ਤਾਜਾ ਖ਼ਬਰਾਂ


ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 23 ਸਤੰਬਰ ( ਸੁਰਿੰਦਰ ਸਿੰਘ ਵਰਪਾਲ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ...
ਸੰਗਤਾਂ ਲਈ ਤੋਹਫ਼ਾ,ਦਿੱਲੀ-ਲੋਹੀਆਂ ਖ਼ਾਸ 'ਇੰਟਰਸਿਟੀ ਸੁਪਰ ਫਾਸਟ' ਰੇਲ ਗੱਡੀ 4 ਅਕਤੂਬਰ ਤੋਂ ਚੱਲੇਗੀ
. . .  about 1 hour ago
ਲੋਹੀਆਂ ਖ਼ਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਮਨਾਉਣ ਲਈ...
ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ 'ਚ ਮੌਸਮ ਤਬਦੀਲੀ ਬਾਰੇ ਬੋਲੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ
. . .  about 1 hour ago
ਛੇਹਰਟਾ : ਅਚਾਨਕ ਹੋਏ ਧਮਾਕੇ 'ਚ 2 ਵਿਅਕਤੀਆਂ ਦੀ ਮੌਤ, 7 ਜ਼ਖਮੀ
. . .  about 3 hours ago
ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ....
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
. . .  about 3 hours ago
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ ਰੋਡ ਟਾਂਗਰਾ 'ਤੇ ਇਕ ਤੇਜ ਰਫ਼ਤਾਰ ਸਵਿਫ਼ਟ ਕਾਰ ਮੋਟਰਸਾਈਕਲ ਦੇ ਪਿਛਲੇ ਪਾਸਿਉਂ ਟਕਰਾ ਗਈ ...
ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ
. . .  about 3 hours ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ...
ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  about 4 hours ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  about 4 hours ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  about 4 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਜੈਸੇ ਕੋ ਤੈਸਾ

ਪਿਛਲੇ ਕੁਝ ਵਰਿ੍ਹਆਂ ਤੋਂ ਪੰਜਾਬ ਵਿਚ ਸੜਕਾਂ ਚੌੜੀਆਂ ਕਰਨ ਦੇ ਨਾਂਅ 'ਤੇ ਲੱਖਾਂ-ਕਰੋੜਾਂ ਰੱੁਖ ਕੱਟ ਦਿੱਤੇ ਗਏ | ਥੋੜ੍ਹੇ-ਬਹੁਤੇ ਬਚੇ ਜੰਗਲੀ ਜਾਨਵਰਾਂ ਦੀਆਂ ਲੁਕਣ ਵਾਲੀਆਂ ਥਾਵਾਂ ਤਬਾਹ ਹੋ ਗਈਆਂ | ਆਪਣਾ ਪੇਟ ਭਰਨ ਲਈ ਸ਼ਿਕਾਰ ਕਰਨਾ ਵੀ ਮੁਸ਼ਕਿਲ ਹੋ ਗਿਆ | ਪਿਆਰੇ ਬੱਚਿਓ! ਇਸ ਤਰ੍ਹਾਂ ਦੀ ਹਾਲਤ ਵਿਚ ਇਕ ਭੱੁਖਾ ਗਿੱਦੜ ਕੁਝ ਖਾਣ ਲਈ ਲੱਭਦਾ ਤੇ ਅਵਾਰਾ ਕੱੁਤਿਆਂ ਤੋਂ ਬਚਦਾ-ਬਚਾਉਂਦਾ ਇਕ ਪਿੰਡ ਦੇ ਲਾਗੇ ਆ ਕੇ ਝਾੜੀਆਂ ਵਿਚ ਛੁਪ ਕੇ ਬੈਠ ਗਿਆ | ਆਓ ਦੇਖੀਏ, ਭੱੁਖੇ ਗਿੱਦੜ ਨੂੰ ਸ਼ਿਕਾਰ ਲੱਭਾ ਕਿ ਨਹੀਂ?
ਪਿੰਡ ਦੇ ਬਾਹਰਵਾਰ ਇਕ ਘਰ ਸੀ | ਘਰ ਦੇ ਬਾਹਰ ਇਕ ਰੂੜੀ ਸੀ | ਗਿੱਦੜ ਨੇ ਦੇਖਿਆ, ਰੂੜੀ ਉੱਪਰ ਇਕ ਮੋਟਾ-ਤਾਜ਼ਾ ਮੁਰਗਾ ਆਪਣਾ ਚੋਗਾ ਚੁਗਦਾ ਰਹਿੰਦਾ ਹੈ | ਦੇਖਦਿਆਂ ਹੀ ਗਿੱਦੜ ਦੇ ਮੰੂਹ ਵਿਚ ਪਾਣੀ ਆ ਗਿਆ | ਭੱੁਖ ਹੋਰ ਤੇਜ਼ ਹੋ ਗਈ | ਉਹ ਜੇਰਾ ਕਰਕੇ ਝਾੜੀਆਂ ਵਿਚੋਂ ਨਿਕਲਿਆ ਤੇ ਆਸੇ-ਪਾਸੇ ਦੇਖਦਾ ਮੁਰਗੇ ਦੇ ਕੋਲ ਜਾ ਖੜਿ੍ਹਆ | ਮੁਰਗਾ ਡਰ ਕੇ ਦੌੜਨ ਲੱਗਾ ਤਾਂ ਗਿੱਦੜ ਨੇ ਮੀਸਣਾ ਬਣਦਿਆਂ ਕਿਹਾ, 'ਮੈਥੋਂ ਡਰ ਨਾ, ਤੇਰਾ ਪਿਓ ਤੇ ਤੇਰੇ ਪਿਓ ਦਾ ਪਿਓ ਤਾਂ ਸਾਡੇ ਟੱਬਰ ਦੇ ਗੂੜ੍ਹੇ ਮਿੱਤਰ ਸਨ | ਅਸੀਂ ਥੋਡੇ ਘਰ ਆਉਂਦੇ ਸਾਂ, ਤੁਸੀਂ ਸਾਡੇ ਘਰ ਆਉਂਦੇ ਹੁੰਦੇ ਸੀ | ਤੇਰਾ ਦਾਦਾ ਤਾਂ ਬਹੁਤ ਸੋਹਣੀਆਂ ਬਾਂਗਾਂ ਦਿੰਦਾ ਹੁੰਦਾ ਸੀ |'
'ਅੱਛਾ!' ਮੁਰਗਾ ਹੈਰਾਨ ਹੋਇਆ, 'ਬਾਂਗਾਂ ਤਾਂ ਮੈਂ ਵੀ ਬਹੁਤ ਉੱਚੀ ਦੇ ਲੈਂਦਾ ਹਾਂ |'
'ਵਾਹ! ਇਹ ਤਾਂ ਕਮਾਲ ਹੋ ਗਈ, ਤੰੂ ਮੈਨੂੰ ਬਾਂਗ ਦੇ ਕੇ ਵਿਖਾ', ਗਿੱਦੜ ਨੇ ਮੁਰਗੇ ਦੀ ਵਡਿਆਈ ਕੀਤੀ | ਮੁਰਗੇ ਨੇ ਪੂਰੇ ਤਾਣ ਨਾਲ ਧੌਣ ਅਕੜਾ ਕੇ ਬਾਂਗ ਦਿੱਤੀ |
'ਨਹੀਂ-ਨਹੀਂ, ਇਹ ਠੀਕ ਨਹੀਂ ਹੈ', ਗਿੱਦੜ ਬੋਲਿਆ |
ਗਿੱਦੜ ਨੇ ਕਿਹਾ, 'ਤੇਰਾ ਦਾਦਾ ਜਦੋਂ ਬਾਂਗ ਦਿੰਦਾ ਹੁੰਦਾ ਸੀ ਤਾਂ ਦੋਵੇਂ ਅੱਖਾਂ ਬੰਦ ਕਰ ਲੈਂਦਾ ਸੀ |'
'ਲੈ, ਇਹ ਕਿਹੜੀ ਔਖੀ ਗੱਲ ਹੈ', ਕਹਿੰਦਿਆਂ ਮੁਰਗੇ ਨੇ ਦੋਵੇਂ ਅੱਖਾਂ ਬੰਦ ਕਰਕੇ ਜਿਵੇਂ ਹੀ ਬਾਂਗ ਦਿੱਤੀ, ਗਿੱਦੜ ਨੇ ਝੱਟ ਮੌਕਾ ਤਾੜ ਕੇ ਮੁਰਗੇ ਨੂੰ ਧੋਣੋਂ ਫੜਿਆ ਤੇ ਝਾੜੀਆਂ ਵੱਲ ਤੁਰ ਪਿਆ |
ਦੂਰੋਂ ਕਿਸੇ ਕੱੁਤੇ ਦੇ ਭੌਾਕਣ ਦੀ ਆਵਾਜ਼ ਆਈ | ਗਿੱਦੜ ਡਰ ਗਿਆ | ਉਹ ਕੋਈ ਹੋਰ ਲੁਕਣ ਵਾਲੀ ਥਾਂ ਭਾਲ ਕੇ ਮੁਰਗੇ ਨੂੰ ਖਾਣਾ ਚਾਹੁੰਦਾ ਸੀ ਪਰ ਲੁਕਣ ਥਾਵਾਂ ਤਾਂ ਰਹੀਆਂ ਹੀ ਨਹੀਂ ਸਨ | ਮੁਰਗੇ ਨੂੰ ਮੰੂਹ ਵਿਚ ਫੜੀ ਅਜੇ ਉਹ ਜਾ ਹੀ ਰਿਹਾ ਸੀ | ਮੁਰਗੇ ਨੂੰ ਸਾਹ ਵੀ ਔਖਾ ਆ ਰਿਹਾ ਸੀ | ਏਨੇ ਵਿਚ ਇਕ ਪਾਸਿਓਾ ਕੁਝ ਕੱੁਤਿਆਂ ਨੇ ਆ ਕੇ ਗਿੱਦੜ ਘੇਰ ਲਿਆ |
ਮੁਰਗੇ ਨੂੰ ਪਤਾ ਲੱਗ ਗਿਆ, ਉਸ ਨੇ ਔਖਾ-ਸੌਖਾ ਹੁੰਦਿਆਂ ਗਿੱਦੜ ਨੂੰ ਕਿਹਾ, 'ਡਰ ਨਾ, ਇਹ ਕੱੁਤੇ ਸਮਝਦੇ ਐ ਤੰੂ ਇਨ੍ਹਾਂ ਦੇ ਪਿੰਡ ਦਾ ਮੁਰਗਾ ਲਈ ਜਾ ਰਿਹੈਾ | ਤੰੂ ਇਨ੍ਹਾਂ ਨੂੰ ਆਖ, 'ਭਰਾਵੋ, ਮੈਂ ਤਾਂ ਬਹੁਤ ਦੂਰੋਂ ਇਹ ਮੁਰਗਾ ਲੈ ਕੇ ਆਇਆ ਹਾਂ | ਫੇਰ ਨ੍ਹੀਂ ਤੈਨੂੰ ਕੁਝ ਕਹਿੰਦੇ, ਨਹੀਂ ਤਾਂ ਮੈਨੂੰ ਖਾਂਦਾ-ਖਾਂਦਾ ਤੰੂ ਆਪ ਹੀ ਨਾ ਖਾਧਾ ਜਾਈਾ |'
ਗਿੱਦੜ ਸਮਝ ਗਿਆ | ਇਥੋਂ ਬਚ ਕੇ ਨਿਕਲਣ ਦਾ ਇਹੀ ਢੰਗ ਠੀਕ ਹੈ | ਉਹ ਖੜ੍ਹ ਗਿਆ ਤੇ ਉਹ ਜਿਵੇਂ ਹੀ ਕੱੁਤਿਆਂ ਵੱਲ ਮੰੂਹ ਕਰਕੇ ਆਖਣ ਲੱਗਾ, 'ਇਹ ਤਾਂ ਮੈਂ ਬਹੁਤ ਦੂਰੋਂ... |'
ਮੁਰਗਾ ਝੱਟ ਉਡ ਕੇ ਲਾਗੇ ਹੀ ਇਕ ਛੋਟੇ ਜਿਹੇ ਰੱੁਖ 'ਤੇ ਜਾ ਬੈਠਾ |
ਹੁਣ ਗਿੱਦੜ ਅੱਗੇ-ਅੱਗੇ ਤੇ ਕੱੁਤੇ ਪਿੱਛੇ-ਪਿੱਛੇ... |
ਰੱੁਖ ਦੀ ਟਾਹਣੀ 'ਤੇ ਬੈਠਾ ਮੁਰਗਾ ਸੋਚ ਰਿਹਾ ਸੀ, 'ਮੈਨੂੰ ਫੋਕੀ ਵਡਿਆਈ ਵਿਚ ਨਹੀਂ ਸੀ ਆਉਣਾ ਚਾਹੀਦਾ | ਚਲੋ ਜੇ ਵਡਿਆਈ ਵਿਚ ਆ ਹੀ ਗਿਆ ਸੀ ਤਾਂ ਮੂਰਖਾ! ਅੱਖਾਂ ਬੰਦ ਕਰਕੇ ਬਾਂਗ ਦੇਣ ਦੀ ਕੀ ਲੋੜ ਸੀ? ਐਵੇਂ ਆਪਣੀ ਜਾਨ ਗਵਾ ਲੈਣੀ ਸੀ |'
ਉਧਰ ਕੱੁਤਿਆਂ ਤੋਂ ਜਾਨ ਬਚਾਉਣ ਲਈ ਭੱਜਿਆ ਜਾਂਦਾ ਗਿੱਦੜ ਪਛਤਾਅ ਰਿਹਾ ਸੀ, 'ਮੈਨੂੰ ਤਾਂ ਮੁਰਗਾ ਹੀ ਮੂਰਖ ਬਣਾ ਗਿਆ | ਭਲਾ ਉਸ ਦੇ ਕਹਿਣ 'ਤੇ ਮੈਨੂੰ ਮੰੂਹ ਖੋਲ੍ਹ ਕੇ ਕੱੁਤਿਆਂ ਨੂੰ ਦੱਸਣ ਦੀ ਕੀ ਲੋੜ ਸੀ? ਕੱੁਤਿਆਂ ਨੂੰ ਕੀ ਪਤਾ ਲੱਗਣਾ ਸੀ, ਮੁਰਗਾ ਕਿਹੜੇ ਪਿੰਡ ਦਾ ਹੈ...?'
ਅੱਗੇ ਇਕ ਭੀੜੀ ਜਿਹੀ ਪੁਲੀ ਦੇਖ ਕੇ ਗਿੱਦੜ ਝੱਟ ਉਸ ਵਿਚ ਵੜ ਕੇ ਸ਼ਹਿ ਗਿਆ | ਕੱੁਤੇ ਉਸ ਨੂੰ ਭਾਲਦੇ ਕੁਝ ਦੇਰ ਤਾਂ ਇਧਰ-ਉਧਰ ਸੁੰਘਦੇ ਫਿਰਦੇ ਰਹੇ, ਫਿਰ ਭੌਾਕਦੇ ਮੁੜ ਗਏ |
ਸਬਕ : ਪਿਆਰੇ ਬੱਚਿਓ! ਸਾਨੂੰ ਫੋਕੀ ਵਡਿਆਈ ਵਿਚ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਮੁਰਗੇ ਵਾਂਗ ਅਸੀਂ ਮੁਸੀਬਤ ਵਿਚ ਫਸ ਸਕਦੇ ਹਾਂ |

-ਬਲਦੇਵ ਸਿੰਘ (ਸੜਕਨਾਮਾ),
19/374, ਕ੍ਰਿਸ਼ਨਾ ਨਗਰ, ਮੋਗਾ-142001. ਮੋਬਾ: 98147-83069


ਖ਼ਬਰ ਸ਼ੇਅਰ ਕਰੋ

ਹਵਾਈ ਜਹਾਜ਼ਾਂ ਦਾ ਇਤਿਹਾਸ

ਬੱਚਿਓ, ਹਵਾਈ ਜਹਾਜ਼ਾਂ ਦੀ ਖੋਜ ਕਰਨ ਤੋਂ ਪਹਿਲਾਂ ਮਨੱੁਖ ਨੇ ਪੰਛੀਆਂ ਨੂੰ ਆਕਾਸ਼ ਵਿਚ ਉਡਾਰੀਆਂ ਮਾਰਦੇ ਹੋਏ ਦੇਖ ਕੇ ਸੋਚਿਆ ਕਿ ਉਹ ਵੀ ਆਕਾਸ਼ ਵਿਚ ਉੱਡ ਸਕਦਾ ਹੈ | ਉਸ ਨੇ ਬਾਹਾਂ ਅਤੇ ਮੋਢਿਆਂ ਦੇ ਪੱਠਿਆਂ ਰਾਹੀਂ ਉੱਡਣ ਦੀ ਤਾਂਘ ਵਿਚ ਉੱਚੀਆਂ-ਉੱਚੀਆਂ ਇਮਾਰਤਾਂ ਤੋਂ ਛਾਲ ਮਾਰ ਦਿੱਤੀ ਪਰ ਇਹ ਕੋਸ਼ਿਸ਼ ਕਾਮਯਾਬ ਨਾ ਹੋ ਸਕੀ, ਕਿਉਂਕਿ ਉੱਡਣ ਵਿਚ ਮਨੱੁਖ ਦੇ ਪੱਠੇ ਪੰਛੀਆਂ ਦੇ ਪੱਠਿਆਂ ਨਾਲੋਂ ਬਹੁਤ ਕਮਜ਼ੋਰ ਹਨ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪਏ | ਹਵਾਈ ਜਹਾਜ਼ਾਂ ਦਾ ਇਤਿਹਾਸ ਲਗਪਗ 120 ਸਾਲ ਪੁਰਾਣਾ ਹੈ | ਉਸ ਸਮੇਂ ਮਨੱੁਖ ਗਰਮ ਹਵਾ ਵਾਲੇ ਗੁਬਾਰੇ, ਏਅਰਸ਼ਿਪ ਅਤੇ ਬਿਨਾਂ ਇੰਜਣ ਦੇ ਜਹਾਜ਼ਾਂ ਨੂੰ ਹਵਾ ਵਿਚ ਉਡਾ ਕੇ ਆਪਣੀ ਇੱਛਾ ਪੂਰੀ ਕਰਦਾ ਸੀ | ਪਹਿਲੀ ਉਡਾਣ 17 ਦਸੰਬਰ, 1903 ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਭਰੀ ਗਈ | ਇਸ ਜਹਾਜ਼ ਦਾ ਨਾਂਅ ਫਲਾਇਰ-1 ਸੀ, ਜੋ 36 ਮੀਟਰ ਦੀ ਉਚਾਈ ਤੱਕ ਸਿਰਫ 12 ਸੈਕਿੰਡ ਤੱਕ ਉਡਿਆ | ਇਸ ਜਹਾਜ਼ ਨੂੰ ਰਾਈਟ ਭਰਾਵਾਂ ਨੇ ਬਣਾਇਆ ਸੀ | ਇਸ ਤੋਂ ਬਾਅਦ ਔਰਬਿਲੀ ਅਤੇ ਵਿਲਵਰ ਵਿਗਿਆਨੀਆਂ ਨੇ ਪਤੰਗਾਂ ਅਤੇ ਬਿਨਾਂ ਇੰਜਣ ਦੇ ਜਹਾਜ਼ਾਂ ਉੱਪਰ ਤਜਰਬੇ ਕਰਕੇ ਪੈਟਰੋਲ ਨਾਲ ਉਡਣ ਵਾਲਾ ਜਹਾਜ਼ ਤਿਆਰ ਕੀਤਾ | ਸੰਸਾਰ ਦੀ ਪਹਿਲੀ ਜੰਗ (1914-18) ਵਿਚ ਹਵਾਈ ਜਹਾਜ਼ ਨੂੰ ਉਭਾਰਿਆ ਗਿਆ ਅਤੇ ਸੰਸਾਰ ਦੀ ਦੂਜੀ ਜੰਗ (1939-45) ਦੇ ਖ਼ਤਮ ਹੋਣ ਤੱਕ ਕੁਝ ਵੱਡੇ ਜਹਾਜ਼ ਹੋਂਦ ਵਿਚ ਆ ਗਏ ਸਨ |
ਅੱਜਕਲ੍ਹ ਦੇ ਹਵਾਈ ਜਹਾਜ਼ਾਂ ਦਾ ਨਿਰਮਾਣ 1920 ਵਿਚ ਸ਼ੁਰੂ ਹੋਇਆ | ਇਹ ਸਿਰਫ਼ ਇਕੋ ਖਿੜਕੀ ਵਾਲਾ ਜਹਾਜ਼ ਸੀ, ਜਿਸ ਦਾ ਢਾਂਚਾ ਧਾਤਾਂ ਦਾ ਬਣਿਆ ਹੋਇਆ ਸੀ | ਇਨ੍ਹਾਂ ਵਿਚ ਪਿਸਟਨ ਅਤੇ ਪੱਖੇ ਦੀ ਵਰਤੋਂ ਹੁੰਦੀ ਸੀ | ਇਸ ਤੋਂ ਬਾਅਦ ਨਵੇਂ ਇੰਜਣਾਂ ਦੀ ਖੋਜ ਕੀਤੀ ਗਈ |
ਅੱਜਕਲ੍ਹ ਦੇ ਜਹਾਜ਼ਾਂ ਵਿਚ ਜੈੱਟ ਜਹਾਜ਼, ਜਿਸ ਦਾ ਇੰਜਣ ਇਕ ਚਪਟੀ ਮੱਛੀ ਵਰਗਾ ਸੀ ਅਤੇ ਇਹ ਪੱਖੇ ਵਾਲੇ ਇੰਜਣ ਲੱਗੇ ਜਹਾਜ਼ ਤੋਂ ਤੇਜ਼ ਉੱਡਦਾ ਸੀ | ਇਸ ਨੂੰ ਦੂਜੇ ਸੰਸਾਰ ਯੱੁਧ ਵਿਚ ਵਰਤਿਆ ਗਿਆ | ਇਸ ਤੋਂ ਬਾਅਦ 1950 ਵਿਚ ਪੁਲਾੜ ਵਿਚ ਭੇਜੇ ਜਾਣ ਵਾਲੇ ਰਾਕਟਾਂ ਦਾ ਨਿਰਮਾਣ ਹੋਇਆ ਅਤੇ ਯਾਤਰੀਆਂ ਲਈ ਆਰਾਮਦਾਇਕ ਜਹਾਜ਼ਾਂ ਦਾ ਨਿਰਮਾਣ 1960 ਵਿਚ ਹੋਇਆ, ਜਿਨ੍ਹਾਂ ਵਿਚ ਹਰ ਰੋਜ਼ ਲੱਖਾਂ ਹੀ ਯਾਤਰੀ ਘੱਟ ਸਮੇਂ ਵਿਚ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੇ ਹਨ |

-ਨਿਊ ਕੁੰਦਨਪੁਰੀ, ਲੁਧਿਆਣਾ |

ਕੇਲਾ ਖਾਣ 'ਤੇ ਖੁਸ਼ੀ ਕਿਉਂ ਪੈਦਾ ਹੁੰਦੀ ਹੈ

ਬੱਚਿਓ, ਕੇਲਾ ਖਾਣ ਨੂੰ ਮਿੱਠਾ ਅਤੇ ਸੁਆਦਲਾ ਹੁੰਦਾ ਹੈ | ਕੇਲੇ ਵਿਚ ਇਕ ਪ੍ਰਕਾਰ ਦਾ ਪ੍ਰੋਟੀਨ ਹੁੰਦਾ ਹੈ, ਜਿਸ ਨੂੰ ਟਰੀਪਟੋਫੇਨ ਕਹਿੰਦੇ ਹਨ | ਟਰੀਪਟੋਫੇਨ ਮਨੱੁਖੀ ਸਰੀਰ ਵਿਚ ਬਣਦਾ ਨਹੀਂ ਹੈ | ਜਦੋਂ ਕੇਲਾ ਖਾਧਾ ਜਾਂਦਾ ਹੈ ਤਾਂ ਉਸ ਵਿਚਲਾ ਟਰੀਪਟੋਫੇਨ ਸਰੀਰ ਦੁਆਰਾ ਸੋਖ ਲਿਆ ਜਾਂਦਾ ਹੈ | ਸਰੀਰ ਇਸ ਨੂੰ ਸੇਰੋਟੋਨਿਨ ਵਿਚ ਬਦਲ ਦਿੰਦਾ ਹੈ | ਇਹ ਇਕ ਹਾਰਮੋਨ ਹੈ | ਇਸ ਨੂੰ ਖੁਸ਼ੀ ਦਾ ਹਾਰਮੋਨ (ਹੈਪੀ ਹਾਰਮੋਨ) ਵੀ ਕਹਿੰਦੇ ਹਨ | ਇਹ ਚਿੰਤਾ ਅਤੇ ਤਣਾਅ ਨੂੰ ਦੂਰ ਕਰਦਾ ਹੈ | ਚਿੰਤਾ ਅਤੇ ਤਣਾਅ ਦੂਰ ਹੋਣ ਨਾਲ ਸਰੀਰ ਚੰਗਾ ਅਨੁਭਵ ਕਰਦਾ ਹੈ, ਜਿਸ ਕਾਰਨ ਖੁਸ਼ੀ ਪੈਦਾ ਹੁੰਦੀ ਹੈ | ਇਸ ਵਿਚ ਵਿਟਾਮਿਨ ਬੀ-6 ਹੁੰਦਾ ਹੈ | ਇਹ ਲਹੂ ਵਿਚ ਸ਼ੂਗਰ ਦੇ ਸਤਰ ਨੂੰ ਸਹੀ ਰੱਖਦਾ ਹੈ, ਜਿਸ ਦਾ ਦਿਮਾਗ 'ਤੇ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਨਾੜੀ ਪ੍ਰਣਾਲੀ ਨੂੰ ਸ਼ਾਂਤ ਰੱਖਦਾ ਹੈ | ਇਸ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਹੜੇ ਐਾਗਿਉਟੇਸਿਨ-2 ਨੂੰ ਨਸ਼ਟ ਕਰਦੇ ਹਨ | ਐਾਗਿਉਟੇਸਿਨ ਉੱਚ ਖੂਨ ਦਬਾਅ ਲਈ ਜ਼ਿੰਮੇਵਾਰ ਹੈ | ਰੋਜ਼ ਦੋ ਕੇਲੇ ਖਾਣ ਨਾਲ ਦਿਲ ਫੇਲ੍ਹ ਹੋਣ ਦੇ 40 ਫੀਸਦੀ ਖਤਰੇ ਘਟ ਜਾਂਦੇ ਹਨ | ਕੇਲੇ ਵਿਚ ਚਰਬੀ, ਕੋਲੈਸਟ੍ਰੋਲ ਅਤੇ ਸੋਡੀਅਮ ਨਹੀਂ ਹੁੰਦੇ ਹਨ | ਇਸ ਵਿਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ | ਕੇਲੇ ਦੀ 100 ਗ੍ਰਾਮ ਮਾਤਰਾ ਵਿਚ 450 ਮਿਲੀਗ੍ਰਾਮ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ | ਇਹ ਲਹੂ ਦਬਾਅ ਨੂੰ ਘਟਾਉਂਦਾ ਹੈ | ਇਹ ਗਰਮੀ ਦੇ ਦਿਨਾਂ ਵਿਚ ਅਤੇ ਬੁਖਾਰ ਵਿਚ ਸਰੀਰ ਨੂੰ ਠੰਢਾ ਰੱਖਦਾ ਹੈ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ | ਮੋਬਾ: 79864-99563

ਭਲਾ ਬੱੁਝੋ ਖਾਂ

1. ਜਿਹੜੀ ਮੱਝ ਅਜੇ ਤੱਕ ਸੂਈ ਨਾ ਹੋਵੇ, ਉਸ ਨੂੰ ਕੀ ਕਹਿੰਦੇ ਹਨ?
2. ਉਸ ਮਿੱਟੀ ਦੇ ਬਣੇ ਗੋਲ ਭਾਂਡੇ ਨੂੰ ਕੀ ਕਹਿੰਦੇ ਹਨ, ਜਿਸ ਵਿਚ ਦਾਲ ਧਰੀ ਜਾਂਦੀ ਹੈ? ਉਸ 'ਤੇ ਢੱਕਣ ਵੀ ਹੁੰਦਾ ਹੈ |
3. ਪੱੁਠੇ ਪਾਸੇ ਤੋਂ ਕਢਾਈ ਕੀਤੇ ਕੱਪੜੇ ਨੂੰ ਕੀ ਕਹਿੰਦੇ ਹਨ?
4. ਜਨਮ ਸਮੇਂ ਤੋਂ ਬਾਅਦ ਨਵਜੰਮੇ ਬੱਚੇ ਨੂੰ ਦਿੱਤੀ ਖੁਰਾਕ ਨੂੰ ਕੀ ਕਹਿੰਦੇ ਹਨ?
5. ਭੋਜਨ ਕਰਨ ਲਈ ਬੈਠਣ ਵਾਸਤੇ ਵਿਛਾਈ ਚਾਦਰ ਨੂੰ ਕੀ ਕਹਿੰਦੇ ਹਨ?
6. ਪੂਛਲ ਤਾਰੇ ਨੂੰ ਹੋਰ ਕਿਹੜੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ?
7. ਕੁੜੀ ਦੇ ਵਿਆਹ ਤੋਂ ਬਾਅਦ ਸਹੁਰੀਂ ਲਾਏ ਦੂਜੇ ਫੇਰੇ (ਗੇੜੇ) ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : (1) ਅਉਸਰ ਝੋਟੀ, (2) ਹਾਰਾ, (3) ਫੁਲਕਾਰੀ, (4) ਗੁੜ੍ਹਤੀ, (5) ਦਸਤਰਖਾਨ, (6) ਧੂਮ ਕੇਤੂ, (7) ਦਰੌਜਾ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027. ਮੋਬਾ: 94636-00252

ਸਮੇਂ-ਸਮੇਂ ਦੀ ਗੱਲ

ਨਾ ਕਿੱਕਰ, ਨਾ ਟਾਹਲੀ, ਨਾ ਹੀ ਤੂਤ ਸੰਭਾਲੇ ਗਏ,
ਇਨ੍ਹਾਂ ਬਾਝੋਂ ਹੁਣ ਭਲਾ ਕਦ ਛਾਵਾਂ ਲੱਭਦੀਆਂ ਨੇ |
ਖੋ ਗਏ ਦੂਰ ਬਰੋਟੇ ਬਈ ਮੇਰੇ ਪਿੰਡ ਦੀਆਂ ਜੂਹਾਂ ਤੋਂ,
ਨਾ ਪਿੱਪਲਾਂ ਦੇ ਥੱਲੇ ਹੁਣ ਉਹ ਸੱਥਾਂ ਸੱਜਦੀਆਂ ਨੇ |
ਕੋਈ ਨਾ ਖੇਡੇ ਗੱੁਲੀ-ਡੰਡਾ, ਨਾ ਛੂਹ-ਸਲਾਕੀ ਜੀ,
ਨਾ ਉਹ ਲੱਭਣ ਤਿੰ੍ਰਝਣ ਤੇ ਨਾ ਤੀਆਂ ਲਗਦੀਆਂ ਨੇ |
ਮਾਪੇ 'ਕੱਲੇ ਛੱਡ ਕੇ ਪੀੜ੍ਹੀ ਭੱਜੇ ਵਿਦੇਸ਼ਾਂ ਨੂੰ ,
ਘਰ ਦੀਆਂ ਕੰਧਾਂ ਨਾਲ ਵਿਲਕਦੀਆਂ ਮਾਵਾਂ ਲੱਭਦੀਆਂ ਨੇ |
ਕੋਈ ਨਾ ਮੰਗਦਾ ਧੀ ਇਥੇ ਅੱਡ ਝੋਲੀ ਰੱਬ ਕੋਲੋਂ,
ਹਰ ਕਿਸੇ ਦੀਆਂ ਦਿਲੋਂ ਦੁਆਵਾਂ ਪੱੁਤਰ ਮੰਗਦੀਆਂ ਨੇ |
ਨਸ਼ਿਆਂ ਦੇ ਵਿਚ ਰੁੜ੍ਹਦੀ ਜਾਵੇ ਜਵਾਨੀ ਬਚਦੀ ਨੀ,
ਹਰ ਤੀਜੇ ਪਿੰਡ ਦਿਸਣ ਲਾਟਾਂ ਸਿਵੇ ਦੀ ਅੱਗ ਦੀਆਂ ਨੇ |
ਖੌਰੇ ਕੀਹਦੀ ਨਜ਼ਰ ਲੱਗੀ ਮੇਰੇ ਪੰਜਾਬ ਵਿਚਾਰੇ ਨੂੰ ,
ਵੇਖ ਹਾਲਾਤ ਇਹੋ ਜੇ 'ਸੱੁਖੇ' ਦੀਆਂ ਅੱਖਾਂ ਵਗਦੀਆਂ ਨੇ |

-ਲੈਕ: ਸੁਖਦੀਪ ਸਿੰਘ ਸੁਖਾਣਾ,
ਪਿੰਡ ਸੁਖਾਣਾ (ਲੁਧਿਆਣਾ) | ਮੋਬਾ: 98148-92646

ਲੜੀਵਾਰ ਨਾਵਲ-14: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਨਹੀਂ ਗੌਰਵ ਵੀਰ ਜੀ! ਇਹੀਓ ਤਾਂ ਤੁਹਾਡਾ ਭੁਲੇਖਾ ਏ | ਉਨ੍ਹਾਂ ਦਾ ਇਰਾਦਾ ਬੜਾ ਦਿ੍ੜ੍ਹ ਏ | ਦਾਦਾ ਜੀ ਕੱਲ੍ਹ ਦੇ ਫਿਰ ਪੁਰਾਣੀਆਂ ਫਾਈਲਾਂ ਕੱਢ ਕੇ ਪੜ੍ਹ ਰਹੇ ਨੇ | ਪੁਰਾਣੀਆਂ ਚਿੱਠੀਆਂ ਵਿਚੋਂ ਆਪਣੀ ਡਾਇਰੀ ਉੱਪਰ ਪੁਆਇੰਟ ਲਿਖ ਰਹੇ ਨੇ | ਕਹਿੰਦੇ ਨੇ ਇਕ ਮਜ਼ਬੂਤ ਚਿੱਠੀ ਰੇਲਵੇ ਮੰਤਰੀ ਨੂੰ ਲਿਖਾਂਗਾ |' ਡੌਲੀ ਜੋਸ਼ ਨਾਲ ਦੱਸ ਰਹੀ ਸੀ |
'ਬੇਚਾਰੇ ਦਾਦਾ ਜੀ! ਮੈਨੂੰ ਤਾਂ ਡੌਲੀ ਉਨ੍ਹਾਂ 'ਤੇ ਤਰਸ ਆਉਂਦਾ ਏ |' ਰਾਜਨ ਨੇ ਮਾਯੂਸੀ ਵਿਚ ਹੱਥ ਮਲੇ |
'ਰਾਜਨ ਵੀਰ ਜੀ! ਇਹ ਕੀ ਆਖ ਰਹੇ ਓ? ਮੈਨੂੰ ਤੁਹਾਡੀ ਗੱਲ ਸੁਣ ਕੇ ਬਹੁਤ ਮਹਿਸੂਸ ਹੋਇਆ ਏ | ਦਾਦਾ ਜੀ ਬੇਚਾਰੇ ਨਹੀਂ, ਉਹ ਕਿਸਮਤ ਵਾਲੇ ਨੇ... ਹੌਸਲੇ ਵਾਲੇ ਨੇ | ਹੌਸਲੇ ਵਾਲੇ ਇਨਸਾਨ ਕਦੇ ਬੇਚਾਰੇ ਨਹੀਂ ਹੁੰਦੇ | ਉਨ੍ਹਾਂ ਦੀ ਜ਼ਿੰਦਗੀ ਦਾ ਇਕ ਨਿਸ਼ਾਨਾ ਏ ਤੇ ਉਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਉਹ ਸੰਘਰਸ਼ ਕਰ ਰਹੇ ਨੇ ਤੇ ਸੰਘਰਸ਼ ਵਿਚ ਕਾਮਯਾਬੀ ਏਨੀ ਛੇਤੀ ਨਹੀਂ ਮਿਲਿਆ ਕਰਦੀ |' ਡੌਲੀ ਜੋਸ਼ ਨਾਲ ਬੋਲ ਰਹੀ ਸੀ | ਰਾਜਨ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਡੌਲੀ ਨਹੀਂ, ਡੌਲੀ ਵਿਚੋਂ ਖੁਦ ਦਾਦਾ ਜੀ ਬੋਲ ਰਹੇ ਹੋਣ |
'ਬੇਚਾਰੇ ਉਹ ਨੇ ਵੀਰ ਜੀ, ਜਿਨ੍ਹਾਂ ਦੀ ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ... ਜਿਨ੍ਹਾਂ ਵਿਚ ਵਿਸ਼ਵਾਸ ਦੀ ਘਾਟ ਏ, ਚਲੋ, ਅੱਜ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਂਦੀ ਹਾਂ | ਇਹ ਕਹਾਣੀ ਵੀ ਮੈਨੂੰ ਦਾਦਾ ਜੀ ਨੇ ਹੀ ਸੁਣਾਈ ਸੀ | ਸਮਾਂ ਤਾਂ ਚਲੋ ਘੱਟ ਈ ਏ... ਹਾਂ, ਸੱਚ ਦਸ ਮਿੰਟ ਹੈਨ ਅਜੇ |' ਡੌਲੀ ਨੇ ਆਪਣੇ ਹੱਥ ਨਾਲ ਲੱਗੀ ਘੜੀ ਦੇਖਦੇ ਹੋਏ ਕਿਹਾ |
ਕਹਾਣੀ ਦੇ ਨਾਂਅ 'ਤੇ ਦੂਜੇ ਬੱਚਿਆਂ ਨੇ ਵੀ ਕੰਨ ਚੱੁਕ ਲਏ |
'ਪਰ ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦਾਦਾ ਜੀ ਦੀ ਇਕ ਹੋਰ ਗੱਲ ਦੱਸਣ ਲੱਗੀ ਹਾਂ | ਕੱਲ੍ਹ ਸ਼ਾਮ ਨੂੰ ਜਦੋਂ ਰੇਲਵੇ ਮੰਤਰੀ ਸਾਹਿਬ ਦੀ ਚਿੱਠੀ ਮਿਲੀ ਤਾਂ ਡੈਡੀ, ਮੰਮੀ, ਵੱਡੇ ਅੰਕਲ ਤੇ ਦਾਦੀ ਜੀ ਨੇ ਦਾਦਾ ਜੀ ਨੂੰ ਕਾਫੀ ਸਮਝਾਇਆ ਪਈ ਇਹ ਕੰਮ ਛੱਡ ਦੇਵੋ, ਜਦ ਦੋ ਚਿੱਠੀਆਂ ਹੀ ਆ ਗਈਆਂ ਪਈ ਗੱਡੀ ਨਹੀਂ ਰੁਕ ਸਕਦੀ, ਫਿਰ ਤੁਸੀਂ ਕਿਉਂ ਇਕੋ ਹੀ ਗੱਲ ਦੇ ਮਗਰ ਪਏ ਹੋਏ ਓ... | ਦਾਦਾ ਜੀ ਕਾਫੀ ਦੇਰ ਸ਼ਾਂਤ ਚਿੱਤ ਹੋ ਕੇ ਸਾਰਿਆਂ ਦੀ ਗੱਲ ਸੁਣਦੇ ਰਹੇ | ਫਿਰ ਸੋਚ-ਵਿਚਾਰ ਕੇ ਉਨ੍ਹਾਂ ਨੇ ਇਕੋ ਹੀ ਗੱਲ ਆਖੀ, 'ਮਨੱੁਖ ਟੱੁਟ ਸਕਦਾ ਏ ਪਰ ਝੁਕ ਨਹੀਂ ਸਕਦਾ...' ਤੇ ਫਿਰ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਹ ਕਹਾਣੀ ਸੁਣਾਈ, ਜਿਹੜੀ ਮੈਂ ਤੁਹਾਨੂੰ ਹੁਣ ਸੁਣਾਉਣ ਲੱਗੀ ਹਾਂ |'
'ਡੌਲੀ ਦੀਦੀ ਜਲਦੀ ਸੁਣਾਓ... ਪੰਜ ਮਿੰਟ ਬਾਕੀ ਰਹਿ ਗਏ ਨੇ ਅੱਧੀ ਛੱੁਟੀ ਬੰਦ ਹੋਣ... |' ਪ੍ਰੀਤ ਨੇ ਆਪਣੇ ਹੱਥ 'ਤੇ ਲੱਗੀ ਘੜੀ ਦੇਖਦਿਆਂ ਕਿਹਾ |
'ਲਓ ਬਈ ਦੋਸਤੋ! ਮੈਂ ਛੇਤੀ-ਛੇਤੀ ਤੁਹਾਨੂੰ ਕਹਾਣੀ ਸੁਣਾ ਦੇਵਾਂ | ਇਹ ਕਹਾਣੀ ਸਕਾਟਲੈਂਡ ਦੇ ਰਾਜੇ ਬਰੂਸ ਦੀ ਏ | ਰਾਜੇ ਦਾ ਨਾਂਅ ਬਰੂਸ ਸੀ | ਉਹ ਬਹੁਤ ਸਮਝਦਾਰ ਤੇ ਸ਼ਕਤੀਸ਼ਾਲੀ ਰਾਜਾ ਸੀ | ਇਕ ਵਾਰੀ ਕਿਸੇ ਦੂਜੇ ਦੇਸ਼ ਦੇ ਰਾਜੇ ਨੇ ਉਸ ਦੇ ਦੇਸ਼ ਉੱਪਰ ਹਮਲਾ ਕਰ ਦਿੱਤਾ | ਬਦਕਿਸਮਤੀ ਨੂੰ ਰਾਜੇ ਬਰੂਸ ਨੂੰ ਹਾਰ ਹੋ ਗਈ ਤੇ ਉਹ ਆਪਣੀ ਜਾਨ ਬਚਾਉਣ ਦੀ ਖਾਤਰ ਪਹਾੜਾਂ ਵੱਲ ਚਲਾ ਗਿਆ | ਉਥੇ ਇਕ ਤੰਗ ਗੁਫ਼ਾ ਵਿਚ ਜਾ ਕੇ ਲੁਕ ਗਿਆ | ਉਸ ਗੁਫ਼ਾ ਦੀ ਛੱਤ 'ਤੇ ਇਕ ਮੱਕੜੀ ਦਾ ਘਰ ਸੀ ਪਰ ਕਿਸੇ ਕਾਰਨ ਕਰਕੇ ਉਹ ਮੱਕੜੀ ਹੇਠਾਂ ਫਰਸ਼ ਉੱਪਰ ਡਿੱਗੀ ਹੋਈ ਸੀ | ਉਸ ਨੇ ਹੌਲੀ-ਹੌਲੀ ਛੱਤ ਵੱਲ ਚੜ੍ਹਨਾ ਸ਼ੁਰੂ ਕੀਤਾ | ਰਾਜਾ ਮੱਕੜੀ ਦੀ ਮੂਰਖਤਾ 'ਤੇ ਹੱਸਿਆ | ਰਾਜੇ ਨੇ ਸੋਚਿਆ ਕਿ ਇਹ ਛੋਟਾ ਜਿਹਾ ਜੀਵ ਐਡੀ ਉੱਚੀ ਛੱਤ ਉੱਪਰ ਕਿਸ ਤਰ੍ਹਾਂ ਚੜ੍ਹੇਗਾ | ਰਾਜੇ ਦੀ ਗੱਲ ਠੀਕ ਸਾਬਤ ਹੋਈ | ਛੱਤ ਦੇ ਅੱਧੇ ਰਸਤੇ ਵਿਚ ਜਾ ਕੇ ਮੱਕੜੀ ਹੇਠਾਂ ਡਿੱਗ ਪਈ | ਕੁਝ ਦੇਰ ਬਾਅਦ ਉਹ ਫਿਰ ਚੜ੍ਹਨ ਲੱਗੀ | ਹੁਣ ਦੀ ਵਾਰੀ ਉਹ ਛੱਤ ਦੇ ਨੇੜੇ ਹੀ ਪਹੁੰਚ ਚੱਲੀ ਸੀ ਕਿ ਉਹ ਫਿਰ ਡਿੱਗ ਪਈ ਤੇ ਬੇਹੋਸ਼ ਹੋ ਕੇ ਫਰਸ਼ ਉੱਪਰ ਡਿੱਗ ਪਈ | ਇਹ ਕਰਮ ਉਸ ਨੇ ਅੱਠ ਵਾਰੀ ਦੁਹਰਾਇਆ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

ਬਾਲ ਕਵਿਤਾ: ਬਾਲ ਸਭਾ

ਸਕੂਲ ਵਿਚ ਬਾਲ ਸਭਾ, ਲਗਦੀ ਸਨਿਚਰਵਾਰ ਜੀ |
ਬੱਚਿਆਂ ਦਾ ਇਹਦੇ ਨਾਲ, ਉੱਚਾ ਹੁੰਦਾ ਮਿਆਰ ਜੀ |
ਸੁਣਾਉਂਦਾ ਕੋਈ ਗੀਤ, ਕੋਈ ਚੁਟਕਲੇ ਸੁਣਾਵੇ |
ਹਸਾ ਕੇ ਸਭ ਤਾਈਾ, ਢਿੱਡੀਂ ਪੀੜਾਂ ਪਾਈ ਜਾਵੇ |
ਲਗਦੇ ਨੇ ਬੱਚੇ ਸਾਰੇ, ਵੱਡੇ ਕਲਾਕਾਰ ਜੀ |
ਸਕੂਲ ਵਿਚ ਬਾਲ ਸਭਾ........ |
ਕੋਈ ਕਵਿਤਾ ਸੁਣਾ, ਵੱਖਰਾ ਹੀ ਰੰਗ ਬੰਨ੍ਹੇ |
ਕੋਈ ਕੁਝ ਵੀ ਨਾ ਬੋਲੇ, ਗੱਲ ਕਿਸੇ ਦੀ ਨਾ ਮੰਨੇ |
ਕੋਈ ਸਾਂਝ ਪਾਉਂਦਾ, ਸੁਣਾਂ ਚੰਗੇ ਵਿਚਾਰ ਜੀ |
ਸਕੂਲ ਵਿਚ ਬਾਲ ਸਭਾ........ |
ਬਾਲ ਸਭਾ ਬੱਚਿਆਂ ਦੀ, ਝਿਜਕ ਦੂਰ ਕਰਦੀ |
ਅਨੁਸ਼ਾਸਨ ਸਿਖਾਉਂਦੀ, ਆਤਮਵਿਸ਼ਵਾਸ ਭਰਦੀ |
ਛੁਪੇ ਹੋਏ ਗੁਣਾਂ ਤਾਈਾ, ਕੱਢੀ ਜਾਵੇ ਬਾਹਰ ਜੀ |
ਸਕੂਲ ਵਿਚ ਬਾਲ ਸਭਾ........ |
ਸਿੱਖਿਆ ਦਾ ਇਹ ਅੰਗ, ਚੰਗਾ ਨਾਗਰਿਕ ਬਣਾਵੇ |
ਇਕੱਠ ਵਿਚ ਬੋਲਣ ਦਾ, ਹੋਰ ਹੌਸਲਾ ਵਧਾਵੇ |
ਸੁਖਬੀਰ ਗੁਣ ਗਾਵੇ, ਇਹਦੇ ਵਾਰ-ਵਾਰ ਜੀ |
ਸਕੂਲ ਵਿਚ ਬਾਲ ਸਭਾ, ਲਗਦੀ ਸਨਿਚਰਵਾਰ ਜੀ |

-ਸੁਖਬੀਰ ਸਿੰਘ ਖੁਰਮਣੀਆਂ,
ਖ਼ਾਲਸਾ ਕਾਲਜ ਸੀ: ਸੈ: ਸਕੂਲ, ਅੰਮਿ੍ਤਸਰ-143002

ਚੁਟਕਲੇ

• ਇਕ ਆਦਮੀ ਐਤਵਾਰ ਨੂੰ ਡਾਕਟਰ ਕੋਲ ਗਿਆ |
ਆਦਮੀ-ਡਾਕਟਰ ਸਾਹਿਬ, ਮੇਰੀ ਪਤਨੀ ਕੁਝ ਸਮਝਦੀ ਹੀ ਨਹੀਂ, ਹਰ ਵਕਤ ਚਿੜ-ਚਿੜ ਕਰਦੀ ਰਹਿੰਦੀ ਐ, ਮੇਰੀ ਗੱਲ ਤਾਂ ਉਹ ਸੁਣਦੀ ਹੀ ਨਹੀਂ, ਉਹਨੂੰ ਸ਼ਾਂਤ ਕਰਨ ਦੀ ਕੋਈ ਦਵਾਈ ਹੈ?
ਡਾਕਟਰ-ਜੇ ਇਹ ਏਨਾ ਹੀ ਸੌਖਾ ਇਲਾਜ ਹੁੰਦਾ ਤਾਂ ਮੈਂ ਐਤਵਾਰ ਨੂੰ ਦੁਕਾਨ ਖੋਲ੍ਹ ਕੇ ਕਿਉਂ ਬੈਠਾ ਹੁੰਦਾ?
• ਇਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਉਣ ਪੁਲਿਸ ਥਾਣੇ ਵਿਚ ਜਾਂਦਾ ਹੈ |
ਮੁਨਸ਼ੀ (ਆਦਮੀ ਨੂੰ )-ਪਤਨੀ ਗੁਆਂਢੀ ਦੀ ਗੁੰਮ ਹੋਈ ਹੈ ਤੇ ਰਿਪੋਰਟ ਤੂੰ ਕਿਉਂ ਲਿਖਵਾ ਰਿਹੈਂ?
ਆਦਮੀ-ਸਰ ਮੇਰੇ ਕੋਲੋਂ ਉਹਦੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ, ਉਹ ਰੋਜ਼ ਪਾਰਟੀ ਕਰਦਾ |
• ਪਤੀ (ਪਤਨੀ ਨੂੰ ) ਅੱਜ ਸਬਜ਼ੀ 'ਚ ਲੂਣ ਬਹੁਤ ਐ |
ਪਤਨੀ-ਹੈਗਾ ਤਾਂ ਹੈਗਾ ਕੀ ਕਰੋਗੇ ?
ਪਤੀ-ਮੇਰਾ ਮਤਲਬ ਐ ਸਬਜ਼ੀ ਕਰਾਰੀ ਬਣੀ ਐ, ਬਹੁਤ ਸੁਆਦ ਐ |
• ਪਤਨੀ (ਪਤੀ ਨੂੰ )-ਜੇ ਮੈਂ ਕਿਸੇ ਰਾਖਸ਼ ਨਾਲ ਵੀ ਵਿਆਹੀ ਹੁੰਦੀ, ਤਾਂ ਵੀ ਮੈਂ ਏਨੀ ਦੁਖੀ ਨਾ ਹੁੰਦੀ, ਜਿੰਨੀ ਤੇਰੇ ਨਾਲ ਦੁਖੀ ਹਾਂ |
ਪਤੀ-ਕਮਲੀਏ, ਕਿਤੇ ਖੂਨ ਦੇ ਰਿਸ਼ਤੇ ਵਿਚ ਵੀ ਵਿਆਹ ਹੁੰਦੇ ਐ ਭਲਾ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986

ਉੱਠੋ ਬੱਚਿਓ...

ਉੱਠੋ ਬੱਚਿਓ, ਹਿੰਮਤ ਜੁਟਾਓ,
ਆਸਾਂ ਵਾਲਾ ਦੀਪ ਜਗਾਓ |
ਕਰ ਸਕਦੇ ਹੋ ਤੁਸੀਂ ਸਭ ਕੁਝ,
ਇਰਾਦਾ ਆਪਣਾ ਦਿ੍ੜ੍ਹ ਬਣਾਓ |
ਜਿੱਤਣਾ-ਹਾਰਨਾ ਚਲਦਾ ਰਹਿਣਾ,
ਮੌਕਾ ਨਾ ਅਜਾਈਾ ਗੁਆਓ |
ਕੋਸ਼ਿਸ਼ ਕਰਿਆਂ ਮਿਲਦਾ ਸਭ,
ਮਨ ਨੂੰ ਜ਼ਰਾ ਤੁਸੀਂ ਟਿਕਾਓ |
ਮਿਥ ਕੇ ਟੀਚਾ ਨਿਸਚਿਤ ਇਕ,
ਕਦਮ-ਕਦਮ ਵਧਾਉਂਦੇ ਜਾਓ |
ਲੱਗੇ ਮੁਸ਼ਕਿਲ ਜੇ ਕੋਈ ਭਾਰੀ,
ਅਧਿਆਪਕ ਸੰਗ ਮਿਲ ਸੁਲਝਾਓ |
ਬਣਨਾ ਚਾਹੋ ਜੇ ਕੁਝ ਵੱਖਰਾ,
ਕਿਤਾਬਾਂ ਨਾਲ ਫਿਰ ਦੋਸਤੀ ਪਾਓ |
'ਰਮਨ' ਸਮਝਾਵੇ ਜੋ ਵਿਚ ਲਿਖਤਾਂ,
ਗੱਲਾਂ 'ਤੇ ਜ਼ਰਾ ਗੌਰ ਫੁਰਮਾਓ |

-ਰਮਨਪ੍ਰੀਤ ਕੌਰ ਢੱੁਡੀਕੇ,
ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690

ਬਾਲ ਗੀਤ: ਤਾਰੇ

ਨੀਲੇ ਅੰਬਰ 'ਤੇ ਚਮਕਣ ਤਾਰੇ,
ਸਭ ਨੂੰ ਲੱਗਣ ਬੜੇ ਪਿਆਰੇ |
ਚਮਕਣ ਆਕਾਸ਼ 'ਤੇ ਤਾਰੇ ਲੱਖਾਂ,
ਜਿਵੇਂ ਅੰਬਰ ਦੀਆਂ ਹੋਵਣ ਅੱਖਾਂ |
ਵੇਖਣ ਨੂੰ ਲਗਦੇ ਨਿਆਰੇ-ਨਿਆਰੇ,
ਨੀਲੇ ਅੰਬਰ 'ਤੇ.......... |
ਇਨ੍ਹਾਂ ਦੀ ਨਾ ਕੋਈ ਵੀ ਗਿਣਤੀ,
ਨਾ ਹੀ ਕਰ ਸਕਿਆ ਕੋਈ ਮਿਣਤੀ |
ਰਲ-ਮਿਲ ਕੇ ਇਹ ਰਹਿੰਦੇ ਸਾਰੇ,
ਨੀਲੇ ਅੰਬਰ 'ਤੇ......... |
ਲੱਖਾਂ ਮੀਲ ਇਨ੍ਹਾਂ ਦੀ ਦੂਰੀ,
ਮਿਲੀਏ ਕਿੱਦਾਂ ਹੈ ਮਜਬੂਰੀ |
ਸੋਚਣ ਬੱਚੇ ਇੰਜ ਵਿਚਾਰੇ,
ਨੀਲੇ ਅੰਬਰ 'ਤੇ......... |
ਨੀਲੀ ਟਾਕੀ 'ਚ ਚਾਵਲ ਬੱਧੇ,
ਦਿਨੇ ਗੁਆਚੇ, ਰਾਤੀਂ ਲੱਭੇ |
ਇਹੋ ਪਾਉਂਦੇ ਬਾਤਾਂ ਸਾਰੇ,
ਨੀਲੇ ਅੰਬਰ 'ਤੇ........ |
ਤਾਰਿਆਂ ਨਾਲ ਹੈ ਮੇਰੀ ਪ੍ਰੀਤ,
ਤਾਹੀਓਾ ਲਿਖਦਾ 'ਔਲਖ' ਗੀਤ |
ਜਾਵਾਂ ਇਨ੍ਹਾਂ ਤੋਂ ਬਲਿਹਾਰੇ,
ਨੀਲੇ ਅੰਬਰ 'ਤੇ ਚਮਕਣ ਤਾਰੇ |
ਸਭ ਨੂੰ ਲੱਗਣ ਬੜੇ ਪਿਆਰੇ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 98152-82283

ਬਾਲ ਕਹਾਣੀ ਕੀਤੀ ਦਾ ਫ਼ਲ

ਬੱਚਿਓ, ਕੋਈ ਵੀ ਬੱਚਾ ਆਪਣੇ ਮਾਪਿਆਂ ਦਾ ਦੇਣ ਕਦੇ ਨਹੀਂ ਦੇ ਸਕਦਾ। ਮਾਪੇ, ਆਪਣੇ ਬੱਚਿਆਂ ਲਈ ਜੋ ਕਰਦੇ ਹਨ, ਦੁਨੀਆ ਦਾ ਹੋਰ ਕੋਈ ਸ਼ਖ਼ਸ ਨਹੀਂ ਕਰ ਸਕਦਾ। ਇਹ ਮਾਪੇ ਹੀ ਹਨ ਜੋ ਆਪਣੀ ਔਲਾਦ ਲਈ ਨਿਰਸਵਾਰਥ ਆਪਣੀਆਂ ਖੁਸ਼ੀਆਂ, ਆਪਣੇ ਚਾਅ, ਆਪਣੇ ਸੁਖ, ਇਥੋਂ ਤੱਕ ਕਿ ਆਪਣੀ ਧਨ-ਦੌਲਤ ਵੀ ਅੱਖਾਂ ਮੀਚ ਕੇ ਨਿਛਾਵਰ ਕਰ ਦਿੰਦੇ ਹਨ ਪਰ ਅਫ਼ਸੋਸ ਕਿ ਏਨਾ ਕਰਨ ਦੇ ਬਾਵਜੂਦ ਕਈ ਬੱਚੇ ਆਪਣੇ ਮਾਪਿਆਂ ਨੂੰ ਇਹ ਕਹਿੰਦਿਆਂ ਅੱਜਕਲ੍ਹ ਆਮ ਸੁਣੇ ਜਾਂਦੇ ਹਨ ਕਿ, 'ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ?'
ਮੈਂ ਉਨ੍ਹਾਂ ਭਲੇਮਾਣਸਾਂ ਨੂੰ ਪੁੱਛਣਾ ਚਾਹੁੰਦਾਂ ਕਿ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਇਹ ਦੁਨੀਆ ਦਿਖਾਈ, ਪਾਲਿਆ-ਪੋਸਿਆ, ਪੜ੍ਹਾਇਆ ਤੇ ਜਵਾਨ ਕੀਤਾ ਤੇ ਫਿਰ ਪੈਰਾਂ 'ਤੇ ਖੜ੍ਹੇ ਹੋਣ ਦੀ ਜਾਚ ਸਿਖਾਈ, ਇਹ ਕੋਈ ਮਾਮੂਲੀ ਗੱਲ ਹੈ?
ਮੇਰੀ ਇਹ ਕਹਾਣੀ ਵੀ ਇਸੇ ਵਿਸ਼ੇ 'ਤੇ ਆਧਾਰਿਤ ਹੈ। ਜਦ ਪੀਤੇ ਨੇ ਆਪਣੇ ਮਾਪਿਆਂ ਨਾਲ ਰੋਜ਼ ਝਗੜਾ ਕਰਨਾ ਅਖੇ, 'ਤੁਸੀਂ ਮੇਰੇ ਲਈ ਕੀਤਾ ਹੀ ਕੀ ਹੈ, ਮੈਂ ਤਾਂ ਆਪਣੀ ਮਿਹਨਤ ਨਾਲ ਕਾਮਯਾਬ ਹੋਇਆ, ਤੁਸੀਂ ਤਾਂ ਬਸ ਡੰਗਰਾਂ ਨਾਲ ਡੰਗਰ ਹੀ ਬਣੇ ਰਹੇ ਸਾਰੀ ਜ਼ਿੰਦਗੀ। ਆ ਮਕਾਨ ਵੀ ਮੇਰੇ ਕਰਕੇ ਬਣ ਗਏ, ਤੁਸੀਂ ਤਾਂ ਬਸ ਕੱਚੇ ਢਾਰਿਆਂ ਵਿਚ ਹੀ ਡੰਗਰਾਂ ਵਾਂਗੂੰ ਜ਼ਿੰਦਗੀ ਗੁਜ਼ਾਰੀ ਆ।' ਅਜਿਹੇ ਤਾਅਨੇ ਮਾਰ-ਮਾਰ ਕੇ ਪੀਤੇ ਨੇ ਆਪਣੇ ਮਾਪਿਆਂ ਨੂੰ ਬਾਹਰਲੀ ਹਵੇਲੀ ਜਾਣ ਲਈ ਮਜਬੂਰ ਕਰ ਦਿੱਤਾ, ਜਿਥੇ ਉਨ੍ਹਾਂ ਨੇ ਆਪਣੀ ਅਖੀਰਲੀ ਉਮਰ ਧੀਆਂ ਦੇ ਸਿਰ 'ਤੇ ਗੁਜ਼ਾਰੀ ਸੀ। ਧੀਆਂ ਤਾਂ ਉਨ੍ਹਾਂ ਨੂੰ ਆਪਣੇ ਕੋਲ ਲੈ ਜਾਣ ਲਈ ਤਿਆਰ ਸਨ ਪਰ ਉਹ ਵਿਚਾਰੇ ਲੋਕ ਲਾਜ ਕਰਕੇ ਪਿੰਡ ਹੀ ਰਹੇ ਪਰ ਉਨ੍ਹਾਂ ਦਾ ਸਾਰਾ ਭਾਰ ਧੀਆਂ ਨੇ ਚੁੱਕ ਲਿਆ ਸੀ, ਜੋ ਉਨ੍ਹਾਂ ਨੇ ਉਨ੍ਹਾਂ ਦੇ ਅਖੀਰਲੇ ਦਮ ਤੱਕ ਨਿਭਾਇਆ। ਹੁਣ ਉਨ੍ਹਾਂ ਨੂੰ ਸਵਰਗਵਾਸ ਹੋਏ 24 ਸਾਲ ਹੋ ਚੁੱਕੇ ਨੇ। ਇਧਰ ਪੀਤਾ ਤੇ ਉਸ ਦੀ ਪਤਨੀ ਵੀ ਹੁਣ ਬੁਢਾਪੇ ਦੀ ਦਹਿਲੀਜ਼ ਟੱਪ ਚੁੱਕੇ ਨੇ। ਉਨ੍ਹਾਂ ਦੇ ਦੋਵੇਂ ਮੁੰਡੇ ਨਸ਼ੇੜੀ ਨਿਕਲੇ, ਜਿਨ੍ਹਾਂ ਨੇ ਪੀਤੇ ਦੀ ਬਣਾਈ ਜਾਇਦਾਦ, ਜਿਸ ਦੇ ਸਿਰ 'ਤੇ ਉਹ ਆਕੜਦਾ ਹੁੰਦਾ ਸੀ, ਨਸ਼ਿਆਂ ਦੀ ਭੇਟ ਚਾੜ੍ਹ ਦਿੱਤੀ।
ਪੀਤਾ ਜਦ ਉਨ੍ਹਾਂ ਨੂੰ ਕੁਝ ਕਹਿੰਦਾ ਤਾਂ ਉਹ ਟੁੱਟੀ ਕੁਹਾੜੀ ਵਾਂਗੂੰ ਗਲ ਪੈ ਜਾਂਦੇ। ਅਖੇ, 'ਬਾਪੂ, ਤੂੰ ਸਾਰੀ ਉਮਰ ਸਾਡੇ ਲਈ ਕੀਤਾ ਹੀ ਕੀ ਏ?' ਤਾਂ ਉਸ ਨੂੰ ਉਨ੍ਹਾਂ ਦੀ ਇਹ ਗੱਲ ਸੁਣ ਕੇ ਬਹੁਤ ਦੁੱਖ ਹੁੰਦਾ ਕਿ ਮੈਂ ਜਿਨ੍ਹਾਂ ਲਈ ਸਾਰੀ ਉਮਰ ਟੁੱਟ-ਟੁੱਟ ਮਰਦਾ ਰਿਹਾ, ਆਲੀਸ਼ਾਨ ਮਕਾਨ ਬਣਾਇਆ, ਸਭ ਸੁਖ-ਸਹੂਲਤਾਂ ਦਿੱਤੀਆਂ ਪਰ ਆਖਰ ਉਹਨੂੰ ਕੀ ਮਿਲਿਆ, ਬੱਚਿਆਂ ਤੋਂ ਝਿੜਕਾਂ ਤੇ ਸੁਣਨ ਲਈ ਤਾਅਨੇ। ਹੁਣ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਣ ਲੱਗਾ ਸੀ। ਅੱਜ ਉਹ ਆਪਣੇ-ਆਪ ਨੂੰ ਆਪਣੇ ਮਾਪਿਆਂ ਦਾ ਬਹੁਤ ਵੱਡਾ ਗੁਨਾਹਗਾਰ ਸਮਝ ਰਿਹਾ ਸੀ। ਕਿਉਂਕਿ ਉਸ ਨੇ ਵੀ ਇਕ ਦਿਨ ਆਪਣੇ ਮਾਪਿਆਂ ਦੀ ਝੋਲੀ ਵਿਚ ਇਹੋ ਜਿਹੇ ਸ਼ਬਦ ਪਾਏ ਸਨ, ਜੋ ਉਸ ਦੀ ਝੋਲੀ ਵਿਚ ਪੈ ਰਹੇ ਸਨ। ਇਹ ਸਭ ਉਸ ਦੀ ਕੀਤੀ ਦਾ ਫਲ ਸੀ। ਹੁਣ ਉਸ ਨੂੰ ਇਹ ਸਮਝ ਆ ਗਈ ਸੀ ਕਿ ਇਹ ਸਭ ਕੁਝ ਉਸ ਨਾਲ ਕਿਉਂ ਹੋ ਰਿਹਾ ਹੈ? ਉਹ ਮਨ ਹੀ ਮਨ ਆਪਣੇ ਮਾਪਿਆਂ ਤੋਂ ਮੁਆਫ਼ੀ ਮੰਗ ਰਿਹਾ ਸੀ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਹੁਣ ਚਿੜੀਆਂ ਖੇਤ ਚੁਗ ਗਈਆਂ ਸਨ। ਬੱਚਿਓ, ਇਸ ਲਈ ਕਦੇ ਵੀ ਆਪਣੇ ਮਾਪਿਆਂ ਨੂੰ ਮੰਦਾ ਬੋਲ ਨਹੀਂ ਬੋਲਣਾ ਚਾਹੀਦਾ, ਕਿਉਂਕਿ ਮਾਪੇ ਸਾਡੇ ਸਭ ਦੇ ਜਨਮਦਾਤੇ ਤੇ ਪਾਲਣਹਾਰ ਹੁੰਦੇ ਹਨ। ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਣੇ ਗਲ ਲਾ ਕੇ ਰੱਖਣੇ ਚਾਹੀਦੇ ਹਨ।

-ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ)।
ਮੋਬਾ: 97790-43348

ਸ਼ਹਿਦ ਲੰਬੇ ਸਮੇਂ ਤੱਕ ਖਰਾਬ ਕਿਉਂ ਨਹੀਂ ਹੁੰਦਾ?

ਪਿਆਰੇ ਬੱਚਿਓ, ਤੁਸੀਂ ਘਰ ਵਿਚ ਪਿਆ ਸ਼ਹਿਦ ਜ਼ਰੂਰ ਦੇਖਿਆ ਹੋਵੇਗਾ। ਜ਼ਿਆਦਾਤਰ ਬੱਚਿਆਂ ਨੂੰ ਬਰੈੱਡ ਉੱਤੇ ਸ਼ਹਿਦ ਲਗਾ ਕੇ ਖਾਣਾ ਵਧੀਆ ਲੱਗਦਾ ਹੈ। ਪੁਰਾਤਨ ਕਾਲ ਤੋਂ ਹੀ ਇਨਸਾਨ ਵਲੋਂ ਸ਼ਹਿਦ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸ਼ਹਿਦ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਸ਼ਹਿਦ ਦਾ ਇਕ ਖਾਸ ਗੁਣ ਹੈ ਕਿ ਇਹ ਜਿੰਨਾ ਪੁਰਾਣਾ ਹੋਵੇਗਾ, ਓਨਾ ਹੀ ਗੁਣਕਾਰੀ ਵੀ ਹੋਵੇਗਾ। ਸ਼ਹਿਦ ਪੁਰਾਣਾ ਹੋਣ ਦੇ ਬਾਵਜੂਦ ਵੀ ਕਦੇ ਖਰਾਬ ਨਹੀਂ ਹੁੰਦਾ, ਇਸ ਪਿੱਛੇ ਕੀ ਕਾਰਨ ਹੈ? ਸ਼ਹਿਦ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਕਿ ਇਸ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸ਼ੁੱਧ ਸ਼ਹਿਦ ਵਿਚ ਨਮੀ ਨਾ ਦੇ ਬਰਾਬਰ ਹੁੰਦੀ ਹੈ, ਜਿਸ ਕਾਰਨ ਇਸ ਵਿਚ ਬੈਕਟੀਰੀਆ ਪੈਦਾ ਹੀ ਨਹੀਂ ਹੋ ਪਾਉਂਦੇ ਜਾਂ ਫਿਰ ਉਹ ਜਿਉਂਦੇ ਨਹੀਂ ਰਹਿ ਸਕਦੇ। ਇਹੀ ਕਾਰਨ ਹੈ ਕਿ ਸ਼ਹਿਦ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ। ਜੇਕਰ ਕਿਸੇ ਕਾਰਨ ਸ਼ਹਿਦ ਖਰਾਬ ਹੋ ਰਿਹਾ ਹੈ ਤਾਂ ਇਸ ਵਿਚ ਮਿਲਾਵਟ ਹੋਣਾ ਤੈਅ ਹੈ। ਸ਼ਹਿਦ ਉੱਤੇ ਖੋਜ ਕਰਨ ਵਾਲਿਆਂ ਨੇ ਇਹ ਦੱਸਿਆ ਕਿ ਮਧੂਮੱਖੀਆਂ ਸ਼ਹਿਦ ਬਣਾਉਣ ਲਈ ਜੋ ਪਰਾਗ ਚੁਣਦੀਆਂ ਹਨ, ਉਸ ਵਿਚ ਜ਼ਿਆਦਾ ਮਾਤਰਾ ਵਿਚ ਪਾਣੀ ਹੁੰਦਾ ਹੈ ਪਰ ਸ਼ਹਿਦ ਬਣਾਉਣ ਦੀ ਪ੍ਰਕਿਰਿਆ ਦੌਰਾਨ ਮਧੂਮੱਖੀਆ ਸਾਰੀ ਨਮੀ ਨੂੰ ਖਤਮ ਕਰ ਦਿੰਦੀਆਂ ਹਨ ਅਤੇ ਬਚਿਆ ਹੋਇਆ ਹਿੱਸਾ ਸ਼ੁੱਧ ਸ਼ਹਿਦ ਦੇ ਰੂਪ ਵਿਚ ਸਾਡੇ ਕੋਲ ਹੁੰਦਾ ਹੈ। ਸ਼ਹਿਦ ਦੀ ਇਹ ਖੂਬੀ ਇਸ ਨੂੰ ਵਧੀਆ ਐਂਟੀਸੈਪਟਿਕ ਵੀ ਬਣਾਉਂਦੀ ਹੈ, ਕਿਉਂਕਿ ਸ਼ਹਿਦ ਵਿਚ ਕਿਸੇ ਵੀ ਪ੍ਰਕਾਰ ਦਾ ਜੀਵ ਚੱਲ ਨਹੀਂ ਸਕਦਾ। ਜੇਕਰ ਇਸ ਨੂੰ ਬਚਾ ਕੇ ਰੱਖਿਆ ਜਾਵੇ ਤਾਂ ਸ਼ਹਿਦ ਹਜ਼ਾਰਾਂ ਸਾਲ ਵੀ ਖਰਾਬ ਨਹੀਂ ਹੁੰਦਾ ਅਤੇ ਸਦੀਆਂ ਤੱਕ ਇਸ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ।

-ਮਲੌਦ (ਲੁਧਿਆਣਾ)।

ਚਕੁੰਦਰ ਕੀ ਹੁੰਦੀ ਹੈ?

ਬੱਚਿਓ, ਤੁਸੀਂ ਖੇਤਾਂ ਵਿਚ ਜਾਂ ਆਪਣੇ ਕੱਚੇ ਘਰਾਂ ਵਿਚ ਚਕੁੰਦਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਹ ਧਰਤੀ ਵਿਚ ਆਪ ਬਣਾਈ ਹੋਈ ਖਾਈ ਵਿਚ ਰਹਿਣਾ ਪਸੰਦ ਕਰਦੀ ਹੈ। ਇਸ ਦੁੱਧਾਧਾਰੀ ਜੀਵ ਦਾ ਸਰੀਰ ਠੋਸ, ਲੱਤਾਂ ਛੋਟੀਆਂ ਅਤੇ ਛੋਟੀਆਂ-ਛੋਟੀਆਂ ਅੱਖਾਂ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਕੰਨ ਸਰੀਰ ਦੇ ਬਾਹਰ ਨਹੀਂ ਨਿਕਲੇ ਹੁੰਦੇ। ਇਹ ਦਿਨ ਅਤੇ ਰਾਤ ਵੇਲੇ ਸਰਗਰਮ ਰਹਿੰਦੀਆਂ ਹਨ। ਇਨ੍ਹਾਂ ਦਾ ਮੁੱਖ ਭੋਜਨ ਕੀੜੇ-ਮਕੌੜੇ, ਲਾਰਵੇ ਅਤੇ ਭੂੰਡ ਵਗੈਰਾ ਹੁੰਦੇ ਹਨ। ਇਨ੍ਹਾਂ ਦੇ ਮੂਹਰਲੇ ਪੰਜੇ ਚਪਟੇ ਅਤੇ ਨਹੁੰ ਵੱਡੇ ਹੁੰਦੇ ਹਨ। ਇਨ੍ਹਾਂ ਨਾਲ ਇਹ ਧਰਤੀ ਨੂੰ ਖੋਦਦੇ ਹਨ ਅਤੇ ਪਿਛਲੇ ਪੈਰ ਛੋਟੇ ਪਰ ਮੂੰਹ ਤਿੱਖੇ ਹੁੰਦੇ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਖੋਦੀ ਹੋਈ ਮਿੱਟੀ ਨੂੰ ਪਿੱਛੇ ਨੂੰ ਧੱਕ ਦਿੰਦੇ ਹਨ।
ਇਨ੍ਹਾਂ ਦੀ ਇਕ ਹੋਰ ਨਸਲ ਵੀ ਹੁੰਦੀ ਹੈ ਜਿਸ ਨੂੰ 'ਸ਼੍ਰਊ' ਕਹਿੰਦੇ ਹਨ। ਇਨ੍ਹਾਂ ਦਾ ਨੱਕ ਲੰਬਾ ਪਰ ਲੱਤਾਂ ਛੋਟੀਆਂ ਹੁੰਦੀਆਂ ਹਨ। ਇਹ ਬਹੁਤ ਹੀ ਚੁਸਤ-ਦਰੁੱਸਤ ਹੁੰਦੇ ਹਨ ਅਤੇ ਜਿਊਂਦੇ ਰਹਿਣ ਲਈ ਇਨ੍ਹਾਂ ਨੂੰ ਲਗਾਤਾਰ ਭੋਜਨ ਦੀ ਲੋੜ ਪੈਂਦੀ ਹੈ। ਇਹ ਬਹੁਤ ਗੁੱਸੇਖੋਰ ਹੁੰਦੇ ਹਨ ਅਤੇ ਆਪਸ ਵਿਚ ਹੀ ਲੜਦੇ ਰਹਿੰਦੇ ਹਨ। ਇਹ ਆਪਣੇ ਸਰੀਰ ਵਿਚੋਂ ਬਹੁਤ ਗੰਦੀ ਗੰਧ ਬਾਹਰ ਕੱਢਦੇ ਹਨ, ਜਿਸ ਕਰਕੇ ਇਨ੍ਹਾਂ ਦਾ ਦੁਸ਼ਮਣ ਇਨ੍ਹਾਂ ਨੂੰ ਮਾਰਨਾ ਨਹੀਂ ਚਾਹੁੰਦਾ।


-ਨਿਊ ਕੁੰਦਨਪੁਰੀ, ਲੁਧਿਆਣਾ।

ਮਾਂ-ਬੋਲੀ ਦੇ ਮਿੱਠੇ ਬੋਲ

* ਦਸਵੰਧ-ਨੇਕ ਕਮਾਈ ਦਾ ਦਸਵਾਂ ਹਿੱਸਾ।
* ਹਵੇਲੀ-ਮਾਲ ਡੰਗਰ ਬੰਨ੍ਹਣ ਦੀ ਥਾਂ।
* ਝੁੰਡ-ਜਿਥੇ ਬਹੁਤ ਸਾਰੇ ਦਰੱਖਤਾਂ ਦਾ ਇਕੱਠ ਹੋਵੇ।
* ਪ੍ਰਵਾਸੀ-ਵਿਦੇਸ਼ਾਂ ਵਿਚ ਰਹਿਣ ਵਾਲੇ।
* ਲੌਢਾ ਵੇਲਾ-ਦੁਪਹਿਰ ਦਾ ਵੇਲਾ।
* ਰਿਜਕ-ਰੋਜ਼ੀ, ਰੋਟੀ ਨੂੰ ਕਿਹਾ ਗਿਆ।
* ਕਾਗ-ਕਾਂ ਨੂੰ ਕਿਹਾ ਗਿਆ।
* ਨਬਜ਼-ਗੁੱਟ ਦੀ ਉਹ ਨਾੜ ਜਿਹੜੀ ਹਰ ਵਕਤ ਹਰਕਤ ਵਿਚ ਰਹਿੰਦੀ ਹੈ।
* ਚਾਂਗਰਾਂ-ਚੀਕਾਂ, ਕੂਕਾਂ ਮਾਰਨੀਆਂ।
* ਵਸੀਕਾ ਨਵੀਸ-ਅਸ਼ਟਾਮਾਂ ਉੱਤੇ ਲਿਖਣ ਵਾਲਾ।
* ਨਾਬਾਲਗ-18 ਸਾਲ ਤੋਂ ਘੱਟ ਉਮਰ।
* ਬਲਖ-ਅਫਗਾਨਿਸਤਾਨ ਦਾ ਇਕ ਪੁਰਾਣਾ ਸ਼ਹਿਰ।
* ਬੁਖਾਰਾ-ਉਜ਼ਬੇਕਿਸਤਾਨ ਦਾ ਇਕ ਪ੍ਰਸਿੱਧ ਸ਼ਹਿਰ।
* ਦਮੜੀ-ਇਕ ਪੁਰਾਣਾ ਸਿੱਕਾ।
* ਖੁੱਚੀ-ਗੋਡੇ ਹੇਠਲੀ ਡੂੰਘੀ ਥਾਂ।
* ਦੰਦਾਸਾ-ਬੁੱਲ੍ਹ ਰੰਗਣ ਵਾਲੀ ਦਾਤਣ।


-ਪਰਮਜੀਤ ਸਿੰਘ (ਮਾਸਟਰ),
ਸ: ਸੀ: ਸੈ: ਸਕੂਲ, ਵਡਾਲੀ ਗੁਰੂ, ਅੰਮ੍ਰਿਤਸਰ।

ਲੜੀਵਾਰ ਨਾਵਲ-13 ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮਾਹਿਰਾਂ ਦੇ ਅਨੁਸਾਰ ਧਰੂ ਤਾਰਾ ਸੂਰਜ ਨਾਲੋਂ 2,500 ਗੁਣਾ ਵਧੇਰੇ ਚਮਕੀਲਾ ਹੈ। ਇਹ ਸਾਡੀ ਪ੍ਰਿਥਵੀ ਵੱਲ 24 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ ਹੈ। ਧਰੂ ਤਾਰਾ ਸਾਡੇ ਪੁਲਾੜ ਤੇ ਸਮੁੰਦਰੀ ਮਾਹਿਰਾਂ ਲਈ ਇਕ ਸਹਾਇਕ ਤਾਰਾ ਹੈ। ਸਮੁੰਦਰੀ ਜਹਾਜ਼ਾਂ ਵਾਲੇ ਆਪਣੇ ਸਫ਼ਰ ਵਿਚ ਧਰੂ ਤਾਰੇ ਦੀ ਸਹਾਇਤਾ ਨਾਲ ਦਿਸ਼ਾ ਲੱਭ ਲੈਂਦੇ ਹਨ, ਕਿਉਂਕਿ ਧਰੂ ਤਾਰਾ ਉੱਤਰ ਦਿਸ਼ਾ ਵਿਚ ਹੀ ਸਥਿਰ ਖੜ੍ਹਾ ਰਹਿੰਦਾ ਹੈ। ਸਮੁੱਚੇ ਬ੍ਰਹਿਮੰਡ ਦੀ ਰਚਨਾ ਮਾਹਿਰਾਂ ਅਨੁਸਾਰ ਇਕ ਵੱਡੇ ਧਮਾਕੇ ਨਾਲ ਹੋਈ। ਇਸ ਨੂੰ 'ਬਿੱਗ ਬੈਂਗ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਵਿਗਿਆਨੀਆਂ ਅਨੁਸਾਰ ਸਾਡੇ ਸਭ ਤੋਂ ਨੇੜੇ ਦੀ ਗਲੈਕਸੀ 'ਐਡਰੋਮੀਡਾ ਨੇਬੂਲਾ' ਸਾਡੇ ਵੱਲ 50 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਆ ਰਹੀ ਹੈ। ਧਰਤੀ ਦਾ ਆਕਾਰ ਇਸ ਵਿਸ਼ਾਲ ਬ੍ਰਹਿਮੰਡ ਦੇ ਮੁਕਾਬਲੇ ਕਿਸੇ ਸਾਗਰ ਦੇ ਪਾਣੀ ਦੀ ਇਕ ਬੂੰਦ ਦੇ ਤੁਲ ਹੈ। ਭੂ-ਮਾਹਿਰਾਂ ਦਾ ਵਿਚਾਰ ਹੈ ਕਿ ਪ੍ਰਿਥਵੀ ਉੱਪਰਲੇ ਮਹਾਂਦੀਪ ਲੰਬੇ ਸਮੇਂ ਤੋਂ ਗਾੜ੍ਹੇ ਤੇ ਗਰਮ ਮਾਦੇ ਉੱਪਰ ਤੈਰਦੇ ਆ ਰਹੇ ਹਨ। ਪ੍ਰਿਥਵੀ ਦਾ ਤਿੰਨ-ਚੌਥਾਈ ਭਾਗ ਸਮੁੰਦਰ ਤੇ ਸਾਗਰ ਨੇ ਕੱਜਿਆ ਹੋਇਆ ਹੈ। ਸ਼ਾਇਦ ਇਸੇ ਕਾਰਨ ਹੀ ਪ੍ਰਿਥਵੀ ਪੁਲਾੜ ਵਿਚੋਂ ਦੇਖਦਿਆਂ ਨੀਲੇ ਰੰਗ ਦੀ ਭਾਅ ਮਾਰਦੀ ਹੈ। ਜੇ ਪ੍ਰਿਥਵੀ ਨੂੰ 'ਸਮੁੰਦਰ ਦਾ ਗ੍ਰਹਿ' ਵੀ ਆਖ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।'
'ਵਾਹ ਵਾਹ ਆਨੰਦ ਆ ਗਿਆ ਬਈ ਗੌਰਵ... ਸੱਚਮੁੱਚ ਕਾਫੀ ਰੌਚਿਕ ਜਾਣਕਾਰੀ ਸੀ... ਬਹੁਤ ਵਧੀਆ ਏ ਤੇਰਾ ਇਹ ਮੈਗਜ਼ੀਨ...।' ਰਾਜਨ ਨੇ ਕਿਹਾ ਤੇ ਉਸ ਦੀਆਂ ਅੱਖਾਂ ਵਿਚ ਇਕ ਅਨੋਖੀ ਚਮਕ ਸੀ।
ਉਸ ਵੇਲੇ ਹੀ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜ ਗਈ।
ਇਸ ਤੋਂ ਅਗਲੇ ਦਿਨ ਛੁੱਟੀ ਸਮੇਂ ਤਜਿੰਦਰ ਆਪਣੇ ਦੋਸਤਾਂ ਨੂੰ ਦੱਸ ਰਿਹਾ ਸੀ, 'ਦੋਸਤੋ! ਸਾਡੇ ਗੁਆਂਢ ਇਕ ਲੜਕੀ ਦਾ ਵਿਆਹ ਸੀ। ਉਨ੍ਹਾਂ ਦੇ ਕੁਝ ਰਿਸ਼ਤੇਦਾਰ ਯੂ. ਪੀ. ਤੋਂ ਆਏ ਸਨ। ਕੁਦਰਤੀ ਉਹ ਗੱਡੀ, ਜਿਸ ਵਿਚ ਉਹ ਆ ਰਹੇ ਸਨ, ਉਹ ਮਾਲਵਾ ਐਕਸਪ੍ਰੈੱਸ ਹੀ ਸੀ। ਉਨ੍ਹਾਂ ਨੇ ਦਸੂਹੇ ਆਉਣਾ ਸੀ। ਸਾਮਾਨ ਵਗੈਰਾ ਕਾਫੀ ਸੀ ਪਰ ਉਨ੍ਹਾਂ ਨੂੰ ਜਲੰਧਰ ਛਾਉਣੀ ਹੀ ਉਤਰਨਾ ਪਿਆ, ਕਿਉਂਕਿ ਗੱਡੀ ਦਾ ਦਸੂਹੇ ਠਹਿਰਾਅ ਨਹੀਂ ਸੀ। ਉਨ੍ਹਾਂ ਨੂੰ ਬਹੁਤ ਚੱਕਰ ਪਿਆ। ਸਾਰਾ ਸਾਮਾਨ ਉਤਾਰਿਆ, ਟੈਕਸੀ ਕੀਤੀ। ਜਲੰਧਰ ਬੱਸ ਸਟੈਂਡ ਪਹੁੰਚੇ। ਉਥੋਂ ਬੱਸ ਫੜ ਕੇ ਕਾਫੀ ਰਾਤ ਗਏ ਦਸੂਹੇ ਪਹੁੰਚੇ। ਜੇਕਰ ਗੱਡੀ ਦਾ ਠਹਿਰਾਅ ਦਸੂਹੇ ਹੁੰਦਾ ਤਾਂ ਉਨ੍ਹਾਂ ਨੂੰ ਏਨੀ ਪ੍ਰੇਸ਼ਾਨੀ ਨਹੀਂ ਸੀ ਹੋਣੀ।'
'ਗੱਲ ਤਾਂ ਤੇਰੀ ਤੇਜਿੰਦਰ ਵੀਰੇ ਠੀਕ ਏ। ਇਸੇ ਗੱਲ ਕਰਕੇ ਹੀ ਤਾਂ ਦਾਦਾ ਜੀ ਇਹ ਗੱਡੀ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਨੇ', ਡੌਲੀ ਨੇ ਹੌਸਲੇ ਨਾਲ ਕਿਹਾ।
'ਵੈਸੇ ਡੌਲੀ, ਜਿਹੜੀ ਚਿੱਠੀ ਦੁਬਾਰਾ ਦਾਦਾ ਜੀ ਨੇ ਰੇਲਵੇ ਮੰਤਰੀ ਨੂੰ ਪਾਈ ਸੀ, ਉਸ ਦਾ ਕੋਈ ਜਵਾਬ ਆਇਆ ਜਾਂ ਨਹੀਂ...।' ਪ੍ਰੀਤ ਨੇ ਪੁੱਛਿਆ।
'ਨਹੀਂ ਪ੍ਰੀਤ, ਉਸ ਚਿੱਠੀ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ, ਸਗੋਂ ਕੱਲ੍ਹ ਇਕ ਹੋਰ ਚਿੱਠੀ ਰੇਲਵੇ ਮੰਤਰੀ ਸਾਹਿਬ ਦੀ ਆਈ ਹੈ।'
'ਉਸ ਚਿੱਠੀ ਵਿਚ ਕੀ ਲਿਖਿਆ ਹੈ?' ਰਾਜਨ ਨੇ ਪੁੱਛਿਆ।
'ਵੀਰ ਜੀ! ਉਸ ਚਿੱਠੀ ਵਿਚ ਵੀ ਉਹੀਓ ਗੱਲ ਲਿਖੀ ਹੈ ਪਈ ਜੇਕਰ ਇਹ ਗੱਡੀ ਛੋਟੇ ਸਟੇਸ਼ਨਾਂ 'ਤੇ ਰੁਕਣ ਲੱਗ ਪਈ ਤਾਂ ਦੂਰ ਜਾਣ ਵਾਲੇ ਮੁਸਾਫ਼ਿਰਾਂ ਨੂੰ ਬੇਆਰਾਮੀ ਹੋਵੇਗੀ ਅਤੇ ਗੱਡੀ ਦੀ ਸਪੀਡ ਘੱਟ ਹੋਣ ਕਰਕੇ ਰੇਲ ਵਿਭਾਗ ਨੂੰ ਹਰ ਸਾਲ 16 ਲੱਖ ਰੁਪਏ ਦਾ ਘਾਟਾ ਪਵੇਗਾ... ਬਸ ਆਹ ਗੱਲ ਨਵੀਂ ਲਿਖੀ ਏ ਘਾਟੇ ਵਾਲੀ', ਡੌਲੀ ਨੇ ਦੱਸਿਆ।
'ਵੈਸੇ ਡੌਲੀ ਮੈਂ ਸੋਚਦਾਂ, ਹੁਣ ਤਾਂ ਦਾਦਾ ਜੀ ਗੱਡੀ ਰੁਕਵਾਉਣ ਦਾ ਖਿਆਲ ਆਪਣੇ ਮਨ ਵਿਚੋਂ ਕੱਢ ਹੀ ਦੇਣਗੇ, ਕਿਉਂਕਿ ਦੋ ਚਿੱਠੀਆਂ ਇਕੱਠੀਆਂ ਹੀ ਆ ਗਈਆਂ ਨੇ।' ਗੌਰਵ ਜੋ ਹੁਣ ਤੱਕ ਚੁੱਪ ਸੀ, ਬੋਲਿਆ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬਾਲ ਕਵਿਤਾ: ਸਾਫ਼-ਸੁਥਰੀ ਛੱਲੀ ਖਾਓ

ਪਿੰਡੋਂ ਆਏ ਮਾਮਾ ਜੀ,
ਛੱਲੀਆਂ, ਗੰਨੇ ਲਿਆਏ।
ਮੰਮੀ ਭੁੰਨੀਆਂ ਛੱਲੀਆਂ ਕੁਝ,
ਵੇਖ ਮੂੰਹ 'ਚ ਪਾਣੀ ਆਏ।
ਛੱਲੀਆਂ 'ਤੇ ਨਿੰਬੂ ਛਿੜਕ,
ਥੋੜ੍ਹਾ ਨਮਕ ਲਗਾਇਆ।
ਸਭਨਾਂ ਇਕ-ਇਕ ਛੱਲੀ ਲਈ,
ਖਾ ਕੇ ਮਜ਼ਾ ਸੀ ਆਇਆ।
ਮਾਮਾ ਜੀ ਦੱਸਿਆ ਸਾਨੂੰ,
ਛੱਲੀ ਵਿਚ ਬੜੇ ਗੁਣ।
ਨਵੀਂ ਪਨੀਰੀ ਜੰਕ ਫੂਡ ਖਾਵੇ,
ਛੱਲੀ ਨਾ ਮੰਗਦੇ ਹੁਣ।
ਖੁੱਲ੍ਹੇ ਵਿਚ ਜੋ ਵਿਕਣ ਛੱਲੀਆਂ,
ਬਸ ਏਨਾ ਰੱਖੋ ਧਿਆਨ।
ਸਾਫ਼-ਸੁਥਰੀ ਹੀ ਛੱਲੀ ਖਾਓ,
ਸਿਹਤ ਨੂੰ ਨਾ ਹੋਵੇ ਨੁਕਸਾਨ।


-ਹਰਿੰਦਰ ਸਿੰਘ ਗੋਗਨਾ,
ਕੰਟਰੋਲਰ ਦਫ਼ਤਰ (ਪ੍ਰੀਖਿਆਵਾਂ), ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98723-25960

ਬਾਲ ਗੀਤ: ਇਸ ਵਾਰੀ ਆਪਣੇ ਜਨਮ ਦਿਵਸ 'ਤੇ ਬੂਟੇ ਮੈਂ ਲਗਾਵਾਂਗਾ

ਇਸ ਵਾਰੀ ਆਪਣੇ ਜਨਮ ਦਿਵਸ 'ਤੇ ਬੂਟੇ ਮੈਂ ਲਗਾਵਾਂਗਾ,
ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਮੈਂ ਪਾਵਾਂਗਾ।
ਰੁੱਖ ਨੇ ਕੁਦਰਤ ਦਾ ਸਰਮਾਇਆ ਸੋਹਣਾ ਸੰਸਾਰ ਬਣਾਉਂਦੇ ਨੇ,
ਪ੍ਰਦੂਸ਼ਣ ਦੇ ਫੈਲਣ 'ਤੇ ਇਹ ਡਟ ਕੇ ਰੋਕ ਲਗਾਉਂਦੇ ਨੇ।
ਰੁੱਖਾਂ ਦੇ ਨਾਲ ਪਿਆਰ ਕਰੋ ਘਰ-ਘਰ ਸੰਦੇਸ਼ ਪਹੁੰਚਾਵਾਂਗਾ,
ਇਸ ਵਾਰੀ ਆਪਣੇ ਜਨਮ ਦਿਨ 'ਤੇ ਬੂਟੇ ਮੈਂ ਲਗਾਵਾਂਗਾ।
ਗਰਮੀ ਵਿਚ ਦਿੰਦੇ ਠੰਢੀ ਛਾਂ, ਵਰਖਾ ਵੀ ਲਿਆਉਂਦੇ ਨੇ,
ਦਿੰਦੇ ਸਾਨੂੰ ਫਲ ਤੇ ਫੁੱਲ ਇਹ, ਭੌਂ-ਖੋਰ ਬਚਾਉਂਦੇ ਨੇ।
ਫਿਰ ਕਿਉਂ ਇਨ੍ਹਾਂ ਨੂੰ ਕੱਟਿਆ ਜਾਂਦਾ, ਇਹ ਸਵਾਲ ਉਠਾਵਾਂਗਾ,
ਇਸ ਵਾਰੀ ਆਪਣੇ ਜਨਮ ਦਿਨ 'ਤੇ ਬੂਟੇ ਮੈਂ ਲਗਾਵਾਂਗਾ।
'ਗੋਗੀ ਜ਼ੀਰੇ' ਵਾਲੇ ਨੇ ਘਰ, ਸਕੂਲ ਨੂੰ ਸੁੰਦਰ ਬਣਾਉਣਾ ਏਂ,
ਦੇਸ਼ ਦੀ ਖੁਸ਼ਹਾਲੀ ਵਿਚ ਬਣਦਾ ਹਿੱਸਾ ਪਾਉਣਾ ਏਂ।
ਆਪਣਾ ਤੇ ਆਪਣੇ ਮਾਪਿਆਂ ਦਾ ਨਾਂਅ ਵੀ ਰੁਸ਼ਨਾਵਾਂਗਾ,
ਇਸ ਵਾਰੀ ਆਪਣੇ ਜਨਮ ਦਿਨ 'ਤੇ ਬੂਟੇ ਮੈਂ ਲਗਾਵਾਂਗਾ।
ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਮੈਂ ਪਾਵਾਂਗਾ।


-ਗੋਗੀ ਜ਼ੀਰਾ,
15/108, ਪੁਰਾਣੀ ਤਲਵੰਡੀ ਰੋਡ, ਜ਼ੀਰਾ (ਫਿਰੋਜ਼ਪੁਰ)। ਮੋਬਾ: 97811-36240

ਚੁਟਕਲੇ

* ਨੌਕਰ (ਰੋਂਦੇ-ਰੋਂਦੇ ਸ਼ਿੰਕੂ ਬਾਬੂ ਜੀ ਨੂੰ)-ਆਪਣਾ ਕੁੱਤਾ ਮਰ ਗਿਆ ਹੈ, ਹੁਣ ਮੇਰਾ ਕੀ ਹਾਲ ਹੋਵੇਗਾ?
ਸ਼ਿੰਕੂ-ਤੂੰ ਇਸ ਤਰ੍ਹਾਂ ਕਿਉਂ ਰੋ ਰਿਹਾ ਏਂ?
ਨੌਕਰ-ਬਾਬੂ ਜੀ, ਹੁਣ ਮੈਨੂੰ ਘਰ ਦੇ ਹੋਰ ਕੰਮਾਂ ਨਾਲ ਜੂਠੇ ਭਾਂਡੇ ਵੀ ਮਾਂਜਣੇ ਪੈਣਗੇ।
* ਨਰੇਸ਼ (ਡਾਕਟਰ ਨੂੰ)-ਡਾਕਟਰ ਸਾਹਿਬ, ਜਲਦੀ ਕਰੋ, ਲਗਦਾ ਹੈ ਮੇਰੀਆਂ ਅੱਖਾਂ ਖਰਾਬ ਹੋ ਗਈਆਂ ਹਨ।
ਡਾਕਟਰ-ਸਾਰੇ ਚੈਕਅੱਪ ਤੋਂ ਪਤਾ ਲਗਦਾ ਹੈ ਕਿ ਤੁਹਾਡੀਆਂ ਅੱਖਾਂ ਬਿਲਕੁਲ ਠੀਕ ਹਨ।
ਨਰੇਸ਼-ਫਿਰ ਅਖ਼ਬਾਰ ਵਿਚ ਮੈਨੂੰ ਆਪਣਾ ਰੋਲ ਨੰਬਰ ਕਿਉਂ ਨਹੀਂ ਦਿਖਾਈ ਦਿੰਦਾ?
* ਸ਼ਿੰਕ ਕੁਮਾਰ (ਰਾਜੂ ਨੂੰ)-ਤੂੰ ਇਹ ਮੋਮਬੱਤੀ ਲੈ ਕੇ ਕਿਥੇ ਜਾ ਰਿਹਾ ਏਂ?
ਰਾਜੂ-ਮੈਂ ਮਰਨ ਜਾ ਰਿਹਾ ਹਾਂ, ਮੇਰੀ ਪਤਨੀ ਤੰਗ ਕਰਦੀ ਹੈ।
ਸ਼ਿੰਕੂ ਕੁਮਾਰ-ਜੇ ਮਰਨਾ ਹੈ ਤਾਂ ਮੋਮਬੱਤੀ ਦੀ ਕੀ ਲੋੜ ਹੈ?
ਰਾਜੂ-ਤਾਂ ਕਿ ਹਨੇਰੇ ਵਿਚ ਕਿਤੇ ਸੱਟ ਨਾ ਲੱਗ ਜਾਵੇ।
* ਤਮੰਨਾ (ਪਿਤਾ ਨੂੰ)-ਪਾਪਾ, ਚਿੱਤਰ ਦੇ ਹੇਠਾਂ ਹਮੇਸ਼ਾ ਚਿੱਤਰਕਾਰ ਦਾ ਨਾਂਅ ਕਿਉਂ ਲਿਖਿਆ ਹੁੰਦਾ ਹੈ?
ਪਿਤਾ-ਤਾਂ ਕਿ ਹਰ ਕੋਈ ਜਾਣ ਲਵੇ ਕਿ ਚਿੱਤਰ ਸਿੱਧਾ ਕਿਧਰੋਂ ਹੈ।


-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ।
ਮੋਬਾ: 98140-97917

ਬਾਲ ਗੀਤ: ਸਾਵਣ ਨੇ ਝੜੀ ਲਗਾਈ

ਸਾਵਣ ਨੇ ਅੱਜ ਝੜੀ ਲਗਾਈ,
ਸਭ ਦੇ ਚਿਹਰੇ ਰੌਣਕ ਆਈ।
ਜੀਵ-ਜੰਤੂ ਰਲ ਨੱਚਣ ਲੱਗੇ,
ਫ਼ਸਲਾਂ ਨੇ ਵੀ ਲਈ ਅੰਗੜਾਈ।
ਘਰਾਂ 'ਚ ਬਣ ਗਏ ਖੀਰਾਂ-ਪੂੜੇ,
ਤੀਆਂ ਵਿਚ ਵੀ ਰੌਣਕ ਆਈ।
ਪਿੱਪਲੀਂ ਪੀਂਘਾਂ ਪਾਈਆਂ ਕੁੜੀਆਂ,
ਮਿਲ ਬੈਠ ਇਕੱਠੀਆਂ ਜੁੜੀਆਂ।
ਸਤਰੰਗੀ ਪੀਂਘ ਵੀ ਪੈ ਗਈ,
ਸਭ ਨੇ ਆਪਣੀ ਸੈਲਫੀ ਲੈ ਲਈ।
ਸਾਵਣ ਵੀਰਾ ਸਦਾ ਹੀ ਆਵੀਂ,
ਖੁਸ਼ੀਆਂ-ਖੇੜੇ ਨਾਲ ਲਿਆਵੀਂ।
ਰੱਬਾ-ਰੱਬਾ ਮੀਂਹ ਵਰ੍ਹਾ ਦਈਂ,
ਸਭ ਦੀਆਂ ਆਸਾਂ ਪੂਰੀਆਂ ਪਾ ਦਈਂ।
ਕਾਲੀ ਘਨਘੋਰ ਘਟਾ ਫਿਰ ਛਾਈ,
ਰੁਮਕ-ਰੁਮਕ ਕੇ ਹਵਾ ਵੀ ਆਈ।
ਸਾਵਨ ਰੁੱਤਾਂ ਦਾ ਸਰਮਾਇਆ,
ਸਭ ਦੇ ਮਨ ਨੂੰ ਰਹਿੰਦਾ ਭਾਇਆ।


-ਰਾਜਿੰਦਰ ਕੌਰ ਗਿੱਲ,
25, ਮੋਹਨ ਐਵੇਨਿਊ, ਨੇੜੇ ਸਪਰਿੰਗ ਡੇਲ ਸਕੂਲ, (ਅੰਮ੍ਰਿਤਸਰ)। ਮੋਬਾ: 88968-20004

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX