ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਧੀਆਂ : ਸੁਪਨਿਆਂ ਵਿਚ ਜਾਨ, ਦੇਸ਼ ਦਾ ਮਾਣ

22 ਸਤੰਬਰ ਨੂੰ ਧੀ ਦਿਵਸ 'ਤੇ ਵਿਸ਼ੇਸ਼
ਧੀ ਇਕ ਪਾਸੇ ਸਾਕਸ਼ੀ ਮਲਿਕ ਜਾਂ ਪੀ. ਵੀ. ਸਿੰਧੂ ਦੇ ਰੂਪ ਵਿਚ ਦੇਸ਼ ਦਾ ਮਾਣ ਵਧਾਉਂਦੀ ਹੈ, ਦੇਸ਼ ਦੀ ਪਹਿਲੀ ਔਰਤ ਸੈਨਿਕ ਬਣ ਕੇ ਸੀਮਾ 'ਤੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੰਦੀ ਹੈ, ਪੈਰਾ-ਉਲੰਪਿਕ ਵਿਚ ਸਰੀਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਅਪੰਗ ਹੋਣ ਦੇ ਬਾਵਜੂਦ ਵੀ ਦੇਸ਼ ਦੀ ਚਾਂਦੀ ਕਰ ਦਿੰਦੀ ਹੈ ਅਤੇ ਦੂਜੀ ਪਾਸੇ ਕਿੰਨੇ ਹੀ ਕਾਨੂੰਨਾਂ ਅਤੇ ਨਿਯਮਾਂ ਦੇ ਬਾਵਜੂਦ ਉਹ ਬੰਦ ਦਰਵਾਜ਼ੇ ਦੇ ਪਿੱਛੇ ਹੀ ਨਹੀਂ, ਖੁੱਲ੍ਹੇਆਮ ਅਤੇ ਸੜਕ ਵਿਚ ਵੀ ਅਪਮਾਨ ਦਾ ਘੁੱਟ ਪੀਣ ਲਈ ਮਜਬੂਰ ਹੁੰਦੀ ਰਹਿੰਦੀ ਹੈ। ਉਸ ਦੀ ਸੁੰਦਰਤਾ ਦਾ ਉਪਭੋਗ ਨਾ ਕਰਨ ਦੇਣ ਦੇ ਅਪਰਾਧ ਵਿਚ ਤੇਜ਼ਾਬ ਨਾਲ ਨੁਹਾ ਦਿੱਤੀ ਜਾਂਦੀ ਹੈ। ਅਜਿਹੇ ਵਿਚ ਕਈ ਵਾਰ ਤਾਂ ਬੇਟੀ ਦਿਵਸ ਵਰਗੇ ਆਯੋਜਨ ਬੇਮਾਇਨੇ ਅਤੇ ਝੂਠ ਦੇ ਪੁਲੰਦੇ ਲੱਗਣ ਲਗਦੇ ਹਨ।
ਪਰ ਬੇਟੀ ਜਾਂ ਲੜਕੀ ਨਾਂਅ ਦੀ ਇਹ ਜੀਵਨ ਦੀ ਧਨੀ ਪ੍ਰਾਣੀ ਡਰਦੀ ਹੈ ਨਾ ਮਰਦੀ ਹੈ ਸਗੋਂ ਸਾਰੇ ਬੰਧਨਾਂ, ਬੰਦਸ਼ਾਂ ਅਤੇ ਪ੍ਰਤੀਬੰਧਾਂ ਅਤੇ ਨਿਰਉਤਸ਼ਾਹਤ ਕਰ ਦੇਣ ਵਾਲੇ ਮਾਹੌਲ ਨਾਲ ਆਪਣੀ ਉਡਾਣ ਨੂੰ ਉੱਚਾ ਹੋਰ ਉੱਚਾ ਹੀ ਨਹੀਂ ਕਰਦੀ, ਸਗੋਂ ਬੱਦਲਾਂ ਤੋਂ ਪਾਰ ਜਾਣ ਦੇ ਹੁਸੀਨ ਸੁਪਨੇ ਪਾਲਦੀ ਹੈ ਅਤੇ ਪਾਲਦੀ ਹੀ ਨਹੀਂ, ਸਗੋਂ ਉਨ੍ਹਾਂ ਨੂੰ ਯਥਾਰਥ ਵਿਚ ਤਬਦੀਲ ਵੀ ਕਰਦੀ ਹੈ, ਥੋੜ੍ਹਾ ਜਿਹਾ ਮੌਕਾ ਮਿਲਦੇ ਹੀ।
ਸੱਚ ਹੈ ਕਿ ਸਾਡੀ ਵਜ੍ਹਾ ਨਾਲ ਨਹੀਂ, ਸਗੋਂ ਆਪਣੀ ਤਾਕਤ ਅਤੇ ਯੋਗਤਾ ਦੇ ਚਲਦਿਆਂ ਲੜਕੀਆਂ ਨੇ ਆਸਮਾਨ ਛੂਹੇ ਹਨ। ਹਾਲਾਂਕਿ ਸਰਕਾਰ ਨੇ ਕਾਫੀ ਕੁਝ ਕੀਤਾ ਵੀ ਹੈ ਪਰ ਉਹ ਅੰਕੜਿਆਂ ਵਿਚ ਜ਼ਿਆਦਾ ਅਤੇ ਧਰਾਤਲ 'ਤੇ ਤੁਲਨਾਤਮਕ ਘੱਟ ਹੈ।
ਦੂਰ-ਦਰਾਜ ਦੇ ਪਿੰਡਾਂ ਵਿਚ ਅੱਜ ਵੀ ਲੜਕੀ ਦੀ ਹਾਲਤ ਦਿਲ ਦਹਿਲਾਉਣ ਵਾਲੀ ਹੈ। ਵਧਦੇ ਅਨਾਚਾਰ ਅਤੇ ਟੁੱਟਦੀਆਂ-ਬਿਖਰਦੀਆਂ ਮਰਿਆਦਾਵਾਂ ਦੀ ਸਭ ਤੋਂ ਜ਼ਿਆਦਾ ਮਾਰ ਦੀ ਸ਼ਿਕਾਰ ਲੜਕੀ ਹੀ ਬਣਦੀ ਹੈ। ਬੇਟੇ ਨੂੰ ਬੇਟੀ 'ਤੇ ਤਰਜੀਹ ਦੇਣੀ ਬਹੁਤ ਹੀ ਆਮ ਗੱਲ ਹੈ, ਅੱਜ ਦੇ ਭਾਰਤ ਦੇ ਵੀ ਇਕ ਬਹੁਤ ਵੱਡੇ ਹਿੱਸੇ ਵਿਚ।
ਪਰ ਕਵੀ ਦੁਸ਼ਯੰਤ ਦੀਆਂ ਸਤਰਾਂ 'ਮੰਜ਼ਿਲੇਂ ਵਹੀਂ ਪਾਤੇ ਹੈਂ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈ। ਪੰਖੋਂ ਸੇ ਕੁਛ ਨਹੀਂ ਹੋਤਾ, ਹੌਸਲੋਂ ਸੇ ਉੜਾਨ ਹੋਤੀ ਹੈ' ਵੀ ਸਭ ਤੋਂ ਸਟੀਕ ਲੜਕੀ ਭਾਵ ਧੀ 'ਤੇ ਹੀ ਹੁੰਦੀਆਂ ਹਨ। ਹਰ ਹਨੇਰੇ ਨੂੰ ਚੀਰ, ਹਰ ਪਹਾੜ ਨਾਲ ਟਕਰਾਅ ਕੇ ਉਸ ਨੇ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਤੇ ਬੁਲੰਦੀਆਂ ਨੂੰ ਛੂਹਿਆ ਹੈ।
ਭਾਵੇਂ ਲੜਕੀ ਨੇ ਨਵੇਂ ਤੋਂ ਨਵੇਂ ਮੁਕਾਮ ਹਾਸਲ ਕੀਤੇ ਹੋਣ ਪਰ ਕਈ ਮਾਇਨਿਆਂ ਅਤੇ ਖੇਤਰਾਂ ਵਿਚ ਉਹ ਅੱਜ ਵੀ ਬਹੁਤ ਪਿੱਛੇ ਹੈ। ਸੱਚ ਹੈ ਕਿ ਪੜ੍ਹੀਆਂ-ਲਿਖੀਆਂ ਲੜਕੀਆਂ ਨੇ ਬਹੁਤ ਕੁਝ ਪਾਇਆ ਹੈ ਪਰ ਅਜਿਹੇ ਬਹੁਤ ਕੁਝ ਤੋਂ ਵੀ ਜ਼ਿਆਦਾ ਗਵਾਇਆ ਵੀ ਹੈ, ਜੋ ਸ਼ਾਇਦ ਉਸ ਦੇ ਲਈ ਕਿਤੇ ਜ਼ਿਆਦਾ ਜ਼ਰੂਰੀ ਹੈ। ਆਪਣੇ ਅਧਿਕਾਰਾਂ ਵੱਲ ਕਦਮ ਰੱਖਣ ਦੀ ਕੀਮਤ ਲੜਕੀਆਂ ਨੂੰ ਆਪਣੇ ਸਹਿਜ ਕੋਮਲ ਭਾਵ ਗੁਆ ਕੇ ਚੁਕਾਉਣੀ ਪਈ ਹੈ।
ਪਰ ਇਹ ਸਭ ਕੁਝ ਹੋਣ 'ਤੇ ਵੀ ਸਿੱਖਿਆ ਵਿਚ ਲੜਕੀਆਂ ਨਾਲੋਂ ਲੜਕੀਆਂ ਮੀਲਾਂ ਅੱਗੇ ਹਨ, ਗੁਣਵੱਤਾ ਵਿਚ ਸਦਾ ਹੀ ਭਾਰੀ, ਆਗਿਆਕਾਰਤਾ ਵਿਚ ਸੋਨੇ 'ਤੇ ਸੁਹਾਗਾ, ਮਾਂ-ਬਾਪ ਦੇ ਪ੍ਰਤੀ ਸਮਰਪਣ ਵਿਚ ਅਤੁਲਨੀਯ, ਕਰਤੱਵ ਪਾਲਣ ਵਿਚ ਸਦਾ ਸਜਗ ਅਤੇ ਤਿਆਰ, ਪਰ ਪਰਾ ਅਤੇ ਸੰਸਕਾਰਾਂ ਵਿਚ ਉਸ ਦਾ ਜਵਾਬ ਨਹੀਂ, ਕਮਾਉਣ 'ਤੇ ਆਵੇ ਤਾਂ ਇਕੱਲੀ ਪਰਿਵਾਰ ਪਾਲ ਦੇਵੇ, ਬੱਚੇ ਦੇ ਪਾਲਣ-ਪੋਸ਼ਣ ਵਿਚ ਮਹਾਰਥੀ, ਭਰਾ ਨੂੰ ਪੜ੍ਹਾ ਦੇਵੇ, ਭੈਣ ਨੂੰ ਹੌਸਲਾ ਦੇਵੇ ਭਾਵ ਜਿੰਨਾ ਕਹੋ, ਘੱਟ ਹੈ।
ਸਮਾਂ ਰਹਿੰਦੇ ਸੋਚਣ ਅਤੇ ਸਹੀ ਸੋਚ ਵਿਕਸਿਤ ਕਰਨ ਦੇ ਨਾਲ ਉਸ 'ਤੇ ਅਮਲ ਕਰਨ ਦੀ ਲੋੜ ਹੈ। ਜੇ ਅਸੀਂ ਪੁਰਾਣੀ ਸੋਚ ਵਿਚੋਂ ਨਿਕਲ ਆਈਏ ਤਾਂ ਅੱਜ ਦੀ ਲੜਕੀ ਦੇਸ਼, ਘਰ ਅਤੇ ਸਮਾਜ ਨੂੰ ਕਿਤੇ ਤੋਂ ਕਿਤੇ ਲਿਜਾ ਸਕਦੀ ਹੈ। ਹੁਣ ਸਾਨੂੰ ਲੜਕੀ ਨੂੰ ਦੂਜੇ ਦਰਜੇ 'ਚ ਮੰਨਣ, ਉਸ ਨੂੰ ਕਮਜ਼ੋਰ ਸਮਝਣ, ਉਸ ਨਾਲ ਭੇਦ-ਭਾਵ ਕਰਨ, ਬੇਟੇ 'ਤੇ ਜਾਨ ਦੇਣ ਅਤੇ ਬੇਟੀ ਦੀ ਜਾਨ ਲੈ ਲੈਣ ਦੀ ਰੋਗੀ ਮਾਨਸਿਕਤਾ ਹਰ ਹਾਲਤ ਵਿਚ ਛੱਡਣੀ ਪਵੇਗੀ ਅਤੇ ਲੜਕੀ ਨੂੰ ਖੁੱਲ੍ਹੇ ਆਸਮਾਨ ਵਿਚ ਉਡਾਣ ਭਰਨ, ਆਪਣੀ ਮਰਜ਼ੀ ਨਾਲ ਜਿਊਣ ਅਤੇ ਕੰਮ ਕਰਨ ਦਾ ਹੱਕ ਦੇਣਾ ਪਵੇਗਾ। ਉਸ ਨੂੰ ਆਪਣੇ ਸੁਪਨਿਆਂ ਨੂੰ ਸਜਾਉਣ ਦਾ ਵਾਤਾਵਰਨ ਬਣਾਉਣਾ ਪਵੇਗਾ। ਬਸ, ਥੋੜ੍ਹਾ ਜਿਹਾ ਬਦਲ ਕੇ ਦੇਖੋ। ਲੜਕੀ ਮਾਣ ਨਾਲ ਸਿਰ ਉੱਚਾ ਕਰ ਦੇਵੇਗੀ ਦੇਸ਼ ਅਤੇ ਹਰ ਮਾਂ-ਬਾਪ ਦਾ।


ਖ਼ਬਰ ਸ਼ੇਅਰ ਕਰੋ

ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਨੁਕਤੇ

ਵਾਲਾਂ ਦੀ ਸਮੱਸਿਆ ਤਾਂ ਹਰ ਮੌਸਮ ਵਿਚ ਬਣੀ ਰਹਿੰਦੀ ਹੈ ਪਰ ਖਾਸ ਕਰਕੇ ਬਰਸਾਤ ਤੋਂ ਬਾਅਦ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ, ਜਦੋਂ ਵਾਲ ਧੋਵੋ, ਉਦੋਂ ਵਾਲ ਝੜਨ ਲਗਦੇ ਹਨ, ਜਦੋਂ ਵਾਲਾਂ ਵਿਚ ਆਲਿੰਗ ਕਰੋ, ਉਦੋਂ ਵਾਲ ਟੁੱਟਣ ਲਗਦੇ ਹਨ। ਇਸ ਤੋਂ ਤੁਸੀਂ ਇਹ ਮਤਲਬ ਕੱਢ ਸਕਦੇ ਹੋ ਕਿ ਮੌਸਮ ਬਦਲਦੇ ਹੀ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਸੁੰਦਰ ਦਿਸਣ ਲਈ ਮੇਕਅਪ, ਗਹਿਣੇ, ਸੁੰਦਰਤਾ ਪ੍ਰਸਾਧਨਾਂ ਤੋਂ ਇਲਾਵਾ ਵਾਲਾਂ ਦੀ ਦੇਖਭਾਲ ਵੀ ਜ਼ਰੂਰੀ ਮੰਨੀ ਜਾਂਦੀ ਹੈ। ਸੁੰਦਰ ਅਤੇ ਸੰਘਣੇ ਵਾਲਾਂ ਲਈ ਔਰਤਾਂ ਤੇਲ ਮਾਲਿਸ਼, ਮਹਿੰਗੇ ਸ਼ੈਂਪੂ, ਸਪਾ ਟ੍ਰੀਟਮੈਂਟ ਵਰਗੇ ਕਈ ਯਤਨ ਕਰਦੀਆਂ ਰਹਿੰਦੀਆਂ ਹਨ। ਜ਼ਿਆਦਾਤਰ ਔਰਤਾਂ ਸ਼ੈਂਪੂ ਕਰਨ ਦੇ ਸਹੀ ਤਰੀਕੇ ਦੀ ਉਲਝਣ ਵਿਚ ਰਹਿੰਦੀਆਂ ਹਨ। ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਗਿੱਲਾ ਕਰਨਾ ਚਾਹੀਦਾ ਹੈ। ਸੁੱਕੇ ਵਾਲਾਂ ਵਿਚ ਸ਼ੈਂਪੂ ਲਗਾਉਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਕਈ ਵਾਰ ਸ਼ੈਂਪੂ ਤੋਂ ਬਾਅਦ ਵੀ ਵਾਲ ਉਲਝੇ ਰਹਿੰਦੇ ਹਨ, ਤਾਂ ਅਜਿਹੇ ਵਿਚ ਤੁਹਾਨੂੰ ਸ਼ੈਂਪੂ ਜਾਂ ਕੰਡੀਸ਼ਨਰ ਬਦਲਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਵਾਲਾਂ ਵਿਚ ਸ਼ੈਂਪੂ ਲਗਾਉਣ ਤੋਂ ਬਾਅਦ 2-3 ਮਿੰਟ ਤੱਕ ਵਾਲਾਂ ਦੀ ਮਸਾਜ ਕਰੋ ਅਤੇ ਉਸ ਤੋਂ ਬਾਅਦ ਹੀ ਤਾਜ਼ੇ-ਠੰਢੇ ਪਾਣੀ ਨਾਲ ਧੋਵੋ। ਸ਼ੈਂਪੂ ਦੀ ਵਰਤੋਂ ਖੋਪੜੀ 'ਤੇ ਹੌਲੀ-ਹੌਲੀ ਮਾਲਿਸ਼ ਕਰਕੇ ਕਰਨੀ ਚਾਹੀਦੀ ਹੈ। ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਵਿਚ ਤੇਲ ਮਾਲਿਸ਼ ਕਰੋ।
ਵਾਲਾਂ ਨੂੰ ਗਰਮ ਪਾਣੀ ਨਾਲ ਕਦੇ ਨਾ ਧੋਵੋ। ਇਸ ਨਾਲ ਤੁਹਾਡੇ ਵਾਲ ਰੁੱਖੇ ਹੋ ਜਾਣਗੇ। ਹਮੇਸ਼ਾ ਸਹੀ ਮਾਤਰਾ ਵਿਚ ਹੀ ਸ਼ੈਂਪੂ ਦੀ ਵਰਤੋਂ ਕਰੋ, ਕਿਉਂਕਿ ਸ਼ੈਂਪੂ ਦੀ ਜ਼ਿਆਦਾ ਵਰਤੋਂ ਵੀ ਵਾਲਾਂ ਨੂੰ ਖਰਾਬ ਕਰ ਦੇਵੇਗੀ। ਇਸ ਵਾਸਤੇ ਜ਼ਰੂਰੀ ਹੈ ਕਿ ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਵਿਚ ਮਾਲਿਸ਼ ਕਰੋ ਤਾਂ ਕਿ ਵਾਲਾਂ ਨੂੰ ਪੋਸ਼ਣ ਮਿਲ ਸਕੇ। ਸ਼ੈਂਪੂ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਘੋਲ ਕੇ ਲਗਾਉਣ ਨਾਲ ਵਧੀਆ ਨਤੀਜਾ ਮਿਲਣਗੇ ਅਤੇ ਉਹ ਅੰਦਰ ਤੱਕ ਪਹੁੰਚ ਕੇ ਸਫ਼ਾਈ ਕਰ ਸਕੇਗਾ।
ਤੁਸੀਂ ਜਦੋਂ ਵੀ ਵਾਲ ਧੋਂਦੇ ਹੋ ਤਾਂ ਕੁਝ ਖਾਸ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਤੁਹਾਡੇ ਵਾਲ ਤੇਲੀ ਹਨ ਜਾਂ ਖੁਸ਼ਕ? ਹਮੇਸ਼ਾ ਇਸ ਗੱਲ ਦਾ ਖਿਆਲ ਰੱਖੋ ਕਿ ਬਾਜ਼ਾਰ ਵਿਚ ਤੁਹਾਨੂੰ ਕਈ ਅਜਿਹੇ ਸ਼ੈਂਪੂ ਮਿਲ ਜਾਣਗੇ, ਜੋ ਰਸਾਇਣਾਂ ਨਾਲ ਬਣੇ ਹੁੰਦੇ ਹਨ ਅਤੇ ਇਹ ਸ਼ੈਂਪੂ ਤੁਹਾਡੇ ਵਾਲਾਂ ਦੇ ਕੁਦਰਤੀ ਤੇਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਤੁਹਾਡੇ ਸਕੈਲਪ ਦਾ ਐਸਿਡ ਅਲਕਾਲਾਈਨ ਸੰਤੁਲਨ ਵਿਗੜਦਾ ਹੈ ਅਤੇ ਨਤੀਜੇ ਵਜੋਂ ਵਾਲ ਟੁੱਟਦੇ ਅਤੇ ਡੈਮੇਜ ਹੁੰਦੇ ਹਨ। ਤੇਲੀ ਵਾਲਾਂ ਲਈ ਹਿਨਾ ਅਤੇ ਖੁਸ਼ਕ ਵਾਲਾਂ ਲਈ ਔਲੇ ਵਾਲੇ ਸ਼ੈਂਪੂ ਚੁਣੋ।
ਹਫ਼ਤੇ ਵਿਚ ਕਿੰਨੀ ਵਾਰ ਕਰੀਏ ਸ਼ੈਂਪੂ?
ਇਹ ਸਵਾਲ ਹਰ ਕਿਸੇ ਦੇ ਮਨ ਵਿਚ ਉੱਠਦਾ ਹੈ। ਕਿਸੇ ਨੇ ਤੁਹਾਨੂੰ ਹਫ਼ਤੇ ਵਿਚ 2 ਵਾਰ ਤੇ ਕਿਸੇ ਨੇ 3 ਵਾਰ ਧੋਣ ਦੀ ਸਲਾਹ ਦਿੱਤੀ ਹੋਵੇਗੀ ਪਰ ਵੱਖ-ਵੱਖ ਵਾਲਾਂ ਦੀਆਂ ਕਿਸਮਾਂ ਦੀ ਲੋੜ ਵੱਖ-ਵੱਖ ਹੁੰਦੀ ਹੈ। ਜਿਥੇ ਤੇਲੀ ਵਾਲਾਂ ਨੂੰ ਹਫ਼ਤੇ ਵਿਚ 3 ਵਾਰ ਧੋਣ ਦੀ ਲੋੜ ਹੁੰਦੀ ਹੈ, ਉਥੇ ਖੁਸ਼ਕ ਵਾਲਾਂ ਨੂੰ 2 ਵਾਰ ਧੋਣ ਦੀ ਲੋੜ ਹੁੰਦੀ ਹੈ। ਪਰ ਹੁੰਮਸ ਭਰੇ ਮੌਸਮ ਵਿਚ ਤੁਹਾਡੇ ਵਾਲਾਂ ਦੀ ਕਿਸਮ ਜਿਹੜੀ ਮਰਜ਼ੀ ਹੋਵੇ, ਇਨ੍ਹਾਂ ਨੂੰ 3 ਵਾਰ ਧੋਵੋ। ਅਜਿਹੇ ਮੌਸਮ ਵਿਚ ਪਸਨੇ ਦੀ ਵਜ੍ਹਾ ਨਾਲ ਧੂੜ, ਗੰਦਗੀ ਤੁਹਾਡੀ ਚਮੜੀ ਵਿਚ ਚਿਪਕ ਕੇ ਵਾਲਾਂ ਨੂੰ ਕਾਫੀ ਗੰਦਾ ਕਰਦੇ ਹਨ।
ਸ਼ੈਂਪੂ ਕਰਨ ਤੋਂ ਬਾਅਦ
ਇਸ ਤੋਂ ਬਾਅਦ ਪੂਰੇ ਵਾਲਾਂ ਨੂੰ ਤੌਲੀਏ ਵਿਚ ਚੰਗੀ ਤਰ੍ਹਾਂ ਲਪੇਟੋ। ਇਸ ਨਾਲ ਵਾਧੂ ਪਾਣੀ ਨਿਕਲ ਜਾਵੇਗਾ। ਵਾਲਾਂ ਨੂੰ ਸੁਕਾਉਣ ਲਈ ਇਨ੍ਹਾਂ ਨੂੰ ਰਗੜਨ ਦੀ ਗ਼ਲਤੀ ਨਾ ਕਰੋ। ਜਦੋਂ ਵਾਲ ਸੁੱਕ ਜਾਣ ਜਾਂ ਬਿਲਕੁਲ ਘੱਟ ਗਿੱਲੇ ਹੋਣ ਤਾਂ ਇਨ੍ਹਾਂ ਨੂੰ ਚੌੜੇ ਦੰਦਾਂ ਵਾਲੀ ਕੰਘੀ ਨਾਲ ਚੰਗੀ ਤਰ੍ਹਾਂ ਸੁਲਝਾਓ। ਇਨ੍ਹਾਂ ਨੂੰ ਸੁਲਝਾਉਣ ਲਈ ਪਤਲੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਦੇ ਵੀ ਨਾ ਕਰੋ। ਇਸ ਨਾਲ ਇਹ ਟੁੱਟ ਕੇ ਝੜਨ ਲਗਦੇ ਹਨ। ਇਨ੍ਹਾਂ ਨੂੰ ਖੁਦ ਹੀ ਸੁੱਕਣ ਦਿਓ। ਸੁਕਾਉਣ ਲਈ ਹਮੇਸ਼ਾ ਹੇਅਰ ਡ੍ਰਾਇਰ ਦੀ ਵਰਤੋਂ ਨਾ ਕਰੋ। ਨਾਲ ਹੀ ਜੇ ਇਸ ਦੀ ਵਰਤੋਂ ਕਰੋ ਤਾਂ ਹਮੇਸ਼ਾ 10 ਇੰਚ ਦੀ ਦੂਰੀ 'ਤੇ ਰੱਖੋ।

ਗਹਿਣਿਆਂ ਦੀ ਕਰੋ ਸਹੀ ਦੇਖਭਾਲ

ਧਿਆਨ ਦਿਓ ਗਹਿਣੇ ਪਹਿਨਦੇ ਸਮੇਂ
* ਬਾਹਰ ਸਫ਼ਰ 'ਤੇ ਜਾਂਦੇ ਸਮੇਂ ਗਹਿਣੇ ਨਾ ਤਾਂ ਨਾਲ ਲੈ ਕੇ ਜਾਓ, ਨਾ ਜ਼ਿਆਦਾ ਪਹਿਨ ਕੇ ਜਾਓ। ਬਸ ਇਕ ਅੰਗੂਠੀ ਅਤੇ ਛੋਟੇ ਕਰਣਫੁਲ ਹੀ ਪਹਿਨੋ। ਚੂੜੀਆਂ, ਚੈਨ, ਹਾਰ, ਲੰਬੇ ਕਰਣਫੁਲ, ਵਾਲੀਆਂ ਪਹਿਨ ਕੇ ਨਾ ਜਾਓ।
* ਚੇਨ ਪਹਿਨਣ ਤੋਂ ਪਹਿਲਾਂ ਉਸ ਦੇ ਹੁਕ 'ਤੇ ਧਿਆਨ ਦਿਓ ਕਿ ਕਿਤੇ ਉਹ ਢਿੱਲੀ ਜਾਂ ਘਸੀ ਹੋਈ ਤਾਂ ਨਹੀਂ ਹੈ। ਇਸੇ ਤਰ੍ਹਾਂ ਕੰਨਾਂ ਵਿਚ ਪਹਿਨਣ ਵਾਲੇ ਗਹਿਣਿਆਂ ਦੇ ਪੇਚ 'ਤੇ ਵੀ ਧਿਆਨ ਦਿਓ ਕਿ ਉਹ ਸਹੀ ਤਰ੍ਹਾਂ ਬੰਦ ਹੋ ਰਹੇ ਹਨ। ਜੇ ਥੋੜ੍ਹੀ ਜਿਹੀ ਗੜਬੜੀ ਲੱਗੇ ਤਾਂ ਉਸ ਨੂੰ ਉਤਾਰ ਕੇ ਸੰਭਾਲ ਦਿਓ।
* ਜਦੋਂ ਵੀ ਕੋਈ ਗਹਿਣਾ ਪਹਿਨੋ ਤਾਂ ਆਰਾਮ ਨਾਲ ਬਿਸਤਰ 'ਤੇ ਬੈਠ ਕੇ ਪਹਿਨੋ ਤਾਂ ਕਿ ਡਿਗ ਕੇ ਗੁਆਚਣ ਦਾ ਖ਼ਤਰਾ ਨਾ ਰਹੇ।
* ਕੁਝ ਔਰਤਾਂ ਸਮਾਰੋਹਾਂ ਵਿਚ ਬਹੁਤ ਜ਼ਿਆਦਾ ਗਹਿਣੇ ਪਹਿਨ ਲੈਂਦੀਆਂ ਹਨ, ਚਾਹੇ ਉਹ ਉਨ੍ਹਾਂ ਦੀ ਪੁਸ਼ਾਕ ਨਾਲ ਮੇਲ ਖਾਂਦੇ ਹੋਣ ਜਾਂ ਨਾ। ਜ਼ਿਆਦਾ ਗਹਿਣੇ ਅਤੇ ਬੇਮੇਲ ਗਹਿਣੇ ਸ਼ਖ਼ਸੀਅਤ ਨੂੰ ਨਿਖਾਰਦੇ ਨਹੀਂ, ਸਗੋਂ ਸ਼ਖ਼ਸੀਅਤ ਨੂੰ ਵਿਗਾੜਦੇ ਹਨ। ਬਸ ਓਨੇ ਹੀ ਪਹਿਨੋ, ਜਿੰਨੇ ਜ਼ਰੂਰੀ ਅਤੇ ਮੇਲ ਖਾਂਦੇ ਹੋਣ।
ਘਰ ਵਿਚ ਨਾ ਰੱਖੋ ਗਹਿਣੇ,
ਲਾਕਰ ਹਨ ਸੁਰੱਖਿਅਤ
* ਮਹਿੰਗੇ ਗਹਿਣਿਆਂ ਨੂੰ ਘਰ ਵਿਚ ਰੱਖਣਾ ਅਸੁਰੱਖਿਅਤ ਹੈ। ਜੇ ਉਨ੍ਹਾਂ ਨੂੰ ਲਾਕਰ ਵਿਚ ਰੱਖਿਆ ਜਾਵੇ ਤਾਂ ਉਹ ਜ਼ਿਆਦਾ ਸੁਰੱਖਿਅਤ ਰਹਿਣਗੇ। ਗਹਿਣਿਆਂ ਦੀ ਸੁਰੱਖਿਆ ਦੇ ਨਾਲ ਅਸੀਂ ਖੁਦ ਹੀ ਸੁਰੱਖਿਅਤ ਰਹਾਂਗੇ। ਘਰ ਵਿਚ 2-3 ਜੋੜੀਆਂ ਈਅਰਰਿੰਗਸ, 1-2 ਅੰਗੂਠੀਆਂ ਅਤੇ ਹਲਕੀ ਚੇਨ ਜਾਂ ਛੋਟਾ ਹਲਕਾ ਮੰਗਲਸੂਤਰ ਹੀ ਕਾਫੀ ਹੈ।
* ਲਾਕਰ ਵਿਚ ਗਹਿਣੇ ਉਨ੍ਹਾਂ ਦੀ ਕਿਸਮ ਅਨੁਸਾਰ ਰੱਖੋ। ਹੀਰੇ, ਸੋਨੇ, ਮੋਤੀ, ਸਟੋਨਸ ਨਾਲ ਬਣੇ ਗਹਿਣੇ ਵੱਖ-ਵੱਖ ਪੈਕੇਟ ਵਿਚ ਰੱਖੋ। ਸਭ ਨੂੰ ਇਕੱਠੇ ਮਿਲਾ ਕੇ ਰੱਖਣ ਨਾਲ ਉਨ੍ਹਾਂ ਦੀ ਚਮਕ ਖਰਾਬ ਹੋ ਸਕਦੀ ਹੈ। ਈਅਰਰਿੰਗਸ, ਅੰਗੂਠੀ ਅਤੇ ਚੇਨ ਨੂੰ ਵੀ ਇਕੱਠੇ ਨਾ ਰੱਖੋ। ਆਪਸ ਵਿਚ ਉਲਝ ਕੇ ਟੁੱਟ ਸਕਦੇ ਹਨ ਅਤੇ ਡਿਗ ਵੀ ਸਕਦੇ ਹਨ। ਵੱਖ-ਵੱਖ ਥੈਲੀਆਂ ਵਿਚ ਰੱਖੋ।
* ਜਦੋਂ ਵੀ ਲਾਕਰ ਆਪ੍ਰੇਟ ਕਰਨ ਜਾਓ ਤਾਂ ਵੱਡਾ ਸਫੈਦ ਰੁਮਾਲ ਲੈ ਕੇ ਜਾਓ, ਤਾਂ ਕਿ ਕੁਝ ਵੀ ਡਿਗੇ ਤਾਂ ਆਰਾਮ ਨਾਲ ਲੱਭਿਆ ਜਾ ਸਕੇ।
* ਲਾਕਰ ਬੰਦ ਕਰਦੇ ਸਮੇਂ ਚੰਗੀ ਤਰ੍ਹਾਂ ਜਾਂਚ ਲਓ ਕਿ ਕੁਝ ਬਾਹਰ ਤਾਂ ਨਹੀਂ ਰਹਿ ਗਿਆ ਅਤੇ ਲਾਕਰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਹੈ।
* ਕਦੇ ਵੀ ਗਹਿਣੇ ਸ਼ਹਿਰ ਤੋਂ ਬਾਹਰ ਜਾਂਦੇ ਸਮੇਂ ਨਾ ਤਾਂ ਨਾਲ ਲਿਜਾਓ, ਨਾ ਕਿਸੇ ਜਾਣਕਾਰ ਜਾਂ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰੱਖੋ। ਲਾਕਰ ਵਿਚ ਰੱਖਣਾ ਜ਼ਿਆਦਾ ਸਮਝਦਾਰੀ ਹੈ।
ਚਮਕ ਅਤੇ ਸਫ਼ਾਈ ਦਾ
ਵੀ ਰੱਖੋ ਧਿਆਨ

* ਕਾਸਮੈਟਿਕਸ, ਪਰਫਿਊਮ, ਡਿਓ ਆਦਿ ਸੋਨੇ, ਚਾਂਦੀ, ਹੀਰੇ ਅਤੇ ਨਕਲੀ ਗਹਿਣਿਆਂ ਦੀ ਚਮਕ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰੋ। ਸਾਲ ਵਿਚ ਇਕ ਵਾਰ ਕਿਸੇ ਪ੍ਰੋਫੈਸ਼ਨਲ ਕੋਲੋਂ ਇਨ੍ਹਾਂ ਨੂੰ ਧੁਆ ਲਓ ਤਾਂ ਕਿ ਚਮਕ ਬਣੀ ਰਹੇ।
* ਘਰ ਵਿਚ ਵੀ ਸੋਨੇ ਦੇ ਗਹਿਣੇ ਸਾਫ਼ ਕਰ ਸਕਦੇ ਹੋ। ਪਾਣੀ ਵਿਚ ਚੰਗੀ ਕੁਆਲਿਟੀ ਦਾ ਤਰਲ ਡਿਟਰਜੈਂਟ ਮਿਲਾਓ, ਗਹਿਣੇ ਉਸ ਵਿਚ ਭਿਉਂ ਕੇ ਹਲਕੇ ਬੁਰਸ਼ ਨਾਲ ਉਨ੍ਹਾਂ ਨੂੰ ਰਗੜ ਲਓ, ਫਿਰ ਸਾਫ਼ ਪਾਣੀ ਨਾਲ ਧੋ ਕੇ ਨਰਮ ਕੱਪੜੇ ਨਾਲ ਸੁਕਾ ਕੇ ਵੈਲਵੈਟ ਦੇ ਕੱਪੜਿਆਂ ਵਿਚ ਜਾਂ ਫਲਾਲੇਨ ਦੀਆਂ ਥੈਲੀਆਂ ਵਿਚ ਸੰਭਾਲ ਕੇ ਰੱਖੋ।
* ਕਲਰਡ ਗੋਲਡ ਦੀ ਸਫ਼ਾਈ ਬਹੁਤ ਮੁਸ਼ਕਿਲ ਹੈ। ਕੁਝ ਸਮੇਂ ਬਾਅਦ ਇਨ੍ਹਾਂ ਦੀ ਚਮਕ ਖਰਾਬ ਹੋ ਜਾਂਦੀ ਹੈ। ਇਨ੍ਹਾਂ ਨੂੰ ਨਾ ਹੀ ਖਰੀਦੋ ਤਾਂ ਚੰਗਾ ਹੈ।

ਬੱਚਿਆਂ ਨੂੰ ਗੁੱਸੇ ਨਾਲ ਨਹੀਂ, ਪਿਆਰ ਨਾਲ ਸਮਝਾਓ

ਅੱਜ ਦੇ ਦੌਰ ਵਿਚ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਕਰਨਾ ਮਾਤਾ-ਪਿਤਾ ਲਈ ਇਕ ਵੱਡੀ ਜ਼ਿੰਮੇਵਾਰੀ ਹੈ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਛੋਟੀ ਉਮਰ ਦੇ ਬੱਚੇ ਆਪਣੀ ਗੱਲ ਮੰਨਵਾਉਣ ਲਈ ਜ਼ਿੱਦ ਕਰਦੇ ਹਨ। ਜੇਕਰ ਉਨ੍ਹਾਂ ਦੀ ਗੱਲ ਮੰਨ ਲਈ ਜਾਵੇ ਤਾਂ ਠੀਕ ਹੈ, ਨਹੀਂ ਤਾਂ ਉਹ ਆਨੇ-ਬਹਾਨੇ ਆਪਣੀ ਗੱਲ ਮੰਨਵਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ, ਜਿਸ ਵਿਚ ਉੱਚੀ-ਉੱਚੀ ਰੋਣਾ, ਧਰਤੀ 'ਤੇ ਲਿਟਣਾ, ਘਰ ਦਾ ਸਾਮਾਨ ਸੁੱਟਣਾ, ਕੀਮਤੀ ਚੀਜ਼ਾਂ ਨੂੰ ਤੋੜਨਾ, ਗੱਲ-ਗੱਲ 'ਤੇ ਰੁੱਸਣਾ ਆਦਿ ਸ਼ਾਮਿਲ ਹਨ। ਅੱਜਕਲ੍ਹ ਬੱਚਿਆਂ ਦਾ ਇਸ ਤਰ੍ਹਾਂ ਦਾ ਵਿਵਹਾਰ ਮਾਪਿਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਬੱਚਿਆਂ ਦੇ ਇਸ ਤਰ੍ਹਾਂ ਦੇ ਵਿਵਹਾਰ ਤੋਂ ਦੁਖੀ ਹੋ ਕੇ ਕਈ ਵਾਰ ਮਾਪੇ ਗੁੱਸੇ ਵਿਚ ਆ ਕੇ ਬੱਚਿਆਂ ਨੂੰ ਥੱਪੜ ਲਾ ਦਿੰਦੇ ਹਨ ਜਾਂ ਘੂਰ ਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਮਾਤਾ-ਪਿਤਾ ਵਲੋਂ ਇਸ ਤਰ੍ਹਾਂ ਦਾ ਵਿਵਹਾਰ ਕਰਨ ਨਾਲ ਬੱਚਿਆਂ ਉੱਤੇ ਲੰਬੇ ਸਮੇਂ ਲਈ ਕੋਈ ਖਾਸ ਅਸਰ ਨਹੀਂ ਹੁੰਦਾ। ਇਕਲਾਪੇ ਨੂੰ ਭੁਲਾਉਣ ਲਈ ਬੱਚੇ ਗ਼ਲਤ ਸੰਗਤ ਵਿਚ ਪੈ ਕੇ ਸਮਾਜ-ਵਿਰੋਧੀ ਕੰਮਾਂ ਵਿਚ ਪੈ ਜਾਂਦੇ ਹਨ ਅਤੇ ਮਾਪਿਆਂ ਦਾ ਗੁੱਸੇ ਵਾਲਾ ਵਿਵਹਾਰ ਬੱਚਿਆਂ ਨੂੰ ਹਿੰਸਕ ਵੀ ਬਣਾ ਦਿੰਦਾ ਹੈ। ਬੱਚੇ ਜੇਕਰ ਮਾਤਾ-ਪਿਤਾ ਦੀ ਗੱਲ ਸੁਣਨ ਤੋਂ ਇਨਕਾਰੀ ਹਨ ਤਾਂ ਅਜਿਹੀ ਸਥਿਤੀ ਵਿਚ ਮਾਪਿਆਂ ਨੂੰ ਬੱਚਿਆਂ 'ਤੇ ਗੁੱਸਾ ਕਰਨ ਦੀ ਥਾਂ ਗੱਲਬਾਤ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਅਤੇ ਬੱਚੇ ਦੇ ਗੁੱਸਾ ਕਰਨ ਦਾ ਕਾਰਨ ਪਤਾ ਲਗਾਉਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦੇ ਵਿਵਹਾਰ ਵਿਚ ਤਬਦੀਲੀ ਲਿਆਂਦੀ ਜਾ ਸਕੇ। ਜ਼ਿਆਦਾਤਰ ਬੱਚਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਮਾਪੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਰਹੇ ਅਤੇ ਰੁਝੇਵਿਆਂ ਵਿਚ ਰੁੱਝੇ ਹੋਣ ਕਾਰਨ ਉਨ੍ਹਾਂ ਦਾ ਖਿਆਲ ਨਹੀਂ ਰੱਖ ਪਾ ਰਹੇ। ਬੱਚਿਆਂ ਦੇ ਨਾਲ ਖਾਸ ਮੌਕਿਆਂ ਉੱਤੇ ਵੀ ਮਾਤਾ-ਪਿਤਾ ਆਪਣੇ ਰੁਝੇਵਿਆਂ ਕਰਕੇ ਸਮਾਂ ਨਹੀਂ ਦੇ ਪਾਉਂਦੇ। ਇਨ੍ਹਾਂ ਸਭ ਕਾਰਨਾਂ ਕਰਕੇ ਕਈ ਵਾਰ ਬੱਚਿਆਂ ਦਾ ਵਿਵਹਾਰ ਮਾਤਾ-ਪਿਤਾ ਪ੍ਰਤੀ ਨਕਾਰਾਤਮਕ ਹੋ ਜਾਂਦਾ ਹੈ, ਜਦਕਿ ਮਾਪੇ ਇਸ ਗੱਲ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਆਖਰ ਬੱਚੇ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੇ ਹਨ। ਮਾਪਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਵੇਂ ਉਨ੍ਹਾਂ ਕੋਲ ਕਿੰਨੇ ਵੀ ਰੁਝੇਵੇਂ ਹੋਣ ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ਲਈ ਸਮਾਂ ਕੱਢਣਾ ਹੀ ਚਾਹੀਦਾ ਹੈ, ਫਿਰ ਭਾਵੇਂ ਉਹ ਸਕੂਲ ਵਿਚ ਕੋਈ ਪ੍ਰੋਗਰਾਮ ਹੋਵੇ ਜਾਂ ਫਿਰ ਕੋਈ ਫੰਕਸ਼ਨ ਪਾਰਟੀ। ਮਾਪਿਆਂ ਨੂੰ ਬੱਚਿਆਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਦੇ ਪੂਰੀ ਤਰ੍ਹਾਂ ਨਾਲ ਹਨ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਅਤੇ ਵਿਵਹਾਰ ਵਿਚ ਤਬਦੀਲੀ ਲਈ ਮਾਤਾ-ਪਿਤਾ ਉਨ੍ਹਾਂ ਨੂੰ ਬਹੁਤ ਟੋਕਦੇ ਹਨ। ਬਿਨਾਂ ਸ਼ੱਕ ਬੱਚਿਆਂ ਦੇ ਚੰਗੇ ਭਵਿੱਖ ਲਈ ਇਹ ਇਕ ਚੰਗੀ ਗੱਲ ਹੈ ਪਰ ਪੜ੍ਹਾਈ ਵਿਚ ਵਧੀਆ ਹੋਣ ਲਈ ਅਤੇ ਵਿਵਹਾਰ ਤਬਦੀਲੀ ਲਈ ਸਮੇਂ ਦੀ ਬਹੁਤ ਲੋੜ ਹੁੰਦੀ ਹੈ ਪਰ ਕਈ ਵਾਰ ਮਾਤਾ-ਪਿਤਾ ਇਸ ਕੰਮ ਲਈ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦਿੰਦੇ ਅਤੇ ਉਹ ਚਾਹੁੰਦੇ ਹਨ ਕਿ ਬੱਚੇ ਪੜ੍ਹਾਈ ਅਤੇ ਵਿਵਹਾਰ ਵਿਚ ਫਟਾਫਟ ਤਬਦੀਲੀ ਕਰਕੇ ਦਿਖਾਉਣ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੁਝ ਸਮਾਂ ਠਰੰਮਾ ਰੱਖਦੇ ਹੋਏ ਬੱਚਿਆਂ ਨੂੰ ਪੂਰਾ ਸਮਾਂ ਦੇਣ, ਤਾਂ ਜੋ ਉਹ ਕੁਝ ਵਧੀਆ ਕਰਕੇ ਦਿਖਾ ਸਕਣ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਉੱਪਰ ਗੁੱਸੇ ਹੋਣ ਦੀ ਜਗ੍ਹਾ ਪਿਆਰ ਨਾਲ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਕਾਰਵਾਈ ਕਰਨ, ਤਾਂ ਜੋ ਬੱਚੇ ਪਰਿਵਾਰ ਅਤੇ ਦੇਸ਼ ਲਈ ਕੁਝ ਵਧੀਆ ਕਰ ਸਕਣ। ਜੇਕਰ ਮਾਤਾ-ਪਿਤਾ ਪਿਆਰ ਨਾਲ ਬੱਚਿਆਂ ਨਾਲ ਗੱਲ ਕਰਦੇ ਹਨ, ਤਾਂ ਬੱਚੇ ਵੀ ਆਪਣੀ ਪ੍ਰੇਸ਼ਾਨੀ ਖੁੱਲ੍ਹ ਕੇ ਮਾਤਾ-ਪਿਤਾ ਨਾਲ ਸਾਂਝੀ ਕਰਦੇ ਹਨ। ਇਸ ਲਈ ਸਾਨੂੰ ਹਮੇਸ਼ਾ ਹੀ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਾਤਾ-ਪਿਤਾ ਵਲੋਂ ਬੱਚਿਆਂ ਪ੍ਰਤੀ ਅਪਣਾਇਆ ਗਿਆ ਨਰਮ ਰਵੱਈਆ ਜਿਥੇ ਬੱਚਿਆਂ ਦੇ ਭਵਿੱਖ ਲਈ ਲਾਹੇਵੰਦ ਸਾਬਤ ਹੁੰਦਾ ਹੈ, ਉਥੇ ਹੀ ਪਰਿਵਾਰ ਵਿਚ ਇਕ-ਦੂਜੇ ਪ੍ਰਤੀ ਪਿਆਰ ਅਤੇ ਅਪਣੱਤ ਦੀ ਭਾਵਨਾ ਕਾਇਮ ਰਹਿੰਦੀ ਹੈ।

-ਮੋਬਾ: 98554-83000

ਘਰ ਹੀ ਬਣਾਓ ਕੁਝ ਸਵਾਦੀ ਅਤੇ ਸਿਹਤਦਾਇਕ ਚੀਜ਼ਾਂ

* ਘਰ ਹੀ ਟੋਮੈਟੋ ਸਾਸ ਬਣਾਓ। ਤੇਲ ਵਿਚ ਥੋੜ੍ਹੀ ਰਾਈ ਪਾਓ। ਫੁੱਟਣ 'ਤੇ ਕਰੀ ਪੱਤਾ, ਹਰੀ ਮਿਰਚ, ਲਸਣ ਭੁੰਨੋ। ਉਸ ਵਿਚ ਹਲਦੀ, ਨਮਕ ਪਾਓ ਅਤੇ ਟਮਾਟਰ ਛੋਟਾ ਕੱਟ ਕੇ ਗਲਣ ਤੱਕ ਪਕਾਓ। ਠੰਢਾ ਕਰਕੇ ਉਸ ਨੂੰ ਮਿਕਸਰ ਗਰਾਇੰਡਰ ਵਿਚ ਪੀਸ ਲਓ। ਇਹ ਹੈਲਥੀ ਵੀ ਹੋਵੇਗੀ ਅਤੇ ਸਨੈਕਸ ਦੇ ਨਾਲ ਸਵਾਦੀ ਵੀ।
* ਫਲਾਂ ਦੀ ਚਟਣੀ ਲਈ ਟਮਾਟਰ, ਪਿਆਜ਼ ਬਰੀਕ ਕੱਟੋ ਅਤੇ ਕੜਾਹੀ ਵਿਚ ਪਾਓ। ਉਸ ਵਿਚ ਸੇਬ, ਕਿਸ਼ਮਿਸ਼ ਵੀ ਪਾਓ। ਗਲਣ ਤੱਕ ਪਕਾਓ। ਉਸ ਵਿਚ ਕਾਲੀ ਮਿਰਚ ਇਕ ਛੋਟਾ ਚਮਚ, ਛੋਟਾ ਚਮਚ ਸਿਰਕਾ ਅਤੇ ਨਮਕ ਮਿਲਾਓ। ਇਸ ਦੀ ਵਰਤੋਂ ਬ੍ਰੈੱਡ ਜਾਂ ਪਰੌਂਠੇ 'ਤੇ ਸਪ੍ਰੈਡ ਦੀ ਤਰ੍ਹਾਂ ਕਰੋ।
* ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਨੂੰ ਮਨ ਕਰੇ ਤਾਂ ਥੋੜ੍ਹਾ ਜਿਹਾ ਗੁੜ ਦਾ ਟੁਕੜਾ, ਮਿਸ਼ਰੀ, ਸੌਂਫ ਮੂੰਹ ਵਿਚ ਪਾਓ ਜਾਂ ਫਿਰ ਦਹੀਂ ਵਿਚ ਖਜੂਰ, ਕਿਸ਼ਮਿਸ਼, ਅਨਾਰ ਪਾ ਕੇ ਰਾਇਤੇ ਦੀ ਤਰ੍ਹਾਂ ਖਾਓ। ਇਹ ਹੈਲਥੀ ਬਦਲ ਹੈ।
* ਵਿਸ਼ੇਸ਼ ਚਟਣੀ ਲਈ 50 ਗ੍ਰਾਮ ਲਸਣ, 50 ਗ੍ਰਾਮ ਅਨਾਰਦਾਣਾ, 50 ਗ੍ਰਾਮ ਪੁਦੀਨਾ, ਥੋੜ੍ਹੀ ਕਾਲੀ ਮਿਰਚ, ਨਮਕ ਸਵਾਦ ਅਨੁਸਾਰ ਮਿਲਾ ਕੇ ਗਰਾਇੰਡਰ ਵਿਚ ਗਰਾਇੰਡ ਕਰੋ। ਚੀਲੇ, ਪਕੌੜੇ ਦੇ ਨਾਲ ਖਾਓ।
* ਸਨੈਕਸ ਲਈ ਮੁਰਮੁਰੇ ਵਿਚ ਸਪਰਾਊਟਸ, ਪਿਆਜ਼, ਹਰੀ ਮਿਰਚ, ਹਰਾ ਧਨੀਆ ਮਿਲਾਓ। ਉਸ 'ਤੇ ਹਲਕਾ ਜਿਹਾ ਕਾਲਾ ਲੂਣ ਅਤੇ ਚਾਟ ਮਸਾਲਾ ਮਿਲਾ ਕੇ ਖਾਓ।
* ਪਰੌਂਠੇ ਦੀ ਜਗ੍ਹਾ ਭਰਵੀਂ ਰੋਟੀ ਬਣਾਓ। ਚਾਹੋ ਤਾਂ ਗਰਮ ਭਰਵਾਂ ਰੋਟੀ 'ਤੇ ਸਫੈਦ ਮੱਖਣ ਲਗਾ ਕੇ ਖਾਓ।
* ਦਹੀਂ ਵਿਚ ਮਨਪਸੰਦ ਮੌਸਮੀ ਫਲ, ਇਲਾਇਚੀ, ਸੁੱਕੇ ਮੇਵੇ ਪਾ ਕੇ ਸਮੂਦੀ ਬਣਾਓ। ਮਿੱਠੇ ਦੀ ਜਗ੍ਹਾ ਸ਼ਹਿਦ ਮਿਲਾਓ। ਜੇ ਸਮੂਦੀ ਦੀ ਜਗ੍ਹਾ ਸ਼ੇਕ ਬਣਾਉਣਾ ਹੋਵੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਪਤਲਾ ਕਰ ਲਓ।
* ਆਲੂ ਦੀ ਟਿੱਕੀ ਬਣਾਉਂਦੇ ਸਮੇਂ ਮੈਸ਼ਡ ਆਲੂ ਦੇ ਨਾਲ ਸਟੀਮਡ ਮਟਰ, ਗੋਭੀ, ਗਾਜਰ, ਬੀਨਸ ਪਾ ਕੇ ਮੈਸ਼ ਕਰੋ ਅਤੇ ਚਾਹੋ ਤਾਂ ਏਅਰਫ੍ਰਾਇਰ ਵਿਚ ਸੇਕ ਕੇ ਖਾਓ ਜਾਂ ਨਾਨਸਟਿਕ 'ਤੇ ਘੱਟ ਤੇਲ ਵਿਚ ਬਣਾਓ।
* ਜੇ ਸਮੋਸਾ ਖਾਣ ਨੂੰ ਮਨ ਕਰੇ ਤਾਂ ਦੁਕਾਨਦਾਰ ਕੋਲੋਂ ਕੱਚੇ ਸਮੋਸੇ ਲਿਆਓ। ਉਨ੍ਹਾਂ ਨੂੰ ਏਅਰਫ੍ਰਾਇਰ ਵਿਚ ਸੇਕੋ। ਘੱਟ ਤੇਲ ਵਿਚ ਬੇਕਡ ਸਮੋਸਾ ਖਾ ਕੇ ਸਮੋਸੇ ਦਾ ਅਨੰਦ ਲਓ।
* ਸਾਫਟ ਡ੍ਰਿੰਕਸ ਦੀ ਜਗ੍ਹਾ ਨਿੰਬੂ ਪਾਣੀ ਵਿਚ ਕਾਲਾ ਲੂਣ, ਭੁੰਨਿਆ ਜ਼ੀਰਾ, ਪੁਦੀਨੇ ਦੇ ਪੱਤੇ ਮਸਲ ਕੇ ਬਰਫ ਬਿਊਬਸ ਪਾ ਕੇ ਪੀਓ।
* ਘਰ ਹੀ ਮੌਸਮੀ ਫਲਾਂ ਦਾ ਜੈਮ ਤਿਆਰ ਕਰੋ। ਉਸ ਵਿਚ ਖੰਡ ਦੀ ਮਾਤਰਾ ਘੱਟ ਰੱਖੋ, ਜਿਸ ਦੀ ਵਰਤੋਂ ਪਰਾਉਂਠੇ ਅਤੇ ਬ੍ਰੈੱਡ ਸਪ੍ਰੈਡ ਦੇ ਰੂਪ ਵਿਚ ਕਰ ਸਕਦੇ ਹੋ।
* ਨੂਡਲਸ ਆਟੇ ਵਾਲੇ ਖਰੀਦੋ ਅਤੇ ਖੂਬ ਸਬਜ਼ੀ ਪਾ ਕੇ ਬਣਾਓ। ਇਸੇ ਤਰ੍ਹਾਂ ਪਾਸਤੇ ਵਿਚ ਵੀ ਖੂਬ ਸਬਜ਼ੀਆਂ ਪਾਓ ਤਾਂ ਕਿ ਸ਼ੌਕ ਵੀ ਪੂਰਾ ਹੋ ਜਾਵੇ ਅਤੇ ਸਿਹਤ ਨੂੰ ਵੀ ਨੁਕਸਾਨ ਨਾ ਪਹੁੰਚੇ।
* ਬਰਗਰ ਖਾਣਾ ਹੋਵੇ ਤਾਂ ਹੋਲਵਹੀਟ ਆਟੇ ਦਾ ਬਰਗਰ ਖਰੀਦੋ। ਉਸ ਵਿਚ ਪਿਆਜ਼, ਟਮਾਟਰ, ਪਨੀਰ ਦੀ ਲੇਅਰ ਲਗਾਓ। ਬਰਗਰ ਨੂੰ ਵਿਚਕਾਰੋਂ ਕੱਟ ਕੇ ਘਰ ਹੀ ਹਰੀ ਚਟਣੀ ਅਤੇ ਸਾਸ ਲਗਾਓ। ਸਬਜ਼ੀਆਂ ਦਾ ਨਾਨਸਟਿਕ 'ਤੇ ਹਲਕਾ ਜਿਹਾ ਤੇਲ ਲਗਾ ਕੇ ਸੇਕ ਲਓ।
* ਕੋਫਤੇ ਜਾਂ ਪਕੌੜੇ ਵਾਲੀ ਕੜ੍ਹੀ ਨੂੰ ਮਨ ਕਰੇ ਤਾਂ ਬੇਸਣ ਵਿਚ ਸਬਜ਼ੀ ਕੱਦੂਕਸ਼ ਕਰਕੇ ਉਸ ਦੇ ਬਾਲਸ ਬਣਾ ਕੇ ਨਾਨਸਟਿਕ ਤਵੇ 'ਤੇ ਹਲਕਾ ਜਿਹਾ ਬੁਰਸ਼ ਨਾਲ ਤੇਲ ਲਗਾ ਕੇ ਸੇਕੋ। ਬੇਸਣ ਵਿਚ ਪਿਆਜ਼, ਆਲੂ, ਮਿਰਚ, ਧਨੀਆ ਬਰੀਕ ਕੱਟ ਕੇ ਪਕੌੜਿਆਂ ਦਾ ਆਕਾਰ ਦੇ ਕੇ ਨਾਨਸਟਿਕ 'ਤੇ ਸੇਕੋ। ਸ਼ੌਕ ਪੂਰਾ ਹੋ ਜਾਵੇਗਾ।
* ਸਬਜ਼ੀਆਂ ਅਤੇ ਪਰਾਉਂਠਿਆਂ ਵਿਚ ਤੇਲ ਦੀ ਮਾਤਰਾ ਨੂੰ ਸੀਮਤ ਕਰਨ ਲਈ ਤੇਲ ਅਜਿਹੀ ਨੋਜਲ ਵਾਲੀ ਬੋਤਲ ਵਿਚ ਪਾਓ, ਜਿਸ ਨਾਲ ਪਤਲੀ ਧਾਰ ਹੀ ਨਿਕਲੇ।
* ਮੁਰਮੁਰੇ, ਭੁੱਜੇ ਛੋਲੇ, ਭੁੱਜੀ ਹੋਈ ਮੂੰਗਫਲੀ ਦਾ ਨਮਕੀਨ ਘਰ ਵਿਚ ਹੀ ਬਣਾਓ। ਵੱਖ-ਵੱਖ ਇਨ੍ਹਾਂ ਨੂੰ ਦੁਬਾਰਾ ਥੋੜ੍ਹਾ ਭੁੰਨ ਲਓ। ਫਿਰ ਮਿਕਸ ਕਰਕੇ ਥੋੜ੍ਹੇ ਜਿਹੇ ਤੇਲ ਵਿਚ ਕੜੀ ਪੱਤਾ, ਨਮਕ, ਥੋੜ੍ਹੀ ਜਿਹੀ ਲਾਲ ਮਿਰਚ ਅਤੇ ਚਾਟ ਮਸਾਲਾ ਪਾ ਕੇ ਤਕੜਾ ਦਿਓ।
* ਸੁੱਕੀਆਂ ਸਬਜ਼ੀਆਂ ਵਿਚ ਆਲੂ ਘੱਟ ਅਤੇ ਸਬਜ਼ੀ ਜ਼ਿਆਦਾ ਪਾ ਕੇ ਪਕਾਓ।

ਬੱਚਿਆਂ ਦਾ ਪਾਲਣ-ਪੋਸ਼ਣ ਵਰਦਾਨ ਜਾਂ ਸਰਾਪ

ਅਜੋਕੇ ਸਮੇਂ ਦੇ ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਹੀ ਗੁੰਝਲਦਾਰ, ਔਖਾ ਅਤੇ ਹੈਰਾਨੀਜਨਕ ਕੰਮ ਬਣਦਾ ਜਾ ਰਿਹਾ ਹੈ। ਮਾਪੇ ਹੋਣਾ ਜਿਥੇ ਕੁਦਰਤ ਦਾ ਅਸ਼ੀਰਵਾਦ ਹੈ, ਨਾਲ-ਨਾਲ ਜ਼ਿੰਮੇਵਾਰੀ ਵੀ ਹੈ। ਪਰ ਅਸੀਂ ਰੱਬ ਦੀ ਇਸ ਸੌਗਾਤ ਨੂੰ ਤਣਾਅਪੂਰਨ ਅਤੇ ਥਕਾ ਦੇਣ ਵਾਲਾ ਮੰਨਦੇ ਹਾਂ। ਅਜਿਹਾ ਤਣਾਅ ਬੱਚਿਆਂ ਦੇ ਗ਼ਲਤ ਪਾਲਣ-ਪੋਸ਼ਣ ਦੀ ਅਗਵਾਈ ਕਰਦਾ ਹੈ। ਇਸ ਤਰ੍ਹਾਂ ਦੇ ਤਣਾਅ ਨੂੰ ਘੱਟ ਕਰਨ ਲਈ ਮਾਪੇ ਅਨੇਕਾਂ ਹੀ ਆਸਾਨ ਢੰਗਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਬੱਚੇ ਦੇ ਰੋਣ 'ਤੇ ਉਸ ਨੂੰ ਫੋਨ ਫੜਾ ਦੇਣਾ। ਉਹ ਆਪਣੇ ਬੱਚਿਆਂ ਦੇ ਕੀਮਤੀ ਸਮੇਂ ਨੂੰ ਪਦਾਰਥਵਾਦੀ ਬਣਾਉਣ ਵਿਚ ਲਗਾ ਦਿੰਦੇ ਹਨ। ਸਿੱਟੇ ਵਜੋਂ ਬੱਚੇ ਇਕੱਲਤਾ ਦਾ ਸ਼ਿਕਾਰ ਹੋ ਜਾਂਦੇ ਹਨ। ਨਿਆਣੀ ਉਮਰੇ ਬੱਚਿਆਂ ਦੇ ਸੁਭਾਅ ਵਿਚ 'ਪਲੀਜਰ ਪ੍ਰਿੰਸੀਪਲ' ਵਧੇਰੇ ਕੰਮ ਕਰਦਾ ਹੈ ਅਤੇ ਅਸਾਨ ਤਰੀਕਿਆਂ ਦੀ ਵਰਤੋਂ ਕਾਰਨ ਬੱਚਿਆਂ ਦਾ ਅਣਸੁਖਾਵਾਂ ਸੁਭਾਅ ਵਧੇਰੇ ਪਰਿਪੱਕ ਹੋ ਜਾਂਦਾ ਹੈ। ਬੱਚਿਆਂ ਦੀ ਉਮਰ ਦੇ ਪਹਿਲੇ 5 ਸਾਲ ਉਸ ਦੀ ਸ਼ਖ਼ਸੀਅਤ ਦੀ ਬੁਨਿਆਦ ਹੁੰਦੇ ਹਨ। ਇਸੇ ਕਰਕੇ ਬੁਨਿਆਦ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ, ਸ਼ਖ਼ਸੀਅਤ ਓਨੀ ਹੀ ਨਿਖਰ ਕੇ ਸਾਹਮਣੇ ਆਵੇਗੀ। ਉਦਾਹਰਨ ਦੇ ਤੌਰ 'ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚੇ ਚੰਗੀਆਂ ਕਿਤਾਬਾਂ ਪੜ੍ਹਨ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਮਾਪਿਆਂ ਦੀ ਆਪਣੀ ਵੀ ਹੋਵੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚੇ ਖਾਣਾ ਚੰਗਾ ਖਾਣ ਤਾਂ ਚੰਗਾ ਅਤੇ ਪੌਸ਼ਟਿਕ ਭੋਜਨ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਦੇ ਉਲਟ ਜੇਕਰ ਮਾਪੇ ਆਪਣੇ ਬੱਚਿਆਂ ਦੇ ਸਾਹਮਣੇ ਲੜਾਈ ਕਰਦੇ ਹਨ ਤਾਂ ਬੱਚੇ ਵੀ ਲੜਾਈ ਨੂੰ ਤਰਜੀਹ ਦੇਣਗੇ ਅਤੇ ਮਾਪਿਆਂ ਦੀ ਇੱਜ਼ਤ ਨਹੀਂ ਕਰਨਗੇ।
ਅੱਜ ਦੇ ਸਮੇਂ ਅਸੀਂ ਜਾਣਦੇ ਹੀ ਹਾਂ ਕਿ ਨਸ਼ਿਆਂ ਦੀ ਵਰਤੋਂ, ਸਰੀਰਕ ਸ਼ੋਸ਼ਣ, ਮਾਨਸਿਕ ਸ਼ੋਸ਼ਣ ਅਤੇ ਧੱਕੇਸ਼ਾਹੀ ਬਿਲਕੁਲ ਹੀ ਆਮ ਹੋ ਗਏ ਜਾਪਦੇ ਹਨ। ਇਹ ਕਿਤੇ ਨਾ ਕਿਤੇ ਮਾਪਿਆਂ ਦੀ ਅਣਦੇਖੀ ਦਾ ਨਤੀਜਾ ਹੁੰਦਾ ਹੈ। ਆਖਰ ਮਾਪੇ ਅਜਿਹਾ ਕਿਉਂ ਕਰਦੇ ਹਨ? ਮਾਪਿਆਂ ਦੇ ਮੁਤਾਬਿਕ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡਾ ਕਾਰਨ ਹੈ ਉਨ੍ਹਾਂ ਦਾ ਰੁਝੇਵਿਆਂ ਭਰਿਆ ਜਿਊਣ ਦਾ ਢੰਗ। ਸਮੇਂ ਦੇ ਨਾਲ-ਨਾਲ ਰੁਝੇਵਿਆਂ ਭਰੀ ਫੈਸਲਸੂਫ਼ੀਆ ਜ਼ਿੰਦਗੀ ਦੇ ਢੰਗਾਂ ਕਰਕੇ ਮਾਪੇ ਇਕ ਆਦਰਸ਼ ਪਾਲਣ-ਪੋਸ਼ਣ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ। ਕਿਸ਼ੋਰ ਉਮਰ ਵਿਚ ਬੱਚੇ ਆਪਣੇ ਆਲੇ-ਦੁਆਲੇ ਹੋ ਰਹੀਆਂ ਸਭ ਗੱਲਾਂ ਨੂੰ ਜਾਨਣ ਲਈ ਕਾਫੀ ਉਤਾਵਲੇ ਹੁੰਦੇ ਹਨ। ਸਾਰੀਆਂ ਗੱਲਾਂ ਮਾਪਿਆਂ ਵਲੋਂ ਨਾ ਦੱਸਣ 'ਤੇ ਜੇ ਬੱਚੇ ਨੂੰ ਆਪਣੇ ਦੋਸਤਾਂ, ਇੰਟਰਨੈੱਟ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਲੋੜ ਤੋਂ ਵੱਧ ਜਾਂ ਅਧੂਰੀਆਂ ਪਤਾ ਲਗਦੀਆਂ ਹਨ ਤਾਂ ਇਹ ਬੱਚੇ ਲਈ ਬਹੁਤ ਹੀ ਖਤਰਨਾਕ ਸਿੱਧ ਹੋ ਸਕਦੀਆਂ ਹਨ।
ਕਈ ਵਾਰ ਬੱਚਿਆਂ ਦੇ ਮਾਪੇ ਸ਼ਿਕਾਇਤ ਕਰਦੇ ਹਨ ਕਿ ਬੱਚੇ ਉਨ੍ਹਾਂ ਨੂੰ ਕਦੇ ਵੀ ਕੁਝ ਨਹੀਂ ਦੱਸਦੇ ਕਿ ਸਕੂਲ, ਕਾਲਜ, ਦੋਸਤਾਂ ਵਿਚ ਕੀ ਹੋਇਆ। ਮਾਪੇ ਬੱਚਿਆਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਬਿਨਾਂ ਲੋੜ ਤੋਂ ਟੋਕਦੇ ਵੀ ਰਹਿੰਦੇ ਹਨ। ਇਸੇ ਕਰਕੇ ਬੱਚੇ ਕੁਝ ਕੁ ਗੱਲਾਂ ਹੀ ਦੱਸਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਸਾਹਮਣੇ ਵਾਲਾ ਸਾਨੂੰ ਰੋਕ-ਟੋਕ ਕਰੇਗਾ ਤੇ ਲੜੇਗਾ। ਦੂਜੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਉਵੇਂ ਦਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਿਵੇਂ ਦਾ ਮਾਪੇ ਚਾਹੁੰਦੇ ਹਨ, ਬਜਾਏ ਬੱਚੇ ਦੇ ਵੱਖਰੇਪਣ ਨੂੰ ਸਵੀਕਾਰ ਕਰਨ ਤੋਂ। ਕਈ ਵਾਰ ਅਜਿਹੀਆਂ ਗੱਲਾਂ ਬੱਚੇ ਦੀ ਸ਼ਖ਼ਸੀਅਤ 'ਤੇ ਗ਼ਲਤ ਅਸਰ ਪਾਉਂਦੀਆਂ ਹਨ। ਅਸੀਂ ਸਾਰੇ ਪੀੜ੍ਹੀ ਦੇ ਫਰਕ ਨੂੰ ਸਮਝਦੇ ਜ਼ਰੂਰ ਹਾਂ ਪਰ ਅਸਲੋਂ ਸਵੀਕਾਰ ਨਹੀਂ ਕਰਦੇ, ਜਿਸ ਕਰਕੇ ਮਾਪੇ ਬੱਚਿਆਂ ਦੀ ਖੁਦ ਨਾਲ ਤੁਲਨਾ ਕਰ ਦਿੰਦੇ ਹਨ ਕਿ ਅਸੀਂ ਤਾਂ ਤੁਹਾਡੀ ਉਮਰੇ ਇੰਜ ਨਹੀਂ ਸੀ। ਉਹ ਇਹ ਭੁੱਲ ਜਾਂਦੇ ਹਨ ਕਿ ਕੋਈ ਸਾਕਾਰਾਤਮਿਕ ਬਦਲਾਅ ਸਮੇਂ ਦੀ ਮੰਗ ਹੈ। ਲਿੰਗ ਦੇ ਆਧਾਰ 'ਤੇ ਪਾਲਣ-ਪੋਸ਼ਣ ਬਹੁਤ ਸਾਰੀਆਂ ਅਸਮਾਨਤਾਵਾਂ ਪੈਦਾ ਕਰਦਾ ਹੈ। ਬੱਚਿਆਂ ਦੀ ਆਪਸੀ ਤੁਲਨਾ ਪਾਲਣ-ਪੋਸ਼ਣ ਨੂੰ ਬੇਢੰਗਾ ਬਣਾ ਦਿੰਦੀ ਹੈ। ਬੱਚਿਆਂ ਦੀ ਤੁਲਨਾ ਚੰਨ ਤੇ ਸੂਰਜ ਦੀ ਤੁਲਨਾ ਕਰਨ ਦੇ ਬਰਾਬਰ ਹੈ, ਜੋ ਕਿ ਬੇਤੁਕੀ ਹੈ, ਕਿਉਂਕਿ ਇਹ ਦੋਵੇਂ ਚਮਕਦੇ ਹਨ ਪਰ ਆਪਣੇ-ਆਪਣੇ ਸਮੇਂ 'ਤੇ।
ਮਾਪੇ ਆਪਣੇ ਬੱਚਿਆਂ ਦੇ ਉਹ ਘੁਮਿਆਰ ਹਨ, ਜੋ ਕਿ ਪੂਰੀ ਮਿਹਨਤ ਅਤੇ ਸਮਾਂ ਲਗਾ ਕੇ ਉਨ੍ਹਾਂ ਨੂੰ ਬਹੁਤ ਹੀ ਖੂਬਸੂਰਤ ਇਨਸਾਨ ਬਣਾ ਸਕਦੇ ਹਨ। ਸੋ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਣ ਲਈ ਦੋਸਤਾਨਾ ਰਿਸ਼ਤਾ, ਬਿਨਾਂ ਆਲੋਚਨਾ ਦੇ ਸੁਣਨਾ, ਬੱਚਿਆਂ ਨਾਲ ਸਮਾਂ ਬਿਤਾਉਣਾ, ਉਨ੍ਹਾਂ ਵਲੋਂ ਕੀਤੇ ਜਾਂਦੇ ਕੰਮਾਂ ਵਿਚ ਭਾਗ ਲੈਣਾ, ਸਤਿਕਾਰ ਦੇਣਾ, ਕਦੇ ਵੀ ਵਾਅਦੇ ਨਾ ਤੋੜਨਾ, ਇਕ ਬਹੁਤ ਹੀ ਸਿਹਤਮੰਦ ਰਿਸ਼ਤਾ ਕਾਇਮ ਕਰਦਾ ਹੈ। ਮਾਪੇ ਜਿੰਨਾ ਜ਼ਿਆਦਾ ਆਪਣੇ ਬੱਚੇ ਨੂੰ ਸੁਣਨਗੇ, ਉਨ੍ਹਾਂ ਦੀ ਸਮਝ ਪਾਉਣਗੇ ਅਤੇ ਕਿਸੇ ਵੀ ਸੰਕਟ ਸਮੇਂ ਉਨ੍ਹਾਂ ਦਾ ਸਾਥ ਦੇ ਸਕਣਗੇ। ਇਹ ਗੱਲਾਂ ਹਮੇਸ਼ਾ ਬੱਚੇ ਨੂੰ ਸਹੀ ਰਾਹ 'ਤੇ ਰੱਖਣ ਵਿਚ ਮਦਦ ਕਰਦੀਆਂ ਹਨ।


-(ਸਾਈਕੋਲੋਜਿਸਟ)।
ਮੋਬਾ: 95012-04784

ਤੇਲੀ ਚਮੜੀ ਨੂੰ ਬਣਾਓ ਦੇਸੀ ਨੁਸਖਿਆਂ ਨਾਲ ਸੁੰਦਰ

ਤੇਲੀ ਚਮੜੀ ਦੇ ਕੁਝ ਘਰੇਲੂ ਇਲਾਜ ਹੇਠ ਲਿਖੇ ਹਨ-
* ਇਕ ਕੱਪ ਦਹੀਂ ਵਿਚ 2 ਚਮਚ ਹਲਦੀ, ਦੋ ਚਮਚ ਸ਼ਹਿਦ ਅਤੇ 2 ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਸਾਫ਼-ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਚਮੜੀ ਦਾ ਤੇਲੀਪਨ ਖ਼ਤਮ ਹੋ ਜਾਵੇਗਾ ਅਤੇ ਚਿਹਰੇ ਵਿਚ ਨਿਖਾਰ ਆ ਜਾਵੇਗਾ।
* ਤਿਲ, ਸੁੱਕੇ ਪੁਦੀਨੇ ਦੇ ਪੱਤੇ ਅਤੇ ਸ਼ਹਿਦ ਲਓ। ਤਿਲ ਦੇ ਬੀਜ ਨੂੰ ਬਰੀਕ ਪੀਸ ਕੇ ਸੁੱਕੇ ਪੁਦੀਨੇ ਦੇ ਪੱਤਿਆਂ ਦਾ ਪਾਊਡਰ ਬਣਾ ਲਓ। ਉਨ੍ਹਾਂ ਨੂੰ ਮਿਲਾਓ ਅਤੇ ਥੋੜ੍ਹਾ ਸ਼ਹਿਦ ਮਿਲਾਓ ਅਤੇ ਚਮੜੀ 'ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਹੌਲੀ ਜਿਹੇ ਰਗੜੋ ਅਤੇ ਤਾਜ਼ੇ ਪਾਣੀ ਨਾਲ ਧੋ ਲਓ।
* ਗਰਮੀਆਂ ਦੌਰਾਨ ਕੱਚੇ ਆਲੂ ਦੇ ਸਲਾਈਸ ਨਾਲ ਚਮੜੀ ਨੂੰ ਰਗੜਨ ਨਾਲ ਚਮੜੀ ਨੂੰ ਸਾਫ਼ ਕਰਨ ਵਿਚ ਮਦਦ ਮਿਲਦੀ ਹੈ।
* ਪੀਸੀਆਂ ਹੋਈਆਂ ਨਿੰਬੂ ਦੀਆਂ ਛਿੱਲਾਂ ਅਤੇ ਜਈ ਨੂੰ ਮਿਲਾਓ। ਥੋੜ੍ਹਾ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
* ਤਰਬੂਜ਼ ਦਾ ਰਸ ਵੀ ਇਕ ਚੰਗਾ ਸਕਿਨ ਟੋਨਰ ਹੈ ਅਤੇ ਗਰਮੀਆਂ ਦੀ ਖੁਸ਼ਕੀ ਤੋਂ ਰਾਹਤ ਦਿੰਦਾ ਹੈ।
* ਤੇਲੀ ਚਮੜੀ ਲਈ ਪਪੀਤੇ ਦੇ ਗੁੱਦੇ ਨੂੰ ਮਾਸਕ ਵਾਂਗ ਚਿਹਰੇ 'ਤੇ ਲਗਾਓ। ਇਸ ਵਿਚ ਸ਼ਾਮਿਲ ਹੈ ਇੰਜ਼ਾਇਮ ਜੋ ਇਕ ਸ਼ਕਤੀਸ਼ਾਲੀ ਕਲੀਂਜਰ ਹੈ। ਇਹ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।
* ਤੇਲੀ ਚਮੜੀ ਲਈ ਟਮਾਟਰ ਦਾ ਰਸ ਜਾਂ ਗੁੱਦਾ ਵੀ ਚੰਗਾ ਹੈ। ਇਹ ਚਮੜੀ ਦੀ ਕਾਲਿਮਾ/ਦਾਗ-ਧੱਬੇ ਨੂੰ ਹਟਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਚਿਹਰੇ 'ਤੇ ਲਗਾ ਕੇ 15 ਮਿੰਟ ਬਾਅਦ ਧੋ ਲਓ।
* ਪਪੀਤੇ ਦਾ ਗੁੱਦਾ ਚਮੜੀ 'ਤੇ ਲਗਾ ਕੇ ਇਸ ਨੂੰ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਪਪੀਤੇ ਵਿਚ ਅੰਜਾਇਮ ਹੁੰਦਾ ਹੈ। ਇਹ ਮ੍ਰਿਤ ਚਮੜੀ ਕੋਸ਼ਿਕਾਵਾਂ ਨੂੰ ਨਰਮ ਅਤੇ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਵਿਚ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ।
* ਨਾਰੀਅਲ ਪਾਣੀ ਨਾਲ ਚਮੜੀ ਨੂੰ ਟੋਨ ਕਰਨ ਦੀ ਕੋਸ਼ਿਸ਼ ਕਰੋ। ਨਾਰੀਅਲ ਪਾਣੀ ਨੂੰ ਚਮੜੀ 'ਤੇ ਲਗਾਓ ਅਤੇ 20 ਤੋਂ 30 ਮਿੰਟ ਬਾਅਦ ਪਾਣੀ ਨਾਲ ਧੋ ਦਿਓ।
* ਇਕ ਕੱਪ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ। ਇਸ ਨੂੰ ਚਿਹਰੇ 'ਤੇ ਹੌਲੀ-ਹੌਲੀ ਲਗਾਓ। ਜੇ ਚਮੜੀ 'ਤੇ ਧੱਬਾ ਜਾਂ ਕੋਈ ਜਲਣ ਹੋਵੇ ਤਾਂ ਇਸ ਦੀ ਮਾਤਰਾ ਵਧਾ ਦਿਓ। ਇਹ ਤੇਲੀ ਦਿੱਖ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।
* ਆਂਡੇ ਦਾ ਸਫੈਦ ਭਾਗ ਅਤੇ ਸ਼ਹਿਦ ਮਿਲਾਓ ਅਤੇ ਇਸ ਨੂੰ ਮਾਸਕ ਵਾਂਗ ਚਿਹਰੇ 'ਤੇ ਲਗਾਓ। 20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਆਂਡੇ ਦੀ ਸਫੈਦੀ ਵਿਚ ਕਲੀਂਜ਼ਿੰਗ ਪ੍ਰਭਾਵ ਹੁੰਦਾ ਹੈ। ਇਹ ਚਿਹਰੇ ਦੇ ਵਾਧੂ ਤੇਲ ਨੂੰ ਘੱਟ ਕਰਦਾ ਹੈ ਅਤੇ ਚਮੜੀ ਨੂੰ ਕੱਸਦਾ ਹੈ, ਸ਼ਹਿਦ ਇਕ ਸ਼ਕਤੀਸ਼ਾਲੀ ਕੁਦਰਤੀ ਮਾਇਸਚਰਾਈਜ਼ਰ ਹੈ।
* ਫਰਿੱਜ ਵਿਚ ਰੱਖਿਆ ਗੁਲਾਬ ਜਲ ਇਕ ਕਟੋਰੀ ਵਿਚ ਕੱਢ ਲਓ। ਇਸ ਵਿਚ ਰੂੰ ਦੇ ਫਹੇ ਭਿਉਂ ਦਿਓ। ਫਿਰ ਇਨ੍ਹਾਂ ਫਹਿਆਂ ਨੂੰ ਹਲਕਾ ਨਿਚੋੜ ਕੇ ਇਸ ਵਿਚ ਆਪਣਾ ਚਿਹਰਾ ਸਾਫ਼ ਕਰ ਲਓ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਅਤੇ ਅਸ਼ੁੱਧੀਆਂ ਨਿਕਲ ਜਾਣਗੀਆਂ ਅਤੇ ਚਮੜੀ ਤਾਜ਼ਗੀ ਵਾਲੀ ਅਤੇ ਸੁੰਦਰ ਬਣ ਜਾਵੇਗੀ।
* ਇਕ ਚਮਚ ਪੀਸੇ ਬਦਾਮ ਵਿਚ ਇਕ ਚਮਚ ਸੰਤਰੇ ਦਾ ਰਸ ਅਤੇ ਇਕ ਵੱਡਾ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਧੌਣ 'ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਇਹ ਸਾਰੇ ਤਰ੍ਹਾਂ ਦੀ ਚਮੜੀ ਲਈ ਚੰਗਾ ਹੈ।
* ਤੇਲੀ ਚਮੜੀ ਲਈ ਦੋ ਵੱਡੇ ਨਿੰਬੂਆਂ ਦਾ ਰਸ ਲਓ। ਇਸ ਵਿਚ ਕੁਚਲੇ ਪੁਦੀਨੇ ਦੇ ਪੱਤੇ ਮਿਲਾਓ। ਇਸ ਪੇਸਟ ਨੂੰ ਇਕ ਘੰਟੇ ਤੱਕ ਲੱਗਾ ਰਹਿਣ ਦਿਓ। ਇਹ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੇਲ ਨੂੰ ਘੱਟ ਕਰਦਾ ਹੈ ਅਤੇ ਮੁਸਾਮ ਬੰਦ ਕਰਦਾ ਹੈ।
* ਗੁਲਾਬ ਜਲ ਨਾਲ ਇਕ ਚਮਚ ਮੁਲਤਾਨੀ ਮਿੱਟੀ ਨੂੰ ਮਿਲਾਓ। ਪ੍ਰਭਾਵਿਤ ਹਿੱਸੇ 'ਤੇ ਲਗਾਉਣ ਤੋਂ 15-20 ਮਿੰਟ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ, ਜਿਸ ਨਾਲ ਚਮੜੀ ਵਿਚ ਠੰਢਕ ਦਾ ਅਹਿਸਾਸ ਹੋਵੇਗਾ।
* ਹਫ਼ਤੇ ਵਿਚ ਦੋ ਵਾਰ ਚਮੜੀ ਨੂੰ ਐਕਸਫੋਲਇਏਟ ਕਰਕੇ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਓ ਅਤੇ ਚਮੜੀ ਨੂੰ ਚਮਕਦਾਰ ਬਣਾਓ।
* ਪੀਸੇ ਹੋਏ ਬਦਾਮ ਨੂੰ ਦਹੀਂ ਅਤੇ ਚੁਟਕੀ ਭਰ ਹਲਦੀ ਨਾਲ ਮਿਲਾਓ। ਹੌਲੀ-ਹੌਲੀ ਰਗੜੋ, ਫਿਰ ਪਾਣੀ ਨਾਲ ਧੋ ਲਓ।
* ਸਾਰੇ ਤਰ੍ਹਾਂ ਦੀ ਚਮੜੀ ਲਈ ਫਰੂਟ ਮਾਸਕਰੂ ਕੇਲਾ, ਸੇਬ, ਪਪੀਤਾ, ਨਾਰੰਗੀ ਵਰਗੇ ਫਲਾਂ ਨੂੰ ਇਕੱਠੇ ਮਿਲਾਇਆ ਜਾ ਸਕਦਾ ਹੈ ਅਤੇ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਫਰੂਟ ਪਲਪ ਜਾਂ ਕੱਦੂਕਸ਼ ਕੀਤੇ ਫਰੂਟ ਦੀ ਵਰਤੋਂ ਕਰੋ। ਇਸ ਨੂੰ 20 ਤੋਂ 30 ਮਿੰਟ ਤੱਕ ਲੱਗਾ ਰਹਿਣ ਦਿਓ। ਫਿਰ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਠੰਢਕ ਦਿੰਦਾ ਹੈ, ਮ੍ਰਿਤ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ।
* ਦੋ ਚਮਚ ਪਾਊਡਰ ਮਿਲਕ, ਇਕ ਆਂਡੇ ਦਾ ਸਫੈਦ ਭਾਗ ਅਤੇ ਖੀਰੇ ਦਾ ਰਸ ਮਿਲਾ ਕੇ ਪੇਸਟ ਬਣਾਓ। ਫਿਰ ਇਸ ਨੂੰ ਚਿਹਰੇ ਅਤੇ ਧੌਣ 'ਤੇ ਲਗਾ ਕੇ 20 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ।
* ਚੋਕਰ (ਕਣਕ ਦਾ ਬੂਰਾ) ਅਤੇ ਵੇਸਣ, ਹਲਦੀ ਅਤੇ ਦਹੀਂ ਨੂੰ ਮਿਲਾ ਕੇ ਪੇਸਟ ਬਣਾਓ ਅਤੇ ਹੱਥਾਂ 'ਤੇ ਮਲੋ। ਇਸ ਨਾਲ ਸ਼ੀਤਲਤਾ, ਨਿਰਮਲਤਾ ਮਿਲਦੀ ਹੈ, ਨਾਲ ਹੀ ਇਹ ਚਮੜੀ ਤੋਂ ਕਾਲੇਪਣ ਨੂੰ ਹਟਾ ਦਿੰਦਾ ਹੈ।
* ਖੀਰੇ ਦੇ ਰਸ ਅਤੇ ਗੁੱਦੇ ਨੂੰ ਚਮੜੀ 'ਤੇ ਠੰਢਾ ਅਸਰ ਹੁੰਦਾ ਹੈ। ਇਸ ਨੂੰ ਚਿਹਰੇ ਅਤੇ ਧੌਣ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਸਾਫ਼ ਕਰ ਲਓ।
* ਤੇਲੀ ਚਮੜੀ ਦੇ ਸੀਵਮ ਨੂੰ ਕਾਬੂ ਕਰਨ ਲਈ ਫ੍ਰਾਈ, ਤਲਿਆ, ਮਸਾਲੇਦਾਰ, ਭਾਰੀ ਭੋਜਨ ਦਾ ਸੇਵਨ ਕਰਨ ਤੋਂ ਬਚੋ ਅਤੇ ਰੇਸ਼ੇ (ਫਾਈਬਰ) ਵਾਲੇ ਭੋਜਨ ਅਤੇ ਸਲਾਦ, ਸੂਪ, ਨਿੰਬੂ, ਸੰਤਰਾ, ਔਲਾ ਆਦਿ ਜ਼ਿਆਦਾ ਮਾਤਰਾ ਵਿਚ ਲਓ ਅਤੇ ਚਾਹ, ਕੌਫੀ, ਕੋਲਡ ਡ੍ਰਿੰਕ ਆਦਿ ਤੋਂ ਪ੍ਰਹੇਜ਼ ਕਰੋ।

ਚੰਗੇ ਗੁਆਂਢੀ ਬਣੋ

ਸਿਆਣੇ ਕਹਿੰਦੇ ਹਨ ਕਿ ਰਿਸ਼ਤੇਦਾਰਾਂ ਨੇ ਤਾਂ ਲੋੜ ਪੈਣ 'ਤੇ ਦੂਰੋਂ ਚੱਲ ਕੇ ਆਉਣਾ ਹੁੰਦਾ ਹੈ ਪਰ ਗੁਆਂਢੀ ਨੇ ਹਰ ਦੁੱਖ-ਸੁੱਖ ਦੀ ਘੜੀ ਵਿਚ ਤੁਰੰਤ ਨਾਲ ਖੜ੍ਹਨਾ ਹੁੰਦਾ ਹੈ। ਇਸ ਲਈ ਹਮੇਸ਼ਾ ਆਪਣੇ ਆਂਢੀਆਂ-ਗੁਆਂਢੀਆਂ ਨਾਲ ਬਣਾ ਕੇ ਰੱਖੋ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਉਮੀਦ ਤੁਸੀਂ ਆਪਣੇ ਗੁਆਂਢੀਆਂ ਤੋਂ ਰੱਖਦੇ ਹੋ, ਉਹੀ ਉਮੀਦ ਤੁਹਾਡੇ ਗੁਆਂਢੀ ਵੀ ਤੁਹਾਡੇ ਤੋਂ ਰੱਖਦੇ ਹਨ। ਹਮੇਸ਼ਾ ਖੁਦ ਨੂੰ ਚੰਗਾ ਦਰਸਾਉਣ ਦਾ ਯਤਨ ਕਰੋ। ਸਾਨੂੰ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਘੁਲ-ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਲਈ ਹਮੇਸ਼ਾ ਗੁਆਂਢੀਆਂ ਨਾਲ ਪ੍ਰੇਮ-ਪਿਆਰ ਨਾਲ ਰਹੋ। ਲੋੜ ਪੈਣ 'ਤੇ ਹਮੇਸ਼ਾ ਆਪਣੇ ਗੁਆਂਢੀਆਂ ਦੀ ਸਹਾਇਤਾ ਕਰੋ। ਜੇ ਗੁਆਂਢੀ ਬਿਮਾਰ, ਪ੍ਰੇਸ਼ਾਨ ਹੋਵੇ ਜਾਂ ਉਸ ਨਾਲ ਕੋਈ ਹਾਦਸਾ ਵਾਪਰ ਗਿਆ ਹੋਵੇ ਤਾਂ ਉਸ ਦੀ ਸਹਾਇਤਾ ਕਰੋ। ਗੁਆਂਢ ਵਿਚ ਕੋਈ ਖੁਸ਼ਖਬਰੀ ਹੋਣ 'ਤੇ ਉਨ੍ਹਾਂ ਨੂੰ ਵਧਾਈ ਦੇਣਾ ਨਾ ਭੁੱਲੋ। ਜੇ ਤੁਸੀਂ ਆਪਣੇ ਗੁਆਂਢ ਵਿਚ ਸਾਂਝ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਗੁਆਂਢੀ ਨਾਲ ਲੈਣ-ਦੇਣ ਜ਼ਰੂਰ ਕਰੋ ਪਰ ਆਪਣੀ ਜੇਬ ਦੇਖ ਕੇ। ਗੁਆਂਢੀ ਤੋਂ ਹਮੇਸ਼ਾ ਕੀਮਤੀ ਚੀਜ਼ਾਂ ਮੰਗਣ ਤੋਂ ਗੁਰੇਜ਼ ਕਰੋ। ਗੁਆਂਢੀਆਂ ਦੇ ਘਰ ਆਉਣਾ-ਜਾਣਾ ਵੀ ਸੀਮਤ ਰੱਖੋ। ਹਰ ਵੇਲੇ ਹੀ ਗੁਆਂਢੀ ਦੇ ਘਰ ਤਾਕ-ਝਾਕ ਨਾ ਕਰੋ। ਗੁਆਂਢੀਆਂ ਦੇ ਕਿਸੇ ਵੀ ਘਰੇਲੂ ਮਸਲੇ ਵਿਚ ਦਖਲਅੰਦਾਜ਼ੀ ਨਾ ਕਰੋ। ਗੁਆਂਢੀਆਂ ਨੂੰ ਬਿਨਾਂ ਮੰਗੇ ਸਲਾਹ ਨਾ ਦਿਓ, ਕਿਉਂਕਿ ਬਿਨਾਂ ਮੰਗੀ ਸਲਾਹ ਕਈ ਵਾਰ ਬੁਰੀ ਲੱਗ ਸਕਦੀ ਹੈ। ਜਦੋਂ ਵੀ ਗੁਆਂਢੀਆਂ ਦੇ ਘਰ ਮਹਿਮਾਨ ਆਏ ਹੋਣ ਤਾਂ ਗੁਆਂਢੀ ਦੇ ਘਰ ਕਦੇ ਵੀ ਨਾ ਜਾਓ, ਭਾਵੇਂ ਕਿ ਤੁਹਾਨੂੰ ਗੁਆਂਢੀ ਨਾਲ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ। ਆਪ ਚੰਗੇ ਸਰੋਤੇ ਬਣ ਕੇ ਗੁਆਂਢੀਆਂ ਦੀ ਵੀ ਗੱਲ ਸੁਣੋ। ਤੁਹਾਨੂੰ ਜੇ ਕੋਈ ਕੰਮ ਆਉਂਦਾ ਹੈ ਜਿਵੇਂ ਕਢਾਈ, ਸਿਲਾਈ ਆਦਿ ਤਾਂ ਗੁਆਂਢੀਆਂ ਦੀ ਨੂੰਹ-ਧੀ ਨੂੰ ਵੀ ਇਹ ਗੁਰ ਸਿਖਾਓ। ਕਦੇ ਵੀ ਗੁਆਂਢੀਆਂ ਨੂੰ ਉਨ੍ਹਾਂ ਦੀਆਂ ਕਮੀਆਂ ਨਾ ਦੱਸੋ ਤੇ ਭਾਸ਼ਣ ਨਾ ਦਿਓ।
ਕਈ ਲੋਕ ਗੁਆਂਢੀਆਂ ਦੀ ਵੀ ਥਾਣੇ-ਕਚਹਿਰੀ ਵਿਚ ਝੂਠੀ ਸ਼ਿਕਾਇਤ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅਜਿਹਾ ਕਰਨ ਨਾਲ ਚੰਗਾ ਗੁਆਂਢੀ ਵੀ ਫਿਰ ਪਿੱਛੇ ਹਟ ਜਾਂਦਾ ਹੈ ਅਤੇ ਸਮਾਂ ਆਉਣ 'ਤੇ ਉਹ ਬਦਲਾ ਜ਼ਰੂਰ ਲੈਂਦਾ ਹੈ। ਇਸ ਲਈ ਗੁਆਂਢੀਆਂ ਨਾਲ ਪਾਣੀ ਜਾਂ ਧੂੰਏਂ ਜਾਂ ਹੋਰ ਬਹਾਨੇ ਪੰਗੇ ਲੈਣ ਵਾਲਿਆਂ ਨੂੰ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਚੰਗਾ ਤਾਂ ਇਹੋ ਹੋਵੇਗਾ ਕਿ ਗੁਆਂਢੀਆਂ ਨਾਲ ਲੜਾਈ-ਝਗੜੇ ਤੋਂ ਗੁਰੇਜ਼ ਕੀਤਾ ਜਾਵੇ ਅਤੇ ਗੁਆਂਢੀਆਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਿਲ ਹੋਇਆ ਜਾਵੇ। ਭਾਵੇਂ ਕਿ ਸ਼ਹਿਰਾਂ ਵਿਚ ਲੋਕ ਇਕ-ਦੂਜੇ ਨਾਲ ਘੱਟ ਹੀ ਮਿਲਵਰਤਣ ਰੱਖਦੇ ਹਨ ਪਰ ਗੁਆਂਢੀਆਂ ਨਾਲ ਜ਼ਰੂਰ ਰਸਮੀ ਹੈਲੋ-ਹਾਏ ਰੱਖਣੀ ਚਾਹੀਦੀ ਹੈ, ਤਾਂ ਕਿ ਸਮਾਂ ਆਉਣ 'ਤੇ ਦੋਵੇਂ ਗੁਆਂਢੀ ਇਕ-ਦੂਜੇ ਦੇ ਕੰਮ ਆ ਸਕਣ।
ਆਪਣੇ ਬੱਚਿਆਂ ਨੂੰ ਵੀ ਗੁਆਂਢੀਆਂ ਦੀ ਇੱਜ਼ਤ ਕਰਨਾ ਸਿਖਾਓ। ਬੱਚਿਆਂ ਸਾਹਮਣੇ ਗੁਆਂਢੀਆਂ ਦੀ ਕਦੇ ਵੀ ਬੁਰਾਈ ਨਾ ਕਰੋ। ਇਸ ਤਰ੍ਹਾਂ ਤੁਸੀਂ ਗੁਆਂਢ ਵਿਚ ਚੰਗੇ ਤੇ ਲੋੜ ਪੈਣ 'ਤੇ ਕੰਮ ਆਉਣ ਵਾਲੇ ਰਿਸ਼ਤੇ ਬਣਾ ਸਕਦੇ ਹੋ।


-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ।
ਮੋਬਾ: 94638-19174

ਲਾਲ ਟਮਾਟਰ ਦੇ ਲਜ਼ੀਜ਼ ਪਕਵਾਨ

ਟਮਾਟਰ ਦਾ ਜੈਮ
ਸਮੱਗਰੀ : ਲਾਲ ਟਮਾਟਰ ਇਕ ਕਿੱਲੋ, ਖੰਡ 750 ਗ੍ਰਾਮ, ਸਿਟ੍ਰਿਕ ਐਸਿਡ ਜਾਂ ਨਿੰਬੂ ਅੱਧਾ ਕੱਪ।
ਵਿਧੀ : ਸਭ ਤੋਂ ਪਹਿਲਾਂ ਟਮਾਟਰ ਨੂੰ ਧੋ ਕੇ ਥੋੜ੍ਹਾ ਪਾਣੀ ਪਾ ਕੇ ਅੱਗ 'ਤੇ ਪਕਾਓ। ਇਸ ਤੋਂ ਬਾਅਦ ਉਸ ਦਾ ਰਸ ਕੱਢ ਕੇ ਛਾਣ ਲਓ। ਇਸ ਵਿਚ ਖੰਡ ਪਾ ਕੇ ਪਕਾਓ। ਜਦੋਂ ਅੱਧੇ ਤਾਰ ਦੀ ਚਾਸ਼ਣੀ ਤਿਆਰ ਹੋ ਜਾਵੇ ਤਾਂ ਉਸ ਵਿਚ ਸਿਟ੍ਰਿਕ ਐਸਿਡ ਜਾਂ ਨਿੰਬੂ ਦਾ ਰਸ ਪਾਓ। ਇਸ ਤੋਂ ਬਾਅਦ ਉਸ ਨੂੰ 3-4 ਮਿੰਟ ਹੋਰ ਪਕਾਓ। ਇਸ ਤੋਂ ਬਾਅਦ ਅੱਗ ਤੋਂ ਉਤਾਰ ਕੇ ਥੋੜ੍ਹਾ ਠੰਢਾ ਹੋਣ 'ਤੇ ਬੋਤਲ ਵਿਚ ਰੱਖ ਕੇ ਬੰਦ ਕਰ ਦਿਓ। ਇਸ ਤਰ੍ਹਾਂ ਟਮਾਟਰ ਦਾ ਜੈਮ ਤਿਆਰ ਹੈ। ਇੱਛਾ ਅਨੁਸਾਰ ਕੱਢੋ, ਖਾਓ ਅਤੇ ਖਵਾਓ।
ਟਮਾਟਰ ਦਾ ਕਾਕਟੇਲ
ਸਮੱਗਰੀ : 500 ਗ੍ਰਾਮ ਟਮਾਟਰ ਦਾ ਰਸ, ਕਾਲੀ ਮਿਰਚ ਥੋੜ੍ਹੀ ਜਿਹੀ, ਸਵਾਦ ਅਨੁਸਾਰ ਨਮਕ, 20-25 ਗ੍ਰਾਮ ਸਿਰਕਾ, 5-15 ਬੂੰਦਾਂ ਨਿੰਬੂ ਦਾ ਰਸ, ਵੱਡੀ ਇਲਾਇਚੀ 5 ਪੀਸ, ਇਕ ਚਮਚ ਸੁੱਕਾ ਜੀਰਾ, 6-7 ਦਾਣੇ ਲੌਂਗ ਅਤੇ ਇਕ ਛੋਟਾ ਚਮਚ ਲਾਲ ਮਿਰਚ ਪਾਊਡਰ।
ਵਿਧੀ : ਸਾਰੇ ਮਸਾਲਿਆਂ ਨੂੰ ਬਰੀਕ ਪੀਸ ਲਓ। ਹੁਣ ਟਮਾਟਰ ਦੇ ਰਸ ਵਿਚ ਮਸਾਲਾ ਪਾ ਕੇ 30 ਮਿੰਟ ਤੱਕ ਘੱਟ ਸੇਕ 'ਤੇ ਉਬਾਲ ਲਓ। ਇਸ ਤੋਂ ਬਾਅਦ ਇਸ ਵਿਚ ਨਿੰਬੂ ਅਤੇ ਸਿਰਕਾ ਮਿਲਾ ਕੇ ਰੱਖ ਲਓ। ਉੱਪਰੋਂ ਸਵਾਦ ਅਨੁਸਾਰ ਖੰਡ ਪਾ ਕੇ ਪਰੋਸੋ।


-ਪੂਨਮ ਦਿਨਕਰ

ਇਕੱਲੇਪਣ ਦੀ ਮੁਸ਼ਕਿਲ ਕਿਵੇਂ ਦੂਰ ਕਰੀਏ

* ਆਪਣੇ ਇਕੱਲੇਪਣ ਬਾਰੇ ਜ਼ਿਆਦਾ ਨਾ ਸੋਚੋ।
* ਆਪਣੇ ਮਿੱਤਰਾਂ ਦਾ ਦਾਇਰਾ ਵਧਾਓ।
* ਆਪਣੇ ਨੇੜਲੇ ਲੋਕਾਂ ਨਾਲ ਖੂਬ ਘੁਲੋ-ਮਿਲੋ ਅਤੇ ਉਨ੍ਹਾਂ ਨਾਲ ਖੂਬ ਹੱਸ-ਬੋਲ ਕੇ ਗੱਲਾਂ ਕਰੋ।
* ਆਪਣਾ ਮਨ ਅਖ਼ਬਾਰਾਂ-ਮੈਗਜ਼ੀਨ ਆਦਿ ਪੜ੍ਹਨ ਵਿਚ ਲਗਾਓ।
* ਟੀ. ਵੀ. ਆਦਿ ਦੇ ਪ੍ਰੋਗਰਾਮ ਦੇਖਣ ਵਿਚ ਵੀ ਆਪਣੀ ਦਿਲਚਸਪੀ ਬਣਾ ਕੇ ਰੱਖੋ।
* ਨਵੇਂ ਲੋਕਾਂ ਨਾਲ ਜਾਣ-ਪਛਾਣ ਵਧਾਓ। ਉਨ੍ਹਾਂ ਨਾਲ ਖੂਬ ਹੱਸੋ, ਬੋਲੋ।
* ਆਪਣੇ-ਆਪ ਨੂੰ ਘਰੇਲੂ ਕੰਮਾਂ ਵਿਚ ਰੁੱਝੇ ਰੱਖੋ। ਘਰੇਲੂ ਕੰਮ ਛੇਤੀ ਨਿਪਟ ਜਾਣ ਤਾਂ ਕਿਸੇ ਰਚਨਾਤਮਕ ਕੰਮ ਵਿਚ ਖੁਦ ਨੂੰ ਲਗਾਓ।
* ਖਾਲੀ ਸਮੇਂ ਵਿਚ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਨਾਲ ਫੋਨ 'ਤੇ ਗੱਲ ਕਰ ਲਓ।
* ਜਦੋਂ ਮਨ ਜ਼ਿਆਦਾ ਇਕੱਲਾਪਣ ਮਹਿਸੂਸ ਕਰ ਰਿਹਾ ਹੋਵੇ ਤਾਂ ਆਪਣੇ ਨੇੜ ਭਵਿੱਖ ਦੀ ਯੋਜਨਾਬੰਦੀ ਬਾਰੇ ਵਿਚਾਰ ਕਰਕੇ ਆਪਣਾ ਧਿਆਨ ਹਟਾਓ।
* ਜਦੋਂ ਵੀ ਇਕੱਲੇ ਹੋਵੋ, ਆਪਣੀਆਂ ਯਾਦਾਂ ਨੂੰ ਤਾਜ਼ਾ ਬਣਾਉਣ ਲਈ ਵਿਆਹ ਜਾਂ ਜਨਮ ਦਿਨ ਦੀ ਫੋਟੋ ਐਲਬਮ ਜਾਂ ਵੀਡੀਓ ਦੇਖੋ ਤਾਂ ਕਿ ਮਨ ਪੁਰਾਣੇ ਸਮੇਂ ਵਿਚ ਦੌੜ ਜਾਵੇ।
* ਜੇ ਛੋਟੇ ਬੱਚੇ ਹਨ ਤਾਂ ਉਨ੍ਹਾਂ ਦੇ ਨਾਲ ਆਪਣਾ ਸਮਾਂ ਬਿਤਾਓ। ਉਨ੍ਹਾਂ ਦੇ ਦੋਸਤ ਬਣ ਕੇ ਰਹੋ।
* ਆਪਣਾ ਇਕੱਲਾਪਣ ਦੂਰ ਕਰਨ ਲਈ ਬੂਟਿਆਂ ਦੇ ਨਾਲ ਵੀ ਸਮਾਂ ਬਿਤਾਇਆ ਜਾ ਸਕਦਾ ਹੈ। ਉਨ੍ਹਾਂ ਦੀ ਦੇਖ-ਰੇਖ ਵਿਚ ਵੀ ਤੁਹਾਡਾ ਸਮਾਂ ਚੰਗੀ ਤਰ੍ਹਾਂ ਬੀਤ ਜਾਵੇਗਾ।
* ਘਰ ਦੀ ਚਾਰਦੀਵਾਰੀ ਵਿਚ ਖੁਦ ਨੂੰ ਘੁੱਟਿਆ ਮਹਿਸੂਸ ਕਰੋ ਤਾਂ ਘਰੋਂ ਬਾਹਰ ਟਹਿਲਣ ਜਾਓ ਜਾਂ ਆਪਣੇ ਕਿਸੇ ਮਿੱਤਰ ਦੇ ਘਰ ਜਾ ਆਓ।
* ਇਕੱਲੇਪਣ ਨੂੰ ਦੂਰ ਕਰਨ ਲਈ ਖਰੀਦਦਾਰੀ ਕਰਨ ਚਲੇ ਜਾਓ, ਸਮੇਂ ਦਾ ਪਤਾ ਹੀ ਨਹੀਂ ਲੱਗੇਗਾ।
**

ਸ਼ਿਸ਼ਟਤਾ ਦਾ ਸ਼ੀਸ਼ਾ ਹਨ ਟੇਬਲ ਮੈਨਰਸ

* ਖਾਣਾ ਖਾਂਦੇ ਸਮੇਂ ਨੈਪਕਿਨ ਨੂੰ ਗਲੇ ਦੇ ਕੋਲ ਜਾਂ ਲੱਤਾਂ 'ਤੇ ਫੈਲਾ ਕੇ ਰੱਖੋ ਤਾਂ ਕਿ ਖਾਣੇ ਨਾਲ ਤੁਹਾਡੇ ਕੱਪੜੇ ਗੰਦੇ ਨਾ ਹੋਣ। ਬੱਚਿਆਂ ਨੂੰ ਨੈਪਕਿਨ ਗਲੇ 'ਤੇ ਫੈਲਾ ਕੇ ਖਾਣੇ ਦੀ ਆਦਤ ਪਾਓ।
* ਮੇਜ਼ 'ਤੇ ਰੱਖੇ ਹੋਏ ਖਾਣੇ ਨੂੰ ਆਰਾਮ ਨਾਲ ਆਪਣੀਆਂ ਪਲੇਟਾਂ ਵਿਚ ਪਾਓ। ਜੇ ਕੋਈ ਹੋਰ ਸਰਵਿੰਗ ਬਾਊਲ ਨਾਲ ਕੁਝ ਲੈ ਰਿਹਾ ਹੋਵੇ ਤਾਂ ਥੋੜ੍ਹੀ ਉਡੀਕ ਕਰੋ।
* ਖਾਣਾ ਪਲੇਟ ਵਿਚ ਓਨਾ ਹੀ ਪਾਓ, ਜਿੰਨਾ ਤੁਸੀਂ ਖ਼ਤਮ ਕਰ ਸਕਦੇ ਹੋ। ਜੂਠਾ ਖਾਣਾ ਨਾ ਛੱਡੋ। ਇਹ ਸ਼ਿਸ਼ਟਤਾ 'ਤੇ ਦਾਗ ਲਗਾਉਂਦਾ ਹੈ।
* ਰੋਟੀ ਨੂੰ ਛੋਟੀ ਪਲੇਟ ਵਿਚ ਰੱਖੋ। ਵੱਡੀ ਪਲੇਟ ਵਿਚ ਸਬਜ਼ੀ ਲਓ। ਦਹੀਂ ਵੱਖਰੀ ਕੌਲੀ ਵਿਚ ਹੀ ਲਓ।
* ਮੇਜ਼ 'ਤੇ ਖਾਣਾ ਖਾਂਦੇ ਸਮੇਂ ਉਂਗਲੀਆਂ ਨਾਲ, ਚਮਚ ਨਾਲ ਜਾਂ ਕਿਸੇ ਖਾਣੇ ਦੀ ਚੀਜ਼ ਨਾਲ ਨਾ ਖੇਡੋ, ਨਾ ਹੀ ਕੋਈ ਆਵਾਜ਼ ਪੈਦਾ ਕਰੋ।
* ਨੈਪਕਿਨ ਹੱਥ ਪੂੰਝਣ ਲਈ ਹੀ ਵਰਤੋਂ ਵਿਚ ਲਿਆਓ। ਉਸ ਨੂੰ ਨੱਕ ਜਾਂ ਪਸੀਨਾ ਪੂੰਝਣ ਲਈ ਨਾ ਵਰਤੋ।
* ਗਰਮ ਖਾਣੇ ਨੂੰ ਫੂਕ ਮਾਰ ਕੇ ਠੰਢਾ ਨਾ ਕਰੋ। ਉਹ ਮੇਜ਼ 'ਤੇ ਫੈਲ ਸਕਦਾ ਹੈ। ਠੰਢਾ ਹੋਣ ਦੀ ਉਡੀਕ ਕਰੋ।
* ਮਹਿਮਾਨਾਂ ਨੂੰ ਖਾਣੇ ਲਈ ਮਜਬੂਰ ਨਾ ਕਰੋ, ਕਿਉਂਕਿ ਇਹ ਸ਼ਿਸ਼ਟਾਚਾਰ ਦੇ ਵਿਰੁੱਧ ਹੁੰਦਾ ਹੈ।
* ਮੇਜ਼ਬਾਨ ਨੂੰ ਕਦੇ ਵੀ ਆਪਣੇ ਖਾਣੇ ਦੀ ਖੁਦ ਤਾਰੀਫ ਜਾਂ ਆਲੋਚਨਾ ਨਹੀਂ ਕਰਨੀ ਚਾਹੀਦੀ।
* ਖਾਣਾ ਖਾਂਦੇ ਸਮੇਂ ਹਲਕਾ-ਫੁਲਕਾ ਹਾਸਾ-ਮਜ਼ਾਕ ਭਰਿਆ ਵਾਤਾਵਰਨ ਬਣਾਈ ਰੱਖੋ। ਕਿਸੇ ਦੀ ਖਿਚਾਈ ਨਾ ਕਰੋ, ਨਾ ਹੀ ਗੰਭੀਰ ਵਿਸ਼ਿਆਂ 'ਤੇ ਚਰਚਾ ਕਰੋ।
* ਬਜ਼ੁਰਗਾਂ ਦੀ ਸਰਵ ਕਰਨ ਵਿਚ ਮਦਦ ਕਰੋ ਜਾਂ ਜੋ ਥੋੜ੍ਹਾ ਸਰਵਿੰਗ ਬਾਊਲ ਤੋਂ ਦੂਰ ਬੈਠਾ ਹੈ, ਉਸ ਦੀ ਮਦਦ ਕਰੋ।
* ਖਾਣੇ ਵਾਲੀ ਮੇਜ਼ 'ਤੇ ਦੰਦ ਆਦਿ ਸਾਫ਼ ਨਾ ਕਰੋ। ਜੇ ਦੰਦਾਂ ਵਿਚ ਕੁਝ ਫਸ ਜਾਂਦਾ ਹੈ ਤਾਂ ਅਜਿਹੀ ਹਾਲਤ ਵਿਚ ਆਪਣੇ ਇਕ ਹੱਥ ਨਾਲ ਢਕ ਕੇ ਕਰੋ।
* ਜਿਥੇ ਨੌਕਰ ਆਦਿ ਨਾ ਹੋਣ, ਪਲੇਟਾਂ ਖੁਦ ਲੈ ਕੇ ਖਾਣੇ ਦਾ ਸਾਮਾਨ ਪਾਓ।
* ਮਾਸਾਹਾਰੀ ਭੋਜਨ ਖਾਂਦੇ ਸਮੇਂ ਹੱਡੀਆਂ, ਕੰਡੇ ਧਿਆਨ ਨਾਲ ਕੱਢ ਕੇ ਖਾਲੀ ਅਲੱਗ ਪਲੇਟ ਵਿਚ ਰੱਖੋ। ਜੇ ਕੋਈ ਪਲੇਟ ਨਾ ਰੱਖੀ ਹੋਵੇ ਤਾਂ ਇਕ ਪਾਸੇ ਆਪਣੀ ਪਲੇਟ ਵਿਚ ਹੀ ਰੱਖੋ, ਮੇਜ਼ 'ਤੇ ਨਾ ਰੱਖੋ।
* ਫੋਰਕ ਅਤੇ ਨਾਈਫ ਦੀ ਸਹੀ ਵਰਤੋਂ ਕਰੋ। ਨਾਈਫ ਨਾਲ ਕੱਟੋ ਅਤੇ ਫੋਰਕ ਨਾਲ ਖਾਓ। ਜੇ ਸਹੀ ਰੂਪ ਨਾਲ ਵਰਤਣਾ ਨਾ ਆਉਂਦਾ ਹੋਵੇ ਤਾਂ ਨਾ ਵਰਤੋ। ਕਿਸੇ ਨੂੰ ਮਜ਼ਾਕ ਉਡਾਉਣ ਦਾ ਮੌਕਾ ਨਾ ਦਿਓ।
ਇਸ ਤਰ੍ਹਾਂ ਖਾਣੇ ਵਾਲੀ ਮੇਜ਼ 'ਤੇ ਟੇਬਲ ਮੈਨਰਜ਼ ਦਾ ਧਿਆਨ ਰੱਖਣਾ ਸ਼ਿਸ਼ਟਤਾ ਦੀ ਪਛਾਣ ਹੁੰਦਾ ਹੈ।


-ਸੁਨੀਤਾ ਗਾਬਾ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX