ਤਾਜਾ ਖ਼ਬਰਾਂ


ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  6 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  34 minutes ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  34 minutes ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  48 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  58 minutes ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 2 hours ago
ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)- ਥਾਣਾ ਹਰੀਕੇ ਪੱਤਣ ਪੁਲਿਸ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਪੋਕਲੇਨ ਮਸ਼ੀਨਾਂ ਅਤੇ 5 ਘੋੜੇ ਟਰਾਲੇ...
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 2 hours ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪਤਝੜ ਰੁੱਤ ਦੇ ਕਮਾਦ ਵਿਚ ਅੰਤਰ ਫ਼ਸਲਾਂ ਦੀ ਕਾਸ਼ਤ

ਕਿਸਮਾਂ ਦੀ ਚੋਣ (ਗੰਨਾ): ਪਤਝੜ ਰੁੱਤ ਦੇ ਗੰਨੇ ਦੀ ਕਾਸ਼ਤ ਲਈ ਕੇਵਲ ਅਗੇਤੀਆਂ ਕਿਸਮਾਂ ਸੀ ਓ ਪੀ ਬੀ 92, ਸੀ ਓ 118, ਸੀ ਓ ਜੇ 85 ਅਤੇ ਸੀ ਓ ਜੇ 64 ਦੀ ਸਿਫਾਰਸ਼ ਕੀਤੀ ਗਈ ਹੈ।
ਬੀਜ ਦੀ ਚੋਣ ਅਤੇ ਮਾਤਰਾ: ਬੀਜ ਲਈ ਵਰਤਿਆ ਜਾਣ ਵਾਲਾ ਗੰਨਾ ਹਮੇਸ਼ਾ ਰੱਤਾ ਰੋਗ, ਛੋਟੀਆਂ ਪੋਰੀਆਂ ਅਤੇ ਕਾਂਗਿਆਰੀ ਆਦਿ ਰੋਗਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਬਿਜਾਈ ਲਈ ਹਮੇਸ਼ਾ ਗੰਨੇ ਦਾ ਉਪਰਲਾ ਦੋ ਤਿਹਾਈ ਭਾਗ ਹੀ ਵਰਤੋ। ਇਕ ਏਕੜ ਦੀ ਬਿਜਾਈ ਵਾਸਤੇ ਤਿੰਨ ਅੱਖਾਂ ਵਾਲੇ 20000, ਚਾਰ ਅੱਖਾਂ ਵਾਲੇ 15000, ਜੋ ਕਿ ਔਸਤਨ 30-35 ਕੁਇੰਟਲ ਬੀਜ ਬਣਦਾ ਹੈ। ਪ੍ਰੰਤੂ ਸੀ ਓ 118 ਅਤੇ ਸੀ ਓ ਜੇ 85 ਕਿਸਮ ਦੀ ਬਿਜਾਈ ਲਈ 10 ਪ੍ਰਤੀਸ਼ਤ ਵਧ ਬੀਜ ਦੀ ਵਰਤੋਂ ਕਰੋ।
ਬੀਜ ਦੀ ਸੋਧ: ਫ਼ਸਲ ਦਾ ਚੰਗਾ ਜੰਮ ਲੈਣ ਲਈ ਬਰੋਟਿਆਂ ਨੂੰ 24 ਘੰਟੇ ਪਾਣੀ ਵਿਚ ਡੁਬੋ ਕੇ ਰੱਖਣ ਉਪਰੰਤ ਬਿਜਾਈ ਕਰੋ। ਸਿਉਂਕ ਦੇ ਬਚਾਅ ਲਈ 45 ਮਿਲੀਲਿਟਰ ਇਮਿਡਾਗੋਲਡ 17.8 ਐਸ ਐਲ ਪ੍ਰਤੀ ਏਕੜ ਨੂੰ 400 ਲਿਟਰ ਵਿਚ ਘੋਲ ਕੇ ਸਿਆੜਾਂ ਵਿਚ ਬਰੋਟਿਆਂ ਉਤੇ ਫੁਹਾਰੇ ਨਾਲ ਪਾਉਣ ਨਾਲ ਸਿਉਂਕ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ।
ਬਿਜਾਈ ਦਾ ਸਮਾਂ: ਪਤਝੜ ਰੁੱਤ ਦੇ ਕਮਾਦ ਲਈ ਬਿਜਾਈ ਦਾ ਢੁਕਵਾਂ ਸਮਾਂ 20 ਸਤੰਬਰ ਤੋਂ 20 ਅਕਤੂਬਰ ਤੱਕ ਦਾ ਹੈ।
ਡੂੰਘੀ-ਵਹਾਈ: ਕਮਾਦ ਦੀ ਬਿਜਾਈ ਵਾਲੇ ਖੇਤ ਨੂੰ ਤਿੰਨ ਤੋਂ ਚਾਰ ਸਾਲ ਦੇ ਵਕਫੇ ਤੋਂ ਬਾਅਦ ਇਕ ਮੀਟਰ ਦੀ ਦੂਰੀ 'ਤੇ ਦੋ ਤਰਫਾ 40-45 ਸੈਂਟੀਮੀਟਰ ਡੂੰਘੀ ਵਹਾਈ ਕਰਨ ਨਾਲ ਜ਼ਮੀਨ ਦੇ ਹੇਠ ਬਣੀ ਸਖ਼ਤ ਤਹਿ ਟੁੱਟ ਜਾਂਦੀ ਹੈ, ਜੋ ਕਿ ਜ਼ਮੀਨ ਦੀ ਪਾਣੀ ਜ਼ੀਰਨ ਦੀ ਸ਼ਕਤੀ ਅਤੇ ਗੰਨੇ ਦੀ ਜੜ੍ਹ ਦੇ ਵਾਧੇ ਵਿਚ ਸਹਾਈ ਹੁੰਦੀ ਹੈ।
ਬਿਜਾਈ ਦਾ ਢੰਗ:-ਕਮਾਦ ਦੀ ਬਿਜਾਈ ਹੇਠ ਲਿਖੇ ਢੰਗਾਂ ਅਨੁਸਾਰ ਕੀਤੀ ਜਾ ਸਕਦੀ ਹੈ।
ਖਾਲ਼ੀ/ਪੱਧਰੀ ਬਿਜਾਈ: ਕਮਾਦ ਦੀ ਬਿਜਾਈ 90 ਸੈਂਟੀਮੀਟਰ ਦੀ ਵਿੱਥ 'ਤੇ ਕਤਾਰਾਂ ਵਿਚ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ ਵਿਚ ਕੀਤੀ ਜਾ ਸਕਦੀ ਹੈ। ਬਰੋਟਿਆਂ ਨੂੰ ਜ਼ਮੀਨ 'ਤੇ ਰੱਖਣ ਉਪਰੰਤ 5 ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢਕ ਦਿਓ। ਜੇਕਰ ਕਮਾਦ ਦੀ ਕਟਾਈ ਮਸ਼ੀਨ ਨਾਲ ਕਰਨੀ ਹੋਵੇ ਤਾਂ ਖਾਲ਼ੀਆਂ ਵਿਚਕਾਰਲਾ ਫਾਸਲਾ 4 ਫੁੱਟ ਤੱਕ ਵੀ ਵਧਾਇਆ ਜਾ ਸਕਦਾ ਹੈ।
ਖਾਦਾਂ ਦੀ ਮਾਤਰਾ ਅਤੇ ਪਾਉਣ ਦਾ ਸਮਾਂ: ਪਤਝੜ ਦੇ ਕਮਾਦ ਲਈ 90 ਕਿਲੋਗ੍ਰਾਮ ਨਾਈਟਰੋਜਨ ਖਾਦ ਪ੍ਰਤੀ ਏਕੜ ਦੀ ਵਰਤੋਂ ਕਰੋ। ਇਸ ਵਾਸਤੇ 130 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਕਿਸ਼ਤਾਂ ਵਿਚ ਕ੍ਰਮਵਾਰ ਇਕ ਤਿਹਾਈ ਬਿਜਾਈ ਸਮੇਂ, ਇਕ ਤਿਹਾਈ ਅਖ਼ੀਰ ਮਾਰਚ ਅਤੇ ਇਕ ਤਿਹਾਈ ਅਖੀਰ ਅਪ੍ਰੈਲ ਦੌਰਾਨ ਪਾਓ।
ਅੰਤਰ ਫ਼ਸਲਾਂ ਦੀ ਕਾਸ਼ਤ: ਪਤਝੜ ਗੰਨੇ ਦੀ ਫ਼ਸਲ ਵਿਚ ਅਨਾਜ, ਤੇਲ ਬੀਜ ਅਤੇ ਸਰਦੀਆਂ ਦੀ ਸਬਜ਼ੀਆਂ ਦੀ ਕਾਸ਼ਤ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ।
ਅਨਾਜ: ਕਣਕ:- ਗੰਨੇ ਵਿਚ ਕਣਕ ਦੀ ਸਿਫ਼ਾਰਸ਼ ਕੀਤੀ ਹੋਈ ਕੋਈ ਵੀ ਕਿਸਮ ਪੈਦਾ ਕੀਤੀ ਜਾ ਸਕਦੀ ਹੈ। ਗੰਨੇ ਦੀਆਂ ਦੋ ਕਤਾਰਾਂ ਵਿਚ 20 ਸੈਂਟੀਮੀਟਰ ਦੇ ਫ਼ਾਸਲੇ 'ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾ ਸਕਦੀਆਂ ਹਨ। ਇਕ ਏਕੜ ਦੀ ਬਿਜਾਈ ਲਈ 16 ਕਿਲੋਗ੍ਰਾਮ ਬੀਜ ਕਾਫੀ ਹੈ। ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਅਖੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਦਾ ਹੈ। ਕਣਕ ਦੀ ਅੰਤਰ ਫ਼ਸਲ ਲਈ 25 ਕਿਲੋ ਨਾਈਟ੍ਰੋਜਨ (54 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸੁਪਰ ਫਾਸਫੇਟ) ਪਾਓ। ਜੇ ਕਰ ਜ਼ਮੀਨ ਵਿਚ ਪੋਟਾਸ਼ੀਅਮ ਦੀ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦ ਬਿਜਾਈ ਵੇਲੇ ਅਤੇ ਨਾਈਟ੍ਰੋਜਨ ਖਾਦ ਦੋ ਬਰਾਬਰ ਕਿਸ਼ਤਾਂ ਵਿਚ, ਪਹਿਲੇ ਪਾਣੀ ਅਤੇ ਦੂਜੇ ਪਾਣੀ ਦੌਰਾਨ ਪਾਓ।
ਤੇਲ ਬੀਜ ਫ਼ਸਲਾਂ: ਰਾਇਆ:-ਗੰਨੇ ਦੀਆਂ ਦੋ ਕਤਾਰਾਂ ਵਿਚ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਰਾਏ ਦੀਆਂ ਦੋ ਕਤਾਰਾਂ ਲਗਾਈਆਂ ਜਾ ਸਕਦੀਆਂ ਹਨ। ਇਕ ਏਕੜ ਦੀ ਬਿਜਾਈ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ ਦਾ ਇਕ ਕਿਲੋ ਬੀਜ ਕਾਫੀ ਹੈ। ਰਾਏ ਦੀ ਬਿਜਾਈ ਪੂਰੇ ਅਕਤੂਬਰ ਮਹੀਨੇ ਦੌਰਾਨ ਕੀਤੀ ਜਾ ਸਕਦੀ ਹੈ। ਰਾਏ ਦੀ ਫ਼ਸਲ ਨੂੰ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸੁਪਰ ਫਾਸਫੇਟ) ਪਾਓ। ਫਾਸਫੋਰਸ ਖਾਦ ਬਿਜਾਈ ਸਮੇਂ ਪਾਓ ਅਤੇ ਨਾਈਟ੍ਰੋਜਨ ਖਾਦ ਦੋ ਬਰਾਬਰ ਕਿਸ਼ਤਾਂ, ਪਹਿਲੀ ਬਿਜਾਈ ਸਮੇਂ ਅਤੇ ਦੂਸਰੀ ਪਹਿਲੇ ਪਾਣੀ ਨਾਲ ਪਾਓ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਖੇਤਰੀ ਖੋਜ ਕੇਂਦਰ, ਕਪੂਰਥਲਾ।
ਮੋਬਾਈਲ : 94643-82711


ਖ਼ਬਰ ਸ਼ੇਅਰ ਕਰੋ

ਝੋਨੇ ਦੀ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ 'ਤੇ ਸਮੇਂ ਸਿਰ ਕਾਬੂ ਪਾਓ

ਪੰਜਾਬ ਵਿਚ ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ, ਜਿਸ ਹੇਠ ਸਾਲ 2017-18 ਦੌਰਾਨ 30.65 ਲੱਖ ਹੈਕਟੇਅਰ ਰਕਬਾ ਸੀ। ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ ਝੋਨੇ ਦੀਆਂ ਅਜਿਹੀਆਂ ਦੋ ਪ੍ਰਮੁੱਖ ਬਿਮਾਰੀਆਂ ਹਨ, ਜੋ ਇਸ ਦੇ ਝਾੜ ਅਤੇ ਮਿਆਰ ਨੂੰ ਕਾਫੀ ਪ੍ਰਭਾਵਿਤ ਕਰਦੀਆਂ ਹਨ ਅਤੇ ਕਿਸਾਨ ਵੀਰਾਂ ਲਈ ਚਿੰਤਾ ਦਾ ਵਿਸ਼ਾ ਹਨ। ਇਹ ਬਿਮਾਰੀਆਂ ਔਸਤਨ ਝਾੜ ਅਤੇ ਗੁਣਵੱਤਾ ਨੂੰ 8-10 ਪ੍ਰਤੀਸ਼ਤ ਤੱਕ ਨੁਕਸਾਨ ਕਰ ਸਕਦੀਆਂ ਹਨ ਜਦਕਿ ਅਨੁਕੂਲ ਹਾਲਾਤਾਂ ਦੌਰਾਨ ਇਹ ਨੁਕਸਾਨ 50 ਪ੍ਰਤੀਸ਼ਤ ਤੱਕ ਵੀ ਪਹੁੰਚ ਸਕਦਾ ਹੈ। ਪਹਿਲਾਂ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ ਝੋਨੇ ਦੀਆਂ ਨਾਮਾਤਰ ਬਿਮਾਰੀਆਂ ਹੀ ਸਨ ਪਰ ਅੱਜਕੱਲ੍ਹ ਇਹ ਝੋਨੇ ਦੀਆਂ ਅਹਿਮ ਬਿਮਾਰੀਆਂ ਬਣ ਗਈਆਂ ਹਨ। ਕਿਸਾਨਾਂ ਵਲੋਂ ਝੋਨੇ ਵਿਚ ਨਾਈਟ੍ਰੋਜਨ ਖਾਦ ਦੀ ਵਧੇਰੇ ਵਰਤੋਂ, ਗੈਰ-ਸਿਫ਼ਾਰਿਸ਼ੀ ਕਿਸਮਾਂ ਦੀ ਕਾਸ਼ਤ ਅਤੇ ਬੇਮੌਸਮੀ ਬਾਰਿਸ਼ਾਂ ਹੋਣ ਕਾਰਨ ਪਿਛਲੇ ਸਾਲਾਂ ਦੌਰਾਨ ਦੋਵਾਂ ਬਿਮਾਰੀਆਂ ਦੀ ਤੀਬਰਤਾ ਵਿਚ ਵਾਧਾ ਹੋਇਆ ਹੈ। ਝੂਠੀ ਕਾਂਗਿਆਰੀ ਦੇ ਹਮਲੇ ਨਾਲ ਝੋਨੇ ਦੇ ਝਾੜ ਘਟਣ ਤੋਂ ਇਲਾਵਾ ਇਸ ਦੇ ਉਤਪਾਦਨ ਦੀ ਗੁਣਵੱਤਾ ਵੀ ਖਰਾਬ ਹੁੰਦੀ ਹੈ, ਜਿਸ ਕਰਕੇ ਇਸ ਦਾ ਮੰਡੀ ਵਿਚ ਘੱਟ ਰੇਟ ਮਿਲਦਾ ਹੈ। ਪਿਛਲ਼ੇ ਸਾਲ (2017-18) ਦੌਰਾਨ ਪੰਜਾਬ ਵਿਚ ਝੂਠੀ ਕਾਂਗਿਆਰੀ ਦੀ ਤੀਬਰਤਾ ਬਹੁਤ ਘੱਟ ਸੀ. ਜਦਕਿ ਕੁਝ ਥਾਵਾਂ 'ਤੇ ਫ਼ਸਲ ਦੀ ਗੋਭ ਸਥਿਤੀ ਤੋਂ ਨਿਸਰਣ ਸਮੇਂ ਤੱਕ ਮੀਂਹ ਪੈਂਦੇ ਰਹੇ ਅਤੇ ਨੀਵੇਂ ਖੇਤਾਂ ਵਿਚ ਜਿੱਥੇ ਪਾਣੀ ਖੜ੍ਹਾ ਰਿਹਾ ਸੀ, ਉੱਥੇੇ ਇਸ ਦੀ ਤੀਬਰਤਾ ਜ਼ਿਆਦਾ ਵੇਖਣ ਨੂੰ ਮਿਲੀ।
ਸ਼ੀਥ ਬਲਾਈਟ
ਸ਼ੀਥ ਬਲਾਈਟ ਇਕ ਉੱਲੀ ਦੀ ਬਿਮਾਰੀ ਹੈ, ਜੋ ਝੋਨੇ ਅਤੇ ਬਾਸਮਤੀ ਦੋਵਾਂ ਉਪਰ ਆਉਂਦੀ ਹੈ। ਆਮ ਤੌਰ 'ਤੇ ਇਹ ਬਿਮਾਰੀ ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਜਦੋਂ ਫ਼ਸਲ ਗੋਭ ਵਿਚ ਹੋਵੇ, ਉਦੋਂ ਨਜ਼ਰ ਆਉੇਂਦੀ ਹੈ। ਇਹ ਬਿਮਾਰੀ ਦੀ ਉਲੀ ਮਿੱਟੀ ਵਿਚ ਗੂੜੇ ਭੂਰੇ ਰੰਗ ਦੀਆਂ ਮਘਰੌੜੀਆ (ਸੈਕਲੈਰੋਸ਼ੀਆ) ਰਾਹੀਂ ਪ੍ਰਵੇਸ਼ ਕਰਦੀ ਹੈ, ਜੋ ਇਕ ਮੌਸਮ ਤੋਂ ਦੂਜੇ ਤੱਕ ਜਿਊਂਦੀ ਰਹਿੰਦੀ ਹੈ ਅਤੇ ਬਿਮਾਰੀ ਦੀ ਸ਼ੁਰੂਆਤ ਦਾ ਮੁਢਲਾ ਸੋਮਾ ਬਣਦੀ ਹੈ। ਇਸ ਤੋਂ ਬਿਨ੍ਹਾਂ ਬਹੁਤ ਸਾਰੇ ਨਦੀਨਾਂ ਜਿਵੇਂ ਖੱਬਲ ਘਾਹ, ਮੋਥਾ, ਸਵਾਂਕ ਆਦਿ ਉੱਤੇ ਵੀ ਇਹ ਬਿਮਾਰੀ ਪਲਦੀ ਰਹਿੰਦੀ ਹੈ। ਜੇਕਰ ਇਹ ਬਿਮਾਰੀ ਇਕ ਵਾਰ ਖੇਤ ਵਿਚ ਆ ਜਾਵੇ ਤਾਂ ਉਸ ਖੇਤ ਵਿਚ ਸਾਲ ਦਰ ਸਾਲ ਇਸ ਬਿਮਾਰੀ ਦਾ ਹਮਲਾ ਵਧਦਾ ਜਾਂਦਾ ਹੈ ਅਤੇ ਇਸ ਦੀ ਤੀਬਰਤਾ ਵੱਖ-ਵੱਖ ਕਿਸਮਾਂ 'ਤੇ ਮੌਸਮੀ ਹਾਲਾਤਾਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ।
ਇਸ ਬਿਮਾਰੀ ਦੇ ਸ਼ੁਰੂਆਤੀ ਹਮਲੇ ਨਾਲ ਬੂਟਿਆਂ 'ਤੇ ਲੰਬੂਤਰੇ ਹਰੇ ਧੱਬੇ ਪਾਣੀ ਦੇ ਪੱਧਰ ਤੋਂ ਉੱਪਰ ਪੱਤੇ ਦੀ ਸ਼ੀਥ 'ਤੇ ਪੈ ਜਾਂਦੇ ਹਨ, ਜਿਹੜੇ ਕਿਨਾਰਿਆਂ ਤੋਂ ਜਾਮਣੀ ਨਜ਼ਰ ਆਉਂਦੇ ਹਨ। ਇਹ ਧੱਬੇ ਉੱਪਰ ਵੱਲ ਨੂੰ ਵੱਧ ਜਾਂਦੇ ਹਨ ਅਤੇ ਅਨੁਕੂਲ ਮੌਸਮੀ ਹਾਲਾਤਾਂ ਵਿਚ ਇਕ-ਦੂਜੇ ਨਾਲ ਮਿਲ ਕੇ ਤਣੇ ਦੁਆਲੇ ਸਾਰੀ ਸ਼ੀਥ 'ਤੇ ਫੈਲ ਜਾਂਦੇ ਹਨ। ਇਸ ਬਿਮਾਰੀ ਦਾ ਅਸਰ ਫ਼ਸਲ ਦੇੇ ਗੋਭ ਤੋਂ ਲੈ ਕੇ ਸਿੱਟੇ ਨਿਕਲਣ ਤੱਕ ਜ਼ਿਆਦਾ ਹੁੰਦਾ ਹੈ ਅਤੇ ਅਨੁਕੂਲ ਹਾਲਤਾਂ ਵਿਚ ਇਹ ਸਾਰੇ ਪੱਤਿਆਂ 'ਤੇ ਫੈਲ ਜਾਂਦੀ ਹੈ। ਬਿਮਾਰੀ ਨਾਲ ਪ੍ਰਭਾਵਿਤ ਬੂਟੇ ਕਮਜ਼ੋਰ ਪੈ ਕੇ ਡਿੱਗ ਪੈਂਦੇ ਹਨ, ਜਿਸ ਦੇ ਨਤੀਜੇ ਵਜੋਂ ਦਾਣੇ ਘੱਟ ਬਣਦੇ ਹਨ । ਇਹ ਬਿਮਾਰੀ ਦੀ ਉਲੀ ਪ੍ਰਭਾਵਿਤ ਬੂਟੇ ਤੋਂ ਨਾਲ ਲੱਗਦੇੇ ਦੂਜੇ ਬੂਟੇ 'ਤੇ ਚਲੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਪਾਣੀ ਰਾਹੀਂ ਹੋਰ ਬੂਟਿਆਂ 'ਤੇ ਫੈਲ ਜਾਂਦੀ ਹੈ। ਬਿਮਾਰੀ ਦਾ ਹਮਲਾ ਜ਼ਿਆਦਾਤਰ ਖੇਤ ਦੇ ਬਾਹਰਲੇ ਪਾਸਿਆਂ ਅਤੇ ਖੂੰਜਿਆਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਖੇਤ ਦੀ ਤਿਆਰੀ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂੰਹਦ ਹਵਾ ਰਾਹੀਂ ਇਕੱਠੀ ਹੋ ਜਾਂਦੀ ਹੈ।
ਰੋਕਥਾਮ
ਬਿਮਾਰੀ ਦੀ ਰੋਕਥਾਮ ਲਈ ਹੇਠ ਲਿਖੇ ਸਰਬਪੱਖੀ ਢੰਗ ਅਪਣਾਓ:
* ਖੇਤ ਵਿਚ ਅਤੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਓ। ਖੇਤ ਦੀਆਂ ਵੱਟਾਂ ਤੋਂ ਖੱਬਲ ਘਾਹ ਅਤੇ ਹੋਰ ਨਦੀਨ ਸਾਫ ਕਰੋ, ਜਿਨ੍ਹਾਂ 'ਤੇ ਸਾਰਾ ਸਾਲ ਇਸ ਬਿਮਾਰੀ ਦੀ ਉੱਲੀ ਵੱਧਦੀ-ਫੁੱਲਦੀ ਰਹਿੰਦੀ ਹੈ।
* ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਬੂਟੇੇ ਨੂੰ ਬਿਮਾਰੀ ਦੀ ਲਾਗ ਲਈ ਅਨੁਕੂਲ ਬਣਾਉਂਦੀ ਹੈ। ਫ਼ਸਲ ਨੂੰ ਸੰਤੁਲਿਤ ਅਤੇ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
* ਪਨੀਰੀ ਲਾਉਣ ਤੋਂ 50-60 ਦਿਨਾਂ ਬਾਅਦ ਫ਼ਸਲ ਦੀ ਗੋਭ ਸਥਿਤੀ ਵੇਲੇ ਆਪਣੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਜੇਕਰ ਫ਼ਸਲ ਦੀ ਗੋਭ ਦੀ ਸਥਿਤੀ ਵੇਲੇੇ ਬਿਮਾਰੀ ਦੀਆਂ ਨਿਸ਼ਾਨੀਆਂ ਦਿੱਸਣ ਤਾਂ ਉਸੇ ਵਕਤ 80 ਗ੍ਰਾਮ ਨਟੀਵੋ ਜਾਂ 200 ਮਿ.ਲਿ. ਐਮੀਸਟਾਰ ਟੋਪ 325 ਤਾਕਤ /ਫੋਲੀਕਰ 25 ਤਾਕਤ /ਟਿਲਟ 25 ਤਾਕਤ/ ਮੋਨਸਰਨ 250 ਤਾਕਤ ਨੂੰ 200 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ 'ਤੇ ਦੁਬਾਰਾ ਫਿਰ 15 ਦਿਨਾਂ ਦੇ ਵਕਫੇ 'ਤੇ ਹੋਰ ਛਿੜਕਾਅ ਦੁਹਰਾਓ। ਉੱਲੀਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਅਤੇ ਬਿਮਾਰੀ ਦੀ ਰੋਕਥਾਮ ਯਕੀਨੀ ਬਣਾਉਣ ਲਈ ਹਮੇਸ਼ਾ ਛਿੜਕਾਅ ਦਾ ਰੁੱਖ ਬੂਟਿਆਂ ਦੇ ਮੁੱਢਾਂ ਵੱਲ ਕਰੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪੌਦਾ ਰੋਗ ਵਿਭਾਗ, ਮੋਬਾ : 94637-47280

ਆਈ. ਸੀ. ਏ. ਆਰ. ਵਲੋਂ ਕਣਕ ਦੀਆਂ ਦੋ ਨਵੀਆਂ ਕਿਸਮਾਂ

ਭਾਵੇਂ ਅਜੇ ਝੋਨੇ ਅਤੇ ਬਾਸਮਤੀ ਕਿਸਮਾਂ ਦੀ ਫ਼ਸਲ ਦੀ ਵਾਢੀ ਸ਼ੁਰੂ ਹੋਣ ਵਿਚ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਪਿਆ ਹੈ, ਕਿਸਾਨ ਹੁਣੇ ਤੋਂ ਕਣਕ ਦੀ ਕਾਸ਼ਤ ਸਬੰਧੀ ਯੋਜਨਾਬੰਦੀ ਕਰ ਰਹੇ ਹਨ। ਉਹ ਤਸਵੀਸ਼ 'ਚ ਹਨ ਕਿ ਕਣਕ ਦੀ ਕਿਹੜੀ ਕਿਸਮ ਬੀਜੀ ਜਾਵੇ। ਪਿਛਲੇ ਸਾਲਾਂ ਦੌਰਾਨ ਆਮ ਕਿਸਾਨ ਐਚ. ਡੀ.-2967 ਤੇ ਐਚ. ਡੀ.-3086 ਕਿਸਮਾਂ ਬੀਜਦੇ ਰਹੇ ਹਨ। ਅਗਾਂਹਵਧੂ ਕਿਸਾਨਾਂ ਦਾ ਝੁਕਾਅ ਨਵੀਂਆਂ ਕਿਸਮਾਂ ਦੇ ਬੀਜਾਂ ਦੀ ਕਾਸ਼ਤ ਕਰਨ ਲਈ ਹੈ। ਭਾਵੇਂ ਇਹ ਨਵੀਆਂ ਕਿਸਮਾਂ ਉਹ ਥੋੜ੍ਹੇ ਰਕਬੇ 'ਤੇ ਹੀ ਬੀਜ ਸਕਣ। ਇਨ੍ਹਾਂ ਵਿਚੋਂ ਕੁਝ ਕਿਸਾਨਾਂ ਨੇ ਨਵੀਆਂ ਕਿਸਮਾਂ ਦੇ ਬੀਜ ਉਗਾ ਕੇ ਵਪਾਰ ਦਾ ਧੰਦਾ ਵੀ ਅਪਣਾਇਆ ਹੋਇਆ ਹੈ। ਗੁਣਵੱਤਾ ਵਾਲੇ ਵਧੀਆ ਬੀਜ ਵਿਸ਼ੇਸ਼ ਕਰ ਕੇ ਨਵੀਆਂ ਫ਼ਸਲਾਂ ਦੇ ਕਿਸਾਨ ਮੇਲਿਆਂ ਵਿਚ ਹੀ ਉਪੱਲਬਧ ਹੁੰਦੇ ਹਨ। ਇਹ ਕਿਸਾਨ ਮੇਲਿਆਂ ਦਾ ਮਹੀਨਾ ਹੈ। ਪੰਜਾਬ ਖੇਤੀ ਯੂਨੀਵਰਸਿਟੀ (ਪੀ. ਏ. ਯੂ.) ਦਾ ਮੇਲਾ ਲੁਧਿਆਣਾ ਵਿਖੇ 20- 21 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਆਪਣੇ ਰੱਖੜਾ ਕੈਂਪਸ ਤੇ 17 ਸਤੰਬਰ ਨੂੰ ਕਿਸਾਨ ਮੇਲਾ ਲਗਾ ਰਹੀ ਹੈ। ਇਸ ਤੋਂ ਇਲਾਵਾ ਪੀ. ਏ.ਯੂ. ਵਲੋਂ ਅੰਮ੍ਰਿਤਸਰ ਤੇ ਬੱਲੋਵਾਲ ਸੌਂਖੜੀ 10 ਸਤੰਬਰ ਨੂੰ, ਗੁਰਦਾਸਪੁਰ ਤੇ ਫਰੀਦਕੋਟ 17 ਸਤੰਬਰ ਨੂੰ, ਰੌਣੀ (ਪਟਿਆਲਾ) 13 ਸਤੰਬਰ ਨੂੰ ਤੇ ਬਠਿੰਡਾ ਵਿਖੇ 26 ਸਤੰਬਰ ਨੂੰ ਕਿਸਾਨ ਮੇਲੇ ਲਾਏ ਜਾਣਗੇ। ਇਸ ਸਾਲ ਅਗਾਂਹਵਧੂ ਕਿਸਾਨਾਂ ਦੀ ਖਿੱਚ ਵਧੇਰੇ ਨਵੀਆਂ ਕਿਸਮਾਂ ਐਚ ਡੀ - 3226 ਅਤੇ ਡੀ ਬੀ ਡਬਲਿਊ - 187 (ਆਈ ਸੀ ਏ ਆਰ -ਭਾਰਤੀ ਖੇਤੀ ਕਣਕ ਤੇ ਜੌਂਅ ਦੀ ਖੋਜ ਸੰਸਥਾਨ ਵਲੋਂ ਵਿਕਸਤ) ਕਿਸਮਾਂ ਦੇ ਬੀਜ ਹਾਸਲ ਕਰਨ ਲਈ ਹੈ। ਐਚ ਡੀ - 3226 ਕਿਸਮ ਭਾਰਤ ਸਰਕਾਰ ਦੀ ਫ਼ਸਲਾਂ ਦੇ ਮਿਆਰ ਨਿਯਤ ਕਰਨ ਵਾਲੀ ਕਮੇਟੀ ਵਲੋਂ ਰਲੀਜ਼ ਕਰ ਕੇ ਨੋਟੀਫਾਈ ਹੋ ਗਈ ਹੈ। ਇਸ ਦੀ ਬਿਜਾਈ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ ਦਾ ਤਰਾਈ ਦਾ ਇਲਾਕਾ, ਕਸ਼ਮੀਰ ਦੇ ਜੰਮੂ ਤੇ ਕਠੂਆ ਇਲਾਕੇ ਅਤੇ ਕੁਝ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿਚ ਕਾਸ਼ਤ ਕਰਨ ਲਈ ਸਿਫਾਰਸ਼ ਕੀਤੀ ਗਈ ਹੈ। ਇਸ ਕਿਸਮ ਦਾ ਝਾੜ ਐਚ. ਡੀ. - 2967, ਡਬਲਿਊ. ਐਚ. -1105, ਐਚ. ਡੀ. - 3086 ਅਤੇ ਡੀ. ਬੀ. ਡਬਲਿਊ.-881 ਤੇ ਡੀ. ਬੀ. ਡਬਲਿਊ.-621 ਕਿਸਮਾਂ ਦੇ ਮੁਕਾਬਲੇ ਅਜ਼ਮਾਇਸ਼ਾਂ 'ਚ ਵੱਧ ਆਇਆ ਹੈ। ਰਾਜਸਥਾਨ ਦੇ ਪਰਖ ਕੇਂਦਰ ਤੇ ਇਸ ਦੀ ਉਤਪਾਦਕਤਾ 79.60 ਕੁਇੰਟਲ ਪ੍ਰਤੀ ਹੈਕਟੇਅਰ ਰਹੀ ਹੈ। ਇਸ ਕਿਸਮ ਵਿਚ ਪ੍ਰੋਟੀਨ ਵੀ 12.80 ਪ੍ਰਤੀਸ਼ਤ ਹੈ ਜਦੋਂ ਕਿ ਦੂਜੀਆਂ ਆਮ ਕਿਸਮਾਂ ਵਿਚ 12 ਪ੍ਰਤੀਸ਼ਤ ਤੱਕ ਹੈ। ਇਹ ਕਿਸਮ ਕਰਨਾਲ ਬੰਟ ਬਿਮਾਰੀ ਦਾ ਟਾਕਰਾ ਕਰਨ ਲਈ ਵੀ ਸ਼ਕਤੀ ਰੱਖਦੀ ਹੈ। ਇਸ ਕਿਸਮ ਵਿਚ ਪੀਲੀ ਕੁੰਗੀ ਤੋਂ ਰਹਿਤ ਰਹਿਣ ਦੀ ਵੀ ਸਮਰੱਥਾ ਹੈ। ਰੋਟੀ ਬਣਾਉਣ ਲਈ ਬਹੁਤ ਵਧੀਆ ਹੈ। ਬਿਜਾਈ ਤੋਂ ਪੱਕਣ ਨੂੰ 142 ਦਿਨ ਦਾ ਸਮਾਂ ਲੈਂਦੀ ਹੈ। ਸਿੰਜਾਈ ਵਾਲੇ ਇਲਾਕਿਆਂ ਵਿਚ ਆਮ ਬਿਜਾਈ ਵਾਲੇ ਸਮੇਂ 'ਚ ਕਾਸ਼ਤ ਕਰਨ ਲਈ ਅਨੁਕੂਲ ਹੈ। ਇਸ ਕਿਸਮ ਵਿਚ ਇਹ ਗੁਣ ਹੈ ਕਿ ਇਸ ਦੀ ਬਿਜਾਈ ਅਕਤੂਬਰ ਦੇ ਅਖੀਰਲੇ ਪੰਦਰਵਾੜੇ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ। 'ਲਿਹੋਸਿਨ' ਦਾ ਛਿੜਕਾਅ ਲਾਭਦਾਇਕ ਰਹੇਗਾ। ਪਿਛਲੇ ਕੁਝ ਸਾਲਾਂ ਤੋਂ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦਾ ਹਮਲਾ ਵੇਖਿਆ ਗਿਆ ਹੈ। ਇਸ ਕਿਸਮ ਵਿਚ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਸ਼ਕਤੀ ਮੌਜ਼ੂਦ ਹੈ। ਇਸ ਕਿਸਮ ਦੀ ਬਿਜਾਈ ਜ਼ੀਰੋ ਡਰਿਲ ਤੇ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਕਤੂਬਰ 'ਚ ਬਿਜਾਈ ਲਈ ਐਚ. ਡੀ. ਸੀ. ਐਸ. ਡਬਲਿਊ.- 18 ਕਿਸਮ ਹੈ। ਇਸ ਦੀ ਲੰਬਾਈ ਥੋੜ੍ਹੀ ਜਿਹੀ ਜ਼ਿਆਦਾ ਹੈ। ਜਿਸ ਤੇ 'ਲਿਹੋਸਿਨ' ਦੇ ਪ੍ਰਯੋਗ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਹ ਕਿਸਮ ਵੀ ਜ਼ੀਰੋ ਡਰਿਲ ਨਾਲ ਬਿਜਾਈ ਕਰਨ ਦੇ ਬੜੀ ਅਨੁਕੂਲ ਹੈ। ਹੈਪੀ ਸੀਡਰ ਨਾਲ ਬਿਜਾਈ ਕਰਨ ਲਈ ਵੀ ਸਿਫਾਰਸ਼ ਕੀਤੀ ਗਈ ਹੈ। ਪ੍ਰਤੀ ਹੈਕਟੇਅਰ ਝਾੜ ਪੱਖੋਂ ਇਹ ਇਕ ਉੱਤਮ ਕਿਸਮ ਹੈ।
ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ 'ਚ ਵਾਪਰ ਰਹੀ ਤਬਦੀਲੀ ਨੂੰ ਮੁੱਖ ਰੱਖਦਿਆਂ ਕਣਕ ਦੀ ਉਤਪਾਦਕਤਾ ਵਧਾਉਣੀ ਇਕ ਬੜੀ ਸਮੱਸਿਆ ਬਣੀ ਹੋਈ ਹੈ। ਡੀ ਬੀ ਡਬਲਿਊ - 187 ਕਿਸਮ ਦੇ ਨਾਲ ਮਿਲਾ ਕੇ ਉਪ੍ਰੋਕਤ ਦੋ ਕਿਸਮਾਂ ਦਾ ਭਵਿੱਖ ਵਿਚ ਵੱਡੇ ਰਕਬੇ ਤੇ ਬੀਜਿਆ ਜਾਣਾ ਸੰਭਾਵਿਕ ਹੈ। ਇਨ੍ਹਾਂ ਕਿਸਮਾਂ ਦੀ ਗੁਣਵੱਤਾ ਅਜਿਹੀ ਹੈ ਕਿ ਇਹ ਆਸਾਨੀ ਨਾਲ ਦੂਜੇ ਮੁਲਕਾਂ ਨੂੰ ਬਰਾਮਦ ਕੀਤੀਆਂ ਜਾ ਸਕਦੀਆਂ ਹਨ।
ਹੈਰਾਨਕੁੰਨ ਐਚ. ਡੀ.-187 ਕਿਸਮ ਜਿਸ ਨੂੰ 'ਕਰਨ ਵੰਦਨਾ' ਵੀ ਕਿਹਾ ਗਿਆ ਹੈ, ਉੱਤਰ ਪੱਛਮੀ ਖਿੱਤੇ ਦੇ ਇਲਾਕਿਆਂ (ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਸ਼ਾਮਿਲ ਹਨ) ਵਿਚ ਕਾਸ਼ਤ ਕਰਨ ਲਈ ਸਫ਼ਲ ਮੰਨੀ ਗਈ ਹੈ। ਝਾੜ ਪੱਖੋਂ ਇਹ ਕਿਸਮ ਸਾਰੀਆਂ ਦੂਜੀਆਂ ਕਿਸਮਾਂ ਨੂੰ ਮਾਤ ਕਰਦੀ ਹੈ। ਇਸ ਵਿਚ 75 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਉਤਪਾਦਕਤਾ ਦੇਣ ਦੀ ਸ਼ਕਤੀ ਹੈ। ਉਤਪਾਦਕਤਾ ਦੀ ਇਹ ਸੀਮਾ ਦੂਜੀਆਂ ਆਮ ਕਿਸਮਾਂ ਜੋ 65 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦੇਂਦੀਆਂ ਹਨ ਦੇ ਮੁਕਾਬਲੇ ਵੱਧ ਹੈ। ਆਈ. ਸੀ. ਏ. ਆਰ.-ਭਾਰਤੀ ਕਣਕ ਤੇ ਜੌਂਅ ਦੇ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ ਗਿਆਨਇੰਦਰ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਭਵਿੱਖ ਵਿਚ ਇਹ ਕਿਸਮ ਐਚ ਡੀ - 2967 ਅਤੇ ਐਚ ਡੀ - 3086 ਕਿਸਮਾਂ (ਜੋ ਆਮ ਕਾਸ਼ਤ ਕੀਤੀਆਂ ਜਾਂਦੀਆਂ ਹਨ) ਦੀ ਥਾਂ ਲਵੇਗੀ। ਯਾਦ ਰਹੇ ਕਿ ਡਾ. ਗਿਆਨਇੰਦਰ ਪ੍ਰਤਾਪ ਸਿੰਘ ਐਚ ਡੀ 3086 ਕਿਸਮ ਜੋ ਇਸ ਵੇਲੇ ਪੰਜਾਬ 'ਚ ਸਭ ਕਿਸਮਾਂ ਦੇ ਮੁਕਾਬਲੇ ਵੱਧ ਰਕਬੇ ਤੇ ਕਾਸ਼ਤ ਕੀਤੀ ਜਾ ਰਹੀ ਹੈ, ਦੇ ਵੀ ਬਰੀਡਰ ਹਨ। ਡੀ ਬੀ ਡਬਲਿਊ -187 ਕਿਸਮ ਵਿਚ ਪ੍ਰੋਟੀਨ 12 ਪ੍ਰਤੀਸ਼ਤ ਤੋਂ ਵੱਧ ਅਤੇ ਲੋਹੇ ਦੀ ਮਾਤਰਾ 42 ਜੁਜ਼ ਪ੍ਰਤੀ ਮਿਲੀਅਨ ਹੈ। ਇਸ ਕਿਸਮ ਦੀ ਉੱਤਮ ਪੱਛਮੀ ਖੇਤਰ ਲਈ ਪਿਛਲੇ ਮਹੀਨੇ ਇੰਦੌਰ (ਮੱਧ ਪ੍ਰਦੇਸ਼) ਵਿਖੇ ਹੋਈ ਸਰਬ - ਭਾਰਤੀ ਵਿਗਿਆਨੀਆਂ ਦੀ ਵਰਕਸ਼ਾਪ ਵਿਚ ਪਹਿਚਾਣ ਕੀਤੀ ਗਈ ਹੈ। ਡਾ: ਗਿਆਨਇੰਦਰ ਪ੍ਰਤਾਪ ਸਿੰਘ ਅਨੁਸਾਰ ਇਸ ਕਿਸਮ ਦੇ ਉੱਤਰ ਪੱਛਮੀ ਇਲਾਕਿਆਂ (ਜਿਸ ਵਿਚ ਹਰਿਆਣਾ, ਪੰਜਾਬ ਸ਼ਾਮਿਲ ਹਨ) ਵਿਚ ਸਭ ਦੂਜੀਆਂ ਕਿਸਮਾਂ ਨਾਲੋਂ ਉੱਤਮ ਕਿਸਮ ਸਾਬਤ ਹੋਣ ਦੀ ਸੰਭਾਵਨਾ ਹੈ। ਇਸ ਕਿਸਮ ਵਿਚ ਲੋਹੇ ਦੀ ਮਾਤਰਾ 42 ਜੁਜ਼ ਪ੍ਰਤੀ ਮਿਲੀਅਨ ਹੈ। ਹੁਣ ਭਾਰਤ ਕਣਕ ਨੂੰ ਬਰਾਮਦ ਕਰ ਰਿਹਾ ਹੈ। ਅਜਿਹੀ ਕਿਸਮ ਦੀ ਲੋੜ ਹੈ ਜਿਸ ਦੀ ਗੁਣਵੱਤਾ ਪੱਖੋਂ ਪੂਰੀ ਨਿਪੁੰਨ ਹੋਵੇ। ਡੀ. ਬੀ. ਡਬਲਿਊ. 187 ਕਿਸਮ ਵਿਚ ਅਜਿਹੇ ਸਾਰੇ ਗੁਣ ਮੌਜੂਦ ਹਨ। ਕਿਸਾਨਾਂ ਲਈ ਲਾਹੇਵੰਦ ਹੋਣ ਤੋਂ ਇਲਾਵਾ ਸਿਹਤ ਪੱਖੋਂ ਵੀ ਇਸ ਕਿਸਮ ਵਿਚ ਸਾਰੇ ਵਿਟਾਮਨ ਹਨ।
ਪੰਜਾਬ ਵਿਚ ਪਿਛਲੀ ਹਾੜ੍ਹੀ 2018 - 19 ਦੇ ਸਮੇਂ 'ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਕਣਕ ਦਾ ਉਤਪਾਦਨ 182.62 ਲੱਖ ਟਨ ਹੋਇਆ। ਉਤਪਾਦਕਤਾ ਦਾ ਪੱਧਰ 51.88 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ। ਉਤਪਾਦਕਤਾ ਪੱਖੋਂ ਪੰਜਾਬ ਭਾਰਤ ਦੇ ਸਭ ਰਾਜਾਂ ਨਾਲੋਂ ਮੋਹਰੀ ਹੈ। ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਭਾਵੇਂ ਉਤਪਾਦਨ ਪੱਖੋਂ ਪੰਜਾਬ ਦਾ ਦਰਜਾ ਦੂਜਾ ਹੈ। ਉਤਪਾਦਨ ਵਿਚ ਉੱਤਰ ਪ੍ਰਦੇਸ਼ ਪਹਿਲੇ ਨੰਬਰ ਤੇ ਹੈ ਫੇਰ ਤਰਤੀਬਵਾਰ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਬਿਹਾਰ ਆਉਂਦੇ ਹਨ। ਇਹ 6 ਰਾਜ ਮਿਲ ਕੇ ਕਣਕ ਦੇ ਕੁੱਲ ਉਤਪਾਦਨ ਵਿਚ 92 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ। ਭਾਰਤ ਦਾ ਕਣਕ ਉਤਪਾਦਨ ਪਿਛਲੀ ਹਾੜ੍ਹੀ ਵਿਚ 100 ਮਿਲੀਅਨ ਟਨ ਸੀ ਅਤੇ ਔਸਤ ਉਤਪਾਦਕਤਾ ਲਗਪਗ 3408 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਸੀ। ਕਣਕ ਪੰਜਾਬ ਦੀ ਹਾੜੀ ਦੀ ਮੁੱਖ ਫ਼ਸਲ ਹੈ। ਜਿਸ ਦੀ ਕਾਸ਼ਤ 2018-19 ਹਾੜੀ ਦੌਰਾਨ 35.20 ਲੱਖ ਹੈਕਟੇਅਰ ਰਕਬੇ ਤੇ ਕੀਤੀ ਗਈ।


-ਮੋਬਾਈਲ : 98152-36307

ਹਰ ਕਿਸਾਨ ਦੀ ਲੋੜ

ਸਾਡੇ ਦੇਸ਼ ਵਿਚ ਬਹੁਤੀ ਛੋਟੀ ਕਿਸਾਨੀ ਹੈ। ਮੁੱਖ ਹਿੱਸੇ ਦੀ ਔਸਤ ਪੰਜ ਏਕੜ ਤੋਂ ਘੱਟ ਹੈ। ਜੋ ਪਰਿਵਾਰ ਆਪ ਖੇਤੀ ਕਰਦਾ ਹੈ, ਮਸੀਂ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ, ਉਸ ਨੂੰ ਪੈਸੇ ਦੀ ਹਰ ਵੇਲੇ ਲੋੜ ਹੁੰਦੀ ਹੈ, ਜੋ ਉਸ ਨੂੰ ਮਿਲਦੇ ਸਾਲ ਵਿਚ ਦੋ ਵਾਰੀ ਹੀ ਹਨ। ਉਸ ਦੀ ਇਸ ਮਜਬੂਰੀ ਦਾ ਵਪਾਰੀ ਤੇ ਸਰਕਾਰ ਪੂਰਾ ਫਾਇਦਾ ਉਠਾਉਂਦੇ ਹਨ। ਜਦ ਪੱਕੀ ਫ਼ਸਲ ਆਉਂਦੀ ਹੈ ਤਾਂ ਭਾਅ ਥੱਲੇ ਆ ਜਾਂਦੇ ਹਨ ਤੇ ਬਾਅਦ ਵਿਚ ਕਈ ਗੁਣਾਂ ਵਧ ਜਾਂਦੇ ਹਨ। ਇਕ ਦਸ ਫੁੱਟ ਦੇ ਦਫ਼ਤਰ ਵਾਲਾ ਵਪਾਰੀ ਇਕ ਦਸ ਏਕੜ ਦੇ ਕਿਸਾਨ ਨਾਲੋਂ ਦਸ ਗੁਣਾ ਵਧ ਕਮਾ ਲੈਂਦਾ ਹੈ। ਸ਼ਾਇਦ ਇਸ ਦਾ ਹੱਲ ਇਕੋ ਹੈ ਕੇ ਕਿਸਾਨ ਆਪਣੀ ਉਪਜ ਆਪਣੀ ਮਰਜ਼ੀ ਨਾਲ ਭਾਅ ਅਨੁਸਾਰ ਵੇਚੇ, ਪਰ ਇਹ ਮੁਸ਼ਕਿਲ ਕੰਮ ਹੈ। ਇਹ ਤਾਂ ਹੀ ਸੰਭਵ ਹੈ ਜੇ ਕਿਸਾਨ ਆਪਸ ਵਿਚ ਰਲ ਕੇ ਸਾਂਝੇ ਗੁਦਾਮ ਬਣਾ ਲੈਣ, ਜਿੱਥੋਂ ਭਾਅ ਵਧੇ ਜਾਂ ਲੋੜ ਵੇਲੇ ਵੇਚਿਆ ਜਾ ਸਕੇ, ਪਰ ਸਾਡੇ ਦੇਸ਼ ਵਿਚ ਇਹੋ ਜਿਹਾ ਕਿਸਾਨੀ ਏਕਾ, ਦੂਰ ਦੀ ਕੌਡੀ ਪਾਉਣ ਵਾਂਗ ਹੈ।


-ਮੋਬਾ: 98159-45018

ਖ਼ੁਦਕੁਸ਼ੀਆਂ : ਕਿਸਾਨਾਂ ਨੂੰ ਅਪੀਲ

* ਭਰਪੂਰ ਕੌਰ 'ਚੰਨੂਵਾਲਾ' *

ਦੇਸ਼ ਮੇਰੇ ਦਾ, ਤੂੰ ਅੰਨਦਾਤਾ,
ਫ਼ਸਲਾਂ ਨਾਲ ਤੇਰਾ ਪੁੱਤੀਂ ਨਾਤਾ,
ਫਿਰ ਵੀ ਕਿਉਂ ਖਾਵੇਂ ਤੂੰ ਘਾਟਾ,
ਕੁਝ ਤਾਂ ਕਰ ਵਿਚਾਰ, ਮੇਰੇ ਵੀਰਨਾ,
ਤੂੰ ਐਨੀ ਛੇਤੀ ਨਾ ਹਾਰ, ਮੇਰੇ ਵੀਰਨਾ।

ਸੋਚ ਸਮਝ ਕੇ, ਖਰਚ ਘਟਾ ਲੈ,
ਬੱਚਿਆਂ ਨਾਲ ਤੂੰ, ਜੀ ਪਰਚਾ ਲੈ,
ਨਾਲੇ ਉਨ੍ਹਾਂ ਨੂੰ ਸਮਝਾ ਲੈ,
ਚਾਦਰ ਵੇਖ ਕੇ ਪੈਰ ਪਸਾਰ, ਮੇਰੇ ਵੀਰਨਾ,
ਕਰਜ਼ੇ ਦਾ ਨਾ ਲੈ ਭਾਰ, ਮੇਰੇ...

ਰੀਸ ਵੱਡਿਆਂ ਦੀ ਕਰਨੀ ਛੱਡ ਦੇ,
ਦੇਖੋ-ਦੇਖੀ ਦਾ, ਫਾਹਾ ਵੱਢਦੇ,
ਦਿਲ ਵਿਚੋਂ ਇਹ ਡਰ ਤੂੰ ਕੱਢ ਦੇ,
ਕੀ ਕਹਿਣਗੇ, ਲੋਕ ਚਾਰ, ਮੇਰੇ ਵੀਰਨਾ,
ਤੂੰ ਉੱਚਾ ਰੱਖ ਕਿਰਦਾਰ, ਮੇਰੇ....

ਖ਼ੁਦਕੁਸ਼ੀ ਤਾਂ ਬੁਜ਼ਦਿਲ ਕਰਦੇ,
ਸਾਹਸੀ ਲੋਕ ਨਹੀਂ ਇੰਜ ਮਰਦੇ,
ਕੀ ਕਰਨਗੇ, ਤੇਰੇ ਘਰਦੇ,
ਕੌਣ ਲਊ ਉਨ੍ਹਾਂ ਦੀ ਸਾਰ ਮੇਰੇ ਵੀਰਨਾ,
ਇਹ ਨਾ ਕਹਿਰ ਗੁਜ਼ਾਰ, ਮੇਰੇ...

ਮਿਹਨਤ ਦਾ ਤੂੰ, ਪੱਲਾ ਫੜ ਲੈ,
ਲੋਕਾਂ ਨੂੰ ਇਕੱਠੇ ਕਰ ਲੈ,
ਸਰਕਾਰ ਨਾਲ, ਫਿਰ ਤੂੰ ਲੜ ਲੈ,
ਹੱਥ ਵਿਚ ਫੜ ਮਸ਼ਾਲ, ਮੇਰੇ ਵੀਰਨਾ,
ਜ਼ਿੰਦਗੀ ਮਿਲਦੀ ਹੈ ਇਕ ਵਾਰ ਮੇਰੇ ਵੀਰਨਾ।
-0-

ਪੰਜਾਬ ਵਿਚ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਿਸੇ ਮਾਨਤਾ ਪ੍ਰਾਪਤ ਏਜੰਸੀ ਕੋਲ ਨਾਂਅ ਦਰਜ ਕਰਵਾਏ ਜਾਣ। ਕੁਦਰਤੀ ਉਪਜ ਨੂੰ ਵਧੀਆ ਢੰਗ ਨਾਲ ਪੈਕ ਕਰ ਕੇ ਆਰਗੈਨਿਕ ਚਿੰਨ੍ਹ ਲਗਾ ਕੇ ਇਸ ਨੂੰ ਮੰਡੀ ਵਿਚ ਭੇਜਿਆ ਜਾਵੇ। ਅਜਿਹਾ ਕੀਤਿਆਂ ਹੀ ਕੁਦਰਤੀ ਖੇਤੀ ਨੂੰ ਵੱਡੀ ਪੱਧਰ ਉੱਤੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਸਾਰੀ ਧਰਤੀ ਸੇਂਜੂ ਹੋਣ ਕਰਕੇ ਜੈਵਿਕ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਜੇਕਰ ਸਰਕਾਰ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਕਰ ਸਕੇ ਤਾਂ ਜੈਵਿਕ ਸਬਜ਼ੀਆਂ ਦੀ ਕਾਸ਼ਤ ਨਾਲ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਪ੍ਰਾਪਤ ਹੋ ਸਕਦਾ ਹੈ। ਇਸ ਦੇ ਨਾਲ ਹੀ ਡੇਅਰੀ ਧੰਦਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਆਰਗੈਨਿਕ ਦੁੱਧ ਦੀ ਵਧ ਕੀਮਤ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਪੰਜਾਬ ਵਿਚ ਮਿਲਾਵਟੀ ਦੁੱਧ ਦੀਆਂ ਸ਼ਿਕਾਇਤਾਂ ਆਮ ਮਿਲ ਰਹੀਆਂ ਹਨ। ਡੰਗਰਾਂ ਦੀ ਖਾਦ ਨਾਲ ਧਰਤੀ ਦੀਆਂ ਖੁਰਾਕੀ ਲੋੜਾਂ ਪੂਰੀਆਂ ਹੋਣਗੀਆਂ।
ਜੇਕਰ ਆਪਾਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਚਾਹੁੰਦੇ ਹਾਂ ਤਾਂ ਸਰਕਾਰ ਤੇ ਹੋਰ ਸੰਬੰਧਿਤ ਏਜੰਸੀਆਂ ਨੂੰ ਜੈਵਿਕ ਸਬਜ਼ੀਆਂ ਦੀ ਕਾਸ਼ਤ ਅਤੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹਾ ਕੀਤਿਆਂ ਹੀ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦਿੱਤਾ ਜਾ ਸਕਦਾ ਹੈ। ਕਣਕ-ਝੋਨੇ ਦੇ ਚੱਕਰ ਹੇਠਾਂ ਰਕਬਾ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਜਿਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉਥੇ ਰੁਜ਼ਗਾਰ ਵਿਚ ਵੀ ਵਾਧਾ ਹੋਵੇਗਾ। ਪਰ ਕਿਸਾਨ ਨੂੰ ਮਿਹਨਤ ਕਰਨੀ ਪਵੇਗੀ। ਖੇਤੀ ਦੇ ਸਾਰੇ ਕੰਮ ਆਪ ਕਾਮਿਆਂ ਨਾਲ ਮਿਲ ਕੇ ਕਰਨੇ ਪੈਣਗੇ।
ਜਿਸ ਢੰਗ ਨਾਲ ਅਸੀਂ ਹੁਣ ਕੁਦਰਤੀ ਖੇਤੀ ਕਰ ਰਹੇ ਹਾਂ ਉਸ ਨੂੰ ਜੈਵਿਕ ਨਹੀਂ ਆਖਿਆ ਜਾ ਸਕਦਾ। ਕਈ ਕਿਸਾਨ ਆਖਦੇ ਹਨ ਕਿ ਇਕ ਏਕੜ ਵਿਚ ਮੈਂ ਕੋਈ ਖਾਦ ਨਹੀਂ ਪਾਈ ਤੇ ਨਾ ਹੀ ਜ਼ਹਿਰ ਛਿੜਕਿਆ ਹੈ। ਇਹ ਜੈਵਿਕ ਨਹੀਂ ਹੈ। ਜੈਵਿਕ ਖੇਤੀ ਲਈ ਕਿਸਾਨ ਨੂੰ ਦ੍ਰਿੜ੍ਹ ਇਰਾਦੇ ਨਾਲ ਖੇਤਾਂ ਵਿਚ ਜਾ ਕੇ ਕੰਮ ਕਰਨਾ ਪਵੇਗਾ। ਆਪਣੇ ਸਾਥੀਆਂ ਨਾਲ ਰਲ ਸਾਂਝੇ ਯਤਨਾਂ ਦੀ ਲੋੜ ਹੈ। ਇਕ ਦੂਜੇ ਉਤੇ ਭਰੋਸਾ ਕਰ ਕੇ ਅਗੇ ਵਧਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਜੈਵਿਕ ਗਰੁੱਪਾਂ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਨੂੰ ਮੰਡੀਕਰਨ ਵਿਚ ਸਹਾਇਤਾ ਕਰੇ। ਫ਼ਸਲ ਤਬਾਹ ਹੋਣ 'ਤੇ ਕਿਸਾਨਾਂ ਦੀ ਬਾਂਹ ਫੜੇ। ਸ਼ਹਿਰਾਂ ਕਸਬਿਆਂ ਤੇ ਮੁੱਖ ਸੜਕਾਂ 'ਤੇ ਜੈਵਿਕ ਬਾਜ਼ਾਰ ਸਥਾਪਿਤ ਕਰੇ। ਜੈਵਿਕ ਉਪਜ ਨੂੰ ਵਿਦੇਸ਼ਾਂ ਵਿਚ ਭੇਜਣ ਦਾ ਪ੍ਰਬੰਧ ਕਰੇ। ਇਸ ਦੇ ਨਾਲ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵੀ ਖੋਜ ਤੇਜ਼ ਕਰਨੀ ਪਵੇਗੀ। ਯੂਨੀਵਰਸਿਟੀ ਨੇ ਜੈਵਿਕ ਖੇਤੀ ਦਾ ਵੱਖਰਾ ਸਕੂਲ ਬਣਾਇਆ ਹੈ। ਜਿਥੇ ਉਨ੍ਹਾਂ ਢੰਗ ਤਰੀਕਿਆਂ ਨੂੰ ਵਿਕਸਤ ਕੀਤਾ ਜਾਵੇ, ਜਿਨ੍ਹਾਂ ਨਾਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਿਆ ਜਾਵੇ। ਇਸ ਦੇ ਨਾਲ ਹੀ ਅਜਿਹੇ ਫ਼ਸਲ ਚੱਕਰ ਵਿਕਸਤ ਕੀਤੇ ਜਾਣ ਜਿਹੜੇ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿਚ ਸਹਾਈ ਹੋਣ। ਯੂਨੀਵਰਸਿਟੀ ਨੂੰ ਫ਼ਸਲਾਂ ਤੇ ਸਬਜ਼ੀਆਂ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਕੀੜਿਆਂ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹੋਵੇ। ਪਰਾਲੀ ਅਤੇ ਕਣਕ ਦੇ ਨਾੜ ਨੂੰ ਰੂੜੀ ਵਿਚ ਤਬਦੀਲ ਕਰਨ ਦੀ ਵਿਧੀ ਖੋਜੀ ਜਾਵੇ। ਕੀੜੇ ਤੇ ਬਿਮਾਰੀਆਂ ਨੂੰ ਕਾਬੂ ਕਰਨ ਲਈ ਜੈਵਿਕ ਢੰਗ ਤਰੀਕੇ ਲੱਭੇ ਜਾਣ। ਬਾਇਓ ਖਾਦਾਂ ਬਾਰੇ ਖੋਜ ਨੂੰ ਹੋਰ ਤੇਜ਼ ਕੀਤਾ ਜਾਵੇ। ਪੰਜਾਬ ਵਿਚ ਸਭ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਹੁੰਦੀ ਹੈ। ਨਦੀਨਾਂ ਦੀ ਰੋਕਥਾਮ ਲਈ ਗੋਡੀ ਲਈ ਕਾਰਗਰ ਤੇ ਛੋਟੀਆਂ ਮਸ਼ੀਨਾਂ ਬਣਾਈਆਂ ਜਾਣ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਜੈਵਿਕ ਖੇਤੀ ਗਰੁੱਪ ਬਣਾਏ ਜਾਣ ਤੇ ਉਨ੍ਹਾਂ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾਵੇ। ਇਹ ਕੇਂਦਰ ਵਿਕਰੀ ਵਿਚ ਵੀ ਸਹਾਇਤਾ ਕਰ ਸਕਦੇ ਹਨ।
ਪੰਜਾਬ ਸਰਕਾਰ ਨੂੰ ਸਾਰੀਆਂ ਧਿਰਾਂ ਆਧਾਰਿਤ ਇਕ ਉੱਚ ਪੱਧਰੀ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ ਵਲੋਂ ਸਾਰੀਆਂ ਧਿਰਾਂ ਵਿਚ ਤਾਲ ਮੇਲ ਕਰ ਕੇ ਸੂਬੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਇੰਝ ਪੰਜਾਬ ਦੀ ਖੇਤੀ ਨੂੰ ਇਕ ਨਵਾਂ ਮੋੜ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ। ਇਸ ਨਾਲ ਕਣਕ ਝੋਨੇ ਦੇ ਫ਼ਸਲੀ ਚੱਕਰ ਹੇਠੋਂ ਕੁਝ ਧਰਤੀ ਵੀ ਕੱਢੀ ਜਾ ਸਕੇਗੀ। ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਰਸਾਇਣਾਂ ਦੀ ਵਰਤੋਂ ਰੋਕ ਕੇ ਖੇਤੀ ਖਰਚੇ ਵੀ ਘਟ ਜਾਣਗੇ ਤੇ ਪ੍ਰਦੂਸ਼ਤ ਹੋ ਰਿਹਾ ਪਾਣੀ, ਹਵਾ ਤੇ ਧਰਤੀ ਦੀ ਸਾਂਭ-ਸੰਭਾਲ ਕੀਤੀ ਜਾ ਸਕੇਗੀ।
(ਸਮਾਪਤ)

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX