ਤਾਜਾ ਖ਼ਬਰਾਂ


ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 minute ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  18 minutes ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  23 minutes ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  49 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਸੁਨ ਸਾਹਿਬਾ ਸੁਨ

ਸੋਸ਼ਲ ਮੰਚ 'ਤੇ ਜੈਕੀ ਕਾਫੀ ਸਰਗਰਮ ਰਹਿੰਦੀ ਹੈ ਤੇ ਖਾਸ ਕਰ ਕੇ ਸਮਾਜਿਕ ਐਪਲੀਕੇਸ਼ਨਜ਼ 'ਤੇ ਕੁਝ ਨਾ ਕੁਝ ਜੈਕਲਿਨ ਸਬੰਧੀ ਨਵਾਂ ਮਿਲ ਹੀ ਜਾਂਦਾ ਹੈ। ਅਧਿਆਪਕ ਦਿਵਸ 'ਤੇ ਉਹ ਫਿਰ ਸਰਗਰਮ ਸੀ। 'ਕਥਕ' ਵਾਲੀ ਵੀਡੀਓ ਉਸ ਨੇ ਆਪਣੇ ਸਮਾਜਿਕ ਖਾਤਿਆਂ 'ਚ ਪਾਈ ਤੇ ਪ੍ਰਸੰਸਕਾਂ ਤੱਕ ਚੰਗੇ-ਚੰਗੇ ਲਫ਼ਜ਼ਾਂ ਨਾਲ ਪਹੁੰਚਾਈ। 'ਬਾਜੀਰਾਓ ਮਸਤਾਨੀ' ਦੇ ਗੀਤ 'ਤੇ ਡਾਂਸ ਦੇ ਪਲ ਵੀ ਇਸ ਵੀਡੀਓ 'ਚ ਸਨ। ਇਕ ਵੀਡੀਓ ਉਸ ਨੇ ਆਪਣੀ ਮਾਤਾ ਜੀ ਨਾਲ ਵੀ ਪਾਈ। ਵੈਸੇ ਸ੍ਰੀਲੰਕਨ ਮੁਟਿਆਰ ਦੇ ਜਲਵੇ ਕਾਫ਼ੀ ਮਹਿੰਗੇ ਹਨ, ਲੋਕਾਂ ਲਈ, ਸ਼ੋਅ ਪ੍ਰਬੰਧਕਾਂ ਤੇ ਨਿਰਮਾਤਾਵਾਂ ਲਈ 2 ਮਿੰਟ, 16 ਸੈਕਿੰਡ ਦਾ ਫ਼ਿਲਮ 'ਸਾਹੋ' ਦਾ ਗਾਣਾ ਹੈ 'ਬੈਡ ਬੁਆਏ'। ਇਸ ਗੀਤ 'ਤੇ ਜੈਕਲਿਨ ਫਰਨਾਂਡਿਜ਼ ਦੇ ਜਲਵੇ 'ਅੱਲਾ ਮੇਰੀ ਤੌਬਾ-ਅੱਲਾ ਮੇਰੀ ਤੌਬਾ' ਵਾਲੀ ਗੱਲ ਹੈ। ਹੈਰਾਨਗੀ ਇਹ ਕਿ 2 ਮਿੰਟ ਲਈ 2 ਕਰੋੜ ਰੁਪਏ ਜੈਕੀ ਨੇ 'ਸਾਹੋ' ਵਾਲਿਆਂ ਤੋਂ ਵਸੂਲ ਕੇ ਆਪਣੇ ਬੈਂਕ ਖਾਤੇ ਦੀ ਸ਼ਾਨ ਵਧਾਈ ਹੈ। 'ਮਿਸਿਜ਼ ਸੀਰੀਅਲ ਕਿੱਲਰ' ਬਣੀ ਜੈਕੀ ਦੀ ਇਕ ਫ਼ਿਲਮ 'ਡਰਾਈਵ' ਅੱਧ ਵਿਚਾਲੇ ਲਟਕ ਰਹੀ ਹੈ। ਫਿਟਨੈੱਸ ਤੇ ਚਮਕ-ਦਮਕ ਇਸ ਹੀਰੋਇਨ ਦੇ ਕੀ ਕਹਿਣੇ? 'ਰੇਸ-3' ਤੋਂ ਬਾਅਦ 'ਬੈਡ ਬੁਆਏ' ਗਾਣੇ 'ਚ ਹੀ ਨਜ਼ਰ ਆਈ ਜੈਕੀ ਨੂੰ ਇੰਸਟਾਗ੍ਰਾਮ ਦਾ ਸਹਾਰਾ ਸਭ ਤੋਂ ਵੱਧ ਹੈ। ਚੰਗੀ ਗੱਲ ਇਹ ਕਿ 6 ਸਾਲ ਚੁੱਪ-ਚੁੱਪ ਇਕ ਦੂਜੇ ਤੋਂ ਵੱਖ ਤੇ ਬੋਲ-ਬੁਲਾਰਾ ਬੰਦ ਕਰ ਚੁੱਕੇ ਜੈਕੀ-ਸਾਜਿਦ ਨਾਡਿਆਡਵਾਲਾ ਫਿਰ ਦੋਸਤ ਬਣ ਗਏ ਹਨ। ਨਾਲ ਹੀ 'ਅਰਥ' ਦੇ ਰੀਮੇਕ ਦੀ ਖ਼ਬਰ ਗਰਮ ਹੈ। ਸਵਰਾ ਭਾਸਕਰ ਦੇ ਨਾਲ ਜੈਕਲਿਨ ਵੀ ਰੀਮੇਕ 'ਅਰਥ' 'ਚ ਹੈ। ਕੈਟੀ ਬਿਨ 'ਟਾਈਗਰ' ਦਾ ਰੀਮੇਕ ਨਹੀਂ ਤੇ ਜੈਕੀ ਬਿਨ 'ਕਿੱਕ' ਦਾ ਰੀਮੇਕ ਨਹੀਂ। ਸਲਮਾਨ ਖ਼ਾਨ ਨੇ ਇਹ ਕਹਿ ਕੇ ਜੈਕਲਿਨ ਫਰਨਾਡਿਜ਼ ਦੇ ਚਿਹਰੇ 'ਤੇ ਚਮਕ ਦੀ ਲਿਸ਼ਕੋਰ ਲਿਆਂਦੀ ਹੈ। ਸੁਨ ਸਾਹਿਬਾ ਸੁਨ ਜੈਕਲਿਨ ਦਾ ਸਮਾਂ ਸ਼ੁੱਭ ਹੈ, ਸ਼ੁੱਭ ਮੰਗਲਮ... ਸੁਨਹਿਰਾ ਤੇ ਚੰਗਾ...।


ਖ਼ਬਰ ਸ਼ੇਅਰ ਕਰੋ

ਪ੍ਰਿਅੰਕਾ ਚੋਪੜਾ

ਗ੍ਰਹਿਸਥੀ ਦਾ ਮੋਹ

ਸਵਰਗੀ ਵੀਰੂ ਕ੍ਰਿਸ਼ਨਨ ਕਥਕ ਨ੍ਰਿਤ ਦੇ ਮਾਹਿਰ ਸਨ ਤੇ ਬੀਤੇ ਦਿਨੀਂ ਹੀ ਨਾਚ ਦੁਨੀਆ ਦੇ ਇਸ ਮਾਹਿਰ ਤੇ ਅਭਿਨੇਤਾ ਵੀਰੂ ਕ੍ਰਿਸ਼ਨਨ ਰੱਬ ਦੀ ਗੋਦ 'ਚ ਜਾ ਬੈਠੇ। ਇਸ ਮੌਤ ਨੇ ਪ੍ਰਿਅੰਕਾ ਚੋਪੜਾ ਨੂੰ ਬਹੁਤ ਹੀ ਸਦਮਾ ਪਹੁੰਚਾਇਆ, ਕਿਉਂਕਿ ਪੀ.ਸੀ. ਨੇ ਵੀਰੂ ਮਾਸਟਰ ਜੀ ਤੋਂ ਕਥਕ ਦੀ ਸਿੱਖਿਆ ਲਈ ਸੀ। ਟਵੀਟ ਰਾਹੀਂ ਪ੍ਰਿਅੰਕਾ ਦਾ ਦਰਦ ਵੀਰੂ ਜੀ ਪ੍ਰਤੀ ਛਲਕਿਆ ਤੇ ਲੱਗਿਆ ਕਿ ਦਿਲੋਂ ਪੀ.ਸੀ. ਨੂੰ ਉਨ੍ਹਾਂ ਦੇ ਦਿਹਾਂਤ 'ਤੇ ਗਹਿਰਾ ਦੁੱਖ ਮਹਿਸੂਸ ਹੋਇਆ ਹੈ। ਪੀ.ਸੀ. ਨੇ ਅਮਰੀਕਾ ਤੋਂ ਮੁੰਬਈ ਆ ਕੇ ਆਪਣੇ ਕਥਕ ਨਾਚ ਗੁਰੂ ਸਵਰਗੀ ਵੀਰੂ ਕ੍ਰਿਸ਼ਨਨ ਦੀ ਯਾਦ ਵਿਚ ਇਕ ਸ਼ੋਕ ਸਭਾ ਕਰਵਾਉਣੀ ਹੈ ਤੇ ਦਾਨ-ਪੁੰਨ ਵੀ ਕਰਨਾ ਹੈ। ਇਸ ਦੌਰਾਨ ਦੁੱਖ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਪੀ.ਸੀ. ਨੇ ਹੁਣ ਮਾਂ ਬਣਨ ਦੀ ਤਮੰਨਾ ਵੀ ਸਭ ਨੂੰ ਦੱਸ ਦਿੱਤੀ ਹੈ। ਲਾਸ ਏਂਜਲਸ 'ਚ ਨਵਾਂ ਘਰ ਤੇ ਇਸ ਨਵੇਂ ਘਰ 'ਚ ਨਵੇਂ ਮਹਿਮਾਨ ਦੀਆਂ ਕਿਲਕਾਰੀਆਂ ਸੁਣਨ ਲਈ ਹਰਿਆਣਵੀ ਪੰਜਾਬਣ ਅਮਰੀਕਾ ਦੀ ਨੂੰਹ ਪ੍ਰਿਅੰਕਾ ਚੋਪੜਾ ਬੇਤਾਬ ਹੈ। ਆਪਣਾ ਘਰ ਹੋਵੇ, ਆਪਣਾ ਬੱਚਾ ਹੋਵੇ, ਇਹ ਦੋ ਚੀਜ਼ਾਂ ਪ੍ਰਿਅੰਕਾ ਅਨੁਸਾਰ ਉਸ ਦੀ ਚਾਹਤ ਲਿਸਟ 'ਚ ਸਭ ਤੋਂ ਉੱਪਰ ਹਨ। 'ਦਾ ਸਕਾਈ ਇਜ਼ ਪਿੰਕ' ਫ਼ਿਲਮ 'ਚ ਆ ਰਹੀ ਪ੍ਰਿਅੰਕਾ ਹੁਣ ਅਮਰੀਕਾ 'ਚ ਸਥਾਪਤ ਹੈ। ਨਿੱਕ ਪਿਆਨੋ ਵਜਾਉਂਦਾ ਹੈ ਤਾਂ ਪੀ.ਸੀ. ਘਰੇ ਗਾਉਂਦੀ ਹੈ ਪਰ ਨਿੱਕ ਦੀ ਗਾਇਕੀ 'ਚ ਉਹ ਦਖ਼ਲਅੰਦਾਜ਼ੀ ਨਹੀਂ ਕਰਦੀ। 'ਦੇਸੀ ਗਰਲ' 'ਵਿਦੇਸ਼ੀ ਨੂੰਹ' ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਦਾ ਸਕਾਈ ਇਜ਼ ਪਿੰਕ' ਦੇ ਇਕ ਭਾਵੁਕ ਦ੍ਰਿਸ਼ ਦੀ ਸ਼ੂਟਿੰਗ ਨੇ ਉਸ ਦੇ ਹਮਸਫ਼ਰ ਨਿੱਕ ਨੂੰ ਜਜ਼ਬਾਤੀ ਕਰ ਦਿੱਤਾ। ਖ਼ੈਰ, ਪ੍ਰਿਅੰਕਾ ਚੋਪੜਾ ਹੁਣ ਜਜ਼ਬਾਤ ਦੀ ਥਾਂ 'ਮਮਤਾ', 'ਘਰ ਪਿਆਰ', 'ਕਾਮਯਾਬ ਗ੍ਰਹਿਣੀ', 'ਚੰਗੀ ਮਾਂ' ਤੇ ਸੋਹਣੇ ਘਰ ਦੀ ਮਾਲਕਣ ਦੇ ਸੁਪਨੇ ਹੀ ਜ਼ਿਆਦਾ ਦੇਖ ਰਹੀ ਹੈ।

ਰਕੁਲਪ੍ਰੀਤ ਸਿੰਘ

ਸੰਭਲ ਜ਼ਰਾ...

ਸਪੇਨ ਦੇ ਆਈਲੈਂਡ ਇਬੀਜ਼ਾ ਪਹੁੰਚੀ ਹੋਈ ਰਕੁਲਪ੍ਰੀਤ ਸਿੰਘ ਤੇ ਨੀਲਾ ਤੈਰਾਕੀ ਪਹਿਰਾਵਾ ਪਹਿਨ ਕੇ ਪਾਣੀ 'ਚ ਛਾਲਾਂ ਮਾਰਨ ਦੀ ਫੋਟੋ ਰਕੁਲ ਵਲੋਂ ਸਪੇਨਿਸ਼ ਆਈਲੈਂਡ ਤੋਂ ਆਈ ਹੈ। ਉੱਪਰ ਆਕਾਸ਼, ਥੱਲੇ ਰੇਤ ਤੇ ਵਿਚਕਾਰ ਸ਼ਾਂਤੀ, ਚਾਰੇ ਪਾਸੇ ਖੁਸ਼ੀਆਂ ਦੀ ਬਰਫ਼ ਪੈ ਰਹੀ ਹੈ ਤੇ ਇਹ ਕੈਪਸ਼ਨ ਰਕੁਲ ਨੇ ਆਪਣੀ ਤਸਵੀਰ ਨਾਲ ਲਿਖੀ ਹੈ। ਰਕੁਲ ਨੇ 'ਬੈਲੇ ਨਾਚ' ਸਿੱਖ ਲਿਆ ਹੈ ਤੇ ਟੱਕਰ ਉਹ ਨੋਰਾ ਫਤੇਹੀ ਨੂੰ ਦੇਣ ਲਈ ਤਿਆਰ ਹੈ। ਮਿਲਾਪ ਜ਼ਵੇਰੀ ਦੀ 'ਮਰਜਾਵਾਂ' ਦੀਆਂ ਗੱਲਾਂ ਉਹ ਵਾਰ-ਵਾਰ ਕਰ ਰਹੀ ਹੈ। ਦੱਖਣ 'ਚ ਕਰਵਾਇਆ ਉਸ ਦਾ ਤਸਵੀਰ ਸੈਸ਼ਨ ਪਹਿਲਾਂ ਹੀ ਚਰਚਾ 'ਚ ਹੈ। 'ਦੇ ਦੇ ਪਿਆਰ ਦੇ' ਵਿਚ ਅਜੈ ਤੇ ਤੱਬੂ ਨਾਲ ਰਕੁਲ ਨੇ ਕਮਾਲ ਕਰ ਦਿਖਾਇਆ ਤੇ ਆਲੋਚਕ ਵੀ ਉਸ ਦੇ ਦੀਵਾਨੇ ਹੋ ਗਏ। ਰਕੁਲ ਤੇ ਵਿਵਾਦ ਤੇ ਇਹ ਵੀ ਆਮ ਹੀ ਗੱਲ ਤੇ ਨੀਲੀ ਪੈਂਟ ਪਹਿਨ ਕੇ, ਬਟਨ ਖੁੱਲ੍ਹੇ ਛੱਡ ਕੇ ਰਕੁਲ ਨੇ ਤਸਵੀਰ ਇੰਸਟਾ 'ਤੇ ਪੋਸਟ ਲਿਖਿਆ ਕਿ ਖੁੱਲ੍ਹੀ ਥਾਂ 'ਤੇ ਮੈਨੂੰ ਇਸੇ ਹੀ ਪਹਿਰਾਵੇ 'ਚ ਸੁੱਟ ਦਿਓ। ਭੇਡੂ ਜਾਂ ਸ਼ੇਰ, ਚੀਤਾ ਜਾਂ ਹਾਥੀ, ਕੁੱਤਾ ਜਾਂ ਹੋਰ ਜਾਨਵਰ ਆਏ ਤੇ ਮੇਰੇ 'ਤੇ ਝਪਟ ਜਾਵੇ। ਭਲਾ ਇਹ ਕੀ ਗੱਲ ਹੋਈ, ਬੇਸ਼ਰਮ ਫੋਟੋ ਤੇ ਉਸ ਤੋਂ ਵੱਧ ਸ਼ਰਮਨਾਕ ਲਫ਼ਜ਼ ਰਕੁਲ ਦੇ। ਨਾਲ ਹੀ ਲਿਖਿਆ ਉਹ ਸਾਰੇ ਜਾਨਵਰ ਹਰਾ ਕੇ ਮੈਂ ਵਾਪਸ ਆਵਾਂਗੀ ਤੇ 'ਹੈਸ਼ ਟੈਗ' 'ਗਰਲ ਪਾਵਰ' ਉਸ ਨੇ ਦਿੱਤਾ ਹੈ। ਕੀ ਕੁੜੀਆਂ ਦੀ ਇਹੀ ਸ਼ਕਤੀ ਹੈ ਰਕੁਲ? ਸਵਾਲ ਇਹੀ ਹੈ? ਪੈਂਟ ਦਾ ਬਟਨ ਖੁੱਲ੍ਹਾ ਤੇ ਇਹ ਬਕਵਾਸ, ਅਸ਼ਲੀਲ ਹੈ। ਕੇਸ ਕਰੋ ਰਕੁਲ ਤੇ ਕਈਆਂ ਨੇ ਜਵਾਬ 'ਚ ਰਕੁਲ ਨੂੰ ਕਿਹਾ ਹੈ ਕਿ ਫਿਰ ਹੋਸ਼ ਟਿਕਾਣੇ ਆਊ? ਪੈਂਟ ਦਾ ਖੁੱਲ੍ਹਾ ਬਟਨ, ਇਹ 'ਗਰਲ ਪਾਵਰ' ਕਿਧਰ ਦੀ? ਕੁੜੀਆਂ ਦੀ ਬੇਇੱਜ਼ਤੀ ਦੇ ਜੁਰਮ ਵਿਚ ਰਕੁਲ ਮੁਆਫ਼ੀ ਮੰਗੇ, ਆਵਾਜ਼ਾਂ ਉੱਠ ਰਹੀਆਂ ਹਨ। ਸੋਚ ਕੇ ਬੋਲਦੀ, ਰਕੁਲ ਤਾਂ ਠੀਕ ਸੀ, ਨਹੀਂ ਤਾਂ 'ਬੇਸ਼ਰਮ ਨਾਇਕਾ' ਦਾ ਟੈਗ' ਉਹ ਲਵਾਏਗੀ।


-ਸੁਖਜੀਤ ਕੌਰ

ਵਿਦਿਉਤ ਜਾਮਵਾਲ

ਬਚ ਕੇ ਮੋੜ ਤੋਂ

'ਕਮਾਂਡੋ' ਵਿਦਿਉਤ ਜਾਮਵਾਲ ਨੇ ਹੱਥ ਵਿਚ ਅੰਡਾ ਲੈ ਕੇ ਇੱਟ ਤੋੜੀ ਤੇ ਇਹ ਸੋਸ਼ਲ ਮੀਡੀਆ 'ਤੇ ਵੀਡੀਓ ਬਣ ਕੇ ਖੂਬ ਚਰਚੇ ਲੈ ਰਿਹਾ ਹੈ। ਪੰਜ ਲੱਖ ਦੇ ਕਰੀਬ 'ਪਸੰਦੀ' ਦੇ ਨਿਸ਼ਾਨ ਇਸ ਵੀਡੀਓ ਲਈ ਵਿਦਿਉਤ ਦੇ ਇੰਸਟਾ ਅਕਾਊਂਟ 'ਤੇ ਲੱਗ ਜਾਣੇ ਪ੍ਰਭਾਵ ਹੈ ਕਿ ਪੂਰੀ ਗੱਲਬਾਤ ਆਪਣੇ ਸਟੰਟਬਾਜ਼ 'ਕਮਾਂਡੋ' ਵਿਦਿਉਤ ਜਾਮਵਾਲ ਦੀ ਹੈ। ਜਨਾਬ ਨੇ ਆਪ ਹੀ ਆਪਣੀ ਤੁਲਨਾ ਜੈਕੀ ਚੇਨ ਨਾਲ ਕਰਦਿਆਂ ਇਹ ਵੀਡੀਓ ਜੈਕੀ ਨੂੰ ਸਮਰਪਿਤ ਕੀਤਾ ਹੈ। ਮਾਰਸ਼ਲ ਆਰਟ ਤੇ ਸਟੰਟਬਾਜ਼ ਦਾ ਚਿਹਰਾ ਵਿਦਿਉਤ ਲੋਕਾਂ 'ਚ ਸਥਾਪਤ ਕਰ ਰਿਹਾ ਹੈ। ਫ਼ਿਲਮਾਂ ਤਾਂ ਰਹੀਆਂ-ਰਹੀਆਂ 'ਦਿਲਲਗੀ' ਤੇ 'ਗੱਲ ਬਣ ਗਈ' ਦੋਵੇਂ ਵੀਡੀਓ ਗੀਤ ਵਿਦਿਉਤ ਦੀ ਪ੍ਰਸੰਸਕ ਸੰਖਿਆ 'ਚ ਵਾਧਾ ਕਰ ਗਏ ਹਨ। ਯਾਦ ਕਰੋ ਕਿ 12 ਸਾਲ ਪਹਿਲਾਂ 2007 'ਚ ਸਿਰ 'ਚ ਬੋਤਲ ਮਾਰਨ ਦੇ ਦੋਸ਼ ਵਿਚ ਵਿਦਿਉਤ 'ਤੇ ਪਰਚਾ ਹੋਇਆ ਸੀ। ਰੱਬ ਦਾ ਸ਼ੁਕਰ ਕਿ ਪਿਛਲੇ ਸੋਮਵਾਰ ਨੂੰ ਵਿਦਿਉਤ ਨੂੰ ਮੁੰਬਈ ਦੀ ਅਦਾਲਤ ਨੇ ਇਸ ਕੁੱਟ-ਮਾਰ ਦੇ ਪਰਚੇ 'ਚੋਂ 'ਕਲੀਨ ਚਿੱਟ' ਦੇ ਕੇ ਰਿਹਾਅ ਕਰਨ (ਬਰੀ) ਦੇ ਹੁਕਮ ਦਿੱਤੇ ਹਨ। ਹੁਣ 'ਕਮਾਂਡੋ-3' ਉਹ ਅਦਾ ਸ਼ਰਮਾ ਨਾਲ ਕਰੇਗਾ। ਚਾਹੇ 'ਕਮਾਂਡੋ' ਵਿਦਿਉਤ ਦੀ 'ਜੰਗਲੀ' ਫਲਾਪ ਹੀ ਰਹੀ ਸੀ ਪਰ ਕਦੇ ਆਂਡੇ ਫੜ ਇੱਟਾਂ ਤੋੜਨੀਆਂ ਤੇ ਹੁਣ ਹੱਥ 'ਚ ਗੈਸ ਦਾ ਭਰਿਆ ਸਿਲੰਡਰ ਲੈ ਕੇ ਫੁੱਟਬਾਲ ਦੀ ਤਰ੍ਹਾਂ ਉਸ ਨੂੰ ਘੁਮਾਇਆ ਹੈ। ਠੀਕ ਹੈ ਕਿ ਜਨਾਬ ਅਸਲ ਹੀਰੋ ਵੀ ਹਨ। ਸਟੰਟਬਾਜ਼ ਪੱਕੇ ਹਨ ਪਰ 'ਖ਼ਤਰਿਆਂ ਦੇ ਖਿਡਾਰੀ' ਪਰਦੇ 'ਤੇ ਹੀ ਜਚਦੇ ਨੇ, ਅਸਲੀ ਜ਼ਿੰਦਗੀ 'ਚ ਅਸਲ ਕਰਨਾ ਜਾਨ ਖ਼ਤਰੇ 'ਚ ਆਪਣੀ ਵੀ ਪਾਉਣੀ ਤੇ ਪ੍ਰਸੰਸਕਾਂ 'ਚ ਵੀ ਅਜਿਹਾ ਕਰਨ ਦੀ ਭਾਵਨਾ ਭਰ ਕੇ ਉਨ੍ਹਾਂ ਨੂੰ ਖ਼ਤਰਿਆਂ ਦੀ ਭੱਠੀ 'ਚ ਝੋਕਣ ਵਾਲੀ ਗੱਲ ਹੈ। ਬਚ ਕੇ ਮੋੜ ਤੋਂ ਵਿਦਿਉਤ, ਕਈ ਵਾਰ ਹਾਸੇ ਦਾ ਮੜਾਸਾ ਹੋ ਜਾਂਦਾ ਹੈ। ਬਹੁਤ ਮਾੜਾ... ਬਚ ਕੇ ਮੋੜ ਤੋਂ...।

ਹੁਣ ਸਿਰਫ਼ ਅਭਿਨੈ ਵੱਲ ਧਿਆਨ ਹੈ : ਨੋਰਾ ਫ਼ਤੇਹੀ

ਨੋਰਾ ਫਤੇਹੀ। ਇਹ ਨਾਂਅ ਸੁਣਦਿਆਂ ਹੀ ਅੱਖਾਂ ਸਾਹਮਣੇ ਉੱਭਰ ਆਉਂਦੇ ਹਨ ਉਹ ਗੀਤ, ਜਿਸ ਵਿਚ ਉਸ ਨੂੰ ਗਲੈਮਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਸੀ। 'ਬਾਹੂਬਲੀ', 'ਰਾਕੀ ਹੈਂਡਸਮ', 'ਸਤਿਆਮੇਵ ਜਯਤੇ', 'ਇਸਤਰੀ', 'ਮਰਜਾਵਾਂ', 'ਬਾਟਲਾ ਹਾਊਸ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਨੋਰਾ ਨੂੰ ਕੈਮਰੇ ਸਾਹਮਣੇ ਥਿਰਕਦੀ ਨੂੰ ਪੇਸ਼ ਕੀਤਾ ਗਿਆ ਸੀ।
ਇਨ੍ਹਾਂ ਫ਼ਿਲਮਾਂ ਦੀ ਵਜ੍ਹਾ ਨਾਲ ਨੋਰਾ ਦੀ ਇਮੇਜ ਆਈਟਮ ਡਾਂਸਰ ਦੇ ਤੌਰ 'ਤੇ ਮਜ਼ਬੂਤ ਹੋ ਗਈ ਸੀ ਪਰ ਹੁਣ ਨੋਰਾ ਆਪਣੀ ਇਸ ਦਿੱਖ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਉਹ ਬਾਲੀਵੁੱਡ ਵਿਚ ਖ਼ੁਦ ਨੂੰ ਇਕ ਅਭਿਨੇਤਰੀ ਦੇ ਤੌਰ 'ਤੇ ਸਥਾਪਿਤ ਕਰਨਾ ਚਾਹੁੰਦੀ ਹੈ। ਆਪਣੀ ਦਿੱਖ ਵਿਚ ਬਦਲਾਅ ਲਿਆਉਣ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਕੈਨੇਡਾ ਤੋਂ ਇਥੇ ਆਈ ਸੀ ਤਾਂ ਸੋਚਿਆ ਸੀ ਕਿ ਹੀਰੋਇਨ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਾਂਗੀ ਪਰ ਇਥੇ ਮੈਨੂੰ ਭੂਮਿਕਾ ਦੀ ਬਜਾਏ ਆਈਟਮ ਗੀਤ ਹੀ ਜ਼ਿਆਦਾ ਪੇਸ਼ ਹੋਏ ਅਤੇ ਮੈਂ ਕਰਦੀ ਚਲੀ ਗਈ। ਹੁਣ ਜਦੋਂ 'ਬਾਟਲਾ ਹਾਊਸ' ਵਿਚ ਮੇਰੇ 'ਤੇ ਕੁਝ ਦ੍ਰਿਸ਼ ਵੀ ਫ਼ਿਲਮਾਏ ਗਏ ਹਨ ਅਤੇ ਐਲਬਮ 'ਪਛਤਾਓਗੇ' ਵਿਚ ਵੀ ਅਭਿਨੈ ਕਰਨਾ ਪਿਆ ਤਾਂ ਲੋਕਾਂ ਨੂੰ ਮੇਰਾ ਕੰਮ ਪਸੰਦ ਆਇਆ ਅਤੇ ਮੈਨੂੰ ਸਲਾਹ ਦਿੱਤੀ ਜਾਣ ਲੱਗੀ ਕਿ ਹੁਣ ਜਦੋਂ ਮੈਂ ਚੰਗੀ ਐਕਟਿੰਗ ਕਰ ਲੈਂਦੀ ਹਾਂ ਤਾਂ ਮੈਨੂੰ ਆਪਣਾ ਧਿਆਨ ਚੰਗੀ ਭੂਮਿਕਾ ਵੱਲ ਦੇਣਾ ਚਾਹੀਦਾ ਹੈ। ਮੈਂ ਆਪਣੀ ਜਾਣ-ਪਛਾਣ ਦੇ ਸਾਰੇ ਨਿਰਦੇਸ਼ਕਾਂ ਨੂੰ ਕਹਿ ਦਿੱਤਾ ਹੈ ਕਿ ਚੰਗੀ ਭੂਮਿਕਾ ਲਈ ਉਹ ਮੈਨੂੰ ਕਦੀ ਵੀ ਫੋਨ ਕਰ ਸਕਦੇ ਹਨ। ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਹੁਣ ਉਹ ਅਭਿਨੈ ਪ੍ਰਤੀ ਕਿੰਨੀ ਗੰਭੀਰ ਹੈ। ਉਂਝ, ਨੋਰਾ ਨੇ ਆਈਟਮ ਗੀਤ ਤੋਂ ਭਾਵੇਂ ਹੀ ਦੂਰੀ ਬਣਾ ਲਈ ਹੋਵੇ ਪਰ ਉਸ ਦੀ ਇੱਛਾ ਹੈ ਕਿ 'ਸ਼ੋਅਲੇ' ਦਾ 'ਮਹਿਬੂਬਾ ਓ ਮਹਿਬੂਬਾ...' ਗੀਤ ਜਦੋਂ ਕਦੀ ਰੀਮਿਕਸ ਰੂਪ ਵਿਚ ਬਣਾਇਆ ਜਾਵੇ ਤਾਂ ਉਸ 'ਤੇ ਫ਼ਿਲਮਾਇਆ ਜਾਵੇ। ਭਾਵ ਇਸ ਵਿਦੇਸ਼ੀ ਕੁੜੀ ਦੇ ਦਿਲ ਵਿਚ ਹੁਣ ਵੀ ਆਈਟਮ ਗੀਤ ਲਈ ਥਾਂ ਹੈ।

ਦਿਵਿਆਂਕਾ ਤ੍ਰਿਪਾਠੀ ਧਰਮ ਸੰਕਟ ਵਿਚ

'ਬਨੂ ਮੈਂ ਤੇਰੀ ਦੁਲਹਨ', 'ਕਾਨਪੁਰ ਵਾਲੇ ਖੁਰਾਨਾਜ਼' ਆਦਿ ਲੜੀਵਾਰ ਫੇਮ ਦਿਵਿਆਂਕਾ ਤ੍ਰਿਪਾਠੀ ਨੇ ਹੁਣ ਵੈੱਬ ਸੀਰੀਜ਼ ਵੱਲ ਵੀ ਆਪਣਾ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ ਹੈ। ਇਸ ਦੇ ਨਤੀਜੇ ਵਜੋਂ ਏਕਤਾ ਕਪੂਰ ਨੇ ਉਸ ਨੂੰ ਆਪਣੀ ਵੈੱਬ ਸੀਰੀਜ਼ 'ਕੋਲਡ ਲੱਸੀ ਔਰ ਚਿਕਨ ਮਸਾਲਾ' ਵਿਚ ਅਹਿਮ ਭੂਮਿਕਾ ਵਿਚ ਲਿਆ ਹੈ। ਆਪਣੇ ਕੈਰੀਅਰ ਦੀ ਇਸ ਪਹਿਲੀ ਵੈੱਬ ਸੀਰੀਜ਼ ਨੂੰ ਹਾਸਲ ਕਰ ਕੇ ਦਿਵਿਆਂਕਾ ਬਹੁਤ ਉਤਸ਼ਾਹੀ ਸੀ ਪਰ ਇਹ ਉਤਸ਼ਾਹ ਉਦੋਂ ਠੰਢਾ ਪੈ ਗਿਆ ਜਦੋਂ ਉਸ ਨੂੰ ਸ਼ੂਟਿੰਗ ਦੇ ਪਹਿਲੇ ਦਿਨ ਦ੍ਰਿਸ਼ ਸਮਝਾਇਆ ਗਿਆ। ਦ੍ਰਿਸ਼ ਬਾਰੇ ਜਾਣ ਕੇ ਉਸ ਦੇ ਸਾਹਮਣੇ ਧਰਮ ਸੰਕਟ ਆ ਖੜ੍ਹਾ ਹੋਇਆ। ਅਸਲ ਵਿਚ ਦਿਵਿਆਂਕਾ ਬ੍ਰਾਹਮਣ ਪਰਿਵਾਰ ਤੋਂ ਹੈ। ਘਰ ਵਿਚ ਮਾਸ-ਮੱਛੀ ਪਕਾਉਣਾ ਤਾਂ ਦੂਰ ਇਨ੍ਹਾਂ ਦਾ ਨਾਂਅ ਲੈਣਾ ਵੀ ਪਾਪ ਮੰਨਿਆ ਜਾਂਦਾ ਰਿਹਾ ਹੈ। ਇਸ ਤਰ੍ਹਾਂ ਸਾਤਵਿਕ ਮਾਹੌਲ ਵਿਚ ਪਲੀ ਹੋਈ ਦਿਵਿਆਂਕਾ ਆਪਣੀ ਇਸ ਪਹਿਲੀ ਵੈੱਬ ਸੀਰੀਜ਼ ਵਿਚ ਸ਼ੈਫ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਕੈਮਰੇ ਸਾਹਮਣੇ ਕੁਕਿੰਗ ਵੀ ਕਰਨੀ ਹੈ। ਪਹਿਲੇ ਹੀ ਦਿਨ ਉਸ ਨੇ ਚਿਕਨ ਦੇ ਟੁਕੜੇ ਕਰ ਕੇ ਇਕ ਨਾਨਵੈੱਜ਼ ਡਿਸ਼ ਬਣਾਉਣੀ ਸੀ ਅਤੇ ਆਪਣੇ ਸਾਹਮਣੇ ਚਿਕਨ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਫਿਰ ਉਸ ਨੇ ਖ਼ੁਦ ਨੂੰ ਠੀਕ ਕੀਤਾ ਅਤੇ ਇਕ ਪ੍ਰੋਫੈਸ਼ਨਲ ਕਲਾਕਾਰ ਦੀ ਤਰ੍ਹਾਂ ਉਹ ਉਹੀ ਸਭ ਕਰਦੀ ਚਲੀ ਗਈ ਜੋ ਨਿਰਦੇਸ਼ਕ ਕਹਿੰਦੇ ਗਏ।
ਦਿਵਿਆਂਕਾ ਕਿੰਨੀ ਪ੍ਰੋਫੈਸ਼ਨਲ ਹੈ, ਇਸ ਦਾ ਨਜ਼ਾਰਾ ਉਦੋਂ ਹੀ ਪੇਸ਼ ਹੋ ਗਿਆ ਸੀ ਜਦੋਂ ਉਹ ਮੁੰਬਈ ਦੇ ਬੋਰੀਵਲੀ ਇਲਾਕੇ ਵਿਚ ਸਥਿਤ ਇਕ ਹੋਟਲ ਦੇ ਉਦਘਾਟਨ ਮੌਕੇ ਪਹੁੰਚੀ ਸੀ। ਹੋਟਲ ਦੇ ਨਾਂਅ ਵਿਚ ਐੱਗ ਇਸ ਲਈ ਰੱਖਿਆ ਗਿਆ ਹੈ, ਕਿਉਂਕਿ ਉਥੇ ਅੰਡੇ ਨਾਲ ਬਣੇ ਪਕਵਾਨ ਹੀ ਬਣਾਏ ਜਾਂਦੇ ਹਨ। ਕਿਉਂਕਿ ਰਿਬਨ ਕੱਟਣ ਲਈ ਦਿਵਿਆਂਕਾ ਨੂੰ ਚੰਗੀ ਰਕਮ ਦਿੱਤੀ ਗਈ ਸੀ। ਸੋ, ਉਹ ਉਥੇ ਆਈ ਅਤੇ ਉਦਘਾਟਨ ਦੀ ਰਸਮ ਨੂੰ ਅੰਜਾਮ ਦਿੱਤਾ ਤੇ ਮਾਲਿਕ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਦਿਵਿਆਂਕਾ ਨੇ ਹੋਟਲ ਦਾ ਪਾਣੀ ਤੱਕ ਨਹੀਂ ਪੀਤਾ ਅਤੇ ਪਾਣੀ ਦੀ ਬੋਤਲ ਉਹ ਆਪਣੇ ਘਰ ਤੋਂ ਲੈ ਕੇ ਆਈ ਸੀ।

ਸੋਨਾਕਸ਼ੀ ਸਿਨਹਾ

'ਰੱਜੋ' ਦਾ 'ਮੰਗਲ ਮਿਸ਼ਨ' ਸਫ਼ਲ

ਕਈ ਫਲਾਪ ਫ਼ਿਲਮਾਂ ਤੋਂ ਬਾਅਦ ਸੋਨਾਕਸ਼ੀ ਸਿਨਹਾ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। 'ਮਿਸ਼ਨ ਮੰਗਲ' ਨੇ 200 ਕਰੋੜ ਦੇ ਕਰੀਬ ਵਪਾਰ ਕੀਤਾ ਹੈ। ਸੋਨਾ ਨੂੰ ਚੰਗਾ-ਚੰਗਾ ਮਹਿਸੂਸ ਹੋ ਰਿਹਾ ਹੈ। ਇਹ ਉਸ ਲਈ ਖਾਸ ਫ਼ਿਲਮ ਹੈ। ਉਸ ਲਈ ਇਕ ਚੰਗਾ ਅਹਿਸਾਸ ਹੈ। ਹੁਣ ਤਾਂ ਸੋਨਾ ਇਹ ਵੀ ਆਖ ਰਹੀ ਹੈ ਕਿ ਦੇਸ਼-ਪਿਆਰ 'ਤੇ ਬਣੀ ਕੋਈ ਵੀ ਫ਼ਿਲਮ ਹਿੱਟ ਹੋ ਸਕਦੀ ਹੈ। 'ਤੇਵਰ', 'ਅਕੀਰਾ', 'ਨੂਰ', 'ਹੈਪੀ ਫਿਰ ਭਾਗ ਜਾਏਗੀ' ਅਸਫ਼ਲ ਰਹੀਆਂ ਹਨ। 32 ਸਾਲ ਦੀ ਇਹ ਅਭਿਨੇਤਰੀ ਨਾਂਹ ਪੱਖੀ ਗੱਲਾਂ ਤੋਂ ਬਚਦੀ ਹੈ। ਦਸੰਬਰ ਸੋਨਾ ਨੂੰ 'ਦਬੰਗ-3' ਦੀ ਕਾਮਯਾਬੀ ਦਿਖਾਏਗਾ। ਪਟੜੀ ਤੋਂ ਲਾਂਭੇ ਹੋਏ ਸੋਨਾਕਸ਼ੀ ਸਿਨਹਾ ਦੇ ਕਰੀਅਰ ਦੀ ਫ਼ਿਲਮ ਟਰੇਨ ਫਿਰ ਸੁਪਰ ਫਾਸਟ ਬਣ ਕੇ ਚੱਲਣ ਵਾਲੀ ਹੈ। ਹੁਣ ਤਾਂ ਸੋਨਾ ਨੇ ਗਾਇਕਾ ਬਣਨ ਦਾ ਸੁਨਹਿਰੀ ਭਰਮ ਵੀ ਪਾਲ ਲਿਆ ਹੈ। 'ਆਜ ਮੂਡ...' ਹੈ ਇਕ ਸਿੰਗਲ ਗੀਤ ਸੋਨਾ ਦੀ ਆਵਾਜ਼ ਵਿਚ ਆ ਚੁੱਕਾ ਹੈ। 'ਦਬੰਗ' ਲੜੀ ਦੀ ਤੀਸਰੀ ਫ਼ਿਲਮ ਨੇ ਫਿਰ 'ਰੱਜੋ' ਦਾ ਚਿਹਰਾ ਲੋਕਾਂ 'ਚ ਮਕਬੂਲ ਕਰਨਾ ਹੈ। ਮੁਰਾਦਾਬਾਦ 'ਚ ਦਰਜ ਧੋਖਾਧੜੀ ਦੇ ਕੇਸ 'ਚ ਸੋਨਾ ਨੇ ਥਾਣੇ ਜਾ ਕੇ ਆਪਣੇ ਬਿਆਨ ਦਰਜ ਕਰਵਾਏ। 37 ਲੱਖ ਆਨਲਾਈਨ ਤੇ ਵੱਖ-ਵੱਖ ਖਾਤਿਆਂ 'ਚ ਸੋਨਾ ਨੂੰ ਪ੍ਰਸੰਸਕਾਂ ਨੇ ਇਕ ਸ਼ੋਅ ਲਈ ਦਿੱਤੇ ਸਨ ਪਰ ਉਹ ਨਹੀਂ ਸੀ ਉਥੇ ਪਹੁੰਚ ਸਕੀ। ਇਸ ਕਾਰਨ ਸੋਨਾ ਨੂੰ ਕਾਨੂੰਨੀ ਜਾਲ 'ਚ ਫਸਣ ਲਈ ਮਜਬੂਰ ਹੋਣਾ ਪਿਆ ਹੈ। 'ਬੌਸ' ਦੇ 'ਹੈੱਡ ਫੋਨ' ਅਮੇਜੋਨ ਐਪ ਤੋਂ ਮੰਗਵਾਉਣ ਵਾਲੀ ਸੋਨਾਕਸ਼ੀ ਸਿਨਹਾ ਨੂੰ ਇਥੇ ਵੀ ਧੋਖਾ ਹੀ ਮਿਲਿਆ ਤੇ ਉਸ ਨੂੰ ਪੈਸੇ ਉਜਾੜਨੇ ਪਏ। ਕੀ ਆਪ ਧੋਖਾ ਖਾ ਕੇ ਸੋਨਾ ਲੋਕਾਂ ਨੂੰ ਧੋਖਾ ਦੇ ਕੇ ਆਪਣਾ ਮਨ ਸ਼ਾਂਤ ਕਰ ਰਹੀ ਹੈ। ਸੋਨਾਕਸ਼ੀ ਸਿਨਹਾ ਕਾਮਯਾਬੀ ਦੇ ਰੱਥ 'ਤੇ ਸਵਾਰ ਹੋ ਕੇ ਪੁਰਾਣੀਆਂ ਅਸਫ਼ਲਤਾਵਾਂ ਨੂੰ ਭੁੱਲ ਚੁੱਕੀ ਹੈ।

ਆਯੁਸ਼ਮਾਨ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ 'ਡ੍ਰੀਮ ਗਰਲ'

ਹੇਮਾ ਮਾਲਿਨੀ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਫਿਮਲ 'ਡ੍ਰੀਮ ਗਰਲ' ਸਾਲ 1977 ਵਿਚ ਪ੍ਰਦਰਸ਼ਿਤ ਹੋਈ ਸੀ। ਉਦੋਂ ਇਸ ਫ਼ਿਲਮ ਦੀ ਚਰਚਾ ਇਸ ਗੱਲ ਨੂੰ ਲੈ ਕੇ ਖ਼ੂਬ ਹੁੰਦੀ ਸੀ ਕਿ ਫ਼ਿਲਮ ਦੇ ਟਾਈਟਲ ਗੀਤ ਵਿਚ ਹੇਮਾ ਮਾਲਿਨੀ ਨੇ ਕਿੰਨੀ ਵਾਰ ਸਾੜ੍ਹੀਆਂ ਬਦਲੀਆਂ ਹਨ। ਹੁਣ ਆਯੁਸ਼ਮਾਨ ਖੁਰਾਣਾ ਨੂੰ ਮੁੱਖ ਭੂਮਿਕਾ ਵਿਚ ਪੇਸ਼ ਕਰਦੀ 'ਡ੍ਰੀਮ ਗਰਲ' ਆ ਰਹੀ ਹੈ ਅਤੇ ਇਸ ਫ਼ਿਲਮ ਦੀ ਚਰਚਾ ਵੀ ਸਾੜ੍ਹੀਆਂ ਨੂੰ ਲੈ ਕੇ ਹੋਣੀ ਸੁਭਾਵਿਕ ਹੀ ਹੈ। ਦੋਵੇਂ 'ਡ੍ਰੀਮ ਗਰਲ' ਵਿਚ ਮੁੱਖ ਫਰਕ ਇਹ ਹੈ ਕਿ ਉਥੇ ਹੀਰੋਇਨ ਨੂੰ ਸਾੜ੍ਹੀ ਵਿਚ ਪੇਸ਼ ਕੀਤਾ ਗਿਆ ਸੀ ਤੇ ਇਥੇ ਹੀਰੋ ਨੂੰ।
ਫ਼ਿਲਮ ਦੇ ਕਈ ਦ੍ਰਿਸ਼ਾਂ ਵਿਚ ਸਾੜ੍ਹੀ ਪਾਈ ਨਜ਼ਰ ਆਉਣ ਵਾਲੇ ਆਯੁਸ਼ਮਾਨ ਇਥੇ ਇਕ ਇਸ ਤਰ੍ਹਾਂ ਦੇ ਮੁੰਡੇ ਦੀ ਭੂਮਿਕਾ ਨਿਭਾਅ ਰਹੇ ਹਨ ਜਿਸ ਦੀ ਮਾਂ ਨੇ ਕਈ ਮੰਨਤਾਂ ਬਾਅਦ ਇਸ ਨੂੰ ਪਾਇਆ ਹੁੰਦਾ ਹੈ। ਇਹ ਮੁੰਡਾ ਚੰਗਾ ਕਲਾਕਾਰ ਵੀ ਹੈ। ਸੋ ਸਾੜ੍ਹੀ ਪਾ ਕੇ ਉਹ ਰੰਗਮੰਚ 'ਤੇ ਕਦੀ ਸੀਤਾ ਤੇ ਕਦੀ ਰਾਧਾ ਬਣਦਾ ਰਹਿੰਦਾ ਹੈ। ਉਸ ਨੂੰ ਔਰਤ ਦੀ ਆਵਾਜ਼ ਕੱਢਣ ਦੀ ਕਲਾ ਵਿਚ ਮੁਹਾਰਤ ਹਾਸਲ ਹੈ ਅਤੇ ਇਸ ਕਲਾ ਦੀ ਵਜ੍ਹਾ ਕਰਕੇ ਉਸ ਨੂੰ ਔਰਤ ਆਰ ਜੇ ਦਾ ਕੰਮ ਮਿਲ ਜਾਂਦਾ ਹੈ। ਹੁਣ ਇਸ ਕੰਮ ਦੀ ਵਜ੍ਹਾ ਨਾਲ ਕਿਵੇਂ ਪੰਗਾ ਖੜ੍ਹਾ ਹੁੰਦਾ ਹੈ, ਇਹ ਫ਼ਿਲਮ ਦੀ ਕਹਾਣੀ ਹੈ।
ਕਈ ਟੀ. ਵੀ. ਕਾਮੇਡੀ ਸ਼ੋਆਂ ਵਿਚ ਆਪਣੀ ਲੇਖਣੀ ਦਾ ਕਮਾਲ ਦਿਖਾ ਕੇ ਲੋਕਾਂ ਨੂੰ ਹਸਾਉਣ ਵਾਲੇ ਰਾਜ ਸ਼ਾਂਡਲਿਆ ਵਲੋਂ ਇਹ ਫ਼ਿਲਮ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਫ਼ਿਲਮ ਲਈ ਆਯੁਸ਼ਮਾਨ ਨੂੰ ਔਰਤ ਦੀ ਆਵਾਜ਼ ਕੱਢਣ ਦੀ ਵਿਸ਼ੇਸ਼ ਰਿਹਰਸਲ ਵੀ ਕਰਨੀ ਪਈ ਸੀ। ਹਾਸਰਸ ਨਾਲ ਭਰੀ ਇਸ ਫ਼ਿਲਮ ਵਿਚ ਨੁਸਰਤ ਭਰੁਚਾ, ਅਨੂ ਕਪੂਰ, ਮਨਜੋਤ ਸਿੰਘ, ਨਿਧੀ ਬਿਸ਼ਟ, ਰਾਜੇਸ਼ ਸ਼ਰਮਾ ਤੇ ਸੁਮੋਨਾ ਚੱਕਰਵਰਤੀ ਨੇ ਵੀ ਕੰਮ ਕੀਤਾ ਹੈ ਅਤੇ ਇਹ 13 ਸਤੰਬਰ ਨੂੰ ਪ੍ਰਦਰਸ਼ਿਤ ਹੋ ਰਹੀ ਹੈ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਖ਼ਬਰਾਂ

ਧੋਨੀ ਹੁਣ ਫ਼ਿਲਮ
ਨਿਰਮਾਣ ਵਿਚ?

ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਬਾਰੇ ਕ੍ਰਿਕਟ ਜਗਤ ਵਿਚ ਉਨ੍ਹਾਂ ਦੀ ਸੇਵਾਮੁਕਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਉਥੇ ਹੁਣ ਬਾਲੀਵੁੱਡ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕ੍ਰਿਕਟ ਤੋਂ ਸੰਨਿਆਸ ਲੈ ਕੇ ਧੋਨੀ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਆਪਣਾ ਆਗਮਨ ਕਰਨਗੇ। ਇਸ ਬਾਰੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਕਿਉਂਕਿ ਧੋਨੀ ਸਾਲਾਂ ਤੋਂ ਐਡ ਫ਼ਿਲਮਾਂ ਵਿਚ ਕੰਮ ਕਰਦੇ ਆਏ ਹਨ। ਸੋ, ਹੁਣ ਫ਼ਿਲਮ ਨਿਰਮਾਣ ਦੀਆਂ ਸਰਗਮਰੀਆਂ ਤੋਂ ਜਾਣੂ ਹੋ ਗਏ ਹਨ। ਆਪਣੀ ਜ਼ਿੰਦਗੀ 'ਤੇ ਬਣੀ ਫ਼ਿਲਮ ਦੀ ਵਜ੍ਹਾ ਕਰਕੇ ਉਹ ਮੇਨ ਸਟ੍ਰੀਮ ਸਿਨੇਮਾ ਨਾਲ ਜੁੜੇ ਲੋਕਾਂ ਦੀ ਪਛਾਣ ਵਿਚ ਆਏ ਹਨ ਅਤੇ ਇਸ ਦੇ ਬਾਅਦ ਉਹ ਫ਼ਿਲਮ ਨਿਰਮਾਣ ਬਾਰੇ ਗੰਭੀਰਤਾ ਨਾਲ ਸੋਚਣ ਲੱਗੇ ਹਨ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਉਹ ਆਪਣੀ ਬਾਇਓਪਿਕ ਦੇ ਨਿਰਦੇਸ਼ਕ ਨੀਰਜ ਪਾਂਡੇ ਜਾਂ ਫਿਰ ਆਪਣੇ ਨਿੱਜੀ ਮਿੱਤਰ ਜਾਨ ਅਬ੍ਰਾਹਮ ਦੇ ਨਾਲ ਮਿਲ ਕੇ ਫ਼ਿਲਮ ਦਾ ਨਿਰਮਾਣ ਕਰਨਗੇ। ਹੁਣ ਦੇਖੋ, ਧੋਨੀ ਨਿਰਮਾਤਾ ਬਣ ਕੇ ਆਪਣੀ ਫ਼ਿਲਮ ਦਾ ਰਸਮੀ ਐਲਾਨ ਕਦੋਂ ਕਰਦੇ ਹਨ।
ਮੀਰਾ ਨਾਇਰ ਦੀ ਫ਼ਿਲਮ ਵਿਚ ਤੱਬੂ-ਇਸ਼ਾਨ

ਨਿਰਦੇਸ਼ਿਕਾ ਮੀਰਾ ਨਾਇਰ ਨੇ ਆਪਣੀ ਅਗਾਮੀ ਫ਼ਿਲਮ ਲਈ ਇਸ਼ਾਨ ਖੱਟਰ ਤੇ ਤੱਬੂ ਨੂੰ ਕਰਾਰਬੱਧ ਕਰ ਲਿਆ ਹੈ। ਮੀਰਾ ਦੀ ਇਹ ਫ਼ਿਲਮ ਨਾਮੀ ਲੇਖਕ ਵਿਕਰਮ ਸੇਠ ਵਲੋਂ ਲਿਖੀ ਗਈ ਕਿਤਾਬ 'ਏ ਸੁਇਟਏਬਲ ਬਾਏ' ਤੋਂ ਪ੍ਰੇਰਿਤ ਹੈ। ਟੀ. ਵੀ. ਲੜੀਵਾਰ 'ਫਲੈਮਜ਼' ਫੇਮ ਅਭਿਨੇਤਰੀ ਤਾਨਿਆ ਮਾਨਿਕਤਾਲਾ ਵੀ ਇਸ ਫ਼ਿਲਮ ਵਿਚ ਕੰਮ ਕਰ ਰਹੀ ਹੈ। ਫ਼ਿਲਮ ਦੀ ਕਹਾਣੀ 1950 ਦੇ ਸਮੇਂ ਦੇ ਭਾਰਤ 'ਤੇ ਆਧਾਰਿਤ ਹੈ ਅਤੇ ਇਸ ਦੀ ਸ਼ੂਟਿੰਗ ਜਲਦੀ ਸ਼ੁਰੂ ਕੀਤੀ ਜਾਵੇਗੀ।
ਅਨੁਰਾਗ ਬਾਸੂ ਦੀ ਫ਼ਿਲਮ ਵਿਚ ਅਭਿਸ਼ੇਕ-ਆਸ਼ਾ

ਨਿਰਦੇਸ਼ਕ ਅਨੁਰਾਗ ਬਾਸੂ ਨੇ ਆਪਣੀ ਅਗਲੀ ਫ਼ਿਲਮ ਲਈ ਅਭਿਸ਼ੇਕ ਬੱਚਨ ਤੇ ਆਸ਼ਾ ਨੇਗੀ ਨੂੰ ਕਰਾਰਬੱਧ ਕਰ ਲਿਆ ਹੈ। ਮੌਨੀ ਰਾਏ, ਅੰਕਿਤਾ ਲੋਖੰਡੇ, ਮ੍ਰਿਣਾਲ ਠਾਕੁਰ ਤੇ ਰਾਧਿਕਾ ਮਦਾਨ ਤੋਂ ਬਾਅਦ ਹੁਣ ਆਸ਼ਾ ਨੇਗੀ ਨੇ ਵੀ ਛੋਟੇ ਪਰਦੇ ਤੋਂ ਫ਼ਿਲਮਾਂ ਵਿਚ ਆਪਣਾ ਆਗਮਨ ਕਰ ਲਿਆ ਹੈ। ਅਨੁਰਾਗ ਦੀ ਇਸ ਨਵੀਂ ਫ਼ਿਲਮ ਵਿਚ ਰਾਜ ਕੁਮਾਰ ਰਾਓ ਤੇ ਆਦਿਤਿਆ ਰਾਏ ਕਪੂਰ ਵੀ ਹੋਣਗੇ ਅਤੇ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ 'ਦੰਗਲ' ਤੋਂ ਬਾਅਦ ਫਾਤਿਮਾ ਸਨਾ ਸ਼ੇਖ ਤੇ ਸਾਨਿਆ ਮਲਹੋਤਰਾ ਇਸ ਵਿਚ ਇਕੱਠੇ ਦਿਸਣਗੇ। ਲੜੀਵਾਰ 'ਪਵਿੱਤਰ ਰਿਸ਼ਤਾ' ਤੋਂ ਹਰਮਨਪਿਆਰਤਾ ਹਾਸਲ ਕਰਨ ਵਾਲੀ ਆਸ਼ਾ ਨੇਗੀ ਨੂੰ ਉਮੀਦ ਹੈ ਕਿ ਇਹ ਫ਼ਿਲਮ ਉਸ ਦੇ ਫ਼ਿਲਮੀ ਕੈਰੀਅਰ ਨੂੰ ਸਹੀ ਦਿਸ਼ਾ ਦੇਵੇਗੀ।


-ਮੁੰਬਈ ਪ੍ਰਤੀਨਿਧ

ਕ੍ਰਿਸ਼ਨਾਅਭਿਸ਼ੇਕ 'ਤੂ ਆਇਆ ਨਾ'

ਆਸਾਮ ਦੇ ਗੁਹਾਟੀ ਦੀ ਵਾਸੀ ਸੌਮਿੱਤਰਾ ਦੇਵ ਬਰਮਨ ਨੇ ਆਪਣੀ ਆਵਾਜ਼ ਨਾਲ ਸਜਿਆ ਇਕ ਗੀਤ 'ਤੂ ਆਇਆ ਨਾ' ਪੇਸ਼ ਕੀਤਾ ਹੈ। ਹੈਰੀ ਆਨੰਦ ਵਲੋਂ ਸੰਗੀਤਬੱਧ ਇਸ ਗੀਤ ਨੂੰ ਸੰਗੀਤ ਕੰਪਨੀ ਟੀ-ਸੀਰੀਜ਼ ਵਲੋਂ ਜਾਰੀ ਕੀਤਾ ਗਿਆ ਹੈ। ਗੀਤ ਵਿਚ ਇਕ ਪਤਨੀ ਦੀ ਬਿਰਹਾ ਦੀ ਵੇਦਨਾ ਪੇਸ਼ ਕੀਤੀ ਗਈ ਹੈ ਅਤੇ ਇਸ ਦੀ ਪਹਿਲੀ ਪੰਕਤੀ ਦੇ ਬੋਲ ਹਨ 'ਹਰ ਇਕ ਬੂੰਦ ਬਾਰਿਸ਼ ਕੀ ਤੇਰੀ ਯਾਦ ਦਿਲਾਯੇ'।
ਇਸ ਗੀਤ ਨੂੰ ਲੈ ਕੇ ਜੋ ਵੀਡੀਓ ਬਣਾਇਆ ਗਿਆ ਹੈ, ਇਸ ਦਾ ਫ਼ਿਲਮਾਂਕਣ ਗਣੇਸ਼ ਆਚਾਰਿਆ ਵਲੋਂ ਕੀਤਾ ਗਿਆ ਹੈ। ਵੀਡੀਓ ਵਿਚ ਸੌਮਿੱਤਰਾ ਦੇ ਨਾਲ ਕ੍ਰਿਸ਼ਨਾਅਭਿਸ਼ੇਕ ਤੇ ਕੰਨੜ ਅਭਿਨੇਤਰੀ ਮਾਨਿਵਤਾ ਕਾਮਤ ਨੂੰ ਚਮਕਾਇਆ ਗਿਆ ਹੈ। ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਕ੍ਰਿਸ਼ਨਾ ਨੂੰ ਫ਼ੌਜੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਵੀਡੀਓ ਬਾਰੇ ਸੌਮਿੱਤਰਾ ਕਹਿੰਦੀ ਹੈ, 'ਗੀਤ ਰਿਕਾਰਡ ਕਰਨ ਤੋਂ ਬਾਅਦ ਇਸ 'ਤੇ ਸੋਚ-ਵਿਚਾਰ ਚੱਲ ਰਿਹਾ ਸੀ ਕਿ ਇਸ ਦੇ ਵੀਡੀਓ ਨੂੰ ਕਿਸ ਅੰਦਾਜ਼ ਵਿਚ ਬਣਾਇਆ ਜਾਵੇ। ਗੀਤ ਵਿਚ ਵਿਆਹੁਤਾ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਸੋ, ਮਨ ਵਿਚ ਖ਼ਿਆਲ ਆਇਆ ਕਿ ਕਿਉਂ ਨਾ ਫ਼ੌਜੀ ਦੀ ਪਤਨੀ ਦੇ ਕੋਣ ਤੋਂ ਇਸ ਨੂੰ ਸ਼ੂਟ ਕੀਤਾ ਜਾਵੇ ਅਤੇ ਗਣੇਸ਼ ਅਚਾਰਿਆ ਤੇ ਹੈਰੀ ਵੀ ਝੱਟ ਇਸ ਲਈ ਰਾਜ਼ੀ ਹੋ ਗਏ। ਕ੍ਰਿਸ਼ਨਾ ਕਾਮੇਡੀ ਲਈ ਜਾਣੇ ਜਾਂਦੇ ਹਨ ਪਰ ਇਥੇ ਉਹ ਫ਼ੌਜੀ ਬਣਨ ਨੂੰ ਰਾਜ਼ੀ ਹੋ ਗਏ ਅਤੇ ਇਥੇ ਉਨ੍ਹਾਂ ਨੂੰ ਨਵੇਂ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਮੇਰੇ ਪਿਤਾ ਪੁਲਿਸ ਵਿਚ ਸਨ। ਸੋ, ਮੈਨੂੰ ਵਰਦੀ ਪ੍ਰਤੀ ਬਹੁਤ ਮਾਣ ਹੈ। ਇਹ ਵੀਡੀਓ ਦੇਸ਼ ਦੇ ਸੁਰੱਖਿਆ ਬਲਾਂ ਨੂੰ ਸਮਰਪਿਤ ਹੈ।'
ਵੀਡੀਓ ਬਾਰੇ ਕ੍ਰਿਸ਼ਨਾ ਕਹਿੰਦੇ ਹਨ, 'ਇਸ ਦਾ ਫ਼ਿਲਮਾਂਕਣ ਪੁਲਵਾਮਾ ਵਿਚ ਸ਼ਹੀਦ ਹੋਏ ਫ਼ੌਜੀਆਂ ਤੋਂ ਪ੍ਰੇਰਿਤ ਹੈ, ਨਾਲ ਹੀ ਇਸ ਵਿਚ ਫ਼ੌਜੀ ਦੀ ਜ਼ਿੰਦਗੀ ਦੀ ਸੱਚਾਈ ਵੀ ਦਿਖਾਈ ਗਈ ਹੈ ਕਿ ਅਗਲੇ ਪਲ ਕੀ ਹੋਵੇਗਾ, ਕੋਈ ਨਹੀਂ ਜਾਣਦਾ। ਜਦੋਂ ਮੈਨੂੰ ਇਸ ਵੀਡੀਓ ਦੀ ਪੇਸ਼ਕਸ਼ ਆਈ ਤੱਦ ਮਨ ਵਿਚ ਸ਼ੱਕ ਸੀ ਕਿ ਕਿਤੇ ਇਸ ਦਾ ਰਟਿਆ-ਰਟਾਇਆ ਫ਼ਿਲਮਾਂਕਣ ਨਾ ਹੋਵੇ। ਜਦੋਂ ਗਣੇਸ਼ ਜੀ ਨੇ ਦੱਸਿਆ ਕਿ ਇਥੇ ਮੈਨੂੰ ਫ਼ੌਜੀ ਦੀ ਵਰਦੀ ਵਿਚ ਪੇਸ਼ ਕੀਤਾ ਜਾਵੇਗਾ ਤਾਂ ਮੈਂ ਤੁਰੰਤ ਰਾਜ਼ੀ ਹੋ ਗਿਆ।'
ਸੌਮਿੱਤਰਾ ਨੇ ਜਿਸ ਦਰਦੀਲੇ ਅੰਦਾਜ਼ ਵਿਚ ਗੀਤ ਗਾਇਆ ਹੈ, ਇਸ ਵਜ੍ਹਾ ਨਾਲ ਇਹ ਗੀਤ ਅਨੋਖਾ ਬਣਿਆ ਹੈ।


-ਪੰਨੂੰ

ਸ਼ੇਮਾਰੂ ਦਾ ਭਗਤੀ ਸਟੂਡੀਓ

ਭਗਤੀ ਸੰਗੀਤ ਨੂੰ ਵਧਾਉਣ ਲਈ ਤੇ ਨੌਜਵਾਨਾਂ ਵਿਚ ਭਗਤੀ ਰਸ ਨੂੰ ਪੈਦਾ ਕਰਨ ਲਈ ਸ਼ੇਮਾਰੂ ਵਲੋਂ ਇਕ ਚੰਗੀ ਤੇ ਨਵੀਂ ਪਹਿਲ ਕੀਤੀ ਗਈ ਹੈ। ਕਦੀ ਵੀਡੀਓ ਹੱਕ ਖਰੀਦਣ ਦੇ ਮਾਮਲੇ ਵਿਚ ਮਸ਼ਹੂਰ ਹੋਈ ਇਹ ਕੰਪਨੀ ਸ਼ੇਮਾਰੂ ਹੁਣ ਬਦਲਦੇ ਸਮੇਂ ਨੂੰ ਦੇਖ ਕੇ ਇੰਟਰਨੈੱਟ ਵਲ ਆਪਣਾ ਧਿਆਨ ਜ਼ਿਆਦਾ ਦੇ ਰਹੀ ਹੈ ਅਤੇ ਇਸੇ ਲੜੀ ਵਿਚ ਹੁਣ ਕੰਪਨੀ ਵਲੋਂ 'ਸ਼ੇਮਾਰੂ ਭਗਤੀ ਸਟੂਡੀਓ' ਜਾਰੀ ਕੀਤਾ ਗਿਆ ਹੈ। ਇਸ ਨਵੇਂ ਪਲੇਟਫਾਰਮ ਰਾਹੀਂ ਉਨ੍ਹਾਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਭਜਨ ਗਾਇਕੀ ਵਿਚ ਰੁਚੀ ੋਹੋਵੇਗੀ। ਸ਼ੇਮਾਰੂ ਵਲੋਂ ਇਸ ਭਗਤੀ ਸਟੂਡੀਓ ਦੀ ਕਮਾਨ ਅਨੂਪ ਜਲੋਟਾ, ਸੁਰੇਸ਼ ਵਾਡੇਕਰ ਤੇ ਸਰੋਜ ਖਾਨ ਦੇ ਹੱਥਾਂ ਵਿਚ ਸੌਂਪੀ ਗਈ ਹੈ। ਇਸ ਕੰਪਨੀ ਦੇ ਇਕ ਮਾਲਿਕ ਹਿਰੇਨ ਗੜ੍ਹਾ ਅਨੁਸਾਰ ਅਨੂਪ ਜਲੋਟਾ ਤੇ ਸੁਰੇਸ਼ ਵਾਡੇਕਰ ਦਾ ਨਾਂਅ ਭਜਨ ਗਾਇਕੀ ਦੇ ਖੇਤਰ ਵਿਚ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਹੈ। ਸੋ, ਭਗਤੀ ਸਟੂਡੀਓ ਲਈ ਇਨ੍ਹਾਂ ਦਾ ਸਾਥ ਹਾਸਲ ਕਰਨਾ ਇੱਜ਼ਤ ਦੀ ਗੱਲ ਹੈ। ਭਗਤੀ ਰਸ ਵਿਚ ਨ੍ਰਿਤ ਵੀ ਸ਼ਾਮਿਲ ਹੋ ਜਾਂਦਾ ਹੈ। ਇਸ ਵਜ੍ਹਾ ਕਰਕੇ ਸਰੋਜ ਖਾਨ ਨੂੰ ਚੁਣਿਆ ਗਿਆ ਹੈ। ਭਗਤੀ ਸਟੂਡੀਓ ਦੇ ਐਲਾਨ ਮੌਕੇ ਸਰੋਜ ਖਾਨ ਆਪਣੀ ਖਰਾਬ ਸਿਹਤ ਦੀ ਵਜ੍ਹਾ ਕਰਕੇ ਮੌਜੂਦ ਨਹੀਂ ਹੋ ਸਕੀ ਸੀ ਪਰ ਅਨੂਪ ਜਲੋਟਾ ਤੇ ਸੁਰੇਸ਼ ਵਾਡੇਕਰ ਪਹੁੰਚੇ ਹੋਏ ਸਨ।
ਉਥੇ ਅਨੂਪ ਜਲੋਟਾ ਨੇ ਕਿਹਾ, 'ਲੋਕ ਕਹਿੰਦੇ ਹਨ ਕਿ ਅੱਜ ਦੇ ਨੌਜਵਾਨ ਭਗਤੀ ਰਸ ਤੋਂ ਦੂਰ ਹੁੰਦੇ ਜਾ ਰਹੇ ਹਨ। ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮੈਂ ਦੇਖਿਆ ਹੈ ਕਿ ਇਮਤਿਹਾਨਾਂ ਦੇ ਦਿਨਾਂ ਵਿਚ ਜਦੋਂ ਅੱਜ ਦਾ ਨੌਜਵਾਨ ਮੰਦਰ ਜਾਂਦਾ ਹੈ, ਉਦੋਂ ਮੰਦਰ ਦੀਆਂ ਪੌੜੀਆਂ ਚੜ੍ਹਦੇ ਸਮੇਂ ਉਸ ਦੇ ਮੂੰਹ 'ਤੇ ਪ੍ਰਭੂ ਦਾ ਨਾਂਅ ਹੁੰਦਾ ਹੈ ਨਾ ਕਿ ਮਾਈਕਲ ਜੈਕਸਨ ਦਾ ਗੀਤ। ਭਾਵ ਉਹ ਭਗਤੀ ਤੋਂ ਅਛੂਤੇ ਨਹੀਂ ਹੁੰਦੇ, ਬਸ ਕਮੀ ਹੈ ਤਾਂ ਉਨ੍ਹਾਂ ਨੂੰ ਭਗਤੀ ਦੇ ਨਾਲ ਸਹੀ ਤਰ੍ਹਾਂ ਨਾਲ ਜੋੜਨ ਦੀ ਅਤੇ ਇਸ ਭਗਤੀ ਸਟੂਡੀਓ ਵਲੋਂ ਉਹ ਕਮੀ ਪੂਰੀ ਕੀਤੀ ਜਾਵੇਗੀ।'
ਸੁਰੇਸ਼ ਵਾਡੇਕਰ ਨੇ ਕਿਹਾ, 'ਭਗਤੀ ਰਸ ਦੇ ਰੱਥ ਨੂੰ ਖਿੱਚਣ ਲਈ ਨਵੇਂ ਘੋੜੇ ਜੋੜਨੇ ਚਾਹੀਦੇ ਅਤੇ ਇਸ ਪਲੇਟਫਾਰਮ ਦੀ ਬਦੌਲਤ ਭਗਤੀ ਦੇ ਰੱਥ ਨੂੰ ਨਵੀਂ ਸ਼ਕਤੀ ਮਿਲੇਗੀ।'


-ਮੁੰਬਈ ਪ੍ਰਤੀਨਿਧ

ਮੰਦਾਕਿਨੀ-ਰਾਖੀ ਦੀ 'ਛੱਪਨ ਛੁਰੀ'

ਚਾਲੀ ਤੋਂ ਜ਼ਿਆਦਾ ਅਸਾਮੀ ਫ਼ਿਲਮੀ ਗੀਤ ਗਾਉਣ ਵਾਲੀ ਤੇ ਬਾਲੀਵੁੱਡ ਵਿਚ ਆ ਕੇ 'ਤਿਸ਼ਨਗੀ', 'ਸਾਹਬ ਬੀਵੀ ਔਰ ਗੈਂਗਸਟਰ', 'ਬੰਜਾਰਾ' ਆਦਿ ਫ਼ਿਲਮਾਂ ਦੇ ਗੀਤਾਂ ਲਈ ਆਪਣੀ ਆਵਾਜ਼ ਦੇਣ ਵਾਲੀ ਗਾਇਕਾ ਮੰਦਾਕਿਨੀ ਬੋਰਾ ਹੁਣ ਸੋਲੋ ਗੀਤ 'ਛੱਪਨ ਛੁਰੀ' ਲੈ ਕੇ ਪੇਸ਼ ਹੋਈ ਹੈ। ਇਹ ਟਿਪੀਕਲ ਦੇਸੀ ਗੀਤ ਹੈ ਅਤੇ ਇਸ ਦੇ ਵੀਡੀਓ ਵਿਚ ਮੰਦਾਕਿਨੀ ਦੇ ਨਾਲ ਰਾਖੀ ਸਾਵੰਤ ਨੂੰ ਚਮਕਾਇਆ ਗਿਆ ਹੈ।
ਵੀਡੀਓ ਲਈ ਰਾਖੀ ਦੀ ਚੋਣ ਬਾਰੇ ਇਹ ਗਾਇਕਾ ਕਹਿੰਦੀ ਹੈ, 'ਇਹ ਆਈਟਮ ਗੀਤ ਹੈ। ਰਾਖੀ ਦੀ ਇਮੇਜ ਵੀ ਆਈਟਮ ਗਰਲ ਦੀ ਹੈ। ਗੀਤ ਦੇ ਬੋਲ ਵਿਚ ਛੱਪਨ ਛੁਰੀ ਸ਼ਬਦ ਸਮਾਏ ਹੋਏ ਹਨ ਅਤੇ ਰਾਖੀ ਵੀ ਕਿਸੇ ਛੱਪਨ ਛੁਰੀ ਤੋਂ ਘੱਟ ਨਹੀਂ ਹੈ। ਉਹ ਛੁਰੀ ਜਿਹੀ ਤੇਜ਼ ਹੈ। ਉਸ ਵਿਚ ਛੁਰੀ ਵਾਲੇ ਗੁਣ ਦੇਖ ਕੇ ਸਾਨੂੰ ਉਹ ਇਸ ਵੀਡੀਓ ਲਈ ਸਹੀ ਲੱਗੀ।'
ਇਹ ਗੀਤ ਦੀਪਕ ਨੂਰ ਵਲੋਂ ਲਿਖਿਆ ਗਿਆ ਹੈ ਅਤੇ ਇਸ ਨੂੰ ਜਾਵੇਦ ਹੁਸੈਨ ਵਲੋਂ ਸੰਗੀਤਬੱਧ ਕੀਤਾ ਗਿਆ ਹੈ। ਵੀਡੀਓ ਦਾ ਫ਼ਿਲਮਾਂਕਣ ਰਾਜੀਵ ਖਿਨਚੀ ਵਲੋਂ ਕੀਤਾ ਗਿਆ ਹੈ।
ਇਸ ਵੀਡੀਓ ਬਾਰੇ ਰਾਖੀ ਕਹਿੰਦੀ ਹੈ, 'ਇਹ ਧਮਾਲ ਗੀਤ ਹੈ ਅਤੇ ਯੂ. ਪੀ.-ਬਿਹਾਰ ਵਾਲੇ ਟਚ ਵਾਲਾ ਹੈ। ਗੀਤ ਦੇ ਬੋਲਾਂ ਦੀ ਖ਼ਾਸ ਗੱਲ ਇਹ ਲੱਗੀ ਕਿ ਇਸ ਵਿਚ ਔਰਤਾਂ ਨਾਲ ਛੇੜਛਾੜ ਦੇ ਖਿਲਾਫ਼ ਸੰਦੇਸ਼ ਦਿੱਤਾ ਗਿਆ ਹੈ। ਗੀਤ ਵਿਚ ਅੱਜ ਦੀਆਂ ਔਰਤਾਂ ਨੂੰ ਛੁਰੀ ਦਾ ਗੁਣ ਅਪਣਾਉਣ ਦੀ ਗੱਲ ਕੀਤੀ ਗਈ ਹੈ। ਛੁਰੀ ਨਾਲ ਸਬਜ਼ੀ ਕੱਟੀ ਜਾ ਸਕਦੀ ਹੈ ਤੇ ਸਮਾਂ ਪੈਣ 'ਤੇ ਆਤਮ ਰੱਖਿਆ ਲਈ ਵੀ ਕੰਮ ਆ ਸਕਦੀ ਹੈ। ਗੀਤ ਵਿਚ ਪੇਸ਼ ਕੀਤਾ ਗਿਆ ਸੰਦੇਸ਼ ਦੇਖ ਕੇ ਮੈਂ ਇਸ ਦੇ ਵੀਡੀਓ ਵਿਚ ਥਿਰਕਣ ਲਈ ਰਾਜ਼ੀ ਹੋ ਗਈ।' ਇਸ ਵੀਡੀਓ ਵਿਚ ਡੁਪਲੀਕੇਟ ਅਮਿਤਾਭ ਤੇ ਸ਼ਤਰੂਘਨ ਸਿਨਹਾ ਵੀ ਹਨ।

-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX