ਤਾਜਾ ਖ਼ਬਰਾਂ


ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  6 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  34 minutes ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  34 minutes ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  48 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  58 minutes ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 2 hours ago
ਹਰੀਕੇ ਪੱਤਣ, 18 ਨਵੰਬਰ (ਸੰਜੀਵ ਕੁੰਦਰਾ)- ਥਾਣਾ ਹਰੀਕੇ ਪੱਤਣ ਪੁਲਿਸ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਪੋਕਲੇਨ ਮਸ਼ੀਨਾਂ ਅਤੇ 5 ਘੋੜੇ ਟਰਾਲੇ...
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 2 hours ago
ਹੋਰ ਖ਼ਬਰਾਂ..

ਸਾਡੀ ਸਿਹਤ

ਚੁਸਤੀ, ਫੁਰਤੀਦਾਇਕ ਵੀ ਹੁੰਦੀਆਂ ਹਨ ਚਾਹ ਦੀਆਂ ਚੁਸਕੀਆਂ

ਸਾਡੇ ਲੋਕਾਂ ਵਿਚ ਚਾਹ ਨੂੰ ਸਿਹਤ ਲਈ ਨੁਕਸਾਨਦਾਇਕ ਅਤੇ ਨਸ਼ੇ ਦਾ ਸਾਧਨ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਚਾਹ ਸਬੰਧੀ ਅਸੀਂ ਜੋ ਗ਼ਲਤ ਧਾਰਨਾ ਬਣਾ ਰੱਖੀ ਹੈ, ਉਸ ਨੂੰ ਦੂਰ ਕਰਨਾ ਜ਼ਰੂਰੀ ਹੈ। ਚਾਹ ਸਿਰਫ ਹਾਨੀਕਾਰਕ ਹੀ ਨਹੀਂ, ਸਗੋਂ ਇਹ ਫਾਇਦੇਮੰਦ ਵੀ ਹੈ। ਚਾਹ ਇਕ ਬੂਟੇ ਵਿਸ਼ੇਸ਼ ਦੇ ਪੱਤੇ ਹੀ ਤਾਂ ਹਨ, ਜਿਨ੍ਹਾਂ ਨੂੰ ਸੁਕਾ ਕੇ ਇਕ ਵਿਸ਼ੇਸ਼ ਰੰਗ ਅਤੇ ਸਵਾਦ ਦਿੱਤਾ ਗਿਆ ਹੈ।
ਕਿਸੇ ਵੀ ਬੂਟੇ ਦੇ ਪੱਤਿਆਂ ਦਾ ਅਰਕ ਜਾਂ ਕਵਾਥ ਹਮੇਸ਼ਾ ਹਾਨੀਕਾਰਕ ਕਿਵੇਂ ਹੋ ਸਕਦਾ ਹੈ ਪਰ ਫਿਰ ਵੀ ਕਈ ਵਾਰ ਚਾਹ ਪੀਣੀ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ ਅਤੇ ਇਸ ਦਾ ਪ੍ਰਮੁੱਖ ਕਾਰਨ ਹੈ ਚਾਹ ਦੇ ਤਿਆਰ ਸੁੱਕੇ ਪੱਤਿਆਂ ਜਾਂ ਚਾਹ ਬਣਾਉਣ ਵਿਚ ਕੋਈ ਕਮੀ।
ਚਾਹ ਦੀਆਂ ਪ੍ਰਮੁੱਖ ਕਿਸਮਾਂ
ਰੰਗ ਦੇ ਅਨੁਸਾਰ ਚਾਹ ਦੀਆਂ ਪ੍ਰਮੁੱਖ ਰੂਪ ਨਾਲ 3 ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ-1. ਹਰੀ ਚਾਹ, 2. ਕਾਲੀ ਚਾਹ, 3. ਉਲਾਂਗ ਚਾਹ।
ਉਪਰੋਕਤ ਵਿਚੋਂ ਹਰੀ ਚਾਹ ਜਾਂ ਗ੍ਰੀਨ ਟੀ ਲੀਵਜ਼ ਵਿਚ ਕਿਸੇ ਤਰ੍ਹਾਂ ਦੇ ਰੰਗ ਜਾਂ ਸਵਾਦ ਦਾ ਮਿਸ਼ਰਣ ਨਹੀਂ ਕੀਤਾ ਜਾਂਦਾ। ਇਸ ਵਿਚ ਤਾਜ਼ਾ ਪੱਤਿਆਂ ਨੂੰ ਸਿਰਫ ਸੁਕਾ ਕੇ ਪੈਕ ਕਰ ਦਿੱਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਨਕਲੀ ਗੰਧ ਤੋਂ ਇਸ ਨੂੰ ਮੁਕਤ ਰੱਖਿਆ ਜਾਂਦਾ ਹੈ। ਕੁਦਰਤੀ ਪੱਤੇ ਹੋਣ ਦੇ ਕਾਰਨ ਹੀ ਇਸ ਨੂੰ ਹਰੀ ਚਾਹ ਕਹਿੰਦੇ ਹਨ।
ਹਰੀ ਚਾਹ ਬਣਾਉਣ ਸਮੇਂ ਇਸ ਵਿਚ ਦੁੱਧ ਨਹੀਂ ਮਿਲਾਇਆ ਜਾਂਦਾ। ਪਾਣੀ ਉਬਾਲ ਕੇ ਉਸ ਵਿਚ ਪੱਤੇ ਪਾ ਕੇ ਢਕ ਕੇ ਰੱਖ ਦਿੱਤਾ ਜਾਂਦਾ ਹੈ। ਪੱਤੇ ਪਾਉਣ ਤੋਂ ਬਾਅਦ ਉਸ ਨੂੰ ਉਬਾਲਾ ਨਹੀਂ ਆਉਂਦਾ। ਥੋੜ੍ਹੀ ਦੇਰ ਵਿਚ ਪੱਤਿਆਂ ਦਾ ਕੁਦਰਤੀ ਅਤੇ ਸੁਭਾਵਿਕ ਰੰਗ ਅਤੇ ਸਵਾਦ ਪਾਣੀ ਵਿਚ ਆ ਜਾਂਦਾ ਹੈ। ਇਸ ਨੂੰ ਪੁਣ ਕੇ ਇਸ ਵਿਚ ਸਵਾਦ ਜਾਂ ਲੋੜ ਅਨੁਸਾਰ ਸ਼ਹਿਦ ਜਾਂ ਖੰਡ ਮਿਲਾ ਕੇ ਇਸ ਦਾ ਸੇਵਨ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਬਣਾਈ ਚਾਹ ਨਾ ਸਿਰਫ ਚੁਸਤੀ-ਫੁਰਤੀ ਅਤੇ ਊਰਜਾ ਦਿੰਦੀ ਹੈ, ਸਗੋਂ ਦਵਾਈ ਦੇ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਵਿਗਿਆਨੀਆਂ ਦੀਆਂ ਖੋਜਾਂ ਤੋਂ ਪਤਾ ਲਗਦਾ ਹੈ ਕਿ ਇਸ ਤਰ੍ਹਾਂ ਦੀ ਚਾਹ ਵਿਚ ਕੈਂਸਰਰੋਧੀ ਗੁਣ ਭਰਪੂਰ ਮਾਤਰਾ ਵਿਚ ਮਿਲਦੇ ਹਨ। ਦੂਜਾ ਇਸ ਤਰ੍ਹਾਂ ਤਿਆਰ ਬਿਨਾਂ ਉਬਾਲੀ ਗਈ ਚਾਹ ਵਿਚ ਕੈਫੀਨ ਵਰਗੇ ਤੁਲਨਾਤਮਕ ਮਾਦਕ ਤੱਤ ਵੀ ਪੀਣ ਵਾਲੇ ਪਦਾਰਥ ਵਿਚ ਨਹੀਂ ਆਉਂਦੇ।
ਦੂਜੇ ਪਾਸੇ ਤੀਜੀ ਤਰ੍ਹਾਂ ਦੀ ਚਾਹ ਦੀ ਪੱਤੀ ਨੂੰ ਤਿਆਰ ਕਰਨ ਲਈ ਚਾਹ ਦੇ ਪੱਤਿਆਂ ਤੋਂ ਇਲਾਵਾ ਬਾਹਰੋਂ ਕਈ ਹੋਰ ਚੀਜ਼ਾਂ ਮਿਲਾ ਕੇ ਉਸ ਦੇ ਰੰਗ ਅਤੇ ਸਵਾਦ ਨੂੰ ਬਦਲਿਆ ਜਾਂਦਾ ਹੈ। ਜੇ ਬਲੈਂਡਿੰਗ ਦੀ ਇਸ ਪ੍ਰਕਿਰਿਆ ਵਿਚ ਕੋਈ ਮਾਦਕ ਪਦਾਰਥ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਤਾਂ ਇਹ ਜ਼ਰੂਰ ਹੀ ਆਪਣਾ ਪ੍ਰਭਾਵ ਪਾਵੇਗਾ। ਇਸ ਤਰ੍ਹਾਂ ਅੱਜ ਬਾਜ਼ਾਰ ਵਿਚ ਅਨੇਕ ਤਰ੍ਹਾਂ ਦੀਆਂ ਚਾਹ ਦੀਆਂ ਪੱਤੀਆਂ ਉਪਲਬਧ ਹਨ।
ਕਾਲੀ ਜਾਂ ਉਲਾਂਗ ਚਾਹ ਦੀ ਪੱਤੀ ਨਾਲ ਚਾਹ ਤਿਆਰ ਕਰਨ ਦੀ ਵੀ ਸਹੀ ਵਿਧੀ ਇਹੀ ਹੈ ਕਿ ਚਾਹ ਦੇ ਪੱਤਿਆਂ ਨੂੰ ਉਬਲਦੇ ਪਾਣੀ ਵਿਚ ਭਿਉਂ ਕੇ ਥੋੜ੍ਹੀ ਦੇਰ ਬਾਅਦ ਉਸ ਨੂੰ ਪੁਣ ਲਿਆ ਜਾਵੇ ਅਤੇ ਉਸ ਵਿਚ ਗਰਮ ਦੁੱਧ ਅਤੇ ਖੰਡ ਮਿਲਾ ਕੇ ਉਸ ਦਾ ਸੇਵਨ ਕੀਤਾ ਜਾਵੇ। ਇਸ ਨਾਲ ਵੀ ਹਾਨੀਕਾਰਕ ਤੱਤ ਤਿਆਰ ਚਾਹ ਵਿਚ ਨਹੀਂ ਆਉਣਗੇ। ਕੁਝ ਲੋਕ ਵਿਸ਼ੁੱਧ ਹਰੀ ਚਾਹ ਦੇ ਪੱਤਿਆਂ ਨਾਲ ਬਣਾਈ ਚਾਹ ਪਸੰਦ ਨਹੀਂ ਕਰਦੇ ਤੇ ਕੁਝ ਕਾਲੀ ਜਾਂ ਉਲਾਂਗ ਚਾਹ ਦੀ ਪੱਤੀ ਨਾਲ ਤਿਆਰ ਚਾਹ ਪਸੰਦ ਨਹੀਂ ਕਰਦੇ। ਇਸ ਦਾ ਸਭ ਤੋਂ ਚੰਗਾ ਉਪਾਅ ਹੈ ਦੋਵੇਂ ਤਰ੍ਹਾਂ ਦੀਆਂ ਪੱਤੀਆਂ ਦੀ ਆਪਣੀ ਪਸੰਦ ਦੇ ਅਨੁਸਾਰ ਮਿਲਾ ਕੇ ਵਰਤੋਂ ਕੀਤੀ ਜਾਵੇ।
ਕੁਝ ਲੋਕ ਚਾਹ ਨੂੰ ਬਹੁਤ ਪਸੰਦ ਕਰਦੇ ਹਨ ਪਰ ਕੁਝ ਲੋਕ ਇਸ ਨੂੰ ਨਾ ਸਿਰਫ ਘਾਤਕ ਮੰਨਦੇ ਹਨ, ਸਗੋਂ ਚਾਹ ਨੂੰ ਭਾਰਤੀ ਸੰਸਕ੍ਰਿਤੀ ਦੇ ਖ਼ਿਲਾਫ਼ ਵੀ ਮੰਨਦੇ ਹਨ। ਕੀ ਚਾਹ ਅਸਲ ਵਿਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕੂਲ ਅਤੇ ਘਾਤਕ ਹੈ? ਸਾਡੇ ਦੇਸ਼ 'ਚ ਵੈਦਿਕ ਕਾਲ ਤੋਂ ਹੀ ਅਨੇਕਾਂ ਰੋਗਾਂ ਦੇ ਇਲਾਜ ਲਈ ਕਾੜ੍ਹਾ ਬਣਾ ਕੇ ਪੀਣ ਦਾ ਵਰਨਣ ਮਿਲਦਾ ਹੈ। ਆਯੁਰਵੈਦ ਵਿਚ ਅਨੇਕਾਂ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਅਤੇ ਬਨਸਪਤੀ ਨਾਲ ਕਾੜ੍ਹਾ ਬਣਾਉਣ ਦਾ ਵਰਨਣ ਮਿਲਦਾ ਹੈ। ਯੂਨਾਨੀ ਇਲਾਜ ਪ੍ਰਣਾਲੀ ਵਿਚ ਜੋਸ਼ੀਂਦਾ ਵੀ ਵੱਖ-ਵੱਖ ਤਰ੍ਹਾਂ ਦੀਆਂ ਜੜੀ-ਬੂਟੀਆਂ ਨੂੰ ਉਬਾਲ ਕੇ ਹੀ ਬਣਾਇਆ ਜਾਂਦਾ ਹੈ।
ਕਾਲੀ ਮਿਰਚ, ਲੌਂਗ, ਵੱਡੀ ਅਤੇ ਛੋਟੀ ਇਲਾਇਚੀ, ਸੌਂਫ ਜਾਂ ਅਦਰਕ, ਪੀਪਲ, ਮੁਲੱਠੀ, ਉਨਾਬ, ਬਨਫਸ਼ਾ ਆਦਿ ਅਨੇਕਾਂ ਜੜ੍ਹੀ-ਬੂਟੀਆਂ ਅਤੇ ਮਸਾਲਿਆਂ ਨੂੰ ਉਬਾਲ ਕੇ ਕਾੜ੍ਹਾ ਬਣਾਉਣ ਦਾ ਪ੍ਰਚਲਨ ਅੱਜ ਵੀ ਸਾਡੇ ਇਥੇ ਖੂਬ ਪ੍ਰਚਲਿਤ ਹੈ। ਸਰਦੀ-ਜ਼ੁਕਾਮ ਦੇ ਇਲਾਜ ਲਈ ਤਾਂ ਇਸ ਤੋਂ ਫਾਇਦੇਮੰਦ ਦਵਾਈ ਹੋ ਹੀ ਨਹੀਂ ਸਕਦੀ। ਇਸੇ ਤਰ੍ਹਾਂ ਚਾਹ ਵਿਚ ਵੀ ਅਨੇਕ ਦਵਾਈ ਵਾਲੇ ਗੁਣ ਮੌਜੂਦ ਹਨ, ਜੋ ਸਰੀਰ ਨੂੰ ਚੁਸਤੀ-ਫੁਰਤੀ ਦੇਣ ਦੇ ਨਾਲ-ਨਾਲ ਅਨੇਕ ਤਰ੍ਹਾਂ ਦੇ ਰੋਗਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਇਲਾਜ ਕਰਨ ਵਿਚ ਸਮਰੱਥ ਹਨ।
(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਪੇਟ ਦੀਆਂ ਬਿਮਾਰੀਆਂ

ਜਿਗਰ ਅਤੇ ਅੰਤੜੀ ਸੋਜ : ਕਿਉਂ ਤੇ ਕਿਵੇਂ?

ਪੀਲੀਆ ਕਿਉਂ ਹੋ ਜਾਂਦਾ ਹੈ, ਜਿਗਰ ਕਿਵੇਂ ਵਧ ਜਾਂਦਾ ਹੈ, ਭੁੱਖ ਕਿਉਂ ਘਟ ਜਾਂਦੀ ਹੈ, ਅੰਤੜੀ ਨੂੰ ਸੋਜ ਕਿਵੇਂ ਹੋ ਜਾਂਦੀ ਹੈ, ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਕ ਪੁਰਾਣੀ ਕਹਾਵਤ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ। ਸਾਡੇ ਸਰੀਰ ਦਾ ਵਿਕਾਸ ਸਾਡੇ ਭੋਜਨ 'ਤੇ ਨਿਰਭਰ ਕਰਦਾ ਹੈ। ਭੋਜਨ ਸਾਡੇ ਸਰੀਰਕ ਵਿਕਾਸ ਲਈ ਕੱਚੇ ਮਾਲ ਦਾ ਕੰਮ ਕਰਦਾ ਹੈ। ਪੇਟ ਉਸ ਨੂੰ ਪਚਾ ਕੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਜੇ ਤੁਹਾਡਾ ਪਾਚਣ ਤੰਤਰ ਠੀਕ ਹੈ ਤਾਂ ਤੁਸੀਂ ਜੋ ਕੁਝ ਵੀ ਖਾਓਗੇ, ਉਹ ਤੁਹਾਡੇ ਸਰੀਰ ਨੂੰ ਲੱਗੇਗਾ। ਕਿਹਾ ਵੀ ਜਾਂਦਾ ਹੈ ਕਿ ਪੇਟ ਦੀ ਬਿਮਾਰੀ ਹਜ਼ਾਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਪਾਚਣ ਤੰਤਰ ਵਿਚ ਹੋਣ ਵਾਲੀ ਕਿਸੇ ਵੀ ਗੜਬੜੀ ਨੂੰ ਨਜ਼ਰਅੰਦਾਜ਼ ਨਾ ਕਰੋ, ਨਹੀਂ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ।
ਦੂਸ਼ਿਤ ਵਾਤਾਵਰਨ ਦਾ ਸਿੱਧਾ ਪ੍ਰਭਾਵ ਸਿਹਤ 'ਤੇ ਪੈਂਦਾ ਹੈ। ਸਰੀਰ ਵਿਚ ਪੇਟ ਇਕ ਅਜਿਹਾ ਅੰਗ ਹੈ, ਜੋ ਦੂਸ਼ਿਤ ਵਾਤਾਵਰਨ ਕਾਰਨ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਪੇਟ ਵਿਚ ਗੈਸ ਬਣਨ, ਹਲਕਾ ਦਰਦ ਹੋਣ ਅਤੇ ਪਖਾਨਾ ਠੀਕ ਤਰ੍ਹਾਂ ਨਾ ਆਉਣ ਜਾਂ ਵਾਰ-ਵਾਰ ਆਉਣ 'ਤੇ ਕਮਜ਼ੋਰ ਮਹਿਸੂਸ ਹੋਣ ਦੀ ਸ਼ਿਕਾਇਤ ਆਮ ਹੀ ਹੁੰਦੀ ਹੈ। ਇਹ ਸਾਰੀਆਂ ਤਕਲੀਫਾਂ ਇਕ ਆਮ ਬਿਮਾਰੀ ਦੀ ਵਜ੍ਹਾ ਨਾਲ ਹੁੰਦੀਆਂ ਹਨ, ਜਿਸ ਨੂੰ ਏਕ ਬਿਉਸਿਸ ਕਹਿੰਦੇ ਹਨ। ਅਸਲ ਵਿਚ ਸਾਡੇ ਤੰਤਰ ਵਿਚ ਲਿਵਰ ਤੋਂ ਬਾਅਦ ਅੰਤੜੀਆਂ ਦਾ ਸਥਾਨ ਆਉਂਦਾ ਹੈ। ਵੱਡੀ ਤੇ ਛੋਟੀ ਅੰਤੜੀ ਤੋਂ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਪਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਅੰਤੜੀਆਂ ਵਿਚ ਤਕਲੀਫ ਦਾ ਸਾਡੇ ਪੇਟ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ ਅਤੇ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਦੇ ਰੋਗ ਦਾ ਮੁੱਖ ਕਾਰਨ ਅੰਤੜੀਆਂ ਤੇ ਜਿਗਰ ਦੀ ਸੋਜ ਹੈ। ਇਸ ਦੇ ਕਾਰਨ ਪੇਟ ਵਿਚ ਹਲਕਾ-ਹਲਕਾ ਦਰਦ ਅਤੇ ਵਾਰ-ਵਾਰ ਪਖਾਨਾ ਆਉਂਦਾ ਹੈ। ਹੌਲੀ-ਹੌਲੀ ਮਰੀਜ਼ ਨੂੰ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਭੁੱਖ ਘੱਟ ਲਗਦੀ ਹੈ ਅਤੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਮਰੀਜ਼ ਦਾ ਭਾਰ ਘਟ ਜਾਂਦਾ ਹੈ। ਅੰਤੜੀ ਤੇ ਜਿਗਰ ਵਿਚ ਸੋਜ ਹੋਣ 'ਤੇ ਪੇਟ ਫੁੱਲਿਆ-ਫੁੱਲਿਆ ਨਜ਼ਰ ਆਉਂਦਾ ਹੈ।
ਲਿਵਰ ਦੀ ਸੋਜ : ਲਿਵਰ ਸਾਡੇ ਪਾਚਣ ਤੰਤਰ ਦਾ ਮੁੱਖ ਅੰਗ ਹੈ, ਜਿਸ ਵਿਚੋਂ ਕਈ ਤਰ੍ਹਾਂ ਦੇ ਤਰਲ ਪਦਾਰਥ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ।
ਲੱਛਣ : ਭੁੱਖ ਘੱਟ ਲਗਦੀ ਹੈ। ਉਲਟੀ ਆਉਣੀ ਤੇ ਜੀਅ ਕੱਚਾ ਹੋਣਾ ਤੇ ਹਲਕਾ ਬੁਖਾਰ ਰਹਿਣਾ, ਕਈ ਵਾਰ ਬੇਹੋਸ਼ੀ ਵੀ ਆ ਜਾਂਦੀ ਹੈ।
ਇਲਾਜ : ਇਸ ਦੇ ਇਲਾਜ ਲਈ ਵੀ ਬਹੁਤ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਮਰੀਜ਼ ਨੂੰ ਖੁਰਾਕ ਵਿਚ ਗੁਲੂਕੋਜ਼ ਅਤੇ ਮਿੱਠੀਆਂ ਚੀਜ਼ਾਂ ਜ਼ਿਆਦਾ ਦੇ ਕੇ ਤਲੀਆਂ ਤੇ ਖੱਟੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਕੇ ਪੂਰਾ ਆਰਾਮ ਕਰਨਾ ਚਾਹੀਦਾ ਹੈ। ਨਾਲ ਹੀ ਸੰਪਰਕ ਵੀ ਜ਼ਰੂਰੀ ਹੈ।
ਅੰਤੜੀਆਂ ਦੀ ਸੋਜ : ਅੰਤੜੀਆਂ ਦੀ ਸੋਜ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ, ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ। ਇਸ ਨਾਲ ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਵਾਰ-ਵਾਰ ਪਖਾਨਾ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ।
ਇਲਾਜ : ਇਸ ਬਿਮਾਰੀ ਦਾ ਇਲਾਜ ਬਹੁਤ ਅਸਾਨ ਹੈ। ਪੇਟ ਦੇ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਕਰਾਉਣ ਅਤੇ ਖਾਣ-ਪੀਣ ਦਾ ਧਿਆਨ ਰੱਖਣ ਨਾਲ ਥੋੜ੍ਹੇ ਦਿਨਾਂ ਵਿਚ ਹੀ ਬਿਮਾਰੀ ਖ਼ਤਮ ਹੋ ਜਾਂਦੀ ਹੈ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਸਰੀਰ ਅਤੇ ਦਿਮਾਗ ਨੂੰ ਅੰਦਰੂਨੀ ਤਾਕਤ ਦਿੰਦਾ ਹੈ ਅਨੁਲੋਮ-ਵਿਲੋਮ

ਪ੍ਰਾਣਾਯਾਮ ਵਿਚ ਅਨੁਲੋਮ-ਵਿਲੋਮ ਪ੍ਰਾਣਾਯਾਮ ਸਰੀਰ ਅਤੇ ਦਿਮਾਗ ਦੀ ਸ਼ੁੱਧੀ ਕਰਨ ਦਾ ਸਭ ਤੋਂ ਚੰਗਾ ਯੋਗ ਹੈ। ਹਰ ਉਮਰ ਦੇ ਲੋਕ ਇਸ ਪ੍ਰਾਣਾਯਾਮ ਨੂੰ ਕਰ ਸਕਦੇ ਹਨ ਪਰ ਇਸ ਨੂੰ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਜਾਂ ਯੋਗਾਚਾਰੀਆ ਕੋਲੋਂ ਇਸ ਦੀ ਸਹੀ ਜਾਣਕਾਰੀ ਲਓ, ਫਿਰ ਅਭਿਆਸ ਜਾਰੀ ਰੱਖੋ। ਗ਼ਲਤ ਪ੍ਰਾਣਾਯਾਮ ਨੁਕਸਾਨ ਪਹੁੰਚਾ ਸਕਦਾ ਹੈ।
ਅਨੁਲੋਮ-ਵਿਲੋਮ ਪ੍ਰਾਣਾਯਾਮ ਵਿਚ ਸਾਹ ਲੈਣ ਅਤੇ ਛੱਡਣ ਦੀ ਪ੍ਰਕਿਰਿਆ ਨੂੰ ਦੁਹਰਾਇਆ ਜਾਂਦਾ ਹੈ, ਜਿਸ ਨੂੰ ਨਾੜੀਸ਼ੋਧਕ ਵੀ ਕਿਹਾ ਜਾਂਦਾ ਹੈ। ਇਸ ਪ੍ਰਾਣਾਯਾਮ ਨੂੰ ਕਰਨ ਨਾਲ ਨਰਵਸ ਸਿਸਟਮ ਸੁਚਾਰੂ ਰੂਪ ਨਾਲ ਚਲਦਾ ਹੈ ਅਤੇ ਦਿਮਾਗ ਦੀ ਮਸਾਜ ਵੀ ਹੋ ਜਾਂਦੀ ਹੈ, ਜਿਸ ਨਾਲ ਸਾਡਾ ਨਰਵਸ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਅਸੀਂ ਤਣਾਅਰਹਿਤ ਮਹਿਸੂਸ ਕਰਦੇ ਹਾਂ।
ਦੂਜਾ ਵੱਡਾ ਲਾਭ ਇਸ ਨੂੰ ਨਿਯਮਤ ਕਰਨ ਨਾਲ ਫੇਫੜੇ ਸ਼ਕਤੀਸ਼ਾਲੀ ਬਣਦੇ ਹਨ, ਦਿਲ ਮਜ਼ਬੂਤ ਹੁੰਦਾ ਹੈ ਅਤੇ ਪੂਰੇ ਸਰੀਰ ਵਿਚ ਖੂਨ ਅਤੇ ਆਕਸੀਜਨ ਦਾ ਵਹਾਅ ਠੀਕ ਰਹਿੰਦਾ ਹੈ। ਖੂਨ ਅਤੇ ਆਕਸੀਜਨ ਦੇ ਠੀਕ ਵਹਾਅ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਸਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ।
ਪ੍ਰਾਣਾਯਾਮ ਕਰਨ ਦਾ ਸਹੀ ਸਮਾਂ : ਕੋਈ ਵੀ ਪ੍ਰਾਣਾਯਾਮ ਕਰਨ ਦਾ ਠੀਕ ਸਮਾਂ ਸਵੇਰ ਨੂੰ ਹੁੰਦਾ ਹੈ ਜਦੋਂ ਪੇਟ ਖਾਲੀ ਹੋਵੇ ਅਤੇ ਮਨ ਸ਼ਾਂਤ ਹੋਵੇ। ਕੋਈ ਵਿਘਨ ਨਾ ਹੋਵੇ ਤਾਂ ਪ੍ਰਾਣਾਯਾਮ ਕਰਨ ਦਾ ਲਾਭ ਪੂਰਾ ਮਿਲਦਾ ਹੈ। ਸਾਫ-ਸੁਥਰੀ ਜਗ੍ਹਾ ਤੇ ਯੋਗਾ ਮੈਟ, ਦਰੀ ਵਿਛਾ ਕੇ ਆਰਾਮਦਾਇਕ ਸਥਿਤੀ ਵਿਚ ਬੈਠੋ। ਕਮਰ, ਗਰਦਨ ਸਿੱਧੀ ਰੱਖੋ। ਜੇ ਪਦਮ ਆਸਣ ਲਗਾ ਸਕਦੇ ਹੋ ਤਾਂ ਲਗਾਓ। ਅਰਧਪਦਮ ਆਸਣ, ਸੁਖ ਆਸਣ ਜਾਂ ਵੱਜਰ ਆਸਣ ਵਿਚ ਬੈਠੋ। ਜ਼ਮੀਨ 'ਤੇ ਬੈਠਣਾ ਮੁਸ਼ਕਿਲ ਹੋਵੇ ਤਾਂ ਲੱਕੜੀ ਦੀ ਕੁਰਸੀ 'ਤੇ ਪਿੱਠ ਸਿੱਧੀ ਕਰਕੇ ਬੈਠੋ।
ਪ੍ਰਾਣਾਯਾਮ ਕਰਨ ਦੀ ਵਿਧੀ : ਅੱਖਾਂ ਬੰਦ ਕਰ ਲਓ। ਖੱਬੀ ਹਥੇਲੀ ਨੂੰ ਖੱਬੇ ਗੋਡੇ 'ਤੇ ਰੱਖੋ। ਸੱਜੇ ਹੱਥ ਨਾਲ ਗਿਆਨਮੁਦਰਾ ਬਣਾਓ। ਸਭ ਤੋਂ ਪਹਿਲਾਂ ਪੇਟ ਵਿਚੋਂ ਸਾਹ ਬਾਹਰ ਕੱਢੋ। ਪੇਟ ਖਾਲੀ ਕਰਕੇ ਸੱਜੇ ਅੰਗੂਠੇ ਨੂੰ ਸੱਜੀ ਨਾਸ 'ਤੇ ਰੱਖੋ, ਥੋੜ੍ਹਾ ਦਬਾਅ ਦਿਓ। ਤਰਜਨੀ ਅਤੇ ਵਿਚਕਾਰਲੀ ਉਂਗਲੀ ਨੂੰ ਭੌਹਾਂ ਦੇ ਵਿਚਕਾਰ ਰੱਖੋ। ਖੱਬੀ ਨਾਸ ਰਾਹੀਂ ਸਾਹ ਖਿੱਚੋ, ਫਿਰ ਖੱਬੀ ਨਾਸ ਨੂੰ ਅਨਾਮਿਕਾ ਨਾਲ ਬੰਦ ਕਰਕੇ ਹੌਲੀ-ਹੌਲੀ ਸਾਹ ਛੱਡੋ। ਇਸੇ ਪ੍ਰਕਿਰਿਆ ਨੂੰ ਖੱਬੀ ਨਾਸ ਰਾਹੀਂ ਦੁਹਰਾਓ। ਇਸ ਤਰ੍ਹਾਂ ਇਹ ਇਕ ਵਾਰ ਦਾ ਚੱਕਰ ਪੂਰਾ ਹੋਇਆ। ਇਸੇ ਤਰ੍ਹਾਂ ਚੱਕਰ ਦੁਹਰਾਓ। ਸ਼ੁਰੂਆਤ ਵਿਚ 5 ਵਾਰ ਇਸ ਕਿਰਿਆ ਨੂੰ ਦੁਹਰਾਓ। ਫਿਰ ਦੋਵੇਂ ਹਥੇਲੀਆਂ ਦੋਵੇਂ ਹਥੇਲੀਆਂ ਦੋਵੇਂ ਗੋਡਿਆਂ 'ਤੇ ਰੱਖ ਕੇ ਅੱਖਾਂ ਬੰਦ ਕਰਕੇ ਥੋੜ੍ਹਾ ਆਰਾਮ ਕਰੋ।
ਇਸ ਤਰ੍ਹਾਂ ਤੁਸੀਂ ਇਸ ਕਿਰਿਆ ਨੂੰ ਹੌਲੀ-ਹੌਲੀ ਵਧਾਓ। 5 ਮਿੰਟ ਤੋਂ ਸ਼ੁਰੂ ਕਰਕੇ 15-20 ਮਿੰਟ ਤੱਕ ਲੈ ਜਾਓ। ਧਿਆਨ ਦਿਓ, ਸਾਹ ਲੈਣ ਅਤੇ ਛੱਡਣ ਦੇ ਵਿਚਕਾਰ ਕੁਝ ਫਰਕ ਰੱਖੋ। ਸ਼ੁਰੂਆਤ ਵਿਚ ਸਹੂਲਤ ਅਨੁਸਾਰ ਕਰੋ, ਹੌਲੀ-ਹੌਲੀ ਅਭਿਆਸ ਨੂੰ ਵਧਾਉਣਾ ਹੈ। ਸਾਹ ਲੈਣ ਅਤੇ ਛੱਡਣ ਸਮੇਂ ਸਾਹਾਂ 'ਤੇ ਧਿਆਨ ਬਣਾਈ ਰੱਖੋ। ਤੁਸੀਂ ਚਾਹੋ ਤਾਂ ਸਾਹ ਭਰੋ ਅਤੇ ਦੂਜੇ ਪਾਸਿਓਂ ਸਾਹ ਛੱਡੋ। ਸਾਹ ਦਾ ਲੈਣਾ-ਛੱਡਣਾ ਸੁਵਿਧਾਜਨਕ ਹੋਣਾ ਚਾਹੀਦਾ ਹੈ। ਜ਼ੋਰ ਨਾ ਲਗਾਓ। ਸਾਹ ਭਰਦੇ ਅਤੇ ਛੱਡਦੇ ਸਮੇਂ ਜ਼ੋਰ ਲਗਾਉਣ ਨਾਲ ਸਿਰ ਭਾਰੀ ਹੋ ਸਕਦਾ ਹੈ।
ਜਦੋਂ ਵੀ ਕੋਈ ਵੀ ਪ੍ਰਾਣਾਯਾਮ ਕਰੋ ਤਾਂ ਅਖੀਰ ਵਿਚ ਅੱਖਾਂ ਬੰਦ ਕਰਕੇ ਆਪਣੇ ਸਾਹਾਂ ਨੂੰ ਆਉਂਦੇ-ਜਾਂਦੇ ਦੇਖੋ। ਹੌਲੀ-ਹੌਲੀ ਅੱਖਾਂ ਖੋਲ੍ਹੋ।

ਹਾਸੇ ਨਾਲ ਸੰਭਵ ਹੈ ਲੰਮੀ ਉਮਰ ਵੀ

ਹਾਸੇ ਨਾਲ ਨਾ ਸਿਰਫ ਰੋਗਮੁਕਤੀ ਅਤੇ ਚੰਗੀ ਸਿਹਤ ਦੀ ਪ੍ਰਾਪਤੀ ਸੰਭਵ ਹੈ, ਸਗੋਂ ਜ਼ਿਆਦਾ ਹੱਸਣ ਵਾਲੇ ਵਿਅਕਤੀਆਂ ਦੀ ਉਮਰ ਵੀ ਲੰਮੀ ਹੁੰਦੀ ਹੈ ਅਤੇ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਆਧੁਨਿਕ ਵਿਗਿਆਨਕ ਖੋਜਾਂ ਨਾਲ।
ਹਾਲ ਹੀ ਵਿਚ ਵਿਗਿਆਨੀਆਂ ਨੇ ਕੁਝ ਬੇਸਬਾਲ ਖਿਡਾਰੀਆਂ ਦੀਆਂ ਉਨ੍ਹਾਂ ਦੇ ਹਾਸੇ ਦੇ ਆਧਾਰ 'ਤੇ ਰੇਂਕਿੰਗ ਕੀਤੀ। ਕੁਝ ਖਿਡਾਰੀ ਅਜਿਹੇ ਸਨ, ਜੋ ਖੂਬ ਹੱਸਦੇ ਸਨ ਅਤੇ ਜੀਅ ਖੋਲ੍ਹ ਕੇ ਹੱਸਦੇ ਸਨ ਜਦੋਂ ਕੁਝ ਖਿਡਾਰੀ ਅਜਿਹੇ ਸਨ, ਜੋ ਕਦੇ-ਕਦੇ ਹੱਸਦੇ ਸਨ ਪਰ ਕੁਝ ਖਿਡਾਰੀ ਅਜਿਹੇ ਵੀ ਸਨ, ਜੋ ਬਿਲਕੁਲ ਨਹੀਂ ਹੱਸਦੇ ਸੀ।
ਉਨ੍ਹਾਂ ਦੇ ਜੀਵਨ ਸਮੇਂ ਦਾ ਅਧਿਐਨ ਕਰਨ 'ਤੇ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ। ਜੋ ਖਿਡਾਰੀ ਬਿਲਕੁਲ ਨਹੀਂ ਹੱਸਦੇ ਸੀ, ਉਨ੍ਹਾਂ ਦੀ ਔਸਤ ਉਮਰ 72.9 ਸਾਲ ਰਹੀ ਜਦੋਂ ਕਿ ਜੋ ਖਿਡਾਰੀ ਖੂਬ ਹੱਸਦੇ ਸਨ, ਉਨ੍ਹਾਂ ਦੀ ਔਸਤ ਉਮਰ 79.9 ਸਾਲ ਪਾਈ ਗਈ। ਘੱਟ ਹੱਸਣ ਵਾਲੇ ਖਿਡਾਰੀਆਂ ਦੀ ਔਸਤ ਉਮਰ ਇਨ੍ਹਾਂ ਦੋਵਾਂ ਦੇ ਵਿਚਕਾਰ ਅਰਥਾਤ 75 ਸਾਲ ਦੇ ਲਗਪਗ ਰਹੀ। ਇਸ ਤੋਂ ਸਿੱਧ ਹੁੰਦਾ ਹੈ ਕਿ ਹੱਸਣਾ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ। ਜਿੰਨਾ ਜ਼ਿਆਦਾ ਹੱਸੋਗੇ, ਓਨੀ ਹੀ ਲੰਬੀ ਉਮਰ ਪਾ ਸਕੋਗੇ ਅਤੇ ਉਹ ਵੀ ਚੰਗੀ ਸਿਹਤ ਦੇ ਨਾਲ।
ਹਾਸੇ ਨਾਲ ਸਮੇਂ ਦੀ ਸੀਮਾ ਮਿਟ ਜਿਹੀ ਜਾਂਦੀ ਹੈ। ਹੱਸਦੇ-ਹੱਸਦੇ ਕਦੋਂ ਅਤੇ ਕਿਵੇਂ ਸਮਾਂ ਬੀਤ ਜਾਂਦਾ ਹੈ, ਪਤਾ ਹੀ ਨਹੀਂ ਲਗਦਾ। ਦਿਨ ਘੰਟਿਆਂ ਵਿਚ ਅਤੇ ਘੰਟੇ ਮਿੰਟਾਂ ਵਿਚ ਬੀਤਦੇ ਲਗਦੇ ਹਨ। ਇਕ ਵਾਰ ਦੀ ਗੱਲ ਹੈ ਕਿ ਪਿੰਜੌਰ ਤੋਂ ਦਿੱਲੀ ਆ ਰਹੇ ਸੀ। ਬੱਸ ਵਿਚ ਸਾਰੇ ਯਾਤਰੀ ਇਕ-ਦੂਜੇ ਦੇ ਵਾਕਿਫ ਸਨ। ਹਾਸਾ-ਮਜ਼ਾਕ ਦਾ ਅਜਿਹਾ ਦੌਰ ਚੱਲਿਆ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਿਆ।
ਮੇਰੀ ਚਾਹ ਪੀਣ ਦੀ ਇੱਛਾ ਹੋ ਰਹੀ ਸੀ। ਮੈਂ ਆਪਣੇ ਨਾਲ ਦੇ ਯਾਤਰੀਆਂ ਨੂੰ ਕਿਹਾ ਕਿ ਭਰਾਵੋ, ਕਿਤੇ ਬੱਸ ਰੁਕਵਾ ਕੇ ਚਾਹ-ਚੂਹ ਤਾਂ ਪਿਲਵਾ ਦਿਓ ਤਾਂ ਇਕ ਯਾਤਰੀ ਨੇ ਕਿਹਾ, 'ਸਿਰਫ ਦਸ ਮਿੰਟ ਹੋਰ ਰੁਕੋ, ਫਿਰ ਆਰਾਮ ਨਾਲ ਪੀਓ ਚਾਹ।'
ਮੇਰਾ ਅੰਦਾਜ਼ਾ ਸੀ ਕਿ ਘੱਟ ਤੋਂ ਘੱਟ ਅੱਧਾ ਸਫ਼ਰ ਤਾਂ ਜ਼ਰੂਰ ਤੈਅ ਹੋ ਚੁੱਕਾ ਹੋਵੇਗਾ। 10 ਮਿੰਟ ਬਾਅਦ ਜਦੋਂ ਬੱਸ ਰੁਕੀ ਤਾਂ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਅਸੀਂ ਦਿੱਲੀ ਪਹੁੰਚ ਚੁੱਕੇ ਸੀ। ਇਹ ਹਾਸੇ ਦਾ ਹੀ ਪ੍ਰਭਾਵ ਸੀ ਕਿ ਸਮੇਂ ਦੇ ਬੀਤਣ ਦਾ ਪਤਾ ਹੀ ਨਹੀਂ ਲੱਗਾ।

ਵਿਟਾਮਿਨ 'ਸੀ' ਦੇ ਨਾਲ ਕਸਰਤ ਵੀ ਜ਼ਰੂਰੀ

ਕਾਫੀ ਸਮੇਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਵਿਟਾਮਿਨ 'ਸੀ' ਸਰਦੀ-ਜ਼ੁਕਾਮ ਨੂੰ ਦੂਰ ਭਜਾਉਣ ਵਿਚ ਸਹਾਇਕ ਹੈ। ਹੁਣ ਇਕ ਖੋਜ ਦੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਵਿਟਾਮਿਨ 'ਸੀ' ਸਰਦੀ-ਜ਼ੁਕਾਮ ਦੂਰ ਕਰਨ ਲਈ ਤਾਂ ਹੀ ਲਾਭਦਾਇਕ ਹੋ ਸਕਦਾ ਹੈ ਜੇ ਉਸ ਦੇ ਨਾਲ ਕਸਰਤ ਵੀ ਕੀਤੀ ਜਾਵੇ। ਜੋ ਲੋਕ ਕਸਰਤ ਨਹੀਂ ਕਰਦੇ, ਉਨ੍ਹਾਂ ਨੂੰ ਵਿਟਾਮਿਨ 'ਸੀ' ਲੈਣ ਦਾ ਕੋਈ ਲਾਭ ਨਹੀਂ ਮਿਲਦਾ, ਉਲਟਾ ਵਿਟਾਮਿਨ 'ਸੀ' ਲੈਣ ਵਾਲਿਆਂ ਵਿਚ ਗੁਰਦੇ ਦੀ ਪੱਥਰੀ ਦਾ ਖਤਰਾ ਦੋਗੁਣਾ ਹੋ ਜਾਂਦਾ ਹੈ।
ਵੱਡਿਆਂ ਨੂੰ ਅਕਸਰ ਸਾਲ ਵਿਚ 2-3 ਵਾਰ ਸਰਦੀ-ਜ਼ੁਕਾਮ ਹੁੰਦਾ ਹੈ, ਜਦੋਂ ਕਿ ਬੱਚਿਆਂ ਨੂੰ ਸਾਲ ਵਿਚ 10-12 ਵਾਰ ਸਰਦੀ-ਜ਼ੁਕਾਮ ਹੁੰਦਾ ਹੈ। ਇਹ ਪਾਇਆ ਗਿਆ ਹੈ ਕਿ ਵਿਟਾਮਿਨ 'ਸੀ' ਲੈਣ ਨਾਲ ਸਰਦੀ-ਜ਼ੁਕਾਮ ਛੇਤੀ ਠੀਕ ਹੋ ਜਾਂਦਾ ਹੈ ਪਰ ਇਸ ਨੂੰ ਬਿਲਕੁਲ ਨਹੀਂ ਰੋਕਿਆ ਜਾ ਸਕਦਾ।

ਦਰਦ ਤੋਂ ਇੰਜ ਬਚੋ

ਦਰਦ ਕਦੇ ਵੀ, ਕਿਤੇ ਵੀ, ਕਿਸੇ ਵੀ ਉਮਰ ਵਿਚ ਤੁਹਾਨੂੰ ਤੰਗ ਕਰ ਸਕਦੀ ਹੈ। ਜੇ ਅਸੀਂ ਸਰਗਰਮ ਰਹੀਏ, ਮੋਟਾਪਾ ਕਾਬੂ ਵਿਚ ਰੱਖੀਏ, ਸਰੀਰ ਦੀ ਸਥਿਤੀ ਠੀਕ ਰੱਖੀਏ ਅਤੇ ਆਪਣਾ ਖਾਣ-ਪੀਣ ਸਾਧਾਰਨ ਅਤੇ ਪੌਸ਼ਟਿਕ ਰੱਖੀਏ ਤਾਂ ਅਸੀਂ ਉਮਰ ਦੇ ਨਾਲ ਹੋਣ ਵਾਲੀਆਂ ਦਰਦਾਂ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹਾਂ।
ਗਤੀਸ਼ੀਲ ਰਹੋ, ਕਸਰਤ ਕਰੋ : * ਗਤੀਸ਼ੀਲ ਰਹਿਣ ਲਈ ਆਪਣੇ ਕੰਮ ਖੁਦ ਕਰੋ। ਉੱਠਣ-ਬੈਠਣ ਵਿਚ ਆਲਸ ਨਾ ਕਰੋ। ਸਰੀਰ ਦੇ ਸਾਰੇ ਜੋੜ ਚਲਦੇ ਰਹਿਣ, ਇਸ ਲਈ ਜ਼ਰੂਰੀ ਹੈ ਨਿਯਮਤ ਕਸਰਤ ਜਿਵੇਂ ਕਾਰਡਿਓਵੈਸਕੁਲਰ, ਸਟ੍ਰੈਚਿੰਗ, ਸਟ੍ਰੇਂਥਨਿੰਗ, ਯੋਗਾਅਭਿਆਸ ਆਦਿ। ਜੇ ਤੁਸੀਂ ਜਵਾਨ ਹੋ ਅਤੇ ਗੋਡੇ, ਕਮਰ ਸਹੀ ਹਨ ਤਾਂ ਤੁਸੀਂ ਤੇਜ਼ ਸੈਰ ਨਿਯਮਤ ਕਰ ਸਕਦੇ ਹੋ। ਜੇ ਉਮਰ ਵਧ ਰਹੀ ਹੈ ਤਾਂ ਸਾਧਾਰਨ ਸੈਰ 25 ਤੋਂ 30 ਮਿੰਟ ਤੱਕ ਜ਼ਰੂਰ ਨਿਯਮਤ ਕਰੋ। ਇਹ ਸੁਰੱਖਿਅਤ ਕਸਰਤ ਹੈ। ਇਸ ਨਾਲ ਗੋਡਿਆਂ ਅਤੇ ਕਮਰ 'ਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ।
* ਦਿਨ ਵਿਚ ਕੁਝ ਸਮਾਂ ਸਟ੍ਰੈਚਿੰਗ 'ਤੇ ਜ਼ਰੂਰ ਦਿਓ, ਜਿਨ੍ਹਾਂ ਨੂੰ ਸੂਖਮ ਕਿਰਿਆਵਾਂ ਕਹਿੰਦੇ ਹਨ। ਗੁੱਟਾਂ, ਗੋਡਿਆਂ, ਕਮਰ ਨੂੰ ਸਟ੍ਰੈਚ ਕਰੋ ਤਾਂ ਕਿ ਜੋੜ ਗਤੀਸ਼ੀਲ ਰਹਿਣ ਅਤੇ ਇਨ੍ਹਾਂ ਵਿਚ ਹਲਚਲ ਬਣੀ ਰਹੇ।
ਖਾਣ-ਪੀਣ ਪੌਸ਼ਟਿਕ ਰੱਖੋ : ਸਰੀਰ ਨੂੰ ਦਰਦ ਤੋਂ ਬਚਾਈ ਰੱਖਣ ਲਈ ਪੌਸ਼ਟਿਕ ਭੋਜਨ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨਿਯਮਤ ਰੂਪ ਨਾਲ ਮੇਵੇ, ਘੱਟ ਫੈਟ ਵਾਲਾ ਦੁੱਧ, ਦਹੀਂ, ਲੱਸੀ, ਦਾਲਾਂ, ਟੋਫੂ, ਸਬਜ਼ੀਆਂ, ਬ੍ਰੋਕਲੀ, ਮਸ਼ਰੂਮ, ਚੁਕੰਦਰ, ਫਲ, ਸੋਇਆਬੀਨ ਲਓ। ਪਾਣੀ ਦਿਨ ਵਿਚ 2 ਤੋਂ 3 ਲਿਟਰ ਪੀਓ ਤਾਂ ਕਿ ਮਾਸਪੇਸ਼ੀਆਂ ਮੁਲਾਇਮ ਬਣੀਆਂ ਰਹਿਣ।
ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਦੀ ਕਮੀ ਨੂੰ ਦੂਰ ਰੱਖੋ : ਵਿਟਾਮਿਨ 'ਡੀ' ਦੀ ਕਮੀ ਧੁੱਪ ਸੇਵਨ ਨਾਲ ਕੁਦਰਤੀ ਰੂਪ ਨਾਲ ਦੂਰ ਹੁੰਦੀ ਹੈ। ਮਾਹਿਰਾਂ ਅਨੁਸਾਰ ਮਹੀਨੇ ਵਿਚ 4-5 ਦਿਨ ਤੱਕ 80 ਫ਼ੀਸਦੀ ਸਰੀਰ ਖੁੱਲ੍ਹਾ ਰੱਖ ਕੇ 45 ਮਿੰਟ ਤੱਕ ਧੁੱਪ ਵਿਚ ਬੈਠੋ ਜੋ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਮੁਸ਼ਕਿਲ ਹੈ। 25 ਤੋਂ 30 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 60 ਹਜ਼ਾਰ ਯੂਨਿਟ ਦਾ ਵਿਟਾਮਿਨ 'ਡੀ' ਦਾ ਸੈਸ਼ੇ ਲਓ।
ਕੈਲਸ਼ੀਅਮ ਦੀ ਕਮੀ ਨਾਲ ਵੀ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਦਰਦ ਦੀ ਸ਼ਿਕਾਇਤ ਹੁੰਦੀ ਹੈ। ਕੈਲਸ਼ੀਅਮ ਨਾਲ ਭਰਪੂਰ ਭੋਜਨ ਲਓ। ਲੋੜ ਪੈਣ 'ਤੇ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਸਪਲੀਮੈਂਟ ਵੀ ਲੈ ਸਕਦੇ ਹੋ।
ਉੱਠਣ-ਬੈਠਣ, ਸੌਣ, ਚੱਲਣ ਵਿਚ ਸਰੀਰ ਦੀ ਸਥਿਤੀ ਠੀਕ ਰੱਖੋ : ਸਰੀਰ ਦੀ ਗ਼ਲਤ ਸਥਿਤੀ ਵੀ ਸਾਡੇ ਅੰਗਾਂ ਵਿਚ ਦਰਦ ਦਾ ਕਾਰਨ ਬਣਦੀ ਹੈ। ਬੈਠਦੇ ਹੋਏ ਕਮਰ ਝੁਕਾ ਕੇ ਨਾ ਬੈਠੋ, ਕੁਰਸੀ, ਸੋਫੇ, ਗੱਡੀ ਵਿਚ ਬੈਠਦੇ ਸਮੇਂ ਆਪਣਾ 70 ਤੋਂ 80 ਫੀਸਦੀ ਪਿਛਲਾ ਹਿੱਸਾ ਬੈਠਣ ਵਾਲੀ ਜਗ੍ਹਾ 'ਤੇ ਰੱਖੋ, ਬਾਕੀ ਸੀਟ ਦੇ ਬਾਹਰ। ਪੈਰਾਂ ਨੂੰ ਜ਼ਿਆਦਾ ਦੇਰ ਤੱਕ ਲਟਕਾ ਕੇ ਨਾ ਬੈਠੋ। ਕੱਦ ਛੋਟਾ ਹੋਣ 'ਤੇ ਕੁਰਸੀ 'ਤੇ ਢੋਅ ਲਗਾ ਕੇ ਰੱਖੋ। ਗੋਡੇ 'ਤੇ ਗੋਡਾ ਜਾਂ ਪੈਰ 'ਤੇ ਪੈਰ ਰੱਖ ਕੇ ਨਾ ਬੈਠੋ। ਪੈਰਾਂ ਦੇ ਹੇਠਾਂ ਵੀ ਫੁੱਟ ਰੈਸਟ ਰੱਖੋ।
ਡਰਾਈਵਿੰਗ ਕਰਦੇ ਸਮੇਂ ਆਪਣੇ-ਆਪ ਨੂੰ ਸਟੇਅਰਿੰਗ ਦੇ ਕੋਲ ਰੱਖੋ। ਸੀਟ 'ਤੇ ਇਸ ਤਰ੍ਹਾਂ ਬੈਠੋ ਕਿ ਗੋਡੇ ਹਿਪਸ ਦੇ ਬਰਾਬਰ ਰਹਿਣ। ਕਮਰ ਦੇ ਹੇਠਲੇ ਹਿੱਸੇ ਵਿਚ ਤੌਲੀਏ ਦਾ ਸਹਾਰਾ ਬਣਾ ਕੇ ਰੱਖੋ।
ਗੋਡੇ, ਧੌਣ ਨੂੰ ਲਗਾਤਾਰ ਇਕ ਸੇਧ ਵਿਚ ਰੱਖੋ, ਥੋੜ੍ਹੇ ਫਰਕ ਨਾਲ ਘੁਮਾਉਂਦੇ ਰਹੋ। ਕੰਪਿਊਟਰ 'ਤੇ ਕੰਮ ਕਰਦੇ ਸਮੇਂ ਇਕ ਘੰਟੇ ਬਾਅਦ ਸੀਟ ਤੋਂ ਉੱਠੋ, ਸਰੀਰ ਨੂੰ ਸਟ੍ਰੈਚ ਕਰੋ ਅਤੇ ਥੋੜ੍ਹਾ ਤੁਰੋ। ਧੌਣ ਦੋਵੇਂ ਪਾਸੇ ਹੌਲੀ-ਹੌਲੀ ਘੁਮਾਓ, ਅੱਗੇ-ਪਿੱਛੇ ਵੀ।
ਰਸੋਈ ਵਿਚ ਸਲੈਬ ਦੀ ਉਚਾਈ ਏਨੀ ਰੱਖੋ ਕਿ ਝੁਕ ਕੇ ਕੰਮ ਨਾ ਕਰਨਾ ਪਵੇ। ਜ਼ਿਆਦਾ ਦੇਰ ਖੜ੍ਹੇ ਹੋ ਕੇ ਕੰਮ ਨਾ ਕਰੋ। ਵਿਚ-ਵਿਚ ਇਧਰ-ਉਧਰ ਜਾਓ ਜਾਂ ਫਿਰ ਉੱਚਾ ਸਟੂਲ, ਕੁਰਸੀ ਰੱਖ ਕੇ ਬੈਠ ਜਾਓ।
ਯੋਗ ਦੁਆਰਾ ਵੀ ਦਰਦਾਂ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਕਿਸੇ ਮਾਹਿਰ ਦੀ ਦੇਖ-ਰੇਖ ਵਿਚ ਯੋਗ ਕਿਰਿਆਵਾਂ, ਪ੍ਰਾਣਾਯਾਮ ਸਿੱਖੋ। ਮਨ ਨੂੰ ਸ਼ਾਂਤ ਰੱਖੋ।
**

ਸਿਹਤ ਖ਼ਬਰਨਾਮਾ

ਵੱਡੀ ਅੰਤੜੀ ਦੇ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਖੰਡ

ਅਮਰੀਕਾ ਦੇ ਸਿਹਤ ਮਾਹਿਰਾਂ ਨੂੰ ਹਾਲ ਹੀ ਵਿਚ ਹੋਈ ਇਕ ਖੋਜ ਤੋਂ ਇਹ ਪਤਾ ਲੱਗਾ ਹੈ ਕਿ ਜੋ ਵਿਅਕਤੀ ਜ਼ਿਆਦਾ ਮਾਤਰਾ ਵਿਚ ਖੰਡ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੱਡੀ ਅੰਤੜੀ ਦਾ ਕੈਂਸਰ ਹੀ ਨਹੀਂ, ਬਲਕਿ ਕਈ ਹੋਰ ਵੱਡੇ ਰੋਗ ਵੀ ਹੋ ਸਕਦੇ ਹਨ। ਇਸ ਕਾਰਨ ਖੰਡ ਦੇ ਸੇਵਨ 'ਤੇ ਕਾਬੂ ਬਹੁਤ ਹੀ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਖੰਡ ਦੇ ਜ਼ਿਆਦਾ ਸੇਵਨ ਨਾਲ ਬਹੁਤ ਜ਼ਿਆਦਾ ਮਾਤਰਾ ਵਿਚ ਕੈਲੋਰੀ ਮਿਲਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਖੰਡ ਦੇ ਜ਼ਿਆਦਾ ਸੇਵਨ ਨਾਲ ਹੋਰ ਵੀ ਬਹੁਤ ਨੁਕਸਾਨ ਹੁੰਦੇ ਹਨ। ਇਸ ਲਈ ਖੰਡ ਦੇ ਬਦਲ ਦੇ ਰੂਪ ਵਿਚ ਗੁੜ ਦੀ ਵਰਤੋਂ ਠੀਕ ਹੈ।
ਹਾਨੀਕਾਰਕ ਹੁੰਦੀਆਂ ਹਨ ਖੁਸ਼ਬੂਦਾਰ ਮੋਮਬੱਤੀਆਂ

ਵਿਗਿਆਨੀਆਂ ਨੇ ਇਕ ਖੋਜ ਵਿਚ ਪਾਇਆ ਹੈ ਕਿ ਖੁਸ਼ਬੂਦਾਰ ਮੋਮਬੱਤੀਆਂ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀਆਂ ਹਨ। ਇਨ੍ਹਾਂ ਵਿਚ ਵਰਤੀਆਂ ਜਾਣ ਵਾਲੀਆਂ ਚਮਕੀਲੀਆਂ ਬੱਤੀਆਂ ਸਿੱਕਾ ਮਿਸ਼ਰਤ ਪਦਾਰਥਾਂ ਨਾਲ ਬਣੀਆਂ ਹੁੰਦੀਆਂ ਹਨ, ਜੋ ਜਲਣ ਤੋਂ ਬਾਅਦ ਕਾਫੀ ਦੇਰ ਤੱਕ ਵਾਤਾਵਰਨ ਵਿਚ ਮੌਜੂਦ ਰਹਿੰਦੀ ਹੈ। ਅਮਰੀਕਨ ਲੰਗ ਐਸੋਸੀਏਸ਼ਨ ਨਾਲ ਸਬੰਧਤ ਡਾਕਟਰਾਂ ਅਨੁਸਾਰ ਸਿੱਕਾ ਮਿਸ਼ਰਤ ਕਣ ਤੰਤ੍ਰਿਕਾ-ਤੰਤਰ, ਦਿਲ ਪਰਿਭ੍ਰਮਣ ਆਦਿ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਅਨੇਕ ਰੋਗਾਂ ਦਾ ਜਨਮ ਹੁੰਦਾ ਹੈ।
ਕੰਟੈਕਟ ਲੈੱਨਜ਼ ਦੀ ਵਰਤੋਂ ਸਾਵਧਾਨੀ ਨਾਲ ਕਰੋ

'ਦ ਜਰਮਨ ਫੈਡਰਲ ਇੰਸਟੀਚਿਊਟ ਫਾਰ ਮੈਡੀਸਨ ਐਂਡ ਮੈਡੀਕਲ ਪ੍ਰੋਡਕਟਸ' ਦੇ ਮਾਹਿਰਾਂ ਅਨੁਸਾਰ ਅੱਖਾਂ ਦੀ ਸੁਰੱਖਿਆ ਲਈ ਕੰਟੈਕਟ ਲੈੱਨਜ਼ਾਂ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਜ਼ਰੂਰੀ ਹੁੰਦੀ ਹੈ, ਖਾਸ ਕਰਕੇ ਜਦੋਂ ਰਿਮੂਵੇਬਲ ਲੈੱਨਜ਼ ਲਗਾਇਆ ਜਾ ਰਿਹਾ ਹੋਵੇ। ਜਰਮਨ ਮਾਹਿਰਾਂ ਅਨੁਸਾਰ ਇਨ੍ਹਾਂ ਲੈੱਨਜ਼ਾਂ ਦੀ ਸਫਾਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਜੇ ਇਨ੍ਹਾਂ ਨੂੰ ਢੰਗ ਨਾਲ ਸਾਫ ਨਾ ਕੀਤਾ ਜਾਵੇ ਤਾਂ ਕਾਰਨੀਆ ਵਿਚ ਸੋਜ ਤੱਕ ਹੋ ਸਕਦੀ ਹੈ। ਲੈੱਨਜ਼ ਪਾਉਂਦੇ ਸਮੇਂ ਅਤੇ ਉਤਾਰਦੇ ਸਮੇਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX