ਤਾਜਾ ਖ਼ਬਰਾਂ


ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 minute ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  18 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  46 minutes ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  53 minutes ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 1 hour ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 1 hour ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਬਾਈਪਾਸ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ...
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੋਰ ਖ਼ਬਰਾਂ..

ਬਾਲ ਸੰਸਾਰ

ਸੁਪਨਮਈ ਦੁਨੀਆ ਦਾ ਦੂਜਾ ਨਾਂਅ ਹੈ ਇਟਲੀ ਦਾ ਪ੍ਰਸਿੱਧ ਸ਼ਹਿਰ ਗਾਰਦਾਲੈਂਡ

ਬੱਚਿਓ, ਬਹੁਤ ਸਾਰੇ ਬੱਚੇ ਅਕਸਰ ਹੀ ਐਨੀਮੇਸ਼ਨ ਫ਼ਿਲਮਾਂ ਦੇਖਦੇ ਅਤੇ ਪਸੰਦ ਕਰਦੇ ਹਨ | ਆਮ ਤੌਰ 'ਤੇ ਐਮੀਮੇਸ਼ਨ ਫ਼ਿਲਮਾਂ ਵਿਚ ਬੱਚਿਆਂ ਨੂੰ ਆਕਰਸ਼ਤ ਕਰਨ ਲਈ ਘਰ, ਪਾਰਕ ਅਤੇ ਹੋਟਲ ਦਿਖਾਏ ਜਾਂਦੇ ਹਨ, ਜੋ ਬੱਚਿਆਂ ਦੀ ਦਿਲਚਸਪੀ ਵਿਚ ਵਾਧਾ ਕਰਦੇ ਹਨ | ਕੁਝ ਇਹੋ ਜਿਹਾ ਹੀ ਹੈ ਇਟਲੀ ਦਾ ਪ੍ਰਸਿੱਧ ਸ਼ਹਿਰ 'ਗਾਰਦਾਲੈਂਡ' ਜਿਥੇ ਦਾ ਨਜ਼ਾਰਾ ਅਦਭੱੁਤ ਹੈ | ਇਥੇ ਦਾ ਐਮਿਊਜ਼ਮੈਂਟ ਪਾਰਕ ਬੱਚਿਆਂ ਨੂੰ ਇਕ ਅਲੱਗ ਹੀ ਦੁਨੀਆ ਵਿਚ ਲੈ ਜਾਂਦਾ ਹੈ | ਦੁਨੀਆ ਦਾ ਇਹ ਪ੍ਰਸਿੱਧ ਪਾਰਕ ਇਟਲੀ ਦੇ ਉੱਤਰ-ਪੂਰਬ ਵਿਚ 19 ਜੁਲਾਈ, 1975 ਨੂੰ ਸਥਾਪਿਤ ਕੀਤਾ ਗਿਆ ਸੀ | ਇਸ ਮਹਾਨ ਪਾਰਕ ਦਾ ਪ੍ਰਬੰਧ ਅੱਜਕਲ੍ਹ ਬਿ੍ਟਿਸ਼ ਕੰਪਨੀ ਮਾਰਲੇਨ ਦੇਖ ਰਹੀ ਹੈ, ਜਿਸ ਨੇ ਬੱਚਿਆਂ ਦੇ ਮਨੋਰੰਜਨ ਦਾ ਕੰਮ 2006 ਤੋਂ ਸਾਂਭਿਆ ਹੋਇਆ ਹੈ | ਗਾਰਦਾਲੈਂਡ ਸ਼ਹਿਰ ਵਿਚ ਵਸਿਆ ਇਟਲੀ ਦਾ ਇਹ ਪ੍ਰਸਿੱਧ ਪਾਰਕ ਯੂਰਪ ਦੀਆਂ 8 ਮੱੁਖ ਸੈਰਗਾਹਾਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ | ਹਰ ਸਾਲ ਲਗਪਗ 30 ਲੱਖ ਸੈਲਾਨੀ ਗਰਮੀਆਂ ਦੀਆਂ ਛੱੁਟੀਆਂ ਵਿਚ ਆਪਣੇ ਬੱਚਿਆਂ ਸਮੇਤ ਇਸ ਪਾਰਕ ਦਾ ਅਨੰਦ ਮਾਣਨ ਲਈ ਆਉਂਦੇ ਹਨ | ਇਸ ਪਾਰਕ ਵਿਚ ਦੈਂਤ ਆਕਾਰ ਦੇ ਪਾਣੀ ਵਿਚ ਚੱਲਣ ਵਾਲੇ ਝੂਲੇ ਬੱਚਿਆਂ ਨੂੰ ਇਕ ਰਹੱਸਮਈ ਦੁਨੀਆ ਵਿਚ ਲੈ ਜਾਂਦੇ ਹਨ | ਸਮੁੰਦਰੀ ਜੀਵਨ ਨਾਲ ਸਬੰਧਤ ਇਕਿਊਰੀਅਮ, ਚਿੜੀਆਘਰ, ਹੋਟਲ ਅਤੇ 32 ਤਰ੍ਹਾਂ ਦੇ ਸਵਾਰੀ ਕਰਨ ਵਾਲੇ ਝੂਲੇ ਇਥੇ ਦਿਖਾਈ ਦਿੰਦੇ ਹਨ, ਜਿਨ੍ਹਾਂ ਦੀ ਟਿਕਟ ਬਹੁਤ ਮਹਿੰਗੀ ਹੋਣ ਦੇ ਬਾਵਜੂਦ ਸੈਲਾਨੀਆਂ ਦੀ ਭੀੜ ਹਮੇਸ਼ਾ ਹੀ ਲੱਗੀ ਰਹਿੰਦੀ ਹੈ | ਪਿਆਰੇ ਬੱਚਿਓ, ਨਕਸ਼ੇ ਤੋਂ ਬਿਨਾਂ ਇਥੇ ਦੇ ਸਾਰੇ ਸਥਾਨ ਨਹੀਂ ਦੇਖੇ ਜਾ ਸਕਦੇ | ਅੱਜ ਤੱਕ ਦੇਸ਼-ਵਿਦੇਸ਼ਾਂ ਤੋਂ ਕਰੋੜਾਂ ਸੈਲਾਨੀ ਗਾਰਦਾਲੈਂਡ ਪਾਰਕ ਦੀ ਸੈਰ ਕਰ ਚੱੁਕੇ ਹਨ | ਜ਼ਿੰਦਗੀ ਵਿਚ ਕਦੇ ਮੌਕਾ ਮਿਲੇ ਤਾਂ ਸਾਨੂੰ ਜ਼ਰੂਰ ਹੀ ਗਾਰਦਾਲੈਂਡ ਦੀ ਸੈਰ ਕਰਨੀ ਚਾਹੀਦੀ ਹੈ, ਜੋ ਸਾਡੀ ਜਾਣਕਾਰੀ ਵਿਚ ਵਾਧਾ ਕਰੇਗੀ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਅਸਲੀ ਹੀਰੋ

ਪਿਆਰੇ ਬੱਚਿਓ, ਇਕ ਵਾਰ ਕਿਸੇ ਸੰਸਥਾ ਵਲੋਂ ਪ੍ਰੋਗਰਾਮ ਕਰਵਾਇਆ ਜਾਣਾ ਸੀ, ਜਿਸ ਵਿਚ ਨਾਟਕ, ਨਾਚ, ਕਵਿਤਾ ਅਤੇ ਹੋਰ ਗਤੀਵਿਧੀਆਂ ਹੋਣੀਆਂ ਸਨ | ਸਮਾਰੋਹ ਵਿਚ ਹਰ ਇਕ ਆਪਣੀ ਪੂਰੀ ਤਿਆਰੀ ਨਾਲ ਭਾਗ ਲੈ ਰਿਹਾ ਸੀ |
ਸਮਾਰੋਹ ਦੌਰਾਨ ਦੋ ਟੀਮਾਂ ਨੇ ਨਾਟਕ ਖੇਡਣੇ ਸਨ, ਦੋਵੇਂ ਟੀਮਾਂ ਆਪਣੇ ਵਲੋਂ ਪੂਰੀ ਤਿਆਰੀ ਕਰਕੇ ਆਈਆਂ ਸਨ ਪਰ ਅਚਾਨਕ ਸਭ ਨੂੰ ਹੈਰਾਨੀ ਉਦੋਂ ਹੋਈ ਜਦੋਂ ਪਹਿਲੀ ਟੀਮ ਨੇ ਦੂਜੀ ਟੀਮ ਦੇ ਨਾਟਕ ਦਾ ਸੁਨੇਹਾ (ਥੀਮ) ਚੋਰੀ ਕਰ ਲਿਆ, ਅਰਥਾਤ ਦੂਜੀ ਟੀਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਿਥੇ ਸੁਨੇਹੇ ਅਨੁਸਾਰ ਆਪਣੀ ਪ੍ਰਤੀਯੋਗਤਾ ਦੇ ਦਿੱਤੀ | ਦੂਜੀ ਟੀਮ ਬਹੁਤ ਪ੍ਰੇਸ਼ਾਨ ਹੋ ਗਈ, ਕਿਉਂਕਿ ਉਨ੍ਹਾਂ ਨੇ ਜੋ ਸੁਨੇਹਾ ਦੇਣਾ ਸੀ, ਉਹ ਪਹਿਲਾਂ ਹੀ ਪਹਿਲੀ ਟੀਮ ਦੇ ਚੱੁਕੀ ਸੀ |
ਦੂਜੀ ਟੀਮ ਨੂੰ ਕੁਝ ਸਮਝ ਨਾ ਆਵੇ ਕਿ ਹੁਣ ਉਹ ਕੀ ਕਰਨ? ਉਹ ਆਪਣੇ ਗੁਰੂ ਕੋਲ ਗਏ ਤਾਂ ਗੁਰੂ ਨੇ ਕਿਹਾ, 'ਤੁਸੀਂ ਚਿੰਤਾ ਨਾ ਕਰੋ, ਅਸਲ ਵਿਚ ਤੁਹਾਡਾ ਥੀਮ ਏਨਾ ਵਧੀਆ ਸੀ ਕਿ ਪਹਿਲੀ ਟੀਮ ਨੂੰ ਚੋਰੀ ਕਰਨਾ ਪਿਆ | ਤੁਸੀਂ ਇਹ ਸੋਚੋ ਕਿ ਤੁਸੀਂ ਜੇਤੂ ਹੋ, ਕਿਉਂਕਿ ਉਹ ਟੀਮ ਤਾਂ ਤੁਹਾਡੀ ਨਕਲ ਹੀ ਕਰ ਸਕੀ, ਅਸਲੀ ਹੀਰੋ ਤਾਂ ਤੁਸੀਂ ਹੋ | ਫਿਰ ਦੂਜੀ ਟੀਮ ਨੇ ਉਸੇ ਸੁਨੇਹੇ ਉੱਪਰ ਨਾਟਕ ਖੇਡਿਆ ਅਤੇ ਸੱਚਮੱੁਚ ਉਹ ਜਿੱਤ ਗਏ |
ਸੋ ਪਿਆਰੇ ਬੱਚਿਓ, ਹਮੇਸ਼ਾ ਅਸਲੀ ਜੇਤੂ, ਅਸਲੀ ਹੀਰੋ ਬਣੋ, ਕਿਉਂਕਿ ਚਲਾਕੀ ਦਾ ਦੂਜਾ ਨਾਂਅ ਬੇਈਮਾਨੀ ਹੈ ਤੇ ਬੇਈਮਾਨੀ ਕਰਨ ਵਾਲੇ ਕਦੇ ਅਸਲੀ ਵਿਜੇਤਾ ਨਹੀਂ ਬਣ ਸਕਦੇ | ਦੂਜਿਆਂ ਦੀਆਂ ਚੰਗੀਆਂ ਗੱਲਾਂ ਤੋਂ ਸਿੱਖੋ ਜ਼ਰੂਰ ਪਰ ਕਦੇ ਬੇਈਮਾਨੀ ਦੁਆਰਾ ਜਿੱਤਣ ਦੀ ਕੋਸ਼ਿਸ਼ ਨਾ ਕਰੋ |


-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690

ਪਿਆਸ ਕਿਉਂ ਲੱਗਦੀ ਹੈ?

ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਾਣੀ ਸਾਡੇ ਸਰੀਰ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਅਤੇ ਇਸ ਤੋਂ ਬਿਨਾਂ ਜਿਉਂਦੇ ਰਹਿ ਸਕਣਾ ਸੰਭਵ ਨਹੀਂ ਹੈ | ਤੁਸੀਂ ਨੋਟ ਕੀਤਾ ਹੋਵੇਗਾ ਕਿ ਦੌੜ ਲਗਾਉਣ ਤੋਂ ਬਾਅਦ, ਕਸਰਤ ਕਰਕੇ ਜਾਂ ਫਿਰ ਕੁਝ ਸਮੇਂ ਬਾਅਦ ਸਾਨੂੰ ਪਾਣੀ ਦੀ ਲੋੜ ਮਹਿਸੂਸ ਹੁੰਦੀ ਹੈ | ਤੁਹਾਡੇ ਮਨ ਵਿਚ ਇਹ ਪ੍ਰਸ਼ਨ ਆਉਂਦਾ ਹੋਵੇਗਾ ਕਿ ਆਖ਼ਰ ਅਜਿਹਾ ਕਿਉਂ ਹੁੰਦਾ ਹੈ? ਅਜਿਹਾ ਇਸ ਕਰਕੇ ਹੁੰਦਾ ਹੈ ਕਿ ਦੌੜ ਜਾਂ ਕਸਰਤ ਤੋਂ ਬਾਅਦ ਬਹੁਤ ਸਾਰਾ ਪਾਣੀ ਪਸੀਨੇ ਦੇ ਰੂਪ ਵਿਚ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ | ਇਸ ਘਾਟ ਨੂੰ ਪੂਰਾ ਕਰਨ ਲਈ ਅਸੀਂ ਪਾਣੀ ਪੀਂਦੇ ਹਾਂ | ਗਰਮੀ ਦੇ ਮੌਸਮ ਵਿਚ ਸਰੀਰ ਦੀ ਪਾਣੀ ਦੀ ਲੋੜ ਵਧ ਜਾਂਦੀ ਹੈ, ਕਿਉਂਕਿ ਖੁਸ਼ਕ ਮੌਸਮ ਹੋਣ ਕਾਰਨ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਸਰੀਰ ਨੂੰ ਕੁਝ ਸਮੇਂ ਬਾਅਦ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ | ਸਾਡੇ ਸਰੀਰ ਦੇ ਕੱੁਲ ਭਾਰ ਦਾ ਦੋ-ਤਿਹਾਈ ਹਿੱਸਾ ਪਾਣੀ ਹੀ ਹੁੰਦਾ ਹੈ ਅਤੇ ਇਨਸਾਨ ਦੇ ਸਰੀਰ ਵਿਚ 20 ਫ਼ੀਸਦੀ ਪਾਣੀ ਦੀ ਘਾਟ ਖ਼ਤਰਨਾਕ ਸਾਬਤ ਹੋ ਸਕਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦੀ ਹੈ, ਭਾਵੇਂ ਕਿ ਬਾਜ਼ਾਰ ਵਿਚ ਕੋਲਡ ਡਰਿੰਕ, ਕੌਫੀ, ਚਾਹ ਆਦਿ ਤਰਲ ਪਦਾਰਥ ਮੌਜੂਦ ਹਨ ਪਰ ਇਹ ਪਾਣੀ ਦੀ ਘਾਟ ਪੂਰੀ ਨਹੀਂ ਕਰਦੇ, ਸਗੋਂ ਇਹ ਸਰੀਰ ਵਿਚੋਂ ਪਾਣੀ ਨੂੰ ਬਾਹਰ ਕੱਢਦੇ ਹਨ ਅਤੇ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰਨ ਲਈ ਵੀ ਪਾਣੀ ਦੀ ਹੀ ਲੋੜ ਪੈਂਦੀ ਹੈ | ਪਾਣੀ ਦੀ ਵਰਤੋਂ ਨਾਲ ਸਾਨੂੰ ਪੌਸ਼ਕ ਤੱਤ ਮਿਲਦੇ ਹਨ ਅਤੇ ਇਹ ਸਾਡੇ ਸਰੀਰ ਦੇ ਤਾਪਮਾਨ ਨੂੰ ਸਹੀ ਰੱਖਦਾ ਹੈ | ਇਸੇ ਕਰਕੇ ਡਾਕਟਰ ਸਹੀ ਮਾਤਰਾ ਵਿਚ ਪਾਣੀ ਪੀਣ ਦੀ ਸਲਾਹ ਦਿੰਦੇ ਹਨ |

-ਮਲੌਦ (ਲੁਧਿਆਣਾ) |

ਚੁਟਕਲੇ

• ਪਤਨੀ ਪੇਕਿਆਂ ਤੋੋਂ ਪਤੀ ਨੂੰ ਫੋਨ ਕਰਦੀ ਹੈ
ਪਤਨੀ-ਹੈਲੋ ਜੀ, ਆਪਣਾ ਖਿਆਲ ਰੱਖਿਓ,ਮੈਂ ਸੁਣਿਆਂ ਡੇਂਗੂ ਬਹੁਤ ਫੈਲ ਰਿਹਾ ਹੈ |
ਪਤੀ-ਸਾਰਾ ਖੂਨ ਤਾਂ ਤੂੰ ਪੀ ਗਈ, ਮੱਛਰ ਨੇ ਇੱਥੇ ਖੂਨਦਾਨ ਕਰਨ ਆਉਣੈ ਭਲਾ?
• ਮਨੀ-ਰਿੰਕੂ ਨੂੰ -'ਤੂੰ ਕੱਲ੍ਹ ਬਹੁਤ ਦੁਖੀ ਲਗਦਾ ਸੀ, ਕੀ ਗੱਲ੍ਹ ਹੋ ਗਈ ਸੀ'?
ਰਿੰਕੂ-'ਯਾਰ ਮੇਰੀ ਪਤਨੀ ਨੇ ਕੱਲ੍ਹ ਮੈਥੋਂ ਸਾੜ੍ਹੀ ਖਰੀਦਣ ਲਈ ਪੰਜ ਹਜ਼ਾਰ ਰੁਪਏ ਲਏ ਸੀ' |
ਮਨੀ-ਤੇ ਅੱਜ ਬਹੁਤ ਖੁਸ਼ ਨਜ਼ਰ ਆ ਰਿਹੈ ?
ਰਿੰਕੂ-ਅੱਜ ਮੇਰੀ ਪਤਨੀ ਉਹੀ ਸਾੜ੍ਹੀ ਪਾ ਕੇ ਤੇਰੇ ਘਰ ਵਾਲੀ ਕੋਲ ਜਾ ਰਹੀ ਹੈ |
• ਪਤੀ ਨੇ ਪਤਨੀ ਨੂੰ ਮੈਸਜ ਕੀਤਾ 'ਜਾਨੂ ਮੇਰੀ ਜ਼ਿੰਦਗੀ ਏਨੀ ਪਿਆਰੀ ਤੇ ਖੂਬਸੂਰਤ ਬਣਾਉਣ ਲਈ ਤੇਰਾ ਸ਼ੁਕਰੀਆ, ਤੂੰ ਹੀ ਮੈਨੂੰ ਜਿਊਣ ਦਾ ਮਕਸਦ ਸਿਖਾਇਆ ਹੈ, ਆਈ ਲਵ ਯੂ' |
ਪਤਨੀ-'ਮਾਰ ਲਿਆ ਚੌਥਾ ਪੈੱਗ, ਹੁਣ ਆ ਜਾਓ ਘਰ, ਕੁਝ ਨੀ ਕਹਿੰਦੀ |
ਪਤੀ-'ਬਾਹਰ ਹੀ ਖੜ੍ਹਾਂ ਗੇਟ ਖੋਲ੍ਹ ਦੇ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986

ਲੜੀਵਾਰ ਨਾਵਲ-19: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਸੱਦਿਆ ਤਾਂ ਉਨ੍ਹਾਂ ਨੇ ਸਾਰੇ ਪਰਿਵਾਰ ਨੂੰ ਹੀ ਹੈ ਪਰ ਪਤਾ ਨਹੀਂ ਕੌਣ-ਕੌਣ ਜਾਣਗੇ, ਪਰ ਮੈਂ ਤਾਂ ਜ਼ਰੂਰ ਜਾਵਾਂਗੀ, ਦਾਦਾ ਜੀ ਦੇ ਨਾਲ ਦੀ ਸੀਟ 'ਤੇ ਬੈਠਾਂਗੀ |' ਡੌਲੀ ਖੁਸ਼ੀ ਵਿਚ ਦੱਸ ਰਹੀ ਸੀ |
'ਅੱਛਾ ਡੌਲੀ! ਇਕ ਗੱਲ ਜਿਹੜੀ ਮੈਂ ਆਪਣੇ ਤੌਰ 'ਤੇ ਮਹਿਸੂਸ ਕੀਤੀ ਏ ਤੇ ਦੂਜੇ ਸਾਥੀ ਵੀ ਸ਼ਾਇਦ ਕਰਦੇ ਹੋਣ... ਉਹ ਇਹ ਵੇ ਪਈ ਅਸੀਂ ਤੇਰੀਆਂ ਆਖੀਆਂ ਗੱਲਾਂ ਦਾ ਕਈ ਵਾਰੀ ਮਜ਼ਾਕ ਵੀ ਉਡਾਉਂਦੇ ਰਹੇ ਆਂ... ਕਈ ਵਾਰੀ ਦਾਦਾ ਜੀ ਦੀਆਂ ਗੱਲਾਂ 'ਤੇ ਹੱਸਦੇ ਵੀ ਰਹੇ ਆਂ... ਪਰ ਅੱਜ ਮਹਿਸੂਸ ਹੋ ਰਿਹਾ ਏ ਪਈ ਅਸੀਂ ਗ਼ਲਤ ਸਾਂ ਤੇ ਦਾਦਾ ਜੀ ਠੀਕ ਸਨ |' ਤਜਿੰਦਰ ਨੇ ਦਿਲੋਂ ਮਹਿਸੂਸ ਕਰਦਿਆਂ ਇਹ ਗੱਲ ਪ੍ਰਭਾਵਸ਼ਾਲੀ ਅੰਦਾਜ਼ ਵਿਚ ਆਖੀ |
'ਹਾਂ ਡੌਲੀ... ਅਸੀਂ ਸਾਰੇ ਹੀ ਇਹ ਮਹਿਸੂਸ ਕਰਦੇ ਹਾਂ ਕਿ ਦਾਦਾ ਜੀ ਦੀ ਇਹ ਕਾਮਯਾਬੀ ਉਨ੍ਹਾਂ ਦੀ ਮਿਹਨਤ ਤੇ ਲਗਨ ਦਾ ਹੀ ਸਿੱਟਾ ਏ | ਸਾਨੂੰ ਵੀ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਏ... ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ... |' ਪ੍ਰਤੀ ਆਖ ਰਹੀ ਸੀ |
'ਅੱਛਾ ਬਈ ਦੋਸਤੋ! ਇਸ ਖੁਸ਼ੀ ਦੇ ਸਮੇਂ 'ਤੇ ਮੈਨੂੰ ਇਕ ਚੁਟਕਲਾ ਯਾਦ ਆ ਗਿਆ... ਸੁਣੋ ਸਾਰੇ...', ਗੌਰਵ ਨੇ ਕਿਹਾ |
'ਹਾਂ, ਚੁਟਕਲਾ ਜ਼ਰੂਰ ਸੁਣਾਓ...', ਸਾਰੇ ਬੱਚੇ ਇਕ ਆਵਾਜ਼ ਵਿਚ ਬੋਲੇ |
'ਇਕ ਕੰਜੂਸ ਆਦਮੀ ਛੱਤ 'ਤੇ ਐਨਟੀਨਾ ਠੀਕ ਕਰ ਰਿਹਾ ਸੀ | ਅਚਾਨਕ ਉਸ ਦਾ ਪੈਰ ਤੀਜੀ ਮੰਜ਼ਿਲ ਤੋਂ ਤਿਲਕ ਗਿਆ | ਜਦੋਂ ਉਹ ਦੂਜੀ ਮੰਜ਼ਿਲ 'ਤੇ ਬਣੀ ਰਸੋਈ ਕੋਲੋਂ ਲੰਘਿਆ ਤਾਂ ਤੇਜ਼ੀ ਨਾਲ ਬੋਲਿਆ, 'ਬੇਗਮ, ਅੱਜ ਮੇਰੇ ਲਈ ਖਾਣਾ ਨਾ ਬਣਾੲੀਂ... |'
ਗੌਰਵ ਦੇ ਚੁਟਕਲੇ ਤੋਂ ਬੱਚੇ ਬਹੁਤ ਖੁਸ਼ ਹੋਏ |
'ਅੱਛਾ, ਇਕ ਚੁਟਕਲਾ ਮੈਨੂੰ ਵੀ ਯਾਦ ਆ ਰਿਹਾ ਏ, ਸੁਣੋ ਬਈ ਸਾਰੇ |' ਰਾਜਨ ਨੇ ਚੁਟਕਲਾ ਸੁਣਾਉਣਾ ਸ਼ੁਰੂ ਕੀਤਾ, 'ਦੋ ਗੱਪੀ ਹੁੰਦੇ ਆ | ਇਕ-ਦੂਜੇ ਨੂੰ ਆਪਣੀ-ਆਪਣੀ ਗੱਲ ਦੱਸਣ ਲੱਗ ਪੈਂਦੇ ਹਨ | ਪਹਿਲਾ ਗੱਪੀ (ਦੂਜੇ ਗੱਪੀ ਨੂੰ )-'ਮੇਰੇ ਦਾਦਾ ਜੀ ਨੇ ਇਕ ਕਮਰਾ ਬਣਾਇਆ, ਜਿਸ ਦੀ ਇਕ ਖਿੜਕੀ ਰੱਖੀ | ਜਦੋਂ ਖਿੜਕੀ ਖੋਲ੍ਹਦੇ ਹਨ ਤਾਂ ਹਵਾ ਆਉਂਦੀ ਹੈ, ਜੇ ਨਹੀਂ ਖੋਲ੍ਹਦੇ ਤਾਂ ਨਹੀਂ ਆਉਂਦੀ... |'
ਦੂਜਾ ਗੱਪੀ (ਪਹਿਲੇ ਨੂੰ )-'ਮੇਰੇ ਦਾਦਾ ਜੀ ਨੇ ਇਕ ਘੜੀ ਖਰੀਦੀ ਏ, ਜਿਹੜੀ ਸਮਾਂ ਦੱਸਦੀ ਨਹੀਂ, ਸਗੋਂ ਪੱੁਛਦੀ ਏ... |'
ਰਾਜਨ ਦਾ ਚੁਟਕਲਾ ਖ਼ਤਮ ਹੁੰਦੇ ਹੀ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ | ਸਕੂਲ ਦੇ ਬੱਚੇ ਆਪਣੇ-ਆਪਣੇ ਕਮਰਿਆਂ ਵੱਲ ਜਾਣ ਲੱਗੇ |
ਅਗਲੇ ਦਿਨ ਅੱਧੀ ਛੱੁਟੀ ਹੁੰਦਿਆਂ ਹੀ ਰਾਜਨ ਤੇ ਉਸ ਦੇ ਸਾਥੀ ਮੈਦਾਨ ਵਿਚ ਆ ਕੇ ਬੈਠ ਗਏ | ਕੋਸੀ-ਕੋਸੀ ਧੱੁਪ ਵਿਚ ਸਕੂਲ ਦਾ ਚੌਗਿਰਦਾ ਨਿਖਰਿਆ ਹੋਇਆ ਲਗਦਾ ਸੀ | ਸਾਰੇ ਬੱਚਿਆਂ ਦੇ ਚਿਹਰੇ ਫੱੁਲਾਂ ਵਾਂਗ ਖਿਲੇ ਹੋਏ ਸਨ | ਡੌਲੀ ਅੱਜ ਪਹਿਲਾਂ ਤੋਂ ਵੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ |
'ਡੌਲੀ, ਵੈਸੇ ਤਾਂ ਅਖ਼ਬਾਰ ਵਿਚ ਵੀ ਅੱਜ ਖ਼ਬਰ ਆ ਗਈ ਏ ਪਰ ਤੰੂ ਆਪਣੇ ਮੰੂਹੋਂ ਸਾਰਾ ਹਾਲ ਸੁਣਾ ਕੱਲ੍ਹ ਦੇ ਸਮਾਗਮ ਦਾ... |' ਰਾਜਨ ਨੇ ਉਤਸੁਕਤਾ ਨਾਲ ਡੌਲੀ ਤੋਂ ਪੱੁਛਿਆ |
ਦੂਜੇ ਬੱਚੇ ਵੀ ਤੀਬਰਤਾ ਨਾਲ ਡੌਲੀ ਵੱਲ ਦੇਖਣ ਲੱਗੇ |
'ਰਾਜਨ ਵੀਰੇ! ਕੱਲ੍ਹ ਦਾ ਸਮਾਗਮ ਬਹੁਤ ਕਾਮਯਾਬ ਤੇ ਰੰਗਾਰੰਗ ਸੀ | ਇਹ ਸਮਾਗਮ ਰੇਲਵੇ ਸਟੇਸ਼ਨ 'ਤੇ ਹੋਇਆ ਸੀ | ਇਹ ਸਮਾਗਮ ਵਪਾਰ ਮੰਡਲ ਦਸੂਹਾ ਵਲੋਂ ਕੀਤਾ ਗਿਆ ਸੀ | ਸ਼ਹਿਰ ਦੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਸੱਦੀਆਂ ਗਈਆਂ ਸਨ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਸਾਡੀ ਸ਼ਾਨ ਹੈ ਪੰਜਾਬੀ

ਅਸੀਂ ਹਾਂ ਪੰਜਾਬੀ ਸਾਡੀ ਸ਼ਾਨ ਹੈ ਪੰਜਾਬੀ,
ਮਾਣ ਨਾਲ ਕਹੀਏ ਸਾਡਾ ਮਾਣ ਹੈ ਪੰਜਾਬੀ |
ਪੰਜਾਬੀ ਉੱਤੋਂ ਸਭ ਕੁਝ ਵਾਰ ਦਿਆਂਗੇ,
ਕਰੀਏ ਐਲਾਨ ਜਿੰਦ ਜਾਨ ਹੈ ਪੰਜਾਬੀ |
ਸਾਨੂੰ ਤੁਰਨਾ ਸਿਖਾਇਆ ਉਂਗਲੀ ਲਗਾ ਕੇ,
ਅੱਜ ਦੁਨੀਆ 'ਤੇ ਸਾਡੀ ਪਹਿਚਾਣ ਹੈ ਪੰਜਾਬੀ |
ਵਿਰਸੇ ਦਾ ਮਾਣ-ਤਾਣ ਸਭ ਕੁਝ ਹੈ,
ਵਿਰਸੇ ਦੀ ਵੱਖਰੀ ਜ਼ਬਾਨ ਹੈ ਪੰਜਾਬੀ |
ਇਹਨੇ ਬੱੁਕਲ ਵਿਚ ਸਾਂਭੇ ਕਈ ਸੱਭਿਆਚਾਰ,
ਇਸ ਦਾ ਨੂਰੀ ਮਸਤਕ ਤੇ ਚੜ੍ਹਤ ਹੈ ਨਵਾਬੀ |
ਤੁਹਾਡੇ ਸਭ ਨਾਲ ਹੀ ਮਹਾਨ ਹੈ ਪੰਜਾਬੀ |
ਇਹਦਾ ਸਤਿਕਾਰ ਸਾਡੀ ਸ਼ਾਨ ਹੈ ਪੰਜਾਬੀ |

-ਮਹਾਂਬੀਰ ਸਿੰਘ ਗਿੱਲ,
ਪਿੰਡ ਸੰਤੂ ਨੰਗਲ, ਡਾਕ: ਚੇਤਨਪੁਰਾ (ਅੰਮਿ੍ਤਸਰ) | ਮੋਬਾ: 98144-16722

ਬਾਲ ਸਾਹਿਤ

ਸ਼ੈਲੀ
(ਬਾਲ ਕਹਾਣੀਆਂ)
ਲੇਖਕ : ਸੁਰਜੀਤ ਦੇਵਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਸਫੇ : 52, ਮੱੁਲ : 90 ਰੁਪਏ
ਸੰਪਰਕ : 92563-67202

ਸੁਰਜੀਤ ਦੇਵਲ ਬਾਲ ਪਾਠਕਾਂ ਲਈ ਗੀਤ, ਕਵਿਤਾਵਾਂ ਤੇ ਕਹਾਣੀਆਂ ਲਗਾਤਾਰ ਲਿਖ ਰਿਹਾ ਹੈ | 'ਸ਼ੈਲੀ' ਬਾਲ ਕਹਾਣੀਆਂ ਦੀ ਪੁਸਤਕ ਹੈ | ਇਸ ਪੁਸਤਕ ਵਿਚ 16 ਬਾਲ ਕਹਾਣੀਆਂ ਹਨ ਤੇ ਇਹ ਪੁਸਤਕ 8 ਤੋਂ 15 ਸਾਲ ਉੱਪਰ ਜੁੱਟ ਲਈ ਹੈ | ਸਾਰੀਆਂ ਕਹਾਣੀਆਂ ਦਾ ਉਦੇਸ਼ ਬਾਲਾਂ ਨੂੰ ਵਧੀਆ ਇਨਸਾਨ ਬਣਾਉਣ ਦਾ ਇਕ ਸ਼ਲਾਘਾਯੋਗ ਯਤਨ ਹੈ | ਲੇਖਕ ਚਾਹੁੰਦਾ ਹੈ ਕਿ ਅੱਜ ਦੇ ਬਾਲ ਆਗਿਆਕਾਰੀ, ਇਮਾਨਦਾਰ, ਸੁਹਿਰਦ ਤੇ ਬਹਾਦਰ ਇਨਸਾਨ ਬਣਨ | ਉਹ ਸਮਾਜ ਨੂੰ ਸੋਹਣਾ ਤੇ ਸੁਚੱਜਾ ਬਣਾਉਣਾ ਚਾਹੁੰਦਾ ਹੈ | 'ਬੰਦਾ, ਬੰਦੇ ਦਾ ਦਾਰੂ' ਕਹਾਣੀ ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੇਰਦੀ ਹੈ | 'ਤੁਹਾਡੀ ਗੱਲ ਮੰਨਾਂਗਾ' ਕਹਾਣੀ ਬਾਲਾਂ ਨੂੰ ਆਗਿਆਕਾਰੀ ਬਣਨ ਦਾ ਸਬਕ ਦਿੰਦੀ ਹੈ | ਇਸੇ ਤਰ੍ਹਾਂ ਹੋਰ ਕਹਾਣੀਆਂ 'ਚੜ੍ਹਾਵਾ', 'ਨਾਨੀ ਨਾਲ ਸ਼ਰਾਰਤ', 'ਲਾਲਚੀ ਸਪੇਰਾ', 'ਸੰਗਤ ਦੀ ਰੰਗਤ', 'ਨਕਲਚੂ', 'ਰਾਜੂ ਦਾ ਵਹਿਮ' ਆਦਿ ਕਹਾਣੀਆਂ ਸਾਡੇ ਆਲੇ-ਦੁਆਲੇ ਵਾਪਰਦੀਆਂ ਸੱਚੀਆਂ ਕਹਾਣੀਆਂ ਹੀ ਲਗਦੀਆਂ ਹਨ |
ਸੁਰਜੀਤ ਦੇਵਲ ਨੇ ਛੋਟੇ-ਛੋਟੇ ਵਾਕਾਂ ਰਾਹੀਂ ਬੜੀਆਂ ਹੀ ਅਰਥ ਭਰਪੂਰ ਗੱਲਾਂ ਕੀਤੀਆਂ ਹਨ | ਤੁਸੀਂ ਕੋਈ ਵੀ ਕਹਾਣੀ ਪੜ੍ਹੋ, ਇਕ ਨਵਾਂ ਸੁਨੇਹਾ ਮਿਲਦਾ ਹੈ | ਪੰਜਾਬੀ ਬਾਲ ਪਾਠਕਾਂ ਨੂੰ ਇਹ ਕਹਾਣੀਆਂ ਜ਼ਰੂਰ ਪਸੰਦ ਆਉਣਗੀਆਂ | ਕਈ ਕਹਾਣੀਆਂ ਪੜ੍ਹਨ ਤੋਂ ਬਾਅਦ ਉਹ ਹੈਰਾਨੀ ਨਾਲ ਆਖਣਗੇ, 'ਇਹ ਕਹਾਣੀ ਤਾਂ ਮੇਰੀ' ਜਾਂ 'ਇਹ ਤਾਂ ਸਾਡੇ ਗੁਆਂਢ ਵਿਚ ਵਾਪਰੀ ਘਟਨਾ ਹੈ |' ਲੇਖਕ ਨੇ ਰੋਜ਼ਾਨਾ ਜੀਵਨ ਵਿਚ ਵਾਪਰੀਆਂ ਘਟਨਾਵਾਂ ਨੂੰ ਆਪਣੀਆਂ ਕਹਾਣੀਆਂ ਵਿਚ ਬਿਆਨ ਕੀਤਾ ਹੈ | ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ | ਪੰਜਾਬੀ ਬਾਲ ਸਾਹਿਤ ਨੂੰ 'ਸ਼ੈਲੀ' ਵਰਗੀਆਂ ਪੁਸਤਕਾਂ ਅਮੀਰ ਬਣਾ ਰਹੀਆਂ ਹਨ | ਸਕੂਲ ਲਾਇਬ੍ਰੇਰੀਆਂ ਵਿਚ ਇਸ ਤਰ੍ਹਾਂ ਦੀਆਂ ਪੁਸਤਕਾਂ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਹਨ | ਮੈਂ ਲੇਖਕ ਸੁਰਜੀਤ ਦੇਵਲ ਨੂੰ ਵਧੀਆ, ਮਨੋਰੰਜਕ ਤੇ ਗਿਆਨ ਭਰਪੂਰ ਪੁਸਤਕ ਲਿਖਣ ਲਈ ਵਧਾਈ ਦਿੰਦਾ ਹਾਂ | ਆਸ ਕਰਦਾ ਹਾਂ ਕਿ ਉਹ ਇਸ ਤਰ੍ਹਾਂ ਦਾ ਹੋਰ ਬਾਲ ਸਾਹਿਤ ਲਿਖਦੇ ਰਹਿਣਗੇ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਅਨਮੋਲ ਬਚਨ

• ਬਹੁਤ ਮੁਸ਼ਕਿਲ ਨਹੀਂ ਜ਼ਿੰਦਗੀ ਦੀ ਸਚਾਈ ਨੂੰ ਸਮਝਣਾ, ਜਿਸ ਤਰਾਜ਼ੂ 'ਤੇ ਅਸੀਂ ਦੂਜਿਆਂ ਨੂੰ ਤੋਲਦੇ ਹਾਂ, ਕਦੇ ਖੁਦ ਉਸ 'ਤੇ ਬੈਠ ਕੇ ਦੇਖੋ |
• ਜਿਸ ਘਰ ਦਾ ਮੁਖੀਆ ਹੀ ਅਨਿਆਂ ਹੋਣ 'ਤੇ ਚੱੁਪ ਧਾਰਨ ਕਰੀ ਰੱਖੇ, ਉਸ ਘਰ ਵਿਚ ਮਹਾਂਭਾਰਤ ਤੈਅ ਹੈ |
• ਜਿਸ ਨੇ ਜੋ ਕਹਿਣਾ ਹੈ ਕਹਿਣ ਦਿਓ, ਸਾਡਾ ਕੁਝ ਨਹੀਂ ਵਿਗੜਦਾ | ਇਹ ਸਮੇਂ-ਸਮੇਂ ਦੀ ਗੱਲ ਹੈ ਤੇ ਸਮਾਂ ਇਕ ਦਿਨ ਸਭ ਦਾ ਆਉਂਦਾ |
• ਜਿਸ ਘਰ ਵਿਚ ਔਰਤ ਦੁਖੀ ਹੋਵੇ, ਉਸ ਘਰ ਵਿਚੋਂ ਕਲੇਸ਼ ਕਦੇ ਖ਼ਤਮ ਨਹੀਂ ਹੋਵੇਗਾ |
• ਬੁਰਾ ਹਮੇਸ਼ਾ ਉਹ ਹੀ ਬਣਦਾ ਹੈ ਜੋ ਚੰਗਾ ਬਣ-ਬਣ ਕੇ ਟੱੁਟ ਚੱੁਕਾ ਹੁੰਦਾ ਹੈ |
• ਦਿਲ ਵਿਚ ਇਨਸਾਨੀਅਤ ਦਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਿਜਦਾ ਕਰਦੇ ਰਹਿਣ ਨਾਲ ਵੀ ਰੱਬ ਨਹੀਂ ਮਿਲਦਾ |
• ਦੂਜਿਆਂ ਨੂੰ ਨਸੀਹਤ ਦੇ ਫੱੁਲ ਦੇਣ ਤੋਂ ਪਹਿਲਾਂ ਖੁਦ ਉਸ ਦੀ ਖੁਸ਼ਬੂ ਲੈਣਾ ਨਾ ਭੁੱਲੋ |

-ਬਲਵਿੰਦਰਜੀਤ ਕੌਰ,
ਪਿੰਡ ਚੱਕਲਾਂ (ਰੂਪਨਗਰ) |
balwinderjitbajwa9876@gmail.com

ਬਾਲ ਕਵਿਤਾ: ਬੱਚਿਓ ਰੱੁਖ ਲਗਾਓ

ਆਪਣੇ ਜਨਮ ਦਿਨ 'ਤੇ ਬੱਚਿਓ,
ਇਕ-ਇਕ ਰੱੁਖ ਲਗਾਓ |
ਵਧ ਰਹੇ ਪ੍ਰਦੂਸ਼ਣ 'ਤੇ,
ਰਲ-ਮਿਲ ਕੇ ਰੋਕ ਲਗਾਓ |
ਜਨਮ ਦਿਨਾਂ 'ਤੇ ਲਾਏ ਰੱੁਖ,
ਬਣਨਗੇ ਤੁਹਾਡੇ ਹਾਣੀ |
ਨਾਲ ਪਿਆਰ ਦੇ ਪਾਲੋ ਇਨ੍ਹਾਂ ਨੂੰ ,
ਰੋਜ਼ਾਨਾ ਪਾ ਕੇ ਪਾਣੀ |
ਇਨ੍ਹਾਂ ਨਾਲ ਫਿਰ ਜੁੜ ਜਾਣੀਆਂ,
ਜ਼ਿੰਦਗੀ ਭਰ ਦੀਆਂ ਯਾਦਾਂ |
ਧਰਤੀ ਹਰੀ-ਭਰੀ ਫਿਰ ਹੋ ਜਾਊ,
ਜੋ ਸਾੜੀ ਪਾ-ਪਾ ਖਾਦਾਂ |
ਚਾਰੇ ਪਾਸੇ ਹੋਊ ਹਰਿਆਲੀ,
ਸ਼ੱੁਧ ਹੋ ਜਾਊ ਚਾਰ-ਚੁਫੇਰਾ |
ਪੰਛੀ ਇਨ੍ਹਾਂ 'ਤੇ ਘਰ ਪਾਉਣਗੇ,
ਰਹਿਣਗੇ ਲਾ ਕੇ ਡੇਰਾ |
ਤੁਹਾਡਾ ਇਕ ਇਹ ਚੱੁਕਿਆ ਕਦਮ,
ਬਣੂ ਸਭ ਲਈ ਚਾਨਣ ਮੁਨਾਰਾ |
ਇਕ-ਇਕ ਦੇ ਨਾਲ 'ਬਸਰੇ',
ਲੱਗ ਜਾਣਗੇ ਰੱੁਖ ਹਜ਼ਾਰਾਂ |

-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਬਾਲ ਕਹਾਣੀ: ਜਗ ਪਿਆ ਦੀਵਾ

ਸੁਖਦੀਪ ਅੱਜ ਫਿਰ ਸਕੂਲ ਨਹੀਂ ਸੀ ਗਿਆ, ਘਰ ਤੋਂ ਤਿਆਰ ਹੋ ਕੇ ਬੈਗ ਮੋਢੇ 'ਤੇ ਪਾ ਕੇ ਬਾਗ ਵੱਲ ਤੁਰਿਆ ਜਾ ਰਿਹਾ ਸੀ | ਉਸ ਦਾ ਸਕੂਲ ਵਲੋਂ ਮੰੂਹ ਮੋੜਿਆ ਗਿਆ ਸੀ | ਸਕੂਲ ਵਿਚ ਉਸ ਦੀ ਕੋਈ ਕਦਰ ਨਹੀਂ ਸੀ | ਪਿੰ੍ਰਸੀਪਲ ਸਰ ਵੀ ਉਸ ਨੂੰ ਸਮਝਾ-ਸਮਝਾ ਕੇ ਥੱਕ ਗਏ ਸਨ ਪਰ ਉਸ ਦੇ ਕੰਨਾਂ 'ਤੇ ਜੰੂ ਨਹੀਂ ਸਰਕਦੀ ਸੀ | ਅਧਿਆਪਕਾਂ ਦੀ ਵੀ ਗੱਲ ਨਹੀਂ ਸੀ ਸੁਣਦਾ | ਅਧਿਆਪਕਾਂ ਦਾ ਵੀ ਸਤਿਕਾਰ ਕਰਨਾ ਛੱਡ ਗਿਆ ਸੀ | ਦੋਸਤਾਂ-ਮਿੱਤਰਾਂ ਨੇ ਵੀ ਉਸ ਨੂੰ ਬੜਾ ਸਮਝਾਇਆ ਪਰ ਦੀਪ ਤਾਂ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ | ਆਪਣੀ ਜ਼ਿੰਦਗੀ ਆਪ ਹੀ ਬਰਬਾਦ ਕਰਨ 'ਤੇ ਤੁਲਿਆ ਹੋਇਆ ਸੀ | ਮੈਡਮ ਰਘਬੀਰ ਉਸ ਨੂੰ ਬੜਾ ਸਮਝਾਉਂਦੇ | ਅੱਜ ਅਚਾਨਕ ਮੈਡਮ ਰਘਬੀਰ, ਦੀਪ ਨੂੰ ਮਿਲ ਗਏ | ਸੁਖਦੀਪ ਪਹਿਲਾਂ ਤਾਂ ਮੈਡਮ ਦੀਆਂ ਨਜ਼ਰਾਂ ਤੋਂ ਭੱਜਣ ਲੱਗਾ ਪਰ ਮੈਡਮ ਨੇ ਉਸ ਨੂੰ ਆਵਾਜ਼ ਮਾਰੀ, 'ਸੁਖਦੀਪ, ਠਹਿਰ ਜਾ, ਮੇਰੀ ਗੱਲ ਸੁਣ ਕੇ ਜਾਵੀਂ, ਮੈਂ ਤੈਨੂੰ ਕੁਝ ਨਹੀਂ ਕਹਾਂਗੀ, ਇਕ ਮਿਟ ਬਸ... |' ਸੁਖਦੀਪ ਦੇ ਵੀ ਕਦਮ ਮੈਡਮ ਦੀ ਆਵਾਜ਼ ਸੁਣ ਕੇ ਰੁਕ ਗਏ |
'ਦੇਖ ਸੁਖਦੀਪ, ਤੇਰੇ ਮਾਤਾ ਜੀ ਤੈਨੂੰ ਬੜੀ ਮੁਸ਼ਕਿਲ ਪੜ੍ਹਾ ਰਹੇ ਹਨ, ਤੰੂ ਇਸ ਤਰ੍ਹਾਂ ਨਾ ਕਰ, ਤੇਰੀ ਜ਼ਿੰਦਗੀ ਤੇਰੇ ਹੱਥ ਹੈ, ਤੰੂ ਕਿਉਂ ਆਖੇ ਨਹੀਂ ਲਗਦਾ ਉਨ੍ਹਾਂ ਦੇ? ਅਧਿਆਪਕਾਂ ਦਾ ਵੀ ਤੰੂ ਸਤਿਕਾਰ ਨਹੀਂ ਕਰਦਾ | ਤੰੂ ਤਾਂ ਬੜਾ ਬੀਬਾ ਬੱਚਾ ਸੈਂ... |' ਸੁਖਦੀਪ ਦੀਆਂ ਅੱਖਾਂ 'ਚੋਂ ਅਚਾਨਕ ਹੰਝੂ ਡਿਗਣੇ ਸ਼ੁਰੂ ਹੋ ਗਏ | ਉਹ ਤਾਂ ਭੱੁਬਾਂ ਮਾਰ ਕੇ ਰੋਣ ਲੱਗ ਪਿਆ | ਰਘਬੀਰ ਮੈਡਮ ਨੇ ਵੀ ਉਸ ਨੂੰ ਘੱੁਟ ਕੇ ਗਲ ਨਾਲ ਲਾਇਆ, 'ਬੇਟਾ, ਸਤਿਕਾਰ ਤਾਂ ਇਕ ਬੜੀ ਵੱਡੀ ਨਿਆਮਤ ਹੈ |' ਸੁਖਦੀਪ ਰੋਂਦੇ-ਰੋਂਦੇ ਕਹਿਣ ਲੱਗਾ, 'ਮੈਡਮ ਜੀ, ਮੈਨੂੰ ਮੁਆਫ਼ ਕਰ ਦਿਓ... ਮੁਆਫ਼ ਕਰ ਦਿਓ..., ਅੱਜ ਤੋਂ ਮੈਂ ਮਾਂ-ਬਾਪ, ਅਧਿਆਪਕਾਂ ਦਾ, ਸਭ ਦਾ ਸਤਿਕਾਰ ਕਰਾਂਗਾ... |'
ਸੁਖਦੀਪ ਅਗਲੇ ਦਿਨ ਸੂਰਜ ਦੀ ਨਵੀਂ ਕਿਰਨ ਨਾਲ ਸਕੂਲ ਪਹੁੰਚਿਆ | ਅਧਿਆਪਕਾ ਵੀ ਖੁਸ਼ ਸੀ ਕਿ ਇਕ ਬੁਝਣ ਜਾ ਰਹੇ ਦੀਵੇ ਨੂੰ ਉਸ ਨੂੰ ਲੋਅ ਦੇ ਦਿੱਤੀ ਸੀ ਅਤੇ ਦੀਵਾ ਮੁੜ ਜਗ ਗਿਆ ਸੀ |
ਸਿੱਖਿਆ : ਵੱਡਿਆਂ ਦਾ ਸਤਿਕਾਰ ਜ਼ਰੂਰੀ ਹੈ |

-ਅੰਮਿ੍ਤਸਰ |
ਮੋਬਾ: 80540-87750

ਚੰਦਰਮਾ ਬਾਰੇ ਦਿਲਚਸਪ ਜਾਣਕਾਰੀ

ਪਿਆਰੇ ਬੱਚਿਓ! ਅਕਸਰ ਜਦੋਂ ਤੁਸੀਂ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਹੋਰ ਤੋਂ ਚੰਦਰਮਾ ਸਬੰਧੀ ਦਿਲਚਸਪ ਜਿਵੇਂ 'ਚੰਦਾ ਮਾਮਾ ਬੜਾ ਸੀਤਲ, ਸੁੰਦਰ ਹੈ... ਉਥੇ ਬੱੁਢੀ ਮਾਈ ਚਰਖਾ ਕੱਤ ਰਹੀ ਹੈ' ਆਦਿ ਕਹਾਣੀਆਂ ਸੁਣਦੇ ਹੋ ਤਾਂ ਤੁਹਾਡੇ ਬਾਲ-ਮਨਾਂ ਵਿਚ ਚੰਦਰਮਾ ਬਾਰੇ ਬਹੁਤ ਕੁਝ ਜਾਣਨ ਲਈ ਜ਼ਰੂਰ ਹੀ ਜਗਿਆਸਾ ਪੈਦਾ ਹੁੰਦੀ ਹੋਵੇਗੀ | ...ਅਤੇ ਆਓ! ਅਸੀਂ ਚੰਦਰਮਾ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ | ਦੋਸਤੋ! ਭਾਵੇਂ ਮੱੁਢ ਤੋਂ ਹੀ ਚੰਦਰਮਾ ਸਾਡੇ ਲਈ ਰਹੱਸਮਈ ਬੁਝਾਰਤ ਰਿਹਾ ਹੈ ਪਰ ਵਿਗਿਆਨ ਦੇ ਪਸਾਰ ਸਦਕਾ ਅਸੀਂ ਚੰਦਰਮਾ ਬਾਰੇ ਬਹੁਤ ਕੁਝ ਜਾਣ ਚੱੁਕੇ ਹਾਂ ਅਤੇ ਹੋਰ ਵੀ ਕੋਸ਼ਿਸ਼ਾਂ ਜਾਰੀ ਹਨ | ਮਨੱੁਖ ਦੀ ਉਤਪਤੀ ਤੋਂ ਪਹਿਲਾਂ ਹੀ ਚੰਦ ਦਾ ਅਸਤਿਤਵ ਸੀ | ਮੰਨਣਾ ਹੈ ਕਿ ਕਰੀਬ 450 ਕਰੋੜ ਵਰ੍ਹੇ ਪਹਿਲਾਂ ਚੰਦ ਸਾਡੀ ਧਰਤੀ ਦਾ ਹੀ ਹਿੱਸਾ ਸੀ ਪਰ ਇਕ ਉਲਕਾ ਦੇ ਟਕਰਾਉਣ ਨਾਲ ਧਰਤੀ ਦਾ ਕੁਝ ਹਿੱਸਾ ਟੱੁਟ ਕੇ ਚੰਦਰਮਾ ਬਣ ਗਿਆ | ਚੰਦ ਸਾਡੀ ਧਰਤੀ ਦੁਆਲੇ ਚੱਕਰ ਲਾਉਣ ਵਾਲਾ ਸਭ ਤੋਂ ਨੇੜਲਾ ਉਪਗ੍ਰਹਿ ਹੈ ਜੋ ਕਿ 27 ਦਿਨ 7 ਘੰਟੇ 43 ਮਿੰਟ ਅਤੇ 15 ਸਕਿੰਟਾਂ ਵਿਚ ਧਰਤੀ ਦਾ ਚੱਕਰ ਪੂਰਾ ਕਰ ਲੈਂਦਾ ਹੈ | ਸੁੰਦਰਤਾ ਨੂੰ ਰੂਪਮਾਨ ਕਰਦੇ ਚੰਦਰਮਾ ਸਬੰਧੀ ਕਈ ਅਖਾਣ ਵੀ ਪ੍ਰਚੱਲਤ ਹਨ |
ਮਨੱੁਖ ਦੀ ਮੱੁਢ ਤੋਂ ਹੀ ਪ੍ਰਬਲ ਇੱਛਾ ਰਹੀ ਹੈ ਕਿ ਚੰਦ 'ਤੇ ਪੱੁਜ ਕੇ ਸੌਰ ਪ੍ਰਣਾਲੀ ਦੀ ਖੋਜ ਕੀਤੀ ਜਾਵੇ | ਸਭ ਤੋਂ ਪਹਿਲਾਂ ਨੀਲ ਆਰਮਸਟਰਾਂਗ ਨਾਮੀ ਸਾਇੰਸਦਾਨ ਨੇ 1969 ਵਿਚ ਚੰਦ 'ਤੇ ਪਹਿਲਾ ਕਦਮ ਰੱਖਿਆ ਅਤੇ ਉਨ੍ਹਾਂ ਨਾਲ ਐਡਵਿਨ ਆਸਟਿਨ ਵਿਗਿਆਨੀ ਵੀ ਸਨ | ਉਸ ਤੋਂ ਬਾਅਦ ਕਈ ਵਿਕਸਿਤ ਦੇਸ਼ਾਂ ਵਲੋਂ ਚੰਦ 'ਤੇ ਜਾਣ, ਸਮੱੁਚੀ ਸੌਰ ਪ੍ਰਣਾਲੀ, ਚੰਦ ਦੀ ਸਤਹਿ 'ਤੇ ਪਾਣੀ ਅਤੇ ਮਨੱੁਖ ਦੇ ਵਸਣ ਦੀ ਸੰਭਾਵਨਾ ਆਦਿ ਪ੍ਰਤੀ ਖੋਜ ਉਪਰਾਲੇ ਕੀਤੇ ਹਨ | ਹਾਲ ਹੀ ਵਿਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਵੀ ਅਜਿਹੀਆਂ ਖੋਜਾਂ ਕਰਨ ਲਈ ਚੰਦਰਯਾਨ-2 ਨੂੰ ਚੰਦ ਦੀ ਸਤਹਿ ਵੱਲ ਭੇਜਿਆ ਗਿਆ ਪਰ ਐਨ ਆਖਰੀ ਸਮੇਂ ਸਤਹਿ 'ਤੇ ਉਤਰਨ ਸਮੇਂ ਸਾਫ਼ਟ ਲੈਂਡਿੰਗ ਨਾ ਹੋ ਸਕਣ ਸਦਕਾ ਖੋਜ ਕਾਰਜਾਂ ਵਿਚ ਰੁਕਾਵਟ ਆ ਗਈ ਪਰ ਸਾਡੇ ਮਾਹਿਰਾਂ ਵਲੋਂ ਰੁਕਾਵਟ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ |
ਚੰਦ ਉੱਪਰ ਕੋਈ ਵਾਯੂ ਮੰਡਲ ਨਹੀਂ ਅਤੇ ਨਾ ਹੀ ਕੋਈ ਆਵਾਜ਼ ਸੁਣਾਈ ਦਿੰਦੀ ਹੈ | ਉਥੋਂ ਅਸਮਾਨ ਕਾਲਾ ਦਿਖਾਈ ਦਿੰਦਾ ਹੈ | ਵਾਯੂ ਮੰਡਲ ਨਾ ਹੋਣ ਅਤੇ ਸੂਰਜ ਦੀਆਂ ਸਿੱਧੀਆਂ ਪਰਾਬੈਂਗਣੀ ਕਿਰਨਾਂ ਸਦਕਾ ਦਿਨ ਦਾ ਤਾਪਮਾਨ 100 ਡਿਗਰੀ (ਬਹੁਤ ਜ਼ਿਆਦਾ ਗਰਮ) ਅਤੇ ਰਾਤ ਦਾ ਤਾਪਮਾਨ .153 ਡਿਗਰੀ ਸੈਲਸੀਅਸ ਤੱਕ ਭਾਵ ਕਿ ਬਹੁਤ ਜ਼ਿਆਦਾ ਠੰਢਾ ਹੋ ਜਾਣ ਕਰਕੇ ਉਥੇ ਬਨਸਪਤੀ ਅਤੇ ਜੀਵਨ ਦੀ ਉਤਪਤੀ ਅਸੰਭਵ ਹੀ ਹੈ | ਚੰਦ ਦਾ ਗੁਰੂਤਵਾਕਸ਼ਣ ਸਾਡੀ ਧਰਤੀ ਦੇ ਗੁਰੂਤਵਾਕਸ਼ਣ ਤੋਂ 6 ਗੁਣਾ ਘੱਟ ਹੈ | ਜੇ ਕਿਸੇ ਚੀਜ਼ ਦਾ ਭਾਰ ਧਰਤੀ 'ਤੇ 60 ਕਿਲੋ ਹੋਵੇ ਤਾਂ ਚੰਦ 'ਤੇ ਸਿਰਫ 10 ਕਿਲੋ ਹੀ ਹੁੰਦਾ ਹੈ | ਚੰਦ ਦੀ ਕੋਈ ਆਪਣੀ ਰੌਸ਼ਨੀ ਨਹੀਂ | ਸੂਰਜ ਦੀ ਰੌਸ਼ਨੀ ਸਦਕਾ ਹੀ ਚਮਕਦਾ ਹੈ | ਧਰਤੀ ਜਦ ਸੂਰਜ ਅਤੇ ਚੰਦਰਮਾ ਵਿਚਾਲੇ ਆ ਜਾਂਦੀ ਹੈ ਤਾਂ ਉਸ ਸਥਿਤੀ ਨੂੰ ਚੰਦ ਗ੍ਰਹਿਣ ਕਿਹਾ ਜਾਂਦਾ ਹੈ | ਚੰਦਰਮਾ ਦਾ ਵਿਆਸ 3478 ਕਿਲੋਮੀਟਰ ਹੈ | ਚੰਦਰਮਾ ਦਾ ਦਿਨ ਸਾਡੀ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ | ਮੋਬਾ: 70870-48140

ਇਟਲੀ ਦਾ ਸ਼ਹਿਰ ਵਿਰੋਨਾ

ਪਿਆਰੇ ਬੱਚਿਓ, ਤੁਸੀਂ ਜਾਣਦੇ ਹੋ ਕਿ ਸੈਕਸ਼ਪੀਅਰ ਯੂਰਪ ਦਾ ਪ੍ਰਸਿੱਧ ਕਵੀ ਹੋਇਆ ਹੈ | ਉਸ ਦਾ ਪ੍ਰਸਿੱਧ ਨਾਵਲ 'ਰੋਮੀਓ ਅਤੇ ਜੂਲੀਅਟ' ਉਸ ਦੀ ਮਹਾਨ ਰਚਨਾ ਮੰਨੀ ਜਾਂਦੀ ਹੈ | ਇਸ ਨਾਵਲ ਦੀ ਨਾਇਕਾ ਜੂਲੀਅਸ ਦੀ ਜਨਮ ਭੂਮੀ ਹੈ ਇਟਲੀ ਦਾ ਪ੍ਰਸਿੱਧ ਸੈਲਾਨੀ ਸ਼ਹਿਰ ਵਿਰੋਨਾ | ਯੂਰਪ ਮਹਾਂਦੀਪ ਦਾ ਇਹ ਵਿਲੱਖਣ ਸ਼ਹਿਰ ਇਟਲੀ ਦੇ ਉੱਤਰੀ ਖੇਤਰ ਵਿਚ ਸਥਿਤ ਹੈ, ਜੋ 206 ਕਿਲੋਮੀਟਰ ਰਕਬੇ ਵਿਚ ਫੈਲਿਆ ਹੋਇਆ ਹੈ | ਤਕਰੀਬਨ ਢਾਈ ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ | ਇਸ ਸ਼ਹਿਰ ਵਿਚ ਕਈ ਸਾਲਾਨਾ ਮੇਲੇ ਅਤੇ ਸੰਗੀਤ ਦੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ |
ਯੂਰਪੀ ਸੰਘ ਦੇ ਆਪਸੀ ਸਮਝੌਤਿਆਂ ਕਾਰਨ ਕਈ ਦੇਸ਼ਾਂ ਦੇ ਸੈਲਾਨੀ ਬਿਨਾਂ ਵੀਜ਼ੇ ਦੇ ਇਸ ਸ਼ਹਿਰ ਦੀ ਸੈਰ ਕਰ ਸਕਦੇ ਹਨ | ਇਥੇ ਕਈ ਇਤਿਹਾਸਕ ਕਿਲ੍ਹੇ ਅਤੇ ਥਾਵਾਂ ਦੇਖਣ ਯੋਗ ਹਨ, ਜਿਵੇਂ ਕਾਲਜ ਆਫ ਵਿਰੋਨਾ, ਕਲਾਕ ਵਾਈਜ ਸੱਜੇ ਤੋਂ ਖੱਬੇ, ਸਨਸੈੱਟ ਪੁਆਇੰਟ, ਸਲਿਊਟ ਆਫ ਮੈਡੋਨਾ, ਵਿਰੋਨਾ ਫਾਊਨਟੈਨ | ਇਸ ਪ੍ਰਸਿੱਧ ਸ਼ਹਿਰ ਵਿਚ ਸਵਿਟਜ਼ਰਲੈਂਡ, ਆਸਟਰੀਆ ਅਤੇ ਫਰਾਂਸ ਦੇ ਸੈਲਾਨੀ ਆਪਣੀਆਂ ਕਾਰਾਂ ਰਾਹੀਂ ਪਹੁੰਚਦੇ ਹਨ | ਵਿਰੋਨਾ ਸ਼ਹਿਰ ਵਿਚ ਹੀ ਜੂਲੀਅਟ ਦੀ ਯਾਦ ਨੂੰ ਤਾਜ਼ਾ ਕਰਦੀ ਜੂਲੀਅਟ ਦੀ ਰਿਹਾਇਸ਼ 'ਤੇ ਬਾਲਕੋਨੀ ਵੀ ਮੌਜੂਦ ਹੈ, ਜੋ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣਦੀ ਹੈ | 14ਵੀਂ ਸਦੀ ਦੀ ਇਸ ਮਹੱਤਵਪੂਰਨ ਯਾਦ ਨੂੰ ਅੱਜ ਵੀ ਇਟਾਲੀਅਨ ਲੋਕਾਂ ਨੇ ਬਾਖੂਬੀ ਸਾਂਭਿਆ ਹੋਇਆ ਹੈ | ਸੈਕਸ਼ਪੀਅਰ ਦਾ ਦੂਜਾ ਨਾਵਲ 'ਟੂ ਜੈਂਟਲਮੈਨ ਆਫ ਵਿਰੋਨਾ' ਵੀ ਇਸ ਮਹਾਨ ਸ਼ਹਿਰ ਨਾਲ ਹੀ ਸਬੰਧਿਤ ਹੈ | ਜੂਲੀਅਟ ਦੇ ਇਸ ਸ਼ਹਿਰ ਦੀ ਵਿਲੱਖਣਤਾ ਕਾਰਨ ਹੀ ਯੂਨੈਸਕੋ ਵਲੋਂ ਇਸ ਸ਼ਹਿਰ ਨੂੰ ਵਿਸ਼ਵ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈ | ਇਸ ਇਤਿਹਾਸਕ ਸ਼ਹਿਰ ਦੇ ਦਰਸ਼ਨ ਸੈਲਾਨੀਆਂ ਨੂੰ ਨਵਾਂ ਹੁਲਾਰਾ ਦਿੰਦੇ ਹਨ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਚੁਟਕਲੇ

• ਨਤਾਸ਼ਾ (ਪਤੀ ਨੂੰ )-ਦੇਖੋ ਜੀ, ਸਾਡੇ ਘਰ ਦੇ ਦਰਵਾਜ਼ੇ-ਖਿੜਕੀਆਂ ਸਭ ਜ਼ੋਰ-ਜ਼ੋਰ ਨਾਲ ਹਿੱਲ ਰਹੇ ਹਨ |
ਪਤੀ-ਤੰੂ ਚੱੁਪ-ਚਾਪ ਸੌਾ ਜਾ, ਸਾਡਾ ਮਕਾਨ ਤਾਂ ਕਿਰਾਏ ਦਾ ਹੈ, ਹਿੱਲੇ ਜਾਂ ਟੱੁਟੇ, ਸਾਨੂੰ ਕੀ?
• ਜੋਨੀ (ਡਾਕਟਰ ਨੂੰ )-ਡਾਕਟਰ ਸਾਹਿਬ, ਹੁਣ ਵੀ ਜਦ ਮੈਂ ਭਾਸ਼ਨ ਦੇਣ ਲਗਦਾ ਹਾਂ ਤਾਂ ਜ਼ਬਾਨ ਤਾਲੂ ਨਾਲ ਚਿਪਕ ਜਾਂਦੀ ਹੈ ਤੇ ਬੱੁਲ੍ਹ ਕੰਬਣ ਲਗਦੇ ਹਨ |
ਡਾਕਟਰ-ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ, ਝੂਠ ਬੋਲਦੇ ਸਮੇਂ ਅਜਿਹਾ ਹੁੰਦਾ ਹੀ ਹੈ |
• ਦੁਕਾਨਦਾਰ (ਕੱਪੜਾ ਦਿਖਾਉਂਦਾ ਹੋਇਆ)-ਬਾਬੂ ਜੀ, ਇਹ ਕੱਪੜਾ ਤੁਹਾਡੇ 'ਤੇ ਬਹੁਤ ਜਚੇਗਾ | ਇਸ ਦਾ ਰੰਗ ਤੁਹਾਡੇ ਚਿਹਰੇ ਨਾਲ ਬਹੁਤ ਮਿਲਦਾ ਹੈ |
ਬਾਬੂ ਜੀ-ਪਰ ਭਾਈ, ਮੇਰੇ ਮੰੂਹ ਦਾ ਰੰਗ ਅਜਿਹਾ ਨਹੀਂ, ਇਹ ਤਾਂ ਕੱਪੜੇ ਦਾ ਰੇਟ ਸੁਣ ਕੇ ਅਜਿਹਾ ਬਣ ਗਿਆ ਹੈ |
• ਇਕ ਤਲਾਕ ਦੇ ਮੁਕੱਦਮੇ ਵਿਚ ਜੱਜ (ਮਹਿਲਾ ਨੂੰ )-ਕੀ ਤੁਹਾਡਾ ਪਤੀ ਤੁਹਾਨੂੰ ਮਾਰਦਾ ਵੀ ਸੀ?
ਮਹਿਲਾ-ਹਾਂ ਜੀ, ਗੱੁਸੇ ਵਿਚ ਕੰਧ 'ਤੇ ਜ਼ੋਰ-ਜ਼ੋਰ ਨਾਲ ਮੱੁਕੇ ਮਾਰਦਾ ਸੀ ਅਤੇ ਕਹਿੰਦਾ ਸੀ ਕਿ ਕਾਸ਼! ਤੰੂ ਇਸ ਥਾਂ 'ਤੇ ਹੁੰਦੀ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ | ਮੋਬਾ: 98140-97917

ਲੜੀਵਾਰ ਨਾਵਲ-18: ਮਾਲਵਾ ਐਕਸਪ੍ਰੈੱਸ

'ਵੀਰ ਜੀ, ਬਿਮਾਰ ਸੋਚ ਤੋਂ ਮਤਲਬ ਅਜਿਹੀ ਸੋਚ ਤੋਂ ਹੈ, ਜਿਸ ਸੋਚ ਵਿਚ ਵਿਸ਼ਵਾਸ ਦੀ ਕਮੀ ਹੋਵੇ, ਵਿਚਾਰ ਪਿਛਾਂਹਖਿੱਚੂ ਹੋਣ... ਢਹਿੰਦੀ ਕਲਾ ਵੱਲ ਜਾਣਾ... ਸੂਰਜ ਵੱਲ ਪਿੱਠ ਕਰਨੀ... ਇਹ ਸਾਰੀਆਂ ਬਿਮਾਰ ਸੋਚ ਦੀਆਂ ਨਿਸ਼ਾਨਈਆਂ ਨੇ... |' ਡੌਲੀ ਇਕ ਅਨੋਖੇ ਵਿਸ਼ਵਾਸ ਨਾਲ ਆਖ ਰਹੀ ਸੀ |
ਸਾਰੇ ਬੱਚੇ ਡੌਲੀ ਦੀਆਂ ਆਤਮਵਿਸ਼ਵਾਸ ਤੇ ਹੌਸਲੇ ਵਾਲੀਆਂ ਗੱਲਾਂ ਸੁਣ-ਸੁਣ ਹੈਰਾਨ ਹੋ ਰਹੇ ਸਨ, ਜਦੋਂ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ |
ਮੌਸਮ ਹੌਲੀ-ਹੌਲੀ ਬਦਲ ਰਿਹਾ ਸੀ | ਗਰਮੀ ਤੋਂ ਬਾਅਦ ਮੌਸਮ ਬਹੁਤ ਸੁਹਾਵਣਾ ਆ ਗਿਆ ਸੀ | ਅਕਤੂਬਰ ਮਹੀਨੇ ਹਲਕੀ-ਹਲਕੀ ਠੰਢ ਸ਼ੁਰੂ ਹੋ ਗਈ ਸੀ |
ਦੁਸਹਿਰੇ ਦੀਆਂ ਛੱੁਟੀਆਂ ਤੋਂ ਬਾਅਦ ਅੱਜ ਸਕੂਲ ਲੱਗਾ ਸੀ | ਸਾਰੇ ਬੱਚੇ ਬਹੁਤ ਪ੍ਰਸੰਨ ਦਿਖਾਈ ਦੇ ਰਹੇ ਸਨ | ਉਨ੍ਹਾਂ ਦੇ ਚਿਹਰੇ ਉੱਪਰ ਇਕ ਅਨੋਖੀ ਖੁਸ਼ੀ ਨਜ਼ਰ ਆ ਰਹੀ ਸੀ |
ਅੱਧੀ ਛੱੁਟੀ ਹੁੰਦਿਆਂ ਹੀ ਡੌਲੀ ਤੇ ਉਸ ਦੇ ਸਾਥੀ ਬੱਚੇ ਮੈਦਾਨ ਵਿਚ ਆ ਗਏ | ਡੌਲੀ ਅੱਜ ਪਹਿਲਾਂ ਤੋਂ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ | ਉਸ ਦੇ ਇਕ ਹੱਥ ਵਿਚ ਬਰਫੀ ਦਾ ਡੱਬਾ ਤੇ ਦੂਜੇ ਹੱਥ ਵਿਚ ਅਖ਼ਬਾਰ ਫੜੀ ਹੋਈ ਸੀ |
'ਡੌਲੀ! ਕੀ ਗੱਲ ਅੱਜ ਤੇਰਾ ਜਨਮ ਦਿਨ ਏ, ਡੱਬਾ ਚੱੁਕੀ ਫਿਰਦੀ ਏਾ...?' ਰਾਜਨ ਨੇ ਉਤਸੁਕਤਾ ਨਾਲ ਪੱੁਛਿਆ |
'ਨਹੀਂ, ਬਰਥਡੇ 'ਤੇ ਨਹੀਂ... ਅੱਜ ਇਕ ਹੋਰ ਖੁਸ਼ੀ ਵਾਲੀ ਖ਼ਬਰ ਏ... ਆਹ ਪੜ੍ਹੋ ਅੱਜ ਦਾ ਪੇਪਰ... 'ਮਾਲਵਾ ਐਕਸਪ੍ਰੈੱਸ ਹੁਣ ਦਸੂਹੇ ਵੀ ਰੁਕਿਆ ਕਰੇਗੀ...', ਡੌਲੀ ਦੇ ਚਿਹਰੇ ਤੋਂ ਇਕ ਅਨੋਖਾ ਵਿਸ਼ਵਾਸ ਝਲਕ ਰਿਹਾ ਸੀ |
'ਕਮਾਲ ਹੋ ਗਈ! ਸੱਚ ਡੌਲੀ! ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਏ... ਵਿਸ਼ਵਾਸ ਨਹੀਂ ਹੋ ਰਿਹਾ |'
ਦੂਜੇ ਬੱਚੇ ਵੀ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਹੋਏ |
'ਡੌਲੀ, ਤੇਰੇ ਦਾਦਾ ਜੀ ਦੀ ਮਿਹਨਤ ਤੇ ਲਗਨ ਰੰਗ ਲਿਆਈ ਏ... ਸੱਚਮੱੁਚ ਬਹੁਤ ਮਿਹਨਤ ਕੀਤੀ ਏ ਉਨ੍ਹਾਂ ਨੇ...', ਗੌਰਵ ਨੇ ਖੁਸ਼ ਹੋ ਕੇ ਆਖਿਆ |
'ਕੱਲ੍ਹ ਹੀ ਦਾਦਾ ਜੀ ਨੂੰ ਰੇਲਵੇ ਮੰਤਰੀ ਦੀ ਲਿਖੀ ਇਕ ਰਜਿਸਟਰਡ ਚਿੱਠੀ ਮਿਲ ਗਈ ਸੀ, ਜਿਸ ਵਿਚ ਮਾਲਵਾ ਐਕਸਪ੍ਰੈੱਸ ਦੇ ਦਸੂਹਾ ਰੁਕਣ ਬਾਰੇ ਸੂਚਨਾ ਸੀ | ਰਾਤੀਂ ਐਮ.ਐਲ.ਏ. ਸਾਬ੍ਹ ਦਾ ਫੋਨ ਵੀ ਚੰਡੀਗੜ੍ਹੋਂ ਆ ਗਿਆ ਸੀ... ਆਹ ਲਓ ਮੰੂਹ ਮਿੱਠਾ ਕਰੋ |' ਡੌਲੀ ਨੇ ਬਰਫ਼ੀ ਵਾਲਾ ਡੱਬਾ ਖੋਲ੍ਹਦਿਆਂ ਕਿਹਾ |
ਸਾਰੇ ਬੱਚੇ ਖੁਸ਼ੀ-ਖੁਸ਼ੀ ਬਰਫ਼ੀ ਖਾਣ ਲੱਗੇ |
'ਡੌਲੀ ਭਲਾ ਕਿੰਨਾ ਸਮਾਂ ਲੱਗਾ ਇਸ ਸਾਰੇ ਕੰਮ ਨੂੰ ... ਮੇਰਾ ਮਤਲਬ ਏ ਦਾਦਾ ਜੀ ਕਿੰਨੇ ਸਾਲਾਂ ਤੋਂ ਇਹ ਕੋਸ਼ਿਸ਼ ਕਰ ਰਹੇ ਸੀ?' ਪ੍ਰੀਤ ਨੇ ਉਤਸੁਕਤਾ ਨਾਲ ਪੱੁਛਿਆ |
'ਲਗਪਗ ਤਿੰਨ ਸਾਲ ਦਾ ਸਮਾਂ ਲੱਗ ਗਿਆ ਏ, ਕਿਉਂਕਿ ਇਹੋ ਜਿਹੇ ਕੰਮ ਬਹੁਤ ਲੰਬੇ ਹੁੰਦੇ ਹਨ | ਹੁਣ ਅਗਲੇ ਹਫ਼ਤੇ ਰੇਲਵੇ ਸਟੇਸ਼ਨ 'ਤੇ ਵਪਾਰ ਮੰਡਲ ਦਸੂਹਾ ਵਲੋਂ ਇਕ ਸਮਾਗਮ ਹੋ ਰਿਹਾ ਏ | ਉਸੇ ਦਿਨ ਹੀ ਮਾਲਵਾ ਐਕਸਪ੍ਰੈੱਸ ਪਹਿਲੀ ਵਾਰੀ ਦਸੂਹਾ ਰੇਲਵੇ ਸਟੇਸ਼ਨ 'ਤੇ ਰੁਕੇਗੀ |' ਡੌਲੀ ਨੇ ਪੂਰੇ ਵਿਸਥਾਰ ਨਾਲ ਗੱਲ ਦੱਸੀ |
'ਡੌਲੀ ਸਮਾਗਮ ਵਿਚ ਕੌਣ-ਕੌਣ ਜਾ ਰਹੇ ਨੇ...?' ਰਾਜਨ ਨੇ ਪੱੁਛਿਆ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

ਬਾਲ ਗੀਤ: ਕਰੜੀ ਮਿਹਨਤ ਤੋਂ ਨਾ...

ਮੰਜ਼ਿਲਾਂ ਉੱਚੀਆਂ ਨੂੰ ਜੇ,
ਤੁਸੀਂ ਪਾਉਣਾ ਬੱਚਿਓ |
ਕਰੜੀ ਮਿਹਨਤ ਤੋਂ ਨਾ,
ਕੰਨੀ ਕਤਰਾਉਣਾ ਬੱਚਿਓ |
ਮਿਹਨਤਾਂ ਨੂੰ ਲਗਦੇ ਨੇ,
ਸਦਾ ਮਿੱਠੇ-ਮਿੱਠੇ ਫਲ |
ਔਖੇ ਵੱਡੇ ਕੰਮਾਂ ਦਾ ਹੈ,
ਇਕੋ ਮਿਹਨਤ ਹੀ ਹੱਲ |
ਹਰੇਕ ਕੰਮ ਸਮੇਂ ਸਿਰ,
ਹੈ ਮੁਕਾਉਣਾ ਬੱਚਿਓ |
ਕਰੜੀ ਮਿਹਨਤ ਤੋਂ ਨਾ.... |
ਉੱਚੇ-ਵੱਡੇ ਅਹੁਦਿਆਂ 'ਤੇ,
ਮਿਹਨਤ ਹੈ ਪੁਚਾਂਵਦੀ |
ਦੁਨੀਆ ਤੋਂ ਸਲਾਮਾਂ ਇਹ,
ਮਿਹਨਤ ਹੀ ਕਰਾਂਵਦੀ |
ਵਕਤ ਬੀਤਿਆ ਨਾ ਫਿਰ,
ਹੱਥ ਆਉਣਾ ਬੱਚਿਓ |
ਕਰੜੀ ਮਿਹਨਤ ਤੋਂ ਨਾ..... |
ਜਿਹੜੇ ਬੱਚੇ ਮਿਹਨਤ ਤੋਂ,
ਕੰਨੀਂ ਪਏ ਕੁਤਰਾਂਦੇ ਨੇ |
ਓਹੀ ਬੱਚੇ ਪੜ੍ਹਾਈ ਵਿਚ,
ਸਦਾ ਪਿੱਛੇ ਰਹਿ ਜਾਂਦੇ ਨੇ |
'ਤਲਵੰਡੀ' ਸਰ ਦੀ ਗੱਲ,
ਦਿਲ 'ਚ ਵਸਾਉਣਾ ਬੱਚਿਓ,
ਕਰੜੀ ਮਿਹਨਤ ਤੋਂ ਨਾ.... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬਾਲ ਸਾਹਿਤ

ਕੁਦਰਤ ਦੀਆਂ ਸੌਗਾਤਾਂ
ਲੇਖਕ : ਓਮਕਾਰ ਸੂਦ
ਸਫੇ : 60, ਮੱੁਲ : 90 ਰੁਪਏ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਸੰਪਰਕ : 96540-36080

ਲੇਖਕ ਓਮਕਾਰ ਸੂਦ ਕਾਫੀ ਅਰਸੇ ਤੋਂ ਪੰਜਾਬੀ ਬਾਲ ਸਾਹਿਤ ਲਗਾਤਾਰ ਲਿਖ ਰਿਹਾ ਹੈ | 'ਕੁਦਰਤ ਦੀਆਂ ਸੌਗਾਤਾਂ' ਉਸ ਦੀ ਪੰਜਾਬੀ ਬਾਲ ਸਾਹਿਤ ਲਈ ਪੰਜਵੀਂ ਪੁਸਤਕ ਹੈ | ਲੇਖਕ ਬਾਲ ਸਾਹਿਤ ਇਸ ਕਰਕੇ ਲਿਖਦਾ ਹੈ, ਤਾਂ ਜੋ ਅੱਜ ਦਾ ਬਾਲ ਪਾਠਕ ਵੱਡਾ ਹੋ ਕੇ ਇਕ ਚੰਗਾ ਇਨਸਾਨ ਬਣ ਸਕੇ, ਆਪਣੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕੇ, ਉਸ ਦੇ ਦਿਲ ਵਿਚ ਇਨਸਾਨਾਂ ਪ੍ਰਤੀ ਪਿਆਰ ਤੇ ਹਮਦਰਦੀ ਹੋਵੇ |
ਪੁਸਤਕ ਵਿਚ 51 ਨਰਸਰੀ ਗੀਤਾਂ ਤੋਂ ਇਲਾਵਾ ਹੋਰ 23 ਬੜੀਆਂ ਹੀ ਖੂਬਸੂਰਤ ਤੇ ਰੌਚਕ ਕਵਿਤਾਵਾਂ ਹਨ | ਪਹਿਲੇ ਨਰਸਰੀ ਗੀਤ ਸਿਰਫ ਚੰਨ-ਸਿਤਾਰਿਆਂ ਬਾਰੇ ਹੀ ਹਨ |
ਚੰਨ ਸਿਤਾਰੇ ਅੰਬਰ ਉੱਤੇ,
ਗਾਉਣ ਪਏ ਕਵਿਤਾਵਾਂ |
ਜੀ ਕਰਦਾ ਮੈਂ ਮਾਰ ਉਡਾਰੀ,
ਕੋਲ ਇਨ੍ਹਾਂ ਦੇ ਜਾਵਾਂ |
ਬਾਲਾਂ ਨੂੰ ਫੱੁਲਾਂ, ਪੰਛੀਆਂ, ਬੱਦਲਾਂ ਤੇ ਕਣੀਆਂ ਨਾਲ ਬੜਾ ਮੋਹ ਹੁੰਦਾ ਹੈ | ਇਸ ਕਰਕੇ ਲੇਖਕ ਨੇ 'ਬੱਦਲ ਆਏ', 'ਕਣੀਆਂ', 'ਰੱੁਖਾਂ ਦਾ ਗੀਤ', 'ਤਿਤਲੀ', 'ਚਿੜੀ ਦੀ ਪੁਕਾਰ', 'ਸਾਉਣ ਦਾ ਮਹੀਨਾ', 'ਨੀਰ ਬਚਾਓ' ਵਰਗੀਆਂ ਕਵਿਤਾਵਾਂ ਲਿਖੀਆਂ | ਸਾਰੀਆਂ ਕਵਿਤਾਵਾਂ ਲੈਅ ਵਿਚ ਹਨ, ਬਾਲ ਪਾਠਕ ਅਸਾਨੀ ਨਾਲ ਯਾਦ ਕਰਕੇ ਆ ਸਕਦਾ ਹੈ | ਇਹ ਕਵਿਤਾਵਾਂ ਬਾਲ ਪਾਠਕਾਂ ਦਾ ਮਨੋਰੰਜਨ ਤਾਂ ਕਰਨਗੀਆਂ ਹੀ, ਉਨ੍ਹਾਂ ਨੂੰ ਸਿੱਖਿਆ ਵੀ ਦੇਣਗੀਆਂ | ਕਵਿਤਾਵਾਂ ਨਾਲ ਢੁਕਵੇਂ ਚਿੱਤਰ ਰਚਨਾਵਾਂ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ | ਪੰਜਾਬੀ ਬਾਲ ਸਾਹਿਤ ਵਿਚ 'ਕੁਦਰਤ ਦੀਆਂ ਸੌਗਾਤਾਂ' ਵਰਗੀਆਂ ਪੁਸਤਕਾਂ ਦੀ ਬੜੀ ਲੋੜ ਹੈ | ਇਸ ਤਰ੍ਹਾਂ ਦੀਆਂ ਪੁਸਤਕਾਂ ਹਰ ਸਕੂਲ ਦੀ ਲਾਇਬ੍ਰੇਰੀ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਪੁਸਤਕ ਪੜ੍ਹਨ ਤੇ ਸਾਂਭਣਯੋਗ ਹੈ | ਲੇਖਕ ਨੇ ਪੰਜਾਬੀ ਬਾਲ ਸਾਹਿਤ ਦੀ ਝੋਲੀ ਵਿਚ ਵਧੀਆ ਸੌਗਾਤ ਪਾਈ ਹੈ | ਪੁਸਤਕ 'ਕੁਦਰਤ ਦੀਆਂ ਸੌਗਾਤਾਂ' ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ |

-ਅਵਤਾਰ ਸਿੰਘ ਸੰਧੂ,
ਮੋਬਾ: 99151-82971

ਰੱੁਖ ਲਗਾਈਏ

ਵਾਤਾਵਰਨ ਨੂੰ ਸ਼ੱੁਧ ਬਣਾਈਏ,
ਰਲ-ਮਿਲ ਸਾਰੇ ਰੱੁਖ ਲਗਾਈਏ |
ਪ੍ਰਦੂਸ਼ਣ ਦਾ ਹੋਏ ਖ਼ਾਤਮਾ,
ਆਓ ਧਰਤੀ ਸਵਰਗ ਬਣਾਈਏ |
ਖੁਸ਼ੀਆਂ ਵੰਡਣ ਰੱੁਖ ਪਿਆਰੇ,
ਜੰਨਤ ਵਰਗੇ ਦੇਣ ਨਜ਼ਾਰੇ |
ਇਨ੍ਹਾਂ ਨੂੰ ਖੁਦ ਕੱਟ ਕੇ ਹੱਥੀਂ,
ਨਾ ਮੁਸ਼ਕਿਲ ਆਪਣੀ ਆਪ ਵਧਾਈਏ,
ਵਾਤਾਵਰਨ ਨੂੰ ਸ਼ੱੁਧ........ |
ਠੰਢੀਆਂ ਸਾਨੂੰ ਦਿੰਦੇ ਛਾਵਾਂ,
ਆਕਸੀਜਨ ਤੇ ਮਸਤ ਹਵਾਵਾਂ |
ਦੂਰ ਬਿਮਾਰੀਆਂ ਸਾਥੋਂ ਰੱਖਦੇ,
ਫਲ ਮੇਵੇ ਇਨ੍ਹਾਂ ਤੋਂ ਖਾਈਏ,
ਵਾਤਾਵਰਨ ਨੂੰ ਸ਼ੱੁਧ........ |
ਪੰਛੀਆਂ ਦਾ ਇਹ ਮੱੁਖ ਟਿਕਾਣਾ,
ਬੰਦਿਆ ਬਣ ਜਾ ਤੰੂ ਸਿਆਣਾ |
ਵੀਰਪਾਲ ਮੀਂਹ ਰੱੁਖਾਂ ਕਰਕੇ,
ਜੱਗ ਕਰਕੇ ਨਾ ਅਸੀਂ ਪਵਾਈਏ |
ਵਾਤਾਵਰਨ ਨੂੰ ਸ਼ੱੁਧ....... |

-ਵੀਰਪਾਲ ਕੌਰ ਭੱਠਲ,
ਪਿੰਡ ਭਨੋਹੜਾ, ਮੱੁਲਾਂਪੁਰ ਦਾਖਾ (ਲੁਧਿਆਣਾ) |

ਬੁਝਾਰਤਾਂ

1. ਧੱੁਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ |
2. ਉਹ ਕਿਹੜਾ ਸੱਪ ਹੈ, ਜਿਸ ਨੂੰ ਸਪੇਰਾ ਫੜਦਾ ਨਹੀਂ |
3. ਮਾਂ ਸਾਰੇ ਜਗਤ ਦੀ, ਇਸ ਤੋਂ ਬਾਝ ਨਾ ਕੋਈ |
ਬੱੁਢੀ ਲੱਖਾਂ ਵਰਿ੍ਹਆਂ ਦੀ, ਪਰ ਅਜੇ ਵੀ ਨਵੀਂ ਨਰੋਈ |
4. ਸੋਲਾਂ ਧੀਆਂ, ਚਾਰ ਜਵਾਈ |
5. ਬਾਪੂ ਕਹੇ 'ਤੇ ਅੜ ਜਾਂਦਾ,
ਚਾਚਾ ਕਹੇ 'ਤੇ ਖੱੁਲ੍ਹ ਜਾਂਦਾ |
ਉੱਤਰ : (1) ਪ੍ਰਛਾਵਾਂ, (2) ਭੰਗੜੇ ਦਾ ਸਾਜ਼ ਸੱਪ, (3) ਧਰਤੀ, (4) ਉਂਗਲਾਂ ਤੇ ਅੰਗੂਠਾ, (5) ਬੱੁਲ੍ਹ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 82838-00190

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX