ਤਾਜਾ ਖ਼ਬਰਾਂ


ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  13 minutes ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  19 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  37 minutes ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  42 minutes ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 2 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਅਜੋਕੇ ਪੰਜਾਬੀ ਗੀਤਾਂ ਵਿਚ ਔਰਤ ਦੀ ਪੇਸ਼ਕਾਰੀ

ਗੀਤ-ਸੰਗੀਤ ਪੰਜਾਬੀ ਜਨ-ਮਾਨਸ ਦੀ ਰੂਹ ਦੀ ਖੁਰਾਕ ਹੈ | ਸੁਹਜਮਈ, ਕਾਵਿਮਈ, ਸੰਗੀਤਮਈ ਅਤੇ ਲੈਅਯੁਕਤ ਹੋਣ ਕਰਕੇ ਇਹ ਮਨੁੱਖੀ ਮਨ ਦੀਆਂ ਦਿਲੀ ਭਾਵਨਾਵਾਂ, ਜਜ਼ਬਾਤ ਨੂੰ ਜ਼ਿਆਦਾ ਟੁੰਬਦਾ ਹੈ | ਪੰਜਾਬੀ ਗਾਇਕੀ ਦਾ ਖੇਤਰ ਬਹੁਤ ਵਿਸ਼ਾਲ ਹੈ ਜੋ ਸਮੁੱਚੇ ਜਨ-ਮਾਨਸ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ | ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਬੰਦੇ ਨੇ ਭਾਵੇਂ ਹਰ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਤਾਂ ਵੀ ਪੰਜਾਬੀ ਲੋਕ-ਮਨ ਦਾ ਔਰਤ ਪ੍ਰਤੀ ਨਜ਼ਰੀਆ ਪਿਛਾਂਹ-ਖਿੱਚੂ ਅਤੇ ਉਸ ਦੀ ਦੇਹੀ ਤੱਕ ਹੀ ਸਿਮਟਿਆ ਰਿਹਾ ਹੈ | ਜ਼ਿਆਦਾਤਰ ਕਬੀਲਿਆਂ ਵਿਚ ਪੁਰਾਤਨ ਸਮੇਂ ਤੋਂ ਔਰਤ ਦੀ ਹੋਂਦ ਹਾਸ਼ੀਆਕਿ੍ਤ ਹੀ ਰਹੀ ਹੈ | ਉਸ ਨੂੰ ਭੋਗ-ਵਿਲਾਸ ਦੀ ਵਸਤੂ ਅਤੇ ਘਰ ਦੀ ਚਾਰ-ਦੀਵਾਰੀ ਤੱਕ ਹੀ ਸੀਮਤ ਰੱਖਿਆ ਗਿਆ ਹੈ | ਪੰਜਾਬੀ ਸਾਹਿਤ ਦੇ ਕਿੱਸਾ ਅਤੇ ਨਾਥ-ਜੋਗੀ ਕਾਵਿ ਵਿਚ ਵੀ ਔਰਤ ਦੀ ਕਰੜੀ ਨਿੰਦਾ ਕੀਤੀ ਗਈ ਹੈ | ਜੇਕਰ ਕੋਈ ਇਸ ਵਰਗ ਦੇ ਹੱਕ ਵਿਚ ਸ਼ਾਹਦੀ ਭਰਦਾ ਹੈ ਅਤੇ ਇਸ ਨੂੰ ਸਮਾਜਿਕ ਬਰਾਬਰੀ ਦਾ ਰੁਤਬਾ ਦਿੰਦਾ ਹੈ ਤਾਂ ਉਹ ਗੁਰਮਤਿ-ਕਾਵਿ ਹੈ ਜਿਸ ਵਿਚ ਔਰਤ ਨੂੰ ਸਿ੍ਸ਼ਟੀ ਦਾ ਕੇਂਦਰੀ ਧੁਰਾ ਕਿਹਾ ਗਿਆ ਹੈ | ਔਰਤ ਨੂੰ ਪੰਜਾਬੀ ਸਮਾਜ ਨੇ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਲਗਭਗ ਹਰ ਵਰਗ ਨੇ ਹੀ ਕਿਸੇ ਨਾ ਕਿਸੇ ਹੱਦ ਤਕ ਤਿ੍ਸਕਾਰਿਤ ਸਥਿਤੀ ਵਿਚ ਰੱਖਿਆ ਹੈ | ਪੁਰਾਤਨ ਸਮੇਂ ਤੋਂ ਅਜਿਹਾ ਸੰਤਾਪ ਹੰਢਾ ਰਹੀ ਔਰਤ ਅਜੋਕੇ ਸਮੇਂ ਵਿਚ ਵੀ ਪੂਰਨ ਰੂਪ ਵਿਚ ਸੁਤੰਤਰ ਨਹੀਂ ਹੈ | ਉਹ ਅੱਜ ਵੀ ਪਰ-ਨਿਰਭਰ ਹੈ | ਉਸ ਦੇ ਅੰਦਰ ਇਹ ਸੋਚ ਘਰ ਕਰ ਗਈ ਹੈ ਕਿ ਉਸਦੀ ਹੋਂਦ ਮਰਦ ਨਾਲ ਹੀ ਬਰਕਰਾਰ ਰਹਿ ਸਕਦੀ ਹੈ | ਮਰਦਾਵੀਂ ਸਮਾਜ ਦੀ ਮੈਲੀ ਅੱਖ ਅਤੇ ਕਾਮੁਕ ਸ਼ੋਸ਼ਣ ਨੇ ਔਰਤ ਦੀ ਸਮਾਜਿਕ ਸਥਿਤੀ ਨੂੰ ਸਤਿਕਾਰਯੋਗ ਸਥਾਨ 'ਤੇ ਨਹੀਂ ਰਹਿਣ ਦਿੱਤਾ |
ਪੰਜਾਬੀ ਗੀਤਾਂ ਅਤੇ ਇਨ੍ਹਾਂ ਦੇ ਫ਼ਿਲਮਾਂਕਣ ਰਾਹੀਂ ਔਰਤ ਦੀ ਜੋ ਤਸਵੀਰਕਸ਼ੀ ਕੀਤੀ ਜਾ ਰਹੀ ਹੈ, ਉਸ ਨੇ ਵੀ ਕਾਫੀ ਹੱਦ ਤੱਕ ਵਿਕਰਾਲ ਅਲਾਮਤਾਂ ਜਿਵੇਂ ਬਲਾਤਕਾਰ, ਭਰੂਣ-ਹੱਤਿਆ, ਰਿਸ਼ਤਿਆਂ ਦੀ ਟੁੱਟ-ਭੱਜ ਆਦਿ ਨੂੰ ਸਰੰਜਾਮ ਦਿੱਤਾ ਹੈ | ਅਜੋਕੇ ਗੀਤਾਂ ਦਾ ਮੁੱਖ ਮਕਸਦ ਚੰਗੇਰੇ ਸਰੋਕਾਰਾਂ ਦੀ ਥਾਂ ਵਪਾਰ ਅਤੇ ਮੁਨਾਫਾ ਹੈ ਜਿਸ 'ਤੇ ਚਲਦਿਆਂ ਵਿਸ਼ੇਸ਼ ਤੌਰ 'ਤੇ ਔਰਤ ਪੱਖੀ ਕਦਰਾਂ-ਕੀਮਤਾਂ ਗੀਤ-ਸੰਗੀਤ ਵਿਚੋਂ ਪਲਾਇਨ ਕਰ ਰਹੀਆਂ ਹਨ | ਵਿਸ਼ਵੀਕਰਨ ਦੇ ਵਧਦੇ ਪ੍ਰਭਾਵ ਨੇੇ ਸਮੁੱਚੇ ਲੋਕ-ਮਨ ਨੂੰ ਮੰਡੀ ਢਾਂਚੇ ਵਿਚ ਢਾਲਣਾ ਸ਼ੁਰੂ ਕਰ ਦਿੱਤਾ ਹੈ | ਪੰਜਾਬੀ ਕੌਮ ਦੀ ਤਾਂ ਮੁੱਢੋਂ ਫਿਤਰਤ ਹੈ ਕਿ ਇਹ ਪ੍ਰਭਾਵ ਸਭ ਤੋਂ ਪਹਿਲਾਂ ਕਬੂਲ ਕਰਦੀ ਹੈ | ਪੰਜਾਬੀ ਮਨ ਉੁਕਸਾਊ ਮਾਨਸਿਕਤਾ ਕਾਰਨ ਉਦਯੋਗੀ ਢਾਂਚੇ ਦੀ ਪਕੜ ਵਿਚ ਸਹਿਜੇ ਹੀ ਆ ਗਿਆ ਹੈ | ਅੱਜ ਅਸੀਂ 'ਗਲੋਬਲੀ ਵਿਲੇਜ' ਦੀ ਸੋਚ 'ਤੇ ਚਲਦਿਆਂ ਵਸਤਾਂ ਪ੍ਰਾਪਤੀ ਦੀ ਘੋੜ-ਦੌੜ ਵਿਚ ਗਲਤਾਨ ਹੋ ਗਏ ਹਾਂ ਜਿਸਨੇ ਮਨੁੱਖੀ ਸਰੋਕਾਰਾਂ ਨੂੰ ਢਾਹ ਲਾਈ ਹੈ |
ਅਜੋਕੀ ਪੰਜਾਬੀ ਗਾਇਕੀ ਵਿਚ ਨਾਰੀ-ਬਿੰਬ ਲਗਾਤਾਰ ਨਿੱਘਰਦਾ ਦਿਖਾਈ ਦਿੰਦਾ ਹੈ | ਜ਼ਿਆਦਾਤਰ ਗੀਤ ਅਜਿਹੇ ਹਨ ਜੋ ਔਰਤ ਨੂੰ ਵਸਤ ਦੇ ਤੌਰ 'ਤੇ ਪੇਸ਼ ਕਰਦੇ ਹਨ | ਉਸ ਦੇ ਸ਼ਖ਼ਸੀ ਗੁਣਾਂ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਿਸਮਾਨੀ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ | ਬਹੁਤ ਘੱਟ ਗੀਤ ਹਨ ਜੋ ਔਰਤ ਨੂੰ ਸਮਾਜਿਕ/ਸੱਭਿਆਚਾਰਿਕ ਪੱਖੋਂ ਸਤਿਕਾਰਿਤ ਸ਼ਖ਼ਸੀਅਤ ਵਜੋਂ ਪੇਸ਼ ਕਰਦੇ ਹਨ | ਉਸ ਦੇ ਅੰਦਰੂਨੀ ਗੁਣਾਂ ਨੂੰ ਤਿਲਾਂਜਲੀ ਦੇ ਕੇ ਬਾਹਰੀ ਦਿੱਖ ਨੂੰ ਕੇਂਦਰ ਬਣਾਇਆ ਜਾ ਰਿਹਾ ਹੈ | ਬਹੁਤਾਤ ਨਾਰੀ-ਬਿੰਬ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਗੀਤਾਂ ਦੀ ਹੈ | ਭਾਵ 'ਲੱਕ ਟਵੰਟੀ ਏਟ ਕੁੜੀ ਦਾ...', 'ਲੱਕ ਤਿਲਕਦਾ ਜਾਵੇ ਤੇਰਾ ਹਾਏ ਨੀ ਕਸੂਰ ਏ ਸਾਰਾ ਉੱਚੀ ਅੱਡੀ ਦਾ' | ਨਾਰੀ ਸਮਾਜ ਦਾ ਕੇਂਦਰੀ ਧੁਰਾ ਹੈ ਕਿਉਂਕਿ ਸਾਡਾ ਸਮੁੱਚਾ ਰਿਸ਼ਤਾ-ਨਾਤਾ ਪ੍ਰਬੰਧ ਇਸ ਦੇ ਕਾਰਨ ਹੀ ਹੋਂਦ ਵਿਚ ਆਇਆ ਹੈ | ਔਰਤ ਕੇਵਲ ਮਾਸ਼ੂਕਾ ਹੀ ਨਹੀਂ ਬਲਕਿ ਮਾਂ, ਧੀ, ਭੈਣ, ਨੂੰ ਹ, ਸੱਸ ਆਦਿ ਕਿੰਨੇ ਹੀ ਕਿਰਦਾਰ ਨਿਭਾਉਂਦੀ ਹੈ ਜਿਸ ਕਾਰਨ ਸਮੁੱਚਾ ਸਮਾਜਿਕ ਵਰਗ ਪਰਿਵਾਰਕ ਇਕਾਈਆਂ ਵਿਚ ਬੱਝਾ ਹੋਇਆ ਹੈ | ਪੰਜਾਬੀ ਗੀਤਾਂ ਨੇ ਇਸ ਸਿਸਟਮ ਦੀ ਤਸਵੀਰ ਬਦਲ ਕੇ ਪੇਸ਼ ਕੀਤੀ ਹੈ | ਸੱਚ ਦੇ ਸੰਘ 'ਤੇ ਗੂਠਾ ਧਰ ਕੇ ਸੁਆਰਥ ਹਿਤ ਕੱਚ-ਘਰੜ ਰੂਪ ਪੇਸ਼ ਕੀਤਾ ਹੈ | ਸੁਆਰਥੀ ਬਿਰਤੀ ਕਾਰਨ ਪੰਜਾਬੀ ਗਾਇਕਾਂ/ਗੀਤਕਾਰਾਂ ਨੇ ਨਾਰੀ ਨੂੰ ਕੋਝੇ ਢੰਗਾਂ ਨਾਲ ਪੇਸ਼ ਕੀਤਾ ਹੈ | ਤਿ੍ੰਞਣ ਦਾ ਸ਼ਿੰਗਾਰ, ਚਰਖੇ ਦੀ ਘੂਕਰ 'ਤੇ ਗਾਉਣ ਵਾਲੀ, ਅੰਬਰੀਂ ਪੀਘਾਂ ਚੜ੍ਹਾਉਣ ਵਾਲੀ, ਮਰਦ ਦੇ ਬਰਾਬਰ ਵਾਢੀਆਂ ਕਰਨ ਵਾਲੀ, ਕੱਚੀਆਂ ਕੰਧਾਂ 'ਤੇ ਗਹੀਰੇ ਲਿੱਪਣ ਵਾਲੀ, ਸਰ੍ਹੋਂ ਦਾ ਸਾਗ ਤੋੜਦੀ, ਖੇਤਾਂ ਨੂੰ ਭੱਤਾ ਲੈ ਕੇ ਜਾਂਦੀ, ਦੁੱਧ ਰਿੜਕਦੀ ਪੰਜਾਬੀ ਸੁਆਣੀ ਅਜੋਕੇ ਗੀਤਾਂ ਵਿਚੋਂ ਗਾਇਬ ਹੈ | ਅਜੋਕੇ ਗੀਤਾਂ ਵਿਚ ਔਰਤ ਨੂੰ ਸੁਖ-ਸਹੂਲਤਾਂ ਦੀ ਇੱਛੁਕ, ਬੜੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਸਰ ਕਰਨ ਵਾਲੀ ਪੇਸ਼ ਕੀਤਾ ਗਿਆ ਹੈ | ਆਪਣੇ ਅੜੀਅਲ ਸੁੁਭਾਅ ਕਾਰਨ ਉਹ ਇਸ਼ਕ/ਮੁਹੱਬਤ ਦੀ ਪੂਰਤੀ ਵੀ ਪਦਾਰਥਕ ਸਾਧਨਾਂ ਰਾਹੀਂ ਕਰਨਾ ਚਾਹੁੰਦੀ ਹੈ | ਪਿਆਰ ਉਸ ਲਈ ਕੋਈ ਪਵਿੱਤਰ ਰਿਸ਼ਤਾ ਨਹੀਂ ਹੈ | ਪਿਆਰ/ਮੁਹੱਬਤ, ਮੋਹ, ਮਰਿਆਦਾ, ਅਣਖ-ਆਬਰੂ, ਰਿਸ਼ਤੇ-ਨਾਤੇ ਸਭ ਪਦਾਰਥਕ ਸਾਧਨਾਂ ਜਿਵੇਂ ਕਿ ਮਹਿੰਗੀਆਂ ਗੱਡੀਆਂ, ਮਹਿੰਗੇ ਬ੍ਰਾਂਡਾਂ, ਫੋਨਾਂ ਤੱਕ ਸਿਮਟ ਕੇ ਰਹਿ ਗਏ ਹਨ | ਜਿਵੇਂ 'ਕੁੜੀ ਕਹਿੰਦੀ ਬੇਬੀ ਪਹਿਲਾਂ ਜੈਗੁਆਰ ਲੈ ਲੋ ਫੇਰ ਜਿੰਨਾ ਮਰਜ਼ੀ ਪਿਆਰ ਲੈ ਲੋ', 'ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜ੍ਹੇ' | ਗੀਤਾਂ ਦੇ ਪ੍ਰਭਾਵ ਕਾਰਨ ਪਦਾਰਥਕ ਮੋਹ ਦੇ ਚੁੰਗਲ ਵਿਚ ਫਸ ਕੇ ਅਜੋਕੀਆਂ ਸੁਆਣੀਆਂ ਪਰਿਵਾਰਕ ਰਿਸ਼ਤਿਆਂ ਨੂੰ ਤਿਲਾਂਜਲੀ ਦੇ ਰਹੀਆਂ ਹਨ | ਅੱਖ ਦੀ ਸ਼ਰਮ ਖਤਮ ਹੁੰਦੀ ਜਾ ਰਹੀ ਹੈ ਅਤੇ ਰਿਸ਼ਤਿਆਂ ਵਿਚ ਬਨਾਵਟੀਪਨ ਪੈਦਾ ਹੋ ਰਿਹਾ ਹੈ | ਆਧੁਨਿਕ ਸਮਾਜ ਵਿਚ ਔਰਤ ਆਪਣਾ ਸਥਾਨ ਗ੍ਰਹਿਣ ਕਰਨ ਦੀ ਦੌੜ ਵਿਚ ਲੱਗੀ ਹੋਈ ਹੈ | ਪ੍ਰੰਪਰਾਗਤ ਪਰਿਵਾਰਕ ਬੰਧਨਾਂ ਤੋਂ ਨਿਜਾਤ ਪਾ ਕੇ ਅਜੋਕੇ ਪਦਾਰਥਵਾਦੀ ਸਿਸਟਮ ਦਾ ਪੱਲਾ ਫੜਨਾ ਚਾਹੁੰਦੀ ਹੈ | ਉਹ ਸਮਾਜ ਰੂਪੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੀ ਮਹਿਸੂਸ ਕਰਦੀ ਹੈ | ਅਜਿਹਾ ਹੋਣ ਦੀ ਸੂਰਤ ਵਿਚ ਪਰਿਵਾਰਕ ਕਾਟੋ-ਕਲੇਸ਼, ਤਲਾਕ, ਖੁਦਕੁਸ਼ੀਆਂ ਆਦਿ ਮੁਸੀਬਤਾਂ ਉਤਪੰਨ ਹੋ ਰਹੀਆਂ ਹਨ | ਇਹ ਅਣਮਨੁੱਖੀ ਘਟਨਾਵਾਂ ਰਿਸ਼ਤਿਆਂ ਦੀ ਟੁੱਟ-ਭੱਜ ਕਾਰਨ ਵਾਪਰ ਰਹੀਆਂ ਹਨ | ਜਿਵੇਂ:
'ਮਰਦ: ਕਾਹਤੋਂ ਹੁਣ ਮੁਖਤਿਆਰ ਕੁੜੇ ਘਿਓ ਦਾਲ 'ਚ ਪਾਉਣੋ ਹਟਗੀ ਨੀ,
ਔਰਤ : ਮਾੈ ਕੀ ਕਰਾਂ ਸਰਦਾਰਾ ਵੇ ਨੂੰ ਹਾਂ ਦੀ ਘਰ ਵਿਚ ਪੁੱਗਦੀ ਐ' |
'ਹਾਏ ਨੀ ਵੀਰ ਤੇਰਾ ਜਿਹੜੇ ਦੁੱਖੋਂ ਮਰਿਆ,
ਭੁਲੇਖਾ ਜਿਹਾ ਪਾਉਣ ਲੱਗ ਪਈ |
ਕੈਸੀ ਜੰਮੀ ਨੀ ਤੂੰ ਸਾਡੇ ਵਿਹੜੇ ਬੇਰੀਏ,
ਸਿਰਾਂ ਦੀ ਪੱਗ ਲਾਹੁਣ ਲੱਗ ਪਈ' |
ਜੇਕਰ ਅਜੋਕੇ ਸਮੇਂ ਨਾਰੀ-ਬਿੰਬ ਦਾ ਨਿਘਾਰ ਹੋ ਰਿਹਾ ਹੈ ਤਾਂ ਕਿਸੇ ਹੱਦ ਤਕ ਔਰਤ ਵੀ ਕਸੂਰਵਾਰ ਹੈ ਕਿਉਂਕਿ ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ | ਪੰਜਾਬੀ ਗੀਤਾਂ ਵਿਚਲੀ ਔਰਤ ਮਾਨਵੀ ਕਦਰਾਂ-ਕੀਮਤਾਂ ਤੋਂ ਮੁਨਕਰ ਹੋ ਪੱਛਮੀ ਸ਼ੋਸ਼ੇਬਾਜ਼ੀ ਵਿਚ ਗ਼ਲਤਾਨ ਹੋ ਰਹੀ ਹੈ | ਪੰਜਾਬੀ ਗਾਇਕਾਵਾਂ ਵਲੋਂ ਗਾਏ ਗੀਤਾਂ ਵਿਚ ਵੀ ਅਜਿਹੀ ਔਰਤ ਨਜ਼ਰੀਂ ਪੈਂਦੀ ਹੈ | ਦੂਸਰਾ ਪੰਜਾਬੀ ਗੀਤਾਂ ਨੂੰ ਲਿਖਣ ਵਾਲੇ ਜ਼ਿਆਦਾਤਰ ਲੋਕ ਮਰਦ ਹਨ ਅਤੇ ਉਨ੍ਹਾਂ ਇਹ ਵੀ ਮਨ ਵਿਚ ਧਾਰਿਆ ਹੋਇਆ ਹੈ ਕਿ ਇਨ੍ਹਾਂ ਨੂੰ ਸੁਣਨ ਅਤੇ ਦੇਖਣ ਵਾਲੇ ਦਰਸ਼ਕ ਦਾ ਰੂਪ ਵੀ ਮਰਦਾਨਾ ਹੈ | ਅਜਿਹੇ ਗੀਤਾਂ ਪਿੱਛੇ ਕਾਰਜਸ਼ੀਲ ਦਿ੍ਸ਼ਟੀ ਮਰਦ ਵਰਗ ਦੀ ਹੈ | ਔਰਤ ਅਕਸ ਦੇ ਉਲਟ ਗੀਤ ਮਰਦ ਦਾ ਬਿੰਬ ਸਮਾਜਿਕ ਵਰਤਾਰੇ ਦੀਆਂ ਵਿਭਿੰਨ ਸ਼ਕਤੀਆਂ ਦੇ ਮਾਲਕ ਦੇ ਰੂਪ ਵਿਚ ਪੇਸ਼ ਕਰਦੇ ਹਨ | ਅਜੋਕੇ ਗੀਤਾਂ ਵਿਚ ਪੇਸ਼ ਹੋ ਰਹੀ ਔਰਤ ਮਾਣਮੱਤੀ ਅੱਲ੍ਹੜ ਪੰਜਾਬਣ ਨਹੀਂ ਹੈ ਬਲਕਿ ਹਿਪ-ਹੌਪ 'ਤੇ ਡਾਂਸ ਕਰਨ ਵਾਲੀ ਹੈ | ਉਸਦੇ ਆਦਰਸ਼ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕਲਪਨਾ ਚਾਵਲਾ ਵਰਗੇ ਨਹੀਂ ਬਲਕਿ ਲੇਡੀ ਗਾਗਾ, ਸ਼ਕੀਰਾ, ਮੈਡੋਨਾ ਬਣ ਗਏ ਹਨ | ਉਸਨੂੰ ਯੈਂਕਣ, ਪਟੋਲਾ, ਨੱਢ੍ਹੀ, ਸਵੀਟੋ, ਪੁਰਜਾ ਆਦਿ ਨਾਵਾਂ ਦਾ ਨਾਉਂ ਦਿੱਤਾ ਜਾਂਦਾ ਹੈ | ਉਹ ਖੇਤਾਂ ਨੂੰ ਭੱਤਾ ਲਿਜਾਣ ਦੀ ਬਜਾਏ ਪੱਬ/ਕਲੱਬ ਜਾਣ ਦੀ ਇਛੁੱਕ ਹੈ | ਅਜਿਹੇ ਵੀ ਗੀਤ ਬਹੁਤ ਹਨ ਜਿਨ੍ਹਾਂ ਵਿਚ ਔਰਤ ਨੂੰ ਨਸ਼ੇ ਦਾ ਸੇਵਨ ਕਰਦੀ ਪੇਸ਼ ਕੀਤਾ ਗਿਆ ਹੈ, 'ਐਨਾ ਵੀ ਨਾ ਡੌਪ-ਸ਼ੌਪ ਮਾਰਿਆ ਕਰੋ ਐਵੇਂ ਸੁੱਕੀ ਵੋਦਕਾ ਨਾ ਚਾੜਿ੍ਹਆ ਕਰੋ, ਥੋੜ੍ਹਾ ਬਹੁਤਾ ਲਿਮਕਾ ਵੀ ਪਾਲਿਆ ਕਰੋ', 'ਨੀ ਤੂੰ ਖਿੱਚੀ ਜਾਵੇਂ ਪੈੱਗ ਗਟਾਗਟ ਸੋਹਣੀਏ, ਤੂੰ ਹਾਲੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ' |
ਭੱਦੀ ਸ਼ਬਦਾਵਲੀ ਵਾਲੇ ਗੀਤਾਂ ਦੇ ਪ੍ਰਸਾਰਿਤ ਹੋਣ ਕਾਰਨ ਪੰਜਾਬੀ ਸਮਾਜ ਗੰਧਲਾ ਹੋ ਗਿਆ ਹੈ | ਅਜਿਹੀ ਬਿਰਤੀ ਦਾ ਸ਼ਿਕਾਰ ਔਰਤ ਅਤੇ ਮਰਦ ਦੋਨੋਂ ਹੀ ਹੋਏ ਹਨ | ਚੋਰੀ ਦਾ ਗੁੜ ਖਾਣ ਦੀ ਆਦਤ ਸਭ ਦੀ ਹੈ, ਬੂਰੇ ਵਰਗੀ ਸ਼ੱਕਰ ਤੋਂ ਹਰ ਕੋਈ ਨੱਕ ਮੋੜਦਾ ਹੈ | ਘੱਟ ਅੱਜ ਦੇ ਰਾਂਝੇ ਵੀ ਨਹੀਂ | ਇਹ ਵੀ ਹੀਰਾਂ ਨੂੰ ਠੁਕਰਾ ਕੇ ਸਾਹਿਬਾਂ ਪਿੱਛੇ ਭੱਜਦੇ ਫਿਰਦੇ ਹਨ | ਪਰ ਪਿਆਰ-ਮੁਹੱਬਤ ਦੇ ਟੁੱਟਦੇ ਰਿਸ਼ਤਿਆਂ ਲਈ ਕਸੂਰਵਾਰ ਧਿਰ ਕੇਵਲ ਔਰਤ ਨੂੰ ਹੀ ਠਹਿਰਾਇਆ ਜਾਂਦਾ ਹੈ | ਸਮਾਜਿਕ ਮਾਣ-ਮਰਿਆਦਾ, ਅਣਖ-ਆਬਰੂ ਦਾ ਬੋਝ ਔਰਤ ਦੇ ਮੋਢਿਆਂ 'ਤੇ ਹੀ ਲੱਦ ਦਿੱਤਾ ਜਾਂਦਾ ਹੈ | ਅਜਿਹੇ ਗੀਤਾਂ ਵਿਚ ਔਰਤ ਨੂੰ ਰਿਸ਼ਤਿਆਂ ਬਾਹਰੀ, ਧੋਖੇਬਾਜ਼, ਖੁਦਗਰਜ਼, ਪਦਾਰਥਕ ਸਾਧਨਾਂ ਤਕ ਸੀਮਿਤ ਕਹਿ ਕੇ ਭੰਡਿਆ ਗਿਆ ਹੈ, 'ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ' | 'ਯਾਰੋ ਆਉਂਦੀਆਂ ਰਹਿਣੀਆਂ ਕੁੜੀਆਂ ਤੇ ਬੱਸਾਂ', 'ਮਾਵਾਂ ਬੁੱਕਲਾਂ 'ਚ ਪੁੱਤਾਂ ਨੂੰ ਲੁਕੋਂਦੀਆਂ ਨੀ ਜਦੋਂ ਗੱਲਾਂ ਹੋਣ ਤੇਰੀਆਂ', 'ਧੋਖਾ ਦੇ ਹੀ ਜਾਂਦੀ ਏ ਯਾਰੋ ਗੱਡੀੇ 'ਤੇ ਨੱਡੀ' |
ਪੰਜਾਬੀ ਵਿਚ ਅਜਿਹੇ ਗੀਤ ਆਟੇ ਵਿਚ ਲੂਣ ਬਰਾਬਰ ਹਨ ਜੋ ਔਰਤ ਵਰਗ ਨੂੰ ਸਮਾਜਿਕ/ਸੱਭਿਆਚਾਰਕ ਪੱਖੋਂ ਸਤਿਕਾਰਤ ਰੂਪ ਵਿਚ ਪੇਸ਼ ਕਰਦੇ ਹੋਣ | ਦੁਨੀਆਂ ਵਿਚ ਅਜਿਹੇ ਇਨਸਾਨ ਵੀ ਹਨ ਜੋ ਵੱਖਰੇ ਰਾਹਾਂ ਦੇ ਪਾਂਧੀ ਹਨ | ਅਜਿਹੀ ਮਿਸਾਲ ਪੰਜਾਬੀ ਗਾਇਕੀ ਵਿਚ ਵੀ ਮਿਲਦੀ ਹੈ | ਜ਼ਿੰਦਾ ਜ਼ਮੀਰ ਵਾਲੇ ਗੀਤਕਾਰ/ਗਾਇਕ ਹਾਲੇ ਵੀ ਇਸ ਖੇਤਰ ਵਿਚ ਤਤਪਰ ਹਨ ਜੋ ਬਲਦੀ 'ਤੇ ਤੇਲ ਪਾਉਣ ਤੋਂ ਗੁਰੇਜ਼ ਕਰਦੇ ਹਨ ਅਤੇ ਔਰਤ ਨੂੰ ਸਤਿਕਾਰਿਤ ਰੁਤਬੇ ਨਾਲ ਪਰਿਵਾਰਕ ਪੱਖੋਂ ਮਾਣ-ਮਰਿਆਦਾ ਨਾਲ ਪੇਸ਼ ਕਰਦੇ ਹਨ ਜਿਨ੍ਹਾਂ ਵਿਚ ਗੁਰਦਾਸ ਮਾਨ, ਦੇਬੀ ਮਖ਼ਸੂਸਪੁਰੀ, ਸਤਿੰਦਰ ਸਰਤਾਜ, ਹਰਜੀਤ ਹਰਮਨ, ਮਨਪ੍ਰੀਤ ਟਿਵਾਣਾ, ਹਰਮਨਜੀਤ, ਹਰਭਜਨ ਮਾਨ ਆਦਿ ਦੇ ਨਾਮ ਉਲੇਖਯੋਗ ਹਨ | ਅਜਿਹੇ ਗੀਤਕਾਰਾਂ ਨੇ ਔਰਤ ਦੇ ਸਥਾਨ ਨੂੰ ਸਾਡੀਆਂ ਪ੍ਰੰਪਰਾਗਤ ਸਮਾਜਿਕ/ਸੱਭਿਆਚਾਰਕ ਸਥਿਤੀਆਂ ਵਿਚ ਪਰਖਿਆ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਿੰਡ-ਜੋਗਾਨੰਦ, ਜ਼ਿਲ੍ਹਾ-ਬਠਿੰਡਾ
ਸੰਪਰਕ-70097-28427.


ਖ਼ਬਰ ਸ਼ੇਅਰ ਕਰੋ

ਕੱਲ੍ਹ ਓਜ਼ੋਨ ਪਰਤ ਦੀ ਸੁਰੱਖਿਆ 'ਤੇ ਵਿਸ਼ੇਸ਼

ਪਤਲੀ ਪੈ ਰਹੀ ਹੈ ਓਜ਼ੋਨ ਦੀ ਪਰਤ, 50 ਸਾਲਾਂ 'ਚ ਹੋਏਗੀ ਠੀਕ

ਧਰਤੀ ਦੇ ਵਾਯੂਮੰਡਲ ਦੀ ਹੇਠਲੀ ਪਰਤ 'ਟਰੋਪੋਸਫ਼ੀਅਰ' ਹੈ, ਜਿਹੜੀ 10 ਕਿਲੋਮੀਟਰ ਦੀ ਉਚਾਈ ਤੀਕਰ ਮਿੱਥੀ ਗਈ ਹੈ | 9 ਕਿਲੋਮੀਟਰ ਉੱਚੀ ਮਾਊਾਟ ਐਵਰੈਸਟ ਦੀ ਚੋਟੀ ਤੋਂ ਇਕ ਕਿਲੋਮੀਟਰ ਉਤਾਂਹ | ਉਸ ਤੋਂ ਅੱਗੇ ਵਾਯੂਮੰਡਲ ਦੀ ਦੂਜੀ ਪਰਤ 'ਸਟਰੈਟੋਸਫ਼ੀਅਰ' ਸ਼ੁਰੂ ਹੋ ਜਾਂਦੀ ਹੈ | ਧਰਤੀ ਤੋਂ 10 ਕਿਲੋਮੀਟਰ ਤੋਂ 50 ਕਿਲੋਮੀਟਰ ਦੀ ਵਿੱਥ ਤੱਕ, ਇਹ ਪਰਤ ਫੈਲੀ ਹੋਈ ਹੈ | ਸਟਰੈਟੋਸਫ਼ੀਅਰ ਦੇ ਹੇਠਲਾ ਭਾਗ ਵਪਾਰਕ ਹਵਾਈ ਆਵਾਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ | ਸਟਰੈਟੋਸਫ਼ੀਅਰ ਦੇ ਵਿਚਾਲੇ 15 ਕਿਲੋਮੀਟਰ ਤੋਂ 30 ਕਿਲੋਮੀਟਰ ਵਿਚਕਾਰਲਾ ਭਾਗ ਤੇਜ਼ ਗੰਧ ਅਤੇ ਨੀਲੱਤਣੇ ਰੰਗ ਵਾਲੀ ਸੰਘਣੀ ਓਜ਼ੋਨ ਗੈਸ ਨਾਲ ਭਰਿਆ ਪਿਆ ਹੈ |
ਓਜ਼ੋਨ ਗੈਸ ਦੀ ਇਹ ਪੱਟੀ, ਧਰਤੀ ਦੇ ਵਾਯੂਮੰਡਲ ਅੰਦਰ ਬੜੀ ਹੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ | ਧਰਤੀ ਦੀ ਸਤ੍ਹਾ 'ਤੇ, ਸੂਰਜ ਤੋਂ ਆਉਣ ਵਾਲੀਆਂ, ਪਰਾਬੈਂਗਣੀ ਵਿਕਿਰਨਾਂ ਨੂੰ , ਆਪਣੇ ਵਿਚ ਸੋਖ਼ ਲੈਣ ਦਾ ਗੁਣ, ਇਸ ਓਜ਼ੋਨ ਪਰਤ ਵਿਚ ਮੌਜੂਦ ਹੁੰਦਾ ਹੈ | ਜਦ ਅਣਸੋਧੀਆਂ ਪਰਾਬੈਂਗਣੀ ਵਿਕਿਰਨਾਂ ਧਰਤੀ 'ਤੇ ਪੁੱਜਦੀਆਂ ਹਨ ਤਾਂ ਮਨੁੱਖਾਂ ਦਾ ਚੋਖਾ ਨੁਸਕਾਨ ਕਰਦੀਆਂ ਹਨ | ਚਮੜੀ ਦੇ ਕੈਂਸਰ ਦਾ ਕਾਰਨ ਬਣਦੀਆਂ, ਮੋਤੀਆ ਬਿੰਦ ਉਪਜਾਉਂਦੀਆਂ, ਫ਼ਸਲਾਂ ਦੇ ਝਾੜ ਨੂੰ ਖੋਰਾ ਲਾਉਂਦੀਆਂ, ਜਲਚਰਾਂ ਦੀ ਜਾਨ ਨੂੰ ਮੁਸੀਬਤ 'ਚ ਪਾਉਂਦੀਆਂ ਹਨ, ਇਹ ਪਰਾਬੈਂਗਣੀ ਵਿਕਿਰਨਾਂ | ਸਟਰੈਟੋਸਫ਼ੀਅਰ ਵਿਚ ਓਜ਼ੋਨ ਦੇ ਅਣੂ ਬਣੀ ਵੀ ਜਾਂਦੇ ਹਨ ਅਤੇ ਟੁੱਟਦੇ ਵੀ ਰਹਿੰਦੇ ਹਨ | ਉਂਜ ਓਜ਼ੋਨ ਦੀ ਪਰਤ ਵਿਚ, ਓਜ਼ੋਨ ਦੀ ਕੁੱਲ ਮਾਤਰਾ ਓਨੀ ਹੀ ਬਣੀ ਰਹਿੰਦੀ ਹੈ, ਭਾਵੇਂ ਕੁਝ ਮੌਸਮੀ ਅਤੇ ਭੂਗੋਲਿਕ ਅਦਲਾ-ਬਦਲੀਆਂ, ਓਜ਼ੋਨ ਦੀ ਪਰਤ ਨੂੰ ਪ੍ਰਭਾਵਿਤ ਜ਼ਰੂਰ ਕਰਦੀਆਂ ਰਹੀਆਂ ਹਨ |
ਸਾਨੂੰ ਪਹਿਲੀ ਵਾਰ, ਉਸ ਵੇਲੇ ਓਜ਼ੋਨ ਦੀ ਪਰਤ ਦੇ ਪਤਨ ਦੀ ਚਿੰਤਾ ਹੋਈ, ਜਦੋਂ ਸੰਨ 1979 ਦੇ ਵਰ੍ਹੇ ਜਾਪਾਨੀ ਅਤੇ ਅੰਗਰੇਜ਼ ਖੋਜਕਾਰਾਂ ਨੇ, ਇਹ ਐਲਾਨ ਕੀਤਾ ਕਿ ਸਾਡੀ 'ਸੁਰੱਖਿਆ ਛਤਰੀ' ਬਣੀ ਉਜ਼ੋਨ ਦੀ ਪਰਤ ਪਤਲੀ ਪੈਣ ਲੱਗੀ ਹੈ | ਫਿਰ 'ਨਾਸਾ' ਨੇ ਸੰਨ 1987 'ਚ ਐਾਟਾਰਕਟਿਕਾ ਦੀ ਮੁਹਿੰਮ ਤੋਂ ਬਾਅਦ 'ਚ ਰਿਪੋਰਟ ਪੇਸ਼ ਕੀਤੀ | ਇਸ ਰਿਪੋਰਟ ਵਿਚ ਓਜ਼ੋਨ ਦੀ ਪਰਤ ਵਿਚ ਪਏ ਛੇਕਾਂ ਨੂੰ ਤਸਦੀਕ ਕਰ ਦਿੱਤਾ ਗਿਆ ਸੀ | ਓਜ਼ੋਨ ਦੀ ਪਰਤ ਦਾ ਪਤਲਾ ਪੈ ਜਾਣਾ, ਜਾਣੀ ਕਿ ਪਰਾਬੈਂਗਣੀ ਵਿਕਿਰਨਾਂ ਦਾ ਵਧੇਰੇ ਮਾਤਰਾ ਵਿਚ ਧਰਤੀ ਉੱਪਰ ਪਹੁੰਚਣਾ, ਧਰਤੀ ਦੇ ਬਹੁਤੇ ਲੋਕਾਂ ਉੱਪਰ ਪਰਾਬੈਂਗਣੀ ਵਿਕਿਰਨਾਂ ਦਾ ਪ੍ਰਭਾਵ ਪੈਣਾ ਹੈ |
ਜ਼ਰਾ ਅੰਦਾਜ਼ਾ ਲਗਾਓ : ਜੇ ਸਟਰੈਟੋਸਫ਼ੀਅਰ ਵਿਚ ਓਜ਼ੋਨ ਦੀ ਪਰਤ ਹੁੰਦੀ ਹੀ ਨਾ ਤਾਂ ਸੂਰਜ ਦੀਆਂ ਸ਼ਕਤੀਸ਼ਾਲੀ ਪਰਾਬੈਂਗਣੀ ਵਿਕਿਰਨਾਂ, ਇਸ ਧਰਤੀ ਨੂੰ ਜ਼ਿੰਦਗੀ ਤੋਂ ਬਾਂਝ ਕਰ ਦਿੰਦੀਆਂ | ਪਿਛਲੀ ਅੱਧੀ ਸਦੀ ਤੋਂ ਅਸੀਂ ਕਲੋਰੋਫਲੋਰੋਕਾਰਬਨਾਂ ਨੂੰ ਬੜੇ ਕੰਮ ਦੀ ਚੀਜ਼ ਸਮਝਦੇ ਆਏ ਹਾਂ | ਇਨ੍ਹਾਂ ਪਦਾਰਥਾਂ ਦੇ ਗੁਣ ਹਨ ਕਿ ਇਹ ਟਿਕਾਊ ਹਨ, ਇਹ ਜਲਣਸ਼ੀਲ ਨਹੀਂ ਹੁੰਦੇ, ਸਸਤੇ ਹਨ, ਸੌਖਿਆਂ ਪੈਦਾ ਹੋ ਜਾਂਦੇ ਹਨ | ਇਨ੍ਹਾਂ ਨੂੰ ਅਸੀਂ ਫ਼ਰਿੱਜਾਂ, ਘੋਲਕਾਂ, ਫੋਮ ਬਲੋ ਪ੍ਰੇਰਕਾਂ ਤੇ ਹੋਰ ਬੜੀਆਂ ਥਾਵਾਂ 'ਤੇ ਇਸਤੇਮਾਲ ਕਰਦੇ ਆ ਰਹੇ ਹਾਂ | ਹੋਰ ਵੀ ਕਲੋਰੀਨ-ਯੁਕਤ ਯੋਗਿਕ ਜਿਵੇਂ ਮਿਥਾਈਲ ਕਲੋਰਾਈਡ, ਕਾਰਬਨ ਟੈਟਰਾਕਲੋਰਾਈਡ, ਇਕ ਸਨਅਤੀ ਰਸਾਇਣ 'ਹੈਲੋਨਜ਼' ਬੜੇ ਪ੍ਰਭਾਵਸ਼ਾਲੀ ਅੱਗ ਬੁਝਾਊ ਪਦਾਰਥ ਹਨ | ਇਸ ਭੋਇੰ ਨੂੰ ਧੂਣੀ ਦੇਣ ਵਾਲਾ ਰਸਾਇਣ ਹੈ, ਮਿਥਾਈਲ ਬ੍ਰੋਮਾਈਡ | ਇਹ ਸਾਰੇ ਜਦੋਂ ਟੁੱਟਦੇ ਹਨ ਤਾਂ ਸੁਰੱਖਿਆ ਕਰਨ ਵਾਲੀ ਓਜ਼ੋਨ ਪਰਤ ਨੂੰ ਖੋਰਾ ਲਗਾਉਂਦੇ ਹਨ | ਕਹਿੰਦੇ ਹਨ ਕਿ ਸਵੀਮਿੰਗ ਪੂਲਾਂ, ਉਦਯੋਗਿਕ ਇਕਾਈਆਂ, ਸਮੰੁਦਰੀ ਲੂਣ ਅਤੇ ਜਵਾਲਾਮੁਖੀ ਤੋਂ ਪੈਦਾ ਕਲੋਰੀਨ, ਹੇਠਲੇ ਵਾਯੂਮੰਡਲ (ਟਰੋਪੋਸਫ਼ੀਅਰ) ਵਿਚ ਹੀ ਰਹਿ ਜਾਂਦੀ ਹੈ | ਇਥੇ ਪਾਣੀ ਦੇ ਵਾਸ਼ਪਾਂ ਨਾਲ ਮਿਲ ਕੇ, ਟਰੋਪੋਸਫ਼ੀਅਰ 'ਚ ਹੀ ਮੀਂਹ ਬਣ ਕੇ ਵਰ੍ਹ ਪੈਂਦੀ ਹੈ |
ਪਰ ਕਲੋਰੋਫਲੋਰੋਕਾਰਬਨ ਤਾਂ ਪਾਣੀ ਵਿਚ ਘੁਲਦੇ ਹੀ ਨਹੀਂ | ਕਿਸੇ ਸਾਧਨ ਨਾਲ ਇਨ੍ਹਾਂ ਨੂੰ ਹੇਠਲੇ ਵਾਯੂਮੰਡਲ ਵਿਚੋਂ ਬਾਹਰ ਵੀ ਨਹੀਂ ਕੱਢ ਸਕਦੇ | ਬਸ ਜਦੋਂ ਤੇਜ਼ ਹਵਾਵਾਂ ਚੱਲ ਪੈਂਦੀਆਂ ਹਨ, ਉਹ ਕਲੋਰੋਫਲੋਰੋਕਾਰਬਨਾਂ ਨੂੰ ਚੁੱਕ ਕੇ ਸਟਰੈਟੋਸਫ਼ੀਅਰ 'ਚ ਪਹੁੰਚਾ ਦਿੰਦੀਆਂ ਹਨ | ਕਲੋਰੋਫਲੋਰੋਕਾਰਬਨ ਟੁੱਟਣ ਦਾ ਨਾਂਅ ਨਹੀਂ ਲੈਂਦੇ | ਸਿਰਫ਼ ਸੰਘਣੀਆਂ ਪਰਾਬੈਂਗਣੀ ਵਿਕਿਰਨਾਂ ਦੇ ਟਕਰਾਅ ਨਾਲ ਅਪਘਟਿਤ ਹੁੰਦੇ ਹਨ | ਇੰਝ ਕਲੋਰੀਨ ਦੇ ਪ੍ਰਮਾਣੂ ਉਪਜਦੇ ਹਨ | ਕਲੋਰੀਨ ਦਾ ਇਕ ਪ੍ਰਮਾਣੂ, ਇਕ ਲੱਖ ਓਜ਼ੋਨ ਦੇ ਅਣੂਆਂ ਨੂੰ ਤੋੜਨ ਦਾ ਕਾਰਨ ਬਣਦਾ ਹੈ | ਇਸ ਤਰ੍ਹਾਂ ਓਜ਼ੋਨ ਦੀ ਪਰਤ ਦਾ ਤੇਜ਼ੀ ਨਾਲ ਪਤਨ ਹੋਣ ਲਗਦਾ ਹੈ |
ਵਿਸ਼ਵ ਦੀ ਪ੍ਰਤੀਕਿਰਿਆ
ਜਦੋਂ ਸੰਨ 1970 ਦੇ ਵਰ੍ਹੇ ਓਜ਼ੋਨ ਪਰਤ ਦੇ ਪਤਨ ਹੋਣ ਬਾਰੇ ਗੱਲਾਂ ਤੁਰੀਆਂ ਤਾਂ ਸਮੁੱਚੇ ਵਿਸ਼ਵ 'ਚ ਇਕ ਤੌਖ਼ਲਾ ਤੇ ਡਰ ਜਿਹਾ ਫੈਲ ਗਿਆ | ਡਰੇ ਹੋਏ ਲੋਕਾਂ ਨੇ ਕਲੋਰੋਫਲੋਰੋਕਾਰਬਨਾਂ ਦੀ ਵਰਤੋਂ 'ਤੇ ਮੁੜ ਵਿਚਾਰ ਕਰਨੀ ਸ਼ੁਰੂ ਕੀਤੀ | ਕਈਆਂ ਮੁਲਕਾਂ ਨੇ ਤਾਂ ਇਸ ਦੇ ਇਸਤੇਮਾਲ 'ਤੇ ਪਾਬੰਦੀ ਵੀ ਲਗਾ ਦਿੱਤੀ ਸੀ ਪਰ ਇਸ ਦਾ ਉਤਪਾਦਨ ਕਿਸੇ ਵੀ ਮੁਲਕ ਨੇ ਬੰਦ ਨਹੀਂ ਕੀਤਾ ਸੀ |
ਸੰਨ 1985 ਦੇ ਵਰ੍ਹੇ 'ਚ ਵਿਆਨਾ ਕਨਵੈਨਸ਼ਨ ਵਿਚ 'ਓਜ਼ੋਨ ਪਰਤ ਦੇ ਪਤਨ' ਉੱਪਰ ਵਿਸਥਾਰ ਵਿਚ ਸੋਚ-ਵਿਚਾਰ ਹੋਈ | ਇਸ ਨੂੰ ਠੱਲ੍ਹਣ ਲਈ ਅੰਤਰਰਾਸ਼ਟਰੀ ਸਹਿਯੋਗ ਦੇਣ ਲਈ ਵੱਖੋ-ਵੱਖਰੇ ਦੇਸ਼ ਇਕਮਤ ਹੋਏ | ਇਸੇ ਸੰਦਰਭ 'ਚ ਸੰਨ 1987 'ਚ ਮਾਂਟਰੀਅਲ ਮਸੌਦੇ 'ਤੇ ਸਭਨਾਂ ਨੇ ਸਹਿਮਤ ਹੋਣ ਦੇ ਦਸਤਖ਼ਤ ਕੀਤੇ ਸਨ | ਇਸ ਉਪਰਾਲੇ ਕਰਕੇ ਕਲੋਰੋਫਲੋਰੋਕਾਰਬਨਾਂ ਦੀ ਵਰਤੋਂ ਘਟੀ ਹੈ ਪਰ ਸੰਨ 1997 ਤੇ 1998 ਦੇ ਸਾਲ ਵਿਚ ਓਜ਼ੋਨ ਪਰਤ 'ਚ ਕਲੋਰੀਨ ਦੀ ਭਾਰੀ ਮਾਤਰਾ ਵਿਚ ਮੌਜੂਦਗੀ ਰਿਕਾਰਡ ਕੀਤੀ ਗਈ ਸੀ | ਇਕ ਸੁਖਦਾਈ ਖ਼ਬਰ ਵੀ ਮਿਲੀ ਹੈ ਕਿ ਕੁਦਰਤੀ ਤੌਰ 'ਤੇ ਓਜ਼ੋਨ ਦੀ ਪਰਤ ਦਾ ਪਤਲਾਪਣ ਆਉਣ ਵਾਲੇ ਪੰਜਾਹ ਸਾਲਾਂ 'ਚ ਆਪਣੇ-ਆਪ ਪੂਰਾ ਹੋ ਜਾਣਾ ਹੈ ਕਿਉਂਕਿ ਕਲੋਰੋਫਲੋਰੋਕਾਰਬਨ, ਗਰੀਨ ਹਾਊਸ ਗੈਸ ਹੈ, ਇਹ ਓਜ਼ੋਨ ਦੀ ਪਰਤ ਨੂੰ ਖੋਰਾ ਵੀ ਲਾਉਂਦੀ ਹੈ ਅਤੇ ਆਲਮੀ ਤਪਸ਼ ਨੂੰ ਵਧਾਉਣ ਲਈ ਜ਼ਿੰਮੇਵਾਰ ਹੁੰਦੀ ਹੈ | ਸਪੱਸ਼ਟ ਹੈ ਕਿ ਪਤਲੀ ਓਜ਼ੋਨ ਪਰਤ, ਘੱਟ ਪਰਾਬੈਂਗਣੀ ਵਿਕਿਰਣਾਂ ਸੋਖ਼ਦੀ ਹੈ | ਇੰਜ ਧਰਤੀ ਦੇ ਵਾਤਾਵਰਨ 'ਚ ਵੱਧ ਗਰਮੀ ਪ੍ਰਵੇਸ਼ ਕਰ ਜਾਂਦੀ ਹੈ ਅਤੇ ਵਾਯੂਮੰਡਲ ਤਪਣ ਲੱਗ ਪੈਂਦਾ ਹੈ |
ਅਸੀਂ ਕੀ ਕਰ ਸਕਦੇ ਹਾਂ?
ਸੰਨ 1995 ਦੇ ਸਾਲ ਤੋਂ ਸੰਯੁਕਤ ਰਾਸ਼ਟਰ ਸੰਘ ਵਲੋਂ 16 ਸਤੰਬਰ ਦੇ ਦਿਨ ਨੂੰ , ਹਰ ਸਾਲ 'ਅੰਤਰਰਾਸ਼ਟਰੀ ਓਜ਼ੋਨ ਪਰਤ' ਸੁਰੱਖਿਆ ਦਿਨ ਦੇ ਤੌਰ 'ਤੇ ਮਨਾਉਣਾ ਸ਼ੁਰੂ ਕੀਤਾ ਗਿਆ ਹੈ | ਇਸ ਦਿਨ ਸਾਨੂੰ ਸੋਚਣ ਦਾ ਇਕ ਹੋਰ ਮੌਕਾ ਮਿਲ ਜਾਂਦਾ ਹੈ | ਸਾਡਾ ਸਾਰਾ ਧਿਆਨ ਓਜ਼ੋਨ ਦੀ ਪਰਤ 'ਤੇ ਕੇਂਦਰਿਤ ਹੋ ਜਾਂਦਾ ਹੈ | ਅਸੀਂ ਦੇਸ਼ ਪੱਧਰ 'ਤੇ ਅਤੇ ਵਿਸ਼ਵ ਪੱਧਰ 'ਤੇ, ਇਸ ਦੀ ਸਾਂਭ-ਸੰਭਾਲ ਦੇ ਉਪਰਾਲੇ ਕਰਦੇ ਹਾਂ | ਇਸ ਦਿਨ ਰਲ ਕੇ ਸੈਮੀਨਾਰ, ਰੈਲੀਆਂ, ਪੋਸਟਰਾਂ ਦੇ ਮੁਕਾਬਲੇ, ਚਿੱਤਰ ਪ੍ਰਦਰਸ਼ਨੀਆਂ, ਫ਼ਿਲਮ ਸ਼ੋਅ ਓਜ਼ੋਨ ਪਰਤ ਸਬੰਧੀ ਡਾਕੂਮੈਂਟਰੀ ਫ਼ਿਲਮਾਂ ਬੱਚਿਆਂ ਨੂੰ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ 'ਓਜ਼ੋਨ ਪਰਤ' ਪ੍ਰਤੀ ਲੋਕ ਚੇਤੰਨ ਹੋ ਸਕਣ | ਅੱਜ ਓਜ਼ੋਨ ਪਰਤ ਦੇ ਪ੍ਰਤੀਪਾਲਣ ਦਿਨ 'ਤੇ ਸਾਨੂੰ ਸਾਰਿਆਂ ਨੂੰ ਸਹੰੁ ਖਾਣੀ ਚਾਹੀਦੀ ਹੈ ਕਿ ਜਿਹੜੀਆਂ ਵਸਤਾਂ ਅਤੇ ਪਦਾਰਥਾਂ ਕਰਕੇ ਓਜ਼ੋਨ ਪਰਤ ਕਮਜ਼ੋਰ ਪੈ ਰਹੀ ਹੈ, ਉਨ੍ਹਾਂ ਵਸਤਾਂ ਜਾਂ ਪਦਾਰਥਾਂ ਨੂੰ ਅਸੀਂ ਵਰਤੀਏ ਹੀ ਨਾ ਜਾਂ ਉਸ ਦਾ ਕੋਈ ਬਦਲ ਲਭੀਏ | ਇਹ ਸਾਡੀ ਸਭਨਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ |

ਮੋਬਾਈਲ : 97806-67686.
mayer_hk@yahoo.com

1947 ਤੋਂ ਬਦਲਦੀਆਂ ਆ ਰਹੀਆਂ ਹਨ ਭਾਰਤ ਦੀਆਂ ਅੰਦਰੂਨੀ ਤੇ ਬਾਹਰੀ ਹੱਦਾਂ

15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਭਾਰਤ ਦੀਆਂ ਅੰਦਰੂਨੀ ਹੱਦਾਂ ਅੰਦਰ ਤਬਦੀਲੀ ਲਗਾਤਾਰ ਜਾਰੀ ਹੈ | ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਹੀ ਜੰਮੂ-ਕਸ਼ਮੀਰ ਨੂੰ 2 ਹਿੱਸਿਆਂ ਵਿਚ ਵੰਡ ਕੇ 2 ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਗਠਨ ਦੀ ਘੋਸ਼ਣਾ ਕੀਤੀ ਗਈ |
ਹਾਲਾਂਕਿ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤਬਦੀਲ ਕਰਨ ਦਾ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਬੇਮਿਸਾਲ ਪਰ ਵਿਵਾਦਾਂ ਵਿਚ ਫਸਿਆ ਹੋਇਆ ਹੈ | ਹੇਠਾਂ ਦਿੱਤੇ ਗਏ ਨਕਸ਼ੇ ਵਿਚ ਦੇਖਿਆ ਜਾ ਸਕਦਾ ਹੈ ਕਿ ਪਿਛਲੇ 7 ਦਹਾਕਿਆਂ ਤੋਂ ਭਾਰਤ ਦੀਆਂ ਅੰਦਰੂਨੀ ਹੱਦਾਂ ਕਿਸ ਤਰ੍ਹਾਂ ਲਗਾਤਾਰ ਬਦਲ ਰਹੀਆਂ ਹਨ |
ਭਾਰਤ ਦੀਆਂ ਅੰਦਰੂਨੀ ਹੱਦਾਂ ਦਾ ਸਭ ਤੋਂ ਵੱਡਾ ਪੁਨਰ-ਗਠਨ 1956 ਵਿਚ ਕੀਤਾ ਗਿਆ ਸੀ, ਜਦੋਂ ਇਕ ਅਧਿਕਾਰਤ ਸੂਬਾ ਪੁਨਰਗਠਨ ਐਕਟ ਨੂੰ ਅਮਲ ਵਿਚ ਲਿਆਂਦਾ ਗਿਆ ਸੀ | ਪਰ ਇਸ ਤੋਂ ਬਾਅਦ ਵੀ ਸੂਬਿਆਂ ਦੀਆਂ ਹੱਦਾਂ ਵਿਚ 9 ਹੋਰ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ |
1947 ਵਿਚ ਪਾਕਿਸਤਾਨ ਵਲੋਂ ਅਤੇ 1962 ਦੀ ਜੰਗ ਵੇਲੇ ਚੀਨ ਵਲੋਂ ਭਾਰਤ ਦੇ ਮੱਲੇ ਗਏ ਇਲਾਕਿਆਂ (ਕਸ਼ਮੀਰ ਦੇ ਉਹ ਇਲਾਕੇ ਜਿਨ੍ਹਾਂ 'ਤੇ ਭਾਰਤ ਲਗਾਤਾਰ ਦਾਅਵਾ ਕਰਦਾ ਆ ਰਿਹਾ ਹੈ ਅਤੇ ਇਹ ਇਲਾਕੇ ਭਾਰਤ ਦੇ ਨਕਸ਼ੇ ਦਾ ਹਿੱਸਾ ਹਨ) ਤੋਂ ਇਲਾਵਾ ਭਾਰਤ ਦੀਆਂ ਬਾਹਰੀ ਸਰਹੱਦਾਂ ਵਿਚ ਸਿਰਫ਼ 3 ਵਾਰ ਤਬਦੀਲੀ ਹੋਈ ਹੈ | ਪਹਿਲੀ ਵਾਰ 1961 ਵਿਚ ਗੋਆ ਨੂੰ ਭਾਰਤ ਵਿਚ ਮਿਲਾਉਣ ਸਮੇਂ, ਦੂਜੀ ਵਾਰ 1962 ਵਿਚ (ਅਧਿਕਾਰਤ ਤੌਰ 'ਤੇ) ਪੁਡੁਚੇਰੀ ਨੂੰ ਭਾਰਤ ਵਿਚ ਮਿਲਾਉਣ ਸਮੇਂ ਅਤੇ ਤੀਜੀ ਵਾਰ 1975 ਵਿਚ ਸਿੱਕਮ ਨੂੰ ਭਾਰਤ ਵਿਚ ਮਿਲਾਉਣ ਸਮੇਂ ਭਾਰਤ ਦੀਆਂ ਬਾਹਰੀ ਸਰਹੱਦਾਂ ਵਿਚ ਤਬਦੀਲੀ ਦੇਖਣ ਨੂੰ ਮਿਲੀ ਸੀ | ਜਦੋਂ 15 ਅਗਸਤ 1947 ਨੂੰ ਬਰਤਾਨਵੀ ਭਾਰਤ ਦੇ ਖੇਤਰਾਂ ਨੂੰ ਆਜ਼ਾਦੀ ਮਿਲ ਗਈ ਤਾਂ ਕੁਝ ਖੇਤਰ ਥੋੜ੍ਹੇ ਸਾਲਾਂ ਬਾਅਦ ਭਾਰਤੀ ਸੰਘ ਵਿਚ ਸ਼ਾਮਿਲ ਹੋਏ | ਕਸ਼ਮੀਰ, ਹੈਦਰਾਬਾਦ, ਜੂਨਾਗੜ੍ਹ, ਮਨੀਪੁਰ ਅਤੇ ਤਿ੍ਪੁਰਾ ਆਦਿ ਸੂਬੇ ਸਾਲ 1947 ਤੋਂ 1949 ਦਰਮਿਆਨ ਭਾਰਤੀ ਸੰਘ ਦਾ ਹਿੱਸਾ ਬਣੇ, ਜਿਸ ਕਾਰਨ ਕੁਝ ਵਾਰ ਵਿਵਾਦ ਵੀ ਪੈਦਾ ਹੋਏ |
ਆਜ਼ਾਦੀ ਤੋਂ ਪਹਿਲਾਂ ਭਾਰਤ ਦੀਆਂ ਮੌਜੂਦਾ ਸਰਹੱਦਾਂ ਵਿਚਲੀਆਂ ਕਰੀਬ ਸਾਰੀਆਂ ਰਿਆਸਤਾਂ ਨੇ ਭਾਰਤੀ ਡੋਮੀਨੀਅਨ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ ਸੀ | ਆਜ਼ਾਦੀ ਦੇ ਸਮੇਂ ਕਸ਼ਮੀਰ ਅਤੇ ਹੈਦਰਾਬਾਦ ਦੀਆਂ ਰਿਆਸਤਾਂ ਨੇ ਘੋਸ਼ਣਾ ਕਰ ਦਿੱਤੀ ਕਿ ਉਹ ਭਾਰਤ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ | ਇਸੇ ਤਰ੍ਹਾਂ ਹੀ ਜੂਨਾਗੜ੍ਹ ਦੇ ਸ਼ਾਸਕ ਪਹਿਲਾਂ ਪਾਕਿਸਤਾਨ ਵਿਚ ਸ਼ਾਮਿਲ ਹੋਣ ਲਈ ਰਜ਼ਾਮੰਦ ਸਨ ਪਰ ਬਾਅਦ ਵਿਚ ਰਾਇਸ਼ੁਮਾਰੀ ਕਰਕੇ ਸਰਬਸੰਮਤੀ ਨਾਲ ਉਨ੍ਹਾਂ ਨੇ ਭਾਰਤ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ ਸੀ |
26 ਜਨਵਰੀ 1950 ਨੂੰ ਭਾਰਤ ਰਸਮੀ ਤੌਰ 'ਤੇ ਗਣਰਾਜ ਬਣ ਗਿਆ | ਇਸ ਦੇ ਨਾਲ ਹੀ ਵੱਡੀ ਪੱਧਰ 'ਤੇ ਛੋਟੇ ਛੋਟੇ ਰਾਜਾਂ ਨੂੰ ਵੱਡੇ ਖੇਤਰੀ ਸੂਬਿਆਂ ਵਿਚ ਮਿਲਾ ਦਿੱਤਾ ਗਿਆ, ਮਿਸਾਲ ਵਜੋਂ ਸੌਰਾਸ਼ਟਰ ਨੂੰ ਬੰਬੇ ਵਿਚ ਮਿਲਾ ਦਿੱਤਾ ਗਿਆ ਸੀ | ਇਸ ਦੇ ਨਾਲ ਹੀ ਭਾਰਤ ਦੇ ਸੂਬਿਆਂ ਦਾ 3 ਹਿੱਸਿਆਂ ਵਿਚ ਵਰਗੀਕਰਨ ਵੀ ਕੀਤਾ ਗਿਆ | ਪਹਿਲੀ ਸ਼੍ਰੇਣੀ ਵਿਚ ਉਹ ਖੇਤਰ ਰੱਖੇ ਜੋ ਪਹਿਲਾਂ ਸਿੱਧੇ ਤੌਰ 'ਤੇ ਬਰਤਾਨਵੀ ਹਕੂਮਤ ਅਧੀਨ ਰਹਿ ਚੁੱਕੇ ਸਨ | ਇਨ੍ਹਾਂ ਨੂੰ ਚੁਣੇ ਹੋਏ ਰਾਜਪਾਲ ਅਤੇ ਸੂਬਾ ਵਿਧਾਨ ਪਾਲਿਕਾਵਾਂ ਵਲੋਂ ਚਲਾਇਆ ਜਾਣ ਲੱਗਾ | ਦੂਜੀ ਸ਼੍ਰੇਣੀ ਵਿਚ ਰਿਆਸਤਾਂ ਨੂੰ ਰੱਖਿਆ ਗਿਆ, ਜਿਨ੍ਹਾਂ ਨੂੰ ਰਾਸ਼ਟਰਪਤੀ ਵਲੋਂ ਨਿਯੁਕਤ ਰਾਜਪ੍ਰਮੁੱਖ ਵਲੋਂ ਚਲਾਇਆ ਜਾਂਦਾ ਸੀ | ਤੀਜੀ ਸ਼੍ਰੇਣੀ ਵਿਚ ਉਹ ਖੇਤਰ ਰੱਖੇ ਗਏ, ਜਿਨ੍ਹਾਂ ਨੂੰ ਸਿੱਧੇ ਤੌਰ 'ਤੇ ਕੇਂਦਰ ਵਲੋਂ ਚਲਾਇਆ ਜਾਣ ਲੱਗਾ | ਦਰਅਸਲ, ਇਨ੍ਹਾਂ ਪ੍ਰਦੇਸ਼ਾਂ ਵਿਚ ਰਾਸ਼ਟਰਪਤੀ ਵਲੋਂ ਨਿਯੁਕਤ ਕੀਤੇ ਕਮਿਸ਼ਨਰ ਵਲੋਂ ਸਰਕਾਰ ਚਲਾਈ ਜਾਂਦੀ ਸੀ |
ਸਾਲ 1953 ਵਿਚ ਮਦਰਾਸ ਸੂਬੇ ਦੇ ਤੇਲਗੂ ਬੋਲਦੇ ਇਲਾਕਿਆਂ ਲਈ ਆਂਧਰਾ ਪ੍ਰਦੇਸ਼ ਦੀ ਸਥਾਪਨਾ ਦੇ ਨਾਲ ਹੀ ਪੂਰੇ ਦੇਸ਼ ਵਿਚ ਭਾਸ਼ਾ ਦੇ ਆਧਾਰ 'ਤੇ ਖੇਤਰਾਂ ਦੀ ਵੰਡ ਕਰਨ ਲਈ ਸੂਬਾ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ |
ਸਾਲ 1956 ਵਿਚ ਦੇਸ਼ ਨੂੰ 14 ਸੂਬਿਆਂ ਅਤੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ | ਦੇਸ਼ ਦੀਆਂ ਅੰਦਰੂਨੀ ਹੱਦਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪੁਨਰਗਠਨ ਹੈ |
ਹਾਲਾਂਕਿ ਇਸ ਦੌਰਾਨ 6 ਸੂਬਿਆਂ ਅਤੇ 5 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੱਦਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ | ਮੌਜੂਦਾ ਭਾਰਤ ਦੇ ਗੋਆ, ਪੁਡੁਚੇਰੀ ਅਤੇ ਸਿੱਕਮ (ਇਹ 3 ਖੇਤਰ ਉਸ ਸਮੇਂ ਭਾਰਤ ਦਾ ਹਿੱਸਾ ਨਹੀਂ ਸਨ) ਨੂੰ ਛੱਡ ਕੇ ਉਸ ਸਮੇਂ ਭਾਰਤ ਦੇ ਜ਼ਿਆਦਾਤਰ ਖੇਤਰਾਂ ਦੀਆਂ ਹੱਦਾਂ ਵਿਚ ਤਬਦੀਲੀ ਕਰ ਦਿੱਤੀ ਗਈ ਸੀ | ਇਸ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਦਿੱਲੀ, ਮਨੀਪੁਰ ਅਤੇ ਤਿ੍ਪੁਰਾ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਸੀ | ਦਿਲਚਸਪ ਗੱਲ ਇਹ ਹੈ ਕਿ ਸੂਬਾ ਪੁਨਰਗਠਨ ਕਮਿਸ਼ਨ ਨੇ ਪੰਜਾਬ ਅਤੇ ਬੰਬੇ ਦੀ ਭਾਸ਼ਾ ਦੇ ਆਧਾਰ 'ਤੇ ਵੰਡ ਨਾ ਕਰਨ ਦੀ ਸਲਾਹ ਦਿੱਤੀ | ਹਾਲਾਂਕਿ ਕੁਝ ਸਮੇਂ ਬਾਅਦ ਉਕਤ ਸਲਾਹ ਤੋਂ ਉਲਟ ਇਨ੍ਹਾਂ ਦੋਵਾਂ ਸੂਬਿਆਂ ਦੀ ਵੰਡ ਕਰ ਦਿੱਤੀ ਗਈ |
ਇਸ ਵੱਡੇ ਪੁਨਰਗਠਨ ਤੋਂ ਬਾਅਦ ਵੀ ਭਾਰਤ ਦੀਆਂ ਅੰਦਰੂਨੀ ਹੱਦਾਂ ਅੰਦਰ ਤਬਦੀਲੀ ਜਾਰੀ ਰਹੀ | ਅਗਲੇ ਹੀ ਸਾਲ 1957 ਵਿਚ ਨਾਗਾ ਹਿੱਲ ਤਿਊਨਸੰਗ ਇਲਾਕੇ ਨੂੰ ਆਸਾਮ ਨਾਲੋਂ ਵੱਖ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ | ਸਮਯੁਕਤ ਮਹਾਰਾਸ਼ਟਰ ਅੰਦੋਲਨ ਅਤੇ ਮਹਾਗੁਜਰਾਤ ਅੰਦੋਲਨ ਕਾਰਨ 1960 ਵਿਚ ਬੰਬੇ ਨੂੰ 2 ਸੂਬਿਆਂ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਵੰਡ ਦਿੱਤਾ ਗਿਆ | ਸਾਲ 1961 ਵਿਚ ਗੋਆ ਭਾਰਤੀ ਸੰਘ ਵਿਚ ਸ਼ਾਮਿਲ ਹੋ ਗਿਆ | ਜਿਸ ਨਾਲ ਉਪ-ਮਹਾਂਦੀਪ ਵਿਚੋਂ ਯੂਰਪੀ ਬਸਤੀਵਾਦ ਦਾ ਅੰਤ ਹੋ ਗਿਆ | ਸਾਲ 1962 ਵਿਚ ਪੁਡੁਚੇਰੀ ਅਧਿਕਾਰਤ ਤੌਰ 'ਤੇ ਭਾਰਤ ਦਾ ਹਿੱਸਾ ਬਣ ਗਿਆ | 1963 ਵਿਚ ਨਾਗਾਲੈਂਡ (ਪਹਿਲਾਂ ਨਾਗਾ ਹਿੱਲ ਤਿਊਨਸੰਗ ਇਲਾਕਾ) ਨੂੰ ਸੂਬੇ ਦਾ ਦਰਜਾ ਮਿਲ ਗਿਆ | ਇਸੇ ਦੌਰਾਨ ਹੀ ਅਕਾਲੀ ਦਲ ਵਲੋਂ 'ਪੰਜਾਬੀ ਸੂਬਾ ਲਹਿਰ' ਚਲਾਈ ਜਾ ਰਹੀ ਸੀ, ਜਿਸ ਕਾਰਨ ਸਾਲ 1966 ਵਿਚ ਪੰਜਾਬੀ ਬੋਲਦੇ ਅਤੇ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਾਲਾ ਮੌਜੂਦਾ ਪੰਜਾਬੀ ਸੂਬਾ ਹੋਂਦ ਵਿਚ ਆਇਆ ਅਤੇ ਹਿੰਦੀ ਬੋਲਦੇ ਅਤੇ ਹਿੰਦੂ ਬਹੁਗਿਣਤੀ ਵਾਲੇ ਇਲਾਕੇ ਕੱਟ ਕੇ ਹਰਿਆਣਾ ਦਾ ਗਠਨ ਕਰ ਦਿੱਤਾ ਗਿਆ | ਇਸ ਦੇ ਨਾਲ ਹੀ ਪੰਜਾਬ ਦੇ ਪਹਾੜੀ ਇਲਾਕਿਆਂ ਨੂੰ ਉਸ ਸਮੇਂ ਦੇ ਹਿਮਾਚਲ ਪ੍ਰਦੇਸ਼ ਵਿਚ ਮਿਲਾ ਦਿੱਤਾ ਗਿਆ | ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਵੀ ਸਥਾਪਨਾ ਕੀਤੀ ਗਈ, ਜਿਸ ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਗਿਆ |
70ਵਿਆਂ ਦਾ ਦਹਾਕਾ ਦੇਸ਼ ਦੀਆਂ ਅੰਦਰੂਨੀ ਹੱਦਾਂ ਵਿਚ ਕਈ ਤਬਦੀਲੀਆਂ ਦਾ ਗਵਾਹ ਬਣਿਆ, ਜਿਸ ਵਿਚ ਉੱਤਰੀ-ਪੂਰਬੀ ਇਲਾਕੇ ਦੀਆਂ ਤਬਦੀਲੀਆਂ ਵੀ ਸ਼ਾਮਿਲ ਸਨ, ਜਿਸ ਕਾਰਨ ਅੱਤਵਾਦ ਅਤੇ ਹਿੰਸਾ ਦੀ ਵੀ ਸ਼ੁਰੂਆਤ ਹੋਈ | ਸਭ ਤੋਂ ਪਹਿਲਾਂ 1971 ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਮਿਲ ਗਿਆ ਸੀ | ਸਾਲ 1972 ਵਿਚ ਮਨੀਪੁਰ ਅਤੇ ਤਿ੍ਪੁਰਾ ਨੂੰ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਅਤੇ ਆਸਾਮ ਵਿਚੋਂ ਕੱਢ ਕੇ ਮੇਘਾਲਿਆ ਸੂਬੇ ਅਤੇ ਮਿਜ਼ੋਰਮ ਅਤੇ ਉੱਤਰੀ ਪੂਰਬੀ ਫਰੰਟੀਅਰ ਏਜੰਸੀ (ਜਿਸ ਨੂੰ ਬਾਅਦ ਵਿਚ ਅਰੁਣਾਚਲ ਪ੍ਰਦੇਸ਼ ਦਾ ਨਾਂਅ ਦਿੱਤਾ ਗਿਆ) ਦੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਜੋਂ ਸਥਾਪਨਾ ਕੀਤੀ ਗਈ ਸੀ |
3 ਸਾਲ ਬਾਅਦ 1975 ਵਿਚ ਸਿੱਕਮ ਵਿਚ ਭਾਰਤ ਨਾਲ ਮਿਲਣ ਜਾਂ ਨਾ ਮਿਲਣ ਬਾਰੇ ਇਕ ਰਾਇਸ਼ੁਮਾਰੀ ਕਰਵਾਈ ਗਈ, ਜਿਸ ਵਿਚ ਸਿੱਕਮ ਦੇ ਲੋਕਾਂ ਨੇ ਭਾਰਤ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਉਸ ਸਮੇਂ ਤੱਕ ਭਾਰਤ ਵਲੋਂ ਸਿੱਕਮ ਦੀ ਰੱਖਿਆ ਕੀਤੀ ਜਾਂਦੀ ਸੀ |
80ਵਿਆਂ ਦੇ ਦਹਾਕੇ ਦੌਰਾਨ 2 ਉੱਤਰੀ-ਪੂਰਬੀ ਰਾਜਾਂ ਦਾ ਜਨਮ ਹੋਇਆ, ਜਦੋਂ 1987 ਵਿਚ ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼, ਜੋ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਸਨ, ਨੂੰ ਪੂਰਨ ਸੂਬਿਆਂ ਦਾ ਦਰਜਾ ਮਿਲ ਗਿਆ | ਇਸੇ ਹੀ ਸਾਲ ਗੋਆ, ਦਮਨ ਅਤੇ ਦੀਉ ਦੀ ਵੰਡ ਕਰਕੇ ਗੋਆ ਨੂੰ ਸੂਬੇ ਦਾ ਦਰਜਾ ਦੇ ਦਿੱਤਾ ਗਿਆ ਅਤੇ ਦੀਉ ਅਤੇ ਦਮਨ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ |
ਸਾਲ 1991 ਵਿਚ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਜੋਂ ਮਾਨਤਾ ਮਿਲ ਗਈ ਅਤੇ ਇਸ ਨੂੰ ਕੇਂਦਰ ਸਰਕਾਰ ਦੀ ਸਾਂਝ ਵਾਲੀ ਵਿਧਾਨ ਸਭਾ ਮਿਲ ਗਈ | ਇਸ ਤੋਂ ਬਾਅਦ ਭਾਰਤ ਦੀਆਂ ਅੰਦਰੂਨੀ ਹੱਦਾਂ ਵਿਚ ਅਗਲੀ ਵੱਡੀ ਤਬਦੀਲੀ ਸਾਲ 2000 ਵਿਚ ਆਈ ਜਦੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿਚੋਂ ਕ੍ਰਮਵਾਰ ਉਤਰਾਂਚਲ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਦਾ ਨਿਰਮਾਣ ਹੋਇਆ | 1960ਵਿਆਂ ਵਿਚ ਭਾਸ਼ਾ ਦੇ ਆਧਾਰ 'ਤੇ ਬਣੇ ਸੂਬਿਆਂ ਤੋਂ ਉਲਟ ਇਨ੍ਹਾਂ ਸੂਬਿਆਂ ਦਾ ਗਠਨ ਲੰਬੇ ਸਮੇਂ ਤੋਂ ਲਟਕੀਆਂ ਖੇਤਰੀ ਮੰਗਾਂ ਅਤੇ ਖੇਤਰੀ ਵਿਕਾਸ ਵਿਚ ਅਸਮਾਨਤਾਵਾਂ ਨਾਲ ਨਜਿੱਠਣ ਲਈ ਕੀਤਾ ਗਿਆ | ਸਾਲ 2014 ਵਿਚ ਤੇਲੰਗਾਨਾ ਦੀ ਸਥਾਪਨਾ ਵੀ ਅਜਿਹੇ ਹੀ ਕਾਰਨਾਂ ਕਰਕੇ ਹੋਈ | ਇਸ ਨੂੰ ਆਂਧਰਾ ਪ੍ਰਦੇਸ਼ ਨਾਲੋਂ ਵੱਖ ਕਰ ਦਿੱਤਾ ਗਿਆ | ਬਾਵਜੂਦ ਇਸ ਦੇ ਕਿ ਦੋਵਾਂ ਸੂਬਿਆਂ ਦੀ ਵੰਡ ਤੋਂ ਬਾਅਦ ਹੈਦਰਾਬਾਦ ਪੂਰੀ ਤਰਾਂ ਤੇਲੰਗਾਨਾ ਵਿਚ ਸ਼ਾਮਿਲ ਹੋ ਚੁੱਕਾ ਸੀ, ਇਸ ਨੂੰ 10 ਸਾਲਾਂ ਲਈ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ |
5 ਅਗਸਤ 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੇਸ਼ ਬਿੱਲਾਂ ਦੇ ਅਧਾਰ 'ਤੇ ਦੇਸ਼ ਦੀ ਸੰਸਦ ਵਲੋਂ ਜੰਮੂ-ਕਸ਼ਮੀਰ ਸੂਬੇ ਨੂੰ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ | ਇਸ ਦੇ ਇਕ ਹਿੱਸੇ ਵਿਚ ਜੰਮੂ-ਕਸ਼ਮੀਰ ਨੂੰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਜਦੋਂ ਕਿ ਦੂਜੇ ਹਿੱਸੇ ਨੂੰ ਕੱਟ ਕੇ ਲੱਦਾਖ ਨਾਂਅ ਦਾ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ | ਹਾਲ ਹੀ ਵਿਚ ਜੰਮੂ-ਕਸ਼ਮੀਰ ਵਿਚ ਕੀਤਾ ਗਿਆ ਵੱਡਾ ਬਦਲਾਅ ਵਿਕਾਸ ਦੇ ਪੱਧਰ 'ਤੇ ਯੋਗ ਠਹਿਰਾਇਆ ਜਾ ਰਿਹਾ ਹੈ, ਹਾਲਾਂਕਿ ਇਸ ਦਾਅਵੇ ਬਾਰੇ ਅਜੇ ਵੱਡੀ ਬਹਿਸ ਚੱਲ ਰਹੀ ਹੈ | ਸ਼ਾਇਦ ਇਸ ਬਦਲਾਅ ਨੂੰ ਭਾਰਤ ਦੀਆਂ ਅੰਦਰੂਨੀ ਹੱਦਾਂ ਦਾ ਆਖ਼ਰੀ ਬਦਲਾਅ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ ਵਿਚਲੇ ਕਈ ਹੋਰ ਖੇਤਰ ਵੀ ਪੂਰਨ ਸੂਬੇ ਦੇ ਦਰਜੇ ਦੇ ਇੱਛੁਕ ਹਨ | ਹਾਲਾਂਕਿ ਵੱਖ ਵੱਖ ਖੇਤਰਾਂ ਅਤੇ ਸਮੇਂ ਦੇ ਹਿਸਾਬ ਨਾਲ ਇਸ ਮੰਗ ਦੀ ਤੀਬਰਤਾ ਵਿਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ |
ਵਿਕਾਸ ਦੇ ਅਮਲ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਸੈਕਸ਼ਨ 371 ਅਧੀਨ ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ ਜਿਹੇ ਸੂਬਿਆਂ ਵਿਚ ਬਣਾਏ 'ਡਿਵੈਲਪਮੈਂਟ ਬੋਰਡਾਂ' ਅਤੇ ਉੱਤਰ-ਪੂਰਬ ਵਿਚਲੀਆਂ 'ਟੈਰੀਟੋਰੀਅਲ ਕੌਾਸਲਾਂ' ਭਵਿੱਖ ਵਿਚ ਹੋਰ ਸੂਬੇ ਲਈ ਸੰਘਰਸ਼ ਕਰਨ ਵਾਲੀਆਂ ਸੰਭਾਵੀ ਧਿਰਾਂ ਹੋ ਸਕਦੀਆਂ ਹਨ |
ਅਜਿਹੇ ਬੋਰਡ ਅਤੇ ਕੌਾਸਲਾਂ ਹੋਰ ਸੂਬੇ ਦੀਆਂ ਮੰਗਾਂ ਦੀ ਸੁਰ ਵਿਚ ਸੁਰ ਵੀ ਮਿਲਾ ਸਕਦੀਆਂ ਹਨ, ਜਿਵੇਂ ਸਿਆਸੀ ਮਾਹਿਰ ਰੋਨੋਜੋਏ ਸੈਨ ਦਲੀਲ ਦੇ ਚੁੱਕੇ ਹਨ ਅਤੇ ਵੀਦਰਭਾ ਅਤੇ ਸੌਰਾਸ਼ਟਰ ਦੀਆਂ ਰਣਜੀ ਟਰਾਫ਼ੀ ਕ੍ਰਿਕਟ ਟੀਮਾਂ ਨੂੰ ਭਾਰਤ ਵਿਚ ਹੋਰ ਸੂਬਿਆਂ ਦੇ 'ਅਧੂਰੇ ਸੁਪਨੇ' ਵਜੋਂ ਪੇਸ਼ ਕਰ ਚੁੱਕੇ ਹਨ |

ਫੈਂਟਨ ਹਾਊਸ ਦੇ 17 ਮਾਲਕਾਂ ਦੇ ਅਨੋਖੇ ਸੰਗ੍ਰਹਿ

ਲੰਡਨ ਮਹਾਨਗਰ ਦੇ ਜਨਸਮੂਹ ਅਤੇ ਸ਼ੋਰ ਸ਼ਰਾਬੇ ਤੋਂ ਹਟ ਕੇ, ਪ੍ਰਾਚੀਨ ਪਹਾੜੀ 'ਹੌਲੀ-ਹਿਲ' 'ਤੇ ਸੁੰਦਰ ਫੈਂਟਨ ਹਾਊਸ ਨੂੰ ਅਸੀਂ ਦੇਖਣ ਪਹੁੰਚੇ | ਅਸੀਂ ਇਥੋਂ ਦੇ ਅਤਿ ਸੁੰਦਰ ਸੰਗ੍ਰਹਿ ਦੇਖਣ ਆਏ ਸੀ ਜੋ 1686 ਏ. ਡੀ. ਤੋਂ ਸ਼ੁਰੂ ਹੋ ਕੇ ਆਉਣ ਵਾਲੀਆਂ ਚਾਰ ਸਦੀਆਂ ਤੱਕ ਲਗਾਤਾਰ ਵਧਦੇ ਰਹੇ | ਇਸ ਦੀ ਦੂਜੀ ਹੈਰਾਨੀਜਨਕ ਗੱਲ ਸੀ ਫੈਂਟਨ ਹਾਊਸ ਦੇ 17 ਮਾਲਕ ਜੋ ਸਮੇਂ-ਸਮੇਂ 'ਤੇ ਇਥੇ ਆਉਂਦੇ ਅਤੇ ਜਾਂਦੇ ਰਹੇ | 19ਵੀਂ ਸਦੀ ਦੇ ਇਕ ਮਾਲਕ ਦੇ ਨਾਂਅ 'ਤੇ ਇਸ ਭਵਨ ਦਾ ਨਾਂਅ ਫੈਂਟਨ ਹਾਊਸ ਪਿਆ |
ਫੈਂਟਨ ਹਾਊਸ : ਮੱਧਕਾਲੀ ਵਨ ਬੰਗਲਾ : 18ਵੀਂ ਸਦੀ ਵਿਚ ਬਣੇ, ਅਤਿਅੰਤ ਸੁੰਦਰ ਡਿਜ਼ਾਈਨ ਵਾਲੇ 'ਰੋਟ ਆਇਰਨ' ਗੇਟ ਤੋਂ ਅਸੀਂ 'ਫੈਂਟਨ ਹਾਊਸ' ਦੇ ਵਿਹੜੇ ਵਿਚ ਦਾਖਲ ਹੋਏ | ਅਸੀਂ ਪਹਿਲਾਂ ਪੜਿ੍ਹਆ ਸੀ ਕਿ ਪ੍ਰਸਿੱਧ ਸੈਲਾਨੀ ਥਾਂ 'ਹੈਾਪਟਨ ਕੋਰਟ ਮਹੱਲ' ਅਤੇ 'ਸੈਂਟ ਪਾਲਜ਼ ਗਿਰਜਾ ਘਰ' ਦੇ ਸੁੰਦਰ ਗੇਟ ਲੌਹਾਰ 'ਜੀਨ-ਟਿਜੋ' ਨੇ ਡਿਜ਼ਾਈਨ ਕੀਤੇ ਸਨ, ਜਿਸ ਨੇ ਫੈਂਟਨ ਹਾਊਸ ਦਾ ਇਹ ਗੇਟ ਵੀ ਬਣਾਇਆ ਸੀ | ਸਾਡੇ ਸਾਹਮਣੇ ਵਿਸ਼ਾਲ ਜੰਗਲ ਸੀ ਜਿਸ ਵਿਚਾਲੇ ਵਾਲੇ ਰਸਤੇ 'ਤੇ ਚਲਦੇ ਹੋਏ ਅਸੀਂ ਸੁੰਦਰ ਬਿ੍ਕ ਵਰਕ ਵਾਲੇ ਫੈਂਟਨ ਹਾਊਸ ਵਲ ਜਾ ਰਹੇ ਸੀ ਜਿਸ ਦੇ ਚਾਰੇ ਪਾਸੇ ਚਾਰ ਦਰਵਾਜ਼ੇ ਸਨ | ਅਸੀਂ ਪਹਿਲੇ ਦਰਵਾਜ਼ੇ ਤੋਂ ਇਕ ਗਲਿਆਰੇ ਵਿਚ ਦਾਖਲ ਹੋਏ ਜਿਸ ਦੀ ਦੀਵਾਰ 'ਤੇ ਮੁੱਖ ਪੋਟ੍ਰੈਟ ਹੈਾਡਸਮ ਜੇਮਸ ਫੈਂਟਨ ਦਾ ਸੀ, ਜਿਸ ਦੇ ਨਾਂਅ 'ਤੇ ਭਵਨ ਦਾ ਨਾਂਅ ਰੱਖਿਆ ਗਿਆ ਸੀ | ਚਿੱਤਰ ਏਨਾ ਸਜੀਵ ਸੀ ਜਿਵੇਂ ਫੈਂਟਨ ਹਾਊਸ ਵਿਚ ਆਉਣ ਵਾਲੇ ਹਰੇਕ ਸੈਲਾਨੀ ਦਾ ਸਵਾਗਤ ਕਰ ਰਿਹਾ ਹੋਵੇ |
ਡਾਈਨਿੰਗ ਰੂਮ ਵਿਚ ਪਿਆਨੋ : ਰਸਤੇ ਤੋਂ ਅਸੀਂ ਫੈਂਟਨ ਹਾਊਸ ਦੇ ਡਾਈਨਿੰਗ ਰੂਮ ਵਿਚ ਦਾਖਲ ਹੋਏ ਜਿਸ ਨੂੰ ਪੁਰਾਣੇ ਘਰ ਦੇ ਮੌਰਨਿੰਗ ਰੂਮ ਨਾਲ ਮਿਲਾ ਕੇ ਵੱਡਾ ਕਮਰਾ ਬਣਾਇਆ ਗਿਆ ਸੀ | ਰਵਾਇਤੀ ਮੱਧਕਾਲੀ ਅੰਗਰੇਜ਼ੀ ਭਵਨਾਂ ਵਿਚ 'ਮੋਰਨਿੰਗ ਰੂਮ' ਸਵੇਰ ਸਮੇਂ ਹੋਣ ਵਾਲੀਆਂ ਬੈਠਕਾਂ ਲਈ ਵਰਤਿਆ ਜਾਂਦਾ ਸੀ | ਸੁੰਦਰ ਮੇਜ਼ 'ਤੇ 18ਵੀਂ ਸਦੀ ਦੀ ਨੱਕਾਸ਼ੀ ਵਾਲੀ ਮਹਾਗਨੀ ਲੱਕੜੀ ਦੀਆਂ ਕੁਰਸੀਆਂ ਦੇ ਕੋਲ 1774 ਏ. ਡੀ. ਦਾ ਪਿਆਨੋ ਪਰਿਵਾਰ ਦਾ 'ਹਾਰਪਿਸ ਕੋਰਡ' ਪ੍ਰਦਰਸ਼ਿਤ ਕੀਤਾ ਹੋਇਆ ਸੀ ਜੋ 18ਵੀਂ ਸਦੀ ਦੇ ਪ੍ਰਸਿੱਧ ਪਿਆਨੋ ਨਿਰਮਾਤਾ ਸ਼ੁੱਧੀ ਅਤੇ ਬ੍ਰੌਡਵੁੱਡ ਕੰਪਨੀ ਨੇ ਬਣਾਇਆ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-seemaanandchopra@gmail.com

ਕਦੇ ਸਰਕਾਰ-ਏ-ਖ਼ਾਲਸਾ ਦਾ ਮਜ਼ਬੂਤ ਅੰਗ ਸੀ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿੱਖ ਫ਼ੌਜਾਂ ਰਾਜੌਰੀ ਤੋਂ ਪੁਣਛ ਤੇ ਫਿਰ ਬੇਹਰਾਮ ਗੱਲਾਂ ਪਹੁੰਚ ਗਈਆਂ | ਉਸ ਸਮੇਂ ਕਸ਼ਮੀਰ ਦਾ ਹਾਕਮ ਮੁਹੰਮਦ ਜ਼ਬਾਰ ਖ਼ਾਨ ਸੀ, ਜਿਸ ਨੇ ਖ਼ਾਲਸਾ ਫ਼ੌਜਾਂ ਨਾਲ ਟੱਕਰ ਲੈਣ ਲਈ ਬਹੁਤ ਸਾਰੀਆਂ ਤੋਪਾਂ ਤੇ ਵੱਡੀ ਗਿਣਤੀ ਵਿਚ ਫ਼ੌਜ ਇਕੱਠੀ ਕਰ ਲਈ ਸੀ | ਬੇਹਰਾਮ ਗੱਲਾਂ ਦਰੇ ਵਿਚ ਪਹੁੰਚਣ ਤੋਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਨੇ ਆਪਣੀਆਂ ਫ਼ੌਜਾਂ ਨੂੰ ਮੁੜ ਤਰਤੀਬ ਦੇ ਕੇ ਤਿੰਨ ਭਾਗਾਂ ਵਿਚ ਵੰਡ ਦਿੱਤਾ ਅਤੇ 3 ਜੁਲਾਈ, 1819 ਈ: ਨੂੰ ਪੀਰ ਪੰਚਾਲ ਤੋਂ ਉੱਤਰ ਕੇ ਜ਼ਬਰ ਖ਼ਾਨ ਦੀ ਫ਼ੌਜ ਉੱਪਰ ਜੋ ਸੋਪਈਆ ਨਸਰ ਵਿਚ ਪਹਿਲਾਂ ਹੀ ਇਕੱਠੀ ਕੀਤੀ ਹੋਈ ਸੀ, ਤਿੰਨ ਵੱਖ-ਵੱਖ ਥਾਵਾਂ 'ਤੇ ਧਾਵਾ ਬੋਲ ਦਿੱਤਾ | ਇਸ ਥਾਂ 'ਤੇ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ | ਕਿਉਂਕਿ ਦੌਰਾਨੀ ਫ਼ੌਜੀਆਂ ਨੇ ਪਹਿਲਾਂ ਹੀ ਮੋਰਚੇ ਪੁੱਟ ਕੇ ਤਿਆਰ ਕੀਤੇ ਹੋਏ ਸਨ | ਇਸ ਸਮੇਂ ਲਾਹੌਰ ਦਰਬਾਰ ਦੀਆਂ ਆਪਣੀਆਂ ਬਣਾਈਆਂ ਤੋਪਾਂ ਨੇ ਬਹੁਤ ਕੰਮ ਕੀਤਾ | ਸ: ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ ਅੱੱਗੇ ਹੋ ਕੇ ਲੜ ਰਹੇ ਸਨ | ਨਵਾਬ ਜ਼ਬਰ ਖ਼ਾਨ ਹਾਕਮ ਕਸ਼ਮੀਰ ਆਪਣੀ ਅਫ਼ਗਾਨ ਫ਼ੌਜ ਦੀ ਆਪਸ ਅਗਵਾਈ ਕਰਦਾ ਹੋਇਆ ਸ: ਹਰੀ ਸਿੰਘ ਨਲਵਾ ਦੇ ਸਾਹਮਣੇ ਆ ਗਿਆ | ਤਲਵਾਰ ਨਾਲ ਦੋਵਾਂ ਨੇ ਇਕ-ਦੂਜੇ ਦਾ ਟਾਕਰਾ ਕੀਤਾ ਪਰ ਜ਼ਬਾਰ ਖ਼ਾਨ ਦਾ ਤਲਵਾਰ ਵਾਲਾ ਹੱਥ ਹਰੀ ਸਿੰਘ ਨਲਵੇ ਦੇ ਹਮਲੇ ਨਾਲ ਵੱਢਿਆ ਗਿਆ ਤੇ ਉਹ ਜਾਨ ਬਚਾ ਕੇ ਪਹਾੜਾਂ ਅਤੇ ਜੰਗਲਾਂ ਵਿਚੋਂ ਹੁੰਦਾ ਹੋਇਆ ਮੁਜ਼ਫਰਾਬਾਦ ਦੇ ਰਸਤੇ ਕਾਬਲ ਜਾ ਪਹੁੰਚਿਆ | ਇਸ ਪਿੱਛੋਂ ਅਫ਼ਗਾਨ ਫ਼ੌਜਾਂ ਦੇ ਹੌਸਲੇ ਟੁੱਟ ਗਏ | ਇਸ ਘਮਸਾਨ ਦੀ ਜੰਗ ਵਿਚ ਖ਼ਾਲਸੇ ਦੀ ਜਿੱਤ ਹੋਈ ਤੇ ਸਾਰੇ ਕਸ਼ਮੀਰ 'ਤੇ ਕਬਜ਼ਾ ਹੋ ਗਿਆ | ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੁਚੱਜੀ ਵਿਉਂਤ ਅਨੁਸਾਰ 500 ਸਾਲ ਵਿਦੇਸ਼ੀ ਗੁਲਾਮੀ ਵਿਚ ਰਹਿਣ ਪਿਛੋਂ ਕਸ਼ਮੀਰ ਆਜ਼ਾਦ ਹੋ ਗਿਆ | ਇਸ ਲੜਾਈ ਵਿਚ ਸਰਦਾਰ ਅਮੀਰ ਦਿਲ ਅਤੇ ਸਰਦਾਰ ਸਮਦ ਖ਼ਾਨ ਵਰਗੇ ਅਫ਼ਗਾਨੀ ਲੜਾਕੇ ਮਾਰੇ ਗਏ ਅਤੇ ਕਾਫ਼ੀ ਮਾਤਰਾ ਵਿਚ ਫ਼ੌਜੀ ਸਾਮਾਨ ਤੇ ਕਾਬਲੀ ਘੋੜੇ ਸਿੱਖ ਫ਼ੌਜਾਂ ਦੇ ਹੱਥ ਲੱਗੇ |
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਜੇਤੂ ਫ਼ੌਜਾਂ 5 ਜੁਲਾਈ, 1819 ਈ: ਨੂੰ ਸ੍ਰੀਨਗਰ ਵਿਚ ਦਾਖਲ ਹੋ ਗਈਆਂ | ਸ਼ਹਿਜ਼ਾਦਾ ਖੜਕ ਸਿੰਘ ਨੇ ਸ੍ਰੀਨਗਰ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਕਿ ਹੁਣ ਕਿਸੇ ਦੀ ਜਾਨ ਜਾਂ ਮਾਲ ਨੂੰ ਕੋਈ ਖਤਰਾ ਨਹੀਂ | ਕਸ਼ਮੀਰ ਦੇ ਲੋਕ ਆਜ਼ਾਦ ਹਨ ਤੇ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਉਨ੍ਹਾਂ ਦੇ ਸੁਖ-ਆਰਾਮ ਲਈ ਹਰ ਯਤਨ ਕਰਨਗੀਆਂ | ਇਸ ਤੋਂ ਪਹਿਲਾਂ ਹਮੇਸ਼ਾ ਸ੍ਰੀਨਗਰ ਫਤਹਿ ਕਰਨ ਵਾਲੇ ਲੁੱਟ-ਮਾਰ ਕਰਿਆ ਕਰਦੇ ਸਨ ਪਰ ਖ਼ਾਲਸਾ ਫ਼ੌਜ ਨੇ ਕੋਈ ਲੁੱਟ-ਮਾਰ ਨਾ ਕੀਤੀ | ਸ੍ਰੀਨਗਰ ਦੇ ਲੋਕਾਂ ਨੇ ਪਹਿਲੀ ਵਾਰ ਫ਼ੌਜ ਦਾ ਪਿਆਰ ਭਰਿਆ ਵਰਤਾਓ ਦੇਖਿਆ |
ਮਹਾਰਾਜਾ ਰਣਜੀਤ ਸਿੰਘ ਨੂੰ ਜਦ ਕਸ਼ਮੀਰ ਫਤਹਿ ਕਰਨ ਦੀ ਖ਼ਬਰ ਮਿਲੀ ਤਾਂ ਉਹ ਸਿੱਧੇ ਕੂਚ ਕਰਕੇ ਅੰਮਿ੍ਤਸਰ ਪਹੁੰਚੇ | ਸ੍ਰੀ ਦਰਬਾਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਅਰਦਾਸ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਸੋਨੇ ਦੀ ਸੇਵਾ ਲਈ ਮਾਇਆ ਭੇਟ ਕੀਤੀ | ਲਾਹੌਰ ਅਤੇ ਅੰਮਿ੍ਤਸਰ ਦੇ ਸ਼ਹਿਰਾਂ ਵਿਚ ਖ਼ਾਲਸਾ ਸਰਕਾਰ ਵਲੋਂ ਲਗਾਤਾਰ ਤਿੰਨ ਰਾਤਾਂ ਦੀਪਮਾਲਾ ਕੀਤੀ ਗਈ | ਲਾਹੌਰ ਸ਼ਹਿਰ ਦੇ ਹਰ ਮੰਦਰ ਅਤੇ ਮਸੀਤ ਨੂੰ ਸਰਕਾਰ-ਏ-ਖ਼ਾਲਸਾ ਵਲੋਂ ਮਾਇਆ ਭੇਟ ਕੀਤੀ ਗਈ | ਪੈਸੇ ਦੇ ਲਿਹਾਜ਼ ਨਾਲ ਕਸ਼ਮੀਰ ਲਾਹੌਰ ਦਰਬਾਰ ਲਈ ਇਕ ਵਡਮੁੱਲੀ ਜਿੱਤ ਸੀ |
ਕਸ਼ਮੀਰ ਵਿਚ ਪਹਿਲਾਂ ਕੁਝ ਦਿਨ ਤਾਂ ਫ਼ੌਜੀ ਪ੍ਰਬੰਧ ਰਿਹਾ | ਸ: ਹਰੀ ਸਿੰਘ ਨਲਵਾ ਨੂੰ ਮੁੱਖ ਫ਼ੌਜੀ ਪ੍ਰਬੰਧਕ ਨਿਯੁਕਤ ਕੀਤਾ ਗਿਆ | ਕੁਝ ਸਮੇਂ ਬਾਅਦ ਜਦੋਂ ਕਸ਼ਮੀਰ ਦਾ ਸਾਰਾ ਪ੍ਰਬੰਧ ਸੁਧਰ ਗਿਆ ਤਾਂ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ | ਅਜੇ ਇਕ ਸਾਲ ਪੂਰਾ ਨਹੀਂ ਹੋਇਆ ਸੀ ਕਿ ਮੋਤੀ ਰਾਮ ਦਾ ਛੋਟਾ ਬੇਟਾ ਰਾਮ ਦਿਆਲ ਪੱਛਮੀ ਕਸ਼ਮੀਰ ਦੀਆਂ ਪਹਾੜੀਆਂ ਵਿਚ ਗੰਧਗੜੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ | ਦੀਵਾਨ ਮੋਤੀ ਰਾਮ ਪੁੱਤਰ ਦੀ ਮੌਤ ਉਪਰੰਤ ਕਸ਼ਮੀਰ ਤੋਂ ਲਾਹੌਰ ਵਾਪਸ ਆ ਗਿਆ | ਦੀਵਾਨ ਮੋਤੀ ਰਾਮ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ: ਹਰੀ ਸਿੰਘ ਨਲਵੇ ਨੂੰ ਕਸ਼ਮੀਰ ਦਾ ਗਵਰਨਰ ਲਾਇਆ | ਸ: ਹਰੀ ਸਿੰਘ ਨਲਵਾ ਨੇ ਕਸ਼ਮੀਰ ਦੇ ਸਾਰੇ ਬਾਗ਼ੀ ਕਾਬੂ ਕਰ ਲਏ ਤੇ ਕਸ਼ਮੀਰ ਰਾਜ ਆਰਥਿਕ ਤੌਰ 'ਤੇ ਬੜਾ ਉਨਤ ਹੋਇਆ | ਇਸ ਤੋਂ ਖ਼ੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ: ਹਰੀ ਸਿੰਘ ਨਲਵਾ ਨੂੰ ਆਪਣੇ ਨਾਂਅ ਦਾ ਸਿੱਕਾ ਚਲਾਉਣ ਦਾ ਅਧਿਕਾਰ ਦਿੱਤਾ | ਸ: ਨਲਵਾ ਨੇ ਕਸ਼ਮੀਰ ਵਿਚ ਜੋ ਸਿੱਕਾ ਜਾਰੀ ਕੀਤਾ ਉਸ ਨੂੰ ਆਮ ਤੌਰ 'ਤੇ 'ਹਰੀ ਸਿੰਘੀ' ਕਰਕੇ ਜਾਣਿਆ ਜਾਂਦਾ ਸੀ |
ਸਿੱਖ ਰਾਜ ਦੇ ਸਮੇਂ ਮੁਜਫਰਾਬਾਦ ਦੇ ਬਾਜ਼ਾਰ ਵਿਚ ਜਿਣਸਾਂ ਦੇ ਭਾਅ ਪ੍ਰਤੀ ਇਕ (ਰੁਪਿਆ) ਰੁਪਏ ਅਨੁਸਾਰ ਸੀ | ਕਣਕ ਦਾ ਆਟਾ 16 ਸੇਰ, ਆਟਾ ਮੱਕੀ 20 ਸੇਰ, ਲੂਣ 4 ਸੇਰ, ਮੱਖਣ 3 ਸੇਰ, ਚਾਵਲ 10 ਸੇਰ, ਘਿਓ 2 ਸੇਰ, ਦੁੱਧ 16 ਸੇਰ ਅਤੇ ਖੰਡ ਦੇਸੀ 4 ਸੇਰ ਸੀ |
ਸਿੱਖ ਰਾਜ ਸਮੇਂ ਕਸ਼ਮੀਰ ਦੇ ਗਵਰਨਰ ਦੀਵਾਨ ਮੋਤੀ ਰਾਮ (1819 ਤੋਂ 1820), ਸ: ਹਰੀ ਸਿੰਘ ਨਲਵਾ (1820-1821), ਦੀਵਾਨ ਮੋਤੀ ਰਾਮ ਦੂਜੀ ਵਾਰ (1821-1824), ਦੀਵਾਨ ਚੂਨੀ ਲਾਲ (1824-1826), ਦੀਵਾਨ ਕਿਰਪਾ ਰਾਮ (1826-1830), ਬੇਰਮਾ ਸਿੰਘ ਅਰਦਲੀ (1830-1831), ਕੰਵਰ ਸ਼ੇਰ ਸਿੰਘ (1831-1834), ਮੀਆਂ ਸਿੰਘ (1834-1841), ਸ਼ੇਖ ਗੁਲਾਮ ਮਹੀਓਦੀਨ (1841-1845), ਸ਼ੇਖ਼ ਈਮਾਮਦੀਨ (1846) | ਸਿੱਖ ਰਾਜ ਸਮੇਂ ਕਸ਼ਮੀਰ ਨੇ ਹਰ ਪੱਖ ਤੋਂ ਪੂਰੀ ਤਰੱਕੀ ਕੀਤੀ | ਵਿਸ਼ੇਸ਼ ਤੌਰ'ਤੇ ਕਸ਼ਮੀਰ ਦੇ ਸ਼ਾਲ ਅਤੇ ਦੋਸ਼ਾਲੇ ਦਾ ਵਪਾਰ ਸਿਖਰ 'ਤੇ ਸੀ |(ਸਮਾਪਤ)

-ਬਠਿੰਡਾ | ਮੋਬਾਈਲ : 98155-33725

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਅੰਮਿ੍ਤਸਰ ਪਿੰਗਲਵਾੜਾ ਵਿਖੇ ਖਿੱਚੀ ਗਈ ਸੀ | ਸ: ਭਗਵੰਤ ਸਿੰਘ ਦਿਲਾਵਰੀ ਅਮਰਾਵਤੀ ਵਿਖੇ ਇਕ ਕੋਹੜੀਆਂ ਦਾ ਆਸ਼ਰਮ ਚਲਾ ਰਹੇ ਸੀ | ਉਨ੍ਹਾਂ ਚੰਗੀ ਸਰਕਾਰੀ ਨੌਕਰੀ ਛੱਡ ਕੇ ਕੋਹੜੀਆਂ ਦੀ ਸੇਵਾ ਕਰਨ ਦਾ ਕੰਮ ਸੰਭਾਲਿਆ ਸੀ | ਸ੍ਰੀ ਸੰੁਦਰ ਲਾਲ ਬਹੁਗੁਣਾ ਕੁਦਰਤੀ ਖੇਤੀ ਕਰਨ ਵੱਲ ਜ਼ੋਰ ਦਿੰਦੇ ਸਨ ਤੇ ਕੁਦਰਤ ਦੇ ਪੁਜਾਰੀ ਸਨ | ਰੁੱਖ ਕੱਟਣ ਦੇ ਸਖ਼ਤ ਵਿਰੋਧੀ ਸਨ ਉਤਰਾਂਚਲ ਦੇ ਜੰਗਲ ਕੱਟਣ ਸਮੇਂ ਉਨ੍ਹਾਂ ਨੇ ਚਿਪਕੋ ਲਹਿਰ ਚਲਾਈ ਸੀ ਜਿਸ ਨਾਲ ਜੰਗਲ ਕੱਟਣ ਤੋਂ ਬਚਾਅ ਹੋ ਗਿਆ ਸੀ |

-ਮੋਬਾਈਲ : 98767-41231

ਸਾਲ 2025 ਤੱਕ 75 ਅਰਬ ਯੰਤਰ ਜੁੜਨਗੇ ਇੰਟਰਨੈੱਟ ਨਾਲ

ਆਈ.ਓ.ਟੀ. ਤੇ ਕਲਾਊਡ ਕੰਪਿਊਟਿੰਗ ਨਾਲ ਬਦਲੇਗਾ ਜ਼ਮਾਨਾ

ਕੰਪਿਊਟਰੀ ਯੰਤਰਾਂ ਦਾ ਆਪਸ ਵਿਚ ਇੰਟਰਨੈੱਟ ਨਾਲ ਜੁੜ ਕੇ ਡਾਟੇ ਦਾ ਆਦਾਨ-ਪ੍ਰਦਾਨ ਕਰਨਾ, ਆਈ.ਓ.ਟੀ. (9OT-9nternet of Things) ਅਖਵਾਉਂਦਾ ਹੈ | ਆਈ.ਓ.ਟੀ. ਇੰਟਰਨੈੱਟ ਨਾਲ ਜੁੜੀਆਂ ਚੀਜ਼ਾਂ ਦਾ ਇਕ ਜਾਲ਼ ਹੈ | ਜੋ ਡਾਟੇ ਨੂੰ ਇਕੱਤਰ ਕਰਨ ਅਤੇ ਬਦਲਣ ਦੇ ਯੋਗ ਬਣਾਉਂਦਾ ਹੈ | ਆਈਓਟੀ ਦੇ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ | ਘਰੇਲੂ ਯੰਤਰਾਂ ਨੂੰ ਸਵੈਚਾਲੀ ਬੰਦ ਕਰਨਾ, ਚਾਲੂ ਕਰਨਾ ਅਤੇ ਵਾਤਾਵਰਨ ਦੇ ਹਿਸਾਬ ਨਾਲ ਬਦਲਣ ਲਈ ਮਨੁੱਖ ਵੱਡੇ ਪੱਧਰ 'ਤੇ ਆਈ.ਓ.ਟੀ. ਦੀ ਵਰਤੋਂ ਕਰ ਰਿਹਾ ਹੈ | ਆਈ.ਓ.ਟੀ. ਨਾਲ ਜੁੜੇ ਯੰਤਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ |
ਇਕ ਅਨੁਮਾਨ ਅਨੁਸਾਰ ਸਾਲ 2015 ਵਿਚ ਆਈ.ਓ.ਟੀ. ਨਾਲ ਜੁੜਨ ਵਾਲੇ ਯੰਤਰਾਂ ਦੀ ਗਿਣਤੀ 15 ਅਰਬ ਸੀ, ਜੋ 2018 ਵਿਚ ਵੱਧ ਕੇ 23 ਅਰਬ ਨੂੰ ਪਾਰ ਕਰ ਗਈ | ਸਾਲ 2025 ਤੱਕ 75 ਅਰਬ ਯੰਤਰ ਆਈਓਟੀ ਨਾਲ ਜੁੜ ਕੇ ਸੇਵਾਵਾਂ ਦੇਣਗੇ |
 ਆਓ, ਆਈ.ਓ.ਟੀ. ਨੂੰ ਸਮਝਣ ਲਈ ਇਕ ਉਦਾਹਰਨ ਲਈਏ | ਮੰਨ ਲਓ ਅਸੀਂ ਆਪਣੇ ਖੇਤ ਵਾਲੀ ਬੰਬੀ ਨੂੰ ਆਪਣੇ-ਆਪ ਬੰਦ ਕਰਨ ਅਤੇ ਚਾਲੂ ਕਰਨ ਵਾਲੀ ਤਕਨੀਕ ਨਾਲ ਜੋੜਨਾ ਹੈ | ਅਸੀਂ ਚਾਹੁੰਦੇ ਹਾਂ ਕਿ ਖੇਤ ਸੁੱਕਣ 'ਤੇ ਜਾਂ ਜ਼ਮੀਨ ਵਿਚ ਨਮੀ ਦੇ ਘਟਣ ਨਾਲ ਬੰਬੀ ਆਪੇ ਹੀ ਚਾਲੂ ਹੋ ਜਾਵੇ ਅਤੇ ਲੋੜ ਅਨੁਸਾਰ ਇਹ ਆਪੇ ਹੀ ਬੰਦ ਹੋ ਜਾਵੇ |
ਇਸ ਮੰਤਵ ਲਈ ਮੋਟਰ ਦੇ ਸਟਾਰਟਰ ਨਾਲ ਇਕ ਯੰਤਰ ਜੋੜਿਆ ਜਾਵੇਗਾ, ਜੋ ਸਿਗਨਲ ਮਿਲਣ 'ਤੇ ਮੋਟਰ ਨੂੰ ਚਾਲੂ ਕਰੇਗਾ | ਦੂਜੇ ਪਾਸੇ ਜ਼ਮੀਨ ਦੀ ਸਤਹਿ ਹੇਠਾਂ ਫਿੱਟ ਕੀਤਾ ਸੈਂਸਰ ਮਿੱਟੀ ਵਿਚ ਨਮੀ ਦੀ ਮਾਤਰਾ ਦੇ ਘਟਣ ਉਪਰੰਤ ਸਟਾਰਟਰ ਵਾਲੇ ਯੰਤਰ ਨੂੰ ਸਿਗਨਲ ਭੇਜੇਗਾ | ਇਸ ਤਰ੍ਹਾਂ ਨਮੀ ਦੀ ਮਾਤਰਾ ਪੂਰੀ ਹੋਣਾ ਜਾਂ ਜ਼ਮੀਨ ਵਿਚ ਪਾਣੀ ਦਾ ਤਲ ਵਧਣ ਉਪਰੰਤ ਇਹ ਸਟਾਰਟਰ ਨੂੰ ਬੰਬੀ ਬੰਦ ਕਰਨ ਦਾ ਸਿਗਨਲ ਭੇਜੇਗਾ | ਇਹ ਸਭ ਆਈ.ਓ.ਟੀ. ਰਾਹੀਂ ਹੀ ਪੂਰਾ ਹੋਵੇਗਾ | 
ਇਸ ਤਰ੍ਹਾਂ ਪਾਣੀ ਵਾਲੀ ਟੈਂਕੀ ਭਰਨ ਉਪਰੰਤ ਮੋਟਰ ਨੂੰ ਆਪਣੇ-ਆਪ ਬੰਦ ਕਰਨ ਵਾਲਾ ਆਈਓਟੀ ਸਿਸਟਮ ਵੀ ਬਣਾਇਆ ਜਾ ਸਕਦਾ ਹੈ | ਬਿਨਾਂ ਡਰਾਈਵਰ ਚੱਲਣ ਵਾਲੀਆਂ ਕਾਰਾਂ ਤੇ ਡਰੋਨ ਆਈ.ਓ.ਟੀ. ਦੀਆਂ ਮਹੱਤਵਪੂਰਨ ਉਦਾਹਰਨਾਂ ਹਨ |
ਹਨੇਰਾ ਪੈਣ 'ਤੇ ਬਲਬ ਦਾ ਆਪਣੇ-ਆਪ ਜਗ ਜਾਣਾ, ਗਰਮੀ ਹੋਣ 'ਤੇ ਪੱਖਾ/ਏ.ਸੀ. ਦਾ ਆਪਣੇ ਆਪ ਚਾਲੂ ਹੋ ਜਾਣਾ, ਸਰਦੀ ਹੋਣ 'ਤੇ ਹੀਟਰ ਦਾ ਆਪਣੇ-ਆਪ ਚੱਲਣਾ, ਕਮਰਾ/ਘਰ ਬੰਦ ਕਰਨ ਉਪਰੰਤ ਟੀ.ਵੀ./ਬਲਬ/ਪੱਖੇ ਆਦਿ ਆਪਣੇ-ਆਪ ਬੰਦ ਹੋ ਜਾਣਾ, ਘਰ ਪਹੁੰਚਣ ਤੋਂ ਕੁਝ ਦੇਰ ਪਹਿਲਾਂ ਏ.ਸੀ. ਦਾ ਆਪਣੇ-ਆਪ ਚੱਲ ਪੈਣਾ ਆਦਿ ਇਸ ਦੀਆਂ ਹੋਰ ਮਿਸਾਲਾਂ ਹਨ |
ਕਲਾਊਡ ਕੰਪਿਊਟਿੰਗ ਦੇ ਕਾਰਨਾਮੇ
ਫਾਈਲਾਂ ਤੇ ਹੋਰ ਡਾਟੇ ਨੂੰ ਆਪਣੇ ਸਥਾਨਕ ਕੰਪਿਊਟਰ ਦੀ ਬਜਾਏ ਇੰਟਰਨੈੱਟ ਨਾਲ ਜੁੜੇ ਦੂਰ ਦੇ ਕੰਪਿਊਟਰ (ਰਿਮੋਟ ਸਰਵਰ) ਉੱਤੇ ਸਟੋਰ ਕਰਨ, ਕਾਬੂ ਕਰਨ ਅਤੇ ਵਰਤਣ ਆਦਿ ਦੇ ਕੰਮ ਨੂੰ ਕਲਾਊਡ ਕੰਪਿਊਟਿੰਗ ਕਿਹਾ ਜਾਂਦਾ ਹੈ |
ਇਹ ਇੰਟਰਨੈੱਟ ਦੀ ਵਰਤੋਂ ਦਾ ਬਹੁਤ ਵੱਡਾ ਖੇਤਰ ਹੈ | ਇਸ ਰਾਹੀਂ ਬਿਨਾਂ ਕੋਈ ਸਟੋਰੇਜ ਮਾਧਿਅਮ ਕੋਲ ਰੱਖਿਆਂ, ਦੁਨੀਆ ਦੇ (ਨੈੱਟ ਨਾਲ ਜੁੜੇ) ਕਿਸੇ ਵੀ ਕੰਪਿਊਟਰ 'ਤੇ ਡਾਟੇ ਦੀ ਵਰਤੋਂ ਕੀਤੀ ਜਾ ਸਕਦੀ ਹੈ |
ਇਸ ਨਾਲ ਸਥਾਨਕ ਪੱਧਰ 'ਤੇ ਪਰਸਨਲ ਕੰਪਿਊਟਰ ਵਿਚ ਵੱਡੀ ਹਾਰਡ-ਡਿਸਕ ਜਾਂ ਹੋਰ ਸਟੋਰੇਜ ਯੰਤਰ ਲਾਉਣ ਦੀ ਲੋੜ ਨਹੀਂ | ਸਾਨੂੰ ਡਾਟੇ ਨੂੰ ਵਾਇਰਸ ਪੱਖੋਂ ਸੁਰੱਖਿਅਤ ਰੱਖਣ ਅਤੇ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ ਪਰ ਕਲਾਊਡ ਸਟੋਰੇਜ 'ਤੇ ਪਏ ਡਾਟੇ ਦੀ ਜ਼ਿੰਮੇਵਾਰੀ ਖ਼ੁਦ ਕੰਪਨੀ ਦੀ ਹੁੰਦੀ ਹੈ |
ਕਈ ਵਾਰ ਸਰਵਰ ਡਾਊਨ ਜਾਂ ਨੈੱਟ ਦੀ ਮਾੜੀ ਰਫ਼ਤਾਰ ਹੋਣ ਕਾਰਨ ਕਲਾਊਡ ਸਟੋਰੇਜ 'ਤੇ ਪਏ ਡਾਟੇ ਨੂੰ ਹਾਸਲ ਕਰਨ 'ਚ ਦਿੱਕਤ ਆਉਂਦੀ ਹੈ | ਵੱਖ-ਵੱਖ ਕੰਪਨੀਆਂ ਇਕ ਸੀਮਤ ਹੱਦ ਤੱਕ ਡਾਟੇ ਨੂੰ ਕਲਾਊਡ ਸਟੋਰੇਜ ਉੱਤੇ ਪਾਉਣ ਦੀ ਪ੍ਰਵਾਨਗੀ ਦਿੰਦੀਆਂ ਹਨ | ਵੱਧ ਸਟੋਰੇਜ ਸਮਰੱਥਾ ਲੈਣ ਲਈ ਉਸ ਦੀ ਕੀਮਤ ਚੁਕਾਉਣੀ ਪੈਂਦੀ ਹੈ |
ਗੂਗਲ ਡਰਾਈਵ, ਮਾਈਕਰੋਸਾਫ਼ਟ ਵਨ ਡਰਾਈਵ, ਐਪਲ ਆਈ-ਕਲਾਊਡ ਆਦਿ ਕਲਾਊਡ ਕੰਪਿਊਟਿੰਗ ਸੇਵਾ ਦੀਆਂ ਉਦਾਹਰਨਾਂ ਹਨ |

-ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 94174-55614.
www.cpkamboj.com

ਪਾਲੀਵੁੱਡ ਝਰੋਖਾ: ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ ਸਵੱਛ ਕਾਮੇਡੀ ਦਾ ਪ੍ਰਤੀਕ : ਜਸਪਾਲ ਭੱਟੀ

ਜਸਪਾਲ ਭੱਟੀ ਨਾਲ ਮੇਰੀ ਪਹਿਲੀ ਮੁਲਾਕਾਤ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ ਇਕ ਅਖ਼ਬਾਰ ਦੇ ਦਫ਼ਤਰ ਵਿਚ ਹੋਈ ਸੀ | ਜਸਪਾਲ ਭੱਟੀ ਵੀ ਇਸੇ ਅਖ਼ਬਾਰ ਲਈ ਵਿਅੰਗਾਤਮਿਕ ਕਾਰਟੂਨ ਬਣਾਇਆ ਕਰਦਾ ਸੀ |
ਇਸ ਪਹਿਲੀ ਹੀ ਮੁਲਾਕਾਤ 'ਚ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਕਲਾਕਾਰ ਕਾਮੇਡੀ ਦੇ ਮਾਧਿਅਮ ਰਾਹੀਂ ਸਮਾਜਿਕ ਅਤੇ ਰਾਜਨੀਤਕ ਪਾਖੰਡਾਂ ਦਾ ਪਰਦਾਫਾਸ਼ ਕਰਨ 'ਚ ਯਕੀਨ ਰੱਖਦਾ ਹੈ | ਕਾਮੇਡੀ ਉਸ ਦੇ ਲਈ ਸਸਤੇ ਅਤੇ ਘਟੀਆ ਸੰਵਾਦਾਂ ਜਾਂ ਪ੍ਰਸੰਗਾਂ ਦੀ ਲੜੀ ਨਹੀਂ ਸੀ ਬਲਕਿ ਉਹ ਇਸ ਰਾਹੀਂ ਇਕ ਵਿਸ਼ੇਸ਼ ਉਦੇਸ਼ ਹਾਸਲ ਕਰਨਾ ਚਾਹੁੰਦਾ ਸੀ | ਇਸ ਲਈ ਉਸ ਦੇ ਕਾਰਟੂਨ ਬੁੱਧੀਜੀਵੀਆਂ ਤੋਂ ਲੈ ਕੇ ਸੜਕਾਂ 'ਤੇ ਵਿਚਰਨ ਵਾਲੇ ਲੋਕਾਂ ਨੂੰ ਵੀ ਪਸੰਦ ਸਨ |
ਜਦੋਂ ਮੈਂ ਉਸ ਨੂੰ ਦੂਜੀ ਵਾਰ ਆਰ. ਕੇ. ਸਟੂਡੀਓ (ਮੰੁਬਈ) ਵਿਚ ਮਿਲਿਆ ਤਾਂ ਉਹ ਇਕ ਲੋਕਪਿ੍ਆ ਫ਼ਿਲਮ ਕਾਮੇਡੀਅਨ ਬਣ ਚੁੱਕਿਆ ਸੀ | ਉਹ ਇਸ ਸਟੂਡੀਓ 'ਚ 'ਆ ਅਬ ਲੌਟ ਚਲੇਂ' ਲਈ ਸ਼ੂਟਿੰਗ ਕਰਨ ਆਇਆ ਸੀ | ਉਥੇ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਨਾਲ ਮੇਰੀ ਮੁਲਾਕਾਤ ਕਰਵਾਈ ਅਤੇ ਸਟੂਡੀਓ ਦੇ ਉਨ੍ਹਾਂ ਵਿਭਾਗਾਂ 'ਚ ਵੀ ਮੈਨੂੰ ਉਥੇ ਲੈ ਕੇ ਗਿਆ ਜਿਥੇ ਮੈਂ ਕਦੀ ਵੀ ਨਹੀਂ ਗਿਆ ਸੀ |
ਕਹਿੰਦੇ ਹਨ ਕਿ ਅਸਲੀ ਕਲਾਕਾਰ ਉਹ ਹੁੰਦਾ ਹੈ ਜਿਹੜਾ ਆਪਣੇ ਦਿਲ ਦੀ ਆਵਾਜ਼ ਸੁਣ ਕੇ ਆਪਣੀ ਪ੍ਰਤਿਭਾ ਨੂੰ ਸਾਰਥਿਕਤਾ ਦੇ ਢਾਂਚੇ 'ਚ ਢਾਲਦਾ ਹੈ | ਜਸਪਾਲ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ | ਉਹ ਪੇਸ਼ੇ ਤੋਂ ਤਾਂ ਇੰਜੀਨੀਅਰ ਸੀ ਅਤੇ ਚੰਗੀ-ਚੋਖੀ ਤਨਖਾਹ 'ਤੇ ਵੀ ਕੰਮ ਕਰ ਰਿਹਾ ਸੀ | ਪਰ ਸਟੇਜ ਨਾਲ ਉਸ ਦਾ ਡੰੂਘਾ ਲਗਾਅ ਸੀ | ਆਪਣੀ ਪੜ੍ਹਾਈ ਦੇ ਦੌਰਾਨ ਹੀ ਉਸ ਨੇ ਥੀਏਟਰ ਦੇ ਨਾਲ ਦੋਸਤੀ ਕਰ ਲਈ ਸੀ |
ਬੇਸ਼ੱਕ ਥੀਏਟਰ ਉਸ ਦਾ ਸ਼ੌਕ ਹੀ ਸੀ, ਪਰ ਜਿਉਂ-ਜਿਉਂ ਉਹ ਇਸ ਨਾਲ ਜੁੜਦਾ ਗਿਆ, ਉਸ ਦਾ ਇੰਜੀਨੀਅਰ ਹੋਣ ਵਾਲਾ ਮਖੌਟਾ ਉਤਰਦਾ ਗਿਆ ਅਤੇ ਉਸ ਦੀ ਥਾਂ 'ਤੇ ਇਕ ਅਜਿਹਾ ਕਲਾਕਾਰ ਵਿਕਸਤ ਹੋਣ ਲੱਗ ਪਿਆ ਜਿਹੜਾ ਆਪਣੀ ਕਲਾ ਦੇ ਨਾਲ ਲੋਕਾਂ ਦਾ ਮਨੋਰੰਜਨ ਹੀ ਨਹੀਂ ਸੀ ਕਰ ਰਿਹਾ ਸਗੋਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰਚੱਲਿਤ ਬੁਰਿਆਈਆਂ ਪ੍ਰਤੀ ਵੀ ਸੁਚੇਤ ਕਰ ਰਿਹਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.

ਕਿੱਸੇ ਲਾਪ੍ਰਵਾਹੀਆਂ ਦੇ

ਇਕ ਵਾਰੀ ਮੈਂ ਨਦੀ ਦੇ ਕਿਨਾਰੇ ਖੜ੍ਹੀ ਸੀ ਤੇ ਦੇਖਿਆ ਕਿ ਨਦੀ ਦਾ ਪਾਣੀ ਪੂਰੀ ਬੇਪ੍ਰਵਾਹੀ ਨਾਲ ਵਹਿ ਰਿਹਾ ਸੀ | ਬੇਪ੍ਰਵਾਹੀ ਇਕ ਰਵੱਈਆ ਹੈ, ਇਕ ਸੋਚ ਹੈ, ਇਕ ਰਵਾਨੀ ਹੈ ਜੋ ਕਿ ਕਿਸੇ ਵੀ ਇਨਸਾਨ ਨੂੰ ਆਪਣੇ ਹੀ ਢੰਗ ਨਾਲ ਜ਼ਿੰਦਗੀ ਜਿਊਣ ਤੇ ਪ੍ਰੇਰਿਤ ਕਰਦੀ ਹੈ | ਪਰ ਇਕ ਹੋਰ ਲਫ਼ਜ਼ ਵੀ ਹੈ 'ਲਾਪ੍ਰਵਾਹੀ' | ਕੋਈ ਕੰਮ ਰੁਕ ਜਾਣਾ, ਕਿਸੇ ਕੰਮ ਨੂੰ ਅਧੂਰਾ ਛੱਡ ਦੇਣਾ, ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾ ਨਿਭਾਉਣੀ, ਕੋਈ ਚੀਜ਼ ਰੱਖ ਕੇ ਭੁੱਲ ਜਾਣੀ ਇਹ ਹਨ ਲਾਪ੍ਰਵਾਹੀਆਂ, ਜਿਨ੍ਹਾਂ ਦਾ ਸ਼ਿਕਾਰ ਬਹੁਤ ਸਾਰੇ ਲੋਕ ਹੁੰਦੇ ਹਨ | ਲਾਪ੍ਰਵਾਹ ਲੋਕ ਤਿੰਨ ਬਹੁਤ ਕੀਮਤੀ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ, ਉਹ ਹਨ : ਉਨ੍ਹਾਂ ਦਾ ਸਮਾਂ, ਉਨ੍ਹਾਂ ਦੀ ਊਰਜਾ ਤੇ ਉਨ੍ਹਾਂ ਦੀ ਜ਼ਿੰਮੇਵਾਰੀ |
ਹੁਣ ਵੇਖੀਏ ਸਾਡੀਆਂ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ | ਐਨਕ ਅੱਖਾਂ 'ਤੇ ਲੱਗੀ ਹੈ ਅਤੇ ਅਸੀਂ ਚਾਰੇ ਪਾਸੇ ਆਪਣੀ ਐਨਕ ਲੱਭ ਰਹੇ ਹਾਂ | ਕਈ ਵਾਰੀ ਚਾਬੀਆਂ ਰੱਖ ਕੇ ਭੁੱਲ ਜਾਂਦੇ ਹਾਂ ਤੇ ਫਿਰ ਟੈਨਸ਼ਨ ਵਿਚ ਸਾਰੇ ਘਰ ਨੂੰ ਉਲਟ-ਪੁਲਟ ਕਰ ਦਿੰਦੇ ਹਾਂ ਤੇ ਫਿਕਰ ਲੱਗ ਜਾਂਦਾ ਹੈ ਕਿ ਕਿਸੇ ਗ਼ਲਤ ਬੰਦੇ ਦੇ ਹੱਥ ਨਾ ਲੱਗ ਜਾਣ | ਕਈ ਵਾਰੀ ਕੱਪੜੇ ਪ੍ਰੈੱਸ ਕਰਕੇ ਤੇ ਤਿਆਰ ਹੋ ਕੇ ਬਾਹਰ ਨਿਕਲ ਜਾਂਦੇ ਹਾਂ ਤਾਂ ਰਸਤੇ ਵਿਚ ਖਿਆਲ ਆਉਂਦਾ ਹੈ ਕਿ ਸ਼ਾਇਦ ਪ੍ਰੈੱਸ ਦੇ ਸਵਿੱਚ ਆਨ ਰਹਿ ਗਿਆ ਹੈ | ਬੱਸ ਪੈ ਜਾਂਦੀ ਹੈ ਭਾਜੜ | ਕਈ ਵਾਰੀ ਇਕ ਜਾਂ ਦੋ ਮਿੰਟ ਲਈ ਕੁਝ ਕਰਨ ਲਈ ਕਮਰੇ ਤੋਂ ਬਾਹਰ ਨਿਕਲਦੇ ਹਾਂ ਫਿਰ ਘੰਟਿਆਂਬੱਧੀ ਕਿਸੇ ਹੋਰ ਕੰਮ ਵਿਚ ਰੁਝ ਜਾਂਦੇ ਹਾਂ ਤੇ ਚਲਦਾ ਪੱਖਾ ਤੇ ਜਲਦੇ ਬਲਬ ਬਿਜਲੀ ਦਾ ਬਿੱਲ ਵਧਾਈ ਜਾਂਦੇ ਹਨ | ਚਲੋ ਬਿਜਲੀ ਦੇ ਬਿੱਲ ਦੇ ਪੈਸੇ ਤਾਂ ਵਧਦੇ ਹੀ ਹਨ ਪਰ ਬਿਜਲੀ ਦੀ ਵੇਸਟੇਜ? ਮੈਨੂੰ ਆਪਣੀ ਇਕ ਲਾਪ੍ਰਵਾਹੀ ਬਹੁਤ ਯਾਦ ਆਉਂਦੀ ਹੈ | ਇਕ ਦਿਨ ਮੈਂ ਕਾਲਜ ਜਾਣ ਦੀ ਕਾਹਲੀ ਵਿਚ ਹੱਥ ਵਿਚ ਫੜਿਆ ਚਾਹ ਦਾ ਕੱਪ ਕੱਪੜਿਆਂ ਵਾਲੀ ਅਲਮਾਰੀ ਵਿਚ ਹੀ ਰੱਖ ਦਿੱਤਾ | ਸ਼ਾਮੀਂ ਅਲਮਾਰੀ ਖੋਲ੍ਹੀ ਤਾਂ ਦੇਖਿਆ ਚਾਹ ਦਾ ਕੱਪ ਟੇਢਾ ਹੋ ਕੇ ਕੱਪੜਿਆਂ 'ਤੇ ਡੁੱਲਿ੍ਹਆ ਪਿਆ ਸੀ | ਬਸ ਹੋਰ ਕੰਮ ਤਾਂ ਕੀ ਕਰਨਾ ਸੀ, ਸਾਰੀ ਸ਼ਾਮ ਕੱਪੜਿਆਂ ਨੂੰ ਸਾਫ਼ ਕਰਨ ਵਿਚ ਲੰਘ ਗਈ |
ਹਾਂ, ਸੱਚ ਮੇਰੀ ਇਕ ਰਿਸ਼ਤੇਦਾਰ ਦੀ ਲਾਪ੍ਰਵਾਹੀ ਦਾ ਡਰਾਮਾ ਮੈਨੂੰ ਅੱਜ ਤੱਕ ਯਾਦ ਹੈ | ਉਸ ਨੇ ਬਹੁਤ ਸਾਰੇ ਮਹਿਮਾਨਾਂ ਨੂੰ ਬੁਲਾਇਆ ਹੋਇਆ ਸੀ | ਖਾਣਾ ਬਹੁਤ ਵਧੀਆ ਸੀ | ਖਾਣੇ ਤੋਂ ਬਾਅਦ ਮਹਿਮਾਨ ਮਿੱਠੇ ਪਕਵਾਨ ਦੀ ਉਮੀਦ ਵਿਚ ਸਨ ਪਰ ਮਿੱਠਾ ਪਕਵਾਨ ਮੇਜ਼ 'ਤੇ ਆਇਆ ਹੀ ਨਹੀਂ | ਮੇਰੀ ਰਿਸ਼ਤੇਦਾਰ ਘਬਰਾਈ ਹੋਈ ਆਈ ਤੇ ਕਹਿਣ ਲੱਗੀ, 'ਮੈਂ ਸਵੀਟ ਡਿਸ਼ ਬਣਾਈ ਸੀ, ਬਹੁਤ ਵਧੀਆ ਕਾਰਮਲ ਪੁਡਿੰਗ ਸੀ ਪਰ ਪਤਾ ਨਹੀਂ ਡੌਾਘਾ ਕਿਥੇ ਚਲਾ ਗਿਆ |' ਮੈਂ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ | ਰਸੋਈ ਦਾ ਕੋਨਾ-ਕੋਨਾ ਛਾਣ ਮਾਰਿਆ | ਫਰਿੱਜ਼, ਫਰੀਜ਼ਰ ਦਾ ਵੀ ਪੂਰਾ ਮੁਆਇਨਾ ਕੀਤਾ | ਪਰ ਸਵੀਟ ਡਿਸ਼ ਨਹੀਂ ਮਿਲੀ | ਉਸ ਨੇ ਮੁਆਫ਼ੀ ਮੰਗੀ ਤੇ ਮਹਿਮਾਨਾਂ ਨੇ ਵੀ ਬੁਰਾ ਨਹੀਂ ਮਨਾਇਆ ਤੇ ਹੱਸਦੇ-ਹੱਸਦੇ ਵਿਦਾ ਹੋ ਗਏ | ਦੂਸਰੇ ਦਿਨ ਸਵੇਰੇ ਉਸ ਦਾ ਫੋਨ ਆਇਆ ਤੇ ਕਹਿੰਦੀ, 'ਦੀਦੀ ਸਵੀਟ ਡਿਸ਼ ਟਰੰਕਾਂ ਵਾਲੇ ਸਟੋਰ ਵਿਚੋਂ ਲੱਭ ਪਈ, ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕਦੋਂ ਉਥੇ ਰੱਖ ਆਈ ਸੀ |'
ਪਰ ਲਾਪ੍ਰਵਾਹੀਆਂ ਦਾ ਇਕ ਹੋਰ ਪਹਿਲੂ ਵੀ ਹੈ | ਕਈ ਵਾਰੀ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਂਦਾ ਹੈ, ਤੁਸੀਂ ਉਸ ਵੱਲ ਲੋੜੀਂਦਾ ਧਿਆਨ ਨਹੀਂ ਦਿੰਦੇ, ਨਾ ਹੀ ਸਮਾਂ ਬਿਤਾਉਂਦੇ ਹੋ | ਤੁਹਾਡੀ ਇਸ ਲਾਪ੍ਰਵਾਹੀ ਨਾਲ ਰਿਸ਼ਤਾ ਖਤਮ ਹੋ ਸਕਦਾ ਹੈ | ਕਈ ਵਾਰੀ ਕਿਸੇ ਦੀ ਸ਼ਾਦੀ ਦਾ ਕਾਰਡ ਅੱਛੀ ਤਰ੍ਹਾਂ ਪੜ੍ਹਦੇ ਨਹੀਂ ਜਾਂ ਪੜ੍ਹਨਾ ਭੁੱਲ ਜਾਂਦੇ ਹੋ ਤੇ ਸਮਾਗਮ ਵਿਚ ਜਾਂਦੇ ਨਹੀਂ | ਜਦੋਂ ਯਾਦ ਆਉਂਦਾ ਹੈ ਤਾਂ ਪਛਤਾਉਂਦੇ ਰਹਿੰਦੇ ਹਾਂ ਤੇ ਆਪਣੀ ਗ਼ੈਰ-ਹਾਜ਼ਰੀ ਲਈ ਮੁਆਫ਼ੀਆਂ ਮੰਗਦੇ ਹਾਂ |
ਇਹ ਤਾਂ ਹੋਈਆਂ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ | ਚਲੋ ਜ਼ਰਾ ਹੁਣ ਲਾਪ੍ਰਵਾਹੀ ਦੇ ਗੰਭੀਰ ਪਹਿਲੂ ਵੱਲ ਵੀ ਝਾਤ ਮਾਰੀਏ, ਜਿਸ ਦੇ ਕਈ ਵਾਰੀ ਸਿੱਟੇ ਦਰਦਨਾਕ ਤੇ ਘਾਤਕ ਨਿਕਲਦੇ ਹਨ | ਕੁਝ ਦਿਨ ਪਹਿਲੇ ਇਕ ਬੋਰ ਵੈੱਲ ਦੇ ਨਾ ਢਕਣ ਕਾਰਨ ਇਕ ਨੰਨੇ ਮਾਸੂਮ ਬੱਚੇ ਦੀ ਉਸ ਵਿਚ ਡਿੱਗ ਕੇ ਦਿਲ ਦਹਿਲਾਉਣ ਵਾਲੀ ਮੌਤ ਹੋ ਗਈ | ਇਹ ਬੋਰ ਕਹਾਉਣ ਵਾਲੇ ਤੇ ਕਰਨ ਵਾਲੇ ਦੀ ਕਿੰਨੀ ਵੱਡੀ ਲਾਪ੍ਰਵਾਹੀ ਸੀ | ਇਸੇ ਤਰ੍ਹਾਂ ਕਈ ਵਾਰੀ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਬਿਜਲੀ ਦੇ ਖੰਭੇ ਜਾਂ ਤਾਰਾਂ ਨੰਗੀਆਂ ਜਾਂ ਬਿਨਾਂ ਅਰਥ ਕੀਤੇ ਰਹਿ ਜਾਂਦੀਆਂ ਹਨ, ਜਿਸ ਕਾਰਨ ਇਨਸਾਨਾਂ ਤੇ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤੇ ਫਸਲ ਸੜ ਜਾਂਦੀ ਹੈ | ਸਰਕਾਰੀ ਦਫਤਰਾਂ ਵਿਚ ਅਧਿਕਾਰੀ ਲਾਪ੍ਰਵਾਹ ਹੋ ਜਾਂਦੇ ਹਨ | ਪੱਕੀ ਸਰਕਾਰੀ ਨੌਕਰੀ 'ਤੇ ਲੱਗ ਗਏ ਤੇ ਲਾਪ੍ਰਵਾਹੀ ਸ਼ੁਰੂ ਹੋ ਗਈ | ਦਫਤਰ ਪਹੁੰਚ ਕੇ ਆਪਣੀ ਸੀਟ ਤੋਂ ਗ਼ੈਰ-ਹਾਜ਼ਰ ਰਹਿਣਾ, ਫਾਈਲ ਵਿਚ ਜ਼ਰੂਰੀ ਪੇਪਰ ਨਾ ਲਾਉਣੇ ਜਾਂ ਦਸਤਖਤ ਨਾ ਕਰਨੇ ਇਹ ਕੁਝ ਅਣਜਾਣੀਆਂ ਜਾਂ ਜਾਣ ਬੁੱਝ ਕੇ ਕੀਤੀਆਂ ਲਾਪ੍ਰਵਾਹੀਆਂ ਹਨ, ਜਿਸ ਦਾ ਸਿੱਟਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ | ਵਾਰ-ਵਾਰ ਦਫਤਰ ਦੇ ਚੱਕਰ ਲਾਉਣੇ ਪੈਂਦੇ ਹਨ ਤੇ ਖੱਜਲ-ਖੁਆਰੀ ਵਾਧੂ ਦੀ |
ਸਾਰੇ ਲੋਕ ਲਾਪ੍ਰਵਾਹ ਨਹੀਂ ਹੁੰਦੇ | ਪਰ ਜੋ ਹੁੰਦੇ ਹਨ ਉਨ੍ਹਾਂ ਦੇ ਕਾਰਨ ਕਈ ਹੋ ਸਕਦੇ ਹਨ | ਕਈ ਤਾਂ ਬਚਪਨ ਤੋਂ ਹੀ ਲਾਪ੍ਰਵਾਹ ਹੁੰਦੇ ਹਨ | ਲਾਪ੍ਰਵਾਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਿੱਸਾ ਹੁੰਦੀ ਹੈ | ਕਈ ਵਾਰੀ ਜ਼ਿਆਦਾ ਰੁਝੇਵੇਂ ਜਾਂ ਇਕੋ ਸਮੇਂ ਬਹੁਤ ਸਾਰੇ ਕੰਮਾਂ ਵਿਚ ਹੱਥ ਪਾਉਣਾ ਵੀ ਲਾਪ੍ਰਵਾਹੀ ਦਾ ਕਾਰਨ ਬਣ ਜਾਂਦੇ ਹਨ | ਵਧਦੀ ਉਮਰ ਦੇ ਨਾਲ ਘਟਦੀ ਯਾਦਾਸ਼ਤ ਵੀ ਲਾਪ੍ਰਵਾਹੀ ਦਾ ਕਾਰਨ ਬਣ ਜਾਂਦੀ ਹੈ | ਸਰਕਾਰੀ ਦਫਤਰਾਂ ਵਿਚ ਕਈ ਵਾਰੀ ਸਿਫ਼ਾਰਸ਼ ਜਾਂ ਰਿਸ਼ਵਤ ਦੀ ਉਡੀਕ ਲਾਪ੍ਰਵਾਹੀ ਦਾ ਕਾਰਨ ਹੁੰਦੀ ਹੈ | ਚਲੋ ਕਾਰਨ ਜੋ ਵੀ ਹੋਵੇ, ਲਾਪ੍ਰਵਾਹੀ ਕਰਨ ਤੋਂ ਬਚਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ |

-46 ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ |
ਮੋਬਾਈਲ : 95015-31277.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX