ਤਾਜਾ ਖ਼ਬਰਾਂ


ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 minute ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  18 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  46 minutes ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  53 minutes ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 1 hour ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 1 hour ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਬਾਈਪਾਸ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ...
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪਾਣੀ ਦੀਆਂ ਸੜਕਾਂ ਵਾਲਾ ਅਦਭੁਤ ਸ਼ਹਿਰ-ਵੈਨਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਸ਼ਹਿਰ ਨੂੰ 1987 ਵਿਚ ਯੂਨੈਸਕੋ ਵਰਲਡ ਕਲਚਰਲ ਹੈਰੀਟੇਜ ਦਾ ਦਰਜਾ ਦਿੱਤਾ ਗਿਆ | ਅੱਜ ਇਥੇ ਕਰੀਬ 55,000 ਵਸਨੀਕ ਹਨ ਅਤੇ ਉਹ ਵੀ ਜ਼ਿਆਦਾਤਰ ਬਜ਼ੁਰਗ ਹਨ | ਪਿਛਲੇ ਪੰਜਾਹ ਸਾਲਾਂ ਵਿਚ ਵੈਨਸ ਦੀ ਜਨਸੰਖਿਆ ਅੱਧ ਤੋਂ ਵੀ ਜ਼ਿਆਦਾ ਘਟੀ ਹੈ, ਇਸ ਦਾ ਖ਼ਾਸ ਕਾਰਨ ਹੈ ਕਿ ਪੁਰਾਣੇ ਘਰਾਂ ਦਾ ਰੱਖ-ਰਖਾਓ ਬਹੁਤ ਮਹਿੰਗਾ ਅਤੇ ਮੁਸ਼ਕਿਲ ਹੈ | ਖ਼ਾਸ ਕਰ ਇਸ ਲਈ ਕਿਉਂਕਿ ਇਹ ਸ਼ਹਿਰ ਹਰ ਸਾਲ 1 ਤੋਂ 2 ਮਿਲੀਮੀਟਰ ਸਮੁੰਦਰ ਵਿਚ ਧਸਦਾ ਜਾ ਰਿਹਾ ਹੈ | ਸਮੁੰਦਰੀ ਤਲ 'ਤੇ ਬਣਿਆ ਇਹ ਅਜੋਕਾ ਸ਼ਹਿਰ ਉਸ ਦੀਆਂ ਲਹਿਰਾਂ ਵਿਚ ਡੁੱਬਦਾ ਜਾ ਰਿਹਾ ਹੈ | ਫਿਰ ਵੀ ਇਹ ਕੁਦਰਤ ਨਾਲ ਰੋਜ਼ ਲੜ ਰਿਹਾ ਹੈ ਪਰ ਇਸ ਵਕਤ ਇੰਜ ਲਗਦਾ ਹੈ ਕਿ ਕੁਦਰਤ ਹੀ ਜਿੱਤ ਰਹੀ ਹੈ | ਇਨਸਾਨ ਨੇ ਆਪਣੇ ਦਿਮਾਗ਼ ਦੇ ਬਲ 'ਤੇ ਕੁਦਰਤ ਨਾਲ ਲੜਨ ਲਈ ਕਈ ਕਾਢਾਂ ਕੱਢੀਆਂ ਹਨ | ਇਸ ਸ਼ਹਿਰ ਦੇ ਆਲੇ-ਦੁਆਲੇ ਖੋਖਲੇ ਸਟੀਲ ਦੇ ਗੇਟਾਂ ਦਾ ਬੈਰੀਅਰ ਬਣਾਇਆ ਗਿਆ ਹੈ | ਜਿਵੇਂ ਹੀ ਹੜ੍ਹ ਆਉਣ ਦੀ ਚਿਤਾਵਨੀ ਮਿਲਦੀ ਹੈ, ਇਨ੍ਹਾਂ ਖੋਖਲੇ ਸਟੀਲ ਦੇ ਗੇਟਾਂ 'ਚੋਂ ਹਵਾ ਕੱਢ ਦਿੱਤੀ ਜਾਂਦੀ ਹੈ ਤਾਂ ਇਹ ਰੋਕ ਬਣ ਕੇ ਸ਼ਹਿਰ ਦੀ ਰੱਖਿਆ ਕਰਦੇ ਹਨ | ਜਿਉਂ ਹੀ ਸਮੁੰਦਰੀ ਪਾਣੀ ਪਿੱਛੇ ਨੂੰ ਜਾਂਦਾ ਹੈ ਇਨ੍ਹਾਂ ਖੋਖਲੇ ਸਟੀਲ ਦੇ ਗੇਟਾਂ ਵਿਚ ਪਾਣੀ ਭਰ ਜਾਂਦਾ ਹੈ ਅਤੇ ਇਹ ਪਾਣੀ ਦੇ ਭਾਰ ਨਾਲ ਸਮੁੰਦਰ ਦੀ ਤਹਿ 'ਤੇ ਡਿੱਗ ਜਾਂਦੇ ਹਨ |
ਵੈਨਸ ਦੇ ਕਈ ਨਾਂਅ ਹਨ...... ਕਨਾਲ ਸਿਟੀ, ਫਲੋਟਿੰਗ ਸਿਟੀ, ਸਿਟੀ ਆਫ਼ ਬਿ੍ਜਿਜ਼, ਸਿਟੀ ਆਫ਼ ਚਿਮਨੀਜ਼ (ਇਥੇ ਕਰੀਬ 7000 ਵੱਖ-ਵੱਖ ਤਰ੍ਹਾਂ ਦੀਆਂ ਚਿਮਨੀਆਂ ਹਨ), ਸਿਟੀ ਆਫ਼ ਬੈੱਲਟਾਵਰਜ਼ (ਇਥੇ ਕਰੀਬ 170 ਬੈਲਟਾਵਰਜ਼ ਹਨ) | ਪੁਰਾਤਨ ਸਮੇਂ ਇਨ੍ਹਾਂ 'ਤੇ ਲੱਗੀ ਘੰਟੀ ਚਰਚ ਦੀ ਪ੍ਰਾਰਥਨਾ ਸਭਾ ਸ਼ੁਰੂ ਹੋਣ 'ਤੇ ਵਜਾਈ ਜਾਂਦੀ ਸੀ | ਸ਼ਹਿਰ ਵਿਚ ਕਿਤੇ ਵੀ ਅੱਗ ਲੱਗਣ 'ਤੇ ਅਤੇ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਭਾਂਪਦਿਆਂ ਜਨਤਾ ਨੂੰ ਚੌਕਸ ਕਰਨ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਸੀ | ਸੇਂਟਮਾਰਕਸ ਬੈਲਟਾਵਰ ਵੈਨਸ ਵਿਚ ਸਭ ਤੋਂ ਉੱਚਾ ਹੈ, ਇਸ ਦੇ ਉੱਪਰ ਬਣੇ ਸੁਨਹਿਰੀ ਰੰਗੇ ਫਰਿਸ਼ਤੇ ਦੇ ਖੰਭ ਹਰ ਵੇਲੇ ਹਵਾ ਵਿਚ ਲਹਿਰਾਉਂਦੇ ਹਨ | ਇਹ ਬੈੱਲਟਾਵਰ ਵੈਨਸ ਦੇ ਪ੍ਰਮੁੱਖ ਜਨਤਕ ਖੇਤਰ ਵਿਚ ਸਥਿਤ ਹੈ ਜੋ ਕਿ ਸੇਂਟਮਾਰਕਸ ਸੁਕੇਅਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਥੇ ਹਰ ਸਾਲ ਕਰੀਬ 2 ਮਿਲੀਅਨ (ਲਗਭਗ 2 ਕਰੋੜ) ਸੈਲਾਨੀ ਆਉਂਦੇ ਹਨ |
ਵੈਨਸ ਦੇ ਸਭ ਤੋਂ ਪ੍ਰਸਿੱਧ ਚਾਰ ਟਾਪੂ ਟੋਸੈਲੋ, ਮੋਰਾਨੋ, ਬੁਰਾਨੋ ਅਤੇ ਸੈਨ ਮਾਈਕਲ ਹਨ | ਵੈਨਸ ਵਿਚ ਕਿਸੇ ਵਿਅਕਤੀ ਦੀ ਮੌਤ ਹੋਣ 'ਤੇ ਉਸ ਨੂੰ ਸੈਨ ਮਾਈਕਲ ਟਾਪੂ ਵਿਚ ਦਫ਼ਨਾਇਆ ਜਾਂਦਾ ਹੈ | ਬੁਰਾਨੋ ਨਾਮਕ ਟਾਪੂ ਵੈਨਸ ਤੋਂ ਕਿਸ਼ਤੀ ਵਿਚ ਕਰੀਬ 40 ਮਿੰਟ ਦੀ ਦੂਰੀ 'ਤੇ ਹੈ | ਕੁਝ ਸਾਲ ਪਹਿਲਾਂ ਇਹ ਮਛੇਰਿਆਂ ਦਾ ਇਕ ਪਿੰਡ ਸੀ ਪਰ ਅੱਜਕਲ੍ਹ ਇਹ ਆਪਣੇ ਗੂੜ੍ਹੇ ਰੰਗਾਂ ਦੇ ਘਰ ਅਤੇ ਹੱਥ ਨਾਲ ਬਣਾਈ ਲੈਸ ਕਰਕੇ ਪ੍ਰਸਿੱਧ ਹੈ | ਇਸ ਟਾਪੂ 'ਤੇ ਬਣੇ ਰੰਗ-ਬਿਰੰਗੇ ਘਰਾਂ ਸਬੰਧੀ ਕਾਫ਼ੀ ਪੁਰਾਣੀ ਗਾਥਾ ਇਹ ਹੈ ਕਿ ਜਦੋਂ ਮਛੇਰੇ ਆਪਣੇ ਘਰਾਂ ਨੂੰ ਪਰਤਦੇ ਸਨ ਤਾਂ ਧੁੰਦ ਵਿਚ ਆਪਣੇ ਘਰ ਨਹੀਂ ਪਛਾਣ ਸਕਦੇ ਸਨ | ਇਸ ਕਰਕੇ ਇਸ ਟਾਪੂ 'ਤੇ ਸਾਰੇ ਘਰਾਂ ਨੂੰ ਅਲੱਗ-ਅਲੱਗ ਗੂੜ੍ਹੇ ਰੰਗਾਂ ਨਾਲ ਅਜੇ ਵੀ ਪੇਂਟ ਕੀਤਾ ਜਾਂਦਾ ਹੈ | ਵਰਣਨਯੋਗ ਗੱਲ ਇਹ ਹੈ ਕਿ ਕਿਸੇ ਵੀ ਇਕ ਘਰ ਦਾ ਰੰਗ ਦੂਸਰੇ ਘਰ ਦੇ ਰੰਗ ਨਾਲ ਮੇਲ ਨਹੀਂ ਖਾਂਦਾ ਅਤੇ ਸਦੀਆਂ ਤੋਂ ਇਕ ਘਰ ਨੂੰ ਇਕ ਹੀ ਰੰਗ ਵਿਚ ਰੰਗਿਆ ਜਾ ਰਿਹਾ ਹੈ | ਘਰ ਦਾ ਇਹ ਬਾਹਰੀ ਰੰਗ ਬਦਲਣ ਲਈ ਸਰਕਾਰ ਤੋਂ ਲਿਖਤੀ ਇਜਾਜ਼ਤ ਲੈਣੀ ਪੈਂਦੀ ਹੈ | ਸਾਰੇ ਟਾਪੂ ਵਿਚ ਕਿਸੇ ਵੀ ਘਰ 'ਤੇ ਮਕਾਨ ਨੰਬਰ ਜਾਂ ਗਲੀ ਨੰਬਰ ਨਹੀਂ ਲਿਖਿਆ ਹੈ | ਇਥੋਂ ਦੇ ਵਸਨੀਕ ਅਤੇ ਡਾਕੀਏ ਘਰ ਦੇ ਰੰਗ ਤੋਂ ਹੀ ਇਥੇ ਰਹਿਣ ਵਾਲੇ ਦੀ ਪਛਾਣ ਕਰਦੇ ਹਨ |
ਮੁਰਾਨੋ ਟਾਪੂ ਵੈਨਸ ਤੋਂ 1.5 ਕਿਲੋਮੀਟਰ ਦੀ ਦੂਰੀ 'ਤੇ ਹੈ | ਕਿਹਾ ਜਾਂਦਾ ਹੈ ਕਿ 13ਵੀਂ ਸਦੀ ਵਿਚ ਹੱਥ ਨਾਲ ਕੱਚ ਦਾ ਸਾਮਾਨ ਬਣਾਉਣ ਵਾਲੇ ਕਾਰੀਗਰਾਂ ਦੇ ਭੱਠੇ ਇਸ ਟਾਪੂ 'ਤੇ ਲਗਾਏ ਗਏ ਸਨ ਅਤੇ ਅੱਜ ਵੀ ਮੋਰਾਨੋ ਵਿਚ ਬਣਾਇਆ ਕੱਚ ਦਾ ਸਾਮਾਨ ਦੁਨੀਆ ਭਰ ਵਿਚ ਮਸ਼ਹੂਰ ਹੈ | ਇਸ ਕਲਾ ਦੇ ਰਾਜ਼ ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਗੁਪਤ ਹੀ ਰੱਖੇ ਜਾਂਦੇ ਹਨ | ਇਹ ਹੱਥ ਨਾਲ ਸਾਮਾਨ ਬਣਾਉਣ ਦੀ ਕਲਾ ਅੱਜ ਵੀ ਉਵੇਂ ਹੀ ਬਰਕਰਾਰ ਹੈ, ਜਿਸ ਕਾਰਨ ਇਸ ਨੂੰ ਵਿਲੱਖਣ ਕਲਾ ਵੀ ਮੰਨਿਆ ਜਾਂਦਾ ਹੈ |
ਵੈਨਸ ਨੂੰ ਮੁਖੌਟਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਮੁਖੌਟਿਆਂ ਦਾ ਤਿਉਹਾਰ (ਮਾਸਕ ਫੈਸਟੀਵਲ) ਦੁਨੀਆ ਭਰ ਵਿਚ ਪ੍ਰਸਿੱਧ ਹੈ | ਇਸ ਨੂੰ 'ਕਾਰਨੀਵਲ ਆਫ਼ ਵੈਨਸ' ਵੀ ਕਿਹਾ ਜਾਂਦਾ ਹੈ | ਇਸ ਦੀ ਸ਼ੁਰੂਆਤ ਸੰਨ 1162 ਵਿਚ ਹੋਈ ਜਦ ਵੈਨਸ ਦੇ ਲੋਕਾਂ ਨੇ ਰੋਮਨ ਸਾਮਰਾਜ ਤੋਂ ਜਿੱਤ ਪ੍ਰਾਪਤ ਕੀਤੀ | ਉਸ ਵੇਲੇ ਤੋਂ ਇਹ ਵੈਨਸ ਦੀ ਜਨਤਾ ਲਈ ਇਕ ਹਾਸੇ ਮਜ਼ਾਕ, ਮੌਜ-ਮਸਤੀ, ਆਜ਼ਾਦੀ ਦੇ ਜਸ਼ਨ ਦਾ ਚਿੰਨ੍ਹ ਬਣ ਗਿਆ | ਇਹ ਮੁਖੌਟੇ ਮਿੱਟੀ, ਪੇਪਰ ਮੈਸ਼ੀ, ਮੋਮ, ਕਲੇਅ ਦੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਰੰਗੀਨ ਪੇਂਟ, ਰੰਗ ਬਿਰੰਗੇ ਰਿਬਨ, ਧਾਗੇ, ਖੰਭਾਂ ਨਾਲ ਸਜਾਇਆ ਜਾਂਦਾ ਹੈ | ਇਸ ਉਤਸਵ ਨੂੰ ਵੇਖਣ ਲਈ ਦੁਨੀਆ ਭਰ ਤੋਂ ਲੋਕ ਹਰ ਸਾਲ ਵੈਨਸ ਆਉਂਦੇ ਹਨ |
ਇਹ ਸ਼ਹਿਰ ਪਾਣੀ ਵਾਲੀਆਂ ਭੀੜੀਆਂ ਗਲੀਆਂ ਅਤੇ ਰਸਤਿਆਂ ਤੋਂ ਇਲਾਵਾ ਪੁਲਾਂ ਅਤੇ ਨਹਿਰਾਂ ਦਾ ਇਕ ਹੈਰਾਨੀਜਨਕ ਚੱਕਰਵਿਊ ਹੈ | ਇਨ੍ਹਾਂ ਦੇ ਇਸ ਅਦਭੁੱਤ ਨਜ਼ਾਰੇ ਦੀ ਤਲਿਸਮੀ ਖਿੱਚ ਤੋਂ ਅੱਜ ਤੱਕ ਕੋਈ ਵੀ ਅਚੰਭਿਤ ਹੋਏ ਬਿਨਾਂ ਨਹੀਂ ਰਹਿ ਸਕਿਆ |
(ਸਮਾਪਤ)


ਖ਼ਬਰ ਸ਼ੇਅਰ ਕਰੋ

ਗ੍ਰੇਟਾ ਥੁਨਬਰਗ : ਜਿਸ ਨੇ ਦੁਨੀਆ ਨੂੰ ਝੰਜੋੜ ਦਿੱਤਾ

ਪੱਤਰਕਾਰੀ ਦੀ ਦੁਨੀਆ ਵਿਚ ਹਰ ਰੋਜ਼ ਬਹੁਤ ਕੁਝ ਚੰਗਾ-ਮਾੜਾ ਵਾਪਰਦਾ ਰਹਿੰਦਾ ਹੈ | ਇਕ ਪੱਤਰਕਾਰ ਦਾ ਨਵੀਆਂ-ਨਵੀਆਂ ਘਟਨਾਵਾਂ ਅਤੇ ਨਵੀਆਂ-ਨਵੀਆਂ ਸ਼ਖ਼ਸੀਅਤਾਂ ਨਾਲ ਵਾਹ ਪੈਂਦਾ ਹੈ | ਜਿੰਨੀ ਤੇਜ਼ੀ ਨਾਲ ਨਵੀਆਂ ਘਟਨਾਵਾਂ ਅਤੇ ਨਵੀਆਂ ਸ਼ਖ਼ਸੀਅਤਾਂ ਸਾਡੇ ਜ਼ਿਹਨ ਵਿਚ ਦਾਖ਼ਲ ਹੁੰਦੀਆਂ ਹਨ, ਓਨੀ ਹੀ ਤੇਜ਼ੀ ਨਾਲ ਇਸ ਤਰ੍ਹਾਂ ਦਾ ਸਾਰਾ ਘਟਨਾਕ੍ਰਮ ਸਾਡੇ ਮਨ ਵਿਚੋਂ ਵਿਸਰ ਵੀ ਜਾਂਦਾ ਹੈ |
ਪਰ ਇਸ ਦੇ ਬਾਵਜੂਦ ਕੁਝ ਘਟਨਾਵਾਂ ਅਤੇ ਕੁਝ ਸ਼ਖ਼ਸੀਅਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਸਾਡੇ ਮਨ ਵਿਚ ਪੱਕੀ ਥਾਂ ਬਣਾ ਕੇ ਬੈਠ ਜਾਂਦੀਆਂ ਹਨ ਅਤੇ ਸਾਡੀ ਜ਼ਿੰਦਗੀ ਨੂੰ ਲੰਮੇ ਸਮੇਂ ਤੱਕ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ | ਕੁਝ ਸਾਲ ਪਹਿਲਾਂ ਜਦੋਂ ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਖਵਾ ਵਿਚ ਇਕ ਛੋਟੀ ਜਿਹੀ ਬੱਚੀ ਮਲਾਲਾ ਯੂਸਫ਼ਜ਼ਈ ਨੂੰ ਇਸਲਾਮਿਕ ਕੱਟੜਪੰਥੀ ਤਾਲਿਬਾਨ ਦੇ ਕੁਝ ਕਾਰਕੁੰਨਾਂ ਨੇ ਇਸ ਲਈ ਗੋਲੀਆਂ ਮਾਰ ਦਿੱਤੀਆਂ ਸਨ ਕਿ ਉਹ ਸਵਾਤ ਘਾਟੀ ਵਿਚ ਕੱਟੜਪੰਥੀਆਂ ਵਲੋਂ ਲੜਕੀਆਂ ਦੇ ਬੰਬਾਂ ਨਾਲ ਉਡਾਏ ਜਾ ਰਹੇ ਸਕੂਲਾਂ ਅਤੇ ਖੇਤਰ ਦੇ ਹੋਰ ਘਟਨਾਕ੍ਰਮ ਸਬੰਧੀ ਬੀ.ਬੀ.ਸੀ. ਦੀ ਉਰਦੂ ਸਰਵਿਸ ਲਈ ਡਾਇਰੀ ਲਿਖਦੀ ਸੀ | ਜੋ ਕੁਝ ਵੀ ਉਸ ਦੇ ਖੇਤਰ ਵਿਚ ਵਾਪਰਦਾ ਸੀ, ਉਹ ਉਸ ਸਬੰਧੀ ਬੀ.ਬੀ.ਸੀ. ਨੂੰ ਲਿਖ ਕੇ ਭੇਜ ਦਿੰਦੀ ਸੀ ਅਤੇ ਬੀ.ਬੀ.ਸੀ. ਵਲੋਂ ਉਸ ਦੀ ਲਿਖੀ ਹੋਈ ਇਹ ਡਾਇਰੀ ਆਪਣੇ ਪ੍ਰੋਗਰਾਮ ਵਿਚ ਸ਼ਾਮਿਲ ਕੀਤੀ ਜਾਂਦੀ ਸੀ | ਇਸ ਡਾਇਰੀ ਵਿਚ ਮਲਾਲਾ ਯੂਸਫ਼ਜ਼ਈ ਦਾ ਇਹ ਦਰਦ ਝਲਕਦਾ ਸੀ ਕਿ ਲੜਕੀਆਂ ਦੇ ਸਕੂਲਾਂ ਨੂੰ ਬੰਬਾਂ ਨਾਲ ਉਡਾ ਕੇ ਅੱਤਵਾਦੀ ਉਨ੍ਹਾਂ ਨੂੰ ਪੜ੍ਹਨ ਤੋਂ ਰੋਕ ਰਹੇ ਹਨ | ਇਸ ਤਰ੍ਹਾਂ ਦੇ ਅਮਲ ਵਿਚ ਛੋਟੀਆਂ-ਛੋਟੀਆਂ ਲੜਕੀਆਂ ਆਪਣੀਆਂ ਸਕੂਲ ਦੀਆਂ ਸਹੇਲੀਆਂ ਅਤੇ ਆਪਣੇ ਅਧਿਆਪਕਾਂ ਤੋਂ ਵੀ ਵਿਛੜ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਅਜਿਹੇ ਸਮਿਆਂ ਵਿਚ ਕਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਵਿਚੋਂ ਲੰਘਣਾ ਪੈਂਦਾ ਹੈ | ਮਲਾਲਾ ਯੂਸਫ਼ਜ਼ਈ ਦੀ ਸਕੂਲ ਬੱਸ ਵਿਚ ਹਮਲਾ ਕੀਤਾ ਗਿਆ ਸੀ ਅਤੇ ਬਾਅਦ ਵਿਚ ਪਾਕਿਸਤਾਨ 'ਚ ਮੁਢਲਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਵਧੇਰੇ ਇਲਾਜ ਲਈ ਬਰਤਾਨੀਆ ਭੇਜਿਆ ਗਿਆ ਸੀ, ਜਿਥੇ ਉਸ ਦਾ ਲੰਮਾ ਇਲਾਜ ਚੱਲਿਆ ਅਤੇ ਉਹ ਸਿਹਤਯਾਬ ਹੋ ਕੇ ਮੁੜ ਪੜ੍ਹਨ ਲੱਗ ਪਈ ਪਰ ਉਹ ਆਪਣੇ ਸਵਾਤ ਘਾਟੀ ਵਿਚਲੇ ਸਕੂਲ ਅਤੇ ਆਪਣੀਆਂ ਪੁਰਾਣੀਆਂ ਸਹੇਲੀਆਂ ਦੇ ਨਾਲ ਮੁੜ ਪੜ੍ਹਨ ਲਈ ਨਹੀਂ ਆ ਸਕੀ ਅਤੇ ਉਸ ਨੂੰ ਆਪਣੀ ਅਗਲੇਰੀ ਪੜ੍ਹਾਈ ਬਰਤਾਨੀਆ ਵਿਚ ਹੀ ਜਾਰੀ ਰੱਖਣੀ ਪਈ ਤੇ ਬਾਅਦ ਵਿਚ ਉਸ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ |
ਜਦੋਂ ਮਲਾਲਾ ਯੂਸਫ਼ਜ਼ਈ 'ਤੇ ਇਹ ਹਮਲਾ ਹੋਇਆ ਸੀ ਤਾਂ ਉਸ ਸਮੇਂ ਮੈਂ ਇਸ ਸਬੰਧੀ ਇਕ ਲੇਖ ਲਿਖਿਆ ਸੀ, ਜਿਸ ਨੂੰ ਲਿਖਣ ਸਮੇਂ ਮੈਨੂੰ ਵੀ ਉਸ ਦਰਦ ਦਾ ਥੋੜ੍ਹਾ-ਬਹੁਤਾ ਅਨੁਭਵ ਹੋਇਆ, ਜਿਸ ਦਾ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚੋਂ ਗੁਜ਼ਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ | ਮਲਾਲਾ ਯੂਸਫ਼ਜ਼ਈ ਦੀ ਇਹ ਕਹਾਣੀ ਮੇਰੇ ਜ਼ਿਹਨ ਵਿਚ ਅੱਜ ਵੀ ਇਕ ਸਦੀਵੀ ਥਾਂ ਬਣਾ ਕੇ ਬੈਠੀ ਹੈ |
ਪਿਛਲੇ ਦਿਨੀਂ ਇਕ ਹੋਰ ਛੋਟੀ ਬੱਚੀ ਮੇਰੇ ਧਿਆਨ ਦਾ ਉਸ ਸਮੇਂ ਕੇਂਦਰ ਬਣੀ, ਜਦੋਂ ਸੰਯੁਕਤ ਰਾਸ਼ਟਰ ਸੰਘ ਦੇ ਜਲਵਾਯੂ ਤਬਦੀਲੀ ਸਬੰਧੀ ਸੰਮੇਲਨ ਵਿਚ ਮੈਂ ਧਰਤੀ ਦੀ ਵਧ ਰਹੀ ਤਪਸ਼ ਸਬੰਧੀ ਉਸ ਵਲੋਂ ਦੁਨੀਆ ਦੇ ਹੁਕਮਰਾਨਾਂ ਨੂੰ ਸੰਬੋਧਿਤ ਹੋ ਕੇ ਦਿੱਤੇ ਗਏ ਭਾਸ਼ਨ ਦੀ ਟੀ.ਵੀ. 'ਤੇ ਕਵਰੇਜ਼ ਦੇਖੀ | ਹੋਰ ਲੋਕਾਂ ਦੀ ਤਰ੍ਹਾਂ ਮੈਨੂੰ ਵੀ ਉਸ ਨੇ ਹਿਲਾ ਕੇ ਰੱਖ ਦਿੱਤਾ, ਉਹ ਬੋਲ ਰਹੀ ਸੀ, 'ਮੇਰਾ ਸੰਦੇਸ਼ ਇਹ ਹੈ ਕਿ ਅਸੀਂ ਤੁਹਾਡੇ ਉੱਤੇ ਨਜ਼ਰ ਰੱਖਾਂਗੇ | ਇਹ ਸਭ ਗ਼ਲਤ ਹੋ ਰਿਹਾ ਹੈ | ਮੈਨੂੰ ਇਥੇ ਨਹੀਂ ਸੀ ਹੋਣਾ ਚਾਹੀਦਾ | ਸਮੁੰਦਰ ਪਾਰ ਸਕੂਲੇ ਹੋਣਾ ਚਾਹੀਦਾ ਸੀ.......... | ਤੁਸੀਂ ਆਪਣੇ ਖੋਖਲੇ ਬਿਆਨਾਂ ਨਾਲ ਮੇਰੇ ਸੁਪਨੇ ਤੇ ਮੇਰਾ ਬਚਪਨ ਚੁਰਾ ਲਿਆ ਹੈ | ਮੈਂ ਫਿਰ ਵੀ ਖੁਸ਼ਕਿਸਮਤ ਲੋਕਾਂ ਵਿਚੋਂ ਇਕ ਹਾਂ | ਲੋਕ ਦੁਖੀ ਹਨ, ਲੋਕ ਮਰ ਰਹੇ ਹਨ, ਸਾਰਾ ਈਕੋ ਸਿਸਟਮ ਤਬਾਹ ਹੋ ਰਿਹਾ ਹੈ | ਅਸੀਂ ਖਾਤਮੇ ਦੇ ਕੰਢੇ 'ਤੇ ਹਾਂ | ਤੁਸੀਂ ਸਾਰੇ ਧਨ-ਦੌਲਤ ਤੇ ਸਦੀਵੀ ਆਰਥਿਕ ਵਿਕਾਸ ਦੀਆਂ ਕਿੱਸੇ-ਕਹਾਣੀਆਂ ਬਾਰੇ ਗੱਲ ਕਰ ਰਹੇ ਹੋ | ਤੁਹਾਡੀ ਹਿੰਮਤ ਕਿਵੇਂ ਪਈ....... | ਤੁਸੀਂ ਸਾਨੂੰ ਨਾਕਾਮ ਕਰ ਰਹੇ ਹੋ | ਪਰ ਯੁਵਾ ਪੀੜ੍ਹੀ ਤੁਹਾਡੇ ਵਿਸ਼ਵਾਸਘਾਤ ਨੂੰ ਸਮਝਣ ਲੱਗੀ ਹੈ | ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ 'ਤੇ ਨਜ਼ਰ ਰੱਖ ਰਹੀਆਂ ਹਨ | ਜੇ ਤੁਸੀਂ ਸਾਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਾਂਗੇ |'
ਸੰਯੁਕਤ ਰਾਸ਼ਟਰ ਸੰਘ ਦੇ ਵਾਤਾਵਰਨ ਤਬਦੀਲੀ ਸਬੰਧੀ ਇਸ ਵਿਸ਼ੇਸ਼ ਸੰਮੇਲਨ ਵਿਚ ਭਾਸ਼ਨ ਦੇਣ ਵਾਲੀ ਇਹ 16 ਸਾਲ ਦੀ ਲੜਕੀ ਗ੍ਰੇਟਾ ûਨਬਰਗ ਹੈ, ਜਿਸ ਨੇ ਵਿਸ਼ਵ ਭਰ ਵਿਚ ਵਾਤਾਵਰਨ ਤਬਦੀਲੀ ਨਾਲ ਪੈਦਾ ਹੋ ਰਹੇ ਖ਼ਤਰਿਆਂ ਸਬੰਧੀ ਲੋਕਾਂ ਵਿਚ ਵੱਡੀ ਪੱਧਰ 'ਤੇ ਚੇਤਨਾ ਪੈਦਾ ਕੀਤੀ ਹੈ ਅਤੇ ਆਪਣੇ ਯਤਨਾਂ ਨੂੰ ਇਕ ਅੰਦੋਲਨ ਦਾ ਰੂਪ ਦਿੱਤਾ ਹੈ | 15 ਮਾਰਚ, 2019 ਨੂੰ ਦੁਨੀਆ ਭਰ ਵਿਚ 10 ਲੱਖ, 60 ਹਜ਼ਾਰ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਲੋਕਾਂ ਨੇ ਉਸ ਦੇ ਇਸ ਵਿਸ਼ਵ ਵਿਆਪੀ ਅੰਦੋਲਨ ਵਿਚ ਹਿੱਸਾ ਲਿਆ ਸੀ | ਵਾਤਾਵਰਨ ਨੂੰ ਬਚਾਉਣ ਲਈ ਇਸ ਦਿਨ ਹੋਏ ਅੰਦੋਲਨ ਨੂੰ ਦੁਨੀਆ ਭਰ ਵਿਚ ਸਭ ਤੋਂ ਵੱਡੇ ਅੰਦੋਲਨ ਦਾ ਦਰਜਾ ਪ੍ਰਾਪਤ ਹੋਇਆ ਹੈ |
ਗ੍ਰੇਟਾ ûਨਬਰਗ ਦਾ ਜਨਮ ਸਵੀਡਨ ਵਿਚ ਹੋਇਆ ਸੀ | ਉਸ ਦੀ ਮਾਤਾ ਦਾ ਨਾਂਅ ਮਲੇਂਦਾ ਇਰਨਮੈਨ ਹੈ ਅਤੇ ਉਹ ਕਿੱਤੇ ਵਜੋਂ ਇਕ ਓਪੇਰਾ ਗਾਇਕ ਹੈ | ਉਸ ਦੇ ਪਿਤਾ ਸਵਾਂਤੇ ûਨਬਰਗ ਵੀ ਇਕ ਐਕਟਰ ਹਨ | ਭਾਵੇਂ ਗੇ੍ਰਟਾ ûਨਬਰਗ ਦੇ ਪਰਿਵਾਰ ਦਾ ਵਾਤਾਵਰਨ ਬਚਾਉਣ ਦੀਆਂ ਸਰਗਰਮੀਆਂ ਨਾਲ ਕੋਈ ਨੇੜੇ ਦਾ ਸਬੰਧ ਨਹੀਂ ਸੀ ਪਰ ਇਸ ਪਰਿਵਾਰ ਦੇ ਬਜ਼ੁਰਗਾਂ ਦੀ ਵਾਤਾਵਰਨ ਸਬੰਧੀ ਸਾਇੰਸਦਾਨ ਸਵਾਂਤੇ ਐਰੀਹੈਨਿਊਸ ਨਾਲ ਦੂਰ ਦੀ ਰਿਸ਼ਤੇਦਾਰੀ ਜ਼ਰੂਰ ਸੀ, ਜਿਸ ਨੇ ਦੁਨੀਆ ਨੂੰ ਸਭ ਤੋਂ ਪਹਿਲਾਂ ਇਹ ਦੱਸਿਆ ਸੀ ਕਿ ਮਨੁੱਖ ਦੀਆਂ ਸਰਗਰਮੀਆਂ ਨਾਲ ਧਰਤੀ 'ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਰਹੀ ਹੈ, ਜੋ ਕਿ ਧਰਤੀ ਦੇ ਤਾਪਮਾਨ ਵਿਚ ਵੀ ਵਾਧਾ ਕਰ ਰਹੀ ਹੈ | ਇਸ ਸਾਇੰਸਦਾਨ ਦੀ ਖੋਜ ਨੂੰ ਅੱਗੇ ਹੋਰ ਵਿਕਸਤ ਕਰਕੇ ਡੇਵਿਡ ਕੀਲਿੰਗ ਨੇ 1960 ਵਿਚ ਧਰਤੀ ਦੀ ਵਧ ਰਹੀ ਤਪਸ਼ ਦੇ ਰੂਪ ਵਿਚ ਲੋਕਾਂ ਦੇ ਸਾਹਮਣੇ ਵਿਸਥਾਰ ਪੂਰਬਕ ਆਪਣਾ ਪੱਖ ਰੱਖਿਆ ਸੀ |
ਗ੍ਰੇਟਾ ਥੁਨਬਰਗ ਨੂੰ ਸਭ ਤੋਂ ਪਹਿਲਾਂ 8 ਸਾਲ ਦੀ ਉਮਰ ਵਿਚ ਧਰਤੀ ਦੀ ਵਧ ਰਹੀ ਤਪਸ਼ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਉਨ੍ਹਾਂ ਦੇ ਸਕੂਲ ਵਿਚ ਇਸ ਸਬੰਧੀ ਇਕ ਫ਼ਿਲਮ ਦਿਖਾਈ ਗਈ ਸੀ | ਸਕੂਲ ਵਿਚ ਉਹ ਅਕਸਰ ਕਲਾਸ ਰੂਮ ਦੀਆਂ ਪਿਛਲੀਆਂ ਸੀਟਾਂ 'ਤੇ ਬੈਠਦੀ ਸੀ ਪਰ ਇਸ ਫ਼ਿਲਮ ਦਾ ਦੂਜੇ ਵਿਦਿਆਰਥੀਆਂ ਦੇ ਮੁਕਾਬਲੇ ਉਸ 'ਤੇ ਵਧੇਰੇ ਅਸਰ ਪਿਆ | ਉਸ ਨੇ ਇਸ ਸਬੰਧੀ ਲਿਖਿਆ ਕਿ 'ਮੇਰੇ ਹਮਜਮਾਤੀਆਂ 'ਤੇ ਫ਼ਿਲਮ ਦਾ ਉਸ ਸਮੇਂ ਅਸਰ ਹੋਇਆ, ਜਦੋਂ ਉਹ ਇਸ ਨੂੰ ਵੇਖ ਰਹੇ ਸਨ | ਪਰ ਜਦੋਂ ਇਹ ਫ਼ਿਲਮ ਖ਼ਤਮ ਹੋ ਗਈ ਤਾਂ ਉਨ੍ਹਾਂ ਨੇ ਹੋਰ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ | ਪਰ ਮੈਂ ਅਜਿਹਾ ਨਾ ਕਰ ਸਕੀ | ਉਸ ਫ਼ਿਲਮ ਦੇ ਦਿ੍ਸ਼ ਮੇਰੇ ਦਿਮਾਗ ਵਿਚ ਬੈਠ ਗਏ, ਇਸ ਫ਼ਿਲਮ ਦਾ ਉਸ 'ਤੇ ਗਹਿਰਾ ਅਸਰ ਹੋਇਆ | ਜ਼ਿਆਦਾ ਸੋਚਣ ਅਤੇ ਜ਼ਿਆਦਾ ਫ਼ਿਕਰਮੰਦ ਰਹਿਣ ਕਾਰਨ ਉਹ ਬਿਮਾਰ ਵੀ ਹੋ ਗਈ | ਉਹ ਮਾਨਸਿਕ ਤੌਰ 'ਤੇ ਦਬਾਅ ਵਿਚ ਰਹਿਣ ਲੱਗ ਪਈ ਅਤੇ ਕਈ ਵਾਰ ਉਹ ਖਾਮੋਸ਼ ਹੋ ਜਾਂਦੀ ਅਤੇ ਉਸ ਨੂੰ ਬੋਲਣ ਵਿਚ ਵੀ ਸਮੱਸਿਆ ਪੇਸ਼ ਆਉਂਦੀ | 11 ਸਾਲ ਦੀ ਉਮਰ ਵਿਚ ਉਸ ਦਾ ਮਾਨਸਿਕ ਦਬਾਅ ਹੋਰ ਵੀ ਵਧੇਰੇ ਵਧ ਗਿਆ | ਹੋ ਸਕਦਾ ਹੈ ਇਸ ਦੇ ਕਈ ਹੋਰ ਵੀ ਕਾਰਨ ਹੋਣ ਪਰ ਇਕ ਵੱਡਾ ਕਾਰਨ ਧਰਤੀ ਦੀ ਵਧ ਰਹੀ ਤਪਸ਼ ਸਬੰਧੀ ਉਸ ਦੀ ਚਿੰਤਾ ਵੀ ਸੀ | ਉਸ ਨੇ ਇਸ ਸਬੰਧੀ ਕਿਹਾ, 'ਮੈਂ ਇਸ ਬਾਰੇ ਇਹ ਸੋਚ ਕੇ ਪ੍ਰੇਸ਼ਾਨ ਸਾਂ ਕਿ ਕੀ ਮੇਰਾ ਕੋਈ ਭਵਿੱਖ ਵੀ ਹੈ? ਉਸ ਦਾ ਮਾਨਸਿਕ ਦਬਾਅ ਏਨਾ ਵਧ ਗਿਆ ਕਿ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ | ਇਸ ਕਾਰਨ ਉਸ ਦੇ ਮਾਂ-ਬਾਪ ਵਧੇਰੇ ਚਿੰਤਤ ਹੋ ਗਏ ਅਤੇ ਇਸ ਸਬੰਧੀ ਉਨ੍ਹਾਂ ਨੇ ਉਸ ਨਾਲ ਗੱਲਬਾਤ ਕੀਤੀ | ਉਸ ਨੇ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਆਪਣੇ ਮਾਪਿਆਂ ਨੂੰ ਖੁੱਲ੍ਹ ਕੇ ਦੱਸੀਆਂ ਅਤੇ ਇਸ ਤਰ੍ਹਾਂ ਰਾਹਤ ਵੀ ਮਹਿਸੂਸ ਕੀਤੀ | ਗ੍ਰੇਟਾ ਨੇ ਮਾਸ ਖਾਣਾ ਬੰਦ ਕਰ ਦਿੱਤਾ ਅਤੇ ਉਸ ਦੀ ਪੈਰਵੀ ਕਰਦਿਆਂ ਉਸ ਦੇ ਮਾਪਿਆਂ ਨੇ ਵੀ ਮਾਸ ਦੀ ਵਰਤੋਂ ਬੰਦ ਕਰ ਦਿੱਤੀ | ਉਸ ਦੀ ਮਾਤਾ ਜਿਸ ਨੂੰ ਗਾਇਕੀ ਲਈ ਪੂਰੀ ਦੁਨੀਆ ਵਿਚ ਇਧਰ-ਉਧਰ ਜਾਣਾ ਪੈਂਦਾ ਸੀ, ਉਸ ਨੇ ਆਪਣੀਆਂ ਇਹ ਸਰਗਰਮੀਆਂ ਸਿਰਫ ਸਟਾਕ ਹੋਮ ਤੱਕ ਹੀ ਸੀਮਤ ਕਰ ਦਿੱਤੀਆਂ |
ਹੌਲੀ-ਹੌਲੀ ਗ੍ਰੇਟਾ ਨੂੰ ਅਹਿਸਾਸ ਹੋਇਆ ਕਿ ਵਾਤਾਵਰਨ ਸਬੰਧੀ ਜੋ ਉਹ ਫ਼ਿਕਰ ਕਰਦੀ ਹੈ, ਉਹ ਅਜਿਹੀਆਂ ਗੱਲਾਂ ਦੱਸ ਕੇ ਦੂਜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਸ ਨਾਲ ਕੁਝ ਨਾ ਕੁਝ ਫ਼ਰਕ ਜ਼ਰੂਰ ਪੈ ਸਕਦਾ ਹੈ | ਇਸ ਤਰ੍ਹਾਂ ਉਸ ਦੇ ਧਰਤੀ ਦੀ ਵਧ ਰਹੀ ਤਪਸ਼ ਬਾਰੇ ਅੰਦੋਲਨ ਦੀ ਸ਼ੁਰੂਆਤ ਹੋਈ | ਉਸ ਨੇ ਆਪਣੇ-ਆਪ ਨਾਲ ਵਾਅਦਾ ਕੀਤਾ ਕਿ ਵਾਤਾਵਰਨ ਵਿਚ ਤਬਦੀਲੀ ਲਿਆਉਣ ਲਈ ਉਹ ਕੁਝ ਨਾ ਕੁਝ ਜ਼ਰੂਰ ਕਰੇਗੀ | ਮਈ 2018 ਵਿਚ 15 ਸਾਲ ਦੀ ਉਮਰ ਵਿਚ ਉਸ ਨੇ ਸਵੀਡਨ ਦੇ ਅਖ਼ਬਾਰ 'ਸਵਿਨਸਕਾ ਡੈਗ ਬਲੇਡੈਂਟ' ਵਲੋਂ ਵਾਤਾਵਰਨ 'ਚ ਆ ਰਹੀ ਤਬਦੀਲੀ ਬਾਰੇ ਲੇਖ ਲਿਖਣ ਦਾ ਇਕ ਮੁਕਾਬਲਾ ਕਰਵਾਇਆ, ਉਸ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ | ਇਸ ਲੇਖ ਮੁਕਾਬਲੇ ਦਾ ਨਾਂਅ 'ਅਸੀਂ ਜਾਣਦੇ ਹਾਂ ਅਤੇ ਅਸੀਂ ਕੁਝ ਕਰ ਸਕਦੇ ਹਾਂ' ਸੀ | ਇਸ ਵਿਚ ਉਸ ਨੇ ਪਹਿਲਾ ਇਨਾਮ ਜਿੱਤਿਆ ਅਤੇ ਉਸ ਦਾ ਇਹ ਲੇਖ ਅਖ਼ਬਾਰ ਵਿਚ ਵੀ ਛਪਿਆ | ਇਸ ਤੋਂ ਬਾਅਦ ਉਸ ਦਾ ਸੰਪਰਕ ਬੋਥਰੇਨ ਨਾਂਅ ਦੇ ਇਕ ਹੋਰ ਕਾਰਕੁੰਨ ਨਾਲ ਹੋਇਆ ਜੋ ਵਾਤਾਵਰਨ ਦੀ ਤਬਦੀਲੀ ਸਬੰਧੀ ਕੰਮ ਕਰ ਰਿਹਾ ਸੀ | ਉਸ ਦੇ ਦਿਮਾਗ ਵਿਚ ਇਹ ਵਿਚਾਰ ਆਇਆ ਕਿ ਧਰਤੀ ਦੀ ਵਧ ਰਹੀ ਤਪਸ਼ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਵਿਦਿਆਰਥੀਆਂ ਵਲੋਂ ਆਪਣੇ ਸਕੂਲਾਂ ਵਿਚ ਰੋਸ ਪ੍ਰਗਟ ਕੀਤੇ ਜਾਣ | ਉਸ ਦੇ ਦਿਮਾਗ ਵਿਚ ਇਹ ਵਿਚਾਰ ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿਚ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਪਾਰਕਲੈਂਡ ਵਿਚ ਕੀਤੇ ਗਏ ਵਿਖਾਵੇ ਕਾਰਨ ਆਇਆ ਸੀ | ਵਿਦਿਆਰਥੀਆਂ ਵਲੋਂ ਇਹ ਵਿਖਾਵਾ ਅਮਰੀਕਾ ਵਿਚ ਪ੍ਰਚੱਲਿਤ ਗੰਨ ਸੱਭਿਆਚਾਰ ਵਿਰੁੱਧ ਕੀਤਾ ਗਿਆ ਸੀ | ਗ੍ਰੇਟਾ ਨੂੰ ਸਕੂਲ ਸਟ੍ਰਾਈਕ ਦਾ ਇਹ ਵਿਚਾਰ ਬੇਹੱਦ ਪਸੰਦ ਆਇਆ | ਉਸ ਨੇ ਇਸ ਸਬੰਧੀ ਹੋਰ ਵਿਦਿਆਰਥੀਆਂ ਨਾਲ ਗੱਲ ਕੀਤੀ ਪਰ ਕੋਈ ਵੀ ਇਸ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਤਿਆਰ ਨਾ ਹੋਇਆ | 20 ਅਗਸਤ, 2018 ਨੂੰ ਗ੍ਰੇਟਾ ਨੇ ਇਕੱਲਿਆਂ ਹੀ ਆਪਣੇ ਅੰਦੋਲਨ ਦੀ ਸ਼ੁਰੂਆਤ ਕੀਤੀ | ਉਹ ਸਕੂਲ ਜਾਣ ਦੀ ਥਾਂ 'ਤੇ ਇਕ ਤਖ਼ਤੀ ਲੈ ਕੇ ਸਵੀਡਨ ਦੀ ਪਾਰਲੀਮੈਂਟ ਸਾਹਮਣੇ ਜਾ ਬੈਠੀ | ਇਸ ਤਖ਼ਤੀ ਉੱਤੇ ਵਾਤਾਵਰਨ ਲਈ ਸਕੂਲ ਹੜਤਾਲ 'Skolstrejk for Klimetet' ਲਿਖਿਆ ਹੋਇਆ ਸੀ | ਉਸ ਨੇ ਇਸ ਅਵਸਰ 'ਤੇ ਕੁਝ ਪਰਚੇ ਵੀ ਵੰਡੇ ਜਿਸ ਵਿਚ ਉਸ ਨੇ ਧਰਤੀ ਦੀ ਤਪਸ਼ ਵਧਣ ਨਾਲ ਆਉਣ ਵਾਲੀਆਂ ਤਬਦੀਲੀਆਂ ਬਾਰੇ ਲਿਖਿਆ ਸੀ | ਉਹ ਸਵੇਰੇ 8.30 ਵਜੋਂ ਤੋਂ ਸ਼ਾਮ 3 ਵਜੇ ਤੱਕ ਸਵੀਡਨ ਦੀ ਪਾਰਲੀਮੈਂਟ ਸਾਹਮਣੇ ਬੈਠੀ ਰਹੀ | ਇਸ ਸਮੇਂ ਦੌਰਾਨ ਉਸ ਨੇ ਟਵਿੱਟਰ ਅਤੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ | ਕੁਝ ਪੱਤਰਕਾਰ ਵੀ ਉਸ ਦਿਨ ਉਸ ਨੂੰ ਮਿਲਣ ਆਏ | ਦੂਜੇ ਦਿਨ ਫਿਰ ਉਹ ਉਸੇ ਸਮੇਂ ਸਵੀਡਨ ਦੀ ਪਾਰਲੀਮੈਂਟ ਸਾਹਮਣੇ ਆ ਕੇ ਬੈਠ ਗਈ | ਪਰ ਇਸ ਦਿਨ ਉਹ ਇਕੱਲੀ ਨਹੀਂ ਸੀ | ਲੋਕ ਉਸ ਦੀ ਹੜਤਾਲ ਵਿਚ ਸ਼ਾਮਿਲ ਹੋਣ ਲਈ ਆਉਣ ਲੱਗ ਪਏ | ਇਹ ਸਿਲਸਿਲਾ 9 ਸਤੰਬਰ, 2018 ਤੋਂ ਕੁੱਲ 21 ਦਿਨਾਂ ਤੱਕ ਚੱਲਿਆ | ਇਸ ਸਮੇਂ ਦੌਰਾਨ ਲੋਕ ਉਸ ਨੂੰ ਜਾਨਣ ਲੱਗ ਪਏ | ਉਸ ਦੀ ਮਾਤਾ ਨੇ ਵੀ ਉਸ ਦੇ ਇਸ ਅੰਦੋਲਨ ਬਾਰੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਤੇ ਬਹੁਤ ਸਾਰੇ ਲੋਕ ਉਸ ਦੇ ਪ੍ਰਸੰਸਕ ਬਣ ਗਏ | ਬਹੁਤ ਸਾਰੇ ਅਖ਼ਬਾਰਾਂ ਨੇ ਵੀ ਉਸ ਦੀ ਇਹ ਕਹਾਣੀ ਆਪਣੇ ਐਡੀਸ਼ਨਾਂ ਵਿਚ ਪ੍ਰਕਾਸ਼ਿਤ ਕੀਤੀ | ਗ੍ਰੇਟਾ ਨੂੰ ਵਾਤਾਵਰਨ ਤਬਦੀਲੀ ਸਬੰਧੀ ਇਕ ਰੈਲੀ ਵਿਚ ਬੋਲਣ ਦਾ ਸੱਦਾ ਆਇਆ, ਜਿਸ ਵਿਚ ਉਸ ਨੇ ਹਜ਼ਾਰਾਂ ਲੋਕਾਂ ਸਾਹਮਣੇ ਭਾਸ਼ਨ ਦੇਣਾ ਸੀ | ਉਸ ਨੇ ਇਸ ਸਬੰਧੀ ਆਪਣੇ ਮਾਪਿਆਂ ਨਾਲ ਗੱਲ ਕੀਤੀ ਪਰ ਉਹ ਉਸ ਨੂੰ ਇਸ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਸਨ | ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਾਨਸਿਕ ਤੌਰ 'ਤੇ ਦਬਾਅ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਖ਼ਾਸ ਕਰਕੇ ਬਹੁਤ ਜ਼ਿਆਦਾ ਲੋਕਾਂ ਸਾਹਮਣੇ ਬੋਲਣਾ ਉਸ ਲਈ ਕਠਿਨ ਹੋ ਜਾਂਦਾ ਹੈ | ਉਨ੍ਹਾਂ ਨੇ ਉਸ ਨੂੰ ਰੈਲੀ ਵਿਚ ਨਾ ਬੋਲਣ ਦੀ ਸਲਾਹ ਦਿੱਤੀ ਪਰ ਗ੍ਰੇਟਾ ਆਪਣੇ ਇਰਾਦੇ 'ਤੇ ਦਿ੍ੜ੍ਹ ਰਹੀ | ਉਸ ਨੇ ਇਸ ਰੈਲੀ ਵਿਚ ਪ੍ਰਭਾਵਸ਼ਾਲੀ ਭਾਸ਼ਨ ਦਿੱਤਾ | ਭੀੜ ਵਿਚੋਂ ਬਹੁਤ ਸਾਰਿਆਂ ਨੇ ਉਸ ਦੀਆਂ ਵੀਡੀਓ ਬਣਾਈਆਂ ਅਤੇ ਸੋਸ਼ਲ ਮੀਡੀਆ ਵਿਚ ਇਹ ਵੀਡੀਓ ਵਾਇਰਲ ਹੋ ਗਈਆਂ | ਹੁਣ ਉਹ ਲਗਾਤਾਰ ਲੋਕਾਂ, ਸਿਆਸਤਦਾਨਾਂ ਅਤੇ ਪੱਤਰਕਾਰਾਂ ਸਾਹਮਣੇ ਬੋਲਣ ਲੱਗ ਪਈ | ਦੁਨੀਆ ਭਰ ਵਿਚ ਨੌਜਵਾਨ ਅਤੇ ਬੱਚੇ ਉਸ ਦੇ ਇਸ ਅੰਦੋਲਨ ਦਾ ਹਿੱਸਾ ਬਣ ਗਏ | 15 ਮਾਰਚ, 2019 ਨੂੰ ਉਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਧਰਤੀ ਦੀ ਵਧ ਰਹੀ ਤਪਸ਼ ਵਿਰੁੱਧ ਇਕ ਦਿਨ ਦੀ ਸਕੂਲ ਹੜਤਾਲ ਕਰਨ ਦਾ ਸੱਦਾ ਦਿੱਤਾ | ਇਸ ਵਿਚ 10 ਲੱਖ, 60 ਹਜ਼ਾਰ ਦੇ ਲਗਪਗ ਲੋਕਾਂ ਨੇ ਵਿਸ਼ਵ ਪੱਧਰ 'ਤੇ ਸ਼ਿਰਕਤ ਕੀਤੀ | ਦੁਨੀਆ ਦੇ 128 ਦੇਸ਼ਾਂ ਦੇ 2233 ਸ਼ਹਿਰਾਂ ਵਿਚ ਇਹ ਇਕ ਦਿਨਾਂ ਸਕੂਲ ਹੜਤਾਲ ਹੋਈ | ਇਸੇ ਕਰਕੇ ਇਤਿਹਾਸ ਵਿਚ ਇਸ ਨੂੰ ਵਾਤਾਵਰਨ ਤਬਦੀਲੀ ਸਬੰਧੀ ਇਕ ਵੱਡੀ ਕਾਰਵਾਈ ਵਜੋਂ ਜਾਣਿਆ ਜਾਂਦਾ ਹੈ | ਇਕ ਛੋਟੀ ਜਿਹੀ ਲੜਕੀ ਨੇ ਸਵੀਡਨ ਦੀ ਪਾਰਲੀਮੈਂਟ ਦੇ ਸਾਹਮਣੇ ਆਪਣੇ ਹੱਥ ਨਾਲ ਲਿਖੀ ਹੋਈ ਤਖ਼ਤੀ ਲੈ ਕੇ ਜੋ ਅੰਦੋਲਨ ਸ਼ੁਰੂ ਕੀਤਾ ਸੀ, ਹੁਣ ਉਹ ਇਕ ਅੰਤਰਰਾਸ਼ਟਰੀ ਅੰਦੋਲਨ ਦਾ ਰੂਪ ਲੈ ਚੁੱਕਾ ਹੈ ਤੇ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਸਬੰਧੀ ਇਕ ਸੰਮੇਲਨ ਵਿਚ ਉਸ ਵਲੋਂ ਦਿੱਤਾ ਗਿਆ ਵਿਸ਼ਵ ਭਰ ਦੇ ਸਿਆਸੀ ਆਗੂਆਂ ਅਤੇ ਲੋਕਾਂ ਵਿਚ ਝੰਜੋੜਨ ਵਾਲਾ ਭਾਸ਼ਨ ਇਸ ਅੰਦੋਲਨ ਦਾ ਇਕ ਹੋਰ ਵੱਡਾ ਪੜਾਅ ਹੋ ਗੁਜ਼ਰਿਆ ਹੈ |
ਗ੍ਰੇਟਾ ਦੀ ਇਹ ਕਹਾਣੀ ਬਿਨਾਂ ਸ਼ੱਕ ਦੁਨੀਆ ਭਰ ਦੇ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਹੈ | ਜੇ ਕੋਈ ਇਕ ਵਿਅਕਤੀ ਵੀ ਲੋਕ ਹਿੱਤ ਦੇ ਕਿਸੇ ਮੁੱਦੇ ਨੂੰ ਲੈ ਕੇ ਅੰੰਦੋਲਨ ਆਰੰਭ ਕਰਦਾ ਹੈ ਤਾਂ ਹੌਲੀ-ਹੌਲੀ ਉਹ ਅੰਦੋਲਨ ਇਕ ਲਹਿਰ ਦਾ ਰੂਪ ਲੈ ਲੈਂਦਾ ਹੈ | ਅਜਿਹੇ ਅੰਦੋਲਨ ਲਾਜ਼ਮੀ ਤੌਰ 'ਤੇ ਦੇਰ-ਸਵੇਰ ਸਮਾਜਿਕ ਸਥਿਤੀਆਂ ਵਿਚ ਤਬਦੀਲੀ ਲਿਆਉਣ ਵਿਚ ਆਪਣਾ ਪ੍ਰਭਾਵ ਪਾਉਂਦੇ ਹਨ | ਅਸੀਂ ਗ੍ਰੇਟਾ ûਨਬਰਗ ਦੀ ਇਸ ਦਿ੍ੜ੍ਹਤਾ ਅਤੇ ਦੂਰਅੰਦੇਸ਼ੀ ਨੂੰ ਸਲਾਮ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਕ ਸੁਰੱਖਿਅਤ ਵਿਸ਼ਵ ਸਿਰਜਣ ਵਿਚ ਉਸ ਵਲੋਂ ਕੀਤੇ ਜਾ ਰਹੇ ਯਤਨ ਵੱਡਾ ਹਿੱਸਾ ਪਾਉਣਗੇ |

ਬਾਲੀਵੁੱਡ ਦਾ ਅਨਮੋਲ ਰਤਨ : ਅਮਿਤਾਭ ਬੱਚਨ

60 ਦੇ ਦਹਾਕੇ ਦੀ ਗੱਲ ਹੈ, ਨਿਰਦੇਸ਼ਕ ਖਵਾਜ਼ਾ ਅਹਿਮਦ ਅੱਬਾਸ ਗੋਆ ਦੇ ਆਜ਼ਾਦੀ ਸੰਗਰਾਮ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਸਨ | ਬਜਟ ਜ਼ਿਆਦਾ ਨਹੀਂ ਸੀ | ਇਸ ਲਈ ਨਵੇਂ ਜਾਂ ਉਭਰਦੇ ਕਲਾਕਾਰਾਂ ਨੂੰ ਲੈਣਾ ਤੈਅ ਕੀਤਾ ਗਿਆ | ਕਲਾਕਾਰਾਂ ਦੀ ਚੋਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਕਿ ਹਰ ਕਲਾਕਾਰ ਵਿਚ ਵੱਖਰੇਪਨ ਵਾਲੀ ਗੱਲ ਹੋਵੇ ਤਾਂ ਕਿ ਦਰਸ਼ਕਾਂ ਨੂੰ ਉਨ੍ਹਾਂ ਦੀ ਪਹਿਚਾਣ ਕਰਨ ਵਿਚ ਆਸਾਨੀ ਹੋਵੇ | ਇਸੇ ਵੱਖਰੇਪਨ ਵਾਲੀ ਗੱਲ ਦੇ ਚਲਦਿਆਂ ਉਨ੍ਹਾਂ ਨੇ ਇਕ ਮੋਟੇ-ਪਤਲੇ ਨੌਜਵਾਨ ਨੂੰ ਚੁਣਿਆ ਅਤੇ ਇਸ ਨੌਜਵਾਨ ਦੀ ਖਾਸ ਗੱਲ ਇਹ ਸੀ ਕਿ ਉਸ ਦੇ ਦੰਦ ਬਾਹਰ ਵੱਲ ਸਨ, ਇਸ ਨੌਜਵਾਨ ਦਾ ਨਾਂਅ ਟੀਨੂ ਆਨੰਦ ਸੀ | ਇਸ ਤੋਂ ਪਹਿਲਾਂ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇ, ਟੀਨੂੰ ਨੂੰ ਮਹਾਨ ਨਿਰਦੇਸ਼ਕ ਸਤਿਆਜੀਤ ਰੇਅ ਦਾ ਸੱਦਾ ਆ ਗਿਆ | ਟੀਨੂੰ ਨੇ ਉਨ੍ਹਾਂ ਨੂੰ ਬਤੌਰ ਸਹਾਇਕ ਨਿਰਦੇਸ਼ਕ ਆਪਣੇ ਨਾਲ ਰੱਖਣ ਦੀ ਗੁਜ਼ਾਰਿਸ਼ ਕਤੀ ਸੀ ਜੋ ਰੇਅ ਵਲੋਂ ਮੰਨ ਲਈ ਗਈ ਸੀ | ਟੀਨੂੰ ਨੇ ਖਵਾਜ਼ਾ ਸਾਹਿਬ ਨੂੰ ਦੱਸਿਆ ਕਿ ਉਸ ਦੀ ਇੱਛਾ ਨਿਰਦੇਸ਼ਕ ਬਣਨ ਦੀ ਹੈ ਅਤੇ ਸਤਿਆਜੀਤ ਰੇਅ ਸਾਹਿਬ ਦਾ ਸੱਦਾ ਆ ਜਾਣ ਕਰਕੇ ਮੈਂ ਕਲਕੱਤਾ ਜਾਣਾ ਚਾਹੁੰਦਾ ਹਾਂ | ਖਵਾਜ਼ਾ ਸਾਹਿਬ ਨੇ ਵੀ ਉਸ ਨੂੰ ਰੋਕਿਆ ਨਹੀਂ ਅਤੇ ਆਪਣੀ ਫ਼ਿਲਮ ਨਾਲੋਂ ਵੱਖ ਹੋਣ ਦੀ ਇਜਾਜ਼ਤ ਦੇ ਦਿੱਤੀ | ਹਾਂ, ਇਹ ਸ਼ਰਤ ਜ਼ਰੂਰ ਰੱਖੀ ਕਿ ਉਹ ਉਨ੍ਹਾਂ ਨੂੰ ਇਕ ਅਜਿਹਾ ਕਲਾਕਾਰ ਲੱਭ ਕੇ ਦੇਵੇ ਜਿਸ 'ਚ ਵੱਖਰੇਪਨ ਵਾਲੀ ਗੱਲ ਹੋਵੇ | ਇਸ ਸ਼ਰਤ ਦੀ ਪਾਲਣ ਕਰਨਾ ਟੀਨੂੰ ਲਈ ਬੇਹੱਦ ਆਸਾਨ ਸੀ ਕਿਉਂਕਿ ਉਸਦਾ ਦੋਸਤ ਲੰਬੇ ਕੱਦ ਦਾ ਸੀ ਅਤੇ ਆਪਣੇ ਕੱਦ ਦੀ ਵਜ੍ਹਾ ਕਰਕੇ ਉਹ ਪਹਿਲੀ ਨਜ਼ਰ ਵਿਚ ਹੀ ਦੂਸਰਿਆਂ ਤੋਂ ਅਲੱਗ ਨਜ਼ਰ ਆ ਜਾਂਦਾ ਸੀ | ਇਹ ਦੋਸਤ ਸੀ ਅਮਿਤਾਭ ਬੱਚਨ | ਜਦ ਟੀਨੂੰ ਆਪਣੇ ਇਸ ਲੰਬੇ ਦੋਸਤ ਨੂੰ ਖਵਾਜ਼ਾ ਸਾਹਿਬ ਕੋਲ ਲੈ ਕੇ ਗਿਆ ਤਾਂ ਉਨ੍ਹਾਂ ਨੇ ਵੀ ਆਪਣੀ ਫ਼ਿਲਮ ਲਈ ਇਸ ਨੂੰ ਫਾਈਨਲ ਕਰ ਲਿਆ | ਇਹ ਫ਼ਿਲਮ ਸੀ 'ਸਾਤ ਹਿੰਦੁਸਤਾਨੀ' | ਇਸ ਫ਼ਿਲਮ ਤੋਂ ਅਮਿਤਾਭ ਦਾ ਫ਼ਿਲਮੀ ਸਫ਼ਰ ਸ਼ੁਰੂ ਹੋਇਆ | 'ਸਾਤ ਹਿੰਦੁਸਤਾਨੀ' ਫ਼ਿਲਮ ਟਿਕਟ ਖਿੜਕੀ 'ਤੇ ਅਸਫਲ ਸਾਬਤ ਹੋਈ ਅਤੇ ਦਰਸ਼ਕਾਂ ਵਲੋਂ ਭੁਲਾ ਦਿੱਤੀ ਗਈ ਪਰ ਆਪਣੀ ਰਿਲੀਜ਼ ਤੋਂ ਚੰਦ ਸਾਲ ਬਾਅਦ ਇਸ ਫ਼ਿਲਮ ਨੂੰ ਇਸ ਲਈ ਯਾਦ ਕੀਤਾ ਜਾਂਦਾ ਰਿਹਾ ਕਿ ਇਹ ਅਮਿਤਾਭ ਬੱਚਨ ਦੀ ਪਹਿਲੀ ਫ਼ਿਲਮ ਸੀ |
ਕਲਕੱਤਾ ਵਿਚ ਬਰਡ ਐਾਡ ਕੰਪਨੀ ਵਿਚ ਨੌਕਰੀ ਕਰ ਰਹੇ ਅਮਿਤਾਭ ਨੇ ਜਦੋਂ ਫ਼ਿਲਮਾਂ ਵਿਚ ਕਿਸਮਤ ਅਜ਼ਮਾਉਣ ਬਾਰੇ ਵਿਚ ਸੋਚਿਆ ਸੀ ਤਦ ਉਸ ਦਾ ਮੰਨਣਾ ਸੀ ਕਿ ਆਪਣੀ ਆਵਾਜ਼ ਅਤੇ ਲੰਬੇ ਕੱਦ ਦੀ ਵਜ੍ਹਾ ਕਰਕੇ ਉਸ ਨੂੰ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਵੇਗਾ ਪਰ ਜਦੋਂ ਦਾ ਉਹ ਮੰੁਬਈ ਆਇਆ ਸੀ ਪਤਾ ਲੱਗਾ ਕਿ ਫ਼ਿਲਮ ਵਿਚ ਕੰਮ ਕਰਨਾ ਕਿੰਨਾ ਮੁਸ਼ਕਿਲ ਹੁੰਦਾ ਹੈ | ਕਰੜੇ ਸੰਘਰਸ਼ ਦੇ ਦੌਰਾਨ ਉਹ ਕਈ ਰਾਤਾਂ ਮੰੁਬਈ ਦੇ ਵਰਲੀ ਦੇ ਸਮੰੁਦਰ ਕਿਨਾਰੇ ਲੱਗੀ ਬੈਂਚ 'ਤੇ ਵੀ ਸੌਾਦਾ ਰਿਹਾ ਸੀ | ਉਦੋਂ ਉਸ ਦੀਆਂ ਅੱਖਾਂ ਵਿਚ ਵੱਡਾ ਕਲਾਕਾਰ ਬਣਨ ਦਾ ਸੁਪਨਾ ਸੀ | ਉਹ ਨਹੀਂ ਜਾਣਦਾ ਸੀ ਕਿ ਇਹ ਸੁਪਨਾ ਪ੍ਰਕਾਸ਼ ਮਹਿਰਾ ਨਾਮੀ ਨਿਰਦੇਸ਼ਕ ਦੀ ਬਦੌਲਤ ਪੂਰਾ ਹੋਵੇਗਾ | ਜਦ ਉਸ ਨੇ ਮੰੁਬਈ ਆਉਣ ਦੀ ਯੋਜਨਾ ਬਣਾਈ ਸੀ ਤਦ ਉਸ ਦੇ ਪਿਤਾ ਨੇ ਨਰਗਿਸ ਦੇ ਨਾਂਅ ਦੀ ਇਕ ਚਿੱਠੀ ਦਿੱਤੀ ਸੀ ਅਤੇ ਇਸ ਵਿਚ ਆਪਣੇ ਬੇਟੇ ਨੂੰ ਫ਼ਿਲਮਾਂ ਵਿਚ ਕੰਮ ਦੇਣ ਦੀ ਬੇਨਤੀ ਕੀਤੀ ਗਈ ਸੀ | ਇਸ ਚਿੱਠੀ ਦੀ ਬਦੌਲਤ ਉਹ ਫ਼ਿਲਮ 'ਰੇਸ਼ਮਾ ਔਰ ਸ਼ੇਰਾ' ਵਿਚ ਕੰਮ ਲੈਣ ਵਿਚ ਕਾਮਯਾਬ ਰਿਹਾ ਸੀ ਪਰ ਉਸ ਦੀ ਭੂਮਿਕਾ ਗੰੂਗੇ ਲੜਕੇ ਦੀ ਸੀ | 'ਰੇਸ਼ਮਾ ਔਰ ਸ਼ੇਰਾ' ਵੀ ਅਸਫਲ ਰਹੀ ਅਤੇ ਉਸ ਤੋਂ ਬਾਅਦ 'ਰਾਸਤੇ ਕਾ ਪੱਥਰ', 'ਬੰਸੀ ਬਿਰਜੂ', 'ਪਿਆਰ ਕੀ ਕਹਾਨੀ', 'ਏਕ ਨਜ਼ਰ' ਆਦਿ ਫ਼ਿਲਮਾਂ ਵਿਚ ਚਮਕੇ ਪਰ ਬਦਕਿਸਮਤੀ ਨਾਲ ਸਾਰੀਆਂ ਫ਼ਿਲਮਾਂ ਫਲਾਪ ਰਹੀਆਂ | 'ਰਾਸਤੇ ਕਾ ਪੱਥਰ' ਵਿਚ ਅਮਿਤਾਭ ਖਲਨਾਇਕ ਬਣਿਆ ਸੀ ਅਤੇ ਖਲਨਾਇਕ ਦੇ ਤੌਰ 'ਤੇ ਵੀ ਨਕਾਰ ਦਿੱਤਾ ਗਿਆ ਸੀ | ਹਾਂ, ਉਸ ਦੀ 'ਬੰਬੇ ਟੂ ਗੋਆ' ਜ਼ਰੂਰ ਹਿੱਟ ਹੋਈ ਪਰ ਫ਼ਿਲਮ ਦੀ ਸਫ਼ਲਤਾ ਦਾ ਪੂਰਾ ਸਿਹਰਾ ਮਹਿਮੂਦ ਨੂੰ ਦਿੱਤਾ ਗਿਆ |
ਜਦ ਅਮਿਤਾਭ ਬੱਚਨ ਅਸਫ਼ਲਤਾ ਦੇ ਦੌਰ ਵਿਚੀਂ ਗੁਜ਼ਰ ਰਿਹਾ ਸੀ, ਉਦੋਂ ਪ੍ਰਕਾਸ਼ ਮਹਿਰਾ 'ਜ਼ੰਜੀਰ' ਦੀ ਯੋਜਨਾ ਬਣਾ ਰਿਹਾ ਸੀ | ਇਸ ਫ਼ਿਲਮ ਲਈ ਧਰਮਿੰਦਰ ਨਾਲ ਗੱਲ ਵੀ ਹੋ ਗਈ ਸੀ ਪਰ ਬਾਅਦ ਵਿਚ ਧਰਮਿੰਦਰ ਨੇ ਇਹ ਕਹਿ ਕੇ ਫ਼ਿਲਮ ਛੱਡ ਦਿੱਤੀ ਸੀ ਕਿ ਉਹ ਮਾਤਾ-ਪਿਤਾ ਦੇ ਕਾਤਲਾਂ ਤੋਂ ਬਦਲਾ ਲੈਣ ਵਾਲੀ ਕਹਾਣੀ 'ਤੇ ਆਧਾਰਿਤ ਇਕ ਹੋਰ ਫ਼ਿਲਮ 'ਯਾਦੋਂ ਕੀ ਬਰਾਤ' ਵਿਚ ਕੰਮ ਕਰ ਰਿਹਾ ਹੈ | ਇਸ ਵਜ੍ਹਾ ਕਰਕੇ 'ਜ਼ੰਜੀਰ' ਵਿਚ ਉਸੇ ਕਿਰਦਾਰ ਨੂੰ ਦੁਬਾਰਾ ਕਰਨਾ ਸਹੀ ਨਹੀਂ ਹੋਵੇਗਾ | ਬਾਅਦ ਵਿਚ 'ਜ਼ੰਜੀਰ' ਲਈ ਦੇਵ ਆਨੰਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਸ ਫ਼ਿਲਮ ਵਿਚ ਹੀਰੋ ਦੇ ਹਿੱਸੇ ਤਾਂ ਇਕ ਵੀ ਗੀਤ ਨਹੀਂ ਹੈ | ਜਾਨੀ ਰਾਜ ਕੁਮਾਰ ਨੇ ਵੀ ਬਚਕਾਨਾ ਜਿਹਾ ਬਹਾਨਾ ਦੇ ਕੇ ਫ਼ਿਲਮ 'ਚ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ | ਹੁਣ ਪ੍ਰਕਾਸ਼ ਮਹਿਰਾ ਅਤੇ 'ਜ਼ੰਜੀਰ' ਦੀ ਲੇਖਕ ਜੋੜੀ ਸਲੀਮ-ਜਾਵੇਦ ਇਸ ਸੋਚ ਵਿਚ ਡੁੱਬੀ ਹੋਈ ਸੀ ਕਿ ਫ਼ਿਲਮ ਵਿਚ ਹੀਰੋ ਕਿਸ ਨੂੰ ਲਿਆ ਜਾਵੇ | ਇਸੇ ਦੌਰਾਨ ਜਾਵੇਦ ਅਖ਼ਤਰ ਨੇ 'ਬੰਬੇ ਟੂ ਗੋਆ' ਦੇਖੀ ਸੀ ਅਤੇ ਫ਼ਿਲਮ ਦੇ ਇਕ ਦਿ੍ਸ਼ ਵਿਚ ਅਮਿਤਾਭ ਦਾ ਗੁੱਸੇ ਵਿਚ ਦਮਕਦਾ ਚਿਹਰਾ ਉਨ੍ਹਾਂ ਨੂੰ ਅਪੀਲ ਕਰ ਗਿਆ | ਉਨ੍ਹਾਂ ਨੂੰ ਲੱਗਾ ਕਿ ਉਸ ਨੂੰ 'ਜ਼ੰਜੀਰ' ਦਾ ਇੰਸਪੈਕਟਰ ਵਿਜੈ ਮਿਲ ਗਿਆ ਹੈ | ਉਨ੍ਹਾਂ ਨੇ ਪ੍ਰਕਾਸ਼ ਮਹਿਰਾ ਨੂੰ ਅਮਿਤਾਭ ਦਾ ਨਾਂਅ ਸੁਝਾਇਆ ਪਰ ਉਹ ਅਮਿਤਾਭ ਦੀਆਂ ਫਲਾਪ ਫ਼ਿਲਮਾਂ ਦੀ ਲੰਬੀ ਸੂਚੀ ਦੇਖ ਕੇ ਉਸ ਨੂੰ ਫ਼ਿਲਮ ਵਿਚ ਕਾਸਟ ਕਰਨ ਦੇ ਪੱਖ ਵਿਚ ਨਹੀਂ ਸਨ | ਕਿਉਂਕਿ ਕੋਈ ਹੋਰ ਹੀਰੋ ਮਿਲ ਨਹੀਂ ਸੀ ਰਿਹਾ ਅਤੇ ਫ਼ਿਲਮ ਸ਼ੁਰੂ ਹੋਣ ਵਿਚ ਸਮਾਂ ਬੀਤਦਾ ਜਾ ਰਿਹਾ ਸੀ | ਇਸ ਲਈ ਮਜਬੂਰਨ ਉਨ੍ਹਾਂ ਨੂੰ ਅਮਿਤਾਭ ਬੱਚਨ ਨੂੰ ਲੈਣਾ ਪਿਆ | ਇਹ ਫ਼ਿਲਮ ਕਿੰਨੀ ਵੱਡੀ ਹਿੱਟ ਸਾਬਤ ਹੋਈ, ਇਹ ਦੱਸਣ ਦੀ ਜ਼ਰੂਰਤ ਨਹੀਂ |
'ਜ਼ੰਜੀਰ' ਨੇ ਅਮਿਤਾਭ ਨੂੰ ਸਟਾਰ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਅਮਿਤਾਭ ਨੇ ਸਫ਼ਲਤਾ ਦੇ ਮਾਮਲੇ ਵਿਚ ਪਿੱਛੇ ਮੁੜ ਕੇ ਨਹੀਂ ਦੇਖਿਆ | 'ਹੇਰਾਫੇਰੀ', 'ਮੁਕੱਦਰ ਕਾ ਸਿਕੰਦਰ', 'ਡਾਨ', 'ਤਿ੍ਸ਼ੂਲ', 'ਸ਼ੋਅਲੇ', 'ਕਾਲੀਆ', 'ਦੀਵਾਰ', 'ਅਮਰ ਅਕਬਰ ਐਾਥਨੀ', 'ਖ਼ੂਨ ਪਸੀਨਾ', 'ਕਭੀ ਕਭੀ' ਆਦਿ ਫ਼ਿਲਮਾਂ ਸਫ਼ਲਤਾ ਦੇ ਨਵੇਂ ਅਧਿਆਏ ਲਿਖਣ ਲੱਗੀਆਂ ਅਤੇ ਅਮਿਤਾਭ ਸਟਾਰ ਤੋਂ ਸੁਪਰ ਸਟਾਰ ਅਤੇ ਫਿਰ ਮੈਗਾ ਸਟਾਰ ਬਣ ਗਿਆ | ਜਦੋਂ ਉਮਰ ਢਲਣ ਲੱਗੀ ਤਾਂ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਚੰਦ ਸਾਲਾਂ ਦੇ ਲਈ ਅਭਿਨੈ ਤੋਂ ਦੂਰੀ ਬਣਾ ਲਈ ਅਤੇ ਫਿਰ ਆਪਣੀ ਦੂਸਰੀ ਪਾਰੀ ਵਿਚ 'ਮੁਹੱਬਤੇਂ', 'ਬਲੈਕ', 'ਪਾ', 'ਸ਼ਮਿਤਾਭ, 'ਚੀਨੀ ਕਮ', 'ਪੀਕੂ', 'ਸਰਕਾਰ', 'ਸਤਿਆਗ੍ਰਹਿ', ਪਿੰਕ', 'ਬਦਲਾ' ਆਦਿ ਫ਼ਿਲਮਾਂ ਨਾਲ ਦਰਸਾ ਦਿੱਤਾ ਕਿ ਉਹ ਕਿਸ ਉਚ-ਕੋਟੀ ਦੇ ਕਲਾਕਾਰ ਹਨ | 'ਕੌਨ ਬਨੇਗਾ ਕਰੋੜਪਤੀ' ਦੇ ਜ਼ਰੀਏ ਜਦੋਂ ਉਹ ਛੋਟੇ ਪਰਦੇ 'ਤੇ ਆਏ ਤਾਂ ਆਦਤਨ ਇਥੇ ਵੀ ਇਤਿਹਾਸ ਰਚ ਦਿੱਤਾ | ਸਟਾਰ ਪਲੱਸ ਚੈਨਲ ਨੂੰ ਨੰਬਰ ਵੰਨ ਚੈਨਲ ਬਣਾਉਣ ਦਾ ਸਿਹਰਾ ਇਸ ਗੇਮ ਸ਼ੋਅ ਨੂੰ ਜਾਂਦਾ ਹੈ |
ਫ਼ਿਲਮ ਇੰਡਸਟਰੀ ਉਨ੍ਹਾਂ ਨੂੰ ਖੂਬ ਫਲੀ ਪਰ ਰਾਜਨੀਤੀ ਉਨ੍ਹਾਂ ਨੂੰ ਨਹੀਂ ਫਲੀ | ਆਪਣੇ ਦੋਸਤ ਰਾਜੀਵ ਗਾਂਧੀ ਦੀ ਮਦਦ ਕਰਨ ਲਈ ਉਹ ਨੇਕ ਇਰਾਦੇ ਨਾਲ ਰਾਜਨੀਤੀ ਵਿਚ ਆਏ ਸਨ | ਇਲਾਹਾਬਾਦ ਤੋਂ ਲੋਕ ਸਭਾ ਚੋਣ ਲੜ ਕੇ ਹੇਮਵਤੀ ਨੰਦਨ ਬਹੁਗੁਣਾ ਵਰਗੇ ਵੱਡੇ ਕੱਦ ਵਾਲੇ ਨੇਤਾ ਨੂੰ ਹਰਾ ਕੇ ਲੋਕ ਸਭਾ ਵਿਚ ਵੀ ਪਹੁੰਚੇ ਪਰ ਰਾਜਨੀਤੀ ਰਾਸ ਨਾ ਆਈ ਅਤੇ ਅਸਤੀਫ਼ਾ ਦੇ ਕੇ ਮੁੜ ਅਭਿਨੈ ਵਿਚ ਰੁੱਝ ਗਏ ਅਤੇ ਉਨ੍ਹਾਂ ਦਾ ਮੁੜ ਫ਼ਿਲਮਾਂ ਵਿਚ ਆ ਜਾਣਾ ਫ਼ਿਲਮ ਇੰਡਸਟਰੀ ਲਈ ਬੜਾ ਫਾਇਦੇਮੰਦ ਹੀ ਰਿਹਾ |
ਬਾਲੀਵੁੱਡ ਦੇ ਕਈ ਵੱਡੇ ਨਿਰਦੇਸ਼ਕ ਇਹ ਗੱਲ ਕਬੂਲ ਕਰਨ ਵਿਚ ਜ਼ਰਾ ਵੀ ਹਿਚਕਚਾਉਂਦੇ ਨਹੀਂ ਕਿ ਅਮਿਤਾਭ ਉਨ੍ਹਾਂ ਦੀ ਕਮਜ਼ੋਰੀ ਹਨ | ਉਹ ਇਸ ਲਈ ਕਿ ਉਹ ਜ਼ਬਰਦਸਤ ਕਲਾਕਾਰ ਤਾਂ ਹੀ ਹਨ ਨਾਲ ਅਨੁਸ਼ਾਸ਼ਨ ਦੇ ਪਾਬੰਦ ਹਨ | ਲੇਟ ਲਤੀਫੀ ਉਨ੍ਹਾਂ ਨੂੰ ਪਸੰਦ ਨਹੀਂ | ਨਾ ਹੀ ਉਹ ਸੈੱਟ 'ਤੇ ਨਖਰੇ ਦਿਖਾਉਂਦੇ ਹਨ | ਇਸ ਲਈ ਅਜਿਹੇ ਕਲਾਕਾਰ ਨਾਲ ਕੌਣ ਨਹੀਂ ਵਾਰ-ਵਾਰ ਕੰਮ ਕਰਨਾ ਚਾਹੇਗਾ |
ਅਮਿਤਾਭ ਨੇ ਜਿਥੇ ਅਭਿਨੈ ਦੀ ਬਦੌਲਤ ਕਾਫੀ ਨਾਂਅ ਕਮਾਇਆ ਉਥੇ ਵਿਵਾਦਾਂ ਨੇ ਵੀ ਉਨ੍ਹਾਂ ਨੂੰ ਖ਼ਬਰਾਂ 'ਚ ਬਣਾਈ ਰੱਖਿਆ | ਕਦੀ ਬੋਫੋਰਸ ਕਾਂਡ ਵਿਚ ਉਨ੍ਹਾਂ ਦਾ ਨਾਂਅ ਆਇਆ ਤੇ ਕਦੇ ਆਪਣੀ ਕੰਪਨੀ ਏ.ਬੀ.ਸੀ.ਐਲ. ਦੀ ਮਾਲੀ ਹਾਲਤ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਘਰ ਦੀ ਨਿਲਾਮੀ ਤੱਕ ਦੀ ਨੌਬਤ ਵੀ ਆ ਗਈ | ਕਦੀ ਉਨ੍ਹਾਂ ਨੇ ਮੀਡੀਆ ਦਾ ਬਾਈਕਾਟ ਕੀਤਾ ਤਾਂ ਮੀਡੀਆ ਨੇ ਵੀ ਰੇਖਾ ਦੇ ਨਾਲ ਉਨ੍ਹਾਂ ਦਾ ਨਾਂਅ ਜੋੜ ਕੇ ਕਈ ਮਜ਼ੇ ਲਏ | ਉਦੋਂ ਪੂਰੇ ਦੇਸ਼ ਦਾ ਸਾਹ ਰੁਕ ਗਿਆ ਸੀ ਜਦੋਂ 'ਕੁਲੀ' ਫ਼ਿਲਮ ਦੀ ਸ਼ੂਟਿੰਗ ਦੌਰਾਨ ਉਹ ਜ਼ਖ਼ਮੀ ਹੋ ਗਏ ਸਨ ਅਤੇ ਮੌਤ ਦੇ ਮੰੂਹ 'ਚ ਜਾ ਪਹੁੰਚੇ ਸਨ | ਜਦੋਂ ਉਹ ਠੀਕ ਹੋ ਕੇ ਮੰੁਬਈ ਦੇ ਬਰੀਚ ਕੈਂਡੀ ਹਸਪਤਾਲ ਤੋਂ ਬਾਹਰ ਆਏ ਤਾਂ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਸੀ | ਇਸ ਮਾਹੌਲ ਨੇ ਦਰਸਾ ਦਿੱਤਾ ਸੀ ਕਿ ਲੋਕਾਂ ਦੇ ਦਿਲਾਂ ਵਿਚ ਉਹ ਕਿਸ ਉੱਚੇ ਸਥਾਨ 'ਤੇ ਬਿਰਾਜਮਾਨ ਹਨ |
ਅਮਿਤਾਭ ਨੂੰ ਨਾ ਭੂਤ ਕਾਲ ਦਾ ,ਨਾ ਭਵਿੱਖ ਦਾ ਕਿਹਾ ਜਾਂਦਾ ਹੈ | ਇਹ ਸੱਚ ਵੀ ਹੈ ਕਿ ਅਜਿਹਾ ਕਲਾਕਾਰ ਸਦੀਆਂ ਵਿਚ ਇਕ ਵਾਰ ਆਉਂਦਾ ਹੈ | ਇਹ ਸਾਡਾ ਸੁਭਾਗ ਹੈ ਕਿ ਅਸੀਂ ਉਸ ਯੁੱਗ ਵਿਚ ਰਹਿ ਰਹੇ ਹਾਂ ਜਿਸ ਯੁੱਗ ਵਿਚ ਅਮਿਤਾਭ ਅਭਿਨੈ ਕਰ ਰਿਹਾ ਹੈ |
ਅਜਿਹੇ ਮਹਾਨ ਕਲਾਕਾਰ ਨੂੰ ਜਦ ਸਰਕਾਰ ਵਲੋਂ ਫ਼ਿਲਮ ਇੰਡਸਟਰੀ ਦੇ ਸਰਬੋਤਮ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨੇ ਜਾਣ ਦਾ ਐਲਾਨ ਕੀਤਾ ਗਿਆ ਤਾਂ ਸਰਬ-ਸੰਮਤੀ ਨਾਲ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ | ਹਰ ਕਿਸੇ ਨੇ ਇਕ ਆਵਾਜ਼ ਵਿਚ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਕਿ ਉਹ ਇਸ ਸਨਮਾਨ ਦੇ ਕਿੰਨੇ ਹੱਕਦਾਰ ਹਨ |
ਇਸ ਮਹਾਨ ਕਲਾਕਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨੇ ਜਾਣ 'ਤੇ ਅਦਾਰਾ ਅਜੀਤ ਵਲੋਂ ਬਹੁਤ-ਬਹੁਤ ਵਧਾਈ ਹੋਵੇ |

ਸਾਇੰਸਦਾਨ ਸੰਤ

ਦੁਨੀਆ ਦੇ ਮਹਾਨ ਸਾਇੰਸਦਾਨ ਅੱਜ ਵੀ ਆਪਣੀਆਂ ਖੋਜਾਂ ਕਾਰਨ ਯਾਦ ਕੀਤੇ ਜਾਂਦੇ ਹਨ | ਯਾਦ ਕੀਤੇ ਵੀ ਕਿਉਂ ਨਾ ਜਾਣ, ਉਨ੍ਹਾਂ ਦੀਆਂ ਖੋਜਾਂ ਹੀ ਅਜਿਹੀਆਂ ਹਨ, ਜਿਨ੍ਹਾਂ ਨੇ ਕੇਵਲ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੀ ਨਹੀਂ ਬਣਾਈ ਸਗੋਂ ਉਨ੍ਹਾਂ ਨੂੰ ਜੀਵਨ ਦਾ ਜ਼ਰੂਰੀ ਅੰਗ ਬਣਾ ਦਿੱਤਾ | ਰੇਲਵੇ ਦੇ ਪਿਤਾਮਾ ਜਾਰਜ ਸਟੀਫਨਸਨ ਨੇ ਅੱਜ ਹਰ ਇਕ ਮੁਸਾਫਿਰ ਦੀ ਮੰਜ਼ਿਲ ਕਿੰਨੀ ਨਜ਼ਦੀਕ ਕਰ ਦਿੱਤੀ ਹੈ | ਬਲਬ ਦੀ ਖੋਜ ਕਰਕੇ ਦੁਨੀਆ ਨੂੰ ਚਾਨਣ ਵੰਡਣ ਵਾਲੇ ਮਹਾਨ ਥਾਮਸ ਐਡੀਸਨ ਨੇ ਲੋਕਾਂ ਦੀ ਜ਼ਿੰਦਗੀ 'ਚੋਂ ਹਨੇਰਾ ਦੂਰ ਕਰਿਆ | ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਕਿਸੇ ਅਜੋਕੇ ਸੰਤ ਨੇ ਅਜਿਹਾ ਕੋਈ ਕਾਰਨਾਮਾ ਕਰਿਆ ਹੋਵੇ ਤਾਂ ਜ਼ਰੂਰ ਦੱਸਿਓ | ਗਰਾਹਮ ਬੈੱਲ ਨੇ ਬੇਸ਼ੱਕ ਟੈਲੀਫੋਨ ਆਪਣੀ ਦੋਸਤ ਹੈਲੋ ਲਈ ਬਣਾਇਆ ਸੀ ਪਰ ਇਸ ਖੋਜ ਨੇ ਸਾਡੇ ਦੂਰ-ਦੂਰ ਦੇ ਸਾਕ-ਸਬੰਧੀਆਂ ਨੂੰ ਕਿੰਨਾ ਨਜ਼ਦੀਕ ਕਰ ਦਿੱਤਾ, ਇਹ ਤੁਸੀਂ ਸਭ ਭਲੀ-ਭਾਂਤ ਜਾਣਦੇ ਹੋ | ਸਾਈਕਲ ਦਾ ਨਿਰਮਾਤਾ ਮੈਕਮਿਲਨ ਪੈਦਲ ਚੱਲਣ ਜਾਣ ਵਾਲਿਆਂ ਦੇ ਦਰਦ ਨੂੰ ਸਮਝਦਾ ਸੀ | ਅੱਜ ਗ਼ਰੀਬ ਦੀ ਲੋੜ ਪੂਰੀ ਕਰਨ ਦੇ ਨਾਲ-ਨਾਲ ਸਭ ਤੋਂ ਵਧੀਆ ਕਸਰਤ ਦਾ ਸਾਧਨ ਸਾਈਕਲ ਹੀ ਹੈ | ਇਹ ਸਭ ਮਹਿੰਗੀਆਂ ਗੱਡੀਆਂ 'ਚ ਘੰੁਮਣ ਵਾਲੇ ਸਾਧ ਕੀ ਰੀਸ ਕਰਨ ਮੈਕਮਿਲਨ ਦੀ | ਰੇਡੀਓ ਦੀ ਖੋਜ ਕਰਨ ਵਾਲੇ ਮਾਰਕੋਨੀ ਨੇ ਦੁਨੀਆ ਦਾ ਮਨੋਰੰਜਨ ਕਰਨ ਵਾਲਾ ਯੰਤਰ ਤਿਆਰ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਸੀ | ਜੌਹਨ ਲੋਗੀ ਬਾਇਰਡ ਦੁਆਰਾ ਬਣਾਇਆ ਗਿਆ ਟੈਲੀਵਿਜ਼ਨ ਹਰ ਇਕ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ | ਮਹਾਨ ਖੋਜ ਕਰਤਾ ਫਾਰਨਾਇਟ ਜਿਸ ਨੇ ਥਰਮਾਮੀਟਰ ਦੀ ਖੋਜ-ਕਰਕੇ ਸਰੀਰਕ ਤਾਪਮਾਨ ਪਤਾ ਕਰਨ ਵਿਚ ਮਨੁੱਖਤਾ ਦੀ ਭਲਾਈ ਕੀਤੀ | ਇਹਦੇ ਉਲਟ ਅੱਜ ਦੇ ਨਿਕੰਮੇ ਸੰਤ ਆਪਣਿਆਂ ਕਾਰਨਾਮਿਆਂ ਨਾਲ ਲੋਕਾਂ ਨੂੰ ਬੁਖਾਰ ਚਾੜ੍ਹੀ ਰੱਖਦੇ ਹਨ | ਹਵਾਈ ਜਹਾਜ਼ ਬਣਾਉਣ ਵਾਲੇ ਰਾਈਟ ਭਰਾਵਾਂ ਦਾ ਕਾਰਨਾਮਾ ਕਿਸੇ ਅਚੰਭੇ ਤੋਂ ਘੱਟ ਨਹੀਂ ਸੀ | ਇਨ੍ਹਾਂ ਤੋਂ ਇਲਾਵਾ ਗਲੇਲੀਓ ਦੀ ਟੈਲੀਸਕੋਪ, ਮੇਰੀ ਕਿਊਰੀ ਦਾ ਰੇਡੀਅਮ, ਪੈਟਰਾਚੇ ਦਾ ਪੈੱਨ, ਟੀ.ਈ. ਐਡੀਸਨ ਦਾ ਗਰਾਮੋਫੋਨ ਮਨੁੱਖਤਾ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ | ਪਰ ਅਸੀਂ ਇਨ੍ਹਾਂ ਦੇ ਕਦੇ ਵੀ ਸ਼ੁਕਰਗੁਜ਼ਾਰ ਨਹੀਂ ਹੋਏ |
ਜੇਕਰ ਸੱਚ ਮੰਨੋ ਤਾਂ ਅਸਲੀ ਤਪ ਇਨ੍ਹਾਂ ਸਾਇੰਸਦਾਨਾਂ ਨੇ ਹੀ ਕੀਤਾ ਹੈ | ਜਿਹੜੇ ਬਿਨਾਂ ਕਿਸੇ ਥਕਾਵਟ ਆਪਣੇ ਕਾਰਜ 'ਚ ਜੁਟੇ ਰਹੇ | ਇਨ੍ਹਾਂ ਦੀਆਂ ਖੋਜਾਂ ਪਿੱਛੇ ਕਈ-ਕਈ ਸਾਲ ਦੀ ਅਣਥੱਕ ਮਿਹਨਤ ਸੀ | ਬਾਬਾ ਨਾਨਕ ਵੀ ਇਨ੍ਹਾਂ ਕਿਰਤੀਆਂ ਦੀ ਹਾਮੀ ਭਰਦਾ ਰਿਹਾ ਤੇ ਬਾਬੇ ਨੇ ਭੋਰਿਆਂ ਤੇ ਜੰਗਲਾਂ 'ਚ ਬੈਠੇ ਵਿਹਲੜਾਂ ਦੀ ਤਰਕ ਨਾਲ ਨਿੰਦਾ ਹੀ ਕੀਤੀ ਹੈ |
ਸੋ ਅਸਲੀ ਸੰਤ ਉਹ ਸਾਇੰਸਦਾਨ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਸੁਆਰਥ ਦੇ ਆਪਣੀਆਂ ਖੋਜਾਂ ਨਾਲ ਦੁਨੀਆ ਦਾ ਜਿਊਣਾ ਸਾਰਥਿਕ ਬਣਾ ਦਿੱਤਾ |

-ਫੋਨ : 98140-00868.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਅੰਮਿ੍ਤਸਰ ਲੋਕ ਲਿਖਾਰੀ ਸਭਾ ਦੇ ਇਕ ਸਮਾਗਮ ਸਮੇਂ ਖਿੱਚੀ ਗਈ ਸੀ | ਉਸ ਵਕਤ ਇਹ ਸਾਰੇ ਸਾਹਿਤਕਾਰ ਭਰ ਜਵਾਨ ਉਮਰ ਦੇ ਸਨ | ਅੱਜਕਲ੍ਹ ਡਾਕਟਰ ਤੇ ਪ੍ਰੋਫੈਸਰ ਬਣ ਕੇ ਸੇਵਾਮੁਕਤ ਹੋ ਗਏ ਹਨ | ਉਸ ਵਕਤ ਇਹ ਸਾਰੇ ਸਾਹਿਤਕਾਰ ਸਾਈਕਲ ਵਾਲੇ ਕੋਲੋਂ ਛੋਲੇ-ਕੁਲਚੇ ਖਾ ਰਹੇ ਸਨ | ਇਹ ਸਾਰੀਆਂ ਗੱਲਾਂ ਵਕਤ-ਵਕਤ ਦੀਆਂ ਹੁੰਦੀਆਂ ਹਨ | ਹੁਣ ਇਹ ਇਕ ਯਾਦ ਬਣ ਗਈ ਹੈ |

ਮੋਬਾਈਲ : 98767-41231

ਫੈਂਟਨ ਹਾਊਸ ਦੇ 17 ਮਾਲਕਾਂ ਦੇ ਅਨੋਖੇ ਸੰਗ੍ਰਹਿ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਦਾ ਹੀ ਡ੍ਰਾਇੰਗ ਰੂਮ : ਕੰਧਾਂ 'ਤੇ ਲਕੜੀ ਦੀ ਪੈਨਲਿੰਗ, ਮੇਹਰਾਬਾਂ, ਖ਼ਾਸ ਫਰਨੀਚਰ ਵਾਲਾ ਆਕਰਸ਼ਕ ਕਮਰਾ, ਹਮੇਸ਼ਾ ਹੀ ਫੈਂਟਨ ਹਾਊਸ ਦਾ ਡ੍ਰਾਇੰਗ ਰੂਮ ਰਿਹਾ ਹੈ | 17 ਮਾਲਕਾਂ ਦੇ ਆਉਣ-ਜਾਣ 'ਤੇ ਵੀ ਇਸ ਕਮਰੇ ਨੂੰ ਸਾਰਿਆਂ ਨੇ ਡ੍ਰਾਇੰਗ ਰੂਮ ਦੇ ਰੂਪ ਵਿਚ ਹੀ ਵਰਤਿਆ | ਔਰਤ ਵੋਲੰਟੀਅਰ ਨੇ ਸਾਨੂੰ ਦੱਸਿਆ ਕਿ ਲੇਡੀ ਬਿਨਿੰਗ ਇਸ ਨੂੰ ਚਾਈਨਾ ਰੂਮ (ਪੋਰਸਲੇਨ, ਚੀਨੀ ਮਿੱਟੀ ਦੀਆਂ ਚੀਜ਼ਾਂ ਵਾਲਾ ਕਮਰਾ) ਵੀ ਕਹਿੰਦੀ ਸੀ ਕਿਉਂਕਿ ਸਿਰਫ਼ ਅਲਮਾਰੀਆਂ ਵਿਚ ਹੀ ਨਹੀਂ ਸਗੋਂ ਸੋਫਾ, ਫਾਇਰ ਪਲੇਸ ਆਦਿ ਫਰਨੀਚਰ ਦੇ ਆਲੇ-ਦੁਆਲੇ ਵੀ ਮੁੱਲਵਾਨ ਪੋਰਸਲੇਨ ਦਾ ਸਾਮਾਨ ਸਜਿਆ ਹੋਇਆ ਸੀ | ਅਸੀਂ ਇਥੇ ਦੀਵਾਰ 'ਤੇ ਪ੍ਰਸੰਸਾਯੋਗ ਗਲਾਸ ਪੇਂਟਿੰਗ ਦੇਖੀ ਜੋ 18ਵੀਂ ਸਦੀ ਦੇ ਇੰਗਲੈਂਡ, ਫਰਾਂਸ ਅਤੇ ਜਰਮਨੀ ਦੇ ਫੈਂਟਨ ਹਾਊਸ ਵਰਗੇ ਭਵਨਾਂ ਦਾ ਜ਼ਰੂਰੀ ਹਿੱਸਾ ਸੀ |
ਬਹੁਉਪਯੋਗੀ ਗ੍ਰੀਨ ਰੂਮ : ਫਿਰ ਅਸੀਂ ਹਰੇ ਰੰਗ ਦੀ ਪ੍ਰਧਾਨਤਾ ਵਾਲੇ ਗ੍ਰੀਨ ਰੂਮ ਵਿਚ ਗਏ ਜਿਸ ਦੀ ਵਿਸ਼ੇਸ਼ਤਾ ਉਸ ਦੇ ਕੰਧ ਚਿੱਤਰ ਅਤੇ 17ਵੀਂ, 18ਵੀਂ ਸਦੀ ਦੇ ਮਹਿੰਗੇ ਸੈਰਾਮਿਕਸ ਸਨ | ਪਹਿਲੀਆਂ ਸਦੀਆਂ ਵਿਚ ਇਸ ਕਮਰੇ ਨੂੰ ਕਦੀ ਬੈਡਰੂਮ ਤੇ ਕਦੀ ਡ੍ਰੈਸਿੰਗ ਰੂਮ ਦੇ ਰੂਪ ਵਿਚ ਵਰਤੋਂ ਕੀਤਾ ਗਿਆ ਸੀ |
ਸਰਵਿਸ ਸਟੇਅਰ ਕੇਸ : ਤੰਗ ਪੌੜੀਆਂ ਰਾਹੀਂ ਉੱਪਰ ਜਾਂਦੇ ਹੋਏ ਅਸੀਂ ਪੜਿ੍ਹਆ ਕਿ ਇਹ ਸਰਵਿਸ ਸਟੇਅਰ ਕੇਸ ਵੀ ਸੀ ਜਿਥੋਂ ਸੇਵਕ ਜਾਂ ਕਰਮਚਾਰੀ ਫੈਂਟਨ ਹਾਊਸ ਦੀਆਂ ਚਾਰੇ ਮੰਜ਼ਿਲਾਂ 'ਤੇ ਆਉਂਦੇ-ਜਾਂਦੇ ਸਨ | ਉੱਪਰ ਪਹੁੰਚ ਕੇ ਸਾਡੇ ਸਾਹਮਣੇ ਇਕ 16ਵੀਂ ਸਦੀ ਦੀ ਫ੍ਰੈਂਚ ਇਟਾਲੀਅਨ ਅਲਮਾਰੀ ਸੀ ਜਿਸ 'ਤੇ ਭਾਰਤੀ ਸੰਗੀਤ ਯੰਤਰ ਸਾਰੰਗੀ ਸਜੀ ਹੋਈ ਸੀ |
ਐਾਟੀਕ ਵਾਲੇ ਅਨੇਕਾਂ ਕਮਰੇ : ਫੈਂਟਨ ਹਾਊਸ ਦੇ ਦੌਰੇ ਦੇ ਅੰਤ ਵਿਚ ਭਵਨ ਦੇ ਸਭ ਤੋਂ ਉੱਪਰੀ ਹਿੱਸੇ ਐਾਟੀਕ ਦੇ 5 ਕਮਰਿਆਂ ਨੂੰ ਅਸੀਂ ਦੇਖਿਆ ਜਿਸ ਵਿਚ ਕਲੈਕਟਰ-ਮੇਜਰ ਫਲੇਚਰ (1866-1944) ਦਾ ਸੰਗੀਤ-ਯੰਤਰ ਸੰਗ੍ਰਹਿ ਪ੍ਰਦਰਸ਼ਿਤ ਹੈ | ਮੇਜਰ ਫਲੇਚਰ ਮੱਧਕਾਲੀ ਸੰਗੀਤ ਯੰਤਰਾਂ ਨੂੰ ਸਾਂਭਣ ਲਈ ਉਨ੍ਹਾਂ ਨੂੰ ਖਰੀਦ ਕੇ ਇਕੱਠਾ ਕਰਦੇ ਸਨ | ਮਰਨ ਤੋਂ ਬਾਅਦ ਉਨ੍ਹਾਂ ਦਾ ਵਿਸ਼ਾਲ ਅਨੋਖਾ ਕਲਾ ਸੰਗ੍ਰਹਿ ਇਥੇ ਪ੍ਰਦਰਸ਼ਿਤ ਕੀਤਾ ਗਿਆ |
ਵੋਲੰਟੀਅਰ ਨੇ ਸਾਨੂੰ ਦੱਸਿਆ ਕਿ ਜਿਵੇਂ ਕਿ ਮੇਜਰ ਫਲੇਚਰ ਦੀ ਰੀਝ ਸੀ, ਉਂਝ ਹੀ ਸੰਗੀਤ ਸਿੱਖਣ ਵਾਲੇ ਵਿਦਿਆਰਥੀ ਫੈਂਟਨ ਹਾਊਸ ਆਉਂਦੇ ਹਨ ਅਤੇ ਉਨ੍ਹਾਂ ਦੇ ਯੰਤਰ ਸੰਗ੍ਰਹਿ ਵਿਚ ਅਭਿਆਸ ਕਰਦੇ ਹਨ | ਮੈਂ ਸੋਚਿਆ ਕਿ ਫੈਂਟਨ ਹਾਊਸ ਦੇ ਪ੍ਰਸਿੱਧ ਸੰਗੀਤ ਸਮਾਰੋਹਾਂ ਦਾ ਇਹ ਕਾਰਨ ਵੀ ਹੈ | ਵੋਲੰਟੀਅਰ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਜਿਨ੍ਹਾਂ ਕਮਰਿਆਂ ਵਿਚ 16ਵੀਂ ਤੋਂ 20ਵੀਂ ਸਦੀ ਦੇ ਵੱਖ-ਵੱਖ ਦੇਸ਼ਾਂ (ਇਟਲੀ, ਫਰਾਂਸ, ਇੰਗਲੈਂਡ ਅਤੇ ਹਾਲੈਂਡ) ਦੇ ਪਿਆਨੋ ਪਰਿਵਾਰ ਦੇ ਯੰਤਰ ਸਜੇ ਹਨ ਤੇ ਕਮਰਾ ਇਕ ਸਮੇਂ 'ਤੇ ਫੈਂਟਨ ਹਾਊਸ ਦੇ ਅਨੇਕ ਮਾਲਕਾਂ ਦੇ ਬੱਚਿਆਂ ਅਤੇ ਕਰਮਚਾਰੀਆਂ ਦੀਆਂ ਖ਼ੁਸ਼ੀ ਭਰੀਆਂ ਆਵਾਜ਼ਾਂ ਗੂੰਜਦੀਆਂ ਸਨ |
ਬਗ਼ੀਚਾ : ਫੈਂਟਨ ਹਾਊਸ ਦੇ ਅੱਗੇ ਅਤੇ ਪਿੱਛੇ ਦੇ ਬਗ਼ੀਚਿਆਂ ਤੋਂ ਇੰਜ ਲੱਗਦਾ ਸੀ ਜਿਵੇਂ 1756 ਏ. ਡੀ. ਤੋਂ ਕੁਝ ਜ਼ਿਆਦਾ ਬਦਲਿਆ ਹੋਇਆ ਹੈ | ਪੁਰਾਣੇ 'ਕਿਚਨ ਗਾਰਡਨ' ਅਤੇ ਫਲ ਵਾਲੇ ਦਰੱਖਤਾਂ ਤੋਂ ਇਲਾਵਾ ਸਿਰਫ ਫੁੱਲ ਹੀ ਨਵੀਨ ਜੋੜ ਹਨ | ਯਾਦਾਂ ਦੇ ਸੰਸਾਰ ਵਿਚ ਮੈਂ ਆਪਣੇ-ਆਪ ਨੂੰ ਫੈਂਟਨ ਹਾਊਸ ਦੇ ਪਹਿਲੇ ਮਾਲਕ ਦੇ ਬਗ਼ੀਚੇ ਵਿਚ ਮਹਿਸੂਸ ਕੀਤਾ ਅਤੇ ਫਿਰ ਹਰੇਕ ਮਾਲਕ ਨੂੰ ਪੁਰਾਣੇ ਬਗ਼ੀਚੇ ਵਿਚ ਕੁਝ ਨਿੱਜੀ ਯੋਗਦਾਨ ਪਾਉਂਦੇ ਹੋਏ ਦੇਖਿਆ |
ਵਾਪਸ ਆਉਂਦੇ ਹੋਏ ਸਾਡੇ ਕੋਲ ਫੈਂਟਨ ਹਾਊਸ ਦੇ 17 ਮਾਲਕਾਂ ਦਾ ਦਾਖਲਾ ਅਤੇ ਜਾਣ ਦੀਆਂ ਦਿਲ ਛੂੰਹਦੀਆਂ ਕਹਾਣੀਆਂ ਦੀਆਂ ਯਾਦਾਂ ਸਨ ਅਤੇ ਨਾਲ ਹੀ ਮੌਜੂਦਾ ਕਲਾਕ੍ਰਿਤੀਆਂ ਅਤੇ ਸੰਗੀਤ ਯੰਤਰ ਸੰਗ੍ਰਹਿ ਦੀਆਂ ਯਾਦਾਂ ਸਨ ਜਿਨ੍ਹਾਂ ਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ | (ਸਮਾਪਤ)

-seemaanandchopra@gmail.com

ਪਾਲੀਵੁੱਡ ਝਰੋਖਾ ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ ਸਵੱਛ ਕਾਮੇਡੀ ਦਾ ਪ੍ਰਤੀਕ : ਜਸਪਾਲ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਨੇ ਇਨ੍ਹਾਂ ਫ਼ਿਲਮਾਂ ਦਾ ਨਿਰਮਾਣ ਵੀ ਖੁਦ ਕੀਤਾ ਸੀ ਅਤੇ ਆਪਣੇ ਵਿਸ਼ੇਸ਼ ਅੰਦਾਜ਼ 'ਚ ਵਿਅੰਗ ਦੇ ਤਿੱਖੇ ਤੀਰ ਛੱਡੇ ਸਨ | ਉਸ ਦੀ ਕਲਾ ਦਾ ਇਕ ਵਿਸ਼ੇਸ਼ ਅੰਸ਼ ਇਹ ਸੀ ਕਿ ਉਹ ਬਗੈਰ ਕਿਸੇ ਪੇਸ਼ੇ ਜਾਂ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਥਾਂ 'ਤੇ ਅਪ੍ਰਤੱਖ ਵਿਅੰਗ ਦਾ ਸਹਾਰਾ ਲਿਆ ਕਰਦਾ ਸੀ |
ਲਿਹਾਜ਼ਾ, 'ਮਾਹੌਲ ਠੀਕ ਹੈ' ਦਾ ਕੇਂਦਰ ਬਿੰਦੂ ਭਿ੍ਸ਼ਟ ਰਾਜਨੀਤੀ ਅਤੇ ਪੁਲਿਸ ਵਿਵਸਥਾ ਸੀ | 'ਪਾਵਰ ਕੱਟ' ਵਿਚ ਉਸ ਨੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ | ਇਸ ਫ਼ਿਲਮ ਦੀ ਨਾਇਕਾ ਦਾ ਫ਼ਿਲਮੀ ਨਾਂਅ ਹੀ ਉਸ ਨੇ ਬਿਜਲੀ ਰੱਖਿਆ ਹੋਇਆ ਸੀ |
ਅਫ਼ਸੋਸ ਇਹ ਹੈ ਕਿ ਇਸ ਫ਼ਿਲਮ ਦੀ ਪ੍ਰੋਮੋਸ਼ਨ ਦੇ ਦੌਰਾਨ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ | ਆਪਣੀ ਛੋਟੀ ਜਿਹੀ ਜੀਵਨ ਕਥਾ (1955-2012) ਦੇ ਦੌਰਾਨ ਉਸ ਨੇ ਦਰਸ਼ਕਾਂ ਨਾਲ ਵਿਆਪਕ ਸਾਂਝ ਪੈਦਾ ਕਰ ਲਈ ਸੀ | ਉਹ ਚਾਹੁੰਦਾ ਤਾਂ ਮੰੁਬਈ ਰਹਿ ਕੇ ਆਪਣੀ ਲੋਕਪਿ੍ਅਤਾ ਨੂੰ ਕੈਸ਼ ਵੀ ਕਰ ਸਕਦਾ ਸੀ | ਪਰ ਉਸ ਨੇ ਆਪਣੇ ਪ੍ਰਾਂਤ ਅਤੇ ਆਪਣੀ ਬੋਲੀ ਦਾ ਲੜ ਕਦੇ ਵੀ ਨਹੀਂ ਛੱਡਿਆ ਸੀ |
ਇਸ ਉਦੇਸ਼ ਪ੍ਰਤੀ ਉਸ ਨੇ ਆਰਥਿਕ ਸਮੀਕਰਨਾਂ ਨੂੰ ਵੀ ਤਿਲਾਂਜਲੀ ਦਿੱਤੀ ਹੋਈ ਸੀ | ਉਹ ਚਾਹੁੰਦਾ ਤਾਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰਕੇ ਆਪਣਾ ਆਰਥਿਕ ਕੈਨਵਸ ਕਿਤੇ ਵੱਡਾ ਕਰ ਸਕਦਾ ਸੀ ਪਰ ਉਹ ਸਾਰੀ ਉਮਰ ਪੰਜਾਬ ਅਤੇ ਪੰਜਾਬੀਅਤ ਨੂੰ ਹੀ ਆਪਣਾ ਘਰ ਅਤੇ ਧਰਮ ਸਮਝਦਾ ਰਿਹਾ |
ਸਿਰਫ਼ ਇਹ ਹੀ ਨਹੀਂ ਉਸ ਨੇ ਪੰਜਾਬ ਦਿਆਂ ਕਈ ਕਲਾਕਾਰਾਂ ਦਾ ਭਵਿੱਖ ਆਪਣੇ ਚੰਡੀਗੜ੍ਹ ਵਿਖੇ ਸਥਿਤ ਅਭਿਨੈ ਸਕੂਲ ਦੁਆਰਾ ਸੁਆਰਿਆ ਸੀ |
ਅਖੀਰੀ ਵਾਰ ਜਦੋਂ ਮੈਂ ਉਸ ਤੋਂ ਆਰ. ਕੇ. ਸਟੂਡੀਓ 'ਚ ਜੁਦਾ ਹੋਣ ਦੀ ਆਗਿਆ ਮੰਗੀ ਤਾਂ ਉਸ ਨੇ ਮੈਨੂੰ ਹੱਸਦਿਆਂ-ਹੱਸਦਿਆਂ ਪੁੱਛਿਆ, 'ਤੈਨੂੰ ਕੀ ਲਗਦਾ ਹੈ, ਮੇਰੇ ਕੰਮ 'ਚ ਕੋਈ ਦਮ ਵੀ ਹੈ ਜਾਂ ਨਹੀਂ?' ਮੈਂ ਉਸ ਵੇਲੇ ਉਸ ਨੂੰ ਕੁੱਝ ਨਹੀਂ ਕਹਿ ਸਕਿਆ ਕਿਉਂਕਿ ਮੇਰੇ ਕੋਲ ਸ਼ਬਦਾਂ ਦੀ ਘਾਟ ਸੀ | ਅੱਜ ਜਦੋਂ ਕਿ ਉਹ ਇਸ ਦੁਨੀਆ 'ਚ ਨਹੀਂ ਹੈ ਤਾਂ ਮੈਂ ਉੱਚੀ-ਉੱਚੀ ਰੌਲਾ ਪਾ ਕੇ ਕਹਿਣਾ ਚਾਹੁੰਦਾ ਹਾਂ, 'ਜਸਪਾਲ ਤੁਸੀਂ ਇਕ ਮਹਾਨ ਕਲਾਕਾਰ ਹੀ ਨਹੀਂ ਬਲਕਿ ਇਕ ਸੰਪੂਰਨ ਸ਼ਖ਼ਸੀਅਤ ਵਾਲੇ ਵਿਅਕਤੀ ਸੀ |'
ਪਰ ਅਫ਼ਸੋਸ ਹੈ ਕਿ ਮੇਰੀ ਇਸ ਕੁਰਲਾਹਟ ਨੂੰ ਹੁਣ ਉਹ ਸੁਣ ਨਹੀਂ ਸਕੇਗਾ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਅਲੋਪ ਹੋ ਰਹੀਆਂ ਵਿਰਾਸਤੀ ਸੱਥਾਂ, ਛੱਪੜ-ਟੋਭੇ, ਘਰਾਟ ਤੇ ਖੂਹ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਛੱਪੜ-ਟੋਭੇ
ਉਮਰ ਦੇ ਸੱਤ ਦਹਾਕੇ ਪਾਰ ਕਰ ਚੁੱਕੇ ਮੇਰੀ ਉਮਰ ਦੇ ਬਜ਼ੁਰਗਾਂ ਦੀ ਯਾਦ ਵਿਚ ਨਾ ਸਿਰਫ ਛੱਪੜ-ਟੋਭੇ ਪਿੰਡ ਦੀ ਆਨ ਤੇ ਸ਼ਾਨ ਹੁੰਦੇ ਸਨ, ਸਗੋਂ ਇਨ੍ਹਾਂ ਦੀ ਪੇਂਡੂ ਜੀਵਨ ਵਿਚ ਬੜੀ ਅਹਿਮੀਅਤ ਹੁੰਦੀ ਸੀ | ਇਹ ਪਿੰਡ ਦਾ ਅਨਿੱਖੜਵਾਂ ਅੰਗ ਹੁੰਦੇ ਸਨ | ਇਨ੍ਹਾਂ ਨੂੰ ਸਾਫ-ਸੁਥਰਾ ਰੱਖਣਾ ਹਰ ਪਿੰਡ ਵਾਸੀ ਦਾ ਧਰਮ ਹੁੰਦਾ ਸੀ | ਇਹ ਵਰਖਾ ਦਾ ਪਾਣੀ ਭੰਡਾਰ ਕਰਨ ਅਤੇ ਧਰਤੀ 'ਚ ਗਰਕ(ਰੀਚਾਰਜ) ਕਰਨ ਦਾ ਬੜਾ ਮਹੱਤਵਪੂਰਨ ਸਰੋਤ ਹੁੰਦੇ ਸਨ | ਜਲ ਸੰਕਟ ਤੋਂ ਨਿਜਾਤ ਪਾਉਣ ਲਈ 30 ਫੀਸਦੀ ਜ਼ਮੀਨਦੋਜ਼ ਪਾਣੀ ਦੀ ਵਰਤੋਂ ਅਤੇ 70 ਫੀਸਦੀ ਮੁੜ ਭਰਪਾਈ ਹੋਵੇ |
ਮੇਰੀਆਂ ਬਚਪਨ ਦੀਆਂ ਯਾਦਾਂ ਵਿਚ ਵਸਦੇ ਛੱਪੜ –ਟੋਭੇ ਵਿਚ ਨਾ ਗਾਰ, ਨਾ ਬੂਟੀ ਅਤੇ ਨਾ ਹੀ ਪਾਣੀ 'ਤੇ ਹਰਾ ਬੂਰ ਹੁੰਦਾ ਸੀ | ਛੱਪੜ-ਟੋਭੇ ਦੇ ਕਿਨਾਰੇ ਟਾਹਲੀਆਂ, ਪਿੱਪਲ ਆਦਿ ਹਰੇ-ਭਰੇ ਰੁੱਖਾਂ ਦੀ ਕਤਾਰ ਹੁੰਦੀ ਸੀ ਪਰ ਬੁੱਢੇ ਬੋਹੜ ਦੇ ਹੇਠਾਂ ਤਖ਼ਤਪੋਸ਼ (ਸੱਥ 'ਚ) ਡੱਠਾ ਹੁੰਦਾ ਸੀ ਜਿਸ ਉੱਤੇ ਬੈਠ ਕੇ ਬਜ਼ੁਰਗ ਤਾਸ਼ ਖੇਡਦੇ, ਆਰਾਮ ਤੇ ਹਾਸਾ ਠੱਠਾ ਕਰਦੇ ਸਨ | ਇਸ ਛੱਪੜ ਵਿਚ ਸਿਰਫ ਬਰਸਾਤੀ ਪਾਣੀ ਹੀ ਪੈਂਦਾ ਸੀ | ਘਰਾਂ ਦੇ ਗੰਦੇ ਪਾਣੀ ਨੂੰ ਪਾਉਣ ਦੀ ਮਨਾਹੀ ਸੀ | ਛੱਪੜ ਨੂੰ ਸਾਫ ਤੇ ਸਵੱਛ ਰੱਖਣਾ ਹਰ ਪਿੰਡ ਵਾਸੀ ਆਪਣੀ ਜ਼ਿੰਮੇਵਾਰੀ ਸਮਝਦਾ ਸੀ | ਬਚਪਨ 'ਚ ਮੈਨੂੰ ਯਾਦ ਹੈ ਕਿ ਸਕੂਲ ਤੋਂ ਸਾਰੀ ਛੁੱਟੀ ਨੂੰ ਮੁੜਦੇ ਉਥੇ ਲਿਖੀ ਫੱਟੀ ਅਸੀਂ ਛੱਪੜ ਕੰਢੇ ਬੈਠ ਪੋਚ ਲੈਂਦੇ ਸਾਂ |
ਲੌਢੇ ਵੇਲੇ ਜਦੋਂ ਪਸ਼ੂ ਚਰ ਕੇ ਪਰਤਦੇ ਤਾਂ ਵਾਗੀਆਂ ਤੋਂ ਜਬਰੀ ਮੈਹਰੂ (ਮੱਝਾਂ, ਝੋਟੇ ਤੇ ਕੱਟੇ) ਛੱਪੜ ਵਿਚ ਜਾ ਵੜਦੇ ਸਨ | ਗੋਕਾ ਪਾਣੀ ਪੀ ਬਾਹਰ ਘਾਹ ਨੂੰ ਮੂੰਹ ਮਾਰਦਾ ਰਹਿੰਦਾ ਸੀ | ਅਸੀਂ ਮੱਝਾਂ 'ਤੇ ਚੜ੍ਹ-ਚੜ੍ਹ ਛਾਲਾਂ ਮਾਰਦੇ | ਛੋਟੇ ਬੱਚੇ ਮੱਝਾਂ ਦੀਆਂ ਪੂਛਾਂ ਫੜ-ਫੜ ਤਰਨਾ ਸਿੱਖਦੇ ਸਨ | ਗੀਤ ਯਾਦ ਆਉਂਦਾ, 'ਮੱਝਾਂ ਦੀਆਂ ਪੂਛਾਂ ਫੜ-ਫੜ ਤਾਰੀ ਲਾਉਣ ਦੀਆਂ, ਕੌਣ ਭੁਲਾਊ ਗੱਲਾਂ ਯਾਰੀ ਲਾਉਣ ਦੀਆਂ' | ਜੇ ਬੱਦਲਵਾਈ ਤੇ ਪੁਰੇ ਦੀਆਂ ਠੰਡੀਆਂ ਹਵਾਵਾਂ ਕਰਕੇ ਮੌਸਮ ਖੁਸ਼ਗਵਾਰ ਹੁੰਦਾ ਤਾਂ ਅਸੀਂ ਕਾਗਜ਼ ਦੀਆਂ ਬੇੜੀਆਂ ਤਾਰਦੇ ਸੀ | ਜਦੋਂ ਇਹ ਨਿੱਕੀਆਂ ਨਿੱਕੀਆਂ ਬੇੜੀਆਂ ਲਹਿਰਾਂ 'ਤੇ ਤੈਰਦੀਆਂ ਜਾਂਦੀਆਂ ਤਾਂ ਅਸੀਂ ਖੁਸ਼ੀ ਨਾਲ ਤਾੜੀਆਂ ਮਾਰਦੇ | ਛੱਪੜ ਕੰਢੇ ਬੇਰੀ ਦਾ ਰੁੱਖ, ਜਿਸ ਦੁਆਲੇ ਔਰਤਾਂ ਨੇ ਰੰਗ ਬਰੰਗੇ ਧਾਗੇ ਬੰਨ੍ਹੇ ਹੁੰਦੇ ਸਨ ਨੂੰ 'ਮਾਤਾ ਰਾਣੀ' ਦੀ ਜਗ੍ਹਾ ਆਖਦੇ ਸਨ | ਸਾਉਣ ਮਹੀਨੇ ਛੱਪੜ ਕੰਢੇ ਰੁੱਖਾਂ ਹੇਠ ਮੁਟਿਆਰਾਂ ਸਾਂਵੇ (ਤੀਆਂ) ਖੇਡਦੀਆਂ, ਗਿੱਧੇ ਦੀਆਂ ਧਮਾਲਾਂ ਪੈਂਦੀਆਂ, ਪੀਂਘਾਂ ਝੂਟਦੀਆਂ ਤੇ ਖੀਰਾਂ ਪੂੜਿਆਂ ਦਾ ਲੰਗਰ ਛਕਦੀਆਂ ਸਨ |
'ਉਹ ਘਰ ਟੋਲ੍ਹੀਂ ਬਾਬਲਾ ਜਿਥੇ ਲਿੱਪਣੇ ਨਾ ਪੈਣ ਬਨੇਰੇ' ਧੀ ਦੀ ਅਰਜੋਈ ਹੁੰਦੀ ਸੀ | ਉਨ੍ਹਾਂ ਦਿਨਾਂ ਵਿਚ ਪਿੰਡਾਂ ਦੇ ਬਹੁਤੇ ਘਰ ਕੱਚੇ ਹੁੰਦੇ ਸਨ | ਜਦੋਂ ਬਰਸਾਤਾਂ ਤੋਂ ਪਹਿਲਾਂ ਜੇੇਠ ਹਾੜ੍ਹ ਦੀਆਂ ਸੜਦੀਆਂ ਧੁੱਪਾਂ ਕਰਕੇ ਛੱਪੜ ਸੁੱਕ ਜਾਂਦਾ ਤਾਂ ਕਿਤੇ-ਕਿਤੇ ਬਚੀਆਂ ਛਪੜੀਆਂ ਵਿਚੋਂ ਅਸੀਂ ਮੱਛੀਆਂ ਫੜਦੇ | ਪਿੰਡ ਵਾਸੀ ਛਪੜੀਆਂ ਦੇ ਗਾਰੇ ਵਿਚ ਤੂੜੀ ਰਲਾ, ਪੈਰਾਂ ਨਾਲ ਗੋਡੀ ਕਰ ਘਾਣੀ ਬਣਾਉਂਦੇ | ਮਲਾਈ ਵਰਗੀ ਕਾਲੀ ਮਿੱਟੀ (ਘਾਣੀ) ਦੇ ਦਾਬੜੇ ਭਰ ਭਰ ਘਰ ਜਾ ਸੁੱਟਦੇ | ਘਰ ਦੀਆਂ ਸਵਾਣੀਆਂ ਕੰਧਾਂ, ਕੌਲੇ ਲਿਪ ਲੈਂਦੀਆਂ ਸਨ | ਅੱਜ ਮੇਰੇ ਪਿੰਡ ਦੇ ਉਸ ਛੱਪੜ ਦਾ ਬਹੁਤ ਬੁਰਾ ਹਾਲ ਹੈ | ਰਸੂਖ ਵਾਲਿਆਂ ਦੇ ਨਜਾਇਜ਼ ਕਬਜ਼ਿਆਂ ਕਰਕੇ ਛੱਪੜ ਸੁੰਗੜ ਗਏ ਹਨ | ਹੁਣ ਉਹ ਘਰਾਂ ਦੀ ਗੰਦਗੀ (ਸੀਵਰੇਜ਼) ਅਤੇ ਕੂੜੇ ਕਰਕਟ ਦੇ ਡੰਪ ਬਣੇ ਹੋਏ ਹਨ | ਮੇਰੇ ਪਿੰਡ ਦਾ ਪਾਕ, ਸਾਫ-ਸੁੱਥਰਾ ਛੱਪੜ ਅੱਜ ਕਾਲੇ ਜ਼ਹਿਰੀਲੇ ਪਾਣੀ ਦਾ ਟੋਆ ਬਣ ਕੇ ਰਹਿ ਗਿਆ ਹੈ | ਕਾਸ਼! ਅਸੀਂ ਵਿਰਾਸਤੀ ਧਰੋਹਰਾਂ ਸੱਥਾਂ, ਖੂਹਾਂ, ਟੋਭਿਆਂ, ਛੱਪੜਾਂ ਨੂੰ ਅਲੋਪ ਹੋਣ ਤੋਂ ਬਚਾ ਲੈਂਦੇ |
ਘਰਾਟ
ਤਕਰੀਬਨ ਇਕ ਸਦੀ ਪੁਰਾਣੀ ਵਿਰਾਸਤ, ਪਿੰਡਾਂ ਦੇ ਲੋਕਾਂ ਦੀ ਜੀਵਨ ਰੇਖਾ ਘਰਾਟ (ਚੱਕੀ ਭਾਵ ਪਾਣੀ ਨਾਲ ਚੱਲਣ ਵਾਲੀ ਚੱਕੀ) ਸਰਕਾਰ ਤੇ ਸਿੰਚਾਈ ਵਿਭਾਗ ਦੀ ਅਣਦੇਖੀ ਕਾਰਨ ਅਲੋਪ ਹੁੰਦੇ ਜਾ ਰਹੇ ਹਨ | ਅੰਮਿ੍ਤਸਰ ਤੋਂ 20 ਕੁ ਕਿਲੋਮੀਟਰ ਦੂਰ ਪਿੰਡ ਰਾਣੇਵਾਲੀ ਦੇ ਨਹਿਰੀ ਵਿਸ਼ਰਾਮ ਘਰ ਦੇ ਸਾਹਮਣੇ ਨਹਿਰ ਲਾਹੌਰ ਬ੍ਰਾਂਚ ਦੇ ਪੁਲ ਤੋਂ ਪਾਰ, ਖਸਤਾਹਾਲ ਘਰਾਟ ਮੌਜੂਦ ਹਨ | ਇਸ ਇਲਾਕੇ ਦੀ ਰੇਲ ਲਾਈਨ ਅੰਮਿ੍ਤਸਰ, ਪਠਾਨਕੋਟ ਅੰਗਰੇਜ਼ਾਂ ਨੇ 1853 'ਚ ਅਤੇ ਨਹਿਰ ਅੱਪਰ ਬਾਰੀ ਦੁਆਬ ਅੰਗਰੇਜ਼ਾਂ ਦੁਆਰਾ ਰਾਵੀ ਦਰਿਆ ਵਿਚੋਂ ਮਾਧੋਪੁਰ ਦੇ ਸਥਾਨ ਤੋਂ 11 ਅਪ੍ਰੈਲ, 1859 ਨੂੰ ਕੱਢੀ ਸੀ | ਅਗੇ ਅਲੀਵਾਲ ਦੇ ਸਥਾਨ ਤੋਂ ਲਾਹੌਰ ਤੇ ਕਸੂਰ ਬ੍ਰਾਂਚਾਂ ਨਿਕਲੀਆਂ | ਘਰਾਟਾਂ ਦੇ ਪ੍ਰਵੇਸ਼ ਦਰਵਾਜ਼ੇ 'ਤੇ ਅੰਗਰੇਜ਼ੀ ਵਿਚ 'ਰਾਣੇਵਾਲੀ ਮਾਰਚ 1931' ਲਿਖਿਆ ਹੈ | ਅੰਦਰ ਵੜਦਿਆਂ ਸਾਰ ਵਰਾਂਡਾ ਹੈ ਅਤੇ ਥੱਲੇ ਸੁਰੰਗਨੁਮਾ ਕਮਰਾ(ਕਮਰੇ ਦਾ ਲੈਵਲ ਨਹਿਰ ਦੀ ਡੰੂਘਾਈ ਨਾਪ ਕੇ ਰੱਖਿਆ ਗਿਆ) ਹੈ ਜਿਸ ਅੰਦਰ 6 ਘਰਾਟ ਹਨ | ਵੱਖ-ਵੱਖ ਮੋਘਿਆਂ ਰਾਹੀਂ ਨਹਿਰ ਦੇ ਪਾਣੀ ਦਾ ਤੇਜ਼ ਵਹਾਅ ਚੱਕੀ ਥੱਲੇ ਲੱਗੇ ਪੱਖੇ ਨੂੰ ਘੁਮਾਉਂਦਾ ਹੈ ਅਤੇ ਪੱਖੇ ਨਾਲ ਚੱਕੀ ਤੇਜ਼ ਗਤੀ ਨਾਲ ਚਲਦੀ ਆਟੇ ਦੀ ਪਿਸਾਈ ਸ਼ੁਰੂ ਕਰ ਦਿੰਦੀ ਹੈ | ਬਿਨਾਂ ਬਿਜਲੀ, ਬਿਨਾਂ ਡੀਜ਼ਲ, ਸਿਰਫ ਪਾਣੀ ਨਾਲ |
ਨਹਿਰ ਲਾਹੌਰ ਬ੍ਰਾਂਚ ਦੇ ਪਾਣੀ ਨਾਲ ਚਲਦੇ ਘਰਾਟਾਂ ਦੀਆਂ ਪਹਿਲਾਂ 6 ਚੱਕੀਆਂ ਹੁੰਦੀਆਂ ਸਨ ਪਰ ਅੱਜਕਲ੍ਹ ਸਿਰਫ 3 ਚਾਲੂ ਹਾਲਤ ਵਿਚ ਹਨ | ਸਾਡੇ ਸਮਿਆਂ ਵਿਚ ਸਾਡੀਆਂ ਮਾਵਾਂ ਤੇ ਦਾਦੀਆਂ ਦੀ ਪੱਕੀ ਧਾਰਨਾ ਹੁੰਦੀ ਸੀ ਘਰਾਟ ਦੇ ਆਟੇ ਦੀ ਤਾਸੀਰ ਠੰਢੀ ਹੁੰਦੀ ਹੈ, ਮੱਕੀ ਦਾ ਆਟਾ ਗਰਮ ਪਾਣੀ ਦੀ ਥਾਂ ਠੰਢੇ ਪਾਣੀ ਨਾਲ ਗੁੱਝ ਜਾਂਦਾ ਸੀ ਅਤੇ ਇਸ ਦੀਆਂ ਰੋਟੀਆਂ ਨਰਮ ਤੇ ਸੁਆਦੀ ਹੁੰਦੀਆਂ ਹਨ | ਇਕ ਬਜ਼ੁਰਗ ਦੱਸ ਰਹੇ ਸਨ, 'ਮੈਂ ਆਪਣੇ ਗੱਡੇ ਉੱਤੇ ਧੇਲੀ ਕਰਾਏ 'ਤੇ 40-40 ਮਣ ਆਟਾ ਚੌਕ ਫਰੀਦ ਅੰਬਰਸਰ ਲੈ ਜਾਂਦਾ ਸੀ' |
ਅੱਜਕਲ੍ਹ ਪਿਆਰਾ ਸਿੰਘ ਤੇ ਉਸਦਾ ਪੁੱਤਰ ਘਰਾਟ ਭਾੜੇ 'ਤੇ ਚਲਾ ਰਹੇ ਹਨ | ਉਹ 3500 ਰੁਪਏ ਕਿਰਾਇਆ ਸਿੰਚਾਈ ਵਿਭਾਗ ਨੂੰ ਭਰਦੇ ਹਨ | ਨਹਿਰੀ ਵਿਭਾਗ ਬਿਨਾਂ ਕਿਸੇ ਰੱਖ-ਰਖਾਅ, ਮੁਰੰਮਤ ਅਤੇ ਕਿਸੇ ਸਹੂਲਤ ਦੇ ਉਨ੍ਹਾਂ ਦੀ ਹੱਡ ਭੰਨਵੀਂ ਕਮਾਈ 'ਚੋਂ ਬਹੁਤ ਜ਼ਿਆਦਾ ਕਿਰਾਇਆ ਵਸੂਲ ਰਿਹਾ ਹੈ ਜਦੋਂ ਕਿ ਇਨ੍ਹਾਂ ਦੀ ਨਜ਼ਰਅੰਦਾਜ਼ੀ ਕਰਕੇ ਘਰਾਟ ਬੰਦ ਹੋਏ ਹਨ | (ਸਮਾਪਤ)

-ਪ੍ਰੀਤਨਗਰ, ਚੋਗਾਵਾਂ-143109 (ਅੰਮਿ੍ਤਸਰ) |
ਮੋਬਾਈਲ : 98140 82217

ਪਾਣੀ ਦੀਆਂ ਸੜਕਾਂ ਵਾਲਾ ਅਦਭੁਤ ਸ਼ਹਿਰ-ਵੈਨਸ

ਸੱਚ! ਮੈਨੂੰ ਇਸ ਤੋਂ ਪਹਿਲਾਂ ਟ੍ਰੈਫ਼ਿਕ ਕਦੇ ਵੀ ਏਨਾ ਰੋਮਾਂਚਿਕ ਨਹੀਂ ਸੀ ਜਾਪਿਆ | ਵੈਨਸ ਵਿਚ ਇਕ ਢਲਦੀ ਸ਼ਾਮ ਨੂੰ ਨਹਿਰ ਦੇ ਗੂੜ੍ਹੇ ਹਰੇ ਪਾਣੀ ਵਿਚ ਥਪਥਪਾਉਂਦੇ ਚੱਪੂਆਂ ਦੀ ਮੱਧਮ ਜਿਹੀ ਆਵਾਜ਼, ਕਿਨਾਰਿਆਂ 'ਤੇ ਲੱਗੀਆਂ ਟਿਮਟਿਮਾਉਂਦੀਆਂ ਬੱਤੀਆਂ, 'ਗੰਡੋਲਾ' ਵਿਚ ਚੱਲ ਰਹੇ ਮੱਧਮ ਜਿਹੇ ਮਧੁਰ ਸੰਗੀਤ ਦੇ ਸੁਰ ਅਤੇ ਉਸ 'ਤੇ ਲੱਗੇ ਫੁੱਲਾਂ ਦੀ ਮਹਿਕ ਦਾ ਮਿਸ਼ਰਣ | ਫਿਰ ਜਦ ਇਸ ਸੁਰਮਈ ਸ਼ਾਮ ਨੇ ਰਾਤ ਦੀ ਬੁੱਕਲ ਓੜੀ ਅਤੇ ਚੰਨ ਦੀ ਰੌਸ਼ਨੀ ਨੇ ਪਾਣੀ ਨੂੰ ਚਾਂਦੀ ਰੰਗਾ ਰੰਗ ਦਿੱਤਾ ਤਾਂ ਇਕ ਜਾਦੂ ਜਿਹਾ ਛਾ ਗਿਆ, ਜੋ ਮਨ 'ਤੇ ਇਕ ਸਦੀਵੀ ਛਾਪ ਛੱਡ ਗਿਆ |
ਵੈਨਸ ਸ਼ਹਿਰ ਮਨੁੱਖੀ ਸੂਝ-ਬੂਝ ਅਤੇ ਹੁਨਰ ਦਾ ਪ੍ਰਤੱਖ ਗਵਾਹ ਹੈ | ਇਟਲੀ ਦੇ ਪੂਰਬੀ ਹਿੱਸੇ ਵਿਚ ਇਕ ਲਗੂਨ (ਖਾਰੇ ਪਾਣੀ ਦੀ ਝੀਲ) 'ਤੇ ਸਥਿਤ ਇਹ 'ਪਾਣੀ ਉੱਪਰ ਤੈਰਦਾ ਸ਼ਹਿਰ' ਮਨੁੱਖੀ ਦਿਮਾਗ ਦੀ ਕਲਾ ਅਤੇ ਇੰਜੀਨੀਅਰਿੰਗ ਦਾ ਕਾਰਨਾਮਾ ਹੈ |
ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰੋਮਨ ਸ਼ਰਨਾਰਥੀਆਂ ਨੇ ਵਸਾਇਆ ਸੀ | ਪਰ ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਇਹ ਸ਼ਹਿਰ ਕੋਈ ਪੰਦਰਾਂ ਹਜ਼ਾਰ ਸਾਲ ਪਹਿਲਾਂ ਹੋਂਦ ਵਿਚ ਆਇਆ | ਇਸ ਦੀ ਨੀਤੀਗਤ ਸਥਿਤੀ ਨੇ ਇਸ ਨੂੰ ਪੂਰੇ ਯੂਰਪ ਅਤੇ ਅਰਬੀ ਮੁਲਕਾਂ ਦੇ ਵਿਚਕਾਰ ਸਮੁੰਦਰੀ ਵਪਾਰ ਕਾਰਨ ਬਹੁਤ ਅਮੀਰ ਅਤੇ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ | ਇਹ ਅਮੀਰੀ ਇਸ ਦੀਆਂ ਵਿਸ਼ਾਲ ਅਤੇ ਸੁੰਦਰ ਯਾਦਗਾਰਾਂ ਵਿਚੋਂ ਝਲਕਦੀ ਹੈ |
ਇਹ ਦਿਲਕਸ਼ ਸ਼ਹਿਰ 118 ਛੋਟੇ-ਛੋਟੇ ਟਾਪੂਆਂ 'ਤੇ ਵਸਿਆ ਹੋਇਆ ਹੈ | ਇਹ ਟਾਪੂ ਆਪਸ ਵਿਚ ਇਕ ਖਾਰੇ ਪਾਣੀ ਦੀ ਝੀਲ (ਲਗੂਨ) ਨਾਲ ਜੁੜੇ ਹੋਏ ਹਨ | ਇਮਾਰਤਾਂ ਦੀਆਂ ਨੀਹਾਂ ਲੱਕੜ ਦੀਆਂ ਬੱਲੀਆਂ ਦੀਆਂ ਹਨ | ਇਨ੍ਹਾਂ ਲੱਕੜ ਦੀਆਂ ਬੱਲੀਆਂ ਦਾ ਪਾਣੀ ਦੇ ਵਿਚ ਢੇਰ ਲਗਾ ਕੇ ਉੱਪਰ ਵਿਸ਼ਾਲ ਇਮਾਰਤਾਂ ਬਣਾਈਆਂ ਗਈਆਂ ਹਨ | ਹਜ਼ਾਰਾਂ ਸਾਲਾਂ ਤੋਂ ਇਹ ਲੱਕੜੀਆਂ ਸਮੁੰਦਰੀ ਪਾਣੀ ਦੇ ਅੰਦਰ ਹੋਣ 'ਤੇ ਵੀ ਗਲੀਆਂ ਨਹੀਂ ਬਲਕਿ ਆਕਸੀਜਨ ਦੇ ਨਾ ਹੋਣ ਕਾਰਨ ਅਤੇ ਸਮੁੰਦਰ ਦੇ ਖਾਰੇ ਪਾਣੀ ਕਰਕੇ ਪੱਥਰ ਵਾਂਗ ਬਣ ਗਈਆਂ ਹਨ | ਇਹ ਸਾਰੇ ਟਾਪੂ ਕਰੀਬ 400 ਪੁਲਾਂ ਨਾਲ ਆਪਸ ਵਿਚ ਜੁੜੇ ਹੋਏ ਹਨ, ਜਿਸ ਕਾਰਨ ਸ਼ਹਿਰ ਨੂੰ 'ਸਿਟੀ ਆਫ਼ ਬਿ੍ਜਿਜ਼' (ਪੁਲਾਂ ਦਾ ਸ਼ਹਿਰ) ਵੀ ਕਿਹਾ ਜਾਂਦਾ ਹੈ |
ਇਹ ਇੱਕੀਵੀਂ ਸਦੀ ਦਾ ਦੁਨੀਆ ਵਿਚ ਇਕੋ-ਇਕ ਅਜਿਹਾ ਸ਼ਹਿਰ ਹੈ ਜਿਸ ਵਿਚ ਪਾਣੀ ਦੇ ਵਾਹਨਾਂ ਤੋਂ ਇਲਾਵਾ ਕੋਈ ਵੀ ਹੋਰ ਵਾਹਨ ਨਹੀਂ ਚਲਾਇਆ ਜਾਂਦਾ | ਇਸ ਸ਼ਹਿਰ ਦੀ ਪ੍ਰਮੁੱਖ ਸੜਕ ਇਕ ਤਿੰਨ ਕਿਲੋਮੀਟਰ ਲੰਮੀ ਕੈਨਾਲ (ਜਲ ਮਾਰਗ) ਹੈ ਜਿਸ ਨੂੰ 'ਗਰੈਂਡ ਕੈਨਾਲ' ਕਿਹਾ ਜਾਂਦਾ ਹੈ | ਇਹ ਸ਼ਹਿਰ ਦਾ ਸਭ ਤੋਂ ਭੀੜ-ਭੜੱਕੇ ਵਾਲਾ ਪਾਣੀ ਦਾ ਮਾਰਗ ਹੈ | ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਜਾਣ ਲਈ ਇਸ ਵਿਚੋਂ ਹੀ ਕਰੀਬ 177 ਵੱਖ-ਵੱਖ ਜਲ ਮਾਰਗ ਕੱਢੇ ਗਏ ਹਨ |
ਇਨ੍ਹਾਂ ਸਭ ਜਲ ਮਾਰਗਾਂ ਦੀ ਡੂੰਘਾਈ ਕਰੀਬ 10 ਤੋਂ 15 ਫੁੱਟ ਤੱਕ ਹੈ | ਕਿਸ਼ਤੀਆਂ ਦਿਨ-ਰਾਤ ਇਨ੍ਹਾਂ ਵਿਚ ਚਲਦੀਆਂ ਹਨ, ਇਸ ਲਈ ਇਨ੍ਹਾਂ ਦੇ ਆਲੇ-ਦੁਆਲੇ ਲਾਈਟਾਂ ਲਗਾਈਆਂ ਗਈਆਂ ਹਨ | ਪੁਲਿਸ ਦੀਆਂ ਕਿਸ਼ਤੀਆਂ ਇਨ੍ਹਾਂ ਜਲ ਮਾਰਗਾਂ ਵਿਚ ਆਵਾਜਾਈ ਦੀ ਠੀਕ ਵਿਉਂਤਬੰਦੀ 'ਤੇ ਨਜ਼ਰ ਰੱਖਦੀਆਂ ਹਨ | 'ਵੈਪੋਰਿਟੀ' ਵੈਨਸ ਵਿਚ ਬੱਸਾਂ ਨੂੰ ਕਿਹਾ ਜਾਂਦਾ ਹੈ ਜੋ ਇਥੋਂ ਦੇ ਲੋਕਾਂ, ਮੁਸਾਫ਼ਿਰਾਂ ਅਤੇ ਸੈਲਾਨੀਆਂ ਨੂੰ ਸ਼ਹਿਰ ਦੇ ਹਰੇਕ ਕੋਨੇ ਤੱਕ ਪਹੁੰਚਾਉਂਦੀਆਂ ਹਨ | ਇਹ ਸ਼ਬਦ ਉਦੋਂ ਤੋਂ ਪ੍ਰਚੱਲਿਤ ਹੈ ਜਦੋਂ ਤੋਂ ਇਨ੍ਹਾਂ ਨੂੰ ਭਾਫ਼ ਇੰਜਣ ਨਾਲ ਚਲਾਇਆ ਜਾਂਦਾ ਸੀ | ਇਸ ਤੋਂ ਇਲਾਵਾ ਹੂਟਰ ਵਜਾਉਂਦੀਆਂ ਐਾਬੂਲੈਂਸਾਂ, ਅੱਗ ਬੁਝਾਊ ਯੰਤਰਾਂ ਨਾਲ ਲੈਸ ਫਾਇਰ ਬਿ੍ਗੇਡ ਦੀਆਂ ਕਿਸ਼ਤੀਆਂ 'ਮੋਟੋਸਕੈਫੀ' (ਟੈਕਸੀਆਂ), ਮਛੇਰਿਆਂ ਦੀਆਂ ਕਿਸ਼ਤੀਆਂ, ਕੂੜਾ ਚੁੱਕਣ ਵਾਲੀਆਂ ਕਿਸ਼ਤੀਆਂ, ਮੋਟਰ ਬੋਟ, ਚੱਪੂ ਨਾਲ ਚਲਦੀਆਂ ਕਿਸ਼ਤੀਆਂ ਅਤੇ ਪੈਡਲ ਬੋਟ ਇਸ ਸ਼ਹਿਰ ਵਿਚ ਇੰਜ ਘੁੰਮਦੀਆਂ ਹਨ ਜਿਵੇਂ ਆਪਣੇ ਸ਼ਹਿਰ ਜਲੰਧਰ ਵਿਚ ਸੜਕਾਂ 'ਤੇ ਘੁੰਮਦੀਆਂ ਬੱਸਾਂ, ਟਰੱਕ, ਕਾਰਾਂ, ਸਕੂਟਰ, ਮੋਟਰਸਾਈਕਲ ਅਤੇ ਰਿਕਸ਼ੇ ਆਦਿ ਹੋਣ |
ਪਰ ਦੁਨੀਆ ਭਰ ਵਿਚ ਵੈਨਸ ਆਪਣੇ 'ਗੰਡੋਲਾ' ਕਰਕੇ ਮਸ਼ਹੂਰ ਹੈ | ਇਹ ਭੀੜੀਆਂ, ਪਤਲੀਆਂ, ਕਾਲੇ ਰੰਗ ਦੇ ਹੰਸ ਵਰਗੀਆਂ ਇਕ ਨਿਵੇਕਲੇ ਢੰਗ ਦੀਆਂ ਕਿਸ਼ਤੀਆਂ ਹਨ | ਇਨ੍ਹਾਂ ਨੂੰ 1500 ਈਸਵੀ ਤੋਂ ਕਾਲੇ ਰੰਗ ਦਾ ਕੀਤਾ ਗਿਆ ਹੈ, ਜਦੋਂ ਸ਼ਹਿਰ ਵਿਚ ਜ਼ਿਆਦਾ ਦਿਖਾਵਾ ਨਾ ਹੋਣ ਦਾ ਨਿਯਮ ਬਣਾ ਦਿੱਤਾ ਗਿਆ ਸੀ | ਅੱਜ ਵੈਨਸ ਵਿਚ 350 ਗੰਡੋਲਾ ਅਤੇ ਇਸ ਨੂੰ ਚਲਾਉਣ ਵਾਲੇ 400 ਦੇ ਕਰੀਬ ਗੰਡੋਲਾ ਚਾਲਕ (ਗੰਡੋਲੀਅਰ) ਹਨ | ਇਹ ਸਭ ਇਕੋ ਹੀ ਤਰ੍ਹਾਂ ਦੇ ਕੱਪੜੇ, ਧਾਰੀਦਾਰ ਟੀ-ਸ਼ਰਟਾਂ, ਕਾਲੀਆਂ ਪੈਂਟਾਂ, ਛੱਜੇ ਵਰਗੀਆਂ ਟੋਪੀਆਂ ਪਹਿਨਦੇ ਹਨ | ਗੰਡੋਲਾ ਚਾਲਕ ਚੱਪੂਆਂ ਦੀ ਥਾਂ ਲੰਬੇ ਡੰਡੇ ਨਾਲ ਇਸ ਨੂੰ ਚਲਾਉਂਦੇ ਹਨ | ਇਹ ਕਈ ਫੁੱਟ ਲੰਬੇ ਡੰਡੇ ਨਾਲ ਜਲ ਮਾਰਗ ਦੀ ਸਤ੍ਹਾ 'ਤੇ ਪਕੜ ਬਣਾ ਕੇ ਗੰਡੋਲਾ ਨੂੰ ਅੱਗੇ ਨੂੰ ਧੱਕਦੇ ਹਨ | ਬਰਾਤ ਚਰਚ ਤੱਕ ਜਾਣ ਲਈ ਗੰਡੋਲਾ ਨੂੰ ਲਾਲ ਅਤੇ ਗੁਲਾਬੀ ਰੰਗ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ | ਸ਼ਮਸ਼ਾਨਘਾਟ ਜਾਂਦੇ ਗੰਡੋਲਾ ਦੀ ਚਿੱਟੇ ਫੁੱਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਅਲੋਪ ਹੋ ਰਹੀਆਂ ਵਿਰਾਸਤੀ ਸੱਥਾਂ, ਛੱਪੜ-ਟੋਭੇ, ਘਰਾਟ ਤੇ ਖੂਹ

ਵਿਰਾਸਤੀ ਸੱਥਾਂ, ਟੋਭੇ ਤੇ ਖੂਹ ਦਾ ਕਦੀ ਸਾਡੇ ਪਿੰਡਾਂ ਦੀ ਜ਼ਿੰਦਗੀ ਵਿਚ ਬਹੁਤ ਅਹਿਮ ਸਥਾਨ ਹੁੰਦਾ ਸੀ | ਸੱਥਾਂ ਅਕਸਰ ਛੱਪੜਾਂ ਦੇ ਸਾਫ-ਸੁਥਰੇ ਕਿਨਾਰਿਆਂ, ਪਿੱਪਲ ਜਾਂ ਬੋਹੜਾਂ ਦੇ ਸੰਘਣੇ ਛਾਂਦਾਰ ਰੁੱਖਾਂ ਹੇਠ ਡਾਹੇ ਲੱਕੜ ਦੇ ਵੱਡੇ ਸਾਰੇ ਤਖ਼ਤਪੋਸ਼ ਜਾਂ ਪੱਕੇ ਥੜ੍ਹੇ ਉੱਤੇ ਸੁਸ਼ੋਭਿਤ ਹੁੰਦੀਆਂ ਸਨ | ਇਹ ਵਿਹਲੇ ਸਮੇਂ ਪਿੰਡ ਦੇ ਗੱਭਰੂ ਜਵਾਨਾਂ ਅਤੇ ਬਜ਼ੁਰਗਾਂ ਦਾ ਰੋਜ਼ਾਨਾ ਦੁਪਹਿਰਾ ਕੱਟਣ, ਹਲਕੇ ਮਨੋਰੰਜਨ (ਤਾਸ਼, ਸ਼ਤਰੰਜ, ਬਾਰਾਂ ਟਾਂਕ ਖੇਡ) ਦੇਸ਼ ਦੀ ਖ਼ਬਰਸਾਰ ਲਈ ਅਖ਼ਬਾਰ ਸੁਣਨ ਆਦਿ ਵਾਸਤੇ ਪਸੰਦ ਦੀ ਜਗ੍ਹਾ ਹੁੰਦੀ ਸੀ | ਕਦੀ ਨੀਂਦ ਦਾ ਝੋਕਾ/ਠੁਮਕਾ ਲਾਉਣ ਲਈ ਅਰਾਮਗਾਹ ਬਣ ਜਾਂਦੀਆਂ ਸਨ | ਬਜ਼ੁਰਗ ਇਨ੍ਹਾਂ ਸੱਥਾਂ ਦੀ ਰੌਣਕ ਹੁੰਦੇ ਸਨ | ਇਹ ਅਮੀਰੀ ਗ਼ਰੀਬੀ, ਜਾਤ ਪਾਤ ਤੋਂ ਉੱਚਾ ਉੱਠ ਕੇ ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀਆਂ ਸਨ |
ਇਥੇ ਬਜ਼ੁਰਗ ਆਪਣੇ ਤਜਰਬੇ ਸਾਂਝੇ ਕਰਦੇ ਸਨ ਜਿਨ੍ਹਾਂ ਤੋਂ ਅਗਲੀ ਪੀੜ੍ਹੀ ਬਹੁਤ ਕੁਝ ਸਿੱਖਦੀ ਸੀ | ਸੱਥਾਂ 'ਚ ਬਜ਼ੁਰਗ ਧਾਰਮਿਕ, ਸਮਾਜਿਕ ਤੇ ਭਾਈਚਾਰੇ ਨਾਲ ਸਬੰਧਿਤ ਵਿਸ਼ਿਆਂ ਬਾਰੇ ਵਿਚਾਰ ਵਿਟਾਂਦਰਾ ਕਰਦੇ ਸਨ | ਮੈਨੰੂ ਆਪਣੇ ਪਿੰਡ ਦੀ ਸੱਥ ਦੀ ਯਾਦ ਹੈ | ਉਹ ਛੱਪੜ ਦੇ ਸਾਫ਼-ਸੁਥਰੇ ਕਿਨਾਰੇ, ਗਰੁਦੁਆਰੇ ਦੇ ਸਾਹਮਣੇ, ਹਲਟੀ ਵਾਲੀ ਖੂਹੀ ਤੋਂ ਅੱਗੇ, ਖਰਾਸ ਤੋਂ ਹਟਵੀਂ, ਵੱਡੇ ਸਾਰੇ ਪਿੱਪਲ ਦੇ ਛਾਂਦਾਰ ਰੁੱਖ ਥੱਲੇ ਹੁੰਦੀ ਸੀ | ਅਸੀਂ ਸਾਰੀ ਛੁੱਟੀ ਵੇਲੇ ਸਕੂਲੋਂ ਪੜ੍ਹ ਕੇ ਆਉਂਦੇ ਇਥੇ ਤਖ਼ਤਪੋਸ਼ ਉੱਤੇ ਬੈਠੇ ਬਜ਼ੁਰਗਾਂ ਨੂੰ ਤਾਸ਼ ਖੇਡਦੇ, ਹੱਸਦੇ ਹਸਾਉਂਦੇ, ਖੁਸ਼ ਹੁੰਦੇ ਅਤੇ ਹਾਸਾ ਠੱਠਾ ਕਰਦੇ ਵੇਖਦੇ ਸੀ | ਜੇ ਸਾਡਾ ਜੀਅ ਕਰੇ ਤਾਂ ਅਸੀਂ ਉਨ੍ਹਾਂ ਕੋਲ ਬੈਠ ਜਾਂਦੇ ਸੀ | ਉਹ ਸਾਡੀ ਪੜ੍ਹਾਈ ਬਾਰੇ ਪੁੱਛਦੇ, 'ਤਕੜੇ ਹੋ ਕੇ ਪੜ੍ਹ ਲਓ ਅਫ਼ਸਰ ਬਣੋਗੇ' ਆਖ ਹੱਲਾਸ਼ੇਰੀ ਦਿੰਦੇ ਸਨ ਅਤੇ ਖੁਸ਼ ਹੋ ਕਦੇ-ਕਦੇ ਖੀਸੇ 'ਚੋਂ ਮਿੱਠੀਆਂ ਗੋਲੀਆਂ ਕੱਢ ਕੇ ਵੀ ਦੇ ਦਿੰਦੇ ਸਨ | ਜੇ ਜ਼ਿਆਦਾ ਦੇਰ ਬੈਠਦੇ ਤਾਂ ਘੂਰ ਕੇ ਘਰ ਜਾਣ ਲਈ ਵੀ ਕਹਿ ਦਿੰਦੇ ਸਨ | ਸਰਬ ਸਾਂਝੇ ਫੈਸਲੇ 'ਇਹ ਖੂੰਡੇ ਵਾਲੇ ਬਜ਼ੁਰਗ' ਸੱਥਾਂ ਵਿਚ ਕਰਦੇ ਸਨ ਜਿਨ੍ਹਾਂ ਨੂੰ ਹਰ ਕੋਈ ਮੰਨਦਾ ਸੀ |
ਸੱਥਾਂ ਵਿਚ ਵਿਹਲੇ ਬਜ਼ੁਰਗ ਕਦੀ ਬੱਚਿਆਂ ਨੂੰ ਦੇਸ਼ ਭਗਤੀ, ਸੂਰਬੀਰਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ ਜੋ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੰਦੀਆਂ ਸਨ | ਪਦਾਰਥਵਾਦ ਦੇ ਯੁੱਗ ਨੇ ਬਜ਼ੁਰਗਾਂ ਦੀ ਅਣਦੇਖੀ ਹੀ ਨਹੀਂ ਕੀਤੀ ਸਗੋਂ ਬੇਲੋੜੇ ਤੇ ਵਾਧੂ ਸਮਝ ਘਰ ਦੀ ਕਿਸੇ ਨੁੱਕਰੇ ਪਏ ਰਹਿਣ ਲਈ ਮਜਬੂਰ ਕਰ ਦਿੱਤਾ ਹੈ | ਇਸ ਤਰ੍ਹਾਂ ਸੱਥਾਂ ਨੇ ਸੁੰਨੀਆਂ ਹੋ ਹੀ ਜਾਣਾ ਸੀ | ਗਿਆਨ ਦੀਆਂ ਸਰੋਤ ਅਲੋਪ ਹੋ ਰਹੀਆਂ ਸੱਥਾਂ ਦੀ ਥਾਂ ਅੱਜ ਕਲੱਬਾਂ ਨੇ ਲੈ ਲਈ ਹੈ ਪਰ ਉਨ੍ਹਾਂ ਦੀ ਦੇਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ |
ਟਿੰਡਾਂ ਵਾਲੇ ਖੂਹ
ਸਾਡੀ ਮਾਣਮੱਤੀ ਪੇਂਡੂ ਵਿਰਾਸਤ, ਅਮੀਰ ਸੱਭਿਆਚਾਰ ਅਤੇ ਸਾਡੇ ਲੋਕ ਗੀਤਾਂ ਵਿਚ ਖੂਹਾਂ, ਛੱਪੜਾਂ, ਟੋਭਿਆਂ, ਤਲਾਬਾਂ, ਛੰਬਾਂ ਆਦਿ ਰਵਾਇਤੀ ਜਲ ਸੋਮਿਆਂ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ | ਇਨ੍ਹਾਂ ਦੀ ਸਾਡੇ ਪੰਜਾਬੀ ਜਨ-ਜੀਵਨ ਵਿਚ ਬੜੀ ਅਹਿਮ ਥਾਂ ਹੈ | ਉਨ੍ਹਾਂ ਸਮਿਆਂ 'ਚ ਖੇਤਾਂ ਦੀ ਸਿੰਜਾਈ ਅਤੇ ਘਰਾਂ ਲਈ ਅੰਮਿ੍ਤ ਵਰਗੇ ਮਿੱਠੇ ਪਾਣੀ ਵਾਸਤੇ ਖੂਹ ਦੇ ਯੋਗਦਾਨ ਨੂੰ ਨਾ ਤਾਂ ਨਕਾਰਿਆ ਜਾ ਸਕਦਾ ਹੈ ਅਤੇ ਨਾ ਹੀ ਭੁਲਾਇਆ ਜਾ ਸਕਦਾ ਹੈ | ਅਸਲ 'ਚ ਇਹ ਖੂਹ ਦਿਹਾਤੀ ਲੋਕਾਂ ਦੀ ਜੀਵਨ ਰੇਖਾ ਸਨ | ਇਹ ਖੂਹ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਹੋਰ ਪੀਡਾ ਕਰਦੇ ਸਨ |
ਸਾਡੇ ਪਿੰਡ ਦੇ ਚੜ੍ਹਦੇ ਪਾਸੇ ਛੇ ਕੁ ਦਹਾਕੇ ਪਹਿਲਾਂ, ਬਾਹਰਲੇ ਸਕੂਲ ਨੇੜੇ ਪੁਰਾਣਾ ਬਰਨੇ ਵਾਲਾ ਖੂਹ ਹੁੰਦਾ ਸੀ | ਸਾਡੀ ਸੰਭਾਲ ਤੋਂ ਵੀ ਪਹਿਲਾਂ ਦਾ, ਪਰ ਪਿੰਡਾਂ ਦੀਆਂ ਰਸਮਾਂ ਰਿਵਾਜਾਂ ਦਾ ਬੜਾ ਮੁੱਲਵਾਨ ਹਿੱਸਾ ਇਹ ਖੂਹ ਸਨ | ਇਸ ਤੋਂ ਇਲਾਵਾ ਸਾਡੇ ਪਿੰਡ ਦੀਆਂ ਨਿਆਈਆਂ ਵਿਚ ਹੀਰੇਵਾਲਾ, ਅਤੇ ਜ਼ਰਾ ਹਟਵੇਂ ਗੋਰੇਵਾਲਾ ਤੇ ਰੱਤੋਵਾਲਾ ਆਦਿ ਖੂਹ ਸਨ | ਇਸੇ ਤਰਾਂ ਮਾਲੋ ਕੀ ਪੱਤੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ, ਬੋਹੜ ਹੇਠਲੇ ਤਖ਼ਤਪੋਸ਼ ਸਾਹਮਣੇ ਅਤੇ ਖਰਾਸ ਦੇ ਇਕ ਪਾਸੇ ਖੂਹ ਹੁੰਦਾ ਸੀ |
ਭਾਵੇਂ ਗੋਰੇਵਾਲਾ, ਹੀਰੇਵਾਲਾ ਅਤੇ ਰੱਤੋਵਾਲੇ ਖੂਹ ਨਾਲ ਮੇਰੇ ਬਚਪਨ ਦੀਆਂ ਕਈ ਅਭੁੱਲ ਯਾਦਾਂ ਮਨ ਵਿਚ ਮਹਿਫੂਜ਼ ਹਨ ਪਰ ਬਰਨਾ ਵਾਲਾ ਖੂਹ ਮੇਰੇ ਬਚਪਨ ਦਾ ਗੂੜ੍ਹਾ ਆੜੀ ਸੀ | ਬਰਨੇ ਵਾਲਾ ਖੂਹ | ਅੰਮਿ੍ਤ ਵੇਲਾ | ਫ਼ਿਜ਼ਾ ਵਿਚ ਘੁੱਲ ਰਹੀ ਰਸਭਿੰਨੀ ਗੁਰਬਾਣੀ | ਦਰੱਖਤਾਂ 'ਤੇ ਬੈਠੇ ਪੰਛੀਆਂ ਦੀ ਚਹਿਚਹਾਟ ਅਤੇ ਵੰਨ-ਸੁਵੰਨੇ ਫੁੱਲਾਂ ਦੀ ਮਹਿਕ, ਸੱਜਰੀ ਸਵੇਰ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੰਦੀ ਸੀ | ਪਿੰਡ ਵਾਸੀ ਪਹੁ ਫੁਟਾਲੇ ਦੇ ਨਾਲ ਹੀ ਬਾਹਰ ਹੋ, ਦਾਤਣ ਕਰ, ਚੁਬੱਚੇ ਦੇ ਚਾਂਦੀ ਰੰਗੇ ਪਾਣੀ ਵਿਚ ਇਸ਼ਨਾਨ ਕਰਦੇ ਸਨ | ਫਿਰ ਅਕੀਦੇ ਅਨੁਸਾਰ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋ ਸ਼ਾਹ ਵੇਲਾ ਕਰ ਕੰਮ ਧੰਦੇ ਲਗਦੇ ਸਨ |
ਪਿੰਡ ਦੀਆਂ ਧੀਆਂ ਦੇ ਵਿਆਹ ਕਾਰਜਾਂ ਵੇਲੇ ਬਰਨੇ ਵਾਲੇ ਖੂਹ ਦੇ ਆਲੇ-ਦੁਆਲੇ ਦੀ ਸਾਫ ਸਫਾਈ ਕਰਵਾਈ ਜਾਂਦੀ ਸੀ | ਬਰਾਤੀਆਂ ਲਈ ਦਾਤਣਾਂ ਅਤੇ ਸਾਫ਼-ਸੁਥਰੇ ਪਰਨੇ ਰੱਖੇ ਜਾਂਦੇ ਸਨ | ਉਨ੍ਹੀਂ ਦਿਨੀਂ ਬਰਾਤਾਂ ਰਾਤ ਠਹਿਰਦੀਆਂ ਦੀਆਂ ਹੁੰਦੀਆਂ ਸਨ | ਸਾਉਣ ਮਹੀਨੇ ਸਾਂਵੇ ਮਨਾਏ ਜਾਂਦੇ ਸੀ | ਸਾਂਵਿਆਂ ਨੂੰ ਧੀਆਂ ਪੇਕੇ ਘਰ ਆਉਂਦੀਆਂ ਸਨ | ਉਹ ਖੂਹ ਨੇੜਲੀ ਢੱਕੀ 'ਚ ਸਾਂਵੇਂ ਖੇਡਦੀਆਂ ਸਨ | ਗਿੱਧਿਆਂ 'ਚ ਧਮਾਲਾਂ ਪਾਉਂਦੀਆਂ | ਉਨ੍ਹਾਂ ਦੀਆਂ ਪਾਈਆਂ ਬੋਲੀਆਂ ਨਾਲ ਆਲਾ ਦੁਆਲਾ ਗੂੰਜਣ ਲੱਗ ਪੈਂਦਾ ਸੀ | ਫਿਰ ਉਹ ਟਾਹਲੀ ਦੇ ਮੋਟੇ ਟਾਹਣ ਨਾਲ ਪੀਂਘ ਝੂਟਦੀਆਂ ਅਤੇ ਖੀਰਾਂ ਪੂੜੇ ਛਕਦੀਆਂ ਛਕਾਉਂਦੀਆਂ | ਖੂਹ ਦਾ ਮਿੱਠਾ ਪਾਣੀ ਉਨ੍ਹਾਂ ਨੂੰ ਤਰੋ ਤਾਜ਼ਾ ਕਰ ਦਿੰਦਾ ਸੀ |
ਖੂਹ ਦਾ ਪਿਛੋਕੜ : ਖੂਹ ਦੇ ਨਿਰਮਾਣ ਲਈ, ਤੇਲ 'ਚੋਂ ਧਰਤੀ ਪੂਜ, ਸੱਚੇ ਰੱਬ ਅੱਗੇ ਅਰਦਾਸ ਕਰਕੇ ਜ਼ਮੀਨ ਵਿਚ ਇਕ ਡੂੰਘਾ ਟੋਆ ਪੱੁਟਿਆ ਜਾਂਦਾ ਸੀ | ਖੂਹ ਬਣਾੳੇਣ ਲਈ ਲੱਕੜ ਦਾ ਚੱਕ ਬਣਾਇਆ ਜਾਂਦਾ ਸੀ | ਇਸ ਗੋਲ ਚੱਕ ਨੂੰ ਟੋਏ ਵਿਚ ਭੇਜਿਆ ਜਾਂਦਾ ਸੀ | ਫਿਰ ਉਸ ਚੱਕ ਉੱਤੇ ਇੱਟਾਂ ਨੂੰ ਗੁਲਾਈ ਵਿਚ ਥੱਲੇ ਤੋਂ ਉਪਰ ਵਲ ਉਸਾਰਿਆ ਜਾਂਦਾ ਸੀ | ਉਸਾਰੀ ਪੂਰੀ ਹੋਣ ਉਪਰੰਤ ਗੋਲ ਪੱਕਾ ਮਣ ਬੰਨਿ੍ਹਆ ਜਾਂਦਾ ਸੀ | ਫਿਰ ਖੂਹ ਦਾ ਮਿੱਠਾ ਪਾਣੀ ਨਿਕਲਣ ਦੀ ਖੁਸ਼ੀ ਵਿਚ ਗੁੜ ਵੰਡਿਆ ਜਾਂਦਾ ਸੀ |
ਸਾਡੇ ਬਰਨੇ ਵਾਲੇ ਖੂਹ ਦੀ ਬਣਤਰ ਰੋੜਿਆਂ ਵਾਲੀ ਮਿੱਟੀ ਦੇ ਬਣੇ ਕਰੀਬ ਦਸ ਫੁੱਟ ਉੱਚੇ ਸਮਾਂਨਤਰ ਚੰਨੇ ਹੁੰਦੇ ਸਨ | ਚੰਨਿਆਂ ਉੱਪਰ ਮੋਟਾ ਭਾਰਾ ਕਿੱਕਰ ਜਾਂ ਟਾਹਲੀ ਦਾ ਮਜ਼ਬੂਤ ਸ਼ਤੀਰ ਹੁੰਦਾ ਸੀ | ਇਨ੍ਹਾਂ ਵਿਚਾਲੇ ਦੋ ਗਰਾਰੀਦਾਰ ਲੋਹੇ ਜਾਂ ਲੱਕੜ ਦੇ ਵੱਡੇ ਵੱਡੇ ਢੋਲ ਹੁੰਦੇ ਸਨ, ਜਿਨ੍ਹਾਂ ਵਿਚਕਾਰ ਧੁਰਾ ਜਾਂ ਕਾਜਣ ਹੁੰਦੀ ਸੀ | ਢੋਲ ਵਾਲੀ ਲੱਕੜ ਦੇ ਸਿਰੇ 'ਤੇ ਗਾਧੀ ਹੁੰਦੀ ਸੀ | ਵੱਡੇ ਅਤੇ ਨਿੱਕੇ ਢੋਲ ਦੀਆਂ ਗਰਾਰੀਆਂ ਇਕ ਦੂਸਰੇ ਵਿਚ ਫਸ ਕੇ ਢੋਲਾਂ ਨੂੰ ਹਰਕਤ ਵਿਚ ਲਿਆਉਂਦੀਆਂ ਸਨ | ਗੋਲ ਬੈੜ ਉੱਤੇ ਮਾਹਲ ਨਾਲ ਟਿੰਡਾਂ ਬੰਨ੍ਹੀਆਂ ਹੁੰਦੀਆਂ ਸਨ | ਖੂਹ ਗਿੜਦਾ, ਮਾਹਲ ਘੁੰਮਦੀ | ਟਿੰਡਾਂ ਖੂਹ ਦੇ ਪਾਣੀ ਵਿਚ ਜਾਂਦੀਆਂ ਅਤੇ ਲਿਆਂਦਾ ਭਰਿਆ ਪਾਣੀ ਪਾੜਛੇ ਵਿਚ ਸੁੱਟ, ਟਿੰਡਾਂ ਫਿਰ ਖੂਹ ਵਿਚ ਚਲੀਆਂ ਜਾਂਦੀਆਂ | ਪਾੜਛੇ ਦਾ ਪਾਣੀ ਨਿਸਾਰ (ਪ੍ਰਨਾਲੇ) ਵਿਚੋਂ ਦੀ ਲੰਘਦਾ ਔਲੂ ਵਿਚ ਡਿਗਦਾ ਸੀ | ਅੱਗੋਂ ਇਹ ਪਾਣੀ ਆਡਾਂ ਵਿਚੋਂ ਦੀ ਹੁੰੰਦਾ ਹੋਇਆ ਖੇਤਾਂ 'ਚ ਬੀਜੀ ਫ਼ਸਲ ਨੂੰ ਸਿੰਜਦਾ ਸੀ | ਕਿਸੇ ਸੰਕਟ ਦੇ ਮੱਦੇਨਜ਼ਰ ਕਿਧਰੇ ਖੂਹ ਪੁੱਠਾ ਨਾ ਗਿੜ ਪਵੇ ਇਸਦੇ ਬਚਾ ਲਈ ਕੁੱਤਾ ਫਿੱਟ ਕੀਤਾ ਜਾਂਦਾ ਸੀ | ਖੂਹ ਗਿੜਦਾ ਤਾਂ ਕੁੱਤਾ ਟਿੱਕ ਟਿੱਕ ਦੀ ਆਵਾਜ਼ ਕੱਢਦਾ | ਕੁੱਤੇ ਦੀ ਟਿੱਕ ਟਿੱਕ ਅਜਿਹਾ ਸੰਗੀਤਮਈ ਮਾਹੌਲ ਸਿਰਜਦੀ ਕਿ ਹਰੇ ਭਰੇ ਰੁੱਖਾਂ ਦੀ ਛਾਂ ਹੇਠ ਖੂਹ ਦੀ ਗਾਧੀ ਉੱਤੇ ਬੈਠ ਬਲਦਾਂ ਦੀ ਜੋਗ ਜਾਂ ਅੱਗੇ ਜੁਪੇ ਊਠ ਨੂੰ ਹੱਕ ਰਿਹਾ ਥੱਕਾ ਟੁੱਟਾ ਕਿਸਾਨ ਪਲ ਭਰ ਇਕ ਝਪਕੀ ਵੀ ਲੈ ਲੈਂਦਾ ਸੀ ਕਿਉਂਕਿ ਬਲਦਾਂ ਨੂੰ ਖੋਪੇ ਲੱਗੇ ਹੁੰਦੇ ਸਨ ਜਿਸ ਕਰਕੇ ਉਹ ਤੁਰਦੇ ਰਹਿੰਦੇ ਸਨ |
ਇਸ ਬਰਨੇ ਵਾਲੇ ਖੂਹ 'ਤੇ ਬਰਨੇ ਦੇ ਦਰੱਖਤ ਤੋਂ ਇਲਾਵਾ ਹੋਰ ਵੀ ਹਰੇ-ਭਰੇ ਛਾਂਦਾਰ ਰੁੱਖ ਹੁੰਦੇ ਸਨ | ਇਨ੍ਹਾਂ ਠੰਢੀਆਂ ਛਾਵਾਂ ਹੇਠ ਬੈਠ ਕੇ ਹਾਲੀ ਪਾਲੀ ਆਪਣੀ ਥਕਾਨ ਤੇ ਠੰਢਾ-ਮਿੱਠਾ ਪਾਣੀ ਪੀ ਆਪਣੀ ਪਿਆਸ ਬੁਝਾਉਂਦੇ ਸਨ | ਪਿੰਡ ਦੇ ਨਿਆਈਆਂ ਵਾਲੇ ਖੂਹਾਂ 'ਤੇ ਵੀ ਰੌਣਕ ਲੱਗੀ ਰਹਿੰਦੀ ਸੀ | ਪਿੰਡ ਵਾਸੀ ਤੇ ਰਾਹੀ ਮੁਸਾਫਰ ਇਨ੍ਹਾਂ ਦੇ ਰੁੱਖਾਂ ਦੀਆਂ ਸੰਘਣੀਆਂ ਛਾਵਾਂ ਹੇਠ ਦੁਪਹਿਰਾ ਕੱਟਦੇ, ਹਾਸਾ ਠੱਠ ਕਰਦੇ, ਗੱਪ ਸ਼ੱਪ ਮਾਰਦੇ ਤੇ ਦੁਪਹਿਰ ਦਾ ਖਾਣਾ ਖਾਂਦੇ | ਨਿਰਸੰਦੇਹ ਇਹ ਖੂਹ ਮੇਲ ਜੋਲ ਦਾ ਸਥਾਨ ਹੁੰਦੇ ਸਨ | ਡੇਰਾ ਬਾਬਾ ਨਾਨਕ ਵਿਖੇ ਛੇਨੁੱਕਰਾ ਇਤਿਹਾਸਕ ਖੂਹ ਹੈ | ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਵਡਾਲੀ ਵਿਖੇ ਉਸਾਰੇ ਖੂਹ ਦੇ ਛੇ ਹਰਟ ਚਲਦੇ ਸਨ ਜਿਨ੍ਹਾਂ ਦੇ ਨਾਂਅ 'ਤੇ ਬਾਅਦ ਵਿਚ ਛੇਹਰਟਾ ਸਾਹਿਬ ਕਸਬਾ ਵਸਿਆ | ਅੰਮਿ੍ਤਸਰ ਦੇ ਜਲਿ੍ਹਆਂਵਾਲਾ ਬਾਗ ਅਤੇ ਅਜਨਾਲਾ ਦੇ ਕਾਲਿਆਂ ਵਾਲੇ ਖੂਹ ਦਾ ਇਤਿਹਾਸ ਜੰਗ –ਏ-ਆਜ਼ਾਦੀ ਨਾਲ ਜੁੜਦਾ ਹੈ |
ਖੈਰ ਕਾਸ਼! ਅਸੀਂ ਖੂਹਾਂ ਤੋਂ ਦੂਰ ਨਾ ਹੁੰਦੇ | ਸਾਡੇ ਵਿਸਾਰਨ ਕਰਕੇ ਤੇ ਕੁਝ ਹੱਦ ਤੱਕ ਮਸ਼ੀਨੀ ਯੁੱਗ ਦੀ ਬਦੌਲਤ ਖੂਹ ਉਦਾਸ, ਵੀਰਾਨ ਤੇ ਉੱਜੜ ਗਏ | ਜੇ ਕਿਧਰੇ ਖੂਹਾਂ ਦਾ ਵਜੂਦ ਹੋਵੇਗਾ ਵੀ ਤਾਂ ਕਿਸੇ ਸਰਾਪੇ ਢਹਿ-ਢੇਰੀ ਹੋ ਚੁੱਕੇ ਵਿਰਾਸਤੀ ਖੰਡਰਾਂ ਵਰਗਾ ਹੋਏਗਾ | ਪਾੜਛੇ ਵਿਚ ਟਿੰਡਾਂ 'ਚੋਂ ਡਿਗਦੇ ਪਾਣੀ ਦੇ ਛੁਰਛੁਰ ਦੀ ਸੁਰ ਅਤੇ ਆਡ ਵਿਚ ਵਗ ਰਹੇ ਪਾਣੀ ਦੀ ਮੱਧਮ ਜਿਹੀ ਸਾਂ ਸਾਂ ਦੀ ਸਵਰਲਹਿਰੀ ਵੀ ਗੁੰਮ ਹੋ ਗਈ ਹੈ | ਅੱਜ ਵੀ ਮੇਰੀ ਹਸਰਤ ਹੈ ਕਿ ਮੇਰੇ ਪਿੰਡ ਦਾ ਬਰਨੇ ਵਾਲਾ ਖੂਹ ਵਗਦਾ ਹੋਵੇ | ਮੈਂ ਕੁੱਤੇ ਦੀ ਟਿੱਕ ਟਿੱਕ ਸੁਣਦਾ ਆਪਣੇ ਬਚਪਨ ਨੂੰ ਜਾ ਮਿਲਾਂ ਜਦੋਂ ਮਾੈ ਗਾਧੀ 'ਤੇ ਬੈਠ, ਝੂਟੇ ਲੈਂਦਾ, ਆਪਣੀ ਪਾਠ ਪੁਸਤਕ ਦਾ ਯਾਦ ਕੀਤਾ ਗੀਤ, ਇਹ ਗਾਧੀ ਬਣੀ ਨਵਾਰੀ, ਅੱਗੇ ਵਗਦਾ ਬਲਦ ਹਜ਼ਾਰੀ | ਕਰ ਇਸ ਉੱਤੇ ਅਸਵਾਰੀ, ਭੁੱਲ ਜਾਵਣ ਦੋਵੇਂ ਜੱਗ ਨੀ, ਸਾਡੇ ਖੂਹ 'ਤੇ ਵਸਦਾ ਰੱਬ ਨੀ' (ਪ੍ਰੋ: ਮੋਹਨ ਸਿੰਘ)
ਅਸਾਂ ਖੂਹ ਪੂਰ ਦਿੱਤੇ | ਸਮਾਂ ਤੇ ਮਿਹਨਤ ਬਚਾ ਲਈ-ਟਿਊਬਵੈੱਲ ਸਮਰਸੀਬਲ ਲਗਵਾ ਲਏ ਪਰ ਫਿਰ ਵੀ ਸਾਡੇ ਲੋਕ ਗੀਤਾਂ ਵਿਚ ਅਜੇ ਵੀ ਖੂਹ ਜਿਊਾਦੇ ਹਨ | 'ਖੂਹੇ ਤੋਂ ਪਾਣੀ ਭਰੇਂਦੀਏ ਮੁਟਿਆਰੇ ਨੀ, ਪਾਣੀ ਦਾ ਘੁੱਟ ਪਿਲਾ ਬਾਂਕੀਏ ਨਾਰੇ ਨੀ' |
'ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ', 'ਹਈ ਜਮਾਲੋ ਆ ਜਾ ਤੂਤਾਂ ਵਾਲੇ ਖੂਹ 'ਤੇ', 'ਜੰਗਲ ਦੇ ਵਿਚ ਖੂਹਾ ਲਵਾ ਦੇ ਉੱਤੇ ਪਵਾ ਡੋਲ, ਸਖੀਆ ਨਾਮ ਸਾੲੀਂ ਦਾ ਬੋਲ' | ਬਚਪਨ ਦੀ ਬੁਝਾਰਤ, 'ਆਰ ਢਾਂਗਾ ਪਾਰ ਢਾਂਗਾ ਵਿਚ ਟੱਲਮ-ਟੱਲੀਆਂ , ਆਉਣ ਕੂੰਜਾਂ ਦੇਣ ਬੱਚੇ ਨਦੀ ਨ੍ਹਾਵਣ ਚੱਲੀਆਂ' ਅਸੀਂ ਬੱਚੇ ਬੋਲ ਪੈਂਦੇ, 'ਖੂਹ ਦੀਆਂ ਟਿੰਡਾਂ' | ਜਦੋਂ ਖੂਹ ਹੀ ਨਾ ਰਹੇ ਤਾਂ ਲਗਦਾ, ਮੇਰੇ ਬਚਪਨ ਦੇ ਆੜੀ, ਬਰਨੇ ਵਾਲਾ ਖੂਹ ਵਾਂਗ ਸਾਡਾ ਰੱਬ ਵੀ ਰੁੱਸ ਗਿਆ ਹੋਵੇ | ਕੁਦਰਤ ਨਾਲ ਬੇਵਫ਼ਾਈ ਨੇ ਸਾਨੂੰ ਖੂਹਾਂ ਦੇ ਮਿੱਠੇ, ਸ਼ੁੱਧ ਤੇ ਅੰਮਿ੍ਤ ਵਰਗੇ ਪਾਣੀ ਤੋਂ ਵਾਂਝਾ ਕਰ ਦਿੱਤਾ ਹੈ |

-ਪ੍ਰੀਤਨਗਰ, ਚੋਗਾਵਾਂ-143109 (ਅੰਮਿ੍ਤਸਰ) |
ਮੋਬਾਈਲ : 98140 82217

ਖਾਣ-ਪਦਾਰਥਾਂ ਪ੍ਰਤੀ ਸਹੀ ਅਨੁਭਵ

ਵਿਗਿਆਨ ਸਾਡੇ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ, ਜਿਹੜਾ ਆਮ ਵਰਤੋਂ 'ਚ ਆਉਣ ਦੇ ਬਾਵਜੂਦ ਆਮ ਸੂਝ ਲਈ ਪਰਾਇਆ ਹੈ | ਪੰਡਤਾਈ ਫਿੱਕੇਪਣ 'ਚ ਜਕੜੇ ਰਹਿਣ ਕਾਰਨ ਵਿਗਿਆਨ ਦਾ ਆਮ ਸੂਝ 'ਚ ਸਮਾ ਸਕਣਾ ਅਸਾਨ (ਸੁਖਾਲਾ) ਨਹੀਂ | ਤਦੇ ਇਸ ਪ੍ਰਤੀ ਭਰਮ ਪਾਲੇ ਜਾ ਰਹੇ ਹਨ ਅਤੇ ਅਜਿਹਾ ਉਸ ਖੇਤਰ 'ਚ ਵਿਸ਼ੇਸ਼ ਤੌਰ 'ਤੇ ਹੋ ਰਿਹਾ ਹੈ, ਜਿਸ ਦਾ ਸਿੱਧਾ ਸਬੰਧ ਸਾਡੇ ਆਪਣੇ ਨਾਲ ਹੈ ਅਤੇ ਜਾਂ ਸਾਡੇ ਖਾਣ-ਪੀਣ ਨਾਲ ਹੈ |
ਖਾਣ-ਪਦਾਰਥਾਂ ਦੀ ਪਰਖ ਦੇ ਸਬੰਧ 'ਚ ਮੁਸ਼ਕਿਲ ਇਹ ਵੀ ਹੈ ਕਿ ਇਨ੍ਹਾਂ ਅੰਦਰ ਸਮਾਏ ਪੌਸ਼ਟਿਕ ਤੱਤਾਂ ਦਾ ਵੱਖ-ਵੱਖ ਵਿਅਕਤੀ ਵੱਖ-ਵੱਖ ਲਾਭ ਉਠਾਉਣ ਯੋਗ ਹਨ | ਵਿਰਸੇ 'ਚ ਮਿਲੇ ਜੀਨਾਂ ਦੇ ਉਪਜਾਏ ਐਨਜ਼ਾਇਮਾਂ ਅਨੁਕੂਲ ਹੀ ਵਿਅਕਤੀ ਗ੍ਰਹਿਣ ਕੀਤੇ ਗਏ ਖਾਣ-ਪਦਾਰਥ ਦਾ ਨਿਪਟਾਰਾ ਕਰਨ ਯੋਗ ਹੁੰਦੇ ਹਨ | ਸੰਸਾਰ ਦਾ ਪ੍ਰਭਾਵਸ਼ੀਲ ਵਰਗ ਅਜਿਹਾ ਵੀ ਹੈ, ਜਿਹੜਾ ਦੁੱਧ ਹਜ਼ਮ ਨਹੀਂ ਕਰ ਸਕਦਾ | ਜਿਹੜਾ ਐਨਜ਼ਾਈਮ ਦੁੱਧ ਅੰਦਰਲੇ ਲੈਕਟੋਜ਼ ਦਾ ਨਿਪਟਾਰਾ ਕਰਦਾ ਹੈ, ਉਸ ਨੂੰ ਉਪਜਾਉਂਦਾ ਜੀਨ ਕਈਆਂ ਨੂੰ ਵਿਰਸੇ 'ਚ ਨਹੀਂ ਮਿਲਦਾ | ਇਹੋ ਜਿਹੀ ਸਥਿਤੀ ਵਿਸਕੀ-ਬਰਾਂਡੀ ਦੀ ਵੀ ਹੈ | ਇਨ੍ਹਾਂ ਅੰਦਰ ਸਮਾਈ ਅਲਕੋਹਲ ਦਾ ਨਿਪਟਾਰਾ ਹਾਈਡ੍ਰੋਜੀਨੇਜ਼ ਐਨਜ਼ਾਈਮ ਕਰਦਾ ਹੈ, ਜਿਹੜਾ ਕਈਆਂ 'ਚ ਨਹੀਂ ਹੁੰਦਾ | ਅਜਿਹੇ ਵਿਅਕਤੀ ਜੇਕਰ ਸ਼ਰਾਬ ਪੀਂਦੇ ਹਨ, ਤਦ ਉਹ ਅਗਲੀ ਸਵੇਰ ਸਿਰ ਦੇ ਭਾਰੀਪਣ ਨਾਲ ਫੜੇ ਜਾਗਦੇ ਹਨ | ਅਜਿਹੀ ਹੀ ਸਥਿਤੀ ਭੋਜਨ ਅੰਦਰ ਸਮਾਏ ਹੋਰਨਾਂ ਤੱਤਾਂ ਦੀ ਵੀ ਹੈ | ਇਕ ਵਿਅਕਤੀ ਲਈ ਜੇਕਰ ਇਕ ਖਾਣ-ਪਦਾਰਥ ਲਾਭਦਾਇਕ ਸਿੱਧ ਹੋ ਰਿਹਾ ਹੈ, ਤਾਂ ਦੂਜੇ ਲਈ ਇਹ ਹਾਨੀਕਾਰਕ ਭਾਵੇਂ ਨਾ ਵੀ ਹੋਵੇ ਪਰ ਸੁਖਾਵਾਂ ਵੀ ਸਿੱਧ ਨਹੀਂ ਹੁੰਦਾ | ਹਰ ਇਕ ਵਿਅਕਤੀ ਨੂੰ ਇਸ ਲਈ, ਆਪ ਅਨੁਭਵ ਕਰਨ ਦੀ ਲੋੜ ਹੈ ਕਿ ਕਿਹੜੇ ਕਿਹੜੇ ਖਾਣ-ਪਦਾਰਥ ਗ੍ਰਹਿਣ ਕਰਨਾ ਉਸ ਲਈ ਸਹੀ ਹਨ ਅਤੇ ਕਿਹੜੇ ਨਹੀਂ | ਹਰ ਇਕ ਨੂੰ ਸਹੀ ਖਾਣ-ਪਦਾਰਥਾਂ ਉਪਰ ਨਿਰਭਰ ਹੋਣ ਦੀ ਵੱਧ ਲੋੜ ਹੁੰਦੀ ਹੈ | ਐਨਜ਼ਾਈਮਾਂ ਦੀ ਹੋਂਦ ਅਤੇ ਅਣਹੋਂਦ ਦੇ ਫਰਕ ਕਾਰਨ ਚਿਕਨਾਈ ਵਾਲੇ ਪਦਾਰਥ ਕਈਆਂ ਲਈ ਮੁਟਾਪੇ ਦਾ ਕਾਰਨ ਬਣਦੇ ਰਹਿੰਦੇ ਹਨ ਅਤੇ ਹੋਰ ਇਨ੍ਹਾਂ ਤੋਂ ਪ੍ਰਭਾਵਤ ਨਹੀਂ ਹੁੰਦੇ |
ਆਂਡਿਆਂ, ਵਿਟਾਮਿਨਾਂ, ਚਿਕਨਾਈ ਵਾਲੇ ਪਦਾਰਥਾਂ ਅਤੇ ਗੋਸ਼ਤ ਦੀ ਵਰਤੋਂ ਬਾਰੇ ਵੀ ਰਾਇ ਬਦਲਦੀ ਰਹੀ ਹੈ | ਆਂਡੇ ਨੂੰ , ਮੁਰਗੀ ਦੇ ਆਂਡੇ ਨੂੰ ਵਿਟਾਮਿਨਾਂ, ਪ੍ਰੋਟੀਨਾਂ ਦਾ ਭੰਡਾਰ ਸਮਝ ਕੇ ਲੰਬੇ ਸਮੇਂ ਤੋਂ ਪ੍ਰੋਸਿਆ ਅਤੇ ਖਾਧਾ ਜਾਂਦਾ ਰਿਹਾ ਹੈ | ਪੱਛਮ 'ਚ ਤਾਂ ਇਸ ਨੂੰ ਨਾਸ਼ਤੇ ਦਾ ਅਟੁੱਟ ਭਾਗ ਸਮਝਿਆ ਜਾਂਦਾ ਰਿਹਾ ਹੈ | ਫਿਰ, ਜਦ, ਕੋਲੈਸਟ੍ਰੋਲ ਦੇ ਕਾਰਨ ਹਿਰਦੇ ਰੋਗ ਨਾਲ ਸਬੰਧ ਹੋਣਾ ਸਾਹਮਣੇ ਆਇਆ, ਤਦ ਆਂਡੇ ਲਈ ਵੀ ਖਾਣ-ਪਦਾਰਥ ਵਜੋਂ ਤਿ੍ਸਕਾਰ ਨੇ ਜਨਮ ਲਿਆ | ਇਸੇ ਤੱਤ 'ਚ ਆਂਡੇ ਦੀ ਜ਼ਰਦੀ ਬੜੀ ਭਰਪੂਰ ਹੈ | ਪਰ, ਹੋਰ ਪਿਛੋਂ ਇਹ ਗਿਆਨ ਹੋਇਆ ਕਿ ਆਂਡੇ ਅੰਦਰ ਸਮਾਏ ਕੋਲੈਸਟ੍ਰੋਲ ਦਾ ਨਿਪਟਾਰਾ ਕਰਦਾ ਤੱਤ ਇਸ ਦੀ ਜ਼ਰਦੀ ਅੰਦਰ ਹੀ ਸਮਾਇਆ ਹੁੰਦਾ ਹੈ ਅਤੇ ਨਾਲ ਹੀ ਇਹ ਅਨੁਭਵ ਵੀ ਹੋਇਆ ਕਿ ਸਰੀਰ ਅੰਦਰ ਲਹੂ 'ਚ ਘੁਲੇ ਕੋਲੈਸਟ੍ਰੋਲ ਦਾ ਭੋਜਨ ਦੁਆਰਾ ਪ੍ਰਾਪਤ ਕੀਤੇ ਜਾ ਰਹੇ ਕੋਲੈਸਟ੍ਰੋਲ ਨਾਲ ਕੋਈ ਸਬੰਧ ਨਹੀਂ | ਇਸ ਉਪਰੰਤ ਆਂਡੇ ਨੂੰ ਖਾਣ-ਪਦਾਰਥ ਵਜੋਂ ਮੁੜ ਸਨਮਾਨ ਦਿੱਤਾ ਜਾਣ ਲੱਗਾ ਅਤੇ ਆਂਡੇ ਦੀ ਵਰਤੋਂ ਨਾਮੁਨਾਸਬ ਨਾ ਰਹੀ | ਅਜਿਹੀ ਸਥਿਤੀ ਗੋਸ਼ਤ ਪ੍ਰਤੀ ਵੀ ਪੈਦਾ ਹੋ ਰਹੀ ਹੈ | ਖਾਣ-ਪਦਾਰਥਾਂ ਪ੍ਰਤੀ ਬਦਲਵੀਂ ਸਥਿਤੀ ਦੇ ਆਮ ਸੂਝ ਦਾ ਭਾਗ ਬਣਨ 'ਚ ਸਮਾਂ ਲੱਗ ਜਾਂਦਾ ਹੈ ਅਤੇ ਤਦ ਤੱਕ ਇਹ ਰੁਝਾਨ ਜਾਰੀ ਰਹਿੰਦਾ ਹੈ | ਅੱਜ ਅਜਿਹਾ ਹੀ ਹੋ ਰਿਹਾ ਹੈ |
ਇਸੇ ਤਰ੍ਹਾਂ ਤਿ੍ਪਤ ਚਿਕਨਾਈ, ਭਾਵ ਦੇਸੀ ਘਿਓ-ਮੱਖਣ ਆਦਿ ਬਾਰੇ ਵੀ ਸਾਡੀ ਉਲਝੀ ਹੋਈ ਸੂਝ ਹੈ | ਇਨ੍ਹਾਂ ਨੂੰ ਵੀ ਕੋਲੈਸਟ੍ਰੋਲ ਦਾ ਸ੍ਰੋਤ ਸਮਝ ਕੇ ਤਿ੍ਸਕਾਰਿਆ ਜਾ ਰਿਹਾ ਹੈ, ਹਾਲਾਂਕਿ ਯੁੱਗਾਂ ਤੋਂ ਇਹ ਕਹਾਵਤ ਦੁਹਰਾਈ ਜਾਂਦੀ ਰਹੀ : 'ਸੌ ਦਾਰੂ, ਇਕ ਘਿਓ |' ਇਨ੍ਹਾਂ ਖਾਣ-ਪਦਾਰਥਾਂ ਤੋਂ ਲਾਂਭੇ ਰਹਿਣ ਦੀ ਰਾਇ ਮੁਟਾਪੇ ਤੋਂ ਬਚਣ ਲਈ ਵੀ ਦਿੱਤੀ ਜਾ ਰਹੀ ਹੈ | ਪਰ, ਇਹ ਵੀ ਸਹੀ ਹੈ ਕਿ ਸਰੀਰ ਨੂੰ ਅਰੋਗ ਰੱਖਦੇ ਕੁਝ ਜ਼ਰੂਰੀ ਤੱਤ ਤਿ੍ਪਤ ਅਤੇ ਅਤਿ੍ਪਤ ਚਿਕਨਾਈ ਚੋਂ ਹੀ ਉਪਲਬਧ ਹੋਣ ਯੋਗ ਹਨ, ਹੋਰ ਕਿਧਰੋਂ ਨਹੀਂ | ਇਸ ਕਾਰਨ, ਇਨ੍ਹਾਂ ਦੀ ਵਰਤੋਂ, ਇਨ੍ਹਾਂ ਦੀ ਸੰਜਮੀ ਵਰਤੋਂ ਨੂੰ ਮੁੜ ਜ਼ਰੂਰੀ ਸਮਝਿਆ ਜਾ ਰਿਹਾ ਹੈ | ਉਮੇਗਾ-3 ਚਿਕਨਾ-ਤੇਜ਼ਾਬ ਦਿਲ ਅਤੇ ਦਿਮਾਗ਼ ਦੀ ਅਰੋਗਤਾ ਲਈ ਅਤੀ ਜ਼ਰੂਰੀ ਤੱਤ ਹੈ, ਜਿਸ ਦੇ ਸ੍ਰੋਤ ਹਨ : ਸਰ੍ਹੋਂ (ਤੋਰੀਆ), ਤਿੱਲ, ਅਲਸੀ, ਜੈਤੂਨ, ਅਖ਼ਰੋਟ-ਬਦਾਮ ਅਤੇ ਚਿਕਨਾਈ ਭਰਪੂਰ ਮੱਛੀ | ਅਰੋਗਤਾ ਦਾ ਕਾਰਨ ਬਣਦੇ ਹੋਰ ਜ਼ਰੂਰੀ ਤੱਤ ਵੀ ਤਿ੍ਪਤ ਅਤੇ ਅਤਿ੍ਪਤ ਚਿਕਨਾਈ 'ਚ ਭਰਪੂਰ ਖਾਣ-ਪਦਾਰਥਾਂ ਦੁਆਰਾ ਹੀ ਪ੍ਰਾਪਤ ਕਰਨੇ ਸੰਭਵ ਹਨ, ਜਿਨ੍ਹਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਲੋੜ ਹੈ |
ਸਬਜ਼ੀਆਂ-ਫਲਾਂ ਉਪਰ ਨਿਰਭਰ ਹੋਣ ਬਾਰੇ ਵੀ ਇਹੋ ਸਥਿਤੀ ਹੈ | ਇਨ੍ਹਾਂ ਦੀ ਵਰਤੋਂ ਜ਼ਰੂਰੀ ਹੈ, ਪਰ ਸਿਰਫ਼ ਇਨ੍ਹਾਂ ਉਪਰ ਨਿਰਭਰ ਹੋਇਆਂ ਲੋੜੀਂਦੇ ਕਈ ਤੱਤਾਂ ਲਈ ਸਰੀਰ ਤਰਸਦਾ ਰਹਿ ਜਾਂਦਾ ਹੈ | ਵਿਟਾਮਿਨਾਂ ਦਾ ਅਤੇ ਖਣਿਜ ਪਦਾਰਥਾਂ ਦੇ ਤਾਂ ਇਹ ਵਧੀਆ ਸ੍ਰੋਤ ਹਨ ਪਰ ਇਨ੍ਹਾਂ ਦੁਆਰਾ ਪ੍ਰੋਟੀਨਾਂ ਦਾ ਨਿਰਮਾਣ ਕਰਦੇ ਸਾਰੇ ਐਮਿਨੋ-ਤੇਜ਼ਾਬਾਂ ਦਾ ਪ੍ਰਾਪਤ ਹੋਣਾ ਸੰਭਵ ਨਹੀਂ, ਜਿਹੜੇ ਕਿ ਗੋਸ਼ਤ ਤੋਂ, ਆਂਡਿਆਂ ਤੋਂ ਅਤੇ ਦੁੱਧ-ਦਹੀਂ ਤੋਂ ਮਿਲਦੇ ਹਨ | ਵਿਟਾਮਿਨਾਂ ਦੀਆਂ ਗੋਲੀਆਂ-ਕੈਪਸੂਲਾਂ ਦੇ ਰੂਪ 'ਚ ਉਪਯੋਗ ਕਰਨ ਦੇ ਹੱਕ 'ਚ ਵਿਆਪਕ ਡਾਕਟਰੀ ਰਿਵਾਜ ਭਾਵੇਂ ਹੈ ਪਰ ਵਿਗਿਆਨਕ ਪਰਖ ਇਸ ਦੀ ਹਾਮੀ ਨਹੀਂ ਭਰ ਰਹੀ | ਵਿਟਾਮਿਨਾਂ ਦੀ ਇਸ ਢੰਗ ਨਾਲ ਕੀਤੀ ਜਾ ਰਹੀ ਵਰਤੋਂ ਸਰੀਰ ਲਈ ਲਾਭਦਾਇਕ ਸਿੱਧ ਹੋਣ ਨੂੰ ਪਰਖ ਪ੍ਰਮਾਣਿਤ ਨਹੀਂ ਕਰ ਰਹੀ | ਇਸੇ ਕਾਰਨ ਇਹ ਵਿਚਾਰ ਜੜ੍ਹ ਫੜਦਾ ਜਾ ਰਿਹਾ ਹੈ ਕਿ ਖਾਣ-ਪਦਾਰਥਾਂ ਅਤੇ ਫਲਾਂ-ਸਬਜ਼ੀਆਂ 'ਚ ਸਮਾਏ ਵਿਟਾਮਿਨਾਂ ਦਾ ਤਾਂ ਸਰੀਰ ਸਹੀ ਲਾਭ ਲੈਣ ਯੋਗ ਹੈ, ਜਦ ਕਿ ਸ਼ੁੱਧ ਰੂਪ 'ਚ ਗ੍ਰਹਿਣ ਕੀਤੇ ਜਾ ਰਹੇ ਵਿਟਾਮਿਨਾਂ ਬਾਰੇ ਅਜਿਹਾ ਨਹੀਂ ਹੈ, ਜਿਹੜੇ ਪਚਾਏ ਜਾਣ ਦੀ ਬਜਾਏ ਉਂਜ ਹੀ ਸਰੀਰੋਂ ਬਾਹਰ ਨਿਕਲ ਜਾਂਦੇ ਹਨ | ਰਿੱਧੇ-ਪੱਕੇ ਭੋਜਨ 'ਚ ਵੀ ਵਿਟਾਮਿਨਾਂ ਦੇ ਬਣੇ ਰਹਿਣ ਦੀ ਅਲਪ ਸੰਭਾਵਨਾ ਨਾ ਘੱਟ ਹੁੰਦੀ ਹੈ | ਇਸੇ ਕਾਰਨ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ, ਤਾਜ਼ੇ ਫਲ ਅਤੇ ਸਬਜ਼ੀਆਂ ਉਪਰ ਨਿਰਭਰ ਹੋਣ ਦੀ ਵੱਧ ਲੋੜ ਹੈ ਅਤੇ ਜਾਂ ਫਿਰ ਆਂਦਰਾਂ ਅੰਦਰ ਘਰ ਕਰੀ ਬੈਠੇ ਕੀਟਾਣੂਆਂ ਉਪਰ ਨਿਰਭਰ ਹੋਣ ਦੀ ਲੋੜ ਹੈ | ਇਹ ਕੀਟਾਣੂ ਵਿਟਾਮਿਨਾਂ ਦਾ ਨਿਰਮਾਣ ਕਰਦੇ ਤਾਂ ਆਪਣੇ-ਆਪ ਲਈ ਹਨ ਪਰ ਜਿਹੜੇ ਉਨ੍ਹਾਂ ਦੀ ਲੋੜ ਤੋਂ ਵਾਧੂ ਹੋਣ ਕਰਕੇ, ਸਾਡੇ ਕੰਮ ਵੀ ਆਉਂਦੇ ਰਹਿੰਦੇ ਹਨ | ਐਾਟੀਬਾਇਟਿਕ ਦਵਾਈਆਂ ਦੁਆਰਾ ਆਂਦਰਾਂ ਅੰਦਰਲੇ ਕੀਟਾਣੂ ਨਸ਼ਟ ਹੁੰਦੇ ਰਹਿੰਦੇ ਹਨ ਅਤੇ ਜਦ ਅਜਿਹਾ ਹੋ ਜਾਂਦਾ ਹੈ, ਤਦ ਫਿਰ ਕਾਫੀ ਸਮਾਂ ਸਰੀਰ ਕੀਟਾਣੂਆਂ ਦੇ ਉਪਜਾਏ ਵਿਟਾਮਿਨਾਂ ਲਈ ਤਰਸਦਾ ਰਹਿੰਦਾ ਹੈ | ਰੰਗਦਾਰ ਫਲਾਂ-ਸਬਜ਼ੀਆਂ ਦਾ ਹੋਰਨਾਂ ਦੇ ਟਾਕਰੇ ਵਧੇਰੇ ਉਪਯੋਗ ਕਰਨ ਦੀ ਇਸ ਲਈ ਰਾਇ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਕੀਟਾਣੁੂਆਂ-ਵਿਸ਼ਾਣੂਆਂ ਦੀ ਲਾਗ ਤੋਂ ਬਚਾਓ ਦੇ ਸਾਧਨਾਂ ਨਾਲ ਲੈਸ ਹੁੰਦੇ ਹਨ |
ਅੱਜ ਸਥਿਤੀ ਇਹ ਹੈ ਕਿ ਨਿਰੋਲ ਵੈਸ਼ਨੂੰ ਅਹਾਰ ਉਪਰ ਨਿਰਭਰ ਵਿਅਕਤੀ ਵੀ ਹਿਰਦੇ ਰੋਗ ਅਤੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ | ਇਸ 'ਚ ਦੋਸ਼ ਕੀਟਨਾਸ਼ਕੀ ਸਪਰੇਅ ਦਾ ਹੈ, ਜਿਸ ਦੇ ਅੰਸ਼ ਰੁੱਖਾਂ-ਪੌਦਿਆਂ ਅਤੇ ਫ਼ਸਲਾਂ ਦੀ ਉਪਜ ਅੰਦਰ ਰਚੇ ਰਹਿ ਰਹੇ ਹਨ | ਉਧਰ, ਦੇਸੀ ਘਿਓ, ਮੱਖਣ ਅਤੇ ਮਾਸ ਦੀ ਵਰਤੋਂ ਕਰ ਰਿਹਾ ਹਰ ਇਕ ਵਿਅਕਤੀ ਹਿਰਦੇ ਰੋਗ ਦਾ ਸ਼ਿਕਾਰ ਵੀ ਨਹੀਂ ਹੋ ਰਿਹਾ ਅਤੇ ਨਾ ਹੀ ਅਤਿ੍ਪਤ ਚਿਕਨਾਈ ਰਚੇ ਤਿਲਾਂ-ਤੇਲਾਂ ਦੀ ਵਰਤੋਂ ਕਰ ਰਿਹਾ ਹਰ ਇਕ ਵਿਅਕਤੀ ਇਸ ਰੋਗ ਤੋਂ ਬਚਿਆ ਰਹਿ ਰਿਹਾ ਹੈ | ਸਰੀਰ ਦਾ ਮੋਟਾਪਾ ਘੱਟ ਕਰਨ ਲਈ ਸੁਝਾਏ ਜਾ ਰਹੇ ਸਾਧਨ ਵੀ ਜੇਕਰ ਕੁਝ ਇਕ ਨੂੰ ਰਾਸ ਆ ਰਹੇ ਹਨ, ਤਦ ਹੋਰ ਇਨ੍ਹਾਂ ਦਾ ਲਾਭ ਲੈਣ 'ਚ ਸਫਲ ਨਹੀਂ ਹੋ ਰਹੇ | ਇਸ ਦੇ ਇਹ ਅਰਥ ਹਨ ਕਿ ਖਾਣ-ਪਦਾਰਥਾਂ ਦੇ ਪ੍ਰਸੰਗ 'ਚ ਦਿੱਤੀ ਰਾਇ ਸਭਨਾਂ ਉੱਪਰ ਇਕਸਾਰ ਲਾਗੂ ਨਹੀਂ ਹੋ ਰਹੀ ਅਤੇ ਇਹ ਸਭਨਾਂ ਉੱਪਰ ਇਸ ਲਈ ਇਕਸਾਰ ਲਾਗੂ ਨਹੀਂ ਹੋ ਰਹੀ, ਕਿਉਂਕਿ ਹਰ ਇਕ ਵਿਅਕਤੀ ਇਕ ਦੂਜੇ ਤੋਂ ਭਿੰਨ ਹੈ, ਜਿਹੜਾ ਇਸ ਲਈ ਭਿੰਨ ਹੈ, ਕਿਉਂਕਿ ਹਰ ਇਕ ਨੂੰ ਵੱਖਰੇ ਜੀਨ ਵਿਰਸੇ 'ਚ ਮਿਲਦੇ ਹਨ | ਹਰ ਇਕ ਨੂੰ ਆਪਣੀਆਂ ਸੁਭਾਵਿਕ ਰੁਚੀਆਂ ਨੂੰ ਧਿਆਨ 'ਚ ਰੱਖ ਕੇ ਖਾਣ-ਪਦਾਰਥਾਂ ਦੀ ਨਿੱਜੀ ਪੱਧਰ 'ਤੇ ਚੋਣ ਕਰਨ ਦੀ ਲੋੜ ਹੈ | ਜਿਹੜਾ ਪਦਾਰਥ ਗ੍ਰਹਿਣ ਕੀਤੇ ਜਾਣ ਉਪਰੰਤ ਸੁਖਾਵੇਂਪਣ ਦਾ ਅਹਿਸਾਸ ਕਰਵਾਉਂਦਾ ਹੈ | ਉਸ ਦੀ ਸੰਜਮੀ ਵਰਤੋਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ | ਉਪਲਬਧ ਗਿਆਨ ਦੇ ਪਿਛੋਕੜ 'ਚ ਹੀ ਖਾਣ-ਪਦਾਰਥਾਂ ਪ੍ਰਤੀ ਰਾਇ ਬਣਨੀ ਚਾਹੀਦੀ ਹੈ ਨਾ ਕਿ ਹੋਰਨਾਂ ਦੇ ਕਹੇ-ਕਹਾਏ, ਜਿਵੇਂ ਕਿ ਆਮ ਵਿਆਪਕ ਸਥਿਤੀ ਹੈ |
ਵਿਟਾਮਿਨਾਂ ਦੇ ਪ੍ਰਸੰਗ 'ਚ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ :
ਕਿਸੇ ਵੀ ਵਿਟਾਮਿਨ ਦੀ ਘਾਟ ਨੇ ਰੋਗ ਦਾ ਕਾਰਨ ਬਣਨਾ ਹੀ ਹੁੰਦਾ ਹੈ ਅਤੇ ਰਿੱਧੇ-ਪੱਕੇ ਭੋਜਨ 'ਚ ਸਰੀਰ ਦੀਆਂ ਲੋੜਾਂ ਅਨੁਕੂਲ ਵਿਟਾਮਿਨ ਨਹੀਂ ਹੁੰਦੇ | ਵਿਟਾਮਿਨ ਸਰੀਰ ਨੂੰ ਵੱਖ-ਵੱਖ ਤਰ੍ਹਾਂ ਪ੍ਰਭਾਵਿਤ ਕਰਦੇ ਹਨ | ਪਾਣੀ 'ਚ ਘੁਲਣਸ਼ੀਲ ਵਿਟਾਮਿਨ ਹਨ : ਬੀ ਅਤੇ ਸੀ, ਜਿਹੜੇ ਸਰੀਰ ਵਿਚ ਇਕੱਤਰ ਨਾ ਹੋਣ ਕਰਕੇ, ਨਿੱਤ ਵਰਤੋਂ ਕੀਤੇ ਜਾਣ ਦੀ ਮੰਗ ਕਰਦੇ ਹਨ | ਵਿਟਾਮਿਨ ਬੀ ਦੀਆਂ ਕਈ ਵੰਨਗੀਆਂ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਨਸ-ਪ੍ਰਣਾਲੀ ਨਾਲ ਹੈ ਅਤੇ ਨਸ-ਪ੍ਰਣਾਲੀ ਉਪਰ ਹੀ ਸਮੁੱਚੇ ਸਰੀਰ ਦਾ ਕਿਰਿਆਵੀ-ਸੰਤੁਲਣ ਨਿਰਭਰ ਹੈ | ਹੋਰ ਵਿਟਾਮਿਨ ਚਿਕਨਾਈ 'ਚ ਘੁਲਣਸ਼ੀਲ ਹਨ, ਜਿਨ੍ਹਾਂ ਦਾ ਖੁਸ਼ਕ ਮੇਵੇ ਵਧੀਆ ਸ੍ਰੋਤ ਹਨ | ਸਰੀਰ ਅੰਦਰ ਇਕੱਤਰ ਹੋਣ ਯੋਗ ਹੋਣ ਕਰਕੇ, ਇਨ੍ਹਾਂ ਦਾ ਨਿੱਤ ਉਪਯੋਗ ਜ਼ਰੂਰੀ ਨਹੀਂ | ਵਿਟਾਮਿਨ ਡੀ ਹੱਡੀਆਂ ਨੂੰ ਤੰਦਰੁਸਤ ਰੱਖਦਾ ਹੈ ਅਤੇ ਧੁੱਪ ਸੇਕਿਆਂ ਇਸ ਵਿਟਾਮਿਨ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ | ਆਂਦਰਾਂ 'ਚ ਪਲ ਰਹੇ ਯੀਸਟ-ਕੀਟਾਣੂਆਂ ਦਾ ਸ੍ਰੋਤ ਦਹੀਂ-ਪਨੀਰ ਹਨ ਅਤੇ ਲਗਦੀ ਵਾਹ ਇਨ੍ਹਾਂ ਨੂੰ ਕੀਟਾਣੂ-ਨਾਸ਼ਕ ਦਵਾਈਆਂ ਦੀ ਸੰਜਮੀ ਵਰਤੋਂ ਦੁਆਰਾ ਨਸ਼ਟ ਨਹੀਂ ਹੋਣ ਦੇਣਾ ਚਾਹੀਦਾ |
ਅੱਜ ਸਾਡੇ ਦੁਆਲੇ ਚਿਕਨਾਈ ਅਤੇ ਮਿਠਾਸ 'ਚ ਭਰਪੂਰ ਖਾਣ ਪਦਾਰਥਾਂ ਦੇ ਅੰਬਾਰ ਉਸਰ ਰਹੇ ਹਨ | ਸੁਆਦਲੇ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਵੀ ਉਦਾਰਤਾ ਨਾਲ ਹੋ ਰਹੀ ਹੈ, ਜਦ ਕਿ ਇਨ੍ਹਾਂ 'ਚੋਂ ਰਿਸਦੀ ਊਰਜਾ ਦਾ ਨਿਪਟਾਰਾ ਕਰਨ ਯੋਗ ਸਰਗਰਮੀਆਂ ਦੀ ਆਮ ਘਾਟ ਹੈ | ਇਹ ਵੀ ਕਾਰਨ ਹੈ ਕਿ ਅੱਜ ਮੋਟਾਪਾ ਅਤੇ ਭਿੰਨ-ਭਿੰਨ ਰੋਗ ਪਹਿਲਾਂ ਨਾਲੋਂ ਕਿਧਰੇ ਵੱਧ ਸਮਾਜ ਲਈ ਸਰਾਪ ਬਣ ਰਹੇ ਹਨ | ਅਰੋਗ ਰਹਿਣ ਲਈ ਜੋ ਕੁਝ ਵੀ ਸਰੀਰ ਅੰਦਰ ਸਮਾ ਰਿਹਾ ਹੈ, ਉਸ ਦਾ ਨਿਪਟਾਰਾ ਕਰਨ ਯੋਗ ਸਰੀਰ ਹੋਣਾ ਚਾਹੀਦਾ ਹੈ | ਵਰਜਿਤ ਉਂਜ ਕੁਝ ਵੀ ਨਹੀਂ: ਨਾ ਦੇਸੀ ਘਿਓ, ਨਾ ਬਰਫੀ, ਨਾ ਗੋਸ਼ਤ; ਪਰ ਇਨ੍ਹਾਂ ਦੀ ਸਰੀਰ ਅੰਦਰ ਸਹੀ ਵਰਤੋਂ ਹੋਣੀ ਜ਼ਰੂਰੀ ਹੈ | ਜੇਕਰ ਰੁਝੇਵਿਆਂ ਅਤੇ ਸਰੀਰਕ ਸਰਗਰਮੀਆਂ ਦੁਆਰਾ ਅਜਿਹਾ ਹੁੰਦਾ ਰਹੇ, ਤਦ :
'ਆਗ ਮੇਂ ਭੀ ਫੂਲ ਖਿਲਤੇਂ ਰਹੇਂਗੇ,
ਔਰ ਰੁਖ (ਚਿਹਰਾ) ਪੇ ਬਹਾਰੇਂ ਮਚਲਤੀ ਰਹੇਂਗੀ |'

-ਫੋਨ ਨੰ : 98775-47971

ਅਜੋਕੇ ਪੰਜਾਬੀ ਗੀਤਾਂ ਵਿਚ ਔਰਤ ਦੀ ਪੇਸ਼ਕਾਰੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾੳਣ ਵਾਲੀ', 'ਜੰਨਤ ਦੇ ਪ੍ਰਛਾਵੇਂ ਵਾਲੀ', 'ਜੱਗ ਦੇ ਦਾਤਿਆਂ ਨੂੰ ਜਨਮ ਦੇਣ ਵਾਲੀ ਮਾਂ ਰੂਪੀ ਔਰਤ ਹਾਲੇ ਵੀ ਕੁਝ ਪੰਜਾਬੀ ਗੀਤਾਂ ਦੀ ਜ਼ਿੰਦਾਦਿਲੀ ਦਾ ਪ੍ਰਮਾਣ ਪੇਸ਼ ਕਰਦੀ ਹੈ | ਮਾਂ ਦਾ ਧੀਆਂ-ਪੁੱਤਰਾਂ ਨਾਲ ਰਿਸ਼ਤਾ ਪਾਕਿ-ਪਵਿੱਤਰ ਤੇ ਲਾਡ ਭਰਿਆ ਹੁੰਦਾ ਹੈ | ਧੀਆਂ ਪੁੱਤਰ ਵਿਹੜੇ ਦੀ ਰੌਣਕ ਹੁੰਦੇ ਹਨ ਅਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ 'ਧੀਆਂ ਬਿਨ ਅਕਲ ਨਈ ਆਉਂਦੀ ਪੁੱਤਾਂ ਬਿਨ ਨਾਮ ਨਹੀਂ' | ਮਾਂ-ਧੀ ਅਤੇ ਮਾਂ-ਪੁੱਤਰ ਦਾ ਅਟੁੱਟ ਰਿਸ਼ਤਾ ਪੰਜਾਬੀ ਗੀਤਾਂ ਵਿਚੋਂ ਝਲਕਦਾ ਹੈ : 'ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ, ਅੱਧ ਰਿੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ'; 'ਮਾਵਾਂ-ਮਾਵਾਂ-ਮਾਵਾਂ, ਮਾਂ ਜੰਨਤ ਦਾ ਪਰਛਾਵਾਂ, ਮਾਏ ਤੇਰੇ ਵਿਹੜੇ ਵਿਚ ਰੱਬ ਵਸਦਾ, ਤੈਥੋਂ ਪਲ ਵੀ ਦੂਰ ਨਾ ਜਾਵਾਂ', 'ਮਾਂ ਨੀ ਲੱਭਣੀ ਮੁੜਕੇ ਭਾਵੇਂ ਦੁਨੀਆ 'ਕੱਠੀ ਕਰ ਲਈਾ', 'ਮਾਏਾ ਇਕ ਘਰ ਤੇਰਾ ਜੋੜਿਆ ਤੇ ਇਕ ਜੋੜਨ ਚੱਲੀ ਨੀ' | ਇਸਦੇ ਹੀ ਸਮਵਿਥ ਗੀਤਾਂ ਵਿਚ ਅਜਿਹੀ ਔਰਤ ਵੀ ਪੇਸ਼ ਹੋ ਰਹੀ ਹੈ ਜੋ ਨੋਕ-ਝੋਕ ਅਤੇ ਠਰੰਮੇ ਨਾਲ ਆਪਣੇ ਮਾਹੀ ਅੱਗੇ ਨਾ-ਪੂਰਤੀਯੋਗ ਖਵਾਹਿਸ਼ਾਂ ਜ਼ਾਹਰ ਕਰਦੀ ਹੈ | ਅਜਿਹੀਆਂ ਖਵਾਹਿਸ਼ਾਂ ਉਸਦੇ ਅਵਚੇਤਨ ਵਿਚੋਂ ਸੁਭਾਵਿਕ ਹੀ ਪੈਦਾ ਹੁੰਦੀਆਂ ਹਨ ਜਿਨ੍ਹਾਂ ਨਾਲ ਆਰਥਿਕਤਾ ਬਾਅਦ ਵਿਚ ਜੁੜਦੀ ਹੈ | ਉਂਝ ਉਹ ਪਰਿਵਾਰ ਦੀ ਆਰਥਿਕ ਸਥਿਤੀ ਤੋਂ ਜਾਣੂੰ ਵੀ ਹੈ | ਇਹ ਗੀਤ ਪੇਂਡੂ ਰਹਿਤਲ ਦੀ ਪਰਿਵਾਰਕ ਪੱਧਰ 'ਤੇ ਪੇਸ਼ਕਾਰੀ ਕਰਦੇ ਹਨ:- 'ਵੇ ਮੈਂ ਨਈ ਆਉਣਾ ਜੇ ਨਾ ਆਇਆ ਲੈਣ ਸਫ਼ਾਰੀ ਤੇ, ਅਜੇ ਸਫਾਰੀ ਸਮਝ ਸੋਹਣੀਏਾ 5911 ਨੂੰ ' | ਅਜਿਹੇ ਗੀਤ ਸਾਨੂੰ ਸਾਡੇ ਅਮੀਰ ਪਿਛੋਕੜ ਤੋਂ ਹੀ ਜਾਣੂੰ ਨਹੀ ਕਰਾਉਂਦੇ ਬਲਕਿ ਪਰਿਵਾਰਿਕ ਰਿਸ਼ਤਿਆਂ ਦੀ ਰਹਿਤ-ਮਰਿਆਦਾ ਬਾਰੇ ਵੀ ਜਾਣੂ ਕਰਵਾਉਂਦੇ ਹਨ | ਔਰਤ ਵਰਗ ਦੇ ਮੋਹ ਭਿੱਜੇ ਰਿਸ਼ਤਿਆਂ ਨੂੰ ਪੰਜਾਬੀ ਦੇ ਕੁਝ ਗਾਇਕਾਂ/ਗੀਤਕਾਰਾਂ ਨੇ ਬਾਖੂਬੀ ਬਿਆਨ ਕੀਤਾ ਹੈ | ਪਰਿਵਾਰਕ ਰਿਸ਼ਤਿਆਂ ਵਿਚੋਂ ਨਨਾਣ-ਭਰਜਾਈ ਅਤੇ ਦਿਉਰ-ਭਰਜਾਈ ਦਾ ਰਿਸ਼ਤਾ ਕਾਫੀ ਨੋਕ-ਝੋਕ, ਹਾਸਾ-ਠੱਠਾ, ਮੋਹ-ਮੁਹੱਬਤ ਭਰਿਆ ਹੁੰਦਾ ਹੈ | ਨਨਾਣ-ਭਰਜਾਈ ਇਕੱਠੀਆਂ ਚਰਖਾ ਕੱਤਦੀਆਂ, ਪੀਂਘਾਂ ਝੂਟਦੀਆਂ ਅਤੇ ਵਿਆਹ-ਸ਼ਾਦੀ ਵਿਚ ਖੂਬ ਧਮੱਚੜ ਮਚਾਉਂਦੀਆਂ ਹਨ, 'ਗਿੱਧੇ ਵਿਚ ਉੱਡਦੇ ਪਰਾਂਦੇ ਡੋਰੀਏ, ਦੇ ਲੈ ਗੇੜਾ ਸ਼ੌਕ ਦਾ ਨਨਾਣੇ ਗੋਰੀਏ', 'ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ', 'ਆਜਾ ਨੱਚ ਨਵੀਂਏ ਭਰਜਾਈਏ ਨੀ ਤੇਰੀ ਕਿਹੜੀ ਮਹਿੰਦੀ ਲੱਥਦੀ' |
ਅਜੋਕੇ ਸਿੱਖਿਅਕ ਸਮਾਜ ਵਿਚ ਚੇਤੰਨ ਔਰਤ ਵਰਗ ਔਰਤ ਵਿਰੋਧੀ ਹਨੇਰਗ਼ਰਦੀ ਦਾ ਸਾਹਮਣਾ ਡਟ ਕੇ ਕਰ ਰਿਹਾ ਹੈ | ਆਪਣੇ ਮਾਨਵੀ ਅਧਿਕਾਰਾਂ ਅਤੇ ਫ਼ਰਜ਼ਾਂ ਪ੍ਰਤੀ ਚੇਤੰਨ ਹੋ ਕੇ ਹਰ ਖੇਤਰ ਵਿਚ ਪਹਿਲੀ ਕਤਾਰ ਵਿਚ ਆ ਖੜ੍ਹਾ ਹੋਇਆ ਹੈ ਅਤੇ ਮਰਦਾਵੇਂ ਓਟ-ਆਸਰੇ ਤੋਂ ਬਿਨਾਂ ਵੀ ਸਮਾਜਿਕ/ਸੱਭਿਆਚਾਰਕ ਪੱਧਰ 'ਤੇ ਕੁਝ ਕਰ ਗੁਜ਼ਰਨ ਲਈ ਤਤਪਰ ਹੈ | ਗੁਲਾਮ ਬਿਰਤੀ ਦਾ ਤਿਆਗ ਕਰਕੇ ਔਰਤ ਦਾ ਆਪਣੇ ਅਧਿਕਾਰਾਂ ਪ੍ਰਤੀ ਚੇਤੰਨ ਹੋਣਾ ਸਮੇਂ ਦੀ ਲੋੜ ਬਣ ਗਈ ਹੈ | ਕੁਝ ਪੰਜਾਬੀ ਗੀਤਾਂ ਵਿਚ ਇਹ ਦਰਸਾਇਆ ਗਿਆ ਹੈ ਕਿ ਅਜੋਕੇ ਸਮੇਂ ਪੜ੍ਹੀ-ਲਿਖੀ ਔਰਤ ਮਰਦਾਵੇਂ ਸਮਾਜ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਬਲਕਿ ਇਸਦਾ ਮੂੰਹ ਤੋੜਵਾਂ ਜਵਾਬ ਦੇਵੇਗੀ ਕਿਉਂਕਿ ਉਸ ਦਾ ਸਬੰਧ ਉਸ ਅਮੀਰ ਤੇ ਗੌਰਵਸ਼ਾਲੀ ਵਿਰਾਸਤ ਨਾਲ ਹੈ ਜਿਸ ਵਿਚ ਜ਼ੁਲਮ ਕਰਨਾ ਹੀ ਪਾਪ ਨਹੀਂ, ਸਗੋਂ ਜ਼ੁਲਮ ਸਹਿਣਾ ਵੀ ਪਾਪ ਹੈ | ਉਸਨੂੰ ਆਪਣੀ ਲੱਜ 'ਤੇ ਬਾਬਲ ਦੀ ਪੱਗ ਦਾ ਪੂਰਾ ਿਖ਼ਆਲ ਹੈ |
'ਤੇਰਾ ਹੱਕ ਜੋ ਖੋਹਵੇ ਉਹਨੂੰ ਸਬਕ ਸਿਖਾ ਲੈ ਤੂੰ,
ਤੇਰੇ 'ਤੇ ਕੋਈ ਜ਼ੁਲਮ ਕਰੇ ਤਲਵਾਰ ਉਠਾ ਲੈ ਤੂੰ,
ਕੁੜੀਏ ਮੇਰੇ ਦੇਸ਼ ਦੀਏ ਤਕਦੀਰ ਬਣਾ ਲੈ ਤੂੰ' |
ਵਿਸ਼ਵੀਕਰਨ ਦੀ ਪ੍ਰਭਾਵ ਤੋਂ ਕੋਈ ਵੀ ਸੱਭਿਆਚਾਰ ਜਾਂ ਸਾਹਿਤਕ ਵਿਧਾ ਅਭਿੱਜ ਨਹੀਂ ਰਹੀ | ਸੋ, ਇਸੇ ਕਾਰਨ ਪੰਜਾਬੀ ਗੀਤਾਂ ਅਤੇ ਇਨ੍ਹਾਂ ਦੇ ਫ਼ਿਲਮਾਂਕਣ ਵਿਚ ਘੜਿਆ ਜਾ ਰਿਹਾ ਨਾਰੀ-ਬਿੰਬ ਉੱਭਰਨ ਦੀ ਥਾਂ ਨਿਘਾਰ ਵੱਲ ਜਾ ਰਿਹਾ ਹੈ | ਅਜੋਕੇ ਗੀਤਾਂ ਵਿਚ ਨਾਰੀ ਦਾ ਜੋ ਮਾਡਲ ਘੜਿਆ ਜਾ ਰਿਹਾ ਹੈ ਉਹ ਯਥਾਰਥ ਪੱਖੋਂ ਕੋਹਾਂ ਦੂਰ ਹੈ | ਔਰਤ ਵਿਰੋਧੀ ਗੀਤਾਂ ਨੇ ਸਮਾਜਿਕ ਹਲਕਿਆਂ ਵਿਚ ਵਿਕਰਾਲ ਛਾਪ ਛੱਡੀ ਹੈ ਜਿਸ ਨੇੇ ਔਰਤ ਦੀ ਹੋਂਦ ਨੂੰ ਢਾਹ ਲਾਈ ਹੈ | ਅਜਿਹੇ ਗੀਤ ਸਮਾਜ ਨੂੰ ਗੰਧਲਾ ਹੀ ਨਹੀਂ ਕਰਦੇ ਸਗੋਂ ਨਾਰੀ-ਸ਼ਕਤੀ ਦਾ ਦਮਨ ਵੀ ਕਰਦੇ ਹਨ | ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਕੋਲ ਔਰਤ ਦੀ ਕੋਝੀ ਖੁਸ਼ਾਮਦ ਕਰਨ ਤੋਂ ਇਲਾਵਾ ਹੋਰ ਸਮਾਜਿਕ ਵਿਸ਼ੇ ਮੁੱਕ ਹੀ ਗਏ ਹੋਣ | ਵਿਡੰਬਨਾ ਹੈ ਕਿ ਜ਼ਿਆਦਾਤਰ ਗਿਣਤੀ ਹੀ ਅਜਿਹੇ ਗੀਤਾਂ ਦੀ ਹੈ ਜਿਸ ਵਿਚ ਔਰਤ ਕੇਂਦਰਿਤ ਹੈ | ਉਸ ਨੂੰ ਸਮਾਜਿਕ ਪੱਧਰ 'ਤੇ ਨਹੀਂ ਬਲਕਿ ਜਿਸਮਾਨੀ ਤੌਰ 'ਤੇ ਹੀ ਪੇਸ਼ ਕੀਤਾ ਜਾਂਦਾ ਹੈ | ਅਜਿਹੇ ਗੀਤ ਜਦੋਂ ਮਾਰਕੀਟ ਵਿਚ ਪੇਸ਼ ਹੋ ਕੇ ਟੀ ਵੀ ਚੈਨਲਾਂ 'ਤੇ ਪ੍ਰਸਾਰਿਤ ਹੁੰਦੇ ਹਨ ਤਾਂ ਇਥੇ ਧੀਆਂ ਦੇ ਮਾਪਿਆਂ ਦੇ ਮਨਾਂ ਵਿਚ ਕਿਸ ਤਰਾਂ ਦੇ ਵਿਚਾਰ ਪੈਦਾ ਹੁੰਦੇ ਹੋਣਗੇ ਇਸ ਤੋਂ ਅਸੀਂ ਭਲੀ-ਭਾਂਤ ਵਾਕਿਫ਼ ਹਾਂ | ਕੀ ਕੋਈ ਮਾਂ-ਬਾਪ ਆਪਣੀ ਧੀ ਦੇ ਕਾਲਜ ਦੀ ਕੰਧ 'ਤੇ ਲਿਖੇ ਨਾਂਅ ਅਤੇ ਆਪਣੀ ਧੀ ਦੇ ਨਾਂਅ 'ਤੇ ਪਏ ਮੁੰਡਿਆਂ ਵਿਚ ਵੈਰ ਦੀ ਗੱਲ ਨੂੰ ਸਵੀਕਾਰ ਕਰ ਸਕਦਾ ਹੈ | ਅਜਿਹੇ ਗੀਤਾਂ ਨੇ ਸੂਝਵਾਨ ਲੋਕਾਂ ਦੇ ਮਨਾਂ ਵਿਚ ਬਹੁਤ ਪ੍ਰਸ਼ਨ ਪੈਦਾ ਕੀਤੇ ਹਨ ਜਿਨ੍ਹਾਂ ਦਾ ਹੱਲ ਅਤਿ ਜ਼ਰੂਰੀ ਹੈ | ਅੱਜ ਵੀ ਔਰਤ ਸ਼ੋਸ਼ਕਾਂ ਹੱਥੋਂ ਸ਼ੋਸ਼ਿਤ ਹੋ ਰਹੀ ਹੈ | ਨਾਰੀ-ਦਮਨ ਲਈ ਨਵੇਂ ਛੜਯੰਤਰ ਰਚੇ ਜਾ ਰਹੇ ਹਨ | ਔਰਤ ਅਕਸ ਪ੍ਰਤੀ ਗੀਤਾਂ ਵਿਚ ਹੋ ਰਹੀਆਂ ਵਧੀਕੀਆਂ ਨੂੰ ਨਕੇਲ ਪਾਉਣਾ ਅਤਿ ਜ਼ਰੂਰੀ ਹੈ | ਜੇਕਰ ਇਹ ਧੁੰਧੂਕਾਰਾ ਇਵੇਂ ਹੀ ਚਲਦਾ ਰਿਹਾ ਤਾ ਭਵਿੱਖ ਵਿਚ ਇਸ ਦੇ ਹੋਰ ਵੀ ਮਾਰੂ ਨਤੀਜੇ ਦੇਖਣ ਨੂੰ ਮਿਲਣਗੇ | ਗਲੈਮਰ ਦੇ ਨਾਂ 'ਤੇ ਔਰਤ ਨੂੰ ਗੀਤਾਂ ਵਿਚ ਵਸਤ ਵਾਂਗ ਨਹੀਂ ਬਲਕਿ ਮਾਣ ਮਰਿਆਦਾ ਨਾਲ ਪੇਸ਼ ਕੀਤਾ ਜਾਵੇ | ਗਾਇਕ/ਗੀਤਕਾਰ/ਵੀਡੀਓ ਡਾਇਰੈਕਟਰ ਇਹ ਗੱਲ ਯਾਦ ਰੱਖਣ ਕਿ ਜਿਸ ਔਰਤ ਨੂੰ ਉਹ ਹਥਿਆਰ ਬਣਾ ਕੇ ਦੌਲਤ ਪ੍ਰਾਪਤੀ ਹਿਤ ਪੇਸ਼ ਕਰ ਰਹੇ ਹਨ, ਉਹ ਜੱਗ-ਜਣਨੀ ਹੈ | ਚੰਦ ਸਿੱਕਿਆਂ ਖਾਤਰ ਜੱਗ-ਜਣਨੀ ਨੂੰ ਹਥਿਆਰ ਬਣਾਉਣ ਤੋਂ ਗੁਰੇਜ਼ ਕਰਨ | ਸਾਫ-ਸੁਥਰੇ ਸੱਭਿਅਕ ਗੀਤ ਗਾ ਤੇ ਫ਼ਿਲਮਾਂ ਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ | ਪੰਜਾਬ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਵੀ ਇਸ ਵੱਲ ਧਿਆਨ ਦੇਵੇ | ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਗੀਤਾਂ ਦਾ ਵਿਰੋਧ ਆਪਣੇ-ਆਪਣੇ ਪੱਧਰ 'ਤੇ ਕਰਨ | ਜੇਕਰ ਇਕ ਗ਼ੈਰ-ਪੰਜਾਬੀ ਪੰਡਿਤ ਰਾਉ ਧਰੇਨਵਰ ਅਜਿਹੇ ਗੀਤਾਂ ਦਾ ਵਿਰੋਧ ਮਾਣਯੋਗ ਹਾਈ ਕੋਰਟ ਤੱਕ ਜਾ ਕੇ ਕਰ ਸਕਦਾ ਹੈ ਤਾਂ ਸਾਨੂੰ ਫਿਰ ਕੀ ਸੱਪ ਸੁੰਘਿਆ ਹੈ, ਅਸੀਂ ਕਿਉਂ ਚੁੱਪ ਹਾਂ | (ਸਮਾਪਤ)

-ਪਿੰਡ-ਜੋਗਾਨੰਦ, ਜ਼ਿਲ੍ਹਾ-ਬਠਿੰਡਾ
ਸੰਪਰਕ-70097-28427.

ਕੌੜੀ ਮਿੱਠੀ ਯਾਦ

ਕਾਫੀ ਸਾਲ ਪਹਿਲਾਂ ਦੀ ਗੱਲ ਹੈ | ਪਿਛਲੀ ਸਦੀ ਆਪਣੇ ਅੱਧ ਤੋਂ 2-3 ਦਹਾਕੇ ਅੱਗੇ ਨਿਕਲ ਆਈ ਸੀ | ਮੈਂ ਉਦੋਂ ਬਹੁਤ ਛੋਟੀ ਸਾਂ, ਸਿਰਫ਼ 6-7 ਸਾਲ ਦੀ | ਅਸੀਂ 6 ਭੈਣ-ਭਰਾ ਸਾਂ | ਆਪਣੇ ਦਾਦਾ-ਦਾਦੀ ਨਾਲ ਪਿੰਡ ਵਿਚ ਰਹਿੰਦੇ ਸਾਂ | ਪਿਤਾ ਜੀ ਬਾਹਰ ਨੌਕਰੀ ਕਰਦੇ ਸਨ, ਸਾਡੇ ਪਿੰਡ ਵਿਚ ਕੋਈ ਸਕੂਲ ਨਹੀਂ ਸੀ | ਮੇਰਾ ਵੱਡਾ ਭਰਾ ਨਾਲ ਦੇ ਪਿੰਡ ਪੜ੍ਹਨ ਜਾਂਦਾ ਸੀ | ਕੁੜੀਆਂ ਨੂੰ ਤਾਂ ਕੋਈ ਪੜ੍ਹਾਉਂਦਾ ਹੀ ਨਹੀਂ ਸੀ | ਮੈਂ ਕਦੇ ਨਾਨਕੇ ਚਲੀ ਜਾਂਦੀ, ਕਦੇ ਕਿਸੇ ਭੂਆ ਦੇ ਘਰ, ਚਾਰ-ਚਾਰ ਭੂਆ ਸਨ | ਮੈਨੂੰ ਆਪਣੇ ਘਰ ਤਾਂ ਘੱਟ ਹੀ ਟਿਕਣਾ ਮਿਲਦਾ ਸੀ | ਜ਼ਿਆਦਾ ਤਾਂ ਮੈਂ ਨਾਨਕੇ ਹੀ ਰਹਿੰਦੀ | ਮੇਰੀਆਂ ਦੋ ਜਵਾਨ ਕੁਆਰੀਆਂ ਮਾਸੀਆਂ ਸਨ ਤੇ ਦੋ ਮਾਮੇ | ਉਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਤੇ ਹਰ ਵੇਲੇ ਬਸ ਮੈਨੂੰ ਗੋਦੀ ਚੁੱਕੀ ਰੱਖਦੇ |
ਮਾਤਾ ਨੈਣਾ ਦੇਵੀ ਦਾ ਮੰਦਰ ਸਾਡੇ ਪਿੰਡ ਤੋਂ 30-35 ਕਿਲੋਮੀਟਰ ਦੀ ਦੂਰੀ 'ਤੇ ਹੈ ਤੇ ਹਰ ਸਾਲ ਨੈਣਾ ਦੇਵੀ ਦੇ ਚਾਲੇ (ਮੇਲਾ) 'ਤੇ ਜਾਣ ਵਾਲੇ ਲੋਕ ਸਾਡੇ ਪਿੰਡ ਵਿਚੋਂ ਦੀ ਹੋ ਕੇ ਲੰਘਦੇ ਹਨ | ਜਿਹੜਿਆਂ ਦੀਆਂ ਵੱਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ, ਉਹ ਪੈਦਲ ਚਲ ਕੇ ਮਾਤਾ ਦੇ ਮੰਦਰ ਹਾਜ਼ਰ ਹੋ ਕੇ ਮੱਥਾ ਟੇਕਦੇ ਹਨ | ਉਨ੍ਹਾਂ ਨੂੰ ਡੰਡੋਤੀਏ ਕਹਿੰਦੇ ਹਨ, ਉਂਜ ਕਈ ਕਈ ਮਹੀਨੇ ਪਹਿਲਾਂ ਹੀ ਚੱਲ ਪੈਂਦੇ ਹਨ, ਇਹ ਯਾਤਰਾ ਬੜੀ ਔਖੀ ਹੈ, ਉਹ ਜ਼ਮੀਨ 'ਤੇ ਲੇਟ ਕੇ ਲਕੀਰ ਖਿਚਦੇ ਹਨ, ਫੇਰ ਖੜ੍ਹੇ ਹੋ ਕੇ ਮੱਥਾ ਟੇਕਦੇ ਹਨ ਤੇ ਫੇਰ ਲਕੀਰ, ਬਸ ਇਸੇ ਤਰ੍ਹਾਂ ਪੂਰੀ ਯਾਤਰਾ ਕਰਦੇ ਹਨ | ਉਨ੍ਹਾਂ ਦੇ ਨਾਲ ਇਕ ਬੰਦਾ ਚਲਦਾ ਹੈ, ਜਿਹੜਾ ਕਿ ਉਨ੍ਹਾਂ ਦੇ ਕੱਪੜੇ ਸੰਭਾਲਦਾ ਤੇ ਖਾਣ-ਪੀਣ ਦਾ ਧਿਆਨ ਰੱਖਦਾ ਹੈ |
ਇਕ ਦਿਨ ਸਵੇਰੇ-ਸਵੇਰੇ ਹੀ ਵੱਡਾ ਮਾਮਾ (ਵੈਸੇ ਉਹ ਏਨਾ ਵੱਡਾ ਵੀ ਨਹੀਂ ਸੀ, ਇਹੀ ਕੋਈ 15-16 ਸਾਲ ਦਾ ਹੋਵੇਗਾ), ਸਾਡੇ ਪਿੰਡ ਆ ਗਿਆ | ਭਾਈ ਨੂੰ ਦੇਖ ਕੇ ਮੇਰੀ ਮਾਂ ਬਹੁਤ ਖੁਸ਼ ਹੋ ਗਈ | ਵਧੀਆ ਜੇਹੀ ਰੋਟੀ ਬਣਾ ਕੇ ਖੁਆਈ ਤੇ ਘਰ ਦੇ ਬਾਕੀ ਮੈਂਬਰਾਂ ਦਾ ਹਾਲ ਪੁੱਛਿਆ | ਮਾਮੇ ਨੇ ਦੱਸਿਆ ਕਿ ਉਹ ਮਾਤਾ ਨੈਣਾ ਦੇਵੀ ਦੇ ਮੰਦਰ ਮੱਥਾ ਟੇਕਣ ਜਾ ਰਿਹਾ ਹੈ, ਮੇਰੀ ਮਾਂ ਬਹੁਤ ਖ਼ੁਸ਼ ਹੋ ਗਈ ਤੇ ਉਸ ਨੇ ਫਟਾਫਟ ਬੇਸਣ ਦੇ ਲੱਡੂ ਬਣਾ ਕੇ, ਮਾਮੇ ਦੇ ਝੋਲੇ ਵਿਚ ਪਾ ਦਿੱਤੇ ਤੇ ਕਿਹਾ, ਲੈ ਵੀਰਾ ਰਸਤੇ ਵਿਚ ਭੁੱਖ ਲੱਗੇ ਤਾਂ ਖਾ ਲਵੀਂ ਤੇ ਹੋਰ ਵੀ ਆਸੇ-ਪਾਸੇ ਵਾਲਿਆਂ ਨੂੰ ਵੰਡ ਦੇੲੀਂ, ਮੇਲੇ ਤੋਂ ਹਟਦਾ ਹੋਇਆ, ਪ੍ਰਸ਼ਾਦ ਜ਼ਰੂਰ ਲੈ ਕੇ ਆਵੀਂ |' ਅਸੀਂ ਸਾਰੇ ਬੱਚੇ ਵੀ ਆਸ-ਪਾਸ ਹੀ ਖੇਲ ਰਹੇ ਸਾਂ | ਮੇਰੇ ਕੰਨ ਵਿਚ ਜਿਵੇਂ ਹੀ ਮੇਲੇ ਦਾ ਨਾਂਅ ਪਿਆ, ਮੈਨੂੰ ਤਾਂ ਚਾਅ ਚੜ੍ਹ ਗਿਆ, ਕਿਉਂਕਿ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਕੁਰਾਲੀ ਤੇ ਬਿੰਦਰੱਖ ਦੇ ਮੇਲੇ 'ਤੇ ਜਾਂਦੇ ਦੇਖਿਆ ਸੀ | ਉਹ ਉਥੋਂ ਬੜੀਆਂ ਸਾਰੀਆਂ ਚੀਜ਼ਾਂ ਲਿਆਉਂਦੇ ਸਨ, ਜਿਵੇਂ ਖੰਡ ਦੇ ਖਿਡਾਉਣੇ, ਖੱਟੀਆਂ ਮਿੱਠੀਆਂ ਗੋਲੀਆਂ, ਛੋਟੇ-ਛੋਟੇ ਲੱਕੜੀ ਦੇ ਗਡੀਰਨੇ, ਗੁਬਾਰੇ, ਚਿੜੀਆਂ, ਤੋਤੇ ਤੇ ਸਾਡੇ ਵਰਗੇ ਨਿਆਣੇ ਕਈ-ਕਈ ਦਿਨਾਂ ਤੱਕ ਗੋਲ-ਗੋਲ ਘੰੁਮਦੇ ਹੋਏ ਝੂਲਿਆਂ ਦੀਆਂ ਗੱਲਾਂ ਕਰਦੇ ਰਹਿੰਦੇ | ਹੱਸਦੇ-ਹੱਸਦੇ ਜਾਂਦੇ ਤੇ ਹੱਸਦੇ ਖੇਡਦੇ ਹੋਏ ਵਾਪਸ ਆਉਂਦੇ |
ਬਸ ਜੀ ਮੈਂ ਤਾਂ ਮਗਰ ਪੈ ਗਈ ਬਈ ਮੈਂ ਵੀ ਮਾਮੇ ਦੇ ਨਾਲ ਮੇਲੇ 'ਤੇ ਜਾਣਾ ਹੈ | ਸਭ ਨੇ ਮਨ੍ਹਾਂ ਕੀਤਾ | ਦਾਦੀ ਨੇ ਮੈਨੂੰ ਵਾਲਾਂ ਤੋਂ ਫੜ ਕੇ ਝਿੜਕਿਆ, ਸਿਰ ਮੰੁਨੀਏ, ਖ਼ਬਰਦਾਰ ਜੇ ਮੁੜ ਕੇ ਮੇਲੇ ਦਾ ਨਾਂਅ ਲਿਆ ਤਾਂ ਤੇਰੀਆਂ ਇਹ ਮਝੀਟੀਆਂ (ਮੀਂਡੀਆਂ) ਜੇਹੀਆਂ ਪੁੱਟ ਕੇ ਤੈਨੂੰ ਟੋਭੇ ਵਿਚ ਸੁੱਟ ਦੰੂਗੀ | ਲੈ ਫੜ ਕੁੜੇ ਸੁਰਜੀਤ ਕੁਰੇ (ਮੇਰੀ ਮਾਂ) ਇਹਨੂੰ ਪਰ੍ਹੇ ਲੈ ਜਾਹ | ਇਹ ਨਿਆਣਾ ਇਹਨੂੰ ਗੈਲ (ਨਾਲ) ਲਜਾ ਕੇ ਕਿਥੇ ਵਰਾਨ ਹੰੁਦਾ ਫਿਰੂਗਾ | ਮੇਰੀ ਮਾਂ ਨੇ ਵੀ ਬਥੇਰਾ ਰੋਕਿਆ, ਪਿਆਰ, ਪੁਚਕਾਰ ਨਾਲ ਵੀ ਤੇ ਇਕ-ਦੋ ਪੋਲੇ-ਪੋਲੇ ਥੱਪੜ ਵੀ ਲਾਏ | ਪਰ ਕਿੱਥੇ ਜੀ, ਮੈਨੂੰ ਵੀ ਜ਼ਿੱਦ ਚੜ੍ਹ ਗਈ, ਬਈ ਅੱਜ ਤਾਂ ਮਾਮੇ ਨਾਲ ਜ਼ਰੂਰ ਜਾਣਾ ਹੈ | ਕੱਚੇ ਵਿਹੜੇ ਵਿਚ ਨਾਲੇ ਲਿਟਾਂ ਤੇ ਨਾਲੇ ਜ਼ੋਰ-ਜ਼ੋਰ ਦੀ ਰੋਵਾਂ | ਆਸੇ ਪਾਸੇ ਦੀਆਂ ਹੋਰ ਵੀ ਔਰਤਾਂ 'ਕੱਠੀਆਂ ਹੋ ਗਈਆਂ | ਅਖੀਰ ਮੇਰੇ ਮਾਮੇ ਨੂੰ ਤਰਸ ਆ ਗਿਆ, ਉਸ ਨੇ ਤਰਲੇ ਜਿਹੇ ਨਾਲ ਕਿਹਾ, ਚੱਲ ਬੀਬੀ ਚਲੀ ਜਾਣ ਦੇ ਨਿਆਣੀ ਨੂੰ | ਦੇਖ ਤਾਂ ਰੋ-ਰੋ ਕੇ ਕਿਵੇਂ ਬੇਹਾਲ ਹੋਣ ਡਹੀ ਹੈ | ਚਾਰ-ਪੰਜ ਘੰਟਿਆਂ ਦੀ ਤਾਂ ਗੱਲ ਹੈ, ਸਾਰੀ ਸੰਝ ਨੂੰ ਅਸੀਂ ਘਰ ਮੁੜ ਆਉਣਾ ਹੈ | ਮੇਰੀ ਮਾਂ ਨੇ ਬੇਦਿਲੀ ਜੇਹੀ ਨਾਲ ਮੇਰਾ ਮੰੂਹ ਹੱਥ-ਧੋ ਕੇ ਨਵੇਂ ਕੱਪੜੇ ਪੁਆ ਕੇ ਤੇ ਛੋਟੀਆਂ-ਛੋਟੀਆਂ ਦੋ ਗੁੱਤਾਂ ਕਰਕੇ ਮੈਨੂੰ ਮਾਮੇ ਦੇ ਨਾਲ ਤੋਰੇ ਦਿੱਤਾ ਪਰ ਨਾਲ ਹੀ ਚਿਤਾਵਨੀ ਵੀ ਦੇ ਦਿੱਤੀ | ਵੀਰੇ ਇਸ ਦੀ ਉਂਗਲੀ ਨਾ ਛੱਡੀਂ | ਇਹ ਬਹੁਤ ਅੱਥਰੀ ਹੈ | ਇਹੋ ਜਿਹੇ ਮੇਲੇ ਠੇਲੇ ਵਿਚ ਨਿਆਣੇ ਉਹੀਓ ਔਟਲ (ਗੰੁਮ) ਜਾਂਦੇ ਨੇ | ਤੂੰ ਇਸ ਦਾ ਭੋਰਾ ਵਸਾਹ ਨਾ ਖਾੲੀਂ | ਮਾਮੇ ਨੇ ਉਸ ਨੂੰ ਭਰੋਸਾ ਦੁਆਇਆ | ਬੀਬੀ ਤੂੰ ਜਮਾਂ ੲੀਂ (ਉੱਕਾ ਹੀ) ਚਿੰਤਾ ਨਾ ਕਰ | ਮੈਂ ਤੇਰੀ ਕੁੜੀ ਪੂਰੀ ਸਾਬਤੀ ਸਬੂਤੀ ਲਿਆ ਕੇ ਤੇਰੇ ਹੱਥ ਫੜਾਊਾ, ਚੰਗਾ ਤੂੰ ਹੁਣ ਸਾਨੂੰ ਜਾਣਦੇ |
ਰੋਪੜ ਜਿਥੋਂ ਅਸੀਂ ਬੱਸ ਫੜਨੀ ਸੀ | ਉਹ ਸਾਡੇ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ 'ਤੇ ਹੈ | ਉਦੋਂ ਕਿਹੜੇ ਮਿੰਨੀ ਬੱਸਾਂ ਜਾਂ ਟੈਂਪੂ ਚਲਦੇ ਸੀ, ਪੈਦਲ ਹੀ ਜਾਣਾ ਪੈਂਦਾ ਸੀ, ਮੈਂ ਨੱਚਦੀ-ਟੱਪਦੀ ਮਾਮੇ ਦੇ ਨਾਲ ਤੁਰ ਪਈ | ਕਦੇ ਉਹ ਮੈਨੂੰ ਗੋਦੀ ਚੁੱਕ ਲੈਂਦਾ, ਕਦੇ ਉਂਗਲੀ ਫੜ ਕੇ ਨਾਲ ਤੋਰ ਲੈਂਦਾ | ਅਸੀਂ ਰੋਪੜ ਤੋਂ ਬੱਸ ਲੈ ਕੇ 'ਕੌਲਾਂ ਵਾਲੇ ਟੋਭੇ' ਪੁੱਜ ਗਏ | ਉਥੋਂ ਮਾਤਾ ਦੇ ਮੰਦਰ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ | ਉਦੋਂ ਤਾਂ ਅੱਜ ਵਾਂਗੂੰ ਪੱਕੀਆਂ ਤੇ ਸਾਫ-ਸੁਥਰੀਆਂ ਪੌੜੀਆਂ ਨਹੀਂ ਸਨ ਬਣੀਆਂ ਹੋਈਆਂ | ਉਬੜ-ਖਾਬੜ ਪਥਰੀਲੀ ਪਹਾੜੀ ਚੜ੍ਹਾਈ ਸੀ | ਬੜੀ ਮੁਸ਼ਕਿਲ ਨਾਲ ਚੜ੍ਹ ਕੇ ਅਸੀਂ ਮੰਦਰ ਪੁੱਜੇ ਤੇ ਮੱਥਾ ਟੇਕਿਆ | ਮਾਮੇ ਨੇ ਫਟਾਫਟ ਫੁੱਲੀਆਂ ਤੇ ਪਤਾਸਿਆਂ ਦਾ ਪ੍ਰਸਾਦ ਲੈ ਕੇ ਝੋਲੇ ਵਿਚ ਪਾਇਆ ਤੇ ਮੇਰੀ ਉਂਗਲੀ ਫੜ ਕੇ ਹੇਠਾਂ ਉਤਰਨ ਦੀ ਕੀਤੀ | ਉਥੇ ਆਸ-ਪਾਸ ਅੱਜ ਵਾਂਗੂੰ ਨਾ ਕਿਤੇ ਗੋਲ-ਗੋਲ ਘੰੁਮਦੇ ਝੂਲੇ ਸਨ, ਨਾ ਗੁਬਾਰੇ, ਨਾ ਹੋਰ ਕੋਈ ਖਾਣ-ਪੀਣ ਦੀਆਂ ਚੀਜ਼ਾਂ | ਮੈਂ ਸੋਚ ਰਹੀ ਸਾਂ, ਬਈ ਉਹ ਅੱਗੇ ਸਾਨੂੰ ਕਿਤੇ ਰਾਹ ਵਿਚ ਮਿਲਣਗੀਆਂ | ਉਤਰਦੇ-ਉਤਰਦੇ ਅਸੀਂ ਦੋਵੇਂ ਬੁਰੀ ਤਰ੍ਹਾਂ ਥੱਕ ਗਏ ਸਾਂ | ਕੌਲਾਂ ਵਾਲੇ ਟੋਭੇ 'ਤੇ ਪੁੱਜ ਕੇ ਮਾਮੇ ਨੇ ਇਕ ਚਾਹ ਵਾਲੀ ਦੁਕਾਨ 'ਤੇ ਰੁਕ ਕੇ ਚਾਹ ਬਣਾਉਣ ਲਈ ਕਹਿ ਕੇ ਮੈਨੂੰ ਅੰਦਰਲੇ ਕਮਰੇ ਵਿਚ ਇਕ ਬਾਣ ਦੇ ਮੰਜੇ 'ਤੇ ਬਿਠਾ ਦਿੱਤਾ | ਉਥੇ ਹੋਰ ਵੀ ਕਈ ਔਰਤਾਂ ਤੇ ਬੱਚੇ ਬੈਠੇ ਸਨ | ਮਾਮਾ ਆਪ ਬਾਹਰ ਚਾਹ ਵਾਲੇ ਕੋਲ ਬੈਠ ਗਿਆ | ਉਥੇ ਹੀ ਉਸ ਦੇ ਪਿੰਡ ਦੇ 3-4 ਹੋਰ ਮੰੁਡੇ ਆ ਗਏ, ਉਹ ਚਾਹ ਪੀਂਦੇ ਰਹੇ ਤੇ ਹੱਸਦੇ-ਖੇਡਦੇ ਗੱਲਾਂ ਕਰਦੇ ਰਹੇ ਤੇ ਚਾਹ ਪੀ ਕੇ ਉਹ ਉਥੋਂ ਹੀ ਉਠ ਕੇ ਉਹ ਅੱਡੇ ਵੱਲ ਨੂੰ ਚਲੇ ਗਏ | ਮੈਂ ਤਾਂ ਮੰਜੇ 'ਤੇ ਬੈਠਦਿਆਂ ਹੀ ਮੰਜੇ 'ਤੇ ਟੇਢੀ ਹੋ ਗਈ ਤੇ ਫੇਰ ਮੈਨੂੰ ਕੋਈ ਹੋਸ਼ ਨਹੀਂ ਰਿਹਾ | ਮਾਮੇ ਨੂੰ ਮੇਰਾ ਤੇ ਚੇਤਾ ਹੀ ਨਹੀਂ ਰਿਹਾ, ਬਈ ਉਹ ਮੈਨੂੰ ਅੰਦਰ ਮੰਜੇ 'ਤੇ ਬਿਠਾ ਕੇ ਆਇਆ ਸੀ | ਅੱਡੇ 'ਤੇ ਆਕੇ ਉਨ੍ਹਾਂ ਸਭ ਨੇ ਬਸ ਫੜੀ ਤੇ ਰੋਪੜ ਆ ਗਏ, ਜਦ ਉਹ ਰੋਪੜ ਪੁੱਜ ਕੇ ਬਸ ਤੋਂ ਉਤਰਨ ਲੱਗਿਆ ਤਾਂ ਇਕ ਬਜ਼ੁਰਗ ਮਾਈ ਨੇ ਉਸ ਨੂੰ ਕਿਹਾ ਵੇ ਪੁੱਤ ਆਹ ਫੜੀ ਮੇਰੀ ਪੋਤੀ ਨੂੰ , ਮੈਂ ਹੇਠਾਂ ਉਤਰ ਕੇ ਫੜਦੀ ਹਾਂ | ਛੋਟੀ ਕੁੜੀ ਨੂੰ ਦੇਖ ਕੇ ਮਾਮੇ ਦੇ ਤਾਂ ਹੋਸ਼ ਉੜ ਗਏ, ਹੈਾ ਸਾਡੀ ਕੁੜੀ ਕਿੱਥੇ ਹੈ | ਉਸ ਨੇ ਬੁੱਢੀ ਦੀ ਪੋਤੀ ਨੂੰ ੁਤਾਰ ਕੇ ਝੱਟਪੱਟ ਭੱਜ ਕੇ ਸੜਕ ਦੇ ਦੂਜੇ ਬੰਨ੍ਹੇ ਜਾ ਕੇ ਉਧਰ ਨੂੰ ਜਾਣ ਵਾਲੀ ਬੱਸ ਵਿਚ ਚੜ੍ਹ ਗਿਆ | ਨਾਲੇ ਥਰ-ਥਰ ਕੰਬੀ ਜਾਵੇ, ਨਾਲੇ ਬੋਲੀ ਜਾਏ 'ਹੇ ਮਾਤਾ ਰਾਣੀ ਤੇਰੀ ਜੈ' ਅੱਜ ਤਾਂ ਮਿਹਰ ਕਰ, ਮੇਰੀ ਭਾਣਜੀ ਨੂੰ ਮਿਲਾਦੇ | ਮੈਂ ਅਗਲੇ ਸਾਲ ਡੰਡੋਤੀਆਂ ਬਣ ਕੇ ਤੇਰੇ ਦਰਬਾਰ ਵਿਚ ਹਾਜ਼ਰੀ ਦੇਵਾਂ | ਕੌਲਾਂ ਵਾਲੇ ਟੋਭੇ 'ਤੇ ਪੁੱਜ ਕੇ ਜਦ ਉਹ ਚਾਹ ਵਾਲੀ ਦੁਕਾਨ 'ਤੇ ਗਿਆ ਤਾਂ ਮੈਂ ਹਾਲਾਂ ਵੀ ਅੰਦਰ ਮੰਜੇ 'ਤੇ ਉਸੇ ਤਰ੍ਹਾਂ ਸੁੱਤੀ ਪਈ ਸਾਂ | ਮਾਮੇ ਨੇ ਝੱਟਪਟ ਮੈਨੂੰ ਮੋਢੇ 'ਤੇ ਲਾਇਆ ਤੇ ਉਥੋਂ ਭੱਜਣ ਦੀ ਕੀਤੀ | ਆਉਂਦਿਆਂ ਨਾਲ ਹੀ ਉਸ ਨੇ ਮੈਨੂੰ ਮੇਰੀ ਮਾਂ ਦੇ ਹਵਾਲੇ ਕੀਤਾ ਤੇ ਨਾਲੇ ਪ੍ਰਸ਼ਾਦ ਵਾਲਾ ਝੋਲਾ ਵੀ ਤੇ ਤੁਰੰਤ ਘਰ ਤੋਂ ਬਾਹਰ ਹੋ ਗਿਆ | ਮੇਰੀ ਮਾਂ ਪਿਛੋਂ ਹਾਕਾਂ ਹੀ ਮਾਰਦੀ ਰਹੀ 'ਵੇ ਵੇਰਾ ਵੇ ਹੁਣ ਤੂੰ ਕੁਵੇਲੇ ਕਿਥੇ ਚਲਿਆਂ ਏਾ ਕੱਲ੍ਹ ਚਲਾ ਜਾਵੀਂ |' ਪਰ ਉਸ ਨੇ ਪਿਛੇ ਮੁੜ ਕੇ ਨਹੀਂ ਦੇਖਿਆ | ਸ਼ਾਇਦ ਉਸ ਨੂੰ ਡਰ ਸੀ ਕਿਤੇ ਜੇ ਵਿਚ-ਵਿਚਾਲੇ ਕੁੜੀ ਕਿਧਰੇ ਜਾਗ ਗਈ ਹੋਵੇ ਤੇ ਉਹ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦੇਵੇ |'
ਇਹ ਗੱਲ ਉਸ ਨੇ ਮੈਨੂੰ ਲਗਪਗ 15 ਸਾਲ ਬਾਅਦ ਜਦ ਮੈਂ ਯੂਨੀਵਰਸਿਟੀ ਵਿਚ ਐਮ.ਏ. ਕਰਨ ਲੱਗੀ ਤੇ ਆਪਣੀਆਂ ਸਹੇਲੀਆਂ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਆਈ ਤਾਂ ਮੈਨੂੰ ਦੱਸੀ | ਅੱਜ ਮੈਂ ਸੋਚਦੀ ਹਾਂ ਕਿ ਕਿਹੇ ਚੰਗੇ ਵੇੇਲੇ ਸਨ ਕਿ ਇਕ ਛੋਟਾ ਬੱਚਾ ਕਈ ਘੰਟੇ ਅਣਗੌਲਿਆਂ ਅੰਦਰ ਸੁੱਤਾ ਰਿਹਾ ਤੇ ਕਿਸੇ ਨੇ ਨਹੀਂ ਛੇੜਿਆ ਤੇ ਇਕ ਅੱਜ ਦਾ ਸਮਾਂ ਹੈ ਕਿ ਬੱਚੇ ਗਲੀ ਜਾਂ ਪਾਰਕ ਵਿਚ ਖੇਡਣ ਨਿਕਲਦੇ ਹਨ ਤਾਂ ਸ਼ਾਮ ਨੂੰ ਉਨ੍ਹਾਂ ਦੇ ਸਹੀ-ਸਲਾਮਤ ਘਰ ਮੁੜਨ ਦੀ ਕੋਈ ਗਾਰੰਟੀ/ਉਮੀਦ ਨਹੀਂ |

-1682-7 ਫੇਜ਼, ਮੁਹਾਲੀ |
ਮੋਬਾਈਲ : 99881-52523.

ਫੈਂਟਨ ਹਾਊਸ ਦੇ 17 ਮਾਲਕਾਂ ਦੇ ਅਨੋਖੇ ਸੰਗ੍ਰਹਿ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੋਰਸਲੇਨ ਰੂਮ ਦੇ ਚੀਨੀ ਮਿੱਟੀ ਦੇ ਬੇਸ਼ਕੀਮਤੀ ਸੰਗ੍ਰਹਿ : 'ਪੋਰਸਲੇਨ' ਕਮਰੇ ਨੂੰ ਫੈਂਟਨ ਹਾਊਸ ਦੇ ਵੱਖ-ਵੱਖ ਮਾਲਕਾਂ ਨੇ ਵੱਖ-ਵੱਖ ਕਮਰਿਆਂ ਦੇ ਰੂਪ ਵਿਚ ਵਰਤਿਆ ਜਿਵੇਂ ਪੜ੍ਹਨ ਲਈ, ਬੈਠਕਾਂ ਲਈ ਅਤੇ ਰਸੋਈ ਲਈ ਵੀ | ਅੱਜ ਇਸ ਕਮਰੇ ਵਿਚ ਲੱਕੜੀ ਅਤੇ ਕੱਚ ਦੇ ਡਿਸਪਲੇਅ ਕੈਬਿਨੇਟਸ ਵਿਚ ਪੋਰਸਲੇਨ ਚੀਨੀ ਮਿੱਟੀ ਦੀਆਂ ਸੈਂਕੜੇ ਹੀ ਕਲਾਕ੍ਰਿਤੀਆਂ ਪ੍ਰਦਰਸ਼ਿਤ ਹਨ | ਉਨ੍ਹਾਂ ਨੂੰ ਅੰਗਰੇਜ਼ੀ ਅਤੇ ਯੂਰਪੀਅਨ ਫੈਕਟਰੀਆਂ ਵਿਚ ਬਣਾਇਆ ਗਿਆ ਸੀ | ਨਾਲ ਹੀ ਵਿਸ਼ਵ ਪ੍ਰਸਿੱਧ ਪੋਰਸਲੇਨ ਮਾਸਟਰ ਕਹਾਉਣ ਵਾਲੀ ਕੰਪਨੀ ਮੈਸੀਨ ਦੇ ਵੀ ਅਨੇਕ ਪ੍ਰਦਰਸ਼ਨ ਸਨ | ਸਾਰੇ ਪੋਰਸਲੇਨ ਵਿਚ ਚੀਜ਼ਾਂ ਦੀ ਸੂਚੀ ਲੱਗੀ ਹੋਈ ਸੀ ਜਿਸ 'ਤੇ ਹਰੇਕ ਵਸਤੂ ਦੇ ਸਾਹਮਣੇ ਨਿਰਮਾਤਾ ਫੈਕਟਰੀ ਦਾ ਨਾਂਅ ਛਪਿਆ ਸੀ |
ਅਗਲੇ ਕਮਰੇ ਵਲ ਜਾਂਦੇ ਹੋਏ ਅਸੀਂ 1612 ਏ. ਡੀ. ਵਿਚ ਬਣੇ ਪਿਆਨੋ ਹਾਰਪਿਸ ਕੋਰਡ ਦੇ ਅੱਗਿਓਾ ਨਿਕਲੇ ਜੋ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਨੇ ਫੈਂਟਨ ਹਾਊਸ ਨੂੰ ਭੇਟ ਕੀਤਾ ਸੀ ਅਤੇ ਉਸ 'ਤੇ ਮਹਾਰਾਣੀ ਦੇ 'ਵਿੰਡਸਰ ਮਹੱਲ ਕਿਲ੍ਹਾ' ਦੀ ਮੋਹਰ ਵੀ ਲੱਗੀ ਹੋਈ ਸੀ |
ਓਰੀਐਾਟਲ ਰੂਮ : ਫੈਂਟਨ ਹਾਊਸ ਦੇ ਇਸ ਕਮਰੇ ਦਾ ਨਾਂਅ ਚੀਨ ਦੇਸ਼ ਦੇ ਪ੍ਰਸਿੱਧ ਪ੍ਰਦਰਸ਼ਨਾਂ ਦੇ ਕਾਰਨ ਹੈ | ਹਰੇਕ ਸੈਰਾਮਿਕ ਦੇ ਸਾਹਮਣੇ ਉਸ ਦੇ ਨਿਰਮਾਣ ਦੀ ਤਰੀਕ ਅਤੇ ਚੀਨੀ ਰਾਜ ਵੰਸ਼ ਦਾ ਨਾਂਅ ਲੇਬਲ 'ਤੇ ਲਿਖਿਆ ਹੋਇਆ ਸੀ ਅਤੇ ਸਭ ਤੋਂ ਪੁਰਾਣਾ ਸਾਮਾਨ 1960 ਏ. ਡੀ. ਦਾ ਸੀ | ਵਧੇਰੇ ਬੇਸ਼ਕੀਮਤੀ ਪੋਰਸਲੇਨ ਦਾ ਸਾਮਾਨ ਫੈਂਟਨ ਹਾਊਸ ਦੀ ਆਖਰੀ ਮਾਲਕਨ ਲੇਡੀ ਵਿਨਿੰਗ ਦੇ ਨਿੱਜੀ ਸੰਗ੍ਰਹਿ ਦਾ ਸੀ |
ਰੋਕਿੰਗਮ ਰੂਮ : ਫਿਰ ਅਸੀਂ ਪੌੜੀਆਂ ਚੜ੍ਹੇ ਜਿਨ੍ਹਾਂ 'ਤੇ ਵਿਸ਼ਾਲ ਕੱਚ ਦੀਆਂ ਖਿੜਕੀਆਂ ਰਾਹੀਂ ਰੌਸ਼ਨੀ ਆ ਰਹੀ ਸੀ, ਜਿਥੋਂ ਬਾਹਰ ਬਗ਼ੀਚੇ ਦਾ ਸੁੰਦਰ ਦਿ੍ਸ਼ ਨਜ਼ਰ ਆਉਂਦਾ ਸੀ | ਫਿਰ ਅਸੀਂ ਰੋਕਿੰਗਮ ਰੂਮ ਵਿਚ ਪਹੁੰਚੇ ਜੋ ਪਹਿਲੀਆਂ ਸਦੀਆਂ ਵਿਚ ਫੈਂਟਨ ਹਾਊਸ ਦਾ ਸੌਣ ਵਾਲਾ ਕਮਰਾ ਸੀ | ਪਰ 19ਵੀਂ ਸਦੀ ਵਿਚ ਇੰਗਲੈਂਡ ਦੇ ਰੋਕਿੰਗਮ ਖੇਤਰ ਦੀ ਚੀਨੀ ਮਿੱਟੀ ਦੀਆਂ ਕਲਾਕ੍ਰਿਤਾਂ ਦਾ ਪ੍ਰਦਰਸ਼ਨ ਕਮਰਾ ਸੀ | ਮੈਂ ਪਹਿਲਾਂ ਪੜਿ੍ਹਆ ਸੀ ਕਿ ਰੋਕਿੰਗਮ ਪੋਟਰੀ ਹਾਊਸ 19ਵੀਂ ਸਦੀ ਦੇ ਖ਼ਾਸ ਪੋਰਸਲੇਨ ਦੇ ਵਿਸ਼ਵ ਪ੍ਰਸਿੱਧ ਨਿਰਮਾਤਾ ਸਨ ਜੋ ਬਰਤਾਨਵੀ ਅਤੇ ਹੋਰ ਦੇਸ਼ਾਂ ਦੇ ਰਾਜ ਵੰਸ਼ਾਂ ਵਿਚ ਪੋਰਸਲੇਨ ਸਪਲਾਈ ਕਰਦੇ ਸਨ |
ਕਮਰੇ ਦੇ ਸਹਾਇਕ ਵੋਲੰਟੀਅਰ ਨੇ ਦੀਵਾਰਾਂ 'ਤੇ ਸਜੇ ਬੇਹੱਦ ਬਾਰੀਕ ਕਢਾਈ, ਸੂਈ ਧਾਗੇ ਦੇ ਕੰਮ ਦਿਖਾਏ ਜੋ ਪੇਂਟਿੰਗ ਦਿ੍ਸ਼ਾਂ ਵਾਂਗ ਹਨ | ਫੈਂਟਨ ਹਾਊਸ ਦੀ ਆਖਰੀ ਮਾਲਕਣ ਲੇਡੀ ਬਿਨਿੰਗ ਖ਼ੁਦ ਸਿਲਾਈ ਕਢਾਈ ਦੇ ਕੰਮਾਂ ਵਿਚ ਮਾਹਿਰ ਸੀ, ਇਸ ਲਈ ਉਨ੍ਹਾਂ ਨੇ ਇਹ ਆਰਟ-ਸੰਗ੍ਰਹਿ ਇਕੱਤਰ ਕੀਤਾ ਸੀ |
ਫੈਂਟਨ ਹਾਊਸ ਦੇ ਸੰਗੀਤ ਸਮਾਰੋਹ : ਫਿਰ ਸਾਨੂੰ ਦੋ ਸੰਗੀਤ ਯੰਤਰ—ਪਿਆਨੋ ਦਿਸੇ | ਇਕ 1761 ਏ. ਡੀ. ਵਿਚ ਬਣਿਆ ਸੀ ਅਤੇ ਦੂਜਾ 1540 ਏ. ਡੀ. ਦਾ ਬਣਿਆ ਹੋਇਆ ਸੀ | ਸਾਨੂੰ ਹੈਰਾਨੀ ਅਤੇ ਜਿਗਿਆਸਾ ਹੋਈ ਕਿ ਕਿਸੇ ਵੀ ਫੈਂਟਨ ਹਾਊਸ ਦੇ ਮਾਲਕ ਦਾ ਪਿਆਨੋ ਨਾਲ ਕੋਈ ਨਿਸ਼ਚਤ ਸਬੰਧ ਨਹੀਂ ਸੀ, ਫਿਰ ਵੀ ਭਵਨ ਵਿਚ ਅਨੇਕ ਸੰਗੀਤ ਯੰਤਰ ਪਿਆਨੋ ਸਜ਼ੇ ਹੋਏ ਹਨ | ਵੋਲੰਟੀਅਰ ਨੇ ਸਾਨੂੰ ਦੱਸਿਆ ਕਿ ਫੈਂਟਨ ਹਾਊਸ ਵਿਚ ਅਕਸਰ ਸੰਗੀਤ ਸਮਾਰੋਹ ਜਾਂ ਕੰਸਰਟ ਦਾ ਆਯੋਜਨ ਕੀਤਾ ਜਾਂਦਾ ਹੈ | ਵੱਡੇ-ਵੱਡੇ ਪਿਆਨੋ ਵਜਾਉਣ ਵਾਲੇ ਕਲਾਕਾਰਾਂ ਨੂੰ ਇਥੇ ਸੱਦਾ ਦਿੱਤਾ ਜਾਂਦਾ ਹੈ ਅਤੇ ਟਿਕਟ ਦੇ ਨਾਲ ਸ਼ਰਾਬ ਦਾ ਗਿਲਾਸ ਮੁਫ਼ਤ ਦਿੱਤਾ ਜਾਂਦਾ ਹੈ | ਇਸ ਤਰ੍ਹਾਂ ਫੈਂਟਨ ਹਾਊਸ ਸੈਲਾਨੀਆਂ ਦੇ ਨਾਲ-ਨਾਲ ਸੰਗੀਤ ਪ੍ਰੇਮੀਆਂ ਲਈ ਵੀ ਆਕਰਸ਼ਕ ਥਾਂ ਹੈ |
ਲੇਡੀ ਬਿਨਿੰਗ ਬੈਡਰੂਮ ਤੋਂ ਪੋਰਸਲੇਨ ਰੂਮ ਤੱਕ : ਇਸ ਤੋਂ ਬਾਅਦ ਅਸੀਂ ਲੇਡੀ ਬਿਨਿੰਗ ਦੇ ਸੁੰਦਰ ਸੌਣ ਵਾਲੇ ਕਮਰੇ ਵਿਚ ਦਾਖਲ ਹੋਏ ਜਿਸ ਵਿਚ ਉਨ੍ਹਾਂ ਨੇ ਅਨੇਕਾਂ ਕੱਚ-ਲੱਕੜੀ ਦੇ ਡਿਸਪਲੇਅ ਕੈਬਨਿਟ ਬਣਵਾਏ ਤਾਂ ਕਿ ਉਨ੍ਹਾਂ ਵਿਚ ਉਹ ਆਪਣੇ ਪਸੰਦੀਦਾ ਬਹੁਕੀਮਤੀ ਪੋਰਸਲੇਨ ਸੰਗ੍ਰਹਿ ਨੂੰ ਸਜਾ ਸਕਣ | ਮੈਨੂੰ ਪਹਿਲਾਂ ਪੜਿ੍ਹਆ ਯਾਦ ਆਇਆ ਕਿ ਜਦੋਂ 1952 ਵਿਚ ਲੇਡੀ ਬਿਨਿੰਗ ਨੇ ਫੈਂਟਨ ਹਾਊਸ ਨੈਸ਼ਨਲ ਟਰੱਸਟ ਸੰਸਥਾ ਨੂੰ ਵਸੀਅਤ ਵਿਚ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਬੈਡਰੂਮ ਦਾ ਫਰਨੀਚਰ ਉਸ ਵਿਚ ਸ਼ਾਮਿਲ ਨਹੀਂ ਸੀ ਕੀਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਈ ਸੀ ਫਿਰ 2004 ਵਿਚ 'ਕੰਟਰੀ ਲਾਈਫ' ਮੈਗਜ਼ੀਨ ਵਿਚ ਛਪੀ ਪੁਰਾਣੀ ਫੋਟੋ ਦੀ ਸਹਾਇਤਾ ਨਾਲ ਲੇਡੀ ਬਿਨਿੰਗ ਬੈਡਰੂਮ ਦੁਬਾਰਾ ਬਣਾਇਆ ਗਿਆ, ਇਕਦਮ 1950 ਵਰਗਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-seemaanandchopra@gmail.com

ਪਾਲੀਵੁੱਡ ਝਰੋਖਾ: ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ ਸਵੱਛ ਕਾਮੇਡੀ ਦਾ ਪ੍ਰਤੀਕ : ਜਸਪਾਲ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਪਣੇ ਨੁੱਕੜ ਨਾਟਕਾਂ ਦੇ ਰਾਹੀਂ ਉਸ ਨੇ ਚੰਡੀਗੜ੍ਹ ਦੀਆਂ ਵੱਖ-ਵੱਖ ਥਾਵਾਂ 'ਤੇ ਆਪਣਾ ਦਿ੍ਸ਼ਟੀਕੋਣ ਪ੍ਰਭਾਵਸ਼ਾਲੀ ਢੰਗ ਨਾਲ ਰਚਿਆ | ਉਸ ਦਾ ਚੰਡੀਗੜ੍ਹ ਦੇ ਸੈਕਟਰ 17 ਦੇ ਨਾਲ ਏਨਾ ਲਗਾਅ ਸੀ ਕਿ ਉਸ ਦਾ 'ਨਾਨ ਸੈਂਸ ਕਲੱਬ' ਇਥੇ ਅਕਸਰ ਦਰਸ਼ਕਾਂ ਨੂੰ ਅਕਲ (ਸੈਂਸ) ਸਿਖਾਇਆ ਕਰਦਾ ਸੀ |
ਦੂਰਦਰਸ਼ਨ ਨਾਲ ਉਸ ਦੀ ਸਾਂਝ 'ਉਲਟਾ-ਪੁਲਟਾ' ਪ੍ਰੋਗਰਾਮ ਦੁਆਰਾ ਸਥਾਪਤ ਹੋਈ | ਜਲੰਧਰ ਦੂਰਦਰਸ਼ਨ ਦੀਆਂ ਰੋਜ਼ਾਨਾ ਪ੍ਰਸਾਰਿਤ ਹੋਣ ਵਾਲੀਆਂ ਖ਼ਬਰਾਂ ਤੋਂ ਪਹਿਲਾਂ ਉਹ ਇਕ-ਅੱਧੇ ਮਿੰਟ ਦੀ ਸਲਾਟ 'ਚ ਰੋਜ਼ਾਨਾ ਹੀ ਕੋਈ ਨਾ ਕੋਈ ਵਿਅੰਗ ਦੇ ਤੀਰ ਛੱਡਦਾ ਸੀ | ਸਥਿਤੀ ਇਹ ਸੀ ਕਿ ਦਰਸ਼ਕ ਖ਼ਬਰਾਂ ਨੂੰ ਸਿਰਫ਼ ਉਸ ਦੇ ਤਰਸ਼ਕ-ਤੀਰਾਂ ਦੇ ਕਰਕੇ ਹੀ ਦੇਖਦੇ ਸਨ | ਹੌਲੀ-ਹੌਲੀ ਇਸ ਪ੍ਰੋਗਰਾਮ ਦੀ ਲੋਕਪਿ੍ਅਤਾ ਦੀ ਸੂਚਨਾ ਮੰਡੀ ਰੋਡ ਵਿਖੇ ਸਥਿਤ ਦਿੱਲੀ ਦੇ ਦੂਰਦਰਸ਼ਨ ਕੇਂਦਰ ਤੱਕ ਵੀ ਪਹੁੰਚੀ | ਸਪੱਸ਼ਟ ਹੈ ਕਿ ਉਨ੍ਹਾਂ ਨੇ ਜਸਪਾਲ ਅੱਗੇ ਰਾਸ਼ਟਰੀ ਪ੍ਰੋਗਰਾਮ ਲਈ 'ਉਲਟਾ ਪੁਲਟਾ' ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਸੀ |
ਇਸ ਤੋਂ ਬਾਅਦ ਜਸਪਾਲ ਲਈ ਸਫ਼ਲਤਾ ਦੇ ਦੁਆਰ ਲਗਾਤਾਰ ਹੀ ਖੁੱਲ੍ਹਦੇ ਚਲੇ ਗਏ ਸਨ ਅਤੇ ਉਸ ਨੇ ਅਨੇਕਾਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ 'ਚ ਆਪਣਾ ਸਾਰਥਿਕ ਯੋਗਦਾਨ ਪਾਇਆ ਸੀ | ਉਸ ਦੁਆਰਾ ਅਭਿਨੀਤ ਫ਼ਿਲਮਾਂ 'ਚੋਂ 'ਆ ਅਬ ਲੌਟ ਚਲੇਂ' (1999), 'ਜਾਨਮ ਸਮਝਾ ਕਰੋ' (1999), 'ਖੌਫ਼' (2000), 'ਹਮਾਰਾ ਦਿਲ ਆਪ ਕੇ ਪਾਸ ਹੈ' (2000), 'ਜਾਨੀ ਦੁਸ਼ਮਨ : ਏਕ ਅਨੋਖੀ ਕਹਾਨੀ' (2002), 'ਚੱਕ ਦੇ ਫੱਟੇ' (2009) ਅਤੇ 'ਫਨਾ' ਆਦਿ ਦੇ ਨਾਂਅ ਆਸਾਨੀ ਨਾਲ ਹੀ ਲਏ ਜਾ ਸਕਦੇ ਹਨ |
ਪਰ ਪੰਜਾਬੀ ਸਿਨੇਮਾ ਦੇ ਸੰਦਰਭ 'ਚ ਉਸ ਦੀ ਦੇਣ ਵਿਸ਼ੇਸ਼ ਕਰਕੇ ਦੋ ਫ਼ਿਲਮਾਂ 'ਮਾਹੌਲ ਠੀਕ ਹੈ' ਅਤੇ 'ਪਾਵਰ ਕੱਟ' ਕਰਕੇ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਖਿੱਚੀ ਹੋਈ ਏ ਜਦੋਂ ਡਾ: ਰਵਿੰਦਰ ਸਿੰਘ ਆਪਣੀ ਡਾਕਟਰ ਬਣਨ ਦੀ ਪੜ੍ਹਾਈ ਕਰ ਰਿਹਾ ਸੀ | ਉਸ ਵਕਤ ਇਹ ਸਾਰੇ ਮਿੱਤਰ ਉਸ ਨੂੰ ਮਿਲਣ ਲਈ ਆਏ ਸਨ | ਉਸ ਸਮੇਂ ਸਾਰੇ ਮਿੱਤਰ ਮਖੌਲ-ਠੱਠਾ ਕਰਦੇ ਨਜ਼ਰ ਆ ਰਹੇ ਹਨ |

0ਮੋਬਾਈਲ : 98767-41231

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX