵੱਲ ਨੂੰ ਚਾਲੇ ਪਾਏ ਤਾਂ ਜਾਂਦੇ ਵਕਤ ਉਹ ਵੀ ਕੁਝ ਸਮਾਂ ਇਸ ਸਥਾਨ ਉਪਰ ਠਹਿਰ ਕੇ ਗਏ ਸਨ। ਇਸ ਠਹਿਰ ਦਾ ਵਰਨਣ ਉਨ੍ਹਾਂ ਦੇ ਦਰਬਾਰੀ ਕਵੀ ਸੈਨਾਪਤੀ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ:
ਮਥਰਾ ਦੇਖ ਪ੍ਰਭੂ ਜਬ ਆਏ,
ਪੁਨਿ ਵ੍ਰਿੰਦਾਵਨ ਆਯ ਸਿਧਾਏ॥


-ਰਮੇਸ਼ ਬੱਗਾ ਚੋਹਲਾ
ਮੋਬਾ: 94631-32719

ਸ਼ਬਦ ਵਿਚਾਰ

ਸੁਣਿਐ ਸਿਧ ਪੀਰ ਸੁਰਿ ਨਾਥ॥ 'ਜਪੁ' ਪਉੜੀ ਅਠਵੀਂ

ਸੁਣਿਐ ਸਿਧ ਪੀਰ ਸੁਰਿ ਨਾਥ॥
ਸੁਣਿਐ ਧਰਤਿ ਧਵਲ ਆਕਾਸ॥
ਸੁਣਿਐ ਦੀਪ ਲੋਅ ਪਾਤਾਲ॥
ਸੁਣਿਐ ਪੋਹਿ ਨ ਸਕੈ ਕਾਲੁ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣੀਐ ਦੁਖ ਪਾਪ ਕਾ ਨਾਸੁ॥ ੮॥ (ਅੰਗ 2)
ਪਦ ਅਰਥ : ਸੁਣਿਐ-ਪ੍ਰਭੂ ਦੇ ਨਾਮ ਨੂੰ ਸੁਣਨ ਨਾਲ। ਸਿਧ-ਅਦਭੁਤ ਸ਼ਕਤੀਆਂ ਦੇ ਮਾਲਕ। ਪੀਰ-ਗੁਰੂ। ਸੁਰਿ-ਦੇਵਤੇ। ਨਾਥ-ਪੁੱਜੇ ਹੋਏ ਜੋਗੀ। ਧਰਤਿ ਧਵਲ-ਧਰਤੀ ਦਾ ਆਸਰਾ। ਦੀਪ-ਉਹ ਥਾਂ ਜਾਂ ਖੰਡ ਜਿਸ ਦੇ ਚਾਰੋਂ ਪਾਸੇ ਪਾਣੀ ਹੋਵੇ। ਲੋਅ-ਲੋਕ। ਪੋਹਿ ਨ ਸਕੈ-ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ। ਕਾਲੁ-ਮੌਤ ਦਾ (ਡਰ), ਜਮਕਾਲ ਦਾ ਡਰ। ਵਿਗਾਸੁ-ਖਿੜੇ ਰਹਿੰਦੇ ਹਨ। ਦੂਖ ਪਾਪ ਕਾ ਨਾਸੁ-ਦੁੱਖਾਂ, ਪਾਪਾਂ ਅਥਵਾ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ।
ਗੁਰਮਤਿ ਅਨੁਸਾਰ ਪਰਮਾਤਮਾ ਦੇ ਨਾਮ ਜਸ ਨੂੰ ਸਰਵਣ ਅਥਵਾ ਸੁਣਨ ਦਾ ਓਨਾ ਹੀ ਮਹਾਤਮ ਹੈ, ਜਿੰਨਾ ਉਸ ਦੀ ਸਿਫਤ ਸਾਲਾਹ ਕਰਨ ਦਾ। ਜੋ ਕੁਝ ਸੁਣਿਆ ਹੈ ਜਾਂ ਸਰਵਣ ਕੀਤਾ ਹੈ, ਉਸ ਨੂੰ ਦੂਜੇ ਕੰਨੀ ਕੱਢ ਦੇਣ ਦੀ ਬਜਾਏ ਜੇਕਰ ਇਸ ਨੂੰ ਹਿਰਦੇ ਵਿਚ ਵਸਾਇਆ ਹੈ ਜਾਂ ਵਸਾ ਲਿਆ ਹੈ ਤਾਂ ਇਸ ਦਾ ਲਾਹਾ ਜ਼ਰੂਰ ਮਿਲਦਾ ਹੈ। ਜਗਤ ਗੁਰੂ ਬਾਬਾ ਦੇ 21ਵੀਂ ਪਉੜੀ ਵਿਚ ਪਾਵਨ ਬਚਨ ਹਨ-
ਸੁਣਿਆ ਮੰਨਿਆ ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ ਮਲਿ ਨਾਉ॥ (ਅੰਗ 4)
ਮੰਨਿਆ-ਮੰਨ ਲਿਆ ਹੈ, ਮਨ ਅੰਦਰ ਵਸਾ ਲਿਆ ਹੈ। ਕੀਤਾ ਭਾਉ-ਪ੍ਰੇਮ ਕੀਤਾ ਹੈ। ਅੰਤਰਗਤਿ-ਹਿਰਦੇ ਰੂਪੀ ਅੰਦਰਲਾ। ਮਲਿ ਨਾਉ-ਮਲ ਮਲ ਕੇ ਨਹਾ ਲਿਆ ਹੈ, ਇਸ਼ਨਾਨ ਕਰ ਲਿਆ ਹੈ।
ਭਾਵ ਜਿਸ ਜਗਿਆਸੂ ਨੇ ਨਾਮ ਨੂੰ ਸੁਣ ਕੇ ਅਤੇ ਮਨ ਵਿਚ ਵਸਾ ਕੇ ਪਰਮਾਤਮਾ ਵਿਚ ਪ੍ਰੇਮ ਪਾਇਆ ਹੈ, ਉਸ ਪ੍ਰਾਣੀ ਨੇ ਆਪਣੇ ਅੰਦਰਲੇ ਹਿਰਦੇ ਰੂਪੀ ਤੀਰਥ ਵਿਚ ਚੰਗੀ ਤਰ੍ਹਾਂ ਨਾਲ ਮਲ-ਮਲ ਕੇ ਇਸ਼ਨਾਨ ਕਰ ਲਿਆ ਹੈ ਅਰਥਾਤ ਮਨ ਦੀ ਮੈਲ ਉਤਾਰ ਲਈ ਹੈ।
ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਜੋ-ਜੋ ਵੀ ਇਸ ਪਵਿੱਤਰ ਨਾਮ ਨੂੰ ਸੁਣ-ਸੁਣ ਕੇ ਆਪਣੇ ਮਨ ਵਿਚ ਵਸਾਉਂਦਾ ਹੈ, ਉਸ ਨੂੰ ਆਤਮਿਕ ਅਨੰਦ ਪ੍ਰਾਪਤ ਹੁੰਦਾ ਹੈ ਪਰ ਵਿਰਲਾ ਜਗਿਆਸੂ ਹੀ ਇਸ ਭੇਦ ਨੂੰ ਸਮਝਦਾ ਹੈ। ਜੋ ਗੁਰਮੁਖ ਇਸ ਭੇਦ ਨੂੰ ਸਮਝ ਲੈਂਦਾ ਹੈ, ਉਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਹਿੰਦਿਆਂ-ਉਠਦਿਆਂ ਭਾਵ ਕਦੇ ਵੀ ਵਿਸਰਦਾ ਨਹੀਂ। ਰਾਗੁ ਸਾਰਗ ਕੀ ਵਾਰ ਮਹਲਾ ੪ ਵਿਚ ਗੁਰੂ ਰਾਮਦਾਸ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ-
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ॥
ਸੁਣਿ ਸੁਣਿ ਮੰਨਿ ਵਸਾਈਐ
ਬੂਝੈ ਜਨੁ ਕੋਈ॥ (ਅੰਗ 1239)
ਨਿਰੰਜਨੁ-ਨਿਰ+ਅੰਜਨ, ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ, ਪਰਮਾਤਮਾ।
ਪਰਮਾਤਮਾ ਦੇ ਨਾਮ ਨੂੰ ਸੁਣਨ ਨਾਲ ਮਨ ਖਿੜ ਜਾਂਦਾ ਹੈ ਅਤੇ ਮਨ ਅੰਦਰ ਸ਼ਾਂਤੀ ਆ ਵਸਦੀ ਹੈ। ਨਾਮ ਨੂੰ ਸੁਣਿਆਂ ਮਨ ਤ੍ਰਿਪਤ ਹੋ ਜਾਂਦਾ ਹੈ ਅਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਭਾਵ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜੇਕਰ ਇਸੇ ਤਰ੍ਹਾਂ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ ਮਨ ਅੰਦਰ ਨਾਮ ਜਪਣ ਲਈ ਉਤਸ਼ਾਹ ਪੈਦਾ ਹੋ ਜਾਂਦਾ ਹੈ ਅਤੇ ਜਗਿਆਸੂ ਨਾਮ ਵਿਚ ਹੀ ਵਡਿਆਈ ਮਹਿਸੂਸ ਕਰਦਾ ਹੈ-
ਨਾਇ ਸੁਣਿਐ ਮਨੁ ਰਹਸੀਐ
ਨਾਮੇ ਸਾਂਤਿ ਆਈ॥
ਨਾਇ ਸੁਣਿਐ ਮਨੁ ਤ੍ਰਿਪਤੀਐ
ਸਭ ਦੁਖ ਗਵਾਈ॥ (ਅੰਗ 1240)
ਰਹਸੀਐ-ਖਿੜ ਜਾਂਦਾ ਹੈ। ਤ੍ਰਿਪਤੀਐ-ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ।
ਰਾਗੁ ਕਾਨੜਾ ਕੀ ਵਾਰ ਮਹਲਾ ੫ ਦੀ 9ਵੀਂ ਪਉੜੀ ਨਾਲ ਗੁਰੂ ਅਰਜਨ ਦੇਵ ਜੀ ਦਾ ਸਲੋਕ ਅੰਕਤ ਹੈ, ਜਿਸ ਵਿਚ ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿਨ੍ਹਾਂ ਜਗਿਆਸੂਆਂ ਨੇ ਪ੍ਰੇਮ ਪੂਰਬਕ ਪਰਮਾਤਮਾ ਦਾ ਨਾਮ ਸੁਣਿਆ ਹੈ, ਉਨ੍ਹਾਂ ਦੇ ਮੁੱਖ ਉਜਲੇ ਹੁੰਦੇ ਹਨ ਭਾਵ ਉਹ ਦਰਗਾਹੇ ਕਬੂਲ ਹੋ ਜਾਂਦੇ ਹਨ-
ਜਨ ਨਾਨਕ ਤੇ ਮੁਖ ਉਜਲੇ
ਜਿਨ ਹਰਿ ਸੁਣਿਆ ਮਨਿ ਭਾਇ॥
(ਅੰਗ 1316)
ਭਾਇ-ਪ੍ਰੇਮ ਪੂਰਬਕ।
ਹੇ ਭਾਈ, ਗੁਰੂ ਨੇ ਜੋ ਪ੍ਰਭੂ ਦੀ ਸਿਫਤ ਸਾਲਾਹ ਦੀ ਬਾਣੀ ਉਚਾਰੀ ਹੈ, ਇਸ ਸੋਹਣੇ ਸ਼ਬਦ ਨੂੰ ਹਰ ਵੇਲੇ ਗਾਉਂਦੇ ਰਹੋ, ਸੁਣਦੇ ਰਹੋ ਅਤੇ ਪੜ੍ਹਦੇ ਰਹੋ। ਇਸ ਨਾਲ ਪੂਰਾ ਗੁਰੂ ਆਉਣ ਵਾਲੇ ਦੁੱਖਾਂ-ਕਲੇਸ਼ਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ-
ਪ੍ਰਭ ਬਾਣੀ ਸਬਦੁ ਸੁਭਾਖਿਆ॥
ਗਾਵਹੁ ਸੁਣਹੁ ਪੜਹੁ ਨਿਤ ਭਾਈ
ਗੁਰ ਪੂਰੈ ਤੂ ਰਾਖਿਆ॥
(ਅੰਗ 611)
ਪ੍ਰਭ ਬਾਣੀ-ਪਰਮਾਤਮਾ ਦੀ ਸਿਫਤ ਸਾਲਾਹ ਦੀ ਬਾਣੀ। ਸੁਭਾਖਿਆ-ਸੋਹਣਾ ਉਚਾਰਿਆ ਹੋਇਆ। ਰਾਖਿਆ-ਰੱਖਿਆ ਕਰਦਾ ਹੈ।
ਗੁਰੂ ਅਮਰਦਾਸ ਜੀ ਰਾਗੁ ਰਾਮਕਲੀ ਅਨੰਦ ਵਿਚ ਕੰਨਾਂ ਨੂੰ ਸੰਬੋਧਨ ਕਰਕੇ ਸਮਝਾ ਰਹੇ ਹਨ ਕਿ ਹੇ ਮੇਰੇ ਕੰਨੋਂ, ਪਰਮਾਤਮਾ ਦੀ ਸਿਫਤ ਸਾਲਾਹ ਦੀ ਸੱਚੀ ਬਾਣੀ ਨੂੰ ਸੁਣਿਆ ਕਰੋ। ਬਾਣੀ ਸੁਣਨ ਲਈ ਹੀ ਪਰਮਾਤਮਾ ਨੇ ਤੁਹਾਨੂੰ ਬਣਾਇਆ ਹੈ ਅਤੇ ਸਰੀਰ ਵਿਚ ਤੁਹਾਡੀ ਸਥਾਪਨਾ ਕੀਤੀ ਹੈ-
ਏ ਸ੍ਰਵਣਹੁ ਮੇਰਿਹੋ
ਸਾਚੈ ਸੁਨਣੈ ਨੋ ਪਠਾਏ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ
ਸੁਣਹੁ ਸਤਿ ਬਾਣੀ॥ (ਅੰਗ 922)
ਏ ਸ੍ਰਵਣਹੁ ਮੇਰਿਹੋ-ਹੇ ਮੇਰੇ ਕੰਨੋ। ਸਾਚੈ-ਸੱਚੇ ਸਾਹਿਬ ਨੇ। ਪਠਾਏ-ਭੇਜਿਆ ਹੈ, ਬਣਾਇਆ ਹੈ। ਸਤਿ-ਸੱਚੀ।
ਇਸ ਬਾਣੀ ਨੂੰ ਸਰਵਣ ਕਰਨ ਨਾਲ ਮਨ ਤੇ ਤਨ ਖਿੜਿਆ ਰਹਿੰਦਾ ਹੈ ਅਤੇ ਰਸਨਾ (ਜੀਭ) ਨਾਮ ਰਸ ਵਿਚ ਭਿੱਜੀ ਰਹਿੰਦੀ ਹੈ-
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ
ਰਸਨਾ ਰਸਿ ਸਮਾਣੀ॥ (ਅੰਗ 922)
ਹਰਿਆ ਹੋਆ-ਖਿੜਿਆ ਰਹਿੰਦਾ ਹੈ। ਰਸਨਾ-ਜੀਭ। ਰਸਿ-ਨਾਮ ਰਸ। ਸਮਾਣੀ-ਭਿੱਜੀ ਰਹਿੰਦੀ ਹੈ।
ਅਸਚਰਜ ਪ੍ਰਭੂ ਦੇ ਰੂਪ ਨੂੰ ਲੱਖਿਆ ਨਹੀਂ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ-
ਸਚੁ ਅਲਖ ਵਿਡਾਣੀ
ਤਾ ਕੀ ਗਤਿ ਕਹੀ ਨ ਜਾਏ॥
(ਅੰਗ 922)
ਸਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਅਲਖ-ਜੋ ਲੱਖਿਆ ਨਾ ਜਾਏ। ਵਿਡਾਣੀ-ਅਸਚਰਜ।
ਇਸ ਲਈ ਹੇ ਕੰਨੋ, ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਨੂੰ ਸੁਣੋ, ਪਵਿੱਤਰ ਹੋ ਜਾਵੋਗੇ। ਪਰਮਾਤਮਾ ਨੇ ਤੁਹਾਨੂੰ ਇਹੋ ਸੁਣਨ ਲਈ ਭੇਜਿਆ ਅਰਥਾਤ ਬਣਾਇਆ ਹੈ-
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ
ਸਾਚੈ ਸੁਨਣੈ ਨੋ ਪਠਾਏ॥ (ਅੰਗ 922)
ਪਉੜੀ ਦੇ ਅੱਖਰੀਂ ਅਰਥ : ਪਰਮਾਤਮਾ ਦਾ ਨਾਮ ਸੁਣਨ ਵਾਲੇ ਪ੍ਰਾਣੀ ਸਿੱਧਾਂ, ਪੀਰਾਂ, ਦੇਵਤਿਆਂ ਅਤੇ ਨਾਥਾਂ ਦੀ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਧਰਤੀ ਦਾ ਆਸਰਾ ਇਕ ਪਰਮਾਤਮਾ ਹੀ ਹੈ, ਜਿਹੜਾ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਭਾਵ ਹਰ ਥਾਂ ਮੌਜੂਦ ਹੈ।
ਪਰਮਾਤਮਾ ਦੀ ਸਿਫਤ ਸਾਲਾਹ ਸਰਵਣ ਕਰਨ ਵਾਲੇ ਪ੍ਰਾਣੀ ਦੇ ਨੇੜੇ ਜਮਕਾਲ ਤੇ ਦੂਤ ਨਹੀਂ ਆਉਂਦੇ, ਮੌਤ ਦਾ ਡਰ ਵੀ ਉਨ੍ਹਾਂ ਨੂੰ ਸਤਾਉਂਦਾ ਨਹੀਂ। ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੀ ਸਿਫਤ ਸਾਲਾਹ ਸਰਵਣ ਕਰਨ ਨਾਲ ਪ੍ਰਾਣੀ ਦੇ ਸਾਰੇ ਦੁੱਖਾਂ-ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਅਤੇ ਅਜਿਹੇ ਭਗਤ ਜਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਨਕਾਰਾਤਮਕ ਸੋਚ ਤਿਆਗੋ ਅਤੇ ਸਾਕਾਰਾਤਮਕ ਸੋਚ ਅਪਣਾਓ

ਨਕਾਰਾਤਮਕ ਸੋਚ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਸਵਾਮੀ ਵਿਵੇਕਾਨੰਦ ਲਿਖਦੇ ਹਨ ਕਿ ਨਕਾਰਾਤਮਕ ਸੋਚ ਤੁਹਾਨੂੰ ਹਨੇਰੇ ਵੱਲ ਧਕੇਲਦੀ ਹੈ ਜਦਕਿ ਉਸਾਰੂ ਜਾਂ ਸਕਾਰਾਤਮਕ ਸੋਚ ਤੁਹਾਡੇ ਸਾਹਮਣੇ ਉਜਾਲਾ ਕਰਕੇ ਤਰੱਕੀ ਦੇ ਰਾਹ ਦੱਸਦੀ ਹੈ। ਨਕਾਰਾਤਮਕ ਸੋਚ ਤੁਹਾਡੀ ਸ਼ਕਤੀ ਨੂੰ ਨਸ਼ਟ ਕਰ ਕੇ ਤੁਹਾਨੂੰ ਕਮਜ਼ੋਰ ਕਰਦੀ ਹੈ। ਇਹ ਸਾਡੇ ਅੰਦਰ ਹਮੇਸ਼ਾ ਸ਼ੱਕ ਪੈਦਾ ਕਰਦੀ ਹੈ ਅਤੇ ਸਾਡੀ ਨਿਰਣਾ ਕਰਨ ਦੀ ਯੋਗਤਾ ਨੂੰ ਘਟਾਉਂਦੀ ਹੈ। ਵਿਅਕਤੀ ਆਪਣੇ ਅੰਦਰ ਦਾ ਵਿਸ਼ਵਾਸ ਗੁਆਉਂਦਾ ਜਾਂਦਾ ਹੈ ਅਤੇ ਹੌਲੀ-ਹੌਲੀ ਸਮਾਜ ਨਾਲੋਂ ਕੱਟਿਆ ਜਾਂਦਾ ਹੈ। ਉਹ ਕਿਸੇ ਵੀ ਗੱਲ ਬਾਰੇ ਫੈਸਲਾ ਨਹੀਂ ਲੈ ਸਕਦਾ। ਅਜਿਹੀ ਸੋਚ ਵਿਅਕਤੀ ਨੂੰ ਪਤਨ ਵੱਲ ਧਕੇਲਦੀ ਹੈ। ਇਸੇ ਕਰਕੇ ਸਵਾਮੀ ਵਿਵੇਕਾਨੰਦ ਕਹਿੰਦੇ ਹਨ ਕਿ ਜਿਥੋਂ ਤੱਕ ਹੋ ਸਕੇ, ਸਕਾਰਾਤਮਕ ਸੋਚ ਅਪਣਾਓ। ਇਹ ਤੁਹਾਨੂੰ ਕੇਵਲ ਸ਼ਕਤੀ ਹੀ ਨਹੀਂ ਦੇਵੇਗੀ, ਸਗੋਂ ਤੁਹਾਡੀ ਸ਼ਖ਼ਸੀਅਤ ਵਿਚ ਖਿੱਚ ਪੈਦਾ ਕਰਦੀ ਹੈ। ਅਸਲ ਖੁਸ਼ੀ ਅਤੇ ਉਤਸ਼ਾਹ ਕੇਵਲ ਉਸਾਰੂ ਸੋਚ ਨਾਲ ਹੀ ਮਿਲਦੇ ਹਨ। ਸਕਾਰਾਤਮਕ ਸੋਚ ਤੁਹਾਨੂੰ ਊਰਜਾਵਾਨ ਬਣਾਉਂਦੀ ਹੈ। ਇਸ ਲਈ ਨਕਾਰਾਤਮਕ ਸੋਚ ਤਿਆਗ ਕੇ ਸਕਾਰਾਤਮਕ ਸੋਚ ਅਪਣਾਓ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਦਾਤਾਰ ਮਹਿਮਾ
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਗ੍ਰੇਸ਼ੀਅਸ ਬੁੱਕਸ (ਪਟਿਆਲਾ)।
ਪੰਨੇ : 160, ਮੁੱਲ : 250 ਰੁਪਏ
ਸੰਪਰਕ : 94175-62053


ਧਾਰਮਿਕ ਗੀਤਾਂ ਵਾਲੀ ਜਗਜੀਤ ਮੁਕਤਸਰੀ ਦੀ ਇਸ ਸੱਜਰੀ ਪੁਸਤਕ ਵਿਚ ਉਸ ਵਲੋਂ ਲਿਖੇ ਗਏ 72 ਧਾਰਮਿਕ ਗੀਤ ਸ਼ਾਮਿਲ ਹਨ। ਪੁਸਤਕ ਦੇ ਸਿਰਲੇਖ ਤੋਂ ਹੀ ਜ਼ਾਹਰ ਹੈ ਕਿ ਇਸ ਵਿਚਲੇ ਗੀਤਾਂ ਰਾਹੀਂ ਕਰਤੇ ਦੀਆਂ ਵਡਿਆਈਆਂ ਕੀਤੀਆਂ ਗਈਆਂ ਹਨ।
ਤੂੰ ਦਾਤਾ ਦਾਤਾਰ ਦਾਤਿਆ, ਮੇਹਰ ਕਰੀਂ
ਮੇਹਰ ਕਰੀਂ ਇਕ ਵਾਰ, ਦਾਤਿਆ ਮੇਹਰ ਕਰੀਂ। (ਪੰਨਾ 8)
ਸ਼ਾਇਰ ਮੁਕਤਸਰੀ ਨੇ ਸੰਸਾਰ ਦੀ ਨਾਸ਼ਮਾਨਤਾ, ਬੰਦਗੀ ਦੀ ਦਾਤ, ਨੇਕ ਕਰਮ ਕਰਨ, ਪ੍ਰਭੂ ਦਾ ਓਟ ਆਸਰਾ ਤੱਕਣ, ਨੀਅਤ ਰਾਸ ਕਰਨ, ਨਿਮਰਤਾ, ਆਵਾਗਵਣ ਤੋਂ ਮੁਕਤੀ, ਲੋੜਵੰਦਾਂ ਦੀ ਮਦਦ ਕਰਨ, ਹੱਕ ਹਲਾਲ ਦੀ ਕਮਾਈ, ਲਾਸਾਨੀ ਸ਼ਹੀਦੀਆਂ ਅਤੇ ਪ੍ਰਭੂ ਨੂੰ ਆਪਾ ਸਮਰਪਣ ਕਰਨ ਵਰਗੇ ਵਿਸ਼ੇ ਇਨ੍ਹਾਂ ਗੀਤਾਂ ਰਾਹੀਂ ਛੋਹੇ ਹਨ। ਉਸ ਦੀ ਬੋਲੀ ਸਰਲ, ਭਾਵਪੂਰਤ ਤੇ ਮਿਠੜੀ ਹੈ। ਕੁਝ ਵੰਨਗੀਆਂ-
ਬੁਰੇ ਕੰਮਾਂ ਦੇ ਬੁਰੇ ਨਤੀਜੇ, ਕਾਲਖ ਜਿਨ੍ਹਾਂ ਲਵਾ ਲਈ ਏ।
ਸਮਝ ਲੈਣ ਉਹ ਜ਼ਿੰਦਗੀ ਆਪਣੀ ਦੁੱਖਾਂ ਦੇ ਵਿਚ ਪਾ ਲਈ ਏ। (ਪੰਨਾ 21)
-0-
ਪਾਕ ਪਵਿੱਤਰ ਧਾਮ ਹੈ ਬਾਬਾ, ਨਨਕਾਣਾ ਨਹੀਂ ਆਮ।
ਜਗਤ ਦੇ ਵਾਲੀ ਨੂੰ ਮੇਰਾ ਕੋਟ-ਕੋਟ ਪ੍ਰਣਾਮ। (ਪੰਨਾ 27)
-0-
ਸਿੰਘ ਮੌਤ ਅੱਗੇ ਨਾ ਹਾਰੇ ਜੀ।
ਭਾਵੇਂ ਚੱਲੇ ਸੀਸ 'ਤੇ ਆਰੇ ਜੀ। (ਪੰਨਾ 73)
-0-
ਰੱਖ ਡੋਰੀ ਪ੍ਰਭੂ 'ਤੇ, ਤੇਰਾ ਹੋ ਜੂ ਜਨਮ ਸੁਹੇਲਾ।
ਤਨ ਮਨ ਅਰਪਣ ਕਰ ਦੇ ਤੂੰ, ਜੀਵਨ ਹੋ ਜੂ ਨਵਾਂ ਨਿਵੇਲਾ। (ਪੰਨਾ 133)
-0-
ਤੇਰੇ ਦਰ ਦੀ ਜੋਤ ਜੇ, ਮੇਰੇ ਅੰਦਰ ਜਗ ਜਾਵੇ।
ਮੇਰਾ ਸੁਵਾਸ-ਸੁਵਾਸ ਤੇਰੇ, ਦਰ ਦੇ ਲੇਖੇ ਲੱਗ ਜਾਵੇ। (ਪੰਨਾ 103)
ਲੱਚਰਤਾ ਤੋਂ ਰਹਿਤ ਅਤੇ ਨੈਤਿਕ ਉੱਚਤਾ ਦੀ ਕਸਵੱਟੀ 'ਤੇ ਖਰੇ ਉਤਰਦੇ ਇਹ ਗੀਤ ਮਾਨਵਤਾ ਨੂੰ ਸਾਰਥਿਕ ਸੁਨੇਹੜਾ ਦਿੰਦੇ ਹਨ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com


ਕਲਿ ਤਾਰਣਿ ਗੁਰੁ ਨਾਨਕ ਆਇਆ

ਸ੍ਰੀ ਗੁਰੂ ਨਾਨਕ ਦੇਵ ਜੀ : ਜੀਵਨ ਤੇ ਪ੍ਰਮੁੱਖ ਗੁਰਦੁਆਰੇ
ਲੇਖਕ : ਡਾ: ਰੂਪ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼,
ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।
ਪੰਨੇ : 84, ਮੁੱਲ : 495 ਰੁਪਏ
ਸੰਪਰਕ : 98146-37979


ਇਸ ਪੁਸਤਕ ਵਿਚ ਨਿਰੰਕਾਰ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਜੀਵਨ, ਬਾਣੀ ਅਤੇ ਉਨ੍ਹਾਂ ਵਲੋਂ ਆਪਣੀ ਚਰਨ ਛੋਹ ਨਾਲ ਨਿਵਾਜੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੇ ਸੰਖੇਪ ਵੇਰਵੇ ਦਰਜ ਹਨ। ਇਹ ਪੁਸਤਕ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਫ਼ਰਾਂ ਦੇ ਸਾਥੀ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸਮਰਪਿਤ ਹੈ। ਪਹਿਲੇ ਪਾਤਸ਼ਾਹ ਜੀ ਅਕਾਲ ਜੋਤਿ ਹੋਣ ਕਾਰਨ ਸਭ ਦੇ ਸਾਂਝੇ ਗੁਰੂ, ਪੀਰ, ਪੈਗੰਬਰ, ਰਹਿਬਰ ਅਤੇ ਪ੍ਰਕਾਸ਼ ਪੁੰਜ ਸਨ। ਆਪ ਜੀ ਨੂੰ ਸਾਰੀ ਮਨੁੱਖਤਾ ਦਾ ਪਿਆਰ, ਸਤਿਕਾਰ, ਪ੍ਰਣਾਮ ਅਤੇ ਸਿਜਦੇ ਪ੍ਰਾਪਤ ਹੋਏ। ਆਪ ਜੀ ਦੀ ਪਾਵਨ ਯਾਦ ਸਾਰੀ ਇਨਸਾਨੀਅਤ ਦੇ ਦਿਲ ਸਿੰਘਾਸਣਾਂ 'ਤੇ ਬਿਰਾਜਮਾਨ ਹੈ। ਗੁਰੂ ਸਾਹਿਬ ਨੇ ਚਾਰ ਉਦਾਸੀਆਂ ਰਾਹੀਂ ਸਾਰੀ ਪ੍ਰਿਥਵੀ ਦਾ ਭ੍ਰਮਣ ਕਰ ਕੇ ਧਾਰਮਿਕ, ਰਾਜਸੀ ਅਤੇ ਸਮਾਜਿਕ ਜਾਗ੍ਰਿਤੀ ਪੈਦਾ ਕੀਤੀ। ਜਾਤ-ਪਾਤ, ਛੂਤ-ਛਾਤ, ਕਰਮਕਾਂਡ ਅਤੇ ਵਹਿਮਾਂ-ਭਰਮਾਂ ਨਾਲ ਛਲਣੀ ਹੋਏ ਸੰਸਾਰ ਨੂੰ ਇਕ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਸੁਕ੍ਰਿਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਮਹਾਰਾਜ ਜੀ ਕਿਸੇ ਇਕ ਧਰਮ, ਫਿਰਕੇ, ਖਿੱਤੇ, ਨਸਲ, ਭਾਸ਼ਾ, ਸਮੇਂ ਜਾਂ ਸਥਾਨ ਨਾਲ ਨਹੀਂ ਸਨ ਜੁੜੇ ਹੋਏ। ਆਪ ਜੀ ਦਾ ਸੰਦੇਸ਼ ਅਤੇ ਉਪਦੇਸ਼ ਸਰਬਦੇਸੀ ਅਤੇ ਸਰਬਕਾਲੀ ਹੈ। ਜਿਨ੍ਹਾਂ ਭੂਖੰਡਾਂ 'ਤੇ ਵਿਚਰ ਕੇ ਆਪ ਜੀ ਨੇ ਸਰਬਸਾਂਝਾ ਉਪਦੇਸ਼ ਬਖਸ਼ਿਆ, ਉਨ੍ਹਾਂ ਵਿਚੋਂ ਪ੍ਰਮੁੱਖ ਸਥਾਨਾਂ ਦੇ ਤਸਵੀਰਾਂ ਸਹਿਤ ਵੇਰਵੇ ਇਸ ਪੁਸਤਕ ਵਿਚ ਦਰਜ ਹਨ, ਜਿਵੇਂ ਪਾਕਿਸਤਾਨ, ਬੰਗਲਾਦੇਸ਼, ਨਿਪਾਲ ਅਤੇ ਭਾਰਤ ਦੇ ਗੁਰ ਅਸਥਾਨ। ਆਪ ਜੀ ਦੁਆਰਾ ਉਚਾਰੀਆਂ ਹੋਈਆਂ ਪ੍ਰਮੁੱਖ ਬਾਣੀਆਂ ਦੇ ਦਰਸ਼ਨ ਵੀ ਕਰਵਾਏ ਗਏ ਹਨ। ਵਿਦਵਾਨ ਲੇਖਕ ਨੇ ਮਹਾਰਾਜ ਜੀ ਦੇ ਦੈਵੀ ਮਿਸ਼ਨ ਦੀ ਨਿਰਮਲ ਵਿਚਾਰਧਾਰਾ ਦੀ ਵੀ ਜਾਣ-ਪਛਾਣ ਕਰਵਾਈ ਹੈ। ਸੁੰਦਰ ਛਪਾਈ, ਵਧੀਆ ਕਾਗਜ਼ ਅਤੇ ਰੰਗੀਨ ਚਿੱਤਰਾਂ ਨੇ ਪੁਸਤਕ ਦੀ ਸੋਭਾ ਨੂੰ ਚਾਰ ਚੰਨ ਲਾ ਦਿੱਤੇ ਹਨ। ਮਹਾਰਾਜ ਜੀ ਦੇ ਜੀਵਨ ਦਰਸ਼ਨ, ਵਿਚਾਰਧਾਰਾ ਅਤੇ ਵਿਸ਼ਵ ਯਾਤਰਾਵਾਂ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਇਕ ਅਨਮੋਲ ਰੂਹਾਨੀ ਦਸਤਾਵੇਜ਼ ਹੈ, ਜਿਸ ਨੂੰ ਪੜ੍ਹ ਕੇ ਹਰ ਵਰਗ, ਉਮਰ ਅਤੇ ਧਰਮ ਦੇ ਲੋਕ ਆਪਣੀ ਰੂਹ ਨੂੰ ਸਰਸ਼ਾਰ ਕਰ ਸਕਦੇ ਹਨ। ਪੜ੍ਹਨਯੋਗ, ਵਿਚਾਰਨਯੋਗ, ਸਾਂਭਣਯੋਗ ਅਤੇ ਸਤਿਕਾਰਯੋਗ ਇਸ ਪੁਸਤਕ ਦਾ ਤਹਿ-ਦਿਲੋਂ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਗੁਰਸਾਖੀ 'ਚ ਸਿੱਖਿਆ

ਸੱਚੀ ਕਿਰਤ ਦੀ ਸ਼ਕਤੀ

ਮਹਾਨ ਕੋਸ਼ ਅਨੁਸਾਰ ਸਾਖੀ ਤੋਂ ਭਾਵ ਇਤਿਹਾਸ ਅਥਵਾ ਕਥਾ ਹੈ, ਜੋ ਅੱਖੀਂ ਡਿੱਠੀ ਕਹੀ ਗਈ ਹੋਵੇ ਅਤੇ ਸਾਖੀ ਤੋਂ ਦੂਜਾ ਭਾਵ ਅਰਥ ਸਿੱਖਿਆ ਜਾਂ ਨਸੀਹਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਦੀ ਹਰੇਕ ਸਾਖੀ ਸਮੂਹ ਲੋਕਾਈ ਲਈ ਸਿੱਖਿਆ ਭਰਪੂਰ ਹੈ। ਬਾਲਪਨ ਤੋਂ ਅਸੀਂ ਪੜ੍ਹਦੇ-ਸੁਣਦੇ ਤੇ ਤਸਵੀਰਾਂ ਦੇਖਦੇ ਆ ਰਹੇ ਹਾਂ ਕਿ ਗੁਰੂ ਜੀ ਨੇ ਐਮਨਾਬਾਦ ਦੇ ਹਾਕਮ ਮਲਕ ਭਾਗੋ ਦੇ ਪਕਵਾਨਾਂ ਵਿਚੋਂ ਲਹੂ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਦੁੱਧ ਨਿਚੋੜ ਕੇ ਗਿਆਨ ਕਰਵਾ ਦਿੱਤਾ ਕਿ ਪਾਪ ਦੀ ਕਮਾਈ ਤੇ ਹੱਕ ਦੀ ਕਮਾਈ ਵਿਚ ਕੀ ਅੰਤਰ ਹੈ।
ਸਤਿਗੁਰਾਂ ਦੀ ਸਿੱਖਿਆ ਅਨੁਸਾਰ ਪਾਪ ਕਰਮ ਕਰਕੇ ਕੀਤਾ ਹੋਇਆ ਦਿਖਾਵੇ ਦਾ ਪੁੰਨ ਕਰਮ ਵੀ ਪਾਪ ਹੀ ਰਹੇਗਾ। ਮਲਕ ਭਾਗੋ ਹਉਮੈ ਬਿਰਤੀ, ਭ੍ਰਿਸ਼ਟ ਸੋਚ ਤੇ ਬੇਗਾਨੀ ਕਿਰਤ ਪ੍ਰਤੀ ਲੁੱਟ ਦਾ ਪਾਤਰ ਹੈ। ਗੁਰੂ ਜੀ ਨੇ ਅਜਿਹੇ ਅਧਰਮੀ ਦੇ ਬ੍ਰਹਮ ਭੋਜ ਨੂੰ ਪ੍ਰਵਾਨਿਆ ਨਹੀਂ, ਸਗੋਂ ਪਾਪ ਕਰਮ ਕਿਹਾ। ਇਸ ਲਈ ਸਿਰਫ ਲੋਕ ਵਿਖਾਵੇ ਦਾ ਪੁੰਨ, ਲੋਕ ਵਿਖਾਵੇ ਦਾ ਅਡੰਬਰ, ਲੋਕ ਵਿਖਾਵੇ ਦਾ ਧਰਮੀਪੁਣਾ ਚੰਗੇ ਸਮਾਜ ਲਈ ਸਦਾ ਹੀ ਘਾਤਕ ਹੁੰਦਾ ਹੈ। ਦੂਜੇ ਪਾਸੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ 'ਚੋਂ ਟਪਕਦਾ ਦੁੱਧ-ਸ਼ੁੱਧਤਾ, ਪਵਿੱਤਰਤਾ, ਬਲਵਾਨਤਾ ਤੇ ਧਰਮੀ ਪੁਰਸ਼ ਦੀ ਸੱਚੀ ਕਿਰਤ ਦੀ ਸ਼ਕਤੀ ਦਾ ਗਵਾਹ ਹੈ। ਉਸ ਘਰ ਪਰਿਵਾਰ, ਸਮਾਜ, ਕੌਮ ਜਾਂ ਦੇਸ਼ ਵਿਚ ਬਰਕਤ ਤੇ ਖੁਸ਼ਹਾਲੀ ਰਹੇਗੀ, ਜਿਥੇ ਸੱਚੇ ਕਿਰਤੀ, ਸੱਚੇ ਪ੍ਰਭੂ ਦੀ ਕੀਰਤੀ ਕਰਦੇ ਹੋਏ, ਸਚਿਆਰਾਂ ਵਾਲਾ ਜੀਵਨ ਜਿਉਂਦੇ ਹੋਣਗੇ। ਪੰਜਾਬੀ ਜੀਵਨ ਵਿਚ ਲਹੂ ਪੀਣਾ ਤੇ ਦੁੱਧ ਪੀਣਾ ਆਪਣੇ-ਆਪ ਹੀ ਭਾਵ ਅਰਥ ਸਪੱਸ਼ਟ ਕਰ ਦਿੰਦੇ ਹਨ। ਤੱਤਸਾਰ ਵਜੋਂ ਇਸ ਸਾਖੀ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਸ਼ਵ ਲਈ ਉਪਦੇਸ਼ ਹੈ ਕਿ ਸੱਚੀ ਕਿਰਤ ਹੀ ਸੁੱਖਾਂ ਦੀ ਪ੍ਰਾਪਤੀ ਤੇ ਖੁਸ਼ਹਾਲੀ ਦਾ ਖਜ਼ਾਨਾ ਹੈ।


-ਮੋਬਾ: 98159-85559

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX