ਤਾਜਾ ਖ਼ਬਰਾਂ


ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 23 ਸਤੰਬਰ ( ਸੁਰਿੰਦਰ ਸਿੰਘ ਵਰਪਾਲ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ...
ਸੰਗਤਾਂ ਲਈ ਤੋਹਫ਼ਾ,ਦਿੱਲੀ-ਲੋਹੀਆਂ ਖ਼ਾਸ 'ਇੰਟਰਸਿਟੀ ਸੁਪਰ ਫਾਸਟ' ਰੇਲ ਗੱਡੀ 4 ਅਕਤੂਬਰ ਤੋਂ ਚੱਲੇਗੀ
. . .  about 1 hour ago
ਲੋਹੀਆਂ ਖ਼ਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਮਨਾਉਣ ਲਈ...
ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ 'ਚ ਮੌਸਮ ਤਬਦੀਲੀ ਬਾਰੇ ਬੋਲੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ
. . .  about 1 hour ago
ਛੇਹਰਟਾ : ਅਚਾਨਕ ਹੋਏ ਧਮਾਕੇ 'ਚ 2 ਵਿਅਕਤੀਆਂ ਦੀ ਮੌਤ, 7 ਜ਼ਖਮੀ
. . .  about 3 hours ago
ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ....
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
. . .  about 3 hours ago
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ ਰੋਡ ਟਾਂਗਰਾ 'ਤੇ ਇਕ ਤੇਜ ਰਫ਼ਤਾਰ ਸਵਿਫ਼ਟ ਕਾਰ ਮੋਟਰਸਾਈਕਲ ਦੇ ਪਿਛਲੇ ਪਾਸਿਉਂ ਟਕਰਾ ਗਈ ...
ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ
. . .  about 3 hours ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ...
ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  about 4 hours ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  about 4 hours ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  about 4 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

20 ਰੁਪਏ ਵਾਲਾ ਲਾਈਟ ਹਾਊਸ...

''ਮੰਮੀ ਉਹ ਵੇਖੋ 20 ਰੁਪਏ ਵਾਲਾ ਲਾਈਟ ਹਾਊਸ'' | ਮੇਰੀ ਬੇਟੀ ਨੇ ਕੁਝ ਦੂਰੀ 'ਤੇ ਸਥਿਤ ਚਿੱਟੀਆਂ ਅਤੇ ਲਾਲ ਧਾਰੀਆਂ ਵਾਲੇ ਇਕ ਲਾਈਟ ਹਾਊਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ | ਉਸ ਨੇ ਫਿਰ ਉਤਸੁਕਤਾ ਨਾਲ ਕਿਹਾ, 'ਮੰਮੀ ਜਲਦੀ-ਜਲਦੀ ਮੈਨੂੰ 20 ਰੁਪਏ ਵਾਲਾ ਨੋਟ ਦਿਓ' | ਮੈਂ ਤੁਰੰਤ ਆਪਣੇ ਪਰਸ ਵਿਚੋਂ 20 ਰੁਪਏ ਦਾ ਨੋਟ ਕੱਢ ਕੇ ਉਸ ਨੂੰ ਫੜਾ ਦਿੱਤਾ | ਉਸ ਨੇ ਨੋਟ ਵੱਲ ਇਸ਼ਾਰਾ ਕਰਦੇ ਕਿਹਾ, 'ਮੰਮੀ ਆਹ ਵੇਖੋ... 20 ਰੁਪਏ ਵਾਲਾ ਲਾਈਟ ਹਾਊਸ |'
ਲਾਈਟ ਹਾਊਸ ਤਾਂ ਨੋਟ 'ਤੇ ਸੀ ਪਰ ਅਚੰਭੇ ਵਾਲੀ ਗੱਲ ਇਹ ਸੀ ਕਿ 20 ਰੁਪਏ ਦੇ ਪਿਛਲੇ ਹਿੱਸੇ 'ਤੇ ਜੋ ਫੋਟੋ ਸੀ, ਉਹ ਉਸੇ ਥਾਂ ਤੋਂ ਹੀ ਲਈ ਗਈ ਸੀ ਜਿਥੇ ਅਸੀਂ ਦੋਵੇਂ ਖੜ੍ਹੀਆਂ ਸਾਂ | ਇਹ ਫੋਟੋ ਮਾਊਾਟ ਹੈਰੀਅਟ ਨੈਸ਼ਨਲ ਪਾਰਕ ਤੋਂ ਲਈ ਗਈ ਸੀ |
ਇਹ ਲਾਈਟ ਹਾਊਸ ਅੰਡੇਮਾਨ ਦੇ ਨਾਰਥ ਬੇਅ ਟਾਪੂ 'ਤੇ ਸਥਿਤ ਹੈ | ਇਸ ਦੇ ਆਸ-ਪਾਸ ਸੰਘਣੇ ਜੰਗਲ ਅਤੇ ਨਾਰੀਅਲ ਦੇ ਦਰੱਖਤ ਹਨ | ਇਹ ਲੋਹੇ ਦਾ ਬਣਿਆ ਗੋਲ 35 ਮੀਟਰ ਉੱਚਾ ਲਾਲ ਅਤੇ ਚਿੱਟੀਆਂ ਧਾਰੀਆਂ ਵਾਲਾ ਲਾਈਟ ਹਾਊਸ ਹੈ, ਜਿਸ ਦੀ ਲਾਈਟ ਹਰ 12 ਸੈਕਿੰਡ ਬਾਅਦ ਟਿਮਟਿਮਾਉਂਦੀ ਹੈ | ਪਰ ਇਸ ਨੂੰ 20 ਰੁਪਏ ਦੇ ਨੋਟ 'ਤੇ ਕਿਉਂ ਛਾਪਿਆ ਗਿਆ ਹੈ, ਇਸ ਸਬੰਧੀ ਰਹੱਸ ਅਜੇ ਵੀ ਬਰਕਰਾਰ ਹੈ |
ਮਾਊਾਟ ਹੈਰੀਅਟ ਨੈਸ਼ਨਲ ਪਾਰਕ ਜਿਥੋਂ ਨੋਟ ਵਾਲੀ ਤਸਵੀਰ ਲਈ ਗਈ ਹੈ, ਕਰੀਬ 4.62 ਵਰਗ ਕਿਲੋ ਮੀਟਰ ਦਾ ਸਦਾਬਹਾਰ ਸੰਘਣਾ ਜੰਗਲ ਹੈ | ਇਸ ਵਿਚ ਅਣਗਿਣਤ ਕਿਸਮਾਂ ਦੀਆਂ ਜੜੀਆਂ-ਬੂਟੀਆਂ ਅਤੇ ਪੇੜ-ਪੌਦੇ ਹਨ ਅਤੇ ਇਹ ਭਿੰਨ-ਭਿੰਨ ਕਿਸਮ ਦੇ ਪੰਛੀਆਂ ਦਾ ਰੈਣ-ਬਸੇਰਾ ਹੈ | ਇਸ ਦੀ ਕੁਦਰਤੀ ਸੁੰਦਰਤਾ ਅਤੇ ਵਿਲੱਖਣਤਾ ਵਿਚ ਇਥੋਂ ਦੇ ਤਾਜ਼ੇ ਪਾਣੀ ਦੇ ਝਰਨੇ ਚਾਰ ਚੰਨ ਲਗਾ ਦਿੰਦੇ ਹਨ | ਇਸ ਦਾ ਨਾਂਅ ਰੌਬਰਟ ਕ੍ਰਿਸਟੋਫ਼ਰ ਟਾਈਟਲਰ ਦੀ ਪਤਨੀ ਹੈਰੀਅਟ ਸੀ. ਟਾਈਟਲਰ ਦੇ ਨਾਂਅ 'ਤੇ ਰੱਖਿਆ ਗਿਆ ਸੀ | ਰੌਬਰਟ ਟਾਈਟਲਰ ਅੰਗਰੇਜ਼ੀ ਫ਼ੌਜ ਦਾ ਇਕ ਕਾਬਿਲ ਅਫ਼ਸਰ ਸੀ ਜਿਸ ਨੂੰ ਸੁਪਿ੍ੰਟੈਂਡੈਂਟ ਵਜੋਂ ਪੋਰਟ ਬਲੇਅਰ ਵਿਚ ਪੀਨਲ ਸੈਟਲਮੈਂਟ ਦਾ ਜ਼ਿੰਮਾ 1862 ਤੋਂ 1864 ਤੱਕ ਸੌਾਪਿਆ ਗਿਆ ਸੀ | ਉਸ ਦੀ ਪਤਨੀ ਹੈਰੀਅਟ ਕੁਦਰਤ-ਪ੍ਰੇਮੀ, ਫੋਟੋਗ੍ਰਾਫ਼ਰ ਅਤੇ ਲੇਖਿਕਾ ਸੀ |
ਹੈਰੀਅਟ ਦੁਆਰਾ ਲਈਆਂ ਗਈਆਂ ਫੋਟੋਆਂ ਅਤੇ ਲਿਖੇ ਗਏ ਲੇਖ ਜੋ ਕਿ ਉਸ ਸਮੇਂ ਦੇ ਅੰਗਰੇਜ਼ੀ ਸ਼ਾਸਨ, ਭਾਰਤ ਦੀ ਆਮ ਜਨਤਾ ਅਤੇ ਖ਼ਾਸ ਕਰਕੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੀ 1857 ਪਹਿਲੀ ਲੜਾਈ ਦਾ ਬਖ਼ੂਬੀ ਵਰਣਨ ਕਰਦੇ ਹਨ |
ਇਸ ਤੋਂ ਕੁਝ ਦੂਰੀ 'ਤੇ ਹੈ ਰੌਸ ਆਈਲੈਂਡ (ਰੌਸ ਟਾਪੂ) | ਰੌਸ ਆਈਲੈਂਡ ਅੰਗਰੇਜ਼ੀ ਸ਼ਾਸਨ ਦੇ ਸਮੇਂ ਕਰੀਬ 1858 ਤੋਂ 1941 ਤੱਕ ਅੰਡੇਮਾਨ ਦਾ ਕੇਂਦਰ ਬਿੰਦੂ ਮੰਨਿਆ ਜਾਂਦਾ ਸੀ | ਪੋਰਟ ਬਲੇਅਰ ਵਿਚ ਪੀਨਲ ਸੈਟਲਮੈਂਟ ਦਾ ਸਾਰਾ ਪ੍ਰਸ਼ਾਸਨ ਦਾ ਕੰਮ ਇਥੋਂ ਹੀ ਹੁੰਦਾ ਸੀ | ਅੰਗਰੇਜ਼ੀ ਅਫ਼ਸਰਾਂ ਤੋਂ ਇਲਾਵਾ ਇਸ ਟਾਪੂ 'ਤੇ ਉਨ੍ਹਾਂ ਦੇ ਪਰਿਵਾਰ ਵੀ ਰਹਿੰਦੇ ਸਨ | ਕਰਿਆਨੇ ਦੀ ਦੁਕਾਨ ਤੋਂ ਲੈ ਕੇ ਬੇਕਰੀ ਤੱਕ, ਚਰਚ ਤੋਂ ਲੈ ਕੇ ਸਮਸ਼ਾਨਘਾਟ (ਸੀਮੈਂਟਰੀ) ਤੱਕ, ਸਵੱਛ ਪਾਣੀ ਦੀਆਂ ਮਸ਼ੀਨਾਂ ਤੋਂ ਲੈ ਕੇ ਪਿ੍ੰਟਿੰਗ ਪ੍ਰੈੱਸ ਤੱਕ, ਡਾਕਖਾਨੇ ਤੋਂ ਲੈ ਕੇ ਹਸਪਤਾਲ ਤੱਕ, ਸਵਿਮਿੰਗ ਪੂਲ ਤੋਂ ਲੈ ਕੇ ਓਪਨ ਏਅਰ ਥੀਏਟਰ ਤੱਕ, ਟੈਨਿਸ ਕੋਰਟ ਤੋਂ ਲੈ ਕੇ ਕ੍ਰਿਕਟ ਪਿੱਚ ਤੱਕ ਸਭ ਕੁਝ ਇਸ ਤਰ੍ਹਾਂ ਦਾ ਬਣਿਆ ਸੀ ਜਿਸ ਤੋਂ ਉਨ੍ਹਾਂ ਦੇ ਸ਼ਾਹੀ ਜੀਵਨ ਜਿਊਣ ਦੀ ਝਲਕ ਸਾਫ਼ ਨਜ਼ਰ ਆਉਂਦੀ ਸੀ | 1941 ਵਿਚ ਇਥੇ ਆਏ ਭਿਆਨਕ ਭੂਚਾਲ ਨੇ ਕਾਫ਼ੀ ਕੁਝ ਤਬਾਹ ਕਰ ਦਿੱਤਾ ਅਤੇ ਫਿਰ 1942 ਵਿਚ ਦੂਸਰੇ ਵਿਸ਼ਵ ਯੁੱਧ ਵਿਚ ਜਾਪਾਨੀਆਂ ਨੇ ਇਸ ਨੂੰ ਪੀ. ਓ. ਡਬਲਯੂ. (ਪਿ੍ਜ਼ਨਰ ਆਫ਼ ਵਾਰ) ਕੈਂਪ ਵਿਚ ਤਬਦੀਲ ਕਰ ਦਿੱਤਾ | ਅੱਜ ਵੀ ਇਥੇ ਜਾਪਾਨੀ ਬੰਕਰ ਦੇਖੇ ਜਾ ਸਕਦੇ ਹਨ | ਸੰਨ 2004 ਵਿਚ ਆਈ ਸੁਨਾਮੀ ਨੇ ਤਾਂ ਰੌਸ ਆਈਲੈਂਡ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਇਸ ਨੂੰ ਖੰਡਰਾਂ ਵਿਚ ਤਬਦੀਲ ਕਰ ਦਿੱਤਾ | ਅਜੋਕੇ ਸਮੇਂ ਵਿਚ ਇਸ ਟਾਪੂ ਦੀ ਦੇਖ-ਰੇਖ ਭਾਰਤੀ ਜਲ ਸੈਨਾ ਕਰਦੀ ਹੈ ਅਤੇ ਇਸ ਦਾ ਨਾਂਅ ਵੀ ਸੁਭਾਸ਼ ਚੰਦਰ ਬੋਸ ਟਾਪੂ ਰੱਖ ਦਿੱਤਾ ਗਿਆ ਹੈ |
ਇਥੋਂ ਕਰੀਬ 550 ਕਿਲੋਮੀਟਰ ਦੀ ਦੂਰੀ (ਜਿਥੇ ਸਿਰਫ਼ ਕਿਸ਼ਤੀ ਜਾਂ ਹੈਲੀਕਾਪਟਰ ਰਾਹੀਂ ਹੀ ਜਾਇਆ ਜਾ ਸਕਦਾ ਹੈ) 'ਤੇ ਸਥਿਤ ਹੈ 'ਇੰਦਰਾ ਪੁਆਇੰਟ' | 'ਇੰਦਰਾ ਪੁਆਇੰਟ' ਭਾਰਤ ਦੇ ਭੂਗੋਲਿਕ ਖੇਤਰ ਦਾ ਦੱਖਣ ਵਿਚ ਸਭ ਤੋਂ ਅਖ਼ੀਰਲਾ ਸਿਰਾ ਹੈ |
ਇਹ ਗਰੇਟ ਨਿਕੋਬਾਰ ਆਈਲੈਂਡ ਦਾ ਇਕ ਛੋਟਾ ਜਿਹਾ ਪਿੰਡ ਹੈ | ਇਸ ਦਾ ਨਾਂਅ ਭਾਰਤ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਂਅ 'ਤੇ ਰੱਖਿਆ ਗਿਆ ਹੈ ਪਰ ਇਸ ਨੂੰ 1980 ਤੱਕ ਪਿਗਮਿਲੀਅਨ ਪੁਆਇੰਟ ਅਤੇ ਜਾਂ ਫਿਰ ਪੈਰੀਸਨਸ ਪੁਆਇੰਟ ਕਿਹਾ ਜਾਂਦਾ ਸੀ | 2011 ਦੀ ਮਰਦਮਸ਼ੁਮਾਰੀ ਅਨੁਸਾਰ ਇਥੇ ਸਿਰਫ਼ ਚਾਰ ਹੀ ਘਰ ਸਨ ਅਤੇ ਇਸ ਦੀ ਕੁੱਲ ਆਬਾਦੀ 27 ਲੋਕਾਂ ਦੀ ਸੀ | ਇਥੇ ਦਾ ਲਾਈਟ ਹਾਊਸ 1972 ਵਿਚ ਬਣਾਇਆ ਗਿਆ ਸੀ ਜੋ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਂਦੇ ਸਮੁੰਦਰੀ ਜਹਾਜ਼ਾਂ ਲਈ ਰਾਹ-ਦਸੇਰਾ ਹੈ ਅਤੇ ਇਹ ਭਾਰਤ ਦੇ ਭੂਗੋਲਿਕ ਖੇਤਰ ਦਾ ਦੱਖਣੀ ਅੰਤਿਮ ਸਿਰਾ ਹੈ |

••


ਖ਼ਬਰ ਸ਼ੇਅਰ ਕਰੋ

ਹੜ੍ਹਾਂ ਨਾਲ ਬਰਬਾਦ ਹੋ ਰਹੇ ਲੋਕ

ਕਿਸੇ ਇਲਾਕੇ ਵਿਚ ਜਾ ਕੇ ਇਹ ਕਹਿ ਦੇਣਾ ਕਿ ਇਹ ਇਲਾਕਾ ਖਾਲੀ ਕਰ ਦਿਓ, ਬੜਾ ਆਸਾਨ ਹੈ ਪਰ ਜਿਹੜੇ ਲੋਕ ਇਸ ਸੰਤਾਪ ਨੂੰ ਭੋਗਦੇ ਹਨ ਉਹ ਜਾਣਦੇ ਹਨ ਕਿ ਇਸ ਫੁਰਮਾਨ ਵਿਚ ਉਨ੍ਹਾਂ ਦਾ ਕਿੰਨਾ ਕੁਝ ਗਵਾਚ ਜਾਂਦਾ ਹੈ | ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਸਾਡੀ ਵਿਵਸਥਾ ਕੋਲ ਕੋਈ ਪ੍ਰੋਗਰਾਮ ਨਹੀਂ | ਜਿਹੜੇ ਇਲਾਕਿਆਂ ਦੇ ਲੋਕ ਹੜ੍ਹਾਂ ਦੀ ਮਾਰ ਸਹਿੰਦੇ ਹਨ ਆਪਣੇ ਘਰ ਬਾਰ ਤਿਆਗ ਕੇ ਇਕ ਤਰ੍ਹਾਂ ਨਾਲ ਉਨ੍ਹਾਂ ਲਈ 'ਬਾਰ ਪਰਾਏ ਬੈਸਣਾ' ਵਾਲੀ ਗੱਲ ਹੋ ਜਾਂਦੀ ਹੈ ਉਹ ਜਾਣਦੇ ਹਨ ਕਿ ਇਹ ਕਿੰਨੀ ਵੱਡੀ ਪੀੜ ਹੈ | ਹੜ੍ਹਾਂ ਦੌਰਾਨ ਅਨਾਜ, ਫ਼ਸਲਾਂ, ਸਬਜ਼ੀਆਂ, ਘਰ ਬਾਰ, ਮਾਲ ਡੰਗਰ, ਸਕੂਲ ਕਾਲਜ, ਰਾਹ ਰਸਤੇ, ਸੜਕਾਂ ਪੁਲ ਏਨਾ ਕੁਝ ਗਵਾਚ ਜਾਂਦਾ ਹੈ ਕਿ ਜਿਸ ਦੀ ਭਰਪਾਈ ਕਈ ਸਾਲ ਨਹੀਂ ਹੁੰਦੀ |
ਅੱਜ ਲੱਖਾਂ ਪੰਜਾਬੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਉਹ ਆਪਣੇ ਬਲਬੂਤੇ 'ਤੇ ਇਸ ਸਥਿਤੀ ਨਾਲ ਨਿਪਟ ਰਹੇ ਹਨ | ਘਰ ਬਾਰ ਤਿਆਗ ਕੇ ਮਾਲ ਡੰਗਰ ਟਰਾਲੀਆਂ 'ਤੇ ਲੱਦ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਰਹੇ ਹਨ | ਇਸ ਤੋਂ ਪਹਿਲਾਂ 1988 ਵਿਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਭੋਗਿਆ ਪਰ ਅੱਜ ਜਦੋਂ 31 ਸਾਲ ਬਾਅਦ ਹੜ੍ਹ ਪੀੜਤ ਲੋਕਾਂ ਦੀ ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਦੇਸ਼ ਦੀ ਵਿਵਸਥਾ ਨੂੰ ਚਲਾਉਣ ਵਾਲਿਆਂ ਨੇ ਇੱਥੇ ਬਦਲਿਆ ਕੀ ਹੈ? ਜਨਤਕ ਸੇਵਾਵਾਂ ਜੋ ਪਹਿਲਾਂ ਕੁਝ ਹੱਦ ਤੱਕ ਅਜਿਹੀ ਸਥਿਤੀ ਨਾਲ ਨਿਪਟਣ ਲਈ ਮਾੜੀ ਮੋਟੀ ਹਰਕਤ ਵਿਚ ਸਨ, ਅੱਜ ਪਹਿਲਾਂ ਨਾਲੋਂ ਵੀ ਨਿੱਘਰ ਗਈਆਂ ਪ੍ਰਤੀਤ ਹੋ ਰਹੀਆਂ ਹਨ | ਸਰਕਾਰਾਂ ਕੋਲ ਕਿਸੇ ਪਿੰਡ ਵਿਚ ਜਾ ਕੇ ਅਨਾਊਾਸਮੈਂਟ ਕਰਨ ਵਾਲਾ ਭੌਾਪੂ ਪਹਿਲਾਂ ਵੀ ਸੀ, ਅੱਜ ਵੀ ਹੈ | ਪਹਿਲਾਂ ਵੀ ਨੇਤਾ ਲੋਕ ਹੈਲੀਕਾਪਟਰ 'ਤੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਟੀ. ਵੀ. 'ਤੇ ਦਿਸਦੇ ਸਨ ਅੱਜ ਵੀ ਇਸੇ ਤਰ੍ਹਾਂ ਦੇ ਜਾਇਜ਼ੇ ਲਏ ਜਾਂਦੇ ਹਨ | ਫ਼ੌਜ ਅਤੇ ਕਿਸ਼ਤੀਆਂ ਦੀ ਮਦਦ ਨਾਲ ਹੜ੍ਹਾਂ ਵਿਚ ਡੁਬਦੇ ਲੋਕਾਂ ਨੂੰ ਬਚਾਉਣ ਦੀ ਚਾਲੀ ਸਾਲ ਪਹਿਲਾਂ ਵੀ ਵਿਵਸਥਾ ਸੀ, ਅੱਜ ਵੀ ਹੈ | ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਸਾਲਾਂ ਬਾਅਦ ਅਸੀਂ ਕੀ ਬਦਲਿਆ?
ਜੇਕਰ ਵੇਖਿਆ ਜਾਵੇ ਤਾਂ ਪਿਛਲੇ ਕੁਝ ਦਹਾਕਿਆਂ ਵਿਚ ਇੱਥੇ ਬਹੁਤ ਕੁਝ ਬਦਲਿਆ ਹੈ | ਰਾਜਸੀ ਵਿਵਸਥਾ ਦੀ ਸਰਪ੍ਰਸਤੀ ਹੇਠ ਦਰਿਆਵਾਂ ਦੀ ਰੇਤ ਬਜਰੀ ਨੂੰ ਰੱਜ ਕੇ ਲੁੱਟਿਆ ਗਿਆ | ਦਰਿਆਈ ਕੰਢਿਆਂ 'ਤੇ ਕਬਜ਼ੇ ਕਰਕੇ ਹਜ਼ਾਰਾਂ ਏਕੜ ਜ਼ਮੀਨਾਂ ਚੋਂ ਕੁਦਰਤੀ ਬਨਸਪਤੀ ਦਾ ਖਾਤਮਾ ਕੀਤਾ ਗਿਆ | ਇਹ ਜ਼ਮੀਨ ਜੋ ਦਰਿਆਵਾਂ ਦਾ ਰਕਬਾ ਸੀ, ਜਿੱਥੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖਾਂ ਦੀ ਲੋੜ ਸੀ, 'ਤੇ ਨਾਜਾਇਜ਼ ਕਬਜ਼ੇ ਕਰਕੇ ਇਸ ਨੂੰ ਖੇਤੀਬਾੜੀ ਲਈ ਵਰਤਿਆ ਗਿਆ | ਦਰਿਆਈ ਇਲਾਕਿਆਂ ਦੇ ਬੰਨ੍ਹਾਂ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਵਿਚ ਬਣੀਆਂ ਹੋਰ ਸੜਕਾਂ ਦਾ ਰੇਤ ਦੇ ਟਰੱਕ, ਟਰਾਲੀਆਂ ਤੇ ਟਿੱਪਰਾਂ ਨਾਲ ਸਤਿਆਨਾਸ ਕੀਤਾ ਗਿਆ | ਇਸ ਸਭ ਕੁਝ ਤੋਂ ਕਮਾਈਆਂ ਤਾਂ ਸੱਤਾ ਦੇ ਦਲਾਲ ਕਰਦੇ ਹਨ ਸੰਤਾਪ ਆਮ ਜਨਤਾ ਭੋਗਦੀ ਹੈ | ਨਿੱਘਰੀ ਅਤੇ ਨਿਰਲੱਜ ਵਿਵਸਥਾ ਕਰਕੇ ਅਸੀਂ ਪੰਜਾਬ ਦੇ ਲੋਕ ਬਹੁਪਰਤੀ ਸੰਕਟਾਂ ਦੇ ਮੁਹਾਣ 'ਤੇ ਖੜ੍ਹੇ ਹਾਂ | ਇਕ ਪਾਸੇ ਅਸੀਂ ਪਾਣੀ ਤੋਂ ਵਿਰਵੇ ਹੋ ਰਹੇ ਹਾਂ ਦੂਜੇ ਪਾਸੇ ਹੜ੍ਹਾਂ ਦੇ ਸੰਤਾਪ ਨੂੰ ਭੋਗ ਰਹੇ ਹਾਂ | ਪੀਣ ਅਤੇ ਵਰਤੋਂ ਯੋਗ ਪਾਣੀ ਸਾਡੇ ਹੱਥੋਂ ਚੋਂ ਬਾਹਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਵੀ ਹੋ ਰਿਹਾ ਹੈ | ਦਰਿਆਵਾਂ ਦੇ ਜਿਹੜੇ ਪਾਣੀਆਂ ਨੇ ਰੇਤ ਨਾਲ ਰਿਸਣਾ ਸੀ ਉਸ ਰੇਤ ਦਾ ਅਸੀਂ ਤੇਜ਼ੀ ਨਾਲ ਖਾਤਮਾ ਕਰ ਰਹੇ ਹਾਂ | ਹੜ੍ਹਾਂ ਦਾ ਪਾਣੀ ਕੁਝ ਸੀਮਤ ਦਿਨਾਂ ਵਿਚ ਆਉਂਦਾ ਹੈ ਵੱਡਾ ਨੁਕਸਾਨ ਕਰਕੇ ਵਹਿ ਜਾਂਦਾ ਹੈ ਅਤੇ ਧਰਤੀ ਸੁੱਕੀ ਦੀ ਸੁੱਕੀ ਰਹਿ ਜਾਂਦੀ ਹੈ | ਸਤਲੁਜ ਨਦੀ 'ਤੇ ਬਣੇ ਭਾਖੜਾ ਨੰਗਲ ਡੈਮ ਅਤੇ ਬਿਆਸ ਦਰਿਆ 'ਤੇ ਹਿਮਾਚਲ ਵਿਚ ਬਣੇ ਪੌਾਗ ਡੈਮ ਨਾਲ ਭਾਵੇਂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ਪਰ ਅਜਿਹਾ ਕਰਨ ਨਾਲ ਦਰਿਆਵਾਂ ਦੇ ਕੁਦਰਤੀ ਵਹਾਅ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ | ਧਰਤੀ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋਈ ਜਾ ਰਿਹਾ ਹੈ | ਚਾਹੀਦਾ ਤਾਂ ਇਹ ਹੈ ਕਿ ਦਰਿਆਈ ਇਲਾਕਿਆਂ ਦਾ ਹੋਰ ਵਿਸਥਾਰ ਕੀਤਾ ਜਾਂਦਾ | ਇਨ੍ਹਾਂ ਦੇ ਕੰਢਿਆਂ 'ਤੇ ਉੱਗੀ ਬਨਸਪਤੀ ਅਤੇ ਰੁੱੱਖਾਂ ਵਣਾਂ ਨੂੰ ਹੋਰ ਸੰਘਣੇ ਕਰਨ ਦਾ ਯਤਨ ਕੀਤਾ ਜਾਂਦਾ | ਦਰਿਆਵਾਂ ਦੇ ਕੰਢਿਆਂ 'ਤੇ ਕੁਦਰਤੀ ਵਹਾਅ ਨਾਲ ਬਣਦੇ ਡੁੰਮ੍ਹਾਂ, ਝੀਲਾਂ ਅਤੇ ਦਰਿਆਈ ਪਾੜਾਂ ਨੂੰ ਜਿਉਂ ਦੇ ਤਿਉਂ ਰੱਖਣ ਲਈ ਵੱਡੇ ਉਪਰਾਲੇ ਕੀਤੇ ਜਾਂਦੇ | ਪਰ ਇਹ ਸਭ ਕੁਝ ਇਨਸਾਨੀ ਲਾਲਾਸਾਵਾਂ ਦੀ ਭੇਟ ਚੜ੍ਹ ਰਿਹਾ ਹੈ | ਦਰਿਆ ਹੁਣ ਦਰਿਆ ਨਹੀਂ ਰਹੇ, ਉਹ ਨਾਲੇ ਬਣ ਗਏ ਹਨ | ਉਹ ਨਾਲੇ ਜਿਨ੍ਹਾਂ ਵਿਚ ਹਰ ਤਰ੍ਹਾਂ ਦਾ ਗੰਦ ਸੁਟ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਹੋਣ ਦੇ ਭਰਮ ਵਿਚ ਹਾਂ | ਕੁਦਰਤ ਨਾਲ ਕੀਤੀਆਂ ਇਨ੍ਹਾਂ ਵਧੀਕੀਆਂ ਦਾ ਖਮਿਆਜ਼ਾ ਸਾਨੂੰ ਜ਼ਰੂਰ ਭੁਗਤਣਾ ਪੈਂਦਾ ਹੈ |
ਪਿਛਲੇ ਦਿਨੀ ਹੜ੍ਹਾਂ ਤੋਂ ਪ੍ਰਭਾਵਿਤ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਪਤਾ ਲੱਗਾ ਕਿ ਵੱਡੀ ਤਾਦਾਦ ਵਿਚ ਸਾਡੇ ਲੋਕ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਝੱਲ ਰਹੇ ਹਨ | ਲੋਹੀਆਂ ਸ਼ਹਿਰ ਦੇ ਨੇੜਲੇ ਜਾਨੀਆਂ ਅਤੇ ਚੱਕ ਵਡਾਲਾ ਪਿੰਡਾਂ ਕੋਲੋਂ ਸਤਲੁਜ ਦਰਿਆ ਦਾ ਬੰਨ੍ਹ ਟੁੱਟਿਆ | ਪਾਣੀ ਇੰਨਾ ਜ਼ਿਆਦਾ ਸੀ ਕਿ ਕੁਝ ਮਿੰਟਾਂ ਵਿਚ ਇਹ ਪਾੜ ਦੋ ਏਕੜ ਵਿਚ ਫੈਲ ਗਿਆ | ਦਰਜਨਾਂ ਪਿੰਡ ਗਿੱਦੜਪਿੰਡੀ, ਮਰਾਜ਼ਵਾਲਾ, ਮੁੰਡੀ ਸ਼ਹਿਰੀਆਂ, ਨਸੀਰਪੁਰ, ਸਰਦਾਰ ਵਾਲਾ, ਕਿਲੀਵਾੜਾ, ਮੰਡਾਲਾ ਆਦਿ ਰਾਤੋਰਾਤ ਪਾਣੀ ਵਿਚ ਡੁੱਬ ਗਏ | ਇੱਥੇ ਗੱੱਲ ਕਰਦਿਆਂ ਇਕ ਨੌਜਵਾਨ ਨੇ ਦੱਸਿਆ ਕਿ ਰਾਤ ਜਦੋਂ ਇਕ ਦਮ ਪਾਣੀ ਦਾ ਵਹਾਅ ਆਇਆ ਤਾਂ ਲੋਕਾਂ ਨੂੰ ਆਪਣੇ ਡੰਗਰ ਪਸ਼ੂ ਖੋਲ੍ਹਣ ਦਾ ਵੀ ਮੌਕਾ ਨਹੀਂ ਮਿਲਿਆ | ਵਡਾਲਾ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਲੋਕ ਜਿਨ੍ਹਾਂ ਦੇ ਘਰ ਦੀ ਚਾਰਦਿਵਾਰੀ ਵਲੀ ਹੋਈ ਸੀ ਉਹ ਪਸ਼ੂਆਂ ਨੂੰ ਖੋਹਲ ਹੀ ਨਹੀਂ ਸਕੇ | ਜਦਕਿ ਅਸੀਂ ਕਾਹਲੀ ਕਾਹਲੀ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਅਤੇ ਬੱਚਿਆਂ ਨੂੰ ਲੈ ਕੇ ਪਾਣੀ ਤੋਂ ਬਚਾਅ ਲਈ ਬੰਨ੍ਹ 'ਤੇ ਆਣ ਚੜ੍ਹੇ ਤੇ ਘਰ ਬਾਰ ਰੁੜ੍ਹ ਗਏ | ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਖੁੱਲ੍ਹੇ ਹੋਏ ਪਸ਼ੂ ਵੀ ਇਸ ਵਿਚ ਰੁੜ ਗਏ | ਹਰੀਕੇ ਝੀਲ ਤੋਂ ਉਤਰ ਵਾਲੇ ਪਾਸੇ ਮੰਡ ਅਤੇ ਜਮਾਲੀ ਆਦਿ ਪਿੰਡ ਹਨ ਜਿਨ੍ਹਾਂ ਦੁਆਲੇ ਛੇ ਤੋਂ ਸੱਤ ਫੁੱਟ ਡੂੰਘਾ ਪਾਣੀ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਨਜ਼ਰ ਆਉਂਦਾ ਹੈ | ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਡੁੱਬੀ ਹੋਈ ਹੈ, ਇਹ ਇਲਾਕਾ ਵਿਸ਼ਾਲ ਸਮੁੰਦਰ ਵਾਂਗ ਜਾਪਦਾ ਹੈ | ਇਸ ਇਲਾਕੇ ਵਿਚ ਹੜ੍ਹਾਂ ਦਾ ਖ਼ਤਰਾ ਹਰ ਸਾਲ ਬਰਕਰਾਰ ਰਹਿੰਦਾ ਹੈ | ਇਸ ਲਈ ਪਿੰਡ ਖੇਤਾਂ ਨਾਲੋਂ ਕੁਝ ਉੱਚੀ ਜਗ੍ਹਾ 'ਤੇ ਹਨ | ਪਾਣੀ ਵਿਚ ਘਿਰੇ ਜਮਾਲੀ ਪਿੰਡ ਤੱਕ ਫ਼ੌਜੀ ਕਿਸ਼ਤੀ ਦੀ ਮਦਦ ਨਾਲ ਜਾਇਆ ਜਾ ਸਕਦਾ ਹੈ | ਪਸ਼ੂਆਂ ਲਈ ਚਾਰਾ ਨਹੀਂ ਹੈ | ਪਿੰਡ ਦੇ ਚਾਰ ਚੁਫੇਰੇ ਪਾਣੀ ਹੀ ਪਾਣੀ ਹੈ ਪਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਘਾਟ ਹੈ | ਬੱਚੇ ਬਿਮਾਰ ਹੋ ਰਹੇ ਹਨ | ਲੋਕਾਂ ਦੇ ਹੱਥ ਪੈਰ ਪਾਣੀ ਨਾਲ ਗਲ ਰਹੇ ਹਨ | ਇੱਥੋਂ ਦੇ ਇਕ ਪਤਵੰਤੇ ਬਜ਼ੁਰਗ ਨੇ ਦੱਸਿਆ ਕਿ ਅੱਜ ਜੋ ਇਸ ਪਿੰਡ ਦੇ ਆਲੇ-ਦੁਆਲੇ ਪਾਣੀ ਦਾ ਮੰਜ਼ਿਰ ਤੁਸੀਂ ਦੇਖ ਰਹੇ ਹੋ, ਇਹ ਬਹੁਤ ਵੱਡੀ ਮੁਸੀਬਤ ਹੈ ਪਰ ਇਸ ਤੋਂ ਵੀ ਵੱਡੀ ਮੁਸੀਬਤ ਉਦੋਂ ਸ਼ੁਰੂ ਹੋਵੇਗੀ ਜਦੋਂ ਪਾਣੀ ਲਹਿ ਜਾਵੇਗਾ | ਉਸ ਸਮੇਂ ਪਾਣੀ ਨਾਲ ਗਲ ਚੁੱਕੀਆਂ ਫ਼ਸਲਾਂ ਮੁਸ਼ਕ ਮਾਰਨ ਲੱਗ ਜਾਣਗੀਆਂ | ਉਸ ਸਮੇਂ ਪਿੰਡ ਵਿਚ ਰਹਿਣਾ ਨਰਕ ਵਿਚ ਰਹਿਣ ਵਾਂਗ ਬਣ ਸਕਦਾ ਹੈ | ਇਸ ਤਰ੍ਹਾਂ ਦੀ ਸਥਿਤੀ ਵਿਚ ਲੋਕਾਂ ਨੂੰ ਚਮੜੀ ਦੇ ਰੋਗ ਹੋਣ ਲਗਦੇ ਹਨ | ਬੁਖਾਰ ਨਾਲ ਲੋਕ ਵੱਡੀ ਪੱਧਰ 'ਤੇ ਬਿਮਾਰ ਹੋਣ ਲੱਗ ਪੈਂਦੇ ਹਨ | ਇਕ ਤਾਂ ਲੋਕ ਆਰਥਕ ਪੱਖੋਂ ਕੰਗਾਲ ਹੋ ਜਾਂਦੇ ਹਨ ਦੂਜਾ ਸਰੀਰਕ ਪੱਖੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੁਸ਼ਵਾਰੀਆਂ ਦੇ ਸ਼ਿਕਾਰ ਹੋਣ ਲੱਗ ਜਾਂਦੇ ਹਨ |
ਇਹ ਸੱਚ ਹੈ ਕਿ ਹੜ੍ਹ ਇਕ ਕੁਦਰਤੀ ਕਰੋਪੀ ਹੈ ਅਤੇ ਧਰਤੀ ਦੇ ਵੱਖ ਵੱਖ ਖਿੱਤਿਆਂ ਵਿਚ ਸਦੀਆਂ ਤੋਂ ਲੋਕ ਹੜ੍ਹਾਂ ਵਰਗੀਆਂ ਮੁਸੀਬਤਾਂ ਦਾ ਸੰਤਾਪ ਭੋਗਦੇ ਆ ਰਹੇ ਹਨ | ਪਰ ਬੀਤੇ ਵੇਲਿਆਂ ਵਿਚ ਜੇਕਰ ਅਜਿਹਾ ਹੁੰਦਾ ਸੀ ਤਾਂ ਇਹ ਸਭ ਕੁਝ ਮਨੁੱਖ ਦੀ ਸਮਝ ਤੋਂ ਬਾਹਰ ਸੀ ਪਰ ਅੱਜ ਦੇ ਗਿਆਨ ਵਿਗਿਆਨ ਦੇ ਯੁੱਗ ਵਿਚ ਵੀ ਜੇਕਰ ਲੋਕ ਅਜਿਹੇ ਸੰਤਾਪ ਭੋਗਦੇ ਹਨ ਜਾਂ ਇਨ੍ਹਾਂ ਨੂੰ ਕੁਝ ਹੱਦ ਤੱਕ ਵੀ ਅਸੀਂ ਕੰਟਰੋਲ ਨਹੀਂ ਕਰ ਸਕੇ ਤਾਂ ਇਸ ਨੂੰ ਵਿਵਸਥਾ ਦੀ ਨਾਕਾਮੀ ਹੀ ਆਖਿਆ ਜਾਵੇਗਾ | ਕੁਝ ਦਿਨ ਪਹਿਲਾਂ ਅਸੀਂ ਚੰਦਰਮਾ 'ਤੇ ਚੰਦਰਯਾਨ ਭੇਜ ਕੇ ਹਟੇ ਹਾਂ | ਬਿਨਾਂ ਸ਼ੱਕ ਸਾਡੇ ਵਿਗਿਆਨੀਆਂ ਦੀ ਇਹ ਵੱਡੀ ਪ੍ਰਾਪਤੀ ਸੀ, ਇਸ 'ਤੇ ਸਾਨੂੰ ਸਭ ਭਾਰਤੀ ਲੋਕਾਂ ਨੂੰ ਮਾਣ ਕਰਨਾ ਚਾਹੀਦਾ ਹੈ ਪਰ ਸਾਡੇ ਧਰਤੀ 'ਤੇ ਲੋਕਾਂ ਦੀ ਹਾਲਤ ਕੀ ਹੈ, ਇਸ ਲਈ ਵੀ ਬਹੁਤ ਕੁਝ ਕੀਤਾ ਜਾਣਾ ਚਾਹੀਦਾ ਹੈ, ਜੋ ਨਹੀਂ ਹੋ ਰਿਹਾ | ਅਸੀਂ ਅੰਬਰਾਂ ਦੇ ਤਾਰਿਆਂ ਨਾਲ ਬਾਤਾਂ ਪਾਈਏ ਪਰ ਧਰਤੀ 'ਤੇ ਕੀ ਹੋ ਵਾਪਰ ਰਿਹਾ ਹੈ, ਇਸ ਪ੍ਰਤੀ ਇੰਨੇ ਸੰਵੇਦਨਹੀਣ ਹੋ ਜਾਣਾ ਵੀ ਕੋਈ ਅਕਲਮੰਦੀ ਨਹੀਂ | ਭਾਰਤ ਵੱਖ-ਵੱਖ ਤਰ੍ਹਾਂ ਦੀ ਭੂਗੋਲਿਕ ਸਥਿਤੀ ਵਾਲਾ ਦੇਸ਼ ਹੈ | ਇੱਥੇ ਕਿਤੇ ਤਾਂ ਬੱਦਲ ਫਟਦੇ ਹਨ, ਕਿਤੇ ਸੋਕੇ ਨਾਲ ਫ਼ਸਲਾਂ ਸੜ ਬਲ ਜਾਂਦੀਆਂ ਹਨ | ਕਿਤੇ ਸਾਰਾ ਸਾਲ ਮੀਂਹ ਪੈਂਦਾ ਹੈ ਕਿਤੇ ਪੰਜ-ਪੰਜ ਸਾਲ ਮੀਂਹ ਦੀ ਇਕ ਛਿੱਟ ਵੀ ਨਹੀਂ ਡਿਗਦੀ | ਕਿਤੇ ਬਰਫ਼ਾਂ ਜੰਮਦੀਆਂ ਹਨ ਕਿਤੇ ਉਨ੍ਹਾਂ ਹੀ ਦਿਨਾਂ ਦੌਰਾਨ ਪਾਰਾ ਸੰਤਾਲੀ ਡਿਗਰੀ ਤੱਕ ਚਲਾ ਜਾਂਦਾ ਹੈ | ਇਸ ਸਮੇਂ ਪੰਜਾਬ ਸਮੇਤ ਕੁਝ ਹੋਰ ਸੂਬੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਪਰ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਪੀਣ ਵਾਲੇ ਪਾਣੀ ਦੀ ਦੇਸ਼ ਵਿਚ ਭਾਰੀ ਕਿੱਲਤ ਪੈਦਾ ਹੋ ਰਹੀ ਹੈ ਅਤੇ ਹਰ ਸਾਲ ਇਹ ਸਮੱਸਿਆ ਵਧ ਰਹੀ ਹੈ | ਜਿੱਥੇ ਦੇਸ਼ ਨੂੰ ਵਾਧੂ ਪਾਣੀ ਨੂੰ ਸੰਭਾਲਣ ਲਈ ਵੱਡੀਆਂ ਯੋਜਨਾਵਾਂ 'ਤੇ ਕੰਮ ਕਰਨ ਦੀ ਲੋੜ ਹੈ, ਉੱਥੇ ਮੌਸਮ ਵਿਭਾਗ ਨੂੰ ਹੋਰ ਸਚਾਰੂ ਬਣਾਉਣ ਦੀ ਲੋੜ ਹੈ ਤਾਂ ਕਿ ਵੱਖ-ਵੱਖ ਇਲਾਕਿਆਂ ਵਿਚ ਹੋਣ ਵਾਲੀਆਂ ਬਾਰਸ਼ਾਂ ਦਾ ਅਗਾਊਾ ਅਨੁਮਾਨ ਲਗਾ ਕੇ ਡੈਮਾਂ ਦੇ ਪਾਣੀਆਂ ਨੂੰ ਲੋੜ ਅਨੁਸਾਰ ਨਾਲੋ ਨਾਲ ਰੀਲੀਜ਼ ਕੀਤਾ ਜਾ ਸਕੇ ਅਤੇ ਹੜ੍ਹਾਂ ਵਰਗੀ ਭਿਆਨਕ ਸਥਿਤੀ ਪੈਦਾ ਹੀ ਨਾ ਹੋਵੇ | ਖ਼ਬਰਾਂ ਇਹ ਵੀ ਹਨ ਕਿ ਜੂਨ-ਜੁਲਾਈ ਵਿਚ ਜਾਣਬੁੱਝ ਕੇ ਡੈਮਾਂ ਵਿਚੋਂ ਪਾਣੀ ਨਹੀਂ ਛੱਡਿਆ ਜਾਂਦਾ ਤਾਂ ਕਿ ਹੋਰ ਸੂਬਿਆਂ ਨੂੰ ਲੋੜ ਅਨੁਸਾਰ ਪਾਣੀ ਦਿੱਤਾ ਜਾ ਸਕੇ ਪਰ ਜੋ ਲੋਕ ਇਸ ਦਾ ਖਮਿਆਜ਼ਾ ਭੁਗਤਦੇ ਹਨ ਉਨ੍ਹਾਂ ਦਾ ਇਸ ਵਿਚ ਕੀ ਕਸੂਰ? ਦਰਿਆਵਾਂ ਦੇ ਇਲਾਕਿਆਂ ਵਿਚ ਨਾਜਾਇਜ਼ ਬਿਲਡਿਗਾਂ, ਡੇਰਿਆਂ ਦੀ ਉਸਾਰੀ, ਮਾਈਨਿੰਗ 'ਤੇ ਸਖਤੀ ਨਾਲ ਰੋਕ ਲਾਉਣ ਦੀ ਲੋੜ ਹੈ | ਨਹਿਰਾਂ ਦੀ ਸਫ਼ਾਈ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਪਾਣੀ ਇਨ੍ਹਾਂ ਦਿਨਾਂ ਵਿਚ ਨਹਿਰਾਂ ਵਿਚ ਛੱਡੇ ਜਾਣ ਦੀ ਲੋੜ ਹੁੰਦੀ ਹੈ | ਜੂਨ-ਜੁਲਾਈ ਵਿਚ ਜਦੋਂ ਝੋਨੇ ਦੀ ਲੁਆਈ ਹੋ ਰਹੀ ਹੁੰਦੀ ਹੈ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਬਜਾਏ ਨਹਿਰੀ ਪਾਣੀ ਨੂੰ ਵਰਤੋਂ ਵਿਚ ਲਿਆਉਣ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ | ਪਾਣੀਆਂ ਦੇ ਵੇਗ ਨੂੰ ਘੱਟ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਪਹਾੜਾਂ ਵਿਚ ਰੁੱਖ ਲਾਏ ਜਾਣ | ਰੇਤ ਮਾਈਨਿੰਗ ਨਾਲ ਹੁੰਦੀ ਸੜਕਾਂ ਪੁਲਾਂ ਅਤੇ ਦਰਿਆਈ ਬੰਨ੍ਹਾਂ ਦੇ ਨੁਕਸਾਨ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ | ਹੜ੍ਹਾਂ ਦੀ ਕਰੋਪੀ ਨੂੰ ਕੇਵਲ ਕੁਦਰਤੀ ਕਰੋਪੀ ਆਖ ਕੇ ਟਾਲਾ ਵੱਟ ਜਾਣਾ ਬੜਾ ਆਸਾਨ ਹੈ ਪਰ ਜੋ ਲੋਕ ਇਸ ਸੰਤਾਪ ਨੂੰ ਭੋਗਦੇ ਹਨ ਉਹ ਜਾਣਦੇ ਹਨ ਕਿ ਇਹ ਭਿਆਨਕ ਸਥਿਤੀ ਉਨ੍ਹਾਂ ਨੂੰ ਕਈ ਸਾਲ ਪਿੱਛੇ ਲੈ ਜਾਂਦੀ ਹੈ | ਸਾਡੀਆਂ ਸਰਕਾਰਾਂ ਨੂੰ ਇਹ ਸਭ ਕੁਝ ਸਮਝਣ ਦੀ ਲੋੜ ਹੈ | ਹੜ੍ਹ ਪੀੜਤਾਂ ਦੇ ਦੁੱਖਾਂ ਦਰਦਾਂ 'ਤੇ ਫੇਹੇ ਬੰਨ੍ਹਣ ਦੀ ਲੋੜ ਹੈ | ਪੰਜਾਬ ਦੇ ਪਿੰਡਾਂ ਦੇ ਲੋਕ, ਵੱਖ-ਵੱਖ ਸੰਸਥਾਵਾਂ ਜੋ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਇਕ ਕਰ ਰਹੀਆਂ ਹਨ, ਦੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ ਪਰ ਸਰਕਾਰੀ ਮਦਦ ਨਾ ਦੇ ਬਰਾਬਰ ਹੈ | ਪੰਜਾਬ ਦੇ ਲੋਕ ਜਾਗ ਰਹੇ ਹਨ ਪਰ ਸਰਕਾਰ ਸੁੱਤੀ ਹੋਈ ਹੈ | ਜਦੋਂ ਕਈ ਥਾਵਾਂ 'ਤੇ ਦਰਿਆ ਦੇ ਬੰਨ੍ਹ ਟੁੱਟੇ ਉਸ ਸਮੇਂ ਵੀ ਦਿਨ-ਰਾਤ ਕਰਕੇ ਸਥਾਨਕ ਲੋਕ ਬੰਨ੍ਹ 'ਤੇ ਮਿੱਟੀ ਪਾ ਕੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਨ | ਲੋਕ ਆਪਣੇ ਦੁੱਖੜੇ ਰੋਂਦੇ ਦੱਸਦੇ ਹਨ ਕਿ ਪਿਛਲੇ ਕਰੀਬ ਪੰਜ ਸਾਲਾਂ ਤੋਂ ਸਰਕਾਰ ਵਲੋਂ ਸਤਲੁਜ ਨਾਲ ਲਗਦੇ ਬੰਨ੍ਹ ਦੀ ਕੋਈ ਮੁਰੰਮਤ ਨਹੀਂ ਹੋਈ | ਹੋ ਸਕਦਾ ਇਹ ਇਹ ਮੁਰੰਮਤ ਸਾਰੀ ਕਾਗਜ਼ਾਂ ਜਾਂ ਫਾਈਲਾਂ ਵਿਚ ਸੁਚੱਜੇ ਢੰਗ ਨਾਲ ਹੋਈ ਵੀ ਹੋਵੇ | ਇਸ ਸਮੇਂ ਸਰਕਾਰਾਂ ਨੂੰ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਹੈ | ਉਨ੍ਹਾਂ ਦੇ ਹੋਏ ਨੁਕਸਾਨ ਤੋਂ ਵੱਧ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਲੋੜ ਹੈ | ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕ ਜੋ ਇਕ ਤਰ੍ਹਾਂ ਨਾਲ ਜੜ੍ਹਾਂ ਤੋਂ ਉੱਖੜ ਗਏ ਹਨ, ਨਾਲ ਲਗਾਤਾਰ ਰਾਬਤਾ ਪੈਦਾ ਕੀਤਾ ਜਾਏ | ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਹਰ ਯੋਗ ਕਦਮ ਪੁੱਟਿਆ ਜਾਵੇ | ਇਸ ਸਮੇਂ ਪਾਣੀ ਵਿਚ ਘਿਰੇ ਅਤੇ ਦਰਿਆਵਾਂ ਦੇ ਬੰਨ੍ਹਾਂ 'ਤੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਬੈਠੇ ਲੋਕਾਂ ਦੀ ਜਾਨ ਤਰਾਹ-ਤਰਾਹ ਕਰ ਰਹੀ ਪ੍ਰਤੱਖ ਵੇਖੀ ਜਾ ਸਕਦੀ ਹੈ | ਪੂਰਾ ਦਿਨ ਪਾਣੀ ਦੀ ਭੜਾਸ ਨਾਲ ਗਰਮੀ ਨਾਲ ਬੁਰਾ ਹਾਲ ਹੁੰਦਾ ਹੈ ਸ਼ਾਮ ਪੈਂਦਿਆਂ ਹੀ ਗਰਮੀ ਅਤੇ ਮੱਛਰ ਤੰਗ ਕਰਨ ਲੱਗ ਪੈਂਦੇ ਹਨ | ਇਨ੍ਹਾਂ ਲੋਕਾਂ ਲਈ ਆਰਜ਼ੀ ਬਿਜਲੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਇਨ੍ਹਾਂ ਦੇ ਚਾਰ ਚੁਫੇਰੇ ਪਾਣੀ ਦੀ ਆਫਤ ਹੈ, ਧਰਤੀ 'ਤੇ ਪਾਣੀ ਹੀ ਪਾਣੀ ਹੈ ਜਾਂ ਜਿੱਲਣ ਹੈ, ਮੁਸ਼ਕਿਲਾਂ ਤੇ ਸਮੱਸਿਆਵਾਂ ਵਧ ਰਹੀਆਂ ਹਨ | ਇਨ੍ਹਾਂ ਨੂੰ ਡਰ ਹੈ ਕਿ ਜੇਕਰ ਬਾਰਸ਼ ਪੈਣੀ ਸ਼ੁਰੂ ਹੋ ਜਾਵੇ ਤਾਂ ਖੁੱਲ੍ਹੇ ਅਸਮਾਨ ਹੇਠ ਬੈਠੇ ਇਨ੍ਹਾਂ ਲੋਕਾਂ ਦਾ ਕੀ ਬਣੇਗਾ? ਸੋ ਇਨ੍ਹਾਂ ਲੋਕਾਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਲੋੜ ਹੈ | ਬਿਮਾਰੀਆਂ ਤੋਂ ਬਚਾਉਣ ਲਈ ਅਗਾਊਾ ਯੋਜਨਾਬੰਦੀ ਕਰਨ ਦੀ ਲੋੜ ਹੈ | ਹੜ੍ਹਾਂ ਦੀ ਕਰੋਪੀ ਨੂੰ ਤੁਸੀਂ ਬੇਸ਼ੱਕ ਕੁਦਰਤੀ ਆਫਤ ਕਹੋ ਪਰ ਵਿਵਸਥਾ ਦੀ ਬਦਇੰਤਜ਼ਾਮੀ ਦਾ ਇਸ ਵਿਚ ਵੱਡਾ ਰੋਲ ਹੈ |

-ਜ਼ੀਰਾ | ਮੋਬਾਈਲ : 9855051099

ਸ਼ਤਾਬਦੀ ਵਰ੍ਹੇ 'ਤੇ ਵਿਸ਼ੇਸ਼

ਰੂਹ ਤੇ ਇਸ਼ਕ ਦੀ ਇਬਾਰਤ ਲਿਖਣ ਵਾਲੀ ਅੰਮਿ੍ਤਾ ਪ੍ਰੀਤਮ

'ਉਂਜ ਤਾਂ ਖ਼ਲਕਤ 'ਚ,
ਕਈ ਇਸ਼ਕ ਦੇ ਕਿੱਸੇ ਨੇ,
ਕੁਝ ਗੀਤ ਮੁਹੱਬਤਾਂ ਦੇ,
ਮੈਂ ਰੂਹ 'ਤੇ ਲਿਖੇ ਨੇ |
ਇਹ ਸਤਰਾਂ ਉਸ ਸ਼ਖ਼ਸੀਅਤ ਲਈ ਕਿੰਨੀਆਂ ਢੁਕਵੀਆਂ (ਮੁਫੀਦ) ਹਨ, ਜਿਸ ਦੇ ਲਫ਼ਜ਼ਾਂ 'ਚੋਂ ਰੂਹਾਨੀ ਇਸ਼ਕ ਦੀਆਂ ਚਿਣਗਾਂ, ਉਸ ਦੇ ਤਾਪ ਦੀ ਅਹਿਸਾਸ ਤਾਂ ਕਰਵਾਉਂਦੀਆਂ ਹੀ ਹਨ, ਇਸ ਦੇ ਨਾਲ ਹੀ ਉਸ ਕਿਸੇ ਦਰਦ ਨਾਲ ਵੀ ਤੁਆਰਫ਼ ਕਰਵਾਉਂਦੀਆਂ ਹਨ, ਜਿਸ ਨੂੰ ਪੀਰ-ਪੈਗ਼ੰਬਰ ਵੀ ਮੁਹੱਬਤ ਦਾ ਹਾਸਲ ਮੰਨਦੇ ਹਨ |
ਅੰਮਿ੍ਤਾ ਪ੍ਰੀਤਮ ਆਧੁਨਿਕ ਪੰਜਾਬੀ ਸਾਹਿਤ ਜਗਤ ਦਾ ਉਹ ਨਾਂਅ ਹੈ ਜੋ ਜਿੰਨੇ ਸਰੂਰ 'ਚ ਇਸ਼ਕ ਦੀ ਰੂਮਾਨੀਅਤ ਨੂੰ ਬੰਨ੍ਹਦਾ ਹੈ, ਉਸ ਤੋਂ ਕਿਤੇ ਵੱਧ ਸ਼ਿੱਦਤ ਨਾਲ ਹਿਜ਼ਰ ਦੀ ਚੋਭ ਨਾਲ ਵੀ ਬਾਵਾਸਤਾ ਕਰਵਾਉਂਦਾ ਹੈ | ਭਵਿੱਖ ਦੀ ਹਾਣੀ ਅੰਮਿ੍ਤਾ, ਭੂਤਕਾਲ ਦੀਆਂ ਤੰਦਾਂ 'ਚ ਉਲਝੀ ਰਹਿਣ ਦੇ ਬਾਵਜੂਦ ਵਰਤਮਾਨ ਨੂੰ ਆਪਣੀ ਜੁਰਅਤ ਸਦਕਾ ਵੰਗਾਰਦੀ ਵੀ ਰਹੀ ਅਤੇ ਜਿਊਾਦੀ ਵੀ ਰਹੀ |
ਇਸ਼ਕ ਨੂੰ ਸਮਾਜ ਦੇ ਪ੍ਰੀਭਾਸ਼ਤ ਦਾਇਰੇ ਜਾਂ ਰਿਸ਼ਤਿਆਂ 'ਚ ਪਾਉਣ 'ਚ ਜਦ ਉਹ ਨਾਕਾਮ ਰਹੀ ਤਾਂ ਉਸ ਨੇ ਸਮਾਜਿਕ ਹੱਦਾਂ ਤੋਂ ਬਾਹਰ ਆਉਣ ਦਾ ਜੇਰਾ ਕੀਤਾ | ਅੰਮਿ੍ਤਾ ਨੇ 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਕਲਾਕਾਰ ਇਮਰੋਜ਼ ਨਾਲ ਰਿਸ਼ਤਾ ਨਿਭਾਇਆ | ਉਹ ਵੀ ਇਸ ਤਰ੍ਹਾਂ ਕਿ ਅੰਮਿ੍ਤਾ-ਇਮਰੋਜ਼ ਇਕ ਨਾਂਅ ਵਜੋਂ ਪਹਿਚਾਣੇ ਜਾਣ ਲੱਗੇ ਜਾਂ ਇੰਜ ਕਹੋ ਕਿ ਬੁਲਾਏ ਜਾਣ ਲੱਗੇ | ਅੰਮਿ੍ਤਾ ਨੇ ਇਹ ਕਦਮ ਉਸ ਦੌਰ 'ਚ ਚੁੱਕਿਆ ਜਦੋਂ ਸਮਾਜ ਦੀਆਂ ਹੱਦਾਂ ਦੇ ਬਨੇਰੇ ਏਨੇ ਕੁ ਉੱਚੇ ਸੀ ਕਿ ਉਨ੍ਹਾਂ ਬਨ੍ਹੇਰਿਆਂ ਤੋਂ ਬਾਹਰ ਨਿਕਲਦੇ ਕੱਦਾਂ ਨੂੰ ਵੀ ਬਗ਼ਾਵਤ ਕਰਾਰ ਦਿੱਤਾ ਜਾਂਦਾ ਸੀ |
ਉਸ ਦੇ ਸ਼ਬਦਾਂ 'ਚ ਰੋਸ ਸੀ, ਬਗ਼ਾਵਤ ਸੀ ਅਤੇ ਹਰ ਕਦਮ 'ਚ ਸਮਾਜ ਦੇ ਠੱਪਿਆਂ ਦੀ ਪ੍ਰਵਾਨਗੀ ਪ੍ਰਤੀ ਮੁਖ਼ਾਲਫ਼ਤ ਵੀ ਸੀ ਜਿਸ ਦੀ ਝਲਕ ਉਸ ਦੇ ਇਨ੍ਹਾਂ ਲਫ਼ਜ਼ਾਂ 'ਚੋਂ ਸਾਫ਼ ਝਲਕਦੀ ਹੈ |
'ਪਹਿਲਾ ਕੰਡਾ ਗੰਗਕਾਰ ਦਾ,
ਦੂਜਾ ਕੰਡਾ ਲੋਕਲਾਜ ਦਾ,
ਤੀਜਾ ਕੰਡਾ ਧਨ-ਦੌਲਤ ਦਾ,
ਖਤਰੇ ਜਿਕਣ ਕਈ ਛਿਲਤਰਾਂ |
ਇਨ੍ਹਾਂ ਬੰਦਿਸ਼ਾਂ, ਇਨ੍ਹਾਂ ਵਰਜਣਾ ਨਾਲ ਉਸ ਨੇ ਤੁਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦਾ ਕਾਵਿ-ਹਿਰਦਾ ਅੰਦਰੋ-ਅੰਦਰ ਉਸ ਨਾਲ ਘੋਲ ਵੀ ਕਰਦਾ ਰਿਹਾ ਪਰ ਇਹ ਘੋਲ ਨਾਂਹ-ਪੱਖੀ ਨਹੀਂ ਸੀ | ਅੰਮਿ੍ਤਾ ਨੇ ਜ਼ਿੰਦਗੀ ਨੂੰ ਉਸ ਦੀਆਂ ਚੁਣੌਤੀਆਂ, ਉਸ ਦੀਆਂ ਹੋਣੀਆਂ, ਅਣਹੋਣੀਆਂ ਦੇ ਨਾਲ ਹੀ ਪ੍ਰਵਾਨ ਕੀਤਾ | ਪਰ ਜ਼ਿੰਦਗੀ ਦੀ ਮੁਸ਼ੱਕਤ ਅੱਗੇ ਕਦੇ ਆਪਣਾ ਆਪ ਹਾਰਿਆ ਜਾਂ ਇੰਜ ਕਹੋ ਉਸ ਦੀਆਂ ਉਦਾਸੀ ਦੀਆਂ ਮਹੀਨ ਪਰਤਾਂ 'ਚ ਲਿਪਟੀਆਂ ਨਜ਼ਮਾਂ ਨੇ ਵੀ ਕਿਤੇ ਨਾ ਕਿਤੇ ਆਸ ਦਾ ਲੜ ਫੜੀ ਰੱਖਿਆ | ਸ਼ਾਇਦ ਤਾਂ ਹੀ ਉਨ੍ਹਾਂ ਕਿਹਾ:
ਦੁਨੀਆ ਦੀ ਹਰ ਬਗ਼ਾਵਤ,
ਇਕਦਮ ਤਾਪ ਵਾਂਗ ਚੜ੍ਹਦੀ,
ਤਾਪ ਚੜ੍ਹਦੇ ਤੇ ਉਤਰ ਜਾਂਦੇ,
ਪਰ ਜੇ ਕਦੇ ਇਨਸਾਨ ਨੂੰ
ਆਸ ਦਾ ਕੈਂਸਰ ਨਾ ਹੁੰਦਾ |
ਆਪਣੀ ਆਤਮ-ਕਥਾ 'ਰਸੀਦੀ ਟਿਕਟ' 'ਚ ਅੰਮਿ੍ਤਾ ਪ੍ਰੀਤਮ ਨੇ ਖੁਦ ਦੀ ਤੁਲਨਾ ਉਲਕਾ ਪੱਟੀ ਦੇ ਅੱਗ ਦੇ ਉਸ ਝਲਕੇ ਨਾਲ ਕੀਤੀ ਹੈ, ਜਿਸ ਨੂੰ ਖਾਕ ਬਣਨ ਤੱਕ ਜਿਊਣਾ ਪੈਂਦਾ ਹੈ | ਅੱਜ ਅੰਮਿ੍ਤਾ ਦੀ ਸ਼ਤਾਬਦੀ ਵਰ੍ਹੇਗੰਢ 'ਤੇ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਖ਼ਾਕ ਬਣਨ ਤੱਕ ਜਿਹੜੇ ਅੱਖਰ ਵੀ ਉਹ ਕਾਗਜ਼ਾਂ 'ਤੇ ਵਾਹੁੰਦੀ ਰਹੀ, ਉਹ ਸਾਹਿਤ ਦੀ ਦੁਨੀਆ 'ਚ ਸ਼ਾਹਕਾਰ ਬਣਦੇ ਰਹੇ |
31 ਅਗਸਤ, 1919 ਤੋਂ 31 ਅਕਤੂਬਰ, 2005 ਤੱਕ ਦੀ ਜ਼ਿੰਦਗੀ 'ਚ ਅੰਮਿ੍ਤਾ ਪ੍ਰੀਤਮ ਨੇ ਜੋ ਸਨਮਾਨ ਹਾਸਲ ਕੀਤੇ, ਉਹ ਹਾਲੇ ਤੱਕ ਕਿਸੇ ਪੰਜਾਬੀ ਸਾਹਿਤਕਾਰ ਨੂੰ ਹਾਸਲ ਨਹੀਂ ਹੋਏ | 12 ਸਾਲ ਦੀ ਉਮਰ 'ਚ ਆਪਣੇ ਅਦਬੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਅੰਮਿ੍ਤਾ ਨੇ ਆਪਣੀ ਪਹਿਲੀ ਕਿਤਾਬ 1935 'ਚ ਲਿਖੀ, ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ |
ਆਪਣੇ ਜੀਵਨ ਕਾਲ 'ਚ ਅੰਮਿ੍ਤਾ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ | ਅਹਿਸਾਸਾਂ ਨੂੰ ਹਰਫ਼ਾਂ 'ਚ ਪਿਰੋਣ ਵਾਲੀ ਅੰਮਿ੍ਤਾ ਪ੍ਰੀਤਮ ਇਕ ਨਾਂਅ ਵਜੋਂ ਅਦਬੀ ਦੁਨੀਆ 'ਚ ਪਹਿਚਾਣ ਬਣ ਹੀ ਗਈ ਸੀ | ਇਸ ਪਹਿਚਾਣ ਨੂੰ ਦੇਸ਼-ਵਿਦੇਸ਼ ਤੋਂ ਹਾਸਲ ਸਨਮਾਨਾਂ ਨੇ ਅੰਮਿ੍ਤਾ ਨੂੰ ਮਕਬੂਲੀਅਤ ਦੇ ਸਿਖਰਾਂ 'ਤੇ ਪਹੁੰਚਾ ਦਿੱਤਾ | ਗਿਆਨਪੀਠ ਅਤੇ ਸਾਹਿਤ ਅਕਾਦਮੀ ਐਵਾਰਡਾਂ ਨਾਲ ਨਵਾਜ਼ੀ ਗਈ ਅੰਮਿ੍ਤਾ ਪ੍ਰੀਤਮ ਨੂੰ ਫਰਾਂਸ ਅਤੇ ਬੁਲਗਾਰੀਆ ਸਰਕਾਰ ਨੇ ਵੀ ਸਨਮਾਨਿਤ ਕੀਤਾ | ਬੁਲਗਾਰੀਆ ਤੋਂ ਅੰਮਿ੍ਤਾ ਨੂੰ ਮਿਥੋਡੀਅਸ ਐਵਾਰਡ ਫਰਾਂਸ ਤੋਂ Ordre des arts des letter ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |
ਦੋ ਮੁਲਕਾਂ ਦੀ ਮਹਿਬੂਬ ਲੇਖਿਕਾ
ਦਿੱਲੀ ਸਰਕਾਰ ਨੇ ਸਾਲ 2000 'ਚ ਅੰਮਿ੍ਤਾ ਨੂੰ ਪੋਇਟ ਆਫ਼ ਮਿਲੇਨੀਅਮ ਦਾ ਖਿਤਾਬ ਦਿੱਤਾ | ਦਿਲਚਸਪ ਗੱਲ ਇਹ ਹੈ ਕਿ ਉਸੇ ਹੀ ਸਾਲ ਇਹ ਹੀ ਖਿਤਾਬ ਪੰਜਾਬੀ ਅਕਾਦਮੀ ਲਾਹੌਰ ਵਲੋਂ ਵੀ ਉਨ੍ਹਾਂ ਨੂੰ ਦਿੱਤਾ ਗਿਆ | ਸ਼ਾਇਦ ਇਕੋ ਸਮੇਂ 'ਤੇ ਦੋ ਮੁਲਕਾਂ ਵਲੋਂ ਦਿੱਤਾ ਗਿਆ ਇਹ ਸਨਮਾਨ, ਸਰਹੱਦ ਦੀਆਂ ਲੀਕਾਂ ਦੀ ਪਕਿਆਈ ਨਾਪ ਰਿਹਾ ਹੋਵੇ, ਜਿਨ੍ਹਾਂ ਲੀਕਾਂ ਦਾ ਦਰਦ ਅੰਮਿ੍ਤਾ ਨੇ ਆਪਣੀ ਹਿੱਕ 'ਤੇ ਮਹਿਸੂਸ ਕੀਤਾ ਸੀ |
31 ਅਗਸਤ, 1919 ਨੂੰ ਪਾਕਿਸਤਾਨ ਦੇ ਗੁਜਰਾਂਵਾਲਾ 'ਚ ਪੈਦਾ ਹੋਈ ਅੰਮਿ੍ਤਾ ਦੀ ਲੇਖਣੀ 'ਚ ਪੰਜਾਬੀ ਦੇ ਨਾਲ-ਨਾਲ ਉਰਦੂ ਇਸ ਤਰ੍ਹਾਂ ਰਚੀ, ਮਿਚੀ ਹੋਈ ਸੀ ਕਿ ਦੋਵਾਂ ਜ਼ਬਾਨਾਂ ਨੂੰ ਵੱਖ ਕਰਨਾ ਮੁਮਕਿਨ ਨਹੀਂ ਜਾਪਦਾ |
ਅੰਮਿ੍ਤਾ ਦੇ ਸਮਕਾਲੀਆਂ ਦਾ ਇਹ ਵੀ ਮੰਨਣਾ ਹੈ ਕਿ ਦੋਵਾਂ ਭਾਸ਼ਾਵਾਂ 'ਤੇ ਉਸ ਦੀ ਪਕੜ ਨੇ ਉਸ ਦੇ ਸ਼ਬਦ ਭੰਡਾਰ ਨੂੰ 'ਅਥਾਹ' ਬਣਾ ਦਿੱਤਾ ਸੀ | ਹਾਲਾਂਕਿ ਉਨ੍ਹਾਂ ਦਾ ਮੰਨਣਾ ਇਹ ਵੀ ਹੈ ਕਿ ਜ਼ਿੰਦਗੀ ਦੇ ਅਗਲੇ ਪੜਾਵਾਂ 'ਚ ਦਿੱਲੀ ਵਸਣ ਤੋਂ ਬਾਅਦ, ਜਦ ਪੰਜਾਬੀ ਦੀ ਸੀਮਤ ਹੋਂਦ ਸਦਕਾ ਅੰਮਿ੍ਤਾ ਨੇ ਤਜੁਰਬਾਈ ਤੌਰ 'ਤੇ ਹਿੰਦੀ 'ਚ ਲਿਖਣਾ ਸ਼ੁਰੂ ਕੀਤਾ ਤਾਂ ਉਹੀ ਸ਼ਬਦ ਭੰਡਾਰ ਵਕਤੀ ਤੌਰ 'ਤੇ ਸੰੁਗੜ ਵੀ ਗਿਆ ਸੀ |
ਮਹਿੂਸਸ ਹੋਈ ਮਾਂ ਦੀ ਕਮੀ
ਵਾਪਸ ਅੰਮਿ੍ਤ ਦੇ ਮੁਢਲੇ ਜੀਵਨ ਵੱਲ ਤੁਰੀਏ ਤਾਂ ਛੋਟੀ ਉਮਰ 'ਚ ਮਾਂ ਦਾ ਵਿਛੋੜਾ ਝੱਲਣ ਵਾਲੀ ਅੰਮਿ੍ਤਾ ਦੀ ਚੀਸ ਉਸ ਦੀਆਂ ਲਿਖਤਾਂ 'ਚ ਮਹਿਸੂਸ ਕੀਤੀ ਜਾ ਸਕਦੀ ਹੈ | ਜਿਥੇ ਕਦੇ ਉਹ ਆਸਮਾਨ 'ਚ ਆਪਣੀ ਮਾਂ ਰਾਜ ਬੀਬੀ ਦੇ ਨਾਂਅ ਦੇ ਅਕਸ ਤਲਾਸ਼ ਕਰਦੀ ਨਜ਼ਰ ਆਉਂਦੀ ਹੈ ਤੇ ਕਦੇ ਉਮਰ ਦੇ ਉਸ ਨਾਜ਼ੁਕ ਦੌਰ 'ਚ, ਜਿਥੇ ਇਕ ਬੇਟੀ ਨੂੰ ਮਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਮਾਂ ਦੀ ਨਾਮੌਜੂਦਗੀ ਦੀ ਉਸ ਨੂੰ ਘਾਟ ਮਹਿਸੂਸ ਹੁੰਦੀ ਹੈ | ਮਾਂ ਦੀ ਕਮੀ ਦੀ ਚੋਭ ਉਨ੍ਹਾਂ ਆਪਣੀ ਆਤਮਕਥਾ ਰਸੀਦੀ ਟਿਕਟ 'ਚ ਤਾਂ ਕੀਤੀ ਹੀ ਹੈ, ਇਸ ਤੋਂ ਇਲਾਵਾ ਕਈ ਕਹਾਣੀਆਂ 'ਚ ਮਾਂ ਦੇ ਪਾਤਰ ਦੀ ਗੱਲ ਕਰਦਿਆਂ ਜਿਵੇਂ ਉਹ ਮੋਹ 'ਚ ਭਿੱਜ ਜਾਂਦੀ ਸੀ | 'ਇਹ ਕਹਾਣੀ ਨਹੀਂ' 'ਚ ਜਿਥੇ ਉਹ ਸਾਹਿਰ ਲੁਧਿਆਣਵੀ ਦੇ ਨਾਲ ਆਪਣੇ ਅਣਕਿਆਸੇ ਸੰਸਾਰ ਨੂੰ ਘੜਦੀ, ਢਾਹੁੰਦੀ ਨਜ਼ਰ ਆਉਂਦੀ ਹੈ, ਉਥੇ ਮਾਂ ਵੀ ਉਸ ਸੰਸਾਰ 'ਚ ਇੰਜ ਪਿਰੋਈ ਗਈ ਜਿਵੇਂ ਮਾਂ ਤੋਂ ਬਿਨਾਂ ਕਿਸੇ ਦੁਨੀਆ ਦੀ ਕਲਪਨਾ ਨਾਮੁਮਕਿਮ ਹੋਵੇ |
ਪਿਤਾ ਦਾ ਲਿਖਤਾਂ 'ਤੇ ਪ੍ਰਭਾਵ
ਅੰਮਿ੍ਤਾ ਪ੍ਰੀਤਮ ਦੀਆਂ ਲਿਖਤਾਂ 'ਚ ਆਪਣੇ ਪਿਤਾ ਦੇ ਪ੍ਰਭਾਵ ਦੀ ਝਲਕ ਮਿਲਦੀ ਹੈ | ਪਿਤਾ ਸ: ਕਰਤਾਰ ਸਿੰਘ ਹਿਤਕਾਰੀ ਵਲੋਂ ਵਿਰਸੇ 'ਚ ਮਿਲੇ ਧਰਮ ਗ੍ਰੰਥਾਂ, ਸਿੱਖ ਇਤਿਹਾਸ ਦੇ ਗਿਆਨ ਦੀ ਗੁੜ੍ਹਤੀ ਕਈ ਵਾਰ ਉਨ੍ਹਾਂ ਦੀਆਂ ਰਚਨਾਵਾਂ ਦਾ ਅਨਿੱਖੜਵਾਂ ਹਿੱਸਾ ਬਣ ਜਾਂਦੀ ਹੈ | ਇੰਜ ਕਿ ਜਿਵੇਂ ਉਹ ਇਤਿਹਾਸ ਛੱਡ ਕੇ ਅੰਮਿ੍ਤਾ ਦੀਆਂ ਰਚਨਾਵਾਂ 'ਚ ਹੀ ਕਿਤੇ ਰਹਿ ਜਾਂਦਾ ਹੋਵੇ | ਮਿਸਾਲ ਵਜੋਂ ਅਣਵਿਆਹੀ ਕੁੰਤੀ ਦੇ ਸੂਰਜ ਤੋਂ ਹੋਏ ਬੇਟੇ ਕਰਨ ਅਤੇ ਇਕ ਕਵੀ ਦੀ ਕਵਿਤਾ ਦੀ ਤੁਲਨਾ ਅੰਮਿ੍ਤਾ ਦੇ ਇਨ੍ਹਾਂ ਲਫ਼ਜ਼ਾਂ ਤੋਂ ਵੱਧ ਕਿਤੇ ਹੋਰ ਖ਼ੂਬਸੂਰਤ ਹੋ ਨਹੀਂ ਸਕਦੀ |
'ਰਾਜ ਮਹਿਲ ਦੀ ਪ੍ਰੰਪਰਾਵਾਦੀ ਅਤੇ ਠੰਢੀ ਜ਼ਿੰਦਗੀ ਕੰੁਤੀ ਲਈ ਨਹੀਂ ਸੀ | ਨਾ ਹੀ ਸਮਾਜ ਦੀ ਪੰ੍ਰਪਰਾਵਾਦੀ ਜ਼ਿੰਦਗੀ ਕਵੀ ਲਈ ਹੁੰਦੀ ਹੈ | ਇਨ੍ਹਾਂ ਦੋਵਾਂ ਨੂੰ ਹਜ਼ਾਰਾਂ ਤੋਹਮਤਾਂ ਦਾ ਦਰਿਆ ਸਾਹਮਣੇ ਵਗਦਾ ਵਿਖਾਈ ਦਿੰਦਾ ਹੈ | ਉਹ ਜਾਣਦੇ ਹਨ ਕਿ ਉਨ੍ਹਾਂ ਆਪ ਹੀ ਆਪਣੇ ਇਕੱਲੇਪਣ ਦਾ ਸਰਾਪ ਝੱਲਣਾ ਹੈ | ਉਹ ਸਰਾਪ ਜੋ ਵਰਦਾਨ ਦੇ ਕਣ-ਕਣ 'ਚ ਸਮਾਇਆ ਹੋਇਆ ਹੈ |
ਅਧਿਆਤਮਵਾਦ ਦੀ ਇਹ ਝਲਕ ਉਸ ਦੇ ਅਦਬੀ ਕੰਮ 'ਚ ਥਾਂ-ਥਾਂ 'ਤੇ ਝਲਕਦੀ ਹੈ | ਕਦੇ ਉਸ ਦੀਆਂ ਆਦਿ ਸੰਗੀਤ, ਆਦਿ ਧਰਮ, ਆਦਿ ਪੁਸਤਕ ਜਿਹੀਆਂ ਨਜ਼ਮਾਂ 'ਚ ਅਧਿਆਤਮਵਾਦ ਦਾ ਚਮਕਾਰਾ ਪੈਂਦਾ ਹੈ ਅਤੇ ਕਦੇ ਅੰਮਿ੍ਤਾ ਵਲੋਂ ਦਿੱਤੇ ਅਰਧਨਾਰੀਸ਼ਵਰ ਦੇ ਤਰਕ ਜਾਂ ਕਈ ਕਵਿਤਾਵਾਂ, ਕਹਾਣੀਆਂ 'ਚ ਬਿਆਨ, ਰੱਬੀ ਸਰੂਪ ਆਦਿ ਵਿਸ਼ਿਆਂ 'ਤੇ ਵੀ ਉਨ੍ਹਾਂ ਦੀ ਕਲਮ ਬਾਕਮਾਲ ਚਲਦੀ ਰਹੀ |
ਰੇਡੀਓ ਨਾਲ ਡੰੂਘੀ ਸਾਂਝ
ਲਫ਼ਜ਼ਾਂ ਦੇ ਮੋਤੀ ਖਿਲਾਰਨ ਵਾਲੀ ਅੰਮਿ੍ਤਾ ਦੀ ਰੇਡੀਓ ਨਾਲ ਵੀ ਕਾਫ਼ੀ ਚਿਰ ਸਾਂਝ ਰਹੀ | ਆਲ ਇੰਡੀਆ ਰੇਡੀਓ ਨੇ ਅੰਮਿ੍ਤਾ ਨਾਲ ਇਮਰੋਜ਼ ਦਾ ਨਾਤਾ ਕਿਵੇਂ ਜੋੜਿਆ, ਇਹ ਕਿੱਸਾ ਆਪਣੇ-ਆਪ 'ਚ ਕਾਫੀ ਮਸ਼ਹੂਰ ਹੈ | ਘਰ ਤੋਂ ਅੰਮਿ੍ਤਾ ਰੋਜ਼ ਬੱਸ 'ਚ ਰੇਡੀਓ ਸਟੇਸ਼ਨ ਜਾਂਦੀ ਸੀ ਜੋ ਇਮਰੋਜ਼ ਨੂੰ ਕਾਫ਼ੀ ਨਾਗਵਾਰ ਗੁਜ਼ਰਿਆ | ਇਮਰੋਜ਼ ਨੇ ਕੁਝ ਬੱਚਤ ਕਰਕੇ ਇਕ ਸਕੂਟਰ ਖਰੀਦਿਆ ਜਿਸ ਤੋਂ ਬਾਅਦ ਅੰਮਿ੍ਤਾ ਨੂੰ ਰੇਡੀਓ ਸਟੇਸ਼ਨ ਤੋਂ ਲਿਆਉਣਾ, ਛੱਡਣਾ ਇਮਰੋਜ਼ ਦਾ ਦਸਤੂਰ ਬਣ ਗਿਆ |
ਆਲ ਇੰਡੀਆ ਰੇਡੀਓ ਦਿੱਲੀ ਤੋਂ ਪਹਿਲਾਂ ਉਹ ਲਾਹੌਰ ਰੇਡੀਓ ਸਟੇਸ਼ਨ ਨਾਲ ਵੀ ਲੰਮਾ ਚਿਰ ਜੁੜੀ ਰਹੀ | ਕਹਿੰਦੇ ਹਨ ਕਿ ਲਾਹੌਰ ਰੇਡੀਓ ਸਟੇਸ਼ਨ ਦੇ ਉਸ ਕਮਰੇ 'ਚ ਜਿਥੇ ਉਹ ਬੈਠਦੀ ਹੁੰਦੀ ਸੀ, ਅੱਜ ਵੀ ਉਥੇ ਉਸ ਦੀ ਨਿਸ਼ਾਨੀ ਵਜੋਂ ਉਹ ਕੁਰਸੀ ਉਥੇ ਰੱਖੀ ਹੋਈ ਹੈ ਅਤੇ ਉਸ ਦੇ ਪਿੱਛੇ ਉਸ ਦੀ ਤਸਵੀਰ ਵੀ ਲੱਗੀ ਹੋਈ ਹੈ |
ਦੇਸ਼ ਵੰਡ ਦਾ ਜ਼ਖ਼ਮ
ਹਿੰਦੁਸਤਾਨ ਦੀ ਵੰਡ ਅੰਮਿ੍ਤਾ ਮੁਤਾਬਿਕ ਇਤਿਹਾਸ ਦੀ ਛਾਤੀ 'ਤੇ ਲੱਗਾ ਜ਼ਖ਼ਮ ਹੈ | ਅੰਮਿ੍ਤਾ ਨੇ ਉਸ ਦੌਰ 'ਚ ਉਸ ਵਹਿਸ਼ਤ, ਉਸ ਦਰਦ, ਉਸ ਡਰ ਨੂੰ ਲੈ ਕੇ ਕਈ ਕਵਿਤਾਵਾਂ ਲਿਖੀਆਂ | 'ਮਜ਼ਦੂਰ' ਨਾਂਅ ਦੀ ਕਵਿਤਾ ਉਸ ਬੱਚੇ ਵਲੋਂ ਸੀ, ਜਿਸ ਨੂੰ ਰੋਂਦੀ ਮਾਂ ਅਤੇ ਗੰੁਮਸ਼ੁਦਾ ਬਾਪ ਵਿਰਾਸਤ 'ਚ ਮਿਲਿਆ ਸੀ | ਜਬਰ ਦਾ ਸ਼ਿਕਾਰ ਹੋਈ ਕੁੜੀ ਦੀ ਮਜਬੂਰੀ ਉਸ ਬੱਚੇ ਦੇ ਰਾਹੀਂ ਇਨ੍ਹਾਂ ਲਫ਼ਜ਼ਾਂ 'ਚ ਝਲਕਦੀ ਹੈ:
ਮਾਂ,
ਇਕ ਜੁਰਮ ਨੂੰ ਕੁੱਖ 'ਚ ਉਠਾਂਦੀ ਰਹੀ
ਅਤੇ ਉਸ ਨੂੰ ਆਪਣੀ ਕੁੱਖ 'ਚੋਂ
ਇਕ ਸੜਾਂਧ ਆਂਦੀ ਰਹੀ |
ਅਜਿਹਾ ਹੀ ਦਰਦ 'ਤਵਾਰੀਖ਼' ਨਾਂਅ ਦੀ ਨਜ਼ਮ 'ਚੋਂ ਵੀ ਝਲਕਦਾ ਹੈ | ਜਦੋਂ ਮਜਬੂਰੀ ਇਹ ਕਹਿ ਕੇ ਕਿਤੇ ਪਨਾਹ ਮੰਗਦੀ ਨਜ਼ਰ ਆਉਂਦੀ ਹੈ:
ਇਕ ਤੂਫ਼ਾਨ ਆਇਆ,
ਇਹ ਬਦਲ ਬਾਕੀ ਹੈ
ਪਰ ਨਸੀਬ ਡੁੱਬ ਗਿਆ |
ਇਸੇ ਹੀ ਨਜ਼ਮ 'ਚ ਅੱਗੇ ਹੋਰ ਤਿੰਨ ਸਤਰਾਂ ਕਿਸੇ ਕੁਆਰੀ ਦੇ ਤਾਰ-ਤਾਰ ਹੁੰਦੇ ਸੁਪਨਿਆਂ ਨਾਲ ਹੀ ਰੂਬਰੂ ਕਰਵਾਉਂਦੀਆਂ ਹਨ:
ਨਾ ਬਾਬੁਲ, ਨਾ ਭਾਈ
ਨਾ ਮਹਿੰਦੀ, ਨਾ ਡੋਲੀ
ਮੈਂ ਕੈਸੀ ਵਿਆਹੀ |
ਇਸੇ ਹੀ ਦੌਰ 'ਚ ਅੰਮਿ੍ਤਾ ਵਲੋਂ ਲਿਖੀ ਕਵਿਤਾ, 'ਅੱਜ ਆਖਾਂ ਵਾਰਿਸ ਸ਼ਾਹ ਨੂੰ ' ਜਿਵੇਂ ਦਰਦ ਦਾ ਸ਼ਾਹਕਾਰ ਬਣ ਗਈ ਹੋਵੇ | ਹੀਰ ਲਿਖ ਕੇ ਔਰਤ ਦਾ ਦਰਦ ਦੁਨੀਆ ਅੱਗੇ ਲਿਆਉਣ ਵਾਲੇ ਵਾਰਿਸ ਸ਼ਾਹ ਨੂੰ ਹੋਕਾ ਦਿੰਦਿਆਂ ਉਹ ਕਹਿੰਦੀ ਹੈ:
ਇਕ ਰੋਈ ਸੀ ਧੀ ਪੰਜਾਬ ਦੀ,
ਤੰੂ ਲਿਖ-ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਈਮੇਲ : upma.dagga@gmail.com

ਸਾਡਾ ਅਸਥਿਰ ਸੁਭਾਅ ਅਤੇ ਨਿਰਾਧਾਰ ਵਤੀਰਾ

ਕਹਿਣ ਨੂੰ ਅਸੀਂ ਪ੍ਰਗਤੀ ਦੀ ਰਾਹ ਪਏ ਅਗਾਂਹ ਵਧ ਰਹੇ ਹਾਂ ਪਰ ਸਾਡੀ ਸੋਚ ਦਮ ਤੋੜ ਰਹੀਆਂ ਵਿਵਸਥਾਵਾਂ ਦੀ ਗੁਲਾਮ ਹੈ | ਅਜਿਹੇ ਵਿਅਕਤੀਆਂ ਹੱਥ ਸਾਡੀ ਤਕਦੀਰ ਹੈ, ਜਿਨ੍ਹਾਂ 'ਚੋਂ ਕੁਝ ਕੁ ਤਾਂ ਛੋਟਾ-ਮੋਟਾ ਨਿੱਜੀ ਕਾਰੋਬਾਰ ਵੀ ਢੰਗ ਨਾਲ ਚਲਾਉਣ ਦੇ ਯੋਗ ਨਹੀਂ | ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਸੁਲਝਾਉਣ ਲਈ ਆਰਜ਼ੀ ਉਪਾਅ ਕੀਤੇ ਜਾ ਰਹੇ ਹਨ ਅਤੇ ਜਾਂ ਫਿਰ ਇਹ ਵਿਚਾਰੇ ਜਾਣ ਤੱਕ ਹੀ ਸੀਮਤ ਰਹਿ ਰਹੇ ਹਨ | ਵਿਆਪਕ ਅਜਿਹੀ ਸਥਿਤੀ ਦੇ ਸਨਮੁੱਖ ਹੈਰਾਨੀ ਨਹੀਂ ਹੋਣੀ ਚਾਹੀਦੀ, ਜੇਕਰ ਸਾਡਾ ਆਲਾ-ਦੁਆਲਾ ਦੂਸ਼ਿਤ ਹੈ, ਤਾਪਮਾਨ ਨਿਅੰਤਰਣ ਅਧੀਨ ਨਹੀਂ, ਰੁੱਤਾਂ-ਮੌਸਮ ਬਦਲ ਰਹੇ ਹਨ ਅਤੇ ਨਿਰਮਲ ਪੌਣ ਅਤੇ ਪਾਣੀ ਸੁਪਨਾ ਬਣ ਰਹੇ ਹਨ | ਪਹਾੜੀ ਗਲੇਸ਼ੀਅਰ ਤੱਕ ਪੰਘਰਦੇ ਹੋਏ ਪਿਚਕਦੇ ਜਾ ਰਹੇ ਹਨ ਅਤੇ ਸਿੱਟੇ ਵਜੋਂ ਨਦੀਆਂ ਸੁੱਕਣ 'ਤੇ ਆ ਰਹੀਆਂ ਹਨ | ਅਜਿਹੀਆਂ ਘੋਰ ਸਮੱਸਿਆਵਾਂ ਸੁਲਝਾਉਣ ਲਈ ਵੀ ਅਸੀਂ ਕੰਮ-ਚਲਾਊ ਸਾਧਨਾਂ ਦਾ ਆਸਰਾ ਭਾਲ ਰਹੇ ਹਾਂ, ਵਿਗਿਆਨ ਦਾ ਨਹੀਂ |
ਹੋਰ ਤਾਂ ਹੋਰ, ਸਾਡੇ ਵਿਗਿਆਨੀਆਂ ਦਾ ਹੀ ਵਿਗਿਆਨ 'ਚ ਵਿਸ਼ਵਾਸ ਨਹੀਂ | ਇਕ ਸੈਮੀਨਾਰ 'ਚ ਭਾਗ ਲੈ ਰਹੇ ਦੋ ਵਿਗਿਆਨੀ ਤਾਜ-ਮਹੱਲ ਵੇਖਣ ਗਏ | ਇਨ੍ਹਾਂ 'ਚੋਂ ਇਕ ਆਪਣੇ ਦੇਸ਼ ਦਾ ਵਾਸੀ ਸੀ ਅਤੇ ਦੂਜਾ ਵਿਦੇਸ਼ੋਂ ਆਇਆ ਮਹਿਮਾਨ ਸੀ | ਦੂਧੀਆ ਝਿਲਮਲਾਹਟ ਪ੍ਰਦਰਸ਼ਿਤ ਕਰ ਰਹੇ ਤਾਜ-ਮਹੱਲ ਨਾਲ ਖਹਿ ਕੇ ਵਗਦੀ ਜਮਨਾ ਨਦੀ ਦੇ ਗੰਧਲਾਏ ਪਾਣੀਆਂ ਵੱਲ ਇਸ਼ਾਰਾ ਕਰ ਕੇ ਭਾਰਤੀ ਵਿਗਿਆਨੀ ਨੇ ਆਪਣੇ ਸਾਥੀ ਨੂੰ ਦੱਸਿਆ: 'ਇਸ ਨਦੀ ਦੇ ਨਿਰਮਲ ਜਲ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਨੂੰ ਬੋਤਲ 'ਚ ਬੰਦ ਕਰ ਕੇ ਰੱਖਿਆਂ ਵੀ ਨਾ ਇਹ ਲੰਬੇ ਸਮੇਂ ਤਕ ਬੁਸੇਗਾ ਅਤੇ ਨਾ ਇਸ ਨੂੰ ਕੀਟਾਣੂ ਦੂਸ਼ਿਤ ਕਰਨਗੇ |' ਇਹ ਸੁਣ ਕੇ ਵਿਦੇਸ਼ੀ ਹੈਰਾਨ ਹੋ ਰਿਹਾ ਸੀ ਕਿ ਸਾਹਮਣੇ ਸਪਸ਼ਟ ਦੂਸ਼ਿਤ ਨਜ਼ਰ ਆ ਰਹੇ ਜਲ ਬਾਰੇ ਇਕ ਵਿਗਿਆਨੀ ਦੀ, ਵਿਸ਼ੇਸ਼ ਕਰਕੇ ਇਕ ਜੀਵ-ਵਿਗਿਆਨੀ ਦੀ ਅਜਿਹੀ ਰਾਏ ਕਿਵੇਂ ਹੋ ਸਕਦੀ ਸੀ? ਵਿਦੇਸ਼ੀ ਵਿਗਿਆਨੀ ਭਾਰਤੀਆਂ ਦੇ ਸੁਭਾਅ ਤੋਂ ਅਣਜਾਣ ਸੀ ਜਿਨ੍ਹਾਂ ਦਾ 'ਜੋ ਹੈ' ਨਾਲੋਂ ਕਿਧਰੇ ਵੱਧ ਵਿਸ਼ਵਾਸ 'ਜੋ ਨਹੀਂ ਹੈ' 'ਚ ਹੈ | ਇਹ ਵੀ ਹੈ ਕਿ ਭਾਰਤੀ ਗ੍ਰਹਿਆਂ ਦੀ ਸਥਿਤੀ ਅਨੁਕੂਲ ਸ਼ੁਭ-ਘੜੀ ਬਾਰੇ ਅਣਪੜ੍ਹ ਜੋਤਸ਼ੀ ਦੀ ਰਾਏ ਜਾਣ ਲੈਣ ਉਪਰੰਤ ਹੀ ਕਾਰਜ ਆਰੰਭ ਕਰਨ ਦੇ ਆਦੀ ਹਨ | ਇਨ੍ਹਾਂ ਨੂੰ ਆਪਣੇ-ਆਪ ਨਾਲੋਂ ਕਿਧਰੇ ਵੱਧ ਵਿਸ਼ਵਾਸ ਨਿਰਜੀਵ ਗ੍ਰਹਿਆਂ ਦੀ ਸਥਿਤੀ 'ਚ ਹੈ, ਜਿਹੜੇ ਕਿ ਆਪ, ਪੁਲਾੜ ਵਿਖੇ, ਨਿਰਮੰਤਵ ਚੱਕਰ-ਗ੍ਰਸਤ ਹਨ | ਸਿਰਫ਼ ਗੰਵਾਰ ਹੀ ਅਜਿਹਾ ਨਹੀਂ ਕਰ ਰਹੇ, ਪੜ੍ਹੇ-ਲਿਖੇ, ਵਿਗਿਆਨੀ, ਕਲਾਕਾਰ ਅਤੇ ਉਹ ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗ-ਡੋਰ ਹੈ, ਸਭ ਇਹੋ ਕਰ ਰਹੇ ਹਨ | ਫਿਰ, ਇਸ 'ਚ ਵੀ ਬਹੁਤਿਆਂ ਦਾ ਵਿਸ਼ਵਾਸ ਹੈ ਕਿ ਗ੍ਰਹਿਆਂ ਦੀ ਸਥਿਤੀ ਅਨੁਕੂਲ ਦੇਸ਼ ਦੀਆਂ ਸਮੱਸਿਆਵਾਂ ਆਪਣੇ-ਆਪ ਸੁਲਝਦੀਆਂ ਰਹਿਣਗੀਆਂ |
ਸਾਨੂੰ ਮੰਨ ਲੈਣ 'ਚ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਅਸੀਂ ਹੰਭੀ-ਹਾਰੀ ਕੌਮ ਦੇ ਪੱਛੜੇ ਅਤੇ ਲਾਚਾਰ ਨਾਗਰਿਕ ਹਾਂ | ਸਮੱਸਿਆ ਸਾਡੇ ਅਜਿਹੇ ਮਨ ਦੀ ਵੀ ਹੈ ਜਿਹੜਾ ਜੋ ਹੈ ਵੀ ਨਹੀਂ, ਉਸ ਦੀ ਕਲਪਨਾ ਕਰ ਕੇ ਉਸ ਨੂੰ ਹਕੀਕਤ ਵਜੋਂ ਸਵੀਕਾਰ ਕਰ ਰਿਹਾ ਹੈ | ਅੰਧਵਿਸ਼ਵਾਸ ਇਸੇ ਕਾਰਨ ਪਣਪ ਰਹੇ ਹਨ ਅਤੇ ਸਾਡਾ ਲਾਈਲਗ ਸੁਭਾਅ ਹੋਣ ਕਰਕੇ ਇਹ ਅਗਾਂਹ ਤੋਂ ਅਗਾਂਹ ਬਿਨਾਂ ਯਤਨ ਕੀਤਿਆਂ, ਦੇਖਾ-ਦੇਖੀ, ਆਪਣੇ-ਆਪ ਫੈਲਦੇ ਵੀ ਰਹਿੰਦੇ ਹਨ | ਇਹ ਵੀ ਕਾਰਨ ਹੈ ਕਿ ਅਸੀਂ ਜਾਤਾਂ-ਕਬੀਲਿਆਂ 'ਚ ਗੰਭੀਰਤਾ ਸਹਿਤ ਇਸ ਤਰ੍ਹਾਂ ਜਕੜੇ ਹੋਏ ਹਾਂ ਕਿ ਇਨ੍ਹਾਂ ਵਿਚਕਾਰਲੀਆਂ ਹੱਦਾਂ ਸਾਡੇ ਲਈ ਪਵਿੱਤਰ ਹਨ ਅਤੇ ਇਨ੍ਹਾਂ ਦਾ ਸਨਮਾਨ ਨਾ ਕਰਨਾ ਧ੍ਰੋਹ ਕਮਾਉਣ ਸਮਾਨ ਹੈ | ਧਰਮ 'ਚ ਵਿਸ਼ਵਾਸ ਰੱਖਣ ਵਾਲੇ ਵੀ ਆਪਣੇ ਰਹਿਬਰਾਂ ਦਾ, ਇਸ ਪ੍ਰਸੰਗ 'ਚ, ਫਰਮਾਨ ਅਣਡਿੱਠ ਕਰਨੋਂ ਨਹੀਂ ਝਿਜਕ ਰਹੇ |
ਰਾਇਜ ਰਵਾਇਤਾਂ ਦੀ ਜੀ-ਹਜ਼ੂਰੀ ਆਪਣੀ ਥਾਵੇਂ, ਆਪਣੇ ਘਰਾਂ 'ਚ ਵੀ ਅਸੀਂ ਨਿਰਾਧਾਰ ਸਨਕੀ ਵਤੀਰਾ ਧਾਰਨ ਕਰ ਰੱਖਿਆ ਹੈ | ਅਸੀਂ ਆਪਣੀ ਸੰਤਾਨ ਨੂੰ ਆਪਣੀ ਸੰਪਤੀ ਸਮਝ ਕੇ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇੰਜ ਉਨ੍ਹਾਂ ਦੀ ਪਰਵਰਿਸ਼ ਕਰਦੇ ਹਾਂ ਜਿਵੇਂ ਉਹ ਸਵੈ-ਚਾਲਕ ਖਿਡੌਣੇ ਹਨ | ਬੱਚਿਆਂ ਨੂੰ ਆਪਣੀ ਸੰਪਤੀ ਅਸੀਂ ਇਸ ਲਈ ਸਮਝ ਬੈਠਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਸਾਡਾ ਲਹੂ ਹਨ | ਪਰ, ਇਹ ਸਹੀ ਨਹੀਂ ਅਤੇ ਇਸ ਅਣ-ਉਚਿਤ ਅਨੁਭਵ ਨੂੰ ਅੱਜ ਜੀਨ-ਵਿਗਿਆਨ ਦੇ ਪ੍ਰਕਾਸ਼ 'ਚ ਬਦਲ ਜਾਣਾ ਚਾਹੀਦਾ ਹੈ | ਸੰਤਾਨ, ਮਾਂ ਅਤੇ ਪਿਓ ਦੀ ਸਾਂਝੀ ਉਪਜ ਹੁੰਦੀ ਹੋਈ ਵੀ, ਨਾ ਇਹ ਪਿਓ ਜਿਹੀ ਹੁੰਦੀ ਹੈ ਅਤੇ ਨਾ ਮਾਂ ਜਿਹੀ ਅਤੇ ਇਨ੍ਹਾਂ 'ਚ ਨਾ ਪਿਓ ਦਾ ਲਹੂ ਵਗ ਰਿਹਾ ਹੁੰਦਾ ਹੈ ਅਤੇ ਨਾ ਮਾਂ ਦਾ | ਦੋਵਾਂ ਦੇ ਤੁਖ਼ਮ ਦੇ ਰਲਾ 'ਚੋਂ ਜਨਮੀ ਔਲਾਦ ਦੋਵਾਂ ਨਾਲੋਂ ਭਿੰਨ ਹੁੰਦੀ ਹੈ | ਉਂਜ ਹੀ ਭਿੰਨ, ਜਿਵੇਂ ਦੋ ਰੰਗਾਂ ਦੇ ਮਿਲਾਪ 'ਚੋਂ ਉਪਜਿਆ ਰੰਗ ਦੋਵਾਂ ਨਾਲੋਂ ਭਿੰਨ ਹੁੰਦਾ ਹੈ |
ਅਸੀਂ ਬੱਚਿਆਂ ਦੀ ਪਰਵਰਿਸ਼ ਦੇ ਪ੍ਰਸੰਗ 'ਚ ਇਕ ਗ਼ਲਤੀ ਇਹ ਵੀ ਕਰਨ ਦੇ ਆਦੀ ਹਾਂ ਕਿ ਅਸੀਂ ਉਨ੍ਹਾਂ ਨੂੰ ਉਹ ਕੁਝ ਬਣਾਉਣ ਦੇ ਯਤਨ ਕਰਦੇ ਰਹਿੰਦੇ ਹਾਂ ਜੋ ਅਸੀਂ ਆਪ ਬਣਨਾ ਚਾਹੁੰਦੇ ਸੀ, ਪਰ ਬਣ ਨਹੀਂ ਸੀ ਸਕੇ | ਅਜਿਹਾ ਵਤੀਰਾ ਅਸੀਂ ਬੱਚਿਆਂ ਦੀਆਂ ਕੁਦਰਤੀ ਰੁਚੀਆਂ ਨੂੰ ਭਾਂਪਿਆਂ ਬਿਨਾਂ ਅਪਣਾਉਂਦੇ ਰਹਿੰਦੇ ਹਾਂ | ਜਿਹੜੀਆਂ ਕਿ ਵਿਰਸੇ 'ਚ ਮਿਲੇ ਜੀਨਾਂ 'ਚੋਂ ਪੁੰਗਰਦੀਆਂ ਹਨ | ਤਾਸ਼ ਦੇ ਪੱਤਿਆਂ ਵਾਂਗ ਫੈਂਟੇ ਜਾਣ ਉਪਰੰਤ ਜੀਨ ਸੰਤਾਨ ਨੂੰ ਵਿਰਸੇ 'ਚ ਮਿਲਦੇ ਹਨ, ਇਸ ਲਈ ਆਸ ਨਹੀਂ ਰੱਖਣੀ ਚਾਹੀਦੀ ਕਿ ਧੀ ਜਾਂ ਪੁੱਤ, ਮਾਂ ਜਾਂ ਪਿਓ ਵਾਲੀਆਂ ਰੁਚੀਆਂ ਲੈ ਕੇ ਜਨਮ ਲੈਣਗੇ | ਨਾ ਡਾਰਵਿਨ ਦੀ ਸੰਤਾਨ 'ਚੋਂ ਕੋਈ ਡਾਰਵਿਨ ਜਿਹਾ ਵਿਚਾਰਵਾਨ ਬਣਿਆ ਅਤੇ ਨਾ ਹੀ ਆਈਨਸਟਾਈਨ ਦੀ ਸਪੁੱਤਰੀ, ਉਸ ਜਿਹੀ ਸੁਘੜ ਸਿਆਣੀ |
ਕੀਤੀ ਜਾ ਰਹੀ ਪਰਵਰਿਸ਼ ਦਾ, ਪ੍ਰਾਪਤ ਕੀਤੀ ਜਾ ਰਹੀ ਸਿੱਖਿਆ ਦਾ ਅਤੇ ਮਾਣੀ ਜਾ ਰਹੀ ਸੰਗਤ ਦਾ ਪ੍ਰਭਾਵ ਜੀਨਾਂ 'ਚੋਂ ਪੁੰਗਰੇ ਸੁਭਾਅ ਉਪਰ ਮੁਲੰਮੇ ਜਿਹਾ ਹੀ ਪੈਂਦਾ ਹੈ | ਜਨਮ ਉਪਰੰਤ ਵੱਖ ਹੋਏ ਜੁੜਵੇ ਬੱਚੇ, ਵੱਖ-ਵੱਖ ਮਾਹੌਲ 'ਚ ਪਲਦੇ ਹੋਏ, ਵਖਰੀ ਸੰਗਤ 'ਚ ਵਿਚਰਦੇ ਹੋਏ ਅਤੇ ਵੱਖਰੇ ਸੰਸਥਾਨਾਂ 'ਚ ਸਿੱਖਿਆ ਪ੍ਰਾਪਤ ਕਰਦੇ ਹੋਏ ਵੀ ਲਗਪਗ ਇਕੋ ਜਿਹਾ ਸੁਭਾਅ ਪ੍ਰਦਰਸ਼ਿਤ ਕਰਦੇ ਵੇੇਖੇ ਗਏ ਹਨ | ਹਾਂ! ਇਨ੍ਹਾਂ ਦੇ ਅਪਣਾਏ ਵਤੀਰੇ 'ਚ ਭਾਵੇਂ ਫਰਕ ਸੀ | ਇਨ੍ਹਾਂ ਦੇ ਪਹਿਰਾਵੇ 'ਚ ਫਰਕ ਸੀ, ਖਾਣ-ਪੀਣ 'ਚ ਫਰਕ ਸੀ, ਵਾਰਤਾਲਾਪ ਲਈ ਵਰਤੀ ਜਾ ਰਹੀ ਸ਼ਬਦਾਵਲੀ 'ਚ ਫਰਕ ਸੀ | ਦੇਖਾ-ਦੇਖੀ, ਹੋਰਨਾਂ ਜਿਹਾ ਵਤੀਰਾ ਅਪਣਾਇਆ ਜਾ ਸਕਦਾ ਹੈ, ਪਰ ਹੋਰਨਾਂ ਜਿਹਾ ਸੁਭਆ ਨਹੀਂ ਹੈ | ਸੰਵੇਦਨਸ਼ੀਲਤਾ ਅਤੇ ਸੂਝ-ਸਮਝ ਦੀ ਤੀਖਣਤਾ, ਸੰਗ-ਸ਼ਰਮ, ਹਯਾ ਅਤੇ ਹਉਮੈ, ਦੂਜੇ ਦੇ ਕੰਮ ਆਉਣ ਦੀ ਅਤੇ ਜ਼ਿੰਮੇ ਲੱਗੇ ਕਾਰਜ ਨੂੰ ਪੂਰਾ ਕਰਨ ਦੀ ਲਗਨ, ਸਾਹਸ, ਡਰ, ਸਨੇਹ, ਨਫ਼ਰਤ, ਸੁਆਰਥ ਆਦਿ ਦਾ ਵਿਸਤਾਰ ਅਤੇ ਗੂੜ੍ਹਾਪਣ, ਇਹ ਸਭ ਸੁਭਾਅ 'ਚੋਂ ਪੁੰਗਰਦੇ ਗੁਣ-ਦੋਸ਼ ਹਨ | ਆਪੋ-ਆਪਣੇ ਸੁਭਾਅ 'ਚ ਹਰ ਇਕ ਵਿਅਕਤੀ ਭਿੰਨ ਹੈ, ਜਦ ਕਿ ਵਤੀਰਾ ਇਨ੍ਹਾਂ ਨੇ ਇਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਹੋਏ, ਇਕ ਦੂਜੇ ਜਿਹਾ ਧਾਰਨ ਕੀਤਾ ਹੋਇਆ ਹੈ | ਭਰਾ ਜਾਂ ਭੈਣਾਂ ਵੀ ਆਪਣੇ ਸੁਭਾਅ ਪਖੋਂ ਇਕ ਦੂਜੇ ਜਿਹੇ ਨਹੀਂ ਹੁੰਦੇ, ਹਾਲਾਂਕਿ ਹੋਰ ਬਹੁਤ ਕੁਝ 'ਚ ਇਨ੍ਹਾਂ ਦੀ ਆਪਸ 'ਚ ਸਾਂਝ ਹੁੰਦੀ ਹੈ | ਕੈਨੇਡਾ ਦੇ ਮਾਹੌਲ 'ਚ ਵਿਚਰ ਰਿਹਾ ਪੰਜਾਬੀ ਗਭਰੂ ਰੱਖ-ਰਖਾਅ ਭਾਵੇਂ ਉਥੋਂ ਦਾ ਧਾਰਨ ਕਰ ਲਵੇ, ਪਰ ਪਾਰਦਰਸ਼ਤਾ ਆਵੇਗੀ, ਪ੍ਰਚਲਣ, ਸੁਹਿਰਦਪਣਾ ਅਤੇ ਵਫ਼ਾਦਾਰੀ ਉਹ ਆਪਣੇ ਸੁਭਾਅ ਅਨੁਕੂਲ ਹੀ ਪ੍ਰਦਰਸ਼ਿਤ ਕਰਦਾ ਰਹੇਗਾ | ਪਰਵਰਿਸ਼, ਸਿੱਖਿਆ, ਸੰਗਤ ਆਦਿ ਜਿਸ ਹੱਦ ਤਕ ਕੁਦਰਤੀ ਸੁਭਾਅ ਨੂੰ ਪ੍ਰਭਾਵਿਤ ਕਰਨ ਯੋਗ ਹਨ, ਇਹ ਵੀ ਵਿਅਕਤੀ ਨੂੰ ਵਿਰਸੇ 'ਚ ਮਿਲੇ ਜੀਨਾਂ ਉਪਰ ਨਿਰਭਰ ਹੁੰਦਾ ਹੈ | ਜਿਵੇਂ ਕੱਟੜਪਣਾ, ਹੱਠਧਰਮੀ, ਜਨੂੰਨ ਆਦਿ ਜੀਨਾਂ ਦੀ ਦੇਣ ਹਨ | ਇੰਜ ਹੀ ਸੁਤੰਤਰ ਸੋਚ ਅਤੇ ਸਮਝ ਦੀ ਤੀਖਣਤਾ ਦਾ ਵੀ ਜੀਨ ਹੀ ਆਧਾਰ ਹਨ |
ਡਾਰਵਿਨ ਨੂੰ ਪਹਿਲਾਂ ਡਾਕਟਰ ਬਣਾਉਣ ਲਈ ਮੈਡੀਕਲ ਕਾਲਜ 'ਚ ਦਾਖਲਾ ਦਿਵਾਇਆ ਗਿਆ ਪਰ, ਡਾਕਟਰੀ ਗਿਆਨ ਗ੍ਰਹਿਣ ਕਰਨ 'ਚ ਉਸ ਦੀ ਰੁਚੀ ਨਹੀਂ ਸੀ | ਉਥੇ ਕੁਝ ਸਮਾਂ ਬਿਤਾ ਕੇ ਉਹ ਬਾਹਰ ਆ ਗਿਆ | ਫਿਰ ਉਸ ਦਾ, ਪਾਦਰੀ ਨਿਯੁਕਤ ਹੋਣ ਦੇ ਮੰਤਵ ਨਾਲ ਗਿਆਨ ਗ੍ਰਹਿਣ ਕਰਨ ਲਈ, ਕੈਂਬਿ੍ਜ ਯੂਨੀਵਰਸਿਟੀ 'ਚ ਪ੍ਰਵੇਸ਼ ਕਰਵਾਇਆ ਗਿਆ | ਇਥੋਂ ਡਿਗਰੀ ਤਾਂ ਉਸ ਨੇ ਪ੍ਰਾਪਤ ਕਰ ਲਈ ਪਰ ਉਸ ਦੇ ਸੁਭਾਅ ਨੂੰ ਪਾਦਰੀ ਬਣਨਾ ਸਵੀਕਾਰ ਨਹੀਂ ਸੀ | ਛੇਕੜ ਉਹ ਬਣਿਆ ਉਹੋ, ਜਿਸ ਦੀ ਆਗਿਆ ਉਸ ਦੇ ਜੀਨਾਂ 'ਚੋਂ ਪੁੰਗਰੇ ਉਸ ਦੇ ਸੁਭਾਅ ਨੇ ਉਸ ਨੂੰ ਦਿੱਤੀ | ਆਈਨਸਟਾਈਨ ਨਾਲ ਤਾਂ ਸਗੋਂ ਡਾਰਵਿਨ ਨਾਲੋਂ ਵੀ ਭੈੜੀ ਬੀਤੀ ਸੀ | ਆਈਨਸਟਾਈਨ ਨੂੰ ਜਦ ਕਿਸੇ ਯੂਨੀਵਰਸਿਟੀ ਨੇ ਨਿਯੁਕਤੀ ਯੋਗ ਨਾ ਸਮਝਿਆ, ਤਦ ਉਸ ਨੇ ਪੇਟੈਂਟ ਆਫਿਸ 'ਚ ਕਲਰਕ ਦੀ ਕੁਰਸੀ ਸੰਭਾਲ ਲਈ | ਇਸੇ ਅਹੁਦੇ 'ਤੇ ਬਿਰਾਜਮਾਨ ਆਈਨਸਟਾਈਨ ਨੇ ਜਿਹੜੇ ਖੋਜ-ਪੱਤਰ ਤਿਆਰ ਕੀਤੇ, ਉਨ੍ਹਾਂ ਦੀ ਏਨੀ ਕਦਰ ਪਈ ਕਿ ਸੰਸਾਰ ਭਰ ਦੀਆਂ ਸਿਰ-ਕੱਢ ਯੂਨੀਵਰਸਿਟੀਆਂ ਉਸ ਦੀ ਸੇਵਾ ਪ੍ਰਾਪਤ ਕਰਨ ਲਈ ਤੱਤਪਰ ਸਨ | ਕਲਰਕ ਬਣ ਕੇ ਵੀ ਉਹ ਆਪਣੇ ਸੁਭਾਅ ਦਾ ਕਿਹਾ ਮੰਨ ਰਿਹਾ ਸੀ | ਬਿਨਾਂ ਉਪਚਾਰਕ ਸਿੱਖਿਆ ਪ੍ਰਾਪਤ ਕੀਤਿਆਂ, ਜਾਰਜ ਬਰਨਾਰਡ ਸ਼ਾਅ ਉੱਘਾ ਸਾਹਿਤਕਾਰ ਬਣਿਆ | ਇਹੋ ਜਿਹਾ ਹਾਲ ਹੀ ਨਾਨਕ ਸਿੰਘ ਦਾ ਸੀ | ਗੁਰਬਖ਼ਸ ਸਿੰਘ ਵੀ ਇੰਜੀਨੀਅਰ ਦੀ ਟ੍ਰੇਨਿੰਗ ਪ੍ਰਾਪਤ ਕਰ ਕੇ ਇਸ ਕਿੱਤੇ ਨਾਲ ਨਹੀਂ ਸੀ ਜੁੜਿਆ ਰਿਹਾ | ਆਪੋ-ਆਪਣੇ ਜੀਨਾਂ ਦੀ ਅਗਵਾਈ ਅਧੀਨ ਇਹ ਮੰਨੇ-ਪ੍ਰਮੰਨੇ ਵਿਅਕਤੀ ਉਹ ਕੁਝ ਬਣੇ, ਜਿਸ ਲਈ ਇਨ੍ਹਾਂ ਦੀ ਪਰਵਰਿਸ਼ ਨੇ ਇਨ੍ਹਾਂ ਨੂੰ ਤਿਆਰ ਨਹੀਂ ਸੀ ਕੀਤਾ | ਕੁਦਰਤੀ ਰੁਚੀਆਂ ਨੂੰ ਅਣਡਿੱਠ ਕਰ ਕੇ, ਨਿਰੋਲ ਪਰਵਰਿਸ਼ ਦੁਆਰਾ ਢੁਕਵੇਂ ਸਿੱਟੇ ਪ੍ਰਾਪਤ ਕਰਨ ਦੀ ਆਸ ਰੱਖਣਾ ਹਿਮਾਕਤ ਹੈ | ਮਾਂ-ਪਿਓ ਦਾ ਬੱਚਿਆਂ ਨਾਲ ਸਨੇਹ ਤਾਂ ਹੁੰਦਾ ਹੈ, ਪਰ ਉਹ ਉਨ੍ਹਾਂ ਦੀਆਂ ਕੁਦਰਤੀ ਰੁਚੀਆਂ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ | ਉਨ੍ਹਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀਆਂ ਕੁਦਰਤੀ ਰੁਚੀਆਂ ਨੂੰ ਭਾਂਪ ਲੈਣ ਉਪਰੰਤ, ਉਹ ਉਨ੍ਹਾਂ ਦੀ ਉਹ ਕੁਝ ਬਣਨ 'ਚ ਸਹਾਇਤਾ ਕਰਨ ਜੋ ਉਹ ਬਣਨਾ ਚਾਹੁੰਦੇ ਹਨ | ਬੱਚਿਆਂ ਦੀ ਪਰਵਰਿਸ਼ ਵੀ ਇਸੇ ਮੰਤਵ ਨਾਲ ਕੀਤੀ ਜਾਣੀ ਚਾਹੀਦੀ ਹੈ |
ਜਨਮ ਲੈਣ ਦੇ ਕੁਝ ਵਰਿ੍ਹਆਂ ਉਪਰੰਤ ਦਿਮਾਗ਼ ਦਾ ਜਿੰਨਾ ਆਕਾਰ ਹੁੰਦਾ ਹੈ, ਉਸ 'ਚ ਫਿਰ ਉਮਰ ਭਰ ਵਾਧਾ ਨਹੀਂ ਹੁੰਦਾ | ਵਧਦੀ ਉਮਰ ਨਾਲ ਸਗੋਂ ਦਿਮਾਗ਼ ਦਾ ਆਕਾਰ ਸੁੰਗੜਦਾ ਰਹਿੰਦਾ ਹੈ | ਇਸ 'ਚੋਂ ਪੁੰਗਰ ਰਹੇ ਸੁਭਾਅ 'ਚ ਪਰ ਬਹੁਤਾ ਫਰਕ ਨਹੀਂ ਆਉਂਦਾ, ਜਦਕਿ ਇਸ ਅੰਦਰ ਇਕੱਤਰ ਹੋ ਰਹੀ ਜਾਣਕਾਰੀ 'ਚ ਵਾਧਾ ਹੁੰਦਾ ਰਹਿੰਦਾ ਹੈ ਅਤੇ ਜਿਸ ਕਾਰਨ ਵਿਅਕਤੀ ਸੂਝਵਾਨ ਅਤੇ ਸਿਆਣਾ ਬਣਦਾ ਰਹਿੰਦਾ ਹੈ | ਸਿਆਣੀ ਅਵਸਥਾ ਨੂੰ ਪੁੱਜ ਕੇ ਵੀ ਅਸੀਂ ਉਹੋ ਜਿਹੇ ਮਿਲਣਸਾਰ ਜਾਂ ਅਨੋਖੇ ਅਤੇ ਇਕੱਲੇ, ਇਮਾਨਦਾਰ ਜਾਂ ਬੇਈਮਾਨ, ਸਾਊ-ਸ਼ਰੀਫ ਜਾਂ ਧੱਕੜ ਬਣੇ ਰਹਿੰਦੇ ਹਾਂ ਜਿਹੋ ਜਿਹੇ ਅਸੀਂ ਅੱਲੜ੍ਹ ਅਵਸਥਾ ਦੌਰਾਨ ਸੀ, ਇਸ ਲਈ ਕਿ ਬੀਤਦੀ ਉਮਰ ਨਾਲ ਸਾਡਾ ਮੂਲ ਸੁਭਾਅ ਨਹੀਂ ਬਦਲਦਾ | ਹਾਂ! ਅਸੀਂ, ਸਮੇਂ ਦੇ ਥਪੇੜੇ ਝਾਘਦੇ ਹੋਏ ਤਜਰਬੇਕਾਰ ਬਣਦੇ ਰਹਿੰਦੇ ਹਾਂ ਅਤੇ ਨਿਰਣੇ ਲੈਂਦਿਆਂ ਜੋਸ਼ ਦਾ ਪਹਿਲਾਂ ਵਾਂਗ ਉਪਯੋਗ ਕਰਨ ਝਿਜਕਦੇ ਵੀ ਰਹਿੰਦੇ ਹਾਂ |
ਗਿਆਨ, ਲਿਖਤਾਂ ਦੇ ਰੂਪ 'ਚ ਇਕੱਤਰ ਹੁੰਦਾ ਰਹਿੰਦਾ ਹੈ ਅਤੇ ਲਿਖਤਾਂ ਦੁਆਰਾ ਹੀ ਇਸ ਦਾ ਪ੍ਰਸਾਰ ਅਗਾਂਹ ਤੋਂ ਅਗਾਂਹ, ਪੀੜ੍ਹੀ-ਦਰ-ਪੀੜ੍ਹੀ ਹੁੰਦਾ ਰਹਿੰਦਾ ਹੈ | ਗਿਆਨ ਦਾ ਪ੍ਰਸਾਰ ਜੀਨਾਂ ਦੁਆਰਾ ਸੰਭਵ ਨਹੀਂ | ਗਿਆਨਵਾਨ ਵਿਅਕਤੀਆਂ ਦੀ ਸੰਤਾਨ ਨੂੰ ਵੀ ਗਿਆਨ ਨਵੇਂ ਸਿਰਿਓਾ ਗ੍ਰਹਿਣ ਕਰਨਾ ਪੈਂਦਾ ਹੈ | ਗਿਆਨ ਗ੍ਰਹਿਣ ਕਰਨ ਦੀ ਯੋਗਤਾ ਦੀ ਪੱਧਰ ਭਾਵੇਂ ਜੀਨ ਹੀ ਨਿਰਧਾਰਤ ਕਰਦੇ ਹਨ | ਸੂਝ-ਸਮਝ, ਗਿਆਨ ਗ੍ਰਹਿਣ ਕਰਨ ਦੀ ਯੋਗਤਾ ਅਤੇ ਸੁਭਾਅ ਦਾ ਆਧਾਰ ਬਣਦੇ ਗੁਣ-ਦੋਸ਼ ਕਈ ਕਈ ਜੀਨਾਂ ਦੇ ਸਹਿਚਾਰਕ ਪ੍ਰਗਟਾਵੇ ਦਾ ਸਿੱਟਾ ਹੁੰਦੇ ਹਨ, ਇਕ ਜਾਂ ਦੋ ਜੀਨਾਂ ਦੀ ਇਹ ਉਪਜ ਨਹੀਂ ਹੁੰਦੇ | ਸੂਝ-ਸਮਝ ਨੂੰ ਜਾਂ ਗਿਆਨ ਗ੍ਰਹਿਣ ਕਰਨ ਦੀ ਯੋਗਤਾ ਨੂੰ ਜੇਕਰ ਪਰਵਰਿਸ਼ ਦੁਆਰਾ ਵਧਾ ਸਕਣਾ ਸੰਭਵ ਹੁੰਦਾ, ਤਾਂ ਸੰਸਾਰ 'ਚ ਅੱਜ ਵਧੀਆ ਕਲਾਕਾਰਾਂ, ਸਹਿਤਕਾਰਾਂ ਅਤੇ ਵਿਗਿਆਨੀਆਂ ਦੀ ਘਾਟ ਨਹੀਂ ਸੀ ਹੋਣੀ | ਇਨ੍ਹਾਂ ਦੀ ਗਿਣਤੀ ਵੀ ਉਸੇ ਦਰ ਨਾਲ ਉਦਾਰ ਹੋਣੀ ਸੀ, ਜਿੰਨੀ ਸੰਸਾਰ 'ਚ ਦੌਲਤ ਦਾ ਪਸਾਰ ਹੈ | ਸੰਤਾਨ ਨੂੰ ਯੋਗ ਬਣਾਉਣ ਲਈ ਮਾਂ-ਪਿਓ ਘਰੋਂ-ਘਾਟੋਂ ਉੱਜੜ ਜਾਣ ਲਈ ਤਿਆਰ ਰਹਿੰਦੇ ਹਨ |
ਵੇਖਿਆ ਜਾਵੇ ਤਾਂ ਸਾਡੀ ਆਪਣੀ ਹੋਂਦ ਪ੍ਰਤੀ ਇਹ ਸਥਿਤੀ ਹੈ ਕਿ :
'ਨਾ ਮੌਤ ਅਪਨੀ, ਨਾ ਅਮਲ ਅਪਨਾ, ਨਾ ਜੀਨਾ ਅਪਨਾ,
ਹਮ ਨੇ ਫੈਂਕ ਰੱਖਾ ਹੈ ਲਹਿਰੋਂ ਮੇਂ ਸਫ਼ੀਨਾ ਅਪਨਾ |'

-ਫੋਨ ਨੰਬਰ : 0175-2214547, 98775-47971

ਭੁੱਲੀਆਂ ਵਿਸਰੀਆਂ ਯਾਦਾਂ

1996 ਵਿਚ ਲੋਕ ਲਿਖਾਰੀ ਸਭਾ ਅੰਮਿ੍ਤਸਰ ਦਾ ਸਾਲਾਨਾ ਸਮਾਗਮ ਹੋ ਰਿਹਾ ਸੀ | ਉਸ ਸਮੇਂ ਡਾ: ਕੁਲਬੀਰ ਸਿੰਘ ਕਾਂਗ, ਪਿੰ੍ਰਸੀਪਲ ਸੁਜਾਨ ਸਿੰਘ ਨੂੰ ਆਪਣੀ ਕਿਤਾਬ ਭੇਟ ਕਰ ਰਹੇ ਸਨ | ਉਨ੍ਹਾਂ ਦੇ ਨੇੜੇ ਹੀ ਸ: ਗੁਰਬਚਨ ਸਿੰਘ ਪ੍ਰਵਾਨਾ ਤੇ ਦਰਸ਼ਨ ਧੰਜਲ ਖੜ੍ਹੇ ਸਨ | ਹੁਣ ਇਹ ਸਾਰੇ ਪਾਤਰ ਸਾਡੇ ਵਿਚਕਾਰ ਨਹੀਂ ਹਨ, ਬਸ ਇਨ੍ਹਾਂ ਦੀਆਂ ਯਾਦਾਂ ਹੀ ਸਾਡੇ ਕੋਲ ਬਾਕੀ ਹਨ |

-ਮੋਬਾਈਲ : 98767-41231

ਕਿੱਸਾ ਬਲੈਕ ਹੋਲ ਦਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨੈਨੋ ਕੈਲਵਿਨ ਦਾ ਮਤਲਬ ਹੈ ਕੈਲਵਿਨ ਦਾ ਇਕ ਅਰਬਵਾਂ ਹਿੱਸਾ | ਚੇਤੇ ਰਹੇ ਕਿ ਬਿੱਗ ਬੈਂਗ ਸਮੇਂ ਪੈਦਾ ਹੋਈ ਰੇਡੀਏਸ਼ਨ ਹੁਣ ਬਹੁਤ ਮੱਧਮ ਹੋ ਕੇ ਦੋ ਦਸ਼ਮਲਵ ਸੱਤ ਦਰਜੇ ਕੈਲਵਿਨ ਦੀ ਕਾਸਮਿਕ ਮਾਈਕ੍ਰੋਵੇਵ ਬੈਕ ਗਰਾਊਾਡ ਰੇਡੀਏਸ਼ਨ ਵਜੋਂ ਸਾਰੇ ਬ੍ਰਹਿਮੰਡ ਵਿਚ ਸਭ ਪਾਸੇ ਪਸਰੀ ਹੋਈ ਹੈ | ਇੰਨੇ ਤਾਪਮਾਨ ਵਾਲੀ ਰੇਡੀਏਸ਼ਨ ਵਾਸਤੇ ਭਲਾ ਕਿੱਡੀ ਬਲੈਕ ਹੋਲ ਹੋਵੇਗੀ | ਸਿਰਫ਼ ਇਕ ਬਟਾ ਦਸ ਮਿਲੀਮੀਟਰ ਵਿਆਸ ਦੀ ਅਤੇ ਇਹ ਸਾਡੇ ਚੰਨ ਨੂੰ ਏਡੇ ਵਿਆਸ ਦਾ ਕਿਣਕਾ ਬਣਾ ਕੇ ਬਣੇਗੀ | ਮਾਈਕ੍ਰੋ ਬਲੈਕ ਹੋਲਾਂ ਨਿਸ਼ਚੇ ਹੀ ਉੱਚੇ ਤਾਪਮਾਨ ਦੀ ਰੇਡੀਏਸ਼ਨ ਛੱਡ ਕੇ ਅੱਖ ਝਪਕਦੇ ਹੀ ਖਤਮ ਹੋ ਜਾਣਗੀਆਂ | ਅੱਖ ਝਪਕਣਾ ਵੀ ਦੂਰ ਦੀ ਗੱਲ ਹੈ, ਉਸ ਦੇ ਵੀ ਲਖਵੇਂ/ਕਰੋੜਵੇਂ ਹਿੱਸੇ ਵਿਚ ਹੀ | ਉਦਾਹਰਨ ਲਈ ਤੁਹਾਡੀ ਕਾਰ ਜਿੰਨੀ ਭਾਰੀ ਬਲੈਕ ਹੋਲ ਦਾ ਵਿਆਸ ਹੋਵੇਗਾ ਦਸ ਦੀ ਤਾਕਤ ਮਨਫ਼ੀ ਚੌਵੀ ਮੀਟਰ ਅਤੇ ਇਹ ਇਕ ਸਕਿੰਟ ਦੇ ਅਰਬਵੇਂ ਹਿੱਸੇ ਵਿਚ ਹੀ ਉੱਡ-ਪੁੱਡ ਜਾਵੇਗੀ ਰੇਡੀਏਸ਼ਨ ਬਣ ਕੇ | ਹਾਉਕੇ ਸਮੇਂ ਲਈ ਇਸ ਦੀ ਲਿਸ਼ਕ ਸਾਡੇ ਸੂਰਜ ਤੋਂ ਦੋ ਸੌ ਗੁਣਾਂ ਹੋਵੇਗੀ | ਵੱਡੀ ਬਲੈਕ ਹੋਲ ਦੀ ਉਮਰ ਵੱਡੀ ਹੋਵੇਗੀ ਹੀ | ਸਾਡੇ ਸੂਰਜ ਜਿੱਡੇ ਭਾਰ ਵਾਲੀ ਬਲੈਕ ਹੋਲ ਨੂੰ ਜੇ ਹਾਕਿੰਗ ਰੇਡੀਏਸ਼ਨ ਨਾਲ ਮਰਨ ਲਈ ਛੱਡ ਦਿੱਤਾ ਜਾਵੇ ਤਾਂ ਭਲਾ ਕਿੰਨੇ ਸਾਲ ਬਾਅਦ ਮਰੇਗੀ ਇਹ | ਏਕੇ ਅੱਗੇ 64 ਸਿਰਫਾਂ ਲਾ ਦਿਓ | ਗਿਣ ਲਓ ਕਿੰਨੇ ਸਾਲ ਬਣਦੇ ਹਨ | ਭਲਾ ਸੌ ਅਰਬ ਸੂਰਜਾਂ ਜਿੱਡੀ ਸੁਪਰ ਮੈਸਿਵ ਬਲੈਕ ਹੋਲ ਨੂੰ ਮਰਨ ਲਈ ਕਿੰਨੇ ਸਾਲ ਲੱਗਣਗੇ | ਦੋ ਅੱਗੇ 100 ਜ਼ੀਰੋਆਂ ਲਾ ਲਓ ਅਤੇ ਬੈਠ ਕੇ ਕਰੀ ਜਾਓ ਹਿਸਾਬ | ਓਨਾ ਚਿਰ ਅਸੀਂ ਹੋਰ ਗੱਲਾਂ ਕਰ ਲਈਏ ਬਲੈਕ ਹੋਲ ਦੀਆਂ |
ਮੈਂ ਕਦੇ-ਕਦੇ ਸੋਚਦਾ ਹਾਂ ਕਿ ਬਲੈਕ ਹੋਲ ਨੂੰ ਅੰਨ੍ਹੇ ਖੂਹ ਨਾਲ ਉਪਮਾ ਦੇਣ ਨਾਲ ਪੂਰੀ ਗੱਲ ਨਹੀਂ ਬਣਦੀ | ਇਥੇ ਕੋਈ ਖੂਹ ਜਾਂ ਮੋਰੀ ਵਰਗੀ ਸ਼ੈਅ ਨਹੀਂ | ਇਹ ਤਾਂ ਬਹੁਤ ਵੱਡੀ ਮਾਤਰਾ ਵਿਚ ਪਦਾਰਥ ਦਾ ਪਹਾੜ ਹੈ, ਜਿਸ ਦੀ ਆਪਣੀ ਗੁਰੂਤਾ ਖਿੱਚ ਇੰਨੀ ਵੱਧ ਹੈ ਕਿ ਇਸ ਦੇ ਇਲੈਕਟ੍ਰਾਨ ਆਪਣੇ ਐਟਮ ਦੀ ਨਾਭੀ ਵਿਚ ਸਮਾਉਣ ਲਈ ਮਜਬੂਰ ਹਨ | ਸਾਰੇ ਐਟਮ ਇਕੋ ਬਿੰਦੂ ਵਿਚ ਸਮਾਣ ਲਈ ਕਾਹਲੇ ਹਨ | ਕੀ ਹੁੰਦਾ ਹੈ ਇਨ੍ਹਾਂ ਦਾ | ਸਾਰਾ ਪਦਾਰਥ ਸਾਰੀ ਸਪੇਸ ਇਕ ਪੁਆਇੰਟ/ਇਕੋ ਨੁਕਤੇ ਵਿਚ ਇਕੱਠੀ ਹੋ ਜਾਂਦੀ ਹੈ | ਇਸ ਨੂੰ ਵਿਗਿਆਨੀ ਸਿੰਗੂਲੈਰੀਟੀ ਕਹਿੰਦੇ ਹਨ | ਇਸ ਦੇ ਪਦਾਰਥ ਤੇ ਸਪੇਸ ਦੀ ਘਣਤਾ ਅਨੰਤ ਹੁੰਦੀ ਹੈ | ਇਸ ਨੁਕਤੇ ਦੁਆਲੇ ਰਹੱਸਾਂ ਦਾ ਘੇਰਾ ਹੈ | ਇਹ ਘੇਰਾ ਖੂਹ ਹੈ ਕਿ ਪਹਾੜ | ਪਤਾ ਨਹੀਂ | ਇਥੇ ਜੋ ਵੀ ਜਾਂਦਾ ਹੈ ਵਾਪਸ ਨਹੀਂ ਪਰਤਦਾ | ਬਲੈਕ ਹੋਲ ਸ਼ਬਦ ਤੋਂ ਪਹਿਲਾਂ ਡਾਰਕ ਸਟਾਰ ਅਤੇ ਰਹੱਸਮਈ ਇਲੈਕਟ੍ਰਾਨ ਡੀਜੈਨਰੇਟ ਪਦਾਰਥ ਤੇ ਸੰਭਾਵਿਤ ਸਿੰਗੂਲੈਰਿਟੀ, ਸਿੰਗੂਲੈਰਿਟੀ ਜਹੇ ਸ਼ਬਦਾਂ ਨਾਲ ਪੁਲਾੜ ਵਿਚ ਪਦਾਰਥ ਦੇ ਇਸ ਵਿਚਿੱਤਰ ਵਿਹਾਰ ਦੀ ਚਰਚਾ ਹੁੰਦੀ ਰਹੀ | ਰੌਸ਼ਨੀ ਵੀ ਇਥੋਂ ਵਾਪਸ ਨਹੀਂ ਪਰਤਦੀ | ਇਸ ਲਈ ਇਸ ਦੀ ਹੋਂਦ ਦੇ ਸੰਕੇਤ ਇਸ ਗੱਲ ਤੋਂ ਹੀ ਮਿਲਦੇ ਕਿ ਇਸ ਦੇ ਆਸ-ਪਾਸ ਦਾ ਸਾਰਾ ਪਦਾਰਥ ਕਿਸੇ ਰਹੱਸਮਈ ਸ਼ਕਤੀਸ਼ਾਲੀ ਆਕਰਸ਼ਨ ਨਾਲ ਇਕ ਨੁਕਤੇ ਵੱਲ ਭੱਜ ਕੇ ਉਸੇ ਵਿਚ ਸਮਾਈ ਜਾਂਦਾ ਹੈ | ਇਕ ਪਾਸਿਉਂ ਹੀ ਨਹੀਂ, ਸਾਰੇ ਪਾਸਿਉਂ ਹੀ |
ਬਲੈਕ ਹੋਲ ਸ਼ਬਦ/ਸੰਕਲਪ ਉਭਰਨ ਪਿੱਛੋਂ ਸਟੀਫ਼ਨ ਹਾਕਿੰਗ ਤੇ ਪੈਨਰੋਜ਼ ਨੇ ਇਸ ਖੇਤਰ ਵਿਚ ਕਾਫ਼ੀ ਕੰਮ ਕੀਤਾ | ਵੀਲ੍ਹਰ ਨੇ ਵੀ ਸਿਧਾਂਤਕ/ਵਿਹਾਰਕ ਕਾਰਜ ਕੀਤਾ | ਸਭ ਨੇ ਰਲਮਿਲ ਕੇ ਬਲੈਕ ਹੋਲ ਦੀ ਬਣਤਰ ਦੀ ਕਲਪਨਾ ਕਰਨ ਦੇ ਹਾਲਾਤ ਬਣਾਏ | ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਬਲੈਕ ਹੋਲ ਦੇ ਮੂਲ/ਕੇਂਦਰ ਵਿਚ ਇਕ ਨੁਕਤਾ ਹੈ | ਇਕ ਸਿੰਗੂਲੈਰਿਟੀ ਜਿਥੇ ਸਾਡੇ ਭੌਤਿਕ ਵਿਗਿਆਨ ਦੇ ਸਾਰੇ ਨੇਮ ਜਵਾਬ ਦੇ ਜਾਂਦੇ ਹਨ | ਉਸਦੇ ਆਸ-ਪਾਸ ਦੂਰ ਤੱਕ ਇਨਰ ਈਵੈਂਟ ਹੋਰਾਈਜ਼ਨ ਹੈ ਜਿਸ ਵਿਚ ਪਿਆ ਸਾਰਾ ਪਦਾਰਥ ਸਾਡੇ ਲਈ ਅਦਿ੍ਸ਼ ਹੋ ਜਾਂਦਾ ਹੈ | ਇਸ ਤੋਂ ਬਾਹਰ ਉਹ ਬਾਹਰਲੀ ਚਾਰ ਦੀਵਾਰੀ ਆਊਟਰ ਈਵੈਂਟ ਹੋਰਾਈਜ਼ਨ ਹੈ ਜਿਥੋਂ ਰੌਸ਼ਨੀ ਪਰਤ ਸਕਦੀ ਹੈ | ਯਾਨੀ ਇਥੇ ਨੋਟਿਸ ਬੋਰਡ ਹੈ | ਸਾਵਧਾਨ, ਅੱਗੇ ਜਾਣਾ ਮਨ੍ਹਾਂ ਹੈ | ਅੱਗੇ ਕੇਵਲ ਮੌਤ ਹੈ | ਇਸ ਆਊਟਰ ਸਰਹੱਦ ਉਤੇ ਕੁਦਰਤੀ ਹੀ ਰੌਸ਼ਨੀ ਦੇ ਚਮਕਦੇ ਘੇਰੇ ਹੋਣਗੇ | ਇਸ ਤੋਂ ਅਗਾਂਹ ਅੰਨ੍ਹੇ ਹਨੇਰੇ | ਮੌਤ ਤੇ ਪਰਲੋ ਦੇ ਪਰਛਾਵੇਂ | ਵਿਗਿਆਨੀਆਂ ਨੇ ਬਲੈਕ ਹੋਲ ਦੀ ਤਸਵੀਰ ਦੀ ਅਜਿਹੀ ਹੀ ਕਲਪਨਾ ਕੀਤੀ | ਅਰਬਾਂ-ਖਰਬਾਂ ਮੀਲ ਦੂਰ ਦੀਆਂ ਬੈਲਕ ਹੋਲਾਂ ਦੀ ਤਸਵੀਰ ਲਈ ਭਾਂਤ-ਭਾਂਤ ਦੇ ਟੈਲੀਸਕੋਪਾਂ ਨਾਲ ਵਰਿ੍ਹਆਂਬੱਧੀ ਯਤਨ ਹੁੰਦੇ ਰਹੇ ਪਰ ਗੱਲ ਨਾ ਬਣੀ | ਗੱਲ ਬਣੀ ਹੈ ਅਜੇ ਪਿੱਛੇ ਜਿਹੇ | ਅਪ੍ਰੈਲ 2019 ਵਿਚ |
10 ਅਪ੍ਰੈਲ 2019 ਨੂੰ ਇਕੋ ਸਮੇਂ ਦੁਨੀਆ ਵਿਚ 6 ਵੱਖ-ਵੱਖ ਮੁਲਕਾਂ/ਥਾਵਾਂ ਉਤੇ ਪ੍ਰੈੱਸ ਕਾਨਫ਼ਰੰਸਾਂ ਕਰਕੇ ਵਿਗਿਆਨਕ ਦੁਨੀਆ ਨੂੰ ਇਹ ਖ਼ਬਰ ਸੁਣਾਈ ਗਈ ਕਿ ਬ੍ਰਹਿਮੰਡ ਵਿਚ ਬਲੈਕ ਹੋਲ ਦੀ ਪਹਿਲੀ ਤਸਵੀਰ ਬਣਾਉਣ ਵਿਚ ਸਫ਼ਲਤਾ ਮਿਲ ਗਈ ਹੈ | ਇਹ ਐਮ-87 ਨਾਂਅ ਦੀ ਦੈਂਤ-ਆਕਾਰੀ ਅੰਡਾਕਾਰ ਗਲੈਕਸੀ ਦੇ ਕੇਂਦਰ ਵਿਚ ਹੈ ਜੋ ਸਾਡੇ ਤੋਂ 535 ਲੱਖ ਪ੍ਰਕਾਸ਼ ਵਰ੍ਹੇ ਦੂਰ ਹੈ | ਇਹ ਖ਼ਬਰ ਦਿ੍ਸ਼ਵ ਦੋ ਸੌ ਵੱਡੇ ਤਾਰਾ ਵਿਗਿਆਨੀਆਂ ਦੇ ਈਵੈਂਟ ਹੋਰਾਈਜ਼ਨ ਟੈਲੀਸਕੋਪ ਪ੍ਰਾਜੈਕਟ ਦੇ ਡਾਇਰੈਕਟਰ ਸ਼ੈਫ਼ਰਡ ਡੋਇਲਮਾਨ ਨੇ ਦਿੱਤੀ | ਇਹ ਬਲੈਕ ਹੋਲ ਇਕ ਸੌ ਅਰਬ ਕਿਲੋਮੀਟਰ ਚੌੜੀ ਹੈ ਅਤੇ ਇਸ ਦਾ ਭਾਰ ਸਾਢੇ ਛੇ ਅਰਬ ਸੂਰਜਾਂ ਦੇ ਬਰਾਬਰ ਹੈ | ਪਿਛਲੇ 20 ਸਾਲ ਤੋਂ ਚੱਲ ਰਿਹਾ ਸੀ ਇਹ ਪ੍ਰਾਜੈਕਟ | ਇਸ ਦੇ ਨਿਸ਼ਾਨੇ ਉਤੇ ਦੋ ਬਲੈਕ ਹੋਲਾਂ ਸਨ | ਇਕ ਤਾਂ ਇਹ ਜਿਸ ਦੀ ਤਸਵੀਰ ਲਈ ਜਾ ਚੁੱਕੀ ਹੈ | ਦੂਜੀ ਸਾਡੀ ਆਪਣੀ ਮਿਲਕੀ ਵੇ (ਦੂਧੀਆ ਆਕਾਸ਼ ਗੰਗਾ) ਗਲੈਕਸੀ ਦੇ ਕੇਂਦਰ ਵਿਚ ਪਈ ਸੈਗੇਟੇਰੀਅਸ-ਏ (ਐਸਟਰਿਸਕ) ਨਾਂਅ ਦੀ ਬਲੈਕ ਹੋਲ | ਸਾਡੇ ਵਾਲੀ ਬਲੈਕ ਹੋਲ ਭਾਵੇਂ ਐਮ-87 ਵਾਲੀ ਬਲੈਕ ਹੋਲ ਸਾਹਮਣੀ ਬੌਣੀ ਲੱਗੇਗੀ | ਪਰ ਹੈ ਇਹ ਵੀ ਕਾਫ਼ੀ ਵੱਡੀ | ਇਹ ਸਾਡੇ ਤੋਂ 26 ਹਜ਼ਾਰ ਪ੍ਰਕਾਸ਼ ਵਰ੍ਹੇ ਦੂਰ ਹੈ ਅਤੇ ਇਸ ਦਾ ਭਾਰ ਸਾਡੇ ਸੂਰਜ ਵਰਗੇ ਤਰਤਾਲੀ ਲੱਖ ਸੂਰਜਾਂ ਜਿੰਨਾ ਹੈ | ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਇਕ ਪ੍ਰਕਾਸ਼ ਵਰ੍ਹਾ ਕਿੰਨੀ ਦੂਰ ਦਾ ਨਾਂਅ ਹੈ | ਚਲੋ ਯਾਦ ਕਰਾ ਦਿਆਂ ਇਕ ਪ੍ਰਕਾਸ਼ ਵਰ੍ਹਾ ਉਹ ਦੂਰੀ ਹੈ ਜੋ ਰੌਸ਼ਨੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਇਕ ਵਰ੍ਹੇ ਵਿਚ ਤੈਅ ਕਰਦੀ ਹੈ, ਹੁਣ 535 ਲੱਖ ਜਾਂ 26 ਹਜ਼ਾਰ ਸਾਲਾਂ ਦੇ ਸਕਿੰਟ ਬਣਾਉਂਦਿਆਂ ਹੀ ਬੰਦਾ ਕਮਲਾ ਹੋ ਜਾਵੇ | ਅਗਾਂਹ ਇਨ੍ਹਾਂ ਨੂੰ ਤਿੰਨ ਲੱਖ ਨਾਲ ਜਰਬ ਕਰ ਕੇ ਕਿਲੋਮੀਟਰ ਕੌਣ ਕੱਢੇਗਾ |
ਐਮ-87 (ਐਸਟਰਿਸਕ) ਬਲੈਕ ਹੋਲ ਦੀ ਤਸਵੀਰ ਕੈਮਰੇ ਦਾ ਇਕ ਬਟਨ ਦੱਬ ਕੇ ਅੱਖ ਝਪਕਦੇ ਹੀ ਨਹੀਂ ਮਿਲ ਗਈ | ਇਹ ਕਾਰਜ ਵੈਰੀ ਲਾਂਗ ਬੇਸ ਲਾਈਨ ਇੰਟਰਫੈਰੋਮੀਟਰੀ ਨਾਂਅ ਦੀ ਤਕਨੀਕ ਨਾਲ ਕੀਤਾ ਗਿਆ ਹੈ | 6 ਵੱਖ-ਵੱਖ ਮੁਲਕਾਂ/ਥਾਵਾਂ ਉਤੇ 8 ਰੇਡੀਓ ਟੈਲੀਸਕੋਪ ਇਸ ਕੰਮ ਲਈ ਲਾਏ ਗਏ | ਇਹ 6 ਮੁਲਕ/ਥਾਵਾਂ ਸਨ : ਐਾਟਾਰਕਟਿਕਾ, ਐਰੀਜ਼ੋਨਾ, ਚਿੱਲੀ, ਹਵਾਈ, ਮੈਕਸੀਕੋ ਅਤੇ ਸਪੇਨ | ਇਨ੍ਹਾਂ ਨੇ 5 ਪੀਟਾ ਬਾਈਟ ਡੈਟਾ ਦਿੱਤਾ | ਇਕ ਪੀਟਾ ਬਾਈਟ ਇਕ ਅਰਬ ਮੈਗਾਬਾਈਟ ਹੁੰਦੇ ਹਨ | ਉਪਰੋਕਤ ਟੈਲੀਸਕੋਪਾਂ ਤੋਂ ਇਲਾਵਾ ਨਾਸਾ ਦੀ ਚੰਦਰਾ ਐਕਸ-ਰੇ ਅਬਜ਼ਰਵੇਟਰੀ, ਨਿਊਕਲੀਅਰ ਸਪੈਕਟਰੋਸਕੋਪਿਕ ਟੈਲੀਸਕੋਪ ਅਰੇ ਅਤੇ ਨੀਲ ਗੈਹਾਰਲਜ਼ ਸਵਿਫਟ ਅਬਜ਼ਰਵੇਟਰੀ ਸਪੇਸ ਟੈਲੀਸਕੋਪ ਮਿਸ਼ਨ ਦੀ ਮਦਦ ਵੀ ਇਸ ਕਾਰਜ ਵਾਸਤੇ ਲਈ ਗਈ | ਪ੍ਰਾਪਤ ਡੈਟਾ ਨੂੰ ਜਰਮਨੀ ਅਤੇ ਅਮਰੀਕਾ ਵਿਚ ਸੁਪਰ ਕੰਪਿਊਟਰਾਂ ਨਾਲ ਵਿਸ਼ਲੇਸ਼ਿਤ ਕੀਤਾ ਗਿਆ | ਇਸ ਕਾਰਜ ਦੇ ਤਾਲਮੇਲ ਦੀ ਜ਼ਿੰਮੇਵਾਰੀ ਹਾਰਵਰਡ ਯੂਨੀਵਰਸਿਟੀ ਦੇ ਹਾਵਰਲਡ ਸਮਿਥ ਸੋਨੀਅਨ ਐਸਟਰੋਫਿਜ਼ਿਕਸ ਸੈਂਟਰਨੇ ਨਿਭਾਈ | ਇਸ ਦਾ ਮੁਖੀ ਮਿਸ਼ੈਲ ਜਾਨਸਨ ਸੀ | ਐਮ.ਆਈ.ਟੀ. ਦੀ ਪੜ੍ਹੀ, ਉਨੱਤੀ ਸਾਲਾ ਬੀਬੀ ਕੇਟੀ ਬਾਊਮਾਨ ਨੇ ਚਿਰਪ ਨਾਂਅ ਦਾ ਐਲਗੋਰਿਥਮ ਇਸ ਲਈ ਬਣਾਇਆ | ਸਾਰੇ ਡੈਟੇ ਨੂੰ 4 ਵੱਖ-ਵੱਖ ਟੀਮਾਂ ਨੇ ਸੁਤੰਤਰਾ ਰੂਪ ਵਿਚ ਵਿਸ਼ਲੇਸ਼ਿਤ ਕਰਕੇ ਸਿੱਟੇ ਆਪੋ ਵਿਚ ਸਾਂਝੇ ਕੀਤੇ |
ਭਲਾ, ਕੀ ਦਿਖਾਉਂਦੀ ਹੈ ਸੁਪਰ ਕੰਪਿਊਟਰਾਂ ਨਾਲ ਬਣਾਈ ਬਲੈਕ ਹੋਲ ਦੀ ਤਸਵੀਰ? ਇਕ ਅਤਿ ਤੇਜ਼ ਰੌਸ਼ਨੀ ਦਾ ਮੋਟਾ ਗੋਲ ਚੱਕਰ ਅਤੇ ਉਸ ਦੇ ਅੰਦਰ ਇਕ ਨਿੱਕਾ ਕਾਲਾ ਚੱਕਰ | ਇਉਂ ਕਹੋ ਕਿ ਗਰਕ ਹੋ ਰਹੇ ਪਦਾਰਥ ਦੀ ਬਲਦੀ ਚਿਤਾ ਦਾ ਸੰਘਣਾ ਪਰਛਾਵਾਂ | ਰੋਸ਼ਨੀ ਦੀ ਮੋਟੀ ਰਿੰਗ ਬਲੈਕ ਹੋਲ ਦੁਆਲੇ ਘੁੰਮੇਰੀਆਂ ਖਾਂਦੇ ਪਦਾਰਥ ਦੀ ਡਿਸਕ ਹੈ | ਅੰਦਰ ਤਾਂ ਬਸ ਹਨੇਰਾ ਹੀ ਹਨੇਰਾ ਹੈ | ਬਾਹਰਲੀ ਰਿੰਗ ਸਾਰੀ ਇਕ ਮੋਟਾਈ ਤੇ ਚਮਕ ਵਾਲੀ ਨਹੀਂ | ਇਹ ਅੱਧੇ ਚੰਨ ਵਰਗੀ ਕਹੀ ਜਾ ਸਕਦੀ ਹੈ | ਕੁਝ ਹਿੱਸਾ ਮੋਟਾ ਅਤੇ ਅਤਿ ਲਿਸ਼ਕਵਾਂ | ਬਾਕੀ ਪਤਲਾ, ਘੱਟ ਚਮਕੀਲਾ ਹੁੰਦਾ ਅਸਲੋਂ ਨਾ ਮਾਤਰ ਰੋਸ਼ਨੀਵਾਲਾ | ਤਸਵੀਰ ਲਈ ਪ੍ਰਾਪਤ ਡੈਟੇ ਤੋਂ ਪਤਾ ਲੱਗ ਰਿਹਾ ਹੈ ਕਿ ਬਲੈਕ ਹੋਲ ਵਿਚ ਗਰਕ ਹੋ ਰਿਹਾ ਪਦਾਰਥ ਹੀ ਲਾਟੂ ਵਾਂਗ ਨਹੀਂ ਘੰੁਮਦਾ, ਬਲੈਕ ਹੋਲ ਵੀ ਲਾਟੂ ਵਾਂਗ ਤੇਜ਼ੀ ਨਾਲ ਘੰੁਮ ਰਹੀ ਹੈ | ਪ੍ਰਾਪਤ ਡੈਟਾ ਤੋਂ ਤਸਵੀਰ ਬਣਾ ਕੇ ਹੀ ਵਿਗਿਆਨੀ ਬੈਠਣ ਵਾਲੇ ਨਹੀਂ | ਉਹ ਇਸ ਦੀ ਮਦਦ ਨਾਲ ਬਲੈਕ ਹੋਲਾਂ ਦੇ ਇਕ ਤੋਂ ਇਕ ਰਹੱਸ ਸਮਝਣ ਲਈ ਕਮਰ ਕੱਸੇ ਕਰੀ ਬੈਠੇ ਹਨ | (ਸਮਾਪਤ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ) |
ਫੋਨ ਨੰ: 98722-60550.

ਲੰਮੇ ਇਤਿਹਾਸ ਦੀ ਗਵਾਹ ਹੈ ਚੱਠਮ ਸਾਅ ਮਿੱਲ

ਇਕ ਵਿਸ਼ਾਲ ਹਾਲ ਵਾਲੀ ਵਰਕਸ਼ਾਪ ਜਿਸ ਵਿਚ ਇਕ ਸਦੀ ਪੁਰਾਣੀਆਂ ਮਸ਼ੀਨਾਂ, ਵੱਡੇ-ਵੱਡੇ ਤਹਿਖ਼ਾਨੇ ਜਿਨ੍ਹਾਂ ਵਿਚ ਜ਼ਮੀਨ ਤੋਂ ਲੈ ਕੇ ਛੱਤ ਤੱਕ ਲੱਕੜੀ ਦੇ ਫੱਟੇ ਅਤੇ ਸ਼ਤੀਰੀਆਂ ਦੇ ਢੇਰ ਲੱਗੇ ਹਨ, ਇਕ ਵੱਡਾ ਗੋਦਾਮ ਜੋ ਸਭ ਤੋਂ ਪਹਿਲਾਂ ਅੰਡੇਮਾਨ ਭੇਜੇ ਗਏ ਕਾਲੇ ਪਾਣੀ ਦੀ ਸਜ਼ਾ ਵਾਲੇ 200 ਸੁਤੰਤਰਤਾ ਸੈਨਾਨੀਆਂ ਨੇ ਮਿੱਲ ਦੀ ਸ਼ੁਰੂਆਤ ਵਿਚ ਬਣਾਇਆ ਸੀ | ਇਹ ਹੈ 'ਚੱਠਮ ਸਾਅ ਮਿੱਲ' (ਚੱਠਮ ਲੱਕੜੀ ਦਾ ਆਰਾ) ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲੱਕੜੀ ਦਾ ਆਰਾ ਪਰ ਚੱਠਮ ਦੀ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਵਿਸ਼ੇਸ਼ ਥਾਂ ਇਸ ਲਈ ਹੈ ਕਿਉਂਕਿ ਇਸ ਨੇ ਸੰਨ 1883 ਤੋਂ ਲੈ ਕੇ ਅੱਜ ਤੱਕ ਬੜੀ ਸਹਿਣਸ਼ੀਲਤਾ ਨਾਲ ਭਾਰਤ ਦੇ ਇਤਿਹਾਸ ਵਿਚ ਯੋਗਦਾਨ ਪਾਇਆ ਹੈ |
ਅੰਡੇਮਾਨ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਪੋਰਟ ਬਲੇਅਰ ਤੋਂ ਕੇਵਲ 3 ਕਿਲੋਮੀਟਰ ਦੀ ਦੂਰੀ 'ਤੇ 'ਚੱਠਮ ਟਾਪੂ' ਸਥਿਤ ਹੈ ਅਤੇ ਇਸ ਸਾਰੇ ਟਾਪੂ 'ਤੇ ਸਿਰਫ਼ ਇਕ ਲੱਕੜ ਦਾ ਆਰਾ ਹੀ ਹੈ | ਮੌਜੂਦਾ ਸਮੇਂ ਵਿਚ ਚੱਠਮ ਟਾਪੂ ਪੋਰਟ ਬਲੇਅਰ ਨਾਲ 100 ਮੀਟਰ ਲੰਮੇ ਕੰਕਰੀਟ ਦੇ ਪੁਲ ਨਾਲ ਜੁੜਿਆ ਹੋਇਆ ਹੈ | ਇਹ ਪੁਲ ਪਹਿਲਾਂ ਲੱਕੜ ਦਾ ਹੋਇਆ ਕਰਦਾ ਸੀ |
ਅਸਲ ਵਿਚ ਇਸ ਆਰੇ ਦੀ ਕਹਾਣੀ 1788 ਵਿਚ ਲੈਫ਼ਟੀਨੈਂਟ ਆਰਚੀ ਬਲੇਅਰ ਦੀ ਪੋਰਟ ਬਲੇਅਰ (ਪਹਿਲਾ ਨਾਂਅ ਪੋਰਟ ਕਾਰਨੀਵਲਜ਼) ਆਮਦ ਨਾਲ ਸ਼ੁਰੂ ਹੁੰਦੀ ਹੈ | ਬਲੇਅਰ ਨੂੰ ਅੰਗਰੇਜ਼ੀ ਸ਼ਾਸਨ ਨੇ ਨੇਵਲ ਬੇਸ ਅਤੇ ਕੈਦੀਆਂ ਦੀ ਦੰਡ ਵਿਵਸਥਾ ਬਣਾਉਣ ਲਈ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਸਰਵੇਖਣ ਕਰਨ ਲਈ ਭੇਜਿਆ ਗਿਆ ਸੀ | ਤਿੰਨ ਮਹੀਨੇ ਦੇ ਸਰਵੇਖਣ ਤੋਂ ਬਾਅਦ ਬਲੇਅਰ ਨੇ 12 ਏਕੜ ਵਾਲੇ ਇਕ ਛੋਟੇ ਜਿਹੇ ਟਾਪੂ ਨੂੰ ਇਸ ਕੰਮ ਲਈ ਉਚਿਤ ਸਮਝਿਆ ਅਤੇ ਆਪਣੀ ਰਿਪੋਰਟ ਪੇਸ਼ ਕੀਤੀ | ਰਿਪੋਰਟ ਦੀ ਮਨਜ਼ੂਰੀ 'ਤੇ ਬਲੇਅਰ ਨੇ ਇਥੇ ਦਰੱਖਤਾਂ ਦੀ ਸਫ਼ਾਈ ਅਤੇ ਕਟਾਈ-ਵਢਾਈ ਸ਼ੁਰੂ ਕੀਤੀ | ਉਸ ਨੇ ਇਥੇ ਇਕ ਛੋਟਾ ਜਿਹਾ ਹਸਪਤਾਲ ਅਤੇ ਸੜਕ ਵੀ ਬਣਵਾਈ ਅਤੇ ਸਮੁੰਦਰੀ ਜਹਾਜ਼ਾਂ ਦੇ ਆਉਣ-ਜਾਣ ਲਈ ਲੋੜੀਂਦੀਆਂ ਸਹੂਲਤਾਂ ਦਾ ਵੀ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ |
ਇਸ ਟਾਪੂ ਦਾ ਨਾਂਅ 'ਚੱਠਮ' ਕਿਵੇਂ ਪਿਆ, ਇਸ ਸਬੰਧੀ ਇਹੀ ਮੰਨਿਆ ਜਾਂਦਾ ਹੈ ਕਿ ਇਸ ਦਾ ਨਾਂਅ ਇੰਗਲੈਂਡ ਵਿਚ ਸਥਿਤ ਛੋਟੇ ਸਮੁੰਦਰੀ ਜਹਾਜ਼ਾਂ ਦੇ ਠਹਿਰਾਅ ਲਈ ਬਣੇ ਘਾਟ ਜਿਸ ਦਾ ਨਾਂਅ ਚੱਠਮ ਸੀ, ਦੇ ਨਾਂਅ 'ਤੇ ਹੀ ਰੱਖਿਆ ਗਿਆ |
ਅੰਡੇਮਾਨ ਇਕ ਜੰਗਲ ਭਰਪੂਰ ਖੇਤਰ ਸੀ | ਇਸ ਲਈ ਅੰਗਰੇਜ਼ੀ ਸ਼ਾਸਨ ਦਾ ਇਰਾਦਾ ਇਥੋਂ ਦੁਨੀਆ ਭਰ ਵਿਚ ਲੱਕੜੀ ਦਾ ਵਪਾਰ ਸ਼ੁਰੂ ਕਰਨਾ ਸੀ, ਇਸ ਲਈ ਇਥੇ 1883 ਵਿਚ ਲੱਕੜ ਦਾ ਆਰਾ ਲਗਾਇਆ ਗਿਆ |
ਇਸ ਮਿੱਲ ਦੀ ਸਮਰੱਥਾ ਸਾਲ ਵਿਚ ਵੀਹ ਹਜ਼ਾਰ ਲੱਕੜੀਆਂ ਚੀਰਨ ਦੀ ਸੀ | ਇਸ ਨਾਲ ਅੰਗਰੇਜ਼ੀ ਸ਼ਾਸਨ ਵਲੋਂ ਨਾ ਕੇਵਲ ਟਾਪੂ ਦੀ ਲੱਕੜੀ ਦੀਆਂ ਸਥਾਨਕ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ, ਸਗੋਂ ਦੁਨੀਆ ਦੇ ਉਸ ਸਮੇਂ ਦੇ ਵੱਡੇ ਸ਼ਹਿਰਾਂ ਜਿਵੇਂ ਨਿਊਯਾਰਕ ਅਤੇ ਲੰਡਨ ਆਦਿ ਦੀਆਂ ਲੱਕੜ ਦੀਆਂ ਲੋੜਾਂ ਵੀ ਇਥੋਂ ਹੀ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ |
ਇਥੋਂ ਤੱਕ ਕਿ ਬਕਿੰਘਮ ਮਹੱਲ (ਮੌਜੂਦਾ ਸਮੇਂ ਰਾਣੀ ਐਲਿਜ਼ਾਬੇਥ-99 ਦਾ ਮਹੱਲ) ਦੀਆਂ ਕੰਧਾਂ 'ਤੇ 'ਵਾਲ ਪੈਨੇਲਿੰਗ' ਅੰਡੇਮਾਨ ਦੀ ਪਾਦਕ ਲੱਕੜੀ ਨਾਲ ਹੀ ਬਣੀ ਹੋਈ ਹੈ ਜਿਸ ਦੀ ਕਟਾਈ-ਵਢਾਈ ਚੱਠਮ ਆਰੇ ਵਿਚ ਹੀ ਕੀਤੀ ਗਈ ਸੀ | ਅੱਜ ਇਸ ਮਿੱਲ ਦੀ ਸਾਂਭ-ਸੰਭਾਲ ਭਾਰਤ ਦੇ ਵਣ ਅਤੇ ਵਾਤਾਵਰਨ ਵਿਭਾਗ ਵਲੋਂ ਕੀਤੀ ਜਾਂਦੀ ਹੈ ਅਤੇ ਇਹ ਕੇਵਲ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਲੱਕੜੀ ਦੀਆਂ ਲੋੜਾਂ ਹੀ ਪੂਰੀਆਂ ਕਰਦੀ ਹੈ |
ਮਿੱਲ ਵਿਚ ਅੱਜ ਵੀ ਕਰੀਬ 750 ਕਾਮੇ ਹਨ | ਦੂਸਰੇ ਵਿਸ਼ਵ ਯੁੱਧ ਦੌਰਾਨ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਜਾਪਾਨੀਆਂ ਦਾ ਸੰਨ 1942 ਤੋਂ 1945 ਤੱਕ ਕਬਜ਼ਾ ਰਿਹਾ ਹੈ | ਉਸ ਸਮੇਂ ਜਾਪਾਨੀ ਹਵਾਈ ਸੈਨਾ ਨੇ ਇਸ ਮਿੱਲ 'ਤੇ ਭਾਰੀ ਬੰਬਾਰੀ ਕੀਤੀ, ਜਿਸ ਨਾਲ ਆਰੇ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਕਈ ਕਾਮਿਆਂ ਦੀ ਜਾਨ ਵੀ ਗਈ | ਅੱਜ ਵੀ ਮਿੱਲ ਵਿਚ ਇਸ ਬੰਬਾਰੀ ਦੌਰਾਨ ਪਿਆ ਵਿਸ਼ਾਲ ਖੱਡਾ ਦੇਖਿਆ ਜਾ ਸਕਦਾ ਹੈ |
ਇਸ ਮਿੱਲ ਦੇ ਵੱਖ-ਵੱਖ ਵਿਭਾਗ ਹਨ ਜੋ ਇਸ ਦੀ ਸ਼ੁਰੂਆਤ ਤੋਂ ਹੀ ਚੱਲ ਰਹੇ ਹਨ | 'ਲਾਗ ਡਿਪੂ' ਜੰਗਲਾਂ ਤੋਂ ਲਿਆਂਦੀਆਂ ਗਈਆਂ ਵੱਖ-ਵੱਖ ਲੱਕੜਾਂ ਅਤੇ ਦਰੱਖਤਾਂ ਦੇ ਤਣਿਆਂ ਨੂੰ ਗਰੇਡਿੰਗ ਮੁਤਾਬਕ ਵੱਖ-ਵੱਖ ਕਰਦਾ ਹੈ | ਫਿਰ ਮਿੱਲ ਵਿਭਾਗ ਵਿਚ ਇਨ੍ਹਾਂ ਦੀ ਜ਼ਰੂਰਤ ਅਨੁਸਾਰ ਵੱਖ-ਵੱਖ ਆਕਾਰ ਵਿਚ ਕਟਾਈ ਕੀਤੀ ਜਾਂਦੀ ਹੈ | ਇਸ ਤੋਂ ਬਾਅਦ 'ਟਿੰਬਰ ਪ੍ਰੋਸੈਸਿੰਗ ਯੂਨਿਟ' ਵਿਚ ਇਨ੍ਹਾਂ ਦੀ ਸੀਜ਼ਨਿੰਗ ਅਤੇ ਸੁਰੱਖਿਅਤ ਰੱਖਣ ਲਈ ਟਰੀਟਮੈਂਟ ਕੀਤਾ ਜਾਂਦਾ ਹੈ, ਜਿਸ ਨਾਲ ਲੱਕੜ ਦੀ ਮਜ਼ਬੂਤੀ ਅਤੇ ਹੰਢਣਸਾਰਤਾ ਵਧਾਈ ਜਾਂਦੀ ਹੈ ਅਤੇ ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦਾ ਸਾਮਾਨ ਬਣਾਉਣ ਲਈ ਇਸ ਨੂੰ ਮਾਹਿਰ ਕਾਰੀਗਰਾਂ ਕੋਲ ਭੇਜਿਆ ਜਾਂਦਾ ਹੈ |
ਇਸ ਤਰ੍ਹਾਂ ਇਸ ਮਿੱਲ ਵਿਚ ਬਣਾਇਆ ਗਿਆ ਸਾਮਾਨ ਜਿਥੇ ਬਨਾਵਟ ਅਨੁਸਾਰ ਮਜ਼ਬੂਤ ਅਤੇ ਸੋਹਣਾ ਹੁੰਦਾ ਹੈ, ਉਥੇ ਇਹ ਲੋਕਾਂ ਦੇ ਘਰਾਂ ਦੀ ਸ਼ਾਨ ਵੀ ਬਣਦਾ ਹੈ |

ਪੁਰਾਤਨ ਸੱਭਿਆਚਾਰ ਅਤੇ ਵਿਆਹ-ਸ਼ਾਦੀਆਂ

ਸਾਡੇ ਕੁੱਲ ਪੰਜਾਬੀ ਅਤੇ ਪੰਜਾਬ ਦੇ ਵਾਸੀ ਬੜੇ ਅਮੀਰ ਵਿਰਸੇ ਦੇ ਮਾਲਕ ਹਨ | ਦੇਸ਼ ਵਿਚ ਮਨਾਏ ਜਾਣ ਵਾਲੇ ਦਿਨ-ਤਿਉਹਾਰ ਅਤੇ ਮੇਲਿਆਂ ਵਿਚੋਂ ਸਭ ਤੋਂ ਵੱਧ ਪੰਜਾਬ ਵਿਚ ਮਨਾਏ ਜਾਂਦੇ ਹਨ | ਪੰਜਾਬ ਵਿਚ ਗ਼ਰੀਬੀ-ਅਮੀਰੀ ਦੇ ਸਵਾਲ ਤੋਂ ਉੱਪਰ ਉਠ ਕੇ ਸਭ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਵਲੋਂ ਇਨ੍ਹਾਂ ਤਿਉਹਾਰਾਂ ਨੂੰ ਬੜੇ ਉਤਸ਼ਾਹ ਅਤੇ ਚਾਅ ਨਾਲ ਸਭ ਵਲੋਂ ਮਿਲ ਕੇ ਮਨਾਇਆ ਜਾਂਦਾ ਹੈ | ਕਿਸੇ ਦੇ ਘਰ ਵੀ ਖ਼ੁਸ਼ੀ-ਗ਼ਮੀ ਦੇ ਸਮੇਂ ਉੱਪਰ ਲੋਕ ਮਿਲ-ਜੁਲ ਕੇ ਸਾਰਾ ਇੰਤਜ਼ਾਮ ਕਰਦੇ ਸਨ | ਪੁਰਾਣੇ ਸਮੇਂ ਵਿਆਹ-ਸ਼ਾਦੀਆਂ ਦੇ ਗੀਤ ਮਹੀਨਾ ਭਰ ਪਹਿਲਾਂ ਹੀ ਆਂਢ-ਗੁਆਂਢ ਦੀਆਂ ਕੁੜੀਆਂ ਅਤੇ ਔਰਤਾਂ ਸ਼ੁਰੂ ਕਰ ਦਿੰਦੀਆਂ ਸਨ | ਵਿਆਹ ਵਾਲੇ ਘਰੋਂ ਉਨ੍ਹਾਂ ਦੀ ਝੋਲੀ ਸ਼ੱਕਰ, ਗੁੜ ਜਾਂ ਪਤਾਸੇ ਪਾਏ ਜਾਂਦੇ ਸਨ | ਰਿਸ਼ਤੇਦਾਰੀਆਂ ਵਿਚ ਲਾਗੀ (ਨਾਈ ਰਾਜਾ ਸਿੱਖ ਜਾਂ ਮਰਾਸੀ) ਦੇ ਹੱਥ ਵਿਆਹ ਦੀ ਗੰਢ ਖਮਣੀ ਧਾਗੇ ਨੂੰ ਸੱਤ ਗੰਢਾਂ ਦੇ ਕੇ ਹਲਦੀ ਲਾ ਕੇ ਕਾਗਜ਼ ਉੱਪਰ ਦਿਨ ਵਾਰ ਲਿਖ ਕੇ ਭੇਜਿਆ ਜਾਂਦਾ ਸੀ | ਘਰ ਵਾਲਿਆਂ ਵਲੋਂ ਇਸ ਲਾਗੀ ਨੂੰ ਸ਼ਗਨ ਦੇ ਰੂਪ ਵਿਚ ਕਿਰਾਇਆ ਦੇ ਕੇ ਤੋਰਿਆ ਜਾਂਦਾ | ਅਗਲੇ ਘਰੋਂ ਰਿਸ਼ਤੇਦਾਰ ਵਲੋਂ ਵੀ ਇਸ ਲਾਗੀ ਦੀ ਬੜੀ ਚੰਗੀ ਤਰ੍ਹਾਂ ਖਾਤਿਰ ਸੇਵਾ ਕੀਤੀ ਜਾਂਦੀ, ਸ਼ਗਨ ਵਜੋਂ ਰੁਪਏ ਅਤੇ ਖੇਸ ਟੋਟਾ ਵੀ ਦਿੱਤਾ ਜਾਂਦਾ, ਜਿਸ ਦੀ ਤਾਰੀਫ਼ ਉਹ ਅਗਲੇ ਘਰ ਵਾਲਿਆਂ ਕੋਲ ਬੜੇ ਫ਼ਖਰ ਨਾਲ ਕਰਦਾ ਤਾਂ ਕਿ ਉਹ ਵੀ ਪਹਿਲਾਂ ਵਾਲੇ ਰਿਸ਼ਤੇਦਾਰ ਤੋਂ ਵਧ ਕੇ ਉਸ ਨੂੰ ਦਾਨ-ਸ਼ਗਨ ਜਾਣੀ 'ਵਧਾਈ' ਵਜੋਂ ਪੈਸਾ ਕੱਪੜਾ ਦੇਵੇ | ਆਂਢ-ਗੁਆਂਢ ਘਰ ਵਾਲੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਸ਼ੱਕਰ, ਚੌਲ (ਅੱਜਕਲ੍ਹ ਮਠਿਆਈ ਦੇ ਡੱਬੇ) ਗੀਤ ਗਾਉਂਦੀਆਂ ਘਰ-ਘਰ ਵੰਡਦੀਆਂ | ਪਿੰਡ ਦੇ ਖਾਸ ਖਾਸ ਘਰਾਂ 'ਚ ਚੌਕੀਦਾਰ ਰਾਹੀਂ ਸੁਨੇਹਾ ਪਹੁੰਚਾਇਆ ਜਾਂਦਾ | ਸੁਨੇਹੇ ਮਿਲਣ ਤੋਂ ਬਿਨਾਂ ਹੀ ਭੱਠੀਆਂ ਬਣਾਉਣ ਲਈ ਰਾਜ-ਮਿਸਤਰੀ, ਲੱਕੜਾਂ ਪਾੜਨ ਲਈ ਵਾਹੀ ਖੇਤੀ ਦੇ ਸੰਦਾਂ ਦਾ ਕੰਮ ਕਰਨ ਵਾਲਾ ਤਰਖਾਣ ਮਿਸਤਰੀ, ਪਾਣੀ ਭਰਨ ਲਈ ਝਿਉਰ ਜਾਂ ਰਾਜੇ ਸਿੱਖ, ਦਾਣਿਆਂ ਦਾ ਪੀਹਣ, ਦਾਲਾਂ ਚੁਗਣ, ਮਸਾਲੇ ਕੁੱਟਣ ਆਦਿ ਦਾ ਕੰਮ ਆਂਢ-ਗੁਆਂਢ ਰਲ ਮਿਲ ਕੇ ਕਰ ਲੈਂਦੇ | ਲੀੜੇ ਕੱਪੜੇ ਸਿਉਣ ਲਈ ਦਰਜੀ ਨੂੰ ਘਰੇ ਹੀ ਬਿਠਾ ਲਿਆ ਜਾਂਦਾ | ਕੁੜੀ ਦੇ ਵਿਆਹ ਵਿਚ ਮਹੀਨਿਆਂ ਬੱਧੀ ਆਂਢ-ਗੁਆਂਢ ਜਾਂ ਰਿਸ਼ਤੇਦਾਰੀਆਂ 'ਚੋਂ ਕੁੜੀਆਂ ਇਕੱਠੀਆਂ ਹੋ ਕੇ ਦਰੀਆਂ ਬੁਣਦੀਆਂ, ਚਾਦਰਾਂ, ਸਿਰ੍ਹਾਣੇ, ਛਿੱਕੂ, ਪੱਖੀਆਂ ਵਗੈਰਾ ਬਣਾਉਂਦੀਆਂ, ਰਜਾਈਆਂ, ਗਦੈਲੇ, ਸਿਰ੍ਹਾਣਿਆਂ ਵਿਚ ਰੰੂਅ ਘਰ ਦੀ ਕਪਾਹ ਵਿਚੋਂ ਪਹਿਲਾਂ ਹੀ ਰੱਖ ਲਿਆ ਜਾਂਦਾ ਸੀ | ਮਿਲਣੀਆਂ ਅਤੇ ਦੇਣ ਲੈਣ ਦੇ ਕੱਪੜਿਆਂ ਨਾਲ ਅਜੋਕੇ ਕੰਬਲਾਂ ਦੀ ਥਾਂ ਘਰ ਦੇ ਬਣਵਾਏ ਹੋਏ ਖੇਸ, ਟੋਟੇ, ਖੱਦਰ ਦੇ ਟੋਟੇ ਲਾ ਦਿੱਤੇ ਜਾਂਦੇ ਜਿਸ ਤੋਂ ਘਰ ਦੀਆਂ ਸੁਆਣੀਆਂ ਦਾ ਸੁਚੱਜਾਪਣ ਦਿਸਦਾ |
ਵਿਆਹ ਦੇ ਦਿਨ ਤੋਂ ਤਕਰੀਬਨ ਹਫ਼ਤਾ ਕੁ ਪਹਿਲਾਂ ਹਲਵਾਈ ਮਠਿਆਈ ਅਤੇ ਵਿਆਹ ਦੀ ਭਾਜੀ ਦੀ ਤਿਆਰੀ ਆਰੰਭ ਦਿੰਦਾ ਸੀ | ਮਠਿਆਈ ਵਿਚ ਲੱਡੂ ਅਤੇ ਜਲੇਬੀਆਂ ਮੁੱਖ ਆਈਟਮਾਂ ਹੁੰਦੀਆਂ ਸਨ | ਸਰਦੀਆਂ ਵਿਚ ਤਜਰਬੇਕਾਰ ਹਲਵਾਈ ਗਜਰੇਲਾ ਜਾਂ ਬਰਫ਼ੀ ਜ਼ਰੂਰ ਬਣਾ ਦਿੰਦਾ ਸੀ, ਰਿਸ਼ਤੇਦਾਰ ਹਫਤਾ ਪਹਿਲਾਂ ਪੁੱਜਣੇ ਸ਼ੁਰੂ ਹੋ ਜਾਂਦੇ ਸਨ, ਕਿਉਂਕਿ ਬਰਾਤ ਦੋ ਰਾਤਾਂ ਰੁਕਦੀ ਅਤੇ ਦੂਜੇ ਦਿਨ ਤਾਰਿਆਂ ਦੀ ਛਾਵੇਂ ਘਰ 'ਚ ਹੀ ਆਨੰਦ ਕਾਰਜ ਹੁੰਦੇ ਸਨ ਅਤੇ ਤੀਜੇ ਦਿਨ ਦੁਪਹਿਰ ਦੀ ਰੋਟੀ ਖਵਾ ਕੇ ਡੋਲੀ ਤੋਰੀ ਜਾਂਦੀ ਸੀ | ਆਏ ਮਹਿਮਾਨਾਂ ਲਈ ਮੰਜੇ ਬਿਸਤਰੇ ਗਲੀ-ਮੁਹੱਲੇ ਦੇ ਨੌਜਵਾਨ ਮੰੁਡੇ ਪਿੰਡ ਵਿਚੋਂ ਕੱਠੇ ਕਰਦੇ ਸਨ | ਬਰਾਤ ਦਾ ਉਤਾਰਾ ਪਿੰਡ ਦੀ ਧਰਮਸ਼ਾਲਾ ਜਾਂ ਕਿਸੇ ਦੇ ਖੁੱਲ੍ਹੇ ਘਰ ਜਾਂ ਹਵੇਲੀ ਵਿਚ ਕੀਤਾ ਜਾਂਦਾ | ਉਨ੍ਹਾਂ ਦੀ ਗਰਮ ਠੰਢੇ-ਪਾਣੀ, ਚਾਹ ਦਾ ਇੰਤਜ਼ਾਮ ਲੜਕੀ ਵਾਲਿਆਂ ਵਲੋਂ ਲਾਗੀਆਂ ਰਾਹੀਂ ਕੀਤਾ ਜਾਂਦਾ | ਬਰਾਤੀ ਜੰਝ ਨਾਲ ਸਪੀਕਰ ਜ਼ਰੂਰ ਲਿਆਉਂਦੇ ਜੋ ਕੋਠੇ ਉੱਪਰ ਮੰਜੇ ਖੜ੍ਹੇ ਕਰਕੇ ਉੱਪਰ ਟੰਗਿਆ ਜਾਂਦਾ | ਗੀਤ ਗਾਣਿਆਂ ਨੂੰ ਸੁਣਨ ਦੇ ਸ਼ੌਕੀਨ ਧਰਮਸ਼ਾਲਾ ਦੇ ਬਾਹਰ ਜ਼ਮੀਨ 'ਤੇ ਸਾਫੇ ਵਿਛਾ ਕੇ ਘੰਟਿਆਂਬੱਧੀ ਸੁਣਦੇ | ਸਿਰਫ਼ ਘਰ ਵਿਚ ਹੀ ਚਾਨਣੀਆਂ ਕਨਾਤਾਂ ਲਾ ਕੇ ਦਰੀਆਂ ਵਿਛਾ ਦਿੱਤੀਆਂ ਜਾਂਦੀਆਂ | ਬਰਾਤੀ ਰੋਟੀ ਪਹਿਲੇ ਸਮਿਆਂ ਵਿਚ ਲੰਗਰ ਛਕਣ ਵਾਂਗ ਬੈਠ ਕੇ ਛਕਦੇ ਸਨ ਫਿਰ ਉਨ੍ਹਾਂ ਤੱਪੜਾਂ ਜਾਂ ਦਰੀਆਂ ਉੱਪਰ ਚਿੱਟਾ ਕੱਪੜਾ ਬੈਠਣ ਵਾਲੀ ਥਾਂ ਵਿਛਾ ਦਿੱਤਾ ਜਾਂਦਾ ਅਤੇ ਮੇਜ਼ ਕੁਰਸੀਆਂ ਦਾ ਰਿਵਾਜ ਖਾਸ ਕਰਕੇ ਪਿੰਡਾਂ ਵਿਚ ਸੱਠਵਿਆਂ ਤੋਂ ਪਿਛੋਂ ਸ਼ੁਰੂ ਹੋਇਆ | ਵੱਡੀ ਗੱਲ ਇਹ ਕਿ ਕੋਈ ਵੇਟਰ ਜਾਂ ਬਹਿਰਾ ਰੋਟੀ ਪਾਣੀ ਦੀ ਸੇਵਾ ਲਈ ਨਹੀਂ ਸੀ ਲਾਇਆ ਜਾਂਦਾ ਸਗੋਂ ਘਰ ਤੇ ਮੁਹੱਲੇ ਦੇ ਨੌਜਵਾਨ ਲੜਕੇ ਅਤੇ ਚਾਅ ਅਤੇ ਸ਼ੌਕੀ ਨਾਲ ਸੇਵਾ ਨਿਭਾਉਂਦੇ ਸਨ | ਲੜਕੀ ਦੇ ਵਿਆਹ ਸਮੇਂ ਮਾਪਿਆਂ ਦਾ ਬੋਝ ਵੰਡਾਉਣ ਲਈ ਮਾਮੇ, ਮਾਸੜ, ਚਾਚੇ, ਤਾਇਆਂ ਵਲੋਂ ਇਕ ਜਾਂ ਦੋ ਵੇਲੇ ਦੀ ਰੋਟੀ ਦਾ ਪੂਰਾ ਖਰਚਾ ਚੁੱਕ ਲਿਆ ਜਾਂਦਾ ਸੀ | ਭੁਰੱਪੇ, ਭਾਈਚਾਰੇ ਨੂੰ ਜੋੜਨ ਅਤੇ ਰਿਸ਼ਤਿਆਂ ਵਿਚ ਨੇੜਤਾ, ਪਿਆਰ ਅਤੇ ਵਰਤਾਰਾ ਵਧਾਉਣ ਲਈ (ਅਸਲ ਵਿਚ ਪੈਸੇ ਦੀ ਮਦਦ ਕਰਨ ਲਈ) 'ਨਿਉਂਦਾ' ਪਾਇਆ ਜਾਂਦਾ ਸੀ | ਜਿਹੜਾ ਕਿ ਵਹੀਆਂ, ਖਾਤਿਆਂ ਵਿਚ ਲਿਖਿਆ ਜਾਂਦਾ ਸੀ | ਘਰ ਵਾਲੇ ਵਲੋਂ ਦਿੱਤੇ ਗਏ ਸ਼ਗਨ, 'ਨਿਉਂਦੇ' ਦੀ ਰਕਮ ਦੇ ਨਾਲ ਵਾਧਾ ਕਰ ਦਿੱਤਾ ਜਾਂਦਾ ਸੀ | ਜਿਸ ਨੂੰ ਨਿਉਂਦਾ ਕਿਹਾ ਜਾਂਦਾ ਸੀ | ਵਿਆਹਾਂ ਵਿਚ ਉਸ ਸਮੇਂ ਸ਼ਰਾਬ ਦੀ ਵਰਤੋਂ ਲੁਕ-ਛਿਪ ਕੇ ਤਾਂ ਖਾਸ ਮਹਿਮਾਨਾਂ ਕਰ ਲੈਂਦੇ ਸਨ ਪਰ ਖੁੱਲ੍ਹੇ ਤੌਰ 'ਤੇ ਨਹੀਂ | ਬਜ਼ੁਰਗਾਂ ਦਾ ਰੋਹਬ-ਦਾਬ ਬਰਕਰਾਰ ਸੀ | ਦਾਜ-ਦਹੇਜ ਵਿਚ ਸੋਨੇ ਅਤੇ ਕੱਪੜੇ ਦੀ ਵਰਤੋਂ ਵੱਧ ਸੀ | ਸਰਦੇ-ਪੁੱਜਦੇ ਘਰ ਘੋੜੀ-ਜੋੜੀ ਵੀ ਦਿੰਦੇ ਜੋ ਆਹਿਸਤਾ-ਆਹਿਸਤਾ ਮੋਟਰਸਾਈਕਲ, ਕਾਰ ਤੱਕ ਜਾ ਪਹੁੰਚੀ |
ਅਜਿਹੇ ਕਾਰਜਾਂ ਵਿਚ ਔਰਤਾਂ ਵਲੋਂ ਮੁੱਖ ਤੌਰ 'ਤੇ ਸੱਭਿਆਚਾਰਕ ਪੱਖ ਬੜੇ ਸਲੀਕੇ ਅਤੇ ਸ਼ੁਗਲ ਨਾਲ ਪੂਰਿਆ ਜਾਂਦਾ ਸੀ | ਜਾਂਞੀਆਂ ਦੇ ਆਉਣ 'ਤੇ ਗੀਤ ਗਾਇਆ ਜਾਂਦਾ:
ਸਾਡੇ ਨਵੇਂ ਸੱਜਣ ਘਰ ਆਏ,
ਹਰੇ ਹਰੇ ਨਾਮ ਜਪੋ |
ਸਾਨੂੰ ਕੀ ਕੀ ਵਸਤ ਲਿਆਏ,
ਹਰੇ ਹਰੇ ਨਾਮ ਜਪੋ |
ਪਹਿਲੇ ਸਮਿਆਂ ਵਿਚ ਬਰਾਤਾਂ ਵਿਚ ਔਰਤਾਂ ਨਹੀਂ ਸੀ ਨਾਲ ਲਿਜਾਂਦੇ |
ਪਰ ਸ਼ਗਨ ਦੱਸਣ ਅਤੇ ਪੂਰੇ ਕਰਨ ਲਈ ਵਿਚੋਲਾ ਤੇ ਵਿਚੋਲਣ ਜੋ ਕਿ ਦੂਰ-ਨੇੜੇ ਦੀ ਰਿਸ਼ਤੇਦਾਰੀ ਵਿਚੋਂ ਹੀ ਹੁੰਦੇ ਸਨ, ਜ਼ਰੂਰੀ ਸ਼ਾਮਿਲ ਹੁੰਦੇ ਸਨ | ਇਨ੍ਹਾਂ ਰਿਸ਼ਤਿਆਂ ਵਿਚ ਵਿਚੋਲੇ ਦੀ ਭੂਮਿਕਾ ਬੜੀ ਅਹਿਮ ਹੁੰਦੀ ਸੀ | ਕਈ ਵਾਰ ਤਾਂ ਵਿਚੋਲਾ ਦੋਵਾਂ ਧਿਰਾਂ ਦੇ ਕਈ ਰਾਜ਼ ਕਮੀਆਂ ਪੇਸ਼ੀਆਂ ਦੀ ਲੁਕੋ ਕੇ ਰੱਖਦਾ ਸੀ | ਜਿਵੇਂ ਮੰੁਡੇ-ਕੁੜੀ ਦੀ ਉਮਰ, ਪੜ੍ਹਾਈ-ਲਿਖਾਈ, ਨੌਕਰੀ ਦੀ ਤਨਖਾਹ ਤੇ ਅਹੁਦਾ ਆਦਿ ਜਾਂ ਮੰੁਡੇ ਵਾਲਿਆਂ ਦੀ ਜ਼ਮੀਨ-ਜਾਇਦਾਦ ਅਤੇ ਕਾਰੋਬਾਰ | ਇਸ ਤਰ੍ਹਾਂ ਭੇਦ ਖੁੱਲ੍ਹਣ ਤੇ ਰਿਸ਼ਤਿਆਂ ਵਿਚ ਵੀ ਕਈ ਵਾਰ ਵਿਗਾੜ ਪੈਦਾ ਹੋ ਜਾਂਦੇ ਤੇ ਕਈ ਵਾਰ ਸੰਜੋਗਾਂ ਦੀ ਗੱਲ ਮੰਨ ਕੇ ਦੋਵੇਂ ਧਿਰਾਂ ਸਬਰ ਕਰ ਜਾਂਦੀਆਂ | ਜਿਵੇਂ ਕਿ ਪਹਿਲਾਂ ਮੰੁਡੇ-ਕੁੜੀ ਦੀ ਆਪਸੀ ਵੇਖ-ਵਿਖਾਈ ਜਾਂ ਗੱਲਬਾਤ ਨਹੀਂ ਸੀ ਕਰਵਾਈ ਜਾਂਦੀ | ਕੁੜੀ ਨੂੰ ਮੰੂਹ ਸਿਰ ਲਪੇਟਿਆਂ ਆਨੰਦਕਾਰਜ 'ਤੇ ਬਿਠਾ ਕੇ ਲਾਵਾਂ ਪੜ੍ਹ ਦਿੱਤੀਆਂ ਜਾਂਦੀਆਂ ਸਨ | ਸਹੁਰੇ ਘਰ ਪਹੁੰਚ ਕੇ ਕਈ ਸ਼ਗਨ ਵਿਹਾਰ ਕਰਕੇ ਕੁੜੀ ਨੂੰ ਮੰੂਹ ਵਿਖਾਈ ਦਾ ਸ਼ਗਨ ਦੇ ਕੇ ਮੰੁਡੇ ਦੀ ਮਾਂ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਮੰੂਹ ਦੇਖਦੀਆਂ | ਪੇਕੇ ਘਰ ਤੋਂ ਤੁਰਨ ਵੇਲੇ ਕੁੜੀ ਦੀ ਦੇਖ-ਭਾਲ ਲਈ ਸਹੁਰੇ ਘਰ ਲਾਗੀ ਦੇ ਘਰ ਵਾਲੀ (ਖ਼ਾਸ ਕਰਕੇ ਰਾਜੇ ਸਿੱਖਾਂ ਵਿਚੋਂ ਔਰਤ) ਭੇਜੀ ਜਾਂਦੀ | ਕਿਉਂਕਿ ਵਿਆਹ 'ਚ ਸ਼ਗਨਾਂ ਦਾ ਵੱਟਣਾ, ਮਾਈਆਂ ਆਦਿ ਦੇ ਕੰਮ ਸਿਰ ਗੰੁਦਣ ਤੱਕ ਲਾਗਣ ਹੀ ਕਰਦੀ ਹੁੰਦੀ ਸੀ ਤੇ ਗੀਤ ਵੀ ਓਹੀ ਛੇੜਦੀ... ਵਾ...ਵਾਹ...ਵੱਟਣਾਂ ਕਟੋਰੇ... |' ਡੋਲੀ ਦੀ ਤੋਰ ਤੁਰਾਈ ਵੇਲੇ ਲਾਗਣ ਦੇ ਕੁੜੀ ਦੀ ਡੋਲੀ ਵਿਚ ਬੈਠਣ ਤੇ ਮੇਲਣਾਂ ਬੋਲੀ ਪਾ ਕੇ ਛੇੜਦੀਆਂ ਹਨ |
ਪੁਰਾਣੇ ਸਮਿਆਂ ਵਿਚ ਊਠ, ਘੋੜੀ, ਗੱਡਾ, ਰੱਥ ਹੀ ਆਉਣ-ਜਾਣ ਦੇ ਸਾਧਨ ਸਨ | ਰੱਥ ਅਕਸਰ ਹੀ ਪਿੰਡ 'ਚ ਤਰਖਾਣ ਮਿਸਤਰੀ ਰੱਖਦੇ ਸਨ | ਪੂਰਾ ਸ਼ਿੰਗਾਰ ਕੇ ਰੱਥ ਤੇ ਵਹਿੜਕੇ ਜੋੜ ਕੇ ਜਦ ਨਰਮ ਜਿਹੀ ਉਮਰ ਦਾ ਮੰੁਡਾ ਬਲਦਾਂ ਨੂੰ ਆਰ ਲਾ ਕੇ ਕੱਚੇ ਰਾਹਾਂ ਨੂੰ ਨਸਾਉਂਦਾ ਤਾਂ ਡੋਲੀ 'ਚ ਬੈਠੀ ਮਾਪਿਆਂ ਦੇ ਵਿਛੋੜੇ ਦੇ ਸੱਲ ਦਾ ਦਰਦ ਸਹਾਰਦਿਆਂ ਮਜਬੂਰੀ ਵਸ ਮੁਟਿਆਰ ਕਹਿ ਉਠਦੀ, 'ਡੋਲੀ ਵਾਲਿਆ ਵੇ ਅੱਖੜ ਤਰਖਾਣਾਂ, ਵੇ ਰੱਥ ਹੌਲੀ ਤੋਰ ਮੰੁਡਿਆ ਮੇਰਾ ਨਰਮ ਕਾਲਜਾ ਧੜਕੇ ਤੇ ਰੱਥ ਹੋਲੀ ਤੋਰ ਮੰੁਡਿਆ', 'ਲੰਮੀਆਂ ਵਾਟਾਂ ਤੇ ਔਝੜ ਨੇ ਰਸਤੇ ਨੀ ਤੂੰ ਕੀ ਜਾਣੇਂ ਕੁੜੀਏ' ਉਹ ਜਵਾਬ ਦਿੰਦਾ | ਘਰ ਪਹੁੰਚਣ ਤੇ ਡੋਲੀਓਾ ਲਾਹੁਣ ਲਈ ਕੁੜੀਆਂ ਚਾੲੀਂ-ਚਾੲੀਂ ਆਲੇ-ਦੁਆਲੇ ਘੇਰਾ ਪਾ ਲੈਂਦੀਆਂ | ਉਧਰੋਂ ਲਾੜੇ ਦੀ ਮਾਂ ਨੂੰ ਗੀਤ ਗਾ ਕੇ ਬੁਲਾਉਂਦੀਆਂ, 'ਪਾਣੀ ਵਾਰ ਬੰਨੇ ਦੀਏ ਮਾਏਾ ਨੀ ਬੰਨਾ ਤੇਰੇ ਬਾਰ ਖੜ੍ਹਾ, ਸੁੱਖਾਂ ਸੁਖਦਿਆਂ ਨੂੰ ਆਹ ਦਿਨ ਆਏ ਨੀ ਬੰਨਾ ਤੇਰਾ ਬਾਰ ਖੜ੍ਹਾ |'
ਅਜਿਹੇ ਵਿਆਹ-ਸ਼ਾਦੀਆਂ ਵਿਚ ਜਾਂ ਕਿਸੇ ਘਰ ਮੰੁਡਾ ਜੰਮਣ ਤੇ ਜਦੋਂ ਕਿ ਮਨ-ਪ੍ਰਚਾਵੇ ਦੇ ਸਾਧਨ ਅੱਜ ਵਾਂਗ ਆਮ ਨਹੀਂ ਸਨ ਅਤੇ ਅੱਜ ਵੀ ਪਰਿਵਾਰਕ ਖ਼ੁਸ਼ੀਆਂ ਵਿਚ ਮਲੋ-ਮੱਲੀ ਭਾਈਵਾਲੀ ਪਾਉਣ ਵਾਲੇ ਗਰੁੱਪ ਆ ਬੂਹਾ ਮਲਦੇ ਨੇ | ਉਹ ਕੋਈ ਪੰਜਾਬੀ ਜਾਂ ਫਿਲਮੀ ਗਾਣਾ ਛੇੜਦੇ ਆਪਣੇ ਆਉਣ ਦੀ ਦਸਤਕ ਦਿੰਦੇ ਹਨ | ਇਨ੍ਹਾਂ ਵਿਚ ਭੰਡ (ਮਰਾਸੀ) ਸਭ ਤੋਂ ਅੱਗੇ ਹੁੰਦੇ ਹਨ | ਉਹ ਬਿਨਾਂ ਆਵਾਜ਼ ਮਾਰੇ ਹੀ ਨਕਲਾਂ ਲਾਉਣ ਲੱਗ ਜਾਂਦੇ ਹਨ | ਇਹ ਜਮਾਤ ਘਰ ਵਾਲਿਆਂ ਦੀ ਉਲਫਤ ਦੇ ਪੁਲ ਐਨੇ ਬੰਨ੍ਹਦੇ ਹਨ ਕਿ ਘਰ ਵਾਲੇ ਅਤੇ ਰਿਸ਼ਤੇਦਾਰ ਇਨ੍ਹਾਂ ਦੀ ਮੁੱਠੀ ਗਰਮ ਕਰੀ ਜਾਂਦੇ ਹਨ ਅਤੇ ਜੇਕਰ ਕੋਈ ਜੇਬ ਢਿੱਲੀ ਨਾ ਕਰੇ ਤਾਂ ਮਿੱਠੀ-ਮਿੱਠੀ ਟੋਕ ਲਾ ਕੇ ਬੇਇਜ਼ਤੀ ਵੀ ਕਰੀ ਜਾਂਦੇ ਹਨ | ਕਹਿਣਗੇ 'ਓਏ ਭੰਡਾ', 'ਹਾਂ ਦਾਦਾ', 'ਔਹ ਵੇਖ ਕੰੁਡੀਆਂ ਮੁੱਛਾਂ ਵਾਲਾ ਸਰਦਾਰ ਦੇਣ ਲੱਗਾ ਤੈਨੂੰ ਬਖਸ਼ੀਸ਼, ਵੇਲ ਜ਼ਰਾ ਉੱਚੀ ਆਵਾਜ਼ ਵਿਚ ਕਰੀਂ... |' ਤੇ ਜਦੋਂ ਸਰਦਾਰ ਚੁੱਪ ਕਰਕੇ ਕੋਲ ਦੀ ਲੰਘ ਜਾਂਦਾ ਐ ਤਾਂ ਟੋਕ ਕਰਦੇ ਐ... 'ਲੈ ਭੰਡਾ ਕੀ ਗੱਲ ਬਣੀਂ... ਸਰਦਾਰ ਤਾਂ ਸੁੱਕਾ ਈ ਲੰਘ ਗਿਆ... |' 'ਓਏ ਦਾਦਾ ਗੱਲ ਤਾਂ ਕੋਈ ਨੀ, ਕੁੜੀਆਂ ਨੱਚਦੀਆਂ 'ਤੇ ਪੈਸੇ ਵਾਰ ਕੇ ਜੇਬ ਖਾਲੀ ਸੀ, ਉਹ ਪੈਸੇ ਲੈਣ ਗਿਐ |' ਦੂਸਰਾ ਗਰੁੱਪ ਆਉਂਦਾ ਐ ਕੁੜੀਆਂ-ਬੁੜ੍ਹੀਆਂ ਦਾ ਇਹ ਸ਼ਹਿਰਾਂ ਦੇ ਆਲੇ-ਦੁਆਲੇ ਝੁੱਗੀਆਂ ਝੌਾਪੜੀਆਂ ਵਿਚ ਰਹਿਣ ਵਾਲੇ ਲੋਕ ਹੁੰਦੇ ਹਨ | ਸੁਬ੍ਹਾ ਸਵੇਰੇ ਕਬਾੜ ਤੇ ਕਚਰਾ ਇਕੱਠਾ ਕਰਕੇ ਰੋਜ਼ੀ-ਰੋਟੀ ਦਾ ਜੁਗਾੜ ਕਰਦੇ ਹਨ | ਉਪਰੰਤ ਨਹਾ-ਧੋ ਕੇ ਵਧੀਆ ਲੀੜਾ ਕੱਪੜਾ ਕੇ ਬਿੰਦੀ-ਸੁਰਖੀ ਲਾ ਕੇ ਵਿਆਹ ਵਾਲੇ ਘਰ ਆ ਧਮਕਦੀਆਂ ਹਨ | ਪੁਰਾਣੇ ਗੀਤ, ਬੋਲੀਆਂ, ਟੱਪੇ ਇਨ੍ਹਾਂ ਨੂੰ ਜਿਵੇਂ ਵਿਰਸੇ ਵਿਚੋਂ ਮਿਲੇ ਹੋਣ | ਘੇਰਾ ਬੰਨ੍ਹ ਕੇ ਦੋ-ਤਿੰਨ ਜਣੀਆਂ ਗਿੱਧੇ ਦਾ ਖੋਰੂ ਆਣ ਪਾਉਂਦੀਆਂ ਹਨ | ਵੱਡੀ ਸਿਫ਼ਤ ਵਾਲੀ ਗੱਲ ਇਹ ਕਿ ਨਾ ਇਹ ਗਿੱਧੇ ਦੀ ਧਮਕ ਮੱਠੀ ਪੈਣ ਦੇਣ ਤੇ ਨਾ ਹੀ ਬੋਲੀਆਂ-ਟੱਪਿਆਂ ਦੇ ਬੋਲਾਂ ਵਿਚ ਖੜੋਤ ਹੀ ਆਉਣ ਦੇਣ | ਇਕੱਠੇ ਹੋਏ ਘਰ ਦੇ ਰਿਸ਼ਤੇਦਾਰ ਤੇ ਮੇਲੀਆਂ-ਗੇਲੀਆਂ ਵਿਚੋਂ ਜਿਹੜਾ ਵੀ ਇਨ੍ਹਾਂ ਦੇ ਨਜ਼ਰੀਂ ਚੜ੍ਹ ਗਿਆ ਤਾਂ ਉਸ ਦੀ ਧੰਨ-ਧੰਨ ਕਰਵਾ ਕੇ ਹੀ ਹੱਟਦੀਆਂ ਹਨ | ਆਪਣੇ ਗੀਤ ਬੋਲੀਆਂ ਵਿਚ, 'ਨੀ ਜੋਗੀ ਢੰੂਡਣ ਮੈਂ ਚੱਲੀ, ਨੀ ਜੋਗੀ ਢੰੂਡਣ ਮੈਂ ਚੱਲੀ, ਜੋਗੀ ਬੈਠਾ ਟਿੱਲੇ..., ਨੀਂ ਫੁੱਫੜ ਦੀ, ਫੁੱਫੜ ਦੀ ਗੋਗੜ ਹਿੱਲੇ ਨੀ ਫੁੱਫੜ ਦੀ... |' ਕਿਧਰੇ ਮਾਸੜ ਦੀ ਤੇ ਕਦੀ ਚਾਚੇ ਦੀ ਜਾਂ ਜੀਜੇ ਦੀ ਗੋਗੜ ਹਿੱਲਣ ਲਾ ਦਿੰਦੀਆਂ ਹਨ | ਆਖਿਰ ਚੰਗੀ ਚੋਖੀ ਉਗਰਾਹੀ ਕਰਕੇ, ਰੋਟੀ ਪਾਣੀ ਤੋਂ ਇਲਾਵਾ ਮਠਿਆਈ ਵੀ ਲੈ ਕੇ ਹਿੱਲਦੀਆਂ ਹਨ | ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਾ ਨੈੱਟਵਰਕ ਐਨਾ ਤਕੜਾ ਹੈ ਕਿ ਸ਼ਹਿਰ ਪਿੰਡ ਦੇ ਹਰੇਕ ਪ੍ਰੋਗਰਾਮ 'ਤੇ ਉਹ ਪੁੱਜ ਜਾਂਦੀਆਂ ਹਨ |
ਵਿਆਹ ਤੋਂ ਦੂਜੇ ਦਿਨ ਗਰੁੱਪ ਆਉਂਦਾ ਹੈ ਮਹੰਤਾਂ, ਕਿੰਨਰਾਂ (ਖੁਸਰਿਆਂ) ਦਾ ਬੇਸ਼ੱਕ ਇਨ੍ਹਾਂ ਦੀ ਆਮਦ ਖੁਸ਼ੀਆਂ ਦੇ ਮੌਕੇ ਹੀ ਹੁੰਦੀ ਹੈ, ਵਿਆਹ ਮੰੁਡੇ ਦਾ ਹੋਵੇ ਜਾਂ ਫਿਰ ਮੰੁਡਾ ਜੰਮਿਆ ਹੋਵੇ | ਨਾ ਇਹ ਕਿਸੇ ਦੀ ਸੁਣਦੇ ਐ ਤੇ ਨਾ ਹੀ ਕਿਸੇ ਦੀ ਮੰਨਦੇ ਐ | ਬੇਸ਼ੱਕ ਘਰ ਵਾਲਾ ਆਪਣੇ ਵਲੋਂ ਖੁਸ਼ੀ ਵਿਚ ਕਿੰਨਾ ਵੀ ਖੁੱਲ੍ਹਾ ਹੱਥ ਰੱਖ ਕੇ, ਇਨ੍ਹਾਂ ਨੂੰ ਵਧਾਈ ਦੇਵੇ | ਕਈ ਵਾਰ ਤਾਂ ਇਨ੍ਹਾਂ ਦੀ ਅੜੀ ਤੇ ਜਿਦ ਕਲੇਸ਼ ਦੀ ਸ਼ਕਲ ਧਾਰਨ ਕਰਕੇ ਖੁਸ਼ੀ ਦੇ ਮੌਕੇ ਕਿਰਕਰੀ ਪੈਦਾ ਕਰ ਦਿੰਦੀ ਹੈ | ਇਨ੍ਹਾਂ ਦੀ ਬੋਲਚਾਲ ਪਰਿਵਾਰਕ ਤੌਰ 'ਤੇ ਕਬੂਲਣਯੋਗ ਨਹੀਂ ਹੁੰਦੀ | ਸਰਕਾਰ ਜਾਂ ਸ਼ਹਿਰਾਂ ਦੀਆਂ ਕਮੇਟੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਨ੍ਹਾਂ ਦਾ ਸ਼ਗਨ ਵਗੈਰਾ ਫਿਕਸ ਕਰਨਾ ਚਾਹੀਦਾ ਹੈ |
ਅੱਜ ਦੇ ਜ਼ਮਾਨੇ ਵਿਚ ਪੁਰਾਤਨਤਾ ਨਾਲੋਂ ਬਹੁਤ ਜ਼ਿਆਦਾ ਭਿੰਨਤਾ ਤੇ ਵੱਖਰਾਪਨ ਆ ਗਿਆ ਹੈ, ਖਾਸ ਕਰਕੇ ਵਿਆਹ-ਸ਼ਾਦੀਆਂ ਵਿਚ ਅਸੀਂ ਆਪਣਾਪਣ ਛੱਡ ਕੇ, ਬਿਗਾਨੇਪਨ ਨੂੰ ਅਪਣਾ ਰਹੇ ਹਾਂ, ਅਸਲੀਅਤ ਨੂੰ ਛੱਡ ਕੇ ਬਨਾਉਟੀਪਨ ਵੱਲ ਖਿੱਚੇ ਜਾ ਰਹੇ ਹਾਂ | ਵਿਖਾਵਾ, ਸ਼ੋਰ-ਸ਼ਰਾਬਾ ਤੇ ਖਰਚਾ ਹੈਸੀਅਤ ਤੋਂ ਵਧ ਰਿਹਾ ਹੈ | ਮਜਬੂਰੀ ਵੱਸ ਕਹੋ ਜਾਂ ਮਸ਼ਹੂਰੀ ਵਸ ਸਾਡੀ ਰੂਹਾਨੀਅਤ ਖੁਸ਼ੀ ਵਾਲਾ ਖੇੜਾ ਚਿਹਰੇ ਤੋਂ ਮੂਲੋਂ ਗਾਇਬ ਹੋ ਰਿਹਾ ਹੈ | ਅੰਦਰਲੀ ਰੂਹ ਕੁਰੀਂਦੀ ਜਾ ਰਹੀ ਹੈ, ਜਿਸ ਕਰਕੇ ਅੰਦਰੇ-ਅੰਦਰ ਅਹਿਸਾਸ, ਅਰਮਾਨ ਦਫ਼ਨ ਹੁੰਦੇ ਜਾਣ ਕਰਕੇ ਅਸੀਂ ਅੰਦਰੇ-ਅੰਦਰ ਨਿੱਘਰ ਰਹੇ ਹਾਂ | ਅੱਜ ਆਪਣੇਪਨ ਵਾਲਾ ਵਿਸ਼ਵਾਸ ਦਫਨ ਹੁੰਦਾ ਜਾ ਰਿਹਾ ਹੈ | ਨਾ ਪਰਿਵਾਰਕ ਸਾਂਝ ਰਹਿ ਗਈ ਹੈ ਅਤੇ ਨਾ ਹੀ ਸਾਂਝਾ ਦਰਦ ਜਾਂ ਸਾਂਝੀ ਖ਼ੁਸ਼ੀ | ਹਰੇਕ ਜੀਅ ਇਕਹਿਰੀ ਜ਼ਿੰਦਗੀ ਜੀਅ ਰਿਹਾ ਹੈ | ਸਾਦਗੀ ਉੱਡ-ਪੁੱਡ ਗਈ ਹੈ, ਲਿਸ਼ਕ-ਪੁਸ਼ਕ ਤੇ ਵਿਖਾਵਾ ਵਧ ਗਿਆ ਹੈ | ਮਹੀਨਿਆਂ, ਹਫ਼ਤਿਆਂ ਬੱਧੀ ਖ਼ੁਸ਼ੀਆਂ ਅਤੇ ਸਾਂਝਾਂ ਵੰਡਣ ਵਾਲੇ ਵਿਆਹ ਅੱਜ ਇਕ ਦਿਨ ਦੀ ਥਾਂ ਵੀ ਚਾਰ-ਛੇ ਘੰਟਿਆਂ ਦਾ ਰਹਿ ਗਿਆ ਹੈ | ਮਨ-ਪ੍ਰਚਾਵੇ ਦੇ ਸਮਾਜਿਕ ਸਾਧਨ ਰੂਹ ਨੂੰ ਖੁਰਾਕ ਬਖਸ਼ਦੇ ਸਨ | ਪੁਸ਼ਤ-ਦਰ-ਪੁਸ਼ਤ ਵਿਆਹਾਂ ਦੀਆਂ ਗੱਲਾਂ ਨਹੀਂ ਸਨ, ਮੁੱਕਦੀਆਂ ਪਰ ਅੱਜ ਸ਼ੋਰ-ਸ਼ਰਾਬੇ ਵਿਚ ਗੱਲਾਂ ਲਈ ਅਸੀਂ ਤਰਸ ਜਾਂਦੇ ਹਾਂ |

-ਫਰੀਦਕੋਟ |
ਮੋਬਾਈਲ : 98149-76639.

ਕਿੱਸਾ ਬਲੈਕ ਹੋਲ ਦਾ

ਮੇਰੇ ਚੇਤਿਆਂ ਵਿਚ ਬਲੈਕ ਹੋਲ ਸ਼ਬਦ ਦਾ ਰਿਸ਼ਤਾ ਵਿਗਿਆਨ ਨਾਲੋਂ ਬਹੁਤ ਪਹਿਲਾਂ ਇਤਿਹਾਸ ਨਾਲ ਜੁੜਿਆ ਹੋਇਆ ਹੈ | ਈਸਟ ਇੰਡੀਆ ਕੰਪਨੀ, ਫੋਰਟ ਵਿਲੀਅਮ ਤੇ ਬੰਗਾਲ ਦਾ ਨਵਾਬ ਸਰਾਜ-ਉਦ-ਦੌਲਾ | 20 ਜੂਨ, 1756 ਨੂੰ ਉਸ ਨੇ ਫੋਰਟ ਵਿਲੀਅਮ ਫਤਹਿ ਕਰਕੇ 146 ਅੰਗਰੇਜ਼ ਫੜੇ ਅਤੇ 18 ਫੁੱਟ ਜ਼ਰਬ 14 ਫੁੱਟ ਦੀ ਨਿੱਕੀ ਜਿਹੀ ਕੋਠੜੀ ਵਿਚ ਬੰਦ ਕਰ ਦਿੱਤੇ | ਅਗਲੀ ਸਵੇਰ ਸਿਰਫ਼ 23 ਬਚੇ | ਬਾਕੀ ਸਭ ਮਰ ਗਏ | ਇਸ ਘਟਨਾ ਨੂੰ ਸਾਨੂੰ 8ਵੀਂ ਜਮਾਤ ਦੇ ਇਤਿਹਾਸ ਵਿਚ ਕਲਕੱਤੇ ਦੀ ਬਲੈਕ ਹੋਲ ਘਟਨਾ ਦੇ ਨਾਂਅ ਨਾਲ ਪੜ੍ਹਾਇਆ ਗਿਆ ਸੀ | ਅਗਲੇ ਵਰ੍ਹੇ 1757 ਵਿਚ ਪਲਾਸੀ ਦੀ ਲੜਾਈ ਵਿਚ ਬੰਗਾਲ ਦੇ ਨਵਾਬ ਨੂੰ ਹਰਾ ਕੇ ਅੰਗਰੇਜ਼ਾਂ ਨੇ ਨਾ ਸਿਰਫ਼ ਇਸ ਦਾ ਬਦਲਾ ਲੈ ਲਿਆ ਸਗੋਂ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਦੀ ਪੱਕੀ ਨੀਂਹ ਵੀ ਰੱਖ ਦਿੱਤੀ | ਤਾਰਿਆਂ, ਗ੍ਰਹਿਆਂ ਤੇ ਗਲੈਕਸੀਆਂ ਵੱਲ ਰੁਚੀ ਹੋਈ ਤਾਂ ਬਲੈਕ ਹੋਲ ਸ਼ਬਦ ਦੇ ਵਿਗਿਆਨ ਦੇ ਸੰਕਲਪ ਨਾਲ ਵਾਹ ਪਿਆ ਜੋ ਤ੍ਰਾਸਦ ਨਾ ਹੋ ਕੇ ਦਿਲਚਸਪ ਤੇ ਰਹੱਸਾਂ ਨਾਲ ਭਰਪੂਰ ਸੀ | 18ਵੀਂ ਸਦੀ ਵਿਚ ਹੀ 27 ਨਵੰਬਰ, 1783 ਦੇ ਫਿਰੋਸਾਫੀਕਲ ਟਰਾਂਜ਼ੈਕਸ਼ਨਜ਼ ਆਫ਼ ਰਾਇਲ ਸੁਸਾਇਟੀਜ਼ ਆਫ਼ ਲੰਦਨ ਵਿਚ ਜਾਨ ਮਿਸ਼ੈਲ ਨੇ ਬਲੈਕ ਹੋਲ ਦੀ ਬੀਜ ਰੂਪ ਵਿਚ ਕਲਪਨਾ ਡਾਰਕ ਸਟਾਰ ਨਾਂਅ ਨਾਲ ਕੀਤੀ | ਉਸ ਨੇ ਕਿਹਾ ਕਿ ਜੇ ਕਿਤੇ ਸਾਡੇ ਸੂਰਜ ਤੋਂ 500 ਗੁਣਾਂ ਵੱਡਾ ਤਾਰਾ ਹੋਵੇ ਤਾਂ ਉਸਦੀ ਗੁਰੂਤਾ ਖਿੱਚ ਇੰਨੀ ਵੱਧ ਹੋਵੇਗੀ ਕਿ ਉਸ ਤੋਂ ਬਚ ਨਿਕਲਣ ਵਾਲੀ ਸਪੀਡ (ਅਸਕੇਪ ਵੈਲਾਸਿਟੀ) ਰੌਸ਼ਨੀ ਦੀ ਸਪੀਡ ਤੋਂ ਵੀ ਵੱਧ ਹੋਵੇਗੀ | ਯਾਨੀ ਰੌਸ਼ਨੀ ਵੀ ਉਸ ਤੋਂ ਨਹੀਂ ਬਾਹਰ ਜਾ ਸਕੇਗੀ | ਇਸੇ ਵਰ੍ਹੇ ਲੈਪਲੇਸ ਨੇ ਵੀ ਲੰਡਨ ਦੀ ਰਾਇਲ ਸੁਸਾਇਟੀ ਸਾਹਮਣੇ ਇਕ ਲੈਕਚਰ ਵਿਚ ਇਹੀ ਗੱਲ ਕਹੀ ਕਿ ਅਤਿ ਭਾਰੇ ਤਾਰਿਆਂ ਦੀ ਗੁਰੂਤਾ ਖਿੱਚ ਇੰਨੀ ਵੱਧ ਹੋ ਸਕਦੀ ਹੈ ਕਿ ਉਨ੍ਹਾਂ ਤੋਂ ਰੌਸ਼ਨੀ ਵੀ ਸਾਡੇ ਤੱਕ ਨਹੀਂ ਪਹੁੰਚ ਸਕਦੀ | ਇੰਜ ਇਤਿਹਾਸ ਤੇ ਵਿਗਿਆਨ ਦੋਵਾਂ ਵਿਚ ਬਲੈਕ ਹੋਲ ਦੀ ਕਹਾਣੀ 18ਵੀਂ ਸਦੀ ਤੱਕ ਜਾ ਪੁੱਜਦੀ ਹੈ |
ਮਿਸ਼ੈਲ ਤੇ ਲੈਪਲੇਸ ਦੀਆਂ ਇਨ੍ਹਾਂ ਟਿੱਪਣੀਆਂ ਵੱਲ ਕਿਸੇ ਨੇ ਕੋਈ ਧਿਆਨ ਨਾ ਦਿੱਤਾ | ਪੂਰੀ 19ਵੀਂ ਸਦੀ ਇਸੇ ਤਰ੍ਹਾਂ ਲੰਘ ਗਈ | ਆਈਨਸਟਾਈਨ ਦੇ ਵਿਆਪਕ (ਜਨਰਲ) ਸਾਪੇਖਤਾ ਸਿਧਾਂਤ ਪਿੱਛੋਂ ਉਕਤ ਨੁਕਤਿਆਂ ਦੀ ਜਾਂਚ ਪਰਖ/ਕੱਚ ਸੱਚ ਦੀ ਗੱਲ ਤੁਰੀ | ਸਿਗੂਲੈਰਿਟੀ ਦੇ ਬਿੰਦੂ ਜਿਥੇ ਪਦਾਰਥ ਤੇ ਰੇਡੀਏਸ਼ਨ ਹੀ ਗਾਇਬ ਹੋ ਜਾਣ, 1915 ਦੀਆਂ ਆਈਨਸਟਾਈਨ ਦੀਆਂ ਸਮੀਕਰਨਾਂ ਤੋਂ ਨਿਕਲੇ | ਫਿਰ ਵੀ ਆਈਨਸਟਾਈਨ ਨੇ 1939 ਵਿਚ ਆਪ ਇਕ ਲੇਖ ਰਾਹੀਂ ਇਹ ਕਿਹਾ ਕਿ ਮਿਸ਼ੈਲ ਤੇ ਲੈਪਲੇਸ ਦੀ ਕਲਪਿਤ ਕਿਸੇ ਸ਼ੈਅ ਦੀ ਵਾਸਤਵਿਕ ਹੋਂਦ ਅਸੰਭਵ ਹੈ | ਕਮਾਲ ਇਹ ਸੀ ਕਿ 1916 ਵਿਚ ਆਈਨਸਟਾਈਨ ਦੇ ਵਿਆਪਕ ਸਾਪੇਖਤਾ ਸਿਧਾਂਤ ਦੇ ਆਧਾਰ ਉਤੇ ਕਾਰਲ ਸ਼ਵਾਰਜ਼ਚਾਈਲਡ ਨੇ ਬਾਕਾਇਦਾ ਕਿਸੇ ਵਿਸ਼ੇਸ਼ ਭਾਰ ਵਾਲੇ ਵਿਸ਼ਾਲ ਤਾਰੇ ਨੂੰ ਸੰੁਗੇੜ ਕੇ ਬਲੈਕ ਹੋਲ ਦਾ ਰੂਪ ਦੇਣ ਵਾਲੇ ਆਕਾਰ ਦਾ ਹਿੱਸਾਬ ਲਾਇਆ | ਧਰਤੀ ਨੂੰ ਸੁੰਗੇੜ ਕੇ ਬਲੈਕ ਹੋਲ ਬਣਾਈਏ ਤਾਂ ਧਰਤੀ ਨਿੱਕੀ ਜਿਹੀ ਬੰਟੇ (ਗੋਲੀ) ਜਿੱਡੀ ਰਹਿ ਜਾਵੇਗੀ | ਸਾਡੇ ਸੂਰਜ ਦਾ ਸ਼ਵਾਰਜ਼ਚਾਈਲਡ ਰੈਡੀਅਸ ਤਿੰਨ ਕਿਲੋਮੀਟਰ ਤੋਂ ਵੀ ਘੱਟ ਹੈ | ਭਾਵ ਇਹ ਕਿ ਜੇ ਇਸ ਨੂੰ ਸੰੁਗੇੜ ਕੇ ਬਲੈਕ ਹੋਲ ਬਣਾਈਏ ਤਾਂ ਇਸ ਦਾ ਅਰਧ-ਵਿਆਸ ਤਿੰਨ ਕਿਲੋਮੀਟਰ ਤੋਂ ਵੀ ਘੱਟ ਕਰਨਾ ਪਵੇਗਾ | ਭਾਰ ਏਨਾ ਹੀ ਰੱਖਣਾ ਪਵੇਗਾ | ਸ਼ਵਾਰਜ਼ਚਾਈਲਡ 1916 ਵਿਚ ਹੀ ਮਰ ਗਿਆ |
1931 ਵਿਚ ਸੀ.ਵੀ. ਰਮਨ ਦੇ ਭਤੀਜੇ ਸੁਬਰਾਮਨੀਅਮ ਚੰਦਰ ਸ਼ੇਖਰ ਨੇ ਚੰਦਰ ਸ਼ੇਖਰ ਲਿਮਟ ਦਾ ਸੰਕਲਪ ਪੇਸ਼ ਕੀਤਾ | ਉਸ ਨੇ ਕਿਹਾ ਕਿ ਜਦੋਂ ਤਾਰੇ ਮਰਦੇ ਹਨ ਤਾਂ ਉਨ੍ਹਾਂ ਦਾ ਅੰਤ ਉਸ ਭਾਰ ਉਤੇ ਨਿਰਭਰ ਹੁੰਦਾ ਹੈ ਜੋ ਉਨ੍ਹਾਂ ਦੇ ਇਲੈਕਟ੍ਰਾਨ ਡੀਜੈਨਰੇਟ ਮੈਟਰ ਦਾ ਹੁੰਦਾ ਹੈ | ਸਰਲ ਸਾਧਾਰਨ ਭਾਸ਼ਾ ਵਿਚ ਇਹ ਕਿ ਮਰ ਰਹੇ ਤਾਰੇ ਉਤੇ ਇਕ ਅਵਸਥਾ ਆਉਂਦੀ ਹੈ ਜਦੋਂ ਇਸ ਦੇ ਸੁਤੰਤਰ ਘੰੁਮ ਰਹੇ ਇਲੈਕਟ੍ਰਾਨ ਗੁਰੂਤਾ ਖਿੱਚ ਦੇ ਦਬਾਅ ਨਾਲ ਏਨੇ ਨਪੀੜੇ ਜਾਂਦੇ ਹਨ ਕਿ ਇਹ ਸੁਤੰਤਰ ਹੋਂਦ ਗਵਾਉਣ ਲਗਦੇ ਹਨ | ਪ੍ਰੋਟਾਨਾਂ ਨਾਲ ਰਲ ਕੇ ਨਿਊਟ੍ਰਾਨ ਬਣਾਉਣ ਲਗਦੇ ਹਨ | ਇਸ ਅਵਸਥਾ ਵਿਚ ਪੁੱਜੇ ਤਾਰੇ ਦਾ ਭਾਰ ਜੇ ਚੰਦਰ ਸ਼ੇਖਰ ਲਿਮਿਟ ਤੋਂ ਵੱਧ ਹੋਵੇ ਤਾਂ ਉਹ ਕਦੇ ਸਥਿਰ ਨਹੀਂ ਰਹਿੰਦਾ | ਉਸ ਦੇ ਆਪਣੇ ਹੀ ਉਸਤਾਦ ਐਕ੍ਰਿੰਸਟਨ, ਰੂਸੀ ਵਿਗਿਆਨੀ ਲੈਂਡੋ ਤੇ ਉਸ ਦੇ ਸਮਕਾਲੀਆਂ ਦੇ ਚੰਦਰ ਸ਼ੇਖਰ ਲਿਮਿਟ ਤੋਂ ਭਾਰੇ ਅਜਿਹੇ ਮਰ ਰਹੇ ਤਾਰੇ ਨਿਊਟ੍ਰਾਨ ਸਟਾਰ ਬਣ ਜਾਂਦੇ ਹਨ | ਚੇਤੇ ਰਹੇ ਕਿ ਚੰਦਰ ਸ਼ੇਖਰ ਨੇ ਇਹ ਲਿਮਿਟ ਆਪਣੇ ਸੂਰਜ ਦੇ ਭਾਰ ਤੋਂ ਇਕ ਦਸ਼ਮਲਵ ਚਾਰ ਗੁਣਾਂ ਦੱਸੀ ਸੀ ਅਤੇ ਇਸ ਤੋਂ ਕੁਝ ਭਾਰੇ ਮਰਨ ਅਧੀਨ ਤਾਰਿਆਂ ਵਿਚੋਂ ਨਿਊਟ੍ਰਾਨ ਤਾਰਾ ਬਣਨ ਦਾ ਸੱਚਮੁੱਚ ਕੁਝ ਵਰ੍ਹੇ ਬਾਅਦ ਲੱਗਾ ਸੀ | ਮਰਨ ਅਧੀਨ ਤਾਰੇ ਵਾਲੀ ਗੱਲ ਵੀ ਜ਼ਰਾ ਸਪੱਸ਼ਟ ਕਰਨੀ ਬਣਦੀ ਹੈ | ਇਹ ਅਸਲ ਵਿਚ ਤਾਰੇ ਦੇ ਵਾਈਟ ਡਵਾਰਫ ਬਣਨ ਦੀ ਸਟੇਜ ਹੈ |
1939 ਵਿਚ ਟਾਲਮੈਨ-ਓਪਨਹੀਮਰ-ਵਾਲਕਾਫ਼ ਨੇ ਰਲ ਕੇ ਟੀ.ਓ.ਵੀ. ਲਿਮਿਟ ਮਿਥੀ | ਇਹ ਸਾਂਝੇ ਸੂਰਜ ਦੇ ਡੇਢ ਤੋਂ ਤਿੰਨ ਗੁਣਾਂ ਭਾਰ ਦੀ ਸੀਮਾ ਸੀ | ਜੇ ਮਰ ਰਹੇ ਤਾਰੇ ਦਾ ਵਾਈਟ ਡਵਾਰਫ ਦੀ ਅਵਸਥਾ ਵਿਚ ਭਾਰ ਇਸ ਸੀਮਾ ਤੋਂ ਵਧ ਜਾਵੇ ਤਾਂ ਉਹ ਸੱਚਮੁੱਚ ਬਲੈਕ ਹੋਲ ਬਣ ਜਾਂਦਾ ਹੈ | ਅਜਿਹਾ ਅੰਨ੍ਹਾ ਖੂਹ ਜਾਂ ਢੱਠੇ ਬਨੇਰੇ ਵਾਲਾ ਖੂਹ ਕਿ ਜਿਸ ਦੇ ਬੰਨ੍ਹੇ ਬਨੇਰੇ ਤੋਂ ਬਸ ਅੰਦਰ ਡਿਗਣਾ ਹੀ ਸੰਭਵ ਹੈ, ਬਾਹਰ ਨਿਕਲਣਾ ਸੰਭਵ ਨਹੀਂ | ਇਸ ਖੂਹ ਦਾ ਅਰਧ ਵਿਆਸ ਜ਼ਰੂਰ ਕਿਸੇ ਵੱਡੇ ਤਾਰੇ ਦਾ ਸ਼ਵਾਰਜ਼ਚਾਈਲਡ ਰੇਡੀਅਸ ਹੋਵੇਗਾ | ਇਸ ਖੂਹ ਦੇ ਸਭ ਕੁਝ ਖਾ ਜਾਣ ਵਾਲੇ ਘੇਰੇ ਨੂੰ ਅੱਜ ਵਿਗਿਆਨੀ ਈਵੈਂਟ ਹੋਰਾਈਜ਼ਕ ਕਹਿੰਦੇ ਹਨ | ਈਵੈਂਟ ਹੋਰਾਈਜ਼ਨ ਨੂੰ ਟੱਪਿਆਂ ਕੁਝ ਵਾਪਸ ਨਹੀਂ ਆਉਂਦਾ | ਉਹ ਇਸ ਅੰਨ੍ਹੇ ਖੂਹ ਵਿਚ ਗਰਕ ਹੋ ਜਾਂਦਾ ਹੈ | ਇਸ ਖੂਹ ਦਾ ਢਿੱਡ ਨਹੀਂ ਭਰਦਾ | ਕਿਸੇ ਐਸਟਰਾਇਡ, ਪੂਛਲ ਤਾਰੇ ਦੀ ਗੱਲ ਛੱਡੋ, ਸਾਡਾ ਚੰਨ ਜਾਂ ਸਾਡੀ ਧਰਤੀ ਵੀ ਇਸ ਹੱਦ ਨੂੰ ਟੱਪੇ ਤਾਂ ਖਤਮ | ਧਰਤੀ ਕੀ ਸਾਡਾ ਸੂਰਜ ਵੀ ਇਹ ਗੁਸਤਾਖੀ ਨਹੀਂ ਕਰ ਸਕਦਾ | ਬਲੈਕ ਹੋਲ ਅਣਗਿਣਤ ਸੂਰਜ ਖਾ ਕੇ ਵੀ ਭੁੱਖੀ ਦੀ ਭੁੱਖੀ ਰਹਿੰਦੀ ਹੈ | ਇਹ ਗੱਲਾਂ ਟੀ.ਓ.ਵੀ. ਸੀਮਾ ਨਾਲ ਭਾਵੇਂ ਸਪੱਸ਼ਟ ਨਹੀਂ ਸਨ ਹੋਈਆਂ ਪਰ ਬਲੈਕ ਹੋਲ ਦੀਆਂ ਯਥਾਰਥਕ ਸੰਭਾਵਨਾਵਾਂ ਅਤੇ ਉਸ ਦੇ ਵਿਹਾਰ ਬਾਰੇ ਚੰੁਝ ਚਰਚਾ ਜ਼ਰੂਰ ਛਿੜ ਗਈ |
ਬਲੈਕ ਹੋਲ ਦੇ ਅੰਨ੍ਹੇ ਖੂਹ ਦੀ ਚਾਰ ਦੀਵਾਰੀ ਨੂੰ ਉਦੋਂ ਸ਼ਵਾਰਜ਼ ਚਾਈਲਡ ਸਰਫੇਸ ਕਿਹਾ ਜਾਂਦਾ ਸੀ | ਇਸ ਨੂੰ 1958 ਵਿਚ ਡੇਵਿਡ ਫਿੰਕਲਸਟੀਨ ਨੇ ਈਵੈਂਟ ਹੋਰਾਈਜ਼ਨ ਦਾ ਨਾਂਅ ਦਿੱਤਾ | ਇਸ ਹੱਦ ਸਰਹੱਦ ਤੋਂ ਸਾਰੇ ਰਾਹ ਇਕੋ ਪਾਸੇ ਭਾਵ ਅੰਦਰ ਹੀ ਜਾਂਦੇ ਹਨ | ਬਲੈਕ ਹੋਲ ਸ਼ਬਦ ਦੀ ਵਰਤੋਂ ਅਜੇ ਵੀ ਨਹੀਂ ਸੀ ਸ਼ੁਰੂ ਹੋਈ | ਇਸ ਸ਼ਬਦ ਨੂੰ ਪਹਿਲੀ ਵਾਰ 1963 ਵਿਚ ਲਾਈਫ਼ ਅਤੇ ਸਾਇੰਸ ਨਿਊਜ਼ ਨਾਂਅ ਦੇ ਦੋ ਰਸਾਲਿਆਂ ਨੇ ਵਰਤਿਆ | ਐਨ ਐਵਿੰਗ ਨਾਂਅ ਦੀ ਇਕ ਮਹਿਲਾ ਪੱਤਰਕਾਰ ਨੇ 18 ਜਨਵਰੀ, 1964 ਨੂੰ ਬਲੈਕ ਹੋਲਜ਼ ਇਨ ਸਪੇਸ ਨਾਂਅ ਦੀ ਇਕ ਲਿਖਤ ਵਿਚ ਇਸ ਸ਼ਬਦ ਨੂੰ ਕਲੀਵਲੈਂਡ ਵਿਚ ਅਮੈਰੀਕਨ ਐਸੋਸੀਏਸ਼ਨ ਫਾਰ ਦੀ ਅਡਵਾਂਸਮੈਂਟ ਆਫ਼ ਸਾਇੰਸ ਦੀ ਮੀਟਿੰਗ ਦੀ ਰਿਪੋਰਟ ਪ੍ਰਕਾਸ਼ਿਤ ਕਰਵਾਉਂਦੇ ਹੋਏ ਵਰਤਿਆ | ਦਸੰਬਰ 1967 ਵਿਚ ਜਾਨ ਵੀਲਰ ਦੇ ਲੈਕਚਰ ਸਮੇਂ ਇਕ ਵਿਦਿਆਰਥੀ ਨੇ ਬਲੈਕ ਹੋਲ ਸ਼ਬਦ ਵਰਤ ਕੇ ਗੱਲ ਕੀਤੀ ਤਾਂ ਵੀਲਰ ਨੂੰ ਇਹ ਸ਼ਬਦ ਈਵੈਂਟ ਹੋਰਾਈਜ਼ਨ ਦੇ ਵਰਤਾਰੇ ਨੂੰ ਸੰਖੇਪ ਵਿਚ ਪੂਰੀ ਤਰ੍ਹਾਂ ਸਪੱਸ਼ਟ ਕਰਦਾ ਲੱਗਾ | ਉਸ ਨੇ ਉਸ ਉਪਰੰਤ ਇਹ ਸ਼ਬਦ ਇਸ ਦੀ ਅਰਥ ਸਮਰੱਥਾ ਅਤੇ ਐਡਵਰਟਾਈਜ਼ਮੈਂਟ ਮੁੱਲ ਕਾਰਨ ਪੱਕਾ ਹੀ ਅਪਣਾ ਲਿਆ | ਉਸ ਨੇ ਇਸ ਨੂੰ ਆਪਣੇ ਲੈਕਚਰਾਂ, ਖੋਜ ਪੱਤਰਾਂ, ਲੇਖਾਂ, ਲਿਖਤਾਂ ਵਿਚ ਏਨਾ ਜ਼ਿਆਦਾ ਵਰਤਿਆ ਕਿ ਬਹੁਤੇ ਲੋਕ ਇਹ ਮੰਨਣ ਲੱਗੇ ਕਿ ਬਲੈਕ ਹੋਲ ਸ਼ਬਦ ਜਾਨ ਵੀਲ੍ਹਰ ਨੇ ਹੀ ਘੜਿਆ ਹੈ |
ਡਾਰਕ ਸਟਾਰ, ਸ਼ਵਾਰਜ਼ਚਾਈਲਡ ਸਰਫੇਸ, ਈਵੈਂਟ ਹੋਰਾਈਜ਼ਨ ਤੇ ਬਲੈਕ ਹੋਲ ਬਾਰੇ ਸਾਪੇਖਤਾ ਸਿਧਾਂਤ ਗੁਰੂਤਾ ਖਿੱਚ ਤੇ ਗਣਿਤਕ ਸਮੀਕਰਨਾਂ ਦੇ ਆਸਰੇ ਇੰਨੀਆਂ ਅਜੀਬੋ ਗ਼ਰੀਬ ਗੱਲਾਂ ਸਾਹਮਣੇ ਆਉਂਦੀਆਂ ਸਨ ਕਿ ਵੱਡੇ-ਵੱਡੇ ਵਿਗਿਆਨੀ ਦੇਰ ਤੱਕ ਇਨ੍ਹਾਂ ਦੀ ਯਥਾਰਥਕ ਸੰਭਾਵਨਾ ਤੋਂ ਇਨਕਾਰੀ ਰਹੇ | ਹੋਰ ਤਾਂ ਹੋਰ ਐਡਿੰਗਟਨ, ਲੈਂਡੋ ਤੇ ਆਈਨਸਟਾਈਨ ਵਰਗੇ ਸੋਚਦੇ ਕਿ ਇੰਜ ਨਹੀਂ ਹੋਵੇਗਾ, ਆਹ ਜਾਂ ਅਹੁ ਨਹੀਂ ਹੋਵੇਗਾ | ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਵਿਗਿਆਨੀ ਇਹ ਸੋਚਣ ਲੱਗੇ ਕਿ ਸੱਚਮੁੱਚ ਹੀ ਬਲੈਕ ਹੋਲ ਯਥਾਰਥ ਦਾ ਹਿੱਸਾ ਹੋ ਸਕਦੀ ਹੈ | 1971 ਵਿਚ ਜਾਨ੍ਹ ਵੀਲ੍ਹਰ ਨੇ ਪੁਲਾੜ ਵਿਚ ਪਹਿਲੀ ਬਲੈਕ ਹੋਲ ਦਾ ਥਹੁ ਪਤਾ ਦੱਸਿਆ | ਟਾਲਮੈਨ ਓਪਨਹੀਮਰ ਵੋਲਕਾਫ਼ ਲਿਮਿਟ ਦੇ ਤਿੰਨ/ਚਾਰ ਤੋਂ ਵਧਣ ਨਾਲ ਕਿਸੇ ਵੀ ਵਾਈਟ ਡਵਾਰਫ਼ ਨੂੰ ਬਲੈਕ ਹੋਲ ਬਣਨ ਤੋਂ ਨਹੀਂ ਰੋਕਿਆ ਜਾ ਸਕਦਾ | ਇਸ ਸੱਚ ਨੂੰ ਵਿਗਿਆਨੀ ਸਵੀਕਾਰ ਕਰਨ ਲੱਗੇ |
ਅਤਿ ਵੱਡੇ ਤਾਰਿਆਂ ਦੇ ਸਵੈ-ਗੁਰੂਤਵੀ ਖਿੱਚ ਨਾਲ ਖਤਮ ਹੋਣ ਨੂੰ ਗਰੈਵੀਏਸ਼ਨਲ ਕੋਲੈਪਸ ਦਾ ਨਾਂਅ ਦਿੱਤਾ ਗਿਆ | ਵਿਗਿਆਨੀਆਂ ਨੇ ਕਿਹਾ ਕਿ ਬ੍ਰਹਿਮੰਡ ਦੇ ਵਿਕਾਸ ਦੇ ਮੁਢਲੇ ਸਮਿਆਂ ਵਿਚ ਅਤਿ ਵੱਡੇ ਤਾਰਿਆਂ ਤੋਂ ਵੱਡੀਆਂ-ਵੱਡੀਆਂ ਬਲੈਕ ਹੋਲਾਂ ਬਣਦੀਆਂ ਰਹੀਆਂ ਹਨ | ਸਾਡੇ ਸੂਰਜ ਤੋਂ ਇਕ ਹਜ਼ਾਰ ਗੁਣਾਂ ਭਾਰੀਆਂ ਵੀ | ਤਾਰਿਆਂ ਨੂੰ ਜਨਮ ਦੇਣ ਵਾਲੇ ਪੂਰੇ ਦੇ ਪੂਰੇ ਬੱਦਲ ਵੀ ਉਨ੍ਹਾਂ ਸਮਿਆਂ ਵਿਚ ਮਰ ਕੇ ਸੁਪਰ ਮੈਸਿਵ ਬਲੈਕ ਹੋਲਾਂ ਬਣ ਗਏ | ਇਕ ਲੱਖ ਸੂਰਜਾਂ ਜਿੱਡੀਆਂ ਭਾਰੀਆਂ ਬਲੈਕ ਹੋਲਾਂ | ਉਹ ਇਹ ਕਹਿਣ ਲੱਗੇ ਕਿ ਸਾਡੀਆਂ ਦੂਧੀਆ ਆਕਾਸ਼ ਗੰਗਾ ਸਮੇਤ ਹਰ ਗੈਲੇਕਸੀ ਦੇ ਕੇਂਦਰ ਵਿਚ ਇਕ ਵੱਡੀ ਬਲੈਕ ਹੋਲ ਹੈ | ਇਹੀ ਨਹੀਂ ਬ੍ਰਹਿਮੰਡੀ ਜਨਮ ਤੇ ਵਿਕਾਸ ਦੇ ਬਚਪਨ ਦੌਰਾਨ ਸੂਖਮ ਬਲੈਕ ਹੋਲਾਂ ਵੀ ਵਾਰ-ਵਾਰ ਪੈਦਾ ਹੋਈਆਂ | ਪਰ ਉਹ ਝੱਟ ਹੀ ਬਿਨਸ ਗਈਆਂ | ਤੁਹਾਨੂੰ ਚੇਤੇ ਹੋਵੇਗਾ ਕਿ ਜਦੋਂ ਸਰਨ ਦੇ ਲਾਰਜ ਹੈਡਰਨ ਕੋਲਾਈਡਰ ਵਿਚ ਗਾਡ ਪਾਰਟੀਕਲ ਦੀ ਖੋਜ ਲਈ ਤਜਰਬੇ ਸ਼ੁਰੂ ਹੋਏ ਤਾਂ ਵਿਗਿਆਨੀਆਂ ਨੇ ਕਿਹਾ ਸੀ ਕਿ ਉਚ ਊਰਜਾ ਕਣਾਂ ਦੀਆਂ ਅਤਿ ਉੱਚੀਆਂ ਸਪੀਡਾਂ ਉਤੇ ਟੱਕਰਾਂ ਵੇਲੇ ਮਾਈਕ੍ਰੋ ਬਲੈਕ ਹੋਲਜ਼ ਪੈਦਾ ਹੋ ਸਕਦੀਆਂ ਹਨ | ਡਰਪੋਕ ਬੰਦਿਆਂ ਨੇ ਉਦੋਂ ਰੌਲਾ ਪਾ ਦਿੱਤਾ ਕਿ ਜੈਨੇਵਾ ਵਿਚ ਬਲੈਕ ਹੋਲ ਪੈਦਾ ਹੋ ਗਈ ਤਾਂ ਵੇਖਦੇ-ਵੇਖਦੇ ਉਹ ਸਾਰਾ ਯੂਰਪ ਹੀ ਨਹੀਂ, ਸਾਰੇ ਮਹਾਂਦੀਪ ਹੜੱਪ ਜਾਵੇਗੀ | ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਸਮਝ ਆਈ ਕਿ ਇੰਜ ਨਹੀਂ ਹੋ ਸਕਦਾ | ਪਹਿਲੀ ਗੱਲ ਤਾਂ ਇਹ ਕਿ ਮਾਈਕ੍ਰੋ ਬਲੈਕ ਹੋਲਜ਼ ਸ਼ਾਇਦ ਹੀ ਪੈਦਾ ਹੋਣ | ਦੂਜੀ ਗੱਲ ਕਿ ਜੇ ਕੋਈ ਪੈਦਾ ਹੋ ਵੀ ਗਈ ਤਾਂ ਉਸ ਦੀ ਊਰਜਾ ਮੱਛਰ ਜਿੰਨੀ ਵੀ ਨਹੀਂ ਹੋਣੀ | ਤੀਜੀ ਗੱਲ ਕਿ ਉਸ ਦਾ ਜੀਵਨ ਕਾਲ ਬਹੁਤ ਛੋਟਾ ਹੋਵੇਗਾ | ਇਕ ਸਕਿੰਟ ਦਾ ਭਲਾ ਕਿੰਨਵਾਂ ਹਿੱਸਾ | ਏਕੇ ਅੱਗੇ ਪੰਝੀ ਸਿਫਰਾਂ ਲਾ ਕੇ ਪੜ੍ਹੋ | ਸਕਿੰਟ ਦੇ ਇੰਨੇ ਨਿੱਕੇ ਹਿੱਸੇ ਵਿਚ ਮੱਛਰ ਜਿੰਨੀ ਤਾਕਤ ਵਾਲੀ ਬਲੈਕ ਹੋਲ ਕਿਸੇ ਦਾ ਕੀ ਵਿਗਾੜ ਲਵੇਗੀ | ਤਾਂ ਕਿਤੇ ਪਰਲੋ ਦੇ ਵਣਜਾਰੇ ਚੁੱਪ ਹੋਏ |
ਅਸਲ ਵਿਚ ਬਹੁਤੇ ਲੋਕ ਇਹੀ ਸਮਝਦੇ ਹਨ ਕਿ ਬਲੈਕ ਹੋਲ ਇਕ ਵਾਰ ਪੈਦਾ ਹੋ ਗਈ ਤਾਂ ਮਰਦੀ ਨਹੀਂ | ਉਹ ਤਾਂ ਗ੍ਰਹਿ ਸੂਰਜ ਧਰਤੀਆਂ ਖਾ-ਖਾ ਪਲਦੀ ਹੀ ਜਾਂਦੀ ਹੈ | ਪਰ ਜੇ ਖਾਣ ਨੂੰ ਕੁਝ ਨਾ ਮਿਲੇ ਤਾਂ ਕੀ ਹੋਵੇ | ਭਾਵੇਂ ਖਰਬਾਂ-ਖਰਬਾਂ ਸਾਲ ਹੀ ਲੱਗਣ ਉਹ ਖਤਮ ਹੋ ਹੀ ਜਾਵੇਗੀ | ਜੋ ਉਪਜਿਓ ਸੋ ਬਿਨਸ ਹੈ ਪਰਉ ਆਜ ਕਿ ਕਾਲ | ਸੂਖਮ/ਮਾਈਕ੍ਰੋ ਬਲੈਕ ਹੋਲ ਤਾਂ ਅੱਖ ਝਪਕਦੇ ਹੀ ਮਰ ਜਾਂਦੀ ਹੈ | ਸਟੀਫਨ ਹਾਕਿੰਗ ਤੇ ਪੈਨਰੋਜ਼ੇ ਨੇ ਬਲੈਕ ਹੋਲਾਂ ਦੀ ਥਰਮੋਡਾਇਨੈਮਿਕਸ ਉਤੇ ਖੋਜਾਂ ਕੀਤੀਆਂ | ਐਾਟਰਾਪੀ ਤੇ ਬਲੈਕ ਬਾਡੀ ਦੇ ਸਿਧਾਂਤਾਂ ਦੀਆਂ ਅੰਤਰ-ਦਿ੍ਸ਼ਟੀਆਂ ਵਰਤ ਕੇ ਹਾਕਿੰਗ ਨੇ ਕਿਹਾ ਕਿ ਇਹ ਕਹਿਣਾ ਪੂਰੀ ਤਰ੍ਹਾਂ ਦਰੁਸਤ ਨਹੀਂ ਕਿ ਬਲੈਕ ਹੋਲ ਵਿਚੋਂ ਕੁਝ ਵੀ ਕਦੇ ਵੀ ਬਾਹਰ ਨਹੀਂ ਨਿਕਲਦਾ | ਇਨ੍ਹਾਂ ਵਿਚੋਂ ਹਾਕਿੰਗ ਰੇਡੀਏਸ਼ਨ ਨਿਕਲਦੀ ਹੈ ਜਿਸ ਦਾ ਤਾਪਮਾਨ ਬਲੈਕ ਹੋਲ ਦੇ ਭਾਰ ਦਾ ਉਲਟ ਅਨੁਪਾਤੀ ਹੈ | ਸਾਡੇ ਸੂਰਜ ਜਿੰਨੀ ਭਾਰੀ ਬਲੈਕ ਹੋਲ ਵਿਚੋਂ ਨਿਕਲੀ ਹਾਕਿੰਗ ਰੇਡੀਏਸ਼ਨ ਦਾ ਤਾਪਮਾਨ 62 ਨੈਨੋ ਕੈਲਵਿਨ ਹੋਵੇਗਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾ: 98722-60550.

ਝੀਲ ਕਿਨਾਰੇ ਵਸਿਆ ਕੈਨੇਡਾ ਦਾ ਖ਼ੂਬਸੂਰਤ ਸ਼ਹਿਰ ਚੈਸਟਰਮੇਰੇ

ਐਡਮਿੰਟਨ (ਕੈਨੇਡਾ) ਤੋਂ ਮੈਂ ਅਤੇ ਡਾ: ਹਰਿੰਦਰਪਾਲ ਸਿੰਘ ਨੇ ਮਨ ਬਣਾਇਆ ਕਿ ਕੈਲਗਰੀ ਦੇ ਨਜ਼ਦੀਕ ਝੀਲ ਕਿਨਾਰੇ ਉੱਪਰ ਵਸਿਆ ਇਕ ਖੂਬਸੂਰਤ ਛੋਟਾ ਜਿਹਾ ਸ਼ਹਿਰ 'ਚੈਸਟਰਮੇਰੇ' ਨੂੰ ਵੇਖਣ ਲਈ ਜਾਇਆ ਜਾਏ | ਮੈਂ ਤੇ ਡਾਕਟਰ ਹਰਿੰਦਰਪਾਲ ਅਸੀਂ ਐਡਮਿੰਟਨ ਤੋਂ ਆਪਣੀ ਕਾਰ ਲੈ ਕੇ ਲਗਪਗ ਤਿੰਨ ਘੰਟਿਆਂ ਦਾ ਸਫ਼ਰ ਤੈਅ ਕਰਕੇ ਕੈਲਗਰੀ ਪਹੁੰਚ ਗਏ |
ਸਵੇਰੇ ਅਸੀਂ ਸਤਿੰਦਰ ਸੁਕਰਾਤ ਨੂੰ ਨਾਲ ਲੈ ਕੇ ਕੈਲਗਰੀ ਤੋਂ ਕਾਰ ਰਾਹੀਂ ਲਗਪਗ 15 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੈਲਗਰੀ ਦੇ ਪੂਰਬ ਵਾਲੇ ਪਾਸੇ ਇਕ ਖੂਬਸੂਰਤ ਜੰਨਤਨੁਮਾ ਝੀਲ ਦੇ ਕਿਨਾਰੇ ਵਸਿਆ ਸ਼ਹਿਰ ਚੈਸਟਰਮੇਰੇ ਵਿਖੇ ਪਹੁੰਚ ਗਏ | ਜੰਨਤ ਦੀ ਕਲਪਨਾ ਦਾ ਸਿਰਜਣਾਤਮਕ ਮੰਗਲ ਵਿਧਾਨ ਹੈ ਝੀਲ ਕਿਨਾਰੇ ਵਸਿਆ ਸ਼ਹਿਰ 'ਚੈਸਟਰਮੇਰੇ' | ਅਸੀਂ ਗੱਡੀ ਇਕ ਸਾਈਡ 'ਤੇ ਪਾਰਕਿੰਗ ਵਿਚ ਲਗਾ ਦਿੱਤੀ | ਦੂਰ-ਦੂਰ ਤੱਕ ਝੀਲ ਦੇ ਨਿਰਮਲ 'ਸਵੱਛ' ਸ਼ੁੱਧ ਪਾਣੀ ਦੀ ਆਤਮੀਅਤਾ 'ਚੋਂ ਸੰਵੇਦਨਸ਼ੀਲਤਾ ਦੀ ਤਰਲਤਾ ਦਾ ਅਹਿਸਾਸ ਹੋਣ ਲੱਗਾ | ਕੁਦਰਤੀ ਇਕਾਗਰਤਾ ਅਤੇ ਖੂਬਸੂਰਤੀ ਹੀ ਅਧਿਆਤਮ ਅਤੇ ਸੁਖਦ ਸ਼ਾਂਤੀ ਦੀ ਆਸਥਾ ਨਾਲ ਸਿੰਜਿਆ ਆਂਤਰਿਕ ਊਰਜਾ ਸਰੋਤ ਹੈ | ਝੀਲ ਦੇ ਕਿਨਾਰਿਆਂ ਦੇ ਦੋਵੇਂ ਪਾਸੀਂ ਖੂਬਸੂਰਤ ਸ਼ਿਲਪ ਕਲਾ ਵਿਚ ਨਿਪੁੰਨ ਘਰਾਂ ਦੀਆਂ ਕਤਾਰਾਂ, ਛੋਟੀਆਂ ਛੋਟੀਆਂ ਸੂਖਮਤਾਵਾਂ ਅਤੇ ਮਹੱਤਵਪੂਰਨ ਦਿ੍ਸ਼ਾਂਵਲੀਆਂ ਕਲਾਤਮਿਕ ਪੇਸ਼ਕਾਰੀ ਉਜਾਗਰ ਕਰ ਰਹੀਆਂ ਸਨ | ਕਿਨਾਰਿਆਂ ਦੇ ਨਾਲ-ਨਾਲ ਝੀਲ ਦੇ ਪਾਣੀ ਨੂੰ ਛੂੰਹਦੀਆਂ ਘਰਾਂ ਦੀਆਂ ਦਹਿਲੀਜ਼ਾਂ ਅਤੇ ਪਿੱਠ ਤੱਤ ਦੂਰੋਂ ਇੰਝ ਪ੍ਰਤੀਤ ਹੁੰਦੇ ਜਿਵੇਂ ਕੁਦਰਤ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਉੱਪਰ ਜੰਨਤ ਦੇ ਬੰਦਨਵਾਰ ਸਜਾਏ ਹੋਣ | ਅੱਖਾਂ ਦੇ ਪ੍ਰਵੇਸ਼ ਦੁਆਰਾ ਦਿਲ ਦਿਮਾਗ, ਰੂਹ (ਆਤਮਾ) ਦੇ ਵਿਚ ਇਕ ਸਕੂਨ, ਸ਼ਾਲੀਨਤਾ ਅਤੇ ਗਰਿਮਾ ਦਾ ਸਿ੍ਸ਼ਟੀ ਆਨੰਦ ਸਾਰੇ ਸਰੀਰ ਨੂੰ ਆਕਰਸ਼ਣ ਦੇ ਜ਼ਰੀਏ ਪ੍ਰਤੀਬਿੰਬਾਂ ਤੇ ਮੂਰਤ ਬਿੰਬਾਂ ਨਾਲ ਮਾਲਾਮਾਲ ਕਰ ਦਿੰਦਾ ਹੈ |
ਇਕ ਝੀਲ ਦੇ ਨਾਲ-ਨਾਲ ਘਰਾਂ ਦੀਆਂ ਇਕਸਾਰ ਸੁੰਦਰ ਪੰਕਤੀਆਂ, ਖੂਬਸੂਰਤ ਸ਼ੈਲੀ ਦੇ ਵੱਖ-ਵੱਖ ਤਰ੍ਹਾਂ ਦੇ ਰੁੱਖ, ਕਈ ਜਾਤੀਆਂ ਤੇ ਰੰਗਾਂ ਦੇ ਸੁੰਦਰ ਫੁੱਲ, ਬਾਗ-ਬਗੀਚੇ, ਆਕਰਸ਼ਕ ਸਹੂਲਤਾਂ ਭਰਪੂਰ ਪਾਰਕ, ਹਰੇ ਭਰੇ ਗੱਦੇਦਾਰ ਮਖਮਲੀ ਘਾਹ ਵਾਲੀ ਜ਼ਮੀਨ ਦੀ ਮਨਮੋਹਣੀ ਖੱਟੀ-ਖੱਟੀ ਖੁਸ਼ਬੂ, ਗੋਰੇ ਗੁਲਾਬੀ ਰੰਗ ਦੇ ਸ਼ਾਂਤਮਈ ਸੁਭਾਅ ਵਾਲੇ ਤੰਦਰੁਸਤ-ਰਿਸ਼ਟ-ਪੁਸ਼ਟ ਲੋਕ, ਚਾਰੇ ਪਾਸੇ ਸਫ਼ਾਈ-ਸਵੱਛਤਾ ਦੀ ਸੁੰਦਰਤਾ ਦੇ ਦਿ੍ਸ਼ਾਂ ਨੇ ਨਵੀਨ ਸੁੰਦਰਤਾ ਪ੍ਰਦਾਨ ਕਰਕੇ ਜੰਨਤ ਨੂੰ ਜਿਵੇਂ ਨਮਸਕਾਰ ਦੀ ਮੁਦਰਾ 'ਚ ਖੜ੍ਹਾ ਕਰ ਦਿੱਤਾ ਹੋਵੇ | ਇੱਥੇ ਕਣ-ਕਣ ਵਿਚ ਸਫ਼ਾਈ ਆਪਣੀ ਹੋਂਦ ਨੂੰ ਸਪੱਸ਼ਟਤਾ ਵਿਚ ਯਕੀਨੀ ਬਣਾ ਕੇ ਜੰਨਤ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ | ਚੈਸਟਰਮੇਰੇ ਸ਼ਹਿਰ ਕੁਦਰਤੀ ਅਤੇ ਵਿਗਿਆਨਕ ਕਲਾ ਸਿਰਜਣਾ ਦਾ ਨਵੀਨਤਮ ਪਹਿਰਾਵੇ ਵਿਚ ਜੰਨਤ ਦਾ ਦੂਜਾ ਨਾਂਅ ਹੈ | ਸਦੀਆਂ ਪਹਿਲਾਂ ਇਸ ਸਥਾਨ ਵਿਖੇ ਇਕ ਬੇਆਬਾਦ ਝੀਲ ਹੀ ਸੀ | ਉਦੋਂ ਦੇ ਸਮੇਂ ਕੁਝ ਕਿਸਾਨਾਂ ਨੇ ਖੇਤੀਬਾੜੀ ਦੇ ਮਨੋਰਥ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ | ਸਭ ਤੋਂ ਪਹਿਲਾਂ ਇਸ ਝੀਲ ਦੇ ਕਿਨਾਰੇ ਕਿਸਾਨਾਂ ਨੇ ਡੇਰੇ ਲਗਾਏ | ਕਿਸਾਨਾਂ ਨੇ ਹੀ ਇਸ ਝੀਲ ਦੇ ਇਲਾਕੇ ਨੂੰ ਆਬਾਦ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ |
ਜਦੋਂ ਕਿ ਕੈਨੇਡੀਅਨ ਰੇਲਵੇ ਵਿਭਾਗ 1880 ਵਿਚ ਸਥਾਪਿਤ ਹੋਇਆ | ਰੇਲਵੇ ਦੇ ਰੁਝਾਨ ਕਰਕੇ ਹੀ ਇਸ ਝੀਲ ਦੇ ਆਲੇ ਦੁਆਲੇ ਲੋਕ ਵਸਣੇ ਸ਼ੁਰੂ ਹੋ ਗਏ | ਹੌਲੀ-ਹੌਲੀ ਲੋਕਾਂ ਨੇ ਇਸ ਝੀਲ ਨਾਲ ਸੰਪਰਕ ਰਸਤੇ ਬਣਾਉਣੇ ਸ਼ੁਰੂ ਕਰ ਦਿੱਤੇ | 1907 ਵਿਚ ਡੈਮ ਅਤੇ ਨਹਿਰਾਂ ਦੀ ਯੋਜਨਾ ਸ਼ੁਰੂ ਹੋਈ | ਇਸ ਨਹਿਰਾਂ ਦੇ ਲਘੂ ਸੰਗਮ ਨੂੰ ਝੀਲ ਦੇ ਵਿਚ ਬਦਲ ਦਿੱਤਾ | ਇਸ ਦੇ ਪਾਣੀ ਦਾ ਸਦਉਪਯੋਗ ਹੋਣ ਲੱਗਾ | ਆਹਿਸਤਾ-ਆਹਿਸਤਾ ਇਹ ਝੀਲ ਮਨੋਰੰਜਨ ਦਾ ਸਾਧਨ ਬਣਦੀ ਗਈ | ਲੋਕਾਂ ਨੇ ਜ਼ਿਲ੍ਹਾ ਨਹਿਰੀ ਵਿਭਾਗ ਤੋਂ ਝੀਲ ਕਿਨਾਰੇ ਵਾਲੀ ਜ਼ਮੀਨ ਲੀਜ਼ 'ਤੇ ਲੈਣੀ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੇ ਇੱਥੇ ਛੋਟੇ-ਛੋਟੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ | ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲਕ ਆਪਣੇ ਬੱਚਿਆਂ ਪਰਿਵਾਰ ਸਮੇਤ ਇੱਥੇ ਆ ਕੇ ਦਿਨ ਗੁਜ਼ਾਰਦੇ | ਰਿਹਾਇਸ਼ੀ ਮਾਲਕਾਂ ਨੇ 1959 ਦੇ ਕਰੀਬ ਮਿਲ ਕੇ 50 ਮੈਂਬਰਾਂ ਦੀ ਇਕ ਸੁਸਾਇਟੀ ਬਣਾ ਲਈ | ਇਸ ਪ੍ਰਯੋਜਨ ਕਰਕੇ ਅਨੇਕਾਂ ਸਰਕਾਰੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ | ਸੜਕਾਂ, ਸੰਪਰਕ ਰਸਤਿਆਂ, ਪਗਡੰਡੀਆਂ ਦਾ ਸੁਵਿਧਾਪੂਰਵਕ ਨਿਰਮਾਣ ਹੋ ਗਿਆ | ਜ਼ਰੂਰੀ ਘਰੇਲੂ ਜ਼ਰੂਰਤਾਂ ਮਿਲਣੀਆਂ ਸ਼ੁਰੂ ਹੋ ਗਈਆਂ | ਫਿਰ ਇੱਥੋਂ ਦੇ ਮਾਲਕਾਂ ਨੂੰ ਪੱਕੇ ਤੌਰ 'ਤੇ ਜ਼ਮੀਨ ਅਲਾਟ ਹੋ ਗਈ |
1977 ਵਿਚ ਸਭ ਤੋਂ ਪਹਿਲਾਂ 120 ਪੱਕੇ ਰਿਹਾਇਸ਼ੀ ਘਰ ਬਣਾਏ ਗਏ ਅਤੇ ਇਸ ਸਥਾਨ ਦਾ ਨਾਂਅ 'ਸਮਰ ਵਿਲੇਜ਼ ਆਫ ਚੈਸਟਰਲੇਕ' ਰੱਖਿਆ ਗਿਆ | ਫਿਰ ਰਾਜਨੀਤਕ ਅਤੇ ਮਿਊਾਸਪਲ ਕਾਰਪੋਰੇਸ਼ਨ ਦੀ ਮਦਦ ਨਾਲ ਸਾਰੀਆਂ ਜ਼ਰੂਰੀ ਸਹੂਲਤਾਂ ਹੋਂਦ ਵਿਚ ਆ ਗਈਆਂ | 1992 ਵਿਚ ਇੱਥੋਂ ਦੀ ਵਸੋਂ ਵਧਣ ਲੱਗੀ ਅਤੇ 1043 ਪੱਕੇ ਰਿਹਾਇਸ਼ੀ ਘਰ ਹੋ ਗਏ | ਇਕ ਮਾਰਚ, 1993 ਨੂੰ ਸਰਕਾਰੀ ਤੌਰ ਤੇ ਮਾਨਤਾ ਮਿਲੀ ਅਤੇ ਇਸ ਸਥਾਨ ਦਾ ਨਾਂਅ 'ਟਾਊਨ ਆਫ ਚੈਸਟਰਮੇਰੇ' ਰੱਖ ਦਿੱਤਾ ਗਿਆ |
2014 ਵਿਚ ਇਸ ਦੀ ਆਬਾਦੀ ਲਗਪਗ 17203 ਹੋ ਗਈ ਅਤੇ ਇਹ ਸਥਾਨ ਇਕ ਜੰਨਤਨੁਮਾ ਖੂਬਸੂਰਤ ਸ਼ਹਿਰ ਬਣ ਗਿਆ | ਇੱਥੋਂ ਦੇ ਵਿਗਿਆਨੀਆਂ ਨੇ ਕੁਦਰਤ ਦੀਆਂ ਮਿਹਰਬਾਨੀਆਂ ਨੂੰ ਹੋਰ ਮਾਲਾਮਾਲ ਕਰਨ ਲਈ ਆਧੁਨਿਕਤਾ ਦਾ ਸਹਾਰਾ ਲੈ ਕੇ, ਨਵੀਨ ਖੋਜਾਂ ਦੇ ਬਲਬੂਤੇ ਉੱਪਰ ਕਲਾਤਮਿਕ ਵਿਧੀਆਂ ਨੂੰ, ਇੱਥੋਂ ਦੀ ਜ਼ਮੀਨ ਨੂੰ ਖੂਬਸੂਰਤ ਬੱਲਸ਼ਾਲੀ, ਸਮਾਨਤਾ, ਸ਼ਾਂਤੀ, ਨੈਤਿਕ ਭਾਵਨਾ, ਨਾਯਾਬ ਉਪਲਬਧੀਆਂ ਦੇ ਕੇ ਕੁਦਰਤੀ ਅਤੇ ਮਾਨਤਾਵਾਦੀ ਦਾ ਸੁੰਦਰ ਤੇ ਚਿਰ-ਸਥਾਈ ਉਤਸਵ ਬਣਾ ਦਿੱਤਾ |
ਇਸ ਸਥਾਨ ਨੂੰ 'ਰੌਕੀ ਵਿਊ ਕੰਟਰੀ' ਵੀ ਕਹਿੰਦੇ ਹਨ | ਕਿਉਂਕਿ ਇਸ ਆਲੇ-ਦੁਆਲੇ ਸੁੰਦਰ ਪਹਾੜੀ ਇਲਾਕਿਆਂ ਦਾ ਵਾਸ ਹੈ | ਕੈਨੇਡਾ ਦੇ ਅਲਬਰਟਾ ਸਟੇਟ ਦੇ ਖੂਬਸੂਰਤ ਪਹਾੜੀ ਇਲਾਕੇ, ਕੈਨਮੋਰ, ਜਸਪਰ, ਬੈਂਫ, ਲੇਕਲੂਈ, ਵੇਲਮਾਊਾਟ ਆਦਿ ਸੁੰਦਰ ਸ਼ਹਿਰਾਂ ਦਾ ਵਾਸਾ ਹੈ | ਲਗਪਗ ਪੰਜ ਮੀਲ ਲੰਬੀ ਝੀਲ ਵਿਚ ਕਿਸ਼ਤੀਆਂ, ਮੱਛੀ ਫੜਨਾ, ਸਕੇਟਿੰਗ ਅਤੇ ਹੋਰ ਪਹਾੜੀ ਖੇਡ ਕਿਰਿਆਵਾਂ ਦੀ ਭਰਮਾਰ ਹੈ | ਅਨੇਕਾਂ ਮੇਲਿਆਂ ਦਾ ਸੰਗ੍ਰਹਿ ਹੈ | ਸਰਦੀਆਂ ਵਿਚ ਅਨੇਕਾਂ ਬਰਫ਼ੀਲੀਆਂ ਖੇਡ ਕਿਰਿਆਵਾਂ ਹੁੰਦੀਆਂ | ਝੀਲ ਦੇ ਆਰ-ਪਾਰ ਸੂਰਜ ਚੜ੍ਹਨ ਅਤੇ ਡੁੱਬਣ ਦੇ ਅਲੌਕਿਕ ਖੂਬਸੂਰਤ ਮਨਮੋਹਣੇ ਦਿ੍ਸ਼ ਵੇਖਣਯੋਗ ਹੁੰਦੇ ਹਨ | ਅੰਨ੍ਹੇ ਮੀਂਹ ਦੀ ਹੋਂਦ ਵਿਚ ਸਤਰੰਗੀਆਂ ਪੀਂਘਾਂ ਦਾ ਸਮੂਹ ਆਪਣੀ ਸ਼ੋਭਾ ਨੂੰ ਆਲੰਕਾਰਿਤ ਕਰਕੇ ਝੀਲ ਦੀ ਉਪਮਾ ਨੂੰ ਚਾਰ ਚੰਨ ਲਗਾ ਦਿੰਦਾ ਹੈ | ਬੱਚਿਆਂ ਲਈ ਇਹ ਸਥਾਨ ਅਦਭੁੱਤ, ਤਲਿਸਮੀ, ਜਾਦੂਛੜੀ 'ਚੋਂ ਨਿਕਲੀ ਚੀਜ਼ ਵਾਂਗੂੰ ਅਤੇ ਆਕਰਸ਼ਣ ਦਾ ਮਰਮਸਪਰਸ਼ੀ ਸਥਾਨ ਹੈ | ਇਹ ਪ੍ਰਸਿੱਧ ਪਿਕਨਿਕ ਸਥਾਨ, ਸਵਰਗ ਦਾ ਦੂਜਾ ਨਾਂਅ ਹੈ |

-ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਐਡਮਿੰਟਨ, ਕੈਨੇਡਾ
ਮੋਬਾਈਲ : 98156-25409

ਅਸੀਂ ਭੁੱਲ ਗਏ ਬੱਲ੍ਹੋ ਪਾਉਣਾ

ਤੀਆਂ ਦੇ ਅਖੀਰਲੇ ਦਿਨ ਵਾਲੀ ਸਮਾਪਤੀ ਦੇ ਦਿਨ ਨੂੰ 'ਬੱਲ੍ਹੋ ਪਾਉਣਾ' ਕਿਹਾ ਜਾਂਦਾ | ਉਸ ਦਿਨ ਕੁੜੀਆਂ ਸਜ ਸੰਵਰ ਕੇ ਆਉਂਦੀਆਂ, ਸਭ ਤੋਂ ਸੋਹਣਾ ਸੂਟ ਅਤੇ ਜੀਅ ਭਰ ਕੇ ਗਹਿਣੇ ਪਾਉਂਦੀਆਂ ਹੈ | ਪਹਿਲਾਂ ਕੁਝ ਸਮਾਂ ਦੱਬ ਕੇ ਗਿੱਧਾ ਪਾਇਆ ਜਾਂਦਾ ਹੈ ਫਿਰ ਅਗਵਾੜ ਜਾਂ ਪੱਤੀਆਂ ਮੁਤਾਬਿਕ ਦੋ ਟੋਲੀਆਂ ਬਣਾਈਆਂ ਜਾਂਦੀਆਂ ਹਨ | ਦੋ ਕੁੜੀਆਂ ਨੂੰ ਮੁੱਖ ਤੌਰ 'ਤੇ ਚੁਣ ਲਿਆ ਜਾਂਦਾ | ਇਕ ਲਾੜੇ ਅਤੇ ਦੂਜੀ ਲਾੜੀ ਦੇ ਰੂਪ ਵਿਚ ਚੁਣੀ ਜਾਂਦੀ ਹੈ | ਲਾੜਾ ਬਣੀ ਲੜਕੀ ਵਾਲਾ ਸਾਰਾ ਪਾਸਾ ਚੁੰਨੀਆਂ ਨੂੰ ਸਿਰਾਂ 'ਤੇ ਪੱਗਾਂ ਵਾਂਗ ਲਪੇਟ ਕੇ ਬਰਾਤੀ ਬਣਦੇ ਤੇ ਦੂਜੇ ਪਾਸੇ ਲਾੜੀ ਨੂੰ ਵਿਆਹੁਣ ਜਾਣ ਦਾ ਨਾਟਕੀ ਢੰਗ ਦਾ ਨਜ਼ਾਰਾ ਹੁੰਦਾ | ਇਕ ਦੂਜੀ ਦੇ ਬਾਹਾਂ ਵਿਚ ਬਾਹਾਂ ਪਾ ਕੇ ਅਰਧ ਚੱਕਰ ਬਣਾ ਲਏ ਜਾਂਦੇ ਹਨ | ਮੁੰਡੇ (ਲਾੜੇ) ਵਾਲੇ ਪਾਸੇ ਤੋਂ ਕੁੜੀਆਂ ਗੀਤ ਗਾਉਂਦੀਆਂ ਲਾੜੇ ਬਣੇ ਲੜਕੇ ਨੂੰ ਅੱਗੇ ਲਾ ਕੇ ਦੂਜੇ ਪਾਲੇ ਵੱਲ ਨੂੰ ਵਧਦੀਆਂ ਅਤੇ ਆਖਦੀਆਂ ਹਨ:
ਮੈਂ ਤਾਂ ਤੈਨੂੰ ਲੈਣ ਆ ਗਿਆ,
ਤੂੰ ਵੜ ਬੈਠੀ ਖੂੰਜੇ |
ਲੈ ਕੇ ਜਾਊਾਗਾ,
ਮੋਤੀ ਬਾਗ ਦੀਏ ਕੂੰਜੇ |
ਤੇ ਅੱਗੋਂ ਲਾੜੀ ਵਾਲੇ ਪਾਸੇ ਤੋਂ ਕੁੜੀਆਂ ਜਵਾਬ ਦਿੰਦੀਆਂ ਹਨ:
ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਐ,
ਜੰਝ ਬੁੱਢੜਿਆਂ ਦੀ ਆਈ ਮੁੰਡਾ ਕੋਈ ਕੋਈ ਐ |
ਤੇ ਆਈ ਬਰਾਤ ਦੇ ਸਵਾਗਤ ਲਈ ਪੱਤਿਆਂ ਦੀਆਂ ਬਣਾਈਆਂ ਪੱਤਲਾਂ ਨਾਟਕੀ ਢੰਗ ਨਾਲ ਪਰੋਸਦੀਆਂ ਤੇ ਜੰਝ ਬੰਨ੍ਹਣ ਦੀਆਂ ਰਸਮਾਂ ਕਰਦੀਆਂ ਹੇਅਰਾ ਲਾਉਂਦੀਆਂ:
ਕੌਲੀ ਤੇਰੀ ਕੱਚ ਦੀ ਲਾੜਿਆ, ਖੰਡ 'ਚ ਦੇਸੀ ਵੇ, ਘਿਓ,
ਮਾਮੇ ਮਾਸੜ ਬੰਨ੍ਹ ਤੇ, ਵਿਚੇ ਚਾਚਾ ਤਾਇਆ.., ਵੇ ਲਾੜਿਆ ਕੰਨ ਕਰੀਂ ਪਿਓ |
ਤੇ ਦੂਜੇ ਪਾਸੇ ਬਰਾਤੀਆਂ ਵਲੋਂ ਜੰਝ ਛੁਡਵਾਉਣ ਲਈ ਵੀ ਮੋੜਵਾਂ ਜਵਾਬ ਦਿੱਤਾ ਜਾਂਦਾ ਹੈ |
ਨਖਰੇ ਭਰੀਆਂ ਮੇਲਣਾਂ, ਕੋਈ ਖੜ੍ਹੀਆਂ ਬੰਨ੍ਹ ਕੇ ਜੀ ਪਾਲ਼,
ਬੰਨ੍ਹੀ ਜੰਝ ਛੁੜਾ ਲਵਾਂ ਕੋਈ ਮਿੱਠੇ ਬੋਲਾਂ ਦੇ, ਜੀ ਅੱਜ ਦਿਨ ਰੰਗਲੇ..ਨਾਲ਼ |
ਤੇ ਕੁੜੀ ਵਾਲੇ ਪਾਸਿਓ ਸਿੱਠਣੀਆਂ ਗਾਉਂਦੀਆਂ:-
ਲਾੜਾ ਤਾਂ ਬੈਠਾ ਤਖਤ ਹਜ਼ਾਰੇ, ਵੱਟ-ਵੱਟ ਮੁੱਕੀਆਂ ਮਾਮਿਆਂ ਦੇ ਮਾਰੇ
ਸਾਲ਼ਿਆ ਮੇਰੇ ਸਹੁਰੇ ਕਾਹਤੋਂ ਆਇਆ ਸੀ |
ਇਸ ਤਰਾਂ ਪਹਿਲੇ ਗੇੜੇ ਵਿਚੋਲਾ ਭੇਜਣ ਦੀ ਰਸਮ, ਫੇਰ ਸ਼ਗਨ, ਵਿਆਹ, ਮੁਕਲਾਵਾ ਇੱਧਰੋਂ ਉੱਧਰ ਦੋਵੇਂ ਟੋਲੀਆਂ ਜਾਂਦੀਆਂ ਤੇ ਵਾਪਸ ਆਪਣੀ ਥਾਂ 'ਤੇ ਆ ਕੇ ਖੜ੍ਹ ਜਾਂਦੀਆਂ ਹਨ | ਆਲੇ-ਦੁਆਲੇ ਝੁਰਮਟ ਪਾਈ ਮੁਟਿਆਰਾਂ ਆਪਣੇ-ਆਪਣੇ ਪਾਸੇ ਦੀ ਹਮਾਇਤ ਕਰਦੀਆਂ ਹਨ | ਦੋਵਾਂ ਪਾਸਿਆਂ ਦੀ ਅਗਵਾਈ ਪਿੰਡ ਦੀਆਂ ਸਿਆਣੀਆਂ ਔਰਤਾਂ ਕਰਦੀਆਂ ਹਨ | ਇਸ ਤਰ੍ਹਾਂ ਰਸਮੋ-ਰਿਵਾਜ ਕਰਦੇ-ਕਰਦੇ ਲਾੜਾ ਲਾੜੀ ਨੂੰ ਵਿਆਹ ਕੇ ਲੈ ਜਾਂਦਾ ਤੇ ਦੋਵੇਂ ਧਿਰਾਂ ਇਕੱਠੀਆਂ ਹੋ ਕੇ ਜ਼ੋਰ ਦਾ ਗਿੱਧਾ ਪਾਉਂਦੀਆਂ ਹਨ | ਕਾਫੀ ਦੇਰ ਤੱਕ ਬੋਲੀਆਂ ਮੀਂਹ ਵਾਂਗ ਵਰ੍ਹਦੀਆਂ ਹਨ | ਮੁਟਿਆਰਾਂ ਨੱਚ-ਨੱਚ ਹਾਲੋਂ-ਬੇਹਾਲ ਹੋ ਜਾਂਦੀਆਂ ਹੈ | ਸਮੇਂ ਦਾ ਖਿਆਲ ਨਾ ਰਹਿੰਦਾ ਤੇ ਫਿਰ ਸਿਆਣੀਆਂ ਔਰਤਾਂ (ਵਡੇਰੀ ਉਮਰ ਦੀਆਂ) ਵਿਚੋਂ ਹੀ ਕਈ ਆਖਦੀਆਂ, ਚਲੋ ਭਾਈ ਹੁਣ ਕਵੇਲਾ ਹੋ ਗਿਆ ਹੈ | ਇਸ ਤਰ੍ਹਾਂ ਇਕ ਦੂਜੀ ਨੂੰ ਮਿਲਦੀਆਂ, ਫਿਰ ਮਿਲਣ ਦਾ ਵਾਅਦਾ ਕਰਦੀਆਂ, ਵੱਟਾਂ 'ਤੇ ਉੱਗੇ ਹਰੇ ਕਚੂਰ ਘਾਹ ਦੀ ਦੁੱਭ ਪੱਟ ਲੈਂਦੀਆਂ ਹਨ | ਘਰ ਨੂੰ ਆਉਂਦੀਆਂ ਥਾਂ-ਥਾਂ 'ਤੇ ਖੜ੍ਹ ਕੇ ਚੱਕਰ ਬਣਾ ਕੇ ਗਿੱਧਾ ਪਾਉਂਦੀਆਂ | ਇਸ ਦਿਨ ਦੀਆਂ ਬੋਲੀਆਂ ਵਿਛੋੜੇ ਦੇ ਵੈਰਾਗ ਨੂੰ ਪ੍ਰਗਟ ਕਰਦੀਆਂ ਹਨ | ਕੁੜੀਆਂ ਬੋਲੀ ਪਾਉਂਦੀਆਂ :-
ਚੰਦ ਕੁੜੀਆਂ ਦਾ ਵੈਰੀ, ਗੋਡੀ ਮਾਰ ਗਿਆ |
ਪੰਜ ਪੁੱਤ ਕੰਗਣਾ ਦੀ ਜੋੜੀ, ਤੀਆਂ ਵੇ ਲਵਾਉਣ ਵਾਲਿਆ |
ਤੇਰੀ ਅੱਖ 'ਤੇ ਭਰਿੰਡ ਲੜ ਜਾਵੇ, ਤੀਆਂ ਵੇ ਹਟਾਉਣ ਵਾਲਿਆ |
ਸਾਉਣ ਵੀਰ 'ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ |
ਸੁਣ ਵੇ ਪਿੱਪਲਾ ਸੁਣ ਵੇ ਬਰੋਟਿਆ
ਸੁਣ ਲੀਂ ਗੱਲ ਕੰਨ ਲਾ ਕੇ |
ਵਧ ਫੁੱਲ ਕੇ ਤੂੰ ਵੱਡਾ ਹੋਜੀਂ, ਲਗਰਾਂ ਰੱਖੀਂ ਵਧਾ ਕੇ
ਵਰ੍ਹੇ ਦਿਨਾਂ ਨੂੰ ਫੇਰ ਮਾਹੀ ਤੋਂ ਛੁੱਟੀਆਂ ਲੈ ਕੇ ਆਵਾਂ,
ਤੇਰਾ ਜਸ ਪਿੱਪਲਾ ਵਿਚ ਗਿੱਧਿਆਂ ਦੇ ਗਾਵਾਂ |
ਤੇ ਸੱਥ ਵਿਚ ਬੈਠੇ ਵੀਰਾਂ ਨੂੰ ਸੁਣਾ ਕੇ ਆਖਦੀਆਂ:-
ਠੰਢੇ ਸੀਲ਼ੇ ਹੋ ਜੋ ਵੀਰਨੋ, ਅਸੀਂ ਤੀਆਂ ਨੂੰ ਵਿਦਾ ਕਰ ਆਈਆਂ |
ਤੇ ਨਾਲ ਹੀ ਮਿਲਣ ਦੀ ਆਸ ਨਾਲ ਆਖਦੀਆਂ:-
ਤੀਆਂ ਤੀਜ ਦੀਆਂ ਵਰ੍ਹੇ, ਦਿਨਾਂ ਨੂੰ ਫੇਰ |
ਇਸ ਦਿਨ ਪਿੰਡ ਦੇ ਹਰ ਘਰ ਗੁਲਗਲੇ ਜਾਂ ਪੂੜੇ ਬਣਦੇ ਤੇ ਕੁੜੀਆਂ ਬੋਲੀ ਰਾਹੀਂ ਆਖਦੀਆਂ:-
ਸਾਰੇ ਪਿੰਡ ਨੇ ਗੁਲਗੁਲੇ ਖਾਧੇ,
ਪੱਜ ਸਿਰ ਕੁੜੀਆਂ ਦੇ |
ਇਸ ਤਰ੍ਹਾਂ ਆਪੋ-ਆਪਣੇ ਘਰਾਂ ਨੂੰ ਹੱਸਦੀਆਂ ਖੇਡਦੀਆਂ ਪਹੁੰਚਦੀਆਂ ਤੇ ਤੀਆਂ ਤੋਂ ਲਿਆਂਦਾ ਦੁੱਭ ਨਲਕੇ ਦੀ ਜੜ੍ਹ 'ਚ ਰੱਖ ਕੇ ਆਖਦੀਆਂ |
ਵੀਰ ਮੇਰੇ ਦਾ ਵਿਹੜਾ, ਦੁੱਭ ਵਾਂਗ ਹਰਾ ਰਹੇ |
ਅਤੇ
ਵੀਰਾ ਤੇਰੀ ਜੜ੍ਹ, ਲੱਗਜੇ ਵੇ ਮੈਂ ਨਿੱਤ ਬਰ੍ਹਮੇ ਜਲ ਪਾਵਾਂ |
ਨਲਕੇ ਦੀ ਜੜ੍ਹ 'ਚ ਦੁੱਭ ਰੱਖਦੀ ਧੀ ਨੂੰ ਦੇਖ ਮਾਂ ਕਈ ਵਾਰੀ ਮਜ਼ਾਕ ਨਾਲ ਆਖ ਦਿੰਦੀ:-
ਕੁੜੀਆਂ ਦੁੱਭ ਲਿਆਈਆਂ ਮੇਰੀ ਕਮਲੀ ਤਾਂਦਲਾ ਲਿਆਈ |
ਤੇ ਕੁੜੀ ਮਾਂ ਦੇ ਗਲ ਬਾਹਾਂ ਪਾ ਕੇ ਮੋੜਵਾਂ ਜਵਾਬ ਦੇ ਦਿੰਦੀ:-
ਸ਼ੰਮਲੇ ਵਾਲਾ ਆ ਗਿਆ ਨੀ ਮਾਏ,
ਪਾ ਕੇ ਸੰਧੂਰੀ ਬਾਣਾ,
ਤੇਰੀ ਕਮਲੀ ਨੇ ਤੁਰ ਸਹੁਰਿਆਂ ਨੂੰ ਜਾਣਾ |
ਇਸ ਤਰ੍ਹਾਂ ਇਨ੍ਹਾਂ ਰੰਗਲੇ ਦਿਨਾਂ ਦੀਆਂ ਯਾਦਾਂ ਲੈ, ਵੀਰ ਦੇ ਰੱਖੜੀ ਬੰਨ੍ਹ, ਮਾਂ ਵਲੋਂ ਸੰਧਾਰੇ ਦੇ ਰੂਪ ਵਿਚ ਦਿੱਤੇ ਤੋਹਫਿਆਂ ਨੂੰ ਸਵੀਕਾਰਦੀ, ਸੰਭਾਲਦੀ ਮੁਟਿਆਰ ਇਕ ਘਰ ਤੋਂ ਦੂਜੇ ਘਰ ਦੇ ਰਾਹ ਪੈ ਜਾਂਦੀ ਹੈ |
ਸਮੇਂ ਦੇ ਬਦਲਣ ਨਾਲ ਇਸ ਰਸਮ ਦੇ ਨਾਲ-ਨਾਲ ਇਹ ਸ਼ਬਦ ਵੀ ਅਲੋਪ ਹੋ ਗਏ | ਅੱਜ ਦੀ ਨਵੀਂ ਪੀੜ੍ਹੀ ਨੂੰ 'ਬੱਲ੍ਹੋ' ਸ਼ਬਦ ਦਾ ਪਤਾ ਵੀ ਨਹੀਂ ਹੋਣਾ ਕਿ ਇਹ ਕੀ ਸ਼ੈਅ ਹੁੰਦੀ ਹੈ | ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਰੰਗ ਵਿਚ ਰੰਗੀ ਵੈਲੇਨਟਾਈਨ ਡੇ, ਰੋਜ਼ ਡੇ, ਫਰੈਂਡਸ਼ਿਪ ਡੇ ਆਦਿ ਦੀ ਮੁਰੀਦ ਹੋ ਗਈ ਹੈ ਅਤੇ ਇਹ ਦਿਨ ਸਿਰਫ ਵੱਟਸਐਪ ਅਤੇ ਫੇਸਬੁੱਕ ਦੇ ਬੇਜਾਨ ਪੰਨਿਆ ਉੱਤੇ ਮੁਹੱਬਤੋਂ ਕੋਰੇ ਅਤੇ ਦਿਖਾਵਿਆਂ ਨਾਲ ਲੱਦੇ, ਅੰਗੂਠਿਆਂ ਦੀ ਮਾਰ ਝੱਲਦੇ ਏਧਰੋਂ-ਉੱਧਰ ਦਾ ਸਫਰ ਇਕ ਦਿਨ ਵਿਚ ਮੁਕਾ ਆਖਰ ਡਲੀਟ ਬਟਨ ਦੀ ਭੇਟ ਚੜ੍ਹ ਜਾਂਦੇ ਹਨ |

-ਮੋਬਾਈਲ : 9465434177.

ਪਾਲੀਵੁੱਡ ਝਰੋਖਾ ਪੰਜਾਬੀ ਸਿਨੇਮਾ ਨੂੰ ਪੁਨਰ-ਸੁਰਜੀਤ ਕਰਨ ਵਾਲਾ : ਮਨਮੋਹਨ ਸਿੰਘ

ਮੁਲਖ ਰਾਜ ਭਾਖੜੀ ਅਤੇ ਜੁਗਲ ਕਿਸ਼ੋਰ ਤੋਂ ਬਾਅਦ ਪੰਜਾਬੀ ਫ਼ਿਲਮ ਨਿਰਦੇਸ਼ਕਾਂ ਦੀ ਲਿਸਟ 'ਚ ਮਨਮੋਹਨ ਸਿੰਘ ਦਾ ਨਾਂਅ ਹੀ ਆਉਂਦਾ ਹੈ | ਉਂਜ ਕਹਿਣ ਨੂੰ ਤਾਂ ਵਰਿੰਦਰ, ਬੀ.ਆਰ. ਝੀਂਗਣ, ਧਰਮਪਾਲ, ਹਰੀ ਦੱਤ ਅਤੇ ਮਨੋਜ ਪੰੁਜ ਵਰਗੇ ਨਿਰਦੇਸ਼ਕਾਂ ਦਾ ਯੋਗਦਾਨ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਪਰ ਜਿਸ ਤਰ੍ਹਾਂ ਮਨਮੋਹਨ ਸਿੰਘ ਨੇ ਇਸ ਖੇਤਰੀ ਸਿਨੇਮਾ ਨੂੰ ਪੁਨਰ-ਸੁਰਜੀਤ ਕੀਤਾ ਸੀ, ਉਸ ਦੀ ਮਿਸਾਲ ਮਿਲਣੀ ਕਠਿਨ ਹੈ |
ਮਨਮੋਹਨ ਸਿੰਘ ਦੀ ਦੇਣ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਸ ਨੇ ਹਿੰਦੀ ਸਿਨੇਮਾ ਦਾ ਖੇਤਰ ਤਿਆਗ ਕੇ ਆਪਣਾ ਇਕ ਨਿਵੇਕਲਾ ਰਸਤਾ ਚੁਣਿਆ ਸੀ | ਉਹ ਯਸ਼ਰਾਜ ਫ਼ਿਲਮਜ਼ ਵਾਲਿਆਂ ਦਾ ਚਹੇਤਾ ਫੋਟੋਗ੍ਰਾਫਰ ਸੀ | 'ਚਾਂਦਨੀ' ਵਰਗੀ ਫ਼ਿਲਮ ਨੂੰ ਸਫਲ ਬਣਾਉਣ ਪਿਛੇ ਉਸ ਦੀ ਫੋਟੋਗ੍ਰਾਫੀ ਦਾ ਹੀ ਕਮਾਲ ਸੀ | ਜੇਕਰ ਫ਼ਿਲਮੀ ਸੂਤਰਾਂ 'ਤੇ ਵਿਸ਼ਵਾਸ ਕਰੀਏ ਤਾਂ ਪਤਾ ਲਗਦਾ ਹੈ ਕਿ ਉਸ ਦਾ ਮੁਆਵਜ਼ਾ ਉਸ ਵੇਲੇ 25 ਲੱਖ ਪ੍ਰਤੀ ਫ਼ਿਲਮ ਸੀ | ਇਹ ਰਕਮ ਉਸ ਵੇਲੇ ਦੇ ਕਈ ਲੋਕਪਿ੍ਆ ਨਾਇਕਾਂ/ਨਾਇਕਾਵਾਂ ਦੀ ਫੀਸ ਦੇ ਬਰਾਬਰ ਸੀ | ਯਸ਼ ਚੋਪੜਾ ਲਈ ਹੀ ਉਸ ਨੇ 'ਡਰ', 'ਦਿਲਵਾਲੇ ਦੁਲਹਨੀਆ ਲੇ ਜਾਏਾਗੇ' ਅਤੇ 'ਮੁਹੱਬਤੇਂ' ਵਰਗੀਆਂ ਸਫ਼ਲ ਫ਼ਿਲਮਾਂ ਦੀ ਫੋਟੋਗ੍ਰਾਫੀ ਕੀਤੀ ਸੀ |
ਮਨਮੋਹਨ ਸਿੰਘ ਦਾ ਜਨਮ ਸਿਰਸਾ (ਹਰਿਆਣਾ) ਦੇ ਨਜ਼ਦੀਕ ਇਕ ਪਿੰਡ ਨੇਜਾ ਡੇਲਾ ਕਲਾਂ ਵਿਚ ਹੋਇਆ ਸੀ | ਉਸ ਨੇ ਫੋਟੋਗ੍ਰਾਫੀ (ਫ਼ਿਲਮ) ਦੀ ਜਾਣਕਾਰੀ ਪੂਨਾ ਫ਼ਿਲਮ ਇੰਸਟੀਚਿਊਟ ਤੋਂ ਹਾਸਲ ਕੀਤੀ ਸੀ | ਉਸ ਦੀ ਪਹਿਲੀ ਫ਼ਿਲਮ 'ਬੇਤਾਬ' ਸੀ ਜਿਸ ਦਾ ਨਿਰਮਾਣ ਧਰਮਿੰਦਰ ਨੇ ਆਪਣੇ ਬੇਟੇ ਸੰਨੀ ਦਿਓਲ ਨੂੰ ਫ਼ਿਲਮਾਂ 'ਚ ਲਾਂਚ ਕਰਨ ਲਈ ਕੀਤਾ ਸੀ | ਇਸ ਤੋਂ ਬਾਅਦ ਉਸ ਨੂੰ ਲਗਪਗ ਵੱਡੇ ਬੈਨਰਾਂ ਦੀਆਂ ਕਈ ਫ਼ਿਲਮਾਂ 'ਲੇਕਿਨ', 'ਲਮਹੇ', 'ਚਾਲਬਾਜ਼' ਮਿਲੀਆਂ |
ਪਰ ਸਾਲ 2000 ਦੇ ਕਰੀਬ ਮਨਮੋਹਨ ਸਿੰਘ ਨੇ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਕ ਬਣਨ ਦਾ ਇਰਾਦਾ ਕਰ ਲਿਆ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਦੀ ਪਹਿਲੀ ਹੀ ਫ਼ਿਲਮ 'ਜੀ ਆਇਆਂ ਨੂੰ ' (2003) ਸਫ਼ਲ ਰਹੀ ਸੀ | ਇਸ ਨੇ ਹਰਭਜਨ ਮਾਨ ਵਰਗਾ ਸਿਤਾਰਾ ਪੰਜਾਬੀ ਫ਼ਿਲਮਾਂ ਨੂੰ ਦਿੱਤਾ ਸੀ |
ਇਸ ਤੋਂ ਬਾਅਦ ਮਨਮੋਹਨ ਸਿੰਘ ਨੇ 'ਅਸਾਂ ਨੂੰ ਮਾਣ ਵਤਨਾਂ ਦਾ' (2004), 'ਯਾਰਾਂ ਨਾਲ ਬਹਾਰਾਂ' (2005), 'ਦਿਲ ਆਪਣਾ ਪੰਜਾਬੀ' (2006), 'ਮਿੱਟੀ 'ਵਾਜ਼ਾਂ ਮਾਰਦੀ' (2007), 'ਮੇਰਾ ਪਿੰਡ' (2008), 'ਮੰੁਡੇ ਯੂ. ਕੇ. ਦੇ' (2009) 'ਇਕ ਕੁੜੀ ਪੰਜਾਬ ਦੀ' (2010), 'ਅੱਜ ਦੇ ਰਾਂਝੇ' (2012) ਅਤੇ 'ਆ ਗਏ ਮੰੁਡੇ ਯੂ. ਕੇ. ਦੇ' (2014) ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ |
ਮਨਮੋਹਨ ਸਿੰਘ ਦੀਆਂ ਇਨ੍ਹਾਂ ਕਿਰਤਾਂ 'ਤੇ ਇਹ ਦੋਸ਼ ਅਕਸਰ ਲਗਾਇਆ ਜਾਂਦਾ ਰਿਹਾ ਹੈ ਕਿ ਉਸ ਦੀਆਂ ਫ਼ਿਲਮਾਂ ਵਧੇਰੇ ਕਰਕੇ ਪ੍ਰਵਾਸੀ ਭਾਰਤੀਆਂ ਨੂੰ ਕੇਂਦਰ ਬਿੰਦੂ ਬਣਾ ਕੇ ਬਣਾਈਆਂ ਗਈਆਂ ਹਨ | ਪਰ ਇਨ੍ਹਾਂ ਆਲੋਚਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਨਮੋਹਨ ਸਿੰਘ ਨੇ ਪੰਜਾਬੀ ਫ਼ਿਲਮਾਂ ਨੂੰ 'ਜੱਟਵਾਦ' ਵਿਚੋਂ ਕੱਢ ਕੇ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ ਵਾਲਾ ਪੱਧਰ ਪ੍ਰਦਾਨ ਕੀਤਾ ਸੀ, ਜਿਸ ਨਾਲ ਪੰਜਾਬੀ ਸਿਨੇਮਾ ਦਾ ਸਮੁੱਚਾ ਮੁਹਾਂਦਰਾ ਹੀ ਬਦਲ ਗਿਆ ਸੀ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਜਿਊਣ ਰੁੱਖਾਂ ਦੀਆਂ ਛਾਵਾਂ

ਧਰਤੀ ਦੀ ਗੋਦ ਨੂੰ ਹਰੀ-ਭਰੀ, ਸੁਹਜਮਈ ਅਤੇ ਜੀਵਨ ਚੱਕਰ ਨੂੰ ਚੱਲਦਾ ਰੱਖਣ ਲਈ ਕੁਦਰਤ ਨੇ ਕਈ ਪ੍ਰਕਾਰ ਦੀ ਬਨਸਪਤੀ ਤੇ ਅਨੇਕਾਂ ਕਿਸਮਾਂ ਦੇ ਰੁੱਖਾਂ ਦੇ ਰੂਪ ਵਿਚ ਵਿਸ਼ੇਸ਼ ਤੋਹਫਾ ਦਿੱਤਾ ਹੈ | ਜਿੱਥੇ ਇਹ ਤੋਹਫਾ ਮੁੱਢ ਕਦੀਮ ਤੋਂ ਹੀ ਮਨੁੱਖ ਸਮੇਤ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਦਾ ਓਟ ਆਸਰਾ ਬਣਦਾ ਆ ਰਿਹਾ ਹੈ, ਉਥੇ ਕੁਦਰਤ ਦੇ ਕਾਰਖਾਨੇ ਵਜੋਂ ਵਿਚਰ ਕੇ ਕਾਰਬਨ ਡਾਇਆਕਸਾਈਡ ਨੂੰ ਆਪਣੇ ਵਿਚ ਜ਼ਜ਼ਬ ਕਰਦਿਆਂ ਸਾਥੋਂ ਬਗੈਰ ਕੁਝ ਮੰਗਿਆਂ ਆਕਸੀਜਨ ਵਿਚ ਬਦਲ ਕੇ ਸਾਨੂੰ ਮੁਫਤ ਵਿਚ ਹੀ ਸਵੱਸਥ ਤੇ ਸਾਫ-ਸੁਥਰੇ ਸਵਾਸ ਬਖਸ਼ ਰਿਹਾ ਹੈ | ਆਕਸੀਜਨ ਤੋਂ ਬਿਨਾਂ ਸਾਡਾ ਜੀਵਨ ਅਸੰਭਵ ਹੈ | ਰੁੱਖ ਹੀ ਨੇ ਜੋ ਵਾਤਾਵਰਨ ਵਿਚ ਸੰਤੁਲਨ ਕਾਇਮ ਰੱਖ ਕੇ ਮੀਂਹ ਵਰ੍ਹਾਉਣ ਵਿਚ ਸਹਾਇਕ ਹੁੰਦੇ ਹਨ ਤੇ ਹੜ੍ਹਾਂ ਵਿਚ ਇਕ ਵੱਡੀ ਰੁਕਾਵਟ ਬਣਦਿਆਂ ਧਰਤੀ ਮਾਂ ਦੀ ਰੱਖਿਆ ਵੀ ਕਰਦੇ ਹਨ | ਧਰਤੀ 'ਤੇ ਵਾਤਾਵਰਨ ਦਾ ਸਾਰਾ ਚੱਕਰ (ਗਰਮੀ-ਸਰਦੀ, ਬਸੰਤ, ਸ਼ੁੱਧ ਪਾਣੀ-ਹਵਾ ਆਦਿ) ਰੁੱਖਾਂ ਤੇ ਇਨ੍ਹਾਂ ਦੀ ਹਰਿਆਵਲ ਦੇ ਦੁਆਲੇ ਹੀ ਘੁੰਮਦਾ ਹੈ |
ਅੱਜ ਸੁੱਖ-ਸਹੂਲਤਾਂ ਦੇ ਲੱਖਾਂ ਹੀ ਸਾਧਨ ਹੋਣ ਦੇ ਬਾਵਜੂਦ ਰੁੱਖਾਂ ਦੀ ਨਿਆਮਤ ਹਰੀ-ਭਰੀ ਠੰਢੀ ਛਾਂ ਦੀ ਅਜੇ ਵੀ ਪੂਰੀ ਮਹੱਤਤਾ ਹੈ ਤੇ ਏ.ਸੀ. ਦੀ ਬਨਾਉਟੀ ਠੰਢ ਨਾਲੋਂ ਇਹ ਛਾਂ ਸਿਹਤ ਲਈ ਕਈ ਗੁਣਾਂ ਚੰਗੀ ਹੁੰਦੀ ਹੈ | ਨਿੰਮ ਦੀ ਛਾਂ ਬਾਰੇ ਜਗਤ ਪ੍ਰਸਿੱਧ ਗੱਲ ਹੈ ਕਿ ਇਸ ਦੀ ਛਾਂ ਮਾਣਨ ਨਾਲ ਸਰੀਰ ਫੋੜੇ-ਫਿਨਸੀ ਤੇ ਕਈ ਚਮੜੀ ਰੋਗਾਂ ਤੋਂ ਬਚਿਆ ਰਹਿੰਦਾ ਹੈ | ਇਸ ਦੀ ਦਾਤਣ ਵੀ ਦੰਦਾਂ ਲਈ ਵਰਦਾਨ ਹੁੰਦੀ ਹੈ | ਪਿੱਪਲਾਂ-ਬੋਹੜਾਂ ਵਰਗੇ ਅਤੇ ਹੋਰ ਅਨੇਕਾਂ ਰੁੱਖਾਂ ਦੀਆਂ ਜੜ੍ਹਾਂ, ਦਾੜ੍ਹੀ, ਪੱਤਿਆਂ ਤੇ ਦੁੱਧ ਆਦਿ ਤੋਂ ਬਣਦੀਆਂ ਔਸ਼ਧੀਆਂ ਦੀ ਦਵਾਈ ਦੇ ਤੌਰ 'ਤੇ ਆਪਣੀ ਖਾਸ ਮਹਾਨਤਾ ਹੈ ਜੋ ਕਿਸੇ ਸਬੂਤ ਦੀ ਵੀ ਮੁਥਾਜ ਨਹੀਂ ਪਰ ਇਨ੍ਹਾਂ ਪ੍ਰਤੀ ਸਾਡੀ ਬੇਰੁਖ਼ੀ ਸਿਖਰ 'ਤੇ ਹੈ | ਸਾਡੇ ਕਹਿਰ ਰੂਪੀ ਕੁਹਾੜੇ ਸਦਕਾ ਰੁੱਖਾਂ ਦੀ ਭਾਰੀ ਕਮੀ ਹੋ ਰਹੀ ਹੈ ਤੇ ਰੁੱਖਾਂ ਦੀਆਂ ਕਈ ਨਸਲਾਂ ਜਿਵੇਂ ਪਿੱਪਲ, ਬੋਹੜ, ਟਾਹਲੀ, ਕਿੱਕਰ, ਫਲਾਹ, ਪੀਲੂ, ਗੋਰਖ, ਇਮਲੀ ਤੇ ਜੰਡ-ਕਰੀਰ ਆਦਿ ਤਾਂ ਲਗਪਗ ਅਲੋਪ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਹਨ |
ਇਸ ਅਕਿ੍ਤਘਣਤਾ ਭਰੀ ਬਿਰਤੀ ਨਾਲ ਜਲਵਾਯੂ ਤੇ ਵਾਤਾਵਰਨ ਇਕ ਵਿਰਾਟ ਰੂਪ ਧਾਰਨ ਕਰਦੇ ਜਾ ਰਹੇ ਹਨ | ਜੋ ਸਭ ਤਰ੍ਹਾਂ ਦੇ ਜੀਵਨ 'ਤੇ ਭਾਰੀ ਖਤਰੇ ਦੇ ਸੂਚਕ ਹਨ | ਅਸੀਂ ਹਥੇਲੀ 'ਤੇ ਉਕਰੇ ਜਾ ਰਹੇ ਇਸ ਸੱਚ ਤੋਂ ਬੇਮੁਖ ਤੇ ਅਵੇਸਲੇ ਹੋ ਕੇ ਬੇਵਫ਼ਾਈ ਦੇ ਪਾਤਰ ਬਣ ਕੇ ਧਰਤੀ ਮਾਂ ਦੇ ਕਪੁੱਤ ਬਣੇ ਹੋਏ ਹਾਂ | ਸਿਹਤਮੰਦ ਸੁਆਸਾਂ ਤੋਂ ਬਗੈਰ ਭਲਾ ਅਸੀਂ ਕਿੰਨਾ ਕੁ ਚਿਰ ਜੀਵਤ ਰਹਿ ਸਕਦੇ ਹਾਂ? ਇਸ ਬਾਰੇ ਭਲੀਭਾਂਤ ਜਾਣੂ ਹੁੰਦੇ ਹੋਏ ਵੀ ਇਨ੍ਹਾਂ ਦਰਵੇਸ਼ਾਂ ਮਗਰ ਪੱਛੀ ਦੀ ਲੋਅ ਲੈ ਕੇ ਪਏ ਹੋਏ ਹਾਂ | ਜੇਕਰ ਅਸਾਂ ਆਪਣੀ ਇਸ ਅਕਿ੍ਤ ਭਰੀ ਬਿਰਤੀ ਵਿਚ ਬਦਲਾਅ ਨਾ ਲਿਆਂਦਾ ਤਾਂ ਉਹ ਦਿਨ ਦੂਰ ਨਹੀਂ ਜਦ ਸਾਨੂੰ ਸਾਹ ਲੈਣ ਲਈ ਆਕਸੀਜਨ ਦੇ ਸਿਲੰਡਰ ਵੀ ਮੋਢਿਆਂ 'ਤੇ ਚੁੱਕਣੇ ਪੈ ਜਾਣਗੇ | ਇਥੇ ਇਹ ਵੀ ਵਰਨਣਯੋਗ ਹੈ ਕਿ ਰੁੱਖਾਂ ਦੀ ਲੱਕੜ 'ਤੇ ਸਾਡੀਆਂ ਬਹੁਤ ਸਾਰੀਆਂ ਲੋੜਾਂ ਨਿਰਭਰ ਹਨ | ਇਨ੍ਹਾਂ ਲੋੜਾਂ ਦੀ ਪੂਰਤੀ ਲਈ ਜੇ ਰੁੱਖ ਵੱਢਣੇ ਜ਼ਰੂਰੀ ਹਨ ਤਾਂ ਉਨ੍ਹਾਂ ਦੀ ਥਾਂ ਨਵਾੇ ਰੁੱਖ ਲਾਉਣੇ ਉਸ ਤੋਂ ਵੀ ਵਧੇਰੇ ਜ਼ਰੂਰੀ ਹਨ, ਇਹ ਤਾਂ ਨੈਤਿਕਤਾ ਭਰੀ ਮਨੁੱਖੀ ਜ਼ਿੰਮੇਵਾਰੀ ਵੀ ਹੈ ਕਿ ਸਿਰੋਂ ਨੰਗੀ ਹੁੰਦੀ ਜਾ ਰਹੀ ਧਰਤੀ ਮਾਂ ਨਾਲ ਵਫ਼ਦਾਰੀ ਨਿਭਾਉਂਦਿਆਂ ਇਸ ਦਾ ਸਿਰ ਕੱਜਣ ਦੀ ਕੋਸ਼ਿਸ਼ ਕਰੀਏ |
ਸੋ, ਰੁੱਖ ਲਾਉਣੇ ਤੇ ਬਚਾਉਣੇ ਸਾਡਾ ਕਰਮ-ਧਰਮ ਬਣ ਜਾਣਾ ਚਾਹੀਦਾ ਹੈ ਤਾਂ ਕਿ ਰੁੱਖਾਂ ਦੀਆਂ ਛਾਵਾਂ ਜਿਊਾਦੀਆ ਰਹਿ ਸਕਣ ਜਿਨ੍ਹਾਂ ਸਦਕਾ ਹੀ ਸਾਡੀ ਸਭ ਦੀ ਹੋਂਦ ਵੀ ਬਰਕਰਾਰ ਰਹਿ ਸਕੇਗੀ | ਇਨ੍ਹਾਂ ਜੀਵਨ ਦਾਤਿਆਂ ਦੀ ਇਸ ਵਿਸ਼ੇਸ਼ ਮਹੱਤਤਾ ਨੂੰ ਮੱਦੇਨਜ਼ਰ ਰੱਖਦਿਆਂ ਸਾਨੂੰ ਸਭ ਨੂੰ ਆਪਣੇ ਘਰਾਂ, ਆਲੇ-ਦੁਆਲੇ ਤੇ ਰਾਹਾਂ ਦੇ ਖਾਲੀ ਪਏ ਕਿਨਾਰਿਆਂ 'ਤੇ ਰੁੱਖ ਲਾ ਕੇ ਇਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਨ ਦੇ ਅਭਿਆਸੀ ਕਮਰਕੱਸੇ/ ਉਪਰਾਲੇ ਕਰ ਲੈਣੇ ਚਾਹੀਦੇ ਹਨ ਤਾਂ ਕਿ ਧਰਤੀ ਮਾਂ ਦੇ ਵਫਦਾਰ ਸਪੂਤ(ਧੀਆਂ-ਪੁੱਤ) ਅਖਵਾਉਣ ਦੇ ਹੱਕਦਾਰ ਬਣ ਸਕੀਏ |
'ਸਵੱਸਥ ਸੁਆਸਾਂ ਦਾ ਲੰਗਰ' ਲਾਉਣਾ ਜਾਨੀ ਰੁੱਖ ਲਾਉਣੇ ਤੇ ਪਾਲਣੇ ਇਕ 'ਉਤਮ ਸੇਵਾ' ਹੈ | ਸੋ, ਆਓ! ਇਸ 'ਉੱਤਮ ਸੇਵਾ' ਨਾਲ ਵੀ ਜੁੜੀਏ | ਵਰਖਾ ਰੁੱਤ ਦਾ ਆਗਾਜ਼ ਹੋ ਚੁੱਕਾ ਹੈ | ਜੰਗਲਾਤ ਵਿਭਾਗ ਤੇ ਹੋਰ ਨਰਸਰੀਆਂ ਵੱਖ-ਵੱਖ ਬੂਟਿਆਂ ਦੀ ਪਨੀਰੀ ਵੀ ਤਿਆਰ ਕਰ ਕੇ ਸਾਡਾ ਇੰਤਜ਼ਾਰ ਕਰ ਰਹੀਆਂ ਹਨ | ਬਹੁਤ ਸਾਰੀਆਂ ਧਾਰਮਿਕ/ਸਮਾਜ ਸੇਵੀ ਸੰਸਥਾਵਾਂ ਭੇਟਾ ਰਹਿਤ 'ਬੂਟਾ ਪ੍ਰਸ਼ਾਦ' ਵੰਡ ਵੀ ਰਹੀਆਂ ਹਨ |' ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਪੰਜਾਬ ਸਰਕਾਰ ਨੇ ਮੋਬਾਈਲ ਐਪ 'ਈ-ਹਰਿਆਵਲੀ' ਰਾਹੀਂ ਮੁਫ਼ਤ ਬੂਟੇ ਦੇਣ ਦੀ ਵਿਵਸਥਾ ਵੀ ਕੀਤੀ ਹੋਈ ਹੈ | ਸੋ ਥਾਂ-ਥਾਂ 'ਸਵੱਸਥ ਸੁਆਸ ਲੰਗਰ' ਚਾਲੂ ਹੋ ਜਾਣੇ ਚਾਹੀਦੇ ਹਨ | ਵੈਸੇ ਵੀ ਬਾਬਾ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ 'ਨਾਲੇ ਪੁੰਨ ਨਾਲੇ ਫਲੀਆਂ' ਵਾਲੀ ਸੇਵਾ ਕਮਾ ਲੈਣੀ ਚਾਹੀਦੀ ਹੈ | ਬੂਟੇ ਲਾਉਣ ਤੇ ਸੰਭਾਲਣ ਦੀ ਇਸ 'ਉਤਮ ਸੇਵਾ' ਵਿਚ ਵਧ-ਚੜ ਕੇ ਹਿੱਸਾ ਲਈਏ | ਖੁਸ਼ੀ ਜਾਂ ਹੋਰ ਮੌਕਿਆਂ 'ਤੇ 'ਰੁੱਖ ਦੇ ਅਨੇਕਾਂ ਸੁੱਖ' ਨੂੰ ਯਾਦ ਰੱਖ ਕੇ 'ਬੂਟਾ ਪ੍ਰਸ਼ਾਦ ਗੋਲਕ' ਵਿਚ ਇਨ੍ਹਾਂ ਦਰਵੇਸ਼ਾਂ ਲਈ ਵੀ ਥੋੜ੍ਹਾ ਬਹੁਤ ਫੰਡ ਜਟਾਉਣ ਦੀ ਲੋੜ ਵੀ ਪੈ ਜਾਏ ਤਾਂ ਵੀ ਇਹ ਸੌਦਾ ਉੱਕਾ ਈ ਮਹਿੰਗਾ ਨਹੀਂ ਸਗੋਂ ਇਸ ਸੌਦੇ ਦੇ ਹਰ ਪਾਸਿਓਾ ਹੀ ਫਾਇਦੇ ਹੀ ਫਾਇਦੇ ਨੇ | ਅੰਤ ਵਿਚ ਸਭ ਤੋਂ ਵੱਡੇ ਜੇਰਾ ਜਿਰਾਂਦ ਦੇ ਮਾਲਕ ਇਨ੍ਹਾਂ ਜੀਵਨ ਦਾਤਿਆਂ ਬਾਰੇ ਸ਼ਿਵ ਕੁਮਾਰ ਬਟਾਲਵੀ ਦੇ ਇਨ੍ਹਾਂ ਬੋਲਾਂ ਨੂੰ ਆਤਮਸਾਤ ਕਰੀਏ:
'ਰੁੱਖ ਤਾਂ ਮੇਰੀ ਮਾਂ ਵਰਗੇ ਨੇ,
ਜਿਊਣ ਰੁੱਖਾਂ ਦੀਆਂ ਛਾਵਾਂ |'

-ਅੰਮਿ੍ਤਸਰ |
ਮੋਬਾਈਲ : 9876474858

ਭੁੱਲੀਆਂ ਵਿਸਰੀਆਂ ਯਾਦਾਂ

ਉਪਰੋਕਤ ਤਸਵੀਰ ਚਾਰ ਦਹਾਕੇ ਤੋਂ ਵਧ ਸਮਾਂ ਪਹਿਲਾਂ ਸੰਨ 1978 ਦੀ ਹੈ | ਉਦੋਂ ਬਟਾਲਾ ਵਿਖੇ ਇਕ ਲਿਖਾਰੀ ਸਭਾ ਦੀ ਚੋਣ ਹੋਈ ਸੀ, ਜਿਸ ਵਿਚ ਦੂਰੋਂ-ਦੂਰੋਂ ਸਾਹਿਤਕਾਰ ਪੁੱਜੇ ਸਨ | ਉਦੋਂ ਜੰਮੂ-ਕਸ਼ਮੀਰ ਦੇ ਲੇਖਕ ਖਾਲਿਦ ਹੁਸੈਨ ਵੀ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਵਿਚ ਸ਼ਾਮਲ ਹੋਏ ਸਨ | ਤਸਵੀਰ ਵਿਚ ਖੱਬੇ ਪਾਸੇ ਤੋਂ ਖੜ੍ਹੇ ਦਿਖਾਈ ਦੇ ਰਹੇ ਹਨ ਪਰਮਿੰਦਰਜੀਤ ਸਿੰਘ, ਖਾਲਿਦ ਹੁਸੈਨ, ਮੁਖਤਾਰ ਗਿੱਲ ਅਤੇ ਹੋਰ ਸਾਥੀ ਸਾਹਿਤਕਾਰ |

-ਮੋਬਾਈਲ : 98767-41231





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX