ਤਾਜਾ ਖ਼ਬਰਾਂ


ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  3 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  31 minutes ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  31 minutes ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  45 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  55 minutes ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 2 hours ago
ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)- ਥਾਣਾ ਹਰੀਕੇ ਪੱਤਣ ਪੁਲਿਸ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਪੋਕਲੇਨ ਮਸ਼ੀਨਾਂ ਅਤੇ 5 ਘੋੜੇ ਟਰਾਲੇ...
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 2 hours ago
ਹੋਰ ਖ਼ਬਰਾਂ..

ਨਾਰੀ ਸੰਸਾਰ

ਬੱਚਿਆਂ ਦਾ ਪਾਲਣ-ਪੋਸ਼ਣ ਵਰਦਾਨ ਜਾਂ ਸਰਾਪ

ਅਜੋਕੇ ਸਮੇਂ ਦੇ ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਹੀ ਗੁੰਝਲਦਾਰ, ਔਖਾ ਅਤੇ ਹੈਰਾਨੀਜਨਕ ਕੰਮ ਬਣਦਾ ਜਾ ਰਿਹਾ ਹੈ। ਮਾਪੇ ਹੋਣਾ ਜਿਥੇ ਕੁਦਰਤ ਦਾ ਅਸ਼ੀਰਵਾਦ ਹੈ, ਨਾਲ-ਨਾਲ ਜ਼ਿੰਮੇਵਾਰੀ ਵੀ ਹੈ। ਪਰ ਅਸੀਂ ਰੱਬ ਦੀ ਇਸ ਸੌਗਾਤ ਨੂੰ ਤਣਾਅਪੂਰਨ ਅਤੇ ਥਕਾ ਦੇਣ ਵਾਲਾ ਮੰਨਦੇ ਹਾਂ। ਅਜਿਹਾ ਤਣਾਅ ਬੱਚਿਆਂ ਦੇ ਗ਼ਲਤ ਪਾਲਣ-ਪੋਸ਼ਣ ਦੀ ਅਗਵਾਈ ਕਰਦਾ ਹੈ। ਇਸ ਤਰ੍ਹਾਂ ਦੇ ਤਣਾਅ ਨੂੰ ਘੱਟ ਕਰਨ ਲਈ ਮਾਪੇ ਅਨੇਕਾਂ ਹੀ ਆਸਾਨ ਢੰਗਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਬੱਚੇ ਦੇ ਰੋਣ 'ਤੇ ਉਸ ਨੂੰ ਫੋਨ ਫੜਾ ਦੇਣਾ। ਉਹ ਆਪਣੇ ਬੱਚਿਆਂ ਦੇ ਕੀਮਤੀ ਸਮੇਂ ਨੂੰ ਪਦਾਰਥਵਾਦੀ ਬਣਾਉਣ ਵਿਚ ਲਗਾ ਦਿੰਦੇ ਹਨ। ਸਿੱਟੇ ਵਜੋਂ ਬੱਚੇ ਇਕੱਲਤਾ ਦਾ ਸ਼ਿਕਾਰ ਹੋ ਜਾਂਦੇ ਹਨ। ਨਿਆਣੀ ਉਮਰੇ ਬੱਚਿਆਂ ਦੇ ਸੁਭਾਅ ਵਿਚ 'ਪਲੀਜਰ ਪ੍ਰਿੰਸੀਪਲ' ਵਧੇਰੇ ਕੰਮ ਕਰਦਾ ਹੈ ਅਤੇ ਅਸਾਨ ਤਰੀਕਿਆਂ ਦੀ ਵਰਤੋਂ ਕਾਰਨ ਬੱਚਿਆਂ ਦਾ ਅਣਸੁਖਾਵਾਂ ਸੁਭਾਅ ਵਧੇਰੇ ਪਰਿਪੱਕ ਹੋ ਜਾਂਦਾ ਹੈ। ਬੱਚਿਆਂ ਦੀ ਉਮਰ ਦੇ ਪਹਿਲੇ 5 ਸਾਲ ਉਸ ਦੀ ਸ਼ਖ਼ਸੀਅਤ ਦੀ ਬੁਨਿਆਦ ਹੁੰਦੇ ਹਨ। ਇਸੇ ਕਰਕੇ ਬੁਨਿਆਦ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ, ਸ਼ਖ਼ਸੀਅਤ ਓਨੀ ਹੀ ਨਿਖਰ ਕੇ ਸਾਹਮਣੇ ਆਵੇਗੀ। ਉਦਾਹਰਨ ਦੇ ਤੌਰ 'ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚੇ ਚੰਗੀਆਂ ਕਿਤਾਬਾਂ ਪੜ੍ਹਨ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਮਾਪਿਆਂ ਦੀ ਆਪਣੀ ਵੀ ਹੋਵੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚੇ ਖਾਣਾ ਚੰਗਾ ਖਾਣ ਤਾਂ ਚੰਗਾ ਅਤੇ ਪੌਸ਼ਟਿਕ ਭੋਜਨ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਦੇ ਉਲਟ ਜੇਕਰ ਮਾਪੇ ਆਪਣੇ ਬੱਚਿਆਂ ਦੇ ਸਾਹਮਣੇ ਲੜਾਈ ਕਰਦੇ ਹਨ ਤਾਂ ਬੱਚੇ ਵੀ ਲੜਾਈ ਨੂੰ ਤਰਜੀਹ ਦੇਣਗੇ ਅਤੇ ਮਾਪਿਆਂ ਦੀ ਇੱਜ਼ਤ ਨਹੀਂ ਕਰਨਗੇ।
ਅੱਜ ਦੇ ਸਮੇਂ ਅਸੀਂ ਜਾਣਦੇ ਹੀ ਹਾਂ ਕਿ ਨਸ਼ਿਆਂ ਦੀ ਵਰਤੋਂ, ਸਰੀਰਕ ਸ਼ੋਸ਼ਣ, ਮਾਨਸਿਕ ਸ਼ੋਸ਼ਣ ਅਤੇ ਧੱਕੇਸ਼ਾਹੀ ਬਿਲਕੁਲ ਹੀ ਆਮ ਹੋ ਗਏ ਜਾਪਦੇ ਹਨ। ਇਹ ਕਿਤੇ ਨਾ ਕਿਤੇ ਮਾਪਿਆਂ ਦੀ ਅਣਦੇਖੀ ਦਾ ਨਤੀਜਾ ਹੁੰਦਾ ਹੈ। ਆਖਰ ਮਾਪੇ ਅਜਿਹਾ ਕਿਉਂ ਕਰਦੇ ਹਨ? ਮਾਪਿਆਂ ਦੇ ਮੁਤਾਬਿਕ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡਾ ਕਾਰਨ ਹੈ ਉਨ੍ਹਾਂ ਦਾ ਰੁਝੇਵਿਆਂ ਭਰਿਆ ਜਿਊਣ ਦਾ ਢੰਗ। ਸਮੇਂ ਦੇ ਨਾਲ-ਨਾਲ ਰੁਝੇਵਿਆਂ ਭਰੀ ਫੈਸਲਸੂਫ਼ੀਆ ਜ਼ਿੰਦਗੀ ਦੇ ਢੰਗਾਂ ਕਰਕੇ ਮਾਪੇ ਇਕ ਆਦਰਸ਼ ਪਾਲਣ-ਪੋਸ਼ਣ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ। ਕਿਸ਼ੋਰ ਉਮਰ ਵਿਚ ਬੱਚੇ ਆਪਣੇ ਆਲੇ-ਦੁਆਲੇ ਹੋ ਰਹੀਆਂ ਸਭ ਗੱਲਾਂ ਨੂੰ ਜਾਨਣ ਲਈ ਕਾਫੀ ਉਤਾਵਲੇ ਹੁੰਦੇ ਹਨ। ਸਾਰੀਆਂ ਗੱਲਾਂ ਮਾਪਿਆਂ ਵਲੋਂ ਨਾ ਦੱਸਣ 'ਤੇ ਜੇ ਬੱਚੇ ਨੂੰ ਆਪਣੇ ਦੋਸਤਾਂ, ਇੰਟਰਨੈੱਟ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਲੋੜ ਤੋਂ ਵੱਧ ਜਾਂ ਅਧੂਰੀਆਂ ਪਤਾ ਲਗਦੀਆਂ ਹਨ ਤਾਂ ਇਹ ਬੱਚੇ ਲਈ ਬਹੁਤ ਹੀ ਖਤਰਨਾਕ ਸਿੱਧ ਹੋ ਸਕਦੀਆਂ ਹਨ।
ਕਈ ਵਾਰ ਬੱਚਿਆਂ ਦੇ ਮਾਪੇ ਸ਼ਿਕਾਇਤ ਕਰਦੇ ਹਨ ਕਿ ਬੱਚੇ ਉਨ੍ਹਾਂ ਨੂੰ ਕਦੇ ਵੀ ਕੁਝ ਨਹੀਂ ਦੱਸਦੇ ਕਿ ਸਕੂਲ, ਕਾਲਜ, ਦੋਸਤਾਂ ਵਿਚ ਕੀ ਹੋਇਆ। ਮਾਪੇ ਬੱਚਿਆਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਬਿਨਾਂ ਲੋੜ ਤੋਂ ਟੋਕਦੇ ਵੀ ਰਹਿੰਦੇ ਹਨ। ਇਸੇ ਕਰਕੇ ਬੱਚੇ ਕੁਝ ਕੁ ਗੱਲਾਂ ਹੀ ਦੱਸਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਸਾਹਮਣੇ ਵਾਲਾ ਸਾਨੂੰ ਰੋਕ-ਟੋਕ ਕਰੇਗਾ ਤੇ ਲੜੇਗਾ। ਦੂਜੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਉਵੇਂ ਦਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਿਵੇਂ ਦਾ ਮਾਪੇ ਚਾਹੁੰਦੇ ਹਨ, ਬਜਾਏ ਬੱਚੇ ਦੇ ਵੱਖਰੇਪਣ ਨੂੰ ਸਵੀਕਾਰ ਕਰਨ ਤੋਂ। ਕਈ ਵਾਰ ਅਜਿਹੀਆਂ ਗੱਲਾਂ ਬੱਚੇ ਦੀ ਸ਼ਖ਼ਸੀਅਤ 'ਤੇ ਗ਼ਲਤ ਅਸਰ ਪਾਉਂਦੀਆਂ ਹਨ। ਅਸੀਂ ਸਾਰੇ ਪੀੜ੍ਹੀ ਦੇ ਫਰਕ ਨੂੰ ਸਮਝਦੇ ਜ਼ਰੂਰ ਹਾਂ ਪਰ ਅਸਲੋਂ ਸਵੀਕਾਰ ਨਹੀਂ ਕਰਦੇ, ਜਿਸ ਕਰਕੇ ਮਾਪੇ ਬੱਚਿਆਂ ਦੀ ਖੁਦ ਨਾਲ ਤੁਲਨਾ ਕਰ ਦਿੰਦੇ ਹਨ ਕਿ ਅਸੀਂ ਤਾਂ ਤੁਹਾਡੀ ਉਮਰੇ ਇੰਜ ਨਹੀਂ ਸੀ। ਉਹ ਇਹ ਭੁੱਲ ਜਾਂਦੇ ਹਨ ਕਿ ਕੋਈ ਸਾਕਾਰਾਤਮਿਕ ਬਦਲਾਅ ਸਮੇਂ ਦੀ ਮੰਗ ਹੈ। ਲਿੰਗ ਦੇ ਆਧਾਰ 'ਤੇ ਪਾਲਣ-ਪੋਸ਼ਣ ਬਹੁਤ ਸਾਰੀਆਂ ਅਸਮਾਨਤਾਵਾਂ ਪੈਦਾ ਕਰਦਾ ਹੈ। ਬੱਚਿਆਂ ਦੀ ਆਪਸੀ ਤੁਲਨਾ ਪਾਲਣ-ਪੋਸ਼ਣ ਨੂੰ ਬੇਢੰਗਾ ਬਣਾ ਦਿੰਦੀ ਹੈ। ਬੱਚਿਆਂ ਦੀ ਤੁਲਨਾ ਚੰਨ ਤੇ ਸੂਰਜ ਦੀ ਤੁਲਨਾ ਕਰਨ ਦੇ ਬਰਾਬਰ ਹੈ, ਜੋ ਕਿ ਬੇਤੁਕੀ ਹੈ, ਕਿਉਂਕਿ ਇਹ ਦੋਵੇਂ ਚਮਕਦੇ ਹਨ ਪਰ ਆਪਣੇ-ਆਪਣੇ ਸਮੇਂ 'ਤੇ।
ਮਾਪੇ ਆਪਣੇ ਬੱਚਿਆਂ ਦੇ ਉਹ ਘੁਮਿਆਰ ਹਨ, ਜੋ ਕਿ ਪੂਰੀ ਮਿਹਨਤ ਅਤੇ ਸਮਾਂ ਲਗਾ ਕੇ ਉਨ੍ਹਾਂ ਨੂੰ ਬਹੁਤ ਹੀ ਖੂਬਸੂਰਤ ਇਨਸਾਨ ਬਣਾ ਸਕਦੇ ਹਨ। ਸੋ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਣ ਲਈ ਦੋਸਤਾਨਾ ਰਿਸ਼ਤਾ, ਬਿਨਾਂ ਆਲੋਚਨਾ ਦੇ ਸੁਣਨਾ, ਬੱਚਿਆਂ ਨਾਲ ਸਮਾਂ ਬਿਤਾਉਣਾ, ਉਨ੍ਹਾਂ ਵਲੋਂ ਕੀਤੇ ਜਾਂਦੇ ਕੰਮਾਂ ਵਿਚ ਭਾਗ ਲੈਣਾ, ਸਤਿਕਾਰ ਦੇਣਾ, ਕਦੇ ਵੀ ਵਾਅਦੇ ਨਾ ਤੋੜਨਾ, ਇਕ ਬਹੁਤ ਹੀ ਸਿਹਤਮੰਦ ਰਿਸ਼ਤਾ ਕਾਇਮ ਕਰਦਾ ਹੈ। ਮਾਪੇ ਜਿੰਨਾ ਜ਼ਿਆਦਾ ਆਪਣੇ ਬੱਚੇ ਨੂੰ ਸੁਣਨਗੇ, ਉਨ੍ਹਾਂ ਦੀ ਸਮਝ ਪਾਉਣਗੇ ਅਤੇ ਕਿਸੇ ਵੀ ਸੰਕਟ ਸਮੇਂ ਉਨ੍ਹਾਂ ਦਾ ਸਾਥ ਦੇ ਸਕਣਗੇ। ਇਹ ਗੱਲਾਂ ਹਮੇਸ਼ਾ ਬੱਚੇ ਨੂੰ ਸਹੀ ਰਾਹ 'ਤੇ ਰੱਖਣ ਵਿਚ ਮਦਦ ਕਰਦੀਆਂ ਹਨ।


-(ਸਾਈਕੋਲੋਜਿਸਟ)।
ਮੋਬਾ: 95012-04784


ਖ਼ਬਰ ਸ਼ੇਅਰ ਕਰੋ

ਤੇਲੀ ਚਮੜੀ ਨੂੰ ਬਣਾਓ ਦੇਸੀ ਨੁਸਖਿਆਂ ਨਾਲ ਸੁੰਦਰ

ਤੇਲੀ ਚਮੜੀ ਦੇ ਕੁਝ ਘਰੇਲੂ ਇਲਾਜ ਹੇਠ ਲਿਖੇ ਹਨ-
* ਇਕ ਕੱਪ ਦਹੀਂ ਵਿਚ 2 ਚਮਚ ਹਲਦੀ, ਦੋ ਚਮਚ ਸ਼ਹਿਦ ਅਤੇ 2 ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਸਾਫ਼-ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਚਮੜੀ ਦਾ ਤੇਲੀਪਨ ਖ਼ਤਮ ਹੋ ਜਾਵੇਗਾ ਅਤੇ ਚਿਹਰੇ ਵਿਚ ਨਿਖਾਰ ਆ ਜਾਵੇਗਾ।
* ਤਿਲ, ਸੁੱਕੇ ਪੁਦੀਨੇ ਦੇ ਪੱਤੇ ਅਤੇ ਸ਼ਹਿਦ ਲਓ। ਤਿਲ ਦੇ ਬੀਜ ਨੂੰ ਬਰੀਕ ਪੀਸ ਕੇ ਸੁੱਕੇ ਪੁਦੀਨੇ ਦੇ ਪੱਤਿਆਂ ਦਾ ਪਾਊਡਰ ਬਣਾ ਲਓ। ਉਨ੍ਹਾਂ ਨੂੰ ਮਿਲਾਓ ਅਤੇ ਥੋੜ੍ਹਾ ਸ਼ਹਿਦ ਮਿਲਾਓ ਅਤੇ ਚਮੜੀ 'ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਹੌਲੀ ਜਿਹੇ ਰਗੜੋ ਅਤੇ ਤਾਜ਼ੇ ਪਾਣੀ ਨਾਲ ਧੋ ਲਓ।
* ਗਰਮੀਆਂ ਦੌਰਾਨ ਕੱਚੇ ਆਲੂ ਦੇ ਸਲਾਈਸ ਨਾਲ ਚਮੜੀ ਨੂੰ ਰਗੜਨ ਨਾਲ ਚਮੜੀ ਨੂੰ ਸਾਫ਼ ਕਰਨ ਵਿਚ ਮਦਦ ਮਿਲਦੀ ਹੈ।
* ਪੀਸੀਆਂ ਹੋਈਆਂ ਨਿੰਬੂ ਦੀਆਂ ਛਿੱਲਾਂ ਅਤੇ ਜਈ ਨੂੰ ਮਿਲਾਓ। ਥੋੜ੍ਹਾ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
* ਤਰਬੂਜ਼ ਦਾ ਰਸ ਵੀ ਇਕ ਚੰਗਾ ਸਕਿਨ ਟੋਨਰ ਹੈ ਅਤੇ ਗਰਮੀਆਂ ਦੀ ਖੁਸ਼ਕੀ ਤੋਂ ਰਾਹਤ ਦਿੰਦਾ ਹੈ।
* ਤੇਲੀ ਚਮੜੀ ਲਈ ਪਪੀਤੇ ਦੇ ਗੁੱਦੇ ਨੂੰ ਮਾਸਕ ਵਾਂਗ ਚਿਹਰੇ 'ਤੇ ਲਗਾਓ। ਇਸ ਵਿਚ ਸ਼ਾਮਿਲ ਹੈ ਇੰਜ਼ਾਇਮ ਜੋ ਇਕ ਸ਼ਕਤੀਸ਼ਾਲੀ ਕਲੀਂਜਰ ਹੈ। ਇਹ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।
* ਤੇਲੀ ਚਮੜੀ ਲਈ ਟਮਾਟਰ ਦਾ ਰਸ ਜਾਂ ਗੁੱਦਾ ਵੀ ਚੰਗਾ ਹੈ। ਇਹ ਚਮੜੀ ਦੀ ਕਾਲਿਮਾ/ਦਾਗ-ਧੱਬੇ ਨੂੰ ਹਟਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਚਿਹਰੇ 'ਤੇ ਲਗਾ ਕੇ 15 ਮਿੰਟ ਬਾਅਦ ਧੋ ਲਓ।
* ਪਪੀਤੇ ਦਾ ਗੁੱਦਾ ਚਮੜੀ 'ਤੇ ਲਗਾ ਕੇ ਇਸ ਨੂੰ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਪਪੀਤੇ ਵਿਚ ਅੰਜਾਇਮ ਹੁੰਦਾ ਹੈ। ਇਹ ਮ੍ਰਿਤ ਚਮੜੀ ਕੋਸ਼ਿਕਾਵਾਂ ਨੂੰ ਨਰਮ ਅਤੇ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਵਿਚ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ।
* ਨਾਰੀਅਲ ਪਾਣੀ ਨਾਲ ਚਮੜੀ ਨੂੰ ਟੋਨ ਕਰਨ ਦੀ ਕੋਸ਼ਿਸ਼ ਕਰੋ। ਨਾਰੀਅਲ ਪਾਣੀ ਨੂੰ ਚਮੜੀ 'ਤੇ ਲਗਾਓ ਅਤੇ 20 ਤੋਂ 30 ਮਿੰਟ ਬਾਅਦ ਪਾਣੀ ਨਾਲ ਧੋ ਦਿਓ।
* ਇਕ ਕੱਪ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ। ਇਸ ਨੂੰ ਚਿਹਰੇ 'ਤੇ ਹੌਲੀ-ਹੌਲੀ ਲਗਾਓ। ਜੇ ਚਮੜੀ 'ਤੇ ਧੱਬਾ ਜਾਂ ਕੋਈ ਜਲਣ ਹੋਵੇ ਤਾਂ ਇਸ ਦੀ ਮਾਤਰਾ ਵਧਾ ਦਿਓ। ਇਹ ਤੇਲੀ ਦਿੱਖ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।
* ਆਂਡੇ ਦਾ ਸਫੈਦ ਭਾਗ ਅਤੇ ਸ਼ਹਿਦ ਮਿਲਾਓ ਅਤੇ ਇਸ ਨੂੰ ਮਾਸਕ ਵਾਂਗ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਆਂਡੇ ਦੀ ਸਫੈਦੀ ਵਿਚ ਕਲੀਂਜ਼ਿੰਗ ਪ੍ਰਭਾਵ ਹੁੰਦਾ ਹੈ। ਇਹ ਚਿਹਰੇ ਦੇ ਵਾਧੂ ਤੇਲ ਨੂੰ ਘੱਟ ਕਰਦਾ ਹੈ ਅਤੇ ਚਮੜੀ ਨੂੰ ਕੱਸਦਾ ਹੈ, ਸ਼ਹਿਦ ਇਕ ਸ਼ਕਤੀਸ਼ਾਲੀ ਕੁਦਰਤੀ ਮਾਇਸਚਰਾਈਜ਼ਰ ਹੈ।
* ਫਰਿੱਜ ਵਿਚ ਰੱਖਿਆ ਗੁਲਾਬ ਜਲ ਇਕ ਕਟੋਰੀ ਵਿਚ ਕੱਢ ਲਓ। ਇਸ ਵਿਚ ਰੂੰ ਦੇ ਫਹੇ ਭਿਉਂ ਦਿਓ। ਫਿਰ ਇਨ੍ਹਾਂ ਫਹਿਆਂ ਨੂੰ ਹਲਕਾ ਨਿਚੋੜ ਕੇ ਇਸ ਵਿਚ ਆਪਣਾ ਚਿਹਰਾ ਸਾਫ਼ ਕਰ ਲਓ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਅਤੇ ਅਸ਼ੁੱਧੀਆਂ ਨਿਕਲ ਜਾਣਗੀਆਂ ਅਤੇ ਚਮੜੀ ਤਾਜ਼ਗੀ ਵਾਲੀ ਅਤੇ ਸੁੰਦਰ ਬਣ ਜਾਵੇਗੀ।
* ਇਕ ਚਮਚ ਪੀਸੇ ਬਦਾਮ ਵਿਚ ਇਕ ਚਮਚ ਸੰਤਰੇ ਦਾ ਰਸ ਅਤੇ ਇਕ ਵੱਡਾ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਧੌਣ 'ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਇਹ ਸਾਰੇ ਤਰ੍ਹਾਂ ਦੀ ਚਮੜੀ ਲਈ ਚੰਗਾ ਹੈ।
* ਤੇਲੀ ਚਮੜੀ ਲਈ ਦੋ ਵੱਡੇ ਨਿੰਬੂਆਂ ਦਾ ਰਸ ਲਓ। ਇਸ ਵਿਚ ਕੁਚਲੇ ਪੁਦੀਨੇ ਦੇ ਪੱਤੇ ਮਿਲਾਓ। ਇਸ ਪੇਸਟ ਨੂੰ ਇਕ ਘੰਟੇ ਤੱਕ ਲੱਗਾ ਰਹਿਣ ਦਿਓ। ਇਹ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੇਲ ਨੂੰ ਘੱਟ ਕਰਦਾ ਹੈ ਅਤੇ ਮੁਸਾਮ ਬੰਦ ਕਰਦਾ ਹੈ।
* ਗੁਲਾਬ ਜਲ ਨਾਲ ਇਕ ਚਮਚ ਮੁਲਤਾਨੀ ਮਿੱਟੀ ਨੂੰ ਮਿਲਾਓ। ਪ੍ਰਭਾਵਿਤ ਹਿੱਸੇ 'ਤੇ ਲਗਾਉਣ ਤੋਂ 15-20 ਮਿੰਟ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ, ਜਿਸ ਨਾਲ ਚਮੜੀ ਵਿਚ ਠੰਢਕ ਦਾ ਅਹਿਸਾਸ ਹੋਵੇਗਾ।
* ਹਫ਼ਤੇ ਵਿਚ ਦੋ ਵਾਰ ਚਮੜੀ ਨੂੰ ਐਕਸਫੋਲਇਏਟ ਕਰਕੇ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਓ ਅਤੇ ਚਮੜੀ ਨੂੰ ਚਮਕਦਾਰ ਬਣਾਓ।
* ਪੀਸੇ ਹੋਏ ਬਦਾਮ ਨੂੰ ਦਹੀਂ ਅਤੇ ਚੁਟਕੀ ਭਰ ਹਲਦੀ ਨਾਲ ਮਿਲਾਓ। ਹੌਲੀ-ਹੌਲੀ ਰਗੜੋ, ਫਿਰ ਪਾਣੀ ਨਾਲ ਧੋ ਲਓ।
* ਸਾਰੇ ਤਰ੍ਹਾਂ ਦੀ ਚਮੜੀ ਲਈ ਫਰੂਟ ਮਾਸਕਰੂ ਕੇਲਾ, ਸੇਬ, ਪਪੀਤਾ, ਨਾਰੰਗੀ ਵਰਗੇ ਫਲਾਂ ਨੂੰ ਇਕੱਠੇ ਮਿਲਾਇਆ ਜਾ ਸਕਦਾ ਹੈ ਅਤੇ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਫਰੂਟ ਪਲਪ ਜਾਂ ਕੱਦੂਕਸ਼ ਕੀਤੇ ਫਰੂਟ ਦੀ ਵਰਤੋਂ ਕਰੋ। ਇਸ ਨੂੰ 20 ਤੋਂ 30 ਮਿੰਟ ਤੱਕ ਲੱਗਾ ਰਹਿਣ ਦਿਓ। ਫਿਰ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਠੰਢਕ ਦਿੰਦਾ ਹੈ, ਮ੍ਰਿਤ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ।
* ਦੋ ਚਮਚ ਪਾਊਡਰ ਮਿਲਕ, ਇਕ ਆਂਡੇ ਦਾ ਸਫੈਦ ਭਾਗ ਅਤੇ ਖੀਰੇ ਦਾ ਰਸ ਮਿਲਾ ਕੇ ਪੇਸਟ ਬਣਾਓ। ਫਿਰ ਇਸ ਨੂੰ ਚਿਹਰੇ ਅਤੇ ਧੌਣ 'ਤੇ ਲਗਾ ਕੇ 20 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ।
* ਚੋਕਰ (ਕਣਕ ਦਾ ਬੂਰਾ) ਅਤੇ ਵੇਸਣ, ਹਲਦੀ ਅਤੇ ਦਹੀਂ ਨੂੰ ਮਿਲਾ ਕੇ ਪੇਸਟ ਬਣਾਓ ਅਤੇ ਹੱਥਾਂ 'ਤੇ ਮਲੋ। ਇਸ ਨਾਲ ਸ਼ੀਤਲਤਾ, ਨਿਰਮਲਤਾ ਮਿਲਦੀ ਹੈ, ਨਾਲ ਹੀ ਇਹ ਚਮੜੀ ਤੋਂ ਕਾਲੇਪਣ ਨੂੰ ਹਟਾ ਦਿੰਦਾ ਹੈ।
* ਖੀਰੇ ਦੇ ਰਸ ਅਤੇ ਗੁੱਦੇ ਨੂੰ ਚਮੜੀ 'ਤੇ ਠੰਢਾ ਅਸਰ ਹੁੰਦਾ ਹੈ। ਇਸ ਨੂੰ ਚਿਹਰੇ ਅਤੇ ਧੌਣ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਸਾਫ਼ ਕਰ ਲਓ।
* ਤੇਲੀ ਚਮੜੀ ਦੇ ਸੀਵਮ ਨੂੰ ਕਾਬੂ ਕਰਨ ਲਈ ਫ੍ਰਾਈ, ਤਲਿਆ, ਮਸਾਲੇਦਾਰ, ਭਾਰੀ ਭੋਜਨ ਦਾ ਸੇਵਨ ਕਰਨ ਤੋਂ ਬਚੋ ਅਤੇ ਰੇਸ਼ੇ (ਫਾਈਬਰ) ਵਾਲੇ ਭੋਜਨ ਅਤੇ ਸਲਾਦ, ਸੂਪ, ਨਿੰਬੂ, ਸੰਤਰਾ, ਔਲਾ ਆਦਿ ਜ਼ਿਆਦਾ ਮਾਤਰਾ ਵਿਚ ਲਓ ਅਤੇ ਚਾਹ, ਕੌਫੀ, ਕੋਲਡ ਡ੍ਰਿੰਕ ਆਦਿ ਤੋਂ ਪ੍ਰਹੇਜ਼ ਕਰੋ।

ਚੰਗੇ ਗੁਆਂਢੀ ਬਣੋ

ਸਿਆਣੇ ਕਹਿੰਦੇ ਹਨ ਕਿ ਰਿਸ਼ਤੇਦਾਰਾਂ ਨੇ ਤਾਂ ਲੋੜ ਪੈਣ 'ਤੇ ਦੂਰੋਂ ਚੱਲ ਕੇ ਆਉਣਾ ਹੁੰਦਾ ਹੈ ਪਰ ਗੁਆਂਢੀ ਨੇ ਹਰ ਦੁੱਖ-ਸੁੱਖ ਦੀ ਘੜੀ ਵਿਚ ਤੁਰੰਤ ਨਾਲ ਖੜ੍ਹਨਾ ਹੁੰਦਾ ਹੈ। ਇਸ ਲਈ ਹਮੇਸ਼ਾ ਆਪਣੇ ਆਂਢੀਆਂ-ਗੁਆਂਢੀਆਂ ਨਾਲ ਬਣਾ ਕੇ ਰੱਖੋ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਉਮੀਦ ਤੁਸੀਂ ਆਪਣੇ ਗੁਆਂਢੀਆਂ ਤੋਂ ਰੱਖਦੇ ਹੋ, ਉਹੀ ਉਮੀਦ ਤੁਹਾਡੇ ਗੁਆਂਢੀ ਵੀ ਤੁਹਾਡੇ ਤੋਂ ਰੱਖਦੇ ਹਨ। ਹਮੇਸ਼ਾ ਖੁਦ ਨੂੰ ਚੰਗਾ ਦਰਸਾਉਣ ਦਾ ਯਤਨ ਕਰੋ। ਸਾਨੂੰ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਘੁਲ-ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਲਈ ਹਮੇਸ਼ਾ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹੋ। ਲੋੜ ਪੈਣ 'ਤੇ ਹਮੇਸ਼ਾ ਆਪਣੇ ਗੁਆਂਢੀਆਂ ਦੀ ਸਹਾਇਤਾ ਕਰੋ। ਜੇ ਗੁਆਂਢੀ ਬਿਮਾਰ, ਪ੍ਰੇਸ਼ਾਨ ਹੋਵੇ ਜਾਂ ਉਸ ਨਾਲ ਕੋਈ ਹਾਦਸਾ ਵਾਪਰ ਗਿਆ ਹੋਵੇ ਤਾਂ ਉਸ ਦੀ ਸਹਾਇਤਾ ਕਰੋ। ਗੁਆਂਢ ਵਿਚ ਕੋਈ ਖੁਸ਼ਖਬਰੀ ਹੋਣ 'ਤੇ ਉਨ੍ਹਾਂ ਨੂੰ ਵਧਾਈ ਦੇਣਾ ਨਾ ਭੁੱਲੋ। ਜੇ ਤੁਸੀਂ ਆਪਣੇ ਗੁਆਂਢ ਵਿਚ ਸਾਂਝ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਗੁਆਂਢੀ ਨਾਲ ਲੈਣ-ਦੇਣ ਜ਼ਰੂਰ ਕਰੋ ਪਰ ਆਪਣੀ ਜੇਬ ਦੇਖ ਕੇ। ਗੁਆਂਢੀ ਤੋਂ ਹਮੇਸ਼ਾ ਕੀਮਤੀ ਚੀਜ਼ਾਂ ਮੰਗਣ ਤੋਂ ਗੁਰੇਜ਼ ਕਰੋ। ਗੁਆਂਢੀਆਂ ਦੇ ਘਰ ਆਉਣਾ-ਜਾਣਾ ਵੀ ਸੀਮਤ ਰੱਖੋ। ਹਰ ਵੇਲੇ ਹੀ ਗੁਆਂਢੀ ਦੇ ਘਰ ਤਾਕ-ਝਾਕ ਨਾ ਕਰੋ। ਗੁਆਂਢੀਆਂ ਦੇ ਕਿਸੇ ਵੀ ਘਰੇਲੂ ਮਸਲੇ ਵਿਚ ਦਖਲਅੰਦਾਜ਼ੀ ਨਾ ਕਰੋ। ਗੁਆਂਢੀਆਂ ਨੂੰ ਬਿਨਾਂ ਮੰਗੇ ਸਲਾਹ ਨਾ ਦਿਓ, ਕਿਉਂਕਿ ਬਿਨਾਂ ਮੰਗੀ ਸਲਾਹ ਕਈ ਵਾਰ ਬੁਰੀ ਲੱਗ ਸਕਦੀ ਹੈ। ਜਦੋਂ ਵੀ ਗੁਆਂਢੀਆਂ ਦੇ ਘਰ ਮਹਿਮਾਨ ਆਏ ਹੋਣ ਤਾਂ ਗੁਆਂਢੀ ਦੇ ਘਰ ਕਦੇ ਵੀ ਨਾ ਜਾਓ, ਭਾਵੇਂ ਕਿ ਤੁਹਾਨੂੰ ਗੁਆਂਢੀ ਨਾਲ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ। ਆਪ ਚੰਗੇ ਸਰੋਤੇ ਬਣ ਕੇ ਗੁਆਂਢੀਆਂ ਦੀ ਵੀ ਗੱਲ ਸੁਣੋ। ਤੁਹਾਨੂੰ ਜੇ ਕੋਈ ਕੰਮ ਆਉਂਦਾ ਹੈ ਜਿਵੇਂ ਕਢਾਈ, ਸਿਲਾਈ ਆਦਿ ਤਾਂ ਗੁਆਂਢੀਆਂ ਦੀ ਨੂੰਹ-ਧੀ ਨੂੰ ਵੀ ਇਹ ਗੁਰ ਸਿਖਾਓ। ਕਦੇ ਵੀ ਗੁਆਂਢੀਆਂ ਨੂੰ ਉਨ੍ਹਾਂ ਦੀਆਂ ਕਮੀਆਂ ਨਾ ਦੱਸੋ ਤੇ ਭਾਸ਼ਣ ਨਾ ਦਿਓ।
ਕਈ ਲੋਕ ਗੁਆਂਢੀਆਂ ਦੀ ਵੀ ਥਾਣੇ-ਕਚਹਿਰੀ ਵਿਚ ਝੂਠੀ ਸ਼ਿਕਾਇਤ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅਜਿਹਾ ਕਰਨ ਨਾਲ ਚੰਗਾ ਗੁਆਂਢੀ ਵੀ ਫਿਰ ਪਿੱਛੇ ਹਟ ਜਾਂਦਾ ਹੈ ਅਤੇ ਸਮਾਂ ਆਉਣ 'ਤੇ ਉਹ ਬਦਲਾ ਜ਼ਰੂਰ ਲੈਂਦਾ ਹੈ। ਇਸ ਲਈ ਗੁਆਂਢੀਆਂ ਨਾਲ ਪਾਣੀ ਜਾਂ ਧੂੰਏਂ ਜਾਂ ਹੋਰ ਬਹਾਨੇ ਪੰਗੇ ਲੈਣ ਵਾਲਿਆਂ ਨੂੰ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਚੰਗਾ ਤਾਂ ਇਹੋ ਹੋਵੇਗਾ ਕਿ ਗੁਆਂਢੀਆਂ ਨਾਲ ਲੜਾਈ-ਝਗੜੇ ਤੋਂ ਗੁਰੇਜ਼ ਕੀਤਾ ਜਾਵੇ ਅਤੇ ਗੁਆਂਢੀਆਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਿਲ ਹੋਇਆ ਜਾਵੇ। ਭਾਵੇਂ ਕਿ ਸ਼ਹਿਰਾਂ ਵਿਚ ਲੋਕ ਇਕ-ਦੂਜੇ ਨਾਲ ਘੱਟ ਹੀ ਮਿਲਵਰਤਣ ਰੱਖਦੇ ਹਨ ਪਰ ਗੁਆਂਢੀਆਂ ਨਾਲ ਜ਼ਰੂਰ ਰਸਮੀ ਹੈਲੋ-ਹਾਏ ਰੱਖਣੀ ਚਾਹੀਦੀ ਹੈ, ਤਾਂ ਕਿ ਸਮਾਂ ਆਉਣ 'ਤੇ ਦੋਵੇਂ ਗੁਆਂਢੀ ਇਕ-ਦੂਜੇ ਦੇ ਕੰਮ ਆ ਸਕਣ।
ਆਪਣੇ ਬੱਚਿਆਂ ਨੂੰ ਵੀ ਗੁਆਂਢੀਆਂ ਦੀ ਇੱਜ਼ਤ ਕਰਨਾ ਸਿਖਾਓ। ਬੱਚਿਆਂ ਸਾਹਮਣੇ ਗੁਆਂਢੀਆਂ ਦੀ ਕਦੇ ਵੀ ਬੁਰਾਈ ਨਾ ਕਰੋ। ਇਸ ਤਰ੍ਹਾਂ ਤੁਸੀਂ ਗੁਆਂਢ ਵਿਚ ਚੰਗੇ ਤੇ ਲੋੜ ਪੈਣ 'ਤੇ ਕੰਮ ਆਉਣ ਵਾਲੇ ਰਿਸ਼ਤੇ ਬਣਾ ਸਕਦੇ ਹੋ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ।
ਮੋਬਾ: 94638-19174

ਲਾਲ ਟਮਾਟਰ ਦੇ ਲਜ਼ੀਜ਼ ਪਕਵਾਨ

ਟਮਾਟਰ ਦਾ ਜੈਮ
ਸਮੱਗਰੀ : ਲਾਲ ਟਮਾਟਰ ਇਕ ਕਿੱਲੋ, ਖੰਡ 750 ਗ੍ਰਾਮ, ਸਿਟ੍ਰਿਕ ਐਸਿਡ ਜਾਂ ਨਿੰਬੂ ਅੱਧਾ ਕੱਪ।
ਵਿਧੀ : ਸਭ ਤੋਂ ਪਹਿਲਾਂ ਟਮਾਟਰ ਨੂੰ ਧੋ ਕੇ ਥੋੜ੍ਹਾ ਪਾਣੀ ਪਾ ਕੇ ਅੱਗ 'ਤੇ ਪਕਾਓ। ਇਸ ਤੋਂ ਬਾਅਦ ਉਸ ਦਾ ਰਸ ਕੱਢ ਕੇ ਛਾਣ ਲਓ। ਇਸ ਵਿਚ ਖੰਡ ਪਾ ਕੇ ਪਕਾਓ। ਜਦੋਂ ਅੱਧੇ ਤਾਰ ਦੀ ਚਾਸ਼ਣੀ ਤਿਆਰ ਹੋ ਜਾਵੇ ਤਾਂ ਉਸ ਵਿਚ ਸਿਟ੍ਰਿਕ ਐਸਿਡ ਜਾਂ ਨਿੰਬੂ ਦਾ ਰਸ ਪਾਓ। ਇਸ ਤੋਂ ਬਾਅਦ ਉਸ ਨੂੰ 3-4 ਮਿੰਟ ਹੋਰ ਪਕਾਓ। ਇਸ ਤੋਂ ਬਾਅਦ ਅੱਗ ਤੋਂ ਉਤਾਰ ਕੇ ਥੋੜ੍ਹਾ ਠੰਢਾ ਹੋਣ 'ਤੇ ਬੋਤਲ ਵਿਚ ਰੱਖ ਕੇ ਬੰਦ ਕਰ ਦਿਓ। ਇਸ ਤਰ੍ਹਾਂ ਟਮਾਟਰ ਦਾ ਜੈਮ ਤਿਆਰ ਹੈ। ਇੱਛਾ ਅਨੁਸਾਰ ਕੱਢੋ, ਖਾਓ ਅਤੇ ਖਵਾਓ।
ਟਮਾਟਰ ਦਾ ਕਾਕਟੇਲ
ਸਮੱਗਰੀ : 500 ਗ੍ਰਾਮ ਟਮਾਟਰ ਦਾ ਰਸ, ਕਾਲੀ ਮਿਰਚ ਥੋੜ੍ਹੀ ਜਿਹੀ, ਸਵਾਦ ਅਨੁਸਾਰ ਨਮਕ, 20-25 ਗ੍ਰਾਮ ਸਿਰਕਾ, 5-15 ਬੂੰਦਾਂ ਨਿੰਬੂ ਦਾ ਰਸ, ਵੱਡੀ ਇਲਾਇਚੀ 5 ਪੀਸ, ਇਕ ਚਮਚ ਸੁੱਕਾ ਜੀਰਾ, 6-7 ਦਾਣੇ ਲੌਂਗ ਅਤੇ ਇਕ ਛੋਟਾ ਚਮਚ ਲਾਲ ਮਿਰਚ ਪਾਊਡਰ।
ਵਿਧੀ : ਸਾਰੇ ਮਸਾਲਿਆਂ ਨੂੰ ਬਰੀਕ ਪੀਸ ਲਓ। ਹੁਣ ਟਮਾਟਰ ਦੇ ਰਸ ਵਿਚ ਮਸਾਲਾ ਪਾ ਕੇ 30 ਮਿੰਟ ਤੱਕ ਘੱਟ ਸੇਕ 'ਤੇ ਉਬਾਲ ਲਓ। ਇਸ ਤੋਂ ਬਾਅਦ ਇਸ ਵਿਚ ਨਿੰਬੂ ਅਤੇ ਸਿਰਕਾ ਮਿਲਾ ਕੇ ਰੱਖ ਲਓ। ਉੱਪਰੋਂ ਸਵਾਦ ਅਨੁਸਾਰ ਖੰਡ ਪਾ ਕੇ ਪਰੋਸੋ।


-ਪੂਨਮ ਦਿਨਕਰ

ਇਕੱਲੇਪਣ ਦੀ ਮੁਸ਼ਕਿਲ ਕਿਵੇਂ ਦੂਰ ਕਰੀਏ

* ਆਪਣੇ ਇਕੱਲੇਪਣ ਬਾਰੇ ਜ਼ਿਆਦਾ ਨਾ ਸੋਚੋ।
* ਆਪਣੇ ਮਿੱਤਰਾਂ ਦਾ ਦਾਇਰਾ ਵਧਾਓ।
* ਆਪਣੇ ਨੇੜਲੇ ਲੋਕਾਂ ਨਾਲ ਖੂਬ ਘੁਲੋ-ਮਿਲੋ ਅਤੇ ਉਨ੍ਹਾਂ ਨਾਲ ਖੂਬ ਹੱਸ-ਬੋਲ ਕੇ ਗੱਲਾਂ ਕਰੋ।
* ਆਪਣਾ ਮਨ ਅਖ਼ਬਾਰਾਂ-ਮੈਗਜ਼ੀਨ ਆਦਿ ਪੜ੍ਹਨ ਵਿਚ ਲਗਾਓ।
* ਟੀ. ਵੀ. ਆਦਿ ਦੇ ਪ੍ਰੋਗਰਾਮ ਦੇਖਣ ਵਿਚ ਵੀ ਆਪਣੀ ਦਿਲਚਸਪੀ ਬਣਾ ਕੇ ਰੱਖੋ।
* ਨਵੇਂ ਲੋਕਾਂ ਨਾਲ ਜਾਣ-ਪਛਾਣ ਵਧਾਓ। ਉਨ੍ਹਾਂ ਨਾਲ ਖੂਬ ਹੱਸੋ, ਬੋਲੋ।
* ਆਪਣੇ-ਆਪ ਨੂੰ ਘਰੇਲੂ ਕੰਮਾਂ ਵਿਚ ਰੁੱਝੇ ਰੱਖੋ। ਘਰੇਲੂ ਕੰਮ ਛੇਤੀ ਨਿਪਟ ਜਾਣ ਤਾਂ ਕਿਸੇ ਰਚਨਾਤਮਕ ਕੰਮ ਵਿਚ ਖੁਦ ਨੂੰ ਲਗਾਓ।
* ਖਾਲੀ ਸਮੇਂ ਵਿਚ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਨਾਲ ਫੋਨ 'ਤੇ ਗੱਲ ਕਰ ਲਓ।
* ਜਦੋਂ ਮਨ ਜ਼ਿਆਦਾ ਇਕੱਲਾਪਣ ਮਹਿਸੂਸ ਕਰ ਰਿਹਾ ਹੋਵੇ ਤਾਂ ਆਪਣੇ ਨੇੜ ਭਵਿੱਖ ਦੀ ਯੋਜਨਾਬੰਦੀ ਬਾਰੇ ਵਿਚਾਰ ਕਰਕੇ ਆਪਣਾ ਧਿਆਨ ਹਟਾਓ।
* ਜਦੋਂ ਵੀ ਇਕੱਲੇ ਹੋਵੋ, ਆਪਣੀਆਂ ਯਾਦਾਂ ਨੂੰ ਤਾਜ਼ਾ ਬਣਾਉਣ ਲਈ ਵਿਆਹ ਜਾਂ ਜਨਮ ਦਿਨ ਦੀ ਫੋਟੋ ਐਲਬਮ ਜਾਂ ਵੀਡੀਓ ਦੇਖੋ ਤਾਂ ਕਿ ਮਨ ਪੁਰਾਣੇ ਸਮੇਂ ਵਿਚ ਦੌੜ ਜਾਵੇ।
* ਜੇ ਛੋਟੇ ਬੱਚੇ ਹਨ ਤਾਂ ਉਨ੍ਹਾਂ ਦੇ ਨਾਲ ਆਪਣਾ ਸਮਾਂ ਬਿਤਾਓ। ਉਨ੍ਹਾਂ ਦੇ ਦੋਸਤ ਬਣ ਕੇ ਰਹੋ।
* ਆਪਣਾ ਇਕੱਲਾਪਣ ਦੂਰ ਕਰਨ ਲਈ ਬੂਟਿਆਂ ਦੇ ਨਾਲ ਵੀ ਸਮਾਂ ਬਿਤਾਇਆ ਜਾ ਸਕਦਾ ਹੈ। ਉਨ੍ਹਾਂ ਦੀ ਦੇਖ-ਰੇਖ ਵਿਚ ਵੀ ਤੁਹਾਡਾ ਸਮਾਂ ਚੰਗੀ ਤਰ੍ਹਾਂ ਬੀਤ ਜਾਵੇਗਾ।
* ਘਰ ਦੀ ਚਾਰਦੀਵਾਰੀ ਵਿਚ ਖੁਦ ਨੂੰ ਘੁੱਟਿਆ ਮਹਿਸੂਸ ਕਰੋ ਤਾਂ ਘਰੋਂ ਬਾਹਰ ਟਹਿਲਣ ਜਾਓ ਜਾਂ ਆਪਣੇ ਕਿਸੇ ਮਿੱਤਰ ਦੇ ਘਰ ਜਾ ਆਓ।
* ਇਕੱਲੇਪਣ ਨੂੰ ਦੂਰ ਕਰਨ ਲਈ ਖਰੀਦਦਾਰੀ ਕਰਨ ਚਲੇ ਜਾਓ, ਸਮੇਂ ਦਾ ਪਤਾ ਹੀ ਨਹੀਂ ਲੱਗੇਗਾ।
**

ਸ਼ਿਸ਼ਟਤਾ ਦਾ ਸ਼ੀਸ਼ਾ ਹਨ ਟੇਬਲ ਮੈਨਰਸ

* ਖਾਣਾ ਖਾਂਦੇ ਸਮੇਂ ਨੈਪਕਿਨ ਨੂੰ ਗਲੇ ਦੇ ਕੋਲ ਜਾਂ ਲੱਤਾਂ 'ਤੇ ਫੈਲਾ ਕੇ ਰੱਖੋ ਤਾਂ ਕਿ ਖਾਣੇ ਨਾਲ ਤੁਹਾਡੇ ਕੱਪੜੇ ਗੰਦੇ ਨਾ ਹੋਣ। ਬੱਚਿਆਂ ਨੂੰ ਨੈਪਕਿਨ ਗਲੇ 'ਤੇ ਫੈਲਾ ਕੇ ਖਾਣੇ ਦੀ ਆਦਤ ਪਾਓ।
* ਮੇਜ਼ 'ਤੇ ਰੱਖੇ ਹੋਏ ਖਾਣੇ ਨੂੰ ਆਰਾਮ ਨਾਲ ਆਪਣੀਆਂ ਪਲੇਟਾਂ ਵਿਚ ਪਾਓ। ਜੇ ਕੋਈ ਹੋਰ ਸਰਵਿੰਗ ਬਾਊਲ ਨਾਲ ਕੁਝ ਲੈ ਰਿਹਾ ਹੋਵੇ ਤਾਂ ਥੋੜ੍ਹੀ ਉਡੀਕ ਕਰੋ।
* ਖਾਣਾ ਪਲੇਟ ਵਿਚ ਓਨਾ ਹੀ ਪਾਓ, ਜਿੰਨਾ ਤੁਸੀਂ ਖ਼ਤਮ ਕਰ ਸਕਦੇ ਹੋ। ਜੂਠਾ ਖਾਣਾ ਨਾ ਛੱਡੋ। ਇਹ ਸ਼ਿਸ਼ਟਤਾ 'ਤੇ ਦਾਗ ਲਗਾਉਂਦਾ ਹੈ।
* ਰੋਟੀ ਨੂੰ ਛੋਟੀ ਪਲੇਟ ਵਿਚ ਰੱਖੋ। ਵੱਡੀ ਪਲੇਟ ਵਿਚ ਸਬਜ਼ੀ ਲਓ। ਦਹੀਂ ਵੱਖਰੀ ਕੌਲੀ ਵਿਚ ਹੀ ਲਓ।
* ਮੇਜ਼ 'ਤੇ ਖਾਣਾ ਖਾਂਦੇ ਸਮੇਂ ਉਂਗਲੀਆਂ ਨਾਲ, ਚਮਚ ਨਾਲ ਜਾਂ ਕਿਸੇ ਖਾਣੇ ਦੀ ਚੀਜ਼ ਨਾਲ ਨਾ ਖੇਡੋ, ਨਾ ਹੀ ਕੋਈ ਆਵਾਜ਼ ਪੈਦਾ ਕਰੋ।
* ਨੈਪਕਿਨ ਹੱਥ ਪੂੰਝਣ ਲਈ ਹੀ ਵਰਤੋਂ ਵਿਚ ਲਿਆਓ। ਉਸ ਨੂੰ ਨੱਕ ਜਾਂ ਪਸੀਨਾ ਪੂੰਝਣ ਲਈ ਨਾ ਵਰਤੋ।
* ਗਰਮ ਖਾਣੇ ਨੂੰ ਫੂਕ ਮਾਰ ਕੇ ਠੰਢਾ ਨਾ ਕਰੋ। ਉਹ ਮੇਜ਼ 'ਤੇ ਫੈਲ ਸਕਦਾ ਹੈ। ਠੰਢਾ ਹੋਣ ਦੀ ਉਡੀਕ ਕਰੋ।
* ਮਹਿਮਾਨਾਂ ਨੂੰ ਖਾਣੇ ਲਈ ਮਜਬੂਰ ਨਾ ਕਰੋ, ਕਿਉਂਕਿ ਇਹ ਸ਼ਿਸ਼ਟਾਚਾਰ ਦੇ ਵਿਰੁੱਧ ਹੁੰਦਾ ਹੈ।
* ਮੇਜ਼ਬਾਨ ਨੂੰ ਕਦੇ ਵੀ ਆਪਣੇ ਖਾਣੇ ਦੀ ਖੁਦ ਤਾਰੀਫ ਜਾਂ ਆਲੋਚਨਾ ਨਹੀਂ ਕਰਨੀ ਚਾਹੀਦੀ।
* ਖਾਣਾ ਖਾਂਦੇ ਸਮੇਂ ਹਲਕਾ-ਫੁਲਕਾ ਹਾਸਾ-ਮਜ਼ਾਕ ਭਰਿਆ ਵਾਤਾਵਰਨ ਬਣਾਈ ਰੱਖੋ। ਕਿਸੇ ਦੀ ਖਿਚਾਈ ਨਾ ਕਰੋ, ਨਾ ਹੀ ਗੰਭੀਰ ਵਿਸ਼ਿਆਂ 'ਤੇ ਚਰਚਾ ਕਰੋ।
* ਬਜ਼ੁਰਗਾਂ ਦੀ ਸਰਵ ਕਰਨ ਵਿਚ ਮਦਦ ਕਰੋ ਜਾਂ ਜੋ ਥੋੜ੍ਹਾ ਸਰਵਿੰਗ ਬਾਊਲ ਤੋਂ ਦੂਰ ਬੈਠਾ ਹੈ, ਉਸ ਦੀ ਮਦਦ ਕਰੋ।
* ਖਾਣੇ ਵਾਲੀ ਮੇਜ਼ 'ਤੇ ਦੰਦ ਆਦਿ ਸਾਫ਼ ਨਾ ਕਰੋ। ਜੇ ਦੰਦਾਂ ਵਿਚ ਕੁਝ ਫਸ ਜਾਂਦਾ ਹੈ ਤਾਂ ਅਜਿਹੀ ਹਾਲਤ ਵਿਚ ਆਪਣੇ ਇਕ ਹੱਥ ਨਾਲ ਢਕ ਕੇ ਕਰੋ।
* ਜਿਥੇ ਨੌਕਰ ਆਦਿ ਨਾ ਹੋਣ, ਪਲੇਟਾਂ ਖੁਦ ਲੈ ਕੇ ਖਾਣੇ ਦਾ ਸਾਮਾਨ ਪਾਓ।
* ਮਾਸਾਹਾਰੀ ਭੋਜਨ ਖਾਂਦੇ ਸਮੇਂ ਹੱਡੀਆਂ, ਕੰਡੇ ਧਿਆਨ ਨਾਲ ਕੱਢ ਕੇ ਖਾਲੀ ਅਲੱਗ ਪਲੇਟ ਵਿਚ ਰੱਖੋ। ਜੇ ਕੋਈ ਪਲੇਟ ਨਾ ਰੱਖੀ ਹੋਵੇ ਤਾਂ ਇਕ ਪਾਸੇ ਆਪਣੀ ਪਲੇਟ ਵਿਚ ਹੀ ਰੱਖੋ, ਮੇਜ਼ 'ਤੇ ਨਾ ਰੱਖੋ।
* ਫੋਰਕ ਅਤੇ ਨਾਈਫ ਦੀ ਸਹੀ ਵਰਤੋਂ ਕਰੋ। ਨਾਈਫ ਨਾਲ ਕੱਟੋ ਅਤੇ ਫੋਰਕ ਨਾਲ ਖਾਓ। ਜੇ ਸਹੀ ਰੂਪ ਨਾਲ ਵਰਤਣਾ ਨਾ ਆਉਂਦਾ ਹੋਵੇ ਤਾਂ ਨਾ ਵਰਤੋ। ਕਿਸੇ ਨੂੰ ਮਜ਼ਾਕ ਉਡਾਉਣ ਦਾ ਮੌਕਾ ਨਾ ਦਿਓ।
ਇਸ ਤਰ੍ਹਾਂ ਖਾਣੇ ਵਾਲੀ ਮੇਜ਼ 'ਤੇ ਟੇਬਲ ਮੈਨਰਜ਼ ਦਾ ਧਿਆਨ ਰੱਖਣਾ ਸ਼ਿਸ਼ਟਤਾ ਦੀ ਪਛਾਣ ਹੁੰਦਾ ਹੈ।


-ਸੁਨੀਤਾ ਗਾਬਾ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX