ਤਾਜਾ ਖ਼ਬਰਾਂ


ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  34 minutes ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  about 1 hour ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  about 2 hours ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  about 2 hours ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  about 3 hours ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  about 4 hours ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾਈ
. . .  about 4 hours ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ

ਚਾਲਬਾਜ਼ ਹੈ?

ਤਾਪਸੀ ਪੰਨੂੰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕੀਤੀ ਹੈ ਕਿ ਉਨ੍ਹਾਂ ਨੇ ਕਲਾ ਤੇ ਸਿਨੇਮਾ, ਖੇਡ ਤੇ ਵਿਰਾਸਤ ਨੂੰ ਸਮਝ ਕੇ ਫ਼ਿਲਮ 'ਸਾਂਡ ਕੀ ਆਂਖ' ਨੂੰ ਕਰ ਮੁਕਤ ਕੀਤਾ ਹੈ। ਪਰਕਾਸ਼ੀ ਤੋਮਰ ਤੇ ਚੰਦੋ ਤੋਮਰ 'ਤੇ ਆਈ ਇਹ ਫ਼ਿਲਮ ਨਿਸ਼ਾਨੇਬਾਜ਼ੀ 'ਤੇ ਆਧਾਰਿਤ ਹੈ।
ਇਸ ਤੋਂ ਇਲਾਵਾ ਗੱਲ ਤਾਪਸੀ ਦੀ ਚੋਣ ਦੀ ਤਾਂ ਸਾਫ਼ ਸ਼ਬਦਾਂ ਵਿਚ ਉਸ ਨੇ ਇਸ਼ਾਰਾ ਦਿੱਤਾ ਹੈ ਕਿ ਪੈਸੇ ਤੇ ਗਿਣਤੀ ਨੂੰ ਪ੍ਰਤੱਖ ਤੌਰ 'ਤੇ ਠੋਕਰ ਮਾਰ ਉਹ ਕਾਮੁਕ ਤੇ ਗੰਦੇ, ਦੋਹਰੇ ਅਰਥ ਵਾਲੇ ਸੰਵਾਦ ਵਾਲੀ ਫ਼ਿਲਮ ਨਹੀਂ ਕਰੇਗੀ ਤੇ ਨਾ ਹੀ ਉਹ ਕਾਮੁਕ ਫ਼ਿਲਮਾਂ ਦੇਖਦੀ ਹੈ। ਇਥੋਂ ਤੱਕ ਕਿ ਤਾਪਸੀ ਤਾਂ ਆਈਟਮ ਗੀਤ ਨੂੰ ਵੀ ਬੁਰਾ ਮੰਨਦੀ ਹੈ।
ਵੈਸੇ ਹੈਰਾਨੀ ਹੈ ਕਿ ਤਾਪਸੀ ਨੇ 'ਜੁੜਵਾਂ-2' ਵਿਚ ਬਿਕਨੀ ਪਾਈ ਸੀ। ਮਤਲਬ ਕਿ 'ਆਪੇ ਮੈਂ ਚੰਗੀ ਆਪੇ ਮੈਂ ਬੁਰੀ' ਇਹ ਹੈ ਤਾਪਸੀ ਪੰਨੂ ਦਾ ਦੋਹਰਾ ਕਿਰਦਾਰ।
ਤਾਪਸੀ ਨੇ ਇਸ ਵਾਰ ਕੰਗਣਾ ਰਣੌਤ ਤੇ ਉਸ ਦੀ ਦੀਦੀ ਰੰਗੋਲੀ ਨੂੰ ਕਰਾਰਾ ਜਵਾਬ ਦਿੱਤਾ ਹੈ। ਕੰਗਨਾ ਪਹਿਲਾਂ ਹੀ ਛਤੀ ਦਾ ਅੰਕੜਾ ਉਸ ਨਾਲ ਰੱਖਦੀ ਹੈ ਤੇ ਰੰਗੋਲੀ ਨੇ ਕਿਹਾ ਸੀ ਕਿ ਚਿੱਟੇ ਰੰਗ 'ਤੇ ਮਾਣ ਕਰਨ ਵਾਲੀ ਤਾਪਸੀ ਨੂੰ ਅਭਿਨੈ ਦਾ ੳ ਅ ਵੀ ਨਹੀਂ ਆਉਂਦਾ। ਤਾਪਸੀ ਬੋਲੀ, 'ਤੇ ਫਿਰ ਵਿਚਾਰੇ ਨਿਰਮਾਤਾ ਪਾਗਲ ਨੇ ਜੋ ਉਸ ਨੂੰ ਆਪਣੀਆਂ ਫ਼ਿਲਮਾਂ ਵਿਚ ਲਈ ਜਾ ਰਹੇ ਨੇ।' ਤਾਪਸੀ ਕੋਲ ਤੇ 'ਥੱਪੜ' ਸਮੇਤ 4 ਨਵੀਆਂ ਫ਼ਿਲਮਾਂ ਹਨ ਤੇ ਇਹ ਦੋਵੇਂ ਭੈਣਾਂ ਈਰਖਾ ਨਾਲ ਭੁਜ-ਭੁਜ ਕੋਲਾ ਹੋ ਰਹੀਆਂ ਨੇ। ਨਾਲ ਹੀ ਤਾਪਸੀ ਨੇ ਕਿਹਾ 'ਸਲਾਮ ਦੋਵਾਂ ਵਿਚਾਰੀਆਂ ਨੂੰ, ਜੋ ਦਿਨ-ਰਾਤ ਉਸ ਦਾ ਨਾਂਅ ਲੈਂਦੀਆਂ ਨੇ।'
ਨਵੀਂ ਅਪਡੇਟ ਇਹ ਕਿ ਤਾਪਸੀ ਪੂਰੀ ਚਾਲਬਾਜ਼, ਗੁੱਸੇ ਦੀ ਪੰਡ, ਦਾਦਾਗਿਰੀ ਵਿਹਾਰ ਵਾਲੀ ਹੈ। ਮੀ ਟੂ ਤੇ ਇਕ ਜ਼ਨਾਨੀ ਪੱਤਰਕਾਰ ਨੇ ਕਿਹਾ 'ਤਾਪਸੀ ਕੀ ਕਹੇਗੀ ਇਸ ਬਾਰੇ' ਤਾਂ ਤਾਪਸੀ ਬੋਲੀ 'ਪਤਾ ਨਹੀਂ ਤੁਹਾਨੂੰ ਪੱਤਰਕਾਰ ਕਿਸ ਨੇ ਰੱਖਿਆ ਹੈ। ਇਹ ਮੁਹਿੰਮ ਆਮ ਜੇਹੀ ਘਿਸੀ-ਪਿਟੀ ਲਹਿਰ ਹੈ, ਕੁਝ ਚਜ਼ ਦਾ ਪੁੱਛੋ ਨਹੀਂ ਤੇ ਚੁੱਪ ਰਹੋ।' ਕੀ ਇਹ 'ਥੱਪੜ' ਤਾਪਸੀ ਨੇ ਆਪਣੀ ਈਰਖਾ ਤੇ ਘੁਮੰਡ ਦਾ ਨਹੀਂ ਮਾਰਿਆ।' ਮੀਡੀਆ 'ਤੇ ਵਿਚਾਰਨ ਦੀ ਗੱਲ ਹੈ 'ਅਖੇ ਔਰਤ ਨੂੰ ਆਜ਼ਾਦੀ ਪਰ ਔਰਤ ਦੀ ਹੀ ਔਰਤ ਦੁਸ਼ਮਣ। ' ਵਾਹ ਤਾਪਸੀ?


ਖ਼ਬਰ ਸ਼ੇਅਰ ਕਰੋ

ਬੰਬਈਆ ਭਾਸ਼ਾ ਸਿੱਖ ਰਹੀ ਹੈ ਅਨੰਨਿਆ ਪਾਂਡੇ

ਫ਼ਿਲਮ 'ਸਟੂਡੈਂਟ ਆਫ਼ ਦ ਯੀਅਰ-2' ਤੋਂ ਪੇਸ਼ ਹੋਈ ਅਨੰਨਿਆ ਪਾਂਡੇ ਮੁੰਬਈ ਵਿਚ ਹੀ ਜਨਮੀ ਤੇ ਪਲੀ ਹੈ। ਇਸ ਦੇ ਬਾਵਜੂਦ ਹੁਣ ਉਹ ਬੰਬਈਆ ਭਾਸ਼ਾ ਸਿੱਖ ਰਹੀ ਹੈ। ਅਨੰਨਿਆ ਦੇ ਦਾਦਾ ਜੀ ਡਾ: ਸ਼ਰਦ ਪਾਂਡੇ ਮੁੰਬਈ ਦੇ ਨਾਮੀ ਡਾਕਟਰ ਸਨ। ਪੜ੍ਹੇ-ਲਿਖੇ ਮਾਹੌਲ ਵਿਚ ਪਰਵਰਿਸ਼ ਹੋਈ ਹੋਣ ਦੀ ਵਜ੍ਹਾ ਕਰਕੇ ਅਨੰਨਿਆ ਨੂੰ ਅੰਗਰੇਜ਼ੀ ਵਿਚ ਹੀ ਗੱਲ ਕਰਨ ਦੀ ਆਦਤ ਪੈ ਗਈ ਸੀ। ਉਹ ਹਿੰਦੀ ਤਾਂ ਜਾਣਦੀ ਹੈ ਪਰ ਬੰਬਈਆ ਹਿੰਦੀ ਨਾਲ ਉਸ ਦਾ ਵਾਹ-ਵਾਸਤਾ ਨਹੀਂ ਪਿਆ ਸੀ। ਹੁਣ ਅਨੰਨਿਆ ਨੂੰ ਫ਼ਿਲਮ 'ਖਾਲੀ ਪੀਲੀ' ਲਈ ਸਾਈਨ ਕੀਤਾ ਗਿਆ ਹੈ। ਫ਼ਿਲਮ ਵਿਚ ਉਸ ਦੀ ਭੂਮਿਕਾ ਮੱਧ ਵਰਗੀ ਕੁੜੀ ਪੂਜਾ ਦੀ ਹੈ, ਜੋ ਮੁੰਬਈ ਵਿਚ ਰਹਿੰਦੀ ਹੁੰਦੀ ਹੈ ਅਤੇ ਗੱਲਬਾਤ ਵਿਚ ਬੰਬਈਆ ਹਿੰਦੀ ਦੀ ਵਰਤੋਂ ਕਰਦੀ ਹੈ। ਫ਼ਿਲਮ ਵਿਚ ਇਸ਼ਾਨ ਖੱਟਰ ਉਸ ਦੇ ਨਾਇਕ ਹਨ ਅਤੇ ਕਹਾਣੀ ਇਹ ਹੈ ਕਿ ਮੁੰਡੇ-ਕੁੜੀ ਦੀ ਮੁਲਾਕਾਤ ਕਾਲੀ ਪੀਲੀ ਵਿਚ ਹੁੰਦੀ ਹੈ। ਮੁੰਬਈਆ ਸ਼ਹਿਰ ਦੀ ਟੈਕਸੀ ਦਾ ਰੰਗ ਕਾਲਾ-ਪੀਲਾ ਹੋਣ ਨਾਲ ਬੰਬਈਆ ਭਾਸ਼ਾ ਵਿਚ ਇਸ ਨੂੰ ਕਾਲੀ ਪੀਲੀ ਵੀ ਕਿਹਾ ਜਾਂਦਾ ਹੈ। ਫ਼ਿਲਮ ਦੀ ਕਹਾਣੀ ਮੁੰਬਈ ਸ਼ਹਿਰ 'ਤੇ ਆਧਾਰਿਤ ਹੈ। ਸੋ, ਇਥੇ ਕਿਰਦਾਰਾਂ ਨੂੰ ਬੰਬਈਆ ਭਾਸ਼ਾ ਵਿਚ ਗੱਲ ਕਰਦੇ ਦਿਖਾਇਆ ਜਾਵੇਗਾ। ਇਸ ਵਜ੍ਹਾ ਕਰਕੇ ਫ਼ਿਲਮ ਦੇ ਨਿਰਦੇਸ਼ਕ ਮਕਬੂਲ ਖਾਨ ਨੇ ਅਨੰਨਿਆ ਨੂੰ ਇਹ ਹਦਾਇਤ ਦਿੱਤੀ ਕਿ ਉਹ ਇਸ ਮਹਾਨਗਰ ਵਿਚ ਬੋਲੀ ਜਾਂਦੀ ਹਿੰਦੀ ਬੋਲਣੀ ਸਿੱਖ ਲਵੇ ਤਾਂ ਕਿ ਆਪਣੇ ਸੰਵਾਦਾਂ ਵਿਚ ਅਪੂਨ, ਤੇਰੇ ਕੁ, ਭੰਕਸ ਆਦਿ ਬੰਬਈਆ ਸ਼ਬਦ ਬੋਲਣ ਵਿਚ ਮੁਸ਼ਕਿਲ ਨਾ ਹੋਵੇ। ਉਨ੍ਹਾਂ ਦੀ ਸਲਾਹ ਨੂੰ ਅਮਲ ਵਿਚ ਲਿਆਉਂਦੇ ਹੋਏ ਹੁਣ ਅਨੰਨਿਆ ਬੰਬਈਆ ਹਿੰਦੀ ਤੇ ਇਸ ਨੂੰ ਬੋਲਣ ਦਾ ਢੰਗ ਸਿੱਖ ਰਹੀ ਹੈ।

ਇਮਰਾਨ ਹਾਸ਼ਮੀ ਗੇਮਚੇਂਜਰ

ਨੈਟਫਲਿਕਸ ਨੇ ਇਮਰਾਨ ਹਾਸ਼ਮੀ ਦੇ ਕਾਫੀ ਦੇਰ ਤੋਂ ਰੁੱਸੇ ਪਏ ਕਰਮਾਂ ਨੂੰ ਭਾਗ ਲਾ ਦਿੱਤੇ ਹਨ। 'ਬਾਰਡ ਆਫ਼ ਬਲੱਡ' ਦਾ ਟਰੇਲਰ ਆਇਆ ਹੈ ਜੋ ਨੈਟ ਵਾਲਿਆਂ ਦੀ 'ਵੈੱਬ ਸੀਰੀਜ਼' ਹੈ। ਸ਼ਾਹਰੁਖ ਖ਼ਾਨ ਦੇ ਨਿਰਮਾਣ ਘਰ 'ਰੈੱਡ ਚਿਲੀਜ਼' ਦੇ ਸਹਿਯੋਗ ਨਾਲ ਬਣੀ ਇਸ ਸੀਰੀਜ਼ 'ਚ ਇਮਰਾਨ ਦੇ ਨਾਲ ਸੋਬਿਤਾ ਤੇ ਵਿਨਤ ਕੁਮਾਰ ਹਨ। ਦੱਖਣ ਦੇ ਅਦਾਕਾਰ ਜੀਤੂ ਜੋਸੇਫ਼ ਨੇ ਆਪਣੀ ਪਹਿਲੀ ਹਿੰਦੀ ਫ਼ਿਲਮ ਬਤੌਰ ਅਭਿਨੇਤਾ ਤੇ ਨਿਰਮਾਤਾ ਵਜੋਂ ਇਮਰਾਨ ਨੂੰ ਵੀ ਲਿਆ ਹੈ। ਫ਼ਿਲਮ 'ਚ ਇਮਰਾਨ ਦੇ ਨਾਲ ਰਿਸ਼ੀ ਵੀ ਹੋਣਗੇ। ਫ਼ਿਲਮ ਦਾ ਨਾਂਅ ਪਹਿਲੇ 'ਗੇਮਚੇਂਜਰ' ਰੱਖਣ ਦੀ ਗੱਲ ਹੋਈ ਹੈ। ਵੈਸੇ ਵੀ ਇਹ ਫ਼ਿਲਮ ਇਮਰਾਨ ਦੇ ਗੁਆਚੇ ਹੋਏ ਕੈਰੀਅਰ ਨੂੰ ਲੱਭਣ 'ਚ ਮਦਦਗਾਰ ਤੇ ਫ਼ਿਲਮੀ ਖੇਡ ਤਬਦੀਲ ਕਰਨ ਵਾਲੀ ਸੱਚੀਂ-ਮੁੱਚੀਂ ਆਪਣੇ 'ਸੀਰੀਅਲ ਕਿਲਰ' ਇਮਰਾਨ ਹਾਸ਼ਮੀ ਲਈ 'ਗੇਮਚੇਂਜਰ' ਸਾਬਤ ਹੋ ਸਕਦੀ ਹੈ। ਸੱਤਰ ਫ਼ੀਸਦੀ ਤੱਕ ਬਣ ਚੁੱਕੀ ਫ਼ਿਲਮ 'ਚੇਹਰੇ' ਵਿਚ ਅਮਿਤਾਭ ਬੱਚਨ ਦੇ ਨਾਲ ਇਮਰਾਨ ਹੈ ਤੇ ਰੂਮੀ ਜਾਫਰੀ ਨਿਰਦੇਸ਼ਤ ਇਸ ਫ਼ਿਲਮ 'ਚ 'ਬਿੱਗ ਬੀ' ਨਾਲ ਕੰਮ ਕਰਨਾ ਇਮਰਾਨ ਨੂੰ ਕਿਸਮਤ ਦੀ ਲਕੀਰ ਸੋਨੇ ਦੀ ਰੇਖਾ ਬਣਨ ਵਾਲੀ ਗੱਲ ਹੈ। ਭੱਟ ਪਰਿਵਾਰ ਨੇ ਵੀ ਫਿਰ ਆਪਣੇ ਖਾਸਮਖਾਸ ਇਮਰਾਨ ਨੂੰ 'ਅਰਥ' ਦੇ ਵਿਚ ਨਵੇਂ ਸਿਰਿਉਂ ਫ਼ਿਲਮਾਂਕਣ (ਰੀਮੇਕ) ਲਈ ਚੁਣਿਆ ਹੈ। ਇਮਰਾਨ ਦੇ ਨਾਲ ਜੈਕਲਿਨ ਹੋਵੇਗੀ। 16 ਸਾਲ ਦੇ ਫ਼ਿਲਮੀ ਸਫ਼ਰ 'ਚ 40 ਸਾਲ ਦੇ ਇਮਰਾਨ ਨੂੰ ਅੱਜ ਵੀ ਗੁਲੂਕੋਜ਼-3 ਦੇ ਠੰਢੇ ਘੋਲ ਤੋਂ ਇਲਾਵਾ ਕੋਈ ਵਿਸ਼ੇਸ਼ ਖੁਰਾਕ ਨਹੀਂ ਬਲਕਿ ਖਾਂਦਾ ਦਾਲ-ਰੋਟੀ ਹੀ ਹੈ ਤੇ ਫਿਰ ਵੀ ਫਿੱਟ...। 'ਗੇਮਚੇਂਜਰ' ਇਮਰਾਨ ਨੂੰ 'ਵਾਯੂ ਸੈਨਾ' ਫ਼ਿਲਮ ਵੀ ਮਿਲੀ ਹੋਈ ਹੈ। 1971 ਦੇ ਯੁੱਧ ਉੱਪਰ ਬਣ ਰਹੀ ਇਸ ਫ਼ਿਲਮ 'ਚ 'ਏਅਰਫੋਰਸ ਅਫਸਰ' ਇਮਰਾਨ ਬਣੇਗਾ। 'ਫਾਈਟਰ ਜੈੱਟਸ, ਏਅਰਬੇਸ ਲਈ ਸਰਕਾਰੀ ਪ੍ਰਵਾਨਗੀ ਨਿਰਮਾਤਾ ਨੂੰ ਮਿਲ ਗਈ ਹੈ। 'ਚੁੰਮਣਾ ਦੇ ਰਾਜੇ' ਇਮਰਾਨ ਹਾਸ਼ਮੀ ਦੇ 'ਚੇਹਰੇ' 'ਤੇ 40 ਸਾਲ ਦੀ ਉਮਰ 'ਚ ਵੀ ਖ਼ੁਸ਼ੀਆਂ ਦੇ ਖੇੜੇ ਬਰਕਰਾਰ ਹਨ। ਗੱਲ ਦਾ 'ਅਰਥ' ਇਹੀ ਨੇ ਕਿ ਇਮਰਾਨ ਦਾ ਕੈਰੀਅਰ ਫਿਰ ਚਮਕਣ ਲੱਗਾ ਹੈ।

ਯਾਮੀ ਗੌਤਮ

ਸਰਕਾਰੀ ਮਹਿਮਾਨ

ਆ ਰਹੀਆਂ ਫ਼ਿਲਮਾਂ 'ਚ ਯਾਮੀ ਗੌਤਮ ਦਾ ਕੰਮ ਵੱਖੋ-ਵੱਖਰਾ ਹੈ। ਸ਼ਾਨਦਾਰ ਹੈ, ਮਜ਼ੇਦਾਰ ਹੈ, 'ਉੜੀ' ਤੋਂ ਬਾਅਦ ਯਾਮੀ ਇਕ ਪ੍ਰਤਿਭਾ ਦੀ ਮੂਰਤ ਬਣ ਕੇ ਬੀ-ਟਾਊਨ ਦੀ ਨਜ਼ਰ 'ਚ ਸਥਾਪਤ ਹੋ ਗਈ ਹੈ। 'ਮਿੰਨੀ ਵੈਡਜ਼ ਸੰਨੀ' ਤੇ ਵਿਆਹ ਦੀ ਇਹ ਫ਼ਿਲਮ, ਵਿਆਹ ਦੇ ਪਹਿਰਾਵੇ, ਰੀਤੀ-ਰਿਵਾਜ ਯਾਮੀ ਲਈ ਇਹ ਸੱਭਿਆਚਾਰਕ ਕਿਸਮ ਦਾ ਕਿਰਦਾਰ ਨਿਭਾਉਣ ਦਾ ਅਲੱਗ ਹੀ ਮਜ਼ਾ ਹੈ। ਇਸ ਵਿਚ ਯਾਮੀ ਦੇ ਨਾਲ ਵਿਕਰਾਂਤ ਐਮੀ ਹੈ। ਦਿਲਜੀਤ ਦੋਸਾਂਝ ਨਾਲ ਵੀ ਪਹਿਲੀ ਵਾਰ ਯਾਮੀ ਫ਼ਿਲਮ ਕਰ ਰਹੀ ਹੈ। ਟਿਪਸ ਦੀ ਇਹ ਫ਼ਿਲਮ ਵੀ ਯਾਮੀ ਲਈ ਖਾਸ ਹੈ। ਯਾਮੀ ਦੀ ਸਭ ਤੋਂ ਖਾਸ ਫ਼ਿਲਮ ਹੈ, 'ਬਾਲਾ' ਜਿਸ ਲਈ ਕਰ-ਕਰ ਯੋਗਾ ਉਹ ਹੋਰ ਪਤਲੀ ਤੇ ਫੁਰਤੀਲੀ ਹੋਈ ਹੈ, ਫੁਰਸਤ ਦੇ ਸਮੇਂ ਯਾਮੀ ਨੂੰ ਆਪਣਾ ਘਰ ਬਹੁਤ ਯਾਦ ਆਉਂਦਾ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਧਰਮਸ਼ਾਲਾ 'ਚ ਇਸ ਹਫ਼ਤੇ ਹੀ ਤੇ ਅੱਜ ਦੇ ਦਿਨ ਹੀ 8 ਨਵੰਬਰ ਨੂੰ ਵਿਸ਼ਵ ਨਿਵੇਸ਼ਕ ਸੰਮੇਲਨ ਸ਼ਿਮਲਾ 'ਚ ਰੱਖਿਆ ਹੈ ਤੇ ਯਾਮੀ ਗੌਤਮ ਸਰਕਾਰ ਦੇ ਇਸ ਪ੍ਰੋਗਰਾਮ ਦੀ ਮੁੱਖ ਸੂਤਰਧਾਰ ਬਣੀ ਹੈ। ਬਰਾਂਡ ਅੰਬੈਸਡਰ ਬਣੀ ਹੈ। ਮੁੰਬਈ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਸਰਕਾਰੀ ਜਸ਼ਨ ਤੇ ਉਹ ਕਾਂਗੜਾ ਪਹੁੰਚੇਗੀ। ਸਿਰਫ਼ 5 ਲੱਖ ਰੁਪਿਆ ਹੀ ਸਰਕਾਰ ਤੋਂ ਯਾਮੀ ਨੇ ਲਿਆ ਹੈ। ਧਰਮਸ਼ਾਲਾ 'ਚ ਹੋ ਰਹੇ ਸੰਮੇਲਨ 'ਚ ਉਹ ਭਾਸ਼ਣ ਵੀ ਦੇਵੇਗੀ। ਇਕ ਤਰ੍ਹਾਂ ਨਾਲ ਆਪਣੇ ਘਰੇਲੂ ਘਰ ਬਿਲਾਸਪੁਰ ਵੀ ਉਹ ਜਾਣ ਹੀ ਵਾਲੀ ਹੈ। 15 ਨਵੰਬਰ ਨੂੰ ਯਾਮੀ ਦੀ ਨਵੀਂ ਫ਼ਿਲਮ 'ਬਾਲਾ' ਆ ਰਹੀ ਹੈ। ਯਾਮੀ ਦੀ ਹਿਮਾਚਲ 'ਚ ਪੈਲੀ ਵੀ ਹੈ ਤੇ ਪੈਦਾਵਾਰ ਦਾ ਹਿਸਾਬ-ਕਿਤਾਬ ਵੀ ਉਸ ਨੇ ਕਰਨਾ ਹੁੰਦਾ ਹੈ। ਜੈਵਿਕ ਖਾਦਾਂ ਦੀ ਵਰਤੋਂ ਨਾਲ ਯਾਮੀ ਦੀ ਪੈਲੀ 'ਚ ਵਾਹੀ, ਬਿਜਾਈ ਹੋ ਰਹੀ ਹੈ। ਇਹ ਹਿਮਾਚਲੀ 'ਬਾਲਾ' ਕੁਦਰਤ ਨੂੰ ਪਿਆਰ ਕਰਦੀ ਹੈ। ਕੁਦਰਤੀ ਰੰਗਾਂ ਦਾ ਮਹੱਤਵ ਸਮਝਦੀ ਹੈ। ਹਿਮਾਚਲ ਸਰਕਾਰ ਖ਼ੁਸ਼ ਹੈ ਕਿ ਯਾਮੀ ਦੇ ਆਉਣ ਨਾਲ ਨਿਵੇਸ਼ਕ ਖੂਬ ਦਿਲਚਸਪੀ ਲੈ ਰਹੇ ਹਨ ਤੇ ਯਾਮੀ ਸਰਕਾਰੀ ਪ੍ਰਾਹੁਣੀ ਬਣ ਕੇ ਖੁਸ਼ ਹੈ।


-ਸੁਖਜੀਤ ਕੌਰ

ਦੀਪਿਕਾ ਹੁਣ ਦ੍ਰੋਪਦੀ ਦੀ ਭੂਮਿਕਾ ਵਿਚ

ਫ਼ਿਲਮ 'ਬਾਜੀਰਾਓ ਮਸਤਾਨੀ' ਵਿਚ ਮਸਤਾਨੀ ਅਤੇ ਉਸ ਤੋਂ ਬਾਅਦ ਰਾਣੀ ਪਦਮਾਵਤੀ ਦੀ ਭੂਮਿਕਾ ਨੂੰ ਵੱਡੇ ਪਰਦੇ 'ਤੇ ਨਿਭਾਉਣ ਵਾਲੀ ਦੀਪਿਕਾ ਪਾਦੂਕੋਨ ਹੁਣ ਦ੍ਰੋਪਦੀ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ।
ਦੀਪਿਕਾ ਨੇ ਹੁਣ ਮਹਾਭਾਰਤ ਦੇ ਗ੍ਰੰਥ 'ਤੇ ਆਧਾਰਿਤ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਫ਼ਿਲਮ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਵਿਚ ਦ੍ਰੋਪਦੀ ਦੇ ਨਜ਼ਰੀਏ ਤੋਂ ਕਹਾਣੀ ਪੇਸ਼ ਕੀਤੀ ਜਾਵੇਗੀ। ਉਹ ਖ਼ੁਦ ਇਸ ਵਿਚ ਦ੍ਰੋਪਦੀ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਦਾ ਨਿਰਮਾਣ ਉਹ ਨਿਰਮਾਤਾ ਮਧੂ ਮੰਟੇਨਾ ਦੇ ਨਾਲ ਮਿਲ ਕੇ ਕਰ ਰਹੀ ਹੈ।
ਨਿਰਮਾਤਰੀ ਦੇ ਤੌਰ 'ਤੇ ਦੀਪਿਕਾ ਇਨ੍ਹੀਂ ਦਿਨੀਂ 'ਛਪਾਕ' ਬਣਾ ਰਹੀ ਹੈ। ਮੇਘਨਾ ਗੁਲਜ਼ਾਰ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਉਹ ਐਸਿਡ ਅਟੈਕ ਦਾ ਸ਼ਿਕਾਰ ਹੋਈ ਔਰਤ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਦੀ ਕਹਾਣੀ ਅਸਲ ਕਿਰਦਾਰ ਲਕਸ਼ਮੀ ਅਗਰਵਾਲ 'ਤੇ ਆਧਾਰਿਤ ਹੈ। ਭਾਰਤ ਦੇ ਪਹਿਲੇ ਕ੍ਰਿਕਟ ਵਿਸ਼ਵ ਕੱਪ ਦੀ ਜਿੱਤ 'ਤੇ ਬਣਾਈ ਜਾ ਰਹੀ ''83' ਦੇ ਨਿਰਮਾਣ ਵਿਚ ਵੀ ਉਹ ਹੱਥ ਵੰਡਾ ਰਹੀ ਹੈ ਅਤੇ ਹੁਣ ਫ਼ਿਲਮ ਨਿਰਮਾਣ ਵਿਚ ਹੌਸਲਾ ਵੱਧਦਾ ਦੇਖ ਕੇ ਉਸ ਨੇ ਮਹਾਭਾਰਤ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਹੈ।
ਇਸ ਫ਼ਿਲਮ ਦੇ ਨਿਰਦੇਸ਼ਨ ਦੀ ਕਮਾਨ ਕਿਸ ਨੂੰ ਸੌਂਪੀ ਜਾਵੇ, ਇਸ 'ਤੇ ਸੋਚ-ਵਿਚਾਰ ਚੱਲ ਰਿਹਾ ਹੈ ਅਤੇ ਨਿਰਦੇਸ਼ਕ ਫਾਈਨਲ ਹੋਣ ਤੋਂ ਬਾਅਦ ਇਹ ਨਿਰਣਾ ਲਿਆ ਜਾਵੇਗਾ ਕਿ ਇਸ ਵਿਚ ਪਾਂਡਵਾਂ ਦੀ ਭੂਮਿਕਾ ਵਿਚ ਕਿਹੜਾ-ਕਿਹੜਾ ਹੋਵੇਗਾ।
ਦੀਪਿਕਾ ਅਨੁਸਾਰ ਫ਼ਿਲਮ ਵਿਚ ਮਹਾਂਭਾਰਤ ਦੀਆਂ ਮੁੱਖ ਘਟਨਾਵਾਂ ਦੀ ਪੇਸ਼ਕਾਰੀ ਵਿਸਥਾਰ ਨਾਲ ਕੀਤੀ ਜਾਵੇਗੀ ਅਤੇ ਇਸ ਵਜ੍ਹਾ ਨਾਲ ਇਹ ਫ਼ਿਲਮ ਦੋ ਜਾਂ ਉਸ ਤੋਂ ਜ਼ਿਆਦਾ ਹਿੱਸਿਆਂ ਵਿਚ ਬਣਾਈ ਜਾਵੇਗੀ।
ਦੇਖੋ, ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਨੂੰ ਇਸ ਵਿਚ ਕਿਸ ਕਿਰਦਾਰ ਵਿਚ ਪੇਸ਼ ਕਰਦੀ ਹੈ।

ਰਾਏਬਰੇਲੀ ਤੋਂ ਆਈ ਰੁਚੀ ਸਿੰਘ

ਭਾਰਤੀ ਰਾਜਨੀਤੀ ਵਿਚ ਉੱਤਰ ਪ੍ਰਦੇਸ਼ ਦੇ ਸ਼ਹਿਰ ਰਾਏਬਰੇਲੀ ਦਾ ਚੰਗਾ ਮਹੱਤਵ ਹੈ। ਗਾਂਧੀ ਪਰਿਵਾਰ ਦਾ ਚੋਣ ਖੇਤਰ ਹੋਣ ਦੀ ਵਜ੍ਹਾ ਕਰਕੇ ਲੋਕ ਸਭਾ ਚੋਣਾਂ ਦੌਰਾਨ ਰਾਏਬਰੇਲੀ ਬਹੁਤ ਚਰਚਾ ਵਿਚ ਰਹਿੰਦਾ ਹੈ। ਲਗਦਾ ਹੈ ਹੁਣ ਬਾਲੀਵੁੱਡ ਦੇ ਗਲਿਆਰੇ ਵਿਚ ਵੀ ਇਸ ਸ਼ਹਿਰ ਦਾ ਨਾਂਅ ਸੁਣਾਈ ਦੇਣ ਲੱਗੇਗਾ ਕਿਉਂਕਿ ਇਸ ਸ਼ਹਿਰ ਦੀ ਸੁੰਦਰੀ ਰੁਚੀ ਸਿੰਘ ਫ਼ਿਲਮ 'ਬਾਗਪਤ ਕਾ ਦੁਲਹਾ' ਰਾਹੀਂ ਫ਼ਿਲਮਾਂ ਵਿਚ ਦਾਖਲ ਹੋ ਰਹੀ ਹੈ ਅਤੇ ਉਸ ਦੀ ਪ੍ਰਤਿਭਾ ਦੇ ਚਰਚੇ ਸੁਣਾਈ ਦੇਣ ਲੱਗੇ ਹਨ।
ਇਹ ਰੁਚੀ ਦੀ ਪਹਿਲੀ ਫ਼ਿਲਮ ਹੈ ਅਤੇ ਇਸ ਵਿਚ ਉਸ ਵਲੋਂ ਅੰਜਲੀ ਦਾ ਕਿਰਦਾਰ ਨਿਭਾਇਆ ਗਿਆ ਹੈ। ਕਹਾਣੀ ਵਿਚ ਅੰਜਲੀ ਨੂੰ ਉੱਤਰ ਪ੍ਰਦੇਸ਼ ਦੇ ਹੀ ਛੋਟੇ ਜਿਹੇ ਸ਼ਹਿਰ ਬਾਗਪਤ ਵਿਚ ਰਹਿੰਦੇ ਦਿਖਾਇਆ ਗਿਆ ਹੈ। ਰੁਚੀ ਅਨੁਸਾਰ ਖ਼ੁਦ ਉੱਤਰ ਪ੍ਰਦੇਸ਼ ਦੀ ਹੋਣ ਦੀ ਵਜ੍ਹਾ ਨਾਲ ਉਸ ਨੂੰ ਇਸ ਭੂਮਿਕਾ ਲਈ ਚੁਣਿਆ ਗਿਆ ਸੀ।
ਉਹ ਕਹਿੰਦੀ ਹੈ, 'ਜਦੋਂ ਮੈਨੂੰ ਇਸ ਫ਼ਿਲਮ ਦੇ ਪ੍ਰਾਜੈਕਟ ਬਾਰੇ ਪਤਾ ਲੱਗਿਆ ਤਾਂ ਮੈਂ ਨਿਰਮਾਤਾ ਦੇ ਦਫ਼ਤਰ ਪਹੁੰਚ ਗਈ। ਉਥੇ ਮੈਨੂੰ ਦੋ ਲਾਈਨ ਦਾ ਸੰਵਾਦ ਦਿੱਤਾ ਗਿਆ ਅਤੇ ਆਪਣੇ ਸਟਾਈਲ ਵਿਚ ਇਸ ਦਾ ਵਿਸਤਾਰ ਕਰਨ ਨੂੰ ਤੇ ਬੋਲਣ ਨੂੰ ਕਿਹਾ ਗਿਆ। ਮੈਂ ਯੂ. ਪੀ. ਵਾਲਾ ਟੱਚ ਦੇ ਕੇ ਇਸ ਸੰਵਾਦ ਨੂੰ ਪੇਸ਼ ਕੀਤਾ ਅਤੇ ਕੁਝ ਹੀ ਦੇਰ ਬਾਅਦ ਦੱਸ ਦਿੱਤਾ ਗਿਆ ਕਿ ਮੈਨੂੰ ਫਾਈਨਲ ਕਰ ਲਿਆ ਗਿਆ ਹੈ। ਫ਼ਿਲਮ ਵਿਚ ਅੰਜਲੀ ਨੂੰ ਆਪਣੇ ਪਾਪਾ ਦੀ ਲਾਡਲੀ ਦਿਖਾਇਆ ਗਿਆ ਹੈ ਅਤੇ ਅੰਜਲੀ ਹੀ ਆਪਣੇ ਪਿਤਾ ਦਾ ਕੇਬਲ ਦਾ ਕਾਰੋਬਾਰ ਸੰਭਾਲਦੀ ਹੈ। ਇਸ ਕਾਰੋਬਾਰ ਦੇ ਚਲਦਿਆਂ ਦੂਜਿਆਂ 'ਤੇ ਰੋਹਬ ਝਾੜਨਾ ਵੀ ਉਸ ਦੇ ਸੁਭਾਅ ਵਿਚ ਆ ਗਿਆ ਹੁੰਦਾ ਹੈ। ਆਪਣੀ ਪਹਿਲੀ ਹੀ ਫ਼ਿਲਮ ਵਿਚ ਇਸ ਤਰ੍ਹਾਂ ਦੀ ਦਮਦਾਰ ਭੂਮਿਕਾ ਨਿਭਾਉਣ ਵਿਚ ਬਹੁਤ ਮਜ਼ਾ ਆਇਆ ਅਤੇ ਇਥੇ ਕਹਾਣੀ ਦੀ ਖ਼ਾਸ ਗੱਲ ਇਹ ਹੈ ਕਿ ਫ਼ਿਲਮ ਦੇ ਹੀਰੋ ਦਾ ਵੀ ਕੇਬਲ ਦਾ ਕਾਰੋਬਾਰ ਹੈ ਅਤੇ ਇਸ ਤਰ੍ਹਾਂ ਇਸ ਵਿਚ ਛੋਟੇ ਸ਼ਹਿਰ ਦੇ 'ਕੇਬਲ ਵਾਰ' ਦੀ ਝਾਕੀ ਵੀ ਪੇਸ਼ ਕੀਤੀ ਗਈ ਹੈ। ਯੂ. ਪੀ. ਦੀ ਹੋਣ ਦੀ ਵਜ੍ਹਾ ਕਰਕੇ ਮੈਨੂੰ ਇਹ ਭੂਮਿਕਾ ਨਿਭਾਉਣ ਵਿਚ ਸੌਖ ਰਹੀ ਅਤੇ ਫ਼ਿਲਮ ਦੀ ਸ਼ੂਟਿੰਗ ਯੂ. ਪੀ. ਵਿਚ ਹੀ ਹੋਣ ਦੀ ਵਜ੍ਹਾ ਕਰਕੇ ਪੂਰਾ ਮਾਹੌਲ ਵੀ ਆਪਣਾ ਜਿਹਾ ਲੱਗਿਆ ਸੀ।'
ਰੁਚੀ ਦੇ ਪਿਤਾ ਇੰਟੈਲੀਜੈਂਸ ਬਿਊਰੋ ਵਿਚ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਹੀ ਬੇਟੀ ਨੂੰ ਅਭਿਨੈ ਦੀ ਦੁਨੀਆ ਵਿਚ ਕਿਸਮਤ ਅਜ਼ਮਾਉਣ ਲਈ ਪ੍ਰੇਰਿਤ ਕੀਤਾ ਸੀ। ਜਦੋਂ ਰੁਚੀ ਰਾਏਬਰੇਲੀ ਤੋਂ ਮੁੰਬਈ ਆਈ ਤਾਂ ਇਥੇ ਬਾਲੀਵੁੱਡ ਦੀ ਚਮਕ-ਦਮਕ ਦੇਖ ਕੇ ਅਚੰਭਿਤ ਰਹਿ ਗਈ ਸੀ।
**

ਨਿਮਰਤ ਕੌਰ

ਸਫ਼ਲਤਾ ਦੀ ਚੋਟੀ ਤਕ ਜਾਣ ਦਾ ਹਠ

ਆਪਣੇ ਜਿਸਮ ਤੇ ਸਿਹਤ ਦੀ ਸੰਭਾਲ ਦਾ ਖਾਸ ਧਿਆਨ ਨਿਮਰਤ ਕੌਰ ਰੱਖਦੀ ਹੈ। ਦੋ ਘੰਟੇ ਕਸਰਤ ਦੇ ਫਾਰਮੂਲੇ ਆਪਣੇ 'ਤੇ ਲਾਗੂ ਕਰਦੀ ਹੈ। ਰਵੀ ਸ਼ਾਸਤਰੀ ਨਾਲ ਨਿਮੀ ਦਾ ਨਾਂਅ ਜੁੜਿਆ ਪਰ ਆਖਿਰ ਉਸ ਨੂੰ ਕਹਿਣਾ ਹੀ ਪਿਆ ਕਿ ਸਿਵਾਏ ਬਦਨਾਮ ਕਰਨ ਦੇ ਬੀ-ਟਾਊਨ ਦੇ ਫ਼ਿਲਮੀ ਪੱਤਰਕਾਰ ਕਰਦੇ ਵੀ ਕੀ ਹਨ? 'ਲੰਚ ਬਾਕਸ', 'ਏਅਰ ਲਿਫਟ' ਫ਼ਿਲਮਾਂ ਵਾਲੀ ਨਿਮਰਤ ਕੌਰ ਨੇ ਸਾਰਾ ਭਾਰਤ ਘੁੰਮਿਆ ਹੈ, ਪੰਜਾਬ ਵੀ ਪੜ੍ਹੀ, ਦਿੱਲੀ ਵੀ, ਅਸਾਮ ਵੀ, ਯੂ.ਪੀ. ਵੀ ਤੇ ਮਦਰਾਸ ਵੀ, ਇਸ ਲਈ ਬਹੁਤ ਸਾਰੀਆਂ ਭਾਸ਼ਾਵਾਂ ਦੀ ਜਾਣਕਾਰ ਉਹ ਹੈ। ਅਮਰੀਕਨ ਟੀ.ਵੀ. ਲੜੀ 'ਵੇਵਾਰਡ ਪਾਈਨਜ਼' ਵੀ ਉਹ ਕਰ ਚੁੱਕੀ ਹੈ। ਇਕ ਹੋਰ ਬੜੀ 'ਹੋਮਲੈਂਡ' ਵੀ ਉਸ ਨੇ ਤਿੰਨ ਮਹੀਨੇ ਪਹਿਲਾਂ ਕੀਤੀ ਹੈ। ਰਿਤੂ ਕੁਮਾਰ ਪਹਿਲੀ ਟੀ.ਵੀ. ਸੀ. (ਐਕਸਚੇਂਜ ਫਾਰ ਮੀਡੀਆ) ਦੀ ਬਰਾਂਡ ਅੰਬੈਸਡਰ ਵੀ ਉਹ ਰਹਿ ਚੁੱਕੀ ਹੈ। ਯਕੀਨ ਕਰਨ ਵਾਲੀ ਖਾਸ ਗੱਲ ਇਹ ਹੈ ਕਿ ਚੜ੍ਹਦੀ ਜਵਾਨੀ 'ਚ ਕੁੜੀਆਂ ਹੀਰੋਇਨਾਂ ਬਣਦੀਆਂ ਨੇ ਪਰ ਨਿਮਰਤ ਨੇ 30 ਸਾਲ ਦੀ ਉਮਰ 'ਚ ਤਾਂ ਆਪਣਾ ਕੈਰੀਅਰ ਹੀ ਸ਼ੁਰੂ ਕੀਤਾ ਤੇ ਦੇਖ ਲਓ ਵੇਖਦੇ-ਵੇਖਦੇ ਉਹ ਸਫ਼ਲ ਹੀਰੋਇਨ ਬਣ ਗਈ। ਰਹਿ ਗਈਆਂ ਖੁੱਡੇ ਲਾਈਨ ਉਮਰਾਂ ਦੀਆਂ ਗੱਲਾਂ। ਉਮਰਾਂ ਦੇ ਸੌਦੇ ਨਫੇ ਵਾਲੇ ਨਿਮੀ ਲਈ ਰਹੇ ਹਨ। ਸ਼੍ਰੇਆ ਘੋਸ਼ਾਲ ਤੇ ਕੁਮਾਰ ਸ਼ਾਨੂ ਦੇ ਵੀਡੀਓ ਗੀਤਾਂ ਦੀ ਮਾਡਲ ਵੀ ਰਹਿ ਚੁੱਕੀ ਨਿਰਮਤ ਕੌਰ ਜ਼ਿਆਦਾ ਦੱਖਣ 'ਚ ਰੁਝੀ ਹੋਈ ਹੈ। 'ਵਨ ਨਾਈਟ ਵਿਦ ਦਾ ਰਿੰਗ' ਅੰਗਰੇਜ਼ੀ ਫ਼ਿਲਮ ਨਾਲ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਈ ਨਿਮਰਤ ਉਮਰ ਦੀ ਸੀਮਾ ਕੋਈ ਨਹੀਂ, ਨਾਇਕਾਂ ਲਈ ਬਸ ਉਸ ਦੀ ਤਰ੍ਹਾਂ ਪੌਸ਼ਟਿਕ ਖੁਰਾਕ ਲਵੋ ਤੇ ਕਸਰਤ ਕਰੋ ਆਖਦੀ ਹੈ। ਇਸ ਲਈ ਹਾਲੇ ਵੀ ਚੋਟੀ 'ਤੇ ਅਪੜਨ ਦੀ ਖਾਹਿਸ਼ ਪਾਲਦੀ ਹੈ।

ਬਾਡੀ ਦਿਖਾਉਣ ਦਾ ਮਤਲਬ ਇਹ ਨਹੀਂ ਕਿ ਐਕਟਿੰਗ ਨਹੀਂ ਆਉਂਦੀ : ਸਾਹਿਲ ਖਾਨ

ਫ਼ਿਲਮ 'ਸਟਾਈਲ' ਤੋਂ ਪੇਸ਼ ਹੋਏ ਸਾਹਿਲ ਖਾਨ ਨੇ ਬਾਅਦ ਵਿਚ 'ਐਕਸਕਿਊਜ਼ ਮੀ', 'ਅਲਾਦੀਨ' ਆਦਿ ਫ਼ਿਲਮਾਂ ਕੀਤੀਆਂ ਅਤੇ ਫਿਰ ਉਹ ਅਭਿਨੈ ਦੀ ਦੁਨੀਆ ਤੋਂ ਦੂਰ ਚਲੇ ਗਏ। ਅੱਜ ਫਿਟਨੈੱਸ ਦੇ ਖੇਤਰ ਵਿਚ ਉਨ੍ਹਾਂ ਦਾ ਵੱਡਾ ਨਾਂਅ ਹੈ ਅਤੇ ਉਹ ਫਿਟਨੈੱਸ ਸਪਲੀਮੈਂਟ 'ਬਾਡੀ ਪਾਵਰ' ਦਾ ਉਤਪਾਦਨ ਵੀ ਕਰਦੇ ਹਨ। ਇਸ ਨੂੰ ਪ੍ਰਮੋਟ ਕਰਨ ਲਈ ਉਹ ਫਿਟਨੈੱਸ ਨਾਲ ਸਬੰਧਿਤ ਪ੍ਰਤੀਯੋਗਿਤਾਵਾਂ ਕਰਵਾਉਂਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਦੀ ਹੀ ਇਕ ਪ੍ਰਤੀਯੋਗਤਾ ਦੌਰਾਨ ਸਾਹਿਲ ਨਾਲ ਮੁਲਾਕਾਤ ਹੋ ਗਈ।
* ਅੱਜ ਤੁਹਾਡੀ ਪਛਾਣ ਤੁਹਾਡੀਆਂ ਫ਼ਿਲਮਾਂ ਕਰਕੇ ਨਹੀਂ ਸਗੋਂ ਤੁਹਾਡੀ ਬਾਡੀ ਦੀ ਬਦੌਲਤ ਹੈ। ਕੀ ਸ਼ੁਰੂ ਤੋਂ ਹੀ ਤੁਹਾਨੂੰ ਬਾਡੀ ਬਿਲਡਿੰਗ ਦਾ ਸ਼ੌਕ ਸੀ?
ਉਦੋਂ ਮੈਂ 14 ਸਾਲ ਦਾ ਸੀ ਜਦੋਂਂ ਨਿਯਮਤ ਰੂਪ ਨਾਲ ਜਿੰਮ ਜਾਣ ਲੱਗਿਆ ਅਤੇ ਇਸ ਦਾ ਅਸਰ ਮੇਰੇ ਸਰੀਰ 'ਤੇ ਦਿਸਣ ਲੱਗਿਆ। ਮੈਂ ਬਾਅਦ ਵਿਚ ਇਸ ਦਾ ਅਸਰ ਵੀ ਦੇਖਣ ਲੱਗਿਆ। ਗਲੀ ਦੇ ਮੁੰਡੇ ਮੈਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ ਅਤੇ ਗਲੀ ਵਿਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿਚ ਬਹੁਤ ਇੱਜ਼ਤ ਦਿੱਤੀ ਜਾਣ ਲੱਗੀ। ਆਪਣੀ ਬਾਡੀ ਦੀ ਬਦੌਲਤ ਖ਼ੁਦ ਨੂੰ ਚੰਗਾ ਪ੍ਰਭਾਵ ਮਿਲਦਾ ਦੇਖ ਕੇ ਮੈਂ ਬਾਡੀ ਬਿਲਡਿੰਗ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ।
* ਇਸ ਮਜ਼ਬੂਤ ਕਾਠੀ ਦੀ ਵਜ੍ਹਾ ਕਰਕੇ ਹੀ ਤੁਹਾਨੂੰ ਪਹਿਲੀ ਫ਼ਿਲਮ 'ਸਟਾਈਲ' ਮਿਲ ਗਈ। ਸਹੀ ਹੈ ਨਾ?
-ਹਾਂ, ਇਹ ਸੱਚ ਹੈ। ਕੋਲਕਾਤਾ ਤੋਂ ਮੈਂ ਮੁੰਬਈ ਆ ਗਿਆ ਅਤੇ ਇਥੇ ਵੀ ਰੋਜ਼ਾਨਾ ਜਿੰਮ ਜਾਣ ਲੱਗਿਆ। ਉਥੇ ਸੰਜੇ ਗੁਪਤਾ ਨੇ ਮੇਰੀ ਬਾਡੀ ਦੇਖ ਮੈਨੂੰ ਇਕ ਵੀਡੀਓ ਐਲਬਮ ਦੀ ਪੇਸ਼ਕਸ਼ ਕੀਤੀ। ਨਾ ਤਾਂ ਮੈਂ ਅਭਿਨੈ ਦੀ ਸਿੱਖਿਆ ਲਈ ਹੈ ਅਤੇ ਨਾ ਹੀ ਮੈਂ ਕਿਸੇ ਨਿਰਦੇਸ਼ਕ ਦਾ ਸਹਾਇਕ ਸੀ। ਇਸ ਤਰ੍ਹਾਂ ਸੰਜੇ ਗੁਪਤਾ ਨੇ ਇਹ ਕਹਿ ਕੇ ਮੇਰਾ ਹੌਸਲਾ ਵਧਾਇਆ ਕਿ ਐਲਬਮ ਵਿਚ ਨਾ ਤਾਂ ਐਕਟਿੰਗ ਕਰਨੀ ਹੈ ਅਤੇ ਨਾ ਹੀ ਸੰਵਾਦ ਬੋਲਣੇ ਹਨ। ਇਹ ਸੁਣ ਕੇ ਮੈਂ ਵੀ ਕੰਮ ਕਰਨ ਨੂੰ ਰਾਜ਼ੀ ਹੋ ਗਿਆ। ਇਸ ਵੀਡੀਓ ਦੇ ਡਰੈੱਸ ਡਿਜ਼ਾਈਨਰ ਨੇ ਮੇਰੀ ਬਾਡੀ ਦੇਖ ਕੇ ਨਿਰਦੇਸ਼ਕ ਐਨ. ਚੰਦਰਾ ਨੂੰ ਮੇਰੇ ਬਾਰੇ ਦੱਸਿਆ। ਉਹ 'ਸਟਾਈਲ' ਲਈ ਨਵਾਂ ਚਿਹਰਾ ਭਾਲ ਰਹੇ ਸਨ। ਮੈਨੂੰ ਦੇਖ ਕੇ ਕਿਹਾ ਕਿ 'ਤੇਰੀ ਬਾਡੀ ਦੇਖ ਕੇ ਬਾਕੀ ਫ਼ਿਲਮਾਂ ਵਿਚ ਤੈਨੂੰ ਸਰੀਰ 'ਤੇ ਤੇਲ ਲਗਾ ਕੇ ਅਧਨੰਗੇ ਸਰੀਰ ਵਿਚ ਹੀਰੋ ਦੇ ਪਿੱਛੇ ਖੜ੍ਹਾ ਕਰ ਦਿੱਤਾ ਜਾਵੇਗਾ ਪਰ ਮੈਂ ਤੈਨੂੰ ਹੀਰੋ ਦਾ ਮੌਕਾ ਦੇ ਰਿਹਾ ਹਾਂ।' ਉਨ੍ਹਾਂ ਦੀ ਗੱਲ ਵਿਚ ਸਚਾਈ ਦੇਖ ਕੇ ਮੈਂ ਉਨ੍ਹਾਂ ਦੇ ਨਾਲ ਕੰਮ ਕਰਨ ਨੂੰ ਤਿਆਰ ਹੋ ਗਿਆ।
* ਤੁਹਾਡੀ ਪਹਿਲੀ ਹੀ ਫ਼ਿਲਮ ਹਿਟ ਰਹੀ ਸੀ। ਫਿਰ ਬਾਲੀਵੁੱਡ ਵਿਚ ਲੰਮਾ ਸਫ਼ਰ ਕਿਉਂ ਨਹੀਂ ਤੈਅ ਕਰ ਸਕੇ?
-ਇਸ ਦਾ ਸਿੱਧਾ ਜਿਹਾ ਜਵਾਬ ਇਹ ਹੈ ਕਿ ਮੇਰੀਆਂ ਬਾਅਦ ਵਾਲੀਆਂ ਕੁਝ ਫ਼ਿਲਮਾਂ ਨਹੀਂ ਚੱਲੀਆਂ ਅਤੇ ਪੇਸ਼ਕਸ਼ਾਂ ਆਉਣੀਆਂ ਬੰਦ ਹੋ ਗਈਆਂ। ਮੈਂ ਇਕ ਫ਼ਿਲਮ 'ਰਾਮਾ-ਦ ਸੇਵੀਅਰ' ਦਾ ਨਿਰਮਾਣ ਵੀ ਕੀਤਾ। ਇਸ ਵਿਚ ਦ ਗ੍ਰੇਟ ਖਲੀ ਵੀ ਸੀ। ਇਸ ਫ਼ਿਲਮ ਦੀ ਅਸਫਲਤਾ ਕਾਰਨ ਦਿਲ ਖੱਟਾ ਹੋ ਗਿਆ ਅਤੇ ਮੈਂ ਬਾਲੀਵੁੱਡ ਤੋਂ ਦੂਰੀ ਬਣਾ ਲਈ। ਮੇਰੇ ਕੋਲ ਬਾਡੀ ਬਿਲਡਿੰਗ ਤੋਂ ਇਲਾਵਾ ਹੋਰ ਕੋਈ ਲਿਆਕਤ ਨਹੀਂ ਹੈ। ਇਸ ਲਈ ਮੈਂ ਫਿਟਨੈੱਸ ਦੇ ਖੇਤਰ ਵਿਚ ਆ ਗਿਆ ਅਤੇ ਆਪਣਾ ਜਿੰਮ ਖੋਲ੍ਹ ਕੇ ਇਕ ਨਵੀਂ ਸ਼ੁਰੂਆਤ ਕੀਤੀ।


-ਮੁੰਬਈ ਪ੍ਰਤੀਨਿਧ

ਹੁਣ ਡਰਾਏਗੀ ਤੇ ਹਸਾਏਗੀ ਫ਼ਾਤਿਮਾ

'ਦੰਗਲ' ਵਿਚ ਆਪਣੇ ਮੁਕਾਬਲੇਬਾਜ਼ ਨੂੰ ਧੂੜ ਚਟਾਉਂਦੀ ਤੇ 'ਠੱਗਸ ਆਫ਼ ਹਿੰਦੁਸਤਾਨੀ' ਵਿਚ ਐਕਸ਼ਨ ਕਰਦੀ ਦਿਸੀ ਫ਼ਾਤਿਮਾ ਸਨਾ ਸ਼ੇਖ ਹੁਣ ਅਗਲੀ ਫ਼ਿਲਮ 'ਭੂਤ ਪੋਲਿਸ਼' ਵਿਚ ਕਾਮੇਡੀ ਭੂਮਿਕਾ ਵਿਚ ਨਜ਼ਰ ਆਵੇਗੀ। ਇਸ ਡਰਾਉਣੀ ਕਾਮੇਡੀ ਫ਼ਿਲਮ ਦਾ ਨਿਰਦੇਸ਼ਨ ਪਵਨ ਕ੍ਰਿਪਲਾਨੀ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਫ਼ਾਤਿਮਾ ਦੇ ਸਾਹਮਣੇ ਹੀਰੋ ਹੈ ਸੈਫ਼ ਅਲੀ ਖਾਨ।
ਇਸ ਫ਼ਿਲਮ ਨੂੰ ਸਾਈਨ ਕਰਨ ਤੋਂ ਬਾਅਦ ਫ਼ਾਤਿਮਾ ਚੈਨ ਦੀ ਬੰਸਰੀ ਵਜਾ ਰਹੀ ਹੈ। ਉਹ ਇਸ ਲਈ ਕਿਉਂਕਿ 'ਦੰਗਲ' ਲਈ ਉਸ ਨੂੰ ਕੁਸ਼ਤੀ ਦੀ ਸਿਖਲਾਈ ਲੈਣੀ ਪਈ ਸੀ ਤੇ 'ਠੱਗਸ...' ਲਈ ਐਕਸ਼ਨ ਦ੍ਰਿਸ਼ ਸਿੱਖਣੇ ਪਏ ਸੀ ਜਦ ਕਿ ਇਥੇ ਉਸ ਨੂੰ ਇਸ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਕਰਨੀ ਹੈ।
ਉਂਝ ਕਾਮੇਡੀ ਫ਼ਿਲਮ ਵਿਚ ਅਦਾਕਾਰੀ ਕਰਨਾ ਫ਼ਾਤਿਮਾ ਲਈ ਨਵੀਂ ਗੱਲ ਨਹੀਂ ਹੈ। ਆਪਣੇ ਬਚਪਨ ਵਿਚ ਉਸ ਨੇ 'ਚਾਚੀ 420' ਵਿਚ ਕਮਲ ਹਸਨ, ਤੱਬੂ ਦੀ ਬੇਟੀ ਦੀ ਭੂਮਿਕਾ ਨਿਭਾਈ ਸੀ ਤੇ ਜਵਾਨੀ ਵਿਚ ਕਦਮ ਰੱਖਣ ਤੋਂ ਬਾਅਦ 'ਬਿੱਟੂ ਬੌਸ' ਦੇ ਰੂਪ ਵਿਚ ਹਲਕੀ-ਫੁਲਕੀ ਫ਼ਿਲਮ ਕੀਤੀ ਸੀ।

ਤਾਮਿਲ ਫ਼ਿਲਮ ਵਿਚ ਹਰਭਜਨ ਸਿੰਘ

ਕਿਸੇ ਕ੍ਰਿਕਟ ਖਿਡਾਰੀ ਦਾ ਫ਼ਿਲਮ ਦੀ ਸ਼ੂਟਿੰਗ ਲਈ ਕੈਮਰੇ ਸਾਹਮਣੇ ਆਉਣਾ ਨਵੀਂ ਗੱਲ ਨਹੀਂ ਹੈ। ਹਾਂ, ਕ੍ਰਿਕਟਰ ਹਰਭਜਨ ਸਿੰਘ ਦੇ ਮਾਮਲੇ ਵਿਚ ਇਹ ਨਵੀਂ ਗੱਲ ਜ਼ਰੂਰ ਹੈ ਕਿ ਪੰਜਾਬ ਦਾ ਇਹ ਪੁੱਤਰ ਹੁਣ ਤਾਮਿਲ ਫ਼ਿਲਮ ਵਿਚ ਆਪਣੀ ਅਭਿਨੈ ਕਲਾ ਦੇ ਜਲਵੇ ਪੇਸ਼ ਕਰਦਾ ਦਿਖਾਈ ਦੇਵੇਗਾ।
ਤਾਮਿਲ ਫ਼ਿਲਮ 'ਡਿੱਕਲੋਨਾ' ਲਈ ਹਰਭਜਨ ਸਿੰਘ ਨੂੰ ਲਿਆ ਗਿਆ ਹੈ। ਫ਼ਿਲਮ ਵਿਚ ਉਨ੍ਹਾਂ ਦੀ ਚੋਣ ਬਾਰੇ ਨਿਰਦੇਸ਼ਕ ਕਾਤ੍ਰਿਕ ਯੋਗੀ ਕਹਿੰਦੇ ਹਨ, 'ਜਦੋਂ ਤੋਂ ਹਰਭਜਨ ਸਿੰਘ ਚੇਨਈ ਸੁਪਰ ਕਿੰਗਸ ਵਿਚ ਸ਼ਾਮਿਲ ਹੋਏ ਹਨ, ਉਦੋਂ ਤੋਂ ਉਹ ਤਾਮਿਲਨਾਡੂ ਦੇ ਲੋਕਾਂ ਦੇ ਚਹੇਤੇ ਬਣ ਗਏ ਹਨ। ਇਥੋਂ ਦੇ ਲੋਕਾਂ ਵਿਚ ਉਨ੍ਹਾਂ ਪ੍ਰਤੀ ਪਿਆਰ ਤੇ ਇੱਜ਼ਤ ਦੇਖ ਕੇ ਮੈਨੂੰ ਇਕ ਖਾਸ ਭੂਮਿਕਾ ਲਈ ਕਾਸਟ ਕਰਨ ਦਾ ਖਿਆਲ ਆਇਆ ਅਤੇ ਮੈਂ ਆਪਣੀ ਗੱਲ ਉਨ੍ਹਾਂ ਦੇ ਇਕ ਕਰੀਬੀ ਮਿੱਤਰ ਰਾਹੀਂ ਉਨ੍ਹਾਂ ਤੱਕ ਪਹੁੰਚਾਈ ਅਤੇ ਹਰਭਜਨ ਸਿੰਘ ਵੀ ਕੰਮ ਕਰਨ ਲਈ ਤਿਆਰ ਹੋ ਗਏ। ਫ਼ਿਲਮ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ ਅਤੇ ਫ਼ਿਲਮ ਦੇਖਣ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਉਨ੍ਹਾਂ ਨੂੰ ਕਿਉਂ ਲਿਆ ਸੀ। ਹਰਭਜਨ ਸਿੰਘ ਇਸ ਫ਼ਿਲਮ ਦੀ ਸ਼ੂਟਿੰਗ ਵਿਚ ਦਸੰਬਰ ਵਿਚ ਹਿੱਸਾ ਲੈਣਗੇ ਅਤੇ ਪੰਜਾਬੀ ਹਰਭਜਨ ਸਿੰਘ ਨੂੰ ਤਾਮਿਲ ਫ਼ਿਲਮ ਵਿਚ ਕੰਮ ਕਰਦਿਆਂ ਦੇਖ ਕੇ ਇਹ ਕਹਿਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਕਰਨੀ ਵੀ ਗੁਗਲੀ ਤੋਂ ਘੱਟ ਨਹੀਂ।

ਨਾਂਹ-ਪੱਖੀ ਕਿਰਦਾਰ ਵਾਲੀ ਖ਼ੂਬਸੂਰਤ ਅਦਾਕਾਰਾ ਪੂਨਮ ਸੂਦ

ਗੀਤਾਂ ਦੀ ਮਾਡਲਿੰਗ ਤੋਂ ਫ਼ਿਲਮਾਂ ਵੱਲ ਆਈ ਖੂਬਸੁਰਤ ਅਦਾਕਾਰਾ ਪੂਨਮ ਸੂਦ ਆਪਣੇ ਕਿਰਦਾਰਾਂ ਸਦਕਾ ਇਕ ਵੱਖਰੀ ਪਛਾਣ ਰੱਖਦੀ ਹੈ। ਲਘੂ ਫ਼ਿਲਮ 'ਵੰਡ' ਨਾਲ ਚਰਚਾ ਵਿਚ ਆਈ ਪੂਨਮ ਇੰਨ੍ਹੀਂ ਦਿਨੀਂ ਆ ਰਹੀ ਆਪਣੀ ਨਵੀਂ ਫ਼ਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ' ਵਿਚ ਗੈਂਗਸਟਰ ਮੁਖੀ ਦੀ ਪ੍ਰੇਮਿਕਾ ਵਜੋਂ ਨਾਂਹ-ਪੱਖੀ ਕਿਰਦਾਰ ਵਿਚ ਨਜ਼ਰ ਆਵੇਗੀ। ਪੂਨਮ ਦਾ ਕਹਿਣਾ ਹੈ ਕਿ ਇਹ ਫ਼ਿਲਮ ਹਥਿਆਰ ਰੱਖਣ ਦੇ ਸ਼ੌਕੀਨਾਂ ਨੂੰ ਇਨ੍ਹਾਂ ਦੇ ਗ਼ਲਤ ਨਤੀਜਿਆਂ ਤੋਂ ਸੁਚੇਤ ਕਰਦੀ ਹੈ। ਹਥਿਆਰ ਸਿਰਫ਼ ਹਿਫ਼ਾਜਤ ਲਈ ਚੁੱਕਣੇ ਚਾਹੀਦੇ ਹਨ ਨਾ ਕਿ ਮਨੁੱਖਤਾ ਦੀ ਬਰਬਾਦੀ ਲਈ।
ਅੰਮਿਤਸਰ ਦੀ ਜੰਮਪਲ ਪੂਨਮ ਸੂਦ ਨੇ ਆਪਣੇ ਸ਼ੁਰੂਆਤੀ ਦੌਰ ਵਿਚ ਪੰਜਾਬ ਦੇ ਸਰਗਰਮ ਗਾਇਕਾਂ ਸ਼ੈਰੀ ਮਾਨ (ਚੰਡੀਗੜ੍ਹ ਵਾਲੀਏ ਨੀਂ ਹੁਣ ਨਹੀਂ ਮੁੜਦੇ ਯਾਰ')ਕਰਮਜੀਤ ਅਨਮੋਲ (ਯਾਰਾ ਵੇ) ਰੌਸ਼ਨ ਪ੍ਰਿੰਸ਼ (ਸਪੀਕਰ) ਕਲੇਰ ਕੰਠ (ਛੱਲਾ) ਮਾਸ਼ਾ ਅਲੀ (ਸੂਹੇ ਸੂਹੇ ਬੁੱਲਾਂ੍ਹ ਵਾਲੀਏ) ਆਦਿ ਨਾਮਵਰ ਗਾਇਕਾਂ ਦੇ ਸੈਂਕੜੇ ਗੀਤਾਂ ਵਿਚ ਮਾਡਲਿੰਗ ਕੀਤੀ। ਲਘੂ ਫ਼ਿਲਮਾਂ ਦੀ ਬਾਕਮਾਲ ਅਦਾਕਾਰੀ ਨੇ ਪੂਨਮ ਲਈ ਪੌਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਸਨੇ 'ਮੇਰੇ ਯਾਰ ਕਮੀਨੇ, ਲਕੀਰਾਂ, ਯਾਰ ਅਣਮੁੱਲੇ-2' ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ' ਉੱਚਾ ਪਿੰਡ, ਕਰਮੀ ਆਪੋ-ਆਪਣੀ' ਆਦਿ ਫ਼ਿਲਮਾਂ 'ਚ ਯਾਦਗਰੀ ਕਿਰਦਾਰ ਨਿਭਾਏ ਹਨ। ਪੂਨਮ ਇੱਕ ਚੰਗੀ ਗਾਇਕਾ ਵੀ ਹੈ।


-ਮਨਜੀਤ ਕੌਰ ਸੱਪਲ

ਦਿੱਖ ਤੋਂ ਛੁਟਕਾਰਾ ਪਾਉਣ ਦੀ ਰਿਹਰਸਲ ਹੋ ਗਈ ਹੈ : ਅਲੀ ਅਸਗਰ

ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿਚ ਅਲੀ ਅਸਗਰ ਨੇ ਸਾੜ੍ਹੀ ਪਾ ਕੇ, ਸਫੇਦ ਬਿੱਗ ਲਗਾ ਕੇ ਦਾਦੀ ਬਣ ਕੇ ਕਈਆਂ ਦੇ ਗਲ੍ਹ ਆਪਣੀ ਲਿਪਸਿਟਕ ਨਾਲ ਲਾਲ ਕਰ ਦਿੱਤੇ ਸਨ। ਸ਼ੋਅ ਵਿਚ ਆਏ ਮਹਿਮਾਨ ਦੇ ਗਲ੍ਹ 'ਤੇ ਲਿਪਸਿਟਕ ਦਾ ਨਿਸ਼ਾਨ ਉਨ੍ਹਾਂ ਦਾ ਟ੍ਰੇਡਮਾਰਕ ਬਣ ਗਿਆ ਸੀ। ਉਦੋਂ ਦਾਦੀ ਬਣੇ ਅਲੀ ਹੁਣ ਨਿਰਮਾਤਾ ਬਿਕਰਮ ਸੰਧੂ ਦੀ ਫ਼ਿਲਮ 'ਮਾਹੀ' ਵਿਚ ਹੀਰੋ ਦੇ ਮਾਮਾ ਦਾ ਕਿਰਦਾਰ ਨਿਭਾ ਰਹੇ ਹਨ। ਮੁੱਖ ਰੂਪ ਵਿਚ ਹੰਗਰੀ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਉਹ ਮਾਮਾ ਬਣ ਕੇ ਕੀ ਕੁਝ ਕਰਨਗੇ।
* ਟੀ. ਵੀ. ਅਤੇ ਫ਼ਿਲਮ ਦੋਵੇਂ ਥਾਂ 'ਤੇ ਕਾਮੇਡੀ ਕਰਕੇ ਅੱਕ ਨਹੀਂ ਜਾਂਦੇ ਹੋ?
-ਇਕ ਕਲਾਕਾਰ ਦੇ ਤੌਰ 'ਤੇ ਮੈਂ ਵੀ ਚਾਹਾਂਗਾ ਕਿ ਨਵੇਂ-ਨਵੇਂ ਤਜਰਬੇ ਕਰਦਾ ਰਹਾਂ। ਪਰ ਸਾਡੇ ਵੀ ਹੱਥ ਬੱਝੇ ਹੁੰਦੇ ਹਨ। ਸਾਨੂੰ ਉਹੀ ਕਰਨਾ ਪੈਂਦਾ ਹੈ ਜੋ ਕਿਹਾ ਜਾਂਦਾ ਹੈ। ਹਾਲੇ ਕੁਝ ਦਿਨ ਪਹਿਲਾਂ ਮੇਰੀ ਇਕ ਫ਼ਿਲਮ 'ਅਮਾਵਸ' ਪ੍ਰਦਰਸ਼ਿਤ ਹੋਈ ਸੀ। ਇਸ ਡਰਾਉਣੀ ਫ਼ਿਲਮ ਵਿਚ ਮੇਰੇ ਵਲੋਂ ਬਾਵਰਚੀ ਦੀ ਭੂਮਿਕਾ ਨਿਭਾਈ ਗਈ ਸੀ। ਇਹ ਵੱਖਰੀ ਜਿਹੀ ਸੀ। ਪਰ ਫ਼ਿਲਮ ਹੀ ਨਹੀਂ ਚੱਲੀ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਸ ਵਿਚ ਮੈਂ ਕੀ ਨਵਾਂ ਕੀਤਾ ਸੀ। ਕੁਝ ਕਾਮੇਡੀ ਭੂਮਿਕਾਵਾਂ ਹਿੱਟ ਹੋਈਆਂ ਤਾਂ ਉਹੀ ਪੇਸ਼ਕਸ਼ਾਂ ਹੋਈ ਜਾ ਰਹੀਆਂ ਹਨ। ਇਥੇ ਤਾਂ ਦਿੱਖ ਦੇ ਹਿਸਾਬ ਨਾਲ ਕੰਮ ਮਿਲਦਾ ਹੈ।
* ਪਰ ਇਮੇਜ ਬਦਲਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਨਾ...?
-ਮੈਂ ਐਕਟਿੰਗ ਵਿਚ ਲੰਮਾ ਸਫ਼ਰ ਤੈਅ ਕੀਤਾ ਹੈ। ਜੇਕਰ ਇਕ ਹੀ ਦਾਇਰੇ ਵਿਚ ਕੰਮ ਕਰਦਾ ਤਾਂ ਮੇਰੀ ਐਕਟਿੰਗ ਦੀ ਦੁਕਾਨ ਕਦੋਂ ਦੀ ਬੰਦ ਹੋ ਗਈ ਹੁੰਦੀ। ਦਿੱਖ ਬਦਲਦੇ ਰਹਿਣ ਦੀ ਵਜ੍ਹਾ ਨਾਲ ਹੀ ਹੁਣ ਤੱਕ ਚਲਦਾ ਰਿਹਾ ਹਾਂ। ਆਪਣੇ ਕੈਰੀਅਰ ਦੀ ਸ਼ੁਰੂਆਤ ਮੈਂ ਟੀ. ਵੀ. ਸ਼ੋਅ 'ਰਿਨ-ਏਕ ਦੋ ਤੀਨ' ਵਿਚ ਆਮਿਰ ਖਾਨ ਦੀ ਨਕਲ ਕਰਕੇ ਕੀਤੀ ਸੀ। ਇਹ ਸ਼ੋਅ ਸਚਿਨ ਵਲੋਂ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਸ਼ੋਅ ਤੋਂ ਬਾਅਦ ਮੈਨੂੰ ਆਮਿਰ ਦੀ ਨਕਲ ਵਾਲੀਆਂ ਭੂਮਿਕਾਵਾਂ ਦੀ ਪੇਸ਼ਕਸ਼ ਹੋਣੀ ਸ਼ੁਰੂ ਹੋ ਗਈ ਪਰ ਮੈਂ ਨਕਾਰ ਦਿੱਤੀਆਂ। ਕਪਿਲ ਸ਼ਰਮਾ ਦੇ ਸ਼ੋਅ ਦੀ ਦੇਖਾ-ਦੇਖੀ ਨਾਨੀ-ਦਾਦੀ ਵਾਲੀਆਂ ਕਾਮੇਡੀ ਭੂਮਿਕਾਵਾਂ ਲਈ ਬੁਲਾਇਆ ਜਾਣ ਲੱਗਿਆ। ਮੈਂ ਦਾਦੀ ਦੀ ਦਿੱਖ ਵਿਚ ਬੱਝਣਾ ਨਹੀਂ ਚਾਹੁੰਦਾ ਸੀ ਤੇ ਇਹ ਭੂਮਿਕਾ ਵੀ ਨਕਾਰ ਦਿੱਤੀ। ਸੱਚ ਕਹਾਂ ਤਾਂ ਮੈਨੂੰ ਦਿੱਖ ਤੋਂ ਛੁਟਕਾਰਾ ਪਾਉਣ ਦੀ ਰਿਹਰਸਲ ਹੋ ਗਈ ਹੈ।
**


ਜਦੋਂ ਭਾਵੁਕ ਹੋਏ ਰਣਵੀਰ ਸਿੰਘ

ਨਿਰਦੇਸ਼ਕ ਕਬੀਰ ਖਾਨ ਇਨ੍ਹੀਂ ਦਿਨੀਂ ਭਾਰਤੀ ਕ੍ਰਿਕਟ ਜਗਤ ਦੀ ਇਤਿਹਾਸਕ ਜਿੱਤ 'ਤੇ ਫ਼ਿਲਮ ਬਣਾ ਰਹੇ ਹਨ। 1983 ਵਿਚ ਭਾਰਤੀ ਕ੍ਰਿਕਟ ਟੀਮ ਨੇ ਉਸ ਜ਼ਮਾਨੇ ਦੀ ਦਮਦਾਰ ਟੀਮ ਵੈਸਟਇੰਡੀਜ਼ ਨੂੰ ਫਾਈਨਲ ਵਿਚ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਖਿਤਾਬ ਹਾਸਲ ਕੀਤਾ ਸੀ। ਵਿਸ਼ਵ ਕੱਪ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਵਿਚ ਕ੍ਰਿਕਟ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਅਤੇ ਅੱਜ ਵੀ ਇਸ ਜਿੱਤ ਨੂੰ ਭਾਰਤੀ ਕ੍ਰਿਕਟ ਜਗਤ ਦੀ ਸਿਰਮੌਰ ਜਿੱਤ ਦੇ ਨਾਂਅ ਨਾਲ ਨਿਵਾਜਿਆ ਜਾਂਦਾ ਹੈ।
ਇਸ ਜਿੱਤ 'ਤੇ ਕਬੀਰ ਖਾਨ ਵਲੋਂ ਬਣਾਈ ਜਾ ਰਹੀ ਫ਼ਿਲਮ ''83' ਵਿਚ ਰਣਵੀਰ ਸਿੰਘ ਵਲੋਂ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਈ ਜਾ ਰਹੀ ਹੈ। 1983 ਵਿਚ ਭਾਰਤ-ਵੈਸਟਇੰਡੀਜ਼ ਵਿਚਾਲੇ ਫਾਈਨਲ ਮੁਕਾਬਲਾ ਇੰਗਲੈਂਡ ਦੇ ਲਾਰਡਸ ਮੈਦਾਨ ਵਿਚ ਖੇਡਿਆ ਗਿਆ ਸੀ ਅਤੇ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਇਸੇ ਮੈਦਾਨ ਤੇ ਪੈਵੇਲੀਅਨ ਵਿਚ ਕੀਤੀ ਗਈ ਹੈ। ਵਿਸ਼ਵ ਜੇਤੂ ਦੀ ਟਰਾਫੀ ਫੜਨ ਦੇ ਦ੍ਰਿਸ਼ ਉਸੇ ਬਾਲਕੋਨੀ ਵਿਚ ਫ਼ਿਲਮਾਏ ਗਏ ਜਿਥੇ ਕਪਿਲ ਦੇਵ ਨੇ ਇਹ ਟਰਾਫ਼ੀ ਫੜੀ ਸੀ। ਇਸ ਦ੍ਰਿਸ਼ ਦੀ ਸ਼ੂਟਿੰਗ ਲਈ ਭਾਰਤ ਵਲੋਂ ਜਿੱਤੀ ਗਈ ਅਸਲੀ ਟਰਾਫੀ ਦੀ ਵਰਤੋਂ ਕੀਤੀ ਗਈ ਸੀ। ਜਦੋਂ ਰਣਵੀਰ ਸਿੰਘ ਨੂੰ ਇਹ ਟਰਾਫੀ ਦਿੱਤੀ ਗਈ ਉਦੋਂ ਉਹ ਏਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਛਲਕ ਆਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਟਰਾਫੀ ਨੂੰ ਛੂਹਣ ਤੱਕ ਦਾ ਉਸ ਦਾ ਕੋਈ ਹੱਕ ਨਹੀਂ ਬਣਦਾ ਹੈ ਪਰ ਕਲਾਕਾਰ ਦੇ ਰੂਪ ਵਿਚ ਉਹ ਇਸ ਟਰਾਫੀ ਨੂੰ ਫੜਨਾ ਖ਼ੁਸ਼ਕਿਸਮਤੀ ਮੰਨਦੇ ਹਨ।
ਉਦੋਂ ਦੀ ਵੈਸਟਇੰਡੀਜ਼ ਟੀਮ ਦੇ ਕਪਤਾਨ ਕਲਾਈਵ ਲੋਇਡ ਸਨ। ਉਨ੍ਹਾਂ ਦੇ ਇਕ ਖਿਡਾਰੀ ਗੋਰਡਨ ਗ੍ਰਿਨਿਥ ਸਨ। ਹੁਣ ਇਨ੍ਹਾਂ ਦੋਵਾਂ ਦੇ ਬੇਟੇ ਇਸ ਫ਼ਿਲਮ ਵਿਚ ਆਪਣੇ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ। ਖ਼ੁਦ ਕਲਾਈਵ ਲੋਇਡ ਵੀ ਸ਼ੂਟਿੰਗ ਵਿਚ ਉਦੋਂ ਮੌਜੂਦ ਸਨ ਜਦੋਂ ਰਣਵੀਰ ਸਿੰਘ ਨੂੰ ਜੇਤੂ ਦੀ ਟਰਾਫੀ ਦਿੱਤੀ ਜਾਣੀ ਸੀ। ਲੋਇਡ ਨੇ ਇਹ ਕਹਿ ਕੇ ਇਸ ਦ੍ਰਿਸ਼ ਦੀ ਸ਼ੂਟਿੰਗ ਦੇਖਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਉਹ ਵਰਲਡ ਕੱਪ ਜੇਤੂ ਟਰਾਫੀ ਨੂੰ ਦੁਬਾਰਾ ਭਾਰਤੀ ਟੀਮ ਵਲੋਂ ਸਵੀਕਾਰਦੇ ਦੇਖਣਾ ਪਸੰਦ ਨਹੀਂ ਕਰਨਗੇ।
ਲੋਇਡ ਦੀ ਇਸ ਕਰਨੀ ਤੋਂ ਪਤਾ ਲੱਗਦਾ ਹੈ ਕਿ ਫਾਈਨਲ ਵਿਚ ਆਪਣੀ ਹਾਰ ਨੂੰ ਵੈਸਟਇੰਡੀਜ਼ ਵਾਲੇ ਹੁਣ ਤੱਕ ਭੁੱਲੇ ਨਹੀਂ ਹਨ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX