ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  about 1 hour ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  about 2 hours ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  about 2 hours ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  about 2 hours ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  about 4 hours ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  about 4 hours ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  about 5 hours ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  about 5 hours ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਧਾਮ

ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਬਾਅਦ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਬਹੁਤ ਗੂੜ੍ਹਾ ਸਬੰਧ ਰਿਹਾ ਹੈ। ਕਿਉਂਕਿ ਗੁਰੂ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਇਸੇ ਸ਼ਹਿਰ ਵਿਚ ਗੁਜ਼ਾਰੇ ਤੇ ਮਨੁੱਖਤਾ ਨੂੰ 'ਨਾ ਕੋ ਹਿੰਦੂ, ਨ ਮੁਸਲਮਾਨ' ਦਾ ਸੰਦੇਸ਼ ਦਿੱਤਾ। ਇਤਿਹਾਸਕਾਰਾਂ ਅਨੁਸਾਰ ਪਹਿਲੀ ਸਦੀ ਤੋਂ 6ਵੀਂ ਸਦੀ ਤੱਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਤੇ ਗਿਆਨ ਮਾਰਗ ਦਾ ਪ੍ਰਮੁੱਖ ਕੇਂਦਰ ਰਿਹਾ। ਸੁਲਤਾਨਪੁਰ ਲੋਧੀ ਉੱਤਰੀ ਭਾਰਤ ਦੇ ਉੱਘੇ ਵਪਾਰਕ ਸ਼ਹਿਰਾਂ ਵਿਚੋਂ ਇਕ ਸੀ। ਇਹ ਸ਼ਹਿਰ ਉਚੇਰੀ ਇਸਲਾਮਿਕ ਤਾਲੀਮ ਦਾ ਵੀ ਪ੍ਰਮੁੱਖ ਕੇਂਦਰ ਰਿਹਾ ਹੈ। ਉਸ ਸਮੇਂ ਬਹੁਤ ਸਾਰੇ ਮਦਰੱਸੇ ਇਸ ਸ਼ਹਿਰ ਵਿਚ ਸਨ। ਦਿੱਲੀ ਦੇ ਦੋ ਬਾਦਸ਼ਾਹਾਂ ਔਰੰਗਜ਼ੇਬ ਤੇ ਉਨ੍ਹਾਂ ਦੇ ਭਰਾ ਦਾਰਾ ਸ਼ਿਕੋਹ ਨੇ ਆਪਣੀ ਉਚੇਰੀ ਇਸਲਾਮਿਕ ਤਾਲੀਮ ਇੱਥੋਂ ਹੀ ਪ੍ਰਾਪਤੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਲੋਧੀ ਨਾਲ ਸਾਂਝ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਸਦਕਾ ਹੋਈ, ਜੋ ਭਾਈ ਜੈਰਾਮ ਨਾਲ ਵਿਆਹੇ ਹੋਏ ਸਨ। ਉਸ ਸਮੇਂ ਭਾਈ ਜੈਰਾਮ ਨਵਾਬ ਦੌਲਤ ਖਾਂ ਦੇ ਪ੍ਰਮੁੱਖ ਮੁਲਾਜ਼ਮਾਂ ਵਿਚੋਂ ਇਕ ਸਨ।
ਗੁਰੂ ਜੀ ਬਚਪਨ ਤੋਂ ਹੀ ਸੰਸਾਰਕ ਕਾਰਜਾਂ ਤੋਂ ਉਪਰਾਮ ਸਨ ਤੇ ਉਨ੍ਹਾਂ ਦੇ ਮਾਪਿਆਂ ਨੇ ਗੁਰੂ ਜੀ ਦੀ ਇਸ ਦ੍ਰਿਸ਼ਟੀ ਨੂੰ ਦੇਖਦਿਆਂ ਭਾਈ ਜੈਰਾਮ ਨੂੰ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਗੁਰੂ ਜੀ ਲਈ ਕੋਈ ਨੌਕਰੀ ਲੱਭਣ ਲਈ ਕਿਹਾ। ਭਾਈ ਜੈਰਾਮ ਦੇ ਸੱਦੇ 'ਤੇ ਹੀ ਗੁਰੂ ਨਾਨਕ ਦੇਵ ਜੀ 1484 ਈ: ਵਿਚ ਸੁਲਤਾਨਪੁਰ ਲੋਧੀ ਆਏ। ਉਨ੍ਹਾਂ ਦੇ ਭਣਵਈਆ ਭਾਈ ਜੈਰਾਮ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਲੈ ਕੇ ਗਏ। ਨਵਾਬ ਦੌਲਤ ਖਾਂ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਮੋਦੀਖ਼ਾਨੇ ਵਿਚ ਮੋਦੀ ਦੀ ਨੌਕਰੀ ਦੇ ਦਿੱਤੀ। ਗੁਰੂ ਜੀ ਨੇ ਮੋਦੀਖ਼ਾਨੇ ਵਿਚ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ। ਉਹ ਮੋਦੀਖ਼ਾਨੇ ਤੋਂ ਮਿਲਦੀ ਤਨਖ਼ਾਹ ਦਾ ਬਹੁਤ ਸਾਰਾ ਹਿੱਸਾ ਲੋੜਵੰਦਾਂ ਤੇ ਸਾਧੂ-ਫ਼ਕੀਰਾਂ ਨੂੰ ਤਕਸੀਮ ਕਰ ਦਿੰਦੇ। ਬਹੁਤ ਥੋੜ੍ਹੇ ਸਮੇਂ ਵਿਚ ਹੀ ਗੁਰੂ ਜੀ ਦੀ ਸੁਲਤਾਨਪੁਰ ਲੋਧੀ ਵਿਚ ਮਹਿਮਾ ਹੋਣ ਲੱਗੀ। ਇਸੇ ਸਮੇਂ ਦੌਰਾਨ ਹੀ ਉਨ੍ਹਾਂ ਦਾ ਵਿਆਹ ਬਟਾਲੇ ਵਿਚ ਮਾਤਾ ਸੁਲੱਖਣੀ ਨਾਲ ਹੋਇਆ। 1494 ਈ: ਤੋਂ 1497 ਈ: ਦੌਰਾਨ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਨੇ ਜਨਮ ਲਿਆ। ਜਨਮ ਸਾਖੀਆਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਵੇਈਂ ਵਿਚ ਇਸ਼ਨਾਨ ਕਰਦੇ ਤੇ ਲੰਮਾ ਸਮਾਂ ਪਰਮਾਤਮਾ ਦੀ ਭਗਤੀ ਵਿਚ ਗੁਜ਼ਾਰਦੇ ਤੇ ਭਜਨ ਬੰਦਗੀ ਉਪਰੰਤ ਮੋਦੀਖ਼ਾਨੇ ਵਿਚ ਆਪਣੇ ਕੰਮ 'ਤੇ ਪਰਤ ਜਾਂਦੇ। ਨੌਕਰੀ ਦੇ ਰੁਝੇਵਿਆਂ ਦੇ ਦੌਰਾਨ ਅਤੇ ਬਾਅਦ ਵੀ ਉਨ੍ਹਾਂ ਦੀ ਲਿਵ ਅਕਾਲ ਪੁਰਖ਼ ਨਾਲ ਜੁੜੀ ਰਹਿੰਦੀ।
ਇਸੇ ਪਾਵਨ ਸਥਾਨ ਤੋਂ ਗੁਰੂ ਜੀ ਨੇ ਚਾਰ ਉਦਾਸੀਆਂ ਸ਼ੁਰੂ ਕਰਕੇ ਲੋਕਾਈ ਦੇ ਭਲੇ ਲਈ ਸੱਚ ਦੇ ਧਰਮ ਦਾ ਪ੍ਰਚਾਰ ਆਰੰਭਿਆ, ਜਿਸ ਕਾਰਨ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ਵਿਚ ਮਹਾਨ ਪਵਿੱਤਰ ਸਥਾਨ ਦਾ ਰੁਤਬਾ ਹਾਸਲ ਹੋਇਆ। ਸ਼ਹਿਰ ਵਿਚ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਅੱਧੀ ਦਰਜਨ ਦੇ ਕਰੀਬ ਪਾਵਨ ਯਾਦਗਾਰਾਂ ਸੁਭਾਏਮਾਨ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੈ, ਜਿੱਥੇ ਬੇਰੀ ਦਾ ਦਰੱਖ਼ਤ ਅਜੇ ਵੀ ਮੌਜੂਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵੇਈਂ ਵਿਚ ਅਲੋਪ ਹੋਣ ਦੀ ਘਟਨਾ ਇਸੇ ਅਸਥਾਨ ਨਾਲ ਜੁੜੀ ਹੋਈ ਹੈ। ਭੋਰਾ ਸਾਹਿਬ ਵੀ ਇਸੇ ਅਸਥਾਨ 'ਤੇ ਸਥਿਤ ਹੈ, ਜਿੱਥੇ ਗੁਰੂ ਜੀ ਰੋਜ਼ਾਨਾ ਭਗਤੀ ਕਰਦੇ। ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇਥੇ ਇਕ ਥੜ੍ਹਾ ਵੀ ਮੌਜੂਦ ਹੈ, ਜਿੱਥੇ ਗੁਰੂ ਜੀ ਬਿਰਾਜਦੇ ਸਨ। ਅਲੋਪ ਹੋਣ ਤੋਂ 72 ਘੰਟਿਆਂ ਬਾਅਦ ਗੁਰੂ ਜੀ ਜਿਸ ਅਸਥਾਨ 'ਤੇ ਬਿਰਾਜੇ, ਉਹ ਅਸਥਾਨ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਇਸੇ ਅਸਥਾਨ 'ਤੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ।
ਇਸ ਵਰ੍ਹੇ ਸਮੁੱਚਾ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿਚ ਮਨਾ ਰਿਹਾ ਹੈ ਤੇ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਬਾਅਦ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੇ ਮੁੱਖ ਮਾਰਗਾਂ 'ਤੇ ਸਿੱਖ ਧਰਮ ਨਾਲ ਸਬੰਧਿਤ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਦੇ ਨਾਂਅ 'ਤੇ ਗੇਟ ਬਣਵਾਏ ਗਏ ਹਨ ਤੇ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਂਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਹ ਅਸਥਾਨ ਸਿੱਖ ਧਰਮ ਲਈ ਵਿਲੱਖਣ ਯਾਦਗਾਰ ਹੋਵੇਗੀ। ਦੂਜੇ ਪਾਸੇ ਸਰਕਾਰ ਵਲੋਂ ਸੜਕਾਂ ਦੀ ਮੁਰੰਮਤ, ਦੋ ਪੁਲਾਂ ਦੀ ਉਸਾਰੀ, ਨਵਾਂ ਬੱਸ ਅੱਡਾ ਬਣਾਉਣ ਤੋਂ ਇਲਾਵਾ ਹੋਰ ਕੋਈ ਵੀ ਅਜਿਹਾ ਵਿਲੱਖਣ ਕਾਰਜ ਨਹੀਂ ਕੀਤਾ ਜਾ ਰਿਹਾ। ਇੱਥੇ ਵਰਨਣਯੋਗ ਹੈ ਕਿ ਉੱਘੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਵੇਈਂ ਨੂੰ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਜਿੱਥੇ ਖ਼ੂਬਸੂਰਤ ਦਿੱਖ ਪ੍ਰਦਾਨ ਕੀਤੀ ਹੈ, ਉੱਥੇ ਵੇਈਂ 'ਤੇ ਘਾਟ ਵੀ ਬਣਾਏ ਗਏ ਹਨ। ਵੇਈਂ ਦੇ ਦੋਵਾਂ ਕਿਨਾਰਿਆਂ 'ਤੇ ਖ਼ੂਬਸੂਰਤ ਦਰੱਖ਼ਤ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਬਾਬਾ ਸੀਚੇਵਾਲ ਵਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦਰੱਖ਼ਤ ਲਗਾ ਕੇ ਇਸ ਖੇਤਰ ਦੀ ਨੁਹਾਰ ਬਦਲੀ ਗਈ ਹੈ। ਹੇਠਾਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਬਾਰੇ ਸੰਖੇਪ ਵਿਚ ਜਾਣਕਾਰੀ ਦੇ ਰਹੇ ਹਾਂ।
ਗੁਰਦੁਆਰਾ ਸ੍ਰੀ ਹੱਟ ਸਾਹਿਬ
ਇਹ ਗੁਰਦੁਆਰਾ ਸਾਹਿਬ ਕਿਲ੍ਹੇ ਦੇ ਦੱਖਣ ਵੱਲ ਸਰਕਾਰੀ ਸਰਾਏ ਦੇ ਪਿੱਛੇ ਸਥਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਤੌਰ ਮੋਦੀ ਵਜੋਂ ਕੰਮ ਕੀਤਾ। ਇੱਥੇ ਗੁਰੂ ਜੀ ਲੋੜਵੰਦਾਂ ਨੂੰ ਅਨਾਜ ਵੰਡਦੇ ਤੇ ਤੇਰਾ-ਤੇਰਾ ਉਚਾਰਦੇ ਰਹਿੰਦੇ। ਉਨ੍ਹਾਂ ਦੀ ਦਿਨ-ਬਾ-ਦਿਨ ਵਧਦੀ ਮਹਿਮਾ ਤੋਂ ਕਿਸੇ ਵਿਅਕਤੀ ਨੇ ਈਰਖਾਵੱਸ ਨਵਾਬ ਦੌਲਤ ਖਾਂ ਕੋਲ ਸ਼ਿਕਾਇਤ ਕੀਤੀ ਕਿ ਤੇਰਾ ਮੋਦੀ (ਸ੍ਰੀ ਗੁਰੂ ਨਾਨਕ ਦੇਵ ਜੀ) ਲੋਕਾਂ ਨੂੰ ਮੋਦੀਖਾਨਾ ਲੁਟਾ ਰਿਹਾ ਹੈ। ਸ਼ਿਕਾਇਤ ਮਿਲਣ ਉਪਰੰਤ ਨਵਾਬ ਦੌਲਤ ਖਾਂ ਨੇ ਗੁਰੂ ਜੀ ਦੇ ਭਣਵਈਏ ਜੈਰਾਮ ਨੂੰ ਬੁਲਾਇਆ ਤੇ ਮੋਦੀਖਾਨੇ ਦਾ ਹਿਸਾਬ ਕਰਨ ਲਈ ਕਿਹਾ। ਮੋਦੀਖ਼ਾਨੇ ਦੇ ਹਿਸਾਬ ਦੌਰਾਨ ਕਿਸੇ ਵੀ ਕਿਸਮ ਦਾ ਘਾਟਾ ਸਾਹਮਣੇ ਆਉਣ ਦੀ ਬਜਾਏ ਗੁਰੂ ਸਾਹਿਬ ਦਾ ਬਕਾਇਆ ਸਰਕਾਰ ਵੱਲ ਨਿਕਲਿਆ ਤਾਂ ਨਵਾਬ ਦੌਲਤ ਖਾਂ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ। ਪਰ ਗੁਰੂ ਜੀ ਨੇ ਇਨਾਮ ਵਜੋਂ ਦਿੱਤਾ ਧਨ ਲੈਣ ਦੀ ਬਜਾਏ ਲੋੜਵੰਦਾਂ ਨੂੰ ਵੰਡਣ ਲਈ ਕਿਹਾ। ਇਸੇ ਪਾਵਨ ਅਸਥਾਨ ਦੇ ਕਮਰੇ ਵਿਚ 14 ਵੱਟੇ ਮੌਜੂਦ ਹਨ, ਜਿਨ੍ਹਾਂ ਨਾਲ ਗੁਰੂ ਜੀ ਮੋਦੀਖ਼ਾਨੇ ਵਿਚ ਨਾਪ-ਤੋਲ ਕਰਦੇ ਸਨ।
ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ
ਜਿੱਥੇ ਇਸ ਸਮੇਂ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਸ਼ੋਭਿਤ ਹੈ, ਇਸੇ ਪਾਵਨ ਅਸਥਾਨ 'ਤੇ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇਤਿਹਾਸ ਅਨੁਸਾਰ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਉਦਾਸੀ ਮਹੰਤਾਂ ਦੇ ਹੱਥਾਂ ਵਿਚ ਚਲਾ ਗਿਆ। ਹੜ੍ਹ ਕਾਰਨ ਗੁਰਦੁਆਰਾ ਸਾਹਿਬ ਢਹਿ ਗਿਆ, ਜਿਸ ਦਾ ਬਾਅਦ ਵਿਚ ਸੰਤ ਸਾਧੂ ਸਿੰਘ ਨਿਰਮਲਾ, ਜਥੇਦਾਰ ਸੰਤਾ ਸਿੰਘ ਲਸੂੜੀ ਤੇ ਸੰਤ ਊਧਮ ਸਿੰਘ ਦੇ ਯਤਨਾਂ ਸਦਕਾ ਮੁੜ ਨਿਰਮਾਣ ਹੋਇਆ। ਇਸੇ ਅਸਥਾਨ ਨੇੜੇ ਬਾਬਾ ਮਹਿੰਦਰ ਸਿੰਘ ਯੂ.ਕੇ. ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਹੋਰ ਸੰਤ-ਮਹਾਂਪੁਰਸ਼ਾਂ ਦੇ ਸਹਿਯੋਗ ਲਾਲ ੴ ਮੂਲ ਮੰਤਰ ਅਸਥਾਨ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ
ਇਹ ਉਹ ਅਸਥਾਨ ਹੈ ਜਿੱਥੇ ਗੁਰੂ ਜੀ ਦੇ ਮੋਦੀਖਾਨਾ ਲੁਟਾਉਣ ਦੀ ਸ਼ਿਕਾਇਤ ਉਪਰੰਤ ਨਵਾਬ ਦੌਲਤ ਖਾਂ ਵਲੋਂ ਮੋਦੀਖ਼ਾਨੇ ਦੇ ਹਿਸਾਬ ਦੀ ਜਾਂਚ-ਪੜਤਾਲ ਕਰਵਾਈ ਗਈ। ਗੁਰੂ ਸਾਹਿਬ ਨੂੰ ਰਾਏਮਸੂਦੀ (ਅਕਾਊਂਟੈਂਟ ਜਨਰਲ) ਦੇ ਘਰ ਹਿਸਾਬ ਲਈ ਸੱਦਿਆ ਗਿਆ। ਜਾਂਚ-ਪੜਤਾਲ ਤੋਂ ਬਾਅਦ ਘਾਟੇ ਦੀ ਬਜਾਏ ਗੁਰੂ ਜੀ ਦਾ ਸਰਕਾਰ ਵੱਲ ਵਾਧਾ ਨਿਕਲਿਆ। ਇਸੇ ਪਾਵਨ ਅਸਥਾਨ 'ਤੇ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਸ੍ਰੀ ਗੁਰੂ ਕਾ
ਬਾਗ਼ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਨਾਲ ਵਿਆਹ ਉਪਰੰਤ ਇਸ ਅਸਥਾਨ 'ਤੇ ਰਹੇ ਤੇ ਇੱਥੇ ਹੀ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਦਾ ਜਨਮ ਹੋਇਆ। ਗੁਰੂ ਕਾ ਬਾਗ਼ ਵਜੋਂ ਜਾਣੇ ਜਾਂਦੇ ਇਸ ਪਾਵਨ ਅਸਥਾਨ 'ਤੇ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਪਹਿਲਾਂ ਗੁਰਦੁਆਰਾ ਸਾਹਿਬ ਦੀ ਬਹੁਤ ਛੋਟੀ ਇਮਾਰਤ ਸੀ। ਹੁਣ ਕਾਰ ਸੇਵਾ ਵਾਲੇ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵਨਿਰਮਾਣ ਕੀਤਾ ਹੈ। ਇੱਥੇ ਉਨ੍ਹਾਂ ਬੇਬੇ ਨਾਨਕੀ ਦੀ ਪੁਰਾਤਨ ਖੂਹੀ ਵੀ ਤਾਮੀਰ ਕਰਵਾਈ ਹੈ ਤੇ ਹੁਣ ਦਰਸ਼ਨੀ ਡਿਉੜੀ ਤੇ ਜੋੜਾ-ਘਰ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ
ਸੁਲਤਾਨਪੁਰ ਲੋਧੀ ਦੇ ਬੱਸ ਸਟੈਂਡ ਨੇੜੇ ਸਥਿਤ ਗੁਰਦੁਆਰਾ ਸ੍ਰੀ ਅੰਤਰਯਾਮਤਾ ਉਸ ਅਸਥਾਨ 'ਤੇ ਸਥਿਤ ਹੈ, ਜਿੱਥੇ ਈਦਗਾਹ ਵਿਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਤੇ ਉਸ ਦੇ ਮੌਲਵੀ ਨੂੰ ਨਮਾਜ਼ ਦੀ ਅਸਲੀਅਤ ਦੱਸੀ ਸੀ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਪਿਛਲੇ ਅਰਸੇ ਦੌਰਾਨ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ ਗਈ ਹੈ।
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਲਗਭਗ 10 ਕਿੱਲੋਮੀਟਰ ਦੀ ਦੂਰੀ 'ਤੇ ਪੱਛਮ ਵਾਲੇ ਪਾਸੇ ਪਿੰਡ ਭਰੋਆਣਾ ਵਿਚ ਸਥਿਤ ਹੈ। ਇਸੇ ਅਸਥਾਨ 'ਤੇ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨਾ ਨੇ ਭਾਈ ਫ਼ਰਜ਼ੰਦਾ ਤੋਂ ਰਬਾਬ ਪ੍ਰਾਪਤ ਕੀਤੀ ਸੀ।


-ਕਪੂਰਥਲਾ।
ਮੋਬਾਈਲ : 98159-49153


ਖ਼ਬਰ ਸ਼ੇਅਰ ਕਰੋ

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ 27, 28, 29 ਸਤੰਬਰ, 2019 ਨੂੰ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ (ਕਪੂਰਥਲਾ) ਪੰਜਾਬ ਵਿਖੇ ਕੀਤੀ ਜਾ ਰਹੀ ਹੈ। ਇਸ ਤਿੰਨ ਰੋਜ਼ਾ ਕਾਨਫ਼ਰੰਸ ਦੇ ਮਿਥੇ ਪ੍ਰੋਗਰਾਮਾਂ ਤੇ ਟੀਚਿਆਂ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਦੀ ਵਿੱਦਿਅਕ ਖੇਤਰ 'ਚ ਭੂਮਿਕਾ ਅਤੇ ਦੀਵਾਨ ਦੇ ਇਤਿਹਾਸ ਬਾਰੇ ਪਾਠਕਾਂ ਨਾਲ ਸੰਖੇਪ ਜਿਹੀ ਸਾਂਝ ਕਰ ਲਈਏ। ਸਿੱਖ ਰਾਜ ਦੇ ਪਤਨ ਪਿੱਛੋਂ ਅੰਗਰੇਜ਼ਾਂ ਨੇ ਰਾਜਨੀਤਕ ਖਲਾਅ ਦੇ ਆਪਣੀ ਇੱਛਾ ਅਨੁਸਾਰ ਨਕਸ਼ ਘੜੇ। ਸਿੱਖਾਂ ਦੀ ਨਸਲਕੁਸ਼ੀ ਲਈ ਕਈ ਯਤਨ ਕੀਤੇ ਗਏ। ਮਹੰਤਗਿਰੀ ਤੇ ਪੁਜਾਰੀਆਂ ਨੂੰ ਦਿੱਤੀ ਖੁੱਲ੍ਹ ਨੇ ਗੁਰਦੁਆਰਿਆਂ ਦੀ ਫਿਜ਼ਾ ਵੀ ਗੰਧਲੀ ਕਰ ਦਿੱਤੀ। ਅੰਗਰੇਜ਼ਾਂ ਦੀ ਹਕੂਮਤ ਦੇ ਪ੍ਰਭਾਵ ਥੱਲੇ ਈਸਾਈ ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹਦਿਲੀ ਨਾਲ ਦਿੱਤੀ ਜਾਂਦੀ ਆਰਥਿਕ ਸਹਾਇਤਾ ਕਾਰਨ ਸਿੱਖ ਧਰਮ 'ਤੇ ਵੱਡਾ ਪ੍ਰਭਾਵ ਪਿਆ। ਇਸੇ ਪ੍ਰਭਾਵ ਅਧੀਨ ਅੰਮ੍ਰਿਤਸਰ ਦੇ ਹੀ ਚਾਰ ਪੜ੍ਹਾਕੂਆਂ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਨੇ ਈਸਾਈ ਧਰਮ ਅਪਣਾਉਣ ਦੀ ਇੱਛਾ ਜ਼ਾਹਰ ਕਰ ਦਿੱਤੀ, ਜਿਸ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਇਕ ਰੋਸ ਤੇ ਗ਼ਮ ਦਾ ਗੁਬਾਰ ਬਣ ਗਿਆ। ਕੁਝ ਸੂਝਵਾਨ ਸ਼ਖ਼ਸੀਅਤਾਂ ਦੇ ਸਮਝਾਉਣ 'ਤੇ ਇਹ ਵਿਦਿਆਰਥੀ ਆਖੇ ਤਾਂ ਲੱਗ ਗਏ ਪਰ ਸਿੱਖ ਆਗੂਆਂ ਨੂੰ ਇਸ ਘਟਨਾ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਇਸੇ ਸੋਚ ਵਿਚੋਂ 1873 ਵਿਚ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਹੋਈ, ਜਿਸ ਦੇ ਪਹਿਲੇ ਆਗੂਆਂ ਵਿਚ ਭਾਈ ਹਰਸਾ ਸਿੰਘ ਧੂਪੀਆ, ਭਾਈ ਬੂੜ ਸਿੰਘ, ਭਾਈ ਆਗਿਆ ਸਿੰਘ, ਹਕੀਮ ਗਿਆਨੀ ਹਜ਼ਾਰਾ ਸਿੰਘ, ਸ: ਠਾਕਰ ਸਿੰਘ ਸੰਧਾਵਾਲੀਆ, ਗਿਆਨੀ ਗਿਆਨ ਸਿੰਘ, ਬਾਬਾ ਸਰ ਖੇਮ ਸਿੰਘ ਬੇਦੀ ਅਤੇ ਕੰਵਰ ਬਿਕਰਮ ਸਿੰਘ ਕਪੂਰਥਲਾ ਦੇ ਨਾਂਅ ਵਿਸ਼ੇਸ਼ ਹਨ। ਸ: ਠਾਕਰ ਸਿੰਘ ਪਹਿਲੇ ਪ੍ਰਧਾਨ ਤੇ ਗਿਆਨੀ ਗਿਆਨ ਸਿੰਘ ਸਕੱਤਰ ਬਣੇ।
ਸਿੰਘ ਸਭਾ ਦਾ ਮੂਲ ਉਦੇਸ਼ ਬ੍ਰਾਹਮਣਵਾਦ ਤੋਂ ਸਿੱਖਾਂ ਨੂੰ ਖ਼ਬਰਦਾਰ ਕਰਨਾ ਅਤੇ ਅਜਿਹੇ ਸਾਧਨ ਘੜਨੇ ਸੀ, ਜਿਸ ਨਾਲ ਸਿੱਖਾਂ ਅੰਦਰ ਧਰਮ ਦੀ ਜਾਗ੍ਰਿਤੀ ਪੈਦਾ ਹੋਵੇ। ਉਸ ਵਿਚ ਮੁੱਖ ਤੌਰ 'ਤੇ ਸਿੱਖ ਵਿੱਦਿਆਲੇ ਸਥਾਪਤ ਕਰਨੇ ਵੀ ਸ਼ਾਮਲ ਸਨ। ਖ਼ਾਲਸਾ ਕਾਲਜ ਅੰਮ੍ਰਿਤਸਰ ਇਸੇ ਕੜੀ ਦਾ ਪਹਿਲਾ ਹਿੱਸਾ ਹੈ। ਸਿੰਘ ਸਭਾ ਅਤੇ ਖ਼ਾਲਸਾ ਕਾਲਜ ਸਥਾਪਨਾ ਕਮੇਟੀ ਦੇ ਬਹੁਤੇ ਮੁਢਲੇ ਮੈਂਬਰਾਂ ਦੇ ਗੁਰਪੁਰੀ ਸਿਧਾਰ ਜਾਣ ਕਾਰਨ ਕੰਮ ਵਿਚ ਅਵੇਸਲਾਪਨ ਤੇ ਢਿਲਮੱਠ ਆ ਗਈ। ਸ: ਸੁੰਦਰ ਸਿੰਘ ਮਜੀਠੀਆ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ ਲਾਹੌਰ ਨੂੰ ਸਮਿਲਤ ਕਰਨ ਦੀ ਯੋਜਨਾ ਨਾਲ ਇਨ੍ਹਾਂ ਦੇ ਆਗੂਆਂ ਨੂੰ ਇਕੱਠਿਆਂ ਕੀਤਾ ਤੇ 'ਚੀਫ਼ ਖ਼ਾਲਸਾ ਦੀਵਾਨ' ਦਾ ਸੰਕਲਪ ਲਿਆ। 'ਚੀਫ਼ ਖ਼ਾਲਸਾ ਦੀਵਾਨ' ਦੀ ਸਥਾਪਨਾ ਬਾਰੇ ਭਾਈ ਜੋਧ ਸਿੰਘ ਦੀ ਰਿਪੋਰਟ ਦੱਸਦੀ ਹੈ ਕਿ 'ਸਾਰੇ ਪੰਥ ਦੀ ਸੰਮਤੀ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਵਿਖੇ ਸੰਨ 1901 ਦੀ ਵਿਸਾਖੀ ਪੁਰ ਪੰਥ ਦਾ ਇਕ ਵੱਡਾ ਪ੍ਰਤੀਨਿਧ ਇਕੱਠ ਹੋਇਆ। ਇਸ ਇਕੱਠ ਵਿਚ ਸਰਬ-ਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਪੰਥ ਦਾ ਇਕ ਸ਼੍ਰੋਮਣੀ ਜਥਾ ਬਣਾਉਣਾ ਜ਼ਰੂਰੀ ਹੈ, ਜੋ ਕੌਮ ਅੰਦਰ ਆਏ ਨਿਘਾਰ ਤੇ ਅਵੇਸਲਤਾ ਨੂੰ ਦੂਰ ਕਰਕੇ ਕੌਮਪ੍ਰਸਤੀ ਪੈਦਾ ਕਰਨ ਲਈ ਹੰਭਲਾ ਮਾਰ ਸਕੇ। ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ 22 ਸੱਜਣਾਂ ਦੀ ਇਕ ਕਮੇਟੀ ਬਣਾਈ ਗਈ। ਸ: ਸੁੰਦਰ ਸਿੰਘ ਮਜੀਠੀਆ, ਜੋ ਅਸਥਾਪਨ ਕਮੇਟੀ ਦੇ ਮੈਂਬਰ ਸਨ, ਨੇ ਆਪਣੀ ਤਬੀਅਤ ਕੁਝ ਢਿੱਲੀ ਹੋਣ ਕਰਕੇ ਨਿਯਮ, ਉਪ-ਨਿਯਮ ਬਣਾਉਣ ਵਾਲੀ ਕਮੇਟੀ ਦੀ ਕਾਰਵਾਈ ਨਿਭਾਉਣ ਲਈ ਭਾਈ ਜੋਧ ਸਿੰਘ ਨੂੰ ਭੇਜਿਆ। ਗਿਆਨੀਆਂ ਦੇ ਬੁਰਜ ਵਿਚਲੀ ਆਖਰੀ ਮੀਟਿੰਗ ਵਿਚ ਸ: ਗੱਜਣ ਸਿੰਘ ਵਕੀਲ ਆਦਿ ਸੱਜਣਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੀਵਾਨ ਦਾ ਮੈਂਬਰ ਉਹ ਬਣੇ ਜੋ ਅੰਮ੍ਰਿਤ ਛਕਣ ਸਮੇਂ ਦੀ ਦੱਸੀ ਰਹਿਤ ਦਾ ਪੂਰਾ ਧਾਰਨੀ ਹੋਵੇ। ਇਸ ਕਰੜੇ ਨਿਯਮ ਨੇ ਕਈ ਪੇਤਲੇ ਤੇ ਢਿੱਲੜ ਸੱਜਣਾਂ ਦੀਆਂ ਆਸ਼ਾਵਾਂ ਉੱਤੇ ਪਾਣੀ ਫੇਰ ਦਿੱਤਾ।
ਉਕਤ ਕਮੇਟੀ ਦੇ ਸਕੱਤਰ ਗਿਆਨੀ ਗੁਰਬਖਸ਼ ਸਿੰਘ ਬੈਰਿਸਟਰ ਅੰਮ੍ਰਿਤਸਰ ਨੂੰ ਲਿਆ ਗਿਆ। ਇਸ ਸਬ-ਕਮੇਟੀ ਨੇ ਸ਼੍ਰੋਮਣੀ ਜਥੇ ਦੇ ਨਿਯਮਾਂ-ਉਪਨਿਯਮਾਂ ਦਾ ਖਰੜਾ ਤਿਆਰ ਕਰਕੇ ਖ਼ਾਲਸਾ ਦੀਵਾਨ ਅੰਮ੍ਰਿਤਸਰ, ਖ਼ਾਲਸਾ ਦੀਵਾਨ ਲਾਹੌਰ, ਸਾਰੀਆਂ ਸਿੰਘ ਸਭਾਵਾਂ ਅਤੇ ਸਿੱਖ ਵਿਦਵਾਨਾਂ ਨੂੰ ਵਿਚਾਰ ਅਤੇ ਰਾਏ ਘੱਲਣ ਲਈ ਭੇਜਿਆ। ਇਸ ਸਾਰੇ ਮਾਮਲੇ ਅਤੇ ਨਿਯਮਾਂ-ਉਪਨਿਯਮਾਂ 'ਤੇ ਆਈਆਂ ਰਾਵਾਂ ਨੂੰ ਵਿਚਾਰਨ ਲਈ 9 ਤੇ 10 ਨਵੰਬਰ, 1901 ਨੂੰ ਸਵੇਰੇ ਬੁੰਗਾ ਰਾਮਗੜ੍ਹੀਆ ਅੰਮ੍ਰਿਤਸਰ ਵਿਖੇ ਵੱਡਾ ਪੰਥਕ ਇਕੱਠ ਹੋਇਆ। ਆਏ ਸੱਜਣਾਂ ਵਿਚੋਂ 33 ਮੁਖੀ ਸਿੰਘਾਂ ਦੀ ਇਕ ਸਬ-ਕਮੇਟੀ ਬਣਾਈ ਗਈ। ਇਸ ਸਬ-ਕਮੇਟੀ ਨੇ ਮੀਟਿੰਗ ਕਰਕੇ ਸਰਬ-ਸੰਮਤੀ ਨਾਲ ਪਾਸ ਕੀਤਾ, 'ਪੰਥ ਨੂੰ ਇਕ ਐਸੇ ਜਥੇ ਦੀ ਲੋੜ ਹੈ ਜਿਸ ਨੂੰ ਪੰਥ ਆਪਣਾ ਸ਼੍ਰੋਮਣੀ ਜਥਾ ਪ੍ਰਵਾਨ ਕਰੇ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਹਵਾ ਅਤੇ ਹਰਿਆਵਲ ਦੇ ਲੰਗਰਾਂ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ

ਅੱਠ ਗੁਰੂ ਸਾਹਿਬਾਨਾਂ ਦਾ ਵਰਸੋਇਆ ਮਾਝੇ ਦਾ ਇਤਿਹਾਸਕ ਨਗਰ ਖਡੂਰ ਸਾਹਿਬ। ਖਡੂਰ ਸਾਹਿਬ ਨੂੰ ਜਾਂਦੀਆਂ ਪੰਜ ਸੜਕਾਂ। ਇਨ੍ਹਾਂ ਸੜਕਾਂ ਦੇ ਦੋਹੀਂ ਪਾਸੀਂ ਫੁੱਲਦਾਰ ਅਤੇ ਫਲਦਾਰ ਦਰੱਖ਼ਤਾਂ ਦੀ ਸੰਘਣੀ ਛਾਂ। ਚਾਰੇ ਪਾਸੇ ਹਰਿਆਵਲ ਦਾ ਪਸਾਰਾ। ਪੰਜਾਬ ਦੀ ਧਰਤੀ ਤੋਂ ਅਲੋਪ ਹੋ ਰਹੇ ਬਿਰਖ਼ਾਂ ਨੂੰ ਮੁੜ ਪਰਤ ਆਉਣ ਦਾ ਸੁਨੇਹਾ। ਖੇਤਾਂ ਅਤੇ ਘਰਾਂ ਵਿਚੋਂ ਪ੍ਰਵਾਸ ਕਰ ਚੁੱਕੇ ਪਰਿੰਦਿਆਂ ਨੂੰ ਇਨ੍ਹਾਂ ਬਿਰਖ਼ਾਂ 'ਤੇ ਆਪਣਾ ਘਰ ਬਣਾਉਣ ਦਾ ਸੁੱਖਦ ਸੁਨੇਹਾ। ਕੁਦਰਤ ਨਾਲ ਗਵਾਚ ਰਹੀ ਇਕਸਾਰਤਾ ਨੂੰ ਪੁਨਰ-ਸੁਰਜੀਤ ਕਰਨ ਹਿੱਤ ਇਕ ਸੁਯੋਗ ਹੰਭਲਾ। ਪਹਿਲੀ ਵਾਰ ਇਨ੍ਹਾਂ ਰਾਹਾਂ 'ਤੇ ਜਾ ਰਹੇ ਰਾਹੀ ਦੇ ਮਨ ਵਿਚ ਇਕ ਹੁਲਾਸ ਉਪਜਦਾ ਅਤੇ ਉਹ ਭੁਚੱਕਾ ਹੀ ਰਹਿ ਜਾਂਦਾ ਹੈ ਕਿ ਕਿਹੜੇ ਕਰਮਯੋਗੀ ਨੇ ਮਾਝੇ ਦੀ ਧਰਤੀ ਨੂੰ ਜਾਗ ਲਾਏ ਹਨ ਕਿ ਗੁਰੂਆਂ ਦੀ ਵਰਸੋਈ ਇਹ ਧਰਤੀ ਹਰਿਆਵਾਲ ਨਾਲ ਲਬਰੇਜ਼ ਹੈ।
ਮਨੱਖ ਦੀ ਕੁਦਰਤ ਨਾਲ ਸਦੀਵੀ ਸਾਂਝ ਹੈ ਅਤੇ ਕੁਦਰਤ ਤੋਂ ਟੁੱਟ ਕੇ ਮਨੁੱਖ ਦਾ ਜੀਵਤ ਰਹਿਣਾ ਨਾ-ਮੁਮਕਿਨ ਹੈ। ਅਜੋਕੀਆਂ ਬਹੁਤੀਆਂ ਅਲਾਮਤਾਂ ਦੀ ਜੜ੍ਹ ਹੈ ਮਨੁੱਖ ਦਾ ਕੁਦਰਤ ਤੋਂ ਦੂਰ ਹੋਣਾ। ਕੁਦਰਤ ਕਦੇ ਵੀ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ ਅਤੇ ਇਸ ਦਾ ਸਿੱਟਾ ਹੈ ਕਿ ਅਜੋਕਾ ਮਨੁੱਖ ਬਿਮਾਰੀਆਂ ਨਾਲ ਜੂਝਦਾ, ਆਪਣੀ ਪਾਲਣਹਾਰੀ ਕੁਦਰਤ ਤੋਂ ਦੂਰੀ ਵਧਾਈ ਜਾ ਰਿਹਾ ਹੈ। ਇਸ ਦੂਰੀ ਨੂੰ ਘਟਾਉਣ ਦੇ ਨੇਕ ਕਾਰਜ ਵਿਚ ਯਤਨਸ਼ੀਲ ਹਨ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ।
ਜੀਵਨ ਦਾ ਕਿੰਨਾ ਗੂੜ੍ਹ ਸੱਚ ਹੈ ਬਾਬਾ ਜੀ ਦੇ ਬਚਨਾਂ ਵਿਚ ਕਿ ਅਸੀਂ ਰੋਟੀ ਦਾ ਲੰਗਰ ਲਾਉਂਦੇ ਹਾਂ ਤਾਂ ਕਿ ਕੋਈ ਵੀ ਭੁੱਖਾ ਨਾ ਰਹੇ। ਹਰ ਇਕ ਨੂੰ ਪੇਟ ਭਰ ਕੇ ਖਾਣਾ ਮਿਲੇ ਅਤੇ ਕਿਸੇ ਨੂੰ ਆਪਣੀਆਂ ਆਂਦਰਾਂ ਨੂੰ ਲਪੇਟ ਕੇ ਸੌਣਾ ਨਾ ਪਵੇ, ਕਿਉਂਕਿ ਦੁਨੀਆ ਵਿਚ ਜਦ ਇਕ ਵਿਅਕਤੀ ਭੁੱਖਾ ਸੌਂਦਾ ਹੈ ਤਾਂ ਇਕ ਸੰਵੇਦਨਸ਼ੀਲ ਵਿਅਕਤੀ ਦੀ ਆਤਮਾ ਤੜਫਦੀ ਰਹਿੰਦੀ ਹੈ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ ਸਾਡੇ ਗੁਰੂਆਂ ਨੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਸੀ। ਅਸੀਂ ਗਿਆਨ ਦੀ ਜੋਤਿ ਹਰ ਮਸਤਕ ਵਿਚ ਧਰਨ ਲਈ ਵਿੱਦਿਅਕ ਅਦਾਰੇ ਵੀ ਖੋਲ੍ਹ ਰਹੇ ਹਾਂ ਤਾਂ ਕਿ ਹਰ ਵਿਅਕਤੀ ਸੁਚੇਤ ਹੋਵੇ ਅਤੇ ਉਸ ਨੂੰ ਮਹਾਂਪੁਰਸ਼ਾਂ, ਗੁਰੂਆਂ ਅਤੇ ਪੀਰਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਸਮਝਣ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਜਾਣਨ, ਸਮਾਜਿਕ ਸਰੋਕਾਰਾਂ ਨੂੰ ਪਛਾਣਨ ਅਤੇ ਇਨ੍ਹਾਂ ਅਨੁਸਾਰ ਜੀਵਨ ਨੂੰ ਢਾਲਣ ਦੀ ਸੋਝੀ ਮਿਲੇ। ਇਕ ਸਿੱਖਿਅਤ ਵਿਅਕਤੀ ਸਹੀ/ਗਲਤ ਦੀ ਪਛਾਣ ਕਰਕੇ ਹੀ ਸੱਚੇ ਮਾਰਗ 'ਤੇ ਚਲਦਿਆਂ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਨਰੋਈ ਸੇਧ ਦੇ ਸਕਦਾ ਹੈ। ਅਸੀਂ ਕਿਸੇ ਦੀ ਪੀੜ ਨੂੰ ਘਟਾਉਣ ਅਤੇ ਬਿਮਾਰ ਮਨੁੱਖਤਾ ਲਈ ਹਸਪਤਾਲ ਵੀ ਖੋਲ੍ਹ ਰਹੇ ਹਾਂ, ਤਾਂ ਕਿ ਹਰ ਬਿਮਾਰੀ ਦਾ ਇਲਾਜ ਸਭਨਾਂ ਦੀ ਪਹੁੰਚ ਵਿਚ ਹੋਵੇ ਅਤੇ ਹਰ ਇਕ ਬਿਮਾਰੀ ਦਾ ਇਲਾਜ ਹੋ ਸਕੇ। ਪਰ ਕੀ ਅਸੀਂ ਸੋਚਿਆ ਹੈ ਕਿ ਇਹ ਬਿਮਾਰੀਆਂ ਕਿਉਂ ਲੱਗ ਰਹੀਆਂ ਅਤੇ ਬਿਮਾਰਾਂ ਦੀ ਗਿਣਤੀ ਵਿਚ ਇਹ ਵਾਧਾ ਕਿਉਂ ਹੋ ਰਿਹਾ ਏ? ਅਸੀਂ ਰੋਟੀ ਦਾ ਲੰਗਰ, ਵਿੱਦਿਆ ਦਾ ਲੰਗਰ, ਦਵਾਈਆਂ ਦਾ ਲੰਗਰ ਅਤੇ ਪ੍ਰਵਚਨਾਂ ਦਾ ਲੰਗਰ ਤਾਂ ਲਾ ਰਹੇ ਹਾਂ ਪਰ ਕੀ ਅਸੀਂ ਹਵਾ ਅਤੇ ਹਰਿਆਵਲ ਦਾ ਲੰਗਰ ਲਾਉਣ ਬਾਰੇ ਕਦੇ ਸੋਚਿਆ ਹੈ ਜੋ ਇਕ ਮਨੁੱਖ ਦੇ ਸਾਹ ਲੈਣ ਲਈ ਜ਼ਰੂਰੀ ਹੈ ਅਤੇ ਇਸ ਤੋਂ ਬਗੈਰ ਤਾਂ ਮਨੁੱਖ ਘੜੀ-ਪਲ ਵੀ ਜਿਊਂਦਾ ਨਹੀਂ ਰਹਿ ਸਕਦਾ। ਜਦ ਸ਼ਤਾਬਦੀਆਂ ਦਾ ਵਰ੍ਹਾ ਮਨਾਉਣ ਦੀ ਗੱਲ ਚੱਲੀ ਤਾਂ ਬਹੁਤ ਹੀ ਸਿਆਣੇ ਮਹਾਂਪੁਰਖਾਂ ਨਾਲ ਵਿਚਾਰ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਸਭ ਮਨੁੱਖਾਂ ਲਈ ਹਵਾ ਅਤੇ ਹਰਿਆਵਲ ਦਾ ਲੰਗਰ ਲਾਇਆ ਜਾਵੇ, ਤਾਂ ਕਿ ਇਹ ਹਵਾ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਵਰਨਾਂ, ਹੱਦਾਂ-ਸਰਹੱਦਾਂ ਉਲੰਘ ਕੇ ਹਰ ਇਕ ਨੂੰ ਜੀਵਨ ਦਾਨ ਬਖਸ਼ੇ ਅਤੇ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ 1999 ਤੋਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ 'ਤੇ ਰੁੱਖ ਲਾਉਣ ਦਾ ਕਾਰਜ ਆਰੰਭਿਆ ਗਿਆ, ਜੋ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੱਕ ਜਾਰੀ ਹੈ।
ਖਡੂਰ ਸਾਹਿਬ ਦੇ ਗੁਰਦੁਆਰੇ ਵਿਚ ਬਹੁਤ ਹੀ ਸੁੰਦਰ ਫੁੱਲਦਾਰ ਬਗੀਚੀ। ਫੁੱਲ ਬੂਟਿਆਂ ਵਿਚ ਪਾਏ ਸੁੰਦਰ ਡਿਜ਼ਾਈਨ। ਖਿੜੇ ਹੋਏ ਫੁੱਲਾਂ ਨਾਲ ਮਹਿਕਾਇਆ ਚੌਗਿਰਦਾ। ਰੰਗਾਂ ਅਤੇ ਮਹਿਕਾਂ ਦੀ ਹੱਟ ਵਿਚ ਨਾਮ-ਰਸਲੀਨਤਾ ਦਾ ਚੱਲ ਰਿਹਾ ਪ੍ਰਵਾਹ। ਗੁਰਦੁਆਰਾ ਤਪਿਆਣਾ ਸਾਹਿਬ ਦੀ ਪਰਿਕਰਮਾ ਵਿਚ ਲਾਏ ਹੋਏ ਸੁੰਦਰ ਬੂਟੇ। ਕੁਦਰਤ ਅਤੇ ਪਰਮਾਤਮਾ ਦੀ ਇਕਸੁਰਤਾ ਤੇ ਇਕਸਾਰਤਾ ਦੀ ਸੁੰਦਰ ਕਲਾ-ਨਿਕਾਸ਼ੀ। ਮਾਨਸਿਕ ਅਤੇ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਕੁਦਰਤ ਦੇ ਆਗੋਸ਼ ਦਾ ਸਰੂਰ, ਹਰ ਸ਼ਰਧਾਲੂ ਦੀ ਜਗਿਆਸਾ ਸੰਪੂਰਨ ਕਰਦਾ ਅਤੇ ਉਸ ਦੀ ਸੋਚ ਵਿਚ ਕੁਦਰਤ ਦੀ ਅਸੀਮਤਾ ਅਤੇ ਧਾਰਮਿਕ ਲਬਰੇਜ਼ਤਾ ਧਰਦਾ।
ਗੁਰਦੁਆਰਾ ਤਪਿਆਣਾ ਸਾਹਿਬ ਦੇ ਨੇੜੇ ਹੀ 3 ਏਕੜ ਵਿਚ ਫਲਦਾਰ ਬੂਟਿਆਂ ਦਾ ਬਹਿਸ਼ਤੀ ਬਾਗ। ਸਮੁੱਚੀ ਮਨੁੱਖਤਾ ਲਈ ਇਕ ਮਾਰਗ ਦਰਸ਼ਕ। ਲਗਪਗ 36 ਕਿਸਮ ਦੇ ਫਲਾਂ ਦੇ ਬੂਟੇ ਜਿਵੇਂ ਅਮਰੂਦ, ਅੰਬ, ਲੁਗਾਠਾਂ, ਚੀਕੂ, ਅਨਾਨਾਸ, ਆੜੂ ਤੇ ਬੇਰ ਆਦਿ। ਬਿਨਾਂ ਕਿਸੇ ਰਸਾਇਣਕ ਖਾਦ ਜਾਂ ਕੀਟਨਾਸ਼ਕ ਦਵਾਈਆਂ ਦੇ ਤਿਆਰ ਕੀਤੇ ਅਤੇ ਕੁਦਰਤੀ ਰੂਪ ਨਾਲ ਪੱਕਣ ਵਾਲੇ ਇਨ੍ਹਾਂ ਫਲਾਂ ਵਿਚ ਸਮੋਏ ਹੋਏ ਕੁਦਰਤੀ ਤੱਤ ਅਤੇ ਸਵਾਦ। ਇਨ੍ਹਾਂ ਬੂਟਿਆਂ ਦੀਆਂ ਲਾਈਨਾਂ ਵਿਚ ਪਈ ਖ਼ਾਲੀ ਜਗ੍ਹਾ 'ਤੇ ਕੁਦਰਤੀ ਤਰੀਕੇ ਨਾਲ ਪੈਦਾ ਹੁੰਦੀਆਂ ਸਬਜ਼ੀਆਂ। ਜ਼ਹਿਰ ਤੋਂ ਰਹਿਤ ਫਲਾਂ ਅਤੇ ਸਬਜ਼ੀਆਂ ਦਾ ਇਹ ਲੰਗਰ, ਮਨੁੱਖੀ ਸੋਚ ਨੂੰ ਜ਼ਹੀਨ ਕਰਦਾ ਅਤੇ ਉਸ ਦੀ ਲੰਮੇਰੀ ਉਮਰ ਦੀ ਕਾਮਨਾ ਵੀ ਕਰਦਾ। ਸਿਆਣੇ ਕਹਿੰਦੇ ਹਨ ਖਾਣਾ ਸਾਡੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਜਿਹੀ ਸਵੱਛ ਅਤੇ ਸੰਪੂਰਨ ਖੁਰਾਕ ਖਾਣ ਵਾਲਾ ਵਿਅਕਤੀ ਨਿਰਸੰਦੇਹ ਸੱਚੀ-ਸੁੱਚੀ ਸੋਚ ਦਾ ਮਾਲਕ ਬਣ ਕੇ ਜੀਵਨ ਮਾਰਗ ਨੂੰ ਭਾਗ ਹੀ ਲਾਵੇਗਾ ਅਤੇ ਇਸੇ ਕਰਕੇ ਹੀ ਇਸ ਬਾਗ ਵਿਚ ਪੈਦਾ ਹੋਣ ਵਾਲੀ ਹਰ ਸਬਜ਼ੀ ਅਤੇ ਤਿਆਰ ਹੋਣ ਵਾਲਾ ਹਰ ਫਲ, ਲੰਗਰ ਵਿਚ ਜਾਂਦਾ ਏ, ਜਿਸ ਨਾਲ ਸਮੁੱਚੀ ਸੰਗਤ ਦੀ ਸੋਚ ਨੂੰ ਇਕ ਨਵੀਂ ਸੇਧ ਮਿਲਦੀ ਹੈ।
ਵਿਗੜ ਰਹੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਅਤੇ ਇਸ ਧਰਤੀ ਨੂੰ ਹਰਿਆ-ਭਰਿਆ ਕਰਨ ਹਿੱਤ ਹੀ ਬਾਬਾ ਜੀ ਵਲੋਂ ਦਰੱਖਤ ਲਗਾਉਣ ਦਾ ਇਹ ਪ੍ਰੋਜੈਕਟ 300 ਸਾਲਾ ਖ਼ਾਲਸਾ ਸਿਰਜਣਾ ਦਿਵਸ ਮੌਕੇ ਸ਼ੁਰੂ ਕੀਤਾ ਗਿਆ ਸੀ, ਤਾਂ ਕਿ ਹਵਾ ਅਤੇ ਹਰਿਆਵਲ ਦਾ ਸਦੀਵੀ ਲੰਗਰ ਲਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਾਂ ਦੀ ਗਤੀਸ਼ੀਲਤਾ ਵਿਚ ਨਿਰੰਤਰ ਵਾਧਾ ਕੀਤਾ ਜਾ ਸਕੇ। ਗੁਰੂ ਸਾਹਿਬਾਨ ਦਾ ਫੁਰਮਾਨ ਹੈ, 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਬਾਣੀ ਵਿਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਸਮਿਆਂ ਦੀ ਕੇਹੀ ਹੋਣੀ ਹੈ ਕਿ ਅਸੀਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ ਵਿਚ ਆਪਣੀ ਜੀਵਨਦਾਤੀ ਨੂੰ ਹੀ ਖਤਮ ਕਰਨ ਲਈ ਰੁਚਿਤ ਹੋ ਰਹੇ ਹਾਂ। ਬਾਬਾ ਸੇਵਾ ਸਿੰਘ ਜੀ ਵਲੋਂ ਸ਼ੁੱਧ ਹਵਾ ਦਾ ਅਟੁੱਟ ਲੰਗਰ ਚਲਾਉਣ ਅਤੇ ਹਰਿਆਵਲ ਤੋਂ ਸੱਖਣੀ ਧਰਤੀ ਨੂੰ ਹਰਿਆਵਲ ਦਾ ਕੱਜਣ ਪਹਿਨਾਉਣ ਲਈ ਦਰੱਖਤ ਲਾਉਣ ਦਾ ਟੀਚਾ ਮਿਥਿਆ ਗਿਆ ਹੈ, ਤਾਂ ਕਿ ਸੈਂਕੜੇ ਸਾਲਾਂ ਤੱਕ ਚੱਲਣ ਵਾਲੇ ਇਸ ਹਵਾ ਦੇ ਲੰਗਰ ਲਈ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਉਪਰਾਲਿਆਂ ਸਦਕਾ ਹੀ ਹੁਣ ਤੱਕ ਬਾਬਾ ਜੀ ਦੀ ਸੁਯੋਗ ਰਹਿਨੁਮਾਈ ਹੇਠ ਸੈਂਕੜੇ ਕਿਲੋਮੀਟਰ ਸੜਕਾਂ 'ਤੇ ਹਰ ਕਿਸਮ ਦੇ ਦਰੱਖਤ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸ਼ਾਮਿਲ ਹਨ ਖਡੂਰ ਸਾਹਿਬ ਨੂੰ ਜਾਂਦੀਆਂ ਪੰਜੇ ਸੜਕਾਂ 'ਤੇ ਫੁੱਲਦਾਰ ਅਤੇ ਫੱਲਦਾਰ ਬੂਟੇ, ਜੀ.ਟੀ. ਰੋਡ 'ਤੇ ਬਿਰਖ, ਮਕਰਾਨਾ (ਰਾਜਸਥਾਨ) ਵਿਚ ਕਈ ਕਿਲੋਮੀਟਰ ਤੱਕ ਨਿੰਮ ਦੇ ਦਰੱਖਤ, ਨਰੈਣਾ (ਜੈਪੁਰ) ਵਿਚ ਨਿੰਮ ਦੇ ਦਰੱਖਤ, ਗਵਾਲੀਅਰ ਵਿਚ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਹਸਪਤਾਲ ਦੇ ਨੇੜੇ ਦਰੱਖਤ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਹਰੇਕ ਘਰ ਵਿਚ ਅਤੇ ਫਿਰਨੀਆਂ 'ਤੇ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਹੁਣ ਵੀ ਜਾਰੀ ਹਨ। ਜਿਵੇਂ ਸਕੂਲਾਂ, ਪਿੰਡਾਂ ਦੇ ਸ਼ਮਸ਼ਾਨਘਾਟ ਅਤੇ ਸਾਂਝੀਆਂ ਥਾਵਾਂ 'ਤੇ ਰੁੱਖ ਲਗਾਉਣਾ ਸ਼ਾਮਿਲ ਹੈ, ਹੁਣ ਤੱਕ ਲਗਪਗ 3 ਲੱਖ 15 ਹਜ਼ਾਰ ਰੁੱਖ ਲਗਾਏ ਜਾ ਚੁੱਕੇ ਹਨ।
ਬਾਬਾ ਜੀ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੂਬੇਦਾਰ ਬਲਬੀਰ ਸਿੰਘ ਵਲੋਂ ਜਿਥੇ ਖਡੂਰ ਸਾਹਿਬ ਦੇ ਗੁਰਦੁਆਰੇ ਵਿਚਲੀ ਬਾਗ-ਬਗੀਚੀ ਦੀ ਸੇਵਾ-ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ, ਉਥੇ ਉਨ੍ਹਾਂ ਵਲੋਂ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦਾ 3 ਏਕੜ ਦਾ ਬਾਗ ਅਤੇ ਖਡੂਰ ਸਾਹਿਬ ਤੋਂ 5 ਕੁ ਕਿਲੋਮੀਟਰ ਦੀ ਦੂਰੀ 'ਤੇ ਹਰ ਕਿਸਮ ਦੇ ਬੂਟਿਆਂ ਦੀ ਪਨੀਰੀ ਨੂੰ ਸਫਲਤਾਪੂਰਵਕ ਤਿਆਰ ਕਰਨਾ, ਸੂਬੇਦਾਰ ਸਾਹਿਬ ਦੀ ਨਿਸ਼ਕਾਮ ਸੇਵਾ ਦਾ ਪ੍ਰਤੱਖ ਪ੍ਰਮਾਣ ਹੈ।
ਬਹੁਤ ਹੀ ਸੱਚੀ-ਸੁੱਚੀ ਸੋਚ ਦੇ ਧਾਰਨੀ ਬਾਬਾ ਸੇਵਾ ਸਿੰਘ ਦੀ ਮਾਨਵਵਾਦੀ ਸੋਚ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ਦਰੱਖਤਾਂ ਨੂੰ ਇਸ ਧਰਤੀ ਵਿਚ ਉਗਾ ਕੇ ਜਿਥੇ ਅਸੀਂ ਧਰਤੀ ਦੇ ਸੁਹੱਪਣ ਵਿਚ ਵਾਧਾ ਕਰਦੇ ਹਾਂ, ਉਥੇ ਇਹ ਬਿਰਖ ਸਾਨੂੰ ਸਾਡੇ ਲਈ ਅਤਿਅੰਤ ਲੋੜੀਂਦੀ ਆਕਸੀਜਨ ਦਾ ਅਟੁੱਟ ਪ੍ਰਵਾਹ ਬਖਸ਼ਦੇ ਹਨ, ਵਾਯੂਮੰਡਲ ਵਿਚੋਂ ਕਾਰਬਨ ਡਾਇਆਕਸਾਈਡ ਆਦਿ ਗਰੀਨ ਹਾਊਸ ਗੈਸਾਂ ਨੂੰ ਖਤਮ ਕਰਦੇ ਹਨ, ਜਿਸ ਨਾਲ ਵਾਤਾਵਰਨ ਵਿਚ ਪੈਦਾ ਹੋ ਰਿਹਾ ਵਿਗਾੜ ਘਟਦਾ ਹੈ। ਇਸ ਨਾਲ ਬਹੁਤ ਤੇਜ਼ੀ ਨਾਲ ਰੁੱਤਾਂ ਵਿਚ ਪੈਦਾ ਹੋ ਰਹੀ ਅਣਸੁਖਾਵੀਂ ਤਬਦੀਲੀ ਨੂੰ ਵੀ ਕੁਝ ਰਾਹਤ ਮਿਲਦੀ ਹੈ। ਮੀਂਹ ਪੈਣ ਦਾ ਸਬੱਬ ਵੀ ਇਹ ਦਰੱਖਤ ਹੀ ਬਣਦੇ ਹਨ। ਇਹ ਦਰੱਖਤ ਹੀ ਹੁੰਦੇ ਹਨ ਜੋ ਜੇਠ-ਹਾੜ੍ਹ ਦੇ ਮਹੀਨੇ ਵਿਚ ਥੱਕੇ ਰਾਹੀਆਂ ਲਈ ਠੰਢੀ ਛਾਂ ਬਣਦੇ ਹਨ ਅਤੇ ਮੀਂਹ-ਕਣੀ ਦੇ ਦਿਨੀਂ ਛਤਰੀ ਵੀ ਤਣਦੇ ਹਨ। ਇਨ੍ਹਾਂ ਬਾਬੇ ਬੋਹੜਾਂ ਹੇਠ ਹੀ ਸਾਡੇ ਬਾਬਿਆਂ ਦੀਆਂ ਮਜਲੱਸਾਂ ਮੁੜ ਜੁੜਨਗੀਆਂ। ਜਦ ਸਾਡੀ ਧਰਤੀ ਬਿਰਖਾਂ ਨਾਲ ਹਰੀ ਭਰੀ ਹੋਵੇਗੀ ਤਾਂ ਸਾਡੇ ਤੋਂ ਦੂਰ ਤੁਰ ਗਏ ਪਰਿੰਦੇ ਫਿਰ ਪਰਤ ਆਉਣਗੇ ਆਪਣੇ ਘਰੀਂ। ਬਿਰਖਾਂ 'ਤੇ ਮੁਰਕੀਆਂ ਵਾਂਗ ਲਟਕਦੇ ਬਿਜੜਿਆਂ ਅਤੇ ਹੋਰ ਪੰਛੀਆਂ ਦੇ ਆਲ੍ਹਣਿਆਂ ਵਿਚ ਚਹਿਕਦੇ ਪਰਿੰਦੇ ਸਾਡੀ ਧਰਤੀ ਨੂੰ ਭਾਗ ਲਾਉਣਗੇ। ਬੋਟਾਂ ਦੀ ਚਹਿਕਣੀ, ਪਰਿੰਦਿਆਂ ਦਾ ਅੰਮ੍ਰਿਤ ਵੇਲੇ ਦਾ ਅਲਾਪ ਅਤੇ ਚਿੜੀਆਂ ਦੀ ਚੀਂ-ਚੀਂ ਇਸ ਧਰਤ ਨੂੰ ਵਸਦੇ-ਰਸਦੇ ਰਹਿਣ ਦੀ ਅਸੀਸ ਦੇਣਗੀਆਂ। ਕੁਦਰਤੀ ਜੀਵਾਂ ਦਾ ਸਮੂਹ ਸੰਸਾਰ ਮਨੁੱਖੀ ਸੋਚ ਦੇ ਸਦਕੇ ਜਾਂਦਾ, ਮਾਨਵ ਦੀ ਸਦੀਵਤਾ ਦਾ ਗੁਣਗਾਣ ਕਰਦਾ ਰਹੇਗਾ। ਇਨ੍ਹਾਂ ਬਿਰਖਾਂ ਸਦਕਾ ਹੀ ਕੁਦਰਤ ਦਾ ਵਿਗੜ ਰਿਹਾ ਸੰਤੁਲਨ ਫਿਰ ਕਾਇਮ ਹੋ ਜਾਵੇਗਾ ਅਤੇ ਇਹ ਧਰਤੀ ਸਭਨਾਂ ਜੀਵਾਂ ਦੀ ਜਨਮਦਾਤੀ ਦਾ ਰੁਤਬਾ ਗ੍ਰਹਿਣ ਕਰਕੇ ਆਪਣੇ ਪਹਿਲੇ ਸਰੂਪ ਵਿਚ ਜੀਵਾਂ ਦੀਆਂ ਸਭਨਾਂ ਜਾਤੀਆਂ ਦੀ ਨਿੱਘੀ ਗੋਦ ਬਣ ਜਾਵੇਗੀ। ਇਹ ਬਿਰਖ ਹੀ ਹਨ ਜਿਹੜੇ ਜੀਵਾਂ ਦੇ ਸ਼ੁੱਭ-ਚਿੰਤਕ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਸਭਨਾਂ ਦੀ ਭਲਾਈ ਦਾ ਕਰਮ ਜਾਗਦਾ ਰਹਿੰਦਾ ਹੈ। ਇਹ ਬਿਰਖ ਹੀ ਹੁੰਦੇ ਨੇ, ਜੋ ਸਾਡੇ ਜਨਮ ਤੋਂ ਸਾਡੇ ਮਰਨ ਤੱਕ ਸਾਡੇ ਜੀਵਨ ਦੀਆਂ ਤਮਾਮ ਲੋੜਾਂ ਪੂਰੀਆਂ ਕਰਦੇ, ਆਖਰ ਨੂੰ ਸਾਡੇ ਮਿੱਟੀ ਰੂਪੀ ਸਰੀਰ ਨੂੰ ਮਿੱਟੀ ਦੇ ਲੇਖੇ ਲਾਉਂਦੇ ਹਨ। ਸੋ ਲੋੜ ਹੈ ਕਿ ਇਨ੍ਹਾਂ ਪ੍ਰਿਤਪਾਲਕ ਬਿਰਖਾਂ ਨੂੰ ਲਾਈਏ, ਇਨ੍ਹਾਂ ਦੀ ਸੰਭਾਲ ਕਰੀਏ ਅਤੇ ਇਨ੍ਹਾਂ ਦੀ ਚਿਰੰਜੀਵਤਾ ਵਿਚੋਂ ਹੀ ਆਪਣੀ ਸਦੀਵਤਾ ਨੂੰ ਕਿਆਸੀਏ। ਬਾਬਾ ਜੀ ਨੇ ਦੱਸਿਆ ਕਿ ਜਦ ਵੀ ਮੈਂ ਸਵੇਰੇ-ਸਵੇਰੇ ਸੈਰ ਕਰਕੇ ਪਰਤਦਾ ਹਾਂ ਤਾਂ ਡੇਰੇ ਦੀ ਬਾਹਰਲੀ ਕੰਧ 'ਤੇ ਫੈਲੀ ਹੋਈ ਵੇਲ ਵਿਚ ਅਣਗਿਣਤ ਚਿੜੀਆਂ ਦੇ ਚਹਿਚਹਾਉਣ ਦਾ ਅਲੌਕਿਕ ਅਨੰਦ ਮਾਣਨ ਲਈ ਜ਼ਰੂਰ ਰੁਕਦਾ ਹਾਂ ਅਤੇ ਇਨ੍ਹਾਂ ਚਿੜੀਆਂ ਦੀ ਚਹਿਕਣੀ ਵਿਚ ਇਉਂ ਲੱਗਦਾ ਹੈ ਜਿਵੇਂ ਸਮੁੱਚੀ ਕਾਇਨਾਤ ਇਸ ਧਰਤੀ 'ਤੇ ਉਤਰ ਆਈ ਹੋਵੇ ਅਤੇ ਆਪਣੇ ਇਲਾਹੀ ਨਾਦ ਨੂੰ ਇਸ ਧਰਤੀ ਦੇ ਕਣ-ਕਣ ਦੇ ਨਾਂਅ ਲਾ ਰਹੀ ਹੋਵੇ।
ਕੁਦਰਤ ਨੂੰ ਮੁਹੱਬਤ ਕਰਨ ਵਾਲੇ, ਨਿਮਰਤਾ ਦੀ ਮੂਰਤ, ਸੇਵਾ ਦੇ ਪੁੰਜ, ਵਿਲੱਖਣ, ਨਰੋਈ ਤੇ ਨਿਰਾਲੀ ਪਛਾਣ ਦੇ ਮਾਲਕ, ਬਿਰਖਾਂ ਵਿਚੋਂ ਸਮੁੱਚੀ ਲੋਕਾਈ ਦਾ ਭਲਾ ਅਤੇ ਸਦੀਵਤਾ ਚਿਤਵਣ ਵਾਲੇ ਅੱਖਰਾਂ ਦੀ ਜਨਮਦਾਤੀ ਖਡੂਰ ਸਾਹਿਬ ਦੀ ਧਰਤੀ 'ਤੇ ਕੁਦਰਤ ਦਾ ਚਿਰਾਗ ਜਗਾਉਣ ਵਾਲੇ, ਸਿੱਖਾਂ ਦੇ ਪਹਿਲੇ ਆਡੀਓ ਵਿਜ਼ੂਅਲ ਮਿਊਜ਼ੀਅਮ ਦੇ ਸੰਸਥਾਪਕ ਅਤੇ 21ਵੀਂ ਸਦੀ ਦੇ ਅਜੂਬੇ 'ਨਿਸ਼ਾਨ-ਏ-ਸਿੱਖੀ' ਦੇ ਸਿਰਜਕ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਦੁੱਤੀ ਘਾਲਣਾ 'ਤੇ ਬਲਿਹਾਰ ਜਾਣ ਨੂੰ ਜੀਅ ਕਰਦਾ ਹੈ। ਬਹੁਤ ਹੀ ਨਿਸ਼ਕਾਮ ਤੇ ਉੱਚਤਮ ਹੈ ਉਨ੍ਹਾਂ ਦੀ ਸੇਵਾ। ਬਹੁਤ ਹੀ ਨੇਕ ਹੈ ਉਨ੍ਹਾਂ ਦੀ ਸੋਚ ਦਾ ਦਾਇਰਾ, ਜਿਸ ਸਦਕਾ ਹੋ ਰਿਹਾ ਹੈ ਖਡੂਰ ਸਾਹਿਬ ਦੀ ਧਰਤੀ 'ਤੇ ਚੰਗਿਆਈ ਦਾ ਫੈਲਾਅ।
ਪਰਮਾਤਮਾ ਸਾਨੂੰ ਸਧਾਰਨ ਜੀਵਾਂ ਨੂੰ ਉਨ੍ਹਾਂ ਦੇ ਮਾਰਗ ਚਿੰਨ੍ਹਾਂ 'ਤੇ ਚੱਲਣ ਦੀ ਸੁਮੱਤ ਬਖਸ਼ੇ ਤਾਂ ਕਿ ਅਸੀਂ ਉਨ੍ਹਾਂ ਵਲੋਂ ਚਲਾਏ ਜਾ ਰਹੇ ਹਵਾ ਅਤੇ ਹਰਿਆਵਲ ਦੇ ਅਤੁੱਟ ਲੰਗਰ ਵਿਚ ਬਣਦਾ-ਸਰਦਾ ਯੋਗਦਾਨ ਪਾ ਸਕੀਏ, ਕਿਉਂਕਿ ਸਾਡੇ ਆਖਰੀ ਸਾਹਾਂ ਤੱਕ ਨਿਭਣਾ ਹੈ ਹਵਾ ਅਤੇ ਹਰਿਆਵਲ ਦਾ ਇਹ ਅਤੁੱਟ ਲੰਗਰ।

ਜਵੱਦੀ ਟਕਸਾਲ ਦੀ ਗੁਰਮਤਿ ਸੰਗੀਤ ਨੂੰ ਦੇਣ

'ਰਾਗ ਨਾਦ ਸਬਦਿ ਸੋਹਣੇ', ਗੁਰਬਾਣੀ ਦੀ ਇਸ ਪਾਵਨ ਤੁਕ ਵਿਚਲੇ ਰੂਹਾਨੀ ਸੁਨੇਹੇ ਨੂੰ ਸਾਕਾਰ ਕਰਨ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਤੰਤੀ ਸਾਜ਼ਾਂ ਨਾਲ ਸੰਗਤ ਦੀ ਝੋਲੀ ਪਾਈ ਕੀਰਤਨ ਦੀ ਪਰੰਪਰਾ ਦੀ ਬਹਾਲੀ ਲਈ ਲੁਧਿਆਣਾ ਦੇ ਨਾਲ ਲਗਦੇ ਇਤਿਹਾਸਕ ਪਿੰਡ ਜਵੱਦੀ ਕਲਾਂ ਵਿਚ ਸਥਿਤ ਜਵੱਦੀ ਟਕਸਾਲ ਦੀ ਦੇਣ ਉੱਤੇ ਸਮੁੱਚੇ ਕੀਰਤਨ ਅਤੇ ਸੰਗੀਤ ਪ੍ਰੇਮੀਆਂ ਨੂੰ ਮਾਣ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਭੂਮੀ ਉੱਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਸੱਚਖੰਡ ਵਾਸੀ ਸੰਤ ਸੁੱਚਾ ਸਿੰਘ ਨੇ 1985 ਵਿਚ ਸੇਵਾ ਆਰੰਭ ਕੀਤੀ। ਸੰਨ 1991 ਵਿਚ ਉਨ੍ਹਾਂ ਨੇ 'ਵਿਸਮਾਦੁ ਨਾਦ' ਸੰਸਥਾ ਬਣਾਈ। ਇਸ ਸੰਸਥਾ ਨੇ ਸਿੱਖ ਵਿਰਸੇ ਦੀ ਖੋਜ ਅਤੇ ਸੰਭਾਲ ਦੇ ਅਣਗੌਲੇ ਕਾਰਜ ਨੂੰ ਸੰਭਾਲਣ ਦਾ ਜ਼ਿੰਮਾ ਲਿਆ।
ਗੁਰਮਤਿ ਸੰਗੀਤ ਸੰਮੇਲਨਾਂ ਦਾ ਆਗਾਜ਼ : ਸੰਤ ਸੁੱਚਾ ਸਿੰਘ ਵਲੋਂ ਜਵੱਦੀ ਕਲਾਂ ਵਿਚ 1991 ਵਿਚ ਆਰੰਭ ਕੀਤੇ ਗਏ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਉਨ੍ਹਾਂ ਦੇ ਸੱਚਖੰਡ ਜਾ ਬਿਰਾਜਣ ਮਗਰੋਂ ਵੀ ਉਨ੍ਹਾਂ ਦੇ ਗੱਦੀਨਸ਼ੀਨ ਸੰਤ ਅਮੀਰ ਸਿੰਘ ਨਿਰੰਤਰ ਜਾਰੀ ਰੱਖ ਰਹੇ ਹਨ। ਪਲੇਠਾ ਗੁਰਮਤਿ ਸੰਗੀਤ ਸੰਮੇਲਨ 10 ਅਕਤੂਬਰ ਤੋਂ 13 ਅਕਤੂਬਰ ਤੱਕ ਹੋਇਆ। ਇਸ ਪਹਿਲੇ ਸੰਮੇਲਨ ਵਿਚ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਕਰਤਾਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਹਰਚੰਦ ਸਿੰਘ, ਸਿੰਘ ਬੰਧੂ ਦਿੱਲੀ, ਗੀਤਾ ਪੇਂਤਲ, ਡਾਕਟਰ ਜਸਬੀਰ ਕੌਰ ਪਟਿਆਲਾ, ਸ਼੍ਰੋਮਣੀ ਰਾਗੀ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ, ਪ੍ਰਿੰਸੀਪਲ ਚੰਨਣ ਸਿੰਘ ਮਜਬੂਰ, ਡਾਕਟਰ ਨਿਵੇਦਿਤਾ ਸਿੰਘ ਪਟਿਆਲਾ ਅਤੇ ਹੋਰ ਰਾਗੀਆਂ ਨੇ ਗੁਰਮਤਿ ਸ਼ੈਲੀ ਰਾਹੀਂ ਸਮਾਂ ਬੰਨ੍ਹ ਦਿੱਤਾ। ਇਸ ਤੋਂ ਬਾਅਦ ਦੇ ਸੰਗੀਤ ਸੰਮੇਲਨਾਂ ਵਿਚ ਪਦਮਸ੍ਰੀ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਸਵਰਗੀ ਭਾਈ ਅਮਰੀਕ ਸਿੰਘ ਜ਼ਖਮੀ, ਭਾਈ ਪਿਰਥੀਪਾਲ ਸਿੰਘ, ਮੋਹਨ ਪਾਲ ਸਿੰਘ ਪਟਿਆਲਾ, ਭਾਈ ਰਣਧੀਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਸੰਤ ਸਤਨਾਮ ਸਿੰਘ ਕਿਸ਼ਨਗੜ੍ਹ, ਉਸਤਾਦ ਕਾਲੇ ਰਾਮ (ਤਬਲਾ), ਅਸ਼ਵਿਨੀ ਕੁਮਾਰ (ਤਾਨਪੁਰਾ), ਓਮ ਪ੍ਰਕਾਸ਼ ਅਤੇ ਭਾਈ ਚਤਰ ਸਿੰਘ (ਦਿਲਰੁਬਾ). ਜਸਵੰਤ ਸਿੰਘ ਦਿੱਲੀ ਅਤੇ ਕਸਤੂਰੀ ਲਾਲ (ਵਾਇਲਨ) ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਤੋਂ ਇਲਾਵਾ ਤਾਰ ਸ਼ਹਿਨਾਈ, ਤਾਊਸ ਅਤੇ ਸਾਰੰਦੇ ਸਾਜ਼ ਦੀ ਵੀ ਕਲਾਤਮਕ ਵਰਤੋਂ ਕੀਤੀ ਗਈ। ਇਸ ਦੌਰਾਨ ਤਾਲ ਕਹਿਰਵਾ ਅਤੇ ਦਾਦਰਾ ਵਜਾਉਣ ਦੀ ਆਗਿਆ ਨਹੀਂ ਸੀ, ਬਲਕਿ ਸਿਰਫ ਪ੍ਰਵਾਨਤ ਬਿਖਰੇ ਤਾਲਾਂ ਵਿਚ ਹੀ ਗਾਇਨ ਪੇਸ਼ ਕੀਤਾ ਗਿਆ।
ਸੰਤ ਸੁੱਚਾ ਸਿੰਘ ਨੇ ਪੰਜਾਬ ਤੋਂ ਬਾਹਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਇਲਾਵਾ ਬੰਬਈ, ਪੂਨਾ, ਇੰਦੌਰ, ਗਵਾਲੀਅਰ ਤੇ ਆਗਰਾ ਸਮੇਤ ਵੱਖ-ਵੱਖ ਥਾਵਾਂ ਉੱਤੇ ਵੀ ਗੁਰਮਤਿ ਸੰਗੀਤ ਸੰਮੇਲਨ ਕਰਵਾਏ। ਉਸ ਤੋਂ ਬਾਅਦ ਇਹ ਸੰਮੇਲਨ ਸੰਤ ਸੁੱਚਾ ਸਿੰਘ ਨੇ ਨਿਰੰਤਰ ਤੌਰ 'ਤੇ 27 ਅਗਸਤ, 2002 ਨੂੰ ਆਪਣੇ ਸੱਚਖੰਡ ਪਿਆਨੇ ਤੱਕ ਪੂਰੀ ਚੜ੍ਹਦੀ ਕਲਾ ਨਾਲ ਜਾਰੀ ਰੱਖਿਆ। ਉਨ੍ਹਾਂ ਤੋਂ ਉਪਰੰਤ ਸੰਤ ਅਮੀਰ ਸਿੰਘ ਨੂੰ ਇਸ ਟਕਸਾਲ ਦੇ ਮੁਖੀ ਦੀ ਸੇਵਾ ਸਮੁੱਚੇ ਪੰਥ ਵਲੋਂ ਸੌਂਪੀ ਗਈ।
ਸੰਤ ਅਮੀਰ ਸਿੰਘ ਨੇ ਸਾਲ 2016 ਵਿਚ ਵੱਡੇ ਪੱਧਰ 'ਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਸਿਲਵਰ ਜੁਬਲੀ ਮਨਾਈ, ਜਿਸ ਵਿਚ ਇਸ ਮਹਾਨ ਸੰਗੀਤ ਕੁੰਭ ਨਾਲ ਜੁੜੀਆਂ 25 ਸ਼ਖ਼ਸੀਅਤਾਂ ਨੂੰ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸੇ ਸਬੰਧ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 25 ਰਾਗ ਦਰਬਾਰ ਸੰਤ ਅਮੀਰ ਸਿੰਘ ਵਲੋਂ ਕਰਵਾਏ ਗਏ। ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਦੀ ਸਿੱਖਿਆ ਉਨ੍ਹਾਂ ਦੀ ਅਗਵਾਈ ਹੇਠ ਇਸ ਵੇਲੇ ਪ੍ਰੋਫੈਸਰ ਜਤਿੰਦਰ ਪਾਲ ਸਿੰਘ, ਪੰਡਿਤ ਰਮਾਂਕਾਂਤ, ਪ੍ਰੋਫੈਸਰ ਰਮਨਦੀਪ ਕੌਰ, ਪ੍ਰੋਫੈਸਰ ਚਰਨਜੀਤ ਕੌਰ, ਪ੍ਰੋਫੈਸਰ ਤਜਿੰਦਰ ਸਿੰਘ ਜਲੰਧਰ, ਪ੍ਰੋਫੈਸਰ ਇੰਦਰਜੀਤ ਸਿੰਘ ਬਿੰਦੂ ਜਲੰਧਰ, ਪ੍ਰੋਫੈਸਰ ਮਨਿੰਦਰ ਸਿੰਘ ਤਬਲਾਵਾਦਕ, ਉਸਤਾਦ ਸਵਰਨ ਸਿੰਘ ਸਮੇਂ-ਸਮੇਂ ਉੱਤੇ ਕੀਰਤਨ ਦੀ ਸਿੱਖਿਆ ਦੇ ਰਹੇ ਹਨ।
ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਾਗੀ ਸਿੰਘਾਂ ਨਾਲ ਜਿੰਨੇ ਵੀ ਤੰਤੀ ਸਾਜ਼ ਵਜਾਉਣ ਵਾਲੇ ਫਨਕਾਰ ਸੰਗਤ ਕਰਦੇ ਹਨ, ਉਹ ਸਾਰੇ ਜਵੱਦੀ ਟਕਸਾਲ ਤੋਂ ਸਿੱਖਿਆ ਪ੍ਰਾਪਤ ਕਰਕੇ ਉੱਥੇ ਸੇਵਾ ਨਿਭਾਅ ਰਹੇ ਹਨ। ਧਰਮ ਪ੍ਰਚਾਰ ਕਾਰਜਾਂ ਤਹਿਤ ਲਗਪਗ 30 ਹਜ਼ਾਰ ਵਿਦਿਆਰਥੀ ਗੁਰਮਤਿ ਸੰਗੀਤ ਗੁਰਬਾਣੀ ਸੰਥਿਆ ਤੇ ਵਾਦਨ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ।
ਪ੍ਰਕਾਸ਼ਨਾਵਾਂ : ਰਾਗ ਨਾਦੁ ਸਬਦਿ ਸਬੰਧੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ, ਮਨ ਦਾ ਸੰਕਲਪ, ਦੇਹੀ ਦਾ ਸੰਕਲਪ, ਮੌਤ ਦਾ ਸੰਕਲਪ, ਰਾਗ ਨਾਦੁ ਸਬਦਿ ਸੋਹਣੇ, ਮਿਲਬੇ ਕੀ ਮਹਿਮਾ, ਗੁਰੂ ਨਾਲ ਸੰਗੀਤ ਪੱਧਤੀ ਭਾਗ ਪਹਿਲਾ ਅਤੇ ਦੂਜਾ ਸਮੇਤ ਅਨੇਕ ਪ੍ਰਕਾਸ਼ਨਾਵਾਂ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਲਈ ਮਾਰਗਦਰਸ਼ਕ ਦਾ ਕੰਮ ਕਰ ਰਹੀਆਂ ਹਨ।
ਆਡੀਓ-ਵੀਡੀਓ ਕੈਸਿਟਾਂ : 1991 ਤੋਂ ਲੈ ਕੇ ਹੁਣ ਤੱਕ ਹੋਏ ਸੰਗੀਤ ਸੰਮੇਲਨ ਦੀਆਂ ਆਡੀਓ-ਵੀਡੀਓ ਕੈਸਿਟਾਂ ਟਕਸਾਲ ਕੋਲ ਉਪਲਬਧ ਹਨ ਅਤੇ ਨਾਲ ਹੀ ਇਨ੍ਹਾਂ ਨੂੰ ਯੂ-ਟਿਊਬ ਉੱਤੇ ਵੀ ਪਾਇਆ ਗਿਆ ਹੈ।
ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ : ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ 14 ਜਥਿਆਂ ਨੂੰ ਹੁਣ ਤੱਕ ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਿਲੱਖਣ ਗੱਲ ਇਹ ਹੈ ਕਿ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਜਿਥੇ ਪੰਥ ਦੇ ਮਹਾਨ ਕਥਾਵਾਚਕ ਹਨ, ਉਥੇ ਨਾਲ ਹੀ ਪੁਰਾਤਨ ਗੁਰਮਤਿ ਸ਼ੈਲੀ ਅਨੁਸਾਰ ਖੁਦ ਵੀ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98154-61710

ਬਰਸੀ 'ਤੇ ਵਿਸ਼ੇਸ਼

ਧਰਮ-ਕਰਮ ਵਿਚ ਪ੍ਰਪੱਕਤਾ ਦੀ ਅਨੋਖੀ ਮਿਸਾਲ ਸਨ-ਸੰਤ ਬਾਬਾ ਵਿਸਾਖਾ ਸਿੰਘ

ਸਿੱਖ ਧਰਮ ਵਿਚ ਉਨ੍ਹਾਂ ਸੰਤਾਂ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਤਿਕਾਰ ਹੈ, ਜਿਨ੍ਹਾਂ ਦੀ ਬਦੌਲਤ ਸਿੱਖ ਪੰਥ ਨੇ ਧਾਰਮਿਕ ਹੀ ਨਹੀਂ, ਸਮਾਜਿਕ ਅਤੇ ਦੇਸ਼ ਸੇਵਾ ਦੇ ਅਜਿਹੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ, ਜੋ ਸਮੁੱਚੇ ਜਗਤ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਏ। ਅਜਿਹੀ ਹੀ ਸਤਿਕਾਰਯੋਗ ਸ਼ਖ਼ਸੀਅਤ ਹੋਏ ਹਨ ਸੰਤ ਬਾਬਾ ਵਿਸਾਖਾ ਸਿੰਘ, ਜਿਨ੍ਹਾਂ ਨੇ 13 ਵਿਸਾਖ, 1905 ਈ: ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਨੇਤਪੁਰਾ ਵਿਚ ਪਿਤਾ ਕਰਮ ਸਿੰਘ, ਮਾਤਾ ਕਾਹਨ ਕੌਰ ਦੇ ਘਰ ਜਨਮ ਲਿਆ। ਮੁਢਲੀ ਸਿੱਖਿਆ ਸੰਤ ਮੋਹਣ ਸਿੰਘ ਜੀ ਤੋਂ ਪ੍ਰਾਪਤ ਕਰਕੇ ਗੁਰਬਾਣੀ ਦੇ ਸ਼ੁੱਧ ਪਾਠ, ਕਥਾ ਕੀਰਤਨ, ਅਰਥ ਬੋਧ ਦੀ ਦਾਤ ਉਪਰੰਤ ਉਦਾਸੀ ਭੇਖ ਦੇ ਧਾਰਨੀ ਹੋ ਗਏ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਆਪ ਅੰਮ੍ਰਿਤਪਾਨ ਕਰਕੇ ਕੌਮੀ ਸੇਵਾ ਵਿਚ ਜੁਟ ਗਏ। ਕੌਮੀ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ 'ਚ ਜੇਲ੍ਹਾਂ ਕੱਟੀਆਂ ਅਤੇ ਗੁਰੂ ਉਪਦੇਸ਼ ਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਸਰਬੱਤ ਦੇ ਭਲੇ ਲਈ ਲੋਕ ਸੇਵਾ ਦੇ ਕਾਰਜਾਂ ਰਾਹੀਂ ਜ਼ਿਲ੍ਹਾ ਮੋਗਾ ਦੇ ਬੇਟ ਇਲਾਕੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਕਰੀਬ 32 ਸਾਲ ਰਹਿ ਕੇ ਇਸ ਪਛੜੇ ਇਲਾਕੇ ਅੰਦਰ ਗੁਰਮਤਿ ਪ੍ਰਚਾਰ ਸਭਾ ਤਿਹਾੜਾ ਕਾਇਮ ਕੀਤੀ।
ਪਿੰਡ ਸੋਢੀਵਾਲ ਵਿਖੇ ਗੁਰਦੁਆਰਾ ਬਾਉਲੀ ਸਾਹਿਬ, ਜਗਤਸਰ ਸਾਹਿਬ, ਸ਼ੇਰਪੁਰ ਕਲਾਂ, ਸ਼ੇਖ ਦੌਲਤ, ਮਲਸੀਹਾਂ ਬਾਜਣ, ਦਾਇਆ ਕਲਾਂ, ਕੋਕਰੀ ਬੁੱਟਰਾਂ, ਕਾਕੜ ਤਿਹਾੜਾ ਤੇ ਕਿਸ਼ਨਪੁਰਾ ਕਲਾਂ ਵਿਖੇ ਗੁਰੂ-ਘਰਾਂ ਦੀ ਸੇਵਾ ਕਰਵਾਈ ਤੇ ਇਲਾਕੇ ਦੇ ਪਾਣੀ ਦੇ ਨਿਕਾਸ ਲਈ ਸੇਮਾਂ, ਬਿਜਲੀ ਸਪਲਾਈ ਤੇ ਸੜਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਵਾਈਆਂ ਤੇ ਧਰਮ ਪ੍ਰਚਾਰ ਲਈ ਪ੍ਰੈੱਸ ਅਤੇ ਅਖਬਾਰ ਸ਼ੁਰੂ ਕੀਤੀ। ਉਨ੍ਹਾਂ ਦੀ ਲਿਖਤ 'ਮਾਲਵੇ ਦਾ ਇਤਿਹਾਸ' ਰਾਜੇ-ਮਹਾਰਾਜਿਆਂ, ਪ੍ਰਸਿੱਧ ਵਿਦਵਾਨਾਂ, ਸੰਤਾਂ-ਮਹੰਤਾਂ, ਮਹਾਂ ਪੰਡਿਤਾਂ, ਯੋਧਿਆਂ, ਸ਼ਹੀਦਾਂ, ਰਾਗੀ-ਢਾਡੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਯਾਦਗਾਰੀ ਤੇ ਦੁਰਲੱਭ ਤੱਥਾਂ ਦਾ ਖਜ਼ਾਨਾ ਦੁਨੀਆ ਲਈ ਇਤਿਹਾਸਕ ਚਾਨਣ ਮੁਨਾਰਾ ਹੈ। ਅਣਗਿਣਤ ਪ੍ਰਾਣੀਆਂ ਨੂੰ ਗੁਰੂ ਪਾਤਸ਼ਾਹ ਜੀ ਦੀ ਮੋਹਰ ਅੰਮ੍ਰਿਤ ਦੀ ਦਾਤ ਅਤੇ ਗੁਰਬਾਣੀ ਮਹੱਤਵ ਨਾਲ ਦੁਨੀਆਵੀ ਲੋਕਾਂ ਨੂੰ ਸਾਰੀ ਜ਼ਿੰਦਗੀ ਵਹਿਮਾਂ-ਭਰਮਾਂ, ਊਚ-ਨੀਚ, ਜਾਤ-ਪਾਤ ਦੇ ਭਰਮਾਂ ਨੂੰ ਛੱਡਣ ਦਾ ਉਪਦੇਸ਼ ਦੇਣ ਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਵਾਲੀ ਇਹ ਪਵਿੱਤਰ ਰੂਹ 15 ਸਤੰਬਰ, 1968 ਨੂੰ ਗੁਰੁੂ ਚਰਨਾਂ ਵਿਚ ਜਾ ਬਿਰਾਜੀ। ਪਿੰਡ ਕਿਸ਼ਨਪੁਰਾ ਕਲਾਂ ਸਮੇਤ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਉਨ੍ਹਾਂ ਦੀ 51ਵੀਂ ਸਾਲਾਨਾ ਬਰਸੀ 'ਤੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕਿਸ਼ਨਪੁਰਾ ਕਲਾਂ (ਮੋਗਾ) ਵਿਖੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਜਾਣਗੇ, ਰਾਗੀ, ਢਾਡੀ, ਕਥਾਵਾਚਕ, ਸੰਤ-ਮਹਾਂਪੁਰਸ਼ ਹਾਜ਼ਰੀਆਂ ਲਗਵਾਉਣਗੇ।


-ਕਿਸ਼ਨਪੁਰਾ ਕਲਾਂ (ਮੋਗਾ)।
ਮੋਬਾ: 98764-74365

ਸ਼ਬਦ ਵਿਚਾਰ

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥

ਜਪੁ-ਪਉੜੀ ਦੂਜੀ
ਹੁਕਮੀ ਹੋਵਨਿ ਆਕਾਰ
ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ
ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ
ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ
ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ
ਤ ਹਉਮੈ ਕਹੈ ਨ ਕੋਇ॥ ੨॥ (ਅੰਗ 1)
ਪਦ ਅਰਥ : ਹੁਕਮੀ-ਪਰਮਾਤਮਾ ਦੇ ਹੁਕਮ ਦੁਆਰਾ। ਆਕਾਰ-ਸਰੂਪ, ਸਰੀਰ, ਜਗਤ ਰਚਨਾ। ਹੁਕਮੁ-ਪਰਮਾਤਮਾ ਦਾ ਹੁਕਮ। ਜੀਅ-ਜੀਵ ਜੰਤ। ਹੋਵਨਿ-ਪੈਦਾ ਹੁੰਦੇ ਹਨ, ਜੰਮਦੇ ਹਨ। ਉਤਮੁ ਨੀਚੁ-ਸ੍ਰੇਸ਼ਟ, ਚੰਗੇ ਅਤੇ ਬੁਰੇ। ਹੁਕਮਿ-ਪਰਮਾਤਮਾ ਦੇ ਹੁਕਮ ਅਨੁਸਾਰ। ਲਿਖਿ-(ਕਰਮਾਂ ਅਨੁਸਾਰ) ਲਿਖੇ। ਪਾਈਅਹਿ-ਪਾਉਂਦੇ ਹਨ, ਭੋਗਦੇ ਹਨ। ਇਕਨਾ-ਕਈਆਂ ਨੂੰ। ਬਖਸੀਸ-ਬਖਸ਼ਿਸ਼। ਭਵਾਈਅਹਿ-ਭਵਾਏ ਜਾਂਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ। ਹੁਕਮੈ ਅੰਦਰਿ-(ਪਰਮਾਤਮਾ ਦੇ) ਹੁਕਮ ਵਿਚ ਹੀ। ਬਾਹਰਿ ਹੁਕਮ-ਹੁਕਮ ਤੋਂ ਬਾਹਰ, ਹੁਕਮ ਤੋਂ ਆਕੀ।
'ਜਪੁ' ਜੀ ਦੀ ਇਸ ਦੂਜੀ ਪਉੜੀ ਵਿਚ ਪਰਮਾਤਮਾ ਦੇ ਹੁਕਮ ਦੀ ਵਿਆਖਿਆ ਕੀਤੀ ਗਈ ਹੈ। ਉਸ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਹੋਂਦ ਵਿਚ ਆਈ ਭਾਵ ਜੀਵ-ਜੰਤ ਪੈਦਾ ਹੋਏ। ਉਸ ਦੇ ਹੁਕਮ ਵਿਚ ਜੀਵ ਆਪਣੇ ਕਰਮਾਂ ਅਨੁਸਾਰ ਸੁਖ-ਦੁੱਖ ਭੋਗਦੇ ਹਨ, ਚੰਗੇ-ਮੰਦੇ ਬਣਦੇ ਹਨ ਅਰਥਾਤ ਜੋ ਕੁਝ ਵੀ ਜਗਤ ਵਿਚ ਹੋ ਰਿਹਾ ਹੈ, ਪਰਮਾਤਮਾ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਜੋ ਮਨੁੱਖ ਉਸ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਹਉਮੈ ਅਤੇ ਹੰਕਾਰ ਰੂਪੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
ਰਾਗੁ ਸੂਹੀ ਕੀ ਵਾਰ ਮਹਲਾ ੩ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ ਕਿ ਜਿਸ ਪ੍ਰਭੂ ਨੇ ਇਹ ਜਗਤ ਆਪਣੇ ਹੁਕਮ ਅਨੁਸਾਰ ਕਈ ਤਰ੍ਹਾਂ ਦਾ ਬਣਾਇਆ ਹੈ, ਉਸ ਅਲਖ ਅਤੇ ਬੇਅੰਤ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ-
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥
ਤੇਰਾ ਹੁਕਮੁ ਨ ਜਾਪੀ ਕੇਤੜਾ
ਸਚੇ ਅਲਖ ਅਪਾਰਾ॥ (ਅੰਗ 786)
ਸ੍ਰਿਸਟਿ-(ਸ੍ਰਿਸ਼ਟੀ) ਜਗਤ, ਸੰਸਾਰ। ਸਾਜੀਅਨੁ-ਬਣਾਇਆ ਹੈ, ਪੈਦਾ ਕੀਤਾ ਹੈ। ਬਹੁ ਭਿਤਿ-ਕਈ ਭਾਂਤ ਦਾ, ਕਈ ਪ੍ਰਕਾਰ ਦਾ। ਕੇਤੜਾ-ਕਿੰਨਾ ਵੱਡਾ ਹੈ। ਅਲਖ-ਜੋ ਲਖਿਆ ਨਾ ਜਾ ਸਕੇ। ਅਪਾਰਾ-ਬੇਅੰਤ।
ਹੇ ਪ੍ਰਭੂ, ਇਹ ਜੀਵ ਜੰਤ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਸਾਡੇ ਜੀਵਾਂ ਦੀ ਜੀਵਨ ਦੀ ਡੋਰ ਤੇਰੇ ਹੱਥ ਵਿਚ ਹੀ ਹੈ। ਪੰਚਮ ਗੁਰਦੇਵ ਦੇ ਰਾਗੁ ਸੋਰਠਿ ਵਿਚ ਪਾਵਨ ਬਚਨ ਹਨ-
ਜੀਅ ਜੰਤ ਤੇਰੇ ਧਾਰੇ॥
ਪ੍ਰਭ ਡੋਰੀ ਹਾਥਿ ਤੁਮਾਰੇ॥ (ਅੰਗ 626)
ਧਾਰੇ-ਸਹਾਰੇ।
ਰਾਗੁ ਮਾਰੂ ਸੋਲਹੇ ਵਿਚ ਗੁਰੂ ਅਮਰਦਾਸ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਰੀ ਵਡਿਆਈ ਪ੍ਰਭੂ ਦੇ ਹੱਥ ਵਿਚ ਹੀ ਹੈ, ਜਿਸ ਨੂੰ ਦਿੰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ-
ਤੇਰੈ ਹਥਿ ਹੈ ਸਭ ਵਡਿਆਈ
ਜਿਸੁ ਦੇਵਹਿ ਸੋ ਪਾਇਦਾ॥ (ਅੰਗ 1063)
ਆਪ ਜੀ ਰਾਗੁ ਗੂਜਰੀ ਕੀ ਵਾਰ ਮਹਲਾ ੩ ਵਿਚ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ 'ਤੇ ਪ੍ਰਭੂ ਦੀ ਨਜ਼ਰ ਸਵੱਲੀ ਹੁੰਦੀ ਹੈ, ਮਾਲਕ ਪ੍ਰਭੂ ਉਨ੍ਹਾਂ ਪਾਸੋਂ ਆਪਣਾ ਹੁਕਮ ਆਪ ਮਨਾਉਂਦਾ ਹੈ। ਜੋ ਉਸ ਦਾ ਹੁਕਮ ਮੰਨ ਕੇ ਸੁੱਖਾਂ ਨੂੰ ਪ੍ਰਾਪਤ ਹੁੰਦੇ ਹਨ, ਉਹ ਪ੍ਰੇਮੀ ਜਨ ਮਾਲਕ ਪ੍ਰਭੂ ਵਾਲੇ ਬਣ ਜਾਂਦੇ ਹਨ-
ਹੁਕਮੁ ਭੀ ਤਿਨ੍ਰਾ ਮਨਾਇਸੀ
ਜਿਨ੍ਰ ਕਉ ਨਦਰਿ ਕਰੇਇ॥
ਹੁਕਮੁ ਮੰਨਿ ਸੁਖੁ ਪਾਇਆ
ਪ੍ਰੇਮ ਸੁਹਾਗਣਿ ਹੋਇ॥ (ਅੰਗ 510)
ਨਦਰਿ-ਨਜ਼ਰ, ਸਵੱਲੀ ਨਜ਼ਰ। ਸੁਹਾਗਣਿ-ਮਾਲਕ ਵਾਲੀ, ਮਾਲਕ ਪ੍ਰਭੂ ਵਾਲੀ।
ਜਿਨ੍ਹਾਂ ਪਾਸੋਂ ਪਰਮਾਤਮਾ ਆਪਣਾ ਹੁਕਮ ਮਨਾਉਂਦਾ ਹੈ, ਆਪਣੀ ਰਜ਼ਾ ਵਿਚ ਤੋਰਦਾ ਹੈ, ਅਜਿਹੇ ਸੇਵਕ ਜਨ ਫਿਰ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ। ਰਾਗੁ ਆਸਾ ਦੀ ਵਾਰ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਸੋ ਸੇਵਕੁ ਸੇਵਾ ਕਰੇ
ਜਿਸ ਨੋ ਹੁਕਮੁ ਮਨਾਇਸੀ॥ (ਅੰਗ 471)
ਪਰਮਾਤਮਾ ਦਾ ਹੁਕਮ ਮੰਨਣ ਨਾਲ, ਉਸ ਦੀ ਰਜ਼ਾ ਵਿਚ ਰਹਿਣ ਨਾਲ ਸੇਵਕ ਪਰਮਾਤਮਾ ਦੇ ਦਰ 'ਤੇ ਪਰਵਾਨ ਚੜ੍ਹ ਜਾਂਦਾ ਹੈ ਅਤੇ ਉਹ ਮਾਲਕ ਪ੍ਰਭੂ ਦਾ ਦਰ-ਘਰ ਲੱਭ ਲੈਂਦਾ ਹੈ-
ਹੁਕਮਿ ਮੰਨਿਐ ਹੋਵੈ ਪਰਵਾਣੁ
ਤਾ ਖਸਮੈ ਕਾ ਮਹਲੁ ਪਾਇਸੀ॥ (ਅੰਗ 471)
ਖਸਮੈ-ਮਾਲਕ ਪ੍ਰਭੂ। ਮਾਹਲੁ-ਘਰ।
ਜਦੋਂ ਸੇਵਕ ਉਹੀ ਕਰਮ ਕਰਦਾ ਹੈ ਜੋ ਪ੍ਰਭੂ ਨੂੰ ਚੰਗਾ ਲਗਦਾ ਹੈ ਤਾਂ ਉਸ ਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ ਅਤੇ ਪ੍ਰਭੂ ਦੀ ਦਰਗਾਹ ਵਿਚ ਉਹ ਇੱਜ਼ਤ ਤੇ ਮਾਣ ਨਾਲ ਜਾਂਦਾ ਹੈ-
ਖਸਮੈ ਭਾਵੈ ਸੋ ਕਰੇ
ਮਨਹੁ ਚਿੰਦਿਆ ਸੋ ਫਲੁ ਪਾਇਸੀ॥
ਦਾ ਦਰਗਹ ਪੈਧਾ ਜਾਇਸੀ॥ (ਅੰਗ 471)
ਪੈਧਾ-ਇੱਜ਼ਤ ਮਾਣ ਨਾਲ।
ਜੋ ਮਨਮਾਨੀਆਂ ਕਰਦੇ ਹਨ ਭਾਵ ਪ੍ਰਭੂ ਦੀ ਰਜ਼ਾ ਵਿਚ ਨਹੀਂ ਵਿਚਰਦੇ, ਉਨ੍ਹਾਂ ਨੂੰ ਭੀੜੇ ਮਾਰਗ ਵਿਚੋਂ ਹੋ ਕੇ ਜਾਣਾ ਪਵੇਗਾ ਭਾਵ ਬੁਰੇ ਕਰਮਾਂ ਦਾ ਫਲ ਭੁਗਤਣਾ ਪਵੇਗਾ-
ਹੁਕਮ ਕੀਏ ਮਨਿ ਭਾਵਦੇ
ਰਾਹਿ ਭੀੜੈ ਅਗੈ ਜਾਵਣਾ॥ (ਅੰਗ 470-71)
ਪਰਮਾਤਮਾ ਅਜਿਹੇ ਮਨੁੱਖਾਂ ਨੂੰ ਦੋਜ਼ਕ (ਨਰਕਾਂ) ਵਿਚ ਸੁੱਟ ਕੇ ਉਸ ਦੇ ਕੀਤੇ ਕੁਕਰਮਾਂ ਦੇ ਚਿੱਠਿਆਂ ਨੂੰ ਖੋਲ੍ਹ ਕੇ ਜਦੋਂ ਉਸ ਦੇ ਅੱਗੇ ਰੱਖਦਾ ਹੈ ਤਾਂ ਉਸ ਨੂੰ ਆਪਣਾ-ਆਪ ਬੜਾ ਡਰਾਉਣਾ ਦਿਸਦਾ ਹੈ ਭਾਵ ਉਸ ਨੂੰ ਆਪਣੇ-ਆਪ 'ਤੇ ਬੜੀ ਘਿਰਣਾ ਹੁੰਦੀ ਹੈ-
ਨੰਗਾ ਦੋਜਕਿ ਚਲਿਆ
ਤਾ ਦਿਸੈ ਖਰਾ ਡਰਾਵਣਾ॥ (ਅੰਗ 471)
ਨੰਗਾ-ਨੰਗਾ ਕਰਕੇ, ਖੋਲ੍ਹ ਕੇ। ਖਰਾ-ਬੜਾ, ਬਹੁਤ।
ਇੰਜ ਬੁਰੇ ਕਰਮ ਕਰਨ ਨਾਲ ਅੰਤ ਵੇਲੇ ਪਛਤਾਉਣਾ ਹੀ ਪੈਂਦਾ ਹੈ-
ਕਰਿ ਆਉਗਣ ਪਛੋਤਾਵਣਾ॥ (ਅੰਗ 471)
ਅਉਗਣ-ਬੁਰੇ ਕਰਮ।
ਮਨਮਾਨੀਆਂ ਕਰਨ ਨਾਲ ਮਨ ਅੰਦਰ ਹਉਮੈ ਉਪਜਦੀ ਹੈ। ਨਾਮ ਅਤੇ ਹਉਮੈ ਦੋ ਪਰਸਪਰ ਵਿਰੋਧੀ ਸ਼ਕਤੀਆਂ ਹਨ, ਜੋ ਕਦੇ ਇਕ ਥਾਂ ਇਕੱਠਿਆਂ ਨਹੀਂ ਬੈਠ ਸਕਦੀਆਂ। ਹਉਮੈ ਵਿਚ ਪ੍ਰਭੂ ਦੀ ਸੇਵਾ ਭਗਤੀ ਕੀਤੀ ਨਹੀਂ ਜਾ ਸਕਦੀ ਭਾਵ ਪ੍ਰਭੂ ਦਰ 'ਤੇ ਕਬੂਲ ਨਹੀਂ ਹੁੰਦੀ, ਸਭ ਵਿਅਰਥ ਹੀ ਜਾਂਦੀ ਹੈ। ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਹਉਮੈ ਨਾਵੈ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ॥
ਹਉਮੈ ਵਿਚਿ ਸੇਵਾ ਨ ਹੋਵਈ
ਤਾ ਮਨੁ ਬਿਰਥਾ ਜਾਇ॥ (ਅੰਗ 560)
ਦੋਇ-ਦੋਨੋਂ। ਇਕ ਠਾਇ-ਇਕ ਥਾਂ।
ਪਰਮਾਤਮਾ ਦੇ ਹੁਕਮ ਅਨੁਸਾਰ ਕੋਈ ਜੀਵ ਸ੍ਰੇਸ਼ਟ (ਬੜੀ ਚੰਗੀ) ਪਦਵੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੋਈ ਬੁਰਾ ਬਣ ਜਾਂਦਾ ਹੈ, ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਸੁਖ-ਦੁਖ ਭੋਗਦੇ ਹਨ।
ਸਾਰੇ ਜੀਵ ਪਰਮਾਤਮਾ ਦੇ ਹੁਕਮ ਵਿਚ ਵਿਚਰ ਰਹੇ ਹਨ, ਉਸ ਦੇ ਹੁਕਮ ਤੋਂ ਕੋਈ ਬਾਹਰ ਨਹੀਂ ਭਾਵ ਉਸ ਦੇ ਹੁਕਮ ਤੋਂ ਕੋਈ ਆਕੀ ਨਹੀਂ। ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਪ੍ਰਾਣੀ ਨੂੰ ਪਰਮਾਤਮਾ ਦੇ ਹੁਕਮ (ਰਜ਼ਾ) ਦੀ ਸੋਝੀ ਪੈ ਜਾਂਦੀ ਹੈ, ਉਹ ਫਿਰ ਕੋਈ ਹਉਮੈ ਦੀਆਂ ਗੱਲਾਂ ਨਹੀਂ ਕਰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਧਾਰਮਿਕ ਸਾਹਿਤ

ਗੁਰੂ ਅਮਰਦਾਸ-ਯੂਅਰ ਪ੍ਰੇਜ਼ ਬਿਲੌਂਗ ਓਨਲੀ ਟੂ ਯੂ (ਹਿਸਟਰੀ ਐਂਡ ਹੈਰੀਟੇਜ) (ਅੰਗਰੇਜ਼ੀ)
ਲੇਖਕ : ਸ: ਮੱਖਣ ਸਿੰਘ
(ਨਵੀਂ ਦਿੱਲੀ)
ਪ੍ਰਕਾਸ਼ਕ : ਪਰਫੈਕਟ ਆਰਟ ਪਬਲੀਕੇਸ਼ਨ
(ਨਵੀਂ ਦਿੱਲੀ)
ਪੰਨੇ : 168, ਕੀਮਤ : 300
ਸੰਪਰਕ : 011-25220940


ਉੱਘੇ ਸਿੱਖ ਵਿਦਵਾਨ/ਸਾਬਕਾ ਉੱਚ ਬੈਂਕ ਅਧਿਕਾਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਸ: ਮੱਖਣ ਸਿੰਘ ਦਾ ਨਾਂਅ ਸਿੱਖ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਨੌਕਰੀ ਦੌਰਾਨ ਵੀ ਕੀਰਤਨ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ, ਕਈ ਲੇਖ ਅਤੇ ਪੁਸਤਕਾਂ ਲਿਖੀਆਂ ਅਤੇ ਸੇਵਾਮੁਕਤੀ ਤੋਂ ਉਪਰੰਤ ਹੋਰ ਵੀ ਲਗਨ ਨਾਲ ਸੇਵਾ 'ਚ ਜੁਟੇ ਹੋਏ ਹਨ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੁਭਾਗੇ ਅਵਸਰ 'ਤੇ ਇਹ ਪੁਸਤਕ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕੀਤੀ ਹੈ। ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਹੈ।
ਇਸ ਪੁਸਤਕ ਦੇ 18 ਨਾਯਾਬ ਲੇਖਾਂ ਰਾਹੀਂ ਗੁਰੂ ਅਮਰਦਾਸ ਜੀ ਦੀ ਅਜ਼ਮਤ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸਾਬਕਾ ਆਈ.ਏ.ਐਸ. ਸ: ਸਰਨ ਸਿੰਘ, ਸਾਬਕਾ ਐਮ. ਪੀ. ਤਰਲੋਚਨ ਸਿੰਘ, ਪਾਂਡੀਚੇਰੀ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਪ੍ਰੋ: ਗੁਰਮੀਤ ਸਿੰਘ, ਪਟਿਆਲਾ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਡਾ: ਜਸਪਾਲ ਸਿੰਘ, ਡਾ: ਹਰਪ੍ਰੀਤ ਕੌਰ ਤੇ ਰਜਿੰਦਰ ਸਿੰਘ ਜੌਲੀ (ਅਮਰੀਕਾ) ਵਰਗੇ ਵਿਦਵਾਨਾਂ ਨੇ ਪੁਸਤਕ ਬਾਰੇ ਲਿਖਿਆ ਹੈ।
ਪੁਸਤਕ ਦੇ ਪ੍ਰਥਮ ਭਾਗ 'ਲੈਗੇਸੀ ਆਫ਼ ਗੁਰੂ ਅਮਰਦਾਸ' ਵਿਚ ਤੀਜੇ ਪਾਤਸ਼ਾਹ ਬਾਰੇ ਖੰਡ (Advent of Guru Nanak) ਪੜ੍ਹਨਯੋਗ ਹੈ।
ਨਾਨਕ ਕੁਲਿ ਨਿੰਮਲ ਅਵਤਾਰਿਉ। ਅੰਗਦ ਲਹਣੇ ਸੰਗਿ ਹੂਅ॥
ਗੁਰ ਅਮਰਦਾਸ ਤਾਰਣ ਤਰਣ। ਜਨਮ ਜਨਮ ਪਾ ਸਰਣਿ ਤੁਅ॥' (ਪੰਨਾ 38)
ਗੁਰੂ ਅਮਰਦਾਸ ਜੀ ਦੇ ਮੁਢਲੇ ਜੀਵਨ ਤੋਂ ਲੈ ਕੇ ਉਨ੍ਹਾਂ ਦੀ ਖਡੂਰ ਸਾਹਿਬ ਆਮਦ, ਗੁਰਬਾਣੀ ਸੁਣ ਕੇ, ਜੀਵਨ ਪਲਟਣਾ, ਗੋਇੰਦਵਾਲ ਦੀ ਸਥਾਪਨਾ, ਗੁਰਗੱਦੀ ਦੀ ਪ੍ਰਾਪਤੀ, ਬਾਣੀ ਰਚਨਾ, ਇਸਤਰੀ ਜਾਤੀ ਨੂੰ ਉਨ੍ਹਾਂ ਦੀ ਲਾਸਾਨੀ ਦੇਣ, ਭਾਈ ਹਿਦਾਲ, ਗੰਗੂ ਤੇ ਮੱਥੋ ਮੁਰਾਰੀ, ਅਕਬਰ ਦਾ ਦਰਸ਼ਨਾਂ ਲਈ ਆਉਣਾ, ਧਾਰਮਿਕ ਯਾਤਰਾਵਾਂ, ਪ੍ਰਚਾਰ ਹਿਤ ਮੰਜੀ ਪ੍ਰਥਾ ਚਲਾਉਣਾ, ਗੁਰੂ ਜੀ ਦੇ 23 ਪ੍ਰਿਯ ਸਿੱਖਾਂ ਬਾਰੇ ਜਾਣਕਾਰੀ, ਬਾਬਾ ਸੁੰਦਰ ਜੀ ਵਲੋਂ ਰਾਮਕਲੀ ਸਦ ਦਾ ਉਲੇਖ, 11 ਭੱਟ ਸਾਹਿਬਾਨ ਦੀ ਦੇਣ, ਇਹ ਸਾਰੇ ਲੇਖ ਡੂੰਘੀ ਖੋਜ ਦਾ ਸਿੱਟਾ ਹਨ। ਲੇਖਕ ਦੀ ਅੰਗਰੇਜ਼ੀ ਭਾਸ਼ਾ ਉੱਤੇ ਪੂਰੀ ਪਕੜ ਹੈ। ਅੰਗਰੇਜ਼ੀ ਦੇ ਨਾਲ-ਨਾਲ ਪਾਵਨ ਤੁਕਾਂ ਪੰਜਾਬੀ ਵਿਚ ਵੀ ਹਨ। ÒGuru Amar Dass Ji At A GlanceÓ ਉਨਵਾਨ ਹੇਠ ਉਨ੍ਹਾਂ ਨਾਲ ਸਬੰਧਿਤ 14 ਇਤਿਹਾਸਕ ਰੰਗੀਨ ਚਿੱਤਰ (ਵੇਰਵੇ ਸਮੇਤ) ਪੁਸਤਕ ਨੂੰ ਚਾਰ ਚੰਨ ਲਾਉਂਦੇ ਹਨ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

ਵਿਸਮਾਦੀ ਸਮਾਜ ਦਾ ਮੂਲ ਧੁਰਾ-ਕਰਤਾਰਪੁਰ ਸਾਹਿਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੋ, ਜਦੋਂ ਤੱਕ ਵਿਸ਼ਵ ਦੇਸ਼ ਅਤੇ ਮਾਨਵ ਸੱਭਿਅਤਾ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਲੋਕ ਕੁਦਰਤਮੁਖੀ ਸਮਾਜਿਕ ਪ੍ਰਬੰਧ ਨੂੰ ਨਹੀਂ ਅਪਣਾਉਂਦੇ ਅਤੇ ਉਸ ਦੀਆਂ ਲੀਹਾਂ ਉੱਤੇ ਆਪਣੀ ਰਾਜ ਵਿਵਸਥਾ ਨਹੀਂ ਚਲਾਉਂਦੇ, ਉਦੋਂ ਤੱਕ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਦੇ ਸੰਕਟਾਂ ਦਾ ਨਿਵਾਰਨ ਨਹੀਂ ਕੀਤਾ ਜਾ ਸਕਦਾ। ਯਕੀਨਨ ਮਾਨਵ ਜਾਤੀ ਕੁਦਰਤ ਅਨੁਸਾਰ ਜੀਵਨ ਜੀਊ ਕੇ ਹੀ ਆਪਣਾ ਬਚਾਅ ਕਰ ਸਕਦੀ ਹੈ।
ਸੋ ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੁਦਰਤਮੁਖੀ ਸਮਾਜਿਕ ਪ੍ਰਬੰਧ ਕਿਵੇਂ ਸਥਾਪਤ ਕੀਤਾ ਜਾਵੇ? ਗੁਰੂ ਨਾਨਕ ਦੇਵ ਜੀ ਵਲੋਂ ਕਰਤਾਰਪੁਰ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਵਿਕਾਸ ਮਾਡਲ ਨੂੰ ਅੱਜ ਦੇ ਸੰਕਟਮਈ ਹਾਲਾਤ ਵਿਚ ਹੋਰ ਪਾਸਾਰ ਕਿਵੇਂ ਦਿੱਤੇ ਜਾਣ ਕਿ ਇਤਿਹਾਸ ਦਾ ਇਕ ਮਹੱਤਵਪੂਰਨ ਵਰਤਾਰਾ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਇਕ ਨਵਾਂ ਵਿਕਸਿਤ, ਸੁਰੱਖਿਅਤ, ਸਿਰਜਣਾਤਮਿਕ ਅਤੇ ਅਨੰਦਮਈ ਸਮਾਜ ਅਥਵਾ ਵਿਵਸਥਾ ਸਿਰਜ ਸਕੇ। ਅੱਜ ਸਿੱਖ ਪੰਥ ਭਾਰਤ ਅਤੇ ਪਾਕਿਸਤਾਨ ਸਮੇਤ ਵਿਸ਼ਵ ਦੇਸ਼ਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿਚ ਮਨਾਉਣ ਜਾ ਰਿਹਾ ਹੈ। ਇਸ ਸਬੰਧੀ ਨਗਰ ਕੀਰਤਨਾਂ, ਵੱਡੀਆਂ ਇਮਾਰਤਾਂ, ਸੜਕਾਂ, ਲੰਗਰਾਂ, ਸੁਲਤਾਨਪੁਰ ਲੋਧੀ ਨੂੰ ਸਫ਼ੈਦ ਰੰਗਤ ਦੇਣ, ਸੈਮੀਨਾਰ ਕਰਵਾਉਣ ਆਦਿ ਵਰਗੇ ਵੱਡੇ ਪ੍ਰੋਗਰਾਮ ਉਲੀਕੇ ਗਏ ਹਨ। ਸਾਡੇ ਸਾਹਮਣੇ 1999 ਤੋਂ ਵਰਤਮਾਨ ਤੱਕ ਇਸੇ ਹੀ ਢੰਗ ਨਾਲ ਮਨਾਈਆਂ ਗਈਆਂ ਵੱਡੀਆਂ ਸ਼ਤਾਬਦੀਆਂ ਦੇ ਤਜਰਬਿਆਂ ਦਾ ਇਤਿਹਾਸ ਹੈ। ਇਕ ਅਨੁਮਾਨ ਅਨੁਸਾਰ 1999 ਤੋਂ ਵਰਤਮਾਨ ਤੱਕ ਮਨਾਈਆਂ ਗਈਆਂ ਸ਼ਤਾਬਦੀਆਂ ਉੱਤੇ 10 ਅਰਬ ਤੋਂ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਪਰ ਕੀ ਸਿੱਖ ਪੰਥ ਅਤੇ ਵਿਸ਼ਵ ਲਈ ਅਜਿਹੇ ਉਪਰਾਲਿਆਂ ਨਾਲ ਕੋਈ ਸਾਰਥਿਕ ਨਤੀਜੇ ਨਿਕਲੇ ਹਨ? ਜਵਾਬ ਸਪੱਸ਼ਟ''ਨਾਂਹ' ਵਿਚ ਹੈ। ਇਸੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਹਰ ਸੰਜੀਦਾ ਸਿੱਖ ਲੀਹ ਤੋਂ ਹਟ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਜਥੇਬੰਦ ਕਰਨਾ ਚਾਹੁੰਦੇ ਹਨ।
ਅੱਜ ਵਿਸ਼ਵ ਸਥਿਤੀਆਂ ਦਾ ਇਕ ਵੱਡਾ ਸੱਚ ਹੈ ਕਿ ਪੂੰਜੀਵਾਦੀ, ਸਮਾਜਵਾਦੀ, ਕਮਿਊਨਿਜ਼ਮ, ਇਸਲਾਮਿਕ ਅਤੇ ਸਥਾਨਕ ਪੱਧਰ ਦੇ ਸਮੁੱਚੇ ਸੰਸਾਰ ਪ੍ਰਬੰਧ ਅਜਿਹੀ 'ਦਾਰਸ਼ਨਿਕ ਥਕਾਵਟ ਅਤੇ ਅਸਪੱਸ਼ਟਤਾ' ਦੇ ਘੇਰੇ ਵਿਚ ਆ ਗਏ ਹਨ ਕਿ ਵਿਸ਼ਵ ਨੂੰ ਇਕ 'ਨਵੇਂ ਸੰਸਾਰ ਪ੍ਰਬੰਧ' ਦੀ ਲੋੜ ਆ ਪਈ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਦੇ ਅਜਿਹੇ ਤਨਾਅਪੂਰਨ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਵਾਲੇ ਅਜੋਕੇ ਸਮਾਜਿਕ ਪ੍ਰਬੰਧ ਦੀ ਥਾਂ 'ਤੇ ਇਕ ਨਵਾਂ ਸੰਸਾਰ ਪ੍ਰਬੰਧ ਸਿਰਜਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੈ। ਇਨ੍ਹਾਂ ਸਥਿਤੀਆਂ ਵਿਚ ਸਿੱਖ ਪੰਥ ਦੀਆਂ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸੰਸਥਾਵਾਂ, ਸਮਾਜੋ-ਰਾਜਨੀਤਕ-ਧਾਰਮਿਕ-ਰਾਜਨੀਤਕ ਆਗੂ ਅਤੇ ਵਿਸ਼ਵ ਭਰ ਵਿਚ ਫੈਲੀ ਸਿੱਖ ਪ੍ਰਤਿਭਾ ਮਾਨਵ ਜਾਤੀ ਦੀ ਅਜਿਹੀ ਲੋੜ ਨੂੰ ਕਿਵੇਂ ਪੂਰਾ ਕਰ ਸਕਦੇ ਹਨ, ਇਹ ਸਮੁੱਚੇ ਸਿੱਖ ਪੰਥ ਦੀ ਇਕ ਵੱਡੀ ਜ਼ਿੰਮੇਵਾਰੀ ਅਥਵਾ ਚਿੰਤਾ ਹੋਣੀ ਜ਼ਰੂਰੀ ਹੈ।
ਇਹ ਇਥੇ ਹੀ ਹੈ ਕਿ ਮੇਰੀ ਨਵੀਂ ਰਚਨਾ 'ਵਿਸਮਾਦੀ ਵਿਸ਼ਵ ਆਰਡਰ' (ਵਿਸ਼ਵ ਸੱਭਿਆਚਾਰਾਂ ਦਾ ਬਹੁ-ਸੰਘ) ਨਾ ਕੇਵਲ ਭਾਰਤ ਸਗੋਂ ਵਿਸ਼ਵ ਦੇਸ਼ਾਂ ਨੂੰ ਇਕ ਨਵਾਂ ਵਿਸਮਾਦੀ ਸਮਾਜ ਅਤੇ ਸਮਾਜਿਕ ਪ੍ਰਬੰਧ ਸਿਰਜਣ ਲਈ ਰਾਹ-ਦਸੇਰਾ ਸਾਬਤ ਹੋ ਸਕਦੀ ਹੈ। ਵਿਸ਼ਾਲ ਵਿਸ਼ਵ ਕੈਨਵਸ ਵਾਲੀ ਇਹ ਪੁਸਤਕ ਅਸਲ ਵਿਚ ਉਹ ਪੰਥਕ ਏਜੰਡਾ ਵੀ ਨਿਰਧਾਰਤ ਕਰਦੀ ਹੈ, ਜਿਸ ਦੀ ਪੰਥ ਨੂੰ ਅੱਜ ਵੱਡੀ ਲੋੜ ਹੈ। ਇਸ ਪੁਸਤਕ ਵਿਚ ਦਿੱਤੇ ਗਏ ਵਿਚਾਰਾਂ ਨੂੰ ਕਰਵਾਏ ਜਾਣ ਵਾਲੇ ਸੈਮੀਨਾਰਾਂ ਅਤੇ ਹੋਰ ਸਮਾਗਮਾਂ ਦਾ ਜੇਕਰ ਕੇਂਦਰੀ ਵਿਸ਼ਾ ਬਣਾ ਲਿਆ ਜਾਏ ਤਾਂ ਪਿਛਲੀਆਂ ਸ਼ਤਾਬਦੀਆਂ ਤੋਂ ਉਲਟ ਵੱਡੇ ਪ੍ਰਸੰਗਿਕ ਅਤੇ ਸਾਰਥਿਕ ਨਤੀਜੇ ਨਿਕਲ ਸਕਦੇ ਹਨ।
ਅਜਿਹੇ ਹਾਲਾਤ ਵਿਚ ਪ੍ਰਤਿਭਾਵਾਨ ਸਿੱਖਾਂ ਦਾ ਵੱਡਾ ਫਰਜ਼ ਬਣ ਜਾਂਦਾ ਹੈ ਕਿ ਉਹ ਸਿੱਖ ਫਿਲਾਸਫੀ ਦੀਆਂ ਅੰਤਰ-ਦ੍ਰਿਸ਼ਟੀਆਂ ਆਧਾਰਿਤ ਸਮਾਜਿਕ-ਸ਼ਾਸਕੀ ਪ੍ਰਬੰਧ ਬਾਰੇ ਮਾਨਵ ਸੱਭਿਅਤਾ ਨੂੰ ਨਾ ਕੇਵਲ ਜਾਣੂੰ ਕਰਵਾਉਣ, ਸਗੋਂ ਇਸ ਨੂੰ ਮਾਨਵ ਜੀਵਨ ਦਾ ਹਿੱਸਾ ਬਣਾਉਣ ਲਈ ਖੁਦ ਵੱਡੀ ਪਹਿਕਦਮੀ ਕਰਨ, ਜਿਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਰੱਖ ਦਿੱਤੀ ਸੀ। ਸਮਾਜਿਕ ਪ੍ਰਬੰਧ ਦਾ 'ਕਰਤਾਰਪੁਰੀ ਮਾਡਲ' ਵਿਸ਼ਵ ਜੀਵਨ ਦਾ ਹਿੱਸਾ ਬਣਨਾ ਜ਼ਰੂਰੀ ਹੈ। (ਸਮਾਪਤ)


-ਮੋਬਾ: 98725-91713

ਸੰਤ ਸਮਾਗਮ 'ਤੇ ਵਿਸ਼ੇਸ਼

ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੀ ਚਰਨ ਛੋਹ ਪ੍ਰਾਪਤ ਨਾਨਕਸਰ ਠਾਠ ਮਹਿਲ ਕਲਾਂ (ਬਰਨਾਲਾ)

ਨਾਨਕਸਰ ਠਾਠ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਸੰਪਰਦਾਇ ਨਾਲ ਸਬੰਧਿਤ ਠਾਠ ਹੈ, ਨਾਨਕਸਰ ਮਹਿਲ ਕਲਾਂ (ਬਰਨਾਲਾ), ਜਿਸ ਨੂੰ 13ਵੇਂ ਠਾਠ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਬਹੁਤ ਸਮਾਂ ਪਹਿਲਾਂ ਨਿਰਮਲੇ ਸੰਪਰਦਾਇ ਦਾ ਡੇਰਾ ਹੁੰਦਾ ਸੀ, ਜਿਸ ਦੀ ਸੇਵਾ ਸੰਭਾਲ ਬਾਬਾ ਸੁੰਦਰ ਸਿੰਘ ਕਰ ਰਹੇ ਸਨ। 20ਵੀਂ ਸਦੀ ਦੇ ਮਹਾਨ ਤਪੱਸਵੀ ਅਤੇ ਮਹਾਨ ਤਿਆਗੀ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨੇ ਇਸ ਅਸਥਾਨ ਨੂੰ ਅਪ੍ਰੈਲ, 1940 ਵਿਚ ਆਪਣੀ ਚਰਨ ਛੋਹ ਬਖਸ਼ੀ। ਉਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲੇ 1960-61 ਵਿਚ ਇਸ ਅਸਥਾਨ ਨੂੰ ਹੈੱਡਕੁਆਰਟਰ ਵਜੋਂ ਵਰਤਦੇ ਰਹੇ। ਇਸ ਇਲਾਕੇ 'ਚ ਉਨ੍ਹਾਂ ਦੇ ਦੀਵਾਨਾਂ ਦਾ ਸਮਾਂ ਇੱਥੋਂ ਨਿਸ਼ਚਿਤ ਹੁੰਦਾ ਹੈ। ਉਹ ਦਿਨ ਦੇ ਦੀਵਾਨ ਨੇੜਲੇ ਪਿੰਡ 'ਚ ਅਤੇ ਰਾਤ ਸਮੇਂ ਇੱਥੇ ਦੀਵਾਨ ਸਜਾਉਂਦੇ, ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋ ਕੇ ਜਨਮ ਸਫ਼ਲਾ ਕਰਦੀਆਂ। ਇਸ ਸਮੇਂ ਦੌਰਾਨ ਉਨ੍ਹਾਂ ਵੱਡੀ ਗਿਣਤੀ 'ਚ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ।
ਸੰਤ ਬਾਬਾ ਈਸ਼ਰ ਸਿੰਘ ਦੇ ਚਰਨ ਸੇਵਕ ਸ਼ਹੀਦ ਬਾਬਾ ਜੰਗ ਸਿੰਘ, ਬਾਬਾ ਚੰਨਣ ਸਿੰਘ ਸਲੰਘ ਵਾਲੇ ਅਤੇ ਨੰਬਰਦਾਰ ਘੁਮੰਡ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਵਲੋਂ ਸੰਤ ਬਾਬਾ ਹਰਨਾਮ ਸਿੰਘ ਨੂੰ ਇਸ ਅਸਥਾਨ ਦੇ ਮੁੱਖ ਸੇਵਾਦਾਰ ਵਜੋਂ ਜ਼ਿੰਮੇਵਾਰੀ ਸੌਂਪੀ, ਜਿਨ੍ਹਾਂ ਆਪਣੇ ਸਾਥੀ ਬਾਬਾ ਜੰਗ ਸਿੰਘ, ਬਾਬਾ ਬਿੱਕਰ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਨੂੰ ਠਾਠ ਨਾਨਕਸਰ ਦਾ ਨਾਂਅ ਦੇ ਕੇ ਪੰਜ ਪਿਆਰਿਆਂ ਨੇ ਇਸ ਦੀ ਨੀਂਹ 30 ਦਸੰਬਰ, 1965, 16 ਪੋਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੱਖੀ। ਇੱਥੇ 50 ਸਾਲ ਦੇ ਕਰੀਬ ਸੇਵਾ ਕਰਦਿਆਂ ਸੰਤ ਬਾਬਾ ਹਰਨਾਮ ਸਿੰਘ ਨੇ ਗੁਰਮਤਿ ਸਮਾਗਮ, ਨਗਰ ਕੀਰਤਨ ਕਰਵਾ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਇੱਥੇ ਚਲਾਏ ਜਾ ਰਹੇ ਗੁਰਮਤਿ ਸੰਗੀਤ ਵਿਦਿਆਲਾ 'ਚ ਪਹਿਲਾਂ ਹਜ਼ੂਰੀ ਰਾਗੀ ਭਾਈ ਹਰੀ ਸਿੰਘ, ਗਿਆਨੀ ਕਰਨੈਲ ਸਿੰਘ ਕੰਵਲ, ਹੁਣ ਮਹੰਤ ਗੁਰਪ੍ਰੀਤ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਗੁਰਮਤਿ ਅਤੇ ਸੰਗੀਤ ਦੀ ਵਿੱਦਿਆ ਦਿੱਤੀ ਜਾ ਰਹੀ ਹੈ। ਅਪ੍ਰੈਲ, 2017 'ਚ ਮੁੱਖ ਸੇਵਾਦਾਰ ਸੰਤ ਹਰਨਾਮ ਸਿੰਘ ਦੇ ਗੁਰੂ ਚਰਨਾਂ 'ਚ ਚਲੇ ਜਾਣ ਤੋਂ ਬਾਅਦ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਵਲੋਂ ਆਪਣੇ ਸਹਿਯੋਗੀ ਸਾਥੀਆਂ ਸੰਤ ਗੁਰਦੀਪ ਸਿੰਘ, ਮਹੰਤ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਧਰਮ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਇਸ ਅਸਥਾਨ ਉੱਪਰ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੇ ਆਗਮਨ ਦਿਵਸ ਨੂੰ ਸਮਰਪਿਤ 54ਵੇਂ ਸਾਲਾਨਾ ਸੰਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ, ਜਿਨ੍ਹਾਂ ਦੇ ਸਮਾਪਤੀ ਸਮਾਰੋਹ 17 ਸਤੰਬਰ ਦਿਨ ਮੰਗਲਵਾਰ ਨੂੰ ਹੋਣਗੇ। ਇਸ ਮੌਕੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ-ਮਹਾਂਪੁਰਸ਼, ਕਥਾਵਾਚਕ, ਕੀਰਤਨੀ ਜਥੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੇਜਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।


ਮਹਿਲ ਕਲਾਂ (ਬਰਨਾਲਾ)। ਮੋਬਾ: 98765-01118
Email: avtarankhi@gmail.com

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਕੀਰਤਪੁਰ ਸਾਹਿਬ

ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਜਿੱਥੇ ਦੋ ਗੁਰੂ ਸਾਹਿਬਾਨ ਦਾ ਜਨਮ ਹੋਇਆ, ਉੱਥੇ ਹੀ ਇਸ ਪਵਿੱਤਰ ਨਗਰੀ ਵਿਚ ਛੇ ਗੁਰੂ ਸਾਹਿਬਾਨ ਨੇ ਚਰਨ ਵੀ ਪਾਏ। ਇਨ੍ਹਾਂ ਛੇ ਗੁਰੂ ਸਾਹਿਬਾਨ ਵਿਚੋਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਕ ਸਨ। ਗੁਰੂ ਸਾਹਿਬ ਦੂਜੀ ਉਦਾਸੀ ਸਮੇਂ ਜਦੋਂ ਸ੍ਰੀ ਮਣੀਕਰਨ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਵਾਪਸ ਪਰਤ ਰਹੇ ਸਨ ਤਾਂ ਉਹ ਕੀਰਤਪੁਰ ਸਾਹਿਬ ਵਿਖੇ ਇਕ ਪੰਡਤ ਪੇਂਜੂ ਰਾਮ ਦੇ ਘਰ ਆਏ ਸਨ। ਪੰਡਤ ਪੇਂਜੂ ਰਾਮ ਨਾਲ ਉਨ੍ਹਾਂ ਦੀ ਮੁਲਾਕਾਤ ਪਹਿਲੀ ਉਦਾਸੀ ਸਮੇਂ ਹਰਿਦੁਆਰ ਵਿਖੇ ਹੋਈ ਸੀ। ਹਰਿਦੁਆਰ ਵਿਖੇ ਸੂਰਜ ਗ੍ਰਹਿਣ ਵਾਲੇ ਦਿਨ ਸੂਰਜ ਨੂੰ ਪਾਣੀ ਦੇਣ ਵਾਲੀ ਘਟਨਾ ਤੋਂ ਬਾਅਦ ਗੁਰੂ ਸਾਹਿਬ ਨੇ ਜਿਸ ਤਰੀਕੇ ਨਾਲ ਉੱਥੇ ਮੌਜੂਦ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਲਈ ਜੋ ਵਚਨ ਕਹੇ, ਉਸ ਤੋਂ ਪੰਡਤ ਪੇਂਜੂ ਰਾਮ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਪੰਡਤ ਪੇਂਜੂ ਰਾਮ ਕੀਰਤਪੁਰ ਸਾਹਿਬ ਆ ਗਿਆ ਅਤੇ ਸਿੱਖ ਪ੍ਰਚਾਰਕ ਬਣ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ। ਇਤਿਹਾਸਕਾਰਾਂ ਅਨੁਸਾਰ ਪੰਡਤ ਪੇਂਜੂ ਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਪ੍ਰਚਾਰਕ ਸਨ। ਇੱਥੇ ਆ ਕੇ ਉਨ੍ਹਾਂ ਨੇ ਇਹ ਸਾਰੀ ਘਟਨਾ ਬਾਬਾ ਬੁੱਢਣ ਸ਼ਾਹ ਜੀ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਬਾਬਾ ਬੁੱਢਣ ਸ਼ਾਹ ਜੀ ਨੇ ਪੰਡਤ ਪੇਂਜੂ ਰਾਮ ਕੋਲ ਗੁਰੂ ਸਾਹਿਬ ਨਾਲ ਮਿਲਣ ਦੀ ਇੱਛਾ ਪ੍ਰਗਟਾਈ।
ਇਸ ਤੋਂ ਬਾਅਦ ਸੰਨ 1517 ਤੋਂ 1518 ਵਿਚ ਜਦੋਂ ਗੁਰੂ ਸਾਹਿਬ ਦੂਜੀ ਉਦਾਸੀ ਦੌਰਾਨ ਸ੍ਰੀ ਮਣੀਕਰਨ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਵਾਪਸ ਪਰਤ ਰਹੇ ਸਨ ਤਾਂ ਉਹ ਕੀਰਤਪੁਰ ਸਾਹਿਬ ਵਿਖੇ ਪੰਡਤ ਪੇਂਜੂ ਰਾਮ ਦੇ ਘਰ ਗਏ ਸਨ। ਇਸ ਦੌਰਾਨ ਭਾਈ ਮਰਦਾਨਾ ਵੀ ਉਨ੍ਹਾਂ ਨਾਲ ਮੌਜੂਦ ਸਨ। ਗੁਰੂ ਸਾਹਿਬ ਦੇ ਇੱਥੇ ਆਉਣ ਦੀ ਸੂਚਨਾ ਜਿਵੇਂ ਹੀ ਬਾਬਾ ਬੁੱਢਣ ਸ਼ਾਹ ਨੂੰ ਮਿਲੀ ਤਾਂ ਉਹ ਵੀ ਉਨ੍ਹਾਂ ਨੂੰ ਮਿਲਣ ਇੱਥੇ ਪਹੁੰਚ ਗਏ। ਬਾਬਾ ਬੁੱਢਣ ਸ਼ਾਹ ਨੇ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਗੁਰੂ ਸਾਹਿਬ ਨੂੰ ਭੇਟ ਕੀਤਾ। ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿਖੇ ਪੰਡਤ ਪੇਂਜੂ ਰਾਮ ਦੇ ਘਰ ਕਈ ਦਿਨ ਰੁਕੇ ਅਤੇ ਕਾਦਰ ਦੀ ਕੁਦਰਤ ਦਾ ਮਹਿਮਾ ਗਾਇਨ ਕਰਦੇ ਰਹੇ। ਜਿਸ ਜਗ੍ਹਾ ਗੁਰੂ ਸਾਹਿਬ ਰੁਕੇ ਅਤੇ ਕੀਰਤਨ ਕੀਤਾ, ਉਸ ਜਗ੍ਹਾ ਹੁਣ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਕਰਵਾਉਣ ਉਪਰੰਤ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ ਗਏ ਸਨ। ਇਹ ਗੁਰਦੁਆਰਾ ਸਾਹਿਬ ਬੱਸ ਅੱਡੇ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਭਾਖੜਾ ਨਹਿਰ ਕਿਨਾਰੇ ਸਥਿਤ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਇਸ ਗੁਰੂ-ਘਰ ਵਿਚ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ।


-ਬੀਰਅੰਮ੍ਰਿਤਪਾਲ ਸਿੰਘ ਸੰਨੀ
ਪਿੰਡ ਅਤੇ ਡਾਕ: ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ। ਮੋਬਾ: 98559-95900

ਕਿਹੋ-ਜਿਹੇ ਹਨ ਪਾਕਿਸਤਾਨ 'ਚ ਵਸਦੇ ਸਿੱਖਾਂ ਦੇ ਹਾਲਾਤ?

ਪਿਛਲੇ ਦਿਨੀਂ ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਸ੍ਰੀ ਨਨਕਾਣਾ ਸਾਹਿਬ 'ਚ ਇਕ 19 ਸਾਲਾ ਸਿੱਖ ਕੁੜੀ ਨੂੰ ਅਗਵਾ ਕਰਕੇ ਜਬਰੀ ਮੁਸਲਮਾਨ ਬਣਾਉਣ ਅਤੇ ਮੁਸਲਮਾਨ ਨਾਲ ਨਿਕਾਹ ਕਰਵਾਉਣ ਦੀ ਹਿਰਦੇਵੇਦਕ ਘਟਨਾ ਨੇ ਸਮੁੱਚੇ ਸੰਸਾਰ 'ਚ ਵੱਸਦੇ ਸਿੱਖਾਂ ਦਾ ਧਿਆਨ ਪਾਕਿਸਤਾਨ 'ਚ ਵੱਸਦੇ ਸਿੱਖਾਂ ਦੇ ਹਾਲਾਤ ਵੱਲ ਕੇਂਦਰਤ ਕਰ ਦਿੱਤਾ ਹੈ। ਬੇਸ਼ੱਕ ਪਾਕਿਸਤਾਨ 'ਚ ਵੱਸਦੇ ਸਿੱਖਾਂ ਅਤੇ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਵਲੋਂ ਇਕਮੁਠਤਾ ਨਾਲ ਪਾਕਿਸਤਾਨ ਸਰਕਾਰ 'ਤੇ ਬਣਾਏ ਦਬਾਅ ਕਾਰਨ ਆਖ਼ਰਕਾਰ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਵਲੋਂ ਇਸ ਮਾਮਲੇ ਦਾ ਸੁਖ਼ਾਵਾਂ ਹੱਲ ਕਰਵਾ ਦਿੱਤਾ ਗਿਆ ਹੈ। ਪਾਕਿਸਤਾਨ 'ਚ ਇਸ ਕਿਸਮ ਦੇ ਮਾਮਲੇ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਿਤ ਅਗਵਾ ਹੋਈ ਕੋਈ ਕੁੜੀ ਵਾਪਸ ਆਪਣੇ ਘਰ ਪਰਤ ਰਹੀ ਹੈ।
ਉਪਰੋਕਤ ਘਟਨਾ ਕਾਰਨ ਦੁਨੀਆ ਭਰ 'ਚ ਪਾਕਿਸਤਾਨ ਦੀ ਹੋਈ ਫ਼ਜ਼ੀਹਤ ਕਾਰਨ ਅੱਗੇ ਤੋਂ ਪਾਕਿਸਤਾਨ ਵਿਚ ਕਿਸੇ ਵੀ ਧਰਮ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਦਾ ਜਬਰੀ ਧਰਮ ਤਬਦੀਲ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਉਣ ਲਈ ਇਕ ਸੰਵਿਧਾਨਿਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿਚ ਹਿੰਦੂ, ਸਿੱਖ ਤੇ ਇਸਾਈ ਘੱਟ-ਗਿਣਤੀਆਂ ਨਾਲ ਸਬੰਧਿਤ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਭਵਿੱਖ ਵਿਚ ਕਿਸੇ ਵਲੋਂ ਜੇਕਰ ਆਪਣਾ ਧਰਮ ਤਬਦੀਲ ਕਰਨਾ ਹੋਵੇਗਾ ਤਾਂ ਪਹਿਲਾਂ ਵਾਂਗ ਕੋਈ ਵੀ ਆਪਣੇ ਪੱਧਰ 'ਤੇ ਅਜਿਹਾ ਕਰਨ ਦਾ ਹੱਕਦਾਰ ਨਹੀਂ ਹੋਵੇਗਾ, ਸਗੋਂ ਘੱਟੋ-ਘੱਟ ਡਿਪਟੀ ਕਮਿਸ਼ਨਰ ਦੇ ਪੱਧਰ 'ਤੇ ਅਜਿਹਾ ਹੋ ਸਕੇਗਾ ਅਤੇ ਉਸ ਤੋਂ ਵੀ ਪਹਿਲਾਂ ਧਰਮ ਤਬਦੀਲ ਕਰਨ ਵਾਲੇ ਵਿਅਕਤੀ ਦੀ ਕੌਂਸਲਿੰਗ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਕਿਸੇ ਡਰ, ਦਬਾਅ, ਲਾਲਚ ਜਾਂ ਜਬਰੀ ਧਰਮ ਤਬਦੀਲ ਤਾਂ ਨਹੀਂ ਕਰ ਰਿਹਾ।
ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ ਰਿਪੋਰਟ ਵਿਚ ਸਾਲ 2018 ਦੌਰਾਨ ਪਾਕਿਸਤਾਨ ਅੰਦਰ ਧਾਰਮਿਕ ਆਜ਼ਾਦੀ ਬਾਰੇ ਨਾਕਾਰਾਤਮਕ ਰੁਝਾਨ 'ਤੇ ਚਿੰਤਾ ਜ਼ਾਹਰ ਕੀਤੀ ਗਈ ਸੀ। ਰਿਪੋਰਟ ਨੇ ਤਸਦੀਕ ਕੀਤਾ ਸੀ ਕਿ ਪਿਛਲੇ ਪੂਰੇ ਸਾਲ ਦੌਰਾਨ ਕੱਟੜਪੰਥੀ ਸਮੂਹਾਂ ਤੇ ਖ਼ੁਦ ਨੂੰ ਮਜ਼੍ਹਬ ਦੇ ਅਲੰਬਰਦਾਰ ਸਮਝਣ ਵਾਲੇ ਲੋਕਾਂ ਨੇ ਘੱਟ-ਗਿਣਤੀ ਹਿੰਦੂ, ਇਸਾਈ, ਸਿੱਖ, ਅਹਿਮਦੀਆਂ ਤੇ ਸ਼ੀਆ ਮੁਸਲਮਾਨਾਂ 'ਤੇ ਵੀ ਧਰਮ ਤਬਦੀਲੀ ਲਈ ਜਬਰ ਕੀਤਾ ਸੀ। ਸਾਲ 2018 'ਚ ਬਰਮਿੰਘਮ ਯੂਨੀਵਰਸਿਟੀ ਵਲੋਂ ਜਾਰੀ ਕੀਤੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਅੰਦਰ ਹਰ ਸਾਲ ਇਕ ਹਜ਼ਾਰ ਦੇ ਲਗਭਗ ਘੱਟ-ਗਿਣਤੀ ਧਰਮਾਂ ਦੀਆਂ ਔਰਤਾਂ ਤੇ ਕੁੜੀਆਂ ਨਾਲ ਅਗਵਾ, ਜਬਰੀ ਧਰਮ ਤਬਦੀਲੀ ਅਤੇ ਨਿਕਾਹ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਪਾਕਿਸਤਾਨ ਦੇ ਕਬਾਇਲੀ ਖੇਤਰਾਂ 'ਚ ਤਾਂ ਹਰ ਮਹੀਨੇ ਔਸਤਨ 20-25 ਹਿੰਦੂ ਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਕਬਾਇਲੀ ਖੇਤਰ 'ਚ ਸਿੱਖਾਂ ਕੁੜੀਆਂ ਦੇ ਅਗਵਾ, ਧਰਮ ਤਬਦੀਲ ਤੇ ਜਬਰੀ ਨਿਕਾਹ ਦੀਆਂ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਹੀ ਵਾਪਰਦੀਆਂ ਹੋਣ ਪਰ ਅਕਸਰ ਫ਼ਿਰੌਤੀ ਲਈ ਅਗਵਾ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਸਿੱਖਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ।
ਸਾਲ 2014 'ਚ ਜਦੋਂ ਪਾਕਿਸਤਾਨ ਦੇ ਕਬਾਇਲੀ ਤੇ ਅਸ਼ਾਂਤ ਖੇਤਰ ਪਿਸ਼ਾਵਰ ਤੇ ਖ਼ੈਬਰ ਪਖਤੂਨਖਵਾ 'ਚ ਫ਼ਿਰੌਤੀ ਲਈ ਸਿੱਖਾਂ ਨੂੰ ਅਗਵਾ ਕਰਨ ਅਤੇ ਕਤਲੇਆਮ ਦੀਆਂ ਲਗਾਤਾਰ ਘਟਨਾਵਾਂ ਵਾਪਰੀਆਂ ਸਨ ਤਾਂ, ਉਦੋਂ ਵੱਡੀ ਪੱਧਰ 'ਤੇ ਉਥੋਂ ਸਿੱਖ ਪਰਿਵਾਰ ਹਿਜ਼ਰਤ ਕਰਕੇ ਪਾਕਿਸਤਾਨੀ ਪੰਜਾਬ ਨੂੰ ਆਪਣੇ ਲਈ ਸੁਰੱਖਿਅਤ ਮੰਨ ਕੇ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਲਾਹੌਰ 'ਚ ਆ ਕੇ ਵਸ ਗਏ ਸਨ। ਇਕੱਲੇ ਸ੍ਰੀ ਨਨਕਾਣਾ ਸਾਹਿਬ 'ਚ ਇਸ ਵੇਲੇ 400 ਦੇ ਲਗਭਗ ਸਿੱਖਾਂ ਦੇ ਘਰ ਹਨ ਤੇ ਸਿੱਖ ਆਬਾਦੀ 2500 ਤੋਂ 3000 ਦੇ ਵਿਚਕਾਰ ਹੈ। ਸੰਨ 1995 'ਚ ਸ੍ਰੀ ਨਨਕਾਣਾ ਸਾਹਿਬ 'ਚ ਸਿੱਖਾਂ ਦੇ ਸਿਰਫ਼ 105 ਘਰ ਸਨ। ਕਬਾਇਲੀ ਖੇਤਰਾਂ ਦਾ ਮਾਹੌਲ ਖ਼ਰਾਬ ਹੋਣ ਕਾਰਨ ਵੱਡੀ ਗਿਣਤੀ 'ਚ ਸਿੱਖ ਪਿਸ਼ਾਵਰ ਤੋਂ ਹਿਜ਼ਰਤ ਕਰਕੇ ਸ੍ਰੀ ਨਨਕਾਣਾ ਸਾਹਿਬ ਵਸੇ ਹੋਏ ਹਨ। ਪਾਕਿਸਤਾਨ 'ਚ 'ਪੰਜਾਬੀ ਲਹਿਰ' ਵੈੱਬ ਮੀਡੀਆ ਚਲਾ ਰਹੇ ਲਵਲੀ ਸਿੰਘ ਅਨੁਸਾਰ ਉਨ੍ਹਾਂ ਦੇ ਦਾਦਾ ਜੀ ਤਿੰਨ ਭਰਾ, ਪਾਕਿਸਤਾਨ-ਅਫ਼ਗਾਨਿਸਤਾਨ ਦੀ ਸਰਹੱਦ 'ਤੇ ਸਥਿਤ ਕਬਾਇਲੀ ਖੇਤਰ ਫਾਟਾ ਤੋਂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਮੌਕੇ 1969 'ਚ ਸ੍ਰੀ ਨਨਕਾਣਾ ਸਾਹਿਬ ਵਸੇ ਸਨ। ਉਸ ਵੇਲੇ ਸ੍ਰੀ ਨਨਕਾਣਾ ਸਾਹਿਬ ਦੇ ਆਸਪਾਸ ਕੁਝ ਕੁ ਸਿੱਖ ਪਰਿਵਾਰ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ 'ਚ ਜਦੋਂ ਪਿਸ਼ਾਵਰ ਖੇਤਰ ਤੋਂ ਸਿੱਖ ਆ ਕੇ ਵੱਸਣ ਲੱਗੇ ਤਾਂ ਸ੍ਰੀ ਨਨਕਾਣਾ ਸਾਹਿਬ ਦੇ ਆਸਪਾਸ ਗੁੰਮਨਾਮ ਰਹਿ ਰਹੇ ਸਿੱਖ ਵੀ ਸਾਹਮਣੇ ਆਉਣ ਲੱਗੇ ਅਤੇ ਇੱਥੇ ਸਿੱਖ ਭਾਈਚਾਰਾ ਇਕ ਸਮਾਜਿਕ ਰੂਪ ਧਾਰਨ ਕਰਨ ਲੱਗ ਪਿਆ ਸੀ।
ਪਾਕਿਸਤਾਨ 'ਚ ਸਿੱਖ ਭਾਈਚਾਰਾ ਇਸ ਵੇਲੇ ਬੇਹੱਦ ਘੱਟ-ਗਿਣਤੀ ਵਿਚ ਹੈ। ਭਾਵੇਂਕਿ 1947 ਦੀ ਵੰਡ ਵੇਲੇ ਪਾਕਿਸਤਾਨ 'ਚ ਘੱਟ-ਗਿਣਤੀਆਂ ਦੀ ਆਬਾਦੀ 23 ਫ਼ੀਸਦੀ ਸੀ, ਜੋ ਕਿ ਹੁਣ ਕੁਲ ਮਿਲਾ ਕੇ 5-6 ਫ਼ੀਸਦੀ ਹੀ ਰਹਿ ਗਈ ਹੈ, ਪਰ ਇਸ ਵਿਚੋਂ ਸਿੱਖਾਂ ਦੀ ਆਬਾਦੀ ਸਿਰਫ਼ 0.02 ਫ਼ੀਸਦੀ ਹੈ, ਜੋ ਕਿ ਲਗਭਗ 18 ਹਜ਼ਾਰ ਦੇ ਲਗਭਗ ਦੱਸੀ ਜਾਂਦੀ ਹੈ। ਇਕ ਮਜ਼੍ਹਬ ਆਧਾਰਤ ਦੇਸ਼ 'ਚ ਇਕ ਬੇਹੱਦ ਘੱਟ-ਗਿਣਤੀ ਦੇ ਜੀਵਨ ਦੀ ਸਥਿਤੀ ਬਾਰੇ ਅੰਦਾਜ਼ਾ ਲਗਾਉਣਾ ਬਹੁਤਾ ਔਖਾ ਨਹੀਂ ਹੈ।
ਪਿਛਲੇ ਮਹੀਨੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ 'ਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਦੀ ਤਿੰਨ ਦਿਨਾਂ ਯਾਤਰਾ 'ਤੇ ਜਾ ਕੇ ਆਏ ਹਾਂ। ਉੱਥੇ ਵੀ ਅਸੀਂ ਬਹੁਤ ਸਾਰੇ ਸਿੱਖਾਂ ਨੂੰ ਉਥੋਂ ਦੇ ਬਹੁਗਿਣਤੀ ਮੁਸਲਮਾਨ ਭਾਈਚਾਰੇ 'ਚ ਸਿੱਖਾਂ ਦੀ ਸਥਿਤੀ ਅਤੇ ਧਾਰਮਿਕ ਆਜ਼ਾਦੀ ਦੇ ਹਾਲਾਤ ਬਾਰੇ ਪੁੱਛਿਆ ਤਾਂ ਸਾਰੇ ਇਕੋ ਜਵਾਬ ਦਿੰਦੇ ਰਹੇ, 'ਅਸੀਂ ਇੱਥੇ ਬਹੁਤ ਖ਼ੁਸ਼ ਹਾਂ, ਸਾਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਸਾਨੂੰ ਆਪਣਾ ਧਾਰਮਿਕ ਅਕੀਦਾ ਨਿਭਾਉਣ 'ਚ ਕੋਈ ਸਮੱਸਿਆ ਨਹੀਂ ਹੈ।' ਪਰ ਸਾਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਹ ਸਿੱਖ ਸਾਡੇ ਕੋਲੋਂ ਕੁਝ ਲੁਕਾਉਣ ਦੇ ਯਤਨਾਂ 'ਚ ਫ਼ਰਜ਼ੀ ਜਿਹੀ ਤਸੱਲੀ ਦਾ ਦਿਖਾਵਾ ਅਤੇ ਦਾਅਵੇ ਕਰ ਰਹੇ ਹੋਣ। ਸ੍ਰੀ ਨਨਕਾਣਾ ਸਾਹਿਬ 'ਚ ਸਿੱਖ ਕੁੜੀ ਦੇ ਅਗਵਾ ਤੇ ਜਬਰੀ ਧਰਮ ਤਬਦੀਲੀ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਮਸਤਾਨ ਸਿੰਘ ਨੇ ਪਾਕਿਸਤਾਨੀ ਸਿੱਖਾਂ ਵਲੋਂ ਚਿਰਾਂ ਤੋਂ ਲੁਕਾਇਆ ਜਾ ਰਿਹਾ ਦਰਦ ਬਿਆਨ ਕਰ ਦਿੱਤਾ ਕਿ, 'ਪਾਕਿਸਤਾਨ 'ਚ ਉਪਰੋਂ ਦਿਖਾਵੇ ਦੇ ਤੌਰ 'ਤੇ ਭਾਵੇਂ ਸਿੱਖ ਸੁਰੱਖਿਅਤ ਨਜ਼ਰ ਆ ਰਹੇ ਹਨ, ਜਦਕਿ ਅਸਲ 'ਚ ਅਜਿਹਾ ਨਹੀਂ ਹੈ। ਫ਼ਿਰੌਤੀਆਂ ਲਈ ਸਿੱਖਾਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਆਮ ਹੈ। ਨਿੱਕੀ ਉਮਰ ਦੀਆਂ ਸਕੂਲ ਪੜ੍ਹਦੀਆਂ ਸਿੱਖ ਕੁੜੀਆਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ।'
ਸ੍ਰੀ ਨਨਕਾਣਾ ਸਾਹਿਬ ਦੇ ਸਮਾਜ ਸੇਵੀ ਇਕ ਸਿੱਖ ਨੌਜਵਾਨ ਨੇ ਦੱਸਿਆ ਕਿ, 'ਸਿੱਖਾਂ ਨਾਲ ਪਾਕਿਸਤਾਨ ਦੇ ਸਾਰੇ ਮੁਸਲਮਾਨ ਮਾੜੇ ਵੀ ਨਹੀਂ ਹਨ ਤੇ ਸਿੱਖਾਂ ਲਈ ਇੱਥੇ ਸਾਰਾ ਕੁਝ ਠੀਕ ਵੀ ਨਹੀਂ ਹੈ। ਪਹਿਲਾਂ ਵੀ ਤੇ ਹੁਣ ਵੀ ਬਿਪਤਾ ਵੇਲੇ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਸਿੱਖਾਂ ਦੇ ਨਾਲ ਵੀ ਖੜ੍ਹੇ ਹੁੰਦੇ ਹਨ। ਕਬਾਇਲੀ ਖੇਤਰਾਂ 'ਚ ਕੱਟੜ ਤੇ ਮੂਲਵਾਦੀ ਤਾਕਤਾਂ ਦਾ ਬੋਲਬਾਲਾ ਹੋਣ ਕਾਰਨ ਉਥੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ ਪਰ ਪਾਕਿਸਤਾਨੀ ਪੰਜਾਬ ਤੇ ਸ੍ਰੀ ਨਨਕਾਣਾ ਸਾਹਿਬ 'ਚ ਪਿਛਲੇ ਦਿਨੀਂ ਸਿੱਖ ਕੁੜੀ ਦੇ ਅਗਵਾ ਦੀ ਘਟਨਾ ਤੋਂ ਪਹਿਲਾਂ ਕਦੇ ਅਜਿਹੀ ਘਟਨਾ ਨਹੀਂ ਵਾਪਰੀ, ਜਿਸ ਦੇ ਨਾਲ ਸਿੱਖ-ਮੁਸਲਮਾਨ ਭਾਈਚਾਰੇ 'ਚ ਕੋਈ ਫ਼ਰਕ ਪਵੇ।'
ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਬੇਸ਼ੱਕ ਉਥੇ ਬੇਹੱਦ ਘੱਟ-ਗਿਣਤੀ ਦੀ ਸਥਿਤੀ ਵਿਚ ਹਨ ਪਰ ਇਸ ਦੇ ਬਾਵਜੂਦ ਉਹ ਆਪਣੇ ਧਰਮ, ਸੱਭਿਆਚਾਰ ਤੇ ਭਾਈਚਾਰਕ ਏਕਤਾ ਦੀਆਂ ਅਜਿਹੀਆਂ ਪਰੰਪਰਾਵਾਂ ਨੂੰ ਪਾਲ ਰਹੇ ਹਨ, ਜੋ ਸਾਰੇ ਵਿਸ਼ਵ 'ਚ ਵਸਦੇ ਸਿੱਖਾਂ ਲਈ ਮਿਸਾਲ ਹਨ। ਸ੍ਰੀ ਨਨਕਾਣਾ ਸਾਹਿਬ ਦੇ ਬਹੁਗਿਣਤੀ ਸਿੱਖ ਕਾਰੋਬਾਰੀ ਹਨ ਅਤੇ ਉਹ ਕਾਸਮੈਟਿਕ, ਕੱਪੜਾ, ਹਿਕਮਤ (ਦਵਾਖਾਨਾ) ਅਤੇ ਕਰਿਆਨੇ ਦੇ ਕਾਰੋਬਾਰ ਕਰਦੇ ਹਨ। ਰੋਜ਼ਾਨਾ ਸ਼ਾਮ ਨੂੰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਉਥੋਂ ਦੇ ਸਿੱਖ ਨਤਮਸਤਕ ਹੋਣ ਪੁੱਜਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਸਿੱਖ ਜਨਮ ਅਸਥਾਨ ਵਿਖੇ ਨਤਮਸਤਕ ਹੋਣ ਤੋਂ ਬਾਅਦ ਪਿਛਲੇ ਪਾਸੇ ਬਣੇ ਇਕ ਕਮਰੇ 'ਚ ਚਲੇ ਜਾਂਦੇ ਹਨ, ਜਿੱਥੇ ਗੁਰਬਾਣੀ ਦੀਆਂ ਪੋਥੀਆਂ, ਗੁਟਕਾ ਸਾਹਿਬ ਰੱਖੇ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਥੇ ਬੈਠ ਕੇ ਆਪਣੀ ਸਮਰੱਥਾ ਅਨੁਸਾਰ ਗੁਰਬਾਣੀ ਪੜ੍ਹਦੇ ਹਨ ਅਤੇ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨਾਲੋ-ਨਾਲ ਸਿੱਖ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਦੀ ਸੰਥਿਆ ਵੀ ਦਿੰਦੇ ਹਨ। ਉਸ ਤੋਂ ਬਾਅਦ ਸਾਰੇ ਸਿੱਖ ਲੰਗਰ ਹਾਲ 'ਚ ਚਲੇ ਜਾਂਦੇ ਹਨ, ਜਿੱਥੇ ਉਹ ਆਪੋ-ਆਪਣੇ ਘਰੋਂ ਤਿਆਰ ਕਰਕੇ ਲਿਆਂਦੇ ਪ੍ਰਸ਼ਾਦੇ (ਰੋਟੀਆਂ) ਇਕ ਜਗ੍ਹਾ ਰੱਖਦੇ ਹਨ ਅਤੇ ਲੰਗਰ ਹਾਲ 'ਚ ਸਾਂਝੇ ਰੂਪ 'ਚ ਦਾਲ-ਭਾਜੀ ਤਿਆਰ ਕਰਕੇ ਇਕੱਠੇ ਲੰਗਰ ਛਕਦੇ ਹਨ। ਇਸ ਪਰੰਪਰਾ ਬਾਰੇ ਇਕ ਸਿੱਖ ਨੂੰ ਪੁੱਛਣ 'ਤੇ ਉਸ ਨੇ ਦੱਸਿਆ ਕਿ, 'ਅਸੀਂ ਪਾਕਿਸਤਾਨ 'ਚ ਬੇਹੱਦ ਘੱਟ-ਗਿਣਤੀ ਹਾਂ। ਇਸ ਕਰਕੇ ਇਕ ਤਾਂ ਇਕੱਠੇ ਬੈਠ ਕੇ ਰੋਜ਼ਾਨਾ ਲੰਗਰ ਛੱਕਣ ਨਾਲ ਸਾਡੇ ਅੰਦਰ ਭਾਈਚਾਰਕ ਏਕਤਾ ਤੇ ਪਿਆਰ ਵਧਦਾ ਹੈ ਅਤੇ ਦੂਜਾ ਬਹੁ-ਗਿਣਤੀ ਭਾਈਚਾਰੇ 'ਚ ਸਾਡੀ ਏਕਤਾ ਤੇ ਭਾਈਚਾਰਕ ਸਾਂਝ ਦਾ ਚੰਗਾ ਅਸਰ ਜਾਂਦਾ ਹੈ।'
ਪਾਕਿਸਤਾਨ 'ਚ ਸਿੱਖਾਂ ਦੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਲਈ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ, ਪਰ ਹੁਣ ਸਿੱਖਾਂ ਨੇ ਆਪਣੇ ਪੱਧਰ 'ਤੇ ਯਤਨ ਕਰਕੇ ਸਿੱਖ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖਾਂ ਵਲੋਂ ਗੁਰੂ ਨਾਨਕ ਦੇਵ ਜੀ ਮਾਡਲ ਹਾਈ ਸਕੂਲ ਚਲਾਇਆ ਜਾ ਰਿਹਾ ਹੈ, ਜਿੱਥੇ ਸਿੱਖ ਬੱਚਿਆਂ ਨੂੰ ਉਥੋਂ ਦੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਆਪਣੇ ਧਰਮ ਦੀ ਸਿੱਖਿਆ-ਦੀਖਿਆ ਵੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਸਕੂਲ ਪਿਸ਼ਾਵਰ ਵਿਚ ਵੀ ਚੱਲ ਰਿਹਾ ਹੈ। ਪਾਕਿਸਤਾਨ ਦੇ ਸਿੱਖਾਂ ਦਾ ਕੋਈ ਵੀ ਬੱਚਾ ਪਤਿਤ ਨਜ਼ਰ ਨਹੀਂ ਆਉਂਦਾ। ਸਿੱਖ ਮਰਦ ਕਾਰੋਬਾਰੀ ਹੋਣ ਕਾਰਨ ਸਿੱਖ ਬੀਬੀਆਂ ਬਹੁ-ਗਿਣਤੀ ਘਰਾਂ ਦੇ ਕੰਮਕਾਜ ਵੇਖਦੀਆਂ ਹਨ ਅਤੇ ਫ਼ੁਰਸਤ ਦੇ ਸਮੇਂ 'ਚ ਗੁਰਬਾਣੀ ਪੜ੍ਹਨ 'ਚ ਦਿਲਚਸਪੀ ਰੱਖਦੀਆਂ ਹਨ। ਇਸੇ ਕਾਰਨ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰਦੀਆਂ ਬੀਬੀਆਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਉਥੋਂ ਦੇ ਸਿੱਖਾਂ ਦੀ ਇਹ ਵੀ ਇਕ ਇੱਛਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ਰਿਸ਼ਤੇ-ਨਾਤੇ ਭਾਰਤ 'ਚ ਵਸਦੇ ਸਿੱਖਾਂ ਨਾਲ ਕਰ ਸਕਣ। ਕੁਝ ਸਾਲ ਪਹਿਲਾਂ ਇਹ ਇੱਛਾ ਪਾਕਿਸਤਾਨ ਗਏ ਪੰਜਾਬ ਦੇ ਪੱਤਰਕਾਰਾਂ ਦੇ ਇਕ ਵਫ਼ਦ ਕੋਲ ਉਥੋਂ ਦੇ ਸਿੱਖਾਂ ਨੇ ਪ੍ਰਮੁੱਖਤਾ ਨਾਲ ਉਠਾਈ ਸੀ।
ਬੇਹੱਦ ਘੱਟ-ਗਿਣਤੀ ਹੋਣ ਦੇ ਬਾਵਜੂਦ ਆਪਣੇ ਧਰਮ, ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਪ੍ਰਤੀ ਨਿਸ਼ਚੇਵਾਨ ਪਾਕਿਸਤਾਨੀ ਸਿੱਖਾਂ ਨੂੰ ਇਕ ਰੰਜ਼ ਹੈ ਕਿ ਸਿੱਖ ਧਰਮ ਦੇ ਨਾਮਵਰ ਪ੍ਰਚਾਰਕ, ਰਾਗੀ, ਢਾਡੀ ਅਤੇ ਮਹਾਂਪੁਰਸ਼ ਅਕਸਰ ਧਰਮ ਪ੍ਰਚਾਰ ਲਈ ਪੱਛਮੀ ਤੇ ਵਿਕਸਿਤ ਦੇਸ਼ਾਂ ਨੂੰ ਤਰਜੀਹ ਦਿੰਦੇ ਹਨ ਪਰ ਪਾਕਿਸਤਾਨ 'ਚ ਵਸਦੇ ਸਿੱਖਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਜਿਵੇਂ ਭਾਰਤੀ ਸਿੱਖਾਂ ਨੂੰ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਵਿਛੋੜੇ ਦਾ ਮਲਾਲ ਰਹਿੰਦਾ ਹੈ, ਉਸੇ ਤਰ੍ਹਾਂ ਪਾਕਿਸਤਾਨੀ ਸਿੱਖਾਂ ਦੇ ਦਿਲਾਂ ਅੰਦਰ ਵੀ ਆਪਣੇ ਪੰਥ ਦੇ ਭਗਤੀ-ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਰਤੀ ਸਿੱਖਾਂ ਤੋਂ ਦੂਰ ਹੋਣ ਦਾ ਦਰਦ ਤੇ ਅਹਿਸਾਸ ਸਦਾ ਮਘਦਾ ਰਹਿੰਦਾ ਹੈ।
ਬੇਸ਼ੱਕ ਪਾਕਿਸਤਾਨ 'ਚ ਸਿੱਖਾਂ ਦਾ ਪਿਛਲੇ 70-72 ਸਾਲਾਂ ਦਾ ਅਤੀਤ ਬਹੁਤਾ ਚੰਗਾ ਨਹੀਂ ਰਿਹਾ ਪਰ ਭਵਿੱਖ ਕਾਫ਼ੀ ਸੰਭਾਵਨਾਵਾਂ ਭਰਪੂਰ ਨਜ਼ਰ ਆ ਰਹੀਆਂ ਹਨ। ਪਾਕਿਸਤਾਨੀ ਸਿੱਖਾਂ ਦੀ ਭਾਈਚਾਰਕ ਏਕਤਾ, ਮਿਹਨਤ ਅਤੇ ਯੋਗਤਾ ਜ਼ਰੀਏ ਸਿਵਲ ਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬੈਠਣ ਕਾਰਨ ਹੁਣ ਹਾਲਾਤ ਬਦਲ ਰਹੇ ਹਨ। ਸ੍ਰੀ ਨਨਕਾਣਾ ਸਾਹਿਬ 'ਚ ਹੁਣੇ-ਹੁਣੇ ਸਿੱਖ ਕੁੜੀ ਦੇ ਅਗਵਾ ਦੀ ਵਾਪਰੀ ਘਟਨਾ ਦੇ ਸੁਖਾਵੇਂ ਹੱਲ ਤੋਂ ਹੀ ਪਤਾ ਲੱਗਦਾ ਹੈ ਕਿ ਪਾਕਿਸਤਾਨ 'ਚ ਸਿੱਖ ਧਰਮ, ਗਿਣਤੀ ਤੇ ਸੱਭਿਆਚਾਰ ਦੇ ਆਧਾਰ 'ਤੇ ਹੋਣ ਵਾਲੀਆਂ ਵਧੀਕੀਆਂ ਖ਼ਿਲਾਫ਼ ਕਾਫ਼ੀ ਜਾਗਰੂਕ ਹੋ ਰਹੇ ਹਨ ਅਤੇ ਪਾਕਿਸਤਾਨ ਦੀ ਸਰਕਾਰ ਵੀ ਘੱਟ-ਗਿਣਤੀਆਂ ਨਾਲ ਚੰਗੇ ਸਬੰਧ ਕਾਇਮ ਕਰਕੇ ਦੁਨੀਆ 'ਚ ਆਪਣਾ ਅਕਸ ਵਧੇਰੇ ਨਿਰਪੱਖ, ਮਨੁੱਖਤਾ-ਪੱਖੀ ਅਤੇ ਸਦਭਾਵਨਾ ਵਾਲਾ ਬਣਾਉਣਾ ਚਾਹੁੰਦੀ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ ਮੂਲਵਾਦੀ ਤੇ ਕੱਟੜ ਤਾਕਤਾਂ ਨੂੰ ਵਧੇਰੇ ਪ੍ਰਭਾਵੀ ਤਰੀਕੇ ਨਾਲ ਨੱਥ ਪਾ ਕੇ ਘੱਟ-ਗਿਣਤੀ ਭਾਈਚਾਰਿਆਂ ਦੇ ਜੀਣ ਲਈ ਆਜ਼ਾਦ, ਸੁਰੱਖਿਅਤ ਤੇ ਬਿਹਤਰ ਭਵਿੱਖ ਸਿਰਜਣ ਵੱਲ ਧਿਆਨ ਦੇਵੇਗੀ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98780-70008
e-mail : ts1984buttar@yahoo.com

ਵਿਸਮਾਦੀ ਸਮਾਜ ਦਾ ਮੂਲ ਧੁਰਾ-ਕਰਤਾਰਪੁਰ ਸਾਹਿਬ

ਸਿੱਖ ਧਰਮ ਅਥਵਾ ਦਰਸ਼ਨ ਦਾ ਉਦੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਹੋਇਆ ਸਮਝਿਆ ਜਾਂਦਾ ਹੈ। ਕਿਸੇ ਵੀ ਨਵੇਂ ਧਰਮ ਅਥਵਾ ਵਿਚਾਰਧਾਰਾ ਦੇ ਸਿਧਾਂਤਕ ਪਹਿਲੂ ਆਪਣੀ ਥਾਂ ਮਹੱਤਵਪੂਰਨ ਹੁੰਦੇ ਹਨ, ਪਰ ਅਮਲੀ ਜੀਵਨ ਵਿਚ ਕਿਹੋ ਜਿਹਾ ਮਨੁੱਖ ਅਤੇ ਵਿਵਸਥਾ ਸਿਰਜਦੇ ਹਨ, ਇਹ ਮੁੱਦੇ ਮਹੱਤਵਪੂਰਨ ਹੁੰਦੇ ਹਨ। ਪ੍ਰਚੱਲਿਤ ਧਰਮ ਤਾਂ ਆਪਣੇ ਵਿਹਾਰ ਵਿਚ ਕੁਝ ਸੁਧਾਰ ਲਿਆਉਂਦੇ ਰਹਿੰਦੇ ਹਨ, ਪਰ ਨਵੇਂ ਧਰਮ ਨੇ ਜਦੋਂ ਇਤਿਹਾਸ ਵਿਚ ਉਤਰਨਾ ਹੁੰਦਾ ਹੈ, ਉਦੋਂ ਇਸ ਲਈ ਨਵੇਂ ਨਗਰ, ਵਸੋਂ ਕੇਂਦਰ ਅਤੇ ਵਿਵਸਥਾ ਸਥਾਪਤ ਕਰਨੇ ਪਹਿਲੀ ਲੋੜ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਇਸ ਸਬੰਧੀ ਸੁਚੇਤ ਸਨ। ਇਸ ਲਈ ਅਸੀਂ ਵੇਖਦੇ ਹਾਂ ਕਿ 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਵਲੋਂ ਰਾਵੀ ਨਦੀ ਦੇ ਕੰਢੇ ਵਸਾਏ ਗਏ ਕਰਤਾਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਨਿਰਮਿਤ ਕੀਤੇ ਗਏ ਨਗਰਾਂ ਨੇ ਸਿੱਖ ਧਰਮ, ਇਤਿਹਾਸ ਅਤੇ ਵਿਰਾਸਤ ਆਦਿ ਨੂੰ ਸ਼ਕਤੀ ਪ੍ਰਦਾਨ ਕਰਨ ਵਿਚ ਵੱਡਾ ਯੋਗਦਾਨ ਪਾਇਆ। ਦੂਸਰਾ, ਇਨ੍ਹਾਂ ਨਗਰਾਂ ਨੇ ਸਿੱਖ ਦਰਸ਼ਨ ਅਤੇ ਲੋਕਾਂ ਦੀਆਂ ਸਮਾਜੋ-ਆਰਥਿਕ ਅਤੇ ਵਿਵਸਥਾ ਦੀਆਂ ਲੋੜਾਂ ਸਬੰਧੀ ਜੋ ਮਾਡਲ ਵਿਕਸਿਤ ਕੀਤੇ, ਉਹ ਗੁਰੂ ਸਾਹਿਬ ਦੇ ਵਿਚਾਰਾਂ ਅਤੇ ਸੁਪਨਿਆਂ ਦੀ ਸ਼ਾਖਸ਼ਾਤ ਗਵਾਹੀ ਭਰਦੇ ਹਨ।
ਅਸਲ ਵਿਚ ਵਿਸ਼ਵ ਪੱਧਰ ਤੱਕ ਫੈਲੀ ਮਨੁੱਖੀ ਸੱਭਿਅਤਾ ਵੱਖ-ਵੱਖ ਭੂਗੋਲਿਕ ਖੇਤਰਾਂ ਵਾਲੇ ਦੇਸ਼ਾਂ ਵਿਚ ਵਸਦੇ ਸਮਾਜਾਂ ਦਾ ਸੰਯੁਕਤ ਰੂਪ ਹੈ। ਸਬੰਧਿਤ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਆਪਣੇ ਭੂਗੋਲਿਕ ਖੇਤਰ ਵਿਚ ਵਸਦੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ, ਸਿਰਜਣਾਤਮਿਕ ਅਤੇ ਹਰ ਪ੍ਰਕਾਰ ਦੇ ਫਿਕਰਾਂ ਤੋਂ ਮੁਕਤ ਅਨੰਦ ਦੇਣ ਵਾਲੀ ਵਿਵਸਥਾ ਸਥਾਪਤ ਕਰਨਾ ਹੁੰਦਾ ਹੈ। ਵਿਸ਼ਵ ਦੇ ਬਹੁਤੇ ਦੇਸ਼ ਇਸ ਸਬੰਧੀ ਪੂਰਨ ਰੂਪ ਵਿਚ ਸਫ਼ਲ ਕਿਉਂ ਨਹੀਂ ਹੋਏ, ਇਹ ਇਕ ਵੱਖਰਾ ਵਿਸ਼ਾ ਹੈ। ਪਰ ਇਕ ਵਿਸਮਾਦੀ ਸਮਾਜ ਸਿਰਜਣਾ ਅਤੇ ਸਫ਼ਲ ਵਿਵਸਥਾ ਚਲਾਉਣੀ ਸਿਧਾਂਤਕ ਤੌਰ 'ਤੇ ਹਰ ਸੱਤਾਧਾਰੀ ਧਿਰ ਦੀ ਜ਼ਿੰੰਮੇਵਾਰੀ ਹੁੰਦੀ ਹੈ। ਇਸ ਦ੍ਰਿਸ਼ਟੀਕੋਣ ਤੋਂ ਵਿਚਾਰਿਆਂ ਗੁਰੂ ਨਾਨਕ ਦੇਵ ਜੀ ਵਲੋਂ ਵਸਾਇਆ ਗਿਆ ਕਰਤਾਰਪੁਰ ਸਾਹਿਬ ਨਗਰ ਸਿੱਖ ਵਿਚਾਰਧਾਰਾ ਦੀਆਂ ਵਿਵਹਾਰਿਕ ਅਤੇ ਸਮਾਜਿਕ ਲੋੜਾਂ ਅਨੁਸਾਰ ਕੀਤਾ ਗਿਆ ਪਹਿਲਾ ਯਤਨ ਸੀ, ਜਿਸ ਤੋਂ ਅਸੀਂ ਗੁਰੂ ਸੁਪਨਿਆਂ ਦੇ ਨਵੇਂ ਸਮਾਜ ਦੀ ਸਿਰਜਣਾ ਅਤੇ ਸਥਾਪਤ ਕੀਤੀ ਜਾਣ ਵਾਲੀ ਵਿਵਸਥਾ ਦੀ ਰੂਪ-ਰੇਖਾ ਚਿਤਰ ਸਕਦੇ ਹਾਂ।
ਕਰਤਾਰਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਦਾ ਸਮਾਜ ਸਿਰਜਿਆ ਗਿਆ, ਉਸ ਦੇ ਮੁੱਖ ਤੌਰ 'ਤੇ ਪੰਜ ਨਕਸ਼ ਉੱਭਰਦੇ ਹਨ। (1) ਸਾਂਝੀ-ਕੁਦਰਤੀ ਖੇਤੀ (ਵਪਾਰ), (2) ਸੱਚੀ-ਸੁੱਚੀ ਕਿਰਤ ਕਰਨ ਵਾਲਾ ਸੱਭਿਆਚਾਰ, (3) ਜਾਤ-ਪਾਤ ਅਤੇ ਵਰਗਾਂ ਦੇ ਬੰਧਨਾਂ ਤੋਂ ਉੱਪਰ ਉੱਠੀ ਭਾਈਚਾਰਕ ਸਾਂਝ ਵਾਲੀ ਕੁਦਰਤਮੁਖੀ ਵਿਵਸਥਾ, (4) ਸਮਾਜੋ-ਆਰਥਿਕ ਵਿਕਾਸ ਪ੍ਰਬੰਧ ਅਤੇ (5) ਰੂਹਾਨੀ-ਪਦਾਰਥਕ ਸੰਤੁਸ਼ਟੀ ਅਤੇ ਸਹਿਜ ਵਾਲਾ ਵਿਸਮਾਦੀ ਮਨੁੱਖ ਅਤੇ ਵਾਤਾਵਰਨ। ਇਹੋ ਹੀ ਮੁੱਢਲੇ ਪੰਜ ਨਕਸ਼ ਅਸੀਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਕੀਰਤਪੁਰ-ਅਨੰਦਪੁਰ ਸਾਹਿਬ ਆਦਿ ਗੁਰੂ ਸਾਹਿਬ ਵਲੋਂ ਵਸਾਏ ਗਏ ਨਗਰਾਂ ਵਿਚ ਵੇਖਦੇ ਹਾਂ। ਸਪੱਸ਼ਟ ਹੈ ਕਿ ਜਿਸ ਤਰ੍ਹਾਂ ਦੇ ਅਨੰਦਿਤ, ਸੁਰੱਖਿਅਤ, ਸਮਾਜ ਅਤੇ ਇਸ ਦੀ ਵਿਵਸਥਾ ਦਾ ਸਿੱਖ ਵਿਚਾਰਧਾਰਾ ਦਮ ਭਰਦੀ ਹੈ, ਉਸ ਦੀ ਸ਼ੁਰੂਆਤ ਕਰਤਾਰਪੁਰ ਸਾਹਿਬ ਤੋਂ ਹੋਈ ਸੀ।
ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਵਿਕਸਿਤ ਹੋਏ ਇਸ ਮਾਡਲ ਦਾ ਸੁਭਾਅ ਅਤੇ ਵਿਹਾਰ ਕੁਦਰਤਮੁਖੀ ਸੀ। ਕੁਦਰਤ ਦੇ ਵਿਸ਼ਾਲ ਵਰਤਾਰਿਆਂ ਨੂੰ ਸਮਝ ਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਸ ਵਿਚ ਜਿਵੇਂ ਵਾਹਿਗੁਰੂ ਆਪ ਵਸਦਾ ਹੈ, ਉਸ ਅਨੁਸਾਰ ਕੁਦਰਤ ਅਤੇ ਇਥੇ ਪੈਦਾ ਹੋਈ ਬਨਸਪਤੀ ਧਰਤੀ ਉੱਤੇ ਜਨਮ ਲੈਣ ਵਾਲੇ ਹਰ ਤਰ੍ਹਾਂ ਦੇ ਜਲੀ-ਥਲੀ ਜੀਵਾਂ ਨੂੰ ਹਰ ਸਮੇਂ ਊਰਜਿਤ ਕਰਕੇ ਰੱਖਦੀ ਹੈ। ਇਸ ਦਾ ਆਪਣਾ ਉਤਪਾਦਨ ਪ੍ਰਬੰਧ ਹੈ, ਜੋ ਆਪਣੇ ਸਥਾਪਤ ਨਿਯਮਾਂ ਅਨੁਸਾਰ ਹਰ ਜੀਵ ਨੂੰ ਊਰਜਿਤ ਕਰਕੇ ਰੱਖਣ ਲਈ ਖੁੱਲ੍ਹਾ ਹੋਇਆ ਹੈ। ਕੁਦਰਤ ਦਾ ਸਮੁੱਚਾ ਸੁਭਾਅ ਸਿਰਜਣਾਤਮਿਕ ਹੈ। ਕੁਦਰਤ ਸਮਦ੍ਰਿਸ਼ਟ ਸੁਭਾਅ ਵਾਲੀ ਹੈ। ਇਹ ਮਨੁੱਖ ਸਮੇਤ ਹਰ ਜੀਵ-ਜੰਤ ਨਾਲ ਬ੍ਰਹਿਮੰਡੀ ਰਿਸ਼ਤਿਆਂ ਦੀ ਸਾਂਝ ਵਿਚ ਕਿਸੇ ਤਰ੍ਹਾਂ ਦੇ ਵਿਤਕਰੇ ਜਾਂ ਬਦਲਾਖੋਰੀ ਵਾਲੀ ਭਾਵਨਾ ਨਹੀਂ ਰੱਖਦੀ। ਕੁਦਰਤ ਅਨੁਸ਼ਾਸਨ ਵਿਚ ਰਹਿਣ ਵਾਲੀ ਹਸਤੀ ਹੈ। ਕੁਦਰਤ ਹਰ ਪਲ ਸਹਿਜ ਵਿਚ ਰਹਿੰਦੀ ਹੈ ਅਤੇ ਸਹਿਜ ਵਿਚ ਆਪਣਾ ਉਤਪਾਦਨ ਪ੍ਰਬੰਧ ਅਤੇ ਆਪਣਾ ਸੰਤੁਲਨ ਬਣਾ ਕੇ ਰੱਖਦੀ ਹੈ। ਸਪੱਸ਼ਟ ਹੈ ਕਿ ਕੁਦਰਤ ਦੀ ਆਪਣੀ ਵਿਵਸਥਾ ਹੈ। ਕੁਦਰਤ ਦੇ ਸਿਰਜਣ, ਪਾਲਣ ਅਤੇ ਵਿਨਾਸ਼ ਦੇ ਸਿਧਾਂਤ ਅਤੇ ਕਰਮ ਅਨੁਸਾਰ ਇਸ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਅਤੇ ਇਹ ਕਿਵੇਂ ਨਿਭਾਈ ਜਾ ਰਹੀ ਹੈ, ਇਸ ਬਾਰੇ ਮਹਿਸੂਸ ਕੀਤਿਆਂ ਹੀ ਸਮਝ ਲੱਗਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98725-91713

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ

ਸਿੱਖ ਇਤਿਹਾਸਕ ਇਸ਼ਕ ਦੇ ਪਰਵਾਨਿਆਂ ਦਾ ਇਤਿਹਾਸ ਹੈ। ਇਨ੍ਹਾਂ ਸ਼ਾਨਦਾਰ ਪਰ ਦਰਦਨਾਕ ਸ਼ਹੀਦੀਆਂ ਨੂੰ ਯਾਦ ਕਰਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਅੱਜ ਇਕ ਅਜਿਹੇ ਸ਼ਹੀਦ ਪਿਓ-ਪੁੱਤਰ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਚਰਖੜੀਆਂ 'ਤੇ ਚੜ੍ਹ ਕੇ ਆਪਣੇ ਜਿਸਮਾਂ ਦਾ ਤੂੰਬਾ-ਤੂੰਬਾ ਕਰਵਾ ਲਿਆ ਪਰ ਸਿੱਖੀ ਸਿਦਕ 'ਤੇ ਕਾਇਮ ਰਹੇ। ਲਾਹੌਰ ਜ਼ਿਲ੍ਹੇ ਵਿਚ ਪਿੰਡ ਜੰਬਰ ਵਿਚ ਰਾਇ ਭਾਗ ਦੇ ਘਰ ਵਿਚ ਜਨਮੇ ਸੁਬੇਗ ਸਿੰਘ ਉੱਚਕੋਟੀ ਦੇ ਵਿਦਵਾਨ ਸਨ। ਆਪਣੀ ਯੋਗਤਾ ਅਤੇ ਸਿਆਣਪ ਕਰਕੇ ਉਹ ਲਾਹੌਰ ਦੇ ਕੋਤਵਾਲ ਵੀ ਬਣੇ ਅਤੇ ਲੋਕਾਂ ਵਿਚ ਹਰਮਨ ਪਿਆਰੇ ਹੋਏ। ਸਰਕਾਰ ਸਿੰਘਾਂ 'ਤੇ ਜਬਰ-ਜ਼ੁਲਮ ਕਰਕੇ ਥੱਕ ਚੁੱਕੀ ਸੀ ਪਰ ਖਾਲਸੇ ਨੂੰ ਝੁਕਾ ਨਾ ਸਕੀ। ਅਖੀਰ ਉਨ੍ਹਾਂ ਨੇ ਸਿੰਘਾਂ ਨਾਲ ਸੁਲ੍ਹਾ ਕਰਨੀ ਚਾਹੀ ਅਤੇ ਭਾਈ ਸੁਬੇਗ ਸਿੰਘ ਨੂੰ ਖ਼ਾਲਸੇ ਕੋਲ ਭੇਜਿਆ। ਇਸ ਪੇਸ਼ਕਸ਼ ਵਿਚ ਨਵਾਬੀ ਦਾ ਖਿਤਾਬ ਅਤੇ ਇਕ ਲੱਖ ਦੀ ਜਗੀਰ ਸੀ। ਖਾਲਸੇ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਪਰ ਭਾਈ ਸੁਬੇਗ ਸਿੰਘ ਦੇ ਜ਼ੋਰ ਦੇਣ 'ਤੇ ਪ੍ਰਵਾਨ ਕਰ ਲਈ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ ਆਪ ਨੂੰ ਕੋਤਵਾਲ ਬਣਾ ਦਿੱਤਾ। ਇਸ ਸਮੇਂ ਭਾਈ ਸਾਹਿਬ ਨੇ ਸ਼ਹੀਦ ਸਿੰਘਾਂ ਦੇ ਚਿਣੇ ਹੋਏ ਜਾਂ ਖੂਹਾਂ ਵਿਚ ਸੁੱਟੇ ਹੋਏ ਸੀਸ ਕਢਵਾ ਕੇ ਉਨ੍ਹਾਂ ਦਾ ਸਸਕਾਰ ਕੀਤਾ ਅਤੇ ਯਾਦਗਾਰਾਂ ਬਣਾਈਆਂ। ਤਸੀਹੇ ਦੇ ਕੇ ਮਾਰਨ ਦੀਆਂ ਸਜ਼ਾਵਾਂ ਬੰਦ ਕਰ ਦਿੱਤੀਆਂ। ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ ਅਤੇ ਉਸ ਨੇ ਫਿਰ ਖਾਲਸੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਭਾਈ ਸੁਬੇਗ ਸਿੰਘ ਦਾ ਇਕਲੌਤਾ ਹੋਣਹਾਰ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਸੀ, ਜੋ ਆਪਣੇ ਪਿਤਾ ਵਾਂਗ ਹੀ ਵਿਦਵਾਨ, ਗਿਆਨਵਾਨ ਅਤੇ ਉੱਚੇ ਆਚਰਣ ਵਾਲਾ ਸੀ। ਇਕ ਦਿਨ ਉਸ ਨੇ ਮੁੱਲਾਂ-ਮੁਲਾਣਿਆਂ ਸਾਹਮਣੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਏਨੀ ਯੋਗਤਾ ਅਤੇ ਵਿਦਵਤਾ ਨਾਲ ਪੇਸ਼ ਕੀਤੇ ਕਿ ਮੌਲਵੀ ਉਸ ਦੇ ਵਿਰੁੱਧ ਹੋ ਗਿਆ। ਦੋਵੇਂ ਪਿਓ-ਪੁੱਤਰਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ।
ਦੋਵੇਂ ਬਹਾਦਰਾਂ ਨੇ ਮੌਤ ਕਬੂਲ ਕੀਤੀ। ਉਨ੍ਹਾਂ ਨੂੰ ਅਕਹਿ ਅਤੇ ਅਸਹਿ ਤਸੀਹੇ ਦਿੱਤੇ ਗਏ। ਕੋਰੜੇ ਮਾਰੇ ਗਏ, ਪੁੱਠਾ ਲਟਕਾਇਆ ਗਿਆ ਅਤੇ ਚਰਖੜੀਆਂ 'ਤੇ ਘੁਮਾਇਆ। ਤੰਬੂਰਾਂ ਨਾਲ ਮਾਸ ਨੋਚਿਆ, ਪਿਓ-ਪੁੱਤਰ ਨੂੰ ਅੱਡ-ਅੱਡ ਕਰਕੇ ਝੂਠ ਬੋਲਿਆ ਗਿਆ ਕਿ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ ਹੈ ਪਰ ਉਨ੍ਹਾਂ ਦੀ ਕੋਈ ਵੀ ਚਾਲ ਕਾਮਯਾਬ ਨਾ ਹੋਈ। ਦੋਵਾਂ ਨੂੰ ਚਰਖੜੀ 'ਤੇ ਚਾੜ੍ਹਿਆ ਗਿਆ। ਚਾਬਕਾਂ ਮਾਰ-ਮਾਰ ਕੇ ਚਮੜੀ ਉਧੇੜ ਦਿੱਤੀ ਗਈ। ਨਿਢਾਲ ਹੋਏ ਪਿਤਾ-ਪੁੱਤਰ ਵੀ ਅਕਾਲ ਅਕਾਲ ਅਤੇ ਵਾਹਿਗੁਰੂ ਜੀ ਦੀ ਫ਼ਤਹਿ ਬੁਲੰਦ ਕਰਦੇ ਰਹੇ। ਇਕ ਵਾਰ ਫਿਰ ਭਾਈ ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਆਪਣੇ 18 ਸਾਲ ਦੇ ਪੁੱਤਰ 'ਤੇ ਤਰਸ ਕਰਕੇ ਆਪਣੀ ਕੁਲ ਨੂੰ ਬਚਾ ਲੈ ਪਰ ਭਾਈ ਸਾਹਿਬ ਨੇ ਸ੍ਰੀ ਦਸਮੇਸ਼ ਜੀ ਨੂੰ ਯਾਦ ਕਰਦਿਆਂ ਕਿਹਾ-
ਸਿੱਖਨ ਕਾਜ ਸੁ ਗੁਰੂ ਹਮਾਰੇ। ਸੀਸ ਦੀਉ ਨਿਜ ਸਣ ਪਰਵਾਰੈ।
ਹਮ ਕਾਰਨ ਗੁਰ ਕੁਲਹਿ ਗਵਾਈ। ਹਮ ਕੁਲ ਰਾਖੈਂ ਕੌਣ ਬਡਾਈ। (ਪੰਥ ਪ੍ਰਕਾਸ਼)
ਇਉਂ ਸੰਨ 1745 ਈ: ਵਿਚ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਅੰਤਾਂ ਦੇ ਕਸ਼ਟ ਸਹਾਰ ਕੇ ਸ਼ਹੀਦੀ ਜਾਮ ਪੀ ਗਏ।

ਕਿੰਝ ਹੋਂਦ 'ਚ ਆਈ ਕੌਮਾਂਤਰੀ ਵਾਹਗਾ ਸਰਹੱਦ?

ਬਰਤਾਨਵੀ ਵਕੀਲ ਸਿਰਿਲ ਰੈਡਕਲਿਫ ਅਤੇ ਤਤਕਾਲੀ ਵਾਇਸਰਾਏ ਲਾਰਡ ਮਾਊਂਟਬੈਟਨ ਵਲੋਂ ਪੰਜਾਬ ਦੇ ਜ਼ਿਲ੍ਹਿਆਂ ਦੀ ਵੰਡ ਸਬੰਧੀ ਅਚਾਨਕ ਬਦਲੇ ਗਏ ਫ਼ੈਸਲੇ ਨੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ, ਵੱਡੀ ਗਿਣਤੀ 'ਚ ਔਰਤਾਂ ਤੇ ਮੁਟਿਆਰਾਂ ਬੇ-ਆਬਰੂ ਹੋਈਆਂ, ਜਾਤੀਵਾਦੀ ਫ਼ਸਾਦਾਂ ਦੇ ਚਲਦਿਆਂ ਵੱਡੀ ਗਿਣਤੀ 'ਚ ਲੋਕ ਮੌਤ ਦੇ ਘਾਟ ਉਤਾਰੇ ਗਏ ਅਤੇ ਹਰ ਪਾਸੇ ਲੁੱਟਮਾਰ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ। ਇਸ ਖ਼ੂਨ-ਖ਼ਰਾਬੇ ਅਤੇ ਲੁੱਟਮਾਰ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣ ਲਈ 123 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਸ: ਮਹਿੰਦਰ ਸਿੰਘ ਚੋਪੜਾ ਦੁਆਰਾ ਦੋਵਾਂ ਦੇਸ਼ਾਂ ਵਿਚਾਲੇ ਅਕਤੂਬਰ, 1947 ਨੂੰ ਵਾਹਗਾ ਸੁਰੱਖਿਆ ਚੌਕੀ ਦੀ ਬੁਨਿਆਦ ਰੱਖੀ ਗਈ, ਜਿਸ ਤੋਂ ਬਾਅਦ ਖ਼ੂਨ-ਖ਼ਰਾਬੇ ਅਤੇ ਲੁੱਟ-ਮਾਰ ਦੀਆਂ ਵਾਰਦਾਤਾਂ ਦਾ ਸਿਲਸਿਲਾ ਕੁਝ ਘੱਟ ਗਿਆ।
ਦੱਸਿਆ ਜਾਂਦਾ ਹੈ ਕਿ 8 ਅਕਤੂਬਰ, 1947 ਨੂੰ ਜਦੋਂ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ ਨੇ ਅੰਮ੍ਰਿਤਸਰ 'ਚ 123 ਇਨਫੈਂਟਰੀ ਬ੍ਰਿਗੇਡ ਦੀ ਕਮਾਨ ਸੰਭਾਲੀ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਵੇਂ ਕਿ ਸਰਹੱਦ ਦੀ ਹੋਂਦ ਬਾਰੇ ਆਮ ਧਾਰਨਾ ਬਣੀ ਹੋਈ ਹੈ, ਫਿਰ ਵੀ ਨਿਸਚਿਤ ਸੀਮਾ ਰੇਖਾ ਨਹੀਂ ਸੀ, ਜਿਸ ਨੂੰ ਸੀਮਾਬੱਧ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਸ ਵੇਲੇ ਉਨ੍ਹਾਂ ਨੂੰ ਜਾਂ ਪਾਕਿਸਤਾਨੀ ਫੋਰਸਾਂ ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਗ੍ਰੈਂਡ ਟਰੰਕ ਰੋਡ ਕਿੱਥੇ ਭਾਰਤ ਤੋਂ ਵੱਖ ਹੁੰਦੀ ਹੈ ਤੇ ਕਿੱਥੇ ਪਾਕਿਸਤਾਨ 'ਚ ਪ੍ਰਵੇਸ਼ ਕਰਦੀ ਹੈ। ਅਕਤੂਬਰ, 1947 ਦੇ ਦੂਜੇ ਹਫ਼ਤੇ ਸ: ਚੋਪੜਾ ਨੇ ਰਾਸ਼ਟਰੀ ਸਰਹੱਦ ਵਿਖੇ ਪਾਕਿਸਤਾਨੀ ਸੈਨਾ ਦੇ ਨਵ-ਨਿਯੁਕਤ ਅਧਿਕਾਰੀ ਬ੍ਰਿਗੇਡੀਅਰ ਨਾਸਿਰ ਅਹਿਮਦ ਨਾਲ ਮੁਲਾਕਾਤ ਕੀਤੀ, ਜੋ ਕਿ ਵੰਡ ਤੋਂ 3 ਮਹੀਨੇ ਪਹਿਲਾਂ ਉਨ੍ਹਾਂ ਦੇ ਨਾਲ ਇਕੋ ਰੈਜੀਮੈਂਟ 'ਚ ਕੰਮ ਕਰ ਚੁੱਕਾ ਸੀ। ਦੋਵਾਂ ਨੇ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ਮੁੱਖ ਸੜਕ 'ਤੇ ਦੋ ਲੋਹੇ ਦੇ ਖ਼ਾਲੀ ਡਰੰਮਾਂ 'ਤੇ ਸਫ਼ੈਦੀ ਕਰ ਕੇ ਭਾਰਤ-ਪਾਕਿਸਤਾਨ ਲਿਖਦਿਆਂ ਕੌਮਾਂਤਰੀ ਸਰਹੱਦ ਕਾਇਮ ਕਰ ਦਿੱਤੀ। ਭਾਰਤ-ਪਾਕਿ ਸਰਹੱਦ 'ਤੇ ਇਸ ਬਾਰੇ 'ਚ ਲਗਾਏ ਗਏ ਪਿੱਤਲ ਦੇ ਪੱਤਰੇ 'ਤੇ ਅੱਜ ਵੀ ਬ੍ਰਿਗੇਡੀਅਰ ਸ: ਮਹਿੰਦਰ ਸਿੰਘ ਚੋਪੜਾ ਦੁਆਰਾ ਸਰਹੱਦ ਕਾਇਮ ਕੀਤੇ ਜਾਣ ਬਾਰੇ ਜਾਣਕਾਰੀ ਦਰਜ ਹੈ।
ਦੇਸ਼ ਦੀ ਵੰਡ ਦੇ 60 ਵਰ੍ਹੇ ਬਾਅਦ ਭਾਰਤ ਸਰਕਾਰ ਨੂੰ ਇਹ ਧਿਆਨ ਆਇਆ ਕਿ ਵਾਹਗਾ ਪਿੰਡ ਮੌਜੂਦਾ ਸਮੇਂ ਲਾਹੌਰ ਦੇ ਅਧੀਨ ਹੈ ਅਤੇ ਜਾਇੰਟ ਚੈੱਕ ਪੋਸਟ ਤੋਂ 1.5 ਕਿਲੋਮੀਟਰ ਦੀ ਦੂਰੀ 'ਤੇ ਪਾਕਿ ਸਰਹੱਦ ਵੱਲ ਹੈ। ਜਦਕਿ ਜਿੱਥੇ ਜੀ. ਸੀ. ਪੀ. ਮੌਜੂਦ ਹੈ, ਉਹ ਭਾਰਤੀ ਪਿੰਡ ਅਟਾਰੀ ਦਾ ਹਿੱਸਾ ਹੈ, ਜਿਸ ਦੇ ਬਾਅਦ ਇਤਿਹਾਸਕ ਫ਼ੈਸਲਾ ਲੈਂਦਿਆਂ 8 ਸਤੰਬਰ, 2007 ਨੂੰ ਭਾਰਤ ਪਾਸੇ ਸਰਹੱਦ ਦਾ ਨਾਂਅ ਬਦਲ ਕੇ ਅਟਾਰੀ ਬਾਰਡਰ ਰੱਖ ਦਿੱਤਾ ਗਿਆ, ਜੋ ਸਰਕਾਰੀ ਆਦੇਸ਼ ਜਾਰੀ ਹੋਣ ਦੇ ਬਾਅਦ ਸਿਰਫ਼ ਸਰਕਾਰੀ ਦਸਤਾਵੇਜ਼ਾਂ ਅਤੇ ਸਰਕਾਰੀ ਕੰਮਕਾਜ ਤੱਕ ਹੀ ਸੀਮਤ ਹੈ। ਅਜੇ ਵੀ ਭਾਰਤ ਪਾਸੇ ਅਣਗਹਿਲੀ ਨਾਲ ਅਟਾਰੀ-ਵਾਹਗਾ ਸਰਹੱਦ ਨੂੰ 'ਅਟਾਰੀ ਬਾਰਡਰ' ਦੀ ਜਗ੍ਹਾ 'ਵਾਹਗਾ ਸਰਹੱਦ' ਅਤੇ ਹਰ ਸ਼ਾਮ ਸਰਹੱਦ 'ਤੇ ਦੋਵਾਂ ਪਾਸਿਆਂ ਦੇ ਸੁਰੱਖਿਆ ਬਲਾਂ ਵਲੋਂ ਸਾਂਝੇ ਤੌਰ 'ਤੇ ਪੇਸ਼ ਕੀਤੀ ਜਾਣ ਵਾਲੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ) ਨੂੰ 'ਵਾਹਗਾ ਰੀਟਰੀਟ ਸੈਰਾਮਨੀ' ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਹਰ ਸ਼ਾਮ ਯਾਤਰੂਆਂ ਨੂੰ ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਵਿਖਾਉਣ ਲਈ ਲੈ ਕੇ ਜਾਣ ਵਾਲੀਆਂ ਡਬਲ ਡੈਕਰ ਬੱਸਾਂ, 300 ਦੇ ਲਗਪਗ ਨਿੱਜੀ ਟੈਕਸੀਆਂ ਤੇ ਆਟੋ ਰਿਕਸ਼ਿਆਂ ਅਤੇ ਸਰਹੱਦ ਨੂੰ ਜਾਂਦੇ ਪ੍ਰਮੁੱਖ ਰਸਤੇ 'ਤੇ ਅਟਾਰੀ ਦੀ ਜਗ੍ਹਾ ਵਾਹਗਾ ਸਰਹੱਦ ਦੇ ਬੋਰਡ ਲਗਾਏ ਗਏ ਹਨ। ਇਸ ਸਭ ਨੂੰ ਲੈ ਕੇ ਹੋਰਨਾਂ ਨਾਗਰਿਕਾਂ ਸਮੇਤ ਬਾਹਰੋਂ ਆਉਣ ਵਾਲੇ ਸੈਲਾਨੀਆਂ 'ਚ ਭਾਰਤੀ ਸਰਹੱਦ ਦੇ ਅਸਲ ਨਾਂਅ ਨੂੰ ਲੈ ਕੇ ਵੱਡਾ ਭੁਲੇਖਾ ਬਣਿਆ ਹੋਇਆ ਹੈ।


-ਅੰਮ੍ਰਿਤਸਰ। ਮੋਬਾ: 93561-27771

ਗੁਰਮਤਿ ਸੰਗੀਤ ਨੂੰ ਡਾ: ਗੁਰਨਾਮ ਸਿੰਘ ਦੀ ਦੇਣ

ਕੱਝ ਵਿਰਲੇ-ਟਾਵੇਂ ਪਰਿਵਾਰ ਅਜਿਹੇ ਹੁੰਦੇ ਹਨ, ਜਿਨ੍ਹਾਂ 'ਤੇ ਕਾਦਰ ਦੀਆਂ ਵਿਸ਼ੇਸ਼ ਮਿਹਰਾਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਵਿਚ ਹੀ ਸ਼ਾਮਲ ਹੈ ਡਾ: ਗੁਰਨਾਮ ਸਿੰਘ ਦਾ ਪਰਿਵਾਰ, ਜਿਸ ਨੂੰ ਗੁਰੂ ਦੀ ਕੀਰਤੀ ਗਾਇਨ ਕਰਨ ਦਾ ਸੁਭਾਗ ਪਿਤਾ ਪੁਰਖੀ ਰੂਪ ਵਿਚ ਪ੍ਰਾਪਤ ਹੋਇਆ। ਡਾ: ਗੁਰਨਾਮ ਸਿੰਘ ਦੇ ਪਿਤਾ ਸ਼੍ਰੋਮਣੀ ਰਾਗ਼ੀ ਭਾਈ ਉਤਮ ਸਿੰਘ ਪਤੰਗ ਸਨ। ਅੱਗੋਂ ਉਨ੍ਹਾਂ ਦੇ 3 ਪੁੱਤਰਾਂ ਡਾ: ਗੁਰਨਾਮ ਸਿੰਘ, ਡਾ: ਜਾਗੀਰ ਸਿੰਘ ਅਤੇ ਡਾ: ਬਚਿੱਤਰ ਸਿੰਘ (ਤਿੰਨੋਂ ਸ਼੍ਰੋਮਣੀ ਰਾਗ਼ੀ) 'ਤੇ ਵੀ ਅਕਾਲ ਪੁਰਖ਼ ਦੀ ਬਖਸ਼ਿਸ਼ ਹੈ। ਇਨ੍ਹਾਂ ਨੇ ਗੁਰਬਾਣੀ ਗਾਇਨ ਦੇ ਨਾਲ-ਨਾਲ ਗੁਰਮਤਿ ਸੰਗੀਤ ਪ੍ਰਤੀ ਮਾਣਮੱਤੇ ਖੋਜ ਕਾਰਜ ਕੀਤੇ ਹਨ। ਡਾ: ਗੁਰਨਾਮ ਸਿੰਘ ਗੁਰਮਤਿ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ, ਆਗਰਾ ਘਰਾਣੇ ਦੇ ਪਦਮਸ੍ਰੀ ਉਸਤਾਦ ਸੋਹਨ ਸਿੰਘ, ਪਟਿਆਲਾ ਘਰਾਣੇ ਦੇ ਉਸਤਾਦ ਬਾਕਿਰ ਹੁਸੈਨ ਤੇ ਪ੍ਰਿੰ: ਐਸ. ਐਸ. ਕਰੀਰ ਦੇ ਲਾਡਲੇ ਸ਼ਿਸ਼ ਰਹੇ ਹਨ।
ਡਾ: ਗੁਰਨਾਮ ਸਿੰਘ ਨੇ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵੱਖ-ਵੱਖ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 122 ਖੋਜ ਪੱਤਰਾਂ ਅਤੇ 200 ਤੋਂ ਵੱਧ ਖੋਜ ਲੇਖਾਂ ਦਾ ਲੇਖਣ ਕੀਤਾ ਹੈ, ਜਿਨ੍ਹਾਂ ਨੂੰ ਵੱਖ-ਵੱਖ ਯੂਨੀਵਰਸਿਟੀਆਂ ਅਤੇ ਪ੍ਰਕਾਸ਼ਕਾਂ ਨੇ ਛਾਪਿਆ ਹੈ। ਉਨ੍ਹਾਂ ਦੇ ਵਿਸ਼ੇਸ਼ ਕਾਰਜਾਂ 'ਚੋਂ ਯੂ.ਜੀ.ਸੀ. ਪ੍ਰਾਜੈਕਟ ਲਈ 9 ਵੀਡੀਓ ਲੈਕਚਰ, 26 ਆਡੀਓ ਰਿਕਾਰਡਿੰਗਜ਼, 4 ਵੀਡੀਓ ਰਿਕਾਰਡਿੰਗਜ਼, 5 ਡਾਕੂਮੈਂਟਰੀ ਫ਼ਿਲਮਾਂ, 6 ਸਿਗਨੇਚਰ ਧੁਨਾਂ ਆਦਿ ਤਿਆਰ ਕਰਨਾ ਪ੍ਰਮੁੱਖ ਹਨ। ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਉਨ੍ਹਾਂ ਦੀ ਖੋਜ ਵਿਸ਼ਵ ਪੱਧਰੀ ਮੰਨੀ ਜਾਂਦੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗਾਂ ਦੇ ਮੁਖੀ ਰਹੇ ਹਨ। ਮਗਰੋਂ ਪਟਿਆਲਾ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਵਿਭਾਗ ਦੇ ਬਾਨੀ ਹੈੱਡ ਵਜੋਂ ਉਨ੍ਹਾਂ ਦੀਆਂ ਹੇਠ ਲਿਖੀਆਂ ਪ੍ਰਾਪਤੀਆਂ ਹਨ :
* 2003 'ਚ ਡਾ: ਜਸਬੀਰ ਕੌਰ ਖਾਲਸਾ, ਚੇਅਰਪਰਸਨ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਨਵੀਂ ਦਿੱਲੀ ਦੇ ਵਿੱਤੀ ਸਹਿਯੋਗ ਨਾਲ ਗੁਰਮਤਿ ਸੰਗੀਤ ਚੇਅਰ।
* 2005 ਵਿਚ ਤਤਕਾਲੀ ਉਪ ਕੁਲਪਤੀ ਡਾ: ਐਸ. ਐਸ. ਬੋਪਾਰਾਏ ਦੀ ਸਰਪ੍ਰਸਤੀ ਹੇਠ ਗੁਰਮਤਿ ਸੰਗੀਤ ਵਿਭਾਗ।
* 2007 ਵਿਚ ਗੁਰਮਤਿ ਸੰਗੀਤ ਭਵਨ।
* 2010 ਵਿਚ ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ਼ ਮਿਊਜ਼ਿਕ।
* 2011 ਵਿਚ ਅਖੰਡ ਕੀਰਤਨੀ ਜਥਾ ਸਰੀ (ਕੈਨੇਡਾ) ਦੇ ਵਿੱਤੀ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ।
* 2014 'ਚ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ।
* 2016 ਵਿਚ ਸਵ: ਰਾਗੀ ਅਵਤਾਰ ਸਿੰਘ ਦਿੱਲੀ ਦੇ ਪਰਿਵਾਰ ਦੇ ਮਾਲੀ ਸਹਿਯੋਗ ਨਾਲ ਭਾਈ ਜੁਆਲਾ ਰਾਗ਼ੀ ਆਡੀਟੋਰੀਅਮ।
* 2017 ਵਿਚ ਤੇਜ ਪ੍ਰਤਾਪ ਸੰਧੂ ਦੇ ਸਹਿਯੋਗ ਨਾਲ ਰਾਗ ਰਤਨ ਆਰਟ ਗੈਲਰੀ।
ਇਸ ਤੋਂ ਇਲਾਵਾ ਉਨ੍ਹਾਂ ਨੇ 2003 ਤੋਂ ਗੁਰਮਤਿ ਸੰਗੀਤ ਉਤਸਵ ਆਰੰਭ ਕਰਵਾਇਆ, ਜਿਹੜਾ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਸ਼ਾਸਤਰੀ ਸੰਗੀਤ ਨੂੰ ਹੱਲਾਸ਼ੇਰੀ ਦੇਣ ਲਈ ਯੂਨੀਵਰਸਿਟੀ ਵਿਚ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਆਰੰਭ ਕਰਵਾਇਆ। ਪੰਜਾਬ ਦੇ ਸ਼ਾਸਤਰੀ ਸੰਗੀਤਕਾਰਾਂ ਲਈ ਪੰਜਾਬ ਸੰਗੀਤ ਰਤਨ ਐਵਾਰਡ ਦੀ ਸਥਾਪਨਾ ਕੀਤੀ। ਪਦਮ ਸ੍ਰੀ ਉਸਤਾਦ ਸੋਹਨ ਸਿੰਘ ਸਮ੍ਰਿਤੀ ਸਮਾਰੋਹ ਦੀ ਆਰੰਭਤਾ ਅਤੇ ਸ਼ਾਸਤਰੀ ਸੰਗੀਤ ਵਿਚ ਪ੍ਰਚੱਲਿਤ ਪੰਜਾਬੀ ਬੰਦਿਸ਼ਾਂ ਬਾਰੇ 'ਪੰਜਾਬੀ ਬੰਦਿਸ਼ਾਂ' ਪੁਸਤਕ ਦਾ ਪ੍ਰਕਾਸ਼ਨ ਕਰਵਾਇਆ। ਡਾ: ਗੁਰਨਾਮ ਸਿੰਘ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਸੰਗੀਤ ਤੇ ਗੁਰਮਤਿ ਸੰਗੀਤ ਕੇਂਦਰ ਚਲਾ ਰਹੇ ਹਨ। ਉੱਥੇ ਗੁਰਮਤਿ ਸੰਗੀਤ ਦਰਬਾਰ, ਸਿਖਲਾਈ ਵਰਕਸ਼ਾਪ, ਪ੍ਰਤੀਯੋਗਤਾਵਾਂ ਤੇ ਸੈਮੀਨਾਰ ਵੀ ਲਾਉਂਦੇ ਹਨ।
ਡਾ: ਗੁਰਨਾਮ ਸਿੰਘ ਦੇ ਸ਼ਾਗਿਰਦਾਂ ਦਾ ਘੇਰਾ ਵਿਸ਼ਵ ਪੱਧਰੀ ਹੈ। ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਲੈ ਕੇ ਅਮਰੀਕਾ ਦੇ ਵ੍ਹਾਈਟ ਹਾਊਸ ਤੱਕ ਉਨ੍ਹਾਂ ਦੇ ਸ਼ਾਗਿਰਦ ਕਾਰਜਸ਼ੀਲ ਹਨ। ਉਨ੍ਹਾਂ ਦੀ ਅਗਵਾਈ ਹੇਠ ਅਣਗਿਣਤ ਵਿਦਿਆਰਥੀਆਂ ਨੇ ਪੀ. ਐਚ. ਡੀ. ਤੇ ਹੋਰ ਖੋਜ ਕਾਰਜ ਕੀਤੇ ਹਨ। ਉਨ੍ਹਾਂ ਦੇ ਸ਼ਾਗਿਰਦ ਅਨੇਕਾਂ ਤਾਲੀਮੀ ਅਦਾਰਿਆਂ ਵਿਚ ਬਤੌਰ ਡੀਨ, ਪ੍ਰੋਫੈਸਰ, ਟੀਚਰ, ਗਾਇਕ, ਸੰਗੀਤ ਨਿਰਦੇਸ਼ਕ/ਨਿਰਮਾਤਾ ਵਜੋਂ ਨਾਮਣਾ ਖੱਟ ਰਹੇ ਹਨ। ਡਾਕਟਰ ਸਾਹਿਬ ਨੇ ਗੁਰੂ-ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਾਈ। ਉਨ੍ਹਾਂ ਨੇ ਰਬਾਬ ਬਾਰੇ ਖੋਜ ਕਰਕੇ ਘਾੜਤ ਘੜਵਾਈ, ਟ੍ਰੇਨਿੰਗ ਵਰਕਸ਼ਾਪਾਂ ਲਗਵਾਈਆਂ ਤੇ ਰਬਾਬੀ ਉਸਤਾਦਾਂ ਨੂੰ ਲੱਭਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਤਾਊਸ ਗਾਇਨ ਸ਼ੁਰੂ ਕੀਤਾ ਅਤੇ ਅਨੇਕਾਂ ਵਿਦਿਆਰਥੀ ਤਿਆਰ ਕੀਤੇ, ਜਿਹੜੇ ਹਰਿਮੰਦਰ ਸਾਹਿਬ ਵਿਚ ਰਾਗੀਆਂ ਨਾਲ ਸੰਗਤ ਕਰਦੇ ਹਨ।
ਉਨ੍ਹਾਂ ਦੀ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 2001 ਵਿਚ ਸ਼੍ਰੋਮਣੀ ਰਾਗੀ ਐਵਾਰਡ ਦਿੱਤਾ ਗਿਆ। 2003 ਵਿਚ ਸੰਗੀਤ ਨਾਟਕ ਅਕੈਡਮੀ ਵਲੋਂ ਸੀਨੀਅਰ ਫੈਲੋਸ਼ਿਪ ਦਿੱਤੀ ਗਈ। 2010 ਵਿਚ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ। 2011 ਵਿਚ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਐਵਾਰਡ। 2017 ਵਿਚ ਭਾਈ ਨੰਦ ਲਾਲ ਗੁਰ ਹਰਜਸ ਸਨਮਾਨ। ਵਿਸਮਾਦ ਨਾਦ ਜਵੱਦੀ ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ। ਹਰਿਵਲੱਭ ਸੰਗੀਤ ਸੰਮੇਲਨ ਵਲੋਂ ਬੈਸਟ ਰਾਗੀ ਐਵਾਰਡ ਅਤੇ ਐਜੂਕੇਸ਼ਨਜ਼ ਤੇ ਚੀਫ਼ ਖਾਲਸਾ ਦੀਵਾਨ ਵਲੋਂ ਐਵਾਰਡ ਉਨ੍ਹਾਂ ਦੀ ਝੋਲੀ ਪਏ। ਉਨ੍ਹਾਂ ਦੀਆਂ ਵਿਸ਼ਵ ਵਿਆਪੀ ਸੰਗੀਤਕ ਖ਼ਿਦਮਾਤ ਦੇ ਪੇਸ਼-ਏ-ਨਜ਼ਰ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਇਸ ਸਾਲ 6 ਫਰਵਰੀ ਨੂੰ ਕੌਮੀ ਪੱਧਰ ਦੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਨਵਾਜਿਆ ਗਿਆ।
ਡਾ: ਗੁਰਨਾਮ ਸਿੰਘ ਪਿਛਲੇ 3 ਦਹਾਕਿਆਂ ਤੋਂ ਵੱਧ ਸਮਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਬਤੌਰ ਪ੍ਰੋ: ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਆਪਣਾ ਅਕਾਦਮਿਕ ਸਫ਼ਰ 1983 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਆਰੰਭ ਕੀਤਾ ਤੇ ਫ਼ਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ਇਲਾਵਾ ਹਾਫਸਟਰਾ ਯੂਨੀਵਰਸਿਟੀ (ਅਮਰੀਕਾ) ਦੇ ਵਿਜ਼ਟਿੰਗ ਸਕਾਲਰ, ਫੈਕਲਟੀ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਮਿਕ ਦੇ ਉੱਚ ਅਹੁਦਿਆਂ ਤੋਂ ਇਲਾਵਾ ਅਕਾਦਮਿਕ ਕੌਂਸਲ, ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਸਰਕਰਦਾ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਬਰਸੀ 'ਤੇ ਵਿਸ਼ੇਸ਼

ਸਿੱਖ ਇਤਿਹਾਸ ਦਾ ਖੋਜੀ ਕਰਮ ਸਿੰਘ ਹਿਸਟੋਰੀਅਨ

20ਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ ਇਤਿਹਾਸ ਨੂੰ ਲਿਖਣ ਲਈ ਵਿਗਿਆਨਕ ਪਹੁੰਚ ਅਪਣਾਉਣ ਵਾਲੇ ਸ: ਕਰਮ ਸਿੰਘ ਹਿਸਟੋਰੀਅਨ ਨੂੰ ਅੱਜ ਵੀ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਸ: ਕਰਮ ਸਿੰਘ ਦਾ ਜਨਮ ਮੌਜੂਦਾ ਜ਼ਿਲ੍ਹਾ ਤਰਨ ਤਾਰਨ ਦੇ ਇਤਿਹਾਸਕ ਪਿੰਡ ਝਬਾਲ ਵਿਚ ਸ: ਝੰਡਾ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖ ਤੋਂ ਹੋਇਆ। ਇਨ੍ਹਾਂ ਆਪਣੀ ਮੁਢਲੀ ਤਾਲੀਮ ਪਿੰਡ ਦੇ ਸਕੂਲ ਤੋਂ ਤੇ ਦਸਵੀਂ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਤੋਂ ਕੀਤੀ। ਸ: ਕਰਮ ਸਿੰਘ ਨੇ ਗਰੈਜੂਏਸ਼ਨ ਕਰਨ ਲਈ ਖਾਲਸਾ ਕਾਲਜ ਅੰਮ੍ਰਿਤਸਰ 'ਚ ਦਾਖਲਾ ਲਿਆ। ਪਰ 1905 ਈਸਵੀ ਵਿਚ ਡਿਗਰੀ ਦਾ ਇਮਤਿਹਾਨ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਸਿੱਖ ਇਤਿਹਾਸ ਦੀ ਖੋਜ ਵਿਚ ਸਮਰਪਿਤ ਭਾਵਨਾ ਨਾਲ ਜੁਟ ਗਏ।
ਇਨ੍ਹਾਂ ਸੰਤ ਅਤਰ ਸਿੰਘ ਦੀ ਅਗਵਾਈ ਵਿਚ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਆਪਣੇ ਮੁਢਲੇ ਨਾਂਅ ਮਹਿਰਾਜ ਸਿੰਘ ਤੋਂ ਅੰਮ੍ਰਿਤ ਛਕ ਕੇ 'ਕਰਮ ਸਿੰਘ' ਦਾ ਨਾਂਅ ਧਾਰਨ ਕੀਤਾ। ਹੁਣ ਜਦੋਂ ਆਪਣੀ ਤੱਥਾਂ 'ਤੇ ਆਧਾਰਿਤ ਵਿਗਿਆਨਕ ਪਹੁੰਚ ਮੁਤਾਬਿਕ ਕੀਤੀ ਖੋਜ ਨੂੰ ਛਾਪਣ ਦਾ ਉਪਰਾਲਾ ਸ਼ੁਰੂ ਕੀਤਾ ਤਾਂ ਪ੍ਰੰਪਰਾਵਾਦੀ ਲੋਕਾਂ ਨੇ ਇਸ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ। ਆਰਥਿਕ ਸੰਕਟ ਨੇ ਵੀ ਘੇਰ ਲਿਆ। ਇਸ ਤੋਂ ਪਿੱਛੋਂ ਇਨ੍ਹਾਂ ਨੂੰ ਪੰਡਿਤ ਜਵਾਲਾ ਸਿੰਘ ਆਪਣੇ ਨਾਲ ਪਟਿਆਲਾ ਲੈ ਆਏ, ਇਥੇ ਆ ਕੇ ਉਨ੍ਹਾਂ ਸਰ ਜੋਗਿੰਦਰ ਸਿੰਘ ਦੀ ਮਦਦ ਨਾਲ ਸ: ਕਰਮ ਸਿੰਘ ਨੂੰ ਸਟੇਟ ਹਿਸਟੋਰੀਅਨ ਦੀ ਪਦਵੀ 'ਤੇ ਨਿਯੁਕਤ ਕਰਵਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਲਗਨ ਮੁਤਾਬਿਕ ਸਿੱਖ ਇਤਿਹਾਸ ਦੀ ਖੋਜ ਵੀ ਜਾਰੀ ਰੱਖੀ।
27 ਦਸੰਬਰ 1929 ਈਸਵੀ ਨੂੰ ਅੰਮ੍ਰਿਤਸਰ ਵਿਖੇ ਸਿੱਖ ਹਿਸਟੋਰੀਅਨ ਸੁਸਾਇਟੀ ਦੀ ਸਥਾਪਨਾ ਹੋਈ। ਇਹ ਸੁਸਾਇਟੀ ਦੇ ਸਕੱਤਰ ਦੀ ਸੇਵਾ ਇਨ੍ਹਾਂ ਨੂੰ ਸੌਂਪੀ ਗਈ। ਇਨ੍ਹਾਂ ਦਿਨਾਂ ਵਿਚ ਹੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਤਿਹਾਸਕ ਖੋਜ ਲਈ ਇਕ ਕੇਂਦਰ ਵਿਭਾਗ ਵਜੋਂ ਸਥਾਪਤ ਕੀਤਾ ਗਿਆ। ਇਸ ਵਿਭਾਗ ਦੀ ਸਾਰੀ ਜ਼ਿੰਮੇਵਾਰੀ ਸ: ਕਰਮ ਸਿੰਘ ਨੂੰ ਸੌਂਪੀ ਗਈ। ਸ: ਕਰਮ ਸਿੰਘ ਹਿਸਟੋਰੀਅਨ ਨੇ 1907 ਈਸਵੀ ਵਿਚ 'ਜੀਵਨ ਬ੍ਰਿਤਾਂਤ ਬੰਦਾ ਬਹਾਦਰ', 'ਜੀਵਨ ਸ੍ਰੀਮਤੀ ਸਦਾ ਕੌਰ' ਅਤੇ 'ਬੀਬੀ ਹਰਨਾਮ ਕੌਰ ਜੀ' ਨਾਂਅ ਦੀਆਂ ਪੁਸਤਕਾਂ ਪਾਠਕਾਂ ਨੂੰ ਭੇਟ ਕੀਤੀਆਂ। ਇਸ ਤੋਂ ਪਿੱਛੋਂ 'ਜੀਵਨ ਬ੍ਰਿਤਾਂਤ ਬਾਬਾ ਆਲਾ ਸਿੰਘ', 'ਕੇਸ ਅਤੇ ਸਿੱਖੀ', 'ਚਿੱਠੀਆਂ ਤੇ ਪ੍ਰਸਤਾਵ', 'ਬੰਦਾ ਕੌਣ ਸੀ?' ਆਦਿ ਬਹੁਤ ਸਾਰੀਆਂ ਪੁਸਤਕਾਂ ਇਤਿਹਾਸ ਦੇ ਪਾਠਕਾਂ ਦੀ ਦ੍ਰਿਸ਼ਟੀਗੋਚਰ ਕੀਤੀਆਂ। 1912 ਈਸਵੀ ਵਿਚ ਇਨ੍ਹਾਂ ਦੀ ਇਤਿਹਾਸਕ ਖੋਜ ਦਾ ਵੱਡਾ ਕਾਰਜ 'ਕੱਤਕ ਕਿ ਵਿਸਾਖ' ਖੋਜ ਮਾਡਲ ਵਜੋਂ ਛਪਿਆ, ਜਿਹੜਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਖਰ ਇਹ ਖੋਜੀ ਰੂਹ ਤਰਨ ਤਾਰਨ ਵਿਖੇ 10 ਸਤੰਬਰ, 1930 ਈਸਵੀ ਨੂੰ ਹਮੇਸ਼ਾ ਲਈ ਸਾਡੇ ਤੋਂ ਜੁਦਾ ਹੋ ਗਈ।


bhagwansinghjohal@gmail.com

ਸ਼ਬਦ ਵਿਚਾਰ

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ

॥ ਜਪੁ॥
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਚੁਪੈ ਚੁਪ ਨ ਹੋਵਈ
ਜੇ ਲਾਇ ਰਹਾ ਲਿਵ ਤਾਰ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਸਹਸ ਸਿਆਣਪਾ ਲਖ ਹੋਹਿ
ਤ ਇਕ ਨ ਚਲੈ ਨਾਲਿ॥
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ॥ ੧॥ (ਅੰਗ 1)
ਪਦ ਅਰਥ : ਆਦਿ-ਸਮੇਂ ਤੋਂ ਪਹਿਲਾਂ। ਸਚੁ-ਸਦਾ ਕਾਇਮ ਰਹਿਣ ਵਾਲਾ। ਜੁਗਾਦਿ-ਜੁਗਾਂ ਦੇ ਆਰੰਭ ਤੋਂ ਪਹਿਲਾਂ। ਹੈ-ਹੁਣ ਵੀ ਹੈ। ਹੋਸੀ ਭੀ ਸਚੁ-ਅੱਗੇ ਲਈ ਵੀ ਉਸ ਦੀ ਹਸਤੀ (ਹੋਂਦ) ਕਾਇਦ ਰਹੇਗੀ। ਸੋਚੈ-ਤਨ ਦੀ ਸੁੱਚਤਾ ਰੱਖਣ ਨਾਲ। ਸੋਚਿ-ਮਨ ਦੀ ਸੁੱਚਤਾ, ਮਨ ਦੀ ਪਵਿੱਤਰਤਾ। ਸੋਚੀ-ਸੁੱਚ ਰੱਖਾਂ। ਚੁਪੈ-ਚੁੱਪ ਕੀਤਿਆਂ। ਚੁਪ-ਮਨ ਦੀ ਚੁੱਪ, ਮਨ ਦੀ ਸ਼ਾਂਤੀ ਅਥਵਾ ਟਿਕਾਉ। ਲਾਇ ਰਹਾ-ਲਾਈ ਰੱਖਾਂ। ਲਿਵ ਤਾਰ-ਲਿਵ ਦੀ ਤਾਰ, ਸਮਾਧੀ। ਭੁਖਿਆ-ਭੁੱਖਿਆਂ ਰਹਿਣ ਨਾਲ। ਭੁਖ-ਤ੍ਰਿਸ਼ਨਾ। ਨ ਉਤਰੀ-ਦੂਰ ਨਹੀਂ ਹੁੰਦੀ। ਬੰਨਾ-ਬੰਨ੍ਹ ਲਵਾਂ। ਪੁਰੀਆ ਭਾਰ-ਸਾਰੀਆਂ ਪੁਰੀਆਂ ਅਥਵਾ ਸਾਰੇ ਭਵਨਾਂ ਦੇ ਪਦਾਰਥ। ਸਹਸ-ਹਜ਼ਾਰਾਂ। ਸਿਆਣਪਾ-ਚਤੁਰਾਈਆਂ। ਸਚਿਆਰਾ-ਸੱਚ ਨੂੰ ਧਾਰਨ ਕਰਨ ਵਾਲਾ, ਸੱਚਾ। ਕੂੜੈ-ਝੂਠ ਦੀ। ਪਾਲਿ-ਦੀਵਾਰ, ਕੰਧ, ਪੜਦਾ। ਰਜਾਈ-ਰਜ਼ਾ ਵਿਚ। ਲਿਖਿਆ ਨਾਲ-ਲਿਖਿਆ ਚੱਲਿਆ ਆ ਰਿਹਾ ਹੈ।
'ਜਪੁ' ਜੀ ਸਾਹਿਬ ਦੇ ਆਰੰਭ ਵਿਚ ਆਏ ਸਲੋਕ ਵਿਚ 'ੴ' ਦੀ ਹੋਂਦ ਬਾਰੇ ਦਰਸਾਇਆ ਗਿਆ ਹੈ ਕਿ ਅਕਾਲ ਪੁਰਖ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਹੈ, ਹੁਣ ਵੀ ਮੌਜੂਦ ਹੈ ਅਤੇ ਅੱਗੇ ਤੋਂ ਵੀ ਸਦਾ ਕਾਇਮ ਰਹੇਗਾ, ਜਿਸ ਨੂੰ ਆਪ ਜੀ ਨੇ ਰਾਗੁ ਆਸਾ ਵਿਚ ਇਸ ਤਰ੍ਹਾਂ ਪ੍ਰਗਟਾਇਆ ਹੈ-
ਆਦਿ ਜੁਗਾਦੀ ਹੈ ਭੀ ਹੋਸੀ
ਅਵਰੁ ਝੂਠਾ ਸਭੁ ਮਾਨੋ॥
(ਰਾਗੁ ਆਸਾ ਮਹਲਾ ੧, ਅੰਗ 437)
ਭਾਵ ਪਰਮਾਤਮਾ ਸ੍ਰਿਸ਼ਟੀ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਕਾਇਮ ਹੈ, ਹੁਣ ਵੀ ਮੌਜੂਦ ਹੈ, ਅੱਗੇ ਵੀ ਸਦਾ ਕਾਇਮ ਰਹੇਗਾ, ਬਾਕੀ ਹੋਰ ਸਭ ਨਾਸ਼ਵੰਤ ਹਨ।
ਜਗਤ ਰਚਨਾ ਤੋਂ ਕਰੋੜਾਂ-ਅਰਬਾਂ ਸਾਲਾਂ ਤੋਂ ਪਹਿਲਾਂ ਜਦੋਂ ਸਭ ਪਾਸੇ ਘੁੱਪ ਹਨੇਰਾ ਸੀ, ਨਾ ਧਰਤੀ ਸੀ, ਨਾ ਆਕਾਸ਼ ਸੀ ਅਤੇ ਨਾ ਹੀ ਕਿਧਰੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ, ਤਦੋਂ ਪਰਮਾਤਮਾ ਆਪਣੇ-ਆਪ ਵਿਚ ਸਮਾਧੀ ਲਾਈ ਬੈਠਾ ਸੀ-
ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥
(ਰਾਗੁ ਮਾਰੂ ਸੋਲਹੇ ਮਹਲਾ ੧, ਅੰਗ 1035)
ਅਰਬਦ-10 ਕਰੋੜ। ਨਰਬਦ-ਨ ਅਰਬਦ, ਗਿਣਤੀ ਤੋਂ ਪਰੇ। ਧਰਣਿ-ਧਰਤੀ। ਗਗਨਾ-ਆਕਾਸ਼। ਅਪਾਰਾ-ਬੇਅੰਤ। ਰੈਨਿ-ਰਾਤ। ਸੁੰਨ ਸਮਾਧਿ ਲਗਾਇੰਦਾ-ਪਰਮਾਤਮਾ ਆਪਣੇ ਵਿਚ ਸਮਾਧੀ ਲਾਈ ਬੈਠਾ ਸੀ।
'ਜਪੁ' ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਜਗਤ ਗੁਰੂ ਬਾਬਾ ਨੇ ਵਹਿਮਾਂ ਤੇ ਭਰਮਾਂ ਵਿਚ ਫਸੀ ਹੋਈ ਲੋਕਾਈ ਨੂੰ ਪ੍ਰਭੂ ਮਿਲਾਪ ਦਾ ਸਰਲ ਅਤੇ ਸੁਖੈਨ ਮਾਰਗ ਦਰਸਾਇਆ ਹੈ। ਪਹਿਲੀਆਂ ਚਾਰ ਤੁਕਾਂ ਵਿਚ ਉਨ੍ਹਾਂ ਪ੍ਰਚੱਲਤ ਫੋਕਟ ਸਾਧਨਾਂ ਦਾ ਜ਼ਿਕਰ ਹੈ, ਜਿਨ੍ਹਾਂ ਨਾਲ ਪਰਮਾਤਮਾ ਅਤੇ ਮਨੁੱਖ ਵਿਚਕਾਰ ਪਈ ਵਿੱਥ ਮਿਟ ਨਹੀਂ ਸਕਦੀ। ਤੀਰਥਾਂ 'ਤੇ ਲੱਖ ਵਾਰੀ ਇਸ਼ਨਾਨ ਕਰਿਆਂ, ਜੰਗਲਾਂ ਵਿਚ ਸਮਾਧੀਆਂ ਲਾਉਣਾ, ਮੌਨ (ਚੁੱਪ ਰਹਿਣ ਨਾਲ) ਧਾਰਨ ਕਰਨਾ, ਇਹ ਸਭ ਫੋਕਟ ਧਾਰਮਿਕ ਕਰਮ ਹਨ। ਇਨ੍ਹਾਂ ਨਾਲ ਮਾਲਕ ਪ੍ਰਭੂ ਨੂੰ ਰਿਝਾਇਆ ਨਹੀਂ ਜਾ ਸਕਦਾ, ਮਨ ਸੁੱਚਾ ਨਹੀਂ ਹੁੰਦਾ ਅਤੇ ਨਾ ਹੀ ਅੰਦਰਲਾ ਸ਼ਾਂਤ ਹੁੰਦਾ ਹੈ। ਇਸੇ ਤਰ੍ਹਾਂ ਭਾਵੇਂ ਸਾਰੇ ਭਵਨਾਂ ਦੇ ਪਦਾਰਥ ਪ੍ਰਾਪਤ ਹੋ ਜਾਣ, ਮਾਇਆ ਦੀ ਤ੍ਰਿਸ਼ਨਾ ਦੂਰ ਨਹੀਂ ਹੁੰਦੀ। ਹਜ਼ਾਰਾਂ-ਲੱਖਾਂ ਕੀਤੀਆਂ ਚਤੁਰਾਈਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ।
ਤਾਂ ਫਿਰ ਪਰਮਾਤਮਾ ਅਤੇ ਮਨੁੱਖ ਵਿਚਕਾਰ ਪਈ ਵਿੱਥ ਨੂੰ ਦੂਰ ਕਰਕੇ ਸੱਚ ਦੇ ਮਾਰਗ 'ਤੇ ਕਿਵੇਂ ਚੱਲਿਆ ਜਾਵੇ? ਇਸ ਦਾ ਉੱਤਰ ਜਗਤ ਗੁਰੂ ਬਾਬਾ ਨਾਨਕ ਨੇ ਪਉੜੀ ਦੀ ਅੰਤਲੀ ਤੁਕ ਵਿਚ ਇਸ ਪ੍ਰਕਾਰ ਆਪ ਹੀ ਦਿੱਤਾ ਹੈ-
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
ਭਾਵ ਅਕਾਲ ਪੁਰਖ ਦੀ ਰਜ਼ਾ (ਭਾਣੇ) ਵਿਚ ਰਹਿ ਕੇ ਜੀਵਨ ਬਤੀਤ ਕਰਨ ਨਾਲ ਪਰਮਾਤਮਾ ਤੇ ਮਨੁੱਖ ਵਿਚਕਾਰ ਪਈ ਝੂਠ ਦੀ ਦੀਵਾਰ ਦੂਰ ਹੋ ਸਕਦੀ ਹੈ। ਆਪ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਦੋਂ ਤੋਂ ਜਗਤ ਦੀ ਰਚਨਾ ਹੋਈ ਹੈ, ਇਹ ਹੁਕਮ ਉਦੋਂ ਤੋਂ ਹੀ ਲਿਖਿਆ ਚੱਲਿਆ ਆ ਰਿਹਾ ਹੈ।
ਜਦੋਂ ਮਨੁੱਖ ਪ੍ਰਭੂ ਦੀ ਰਜ਼ਾ ਅਥਵਾ ਭਾਣੇ ਵਿਚ ਵਿਚਰਦਾ ਹੈ ਤਾਂ ਸੁਖ ਹੋਵੇ ਜਾਂ ਦੁੱਖ, ਉਹ ਹਰ ਅਵਸਥਾ ਵਿਚ ਪ੍ਰਭੂ ਦੇ ਨਾਮ ਦੀ ਅਰਾਧਨਾ ਕਰਦਾ ਹੈ, ਆਤਮਿਕ ਤੌਰ 'ਤੇ ਉਹ ਤ੍ਰਿਪਤ ਹੋ ਜਾਂਦਾ ਹੈ ਅਰਥਾਤ ਉਸ ਦੇ ਮਨ ਅੰਦਰ ਫਿਰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ, ਸੁਖ ਅਤੇ ਦੁੱਖ ਉਸ ਨੂੰ ਇਕ ਸਮਾਨ ਜਾਪਦੇ ਹਨ। ਰਾਗੁ ਸੂਹੀ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ॥
ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ॥ (ਅੰਗ 757)
ਪੰਚਮ ਗੁਰੂਦੇਵ ਦੇ ਰਾਗੁ ਆਸਾ ਵਿਚ ਪਾਵਨ ਬਚਨ ਹਨ ਕਿ ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਰਜ਼ਾ ਵਿਚ ਰਹਿੰਦਾ ਹੈ-
ਜਿਸੁ ਗੁਰੁ ਪੂਰਾ ਭੇਟਸੀ
ਸੋ ਚਲੈ ਰਜਾਏ॥ (ਅੰਗ 396)
ਪ੍ਰਾਣੀ ਵਲੋਂ ਕੀਤੀਆਂ ਚਤੁਰਾਈਆਂ ਅਤੇ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ। ਉਸ ਨੂੰ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਪਰਮਾਤਮਾ ਆਪ ਪ੍ਰਸੰਨ ਹੋ ਕੇ ਦਿੰਦਾ ਹੈ-
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ॥
(ਅੰਗ 396)
ਤੁਠਾ-ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਸਾਹਿਬੁ-ਮਾਲਕ ਪ੍ਰਭੂ।
ਜੇਕਰ ਲੱਖਾਂ ਹੀ ਧਾਰਮਿਕ ਕਰਮ ਕੀਤੇ ਜਾਣ, ਤਾਂ ਵੀ ਦੁੱਖਾਂ ਨੂੰ ਰੋਕਿਆ ਨਹੀਂ ਜਾ ਸਕਦਾ ਅਰਥਾਤ ਦੁੱਖਾਂ ਤੋਂ ਖਲਾਸੀ ਨਹੀਂ ਪਾਈ ਜਾ ਸਕਦੀ-
ਜੇ ਲਖ ਕਰਮ ਕਮਾਈਅਹਿ
ਕਿਛੁ ਪਵੈ ਨ ਬੰਧਾ॥ (ਅੰਗ 396)
ਬੰਧਾ-ਬੰਨ੍ਹ, ਰੋਕ।
ਰਾਗੁ ਆਸਾ ਦੀ ਵਾਰ ਵਿਚ ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਇਕ ਪ੍ਰਭੂ ਦੀ ਟੇਕ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ। ਜੋ ਉਸ ਦੀ (ਪ੍ਰਭੂ ਦੀ) ਮਰਜ਼ੀ ਹੁੰਦੀ ਹੈ, ਉਹੋ ਕੁਝ ਉਹ ਕਰਦਾ ਹੈ-
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥
ਸੋ ਕਰੇ ਜਿ ਤਿਸੈ ਰਜਾਇ॥ (ਅੰਗ 475)
ਏਕੀ ਬਾਹਰੀ-ਇਕ ਪ੍ਰਭੂ ਦੀ ਟੇਕ ਤੋਂ ਬਿਨਾਂ। ਜਾਇ-ਥਾਂ।
ਬਾਣੀ 'ਜਪੁ' ਜੀ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਨੂੰ ਜੋ ਕੁਝ ਚੰਗਾ ਲਗਦਾ ਹੈ, ਉਹੀ ਕੁਝ ਉਹ ਕਰਦਾ ਹੈ। ਉਸ ਨੂੰ ਕਿਸੇ ਪ੍ਰਕਾਰ ਦਾ ਹੁਕਮ ਕੀਤਾ ਨਹੀਂ ਜਾ ਸਕਦਾ ਕਿ ਇੰਜ ਨਹੀਂ, ਇੰਜ ਕਰ। ਪਰਮਾਤਮਾ ਸਾਰੇ ਜਗਤ ਦਾ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ-
ਜੋ ਤਿਸੁ ਭਾਵੈ ਸੋਈ ਕਰਸੀ
ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ
ਨਾਨਕ ਰਹਣੁ ਰਜਾਈ॥
(ਪਉੜੀ ਨੰ: ੨੭, ਅੰਗ 6)
ਇਸ ਲਈ ਅਕਾਲ ਪੁਰਖ ਅੱਗੇ ਸਦਾ ਇਹੋ ਅਰਜੋਈ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ! ਸਭ ਕੁਝ ਤੇਰੇ ਵੱਸ ਵਿਚ ਹੈ। ਸਾਡੇ ਵਿਚ ਐਨਾ ਬਲ ਨਹੀਂ ਕਿ ਅਸੀਂ ਕੁਝ ਕਰ ਸਕੀਏ। ਇਸ ਲਈ ਹੇ ਪ੍ਰਭੂ! ਜਿਵੇਂ ਆਪ ਜੀ ਨੂੰ ਚੰਗਾ ਲਗਦਾ ਹੈ, ਸਾਨੂੰ ਬਖਸ਼ ਲਓ-
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ॥
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ
ਜਿਉ ਭਾਵੈ ਤਿਵੈ ਬਖਸਿ॥
(ਰਾਗੁ ਸੂਹੀ ਮਹਲਾ ੪, ਅੰਗ 736)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਜੀਵਨ ਦਾ ਅੰਤਿਮ ਉਦੇਸ਼ ਸੁੱਖ ਨਹੀਂ ਗਿਆਨ ਹੈ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਵਿਕਾਸ ਬਾਰੇ ਲਿਖਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਇੰਦਰੀਆਂ ਦਾ ਸੁੱਖ ਪ੍ਰਾਪਤ ਕਰਨਾ ਨਹੀਂ, ਸਗੋਂ ਜੀਵ ਦਾ ਉਦੇਸ਼ ਤਾਂ ਗਿਆਨ ਪ੍ਰਾਪਤੀ ਹੈ। ਸੁੱਖ ਅਤੇ ਆਨੰਦ ਦੋਵੇਂ ਵਿਨਾਸ਼ੀ ਹਨ। ਜੇ ਕੋਈ ਵਿਅਕਤੀ ਸੁੱਖ ਨੂੰ ਹੀ ਆਪਣਾ ਅੰਤਿਮ ਉਦੇਸ਼ ਮੰਨ ਲੈਂਦਾ ਹੈ ਤਾਂ ਇਹ ਉਸ ਦੀ ਵੱਡੀ ਭੁੱਲ ਹੈ। ਸੰਸਾਰ ਵਿਚ ਦੁੱਖਾਂ ਦਾ ਵੀ ਇਹੀ ਕਾਰਨ ਹੈ ਕਿ ਮਨੁੱਖ ਸੁੱਖਾਂ ਨੂੰ ਹੀ ਆਪਣਾ ਆਦਰਸ਼ ਅਤੇ ਖੁਸ਼ੀ ਮੰਨ ਲੈਂਦਾ ਹੈ। ਪਰ ਕੁਝ ਸਮੇਂ ਬਾਅਦ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਜਿਸ ਪਾਸੇ ਭੱਜ ਰਿਹਾ ਹੈ, ਉਹ ਸੁੱਖ ਨਹੀਂ ਹੈ। ਉਹ ਤਾਂ ਗਿਆਨ ਹੈ। ਅਸਲ ਵਿਚ ਸੁੱਖ ਅਤੇ ਦੁੱਖ ਦੋਵੇਂ ਹੀ ਮਹਾਨ ਸਿੱਖਿਅਕ ਹਨ। ਜਿੰਨੀ ਸਿੱਖਿਆ ਤੁਹਾਨੂੰ ਭਲਾਈ ਨਾਲ ਮਿਲਦੀ ਹੈ, ਓਨੀ ਹੀ ਬੁਰਾਈ ਤੋਂ ਵੀ। ਮਨੁੱਖ ਦੇ ਚਰਿੱਤਰ ਨੂੰ ਇਕ ਵਿਸ਼ੇਸ਼ ਢਾਂਚੇ ਵਿਚ ਢਾਲਣ ਲਈ ਚੰਗਿਆਈ ਅਤੇ ਬੁਰਾਈ ਦੋਵਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ। ਕਦੇ-ਕਦੇ ਤਾਂ ਸੁੱਖ ਦੀ ਤੁਲਨਾ ਵਿਚ ਦੁੱਖ ਦਾ ਯੋਗਦਾਨ ਵੱਧ ਹੁੰਦਾ ਹੈ। ਜੇ ਅਸੀਂ ਦੁਨੀਆ ਦੇ ਮਹਾਂਪੁਰਖਾਂ ਦੇ ਜੀਵਨ ਦਾ ਅਧਿਐਨ ਕਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੁੱਖ ਨਾਲੋਂ ਦੁੱਖ ਤੇ ਅਮੀਰੀ ਨਾਲੋਂ ਗ਼ਰੀਬੀ ਤੇ ਦਰਿੱਦਰਤਾ ਨੇ ਮਹਾਨ ਬਣਾਉਣ ਵਿਚ ਵੱਧ ਯੋਗਦਾਨ ਪਾਇਆ ਹੈ। ਪ੍ਰਸੰਸਾ ਦੀ ਤੁਲਨਾ ਵਿਚ ਨਿੰਦਾ ਨੇ ਉਨ੍ਹਾਂ ਦੀ ਅੰਤਰ ਆਤਮਾ ਨੂੰ ਵੱਧ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਮਨੁੱਖ ਅਧਿਆਤਮ ਸੁਭਾਅ ਅਤੇ ਬੌਧਿਕ (ਗਿਆਨ-ਪੱਖੀ) ਸੁਭਾਅ ਵੀ ਵੱਧ ਅਨੰਦ ਦਿੰਦਾ ਹੈ। ਇਸ ਲਈ ਅਧਿਆਤਮਿਕ ਗਿਆਨ ਨੂੰ ਹੀ ਪਰਮ ਗਿਆਨ ਮੰਨਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜਨਮ ਦਿਵਸ 'ਤੇ ਵਿਸ਼ੇਸ਼

ਸਾਦਗੀ ਅਤੇ ਸਮਾਜ ਸੇਵਾ ਦਾ ਸੁਮੇਲ-ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲੇ

ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਦਾ ਜਨਮ ਜ਼ਿਲ੍ਹਾ ਰੋਪੜ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਾਂਡੀਆਂ ਕਲਾਂ, ਨੇੜੇ ਨੂਰਪੁਰ ਬੇਦੀ ਵਿਖੇ ਪਿਤਾ ਸ੍ਰੀ ਰਾਮ ਰੱਖਾ ਦੇ ਘਰ ਮਾਤਾ ਸ੍ਰੀਮਤੀ ਮਣਸੋ ਦੇਵੀ ਦੀ ਕੁੱਖ ਤੋਂ ਹੋਇਆ। ਮਹਿਜ 2 ਕੁ ਸਾਲ ਦੀ ਉਮਰ ਵਿਚ ਹੀ ਇਨ੍ਹਾਂ ਦੇ ਪਿਤਾ ਨੇ ਸਵਾਮੀ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਲਾਲ ਦਾਸ ਭੂਰੀਵਾਲਿਆਂ ਨੂੰ ਅਰਪਣ ਕਰ ਦਿੱਤਾ। ਲਾਲ ਦਾਸ ਭੂਰੀਵਾਲਿਆਂ ਦੀ ਇੱਛਾ ਅੁਨਸਾਰ ਇਨ੍ਹਾਂ ਦਾ ਪਾਲਣ-ਪੋਸ਼ਣ ਅਤੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਰਿਵਾਰ ਵਲੋਂ ਕਰਵਾਈ ਗਈ। ਮੈਟ੍ਰਿਕ ਦੀ ਪੜ੍ਹਾਈ ਉਪਰੰਤ ਲੁਧਿਆਣਾ ਸਥਿਤ ਭੂਰੀਵਾਲੇ ਆਸ਼ਰਮ ਵਿਖੇ ਸੰਨਿਆਸ ਧਾਰਨ ਕਰਕੇ ਗੇਰੂਆ ਬਸਤਰ ਪ੍ਰਾਪਤ ਕਰਨ ਉਪਰੰਤ ਕੀਤੇ ਅਤੇ ਆਪ ਦਾ ਨਾਂਅ ਸਵਾਮੀ ਚੇਤਨਾ ਨੰਦ ਰੱਖਿਆ ਗਿਆ। ਫਿਰ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ (ਗਊਆਂ ਵਾਲਿਆਂ) ਨੇ ਉੱਚ ਸਿੱਖਿਆ ਪ੍ਰਾਪਤ ਕਰਨ ਹਿਤ ਕਾਸ਼ੀ ਵਿਖੇ ਸੰਪੂਰਨ ਨੰਦ ਸੰਸਕ੍ਰਿਤੀ ਵਿਸ਼ਵ ਵਿਦਿਆਲਿਆ ਬਨਾਰਸ ਵਿਖੇ ਦਾਖਲਾ ਦਿਵਾਇਆ।
ਸੰਨ 1989 ਤੋਂ 1992 ਤੱਕ ਉਕਤ ਯੂਨੀਵਰਸਿਟੀ ਵਿਚ ਵੇਦਾਂਤ ਸ਼ਾਸਤਰੀ ਅਤੇ ਅਚਾਰੀਆ ਦੀ ਡਿਗਰੀ ਪ੍ਰਾਪਤ ਕੀਤੀ। 1992 ਤੋਂ ਬਾਅਦ ਪੜ੍ਹਾਈ ਪੂਰੀ ਕਰਕੇ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਨਾਲ ਵਿਚਰਨ ਲੱਗੇ। ਇਹੀ ਵਜ੍ਹਾ ਸੀ ਕਿ ਇਸ ਗੁਰਗੱਦੀ ਪ੍ਰੰਪਰਾ ਦੇ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਨੇ ਆਪਣੇ ਸ਼ਿਸ਼ ਸੰਤ-ਮਹਾਂਪੁਰਸ਼ਾਂ ਵਿਚ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੂੰ ਸ੍ਰੀ ਬ੍ਰਹਮ ਸਰੋਵਰ ਭੂਰੀਵਾਲਿਆਂ ਦੇ ਧਾਮ ਮਾਲੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਗੁਰਗੱਦੀ ਦੇ ਅਗਲੇ ਭਾਵ ਚੌਥੇ ਗੱਦੀਨਸ਼ੀਨ ਵਜੋਂ ਥਾਪਨਾ ਦੇ ਦਿੱਤੀ। ਇਸੇ ਦੌਰਾਨ 1 ਮਈ, 2002 ਨੂੰ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਪੰਜ ਭੌਤਿਕ ਸਰੀਰ ਤਿਆਗ ਜਾਣ ਉਪਰੰਤ 17 ਮਈ, 2002 ਨੂੰ ਗਰੀਬਦਾਸੀ ਪੰਥ ਦੇ ਸਰਵਉੱਚ ਪੀਠ ਛਤਰੀ ਸਾਹਿਬ ਛੁਡਾਣੀ ਧਾਮ (ਹਰਿਆਣਾ) ਦੇ ਪੀਠਾਦੀਸ਼ਵਰ ਮਹੰਤ ਸ੍ਰੀ ਦਯਾ ਸਾਗਰ ਮੇਹਰਬਾਨ, ਖਟ ਦਰਸ਼ਨ ਸਾਧੂ ਸਮਾਜ ਅਤੇ ਸੰਗਤਾਂ ਨੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸਪਤ ਸਰੋਵਰ ਮਾਰਗ ਦੱਖਣੀ ਭਾਗ ਹਰਿਦੁਆਰ (ਉੱਤਰਾਖੰਡ) ਵਿਖੇ ਭੂਰੀਵਾਲਿਆਂ ਦੀ ਚੌਥੀ ਗੁਰਗੱਦੀ 'ਤੇ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਨੂੰ ਬਿਰਾਜਮਾਨ ਕੀਤਾ।
ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲਿਆਂ ਦੁਆਰਾ ਸਮਾਜ ਦੇ ਸਰਬਪੱਖੀ ਵਿਕਾਸ ਲਈ ਬਣਾਏ ਗਏ ਵਿੱਦਿਅਕ ਸੰਸਥਾਨ (ਖਾਸਕਰ ਲੜਕੀਆਂ), ਸਿਹਤ ਅਦਾਰੇ, ਪਬਲਿਕ ਸਕੂਲ, ਡਿਗਰੀ ਕਾਲਜਾਂ ਅਤੇ ਹੋਰ ਵੀ ਸਮਾਜਿਕ ਕਾਰਜਾਂ ਨੂੰ ਬਾਖੂਬੀ ਚਲਾਇਆ ਹੀ ਨਹੀਂ, ਸਗੋਂ ਉਨ੍ਹਾਂ ਵਿਚ ਬੇਸ਼ੁਮਾਰ ਵਾਧਾ ਵੀ ਕੀਤਾ। ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਜਿੱਥੇ ਆਸਟ੍ਰੇਲੀਆ ਅਤੇ ਕੈਨੇਡਾ ਵਿਖੇ ਆਸ਼ਰਮ ਬਣਵਾਏ ਗਏ, ਉੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚ ਨਾਮ ਬਾਣੀ ਦੇ ਪਸਾਰ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਅਚਾਰੀਆ ਜੀ ਵਲੋਂ ਨਸ਼ਾ ਰਹਿਤ ਸਮਾਜ, ਵਾਤਾਵਰਨ ਸੰਭਾਲ ਮੁਹਿੰਮ, ਪੀ.ਜੀ.ਆਈ. ਵਿਖੇ ਮਰੀਜ਼ਾਂ ਲਈ ਰੋਜ਼ਾਨਾ ਲੰਗਰ ਵਾਹਨ ਭੇਜਣਾ, ਹਰਿਦੁਆਰ ਸਥਿਤ ਆਸ਼ਰਮ ਵਿਚ ਨਿੱਤ ਹਜ਼ਾਰਾਂ ਸਾਧੂਆਂ ਨੂੰ ਦੋ ਵਕਤ ਭੋਜਨ ਮੁਹੱਈਆ ਕਰਵਾਉਣਾ, ਖੂਨਦਾਨ ਕੈਂਪ ਸਮੇਤ ਹੋਰ ਵੀ ਅਨੇਕਾਂ ਕਾਰਜ ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਨਿਰਵਿਘਨ ਕੀਤੇ ਜਾ ਰਹੇ ਹਨ। ਇਹ ਸੇਵਾ ਕਾਰਜ ਉਨ੍ਹਾਂ ਦੇ ਜੀਵਨ ਦਾ ਮੁੱਖ ਹਿੱਸਾ ਹਨ।
ਹਰ ਪਲ ਸਾਦਗੀ ਵਿਚ ਰਹਿਣ ਵਾਲੇ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਭੂਰੀਵਾਲਿਆਂ ਦਾ ਸਰਬ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਦਿਹਾੜਾ ਧਾਮ ਝਾਡੀਆਂ ਕਲਾਂ, ਨੇੜੇ ਨੂਰਪੁਰ ਬੇਦੀ (ਰੋਪੜ) ਵਿਖੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। 15 ਸਤੰਬਰ ਨੂੰ 'ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਹੋਣਗੇ। 16 ਸਤੰਬਰ ਨੂੰ ਮੱਧ ਦੀ ਬਾਣੀ ਦੇ ਭੋਗ ਅਤੇ ਖੂਨਦਾਨ ਕੈਂਪ, ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ। 17 ਸਤੰਬਰ ਨੂੰ ਅਮ੍ਰਿੰਤ ਵੇਲੇ ਸ਼ੋਭਾ ਯਾਤਰਾ ਸਜਾਉਣ ਉਪਰੰਤ ਬਾਣੀ ਦੇ ਸੰਪੂਰਨ ਆਖੰਡ ਪਾਠਾਂ ਦੇ ਭੋਗ ਪਾਏ ਜਾਣਗੇ।


-ਮੋਬਾ: 94634-42400

ਦਿਆਲਤਾ ਤੇ ਸਾਦਗੀ ਦੀ ਮੂਰਤ ਸਨ ਬਾਬਾ ਸ੍ਰੀਚੰਦ ਜੀ

ਉਦਾਸੀਨ ਸੰਤ ਬਾਬਾ ਸ੍ਰੀ ਚੰਦ ਦਾ ਜਨਮ 1494 ਈ: ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਦੀ ਕੁੱਖੋਂ ਹੋਇਆ। ਬਾਬਾ ਸ੍ਰੀ ਚੰਦ ਆਪਣੇ ਪਿਤਾ ਦੇ ਦਰਸਾਏ ਮਾਰਗ 'ਤੇ ਚਲਦਿਆਂ ਜਨ ਕਲਿਆਣ ਲਈ ਕਈ ਧਰਮ ਯਾਤਰਾਵਾਂ ਦੇ ਮਾਰਗ ਨੂੰ ਅਪਣਾਇਆ। ਉਨ੍ਹਾਂ ਮਨੁੱਖ ਮਾਤਰ ਨੂੰ ਮਨ ਵਿਚ ਸਦਭਾਵਨਾ ਰੱਖਣ ਅਤੇ ਜੀਵਨ ਵਿਚ ਸੱਚੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਆਪਣੀਆਂ ਯਾਤਰਾਵਾਂ ਦੌਰਾਨ ਬਾਬਾ ਸ੍ਰੀ ਚੰਦ ਜੀ ਕਾਬਲ-ਕੰਧਾਰ-ਅਫ਼ਗਾਨਿਸਤਾਨ ਤੇ ਭੂਟਾਨ ਆਦਿ ਥਾਵਾਂ 'ਤੇ ਗਏ। ਸਿਰਲੇਖਾਂ ਦੇ ਆਧਾਰ 'ਤੇ ਰੂਸ ਦੇ ਸ਼ਹਿਰ ਬਾਕੂ ਵਿਚ ਵੀ ਗਏ। ਕਸ਼ਮੀਰ ਵਿਖੇ ਉਨ੍ਹਾਂ ਨੇ ਵਿੱਦਿਆ ਦਾ ਅਧਿਐਨ ਪੰਡਿਤ ਪੁਰਸ਼ੋਤਮ ਜੀ ਕੋਲ ਪਾਠਸ਼ਾਲਾ ਵਿਚ ਰਹਿ ਕੇ ਕੀਤਾ। ਇਥੇ ਹੀ ਉਨ੍ਹਾਂ ਕਾਸ਼ੀ ਤੋਂ ਆਏ ਉਸ ਵਕਤ ਦੇ ਧੁਰੰਤਰ ਵਿਦਵਾਨ ਪੰਡਿਤ ਸੋਮਨਾਥ ਤ੍ਰਿਪਾਠੀ ਨਾਲ ਸ਼ਾਸਤ੍ਰਰਥ ਕੀਤਾ। ਬਾਬਾ ਸ੍ਰੀ ਚੰਦ ਨੇ ਜਿਥੇ ਵੱਖ-ਵੱਖ ਅਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ, ਉਥੇ ਉਨ੍ਹਾਂ ਕੁਝ ਅਸਥਾਨਾਂ 'ਤੇ ਰਹਿ ਕੇ ਆਪਣੇ ਜੀਵਨ ਕਾਲ ਵਿਚ ਧੂਣਾ ਬਾਲ ਕੇ ਤਪੱਸਿਆ ਵੀ ਕੀਤੀ। ਉਨ੍ਹਾਂ ਤਪ ਅਸਥਾਨਾਂ ਵਿਚੋਂ ਪ੍ਰਮੁੱਖ ਅਸਥਾਨ ਹੈ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਪੱਖੋਕੇ। ਗੁਰਦਾਸਪੁਰ-ਪਠਾਨਕੋਟ ਰੋਡ 'ਤੇ ਪਿੰਡ ਬਾਹਠ ਸਾਹਿਬ ਵਿਖੇ ਆਪ ਨੇ ਘੋਰ ਤਪੱਸਿਆ ਕੀਤੀ। ਆਪਣੇ ਜੀਵਨ ਦੇ ਵੱਖ-ਵੱਖ ਸਮਿਆਂ ਵਿਚ ਇਸ ਅਸਥਾਨ 'ਤੇ ਲਗਪਗ 36 ਸਾਲ ਤੱਕ ਵਾਸ ਕੀਤਾ। ਇਸੇ ਅਸਥਾਨ 'ਤੇ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਉਨ੍ਹਾਂ ਕੋਲ ਸਮੇਂ-ਸਮੇਂ ਮਿਲਣ ਲਈ ਆਉਂਦੇ ਰਹੇ। ਬਾਬਾ ਜੀ ਦੇ ਜੀਵਨ ਦੀਆਂ ਗਾਥਾਵਾਂ ਅਨੰਤ ਹਨ। 149 ਸਾਲ ਦੀ ਉਮਰ ਤੱਕ ਜੀਵਨ ਬਤੀਤ ਕਰਨ ਤੋਂ ਬਾਅਦ ਚੰਬਾ ਨਗਰ (ਹਿਮਾਚਲ ਪ੍ਰਦੇਸ਼) ਵਿਚ ਪਹੁੰਚ ਕੇ ਰਾਵੀ ਨਦੀ ਦੇ ਕੰਢੇ ਜਾ ਕੇ ਪੰਜ ਭੂਤਕ ਸਰੀਰ ਤਿਆਗ ਦਿੱਤਾ। ਮਿਤੀ 14 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਾਬਾ ਸ੍ਰੀ ਚੰਦ ਜੀ ਮਿਆਣੀ ਰੋਡ, ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਆਪਣੇ ਪਰਿਵਾਰ ਵਿਚੋਂ 16ਵੀਂ ਪੀੜ੍ਹੀ ਦੇ ਵਾਰਸ ਬਾਬਾ ਸੁਖਦੇਵ ਸਿੰਘ ਬੇਦੀ ਵਲੋਂ ਉਨ੍ਹਾਂ ਦੇ ਪ੍ਰਕਾਸ਼ ਦਿਵਸ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਉਪਰੰਤ ਸਾਰਾ ਦਿਨ ਲੰਗਰ ਚੱਲੇਗਾ, ਰਾਤ ਨੂੰ ਦੀਪਮਾਲਾ ਹੋਵੇਗੀ।


-ਮੋਬਾ: 98728-09039

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX