ਤਾਜਾ ਖ਼ਬਰਾਂ


ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  30 minutes ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  39 minutes ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  about 1 hour ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  about 2 hours ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 2 hours ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  about 3 hours ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  about 3 hours ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਹੋਰ ਖ਼ਬਰਾਂ..

ਖੇਡ ਜਗਤ

ਸਾਲ ਦੇ ਆਖ਼ਰੀ ਟੈਨਿਸ ਗ੍ਰੈਂਡ ਸਲੈਮ ਟੂਰਨਾਮੈਂਟ

ਅਮਰੀਕੀ ਓਪਨ ਨੇ ਬਦਲਿਆ ਟੈਨਿਸ ਦਾ ਨਕਸ਼ਾ

ਟੈਨਿਸ ਸੀਜ਼ਨ ਦਾ ਸਾਲ ਦਾ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਯੂ.ਐਸ. ਓਪਨ ਭਾਵ ਅਮਰੀਕੀ ਓਪਨ ਹੈਰਾਨ ਕਰ ਦੇਣ ਵਾਲੇ ਨਤੀਜਿਆਂ ਲਈ ਜਾਣਿਆ ਜਾਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ ਅਤੇ ਲੰਘੇ ਦਿਨੀਂ ਮੁਕੰਮਲ ਹੋਇਆ ਇਹ ਟੂਰਨਾਮੈਂਟ ਆਪਣੇ ਇਸੇ ਰੁਝਾਨ ਨੂੰ ਕਾਇਮ ਰੱਖਦੇ ਹੋਏ ਟੈਨਿਸ ਜਗਤ ਦੇ ਸਮੀਕਰਨ ਬਦਲ ਗਿਆ ਹੈ। ਇਸ ਵਾਰ ਜੋ ਜੇਤੂ ਸਾਹਮਣੇ ਆਏ ਹਨ ਅਤੇ ਜਿਸ ਢੰਗ ਨਾਲ ਜੇਤੂ ਬਣੇ ਹਨ, ਉਹ ਇਸ ਗੱਲ ਦੇ ਗਵਾਹ ਹਨ। ਮਰਦਾਂ ਦੇ ਵਰਗ ਵਿਚ ਦੂਜਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਪੰਜਵਾਂ ਦਰਜਾ ਪ੍ਰਾਪਤ ਰੂਸ ਦੇ ਡਾਨਿਲ ਮੇਦਵੇਦੇਵ ਨੂੰ ਹਰਾ ਕੇ ਯੂ.ਐੱਸ. ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਨਡਾਲ ਨੇ ਫਾਈਨਲ ਮੁਕਾਬਲੇ ਵਿਚ ਚਾਰ ਘੰਟੇ 51 ਮਿੰਟ ਦੇ ਸਖ਼ਤ ਸੰਘਰਸ਼ ਦੇ ਬਾਅਦ ਮੇਦਵੇਦੇਵ ਨੂੰ ਹਰਾਇਆ ਅਤੇ ਇਹ ਮੈਚ ਵਾਕਈ ਵੇਖਣ ਵਾਲਾ ਸੀ। ਨਡਾਲ ਦਾ ਇਹ ਚੌਥਾ ਯੂ. ਐੱਸ. ਓਪਨ ਖਿਤਾਬ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਕੁੱਲ 19 ਗ੍ਰੈਂਡ ਸਲੈਮ ਖਿਤਾਬ ਹੋ ਗਏ ਹਨ। ਨਡਾਲ ਹੁਣ ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਕਦਮ ਦੂਰ ਹੈ। ਗੱਲ ਜੇਕਰ ਫੈਡਰਰ ਦੀ ਹੋਵੇ ਤਾਂ ਉਹ ਖਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਸਨ ਪਰ ਟੂਰਨਾਮੈਂਟ ਦੇ ਸਭ ਤੋਂ ਵੱਡੇ ਉਲਟਫੇਰ ਤਹਿਤ ਰੈਂਕਿੰਗ ਵਿਚ ਨੌਸਿਖੀਏ ਖਿਡਾਰੀ ਗ੍ਰਿਗੋਰ ਦਿਮਿਤਰੋਵ ਨੇ ਫੈਡਰਰ ਖਿਲਾਫ਼ ਜਿੱਤ ਦਰਜ ਕੀਤੀ, ਹਾਲਾਂਕਿ ਫੈਡਰਰ ਇਸ ਮੈਚ ਵਿਚ ਗਰਦਨ ਦੇ ਦਰਦ ਕਰਕੇ ਤਕਲੀਫ਼ ਵਿਚ ਨਜ਼ਰ ਆ ਰਹੇ ਸਨ।
ਇਸੇ ਤਰ੍ਹਾਂ ਮਹਿਲਾ ਵਰਗ ਦੇ ਫਾਈਨਲ ਮੁਕਾਬਲੇ ਵਿਚ ਵੀ ਨੌਜਵਾਨ ਸ਼ਕਤੀ ਦੀ ਜਿੱਤ ਹੋਈ ਅਤੇ ਤਜਰਬਾ ਬਾਜ਼ੀ ਮਾਰਨ ਤੋਂ ਖੁੰਝ ਗਿਆ। ਅਮਰੀਕੀ ਖਿਡਾਰਨ ਸੇਰੇਨਾ ਵਿਲੀਅਮਜ਼ ਆਪਣੇ ਘਰੇਲੂ ਮੈਦਾਨ ਉੱਤੇ 24ਵਾਂ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂਅ ਨਹੀਂ ਕਰ ਸਕੀ ਅਤੇ ਕੈਨੇਡਾ ਦੀ ਬਿਆਂਕਾ ਐਂਡ੍ਰੇਸਕੂ ਨੇ ਇਤਿਹਾਸ ਰਚਦੇ ਹੋਏ ਸੇਰੇਨਾ ਵਿਲੀਅਮਜ਼ ਨੂੰ ਹਰਾ ਦਿੱਤਾ। ਇਸ ਤਰ੍ਹਾਂ, ਬਿਆਂਕਾ ਯੂ. ਐੱਸ. ਓਪਨ ਵਿਚ ਸਿੰਗਲਜ਼ ਦੇ ਫਾਈਨਲ ਦਾ ਖਿਤਾਬ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਹੈ। ਸੇਰੇਨਾ ਵਿਲੀਅਮਜ਼ ਲਈ ਸੰਤੋਖ ਵਾਲੀ ਗੱਲ ਇਹੀ ਬਣ ਸਕੀ ਕਿ ਉਸ ਨੇ ਯੂ. ਐੱਸ. ਓਪਨ ਵਿਚ ਸ਼ਾਨਦਾਰ 100ਵੀਂ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ। ਓਧਰ, ਜੈਮੀ ਮਰੇ ਅਤੇ ਮਾਟੇਕ-ਸੈਂਡਸ ਦੀ ਜੋੜੀ ਨੇ ਯੂ. ਐੱਸ ਓਪਨ ਮਿਕਸਡ ਡਬਲਜ਼ ਦਾ ਖਿਤਾਬ ਆਪਣੇ ਨਾਂਅ ਕੀਤਾ ਅਤੇ ਇਸ ਜਿੱਤ ਨੇ ਇਨ੍ਹਾਂ ਦੋਵਾਂ ਨੂੰ ਬਿਹਤਰੀਨ ਜੋੜੀ ਮੁਕਾਬਲੇਬਾਜ਼ ਦੇ ਰੂਪ ਵਿਚ ਸ਼ਾਮਿਲ ਕਰ ਦਿੱਤਾ। ਭਾਰਤੀ ਖਿਡਾਰੀ ਇਸ ਵਾਰ ਯੂ.ਐਸ. ਓਪਨ ਵਿਚ ਕੋਈ ਕਮਾਲ ਨਹੀਂ ਕਰ ਸਕੇ। ਰੋਹਨ ਬੋਪੰਨਾ ਦੀ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ਵਿਚ ਹਾਰ ਦੇ ਨਾਲ ਹੀ ਅਮਰੀਕੀ ਓਪਨ ਵਿਚ ਭਾਰਤ ਦੀ ਮੁਹਿੰਮ ਖਤਮ ਹੋ ਗਈ ਸੀ। ਇਸ ਤੋਂ ਪਹਿਲਾਂ ਲਇਏਂਡਰ ਪੇਸ ਅਤੇ ਦਿਵਿਜ ਸ਼ਰਨ ਪਹਿਲੇ ਦੌਰ ਵਿਚ ਬਾਹਰ ਹੋ ਗਏ ਸਨ, ਜਦਕਿ ਸਿੰਗਲਜ਼ ਵਿਚ ਸੁਮਿਤ ਨਾਗਲ ਅਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਵੀ ਪਹਿਲੇ ਦੌਰ ਵਿਚ ਹੀ ਹਾਰ ਝੱਲਣੀ ਪਈ ਸੀ। ਇਸ ਤਰ੍ਹਾਂ ਯੂ.ਐਸ. ਓਪਨ 2019 ਨੇ ਨਵੇਂ ਜੇਤੂ ਅਤੇ ਨਵੇਂ ਉਲਟਫੇਰ ਕਰਦੇ ਹੋਏ ਗ੍ਰੈਂਡ ਸਲੈਮ ਸੀਜ਼ਨ ਮੁਕੰਮਲ ਕੀਤਾ ਹੈ ਅਤੇ ਇਕ ਤਰ੍ਹਾਂ ਨਾਲ ਟੈਨਿਸ ਦਾ ਨਕਸ਼ਾ ਬਦਲ ਦਿੱਤਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਵਿਰਾਟ ਕੋਹਲੀ ਬਨਾਮ ਸਟੀਵ ਸਮਿੱਥ

ਕਿਹੜਾ ਹੈ ਦੁਨੀਆ ਦਾ ਸਰਬੋਤਮ ਬੱਲੇਬਾਜ਼?

ਕਦੀ ਸੁਨੀਲ ਗਾਵਸਕਰ ਬਨਾਮ ਐਲਨ ਬਾਰਡਰ, ਕਦੀ ਸਚਿਨ ਤੇਂਦੁਲਕਰ ਬਨਾਮ ਬ੍ਰਾਇਨ ਲਾਰਾ ਤੇ ਇਨ੍ਹਾਂ ਦਿਨੀਂ ਵਿਸ਼ਵ ਕੱਪ ਵਿਚ ਵਿਰਾਟ ਕੋਹਲੀ ਬਨਾਮ ਸਟੀਵ ਸਮਿੱਥ ਦੇ ਚਰਚੇ ਹਨ। ਮਾਹਿਰਾਂ ਤੋਂ ਲੈ ਕੇ ਆਮ ਕ੍ਰਿਕਟ ਪ੍ਰੇਮੀਆਂ ਵਿਚਾਲੇ ਵੀ ਇਹ ਬਹਿਸ ਜ਼ੋਰਾਂ 'ਤੇ ਹੈ ਕਿ ਆਖਰ ਕ੍ਰਿਕਟ ਦੀ ਮੌਜੂਦਾ ਦੁਨੀਆ ਵਿਚ ਸਰਬੋਤਮ ਬੱਲੇਬਾਜ਼ ਕਿਹੜਾ ਹੈ? ਕੁਝ ਲੋਕਾਂ ਦੇ ਹਿਸਾਬ ਨਾਲ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਬਿਹਤਰੀਨ ਬੈਟਿੰਗ ਕਰ ਰਹੇ ਵਿਰਾਟ ਕੋਹਲੀ ਹਨ ਤੇ ਕੁਝ ਦੂਜੇ ਲੋਕਾਂ ਅਨੁਸਾਰ ਇਕ ਸਾਲ ਦੇ ਪਾਬੰਦੀ ਤੋਂ ਬਾਅਦ ਇੰਗਲੈਂਡ ਵਿਰੁੱਧ ਐਸ਼ੇਜ਼ ਟ੍ਰਾਫੀ ਤੋਂ ਕ੍ਰਿਕਟ ਵਿਚ ਵਾਪਸੀ ਅਤੇ ਕਿਸੇ ਚਮਤਕਾਰ ਦੀ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਸਟੀਵ ਸਮਿੱਥ ਮੌਜੂਦਾ ਵਿਸ਼ਵ ਵਿਚ ਸਰਬੋਤਮ ਬੱਲੇਬਾਜ਼ ਹਨ।
ਜ਼ਾਹਿਰ ਹੈ ਇਸ ਬਹਿਸ ਦਾ ਕੋਈ ਅੰਤ ਨਹੀਂ ਹੈ। ਕਦੀ ਇਕ ਦਿਨ ਲਈ ਵੀ ਇਸ ਤਰ੍ਹਾਂ ਨਹੀਂ ਹੋਵੇਗਾ ਕਿ ਲੋਕ ਕਿਸੇ ਇਕ ਨੂੰ ਹੀ ਦੁਨੀਆ ਦਾ ਸਰਬੋਤਮ ਬੱਲੇਬਾਜ਼ ਮੰਨ ਲੈਣ। ਪਹਿਲਾਂ ਵੀ ਕਿਸੇ ਬਹਿਸ ਵਿਚ ਕਿਸੇ ਇਕ ਨੂੰ ਨਿਰਣਾਇਕ ਰੂਪ ਨਾਲ ਕਦੀ ਦੁਨੀਆ ਨੇ ਸਰਬੋਤਮ ਬੱਲੇਬਾਜ਼ ਨਹੀਂ ਮੰਨਿਆ ਤੇ ਭਲਾ ਹੁਣ ਕਿਵੇਂ ਮੰਨਣਗੇ? ਜਦ ਕਿ ਯਕੀਨ ਮੰਨੋ ਇਸ ਦਾ ਕਾਰਨ ਸਿਰਫ਼ ਰਾਸ਼ਟਰਵਾਦ ਨਹੀਂ ਹੈ। ਕੋਈ ਆਸਟ੍ਰੇਲੀਅਨ ਸਿਰਫ਼ ਇਸ ਲਈ ਵਿਰਾਟ ਨੂੰ ਸਰਬੋਤਮ ਬੱਲੇਬਾਜ਼ ਮੰਨਣ ਤੋਂ ਮਨ੍ਹਾਂ ਨਹੀਂ ਕਰ ਦੇਵੇਗਾ ਕਿ ਉਹ ਆਸਟ੍ਰੇਲੀਅਨ ਨਹੀਂ ਹੈ ਅਤੇ ਨਾ ਹੀ ਕੋਈ ਹਿੰਦੁਸਤਾਨੀ ਇਸ ਲਈ ਸਟੀਵ ਦੇ ਨਾਲ ਨਾਇਨਸਾਫ਼ੀ ਨਹੀਂ ਕਰੇਗਾ ਕਿ ਉਹ ਭਾਰਤੀ ਨਹੀਂ ਹੈ। ਅਸਲ ਵਿਚ ਕ੍ਰਿਕਟ ਵਿਚ ਗਲੋਬਲਾਈਜ਼ੇਸ਼ਨ ਦੀ ਧਾਰਨਾ ਆਉਣ ਦੇ ਬਹੁਤ ਪਹਿਲਾਂ ਹੀ ਭੂਮੰਡਲੀਕਰਨ ਸੀ।
ਅਸਲ ਵਿਚ ਸਮਿੱਥ ਜਾਂ ਵਿਰਾਟ ਵਿਚਾਲੇ ਕਦੀ ਨਿਰਣਾਇਕ ਰੂਪ ਨਾਲ ਸਰਬੋਤਮ ਹੋਣ ਦਾ ਫ਼ੈਸਲਾ ਇਸ ਲਈ ਨਹੀਂ ਹੋ ਸਕਦਾ, ਕਿਉਂਕਿ ਦੋਵੇਂ ਹੀ ਮੌਜੂਦਾ ਸਮੇਂ ਦੇ ਦੁਨੀਆ ਦੇ ਦੋ ਮਹਾਨ ਬੱਲੇਬਾਜ਼ ਹਨ। ਦੋਵਾਂ ਦੀਆਂ ਖ਼ੂਬੀਆਂ ਅਤੇ ਹੱਦਾਂ ਹਨ। ਸਟੀਵ ਸਮਿੱਥ ਨੇ ਜਿਥੇ ਟੈਸਟ ਵਿਚ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਵਿਰਾਟ ਨੂੰ ਪਿੱਛੇ ਛੱਡ ਦਿੱਤਾ, ਉਥੇ ਇਕ ਦਿਨਾ ਕ੍ਰਿਕਟ ਵਿਚ ਉਹ ਵਿਰਾਟ ਤੋਂ ਸੈਂਕੜੇ ਮੀਲ ਪਿੱਛੇ ਹੈ। ਸਿਰਫ਼ ਪਿੱਛੇ ਹੀ ਨਹੀਂ ਹੈ ਬਲਕਿ ਚਾਹੇ ਤਾਂ ਵੀ ਇਹ ਦੂਰੀ ਉਹ ਪਾਰ ਨਹੀਂ ਸਕਦੇ। ਸ਼ਾਇਦ ਇਸੇ ਸਚਾਈ ਨੂੰ ਧਿਆਨ ਵਿਚ ਰੱਖ ਕੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਸਪਿਨਰ ਸ਼ੇਨ ਵਾਰਨ ਨੇ ਵਿਰਾਟ ਅਤੇ ਸਮਿਥ ਨੂੰ ਵੱਖ-ਵੱਖ ਪੱਧਰਾਂ ਵਿਚ ਦੁਨੀਆ ਦਾ ਸਰਬੋਤਮ ਬੱਲੇਬਾਜ਼ ਮੰਨਿਆ ਹੈ। ਪਰ ਸੰਪੂਰਨਤਾ ਵਿਚ ਉਨ੍ਹਾਂ ਨੇ ਵਿਰਾਟ ਦੇ ਪੱਖ ਵਿਚ ਹੀ ਰਾਏ ਦਿੱਤੀ ਹੈ। ਵਾਰਨ ਦਾ ਕਹਿਣਾ ਹੈ ਕਿ ਜੇਕਰ ਗੱਲ ਟੈਸਟ ਕ੍ਰਿਕਟ ਦੀ ਹੋਵੇ ਤਾਂ ਸਮਿਥ ਉਨ੍ਹਾਂ ਦੇ ਪਸੰਦੀਦਾ ਹੈ ਭਾਵ ਉਨ੍ਹਾਂ ਦੀਆਂ ਨਜ਼ਰਾਂ ਵਿਚ ਵਿਸ਼ਵ ਦੇ ਸਰਬੋਤਮ ਬੱਲੇਬਾਜ਼ ਹਨ। ਪਰ ਜੇਕਰ ਗੱਲ ਕ੍ਰਿਕਟ ਦੇ ਤਿੰਨਾਂ ਰੂਪਾਂ ਦੀ ਹੋਵੇ ਤਾਂ ਵਿਰਾਟ ਦਾ ਕੋਈ ਜਵਾਬ ਨਹੀਂ ਹੈ।
ਇਸ ਸਮੇਂ ਜਦੋਂ ਇਹ ਪੰਕਤੀਆਂ ਲਿਖੀਆਂ ਜਾ ਰਹੀਆਂ ਹਨ ਉਦੋਂ ਵਿਰਾਟ ਕੋਹਲੀ ਦੀ ਉਮਰ 30 ਸਾਲ 309 ਦਿਨ ਹੈ। ਜਦ ਕਿ ਸਮਿੱਥ ਦੀ ਉਮਰ 30 ਸਾਲ 100 ਦਿਨ ਹੈ। ਇਸ ਉਮਰ ਵਿਚ ਵਿਰਾਟ ਹਾਲੇ ਤੱਕ 79 ਟੈਸਟ ਖੇਡ ਚੁੱਕੇ ਹਨ ਅਤੇ ਸਮਿੱਥ ਨੇ ਉਨ੍ਹਾਂ ਤੋਂ 12 ਟੈਸਟ ਘੱਟ ਭਾਵ 67 ਟੈਸਟ ਖੇਡੇ ਹਨ। ਸ਼ਾਇਦ ਇਹ 12 ਟੈਸਟ ਮੈਚਾਂ ਦਾ ਫਾਸਲਾ ਨਹੀਂ ਹੁੰਦਾ ਜੇਕਰ ਸਟੀਵ 'ਤੇ ਬਾਲ ਟੈਂਪਰਿੰਗ ਦੇ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਨਾ ਲੱਗੀ ਹੁੰਦੀ। ਪਾਬੰਦੀ ਕਾਰਨ ਹੀ ਸਮਿੱਥ ਪਿਛਲੇ ਸਾਲ ਜਦੋਂ ਭਾਰਤੀ ਟੀਮ ਆਸਟ੍ਰੇਲੀਆ ਦੇ ਦੌਰੇ 'ਤੇ ਗਈ ਸੀ ਅਤੇ ਭਾਰਤੀ ਟੀਮ ਨੇ ਇਤਿਹਾਸ ਵਿਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿਚ ਹੀ 2-1 ਨਾਲ ਹਰਾ ਕੇ ਟੈਸਟ ਲੜੀ ਜਿੱਤੀ ਸੀ। ਉਸ ਲੜੀ ਵਿਚ ਸਮਿੱਥ ਆਸਟ੍ਰੇਲੀਆ ਦੀ ਟੀਮ ਦਾ ਹਿੱਸਾ ਨਹੀਂ ਸੀ, ਉਹ ਇਕ ਸਾਲ ਦੀ ਪਾਬੰਦੀ ਝੱਲ ਰਿਹਾ ਸੀ।
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਮਿੱਥ ਟੈਸਟ ਵਿਚ ਵਿਰਾਟ ਤੋਂ ਕਾਫੀ ਅੱਗੇ ਹੈ। ਪਰ ਇਕ ਦਿਨਾ ਮੈਚਾਂ ਵਿਚ ਦੋਵਾਂ ਵਿਚਾਲੇ ਕੋਈ ਤੁਲਨਾ ਨਹੀਂ ਹੈ। ਸਮਿੱਥ ਨੇ ਜਿਥੇ ਹਾਲੇ ਤੱਕ ਸਿਰਫ਼ 118 ਇਕ ਦਿਨਾ ਮੈਚ ਖੇਡੇ ਹਨ, ਉਥੇ ਵਿਰਾਟ 239 ਭਾਵ ਉਨ੍ਹਾਂ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਮੈਚ ਖੇਡ ਚੁੱਕੇ ਹਨ। ਸਮਿੱਥ ਨੇ ਜਿਥੇ 41.41 ਦੀ ਔਸਤ ਨਾਲ 3810 ਦੌੜਾਂ ਬਣਾਈਆਂ ਹਨ, ਉਥੇ ਵਿਰਾਟ ਨੇ 60.41 ਦੀ ਔਸਤ ਨਾਲ 11,520 ਦੌੜਾਂ ਬਣਾਈਆਂ ਹਨ। ਸਮਿੱਥ ਦੇ ਖਾਤੇ ਵਿਚ ਜਿਥੇ ਹਾਲੇ ਤੱਕ ਸਿਰਫ਼ 8 ਇਕ ਦਿਨਾ ਸੈਂਕੜੇ ਅਤੇ 23 ਅਰਧ ਸੈਂਕੜੇ ਹਨ ਉਥੇ ਵਿਰਾਟ ਦੇ ਖਾਤੇ ਵਿਚ 43 ਸੈਂਕੜੇ ਅਤੇ 54 ਅਰਧ ਸੈਂਕੜੇ ਹਨ। ਸ਼ਾਇਦ ਉਨ੍ਹਾਂ ਦੇ ਇਕ ਦਿਨਾ ਸੈਂਕੜਿਆਂ ਨੂੰ ਦੇਖਦੇ ਹੋਏ ਹੀ ਲਗਦਾ ਹੈ ਕਿ ਉਹ ਸਚਿਨ ਦੇ 100 ਸੈਂਕੜਿਆਂ ਦਾ ਕੀਰਤੀਮਾਨ ਸੌਖਿਆਂ ਤੋੜ ਦੇਣਗੇ।
**

ਨਿਸ਼ਾਨੇਬਾਜ਼ੀ 'ਚ ਭਾਰਤ ਦੇ ਵਧਦੇ ਕਦਮ

ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਪ੍ਰਦਰਸ਼ਨ ਪਿਛਲੇ ਡੇਢ ਦਹਾਕੇ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਕਾਬਲ-ਏ-ਤਾਰੀਫ਼ ਰਿਹਾ ਹੈ। ਸਮੇਂ-ਸਮੇਂ ਸਿਰ ਭਾਰਤੀ ਖਿਡਾਰੀਆਂ ਨੇ ਵੱਡੀਆਂ ਪ੍ਰਾਪਤੀਆਂ ਆਪਣੇ ਨਾਂਅ ਕੀਤੀਆਂ ਹਨ। ਪਿਛੋਕੜ ਦੀ ਬਾਤ ਪਾਉਂਦਿਆਂ ਦੇਖੀਏ ਤਾਂ ਸੰਨ 2004 ਏਥਨਜ਼ ਉਲੰਪਿਕ ਖੇਡਾਂ ਵਿਚ ਰਾਜਵਰਧਨ ਸਿੰਘ ਰਾਠੌਰ ਨੇ ਚਾਂਦੀ ਦਾ ਤਗਮਾ ਤੇ ਫਿਰ 2008 ਬੀਜਿੰਗ ਉਲੰਪਿਕ ਖੇਡਾਂ ਵਿਚ ਅਭਿਨਵ ਬਿੰਦਰਾ ਨੇ ਪਹਿਲਾ ਵਿਅਕਤੀਗਤ ਸੋਨ ਤਗਮਾ ਆਪਣੇ ਨਾਂਅ ਕੀਤਾ। ਲੰਡਨ ਉਲੰਪਿਕ 'ਚ ਵਿਜੈ ਕੁਮਾਰ ਨੇ ਚਾਂਦੀ ਅਤੇ ਗਗਨ ਨਾਰੰਗ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਮਾਨਵਜੀਤ ਸਿੰਘ ਸੰਧੂ, ਅੰਜਲੀ ਭਾਗਵਤ, ਸ਼ਮਸ਼ੇਰ ਜੰਗ, ਸੰਜੀਵ ਰਾਜਪੂਤ ਦੀਆਂ ਪ੍ਰਾਪਤੀਆਂ ਨੇ ਭਾਰਤੀ ਨਿਸ਼ਾਨੇਬਾਜ਼ੀ ਨੂੰ ਸੁਰਖੀਆਂ ਦੇ ਫਰੇਮ ਵਿਚ ਸਿਖ਼ਰ 'ਤੇ ਪਹੁੰਚਾਇਆ। ਵਰਤਮਾਨ ਸਮੇਂ ਵੀ ਭਾਰਤੀ ਨਿਸ਼ਾਨੇਬਾਜ਼ ਨੇ ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਉੱਭਰ ਰਹੇ ਖਿਡਾਰੀਆਂ ਦੇ ਸਟੀਕ ਨਿਸ਼ਾਨੇ ਭਾਰਤੀ ਨਿਸ਼ਾਨੇਬਾਜ਼ੀ ਦੇ ਉੱਜਵਲ ਭਵਿੱਖ ਦੀ ਸ਼ਾਅਦੀ ਭਰਦੇ ਹਨ।
ਅੰਕੜਿਆਂ ਦੀ ਨਜ਼ਰਸਾਨੀ 'ਚ ਭਾਰਤੀ ਰਾਈਫ਼ਲ ਅਤੇ ਪਿਸਟਲ ਨਿਸ਼ਾਨੇਬਾਜ਼ੀ ਨੇ ਪਿਛਲੇ 8 ਮਹੀਨਿਆਂ 'ਚ 16 ਸੋਨ ਤਗਮੇ ਜਿੱਤੇ ਹਨ। ਭਾਰਤ ਦੀ ਲੀਗ ਬ੍ਰਿਗੇਡ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਖ਼ਤਮ ਹੋਈ 4 ਐਡੀਸ਼ਨ ਵਿਸ਼ਵ ਕੱਪ ਸੀਰੀਜ਼ 'ਚ 22 ਤਗਮੇ ਜਿੱਤੇ, ਜਿਨ੍ਹਾਂ ਵਿਚ 16 ਸੋਨ, 4 ਚਾਂਦੀ ਅਤੇ 2 ਕਾਂਸੀ ਤਗਮੇ ਸ਼ਾਮਿਲ ਸਨ। ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ਨੇ ਟੋਕੀਓ ਉਲੰਪਿਕ ਲਈ 9 ਕੋਟਾ ਸਥਾਨ ਵੀ ਹਾਸਲ ਕੀਤੇ। ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ ਮਿਕਸਡ ਈਵੈਂਟ 'ਚ ਵੱਡੀਆਂ ਉਮੀਦਾਂ ਹਨ। ਉਤਸ਼ਾਹਤ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸੌਰਭ ਚੌਧਰੀ ਨੇ ਮਿਸ਼ਰਤ ਵਰਗ ਵਿਚ ਇਸ ਸਾਲ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ 4 ਸੋਨ ਤਗਮੇ (ਦਿੱਲੀ, ਬੀਜਿੰਗ, ਮਿਊਨਖ ਅਤੇ ਰੀਉ-ਡੀ-ਜਨੇਰੀਓ ਵਿਚ) ਜਿੱਤੇ। ਇਸ ਜੋੜੀ ਨੇ ਰੀਓ ਵਿਚ ਅਭਿਸ਼ੇਖ ਵਰਮਾ ਅਤੇ ਯਸ਼ਮਵਿਨੀ ਦੇਸਵਾਲ ਨੂੰ 17-15 ਨਾਲ ਹਰਾ ਕੇ ਚੌਥਾ ਸੋਨ ਤਗਮਾ ਜਿੱਤਿਆ। ਪਿਛਲੇ ਦਿਨੀਂ 10 ਮੀਟਰ ਏਅਰ ਰਾਈਫ਼ਲ ਮਿਕਸਡ ਵਿਚ ਵਿਸ਼ਵ ਨੰਬਰ ਵੰਨ, ਭਾਰਤ ਦੀ ਅਪੂਰਵੀ ਚੰਦੇਲਾ ਅਤੇ ਦੀਪਕ ਕੁਮਾਰ ਨੇ ਤਗਮਾ ਆਪਣੇ ਨਾਂਅ ਕੀਤਾ। ਫਰਵਰੀ, 2019 ਵਿਚ ਨਵੀਂ ਦਿੱਲੀ 'ਚ ਹੋਏ ਆਈ.ਐਸ.ਐਫ.ਐਫ. ਵਿਸ਼ਵ ਕੱਪ 'ਚ ਅਪੂਰਵੀ ਚੰਦੇਲਾ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ।
ਵਿਸ਼ਵ ਨੰਬਰ ਦੋ 'ਤੇ ਕਾਬਜ਼ ਅਭਿਸ਼ੇਖ ਵਰਮਾ ਨੇ 10 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਵਿਚ ਬੀਜਿੰਗ ਅਤੇ ਰੀਓ ਵਿਸ਼ਵ ਕੱਪ ਵਿਚ ਸੋਨ ਤਗਮਾ ਜਿੱਤ ਕੇ ਭਵਿੱਖ ਦੇ ਨਵੇਂ ਸਿਤਾਰੇ ਵਜੋਂ ਦਸਤਕ ਦਿੱਤੀ ਅਤੇ 2020 ਟੋਕੀਓ ਉਲੰਪਿਕ ਲਈ ਕੋਟਾ ਹਾਸਲ ਕੀਤਾ।
ਭਾਰਤੀ ਨਿਸ਼ਾਨੇਬਾਜ਼ੀ ਦੀ ਨਵੀਂ ਦਸਤਕ ਬਣ ਕੇ ਉੱਭਰੇ 11 ਮਈ, 2002 ਨੂੰ ਮੇਰਠ 'ਚ ਜਨਮੇ ਸੌਰਭ ਨੇ ਇਸ ਸਾਲ ਜਿਥੇ ਸਰਬੀਆ ਦੇ ਮਿਕੇਕ ਨੂੰ ਹਰਾ ਕੇ ਨਵੇਂ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ, ਉਥੇ 2020 ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰਨ ਵਿਚ ਸਫਲਤਾ ਹਾਸਲ ਕੀਤੀ।
ਹਾਲ ਹੀ 'ਚ ਰੀਓ-ਡੀ-ਜਨੇਰੀਓ 'ਚ ਹੋਏ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਸੋਨੇ, 2 ਚਾਂਦੀ ਅਤੇ 2 ਕਾਂਸੀ ਤਗਮੇ ਜਿੱਤੇ। ਭਾਰਤ ਦੀ ਯਸ਼ਸਵਿਨੀ ਦੇਸਵਾਲ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੁਨਹਿਰੀ ਸਫ਼ਲਤਾ ਨਾਲ ਭਾਰਤ ਲਈ 9ਵਾਂ ਉਲੰਪਿਕ ਕੋਟਾ ਹਾਸਲ ਕੀਤਾ। ਯਸ਼ਸ਼ਵਿਨੀ ਨੇ ਸਾਬਕਾ ਉਲੰਪਿਕ ਅਤੇ ਵਿਸ਼ਵ ਚੈਂਪੀਅਨ ਮੌਜੂਦਾ ਵਿਸ਼ਵ ਨੰਬਰ ਵੰਨ ਯੂਕਰੇਨ ਦੀ ਔਲੇਨਾ ਕੋਸਤੇਵਿਚ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਸੇ ਵਿਸ਼ਵ ਕੱਪ ਅਭਿਸ਼ੇਖ ਵਰਮਾ, ਸੌਰਭ ਚੌਧਰੀ, ਸੰਜੀਵ ਰਾਜਪੂਤ ਅਤੇ ਈਲਾਵੇਨਿਲ ਵਾਲਾਰਿਵਨ ਨੇ ਵੀ ਸੋਨ ਤਗਮੇ ਹਾਸਲ ਕੀਤੇ।
ਭਾਰਤੀ ਖਿਡਾਰੀ ਅਪੂਰਵੀ ਚੰਦੇਲਾ ਅਤੇ ਅੰਜਮ ਮੋਦਗਿੱਲ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਰਾਹੀਂ ਸਰਨੋਵਤ ਨੇ 25 ਮੀਟਰ ਪਿਸਟਲ ਈਵੈਂਟ ਅਤੇ ਦਵਿਆਸ ਸਿੰਘ ਪਵਾਰ ਨੇ ਵੀ ਉਲੰਪਿਕ ਕੋਟਾ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ। ਖੈਰ, ਭਾਰਤੀ ਖਿਡਾਰੀਆਂ ਦੀਆਂ ਵਕਾਰੀ ਮੁਕਾਬਲਿਆਂ 'ਚ ਸੁਨਹਿਰੀ ਪ੍ਰਾਪਤੀਆਂ ਸਮੇਤ 9 ਉਲੰਪਿਕ ਕੋਟਾ ਹਾਸਲ ਕਰਨਾ ਨਿਰਸੰਦੇਹ ਭਾਰਤ ਦੇ ਨਿਸ਼ਾਨੇਬਾਜ਼ੀ 'ਚ ਵਧ ਰਹੇ ਕਦਮਾਂ ਦਾ ਸ਼ੁੱਭ ਸੰਕੇਤ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਉਲੰਪਿਕ ਖੇਡਣ ਤੇ ਜਿੱਤਣ ਦੇ ਦਬਾਅ ਤੋਂ ਮੁਕਤ ਹੋਵੇ ਸਾਡੀ ਹਾਕੀ ਟੀਮ

ਜਦੋਂ ਅਸੀਂ ਭਾਰਤੀ ਹਾਕੀ ਟੀਮਾਂ ਦੀ ਪ੍ਰਾਪਤੀ ਦੀ ਗੱਲ ਕਰਨੀ ਹੈ ਤਾਂ ਦੋ ਪ੍ਰਮੁੱਖ ਟੂਰਨਾਮੈਂਟ ਉਲੰਪਿਕ ਖੇਡਾਂ ਅਤੇ ਵਿਸ਼ਵ ਕੱਪ ਨੂੰ ਵਿਸ਼ੇਸ਼ ਤੌਰ 'ਤੇ ਵਿਚਾਰਿਆ ਜਾਂਦਾ ਹੈ। ਜਦ ਤੱਕ ਇਨ੍ਹਾਂ ਦੋਵੇਂ ਵਿਸ਼ਵ ਪੱਧਰੀ ਟੂਰਨਾਮੈਂਟਾਂ 'ਚ ਸਾਡੀਆਂ ਟੀਮਾਂ ਜੇਤੂ ਇਤਿਹਾਸ ਨਹੀਂ ਸਿਰਜਦੀਆਂ, ਬਾਕੀ ਮਾੜੀਆਂ-ਮੋਟੀਆਂ ਪ੍ਰਾਪਤੀਆਂ ਹੁਣ ਕੋਈ ਬਹੁਤ ਧਿਆਨ ਨਹੀਂ ਖਿੱਚਦੀਆਂ, ਕਿਉਂਕਿ ਭਾਰਤੀ ਟੀਮਾਂ ਉਲੰਪਿਕ ਖੇਡਾਂ ਅਤੇ ਵਿਸ਼ਵ ਕੱਪ ਦੇ ਜੇਤੂ ਇਤਿਹਾਸ ਨੂੰ ਦੁਹਰਾਉਣ ਵਿਚ ਦਹਾਕਿਆਂ ਤੋਂ ਅਸਫਲ ਹੁੰਦੀਆਂ ਆ ਰਹੀਆਂ ਹਨ। ਭਾਰਤ ਕੋਈ ਚੈਕੋਸਲਵਾਕੀਆ ਜਾਂ ਇੰਡੋਨੇਸ਼ੀਆ ਵਰਗਾ ਦੇਸ਼ ਨਹੀਂ, ਜਿਸ ਦੀ ਹਾਕੀ ਜੇ ਮਾੜਾ-ਮੋਟਾ ਕੋਈ ਟੂਰਨਾਮੈਂਟ ਜਿੱਤ ਲਵੇ ਤਾਂ ਬੱਲੇ-ਬੱਲੇ ਹੋਵੇ, ਆਖਰ ਭਾਰਤ ਉਹ ਦੇਸ਼ ਹੈ ਜਿਸ ਦੀ ਕੌਮੀ ਖੇਡ ਹਾਕੀ ਹੈ ਅਤੇ ਜਿਸ ਨੇ ਪੂਰੇ ਵਿਸ਼ਵ ਨੂੰ ਹਾਕੀ ਸਿਖਾਈ ਹੈ ਪਰ ਅੱਜ ਸਾਡੀਆਂ ਟੀਮਾਂ ਕੁਆਲੀਫਾਈ ਗੇੜਾਂ 'ਚ ਘਿਰੀਆਂ ਰਹਿੰਦੀਆਂ ਹਨ। ਉਲੰਪਿਕ ਜਿੱਤਣੀ ਜਾਂ ਵਿਸ਼ਵ ਕੱਪ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਸਾਡਾ ਮੀਡੀਆ ਅਤੇ ਹਾਕੀ ਨੂੰ ਪਿਆਰਨ ਵਾਲੇ ਲੋਕ ਕਈ ਵਾਰ ਤਰਕ ਰਹਿਤ ਗੱਲਾਂ ਕਰਦੇ ਦਿਖਾਈ ਦਿੰਦੇ ਹਨ। ਸਾਡੀ ਅਵਾਮ ਹਰ ਚਾਰ ਸਾਲ ਬਾਅਦ ਭਾਰਤੀ ਟੀਮਾਂ ਨੂੰ ਵਿਸ਼ਵ ਚੈਂਪੀਅਨ ਬਣਨ ਲਈ ਆਪਣੇ ਦੇਸ਼ ਤੋਂ ਤੋਰਦੀ ਹੈ ਪਰ ਹਕੀਕਤ ਬਹੁਤ ਉਲਟ ਹੈ। ਅਸੀਂ ਐਵੇਂ ਮੁਫਤ ਦਾ ਆਪਣੇ ਖਿਡਾਰੀਆਂ/ਖਿਡਾਰਨਾਂ 'ਤੇ ਉਲੰਪਿਕ ਹਾਕੀ ਜਾਂ ਵਿਸ਼ਵ ਕੱਪ ਹਾਕੀ ਜਿੱਤਣ ਦਾ ਮਾਨਸਿਕ ਦਬਾਅ ਪਾ ਦਿੰਦੇ ਹਾਂ। ਉਸ ਨਾਲ ਸਾਡੀਆਂ ਟੀਮਾਂ ਦਾ ਪ੍ਰਦਰਸ਼ਨ ਹੋਰ ਵੀ ਖਰਾਬ ਹੋ ਜਾਂਦਾ ਹੈ। ਕਦੇ ਤਾਂ ਇਨ੍ਹਾਂ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਅਸੀਂ ਆਪਣੀਆਂ ਹਾਕੀ ਟੀਮਾਂ ਨੂੰ ਕਿਸੇ ਮਾਨਸਿਕ ਬੋਝ ਤੋਂ ਬਗੈਰ ਤੋਰੀਏ। ਹੋ ਸਕਦਾ ਹੈ ਇਨ੍ਹਾਂ ਦਾ ਪ੍ਰਦਰਸ਼ਨ ਸੁਧਰ ਹੀ ਜਾਵੇ। ਆਓ, ਅੱਜ ਅਸੀਂ ਹਕੀਕਤ ਤੋਂ ਪਰਦਾ ਚੁੱਕੀਏ। ਵਿਸ਼ਵ ਕੱਪ ਜਾਂ ਉਲੰਪਿਕ ਹਾਕੀ ਜਿੱਤਣ ਦਾ ਅਰਥ ਹੈ ਕਿ ਭਾਰਤ ਪੰਜ ਮਹਾਂਦੀਪਾਂ ਦਾ ਚੈਂਪੀਅਨ ਹੈ ਪਰ ਸਹੀ ਮਾਅਨਿਆਂ ਵਿਚ ਭਾਰਤ ਅਜੇ ਏਸ਼ੀਆ ਚੈਂਪੀਅਨ ਵੀ ਨਹੀਂ ਹੈ, ਜਿਸ ਦਾ ਮਿਆਰ ਅੱਜ ਦੇ ਦੌਰ ਵਿਚ ਯੂਰਪੀਅਨ, ਓਸ਼ਨਿਆ ਮਹਾਂਦੀਪ ਤੋਂ ਕਿਤੇ ਘੱਟ ਹੈ। ਜੇ ਸਾਡੀਆਂ ਟੀਮਾਂ ਏਸ਼ੀਆ ਚੈਂਪੀਅਨ ਹੁੰਦੀਆਂ, ਏਸ਼ਿਆਈ ਖੇਡਾਂ ਜਿੱਤ ਕੇ ਤਾਂ ਕੁਆਲੀਫਾਈ ਗੇੜਾਂ 'ਚ ਧੱਕੇ ਨਾ ਖਾਂਦੀਆਂ। ਜੋ ਦੇਸ਼ ਅੱਜ ਏਸ਼ੀਆ ਚੈਂਪੀਅਨ ਵੀ ਨਹੀਂ, ਤੁਸੀਂ ਅਗਲੇ ਸਾਲ ਉਸ ਦੇ ਟੋਕੀਓ ਉਲੰਪਿਕ ਜਿੱਤਣ ਦੇ ਸੁਪਨੇ ਜੇ ਲੈ ਰਹੇ ਹੋ ਤਾਂ ਬੇਕਾਰ ਹੈ। ਕੁੜੀਆਂ ਦਾ ਕੁਆਲੀਫਾਈਂਗ ਟੂਰਨਾਮੈਂਟ ਭਾਰਤ 'ਚ ਹੋਵੇ ਅਤੇ ਲੜਕਿਆਂ ਦਾ ਯੂਰਪ ਦੀ ਧਰਤੀ 'ਤੇ ਪਰ ਇਹ ਦੋਵੇਂ ਟੂਰਨਾਮੈਂਟ ਜਿੱਤਣੇ ਭਾਰਤੀ ਟੀਮਾਂ ਲਈ ਕੋਈ ਸੌਖਾ ਕੰਮ ਨਹੀਂ। 4 ਮਹੀਨਿਆਂ ਦੇ ਅੰਦਰ ਇਸ ਪੱਖੋਂ ਭਾਰਤੀ ਟੀਮਾਂ ਦੀ ਪ੍ਰਾਪਤੀ ਤੁਹਾਡੇ ਰੂਬਰੂ ਹੋਵੇਗੀ।
ਦੂਜੀ ਕੌੜੀ ਹਕੀਕਤ ਇਹ ਹੈ ਕਿ ਵਿਸ਼ਵ ਕੱਪ ਜਾਂ ਉਲੰਪਿਕ ਹਾਕੀ ਨੂੰ ਜਿੱਤਣ ਦਾ ਮਤਲਬ ਹੈ ਆਸਟ੍ਰੇਲੀਆ, ਜਰਮਨੀ, ਬੈਲਜੀਅਮ, ਹਾਲੈਂਡ, ਅਰਜਨਟੀਨਾ, ਇੰਗਲੈਂਡ, ਨਿਊਜ਼ੀਲੈਂਡ, ਸਪੇਨ ਨੂੰ ਮਹਿਲਾ ਅਤੇ ਪੁਰਸ਼ ਦੋਵੇਂ ਵਰਗਾਂ 'ਚ ਮਾਤ ਦੇਣੀ। ਕੀ ਭਾਰਤ ਇਨ੍ਹਾਂ ਟੀਮਾਂ ਨੂੰ ਹਰਾ ਸਕਦੈ, ਖਿਤਾਬੀ ਟੂਰਨਾਮੈਂਟ 'ਚ?
ਐਫ.ਆਈ.ਐਚ. ਰੈਂਕਿੰਗ 'ਚ ਭਾਰਤ ਪੁਰਸ਼ ਵਰਗ 'ਚ ਪੰਜਵੇਂ ਨੰਬਰ 'ਤੇ ਹੈ ਅਤੇ ਮਹਿਲਾ ਵਰਗ ਵਿਚ 9ਵੇਂ ਨੰਬਰ 'ਤੇ। ਆਸਟ੍ਰੇਲੀਆ ਦੀ ਟੀਮ (ਪੁਰਸ਼ ਵਰਗ) 2350 ਪੁਆਇੰਟ ਲੈ ਕੇ ਪਹਿਲੇ ਨੰਬਰ 'ਤੇ, ਦੂਜੇ ਪਾਸੇ ਬੈਲਜੀਅਮ 2348 ਪੁਆਇੰਟ ਲੈ ਕੇ ਦੂਜੇ ਨੰਬਰ 'ਤੇ ਹੈ। ਭਾਰਤ ਬੈਲਜੀਅਮ ਨੂੰ ਦੇਖੇ। ਕਿਥੇ ਸੀ ਅਤੇ ਕਿਥੇ ਪਹੁੰਚਿਆ। ਅਸੀਂ ਐਵੇਂ ਹਰ 4 ਸਾਲ ਬਾਅਦ ਸ਼ੇਖਚਿੱਲੀਆਂ ਵਾਲੀਆਂ ਗੱਲਾਂ ਮਾਰਨ ਲੱਗ ਪੈਂਦੇ ਹਾਂ, ਸੰਸਾਰ ਜਿੱਤਣ ਦੀਆਂ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਮੰਜ਼ਿਲਾਂ ਵੱਲ ਵਧਣ ਦੀ ਉਡਾਨ ਦਾ ਨਾਂਅ ਹੈ ਆਸਮਾ ਅਬਦੁਲ ਜਮਾਦਾਰ

ਮੰਜ਼ਿਲਾਂ ਵੱਲ ਵਧਣ ਦੀ ਉਡਾਨ ਦਾ ਨਾਂਅ ਹੈ ਆਸਮਾ ਅਬਦੁਲ ਜਮਾਦਾਰ, ਜਿਹੜੀ ਅਪਾਹਜ ਹੈ ਪਰ ਉਸ ਦੇ ਬੁਲੰਦ ਹੌਸਲੇ ਅੱਗੇ ਕਦੇ ਵੀ ਉਸ ਦੀ ਅਪਾਹਜਤਾ ਉਸ ਨੂੰ ਮੰਜ਼ਿਲਾਂ ਵੱਲ ਵਧਣ ਤੋਂ ਰੋਕ ਨਹੀਂ ਸਕੀ ਅਤੇ ਉਹ ਲਗਾਤਾਰ ਮੰਜ਼ਿਲ ਵੱਲ ਵਧ ਰਹੀ ਹੈ। ਆਸਮਾ ਅਬਦੁਲ ਦਾ ਜਨਮ ਮਹਾਰਾਸ਼ਟਰ ਪ੍ਰਾਂਤ ਦੇ ਜ਼ਿਲ੍ਹਾ ਸਾਂਗਲੀ ਵਿਚ ਪਿਤਾ ਅਬਦੁਲ ਚਾਂਦ ਦੇ ਘਰ ਮਾਤਾ ਬੀਬੀ ਅਬਦੁਲ ਜਮਾਦਾਰ ਦੀ ਕੁੱਖੋਂ 3 ਫਰਵਰੀ, 1986 ਨੂੰ ਹੋਇਆ। ਆਸਮਾ ਅਬਦੁਲ ਸਿਰਫ 4 ਸਾਲ ਦੀ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰ ਵਲੋਂ ਗਲਤ ਟੀਕਾ ਲਗਵਾ ਦੇਣ ਤੋਂ ਬਾਅਦ ਉਹ ਦੋਵੇਂ ਲੱਤਾਂ ਤੋਂ ਪੋਲੀਓ ਦਾ ਸ਼ਿਕਾਰ ਹੋ ਗਈ। ਇਹ ਆਸਮਾ ਅਤੇ ਪਰਿਵਾਰ ਲਈ ਇਕ ਅਸਹਿ ਸਦਮਾ ਸੀ ਪਰ ਅੱਲਾ ਤਾਲਾ ਦਾ ਕਰਮ ਸਮਝ ਕੇ ਸਵੀਕਾਰ ਕਰ ਲਿਆ ਅਤੇ ਬਚਪਨ ਦੀ ਬਾਲੜੀ ਆਸਮਾ ਅਬਦੁਲ ਹੁਣ ਦੋਵੇਂ ਹੱਥਾਂ ਨੂੰ ਨੀਚੇ ਲਗਾ ਕੇ ਚੱਲਣ ਲਈ ਮਜਬੂਰ ਸੀ। ਬਚਪਨ ਵਿਚ ਮਾਂ ਦੇ ਸਹਾਰੇ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਉਸ ਨੇ ਤਕਲੀਫਾਂ ਨਾਲ 2-4 ਹੁੰਦੇ ਆਖਰ ਉਸ ਨੇ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਉਹ ਹੱਥਾਂ ਨਾਲ ਹੀ ਲਿਖਦੀ ਅਤੇ ਹੱਥਾਂ ਦੇ ਸਹਾਰੇ ਹੀ ਅੱਗੇ ਵਧਦੀ।
ਫਿਰ ਉਸ ਨੂੰ ਪਤਾ ਲੱਗਾ ਕਿ ਅਪੰਗ ਬੱਚਿਆਂ ਲਈ ਇਕ ਵਿਸ਼ੇਸ਼ ਸੰਸਥਾ ਹੈ 'ਹੈਲਪਰ ਆਫ਼ ਹੈਂਡੀਕੈਪਡ' ਅਤੇ ਉਸ ਨੇ ਉਸ ਸੰਸਥਾ ਵਿਚ ਦਾਖਲਾ ਲੈ ਲਿਆ ਅਤੇ ਉਥੇ ਹੀ ਰਹਿਣ ਲੱਗੀ। ਉਥੇ ਹੀ ਉਸ ਨੂੰ ਪਤਾ ਲੱਗਾ ਕਿ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਉਹ ਬੈਸਾਖੀਆਂ ਜਾਂ ਵੀਲ੍ਹਚੇਅਰ ਦੇ ਸਹਾਰੇ ਤੁਰਨ ਲੱਗ ਪਵੇਗੀ। ਮਾਂ-ਬਾਪ ਆਪ੍ਰੇਸ਼ਨ ਕਰਵਾਉਣ ਲਈ ਰਾਜ਼ੀ ਨਹੀਂ ਸਨ ਪਰ ਉਸ ਨੇ ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਹੀ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਕਰ ਲਿਆ ਅਤੇ ਆਸਮਾ ਅਬਦੁਲ ਦਾ ਆਪ੍ਰੇਸ਼ਨ ਬਿਲਕੁਲ ਸਹੀ ਹੋ ਗਿਆ ਅਤੇ ਆਪ੍ਰੇਸ਼ਨ ਹੋ ਜਾਣ ਤੋਂ ਬਾਅਦ ਜਦ ਉਹ ਪਹਿਲੀ ਵਾਰ ਬੈਸਾਖੀ ਦੇ ਸਹਾਰੇ ਪੂਰੀ ਤਰ੍ਹਾਂ ਖੜ੍ਹੀ ਹੋਈ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਸ ਦੀ ਜ਼ਿੰਦਗੀ ਮਹਿਕ ਉੱਠੀ। ਆਸਮਾ ਅਬਦੁਲ ਨੂੰ ਲੱਗਿਆ ਜਿਵੇਂ ਜ਼ਿੰਦਗੀ ਹੁਣੇ ਹੀ ਸ਼ੁਰੂ ਹੋਈ ਹੋਵੇ। ਆਸਮਾ ਅਬਦੁਲ ਹੁਣ ਆਮ ਲੋਕਾਂ ਵਿਚ ਜਾ ਕੇ ਵਿਚਰਨ ਲੱਗੀ ਅਤੇ ਜ਼ਿੰਦਗੀ ਦੀ ਧੀਮੀ ਰਫ਼ਤਾਰ ਵੀ ਤੇਜ਼ ਹੋ ਗਈ ਅਤੇ ਉਸੇ ਸਾਲ ਉਸ ਨੂੰ ਪੂਨੇ ਦੀ ਇਕ ਨਿੱਜੀ ਕੰਪਨੀ ਵਿਚ ਨੌਕਰੀ ਵੀ ਮਿਲ ਗਈ ਅਤੇ ਆਸਮਾ ਅਬਦੁਲ ਦੀ ਜ਼ਿੰਦਗੀ ਵਿਚ ਬਦਲਾਵ ਹੀ ਨਹੀਂ ਆਇਆ, ਸਗੋਂ ਉਸ ਦੇ ਦੋਸਤਾਂ ਦਾ ਘੇਰਾ ਵੀ ਵਿਸ਼ਾਲ ਹੋਣ ਲੱਗਾ।
ਆਸਮਾ ਸੋਚਦੀ ਕਿ ਜ਼ਿੰਦਗੀ ਵਿਚ ਉਹ ਕੁਝ ਕੀਤਾ ਜਾਵੇ ਕਿ ਜ਼ਿੰਦਗੀ ਮਿਸਾਲ ਬਣ ਜਾਵੇ ਅਤੇ ਇਕ ਦਿਨ ਉਸ ਨੇ ਲੜਕੀਆਂ ਨੂੰ ਵੀਲ੍ਹਚੇਅਰ 'ਤੇ ਬਾਸਕਟਬਾਲ ਖੇਡਦੇ ਵੇਖਿਆ ਤਾਂ ਅਹਿਸਾਸ ਹੋਇਆ ਜਿਵੇਂ ਆਸਮਾ ਅਬਦੁਲ ਖੁਦ ਖੇਡ ਦੇ ਮੈਦਾਨ ਵਿਚ ਖੇਡ ਰਹੀ ਹੋਵੇ ਅਤੇ ਕੁਝ ਕਰ ਵਿਖਾਉਣ ਦੀ ਚਾਹਤ ਪੂਰੀ ਹੁੰਦੀ ਜਾਪੀ ਅਤੇ ਉਸ ਨੇ ਉਸੇ ਹੀ ਦਿਨ ਤੋਂ ਮਨ ਵਿਚ ਠਾਣ ਲਿਆ ਕਿ ਉਹ ਵੀ ਹੁਣ ਬਾਸਕਟਬਾਲ ਵਿਚ ਧੁੰਮਾਂ ਪਾਵੇਗੀ। ਇਸ ਖੇਤਰ ਵਿਚ ਮੁੰਬਈ ਤੋਂ ਵੀਲ੍ਹਚੇਅਰ ਬਾਸਕਟਬਾਲ ਖਿਡਾਰਨ ਅਨੂ ਚੌਹਾਨ ਅਤੇ ਕੋਚ ਲਿਊਸ ਨੇ ਉਸ ਨੂੰ ਗਾਈਡ ਕੀਤਾ ਅਤੇ ਨਾਲ ਹੀ ਅਮੋਲ ਸਿੰਗਾਰੇ, ਅਲੋਕ ਅਤੇ ਮੇਘਨਾ ਦੀ ਮਦਦ ਨਾਲ ਪੂਨਾ ਵਿਖੇ ਹੀ ਕਲੋਵਰ ਹਿੱਲ ਸੁਸਾਇਟੀ ਵਿਚ ਬਾਸਕਟਬਾਲ ਦਾ ਮੈਦਾਨ ਵੀ ਮਿਲ ਗਿਆ ਅਤੇ ਫਿਰ ਆਸਮਾ ਅਬਦੁਲ ਨੇ ਆਪਣੇ ਵਰਗੀਆਂ ਹੋਰ ਲੜਕੀਆਂ ਨੂੰ ਆਪਣੇ ਨਾਲ ਲੈ ਕੇ ਵੀਲ੍ਹਚੇਅਰ 'ਤੇ ਬਾਸਕਟਬਾਲ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਹੋਈ ਕਿ ਉਨ੍ਹਾਂ ਨੂੰ ਪੂਨੇ ਦਾ ਹੀ ਰਹਿਣ ਵਾਲਾ ਐਨਥੋਨੀ ਪਰੇਰਾ ਅਤੇ ਸਰਦ ਸਰ ਕੋਚ ਵੀ ਮਿਲ ਗਏ ਅਤੇ ਆਸਮਾ ਅਬਦੁਲ ਦਾ ਸਫ਼ਰ ਸ਼ੁਰੂ ਹੋਇਆ ਵੀਲ੍ਹਚੇਅਰ ਬਾਸਕਟਬਾਲ ਦਾ। ਅੱਜ ਆਸਮਾ ਅਬਦੁਲ ਮਹਾਰਾਸ਼ਟਰ ਵੀਲ੍ਹਚੇਅਰ ਬਾਸਕਟਬਾਲ ਟੀਮ ਦਾ ਇਕ ਅਹਿਮ ਹਿੱਸਾ ਹੈ, ਜੋ ਲਗਾਤਾਰ ਪ੍ਰਾਪਤੀਆਂ ਕਰਕੇ ਤਗਮੇ ਜਿੱਤ ਰਹੀ ਹੈ। ਆਸਮਾ ਅਬਦੁਲ ਜਮਾਦਾਰ ਦੀ ਹਿੰਮਤ ਨੂੰ ਸਲਾਮ!


-ਮੋਬਾ: 98551-14484

ਹੈਂਡਬਾਲ ਦੀ ਖੇਡ ਵਿਚ ਉੱਚ ਪੱਧਰ ਦਾ ਖਿਡਾਰੀ ਬਣਨਾ ਚਾਹੁੰਦਾ ਹੈ ਗੁਰਸੇਵਕ

ਖੇਤਰ ਕੋਈ ਵੀ ਹੋਵੇ, ਉਸ ਵਿਚ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ, ਜਿਸ ਰਾਹੀਂ ਆਦਮੀ ਔਖੀਆਂ ਤੋਂ ਔਖੀਆਂ ਮੰਜ਼ਿਲਾਂ ਵੀ ਸਰ ਕਰ ਲੈਂਦਾ ਹੈ। ਇਵੇਂ ਹੀ ਦ੍ਰਿੜ੍ਹ ਇਰਾਦੇ ਦੀ ਸੋਚ ਨਾਲ ਤੁਰਿਆ ਹੈਂਡਬਾਲ ਦੀ ਖੇਡ ਦਾ ਖਿਡਾਰੀ ਗੁਰਸੇਵਕ ਸਿੰਘ ਰੰਧਾਵਾ, ਜਿਸ ਨੇ 19 ਕੁ ਵਰ੍ਹੇ ਪਹਿਲਾਂ ਪਿਤਾ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਮਾਤਾ ਪਰਮਿੰਦਰ ਕੌਰ ਦੀ ਕੁੱਖੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ 'ਚ ਪੈਂਦੇ ਪਿੰਡ ਭੋਆ ਫ਼ਤਹਿਗੜ੍ਹ ਵਿਖੇ ਜਨਮ ਲਿਆ। ਗੁਰੁੂ ਨਾਨਕ ਪਬਲਿਕ ਸਕੂਲ ਕੱਥੂਨੰਗਲ ਤੋਂ 7 ਜਮਾਤਾਂ ਪਾਸ ਕਰਨ ਉਪਰੰਤ ਗੁਰਸੇਵਕ ਨੇ ਖ਼ਾਲਸਾ ਕਾਲਜ ਸੀਨੀਅਰ ਸੰਕੈਡਰੀ ਸਕੂਲ 'ਚ ਅੱਠਵੀਂ ਜਮਾਤ ਵਿਚ ਦਾਖਲਾ ਲੈ ਲਿਆ। ਆਰਮੀ 'ਚੋਂ ਰਿਟਾਇਰ ਦਾਦਾ ਮਨੀ ਸਿੰਘ ਦੀ ਪ੍ਰੇਰਨਾ ਸਦਕਾ ਗੁਰਸੇਵਕ ਨੇ ਖੇਡ ਦੇ ਮੈਦਾਨ ਵਿਚ ਪੈਰ ਧਰਿਆ ਤੇ ਹੈਂਡਬਾਲ ਦੀ ਟੀਮ ਵਿਚ ਆਪਣਾ ਨਾਂਅ ਲਿਖਵਾ ਕੇ ਕੋਚ ਜਸਵੰਤ ਸਿੰਘ ਕੋਲ ਖੇਡਣਾ ਸ਼ੁਰੂ ਕਰ ਦਿੱਤਾ। ਚੰਗੀ ਮਿਹਨਤ ਸਦਕਾ ਉਸ ਨੇ ਜ਼ਿਲ੍ਹਾ ਪੱਧਰ, ਪੰਜਾਬ ਰਾਜ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਮੱਧ ਪ੍ਰਦੇਸ਼, ਮਨੀਪੁਰ ਅਤੇ ਦਿੱਲੀ ਤੱਕ ਖੇਡ ਕੇ ਸਕੂਲ ਦੀ ਜੂਨੀਅਰ ਟੀਮ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ। ਸੰਨ 2018 'ਚ ਗੁਰਸੇਵਕ ਦੀ ਇੰਡੀਆ ਟੀਮ ਵਿਚ ਚੋਣ ਹੋ ਗਈ ਤੇ ਉਸ ਨੇ ਰਸ਼ੀਆ ਵਿਚ ਖੇਡ ਕੇ ਆਪਣੀ ਟੀਮ ਨੂੰ ਦੂਸਰੇ ਸਥਾਨ 'ਤੇ ਲੈ ਆਂਦਾ। ਇਸੇ ਤਰ੍ਹਾਂ ਹੀ ਗੁਰਸੇਵਕ ਨੇ 2019 'ਚ ਮਨੀਪੁਰ ਆਦਿ 'ਚ ਖੇਡ ਕੇ ਜਿੱਤਾਂ ਦਰਜ ਕੀਤੀਆਂ। ਗੁਰਸੇਵਕ ਦਾ ਕਹਿਣਾ ਕਿ ਉਹ ਇਕ ਮੱਧ ਵਰਗੀ ਕਿਸਾਨ ਪਰਿਵਾਰ 'ਚੋਂ ਹੈ, ਪਰ ਉਸ ਦੇ ਮਾਪਿਆਂ ਨੇ ਉਸ ਦੇ ਸ਼ੌਕ ਨੂੰ ਕਦੇ ਮੱਠਾ ਨਹੀਂ ਪੈਣ ਦਿੱਤਾ। ਗੁਰਸੇਵਕ ਦੀ ਦਿਲੀ ਖਾਹਿਸ਼ ਹੈ ਕਿ ਉਹ ਆਪਣੀ ਮਿਹਨਤ ਸਦਕਾ ਹੈਂਡਬਾਲ ਦੀ ਖੇਡ ਵਿਚ ਰਾਸ਼ਟਰੀ ਪੱਧਰ 'ਤੇ ਖੇਡ ਕੇ ਪੰਜਾਬ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰੇ। ਉਸ ਦੀ ਖੇਡ ਨੂੰ ਦੇਖਦਿਆਂ ਖਾਲਸਾ ਕਾਲਜ ਦੀ ਮੈਨੇਜਮੈਂਟ ਨੇ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਉਸ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ।


-ਚੱਬਾ, ਅੰਮ੍ਰਿਤਸਰ। ਮੋਬਾ: 84278-86534

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦੇ 15ਵੇਂ ਵਿਸ਼ਵ ਕਬੱਡੀ ਕੱਪ ਨੇ ਸਿਰਜਿਆ ਇਤਿਹਾਸ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨਾਈਟਡ ਸਪੋਰਟਸ ਕਲੱਬ ਕੈਲੀਫੋਰਨੀਆ ਦਾ 15ਵਾਂ ਵਿਸ਼ਵ ਕਬੱਡੀ ਕੱਪ ਕਬੱਡੀ ਦੇ ਇਤਿਹਾਸ ਵਿਚ ਇਕ ਨਵੀਂ ਤੇ ਵਿਲੱਖਣ ਪੈੜ ਸਿੱਧ ਹੋਇਆ। ਬੀਤੇ ਦਿਨੀਂ ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ 'ਚ 15,000 ਤੋਂ ਵੱਧ ਮਾਂ-ਖੇਡ ਕਬੱਡੀ ਨੂੰ ਪਿਆਰ ਕਰਨ ਪੁੱਜੇ, ਸਾਰਾ ਦਿਨ ਗੁਰੂ ਕਾ ਅਤੁੱਟ ਲੰਗਰ ਵਰਤਿਆ, 9 ਘੰਟੇ ਤੱਕ 'ਕਬੱਡੀ-ਕਬੱਡੀ' ਹੋਣਾ ਅਮਰੀਕਾ ਦੀ ਧਰਤੀ 'ਤੇ ਇਤਿਹਾਸ ਬਣ ਗਿਆ।
ਪਹਿਲੀ ਵਾਰ ਸੀ ਕਿ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ 'ਚ ਪ੍ਰਧਾਨ ਜੁਗਰਾਜ ਸਿੰਘ ਸਹੋਤਾ, ਵਿੱਤ ਸਕੱਤਰ ਨਰਿੰਦਰ ਸਿੰਘ ਸਹੋਤਾ, ਸਲਾਹਕਾਰ ਪਲਵਿੰਦਰ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਸਾਧੂ ਸਿੰਘ ਖਲੌਰ ਦੀ ਟੀਮ ਨੇ ਹਾਜ਼ਰ ਹੋਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ 'ਜੀ ਆਇਆਂ' ਆਖਿਆ। ਇਸ ਕਬੱਡੀ ਕੱਪ ਦੇ ਪਹਿਲੇ ਇਨਾਮ ਦੇ ਸਪਾਂਸਰ ਓਸ਼ੀਅਨ ਟਰਾਂਸਪੋਰਟ ਦੇ ਜਗਜੀਤ ਸਿੰਘ ਰੱਕੜ, ਵਾਈਟ ਹਾਕ ਦੇ ਕੁਲਜੀਤ ਸਿੰਘ ਨਿੱਝਰ, ਦੂਜੇ ਇਨਾਮ ਦੇ ਸਪਾਂਸਰ ਸਹੋਤਾ ਭਰਾ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ, ਤੀਜੇ ਇਨਾਮ ਦੇ ਸਹਿਯੋਗੀ ਜਸਵਿੰਦਰ ਬੋਪਾਰਾਏ, ਦਲਵੀਰ ਬੋਪਾਰਾਏ, ਮਾਈਕ ਬੋਪਾਰਾਏ, ਗੁਰਦੇਵ ਸਿੰਘ ਬੋਪਾਰਾਏ ਹਾਜ਼ਰ ਰਹੇ। ਆਲ ਓਪਨ ਦਾ ਇਨਾਮ 'ਆਪਣਾ ਪੰਜਾਬ ਕਲੱਬ' ਵਲੋਂ ਕਸ਼ਮੀਰ ਸਿੰਘ ਧੁੱਗਾ ਦੀ ਅਗਵਾਈ 'ਚ ਤੱਖਰ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ।
ਅੰਡਰ-21 ਵਿਚ ਪਹਿਲਾ ਇਨਾਮ 'ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਕਲੱਬ' ਦੇ ਹਿੱਸੇ ਆਇਆ ਤੇ 'ਸੈਲਮਾ ਸਪੋਰਟਸ ਕਲੱਬ' ਦੂਜੇ ਨੰਬਰ 'ਤੇ ਰਿਹਾ। ਆਲ ਓਪਨ ਮੁਕਾਬਲਿਆਂ ਵਿਚ ਪਹਿਲਾ ਸਥਾਨ 'ਬਾਬਾ ਦੀਪ ਸਿੰਘ ਯੰਗ ਸਪੋਰਟਸ ਕਲੱਬ' ਅਤੇ ਦੂਜਾ ਸਥਾਨ 'ਯੂਨਾਈਟਡ ਸਪੋਰਟਸ ਕਲੱਬ' ਨੂੰ ਮਿਲਿਆ। ਵੱਡੀਆਂ ਕਲੱਬਾਂ 'ਬੇ ਏਰੀਆ ਸਪੋਰਟਸ ਕਲੱਬ', 'ਯੰਗ ਸਪੋਰਟਸ ਕਬੱਡੀ ਕਲੱਬ', 'ਮੈਟਰੋ ਸਪੋਰਟਸ ਕਲੱਬ ਨਿਊਯਾਰਕ' ਤੇ 'ਨਾਰਥ ਅਮੈਰਿਕਾ ਕਲੱਬ' ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਏ। ਫਾਈਨਲ ਮੈਚ 'ਬੇਏਰੀਆ ਸਪੋਰਟਸ' ਅਤੇ 'ਮੈਟਰੋ ਸਪੋਰਟਸ ਕਲੱਬ' ਦਰਮਿਆਨ ਹੋਇਆ। ਤਦ ਇਹ ਟੂਰਨਾਮੈਂਟ ਦੀ ਸਿਖਰ ਸੀ। 'ਬੇਏਰੀਆ ਸਪੋਰਟਸ ਕਲੱਬ' ਨੇ 45-51 ਅੰਕਾਂ ਨਾਲ ਬਲਜੀਤ ਸੰਧੂ ਦੀ ਅਗਵਾਈ 'ਚ ਆਪਣੀਆਂ ਲਗਾਤਾਰ ਰਵਾਇਤੀ ਜਿੱਤਾਂ ਨੂੰ ਬਰਕਰਾਰ ਰੱਖਦਿਆਂ ਚੌਥੀ ਵਾਰ 'ਯੂਨਾਈਟਡ ਸਪੋਰਟਸ ਕਲੱਬ' ਦਾ ਕੱਪ ਵੀ ਜਿੱਤਿਆ।


-ਐੱਸ. ਅਸ਼ੋਕ ਭੌਰਾ
Email: ashokbhaura@gmail.com

ਫੁੱਟਬਾਲ ਚੈਂਪੀਅਨਜ਼ ਲੀਗ ਦਾ ਆਗਾਜ਼

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ, ਯੂਏਫਾ ਚੈਂਪੀਅਨਜ਼ ਲੀਗ ਦੇ ਮੁਕਾਬਲੇ ਮੰਗਲਵਾਰ 17 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਿਰਫ ਚੈਂਪੀਅਨ ਟੀਮਾਂ ਯਾਨੀ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਯੂਰਪੀ ਫੁੱਟਬਾਲ ਜਥੇਬੰਦੀ 'ਯੂਏਫਾ' ਵਲੋਂ ਕਰਵਾਈ ਜਾਂਦੀ ਯੂਏਫਾ ਚੈਂਪੀਅਨਜ਼ ਲੀਗ ਵਿਚ ਹਰ ਸਾਲ ਵੱਖ-ਵੱਖ ਦੇਸ਼ਾਂ ਦੀਆਂ ਕੁੱਲ 32 ਕਲੱਬ ਟੀਮਾਂ ਖੇਡਦੀਆਂ ਹਨ। ਆਪੋ-ਆਪਣੇ ਦੇਸ਼ ਦੀ ਘਰੇਲੂ ਲੀਗ ਵਿਚ ਪਹਿਲੇ ਨੰਬਰ ਉੱਤੇ ਰਹਿਣ ਵਾਲੀ ਯਾਨੀ ਉਸ ਦੇਸ਼ ਦੀ ਚੈਂਪੀਅਨ ਟੀਮ ਨੂੰ ਇਸ ਮੁਕਾਬਲੇ ਵਿਚ ਸਿੱਧਾ ਦਾਖਲਾ ਮਿਲਦਾ ਹੈ। ਇਸ ਤੋਂ ਇਲਾਵਾ ਹਰ ਵੱਡੇ ਦੇਸ਼ ਦੀਆਂ 'ਰਨਰ-ਅੱਪ' ਯਾਨੀ ਦੂਜੇ ਅਤੇ ਤੀਜੇ ਸਥਾਨ ਉੱਤੇ ਰਹਿਣ ਵਾਲੀਆਂ ਚੋਣਵੀਆਂ ਟੀਮਾਂ ਨੂੰ ਵੀ ਚੈਂਪੀਅਨਜ਼ ਲੀਗ ਵਿਚ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ। ਇੰਗਲੈਂਡ ਦੀ ਇਤਿਹਾਸਕ ਟੀਮ ਲਿਵਰਪੂਲ ਇਸ ਵੱਕਾਰੀ ਮੁਕਾਬਲੇ ਦੀ ਮੌਜੂਦਾ ਜੇਤੂ ਟੀਮ ਹੈ, ਜੋ ਰਿਆਲ ਮੈਡ੍ਰਿਡ ਅਤੇ ਏ.ਸੀ. ਮਿਲਾਨ ਤੋਂ ਬਾਅਦ ਇਸ ਟੂਰਨਾਮੈਂਟ ਦੀ ਤੀਜੀ ਸਭ ਤੋਂ ਸਫਲ ਟੀਮ ਵੀ ਹੈ। ਇਸ ਵੱਕਾਰੀ ਖਿਤਾਬ ਲਈ ਕੁੱਲ 32 ਟੀਮਾਂ ਨੂੰ ਇਕ ਡ੍ਰਾਅ ਰਾਹੀਂ 4-4 ਕਰਕੇ 8 ਗਰੁੱਪਾਂ ਵਿਚ ਵੰਡਿਆ ਗਿਆ ਹੈ। ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੇ ਸਭ ਤੋਂ ਮੁਸ਼ਕਿਲ ਗਰੁੱਪ ਯਾਨੀ ਗਰੁੱਪ 'ਐਫ' ਦੀ, ਜਿਸ ਵਿਚ ਵਿਸ਼ਵ ਪ੍ਰਸਿੱਧ ਟੀਮ ਬਾਰਸੀਲੋਨਾ, ਜਰਮਨੀ ਦਾ ਪ੍ਰਤਿਭਾਵਾਨ ਕਲੱਬ ਬਰੂਸ਼ੀਆ ਡਾਰਟਮੰਡ, ਇਟਲੀ ਦਾ ਵੱਡਾ ਕਲੱਬ ਇੰਟਰ ਮਿਲਾਨ ਅਤੇ ਸਲਾਵਿਆ ਪਰਾਗ ਕਲੱਬ ਵੀ ਆ ਫਸੇ ਹਨ। ਇਸ ਗਰੁੱਪ ਵਿਚ ਪਹਿਲੀਆਂ 3 ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਹੋਣ ਦੀ ਉਮੀਦ ਹੈ ਪਰ ਕੋਈ 2 ਹੀ ਅਗਲੇ ਦੌਰ ਵਿਚ ਅੱਪੜਨਗੀਆਂ। ਸਭ ਤੋਂ ਪਹਿਲਾ ਗਰੁੱਪ, ਯਾਨੀ ਗਰੁੱਪ 'ਏ' ਵਿਚ ਫਰਾਂਸ ਦੀ ਤਾਕਤਵਰ ਟੀਮ ਪੀ.ਐੱਸ.ਜੀ., ਸਾਬਕਾ ਜੇਤੂ ਟੀਮ ਰਿਆਲ ਮੈਡ੍ਰਿਡ, ਤੁਰਕੀ ਤੋਂ ਗੈਲਾਟਾਸਾਰਾਏ ਅਤੇ ਬੈਲਜ਼ੀਅਮ ਦੇਸ਼ ਦਾ ਕਲੱਬ ਬਰੂਜ ਸ਼ਾਮਿਲ ਹਨ। ਗਰੁੱਪ 'ਬੀ' ਵਿਚ ਇਤਿਹਾਸਕ ਜਰਮਨ ਕਲੱਬ ਬਾਇਰਨ ਮਿਊਨਿਖ, ਇੰਗਲੈਂਡ ਦਾ ਨੌਜਵਾਨ ਜੋਸ਼ ਵਾਲਾ ਅਤੇ ਪਿਛਲੇ ਸੀਜ਼ਨ ਦਾ ਉੱਪ-ਜੇਤੂ ਕਲੱਬ ਟੌਟੇਨਹਮ ਹੌਟਸਪਰ, ਗ੍ਰੀਸ ਦੇਸ਼ ਤੋਂ ਉਲੰਪੀਆਕੋਸ ਕਲੱਬ ਅਤੇ ਸਰਬੀਆ ਦੀ ਟੀਮ ਰੈੱਡ ਸਟਾਰ ਬੇਲਗ੍ਰੇਡ ਸ਼ਾਮਲ ਹੈ। ਇਹ ਗਰੁੱਪ ਵੀ ਫਸਵਾਂ ਸਾਬਤ ਹੋ ਸਕਦਾ ਹੈ। ਇੰਗਲੈਂਡ ਦੇ ਕਲੱਬ ਮਾਨਚੈਸਟਰ ਸਿਟੀ ਨੂੰ ਡ੍ਰਾਅ ਨਿਕਲਣ ਵਾਲੇ ਦਿਨ ਫੇਰ ਸਿਤਾਰੇ ਚੰਗੇ ਹੋਣ ਦਾ ਫਾਇਦਾ ਮਿਲਿਆ ਅਤੇ ਉਨ੍ਹਾਂ ਦੇ ਗਰੁੱਪ 'ਸੀ' ਵਿਚ ਬਾਕੀ ਦੀਆਂ ਤਿੰਨੋਂ ਟੀਮਾਂ ਉਨ੍ਹਾਂ ਮੁਕਾਬਲੇ ਘੱਟ ਹੀ ਹਨ। ਗਰੁੱਪ 'ਡੀ' ਵਿਚ ਇਟਲੀ ਦੇ ਜੂਵੈਂਟਸ ਕਲੱਬ ਅਤੇ ਸਪੇਨ ਦੇ ਅਟਲੈਟਿਕੋ ਮੈਡ੍ਰਿਡ ਦਾ ਭੇੜ ਹੋਵੇਗਾ, ਜਦਕਿ ਗਰੁੱਪ 'ਈ' ਵਿਚ ਮੌਜੂਦਾ ਜੇਤੂ ਲਿਵਰਪੂਲ ਨੂੰ ਪਿਛਲੇ ਸਾਲਾ ਵਾਂਗ ਫਿਰ ਇਟਲੀ ਤੋਂ ਨਾਪੋਲੀ ਕਲੱਬ ਦੀ ਚੁਣੌਤੀ ਪੇਸ਼ ਹੋਵੇਗੀ।
ਗਰੁੱਪ 'ਜੀ' ਵਿਚ ਸਾਰੀਆਂ ਟੀਮਾਂ ਇਕੋ ਜਿਹੀਆਂ ਹਨ, ਜਿੱਥੇ ਬੈਨਫੀਕਾ (ਪੁਰਤਗਾਲ), ਜ਼ੈਨਿਟ (ਰੂਸ), ਲਾਇਪਜ਼ਿਗ (ਜਰਮਨੀ) ਅਤੇ ਲਿਓਨ (ਫਰਾਂਸ) ਦੇ ਆਪਸੀ ਮੁਕਾਬਲੇ ਫਸਵੇਂ ਹੋਣਗੇ, ਜਿਨ੍ਹਾਂ ਵਿਚੋਂ ਕੋਈ ਵੀ ਜਿੱਤ ਸਕਦਾ ਹੈ। ਆਖਰੀ ਗਰੁੱਪ 'ਐਚ' ਵਿਚ ਇੰਗਲੈਂਡ ਦੇ ਕਲੱਬ ਚੈਲਸੀ ਨੂੰ, ਪਿਛਲੇ ਸਾਲ ਦੇ ਸੈਮੀਫ਼ਾਈਨਲ ਤੱਕ ਪਹੁੰਚੇ ਹਾਲੈਂਡ ਦੇ ਕਲੱਬ ਆਈਜੈਕਸ ਅਤੇ ਸਪੇਨ ਦੀ ਟੀਮ ਵਾਲੇਂਸੀਆ ਅਤੇ ਫਰਾਂਸ ਦੀ ਟੀਮ ਲੀਅਲ ਕੋਲੋਂ ਵੀ ਟੱਕਰ ਮਿਲੇਗੀ। ਪਹਿਲੇ ਦੌਰ ਯਾਨੀ ਗਰੁੱਪ ਮੁਕਾਬਲੇ ਸਤੰਬਰ ਤੋਂ ਸ਼ੁਰੂ ਹੋ ਕੇ ਦਸੰਬਰ ਤੱਕ ਚਲਣਗੇ, ਜਿਨ੍ਹਾਂ ਦੌਰਾਨ ਪਹਿਲੀਆਂ 2 ਟੀਮਾਂ ਅਗਲੇ ਦੌਰ ਯਾਨੀ ਨਾਕਆਊਟ ਦੌਰ ਵਿਚ ਪਹੁੰਚ ਜਾਣਗੀਆਂ। ਇੰਜ 32 ਤੋਂ ਸ਼ੁਰੂ ਹੋ ਕੇ 8 ਮਹੀਨੇ ਦੇ ਸਫਰ ਦੇ ਬਾਅਦ ਸਿਰਫ 2 ਟੀਮਾਂ ਜੂਨ, 2020 ਵਿਚ ਫਾਈਨਲ ਮੁਕਾਬਲਾ ਖੇਡਣਗੀਆਂ, ਜਿਸ ਉੱਤੇ ਸਾਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ, ਇਹ ਵੇਖਣ ਲਈ ਕਿ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ ਦਾ ਜੇਤੂ ਕੌਣ ਬਣਦਾ ਹੈ। ਖੇਡ ਚੈਨਲ ਸੋਨੀ-ਟੈਨ ਨੈੱਟਵਰਕ ਉੱਤੇ ਇਨ੍ਹਾਂ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਨ ਹੋਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਭਾਰਤੀ ਖੇਡ ਜਗਤ ਦੀ ਜਵਾਨੀ ਪਿੰਡਾਂ 'ਚ ਦਮ ਨਾ ਤੋੜੇ

ਭਾਰਤੀ ਖੇਡ ਜਗਤ ਦੇ ਭੂਗੋਲ ਨੂੰ ਜੇ ਡੂੰਘੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਾਡੇ ਮੁਲਕ ਦੀ ਕੁਲ ਆਬਾਦੀ ਦਾ ਇਕ ਨਿੱਕਾ ਜਿਹਾ ਸ਼ਹਿਰੀ ਹਿੱਸਾ ਹੀ ਖੇਡਾਂ 'ਚ ਜ਼ਿਆਦਾ ਭਾਗ ਲੈਂਦਾ ਹੈ, ਜਦ ਕਿ ਪਿੰਡਾਂ ਦੇ ਲੋਕਾਂ ਦੀ ਇਕ ਵੱਡੀ ਗਿਣਤੀ ਭਾਰਤੀ ਖੇਡ ਜਗਤ ਦਾ ਹਿੱਸਾ ਬਣਨ ਤੋਂ ਵਾਂਝਿਆਂ ਰਹਿ ਜਾਂਦੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਪੇਂਡੂ ਖਿਡਾਰੀਆਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾਂਦਾ। ਉਹ ਅਣਗੌਲੇ ਹੀ ਰਹਿ ਜਾਂਦੇ ਹਨ। ਦੂਜੇ ਪਾਸੇ ਹਕੀਕਤ ਇਹ ਹੈ ਕਿ ਸਾਡਾ ਮੁਲਕ ਖੇਤੀ ਪ੍ਰਧਾਨ ਹੈ, ਕੁੱਲ ਆਬਾਦੀ ਦਾ 75 ਫੀਸਦੀ ਹਿੱਸਾ ਲਗਪਗ ਪਿੰਡਾਂ ਵਿਚ ਵਸਦਾ ਹੈ। ਇਸ ਲਈ ਪਿੰਡਾਂ ਦੇ ਖਿਡਾਰੀਆਂ ਦਾ ਸਹੀ ਮਾਰਗ ਦਰਸ਼ਨ ਕਰਨਾ ਅਤੇ ਹੌਸਲਾ ਅਫ਼ਜ਼ਾਈ ਕਰਨੀ ਭਾਰਤੀ ਖੇਡ ਜਗਤ ਦੇ ਭਲੇ ਲਈ ਜ਼ਰੂਰੀ ਹੈ। ਸਾਡੇ ਪ੍ਰਾਂਤਾਂ ਦੀਆਂ ਸਰਕਾਰਾਂ ਵਲੋਂ ਪੇਂਡੂ ਖਿਡਾਰੀਆਂ ਦੇ ਵੱਖ-ਵੱਖ ਖੇਡਾਂ ਦੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਪੇਂਡੂ ਖੇਡ ਮੁਕਾਬਲੇ ਕਰਵਾਏ ਜਾਣੇ ਜ਼ਰੂਰੀ ਹਨ, ਉਹ ਵੀ ਜੂਨੀਅਰ ਪੱਧਰ ਦੇ। ਪਿੰਡਾਂ ਦੀਆਂ ਪੰਚਾਇਤਾਂ ਮਹਿਮਾਨ ਨਿਵਾਜ਼ੀ ਕਰਨ।
ਦੂਜੇ ਪਾਸੇ ਸ਼ਹਿਰੀ ਖਿਡਾਰੀ ਜਦੋਂ ਪੇਂਡੂ ਖਿਡਾਰੀਆਂ ਦਾ ਪੇਂਡੂ ਟੂਰਨਾਮੈਂਟਾਂ 'ਚ ਸ਼ਿਰਕਤ ਕਰਕੇ ਹੱਕ ਮਾਰ ਦਿੰਦੇ ਹਨ ਤਾਂ ਪੇਂਡੂ ਖਿਡਾਰੀਆਂ ਦਾ ਮਨੋਬਲ ਡਿਗਦਾ ਹੈ। ਇਸ ਲਈ ਪੰਚਾਇਤੀ ਖੇਡ ਟੂਰਨਾਮੈਂਟਾਂ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ। ਇਸ ਨਾਲ ਪਿੰਡਾਂ ਵਿਚ ਚੱਲ ਰਹੀ ਖੇਡਾਂ ਦੀ ਮੁਹਿੰਮ ਵਿਚ ਖੜੋਤ ਨਹੀਂ ਆਵੇਗੀ। ਸਰਕਾਰ ਨੂੰ ਪਿੰਡ ਦੀਆਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਇਕ ਨਵੀਂ ਨੁਹਾਰ ਦੇਣ ਦੀ ਜ਼ਰੂਰਤ ਹੈ। ਪਿੰਡਾਂ 'ਚ ਕਰਵਾਏ ਜਾਣ ਵਾਲੇ ਖੇਡ ਮੇਲਿਆਂ 'ਚ ਆਧੁਨਿਕ ਖੇਡ ਸਹੂਲਤਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਪੇਂਡੂ ਖਿਡਾਰੀਆਂ ਨੂੰ ਉਤਸ਼ਾਹ ਮਿਲੇ। ਜ਼ਿਆਦਾ ਟੂਰਨਾਮੈਂਟ ਸ਼ਹਿਰਾਂ ਦੀ ਬਜਾਏ ਪਿੰਡਾਂ 'ਚ ਹੀ ਕਰਵਾਏ ਜਾਣ, ਤਾਂ ਕਿ ਨੌਨਿਹਾਲ ਖਿਡਾਰੀ ਖੇਡਾਂ ਨਾਲ ਜੁੜ ਸਕਣ ਅਤੇ ਵੱਧ ਤੋਂ ਵੱਧ ਪੇਂਡੂ ਲੋਕ ਖੇਡਾਂ ਨੂੰ ਸਮਰਪਿਤ ਬਣਨ। ਸਰਕਾਰ ਹਰ ਪੰਚਾਇਤੀ ਰਕਬੇ 'ਚ ਇਕ ਪਿੰਡ ਪੱਧਰ ਦਾ ਅਤੇ ਬਲਾਕ 'ਚ ਇਕ ਬਲਾਕ ਪੱਧਰ ਦਾ ਖੇਡ ਮੈਦਾਨ ਜ਼ਰੂਰ ਉਸਾਰੇ। ਪਿੰਡਾਂ 'ਚ ਮੈਦਾਨ ਬਣਾਉਣ ਲਈ ਪਿੰਡ ਦੀਆਂ ਪੰਚਾਇਤਾਂ ਨੂੰ ਹਰ ਤਰ੍ਹਾਂ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ। ਵੱਖ-ਵੱਖ ਪ੍ਰਾਂਤ ਦੀਆਂ ਸਰਕਾਰਾਂ ਨੂੰ ਕੇਂਦਰੀ ਸਰਕਾਰ ਤੋਂ, ਖੇਡ ਵਿਭਾਗ ਅਤੇ ਪੰਚਾਇਤਾਂ ਨੂੰ ਖੇਡ ਸਹੂਲਤਾਂ ਅਤੇ ਖੇਡ ਮੈਦਾਨ ਉਸਾਰਨ ਲਈ ਖਰਚਾ ਗ੍ਰਾਂਟ ਦੀ ਸ਼ਕਲ ਵਿਚ ਦਿੱਤਾ ਜਾਵੇ।
ਪਿੰਡਾਂ ਵਿਚ ਖੇਡਾਂ ਦੇ ਸੁਚੇਰੇ ਪ੍ਰਬੰਧਾਂ ਲਈ ਦਿਹਾਤੀ ਯੁਵਕ ਖੇਡ ਕਲੱਬਾਂ ਸਥਾਪਿਤ ਕੀਤੀਆਂ ਜਾਣ। ਬਲਾਕ ਪੱਧਰ 'ਤੇ ਖੇਡ ਸੰਸਥਾਵਾਂ ਸਥਾਪਿਤ ਕਰਕੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਵੇ। ਸੰਗਠਿਤ ਦਿਹਾਤੀ ਵਿਕਾਸ ਪ੍ਰੋਗਰਾਮ 'ਚ ਪੇਂਡੂ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ 'ਚ ਖੇਡਾਂ ਦੇ ਪੂਰਨ ਵਿਕਾਸ ਲਈ ਨਿਰੀ ਸਰਕਾਰ 'ਤੇ ਨਿਰਭਰਤਾ ਵੀ ਠੀਕ ਗੱਲ ਨਹੀਂ। ਇਸ ਪਾਸੇ ਪਿੰਡ ਵਾਸੀਆਂ ਤੋਂ ਪਿੰਡ ਦੇ ਸਰਪੰਚਾਂ ਦੇ ਸਹਿਯੋਗ ਦੀ ਵੀ ਬਹੁਤ ਵੱਡੀ ਲੋੜ ਹੈ। ਕਈ ਪਿੰਡਾਂ ਦੇ ਸਰਪੰਚਾਂ ਅਤੇ ਨੌਜਵਾਨ ਖੇਡ ਪ੍ਰੇਮੀਆਂ ਨੇ ਇਸ ਪੱਖੋਂ ਪ੍ਰਸੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਬਲ ਦੇ ਜ਼ੋਰ 'ਤੇ ਪਿੰਡਾਂ 'ਚ ਕਈ ਅਹਿਮ ਪੇਂਡੂ ਖੇਡ ਮੇਲੇ ਆਯੋਜਿਤ ਕੀਤੇ ਹਨ। ਦੇਸ਼ ਦਾ ਸਭ ਤੋਂ ਵੱਡਾ ਖੇਡ ਮੇਲਾ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਇਸ ਦੀ ਮਿਸਾਲ ਹਨ। ਜਿਸ ਦਿਨ ਇਸ ਤਰ੍ਹਾਂ ਦੇ ਖੇਡ ਮੇਲੇ ਪੂਰੇ ਭਾਰਤ ਵਿਚ ਆਯੋਜਿਤ ਹੋਣੇ ਸ਼ੁਰੂ ਹੋ ਗਏ, ਉਸ ਦਿਨ ਪਿੰਡਾਂ 'ਚ ਭਾਰਤੀ ਖੇਡਾਂ ਦੀ ਜਵਾਨੀ ਵੀ ਦਮ ਤੋੜਨ ਤੋਂ ਬਚ ਜਾਵੇਗੀ। ਬਸ, ਸਾਰਿਆਂ ਪਿੰਡਾਂ ਨੂੰ ਇਕ-ਦੂਜੇ ਦੀ ਰੀਸੇ ਇਕ ਹੰਭਲਾ ਮਾਰਨ ਦੀ ਜ਼ਰੂਰਤ ਹੈ।

-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਭਾਰਤੀ ਖਿਡਾਰਨਾਂ ਨੇ ਰਚਿਆ ਇਤਿਹਾਸ

ਪਦਮ ਐਵਾਰਡ ਲਈ ਪਹਿਲੀ ਵਾਰ 9 ਖਿਡਾਰਨਾਂ ਨਾਮਜ਼ਦ

ਪਹਿਲੀ ਵਾਰ ਖੇਡ ਮੰਤਰਾਲੇ ਨੇ ਸਰਬੋਤਮ ਨਾਗਰਿਕ ਪੁਰਸਕਾਰਾਂ ਲਈ 9 ਨਾਂਅ ਨਾਮਜ਼ਦ ਕੀਤੇ ਹਨ ਤੇ ਇਹ ਸਾਰੀਆਂ ਔਰਤਾਂ ਹੀ ਹਨ।
ਇਸ ਸੂਚੀ ਵਿਚ 6ਵੀਂ ਵਾਰ ਦੀ ਜੇਤੂ ਮੈਰੀ ਕਾਮ ਦਾ ਨਾਂਅ ਵੀ ਹੈ, ਜਿਸ ਨੂੰ 2006 ਵਿਚ ਪਦਮਸ੍ਰੀ ਅਤੇ 2013 ਵਿਚ ਪਦਮ ਭੂਸ਼ਨ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।
ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ, ਜਿਸ ਨੇ ਬੀਤੀ ਅਗਸਤ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਹੋਣ ਦਾ ਮਾਣ ਹਾਸਲ ਕੀਤਾ ਹੈ, ਨੂੰ ਪਦਮ ਭੂਸ਼ਨ ਦੇਣ ਦੀ ਤਜਵੀਜ਼ ਪੇਸ਼ ਕੀਤੀ ਜਾ ਚੁੱਕੀ ਹੈ। ਹਾਲਾਂਕਿ 2017 ਵਿਚ ਵੀ ਖੇਡ ਮੰਤਰਾਲੇ ਵਲੋਂ ਉਸ ਨੂੰ ਪਦਮ ਭੂਸ਼ਨ ਦੇਣ ਦੀ ਤਜਵੀਜ਼ ਰੱਖੀ ਗਈ ਸੀ ਪਰ ਉਸ ਸਮੇਂ ਉਸ ਨੂੰ ਇਹ ਪੁਰਸਕਾਰ ਨਹੀਂ ਸੀ ਮਿਲਿਆ ਜਦਕਿ 2015 ਵਿਚ ਉਸ ਨੂੰ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।
ਇਸ ਤੋਂ ਇਲਾਵਾ ਆਦਰਸ਼ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਦੀ ਪਦਮਸ੍ਰੀ ਪੁਰਸਕਾਰ ਲਈ ਨਾਮਜ਼ਦਗੀ ਹੋ ਚੁੱਕੀ ਹੈ। ਵਿਨੇਸ਼ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਪਹਿਲਵਾਨ ਔਰਤ ਹੈ ਅਤੇ ਲਾਉਰੀਅਸ ਵਿਸ਼ਵ ਖੇਡ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ।
ਟੇਬਲ ਟੈਨਿਸ ਦੀ ਭਾਰਤੀ ਸਿਤਾਰਾ ਅਤੇ ਵਿਸ਼ਵ ਵਿਚ 47ਵੇਂ ਸਥਾਨ 'ਤੇ ਸੁਭਾਇਮਾਨ ਮਾਨੀਕਾ ਬੱਤਰਾ ਦੀ ਵੀ ਖੇਡ ਮੰਤਰਾਲੇ ਵਲੋਂ ਪਦਮਸ੍ਰੀ ਲਈ ਨਾਮਜ਼ਦਗੀ ਕੀਤੀ ਗਈ ਹੈ। ਸਾਲ 2018 ਵਿਚ ਆਸਟ੍ਰੇਲੀਆ ਵਿਚ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਔਰਤਾਂ ਦੀ ਟੀਮ ਨੇ ਮਾਨੀਕਾ ਦੀ ਅਗਵਾਈ ਵਿਚ ਹੀ ਸਿੰਗਾਪੁਰ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ।
30 ਸਾਲਾ ਟੀ-20-ਆਈ ਸਕਿਪਰ ਅਤੇ ਅਰਜਨ ਪੁਰਸਕਾਰ ਜੇਤੂ ਹਰਮਨਪ੍ਰੀਤ ਕੌਰ ਦੀ ਵੀ ਪਦਮਸ੍ਰੀ ਲਈ ਨਾਮਜ਼ਦਗੀ ਕੀਤੀ ਗਈ ਹੈ। ਨਵੰਬਰ, 2018 ਦੌਰਾਨ ਟੀ-20 ਅੰਤਰਰਾਸ਼ਟਰੀ ਮੁਕਾਬਲੇ ਵਿਚ ਸੈਂਕੜਾ ਮਾਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਹੈ।
ਔਰਤਾਂ ਦੀ ਹਾਕੀ ਟੀਮ ਦੀ ਕਪਤਾਨ ਰਾਨੀ ਰਮਪਾਲ ਦਾ ਨਾਂਅ ਵੀ ਪਦਮਸ੍ਰੀ ਤਜਵੀਜ਼ ਵਾਲੀ ਸੂਚੀ ਵਿਚ ਦਰਜ ਹੈ। 2010 ਦੇ ਵਿਸ਼ਵ ਕੱਪ ਦੌਰਾਨ ਰਾਸ਼ਟਰੀ ਟੀਮ ਵਿਚ ਉਹ 15 ਸਾਲ ਦੀ ਉਮਰ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ। 2018 ਵਿਚ ਜਕਾਰਤਾ ਵਿਚ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਉਸ ਦੀ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।
ਸਾਬਕਾ ਭਾਰਤੀ ਨਿਸ਼ਾਨੇਬਾਜ਼ ਸੁਮਾ ਸ਼ੀਰੂ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ 10 ਐਮ.ਐਮ. ਏਅਰ ਰਾਈਫ਼ਲ ਈਵੈਂਟ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਉਸ ਦੇ ਖੇਡ ਨੂੰ ਦਿੱਤੇ ਯੋਗਦਾਨ ਨੂੰ ਸਨਮਾਨ ਦਿੰਦਿਆਂ ਖੇਡ ਮੰਤਰਾਲੇ ਵਲੋਂ ਪਦਮਸ੍ਰੀ ਲਈ ਉਨ੍ਹਾਂ ਦੇ ਨਾਂਅ ਦੀ ਤਜਵੀਜ਼ ਰੱਖੀ ਗਈ ਹੈ।
ਜੌੜੀਆਂ ਭੈਣਾਂ ਤਸ਼ੀ ਅਤੇ ਨੁੰਗਸ਼ੀ ਮਲਿਕ ਆਪਣੀ ਕਿਸਮ ਦੀਆਂ ਪਹਿਲੀਆਂ ਹਨ, ਜਿਨ੍ਹਾਂ ਨੇ 7 ਸਿਖਰ ਚੋਟੀਆਂ ਨੂੰ ਫ਼ਤਹਿ ਕੀਤਾ ਅਤੇ ਉੱਤਰੀ ਅਤੇ ਦੱਖਣੀ ਧੁਰੇ ਦੀ ਯਾਤਰਾ ਕੀਤੀ ਅਤੇ 'ਗਰੈਂਡ ਸਲੈਮ' ਅਤੇ 'ਥ੍ਰੀ ਪੋਲਜ਼ ਚੈਲੰਜ' ਨੂੰ ਪੂਰਾ ਕੀਤਾ। ਹਿਮਾਲਿਆ ਦੀ ਚੜ੍ਹਾਈ ਕਰਨ ਵਾਲੀਆਂ ਪਹਿਲੀਆਂ ਜੌੜੀਆਂ ਭੈਣਾਂ ਹੋਣ ਕਾਰਨ ਉਨ੍ਹਾਂ ਨੂੰ ਵੀ ਪਦਮ ਪੁਰਸਕਾਰ ਦੀ ਇਸ ਸੂਚੀ ਵਿਚ ਰੱਖਿਆ ਗਿਆ ਹੈ।
ਇਹ ਸਾਰੀਆਂ ਤਜਵੀਜ਼ਾਂ ਅਤੇ ਸਲਾਹਾਂ ਗ੍ਰਹਿ ਮੰਤਰਾਲੇ ਦੀ ਪਦਮ ਪੁਰਸਕਾਰ ਕਮੇਟੀ ਨੂੰ ਭੇਜ ਦਿੱਤੀਆਂ ਗਈਆਂ ਹਨ। ਐਵਾਰਡ ਜੇਤੂਆਂ ਦੇ ਨਾਂਅ ਅਗਲੇ ਸਾਲ ਗਣਤੰਤਰ ਦਿਵਸ ਵਾਲੇ ਦਿਨ ਐਲਾਨੇ ਜਾਣਗੇ।

ਕਬੱਡੀ ਨੂੰ ਡੋਪ ਮੁਕਤ ਕਰਨ ਲਈ ਨਿਵੇਕਲੀ ਪਹਿਲਕਦਮੀ

ਪੰਜਾਬੀਆਂ ਦੇ ਖੁੂਨ 'ਚ ਰਚੀ ਖੇਡ ਕਬੱਡੀ 'ਚ ਵਾਪਰਨ ਵਾਲੀ ਛੋਟੀ-ਵੱਡੀ ਨਕਾਰਾਤਮਕ ਘਟਨਾ ਨੂੰ ਕੁਝ ਖੇਡ ਪ੍ਰੇਮੀ ਬਹੁਤ ਵਧਾਅ-ਚੜ੍ਹਾਅ ਕੇ ਪੇਸ਼ ਕਰ ਦਿੰਦੇ ਹਨ, ਜਿਸ ਤੋਂ ਇਕ ਵਾਰ ਤਾਂ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਕਬੱਡੀ ਤਾਂ ਜਲਦੀ ਹੀ ਨਿਘਾਰ ਵੱਲ ਚਲੀ ਜਾਵੇਗੀ। ਪਰ ਅਜਿਹੀ ਆਲੋਚਨਾਤਮਕ ਹਨੇਰੀ 'ਚ ਕੁਝ ਸ਼ਖ਼ਸੀਅਤਾਂ ਨੇ ਉਸਾਰੂ ਸੇਧ ਦੇਣ ਵਾਲਾ ਦੀਵਾ ਬਾਲ ਕੇ ਦਾਇਰੇ ਵਾਲੀ ਕਬੱਡੀ ਨੂੰ ਸਾਫ਼-ਸੁਥਰੀ ਖੇਡ ਬਣਾਉਣ ਲਈ ਮੁਹਿੰਮ ਦਾ ਅਗਾਜ਼ ਕੀਤਾ ਹੈ, ਜਿਨ੍ਹਾਂ ਦਾ ਟੀਚਾ ਕਬੱਡੀ ਨੂੰ ਡੋਪ ਮੁਕਤ ਬਣਾਉਣਾ ਹੈ ਅਤੇ ਨਵੇਂ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕਰਨਾ ਹੈ।
ਕਬੱਡੀ ਦੇ ਕੌਮਾਂਤਰੀ ਬੁਲਾਰੇ ਰੁਪਿੰਦਰ ਜਲਾਲ ਦੀ ਅਗਵਾਈ 'ਚ ਕੁਝ ਖੇਡ ਪ੍ਰਮੋਟਰਾਂ ਨੇ ਕਬੱਡੀ ਨੂੰ ਡੋਪ ਮੁਕਤ ਕਰਨ ਲਈ ਇਕ ਮੁਹਿੰਮ ਚਲਾਈ ਹੈ। ਸ੍ਰੀ ਜਲਾਲ ਹੁਰਾਂ ਨੇ ਨਵੀਂ ਪਨੀਰੀ ਨੂੰ ਸਾਫ਼-ਸੁਥਰੀ ਕਬੱਡੀ ਖਿਡਾਉਣ ਦੇ ਮਨਸੂਬੇ ਨਾਲ ਕੁਝ ਹਫ਼ਤੇ ਪਹਿਲਾਂ ਪੰਜਾਬ ਭਰ 'ਚੋਂ 21 ਸਾਲ ਤੋਂ ਘੱਟ ਉਮਰ ਦੇ 150 ਦੇ ਕਰੀਬ ਖਿਡਾਰੀਆਂ ਨੂੰ ਡੋਪ ਮੁਕਤ ਕਬੱਡੀ ਖੇਡਣ ਲਈ ਪ੍ਰੇਰਿਆ ਅਤੇ ਉਨ੍ਹਾਂ 'ਚੋਂ ਚੋਣਵੇਂ 40 ਖਿਡਾਰੀਆਂ 'ਤੇ ਆਧਾਰਤ 4 ਟੀਮਾਂ ਬਣਾਈਆਂ। ਆਮ ਤੌਰ 'ਤੇ ਕਬੱਡੀ 'ਚ ਵਜ਼ਨ ਦੇ ਆਧਾਰ 'ਤੇ ਟੀਮਾਂ ਬਣਦੀਆਂ ਹਨ ਪਰ ਰੁਪਿੰਦਰ ਜਲਾਲ ਹੁਰਾਂ ਨੇ ਉਮਰ ਦੇ ਹਿਸਾਬ ਨਾਲ ਅੰਡਰ-21 ਸਾਲ ਦੇ ਖਿਡਾਰੀਆਂ ਨੂੰ ਚੁਣਿਆ। ਇਨ੍ਹਾਂ ਖਿਡਾਰੀਆਂ 'ਤੇ ਆਧਾਰਿਤ 4 ਮਰਹੂਮ ਖਿਡਾਰੀਆਂ ਦੇ ਨਾਂਅ 'ਤੇ ਕਲੱਬ ਬਣਾਏ ਗਏ ਹਨ, ਜਿਨ੍ਹਾਂ ਦੇ ਨਾਂਅ ਗਗਨ ਜਲਾਲ ਕਬੱਡੀ ਕਲੱਬ, ਬਿੱਟੂ ਦੁਗਾਲ ਕਬੱਡੀ ਕਲੱਬ, ਹਰਜੀਤ ਬਾਜਾਖਾਨਾ ਕਬੱਡੀ ਕਲੱਬ ਤੇ ਸੁਖਮਨ ਚੋਹਲਾ ਸਾਹਿਬ ਕਬੱਡੀ ਕਲੱਬ ਰੱਖੇ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਇਨ੍ਹਾਂ 150 ਦੇ ਕਰੀਬ ਖਿਡਾਰੀਆਂ ਦਾ ਸਾਬਕਾ ਕਬੱਡੀ ਤੇ ਫੁੱਟਬਾਲ ਖਿਡਾਰੀ ਮਨੀ ਜਲਾਲ ਸਿਖਲਾਈ ਕੈਂਪ ਲਗਾ ਰਹੇ ਹਨ। ਇਨ੍ਹਾਂ 4 ਟੀਮਾਂ ਦੇ ਹਫਤੇ 'ਚ ਇਕ ਜਾਂ ਦੋ ਜਗ੍ਹਾ ਮੈਚ ਕਰਵਾਏ ਜਾਂਦੇ ਹਨ। ਇਨ੍ਹਾਂ ਖਿਡਾਰੀਆਂ ਨੂੰ ਆਰੰਭ ਵਿਚ ਬਦਾਮ ਅਤੇ ਹੋਰ ਸੁੱਕੇ ਮੇਵੇ ਇਨਾਮ ਵਜੋਂ ਦੇਣੇ ਸ਼ੁਰੂ ਕੀਤੇ ਅਤੇ ਹੁਣ ਇਨ੍ਹਾਂ ਨੂੰ ਨਕਦ ਇਨਾਮ ਵੀ ਦਿੱਤੇ ਜਾਣ ਲੱਗੇ ਹਨ।
ਇਨ੍ਹਾਂ ਟੀਮਾਂ ਦੇ ਹੁਣ ਤੱਕ 6 ਸਫਲ ਮੁਕਾਬਲੇ ਕਰਵਾਉਣ 'ਚ ਪ੍ਰਵਾਸੀ ਪੰਜਾਬੀ ਕਬੱਡੀ ਪ੍ਰਮੋਟਰ ਤੇ ਸਾਬਕਾ ਖਿਡਾਰੀ ਬਲਜਿੰਦਰ ਭਿੰਡਰ ਇੰਗਲੈਂਡ, ਅਜਮੇਰ ਜਲਾਲ ਕੈਨੇਡਾ, ਰਮਨਾ ਸਾਈਪਰਸ, ਇੰਦਰਜੀਤ ਸਿੰਘ ਧੁੱਗਾ ਬ੍ਰਦਰਜ਼, ਬੱਬਲ ਸੰਗਰੂਰ, ਇੰਦਰਜੀਤ ਸਿੰਘ, ਰਮਨਾ ਸਾਈਪਰਸ, ਜੈਜੀ ਲਾਂਡਰਾਂ, ਦੀਪੀ ਸਿੱਧੂ ਰਕਬਾ, ਲੱਭੀ ਨੰਗਲ ਕੈਨੇਡਾ, ਗੁਰਜੀਤ ਮਾਂਗਟ ਕੈਨੇਡਾ, ਹਰਦੀਪ ਫੂਲ, ਦੀਪ ਢਿੱਲੋਂ (ਹਰਜੀਤ ਐਂਡ ਤਲਵਾਰ ਕਲੱਬ ਕੈਨੇਡਾ), ਸੁਰਜੀਤ ਸਿੱਧੂ ਤੇ ਰਿੰਕਾ ਸਿੱਧੂ ਤੇ ਮਾ: ਗੁਲਜ਼ਾਰ ਸਿੰਘ ਭਾਈਰੂਪਾ ਵੱਡਾ ਸਹਿਯੋਗ ਦੇ ਚੁੱਕੇ ਹਨ ਅਤੇ ਭਵਿੱਖ 'ਚ ਵੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਤੱਤਪਰ ਹਨ। ਕਬੱਡੀ ਦੇ ਮੈਚਾਂ 'ਚ ਸਟਾਰ ਸਪੋਰਟਸ ਚੈਨਲ ਵਾਲਾ ਰੁਤਬਾ ਪ੍ਰਾਪਤ ਕਬੱਡੀ 365 ਡਾਟ ਕਾਮ ਵਾਲੇ ਉਕਤ ਟੀਮਾਂ ਦੇ ਮੁਕਾਬਲਿਆਂ ਦਾ ਆਪਣੇ ਵੈੱਬ ਟੀ.ਵੀ. 'ਤੇ ਮੁਫਤ ਪ੍ਰਸਾਰਨ ਕਰ ਰਹੇ ਹਨ। ਰੁਪਿੰਦਰ ਜਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਨਵੇਂ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਕਰਨਾ ਹੈ ਅਤੇ ਉਨ੍ਹਾਂ 'ਚ ਇੰਨਾ ਕੁ ਵਿਸ਼ਵਾਸ ਭਰ ਦੇਣਾ ਹੈ ਕਿ ਉਹ ਸਿਹਤ ਲਈ ਨੁਕਸਾਨਦੇਹ ਪਦਾਰਥਾਂ ਵੱਲ ਮੂੰਹ ਹੀ ਨਾ ਕਰਨ। ਜਲਾਲ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੇ ਮੈਚਾਂ ਦੌਰਾਨ ਦਰਸ਼ਕ ਡੋਪ ਮੁਕਤ ਕਬੱਡੀ ਦੇਖ ਕੇ ਬਹੁਤ ਹੱਲਾਸ਼ੇਰੀ ਦਿੰਦੇ ਹਨ, ਜਿਸ ਸਦਕਾ ਉਨ੍ਹਾਂ ਦੀ ਮੁਹਿੰਮ ਜ਼ਰੂਰ ਸਫਲ ਹੋਵੇਗੀ। ਰੁਪਿੰਦਰ ਜਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਅੰਡਰ-21 ਖਿਡਾਰੀਆਂ ਦੀਆਂ 8 ਟੀਮਾਂ ਬਣਾ ਕੇ ਇਨ੍ਹਾਂ ਦੇ ਵੀ ਕੱਪ ਕਰਵਾਉਣਾ ਹੈ, ਜਿਨ੍ਹਾਂ ਨਾਲ ਸਿਹਤ ਲਈ ਘਾਤਕ ਭਾਰ ਕਾਬੂ 'ਚ ਰੱਖਣ ਵਾਲੀਆਂ ਦਵਾਈਆਂ ਤੋਂ ਵੀ ਖਿਡਾਰੀ ਬਚਣਗੇ। ਇਸ ਦੇ ਨਾਲ ਹੀ ਉਨ੍ਹਾਂ ਜਲਦ ਅੰਡਰ-21 ਸਾਲ ਦੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਉਣ ਦੀ ਸ਼ੁਰੂਆਤ ਕਰਨ ਦਾ ਵੀ ਦਾਅਵਾ ਕੀਤਾ ਹੈ।


-ਪਟਿਆਲਾ। ਮੋਬਾ: 97795-90575

ਬਿਹਾਰ ਪ੍ਰਾਂਤ ਨੂੰ ਮਾਣ ਹੈ ਆਪਣੇ ਪੈਰਾ ਤੈਰਾਕ ਅਮਰਜੀਤ ਸਿੰਘ 'ਤੇ

ਦੇਸ਼ ਦੇ ਬਿਹਾਰ ਪ੍ਰਾਂਤ ਨੂੰ ਮਾਣ ਹੈ ਆਪਣੇ ਮਾਣਮੱਤੇ ਅਥਲੀਟ ਅਮਰਜੀਤ ਸਿੰਘ 'ਤੇ, ਜਿਸ ਨੇ ਅਪਾਹਜ ਹੁੰਦਿਆਂ ਵੀ ਆਪਣੀ ਕੁਸ਼ਲਤਾ ਨਾਲ ਤੈਰਾਕੀ ਦੇ ਖੇਤਰ ਵਿਚ ਸਨਮਾਨਯੋਗ ਪ੍ਰਾਪਤੀਆਂ ਕਰਕੇ ਆਪਣੇ ਪ੍ਰਾਂਤ ਦਾ ਨਾਂਅ ਉੱਚਾ ਕੀਤਾ ਹੈ। ਇਸੇ ਲਈ ਤਾਂ ਬਿਹਾਰ ਸਰਕਾਰ ਨੇ ਉਸ ਨੂੰ ਸਾਲ 2017 ਵਿਚ ਸਟੇਟ ਐਵਾਰਡ ਅਜਾਤਸਤਰੂ ਨਾਲ ਸਨਮਾਨਿਆ ਹੈ। ਅਮਰਜੀਤ ਸਿੰਘ ਦਾ ਜਨਮ 20 ਅਗਸਤ, 1982 ਨੂੰ ਬਿਹਾਰ ਦੇ ਜ਼ਿਲ੍ਹਾ ਆਰਾ ਦੇ ਪਿੰਡ ਸੋਹਰਾ ਵਿਖੇ ਪਿਤਾ ਪ੍ਰਦੀਪ ਸਿੰਘ ਦੇ ਘਰ ਮਾਤਾ ਮਧੂਸੀ ਦੀ ਕੁੱਖੋਂ ਹੋਇਆ। ਪੜ੍ਹਾਈ ਅਤੇ ਖੇਡਾਂ ਦਾ ਸ਼ੌਕ ਰੱਖਣ ਵਾਲੇ ਅਮਰਜੀਤ ਸਿੰਘ ਨੂੰ ਜ਼ਿੰਦਗੀ ਵਿਚ ਇਹ ਇਲਮ ਨਹੀਂ ਸੀ ਕਿ ਇਕ ਦਿਨ ਉਸ ਦੀ ਹੱਸਦੀ-ਵਸਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਆ ਟਿਕੇਗੀ। ਸਾਲ 2009 ਵਿਚ ਉਹ ਆਪਣੇ ਕੰਮ ਲਈ ਦਿੱਲੀ ਜਾ ਰਿਹਾ ਸੀ ਤਾਂ ਗਾਜ਼ੀਆਬਾਦ ਵਿਖੇ ਉਹ ਚਲਦੀ ਰੇਲ ਗੱਡੀ ਵਿਚੋਂ ਹੇਠਾਂ ਆ ਡਿਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਉਸ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਜ਼ਖਮਾਂ ਦਾ ਇਲਾਜ ਤਾਂ ਹੋ ਗਿਆ ਪਰ ਉਸ ਦੀ ਰੀੜ੍ਹ ਦੀ ਹੱਡੀ ਕਰੈਕ ਹੋ ਗਈ ਅਤੇ ਉਸ ਦਾ ਇਲਾਜ ਅਸੰਭਵ ਸੀ ਅਤੇ ਅਮਰਜੀਤ ਸਿੰਘ ਸਾਰੀ ਜ਼ਿੰਦਗੀ ਵੀਲ੍ਹਚੇਅਰ 'ਤੇ ਜ਼ਿੰਦਗੀ ਕੱਢਣ ਲਈ ਮਜਬੂਰ ਹੋ ਗਿਆ।
ਅਮਰਜੀਤ ਸਿੰਘ ਬਚਪਨ ਵਿਚ ਹੀ ਤੈਰਨ ਦਾ ਸ਼ੌਕੀਨ ਸੀ ਅਤੇ ਉਹ ਪੈਰਾ ਸਪੋਰਟਸ ਵੱਲ ਮੁੜਿਆ ਅਤੇ ਡਿਸਏਬਲ ਸਪੋਰਟਸ ਅਕੈਡਮੀ ਵਲੋਂ ਤੈਰਾਕੀ ਦੇ ਦਾਅ-ਪੇਚ ਸਿੱਖਣ ਲੱਗਿਆ। ਸਾਲ 2017 ਵਿਚ ਬਿਹਾਰ ਵਿਖੇ ਹੀ ਤੈਰਾਕੀ ਦੇ ਸਟੇਟ ਮੁਕਾਬਲਿਆਂ ਵਿਚ ਅਮਰਜੀਤ ਸਿੰਘ ਨੇ 50 ਮੀਟਰ, 100 ਮੀਟਰ ਫਰੀਸਟਾਈਲ ਅਤੇ ਬੈਕ ਸਟਰੋਕ ਵਿਚ 3 ਸੋਨ ਤਗਮੇ ਆਪਣੇ ਨਾਂਅ ਕਰਕੇ ਆਪਣੇ ਪ੍ਰਾਂਤ ਦਾ ਨਾਂਅ ਉੱਚਾ ਕਰ ਦਿੱਤਾ।
ਸਾਲ 2018 ਵਿਚ ਬਿਹਾਰ ਪ੍ਰਾਂਤ ਵਿਚ ਹੀ ਹੋਈ ਨੈਸ਼ਨਲ ਪੈਰਾ ਤੈਰਾਕੀ ਵਿਚ ਉਸ ਨੇ 3 ਸੋਨ ਤਗਮੇ ਆਪਣੇ ਨਾਂਅ ਕਰ ਲਏ ਅਤੇ ਉਸ ਦਾ ਸਫਰ ਇਸੇ ਤਰ੍ਹਾਂ ਲਗਾਤਾਰ ਜਾਰੀ ਹੈ। ਉਸ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਸਾਲ 2017 ਵਿਚ ਉਸ ਨੂੰ ਐਕਸੀਲੈਂਸ ਐਵਾਰਡ ਨਾਲ ਅਤੇ ਸਾਲ 2018 ਵਿਚ ਖੇਲ ਸਨਮਾਨ ਨਾਲ ਸਨਮਾਨਿਆ ਗਿਆ। ਇਕ ਪੈਰਾ ਤੈਰਾਕ ਹੋਣ ਦੇ ਨਾਲ-ਨਾਲ ਸਰਕਾਰੀ ਅਧਿਆਪਾਕ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਸਕੂਲੀ ਵਿੱਦਿਆ ਵੀ ਦਿੰਦਾ ਹੈ ਅਤੇ ਆਪਣੀਆਂ ਦੋਵੇਂ ਹੀ ਜ਼ਿੰਮੇਵਾਰੀਆਂ ਨੂੰ ਉਹ ਤਨਦੇਹੀ ਨਾਲ ਨਿਭਾਉਂਦਾ ਹੈ। ਤੈਰਾਕੀ ਦੇ ਖੇਤਰ ਵਿਚ ਉਹ ਸਦਾ ਰਿਣੀ ਹੈ ਆਪਣੇ ਕੋਚ ਸਸਾਂਕ ਕੁਮਾਰ ਪਟਨਾ ਦਾ, ਜਿਸ ਦੀ ਰਹਿਨੁਮਾਈ ਵਿਚ ਉਹ ਲਗਾਤਾਰ ਤੈਰਾਕੀ ਦੇ ਖੇਤਰ ਵਿਚ ਪ੍ਰਾਪਤੀਆਂ ਕਰ ਰਿਹਾ ਹੈ। ਅਮਰਜੀਤ ਸਿੰਘ ਆਖਦਾ ਹੈ ਕਿ, 'ਵੀਲ੍ਹਚੇਅਰ ਉਸ ਦੀ ਸੱਚੀ ਮਿੱਤਰ ਹੈ, ਜਿਸ ਦੇ ਸਹਾਰੇ ਉਹ ਆਪਣੀ ਜ਼ਿੰਦਗੀ ਨੂੰ ਬੁਲੰਦ ਹੌਸਲੇ ਨਾਲ ਬਤੀਤ ਕਰ ਰਿਹਾ ਹੈ ਅਤੇ ਉਸ ਨੂੰ ਇਹ ਅਹਿਸਾਸ ਵੀ ਭੁੱਲ ਗਿਆ ਹੈ ਕਿ ਉਹ ਅਪਾਹਜ ਹੈ।' ਅਮਰਜੀਤ ਸੱਚਮੁੱਚ ਹੀ ਹੌਸਲੇ ਦੀ ਮਿਸਾਲ ਹੈ।


-ਮੋਬਾ: 98551-14484

ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਕੌਮੀ ਅਥਲੈਟਿਕਸ ਟੀਮ ਦੀ ਕੋਚ ਨਵਪ੍ਰੀਤ ਕੌਰ

ਪੰਜਾਬ ਪੁਲਿਸ ਦੀ ਨਵਪ੍ਰੀਤ ਕੌਰ ਨੇ ਬਤੌਰ ਅਥਲੀਟ ਕੌਮਾਂਤਰੀ ਪੱਧਰ ਤੱਕ ਮੱਲਾਂ ਮਾਰਨ ਤੋਂ ਬਾਅਦ ਹੁਣ ਕੋਚਿੰਗ ਵੱਲ ਰੁਖ਼ ਕੀਤਾ ਹੈ, ਜਿੱਥੇ ਉਸ ਨੂੰ ਭਾਰਤੀ ਅਥਲੈਟਿਕਸ ਟੀਮ ਦੀ ਕੋਚਿੰਗ ਕਰਨ ਦਾ ਮਾਣ ਹਾਸਲ ਹੋਇਆ ਹੈ। ਮਾਲਵੇ ਦੇ ਇਤਿਹਾਸਕ ਪਿੰਡ ਭਾਈਰੂਪਾ (ਬਠਿੰਡਾ ਜ਼ਿਲ੍ਹਾ) ਵਿਖੇ ਪਿਤਾ ਬਲੌਰ ਸਿੰਘ ਤੇ ਮਾਤਾ ਮੋਹਨੀ ਕੌਰ ਦੇ ਘਰ ਜਨਮੀ ਪ੍ਰਿੰਸ ਪ੍ਰੀਤ ਸਿੰਘ ਦੀ ਭੈਣ ਨਵਪ੍ਰੀਤ ਕੌਰ ਨੂੰ ਸਕੂਲੀ ਪੱਧਰ 'ਤੇ ਡੀ.ਪੀ.ਈ. ਹਰਮੰਦਰ ਸਿੰਘ, ਅਮਰਜੀਤ ਕੌਰ ਤੇ ਸੁਰਜੀਤ ਸਿੰਘ ਦੀ ਦੇਖ-ਰੇਖ ਵਿਚ ਖੇਡਾਂ ਦੀ ਜਾਗ ਲੱਗੀ। ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਪੜ੍ਹਦਿਆਂ ਉਸ ਨੇ ਅਥਲੈਟਿਕਸ ਵੱਲ ਹੋਰ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ। ਯੂਨੀਵਰਸਿਟੀ ਕੋਚ ਖੁਸ਼ਵਿੰਦਰ ਸਿੰਘ ਵਿਰਕ ਤੇ ਭਾਰਤੀ ਟੀਮ ਦੇ ਕੋਚ ਸੰਜੇ ਗਰਨਾਇਕ ਨੇ ਉਸ ਦੀ ਖੇਡ ਨੂੰ ਹੋਰ ਤਰਾਸ਼ਿਆ। 2008 ਵਿਚ ਉਹ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋ ਗਈ। 2009 ਵਿਚ ਉਸ ਨੇ ਨੈਸ਼ਨਲ ਸਪਰਿੰਟ ਮੀਟ ਵਿਚ ਸੋਨੇ ਦਾ ਤਗਮਾ, ਅੰਤਰਰਾਜ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਅਤੇ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ।
2010 ਵਿਚ ਨਵੀਂ ਦਿੱਲੀ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਨਵਪ੍ਰੀਤ ਕੌਰ ਨੇ ਹੈਪਟੈਥਲਨ ਵਿਚ ਕੁੱਲ 5022 ਅੰਕ ਲੈਂਦਿਆਂ ਸੱਤਵਾਂ ਸਥਾਨ ਹਾਸਲ ਕੀਤਾ। ਫੈਡਰੇਸ਼ਨ ਕੱਪ ਵਿਚ ਚਾਂਦੀ ਦਾ ਤਗਮਾ ਅਤੇ ਅੰਤਰ ਰਾਜ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। 2011 ਵਿਚ ਝਾਰਖੰਡ ਵਿਖੇ ਹੋਈਆਂ 34ਵੀਆਂ ਕੌਮੀ ਖੇਡਾਂ ਵਿਚ ਪੰਜਾਬ ਵਲੋਂ ਖੇਡਦਿਆਂ ਨਵਪ੍ਰੀਤ ਨੇ ਹੈਪਟੈਥਲਨ ਵਿਚ ਸੋਨੇ ਦਾ ਤਗਮਾ ਅਤੇ 4×100 ਮੀਟਰ ਰਿਲੇਅ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ।
ਪੰਜਾਬ ਪੁਲਿਸ ਵਿਚ ਏ.ਐਸ.ਆਈ. ਵਜੋਂ ਤਾਇਨਾਤ ਨਵਪ੍ਰੀਤ ਕੌਰ ਨੇ ਵੈਨਕੂਵਰ ਵਿਖੇ ਹੋਈਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ ਵਿਚ 4 ਸੋਨੇ ਤੇ ਇਕ ਕਾਂਸੀ ਦਾ ਤਗਮਾ ਜਿੱਤਿਆ। 100 ਮੀਟਰ ਹਰਡਲਜ਼, ਉੱਚੀ ਛਾਲ, 4×10 ਮੀਟਰ ਰਿਲੇਅ ਦੌੜ ਤੇ 4×400 ਮੀਟਰ ਰਿਲੇਅ ਦੌੜ ਵਿਚ ਸੋਨ ਤਗਮੇ ਅਤੇ ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਹੁਣ ਤੱਕ ਉਹ ਸਰਬ ਭਾਰਤੀ ਪੁਲਿਸ ਖੇਡਾਂ ਵਿਚ ਨਵੇਂ ਮੀਟ ਰਿਕਾਰਡ ਨਾਲ ਇਕ ਸੋਨੇ, 2 ਚਾਂਦੀ ਤੇ 5 ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। 100 ਮੀਟਰ ਵਿਚ ਉਸ ਨੇ 14.12 ਸਕਿੰਟ, 200 ਮੀਟਰ ਵਿਚ 25.60 ਸਕਿੰਟ, 800 ਮੀਟਰ ਵਿਚ 2.17.03, 100 ਮੀਟਰ ਹਰਡਲਜ਼ ਵਿਚ 14.50 ਸਕਿੰਟ, ਉੱਚੀ ਛਾਲ ਵਿਚ 1.72 ਮੀਟਰ, ਲੰਬੀ ਛਾਲ ਵਿਚ 5.64 ਮੀਟਰ, ਸ਼ਾਟਪੁੱਟ ਵਿਚ 10.97 ਮੀਟਰ, ਜੈਵਲਿਨ ਥਰੋਅ ਵਿਚ 36.88 ਮੀਟਰ ਅਤੇ 4×100 ਮੀਟਰ ਰਿਲੇਅ ਦੌੜ ਵਿਚ 47.53 ਸਕਿੰਟ ਦਾ ਸਰਬੋਤਮ ਪ੍ਰਦਰਸ਼ਨ ਦਿਖਾਇਆ ਹੈ। ਖੇਡਾਂ ਦੇ ਨਾਲ-ਨਾਲ ਉਹ ਪੜ੍ਹਾਈ ਦੇ ਖੇਤਰ ਵਿਚ ਵੀ ਮੱਲਾਂ ਮਾਰ ਰਹੀ ਹੈ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਇਤਿਹਾਸ ਵਿਸ਼ੇ ਵਿਚ ਐਮ.ਏ. ਤੋਂ ਇਲਾਵਾ ਉਸ ਨੇ ਅਥਲੈਟਿਕਸ ਵਿਚ 'ਏ' ਗਰੇਡ ਵਿਚ ਐਨ.ਆਈ.ਐਸ. ਡਿਪਲੋਮਾ, ਆਈ.ਏ.ਏ.ਐਫ. ਦੇ ਸੀ.ਈ.ਸੀ.ਐਸ. ਲੈਵਲ ਕੋਰਸ ਅਤੇ ਲੈਵਲ-2 ਦਾ ਕੋਰਸ ਪਾਸ ਕੀਤਾ ਹੈ। ਚੰਗੀ ਅਥਲੀਟ ਹੋਣ ਦੇ ਨਾਲ-ਨਾਲ ਚੰਗੀ ਕੋਚਿੰਗ ਸਕਿੱਲ ਨੂੰ ਦੇਖਦਿਆਂ ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਨਵਪ੍ਰੀਤ ਕੌਰ ਨੂੰ ਭਾਰਤੀ ਅਥਲੈਟਿਕਸ ਟੀਮ ਦਾ ਕੋਚ ਨਿਯੁਕਤ ਕੀਤਾ ਹੈ। ਉਹ ਹੁਣ ਐਨ.ਆਈ.ਐਸ. ਪਟਿਆਲਾ ਵਿਖੇ ਭਾਰਤੀ ਟੀਮ ਦੇ ਕੈਂਪ ਵਿਚ ਨਵੀਂ ਉਮਰ ਦੇ ਅਥਲੀਟਾਂ ਨੂੰ ਕੌਮਾਂਤਰੀ ਮੰਚ ਲਈ ਤਿਆਰ ਕਰ ਰਹੀ ਹੈ। ਹੈਪਟੈਥਲਨ ਦੀ ਅਥਲੀਟ ਰਹੀ ਹੋਣ ਕਰਕੇ ਉਸ ਨੂੰ ਟਰੈਕ ਤੇ ਫੀਲਡ ਦੇ ਸਾਰੇ ਈਵੈਂਟਾਂ ਦਾ ਪ੍ਰੈਕਟੀਕਲ ਤਜਰਬਾ ਹੈ ਜੋ ਉਸ ਦੇ ਸ਼ਾਗਿਰਦ ਅਥਲੀਟਾਂ ਦੇ ਕੰਮ ਆ ਰਿਹਾ ਹੈ।


-ਮੋਬਾ: 97800-36216

ਬੈਡਮਿੰਟਨ ਕੁਈਨ-ਪੀ.ਵੀ. ਸਿੰਧੂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
2014 ਵਿਚ ਉਸ ਨੇ ਰਾਸ਼ਟਰ ਮੰਡਲ ਖੇਡਾਂ ਅਤੇ ਵਰਲਡ ਬੈਡਮਿੰਟਨ ਚੈਪੀਂਅਨਸ਼ਿਪ ਵਿਚ ਕਾਂਸੀ ਦੇ ਤਗਮੇ ਜਿੱਤੇ। ਇਸੇ ਸਾਲ ਹੀ ਉਸ ਨੇ ਏਸ਼ੀਅਨ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ। 2015 ਦੇ ਡੈਨਮਾਰਕ ਓਪਨ ਵਿਚ ਉਸ ਨੇ ਚਾਂਦੀ ਦਾ ਤਗਮਾ ਤੇ 2016 ਦੇ ਮਲੇਸ਼ੀਆ ਮਾਸਟਰ ਗ੍ਰੈਂਡ ਪ੍ਰਿਕਸ ਵਿਚ ਸੋਨ ਤਗਮਾ ਜਿੱਤਿਆ। 2016 ਦੀਆ ਲੰਡਨ ਰੀਓ ਉਲੰਪਿਕ ਵਿਚ ਉਸ ਨੇ ਦਿੱਗਜ਼ ਪ੍ਰਾਪਤੀ ਕਰਦਿਆਂ ਇਤਿਹਾਸ ਸਿਰਜ ਦਿੱਤਾ ਅਤੇ ਚਾਂਦੀ ਦਾ ਤਗਮਾ ਫੁੰਡਿਆ। 2017-18 ਦੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਉਸ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ। 2017 ਵਿਚ ਕੋਰੀਅਨ ਓਪਨ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। 2017 ਵਿਚ ਹੀ ਉਸ ਨੇ ਦੁਬਈ ਵਰਲਡ ਸੁਪਰ ਸੀਰੀਜ਼ ਵਿਚ ਚਾਂਦੀ ਦਾ ਤਗਮਾ ਜਿੱਤਿਆ। 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਡਬਲ ਵਰਗ ਵਿਚ ਸੋਨੇ ਤੇ ਸਿੰਗਲ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। 2018 ਵਿਚ ਹੀ ਨਵਾਂ ਇਤਿਹਾਸ ਸਿਰਜਦਿਆਂ ਵਰਲਡ ਟੂਰ ਫਾਈਨਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। 2019 ਵਿਚ ਉਸ ਨੇ ਇੰਡੋਨੇਸ਼ੀਆ ਓਪਨ ਵਿਚ ਚਾਂਦੀ ਦਾ ਤਗਮਾ ਦੇਸ਼ ਦੀ ਝੋਲੀ ਪਾਇਆ।
ਅਗਸਤ, 2019 'ਚ ਸਵਿਟਜ਼ਰਲੈਂਡ 'ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵੱਲ ਧਿਆਨ ਦੇਣ ਲਈ ਥਾਈਲੈਂਡ ਓਪਨ ਤੋਂ ਆਪਣਾ ਨਾਂਅ ਵਾਪਸ ਲੈ ਲਿਆ। ਇਸ ਮਹਾਂ-ਮੁਕਾਬਲੇ 'ਚ ਉਸ ਨੇ ਜਪਾਨ ਦੀ ਖਿਡਾਰਨ ਨਜ਼ੋਮੀ ਓਕੂਹਾਰਾ ਨੂੰ 21-7, 21-7 ਦੇ ਇਕਪਾਸੜ ਪ੍ਰਦਰਸ਼ਨ ਨਾਲ ਹਰਾ ਕੇ ਧਮਾਕੇਦਾਰ ਜਿੱਤ ਦਰਜ ਕੀਤੀ। ਸਿੰਧੂ ਦੀ ਇਸ ਪ੍ਰਾਪਤੀ ਨੇ ਜਿੱਥੇ ਉਸ ਤੋਂ 2020 ਦੀਆਂ ਟੋਕੀਓ ਉਲੰਪਿਕ 'ਚ ਸੋਨ ਤਗਮਾ ਜਿਤਣ ਦੀਆਂ ਆਸਾਂ ਜਗਾ ਦਿੱਤੀਆਂ ਹਨ, ਉੱਥੇ ਮਿਸ਼ਨ ਉਲੰਪਿਕ 'ਚ ਜੁਟੇ ਸੈਂਕੜੇ ਭਾਰਤੀ ਖਿਡਾਰੀਆਂ, ਕੋਚਾਂ ਤੇ ਖੇਡ ਪ੍ਰਬੰਧਕਾਂ 'ਚ ਨਵੀਂ ਰੂਹ ਫੂਕੀ ਹੈ।
ਸਿੰਧੂ ਦੀ ਲੱਚਕਦਾਰ ਤੇ ਮਜ਼ਬੂਤ ਕਲਾਈ 'ਤੇ ਸਜੇ ਸੈਂਕੜੇ ਤਗਮੇ ਉਸ ਨੂੰ ਬੈਡਮਿੰਟਨ ਦੀ ਮਲਿਕਾ ਭਾਵ ਰਾਣੀ ਦਾ ਸਰਵਸ੍ਰੇਸ਼ਟ ਦਰਜਾ ਪ੍ਰਦਾਨ ਕਰ ਚੁੱਕੇ ਹਨ। ਸਿੰਧੂ ਦੀਆਂ ਕ੍ਰਿਸ਼ਮਈ ਖੇਡ ਪ੍ਰਾਪਤੀਆਂ ਦੇ ਸਨਮਾਨ ਵਜੋਂ ਭਾਰਤ ਸਰਕਾਰ ਵਲੋਂ ਉਸ ਨੂੰ 2013 'ਚ ਅਰਜਨ ਪੁਰਸਕਾਰ, 2015 'ਚ ਪਦਮ ਸ੍ਰੀ ਪੁਰਸਕਾਰ ਤੇ 2016 'ਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਨਿਵਾਜ਼ਿਆ ਗਿਆ।
ਸਿੰਧੂ ਦੀ ਕਾਮਯਾਬੀ ਪਿੱਛੇ ਜਿੱਥੇ ਉਸ ਦੀ ਮਿਹਨਤ ਹੈ, ਉੱਥੇ ਉਸ ਦੇ ਕੋਚ ਪੁੁਲੇਲਾ ਗੋਪੀਚੰਦ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਗੋਪੀਚੰਦ ਨੇ ਸਿੰਧੂ ਤੋਂ ਬਿਨਾਂ ਸਾਇਨਾ ਨੇਹਵਾਲ, ਸ੍ਰੀਕਾਂਤ ਕਿਦੰਬੀ, ਪੀ. ਕਸ਼ਿਅਪ, ਐੱਚ.ਐੱਸ. ਪ੍ਰਣਾਇ, ਸਾਈ ਪ੍ਰਣੀਤ ਆਦਿ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਿਆ, ਜੋ ਸੰਸਾਰ ਖੇਡ ਜਗਤ 'ਚ ਭਾਰਤ ਦਾ ਨਾਂਅ ਚਮਕਾ ਰਹੇ ਹਨ।
ਇਸ ਖੇਡ 'ਚ ਕਦੇ ਕੇਵਲ ਚੀਨ, ਜਪਾਨ, ਥਾਈਲੈਂਡ ਤੇ ਮਲੇਸ਼ੀਆ ਦੇ ਖਿਡਾਰੀਆਂ ਦੀ ਤੂਤੀ ਬੋਲਦੀ ਸੀ ਪਰ ਸਿੰਧੂ ਨੇ ਵਿਸ਼ਵ ਚੈਂਪੀਅਨ ਬਣ ਕੇ ਇਨ੍ਹਾਂ ਦੇਸ਼ਾਂ ਵਿਰੁੱਧ ਹੀ ਨਹੀਂ, ਬਲਕਿ ਵਿਸ਼ਵ ਬੈਡਮਿੰਟਨ ਦੇ ਅੰਬਰ ਵਿਚ ਸੂਰਜ ਦੀ ਰੌਸ਼ਨੀ ਵਾਂਗ ਅੱਖਾਂ ਚੁੰਧਿਆ ਦੇਣ ਵਾਲੀ ਐਂਟਰੀ ਕੀਤੀ ਹੈ। ਸਿੰਧੂ ਦੀ ਇਸ ਜਿੱਤ ਨੇ ਭਾਰਤ ਦੀ ਯੁਵਾ ਪੀੜ੍ਹੀ ਲਈ ਬੈਡਮਿੰਟਨ ਪ੍ਰਤੀ ਰਮਣੀਕ ਰੁਚੀ, ਸੱਜਰੀ ਸੰਭਾਵਨਾ ਤੇ ਪ੍ਰਗਤੀਸ਼ੀਲ ਪ੍ਰੇਰਨਾ ਦੀ ਸਿਰਜਨਾ ਕੀਤੀ ਹੈ। ਇਸ ਖੇਡ 'ਚੋਂ ਭਵਿੱਖੀ ਤਗਮੇ ਜਿੱਤਣ ਲਈ ਭਾਰਤ 'ਚ ਹੁਨਰ ਦੀ ਕੋਈ ਕਮੀ ਨਹੀਂ। ਇਸ ਹੁਨਰ ਨੂੰ ਸੰਭਾਲਣ, ਤਰਾਸ਼ਣ ਤੇ ਨਿਖਾਰਨ ਲਈ ਆਧੁਨਿਕ ਇੰਡੋਰ ਕੋਰਟਾਂ ਤੇ ਗੋਪੀਚੰਦ ਵਰਗੇ ਦਰੋਣਾਚਾਰੀਆ ਕੋਚਾਂ ਦੀ ਕਵਾਇਦ ਹੈ।
ਇਹ ਸਿੰਧੂ ਦੇ ਪਸੀਨੇ ਦੀ ਮਿਹਨਤ ਹੀ ਹੈ ਕਿ ਉਹ ਕ੍ਰਿਕਟਰ ਵਿਰਾਟ ਕੋਹਲੀ ਤੋਂ ਬਾਅਦ ਬਰਾਂਡ ਅੰਬੈਸਡਰ ਵਜੋਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਖਿਡਾਰਨ ਹੈ। ਮਸ਼ਹੂਰ ਚੀਨੀ ਕੰਪਨੀ ਲੀਨਿੰਗ ਨੇ ਆਪਣੇ ਉਤਪਾਦਾਂ ਦੀ ਵਰਤੋਂ ਤੇ ਮਸ਼ਹੂਰੀ ਲਈ ਫਰਵਰੀ, 2019 'ਚ ਸਿੰਧੂ ਨੂੰ 50 ਕਰੋੜ ਰੁਪਏ ਦੀ ਸਪਾਂਸਰਸ਼ਿਪ ਦਿੱਤੀ ਹੈ।
ਸਿੰਧੂ ਦੀ ਸਾਹਸ ਭਰੀ ਖੇਡ-ਗਾਥਾ ਇਸ ਗੱਲ ਦੀ ਪ੍ਰਤੀਕ ਹੈ ਕਿ ਧੀਆਂ ਨੂੰ ਖੁੱਲ੍ਹੀ ਪਰਵਾਜ਼ ਦਾ ਮੌਕਾ ਦੇਣ ਨਾਲ ਉਹ ਮਾਪਿਆਂ ਤੇ ਸਮੁੱਚੇ ਵਤਨ ਦਾ ਨਾਂਅ ਰੁਸ਼ਨਾਉਣ ਦਾ ਹੀਆ ਰੱਖਦੀਆਂ ਹਨ। ਬੱਸ ਲੋੜ ਹੈ ਇਨ੍ਹਾਂ ਲਈ ਸਾਜਗਾਰ, ਸੁਰੱਖਿਅਤ ਤੇ ਸਹੂਲਤਾਂ ਭਰਪੂਰ ਖੇਡ ਵਾਤਾਵਰਨ ਦੇ ਪ੍ਰਬੰਧਨ ਦੀ। (ਸਮਾਪਤ)


-ਪਿੰਡ ਬੋੜਾਵਾਲ, ਤਹਿ: ਬੁਢਲਾਡਾ, ਜ਼ਿਲ੍ਹਾ ਮਾਨਸਾ-151502. ਮੋਬਾ: 98721-77666





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX