ਤਾਜਾ ਖ਼ਬਰਾਂ


ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  5 minutes ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  22 minutes ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  50 minutes ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  57 minutes ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦਾਸਪੁਰ ਦੇ ਬਹੁਚਰਚਿਤ ਸਾਬਕਾ ਅਕਾਲੀ ਸਰਪੰਚ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥਿਆਰ ਪਿਸਤੌਲ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਅਜਨਾਲਾ ਦੇ ਸੱਕੀ ਨਾਲੇ ਵਿਚੋਂ ਬਰਾਮਦ ਕਰ ਲਿਆ ਗਿਆ। ਉੱਧਰ ਬਟਾਲਾ...
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  about 1 hour ago
ਹੈਦਰਾਬਾਦ, 6 ਦਸੰਬਰ - ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੇ ਨਾਲ ਸਮੂਹਿਕ ਜਬਰ ਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿਚ ਚਾਰੇ ਦੋਸ਼ੀ ਸ਼ੁੱਕਰਵਾਰ ਸਵੇਰੇ ਐਨਕਾਊਂਟਰ ਵਿਚ ਮਾਰ ਦਿੱਤੇ ਗਏ। ਤੇਲੰਗਾਨਾ ਪੁਲਿਸ ਨੇ ਐਨਕਾਊਂਟਰ...
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  about 1 hour ago
ਖਾਸਾ, 6 ਦਸੰਬਰ (ਗੁਰਨੇਕ ਸਿੰਘ ਪਨੂੰ) - ਅੱਜ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ...
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  about 2 hours ago
ਸਮਾਣਾ (ਪਟਿਆਲਾ), 6 ਦਸੰਬਰ (ਸਾਹਿਬ ਸਿੰਘ) - ਬੀਤੀ ਰਾਤ ਅਣਪਛਾਤੇ ਲੁਟੇਰੇ ਸਮਾਣਾ ਨੇੜਲੇ ਪਿੰਡ ਗੱਜੂਮਾਜਰਾ ਵਿਚ ਲੱਗੇ ਭਾਰਤੀ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਤੋੜ ਕੇ ਨਗਦੀ ਚੋਰੀ ਕਰਕੇ ਲੈ ਗਏ। ਪੁਲਿਸ ਕਪਤਾਨ ਪਟਿਆਲਾ ਹਰਮੀਤ ਸਿੰਘ ਹੁੰਦਲ ਅਤੇ ਪੁਲਿਸ...
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  about 2 hours ago
ਨਾਭਾ, 6 ਦਸੰਬਰ (ਕਰਮਜੀਤ ਸਿੰਘ) - ਯੂਥ ਕਾਂਗਰਸ ਬਲਾਕ ਨਾਭਾ ਦੀ ਚੋਣ ਸਥਾਨਕ ਮਿਲਨ ਪੈਲੇਸ ਵਿਖੇ ਸ਼ਾਂਤੀਪੂਰਵਕ ਸੰਪੰਨ ਹੋਈ। ਪ੍ਰਧਾਨਗੀ ਦੀ ਚੋਣ ਲਈ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ਅਤੇ ਹਰਜਿੰਦਰ ਜਿੰਦਰੀ ਲੱਧਾਹੇੜੀ ਉਮੀਦਵਾਰ ਵਜੋਂ ਚੋਣ ਲੜ ਮੈਦਾਨ ਵਿਚ...
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਬਾਈਪਾਸ 'ਤੇ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ...
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਮੋਗਾ, 6 ਦਸੰਬਰ (ਗੁਰਤੇਜ ਬੱਬੀ)- ਬੀਤੇ ਦਿਨੀਂ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ 'ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ...
ਹੋਰ ਖ਼ਬਰਾਂ..

ਦਿਲਚਸਪੀਆਂ

ਤਰਸ ਤੇ ਪਿਆਰ

ਦੁਨੀਆ ਦੇ ਬਹੁਤ ਸਾਰੇ ਸ਼ਬਦ ਹਨ, ਜੋ ਦੁਨੀਆ ਦੀ ਵਿਚਾਰਧਾਰਾ ਨੂੰ ਬਿਆਨ ਕਰਦੇ ਹਨ ਤੇ ਸਾਡੀ ਨਿੱਜੀ ਜ਼ਿੰਦਗੀ ਵੀ ਇਨ੍ਹਾਂ ਸ਼ਬਦਾਂ ਨਾਲ ਹੀ ਬਿਆਨ ਹੁੰਦੀ ਹੈ | ਅਸੀਂ ਰੋਜ਼ ਕੋਈ ਨਾ ਕੋਈ ਸ਼ਬਦ ਵਰਤਦੇ ਹਾਂ ਜਿਵੇਂ ਮੈਂ ਬਹੁਤ ਖ਼ੁਸ਼ ਹਾਂ ਜਾਂ ਮੈਂ ਬਹੁਤ ਦੁਖੀ ਹਾਂ, ਅੱਜ ਮੈਂ ਜਿੱਤ ਗਿਆ ਜਾਂ ਮੈਂ ਹਾਰ ਗਿਆ | ਪਰ ਕੀ ਸਹੀ ਅਰਥਾਂ ਵਿਚ ਉਹ ਸ਼ਬਦ ਸਾਡੇ ਲਈ ਸੱਚ ਹੁੰਦੇ ਹਨ? ਕਈ ਵਾਰ ਅਸੀਂ ਵੱਧ ਤੋਂ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਸਾਨੂੰ ਸੋਚਣਾ ਬਣਦਾ ਹੈ ਕੀ ਸਾਡੀ ਖ਼ੁਸ਼ੀ ਪਿਛੇ ਕਿਸੇ ਦਾ ਰੋਣਾ ਜਾਂ ਦੁੱਖ ਤਾਂ ਨਹੀਂ ਛੁਪਿਆ ਹੋਇਆ | ਹਰ ਸ਼ਬਦ ਦੇ ਅੱਗੇ ਇਕ ਭੇਦ ਦਾ ਪਰਦਾ ਹੁੰਦਾ ਹੈ ਤੇ ਹਰ ਕਿਸੇ ਵਿਚ ਪਰਦਾ ਹਟਾਉਣ ਦੀ ਹਿੰਮਤ ਨਹੀਂ ਹੁੰਦੀ |
ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿਚ ਅਸੀਂ ਬਹੁਤ ਦੁਨੀਆ ਨੂੰ ਬੋਲਦੇ ਕਹਿੰਦੇ ਤੇ ਸੁਣਦੇ ਹਾਂ ਕਿ ਮੈਨੂੰ ਅੱਜ ਇਕ ਬੰਦੇ 'ਤੇ ਤਰਸ ਆਇਆ ਤੇ ਮੈਂ ਉਸ ਨੂੰ ਉਸ ਦੀ ਜ਼ਰੂਰਤ ਦੀ ਵਸਤੂ ਦੇ ਦਿੱਤੀ | ਕਿਸੇ ਹੋਰ 'ਤੇ ਗੱਲ ਨਾ ਲਿਜਾ ਕੇ ਖੁਦ ਵੀ ਸੋਚ ਕੇ ਵੇਖੋ ਕਿ ਅਸੀਂ ਕਦੇ ਨਾ ਕਦੇ 'ਤਰਸ' ਸ਼ਬਦ ਦਾ ਪ੍ਰਯੋਗ ਜ਼ਰੂਰ ਕਰਦੇ ਹਾਂ ਤੇ ਜਦੋਂ ਤਰਸ ਕਰ ਕੇ ਕਿਸੇ ਨੂੰ ਕੋਈ ਜ਼ਰੂਰਤ ਦੀ ਵਸਤੂ ਦੇ ਦਿੰਦੇ ਹਾਂ ਤਾਂ ਆਪਣੇ-ਆਪ ਵਿਚ ਬਹੁਤ ਮਾਣ ਮਹਿਸੂਸ ਕਰਦੇ ਹਾਂ | ਸਾਨੂੰ ਉਸ ਗੱਲ ਦੀ ਐਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਅੱਗੇ 10 ਹੋਰ ਬੰਦਿਆਂ ਨੂੰ ਇਹ ਗੱਲ ਦੱਸਦੇ ਫਿਰਦਾਂ ਕਿ ਅੱਜ ਫਲਾਣਾ ਮੈਨੂੰ ਮਿਲਿਆ ਤੇ ਮੈਨੂੰ ਉਸ 'ਤੇ ਤਰਸ ਆ ਗਿਆ | ਮੈਂ ਉਸ ਨੂੰ ਲੋੜ ਦੀ ਵਸਤੂ ਦੇ ਦਿੱਤੀ | ਜ਼ਰਾ ਸੋਚ ਕੇ ਦੇਖੋ ਕੀ ਇਹ ਸਹੀ ਹੈ?
ਛੋਟੇ-ਛੋਟੇ ਸ਼ਬਦਾਂ ਤੋਂ ਸਾਡੀ ਜ਼ਿੰਦਗੀ ਬਿਆਨ ਹੁੰਦੀ ਹੈ | ਇਸੇ ਤਰ੍ਹਾਂ ਹੀ ਤਰਸ ਸ਼ਬਦ ਦੇ ਨਾਲ-ਨਾਲ ਇਕ ਸ਼ਬਦ ਤੁਰਦਾ ਹੈ ਤੇ ਉਹ ਹੈ 'ਪਿਆਰ' ਜੋ ਸੱਚ ਸ਼ਬਦ ਦੀ ਤਰ੍ਹਾਂ ਮਹਾਨ ਹੈ ਅਤੇ ਜਿਸ 'ਤੇ ਸਾਰੀ ਕੁਦਰਤ ਚਲਦੀ ਹੈ | ਜਿਥੇ ਤਰਸ ਹੈ ਉਥੇ ਹੰਕਾਰ ਆ ਜਾਂਦਾ ਹੈ ਤੇ ਜਿਥੇ ਪਿਆਰ ਹੈ ਉਥੇ ਨਿਰੰਕਾਰ ਆ ਜਾਂਦਾ ਹੈ |
ਜਦੋਂ ਅਸੀਂ ਕਿਸੇ ਨੂੰ ਕੋਈ ਵਸਤੂ ਤਰਸ ਕਰਕੇ ਦੇਵਾਂਗੇ ਸਾਡੇ ਮਨ ਵਿਚ ਹੰਕਾਰ ਮਾਣ ਵਾਲੀ ਖ਼ੁਸ਼ੀ ਥਾਂ ਲੈ ਲੈਂਦੀ ਹੈ, ਜੋ ਸਾਨੂੰ ਜਿਸ ਬੰਦੇ 'ਤੇ ਤਰਸ ਕੀਤਾ ਹੈ ਉਸ ਤੋਂ ਉੱਚਾ ਹੋਣ ਦਾ ਅਹਿਸਾਸ ਦਿਵਾਉਂਦੀ ਹੈ ਅਤੇ ਜਦੋਂ ਅਸੀਂ ਪਿਆਰ ਦੀ ਭਾਵਨਾ ਨਾਲ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਸਾਡਾ ਮਨ ਉਸ ਵਕਤ ਹੰਕਾਰ ਤੋਂ ਪਰੇ ਹੁੰਦਾ ਹੈ ਤੇ ਆਪਣਾ-ਆਪ ਬਹੁਤ ਨਿਮਾਣਾ ਮਹਿਸੂਸ ਹੁੰਦਾ ਹੈ ਤੇ ਹਲਕਾ ਵੀ | ਤਰਸ ਦਾ ਰਿਸ਼ਤਾ ਸਿਰਫ਼ ਹੰਕਾਰ ਨਾਲ ਹੈ ਤੇ ਪਿਆਰ ਦਾ ਰਿਸ਼ਤਾ ਸਿਰਫ਼ ਨਿਰੰਕਾਰ ਨਾਲ ਹੈ |
ਇਸ ਦੁਨੀਆ 'ਤੇ ਕੋਈ ਵੀ ਇਨਸਾਨ ਤਰਸ ਦਾ ਪਾਤਰ ਨਹੀਂ ਹੈ ਤੇ ਨਾ ਹੀ ਕੁਦਰਤ ਨੇ ਧਰਤੀ ਨੂੰ ਤਰਸ ਕਰਕੇ ਸਿਰਜਿਆ ਹੈ | ਤਰਸ ਨਾਲ ਦਿੱਤੀ ਕੋਈ ਵੀ ਵਸਤੂ ਹੰਕਾਰ ਨੂੰ ਜਿਤਾ ਦਿੰਦੀ ਹੈ ਤੇ ਅਸੀਂ ਨਿਰੰਕਾਰ ਅੱਗੇ ਹਾਰ ਜਾਂਦੇ ਹਾਂ | ਦੁਨੀਆ ਦੁਬਾਰਾ ਜਨਮ ਨੂੰ ਮੰਨਦੀ ਹੈ ਤੇ ਅਸੀਂ ਆਪਣੇ ਸਿਆਣਿਆਂ ਨੂੰ ਅਕਸਰ ਬੋਲਦੇ ਸੁਣਿਆ ਹੈ ਕਿ ਜ਼ਰੂਰ ਉਸ ਨਾਲ ਸਾਡਾ ਕੋਈ ਲੈਣਾ-ਦੇਣਾ ਹੋਵੇਗਾ, ਤਾਂ ਹੀ ਉਸ ਤੋਂ ਚੀਜ਼ ਲੈਣੀ ਜਾਂ ਦੇਣੀ ਪਈ | ਸਾਡੇ ਗੁਰੂਆਂ ਨੇ ਵੀ ਲੈਣ-ਦੇਣ ਦਾ ਹੋਣਾ ਬਿਆਨ ਕੀਤਾ ਹੈ | ਕਿਸੇ ਦਾ ਕੰਮ ਸਾਰੋ ਤੇ ਪਿਆਰ ਸਨੇਹ ਨਾਲ ਸਾਰੋ, ਤਾਂ ਕਿ ਜੇ ਲੈਣ-ਦੇਣ ਦਾ ਰਿਸ਼ਤਾ ਬਣੇ ਤਾਂ ਅੱਗੇ ਬਰਾਬਰ ਦਾ ਬਣੇ |
ਪਿਆਰ ਨਾਲ ਦਿੱਤੀ ਚੀਜ਼ ਪਰਮਾਤਮਾ ਅੱਗੇ ਸਾਨੂੰ ਉੱਚਾ ਬਣਾਉਂਦੀ ਹੈ ਤੇ ਤਰਸ ਨਾਲ ਦਿੱਤੀ ਚੀਜ਼ ਇਨਸਾਨ ਅੱਗੇ | ਹੁਣ ਸਾਡੇ ਹੱਥ ਵਿਚ ਹੈ ਕਿ ਨਿਮਾਣਾ ਬਣ ਕੇ ਕਿਸੇ ਦੀ ਮਦਦ ਕਰਨੀ ਹੈ ਜਾਂ ਉੱਚਾ ਬਣ ਕੇ |

-ਮੋਬਾਈਲ : 92920-00089.


ਖ਼ਬਰ ਸ਼ੇਅਰ ਕਰੋ

ਮਜਬੂਰੀ

ਹੌਲਦਾਰ ਮਿਲਖਾ ਸਿੰਘ ਇਮਾਨਦਾਰ ਪੁਲਿਸ ਅਫ਼ਸਰ ਸੀ | ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਉਹ ਕੋਈ ਗਲਤ ਕੰਮ ਨਹੀਂ ਕਰਦਾ ਸੀ | ਥਾਣੇ ਦੇ ਮੁੱਖ ਅਫ਼ਸਰ ਨੇ ਸਾਰੇ ਤਫਤੀਸੀ ਅਫ਼ਸਰਾਂ ਦੀ ਮੀਟਿੰਗ ਬੁਲਾ ਕੇ ਹਰ ਇਕ ਨੂੰ ਇਕ-ਇਕ ਪਰਚਾ ਸ਼ਰਾਬ ਦਾ ਦੇਣ ਦੀ ਹਦਾਇਤ ਕੀਤੀ | ਸਾਰੇ ਤਫ਼ਤੀਸ਼ੀਆਂ ਨੇ ਆਪੋ-ਆਪਣੀ ਚਮੜੀ ਬਚਾਉਣ ਵਾਸਤੇ ਆਪਣੀ ਆਚਰਣ ਪੱਤਰੀ ਸਾਫ਼ ਰੱਖਣ ਲਈ ਨੰਗੇ ਪੈਰਾਂ ਵਾਲੇ ਐਬੀਆਂ 'ਤੇ ਪਰਚਾ ਦੇ ਦਿੱਤਾ | ਪਰ ਮਿਲਖਾ ਸਿੰਘ ਦੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ | ਮਨ ਹੀ ਮਨ ਵਿਚ ਕਹਿ ਰਿਹਾ ਸੀ ਕਿ ਜੇ ਕਿਸੇ ਐਬੀ ਕੋਲੋਂ ਸ਼ਰਾਬ ਫੜਾਂਗਾ ਤਾਂ ਪਰਚਾ ਦੇਵਾਂਗਾ | ਮੈਂ ਕਿਸੇ ਨਾਲ ਨਾਜਾਇਜ਼ ਨਹੀਂ ਕਰਨੀ |
ਅਚਾਨਕ ਮਿਲਖਾ ਸਿੰਘ ਨੂੰ ਛੁੱਟੀ ਦੀ ਜ਼ਰੂਰਤ ਪੈਣ 'ਤੇ ਉਸ ਐਸ.ਐਚ.ਓ. ਨੂੰ ਬੇਨਤੀ ਕੀਤੀ, ਜਿਸ ਨੇ ਪੈਂਦੇ ਸਾਰ ਕਿਹਾ ਸ਼ਰਾਬ ਦਾ ਪਰਚਾ ਦੇਣ 'ਤੇ ਹੀ ਛੁੱਟੀ ਮਿਲੇਗੀ | ਸਾਰੀ ਰਾਤ ਸੋਚਣ ਤੋਂ ਬਾਅਦ ਉਹ ਆਪਣੇ ਬਾਪੂ ਨੂੰ ਐਸ.ਐਚ.ਓ. ਤੋਂ ਛੁੱਟੀ ਲੈਣ ਲਈ ਥਾਣੇ ਨਾਲ ਲੈ ਆਇਆ | ਆਪਣੇ ਬਾਪ ਨੂੰ ਮੁਨਸ਼ੀ ਕੋਲ ਬਿਠਾ ਕੇ ਐਸ.ਐਚ.ਓ. ਨੂੰ ਇਹ ਕਹਿ ਕੇ ਛੁੱਟੀ ਲੈ ਲਈ ਕਿ ਮੈਂ ਸ਼ਰਾਬ ਵਾਲਾ ਬੰਦਾ ਫੜ ਕੇ ਮੁਨਸ਼ੀ ਦੇ ਹਵਾਲੇ ਕਰ ਦਿੱਤਾ ਹੈ | ਐਸ.ਐਚ.ਓ. ਨੇ ਮੁਨਸ਼ੀ ਨੂੰ ਆਵਾਜ਼ ਮਾਰ ਕੇ ਮਿਲਖਾ ਸਿੰਘ ਦੀ ਛੁੱਟੀ ਦੀ ਰਵਾਨਗੀ ਕਰਨ ਲਈ ਛੁੱਟੀ ਉਸ ਦੇ ਹਵਾਲੇ ਕਰ ਦਿੱਤੀ | ਮਿਲਖਾ ਸਿੰਘ ਸਲੂਟ ਮਾਰ ਕੇ ਫਟਾਫਟ ਥਾਣੇ ਤੋਂ ਬਾਹਰ ਨਿਕਲ ਗਿਆ ਕਿ ਕਿਤੇ ਮਗਰੋਂ ਆਵਾਜ਼ ਨਾ ਪੈ ਜਾਵੇ |
ਐਸ.ਐਚ.ਓ. ਪਾਰਟੀਆਂ ਨੂੰ ਡੀਲਿੰਗ ਕਰਕੇ ਜਦੋਂ ਮੁਨਸ਼ੀ ਦੇ ਕਮਰੇ ਵਿਚ ਆਇਆ ਤਾਂ ਉਸ ਨੇ ਮਿਲਖਾ ਸਿੰਘ ਵਲੋਂ ਲਿਆਂਦੇ ਸ਼ਰਾਬ ਵਾਲੇ ਬੰਦੇ ਨੂੰ ਹਵਾਲਾਤ ਵਿਚ ਦੇਣ ਦਾ ਹੁਕਮ ਦਿੱਤਾ | ਜਦੋਂ ਮੁਨਸ਼ੀ ਹਵਾਲਾਤ ਵਿਚ ਦੇਣ ਲੱਗਾ ਤਾਂ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਤਾਂ ਮਿਲਖਾ ਸਿੰਘ ਦਾ ਬਾਪ ਹਾਂ ਤੇ ਉਸ ਨੂੰ ਛੁੱਟੀ ਦਿਵਾਉਣ ਵਾਸਤੇ ਉਸ ਦੇ ਨਾਲ ਆਇਆ ਸੀ | ਮੈਨੂੰ ਕਿਹੜੇ ਜੁਰਮ ਵਿਚ ਹਵਾਲਾਤ ਵਿਚ ਦੇ ਰਹੋ ਹੋ | ਐਸ.ਐਚ.ਓ. ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਨੂੰ ਇਕਦਮ ਝਟਕਾ ਲੱਗਾ | ਐਸ.ਐਚ.ਓ. ਆਪਣੀ ਜਗ੍ਹਾ ਅਫ਼ਸਰਾਂ ਵਲੋਂ ਦਿੱਤੇ ਹੁਕਮਾਂ ਕਰਕੇ ਮਜਬੂਰ ਸੀ ਕਿ ਕਾਰਗੁਜ਼ਾਰੀ ਦਿਖਾਉਣ ਵਾਸਤੇ ਵੱਧ ਤੋਂ ਵੱਧ ਨਾਜਾਇਜ਼ ਸ਼ਰਾਬ ਦੇ ਪਰਚੇ ਦੇਣੇ ਸਨ | ਆਪਣੇ-ਆਪ ਵਿਚ ਸ਼ਰਮਿੰਦਗੀ ਅਤੇ ਆਪਣੇ-ਆਪ ਨੂੰ ਕਸੂਰਵਾਰ ਮਹਿਸੂਸ ਕਰ ਰਿਹਾ ਸੀ ਕਿ ਮਿਲਖਾ ਸਿੰਘ ਨੂੰ ਕਿੰਨੀ ਕੀ ਮਜਬੂਰੀ ਹੋਵੇਗੀ, ਜਿਸ ਨੇ ਛੁੱਟੀ ਲੈਣ ਵਾਸਤੇ ਏਨਾ ਵੱਡਾ ਕਦਮ ਉਠਾਇਆ ਸੀ ਕਿ ਆਪਣੇ ਬਾਪ ਨੂੰ ਮੁੱਖ ਅਫ਼ਸਰ ਦੇ ਪੇਸ਼ ਕਰਕੇ ਛੁੱਟੀ ਲੈਣ ਲਈ ਝੂਠ ਬੋਲਿਆ ਸੀ | ਉਸ ਬਾਪ 'ਤੇ ਉਸ ਐਸ.ਐਚ.ਓ. ਬਾਰੇ ਕੀ ਧਾਰਨਾ ਬਣੀ ਹੋਵੇਗੀ, ਜਿਸ ਨੇ ਉਸ ਦੇ ਮੰੁਡੇ ਨੂੰ ਛੁੱਟੀ ਲੈਣ ਲਈ ਮਜਬੂਰ ਕੀਤਾ |

-ਮੋਬਾਈਲ : 98786-00221

ਮੈਂ ਮਾਂ-ਪਿਉ ਕੋਲ ਰਹਿੰਦਾ ਹਾਂ

ਦੁਨੀਆਂ ਵਿਚ ਸਿਰਫ਼ ਬਾਪੂ ਦਾ ਰਿਸ਼ਤਾ ਅਜਿਹਾ ਹੈ ਜੋ ਸਾਡੀ ਖੁਸ਼ੀ ਅਤੇ ਸਾਡੀ ਤੱਰਕੀ ਤੇ ਅੰਦਰੂਨੀ ਤੌਰ 'ਤੇ ਖੁਸ਼ ਹੁੰਦਾ ਹੈ | ਇਸੇ ਕਰਕੇ ਹੀ '100 ਚਾਚਾ ਇਕ ਪਿਓ' ਦੀ ਕਹਾਵਤ ਦਾ ਆਗ਼ਾਜ਼ ਹੋਇਆ ਸੀ | ਮਾਂ ਗਿੱਲੇ ਪੈਂਦੀ ਹੈ ਤੇ ਪਿਓ ਔਲਾਦ ਦੀ ਖ਼ੁਸ਼ੀ ਲਈ ਦੁੱਖ ਸਹਿਣ ਕਰਦਾ ਹੈ | ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਖ਼ੁਦ ਨੂੰ ਪਿਓ ਅਖਵਾਉਣਾ ਪੈਂਦਾ ਹੈ | ਪਿਓ ਕਹਿਣ ਨਾਲ ਪਿਓ ਦੀ ਕੀਮਤ ਦਾ ਪਤਾ ਨਹੀਂ ਲੱਗਦਾ |
ਮੈਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਮਾਂ ਪਿਓ ਤੇਰੇ ਕੋਲ ਰਹਿੰਦੇ ਹਨ? ਮੇਰਾ ਇਕ ਹੀ ਜਵਾਬ ਹੁੰਦਾ ਸੀ, 'ਮੇਰੇ ਕੋਲ ਨਹੀਂ ਮੈਂ ਉਨ੍ਹਾਂ ਕੋਲ ਰਹਿੰਦਾ ਹਾਂ |' ਜਦੋਂ ਤੱਕ ਪਿਓ ਵਿਚ ਸਾਹ ਹੁੰਦੇ ਹਨ ਪੁੱਤਰ ਬੱਚਾ ਹੀ ਰਹਿੰਦਾ ਹੈ | ਪਿਓ ਦੀ ਝਿੜਕ ਵਿਚੋਂ ਵੀ ਸਾਡੀ ਖੈਰਾਤ ਦਿਸਦੀ ਹੁੰਦੀ ਹੈ | ਕਹਿ ਕੇ ਪਛਤਾਉਣਾ ਸਿਰਫ ਪਿਓ ਦੇ ਪੱਲੇ ਹੁੰਦਾ ਹੈ | ਪੁੱਤਰਾਂ ਲਈ ਚਿਹਰੇ ਤੋਂ ਪਿਓ ਦੀ ਖੁਸ਼ੀ ਦਾ ਪ੍ਰਗਟਾਵਾ ਸਹਿਜੇ ਹੀ ਲੱਗ ਜਾਂਦਾ ਹੈ | ਸਮਾਜ ਵਿਚ ਸਿਰਫ ਪਿਓ ਦਾ ਰਿਸ਼ਤਾ ਹੀ ਸੱਚੇ ਦਿਲੋਂ ਖੈਰਾਤ ਮੰਗਦਾ ਹੈ | ਬਾਕੀ ਰਿਸ਼ਤਿਆਂ ਵਿਚ ਮੁਫਾਦ ਛਿਪੇ ਹੁੰਦੇ ਹਨ | ਅੱਜ ਲੋੜ ਹੈ ਪਿਓ ਦੇ ਅੰਦਰੂਨੀ ਭਾਵਾ ਨੂੰ ਸਮਝ ਕੇ ਸਰਵਣ ਪੁੱਤਰ ਬਣਨ ਦੀ ਤਾਂ ਜੋ ਜਿਉਂਦੇ ਜੀ ਕਰਜ਼ ਚੁੱਕਾ ਸਕੀਏ |

-ਅਬਿਆਣਾ ਕਲਾਂ |
ਮੋਬਾਈਲ : 987811445

ਰੋਟੀ

ਸਮਸ਼ੇਰ ਆਪਣੇ ਪੁੱਤਰ ਨੂੰ ਵਧੀਆ ਪੜ੍ਹਾਉਣ ਦੇ ਇਰਾਦੇ ਨਾਲ ਪਿੰਡ ਛੱਡ ਕੇ ਸ਼ਹਿਰ ਵਿਚ ਰਹਿਣ ਲੱਗ ਪਿਆ ਸੀ | ਸਮਸ਼ੇਰ ਦੇ ਬੇਬੇ-ਬਾਪੂ ਪਿੰਡ ਵਿਚ ਹੀ ਇਕੱਲਤਾ ਦਾ ਸੰਤਾਪ ਹੰਢਾ ਰਹੇ ਸਨ | ਸਮੇਂ ਨੇ ਇਹੋ ਜਿਹਾ ਗੇੜ ਖਾਧਾ ਕਿ ਨਾ ਤਾਂ ਸਮਸ਼ੇਰ ਦੇ ਮਾਪੇ ਸ਼ਹਿਰ ਦੀ ਤੰਗ ਜ਼ਿੰਦਗੀ 'ਚ ਰਹਿ ਸਕਦੇ ਸਨ ਅਤੇ ਨਾ ਹੀ ਸਮਸ਼ੇਰ ਦਾ ਪਿੰਡ ਵਾਪਸ ਮੁੜਨਾ ਸੰਭਵ ਸੀ |
ਸਮਸ਼ੇਰ ਦਾ ਸ਼ਹਿਰ 'ਚ ਰਹਿਣ ਦਾ ਹੁਣ ਕੋਈ ਖਾਸ ਮਕਸਦ ਨਹੀਂ ਸੀ ਰਿਹਾ ਕਿਉਂਕਿ ਉਸ ਦਾ ਇਕਲੌਤਾ ਪੁੱਤਰ ਰਾਜਵੀਰ ਉਚੇਰੀ ਪੜ੍ਹਾਈ ਕਰਨ ਵਿਦੇਸ਼ ਚਲਾ ਗਿਆ ਸੀ |
ਇਕ ਸ਼ਾਮ ਸਮਸ਼ੇਰ ਆਪਣੇ ਬਾਪੂ ਨੂੰ ਫੋਨ 'ਤੇ ਕਹਿਣ ਲੱਗਾ, 'ਬਾਪੂ ਜੀ ਪੈਰੀਂ ਪੈਨਾ, ਹੋਰ ਸੁਣਾਓ ਕਿਵੇਂ ਆ ਸਿਹਤ ਹੁਣ, ਦਵਾਈ-ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ? ਨਾਲੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ ਰੱਖਿਓ, ਚੰਗਾ |'
'ਸਮਸ਼ੇਰ ਪੁੱਤ, ਤੂੰ ਵੀ ਆਪਣਾ ਖਿਆਲ ਰੱਖੀਂ, ਨਾਲੇ ਰਾਜਵੀਰ ਨੂੰ ਵੀ ਕਹਿ ਦੇੲੀਂ ਕਿ ਬੇਗਾਨੇ ਮੁਲਕ 'ਚ ਰੋਟੀ ਟੈਮ ਨਾਲ ਈ ਖਾ ਲਿਆ ਕਰੇ, ਮੇਰੇ ਤਾਂ ਏਹ ਰੋਟੀ ਹੁਣ ਮਸਾਂ ਹੀ ਗਲੋਂ ਲੰਘਦੀ ਐ, ਜਿਹਨੇ ਆਪਣਾ ਘੁੱਗ ਵਸਦਾ ਪਰਿਵਾਰ ਖੇਰੰੂ-ਖੇਰੰੂ ਕਰ ਕੇ ਰੱਖ 'ਤਾ |'
ਬਾਪੂ ਨੇ ਭਰੇ ਮਨ ਨਾਲ ਕਿਹਾ |

-ਮੋਬਾਈਲ : 94171-80205.

ਕਾਵਿ-ਵਿਅੰਗ: ਅਵੱਲੀ ਰੀਤ

• ਨਵਰਾਹੀ ਘੁਗਿਆਣਵੀ •
ਧੀਆਂ ਪਾਲ ਕੇ ਅਗਾਂਹ ਨੂੰ ਟੋਰ੍ਹ ਦੇਣਾ,
ਬੇਸ਼ੱਕ ਬਹੁਤ ਅਵੱਲੜੀ ਰੀਤ ਸਾਡੀ |
ਜ਼ਾਲਿਮ ਸਮੇਂ ਦੀ ਚੰਦਰੀ ਸੋਚ ਕਰਕੇ,
ਰਹੀ ਭਟਕਦੀ ਸੋਹਲ ਪ੍ਰੀਤ ਸਾਡੀ |
ਅਸੀਂ ਪ੍ਰੇਮ ਪੁਜਾਰੀ ਹਾਂ ਸਿਦਕਵੰਤੇ,
ਬਣੀ ਈਰਖਾ ਕਦੇ ਨਾ ਮੀਤ ਸਾਡੀ |
ਕੋਈ ਕਿੰਨਾ ਵੀ ਅਸਾਂ ਨੂੰ ਦੇ ਮੌਕਾ,
ਭਰ ਸਕੀ ਨਾ ਬੁੱਖੜ ਨੀਤ ਸਾਡੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਟੂਣਾ

ਕਾਮਰੇਡ ਰੁਲਦਾ ਸਿੰਘ ਆਪਣੇ ਸਕੂਟਰ 'ਤੇ ਧੱਕਾ ਕਾਲੋਨੀ ਵਿਚੀਂ ਲੰਘ ਰਿਹਾ ਸੀ ਅਚਾਨਕ ਉਸ ਨੂੰ ਉੱਚੀ-ਉੱਚੀ ਬੀਬੀਆਂ ਦੇ ਲੜਨ ਦੀ ਆਵਾਜ਼ ਸੁਣਾਈ ਦਿੱਤੀ | ਉਸ ਨੇ ਵੀ ਉਸ ਪਾਸੇ ਸਕੂਟਰ ਘੁਮਾ ਲਿਆ | ਦੋ ਬੀਬੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੜ ਰਹੀਆਂ ਸਨ | ਇਕ-ਦੂਜੇ ਨੂੰ ਬੜੇ ਭੈੜੇ-ਭੈੜੇ ਮੇਹਣੇ ਦੇ ਰਹੀਆਂ ਸਨ | ਆਸੇ-ਪਾਸੇ ਤਮਾਸ਼ਬੀਨਾਂ ਦਾ ਬਹੁਤ ਵੱਡਾ ਇਕੱਠ ਸੀ | ਰੁਲਦਾ ਸਿੰਘ ਨੇ ਬੀਬੀਆਂ ਨੂੰ ਚੁੱਪ ਕਰਵਾਇਆ ਅਤੇ ਲੜਨ ਦਾ ਕਾਰਨ ਪੁੱਛਿਆ, 'ਇੱਕ ਬੀਬੀ ਕਹਿੰਦੀ 'ਇਹ ਮੇਰਾ ਉਜਾੜਾ ਭਾਲਦੀ ਹੈ ਮਹੀਨੇ ਬੀਹਾਂ ਦਿਨਾਂ ਬਾਅਦ ਰਾਤ ਨੂੰ ਮੇਰੇ ਦਰਵਾਜ਼ੇ ਅੱਗੇ ਟੂਣਾ ਕਰ ਜਾਂਦੀ ਹੈ' | ਕਾਮਰੇਡ ਕਹਿੰਦਾ, 'ਭਾਈ ਇਹ ਟੂਣੇ ਵਿਚ ਕੀ ਕੁਝ ਰੱਖ ਜਾਂਦੀ ਹੈ'? 'ਆਹ ਭਾਈ ਤੇਰੇ ਸਾਹਮਣੇ ਹੈ ਮਾਹਾਂ ਦੀ ਦਾਲ, ਇਕ ਝਾੜੂ, ਖੰਮਣੀ, ਇਕ ਲਲੇਰ, ਇਕ ਸ਼ਰਾਬ ਦੀ ਬੋਤਲ, ਇਕ ਅਹੁ ਮੁਰਗਾ ਵੀ ਏਸੇ ਦਾ ਹੀ ਛੱਡਿਆ ਹੋਇਆ ਹੈ' | ਕਾਮਰੇਡ ਕਹਿੰਦਾ 'ਭਾਈ ਐਨੀ ਮਹਿੰਗਾਈ ਵਿਚ ਇਹ ਐਨੀਆਂ ਚੀਜ਼ਾਂ ਮੁਫਤ ਦੇ ਜਾਂਦੀ ਹੈ ਤੂੰ ਇਸ ਦਾ ਧੰਨਵਾਦ ਕਰਨ ਦੀ ਬਜਾਏ ਲੜੀ ਜਾਂਦੀ ਏਾ, ਘਰ ਵਿਚ ਐਨੀਆਂ ਮੁਫਤ ਦੀਆਂ ਚੀਜ਼ਾਂ ਆਉਣ ਨਾਲ ਉਜਾੜਾ ਹੋਵੇਗਾ ਕਿ ਬਰਕਤ ਹੋਵੇਗੀ | ਲਿਆ ਭਾਈ ਇਹ ਸਾਰਾ ਸਮਾਨ ਮੈਨੂੰ ਫੜਾ ਜੀਹਨੇ ਵੀ ਇਹ ਦਿੱਤਾ ਹੈ ਮੈਂ ਭਾਈ ਉਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ | ਹੋਰ ਵੀ ਭਾਈ ਕਿਸੇ ਨੇ ਟੂਣਾ ਕਰਨਾ ਹੋਵੇ ਤਾਂ ਮੇਰੇ ਘਰ ਦਾ ਐਡਰੈਸ ਲਿਖ ਲਵੋ', ਕਾਮਰੇਡ ਰੁਲਦਾ ਸਿੰਘ ਤੁਹਾਡੇ ਸ਼ਹਿਰ ਵਿਚ ਹੀ ਰਹਿੰਦਾ ਹੈ ਲਿੰਕ ਰੋਡ ਤੇ ਗਲੀ ਨੰਬਰ-13 ਵਿਚ ਜੀਹਨੂੰ ਮਰਜ਼ੀ ਘਰ ਪੁੱਛ ਲਿਓ, ਇਕ ਗੱਲ ਜ਼ਰੂਰ ਹੈ ਸ਼ਰਾਬ ਦੀ ਬੋਤਲ ਰੱਖਣ ਦੀ ਵਜਾਏ ਭਾਵੇਂ ਸਿਰਫ ਇਕ ਪਊਆ ਹੀ ਰੱਖਿਓ ਵਧੀਆ ਸ਼ਰਾਬ ਹੋਣੀ ਚਾਹੀਦੀ ਹੈ | ਮੈਂ ਕਦੀ ਕਦਾਈ ਡਾਕਟਰਾਂ ਦੀ ਹਦਾਇਤ 'ਤੇ ਭਾਈ ਪੀਂਦਾ ਹਾਂ ਪਰ ਵਧੀਆ ਪੀਂਦਾ ਹੈ | ਇਕ ਗੱਲ ਦਾ ਹੋਰ ਵੀ ਖਿਆਲ ਰੱਖਿਓ ਜਦੋਂ ਮੇਰੇ ਦਰਵਾਜ਼ੇ ਅੱਗੇ ਟੂਣਾ ਕਰਨਾ ਹੋਵੇ ਤਾਂ ਮੇਰੇ ਦਰਵਾਜ਼ੇ ਦੀ ਘੰਟੀ ਜ਼ਰੂਰ ਵਜਾ ਦਿਓ ਕਈ ਵਾਰ ਐਡੇ ਵਧੀਆ ਟੂਣੇ ਦਾ ਕੁੱਤੇ ਬਿੱਲੇ ਫਾਹਾ ਵੀ ਵੱਢ ਜਾਂਦੇ ਹਨ |' ਦੋਵੇਂ ਬੀਬੀਆਂ ਲੜਾਈ ਬੰਦ ਕਰਕੇ ਮੁਸਕੜੀਆਂ ਹੱਸ ਰਹੀਆਂ ਸਨ ਤਮਾਸ਼ਬੀਨਾਂ ਨੇ ਕਾਮਰੇਡ ਦੇ ਤੁਰਨ ਤੇ ਜ਼ੋਰਦਾਰ ਤਾੜੀਆਂ ਵਜਾ ਕੇ ਉਸ ਦੇ ਉਚੇ ਸੁੱਚੇ ਵਿਚਾਰਾਂ ਦਾ ਭਰਪੂਰ ਸਵਾਗਤ ਕੀਤਾ |

-ਗਿੱਲ ਨਗਰ, ਗਲੀ ਨੰ-13. ਮੁਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896.

ਸਭ ਤੋਂ ਪਿਆਰਾ ਬੱਚਾ

ਮਦਰੱਸੇ 'ਚੋਂ ਬਾਹਰ ਆਉਂਦੇ ਬੱਚਿਆਂ ਦੀ ਭੀੜ 'ਚੋਂ ਆਪਣੇ ਪੁੱਤਰ ਨੂੰ ਦੇਖ ਕੇ ਅਕਬਰ ਨੇ ਬੀਰਬਲ ਨੂੰ ਕਿਹਾ, ਇਨ੍ਹਾਂ ਸਾਰੇ ਬੱਚਿਆਂ 'ਚੋਂ ਮੇਰਾ ਸ਼ਹਿਜ਼ਾਦਾ ਸਭ ਤੋਂ ਸੰੁਦਰ ਤੇ ਪਿਆਰਾ ਹੈ | ਬੀਰਬਲ ਨੇ ਜਵਾਬ ਦਿੱਤਾ, 'ਆਪਣਾ ਬੱਚਾ ਸਭ ਤੋਂ ਵੱਧ ਪਿਆਰਾ ਲਗਦਾ ਹੁੰਦਾ ਹੈ | ਅਗਰ ਤੁਸੀਂ ਇਹ ਗੱਲ ਦੇਖਣੀ ਹੈ ਤਾਂ ਕੱਲ੍ਹ ਮਦਰੱਸੇ ਚਲੇ ਜਾਓ | ਮੈਂ ਤੁਹਾਨੂੰ ਸਿੱਧ ਕਰਕੇ ਦਿਖਾ ਦਿਆਂਗਾ ਕਿ ਆਪਣਾ ਬੱਚਾ ਸਭ ਤੋਂ ਸੰੁਦਰ ਤੇ ਪਿਆਰ ਹੁੰਦਾ ਹੈ |
ਅਗਲੇ ਦਿਨ ਬੀਰਬਲ ਦੇ ਕਹੇ ਅਨੁਸਾਰ ਬਾਦਸ਼ਾਹ ਨੇ ਇਕ ਔਰਤ ਨੂੰ ਬੜੇ ਸਵਾਦਲੇ ਪਕਵਾਨ ਦਿੰਦਿਆਂ ਕਿਹਾ ਕਿ ਤੁਸੀਂ ਮਦਰੱਸੇ 'ਚ ਜਾਓ ਤੇ ਜਿਹੜਾ ਸਭ ਤੋਂ ਸੰੁਦਰ ਤੇ ਪਿਆਰਾ ਬੱਚਾ ਹੋਵੇ, ਉਸ ਨੂੰ ਇਹ ਸਵਾਦਲੇ ਪਕਵਾਨ ਖਵਾ ਦੇਵੋ | ਥੋੜ੍ਹੀ ਦੇਰ ਬਾਅਦ ਜਦੋਂ ਬਾਦਸ਼ਾਹ ਨੇ ਮਦਰੱਸੇ ਵਿਚ ਝਾਕ ਕੇ ਦੇਇਖਆ ਤਾਂ ਉਹ ਔਰਤ ਸਾਰੇ ਸੰੁਦਰ ਤੇ ਪਿਆਰੇ ਬੱਚਿਆਂ ਨੂੰ ਛੱਡ ਕੇ ਇਕ ਬਦਸੂਰਤ ਬੱਚੇ ਨੂੰ ਗੋਦ ਵਿਚ ਲੈ ਕੇ ਪਕਵਾਨ ਖਵਾ ਰਹੀ ਸੀ | ਅਕਬਰ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ |
ਜਦੋਂ ਉਹ ਔਰਤ ਮਦਰੱਸੇ 'ਚੋਂ ਬਾਹਰ ਆਈ ਤਾਂ ਅਕਬਰ ਨੇ ਗੁੱਸੇ 'ਚ ਉਸ ਔਰਤ ਨੂੰ ਬੋਲਿਆ ਕਿ ਤੂੰ ਮੇਰੀ ਆਗਿਆ ਦਾ ਪਾਲਣ ਨਹੀਂ ਕੀਤਾ | ਤਾਂ ਅੱਗੋਂ ਉਹ ਔਰਤ ਬੋਲੀ, 'ਮਹਾਰਾਜ ਤੁਸੀਂ ਮੈਨੂੰ ਸਭ ਤੋਂ ਸੰੁਦਰ ਤੇ ਪਿਆਰੇ ਬੱਚੇ ਨੂੰ ਪਕਵਾਨ ਖਵਾਉਣ ਨੂੰ ਕਿਹਾ ਸੀ ਤੇ ਮੈਂ ਅਜਿਹਾ ਹੀ ਕੀਤਾ ਕਿਉਂਕਿ ਜਿਸ ਬੱਚੇ ਨੂੰ ਮੈਂ ਸਭ ਤੋਂ ਸੰੁਦਰ ਤੇ ਪਿਆਰਾ ਸਮਝਦੀ ਹਾਂ, ਉਹ ਇਹ ਹੀ ਹੈ ਕਿਉਂਕਿ ਇਹ ਮੇਰਾ ਖ਼ੂਨ ਭਾਵੇਂ ਮੇਰਾ ਬੱਚਾ ਹੈ | ਸੋ, ਬਾਦਸ਼ਾਹ ਜਿਸ ਬੱਚੇ ਨੂੰ ਮਾਂ ਨੇ ਆਪ ਜਨਮ ਦਿੱਤਾ ਹੋਵੇ ਭਾਵੇਂ ਉਹ ਕਿਸ ਤਰ੍ਹਾਂ ਦਾ ਹੀ ਹੋਵੇ, ਉਹ ਬੱਚਾ ਹੀ ਦੁਨੀਆ 'ਚ ਸਭ ਤੋਂ ਸੰੁਦਰ ਤੇ ਪਿਆਰਾ ਬੱਚਾ ਹੁੰਦਾ ਹੈ ਮਾਂ ਲਈ | ਬਾਦਸ਼ਾਹ ਅਕਬਰ ਸਮਝ ਗਿਆ ਤੇ ਬੀਰਬਲ ਨੂੰ ਨਾਲ ਲੈ ਕੇ ਮਹਿਲਾਂ 'ਚ ਆ ਗਿਆ |

-511-ਖਹਿਰਾ ਇਨਕਲੇਵ, ਜਲੰਧਰ-144007.

• ਸਰਵਨ ਸਿੰਘ ਪਤੰਗ •

ਜ਼ਖ਼ਮ ਸਦਾ ਨਹੀਂ ਰਹਿੰਦੇ ਦਿਲ ਦੇ,
ਭਰਦੇ ਭਰਦੇ ਭਰ ਜਾਂਦੇ ਨੇ |
ਲੋਫ਼ਰ ਪੁੱਤਰ ਨੂੰ ਸਮਝਾਉਂਦੇ,
ਮਾਪੇ ਹਰਦੇ-ਹਰਦੇ ਹਰ ਜਾਂਦੇ ਨੇ |
ਚੁਗਲਖੋਰ ਦੀ ਆਦਤ ਚੁਗਲੀ,
ਕਰਦੇ ਕਰਦੇ ਕਰ ਜਾਂਦੇ ਨੇ |
ਕੁੱਲੀਆਂ ਉਤੇ ਬੱਦਲ ਗੱਜ ਕੇ,
ਮਹਿਲਾਂ ਉਤੇ ਵਰ੍ਹ ਜਾਂਦੇ ਨੇ |
ਲੋਕਤੰਤਰ ਵਿਚ ਅਕਸਰ ਨੇਤਾ,
ਹਰੀ ਅੰਗੂਰੀ ਚਰ ਜਾਂਦੇ ਨੇ |
ਮੰਝਧਾਰ ਵਿਚ ਡੁਬਦੇ ਕਿਰਤੀ,
ਵਿਹਲੜ ਲੋਕੀਂ ਤਰ ਜਾਂਦੇ ਨੇ |
ਅੱਖੀਂ ਵੇਖੇ ਕਤਲ ਹੁੰਦੇ ਜਿਨ੍ਹਾਂ,
ਸੱਚ ਕਹਿਣ ਤੋਂ ਡਰ ਜਾਂਦੇ ਨੇ |
ਅਣਖੀ ਯੋਧੇ ਦੀਪ ਜਗਾ ਕੇ,
ਵਿਚ ਚੁਰਾਹੇ ਧਰ ਜਾਂਦੇ ਨੇ |
'ਪਤੰਗ' ਹਿੰਮਤ ਜੇ ਕਰ ਵਿਖਾਵੇ,
ਡੁਬਦੇ ਪੱਥਰ ਤਰ ਜਾਂਦੇ ਨੇ |

-ਪਿੰਡ ਮਾਣੂਕੇ, ਮੋਗਾ |
ਮੋਬਾਈਲ : 98783-28501.

ਵਾਲੀਵਾਰਿਸ ਕੌਣ?

ਅੱਜ ਘੁਸਮੁਸੇ ਜਿਹੇ ਹੋਏ, ਡੋਰ ਬੈੱਲ ਵੱਜੀ ਤਾਂ ਮੈਂ ਬਾਹਰ ਜਾ ਕੇ ਵੇਖਿਆ ਕਿ ਪੇਸ਼ੇ ਤੋਂ ਰਿਟਾਇਰਡ ਪਿੰ੍ਰਸੀਪਲ ਜੋ ਕਿ ਮੇਰੇ ਲੰਮੇ ਸਮੇਂ ਤੋਂ ਜਾਣੂ ਸਨ, ਦਰਵਾਜ਼ੇ ਦੇ ਬਾਹਰ ਖੜ੍ਹੇ ਸਨ | ਮੈਂ ਉਨ੍ਹਾਂ ਨੂੰ ਵੇਖ ਕੇ ਕੁਝ ਹੈਰਾਨ ਹੋਈ ਤੇ ਹੜਬੜੀ ਵਿਚ ਹੀ ਅੰਦਰ ਆਉਣ ਨੂੰ ਕਹਿ ਦਿੱਤਾ |
ਬੈਠੇ ਬੈਠੇ ਬੱਚਿਆਂ ਦੇ ਸਕੂਲ ਦੀਆਂ ਗੱਲਾਂ ਚੱਲ ਪਈਆਂ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਬੇਟੀ ਅਤੇ ਉਨ੍ਹਾਂ ਦੀ ਪੋਤੀ ਇਕ ਹੀ ਕਲਾਸ ਵਿਚ ਪੜ੍ਹਦੀਆਂ ਹਨ ਤੇ ਮੇਰੀ ਬੇਟੀ ਕਲਾਸ ਦੀ ਮਨੀਟਰ ਹੈ, ਜਦਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਪੋਤੀ ਮਨੀਟਰ ਸੀ |
ਖ਼ੈਰ, ਬੱਚਿਆਂ ਦੀ ਪੜ੍ਹਾਈ ਦੀਆਂ ਗੱਲਾਂ ਚਲਦੀਆਂ ਰਹੀਆਂ, ਗੱਲਾਂ-ਗੱਲਾਂ ਵਿਚ ਉਨ੍ਹਾਂ ਮੈਨੂੰ ਮੇਰੀ ਬੇਟੀ ਦੀ ਕਲਾਸ ਪੁਜੀਸ਼ਨ, ਨੰਬਰ, ਹੋਰ ਗਤੀਵਿਧੀਆਂ ਬਾਰੇ ਪੁੱਛਿਆ ਤਾਂ ਮੇਰੇ ਵਲੋਂ ਕੀਤੀ ਆਪਣੀ ਬੇਟੀ ਦੀ ਤਾਰੀਫ਼ ਉਨ੍ਹਾਂ ਨੂੰ ਹਜ਼ਮ ਨਹੀਂ ਸੀ ਹੋਈ ਜਾਪੀ ਤੇ ਫਿਰ ਹੱਸਦਿਆਂ ਹੋਇਆਂ ਕਹਿਣ ਲੱਗੇ, ਮੇਰਾ ਤਾਂ ਇਕੋ ਹੀ ਅਸੂਲ ਸੀ ਕਿ ਮੈਂ ਜਦੋਂ ਕਿਸੇ ਬੱਚੇ ਦਾ ਬੇੜਾ ਗਰਕ ਕਰਨਾ ਹੋਵੇ ਤਾਂ ਮੈਂ ਉਸ ਬੱਚੇ ਨੂੰ ਕਲਾਸ ਦਾ ਮਨੀਟਰ ਬਣਾ ਦਿੰਦਾ ਸੀ |
ਏਨਾ ਸੁਣਦਿਆਂ ਹੀ ਮੇਰੀ ਬੇਟੀ ਬੇਝਿਜਕ ਹੋ ਕੇ ਕਹਿਣ ਲੱਗੀ, 'ਮੰਮਾ... ਜੇਕਰ ਸਾਰੇ ਅਧਿਆਪਕ ਅਤੇ ਪਿੰ੍ਰਸੀਪਲ ਇਹੋ ਜਿਹੀ ਸੋਚ ਰੱਖਣ ਲੱਗ ਜਾਣ ਤਾਂ ਸਾਡੇ ਸਮਾਜ ਦਾ ਵਾਲੀਵਾਰਿਸ ਕੌਣ ਹੋਵੇਗਾ?

-ਰੁਪਿੰਦਰ ਕੌਰ
ਪੰਜਾਬੀ ਮਿਸਟ੍ਰੈੱਸ, ਸਰਕਾਰੀ ਮਿਡਲ ਸਕੂਲ, ਅਕਬਰਪੁਰਾ (ਤਰਨ ਤਾਰਨ) |

ਕਾਵਿ-ਵਿਅੰਗ: ਮਾਂ-ਬੋਲੀ

• ਨਵਰਾਹੀ ਘੁਗਿਆਣਵੀ •
ਪੱਧਰ ਸੋਚ ਦਾ ਗਿਰ ਗਿਆ ਮੂਜੀਆਂ ਦਾ,
ਵੋਟਾਂ ਲਈ ਹਰ ਫ਼ਰਜ਼ ਵਿਸਾਰ ਦਿੰਦੇ |
ਵਰਤਣ ਧਰਮ ਨੂੰ , ਜਾਤੀ ਦਾ ਲੈਣ ਲਾਹਾ,
ਮਾਂ-ਬੋਲੀ ਨੂੰ ਜੰਦਰਾ ਮਾਰ ਦਿੰਦੇ |
ਕੂੜ ਬੋਲਣ ਦੇ ਵਿਚ ਪਰਬੀਨ ਹੋ ਗਏ,
ਗੱਲਾਂ ਗੱਲਾਂ ਦੇ ਨਾਲ ਹੀ ਸਾਰ ਦਿੰਦੇ |
ਭੁੱਖੇ ਨੀਤ ਦੇ, ਸ਼ਰਮ ਹਯਾ ਤੱਜ ਕੇ,
ਜੋ ਵੀ ਲੱਭਦਾ ਝੱਟ ਡੱਕਾਰ ਦਿੰਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਕਰ ਭਲਾ ਹੋ ਭਲਾ

ਦਾੜ੍ਹ ਦਾ ਦਰਦ ਬਹੁਤ ਭੈੜਾ ਹੁੰਦੈ, ਇਕ ਦਿਨ ਅਚਾਨਕ ਸ਼ਾਮ ਨੂੰ ਮੇਰੀ ਦਾੜ੍ਹ 'ਚ ਦਰਦ ਉੱਠਿਆ, ਰਾਤ ਤਾਂ ਕਿਸੇ ਢੰਗ ਨਾਲ ਗੁਜ਼ਾਰ ਲਈ, ਸਵੇਰੇ ਡਾਕਟਰ ਕੋਲ ਚਲਿਆ ਗਿਆ, ਡਾਕਟਰ ਕੋਲ ਕਾਫ਼ੀ ਭੀੜ ਸੀ, ਘੰਟੇ ਕੁ ਬਾਅਦ ਮੇਰੀ ਵਾਰੀ ਆਈ, ਮੈਂ ਡਾਕਟਰ ਕੋਲ ਅੰਦਰ ਜਾਣ ਹੀ ਲੱਗਿਆ ਸੀ, ਇਕ ਨੌਜਵਾਨ ਲੜਕੀ ਦੌੜੀ-ਦੌੜੀ ਆਈ |
'ਅੰਕਲ ਜੀ ਮੇਰੀ ਵੀ ਦਾੜ੍ਹ ਦਰਦ ਕਰਦੀ ਐ, ਪਹਿਲਾਂ ਮੈਨੂੰ ਵਿਖਾ ਲੈਣ ਦਿਓ, ਪਲੀਜ਼', ਉਸ ਲੜਕੀ ਨੇ ਵਾਸਤਾ ਪਾਇਆ | ਉਸ ਦੇ ਵਾਸਤੇ ਨੇ ਮੈਨੂੰ ਆਪਣਾ ਦਰਦ ਭੁਲਾ ਦਿੱਤਾ | ਮੈਂ ਕਿਹਾ, ਕੋਈ ਗੱਲ ਨੀ ਬੇਟਾ ਥੈਂਕ ਜੂ ਆਖ ਕੇ ਉਹ ਅੰਦਰ ਚਲੀ ਗਈ |
ਉਸ ਗੱਲ ਤੋਂ ਕਈ ਦਿਨ ਬਾਅਦ ਮੈਂ ਬੈਂਕ ਵਿਚੋਂ ਪੈਸੇ ਕਢਵਾਉਣ ਗਿਆ, ਫਾਟਕ ਬੰਦ ਹੋਣ ਕਾਰਨ ਮੈਂ ਲੇਟ ਹੋ ਗਿਆ | ਕਾਹਲੀ-ਕਾਹਲੀ ਬੈਂਕ ਪਹੁੰਚਿਆ | ਵਾਊਚਰ ਭਰ ਕੇ ਕੈਸ਼ੀਅਰ ਕੋਲ ਗਿਆ, ਅਜੇ ਦਸ ਮਿੰਟ ਬਾਕੀ ਸਨ, ਕੱਲ੍ਹ ਨੂੰ ਆਉਣਾ ਜੀ, ਜਵਾਬ ਸੁਣ ਕੇ ਮੇਰੇ ਚਿਹਰੇ 'ਤੇ ਨਿਰਾਸ਼ਤਾ ਛਾ ਗਈ | ਮੈਂ ਸ਼ਾਮ ਨੂੰ ਕਿਧਰੇ ਬਾਹਰ ਜਾਣਾ ਸੀ, ਉਦਾਸ ਮਨ ਨਾਲ ਵਾਪਸ ਮੁੜਨ ਹੀ ਲੱਗਿਆ ਸੀ ਕਿ 'ਸਤਿ ਸ੍ਰੀ ਅਕਾਲ ਅੰਕਲ ਜੀ', ਪਿੱਛੋਂ ਮੇਰੇ ਕੰਨੀਂ ਆਵਾਜ਼ ਪਈ | ਜਦ ਮੈਂ ਪਿਛੇ ਮੁੜ ਕੇ ਵੇਖਿਆ ਤਾਂ ਉਹੀ ਦਾੜ੍ਹ ਦਰਦ ਵਾਲੀ ਲੜਕੀ ਦੂਸਰੇ ਕਾਊਾਟਰ 'ਤੇ ਬੈਠੀ ਸੀ |
ਸਤਿ ਸ੍ਰੀ ਅਕਾਲ ਬੇਟਾ, ਮੈਂ ਸਾਰੀ ਵਿਥਿਆ ਉਸ ਨੂੰ ਸਮਝਾਈ, ਕੋਈ ਗੱਲ ਨੀਂ ਅੰਕਲ ਜੀ ਮੈਂ ਕਹਿ ਦਿੰਦੀ ਆਂ | ਉਹ ਉਠੀ ਤੇ ਕੈਸ਼ੀਅਰ ਨੂੰ ਆਖ ਦਿੱਤਾ, ਉਸ ਨੇ ਮੇਰਾ ਵਾਊਚਰ ਜਮ੍ਹਾਂ ਕਰਕੇ ਪੈਸੇ ਮੈਨੂੰ ਦੇ ਦਿੱਤੇ |
-138, ਵਾਰਡ ਨੰ: 1, ਰਾਮਪੁਰਾ ਮੰਡੀ, ਬਠਿੰਡਾ | ਮੋਬਾਈਲ : 98783-25307.

ਵਿਤਕਰਾ

ਮਨੁੱਖ ਦੀ ਕੋਈ ਜਾਤ-ਪਾਤ ਨਹੀਂ ਹੁੰਦੀ, ਮਨੁੱਖ ਸਾਰੇ ਇਕੋ ਜਿਹੇ ਹੀ ਹੁੰਦੇ ਹਨ | ਮਨੁੱਖ ਦਾ ਕੋਈ ਇਲਾਕਾ ਨਹੀਂ ਹੁੰਦਾ, ਕੋਈ ਬੋਲੀ ਨਹੀਂ ਹੁੰਦੀ | ਜਿਹੋ-ਜਿਹੀ ਜਗ੍ਹਾ ਉੱਤੇ ਬੱਚੇ ਦਾ ਪਾਲਣ-ਪੋਸ਼ਣ ਕੀਤਾ ਜਾਵੇ ਮਨੁੱਖ ਹਮੇਸ਼ਾ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ | ਉਸੇ ਜਗ੍ਹਾ ਨੂੰ ਆਪਣੀ ਸਮਝਣ ਲੱਗ ਜਾਂਦਾ ਹੈ | ਉਹੋ ਜਿਹਾ ਪਹਿਰਾਵਾ ਪਹਿਨਣ ਲੱਗ ਜਾਂਦਾ ਹੈ | ਬੱਚਾ ਜੰਮਦਾ ਕੋਈ ਬੋਲੀ ਨਹੀਂ ਸਿੱਖ ਕੇ ਆਉਂਦਾ | ਅਸੀਂ ਲੋਕ ਉਸ ਨੂੰ ਬੋਲੀ ਸਿਖਾਉਂਦੇ ਹਾਂ | ਜਿਹੋ-ਜਿਹੀ ਅਸੀਂ ਬੋਲੀ ਉਸ ਨੂੰ ਸਿਖਾਵਾਂਗੇ ਉਹੋ ਜਿਹੀ ਬੋਲਣ ਲੱਗ ਜਾਂਦਾ ਹੈ | ਸਾਡੇ ਵਿਚ ਰਹਿ ਕੇ ਉਹ ਸੰਸਕਾਰ ਸਿੱਖਦਾ ਹੈ | ਕੋਈ ਚੋਰ ਨਹੀਂ ਜੰਮਦਾ, ਕੋਈ ਭਗਤ ਨਹੀਂ ਜੰਮਦਾ, ਪਹਿਲਾਂ ਸਭ ਬਰਾਬਰ ਹੀ ਹੁੰਦੇ ਹਨ | ਇਹ ਭਾਸ਼ਨ ਪਰਮਪਾਲ ਸਿੰਘ ਬੜੇ ਲਹਿਜ਼ੇ ਨਾਲ ਬੋਲਦਾ ਹੋਇਆ ਲੋਕਾਂ ਦੀ ਵਾਹ-ਵਾਹ ਖੱਟ ਰਿਹਾ ਸੀ | ਲੋਕ ਨਿੱਕੇ ਜਿਹੇ ਮੂੰਹ ਵਿਚੋਂ ਵੱਡੀਆਂ-ਵੱਡੀਆਂ ਗੱਲਾਂ ਸੁਣ ਕੇ ਬੜੇ ਖੁਸ਼ ਹੋ ਕੇ ਤਾੜੀਆਂ ਨਾਲ ਉਸ ਦਾ ਹੌਸਲਾ ਵਧਾ ਰਹੇ ਸਨ | ਪਰ ਦਿੱਤੇ ਹੋਏ ਸਮੇਂ ਵਿਚ ਉਸ ਨੇ ਆਪਣੇ ਭਾਸ਼ਨ ਨੂੰ ਸਮਾਪਤ ਕਰ ਦਿੱਤਾ | ਹੁਣ ਦੂਸਰੇ ਸਾਥੀ ਬਿਕਰਮਜੀਤ ਦੀ ਵਾਰੀ ਸੀ | ਉਹ ਵੀ ਬੜੇ ਹੀ ਸੁਚੱਜੇ ਢੰਗ ਨਾਲ ਤਿਆਰੀ ਕਰਕੇ ਆਇਆ ਸੀ | ਉਸ ਨੇ ਸਟੇਜ 'ਤੇ ਖੜ੍ਹਦੇ ਸਾਰ ਸਾਰਿਆਂ ਨੂੰ ਪਿਆਰ ਭਰੀ “ਸਤਿ ਸ੍ਰੀ ਅਕਾਲ ਬੁਲਾਈ ਤੇ ਆਪਣਾ ਭਾਸ਼ਨ ਸ਼ੁਰੂ ਕਰ ਦਿੱਤਾ | ਪਹਿਲੀ ਪੰਕਤੀ ਵਿਚ ਹੀ ਉਹ ਬੋਲਿਆ “ਕੌਣ ਆਖਦਾ ਹੈ ਕਿ ਮਨੁੱਖ ਇਕ ਹੈ | ਕੌਣ ਕਹਿੰਦਾ ਹੈ ਕਿ ਇਸ ਧਰਤੀ ਉੱਤੇ ਕਿਸੇ ਦੀ ਕੋਈ ਜਾਤ-ਪਾਤ ਨਹੀਂ, ਸਭ ਝੂਠ ਹੈ | ਇੱਥੇ ਇਲਾਕੇ ਬੋਲੀਆਂ ਦੇ ਹਿਸਾਬ ਨਾਲ ਵੰਡੇ ਹੋਏ ਹਨ, ਇੱਥੇ ਮਨੁੱਖਾਂ ਦੇ ਅੰਦਰ ਕੰਮ ਨੂੰ ਲੈ ਕੇ ਜੰਗ ਯੁੱਧ ਕੀਤੇ ਜਾ ਰਹੇ ਹਨ | ਇਕ-ਦੂਜੇ ਨੂੰ ਖ਼ਤਮ ਕਰਨ ਤੇ ਦਿਨ-ਰਾਤ ਮਿਹਨਤ ਪਏ ਕਰਦੇ ਨੇ | ਸਾਇੰਸ ਨੇ ਬੜੀ ਤਰੱਕੀ ਕੀਤੀ ਹੋਈ ਹੈ | ਕਿੱਧਰੇ ਪ੍ਰਮਾਣੂ, ਕਿੱਧਰੇ ਜਹਾਜ਼, ਕਿੱਧਰੇ ਵੱਡੀਆਂ-ਵੱਡੀਆਂ ਤੋਪਾਂ, ਟੈਂਕ, ਬੰਬ ਇਹ ਸਭ ਕੁਝ ਕੀ ਹੈ | ਕੀ ਇਹ ਬੰਦਿਆਂ ਨੂੰ ਮਾਰਨ ਵਾਸਤੇ ਸਭ ਕੁਝ ਨਹੀਂ ਬਣਾਇਆ ਗਿਆ | ਫਿਰ ਕਿਵੇਂ ਕਹਿ ਰਹੇ ਹੋ ਕਿ ਮਨੁੱਖ ਇਕ ਹੈ | ਇੱਥੋਂ ਤੱਕ ਸਾਡਾ ਖੂਨ ਇਕ ਨਹੀਂ ਰਿਹਾ | ਖ਼ੂਨ ਨੂੰ ਗਰੁੱਪਾਂ ਵਿਚ ਵੰਡ ਦਿੱਤਾ ਹੈ | ਦੁਨੀਆ ਦੀ ਹਰ ਚੀਜ਼ ਦਾ ਵਿਤਕਰਾ ਹੋ ਸਕਦਾ ਹੈ | ਪਰ ਡਾਕਟਰਾਂ ਨੇ ਸਾਡੇ ਖੂਨ ਵਿਚ ਵੀ ਵਿਤਕਰਾ ਪਾ ਕੇ ਰੱਖ ਦਿੱਤਾ ਹੈ | ਹੋਰ ਬਹੁਤ ਕੁਝ ਜੋ ਮੈਂ ਸਮੇਂ ਦਾ ਧਿਆਨ ਰੱਖ ਕੇ ਦੱਸ ਨਹੀਂ ਸਕਦਾ ਤੇ ਆਪਣਾ ਭਾਸ਼ਨ ਸਮਾਪਤ ਕਰਦਾ ਹਾਂ | ਇਹ ਸੁਣ ਕੇ ਪੰਡਾਲ ਵਿਚ ਬੈਠੇ, ਸਾਰੇ ਸਰੋਤੇ ਸੋਚਣ ਉੱਤੇ ਮਜਬੂਰ ਹੋ ਗਏ | ਭਾਵੇਂ ਤਾੜੀਆਂ ਨਹੀਂ ਵੱਜੀਆਂ, ਪਰ ਫਿਰ ਵੀ ਉਸ ਦਾ ਵਿਤਕਰਾ ਸਾਨੂੰ ਸੋਚਣ ਲਈ ਮਜਬੂਰ ਜ਼ਰੂਰ ਕਰ ਰਿਹਾ, ਜੋ ਕਿ ਵਿਤਕਰਾ ਹੋਣਾ ਨਹੀਂ ਚਾਹੀਦਾ |

-ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ)
ਸੰਪਰਕ: 75891-55501

ਤੌਖਲਾ

ਪਛੋਂ ਦੀ ਠੰਢੀ ਹਵਾ ਸਵੇਰ ਤੋਂ ਰੁਮਕ ਰਹੀ ਸੀ | ਟਿੱਬੇ ਤੋਂ ਕਿਰੇ ਚਿੱਬੜਾਂ ਦੀ ਕਿਤੇ-ਕਿਤੇ ਭਾਅ ਮਾਰ ਰਹੀ ਸੀ | ਰੇਤਲੇ ਵਾਹਣ 'ਚੋਂ ਬਾਜਰਾ ਵੱਢ ਬਿੰਦ ਘੜੀ ਆਰਾਮ ਕਰਨ ਲਈ ਕੇਹਰਾ ਬੇਰੀ ਦੀ ਛਾਵੇਂ ਬੈਠ ਗਿਆ | ਉਸ ਨੇ ਦੇਖਿਆ ਕਿ ਕੀੜੇ ਕੱਟੇ ਅਨਾਜ ਦੇ ਟੁਕੜੇ ਮੰੂਹ ਵਿਚ ਪਾਣੀ ਅਨੁਸ਼ਾਸਨਬੱਧ ਇਕ ਲਾਈਨ ਵਿਚ ਆਪਣੇ ਪੇਟ ਦੀ 'ਭਾਖੜੀ ਭੁੱਖ' ਲਈ ਲਿਆਉਣ ਦੇ ਆਹਰੇ ਲੱਗੇ ਹੋਏ ਨੇ | ਕੇਹਰੇ ਨੇ ਦਾਤੀ ਨਾਲ ਧਰਤੀ ਠੋਕਰਦਿਆਂ ਸੋਚਿਆ ਅੱਜ ਪੂਰਾ ਸਾਲ ਹੋ ਚੱਲਿਆ ਜੰਟੇ ਨੂੰ ਇਟਲੀ ਗਿਆਂ ਪਰ ਕੋਈ ਫੋਨ ਜਾਂ ਚਿੱਠੀ-ਪੱਤਰ ਨਹੀਂ ਸੀ ਆਇਆ | ਨਿਆੲੀਂ ਵਾਲੀ ਗਹਿਣੇ ਕੀਤੀ 'ਝੋਟੇ ਦੇ ਸਿਰ' ਵਰਗੀ ਪੈਲੀ ਵਿਚ ਬਿਗਾਨੇ ਟਰੈਕਟਰਾਂ ਥੱਲੇ ਬੂ ਦਹਾਈ ਪਾਉਂਦੇ ਤਿੰਨ ਕਿੱਲਿਆਂ ਦਾ ਝੋਰਾ ਉਸ ਨੂੰ ਵੱਢ-ਵੱਢ ਖਾ ਰਿਹਾ ਸੀ | ਹੁਣ ਉਸ ਨੂੰ ਜ਼ਮੀਨ ਦਾ ਘੱਟ ਜੰਟੇ ਦਾ ਵੱਧ ਖਿਆਲ ਆ ਰਿਹਾ ਸੀ ਕਿਉਂਕਿ ਟੀ.ਵੀ. ਅਖ਼ਬਾਰਾਂ 'ਤੇ ਖ਼ਬਰ ਆ ਰਹੀ ਸੀ ਅਮਰੀਕਾ ਜਾਂਦੇ ਪੰਜਾਬੀ ਮੰੁਡਿਆਂ ਦੀ ਕਿਸ਼ਤੀ ਸਮੰੁਦਰ ਵਿਚ ਡੁੱਬੀ, ਉਸ ਦਾ ਦਿਲ ਟਿਕਾਣੇ ਆ ਕੇ ਵੀ ਫਿਸੰੂ-ਫਿਸੰੂ ਕਰ ਰਿਹਾ ਸੀ ਕਿਉਂਕਿ ਵਿਦੇਸ਼ ਜਾਣ ਦਾ ਤਰੀਕਾ ਜੰਟੇ ਦਾ ਵੀ ਉਹੀ ਸੀ |

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98156-88236.

ਉੱਠੋ ਪੰਜਾਬੀ ਸੁੱਤਿਓ

ਉੱਠੋ ਪੰਜਾਬੀ ਸੁੱਤਿਓ, ਉੱਠ ਹੰਭਲਾ ਮਾਰੋ,
ਪੰਜਾਬ ਜਾਂਦਾ ਵੱਲ ਖਾਤਮੇ, ਇਸ ਨੂੰ ਸੰਭਾਲੋ |
ਇਹ ਧਰਤੀ ਗੁਰੂਆਂ ਪੀਰਾਂ ਦੀ,
ਇਹ ਯੋਧਿਆਂ ਅਤੇ ਫ਼ਕੀਰਾਂ ਦੀ,
ਇਹਨੂੰ ਲੱਗ ਗਈ ਹੈ ਨਜ਼ਰ ਜੋ,
ਉਹ ਨਜ਼ਰ ਉਤਾਰੋ,
ਉੱਠੋ ਪੰਜਾਬੀ ਸੁੱਤਿਓ... |
ਇਥੇ ਮੁੱਕਦਾ ਜਾਂਦਾ ਪਾਣੀ ਹੈ,
ਜੇ ਮੁੱਕ ਗਿਆ, ਖ਼ਤਮ ਕਹਾਣੀ ਹੈ,
ਨਾ ਕਦਰ ਲੋਕਾਂ ਨੇ ਜਾਣੀ ਹੈ,
ਲੋਕਾਂ ਨੂੰ ਕਦਰ ਸਿਖਾ ਲਓ,
ਉੱਠੋ ਪੰਜਾਬੀ ਸੁੱਤਿਓ... |
ਇਥੇ ਦਰਿਆ ਨਸ਼ਿਆਂ ਦੇ ਵਗਦੇ ਨੇ,
ਨਾ ਵੇਚਣ ਤੋਂ ਕੋਈ ਡਰਦੇ ਨੇ,
ਨੌਜਵਾਨ ਪੁੱਤ ਮਾਵਾਂ ਦੇ ਮਰਦੇ ਨੇ,
ਮਾਵਾਂ ਦੇ ਪੁੱਤ ਬਚਾ ਲਓ,
ਉੱਠੋ ਪੰਜਾਬੀ ਸੁੱਤਿਓ... |
ਕਿਸਾਨ ਖ਼ੁਦਕੁਸ਼ੀਆਂ ਨਿੱਤ ਕਰਦੇ ਨੇ,
ਸਲਫਾਸ ਖਾ ਖਾ ਮਰਦੇ ਨੇ,
ਉਹ ਬੇ-ਇੱਜ਼ਤੀਆਂ ਨਾ ਜਰਦੇ ਨੇ,
ਰਿਪੋਰਟ ਸੁਆਮੀ ਨਾਥਨ ਦੀ ਲਾਗੂ ਕਰਾ ਲਓ,
ਉੱਠੋ ਪੰਜਾਬੀ ਸੁੱਤਿਓ... |
ਕਾਨੂੰਨਾਂ ਦੀਆਂ ਉੱਡਦੀਆਂ ਧੱਜੀਆਂ ਨੂੰ ,
ਤੁਸੀਂ ਬਚਾ ਲਓ ਆਪਣੀਆਂ ਬੱਚੀਆਂ ਨੂੰ ,
ਦਰਿੰਦੇ ਖਾਂਦੇ ਇਨ੍ਹਾਂ ਕੱਚੀਆਂ ਨੂੰ ,
ਦੋਸ਼ੀ ਫਾਂਸੀ 'ਤੇ ਲਟਕਾ ਲਓ,
ਉੱਠੋ ਪੰਜਾਬੀ ਸੁੱਤਿਓ... |
ਇਥੇ ਰਿਸ਼ਵਤ, ਹੇਰਾ-ਫੇਰੀ ਹੈ,
ਹੰੁਦੀ ਕੰਮਾਂ ਦੇ ਵਿਚ ਦੇਰੀ ਹੈ,
ਪੈਸਾ ਚਲਦਾ ਵਾਂਗ ਹਨੇਰੀ ਹੈ,
ਇਸ 'ਨੇਰੀ ਨੂੰ ਠੱਲ੍ਹ ਪਾ ਲਓ,
ਉੱਠੋ ਪੰਜਾਬੀ ਸੁੱਤਿਓ... |
ਇਥੇ ਸਮੱਸਿਆਵਾਂ ਬੜੀਆਂ ਹੋਰ ਵੀ ਆ,
ਅਵਾਰਾ ਡੰਗਰ, ਡਾਕੂ, ਮਿਲਾਵਟਖ਼ੋਰ ਵੀ ਆ,
ਅਨਪੜ੍ਹਤਾ, ਬੇਰੁਜ਼ਗਾਰੀ, ਗ਼ਰੀਬੀ ਦਾ ਕੋਹੜ ਵੀ ਆ,
ਇਕ ਇਕ ਨਾਲ ਮੱਥਾ ਲਾ ਲਓ,
ਉੱਠੋ ਪੰਜਾਬੀ ਸੁੱਤਿਓ, ਉੱਠ ਹੰਭਲਾ ਮਾਰੋ |

-ਭਰਪੂਰ ਕੌਰ 'ਚੰਨੂਵਾਲਾ'
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ, ਮੋਗਾ | ਫੋਨ : 99145-38142

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX