ਤਾਜਾ ਖ਼ਬਰਾਂ


ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  17 minutes ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  22 minutes ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  48 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਕੀਰਤਪੁਰ ਸਾਹਿਬ

ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਜਿੱਥੇ ਦੋ ਗੁਰੂ ਸਾਹਿਬਾਨ ਦਾ ਜਨਮ ਹੋਇਆ, ਉੱਥੇ ਹੀ ਇਸ ਪਵਿੱਤਰ ਨਗਰੀ ਵਿਚ ਛੇ ਗੁਰੂ ਸਾਹਿਬਾਨ ਨੇ ਚਰਨ ਵੀ ਪਾਏ। ਇਨ੍ਹਾਂ ਛੇ ਗੁਰੂ ਸਾਹਿਬਾਨ ਵਿਚੋਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਕ ਸਨ। ਗੁਰੂ ਸਾਹਿਬ ਦੂਜੀ ਉਦਾਸੀ ਸਮੇਂ ਜਦੋਂ ਸ੍ਰੀ ਮਣੀਕਰਨ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਵਾਪਸ ਪਰਤ ਰਹੇ ਸਨ ਤਾਂ ਉਹ ਕੀਰਤਪੁਰ ਸਾਹਿਬ ਵਿਖੇ ਇਕ ਪੰਡਤ ਪੇਂਜੂ ਰਾਮ ਦੇ ਘਰ ਆਏ ਸਨ। ਪੰਡਤ ਪੇਂਜੂ ਰਾਮ ਨਾਲ ਉਨ੍ਹਾਂ ਦੀ ਮੁਲਾਕਾਤ ਪਹਿਲੀ ਉਦਾਸੀ ਸਮੇਂ ਹਰਿਦੁਆਰ ਵਿਖੇ ਹੋਈ ਸੀ। ਹਰਿਦੁਆਰ ਵਿਖੇ ਸੂਰਜ ਗ੍ਰਹਿਣ ਵਾਲੇ ਦਿਨ ਸੂਰਜ ਨੂੰ ਪਾਣੀ ਦੇਣ ਵਾਲੀ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੇ ਜਿਸ ਤਰੀਕੇ ਨਾਲ ਉੱਥੇ ਮੌਜੂਦ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਲਈ ਜੋ ਵਚਨ ਕਹੇ, ਉਸ ਤੋਂ ਪੰਡਤ ਪੇਂਜੂ ਰਾਮ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਪੰਡਤ ਪੇਂਜੂ ਰਾਮ ਕੀਰਤਪੁਰ ਸਾਹਿਬ ਆ ਗਿਆ ਅਤੇ ਸਿੱਖ ਪ੍ਰਚਾਰਕ ਬਣ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ। ਇਤਿਹਾਸਕਾਰਾਂ ਅਨੁਸਾਰ ਪੰਡਤ ਪੇਂਜੂ ਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਪ੍ਰਚਾਰਕ ਸਨ। ਇੱਥੇ ਆ ਕੇ ਉਨ੍ਹਾਂ ਨੇ ਇਹ ਸਾਰੀ ਘਟਨਾ ਬਾਬਾ ਬੁੱਢਣ ਸ਼ਾਹ ਜੀ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਬਾਬਾ ਬੁੱਢਣ ਸ਼ਾਹ ਜੀ ਨੇ ਪੰਡਤ ਪੇਂਜੂ ਰਾਮ ਕੋਲ ਗੁਰੂ ਸਾਹਿਬ ਨਾਲ ਮਿਲਣ ਦੀ ਇੱਛਾ ਪ੍ਰਗਟਾਈ।
ਇਸ ਤੋਂ ਬਾਅਦ ਸੰਨ 1517 ਤੋਂ 1518 ਵਿਚ ਜਦੋਂ ਗੁਰੂ ਸਾਹਿਬ ਦੂਜੀ ਉਦਾਸੀ ਦੌਰਾਨ ਸ੍ਰੀ ਮਣੀਕਰਨ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਵਾਪਸ ਪਰਤ ਰਹੇ ਸਨ ਤਾਂ ਉਹ ਕੀਰਤਪੁਰ ਸਾਹਿਬ ਵਿਖੇ ਪੰਡਤ ਪੇਂਜੂ ਰਾਮ ਦੇ ਘਰ ਗਏ ਸਨ। ਇਸ ਦੌਰਾਨ ਭਾਈ ਮਰਦਾਨਾ ਵੀ ਉਨ੍ਹਾਂ ਨਾਲ ਮੌਜੂਦ ਸਨ। ਗੁਰੂ ਸਾਹਿਬ ਦੇ ਇੱਥੇ ਆਉਣ ਦੀ ਸੂਚਨਾ ਜਿਵੇਂ ਹੀ ਬਾਬਾ ਬੁੱਢਣ ਸ਼ਾਹ ਨੂੰ ਮਿਲੀ ਤਾਂ ਉਹ ਵੀ ਉਨ੍ਹਾਂ ਨੂੰ ਮਿਲਣ ਇੱਥੇ ਪਹੁੰਚ ਗਏ। ਬਾਬਾ ਬੁੱਢਣ ਸ਼ਾਹ ਨੇ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਗੁਰੂ ਸਾਹਿਬ ਨੂੰ ਭੇਟ ਕੀਤਾ। ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿਖੇ ਪੰਡਤ ਪੇਂਜੂ ਰਾਮ ਦੇ ਘਰ ਕਈ ਦਿਨ ਰੁਕੇ ਅਤੇ ਕਾਦਰ ਦੀ ਕੁਦਰਤ ਦਾ ਮਹਿਮਾ ਗਾਇਨ ਕਰਦੇ ਰਹੇ। ਜਿਸ ਜਗ੍ਹਾ ਗੁਰੂ ਸਾਹਿਬ ਰੁਕੇ ਅਤੇ ਕੀਰਤਨ ਕੀਤਾ, ਉਸ ਜਗ੍ਹਾ ਹੁਣ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਕਰਵਾਉਣ ਉਪਰੰਤ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ ਗਏ ਸਨ। ਇਹ ਗੁਰਦੁਆਰਾ ਸਾਹਿਬ ਬੱਸ ਅੱਡੇ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਭਾਖੜਾ ਨਹਿਰ ਕਿਨਾਰੇ ਸਥਿਤ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਇਸ ਗੁਰੂ-ਘਰ ਵਿਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ।


-ਬੀਰਅੰਮ੍ਰਿਤਪਾਲ ਸਿੰਘ ਸੰਨੀ
ਪਿੰਡ ਅਤੇ ਡਾਕ: ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ। ਮੋਬਾ: 98559-95900


ਖ਼ਬਰ ਸ਼ੇਅਰ ਕਰੋ

ਕਿਹੋ-ਜਿਹੇ ਹਨ ਪਾਕਿਸਤਾਨ 'ਚ ਵਸਦੇ ਸਿੱਖਾਂ ਦੇ ਹਾਲਾਤ?

ਪਿਛਲੇ ਦਿਨੀਂ ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਸ੍ਰੀ ਨਨਕਾਣਾ ਸਾਹਿਬ 'ਚ ਇਕ 19 ਸਾਲਾ ਸਿੱਖ ਕੁੜੀ ਨੂੰ ਅਗਵਾ ਕਰਕੇ ਜਬਰੀ ਮੁਸਲਮਾਨ ਬਣਾਉਣ ਅਤੇ ਮੁਸਲਮਾਨ ਨਾਲ ਨਿਕਾਹ ਕਰਵਾਉਣ ਦੀ ਹਿਰਦੇਵੇਦਕ ਘਟਨਾ ਨੇ ਸਮੁੱਚੇ ਸੰਸਾਰ 'ਚ ਵੱਸਦੇ ਸਿੱਖਾਂ ਦਾ ਧਿਆਨ ਪਾਕਿਸਤਾਨ 'ਚ ਵੱਸਦੇ ਸਿੱਖਾਂ ਦੇ ਹਾਲਾਤ ਵੱਲ ਕੇਂਦਰਤ ਕਰ ਦਿੱਤਾ ਹੈ। ਬੇਸ਼ੱਕ ਪਾਕਿਸਤਾਨ 'ਚ ਵੱਸਦੇ ਸਿੱਖਾਂ ਅਤੇ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਵਲੋਂ ਇਕਮੁਠਤਾ ਨਾਲ ਪਾਕਿਸਤਾਨ ਸਰਕਾਰ 'ਤੇ ਬਣਾਏ ਦਬਾਅ ਕਾਰਨ ਆਖ਼ਰਕਾਰ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਵਲੋਂ ਇਸ ਮਾਮਲੇ ਦਾ ਸੁਖ਼ਾਵਾਂ ਹੱਲ ਕਰਵਾ ਦਿੱਤਾ ਗਿਆ ਹੈ। ਪਾਕਿਸਤਾਨ 'ਚ ਇਸ ਕਿਸਮ ਦੇ ਮਾਮਲੇ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਿਤ ਅਗਵਾ ਹੋਈ ਕੋਈ ਕੁੜੀ ਵਾਪਸ ਆਪਣੇ ਘਰ ਪਰਤ ਰਹੀ ਹੈ।
ਉਪਰੋਕਤ ਘਟਨਾ ਕਾਰਨ ਦੁਨੀਆ ਭਰ 'ਚ ਪਾਕਿਸਤਾਨ ਦੀ ਹੋਈ ਫ਼ਜ਼ੀਹਤ ਕਾਰਨ ਅੱਗੇ ਤੋਂ ਪਾਕਿਸਤਾਨ ਵਿਚ ਕਿਸੇ ਵੀ ਧਰਮ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਦਾ ਜਬਰੀ ਧਰਮ ਤਬਦੀਲ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਇਕ ਸੰਵਿਧਾਨਿਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿਚ ਹਿੰਦੂ, ਸਿੱਖ ਤੇ ਇਸਾਈ ਘੱਟ-ਗਿਣਤੀਆਂ ਨਾਲ ਸਬੰਧਿਤ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਭਵਿੱਖ ਵਿਚ ਕਿਸੇ ਵਲੋਂ ਜੇਕਰ ਆਪਣਾ ਧਰਮ ਤਬਦੀਲ ਕਰਨਾ ਹੋਵੇਗਾ ਤਾਂ ਪਹਿਲਾਂ ਵਾਂਗ ਕੋਈ ਵੀ ਆਪਣੇ ਪੱਧਰ 'ਤੇ ਅਜਿਹਾ ਕਰਨ ਦਾ ਹੱਕਦਾਰ ਨਹੀਂ ਹੋਵੇਗਾ, ਸਗੋਂ ਘੱਟੋ-ਘੱਟ ਡਿਪਟੀ ਕਮਿਸ਼ਨਰ ਦੇ ਪੱਧਰ 'ਤੇ ਅਜਿਹਾ ਹੋ ਸਕੇਗਾ ਅਤੇ ਉਸ ਤੋਂ ਵੀ ਪਹਿਲਾਂ ਧਰਮ ਤਬਦੀਲ ਕਰਨ ਵਾਲੇ ਵਿਅਕਤੀ ਦੀ ਕੌਂਸਲਿੰਗ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਕਿਸੇ ਡਰ, ਦਬਾਅ, ਲਾਲਚ ਜਾਂ ਜਬਰੀ ਧਰਮ ਤਬਦੀਲ ਤਾਂ ਨਹੀਂ ਕਰ ਰਿਹਾ।
ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਰਿਪੋਰਟ ਵਿਚ ਸਾਲ 2018 ਦੌਰਾਨ ਪਾਕਿਸਤਾਨ ਅੰਦਰ ਧਾਰਮਿਕ ਆਜ਼ਾਦੀ ਬਾਰੇ ਨਾਕਾਰਾਤਮਕ ਰੁਝਾਨ 'ਤੇ ਚਿੰਤਾ ਜ਼ਾਹਰ ਕੀਤੀ ਗਈ ਸੀ। ਰਿਪੋਰਟ ਨੇ ਤਸਦੀਕ ਕੀਤਾ ਸੀ ਕਿ ਪਿਛਲੇ ਪੂਰੇ ਸਾਲ ਦੌਰਾਨ ਕੱਟੜਪੰਥੀ ਸਮੂਹਾਂ ਤੇ ਖ਼ੁਦ ਨੂੰ ਮਜ਼੍ਹਬ ਦੇ ਅਲੰਬਰਦਾਰ ਸਮਝਣ ਵਾਲੇ ਲੋਕਾਂ ਨੇ ਘੱਟ-ਗਿਣਤੀ ਹਿੰਦੂ, ਇਸਾਈ, ਸਿੱਖ, ਅਹਿਮਦੀਆਂ ਤੇ ਸ਼ੀਆ ਮੁਸਲਮਾਨਾਂ 'ਤੇ ਵੀ ਧਰਮ ਤਬਦੀਲੀ ਲਈ ਜਬਰ ਕੀਤਾ ਸੀ। ਸਾਲ 2018 'ਚ ਬਰਮਿੰਘਮ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਅੰਦਰ ਹਰ ਸਾਲ ਇਕ ਹਜ਼ਾਰ ਦੇ ਲਗਭਗ ਘੱਟ-ਗਿਣਤੀ ਧਰਮਾਂ ਦੀਆਂ ਔਰਤਾਂ ਤੇ ਕੁੜੀਆਂ ਨਾਲ ਅਗਵਾ, ਜਬਰੀ ਧਰਮ ਤਬਦੀਲੀ ਅਤੇ ਨਿਕਾਹ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਪਾਕਿਸਤਾਨ ਦੇ ਕਬਾਇਲੀ ਖੇਤਰਾਂ 'ਚ ਤਾਂ ਹਰ ਮਹੀਨੇ ਔਸਤਨ 20-25 ਹਿੰਦੂ ਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਕਬਾਇਲੀ ਖੇਤਰ 'ਚ ਸਿੱਖਾਂ ਕੁੜੀਆਂ ਦੇ ਅਗਵਾ, ਧਰਮ ਤਬਦੀਲ ਤੇ ਜਬਰੀ ਨਿਕਾਹ ਦੀਆਂ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਹੀ ਵਾਪਰਦੀਆਂ ਹੋਣ ਪਰ ਅਕਸਰ ਫ਼ਿਰੌਤੀ ਲਈ ਅਗਵਾ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਸਿੱਖਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।
ਸਾਲ 2014 'ਚ ਜਦੋਂ ਪਾਕਿਸਤਾਨ ਦੇ ਕਬਾਇਲੀ ਤੇ ਅਸ਼ਾਂਤ ਖੇਤਰ ਪਿਸ਼ਾਵਰ ਤੇ ਖ਼ੈਬਰ ਪਖਤੂਨਖਵਾ 'ਚ ਫ਼ਿਰੌਤੀ ਲਈ ਸਿੱਖਾਂ ਨੂੰ ਅਗਵਾ ਕਰਨ ਅਤੇ ਕਤਲੇਆਮ ਦੀਆਂ ਲਗਾਤਾਰ ਘਟਨਾਵਾਂ ਵਾਪਰੀਆਂ ਸਨ ਤਾਂ, ਉਦੋਂ ਵੱਡੀ ਪੱਧਰ 'ਤੇ ਉਥੋਂ ਸਿੱਖ ਪਰਿਵਾਰ ਹਿਜ਼ਰਤ ਕਰਕੇ ਪਾਕਿਸਤਾਨੀ ਪੰਜਾਬ ਨੂੰ ਆਪਣੇ ਲਈ ਸੁਰੱਖਿਅਤ ਮੰਨ ਕੇ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਲਾਹੌਰ 'ਚ ਆ ਕੇ ਵਸ ਗਏ ਸਨ। ਇਕੱਲੇ ਸ੍ਰੀ ਨਨਕਾਣਾ ਸਾਹਿਬ 'ਚ ਇਸ ਵੇਲੇ 400 ਦੇ ਲਗਭਗ ਸਿੱਖਾਂ ਦੇ ਘਰ ਹਨ ਤੇ ਸਿੱਖ ਆਬਾਦੀ 2500 ਤੋਂ 3000 ਦੇ ਵਿਚਕਾਰ ਹੈ। ਸੰਨ 1995 'ਚ ਸ੍ਰੀ ਨਨਕਾਣਾ ਸਾਹਿਬ 'ਚ ਸਿੱਖਾਂ ਦੇ ਸਿਰਫ਼ 105 ਘਰ ਸਨ। ਕਬਾਇਲੀ ਖੇਤਰਾਂ ਦਾ ਮਾਹੌਲ ਖ਼ਰਾਬ ਹੋਣ ਕਾਰਨ ਵੱਡੀ ਗਿਣਤੀ 'ਚ ਸਿੱਖ ਪਿਸ਼ਾਵਰ ਤੋਂ ਹਿਜ਼ਰਤ ਕਰਕੇ ਸ੍ਰੀ ਨਨਕਾਣਾ ਸਾਹਿਬ ਵਸੇ ਹੋਏ ਹਨ। ਪਾਕਿਸਤਾਨ 'ਚ 'ਪੰਜਾਬੀ ਲਹਿਰ' ਵੈੱਬ ਮੀਡੀਆ ਚਲਾ ਰਹੇ ਲਵਲੀ ਸਿੰਘ ਅਨੁਸਾਰ ਉਨ੍ਹਾਂ ਦੇ ਦਾਦਾ ਜੀ ਤਿੰਨ ਭਰਾ, ਪਾਕਿਸਤਾਨ-ਅਫ਼ਗਾਨਿਸਤਾਨ ਦੀ ਸਰਹੱਦ 'ਤੇ ਸਥਿਤ ਕਬਾਇਲੀ ਖੇਤਰ ਫਾਟਾ ਤੋਂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਮੌਕੇ 1969 'ਚ ਸ੍ਰੀ ਨਨਕਾਣਾ ਸਾਹਿਬ ਵਸੇ ਸਨ। ਉਸ ਵੇਲੇ ਸ੍ਰੀ ਨਨਕਾਣਾ ਸਾਹਿਬ ਦੇ ਆਸਪਾਸ ਕੁਝ ਕੁ ਸਿੱਖ ਪਰਿਵਾਰ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ 'ਚ ਜਦੋਂ ਪਿਸ਼ਾਵਰ ਖੇਤਰ ਤੋਂ ਸਿੱਖ ਆ ਕੇ ਵੱਸਣ ਲੱਗੇ ਤਾਂ ਸ੍ਰੀ ਨਨਕਾਣਾ ਸਾਹਿਬ ਦੇ ਆਸਪਾਸ ਗੁੰਮਨਾਮ ਰਹਿ ਰਹੇ ਸਿੱਖ ਵੀ ਸਾਹਮਣੇ ਆਉਣ ਲੱਗੇ ਅਤੇ ਇੱਥੇ ਸਿੱਖ ਭਾਈਚਾਰਾ ਇਕ ਸਮਾਜਿਕ ਰੂਪ ਧਾਰਨ ਕਰਨ ਲੱਗ ਪਿਆ ਸੀ।
ਪਾਕਿਸਤਾਨ 'ਚ ਸਿੱਖ ਭਾਈਚਾਰਾ ਇਸ ਵੇਲੇ ਬੇਹੱਦ ਘੱਟ-ਗਿਣਤੀ ਵਿਚ ਹੈ। ਭਾਵੇਂਕਿ 1947 ਦੀ ਵੰਡ ਵੇਲੇ ਪਾਕਿਸਤਾਨ 'ਚ ਘੱਟ-ਗਿਣਤੀਆਂ ਦੀ ਆਬਾਦੀ 23 ਫ਼ੀਸਦੀ ਸੀ, ਜੋ ਕਿ ਹੁਣ ਕੁਲ ਮਿਲਾ ਕੇ 5-6 ਫ਼ੀਸਦੀ ਹੀ ਰਹਿ ਗਈ ਹੈ, ਪਰ ਇਸ ਵਿਚੋਂ ਸਿੱਖਾਂ ਦੀ ਆਬਾਦੀ ਸਿਰਫ਼ 0.02 ਫ਼ੀਸਦੀ ਹੈ, ਜੋ ਕਿ ਲਗਭਗ 18 ਹਜ਼ਾਰ ਦੇ ਲਗਭਗ ਦੱਸੀ ਜਾਂਦੀ ਹੈ। ਇਕ ਮਜ਼੍ਹਬ ਆਧਾਰਤ ਦੇਸ਼ 'ਚ ਇਕ ਬੇਹੱਦ ਘੱਟ-ਗਿਣਤੀ ਦੇ ਜੀਵਨ ਦੀ ਸਥਿਤੀ ਬਾਰੇ ਅੰਦਾਜ਼ਾ ਲਗਾਉਣਾ ਬਹੁਤਾ ਔਖਾ ਨਹੀਂ ਹੈ।
ਪਿਛਲੇ ਮਹੀਨੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ 'ਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਦੀ ਤਿੰਨ ਦਿਨਾਂ ਯਾਤਰਾ 'ਤੇ ਜਾ ਕੇ ਆਏ ਹਾਂ। ਉੱਥੇ ਵੀ ਅਸੀਂ ਬਹੁਤ ਸਾਰੇ ਸਿੱਖਾਂ ਨੂੰ ਉਥੋਂ ਦੇ ਬਹੁਗਿਣਤੀ ਮੁਸਲਮਾਨ ਭਾਈਚਾਰੇ 'ਚ ਸਿੱਖਾਂ ਦੀ ਸਥਿਤੀ ਅਤੇ ਧਾਰਮਿਕ ਆਜ਼ਾਦੀ ਦੇ ਹਾਲਾਤ ਬਾਰੇ ਪੁੱਛਿਆ ਤਾਂ ਸਾਰੇ ਇਕੋ ਜਵਾਬ ਦਿੰਦੇ ਰਹੇ, 'ਅਸੀਂ ਇੱਥੇ ਬਹੁਤ ਖ਼ੁਸ਼ ਹਾਂ, ਸਾਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਸਾਨੂੰ ਆਪਣਾ ਧਾਰਮਿਕ ਅਕੀਦਾ ਨਿਭਾਉਣ 'ਚ ਕੋਈ ਸਮੱਸਿਆ ਨਹੀਂ ਹੈ।' ਪਰ ਸਾਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਸਿੱਖ ਸਾਡੇ ਕੋਲੋਂ ਕੁਝ ਲੁਕਾਉਣ ਦੇ ਯਤਨਾਂ 'ਚ ਫ਼ਰਜ਼ੀ ਜਿਹੀ ਤਸੱਲੀ ਦਾ ਦਿਖਾਵਾ ਅਤੇ ਦਾਅਵੇ ਕਰ ਰਹੇ ਹੋਣ। ਸ੍ਰੀ ਨਨਕਾਣਾ ਸਾਹਿਬ 'ਚ ਸਿੱਖ ਕੁੜੀ ਦੇ ਅਗਵਾ ਤੇ ਜਬਰੀ ਧਰਮ ਤਬਦੀਲੀ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਮਸਤਾਨ ਸਿੰਘ ਨੇ ਪਾਕਿਸਤਾਨੀ ਸਿੱਖਾਂ ਵਲੋਂ ਚਿਰਾਂ ਤੋਂ ਲੁਕਾਇਆ ਜਾ ਰਿਹਾ ਦਰਦ ਬਿਆਨ ਕਰ ਦਿੱਤਾ ਕਿ, 'ਪਾਕਿਸਤਾਨ 'ਚ ਉਪਰੋਂ ਦਿਖਾਵੇ ਦੇ ਤੌਰ 'ਤੇ ਭਾਵੇਂ ਸਿੱਖ ਸੁਰੱਖਿਅਤ ਨਜ਼ਰ ਆ ਰਹੇ ਹਨ, ਜਦਕਿ ਅਸਲ 'ਚ ਅਜਿਹਾ ਨਹੀਂ ਹੈ। ਫ਼ਿਰੌਤੀਆਂ ਲਈ ਸਿੱਖਾਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਆਮ ਹੈ। ਨਿੱਕੀ ਉਮਰ ਦੀਆਂ ਸਕੂਲ ਪੜ੍ਹਦੀਆਂ ਸਿੱਖ ਕੁੜੀਆਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ।'
ਸ੍ਰੀ ਨਨਕਾਣਾ ਸਾਹਿਬ ਦੇ ਸਮਾਜ ਸੇਵੀ ਇਕ ਸਿੱਖ ਨੌਜਵਾਨ ਨੇ ਦੱਸਿਆ ਕਿ, 'ਸਿੱਖਾਂ ਨਾਲ ਪਾਕਿਸਤਾਨ ਦੇ ਸਾਰੇ ਮੁਸਲਮਾਨ ਮਾੜੇ ਵੀ ਨਹੀਂ ਹਨ ਤੇ ਸਿੱਖਾਂ ਲਈ ਇੱਥੇ ਸਾਰਾ ਕੁਝ ਠੀਕ ਵੀ ਨਹੀਂ ਹੈ। ਪਹਿਲਾਂ ਵੀ ਤੇ ਹੁਣ ਵੀ ਬਿਪਤਾ ਵੇਲੇ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਸਿੱਖਾਂ ਦੇ ਨਾਲ ਵੀ ਖੜ੍ਹੇ ਹੁੰਦੇ ਹਨ। ਕਬਾਇਲੀ ਖੇਤਰਾਂ 'ਚ ਕੱਟੜ ਤੇ ਮੂਲਵਾਦੀ ਤਾਕਤਾਂ ਦਾ ਬੋਲਬਾਲਾ ਹੋਣ ਕਾਰਨ ਉਥੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ ਪਰ ਪਾਕਿਸਤਾਨੀ ਪੰਜਾਬ ਤੇ ਸ੍ਰੀ ਨਨਕਾਣਾ ਸਾਹਿਬ 'ਚ ਪਿਛਲੇ ਦਿਨੀਂ ਸਿੱਖ ਕੁੜੀ ਦੇ ਅਗਵਾ ਦੀ ਘਟਨਾ ਤੋਂ ਪਹਿਲਾਂ ਕਦੇ ਅਜਿਹੀ ਘਟਨਾ ਨਹੀਂ ਵਾਪਰੀ, ਜਿਸ ਦੇ ਨਾਲ ਸਿੱਖ-ਮੁਸਲਮਾਨ ਭਾਈਚਾਰੇ 'ਚ ਕੋਈ ਫ਼ਰਕ ਪਵੇ।'
ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਬੇਸ਼ੱਕ ਉਥੇ ਬੇਹੱਦ ਘੱਟ-ਗਿਣਤੀ ਦੀ ਸਥਿਤੀ ਵਿਚ ਹਨ ਪਰ ਇਸ ਦੇ ਬਾਵਜੂਦ ਉਹ ਆਪਣੇ ਧਰਮ, ਸੱਭਿਆਚਾਰ ਤੇ ਭਾਈਚਾਰਕ ਏਕਤਾ ਦੀਆਂ ਅਜਿਹੀਆਂ ਪਰੰਪਰਾਵਾਂ ਨੂੰ ਪਾਲ ਰਹੇ ਹਨ, ਜੋ ਸਾਰੇ ਵਿਸ਼ਵ 'ਚ ਵਸਦੇ ਸਿੱਖਾਂ ਲਈ ਮਿਸਾਲ ਹਨ। ਸ੍ਰੀ ਨਨਕਾਣਾ ਸਾਹਿਬ ਦੇ ਬਹੁਗਿਣਤੀ ਸਿੱਖ ਕਾਰੋਬਾਰੀ ਹਨ ਅਤੇ ਉਹ ਕਾਸਮੈਟਿਕ, ਕੱਪੜਾ, ਹਿਕਮਤ (ਦਵਾਖਾਨਾ) ਅਤੇ ਕਰਿਆਨੇ ਦੇ ਕਾਰੋਬਾਰ ਕਰਦੇ ਹਨ। ਰੋਜ਼ਾਨਾ ਸ਼ਾਮ ਨੂੰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਉਥੋਂ ਦੇ ਸਿੱਖ ਨਤਮਸਤਕ ਹੋਣ ਪੁੱਜਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸਿੱਖ ਜਨਮ ਅਸਥਾਨ ਵਿਖੇ ਨਤਮਸਤਕ ਹੋਣ ਤੋਂ ਬਾਅਦ ਪਿਛਲੇ ਪਾਸੇ ਬਣੇ ਇਕ ਕਮਰੇ 'ਚ ਚਲੇ ਜਾਂਦੇ ਹਨ, ਜਿੱਥੇ ਗੁਰਬਾਣੀ ਦੀਆਂ ਪੋਥੀਆਂ, ਗੁਟਕਾ ਸਾਹਿਬ ਰੱਖੇ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਥੇ ਬੈਠ ਕੇ ਆਪਣੀ ਸਮਰੱਥਾ ਅਨੁਸਾਰ ਗੁਰਬਾਣੀ ਪੜ੍ਹਦੇ ਹਨ ਅਤੇ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨਾਲੋ-ਨਾਲ ਸਿੱਖ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਦੀ ਸੰਥਿਆ ਵੀ ਦਿੰਦੇ ਹਨ। ਉਸ ਤੋਂ ਬਾਅਦ ਸਾਰੇ ਸਿੱਖ ਲੰਗਰ ਹਾਲ 'ਚ ਚਲੇ ਜਾਂਦੇ ਹਨ, ਜਿੱਥੇ ਉਹ ਆਪੋ-ਆਪਣੇ ਘਰੋਂ ਤਿਆਰ ਕਰਕੇ ਲਿਆਂਦੇ ਪ੍ਰਸ਼ਾਦੇ (ਰੋਟੀਆਂ) ਇਕ ਜਗ੍ਹਾ ਰੱਖਦੇ ਹਨ ਅਤੇ ਲੰਗਰ ਹਾਲ 'ਚ ਸਾਂਝੇ ਰੂਪ 'ਚ ਦਾਲ-ਭਾਜੀ ਤਿਆਰ ਕਰਕੇ ਇਕੱਠੇ ਲੰਗਰ ਛਕਦੇ ਹਨ। ਇਸ ਪਰੰਪਰਾ ਬਾਰੇ ਇਕ ਸਿੱਖ ਨੂੰ ਪੁੱਛਣ 'ਤੇ ਉਸ ਨੇ ਦੱਸਿਆ ਕਿ, 'ਅਸੀਂ ਪਾਕਿਸਤਾਨ 'ਚ ਬੇਹੱਦ ਘੱਟ-ਗਿਣਤੀ ਹਾਂ। ਇਸ ਕਰਕੇ ਇਕ ਤਾਂ ਇਕੱਠੇ ਬੈਠ ਕੇ ਰੋਜ਼ਾਨਾ ਲੰਗਰ ਛੱਕਣ ਨਾਲ ਸਾਡੇ ਅੰਦਰ ਭਾਈਚਾਰਕ ਏਕਤਾ ਤੇ ਪਿਆਰ ਵਧਦਾ ਹੈ ਅਤੇ ਦੂਜਾ ਬਹੁ-ਗਿਣਤੀ ਭਾਈਚਾਰੇ 'ਚ ਸਾਡੀ ਏਕਤਾ ਤੇ ਭਾਈਚਾਰਕ ਸਾਂਝ ਦਾ ਚੰਗਾ ਅਸਰ ਜਾਂਦਾ ਹੈ।'
ਪਾਕਿਸਤਾਨ 'ਚ ਸਿੱਖਾਂ ਦੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਲਈ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ, ਪਰ ਹੁਣ ਸਿੱਖਾਂ ਨੇ ਆਪਣੇ ਪੱਧਰ 'ਤੇ ਯਤਨ ਕਰਕੇ ਸਿੱਖ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖਾਂ ਵਲੋਂ ਗੁਰੂ ਨਾਨਕ ਦੇਵ ਜੀ ਮਾਡਲ ਹਾਈ ਸਕੂਲ ਚਲਾਇਆ ਜਾ ਰਿਹਾ ਹੈ, ਜਿੱਥੇ ਸਿੱਖ ਬੱਚਿਆਂ ਨੂੰ ਉਥੋਂ ਦੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਆਪਣੇ ਧਰਮ ਦੀ ਸਿੱਖਿਆ-ਦੀਖਿਆ ਵੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਸਕੂਲ ਪਿਸ਼ਾਵਰ ਵਿਚ ਵੀ ਚੱਲ ਰਿਹਾ ਹੈ। ਪਾਕਿਸਤਾਨ ਦੇ ਸਿੱਖਾਂ ਦਾ ਕੋਈ ਵੀ ਬੱਚਾ ਪਤਿਤ ਨਜ਼ਰ ਨਹੀਂ ਆਉਂਦਾ। ਸਿੱਖ ਮਰਦ ਕਾਰੋਬਾਰੀ ਹੋਣ ਕਾਰਨ ਸਿੱਖ ਬੀਬੀਆਂ ਬਹੁ-ਗਿਣਤੀ ਘਰਾਂ ਦੇ ਕੰਮਕਾਜ ਵੇਖਦੀਆਂ ਹਨ ਅਤੇ ਫ਼ੁਰਸਤ ਦੇ ਸਮੇਂ 'ਚ ਗੁਰਬਾਣੀ ਪੜ੍ਹਨ 'ਚ ਦਿਲਚਸਪੀ ਰੱਖਦੀਆਂ ਹਨ। ਇਸੇ ਕਾਰਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰਦੀਆਂ ਬੀਬੀਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਉਥੋਂ ਦੇ ਸਿੱਖਾਂ ਦੀ ਇਹ ਵੀ ਇਕ ਇੱਛਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਰਿਸ਼ਤੇ-ਨਾਤੇ ਭਾਰਤ 'ਚ ਵਸਦੇ ਸਿੱਖਾਂ ਨਾਲ ਕਰ ਸਕਣ। ਕੁਝ ਸਾਲ ਪਹਿਲਾਂ ਇਹ ਇੱਛਾ ਪਾਕਿਸਤਾਨ ਗਏ ਪੰਜਾਬ ਦੇ ਪੱਤਰਕਾਰਾਂ ਦੇ ਇਕ ਵਫ਼ਦ ਕੋਲ ਉਥੋਂ ਦੇ ਸਿੱਖਾਂ ਨੇ ਪ੍ਰਮੁੱਖਤਾ ਨਾਲ ਉਠਾਈ ਸੀ।
ਬੇਹੱਦ ਘੱਟ-ਗਿਣਤੀ ਹੋਣ ਦੇ ਬਾਵਜੂਦ ਆਪਣੇ ਧਰਮ, ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਪ੍ਰਤੀ ਨਿਸ਼ਚੇਵਾਨ ਪਾਕਿਸਤਾਨੀ ਸਿੱਖਾਂ ਨੂੰ ਇਕ ਰੰਜ਼ ਹੈ ਕਿ ਸਿੱਖ ਧਰਮ ਦੇ ਨਾਮਵਰ ਪ੍ਰਚਾਰਕ, ਰਾਗੀ, ਢਾਡੀ ਅਤੇ ਮਹਾਂਪੁਰਸ਼ ਅਕਸਰ ਧਰਮ ਪ੍ਰਚਾਰ ਲਈ ਪੱਛਮੀ ਤੇ ਵਿਕਸਿਤ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ ਪਰ ਪਾਕਿਸਤਾਨ 'ਚ ਵਸਦੇ ਸਿੱਖਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਜਿਵੇਂ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਵਿਛੋੜੇ ਦਾ ਮਲਾਲ ਰਹਿੰਦਾ ਹੈ, ਉਸੇ ਤਰ੍ਹਾਂ ਪਾਕਿਸਤਾਨੀ ਸਿੱਖਾਂ ਦੇ ਦਿਲਾਂ ਅੰਦਰ ਵੀ ਆਪਣੇ ਪੰਥ ਦੇ ਭਗਤੀ-ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਰਤੀ ਸਿੱਖਾਂ ਤੋਂ ਦੂਰ ਹੋਣ ਦਾ ਦਰਦ ਤੇ ਅਹਿਸਾਸ ਸਦਾ ਮਘਦਾ ਰਹਿੰਦਾ ਹੈ।
ਬੇਸ਼ੱਕ ਪਾਕਿਸਤਾਨ 'ਚ ਸਿੱਖਾਂ ਦਾ ਪਿਛਲੇ 70-72 ਸਾਲਾਂ ਦਾ ਅਤੀਤ ਬਹੁਤਾ ਚੰਗਾ ਨਹੀਂ ਰਿਹਾ ਪਰ ਭਵਿੱਖ ਕਾਫ਼ੀ ਸੰਭਾਵਨਾਵਾਂ ਭਰਪੂਰ ਨਜ਼ਰ ਆ ਰਹੀਆਂ ਹਨ। ਪਾਕਿਸਤਾਨੀ ਸਿੱਖਾਂ ਦੀ ਭਾਈਚਾਰਕ ਏਕਤਾ, ਮਿਹਨਤ ਅਤੇ ਯੋਗਤਾ ਜ਼ਰੀਏ ਸਿਵਲ ਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬੈਠਣ ਕਾਰਨ ਹੁਣ ਹਾਲਾਤ ਬਦਲ ਰਹੇ ਹਨ। ਸ੍ਰੀ ਨਨਕਾਣਾ ਸਾਹਿਬ 'ਚ ਹੁਣੇ-ਹੁਣੇ ਸਿੱਖ ਕੁੜੀ ਦੇ ਅਗਵਾ ਦੀ ਵਾਪਰੀ ਘਟਨਾ ਦੇ ਸੁਖਾਵੇਂ ਹੱਲ ਤੋਂ ਹੀ ਪਤਾ ਲੱਗਦਾ ਹੈ ਕਿ ਪਾਕਿਸਤਾਨ 'ਚ ਸਿੱਖ ਧਰਮ, ਗਿਣਤੀ ਤੇ ਸੱਭਿਆਚਾਰ ਦੇ ਆਧਾਰ 'ਤੇ ਹੋਣ ਵਾਲੀਆਂ ਵਧੀਕੀਆਂ ਖ਼ਿਲਾਫ਼ ਕਾਫ਼ੀ ਜਾਗਰੂਕ ਹੋ ਰਹੇ ਹਨ ਅਤੇ ਪਾਕਿਸਤਾਨ ਦੀ ਸਰਕਾਰ ਵੀ ਘੱਟ-ਗਿਣਤੀਆਂ ਨਾਲ ਚੰਗੇ ਸਬੰਧ ਕਾਇਮ ਕਰਕੇ ਦੁਨੀਆ 'ਚ ਆਪਣਾ ਅਕਸ ਵਧੇਰੇ ਨਿਰਪੱਖ, ਮਨੁੱਖਤਾ-ਪੱਖੀ ਅਤੇ ਸਦਭਾਵਨਾ ਵਾਲਾ ਬਣਾਉਣਾ ਚਾਹੁੰਦੀ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ ਮੂਲਵਾਦੀ ਤੇ ਕੱਟੜ ਤਾਕਤਾਂ ਨੂੰ ਵਧੇਰੇ ਪ੍ਰਭਾਵੀ ਤਰੀਕੇ ਨਾਲ ਨੱਥ ਪਾ ਕੇ ਘੱਟ-ਗਿਣਤੀ ਭਾਈਚਾਰਿਆਂ ਦੇ ਜੀਣ ਲਈ ਆਜ਼ਾਦ, ਸੁਰੱਖਿਅਤ ਤੇ ਬਿਹਤਰ ਭਵਿੱਖ ਸਿਰਜਣ ਵੱਲ ਧਿਆਨ ਦੇਵੇਗੀ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98780-70008
e-mail : ts1984buttar@yahoo.com

ਵਿਸਮਾਦੀ ਸਮਾਜ ਦਾ ਮੂਲ ਧੁਰਾ-ਕਰਤਾਰਪੁਰ ਸਾਹਿਬ

ਸਿੱਖ ਧਰਮ ਅਥਵਾ ਦਰਸ਼ਨ ਦਾ ਉਦੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਹੋਇਆ ਸਮਝਿਆ ਜਾਂਦਾ ਹੈ। ਕਿਸੇ ਵੀ ਨਵੇਂ ਧਰਮ ਅਥਵਾ ਵਿਚਾਰਧਾਰਾ ਦੇ ਸਿਧਾਂਤਕ ਪਹਿਲੂ ਆਪਣੀ ਥਾਂ ਮਹੱਤਵਪੂਰਨ ਹੁੰਦੇ ਹਨ, ਪਰ ਅਮਲੀ ਜੀਵਨ ਵਿਚ ਕਿਹੋ ਜਿਹਾ ਮਨੁੱਖ ਅਤੇ ਵਿਵਸਥਾ ਸਿਰਜਦੇ ਹਨ, ਇਹ ਮੁੱਦੇ ਮਹੱਤਵਪੂਰਨ ਹੁੰਦੇ ਹਨ। ਪ੍ਰਚੱਲਿਤ ਧਰਮ ਤਾਂ ਆਪਣੇ ਵਿਹਾਰ ਵਿਚ ਕੁਝ ਸੁਧਾਰ ਲਿਆਉਂਦੇ ਰਹਿੰਦੇ ਹਨ, ਪਰ ਨਵੇਂ ਧਰਮ ਨੇ ਜਦੋਂ ਇਤਿਹਾਸ ਵਿਚ ਉਤਰਨਾ ਹੁੰਦਾ ਹੈ, ਉਦੋਂ ਇਸ ਲਈ ਨਵੇਂ ਨਗਰ, ਵਸੋਂ ਕੇਂਦਰ ਅਤੇ ਵਿਵਸਥਾ ਸਥਾਪਤ ਕਰਨੇ ਪਹਿਲੀ ਲੋੜ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਇਸ ਸਬੰਧੀ ਸੁਚੇਤ ਸਨ। ਇਸ ਲਈ ਅਸੀਂ ਵੇਖਦੇ ਹਾਂ ਕਿ 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਵਲੋਂ ਰਾਵੀ ਨਦੀ ਦੇ ਕੰਢੇ ਵਸਾਏ ਗਏ ਕਰਤਾਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਨਿਰਮਿਤ ਕੀਤੇ ਗਏ ਨਗਰਾਂ ਨੇ ਸਿੱਖ ਧਰਮ, ਇਤਿਹਾਸ ਅਤੇ ਵਿਰਾਸਤ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਵਿਚ ਵੱਡਾ ਯੋਗਦਾਨ ਪਾਇਆ। ਦੂਸਰਾ, ਇਨ੍ਹਾਂ ਨਗਰਾਂ ਨੇ ਸਿੱਖ ਦਰਸ਼ਨ ਅਤੇ ਲੋਕਾਂ ਦੀਆਂ ਸਮਾਜੋ-ਆਰਥਿਕ ਅਤੇ ਵਿਵਸਥਾ ਦੀਆਂ ਲੋੜਾਂ ਸਬੰਧੀ ਜੋ ਮਾਡਲ ਵਿਕਸਿਤ ਕੀਤੇ, ਉਹ ਗੁਰੂ ਸਾਹਿਬ ਦੇ ਵਿਚਾਰਾਂ ਅਤੇ ਸੁਪਨਿਆਂ ਦੀ ਸ਼ਾਖਸ਼ਾਤ ਗਵਾਹੀ ਭਰਦੇ ਹਨ।
ਅਸਲ ਵਿਚ ਵਿਸ਼ਵ ਪੱਧਰ ਤੱਕ ਫੈਲੀ ਮਨੁੱਖੀ ਸੱਭਿਅਤਾ ਵੱਖ-ਵੱਖ ਭੂਗੋਲਿਕ ਖੇਤਰਾਂ ਵਾਲੇ ਦੇਸ਼ਾਂ ਵਿਚ ਵਸਦੇ ਸਮਾਜਾਂ ਦਾ ਸੰਯੁਕਤ ਰੂਪ ਹੈ। ਸਬੰਧਿਤ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਆਪਣੇ ਭੂਗੋਲਿਕ ਖੇਤਰ ਵਿਚ ਵਸਦੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ, ਸਿਰਜਣਾਤਮਿਕ ਅਤੇ ਹਰ ਪ੍ਰਕਾਰ ਦੇ ਫਿਕਰਾਂ ਤੋਂ ਮੁਕਤ ਅਨੰਦ ਦੇਣ ਵਾਲੀ ਵਿਵਸਥਾ ਸਥਾਪਤ ਕਰਨਾ ਹੁੰਦਾ ਹੈ। ਵਿਸ਼ਵ ਦੇ ਬਹੁਤੇ ਦੇਸ਼ ਇਸ ਸਬੰਧੀ ਪੂਰਨ ਰੂਪ ਵਿਚ ਸਫ਼ਲ ਕਿਉਂ ਨਹੀਂ ਹੋਏ, ਇਹ ਇਕ ਵੱਖਰਾ ਵਿਸ਼ਾ ਹੈ। ਪਰ ਇਕ ਵਿਸਮਾਦੀ ਸਮਾਜ ਸਿਰਜਣਾ ਅਤੇ ਸਫ਼ਲ ਵਿਵਸਥਾ ਚਲਾਉਣੀ ਸਿਧਾਂਤਕ ਤੌਰ 'ਤੇ ਹਰ ਸੱਤਾਧਾਰੀ ਧਿਰ ਦੀ ਜ਼ਿੰੰਮੇਵਾਰੀ ਹੁੰਦੀ ਹੈ। ਇਸ ਦ੍ਰਿਸ਼ਟੀਕੋਣ ਤੋਂ ਵਿਚਾਰਿਆਂ ਗੁਰੂ ਨਾਨਕ ਦੇਵ ਜੀ ਵਲੋਂ ਵਸਾਇਆ ਗਿਆ ਕਰਤਾਰਪੁਰ ਸਾਹਿਬ ਨਗਰ ਸਿੱਖ ਵਿਚਾਰਧਾਰਾ ਦੀਆਂ ਵਿਵਹਾਰਿਕ ਅਤੇ ਸਮਾਜਿਕ ਲੋੜਾਂ ਅਨੁਸਾਰ ਕੀਤਾ ਗਿਆ ਪਹਿਲਾ ਯਤਨ ਸੀ, ਜਿਸ ਤੋਂ ਅਸੀਂ ਗੁਰੂ ਸੁਪਨਿਆਂ ਦੇ ਨਵੇਂ ਸਮਾਜ ਦੀ ਸਿਰਜਣਾ ਅਤੇ ਸਥਾਪਤ ਕੀਤੀ ਜਾਣ ਵਾਲੀ ਵਿਵਸਥਾ ਦੀ ਰੂਪ-ਰੇਖਾ ਚਿਤਰ ਸਕਦੇ ਹਾਂ।
ਕਰਤਾਰਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਦਾ ਸਮਾਜ ਸਿਰਜਿਆ ਗਿਆ, ਉਸ ਦੇ ਮੁੱਖ ਤੌਰ 'ਤੇ ਪੰਜ ਨਕਸ਼ ਉੱਭਰਦੇ ਹਨ। (1) ਸਾਂਝੀ-ਕੁਦਰਤੀ ਖੇਤੀ (ਵਪਾਰ), (2) ਸੱਚੀ-ਸੁੱਚੀ ਕਿਰਤ ਕਰਨ ਵਾਲਾ ਸੱਭਿਆਚਾਰ, (3) ਜਾਤ-ਪਾਤ ਅਤੇ ਵਰਗਾਂ ਦੇ ਬੰਧਨਾਂ ਤੋਂ ਉੱਪਰ ਉੱਠੀ ਭਾਈਚਾਰਕ ਸਾਂਝ ਵਾਲੀ ਕੁਦਰਤਮੁਖੀ ਵਿਵਸਥਾ, (4) ਸਮਾਜੋ-ਆਰਥਿਕ ਵਿਕਾਸ ਪ੍ਰਬੰਧ ਅਤੇ (5) ਰੂਹਾਨੀ-ਪਦਾਰਥਕ ਸੰਤੁਸ਼ਟੀ ਅਤੇ ਸਹਿਜ ਵਾਲਾ ਵਿਸਮਾਦੀ ਮਨੁੱਖ ਅਤੇ ਵਾਤਾਵਰਨ। ਇਹੋ ਹੀ ਮੁੱਢਲੇ ਪੰਜ ਨਕਸ਼ ਅਸੀਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਕੀਰਤਪੁਰ-ਅਨੰਦਪੁਰ ਸਾਹਿਬ ਆਦਿ ਗੁਰੂ ਸਾਹਿਬ ਵਲੋਂ ਵਸਾਏ ਗਏ ਨਗਰਾਂ ਵਿਚ ਵੇਖਦੇ ਹਾਂ। ਸਪੱਸ਼ਟ ਹੈ ਕਿ ਜਿਸ ਤਰ੍ਹਾਂ ਦੇ ਅਨੰਦਿਤ, ਸੁਰੱਖਿਅਤ, ਸਮਾਜ ਅਤੇ ਇਸ ਦੀ ਵਿਵਸਥਾ ਦਾ ਸਿੱਖ ਵਿਚਾਰਧਾਰਾ ਦਮ ਭਰਦੀ ਹੈ, ਉਸ ਦੀ ਸ਼ੁਰੂਆਤ ਕਰਤਾਰਪੁਰ ਸਾਹਿਬ ਤੋਂ ਹੋਈ ਸੀ।
ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਵਿਕਸਿਤ ਹੋਏ ਇਸ ਮਾਡਲ ਦਾ ਸੁਭਾਅ ਅਤੇ ਵਿਹਾਰ ਕੁਦਰਤਮੁਖੀ ਸੀ। ਕੁਦਰਤ ਦੇ ਵਿਸ਼ਾਲ ਵਰਤਾਰਿਆਂ ਨੂੰ ਸਮਝ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਸ ਵਿਚ ਜਿਵੇਂ ਵਾਹਿਗੁਰੂ ਆਪ ਵਸਦਾ ਹੈ, ਉਸ ਅਨੁਸਾਰ ਕੁਦਰਤ ਅਤੇ ਇਥੇ ਪੈਦਾ ਹੋਈ ਬਨਸਪਤੀ ਧਰਤੀ ਉੱਤੇ ਜਨਮ ਲੈਣ ਵਾਲੇ ਹਰ ਤਰ੍ਹਾਂ ਦੇ ਜਲੀ-ਥਲੀ ਜੀਵਾਂ ਨੂੰ ਹਰ ਸਮੇਂ ਊਰਜਿਤ ਕਰਕੇ ਰੱਖਦੀ ਹੈ। ਇਸ ਦਾ ਆਪਣਾ ਉਤਪਾਦਨ ਪ੍ਰਬੰਧ ਹੈ, ਜੋ ਆਪਣੇ ਸਥਾਪਤ ਨਿਯਮਾਂ ਅਨੁਸਾਰ ਹਰ ਜੀਵ ਨੂੰ ਊਰਜਿਤ ਕਰਕੇ ਰੱਖਣ ਲਈ ਖੁੱਲ੍ਹਾ ਹੋਇਆ ਹੈ। ਕੁਦਰਤ ਦਾ ਸਮੁੱਚਾ ਸੁਭਾਅ ਸਿਰਜਣਾਤਮਿਕ ਹੈ। ਕੁਦਰਤ ਸਮਦ੍ਰਿਸ਼ਟ ਸੁਭਾਅ ਵਾਲੀ ਹੈ। ਇਹ ਮਨੁੱਖ ਸਮੇਤ ਹਰ ਜੀਵ-ਜੰਤ ਨਾਲ ਬ੍ਰਹਿਮੰਡੀ ਰਿਸ਼ਤਿਆਂ ਦੀ ਸਾਂਝ ਵਿਚ ਕਿਸੇ ਤਰ੍ਹਾਂ ਦੇ ਵਿਤਕਰੇ ਜਾਂ ਬਦਲਾਖੋਰੀ ਵਾਲੀ ਭਾਵਨਾ ਨਹੀਂ ਰੱਖਦੀ। ਕੁਦਰਤ ਅਨੁਸ਼ਾਸਨ ਵਿਚ ਰਹਿਣ ਵਾਲੀ ਹਸਤੀ ਹੈ। ਕੁਦਰਤ ਹਰ ਪਲ ਸਹਿਜ ਵਿਚ ਰਹਿੰਦੀ ਹੈ ਅਤੇ ਸਹਿਜ ਵਿਚ ਆਪਣਾ ਉਤਪਾਦਨ ਪ੍ਰਬੰਧ ਅਤੇ ਆਪਣਾ ਸੰਤੁਲਨ ਬਣਾ ਕੇ ਰੱਖਦੀ ਹੈ। ਸਪੱਸ਼ਟ ਹੈ ਕਿ ਕੁਦਰਤ ਦੀ ਆਪਣੀ ਵਿਵਸਥਾ ਹੈ। ਕੁਦਰਤ ਦੇ ਸਿਰਜਣ, ਪਾਲਣ ਅਤੇ ਵਿਨਾਸ਼ ਦੇ ਸਿਧਾਂਤ ਅਤੇ ਕਰਮ ਅਨੁਸਾਰ ਇਸ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਅਤੇ ਇਹ ਕਿਵੇਂ ਨਿਭਾਈ ਜਾ ਰਹੀ ਹੈ, ਇਸ ਬਾਰੇ ਮਹਿਸੂਸ ਕੀਤਿਆਂ ਹੀ ਸਮਝ ਲੱਗਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98725-91713

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ

ਸਿੱਖ ਇਤਿਹਾਸਕ ਇਸ਼ਕ ਦੇ ਪਰਵਾਨਿਆਂ ਦਾ ਇਤਿਹਾਸ ਹੈ। ਇਨ੍ਹਾਂ ਸ਼ਾਨਦਾਰ ਪਰ ਦਰਦਨਾਕ ਸ਼ਹੀਦੀਆਂ ਨੂੰ ਯਾਦ ਕਰਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਅੱਜ ਇਕ ਅਜਿਹੇ ਸ਼ਹੀਦ ਪਿਓ-ਪੁੱਤਰ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਚਰਖੜੀਆਂ 'ਤੇ ਚੜ੍ਹ ਕੇ ਆਪਣੇ ਜਿਸਮਾਂ ਦਾ ਤੂੰਬਾ-ਤੂੰਬਾ ਕਰਵਾ ਲਿਆ ਪਰ ਸਿੱਖੀ ਸਿਦਕ 'ਤੇ ਕਾਇਮ ਰਹੇ। ਲਾਹੌਰ ਜ਼ਿਲ੍ਹੇ ਵਿਚ ਪਿੰਡ ਜੰਬਰ ਵਿਚ ਰਾਇ ਭਾਗ ਦੇ ਘਰ ਵਿਚ ਜਨਮੇ ਸੁਬੇਗ ਸਿੰਘ ਉੱਚਕੋਟੀ ਦੇ ਵਿਦਵਾਨ ਸਨ। ਆਪਣੀ ਯੋਗਤਾ ਅਤੇ ਸਿਆਣਪ ਕਰਕੇ ਉਹ ਲਾਹੌਰ ਦੇ ਕੋਤਵਾਲ ਵੀ ਬਣੇ ਅਤੇ ਲੋਕਾਂ ਵਿਚ ਹਰਮਨ ਪਿਆਰੇ ਹੋਏ। ਸਰਕਾਰ ਸਿੰਘਾਂ 'ਤੇ ਜਬਰ-ਜ਼ੁਲਮ ਕਰਕੇ ਥੱਕ ਚੁੱਕੀ ਸੀ ਪਰ ਖਾਲਸੇ ਨੂੰ ਝੁਕਾ ਨਾ ਸਕੀ। ਅਖੀਰ ਉਨ੍ਹਾਂ ਨੇ ਸਿੰਘਾਂ ਨਾਲ ਸੁਲ੍ਹਾ ਕਰਨੀ ਚਾਹੀ ਅਤੇ ਭਾਈ ਸੁਬੇਗ ਸਿੰਘ ਨੂੰ ਖ਼ਾਲਸੇ ਕੋਲ ਭੇਜਿਆ। ਇਸ ਪੇਸ਼ਕਸ਼ ਵਿਚ ਨਵਾਬੀ ਦਾ ਖਿਤਾਬ ਅਤੇ ਇਕ ਲੱਖ ਦੀ ਜਗੀਰ ਸੀ। ਖਾਲਸੇ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਪਰ ਭਾਈ ਸੁਬੇਗ ਸਿੰਘ ਦੇ ਜ਼ੋਰ ਦੇਣ 'ਤੇ ਪ੍ਰਵਾਨ ਕਰ ਲਈ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ ਆਪ ਨੂੰ ਕੋਤਵਾਲ ਬਣਾ ਦਿੱਤਾ। ਇਸ ਸਮੇਂ ਭਾਈ ਸਾਹਿਬ ਨੇ ਸ਼ਹੀਦ ਸਿੰਘਾਂ ਦੇ ਚਿਣੇ ਹੋਏ ਜਾਂ ਖੂਹਾਂ ਵਿਚ ਸੁੱਟੇ ਹੋਏ ਸੀਸ ਕਢਵਾ ਕੇ ਉਨ੍ਹਾਂ ਦਾ ਸਸਕਾਰ ਕੀਤਾ ਅਤੇ ਯਾਦਗਾਰਾਂ ਬਣਾਈਆਂ। ਤਸੀਹੇ ਦੇ ਕੇ ਮਾਰਨ ਦੀਆਂ ਸਜ਼ਾਵਾਂ ਬੰਦ ਕਰ ਦਿੱਤੀਆਂ। ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ ਅਤੇ ਉਸ ਨੇ ਫਿਰ ਖਾਲਸੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਭਾਈ ਸੁਬੇਗ ਸਿੰਘ ਦਾ ਇਕਲੌਤਾ ਹੋਣਹਾਰ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਸੀ, ਜੋ ਆਪਣੇ ਪਿਤਾ ਵਾਂਗ ਹੀ ਵਿਦਵਾਨ, ਗਿਆਨਵਾਨ ਅਤੇ ਉੱਚੇ ਆਚਰਣ ਵਾਲਾ ਸੀ। ਇਕ ਦਿਨ ਉਸ ਨੇ ਮੁੱਲਾਂ-ਮੁਲਾਣਿਆਂ ਸਾਹਮਣੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਏਨੀ ਯੋਗਤਾ ਅਤੇ ਵਿਦਵਤਾ ਨਾਲ ਪੇਸ਼ ਕੀਤੇ ਕਿ ਮੌਲਵੀ ਉਸ ਦੇ ਵਿਰੁੱਧ ਹੋ ਗਿਆ। ਦੋਵੇਂ ਪਿਓ-ਪੁੱਤਰਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ।
ਦੋਵੇਂ ਬਹਾਦਰਾਂ ਨੇ ਮੌਤ ਕਬੂਲ ਕੀਤੀ। ਉਨ੍ਹਾਂ ਨੂੰ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਕੋਰੜੇ ਮਾਰੇ ਗਏ, ਪੁੱਠਾ ਲਟਕਾਇਆ ਗਿਆ ਅਤੇ ਚਰਖੜੀਆਂ 'ਤੇ ਘੁਮਾਇਆ। ਤੰਬੂਰਾਂ ਨਾਲ ਮਾਸ ਨੋਚਿਆ, ਪਿਓ-ਪੁੱਤਰ ਨੂੰ ਅੱਡ-ਅੱਡ ਕਰਕੇ ਝੂਠ ਬੋਲਿਆ ਗਿਆ ਕਿ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਹੈ ਪਰ ਉਨ੍ਹਾਂ ਦੀ ਕੋਈ ਵੀ ਚਾਲ ਕਾਮਯਾਬ ਨਾ ਹੋਈ। ਦੋਵਾਂ ਨੂੰ ਚਰਖੜੀ 'ਤੇ ਚਾੜ੍ਹਿਆ ਗਿਆ। ਚਾਬਕਾਂ ਮਾਰ-ਮਾਰ ਕੇ ਚਮੜੀ ਉਧੇੜ ਦਿੱਤੀ ਗਈ। ਨਿਢਾਲ ਹੋਏ ਪਿਤਾ-ਪੁੱਤਰ ਵੀ ਅਕਾਲ ਅਕਾਲ ਅਤੇ ਵਾਹਿਗੁਰੂ ਜੀ ਦੀ ਫ਼ਤਹਿ ਬੁਲੰਦ ਕਰਦੇ ਰਹੇ। ਇਕ ਵਾਰ ਫਿਰ ਭਾਈ ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਆਪਣੇ 18 ਸਾਲ ਦੇ ਪੁੱਤਰ 'ਤੇ ਤਰਸ ਕਰਕੇ ਆਪਣੀ ਕੁਲ ਨੂੰ ਬਚਾ ਲੈ ਪਰ ਭਾਈ ਸਾਹਿਬ ਨੇ ਸ੍ਰੀ ਦਸਮੇਸ਼ ਜੀ ਨੂੰ ਯਾਦ ਕਰਦਿਆਂ ਕਿਹਾ-
ਸਿੱਖਨ ਕਾਜ ਸੁ ਗੁਰੂ ਹਮਾਰੇ। ਸੀਸ ਦੀਉ ਨਿਜ ਸਣ ਪਰਵਾਰੈ।
ਹਮ ਕਾਰਨ ਗੁਰ ਕੁਲਹਿ ਗਵਾਈ। ਹਮ ਕੁਲ ਰਾਖੈਂ ਕੌਣ ਬਡਾਈ। (ਪੰਥ ਪ੍ਰਕਾਸ਼)
ਇਉਂ ਸੰਨ 1745 ਈ: ਵਿਚ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਅੰਤਾਂ ਦੇ ਕਸ਼ਟ ਸਹਾਰ ਕੇ ਸ਼ਹੀਦੀ ਜਾਮ ਪੀ ਗਏ।

ਕਿੰਝ ਹੋਂਦ 'ਚ ਆਈ ਕੌਮਾਂਤਰੀ ਵਾਹਗਾ ਸਰਹੱਦ?

ਬਰਤਾਨਵੀ ਵਕੀਲ ਸਿਰਿਲ ਰੈਡਕਲਿਫ ਅਤੇ ਤਤਕਾਲੀ ਵਾਇਸਰਾਏ ਲਾਰਡ ਮਾਊਂਟਬੈਟਨ ਵਲੋਂ ਪੰਜਾਬ ਦੇ ਜ਼ਿਲ੍ਹਿਆਂ ਦੀ ਵੰਡ ਸਬੰਧੀ ਅਚਾਨਕ ਬਦਲੇ ਗਏ ਫ਼ੈਸਲੇ ਨੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ, ਵੱਡੀ ਗਿਣਤੀ 'ਚ ਔਰਤਾਂ ਤੇ ਮੁਟਿਆਰਾਂ ਬੇ-ਆਬਰੂ ਹੋਈਆਂ, ਜਾਤੀਵਾਦੀ ਫ਼ਸਾਦਾਂ ਦੇ ਚਲਦਿਆਂ ਵੱਡੀ ਗਿਣਤੀ 'ਚ ਲੋਕ ਮੌਤ ਦੇ ਘਾਟ ਉਤਾਰੇ ਗਏ ਅਤੇ ਹਰ ਪਾਸੇ ਲੁੱਟਮਾਰ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ। ਇਸ ਖ਼ੂਨ-ਖ਼ਰਾਬੇ ਅਤੇ ਲੁੱਟਮਾਰ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਲਈ 123 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਸ: ਮਹਿੰਦਰ ਸਿੰਘ ਚੋਪੜਾ ਦੁਆਰਾ ਦੋਵਾਂ ਦੇਸ਼ਾਂ ਵਿਚਾਲੇ ਅਕਤੂਬਰ, 1947 ਨੂੰ ਵਾਹਗਾ ਸੁਰੱਖਿਆ ਚੌਕੀ ਦੀ ਬੁਨਿਆਦ ਰੱਖੀ ਗਈ, ਜਿਸ ਤੋਂ ਬਾਅਦ ਖ਼ੂਨ-ਖ਼ਰਾਬੇ ਅਤੇ ਲੁੱਟ-ਮਾਰ ਦੀਆਂ ਵਾਰਦਾਤਾਂ ਦਾ ਸਿਲਸਿਲਾ ਕੁਝ ਘੱਟ ਗਿਆ।
ਦੱਸਿਆ ਜਾਂਦਾ ਹੈ ਕਿ 8 ਅਕਤੂਬਰ, 1947 ਨੂੰ ਜਦੋਂ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਨੇ ਅੰਮ੍ਰਿਤਸਰ 'ਚ 123 ਇਨਫੈਂਟਰੀ ਬ੍ਰਿਗੇਡ ਦੀ ਕਮਾਨ ਸੰਭਾਲੀ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਵੇਂ ਕਿ ਸਰਹੱਦ ਦੀ ਹੋਂਦ ਬਾਰੇ ਆਮ ਧਾਰਨਾ ਬਣੀ ਹੋਈ ਹੈ, ਫਿਰ ਵੀ ਨਿਸਚਿਤ ਸੀਮਾ ਰੇਖਾ ਨਹੀਂ ਸੀ, ਜਿਸ ਨੂੰ ਸੀਮਾਬੱਧ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਸ ਵੇਲੇ ਉਨ੍ਹਾਂ ਨੂੰ ਜਾਂ ਪਾਕਿਸਤਾਨੀ ਫੋਰਸਾਂ ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਗ੍ਰੈਂਡ ਟਰੰਕ ਰੋਡ ਕਿੱਥੇ ਭਾਰਤ ਤੋਂ ਵੱਖ ਹੁੰਦੀ ਹੈ ਤੇ ਕਿੱਥੇ ਪਾਕਿਸਤਾਨ 'ਚ ਪ੍ਰਵੇਸ਼ ਕਰਦੀ ਹੈ। ਅਕਤੂਬਰ, 1947 ਦੇ ਦੂਜੇ ਹਫ਼ਤੇ ਸ: ਚੋਪੜਾ ਨੇ ਰਾਸ਼ਟਰੀ ਸਰਹੱਦ ਵਿਖੇ ਪਾਕਿਸਤਾਨੀ ਸੈਨਾ ਦੇ ਨਵ-ਨਿਯੁਕਤ ਅਧਿਕਾਰੀ ਬ੍ਰਿਗੇਡੀਅਰ ਨਾਸਿਰ ਅਹਿਮਦ ਨਾਲ ਮੁਲਾਕਾਤ ਕੀਤੀ, ਜੋ ਕਿ ਵੰਡ ਤੋਂ 3 ਮਹੀਨੇ ਪਹਿਲਾਂ ਉਨ੍ਹਾਂ ਦੇ ਨਾਲ ਇਕੋ ਰੈਜੀਮੈਂਟ 'ਚ ਕੰਮ ਕਰ ਚੁੱਕਾ ਸੀ। ਦੋਵਾਂ ਨੇ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ਮੁੱਖ ਸੜਕ 'ਤੇ ਦੋ ਲੋਹੇ ਦੇ ਖ਼ਾਲੀ ਡਰੰਮਾਂ 'ਤੇ ਸਫ਼ੈਦੀ ਕਰ ਕੇ ਭਾਰਤ-ਪਾਕਿਸਤਾਨ ਲਿਖਦਿਆਂ ਕੌਮਾਂਤਰੀ ਸਰਹੱਦ ਕਾਇਮ ਕਰ ਦਿੱਤੀ। ਭਾਰਤ-ਪਾਕਿ ਸਰਹੱਦ 'ਤੇ ਇਸ ਬਾਰੇ 'ਚ ਲਗਾਏ ਗਏ ਪਿੱਤਲ ਦੇ ਪੱਤਰੇ 'ਤੇ ਅੱਜ ਵੀ ਬ੍ਰਿਗੇਡੀਅਰ ਸ: ਮਹਿੰਦਰ ਸਿੰਘ ਚੋਪੜਾ ਦੁਆਰਾ ਸਰਹੱਦ ਕਾਇਮ ਕੀਤੇ ਜਾਣ ਬਾਰੇ ਜਾਣਕਾਰੀ ਦਰਜ ਹੈ।
ਦੇਸ਼ ਦੀ ਵੰਡ ਦੇ 60 ਵਰ੍ਹੇ ਬਾਅਦ ਭਾਰਤ ਸਰਕਾਰ ਨੂੰ ਇਹ ਧਿਆਨ ਆਇਆ ਕਿ ਵਾਹਗਾ ਪਿੰਡ ਮੌਜੂਦਾ ਸਮੇਂ ਲਾਹੌਰ ਦੇ ਅਧੀਨ ਹੈ ਅਤੇ ਜਾਇੰਟ ਚੈੱਕ ਪੋਸਟ ਤੋਂ 1.5 ਕਿਲੋਮੀਟਰ ਦੀ ਦੂਰੀ 'ਤੇ ਪਾਕਿ ਸਰਹੱਦ ਵੱਲ ਹੈ। ਜਦਕਿ ਜਿੱਥੇ ਜੀ. ਸੀ. ਪੀ. ਮੌਜੂਦ ਹੈ, ਉਹ ਭਾਰਤੀ ਪਿੰਡ ਅਟਾਰੀ ਦਾ ਹਿੱਸਾ ਹੈ, ਜਿਸ ਦੇ ਬਾਅਦ ਇਤਿਹਾਸਕ ਫ਼ੈਸਲਾ ਲੈਂਦਿਆਂ 8 ਸਤੰਬਰ, 2007 ਨੂੰ ਭਾਰਤ ਪਾਸੇ ਸਰਹੱਦ ਦਾ ਨਾਂਅ ਬਦਲ ਕੇ ਅਟਾਰੀ ਬਾਰਡਰ ਰੱਖ ਦਿੱਤਾ ਗਿਆ, ਜੋ ਸਰਕਾਰੀ ਆਦੇਸ਼ ਜਾਰੀ ਹੋਣ ਦੇ ਬਾਅਦ ਸਿਰਫ਼ ਸਰਕਾਰੀ ਦਸਤਾਵੇਜ਼ਾਂ ਅਤੇ ਸਰਕਾਰੀ ਕੰਮਕਾਜ ਤੱਕ ਹੀ ਸੀਮਤ ਹੈ। ਅਜੇ ਵੀ ਭਾਰਤ ਪਾਸੇ ਅਣਗਹਿਲੀ ਨਾਲ ਅਟਾਰੀ-ਵਾਹਗਾ ਸਰਹੱਦ ਨੂੰ 'ਅਟਾਰੀ ਬਾਰਡਰ' ਦੀ ਜਗ੍ਹਾ 'ਵਾਹਗਾ ਸਰਹੱਦ' ਅਤੇ ਹਰ ਸ਼ਾਮ ਸਰਹੱਦ 'ਤੇ ਦੋਵਾਂ ਪਾਸਿਆਂ ਦੇ ਸੁਰੱਖਿਆ ਬਲਾਂ ਵਲੋਂ ਸਾਂਝੇ ਤੌਰ 'ਤੇ ਪੇਸ਼ ਕੀਤੀ ਜਾਣ ਵਾਲੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ) ਨੂੰ 'ਵਾਹਗਾ ਰੀਟਰੀਟ ਸੈਰਾਮਨੀ' ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਹਰ ਸ਼ਾਮ ਯਾਤਰੂਆਂ ਨੂੰ ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਵਿਖਾਉਣ ਲਈ ਲੈ ਕੇ ਜਾਣ ਵਾਲੀਆਂ ਡਬਲ ਡੈਕਰ ਬੱਸਾਂ, 300 ਦੇ ਲਗਪਗ ਨਿੱਜੀ ਟੈਕਸੀਆਂ ਤੇ ਆਟੋ ਰਿਕਸ਼ਿਆਂ ਅਤੇ ਸਰਹੱਦ ਨੂੰ ਜਾਂਦੇ ਪ੍ਰਮੁੱਖ ਰਸਤੇ 'ਤੇ ਅਟਾਰੀ ਦੀ ਜਗ੍ਹਾ ਵਾਹਗਾ ਸਰਹੱਦ ਦੇ ਬੋਰਡ ਲਗਾਏ ਗਏ ਹਨ। ਇਸ ਸਭ ਨੂੰ ਲੈ ਕੇ ਹੋਰਨਾਂ ਨਾਗਰਿਕਾਂ ਸਮੇਤ ਬਾਹਰੋਂ ਆਉਣ ਵਾਲੇ ਸੈਲਾਨੀਆਂ 'ਚ ਭਾਰਤੀ ਸਰਹੱਦ ਦੇ ਅਸਲ ਨਾਂਅ ਨੂੰ ਲੈ ਕੇ ਵੱਡਾ ਭੁਲੇਖਾ ਬਣਿਆ ਹੋਇਆ ਹੈ।


-ਅੰਮ੍ਰਿਤਸਰ। ਮੋਬਾ: 93561-27771

ਗੁਰਮਤਿ ਸੰਗੀਤ ਨੂੰ ਡਾ: ਗੁਰਨਾਮ ਸਿੰਘ ਦੀ ਦੇਣ

ਕੱਝ ਵਿਰਲੇ-ਟਾਵੇਂ ਪਰਿਵਾਰ ਅਜਿਹੇ ਹੁੰਦੇ ਹਨ, ਜਿਨ੍ਹਾਂ 'ਤੇ ਕਾਦਰ ਦੀਆਂ ਵਿਸ਼ੇਸ਼ ਮਿਹਰਾਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਵਿਚ ਹੀ ਸ਼ਾਮਲ ਹੈ ਡਾ: ਗੁਰਨਾਮ ਸਿੰਘ ਦਾ ਪਰਿਵਾਰ, ਜਿਸ ਨੂੰ ਗੁਰੂ ਦੀ ਕੀਰਤੀ ਗਾਇਨ ਕਰਨ ਦਾ ਸੁਭਾਗ ਪਿਤਾ ਪੁਰਖੀ ਰੂਪ ਵਿਚ ਪ੍ਰਾਪਤ ਹੋਇਆ। ਡਾ: ਗੁਰਨਾਮ ਸਿੰਘ ਦੇ ਪਿਤਾ ਸ਼੍ਰੋਮਣੀ ਰਾਗ਼ੀ ਭਾਈ ਉਤਮ ਸਿੰਘ ਪਤੰਗ ਸਨ। ਅੱਗੋਂ ਉਨ੍ਹਾਂ ਦੇ 3 ਪੁੱਤਰਾਂ ਡਾ: ਗੁਰਨਾਮ ਸਿੰਘ, ਡਾ: ਜਾਗੀਰ ਸਿੰਘ ਅਤੇ ਡਾ: ਬਚਿੱਤਰ ਸਿੰਘ (ਤਿੰਨੋਂ ਸ਼੍ਰੋਮਣੀ ਰਾਗ਼ੀ) 'ਤੇ ਵੀ ਅਕਾਲ ਪੁਰਖ਼ ਦੀ ਬਖਸ਼ਿਸ਼ ਹੈ। ਇਨ੍ਹਾਂ ਨੇ ਗੁਰਬਾਣੀ ਗਾਇਨ ਦੇ ਨਾਲ-ਨਾਲ ਗੁਰਮਤਿ ਸੰਗੀਤ ਪ੍ਰਤੀ ਮਾਣਮੱਤੇ ਖੋਜ ਕਾਰਜ ਕੀਤੇ ਹਨ। ਡਾ: ਗੁਰਨਾਮ ਸਿੰਘ ਗੁਰਮਤਿ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ, ਆਗਰਾ ਘਰਾਣੇ ਦੇ ਪਦਮਸ੍ਰੀ ਉਸਤਾਦ ਸੋਹਨ ਸਿੰਘ, ਪਟਿਆਲਾ ਘਰਾਣੇ ਦੇ ਉਸਤਾਦ ਬਾਕਿਰ ਹੁਸੈਨ ਤੇ ਪ੍ਰਿੰ: ਐਸ. ਐਸ. ਕਰੀਰ ਦੇ ਲਾਡਲੇ ਸ਼ਿਸ਼ ਰਹੇ ਹਨ।
ਡਾ: ਗੁਰਨਾਮ ਸਿੰਘ ਨੇ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵੱਖ-ਵੱਖ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 122 ਖੋਜ ਪੱਤਰਾਂ ਅਤੇ 200 ਤੋਂ ਵੱਧ ਖੋਜ ਲੇਖਾਂ ਦਾ ਲੇਖਣ ਕੀਤਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਅਤੇ ਪ੍ਰਕਾਸ਼ਕਾਂ ਨੇ ਛਾਪਿਆ ਹੈ। ਉਨ੍ਹਾਂ ਦੇ ਵਿਸ਼ੇਸ਼ ਕਾਰਜਾਂ 'ਚੋਂ ਯੂ.ਜੀ.ਸੀ. ਪ੍ਰਾਜੈਕਟ ਲਈ 9 ਵੀਡੀਓ ਲੈਕਚਰ, 26 ਆਡੀਓ ਰਿਕਾਰਡਿੰਗਜ਼, 4 ਵੀਡੀਓ ਰਿਕਾਰਡਿੰਗਜ਼, 5 ਡਾਕੂਮੈਂਟਰੀ ਫ਼ਿਲਮਾਂ, 6 ਸਿਗਨੇਚਰ ਧੁਨਾਂ ਆਦਿ ਤਿਆਰ ਕਰਨਾ ਪ੍ਰਮੁੱਖ ਹਨ। ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਉਨ੍ਹਾਂ ਦੀ ਖੋਜ ਵਿਸ਼ਵ ਪੱਧਰੀ ਮੰਨੀ ਜਾਂਦੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗਾਂ ਦੇ ਮੁਖੀ ਰਹੇ ਹਨ। ਮਗਰੋਂ ਪਟਿਆਲਾ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਵਿਭਾਗ ਦੇ ਬਾਨੀ ਹੈੱਡ ਵਜੋਂ ਉਨ੍ਹਾਂ ਦੀਆਂ ਹੇਠ ਲਿਖੀਆਂ ਪ੍ਰਾਪਤੀਆਂ ਹਨ :
* 2003 'ਚ ਡਾ: ਜਸਬੀਰ ਕੌਰ ਖਾਲਸਾ, ਚੇਅਰਪਰਸਨ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਨਵੀਂ ਦਿੱਲੀ ਦੇ ਵਿੱਤੀ ਸਹਿਯੋਗ ਨਾਲ ਗੁਰਮਤਿ ਸੰਗੀਤ ਚੇਅਰ।
* 2005 ਵਿਚ ਤਤਕਾਲੀ ਉਪ ਕੁਲਪਤੀ ਡਾ: ਐਸ. ਐਸ. ਬੋਪਾਰਾਏ ਦੀ ਸਰਪ੍ਰਸਤੀ ਹੇਠ ਗੁਰਮਤਿ ਸੰਗੀਤ ਵਿਭਾਗ।
* 2007 ਵਿਚ ਗੁਰਮਤਿ ਸੰਗੀਤ ਭਵਨ।
* 2010 ਵਿਚ ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ਼ ਮਿਊਜ਼ਿਕ।
* 2011 ਵਿਚ ਅਖੰਡ ਕੀਰਤਨੀ ਜਥਾ ਸਰੀ (ਕੈਨੇਡਾ) ਦੇ ਵਿੱਤੀ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ।
* 2014 'ਚ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ।
* 2016 ਵਿਚ ਸਵ: ਰਾਗੀ ਅਵਤਾਰ ਸਿੰਘ ਦਿੱਲੀ ਦੇ ਪਰਿਵਾਰ ਦੇ ਮਾਲੀ ਸਹਿਯੋਗ ਨਾਲ ਭਾਈ ਜੁਆਲਾ ਰਾਗ਼ੀ ਆਡੀਟੋਰੀਅਮ।
* 2017 ਵਿਚ ਤੇਜ ਪ੍ਰਤਾਪ ਸੰਧੂ ਦੇ ਸਹਿਯੋਗ ਨਾਲ ਰਾਗ ਰਤਨ ਆਰਟ ਗੈਲਰੀ।
ਇਸ ਤੋਂ ਇਲਾਵਾ ਉਨ੍ਹਾਂ ਨੇ 2003 ਤੋਂ ਗੁਰਮਤਿ ਸੰਗੀਤ ਉਤਸਵ ਆਰੰਭ ਕਰਵਾਇਆ, ਜਿਹੜਾ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਸ਼ਾਸਤਰੀ ਸੰਗੀਤ ਨੂੰ ਹੱਲਾਸ਼ੇਰੀ ਦੇਣ ਲਈ ਯੂਨੀਵਰਸਿਟੀ ਵਿਚ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਆਰੰਭ ਕਰਵਾਇਆ। ਪੰਜਾਬ ਦੇ ਸ਼ਾਸਤਰੀ ਸੰਗੀਤਕਾਰਾਂ ਲਈ ਪੰਜਾਬ ਸੰਗੀਤ ਰਤਨ ਐਵਾਰਡ ਦੀ ਸਥਾਪਨਾ ਕੀਤੀ। ਪਦਮ ਸ੍ਰੀ ਉਸਤਾਦ ਸੋਹਨ ਸਿੰਘ ਸਮ੍ਰਿਤੀ ਸਮਾਰੋਹ ਦੀ ਆਰੰਭਤਾ ਅਤੇ ਸ਼ਾਸਤਰੀ ਸੰਗੀਤ ਵਿਚ ਪ੍ਰਚੱਲਿਤ ਪੰਜਾਬੀ ਬੰਦਿਸ਼ਾਂ ਬਾਰੇ 'ਪੰਜਾਬੀ ਬੰਦਿਸ਼ਾਂ' ਪੁਸਤਕ ਦਾ ਪ੍ਰਕਾਸ਼ਨ ਕਰਵਾਇਆ। ਡਾ: ਗੁਰਨਾਮ ਸਿੰਘ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਸੰਗੀਤ ਤੇ ਗੁਰਮਤਿ ਸੰਗੀਤ ਕੇਂਦਰ ਚਲਾ ਰਹੇ ਹਨ। ਉੱਥੇ ਗੁਰਮਤਿ ਸੰਗੀਤ ਦਰਬਾਰ, ਸਿਖਲਾਈ ਵਰਕਸ਼ਾਪ, ਪ੍ਰਤੀਯੋਗਤਾਵਾਂ ਤੇ ਸੈਮੀਨਾਰ ਵੀ ਲਾਉਂਦੇ ਹਨ।
ਡਾ: ਗੁਰਨਾਮ ਸਿੰਘ ਦੇ ਸ਼ਾਗਿਰਦਾਂ ਦਾ ਘੇਰਾ ਵਿਸ਼ਵ ਪੱਧਰੀ ਹੈ। ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ ਦੇ ਵ੍ਹਾਈਟ ਹਾਊਸ ਤੱਕ ਉਨ੍ਹਾਂ ਦੇ ਸ਼ਾਗਿਰਦ ਕਾਰਜਸ਼ੀਲ ਹਨ। ਉਨ੍ਹਾਂ ਦੀ ਅਗਵਾਈ ਹੇਠ ਅਣਗਿਣਤ ਵਿਦਿਆਰਥੀਆਂ ਨੇ ਪੀ. ਐਚ. ਡੀ. ਤੇ ਹੋਰ ਖੋਜ ਕਾਰਜ ਕੀਤੇ ਹਨ। ਉਨ੍ਹਾਂ ਦੇ ਸ਼ਾਗਿਰਦ ਅਨੇਕਾਂ ਤਾਲੀਮੀ ਅਦਾਰਿਆਂ ਵਿਚ ਬਤੌਰ ਡੀਨ, ਪ੍ਰੋਫੈਸਰ, ਟੀਚਰ, ਗਾਇਕ, ਸੰਗੀਤ ਨਿਰਦੇਸ਼ਕ/ਨਿਰਮਾਤਾ ਵਜੋਂ ਨਾਮਣਾ ਖੱਟ ਰਹੇ ਹਨ। ਡਾਕਟਰ ਸਾਹਿਬ ਨੇ ਗੁਰੂ-ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਾਈ। ਉਨ੍ਹਾਂ ਨੇ ਰਬਾਬ ਬਾਰੇ ਖੋਜ ਕਰਕੇ ਘਾੜਤ ਘੜਵਾਈ, ਟ੍ਰੇਨਿੰਗ ਵਰਕਸ਼ਾਪਾਂ ਲਗਵਾਈਆਂ ਤੇ ਰਬਾਬੀ ਉਸਤਾਦਾਂ ਨੂੰ ਲੱਭਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਤਾਊਸ ਗਾਇਨ ਸ਼ੁਰੂ ਕੀਤਾ ਅਤੇ ਅਨੇਕਾਂ ਵਿਦਿਆਰਥੀ ਤਿਆਰ ਕੀਤੇ, ਜਿਹੜੇ ਹਰਿਮੰਦਰ ਸਾਹਿਬ ਵਿਚ ਰਾਗੀਆਂ ਨਾਲ ਸੰਗਤ ਕਰਦੇ ਹਨ।
ਉਨ੍ਹਾਂ ਦੀ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 2001 ਵਿਚ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਗਿਆ। 2003 ਵਿਚ ਸੰਗੀਤ ਨਾਟਕ ਅਕੈਡਮੀ ਵਲੋਂ ਸੀਨੀਅਰ ਫੈਲੋਸ਼ਿਪ ਦਿੱਤੀ ਗਈ। 2010 ਵਿਚ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ। 2011 ਵਿਚ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਐਵਾਰਡ। 2017 ਵਿਚ ਭਾਈ ਨੰਦ ਲਾਲ ਗੁਰ ਹਰਜਸ ਸਨਮਾਨ। ਵਿਸਮਾਦ ਨਾਦ ਜਵੱਦੀ ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ। ਹਰਿਵਲੱਭ ਸੰਗੀਤ ਸੰਮੇਲਨ ਵਲੋਂ ਬੈਸਟ ਰਾਗੀ ਐਵਾਰਡ ਅਤੇ ਐਜੂਕੇਸ਼ਨਜ਼ ਤੇ ਚੀਫ਼ ਖਾਲਸਾ ਦੀਵਾਨ ਵਲੋਂ ਐਵਾਰਡ ਉਨ੍ਹਾਂ ਦੀ ਝੋਲੀ ਪਏ। ਉਨ੍ਹਾਂ ਦੀਆਂ ਵਿਸ਼ਵ ਵਿਆਪੀ ਸੰਗੀਤਕ ਖ਼ਿਦਮਾਤ ਦੇ ਪੇਸ਼-ਏ-ਨਜ਼ਰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਇਸ ਸਾਲ 6 ਫਰਵਰੀ ਨੂੰ ਕੌਮੀ ਪੱਧਰ ਦੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਨਵਾਜਿਆ ਗਿਆ।
ਡਾ: ਗੁਰਨਾਮ ਸਿੰਘ ਪਿਛਲੇ 3 ਦਹਾਕਿਆਂ ਤੋਂ ਵੱਧ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਬਤੌਰ ਪ੍ਰੋ: ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਆਪਣਾ ਅਕਾਦਮਿਕ ਸਫ਼ਰ 1983 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਆਰੰਭ ਕੀਤਾ ਤੇ ਫ਼ਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ਇਲਾਵਾ ਹਾਫਸਟਰਾ ਯੂਨੀਵਰਸਿਟੀ (ਅਮਰੀਕਾ) ਦੇ ਵਿਜ਼ਟਿੰਗ ਸਕਾਲਰ, ਫੈਕਲਟੀ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਮਿਕ ਦੇ ਉੱਚ ਅਹੁਦਿਆਂ ਤੋਂ ਇਲਾਵਾ ਅਕਾਦਮਿਕ ਕੌਂਸਲ, ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਸਰਕਰਦਾ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਬਰਸੀ 'ਤੇ ਵਿਸ਼ੇਸ਼

ਸਿੱਖ ਇਤਿਹਾਸ ਦਾ ਖੋਜੀ ਕਰਮ ਸਿੰਘ ਹਿਸਟੋਰੀਅਨ

20ਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ ਇਤਿਹਾਸ ਨੂੰ ਲਿਖਣ ਲਈ ਵਿਗਿਆਨਕ ਪਹੁੰਚ ਅਪਣਾਉਣ ਵਾਲੇ ਸ: ਕਰਮ ਸਿੰਘ ਹਿਸਟੋਰੀਅਨ ਨੂੰ ਅੱਜ ਵੀ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਸ: ਕਰਮ ਸਿੰਘ ਦਾ ਜਨਮ ਮੌਜੂਦਾ ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਪਿੰਡ ਝਬਾਲ ਵਿਚ ਸ: ਝੰਡਾ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖ ਤੋਂ ਹੋਇਆ। ਇਨ੍ਹਾਂ ਆਪਣੀ ਮੁਢਲੀ ਤਾਲੀਮ ਪਿੰਡ ਦੇ ਸਕੂਲ ਤੋਂ ਤੇ ਦਸਵੀਂ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਕੀਤੀ। ਸ: ਕਰਮ ਸਿੰਘ ਨੇ ਗਰੈਜੂਏਸ਼ਨ ਕਰਨ ਲਈ ਖਾਲਸਾ ਕਾਲਜ ਅੰਮ੍ਰਿਤਸਰ 'ਚ ਦਾਖਲਾ ਲਿਆ। ਪਰ 1905 ਈਸਵੀ ਵਿਚ ਡਿਗਰੀ ਦਾ ਇਮਤਿਹਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਸਿੱਖ ਇਤਿਹਾਸ ਦੀ ਖੋਜ ਵਿਚ ਸਮਰਪਿਤ ਭਾਵਨਾ ਨਾਲ ਜੁਟ ਗਏ।
ਇਨ੍ਹਾਂ ਸੰਤ ਅਤਰ ਸਿੰਘ ਦੀ ਅਗਵਾਈ ਵਿਚ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਆਪਣੇ ਮੁਢਲੇ ਨਾਂਅ ਮਹਿਰਾਜ ਸਿੰਘ ਤੋਂ ਅੰਮ੍ਰਿਤ ਛਕ ਕੇ 'ਕਰਮ ਸਿੰਘ' ਦਾ ਨਾਂਅ ਧਾਰਨ ਕੀਤਾ। ਹੁਣ ਜਦੋਂ ਆਪਣੀ ਤੱਥਾਂ 'ਤੇ ਆਧਾਰਿਤ ਵਿਗਿਆਨਕ ਪਹੁੰਚ ਮੁਤਾਬਿਕ ਕੀਤੀ ਖੋਜ ਨੂੰ ਛਾਪਣ ਦਾ ਉਪਰਾਲਾ ਸ਼ੁਰੂ ਕੀਤਾ ਤਾਂ ਪ੍ਰੰਪਰਾਵਾਦੀ ਲੋਕਾਂ ਨੇ ਇਸ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ। ਆਰਥਿਕ ਸੰਕਟ ਨੇ ਵੀ ਘੇਰ ਲਿਆ। ਇਸ ਤੋਂ ਪਿੱਛੋਂ ਇਨ੍ਹਾਂ ਨੂੰ ਪੰਡਿਤ ਜਵਾਲਾ ਸਿੰਘ ਆਪਣੇ ਨਾਲ ਪਟਿਆਲਾ ਲੈ ਆਏ, ਇਥੇ ਆ ਕੇ ਉਨ੍ਹਾਂ ਸਰ ਜੋਗਿੰਦਰ ਸਿੰਘ ਦੀ ਮਦਦ ਨਾਲ ਸ: ਕਰਮ ਸਿੰਘ ਨੂੰ ਸਟੇਟ ਹਿਸਟੋਰੀਅਨ ਦੀ ਪਦਵੀ 'ਤੇ ਨਿਯੁਕਤ ਕਰਵਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਲਗਨ ਮੁਤਾਬਿਕ ਸਿੱਖ ਇਤਿਹਾਸ ਦੀ ਖੋਜ ਵੀ ਜਾਰੀ ਰੱਖੀ।
27 ਦਸੰਬਰ 1929 ਈਸਵੀ ਨੂੰ ਅੰਮ੍ਰਿਤਸਰ ਵਿਖੇ ਸਿੱਖ ਹਿਸਟੋਰੀਅਨ ਸੁਸਾਇਟੀ ਦੀ ਸਥਾਪਨਾ ਹੋਈ। ਇਹ ਸੁਸਾਇਟੀ ਦੇ ਸਕੱਤਰ ਦੀ ਸੇਵਾ ਇਨ੍ਹਾਂ ਨੂੰ ਸੌਂਪੀ ਗਈ। ਇਨ੍ਹਾਂ ਦਿਨਾਂ ਵਿਚ ਹੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਤਿਹਾਸਕ ਖੋਜ ਲਈ ਇਕ ਕੇਂਦਰ ਵਿਭਾਗ ਵਜੋਂ ਸਥਾਪਤ ਕੀਤਾ ਗਿਆ। ਇਸ ਵਿਭਾਗ ਦੀ ਸਾਰੀ ਜ਼ਿੰਮੇਵਾਰੀ ਸ: ਕਰਮ ਸਿੰਘ ਨੂੰ ਸੌਂਪੀ ਗਈ। ਸ: ਕਰਮ ਸਿੰਘ ਹਿਸਟੋਰੀਅਨ ਨੇ 1907 ਈਸਵੀ ਵਿਚ 'ਜੀਵਨ ਬ੍ਰਿਤਾਂਤ ਬੰਦਾ ਬਹਾਦਰ', 'ਜੀਵਨ ਸ੍ਰੀਮਤੀ ਸਦਾ ਕੌਰ' ਅਤੇ 'ਬੀਬੀ ਹਰਨਾਮ ਕੌਰ ਜੀ' ਨਾਂਅ ਦੀਆਂ ਪੁਸਤਕਾਂ ਪਾਠਕਾਂ ਨੂੰ ਭੇਟ ਕੀਤੀਆਂ। ਇਸ ਤੋਂ ਪਿੱਛੋਂ 'ਜੀਵਨ ਬ੍ਰਿਤਾਂਤ ਬਾਬਾ ਆਲਾ ਸਿੰਘ', 'ਕੇਸ ਅਤੇ ਸਿੱਖੀ', 'ਚਿੱਠੀਆਂ ਤੇ ਪ੍ਰਸਤਾਵ', 'ਬੰਦਾ ਕੌਣ ਸੀ?' ਆਦਿ ਬਹੁਤ ਸਾਰੀਆਂ ਪੁਸਤਕਾਂ ਇਤਿਹਾਸ ਦੇ ਪਾਠਕਾਂ ਦੀ ਦ੍ਰਿਸ਼ਟੀਗੋਚਰ ਕੀਤੀਆਂ। 1912 ਈਸਵੀ ਵਿਚ ਇਨ੍ਹਾਂ ਦੀ ਇਤਿਹਾਸਕ ਖੋਜ ਦਾ ਵੱਡਾ ਕਾਰਜ 'ਕੱਤਕ ਕਿ ਵਿਸਾਖ' ਖੋਜ ਮਾਡਲ ਵਜੋਂ ਛਪਿਆ, ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਖਰ ਇਹ ਖੋਜੀ ਰੂਹ ਤਰਨ ਤਾਰਨ ਵਿਖੇ 10 ਸਤੰਬਰ, 1930 ਈਸਵੀ ਨੂੰ ਹਮੇਸ਼ਾ ਲਈ ਸਾਡੇ ਤੋਂ ਜੁਦਾ ਹੋ ਗਈ।


bhagwansinghjohal@gmail.com

ਸ਼ਬਦ ਵਿਚਾਰ

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

॥ ਜਪੁ॥
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਚੁਪੈ ਚੁਪ ਨ ਹੋਵਈ
ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ
ਤ ਇਕ ਨ ਚਲੈ ਨਾਲਿ॥
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ॥ ੧॥ (ਅੰਗ 1)
ਪਦ ਅਰਥ : ਆਦਿ-ਸਮੇਂ ਤੋਂ ਪਹਿਲਾਂ। ਸਚੁ-ਸਦਾ ਕਾਇਮ ਰਹਿਣ ਵਾਲਾ। ਜੁਗਾਦਿ-ਜੁਗਾਂ ਦੇ ਆਰੰਭ ਤੋਂ ਪਹਿਲਾਂ। ਹੈ-ਹੁਣ ਵੀ ਹੈ। ਹੋਸੀ ਭੀ ਸਚੁ-ਅੱਗੇ ਲਈ ਵੀ ਉਸ ਦੀ ਹਸਤੀ (ਹੋਂਦ) ਕਾਇਦ ਰਹੇਗੀ। ਸੋਚੈ-ਤਨ ਦੀ ਸੁੱਚਤਾ ਰੱਖਣ ਨਾਲ। ਸੋਚਿ-ਮਨ ਦੀ ਸੁੱਚਤਾ, ਮਨ ਦੀ ਪਵਿੱਤਰਤਾ। ਸੋਚੀ-ਸੁੱਚ ਰੱਖਾਂ। ਚੁਪੈ-ਚੁੱਪ ਕੀਤਿਆਂ। ਚੁਪ-ਮਨ ਦੀ ਚੁੱਪ, ਮਨ ਦੀ ਸ਼ਾਂਤੀ ਅਥਵਾ ਟਿਕਾਉ। ਲਾਇ ਰਹਾ-ਲਾਈ ਰੱਖਾਂ। ਲਿਵ ਤਾਰ-ਲਿਵ ਦੀ ਤਾਰ, ਸਮਾਧੀ। ਭੁਖਿਆ-ਭੁੱਖਿਆਂ ਰਹਿਣ ਨਾਲ। ਭੁਖ-ਤ੍ਰਿਸ਼ਨਾ। ਨ ਉਤਰੀ-ਦੂਰ ਨਹੀਂ ਹੁੰਦੀ। ਬੰਨਾ-ਬੰਨ੍ਹ ਲਵਾਂ। ਪੁਰੀਆ ਭਾਰ-ਸਾਰੀਆਂ ਪੁਰੀਆਂ ਅਥਵਾ ਸਾਰੇ ਭਵਨਾਂ ਦੇ ਪਦਾਰਥ। ਸਹਸ-ਹਜ਼ਾਰਾਂ। ਸਿਆਣਪਾ-ਚਤੁਰਾਈਆਂ। ਸਚਿਆਰਾ-ਸੱਚ ਨੂੰ ਧਾਰਨ ਕਰਨ ਵਾਲਾ, ਸੱਚਾ। ਕੂੜੈ-ਝੂਠ ਦੀ। ਪਾਲਿ-ਦੀਵਾਰ, ਕੰਧ, ਪੜਦਾ। ਰਜਾਈ-ਰਜ਼ਾ ਵਿਚ। ਲਿਖਿਆ ਨਾਲ-ਲਿਖਿਆ ਚੱਲਿਆ ਆ ਰਿਹਾ ਹੈ।
'ਜਪੁ' ਜੀ ਸਾਹਿਬ ਦੇ ਆਰੰਭ ਵਿਚ ਆਏ ਸਲੋਕ ਵਿਚ 'ੴ' ਦੀ ਹੋਂਦ ਬਾਰੇ ਦਰਸਾਇਆ ਗਿਆ ਹੈ ਕਿ ਅਕਾਲ ਪੁਰਖ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਹੈ, ਹੁਣ ਵੀ ਮੌਜੂਦ ਹੈ ਅਤੇ ਅੱਗੇ ਤੋਂ ਵੀ ਸਦਾ ਕਾਇਮ ਰਹੇਗਾ, ਜਿਸ ਨੂੰ ਆਪ ਜੀ ਨੇ ਰਾਗੁ ਆਸਾ ਵਿਚ ਇਸ ਤਰ੍ਹਾਂ ਪ੍ਰਗਟਾਇਆ ਹੈ-
ਆਦਿ ਜੁਗਾਦੀ ਹੈ ਭੀ ਹੋਸੀ
ਅਵਰੁ ਝੂਠਾ ਸਭੁ ਮਾਨੋ॥
(ਰਾਗੁ ਆਸਾ ਮਹਲਾ ੧, ਅੰਗ 437)
ਭਾਵ ਪਰਮਾਤਮਾ ਸ੍ਰਿਸ਼ਟੀ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਕਾਇਮ ਹੈ, ਹੁਣ ਵੀ ਮੌਜੂਦ ਹੈ, ਅੱਗੇ ਵੀ ਸਦਾ ਕਾਇਮ ਰਹੇਗਾ, ਬਾਕੀ ਹੋਰ ਸਭ ਨਾਸ਼ਵੰਤ ਹਨ।
ਜਗਤ ਰਚਨਾ ਤੋਂ ਕਰੋੜਾਂ-ਅਰਬਾਂ ਸਾਲਾਂ ਤੋਂ ਪਹਿਲਾਂ ਜਦੋਂ ਸਭ ਪਾਸੇ ਘੁੱਪ ਹਨੇਰਾ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ ਅਤੇ ਨਾ ਹੀ ਕਿਧਰੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ, ਤਦੋਂ ਪਰਮਾਤਮਾ ਆਪਣੇ-ਆਪ ਵਿਚ ਸਮਾਧੀ ਲਾਈ ਬੈਠਾ ਸੀ-
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥
(ਰਾਗੁ ਮਾਰੂ ਸੋਲਹੇ ਮਹਲਾ ੧, ਅੰਗ 1035)
ਅਰਬਦ-10 ਕਰੋੜ। ਨਰਬਦ-ਨ ਅਰਬਦ, ਗਿਣਤੀ ਤੋਂ ਪਰੇ। ਧਰਣਿ-ਧਰਤੀ। ਗਗਨਾ-ਆਕਾਸ਼। ਅਪਾਰਾ-ਬੇਅੰਤ। ਰੈਨਿ-ਰਾਤ। ਸੁੰਨ ਸਮਾਧਿ ਲਗਾਇੰਦਾ-ਪਰਮਾਤਮਾ ਆਪਣੇ ਵਿਚ ਸਮਾਧੀ ਲਾਈ ਬੈਠਾ ਸੀ।
'ਜਪੁ' ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਜਗਤ ਗੁਰੂ ਬਾਬਾ ਨੇ ਵਹਿਮਾਂ ਤੇ ਭਰਮਾਂ ਵਿਚ ਫਸੀ ਹੋਈ ਲੋਕਾਈ ਨੂੰ ਪ੍ਰਭੂ ਮਿਲਾਪ ਦਾ ਸਰਲ ਅਤੇ ਸੁਖੈਨ ਮਾਰਗ ਦਰਸਾਇਆ ਹੈ। ਪਹਿਲੀਆਂ ਚਾਰ ਤੁਕਾਂ ਵਿਚ ਉਨ੍ਹਾਂ ਪ੍ਰਚੱਲਤ ਫੋਕਟ ਸਾਧਨਾਂ ਦਾ ਜ਼ਿਕਰ ਹੈ, ਜਿਨ੍ਹਾਂ ਨਾਲ ਪਰਮਾਤਮਾ ਅਤੇ ਮਨੁੱਖ ਵਿਚਕਾਰ ਪਈ ਵਿੱਥ ਮਿਟ ਨਹੀਂ ਸਕਦੀ। ਤੀਰਥਾਂ 'ਤੇ ਲੱਖ ਵਾਰੀ ਇਸ਼ਨਾਨ ਕਰਿਆਂ, ਜੰਗਲਾਂ ਵਿਚ ਸਮਾਧੀਆਂ ਲਾਉਣਾ, ਮੌਨ (ਚੁੱਪ ਰਹਿਣ ਨਾਲ) ਧਾਰਨ ਕਰਨਾ, ਇਹ ਸਭ ਫੋਕਟ ਧਾਰਮਿਕ ਕਰਮ ਹਨ। ਇਨ੍ਹਾਂ ਨਾਲ ਮਾਲਕ ਪ੍ਰਭੂ ਨੂੰ ਰਿਝਾਇਆ ਨਹੀਂ ਜਾ ਸਕਦਾ, ਮਨ ਸੁੱਚਾ ਨਹੀਂ ਹੁੰਦਾ ਅਤੇ ਨਾ ਹੀ ਅੰਦਰਲਾ ਸ਼ਾਂਤ ਹੁੰਦਾ ਹੈ। ਇਸੇ ਤਰ੍ਹਾਂ ਭਾਵੇਂ ਸਾਰੇ ਭਵਨਾਂ ਦੇ ਪਦਾਰਥ ਪ੍ਰਾਪਤ ਹੋ ਜਾਣ, ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੁੰਦੀ। ਹਜ਼ਾਰਾਂ-ਲੱਖਾਂ ਕੀਤੀਆਂ ਚਤੁਰਾਈਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ।
ਤਾਂ ਫਿਰ ਪਰਮਾਤਮਾ ਅਤੇ ਮਨੁੱਖ ਵਿਚਕਾਰ ਪਈ ਵਿੱਥ ਨੂੰ ਦੂਰ ਕਰਕੇ ਸੱਚ ਦੇ ਮਾਰਗ 'ਤੇ ਕਿਵੇਂ ਚੱਲਿਆ ਜਾਵੇ? ਇਸ ਦਾ ਉੱਤਰ ਜਗਤ ਗੁਰੂ ਬਾਬਾ ਨਾਨਕ ਨੇ ਪਉੜੀ ਦੀ ਅੰਤਲੀ ਤੁਕ ਵਿਚ ਇਸ ਪ੍ਰਕਾਰ ਆਪ ਹੀ ਦਿੱਤਾ ਹੈ-
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
ਭਾਵ ਅਕਾਲ ਪੁਰਖ ਦੀ ਰਜ਼ਾ (ਭਾਣੇ) ਵਿਚ ਰਹਿ ਕੇ ਜੀਵਨ ਬਤੀਤ ਕਰਨ ਨਾਲ ਪਰਮਾਤਮਾ ਤੇ ਮਨੁੱਖ ਵਿਚਕਾਰ ਪਈ ਝੂਠ ਦੀ ਦੀਵਾਰ ਦੂਰ ਹੋ ਸਕਦੀ ਹੈ। ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਦੋਂ ਤੋਂ ਜਗਤ ਦੀ ਰਚਨਾ ਹੋਈ ਹੈ, ਇਹ ਹੁਕਮ ਉਦੋਂ ਤੋਂ ਹੀ ਲਿਖਿਆ ਚੱਲਿਆ ਆ ਰਿਹਾ ਹੈ।
ਜਦੋਂ ਮਨੁੱਖ ਪ੍ਰਭੂ ਦੀ ਰਜ਼ਾ ਅਥਵਾ ਭਾਣੇ ਵਿਚ ਵਿਚਰਦਾ ਹੈ ਤਾਂ ਸੁਖ ਹੋਵੇ ਜਾਂ ਦੁੱਖ, ਉਹ ਹਰ ਅਵਸਥਾ ਵਿਚ ਪ੍ਰਭੂ ਦੇ ਨਾਮ ਦੀ ਅਰਾਧਨਾ ਕਰਦਾ ਹੈ, ਆਤਮਿਕ ਤੌਰ 'ਤੇ ਉਹ ਤ੍ਰਿਪਤ ਹੋ ਜਾਂਦਾ ਹੈ ਅਰਥਾਤ ਉਸ ਦੇ ਮਨ ਅੰਦਰ ਫਿਰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ, ਸੁਖ ਅਤੇ ਦੁੱਖ ਉਸ ਨੂੰ ਇਕ ਸਮਾਨ ਜਾਪਦੇ ਹਨ। ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ॥
ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ॥ (ਅੰਗ 757)
ਪੰਚਮ ਗੁਰੂਦੇਵ ਦੇ ਰਾਗੁ ਆਸਾ ਵਿਚ ਪਾਵਨ ਬਚਨ ਹਨ ਕਿ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਰਜ਼ਾ ਵਿਚ ਰਹਿੰਦਾ ਹੈ-
ਜਿਸੁ ਗੁਰੁ ਪੂਰਾ ਭੇਟਸੀ
ਸੋ ਚਲੈ ਰਜਾਏ॥ (ਅੰਗ 396)
ਪ੍ਰਾਣੀ ਵਲੋਂ ਕੀਤੀਆਂ ਚਤੁਰਾਈਆਂ ਅਤੇ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਉਸ ਨੂੰ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਪਰਮਾਤਮਾ ਆਪ ਪ੍ਰਸੰਨ ਹੋ ਕੇ ਦਿੰਦਾ ਹੈ-
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ॥
(ਅੰਗ 396)
ਤੁਠਾ-ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਸਾਹਿਬੁ-ਮਾਲਕ ਪ੍ਰਭੂ।
ਜੇਕਰ ਲੱਖਾਂ ਹੀ ਧਾਰਮਿਕ ਕਰਮ ਕੀਤੇ ਜਾਣ, ਤਾਂ ਵੀ ਦੁੱਖਾਂ ਨੂੰ ਰੋਕਿਆ ਨਹੀਂ ਜਾ ਸਕਦਾ ਅਰਥਾਤ ਦੁੱਖਾਂ ਤੋਂ ਖਲਾਸੀ ਨਹੀਂ ਪਾਈ ਜਾ ਸਕਦੀ-
ਜੇ ਲਖ ਕਰਮ ਕਮਾਈਅਹਿ
ਕਿਛੁ ਪਵੈ ਨ ਬੰਧਾ॥ (ਅੰਗ 396)
ਬੰਧਾ-ਬੰਨ੍ਹ, ਰੋਕ।
ਰਾਗੁ ਆਸਾ ਦੀ ਵਾਰ ਵਿਚ ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਇਕ ਪ੍ਰਭੂ ਦੀ ਟੇਕ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ। ਜੋ ਉਸ ਦੀ (ਪ੍ਰਭੂ ਦੀ) ਮਰਜ਼ੀ ਹੁੰਦੀ ਹੈ, ਉਹੋ ਕੁਝ ਉਹ ਕਰਦਾ ਹੈ-
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥
ਸੋ ਕਰੇ ਜਿ ਤਿਸੈ ਰਜਾਇ॥ (ਅੰਗ 475)
ਏਕੀ ਬਾਹਰੀ-ਇਕ ਪ੍ਰਭੂ ਦੀ ਟੇਕ ਤੋਂ ਬਿਨਾਂ। ਜਾਇ-ਥਾਂ।
ਬਾਣੀ 'ਜਪੁ' ਜੀ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਨੂੰ ਜੋ ਕੁਝ ਚੰਗਾ ਲਗਦਾ ਹੈ, ਉਹੀ ਕੁਝ ਉਹ ਕਰਦਾ ਹੈ। ਉਸ ਨੂੰ ਕਿਸੇ ਪ੍ਰਕਾਰ ਦਾ ਹੁਕਮ ਕੀਤਾ ਨਹੀਂ ਜਾ ਸਕਦਾ ਕਿ ਇੰਜ ਨਹੀਂ, ਇੰਜ ਕਰ। ਪਰਮਾਤਮਾ ਸਾਰੇ ਜਗਤ ਦਾ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ-
ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ
ਨਾਨਕ ਰਹਣੁ ਰਜਾਈ॥
(ਪਉੜੀ ਨੰ: ੨੭, ਅੰਗ 6)
ਇਸ ਲਈ ਅਕਾਲ ਪੁਰਖ ਅੱਗੇ ਸਦਾ ਇਹੋ ਅਰਜੋਈ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ! ਸਭ ਕੁਝ ਤੇਰੇ ਵੱਸ ਵਿਚ ਹੈ। ਸਾਡੇ ਵਿਚ ਐਨਾ ਬਲ ਨਹੀਂ ਕਿ ਅਸੀਂ ਕੁਝ ਕਰ ਸਕੀਏ। ਇਸ ਲਈ ਹੇ ਪ੍ਰਭੂ! ਜਿਵੇਂ ਆਪ ਜੀ ਨੂੰ ਚੰਗਾ ਲਗਦਾ ਹੈ, ਸਾਨੂੰ ਬਖਸ਼ ਲਓ-
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥
(ਰਾਗੁ ਸੂਹੀ ਮਹਲਾ ੪, ਅੰਗ 736)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਜੀਵਨ ਦਾ ਅੰਤਿਮ ਉਦੇਸ਼ ਸੁੱਖ ਨਹੀਂ ਗਿਆਨ ਹੈ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਵਿਕਾਸ ਬਾਰੇ ਲਿਖਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਇੰਦਰੀਆਂ ਦਾ ਸੁੱਖ ਪ੍ਰਾਪਤ ਕਰਨਾ ਨਹੀਂ, ਸਗੋਂ ਜੀਵ ਦਾ ਉਦੇਸ਼ ਤਾਂ ਗਿਆਨ ਪ੍ਰਾਪਤੀ ਹੈ। ਸੁੱਖ ਅਤੇ ਆਨੰਦ ਦੋਵੇਂ ਵਿਨਾਸ਼ੀ ਹਨ। ਜੇ ਕੋਈ ਵਿਅਕਤੀ ਸੁੱਖ ਨੂੰ ਹੀ ਆਪਣਾ ਅੰਤਿਮ ਉਦੇਸ਼ ਮੰਨ ਲੈਂਦਾ ਹੈ ਤਾਂ ਇਹ ਉਸ ਦੀ ਵੱਡੀ ਭੁੱਲ ਹੈ। ਸੰਸਾਰ ਵਿਚ ਦੁੱਖਾਂ ਦਾ ਵੀ ਇਹੀ ਕਾਰਨ ਹੈ ਕਿ ਮਨੁੱਖ ਸੁੱਖਾਂ ਨੂੰ ਹੀ ਆਪਣਾ ਆਦਰਸ਼ ਅਤੇ ਖੁਸ਼ੀ ਮੰਨ ਲੈਂਦਾ ਹੈ। ਪਰ ਕੁਝ ਸਮੇਂ ਬਾਅਦ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਜਿਸ ਪਾਸੇ ਭੱਜ ਰਿਹਾ ਹੈ, ਉਹ ਸੁੱਖ ਨਹੀਂ ਹੈ। ਉਹ ਤਾਂ ਗਿਆਨ ਹੈ। ਅਸਲ ਵਿਚ ਸੁੱਖ ਅਤੇ ਦੁੱਖ ਦੋਵੇਂ ਹੀ ਮਹਾਨ ਸਿੱਖਿਅਕ ਹਨ। ਜਿੰਨੀ ਸਿੱਖਿਆ ਤੁਹਾਨੂੰ ਭਲਾਈ ਨਾਲ ਮਿਲਦੀ ਹੈ, ਓਨੀ ਹੀ ਬੁਰਾਈ ਤੋਂ ਵੀ। ਮਨੁੱਖ ਦੇ ਚਰਿੱਤਰ ਨੂੰ ਇਕ ਵਿਸ਼ੇਸ਼ ਢਾਂਚੇ ਵਿਚ ਢਾਲਣ ਲਈ ਚੰਗਿਆਈ ਅਤੇ ਬੁਰਾਈ ਦੋਵਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ। ਕਦੇ-ਕਦੇ ਤਾਂ ਸੁੱਖ ਦੀ ਤੁਲਨਾ ਵਿਚ ਦੁੱਖ ਦਾ ਯੋਗਦਾਨ ਵੱਧ ਹੁੰਦਾ ਹੈ। ਜੇ ਅਸੀਂ ਦੁਨੀਆ ਦੇ ਮਹਾਂਪੁਰਖਾਂ ਦੇ ਜੀਵਨ ਦਾ ਅਧਿਐਨ ਕਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੁੱਖ ਨਾਲੋਂ ਦੁੱਖ ਤੇ ਅਮੀਰੀ ਨਾਲੋਂ ਗ਼ਰੀਬੀ ਤੇ ਦਰਿੱਦਰਤਾ ਨੇ ਮਹਾਨ ਬਣਾਉਣ ਵਿਚ ਵੱਧ ਯੋਗਦਾਨ ਪਾਇਆ ਹੈ। ਪ੍ਰਸੰਸਾ ਦੀ ਤੁਲਨਾ ਵਿਚ ਨਿੰਦਾ ਨੇ ਉਨ੍ਹਾਂ ਦੀ ਅੰਤਰ ਆਤਮਾ ਨੂੰ ਵੱਧ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਮਨੁੱਖ ਅਧਿਆਤਮ ਸੁਭਾਅ ਅਤੇ ਬੌਧਿਕ (ਗਿਆਨ-ਪੱਖੀ) ਸੁਭਾਅ ਵੀ ਵੱਧ ਅਨੰਦ ਦਿੰਦਾ ਹੈ। ਇਸ ਲਈ ਅਧਿਆਤਮਿਕ ਗਿਆਨ ਨੂੰ ਹੀ ਪਰਮ ਗਿਆਨ ਮੰਨਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜਨਮ ਦਿਵਸ 'ਤੇ ਵਿਸ਼ੇਸ਼

ਸਾਦਗੀ ਅਤੇ ਸਮਾਜ ਸੇਵਾ ਦਾ ਸੁਮੇਲ-ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲੇ

ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਦਾ ਜਨਮ ਜ਼ਿਲ੍ਹਾ ਰੋਪੜ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਾਂਡੀਆਂ ਕਲਾਂ, ਨੇੜੇ ਨੂਰਪੁਰ ਬੇਦੀ ਵਿਖੇ ਪਿਤਾ ਸ੍ਰੀ ਰਾਮ ਰੱਖਾ ਦੇ ਘਰ ਮਾਤਾ ਸ੍ਰੀਮਤੀ ਮਣਸੋ ਦੇਵੀ ਦੀ ਕੁੱਖ ਤੋਂ ਹੋਇਆ। ਮਹਿਜ 2 ਕੁ ਸਾਲ ਦੀ ਉਮਰ ਵਿਚ ਹੀ ਇਨ੍ਹਾਂ ਦੇ ਪਿਤਾ ਨੇ ਸਵਾਮੀ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਲਾਲ ਦਾਸ ਭੂਰੀਵਾਲਿਆਂ ਨੂੰ ਅਰਪਣ ਕਰ ਦਿੱਤਾ। ਲਾਲ ਦਾਸ ਭੂਰੀਵਾਲਿਆਂ ਦੀ ਇੱਛਾ ਅੁਨਸਾਰ ਇਨ੍ਹਾਂ ਦਾ ਪਾਲਣ-ਪੋਸ਼ਣ ਅਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਰਿਵਾਰ ਵਲੋਂ ਕਰਵਾਈ ਗਈ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਲੁਧਿਆਣਾ ਸਥਿਤ ਭੂਰੀਵਾਲੇ ਆਸ਼ਰਮ ਵਿਖੇ ਸੰਨਿਆਸ ਧਾਰਨ ਕਰਕੇ ਗੇਰੂਆ ਬਸਤਰ ਪ੍ਰਾਪਤ ਕਰਨ ਉਪਰੰਤ ਕੀਤੇ ਅਤੇ ਆਪ ਦਾ ਨਾਂਅ ਸਵਾਮੀ ਚੇਤਨਾ ਨੰਦ ਰੱਖਿਆ ਗਿਆ। ਫਿਰ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ (ਗਊਆਂ ਵਾਲਿਆਂ) ਨੇ ਉੱਚ ਸਿੱਖਿਆ ਪ੍ਰਾਪਤ ਕਰਨ ਹਿਤ ਕਾਸ਼ੀ ਵਿਖੇ ਸੰਪੂਰਨ ਨੰਦ ਸੰਸਕ੍ਰਿਤੀ ਵਿਸ਼ਵ ਵਿਦਿਆਲਿਆ ਬਨਾਰਸ ਵਿਖੇ ਦਾਖਲਾ ਦਿਵਾਇਆ।
ਸੰਨ 1989 ਤੋਂ 1992 ਤੱਕ ਉਕਤ ਯੂਨੀਵਰਸਿਟੀ ਵਿਚ ਵੇਦਾਂਤ ਸ਼ਾਸਤਰੀ ਅਤੇ ਅਚਾਰੀਆ ਦੀ ਡਿਗਰੀ ਪ੍ਰਾਪਤ ਕੀਤੀ। 1992 ਤੋਂ ਬਾਅਦ ਪੜ੍ਹਾਈ ਪੂਰੀ ਕਰਕੇ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਨਾਲ ਵਿਚਰਨ ਲੱਗੇ। ਇਹੀ ਵਜ੍ਹਾ ਸੀ ਕਿ ਇਸ ਗੁਰਗੱਦੀ ਪ੍ਰੰਪਰਾ ਦੇ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਨੇ ਆਪਣੇ ਸ਼ਿਸ਼ ਸੰਤ-ਮਹਾਂਪੁਰਸ਼ਾਂ ਵਿਚ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੂੰ ਸ੍ਰੀ ਬ੍ਰਹਮ ਸਰੋਵਰ ਭੂਰੀਵਾਲਿਆਂ ਦੇ ਧਾਮ ਮਾਲੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਗੁਰਗੱਦੀ ਦੇ ਅਗਲੇ ਭਾਵ ਚੌਥੇ ਗੱਦੀਨਸ਼ੀਨ ਵਜੋਂ ਥਾਪਨਾ ਦੇ ਦਿੱਤੀ। ਇਸੇ ਦੌਰਾਨ 1 ਮਈ, 2002 ਨੂੰ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਪੰਜ ਭੌਤਿਕ ਸਰੀਰ ਤਿਆਗ ਜਾਣ ਉਪਰੰਤ 17 ਮਈ, 2002 ਨੂੰ ਗਰੀਬਦਾਸੀ ਪੰਥ ਦੇ ਸਰਵਉੱਚ ਪੀਠ ਛਤਰੀ ਸਾਹਿਬ ਛੁਡਾਣੀ ਧਾਮ (ਹਰਿਆਣਾ) ਦੇ ਪੀਠਾਦੀਸ਼ਵਰ ਮਹੰਤ ਸ੍ਰੀ ਦਯਾ ਸਾਗਰ ਮੇਹਰਬਾਨ, ਖਟ ਦਰਸ਼ਨ ਸਾਧੂ ਸਮਾਜ ਅਤੇ ਸੰਗਤਾਂ ਨੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ ਹਰਿਦੁਆਰ (ਉੱਤਰਾਖੰਡ) ਵਿਖੇ ਭੂਰੀਵਾਲਿਆਂ ਦੀ ਚੌਥੀ ਗੁਰਗੱਦੀ 'ਤੇ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਨੂੰ ਬਿਰਾਜਮਾਨ ਕੀਤਾ।
ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲਿਆਂ ਦੁਆਰਾ ਸਮਾਜ ਦੇ ਸਰਬਪੱਖੀ ਵਿਕਾਸ ਲਈ ਬਣਾਏ ਗਏ ਵਿੱਦਿਅਕ ਸੰਸਥਾਨ (ਖਾਸਕਰ ਲੜਕੀਆਂ), ਸਿਹਤ ਅਦਾਰੇ, ਪਬਲਿਕ ਸਕੂਲ, ਡਿਗਰੀ ਕਾਲਜਾਂ ਅਤੇ ਹੋਰ ਵੀ ਸਮਾਜਿਕ ਕਾਰਜਾਂ ਨੂੰ ਬਾਖੂਬੀ ਚਲਾਇਆ ਹੀ ਨਹੀਂ, ਸਗੋਂ ਉਨ੍ਹਾਂ ਵਿਚ ਬੇਸ਼ੁਮਾਰ ਵਾਧਾ ਵੀ ਕੀਤਾ। ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਜਿੱਥੇ ਆਸਟ੍ਰੇਲੀਆ ਅਤੇ ਕੈਨੇਡਾ ਵਿਖੇ ਆਸ਼ਰਮ ਬਣਵਾਏ ਗਏ, ਉੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚ ਨਾਮ ਬਾਣੀ ਦੇ ਪਸਾਰ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਅਚਾਰੀਆ ਜੀ ਵਲੋਂ ਨਸ਼ਾ ਰਹਿਤ ਸਮਾਜ, ਵਾਤਾਵਰਨ ਸੰਭਾਲ ਮੁਹਿੰਮ, ਪੀ.ਜੀ.ਆਈ. ਵਿਖੇ ਮਰੀਜ਼ਾਂ ਲਈ ਰੋਜ਼ਾਨਾ ਲੰਗਰ ਵਾਹਨ ਭੇਜਣਾ, ਹਰਿਦੁਆਰ ਸਥਿਤ ਆਸ਼ਰਮ ਵਿਚ ਨਿੱਤ ਹਜ਼ਾਰਾਂ ਸਾਧੂਆਂ ਨੂੰ ਦੋ ਵਕਤ ਭੋਜਨ ਮੁਹੱਈਆ ਕਰਵਾਉਣਾ, ਖੂਨਦਾਨ ਕੈਂਪ ਸਮੇਤ ਹੋਰ ਵੀ ਅਨੇਕਾਂ ਕਾਰਜ ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਨਿਰਵਿਘਨ ਕੀਤੇ ਜਾ ਰਹੇ ਹਨ। ਇਹ ਸੇਵਾ ਕਾਰਜ ਉਨ੍ਹਾਂ ਦੇ ਜੀਵਨ ਦਾ ਮੁੱਖ ਹਿੱਸਾ ਹਨ।
ਹਰ ਪਲ ਸਾਦਗੀ ਵਿਚ ਰਹਿਣ ਵਾਲੇ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਦਾ ਸਰਬ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਦਿਹਾੜਾ ਧਾਮ ਝਾਡੀਆਂ ਕਲਾਂ, ਨੇੜੇ ਨੂਰਪੁਰ ਬੇਦੀ (ਰੋਪੜ) ਵਿਖੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। 15 ਸਤੰਬਰ ਨੂੰ 'ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਹੋਣਗੇ। 16 ਸਤੰਬਰ ਨੂੰ ਮੱਧ ਦੀ ਬਾਣੀ ਦੇ ਭੋਗ ਅਤੇ ਖੂਨਦਾਨ ਕੈਂਪ, ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ। 17 ਸਤੰਬਰ ਨੂੰ ਅਮ੍ਰਿੰਤ ਵੇਲੇ ਸ਼ੋਭਾ ਯਾਤਰਾ ਸਜਾਉਣ ਉਪਰੰਤ ਬਾਣੀ ਦੇ ਸੰਪੂਰਨ ਆਖੰਡ ਪਾਠਾਂ ਦੇ ਭੋਗ ਪਾਏ ਜਾਣਗੇ।


-ਮੋਬਾ: 94634-42400

ਦਿਆਲਤਾ ਤੇ ਸਾਦਗੀ ਦੀ ਮੂਰਤ ਸਨ ਬਾਬਾ ਸ੍ਰੀਚੰਦ ਜੀ

ਉਦਾਸੀਨ ਸੰਤ ਬਾਬਾ ਸ੍ਰੀ ਚੰਦ ਦਾ ਜਨਮ 1494 ਈ: ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਦੀ ਕੁੱਖੋਂ ਹੋਇਆ। ਬਾਬਾ ਸ੍ਰੀ ਚੰਦ ਆਪਣੇ ਪਿਤਾ ਦੇ ਦਰਸਾਏ ਮਾਰਗ 'ਤੇ ਚਲਦਿਆਂ ਜਨ ਕਲਿਆਣ ਲਈ ਕਈ ਧਰਮ ਯਾਤਰਾਵਾਂ ਦੇ ਮਾਰਗ ਨੂੰ ਅਪਣਾਇਆ। ਉਨ੍ਹਾਂ ਮਨੁੱਖ ਮਾਤਰ ਨੂੰ ਮਨ ਵਿਚ ਸਦਭਾਵਨਾ ਰੱਖਣ ਅਤੇ ਜੀਵਨ ਵਿਚ ਸੱਚੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਆਪਣੀਆਂ ਯਾਤਰਾਵਾਂ ਦੌਰਾਨ ਬਾਬਾ ਸ੍ਰੀ ਚੰਦ ਜੀ ਕਾਬਲ-ਕੰਧਾਰ-ਅਫ਼ਗਾਨਿਸਤਾਨ ਤੇ ਭੂਟਾਨ ਆਦਿ ਥਾਵਾਂ 'ਤੇ ਗਏ। ਸਿਰਲੇਖਾਂ ਦੇ ਆਧਾਰ 'ਤੇ ਰੂਸ ਦੇ ਸ਼ਹਿਰ ਬਾਕੂ ਵਿਚ ਵੀ ਗਏ। ਕਸ਼ਮੀਰ ਵਿਖੇ ਉਨ੍ਹਾਂ ਨੇ ਵਿੱਦਿਆ ਦਾ ਅਧਿਐਨ ਪੰਡਿਤ ਪੁਰਸ਼ੋਤਮ ਜੀ ਕੋਲ ਪਾਠਸ਼ਾਲਾ ਵਿਚ ਰਹਿ ਕੇ ਕੀਤਾ। ਇਥੇ ਹੀ ਉਨ੍ਹਾਂ ਕਾਸ਼ੀ ਤੋਂ ਆਏ ਉਸ ਵਕਤ ਦੇ ਧੁਰੰਤਰ ਵਿਦਵਾਨ ਪੰਡਿਤ ਸੋਮਨਾਥ ਤ੍ਰਿਪਾਠੀ ਨਾਲ ਸ਼ਾਸਤ੍ਰਰਥ ਕੀਤਾ। ਬਾਬਾ ਸ੍ਰੀ ਚੰਦ ਨੇ ਜਿਥੇ ਵੱਖ-ਵੱਖ ਅਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ, ਉਥੇ ਉਨ੍ਹਾਂ ਕੁਝ ਅਸਥਾਨਾਂ 'ਤੇ ਰਹਿ ਕੇ ਆਪਣੇ ਜੀਵਨ ਕਾਲ ਵਿਚ ਧੂਣਾ ਬਾਲ ਕੇ ਤਪੱਸਿਆ ਵੀ ਕੀਤੀ। ਉਨ੍ਹਾਂ ਤਪ ਅਸਥਾਨਾਂ ਵਿਚੋਂ ਪ੍ਰਮੁੱਖ ਅਸਥਾਨ ਹੈ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਪੱਖੋਕੇ। ਗੁਰਦਾਸਪੁਰ-ਪਠਾਨਕੋਟ ਰੋਡ 'ਤੇ ਪਿੰਡ ਬਾਹਠ ਸਾਹਿਬ ਵਿਖੇ ਆਪ ਨੇ ਘੋਰ ਤਪੱਸਿਆ ਕੀਤੀ। ਆਪਣੇ ਜੀਵਨ ਦੇ ਵੱਖ-ਵੱਖ ਸਮਿਆਂ ਵਿਚ ਇਸ ਅਸਥਾਨ 'ਤੇ ਲਗਪਗ 36 ਸਾਲ ਤੱਕ ਵਾਸ ਕੀਤਾ। ਇਸੇ ਅਸਥਾਨ 'ਤੇ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਉਨ੍ਹਾਂ ਕੋਲ ਸਮੇਂ-ਸਮੇਂ ਮਿਲਣ ਲਈ ਆਉਂਦੇ ਰਹੇ। ਬਾਬਾ ਜੀ ਦੇ ਜੀਵਨ ਦੀਆਂ ਗਾਥਾਵਾਂ ਅਨੰਤ ਹਨ। 149 ਸਾਲ ਦੀ ਉਮਰ ਤੱਕ ਜੀਵਨ ਬਤੀਤ ਕਰਨ ਤੋਂ ਬਾਅਦ ਚੰਬਾ ਨਗਰ (ਹਿਮਾਚਲ ਪ੍ਰਦੇਸ਼) ਵਿਚ ਪਹੁੰਚ ਕੇ ਰਾਵੀ ਨਦੀ ਦੇ ਕੰਢੇ ਜਾ ਕੇ ਪੰਜ ਭੂਤਕ ਸਰੀਰ ਤਿਆਗ ਦਿੱਤਾ। ਮਿਤੀ 14 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ੍ਰੀ ਚੰਦ ਜੀ ਮਿਆਣੀ ਰੋਡ, ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਆਪਣੇ ਪਰਿਵਾਰ ਵਿਚੋਂ 16ਵੀਂ ਪੀੜ੍ਹੀ ਦੇ ਵਾਰਸ ਬਾਬਾ ਸੁਖਦੇਵ ਸਿੰਘ ਬੇਦੀ ਵਲੋਂ ਉਨ੍ਹਾਂ ਦੇ ਪ੍ਰਕਾਸ਼ ਦਿਵਸ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਉਪਰੰਤ ਸਾਰਾ ਦਿਨ ਲੰਗਰ ਚੱਲੇਗਾ, ਰਾਤ ਨੂੰ ਦੀਪਮਾਲਾ ਹੋਵੇਗੀ।


-ਮੋਬਾ: 98728-09039





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX