ਤਾਜਾ ਖ਼ਬਰਾਂ


ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  2 minutes ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  19 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  47 minutes ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  54 minutes ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 1 hour ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 1 hour ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਬਾਈਪਾਸ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ...
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੋਰ ਖ਼ਬਰਾਂ..

ਸਾਡੀ ਸਿਹਤ

ਕਿਉਂ ਉਠਦੀ ਹੈ ਮੂੰਹ ਵਿਚ ਬਦਬੂ?

ਮੂੰਹ ਵਿਚੋਂ ਬਦਬੂ ਆਉਣਾ ਜਾਂ ਸਾਹ ਦੀ ਬਦਬੂ ਇਕ ਅਜਿਹਾ ਲੱਛਣ ਹੈ, ਜੋ ਨਾ ਸਿਰਫ ਤੁਹਾਡੇ ਲਈ ਸ਼ਰਮ ਦਾ ਵਿਸ਼ਾ ਹੈ, ਸਗੋਂ ਕਈ ਵਾਰ ਤਾਂ ਇਹ ਤੁਹਾਨੂੰ ਇਕ ਸੋਚਣ ਵਾਲੀ ਅਤੇ ਹੈਰਾਨੀਜਨਕ ਸਥਿਤੀ ਵਿਚ ਵੀ ਪਹੁੰਚਾ ਦਿੰਦਾ ਹੈ। ਲੋਕਾਂ ਦੇ ਵਿਵਹਾਰ ਨਾਲ ਤੁਹਾਨੂੰ ਸ਼ਰਮ ਆਉਂਦੀ ਹੈ ਅਤੇ ਆਪਣੇ ਉੱਪਰ ਗੁੱਸਾ ਆਉਂਦਾ ਹੈ। ਕਈ ਵਾਰ ਤਾਂ ਹਾਰ ਕੇ ਤੁਸੀਂ ਇਕੱਲੇ ਜੀਵਨ ਜਿਊਣ ਨੂੰ ਮਜਬੂਰ ਹੋ ਜਾਂਦੇ ਹੋ।
ਮੂੰਹ ਵਿਚੋਂ ਬਦਬੂ ਆਉਣੀ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਹੈ। ਇਸ ਵਾਸਤੇ ਵਧੇਰੇ ਕਰਕੇ ਖਾਣ-ਪੀਣ ਦੀਆਂ ਆਦਤਾਂ, ਸਰੀਰਕ ਅਤੇ ਵਿਅਕਤੀਗਤ ਸਾਫ਼-ਸਫ਼ਾਈ ਵਿਚ ਲਾਪ੍ਰਵਾਹੀ ਹੀ ਜਵਾਬਦੇਹ ਹੁੰਦੀ ਹੈ। ਆਓ, ਉਨ੍ਹਾਂ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਜਿਨ੍ਹਾਂ ਕਾਰਨ ਸਾਹ ਵਿਚ ਬਦਬੂ ਪੈਦਾ ਹੁੰਦੀ ਹੈ।
ਖਾਣ-ਪੀਣ : ਕੁਝ ਸਬਜ਼ੀਆਂ ਅਤੇ ਫ਼ਲ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਸਾਹ ਵਿਚੋਂ ਅਜੀਬ ਜਿਹੀ ਗੰਧ ਨਿਕਲਣ ਲਗਦੀ ਹੈ। ਇਹ ਗੰਧ ਭਾਵੇਂ ਬਦਬੂਦਾਰ ਨਾ ਹੋਵੇ ਪਰ ਭੈੜੀ ਜ਼ਰੂਰ ਲਗਦੀ ਹੈ। ਪਿਆਜ਼, ਲਸਣ, ਮੂਲੀ ਆਦਿ ਦੇ ਸੇਵਨ ਤੋਂ ਬਾਅਦ ਮੂੰਹ ਵਿਚੋਂ ਉਨ੍ਹਾਂ ਦੀ ਮਹਿਕ ਕਾਫੀ ਦੇਰ ਤੱਕ ਨਿਕਲਦੀ ਰਹਿੰਦੀ ਹੈ। ਹੋਰ ਚੀਜ਼ਾਂ ਦੇ ਨਾਲ ਇਨ੍ਹਾਂ ਨੂੰ ਖਾਣ ਨਾਲ ਇਨ੍ਹਾਂ ਦੀ ਮਹਿਕ ਦੀ ਉਗਰਤਾ ਘੱਟ ਹੋ ਜਾਂਦੀ ਹੈ। ਭੋਜਨ ਦੇ ਅਖੀਰ ਵਿਚ ਇਨ੍ਹਾਂ ਨੂੰ ਇਕੱਲੇ ਖਾਣ ਨਾਲ ਇਨ੍ਹਾਂ ਦੀ ਮਹਿਕ ਜ਼ਿਆਦਾ ਦੇਰ ਤੱਕ ਸਾਹ ਵਿਚ ਬਣੀ ਰਹਿੰਦੀ ਹੈ।
ਮੂੰਹ ਸਬੰਧੀ ਬਿਮਾਰੀਆਂ : ਜੇ ਮੂੰਹ ਦੇ ਅੰਦਰ ਦਰਾੜ ਜਾਂ ਛਾਲੇ ਹੋਣ, ਜਿਨ੍ਹਾਂ ਵਿਚ ਬੈਕਟੀਰੀਆ ਅਤੇ ਵਾਇਰਸ ਜੰਮੇ ਰਹਿ ਸਕਦੇ ਹਨ ਤਾਂ ਉਹ ਬਦਬੂ ਪੈਦਾ ਕਰ ਸਕਦੇ ਹਨ। ਇਸੇ ਤਰ੍ਹਾਂ ਜੀਭ 'ਤੇ ਬੈਠੀ ਮੈਲ ਦੀ ਗੰਦਗੀ ਦੀ ਪਰਤ ਨਾਲ ਵੀ ਬਦਬੂ ਉਠ ਸਕਦੀ ਹੈ। ਉੱਲੀ ਦਾ ਸੰਕ੍ਰਮਣ ਜੋ ਜ਼ਿਆਦਾਤਰ ਬੱਚਿਆਂ ਵਿਚ ਜਾਂ ਜੀਰਣਰੋਗ ਤੋਂ ਪੀੜਤ ਮਰੀਜ਼ ਦੇ ਮੂੰਹ ਵਿਚ ਹੁੰਦਾ ਹੈ, ਬਦਬੂ ਪੈਦਾ ਕਰ ਸਕਦਾ ਹੈ।
ਪੇਟ ਸਬੰਧੀ ਬਿਮਾਰੀਆਂ : ਪੇਟ 'ਚ ਬਦਹਜ਼ਮੀ, ਯਕ੍ਰਤ ਵਿਕਾਰ, ਅਪੈਂਡਿਕਸ ਦੀ ਸੋਜ, ਅੰਤੜੀ ਜਾਂ ਪੇਟ 'ਚ ਸੰਕ੍ਰਮਣ, ਤੇਜ਼ ਬੁਖਾਰ ਜਾਂ ਟਾਈਫਾਈਡ ਦੇ ਕਾਰਨ ਵੀ ਸਾਹ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਗਰਭਾਸ਼ਯ ਸ਼ੋਥ, ਗਰਭ ਵਿਕਾਰ, ਲਿਊਕੋਰੀਆ ਆਦਿ ਕਾਰਨਾਂ ਨਾਲ ਉਪਜੀਆਂ ਪੇਟ ਦੀਆਂ ਬਿਮਾਰੀਆਂ ਕਾਰਨ ਵੀ ਮੂੰਹ ਵਿਚੋਂ ਬਦਬੂ ਆਉਂਦੀ ਹੈ।
ਦੰਦਾਂ ਸਬੰਧੀ ਵਿਕਾਰ : ਜਦੋਂ ਦੰਦਾਂ ਦੀ ਸਫ਼ਾਈ ਪ੍ਰਤੀ ਲਾਪ੍ਰਵਾਹੀ ਵਰਤੀ ਜਾਂਦੀ ਹੈ ਤਾਂ ਮੂੰਹ ਦੀਆਂ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਗਰਮ, ਠੰਢੀ, ਖੱਟੀ-ਮਿੱਠੀ, ਚਿਪਚਿਪੀ, ਚਟਪਟੀ ਆਦਿ ਅਨੇਕ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਸੀਂ ਹਰ ਰੋਜ਼ ਖਾਂਦੇ ਰਹਿੰਦੇ ਹਾਂ। ਵੈਸੇ ਤਾਂ ਦੰਦ ਸਰੀਰ ਦੇ ਸਭ ਤੋਂ ਮਜ਼ਬੂਤ ਹਿੱਸਿਆਂ ਵਿਚ ਆਉਂਦੇ ਹਨ ਪਰ ਅਨਿਯਮਤਤਾ ਕਾਰਨ ਉਨ੍ਹਾਂ ਦਾ ਸਬਰ ਵੀ ਖ਼ਤਮ ਹੋ ਜਾਂਦਾ ਹੈ ਅਤੇ ਉਨ੍ਹਾਂ 'ਤੇ ਜਾਂ ਤਾਂ ਭੂਰੇ ਰੰਗ ਦੀਆਂ ਪਰਤਾਂ ਜਮ੍ਹਾਂ ਹੋ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ 'ਤੇ ਅਨੇਕ ਜੀਵਾਣੂ ਜੰਮ ਕੇ ਬਦਬੂ ਪੈਦਾ ਕਰ ਦਿੰਦੇ ਹਨ। ਇਨ੍ਹਾਂ ਪਰਤਾਂ ਨੂੰ 'ਟਾਰਟਰ' ਕਿਹਾ ਜਾਂਦਾ ਹੈ।
ਫੇਫੜਿਆਂ ਅਤੇ ਸਾਹ ਪ੍ਰਣਾਲੀ ਦੇ ਰੋਗ : ਫੇਫੜਿਆਂ ਦਾ ਕਸ਼ਯ ਰੋਗ, ਫੇਫੜਿਆਂ ਦਾ ਕੈਂਸਰ, ਸਾਹ ਨਾਲੀ ਦੀ ਸੋਜ, ਸੰਕ੍ਰਮਣ, ਫੇਫੜਿਆਂ ਵਿਚ ਮਵਾਦ ਆਦਿ ਕਾਰਨ ਵੀ ਸਾਹਾਂ ਵਿਚੋਂ ਬਦਬੂ ਆਉਣ ਲਗਦੀ ਹੈ। ਨਾਸਿਕਾ ਸਬੰਧੀ ਬਿਮਾਰੀਆਂ, ਸਾਇਨਸ ਦਾ ਸੰਕ੍ਰਮਣ, ਲਾਰ ਗ੍ਰੰਥੀ ਦਾ ਸੰਕ੍ਰਮਣ, ਟਾਂਸਿਲ ਦੇ ਖੇਤਰ ਵਿਚ ਮਵਾਦ ਦੀ ਪੈਦਾਵਾਰ ਵੀ ਬਦਬੂ ਨੂੰ ਜਨਮ ਦਿੰਦੀ ਹੈ।
ਹੋਰ ਕਾਰਨ : ਸਰੀਰ ਵਿਚ ਪਾਣੀ ਦੀ ਕਮੀ ਭਾਵ ਡੀਹਾਈਡ੍ਰੇਸ਼ਨ, ਸ਼ੂਗਰ, ਸਾਹ ਰੋਗ ਆਦਿ ਦੀਆਂ ਕੁਝ ਦਵਾਈਆਂ ਵੀ ਸਾਹ ਵਿਚ ਬਦਬੂ ਪੈਦਾ ਕਰਨ ਵਿਚ ਸਹਾਇਕ ਹੁੰਦੀਆਂ ਹਨ।
ਕਿਵੇਂ ਛੁਟਕਾਰਾ ਪਾਈਏ : ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਹਰ ਰੋਜ਼ ਮੂੰਹ ਅਤੇ ਦੰਦਾਂ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਅਤਿ ਗੁਣਕਾਰੀ ਰੁੱਖ ਸੁਹੰਜਣਾ

ਸੁਹੰਜਣਾ ਇਕ ਬਹੁਤ ਗੁਣਕਾਰੀ ਰੁੱਖ ਹੈ। ਘੱਟ ਉਪਜਾਊ ਭੂਮੀ ਅਤੇ ਘੱਟ ਪਾਣੀ ਵਾਲੀ ਧਰਤੀ 'ਤੇ ਵੀ ਸੌਖਾ ਪਲ ਸਕਦਾ ਹੈ। ਸੁਹੰਜਣੇ ਨੂੰ ਅੰਗਰੇਜ਼ੀ ਵਿਚ Drum Stick ਆਖਦੇ ਹਨ। ਇੰਟਰਨੈੱਟ 'ਤੇ Moringa ਸਿਰਲੇਖ ਹੇਠ ਇਸ ਦੇ ਗੁਣਾਂ ਅਤੇ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸੁਹੰਜਣੇ ਦੇ ਲਾਭ : * ਦਿਲ ਦੇ ਰੋਗੀ ਵਾਸਤੇ ਲਾਭਦਾਇਕ ਹੈ। * ਉੱਚ ਖੂਨ ਦਬਾਅ ਘੱਟ ਹੋ ਜਾਂਦਾ ਹੈ। * ਕਬਜ਼ ਦੂਰ ਹੁੰਦੀ ਹੈ। * ਜੋੜਾਂ ਦੇ ਦਰਦਾਂ ਵਿਚ ਆਰਾਮ ਮਿਲਦਾ ਹੈ। * ਇਸ ਦੇ ਸੇਵਨ ਨਾਲ ਹੀਮੋਗਲੋਬਿਨ ਵਧਦਾ ਹੈ। * ਇਸ ਦੇ ਸੇਵਨ ਨਾਲ ਪੇਟ ਦੇ ਕੀੜੇ ਮਰਦੇ ਹਨ। * ਭੁੱਖ ਚੰਗੀ ਤਰ੍ਹਾਂ ਲਗਦੀ ਹੈ।
ਸੁਹੰਜਣੇ ਦਾ ਸੇਵਨ 300 ਰੋਗਾਂ ਲਈ ਲਾਭਦਾਇਕ ਹੈ। ਸੁਹੰਜਣਾ ਬਹੁਤ ਸਾਰੇ ਵਿਟਾਮਿਨਜ਼ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਇਸ ਦੇ ਪੱਤੇ, ਫੁੱਲ, ਫਲੀਆਂ ਅਤੇ ਜੜ੍ਹਾਂ ਤੱਕ ਕਿਸੇ ਨਾ ਕਿਸੇ ਰੂਪ ਵਿਚ ਵਰਤੇ ਜਾਂਦੇ ਹਨ। ਇਸ ਦੇ ਪੱਤਿਆਂ ਦੀ ਭੁਰਜੀ ਵੀ ਬਣਾਈ ਜਾ ਸਕਦੀ ਹੈ ਅਤੇ ਰਸ ਬਣਾ ਕੇ ਪੀਣਾ ਵੀ ਫਾਇਦੇਮੰਦ ਹੈ। ਸੁਹੰਜਣੇ ਦੀਆਂ ਫਲੀਆਂ ਦੀ ਸਬਜ਼ੀ ਬਣਾਈ ਜਾਂਦੀ ਹੈ ਅਤੇ ਅਚਾਰ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲੀਆਂ, ਦਾਲ ਅਤੇ ਸਾਂਬਰ ਵਿਚ ਵੀ ਪਾਈਆਂ ਜਾਂਦੀਆਂ ਹਨ। ਇਸ ਦੇ ਪੱਤੇ ਰੋਟੀ ਵਿਚ ਅਤੇ ਸਬਜ਼ੀ ਵਿਚ ਵੀ ਪਾਏ ਜਾ ਸਕਦੇ ਹਨ। ਇਹ ਵਿਟਾਮਿਨ 'ਏ', 'ਸੀ', 'ਈ' ਅਤੇ ਬੀ ਕੰਪਲੈਕਸ, ਕੈਲਸ਼ੀਅਮ, ਪੋਟਾਸ਼ੀਅਮ ਦੇ ਤੱਤਾਂ ਨਾਲ ਭਰਪੂਰ ਹੈ ਅਤੇ ਇਸ ਤੋਂ ਇਲਾਵਾ ਇਸ ਵਿਚ ਪ੍ਰੋਟੀਨ, ਫਾਈਬਰ, ਜ਼ਿੰਕ, ਫਾਸਫੋਰਸ, ਮੈਗਨੇਸ਼ੀਅਮ, ਤਾਂਬਾ, ਸੋਡੀਅਮ, ਸਲਫਰ, ਆਇਓਡੀਨ, ਲੋਹਾ ਅਤੇ ਕਾਰਬੋਹਾਈਡ੍ਰੇਟ ਵੀ ਮੌਜੂਦ ਹਨ।
ਇਸ ਵਿਚ ਬੀਟਾ ਕੈਰੋਟੀਨ, ਟੋਕੋਫਿਰੋਲ, ਪ੍ਰੋਟੀਨ ਦੀ ਮੂਲ ਬਣਤਰ ਰਚਣ ਵਾਲੇ ਰਸਾਇਣਕ ਤੱਤ, ਪੈਕਟਿਨਐਸਟਰੇਜ, ਐਸਟ੍ਰੋਜਨਿਕ ਵਰਗੇ ਪਦਾਰਥ ਵੀ ਇਸ ਵਿਚ ਮੌਜੂਦ ਹਨ। ਇਨ੍ਹਾਂ ਤੱਤਾਂ ਕਾਰਨ ਇਸ ਦਾ ਸੇਵਨ ਸਿਹਤ ਲਈ ਬਹੁਤ ਲਾਭਦਾਇਕ ਹੈ। ਇਹ ਵਿਟਾਮਿਨਜ਼ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੈ, ਜਿਸ ਕਾਰਨ ਸਰੀਰ ਦੇ ਜੋੜਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ। ਇਸ ਦੇ ਬੀਜ ਵਿਚੋਂ ਤੇਲ ਵੀ ਨਿਕਲਦਾ ਹੈ, ਜਿਸ ਨੂੰ ਬੇਨ ਆਇਲ ਆਖਦੇ ਹਨ। ਇਸ ਦੇ ਪੱਤੇ ਪਸ਼ੂਆਂ ਦਾ ਵੀ ਪੌਸ਼ਟਿਕ ਆਹਾਰ ਹਨ।

ਨਹੁੰ ਤੰਦਰੁਸਤ ਤਾਂ ਤੁਸੀਂ ਵੀ ਤੰਦਰੁਸਤ

ਸਿਹਤ ਦੇ ਮਾਮਲੇ ਵਿਚ ਨਹੁੰਆਂ ਦਾ ਵਿਸ਼ੇਸ਼ ਮਹੱਤਵ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ਡਾਕਟਰ ਰੋਗੀ ਦਾ ਮੁਆਇਨਾ ਕਰਦੇ ਸਮੇਂ ਮਹਿੰਗੀਆਂ ਸੂਖਮਦਰਸ਼ੀ ਮਸ਼ੀਨਾਂ ਦੀ ਵਰਤੋਂ ਕਰਨ ਜਾਂ ਨਾ ਕਰਨ ਪਰ ਉਹ ਹਰ ਰੋਗੀ ਦੇ ਨਹੁੰਆਂ ਦਾ ਮੁਆਇਨਾ ਜ਼ਰੂਰ ਕਰਦੇ ਹਨ। ਨਹੁੰਆਂ ਨੂੰ ਪਿਆਰ ਨਾਲ ਤਰਾਸ਼ੋ ਅਤੇ ਕੋਮਲਤਾ ਨਾਲ ਸੰਵਾਰੋ। ਇਹ ਤੰਦਰੁਸਤ ਹਨ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਵੀ ਤੰਦਰੁਸਤ ਹੋ।
ਨਹੁੰਆਂ ਦੀ ਤੰਦਰੁਸਤੀ ਦੇ ਵਿਸ਼ੇ ਵਿਚ ਲਾਪ੍ਰਵਾਹੀ ਨਾ ਵਰਤੋ, ਕਿਉਂਕਿ ਇਹ ਅੰਦਰੂਨੀ ਗੜਬੜੀਆਂ ਦੇ ਸਭ ਤੋਂ ਵੱਡੇ ਲੱਛਣ ਹੁੰਦੇ ਹਨ। ਤੰਦਰੁਸਤ ਨਹੁੰ ਬਿਨਾਂ ਮਹਿੰਗੀ ਸਜਾਵਟ ਦੇ ਵੀ ਮੋਤੀਆਂ ਵਰਗੀ ਹਲਕੀ ਅਤੇ ਖੁਸ਼ਨੁਮਾ ਚਮਕ ਦੇ ਨਾਲ ਸੁੰਦਰ ਦਿਖਾਈ ਦਿੰਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਕਿਊਟੀਕਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਣ 'ਤੇ ਨਹੁੰਆਂ ਦਾ ਆਧਾਰ ਵੀ ਕਮਜ਼ੋਰ ਹੋ ਜਾਂਦਾ ਹੈ। ਜਦੋਂ ਕਮਜ਼ੋਰ ਜਾਂ ਨੁਕਸਾਨਿਆ ਕਿਊਟੀਕਲ ਉਖੜਨ ਲਗਦਾ ਹੈ ਤਾਂ ਉਸੇ ਜਗ੍ਹਾ ਤੋਂ ਨਹੁੰਆਂ ਦੇ ਅੰਦਰ ਸੰਕ੍ਰਮਣ ਹੋ ਸਕਦਾ ਹੈ, ਜੋ ਸਿਰਫ ਨਹੁੰ ਹੀ ਨਹੀਂ, ਪੂਰੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਨਹੁੰਆਂ ਦਾ ਬੁਰਾ ਹਾਲ ਨਜ਼ਰ ਆਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਵਿਚ ਪ੍ਰੋਟੀਨ ਦੀ ਕਮੀ ਹੈ। ਸਾਡੇ ਲਈ ਭੋਜਨ ਵਿਚ ਹਮੇਸ਼ਾ ਭਰਪੂਰ ਪ੍ਰੋਟੀਨ ਲੈਣਾ ਜ਼ਰੂਰੀ ਹੈ। ਸਰੀਰ ਵਿਚ ਖੂਨ ਦੀ ਕਮੀ ਦਾ ਨਹੁੰਆਂ ਦੀ ਹਾਲਤ ਤੋਂ ਪਤਾ ਲੱਗ ਜਾਂਦਾ ਹੈ। ਇਥੋਂ ਤੱਕ ਕਿ ਪੀਲੀਏ ਦੇ ਲੱਛਣ ਵੀ ਨਹੁੰਆਂ ਤੋਂ ਪਤਾ ਲੱਗ ਜਾਂਦੇ ਹਨ।
ਫੂਹੜਪਨ ਨਾਲ ਲਗਾਤਾਰ ਨਹੁੰ ਕੁਤਰਦੇ ਜਾਂ ਚਬਾਉਂਦੇ ਰਹਿਣ ਨਾਲ ਨਹੁੰਆਂ ਵਿਚ 'ਮਾਈਕ੍ਰੋਟ੍ਰੋਮਾ' ਨਾਮਕ ਗੜਬੜੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਇਕ ਤਾਂ ਨਹੁੰਆਂ ਦੀ ਸਤਹ ਖਰਾਬ ਹੁੰਦੀ ਹੈ, ਦੂਜਾ ਕਦੇ-ਕਦੇ ਪੂਰਾ ਨਹੁੰ ਹੀ ਡਿਗ ਜਾਂਦਾ ਹੈ। ਨਹੁੰਆਂ 'ਤੇ ਖੜ੍ਹੀਆਂ-ਖੜ੍ਹੀਆਂ ਧਾਰੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਸਾਡੇ ਹੱਥ ਸਖ਼ਤ ਸਾਬਣ ਦੇ ਸੰਪਰਕ ਵਿਚ ਬਰਾਬਰ ਆ ਰਹੇ ਹਨ।
ਹਮੇਸ਼ਾ ਗੰਦੇ ਪਾਣੀ ਦੇ ਸੰਪਰਕ ਨਾਲ ਵੀ ਨਹੁੰ ਖੁਰਦਰੇ ਅਤੇ ਬਦਸੂਰਤ ਹੋ ਜਾਂਦੇ ਹਨ। ਚਮੜੀ ਹਮੇਸ਼ਾ ਗਿੱਲੀ ਰਹੇ ਤਾਂ ਉੱਥੇ ਇਕ ਤਰ੍ਹਾਂ ਦੀ ਉੱਲੀ ਪੈਦਾ ਹੋ ਕੇ ਨਹੁੰਆਂ ਨੂੰ ਖਰਾਬ ਕਰ ਦਿੰਦੀ ਹੈ।
ਨਹੁੰ ਹਰ ਰੋਜ਼ ਵਧਦੇ ਹਨ। ਇਹ ਗਰਮੀ ਵਿਚ, ਸਰਦੀਆਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਧਦੇ ਹਨ। ਜਵਾਨੀ ਵਿਚ ਵਾਧਾ ਜ਼ਿਆਦਾ ਹੁੰਦਾ ਹੈ ਅਤੇ ਬੁਢਾਪੇ ਵਿਚ ਘੱਟ। ਇਨ੍ਹਾਂ ਬਾਰੇ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਲੰਬੇ ਲੋਕਾਂ ਦੇ ਨਹੁੰ ਤੇਜ਼ੀ ਨਾਲ ਵਧਦੇ ਹਨ ਅਤੇ ਮਧਰਿਆਂ ਦੇ ਹੌਲੀ। ਲੰਬੀਆਂ ਉਂਗਲੀਆਂ ਹੋਣ ਤਾਂ ਵਾਧਾ ਤੇਜ਼ੀ ਨਾਲ ਹੁੰਦਾ ਹੈ, ਇਸੇ ਕਰਕੇ ਵਿਚਕਾਰਲੀ ਉਂਗਲੀ ਦਾ ਨਹੁੰ ਸਭ ਤੋਂ ਤੇਜ਼ੀ ਨਾਲ ਵਧਦਾ ਹੈ, ਕਿਉਂਕਿ ਉਹ ਸਭ ਤੋਂ ਲੰਬੀ ਹੁੰਦੀ ਹੈ।
ਨਹੁੰਆਂ ਦੀ ਦੇਖਭਾਲ ਕਿਵੇਂ ਕਰੀਏ?
ਨਹੁੰਆਂ ਦੀ ਦੇਖਭਾਲ ਸਬੰਧੀ ਕੁਝ ਪੁਰਾਣੀਆਂ ਅਤੇ ਕੁਝ ਇਕਦਮ ਨਵੀਆਂ ਜਾਣਕਾਰੀਆਂ ਇਸ ਤਰ੍ਹਾਂ ਹਨ-
* ਨਹੁੰਆਂ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਨੂੰ ਨਿਯਮਤ ਕੱਟਦੇ ਰਹੋ। ਹੱਥਾਂ ਅਤੇ ਪੈਰਾਂ ਦੋਵਾਂ ਦੇ ਹੀ ਨਹੁੰਆਂ ਨੂੰ ਕਿਨਾਰਿਆਂ ਤੋਂ ਗੋਲ ਨਾ ਕੱਟੋ, ਸਗੋਂ ਸਿੱਧਾ ਹੀ ਕੱਟੋ।
* ਇਨ੍ਹਾਂ ਨੂੰ ਹਮੇਸ਼ਾ ਇਮਰੀ ਬੋਰਡ ਨਾਲ ਹੀ ਫਾਈਲ ਕਰੋ।
* ਜੇ ਨਹੁੰ ਬਦਰੰਗ ਜਿਹੇ ਲਗਦੇ ਹੋਣ ਤਾਂ ਹਰ ਹਾਲਤ ਵਿਚ ਇਨ੍ਹਾਂ ਨੂੰ ਇਕ-ਦੋ ਮਹੀਨੇ ਤੱਕ ਬਿਲਕੁਲ ਖੁੱਲ੍ਹਾ, ਰੰਗ ਮੁਕਤ ਹੀ ਛੱਡੋ।
* ਨਹੁੰਆਂ ਨੂੰ ਪਾਣੀ ਦੇ ਜ਼ਿਆਦਾ ਸੰਪਰਕ ਤੋਂ ਬਚਾਓ। ਹਰ ਵਾਰ ਪਾਣੀ ਨਾਲ ਕੰਮ ਕਰਨ ਤੋਂ ਬਾਅਦ ਹੱਥ ਪੂੰਝ ਕੇ ਇਨ੍ਹਾਂ ਨੂੰ ਸੁਕਾਓ।
* ਨਹੁੰਆਂ ਨੂੰ ਸੰਦਾਂ ਦੀ ਤਰ੍ਹਾਂ ਕਦੇ ਵੀ ਨਾ ਵਰਤੋ। ਇਨ੍ਹਾਂ ਨੂੰ ਖੁਰਚਣ, ਖੋਦਣ ਜਾਂ ਡੱਬੇ ਖੋਲ੍ਹਣ ਦੇ ਕੰਮ ਵਿਚ ਨਾ ਲਿਆਓ।
* ਗਰਮ ਜਾਂ ਠੰਢੇ ਤਰਲ ਨੂੰ ਚੈੱਕ ਕਰਨ ਲਈ ਹਰ ਵਾਰ ਨਹੁੰਆਂ ਨੂੰ ਹੀ ਡੁਬਾਉਣਾ ਗ਼ਲਤ ਹੈ।
* ਦੰਦਾਂ ਨਾਲ ਨਹੁੰਆਂ ਨੂੰ ਚਬਾਉਣਾ ਅਸ਼ੁੱਭ ਹੈ। ਅਜਿਹੀ ਆਦਤ ਛੱਡ ਦਿਓ।
ਨਹੁੰਆਂ ਦਾ ਵੀ ਓਨਾ ਹੀ ਖਿਆਲ ਰੱਖੋ, ਜਿੰਨਾ ਤੁਸੀਂ ਉਂਗਲੀਆਂ ਦਾ ਰੱਖਦੇ ਹੋ। ਨਹੁੰਆਂ ਨੂੰ ਪਿਆਰ ਨਾਲ ਤਰਾਸ਼ੋ ਅਤੇ ਕੋਮਲਤਾ ਨਾਲ ਸੰਵਾਰੋ। ਇਹ ਤੰਦਰੁਸਤ ਹਨ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਵੀ ਤੰਦਰੁਸਤ ਹੋ।

ਖ਼ਤਰਨਾਕ ਵੀ ਹੋ ਸਕਦਾ ਹੈ ਵਾਇਰਲ ਬੁਖਾਰ

ਮਈ-ਜੂਨ ਤੋਂ ਸਤੰਬਰ ਦੇ ਸਮੇਂ ਵਿਚ ਭਾਰਤ ਦੇ ਉੱਤਰੀ ਭਾਗ ਵਿਚ ਤੇਜ਼ ਗਰਮੀ ਤਾਂ ਪੈਂਦੀ ਹੀ ਹੈ, ਬਰਸਾਤ ਵੀ ਖੂਬ ਹੁੰਦੀ ਹੈ। ਇਸ ਮੌਸਮ ਵਿਚ ਵਾਤਾਵਰਨ ਵਿਚ ਹੁੰਮਸ ਦੇ ਨਾਲ-ਨਾਲ ਨਮੀ ਵੀ ਕਾਫੀ ਰਹਿੰਦੀ ਹੈ। ਪਸੀਨੇ ਦੀ ਬਹੁਤਾਤ ਅਤੇ ਵਾਯੂ ਮੰਡਲ ਦੀ ਨਮੀ ਕਾਰਨ ਅੰਦਰੂਨੀ ਕੱਪੜੇ ਪੂਰੀ ਤਰ੍ਹਾਂ ਸੁੱਕਦੇ ਨਹੀਂ ਅਤੇ ਉਨ੍ਹਾਂ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਕਾਰਨ ਅਕਸਰ ਉੱਲੀ ਰੋਗ ਪੈਦਾ ਹੋਣ ਦੀ ਸੰਭਾਵਨਾ 10 ਫੀਸਦੀ ਤੱਕ ਵਧ ਜਾਂਦੀ ਹੈ।
ਇਸ ਨਾਲ ਸਰੀਰ ਦੇ ਜੋੜ ਵਾਲੀਆਂ ਉਨ੍ਹਾਂ ਥਾਵਾਂ 'ਤੇ ਜਿਥੇ ਚਮੜੀ ਕੋਮਲ ਹੁੰਦੀ ਹੈ ਅਤੇ ਜ਼ਿਆਦਾ ਮਾਸ ਹੋਣ ਨਾਲ ਆਪਸ ਵਿਚ ਰਗੜ ਖਾਣ ਅਤੇ ਨਮੀ ਵਿਚ ਜੀਵਾਣੂ ਪੈਦਾ ਹੋ ਜਾਣ ਨਾਲ ਚਮੜੀ ਦੀ ਉਪਰਲੀ ਪਰਤ ਛਿੱਲ ਹੋ ਕੇ ਸੰਕ੍ਰਮਣ ਹੋ ਜਾਂਦੀ ਹੈ ਅਤੇ ਅਕਸਰ ਜਾਂਘਾਂ, ਪੈਰਾਂ ਦੀਆਂ ਉਂਗਲੀਆਂ ਵਿਚ ਹਲਕੀ ਜਿਹੀ ਖਾਰਸ਼ ਦੇ ਨਾਲ ਪ੍ਰੇਸ਼ਾਨੀ ਸ਼ੁਰੂ ਹੁੰਦੀ ਹੈ। ਲੋੜੀਂਦੀ ਸਫ਼ਾਈ ਨਾ ਰੱਖਣ ਨਾਲ ਮੈਲ ਵਿਚ ਛੁਪੇ ਕੀਟਾਣੂ ਅਤੇ ਜੀਵਾਣੂ ਇਸ ਖਾਰਸ਼ ਨੂੰ ਵਧਾ ਦਿੰਦੇ ਹਨ ਅਤੇ ਪ੍ਰੇਸ਼ਾਨੀ ਵਧਦੀ ਹੀ ਚਲੀ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਏਨੀ ਵਧ ਜਾਂਦੀ ਹੈ ਕਿ ਦਾਦ ਜਾਂ ਐਗਜ਼ਿਮਾ ਤੱਕ ਦਾ ਰੂਪ ਧਾਰਨ ਕਰ ਲੈਂਦੀ ਹੈ।
ਐਲੋਪੈਥੀ ਵਿਚ ਇਸ ਬਿਮਾਰੀ ਨੂੰ 'ਫੰਗਲ ਇਨਫੈਕਸ਼ਨ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਚਮੜੀ ਦੀ ਅਲਰਜੀ ਨਾਲ ਸਬੰਧਿਤ ਇਲਾਜ ਕੀਤਾ ਜਾਂਦਾ ਹੈ।
ਨਾਇਸਿਲ ਜਾਂ ਬੋਰੋਪਲਸ ਵਰਗੇ ਕਿਸੇ ਵੀ ਚੰਗੇ ਪ੍ਰਿਕਲੀ ਪਾਊਡਰ ਦਾ ਛਿੜਕਾਅ ਵੀ ਸੰਕ੍ਰਮਿਤ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ 'ਤੇ ਕਰਨਾ ਚੰਗਾ ਰਹਿੰਦਾ ਹੈ। ਜੇ ਉੱਲੀ ਹੋ ਹੀ ਜਾਵੇ ਤਾਂ ਬੁਨੈਣ ਅਤੇ ਜਾਂਘੀਆ ਆਦਿ ਨੂੰ ਜੀਵਾਣੂਮੁਕਤ ਕਰਨ ਲਈ ਉਨ੍ਹਾਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਕੇ ਧੋਣਾ ਚਾਹੀਦਾ ਹੈ। ਕੱਪੜਾ ਖਰਾਬ ਹੋਣ ਦਾ ਡਰ ਹੋਵੇ ਤਾਂ ਡਿਟੋਲ ਦੀਆਂ ਕੁਝ ਬੂੰਦਾਂ ਧੋਣ ਵਾਲੇ ਪਾਣੀ ਵਿਚ ਪਾ ਲੈਣੀਆਂ ਚਾਹੀਦੀਆਂ ਹਨ। ਸੰਕ੍ਰਮਿਤ ਥਾਵਾਂ ਨੂੰ ਵੀ ਡਿਟੋਲ ਵਾਲੇ ਪਾਣੀ ਜਾਂ ਪੋਟਾਸ਼ੀਅਮ ਪਰਮੈਗਨੈਟ ਵਾਲੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ।
ਗਰਮੀ ਅਤੇ ਬਰਸਾਤ ਰੁੱਤ ਵਿਚ ਸ਼ਾਮ ਵੇਲੇ ਅਨੇਕ ਜੀਵਾਣੂ ਅਤੇ ਵਿਸ਼ਾਣੂ (ਵਾਇਰਸ) ਵਾਯੂ ਮੰਡਲ ਵਿਚ ਆ ਜਾਂਦੇ ਹਨ। ਅਜਿਹੇ ਹੀ ਵਿਸ਼ਾਣੂਆਂ ਵਿਚੋਂ ਇਕ ਹੈ ਰੋਟਾ ਵਾਇਰਸ। ਇਹ ਵਾਇਰਸ ਹਵਾ ਅਤੇ ਪਾਣੀ ਦੋਵੇਂ ਹੀ ਮਾਧਿਅਮਾਂ ਨਾਲ ਹਮਲਾ ਕਰਨ ਵਿਚ ਮੁਹਾਰਤ ਰੱਖਦਾ ਹੈ। ਜਿਵੇਂ ਹੀ ਇਹ ਵਾਇਰਸ ਹਮਲਾ ਕਰਦਾ ਹੈ, ਪੀੜਤ ਵਿਅਕਤੀ ਦੇ ਸਰੀਰ ਵਿਚ ਭਾਰੀ ਸਿਰਦਰਦ, ਬਦਨ ਦਰਦ, ਅੱਖਾਂ ਵਿਚ ਭਾਰੀਪਨ ਅਤੇ ਤੇਜ਼ ਬੁਖਾਰ ਦਾ ਹਮਲਾ ਹੋ ਜਾਂਦਾ ਹੈ। ਕਈ ਵਾਰ ਸਰੀਰ ਦਾ ਤਾਪਮਾਨ 106 ਤੋਂ 108 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ ਅਤੇ ਰੋਗੀ ਬੇਹੋਸ਼ ਵੀ ਹੋ ਸਕਦਾ ਹੈ। ਇਹ ਬੁਖਾਰ 6-7 ਘੰਟੇ ਬਾਅਦ ਦੁਬਾਰਾ ਹਮਲਾ ਕਰਦਾ ਹੈ। ਇਹ ਕਿਰਿਆ 6-7 ਦਿਨ ਤੱਕ ਲਗਾਤਾਰ ਚਲਦੀ ਰਹਿੰਦੀ ਹੈ। ਪਹਿਲੇ 3-4 ਦਿਨ ਤੱਕ ਇਹ ਬੁਖਾਰ ਹਰ ਵਾਰ ਤੀਬਰਤਰ ਹੁੰਦਾ ਚਲਾ ਜਾਂਦਾ ਹੈ। ਅਜਿਹੀ ਹਾਲਤ ਵਿਚ ਕਈ ਵਾਰ ਰੋਗੀ ਸਰਦੀ ਨਾਲ ਕੰਬਣ ਵੀ ਲਗਦਾ ਹੈ ਅਤੇ ਬੇਹੋਸ਼ੀ ਵਿਚ ਬੁੜਬੁੜਾਉਂਦਾ ਵੀ ਹੈ।
ਇਸ ਵਾਇਰਲ ਬੁਖਾਰ ਨੂੰ ਕਾਬੂ ਵਿਚ ਕਰਨ ਵਿਚ ਡਾਕਟਰੀ ਵਿਗਿਆਨ ਹਾਲੇ ਪੂਰੀ ਤਰ੍ਹਾਂ ਸਫਲ ਨਹੀਂ ਰਿਹਾ ਹੈ। ਡਾਕਟਰ ਅਕਸਰ ਰੋਗੀ ਨੂੰ ਪੈਰਾਸਿਟਾਮੋਲ ਅਤੇ ਸੀ.ਪੀ.ਐਮ. ਦਾ 7 ਦਿਨ ਦਾ ਕੋਰਸ ਕਰਾਉਂਦੇ ਹਨ। ਪ੍ਰਤੀਰੋਧੀ ਦਵਾਈਆਂ ਦੇ ਰੂਪ ਵਿਚ ਰੋਗੀ ਦੇ ਸਰੀਰ ਦੀ ਪ੍ਰਕਿਰਤੀ ਅਨੁਸਾਰ ਵੱਖ-ਵੱਖ ਦਵਾਈਆਂ ਦਿੰਦੇ ਹਨ। 7 ਦਿਨ ਵਿਚ ਇਹ ਵਾਇਰਸ ਕਮਜ਼ੋਰ ਹੋ ਜਾਂਦਾ ਹੈ ਪਰ ਬੁਖਾਰ ਨਾ ਉਤਰਨ 'ਤੇ ਇਹ ਕੋਰਸ ਦੁਹਰਾਇਆ ਜਾ ਸਕਦਾ ਹੈ।
ਵਾਇਰਲ ਬੁਖਾਰ ਖ਼ਤਰਨਾਕ ਵੀ ਹੋ ਸਕਦਾ ਹੈ ਅਤੇ ਸਮੇਂ ਸਿਰ ਇਲਾਜ ਉਪਲਬਧ ਨਾ ਹੋਣ 'ਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਵਾਇਰਲ ਦੇ ਲੱਛਣ ਦਿਸਦੇ ਹੀ ਰੋਗੀ ਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ।
ਆਪਣੀ ਮਰਜ਼ੀ ਨਾਲ ਦਵਾਈ ਕਦੇ ਨਹੀਂ ਲੈਣੀ ਚਾਹੀਦੀ, ਕਿਉਂਕਿ ਮਾਹਿਰ ਡਾਕਟਰ ਤੁਹਾਡੇ ਲੱਛਣ ਦੇਖ ਕੇ ਹੀ ਦਵਾਈ ਅਤੇ ਉਸ ਦੀ ਮਾਤਰਾ ਦਾ ਨਿਰਧਾਰਨ ਕਰਦਾ ਹੈ, ਨਾਲ ਹੀ ਸਹੀ-ਗ਼ਲਤ ਦੀ ਵੀ ਸਲਾਹ ਦਿੰਦਾ ਹੈ। ਵਾਇਰਲ ਦੇ ਹਮਲੇ ਤੋਂ ਬਚਣ ਲਈ ਤਾਜ਼ਾ ਅਤੇ ਸ਼ੁੱਧ ਭੋਜਨ ਲੈਣਾ ਚਾਹੀਦਾ ਹੈ। ਠੰਢੇ, ਬੇਹੇ ਖਾਣੇ ਅਤੇ ਪ੍ਰਦੂਸ਼ਿਤ ਪਾਣੀ ਤੋਂ ਵੀ ਬਚਣਾ ਚਾਹੀਦਾ ਹੈ। ਵਾਇਰਲ ਦੇ ਰੋਗੀ ਤੋਂ ਖਾਸ ਕਰਕੇ ਬੱਚਿਆਂ ਨੂੰ ਦੂਰ ਹੀ ਰੱਖਣਾ ਚਾਹੀਦਾ ਹੈ।

ਟਮਾਟਰ ਵਿਚ ਹੈ ਸਿਹਤ ਦਾ ਖਜ਼ਾਨਾ

ਟਮਾਟਰ ਤੋਂ ਤਾਂ ਸਾਰੇ ਵਾਕਿਫ ਹੀ ਹਨ। ਹਰ ਘਰ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਭਾਰਤੀ ਸਬਜ਼ੀਆਂ ਵਿਚ ਵਰਤਿਆ ਜਾਂਦਾ ਹੈ। ਬਹੁਤੇ ਲੋਕ ਇਸ ਦਾ ਲਾਭ ਸਿਰਫ ਸਬਜ਼ੀ ਦਾ ਸਵਾਦ ਵਧਾਉਣ ਅਤੇ ਸਲਾਦ ਦਾ ਰੰਗ-ਰੂਪ ਵਧਾਉਣ ਲਈ ਜਾਣਦੇ ਹਨ। ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਟਮਾਟਰ ਸਾਡੀ ਸਿਹਤ ਲਈ ਕਿੰਨਾ ਮਹੱਤਵਪੂਰਨ ਹੈ।
ਟਮਾਟਰ ਵਿਚ ਪ੍ਰੋਟੀਨ, ਵਿਟਾਮਿਨ ਅਤੇ ਚਰਬੀ ਹੁੰਦੀ ਹੈ ਪਰ ਕਾਰਬੋਹਾਈਡ੍ਰੇਟ ਘੱਟ ਹੁੰਦੇ ਹਨ। ਦਿਨ ਭਰ ਵਿਚ ਇਕ ਟਮਾਟਰ ਖਾਣ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਫਿਰ ਆਓ ਇਕ ਨਜ਼ਰ ਟਮਾਟਰ ਦੇ ਲਾਭਾਂ 'ਤੇ ਮਾਰੀਏ-
* ਟਮਾਟਰ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ।
* ਟਮਾਟਰ ਸਾਡੀ ਪਾਚਣ ਸ਼ਕਤੀ ਨੂੰ ਦਰੁਸਤ ਰੱਖਦਾ ਹੈ।
* ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਵਧੀਆ ਹੈ ਕੱਚੇ ਟਮਾਟਰ ਦਾ ਸੇਵਨ ਕਰਨਾ।
* ਕਫ ਵਿਚ ਵੀ ਟਮਾਟਰ ਦਾ ਸੇਵਨ ਲਾਭਦਾਇਕ ਹੁੰਦਾ ਹੈ।
* ਟਮਾਟਰ ਦੇ ਗੁੱਦੇ ਵਿਚ ਕੱਚਾ ਦੁੱਧ ਅਤੇ ਕੁਝ ਬੂੰਦਾਂ ਨਿੰਬੂ ਦੀਆਂ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਵਿਚ ਰੌਣਕ ਆਉਂਦੀ ਹੈ।
* ਟਮਾਟਰ ਵਿਚ ਸਾਈਟ੍ਰਿਕ ਅਤੇ ਮੇਲਿਕ ਐਸਿਡ ਪਾਏ ਜਾਂਦੇ ਹਨ ਜੋ ਪ੍ਰਭਾਵੀ ਇੰਟਾਸਿਡ ਹਨ।
* ਸ਼ਕਤੀ ਵਧਾਉਣ ਲਈ ਖਾਣਾ ਖਾਣ ਤੋਂ ਪਹਿਲਾਂ 2 ਜਾਂ 3 ਪੱਕੇ ਟਮਾਟਰ ਕਾਲੀ ਮਿਰਚ ਅਤੇ ਸੇਂਧਾ ਨਮਕ ਲਗਾ ਕੇ ਖਾਣ ਨਾਲ ਲਾਭ ਮਿਲਦਾ ਹੈ।
* ਕਬਜ਼ ਹੋਣ 'ਤੇ ਹਰ ਰੋਜ਼ ਕੱਚਾ ਟਮਾਟਰ ਸੇਂਧਾ ਨਮਕ ਦੇ ਨਾਲ ਲਓ।
* ਜੇ ਚਮੜੀ 'ਤੇ ਟੈਨਿੰਗ ਹੋ ਗਈ ਹੋਵੇ ਤਾਂ ਟਮਾਟਰ ਨੂੰ ਉਸ ਜਗ੍ਹਾ 'ਤੇ ਲਗਾਤਾਰ ਕਈ ਦਿਨ ਤੱਕ ਹਲਕੇ ਹੱਥਾਂ ਨਾਲ ਰਗੜੋ। ਟੈਨਿੰਗ ਹੌਲੀ-ਹੌਲੀ ਹਟ ਜਾਵੇਗੀ।
* ਪੇਟ ਦੇ ਕੀੜਿਆਂ ਨੂੰ ਦੂਰ ਕਰਨ ਲਈ ਸਵੇਰੇ ਖਾਲੀ ਪੇਟ ਟਮਾਟਰ 'ਤੇ ਪੀਸੀ ਕਾਲੀ ਮਿਰਚ ਲਗਾ ਕੇ ਖਾਣ ਨਾਲ ਲਾਭ ਹੁੰਦਾ ਹੈ।
* ਟਮਾਟਰ ਦੇ ਨਿਯਮਤ ਸੇਵਨ ਨਾਲ ਅੱਖ ਅਤੇ ਪਿਸ਼ਾਬ ਸਬੰਧੀ ਬਿਮਾਰੀ ਵਿਚ ਵੀ ਲਾਭ ਹੁੰਦਾ ਹੈ।
* ਸਵੇਰੇ ਨਿਯਮਤ ਰੂਪ ਨਾਲ ਦੰਦ ਸਾਫ਼ ਕੀਤੇ ਬਿਨਾਂ ਇਕ ਟਮਾਟਰ ਦਾ ਸੇਵਨ ਕਰੋ, ਸਰੀਰ ਨੂੰ ਬਹੁਤ ਲਾਭ ਮਿਲਣਗੇ।
ਜਿਨ੍ਹਾਂ ਲੋਕਾਂ ਨੂੰ ਪੱਥਰੀ ਹੋਵੇ, ਉਨ੍ਹਾਂ ਨੂੰ ਕੱਚੇ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਬੀਜ ਵਾਲਾ ਹਿੱਸਾ।
**

ਸਾਵਧਾਨ! ਫ਼ਲਾਂ-ਸਬਜ਼ੀਆਂ ਵਿਚ ਰਿਸ ਰਿਹਾ ਹੈ ਜ਼ਹਿਰ

ਵਰਤਮਾਨ ਵਿਚ ਹੋ ਰਹੀ ਜ਼ਹਿਰੀਲੇ ਰਸਾਇਣਕ ਖਾਦਾਂ ਆਦਿ ਦੀ ਵਰਤੋਂ ਨਾਲ ਧਰਤੀ ਜ਼ਹਿਰੀਲੀ ਅਤੇ ਬੰਜਰ ਹੁੰਦੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਧਰਤੀ ਦੇ ਜ਼ਹਿਰੀਲੇ ਹੋਣ ਦਾ ਅਸਰ ਸਬਜ਼ੀਆਂ ਆਦਿ 'ਤੇ ਵੀ ਪੈ ਰਿਹਾ ਹੈ ਅਤੇ ਹਰੀਆਂ ਸਾਗ-ਸਬਜ਼ੀਆਂ ਦੇ ਜ਼ਹਿਰੀਲੇ ਹੋਣ ਦਾ ਦੂਜਾ ਕਾਰਨ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਵੀ ਹੈ। ਕੀਟਨਾਸ਼ਕ ਜੋ ਜ਼ਹਿਰ ਹੈ, ਸਬਜ਼ੀਆਂ ਦੇ ਪੱਤਿਆਂ ਅਤੇ ਜੜ੍ਹਾਂ ਵਿਚ ਹੌਲੀ-ਹੌਲੀ ਰਿਸ ਕੇ ਸਬਜ਼ੀਆਂ ਵਿਚ ਉਤਰ ਜਾਂਦਾ ਹੈ। ਇਸ ਤਰ੍ਹਾਂ ਸਬਜ਼ੀਆਂ ਜ਼ਹਿਰੀਲੀਆਂ ਹੋ ਜਾਂਦੀਆਂ ਹਨ। ਜੇ ਕੀਟਨਾਸ਼ਕ ਛਿੜਕਣ ਤੋਂ 3 ਦਿਨ ਦੇ ਅੰਦਰ-ਅੰਦਰ ਹਰੀਆਂ ਸਬਜ਼ੀਆਂ ਖਾ ਲਈਆਂ ਜਾਣ ਤਾਂ ਇਸ ਦੇ ਨਤੀਜੇ ਬਹੁਤ ਖ਼ਤਰਨਾਕ ਹੁੰਦੇ ਹਨ। ਵਿਗਿਆਨਕ ਸਰਵੇਖਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀਆਂ ਦੇ ਸਰੀਰ ਵਿਚ ਡੀ.ਡੀ.ਟੀ. (ਕੀਟਨਾਸ਼ਕ) ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ। ਇਨ੍ਹਾਂ ਸਰਵੇਖਣਾਂ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਨੇਕ ਤਰ੍ਹਾਂ ਦੀਆਂ ਸਬਜ਼ੀਆਂ, ਫਲਾਂ ਅਤੇ ਫਸਲਾਂ ਵਿਚ ਡੀ.ਡੀ.ਟੀ. ਅਤੇ ਹੋਰ ਕੀਟਨਾਸ਼ਕਾਂ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਕੀਟਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਨੇ ਫਲਾਂ ਅਤੇ ਸਬਜ਼ੀਆਂ ਦੇ ਮੂਲਭੂਤ ਤੱਤਾਂ ਨੂੰ ਨਸ਼ਟ ਕਰ ਦਿੱਤਾ ਹੈ।
ਸੰਕਰਿਤ ਸਾਗ-ਸਬਜ਼ੀਆਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਵਾਲੀਆਂ ਸਬਜ਼ੀਆਂ ਸਵਾਦਹੀਣ ਹੁੰਦੀਆਂ ਜਾ ਰਹੀਆਂ ਹਨ। ਰਸਾਇਣਕ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਨੇ ਪਾਣੀ, ਹਵਾ ਪ੍ਰਦੂਸ਼ਣ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ। ਭੋਜਨ-ਪਾਣੀ ਤਾਂ ਕੀ, ਮਾਂ ਦੇ ਦੁੱਧ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਇਨ੍ਹਾਂ ਕੀਟਨਾਸ਼ਕਾਂ ਦੇ ਕਾਰਨ ਕੁਦਰਤੀ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ।
ਇਸ ਤਰ੍ਹਾਂ ਠੀਕ ਇਹੀ ਹੋਵੇਗਾ ਕਿ ਸਬਜ਼ੀਆਂ, ਫਲਾਂ ਆਦਿ ਦੀ ਵਰਤੋਂ ਕਰਦੇ ਹੋਏ ਵਿਸ਼ੇਸ਼ ਸਾਵਧਾਨੀ ਅਤੇ ਚੇਤਨਤਾ ਵਰਤੀ ਜਾਵੇ ਅਤੇ ਕੀਟਨਾਸ਼ਕ ਰਸਾਇਣਾਂ ਦਾ ਮਾੜੇ ਅਸਰ ਤੋਂ ਖੁਦ ਨੂੰ ਬਚਾਇਆ ਜਾਵੇ। ਇਨ੍ਹਾਂ ਖਾਧ ਪਦਾਰਥਾਂ ਵਿਚ ਮੌਜੂਦ ਜ਼ਹਿਰ ਨੂੰ ਤੁਸੀਂ ਇਕੱਲੇ ਤਾਂ ਕਦੇ ਘੱਟ ਨਹੀਂ ਕਰ ਸਕਦੇ ਪਰ ਫਿਰ ਵੀ ਜੇ ਤੁਸੀਂ ਕੁਝ ਸਾਵਧਾਨੀ ਵਰਤੋ ਤਾਂ ਇਨ੍ਹਾਂ ਦੇ ਨੁਕਸਾਨਦਾਇਕ ਪ੍ਰਭਾਵਾਂ ਕਾਰਨ ਆਪਣੀ ਸਿਹਤ ਨੂੰ ਖਤਰੇ ਵਿਚ ਪੈਣ ਤੋਂ ਬਚਾ ਸਕਦੇ ਹੋ।
ਤੁਹਾਨੂੰ ਸਿਰਫ ਇਹ ਕਰਨਾ ਪਵੇਗਾ ਕਿ ਫਲਾਂ-ਸਬਜ਼ੀਆਂ ਅਤੇ ਹੋਰ ਅੰਨ ਦੀ ਵਰਤੋਂ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ 2-3 ਵਾਰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਜੇ ਇਕ ਵਾਰ 'ਸਿਰਕੇ' ਜਾਂ 'ਖਾਣੇ ਦੇ ਸੋਢੇ' (ਮਿੱਠੇ ਸੋਢੇ) ਨਾਲ ਧੋ ਕੇ ਫਿਰ ਸ਼ੁੱਧ ਪਾਣੀ ਨਾਲ ਧੋ ਲਓ ਤਾਂ ਹੋਰ ਵੀ ਚੰਗਾ ਹੋਵੇਗਾ।
ਬੰਦ ਗੋਭੀ ਦੀ ਬਾਹਰੀ ਪਰਤ ਨੂੰ ਅਲੱਗ ਕਰਕੇ ਅੰਦਰਲੀਆਂ ਪਰਤਾਂ ਦੀ ਹੀ ਵਰਤੋਂ ਕਰੋ। ਅਜਿਹਾ ਹੀ ਤੋਰੀਆਂ, ਛਿਲਕੇ ਵਾਲੀਆਂ ਹੋਰ ਸਬਜ਼ੀਆਂ ਨਾਲ ਕਰੋ। ਇਸ ਤਰ੍ਹਾਂ ਸਬਜ਼ੀਆਂ-ਫਲਾਂ ਦੀ ਛਿੱਲ ਉਤਾਰ ਕੇ ਵਰਤੋਂ ਕਰੋ। ਇਸ ਨਾਲ ਛਿੱਲਾਂ 'ਤੇ ਲੱਗੇ ਕੀਟਨਾਸ਼ਕ ਪਦਾਰਥ ਦੂਰ ਹੋ ਜਾਣਗੇ।
ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਫਲਾਂ ਅਤੇ ਸਬਜ਼ੀਆਂ ਨੂੰ ਕੱਚਾ ਖਾਣਾ ਵੀ ਸਿਹਤ ਲਈ ਹਾਨੀਕਾਰਕ ਅਤੇ ਖਤਰੇ ਤੋਂ ਖਾਲੀ ਨਹੀਂ ਹੈ। ਛਿੱਲ ਉਤਾਰ ਲੈਣ ਨਾਲ ਫਲ ਅਤੇ ਸਬਜ਼ੀਆਂ ਦੀਆਂ ਛਿੱਲਾਂ 'ਤੇ ਲੱਗੇ ਕੀਟਨਾਸ਼ਕ ਤਾਂ ਦੂਰ ਹੋ ਜਾਣਗੇ ਪਰ ਜੋ ਕੀਟਨਾਸ਼ਕ ਅਤੇ ਜ਼ਹਿਰ ਸਬਜ਼ੀ ਦੇ ਅੰਦਰ ਪਹੁੰਚ ਚੁੱਕਾ ਹੈ, ਉਹ ਸਿਹਤ ਨੂੰ ਨੁਕਸਾਨ ਪਹੁੰਚਾਏਗਾ। ਇਸ ਲਈ ਸਾਗ-ਸਬਜ਼ੀਆਂ ਦਾ ਅਸਰ ਨਸ਼ਟ ਹੋ ਜਾਂਦਾ ਹੈ।
ਇਹ ਕੁਝ ਸਾਵਧਾਨੀਆਂ ਹਨ ਜੋ ਤੁਹਾਨੂੰ ਸਬਜ਼ੀਆਂ ਦੇ ਜ਼ਹਿਰੀਲੇ ਅਸਰ ਤੋਂ ਬਚਾਈ ਰੱਖਦੀਆਂ ਹਨ। ਇਸ ਲਈ ਇਨ੍ਹਾਂ ਉਪਾਵਾਂ ਨੂੰ ਧਿਆਨ ਵਿਚ ਰੱਖ ਕੇ ਸਾਗ-ਸਬਜ਼ੀਆਂ ਵਿਚ ਛੁਪੇ ਜ਼ਹਿਰ ਤੋਂ ਖੁਦ ਨੂੰ ਬਚਾਓ।

ਦਿਲ ਦੇ ਦੌਰੇ ਤੋਂ ਬਚਾਉਂਦਾ ਹੈ ਪਾਣੀ

ਇਕ ਯੂਨੀਵਰਸਿਟੀ ਵਿਚ ਕੀਤੀ ਗਈ ਇਕ ਖੋਜ ਦੀ ਰਿਪੋਰਟ ਅਨੁਸਾਰ ਪਾਣੀ ਭਰਪੂਰ ਪੀਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 54 ਫੀਸਦੀ ਘੱਟ ਹੋ ਜਾਂਦਾ ਹੈ। ਜੇ ਪਾਣੀ ਦੀ ਜਗ੍ਹਾ ਫਲਾਂ ਦਾ ਰਸ, ਸੋਡਾ ਅਤੇ ਦੁੱਧ ਪੀਤਾ ਜਾਵੇ ਤਾਂ ਦੌਰੇ ਦਾ ਖਤਰਾ ਵਧ ਜਾਂਦਾ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਕਿ ਸਰੀਰ ਵਿਚ 72 ਫੀਸਦੀ ਭਾਗ ਪਾਣੀ ਹੁੰਦਾ ਹੈ। ਇਹ ਖੂਨ ਨੂੰ ਪਤਲਾ ਰੱਖਣ ਦਾ ਕੰਮ ਕਰਦਾ ਹੈ। ਪਾਣੀ ਭਰਪੂਰ ਪੀਣ ਨਾਲ ਖੂਨ ਦੇ ਥੱਕੇ ਨਹੀਂ ਜੰਮਦੇ। ਇਸ ਦੇ ਉਲਟ ਰਸ, ਦੁੱਧ ਅਤੇ ਹੋਰ ਪੀਣ ਵਾਲੀਆਂ ਚੀਜ਼ਾਂ ਖੂਨ ਨੂੰ ਸੰਘਣਾ ਕਰਦੀਆਂ ਹਨ। ਇਸ ਕਾਰਨ ਦੌਰੇ ਦਾ ਖਤਰਾ ਵਧ ਜਾਂਦਾ ਹੈ। ਅਮਰੀਕਨ ਜਨਰਲ ਇਪਿਡਿਮਾਇਓਲਾਜੀ ਵਿਚ ਕਿਹਾ ਗਿਆ ਹੈ ਕਿ ਹੋਰ ਪੌਸ਼ਟਿਕ ਪੀਣ ਵਾਲੇ ਪਦਾਰਥ ਹਜ਼ਮ ਹੋਣ ਲਈ ਪੇਟ ਵਿਚੋਂ ਪਾਣੀ ਲੈ ਲੈਂਦੇ ਹਨ, ਇਸ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਤੋਂ ਉਲਟ ਜੇ ਇਨ੍ਹਾਂ ਦੇ ਨਾਲ ਪਾਣੀ ਵੀ ਭਰਪੂਰ ਪੀਤਾ ਜਾਵੇ ਤਾਂ ਖੂਨ ਸੰਘਣਾ ਨਹੀਂ ਹੁੰਦਾ।

ਸਿਹਤ ਖ਼ਬਰਨਾਮਾ

ਦਿਮਾਗ ਦੀ ਕਾਰਜਸ਼ੈਲੀ ਵੀ ਵਧਾਉਂਦਾ ਹੈ ਵਿਟਾਮਿਨ 'ਸੀ'

ਕੈਲੇਫੋਰਨੀਆ ਵਿਚ ਹੋਈ ਇਕ ਖੋਜ ਅਨੁਸਾਰ ਵਿਟਾਮਿਨ 'ਸੀ' ਦਾ ਦਿਮਾਗ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਇਸ ਖੋਜ ਵਿਚ 65-94 ਸਾਲ ਦੀ ਉਮਰ ਵਾਲੇ 442 ਵਿਅਕਤੀਆਂ 'ਤੇ ਕੀਤੇ ਗਏ ਤਜਰਬਿਆਂ ਵਿਚ ਪਾਇਆ ਗਿਆ ਕਿ ਵਿਟਾਮਿਨ 'ਸੀ' ਦੀ ਜ਼ਿਆਦਾ ਮਾਤਰਾ ਦਿਮਾਗ ਦੀ ਕਾਰਜ ਸਮਰੱਥਾ ਨੂੰ ਵਧਾਉਂਦੀ ਹੈ। ਇਹ ਵਿਟਾਮਿਨ ਐਂਟੀਆਕਸੀਡੈਂਟ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਕੈਂਸਰ ਦੀ ਸੰਭਾਵਨਾ ਨੂੰ ਵੀ ਇਸ ਨਾਲ ਘੱਟ ਕੀਤਾ ਜਾ ਸਕਦਾ ਹੈ।
ਯਾਦਾਸ਼ਤ ਤੇਜ਼ ਹੁੰਦੀ ਹੈ ਜਾਮਣ ਅਤੇ ਪਾਲਕ ਨਾਲ

ਇਕ ਸਮਾਚਰ ਅਨੁਸਾਰ ਜਾਮਣ ਅਤੇ ਪਾਲਕ ਖਾਣ ਨਾਲ ਯਾਦਾਸ਼ਤ ਵਧਦੀ ਹੈ। ਵਿਗਿਆਨੀਆਂ ਨੇ ਪਾਲਕ ਅਤੇ ਜਾਮਣ ਦੇ ਇਸ ਗੁਣ ਅਤੇ ਪ੍ਰਭਾਵ ਨੂੰ ਜਾਣਨ ਲਈ ਜ਼ਿਆਦਾ ਉਮਰ ਦੇ ਚੂਹਿਆਂ ਨੂੰ ਪਾਲਕ ਅਤੇ ਜਾਮਣ ਨਾਲ ਬਣਿਆ ਭੋਜਨ ਪ੍ਰਯੋਗਿਕ ਤੌਰ 'ਤੇ ਦਿੱਤਾ। ਨਤੀਜੇ ਵਜੋਂ ਚੂਹਿਆਂ ਦੀ ਘਟੀ ਹੋਈ ਯਾਦਾਸ਼ਤ ਫਿਰ ਤੋਂ ਵਧਣ ਲੱਗੀ। ਵਿਗਿਆਨੀਆਂ ਨੇ ਜਾਣਬੁੱਝ ਕੇ ਬੁੱਢੇ ਚੂਹਿਆਂ ਦੀ ਚੋਣ ਕੀਤੀ ਸੀ, ਕਿਉਂਕਿ ਬੁਢਾਪੇ ਵਿਚ ਯਾਦਾਸ਼ਤ ਘਟਣਾ ਆਮ ਗੱਲ ਹੁੰਦੀ ਹੈ ਅਤੇ ਅਜਿਹਾ ਦਿਮਾਗੀ ਕੋਸ਼ਿਕਾਵਾਂ ਦੀ ਸਮਰੱਥਾ ਘਟਣ ਨਾਲ ਹੁੰਦਾ ਹੈ।
ਪਾਲਕ ਅਤੇ ਜਾਮਣ ਵਿਚ ਯਾਦਾਸ਼ਤ ਵਧਾਉਣ ਦੀ ਸਮਰੱਥਾ ਸ਼ਾਇਦ ਉਨ੍ਹਾਂ ਵਿਚ ਮੌਜੂਦ ਐਂਟੀ-ਆਕਸੀਡੈਂਟਸ, ਖਾਸ ਤੌਰ 'ਤੇ ਫਲੇਵੋਨਾਇਡਸ ਦੀ ਵਜ੍ਹਾ ਨਾਲ ਹੋ ਸਕਦੀ ਹੈ। ਫਲੇਵੋਨਾਇਡਸ ਵਿਚ ਪ੍ਰਦਾਹ ਘੱਟ ਕਰਨ ਦੀ ਕੁਵਤ ਹੁੰਦੀ ਹੈ। ਇਸੇ ਪ੍ਰਦਾਹ ਦੇ ਚਲਦੇ ਉਮਰ ਵਧਣ ਦੇ ਨਾਲ-ਨਾਲ ਬ੍ਰੇਨਟਿਸ਼ੂ ਕਮਜ਼ੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜਾਮਣ ਅਤੇ ਪਾਲਕ ਨੂੰ ਉਮਰ ਦੇ ਅਸਰ ਵਿਰੋਧੀ ਦੇ ਰੂਪ ਵਿਚ ਵੀ ਮੰਨਿਆ ਜਾਂਦਾ ਹੈ। ਪਾਲਕ ਦੇ ਮੂਤਰਵਰਧਕ ਗੁਣਾਂ ਦੀ ਵਜ੍ਹਾ ਨਾਲ ਗਰਮੀ ਦੇ ਦਿਨਾਂ ਵਿਚ ਇਸ ਦਾ ਸੇਵਨ ਕਰਨ ਨਾਲ ਪਿਸ਼ਾਬ ਵਿਚ ਜਲਣ, ਮੂਤਰਮਾਰਗ ਵਿਚ ਇਨਫੈਕਸ਼ਨ ਆਦਿ ਦੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ।

ਭੁੱਲਣ ਦੀ ਸਮੱਸਿਆ

ਭੁੱਲਣ ਦੀ ਸਮੱਸਿਆ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਬੱਚੇ, ਜਵਾਨ, ਬੁੱਢੇ, ਸਾਰੇ ਇਸ ਦੇ ਸ਼ਿਕਾਰ ਹੋ ਰਹੇ ਹਨ। ਤਣਾਅ ਅਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਕਾਰਨ ਭੁੱਲਣ ਦੀ ਪ੍ਰਵਿਰਤੀ ਵਧ ਰਹੀ ਹੈ। ਜ਼ਿੰਦਗੀ ਦੀ ਵਧਦੀ ਰਫਤਾਰ ਵਿਚ ਜੋ ਸਮੱਸਿਆਵਾਂ ਪੈਦਾ ਹੋਈਆਂ ਹਨ, ਉਨ੍ਹਾਂ ਵਿਚ ਭੁੱਲਣਾ ਵੀ ਸ਼ਾਮਿਲ ਹੈ। ਭੁੱਲਣ ਨੂੰ ਪਹਿਲਾਂ ਬੁਢਾਪੇ ਦਾ ਲੱਛਣ ਮੰਨਿਆ ਜਾਂਦਾ ਸੀ। 'ਸਾਠਾ ਸੋ ਪਾਠਾ' ਕਿਹਾ ਜਾਂਦਾ ਸੀ ਪਰ ਹੁਣ ਇਹ ਬੱਚੇ, ਵਿਦਿਆਰਥੀ ਅਤੇ ਜਵਾਨਾਂ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ।
ਭੁੱਲਣਾ ਬਿਮਾਰੀ ਨਹੀਂ, ਸਗੋਂ ਸਮੱਸਿਆ ਹੈ। ਕੁਝ ਲੋਕ ਭੁੱਲਣ ਨੂੰ ਯਾਦ ਸ਼ਕਤੀ ਦਾ ਕਮਜ਼ੋਰ ਹੋਣਾ ਸਮਝ ਲੈਂਦੇ ਹਨ। ਇਸ ਨੂੰ ਬਿਮਾਰੀ ਸਮਝ ਕੇ ਚਿੰਤਤ ਹੋ ਜਾਂਦੇ ਹਨ। ਇਸ ਵਹਿਮ ਵਿਚ ਚਿੰਤਾ, ਕੁੰਠਾ, ਸ਼ੰਕਾ ਅਤੇ ਉਦਾਸੀ ਆਦਿ ਦੇ ਵੀ ਸ਼ਿਕਾਰ ਹੋ ਜਾਂਦੇ ਹਨ।
ਦਿਮਾਗ ਰੋਜ਼ਾਨਾ ਜ਼ਰੂਰੀ ਨਵੀਆਂ ਸੂਚਨਾਵਾਂ ਨੂੰ ਸੰਗ੍ਰਹਿਤ ਕਰਦਾ ਹੈ ਜਦੋਂ ਕਿ ਗ਼ੈਰ-ਜ਼ਰੂਰੀ ਅਤੇ ਬੇਲੋੜੀਆਂ ਸੂਚਨਾਵਾਂ ਨੂੰ ਉਹ ਹਟਾਉਂਦਾ ਜਾਂਦਾ ਹੈ ਤਾਂ ਕਿ ਨਵੀਂ ਸੂਚਨਾ, ਘਟਨਾ ਅਤੇ ਵਿਚਾਰ ਨੂੰ ਦਿਮਾਗ ਵਿਚ ਲੋੜੀਂਦਾ ਸਥਾਨ ਮਿਲ ਸਕੇ। ਦਿਮਾਗ ਜੇ ਗ਼ੈਰ-ਜ਼ਰੂਰੀ ਸੂਚਨਾਵਾਂ ਨੂੰ ਨਹੀਂ ਹਟਾਵੇਗਾ ਤਾਂ ਵਿਅਕਤੀ ਦਾ ਦਿਮਾਗੀ ਸੰਤੁਲਨ ਗੜਬੜਾ ਜਾਵੇਗਾ ਜਾਂ ਉਸ ਦਾ ਦਿਮਾਗ ਖਰਾਬ ਹੋ ਜਾਵੇਗਾ ਜਾਂ ਪਾਗਲ ਹੋ ਜਾਵੇਗਾ। ਦਿਮਾਗ ਭੁੱਲਣ ਦੀ ਪ੍ਰਕਿਰਿਆ ਦੇ ਤਹਿਤ ਮਨੁੱਖ ਨੂੰ ਇਸੇ ਬੁਰੀ ਹਾਲਤ ਤੋਂ ਬਚਾਉਂਦਾ ਹੈ। ਇਸ ਲਈ ਭੁੱਲਣਾ ਨਾ ਬਿਮਾਰੀ ਹੈ, ਨਾ ਬੁਰਾਈ ਹੈ। ਇਹ ਇਕ ਕੁਦਰਤੀ ਪ੍ਰਕਿਰਿਆ ਹੈ।
ਇਸ ਨੂੰ ਰੋਗ ਜਾਂ ਦਿਮਾਗ ਦੀ ਕਮਜ਼ੋਰੀ ਮੰਨ ਕੇ ਚਿੰਤਤ ਨਾ ਹੋਵੋ। ਮਨੁੱਖੀ ਦਿਮਾਗ ਰੋਜ਼ਾਨਾ ਘਟਨਾਵਾਂ ਵਿਚੋਂ 90 ਤੋਂ 95 ਫੀਸਦੀ ਬੇਲੋੜੀਆਂ ਗੱਲਾਂ ਛੱਡਦਾ ਜਾਂਦਾ ਹੈ ਪਰ ਲੋੜ ਪੈਣ 'ਤੇ ਅਭਿਆਸ ਨਾਲ ਅਜਿਹੀਆਂ ਭੁੱਲ ਚੁੱਕੀਆਂ ਗੱਲਾਂ ਨੂੰ ਖੋਜ ਕੇ ਕੱਢਿਆ ਜਾ ਸਕਦਾ ਹੈ। ਮਨੁੱਖੀ ਦਿਮਾਗ ਕੰਪਿਊਟਰ ਤੋਂ ਵੀ ਬਿਹਤਰ ਕੰਮ ਕਰਦਾ ਹੈ। ਅਭਿਆਸ ਅਤੇ ਤਕਨੀਕ ਦੇ ਮਾਧਿਅਮ ਨਾਲ ਭੁੱਲ ਚੁੱਕੀਆਂ ਗੱਲਾਂ ਨੂੰ ਉਹ ਖੋਜ ਲੈਂਦਾ ਹੈ। ਇਹੀ ਤੰਦਰੁਸਤ ਦਿਮਾਗ ਦੀ ਪਛਾਣ ਹੈ।
ਭੁੱਲਣ ਦੀਆਂ ਘਟਨਾਵਾਂ ਕਿਉਂ ਵਧ ਰਹੀਆਂ ਹਨ
ਗ਼ੈਰ-ਜ਼ਰੂਰੀ ਗੱਲਾਂ ਨੂੰ ਦਿਮਾਗ ਭੁੱਲ ਜਾਵੇ ਤਾਂ ਇਹ ਚੰਗੀ ਗੱਲ ਹੈ ਪਰ ਜ਼ਰੂਰੀ ਗੱਲਾਂ ਨੂੰ ਭੁੱਲਣਾ ਜਾਂ ਭੁੱਲਣ ਦੀ ਬਰਬਰਤਾ ਹੁਣ ਵਧ ਰਹੀ ਹੈ। ਲੋਕ ਆਪਣਾ ਸੁਖ-ਚੈਨ, ਸੁਖ ਸਹੂਲਤਾਂ ਦੇ ਸਾਧਨ ਜੁਟਾਉਣ ਵਿਚ ਲੱਗੇ ਹੋਏ ਹਨ। ਇਸ ਕਾਰਨ ਲਗਾਤਾਰ ਉਨ੍ਹਾਂ ਨੂੰ ਤਣਾਅ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। 18-18 ਘੰਟੇ ਬਾਹਰ ਕੰਮ ਕਰਦੇ ਹਨ, ਜਿਸ ਦਾ ਸਿੱਧਾ ਪ੍ਰਭਾਵ ਸਰੀਰਕ ਅਤੇ ਦਿਮਾਗੀ ਸਿਹਤ 'ਤੇ ਪੈਂਦਾ ਹੈ। ਲਗਾਤਾਰ ਤਣਾਅ ਅਤੇ ਦੌੜ-ਭੱਜ ਵਿਚ ਸਮਾਂ ਬੀਤ ਰਿਹਾ ਹੈ। ਤਣਾਅ ਦੇ ਕਾਰਨ ਮਨੁੱਖ ਆਪਣੀਆਂ ਜ਼ਰੂਰੀ ਗੱਲਾਂ ਨੂੰ ਭੁੱਲ ਜਾਂਦਾ ਹੈ, ਇਹ ਭੁੱਲਣਾ ਉਸ ਦੇ ਤਣਾਅ ਨੂੰ ਹੋਰ ਵਧਾ ਦਿੰਦਾ ਹੈ।
ਚੰਗੀਆਂ ਗੱਲਾਂ ਨੂੰ ਭੁੱਲਣ
ਤੋਂ ਕਿਵੇਂ ਬਚੀਏ
* ਸਮੇਂ ਦਾ ਸਹੀ ਪ੍ਰਯੋਗ ਕਰੋ, ਵਿਅਰਥ ਨਾ ਗਵਾਓ।
* ਕੰਮ ਵਿਵਸਥਿਤ ਕਰੋ। ਇਕਾਗਰਤਾ ਨਾਲ ਪੜ੍ਹੋ।
* ਕੱਲ੍ਹ 'ਤੇ ਨਾ ਛੱਡੋ। ਟਾਲ-ਮਟੋਲ ਦੀ ਆਦਤ ਛੱਡ ਦਿਓ।
* ਵਿਦਿਆਰਥੀ ਪੜ੍ਹੀਆਂ ਗਈਆਂ ਗੱਲਾਂ ਨੂੰ ਲਿਖ ਕੇ ਅਭਿਆਸ ਕਰਨ।
* ਉਤਸ਼ਾਹਿਤ ਅਤੇ ਸਿਰਜਣਸ਼ੀਲ ਰਹੋ।
* ਜੀਵਨ ਸ਼ੈਲੀ ਵਿਚ ਸੁਧਾਰ ਲਿਆਓ।
* ਇਕ ਹੀ ਕੰਮ ਨੂੰ ਘੰਟਿਆਂਬੱਧੀ ਨਾ ਕਰੋ। ਕੰਮ ਨੂੰ ਟੁਕੜਿਆਂ ਵਿਚ ਵੰਡ ਲਓ।
* ਅਜਿਹਾ ਕੰਮ ਕਰੋ, ਜਿਨ੍ਹਾਂ ਨੂੰ ਕਰਨ ਲਈ ਮਨ ਪ੍ਰੇਰਿਤ ਹੋਵੇ।
* ਨਿਯਮਿਤ ਕਸਰਤ ਕਰੋ। ਇਸ ਨਾਲ ਤਣਾਅ ਘੱਟ ਹੋਵੇਗਾ, ਯਾਦਾਸ਼ਤ ਵਧੇਗੀ।
* ਨਸ਼ੇ ਦੀ ਲਤ ਦੇ ਸ਼ਿਕਾਰ ਹੋ ਤਾਂ ਉਸ ਨੂੰ ਛੱਡ ਦਿਓ।
* ਫਾਸਟ ਫੂਡ ਅਤੇ ਜੰਕ ਫੂਡ ਦੀ ਜਗ੍ਹਾ 'ਤੇ ਪੌਸ਼ਟਿਕ ਭੋਜਨ ਕਰੋ।
* ਭੋਜਨ ਵਿਚ ਪੁੰਗਰੀਆਂ ਦਾਲਾਂ, ਦਹੀਂ, ਸਬਜ਼ੀ, ਸਲਾਦ ਅਤੇ ਫਲੀਆਂ ਹੋਣ।
* ਦਾਲ, ਰਾਜਮਾਂਹ, ਮੂੰਗੀ, ਮੋਠ, ਬਰਬਟ ਟੀ, ਕੱਚੇ ਛੋਲੇ, ਪੁੰਗਰੇ ਛੋਲੇ ਆਦਿ ਦੇ ਮੈਗਨੀਸ਼ੀਅਮ ਨਾਲ ਦਿਮਾਗ ਦਰੁਸਤ ਰਹਿੰਦਾ ਹੈ।

ਛਾਲਿਆਂ ਵਿਚ ਰਾਹਤ ਦਿਵਾਉਂਦੇ ਤੇਲ, ਪਾਣੀ ਅਤੇ ਦੁੱਧ ਦੇ ਕੁਰਲੇ

ਗਰਾਰਿਆਂ ਬਾਰੇ ਤਾਂ ਸਾਰੇ ਜਾਣਦੇ ਹਨ ਕਿ ਗਲਾ ਖਰਾਬ ਹੋਣ 'ਤੇ ਕੋਸੇ ਪਾਣੀ ਦੇ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਨੂੰ ਰਾਹਤ ਮਿਲਦੀ ਹੈ। ਕੁਰਲੇ ਕਰਨ ਨਾਲ ਵੀ ਸਾਡੇ ਕਈ ਰੋਗ ਦੂਰ ਹੁੰਦੇ ਹਨ, ਇਹ ਕਹਿਣਾ ਹੈ ਆਯੁਰਵੈਦ ਮਾਹਿਰਾਂ ਦਾ। ਮਾਹਿਰਾਂ ਅਨੁਸਾਰ ਮੂੰਹ ਵਿਚ ਛਾਲੇ, ਖੰਘ, ਜ਼ੁਕਾਮ ਹੋਣ 'ਤੇ, ਗਲਾ ਖਰਾਬ ਹੋਣ 'ਤੇ ਵੱਖ-ਵੱਖ ਕੁਰਲੇ ਕਰਕੇ ਅਸੀਂ ਲਾਭ ਲੈ ਸਕਦੇ ਹਾਂ। ਕੁਰਲੇ ਕਰਨ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
ਪਾਣੀ ਦੇ ਕੁਰਲੇ
* ਮੂੰਹ ਵਿਚ ਸਾਦਾ ਪਾਣੀ ਭਰ ਕੇ ਉਸ ਨੂੰ 3 ਮਿੰਟ ਤੱਕ ਮੂੰਹ ਵਿਚ ਰੱਖੋ। ਇਸ ਨਾਲ ਮੂੰਹ ਦੀ ਦੁਰਗੰਧ ਸਾਫ਼ ਹੁੰਦੀ ਹੈ।
* ਮੂੰਹ ਧੋਂਦੇ ਸਮੇਂ ਵੀ ਮੂੰਹ ਵਿਚ ਪਾਣੀ ਭਰ ਕੇ ਰੱਖੋ, ਫਿਰ ਸੁੱਟੋ। ਇਸ ਪ੍ਰਕਿਰਿਆ ਨਾਲ ਵੀ ਮੂੰਹ ਸਾਫ਼ ਹੁੰਦਾ ਹੈ। * ਮੂੰਹ ਵਿਚ ਪਾਣੀ ਭਰ ਕੇ ਅੱਖਾਂ ਵਿਚ ਪਾਣੀ ਦੇ ਛਿੱਟੇ ਮਾਰਨ ਨਾਲ ਨਜ਼ਰ ਠੀਕ ਰਹਿੰਦੀ ਹੈ।
* ਗਲੇ ਦੇ ਰੋਗ, ਸਰਦੀ-ਜ਼ੁਕਾਮ ਜਾਂ ਸਾਹ ਦੇ ਰੋਗ ਹੋਣ 'ਤੇ ਥੋੜ੍ਹੇ ਕੋਸੇ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਕੁਰਲੇ ਅਤੇ ਗਰਾਰੇ ਕਰਨ ਨਾਲ ਲਾਭ ਮਿਲਦਾ ਹੈ।
* ਨਮਕ ਵਾਲੇ ਪਾਣੀ ਨਾਲ ਦਿਨ ਵਿਚ ਤਿੰਨ ਵਾਰ ਕੁਰਲੇ ਕਰਨ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ।
* ਮੂੰਹ ਵਿਚ ਛਾਲੇ ਹੋਣ 'ਤੇ ਪਾਣੀ ਵਿਚ ਸ਼ਹਿਦ ਮਿਲਾ ਕੇ ਕੁਰਲਾ ਕਰੋ। ਇਸ ਤੋਂ ਇਲਾਵਾ ਪਾਣੀ ਵਿਚ ਤ੍ਰਿਫਲਾ ਜਾਂ ਮੁਲੱਠੀ ਦਾ ਪਾਊਡਰ ਪਾ ਕੇ ਉਬਾਲ ਕੇ ਠੰਢਾ ਕਰਕੇ ਕੁਰਲਾ ਕਰਨ ਨਾਲ ਵੀ ਮੂੰਹ ਦੇ ਛਾਲਿਆਂ ਵਿਚ ਆਰਾਮ ਮਿਲਦਾ ਹੈ।
ਦੁੱਧ ਦੇ ਕੁਰਲੇ
* ਗਲੇ, ਜੀਭ, ਮੂੰਹ ਵਿਚ ਛਾਲੇ ਹੋਣ 'ਤੇ ਸਵੇਰੇ ਤਾਜ਼ੇ ਕੱਚੇ ਦੁੱਧ ਨੂੰ ਮੂੰਹ ਵਿਚ ਕੁਝ ਸਮੇਂ ਤੱਕ ਰੱਖੋ। ਫਿਰ ਦੁੱਧ ਨੂੰ ਬਾਹਰ ਨਾ ਸੁੱਟੋ, ਹੌਲੀ-ਹੌਲੀ ਦੁੱਧ ਗਲੇ ਤੋਂ ਹੇਠਾਂ ਉਤਰਨ ਲੱਗੇਗਾ ਅਤੇ ਛਾਲਿਆਂ ਨੂੰ ਆਰਾਮ ਮਿਲੇਗਾ।
ਤੇਲ ਦੇ ਕੁਰਲੇ
* ਤੇਲ ਦੇ ਕੁਰਲੇ ਕਰਨ ਨਾਲ ਦੰਦ ਸਾਫ ਅਤੇ ਮਜ਼ਬੂਤ ਹੁੰਦੇ ਹਨ। ਮਸੂੜਿਆਂ ਅਤੇ ਦੰਦਾਂ ਦੀ ਬਿਮਾਰੀ ਵਿਚ ਛੇਤੀ ਆਰਾਮ ਮਿਲਦਾ ਹੈ।
* ਤੇਲ ਦੇ ਕੁਰਲੇ ਕਰਨ ਨਾਲ ਖੂਨ ਦਾ ਦਬਾਅ, ਮਾਈਗ੍ਰੇਨ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵਿਚ ਵੀ ਲਾਭ ਮਿਲਦਾ ਹੈ।
* ਪਾਚਣ ਸਬੰਧੀ ਸਮੱਸਿਆ, ਕਬਜ਼ ਆਦਿ ਵਿਚ ਵੀ ਮੂੰਹ ਵਿਚ ਤੇਲ ਭਰ ਕੇ ਕੁਰਲੇ ਕਰਨ ਨਾਲ ਲਾਭ ਮਿਲਦਾ ਹੈ।
* ਨਾਰੀਅਲ ਜਾਂ ਤਿਲ ਦੇ ਤੇਲ ਨੂੰ ਮੂੰਹ ਵਿਚ ਭਰ ਕੇ ਰੱਖੋ। ਧੌਣ ਨੂੰ ਪਿੱਛੇ ਵੱਲ ਨਾ ਝੁਕਾਓ, ਨਹੀਂ ਤਾਂ ਤੇਲ ਅੰਦਰ ਚਲਾ ਜਾਵੇਗਾ। ਜਿੰਨੀ ਦੇਰ ਤੱਕ ਤੇਲ ਰੱਖ ਸਕਦੇ ਹੋ, ਰੱਖੋ, ਫਿਰ ਬਾਹਰ ਸੁੱਟ ਦਿਓ। ਹਲਕੇ ਹੱਥਾਂ ਨਾਲ ਬੁਰਸ਼ ਕਰਕੋ ਜੀਭ ਸਾਫ ਕਰ ਲਓ। ਦੰਦ ਮਜ਼ਬੂਤ ਬਣਨਗੇ।

ਉੱਚ ਖੂਨ ਦਬਾਅ : ਭੁਲੇਖੇ ਅਤੇ ਸੱਚਾਈ

ਉੱਚ ਖੂਨ ਦਬਾਅ ਦਾ ਅਰਥ ਹੈ ਹਾਈਪਰਟੈਨਸ਼ਨ ਭਾਵ ਸਾਡਾ ਦਿਲ ਜ਼ਿਆਦਾ ਗਤੀ ਨਾਲ ਪੰਪ ਕਰ ਰਿਹਾ ਹੈ ਜੋ ਠੀਕ ਨਹੀਂ। ਜ਼ਿਆਦਾ ਸਮੇਂ ਤੱਕ ਉੱਚ ਖੂਨ ਦਬਾਅ ਰਹਿਣ ਨਾਲ, ਸਹੀ ਦਵਾਈ ਨਾ ਲੈਣ ਨਾਲ ਅਤੇ ਪ੍ਰਹੇਜ਼ ਨਾ ਕਰਨ ਨਾਲ ਸਰੀਰ ਨੂੰ ਕਿੰਨਾ ਨੁਕਸਾਨ ਪਹੁੰਚਦਾ ਹੈ, ਇਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਡਾਕਟਰੀ ਹਦਾਇਤਾਂ ਅਨੁਸਾਰ ਤੰਦਰੁਸਤ ਬੰਦੇ ਦਾ ਖੂਨ ਦਾ ਦਬਾਅ 120/80 ਹੋਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਹੋਣ ਦਾ ਅਰਥ ਹੈ ਤੁਹਾਨੂੰ ਉੱਚ ਖੂਨ ਦਬਾਅ ਦੀ ਸ਼ਿਕਾਇਤ ਹੈ ਅਤੇ ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਕੁਝ ਦਿਨ ਤੱਕ ਲਗਾਤਾਰ ਖੂਨ ਦਾ ਦਬਾਅ ਨਾਪਣਾ ਚਾਹੀਦਾ ਹੈ ਤਾਂ ਕਿ ਡਾਕਟਰ ਤੋਂ ਸਹੀ ਸਮੇਂ 'ਤੇ ਸਲਾਹ ਲੈ ਸਕੋ।
ਭੁਲੇਖਾ : ਖਾਨਦਾਨ 'ਚ ਮਿਲੇ ਉੱਚ ਖੂਨ ਦਬਾਅ ਨੂੰ ਸੰਭਾਲਣਾ ਮੁਸ਼ਕਿਲ ਹੈ।
ਸੱਚਾਈ : ਜੇ ਤੁਸੀਂ ਜਾਣਦੇ ਹੋ ਤੁਹਾਡੇ ਮਾਤਾ-ਪਿਤਾ ਵਿਚੋਂ ਕਿਸੇ ਇਕ ਦਾ ਖੂਨ ਦਬਾਅ ਵੱਧ ਰਹਿੰਦਾ ਹੈ ਤਾਂ ਤੁਹਾਨੂੰ 30 ਸਾਲ ਦੀ ਉਮਰ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ, ਕਸਰਤ ਕਰਕੇ, ਖਾਣ-ਪੀਣ ਵਿਚ ਪ੍ਰਹੇਜ਼ ਕਰਕੇ ਤੁਸੀਂ ਇਸ ਨੂੰ ਲੰਬੇ ਸਮੇਂ ਤੱਕ ਕਾਬੂ ਰੱਖ ਸਕਦੇ ਹੋ। ਸਿਰਗਟਨੋਸ਼ੀ ਅਤੇ ਸ਼ਰਾਬ ਦੇ ਸੇਵਨ ਤੋਂ ਦੂਰ ਰਹੋ, ਖੂਬ ਸਬਜ਼ੀਆਂ ਖਾਓ, ਘੱਟ ਲੂਣ ਦੀ ਵਰਤੋਂ ਕਰੋ, ਖਾਸ ਕਰਕੇ ਟੇਬਲ ਨਮਕ ਨੂੰ ਬਾਏ-ਬਾਏ ਕਰੋ, ਜੰਕ ਫੂਡ ਦੇ ਸੇਵਨ ਤੋਂ ਬਚੋ, ਆਪਣੇ ਗੁੱਸੇ, ਤਣਾਅ ਨੂੰ ਕਾਬੂ ਵਿਚ ਰੱਖੋ, ਕਸਰਤ ਕਰੋ, ਦਿਨ ਵਿਚ ਕੁਝ ਸਮਾਂ ਸ਼ਾਂਤ ਰਹੋ। ਪਾਣੀ ਖੂਬ ਪੀਓ।
ਭੁਲੇਖਾ : ਉੱਚ ਖੂਨ ਦਬਾਅ ਸਿਹਤ ਲਈ ਖ਼ਤਰਨਾਕ ਨਹੀਂ।
ਸਚਾਈ : ਬਹੁਤ ਸਾਰੇ ਲੋਕ ਜੋ ਸਿਹਤ ਪ੍ਰਤੀ ਜਾਗਰੂਕ ਨਹੀਂ, ਉਨ੍ਹਾਂ ਨੂੰ ਲਗਦਾ ਹੈ ਕਿ ਉੱਚ ਖੂਨ ਦਬਾਅ ਨਾਲ ਕੁਝ ਨਹੀਂ ਹੁੰਦਾ। ਉਹ ਇਹ ਨਹੀਂ ਜਾਣਦੇ ਕਿ ਉੱਚ ਖੂਨ ਦਬਾਅ ਸਿਹਤ ਲਈ ਕਿੰਨਾ ਖ਼ਤਰਨਾਕ ਹੈ। ਇਸ ਨਾਲ ਦਿਲ, ਗੁਰਦੇ, ਦਿਮਾਗ ਅਤੇ ਸਰੀਰ ਦੇ ਹੋਰ ਅੰਗ ਪ੍ਰਭਾਵਿਤ ਹੋ ਸਕਦੇ ਹਨ। ਇਸ ਲਈ ਉੱਚ ਖੂਨ ਦਬਾਅ ਨੂੰ ਖਾਮੋਸ਼ ਕਾਤਲ ਵੀ ਕਿਹਾ ਜਾਂਦਾ ਹੈ। ਆਪਣੇ ਖੂਨ ਦੇ ਦਬਾਅ ਦੀ ਸਮੇਂ ਸਿਰ ਜਾਂਚ ਕਰਵਾਉਂਦੇ ਰਹੋ ਅਤੇ ਸਮੇਂ ਸਿਰ ਸੰਭਲੋ ਅਤੇ ਡਾਕਟਰ ਦੀ ਸਲਾਹ ਅਨੁਸਾਰ ਆਪਣਾ ਜੀਵਨ ਢਾਲੋ।
ਭੁਲੇਖਾ : ਉੱਚ ਖੂਨ ਦਬਾਅ ਤਾਂ ਉਮਰ ਵਧਣ ਦੇ ਨਾਲ ਹੁੰਦਾ ਹੈ। ਇਹ ਤਾਂ ਆਮ ਹੈ।
ਸਚਾਈ : ਅਜਿਹਾ ਸੋਚਣਾ ਗ਼ਲਤ ਹੈ। ਅੱਜਕਲ੍ਹ ਜਵਾਨਾਂ, ਬੱਚਿਆਂ ਤੱਕ ਵਿਚ ਵੀ ਉੱਚ ਖੂਨ ਦਬਾਅ ਦੇਖਿਆ ਗਿਆ ਹੈ। ਕਿਸੇ ਵੀ ਸਮੇਂ, ਕਿਸੇ ਵੀ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਖੋਜ ਅਨੁਸਾਰ ਲਗਪਗ 5 ਵਿਚੋਂ 1 ਵਿਅਕਤੀ ਨੂੰ ਹਾਈਪਰਟੈਨਸ਼ਨ ਹੈ, ਕਿਉਂਕਿ ਜੀਵਨਸ਼ੈਲੀ ਤਣਾਅਪੂਰਨ, ਭੱਜ-ਦੌੜ ਵਾਲੀ ਹੈ। ਖਾਣੇ ਦੇ ਸਮੇਂ ਜੋ ਵੀ ਮਿਲ ਜਾਵੇ, ਬਸ ਪੇਟ ਭਰਨ ਨੂੰ ਖਾ ਲੈਂਦੇ ਹਨ, ਜਿਸ ਦਾ ਅਸਰ ਉੱਚ ਖੂਨ ਦਬਾਅ 'ਤੇ ਵੀ ਪੈਂਦਾ ਹੈ।
ਭੁਲੇਖਾ : ਉੱਚ ਖੂਨ ਦਬਾਅ ਹੋਣ 'ਤੇ ਉਸ ਨੂੰ ਕਾਬੂ ਕਰਨਾ ਮੁਸ਼ਕਿਲ ਹੈ।
ਸਚਾਈ : ਉੱਚ ਖੂਨ ਦਬਾਅ ਜਾਂ ਹਾਈਪਰਟੈਨਸ਼ਨ ਨੂੰ ਦਵਾਈ ਨਾਲ ਕਾਬੂ ਕੀਤਾ ਜਾ ਸਕਦਾ ਹੈ ਪਰ ਜਿਵੇਂ ਹੀ ਰੋਗੀ ਦਵਾਈ ਖਾਣੀ ਭੁੱਲ ਜਾਵੇ ਜਾਂ ਛੱਡ ਦੇਵੇ ਤਾਂ ਖੂਨ ਦਾ ਦਬਾਅ ਇਕਦਮ ਵਧ ਸਕਦਾ ਹੈ। ਨਿਯਮਤ ਦਵਾਈ ਦਾ ਸੇਵਨ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਰਿਆਸ਼ੀਲ ਜੀਵਨ ਸ਼ੈਲੀ ਅਪਣਾ ਕੇ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਭਾਰ ਕਾਬੂ ਵਿਚ ਰੱਖਣਾ ਵੀ ਜ਼ਰੂਰੀ ਹੈ। ਕਸਰਤ ਕਰੋ, ਪੌਸ਼ਟਿਕ ਭੋਜਨ ਅਤੇ ਬਹੁਤ ਘੱਟ ਤੇਲ ਦਾ ਸੇਵਨ ਕਰੋ, ਘੱਟ ਨਮਕ ਲਓ। ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਤੋਂ ਬਚੋ।
ਭੁਲੇਖਾ : ਸ਼ਰਾਬ ਦਿਲ ਲਈ ਚੰਗੀ ਹੈ।
ਸਚਾਈ : ਇਹ ਸੱਚ ਨਹੀਂ ਹੈ। ਕਈ ਖੋਜਾਂ ਅਨੁਸਾਰ ਕਦੇ-ਕਦੇ ਥੋੜ੍ਹੀ ਜਿਹੀ ਸ਼ਰਾਬ ਪੀਣੀ ਦਿਲ ਲਈ ਠੀਕ ਹੈ ਪਰ ਸਾਵਧਾਨ ਰਹੋ, ਸ਼ਰਾਬ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਨਿਯਮਤ ਥੋੜ੍ਹੀ ਮਾਤਰਾ ਦਾ ਸੇਵਨ ਵੀ ਡਾਕਟਰ ਮਨ੍ਹਾਂ ਕਰਦੇ ਹਨ। ਇਸ ਨਾਲ ਦਿਲ ਫੇਲ੍ਹ, ਸਟ੍ਰੋਕ ਆਦਿ ਹੋ ਸਕਦਾ ਹੈ। ਖਾਸ ਕਰਕੇ ਹਾਈਪਰਟੈਨਸ਼ਨ ਵਾਲਿਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਭੁਲੇਖਾ : ਉੱਚ ਖੂਨ ਦਬਾਅ ਦੇ ਰੋਗੀ ਖੂਨ ਦਬਾਅ ਘੱਟ ਹੋਣ 'ਤੇ ਦਵਾਈ ਲੈਣੀ ਬੰਦ ਕਰ ਦੇਣ।
ਸਚਾਈ : ਜੇ ਤੁਸੀਂ ਉੱਚ ਖੂਨ ਦਬਾਅ ਦੇ ਸ਼ਿਕਾਰ ਹੋ ਅਤੇ ਦਵਾਈ ਨਿਯਮਤ ਲੈ ਰਹੇ ਹੋ ਅਤੇ ਹੁਣ ਖੂਨ ਦਬਾਅ ਕਾਬੂ ਵਿਚ ਹੈ ਤਾਂ ਆਪਣੀ ਮਰਜ਼ੀ ਨਾਲ ਦਵਾਈ ਲੈਣੀ ਬੰਦ ਕਰੋਗੇ ਤਾਂ ਤੁਹਾਡੀ ਸਿਹਤ 'ਤੇ ਬਾਅਦ ਵਿਚ ਪ੍ਰਭਾਵ ਪੈ ਸਕਦਾ ਹੈ। ਕਿਉਂਕਿ ਖੂਨ ਦਬਾਅ ਕੁਝ ਦਿਨ ਤੱਕ ਤਾਂ ਠੀਕ ਰਹਿੰਦਾ ਹੈ, ਫਿਰ ਇਕਦਮ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਲੱਛਣ ਵੀ ਜ਼ਿਆਦਾ ਨਹੀਂ ਦਿਸਦੇ, ਜਿਸ ਦਾ ਪ੍ਰਭਾਵ ਗੁਰਦੇ, ਦਿਮਾਗ, ਦਿਲ, ਕਿਸੇ ਵੀ ਅੰਗ 'ਤੇ ਪੈ ਸਕਦਾ ਹੈ। ਇਸ ਲਈ ਉੱਚ ਖੂਨ ਦਬਾਅ ਵਾਲੇ ਰੋਗੀਆਂ ਨੂੰ ਖੂਨ ਦਾ ਦਬਾਅ ਠੀਕ ਰਹਿਣ 'ਤੇ ਵੀ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਲੈਣੀ ਬੰਦ ਨਹੀਂ ਕਰਨੀ ਚਾਹੀਦੀ।
ਭੁਲੇਖਾ : ਮਰਦ ਉੱਚ ਖੂਨ ਦਬਾਅ ਦੇ ਸ਼ਿਕਾਰ ਜ਼ਿਆਦਾ ਹੁੰਦੇ ਹਨ।
ਸਚਾਈ : ਇਹ ਸੱਚ ਨਹੀਂ ਹੈ। ਔਰਤਾਂ, ਮਰਦ ਦੋਵੇਂ ਹੀ ਬਰਾਬਰ ਮਾਤਰਾ ਵਿਚ ਉੱਚ ਖੂਨ ਦੇ ਦਬਾਅ ਤੋਂ ਪ੍ਰਭਾਵਿਤ ਹੁੰਦੇ ਹਨ। ਔਰਤਾਂ ਮੀਨੋਪਾਜ ਤੋਂ ਬਾਅਦ ਮਰਦਾਂ ਦੀ ਤੁਲਨਾ ਵਿਚ ਉੱਚ ਖੂਨ ਦਬਾਅ ਦੇ ਕਾਰਨ ਦਿਲ ਸਬੰਧੀ ਰੋਗਾਂ ਤੋਂ ਜ਼ਿਆਦਾ ਪੀੜਤ ਹੁੰਦੀਆਂ ਹਨ। ਮੀਨੋਪਾਜ ਤੋਂ ਬਾਅਦ ਔਰਤਾਂ ਨੂੰ ਆਪਣੀ ਸਿਹਤ ਅਤੇ ਜੀਵਨਸ਼ੈਲੀ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉੱਚ ਖੂਨ ਦਬਾਅ ਨੂੰ ਕਾਬੂ ਰੱਖਿਆ ਜਾ ਸਕੇ।

ਚੁਸਤੀ, ਫੁਰਤੀਦਾਇਕ ਵੀ ਹੁੰਦੀਆਂ ਹਨ ਚਾਹ ਦੀਆਂ ਚੁਸਕੀਆਂ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
ਚਾਹ ਦਾ ਸੇਵਨ ਸਾਡੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਵਿਚ ਵੀ ਸਹਾਇਕ ਹੁੰਦਾ ਹੈ। ਜੇ ਸਰੀਰ ਵਿਚ ਪਾਲੀਫਿਨਾਲਸ ਦੀ ਭਰਪੂਰ ਮਾਤਰਾ ਹੋਵੇ ਤਾਂ ਇਸ ਨਾਲ ਯਾਦਾਸ਼ਤ ਦੀ ਕਮੀ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਤਾਜ਼ਾ ਖੋਜਾਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਫਲ, ਚਾਹ, ਕੌਫੀ ਆਦਿ ਪੀਣ ਵਾਲੇ ਪਦਾਰਥ ਸਰੀਰ ਵਿਚ ਪਾਲੀਫਿਨਾਲਸ ਦੇ ਮਹੱਤਵਪੂਰਨ ਸਰੋਤ ਹਨ। ਇਸ ਤਰ੍ਹਾਂ ਚਾਹ ਸਾਡੀ ਯਾਦਾਸ਼ਤ ਨੂੰ ਚੁਸਤ-ਦਰੁਸਤ ਰੱਖਣ ਵਿਚ ਵੀ ਸਹਾਇਕ ਹੁੰਦੀ ਹੈ।
ਦਿਨ ਭਰ ਵਿਚ 3-4 ਕੱਪ ਚਾਹ ਪੀਓ ਅਤੇ ਦਿਲ ਦੇ ਰੋਗਾਂ, ਪੱਥਰੀ, ਚਮੜੀ ਰੋਗਾਂ ਅਤੇ ਕੈਂਸਰ ਵਰਗੇ ਰੋਗਾਂ ਨੂੰ ਦੂਰ ਭਜਾਓ। ਹਰ ਰੋਜ਼ 3-4 ਕੱਪ ਚਾਹ ਪੀਣ ਨਾਲ ਦਿਲ ਦੇ ਵਿਕਾਰਾਂ ਦੀ ਸੰਭਾਵਨਾ 10 ਫੀਸਦੀ ਤੋਂ ਵੀ ਜ਼ਿਆਦਾ ਘੱਟ ਹੋ ਜਾਂਦੀ ਹੈ। ਚਾਹ ਵਿਚ ਮੌਜੂਦ ਐਂਟੀਆਕਸੀਡੈਂਟ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਕਰਕੇ ਸਾਨੂੰ ਨਿਰੋਗ ਬਣਾਈ ਰੱਖਣ ਵਿਚ ਸਮਰੱਥ ਹੁੰਦੇ ਹਨ ਅਤੇ ਰੋਗ ਦੀ ਦਸ਼ਾ ਵਿਚ ਛੇਤੀ ਰੋਗਮੁਕਤੀ ਵਿਚ ਸਹਾਇਕ ਹੁੰਦੇ ਹਨ।
ਚਾਹ ਨੂੰ ਹਮੇਸ਼ਾ ਇਕ ਹੀ ਤਰੀਕੇ ਨਾਲ ਬਣਾ ਕੇ ਪੀਣ ਦੀ ਬਜਾਏ ਵੱਖ-ਵੱਖ ਤਰੀਕਿਆਂ ਨਾਲ ਬਣਾ ਕੇ ਪੀਣਾ ਚੰਗਾ ਹੈ। ਕਦੇ ਦੁੱਧ ਵਾਲੀ ਚਾਹ ਲਓ, ਕਦੇ ਬਿਨਾਂ ਦੁੱਧ ਵਾਲੀ, ਕਦੇ ਚਾਹ-ਪੱਤੀ ਉਬਾਲ ਕੇ ਤੇ ਕਦੇ ਬਿਨਾਂ ਪੱਤੀ ਉਬਾਲੇ, ਬਿਨਾਂ ਦੁੱਧ ਦੇ ਨਿੰਬੂ ਵਾਲੀ ਚਾਹ ਅਜ਼ਮਾਓ। ਦਿਨ ਵਿਚ ਇਕ ਜਾਂ ਦੋ ਵਾਰ ਬਿਨਾਂ ਦੁੱਧ, ਬਿਨਾਂ ਉਬਲੇ ਸਾਦੀ ਜਾਂ ਨਿੰਬੂ ਵਾਲੀ ਚਾਹ ਜ਼ਰੂਰ ਲਓ, ਕਿਉਂਕਿ ਇਹ ਵਧੀਆ ਦਵਾਈ ਵੀ ਹੈ।
ਸੱਚਮੁੱਚ ਚਾਹ ਹਾਨੀਕਾਰਕ ਹੀ ਨਹੀਂ, ਸਗੋਂ ਇਕ ਚੰਗਾ ਪੀਣ ਵਾਲਾ ਪਦਾਰਥ ਵੀ ਹੈ, ਕਿਉਂਕਿ ਇਸ ਵਿਚ ਗਰਮੀ ਅਤੇ ਮਿਠਾਸ ਦੇ ਨਾਲ-ਨਾਲ ਚੁਸਤੀ-ਫੁਰਤੀ ਦੇਣ ਅਤੇ ਇਲਾਜ ਕਰਨ ਵਾਲੇ ਤੱਤ ਵੀ ਮੌਜੂਦ ਹਨ। (ਸਮਾਪਤ)

-ਸੀਤਾਰਾਮ ਗੁਪਤਾ

ਗੁਣਕਾਰੀ ਕਰੀ ਪੱਤਾ

ਆਪਣੇ ਕਾਫੀ ਜਾਣ-ਪਛਾਣ ਵਾਲਿਆਂ ਦੇ ਅਸੀਂ ਕਹਿ ਕੇ ਕਰੀ ਪੱਤੇ ਦੇ ਬੂਟੇ ਲਗਵਾਏ ਹੋਏ ਹਨ। ਅਸੀਂ ਜਦੋਂ ਵੀ ਉਨ੍ਹਾਂ ਕੋਲ ਜਾਂਦੇ ਹਾਂ, ਥੋੜ੍ਹੇ ਤਾਜ਼ਾ ਕਰੀ ਪੱਤੇ ਲਿਆਉਣੇ ਨਹੀਂ ਭੁੱਲਦੇ ਹਾਂ। ਉਹ ਖੁਦ ਵੀ ਸਾਨੂੰ ਕਰੀ ਪੱਤੇ ਲਿਆ ਦਿੰਦੇ ਹਨ। ਅਸੀਂ ਇਹ ਦਵਾਈਆਂ ਵਿਚ ਵੀ ਵਰਤਦੇ ਹਾਂ। ਵੈਸੇ ਤਾਂ ਸਾਡੇ ਕੋਠੇ 'ਤੇ ਗਮਲੇ 'ਚ ਵੀ ਅਸੀਂ ਇਕ ਕਰੀ ਪੱਤੇ ਦਾ ਬੂਟਾ ਲਾ ਰੱਖਿਆ ਹੈ, ਜਿਸ ਦੇ ਤਾਜ਼ਾ ਪੱਤੇ ਅਸੀਂ ਖਾਣੇ ਵਿਚ ਵਰਤਦੇ ਰਹਿੰਦੇ ਹਾਂ।
ਤਾਜ਼ਾ ਕਰੀ ਪੱਤੇ ਚੰਗੀ ਤਰ੍ਹਾਂ ਧੋ-ਸੁਕਾ ਕੇ ਫਰਿੱਜ ਵਿਚ ਰੱਖ ਲੈਂਦੇ ਹਾਂ। ਇਕ-ਦੋ ਪੱਤੇ ਰੋਜ਼ਾਨਾ ਸਬਜ਼ੀ, ਦਾਲ, ਕਰੀ ਆਦਿ ਵਿਚ ਪਾ ਦਿੰਦੇ ਹਾਂ। ਇਹ ਪਰਾਉਂਠੇ 'ਚ ਵੀ ਪਾ ਲੈਂਦੇ ਹਾਂ। ਇਸ ਨਾਲ ਚਟਣੀ ਦਾ ਵੀ ਸੁਆਦ ਵਧ ਜਾਂਦਾ ਹੈ ਤੇ ਪੌਸ਼ਟਿਕਤਾ ਵੀ ਵਧ ਜਾਂਦੀ ਹੈ। ਸਾਨੂੰ ਤੇ ਸਾਡੇ ਬੱਚਿਆਂ ਨੂੰ ਕਰੀ ਪੱਤੇ ਵਾਲੀ ਚਟਣੀ ਬੇਹੱਦ ਪਸੰਦ ਹੈ। ਉਂਜ ਚਾਰ ਕੁ ਕਰੀ ਪੱਤੇ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖ ਕੇ ਅਗਲੇ ਦਿਨ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਗਲਾ ਖਰਾਬੀ, ਪੇਟ ਭਾਰੀਪਨ, ਅੱਧਾ ਸਿਰਦਰਦ, ਵਾਲ ਝੜਨੇ, ਖਾਰਸ਼, ਪਸੀਨਾ ਵਧੇਰੇ ਆਉਣਾ, ਪਿਸ਼ਾਬ ਖੁੱਲ੍ਹੇ ਕੇ ਨਾ ਆਉਣਾ, ਪੇਟ ਦੇ ਕੀੜੇ, ਬੱਚੇ ਦਾ ਬਿਸਤਰ 'ਤੇ ਪਿਸ਼ਾਬ ਕਰਨਾ, ਬੱਚੇ ਦਾ ਦੰਦ ਕਿਰਚਣਾ ਆਦਿ ਰੋਗ ਠੀਕ ਹੁੰਦੇ ਹਨ।
ਕਰੀ ਪੱਤੇ ਵਿਚ ਕਾਰਬੋਹਾਈਡ੍ਰੇਟ, ਵਿਟਾਮਿਨ 'ਏ', 'ਬੀ', 'ਸੀ', 'ਈ' ਨਿਕੋਟਿਨਿਕ ਐਸਿਡ, ਆਇਰਨ, ਫਾਸਫੋਰਸ, ਫਾਇਬਰ, ਕੈਲਸ਼ੀਅਮ, ਅਮੀਨੋ ਐਸਿਡਜ਼, ਗਲਾਇਕੋਸਾਇਡਜ਼, ਫਲੈਵੋਨੋਇਡਜ਼ ਆਦਿ ਅਨੇਕ ਬੇਹੱਦ ਲੋੜੀਂਦੇ ਤੱਤ ਇਸ ਵਿਚ ਹੁੰਦੇ ਹਨ। ਇਉਂ ਇਸ ਦੇ ਇਕ-ਦੋ ਪੱਤੇ ਹੀ ਕਿਸੇ ਵੀ ਤਰੀਕੇ ਨਾਲ ਰੋਜ਼ਾਨਾ ਖਾਂਦੇ ਰਹਿਣ ਨਾਲ ਅਨੇਕਾਂ ਰੋਗਾਂ ਤੋਂ ਬਚਾਅ ਹੁੰਦਾ ਹੈ। ਇਹ ਹਾਜ਼ਮਾ ਵੀ ਵਧਾਉਂਦੇ ਹਨ ਤੇ ਸਰੀਰ 'ਚੋਂ ਖਤਰਨਾਕ ਤੱਤਾਂ ਨੂੰ ਵੀ ਬਾਹਰ ਕੱਢਦੇ ਹਨ।
ਇਹ ਹਰ ਉਮਰ ਦੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਆਦਿ ਨੂੰ ਵੀ ਰੋਜ਼ਾਨਾ ਮਿਲਣੇ ਚਾਹੀਦੇ ਹਨ। ਬੱਚਿਆਂ ਦੀ ਯਾਦਾਸ਼ਤ ਅਤੇ ਕੱਦ-ਕਾਠ ਵਧਾਉਣ, ਖੁਰਾਕ ਲੱਗਣ ਲਗਾਉਣ, ਦੰਦਾਂ-ਦਾੜ੍ਹਾਂ ਦੇ ਰੋਗਾਂ ਤੋਂ ਬਚਾਉਣ ਲਈ ਸਿਰਫ ਇਕ-ਦੋ ਪੱਤੇ ਹੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਮਿਲਣੇ ਚਾਹੀਦੇ ਹਨ। ਮੁੰਡਿਆਂ-ਕੁੜੀਆਂ ਦੀ ਚਮੜੀ ਸੁੰਦਰ ਬਣਾਈ ਰੱਖਣ, ਵਾਲ ਰੋਗਾਂ ਤੋਂ ਬਚਾਉਣ ਅਤੇ ਜਲਦੀ ਐਨਕ ਨਾ ਲੱਗਣ ਦੇਣ ਤੋਂ ਕਰੀ ਪੱਤਾ ਬਹੁਤ ਹੀ ਲੋੜੀਂਦਾ ਹੈ।
ਬਜ਼ੁਰਗਾਂ ਨੂੰ ਇਹ ਛੋਟੀਆਂ-ਮੋਟੀਆਂ ਇਨਫੈਕਸ਼ਨਜ਼ ਵਿਗੜਨ ਤੋਂ ਵੀ ਬਚਾਉਣ ਵਿਚ ਸਹਾਈ ਹੁੰਦੇ ਹਨ। ਰੋਜ਼ਾਨਾ ਖਾਣੇ ਵਿਚ ਕਰੀ ਪੱਤੇ ਖਾਣ ਨਾਲ ਨੀਂਦ ਸਹੀ ਤਰ੍ਹਾਂ ਆਉਣ ਲਗਦੀ ਹੈ। ਵੱਡੀ ਅੰਤੜੀਆਂ ਅਤੇ ਪਿਸ਼ਾਬ ਅੰਗਾਂ ਸਬੰਧੀ ਰੋਗਾਂ ਤੋਂ ਬਚਾਅ ਰਹਿੰਦਾ ਹੈ। ਹੱਥਾਂ-ਪੈਰਾਂ 'ਤੇ ਸੋਜ, ਪੈਰਾਂ ਦੀਆਂ ਤਲੀਆਂ ਦਾ ਮਚਣਾ, ਚਮੜੀ ਦੀ ਖੁਸ਼ਕੀ ਆਦਿ ਤੋਂ ਲਾਭਦਾਇਕ ਹੈ।
ਕਰੀ ਪੱਤੇ ਪਾਣੀ ਵਿਚ ਉਬਾਲ ਕੇ ਆਟਾ ਗੁੰਨ੍ਹਣ ਜਾਂ ਸਬਜ਼ੀ, ਕਰੀ ਆਦਿ ਵਿਚ ਪਾਉਣ ਨਾਲ ਖਾਣੇ ਦੀ ਪੌਸ਼ਟਿਕਤਾ ਵਧਦੀ ਹੈ। ਇਸੇ ਪਾਣੀ ਨਾਲ ਸਿਰ ਧੋਣ ਨਾਲ ਵਾਲ ਲੰਬੇ ਤੇ ਸੰਘਣੇ, ਕਾਲੇ ਰਹਿੰਦੇ ਹਨ। ਵਾਲ ਝੜਨੋ ਹਟਦੇ ਹਨ। ਜਦੋਂ ਵੀ ਸਾਡੇ ਕੋਲ ਜ਼ਿਆਦਾ ਪੱਤੇ ਹੁੰਦੇ ਹਨ ਤਾਂ ਅਸੀਂ ਪੱਤਿਆਂ ਨੂੰ ਉਬਾਲ ਕੇ, ਪੁਣ ਕੇ ਠੰਢਾ ਕਰਕੇ ਕਿਸੇ ਕੱਚ ਦੀ ਬੋਤਲ ਵਿਚ ਭਰ ਕੇ ਰੱਖ ਲੈਂਦੇ ਹਾਂ। ਛੁੱਟੀ ਵਾਲੇ ਦਿਨ ਅਸੀਂ ਇਸ ਪਾਣੀ ਨੂੰ ਨਹਾਉਣ ਤੋਂ ਪਹਿਲਾਂ ਕਾਫੀ ਘੰਟਿਆਂ ਤੱਕ ਵਾਲਾਂ 'ਤੇ ਲਾਈ ਰੱਖਦੇ ਹਾਂ।

ਸਹੀ ਭੋਜਨ ਵਧਾਉਂਦਾ ਹੈ ਬੱਚਿਆਂ ਦੀ ਬੌਧਿਕ ਸਮਰੱਥਾ

ਸਾਡਾ ਸਰੀਰ ਕੰਮ ਕਰਨ ਲਈ ਖਾਣਾ ਮੰਗਦਾ ਹੈ। ਸਾਡੇ ਸਰੀਰ ਨੂੰ ਊਰਜਾ ਵਿਕਾਸ ਲਈ ਈਂਧਣ ਚਾਹੀਦਾ ਹੈ ਅਤੇ ਉਹ ਈਂਧਣ ਸਾਨੂੰ ਭੋਜਨ ਵਿਚ ਪ੍ਰੋਟੀਨ ਅਤੇ ਵਿਟਾਮਿਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ਸਾਡਾ ਦਿਮਾਗ ਵੀ ਇਸੇ ਤਰ੍ਹਾਂ ਲਗਾਤਾਰ ਕੰਮ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਵੀ ਕੁਝ ਜ਼ਰੂਰੀ ਆਹਾਰ ਦੀ ਜ਼ਰੂਰਤ ਰਹਿੰਦੀ ਹੈ। ਜਿਸ ਤਰ੍ਹਾਂ ਖਾਣਾ ਤਾਂ ਤੇਲ ਵਿਚ ਵੀ ਬਣਦਾ ਹੈ ਪਰ ਘਿਓ ਦੀ ਗੱਲ ਹੀ ਕੁਝ ਹੋਰ ਹੈ, ਉਸੇ ਤਰ੍ਹਾਂ ਦਿਮਾਗ ਨੂੰ ਲਗਾਤਾਰ ਚੰਗਾ ਅਤੇ ਭਰਪੂਰ ਆਹਾਰ ਮਿਲਦਾ ਰਹੇ ਤਾਂ ਉਸ ਨਾਲ ਨਾ ਸਿਰਫ ਉਹ ਤਰੋਤਾਜ਼ਾ ਰਹੇਗਾ, ਸਗੋਂ ਫੁਰਤੀਲਾ ਵੀ ਹੋ ਜਾਵੇਗਾ।
ਤੁਸੀਂ ਆਪਣੇ ਆਲੇ-ਦੁਆਲੇ ਥੋੜ੍ਹਾ ਧਿਆਨ ਦਿਓ। ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ, ਘਰ ਵਿਚ ਹੀ ਨਜ਼ਰ ਘੁੰਮਾ ਲਓ। ਘਰ ਦੇ ਬੱਚੇ ਜਦੋਂ 9ਵੀਂ-10ਵੀਂ ਵਿਚ ਸਨ, ਉਦੋਂ ਤੱਕ ਉਨ੍ਹਾਂ ਦੇ ਨੰਬਰ ਸਹੀ ਆਉਂਦੇ ਸਨ, ਪਰ 11ਵੀਂ-12ਵੀਂ ਵਿਚ ਆਉਂਦੀ ਹੀ ਉਨ੍ਹਾਂ ਦੇ ਨੰਬਰ ਘੱਟ ਹੋ ਜਾਂਦੇ ਹਨ।
ਅਸੀਂ ਇਹ ਸੋਚਦੇ ਹਾਂ ਕਿ ਉਹ ਹੁਣ ਪੜ੍ਹਦਾ ਨਹੀਂ, ਘੁੰਮਦਾ ਬਹੁਤ ਹੈ, ਪੜ੍ਹਾਈ ਵਧ ਗਈ ਹੈ, ਵੱਡੀਆਂ ਕਲਾਸਾਂ ਵਿਚ ਅਜਿਹਾ ਹੀ ਹੁੰਦਾ ਹੈ ਆਦਿ, ਪਰ ਅਜਿਹਾ ਨਹੀਂ ਹੈ। ਹੁਣ ਉਹ ਬਾਹਰ ਦਾ ਖਾਣਾ ਜ਼ਿਆਦਾ ਖਾਂਦਾ ਹੈ। ਕੋਲਡ ਡ੍ਰਿੰਕ ਤਾਂ ਉਸ ਦੀਆਂ ਜ਼ਰੂਰੀ ਚੀਜ਼ਾਂ ਵਿਚੋਂ ਇਕ ਹੈ ਅਤੇ ਘਰ ਦਾ ਖਾਣਾ ਉਸ ਨੂੰ ਪਸੰਦ ਨਹੀਂ। ਕਿਉਂ, ਹੈ ਨਾ ਅਜਿਹਾ?
ਸਾਡੇ ਦਿਮਾਗ ਨੂੰ ਭੋਜਨ ਵਿਚ ਖਣਿਜ ਅਤੇ ਪ੍ਰੋਟੀਨ, ਸਾਰੇ ਤਰ੍ਹਾਂ ਦੇ ਵਿਟਾਮਿਨਾਂ ਦੀ ਖਾਸ ਲੋੜ ਹੁੰਦੀ ਹੈ। ਇਸ ਨਾਲ ਸਾਡੇ ਦਿਮਾਗ ਨੂੰ ਸ਼ਕਤੀ ਅਤੇ ਤਰੋਤਾਜ਼ਗੀ ਮਿਲਦੀ ਹੈ। ਇਹੀ ਕਾਰਨ ਹੈ ਕਿ ਪਿੰਡ ਵਿਚ ਪੜ੍ਹ ਰਹੇ ਵਿਦਿਆਰਥੀ ਸਰੀਰਕ ਅਤੇ ਦਿਮਾਗੀ ਤੌਰ 'ਤੇ ਔਸਤ ਸ਼ਹਿਰੀ ਬੱਚਿਆਂ ਨਾਲੋਂ ਬਿਹਤਰ ਹਾਲਤ ਵਿਚ ਹੁੰਦੇ ਹਨ। ਦਰਅਸਲ ਆਪਣੇ ਬੱਚੇ ਨੂੰ ਪੜ੍ਹਾਈ ਵਿਚ ਅੱਗੇ ਕਰਨ ਲਈ ਉਸ ਨੂੰ ਇਕ ਚੰਗਾ ਭੋਜਨ ਦੇਣਾ ਬਹੁਤ ਜ਼ਰੂਰੀ ਹੈ। ਇਸ ਵਿਚ ਖਣਿਜ, ਦੁੱਧ, ਘਿਓ, ਦਹੀਂ, ਫਲ ਆਦਿ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਗਾਜਰ ਅਤੇ ਸੰਤਰੇ ਦਾ ਇਕ-ਇਕ ਗਿਲਾਸ ਰਸ ਪੀ ਲਓ ਤਾਂ ਉਸ ਨਾਲ ਤੁਹਾਡੇ ਪੂਰੇ ਦਿਨ ਦੇ ਵਿਟਾਮਿਨ ਦੀ ਲੋੜ ਪੂਰੀ ਹੋ ਜਾਂਦੀ ਹੈ। ਇਨ੍ਹਾਂ ਦੇ ਨਾਲ-ਨਾਲ ਸਬਜ਼ੀ 'ਤੇ ਵੀ ਧਿਆਨ ਦਿਓ। ਹਰੀਆਂ ਸਬਜ਼ੀਆਂ ਅੱਖਾਂ, ਸਿਹਤ ਅਤੇ ਦਿਮਾਗ ਲਈ ਬਹੁਤ ਫਾਇਦੇਮੰਦ ਹਨ।
ਉਂਜ ਤਾਂ ਇਸ ਚੀਜ਼ ਵੱਲ ਧਿਆਨ ਸਾਨੂੰ ਬੱਚਿਆਂ ਦੀ ਛੋਟੀ ਉਮਰ ਵਿਚ ਹੀ ਦੇਣਾ ਚਾਹੀਦਾ ਹੈ। ਆਮ ਤੌਰ 'ਤੇ ਇਕ ਬੱਚੇ ਦੇ ਦਿਮਾਗ ਦਾ ਵਿਕਾਸ 6 ਸਾਲ ਦੀ ਉਮਰ ਤੱਕ ਹੁੰਦਾ ਹੈ। ਅਜਿਹੇ ਵਿਚ ਉਸ ਨੂੰ ਪ੍ਰੋਟੀਨ ਦੀ ਬੇਹੱਦ ਲੋੜ ਹੁੰਦੀ ਹੈ। 1-2 ਸਾਲ ਤੱਕ ਮਾਂ ਦਾ ਦੁੱਧ ਅਤੇ ਉਸ ਤੋਂ ਬਾਅਦ ਦੁੱਧ-ਘਿਓ, ਦਾਲ ਆਦਿ ਬੱਚੇ ਨੂੰ ਚੰਗੀ ਮਾਤਰਾ ਵਿਚ ਦਿਓ। ਪ੍ਰੋਟੀਨ ਨਾ ਮਿਲਣ ਨਾਲ ਕੋਸ਼ਿਕਾਵਾਂ ਦਾ ਵਿਕਾਸ ਢੰਗ ਨਾਲ ਨਹੀਂ ਹੋਵੇਗਾ। ਅਜਿਹੇ ਵਿਚ ਜੇ ਇਕ ਵਾਰ ਉਮਰ ਨਿਕਲ ਜਾਵੇ ਤਾਂ ਬਾਅਦ ਵਿਚ ਜਿੰਨਾ ਮਰਜ਼ੀ ਖਵਾਓ, ਦਿਮਾਗ ਦੀਆਂ ਕੋਸ਼ਿਕਾਵਾਂ ਨਹੀਂ ਵਧ ਸਕਣਗੀਆਂ। ਹਾਂ, ਦਿਮਾਗ ਚੁਸਤ-ਦਰੁਸਤ ਅਤੇ ਦਬਾਅ ਝੱਲਣ ਯੋਗ ਹੀ ਹੋ ਸਕੇਗਾ।
ਮਾਨਸਿਕ ਸ਼ੋਰ ਵਧਾਉਣ ਵਿਚ ਭੋਜਨ ਦੇ ਮਹੱਤਵ ਨੂੰ ਵਿਗਿਆਨੀ ਬਾਖੂਬੀ ਮੰਨਦੇ ਹਨ। ਇਸੇ ਤੋਂ ਪ੍ਰੇਰਿਤ ਹੋ ਕੇ ਛੋਟੇ ਬੱਚਿਆਂ ਲਈ ਸਕੂਲਾਂ ਵਿਚ ਉਚਿਤ ਭੋਜਨ ਵੰਡਣਾ ਸ਼ੁਰੂ ਕੀਤਾ ਗਿਆ। ਇਸ ਗੱਲ ਦਾ ਸਰਕਾਰ ਵੀ ਪ੍ਰਚਾਰ ਕਰਕੇ ਉਚਿਤ ਧਿਆਨ ਦੇ ਰਹੀ ਹੈ। ਆਪਣੇ ਟੀ. ਵੀ. 'ਤੇ 'ਆਇਓਡੀਨ' ਵਾਲਾ ਨਮਕ, ਹਰੀਆਂ ਸਬਜ਼ੀਆਂ ਦੀ ਅਹਿਮੀਅਤ, ਯਾਦਾਸ਼ਤ ਲਈ ਬ੍ਰਹਮੀ ਦੀ ਵਰਤੋਂ ਆਦਿ ਪ੍ਰਚਾਰ ਦੇਖੇ ਹੀ ਹੋਣਗੇ, ਅਰਥਾਤ ਬੱਚਿਆਂ ਦੀ ਮਾਨਸਿਕ ਸ਼ਕਤੀ ਵਧਾਉਣ ਵਿਚ ਸਹੀ ਆਹਾਰ ਦੀ ਬੇਹੱਦ ਲੋੜ ਹੈ।

-ਰਜਤ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX