ਤਾਜਾ ਖ਼ਬਰਾਂ


ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 minute ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  18 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  46 minutes ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  53 minutes ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 1 hour ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 1 hour ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਬਾਈਪਾਸ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ...
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਮਟਰਾਂ ਦਾ ਮਿਆਰੀ ਬੀਜ ਕਿਵੇਂ ਪੈਦਾ ਕਰੀਏ

ਸਰਦੀਆਂ ਦੀਆਂ ਸਬਜ਼ੀਆਂ ਵਿਚੋਂ ਮਟਰ ਸਭ ਤੋਂ ਮਹੱਤਵਪੂਰਨ ਫ਼ਸਲ ਹੈ। ਆਲੂਆਂ ਤੋਂ ਬਾਅਦ ਜੇ ਕਿਸੇ ਸਬਜ਼ੀ ਦੀ ਮੰਗ ਰਹਿੰਦੀ ਹੈ ਤਾਂ ਉਹ ਮਟਰ ਹੀ ਹੈ। ਤਾਜ਼ੇ ਮਟਰ, ਕੱਚੇ ਸੁਕਾਏ ਹੋਏ ਮਟਰ, ਸੁੱਕੇ ਮਟਰ, ਭਾਵ ਮਟਰ ਕਈ ਤਰੀਕਿਆਂ ਨਾਲ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਮਟਰ ਕਈ ਪ੍ਰਕਾਰ ਦੇ ਵਿਅੰਜਨਾਂ ਵਿਚ ਵਰਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਮਟਰ ਦੇ ਬੀਜ ਦੀ ਮੰਗ ਬਹੁਤ ਰਹਿੰਦੀ ਹੈ ਅਤੇ ਕਈ ਕਿਸਾਨ ਵੱਡੀ ਪੱਧਰ 'ਤੇ ਇਸ ਦਾ ਬੀਜ ਤਿਆਰ ਕਰਦੇ ਹਨ। ਇਸ ਦਾ ਬੀਜ ਉਤਪਾਦਨ ਜ਼ਿਆਦਾਤਰ ਉਤਰ ਪ੍ਰਦੇਸ਼ ਦੇ ਤਰਾਈ ਇਲਾਕੇ ਵਿਚ ਹੁੰਦਾ ਹੈ। ਕੁਝ ਸਥਾਨਕ ਕਿਸਾਨ ਅਤੇ ਨਿੱਜੀ ਕੰਪਨੀਆਂ ਵੀ ਮਟਰਾਂ ਦਾ ਬੀਜ ਪੈਦਾ ਕਰਦੀਆਂ ਹਨ। ਪਰ ਬੀਜ ਪੈਦਾ ਕਰਨ ਵਾਸਤੇ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਿਸਾਨ ਵੀਰ ਫ਼ਸਲ ਉਗਾਉਣਾ ਤਾਂ ਜਾਣਦੇ ਹਨ ਪਰ ਹਰ ਇਕ ਦਾਣਾ ਜੋ ਪੈਦਾ ਕੀਤਾ ਜਾਂਦਾ ਹੈ ਉਹ ਬੀਜ ਨਹੀ ਹੁੰਦਾ। ਬੀਜ ਕੇਵਲ ਉਸਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦਾਣੇ ਵਿਚ ਕੁਝ ਖਾਸ ਗੁਣ ਹੁੰਦੇ ਹਨ ਅਤੇ ਉਹ ਮਾਹਿਰਾਂ ਦੀ ਨਿਗਰਾਨੀ ਹੇਠਾਂ ਪੈਦਾ ਕੀਤਾ ਗਿਆ ਹੁੰਦਾ ਹੈ ਤਾਂ ਜੋ ਉਸ ਵਿਚਲੇ ਗੁਣ ਜ਼ਾਇਆ ਨਾ ਹੋ ਜਾਣ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮਟਰਾਂ ਦੀਆਂ ਕਈ ਕਿਸਮਾਂ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਕਿਸਮਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਅਗੇਤੀਆਂ ਕਿਸਮਾਂ ਅਤੇ ਸਮੇਂ ਸਿਰ ਬੀਜੀਆਂ ਜਾਣ ਵਾਲੀਆਂ ਕਿਸਮਾਂ।
ਅਗੇਤੀਆਂ ਕਿਸਮਾਂ : ਮਟਰ ਅਗੇਤਾ-7 ਅਤੇ ਏ ਪੀ -3
ਸਮੇਂ ਸਿਰ ਬੀਜੀਆਂ ਜਾਣ ਵਾਲੀਆਂ ਕਿਸਮਾਂ: ਪੰਜਾਬ 89 ਅਤੇ ਮਿੱਠੀ ਫਲੀ
ਅਗੇਤੀਆਂ ਕਿਸਮਾਂ: ਮਟਰ ਅਗੇਤਾ-7 : ਇਸਦੇ ਬੂਟੇ ਛੇਤੀ ਵਧਣ ਵਾਲੇ ਹੁੰਦੇ ਹਨ। ਹਰ ਬੂਟੇ 'ਤੇ 15-18 ਭਰਵੀਆਂ ਫਲੀਆਂ ਲਗਦੀਆਂ ਹਨ ਅਤੇ ਹਰ ਫ਼ਲੀ ਵਿਚ 7-9 ਦਾਣੇ ਹੁੰਦੇ ਹਨ। ਫ਼ਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ
ਸਿਰੇ ਤੋਂ ਥੋੜ੍ਹੀਆਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫ਼ਲੀਆਂ ਜੋੜੀਆਂ ਲਗਦੀਆਂ ਹਨ ਅਤੇ ਇਨ੍ਹਾਂ ਵਿਚੋਂ ਲਗਭਗ 48 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫ਼ਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ ।
ਏ ਪੀ-3: ਇਸ ਦੇ ਬੂਟੇ ਮਧਰੇ ਹੁੰਦੇ ਹਨ। ਫਲੀਆਂ ਦੀ ਲੰਬਾਈ 8.85 ਸੈਂਟੀਮੀਟਰ ਅਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫ਼ਲੀਆਂ ਇਕਲੀਆਂ ਜਾਂ ਜੋੜੀਆਂ ਲਗਦੀਆਂ ਹਨ। ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਸਦੀੇ ਤੁੜਾਈ 65-70 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫ਼ਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ
ਸਮੇਂ ਸਿਰ ਬੀਜੀਆਂ ਜਾਣ ਵਾਲੀਆਂ ਕਿਸਮਾਂ: ਪੰਜਾਬ 89: ਇਸ ਕਿਸਮ ਦੇ ਬੂਟੇ ਦਰਮਿਆਨੇ ਮਧਰੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਫ਼ਸਲ ਦੀ ਪਹਿਲੀ ਤੁੜਾਈ ਬਿਜਾਈ ਤੋਂ ਲਗ ਭਗ 85 ਦਿਨ ਬਾਅਦ ਹੁੰਦੀ ਹੈ। ਇਸ ਦੀਆਂ ਫਲੀਆਂ 12-15 ਸੈ.ਮੀ. ਲੰਮੀਆਂ, ਪਤਲੀਆਂ, ਸਿਰੇ ਤੋਂ ਮੁੜੀਆਂ ਅਤੇ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਪੂਰੀ ਤਰ੍ਹਾਂ ਦਾਣਿਆਂ ਨਾਲ ਭਰੀਆਂ ਹੁੰਦੀਆਂ ਹਨ ਅਤੇ ਜੋੜਿਆਂ ਵਿਚ ਲਗਦੀਆਂ ਹਨ। ਹਰ ਫਲੀ ਵਿਚ 9-10 ਦਾਣੇ ਹੁੰਦੇ ਹਨ। ਇਸ ਦੀ ਸਬਜ਼ੀ ਬਾਕੀ ਸਾਰੀਆਂ ਕਿਸਮਾਂ ਦੇ ਮੁਕਾਬਲੇ ਮਿੱਠੀ ਅਤੇ ਸੁਆਦ ਬਣਦੀ ਹੈ। ਇਸ ਦੀਆਂ ਫਲੀਆਂ ਵਿਚ 55% ਦਾਣੇ ਹੁੰਦੇ ਹਨ। ਪੱਕਣ 'ਤੇ ਇਸ ਦਾ ਬੀਜ ਹਲਕੇ ਹਰੇ ਰੰਗ ਦਾ ਅਤੇ ਝੁਰੜੀਆਂ ਵਾਲਾ ਹੁੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94640-37325


ਖ਼ਬਰ ਸ਼ੇਅਰ ਕਰੋ

ਝੋਨੇ ਅਤੇ ਬਾਸਮਤੀ ਵਿਚ ਆਉਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕਿਵੇਂ ਕਰੀਏ

ਝੋਨੇ ਅਤੇ ਬਾਸਮਤੀ ਵਿਚ ਆਉਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਵਿਚੋਂ Sheath blight ( ਤਣੇ ਦੁਆਲੇ ਪੱਤੇ ਦਾ ਝੁਲਸ ਰੋਗ), Brown spot( ਭੂਰੇ ਧੱਬਿਆਂ ਦਾ ਰੋਗ) , Blast (ਭਰੂੜ ਰੋਗ ) ਆਦਿ ਹਨ। ਝੰਡਾ ਰੋਗ (Foot rot) ਜੋ ਕਿ ਬਾਸਮਤੀ ਵਿਚ ਆਉਣ ਵਾਲੀ ਮੁੱਖ ਬਿਮਾਰੀ ਹੈ ।
ਝੰਡਾ ਰੋਗ ਇਕ ਉੱਲੀ ਰੋਗ ਹੈ ਜੋ ਕਿ ਬੀਜ ਅਤੇ ਮਿੱਟੀ ਦੋਵਾਂ ਤੋਂ ਫੈਲਦਾ ਹੈ ਜਿਸ ਨਾਲ ਬਿਮਾਰ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਥੱਲੇ ਤੋਂ ਉੱਪਰ ਵੱਲ ਮੁਰਝਾਅ ਕੇ ਸੁੱਕ ਜਾਂਦੇ ਹਨ ਬਿਮਾਰੀ ਵਾਲੇ ਬੂਟੇ ਦੂਜਿਆਂ ਨਾਲੋਂ ਉੱਚੇ ਹੁੰਦੇ ਹਨ ਅਤੇ ਜ਼ਮੀਨ ਉਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾਉਂਦੇ ਹਨ। ਇਸ ਦੀ ਸਰਵਪੱਖੀ ਰੋਕਥਾਮ ਲਈ ਹਮੇਸ਼ਾਂ ਰੋਗ ਰਹਿਤ ਬੀਜ ਦੀ ਹੀ ਵਰਤੋਂ ਕਰੋ ਅਤੇ ਬੀਜ ਅਤੇ ਪਨੀਰੀ ਨੂੰ ਸੋਧ ਕੇ ਹੀ ਬਿਜਾਈ ਕਰੋ। ਬਿਮਾਰੀ ਵਾਲੇ ਬੂਟੇ ਜੜ੍ਹਾਂ ਸਮੇਤ ਪੁੱਟੋ ਅਤੇ ਮਿੱਟੀ ਵਿਚ ਦਬਾ ਦਵੋ ਅਤੇ ਪਾਣੀ ਨੂੰ ਖੇਤ ਵਿਚੋਂ ਸੁੁਕਾ ਦਵੋ । ਬੀਜ ਦੀ ਸੋਧ ਲਈ ਸਿਰਫ ਟ੍ਰਾਈਕੋਡਰਮਾ ਹਰਜੀਐਨਮ ਹੀ ਵਰਤੋਂ ਕਿਸੇ ਤਰ੍ਹਾਂ ਦੀ ਹੋਰ ਉੱਲੀਨਾਸ਼ਕ ਜਿਵੇਂ ਕਿ ਥਾਇਉਫੀਨੇਟ ਮਿਥਾਇਲ, 12:63 ਆਦਿ ਦੀ ਵਰਤੋਂ ਨਾ ਕਰੋ।
ਤਣੇ ਦੁਆਲੇ ਪੱਤੇ ਦਾ ਝੁਲਸ ਰੋਗ: ਇਸ ਬਿਮਾਰੀ ਨਾਲ ਤਣੇ ਉੱਤੇ ਸਲੇਟੀ ਰੰਗ ਦੇ ਧੱਬੇ (ਜਿਨ੍ਹਾਂ ਦੇ ਸਿਰੇ ਜਾਮਣੀ ਹੁੰਦੇ ਹਨ) ਪਾਣੀ ਦੀ ਸਤ੍ਹਾ ਤੋਂ ਉੱਪਰ ਪੈ ਜਾਂਦੇ ਹਨ। ਇਹ ਲੱਛਣ ਆਮ ਕਰਕੇ ਨਿਸਾਰੇ ਵੇਲੇ ਹੀ ਨਜ਼ਰ ਆਉਂਦੇ ਹਨ। ਇਸ ਬਿਮਾਰੀ ਦੇ ਵਧੇਰੇ ਹਮਲੇ ਕਰਕੇ ਮੁੰਜਰਾਂ ਵਿਚ ਦਾਣੇ ਪੂਰੇ ਨਹੀਂ ਬਣਦੇ। ਇਸ ਦੀ ਰੋਕਥਾਮ ਲਈ ਯੂਰੀਆ ਦੀ ਵਰਤੋਂ ਸਿਫਾਰਿਸ਼ ਅਨੁਸਾਰ ਹੀ ਕਰੋ ਵੱਟਾ ਬੰਨਿਆਂ ਨੂੰ ਘਾਹ ਤੋਂ ਰਹਿਤ ਰੱਖੋ। ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਉਪਰੰਤ ਐਮੀਸਟਾਰ ਟੋਪ 325 SC ਜਾਂ ਫੋਲੀਕਰ 25 5C 200 ML ਜਾਂ ਮੋਨਸਰਨ 250 SC 200 ML ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਚੰਗੀ ਰੋਕਥਾਮ ਲਈ ਛਿੜਕਾਅ ਬੂਟੇ ਦੇ ਮੁੱਛਾਂ (ਜੜ੍ਹਾਂ) ਵੱਲ ਰੱਖ ਕੇ ਕਰੋ।
ਭੂਰੇ ਧੱਬਿਆਂ ਦਾ ਰੋਗ: ਇਹ ਬਿਮਾਰੀ ਕਾਰਨ ਗੋਲ ਅੱਖ ਦੀ ਸ਼ਕਲ ਵਰਗੇ ਧੱਬੇ ਪੈ ਜਾਂਦੇ ਹਨ । ਜੋ ਕਿ ਵਿਚਕਾਰੋਂ ਗੂੜੇ ਭੂਰੇ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ। ਇਹ ਧੱਬੇ ਦਾਣਿਆਂ ਉੱਪਰ ਵੀ ਪੈ ਜਾਂਦੇ ਹਨ। ਇਹ ਬਿਮਾਰੀ ਆਮ ਕਰਕੇ ਮਾੜੀਆਂ ਜ਼ਮੀਨਾਂ ਵਿਚ ਫ਼ਸਲ ਨੂੰ ਅੋੜ ਲੱਗਣ ਨਾਲ ਵਧੇਰੇ ਆਉਂਦੀ ਹੈ। ਇਸ ਦੀ ਚੰਗੀ ਰੋਕਥਾਮ ਲਈ ਖਾਦਾਂ ਦਾ ਸੰਤੁਲਣ ਬਣਾ ਕੇ ਫ਼ਸਲ ਨੂੰ ਪਾਇਆ ਜਾਵੇ । ਇਸ ਦੀ ਰੋਕਥਾਮ ਲਈ ਕੋਈ ਵੀ ਗੈਰ ਸਿਫਾਰਿਸ਼ਸ਼ੁਦਾ ਜ਼ਹਿਰ ਜਿਵੇਂਕਿ ਟ੍ਰਾਈਸਾਈਕਲਾਜੋਲ ਆਦਿ ਨਾ ਪਾਏ ਜਾਣ ਸਿਰਫ ਨੈਟੀਵੋ 75 WG 80 ਗ੍ਰਾਮ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਦੋ ਵਾਰ ਛਿੜਕੋ। ਪਹਿਲਾ ਛਿੜਕਾਅ ਜਾੜ ਮਾਰਨ ਸਮੇਂ ਅਤੇ ਦੂਸਰਾ ਛਿੜਕਾਅ 15 ਦਿਨਾ ਪਿੱਛੋਂ ਕਰੋ।
ਭਰੂੜ ਰੋਗ: ਪੱਤਿਆਂ ਉੱਪਰ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਕਿਨਾਰਿਆਂ ਤੋਂ ਭੂਰੇ ਰੰਗ ਦੇ ਹੁੰਦੇ ਹਨ। ਇਸ ਨਾਲ ਮੁੰਜਰਾ ਦੇ ਮੁੱਢ 'ਤੇ ਕਾਲੇ ਦਾਗ਼ ਪੈ ਜਾਂਦੇ ਹਨ ਅਤੇ ਮੁੰਜਰਾਂ ਹੇਠਾਂ ਵੱਲ ਝੁੱਕ ਜਾਂਦੀਆਂ ਹਨ। ਇਹ ਬਿਮਾਰੀ ਮੁੱਖ ਤੌਰ 'ਤੇ ਬਾਸਮਤੀ ਉੱਤੇ ਖਾਸ ਤੌਰ 'ਤੇ ਜਿੱਥੇ ਯੂਰੀਆ ਖਾਦ ਦੀ ਵਧੇਰੇ ਮਾਤਰਾ ਪਾਈ ਹੋਵੇ ਉੱਥੇ ਵਧੇਰੇ ਆਉਂਦੀ ਹੈ । ਇਸ ਦੀ ਰੋਕਥਾਮ ਲਈ ਐਮੀਸਟਾਰ ਟੋਪ 325 5C 200 ML ਜਾਂ ਇਡੋਂਫਿਲ ਜੈਡ-78 ( Zineb) 75 ਘੁਲਣਸ਼ੀਲ 500 ਗ੍ਰਾਮ ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਵਿਚ ਘੋਲ ਕੇ ਫ਼ਸਲ ਗੋਭ ਵਿਚ ਆਉਣ 'ਤੇ ਅਤੇ ਮੁੰਜਰਾਂ ਨਿਕਲਣ ਦੇ ਸ਼ੁਰੂ ਵਿਚ ਕਰੋ।
ਝੂਠੀ ਕੰਗਿਆਰੀ: ਇਸ ਬਿਮਾਰੀ ਨਾਲ ਦਾਣਿਆਂ ਦੀ ਥਾਂ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਇਸਦਾ ਮੁੱਖ ਕਾਰਨ ਫ਼ਸਲ ਨਿਸ਼ਰਣ ਸਮੇਂ ਮੀਂਹ, ਬੱਦਲਵਾਈ ਅਤੇ ਵਧੇਰੇ ਸਿੱਲ ਦਾ ਰਹਿਣਾ ਹੈ। ਇਸ ਦੀ ਰੋਕਥਾਮ ਲਈ ਜਦੋਂ ਫ਼ਸਲ ਗੋਭ ਵਿਚ ਹੋਵੇ 500 ਗ੍ਰਾਮ ਕੋਸਾਈਡ 46 46 (ਕਾਪਰ ਹਾਈਡਰੋਆਕਸਾਈਡ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਫ਼ਸਲਾਂ ਦੀਆਂ ਹੋਰ ਬਿਮਾਰੀਆਂ ਜਿਵਂੇ ਕਿ ਤਣੇ ਦੁਆਲੇ ਪੱਤੇ ਦਾ ਗਲਣਾਂ, ਤਣੇ ਦਾ ਗੱਲਣਾਂ, ਝੁਲਸ ਰੋਗ ਆਦਿ ਦੀ ਰੋਕਥਾਮ ਲਈ ਹਮੇਸ਼ਾਂ ਸਿਫਾਰਸ਼ਸ਼ੁਦਾ ਕਿਸਮਾਂ, ਰੋਗ ਰਹਿਤ ਬੀਜ ਦੀ ਹੀ ਬਿਜਾਈ ਕਰੋ। ਨਾਈਟ੍ਰੋਜਨ ਵਾਲੀਆਂ ਖਾਦਾਂ ਜਿਵੇਂ ਕਿ ਯੂਰੀਆ, ਅਮੋਨੀਅਮ ਸਲਫੇਟ ਆਦਿ ਦੀ ਵਧੇਰੇ ਵਰਤੋਂ ਤੋਂ ਸੰਕੋਚ ਕਰੋ।


-ਪਿੰਡ-ਲੋਧੀਨੰਗਲ, ਡਾ: ਫਤਿਹਗੜ ਚੂੜੀਆਂ 143602, ਤਹਿ-ਬਟਾਲਾ, ਜ਼ਿਲ੍ਹਾ-ਗੁਰਦਾਸਪੁਰ।
-ਮੋਬਾਈਲ :
7986156848

ਪਿਸਤੇ ਦੀ ਖੇਤੀ ਦੀ ਲੋੜ

ਪਿਸਤਾ ਇਕ ਸੁੱਕੇ ਮੇਵੇ ਦੇ ਤੌਰ 'ਤੇ ਮਹਿੰਗੇ ਭਾਅ ਵਿਕਦਾ ਹੈ। ਇਹ ਸੁੱਕੀ ਗਰਮੀ ਅਤੇ ਰੇਤਲੇ ਇਲਾਕੇ ਦਾ ਰੁੱਖ ਹੈ, ਜੋ 300 ਸਾਲ ਤੱਕ ਫਲ ਦੇ ਸਕਦਾ ਹੈ। ਇਸ ਦੀ ਜੜ੍ਹ 30 ਫੁੱਟ ਤੱਕ ਚਲੇ ਜਾਂਦੀ ਹੈ। 6-7 ਸਾਲ ਤੱਕ ਵੇਚਣਯੋਗ ਫਲ ਪੈਣ ਲੱਗ ਪੈਂਦਾ ਹੈ। ਤਿੰਨ ਸਾਲ ਤੱਕ ਦੇ ਬੂਟੇ ਪਨੀਰੀ ਲਾ ਕੇ ਤਿਆਰ ਕੀਤੇ ਜਾ ਸਕਦੇ ਹਨ। ਫਿਰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਕੱਚੇ ਪਿਸਤੇ ਤੋਂ ਪੌਦਾ ਤਿਆਰ ਹੋ ਜਾਂਦਾ ਹੈ। ਪੰਜਾਬ ਵਿਚ ਬਹੁਤ ਖਾਲੀ ਥਾਵਾਂ, ਬੰਜਰ, ਜੰਗਲ ਜਾਂ ਸ਼ਾਮਲਾਟਾਂ ਵਿਚ ਇਸ ਦੀ ਕਾਸ਼ਤ ਹੋ ਸਕਦੀ ਹੈ। ਸ਼ਾਇਦ ਇਹ ਤਜਰਬਾ ਪੰਜਾਬ ਦਾ ਕੁਝ ਪਾਣੀ ਹੀ ਬਚਾ ਲਵੇ।


-ਮੋਬਾ: 98159-45018

ਕਣਕ ਦਾ ਵਧੇਰੇ ਝਾੜ ਲੈਣ ਲਈ ਯੋਗ ਟੈਕਨਾਲੋਜੀ

ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਭਾਰਤ ਵਿਸ਼ਵ ਦਾ ਦੂਜਾ ਵੱਡਾ ਉਤਪਾਦਕ ਹੈ। ਸਬਜ਼ ਇਨਕਲਾਬ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤ 'ਚ ਕਣਕ ਦਾ ਉਤਪਾਦਨ 8 ਗੁਣਾ ਹੋ ਗਿਆ। ਸਾਲ 1964-65 'ਚ ਇਹ 12.3 ਮਿਲੀਅਨ ਟਨ ਸੀ। ਸਾਲ 2018-19 'ਚ 102.19 ਮਿਲੀਅਨ ਟਨ ਨੂੰ ਛੂਹ ਗਿਆ। ਉਤਪਾਦਕਤਾ 3507 ਕਿਲੋਗ੍ਰਾਮ ਪ੍ਰਤੀ ਹੈਕਟੇਅਰ 'ਤੇ ਪਹੁੰਚ ਗਈ। ਇਸੇ ਤਰ੍ਹਾਂ ਪੰਜਾਬ 'ਚ ਕਣਕ ਦਾ ਉਤਪਾਦਨ ਇਸ ਦੌਰਾਨ 18 ਲੱਖ ਟਨ ਤੋਂ ਵਧ ਕੇ 182 ਲੱਖ ਟਨ ਹੋ ਗਿਆ ਅਤੇ ਉਤਪਾਦਕਤਾ 5188 ਕਿਲੋਗ੍ਰਾਮ ਪ੍ਰਤੀ ਹੈਕਟੇਅਰ 'ਤੇ ਪਹੁੰਚ ਗਈ। ਇਸ ਉਪਲੱਬਧੀ ਦਾ ਮਾਣ ਖੇਤੀ ਵਿਗਿਆਨੀਆਂ ਤੇ ਮਿਹਨਤੀ ਕਿਸਾਨਾਂ ਨੂੰ ਜਾਂਦਾ ਹੈ। ਕਣਕ 19 ਰਾਜਾਂ ਵਿਚ ਪੈਦਾ ਹੁੰਦੀ ਹੈ। ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਰਾਜ ਹਨ। ਪੰਜਾਬ ਦਾ ਯੋਗਦਾਨ ਸਭ ਰਾਜਾਂ ਨਾਲੋਂ ਵੱਧ ਹੈ। ਫਿਰ ਇਸ ਦੀ ਕਾਸ਼ਤ ਭਾਰਤ 'ਚ ਤਕਰੀਬਨ 30 ਮਿਲੀਅਨ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ ਜਦੋਂ ਕਿ ਪੰਜਾਬ 'ਚ ਕਾਸ਼ਤ ਅਧੀਨ ਰਕਬਾ 3.5 ਮਿਲੀਅਨ ਹੈਕਟੇਅਰ ਹੈ। ਕੇਂਦਰੀ ਅੰਨ ਭੰਡਾਰ ਵਿਚ ਵੀ ਇਨ੍ਹਾਂ ਤਿੰਨੇ ਰਾਜਾਂ ਦਾ ਮੁੱਖ ਯੋਗਦਾਨ ਹੈ।
ਪੰਜਾਬ ਵਿਚ ਕਣਕ ਦੀ ਬਿਜਾਈ ਸ਼ੁਰੂ ਹੋਣ 'ਚ ਅਜੇ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਪਿਆ ਹੈ। ਕਿਸਾਨ ਹੁਣੇ ਤੋਂ ਯੋਜਨਾਬੰਦੀ ਕਰ ਰਹੇ ਹਨ। ਵਿਗਿਆਨੀਆਂ ਦੀ ਸਲਾਹ ਅਤੇ ਆਪਣੇ ਤਜਰਬਿਆਂ ਦੇ ਆਧਾਰ 'ਤੇ ਬਿਜਾਈ ਲਈ ਕਣਕ ਦੀ ਕਿਸਮ ਦੀ ਚੋਣ ਕਰਦੇ ਹਨ। ਕਿਸਮ ਦੀ ਯੋਗ ਚੋਣ ਉਤਪਾਦਕਤਾ ਵਧਾਉਣ 'ਚ ਲੋੜੀਂਦਾ ਯੋਗਦਾਨ ਪਾਉਂਦੀ ਹੈ। ਕਿਸਾਨ ਆਪਣੀ ਜ਼ਮੀਨ ਅਤੇ ਪਿਛਲੀਆਂ ਅਜਮਾਇਸ਼ਾਂ ਦੇ ਆਧਾਰ 'ਤੇ ਕਿਸਮ ਦੀ ਚੋਣ ਕਰਦੇ ਹਨ। ਅਗਾਂਹਵਧੂ ਕਿਸਾਨ ਇਕ ਤੋਂ ਵੱਧ ਕਿਸਮ ਦੀ ਚੋਣ ਕਰਨ ਦਾ ਉਪਰਾਲਾ ਕਰਦੇ ਹਨ ਕਿਉਂਕਿ ਇਸ ਨਾਲ ਜੋਖ਼ਮ ਘਟ ਜਾਂਦਾ ਹੈ। ਜੇ ਇਕ ਕਿਸਮ ਨੂੰ ਬਿਮਾਰੀ ਆ ਜਾਵੇ ਤਾਂ ਦੂਜੀ ਕਿਸਮ ਦਾ ਬਚਾਅ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਫ਼ਸਲਾਂ ਦਾ ਵਧੀਆ ਪ੍ਰਬੰਧਨ ਜਿਵੇਂ ਸਮੇਂ ਸਿਰ ਬਿਜਾਈ, ਬੀਜ ਦੀ ਮਾਤਰਾ, ਸਮੇਂ ਸਿਰ ਰਸਾਇਣਕ ਖਾਦਾਂ ਪਾਉਣਾ, ਸਿੰਜਾਈ ਕਰਨੀ ਅਤੇ ਨਦੀਨਾਂ ਦਾ ਸਮੇਂ ਸਿਰ ਨਾਸ਼ ਕਰਨਾ ਆਦਿ ਝਾੜ ਵਧਾਉਣ 'ਚ ਸਹਾਈ ਹੁੰਦੀ ਹਨ। ਖ਼ਰਚਾ ਘਟਾਉਣ ਲਈ 'ਜ਼ੀਰੋ ਟਿਲੇਜ਼' ਤਕਨੀਕ (ਬਿਨਾਂ ਵਹਾਈ ਬਿਜਾਈ) ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇ ਖੇਤ ਵਿਚ ਨਦੀਨਾਂ ਦੀ ਬਹੁਤੀ ਸਮੱਸਿਆ ਨਹੀਂ ਤਾਂ ਇਹ ਤਕਨੀਕ ਅਪਣਾਈ ਜਾ ਸਕਦੀ ਹੈ। 'ਜ਼ੀਰੋ ਟਿਲੇਜ਼' ਜਾਂ ਘੱਟ ਤੋਂ ਘੱਟ ਵਹਾਈ ਨਾਲ ਡੀਜ਼ਲ ਤੇ ਸਮੇਂ ਦੀ ਬੱਚਤ ਹੁੰਦੀ ਹੈ, ਵਾਯੂਮੰਡਲ ਦਾ ਪ੍ਰਦੂਸ਼ਣ ਘਟਦਾ ਹੈ, ਗੁੱਲੀ ਡੰਡੇ ਦੀ ਸਮੱਸਿਆ ਘੱਟ ਆਉਂਦੀ ਹੈ ਅਤੇ ਪਹਿਲੀ ਸਿੰਜਾਈ ਸਮੇਂ ਪਾਣੀ ਦੀ ਬੱਚਤ ਹੁੰਦੀ ਹੈ। ਇਸ ਵਿਧੀ ਨਾਲ ਜ਼ਿਆਦਾ ਰਕਬੇ ਤੇ ਸਮੇਂ ਸਿਰ ਬਿਜਾਈ ਕੀਤੀ ਜਾ ਸਕਦੀ ਹੈ। ਪਰ ਲਗਾਤਾਰ ਤਿੰਨ ਸਾਲ 'ਜ਼ੀਰੋ ਟਿਲੇਜ਼' ਨਾਲ ਕਣਕ ਬੀਜਣ ਤੋਂ ਬਾਅਦ ਜ਼ਮੀਨ ਨੂੰ ਵਾਹੁਣਾ ਚਾਹੀਦਾ ਹੈ। ਇਸ ਨਾਲ ਬਹੁ-ਨਦੀਨਾਂ ਅਤੇ ਚੂਹਿਆਂ ਤੋਂ ਭਵਿੱਖ ਵਿਚ ਹੋਣ ਵਾਲੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ। ਦੂਜੀ ਵਿਧੀ ਖ਼ਰਚਿਆਂ ਦੀ ਬੱਚਤ ਕਰਨ ਲਈ ਹੈਪੀ ਸੀਡਰ ਨਾਲ ਬਿਜਾਈ ਹੈ। ਇਹ ਮਸ਼ੀਨ ਝੋਨੇ ਦੀ ਪਰਾਲੀ ਨੂੰ ਕਣਕ ਦੇ ਸਿਆੜਾਂ ਵਿਚਕਾਰ ਇਕਸਾਰ ਮਲਚ ਦੇ ਰੂਪ ਵਿਚ ਵਿਛਾਉਣ ਉਪਰੰਤ ਦਬਾਅ ਦੇਂਦੀ ਹੈ। ਜਿਸ ਨਾਲ ਕਣਕ ਦਾ ਪੁੰਗਾਰਾ ਤੇ ਮੁਢਲਾ ਵਾਧਾ ਵਧੀਆ ਹੁੰਦਾ ਹੈ ਅਤੇ ਨਦੀਨਾਂ ਦੀ ਘਣਤਾ ਵੀ ਨਾਮਾਤਰ ਹੀ ਹੁੰਦੀ ਹੈ। ਭਾਵੇਂ ਕਣਕ ਦੀ ਬਿਜਾਈ ਲਈ ਢੁੱਕਵਾਂ ਸਮਾਂ ਨਵੰਬਰ ਦਾ ਪਹਿਲਾ ਪੰਦਰਵਾੜਾ ਹੈ ਪਰ ਪਿਛਲੇ ਤਿੰਨ ਸਾਲਾਂ ਵਿਚ ਕੀਤੇ ਗਏ ਤਜਰਬੇ ਤੇ ਅਜਮਾਇਸ਼ਾਂ ਦਰਸਾਉਂਦੇ ਹਨ ਕਿ ਅਕਤੂਬਰ ਵਿਚ ਬੀਜੀ ਗਈ ਕਣਕ ਦਾ ਝਾੜ ਵੱਧ ਆਉਂਦਾ ਹੈ। ਅਕਤੂਬਰ 'ਚ ਬੀਜਣ ਲਈ ਐਚ. ਡੀ. ਸੀ. ਐਸ. ਡਬਲਿਊ. 18 ਅਤੇ ਐਚ. ਡੀ.-3226 ਜਿਹੀਆਂ ਕਿਸਮਾਂ ਵਧੇਰੇ ਅਨੁਕੂਲ ਹਨ।
ਵਧੀਆ ਉਤਪਾਦਕਤਾ ਲਈ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਇਸ ਲਈ ਖਾਦਾਂ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਰੂੜੀ ਦੀ ਖਾਦ ਦੀ ਤਾਂ ਹੁਣ ਬੜੇ ਘੱਟ ਜ਼ਿਮੀਂਦਾਰ ਵਰਤੋਂ ਕਰਦੇ ਹਨ। ਯੂਰੀਆ ਆਮ ਜ਼ਮੀਨਾਂ ਵਿਚ 110 ਕਿੱਲੋ ਪ੍ਰਤੀ ਏਕੜ, ਡੀ ਏ ਪੀ 55 ਕਿਲੋ ਜਾਂ ਸੁਪਰ ਫਾਸਫੇਟ 155 ਕਿਲੋ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ 20 ਕਿਲੋ ਮਿਊਰੀਏਟ ਆਫ ਪੋਟਾਸ਼ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਜਦੋਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ਵਿਚ 40 ਕਿਲੋ ਮਿਊਰੀਏਟ ਆਫ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਨਿੰਮ-ਲਿਪਤ ਯੂਰੀਆ ਵਰਤਣਾ ਚਾਹੀਦਾ ਹੈ। ਅੱਧ ਦਸੰਬਰ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ ਨੂੰ ਸਮੇਂ ਤੇ ਬੀਜੀ ਕਣਕ ਤੋਂ 25 ਫ਼ੀਸਦੀ ਨਾਈਟਰੋਜਨ ਘੱਟ ਦੇਣੀ ਚਾਹੀਦੀ ਹੈ। ਸਾਉਣੀ ਦੀਆਂ ਫ਼ਸਲਾਂ ਨਾਲੋਂ ਕਣਕ ਦੀ ਫ਼ਸਲ ਫਾਸਫੋਰਸ ਖਾਦ ਨੂੰ ਵਧੇਰੇ ਮੰਨਦੀ ਹੈ। ਅੱਧੀ ਨਾਈਟਰੋਜਨ ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ ਅਤੇ ਬਾਕੀ ਅੱਧੀ ਨਾਈਟਰੋਜਨ ਪਹਿਲੇ ਅਤੇ ਦੂਜੇ ਪਾਣੀ ਤੋਂ ਪਹਿਲਾਂ ਪਾਏ ਜਾਣ ਦੀ ਸਿਫ਼ਾਰਸ਼ ਹੈ। ਬਹੁਤੀ ਵਾਹੀ ਅਤੇ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ। ਇਸ 'ਚ ਸੁਧਾਰ ਲਿਆਉਣ ਦੀ ਲੋੜ ਹੈ। ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਰੋਕਥਾਮ ਵੀ ਬੜੀ ਜ਼ਰੂਰੀ ਹੈ। ਕਿਸਾਨਾਂ ਨੂੰ ਆਪਣੇ ਤਜ਼ਰਬਿਆਂ ਦੇ ਆਧਾਰ ਤੇ ਵਿਗਿਆਨੀਆਂ ਦੀ ਸਲਾਹ ਲੈ ਕੇ ਨਦੀਨ ਨਾਸ਼ਕਾਂ ਦੀ ਚੋਣ ਕਰਨੀ ਚਾਹੀਦੀ ਹੈ। ਗੁੱਲੀ ਡੰਡਾ ਕਈ ਥਾਵਾਂ ਤੇ ਝਾੜ ਨੂੰ 50 ਤੋਂ 60 ਫ਼ੀਸਦੀ ਤੱਕ ਘਟਾਉਣ ਦਾ ਕਾਰਨ ਬਣਦਾ ਹੈ। ਕਣਕ ਦਾ ਝਾੜ ਵੱਧ ਲੈਣ ਲਈ ਸਿੰਜਾਈ ਦਾ ਯੋਗ ਪ੍ਰਬੰਧ ਵੀ ਜ਼ਰੂਰੀ ਹੈ। ਕਣਕ ਨੂੰ 4 ਤੋਂ 6 ਸਿੰਜਾਈਆਂ ਦੀ ਲੋੜ ਹੈ। ਆਮ ਫ਼ਸਲ ਤੇ ਪਹਿਲੀ ਸਿੰਜਾਈ ਬਿਜਾਈ ਤੋਂ 21 ਤੋਂ 28 ਦਿਨ ਦੇ ਦਰਮਿਆਨ ਕਰ ਦੇਣੀ ਚਾਹੀਦੀ ਹੈ। ਦੂਜੀ ਸਿੰਜਾਈ 45 ਦਿਨ, ਤੀਜੀ 65 ਦਿਨ, ਚੌਥੀ 85 ਦਿਨ, ਪੰਜਵੀਂ 105 ਦਿਨ ਅਤੇ ਛੇਵੀਂ 120 ਦਿਨ ਬਾਅਦ ਕਰ ਦੇਣੀ ਚਾਹੀਦੀ ਹੈ। ਝੋਨੇ ਤੋਂ ਪਿੱਛੋਂ ਬੀਜੀ ਕਣਕ ਨੂੰ ਰੌਣੀ ਦੀ ਲੋੜ ਨਹੀਂ ਪੈਂਦੀ ਕਿਉਂਕਿ ਬਿਜਾਈ ਲਈ ਜ਼ਮੀਨ ਵਿਚ ਗਿੱਲ ਉਪਲੱਬਧ ਹੁੰਦੀ ਹੈ। ਸਿੰਜਾਈ ਕਰਨ ਲੱਗਿਆਂ ਮੌਸਮ ਅਤੇ ਖੇਤ 'ਚ ਗਿੱਲ ਦਾ ਵੀ ਧਿਆਨ ਕਰਨਾ ਚਾਹੀਦਾ ਹੈ। ਕਣਕ ਦੀ ਫ਼ਸਲ 'ਚ ਆਮ ਤੌਰ 'ਤੇ ਸਿਉਂਕ, ਚੇਪਾ, ਪੀਲੀ ਕੁੰਗੀ, ਭੂਰੀ ਕੁੰਗੀ, ਕਰਨਾਲ ਬੰਟ, ਕਾਂਗਿਆਰੀ, ਸਕੈਬ ਰੋਗ, ਪੌਦੇ ਜਾਂ ਪੱਤਿਆਂ ਦਾ ਝੁਲਸੇ ਜਾਣਾ ਆਦਿ ਬਿਮਾਰੀਆਂ ਆਉਂਦੀਆਂ ਹਨ ਜਿਨ੍ਹਾਂ ਨੂੰ ਯੋਗ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕਾਬੂ ਕਰਨ ਦੀ ਲੋੜ ਹੈ। ਇਸ ਸਬੰਧ ਵਿਚ ਕਿਸਾਨਾਂ ਨੂੰ ਵਿਗਿਆਨੀਆਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ।


-ਮੋਬਾਈਲ : 98152-36307

ਆਓ! ਆਪਣੀ ਖੇਤੀ ਲਈ ਗੁਆਂਢੀਆਂ ਤੋਂ ਕੁਝ ਸਿੱਖੀਏ

ਮੇਰੀ ਸਲਾਹ ਤੇ ਬੇਨਤੀ ਨੂੰ ਪ੍ਰਸੰਗ ਵਿਚ ਰੱਖ ਕੇ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਯੂਨੀਵਰਸਿਟੀ ਪਾਲਮਪੁਰ, ਹਿਮਾਚਲ ਪ੍ਰਦੇਸ਼ ਦੀ ਹੀ ਫਲਾਂ ਤੇ ਬਾਗਾਂ ਨਾਲ ਸਬੰਧਤ ਤੇ ਸੋਲਨ ਵਿਚ ਸਥਿੱਤ ਡਾ: ਵਾਈ. ਐਸ. ਪ੍ਰਮਾਰ ਯੂਨੀਵਰਸਿਟੀ ਅਤੇ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੋਵਾਂ ਰਾਜਾਂ ਦੀ ਸੀਮਾਂ 'ਤੇ 'ਕੰਢੀ ਸ਼ਿਵਾਲਿਕ ਖੋਜ ਐਗਰੀਕਲਚਰ ਰੀਸਰਚ ਐਕਸਚੇਂਜ ਸਕੀਮ' ਚਲਾਈ ਹੋਈ ਹੈ ਤੇ ਇਸ ਸਕੀਮ ਨਾਲ ਸਬੰਧਤ ਲੋੜਾਂ ਤੇ ਕਾਰਜਾਂ ਵਾਸਤੇ ਅਕਸਰ ਮੈਂ ਹਿਮਾਚਲ ਪ੍ਰਦੇਸ਼ ਵਿਚ ਜਾਂਦਾ ਰਹਿੰਦਾ ਹਾਂ। ਉੱਥੋਂ ਦੇ ਕਿਸਾਨਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੀ ਖੇਤੀ ਨੂੰ ਨੇੜਿਓਂ ਤੱਕਣ ਦਾ ਮੌਕਾ ਅਕਸਰ ਮੈਨੂੰ ਮਿਲਦਾ ਰਹਿੰਦਾ ਹੈ।
ਹਿਮਾਚਲ ਵਿਚ ਖੇਤੀ ਜਿਵੇਂ ਪਹਾੜਾਂ ਦੇ ਕੁੱਛੜ ਚੜ੍ਹੀ ਹੋਈ ਹੈ ਤੇ ਇਹ ਖੇਤੀ ਪਹਾੜਾਂ 'ਤੇ ਚੜ੍ਹਦੀਆਂ ਕੱਚੀਆਂ ਪੌੜੀਆਂ ਦੇ ਪੌਡਿਆਂ 'ਤੇ ਕੀਤੀ ਜਾਂਦੀ ਹੈ, ਹਿਮਾਚਲ ਦੇ ਸ਼ਿਵਾਲਕ ਰਿਜ਼ਨ ਵਿਚ ਤਾਂ ਸ਼ਾਇਦ ਕਿਸੇ ਕਿਸੇ ਕੋਲ ਕੋਈ ਟਰੈਕਟਰ ਆਦਿ ਹੋਵੇ ਪਰ ਇੱਥੋਂ ਦੇ ਬਾਕੀ ਦੇ ਵਿਸ਼ਾਲ ਇਲਾਕਿਆਂ ਵਿਚ ਮਸ਼ੀਨਾਂ ਤੋਂ ਬਿਨਾਂ ਹੱਥੀਂ ਹੀ ਫ਼ਸਲਾਂ ਦੀਆਂ ਬਿਜਾਈਆਂ, ਗੁਡਾਈਆਂ, ਕਟਾਈਆਂ ਤੇ ਤੁੜਾਈਆਂ ਦੇ ਕੰਮ ਕੀਤੇ ਜਾਂਦੇ ਹਨ, ਅਤੇ ਇਸ ਵਿਸ਼ਾਲ ਰਕਬੇ ਵਿਚ ਮੁੱਖ ਰੂਪ 'ਚ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਹਿਮਾਚਲ ਦੇ ਕਿਸਾਨਾਂ ਦੀ ਸਫਲਤਾ ਦਾ ਭੇਤ ਹੈ ਖੇਤੀ ਲਈ ਉਨ੍ਹਾਂ ਦੀ ਸਹੀ ਤੇ ਸ਼ਾਨਦਾਰ ਵਿਓਂਤਬੰਦੀ।
ਹਿਮਾਚਲ ਦੇ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਭਾਰਤ ਦੇ ਵੱਖ ਵੱਖ ਖੰਡਾਂ ਵਿਚ ਵਿਲੱਖਣ ਪਛਾਣ ਹੈ,ਵਿਸ਼ੇਸ਼ ਗੱਲ ਇਹ ਹੈ ਕਿ ਹਿਮਾਚਲ ਦੇ ਕਿਸਾਨਾਂ ਕੋਲ ਆਪਣੀਆਂ ਖੇਤੀ ਜਿਣਸਾਂ ਨੂੰ ਮੰਡੀ ਵਿਚ ਤੇ ਖਪਤਕਾਰ ਕੋਲ ਸਿੱਧੇ ਤੇ ਢੰਗ ਨਾਲ ਵੇਚਣ ਦੀ ਕਲਾ ਤੇ ਜਾਂਚ ਹੈ, ਕੁੱਝ ਸਾਲ ਪਹਿਲਾਂ ਜਦੋਂ ਦਿੱਲੀ ਵਿਚ ਕਾਮਨਵੈਲਥ ਖੇਡਾਂ ਹੋਈਆਂ ਸਨ ਤਾਂ ਉੱਥੇ ਸਜਾਵਟ ਵਾਸਤੇ 70 ਕਰੋੜ ਦੇ ਫ਼ੁੱਲ ਹਿਮਾਚਲ ਪ੍ਰਦੇਸ਼ ਵਿਚੋਂ ਹੀ ਗਏ ਸਨ। ਹਿਮਾਚਲ 'ਚ ਵਿਰਲੇ ਟਾਵੇਂ ਕਿਸਾਨ ਖੇਤੀ ਲਈ ਕਰਜ਼ਾ ਤਾਂ ਲੈਂਦੇ ਹਨ ਪਰ ਮੈਨੂੰ ਅਜਿਹਾ ਕੋਈ ਕਿਸਾਨ ਨਹੀਂ ਮਿਲਿਆ ਜਿਸਨੇ ਕਰਜ਼ਾ ਲੈ ਕੇ ਸਮੇਂ ਸਿਰ ਮੋੜਿਆ ਨਾ ਹੋਵੇ।
ਹਿਮਾਚਲ ਦੇ ਕਿਸਾਨਾਂ ਨੇ ਰਾਜ ਅੰਦਰ ਖੁੰਬਾਂ ਦੀ ਕਾਸ਼ਤ ਦਾ ਉਦਯੋਗ ਪ੍ਰਫੁੱਲਤ ਕੀਤਾ ਤੇ ਇਸ ਉਦਯੋਗ ਲਈ ਉਨ੍ਹਾਂ ਨੇ ਜਿੱਥੇ ਢੁੱਕਵਾਂ ਭਾਅ ਦੇ ਕੇ ਪੰਜਾਬ ਵਿਚੋਂ ਤੂੜੀ ਤੇ ਪਰਾਲੀ ਦੀ ਖਰੀਦ ਕੀਤੀ ਉਥੇ ਉਚੱਤਮ ਕੁਆਲਿਟੀ ਦੀਆਂ ਖੁੰਬਾਂ ਦਾ ਉਤਪਾਦਨ ਕਰਕੇ ਵਿਸ਼ਵ ਪੱਧਰ 'ਤੇ ਨਾਮਣਾ ਵੀ ਖੱਟਿਆ ਹੈ, ਸੋਲਨ ਦੇ ਇਕ ਨੌਜਵਾਨ ਕਿਸਾਨ ਵਿਕਾਸ ਨੇ ਪੰਜਾਬ 'ਚ ਖਰੜ ਦੇ ਨੇੜੇ ਆ ਕੇ ਵਿਦੇਸ਼ਾਂ ਤੋਂ ਆਧੁਨਿਕ ਕਿਸਮ ਦੀ ਮਸ਼ੀਨਰੀ ਮੰਗਵਾ ਕੇ ਇਕ ਵਿਸ਼ਵ ਪੱਧਰ ਦਾ ਪਲਾਂਟ ਲਾਇਆ ਹੈ, ਇਸ ਪਲਾਂਟ ਲਈ ਜਿੱਥੇ ਕਿਸਾਨਾਂ ਤੋਂ ਸਹੀ ਭਾਅ 'ਤੇ ਤੂੜੀ ਤੇ ਪਰਾਲੀ ਦੀ ਖਰੀਦ ਕੀਤੀ ਜਾ ਰਹੀ ਹੈ ਉੱਥੇ ਖੁੰਬਾਂ ਕੱਟ ਕੇ ਬਹੁਤ ਹੀ ਕੀਮਤੀ ਗੋਬਰ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ, ਇਸਦੇ ਨਾਲ ਨਾਲ ਇਸ ਵਿਸ਼ਵ ਪੱਧਰ ਦੇ ਪਲਾਂਟ ਵਿਚ ਇਲਾਕੇ 'ਚੋਂ ਲੱਗ ਪਗ 150 ਪੇਂਡੂ ਲੜਕੇ ਲੜਕੀਆਂ ਨੂੰ ਉਸ ਨੇ ਰੁਜ਼ਗਾਰ ਵੀ ਮੁਹੱਈਆ ਕੀਤਾ ਹੈ।
ਹਿਮਾਚਲ ਵਿਚ ਪਾਣੀ ਦੀ ਘਾਟ ਕਰਕੇ ਫ਼ਲਾਂ, ਫ਼ੁੱਲਾਂ ਤੇ ਸਬਜ਼ੀਆਂ ਦੀਆਂ ਨਾਜ਼ੁਕ ਫ਼ਸਲਾਂ ਲਈ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਫ਼ਸਲਾਂ ਦੀ ਲੋੜ ਲਈ ਧਰਤੀ ਹੇਠਲਾ ਪਾਣੀ ਬਿਲਕੁਲ ਨਹੀਂ ਕੱਢਿਆ ਜਾਂਦਾ, ਪਹਾੜਾਂ 'ਤੋਂ ਉਤਰਦੇ ਨਾਲਿਆਂ ਤੇ ਝਰਨਿਆਂ ਦੇ ਕੁਦਰਤੀ ਪਾਣੀ ਦਾ ਭੰਡਾਰ ਕਰਕੇ ਤੁਪਕਾ ਸਿੰਚਾਈ ਰਾਹੀਂ ਫ਼ਸਲਾਂ ਦੀ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ ਹੈ।
ਪਹਾੜਾਂ ਦੇ ਕੁੱਛੜ ਚੜ੍ਹੇ ਹਿਮਾਚਲ ਦੇ ਕਿਸਾਨਾਂ ਦੇ ਬਹੁਤ ਹੀ ਖੂਬਸੂਰਤ ਤੇ ਸਾਫ਼-ਸੁਥਰੇ ਘਰ ਹਨ ਤੇ ਲੱਗਪਗ 80 ਫੀਸਦੀ ਕਿਸਾਨਾਂ ਦੇ ਘਰਾਂ ਅੱਗੇ ਕਾਰਾਂ ਖੜ੍ਹੀਆਂ ਹਨ, ਪਹਾੜਾਂ ਵਿਚ ਕਿਉਂਕਿ ਹਰ ਘਰ ਲਈ ਵੱਖਰੀ ਗਲੀ ਤੇ ਰਾਹ ਦੀ ਵਿਵੱਸਥਾ ਨਹੀਂ ਹੋ ਸਕਦੀ ਇਸ ਲਈ ਕਈ ਕਿਸਾਨਾਂ ਨੂੰ ਗਵਾਂਢੀਆਂ ਦੇ ਵਿਹੜਿਆਂ ਵਿਚੋਂ ਲੰਘ ਕੇ ਆਪਣੇ ਘਰ ਜਾਣਾ ਪੈਂਦਾ ਹੈ, ਅਜਿਹੇ ਲੋੜਵੰਦ ਕਿਸਾਨਾਂ ਨੂੰ ਗੁਆਂਢੀ ਖੁਸ਼ ਹੋ ਕੇ ਲਾਂਘਾ ਦਿੰਦੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਹਿਮਾਚਲ ਦੇ ਅਨੇਕਾਂ ਕਿਸਾਨ ਖੇਤੀ ਦੇ ਕਿੱਤੇ ਤੋਂ ਸੰਤੁਸ਼ਟ ਹਨ, ਉਹ ਨੂੰ ਕਦੇ ਵੀ ਮੈਂ ਉਦਾਸ ਤੇ ਨਿਰਾਸ਼ ਹੋਏ ਨਹੀਂ ਵੇਖਿਆ ਤੇ ਉਹ ਮੈਨੂੰ ਕਦੇ ਵੀ ਅਜਿਹੀ ਅਵਸਥਾ ਵਿਚ ਨਜ਼ਰ ਨਹੀਂ ਆਏ ਜਦੋਂ ਉਨ੍ਹਾਂ ਦੇ ਬੁੱਲ੍ਹਾਂ ਵਿਚੋਂ ਹਾਸੇ ਗਾਇਬ ਤੇ ਮੱਥੇ ਤੇ ਤਿਉੜੀਆਂ ਹੋਣ। ਖੁਦਕੁਸ਼ੀਆਂ ਬਾਰੇ ਸੋਚ ਤਾਂ ਮੈਂ ਕਦੇ ਉਨ੍ਹਾਂ ਦੇ ਨੇੜਿਓਂ ਲੰਘਦੀ ਨਹੀਂ ਵੇਖੀ। ਫ਼ੁੱਲਾਂ ਵਾਂਗ ਖਿੜੇ ਚਿਹਰਿਆਂ ਵਾਲੇ ਇਨ੍ਹਾਂ ਕਿਸਾਨਾਂ ਦਾ ਸੁਖਦ ਅਹਿਸਾਸ ਮਨ ਵਿਚ ਲੈ ਕੇ ਜਦੋਂ ਮੈਂ ਪੰਜਾਬ ਵਿਚ ਆਉਂਦਾ ਹਾਂ ਤਾਂ ਇੱਥੇ ਆ ਕੇ ਨਿਰਾਸ਼ਤਾ ਹੁੰਦੀ ਹੈ।
ਇੱਥੇ ਜਰਖੇਜ਼ ਖੁੱਲ੍ਹੀਆਂ 'ਤੇ ਪੱਧਰੀਆਂ ਜ਼ਮੀਨਾਂ ਹਨ, ਬੇਤਰਸੀ ਨਾਲ ਧਰਤੀ ਹੇਠੋਂ ਫ਼ਸਲਾਂ ਵਾਸਤੇ ਕੱਢਣ ਲਈ ਖੁੱਲ੍ਹਾ ਪਾਣੀ ਹੈ, ਅਨੇਕਾਂ ਫ਼ਸਲਾਂ ਲਈ ਅਨੂਕੁਲ ਵਾਤਾਵਰਨ ਹੈ, ਬਹੁਤੇ ਕਿਸਾਨਾਂ ਦੇ ਵਿਹੜਿਆਂ ਵਿਚ ਫ਼ਸਲਾਂ ਦੀ ਬਿਜਾਈ, ਗੁਡਾਈ, ਕਟਾਈ ਤੇ ਹੋਰ ਲੋੜਾਂ ਲਈ ਹਰ ਤਰ੍ਹਾਂ ਦੀ ਮਸ਼ੀਨਰੀ ਖੜ੍ਹੀ ਹੈ ਪਰ ਸ਼ਾਇਦ ਹੀ ਕਿਸੇ ਕਿਸਾਨ ਦੇ ਚਿਹਰੇ 'ਤੇ ਖੁਸ਼ੀ ਤੇ ਰੌਣਕ ਨਜ਼ਰ ਆਉਂਦੀ ਹੈ, ਚੰਗੇ ਚੰਗੇ ਵਸੀਲਿਆਂ ਵਾਲੇ ਕਿਸਾਨਾਂ ਦੀਆਂ ਵੀ ਲੱਤਾਂ ਭਾਰੀ ਭਰਕਮ ਕਰਜ਼ਿਆਂ ਦੀ ਦਲਦਲ ਵਿਚ ਧਸੀਆਂ ਹੋਈਆਂ ਹਨ, ਕਿਸਾਨ ਅਕਸਰ ਇਹ ਆਖਦੇ ਸੁਣੀਂਦੇ ਹਨ ਕਿ 'ਖੇਤੀ ਨੇ ਸਾਨੂੰ ਕਰਜ਼ਾਈ ਕਰ ਦਿੱਤਾ ਹੈ ਤੇ ਘਸਿਆਰੇ ਬਣਾ ਕੇ ਕੰਗਾਲ ਕਰ ਛੱਡਿਆ ਹੈ।'
ਹਿਮਾਚਲ ਪ੍ਰਦੇਸ਼ ਦੇ ਕਿਸਾਨ ਆਪਣੇ ਮੁਸਕਰਾਉਂਦੇ ਹੋਏ ਚਿਹਰੇ ਲੈ ਕੇ ਆਪਣੀਆਂ ਫ਼ਸਲਾਂ ਤੇ ਫੁੱਲਾਂ ਫਲਾਂ ਦੇ ਬੂਟਿਆਂ ਦੇ ਪਰਿਵਾਰ ਵਿਚ ਇਵੇਂ ਵਿਚਰਦੇ ਹਨ ਜਿਵੇਂ ਉਹ ਇਸ ਖੂਬਸੂਰਤ ਪਰਵਾਰ ਦੇ ਮੈਂਬਰ ਹੋਣ, ਉਨ੍ਹਾਂ ਦੇ ਖੇਤਾਂ ਵਿਚ ਲੱਗੇ ਬੂਟਿਆਂ ਨੂੰ ਦੇਖ ਕੇ ਉਨ੍ਹਾਂ ਦੇ ਇਕ ਇਕ ਫ਼ਲ ਫੁੱਲ ਤੇ ਇਕ ਇਕ ਪੱਤੇ ਵਿਚੋਂ ਉਨ੍ਹਾਂ ਦੀ ਲਗਨ, ਮਿਹਨਤ ਤੇ ਬੂਟਿਆਂ ਨੂੰ ਕੀਤਾ ਪਿਆਰ ਝਲਕਦਾ ਹੈ।
ਸਾਡੇ ਪੰਜਾਬ ਦੇ ਕਿਸਾਨਾਂ ਨੇ ਕਿਸੇ ਵੇਲੇ ਧੱਕੇ ਵਾਲੀ ਖੇਤੀ ਨੂੰ ਸਫ਼ਲ ਕੀਤਾ ਸੀ, ਪਰ ਹੁਣ ਧੱਕੇ ਦੀ ਖੇਤੀ ਦਾ ਸਮਾਂ ਬੀਤ ਗਿਆ ਹੈ, ਹੁਣ ਦੌਰ ਹੈ ਸੂਖਮ ਦ੍ਰਿਸ਼ਟੀ ਵਾਲੀ ਖੇਤੀ ਦਾ।
ਅਜੋਕੀ ਖੇਤੀ ਵਿਚ ਸਾਡੇ ਪੰਜਾਬ ਦੇ ਬਹੁਤੇ ਕਿਸਾਨਾਂ ਦੀ ਖੇਤੀ ਵਿਚ ਦਿਲਚਸਪੀ ਤੇ ਵਿਉਂਤਬੰਦੀ ਕਿਹੋ ਜਿਹੀ ਹੈ,? ਉਸ ਦੀ ਇਕ ਝਲਕ ਅਸੀਂ ਵੇਖ ਸਕਦੇ ਹਾਂ, ਸਾਡੇ ਕਿਸਾਨ ਪਾਣੀ ਵਿਚ ਫਲ੍ਹਾ ਚਲਾ ਕੇ (ਕੱਦੂ ਕਰਕੇ) ਟਰੈਕਟਰ ਲੈ ਜਾਂਦੇ ਹਨ, ਪਿਛੋਂ ਮਜ਼ਦੂਰ ਜਿਸ ਤਰ੍ਹਾਂ ਦਾ ਵੀ ਝੋਨਾ ਲਾ ਦੇਣ ਕੋਈ ਫਿਕਰ ਨਹੀਂ, ਉਨ੍ਹਾਂ ਨੇ ਡੇਢ ਡੇਢ ਦੋ ਦੋ ਏਕੜ ਚੌੜੇ ਕਿਆਰੇ ਬਣਾ ਕੇ ਤੇ ਫਿਰ ਉਸ ਖੇਤ ਚੋਂ ਦੂਜੇ ਤੇ ਫਿਰ ਤੀਜੇ ਖੇਤ ਦੇ ਹਿਸਾਬ ਨਾਲ ਪਾਣੀ ਪਹੁੰਚਦਾ ਕਰਨ ਲਈ ਵੱਟਾਂ 'ਚ ਨੱਕੇ ਵੱਢੇ ਹੋਏ ਹਨ, ਇਕ ਵੱਢਿਓਂ ਪਹਿਲੇ ਵਿਸ਼ਾਲ ਕਿਆਰੇ ਨੂੰ ਪਾਣੀ ਛੱਡ ਦੇਣਾ ਹੈ ਤੇ ਫਿਰ ਇਸ ਤੋਂ ਬਾਅਦ ਪੱਕੀ ਸੜਕ ਤੇ ਮੋਟਰ ਸਾਈਕਲ ਖੜ੍ਹਾ ਕਰਕੇ ਵੇਖ ਲੈਣਾ ਹੈ ਕਿ ਬੰਬੀ ਤੇ ਬੱਤੀ ਜਗਦੀ ਹੈ? ਜੇ ਜਗਦੀ ਹੈ ਤਾਂ ਇਹ ਸੋਚ ਕੇ ਮੋਟਰ ਸਾਈਕਲ ਪਿੱਛੇ ਨੂੰ ਮੋੜ ਲੈਣਾ ਹੈ ਕਿ ਮੋਟਰ ਨੂੰ ਆਟੋਮੈਟਿਕ ਨੇ ਆਪੇ ਚਲਾ ਦੇਣਾ ਹੈ, ਚਲੋ ਚਲੀਏ। ਕੁਝ ਇਕ ਉੱਦਮੀ ਕਿਸਾਨ ਹੋਣਗੇ ਜਿਹੜੇ ਵਿਚ ਵਿਚਾਲੇ ਝੋਨੇ ਦੀ ਫ਼ਸਲ ਵੱਲ ਗੇੜਾ ਮਾਰਦੇ ਹੋਣਗੇ ਨਹੀਂ ਤਾਂ ਮਜ਼ਦੂਰ ਨੇ ਖਾਦ ਖਿਲਾਰ ਦੇਣੀ ਹੈ ਅਤੇ ਨਦੀਨ ਨਾਸ਼ਕ ਸਪ੍ਰੇਆਂ ਕਰਕੇ ਵੱਟਾਂ ਬੰਨੇ ਸਾਫ਼ ਕਰ ਦੇਣੇ ਹਨ ਤੇ ਕਿਸਾਨਾਂ ਨੇ ਫ਼ਸਲ ਦੀ ਕਟਾਈ ਵੇਲੇ ਟਰਾਲੀ ਲੈ ਕੇ ਕੰਬਾਈਨ ਦੇ ਨਾਲ ਹੀ ਖੇਤਾਂ ਵਿਚ ਆਉਣਾ ਹੁੰਦਾ ਹੈ।


-ਮੋਬਾਈਲ : 9463233991

ਘਰ ਵਿਚ ਲਗਾਓ ਫਲਦਾਰ ਰੁੱਖ

ਆਦਿ ਕਾਲ ਤੋਂ ਹੀ ਫਲ ਮਨੁੱਖੀ ਖ਼ੁਰਾਕ ਦਾ ਹਿੱਸਾ ਰਹੇ ਹਨ। ਫਲਾਂ ਦੀ ਉਪਯੋਗਤਾ ਨੂੰ ਦੇਖਦਿਆਂ ਡਾਕਟਰ ਵੀ ਆਪਣੇ ਮਰੀਜ਼ਾਂ ਨੂੰ ਵੱਖ-ਵੱਖ ਪ੍ਰਕਾਰ ਦੇ ਫਲਾਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਜੰਗਲਾਂ ਵਿਚ ਆਪਮੁਹਾਰੇ ਉੱਗਣ ਵਾਲੇ ਫਲਦਾਰ ਰੁੱਖ ਅੱਜ ਆਧੁਨਿਕ ਸਮੇਂ ਦੇ ਲੋਕਾਂ ਦੀ ਆਰਥਿਕਤਾ ਦਾ ਸੋਮਾ ਬਣੇ ਹੋਏ ਹਨ। ਇਨ੍ਹਾਂ ਫਲਦਾਰ ਰੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਇਨ੍ਹਾਂ ਉੱਪਰ ਕੀਟਨਾਸਕ ਅਤੇ ਹੋਰ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ ਜਿਸ ਕਾਰਨ ਬਾਜ਼ਾਰ ਵਿਚ ਮਿਲਣ ਵਾਲੇ ਫਲਾਂ ਦੀ ਗੁਣਵੱਤਾ ਅਤੇ ਸ਼ੁੱਧਤਾ ਸਦਾ ਸੱਕ ਦੇ ਘੇਰੇ ਵਿਚ ਰਹਿੰਦੀ ਹੈ। ਇਸ ਲਈ ਤਾਕਤ ਭਰਪੂਰ ਅਤੇ ਜੈਵਿਕ ਤਰੀਕੇ ਨਾਲ ਉਗਾਏ ਫਲਾਂ ਦੀ ਪ੍ਰਾਪਤੀ ਲਈ ਸਭ ਤੋਂ ਸੌਖਾ ਢੰਗ ਇਹ ਹੈ ਕਿ ਆਪਣੇ ਘਰ ਵਿਚ ਹੀ ਵੱਖ- ਵੱਖ ਕਿਸਮ ਦੇ ਫਲਦਾਰ ਰੁੱਖਾਂ ਨੂੰ ਲਗਾਇਆ ਜਾਵੇ। ਸੰਤਰਾ ਕਿੰਨੂ, ਲੀਚੀ ਅਮਰੂਦ ਨਿੰਬੂ ਅੰਬ ਆਲੂ ਬੁਖ਼ਾਰਾ ਅਤੇ ਅਨਾਰ ਦੇ ਬੂਟੇ ਬੜੀ ਅਸਾਨੀ ਨਾਲ ਹਰ ਘਰ ਵਿਚ ਲਗਾਏ ਜਾ ਸਕਦੇ ਹਨ ਅਤੇ ਇਹ ਜਗ੍ਹਾ ਵੀ ਥੋੜ੍ਹੀ ਮੱਲਦੇ ਹਨ। ਅਮਰੂਦ ਅਤੇ ਨਿੰਬੂ ਦੇ ਬੂਟੇ ਦੋ ਸਾਲ ਬਾਅਦ ਅਤੇ ਬਾਕੀ ਬੂਟੇ ਆਮ ਤੌਰ 'ਤੇ ਤਿੰਨ ਸਾਲ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ। ਸ: ਕਰਤਾਰ ਸਿੰਘ ਸਰਾਭਾ ਸੈਲਫ਼ ਹੈਲਪ ਗਰੁੱਪ ਦੀ ਪ੍ਰਧਾਨ ਰਜਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਸਾਡੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਆਪਣੇ ਘਰਾਂ ਵਿਚ ਫਲਦਾਰ ਰੁੱਖ ਲਗਾਏ ਹੋਏ ਹਨ ਅਤੇ ਕਈ ਕਿਸਮ ਦੇ ਫਲਦਾਰ ਬੂਟੇ ਹੁਣ ਪੰਜਾਬ ਸਰਕਾਰ ਦੀ ਆਈ-ਹਰਿਆਲੀ ਐਪ ਦੁਆਰਾ ਨੇੜੇ ਦੀਆਂ ਸਰਕਾਰੀ ਨਰਸਰੀਆਂ ਤੋਂ ਮੁਫ਼ਤ ਵਿਚ ਹੀ ਮਿਲ ਜਾਂਦੇ ਹਨ। ਇਨ੍ਹਾਂ ਬੂਟਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਇਲਾਜ ਵੀ ਘਰਾਂ ਤੋਂ ਮਿਲਣ ਵਾਲੀਆਂ ਆਮ ਵਸਤਾਂ ਜਿਵੇਂ ਖੱਟੀ ਲੱਸੀ ਲਸਣ ਅਤੇ ਨਿੰਮ ਦੇ ਪੱਤਿਆਂ ਨਾਲ ਹੀ ਹੋ ਜਾਂਦਾ ਹੈ। ਸਮੇਂ-ਸਮੇਂ 'ਤੇ ਅਖਬਾਰਾਂ ਰੇਡੀਓ ਅਤੇ ਟੈਲੀਵਿਜ਼ਨ ਦੇ ਮਾਧਿਅਮ ਨਾਲ ਵੀ ਇਨ੍ਹਾਂ ਫਲਦਾਰ ਰੁੱਖਾਂ ਦੀ ਸਾਂਭ-ਸੰਭਾਲ ਕਰਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਦਾ ਗਿਆਨ ਹਰ ਕੋਈ ਵਿਅਕਤੀ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਹਰ ਪਰਿਵਾਰ ਥੋੜ੍ਹੀ ਜਿਹੀ ਜਗ੍ਹਾ ਥੋੜ੍ਹੀ ਜਿਹੀ ਮਿਹਨਤ ਨਾਲ ਬਾਜ਼ਾਰਾਂ ਵਿਚ ਮਿਲਣ ਵਾਲੇ ਮਹਿੰਗੇ ਅਤੇ ਰਸਾਇਣਾਂ ਨਾਲ ਪਕਾਏ ਫਲਾਂ ਦੀ ਬਜਾਏ ਘਰ ਵਿਚ ਹੀ ਪੋਸ਼ਟਿਕਤਾ ਭਰਪੂਰ ਫਲਾਂ ਨੂੰ ਪੈਦਾ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਦੀ ਸਿਹਤ ਤੰਦਰੁਸਤੀ ਨੂੰ ਕਾਇਮ ਰੱਖ ਸਕਦਾ ਹੈ।


-ਦਸੂਹਾ ਹੁਸ਼ਿਆਰਪੁਰ। ਮੋਬਾਈਲ : 98152-05360. gsbodal@gmail.com

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਕੁੱਝ ਨੁਕਤੇ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ:
1. ਜ਼ਮੀਨ ਦੀ ਚੋਣ ਅਤੇ ਤਿਆਰੀ: ਪਨੀਰੀ ਉਗਾਉਣ ਵਾਲੀ ਜਗ੍ਹਾ ਕਿਸੇ ਦਰਖਤ ਜਾਂ ਉੱਚੀ ਇਮਾਰਤ ਦੇ ਨੇੜੇ ਨਹੀਂ ਹੋਣੀ ਚਾਹੀਦੀ। ਪਨੀਰੀ ਉਗਾਉਣ ਵਾਲੀ ਜਗ੍ਹਾ ਪਾਣੀ ਵਾਲੇ ਸਰੋਤ ਦੇ ਨੇੜੇ ਹੋਣੀ ਚਾਹੀਦੀ ਹੈ। ਜਗ੍ਹਾ ਇਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਜੋ ਜਾਨਵਰਾਂ ਤੋਂ ਪਨੀਰੀ ਨੂੰ ਬਚਾਇਆ ਜਾ ਸਕੇ। ਪਾਣੀ ਦੀ ਖੜ੍ਹੋਤ ਦੀ ਸਮੱਸਿਆ ਲਈ ਪਨੀਰੀ ਵਾਲੇ ਬੈਡ ਉਚੀ ਜਗ੍ਹਾ ਬਣਾਉਣੇ ਚਾਹੀਦੇ ਹਨ। ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪਨੀਰੀ ਉਗਾਉਣ ਲਈ ਹਰ ਸਾਲ ਇਕੋ ਜਗ੍ਹਾ ਨਾ ਵਰਤੀ ਜਾਵੇ ਕਿਉਂਕਿ ਮਿੱਟੀ ਵਿਚ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂੰ ਜੀਵਤ ਰਹਿੰਦੇ ਹਨ। ਪਨੀਰੀ ਉਗਾਉਣ ਵਾਲੀ ਮਿੱਟੀ ਹਲਕੀ ਤੋਂ ਦਰਮਿਆਨੀ, ਬਿਮਾਰੀਆਂ, ਕੀੜੇ ਅਤੇ ਨਦੀਨ ਰਹਿਤ ਹੋਣੀ ਚਾਹੀਦੀ ਹੈ। ਨਦੀਨ ਅਤੇ ਪੱਥਰ ਮਿੱਟੀ ਵਿਚੋਂ ਕੱਢ ਕੇ ਜ਼ਮੀਨ ਨੂੰ 2-3 ਵਾਰ ਵਾਹ ਕੇ ਪੋਲਾ ਕਰ ਲਵੋ। ਜੇਕਰ ਮਿੱਟੀ ਭਾਰੀ ਹੋਵੇ ਤਾਂ ਇਸ ਵਿਚ 2-3 ਕਿਲੋ ਰੇਤ ਅਤੇ ਗਲੀ ਸੜੀ ਰੂੜੀ ਨੂੰ ਰਲਾ ਕੇ ਤਿਆਰ ਕਰੋ।
2. ਮਿੱਟੀ ਦੀ ਸੋਧ: ਜਿਸ ਜਗ੍ਹਾ ਪਨੀਰੀ ਹਰ ਸਾਲ ਉਗਾਈ ਜਾਂਦੀ ਹੈ ਉਸ ਜਗ੍ਹਾ ਦੀ ਮਿੱਟੀ ਨੂੰ ਜੀਵਾਣੂ ਜਿਵੇਂ ਕਿ ਨੀਮਾਟੋਡ, ਬਿਮਾਰੀ ਫੈਲਾਉਣ ਵਾਲੀਆਂ ਉਲੀਆਂ, ਆਦਿ ਤੋਂ ਮੁਕਤ ਕਰਨ ਲਈ ਫਾਰਮੈਲਡੀਹਾਈਡ ਦੇ ਘੋਲ 1.5-2.0% ਨੂੰ ਵਰਤੋ। ਇਸ ਘੋਲ ਨੂੰ ਮਿੱਟੀ ਉਤੇ ਇਸ ਤਰ੍ਹਾਂ ਪਾਉ ਕਿ ਉਹ 1 ਵਰਗ ਮੀਟਰ ਰਕਬੇ ਵਿਚ 2 ਲਿਟਰ ਪਾਣੀ ਦੀ ਮਦਦ ਨਾਲ ਪੈ ਜਾਵੇ। ਮਿੱਟੀ ਨੂੰ 48-72 ਘੰਟਿਆਂ ਲਈ ਪਲਾਸਟਿਕ ਸ਼ੀਟ ਨਾਲ ਢਕ ਦਿਉ। ਪਲਾਸਟਿਕ ਸ਼ੀਟ ਨੂੰ ਹਟਾਉਣ ਤੋਂ ਬਾਅਦ ਮਿੱਟੀ ਨੂੰ ਪਲਟ ਦਿਉ ਤਾਂ ਜੋ ਦਵਾਈ ਦਾ ਜ਼ਹਿਰੀਲਾ ਅਸਰ ਹਵਾ ਵਿਚ ਉਡ ਜਾਵੇ ਅਤੇ ਮਿੱਟੀ ਨੂੰ 4-5 ਦਿਨਾਂ ਲਈ ਖੁੱਲ੍ਹਾ ਰੱਖੋ। ਇਸ ਤੋਂ ਬਾਅਦ ਬਿਜਾਈ ਦਾ ਕੰਮ ਆਰੰਭ ਕਰੋ। ਸੂਰਜ ਦੀ ਗਰਮੀ ਦੇ ਨਾਲ ਵੀ ਮਿੱਟੀ ਨੂੰ ਬਿਮਾਰੀ ਮੁਕਤ ਕੀਤਾ ਜਾ ਸਕਦਾ ਹੈ। ਇਹ ਢੰਗ ਸੌਖਾ, ਅਸਾਨ ਅਤੇ ਪੈਸੇ ਬਚਾਉਣ ਵਾਲਾ ਹੈ। ਪੰਜਾਬ ਦੇ ਹਿਸਾਬ ਨਾਲ ਮਈ-ਜੂਨ ਮਹੀਨਿਆਂ ਦਾ ਸਮਾਂ ਇਸ ਸੋਧ ਲਈ ਬਿਲਕੁਲ ਸਹੀ ਹੈ ਕਿਉਂਕਿ ਇਸ ਸਮੇਂ ਤਾਪਮਾਨ 45 ਸੈ. ਦੇ ਨੇੜੇ ਪਹੁੰਚ ਜਾਂਦਾ ਹੈ। ਇਸ ਲਈ ਜ਼ਮੀਨ ਨੂੰ ਪਾਣੀ ਲਗਾ ਕੇ 5-6 ਹਫਤਿਆਂ ਲਈ ਪੋਲੀਥੀਨ ਸ਼ੀਟ (200 ਗੇਜ਼) ਨਾਲ ਢੱਕ ਦਿਉ। ਪੌਲੀਥੀਨ ਸ਼ੀਟ ਨੂੰ ਗਿੱਲੀ ਮਿੱਟੀ ਨਾਲ ਇਸ ਤਰ੍ਹਾਂ ਬੰਦ ਕਰ ਦਵੋ ਕਿ ਹਵਾ ਵੀ ਅੰਦਰ ਨਾ ਜਾ ਸਕੇ।
3. ਪਨੀਰੀ ਲਈ ਬੈੱਡ ਤਿਆਰ ਕਰਨਾ ਅਤੇ ਬੀਜਣ ਦਾ ਢੰਗ: ਚੰਗੀ ਤਿਆਰ ਕੀਤੀ ਹੋਈ ਮਿੱਟੀ ਉਤੇ 1.25 ਮੀਟਰ ਚੌੜੇ ਬੈੱਡ ਬਣਾਉ। ਇਹ ਬੈਡ 15 ਸੈਂ.ਮੀ. ਉੱਚੇ ਹੋਣੇ ਚਾਹੀਦੇ ਹਨ। ਬੈੱਡ ਦੀ ਲੰਬਾਈ ਫ਼ਸਲ ਅਤੇ ਕਿੰਨੀ ਪਨੀਰੀ ਚਾਹੀਦੀ ਹੈ ਉਸ ਉਤੇ ਨਿਰਭਰ ਕਰਦੀ ਹੈ। 50 ਸੈ.ਮੀ. ਦਾ ਫ਼ਾਸਲਾ ਦੋ ਬੈੱਡਾਂ ਵਿਚ ਰੱਖੋ ਤਾਂ ਜੋ ਪਨੀਰੀ ਦੇ ਕੰਮ-ਕਾਜ ਜਿਵੇਂ ਕਿ ਗੋਡੀ, ਆਦਿ ਅਸਾਨੀ ਨਾਲ ਕੀਤੇ ਜਾ ਸਕਣ। ਬੀਜ ਨੂੰ ਹਮੇਸ਼ਾ ਤਸੱਲੀਬਖਸ਼ ਸਰੋਤ ਤੋਂ ਖਰੀਦੋ ਜਿਵੇਂ ਪੀ.ਏ.ਯੂ. ਜਾਂ ਪਨਸੀਡ ਆਦਿ। ਬੀਜ ਨੂੰ ਬੀਜਣ ਤੋਂ ਪਹਿਲਾਂ ਥੀਰਮ/ਕੈਪਟਾਨ ਫਫੂੰਦੀ ਨਾਸ਼ਕ (3 ਗ੍ਰਾਮ ਪ੍ਰਤੀ ਕਿਲੋ ਬੀਜ) ਦੇ ਹਿਸਾਬ ਨਾਲ ਸੋਧ ਲਵੋ। ਬੀਜ ਨੂੰ ਹਮੇਸ਼ਾ ਲਾਈਨ ਵਿਚ ਬੀਜੋ ਤਾਂ ਜੋ ਹਵਾ ਦਾ ਅਦਾਨ-ਪ੍ਰਦਾਨ, ਗੋਡੀ ਅਤੇ ਵਿਚ ਕੰਮ ਕਾਜ ਕਰਨਾ ਸੌਖਾ ਹੋਵੇ। ਬੈੱਡ ਉਤੇ 5-7.5 ਸੈ.ਮੀ. ਦੇ ਫ਼ਾਸਲੇ ਉਤੇ 1-2 ਸੈ.ਮੀ. ਡੂੰਘੀਆਂ ਕਤਾਰਾਂ ਬਣਾ ਲਵੋ। ਬੀਜ ਦੇ ਅਕਾਰ ਦੇ ਹਿਸਾਬ ਨਾਲ ਬਿਜਾਈ ਦੀ ਡੂੰਘਾਈ ਨੂੰ ਸੈਟ ਕਰ ਲਵੋ। ਬੀਜ ਬੀਜਣ ਤੋਂ ਬਾਅਦ ਉਸਨੂੰ ਰੂੜੀ ਅਤੇ ਮਿੱਟੀ ਦੇ ਤਿਆਰ ਕੀਤੇ ਮਿਸ਼ਰਣ ਨੂੰ ਪਾ ਕੇ ਢਕ ਦਿਉ। ਬੀਜਣ ਤੋਂ ਬਾਅਦ ਬੈੱਡ ਉਤੇ ਝੋਨੇ ਦੀ ਪਰਾਲੀ ਜਾਂ ਸੁੱਕੇ ਪੱਤਿਆਂ ਨੂੰ ਵਿਛਾ ਦਿਉ।
4. ਨਰਸਰੀ ਵਿਚ ਬੂਟੇ ਦਾ ਪ੍ਰਬੰਧਕ: ਨਰਸਰੀ ਬੈੱਡ ਨੂੰ ਫੁਹਾਰੇ ਨਾਲ ਗਰਮੀਆਂ ਵਿਚ ਦੋ ਵਾਰ ਅਤੇ ਸਰਦੀਆਂ ਵਿਚ ਇਕ ਵਾਰ ਪਾਣੀ ਦਿਉ। ਬੀਜ ਦੇ ਪੁੰਗਰਣ ਤੱਕ ਬੈੱਡ ਨੂੰ ਨਮੀ ਵਾਲਾ ਰੱਖੋ। ਜਦੋਂ ਛੋਟੇ ਛੋਟੇ ਚਿੱਟੇ ਧਾਗੇ ਦੀ ਤਰ੍ਹਾਂ ਬੈੱਡ ਉਤੇ ਬੀਜ ਪੁੰਗਰਦੇ ਦਿਖਣ ਤਾਂ ਪਰਾਲੀ ਨੂੰ ਹਟਾ ਦਿਉ। ਦਸੰਬਰ ਅਤੇ ਜਨਵਰੀ ਮਹੀਨੇ ਦੀਆਂ ਠੰਢੀਆਂ ਰਾਤਾਂ ਵਿਚ ਠੰਢ ਤੋਂ ਬਚਾਉਣ ਲਈ ਮਿਰਚ, ਬੈਂਗਣ ਅਤੇ ਟਮਾਟਰ ਦੀ ਪਨੀਰੀ ਨੂੰ ਸ਼ੀਟ ਨਾਲ ਢਕ ਦਿਉ। ਪੁੰਗਰਨ ਤੋਂ 7 ਦਿਨ ਬਾਅਦ ਪਨੀਰੀ ਨੂੰ 0.4% ਕੈਪਟਾਨ/ਥੀਰਮ (3 ਗ੍ਰਾਮ/ਲਿਟਰ) ਨਾਲ ਗੁੜੱਚ ਕਰ ਦਿਉ। 7-10 ਦਿਨਾਂ ਬਾਅਦ ਇਸ ਤਰ੍ਹਾਂ ਦੁਬਾਰਾ ਕਰੋ। ਜੇ ਪਨੀਰੀ ਜ਼ਿਆਦਾ ਸੰਘਣੀ ਲੱਗੇ ਤਾਂ ਵਿਰਲੀ ਕਰੋ ਤਾਂ ਜੋ ਹਵਾ ਅਤੇ ਪਾਣੀ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਮਿਲ ਸਕੇ। ਕਮਜ਼ੋਰ ਅਤੇ ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਦਿਉ। ਬੈੱਡ ਉਤੇ ਨਦੀਨ ਉੱਗ ਜਾਣ ਤਾਂ ਹੱਥ ਨਾਲ ਉਨ੍ਹਾਂ ਨੂੰ ਵੀ ਪੁੱਟ ਦਿਉ।
5. ਨਰਸਰੀ ਨੂੰ ਸਖ਼ਤ ਕਰਨਾ: ਜਦੋਂ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਵੇ (4 ਤੋਂ 6 ਹਫਤੇ ਬਾਅਦ) ਤਾਂ 3-4 ਦਿਨ ਪੁੱਟਣ ਤੋਂ ਪਹਿਲਾਂ ਪਨੀਰੀ ਦਾ ਪਾਣੀ ਰੋਕ ਦਿਉ। ਇਸ ਤਰ੍ਹਾਂ ਕਰਨ ਨਾਲ ਪਨੀਰੀ ਸਖਤ ਹੋ ਜਾਵੇਗੀ ਅਤੇ ਲਗਾਉਣ ਸਮੇਂ ਹੋਣ ਵਾਲੇ ਧੱਕੇ ਨੂੰ ਸਹਿ ਸਕੇਗੀ। ਪਨੀਰੀ ਨੂੰ ਪੁੱਟਣ ਤੋਂ ਪਹਿਲਾਂ ਨਰਸਰੀ ਬੈੱਡ ਨੂੰ ਚੰਗੀ ਤਰ੍ਹਾਂ ਪਾਣੀ ਦਿਉ ਤਾਂ ਜੋ ਪਨੀਰੀ ਹੱਥ ਨਾਲ ਜਾਂ ਖੁਰਪੇ ਨਾਲ ਆਸਾਨੀ ਨਾਲ ਪੁੱਟੀ ਜਾ ਸਕੇ। ਪਨੀਰੀ ਦੀਆਂ ਜੜ੍ਹਾਂ ਨੂੰ ਮਿੱਟੀ ਅਤੇ ਕਾਗਜ਼ ਨਾਲ ਚੰਗੀ ਤਰ੍ਹਾਂ ਢਕ ਕੇ ਧਾਗਾ ਬੰਨ੍ਹ ਦਵੋ ਤਾਂ ਜੋ ਬਜ਼ਾਰ ਵਿਚ ਆਸਾਨੀ ਨਾਲ ਵੇਚਿਆ ਜਾ ਸਕੇ।

- ਸਬਜ਼ੀ ਵਿਗਿਆਨ ਵਿਭਾਗ. ਮੋਬਾਈਲ : 81463-44465

ਘਰਾਂ ਨੂੰ ਕੀੜੇ-ਮਕੌੜੇ ਰਹਿਤ ਰੱਖਣ ਲਈ ਕੁਝ ਤਰੀਕੇ

ਸਾਡੇ ਘਰਾਂ ਅੰਦਰ ਕਈ ਤਰ੍ਹਾਂ ਦੇ ਛੋਟੇ-ਛੋਟੇ ਕੀੜੇ-ਮਕੌੜੇ ਲੁਕੇ ਹੁੰਦੇ ਹਨ ਜੋ ਕਿ ਸਾਡੇ ਜੀਵਨ ਨੂੰ ਅਣਸੁਖਾਵਾਂ ਕਰ ਦਿੰਦੇ ਹਨ। ਇਹ ਕੀੜੇ-ਮਕੌੜੇ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਾਡੇ ਭੋਜਨ ਪਦਾਰਥਾਂ ਨੂੰ ਅਸ਼ੁੱਧ ਕਰ ਦਿੰਦੇ ਹਨ ਅਤੇ ਕਈ ਰੋਗਾਂ ਦੇ ਜੀਵਾਣੂੰਆਂ ਨਾਲ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਹ ਅਕਸਰ ਗੱਦਿਆਂ, ਗਲੀਚਿਆਂ, ਅਲਮਾਰੀਆਂ, ਟਰੰਕਾਂ ਅੰਦਰ, ਰਸੋਈ ਦੀਆਂ ਸ਼ੈਲਫਾਂ ਅਤੇ ਨਾਲੀਆਂ ਅੰਦਰ, ਲੁਕੇ ਹੁੰਦੇ ਹਨ। ਕੀੜੀਆਂ, ਘੱਟੇ ਦੇ ਜੀਵਾਣੂੰ, ਮੱਛਰ, ਮੱਖੀਆਂ, ਕਾਕਰੋਚ ਅਤੇ ਚੂਹੀਆਂ ਆਮ ਤੌਰ 'ਤੇ ਘਰਾਂ ਅੰਦਰ ਗਰਮ, ਸਿੱਲੀ ਅਤੇ ਸਮਾਨ ਨਾਲ ਭਰੀਆਂ ਥਾਵਾਂ ਹੇਠ ਲੁਕਦੇ ਹਨ। ਹੇਠ ਲਿਖੇ ਸੌਖੇ ਤਰੀਕਿਆਂ ਨਾਲ ਇਨ੍ਹਾਂ ਉਤੇ ਕਾਬੂ ਪਾਇਆ ਜਾ ਸਕਦਾ ਹੈ:
ਕੀੜੀਆਂ : ਕੀੜੀਆਂ ਦੀ ਰੋਕਥਾਮ ਲਈ, ਰਸੋਈ ਦੇ ਕਾਊਂਟਰ ਹਮੇਸ਼ਾ ਸਾਫ਼-ਸੁਥਰੇ ਅਤੇ ਥਿੰਦਿਆਈ ਰਹਿਤ ਰੱਖੋ। ਗੁੜ, ਸ਼ੱਕਰ, ਖੰਡ ਅਤੇ ਸ਼ਹਿਦ ਦੀਆਂ ਬੋਤਲਾਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ। ਸਪਰੇਅ ਦੀ ਬੋਤਲ ਵਿਚ ਸਾਬਣ ਵਾਲਾ ਪਾਣੀ ਪਾ ਕੇ ਰੱਖੋ ਅਤੇ ਕੀੜਿਆਂ ਭਜਾਉਣ ਲਈ ਇਨ੍ਹਾਂ ਦੀ ਲਾਈਨ 'ਤੇ ਛਿੜਕਾਅ ਕਰੋ। ਜੇਕਰ ਸਾਧਾਰਨ ਸਾਬਣ ਵਾਲੇ ਪਾਣੀ ਨਾਲ ਕੀੜੀਆਂ ਨਾ ਹਟਣ ਤਾਂ ਇਸ ਪਾਣੀ ਵਿਚ ਪੁਦੀਨੇ ਦੇ ਤੇਲ ਦੀਆਂ ਬੂੰਦਾਂ ਜਾਂ ਨਿੰਬੂ/ਸੰਤਰੇ ਦੇ ਛਿਲਕਿਆਂ ਦੇ ਤੇਲ ਦੀਆਂ ਬੂੰਦਾਂ ਪਾ ਕੇ ਛਿੜਕਾਅ ਕਰੋ। ਰਸੋਈ ਦੀਆਂ ਸ਼ੈਲਫਾਂ 'ਤੇ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ, ਤੁਲਸੀ ਜਾਂ ਕੜੀ ਪੱਤੇ ਦੀਆਂ ਪੱਤੀਆਂ, ਕੀੜੀਆਂ ਨਿਕਲਣ ਵਾਲੀ ਥਾਂ 'ਤੇ ਰੱਖਣ ਨਾਲ ਕੀੜੀਆਂ ਭੱਜ ਜਾਂਦੀਆਂ ਹਨ। ਲੌਂਗ ਅਤੇ ਸਫੇਦ ਦੇ ਤੇਲ ਦੀ ਵਰਤੋਂ ਕਰਕੇ ਖਿੜਕੀਆਂ ਨੂੰ ਸਾਫ਼ ਕਰਦੇ ਰਹੋ। ਖੰਡ ਦੇ ਬਰਤਨ ਵਿਚ ਦੋ-ਤਿੰਨ ਲੌਂਗ ਪਾ ਕੇ ਰੱਖ ਦਿਓ। ਇਨ੍ਹਾਂ ਦੀ ਮਹਿਕ ਨਾਲ ਕੀੜੀਆਂ ਨਹੀਂ ਆਉਣਗੀਆਂ। ਰਸੋਈ ਦੇ ਕਾਊਂਟਰਾਂ ਨੂੰ ਸਿਰਕੇ ਵਾਲੇ ਪਾਣੀ ਨਾਲ ਸਾਫ਼ ਕਰੋ। ਕੀੜੀਆਂ ਦੀਆਂ ਲਾਈਨਾਂ ਦੇ ਰਸਤੇ ਵਿਚ ਕਾਲੀ ਮਿਰਚ, ਨਮਕ ਜਾਂ ਚਾਕ ਦੀ ਰੇਖਾ ਲਗਾਉਣ ਨਾਲ ਕੀੜੀਆਂ ਨਹੀਂ ਆਉਂਦੀਆਂ।
ਧੂੜ ਦੇ ਕਿਰਮ : ਧੂੜ ਦੇ ਕਿਰਮ ਵਿਚ ਬਿਸਤਰਿਆਂ, ਕੱਪੜਿਆਂ, ਕਿਤਾਬਾਂ ਅਤੇ ਫਰ ਵਾਲੇ ਖਿਡੌਣਿਆਂ ਵਿਚ ਲੁਕੇ ਹੁੰਦੇ ਹਨ, ਜੋ ਕਿ ਦਿਖਾਈ ਨਹੀਂ ਦਿੰਦੇ। ਇਹ ਕਿਰਮ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਤੋਂ ਛੁਟਕਾਰੇ ਲਈ ਗੱਦਿਆਂ, ਕੁਸ਼ਨਾਂ ਅਤੇ ਸਰਹਾਣਿਆਂ ਨੂੰ ਹਫ਼ਤੇ/ਦਸ ਦਿਨਾਂ ਪਿਛੋਂ ਚੰਗੀ ਤਰ੍ਹਾਂ ਝਾੜ ਕੇ ਸਾਫ ਕਰੋ। ਮਹੀਨੇ ਵਿਚ ਇਕ ਵਾਰੀ ਗੱਦਿਆਂ ਤੇ ਬਿਸਤਰਿਆਂ ਨੂੰ ਧੁੱਪ ਲਵਾਓ। ਬੈੱਡ ਸ਼ੀਟਾਂ ਅਤੇ ਕਵਰ ਗਰਮ ਪਾਣੀ ਨਾਲ ਧੋਵੋ। ਪੁਰਾਣੀਆਂ ਕਿਤਾਬਾਂ, ਫਰ ਵਾਲੇ ਖਿਡੌਣੇ ਆਦਿ ਸਾਹ ਦੀਆਂ ਬਿਮਾਰੀਆਂ ਦੇ ਰੋਗੀਆਂ ਦੇ ਕਮਰੇ ਅੰਦਰ ਨਾ ਰੱਖੋ। ਫਰ ਵਾਲੇ ਖਿਡੌਣਿਆਂ ਨੂੰ ਨਿਯਮਤ ਸਮੇਂ 'ਤੇ ਗਰਮ ਪਾਣੀ ਨਾਲ ਧੋਂਦੇ ਰਹੋ।
ਮੱਛਰ : ਮੱਛਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਬੁਖਾਰ ਫੈਲਾਉਂਦੇ ਹਨ। ਇਸ ਲਈ ਇਨ੍ਹਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਮੱਛਰਾਂ ਤੋਂ ਬਚਾਅ ਲਈ ਘਰ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਰਹਿਣ ਦਿਓ। ਮੁਸ਼ਕ ਕਪੂਰ ਦੀ ਟਿੱਕੀ ਨੂੰ ਪਾਣੀ ਵਿਚ ਘੋਲ ਕੇ ਕਮਰੇ ਦੇ ਖੂੰਜਿਆਂ ਵਿਚ ਰੱਖੋ। ਸਿਟਰੋਨੈਲਾ ਦੀਆਂ ਮੋਮਬੱਤੀਆਂ ਜਲਾਉਣ ਨਾਲ ਵੀ ਮੱਛਰ ਭਜਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਨਿੰਮ ਦੀਆਂ ਪੱਤੀਆਂ ਦੇ ਤੇਲ ਨਾਲ ਵੀ ਮੱਛਰ ਭੱਜ ਜਾਂਦੇ ਹਨ। ਮੱਛਰਾਂ ਨੂੰ ਗੇਂਦੇ ਦੇ ਫੁੱਲਾਂ ਦੀ ਖੁਸ਼ਬੂ ਭਜਾਉਂਦੀ ਹੈ। ਸੋ ਘਰ ਦੇ ਆਲੇ-ਦੁਆਲੇ ਗੇਂਦੇ ਫੁੱਲ ਲਗਾਉਣ ਨਾਲ ਵੀ ਮੱਛਰ ਨੇੜੇ ਨਹੀਂ ਆਉਂਦੇ।
ਮੱਖੀਆਂ : ਮੱਖੀਆਂ ਭਜਾਉਣ ਲਈ ਘਰ ਦੇ ਆਲੇ-ਦੁਆਲੇ ਪੁਦੀਨਾ ਅਤੇ ਤੁਲਸੀ ਦੇ ਪੌਦੇ ਲਗਾਓ। ਦਰਵਾਜ਼ਿਆਂ ਅਤੇ ਖਿੜਕੀਆਂ ਉਤੇ ਕਿਸੇ ਕੱਪੜੇ ਦੀ ਪੋਟਲੀ ਵਿਚ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਜਾਂ ਲੌਂਗ ਜਾਂ ਸਫੈਦੇ ਦੀਆਂ ਸੁੱਕੀਆਂ ਪੱਤੀਆਂ ਬੰਨ੍ਹ ਕੇ ਲਟਕਾ ਦਿਓ। ਸਫੈਦੇ ਦੇ ਤੇਲ ਦੀਆਂ ਕੁਝ ਬੂੰਦਾਂ ਕਿਸੇ ਛੋਟੇ ਜਿਹੇ ਕੱਪੜੇ 'ਤੇ ਪਾ ਕੇ ਜ਼ਿਆਦਾ ਮੱਖੀਆਂ ਵਾਲੀ ਥਾਂ 'ਤੇ ਰੱਖਣ ਨਾਲ ਵੀ ਮੱਖੀਆਂ ਨਹੀਂ ਰਹਿੰਦੀਆਂ।
ਕੱਪੜਿਆਂ ਦੇ ਕੀੜੇ : ਕੱਪੜਿਆਂ ਦੀਆਂ ਅਲਮਾਰੀਆਂ/ਅਟੈਚੀਆਂ ਵਿਚ ਸੁੱਕੀਆਂ ਨਿੰਮ ਦੀਆਂ ਪੱਤੀਆਂ ਜਾਂ ਲੌਂਗ ਜਾਂ ਸੁੱਕੀਆਂ ਲਾਲ ਮਿਰਚਾਂ ਰੱਖੋ। ਇਸ ਤੋਂ ਇਲਾਵਾ ਮੁਸ਼ਕ ਕਪੂਰ ਦੀਆਂ ਟਿੱਕੀਆਂ ਰੱਖਣ ਨਾਲ ਵੀ ਕੱਪੜਿਆਂ ਨੂੰ ਕੀੜਾ ਨਹੀਂ ਲਗਦਾ।
ਕਾਕਰੋਚ : ਕਾਕਰੋਚਾਂ ਦੀ ਰੋਕਥਾਮ ਲਈ ਪਹਿਲਾਂ ਰਸੋਈ ਅਤੇ ਬਾਥਰੂਮ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ। ਬੋਰਿਕ ਐਸਿਡ ਇਕ ਕੁਦਰਤੀ ਕੀਟਨਾਸ਼ਕ ਹੈ ਜੋ ਕਿ ਕਾਕਰੋਚਾਂ ਨੂੰ ਅਤੇ ਸਿਉਂਕ ਆਦਿ ਨੂੰ ਆਸਾਨੀ ਨਾਲ ਖਤਮ ਕਰ ਸਕਦਾ ਹੈ। ਇਸ ਲਈ ਫਰਿੱਜ ਦੇ ਆਲੇ-ਦੁਆਲੇ ਅਤੇ ਰਸੋਈ ਦੀਆਂ ਕੈਬਨਿਟ ਅਤੇ ਸੈਲਫਾਂ ਦੇ ਉੱਪਰ ਬੋਰਿਕ ਸਪਰੇਅ ਕਰਨ ਨਾਲ ਕਾਕਰੋਚਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 15 ਦਿਨਾਂ ਪਿੱਛੋਂ ਰਸੋਈ ਅਤੇ ਬਾਥਰੂਮਾਂ ਦੀਆਂ ਨਾਲੀਆਂ ਵਿਚ ਮਿੱਟੀ ਦੇ ਤੇਲ ਅਤੇ ਗਰਮ ਪਾਣੀ ਪਾਉਣ ਨਾਲ ਵੀ ਕਾਕਰੋਚਾਂ ਤੋਂ ਬਚਾਅ ਰਹਿੰਦਾ ਹੈ।
ਸਿਲਵਰ ਫਿਸ਼ : ਸਿਲਵਰ ਫਿਸ਼ ਵੀ ਸਿੱਲ੍ਹੀਆਂ ਅਤੇ ਗਰਮ ਥਾਵਾਂ 'ਤੇ ਵਧਦੀ ਹੈ। ਇਹ ਕਿਤਾਬਾਂ ਤੇ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਮਾਨ ਸਟੋਰ ਕਰਨ ਵਾਲੀ ਜਗ੍ਹਾ ਨੂੰ ਸੁੱਕਾ ਰੱਖੋ ਅਤੇ ਕੱਪੜਿਆਂ, ਬਿਸਤਰਿਆਂ ਅਤੇ ਕਿਤਾਬਾਂ ਨੂੰ ਸਮੇਂ-ਸਮੇਂ 'ਤੇ ਧੁੱਪ ਅਤੇ ਹਵਾ ਲਗਵਾਓ।


-ਪਰਿਵਾਰਕ ਸਰੋਤ ਪ੍ਰਬੰਧ ਵਿਭਾਗ।
ਮੋਬਾਈਲ : 98147-09921.

ਸੰਕਟ ਤੋਂ ਬਚਣ ਲਈ ਪਾਣੀ ਦੀ ਯੋਗ ਵਰਤੋਂ ਜ਼ਰੂਰੀ

ਖੇਤੀ ਨੂੰ ਗੰਭੀਰ ਸਮੱਸਿਆਵਾਂ ਤੇ ਚੁਣੌਤੀਆਂ ਦਰਪੇਸ਼ ਹਨ। ਫ਼ਸਲਾਂ ਦੀ ਉਤਪਾਦਕਤਾ 'ਚ ਆਈ ਖੜੋਤ, ਜ਼ਮੀਨ ਦੀ ਉਪਜਾਊ ਸ਼ਕਤੀ ਦਾ ਮਤਵਾਤਰ ਪ੍ਰਭਾਵਤ ਹੋਣਾ, ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦੀ ਪੱਧਰ ਦਾ ਥੱਲੇ ਜਾਣਾ, ਵਾਤਾਵਰਨ ਦਾ ਪ੍ਰਦੂਸ਼ਣ ਤੇ ਮੌਸਮ 'ਚ ਆ ਰਹੀ ਤਬਦੀਲੀ 'ਤੇ ਕਿਸਾਨਾਂ ਦਾ ਕਰਜ਼ੇ ਥੱਲੇ ਦੱਬ ਜਾਣਾ ਪੰਜਾਬ ਦੀ ਖੇਤੀ ਤੇ ਰਾਜ ਦੇ ਕਿਸਾਨਾਂ ਦੀਆਂ ਚੁਣੌਤੀਆਂ ਹਨ। ਫੇਰ ਖੇਤੀ ਅਤੇ ਖੇਤੀ ਖੋਜ 'ਚ ਸਰਕਾਰੀ ਲਾਗਤ ਦਾ ਘਟਣਾ ਰਾਜ ਦੀ ਖੇਤੀ ਦਾ ਭਵਿੱਖ ਖ਼ਤਰੇ 'ਚ ਦਰਸਾਉਂਦਾ ਹੈ। ਪਹਿਲੇ ਸਬਜ਼ ਇਨਕਲਾਬ ਦੌਰਾਨ ਖੇਤੀ ਦਾ ਵਿਕਾਸ ਤਾਂ ਹੋਇਆ ਪਰ ਹੰਡਣਸਾਰ ਨਹੀਂ। ਸੰ: 1980 -85 ਦਰਮਿਆਨ ਤਾਂ ਖੇਤੀ ਵਿਕਾਸ ਦਰ ਮੁਲਕ ਦੀ ਆਰਥਿਕਤਾ ਦੀ ਵਿਕਾਸ ਦਰ ਨਾਲੋਂ ਵੱਧ ਰਹੀ ਪਰ ਸੰ: 1997-98 'ਚ 2 ਪ੍ਰਤੀਸ਼ਤ ਤੱਕ ਰਹਿ ਗਈ ਜਦੋਂ ਕਿ ਦੇਸ਼ ਦੀ ਆਰਥਿਕਤਾ ਦੀ ਵਿਕਾਸ ਦਰ 8 ਪ੍ਰਤੀਸ਼ਤ ਤੱਕ ਪਹੁੰਚੀ ਗਈ। ਸੰ: 2002- 03 'ਚ ਭਾਰਤ ਨੇ ਕਣਕ ਬਰਾਮਦ ਕੀਤੀ ਫੇਰ 2007 -08 ਵਿਚ ਬਾਹਰੋਂ ਮੰਗਵਾਈ। ਉਸ ਤੋਂ ਬਾਅਦ ਭਾਵੇਂ ਦੇਸ਼ ਆਤਮ- ਨਿਰਭਰ ਹੋ ਗਿਆ। ਪੰਜਾਬ ਤੇ ਹਰਿਆਣਾ ਵਲੋਂ ਦੇਸ਼ ਦੀ ਅੰਨ ਸੁਰੱਖਿਆ 'ਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਗਿਆ ਅਤੇ ਦੇਸ਼ ਅਨਾਜ ਬਰਾਮਦ ਕਰਨ ਦੇ ਯੋਗ ਹੋ ਗਿਆ। ਦੇਸ਼ ਦੀ ਬਹੁ ਸੰਖਿਆ ਦਾ ਵਿਕਾਸ ਤੇ ਰੋਟੀ ਦਾ ਆਧਾਰ ਅੱਜ ਵੀ ਖੇਤੀ ਹੈ। ਅੱਜ ਵੀ 51 ਪ੍ਰਤੀਸ਼ਤ ਲੋਕ ਖੇਤੀ ਤੋਂ ਆਪਣੀ ਰੋਜ਼ੀ - ਰੋਟੀ ਕਮਾ ਰਹੇ ਹਨ। ਪ੍ਰੰਤੂ ਜੀ ਡੀ ਪੀ 'ਚ ਖੇਤੀ ਦਾ ਯੋਗਦਾਨ 51 ਪ੍ਰਤੀਸ਼ਤ ਤੋਂ ਘੱਟ ਕੇ 17 ਪ੍ਰਤੀਸ਼ਤ ਰਹਿ ਗਿਆ।
ਖ਼ੁਰਾਕ ਦੀ ਸੁਰੱਖਿਆ ਤੇ ਸੰਤੁਲਤਾ ਲਈ ਅਤੇ ਗ਼ਰੀਬੀ ਤੇ ਬੇਰੁਜ਼ਗ਼ਾਰੀ ਨੂੰ ਘਟਾਉਣ ਲਈ ਕੁਦਰਤੀ ਸੋਮਿਆਂ ਦੀ ਸੂਝਵਾਨ ਵਰਤੋਂ ਦੀ ਲੋੜ ਹੈ। ਭਾਰਤ ਦਾ ਭੂਗੋਲਿਕ ਰਕਬਾ ਵਿਸ਼ਵ ਦਾ 2.3 ਪ੍ਰਤੀਸ਼ਤ ਹੈ। ਪਾਣੀ 4.2 ਪ੍ਰਤੀਸ਼ਤ ਹੈ। ਜੰਗਲਾਤ ਥੱਲੇ ਮਸਾਂ 1 ਪ੍ਰਤੀਸ਼ਤ ਰਕਬਾ ਹੈ। ਆਬਾਦੀ ਸੰਸਾਰ ਦੀ 18 ਪ੍ਰਤੀਸ਼ਤ ਹੈ ਅਤੇ ਪਸ਼ੂ ਸੰਖਿਆ 15 ਪ੍ਰਤੀਸ਼ਤ। ਕਾਸ਼ਤ ਯੋਗ ਰਕਬੇ 'ਚ ਕੋਈ ਵਾਧਾ ਹੋਣਾ ਸੰਭਵ ਨਹੀਂ। ਪਿਛਲੇ 4 ਦਹਾਕਿਆਂ ਤੋਂ ਵਾਹੀ ਦਾ ਰਕਬਾ ਇਕੋਂ ਥਾਂ ਖੜ੍ਹਾ ਹੈ। ਭਾਵੇਂ ਸਿੰਜਾਈ ਦਾ ਰਕਬਾ 1950 -51 ਦੇ 21 ਮਿਲੀਅਨ ਹੈਕਟੇਅਰ ਤੋਂ ਵਧ ਕੇ 84 ਮਿਲੀਅਨ ਹੈਕਟੇਅਰ ਹੋ ਗਿਆ ਪ੍ਰੰਤੂ 60 ਪ੍ਰਤੀਸ਼ਤ ਖੇਤੀ - ਅਧੀਨ ਰਕਬਾ ਅਜੇ ਵੀ ਬਰਾਨੀ ਹੈ। ਇਸ ਪੱਖੋਂ ਪੰਜਾਬ ਅੱਗੇ ਹੈ। ਪੰਜਾਬ 'ਚ ਬਿਜਾਈ ਦੇ ਕੁੱਲ ਰਕਬੇ ਦਾ 99.9 ਪ੍ਰਤੀਸ਼ਤ ਰਕਬਾ ਸਿੰਜਾਈ -ਅਧੀਨ ਹੈ। ਪ੍ਰੰਤੂ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਜੋ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਇਸ ਨੂੰ ਰੋਕਣ ਦੀ ਲੋੜ ਹੈ। ਬਹੁਤਾ ਜ਼ੋਰ ਪਾਣੀ ਦੀ ਬੱਚਤ 'ਤੇ ਇਸ ਦੀ ਕਫਾਇਤਸ਼ੁਆਰ ਵਰਤੋਂ 'ਤੇ ਦੇਣਾ ਚਾਹੀਦਾ ਹੈ।
ਭਾਵੇਂ ਹੁਣ ਦੂਜੇ ਰਾਜ ਜਿਵੇਂ ਮੱਧ ਪ੍ਰਦੇਸ਼ ਵੀ ਉਤਪਾਦਨ ਪੱਖੋਂ ਅੱਗੇ ਆ ਰਹੇ ਹਨ ਪਰ ਪੰਜਾਬ ਤੇ ਹਰਿਆਣਾ ਉਤਪਾਦਕਤਾ 'ਚ ਸਥਿਰਤਾ ਲਿਆਉਣ ਵਿਚ ਅਜੇ ਵੀ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦੇ ਹਨ। ਉਤਪਾਦਕਤਾ ਤੇ ਉਤਪਾਦਨ ਵਧਾਉਣ 'ਚ ਬੀਜਾਂ ਦਾ ਮਹਤਵਪੂਰਨ ਰੋਲ ਹੈ। ਭਾਵੇਂ ਕਿਸਾਨਾਂ 'ਚ ਬੀਜਾਂ ਦੇ ਪ੍ਰਤੀ ਚੇਤਨਾ ਵਧੀ ਹੈ ਪਰ ਅਜੇ ਵੀ ਬੀਜ ਬਦਲ ਦਰ ਬੜੀ ਘੱਟ ਹੈ। ਬੀਜਾਂ ਦੇ ਉਤਪਾਦਨ ਤੇ ਵੰਡ 'ਚ ਯੋਗ ਪ੍ਰਬੰਧਨ ਤੇ ਨਿਪੁੰਨ ਯੋਜਨਾਬੰਦੀ ਕਰਨ ਦੀ ਲੋੜ ਹੈ। ਕਿਸਾਨ ਮੇਲੇ ਇਸ ਸਬੰਧ ਵਿਚ ਕਾਫੀ ਯੋਗਦਾਨ ਪਾ ਰਹੇ ਹਨ। ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਰੱਖੜਾ ਵਿਖੇ ਮਤਵਾਤਰ ਕਿਸਾਨ ਮੇਲੇ ਲਾਏ ਜਾ ਰਹੇ ਹਨ। ਇਨ੍ਹਾਂ ਮੇਲਿਆਂ ਰਾਹੀਂ ਨਵੀਆਂ ਕਿਸਮਾਂ ਦੇ ਬੀਜ ਕਿਸਾਨਾਂ ਤੱਕ ਪਹੁੰਚੇ ਹਨ। ਜਿਸ ਵਜੋਂ ਪੰਜਾਬ ਦੀ ਕਣਕ ਦੀ ਉਤਪਾਦਕਤਾ 51.82 ਕੁਇੰਟਲ ਤੇ ਝੋਨੇ ਦੀ 60 ਕੁਇੰਟਲ ਪ੍ਰਤੀ ਹੈਕਟੇਅਰ ਨੂੰ ਛੂਹ ਗਈ।
ਉਤਪਾਦਕਤਾ ਵਧਾਉਣ ਲਈ ਗੁਣਵੱਤਾ ਵਾਲੇ ਬੀਜਾਂ ਦੀ ਬੜੀ ਮਹੱਤਤਾ ਹੈ। ਕਿਸਾਨ ਸੰਗਠਨਾਂ ਵਲੋਂ ਲਾਏ ਜਾ ਰਹੇ ਰੱਖੜਾ ਕਿਸਾਨ ਮੇਲਾ ਵਰਗੇ ਮੇਲੇ ਖੇਤੀ ਪ੍ਰਸਾਰ ਸੇਵਾ ਨੂੰ ਮਜ਼ਬੂਤ ਕਰਦੇ ਹਨ ਅਤੇ ਇਨ੍ਹਾਂ ਮੇਲਿਆਂ ਰਾਹੀਂ ਖੇਤੀ ਨੂੰ ਹੰਡਣਸਾਰ ਰੱਖਣ ਅਤੇ ਕਿਸਾਨਾਂ ਦਾ ਖੇਤੀ 'ਚ ਰੁਝਾਨ ਕਾਇਮ ਰੱਖਣ ਲਈ ਖੇਤੀ ਨੂੰ ਵਪਾਰ ਕਰਾਰ ਦੇ ਕੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਨੂੰ ਆਧਾਰ ਮੰਨ ਕੇ ਖੇਤੀ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ। ਖੇਤੀ ਦਾ ਧੰਦਾ ਮੁਨਾਫਾ ਕਮਾਉਣ ਲਈ ਅਪਣਾਇਆ ਜਾਵੇ ਕੇਵਲ ਗੁਜ਼ਾਰੇ ਲਈ ਨਹੀਂ। ਰਾਜ ਵਿਚ 14.5 ਲੱਖ ਟਿਊਬਵੈੱਲ ਸਿੰਜਾਈ ਲਈ ਵਰਤੋਂ ਕਰਨ ਵਜੋਂ ਲਗਾਏ ਗਏ ਹਨ ਅਤੇ ਪਾਣੀ ਦੀ ਵੱਧ ਵਰਤੋਂ ਕਾਰਨ ਇਸ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ। ਫੇਰ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਜ਼ਮੀਨੀ ਹੱਕਾਂ ਕਾਰਨ ਖੇਤ ਦਾ ਆਕਾਰ ਘਟਦਾ ਜਾ ਰਿਹਾ ਹੈ। ਇਸ ਸਮੇਂ 30 ਪ੍ਰਤੀਸ਼ਤ ਕਿਸਾਨਾਂ ਪਾਸ 5 ਏਕੜ ਤੋਂ ਘੱਟ ਜ਼ਮੀਨ ਹੈ ਅਤੇ 63 ਫੀਸਦੀ ਕਿਸਾਨਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਹੈ। ਇਨ੍ਹਾਂ ਕਿਸਾਨਾਂ ਦੀ ਖੇਤੀ ਆਮਦਨ ਕਾਫੀ ਘੱਟ ਹੈ। ਇਸ ਲਈ ਰਾਜ ਦੀ ਖੇਤੀ ਨੂੰ ਦਰਪੇਸ਼ ਮਹਤਵਪੂਰਨ ਚੁਣੌਤੀਆਂ ਜ਼ਮੀਨ ਥੱਲੇ ਪਾਣੀ ਦੇ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣੂ- ਰਹਿਤ ਕਰਨ ਸਬੰਧੀ ਹਨ। ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਖੇਤ ਪੱਧਰੇ ਕਰਨ ਉਪਰੰਤ ਪਾਣੀ ਇਕਸਾਰ ਲਗਦਾ ਹੈ ਅਤੇ ਖਾਦਾਂ ਵਿਸ਼ੇਸ਼ ਕਰ ਕੇ ਯੂਰੀਏ ਦੀ ਨਿਪੁੰਨਤਾ ਨਾਲ ਵਰਤੋਂ ਹੁੰਦੀ ਹੈ। ਬੀਜਾਂ ਦੀ ਉੱਗਣ ਦੀ ਗਿਣਤੀ ਵਧਦੀ ਹੈ ਅਤੇ ਪ੍ਰਤੀ ਹੈਕਟੇਅਰ ਝਾੜ ਵਿਚ ਵਾਧਾ ਹੁੰਦਾ ਹੈ। ਪਾਣੀ ਦੀ ਬੱਚਤ ਲਈ ਫ਼ਸਲਾਂ ਦੀ ਪੈਦਾਵਾਰ ਬੈੱਡ ਪਲਾਂਟਿੰਗ ਵਿਧੀ ਅਪਣਾ ਕੇ ਵੀ ਕੀਤੀ ਜਾ ਸਕਦੀ ਹੈ। ਛੋਟੇ ਕਿਸਾਨਾਂ ਨੂੰ ਮਸ਼ੀਨਰੀ ਦੀ ਸਹੂਲਤ ਮੁਹੱਈਆ ਕਰਨ ਲਈ ਪਿੰਡਾਂ ਵਿਚ ਮਸ਼ੀਨਰੀ ਸੇਵਾ ਕੇਂਦਰ ਖੋਲ੍ਹੇ ਗਏ ਹਨ। ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜਾਲੀਦਾਰ ਘਰਾਂ (ਪੋਲੀ ਹਾਊਸ) ਵਿਚ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

-ਮੋਬਾਈਲ : 98152-36307

ਖ਼ੁਰਦੀਆਂ ਨਿਸ਼ਾਨੀਆਂ

ਸਾਡੇ ਪੁਰਖਿਆਂ ਨੇ ਆਪਣੀ ਲੋੜ ਅਨੁਸਾਰ ਵਸਤੂਆਂ ਦਾ ਨਿਰਮਾਣ ਕੀਤਾ। ਘਰ ਦੀਆਂ ਲੋੜਾਂ ਤੋਂ ਲੈ ਕੇ ਕੰਮ ਦੀਆਂ ਲੋੜਾਂ ਅਨੁਸਾਰ ਵਸਤੂਆਂ ਦੇ ਆਕਾਰ ਵੀ ਬਣਾਏ ਤੇ ਉਨ੍ਹਾਂ ਨੂੰ ਵੱਖ-ਵੱਖ ਨਾਂਅ ਵੀ ਦਿੱਤੇ। ਸਾਡੇ ਵਰਗੇ ਅੱਜ ਦੇ ਮਸ਼ੀਨੀ ਯੁੱਗ ਦੇ ਉਪਜਿਆਂ ਨੂੰ ਨਾਂਅ ਤਾਂ ਕੀ ਯਾਦ ਰਹਿਣੇ ਹਨ, ਸਗੋਂ ਇਨ੍ਹਾਂ ਦੀ ਵਰਤੋਂ ਦਾ ਵਖਰੇਵਾਂ ਵੀ ਸਮਝ ਨਹੀਂ ਆ ਸਕਦਾ। ਹੋਰ ਤਾਂ ਹੋਰ ਅਸੀਂ ਇਨ੍ਹਾਂ ਵਿਰਾਸਤੀ ਵਸਤੂਆਂ ਨੂੰ ਢਲਾਈ ਦੀ ਭੱਠੀ ਵੱਲ ਭੇਜਣ ਲੱਗੇ ਸਕਿੰਟ ਨਹੀਂ ਲਾਉਂਦੇ। ਅਸੀਂ ਤਕਨਾਲੋਜੀ ਦੇ ਸਹਾਰੇ ਨਿਕੰਮੇ ਹੁੰਦੇ ਜਾ ਰਹੇ ਲੋਕ, ਸਾਡੇ ਪੁਰਖਿਆਂ ਵਲੋਂ ਕੀਤੀ ਮਿਹਨਤ ਤੇ ਅਮਲੀ ਖੋਜਾਂ ਨੂੰ ਸਮਝਣ ਤੋਂ ਵੀ ਅਸਮਰਥ ਹੋਈ ਜਾ ਰਹੇ ਹਾਂ। ਇਹ ਵਸਤੂਆਂ ਸਾਡੇ ਲਈ ਪ੍ਰੇਰਣਾ ਦਾ ਸੋਮਾ ਵੀ ਬਣ ਸਕਦੀਆਂ ਹਨ, ਜੇਕਰ ਅਸੀਂ ਜੋ ਵੀ ਬਚਿਆ ਹੈ, ਉਸ ਨੂੰ ਸਾਂਭਣ ਦੀ ਕੋਸ਼ਿਸ਼ ਕਰੀਏ ।


-ਮੋਬਾ: 98159-45018

ਝੋਨੇ ਦੀ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ 'ਤੇ ਸਮੇਂ ਸਿਰ ਕਾਬੂ ਪਾਓ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਝੂਠੀ ਕਾਂਗਿਆਰੀ
ਝੋਨੇ ਦੀ ਝੂਠੀ ਕਾਂਗਿਆਰੀ ਨੂੰ ਹਲਦੀ ਰੋਗ ਵੀ ਕਿਹਾ ਜਾਂਦਾ ਹੈ, ਜਿਸ ਦਾ ਹਮਲਾ ਲਗਾਤਾਰ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਆਦਿ ਵਿਚ ਵੇਖਣ ਨੂੰ ਮਿਲਦਾ ਹੈ। ਪਹਿਲਾਂ ਇਹ ਰੋਗ ਸਿਰਫ ਨੀਮ ਪਹਾੜੀ ਇਲਾਕਿਆਂ ਵਿਚ ਪਾਇਆ ਜਾਂਦਾ ਸੀ ਤੇ ਇਸ ਨੂੰ ਘੱਟ ਮਹੱਤਵਪੂਰਨ ਸਮਝਿਆ ਜਾਂਦਾ ਸੀ , ਪਰ ਹੁਣ ਜ਼ਿਆਦਾ ਝਾੜ ਦੇਣ ਵਾਲੀਆਂ ਨਵੀਂਆਂ ਕਿਸਮਾਂ ਦੇ ਵਿਕਸਿਤ ਹੋਣ ਕਰਕੇ ਅਤੇ ਫ਼ਸਲ ਦੇ ਗੋਭ ਤੋਂ ਫੁੱਲ ਪੈਣ ਤੱਕ ਦੀ ਸਥਿਤੀ ਤੇ ਬੱਦਲਵਾਈ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਇਸ ਰੋਗ ਦੀ ਤੀਬਰਤਾ ਸਾਲ ਦਰ ਸਾਲ ਵਧਦੀ ਜਾਂਦੀ ਹੈ। ਇਸ ਬਿਮਾਰੀ ਦੀ ਉੱਲੀ ਦੇ ਗੋਲੇ ਮਿੱਟੀ ਅਤੇ ਬੀਜ ਵਿਚ ਰਲ ਜਾਂਦੇ ਹਨ, ਜੋ ਅਗਲੇ ਸਾਲ ਬਿਮਾਰੀ ਦੀ ਸ਼ੁਰੂਆਤ ਲਈ ਮੁੱਢਲੇ ਸਰੋਤ ਦਾ ਕੰਮ ਕਰਦੇ ਹਨ। ਇਸ ਬਿਮਾਰੀ ਦੀਆਂ ਨਿਸ਼ਾਨੀਆਂ ਸਿਰਫ ਸਿੱਟੇ ਨਿਕਲਣ ਸਮੇਂ ਹੀ ਦਿਖਾਈ ਦਿੰਦੀਆਂ ਹਨ। ਬਿਮਾਰੀ ਦੀ ਉੱਲੀ ਮਿੱਟੀ ਵਿਚੋਂ ਉਗ ਕੇ ਹਵਾ ਵਿਚ ਰਲ ਜਾਂਦੀ ਹੈ ਜੋ ਫ਼ਸਲ ਦੇ ਨਿਸਰਣ ਸਮੇਂ ਹਮਲਾ ਕਰਦੀ ਹੈ। ਇਸ ਦੇ ਹਮਲੇ ਨਾਲ ਪ੍ਰਭਾਵਿਤ ਦਾਣਿਆਂ ਦੀ ਥਾਂ 'ਤੇ ਉੱਲੀ ਦੇ ਗੋਲੇ ਬਣ ਜਾਂਦੇ ਹਨ। ਸ਼ੁਰੂ ਵਿਚ ਉਲੀ ਦੇ ਇਹ ਗੋਲੇ ਚਿੱਟੇ, ਬਾਅਦ ਵਿਚ ਸੰਤਰੀ ਅਤੇ ਅਖੀਰ ਵਿਚ ਗੂੜੇ ਹਰੇ ਹੋ ਜਾਂਦੇ ਹਨ । ਬਿਮਾਰੀ ਦੀ ਲਾਗ ਲੱਗਣ ਦੇ ਕਾਰਨ ਪ੍ਰਭਾਵਿਤ ਦਾਣੇ ਆਮ ਦਾਣਿਆਂ ਦੇ ਮੁਕਾਬਲੇ ਆਕਾਰ ਵਿਚ ਜ਼ਿਆਦਾ ਵੱਡੇ ਹੁੰਦੇ ਹਨ, ਜਿਸ ਕਰਕੇ ਬਿਮਾਰੀ ਦੀ ਥੋੜੀ ਤੀਬਰਤਾ ਵੀ ਖੇਤ ਵਿਚ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਆਮ ਕਰਕੇ ਕਿਸਾਨ ਝੋਨੇ ਦੀ ਫ਼ਸਲ ਦਾ ਰੰਗ ਗੂੜਾ ਹਰਾ ਰੱਖਣ ਲਈ ਆਪਣੇ ਖੇਤਾਂ ਵਿਚ ਨਾਈਟ੍ਰੋਜਨ ਖਾਦ ਜ਼ਿਆਦਾ ਮਾਤਰਾ ਵਿਚ ਪਾਉਂਦੇ ਹਨ, ਜੋ ਕਿ ਇਸ ਬਿਮਾਰੀ ਨੂੰ ਵਧਾਉਣ ਵਿਚ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਕਈ ਕਿਸਾਨ ਆਪਣੇ ਖੇਤਾਂ ਵਿਚ ਹਰੀ ਖਾਦ ਅਤੇ ਰੂੜੀ ਪਾਉਣ ਤੋਂ ਬਾਅਦ ਵੀ ਨਾਈਟ੍ਰੋਜਨ ਖਾਦ ਸਿਫ਼ਾਰਿਸ਼ ਨਾਲੋਂ ਜ਼ਿਆਦਾ ਮਾਤਰਾ ਵਿਚ ਪਾਉਂਦੇ ਹਨ, ਅਜਿਹੇ ਖੇਤਾਂ ਵਿਚ ਵੀ ਬਿਮਾਰੀ ਦੀ ਤੀਬਰਤਾ ਵੱਧ ਨਜ਼ਰ ਆਉਂਦੀ ਹੈ। ਜ਼ਿਆਦਾ ਨਮੀ, ਬੱਦਲਵਾਈ ਵਾਲਾ ਮੌਸਮ ਅਤੇ ਫੁੱਲ ਨਿਕਲਣ ਸਮੇਂ ਰੁਕ-ਰੁਕ ਕੇ ਮੀਂਹ ਪੈਣਾ ਬਿਮਾਰੀ ਦੀ ਲਾਗ ਲਈ ਅਤੇ ਬਿਮਾਰੀ ਦੀ ਸ਼ੁਰੂਆਤ ਲਈ ਬਹੁਤ ਸਹਾਈ ਹੁੰਦੇ ਹਨ। ਝੋਨੇ ਦੇ ਨੀਵਂੇ ਖੇਤਾਂ ਜਿੱਥੇ ਪਾਣੀ ਲਗਾਤਾਰ ਖੜ੍ਹਾ ਰਹਿੰਦਾ ਹੈ ਬਿਮਾਰੀ ਨੂੰ ਅਨੁਕੂਲ ਹਾਲਾਤ ਮਿਲਣ 'ਤੇ ਉਨ੍ਹਾਂ ਖੇਤਾਂ ਵਿਚ ਵੀ ਬਿਮਾਰੀ ਦੀ ਤੀਬਰਤਾ ਜ਼ਿਆਦਾ ਨਜ਼ਰ ਆਉਂਦੀ ਹੈ।
ਰੋਕਥਾਮ
ਕਿਸਾਨਾਂ ਨੂੰ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਬਿਮਾਰੀ ਫੈਲਾਉਣ ਵਿਚ ਸਹਾਈ ਹੁੰਦੀ ਹੈ। ਜੇਕਰ ਫ਼ਸਲ ਨਿਸਰਣ ਸਮੇਂ ਮੌਸਮ ਜ਼ਿਆਦਾ ਨਮੀ ਅਤੇ ਬੱਦਲਵਾਈ ਵਾਲਾ ਹੋਵੇ ਜਾਂ ਰੁਕ-ਰੁਕ ਕੇ ਮੀਂਹ ਪਵੇ ਤਾਂ ਫ਼ਸਲ ਦੇ ਗੋਭ ਵਿਚ ਆਉਣ ਸਮੇਂ, ਖਾਸ ਕਰਕੇ ਉਨ੍ਹਾਂ ਖੇਤਾਂ ਵਿਚ ਜਿੱਥੇ ਪਿਛਲੇ ਸਾਲ ਇਹ ਬਿਮਾਰੀ ਦੇਖੀ ਗਈ ਹੋਵੇ, ਉਥੇ ਇਸ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਛਿੜਕਾਅ ਕਰ ਦਿਓ। ਜੇਕਰ ਫੁੱਲ ਬਣਨ ਸਮੇਂ ਮੌਸਮ ਖੁਸ਼ਕ ਰਹੇ ਤਾਂ ਫ਼ਸਲ ਬਿਮਾਰੀ ਦੇ ਹਮਲੇ ਤੋਂ ਬਚ ਜਾਂਦੀ ਹੈ। ਜੇਕਰ ਬਿਮਾਰੀ ਦੀਆਂ ਨਿਸ਼ਾਨੀਆਂ ਫ਼ਸਲ ਦੇ ਨਿਸਰਣ ਤੋਂ ਬਾਅਦ ਨਜ਼ਰ ਆਉਣ ਤਾਂ ਬਿਮਾਰੀ ਦੀ ਰੋਕਥਾਮ ਲਈ ਉੱਲੀਨਾਸ਼ਕ ਦਾ ਛਿੜਕਾਅ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਲਈ ਬਿਮਾਰੀ ਦੀ ਸੁਚੱਜੀ ਰੋਕਥਾਮ ਲਈ ਸਮੇਂ-ਸਿਰ ਹੀ ਉੱਲੀਨਾਸ਼ਕ ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਿਸਾਨ ਵੀਰ ਖੇਤ ਵਿਚ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ 'ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕਰਦੇ ਹਨ, ਜਿਸ ਨਾਲ ਬਿਮਾਰੀ ਦੀ ਰੋਕਥਾਮ ਨਹੀਂ ਹੁੁੰਦੀ ਅਤੇ ਉੱਲੀਨਾਸ਼ਕਾਂ 'ਤੇ ਕੀਤਾ ਖਰਚਾ ਵੀ ਅਜਾਈਂ ਹੀ ਜਾਂਦਾ ਹੈ। (ਸਮਾਪਤ)


-ਪੌਦਾ ਰੋਗ ਵਿਭਾਗ
ਮੋਬਾਈਲ : 94637-47280

ਵਿਰਸੇ ਦੀਆਂ ਬਾਤਾਂ

ਪੰਡਾਂ ਦਾ ਨਹੀਂ, ਜ਼ਿੰਮੇਵਾਰੀਆਂ ਦਾ ਭਾਰ

ਜ਼ਿੰਦਗੀ ਹੈ ਤਾਂ ਸੰਘਰਸ਼ ਦਾ ਨਾਂਅ, ਪਰ ਅਸੀਂ ਡੋਲ ਛੇਤੀ ਜਾਂਦੇ ਹਾਂ। ਜਿਹੜੇ ਲੋਕ ਕਹਿੰਦੇ ਹਨ ਕਿ ਸਾਨੂੰ ਕਈ ਮਹੀਨੇ ਜਾਂ ਕਈ ਵਰ੍ਹੇ ਹੋ ਗਏ ਸੰਘਰਸ਼ ਕਰਦਿਆਂ, ਸਾਡੀ ਕਦਰ ਨਹੀਂ ਪਈ। ਉਹ ਭੁੱਲ ਜਾਂਦੇ ਹਨ ਕਿ ਕਈ ਲੋਕ ਸੰਘਰਸ਼ ਕਰਦਿਆਂ-ਕਰਦਿਆਂ ਜਹਾਨੋਂ ਤੁਰ ਜਾਂਦੇ ਹਨ। ਸਫ਼ਲਤਾ ਨੂੰ ਵਕਤ, ਮਹੀਨੇ, ਵਰ੍ਹਿਆਂ ਨਾਲ ਮੇਲ ਕੇ ਨਹੀਂ ਦੇਖਣਾ ਚਾਹੀਦਾ। ਇਕ ਮਨ, ਇਕ ਚਿੱਤ ਹੋ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਮਰੂੰ-ਮਰੂੰ ਕਰਨ ਨਾਲੋਂ ਹਾਲਾਤ ਨਾਲ ਮੱਥਾ ਲਾਉਣਾ ਚਾਹੀਦਾ। ਇਹ ਤਸਵੀਰ ਦੇਖ ਇਨ੍ਹਾਂ ਬੀਬੀਆਂ ਦੇ ਸੰਘਰਸ਼ ਨੂੰ ਸਲਾਮ ਕਰਨ ਨੂੰ ਜੀਅ ਕਰਦਾ। ਪੰਡਾਂ ਥੱਲੇ ਲੁਕਿਆ ਇਨ੍ਹਾਂ ਦਾ ਚਿਹਰਾ ਨਹੀਂ ਦਿਸਦਾ, ਪਰ ਸੰਘਰਸ਼ ਤਾਂ ਦਿਸ ਰਿਹਾ। ਅੱਜ ਜਦੋਂ ਸੰਘਰਸ਼ ਵੀ ਕਮਰਿਆਂ ਵਿਚ ਕੀਤਾ ਜਾ ਰਿਹਾ ਤੇ ਬੈਠ-ਬੈਠ ਸਰਵਾਈਕਲ, ਜੋੜਾਂ ਤੇ ਹੋਰ ਸਮੱਸਿਆਵਾਂ ਦੀਆਂ ਬਹੁੜੀਆਂ ਪਾਈਆਂ ਜਾਂਦੀਆਂ, ਉਦੋਂ ਇਨ੍ਹਾਂ ਔਰਤਾਂ ਦੇ ਸਿਰ 'ਤੇ ਮਣ-ਮਣ ਦੀ ਪੱਠਿਆਂ ਦੀ ਪੰਡ ਜ਼ਿੰਮੇਵਾਰੀਆਂ ਦਾ ਕਿਹੋ ਜਿਹਾ ਅਹਿਸਾਸ ਕਰਾ ਰਹੀ ਹੈ। ਵਕਤ ਬਦਲਣ ਨਾਲ ਸੰਘਰਸ਼, ਗ਼ੈਰਤ ਤੇ ਬਹਾਦਰੀ ਦੇ ਮਾਇਨੇ ਬਦਲ ਗਏ। ਔਰਤਾਂ, ਮਰਦਾਂ ਦਾ ਵੱਡਾ ਹਿੱਸਾ ਮੋਬਾਈਲ 'ਤੇ ਸੰਘਰਸ਼ ਕਰ ਰਿਹਾ। ਵਟਸਐਪ, ਫੇਸਬੁਕ, ਟਵਿਟਰ 'ਤੇ ਕੀਤੇ ਜਾਂਦੇ ਬੇਲੋੜੇ ਸੰਘਰਸ਼ ਨੇ ਸਰੀਰ ਤੇ ਸੋਚ ਨੂੰ ਵੇਲੇ ਤੋਂ ਪਹਿਲਾਂ ਥਕਾ ਦਿੱਤਾ। ਮੇਰੀ ਮਾਤਾ ਜਦੋਂ ਆਪਣੇ ਬਚਪਨ ਤੇ ਜਵਾਨੀ ਦੀਆਂ ਗੱਲਾਂ ਦੱਸਦੇ ਨੇ ਤਾਂ ਮੈਂ ਹੈਰਾਨ ਹੁੰਦਾ। ਉਹ ਦੱਸਦੇ ਨੇ ਕਿ ਘਰੋਂ ਤਿੰਨ ਕਿਲੋਮੀਟਰ ਖੇਤ ਸੀ ਤੇ ਅਸੀਂ ਸਾਰੀਆਂ ਭੈਣਾਂ, ਸਮੇਤ ਬਾਪੂ-ਬੇਬੇ ਤੁਰ ਕੇ ਖੇਤ ਜਾਣਾ, ਪੂਰਾ ਦਿਨ ਨਰਮਾ, ਕਪਾਹ ਚੁਗਣੀ ਤੇ ਮਣ-ਮਣ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਘਰ ਲਿਆਉਣੀਆਂ। ਘਰ ਬਲਦ ਵਾਲਾ ਗੱਡਾ ਵੀ ਨਹੀਂ ਸੀ। ਏਨਾ ਕੰਮ ਕਰਨ ਦੇ ਬਾਵਜੂਦ ਕਦੇ ਗੋਡਾ, ਗਿੱਟਾ ਨਹੀਂ ਸੀ ਦੁਖਿਆ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ। ਮੋ: 98141-78883

ਪਤਝੜ ਰੁੱਤ ਦੇ ਕਮਾਦ ਵਿਚ ਅੰਤਰ ਫ਼ਸਲਾਂ ਦੀ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੋਭੀ ਸਰ੍ਹੋਂ: ਗੋਭੀ ਸਰ੍ਹੋਂ ਦੀ ਅੰਤਰ ਫ਼ਸਲ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ (ਜੀ.ਐਸ.ਐਲ-1 ਅਤੇ ਜੀ.ਐਸ.ਐਲ-2) ਦੀ ਇਕ ਕਤਾਰ ਗੰਨੇ ਦੀਆਂ ਦੋ ਕਤਾਰਾਂ ਵਿਚ 10 ਤੋਂ 31 ਅਕਤੂਬਰ ਤੱਕ ਬੀਜੋ। ਇਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫੀ ਹੈ। ਗੋਭੀ ਸਰ੍ਹੋਂ ਦੀ ਅੰਤਰ ਫ਼ਸਲ ਲਈ 10 ਕਿਲੋ ਨਾਈਟ੍ਰੋਜਨ (22 ਕਿਲੋ ਯੂਰੀਆ) ਅਤੇ 6 ਕਿਲੋ ਫਾਸਫੋਰਸ (37.5 ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ। ਖਾਦ ਪਾਉਣ ਦਾ ਸਮਾਂ ਅਤੇ ਤਰੀਕਾ ਰਾਇਆ ਦੀ ਫ਼ਸਲ ਲਈ ਸਿਫ਼ਾਰਸ਼ ਕੀਤੇ ਅਨੁਸਾਰ ਅਪਣਾਓ।
ਤੋਰੀਆ: ਤੋਰੀਏ ਦੀਆਂ ਦੋ ਕਤਾਰਾਂ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਗੰਨੇ ਦੀਆਂ ਦੋ ਕਤਾਰਾਂ ਵਿਚਕਾਰ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਕੋਈ ਵੀ ਸਿਫਾਰਸ਼ ਕੀਤੀ ਹੋਈ ਕਿਸਮ ਦੀਆਂ ਲਗਾਓ। ਇਕ ਏਕੜ ਤੋਰੀਏ ਦੀ ਅੰਤਰ ਫ਼ਸਲ ਦੀ ਬਿਜਾਈ ਲਈ ਇਕ ਕਿਲੋ ਬੀਜ ਦੀ ਸਿਫ਼ਾਰਸ਼ ਕੀਤੀ ਗਈ ਹੈ। ਤੋਰੀਏ ਦੀ ਅੰਤਰ ਫਸਲ ਨੂੰ 15 ਕਿਲੋਗ੍ਰਾਮ ਨਾਈਟਰੋਜਨ (33 ਕਿਲੋਗ੍ਰਾਮ ਯੂਰੀਆ) ਅਤੇ 5 ਕਿਲੋਗ੍ਰਾਮ ਫਾਸਫੋਰਸ ਖਾਦ (32 ਕਿਲੋਗ੍ਰਾਮ ਸੁਪਰ ਫਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਉ।
ਦਾਲਾਂ: ਛੋਲੇ:- ਛੋਲਿਆਂ ਦੀ ਅੰਤਰ ਫ਼ਸਲ ਦੀਆਂ ਦੋ ਕਤਾਂਰਾਂ 30 ਸੈਂਟੀਮੀਟਰ ਦੇ ਫਾਸਲੇ 'ਤੇ 25 ਅਕਤੂਬਰ ਤੋਂ 10 ਨਵੰਬਰ ਤੱਕ ਸੇਂਜੂ ਹਾਲਤਾਂ ਲਈ ਸਿਫ਼ਾਰਸ਼ ਕੀਤੀ ਕੋਈ ਵੀ ਕਿਸਮ ਦੇ 12 ਕਿਲੋ ਬੀਜ ਨਾਲ ਬੀਜੋ । ਬਿਜਾਈ ਸਮੇਂ 6 ਕਿਲੋ ਨਾਈਟ੍ਰੋਜਨ (13 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ।
ਸਬਜ਼ੀਆਂ: ਆਲੂ: ਆਲੂਆਂ ਦੀ ਘੱਟ ਸਮਾਂ ਲੈਣ ਵਾਲੀ ਕਿਸਮ ਜਿਵੇਂ ਕਿ ਕੁਫਰੀ ਚੰਦਰਮੁਖੀ ਦੀ ਇਕ ਕਤਾਰ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਗੰਨੇ ਦੀਆਂ ਦੋ ਕਤਾਰਾਂ ਦਰਮਿਆਨ ਬੀਜੋ। 35 ਕਿਲੋ ਨਾਈਟ੍ਰੋਜਨ (78 ਕਿਲੋ ਯੂਰੀਆ) 16 ਕਿਲੋ ਫਾਸਫੋਰਸ (100 ਕਿਲੋ ਸੁਪਰ ਫਾਸਫੇਟ) ਅਤੇ 35 ਕਿਲੋ ਪੋਟਾਸ਼ (60 ਕਿਲੋ ਮਿਊਰੇਟ ਆਫ ਪੋਟਾਸ਼) ਆਲੂਆਂ ਦੀ ਫ਼ਸਲ ਨੂੰ ਪਾਓ।
ਮਟਰ: ਗੰਨੇ ਦੀ ਫ਼ਸਲ ਵਿਚ ਮਟਰਾਂ ਦੀਆਂ ਦੋ ਕਤਾਰਾਂ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਅਕਤੂਬਰ ਮਹੀਨੇ ਲਗਾਓ। ਇਕ ਏਕੜ ਦੀ ਬਿਜਾਈ ਲਈ 22 ਕਿਲੋਗ੍ਰਾਮ ਬੀਜ ਵਰਤੋ। ਮਟਰਾਂ ਦੀ ਫ਼ਸਲ ਲਈ 14 ਕਿਲੋਗ੍ਰਾਮ ਨਾਈਟ੍ਰੋਜਨ (31 ਕਿਲੋਗ੍ਰਾਮ ਯੂਰੀਆ) ਅਤੇ 16 ਕਿਲੋਗ੍ਰਾਮ ਫਾਸਫੋਰਸ (100 ਕਿਲੋਗ੍ਰਾਮ ਸੁਪਰ ਫਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਓ।
ਮੂਲੀ: ਮੂਲੀ ਦੀ ਸਿਫ਼ਾਰਸ਼ ਕੀਤੀ ਹੋਈ ਕੋਈ ਵੀ ਕਿਸਮ ਦੀਆਂ ਦੋ ਕਤਾਰਾਂ 30 ਸੈਂਟੀਮੀਟਰ ਦੇ ਫ਼ਾਸਲੇ 'ਤੇ ਅਕਤੂਬਰ ਮਹੀਨੇ ਦੌਰਾਨ ਲਗਾਓ। ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਸਮੇਂ 25 ਕਿਲੋਗ੍ਰਾਮ ਨਾਈਟ੍ਰੋਜਨ (54 ਕਿਲੋਗ੍ਰਾਮ ਯੂਰੀਆ) ਅਤੇ 12 ਕਿਲੋਗ੍ਰਾਮ ਫਾਸਫੋਰਸ (ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ।
ਲਸਣ: ਲਸਣ ਦੀ ਅੰਤਰ ਫ਼ਸਲ ਦੀ ਕਾਸ਼ਤ ਲਈ ਪੀ. ਜੀ.-17 ਅਤੇ ਪੀ.ਜੀ. 18 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਲਸਣ ਦੀਆਂ ਤਿੰਨ ਕਤਾਰਾਂ 157.5 ਸੈਂਟੀਮੀਟਰ 'ਤੇ ਅਖੀਰ ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਿਜਾਈ ਕਰੋ। ਇਕ ਏਕੜ ਦੀ ਬਿਜਾਈ 112 ਤੋਂ 125 ਕਿਲੋ ਬੀਜ ਨਾਲ ਕੀਤੀ ਜਾ ਸਕਦੀ ਹੈ। ਲਸਣ ਦੀ ਅੰਤਰ ਫ਼ਸਲ ਲਈ 25 ਕਿਲੋਗ੍ਰਾਮ ਨਾਈਟ੍ਰੋਜਨ (54 ਕਿਲੋਗ੍ਰਾਮ ਯੂਰੀਆ) ਅਤੇ 12 ਕਿਲੋਗ੍ਰਾਮ ਫਾਸਫੋਰਸ (75 ਕਿਲੋ ਸੁਪਰਫਾਸਫੇਟ) ਪਾਓ। ਫਾਸਫੋਰਸ ਦੀ ਸਾਰੀ ਖਾਦ ਅਤੇ ਨਾਈਟ੍ਰੋਜਨ ਦੀ ਇਕ ਤਿਹਾਈ ਖਾਦ ਬਿਜਾਈ ਸਮੇਂ ਪਾਓ ਅਤੇ ਬਾਕੀ ਦੋ ਤਿਹਾਈ ਨਾਈਟ੍ਰੋਜਨ ਖਾਦ ਕ੍ਰਮਵਾਰ ਬਿਜਾਈ ਤੋਂ 45 ਅਤੇ 60 ਦਿਨਾਂ ਬਾਅਦ ਪਾਓ। (ਸਮਾਪਤ)


-ਮੋਬਾਈਲ : 94643-82711

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX