ਤਾਜਾ ਖ਼ਬਰਾਂ


ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  27 minutes ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  36 minutes ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  about 1 hour ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  about 2 hours ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 2 hours ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  about 3 hours ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  about 3 hours ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਦੀਆਂ ਨਜ਼ਰਾਂ ਵਿਚ 'ਸੱਭਿਆਚਾਰਕ ਚੇਤਨਾ'

ਸੱਭਿਆਚਾਰ ਇਕ ਅਜਿਹਾ ਦਰਪਣ ਹੈ, ਜਿਸ ਵਿਚ ਅਸੀਂ ਕਿਸੇ ਕੌਮ ਦੀ ਸਮੁੱਚੀ ਨੁਹਾਰ ਵੇਖ ਸਕਦੇ ਹਾਂ। ਕਿਸੇ ਕੌਮ ਦੀ ਸਮਾਜਿਕ, ਰਾਜਨੀਤਕ, ਆਰਥਿਕ ਤੇ ਮਾਨਸਿਕ ਅਮੀਰੀ ਦਾ ਪ੍ਰਤੀਬਿੰਬ ਉਸ ਦੀ ਸੱਭਿਆਚਾਰਕ ਸਥਿਤੀ ਤੋਂ ਗਿਆਤ ਕਰ ਸਕਦੇ ਹਾਂ। ਸੱਭਿਆਚਾਰ ਮਨੁੱਖ ਜਾਤੀ ਦਾ ਸਮਾਜਿਕ ਵਿਰਸਾ ਹੈ। ਕਿਸੇ ਵੀ ਸਮਾਜਿਕ ਸੰਗਠਨ ਦਾ ਅਧਿਐਨ ਕਰਨ ਲਈ ਉਸ ਸਮਾਜ ਦੇ ਸੱਭਿਆਚਾਰ ਨੂੰ ਪੂਰਨ ਦ੍ਰਿਸ਼ਟੀ ਨਾਲ ਵੇਖਣਾ ਪੈਂਦਾ ਹੈ। ਸੱਭਿਆਚਾਰ ਇਕ ਅਜਿਹਾ ਸ਼ਬਦ ਹੈ, ਜਿਸ ਦਾ ਪ੍ਰਯੋਗ ਪੜ੍ਹੇ-ਲਿਖੇ ਸੱਭਿਆ ਲੋਕ ਕਰਦੇ ਹਨ। ਹਰੇਕ ਸਮਾਜ ਵਿਚ ਸੱਭਿਆ ਮਨੁੱਖ ਦੀ ਹੀ ਕਦਰ ਹੁੰਦੀ ਹੈ।
ਸੱਭਿਆ ਦਾ ਅਰਥ ਹੈ ਸੁਲਝਿਆ ਹੋਇਆ ਅਤੇ ਆਚਾਰ ਦਾ ਅਰਥ ਹੈ ਆਚਰਨ ਭਾਵ ਸੁਲਝਿਆ ਆਚਰਨ ਹੀ ਸੱਭਿਆਚਾਰ ਹੈ। ਹਿੰਦੀ ਭਾਸ਼ਾ ਵਿਚ ਇਸ ਨੂੰ 'ਸੰਸਕ੍ਰਿਤੀ' ਕਿਹਾ ਜਾਂਦਾ ਹੈ। ਸ਼ਬਦ 'ਸੰਸਕ੍ਰਿਤੀ' ਸੁਧਰੀ, ਸੰਵਾਰੀ, ਉਚੇਰੀ, ਅਵਸਥਾ ਵੱਲ ਸੰਕੇਤ ਕਰਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਇਸ ਨੂੰ 'ਕਲਚਰ' ਕਿਹਾ ਜਾਂਦਾ ਹੈ। ਸ਼ਬਦ 'ਕਲਚਰ' ਪਾਲਣਾ, ਪੋਸ਼ਣਾ, ਸਾਧਨਾ ਨਾਲ ਸਬੰਧਿਤ ਹੈ।
ਸੱਭਿਆਚਾਰ ਮਨੁੱਖ ਦਾ ਸਿੱਖਿਆ ਹੋਇਆ ਵਿਵਹਾਰ ਹੈ। ਜਦੋਂ ਮਨੁੱਖ ਜਨਮ ਲੈਂਦਾ ਹੈ ਤਾਂ ਉਸ ਦੀਆਂ ਕੁਝ ਬੁਨਿਆਦੀ ਲੋੜਾਂ ਹੁੰਦੀਆਂ ਹਨ, ਜਿਨ੍ਹਾਂ ਦੀ ਪੂਰਤੀ ਜ਼ਰੂਰੀ ਹੈ। ਮਨੁੱਖ ਇਨ੍ਹਾਂ ਦੀ ਪੂਰਤੀ ਆਪ ਦੀ ਸਮਾਜਿਕ ਹੋਂਦ ਬਣਾਈ ਰੱਖਣ ਲਈ ਕਰਦਾ ਹੈ। ਹਰ ਸਮਾਜ ਦਾ ਆਪੋ-ਆਪਣਾ ਜੀਵਨ ਢੰਗ ਹੁੰਦਾ ਹੈ, ਜਿਸ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਸੱਭਿਆਚਾਰ ਉਸ ਸਮਾਜ ਦੇ ਕੰਮ, ਸੋਚ, ਕਿਰਿਆ ਤੇ ਭਾਵਨਾ ਨੂੰ ਸਪੱਸ਼ਟ ਕਰਦਾ ਹੈ। ਸੱਭਿਆਚਾਰ ਵਿਕਾਸ ਕਰਦਾ ਹੈ ਅਤੇ ਇਸ ਵਿਕਾਸ ਪਿੱਛੇ ਉਸ ਸਮਾਜ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਤੇ ਜੀਵਨ ਤਜਰਬਾ ਹੁੰਦਾ ਹੈ।
ਗੁਰੂ ਨਾਨਕ ਬਾਣੀ ਵਿਚ ਮਿਲਦੀ ਸੱਭਿਆਚਾਰਕ ਚੇਤਨਾ ਦਾ ਇਕ ਪੱਖ ਇਹ ਵੀ ਹੈ ਕਿ ਗੁਰਬਾਣੀ ਜਨ-ਜੀਵਨ ਦੀ ਭਾਸ਼ਾ ਵਿਚ ਰਚੀ ਗਈ ਹੈ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਰਾਹੀਂ ਜਨ-ਭਾਸ਼ਾ ਨੂੰ ਵਿਸ਼ੇਸ਼ ਗੌਰਵ ਪ੍ਰਦਾਨ ਕੀਤਾ। ਜਿਸ ਕੌਮ ਨੂੰ ਆਪਣੀ ਭਾਸ਼ਾ ਉੱਤੇ ਮਾਣ ਨਹੀਂ, ਉਸ ਵਿਚੋਂ ਹੀਣ ਭਾਵਨਾ ਕਦੀ ਖ਼ਤਮ ਨਹੀਂ ਹੋ ਸਕਦੀ। ਉਹ ਲੋਕ ਜੀਵੰਦੇ-ਜਾਗਦੇ ਸੱਭਿਆਚਾਰਕ ਕਦਰਾਂ ਤੋਂ ਸੁੰਨੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ 'ਘਰਿ ਘਰਿ ਮੀਆ ਸਭਨਾਂ ਜੀਆ ਬੋਲੀ ਅਵਰ ਤੁਮਾਰੀ' ਕਹਿ ਕੇ ਆਪਣੇ ਸੱਭਿਆਚਾਰਕ ਵਿਰਸੇ ਤੋਂ ਟੁੱਟਣ ਵਾਲਿਆਂ 'ਤੇ ਚੋਟ ਕੀਤੀ ਗਈ ਹੈ। ਇਸ ਨੂੰ ਅਧਰਮ ਦੀ ਅਵਸਥਾ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤੋਂ ਮੁਕਤ ਹੋਣ ਲਈ ਪਤਿਤਾਂ ਨੂੰ ਸੰਬੋਧਨ ਕੀਤਾ ਹੈ-
ਖਤ੍ਰੀਆ ਤ ਧਰਮੁ ਛੋਡਿਆ
ਮਲੇਛ ਭਾਖਿਆ ਗਹੀ।
ਸ੍ਰਿਸਟਿ ਸਭ ਇਕ ਵਰਨ
ਹੋਈ ਧਰਮ ਕੀ ਗਤਿ ਰਹੀ॥
ਸੱਭਿਆਚਾਰਕ ਚੇਤਨਾ ਲਿਆਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਪ੍ਰਚਲਿਤ ਸਾਰੀਆਂ ਸਾਧਨਾ-ਪ੍ਰਣਾਲੀਆਂ ਦੇ ਮੁਖੀਆਂ ਨਾਲ ਸੰਵਾਦ ਸ਼ੁਰੂ ਕੀਤਾ। ਇਸ ਸੰਵਾਦ ਲਈ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਸਾਰੇ ਭਾਰਤ ਵਿਚ ਘੁੰਮਣਾ ਪਿਆ। ਭਾਰਤ ਤੋਂ ਬਾਹਰ ਵੀ ਗਏ। ਮਿਹਰਬਾਨ ਦੇ ਨਾਂਅ ਨਾਲ ਸਬੰਧਿਤ ਜਨਮਸਾਖੀ ਦੀ ਤਾਂ ਸਾਰੀ ਉਸਾਰੀ ਹੀ ਸੰਵਾਦਾਂ ਦੇ ਰੂਪ ਵਿਚ ਹੋਈ ਹੈ। ਸਪੱਸ਼ਟ ਹੈ ਕਿ ਸੱਭਿਆਚਾਰਕ ਚੇਤਨਾ ਪੈਦਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਚਾਰਧਾਰਕ ਸੰਵਾਦ ਦੀ ਵਿਧੀ ਨੂੰ ਅਪਣਾਇਆ। ਉਨ੍ਹਾਂ ਦੀ ਬਾਣੀ ਅਮਲੋਂ ਸੰਵਾਦ ਅਧਾਰਿਤ ਸੱਭਿਆਚਾਰਕ ਚੇਤਨਾ ਦੀ ਕਾਵਿਕ ਅਭਿਵਿਅਕਤੀ ਹੈ।
ਸੱਭਿਆਚਾਰਕ ਚੇਤਨਾ ਲਈ ਧਾਰਮਿਕ ਏਕਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਗੁਰੂ ਨਾਨਕ ਬਾਣੀ ਵਿਚ ਇਸ ਦੀ ਵਿਸਥਾਰ ਸਹਿਤ ਚਰਚਾ ਹੋਈ ਹੈ। ਇਥੇ ਧਾਰਮਿਕ ਬਿਰਤੀ ਨੂੰ ਮਾਨਵ-ਧਰਮ ਦਾ ਨਾਂਅ ਦਿੱਤਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੇਈਂ ਨਦੀ ਵਿਚੋਂ ਪ੍ਰਗਟ ਹੋਣ ਉਪਰੰਤ ਸੱਭਿਆਚਾਰਕ ਚੇਤਨਾ ਦਾ ਸੰਵਾਦ ਕਰਨ ਤੋਂ ਪਹਿਲਾਂ ਜੋ ਘੋਸ਼ਣਾ ਕੀਤੀ 'ਨਾ ਹਮ ਹਿੰਦੂ ਨਾ ਮੁਸਲਮਾਨ', ਉਸ ਤੋਂ ਸਪੱਸ਼ਟ ਹੈ ਕਿ ਸਹੀ ਅਰਥਾਂ ਵਿਚ ਨਾ ਕੋਈ ਹਿੰਦੂ ਹੈ ਅਤੇ ਨਾ ਹੀ ਮੁਸਲਮਾਨ, ਕਿਉਂਕਿ ਇਹ ਦੋਵੇਂ ਵਾਸਤਵਿਕ ਧਰਮ ਮਾਰਗ ਤੋਂ ਪਤਿਤ ਹੋ ਚੁੱਕੇ ਹਨ। ਇਨ੍ਹਾਂ ਦੇ ਪਰਸਪਰ ਦਵੰਦ ਨੂੰ ਖ਼ਤਮ ਕਰਨ ਲਈ ਇਨ੍ਹਾਂ ਵਿਚ ਸਮਨਵਯਾਤਮਕ ਰੁਚੀ ਦਾ ਵਿਨਾਸ ਕਰਨਾ ਬੜਾ ਜ਼ਰੂਰੀ ਸੀ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਾਰਮਿਕ ਏਕਤਾ ਦੀ ਭਾਵਨਾ ਬੜੀ ਉੱਭਰ ਕੇ ਸਾਹਮਣੇ ਆਈ ਹੈ। 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਕਹਿ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਥੇ ਬਿਰਤੀ ਨੂੰ ਵਿਕਸਿਤ ਕੀਤਾ ਹੈ।
ਧਰਮ ਸੁਧਾਰ ਵੇਲੇ ਸਮਾਜ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਧਰਮ ਅਤੇ ਸਮਾਜ ਵਿਚ ਬਹੁਤ ਡੂੰਘਾ ਸੰਬੰਧ ਹੈ, ਦੋਵੇਂ ਇਕ-ਦੂਜੇ 'ਤੇ ਆਧਾਰਿਤ ਹੁੰਦੇ ਹਨ। ਇਹੀ ਕਾਰਨ ਹੈ ਕਿ ਜਦੋਂ ਧਰਮ ਅਧੋਮੁਖੀ ਹੁੰਦਾ ਹੈ ਤਾਂ ਸਮਾਜ ਵਿਚ ਵੀ ਵਿਕਾਰ ਪਸਰ ਜਾਂਦੇ ਹਨ। ਵਿਕਾਰਾਂ ਨੂੰ ਦੂਰ ਕਰਨ ਲਈ ਗੁਰੂ ਨਾਨਕ ਬਾਣੀ ਵਿਚ ਬਹੁਤ ਬਲ ਦਿੱਤਾ ਗਿਆ ਹੈ। ਗੁਰੂ ਸਹਿਬਾਨ ਨੇ ਸਮਾਜ ਨੂੰ ਇਸ ਸੰਕਟ 'ਚੋਂ ਕੱਢਣ ਲਈ ਇਕ ਨਵਾਂ ਦ੍ਰਿਸ਼ਟੀਕੋਣ ਦਿੱਤਾ। ਮੱਧਕਾਲ ਦੇ ਲਗਪਗ ਸਾਰੇ ਨਰਗੁਣਵਾਦੀ ਸਾਧਕਾਂ ਨੇ ਭਗਤੀ ਦੇ ਖੇਤਰ ਵਿਚ ਜਾਤਿ ਭੇਦ-ਭਾਵ ਗ਼ੈਰ-ਜ਼ਰੂਰੀ ਸਮਝਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਉੱਚ ਕੁਲ ਵਿਚੋਂ ਹੁੰਦੇ ਹੋਇਆਂ ਵੀ ਉਨ੍ਹਾਂ ਦੇ ਵਰਣ ਧਰਮ ਦਾ ਨਿਸੰਗ ਵਿਰੋਧ ਕੀਤਾ। ਉਨ੍ਹਾਂ ਨੇ ਆਪਣੇ-ਆਪ ਨੂੰ ਸਭ ਤੋਂ ਨੀਵਾਂ ਮੰਨ ਕੇ ਨੀਚਾਂ ਦੀ ਸੰਗਤ ਵਿਚ ਰਹਿਣਾ ਉਚਿਤ ਸਮਝਿਆ।
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੇ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਗੁਰੂ ਨਾਨਕ ਬਾਣੀ ਦਾ ਕੇਂਦਰ ਬਿੰਦੂ ਮਨੁੱਖ ਹੈ, ਜਾਤ ਜਾਂ ਲੱਛਣ ਨਹੀਂ। ਇਸ ਲਈ ਸਭ ਵਿਚ ਇਕ ਹੀ ਪਰਮ ਸੱਤਾ ਦੀ ਜੋਤ ਦਾ ਦਰਸ਼ਨ ਕਰਨ ਵਿਚ ਸਮਰੱਥ ਬਾਣੀਕਾਰਾਂ ਨੇ ਜਾਤ ਨੂੰ ਗ਼ੈਰ-ਜ਼ਰੂਰੀ ਹੀ ਦਰਸਾਇਆ ਹੈ। ਜਾਤੀਵਾਦ ਦੇ ਮੂਲ ਸਿਧਾਂਤ ਨੂੰ ਸਪੱਸ਼ਟ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ-
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
ਕਿਸੇ ਦੇਸ਼, ਕੌਮ, ਸਮਾਜ ਤੇ ਸੱਭਿਆਚਾਰ ਦੇ ਅਧਿਐਨ ਦੇ ਸਮੇਂ ਉਥੋਂ ਦੀ ਔਰਤ ਦੀ ਦਸ਼ਾ ਸਥਿਤੀ ਤੇ ਸਥਾਨ ਬੜਾ ਹੀ ਮਹੱਤਵਪੂਰਨ ਪਹਿਲੂ ਹੈ। ਗੁਰੂ ਨਾਨਕ ਬਾਣੀ ਵਿਚ ਜੀਵ ਨੂੰ ਚੌਰਾਸੀ ਲੱਖ ਜੂਨੀਆਂ ਤੋਂ ਸਰਬ ਸ੍ਰੇਸ਼ਟ ਸਵੀਕਾਰਦੇ ਅਤੇ ਜੀਵ ਵਿਚ ਔਰਤ, ਮਰਦ ਦੋਵੇਂ ਸ਼ਾਮਿਲ ਹਨ ਪਰ ਗੁਰੂ ਨਾਨਕ ਸਾਹਿਬ ਵਲੋਂ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦਾ ਫਰਮਾਨ ਸਮਕਾਲੀ ਸੱਭਿਆਚਾਰ ਵਿਚ ਔਰਤ ਦੀ ਦਸ਼ਾ ਬਾਰੇ ਕੋਈ ਭਰਮ-ਭੁਲੇਖਾ ਨਹੀਂ ਰਹਿਣ ਦਿੰਦਾ। ਗੁਰੂ ਨਾਨਕ ਬਾਣੀ ਵਿਚ ਆਸ਼ਰਮ-ਧਰਮ ਦੇ ਰੂਪ ਦੀ ਨਿਖੇਧੀ ਕੀਤੀ ਗਈ ਹੈ। ਅਨੇਕ ਪ੍ਰਕਾਰ ਦੇ ਸਾਧੂਆਂ, ਜੋਗੀਆਂ, ਸੰਨਿਆਸੀਆਂ ਦੀ ਸਥਿਤੀ ਨੂੰ ਬੜੀ ਗੰਭੀਰਤਾ ਨਾਲ ਸਪੱਸ਼ਟ ਕਰਦਿਆਂ ਗ੍ਰਹਿਸਥ ਧਰਮ ਨੂੰ ਹੀ ਸ੍ਰੇਸ਼ਟ ਦੱਸਿਆ ਹੈ। ਗ੍ਰਹਿਸਥ ਆਸ਼ਰਮ ਦਾ ਰੂਪ ਸੁਖਾਵਾਂ ਤਦ ਹੀ ਬਣਦਾ ਹੈ, ਜੇ ਇਸਤਰੀ ਨੂੰ ਪੂਰਾ ਗੌਰਵ ਦਿੱਤਾ ਜਾਏ। ਅਸਲ ਵਿਚ ਕਿਸੇ ਦੇਸ਼ ਜਾਂ ਕੌਮ ਦੇ ਸੱਭਿਆਚਾਰ ਦਾ ਅਨੁਮਾਨ ਉਸ ਦੀ ਨਾਰੀ ਜਾਤਿ ਦੀ ਸਮਾਜਿਕ ਸਥਿਤੀ ਤੋਂ ਲਗਾਇਆ ਜਾਂਦਾ ਹੈ। ਇਸੇ ਕਾਰਨ ਹੀ ਨਾਰੀ ਦੀ ਸਥਿਤੀ ਸਦਾ ਵਿਚਾਰਸ਼ੀਲ ਸਮਾਜ ਦੀ ਚਿੰਤਾ ਦਾ ਅਵੱਸ਼ਕ ਵਿਸ਼ਾ ਰਿਹਾ ਹੈ। ਮੱਧਕਾਲ ਵਿਚ ਭਾਰਤੀ ਨਾਰੀ ਦਾ ਪੁਰਾਤਨ ਗੌਰਵ ਖ਼ਤਮ ਹੋ ਚੁੱਕਾ ਸੀ। ਉਸ ਨੂੰ ਪਾਪਮਈ ਅਤੇ ਨਾਰਕੀ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਇਸ ਸਮਾਜਿਕ ਅਨਿਆਂ ਦਾ ਘੋਰ ਅਤੇ ਕਠੋਰ ਵਿਰੋਧ ਕੀਤਾ ਅਤੇ ਨਾਰੀ ਦੇ ਗੌਰਵ ਨੂੰ ਸਹੀ ਪਰਿਪੇਖ ਵਿਚ ਸਮਝਣ ਲਈ 'ਆਸਾ ਦੀ ਵਾਰ' ਵਿਚ ਉਪਦੇਸ਼ ਦਿੱਤਾ ਹੈ-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਗ੍ਰਹਿਸਤ ਧਰਮ ਦੀ ਪਾਲਣਾ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਬਹੁਤ ਜ਼ਰੂਰੀ ਹੈ। ਕਿਰਤ ਕਰਕੇ ਪੇਟ ਭਰਨਾ ਅਤੇ ਦੂਜਿਆਂ ਉੱਤੇ ਨਿਰਭਰ ਨਾ ਕਰਨਾ ਇਕ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਗੁਰਬਾਣੀ ਮਨੁੱਖ ਨੂੰ ਇਸ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਦੀ ਹੈ। ਗੁਰਮਤਿ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਨੂੰ ਅਹਿਮੀਅਤ ਦਿੰਦੀ ਹੈ।
ਘਾਲ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
ਗੁਰੂ ਨਾਨਕ ਬਾਣੀ ਵਿਚ ਵਹਿਮਾਂ-ਭਰਮਾਂ, ਪਾਖੰਡਾਂ ਆਦਿ ਦਾ ਬੜੀ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਮਨੁੱਖਤਾ ਦੇ ਸੁਖਾਵੇਂ ਵਿਕਾਸ ਵਿਚ ਰੁਕਾਵਟ ਹਨ। ਜੰਜੂ ਪਾਉਣ ਦੀ ਧਰਮੋ-ਸਮਾਜਿਕ ਪ੍ਰਥਾ ਦੇ ਰੂੜ ਰੂਪ ਦਾ ਵਿਰੋਧ ਕਰਦਿਆਂ ਜੰਜੂ ਦੇ ਭਾਵੀਕ੍ਰਿਤ ਰੂਪ ਨੂੰ ਸਪੱਸ਼ਟ ਕੀਤਾ ਗਿਆ ਹੈ-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜੇਨਊ ਜੀਅ ਕਾ ਹਈ ਤਾ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਇਸ ਤੋਂ ਇਲਾਵਾ ਗੁਰੂ ਨਾਨਕ ਬਾਣੀ ਵਿਚ ਲੋਕ ਕਾਵਿ ਰੂਪਾਂ, ਲੌਕਿਕ ਬਿੰਬਾਂ ਅਤੇ ਉਪਮਾਨਾਂ ਰਾਹੀਂ ਗੁਰੂ ਸਹਿਬਾਨ ਨੇ ਸਰਬੱਤ੍ਰ ਲੋਕਿਕ ਸੱਭਿਆਚਾਰ ਦਾ ਵਾਤਾਵਰਨ ਸਿਰਜਿਆ ਹੈ। ਆਪਣੇ ਰਹਿਣ-ਸਹਿਣ ਦੇ ਢੰਗਾਂ ਨੂੰ ਤਿਆਗ ਕੇ ਵਿਦੇਸ਼ੀ ਸੱਭਿਆਚਾਰ ਨੂੰ ਅਪਣਾਉਣ ਵਾਲਿਆਂ ਵੱਲ ਵੀ ਗੁਰਬਾਣੀ ਵਿਚ ਸੰਕੇਤ ਮਿਲਦੇ ਹਨ।
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ॥
ਆਪਣੇ ਸੱਭਿਆਚਾਰ ਨੂੰ ਛੱਡ ਕੇ ਵਿਦੇਸ਼ੀ ਸੱਭਿਆਚਾਰ ਨੂੰ ਅਪਣਾਉਣ ਵਾਲੇ ਗੁਰੂ ਜੀ ਦੇ ਅਨੁਸਾਰ ਭ੍ਰਿਸ਼ਟ ਵਿਅਕਤੀ ਹਨ।
ਸਪੱਸ਼ਟ ਹੈ ਕਿ ਸੱਭਿਆਚਾਰਕ ਚੇਤਨਾ ਦਾ ਮੂਲ ਸਰੋਤ ਗੁਰੂ ਨਾਨਕ ਬਾਣੀ ਹੈ। ਇਸ ਵਿਚ ਧਰਮ-ਸਾਧਨਾ ਦਾ ਅਨੁਭਵ ਸੰਜੋਇਆ ਹੋਇਆ ਹੈ, ਜਿਸ ਨੇ ਯੁੱਗ ਦੀ ਨੁਹਾਰ ਬਦਲੀ ਹੈ ਅਤੇ ਜਿਸ ਨੇ ਸੱਭਿਆਚਾਰਕ ਦੇ ਅਧੋਮੁਖੀ ਰੂਪ ਨੂੰ ਨਵੀਂ ਚੇਤਨਾ ਪ੍ਰਦਾਨ ਕੀਤੀ ਹੈ। ਫਲਸਰੂਪ ਮਨੁੱਖਤਾ ਦਾ ਕਲਿਆਣ-ਮਾਰਗ ਮੋਕਲਾ ਹੋਇਆ ਹੈ। ਅਸਲ ਵਿਚ ਸੱਭਿਆਚਾਰਕ ਚੇਤਨਾ ਮਾਨਵ ਕਲਿਆਣ ਦਾ ਅਹਿਸਾਸ ਪੈਦਾ ਕਰਦੀ ਹੈ ਅਤੇ ਨੈਤਿਕਤਾ ਦਾ ਆਦਰਸ਼ ਸਿਰਜਦੀ ਹੈ।


-ਸਿੱਖ ਸੈਂਟਰ, ਸਿੰਘਾਪੁਰ। ਮੋਬਾ: +6598951996


ਖ਼ਬਰ ਸ਼ੇਅਰ ਕਰੋ

ਭਾਰਤ 'ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਜਰਨੈਲ

ਮੁਹੰਮਦ ਬਿਨ ਕਾਸਿਮ

ਅਰਬ ਜਨਰਲ ਇਮਾਦ-ਉਦ-ਦੀਨ ਮੁਹੰਮਦ ਬਿਨ ਕਾਸਿਮ ਅਲ ਥਕਾਫੀ, ਉਰਫ ਮੁਹੰਮਦ ਬਿਨ ਕਾਸਿਮ ਪਹਿਲਾ ਮੁਸਲਿਮ ਜਰੈਨਲ ਸੀ, ਜਿਸ ਨੇ ਭਾਰਤ 'ਤੇ ਸਫਲ ਹਮਲਾ ਕੀਤਾ ਤੇ ਇਸ ਦੇ ਵੱਡੇ ਇਲਾਕੇ 'ਤੇ ਕਬਜ਼ਾ ਜਮਾ ਲਿਆ। ਕਾਸਿਮ ਦਾ ਜਨਮ 695 ਈਸਵੀ ਨੂੰ ਸਾਊਦੀ ਅਰਬ ਦੇ ਤਾਇਫ ਸ਼ਹਿਰ ਵਿਚ ਸ਼ਕਤੀਸ਼ਾਲੀ ਥਾਕਿਫ ਕਬੀਲੇ ਦੇ ਸਰਦਾਰ ਅਤੇ ਬਸਰੇ ਦੇ ਗਵਰਨਰ ਕਾਸਿਮ ਬਿਨ ਯੂਸਫ ਦੇ ਘਰ ਹੋਇਆ। ਬਚਪਨ ਤੋਂ ਹੀ ਤੇਜ਼-ਤਰਾਰ ਕਾਸਿਮ ਨੇ ਸਿਰਫ 9 ਸਾਲ ਦੀ ਉਮਰ ਵਿਚ ਹੀ ਪਹਿਲੀ ਵਾਰ ਜੰਗ 'ਚ ਹਿੱਸਾ ਲਿਆ। ਕਾਸਿਮ ਬਿਨ ਯੂਸਫ ਇਰਾਕ ਦੇ ਸ਼ਕਤੀਸ਼ਾਲੀ ਗਵਰਨਰ ਅਲ ਹਜ਼ਾਜ ਇਬਨ ਯੂਸਫ ਦਾ ਚਚੇਰਾ ਭਰਾ ਸੀ। ਇਸ ਪਰਿਵਾਰ ਦੀ ਉਸ ਸਮੇਂ ਮੁਸਲਿਮ ਜਗਤ ਵਿਚ ਪੂਰੀ ਤੂਤੀ ਬੋਲਦੀ ਸੀ ਤੇ ਇਹ ਤਤਕਾਲੀ ਖ਼ਲੀਫ਼ਾ ਅਲ ਵਾਲਿਦ ਪਹਿਲੇ ਦੇ ਬੇਹੱਦ ਨਜ਼ਦੀਕੀ ਸਨ। ਮੁਹੰਮਦ ਬਿਨ ਕਾਸਿਮ ਦਾ ਵਿਆਹ ਅਲ ਹਜ਼ਾਜ ਦੀ ਬੇਟੀ ਨਾਲ ਹੋਇਆ। ਅਲ ਹਜ਼ਾਜ ਨੇ ਕਾਸਿਮ ਨੂੰ ਆਪਣੇ ਕੋਲ ਰੱਖ ਕੇ ਰਾਜਨੀਤਕ ਅਤੇ ਮਿਲਟਰੀ ਦਾਅ ਪੇਚਾਂ ਦੀ ਉੱਚ ਸਿੱਖਿਆ ਦਿਵਾਈ, ਜੋ ਬਾਅਦ ਵਿਚ ਉਸ ਦੇ ਬਹੁਤ ਕੰਮ ਆਈ। ਕਾਸਿਮ ਨੂੰ ਪਹਿਲੀ ਵੱਡੀ ਜ਼ਿੰਮੇਵਾਰੀ ਈਰਾਨ ਵਿਚ ਫਾਰਸ ਇਲਾਕੇ ਦੀ ਸੂਬੇਦਾਰੀ ਵਜੋਂ ਮਿਲੀ, ਜੋ ਉਸ ਨੇ ਸਫ਼ਲਤਾਪੂਰਵਕ ਸਿਰੇ ਚੜ੍ਹਾਈ ਤੇ ਸਖ਼ਤੀ ਨਾਲ ਕੁਰਦਾਂ ਅਤੇ ਸ਼ੀਆ ਮੁਸਲਮਾਨਾਂ ਦੀਆਂ ਬਗ਼ਾਵਤਾਂ ਦਬਾ ਕੇ ਸ਼ਾਂਤੀ ਕਾਇਮ ਕੀਤੀ।
ਸਿੰਧ ਦੀਆਂ ਹੱਦਾਂ ਖ਼ਲੀਫ਼ਾ ਦੇ ਕਬਜ਼ੇ ਹੇਠਲੇ ਈਰਾਨ ਨਾਲ ਲੱਗਦੀਆਂ ਸਨ। ਗਰੀਬ ਅਤੇ ਖੁਸ਼ਕ ਇਲਾਕਾ ਹੋਣ ਕਾਰਨ ਪਹਿਲਾਂ ਖ਼ਲੀਫ਼ਾ ਦਾ ਸਿੰਧ ਵੱਲ ਕੋਈ ਬਹੁਤਾ ਧਿਆਨ ਨਹੀਂਂ ਸੀ। ਪਰ ਇਥੇ ਹੋਣ ਵਾਲੀਆਂ ਨਿੱਤ ਦੀਆਂ ਗੜਬੜਾਂ ਨੇ ਉਸ ਨੂੰ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ। ਅਰਬ ਹਕੂਮਤ ਦੇ ਅਨੇਕਾਂ ਬਾਗੀ ਸਿੰਧ ਵਿਚ ਪਨਾਹ ਲਈ ਬੈਠੇ ਸਨ। ਇਸ ਤੋਂ ਇਲਾਵਾ ਸਿੰਧ ਵਿਚ ਵਸਣ ਵਾਲੇ ਮੇੜ ਅਤੇ ਸਿਥੀਅਨ ਸਮੁੰਦਰੀ ਡਾਕੂਆਂ ਨੇ ਹਿੰਦ ਮਹਾਂਸਾਗਰ ਵਿਚ ਆਤੰਕ ਮਚਾਇਆ ਹੋਇਆ ਸੀ। ਉਹ ਸਿੰਧ ਵਿਚਲੇ ਆਪਣੇ ਅੱਡਿਆਂ (ਕੱਛ, ਦੇਬਲ ਅਤੇ ਕਾਠੀਆਵਾੜ) ਤੋਂ ਕਾਰਵਾਈਆਂ ਕਰ ਕੇ ਈਰਾਨ ਤੋਂ ਲੈ ਕੇ ਸ੍ਰੀਲੰਕਾ ਤੱਕ ਸਮੁੰਦਰੀ ਜਹਾਜ਼ਾਂ ਲਈ ਕਹਿਰ ਬਣੇ ਹੋਏ ਸਨ। ਇਹ ਰਸਤਾ ਅਰਬ ਦੇਸ਼ਾਂ ਤੋਂ ਭਾਰਤ, ਸ੍ਰੀਲੰਕਾ, ਇੰਡੋਨੇਸ਼ੀਆ ਅਤੇ ਚੀਨ ਲਈ ਇਕੋ-ਇਕ ਵਪਾਰਕ ਮਾਰਗ ਸੀ। ਇਸ ਕਾਰਨ ਹੱਜ ਯਾਤਰੀਆਂ ਅਤੇ ਵਪਾਰੀਆਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਸੀ। ਖ਼ਲੀਫ਼ਾ ਕੋਲ ਸ਼ਿਕਾਇਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ। ਇਸੇ ਸਮੇਂ ਸ੍ਰੀਲੰਕਾ ਦੇ ਰਾਜੇ ਵਲੋਂ ਖ਼ਲੀਫ਼ਾ ਲਈ ਭੇਜੇ ਕੀਮਤੀ ਤੋਹਫ਼ੇ ਲੈ ਕੇ ਜਾ ਰਹੇ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਨੇ ਦੇਬਲ (ਨਜ਼ਦੀਕ ਕਰਾਚੀ) ਦੀ ਬੰਦਰਗਾਹ ਕੋਲ ਲੁੱਟ ਲਿਆ। ਖ਼ਲੀਫ਼ਾ ਨੇ ਸਿੰਧ ਦੇ ਰਾਜੇ ਦਾਹਰ ਨੂੰ ਨੁਕਸਾਨ ਭਰਨ ਲਈ ਕਿਹਾ। ਪਰ ਦਾਹਰ ਨੇ ਜਵਾਬ ਭੇਜਿਆ ਕਿ ਲੁਟੇਰੇ ਮੇਰੇ ਕੰਟਰੋਲ ਵਿਚ ਨਹੀਂਂ ਹਨ, ਇਸ ਲਈ ਨੁਕਸਾਨ ਨਹੀਂਂ ਭਰਿਆ ਜਾਵੇਗਾ। ਇਸ ਤੋਂ ਖਿਝ ਕੇ ਖ਼ਲੀਫ਼ਾ ਨੇ ਕਾਸਿਮ ਨੂੰ ਸਿੰਧ ਦੇ ਖਿਲਾਫ ਫੌਜੀ ਕਾਰਵਾਈ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਬ੍ਰਾਹਮਣ ਵੰਸ਼ ਦੇ ਰਾਜਾ ਦਾਹਰ (ਦਾਹਰ ਸੇਨ) ਨੇ ਸਿੰਧ 'ਤੇ 685 ਤੋਂ 712 ਈਸਵੀ ਤੱਕ ਰਾਜ ਕੀਤਾ। ਦਾਹਰ ਦਾ ਜਨਮ 663 ਈਸਵੀ ਨੂੰ ਰਾਜਾ ਛੱਛ ਸੇਨ ਅਤੇ ਰਾਣੀ ਸੁਹੰਦੀ ਦੇ ਘਰ ਹੋਇਆ। ਉਸ ਦੀ ਪਤਨੀ ਦਾ ਨਾਂਅ ਲਾਡੀ ਅਤੇ ਬੱਚਿਆਂ ਦੇ ਨਾਂਅ ਜੈ ਸਿੰਘ, ਸੂਰੀਆ ਦੇਵੀ, ਪ੍ਰਮਿਲਾ ਦੇਵੀ ਅਤੇ ਜੋਧਾ ਦੇਵੀ ਸੀ। ਦਾਹਰ ਖੁਦ ਬ੍ਰਾਹਮਣ ਸੀ ਪਰ ਉਸ ਦੀ ਜ਼ਿਆਦਾਤਰ ਪਰਜਾ ਬੋਧੀ ਸੀ। ਜਾਤ-ਪਾਤ ਦੀਆਂ ਬੇੜੀਆਂ ਵਿਚ ਬੁਰੀ ਤਰ੍ਹਾਂ ਜਕੜੀ ਹੋਈ ਪਰਜਾ ਰਾਜਾ ਦਾਹਰ ਨੂੰ ਪਸੰਦ ਨਹੀਂਂ ਕਰਦੀ ਸੀ। ਉਨ੍ਹਾਂ ਨੇ ਆਪਣੇ ਹਮਵਤਨ ਰਾਜਾ ਦਾਹਰ ਦੀ ਮਦਦ ਕਰਨ ਦੀ ਬਜਾਏ ਵਿਦੇਸ਼ੀ ਹਮਲਾਵਰ ਕਾਸਿਮ ਦੀ ਜ਼ਿਆਦਾ ਮਦਦ ਕੀਤੀ। ਸੰਨ 710 ਈਸਵੀ ਨੂੰ ਸਿਰਫ 15 ਸਾਲ ਦੀ ਉਮਰ ਵਿਚ ਕਾਸਿਮ 45,000 ਫੌਜ ਲੈ ਕੇ ਸਿੰਧ ਵੱਲ ਚੱਲ ਪਿਆ। ਸਭ ਤੋਂ ਪਹਿਲਾਂ ਉਸ ਨੇ ਦੇਬਲ ਦੀ ਬੰਦਰਗਾਹ 'ਤੇ ਹਮਲਾ ਕੀਤਾ। ਇਥੇ ਉਸ ਦੀ ਜੇਤੂ ਫੌਜ ਨੇ ਭਾਰੀ ਕਤਲੇਆਮ ਕੀਤਾ ਤੇ ਲੱਭ-ਲੱਭ ਕੇ ਸਮੁੰਦਰੀ ਡਾਕੂਆਂ ਦੇ ਅੱਡੇ ਤਬਾਹ ਕੀਤੇ। ਉਨ੍ਹਾਂ ਨੂੰ ਅਜਿਹੀ ਭਿਆਨਕ ਮੌਤ ਦਿੱਤੀ ਗਈ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਡਾਕੂ ਬਣਨ ਤੋਂ ਪਹਿਲਾਂ ਸੌ ਵਾਰ ਸੋਚੇ।
ਇਸ ਤੋਂ ਬਾਅਦ ਉਸ ਦੀ ਫੌਜ ਨੇ ਨੇਰੂ ਅਤੇ ਸੈਹਵਾਂ ਸ਼ਹਿਰ 'ਤੇ ਬਿਨਾਂ ਕਿਸੇ ਵਿਰੋਧ ਤੋਂ ਕਬਜ਼ਾ ਕਰ ਲਿਆ। ਜਨਵਰੀ, 712 ਈਸਵੀ ਨੂੰ ਕਾਸਿਮ ਨੇ ਗ਼ਦਾਰਾਂ ਦੀ ਮਦਦ ਨਾਲ ਚੁੱਪ-ਚੁਪੀਤੇ ਦਰਿਆ ਸਿੰਧ ਪਾਰ ਕਰ ਲਿਆ। ਦੋਵੇਂ ਧਿਰਾਂ ਅਰੋੜ ਦੇ ਮੈਦਾਨ ਵਿਚ ਆਹਮੋ-ਸਾਹਮਣੇ ਡਟੀਆਂ ਹੋਈਆਂ ਸਨ। 10-12 ਦਿਨਾਂ ਬਾਅਦ ਯੁੱਧ ਸ਼ੁਰੂ ਹੋਇਆ ਤੇ ਦੁਪਹਿਰ ਹੁੰਦੇ-ਹੁੰਦੇ ਦਾਹਰ ਦੀ ਫੌਜ ਪੂਰੀ ਤਰ੍ਹਾਂ ਨਾਲ ਹਾਰ ਗਈ। ਦਾਹਰ ਯੁੱਧ ਵਿਚ ਲੜਦਾ ਹੋਇਆ ਵੀਰਗਤੀ ਨੂੰ ਪ੍ਰਾਪਤ ਹੋਇਆ। ਜੇਤੂ ਫੌਜ ਨੇ ਔਰਤਾਂ, ਬੱਚਿਆਂ, ਵਪਾਰੀਆਂ, ਕਾਰੀਗਰਾਂ, ਕਿਸਾਨਾਂ ਅਤੇ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਭ ਨੂੰ ਕਤਲ ਕਰ ਦਿੱਤਾ। ਇਸ ਯੁੱਧ ਦੇ ਭਾਰਤ ਦੇ ਇਤਿਹਾਸ 'ਤੇ ਬਹੁਤ ਦੂਰਗਾਮੀ ਪ੍ਰਭਾਵ ਪਏ। ਇਸ ਨੇ ਭਾਰਤ ਦੀ ਗੁਲਾਮੀ ਦਾ ਦੌਰ ਸ਼ੁਰੂ ਕਰ ਦਿੱਤਾ, ਜੋ 15 ਅਗਸਤ, 1947 ਤੱਕ ਕਰੀਬ 1200 ਸਾਲ ਜਾਰੀ ਰਿਹਾ। ਥੋੜ੍ਹੇ ਦਿਨਾਂ ਬਾਅਦ ਕਾਸਿਮ ਨੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਮੁਲਤਾਨ 'ਤੇ ਵੀ ਕਬਜ਼ਾ ਕਰ ਲਿਆ।
ਐਨੀ ਸ਼ਾਨਦਾਰ ਜਿੱਤ ਤੋਂ ਬਾਅਦ ਵੀ ਮੁਹੰਮਦ ਬਿਨ ਕਾਸਿਮ ਨੂੰ ਜ਼ਿਆਦਾ ਦੇਰ ਰਾਜ ਕਰਨ ਦਾ ਮੌਕਾ ਨਾ ਮਿਲਿਆ। ਜਦੋਂ ਉਹ ਭਾਰਤ ਵਿਚ ਅੱਗੇ ਵਧਣ ਦੀ ਤਿਆਰੀ ਕਰ ਰਿਹਾ ਸੀ ਤਾਂ 716 ਈਸਵੀ ਵਿਚ ਖ਼ਲੀਫ਼ਾ ਅਲ ਵਾਲਿਦ ਪਹਿਲੇ ਦੀ ਮੌਤ ਹੋ ਗਈ ਤਾਂ ਉਸ ਦਾ ਭਰਾ ਸੁਲੇਮਾਨ ਇਬਨ ਅਬਦ ਅਲ ਮਲਿਕ ਖ਼ਲੀਫ਼ਾ ਬਣ ਗਿਆ। ਉਹ ਕਾਸਿਮ ਦੇ ਪਿਤਾ ਅਤੇ ਸਹੁਰੇ ਅਲ ਹਜ਼ਾਜ ਦਾ ਕੱਟੜ ਵਿਰੋਧੀ ਸੀ। ਉਸ ਨੇ ਯੁੱਧ ਵਿਚ ਹਰਾ ਕੇ ਅਲ ਹਜ਼ਾਜ ਦਾ ਕਤਲ ਕਰ ਦਿੱਤਾ ਤੇ ਉਸ ਵਲੋਂ ਥਾਪੇ ਸਿੰਧ ਦੇ ਨਵੇਂ ਗਵਰਨਰ ਯਾਜ਼ੀਦ ਇਬਨ ਕਬਸ਼ਾ ਅਲ ਸਸਾਕੀ ਨੇ ਕਾਸਿਮ ਨੂੰ ਗ੍ਰਿਫ਼ਤਾਰ ਕਰ ਲਿਆ। ਕੁਝ ਦਿਨਾਂ ਬਾਅਦ ਤਸੀਹੇ ਦੇ ਕੇ ਕਾਸਿਮ ਦਾ ਵੀ ਕਤਲ ਕਰ ਦਿੱਤਾ ਗਿਆ। ਸਿੰਧ ਵਿਚ ਕਾਸਿਮ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਦਾਹਰ ਦੀ ਪਰਜਾ ਵਲੋਂ ਦਾਹਰ ਦੀ ਬਜਾਏ ਉਸ ਦੀ ਮਦਦ ਕਰਨਾ ਸੀ। ਦਾਹਰ ਦੇ ਬ੍ਰਾਹਮਣ ਹੋਣ ਕਾਰਨ ਅਨੇਕਾਂ ਬੋਧੀਆਂ, ਜਾਟਾਂ, ਠਾਕਰਾਂ, ਭੁੱਟੋ ਕਬੀਲੇ ਅਤੇ ਮੈੜਾਂ ਨੇ ਕਾਸਿਮ ਦੀ ਮਦਦ ਕੀਤੀ, ਨੈਰੂ ਅਤੇ ਸੇਹਵਾਂ ਆਦਿ ਕਈ ਸ਼ਹਿਰਾਂ ਦੇ ਦਰਵਾਜ਼ੇ ਬਿਨਾਂ ਲੜੇ ਹੀ ਖੋਲ੍ਹ ਦਿੱਤੇ ਗਏ। ਇਸ ਤੋਂ ਇਲਾਵਾ ਕਾਸਿਮ ਨੂੰ ਖ਼ਲੀਫ਼ਾ ਅਤੇ ਈਰਾਨ, ਬਸਰਾ, ਇਰਾਕ ਦੇ ਗਵਰਨਰਾਂ ਵਲੋਂ ਹਰ ਪ੍ਰਕਾਰ ਦੀ ਮਦਦ ਮਿਲ ਰਹੀ ਸੀ ਪਰ ਲੱਖ ਅਪੀਲਾਂ ਕਰਨ ਦੇ ਬਾਵਜੂਦ ਕਿਸੇ ਹਿੰਦੂ ਰਾਜੇ ਨੇ ਦਾਹਰ ਨੂੰ ਮਦਦ ਨਾ ਭੇਜੀ। ਉਸ ਵੇਲੇ ਸਿੰਧ ਦੇ ਗੁਆਂਢੀ ਪ੍ਰਤੀਹਾਰ, ਚਾਲੂਕਿਆ ਅਤੇ ਰਾਸ਼ਟਰਕੂਟ ਮਜ਼ਬੂਤ ਰਾਜ ਸਨ। ਪਰ ਇਹ ਰਾਜੇ ਆਪਸ ਵਿਚ ਲੜਨ ਵਿਚ ਇੰਨੇ ਰੁੱਝੇ ਰਹੇ ਕਿ ਇਨ੍ਹਾਂ ਨੇ ਅਰਬਾਂ ਨੂੰ ਭਾਰਤ ਵਿਚੋਂ ਬਾਹਰ ਕੱਢਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਸਿੰਧ ਅਤੇ ਮੁਲਤਾਨ 'ਤੇ ਅਰਬ ਰਾਜ ਕਰੀਬ 300 ਸਾਲ, 1006 ਈਸਵੀ ਵਿਚ ਮਹਿਮੂਦ ਗਜ਼ਨੀ ਦੇ ਹਮਲੇ ਤੱਕ ਕਾਇਮ ਰਿਹਾ। ਕਾਸਿਮ ਦੀ ਜਿੱਤ ਨੇ ਬਾਕੀ ਦੁਨੀਆ ਸਾਹਮਣੇ ਭਾਰਤ ਦੀ ਕਮਜ਼ੋਰੀ ਖੋਲ੍ਹ ਦਿੱਤੀ ਤੇ ਮਹਿਮੂਦ ਗਜ਼ਨਵੀ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਅਨੇਕਾਂ ਹਮਲਾਵਰ ਦਨਦਨਾਉਂਦੇ ਹੋਏ ਭਾਰਤ ਨੂੰ ਸਦੀਆਂ ਤੱਕ ਰੌਂਦਦੇ ਰਹੇ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਗੁਰਮਤਿ ਸੰਗੀਤ ਨੂੰ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ (ਸੁਰ ਅਭਿਆਸ ਕੇਂਦਰ) ਦੀ ਦੇਣ

ਗੁਰਮਤਿ ਸੰਗੀਤ ਦੇ ਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਸੁਖਵੰਤ ਸਿੰਘ ਦਾ ਨਾਂਅ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਉਨ੍ਹਾਂ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਇਕ ਵੱਡਾ ਕਦਮ ਪੁੱਟਦਿਆਂ 1 ਅਪ੍ਰੈਲ, 2015 ਨੂੰ ਪਿੰਡ ਅਮਰਕੋਟ, ਰੱਖ ਦੇਵੀਦਾਸ ਪੁਰਾ, ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ (ਸੁਰ ਅਭਿਆਸ ਕੇਂਦਰ) ਦੀ ਸਥਾਪਨਾ ਬਾਬਾ ਸੋਹਣ ਸਿੰਘ ਦੇ ਸਹਿਯੋਗ ਸਦਕਾ ਕੀਤੀ। ਇਸ ਅਕੈਡਮੀ ਦੇ ਚੇਅਰਮੈਨ ਪ੍ਰਿੰ: ਸੁਖਵੰਤ ਸਿੰਘ, ਡਾਇਰੈਕਟਰ ਬਾਬਾ ਸੋਹਣ ਸਿੰਘ, ਪ੍ਰਿੰਸੀਪਲ ਭਾਈ ਜਸਪਾਲ ਸਿੰਘ ਅਤੇ ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਹਨ। ਇਸ ਅਕੈਡਮੀ ਦੀ ਸਥਾਪਨਾ ਦਾ ਮੁੱਖ ਮਕਸਦ ਵੀ ਹੋਰਨਾਂ ਗੁਰਮਤਿ ਸੰਗੀਤ ਵਿਦਿਆਲਿਆਂ, ਗੁਰਮਤਿ ਸੰਗੀਤ ਟਕਸਾਲਾਂ, ਕੇਂਦਰਾਂ ਅਤੇ ਅਕੈਡਮੀਆਂ ਵਾਂਗ ਰਾਗਾਤਮਕ ਕੀਰਤਨ ਦੇ ਪ੍ਰਚਾਰ-ਪ੍ਰਸਾਰ ਨੂੰ ਅੱਗੇ ਤੋਰਨਾ ਹੈ। ਮੌਜੂਦਾ ਸਮੇਂ ਦੋ ਹਜ਼ਾਰ ਦੇ ਕਰੀਬ ਵਿਦਿਆਰਥੀ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿਚੋਂ 25 ਤੋਂ 30 ਵਿਦਿਆਰਥੀ ਹੋਸਟਲ ਵਿਚ ਰਹਿੰਦੇ ਹਨ, ਜਦਕਿ ਬਾਕੀ ਦੇ ਵਿਦਿਆਰਥੀ ਆਪੋ-ਆਪਣੇ ਪਿੰਡਾਂ, ਸ਼ਹਿਰਾਂ ਤੋਂ ਰੋਜ਼ਾਨਾ ਆਉਂਦੇ-ਜਾਂਦੇ ਹਨ। ਗਾਇਨ ਸ਼ੈਲੀ ਦੀ ਸਿਖਲਾਈ ਪ੍ਰਿੰ: ਸੁਖਵੰਤ ਸਿੰਘ ਅਤੇ ਭਾਈ ਜਸਪਾਲ ਸਿੰਘ, ਤਬਲਾਵਾਦਨ ਦੀ ਸਿਖਲਾਈ ਭਾਈ ਜਸਪਾਲ ਸਿੰਘ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ ਜਲੰਧਰ ਦੇ ਉਸਤਾਦ ਇੰਦਰਜੀਤ ਸਿੰਘ 'ਬਿੰਦੂ' ਦਿੰਦੇ ਹਨ।
ਗੁਰਮਤਿ ਸੰਗੀਤ ਰਾਗ ਦਰਬਾਰਾਂ ਦਾ ਆਯੋਜਨ : ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਅਕੈਡਮੀ ਨੇ ਬੜੇ ਸ਼ਲਾਘਾਯੋਗ ਕਾਰਜ ਕੀਤੇ ਹਨ। 1 ਅਕਤੂਬਰ, 2015 ਨੂੰ ਕਰਾਏ ਗਏ ਰਾਗ ਦਰਬਾਰ ਵਿਚ ਉੱਚ ਕੋਟੀ ਦੇ ਰਾਗੀ ਜਥਿਆਂ ਨੇ 31 ਮੁੱਖ ਰਾਗਾਂ ਦਾ ਗਾਇਨ ਕੀਤਾ। 1 ਅਪ੍ਰੈਲ, 2016 ਨੂੰ ਵਿਦਿਆਰਥੀਆਂ ਦਾ ਰਾਗ ਦਰਬਾਰ ਕਰਵਾਇਆ ਗਿਆ। 1 ਅਤੇ 2 ਅਕਤੂਬਰ, 2016 ਨੂੰ ਅਕੈਡਮੀ ਵਲੋਂ ਫੇਰ ਰਾਗਾਤਮਕ ਕੀਰਤਨ ਦਰਬਾਰ ਕਰਵਾਇਆ ਗਿਆ। 30 ਸਤੰਬਰ ਤੋਂ 2 ਅਕਤੂਬਰ, 2017 ਤੱਕ ਵੀ ਗੁਰਮਤਿ ਸੰਗੀਤ ਰਾਗ ਦਰਬਾਰ ਕਰਾਇਆ ਗਿਆ।
ਗੁਰਮਤਿ ਸੰਗੀਤ ਵਰਕਸ਼ਾਪਾਂ : ਅਕੈਡਮੀ ਵਲੋਂ ਹੁਣ ਤੱਕ 5 ਦੇ ਕਰੀਬ ਵਰਕਸ਼ਾਪਾਂ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਹਨ 14, 15 ਅਤੇ 16 ਅਪ੍ਰੈਲ, 2017 ਨੂੰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਕਰਵਾਈ ਗਈ ਗੁਰਮਤਿ ਸੰਗੀਤ ਵਰਕਸ਼ਾਪ ਅਤੇ 2018 ਦੇ ਜੂਨ ਮਹੀਨੇ ਦੀ 8, 9, ਅਤੇ 10 ਤਰੀਕ ਨੂੰ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਕਰਵਾਈ ਗਈ ਗੁਰਮਤਿ ਸੰਗੀਤ ਵਰਕਸ਼ਾਪ। ਇਨ੍ਹਾਂ ਵਰਕਸ਼ਾਪਾਂ ਵਿਚ ਸੰਗੀਤ ਦੇ ਪ੍ਰਸਿੱਧ ਵਿਦਵਾਨਾਂ ਅਤੇ ਖੋਜੀਆਂ ਨੇ ਆਪਣੇ ਪਰਚੇ ਪੜ੍ਹੇ।
ਵਿਚਾਰ ਗੋਸ਼ਟੀਆਂ ਅਤੇ ਸੈਮੀਨਾਰ : ਅਕੈਡਮੀ ਵਲੋਂ 12 ਅਕਤੂਬਰ, 2016 ਨੂੰ 'ਗੁਰਮਤਿ ਸੰਗੀਤ ਆਧੁਨਿਕ ਪਰਿਪੇਖ' ਅਨੁਵਾਨ ਹੇਠ ਵਿਚਾਰ ਗੋਸ਼ਟੀ ਕਰਵਾਈ ਗਈ। 7 ਅਤੇ 8 ਅਪ੍ਰੈਲ, 2017 ਨੂੰ 'ਸਬਦ ਨਾਦ' ਵਰਕਸ਼ਾਪ ਕਰਵਾਈ ਗਈ। 30 ਸਤੰਬਰ ਅਤੇ 1 ਅਕਤੂਬਰ, 2017 ਨੂੰ ਕਰਵਾਈ ਗਈ ਵਰਕਸ਼ਾਪ ਅਤੇ ਵਿਚਾਰ ਗੋਸ਼ਟੀ ਦਾ ਵਿਸ਼ਾ 'ਅਕਾਲ ਤੋਂ ਖਾਲਸਾ ਤੱਕ' ਸੀ। ਇਸੇ ਤਰ੍ਹਾਂ ਪ੍ਰਸਿੱਧ ਵਿਦਵਾਨਾਂ ਦੀ ਸ਼ਮੂਲੀਅਤ ਵਾਲੀ 8 ਜੂਨ, 2018 ਨੂੰ 'ਸਬਦ ਰਹੱਸ' ਵਿਸ਼ੇ ਉੱਤੇ ਗੋਸ਼ਟੀ ਵਿਚ ਵੀ ਨਾਮਵਰ ਵਿਦਵਾਨਾਂ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਪ੍ਰਸਿੱਧ ਰਾਗੀਆਂ ਦੀ ਰਿਕਾਰਡਿੰਗ : ਪ੍ਰਿੰ: ਸੁਖਵੰਤ ਸਿੰਘ ਦੀ ਵਿਲੱਖਣ ਦੇਣ ਇਹ ਵੀ ਹੈ ਕਿ ਇਨ੍ਹੀਂ ਦਿਨੀਂ ਉਹ ਪੰਥ ਦੇ ਰਾਗਬੱਧ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਤੋਂ ਤੰਤੀ ਸਾਜ਼ਾਂ ਰਾਹੀਂ ਕੀਰਤਨ ਰਿਕਾਰਡ ਕਰਾ ਰਹੇ ਹਨ। ਕੀਰਤਨ ਦੇ ਨਾਲ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗਾਇਨ ਕੀਤੇ ਜਾਣ ਵਾਲੇ ਰਾਗ ਦੇ ਸਰੂਪ ਨੂੰ ਉਹ ਖੁਦ ਸਰੋਤਿਆਂ ਅਤੇ ਦਰਸ਼ਕਾਂ ਨਾਲ ਗਹਿਰਾਈ ਅਤੇ ਤਫਸੀਲ ਵਿਚ ਜਾ ਕੇ ਸਾਂਝਾ ਕਰਦੇ ਹਨ।
ਪ੍ਰਕਾਸ਼ਨਾਵਾਂ : ਅਕੈਡਮੀ ਵਲੋਂ ਸੱਤ ਪੁਸਤਕਾਂ ਪਾਠਕਾਂ ਦੀ ਨਜ਼ਰ ਕੀਤੀਆਂ ਗਈਆਂ ਹਨ।
1. ਗੁਰ ਸਬਦ ਸੰਗੀਤ 31 ਮੁੱਖ ਰਾਗ (ਪ੍ਰਿੰ: ਸੁਖਵੰਤ ਸਿੰਘ) 2. ਗੁਰ ਸਬਦ ਸੰਗੀਤ 31 ਮਿਸ਼ਰਤ ਰਾਗ (ਪ੍ਰਿੰ: ਸੁਖਵੰਤ ਸਿੰਘ) 3. ਅਲੰਕਾਰ (ਪੰਜਾਬੀ, ਅੰਗਰੇਜ਼ੀ) (ਪ੍ਰਿੰ: ਸੁਖਵੰਤ ਸਿੰਘ) 4. ਗੁਰਮਤਿ ਸੰਗੀਤ ਆਧੁਨਿਕ ਪਰਿਪੇਖ (ਸੰਪਾਦਕ-ਪ੍ਰਿੰ: ਸੁਖਵੰਤ ਸਿੰਘ) 5. ਸਬਦ ਨਾਦ (ਸੰਪਾਦਕ-ਸੋਹਨ ਸਿੰਘ, ਡਾ: ਜਸਬੀਰ ਸਿੰਘ ਸਾਬਰ) 6. ਸੋਵੀਨਰ 7. ਰਾਗ ਸਰੂਪ (ਪ੍ਰਿੰ: ਸੁਖਵੰਤ ਸਿੰਘ)
ਵਿਰਾਸਤ-ਏ-ਖਾਲਸਾ ਦੇ ਦੂਜੇ ਗੇੜ ਦੇ ਸਬੰਧ ਵਿਚ ਵੀ ਉਨ੍ਹਾਂ ਨੇ ਕਈ ਬੰਦਿਸ਼ਾਂ ਦਰਜ ਕਰਵਾਈਆਂ ਹਨ। ਪ੍ਰਿੰ: ਸੁਖਵੰਤ ਸਿੰਘ ਗੁਰਮਤਿ ਸੰਗੀਤ ਦੀ ਪੁਰਾਤਨ ਸ਼ੈਲੀ ਦੀ ਸ਼ੁੱਧਤਾ ਅਤੇ ਨਿਆਰੇਪਨ ਦੀ ਕਾਇਮੀ ਲਈ ਨਿਰੰਤਰ ਤੌਰ 'ਤੇ ਯਤਨਸ਼ੀਲ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਮਹਾਰਾਜ ਸਿੰਘ

ਭਾਰਤ ਦੇ ਮੋਢੀ ਸੁਤੰਤਰਤਾ ਸੰਗਰਾਮੀ, ਸੰਤ ਮਹਾਂਪੁਰਖ, ਸੂਰਬੀਰ ਸੰਤ ਸਿਪਾਹੀ ਭਾਈ ਮਹਾਰਾਜ ਸਿੰਘ ਦਾ ਜਨਮ 13 ਜਨਵਰੀ, 1780 ਈ: ਨੂੰ ਪਿੰਡ ਰੱਬੋਂ ਉੱਚੀ, ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਉਨ੍ਹਾਂ ਦਾ ਨਾਂਅ ਨਿਹਾਲ ਸਿੰਘ ਰੱਖਿਆ ਗਿਆ। ਮਾਂ ਦੀਆਂ ਲੋਰੀਆਂ, ਸ਼ਹੀਦਾਂ ਦੇ ਗੀਤ, ਗੁਰਬਾਣੀ ਦੀ ਰੰਗਣ ਅਤੇ ਨਾਮ ਦੀ ਬਰਕਤ ਵਿਚ ਪਲਿਆ ਇਹ ਬਾਲਕ ਏਨਾ ਆਤਮਵਿਸ਼ਵਾਸੀ, ਬ੍ਰਹਮ ਗਿਆਨੀ, ਸੇਵਾ ਸਿਮਰਨ ਦਾ ਮੁਜੱਸਮਾ ਅਤੇ ਪਰਮ ਸੰਤ ਬਣਿਆ ਕਿ ਅਮਰ ਸ਼ਹੀਦੀ ਨੂੰ ਪ੍ਰਾਪਤ ਹੋਇਆ। ਆਪ ਜੀ ਯੁਗਪੁਰਸ਼ ਮਹਾਂਪੁਰਖ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸੇਵਕ ਸਨ। ਉਨ੍ਹਾਂ ਦੀ ਜ਼ਬਾਨ ਏਨੀ ਮਿੱਠੀ ਅਤੇ ਰਸੀਲੀ ਸੀ ਕਿ ਹਰ ਇਕ ਨੂੰ ਮਹਾਰਾਜ ਕਹਿ ਕੇ ਬੁਲਾਉਣ ਦਾ ਸੁਭਾਅ ਸੀ। ਹੌਲੀ-ਹੌਲੀ ਲੋਕੀਂ ਇਨ੍ਹਾਂ ਨੂੰ ਹੀ ਮਹਾਰਾਜ ਜੀ ਕਹਿਣ ਲੱਗ ਪਏ ਅਤੇ ਇਨ੍ਹਾਂ ਦਾ ਅਸਲੀ ਨਾਂਅ ਨਿਹਾਲ ਸਿੰਘ ਭੁੱਲ ਹੀ ਗਿਆ। ਲੰਗਰ ਦੀ ਸੇਵਾ ਵਿਚ ਮਗਨ ਰਹਿਣ ਵਾਲੇ ਭਾਈ ਸਾਹਿਬ ਨੂੰ ਖਾਣਾ, ਪੀਣਾ, ਹੱਸਣਾ, ਸੌਣਾ ਭੁੱਲ ਹੀ ਗਿਆ ਸੀ। ਇਕ ਵਾਰ ਲੋਹ 'ਤੇ ਬੈਠੇ ਸਿਮਰਨ ਵਿਚ ਏਨੇ ਮਗਨ ਹੋਏ ਕਿ ਉਬਲਦੀ ਦੇਗ ਵਿਚ ਕੜਛਾ ਫੇਰਨ ਦੀ ਥਾਂ ਆਪਣੀ ਬਾਂਹ ਹੀ ਫੇਰ ਦਿੱਤੀ।
7 ਮਈ, 1844 ਨੂੰ ਜਦੋਂ ਕੀਰਤਨ ਸਿਮਰਨ ਵਿਚ ਲੀਨ ਮਹਾਂਪੁਰਖ ਬਾਬਾ ਬੀਰ ਸਿੰਘ ਨੂੰ ਗੁੰਮਰਾਹ ਹੋਈਆਂ ਸਿੱਖ ਫੌਜਾਂ ਨੇ ਹੀ ਸ਼ਹੀਦ ਕਰ ਦਿੱਤਾ ਤਾਂ ਉਨ੍ਹਾਂ ਦੀ ਦਸਤਾਰ ਭਾਈ ਮਹਾਰਾਜ ਸਿੰਘ ਨੂੰ ਦਿੱਤੀ ਗਈ। ਮਹਾਰਾਣੀ ਜਿੰਦ ਕੌਰ ਨੇ ਉਨ੍ਹਾਂ ਨੂੰ ਅੰਗਰੇਜ਼ਾਂ ਅਤੇ ਦੋਸ਼ਧ੍ਰੋਹੀ ਡੋਗਰਿਆਂ ਤੋਂ ਆਜ਼ਾਦ ਕਰਾਉਣ ਲਈ ਮਦਦ ਮੰਗੀ। ਬਾਬਾ ਜੀ ਦੇ ਡੌਲੇ ਫਰਕੇ ਅਤੇ ਉਨ੍ਹਾਂ ਨੇ ਡੋਗਰਾਗਰਦੀ ਅਤੇ ਗੋਰਾਸ਼ਾਹੀ ਨਾਲ ਨਿਪਟਣ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਪੰਜਾਬ ਨੂੰ ਮੁੜ ਸੁਤੰਤਰ ਕਰਾਉਣ ਲਈ ਜੰਗ ਜਾਰੀ ਰੱਖਿਆ। 2 ਸਾਲਾਂ ਦੀ ਸਖ਼ਤ ਮਿਹਨਤ, ਸੂਝਬੂਝ ਅਤੇ ਪ੍ਰਚਾਰ ਦੁਆਰਾ ਉਨ੍ਹਾਂ ਨੇ ਪੰਜਾਬ ਵਿਚ ਰੋਹ ਅਤੇ ਵਿਦਰੋਹ ਪੈਦਾ ਕਰ ਦਿੱਤਾ। ਅੰਗਰੇਜ਼ ਉਨ੍ਹਾਂ ਤੋਂ ਡਰਨ ਲੱਗੇ। ਭਾਈ ਸਾਹਿਬ ਦੀ ਜਾਇਦਾਦ ਜ਼ਬਤ ਕਰਕੇ ਨਿਲਾਮ ਕਰ ਦਿੱਤੀ ਗਈ। ਉਨ੍ਹਾਂ ਦੇ ਵਿਰੁੱਧ ਬਗ਼ਾਵਤ ਦੇ ਦੋਸ਼ ਵਿਚ ਵਾਰੰਟ ਜਾਰੀ ਕਰ ਦਿੱਤੇ ਗਏ। ਉਨ੍ਹਾਂ ਨੇ 3 ਜਨਵਰੀ, 1850 ਨੂੰ ਗਦਰ ਦੀ ਸਕੀਮ ਬਣਾਈ ਹੋਈ ਸੀ ਪਰ 6 ਦਿਨ ਪਹਿਲਾਂ ਹੀ ਇਕ ਮੁਖ਼ਬਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਉਨ੍ਹਾਂ ਨੂੰ ਕਈ ਦਿਨ ਜਲੰਧਰ ਛਾਉਣੀ ਵਿਚ ਭੁੱਖਾ-ਪਿਆਸਾ ਰੱਖਿਆ ਗਿਆ। ਫਿਰ ਕੁਝ ਦਿਨ ਕਲਕੱਤੇ ਦੇ ਕਿਲ੍ਹੇ ਵਿਚ ਕੈਦ ਰੱਖਣ ਮਗਰੋਂ ਸਿੰਗਾਪੁਰ ਜੇਲ੍ਹ ਦੀ ਅਜਿਹੀ ਕਾਲ-ਕੋਠੜੀ ਵਿਚ ਬੰਦ ਕੀਤਾ, ਜਿਥੇ ਹਵਾ ਤੇ ਰੌਸ਼ਨੀ ਨਹੀਂ ਸੀ। ਉਨ੍ਹਾਂ ਨੇ ਨਾਮ ਸਿਮਰਨ ਦੇ ਆਸਰੇ ਹੀ 6 ਸਾਲ ਚੜ੍ਹਦੀ ਕਲਾ ਵਿਚ ਕੱਟੇ ਅਤੇ ਆਖਰੀ ਇੱਛਾ ਇਹ ਦੱਸੀ ਕਿ ਮੁੜ ਜਨਮ ਧਾਰ ਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਵਾਂ। ਉਨ੍ਹਾਂ ਦੀਆਂ ਅੱਖਾਂ ਦੀ ਲੋਅ ਵੀ ਚਲੀ ਗਈ। ਖੂਬਸੂਰਤ, ਚੁਸਤ, ਫੁਰਤੀਲਾ ਅਤੇ ਅਰੋਗ ਸਰੀਰ ਹੱਡੀਆਂ ਦੀ ਮੁੱਠ ਬਣ ਗਿਆ। ਉਨ੍ਹਾਂ ਦੇ ਉੱਚੇ ਇਖ਼ਲਾਕ ਅਤੇ ਸਦਗੁਣਾਂ ਦੇ ਅੰਗਰੇਜ਼ ਵੀ ਕਾਇਲ ਸਨ। ਉਹ ਕਹਿੰਦੇ ਸਨ ਕਿ ਪੰਜਾਬੀਆਂ ਲਈ ਉਨ੍ਹਾਂ ਦਾ ਦਰਜਾ ਬਹੁਤ ਉੱਚਾ ਹੈ। ਜੇਲ੍ਹ ਦੀਆਂ ਤਕਲੀਫਾਂ ਕਾਰਨ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੋ ਗਿਆ ਅਤੇ ਖਾਣਾ-ਪੀਣਾ ਬੰਦ ਹੋ ਗਿਆ। ਅੰਤ 5 ਜੁਲਾਈ, 1856 ਨੂੰ ਇਸ ਕਰਮਯੋਗੀ, ਸਤਿਪੁਰਸ਼, ਅਣਖੀਲੇ ਦੇਸ਼ ਭਗਤ ਨੇ ਪ੍ਰਦੇਸਾਂ ਦੀ ਜੇਲ੍ਹ ਵਿਚ ਹੀ ਆਪਣੇ ਕੀਮਤੀ ਸਵਾਸ ਤਿਆਗ ਦਿੱਤੇ।

ਸੁਤੰਤਰਤਾ ਸੰਗਰਾਮ ਨਾਲ ਸਬੰਧਿਤ ਅੰਮ੍ਰਿਤਸਰ ਵਿਚਲੇ ਸਮਾਰਕ ਅਜਨਾਲਾ ਦਾ ਖੂਹ

ਸੰਨ 1857 ਦੇ ਰਾਸ਼ਟਰੀ ਵਿਦਰੋਹ ਦੇ ਦੌਰਾਨ ਲਾਹੌਰ ਦੀ ਮੀਆਂ ਮੀਰ ਛਾਉਣੀ 'ਚ ਨਿਯੁਕਤ ਬੇ-ਹਥਿਆਰ ਹਿੰਦੁਸਤਾਨੀ ਫ਼ੌਜੀਆਂ 'ਚੋਂ 26 ਨੰਬਰ ਦੀ ਹਿੰਦੁਸਤਾਨੀ ਪਲਟਨ 30 ਜੁਲਾਈ, 1857 ਦੀ ਰਾਤ ਬ੍ਰਿਟਿਸ਼ ਈਸਟ ਇੰਡੀਆ ਟ੍ਰੇਡਿੰਗ ਕੰਪਨੀ ਦੇ ਵਿਰੁੱਧ ਬਗ਼ਾਵਤ ਕਰਕੇ ਉੱਥੋਂ ਭੱਜ ਨਿਕਲੀ। ਹਿੰਦੁਸਤਾਨੀ ਸੈਨਿਕਾਂ ਦਾ ਇਹ ਦਸਤਾ 31 ਜੁਲਾਈ ਨੂੰ ਦਰਿਆ ਰਾਵੀ ਦੇ ਕੰਢੇ ਪਿੰਡ ਡੱਡੀਆਂ ਵਿਖੇ ਆ ਪਹੁੰਚਿਆ। ਪਿੰਡ ਦੇ ਜ਼ਿਮੀਂਦਾਰਾਂ ਨੇ ਇਹ ਸੂਚਨਾ ਸੌੜੀਆਂ ਦੇ ਤਹਿਸੀਲਦਾਰ ਪਾਸ ਭੇਜ ਦਿੱਤੀ। ਮੌਕੇ 'ਤੇ ਪਹੁੰਚ ਕੇ ਤਹਿਸੀਲਦਾਰ ਦੇ ਸਿਪਾਹੀਆਂ ਨੇ ਬੇਹਥਿਆਰ ਥੱਕੇ-ਹਾਰੇ ਹਿੰਦੁਸਤਾਨੀ ਸਿਪਾਹੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ 150 ਦੇ ਕਰੀਬ ਸਿਪਾਹੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਕੇ ਦਰਿਆ ਰਾਵੀ ਦੇ ਤੇਜ਼ ਵਹਾਅ 'ਚ ਵਹਿ ਗਏ ਅਤੇ 50 ਦੇ ਕਰੀਬ ਨੇ ਗੋਲੀਆਂ ਤੋਂ ਬਚਣ ਲਈ ਦਰਿਆ ਵਿਚ ਛਲਾਂਗਾਂ ਲਗਾ ਦਿੱਤੀਆਂ। ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਫਰੈਡ੍ਰਿਕ ਹੈਨਰੀ ਕੂਪਰ ਆਪਣੇ ਸਿਪਾਹੀਆਂ ਅਤੇ ਜ਼ਿਮੀਂਦਾਰਾਂ ਦੀ ਸਹਾਇਤਾ ਨਾਲ ਜਿਊਂਦੇ ਫੜੇ ਗਏ 282 ਹਿੰਦੁਸਤਾਨੀ ਸੈਨਿਕਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਉਸੇ ਰਾਤ ਅਜਨਾਲਾ ਲੈ ਆਇਆ।
ਅਗਲੀ ਸਵੇਰ ਉਨ੍ਹਾਂ ਵਿਚੋਂ 237 ਸੈਨਿਕਾਂ ਨੂੰ 10-10 ਕਰਕੇ ਥਾਣੇ ਦੇ ਸਾਹਮਣੇ ਕੈਂਪਿੰਗ ਗਰਾਊਂਡ ਵਿਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਦੇ ਬਾਅਦ ਕੂਪਰ ਦੇ ਹੁਕਮ 'ਤੇ ਗੋਲੀਆਂ ਨਾਲ ਮਾਰੇ ਗਏ ਸੈਨਿਕਾਂ ਦੇ ਨਾਲ ਹੀ 45 ਨੀਮ ਬੇਹੋਸ਼ੀ ਦੀ ਹਾਲਤ ਵਿਚ ਸਹਿਕ ਰਹੇ ਸਿਪਾਹੀਆਂ ਨੂੰ ਉੱਥੇ ਪਾਸ ਮੌਜੂਦ ਪਾਣੀ ਰਹਿਤ ਵੱਡੇ ਖੂਹ ਵਿਚ ਸੁੱਟ ਕੇ ਖੂਹ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ। ਸੈਨਾ ਦੇ ਅਧਿਕਾਰ 'ਚ ਆਉਂਦੀ ਇਸ ਭੂਮੀ 'ਤੇ ਸੰਨ 1972 ਦੇ ਆਸ-ਪਾਸ ਤੋਂ ਮਨੁੱਖੀ ਲਾਸ਼ਾਂ ਨਾਲ ਭਰੇ ਖੂਹ ਦੇ ਬਿਲਕੁਲ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਥਾਪਿਤ ਕਰ ਲਿਆ ਗਿਆ। ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਜਾਂ ਜਥੇਬੰਦੀ ਨੇ ਖੂਹ ਦੀ ਭਾਲ ਕਰਕੇ ਉਸ 'ਚ ਦਫ਼ਨ ਹਿੰਦੁਸਤਾਨੀ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਖੂਹ ਵਿਚੋਂ ਬਾਹਰ ਕੱਢਣ ਲਈ ਉਪਰਾਲਾ ਨਹੀਂ ਕੀਤਾ। ਅੰਤ ਮੈਂ (ਲੇਖਕ) ਅਜਨਾਲਾ ਦੇ ਸਥਾਨਕ ਲੋਕਾਂ ਤੇ ਉੱਥੇ ਉਸਾਰੇ ਗੁਰਦੁਆਰੇ ਦੀ ਕਮੇਟੀ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ 28 ਫਰਵਰੀ ਤੋਂ 2 ਮਾਰਚ, 2014 ਤੱਕ 3 ਦਿਨ ਖੁਦਾਈ ਕਰਕੇ ਸੈਨਿਕਾਂ ਦੀਆਂ ਪਿੰਜਰ ਬਣ ਚੁੱਕੀਆਂ ਦੇਹਾਂ ਨੂੰ ਬਾਹਰ ਕਢਵਾ ਕੇ ਕੁਝ ਅਸਥੀਆਂ ਹਰਿਦੁਆਰ ਗੰਗਾ 'ਚ ਪ੍ਰਵਾਹ ਕਰ ਦਿੱਤੀਆਂ, ਬਾਕੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਜਾਂਚ ਹਿਤ ਭੇਜ ਦਿੱਤੀਆਂ।
ਨਾਮਧਾਰੀ ਸਮਾਰਕ
ਅੰਮ੍ਰਿਤਸਰ ਦੇ ਰਾਮ ਬਾਗ਼ (ਕੰਪਨੀ ਬਾਗ਼) ਦੇ ਬਾਹਰਵਾਰ ਇਕ ਪੁਰਾਣਾ ਬੋਹੜ ਦਾ ਰੁੱਖ ਹੈ। ਇਹ ਕੋਈ ਸਾਧਾਰਨ ਰੁੱਖ ਨਹੀਂ, ਸਗੋਂ ਇਕ ਅਜਿਹਾ ਯਾਦਗਾਰੀ ਰੁੱਖ ਹੈ, ਜਿਸ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਹੋਣ ਤੋਂ ਬਾਅਦ ਹਰ ਕਿਸੇ ਦਾ ਸਿਰ ਇਸ ਅੱਗੇ ਝੁਕਣ ਲਈ ਆਪਣੇ-ਆਪ ਮਜਬੂਰ ਹੋ ਜਾਂਦਾ ਹੈ।
ਅੰਗਰੇਜ਼ੀ ਰਾਜ ਸਮੇਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਚੌਕ ਪਾਸ ਘੰਟਾ ਘਰ ਪੁਲਿਸ ਚੌਕੀ ਦੇ ਨਾਲ ਲਗਦੇ ਗਾਵਾਂ ਕੱਟਣ ਵਾਲੇ ਬੁੱਚੜਾਂ ਦੇ ਅਸਥਾਈ ਕਵਾਟਰਾਂ 'ਤੇ 14 ਜੂਨ, 1871 ਦੀ ਰਾਤ ਨਾਮਧਾਰੀ ਸਿੱਖਾਂ ਨੇ ਹਮਲਾ ਬੋਲ ਦਿੱਤਾ, ਜਿਸ ਦੇ ਚੱਲਦਿਆਂ ਕੁਝ ਕਸਾਈ ਮਾਰੇ ਗਏ ਅਤੇ ਨਾਮਧਾਰੀ ਸਿੱਖ ਖ਼ੁਦ ਫ਼ਰਾਰ ਹੋ ਗਏ। ਪੁਲਿਸ ਨੇ ਇਸ ਕੇਸ ਵਿਚ 12 ਨਿਰਦੋਸ਼ ਲੋਕਾਂ ਨੂੰ ਫੜ ਕੇ ਉਨ੍ਹਾਂ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ। ਨਾਮਧਾਰੀ ਗੁਰੂ ਰਾਮ ਸਿੰਘ ਦੇ ਪੁੱਛਣ 'ਤੇ ਅਸਲੀ ਕਾਤਲ ਕੌਣ ਹੈ? ਦੋਸ਼ੀਆਂ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਅਤੇ ਅਦਾਲਤ 'ਚ ਪੇਸ਼ ਹੋ ਗਏ, ਜਿਸ ਨਾਲ ਨਿਰਦੋਸ਼ 12 ਵਿਅਕਤੀ ਛੁੱਟ ਗਏ। ਸਾਰੇ ਲੋਕਾਂ ਦੇ ਸਾਹਮਣੇ ਅੰਗਰੇਜ਼ ਅਧਿਕਾਰੀਆਂ ਵਲੋਂ 15 ਸਤੰਬਰ, 1871 ਨੂੰ ਉਕਤ ਬੋਹੜ ਨਾਲ ਚਾਰ ਨਾਮਧਾਰੀ ਸਿੱਖਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਹਰ ਵਰ੍ਹੇ ਇਸ ਅਸਥਾਨ 'ਤੇ ਧਾਰਮਿਕ ਦੀਵਾਨ ਸਜਾਇਆ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 93561-27771

'ਤੈਸੜਾ ਕਰੀ ਗਿਆਨੁ ਵੇ ਲਾਲੋ' ਭਾਈ ਲਾਲੋ

ਭਾਈ ਲਾਲੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸਿੱਖਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਉਹ ਗੁਰਸਿੱਖ ਹਨ, ਜਿਸ ਦਾ ਜ਼ਿਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ 'ਬਾਬਰ ਬਾਣੀ' ਵਿਚ ਆਉਂਦਾ ਹੈ-
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
(ਤਿਲੰਗ ਰਾਗ, ਅੰਗ 722)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਗਿਆਨ ਦਾ ਉਪਦੇਸ਼ ਦੇਣ ਲਈ ਅਤੇ ਭੁੱਲੇ-ਭਟਕੇ ਲੋਕਾਂ ਨੂੰ ਸਹੀ ਮਾਰਗ ਦਰਸਾਉਣ ਲਈ ਆਪਣੇ ਜੀਵਨ ਕਾਲ ਵਿਚ ਚਾਰ ਉਦਾਸੀਆਂ ਭਾਵ ਕਈ ਦੇਸ਼ਾਂ ਦਾ ਭ੍ਰਮਣ ਕੀਤਾ। ਇਹ ਉਦਾਸੀਆਂ ਗੁਰੂ ਸਾਹਿਬ ਦੇ ਜੀਵਨ ਦਾ ਬਹੁਤ ਵੱਡਾ ਮੰਤਵ ਦਰਸਾਉਂਦੀਆਂ ਹਨ। ਚਾਰ ਉਦਾਸੀਆਂ ਦਾ ਆਰੰਭ 1501 ਵਿਚ ਹੁੰਦਾ ਹੈ, ਚੌਥੀ ਉਦਾਸੀ ਦਾ ਸਮਾਂ ਕਾਲ 1517 ਤੋਂ 1522 ਹੈ, ਜਿਸ ਦੌਰਾਨ ਸੈਦਪੁਰ (ਐਮਨਾਬਾਦ) ਨਿਵਾਸੀ ਘਟਾਉੜਾ ਗੋਤ ਦੇ ਇਕ ਪ੍ਰੇਮੀ ਤਰਖਾਣ ਭਾਈ ਲਾਲੋ ਨਾਲ ਮਿਲਾਪ ਹੁੰਦਾ ਹੈ, ਗੁਰੂ ਸਾਹਿਬ ਦਾ ਸਿਧਾਂਤ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਉਪਦੇਸ਼ ਇਥੋਂ ਆਰੰਭ ਹੁੰਦਾ ਹੈ। ਭਾਈ ਲਾਲੋ ਇਕ ਕਿਰਤੀ ਤਰਖਾਣ ਆਪਣੇ ਪਿੰਡ ਸੈਦਪੁਰ ਵਿਚ ਆਪਣੀ ਪਤਨੀ ਅਤੇ ਆਪਣੀ ਇਕ ਸਪੁੱਤਰੀ ਨਾਲ ਰਹਿ ਰਿਹਾ ਸੀ। ਗੁਰੂ ਸਾਹਿਬ ਜਾਣਦੇ ਸਨ ਇਕ ਸੱਚੇ-ਸੁੱਚੇ ਕਿਰਤੀ ਇਨਸਾਨ, ਜਿਸ ਦੀ ਕਿਰਤ ਹੀ ਪੂਜਾ ਹੁੰਦੀ ਹੈ, ਨੂੰ 'ਨਾਮ' ਨਾਲ ਜੋੜਨਾ ਸੰਭਵ ਹੈ। ਭਾਈ ਲਾਲੋ ਦੀ ਸਿੱਧੀ ਅਤੇ ਸਾਧਾਰਨ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੈਦਪੁਰ ਆਉਣਾ, ਭਾਈ ਲਾਲੋ ਨਾਲ ਉਸ ਦੇ ਘਰ ਰੁਕਣਾ ਇਥੇ ਇਕ ਖਾਸ ਮੰਤਵ ਲਗਦਾ ਹੈ। ਸਮੇਂ ਦੀ ਤਾਕਤ ਵਿਰੁੱਧ ਆਵਾਜ਼ ਜੋ ਗਰੀਬਾਂ ਨੂੰ ਦੁਖੀ ਕਰਦੇ, ਲੋਕਾਂ ਨੂੰ ਜ਼ੁਲਮ ਕਰਕੇ ਮਾਰਦੇ, ਤਰਸਯੋਗ ਲੋਕਾਂ ਤੋਂ ਜਬਰੀ ਦਾਨ ਵਸੂਲਦੇ ਸਨ। ਗੁਰੂ ਨਾਨਕ ਸਾਹਿਬ ਹੀ ਸਨ, ਜਿਨ੍ਹਾਂ ਭਾਈ ਲਾਲੋ ਦੀ ਪਵਿੱਤਰ ਆਤਮਾ ਵਿਚ ਜਬਰ ਅਤੇ ਜ਼ੁਲਮ ਨਾਲ ਮੁਕਾਬਲਾ ਕਰਨ ਦੀ ਤਾਕਤ ਦੇਖੀ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨਾਲ ਭਾਈ ਲਾਲੋ ਦਾ ਘਰ ਇਕ ਧਰਮਸ਼ਾਲਾ ਦਾ ਰੂਪ ਧਾਰਨ ਕਰ ਗਿਆ। ਗੁਰੂ ਜੀ ਦੀ ਮਿਹਰ ਸਦਕਾ ਇਹ ਘਰ ਨਾਮ ਦਾਨ ਅਤੇ ਆਤਮ ਕਲਿਆਣ ਦਾ ਵੱਡਾ ਕੇਂਦਰ ਬਣ ਗਿਆ।
ਬ੍ਰਹਮ ਭੋਜ ਦੀ ਘਟਨਾ ਮਲਕ ਭਾਗੋ ਵਾਲੀ ਵੀ ਇਸੇ ਸਥਾਨ ਸੈਦਪੁਰ ਵਿਚ ਵਾਪਰਦੀ ਹੈ। ਸੈਦਪੁਰ ਦਾ ਖੱਤਰੀ ਮਲਕ ਭਾਗੋ ਐਮਨਾਬਾਦ ਦੇ ਹਾਕਮ ਦਾ ਅਹਿਲਕਾਰ ਸੀ। ਭਾਰੀ ਰਿਸ਼ਵਤਖੋਰ, ਜਨਤਾ ਨਾਲ ਵਧੀਕੀਆਂ ਕਰਨ ਵਾਲਾ ਇਨਸਾਨ ਬ੍ਰਹਮ ਭੋਜ ਕਰ ਰਿਹਾ ਹੈ, ਗੁਰੂ ਸਾਹਿਬ ਨੇ ਇਥੇ ਹੀ ਨਿਉਂਦਾ ਠੁਕਰਾਇਆ ਸੀ। ਮਲਕ ਭਾਗੋ ਨੇ ਜਦੋਂ ਗੁਰੂ ਜੀ ਨੂੰ ਹਕੂਮਤ ਨਾਲ ਤਲਬ ਕੀਤਾ ਤਾਂ ਗੁਰੂ ਸਾਹਿਬ ਨੇ ਮਲਕ ਭਾਗੋ ਦਾ ਅੰਨ 'ਲਹੂ' ਦੱਸਿਆ ਅਤੇ ਭਾਈ ਲਾਲੋ ਦੀ ਕਿਰਤ ਕਮਾਈ ਨੂੰ 'ਦੁੱਧ' ਸਿੱਧ ਕਰਕੇ ਲੋਕਾਈ ਵਿਚ ਹੱਕ ਦੀ ਕਿਰਤ ਕਮਾਈ ਦੀ ਸਿੱਖਿਆ ਦਿੱਤੀ।
ਭਾਈ ਲਾਲੋ ਜੀ ਸਬਰ-ਸੰਤੋਖ ਵਾਲਾ ਗੁਰਸਿੱਖ ਅੰਦਰੋਂ-ਬਾਹਰੋਂ ਸੱਚਾ-ਸੁੱਚਾ ਇਨਸਾਨ, ਗੁਰੂ ਜੀ ਦੀ ਕਿਰਪਾ ਸਦਕਾ ਉੱਚੇ ਜੀਵਨ ਵਾਲਾ ਸਿੱਖ ਬਣ ਗਿਆ। ਗੁਰੂ ਜੀ ਦੇ ਹੁਕਮਾਂ ਅਨੁਸਾਰ ਸੈਦਪੁਰ ਦਾ ਮੁਖੀ ਬਣ ਕੇ ਸੰਗਤਾਂ ਦੀ ਸੇਵਾ ਕਰਦਾ। ਉਨ੍ਹਾਂ ਦੀ ਪਤਨੀ ਵੀ ਹਰ ਪਲ ਹਰ ਤਰ੍ਹਾਂ ਦੀ ਸੇਵਾ ਨਿਭਾਉਂਦੀ ਸਾਥ ਦਿੰਦੀ। ਇਸੇ ਕਰਕੇ ਅੱਜ ਵੀ ਸੱਚੇ-ਸੁੱਚੇ ਇਨਸਾਨ ਭਾਈ ਲਾਲੋ ਨੂੰ ਸਾਰਾ ਸਿੱਖ ਸੰਸਾਰ ਯਾਦ ਕਰਦਾ ਹੈ, ਸਤਿਕਾਰ ਕਰਦਾ ਹੈ।


-ਗੋਲਡਨ ਐਵੇਨਿਊ-2, ਜਲੰਧਰ।
ਮੋਬਾ: 98143-56618

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
10 ਨਵੰਬਰ, 1901 ਨੂੰ ਸਿੱਖ ਇਤਿਹਾਸ ਦੀ ਇਕ ਅਜਿਹੀ ਗਵਾਹੀ ਭਰਦਾ ਇਤਿਹਾਸਕ ਬੁੰਗਾ ਰਾਮਗੜ੍ਹੀਆ ਅੰਮ੍ਰਿਤਸਰ ਵਿਖੇ ਫੇਰ ਖ਼ਾਲਸਾ ਜੀ ਦਾ ਇਕੱਠ ਹੋਇਆ। ਇਸ ਇਕੱਠ ਵਿਚ ਸਬ-ਕਮੇਟੀ ਦੀ ਤਜਵੀਜ਼ ਹਾਜ਼ਰ ਸਿੱਖ ਆਗੂਆਂ ਵਲੋਂ ਸਰਬ-ਸੰਮਤੀ ਨਾਲ ਪ੍ਰਵਾਨ ਕੀਤੀ ਗਈ। 19 ਅਗਸਤ, 1902 ਨੂੰ ਫੇਰ ਇਕ ਪੰਥਕ ਇਕੱਠ ਕੀਤਾ ਗਿਆ। ਇਸ ਵਿਚ ਪਾਸ ਹੋਇਆ ਕਿ ਖ਼ਾਲਸਾ ਜੀ ਦਾ ਸ਼੍ਰੋਮਣੀ ਜਥਾ ਅਰਥਾਤ ਖ਼ਾਲਸਾ ਦੀਵਾਨ ਬਣਾਇਆ ਜਾਵੇ ਅਤੇ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਇਕ ਸਬ-ਕਮੇਟੀ ਬਣਾਈ ਜਾਵੇ, ਜਿਸ ਦਾ ਨਾਂਅ 'ਚੀਫ਼ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ' ਰੱਖਿਆ ਜਾਵੇ।
ਇਸ ਦੇ ਨਿਯਮਾਂ, ਉਪ-ਨਿਯਮਾਂ ਦਾ ਖਰੜਾ ਵਿਚਾਰਨ ਲਈ 8 ਮੈਂਬਰਾਂ ਦੀ ਇਕ ਸਬ-ਕਮੇਟੀ ਬਣਾਈ ਗਈ। ਇਸ ਨੇ ਡੂੰਘੀ ਵਿਚਾਰ ਕਰਕੇ ਇਸ ਖਰੜੇ ਨੂੰ ਸੋਧਿਆ। ਇਹ ਖਰੜਾ 21 ਸਤੰਬਰ, 1902 ਦੀ ਇਕੱਤਰਤਾ ਵਿਚ ਪੇਸ਼ ਹੋ ਕੇ ਪਾਸ ਹੋਇਆ। ਜਥੇ ਦਾ ਨਾਂਅ 'ਚੀਫ਼ ਖ਼ਾਲਸਾ ਦੀਵਾਨ' ਰੱਖਿਆ ਗਿਆ। ਇਹ ਵੀ ਪਾਸ ਹੋਇਆ ਕਿ ਚੀਫ਼ ਖ਼ਾਲਸਾ ਦੀਵਾਨ ਦਾ ਪਹਿਲਾ ਸਮਾਗਮ ਦੀਵਾਨ ਵਾਲੇ ਦਿਨ 30 ਅਕਤੂਬਰ, 1902 ਨੂੰ ਮਲਵਈ ਬੁੰਗੇ, ਅੰਮ੍ਰਿਤਸਰ ਵਿਖੇ ਹੋਵੇ। ਭਾਈ ਤੇਜਾ ਸਿੰਘ ਭਦੌੜ ਨੇ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਦਾ ਅਰਦਾਸਾ ਸੋਧਿਆ। ਇਹ ਚੀਫ਼ ਖ਼ਾਲਸਾ ਦੀਵਾਨ 9 ਜੁਲਾਈ, 1904 ਨੂੰ 1860 ਦੇ ਐਕਟ ਦੀ ਧਾਰਾ 21 ਅਧੀਨ ਰਜਿਸਟਰ ਹੋ ਗਿਆ। 30 ਅਕਤੂਬਰ, 1902 ਈ: ਨੂੰ ਸਿੱਖ ਜਗਤ ਵਿਚ ਨਵਚੇਤਨਾ ਦੀ ਮੋਢੀ ਬਣ ਕੇ ਹੋਂਦ ਵਿਚ ਆਈ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਮੁਢਲੇ ਉਦੇਸ਼ ਉਹੋ ਨਿਰਧਾਰਤ ਕੀਤੇ ਗਏ ਜੋ 1873 ਈ: ਵਿਚ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਨੇ ਸਿੱਖ ਪੰਥ ਦੇ ਬਹੁਪੱਖੀ ਵਿਕਾਸ ਲਈ ਉਲੀਕੇ ਸਨ।
ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦੇ ਪਹਿਲੇ ਪ੍ਰਧਾਨ (1) ਭਾਈ ਅਰਜਨ ਸਿੰਘ ਬਾਗੜੀਆ ਬਣੇ ਜੋ 1902 ਤੋਂ 1919 ਤੱਕ ਰਹੇ। (2) ਸ: ਬਘੇਲ ਸਿੰਘ 1919 ਤੋਂ 1922, (3) ਸ: ਸ਼ਿਵਦੇਵ ਸਿੰਘ ਰਈਸ 1922 ਤੋਂ 1934, (4) ਸ: ਹਰਬੰਸ ਸਿੰਘ ਰਈਸ ਅਟਾਰੀ 1934 ਤੋਂ 1937, (5) ਸ: ਬਸਾਖਾ ਸਿੰਘ ਠੇਕੇਦਾਰ ਦਿੱਲੀ 1937 ਤੋਂ 1947, (6) ਸ: ਬ.ਸ. ਮੰਗਲ ਸਿੰਘ ਮਾਨ 1947 ਤੋਂ 1967, (7) ਸ: ਸੁਰਜੀਤ ਸਿੰਘ ਮਜੀਠੀਆ 1967 ਤੋਂ 1982, (8) ਸ: ਕਿਰਪਾਲ ਸਿੰਘ 1982 ਤੋਂ 2002, (9) ਸ: ਹਰਮਿੰਦਰ ਸਿੰਘ ਫਰੀਡਮ 2002 ਤੋਂ 2004 ਤੱਕ (10) ਸ: ਚਰਨਜੀਤ ਸਿੰਘ ਚੱਢਾ, ਸ: ਸੰਤੋਖ ਸਿੰਘ ਤੇ ਹੁਣ ਸ: ਨਿਰਮਲ ਸਿੰਘ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਇਸ ਦੀਵਾਨ ਦੇ ਪਹਿਲੇ ਆਨਰੇਰੀ ਸਕੱਤਰ ਸਾਹਿਬਾਨਾਂ ਵਿਚ (1) ਸ: ਸੁੰਦਰ ਸਿੰਘ ਮਜੀਠੀਆ 1902 ਨੂੰ ਬਣੇ, ਜੋ 1922 ਤੱਕ ਲਗਾਤਾਰ ਇਸ ਪਦ 'ਤੇ ਰਹੇ। ਇਸ ਤੋਂ ਬਾਅਦ (2) ਸ: ਹਰਬੰਸ ਸਿੰਘ ਰਈਸ ਅਟਾਰੀ 1922 ਤੋਂ 1934 ਤੱਕ, (3) ਸ: ਸੁੰਦਰ ਸਿੰਘ ਮਜੀਠੀਆ 1934 ਤੋਂ 1937, (4) ਸ: ਨਾਰਾਇਣ ਸਿੰਘ 1937 ਤੋਂ 1943, (5) ਸ: ਕਿਰਪਾਲ ਸਿੰਘ ਮਜੀਠੀਆ 1943 ਤੋਂ 1946, (6) ਸ: ਸੁਰਜੀਤ ਸਿੰਘ ਮਜੀਠੀਆ 1946 ਤੋਂ 1947, (7) ਸ: ਸੰਤ ਸਿੰਘ 1947 ਤੋਂ 1989, (8) ਸ: ਦਿਲਬੀਰ ਸਿੰਘ 1989 ਤੋਂ 1994 ਅਤੇ (9) ਸ: ਭਾਗ ਸਿੰਘ ਅਣਖੀ 1994 ਤੋਂ 2013 ਸ: ਸੰਤੋਖ ਸਿੰਘ ਸੇਠੀ ਤੇ ਹੁਣ ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਸ: ਸਵਿੰਦਰ ਸਿੰਘ ਕੱਥੂਨੰਗਲ ਇਸ ਪਦ 'ਤੇ ਬਣੇ ਚਲੇ ਆ ਰਹੇ ਹਨ। (ਚਲਦਾ)

ਸ਼ਬਦ ਵਿਚਾਰ

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥

ਜਪੁ-ਪਉੜੀ ਤੀਜੀ
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਗਾਵੈ ਕੋ ਗੁਣ ਵਡਿਆਈਆ ਚਾਰ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥
ਗਾਵੈ ਕੋ ਸਾਜਿ ਕਰੇ ਤਨੁ ਖੇਹ॥
ਗਾਵੈ ਕੋ ਜੀਅ ਲੈ ਫਿਰਿ ਦੇਹ॥
ਗਾਵੈ ਕੋ ਜਾਪੈ ਦਿਸੈ ਦੂਰਿ॥
ਗਾਵੈ ਕੋ ਵੇਖੈ ਹਾਦਰਾ ਹਦੂਰਿ॥
ਕਥਨਾ ਕਥੀ ਨ ਆਵੈ ਤੋਟਿ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥
ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥
ਹੁਕਮੀ ਹੁਕਮੁ ਚਲਾਏ ਰਾਹੁ॥
ਨਾਨਕ ਵਿਗਸੈ ਵੇਪਰਵਾਹੁ॥ ੩॥ (ਅੰਗ 1-2)
ਪਦ ਅਰਥ : ਤਾਣੁ-ਬਲ, ਸਮਰੱਥਾ। ਕੋ-ਕੋਈ। ਕਿਸੈ ਤਾਣੁ-ਜਿੰਨਾ ਕਿਸੇ ਵਿਚ ਬਲ ਅਰਥਾਤ ਸਮਰੱਥਾ ਹੁੰਦੀ ਹੈ। ਚਾਰ-ਸੰਸਕ੍ਰਿਤ ਦੇ 'ਚਾਰੂ' ਅੱਖਰ ਦਾ ਪੰਜਾਬੀ ਰੂਪ ਭਾਵ ਸੁੰਦਰਤਾ, ਅਨੂਪਮਤਾ। ਵਿਖਮੁ-ਕਠਨ, ਔਖਾ, ਔਖੇ। ਵੀਚਾਰੁ-ਗਿਆਨ। ਜੀਅ ਲੈ-ਜਿੰਦ ਲੈ ਕੇ। ਸਾਜਿ-ਸਾਜ ਕੇ, ਪੈਦਾ ਕਰਕੇ। ਤਨੁ-ਸਰੀਰਾਂ ਨੂੰ, ਜੀਵਾਂ ਨੂੰ। ਖੇਹ-ਸੁਆਹ। ਫਿਰਿ ਦੇਹ-ਫਿਰ ਦੇ ਦਿੰਦਾ ਹੈ, ਫਿਰ ਜਿਉਂਦਾ ਕਰ ਦਿੰਦਾ ਹੈ, ਫਿਰ ਜਿੰਦ ਨੂੰ ਦੂਜਿਆਂ ਵਿਚ ਪਾ ਦਿੰਦਾ ਹੈ। ਜਾਪੈ ਦਿਸੈ ਦੂਰਿ-ਦੂਰ ਪਿਆ ਦਿਸਦਾ ਹੈ, ਕਿਧਰੇ ਦੂਰ ਪਿਆ ਜਾਪਦਾ ਹੈ। ਹਾਦਰਾ ਹਦੂਰਿ-ਹਾਜ਼ਰ ਨਾਜ਼ਰ, ਸਰਬ ਵਿਆਪਕ।
ਕਥਨਾ ਕਥੀ-ਪਰਮਾਤਮਾ ਦੇ ਗੁਣਾਂ ਨੂੰ ਕਥਨ ਕਰ ਕਰ ਕੇ। ਨ ਆਵੈ ਤੋਟਿ-ਹੁਕਮ ਦਾ ਅੰਤ ਨਹੀਂ ਪੈ ਸਕਿਆ। ਕਥਿ ਕਥਿ ਕਥੀ-ਅਕੱਥ ਨੂੰ ਕਥਿਆ ਹੈ। ਕੋਟੀ ਕੋਟਿ ਕੋਟਿ-ਕਰੋੜਾਂ ਨੇ ਹੀ ਭਾਵ ਉਸ ਅਕੱਥ ਨੂੰ ਕਰੋੜਾਂ ਨੇ ਹੀ ਕਥਿਆ ਹੈ ਅਤੇ ਕਰੋੜਾਂ ਹੀ ਕਥ ਰਹੇ ਹਨ। ਦੇਦਾ-ਦੇਣ ਵਾਲਾ, ਦਾਤਾਰ ਪ੍ਰਭੂ। ਲੈਦੇ ਥਕਿ ਪਾਹਿ-ਲੈ ਲੈ ਕੇ ਥੱਕ ਜਾਂਦੇ ਹਨ। ਜੁਗਾ ਜੁਗੰਤਰਿ-ਜੁਗਾਂ ਜੁਗੰਤਰਾਂ ਤੋਂ, ਜੁਗਾਂ ਦੇ ਆਦਿ ਤੋਂ। ਖਾਹੀ ਖਾਹਿ-ਖਾਂਦੇ ਆ ਰਹੇ ਹਨ। ਹੁਕਮੀ-ਹੁਕਮ ਕਰਨ ਵਾਲਾ, ਮਾਲਕ ਪ੍ਰਭੂ। ਹੁਕਮੁ-ਹੁਕਮ ਕਰਨ ਵਾਲੇ ਪ੍ਰਭੂ ਦਾ ਹੁਕਮ। ਰਾਹੁ-ਰਾਹ, ਮਾਰਗ, ਕਾਰ। ਚਲਾਏ ਰਾਹੁ-ਸੰਸਾਰ ਦੀ ਕਾਰ ਚਲਾ ਰਿਹਾ ਹੈ। ਵਿਗਸੈ-ਖਿੜਿਆ ਹੋਇਆ, ਅਨੰਦ ਚਿੱਤ ਪਰਮਾਤਮਾ। ਵੇਪਰਵਾਹੁ-ਬਿਨਾਂ ਕਿਸੇ ਦੇ ਡਰ ਭੈ ਤੋਂ।
ਇਸ ਤੀਜੀ ਪਉੜੀ ਵਿਚ ਜਗਤ ਗੁਰੂ ਬਾਬਾ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਹਰ ਕੋਈ ਆਪਣੇ-ਆਪਣੇ ਢੰਗ-ਤਰੀਕਿਆਂ ਨਾਲ ਮਾਲਕ ਪ੍ਰਭੂ ਨੂੰ ਯਾਦ ਕਰਦਾ ਹੈ। ਕੋਈ ਆਪਣੀ ਬਲ-ਬੁੱਧੀ ਅਨੁਸਾਰ ਉਸ ਸਮਰੱਥ ਪ੍ਰਭੂ ਨੂੰ ਗਾਉਂਦਾ ਹੈ (ਉਸ ਦੀ ਸਿਫਤ ਸਾਲਾਹ ਕਰਦਾ ਹੈ), ਕੋਈ ਉਸ ਦੀਆਂ ਦਿੱਤੀਆਂ ਦਾਤਾਂ ਨੂੰ ਨਿਸ਼ਾਨੀਆਂ ਵਜੋਂ ਗਾਉਂਦਾ ਹੈ ਭਾਵ ਮਾਲਕ ਪ੍ਰਭੂ ਦੀਆਂ ਦਿੱਤੀਆਂ ਦਾਤਾਂ ਨੂੰ ਵਰਨਣ ਕਰਕੇ ਉਸ ਦੇ ਗੁਣ ਗਾਉਂਦਾ ਹੈ। ਕੋਈ ਉਸ ਦੇ ਸੁੰਦਰ ਗੁਣਾਂ ਨੂੰ ਵਰਨਣ ਕਰਦੇ ਹਨ ਅਤੇ ਉਸ ਦੀਆਂ ਵਡਿਆਈਆਂ ਕਰ-ਕਰ ਕੇ ਥੱਕਦੇ ਨਹੀਂ। ਇਸ ਤਰ੍ਹਾਂ ਕਈ ਆਪਣੀ ਗੂੜ੍ਹ ਵਿੱਦਿਆ ਦੀ ਸੂਝ-ਬੂਝ ਦੁਆਰਾ ਪਰਮਾਤਮਾ ਦੇ ਅਦਭੁਤ ਵਿਚਾਰਾਂ (ਭੇਦਾਂ) ਨੂੰ ਗਾਉਂਦੇ ਹਨ-
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਗਾਵੈ ਕੋ ਗੁਣ ਵਡਿਆਈਆ ਚਾਰ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥
ਵਿਚਾਰ ਅਧੀਨ ਪਉੜੀ ਦੀਆਂ ਅਗਲੀਆਂ ਤੁਕਾਂ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਕੋਈ ਪ੍ਰਭੂ ਨੂੰ ਇਸ ਕਰਕੇ ਗਾਉਂਦਾ ਹੈ ਕਿ ਉਹ ਜੀਵਾਂ ਨੂੰ ਸਾਜ ਕੇ, ਪੈਦਾ ਕਰਕੇ ਫਿਰ ਆਪ ਹੀ ਉਨ੍ਹਾਂ ਦਾ ਨਾਸ਼ ਕਰ ਦਿੰਦਾ ਹੈ ਅਤੇ ਨਾਸ਼ ਕਰਕੇ ਫਿਰ ਉਨ੍ਹਾਂ ਨੂੰ ਜਿਉਂਦੇ ਕਰ ਸਕਣ ਦੇ ਸਮਰੱਥ ਹੈ ਭਾਵ ਜਿਉਂਦੇ ਕਰ ਸਕਦਾ ਹੈ। ਕੋਈ ਉਸ ਨੂੰ ਇਸ ਕਰਕੇ ਗਾਉਂਦਾ ਹੈ, ਕਿਉਂਕਿ ਪ੍ਰਭੂ ਉਨ੍ਹਾਂ ਨੂੰ ਬੜੀ ਦੂਰ ਵਸਦਾ ਦਿਸਦਾ ਹੈ, ਆਪਣੇ-ਆਪ ਤੋਂ ਬੜੀ ਵਿੱਥ 'ਤੇ ਵਸਦਾ ਜਾਪਦਾ ਹੈ ਪਰ ਕੋਈ ਇਸ ਕਰਕੇ ਉਸ ਦੇ ਗੁਣ ਗਾਉਂਦਾ ਹੈ, ਕਿਉਂਕਿ ਪ੍ਰਭੂ ਉਸ ਨੂੰ ਹਾਜ਼ਰ ਨਾਜ਼ਰ ਭਾਵ ਹਰ ਵੇਲੇ ਆਸ-ਪਾਸ ਵਸਦਾ ਜਾਪਦਾ ਹੈ-
ਗਾਵੈ ਕੋ ਸਾਜਿ ਕਰੇ ਤਨ ਖੇਹ॥
ਗਾਵੈ ਕੋ ਜੀਅ ਲੈ ਫਿਰਿ ਦੇਹ॥
ਗਾਵੈ ਕੋ ਜਾਪੈ ਦਿਸੈ ਦੂਰਿ॥
ਗਾਵੈ ਕੋ ਵੇਖੈ ਹਾਦਰਾ ਹਦੂਰਿ॥
ਰਾਗੁ ਆਸਾ ਦੀ ਵਾਰ ਦੀ 24ਵੀਂ ਅਰਥਾਤ ਅੰਤਲੀ ਪਉੜੀ ਨਾਲ ਦੂਜੀ ਨਾਨਕ ਜੋਤਿ ਗੁਰੂ ਅੰਗਦ ਦੇਵ ਜੀ ਦਾ ਸਲੋਕ ਅੰਕਤ ਹੈ, ਜਿਸ ਵਿਚ ਆਪ ਜੀ ਦੇ ਪਾਵਨ ਬਚਨ ਹਨ ਕਿ ਪਰਮਾਤਮਾ ਸ੍ਰਿਸ਼ਟੀ ਦੀ ਰਚਨਾ ਕਰਕੇ ਇਸ ਨੂੰ ਆਪ ਸਜਾਉਂਦਾ ਹੈ ਅਤੇ ਫਿਰ ਆਪ ਹੀ ਇਸ ਦੀ ਸਾਂਭ-ਸੰਭਾਲ ਕਰਦਾ ਹੈ, ਸਭ ਨੂੰ ਆਪ ਹੀ ਥਾਹੋਂ-ਥਾਹੀਂ ਟਿਕਾ ਕੇ ਰੱਖਦਾ ਹੈ ਅਤੇ ਜਦੋਂ ਚਾਹੁੰਦਾ ਹੈ, ਆਪ ਹੀ ਢਾਹ ਦਿੰਦਾ ਹੈ ਭਾਵ ਨਾਸ਼ ਕਰ ਦਿੰਦਾ ਹੈ। ਇਸ ਪ੍ਰਕਾਰ ਜਦੋਂ ਮਾਲਕ ਪ੍ਰਭੂ ਸਭ ਕੁਝ ਆਪ ਹੀ ਕਰਨ ਵਾਲਾ ਹੈ ਤਾਂ ਫਿਰ ਉਸ ਤੋਂ ਬਿਨਾਂ ਹੋਰ ਕਿਸ ਅੱਗੇ ਫਰਿਆਦ ਕਰੀਏ-
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ॥
ਤਿਸੁ ਵਿਚਿ ਜੰਤ ਉਪਾਇ ਕੈ
ਦੇਖੈ ਥਾਪਿ ਉਥਾਪਿ॥
ਕਿਸ ਨੋ ਕਹੀਐ ਨਾਨਕਾ
ਸਭੁ ਕਿਛੁ ਆਪੇ ਆਪਿ॥ (ਅੰਗ 475)
ਜੰਤ-ਜੀਵ ਜੰਤ। ਉਪਾਇ ਕੈ-ਪੈਦਾ ਕਰਕੇ। ਥਾਪਿ-ਥਾਹੋਂ ਥਾਹੀਂ ਟਿਕਾਉਂਦਾ ਹੈ। ਉਥਾਪਿ-ਨਾਸ਼ ਕਰ ਦਿੰਦਾ ਹੈ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪ੍ਰਭੂ ਦੇ ਗੁਣਾਂ ਨੂੰ ਗਾਉਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਰੋੜਾਂ ਨੇ ਉਸ ਦੇ ਗੁਣਾਂ ਨੂੰ ਕਥਿਆ ਹੈ ਅਤੇ ਕਰੋੜਾਂ ਉਸ ਦੇ ਗੁਣਾਂ ਨੂੰ ਗਾ ਰਹੇ ਹਨ। ਉਸ ਦੀ ਮਹਿਮਾ ਅਕੱਥ ਹੈ। ਬੇਅੰਤ ਪ੍ਰਭੂ ਦਾ ਬਿਰਦ ਹੈ ਕਿ ਉਹ ਸਾਨੂੰ ਸਭਨਾਂ ਨੂੰ ਦਾਤਾਂ ਦੇਈ ਜਾ ਰਿਹਾ ਹੈ। ਇਨ੍ਹਾਂ ਦਾਤਾਂ ਨੂੰ ਲੈ-ਲੈ ਕੇ ਜੀਵ ਭਾਵੇਂ ਥੱਕ ਜਾਂਦੇ ਹਨ। ਜੁਗਾਂ ਜੁਗੰਤਰਾਂ ਤੋਂ ਸਾਰੇ ਜੀਵ ਕਰਤਾਰ ਵਲੋਂ ਦਿੱਤੇ ਪਦਾਰਥਾਂ ਨੂੰ ਭੋਗਦੇ ਅਰਥਾਤ ਖਾਂਦੇ ਆ ਰਹੇ ਹਨ-
ਕਥਨਾ ਕਥੀ ਨ ਆਵੈ ਤੋਟਿ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥
ਦੇਦਾ ਦੇ ਲੈਦੇ ਥਕਿ ਪਾਹਿ॥
ਜੁਗਾ ਜੁਗੰਤਰਿ ਖਾਹੀ ਖਾਹਿ॥
ਆਤਮਿਕ ਜੀਵਨ ਦੀ ਸੂਝ ਰੱਖਣ ਵਾਲੇ ਕਰੋੜਾਂ ਗਿਆਨੀ ਜਨ ਪ੍ਰਭੂ ਦੇ ਗੁਣਾਂ 'ਤੇ ਵਿਚਾਰ ਕਰਦੇ ਰਹਿੰਦੇ ਹਨ। ਕਰੋੜਾਂ ਸਮਾਧੀਆਂ ਲਾ ਕੇ ਉਸ ਵਿਚ ਸੁਰਤ ਨੂੰ ਜੋੜੀ ਰੱਖਦੇ ਹਨ। ਉਸ ਦੇ ਦਰਸ਼ਨਾਂ ਲਈ ਕਰੋੜਾਂ ਤਪੀ ਤਪ ਕਰਦੇ ਰਹਿੰਦੇ ਹਨ ਅਤੇ ਕਰੋੜਾਂ ਮੋਨੀ ਮੌਨ ਧਾਰੀ ਰੱਖਦੇ ਹਨ। ਗੁਰਵਾਕ ਹੈ-
ਕੋਟਿ ਗਿਆਨੀ ਕਥਹਿ ਗਿਆਨੁ॥
ਕੋਟਿ ਧਿਆਨੀ ਧਰਤ ਧਿਆਨੁ॥
ਕੋਟਿ ਤਪੀਸਰ ਤਪ ਹੀ ਕਰਤੇ॥
ਕੋਟਿ ਮੁਨੀਸਰ ਮੋੁਨਿ ਮਹਿ ਰਹਤੇ॥ ੭॥
(ਰਾਗੁ ਭੈਰਉ ਮਹਲਾ ੫, ਅੰਗ 1156-57)
ਆਪ ਜੀ ਦੇ ਰਾਗੁ ਗਉੜੀ ਬਾਵਨ ਅਖਰੀ ਵਿਚ ਪਾਵਨ ਬਚਨ ਹਨ ਕਿ ਇਕ ਦਾਤਾਰ ਪ੍ਰਭੂ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਦੇ ਬੇਅੰਤ ਭੰਡਾਰ ਭਰੇ ਪਏ ਹਨ। ਦਾਤਾਂ ਵੰਡਣ ਨਾਲ ਉਸ ਦੇ ਖਜ਼ਾਨਿਆਂ ਵਿਚ ਕੋਈ ਤੋਟ ਨਹੀਂ ਆਉਂਦੀ-
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ (ਅੰਗ 257)
ਵਿਚਾਰ ਅਧੀਨ ਤੀਜੀ ਪਉੜੀ ਦੀਆਂ ਅੰਤਲੀਆਂ ਤੁਕਾਂ ਵਿਚ ਗਰੂ ਬਾਬਾ ਪ੍ਰਭੂ ਦੀ ਸੱਤਾ ਬਾਰੇ ਦਰਸਾ ਰਹੇ ਹਨ ਕਿ ਹੁਕਮ ਕਰਨ ਵਾਲਾ ਮਾਲਕ ਪ੍ਰਭੂ ਆਪਣੇ ਹੁਕਮ ਅਨੁਸਾਰ ਬੇਪ੍ਰਵਾਹ ਹੋ ਕੇ ਭਾਵ ਬਿਨਾਂ ਕਿਸੇ ਫਿਕਰ ਜਾਂ ਚਿੰਤਾ ਦੇ ਬ੍ਰਹਿਮੰਡ ਦੇ ਕਾਰ-ਵਿਹਾਰ ਵਾਲੇ ਮਾਰਗ ਨੂੰ ਚਲਾ ਰਿਹਾ ਹੈ ਅਤੇ ਸਦਾ ਪ੍ਰਸੰਨ ਰਹਿੰਦਾ ਹੈ, ਖਿੜਿਆ ਰਹਿੰਦਾ ਹੈ-
ਹੁਕਮੀ ਹੁਕਮੁ ਚਲਾਏ ਰਾਹੁ॥
ਨਾਨਕ ਵਿਗਸੈ ਵੇਪਰਵਾਹੁ॥


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਲਗਾਵ ਰਹਿਤ ਜੀਵਨ ਸ਼ਾਂਤ ਸੁਭਾਅ ਦਾ ਪ੍ਰਤੀਕ ਹੈ

ਲਗਾਵ ਰਹਿਤ ਹੋ ਕੇ ਜਿਊਣ ਦਾ ਸਲੀਕਾ ਮਨੁੱਖ ਨੂੰ ਉਲਝਣਾਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਦੁਆਉਂਦਾ ਹੈ। ਜਦ ਸੰਸਾਰਿਕ ਵਸਤਾਂ ਨਾਲ ਬਹੁਤ ਹੀ ਲਗਾਵ ਪੈਦਾ ਹੋ ਜਾਂਦਾ ਹੈ ਅਤੇ ਸਾਡੀ ਇੱਛਾ ਅਨੁਸਾਰ ਉਨ੍ਹਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਬੇਚੈਨੀ ਪੈਦਾ ਹੁੰਦੀ ਹੈ ਅਤੇ ਮਨੁੱਖ ਨੂੰ ਉਲਝਣਾਂ ਘੇਰ ਲੈਂਦੀਆਂ ਹਨ ਅਤੇ ਉਹ ਪ੍ਰੇਸ਼ਾਨ ਹੁੰਦਾ ਹੈ। ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਨਿਰਮਾਣ ਵਿਚ ਲਿਖਦੇ ਹਨ ਕਿ ਜਿਹੜਾ ਵਿਅਕਤੀ ਕੋਈ ਚੰਗਾ ਮੌਕਾ ਹੱਥੋਂ ਨਿਕਲਣ ਤੋਂ ਬਾਅਦ ਵੀ ਵਿਚਲਿਤ ਨਹੀਂ ਹੁੰਦਾ ਅਤੇ ਸ਼ਾਂਤ ਰਹਿੰਦਾ ਹੈ, ਉਸ ਨੂੰ ਜੀਵਨ-ਜਾਚ ਦੀ ਸਮਝ ਹੈ। ਇਹ ਹੀ ਜੀਵਨ ਦੀ ਉੱਤਮ ਸਥਿਤੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਵੀ ਗੀਤਾ ਵਿਚ ਅਰਜਨ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਕਿ ਵਿਪਰੀਤ ਹਾਲਤਾਂ ਵਿਚ ਵੀ ਸ਼ਾਂਤ ਰਹਿਣਾ ਸਰਬਉੱਤਮ ਅਵਸਥਾ ਹੈ। ਇਹ ਤਾਂ ਹੀ ਹੋ ਸਕਦਾ ਹੈ, ਜੇ ਅਸੀਂ ਲਗਾਵਰਹਿਤ ਜੀਵਨ ਬਤੀਤ ਕਰੀਏ। ਭੌਤਿਕ ਪਦਾਰਥਾਂ ਦਾ ਘੁਮੰਡ ਕਰਨ ਵਾਲਾ ਜਾਂ ਆਪਣੀ ਸਫਲਤਾ ਤੇ ਪ੍ਰਸੰਸਾ ਸੁਣ ਕੇ ਖੁਸ਼ ਹੋਣ ਵਾਲਾ ਵਿਅਕਤੀ ਆਪਣੇ-ਆਪ ਨੂੰ ਉੱਤਮ ਸਮਝਣ ਲਗਦਾ ਹੈ। ਅਜਿਹੇ ਹਾਲਾਤ ਮਾਨਸਿਕ ਉਥਲ-ਪੁਥਲ ਪੈਦਾ ਕਰਦੇ ਹਨ। ਇਹ ਸਭ ਕੁਝ ਭੌਤਿਕ ਪਦਾਰਥਾਂ ਅਤੇ ਦੁਨਿਆਵੀ ਵਸਤਾਂ ਨਾਲ ਲਗਾਵ ਕਾਰਨ ਹੁੰਦਾ ਹੈ ਪਰ ਜਿਹੜਾ ਵਿਅਕਤੀ ਲਗਾਵਰਹਿਤ ਜੀਵਨ ਬਤੀਤ ਕਰਦਾ ਹੈ, ਉਹ ਸਫਲਤਾ-ਅਸਫਲਤਾ ਯਸ਼-ਪ੍ਰਾਪਤੀ ਵਰਗੇ ਹਾਲਾਤ ਵਿਚ ਵੀ ਵਿਚਲਿਤ ਨਹੀਂ ਹੁੰਦਾ, ਉਹ ਹੀ ਸ਼ਾਂਤ ਸੁਭਾਅ ਦਾ ਪ੍ਰਤੀਕ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ-ਕੁਝ ਵਿਚਾਰ

ਨਵੰਬਰ, 2019 ਵਿਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਆਗਮਨ ਪੁਰਬ ਮਨਾਉਣ ਜਾ ਰਹੇ ਹਾਂ। ਇਸ ਸਿਲਸਿਲੇ ਵਿਚ ਹੁਣ ਤੋਂ ਅਤੇ ਕੁਝ ਸਮਾਂ ਪਹਿਲਾਂ ਤੋਂ ਹੀ ਕਈ ਸਮਾਗਮ ਸ਼ੁਰੂ ਕਰ ਦਿੱਤੇ ਗਏ ਹਨ। ਪਾਕਿਸਤਾਨ (ਨਨਕਾਣਾ ਸਾਹਿਬ) ਤੋਂ ਨਗਰ ਕੀਰਤਨ ਸ਼ੁਰੂ ਕਰਕੇ ਸਾਰੇ ਭਾਰਤ ਵਿਚ ਜਲੂਸ ਦੀ ਸ਼ਕਲ ਵਿਚ ਪਹੁੰਚ ਰਿਹਾ ਹੈ, ਜਿਸ ਵਿਚ ਖ਼ਬਰਾਂ ਆਉਂਦੀਆਂ ਹਨ ਕਿ ਸਿੱਖ ਸੰਗਤਾਂ ਬਹੁਤ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਹਨ ਤੇ ਹਰ ਜਗ੍ਹਾ ਇਹ ਨਗਰ ਕੀਰਤਨ ਦਾ ਬੜੀ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਜਾਂਦਾ ਹੈ। ਉਂਜ ਵੀ ਹੁਣ ਤਕਰੀਬਨ ਹਰ ਗੁਰਦੁਆਰੇ ਵਿਚ ਸਮਾਗਮ ਕੀਤੇ ਜਾ ਰਹੇ ਹਨ। ਪ੍ਰਭਾਤ ਫੇਰੀਆਂ, ਕੀਰਤਨ ਤੇ ਕਥਾ ਦਰਬਾਰ ਹੋ ਰਹੇ ਹਨ। ਸੁਲਤਾਨਪੁਰ ਲੋਧੀ ਵਿਚ ਬਹੁਤ ਵੱਡੇ ਪੈਮਾਨੇ 'ਤੇ ਤਿਆਰੀਆਂ ਹੋ ਰਹੀਆਂ ਹਨ। ਸੰਗਤਾਂ ਵਾਸਤੇ ਨਵੀਆਂ ਸਰਾਵਾਂ ਬਣ ਰਹੀਆਂ ਹਨ। ਸ਼ਹਿਰ ਨੂੰ ਸਫੇਦ ਰੰਗ ਦਾ ਪੇਂਟ ਕਰਨ ਦਾ ਪ੍ਰੋਗਰਾਮ ਹੈ। ਉਂਜ ਵੀ ਕਈ ਲੱਖ ਲੋਕਾਂ ਦੇ ਆਉਣ ਦਾ ਤੇ ਵੱਡੇ-ਵੱਡੇ ਲੀਡਰਾਂ ਦੇ ਆਉਣ ਦਾ ਪ੍ਰੋਗਰਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸੋਨੇ ਦੀਆਂ ਪਾਲਕੀਆਂ ਤਿਆਰ ਕਰਵਾਈਆਂ ਜਾਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵੀ ਜਿਥੇ-ਜਿਥੇ ਸਿੱਖ ਵਸਦੇ ਹਨ, ਉਥੇ ਵੀ ਬੜੀ ਸ਼ਾਨੋ-ਸ਼ੌਕਤ ਨਾਲ ਗੁਰਪੁਰਬ ਮਨਾਇਆ ਜਾਵੇਗਾ ਤੇ ਨਗਰ ਕੀਰਤਨ ਕੱਢੇ ਜਾਣਗੇ। ਇੰਜ ਲਗਦਾ ਹੈ ਕਿ 550 ਸਾਲਾ ਗੁਰਪੁਰਬ 'ਤੇ ਸ਼ਾਇਦ 550 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਸਿਲਸਿਲੇ ਵਿਚ ਮੈਂ ਕੁਝ ਆਪਣੇ ਵਿਚਾਰ ਲਿਖਣ ਲੱਗਾ ਹਾਂ-
ਜਦੋਂ ਕੋਈ ਵੀ ਵਿਅਕਤੀ ਜਾਂ ਸੰਸਥਾ ਕੋਈ ਕੰਮ ਸ਼ੁਰੂ ਕਰਦੀ ਹੈ ਤਾਂ ਸਮਾਂ ਪਾ ਕੇ ਉਹ ਇਸ ਦਾ ਲੇਖਾ-ਜੋਖਾ ਜ਼ਰੂਰ ਕਰਦੇ ਹਨ ਕਿ ਜਿਵੇਂ ਅਸੀਂ ਇਹ ਕੰਮ ਕੀਤਾ, ਇਸ ਦਾ ਕੋਈ ਨਫਾ ਹੋਇਆ ਹੈ ਜਾਂ ਨੁਕਸਾਨ? ਅੱਜ ਤੋਂ 50 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਆਗਮਨ ਪੁਰਬ ਮਨਾਇਆ ਗਿਆ ਸੀ। ਉਦੋਂ ਵੀ ਗੁਰਪੁਰਬ ਚੰਗੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਸੀ। ਅੱਜ ਇਹ ਸੋਚਣ ਦੀ ਲੋੜ ਹੈ ਕਿ ਸਿੱਖ ਭਾਈਚਾਰੇ ਨੂੰ ਇਸ ਤਰ੍ਹਾਂ ਦੇ ਵੱਡੇ ਸਮਾਰੋਹਾਂ ਤੋਂ ਕੀ ਪ੍ਰਾਪਤੀ ਹੁੰਦੀ ਹੈ? ਕਿੰਨੇ ਲੋਕ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਆਉਂਦੇ ਹਨ? ਕਿੰਨਿਆਂ ਦਾ ਜੀਵਨ ਪੱਧਰ ਉੱਚਾ ਹੁੰਦਾ ਹੈ? ਅਸੀਂ ਦੇਖਿਆ ਹੈ ਕਿ ਹੌਲੀ-ਹੌਲੀ ਪੇਂਡੂ ਸਿੱਖ ਗ਼ਰੀਬ, ਬੇਕਾਰ, ਅਨਪੜ੍ਹ ਤੇ ਨਸ਼ਿਆਂ ਵਿਚ ਡੁੱਬਣ ਲੱਗ ਪਏ। ਹੁਣ ਤਾਂ ਪਿੰਡਾਂ ਵਿਚ ਧੜਾਧੜ ਪਛੜੀਆਂ ਜਾਤਾਂ ਦੇ ਲੋਕ ਸਿੱਖ ਧਰਮ ਨੂੰ ਤਿਆਗ ਕੇ ਇਸਾਈ ਬਣਦੇ ਜਾ ਰਹੇ ਹਨ। ਇਸਾਈ ਮਿਸ਼ਨਰੀ ਘਰੋ-ਘਰੀ ਜਾ ਕੇ ਆਪਣਾ ਪ੍ਰਚਾਰ ਕਰਦੇ ਹਨ ਤੇ ਬੜੇ ਪਿਆਰ ਨਾਲ ਚਰਚ ਵਿਚ ਆਉਣ ਦੀ ਬੇਨਤੀ ਕਰਦੇ ਹਨ।
ਜਦੋਂ ਕਈ ਵਾਰੀ ਕਿਸੇ ਵੱਡੇ ਸਿੱਖ ਆਗੂ ਨਾਲ ਗੱਲ ਕਰੀਏ ਤਾਂ ਉਹ ਬੜੇ ਹੰਕਾਰ ਤੇ ਨਫ਼ਰਤ ਭਰੇ ਵਤੀਰੇ ਨਾਲ ਕਹਿੰਦੇ ਹਨ ਕਿ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਬਦਲਵਾਇਆ ਜਾ ਰਿਹਾ ਹੈ। ਇਸ ਗੱਲ 'ਤੇ ਵਿਚਾਰ ਕਰਨ ਦੀ ਲੋੜ ਹੈ। ਮੈਂ ਇਕ ਇਸਾਈ ਲੜਕੀ ਨੂੰ ਜਾਣਦਾ ਹਾਂ, ਜਿਸ ਦੇ ਮਾਂ-ਪਿਓ ਨੇ 20 ਸਾਲ ਪਹਿਲਾਂ ਸਿੱਖ ਧਰਮ ਛੱਡ ਕੇ ਇਸਾਈ ਧਰਮ ਵਿਚ ਪ੍ਰਵੇਸ਼ ਕੀਤਾ ਸੀ। ਉਹ ਕਹਿਣ ਲੱਗੀ ਕਿ ਸਾਨੂੰ ਸਿੱਖ ਧਰਮ ਨੇ ਗਰੀਬੀ ਤੇ ਉੱਚੀਆਂ ਜਾਤਾਂ ਦੀ ਨਫ਼ਰਤ ਤੋਂ ਬਗੈਰ ਕੀ ਦਿੱਤਾ ਹੈ? ਹੁਣ ਉਹ ਪੜ੍ਹ-ਲਿਖ ਗਈ ਹੈ। ਨੌਕਰੀ ਕਰਦੀ ਹੈ। ਉਸ ਦੇ ਬੱਚੇ ਕਾਨਵੈਂਟ ਸਕੂਲ ਵਿਚ ਬਿਲਕੁਲ ਮਾਮੂਲੀ ਫੀਸ ਦੇ ਕੇ ਪੜ੍ਹਦੇ ਹਨ ਤੇ ਮਿਸ਼ਨਰੀ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਜਾਂ ਥੋੜ੍ਹੀ ਫੀਸ 'ਤੇ ਕੀਤਾ ਜਾਂਦਾ ਹੈ। ਇਹ ਇਕ ਸ਼ਲਾਘਾਯੋਗ ਗੱਲ ਹੈ। ਮਨੁੱਖ ਦੀ ਪਹਿਲੀ ਜ਼ਰੂਰਤ ਆਪਣੀਆਂ ਨਿੱਜੀ ਲੋੜਾਂ ਪੂਰਾ ਕਰਨ ਦੀ ਹੁੰਦੀ ਹੈ ਤੇ ਧਰਮ ਇਸ ਤੋਂ ਮਗਰੋਂ ਆਉਂਦਾ ਹੈ। ਭਗਤ ਕਬੀਰ ਜੀ ਨੇ ਵੀ ਖੁੱਲ੍ਹ ਕੇ ਕਿਹਾ-
ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥
ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਹੇ ਪਰਮਾਤਮਾ, ਜੇ ਤੂੰ ਨਹੀਂ ਦੇਵੇਂਗਾ ਤਾਂ ਮੈਂ ਤੇਰੇ ਕੋਲੋਂ ਮੰਗ ਕੇ ਲੈ ਲਵਾਂਗਾ ਤੇ ਇੰਜ ਉਨ੍ਹਾਂ ਨੇ ਖਾਣ-ਪੀਣ ਦਾ ਸਾਮਾਨ ਤੇ ਹੋਰ ਲੋੜੀਂਦੀਆਂ ਚੀਜ਼ਾਂ ਵਾਸਤੇ ਬੇਨਤੀ ਕੀਤੀ। ਭਗਤ ਧੰਨਾ ਜੀ ਨੇ ਤਾਂ ਰੋਟੀ-ਪਾਣੀ ਤੋਂ ਇਲਾਵਾ ਹੋਰ ਸਭ ਕੁਝ ਵੀ ਮੰਗ ਲਿਆ, ਜਿਵੇਂ ਕਿ ਰਜਾਈ-ਤਲਾਈ ਤੋਂ ਇਲਾਵਾ ਚੜ੍ਹਨ ਵਾਸਤੇ ਅਰਬੀ ਘੋੜਾ, ਦੁੱਧ ਵਾਸਤੇ ਗਾਂ, ਮੱਝ ਤੇ ਆਗਿਆਕਾਰ ਪਤਨੀ ਮੰਗੀ ਤੇ ਨਾਲ ਹੀ ਇਹ ਕਿਹਾ ਕਿ ਮੈਂ ਕੋਈ ਲਾਲਚ ਨਹੀਂ ਕੀਤਾ।
ਬਾਹਰਲੇ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਉਸਤਤਿ ਕੀਤੀ ਹੈ। ਆਰਨਲਡ ਟੋਏਨਬੀ ਤੇ ਪਰਲ ਐੱਸ ਬਕ ਅਤੇ ਹੋਰ ਕਈਆਂ ਤੋਂ ਇਲਾਵਾ ਗੁਰੂਦੇਵ ਟੈਗੋਰ ਨੇ ਤਾਂ ਉਸਤਤਿ ਵਿਚ ਕਈ ਕੁਝ ਕਿਹਾ ਤੇ ਲਿਖਿਆ। ਟੈਗੋਰ ਜੀ ਨੇ ਤਾਂ ਇਹ ਵੀ ਕਿਹਾ ਕਿ ਜੇ ਸਾਰੀ ਦੁਨੀਆ ਦਾ ਕੋਈ ਕੌਮੀ ਤਰਾਨਾ ਬਣੇਗਾ ਤਾਂ ਉਹ ਗੁਰੂ ਨਾਨਕ ਸਾਹਿਬ ਦੀ ਰਚੀ ਹੋਈ ਆਰਤੀ ਬਣੇਗੀ। (ਚਲਦਾ)


-ਮਿਲਾਪ ਚੌਕ, ਜਲੰਧਰ।
ਮੋਬਾ: 94176-23213

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਬਖ਼ਸ਼ਿਸ਼ ਢਾਡੀ ਕਲਾ

ਸਾਊਦੀ ਅਰਬ ਵਿਚ ਪੈਦਾ ਹੋਈ ਇਹ ਕਲਾ ਮੁਹੰਮਦ ਬਿਨ ਕਾਰਬ ਦੇ ਨਾਲ ਭਾਰਤ ਆ ਗਈ। ਉਹ ਭਾਰਤ ਫ਼ਤਹਿ ਕਰਨ ਵਾਲਾ ਪਹਿਲਾ ਮੁਸਲਮਾਨ ਬਾਦਸ਼ਾਹ ਸੀ, ਜੋ ਕੰਬੋਜ ਜਾਤ ਨਾਲ ਸਬੰਧ ਰੱਖਦਾ ਸੀ। ਉਸ ਤੋਂ ਬਾਅਦ ਇਸ ਕਲਾ ਨੇ ਰਾਜਸਥਾਨ ਵਿਚ ਆਪਣੇ ਪੈਰ ਜਮਾਏ, ਕਿਉਂਕਿ ਰਾਜਪੂਤ ਰਾਜਿਆਂ ਨੂੰ ਕਲਾ ਨਾਲ ਬਹੁਤ ਪ੍ਰੇਮ ਹੁੰਦਾ ਸੀ। ਮਹਿਲ ਉਸਾਰੀ ਦੀ ਕਲਾ, ਚਿੱਤਰਕਾਰੀ ਦੀ ਕਲਾ, ਮਨੋਰੰਜਨ ਦੀ ਕਲਾ ਨੂੰ ਉਹ ਬਹੁਤ ਤਰਜੀਹ ਦਿੰਦੇ ਸਨ, ਇਨ੍ਹਾਂ ਢਾਡੀਆਂ ਨੇ ਵੀ ਆਪਣੇ ਹੁਨਰ ਦੀ ਕਲਾ ਨਾਲ ਉਨ੍ਹਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾਈ ਸੀ, ਜਿਸ ਦਾ ਸਦਕਾ ਇਹ ਹਰੇਕ ਰਾਜਪੂਤ ਰਿਆਸਤ ਦੇ ਸ਼ਾਹੀ ਦਰਬਾਰ ਦਾ ਸ਼ਿੰਗਾਰ ਬਣੇ।
ਰਾਜਸਥਾਨ ਤੋਂ ਚੱਲ ਕੇ ਕੁਝ ਢਾਡੀਆਂ ਨੇ ਪੰਜਾਬ ਵਿਚ ਪ੍ਰਵੇਸ਼ ਕੀਤਾ। ਉਸ ਸਮੇ ਪੰਜਾਬੀਆਂ ਕੋਲ ਵੀ ਮਨੋਰੰਜਨ ਦੇ ਕੁਝ ਖਾਸ ਸਾਧਨ ਨਹੀਂ ਸਨ। ਰਾਸਧਾਰੀਏ, ਨਟ, ਨਕਲੀਏ ਤੇ ਨਚਾਰ ਆਦਿ ਲੋਕ ਪੰਜਾਬੀਆਂ ਦਾ ਆਪੋ-ਆਪਣੇ ਤਰੀਕੇ ਨਾਲ ਮਨੋਰੰਜਨ ਕਰਦੇ ਸਨ, ਪਰ ਢਾਡੀਆਂ ਦਾ ਸਾਰੰਗੀ ਨਾਲ ਲੰਬੀ ਹੇਕ ਲਗਾ ਕੇ ਬੀਰ ਰਸ ਵਿਚ ਗਾਉਣਾ ਆਮ ਲੋਕਾਂ ਨੂੰ ਬਹੁਤ ਚੰਗਾ ਲੱਗਾ। ਪਹਿਲਾਂ-ਪਹਿਲ ਇਹ ਕਿੱਤਾ ਮਰਾਸੀਆਂ ਨੇ ਅਪਣਾਇਆ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗੁਰਗੱਦੀ 'ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਇਹ ਮਹਿਸੂਸ ਕੀਤਾ ਕੀ ਹੁਣ ਸਿੱਖੀ ਕੇਵਲ ਭਗਤੀ 'ਤੇ ਨਹੀਂ ਬਚ ਸਕਦੀ। ਸ੍ਰੀ ਗੁਰੂ ਅਰਜਨ ਦੇਵ ਜੀ ਵਰਗੇ ਸ਼ਾਂਤ ਸੁਭਾਅ ਆਤਮਾ ਨੂੰ ਬਿਨਾਂ ਕਿਸੇ ਕਸੂਰ ਏਨਾ ਜ਼ੁਲਮ ਸਹਿਣਾ ਪਿਆ। ਇਹ ਸਭ ਹੋਰ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਨੇ ਸਿੱਖਾਂ ਵਿਚ ਭਗਤੀ ਦੇ ਨਾਲ-ਨਾਲ ਸ਼ਕਤੀ ਵੀ ਪੈਦਾ ਕਰਨੀ ਜ਼ਰੂਰੀ ਸਮਝੀ। ਇਸ ਲਈ ਸਿੱਖਾਂ ਨੂੰ ਆਮ ਭੇਟਾ ਦੇ ਨਾਲ-ਨਾਲ ਸ਼ਸਤਰ ਭੇਟਾ ਵੀ ਲਿਆਉਣ ਲਈ ਆਖਿਆ। ਜਿਸ ਦਿਨ ਉਹ ਆਪ ਗੁਰਗੱਦੀ 'ਤੇ ਬਿਰਾਜਮਾਨ ਹੋਏ, ਉਸ ਦਿਨ ਤੋਂ ਬਾਬਾ ਬੁੱਢਾ ਜੀ ਦੇ ਹੱਥੋਂ ਦੋ ਤਲਵਾਰਾਂ ਪਹਿਨ ਕੇ ਭਗਤੀ ਅਤੇ ਸ਼ਕਤੀ ਦਾ ਰਸਤਾ ਸਿੱਖਾਂ ਨੂੰ ਦਿਖਾਇਆ ਅਤੇ ਆਪਣੇ ਪਹਿਲੇ ਦੀਵਾਨ ਵਿਚ ਦੋ ਢਾਡੀ (ਨੱਥ ਮੱਲ ਅਤੇ ਅਬਦੁਲ ਖੈਰ) ਸ਼ਾਮਿਲ ਕੀਤੇ, ਜੋ ਸੁਰਸਿੰਘ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਨੂੰ ਭਾਈ ਬਿਧੀ ਚੰਦ ਗੁਰੂ ਦਰਬਾਰ ਵਿਚ ਲੈ ਕੇ ਆਏ ਸਨ। ਇਨ੍ਹਾਂ ਢਾਡੀਆਂ ਨੇ ਢਾਡੀ ਕਲਾ ਦੇ ਪ੍ਰਸਿੱਧ ਰਾਗ ਸ਼ੁੱਧ ਰਸਾਲੂ ਵਿਚ ਪਹਿਲੀ ਵਾਰ ਗਾਇਨ ਕੀਤੀ, ਜਿਸ ਨੇ ਪੰਡਾਲ ਵਿਚ ਬੈਠੀਆਂ ਸੰਗਤਾਂ ਦੇ ਖੂਨ ਨੂੰ ਉਬਾਲਾ ਲਿਆ ਕੇ ਰੱਖ ਦਿੱਤਾ। ਇਹ ਵਾਰ (ਦੋ ਤਲਵਾਰਾਂ ਬਧੀਆਂ ਇਕ ਮੀਰੀ ਦੀ ਇਕ ਪੀਰੀ ਦੀ) ਗੁਰੂ ਸਾਹਿਬ ਦੀ ਉਸਤਤ ਵਿਚ ਸੀ। ਇਸ ਵਾਰ ਦੇ ਅਖੀਰ ਵਿਚ ਉਨ੍ਹਾਂ ਨੇ ਵਕਤ ਦੇ ਬਾਦਸ਼ਾਹ ਦੀ ਪ੍ਰਵਾਹ ਨਾ ਕਰਦੇ ਹੋਏ ਇਥੋਂ ਤੱਕ ਸੱਚ ਕਹਿ ਦਿੱਤਾ 'ਪਗ ਤੇਰੀ, ਕੀ ਜਹਾਂਗੀਰ ਦੀ?', ਜਿਸ ਦਾ ਮਤਲਬ ਸੀ ਕੀ ਗੁਰੂ ਸਾਹਿਬ ਦੇ ਸਾਹਮਣੇ ਜਹਾਂਗੀਰ ਦੀ ਕੀ ਹੈਸੀਅਤ ਹੈ?
ਇਸੇ ਦਿਨ ਤੋਂ ਢਾਡੀ ਕਲਾ ਸਿੱਖਾਂ ਦਾ ਅਨਿੱਖੜਵਾਂ ਅੰਗ ਬਣ ਗਈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਕਲਾ ਨੂੰ ਬਹੁਤ ਉਤਸ਼ਾਹਿਤ ਕੀਤਾ। ਇਨ੍ਹਾਂ ਢਾਡੀਆਂ ਨੂੰ ਸਨਮਾਨਯੋਗ ਰੁਤਬਾ ਬਖਸ਼ਿਆ ਗਿਆ। ਢਾਡੀਆਂ ਨੂੰ ਸੋਨੇ-ਚਾਂਦੀ ਦੀਆਂ ਢੱਡਾਂ ਬਣਾ ਕੇ ਤੋਹਫ਼ੇ ਵਜੋਂ ਦਿੱਤੀਆਂ। ਇਹ ਸਿੱਖੀ ਦੇ ਪ੍ਰਚਾਰਕ ਬਣੇ। ਗੁਰੂ ਸਾਹਿਬ ਨੇ ਹਰਿਮੰਦਿਰ ਸਾਹਿਬ ਵਿਚ ਆਸਾ ਦੀ ਵਾਰ ਦੇ ਨਾਲ-ਨਾਲ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਤੋਂ ਢਾਡੀ ਵਾਰਾਂ ਦਾ ਗਾਇਨ ਆਰੰਭ ਕਰਵਾਇਆ। ਉਸ ਦਿਨ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਕਲਾ ਨੂੰ ਪੂਰਾ ਮਾਣ ਤੇ ਸਤਿਕਾਰ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਸ ਕਲਾ ਨੂੰ ਸਤਿਕਾਰਿਆ। ਉਨ੍ਹਾਂ ਤੋਂ ਬਾਅਦ ਜਦੋਂ ਸਿੱਖ ਘੱਲੂਘਾਰਿਆਂ ਵਿਚ ਜੂਝਦੇ ਰਹੇ, ਉਦੋਂ ਵੀ ਇਹ ਕਲਾ ਜੰਗਲਾਂ ਵਿਚ ਉਨ੍ਹਾਂ ਦਾ ਸਾਥ ਦਿੰਦੀ ਰਹੀ। ਫਿਰ ਵਾਰੀ ਆਈ ਸਿੱਖ ਮਿਸਲਾਂ ਦੀ। ਉਨ੍ਹਾਂ ਨੇ ਵੀ ਆਪਣੇ ਦਰਬਾਰ ਵਿਚ ਢਾਡੀ ਰੱਖੇ। ਉਸ ਤੋਂ ਬਾਅਦ ਆਇਆ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਸਮੇਂ ਨੂੰ ਸਿੱਖਾਂ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ। ਉਸ ਸਮੇਂ ਇਹ ਢਾਡੀ ਕਲਾ ਆਪਣੇ ਪੂਰਨ ਜੋਬਨ 'ਤੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਢਾਡੀਆਂ ਦੀ ਸਰਕਾਰੀ ਭਰਤੀ ਕੀਤੀ। ਰੋਜ਼ਾਨਾ ਫੌਜੀ ਛਾਉਣੀਆਂ ਵਿਚ ਢਾਡੀ ਵਾਰਾਂ ਗਈਆਂ ਜਾਂਦੀਆਂ ਤੇ ਹੋਲੇ ਮਹੱਲੇ, ਵੈਸਾਖੀ, ਦੀਵਾਲੀ ਅਤੇ ਹੋਰ ਕੌਮੀ ਸਮਾਗਮਾਂ ਦੇ ਮੌਕੇ ਵੱਡੇ-ਵੱਡੇ ਢਾਡੀ ਦਰਬਾਰ ਹੋਇਆ ਕਰਦੇ ਸਨ।
ਆਪਣੇ ਪਛੜੇਪਨ ਦੇ ਕੁਝ ਹੱਦ ਤੱਕ ਇਹ ਢਾਡੀ ਸਿੰਘ ਆਪ ਹੀ ਜ਼ਿੰਮੇਵਾਰ ਹਨ, ਕਿਉਂਕਿ ਪੰਜਾਬ ਦੇ 90 ਫੀਸਦੀ ਢਾਡੀਆਂ ਨੇ ਆਪਣੇ ਵਿਰਸੇ ਨੂੰ ਭੁੱਲ ਕੇ ਅਜੋਕੇ ਗਾਣਿਆਂ ਤੇ ਫਿਲਮੀ ਗੀਤਾਂ ਦੀਆਂ ਤਰਜ਼ਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨਾਲ ਲੋਕ ਇਹ ਮਹਿਸੂਸ ਕਰਦੇ ਹਨ ਕਿ ਢਾਡੀਆਂ ਨੇ ਵੀ ਤਾਂ ਗਾਣੇ ਹੀ ਗਾਉਣੇ ਹਨ, ਇਸ ਲਈ ਗਾਇਕ ਕਲਾਕਾਰ ਹੀ ਠੀਕ ਹੈ, ਕਿਉਂਕਿ ਕਲਾਕਾਰ ਨਾਲ ਗਾਣੇ ਸੋਹਣੇ ਲਗਦੇ ਹਨ। ਇਨ੍ਹਾਂ ਤੋਂ ਤਾਂ ਸੁਣਨਾ ਸੀ ਬੀਰ ਰਸ, ਪਰ ਇਹ ਤਾਂ ਗੀਤਾਂ ਵਿਚ ਹੀ ਉਲਝ ਗਏ ਹਨ। ਮੇਰਾ ਇਹ ਸਵਾਲ ਹੈ ਢਾਡੀ ਵੀਰਾਂ ਨੂੰ ਕੀ ਤੁਸੀਂ ਅਸਲ ਕਲਾ ਨੂੰ ਅੱਖੋਂ-ਪਰੋਖੇ ਕਰਕੇ ਜ਼ਿਆਦਾ ਪੈਸੇ ਕਮਾ ਲਏ ਹਨ ਜਾਂ ਢਾਡੀਆਂ ਦਾ ਨਾਂਅ ਜ਼ਿਆਦਾ ਰੌਸ਼ਨ ਕਰ ਲਿਆ ਹੈ? ਜੇ ਨਹੀਂ ਤਾਂ ਕਿਉਂ ਆਪਣੇ ਵਿਰਸੇ ਤੋਂ ਟੁੱਟਦੇ ਹੋ? ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਸ ਬਖਸ਼ਿਸ਼ ਵਿਚ ਦਖਲਅੰਦਾਜ਼ੀ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ। ਤੁਸੀਂ ਐਸਾ ਕਿਉਂ ਕਰ ਰਹੇ ਹੋ?
ਤੁਹਾਡੇ ਕੋਲ ਵੀ ਅਨਮੋਲ ਤਰਜ਼ਾਂ ਪਈਆਂ ਹਨ, ਜਿਨ੍ਹਾਂ ਵਿਚ ਰਸਾਲੂ, ਪੂਰਨ, ਮਿਰਜ਼ਾ, ਬੈਂਤ, ਸਾਕਾ, ਕਲੀ, ਗਡੀ, ਦੁੱਲਾ, ਵਾਰ, ਮਿਰਜ਼ਾ, ਸੋਹਣੀ, ਸੱਸੀ, ਜੋੜੇ ਦੀ ਕਲੀ ਵਰਗੀਆਂ ਜੋਸ਼ੀਲੀਆਂ ਚੀਜ਼ਾਂ ਗਾ ਕੇ ਇਸ ਕਲਾ ਨੂੰ ਪੂਰਨ ਰੂਪ ਵਿਚ ਸੰਭਾਲਣ ਦੀ ਲੋੜ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਢਾਡੀਆਂ ਵੱਲ ਕੁਝ ਧਿਆਨ ਦੇ ਕੇ ਬਜ਼ੁਰਗ ਢਾਡੀਆਂ ਨੂੰ ਪੈਨਸ਼ਨ ਦਿੱਤੀ ਜਾਵੇ। ਸਰਕਾਰੀ ਵਿਭਾਗ, ਲੋਕ ਸੰਪਰਕ ਵਿਭਾਗ, ਸੱਭਿਆਚਾਰ ਮਾਮਲੇ ਵਿਭਾਗ, ਯੁਵਕ ਸੇਵਾਵਾਂ ਵਰਗੇ ਵਿਭਾਗਾਂ ਵਿਚ ਢਾਡੀਆਂ ਦੀਆਂ ਸਰਕਾਰੀ ਨਿਯੁਕਤੀਆਂ ਕੀਤੀਆਂ ਜਾਣ। ਦੂਰਦਰਸ਼ਨ ਜਲੰਧਰ ਤੋਂ ਢਾਡੀ ਕਲਾ ਲਈ ਇਕ ਵੱਖਰਾ ਪ੍ਰੋਗਰਾਮ ਚਲਾਇਆ ਜਾਵੇ ਤੇ ਬਾਕੀ ਦੇ ਪੰਜਾਬੀ ਚੈਨਲ ਵੀ ਢਾਡੀਆਂ ਨੂੰ ਸਮਾਂ ਦੇਣ। ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਨੂੰ ਕੀਰਤਨ ਦਰਬਾਰ ਦੇ ਨਾਲ-ਨਾਲ ਢਾਡੀ ਦਰਬਾਰ ਵੀ ਜ਼ਰੂਰ ਕਰਾਉਣੇ ਚਾਹੀਦੇ ਹਨ।


ਮੋਬਾ: 95010-26652

ਧਾਰਮਿਕ ਸਾਹਿਤ

ਸੱਚਖੰਡ ਲੈ ਜਾਊਗੀ
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਗ੍ਰੇਸੀਅਸ ਬੁੱਕਸ (ਪਟਿਆਲਾ)।
ਪੰਨੇ : 160, ਮੁੱਲ : 250
ਸੰਪਰਕ : 94175-62053


ਪ੍ਰਬੁੱਧ ਗੀਤਕਾਰ/ਗਾਇਕ ਜਗਜੀਤ ਮੁਕਤਸਰੀ ਜਾਣਿਆ-ਪਛਾਣਿਆ ਨਾਂਅ ਹੈ। ਪਹਿਲਾਂ ਵੀ ਉਹ ਅਨੇਕ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ। ਜ਼ਿਆਦਾਤਰ ਰਚਨਾਵਾਂ ਨੈਤਿਕ ਰੰਗ ਵਾਲੀਆਂ ਹੁੰਦੀਆਂ ਹਨ। ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਮੋਹਾਲੀ) ਦੇ ਸਹਿਯੋਗ ਨਾਲ ਪ੍ਰਕਾਸ਼ਿਤ ਇਹ ਸੱਜਰੀ ਪੁਸਤਕ ਵੀ ਧਾਰਮਿਕ ਰੰਗਤ ਵਾਲੀ ਹੈ। ਇਸ ਵਿਚ ਉਸ ਦੀਆਂ 71 ਕਾਵਿ ਰਚਨਾਵਾਂ/ਗੀਤ ਸ਼ਾਮਿਲ ਹਨ। ਪ੍ਰਭੂ 'ਤੇ ਭਰੋਸਾ, ਮਹਾਨ ਸਿੱਖੀ ਵਿਰਸਾ, ਅਜ਼ੀਮ ਸ਼ਹਾਦਤਾਂ, ਅਰਦਾਸ, ਅੰਮ੍ਰਿਤ ਦੀ ਦਾਤ, ਗੁਰਬਾਣੀ ਦੀ ਮਹਿਮਾ, ਲੋਭ ਤੋਂ ਉੱਚਾ ਉੱਠਣਾ, ਰੱਬੀ ਹੁਕਮ ਵਿਚ ਵਿਚਰਨਾ ਅਤੇ ਦਸਮ ਪਾਤਸ਼ਾਹੀ ਦੀ ਬੇਜੋੜ ਸ਼ਖ਼ਸੀਅਤ ਆਦਿ ਵਿਸ਼ਿਆਂ ਨੂੰ ਛੋਂਹਦੀਆਂ ਇਹ ਆਲ੍ਹਾ ਕਿਸਮ ਦੇ ਗੀਤ/ਕਵਿਤਾਵਾਂ ਮਨ ਉੱਤੇ ਸੁਤੇ ਸਿੱਧ ਪ੍ਰਭਾਵ ਪਾਉਣ ਵਾਲੀਆਂ ਹਨ। ਲੇਖਕ ਦੀ ਸ਼ਬਦ ਚੋਣ ਵਧੀਆ ਹੈ ਤੇ ਬਿਆਨੀਆ ਢੰਗ ਪੁਰਅਸਰ ਹੈ। ਪੇਸ਼ ਨੇ ਕੁਝ ਵੰਨਗੀਆਂ-
ਡਰਨਾ ਹੀ ਚੰਗਾ, ਉਹਦਿਆਂ ਹੀ ਰੰਗਾਂ ਤੋਂ। ਰੱਬ ਹੀ ਬਚਾਵੇ, ਉਹਦਿਆਂ ਹੀ ਡੰਗਾਂ ਤੋਂ।
ਅਣਭੋਲਿਆ ਬੰਦਿਆ। ਨਾ ਦੁਖੜੇ ਤੂੰ ਗਰੀਬਾਂ ਦੇ ਫਰੋਲ ਬੰਦਿਆ। (ਪੰਨਾ 160)
ਮਾਇਆ ਮਨ ਮੋਹਣੀ ਏ, ਓ ਬੰਦਿਆ, ਏਹਨੇ ਸਾਥ ਨਹੀਂ ਜਾਣਾ।
ਬੇੜਾ ਭਵ-ਸਾਗਰ ਦਾ ਬੰਦਿਆ, ਏਹਨੇ ਪਾਰ ਨਹੀਂ ਲਾਣਾ। (ਪੰਨਾ 153)
ਕਿਧਰ ਨੂੰ ਤੁਰਿਆ ਜਾਨੈ, ਝਾਤੀ ਤਾਂ ਮਾਰ ਉਏ।
ਬਣ ਕੇ ਤੂੰ ਸਿੰਘ ਗੁਰਾਂ ਦਾ, ਦਿਲ ਨੂੰ ਤਾਂ ਠਾਰ ਉਏ। (ਪੰਨਾ 141)
ਸੱਚਖੰਡ ਲੈ ਜਾਊਗੀ, ਪੜ੍ਹ ਸਤਗੁਰ ਦੀ ਬਾਣੀ।
ਸਵਰਗਾਂ ਨੂੰ ਲੈ ਜਾਊਗੀ, ਸੁਣ ਸਤਗੁਰ ਦੀ ਬਾਣੀ। (ਪੰਨਾ 19)
ਜਗਜੀਤ ਮੁਕਤਸਰੀ ਦੀ ਇਹ ਪੁਸਤਕ ਸਰੋਦੀ ਹੈ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਧਾਮ

ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਬਾਅਦ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਬਹੁਤ ਗੂੜ੍ਹਾ ਸਬੰਧ ਰਿਹਾ ਹੈ। ਕਿਉਂਕਿ ਗੁਰੂ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਇਸੇ ਸ਼ਹਿਰ ਵਿਚ ਗੁਜ਼ਾਰੇ ਤੇ ਮਨੁੱਖਤਾ ਨੂੰ 'ਨਾ ਕੋ ਹਿੰਦੂ, ਨ ਮੁਸਲਮਾਨ' ਦਾ ਸੰਦੇਸ਼ ਦਿੱਤਾ। ਇਤਿਹਾਸਕਾਰਾਂ ਅਨੁਸਾਰ ਪਹਿਲੀ ਸਦੀ ਤੋਂ 6ਵੀਂ ਸਦੀ ਤੱਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਤੇ ਗਿਆਨ ਮਾਰਗ ਦਾ ਪ੍ਰਮੁੱਖ ਕੇਂਦਰ ਰਿਹਾ। ਸੁਲਤਾਨਪੁਰ ਲੋਧੀ ਉੱਤਰੀ ਭਾਰਤ ਦੇ ਉੱਘੇ ਵਪਾਰਕ ਸ਼ਹਿਰਾਂ ਵਿਚੋਂ ਇਕ ਸੀ। ਇਹ ਸ਼ਹਿਰ ਉਚੇਰੀ ਇਸਲਾਮਿਕ ਤਾਲੀਮ ਦਾ ਵੀ ਪ੍ਰਮੁੱਖ ਕੇਂਦਰ ਰਿਹਾ ਹੈ। ਉਸ ਸਮੇਂ ਬਹੁਤ ਸਾਰੇ ਮਦਰੱਸੇ ਇਸ ਸ਼ਹਿਰ ਵਿਚ ਸਨ। ਦਿੱਲੀ ਦੇ ਦੋ ਬਾਦਸ਼ਾਹਾਂ ਔਰੰਗਜ਼ੇਬ ਤੇ ਉਨ੍ਹਾਂ ਦੇ ਭਰਾ ਦਾਰਾ ਸ਼ਿਕੋਹ ਨੇ ਆਪਣੀ ਉਚੇਰੀ ਇਸਲਾਮਿਕ ਤਾਲੀਮ ਇੱਥੋਂ ਹੀ ਪ੍ਰਾਪਤੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਲੋਧੀ ਨਾਲ ਸਾਂਝ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਸਦਕਾ ਹੋਈ, ਜੋ ਭਾਈ ਜੈਰਾਮ ਨਾਲ ਵਿਆਹੇ ਹੋਏ ਸਨ। ਉਸ ਸਮੇਂ ਭਾਈ ਜੈਰਾਮ ਨਵਾਬ ਦੌਲਤ ਖਾਂ ਦੇ ਪ੍ਰਮੁੱਖ ਮੁਲਾਜ਼ਮਾਂ ਵਿਚੋਂ ਇਕ ਸਨ।
ਗੁਰੂ ਜੀ ਬਚਪਨ ਤੋਂ ਹੀ ਸੰਸਾਰਕ ਕਾਰਜਾਂ ਤੋਂ ਉਪਰਾਮ ਸਨ ਤੇ ਉਨ੍ਹਾਂ ਦੇ ਮਾਪਿਆਂ ਨੇ ਗੁਰੂ ਜੀ ਦੀ ਇਸ ਦ੍ਰਿਸ਼ਟੀ ਨੂੰ ਦੇਖਦਿਆਂ ਭਾਈ ਜੈਰਾਮ ਨੂੰ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਗੁਰੂ ਜੀ ਲਈ ਕੋਈ ਨੌਕਰੀ ਲੱਭਣ ਲਈ ਕਿਹਾ। ਭਾਈ ਜੈਰਾਮ ਦੇ ਸੱਦੇ 'ਤੇ ਹੀ ਗੁਰੂ ਨਾਨਕ ਦੇਵ ਜੀ 1484 ਈ: ਵਿਚ ਸੁਲਤਾਨਪੁਰ ਲੋਧੀ ਆਏ। ਉਨ੍ਹਾਂ ਦੇ ਭਣਵਈਆ ਭਾਈ ਜੈਰਾਮ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਦਰਬਾਰ ਵਿਚ ਲੈ ਕੇ ਗਏ। ਨਵਾਬ ਦੌਲਤ ਖਾਂ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੂੰ ਮੋਦੀਖ਼ਾਨੇ ਵਿਚ ਮੋਦੀ ਦੀ ਨੌਕਰੀ ਦੇ ਦਿੱਤੀ। ਗੁਰੂ ਜੀ ਨੇ ਮੋਦੀਖ਼ਾਨੇ ਵਿਚ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ। ਉਹ ਮੋਦੀਖ਼ਾਨੇ ਤੋਂ ਮਿਲਦੀ ਤਨਖ਼ਾਹ ਦਾ ਬਹੁਤ ਸਾਰਾ ਹਿੱਸਾ ਲੋੜਵੰਦਾਂ ਤੇ ਸਾਧੂ-ਫ਼ਕੀਰਾਂ ਨੂੰ ਤਕਸੀਮ ਕਰ ਦਿੰਦੇ। ਬਹੁਤ ਥੋੜ੍ਹੇ ਸਮੇਂ ਵਿਚ ਹੀ ਗੁਰੂ ਜੀ ਦੀ ਸੁਲਤਾਨਪੁਰ ਲੋਧੀ ਵਿਚ ਮਹਿਮਾ ਹੋਣ ਲੱਗੀ। ਇਸੇ ਸਮੇਂ ਦੌਰਾਨ ਹੀ ਉਨ੍ਹਾਂ ਦਾ ਵਿਆਹ ਬਟਾਲੇ ਵਿਚ ਮਾਤਾ ਸੁਲੱਖਣੀ ਨਾਲ ਹੋਇਆ। 1494 ਈ: ਤੋਂ 1497 ਈ: ਦੌਰਾਨ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਨੇ ਜਨਮ ਲਿਆ। ਜਨਮ ਸਾਖੀਆਂ ਮੁਤਾਬਿਕ ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਵੇਈਂ ਵਿਚ ਇਸ਼ਨਾਨ ਕਰਦੇ ਤੇ ਲੰਮਾ ਸਮਾਂ ਪਰਮਾਤਮਾ ਦੀ ਭਗਤੀ ਵਿਚ ਗੁਜ਼ਾਰਦੇ ਤੇ ਭਜਨ ਬੰਦਗੀ ਉਪਰੰਤ ਮੋਦੀਖ਼ਾਨੇ ਵਿਚ ਆਪਣੇ ਕੰਮ 'ਤੇ ਪਰਤ ਜਾਂਦੇ। ਨੌਕਰੀ ਦੇ ਰੁਝੇਵਿਆਂ ਦੇ ਦੌਰਾਨ ਅਤੇ ਬਾਅਦ ਵੀ ਉਨ੍ਹਾਂ ਦੀ ਲਿਵ ਅਕਾਲ ਪੁਰਖ਼ ਨਾਲ ਜੁੜੀ ਰਹਿੰਦੀ।
ਇਸੇ ਪਾਵਨ ਸਥਾਨ ਤੋਂ ਗੁਰੂ ਜੀ ਨੇ ਚਾਰ ਉਦਾਸੀਆਂ ਸ਼ੁਰੂ ਕਰਕੇ ਲੋਕਾਈ ਦੇ ਭਲੇ ਲਈ ਸੱਚ ਦੇ ਧਰਮ ਦਾ ਪ੍ਰਚਾਰ ਆਰੰਭਿਆ, ਜਿਸ ਕਾਰਨ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ਵਿਚ ਮਹਾਨ ਪਵਿੱਤਰ ਸਥਾਨ ਦਾ ਰੁਤਬਾ ਹਾਸਲ ਹੋਇਆ। ਸ਼ਹਿਰ ਵਿਚ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਅੱਧੀ ਦਰਜਨ ਦੇ ਕਰੀਬ ਪਾਵਨ ਯਾਦਗਾਰਾਂ ਸੁਭਾਏਮਾਨ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੈ, ਜਿੱਥੇ ਬੇਰੀ ਦਾ ਦਰੱਖ਼ਤ ਅਜੇ ਵੀ ਮੌਜੂਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵੇਈਂ ਵਿਚ ਅਲੋਪ ਹੋਣ ਦੀ ਘਟਨਾ ਇਸੇ ਅਸਥਾਨ ਨਾਲ ਜੁੜੀ ਹੋਈ ਹੈ। ਭੋਰਾ ਸਾਹਿਬ ਵੀ ਇਸੇ ਅਸਥਾਨ 'ਤੇ ਸਥਿਤ ਹੈ, ਜਿੱਥੇ ਗੁਰੂ ਜੀ ਰੋਜ਼ਾਨਾ ਭਗਤੀ ਕਰਦੇ। ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇਥੇ ਇਕ ਥੜ੍ਹਾ ਵੀ ਮੌਜੂਦ ਹੈ, ਜਿੱਥੇ ਗੁਰੂ ਜੀ ਬਿਰਾਜਦੇ ਸਨ। ਅਲੋਪ ਹੋਣ ਤੋਂ 72 ਘੰਟਿਆਂ ਬਾਅਦ ਗੁਰੂ ਜੀ ਜਿਸ ਅਸਥਾਨ 'ਤੇ ਬਿਰਾਜੇ, ਉਹ ਅਸਥਾਨ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਇਸੇ ਅਸਥਾਨ 'ਤੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ।
ਇਸ ਵਰ੍ਹੇ ਸਮੁੱਚਾ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿਚ ਮਨਾ ਰਿਹਾ ਹੈ ਤੇ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਬਾਅਦ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੇ ਮੁੱਖ ਮਾਰਗਾਂ 'ਤੇ ਸਿੱਖ ਧਰਮ ਨਾਲ ਸਬੰਧਿਤ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਦੇ ਨਾਂਅ 'ਤੇ ਗੇਟ ਬਣਵਾਏ ਗਏ ਹਨ ਤੇ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਂਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਹ ਅਸਥਾਨ ਸਿੱਖ ਧਰਮ ਲਈ ਵਿਲੱਖਣ ਯਾਦਗਾਰ ਹੋਵੇਗੀ। ਦੂਜੇ ਪਾਸੇ ਸਰਕਾਰ ਵਲੋਂ ਸੜਕਾਂ ਦੀ ਮੁਰੰਮਤ, ਦੋ ਪੁਲਾਂ ਦੀ ਉਸਾਰੀ, ਨਵਾਂ ਬੱਸ ਅੱਡਾ ਬਣਾਉਣ ਤੋਂ ਇਲਾਵਾ ਹੋਰ ਕੋਈ ਵੀ ਅਜਿਹਾ ਵਿਲੱਖਣ ਕਾਰਜ ਨਹੀਂ ਕੀਤਾ ਜਾ ਰਿਹਾ। ਇੱਥੇ ਵਰਨਣਯੋਗ ਹੈ ਕਿ ਉੱਘੇ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਵੇਈਂ ਨੂੰ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਜਿੱਥੇ ਖ਼ੂਬਸੂਰਤ ਦਿੱਖ ਪ੍ਰਦਾਨ ਕੀਤੀ ਹੈ, ਉੱਥੇ ਵੇਈਂ 'ਤੇ ਘਾਟ ਵੀ ਬਣਾਏ ਗਏ ਹਨ। ਵੇਈਂ ਦੇ ਦੋਵਾਂ ਕਿਨਾਰਿਆਂ 'ਤੇ ਖ਼ੂਬਸੂਰਤ ਦਰੱਖ਼ਤ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਬਾਬਾ ਸੀਚੇਵਾਲ ਵਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਦਰੱਖ਼ਤ ਲਗਾ ਕੇ ਇਸ ਖੇਤਰ ਦੀ ਨੁਹਾਰ ਬਦਲੀ ਗਈ ਹੈ। ਹੇਠਾਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਬਾਰੇ ਸੰਖੇਪ ਵਿਚ ਜਾਣਕਾਰੀ ਦੇ ਰਹੇ ਹਾਂ।
ਗੁਰਦੁਆਰਾ ਸ੍ਰੀ ਹੱਟ ਸਾਹਿਬ
ਇਹ ਗੁਰਦੁਆਰਾ ਸਾਹਿਬ ਕਿਲ੍ਹੇ ਦੇ ਦੱਖਣ ਵੱਲ ਸਰਕਾਰੀ ਸਰਾਏ ਦੇ ਪਿੱਛੇ ਸਥਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਤੌਰ ਮੋਦੀ ਵਜੋਂ ਕੰਮ ਕੀਤਾ। ਇੱਥੇ ਗੁਰੂ ਜੀ ਲੋੜਵੰਦਾਂ ਨੂੰ ਅਨਾਜ ਵੰਡਦੇ ਤੇ ਤੇਰਾ-ਤੇਰਾ ਉਚਾਰਦੇ ਰਹਿੰਦੇ। ਉਨ੍ਹਾਂ ਦੀ ਦਿਨ-ਬਾ-ਦਿਨ ਵਧਦੀ ਮਹਿਮਾ ਤੋਂ ਕਿਸੇ ਵਿਅਕਤੀ ਨੇ ਈਰਖਾਵੱਸ ਨਵਾਬ ਦੌਲਤ ਖਾਂ ਕੋਲ ਸ਼ਿਕਾਇਤ ਕੀਤੀ ਕਿ ਤੇਰਾ ਮੋਦੀ (ਸ੍ਰੀ ਗੁਰੂ ਨਾਨਕ ਦੇਵ ਜੀ) ਲੋਕਾਂ ਨੂੰ ਮੋਦੀਖਾਨਾ ਲੁਟਾ ਰਿਹਾ ਹੈ। ਸ਼ਿਕਾਇਤ ਮਿਲਣ ਉਪਰੰਤ ਨਵਾਬ ਦੌਲਤ ਖਾਂ ਨੇ ਗੁਰੂ ਜੀ ਦੇ ਭਣਵਈਏ ਜੈਰਾਮ ਨੂੰ ਬੁਲਾਇਆ ਤੇ ਮੋਦੀਖਾਨੇ ਦਾ ਹਿਸਾਬ ਕਰਨ ਲਈ ਕਿਹਾ। ਮੋਦੀਖ਼ਾਨੇ ਦੇ ਹਿਸਾਬ ਦੌਰਾਨ ਕਿਸੇ ਵੀ ਕਿਸਮ ਦਾ ਘਾਟਾ ਸਾਹਮਣੇ ਆਉਣ ਦੀ ਬਜਾਏ ਗੁਰੂ ਸਾਹਿਬ ਦਾ ਬਕਾਇਆ ਸਰਕਾਰ ਵੱਲ ਨਿਕਲਿਆ ਤਾਂ ਨਵਾਬ ਦੌਲਤ ਖਾਂ ਬਹੁਤ ਖ਼ੁਸ਼ ਹੋਏ ਤੇ ਉਨ੍ਹਾਂ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ। ਪਰ ਗੁਰੂ ਜੀ ਨੇ ਇਨਾਮ ਵਜੋਂ ਦਿੱਤਾ ਧਨ ਲੈਣ ਦੀ ਬਜਾਏ ਲੋੜਵੰਦਾਂ ਨੂੰ ਵੰਡਣ ਲਈ ਕਿਹਾ। ਇਸੇ ਪਾਵਨ ਅਸਥਾਨ ਦੇ ਕਮਰੇ ਵਿਚ 14 ਵੱਟੇ ਮੌਜੂਦ ਹਨ, ਜਿਨ੍ਹਾਂ ਨਾਲ ਗੁਰੂ ਜੀ ਮੋਦੀਖ਼ਾਨੇ ਵਿਚ ਨਾਪ-ਤੋਲ ਕਰਦੇ ਸਨ।
ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ
ਜਿੱਥੇ ਇਸ ਸਮੇਂ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਸ਼ੋਭਿਤ ਹੈ, ਇਸੇ ਪਾਵਨ ਅਸਥਾਨ 'ਤੇ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਇਤਿਹਾਸ ਅਨੁਸਾਰ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਉਦਾਸੀ ਮਹੰਤਾਂ ਦੇ ਹੱਥਾਂ ਵਿਚ ਚਲਾ ਗਿਆ। ਹੜ੍ਹ ਕਾਰਨ ਗੁਰਦੁਆਰਾ ਸਾਹਿਬ ਢਹਿ ਗਿਆ, ਜਿਸ ਦਾ ਬਾਅਦ ਵਿਚ ਸੰਤ ਸਾਧੂ ਸਿੰਘ ਨਿਰਮਲਾ, ਜਥੇਦਾਰ ਸੰਤਾ ਸਿੰਘ ਲਸੂੜੀ ਤੇ ਸੰਤ ਊਧਮ ਸਿੰਘ ਦੇ ਯਤਨਾਂ ਸਦਕਾ ਮੁੜ ਨਿਰਮਾਣ ਹੋਇਆ। ਇਸੇ ਅਸਥਾਨ ਨੇੜੇ ਬਾਬਾ ਮਹਿੰਦਰ ਸਿੰਘ ਯੂ.ਕੇ. ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਹੋਰ ਸੰਤ-ਮਹਾਂਪੁਰਸ਼ਾਂ ਦੇ ਸਹਿਯੋਗ ਲਾਲ ੴ ਮੂਲ ਮੰਤਰ ਅਸਥਾਨ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ
ਇਹ ਉਹ ਅਸਥਾਨ ਹੈ ਜਿੱਥੇ ਗੁਰੂ ਜੀ ਦੇ ਮੋਦੀਖਾਨਾ ਲੁਟਾਉਣ ਦੀ ਸ਼ਿਕਾਇਤ ਉਪਰੰਤ ਨਵਾਬ ਦੌਲਤ ਖਾਂ ਵਲੋਂ ਮੋਦੀਖ਼ਾਨੇ ਦੇ ਹਿਸਾਬ ਦੀ ਜਾਂਚ-ਪੜਤਾਲ ਕਰਵਾਈ ਗਈ। ਗੁਰੂ ਸਾਹਿਬ ਨੂੰ ਰਾਏਮਸੂਦੀ (ਅਕਾਊਂਟੈਂਟ ਜਨਰਲ) ਦੇ ਘਰ ਹਿਸਾਬ ਲਈ ਸੱਦਿਆ ਗਿਆ। ਜਾਂਚ-ਪੜਤਾਲ ਤੋਂ ਬਾਅਦ ਘਾਟੇ ਦੀ ਬਜਾਏ ਗੁਰੂ ਜੀ ਦਾ ਸਰਕਾਰ ਵੱਲ ਵਾਧਾ ਨਿਕਲਿਆ। ਇਸੇ ਪਾਵਨ ਅਸਥਾਨ 'ਤੇ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਸ੍ਰੀ ਗੁਰੂ ਕਾ
ਬਾਗ਼ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਨਾਲ ਵਿਆਹ ਉਪਰੰਤ ਇਸ ਅਸਥਾਨ 'ਤੇ ਰਹੇ ਤੇ ਇੱਥੇ ਹੀ ਉਨ੍ਹਾਂ ਦੇ ਘਰ ਦੋ ਸਪੁੱਤਰਾਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਦਾ ਜਨਮ ਹੋਇਆ। ਗੁਰੂ ਕਾ ਬਾਗ਼ ਵਜੋਂ ਜਾਣੇ ਜਾਂਦੇ ਇਸ ਪਾਵਨ ਅਸਥਾਨ 'ਤੇ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਪਹਿਲਾਂ ਗੁਰਦੁਆਰਾ ਸਾਹਿਬ ਦੀ ਬਹੁਤ ਛੋਟੀ ਇਮਾਰਤ ਸੀ। ਹੁਣ ਕਾਰ ਸੇਵਾ ਵਾਲੇ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵਨਿਰਮਾਣ ਕੀਤਾ ਹੈ। ਇੱਥੇ ਉਨ੍ਹਾਂ ਬੇਬੇ ਨਾਨਕੀ ਦੀ ਪੁਰਾਤਨ ਖੂਹੀ ਵੀ ਤਾਮੀਰ ਕਰਵਾਈ ਹੈ ਤੇ ਹੁਣ ਦਰਸ਼ਨੀ ਡਿਉੜੀ ਤੇ ਜੋੜਾ-ਘਰ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਅੰਤਰਯਾਮਤਾ ਸਾਹਿਬ
ਸੁਲਤਾਨਪੁਰ ਲੋਧੀ ਦੇ ਬੱਸ ਸਟੈਂਡ ਨੇੜੇ ਸਥਿਤ ਗੁਰਦੁਆਰਾ ਸ੍ਰੀ ਅੰਤਰਯਾਮਤਾ ਉਸ ਅਸਥਾਨ 'ਤੇ ਸਥਿਤ ਹੈ, ਜਿੱਥੇ ਈਦਗਾਹ ਵਿਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਬ ਦੌਲਤ ਖਾਂ ਤੇ ਉਸ ਦੇ ਮੌਲਵੀ ਨੂੰ ਨਮਾਜ਼ ਦੀ ਅਸਲੀਅਤ ਦੱਸੀ ਸੀ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਪਿਛਲੇ ਅਰਸੇ ਦੌਰਾਨ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ ਗਈ ਹੈ।
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ
ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਲਗਭਗ 10 ਕਿੱਲੋਮੀਟਰ ਦੀ ਦੂਰੀ 'ਤੇ ਪੱਛਮ ਵਾਲੇ ਪਾਸੇ ਪਿੰਡ ਭਰੋਆਣਾ ਵਿਚ ਸਥਿਤ ਹੈ। ਇਸੇ ਅਸਥਾਨ 'ਤੇ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨਾ ਨੇ ਭਾਈ ਫ਼ਰਜ਼ੰਦਾ ਤੋਂ ਰਬਾਬ ਪ੍ਰਾਪਤ ਕੀਤੀ ਸੀ।


-ਕਪੂਰਥਲਾ।
ਮੋਬਾਈਲ : 98159-49153

ਸਿੱਖ ਵਿੱਦਿਅਕ ਕਾਨਫ਼ਰੰਸਾਂ ਤੇ ਚੀਫ਼ ਖ਼ਾਲਸਾ ਦੀਵਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ 67ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ 27, 28, 29 ਸਤੰਬਰ, 2019 ਨੂੰ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ (ਕਪੂਰਥਲਾ) ਪੰਜਾਬ ਵਿਖੇ ਕੀਤੀ ਜਾ ਰਹੀ ਹੈ। ਇਸ ਤਿੰਨ ਰੋਜ਼ਾ ਕਾਨਫ਼ਰੰਸ ਦੇ ਮਿਥੇ ਪ੍ਰੋਗਰਾਮਾਂ ਤੇ ਟੀਚਿਆਂ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਦੀ ਵਿੱਦਿਅਕ ਖੇਤਰ 'ਚ ਭੂਮਿਕਾ ਅਤੇ ਦੀਵਾਨ ਦੇ ਇਤਿਹਾਸ ਬਾਰੇ ਪਾਠਕਾਂ ਨਾਲ ਸੰਖੇਪ ਜਿਹੀ ਸਾਂਝ ਕਰ ਲਈਏ। ਸਿੱਖ ਰਾਜ ਦੇ ਪਤਨ ਪਿੱਛੋਂ ਅੰਗਰੇਜ਼ਾਂ ਨੇ ਰਾਜਨੀਤਕ ਖਲਾਅ ਦੇ ਆਪਣੀ ਇੱਛਾ ਅਨੁਸਾਰ ਨਕਸ਼ ਘੜੇ। ਸਿੱਖਾਂ ਦੀ ਨਸਲਕੁਸ਼ੀ ਲਈ ਕਈ ਯਤਨ ਕੀਤੇ ਗਏ। ਮਹੰਤਗਿਰੀ ਤੇ ਪੁਜਾਰੀਆਂ ਨੂੰ ਦਿੱਤੀ ਖੁੱਲ੍ਹ ਨੇ ਗੁਰਦੁਆਰਿਆਂ ਦੀ ਫਿਜ਼ਾ ਵੀ ਗੰਧਲੀ ਕਰ ਦਿੱਤੀ। ਅੰਗਰੇਜ਼ਾਂ ਦੀ ਹਕੂਮਤ ਦੇ ਪ੍ਰਭਾਵ ਥੱਲੇ ਈਸਾਈ ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹਦਿਲੀ ਨਾਲ ਦਿੱਤੀ ਜਾਂਦੀ ਆਰਥਿਕ ਸਹਾਇਤਾ ਕਾਰਨ ਸਿੱਖ ਧਰਮ 'ਤੇ ਵੱਡਾ ਪ੍ਰਭਾਵ ਪਿਆ। ਇਸੇ ਪ੍ਰਭਾਵ ਅਧੀਨ ਅੰਮ੍ਰਿਤਸਰ ਦੇ ਹੀ ਚਾਰ ਪੜ੍ਹਾਕੂਆਂ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਨੇ ਈਸਾਈ ਧਰਮ ਅਪਣਾਉਣ ਦੀ ਇੱਛਾ ਜ਼ਾਹਰ ਕਰ ਦਿੱਤੀ, ਜਿਸ ਕਾਰਨ ਸਮੁੱਚੇ ਸਿੱਖ ਜਗਤ ਅੰਦਰ ਇਕ ਰੋਸ ਤੇ ਗ਼ਮ ਦਾ ਗੁਬਾਰ ਬਣ ਗਿਆ। ਕੁਝ ਸੂਝਵਾਨ ਸ਼ਖ਼ਸੀਅਤਾਂ ਦੇ ਸਮਝਾਉਣ 'ਤੇ ਇਹ ਵਿਦਿਆਰਥੀ ਆਖੇ ਤਾਂ ਲੱਗ ਗਏ ਪਰ ਸਿੱਖ ਆਗੂਆਂ ਨੂੰ ਇਸ ਘਟਨਾ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਇਸੇ ਸੋਚ ਵਿਚੋਂ 1873 ਵਿਚ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਹੋਈ, ਜਿਸ ਦੇ ਪਹਿਲੇ ਆਗੂਆਂ ਵਿਚ ਭਾਈ ਹਰਸਾ ਸਿੰਘ ਧੂਪੀਆ, ਭਾਈ ਬੂੜ ਸਿੰਘ, ਭਾਈ ਆਗਿਆ ਸਿੰਘ, ਹਕੀਮ ਗਿਆਨੀ ਹਜ਼ਾਰਾ ਸਿੰਘ, ਸ: ਠਾਕਰ ਸਿੰਘ ਸੰਧਾਵਾਲੀਆ, ਗਿਆਨੀ ਗਿਆਨ ਸਿੰਘ, ਬਾਬਾ ਸਰ ਖੇਮ ਸਿੰਘ ਬੇਦੀ ਅਤੇ ਕੰਵਰ ਬਿਕਰਮ ਸਿੰਘ ਕਪੂਰਥਲਾ ਦੇ ਨਾਂਅ ਵਿਸ਼ੇਸ਼ ਹਨ। ਸ: ਠਾਕਰ ਸਿੰਘ ਪਹਿਲੇ ਪ੍ਰਧਾਨ ਤੇ ਗਿਆਨੀ ਗਿਆਨ ਸਿੰਘ ਸਕੱਤਰ ਬਣੇ।
ਸਿੰਘ ਸਭਾ ਦਾ ਮੂਲ ਉਦੇਸ਼ ਬ੍ਰਾਹਮਣਵਾਦ ਤੋਂ ਸਿੱਖਾਂ ਨੂੰ ਖ਼ਬਰਦਾਰ ਕਰਨਾ ਅਤੇ ਅਜਿਹੇ ਸਾਧਨ ਘੜਨੇ ਸੀ, ਜਿਸ ਨਾਲ ਸਿੱਖਾਂ ਅੰਦਰ ਧਰਮ ਦੀ ਜਾਗ੍ਰਿਤੀ ਪੈਦਾ ਹੋਵੇ। ਉਸ ਵਿਚ ਮੁੱਖ ਤੌਰ 'ਤੇ ਸਿੱਖ ਵਿੱਦਿਆਲੇ ਸਥਾਪਤ ਕਰਨੇ ਵੀ ਸ਼ਾਮਲ ਸਨ। ਖ਼ਾਲਸਾ ਕਾਲਜ ਅੰਮ੍ਰਿਤਸਰ ਇਸੇ ਕੜੀ ਦਾ ਪਹਿਲਾ ਹਿੱਸਾ ਹੈ। ਸਿੰਘ ਸਭਾ ਅਤੇ ਖ਼ਾਲਸਾ ਕਾਲਜ ਸਥਾਪਨਾ ਕਮੇਟੀ ਦੇ ਬਹੁਤੇ ਮੁਢਲੇ ਮੈਂਬਰਾਂ ਦੇ ਗੁਰਪੁਰੀ ਸਿਧਾਰ ਜਾਣ ਕਾਰਨ ਕੰਮ ਵਿਚ ਅਵੇਸਲਾਪਨ ਤੇ ਢਿਲਮੱਠ ਆ ਗਈ। ਸ: ਸੁੰਦਰ ਸਿੰਘ ਮਜੀਠੀਆ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਖ਼ਾਲਸਾ ਦੀਵਾਨ ਲਾਹੌਰ ਨੂੰ ਸਮਿਲਤ ਕਰਨ ਦੀ ਯੋਜਨਾ ਨਾਲ ਇਨ੍ਹਾਂ ਦੇ ਆਗੂਆਂ ਨੂੰ ਇਕੱਠਿਆਂ ਕੀਤਾ ਤੇ 'ਚੀਫ਼ ਖ਼ਾਲਸਾ ਦੀਵਾਨ' ਦਾ ਸੰਕਲਪ ਲਿਆ। 'ਚੀਫ਼ ਖ਼ਾਲਸਾ ਦੀਵਾਨ' ਦੀ ਸਥਾਪਨਾ ਬਾਰੇ ਭਾਈ ਜੋਧ ਸਿੰਘ ਦੀ ਰਿਪੋਰਟ ਦੱਸਦੀ ਹੈ ਕਿ 'ਸਾਰੇ ਪੰਥ ਦੀ ਸੰਮਤੀ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਵਿਖੇ ਸੰਨ 1901 ਦੀ ਵਿਸਾਖੀ ਪੁਰ ਪੰਥ ਦਾ ਇਕ ਵੱਡਾ ਪ੍ਰਤੀਨਿਧ ਇਕੱਠ ਹੋਇਆ। ਇਸ ਇਕੱਠ ਵਿਚ ਸਰਬ-ਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਪੰਥ ਦਾ ਇਕ ਸ਼੍ਰੋਮਣੀ ਜਥਾ ਬਣਾਉਣਾ ਜ਼ਰੂਰੀ ਹੈ, ਜੋ ਕੌਮ ਅੰਦਰ ਆਏ ਨਿਘਾਰ ਤੇ ਅਵੇਸਲਤਾ ਨੂੰ ਦੂਰ ਕਰਕੇ ਕੌਮਪ੍ਰਸਤੀ ਪੈਦਾ ਕਰਨ ਲਈ ਹੰਭਲਾ ਮਾਰ ਸਕੇ। ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ 22 ਸੱਜਣਾਂ ਦੀ ਇਕ ਕਮੇਟੀ ਬਣਾਈ ਗਈ। ਸ: ਸੁੰਦਰ ਸਿੰਘ ਮਜੀਠੀਆ, ਜੋ ਅਸਥਾਪਨ ਕਮੇਟੀ ਦੇ ਮੈਂਬਰ ਸਨ, ਨੇ ਆਪਣੀ ਤਬੀਅਤ ਕੁਝ ਢਿੱਲੀ ਹੋਣ ਕਰਕੇ ਨਿਯਮ, ਉਪ-ਨਿਯਮ ਬਣਾਉਣ ਵਾਲੀ ਕਮੇਟੀ ਦੀ ਕਾਰਵਾਈ ਨਿਭਾਉਣ ਲਈ ਭਾਈ ਜੋਧ ਸਿੰਘ ਨੂੰ ਭੇਜਿਆ। ਗਿਆਨੀਆਂ ਦੇ ਬੁਰਜ ਵਿਚਲੀ ਆਖਰੀ ਮੀਟਿੰਗ ਵਿਚ ਸ: ਗੱਜਣ ਸਿੰਘ ਵਕੀਲ ਆਦਿ ਸੱਜਣਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੀਵਾਨ ਦਾ ਮੈਂਬਰ ਉਹ ਬਣੇ ਜੋ ਅੰਮ੍ਰਿਤ ਛਕਣ ਸਮੇਂ ਦੀ ਦੱਸੀ ਰਹਿਤ ਦਾ ਪੂਰਾ ਧਾਰਨੀ ਹੋਵੇ। ਇਸ ਕਰੜੇ ਨਿਯਮ ਨੇ ਕਈ ਪੇਤਲੇ ਤੇ ਢਿੱਲੜ ਸੱਜਣਾਂ ਦੀਆਂ ਆਸ਼ਾਵਾਂ ਉੱਤੇ ਪਾਣੀ ਫੇਰ ਦਿੱਤਾ।
ਉਕਤ ਕਮੇਟੀ ਦੇ ਸਕੱਤਰ ਗਿਆਨੀ ਗੁਰਬਖਸ਼ ਸਿੰਘ ਬੈਰਿਸਟਰ ਅੰਮ੍ਰਿਤਸਰ ਨੂੰ ਲਿਆ ਗਿਆ। ਇਸ ਸਬ-ਕਮੇਟੀ ਨੇ ਸ਼੍ਰੋਮਣੀ ਜਥੇ ਦੇ ਨਿਯਮਾਂ-ਉਪਨਿਯਮਾਂ ਦਾ ਖਰੜਾ ਤਿਆਰ ਕਰਕੇ ਖ਼ਾਲਸਾ ਦੀਵਾਨ ਅੰਮ੍ਰਿਤਸਰ, ਖ਼ਾਲਸਾ ਦੀਵਾਨ ਲਾਹੌਰ, ਸਾਰੀਆਂ ਸਿੰਘ ਸਭਾਵਾਂ ਅਤੇ ਸਿੱਖ ਵਿਦਵਾਨਾਂ ਨੂੰ ਵਿਚਾਰ ਅਤੇ ਰਾਏ ਘੱਲਣ ਲਈ ਭੇਜਿਆ। ਇਸ ਸਾਰੇ ਮਾਮਲੇ ਅਤੇ ਨਿਯਮਾਂ-ਉਪਨਿਯਮਾਂ 'ਤੇ ਆਈਆਂ ਰਾਵਾਂ ਨੂੰ ਵਿਚਾਰਨ ਲਈ 9 ਤੇ 10 ਨਵੰਬਰ, 1901 ਨੂੰ ਸਵੇਰੇ ਬੁੰਗਾ ਰਾਮਗੜ੍ਹੀਆ ਅੰਮ੍ਰਿਤਸਰ ਵਿਖੇ ਵੱਡਾ ਪੰਥਕ ਇਕੱਠ ਹੋਇਆ। ਆਏ ਸੱਜਣਾਂ ਵਿਚੋਂ 33 ਮੁਖੀ ਸਿੰਘਾਂ ਦੀ ਇਕ ਸਬ-ਕਮੇਟੀ ਬਣਾਈ ਗਈ। ਇਸ ਸਬ-ਕਮੇਟੀ ਨੇ ਮੀਟਿੰਗ ਕਰਕੇ ਸਰਬ-ਸੰਮਤੀ ਨਾਲ ਪਾਸ ਕੀਤਾ, 'ਪੰਥ ਨੂੰ ਇਕ ਐਸੇ ਜਥੇ ਦੀ ਲੋੜ ਹੈ ਜਿਸ ਨੂੰ ਪੰਥ ਆਪਣਾ ਸ਼੍ਰੋਮਣੀ ਜਥਾ ਪ੍ਰਵਾਨ ਕਰੇ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਹਵਾ ਅਤੇ ਹਰਿਆਵਲ ਦੇ ਲੰਗਰਾਂ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ

ਅੱਠ ਗੁਰੂ ਸਾਹਿਬਾਨਾਂ ਦਾ ਵਰਸੋਇਆ ਮਾਝੇ ਦਾ ਇਤਿਹਾਸਕ ਨਗਰ ਖਡੂਰ ਸਾਹਿਬ। ਖਡੂਰ ਸਾਹਿਬ ਨੂੰ ਜਾਂਦੀਆਂ ਪੰਜ ਸੜਕਾਂ। ਇਨ੍ਹਾਂ ਸੜਕਾਂ ਦੇ ਦੋਹੀਂ ਪਾਸੀਂ ਫੁੱਲਦਾਰ ਅਤੇ ਫਲਦਾਰ ਦਰੱਖ਼ਤਾਂ ਦੀ ਸੰਘਣੀ ਛਾਂ। ਚਾਰੇ ਪਾਸੇ ਹਰਿਆਵਲ ਦਾ ਪਸਾਰਾ। ਪੰਜਾਬ ਦੀ ਧਰਤੀ ਤੋਂ ਅਲੋਪ ਹੋ ਰਹੇ ਬਿਰਖ਼ਾਂ ਨੂੰ ਮੁੜ ਪਰਤ ਆਉਣ ਦਾ ਸੁਨੇਹਾ। ਖੇਤਾਂ ਅਤੇ ਘਰਾਂ ਵਿਚੋਂ ਪ੍ਰਵਾਸ ਕਰ ਚੁੱਕੇ ਪਰਿੰਦਿਆਂ ਨੂੰ ਇਨ੍ਹਾਂ ਬਿਰਖ਼ਾਂ 'ਤੇ ਆਪਣਾ ਘਰ ਬਣਾਉਣ ਦਾ ਸੁੱਖਦ ਸੁਨੇਹਾ। ਕੁਦਰਤ ਨਾਲ ਗਵਾਚ ਰਹੀ ਇਕਸਾਰਤਾ ਨੂੰ ਪੁਨਰ-ਸੁਰਜੀਤ ਕਰਨ ਹਿੱਤ ਇਕ ਸੁਯੋਗ ਹੰਭਲਾ। ਪਹਿਲੀ ਵਾਰ ਇਨ੍ਹਾਂ ਰਾਹਾਂ 'ਤੇ ਜਾ ਰਹੇ ਰਾਹੀ ਦੇ ਮਨ ਵਿਚ ਇਕ ਹੁਲਾਸ ਉਪਜਦਾ ਅਤੇ ਉਹ ਭੁਚੱਕਾ ਹੀ ਰਹਿ ਜਾਂਦਾ ਹੈ ਕਿ ਕਿਹੜੇ ਕਰਮਯੋਗੀ ਨੇ ਮਾਝੇ ਦੀ ਧਰਤੀ ਨੂੰ ਜਾਗ ਲਾਏ ਹਨ ਕਿ ਗੁਰੂਆਂ ਦੀ ਵਰਸੋਈ ਇਹ ਧਰਤੀ ਹਰਿਆਵਾਲ ਨਾਲ ਲਬਰੇਜ਼ ਹੈ।
ਮਨੱਖ ਦੀ ਕੁਦਰਤ ਨਾਲ ਸਦੀਵੀ ਸਾਂਝ ਹੈ ਅਤੇ ਕੁਦਰਤ ਤੋਂ ਟੁੱਟ ਕੇ ਮਨੁੱਖ ਦਾ ਜੀਵਤ ਰਹਿਣਾ ਨਾ-ਮੁਮਕਿਨ ਹੈ। ਅਜੋਕੀਆਂ ਬਹੁਤੀਆਂ ਅਲਾਮਤਾਂ ਦੀ ਜੜ੍ਹ ਹੈ ਮਨੁੱਖ ਦਾ ਕੁਦਰਤ ਤੋਂ ਦੂਰ ਹੋਣਾ। ਕੁਦਰਤ ਕਦੇ ਵੀ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ ਅਤੇ ਇਸ ਦਾ ਸਿੱਟਾ ਹੈ ਕਿ ਅਜੋਕਾ ਮਨੁੱਖ ਬਿਮਾਰੀਆਂ ਨਾਲ ਜੂਝਦਾ, ਆਪਣੀ ਪਾਲਣਹਾਰੀ ਕੁਦਰਤ ਤੋਂ ਦੂਰੀ ਵਧਾਈ ਜਾ ਰਿਹਾ ਹੈ। ਇਸ ਦੂਰੀ ਨੂੰ ਘਟਾਉਣ ਦੇ ਨੇਕ ਕਾਰਜ ਵਿਚ ਯਤਨਸ਼ੀਲ ਹਨ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ।
ਜੀਵਨ ਦਾ ਕਿੰਨਾ ਗੂੜ੍ਹ ਸੱਚ ਹੈ ਬਾਬਾ ਜੀ ਦੇ ਬਚਨਾਂ ਵਿਚ ਕਿ ਅਸੀਂ ਰੋਟੀ ਦਾ ਲੰਗਰ ਲਾਉਂਦੇ ਹਾਂ ਤਾਂ ਕਿ ਕੋਈ ਵੀ ਭੁੱਖਾ ਨਾ ਰਹੇ। ਹਰ ਇਕ ਨੂੰ ਪੇਟ ਭਰ ਕੇ ਖਾਣਾ ਮਿਲੇ ਅਤੇ ਕਿਸੇ ਨੂੰ ਆਪਣੀਆਂ ਆਂਦਰਾਂ ਨੂੰ ਲਪੇਟ ਕੇ ਸੌਣਾ ਨਾ ਪਵੇ, ਕਿਉਂਕਿ ਦੁਨੀਆ ਵਿਚ ਜਦ ਇਕ ਵਿਅਕਤੀ ਭੁੱਖਾ ਸੌਂਦਾ ਹੈ ਤਾਂ ਇਕ ਸੰਵੇਦਨਸ਼ੀਲ ਵਿਅਕਤੀ ਦੀ ਆਤਮਾ ਤੜਫਦੀ ਰਹਿੰਦੀ ਹੈ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ ਸਾਡੇ ਗੁਰੂਆਂ ਨੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਸੀ। ਅਸੀਂ ਗਿਆਨ ਦੀ ਜੋਤਿ ਹਰ ਮਸਤਕ ਵਿਚ ਧਰਨ ਲਈ ਵਿੱਦਿਅਕ ਅਦਾਰੇ ਵੀ ਖੋਲ੍ਹ ਰਹੇ ਹਾਂ ਤਾਂ ਕਿ ਹਰ ਵਿਅਕਤੀ ਸੁਚੇਤ ਹੋਵੇ ਅਤੇ ਉਸ ਨੂੰ ਮਹਾਂਪੁਰਸ਼ਾਂ, ਗੁਰੂਆਂ ਅਤੇ ਪੀਰਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਸਮਝਣ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਜਾਣਨ, ਸਮਾਜਿਕ ਸਰੋਕਾਰਾਂ ਨੂੰ ਪਛਾਣਨ ਅਤੇ ਇਨ੍ਹਾਂ ਅਨੁਸਾਰ ਜੀਵਨ ਨੂੰ ਢਾਲਣ ਦੀ ਸੋਝੀ ਮਿਲੇ। ਇਕ ਸਿੱਖਿਅਤ ਵਿਅਕਤੀ ਸਹੀ/ਗਲਤ ਦੀ ਪਛਾਣ ਕਰਕੇ ਹੀ ਸੱਚੇ ਮਾਰਗ 'ਤੇ ਚਲਦਿਆਂ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਅਤੇ ਸਮਾਜ ਨੂੰ ਨਰੋਈ ਸੇਧ ਦੇ ਸਕਦਾ ਹੈ। ਅਸੀਂ ਕਿਸੇ ਦੀ ਪੀੜ ਨੂੰ ਘਟਾਉਣ ਅਤੇ ਬਿਮਾਰ ਮਨੁੱਖਤਾ ਲਈ ਹਸਪਤਾਲ ਵੀ ਖੋਲ੍ਹ ਰਹੇ ਹਾਂ, ਤਾਂ ਕਿ ਹਰ ਬਿਮਾਰੀ ਦਾ ਇਲਾਜ ਸਭਨਾਂ ਦੀ ਪਹੁੰਚ ਵਿਚ ਹੋਵੇ ਅਤੇ ਹਰ ਇਕ ਬਿਮਾਰੀ ਦਾ ਇਲਾਜ ਹੋ ਸਕੇ। ਪਰ ਕੀ ਅਸੀਂ ਸੋਚਿਆ ਹੈ ਕਿ ਇਹ ਬਿਮਾਰੀਆਂ ਕਿਉਂ ਲੱਗ ਰਹੀਆਂ ਅਤੇ ਬਿਮਾਰਾਂ ਦੀ ਗਿਣਤੀ ਵਿਚ ਇਹ ਵਾਧਾ ਕਿਉਂ ਹੋ ਰਿਹਾ ਏ? ਅਸੀਂ ਰੋਟੀ ਦਾ ਲੰਗਰ, ਵਿੱਦਿਆ ਦਾ ਲੰਗਰ, ਦਵਾਈਆਂ ਦਾ ਲੰਗਰ ਅਤੇ ਪ੍ਰਵਚਨਾਂ ਦਾ ਲੰਗਰ ਤਾਂ ਲਾ ਰਹੇ ਹਾਂ ਪਰ ਕੀ ਅਸੀਂ ਹਵਾ ਅਤੇ ਹਰਿਆਵਲ ਦਾ ਲੰਗਰ ਲਾਉਣ ਬਾਰੇ ਕਦੇ ਸੋਚਿਆ ਹੈ ਜੋ ਇਕ ਮਨੁੱਖ ਦੇ ਸਾਹ ਲੈਣ ਲਈ ਜ਼ਰੂਰੀ ਹੈ ਅਤੇ ਇਸ ਤੋਂ ਬਗੈਰ ਤਾਂ ਮਨੁੱਖ ਘੜੀ-ਪਲ ਵੀ ਜਿਊਂਦਾ ਨਹੀਂ ਰਹਿ ਸਕਦਾ। ਜਦ ਸ਼ਤਾਬਦੀਆਂ ਦਾ ਵਰ੍ਹਾ ਮਨਾਉਣ ਦੀ ਗੱਲ ਚੱਲੀ ਤਾਂ ਬਹੁਤ ਹੀ ਸਿਆਣੇ ਮਹਾਂਪੁਰਖਾਂ ਨਾਲ ਵਿਚਾਰ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਸਭ ਮਨੁੱਖਾਂ ਲਈ ਹਵਾ ਅਤੇ ਹਰਿਆਵਲ ਦਾ ਲੰਗਰ ਲਾਇਆ ਜਾਵੇ, ਤਾਂ ਕਿ ਇਹ ਹਵਾ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਵਰਨਾਂ, ਹੱਦਾਂ-ਸਰਹੱਦਾਂ ਉਲੰਘ ਕੇ ਹਰ ਇਕ ਨੂੰ ਜੀਵਨ ਦਾਨ ਬਖਸ਼ੇ ਅਤੇ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਹੀ 1999 ਤੋਂ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ 'ਤੇ ਰੁੱਖ ਲਾਉਣ ਦਾ ਕਾਰਜ ਆਰੰਭਿਆ ਗਿਆ, ਜੋ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੱਕ ਜਾਰੀ ਹੈ।
ਖਡੂਰ ਸਾਹਿਬ ਦੇ ਗੁਰਦੁਆਰੇ ਵਿਚ ਬਹੁਤ ਹੀ ਸੁੰਦਰ ਫੁੱਲਦਾਰ ਬਗੀਚੀ। ਫੁੱਲ ਬੂਟਿਆਂ ਵਿਚ ਪਾਏ ਸੁੰਦਰ ਡਿਜ਼ਾਈਨ। ਖਿੜੇ ਹੋਏ ਫੁੱਲਾਂ ਨਾਲ ਮਹਿਕਾਇਆ ਚੌਗਿਰਦਾ। ਰੰਗਾਂ ਅਤੇ ਮਹਿਕਾਂ ਦੀ ਹੱਟ ਵਿਚ ਨਾਮ-ਰਸਲੀਨਤਾ ਦਾ ਚੱਲ ਰਿਹਾ ਪ੍ਰਵਾਹ। ਗੁਰਦੁਆਰਾ ਤਪਿਆਣਾ ਸਾਹਿਬ ਦੀ ਪਰਿਕਰਮਾ ਵਿਚ ਲਾਏ ਹੋਏ ਸੁੰਦਰ ਬੂਟੇ। ਕੁਦਰਤ ਅਤੇ ਪਰਮਾਤਮਾ ਦੀ ਇਕਸੁਰਤਾ ਤੇ ਇਕਸਾਰਤਾ ਦੀ ਸੁੰਦਰ ਕਲਾ-ਨਿਕਾਸ਼ੀ। ਮਾਨਸਿਕ ਅਤੇ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਕੁਦਰਤ ਦੇ ਆਗੋਸ਼ ਦਾ ਸਰੂਰ, ਹਰ ਸ਼ਰਧਾਲੂ ਦੀ ਜਗਿਆਸਾ ਸੰਪੂਰਨ ਕਰਦਾ ਅਤੇ ਉਸ ਦੀ ਸੋਚ ਵਿਚ ਕੁਦਰਤ ਦੀ ਅਸੀਮਤਾ ਅਤੇ ਧਾਰਮਿਕ ਲਬਰੇਜ਼ਤਾ ਧਰਦਾ।
ਗੁਰਦੁਆਰਾ ਤਪਿਆਣਾ ਸਾਹਿਬ ਦੇ ਨੇੜੇ ਹੀ 3 ਏਕੜ ਵਿਚ ਫਲਦਾਰ ਬੂਟਿਆਂ ਦਾ ਬਹਿਸ਼ਤੀ ਬਾਗ। ਸਮੁੱਚੀ ਮਨੁੱਖਤਾ ਲਈ ਇਕ ਮਾਰਗ ਦਰਸ਼ਕ। ਲਗਪਗ 36 ਕਿਸਮ ਦੇ ਫਲਾਂ ਦੇ ਬੂਟੇ ਜਿਵੇਂ ਅਮਰੂਦ, ਅੰਬ, ਲੁਗਾਠਾਂ, ਚੀਕੂ, ਅਨਾਨਾਸ, ਆੜੂ ਤੇ ਬੇਰ ਆਦਿ। ਬਿਨਾਂ ਕਿਸੇ ਰਸਾਇਣਕ ਖਾਦ ਜਾਂ ਕੀਟਨਾਸ਼ਕ ਦਵਾਈਆਂ ਦੇ ਤਿਆਰ ਕੀਤੇ ਅਤੇ ਕੁਦਰਤੀ ਰੂਪ ਨਾਲ ਪੱਕਣ ਵਾਲੇ ਇਨ੍ਹਾਂ ਫਲਾਂ ਵਿਚ ਸਮੋਏ ਹੋਏ ਕੁਦਰਤੀ ਤੱਤ ਅਤੇ ਸਵਾਦ। ਇਨ੍ਹਾਂ ਬੂਟਿਆਂ ਦੀਆਂ ਲਾਈਨਾਂ ਵਿਚ ਪਈ ਖ਼ਾਲੀ ਜਗ੍ਹਾ 'ਤੇ ਕੁਦਰਤੀ ਤਰੀਕੇ ਨਾਲ ਪੈਦਾ ਹੁੰਦੀਆਂ ਸਬਜ਼ੀਆਂ। ਜ਼ਹਿਰ ਤੋਂ ਰਹਿਤ ਫਲਾਂ ਅਤੇ ਸਬਜ਼ੀਆਂ ਦਾ ਇਹ ਲੰਗਰ, ਮਨੁੱਖੀ ਸੋਚ ਨੂੰ ਜ਼ਹੀਨ ਕਰਦਾ ਅਤੇ ਉਸ ਦੀ ਲੰਮੇਰੀ ਉਮਰ ਦੀ ਕਾਮਨਾ ਵੀ ਕਰਦਾ। ਸਿਆਣੇ ਕਹਿੰਦੇ ਹਨ ਖਾਣਾ ਸਾਡੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਜਿਹੀ ਸਵੱਛ ਅਤੇ ਸੰਪੂਰਨ ਖੁਰਾਕ ਖਾਣ ਵਾਲਾ ਵਿਅਕਤੀ ਨਿਰਸੰਦੇਹ ਸੱਚੀ-ਸੁੱਚੀ ਸੋਚ ਦਾ ਮਾਲਕ ਬਣ ਕੇ ਜੀਵਨ ਮਾਰਗ ਨੂੰ ਭਾਗ ਹੀ ਲਾਵੇਗਾ ਅਤੇ ਇਸੇ ਕਰਕੇ ਹੀ ਇਸ ਬਾਗ ਵਿਚ ਪੈਦਾ ਹੋਣ ਵਾਲੀ ਹਰ ਸਬਜ਼ੀ ਅਤੇ ਤਿਆਰ ਹੋਣ ਵਾਲਾ ਹਰ ਫਲ, ਲੰਗਰ ਵਿਚ ਜਾਂਦਾ ਏ, ਜਿਸ ਨਾਲ ਸਮੁੱਚੀ ਸੰਗਤ ਦੀ ਸੋਚ ਨੂੰ ਇਕ ਨਵੀਂ ਸੇਧ ਮਿਲਦੀ ਹੈ।
ਵਿਗੜ ਰਹੇ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਅਤੇ ਇਸ ਧਰਤੀ ਨੂੰ ਹਰਿਆ-ਭਰਿਆ ਕਰਨ ਹਿੱਤ ਹੀ ਬਾਬਾ ਜੀ ਵਲੋਂ ਦਰੱਖਤ ਲਗਾਉਣ ਦਾ ਇਹ ਪ੍ਰੋਜੈਕਟ 300 ਸਾਲਾ ਖ਼ਾਲਸਾ ਸਿਰਜਣਾ ਦਿਵਸ ਮੌਕੇ ਸ਼ੁਰੂ ਕੀਤਾ ਗਿਆ ਸੀ, ਤਾਂ ਕਿ ਹਵਾ ਅਤੇ ਹਰਿਆਵਲ ਦਾ ਸਦੀਵੀ ਲੰਗਰ ਲਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਾਂ ਦੀ ਗਤੀਸ਼ੀਲਤਾ ਵਿਚ ਨਿਰੰਤਰ ਵਾਧਾ ਕੀਤਾ ਜਾ ਸਕੇ। ਗੁਰੂ ਸਾਹਿਬਾਨ ਦਾ ਫੁਰਮਾਨ ਹੈ, 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਬਾਣੀ ਵਿਚ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਾਡੇ ਸਮਿਆਂ ਦੀ ਕੇਹੀ ਹੋਣੀ ਹੈ ਕਿ ਅਸੀਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ ਵਿਚ ਆਪਣੀ ਜੀਵਨਦਾਤੀ ਨੂੰ ਹੀ ਖਤਮ ਕਰਨ ਲਈ ਰੁਚਿਤ ਹੋ ਰਹੇ ਹਾਂ। ਬਾਬਾ ਸੇਵਾ ਸਿੰਘ ਜੀ ਵਲੋਂ ਸ਼ੁੱਧ ਹਵਾ ਦਾ ਅਟੁੱਟ ਲੰਗਰ ਚਲਾਉਣ ਅਤੇ ਹਰਿਆਵਲ ਤੋਂ ਸੱਖਣੀ ਧਰਤੀ ਨੂੰ ਹਰਿਆਵਲ ਦਾ ਕੱਜਣ ਪਹਿਨਾਉਣ ਲਈ ਦਰੱਖਤ ਲਾਉਣ ਦਾ ਟੀਚਾ ਮਿਥਿਆ ਗਿਆ ਹੈ, ਤਾਂ ਕਿ ਸੈਂਕੜੇ ਸਾਲਾਂ ਤੱਕ ਚੱਲਣ ਵਾਲੇ ਇਸ ਹਵਾ ਦੇ ਲੰਗਰ ਲਈ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਉਪਰਾਲਿਆਂ ਸਦਕਾ ਹੀ ਹੁਣ ਤੱਕ ਬਾਬਾ ਜੀ ਦੀ ਸੁਯੋਗ ਰਹਿਨੁਮਾਈ ਹੇਠ ਸੈਂਕੜੇ ਕਿਲੋਮੀਟਰ ਸੜਕਾਂ 'ਤੇ ਹਰ ਕਿਸਮ ਦੇ ਦਰੱਖਤ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸ਼ਾਮਿਲ ਹਨ ਖਡੂਰ ਸਾਹਿਬ ਨੂੰ ਜਾਂਦੀਆਂ ਪੰਜੇ ਸੜਕਾਂ 'ਤੇ ਫੁੱਲਦਾਰ ਅਤੇ ਫੱਲਦਾਰ ਬੂਟੇ, ਜੀ.ਟੀ. ਰੋਡ 'ਤੇ ਬਿਰਖ, ਮਕਰਾਨਾ (ਰਾਜਸਥਾਨ) ਵਿਚ ਕਈ ਕਿਲੋਮੀਟਰ ਤੱਕ ਨਿੰਮ ਦੇ ਦਰੱਖਤ, ਨਰੈਣਾ (ਜੈਪੁਰ) ਵਿਚ ਨਿੰਮ ਦੇ ਦਰੱਖਤ, ਗਵਾਲੀਅਰ ਵਿਚ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਹਸਪਤਾਲ ਦੇ ਨੇੜੇ ਦਰੱਖਤ ਲਗਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਹਰੇਕ ਘਰ ਵਿਚ ਅਤੇ ਫਿਰਨੀਆਂ 'ਤੇ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਹੁਣ ਵੀ ਜਾਰੀ ਹਨ। ਜਿਵੇਂ ਸਕੂਲਾਂ, ਪਿੰਡਾਂ ਦੇ ਸ਼ਮਸ਼ਾਨਘਾਟ ਅਤੇ ਸਾਂਝੀਆਂ ਥਾਵਾਂ 'ਤੇ ਰੁੱਖ ਲਗਾਉਣਾ ਸ਼ਾਮਿਲ ਹੈ, ਹੁਣ ਤੱਕ ਲਗਪਗ 3 ਲੱਖ 15 ਹਜ਼ਾਰ ਰੁੱਖ ਲਗਾਏ ਜਾ ਚੁੱਕੇ ਹਨ।
ਬਾਬਾ ਜੀ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਸੂਬੇਦਾਰ ਬਲਬੀਰ ਸਿੰਘ ਵਲੋਂ ਜਿਥੇ ਖਡੂਰ ਸਾਹਿਬ ਦੇ ਗੁਰਦੁਆਰੇ ਵਿਚਲੀ ਬਾਗ-ਬਗੀਚੀ ਦੀ ਸੇਵਾ-ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ, ਉਥੇ ਉਨ੍ਹਾਂ ਵਲੋਂ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦਾ 3 ਏਕੜ ਦਾ ਬਾਗ ਅਤੇ ਖਡੂਰ ਸਾਹਿਬ ਤੋਂ 5 ਕੁ ਕਿਲੋਮੀਟਰ ਦੀ ਦੂਰੀ 'ਤੇ ਹਰ ਕਿਸਮ ਦੇ ਬੂਟਿਆਂ ਦੀ ਪਨੀਰੀ ਨੂੰ ਸਫਲਤਾਪੂਰਵਕ ਤਿਆਰ ਕਰਨਾ, ਸੂਬੇਦਾਰ ਸਾਹਿਬ ਦੀ ਨਿਸ਼ਕਾਮ ਸੇਵਾ ਦਾ ਪ੍ਰਤੱਖ ਪ੍ਰਮਾਣ ਹੈ।
ਬਹੁਤ ਹੀ ਸੱਚੀ-ਸੁੱਚੀ ਸੋਚ ਦੇ ਧਾਰਨੀ ਬਾਬਾ ਸੇਵਾ ਸਿੰਘ ਦੀ ਮਾਨਵਵਾਦੀ ਸੋਚ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ ਜਦ ਉਹ ਕਹਿੰਦੇ ਹਨ ਕਿ ਦਰੱਖਤਾਂ ਨੂੰ ਇਸ ਧਰਤੀ ਵਿਚ ਉਗਾ ਕੇ ਜਿਥੇ ਅਸੀਂ ਧਰਤੀ ਦੇ ਸੁਹੱਪਣ ਵਿਚ ਵਾਧਾ ਕਰਦੇ ਹਾਂ, ਉਥੇ ਇਹ ਬਿਰਖ ਸਾਨੂੰ ਸਾਡੇ ਲਈ ਅਤਿਅੰਤ ਲੋੜੀਂਦੀ ਆਕਸੀਜਨ ਦਾ ਅਟੁੱਟ ਪ੍ਰਵਾਹ ਬਖਸ਼ਦੇ ਹਨ, ਵਾਯੂਮੰਡਲ ਵਿਚੋਂ ਕਾਰਬਨ ਡਾਇਆਕਸਾਈਡ ਆਦਿ ਗਰੀਨ ਹਾਊਸ ਗੈਸਾਂ ਨੂੰ ਖਤਮ ਕਰਦੇ ਹਨ, ਜਿਸ ਨਾਲ ਵਾਤਾਵਰਨ ਵਿਚ ਪੈਦਾ ਹੋ ਰਿਹਾ ਵਿਗਾੜ ਘਟਦਾ ਹੈ। ਇਸ ਨਾਲ ਬਹੁਤ ਤੇਜ਼ੀ ਨਾਲ ਰੁੱਤਾਂ ਵਿਚ ਪੈਦਾ ਹੋ ਰਹੀ ਅਣਸੁਖਾਵੀਂ ਤਬਦੀਲੀ ਨੂੰ ਵੀ ਕੁਝ ਰਾਹਤ ਮਿਲਦੀ ਹੈ। ਮੀਂਹ ਪੈਣ ਦਾ ਸਬੱਬ ਵੀ ਇਹ ਦਰੱਖਤ ਹੀ ਬਣਦੇ ਹਨ। ਇਹ ਦਰੱਖਤ ਹੀ ਹੁੰਦੇ ਹਨ ਜੋ ਜੇਠ-ਹਾੜ੍ਹ ਦੇ ਮਹੀਨੇ ਵਿਚ ਥੱਕੇ ਰਾਹੀਆਂ ਲਈ ਠੰਢੀ ਛਾਂ ਬਣਦੇ ਹਨ ਅਤੇ ਮੀਂਹ-ਕਣੀ ਦੇ ਦਿਨੀਂ ਛਤਰੀ ਵੀ ਤਣਦੇ ਹਨ। ਇਨ੍ਹਾਂ ਬਾਬੇ ਬੋਹੜਾਂ ਹੇਠ ਹੀ ਸਾਡੇ ਬਾਬਿਆਂ ਦੀਆਂ ਮਜਲੱਸਾਂ ਮੁੜ ਜੁੜਨਗੀਆਂ। ਜਦ ਸਾਡੀ ਧਰਤੀ ਬਿਰਖਾਂ ਨਾਲ ਹਰੀ ਭਰੀ ਹੋਵੇਗੀ ਤਾਂ ਸਾਡੇ ਤੋਂ ਦੂਰ ਤੁਰ ਗਏ ਪਰਿੰਦੇ ਫਿਰ ਪਰਤ ਆਉਣਗੇ ਆਪਣੇ ਘਰੀਂ। ਬਿਰਖਾਂ 'ਤੇ ਮੁਰਕੀਆਂ ਵਾਂਗ ਲਟਕਦੇ ਬਿਜੜਿਆਂ ਅਤੇ ਹੋਰ ਪੰਛੀਆਂ ਦੇ ਆਲ੍ਹਣਿਆਂ ਵਿਚ ਚਹਿਕਦੇ ਪਰਿੰਦੇ ਸਾਡੀ ਧਰਤੀ ਨੂੰ ਭਾਗ ਲਾਉਣਗੇ। ਬੋਟਾਂ ਦੀ ਚਹਿਕਣੀ, ਪਰਿੰਦਿਆਂ ਦਾ ਅੰਮ੍ਰਿਤ ਵੇਲੇ ਦਾ ਅਲਾਪ ਅਤੇ ਚਿੜੀਆਂ ਦੀ ਚੀਂ-ਚੀਂ ਇਸ ਧਰਤ ਨੂੰ ਵਸਦੇ-ਰਸਦੇ ਰਹਿਣ ਦੀ ਅਸੀਸ ਦੇਣਗੀਆਂ। ਕੁਦਰਤੀ ਜੀਵਾਂ ਦਾ ਸਮੂਹ ਸੰਸਾਰ ਮਨੁੱਖੀ ਸੋਚ ਦੇ ਸਦਕੇ ਜਾਂਦਾ, ਮਾਨਵ ਦੀ ਸਦੀਵਤਾ ਦਾ ਗੁਣਗਾਣ ਕਰਦਾ ਰਹੇਗਾ। ਇਨ੍ਹਾਂ ਬਿਰਖਾਂ ਸਦਕਾ ਹੀ ਕੁਦਰਤ ਦਾ ਵਿਗੜ ਰਿਹਾ ਸੰਤੁਲਨ ਫਿਰ ਕਾਇਮ ਹੋ ਜਾਵੇਗਾ ਅਤੇ ਇਹ ਧਰਤੀ ਸਭਨਾਂ ਜੀਵਾਂ ਦੀ ਜਨਮਦਾਤੀ ਦਾ ਰੁਤਬਾ ਗ੍ਰਹਿਣ ਕਰਕੇ ਆਪਣੇ ਪਹਿਲੇ ਸਰੂਪ ਵਿਚ ਜੀਵਾਂ ਦੀਆਂ ਸਭਨਾਂ ਜਾਤੀਆਂ ਦੀ ਨਿੱਘੀ ਗੋਦ ਬਣ ਜਾਵੇਗੀ। ਇਹ ਬਿਰਖ ਹੀ ਹਨ ਜਿਹੜੇ ਜੀਵਾਂ ਦੇ ਸ਼ੁੱਭ-ਚਿੰਤਕ ਹਨ ਅਤੇ ਇਨ੍ਹਾਂ ਦੇ ਮਨਾਂ ਵਿਚ ਸਭਨਾਂ ਦੀ ਭਲਾਈ ਦਾ ਕਰਮ ਜਾਗਦਾ ਰਹਿੰਦਾ ਹੈ। ਇਹ ਬਿਰਖ ਹੀ ਹੁੰਦੇ ਨੇ, ਜੋ ਸਾਡੇ ਜਨਮ ਤੋਂ ਸਾਡੇ ਮਰਨ ਤੱਕ ਸਾਡੇ ਜੀਵਨ ਦੀਆਂ ਤਮਾਮ ਲੋੜਾਂ ਪੂਰੀਆਂ ਕਰਦੇ, ਆਖਰ ਨੂੰ ਸਾਡੇ ਮਿੱਟੀ ਰੂਪੀ ਸਰੀਰ ਨੂੰ ਮਿੱਟੀ ਦੇ ਲੇਖੇ ਲਾਉਂਦੇ ਹਨ। ਸੋ ਲੋੜ ਹੈ ਕਿ ਇਨ੍ਹਾਂ ਪ੍ਰਿਤਪਾਲਕ ਬਿਰਖਾਂ ਨੂੰ ਲਾਈਏ, ਇਨ੍ਹਾਂ ਦੀ ਸੰਭਾਲ ਕਰੀਏ ਅਤੇ ਇਨ੍ਹਾਂ ਦੀ ਚਿਰੰਜੀਵਤਾ ਵਿਚੋਂ ਹੀ ਆਪਣੀ ਸਦੀਵਤਾ ਨੂੰ ਕਿਆਸੀਏ। ਬਾਬਾ ਜੀ ਨੇ ਦੱਸਿਆ ਕਿ ਜਦ ਵੀ ਮੈਂ ਸਵੇਰੇ-ਸਵੇਰੇ ਸੈਰ ਕਰਕੇ ਪਰਤਦਾ ਹਾਂ ਤਾਂ ਡੇਰੇ ਦੀ ਬਾਹਰਲੀ ਕੰਧ 'ਤੇ ਫੈਲੀ ਹੋਈ ਵੇਲ ਵਿਚ ਅਣਗਿਣਤ ਚਿੜੀਆਂ ਦੇ ਚਹਿਚਹਾਉਣ ਦਾ ਅਲੌਕਿਕ ਅਨੰਦ ਮਾਣਨ ਲਈ ਜ਼ਰੂਰ ਰੁਕਦਾ ਹਾਂ ਅਤੇ ਇਨ੍ਹਾਂ ਚਿੜੀਆਂ ਦੀ ਚਹਿਕਣੀ ਵਿਚ ਇਉਂ ਲੱਗਦਾ ਹੈ ਜਿਵੇਂ ਸਮੁੱਚੀ ਕਾਇਨਾਤ ਇਸ ਧਰਤੀ 'ਤੇ ਉਤਰ ਆਈ ਹੋਵੇ ਅਤੇ ਆਪਣੇ ਇਲਾਹੀ ਨਾਦ ਨੂੰ ਇਸ ਧਰਤੀ ਦੇ ਕਣ-ਕਣ ਦੇ ਨਾਂਅ ਲਾ ਰਹੀ ਹੋਵੇ।
ਕੁਦਰਤ ਨੂੰ ਮੁਹੱਬਤ ਕਰਨ ਵਾਲੇ, ਨਿਮਰਤਾ ਦੀ ਮੂਰਤ, ਸੇਵਾ ਦੇ ਪੁੰਜ, ਵਿਲੱਖਣ, ਨਰੋਈ ਤੇ ਨਿਰਾਲੀ ਪਛਾਣ ਦੇ ਮਾਲਕ, ਬਿਰਖਾਂ ਵਿਚੋਂ ਸਮੁੱਚੀ ਲੋਕਾਈ ਦਾ ਭਲਾ ਅਤੇ ਸਦੀਵਤਾ ਚਿਤਵਣ ਵਾਲੇ ਅੱਖਰਾਂ ਦੀ ਜਨਮਦਾਤੀ ਖਡੂਰ ਸਾਹਿਬ ਦੀ ਧਰਤੀ 'ਤੇ ਕੁਦਰਤ ਦਾ ਚਿਰਾਗ ਜਗਾਉਣ ਵਾਲੇ, ਸਿੱਖਾਂ ਦੇ ਪਹਿਲੇ ਆਡੀਓ ਵਿਜ਼ੂਅਲ ਮਿਊਜ਼ੀਅਮ ਦੇ ਸੰਸਥਾਪਕ ਅਤੇ 21ਵੀਂ ਸਦੀ ਦੇ ਅਜੂਬੇ 'ਨਿਸ਼ਾਨ-ਏ-ਸਿੱਖੀ' ਦੇ ਸਿਰਜਕ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਦੁੱਤੀ ਘਾਲਣਾ 'ਤੇ ਬਲਿਹਾਰ ਜਾਣ ਨੂੰ ਜੀਅ ਕਰਦਾ ਹੈ। ਬਹੁਤ ਹੀ ਨਿਸ਼ਕਾਮ ਤੇ ਉੱਚਤਮ ਹੈ ਉਨ੍ਹਾਂ ਦੀ ਸੇਵਾ। ਬਹੁਤ ਹੀ ਨੇਕ ਹੈ ਉਨ੍ਹਾਂ ਦੀ ਸੋਚ ਦਾ ਦਾਇਰਾ, ਜਿਸ ਸਦਕਾ ਹੋ ਰਿਹਾ ਹੈ ਖਡੂਰ ਸਾਹਿਬ ਦੀ ਧਰਤੀ 'ਤੇ ਚੰਗਿਆਈ ਦਾ ਫੈਲਾਅ।
ਪਰਮਾਤਮਾ ਸਾਨੂੰ ਸਧਾਰਨ ਜੀਵਾਂ ਨੂੰ ਉਨ੍ਹਾਂ ਦੇ ਮਾਰਗ ਚਿੰਨ੍ਹਾਂ 'ਤੇ ਚੱਲਣ ਦੀ ਸੁਮੱਤ ਬਖਸ਼ੇ ਤਾਂ ਕਿ ਅਸੀਂ ਉਨ੍ਹਾਂ ਵਲੋਂ ਚਲਾਏ ਜਾ ਰਹੇ ਹਵਾ ਅਤੇ ਹਰਿਆਵਲ ਦੇ ਅਤੁੱਟ ਲੰਗਰ ਵਿਚ ਬਣਦਾ-ਸਰਦਾ ਯੋਗਦਾਨ ਪਾ ਸਕੀਏ, ਕਿਉਂਕਿ ਸਾਡੇ ਆਖਰੀ ਸਾਹਾਂ ਤੱਕ ਨਿਭਣਾ ਹੈ ਹਵਾ ਅਤੇ ਹਰਿਆਵਲ ਦਾ ਇਹ ਅਤੁੱਟ ਲੰਗਰ।

ਜਵੱਦੀ ਟਕਸਾਲ ਦੀ ਗੁਰਮਤਿ ਸੰਗੀਤ ਨੂੰ ਦੇਣ

'ਰਾਗ ਨਾਦ ਸਬਦਿ ਸੋਹਣੇ', ਗੁਰਬਾਣੀ ਦੀ ਇਸ ਪਾਵਨ ਤੁਕ ਵਿਚਲੇ ਰੂਹਾਨੀ ਸੁਨੇਹੇ ਨੂੰ ਸਾਕਾਰ ਕਰਨ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਤੰਤੀ ਸਾਜ਼ਾਂ ਨਾਲ ਸੰਗਤ ਦੀ ਝੋਲੀ ਪਾਈ ਕੀਰਤਨ ਦੀ ਪਰੰਪਰਾ ਦੀ ਬਹਾਲੀ ਲਈ ਲੁਧਿਆਣਾ ਦੇ ਨਾਲ ਲਗਦੇ ਇਤਿਹਾਸਕ ਪਿੰਡ ਜਵੱਦੀ ਕਲਾਂ ਵਿਚ ਸਥਿਤ ਜਵੱਦੀ ਟਕਸਾਲ ਦੀ ਦੇਣ ਉੱਤੇ ਸਮੁੱਚੇ ਕੀਰਤਨ ਅਤੇ ਸੰਗੀਤ ਪ੍ਰੇਮੀਆਂ ਨੂੰ ਮਾਣ ਹੈ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਭੂਮੀ ਉੱਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਸੱਚਖੰਡ ਵਾਸੀ ਸੰਤ ਸੁੱਚਾ ਸਿੰਘ ਨੇ 1985 ਵਿਚ ਸੇਵਾ ਆਰੰਭ ਕੀਤੀ। ਸੰਨ 1991 ਵਿਚ ਉਨ੍ਹਾਂ ਨੇ 'ਵਿਸਮਾਦੁ ਨਾਦ' ਸੰਸਥਾ ਬਣਾਈ। ਇਸ ਸੰਸਥਾ ਨੇ ਸਿੱਖ ਵਿਰਸੇ ਦੀ ਖੋਜ ਅਤੇ ਸੰਭਾਲ ਦੇ ਅਣਗੌਲੇ ਕਾਰਜ ਨੂੰ ਸੰਭਾਲਣ ਦਾ ਜ਼ਿੰਮਾ ਲਿਆ।
ਗੁਰਮਤਿ ਸੰਗੀਤ ਸੰਮੇਲਨਾਂ ਦਾ ਆਗਾਜ਼ : ਸੰਤ ਸੁੱਚਾ ਸਿੰਘ ਵਲੋਂ ਜਵੱਦੀ ਕਲਾਂ ਵਿਚ 1991 ਵਿਚ ਆਰੰਭ ਕੀਤੇ ਗਏ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਉਨ੍ਹਾਂ ਦੇ ਸੱਚਖੰਡ ਜਾ ਬਿਰਾਜਣ ਮਗਰੋਂ ਵੀ ਉਨ੍ਹਾਂ ਦੇ ਗੱਦੀਨਸ਼ੀਨ ਸੰਤ ਅਮੀਰ ਸਿੰਘ ਨਿਰੰਤਰ ਜਾਰੀ ਰੱਖ ਰਹੇ ਹਨ। ਪਲੇਠਾ ਗੁਰਮਤਿ ਸੰਗੀਤ ਸੰਮੇਲਨ 10 ਅਕਤੂਬਰ ਤੋਂ 13 ਅਕਤੂਬਰ ਤੱਕ ਹੋਇਆ। ਇਸ ਪਹਿਲੇ ਸੰਮੇਲਨ ਵਿਚ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਕਰਤਾਰ ਸਿੰਘ, ਸ਼੍ਰੋਮਣੀ ਰਾਗੀ ਪ੍ਰੋਫੈਸਰ ਹਰਚੰਦ ਸਿੰਘ, ਸਿੰਘ ਬੰਧੂ ਦਿੱਲੀ, ਗੀਤਾ ਪੇਂਤਲ, ਡਾਕਟਰ ਜਸਬੀਰ ਕੌਰ ਪਟਿਆਲਾ, ਸ਼੍ਰੋਮਣੀ ਰਾਗੀ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ, ਪ੍ਰਿੰਸੀਪਲ ਚੰਨਣ ਸਿੰਘ ਮਜਬੂਰ, ਡਾਕਟਰ ਨਿਵੇਦਿਤਾ ਸਿੰਘ ਪਟਿਆਲਾ ਅਤੇ ਹੋਰ ਰਾਗੀਆਂ ਨੇ ਗੁਰਮਤਿ ਸ਼ੈਲੀ ਰਾਹੀਂ ਸਮਾਂ ਬੰਨ੍ਹ ਦਿੱਤਾ। ਇਸ ਤੋਂ ਬਾਅਦ ਦੇ ਸੰਗੀਤ ਸੰਮੇਲਨਾਂ ਵਿਚ ਪਦਮਸ੍ਰੀ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਸਵਰਗੀ ਭਾਈ ਅਮਰੀਕ ਸਿੰਘ ਜ਼ਖਮੀ, ਭਾਈ ਪਿਰਥੀਪਾਲ ਸਿੰਘ, ਮੋਹਨ ਪਾਲ ਸਿੰਘ ਪਟਿਆਲਾ, ਭਾਈ ਰਣਧੀਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਸੰਤ ਸਤਨਾਮ ਸਿੰਘ ਕਿਸ਼ਨਗੜ੍ਹ, ਉਸਤਾਦ ਕਾਲੇ ਰਾਮ (ਤਬਲਾ), ਅਸ਼ਵਿਨੀ ਕੁਮਾਰ (ਤਾਨਪੁਰਾ), ਓਮ ਪ੍ਰਕਾਸ਼ ਅਤੇ ਭਾਈ ਚਤਰ ਸਿੰਘ (ਦਿਲਰੁਬਾ). ਜਸਵੰਤ ਸਿੰਘ ਦਿੱਲੀ ਅਤੇ ਕਸਤੂਰੀ ਲਾਲ (ਵਾਇਲਨ) ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਤੋਂ ਇਲਾਵਾ ਤਾਰ ਸ਼ਹਿਨਾਈ, ਤਾਊਸ ਅਤੇ ਸਾਰੰਦੇ ਸਾਜ਼ ਦੀ ਵੀ ਕਲਾਤਮਕ ਵਰਤੋਂ ਕੀਤੀ ਗਈ। ਇਸ ਦੌਰਾਨ ਤਾਲ ਕਹਿਰਵਾ ਅਤੇ ਦਾਦਰਾ ਵਜਾਉਣ ਦੀ ਆਗਿਆ ਨਹੀਂ ਸੀ, ਬਲਕਿ ਸਿਰਫ ਪ੍ਰਵਾਨਤ ਬਿਖਰੇ ਤਾਲਾਂ ਵਿਚ ਹੀ ਗਾਇਨ ਪੇਸ਼ ਕੀਤਾ ਗਿਆ।
ਸੰਤ ਸੁੱਚਾ ਸਿੰਘ ਨੇ ਪੰਜਾਬ ਤੋਂ ਬਾਹਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਇਲਾਵਾ ਬੰਬਈ, ਪੂਨਾ, ਇੰਦੌਰ, ਗਵਾਲੀਅਰ ਤੇ ਆਗਰਾ ਸਮੇਤ ਵੱਖ-ਵੱਖ ਥਾਵਾਂ ਉੱਤੇ ਵੀ ਗੁਰਮਤਿ ਸੰਗੀਤ ਸੰਮੇਲਨ ਕਰਵਾਏ। ਉਸ ਤੋਂ ਬਾਅਦ ਇਹ ਸੰਮੇਲਨ ਸੰਤ ਸੁੱਚਾ ਸਿੰਘ ਨੇ ਨਿਰੰਤਰ ਤੌਰ 'ਤੇ 27 ਅਗਸਤ, 2002 ਨੂੰ ਆਪਣੇ ਸੱਚਖੰਡ ਪਿਆਨੇ ਤੱਕ ਪੂਰੀ ਚੜ੍ਹਦੀ ਕਲਾ ਨਾਲ ਜਾਰੀ ਰੱਖਿਆ। ਉਨ੍ਹਾਂ ਤੋਂ ਉਪਰੰਤ ਸੰਤ ਅਮੀਰ ਸਿੰਘ ਨੂੰ ਇਸ ਟਕਸਾਲ ਦੇ ਮੁਖੀ ਦੀ ਸੇਵਾ ਸਮੁੱਚੇ ਪੰਥ ਵਲੋਂ ਸੌਂਪੀ ਗਈ।
ਸੰਤ ਅਮੀਰ ਸਿੰਘ ਨੇ ਸਾਲ 2016 ਵਿਚ ਵੱਡੇ ਪੱਧਰ 'ਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਸਿਲਵਰ ਜੁਬਲੀ ਮਨਾਈ, ਜਿਸ ਵਿਚ ਇਸ ਮਹਾਨ ਸੰਗੀਤ ਕੁੰਭ ਨਾਲ ਜੁੜੀਆਂ 25 ਸ਼ਖ਼ਸੀਅਤਾਂ ਨੂੰ ਉਚੇਚੇ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸੇ ਸਬੰਧ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 25 ਰਾਗ ਦਰਬਾਰ ਸੰਤ ਅਮੀਰ ਸਿੰਘ ਵਲੋਂ ਕਰਵਾਏ ਗਏ। ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਦੀ ਸਿੱਖਿਆ ਉਨ੍ਹਾਂ ਦੀ ਅਗਵਾਈ ਹੇਠ ਇਸ ਵੇਲੇ ਪ੍ਰੋਫੈਸਰ ਜਤਿੰਦਰ ਪਾਲ ਸਿੰਘ, ਪੰਡਿਤ ਰਮਾਂਕਾਂਤ, ਪ੍ਰੋਫੈਸਰ ਰਮਨਦੀਪ ਕੌਰ, ਪ੍ਰੋਫੈਸਰ ਚਰਨਜੀਤ ਕੌਰ, ਪ੍ਰੋਫੈਸਰ ਤਜਿੰਦਰ ਸਿੰਘ ਜਲੰਧਰ, ਪ੍ਰੋਫੈਸਰ ਇੰਦਰਜੀਤ ਸਿੰਘ ਬਿੰਦੂ ਜਲੰਧਰ, ਪ੍ਰੋਫੈਸਰ ਮਨਿੰਦਰ ਸਿੰਘ ਤਬਲਾਵਾਦਕ, ਉਸਤਾਦ ਸਵਰਨ ਸਿੰਘ ਸਮੇਂ-ਸਮੇਂ ਉੱਤੇ ਕੀਰਤਨ ਦੀ ਸਿੱਖਿਆ ਦੇ ਰਹੇ ਹਨ।
ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਾਗੀ ਸਿੰਘਾਂ ਨਾਲ ਜਿੰਨੇ ਵੀ ਤੰਤੀ ਸਾਜ਼ ਵਜਾਉਣ ਵਾਲੇ ਫਨਕਾਰ ਸੰਗਤ ਕਰਦੇ ਹਨ, ਉਹ ਸਾਰੇ ਜਵੱਦੀ ਟਕਸਾਲ ਤੋਂ ਸਿੱਖਿਆ ਪ੍ਰਾਪਤ ਕਰਕੇ ਉੱਥੇ ਸੇਵਾ ਨਿਭਾਅ ਰਹੇ ਹਨ। ਧਰਮ ਪ੍ਰਚਾਰ ਕਾਰਜਾਂ ਤਹਿਤ ਲਗਪਗ 30 ਹਜ਼ਾਰ ਵਿਦਿਆਰਥੀ ਗੁਰਮਤਿ ਸੰਗੀਤ ਗੁਰਬਾਣੀ ਸੰਥਿਆ ਤੇ ਵਾਦਨ ਦੀ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ।
ਪ੍ਰਕਾਸ਼ਨਾਵਾਂ : ਰਾਗ ਨਾਦੁ ਸਬਦਿ ਸਬੰਧੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ, ਮਨ ਦਾ ਸੰਕਲਪ, ਦੇਹੀ ਦਾ ਸੰਕਲਪ, ਮੌਤ ਦਾ ਸੰਕਲਪ, ਰਾਗ ਨਾਦੁ ਸਬਦਿ ਸੋਹਣੇ, ਮਿਲਬੇ ਕੀ ਮਹਿਮਾ, ਗੁਰੂ ਨਾਲ ਸੰਗੀਤ ਪੱਧਤੀ ਭਾਗ ਪਹਿਲਾ ਅਤੇ ਦੂਜਾ ਸਮੇਤ ਅਨੇਕ ਪ੍ਰਕਾਸ਼ਨਾਵਾਂ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ ਲਈ ਮਾਰਗਦਰਸ਼ਕ ਦਾ ਕੰਮ ਕਰ ਰਹੀਆਂ ਹਨ।
ਆਡੀਓ-ਵੀਡੀਓ ਕੈਸਿਟਾਂ : 1991 ਤੋਂ ਲੈ ਕੇ ਹੁਣ ਤੱਕ ਹੋਏ ਸੰਗੀਤ ਸੰਮੇਲਨ ਦੀਆਂ ਆਡੀਓ-ਵੀਡੀਓ ਕੈਸਿਟਾਂ ਟਕਸਾਲ ਕੋਲ ਉਪਲਬਧ ਹਨ ਅਤੇ ਨਾਲ ਹੀ ਇਨ੍ਹਾਂ ਨੂੰ ਯੂ-ਟਿਊਬ ਉੱਤੇ ਵੀ ਪਾਇਆ ਗਿਆ ਹੈ।
ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡ : ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ 14 ਜਥਿਆਂ ਨੂੰ ਹੁਣ ਤੱਕ ਟਕਸਾਲ ਵਲੋਂ ਗੁਰਮਤਿ ਸੰਗੀਤ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਿਲੱਖਣ ਗੱਲ ਇਹ ਹੈ ਕਿ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਜਿਥੇ ਪੰਥ ਦੇ ਮਹਾਨ ਕਥਾਵਾਚਕ ਹਨ, ਉਥੇ ਨਾਲ ਹੀ ਪੁਰਾਤਨ ਗੁਰਮਤਿ ਸ਼ੈਲੀ ਅਨੁਸਾਰ ਖੁਦ ਵੀ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ।


-ਮੈਂਬਰ, ਕੀਰਤਨ ਸਬ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਮੋਬਾ: 98154-61710

ਬਰਸੀ 'ਤੇ ਵਿਸ਼ੇਸ਼

ਧਰਮ-ਕਰਮ ਵਿਚ ਪ੍ਰਪੱਕਤਾ ਦੀ ਅਨੋਖੀ ਮਿਸਾਲ ਸਨ-ਸੰਤ ਬਾਬਾ ਵਿਸਾਖਾ ਸਿੰਘ

ਸਿੱਖ ਧਰਮ ਵਿਚ ਉਨ੍ਹਾਂ ਸੰਤਾਂ-ਮਹਾਂਪੁਰਸ਼ਾਂ ਦਾ ਵਿਸ਼ੇਸ਼ ਸਤਿਕਾਰ ਹੈ, ਜਿਨ੍ਹਾਂ ਦੀ ਬਦੌਲਤ ਸਿੱਖ ਪੰਥ ਨੇ ਧਾਰਮਿਕ ਹੀ ਨਹੀਂ, ਸਮਾਜਿਕ ਅਤੇ ਦੇਸ਼ ਸੇਵਾ ਦੇ ਅਜਿਹੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ, ਜੋ ਸਮੁੱਚੇ ਜਗਤ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣ ਗਏ। ਅਜਿਹੀ ਹੀ ਸਤਿਕਾਰਯੋਗ ਸ਼ਖ਼ਸੀਅਤ ਹੋਏ ਹਨ ਸੰਤ ਬਾਬਾ ਵਿਸਾਖਾ ਸਿੰਘ, ਜਿਨ੍ਹਾਂ ਨੇ 13 ਵਿਸਾਖ, 1905 ਈ: ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਨੇਤਪੁਰਾ ਵਿਚ ਪਿਤਾ ਕਰਮ ਸਿੰਘ, ਮਾਤਾ ਕਾਹਨ ਕੌਰ ਦੇ ਘਰ ਜਨਮ ਲਿਆ। ਮੁਢਲੀ ਸਿੱਖਿਆ ਸੰਤ ਮੋਹਣ ਸਿੰਘ ਜੀ ਤੋਂ ਪ੍ਰਾਪਤ ਕਰਕੇ ਗੁਰਬਾਣੀ ਦੇ ਸ਼ੁੱਧ ਪਾਠ, ਕਥਾ ਕੀਰਤਨ, ਅਰਥ ਬੋਧ ਦੀ ਦਾਤ ਉਪਰੰਤ ਉਦਾਸੀ ਭੇਖ ਦੇ ਧਾਰਨੀ ਹੋ ਗਏ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਆਪ ਅੰਮ੍ਰਿਤਪਾਨ ਕਰਕੇ ਕੌਮੀ ਸੇਵਾ ਵਿਚ ਜੁਟ ਗਏ। ਕੌਮੀ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ 'ਚ ਜੇਲ੍ਹਾਂ ਕੱਟੀਆਂ ਅਤੇ ਗੁਰੂ ਉਪਦੇਸ਼ ਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਸਰਬੱਤ ਦੇ ਭਲੇ ਲਈ ਲੋਕ ਸੇਵਾ ਦੇ ਕਾਰਜਾਂ ਰਾਹੀਂ ਜ਼ਿਲ੍ਹਾ ਮੋਗਾ ਦੇ ਬੇਟ ਇਲਾਕੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਕਰੀਬ 32 ਸਾਲ ਰਹਿ ਕੇ ਇਸ ਪਛੜੇ ਇਲਾਕੇ ਅੰਦਰ ਗੁਰਮਤਿ ਪ੍ਰਚਾਰ ਸਭਾ ਤਿਹਾੜਾ ਕਾਇਮ ਕੀਤੀ।
ਪਿੰਡ ਸੋਢੀਵਾਲ ਵਿਖੇ ਗੁਰਦੁਆਰਾ ਬਾਉਲੀ ਸਾਹਿਬ, ਜਗਤਸਰ ਸਾਹਿਬ, ਸ਼ੇਰਪੁਰ ਕਲਾਂ, ਸ਼ੇਖ ਦੌਲਤ, ਮਲਸੀਹਾਂ ਬਾਜਣ, ਦਾਇਆ ਕਲਾਂ, ਕੋਕਰੀ ਬੁੱਟਰਾਂ, ਕਾਕੜ ਤਿਹਾੜਾ ਤੇ ਕਿਸ਼ਨਪੁਰਾ ਕਲਾਂ ਵਿਖੇ ਗੁਰੂ-ਘਰਾਂ ਦੀ ਸੇਵਾ ਕਰਵਾਈ ਤੇ ਇਲਾਕੇ ਦੇ ਪਾਣੀ ਦੇ ਨਿਕਾਸ ਲਈ ਸੇਮਾਂ, ਬਿਜਲੀ ਸਪਲਾਈ ਤੇ ਸੜਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਵਾਈਆਂ ਤੇ ਧਰਮ ਪ੍ਰਚਾਰ ਲਈ ਪ੍ਰੈੱਸ ਅਤੇ ਅਖਬਾਰ ਸ਼ੁਰੂ ਕੀਤੀ। ਉਨ੍ਹਾਂ ਦੀ ਲਿਖਤ 'ਮਾਲਵੇ ਦਾ ਇਤਿਹਾਸ' ਰਾਜੇ-ਮਹਾਰਾਜਿਆਂ, ਪ੍ਰਸਿੱਧ ਵਿਦਵਾਨਾਂ, ਸੰਤਾਂ-ਮਹੰਤਾਂ, ਮਹਾਂ ਪੰਡਿਤਾਂ, ਯੋਧਿਆਂ, ਸ਼ਹੀਦਾਂ, ਰਾਗੀ-ਢਾਡੀ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਯਾਦਗਾਰੀ ਤੇ ਦੁਰਲੱਭ ਤੱਥਾਂ ਦਾ ਖਜ਼ਾਨਾ ਦੁਨੀਆ ਲਈ ਇਤਿਹਾਸਕ ਚਾਨਣ ਮੁਨਾਰਾ ਹੈ। ਅਣਗਿਣਤ ਪ੍ਰਾਣੀਆਂ ਨੂੰ ਗੁਰੂ ਪਾਤਸ਼ਾਹ ਜੀ ਦੀ ਮੋਹਰ ਅੰਮ੍ਰਿਤ ਦੀ ਦਾਤ ਅਤੇ ਗੁਰਬਾਣੀ ਮਹੱਤਵ ਨਾਲ ਦੁਨੀਆਵੀ ਲੋਕਾਂ ਨੂੰ ਸਾਰੀ ਜ਼ਿੰਦਗੀ ਵਹਿਮਾਂ-ਭਰਮਾਂ, ਊਚ-ਨੀਚ, ਜਾਤ-ਪਾਤ ਦੇ ਭਰਮਾਂ ਨੂੰ ਛੱਡਣ ਦਾ ਉਪਦੇਸ਼ ਦੇਣ ਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਵਾਲੀ ਇਹ ਪਵਿੱਤਰ ਰੂਹ 15 ਸਤੰਬਰ, 1968 ਨੂੰ ਗੁਰੁੂ ਚਰਨਾਂ ਵਿਚ ਜਾ ਬਿਰਾਜੀ। ਪਿੰਡ ਕਿਸ਼ਨਪੁਰਾ ਕਲਾਂ ਸਮੇਤ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਉਨ੍ਹਾਂ ਦੀ 51ਵੀਂ ਸਾਲਾਨਾ ਬਰਸੀ 'ਤੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕਿਸ਼ਨਪੁਰਾ ਕਲਾਂ (ਮੋਗਾ) ਵਿਖੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਜਾਣਗੇ, ਰਾਗੀ, ਢਾਡੀ, ਕਥਾਵਾਚਕ, ਸੰਤ-ਮਹਾਂਪੁਰਸ਼ ਹਾਜ਼ਰੀਆਂ ਲਗਵਾਉਣਗੇ।


-ਕਿਸ਼ਨਪੁਰਾ ਕਲਾਂ (ਮੋਗਾ)।
ਮੋਬਾ: 98764-74365

ਸ਼ਬਦ ਵਿਚਾਰ

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥

ਜਪੁ-ਪਉੜੀ ਦੂਜੀ
ਹੁਕਮੀ ਹੋਵਨਿ ਆਕਾਰ
ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ
ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ
ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ
ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ
ਤ ਹਉਮੈ ਕਹੈ ਨ ਕੋਇ॥ ੨॥ (ਅੰਗ 1)
ਪਦ ਅਰਥ : ਹੁਕਮੀ-ਪਰਮਾਤਮਾ ਦੇ ਹੁਕਮ ਦੁਆਰਾ। ਆਕਾਰ-ਸਰੂਪ, ਸਰੀਰ, ਜਗਤ ਰਚਨਾ। ਹੁਕਮੁ-ਪਰਮਾਤਮਾ ਦਾ ਹੁਕਮ। ਜੀਅ-ਜੀਵ ਜੰਤ। ਹੋਵਨਿ-ਪੈਦਾ ਹੁੰਦੇ ਹਨ, ਜੰਮਦੇ ਹਨ। ਉਤਮੁ ਨੀਚੁ-ਸ੍ਰੇਸ਼ਟ, ਚੰਗੇ ਅਤੇ ਬੁਰੇ। ਹੁਕਮਿ-ਪਰਮਾਤਮਾ ਦੇ ਹੁਕਮ ਅਨੁਸਾਰ। ਲਿਖਿ-(ਕਰਮਾਂ ਅਨੁਸਾਰ) ਲਿਖੇ। ਪਾਈਅਹਿ-ਪਾਉਂਦੇ ਹਨ, ਭੋਗਦੇ ਹਨ। ਇਕਨਾ-ਕਈਆਂ ਨੂੰ। ਬਖਸੀਸ-ਬਖਸ਼ਿਸ਼। ਭਵਾਈਅਹਿ-ਭਵਾਏ ਜਾਂਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ। ਹੁਕਮੈ ਅੰਦਰਿ-(ਪਰਮਾਤਮਾ ਦੇ) ਹੁਕਮ ਵਿਚ ਹੀ। ਬਾਹਰਿ ਹੁਕਮ-ਹੁਕਮ ਤੋਂ ਬਾਹਰ, ਹੁਕਮ ਤੋਂ ਆਕੀ।
'ਜਪੁ' ਜੀ ਦੀ ਇਸ ਦੂਜੀ ਪਉੜੀ ਵਿਚ ਪਰਮਾਤਮਾ ਦੇ ਹੁਕਮ ਦੀ ਵਿਆਖਿਆ ਕੀਤੀ ਗਈ ਹੈ। ਉਸ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਹੋਂਦ ਵਿਚ ਆਈ ਭਾਵ ਜੀਵ-ਜੰਤ ਪੈਦਾ ਹੋਏ। ਉਸ ਦੇ ਹੁਕਮ ਵਿਚ ਜੀਵ ਆਪਣੇ ਕਰਮਾਂ ਅਨੁਸਾਰ ਸੁਖ-ਦੁੱਖ ਭੋਗਦੇ ਹਨ, ਚੰਗੇ-ਮੰਦੇ ਬਣਦੇ ਹਨ ਅਰਥਾਤ ਜੋ ਕੁਝ ਵੀ ਜਗਤ ਵਿਚ ਹੋ ਰਿਹਾ ਹੈ, ਪਰਮਾਤਮਾ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਜੋ ਮਨੁੱਖ ਉਸ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਹਉਮੈ ਅਤੇ ਹੰਕਾਰ ਰੂਪੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
ਰਾਗੁ ਸੂਹੀ ਕੀ ਵਾਰ ਮਹਲਾ ੩ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ ਕਿ ਜਿਸ ਪ੍ਰਭੂ ਨੇ ਇਹ ਜਗਤ ਆਪਣੇ ਹੁਕਮ ਅਨੁਸਾਰ ਕਈ ਤਰ੍ਹਾਂ ਦਾ ਬਣਾਇਆ ਹੈ, ਉਸ ਅਲਖ ਅਤੇ ਬੇਅੰਤ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ-
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ॥
ਤੇਰਾ ਹੁਕਮੁ ਨ ਜਾਪੀ ਕੇਤੜਾ
ਸਚੇ ਅਲਖ ਅਪਾਰਾ॥ (ਅੰਗ 786)
ਸ੍ਰਿਸਟਿ-(ਸ੍ਰਿਸ਼ਟੀ) ਜਗਤ, ਸੰਸਾਰ। ਸਾਜੀਅਨੁ-ਬਣਾਇਆ ਹੈ, ਪੈਦਾ ਕੀਤਾ ਹੈ। ਬਹੁ ਭਿਤਿ-ਕਈ ਭਾਂਤ ਦਾ, ਕਈ ਪ੍ਰਕਾਰ ਦਾ। ਕੇਤੜਾ-ਕਿੰਨਾ ਵੱਡਾ ਹੈ। ਅਲਖ-ਜੋ ਲਖਿਆ ਨਾ ਜਾ ਸਕੇ। ਅਪਾਰਾ-ਬੇਅੰਤ।
ਹੇ ਪ੍ਰਭੂ, ਇਹ ਜੀਵ ਜੰਤ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਸਾਡੇ ਜੀਵਾਂ ਦੀ ਜੀਵਨ ਦੀ ਡੋਰ ਤੇਰੇ ਹੱਥ ਵਿਚ ਹੀ ਹੈ। ਪੰਚਮ ਗੁਰਦੇਵ ਦੇ ਰਾਗੁ ਸੋਰਠਿ ਵਿਚ ਪਾਵਨ ਬਚਨ ਹਨ-
ਜੀਅ ਜੰਤ ਤੇਰੇ ਧਾਰੇ॥
ਪ੍ਰਭ ਡੋਰੀ ਹਾਥਿ ਤੁਮਾਰੇ॥ (ਅੰਗ 626)
ਧਾਰੇ-ਸਹਾਰੇ।
ਰਾਗੁ ਮਾਰੂ ਸੋਲਹੇ ਵਿਚ ਗੁਰੂ ਅਮਰਦਾਸ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਸਾਰੀ ਵਡਿਆਈ ਪ੍ਰਭੂ ਦੇ ਹੱਥ ਵਿਚ ਹੀ ਹੈ, ਜਿਸ ਨੂੰ ਦਿੰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ-
ਤੇਰੈ ਹਥਿ ਹੈ ਸਭ ਵਡਿਆਈ
ਜਿਸੁ ਦੇਵਹਿ ਸੋ ਪਾਇਦਾ॥ (ਅੰਗ 1063)
ਆਪ ਜੀ ਰਾਗੁ ਗੂਜਰੀ ਕੀ ਵਾਰ ਮਹਲਾ ੩ ਵਿਚ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ 'ਤੇ ਪ੍ਰਭੂ ਦੀ ਨਜ਼ਰ ਸਵੱਲੀ ਹੁੰਦੀ ਹੈ, ਮਾਲਕ ਪ੍ਰਭੂ ਉਨ੍ਹਾਂ ਪਾਸੋਂ ਆਪਣਾ ਹੁਕਮ ਆਪ ਮਨਾਉਂਦਾ ਹੈ। ਜੋ ਉਸ ਦਾ ਹੁਕਮ ਮੰਨ ਕੇ ਸੁੱਖਾਂ ਨੂੰ ਪ੍ਰਾਪਤ ਹੁੰਦੇ ਹਨ, ਉਹ ਪ੍ਰੇਮੀ ਜਨ ਮਾਲਕ ਪ੍ਰਭੂ ਵਾਲੇ ਬਣ ਜਾਂਦੇ ਹਨ-
ਹੁਕਮੁ ਭੀ ਤਿਨ੍ਰਾ ਮਨਾਇਸੀ
ਜਿਨ੍ਰ ਕਉ ਨਦਰਿ ਕਰੇਇ॥
ਹੁਕਮੁ ਮੰਨਿ ਸੁਖੁ ਪਾਇਆ
ਪ੍ਰੇਮ ਸੁਹਾਗਣਿ ਹੋਇ॥ (ਅੰਗ 510)
ਨਦਰਿ-ਨਜ਼ਰ, ਸਵੱਲੀ ਨਜ਼ਰ। ਸੁਹਾਗਣਿ-ਮਾਲਕ ਵਾਲੀ, ਮਾਲਕ ਪ੍ਰਭੂ ਵਾਲੀ।
ਜਿਨ੍ਹਾਂ ਪਾਸੋਂ ਪਰਮਾਤਮਾ ਆਪਣਾ ਹੁਕਮ ਮਨਾਉਂਦਾ ਹੈ, ਆਪਣੀ ਰਜ਼ਾ ਵਿਚ ਤੋਰਦਾ ਹੈ, ਅਜਿਹੇ ਸੇਵਕ ਜਨ ਫਿਰ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ। ਰਾਗੁ ਆਸਾ ਦੀ ਵਾਰ ਵਿਚ ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ-
ਸੋ ਸੇਵਕੁ ਸੇਵਾ ਕਰੇ
ਜਿਸ ਨੋ ਹੁਕਮੁ ਮਨਾਇਸੀ॥ (ਅੰਗ 471)
ਪਰਮਾਤਮਾ ਦਾ ਹੁਕਮ ਮੰਨਣ ਨਾਲ, ਉਸ ਦੀ ਰਜ਼ਾ ਵਿਚ ਰਹਿਣ ਨਾਲ ਸੇਵਕ ਪਰਮਾਤਮਾ ਦੇ ਦਰ 'ਤੇ ਪਰਵਾਨ ਚੜ੍ਹ ਜਾਂਦਾ ਹੈ ਅਤੇ ਉਹ ਮਾਲਕ ਪ੍ਰਭੂ ਦਾ ਦਰ-ਘਰ ਲੱਭ ਲੈਂਦਾ ਹੈ-
ਹੁਕਮਿ ਮੰਨਿਐ ਹੋਵੈ ਪਰਵਾਣੁ
ਤਾ ਖਸਮੈ ਕਾ ਮਹਲੁ ਪਾਇਸੀ॥ (ਅੰਗ 471)
ਖਸਮੈ-ਮਾਲਕ ਪ੍ਰਭੂ। ਮਾਹਲੁ-ਘਰ।
ਜਦੋਂ ਸੇਵਕ ਉਹੀ ਕਰਮ ਕਰਦਾ ਹੈ ਜੋ ਪ੍ਰਭੂ ਨੂੰ ਚੰਗਾ ਲਗਦਾ ਹੈ ਤਾਂ ਉਸ ਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ ਅਤੇ ਪ੍ਰਭੂ ਦੀ ਦਰਗਾਹ ਵਿਚ ਉਹ ਇੱਜ਼ਤ ਤੇ ਮਾਣ ਨਾਲ ਜਾਂਦਾ ਹੈ-
ਖਸਮੈ ਭਾਵੈ ਸੋ ਕਰੇ
ਮਨਹੁ ਚਿੰਦਿਆ ਸੋ ਫਲੁ ਪਾਇਸੀ॥
ਦਾ ਦਰਗਹ ਪੈਧਾ ਜਾਇਸੀ॥ (ਅੰਗ 471)
ਪੈਧਾ-ਇੱਜ਼ਤ ਮਾਣ ਨਾਲ।
ਜੋ ਮਨਮਾਨੀਆਂ ਕਰਦੇ ਹਨ ਭਾਵ ਪ੍ਰਭੂ ਦੀ ਰਜ਼ਾ ਵਿਚ ਨਹੀਂ ਵਿਚਰਦੇ, ਉਨ੍ਹਾਂ ਨੂੰ ਭੀੜੇ ਮਾਰਗ ਵਿਚੋਂ ਹੋ ਕੇ ਜਾਣਾ ਪਵੇਗਾ ਭਾਵ ਬੁਰੇ ਕਰਮਾਂ ਦਾ ਫਲ ਭੁਗਤਣਾ ਪਵੇਗਾ-
ਹੁਕਮ ਕੀਏ ਮਨਿ ਭਾਵਦੇ
ਰਾਹਿ ਭੀੜੈ ਅਗੈ ਜਾਵਣਾ॥ (ਅੰਗ 470-71)
ਪਰਮਾਤਮਾ ਅਜਿਹੇ ਮਨੁੱਖਾਂ ਨੂੰ ਦੋਜ਼ਕ (ਨਰਕਾਂ) ਵਿਚ ਸੁੱਟ ਕੇ ਉਸ ਦੇ ਕੀਤੇ ਕੁਕਰਮਾਂ ਦੇ ਚਿੱਠਿਆਂ ਨੂੰ ਖੋਲ੍ਹ ਕੇ ਜਦੋਂ ਉਸ ਦੇ ਅੱਗੇ ਰੱਖਦਾ ਹੈ ਤਾਂ ਉਸ ਨੂੰ ਆਪਣਾ-ਆਪ ਬੜਾ ਡਰਾਉਣਾ ਦਿਸਦਾ ਹੈ ਭਾਵ ਉਸ ਨੂੰ ਆਪਣੇ-ਆਪ 'ਤੇ ਬੜੀ ਘਿਰਣਾ ਹੁੰਦੀ ਹੈ-
ਨੰਗਾ ਦੋਜਕਿ ਚਲਿਆ
ਤਾ ਦਿਸੈ ਖਰਾ ਡਰਾਵਣਾ॥ (ਅੰਗ 471)
ਨੰਗਾ-ਨੰਗਾ ਕਰਕੇ, ਖੋਲ੍ਹ ਕੇ। ਖਰਾ-ਬੜਾ, ਬਹੁਤ।
ਇੰਜ ਬੁਰੇ ਕਰਮ ਕਰਨ ਨਾਲ ਅੰਤ ਵੇਲੇ ਪਛਤਾਉਣਾ ਹੀ ਪੈਂਦਾ ਹੈ-
ਕਰਿ ਆਉਗਣ ਪਛੋਤਾਵਣਾ॥ (ਅੰਗ 471)
ਅਉਗਣ-ਬੁਰੇ ਕਰਮ।
ਮਨਮਾਨੀਆਂ ਕਰਨ ਨਾਲ ਮਨ ਅੰਦਰ ਹਉਮੈ ਉਪਜਦੀ ਹੈ। ਨਾਮ ਅਤੇ ਹਉਮੈ ਦੋ ਪਰਸਪਰ ਵਿਰੋਧੀ ਸ਼ਕਤੀਆਂ ਹਨ, ਜੋ ਕਦੇ ਇਕ ਥਾਂ ਇਕੱਠਿਆਂ ਨਹੀਂ ਬੈਠ ਸਕਦੀਆਂ। ਹਉਮੈ ਵਿਚ ਪ੍ਰਭੂ ਦੀ ਸੇਵਾ ਭਗਤੀ ਕੀਤੀ ਨਹੀਂ ਜਾ ਸਕਦੀ ਭਾਵ ਪ੍ਰਭੂ ਦਰ 'ਤੇ ਕਬੂਲ ਨਹੀਂ ਹੁੰਦੀ, ਸਭ ਵਿਅਰਥ ਹੀ ਜਾਂਦੀ ਹੈ। ਰਾਗੁ ਵਡਹੰਸੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਹਉਮੈ ਨਾਵੈ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ॥
ਹਉਮੈ ਵਿਚਿ ਸੇਵਾ ਨ ਹੋਵਈ
ਤਾ ਮਨੁ ਬਿਰਥਾ ਜਾਇ॥ (ਅੰਗ 560)
ਦੋਇ-ਦੋਨੋਂ। ਇਕ ਠਾਇ-ਇਕ ਥਾਂ।
ਪਰਮਾਤਮਾ ਦੇ ਹੁਕਮ ਅਨੁਸਾਰ ਕੋਈ ਜੀਵ ਸ੍ਰੇਸ਼ਟ (ਬੜੀ ਚੰਗੀ) ਪਦਵੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੋਈ ਬੁਰਾ ਬਣ ਜਾਂਦਾ ਹੈ, ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਸੁਖ-ਦੁਖ ਭੋਗਦੇ ਹਨ।
ਸਾਰੇ ਜੀਵ ਪਰਮਾਤਮਾ ਦੇ ਹੁਕਮ ਵਿਚ ਵਿਚਰ ਰਹੇ ਹਨ, ਉਸ ਦੇ ਹੁਕਮ ਤੋਂ ਕੋਈ ਬਾਹਰ ਨਹੀਂ ਭਾਵ ਉਸ ਦੇ ਹੁਕਮ ਤੋਂ ਕੋਈ ਆਕੀ ਨਹੀਂ। ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਪ੍ਰਾਣੀ ਨੂੰ ਪਰਮਾਤਮਾ ਦੇ ਹੁਕਮ (ਰਜ਼ਾ) ਦੀ ਸੋਝੀ ਪੈ ਜਾਂਦੀ ਹੈ, ਉਹ ਫਿਰ ਕੋਈ ਹਉਮੈ ਦੀਆਂ ਗੱਲਾਂ ਨਹੀਂ ਕਰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਧਾਰਮਿਕ ਸਾਹਿਤ

ਗੁਰੂ ਅਮਰਦਾਸ-ਯੂਅਰ ਪ੍ਰੇਜ਼ ਬਿਲੌਂਗ ਓਨਲੀ ਟੂ ਯੂ (ਹਿਸਟਰੀ ਐਂਡ ਹੈਰੀਟੇਜ) (ਅੰਗਰੇਜ਼ੀ)
ਲੇਖਕ : ਸ: ਮੱਖਣ ਸਿੰਘ
(ਨਵੀਂ ਦਿੱਲੀ)
ਪ੍ਰਕਾਸ਼ਕ : ਪਰਫੈਕਟ ਆਰਟ ਪਬਲੀਕੇਸ਼ਨ
(ਨਵੀਂ ਦਿੱਲੀ)
ਪੰਨੇ : 168, ਕੀਮਤ : 300
ਸੰਪਰਕ : 011-25220940


ਉੱਘੇ ਸਿੱਖ ਵਿਦਵਾਨ/ਸਾਬਕਾ ਉੱਚ ਬੈਂਕ ਅਧਿਕਾਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਸ: ਮੱਖਣ ਸਿੰਘ ਦਾ ਨਾਂਅ ਸਿੱਖ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਨੌਕਰੀ ਦੌਰਾਨ ਵੀ ਕੀਰਤਨ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ, ਕਈ ਲੇਖ ਅਤੇ ਪੁਸਤਕਾਂ ਲਿਖੀਆਂ ਅਤੇ ਸੇਵਾਮੁਕਤੀ ਤੋਂ ਉਪਰੰਤ ਹੋਰ ਵੀ ਲਗਨ ਨਾਲ ਸੇਵਾ 'ਚ ਜੁਟੇ ਹੋਏ ਹਨ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੁਭਾਗੇ ਅਵਸਰ 'ਤੇ ਇਹ ਪੁਸਤਕ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕੀਤੀ ਹੈ। ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਹੈ।
ਇਸ ਪੁਸਤਕ ਦੇ 18 ਨਾਯਾਬ ਲੇਖਾਂ ਰਾਹੀਂ ਗੁਰੂ ਅਮਰਦਾਸ ਜੀ ਦੀ ਅਜ਼ਮਤ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸਾਬਕਾ ਆਈ.ਏ.ਐਸ. ਸ: ਸਰਨ ਸਿੰਘ, ਸਾਬਕਾ ਐਮ. ਪੀ. ਤਰਲੋਚਨ ਸਿੰਘ, ਪਾਂਡੀਚੇਰੀ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਪ੍ਰੋ: ਗੁਰਮੀਤ ਸਿੰਘ, ਪਟਿਆਲਾ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਡਾ: ਜਸਪਾਲ ਸਿੰਘ, ਡਾ: ਹਰਪ੍ਰੀਤ ਕੌਰ ਤੇ ਰਜਿੰਦਰ ਸਿੰਘ ਜੌਲੀ (ਅਮਰੀਕਾ) ਵਰਗੇ ਵਿਦਵਾਨਾਂ ਨੇ ਪੁਸਤਕ ਬਾਰੇ ਲਿਖਿਆ ਹੈ।
ਪੁਸਤਕ ਦੇ ਪ੍ਰਥਮ ਭਾਗ 'ਲੈਗੇਸੀ ਆਫ਼ ਗੁਰੂ ਅਮਰਦਾਸ' ਵਿਚ ਤੀਜੇ ਪਾਤਸ਼ਾਹ ਬਾਰੇ ਖੰਡ (Advent of Guru Nanak) ਪੜ੍ਹਨਯੋਗ ਹੈ।
ਨਾਨਕ ਕੁਲਿ ਨਿੰਮਲ ਅਵਤਾਰਿਉ। ਅੰਗਦ ਲਹਣੇ ਸੰਗਿ ਹੂਅ॥
ਗੁਰ ਅਮਰਦਾਸ ਤਾਰਣ ਤਰਣ। ਜਨਮ ਜਨਮ ਪਾ ਸਰਣਿ ਤੁਅ॥' (ਪੰਨਾ 38)
ਗੁਰੂ ਅਮਰਦਾਸ ਜੀ ਦੇ ਮੁਢਲੇ ਜੀਵਨ ਤੋਂ ਲੈ ਕੇ ਉਨ੍ਹਾਂ ਦੀ ਖਡੂਰ ਸਾਹਿਬ ਆਮਦ, ਗੁਰਬਾਣੀ ਸੁਣ ਕੇ, ਜੀਵਨ ਪਲਟਣਾ, ਗੋਇੰਦਵਾਲ ਦੀ ਸਥਾਪਨਾ, ਗੁਰਗੱਦੀ ਦੀ ਪ੍ਰਾਪਤੀ, ਬਾਣੀ ਰਚਨਾ, ਇਸਤਰੀ ਜਾਤੀ ਨੂੰ ਉਨ੍ਹਾਂ ਦੀ ਲਾਸਾਨੀ ਦੇਣ, ਭਾਈ ਹਿਦਾਲ, ਗੰਗੂ ਤੇ ਮੱਥੋ ਮੁਰਾਰੀ, ਅਕਬਰ ਦਾ ਦਰਸ਼ਨਾਂ ਲਈ ਆਉਣਾ, ਧਾਰਮਿਕ ਯਾਤਰਾਵਾਂ, ਪ੍ਰਚਾਰ ਹਿਤ ਮੰਜੀ ਪ੍ਰਥਾ ਚਲਾਉਣਾ, ਗੁਰੂ ਜੀ ਦੇ 23 ਪ੍ਰਿਯ ਸਿੱਖਾਂ ਬਾਰੇ ਜਾਣਕਾਰੀ, ਬਾਬਾ ਸੁੰਦਰ ਜੀ ਵਲੋਂ ਰਾਮਕਲੀ ਸਦ ਦਾ ਉਲੇਖ, 11 ਭੱਟ ਸਾਹਿਬਾਨ ਦੀ ਦੇਣ, ਇਹ ਸਾਰੇ ਲੇਖ ਡੂੰਘੀ ਖੋਜ ਦਾ ਸਿੱਟਾ ਹਨ। ਲੇਖਕ ਦੀ ਅੰਗਰੇਜ਼ੀ ਭਾਸ਼ਾ ਉੱਤੇ ਪੂਰੀ ਪਕੜ ਹੈ। ਅੰਗਰੇਜ਼ੀ ਦੇ ਨਾਲ-ਨਾਲ ਪਾਵਨ ਤੁਕਾਂ ਪੰਜਾਬੀ ਵਿਚ ਵੀ ਹਨ। ÒGuru Amar Dass Ji At A GlanceÓ ਉਨਵਾਨ ਹੇਠ ਉਨ੍ਹਾਂ ਨਾਲ ਸਬੰਧਿਤ 14 ਇਤਿਹਾਸਕ ਰੰਗੀਨ ਚਿੱਤਰ (ਵੇਰਵੇ ਸਮੇਤ) ਪੁਸਤਕ ਨੂੰ ਚਾਰ ਚੰਨ ਲਾਉਂਦੇ ਹਨ।


-ਤੀਰਥ ਸਿੰਘ ਢਿੱਲੋਂ
tirathsinghdhillon04@gmail.com

ਵਿਸਮਾਦੀ ਸਮਾਜ ਦਾ ਮੂਲ ਧੁਰਾ-ਕਰਤਾਰਪੁਰ ਸਾਹਿਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੋ, ਜਦੋਂ ਤੱਕ ਵਿਸ਼ਵ ਦੇਸ਼ ਅਤੇ ਮਾਨਵ ਸੱਭਿਅਤਾ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਲੋਕ ਕੁਦਰਤਮੁਖੀ ਸਮਾਜਿਕ ਪ੍ਰਬੰਧ ਨੂੰ ਨਹੀਂ ਅਪਣਾਉਂਦੇ ਅਤੇ ਉਸ ਦੀਆਂ ਲੀਹਾਂ ਉੱਤੇ ਆਪਣੀ ਰਾਜ ਵਿਵਸਥਾ ਨਹੀਂ ਚਲਾਉਂਦੇ, ਉਦੋਂ ਤੱਕ ਪੰਜਾਬ ਤੋਂ ਵਿਸ਼ਵ ਪੱਧਰ ਤੱਕ ਦੇ ਸੰਕਟਾਂ ਦਾ ਨਿਵਾਰਨ ਨਹੀਂ ਕੀਤਾ ਜਾ ਸਕਦਾ। ਯਕੀਨਨ ਮਾਨਵ ਜਾਤੀ ਕੁਦਰਤ ਅਨੁਸਾਰ ਜੀਵਨ ਜੀਊ ਕੇ ਹੀ ਆਪਣਾ ਬਚਾਅ ਕਰ ਸਕਦੀ ਹੈ।
ਸੋ ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੁਦਰਤਮੁਖੀ ਸਮਾਜਿਕ ਪ੍ਰਬੰਧ ਕਿਵੇਂ ਸਥਾਪਤ ਕੀਤਾ ਜਾਵੇ? ਗੁਰੂ ਨਾਨਕ ਦੇਵ ਜੀ ਵਲੋਂ ਕਰਤਾਰਪੁਰ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਵਿਕਾਸ ਮਾਡਲ ਨੂੰ ਅੱਜ ਦੇ ਸੰਕਟਮਈ ਹਾਲਾਤ ਵਿਚ ਹੋਰ ਪਾਸਾਰ ਕਿਵੇਂ ਦਿੱਤੇ ਜਾਣ ਕਿ ਇਤਿਹਾਸ ਦਾ ਇਕ ਮਹੱਤਵਪੂਰਨ ਵਰਤਾਰਾ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਇਕ ਨਵਾਂ ਵਿਕਸਿਤ, ਸੁਰੱਖਿਅਤ, ਸਿਰਜਣਾਤਮਿਕ ਅਤੇ ਅਨੰਦਮਈ ਸਮਾਜ ਅਥਵਾ ਵਿਵਸਥਾ ਸਿਰਜ ਸਕੇ। ਅੱਜ ਸਿੱਖ ਪੰਥ ਭਾਰਤ ਅਤੇ ਪਾਕਿਸਤਾਨ ਸਮੇਤ ਵਿਸ਼ਵ ਦੇਸ਼ਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ, 2019 ਵਿਚ ਮਨਾਉਣ ਜਾ ਰਿਹਾ ਹੈ। ਇਸ ਸਬੰਧੀ ਨਗਰ ਕੀਰਤਨਾਂ, ਵੱਡੀਆਂ ਇਮਾਰਤਾਂ, ਸੜਕਾਂ, ਲੰਗਰਾਂ, ਸੁਲਤਾਨਪੁਰ ਲੋਧੀ ਨੂੰ ਸਫ਼ੈਦ ਰੰਗਤ ਦੇਣ, ਸੈਮੀਨਾਰ ਕਰਵਾਉਣ ਆਦਿ ਵਰਗੇ ਵੱਡੇ ਪ੍ਰੋਗਰਾਮ ਉਲੀਕੇ ਗਏ ਹਨ। ਸਾਡੇ ਸਾਹਮਣੇ 1999 ਤੋਂ ਵਰਤਮਾਨ ਤੱਕ ਇਸੇ ਹੀ ਢੰਗ ਨਾਲ ਮਨਾਈਆਂ ਗਈਆਂ ਵੱਡੀਆਂ ਸ਼ਤਾਬਦੀਆਂ ਦੇ ਤਜਰਬਿਆਂ ਦਾ ਇਤਿਹਾਸ ਹੈ। ਇਕ ਅਨੁਮਾਨ ਅਨੁਸਾਰ 1999 ਤੋਂ ਵਰਤਮਾਨ ਤੱਕ ਮਨਾਈਆਂ ਗਈਆਂ ਸ਼ਤਾਬਦੀਆਂ ਉੱਤੇ 10 ਅਰਬ ਤੋਂ ਵੱਧ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਪਰ ਕੀ ਸਿੱਖ ਪੰਥ ਅਤੇ ਵਿਸ਼ਵ ਲਈ ਅਜਿਹੇ ਉਪਰਾਲਿਆਂ ਨਾਲ ਕੋਈ ਸਾਰਥਿਕ ਨਤੀਜੇ ਨਿਕਲੇ ਹਨ? ਜਵਾਬ ਸਪੱਸ਼ਟ''ਨਾਂਹ' ਵਿਚ ਹੈ। ਇਸੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਹਰ ਸੰਜੀਦਾ ਸਿੱਖ ਲੀਹ ਤੋਂ ਹਟ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਜਥੇਬੰਦ ਕਰਨਾ ਚਾਹੁੰਦੇ ਹਨ।
ਅੱਜ ਵਿਸ਼ਵ ਸਥਿਤੀਆਂ ਦਾ ਇਕ ਵੱਡਾ ਸੱਚ ਹੈ ਕਿ ਪੂੰਜੀਵਾਦੀ, ਸਮਾਜਵਾਦੀ, ਕਮਿਊਨਿਜ਼ਮ, ਇਸਲਾਮਿਕ ਅਤੇ ਸਥਾਨਕ ਪੱਧਰ ਦੇ ਸਮੁੱਚੇ ਸੰਸਾਰ ਪ੍ਰਬੰਧ ਅਜਿਹੀ 'ਦਾਰਸ਼ਨਿਕ ਥਕਾਵਟ ਅਤੇ ਅਸਪੱਸ਼ਟਤਾ' ਦੇ ਘੇਰੇ ਵਿਚ ਆ ਗਏ ਹਨ ਕਿ ਵਿਸ਼ਵ ਨੂੰ ਇਕ 'ਨਵੇਂ ਸੰਸਾਰ ਪ੍ਰਬੰਧ' ਦੀ ਲੋੜ ਆ ਪਈ ਹੈ। ਪੰਜਾਬ, ਭਾਰਤ ਅਤੇ ਵਿਸ਼ਵ ਦੇ ਅਜਿਹੇ ਤਨਾਅਪੂਰਨ ਅਤੇ ਕਈ ਤਰ੍ਹਾਂ ਦੀਆਂ ਖਾਮੀਆਂ ਵਾਲੇ ਅਜੋਕੇ ਸਮਾਜਿਕ ਪ੍ਰਬੰਧ ਦੀ ਥਾਂ 'ਤੇ ਇਕ ਨਵਾਂ ਸੰਸਾਰ ਪ੍ਰਬੰਧ ਸਿਰਜਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੈ। ਇਨ੍ਹਾਂ ਸਥਿਤੀਆਂ ਵਿਚ ਸਿੱਖ ਪੰਥ ਦੀਆਂ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸੰਸਥਾਵਾਂ, ਸਮਾਜੋ-ਰਾਜਨੀਤਕ-ਧਾਰਮਿਕ-ਰਾਜਨੀਤਕ ਆਗੂ ਅਤੇ ਵਿਸ਼ਵ ਭਰ ਵਿਚ ਫੈਲੀ ਸਿੱਖ ਪ੍ਰਤਿਭਾ ਮਾਨਵ ਜਾਤੀ ਦੀ ਅਜਿਹੀ ਲੋੜ ਨੂੰ ਕਿਵੇਂ ਪੂਰਾ ਕਰ ਸਕਦੇ ਹਨ, ਇਹ ਸਮੁੱਚੇ ਸਿੱਖ ਪੰਥ ਦੀ ਇਕ ਵੱਡੀ ਜ਼ਿੰਮੇਵਾਰੀ ਅਥਵਾ ਚਿੰਤਾ ਹੋਣੀ ਜ਼ਰੂਰੀ ਹੈ।
ਇਹ ਇਥੇ ਹੀ ਹੈ ਕਿ ਮੇਰੀ ਨਵੀਂ ਰਚਨਾ 'ਵਿਸਮਾਦੀ ਵਿਸ਼ਵ ਆਰਡਰ' (ਵਿਸ਼ਵ ਸੱਭਿਆਚਾਰਾਂ ਦਾ ਬਹੁ-ਸੰਘ) ਨਾ ਕੇਵਲ ਭਾਰਤ ਸਗੋਂ ਵਿਸ਼ਵ ਦੇਸ਼ਾਂ ਨੂੰ ਇਕ ਨਵਾਂ ਵਿਸਮਾਦੀ ਸਮਾਜ ਅਤੇ ਸਮਾਜਿਕ ਪ੍ਰਬੰਧ ਸਿਰਜਣ ਲਈ ਰਾਹ-ਦਸੇਰਾ ਸਾਬਤ ਹੋ ਸਕਦੀ ਹੈ। ਵਿਸ਼ਾਲ ਵਿਸ਼ਵ ਕੈਨਵਸ ਵਾਲੀ ਇਹ ਪੁਸਤਕ ਅਸਲ ਵਿਚ ਉਹ ਪੰਥਕ ਏਜੰਡਾ ਵੀ ਨਿਰਧਾਰਤ ਕਰਦੀ ਹੈ, ਜਿਸ ਦੀ ਪੰਥ ਨੂੰ ਅੱਜ ਵੱਡੀ ਲੋੜ ਹੈ। ਇਸ ਪੁਸਤਕ ਵਿਚ ਦਿੱਤੇ ਗਏ ਵਿਚਾਰਾਂ ਨੂੰ ਕਰਵਾਏ ਜਾਣ ਵਾਲੇ ਸੈਮੀਨਾਰਾਂ ਅਤੇ ਹੋਰ ਸਮਾਗਮਾਂ ਦਾ ਜੇਕਰ ਕੇਂਦਰੀ ਵਿਸ਼ਾ ਬਣਾ ਲਿਆ ਜਾਏ ਤਾਂ ਪਿਛਲੀਆਂ ਸ਼ਤਾਬਦੀਆਂ ਤੋਂ ਉਲਟ ਵੱਡੇ ਪ੍ਰਸੰਗਿਕ ਅਤੇ ਸਾਰਥਿਕ ਨਤੀਜੇ ਨਿਕਲ ਸਕਦੇ ਹਨ।
ਅਜਿਹੇ ਹਾਲਾਤ ਵਿਚ ਪ੍ਰਤਿਭਾਵਾਨ ਸਿੱਖਾਂ ਦਾ ਵੱਡਾ ਫਰਜ਼ ਬਣ ਜਾਂਦਾ ਹੈ ਕਿ ਉਹ ਸਿੱਖ ਫਿਲਾਸਫੀ ਦੀਆਂ ਅੰਤਰ-ਦ੍ਰਿਸ਼ਟੀਆਂ ਆਧਾਰਿਤ ਸਮਾਜਿਕ-ਸ਼ਾਸਕੀ ਪ੍ਰਬੰਧ ਬਾਰੇ ਮਾਨਵ ਸੱਭਿਅਤਾ ਨੂੰ ਨਾ ਕੇਵਲ ਜਾਣੂੰ ਕਰਵਾਉਣ, ਸਗੋਂ ਇਸ ਨੂੰ ਮਾਨਵ ਜੀਵਨ ਦਾ ਹਿੱਸਾ ਬਣਾਉਣ ਲਈ ਖੁਦ ਵੱਡੀ ਪਹਿਕਦਮੀ ਕਰਨ, ਜਿਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਰੱਖ ਦਿੱਤੀ ਸੀ। ਸਮਾਜਿਕ ਪ੍ਰਬੰਧ ਦਾ 'ਕਰਤਾਰਪੁਰੀ ਮਾਡਲ' ਵਿਸ਼ਵ ਜੀਵਨ ਦਾ ਹਿੱਸਾ ਬਣਨਾ ਜ਼ਰੂਰੀ ਹੈ। (ਸਮਾਪਤ)


-ਮੋਬਾ: 98725-91713

ਸੰਤ ਸਮਾਗਮ 'ਤੇ ਵਿਸ਼ੇਸ਼

ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੀ ਚਰਨ ਛੋਹ ਪ੍ਰਾਪਤ ਨਾਨਕਸਰ ਠਾਠ ਮਹਿਲ ਕਲਾਂ (ਬਰਨਾਲਾ)

ਨਾਨਕਸਰ ਠਾਠ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਸੰਪਰਦਾਇ ਨਾਲ ਸਬੰਧਿਤ ਠਾਠ ਹੈ, ਨਾਨਕਸਰ ਮਹਿਲ ਕਲਾਂ (ਬਰਨਾਲਾ), ਜਿਸ ਨੂੰ 13ਵੇਂ ਠਾਠ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਬਹੁਤ ਸਮਾਂ ਪਹਿਲਾਂ ਨਿਰਮਲੇ ਸੰਪਰਦਾਇ ਦਾ ਡੇਰਾ ਹੁੰਦਾ ਸੀ, ਜਿਸ ਦੀ ਸੇਵਾ ਸੰਭਾਲ ਬਾਬਾ ਸੁੰਦਰ ਸਿੰਘ ਕਰ ਰਹੇ ਸਨ। 20ਵੀਂ ਸਦੀ ਦੇ ਮਹਾਨ ਤਪੱਸਵੀ ਅਤੇ ਮਹਾਨ ਤਿਆਗੀ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨੇ ਇਸ ਅਸਥਾਨ ਨੂੰ ਅਪ੍ਰੈਲ, 1940 ਵਿਚ ਆਪਣੀ ਚਰਨ ਛੋਹ ਬਖਸ਼ੀ। ਉਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲੇ 1960-61 ਵਿਚ ਇਸ ਅਸਥਾਨ ਨੂੰ ਹੈੱਡਕੁਆਰਟਰ ਵਜੋਂ ਵਰਤਦੇ ਰਹੇ। ਇਸ ਇਲਾਕੇ 'ਚ ਉਨ੍ਹਾਂ ਦੇ ਦੀਵਾਨਾਂ ਦਾ ਸਮਾਂ ਇੱਥੋਂ ਨਿਸ਼ਚਿਤ ਹੁੰਦਾ ਹੈ। ਉਹ ਦਿਨ ਦੇ ਦੀਵਾਨ ਨੇੜਲੇ ਪਿੰਡ 'ਚ ਅਤੇ ਰਾਤ ਸਮੇਂ ਇੱਥੇ ਦੀਵਾਨ ਸਜਾਉਂਦੇ, ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋ ਕੇ ਜਨਮ ਸਫ਼ਲਾ ਕਰਦੀਆਂ। ਇਸ ਸਮੇਂ ਦੌਰਾਨ ਉਨ੍ਹਾਂ ਵੱਡੀ ਗਿਣਤੀ 'ਚ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ।
ਸੰਤ ਬਾਬਾ ਈਸ਼ਰ ਸਿੰਘ ਦੇ ਚਰਨ ਸੇਵਕ ਸ਼ਹੀਦ ਬਾਬਾ ਜੰਗ ਸਿੰਘ, ਬਾਬਾ ਚੰਨਣ ਸਿੰਘ ਸਲੰਘ ਵਾਲੇ ਅਤੇ ਨੰਬਰਦਾਰ ਘੁਮੰਡ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਵਲੋਂ ਸੰਤ ਬਾਬਾ ਹਰਨਾਮ ਸਿੰਘ ਨੂੰ ਇਸ ਅਸਥਾਨ ਦੇ ਮੁੱਖ ਸੇਵਾਦਾਰ ਵਜੋਂ ਜ਼ਿੰਮੇਵਾਰੀ ਸੌਂਪੀ, ਜਿਨ੍ਹਾਂ ਆਪਣੇ ਸਾਥੀ ਬਾਬਾ ਜੰਗ ਸਿੰਘ, ਬਾਬਾ ਬਿੱਕਰ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਨੂੰ ਠਾਠ ਨਾਨਕਸਰ ਦਾ ਨਾਂਅ ਦੇ ਕੇ ਪੰਜ ਪਿਆਰਿਆਂ ਨੇ ਇਸ ਦੀ ਨੀਂਹ 30 ਦਸੰਬਰ, 1965, 16 ਪੋਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੱਖੀ। ਇੱਥੇ 50 ਸਾਲ ਦੇ ਕਰੀਬ ਸੇਵਾ ਕਰਦਿਆਂ ਸੰਤ ਬਾਬਾ ਹਰਨਾਮ ਸਿੰਘ ਨੇ ਗੁਰਮਤਿ ਸਮਾਗਮ, ਨਗਰ ਕੀਰਤਨ ਕਰਵਾ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ। ਇੱਥੇ ਚਲਾਏ ਜਾ ਰਹੇ ਗੁਰਮਤਿ ਸੰਗੀਤ ਵਿਦਿਆਲਾ 'ਚ ਪਹਿਲਾਂ ਹਜ਼ੂਰੀ ਰਾਗੀ ਭਾਈ ਹਰੀ ਸਿੰਘ, ਗਿਆਨੀ ਕਰਨੈਲ ਸਿੰਘ ਕੰਵਲ, ਹੁਣ ਮਹੰਤ ਗੁਰਪ੍ਰੀਤ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਗੁਰਮਤਿ ਅਤੇ ਸੰਗੀਤ ਦੀ ਵਿੱਦਿਆ ਦਿੱਤੀ ਜਾ ਰਹੀ ਹੈ। ਅਪ੍ਰੈਲ, 2017 'ਚ ਮੁੱਖ ਸੇਵਾਦਾਰ ਸੰਤ ਹਰਨਾਮ ਸਿੰਘ ਦੇ ਗੁਰੂ ਚਰਨਾਂ 'ਚ ਚਲੇ ਜਾਣ ਤੋਂ ਬਾਅਦ ਮੁੱਖ ਸੇਵਾਦਾਰ ਸੰਤ ਕੇਹਰ ਸਿੰਘ ਵਲੋਂ ਆਪਣੇ ਸਹਿਯੋਗੀ ਸਾਥੀਆਂ ਸੰਤ ਗੁਰਦੀਪ ਸਿੰਘ, ਮਹੰਤ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਧਰਮ ਪ੍ਰਚਾਰ ਅਤੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਇਸ ਅਸਥਾਨ ਉੱਪਰ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਈਸ਼ਰ ਸਿੰਘ ਦੇ ਆਗਮਨ ਦਿਵਸ ਨੂੰ ਸਮਰਪਿਤ 54ਵੇਂ ਸਾਲਾਨਾ ਸੰਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ, ਜਿਨ੍ਹਾਂ ਦੇ ਸਮਾਪਤੀ ਸਮਾਰੋਹ 17 ਸਤੰਬਰ ਦਿਨ ਮੰਗਲਵਾਰ ਨੂੰ ਹੋਣਗੇ। ਇਸ ਮੌਕੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ-ਮਹਾਂਪੁਰਸ਼, ਕਥਾਵਾਚਕ, ਕੀਰਤਨੀ ਜਥੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਗੇਜਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।


ਮਹਿਲ ਕਲਾਂ (ਬਰਨਾਲਾ)। ਮੋਬਾ: 98765-01118
Email: avtarankhi@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX