ਤਾਜਾ ਖ਼ਬਰਾਂ


ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  22 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 1 hour ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 1 hour ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਮੰਨਾ

ਬੋਲੇਂ ਚੂੜੀਆਂ

ਨਵਾਜ਼ੂਦੀਨ ਸਿਦੀਕੀ ਨਾਲ ਤਮੰਨਾ ਭਾਟੀਆ ਦੀ ਜੋੜੀ ਇਕ ਸ਼ਾਨਦਾਰ ਧਮਾਕਾ ਹੋਣ ਵਾਲਾ ਹੈ। ਦਿਲਚਸਪ ਗੱਲ ਇਹ ਹੈ ਕਿ ਨਵਾਜ਼ੂ ਨੇ ਖੁਦ ਤਮੰਨਾ ਭਾਟੀਆ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਹੈ। ਕਰੇ ਵੀ ਕਿਉਂ ਨਾ ਦੱਖਣ ਦੀ ਰਾਣੀ ਨੂੰ ਦੁੱਧ ਰੰਗੀ' ਤਮੰਨਾ ਨਾਲ ਉਹ 'ਬੋਲੇ ਚੂੜੀਆਂ' ਫ਼ਿਲਮ ਕਰ ਰਿਹਾ ਹੈ ਤੇ ਤਮੰਨਾ ਨੇ ਕਿਹਾ ਕਿ ਪਹਿਲੀ ਫ਼ਿਲਮ ਹੈ 'ਬੋਲੇ ਚੂੜੀਆਂ' ਜਿਸ 'ਚ ਕੋਈ 'ਲੜਾਈ-ਝਗੜਾ' ਨਹੀਂ। ਸਿਰਫ਼ ਤੇ ਸਿਰਫ਼ ਪਿਆਰ-ਪਿਆਰ-ਪਿਆਰ 'ਬੋਲੇ ਚੂੜੀਆਂ' ਵਿਚ ਹੋਵੇਗਾ। ਤਮੰਨਾ ਨੇ ਨਵਾਜ਼ੂ ਨਾਲ ਇਕ ਰੁਮਾਂਟਿਕ ਵੀਡੀਓ ਵੀ ਸਾਂਝਾ ਕੀਤਾ ਹੈ। ਪਹਿਲਾਂ ਇਹ ਫ਼ਿਲਮ ਮੌਨੀ ਰਾਏ ਕਰਨ ਵਾਲੀ ਸੀ। ਨਵਾਜ਼ੂਦੀਨ ਨਾਲ ਪਹਿਲੀ ਵਾਰ ਤਮੰਨਾ ਦੀ ਜੋੜੀ ਬਣ ਰਹੀ ਹੈ। ਤਮੰਨਾ ਲਈ ਖਾਸ ਗੱਲ ਇਹ ਵੀ ਹੈ ਕਿ 'ਬੋਲੇ ਚੂੜੀਆਂ' ਨੂੰ ਨਵਾਜ਼ੂਦੀਨ ਦਾ ਭਰਾ ਸਮਸ਼ ਨਵਾਬ ਸਿਦੀਕੀ ਨਿਰਦੇਸ਼ਤ ਕਰ ਰਿਹਾ ਹੈ। ਇਧਰ, ਚਿੰਰੀਜੀਵੀ ਤੇ ਅਮਿਤਾਭ ਬੱਚਨ ਨਾਲ 'ਸਾਈਰਾ ਨਰਸਿਮਾ' ਕੀਤੀ ਹੈ ਜਿਸ ਦੇ ਟੀਜ਼ਰ ਨੇ ਯੂ-ਟਿਊਬ 'ਤੇ ਜ਼ਬਰਦਸਤ ਹੁੰਗਾਰਾ ਲਿਆ ਹੈ। ਤਾਮਿਲ, ਤੇਲਗੂ, ਕੰਨੜ, ਮਾਲਿਅਲਮ ਤੇ ਹਿੰਦੀ 'ਚ ਇਹ ਫ਼ਿਲਮ ਆਜ਼ਾਦੀ ਸੰਗਰਾਮੀਏ ਨਰਸਿਮ੍ਹਾ ਰਾਓ ਰੈਡੀ 'ਤੇ ਆਧਾਰਿਤ ਹੈ। ਦੇਸ਼ ਪਿਆਰ ਦੀ ਫ਼ਿਲਮ ਦਾ ਹਿੱਸਾ ਤੇ 'ਬੋਲੇ ਚੂੜੀਆਂ' ਬਿਨ ਇਕ ਵੀ ਖੜਕੇ-ਦੜਕੇ ਵਾਲੇ ਤੇ ਹਾਸਮਈ ਦ੍ਰਿਸ਼ ਦੇ ਸ਼ੁੱਧ ਰੁਮਾਂਟਿਕ ਫ਼ਿਲਮ ਕਰਕੇ ਬਹੁਪੱਖੀ ਅਭਿਨੇਤਰੀ, ਸਦਾਬਹਾਰ ਤਮੰਨਾ ਭਾਟੀਆ ਬਣਨ ਦਾ ਸੁਪਨਾ ਉਹ ਸਾਕਾਰ ਰਹੀ ਹੈ। 'ਹਿੰਮਤਵਾਲਾ' ਤੋਂ 'ਬੋਲੇ ਚੂੜੀਆਂ' ਤੇ ਅਨੇਕਾਂ ਹੋਰ ਕਾਮਯਾਬ ਫ਼ਿਲਮਾਂ ਤਾਂ ਉਸ ਦੇ ਖਾਤੇ ਵਿਚ ਹਨ ਹੀ ਪਰ 'ਬੋਲੇ ਚੂੜੀਆਂ' ਤੇ 'ਸਾਈਰਾ' ਨਾਲ ਦੋ ਵੱਖਰੇ-ਵੱਖਰੇ ਰੂਪ ਦਿਖਾ ਕੇ ਤਮੰਨਾ ਭਾਟੀਆ ਹਰ ਫ਼ਿਲਮ 'ਚ ਵੱਖਰਾ ਕਿਰਦਾਰ/ਵੱਖਰਾ ਕੰਮ, ਨਵੀਂ ਦਿੱਖ ਦਿਖਾਉਣ ਵਾਲੀ ਹੈ। ਅਸ਼ਕੇ ਤਮੰਨਾ....ਦੇ।


ਖ਼ਬਰ ਸ਼ੇਅਰ ਕਰੋ

ਨਰਗਿਸ ਫਾਖਰੀ : ਕਹਾਨੀ ਕਿਸਮਤ ਕੀ

ਇਕ ਉਦੈ ਚੋਪੜਾ ਵਲੋਂ ਧੋਖਾ ਤੇ ਦੂਸਰਾ ਵਿਦੇਸ਼ੀ ਮਿੱਤਰ ਦੇ ਬੱਚੇ ਦੀ ਮਾਂ ਬਣੇਗੀ ਵਰਗਾ ਕੋਰਾ ਝੂਠ ਫੈਲਾਵੇ ਤਾਂ ਗੁੱਸੇ 'ਚ ਨਰਗਿਸ ਨੇ 'ਵੈੱਬਸਾਈਟ' ਦੇ ਪ੍ਰਬੰਧਕਾਂ ਨੂੰ ਕਿਹਾ ਕਿ ਤੁਸੀਂ 'ਮੈਂਟਲ ਹਸਪਤਾਲ' ਭਰਤੀ ਹੋ ਜਾਵੋ, ਵਰਨਾ ਉਹ ਥਾਣੇ ਕਚਹਿਰੀ ਲੈ ਜਾਵੇਗੀ। ਮੁਆਫ਼ੀ ਮੰਗ ਕੇ ਪ੍ਰਬੰਧਕਾਂ ਨੇ ਜਾਨ ਤਾਂ ਬਚਾਈ। ਨਿਊਯਾਰਕ ਦੀ ਸੜਕ 'ਤੇ ਡਿੱਗ ਕੇ ਉਸ ਨੇ ਗਿੱਟਾ ਵੀ ਤੁੜਵਾਇਆ ਸੀ ਪਰ ਕੰਮ ਪ੍ਰਤੀ ਸਮਰਪਣ ਹੈ ਕਿ ਪੱਟੀਆਂ ਕਰਵਾ ਕੇ ਉਹ 'ਫੈਸ਼ਨ ਵੀਕ' ਦਾ ਹਿੱਸਾ ਬਣੀ ਸੀ। ਹੁਣ ਉਹ ਕੀ ਕਰ ਰਹੀ ਹੈ? ਅਸੀਂ ਪੂਰੀ ਛਾਣਬੀਣ ਕਰਨ ਦੀ ਚਾਲ ਚੱਲੀ ਤੇ ਪਤਾ ਚੱਲਿਆ ਕਿ 'ਰਾਕ ਸਟਾਰ' ਨਰਗਿਸ ਦਾ ਤਰਜ਼ਕਾਰ ਤੇ ਸੰਗੀਤਕਾਰ ਮੈਂਟ ਅਲਾਂਜੇ ਨਾਲ ਚੱਲ ਰਿਹਾ ਪਿਆਰ-ਕਿੱਸਾ ਹੁਣ ਆਖਰੀ ਵਰਕੇ 'ਤੇ ਜਾ ਕੇ ਕੋਰਾ ਵਰਕਾ ਬਣ ਸ਼ਾਇਦ ਸਦਾ ਲਈ ਟੁੱਟ ਹੀ ਗਿਆ ਹੈ। ਨਰਗਿਸ ਨੇ ਮੈਂਟ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ ਤੋਂ ਉਤਾਰ ਲਈਆਂ ਹਨ। ਚਾਹੇ ਨਰਗਿਸ ਦਾ ਫ਼ਿਲਮੀ ਕੈਰੀਅਰ ਸਧਾਰਨ ਹੀ ਰਿਹਾ ਹੈ ਪਰ ਉਸ ਦੇ ਕੰਮ ਦੀ ਹਮੇਸ਼ਾ ਸ਼ਲਾਘਾ ਹੀ ਹੋਈ ਹੈ। ਸੁਪਨੇ ਪੂਰੇ ਕਰਨ ਲਈ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਇਹ ਗੱਲ ਨਰਗਿਸ ਨੇ ਕਹੀ ਹੈ। ਤਿੰਨ ਸਾਲ ਬਾਅਦ ਹੁਣ ਉਹ ਫਿਰ ਆਪਣੀ ਮਾਂ ਨੂੰ ਮਿਲੀ ਹੈ। ਉਹ ਵੀ ਤਾਂ ਕਿਉਂਕਿ ਮਾਂ ਨੇ ਈਮੇਲ ਕਰਕੇ ਨਰਗਿਸ ਨੂੰ ਪੁੱਛਿਆ ਸੀ ਕਿ ਉਸ ਦੀ ਧੀ ਜਿਊਂਦੀ ਵੀ ਹੈ। ਅਸਲ 'ਚ ਪਿਆਰ ਅੰਨ੍ਹਾ ਹੁੰਦਾ ਹੈ ਤੇ ਇਨ੍ਹਾਂ ਚੱਕਰਾਂ 'ਚ ਘਰ-ਬਾਰ, ਪਰਿਵਾਰ ਤੇ ਕੈਰੀਅਰ ਚੌਪਟ ਕਰਕੇ ਬਹਿ ਗਈ ਨਰਗਿਸ ਨੂੰ ਹੁਣ ਕਿਸਮਤ ਤੇ ਚੰਗੀ ਤਕਦੀਰ ਹੀ ਕਾਮਯਾਬ ਕਰ ਸਕਦੀ ਹੈ।

ਯਾਮੀ ਗੌਤਮ

ਗਿੰਨੀ ਵੈੱਡਜ਼ ਸੰਨੀ

ਦਿਨੇਸ਼ ਵਿਜ਼ਨ ਨੇ ਪੂਰੇ ਚਾਅ-ਮਲ੍ਹਾਰ ਨਾਲ ਯਾਮੀ ਗੌਤਮ ਨੂੰ 'ਬਦਲਾਪੁਰ' ਤੋਂ ਬਾਅਦ ਆਪਣੀ ਨਵੀਂ ਫ਼ਿਲਮ ਲਈ ਚੁਣ ਲਿਆ ਹੈ। ਯਾਮੀ ਦੇ ਨਾਲ ਹੀਰੋ ਆਯੂਸ਼ਮਨ ਖੁਰਾਨਾ ਹੈ। 'ਲਖਨਊ ਕੀ ਸੁਪਰ ਮਾਡਲ' ਉਹ ਇਸ ਫ਼ਿਲਮ 'ਚ ਬਣ ਰਹੀ ਹੈ। ਗੰਜੇਪਨ ਨਾਲ ਜੂਝਦੇ ਮੁੰਡੇ ਦੀ ਪ੍ਰੇਮਿਕਾ ਉਹ ਦਿਨੇਸ਼ ਵਿਜ਼ਨ ਦੀ ਇਸ ਨਵੀਂ ਫ਼ਿਲਮ 'ਚ ਬਣੀ ਹੈ। ਵੈਸੇ ਮੁਕੇਸ਼ ਗੌਤਮ ਦੀ ਲਾਡਾਂ ਪਲੀ ਇਹ ਬਿਟੀਆ ਰਾਣੀ ਆਪਣੀ ਸੁੰਦਰਤਾ ਨਾਲ ਹਰ ਦਿਲ 'ਤੇ ਵਾਰ ਕਰਦੀ ਹੈ। ਔਰਤਾਂ ਚਾਹੁੰਦੀਆਂ ਨੇ ਜਿਸਮ ਹੋਵੇ ਤਾਂ ਯਾਮੀ ਜਿਹਾ, ਚਮਕਦਾ ਚਿਹਰਾ ਹਰ ਕੁੜੀ ਚਾਹੁੰਦੀ ਹੈ ਤੇ ਯਾਮੀ ਆਖਦੀ ਹੈ ਅਲੋਏਵੇਰਾ ਜੈਲ, ਵਿਟਾਮਿਨ ਸੀ ਤੇ ਕੈਸਟਰ ਤੇਲ ਮਿਲਾ ਕੇ ਉਸ ਦਾ ਘੋਲ ਉਹ ਚਿਹਰੇ 'ਤੇ ਲਾਉਂਦੀ ਹੈ। ਨਾਰੀਅਲ ਪਾਣੀ ਪੀਣਾ, ਸਿਰਕੇ ਨਾਲ ਵਾਲ ਧੋਣੇ, ਜੈਲ ਤੇ ਸਪਰੇਅ ਜੁਲਫ਼ਾਂ 'ਤੇ ਨਹੀਂ ਲਾਉਂਦੀ ਤੇ ਖੰਡ, ਸ਼ਹਿਦ, ਹਲਦੀ ਦੇ ਘੋਲ ਨਾਲ ਲੇਪ ਲਾ ਕੇ ਫਿਰ ਚਿਹਰਾ ਧੋ ਲੈਣਾ, ਇਹ ਸਭ ਕਰਦੀ ਹੈ ਸੁੰਦਰਤਾ ਦੀ ਰਾਣੀ ਯਾਮੀ ਗੌਤਮ। 'ਗਿੰਨੀ ਵੈਡਜ਼ ਸੰਨੀ' ਫ਼ਿਲਮ ਵੀ 'ਲਖਨਊ ਦੀ ਸੁਪਰ ਮਾਡਲ' ਚੰਡੀਗੜ੍ਹ ਵਾਲੀ ਯਾਮੀ ਕਰ ਰਹੀ ਹੈ। ਜੈਵਿਕ ਖੇਤੀ ਕਰਨ ਲਈ ਯਾਮੀ ਹਿਮਾਚਲ ਪ੍ਰਦੇਸ਼ ਆਪਣੀ ਜ਼ਮੀਨ 'ਤੇ ਜਾਣ ਲਈ ਉਤਾਵਲੀ ਹੈ। ਯਾਮੀ ਨੇ ਹਿਮਾਚਲ 'ਚ ਆਪਣਾ 'ਗਰੀਨ ਹਾਊਸ' ਵੀ ਬਣਾਇਆ ਹੈ। 'ਜੈਵਿਕ ਗਾਰਡਨ' ਵੀ ਉਸ ਦਾ ਤਿਆਰ ਹੈ। ਸਮਝਦਾਰ, ਸੁੱਘੜ-ਸਿਆਣੀ ਅਭਿਨੇਤਰੀ ਯਾਮੀ ਹੈ... ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ।


-ਸੁਖਜੀਤ ਕੌਰ

ਵਰੁਣ ਧਵਨ

ਸਟਰੀਟ ਡਾਂਸਰ ਖ਼ੁਸ਼ ਹੁਆ

ਬਹੁਤ ਹੀ ਖ਼ੁਸ਼ ਹੈ, ਖ਼ੁਸ਼ ਹੱਦ ਤੋਂ ਵੱਧ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਰੁਣ ਧਵਨ ਦੀ ਫ਼ਿਲਮ 'ਕੁਲੀ ਨੰਬਰ-1' ਲਈ ਟਵੀਟ ਕੀਤਾ ਹੈ। ਅਸਲ 'ਚ ਵਰੁਣ ਨੇ ਕਿਹਾ ਸੀ ਕਿ ਉਸ ਦੀ ਇਸ ਫ਼ਿਲਮ 'ਤੇ ਪਲਾਸਟਿਕ ਦੀ ਵਰਤੋਂ ਨਹੀਂ ਹੋਵੇਗੀ ਤੇ ਅਜਿਹਾ ਹੀ ਹੋਇਆ। ਵਰੁਣ ਨੇ ਮੋਦੀ ਜੀ ਨੂੰ 'ਟੈਗ' ਕਰਕੇ ਟਵੀਟ ਕੀਤਾ ਕਿ 'ਪਲਾਸਟਿਕ-ਮੁਕਤ ਭਾਰਤ-ਸਮੇਂ ਦੀ ਲੋੜ' ਹੈ। ਨਰਿੰਦਰ ਮੋਦੀ ਨੇ ਕਰ ਦਿੱਤੀ 'ਕੁਲੀ ਨੰਬਰ-1' ਦੀ ਟੀਮ ਦੀ ਸਿਫ਼ਤ ਤੇ ਉਨ੍ਹਾਂ ਥਾਪੜਾ ਦਿੱਤਾ ਟਵੀਟ ਦਾ ਸ਼ਾਬਾਸ਼! ਵਰਣ ਧਵਨ...। ਵੈਸੇ ਅੱਜਕਲ੍ਹ ਜਿਧਰ ਦੇਖੋ ਵਰੁਣ ਛਾਇਆ ਹੋਇਆ ਹੈ। ਸਚਿਨ ਤੇਂਦੁਲਕਰ 'ਕ੍ਰਿਕਟ ਦਾ ਭਗਵਾਨ' ਤੇ ਉਸ ਦੇ ਨਵੇਂ ਆਏ ਵੀਡੀਓ 'ਚ ਸਚਿਨ ਨੂੰ ਬੈਟਿੰਗ ਵਰੁਣ ਧਵਨ ਕਰਵਾ ਰਿਹਾ ਹੈ ਤੇ ਦੂਸਰਾ ਬਾਬਰ ਅਭਿਸ਼ੇਕ ਨੇ ਇਹ ਵੀਡੀਓ ਬਣਾਇਆ। ਵਰੁਣ ਦੀ ਇਕ ਹੋਰ ਫ਼ਿਲਮ 'ਸਟਰੀਟ ਡਾਂਸਰ' ਵੀ ਹੈ। ਵਰੁਣ... ਵਰੁਣ... ਹੋ ਰਹੀ ਹੈ, ਸਾਰਾ ਅਲੀ ਖ਼ਾਨ ਨੇ ਤਾਂ ਕਹਿ ਹੀ ਦਿੱਤਾ ਹੈ ਕਿ ਵਰੁਣ ਨਾਲ ਫ਼ਿਲਮ... ਵਾਹ... ਉਹ ਤੇ ਅਭਿਨੈ ਕੈਮਰੇ ਦਾ ਸਾਹਮਣਾ ਕਰਨਾ ਬਹੁਤ ਕੁਝ ਸਿਖਾਉਂਦੀ ਹੈ। ਉਹ 'ਸਟਰੀਟ ਡਾਂਸਰ' ਵੀ ਹੈ ਤੇ 'ਕੁਲੀ ਨੰਬਰ-1' ਵੀ ਤੇ 'ਪਲਾਸਟਿਕ ਮੁਕਤ' ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਾਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਚਹੇਤਾ ਨਾਇਕ ਵੀ। 'ਸਟਰੀਟ ਡਾਂਸਰ-3 ਡੀ' ਦੀ ਤਿਆਰੀ ਵੀ ਉਹ ਕਰ ਰਿਹਾ ਹੈ। ਭੂਸ਼ਨ ਕੁਮਾਰ ਦੀ ਬਾਇਓਪਿਕ 'ਮੁਗਲ' ਨਾ ਕਰ ਸਕਣ ਦਾ ਉਸ ਨੂੰ ਦੁੱਖ ਹੈ ਪਰ ਆਮਿਰ ਖ਼ਾਨ ਹੁਣ 'ਮੁਗਲ' ਕਰ ਰਹੇ ਨੇ, ਉਹ ਖੁਸ਼ ਹੈ। ਵੈਸੇ ਲੋਕੀਂ ਕਹਿੰਦੇ ਹਨ ਅੰਦਰਲੀ ਖ਼ੁਸ਼ੀ ਨਤਾਸ਼ਾ ਦਲਾਲ ਨਾਲ ਉਸ ਦੀ ਹੋਈ ਮੰਗਣੀ ਤੇ ਜਲਦ ਹੋ ਰਹੀ ਸ਼ਾਦੀ ਦੀ ਹੈ। ਇਹ ਦੁਸਹਿਰਾ ਵਰੁਣ ਲਈ ਵਧੀਆ ਰਿਹਾ ਤੇ 'ਪਲਾਸਟਿਕ ਮੁਕਤ' ਭਾਰਤ ਲਈ ਪ੍ਰਧਾਨ ਮੰਤਰੀ ਦੇ ਦਿੱਤੇ ਹੌਸਲੇ ਨੇ 'ਸਟਰੀਟ ਡਾਂਸਰ-3 ਡੀ' ਵਰੁਣ ਧਵਨ ਨੂੰ ਨਵੀਂ ਊਰਜਾ ਦਿੱਤੀ ਹੈ।

ਇਲੀਆਨਾ ਡੀਕਰੂਜ਼

ਬੇਪ੍ਰਵਾਹ ਨਾਇਕਾ

ਹੈ ਤਾਂ 'ਬਰਫ਼ੀ' ਵਾਲੀ ਇਲੀਆਨਾ ਡੀਕਰੂਜ਼ ਵਿਹਲੀ ਪਰ ਚਰਚਾ ਐਨੀ ਕੁ ਅੱਜ ਤੱਕ ਮੁੰਬਈ ਨਗਰੀ 'ਚ ਹੈ ਕਿ ਪੁੱਛੋ ਹੀ ਨਾ ਤੇ ਚਰਚਾ ਉਸ ਦੇ ਰਿਸ਼ਤੇ ਨੂੰ ਲੈ ਕੇ ਹੈ। ਮੁਕੇਸ਼ ਅੰਬਾਨੀ ਦੇ ਘਰੇ ਨੀਤਾ ਅੰਬਾਨੀ ਦੇ ਬੁਲਾਵੇ 'ਤੇ ਉਹ ਦੁਸਹਿਰਾ ਮਨਾਉਣ ਪਹੁੰਚੀ। ਉਸ ਦਾ ਪਹਿਰਾਵਾ ਤੇ ਤੱਕਣੀ ਤਾਂ ਇਹੀ ਪ੍ਰਭਾਵ ਦੇ ਰਹੀ ਸੀ ਕਿ ਉਹ ਬਹੁਤ ਖ਼ੁਸ਼ ਹੈ, ਤਰੋ-ਤਾਜ਼ਾ ਹੈ। ਕੋਈ ਲੱਥੀ-ਚੜ੍ਹੀ ਉਸ ਨੂੰ ਯਾਦ ਨਹੀਂ ਹੈ। ਅਗਲੇ ਮਹੀਨੇ ਜਾਨ ਅਬਰਾਹਮ ਦੇ ਨਾਲ ਉਸ ਦੀ ਫ਼ਿਲਮ 'ਪਾਗਲਪੰਤੀ' ਆ ਰਹੀ ਹੈ। ਤੇ ਹਾਂ ਨੀਂਦ 'ਚ ਤੁਰਨ ਦੀ ਬਿਮਾਰੀ ਤਾਂ ਉਸ ਦੀ ਪੁਰਾਣੀ ਹੀ ਹੈ। ਫ਼ਿਲਮਾਂ ਉਸ ਨੇ ਚੰਗੀਆਂ ਕੀਤੀਆਂ 'ਬਰਫ਼ੀ' ਤੋਂ 'ਰੇਡ' ਤੱਕ ਪਰ ਆਸਟ੍ਰੇਲੀਅਨ ਐਂਡਰਿਊ ਦੇ ਪਿਆਰ 'ਚ ਹੁਣੇ ਹੀ ਉਸ ਨੇ ਤਾਜ਼ਾ ਧੋਖਾ ਖਾਧਾ ਹੈ। ਸੁਣਿਆ ਹੈ ਕਿ ਇਹ ਸਬੰਧ ਹੁਣ ਟੁੱਟ ਗਿਆ ਹੈ। 'ਜਨਤਾ ਦਾ ਚਿਹਰਾ ਹਾਂ, ਪਰ ਇਸ ਦਾ ਅਰਥ ਇਹ ਨਹੀਂ ਕਿ ਲੋਕਾਂ ਮੈਨੂੰ ਮੁੱਲ ਲੈ ਲਿਆ ਹੈ', ਕਹਿਣ ਵਾਲੀ ਇਲੀਆਨਾ ਡੀਕਰੂਜ਼ ਦਾ ਸਾਫ਼ ਵਿਚਾਰ ਇਹ ਹੈ ਕਿ ਉਹ ਦੁਨੀਆ ਦੀ ਪ੍ਰਵਾਹ ਨਹੀਂ ਕਰਦੀ।

ਅਧਿਆਪਕਾ ਤੋਂ ਨਾਇਕਾ ਬਣੀ ਜੋਤੀ ਗੌਬਾ

ਫ਼ਿਲਮ 'ਇਡੀਅਟ ਬਾਕਸ' ਵਿਚ ਏਕਤਾ ਕਪੂਰ ਤੋਂ ਪ੍ਰੇਰਿਤ ਕਿਰਦਾਰ ਨਿਭਾਅ ਕੇ ਅਭਿਨੈ ਦੀ ਦੁਨੀਆ ਵਿਚ ਆਪਣਾ ਆਗਮਨ ਕਰਨ ਵਾਲੀ ਜੋਤੀ ਗੌਬਾ ਨੇ 'ਥੋੜ੍ਹਾ ਪਿਆਰ ਥੋੜ੍ਹਾ ਮੈਜ਼ਿਕ', 'ਟੇਕ ਇਟ ਈਜ਼ੀ' ਫ਼ਿਲਮਾਂ ਦੇ ਨਾਲ-ਨਾਲ 'ਏਕ ਹਸੀਨਾ ਥੀ', 'ਕਵਚ', 'ਬੜੀ ਦੇਵਰਾਨੀ' ਆਦਿ ਲੜੀਵਾਰਾਂ ਵਿਚ ਵੀ ਕੰਮ ਕੀਤਾ ਹੈ। ਹੋਇਆ ਇੰਜ ਕਿ ਜੋਤੀ ਇਕ ਦਿਨ ਲੜੀਵਾਰ 'ਏਕ ਹਸੀਨਾ ਥੀ' ਦੀ ਸ਼ੂਟਿੰਗ ਕਰ ਰਹੀ ਸੀ ਕਿ ਉਦੋਂ ਉਸ ਦਾ ਸਾਹਮਣਾ ਲੜੀਵਾਰ ਦੇ ਨਾਇਕ ਵਤਸਲ ਸੇਠ ਨਾਲ ਹੋ ਗਿਆ। ਵਤਸਲ ਨੂੰ ਇਹ ਦੱਸਿਆ ਗਿਆ ਸੀ ਕਿ ਹੁਣ ਕਹਾਣੀ ਵਿਚ ਮਾਸੀ ਦੇ ਕਿਰਦਾਰ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਇਸ ਕਿਰਦਾਰ ਲਈ ਜੋਤੀ ਦੀ ਚੋਣ ਕੀਤੀ ਗਈ ਸੀ। ਜਦੋਂ ਵਤਸਲ ਦੀ ਜਾਣ-ਪਛਾਣ ਉਸ ਨਾਲ ਕਰਵਾਈ ਤਾਂ ਜੋਤੀ ਨੂੰ ਦੇਖ ਕੇ ਉਨ੍ਹਾਂ ਨੂੰ ਲੱਗਿਆ ਕਿ ਉਹ ਉਸ ਨੂੰ ਪਹਿਲਾਂ ਵੀ ਕਿਤੇ ਮਿਲ ਚੁੱਕਿਆ ਹੈ ਅਤੇ ਉਸ ਨੂੰ ਜੋਤੀ ਦਾ ਚਿਹਰਾ ਜਾਣਿਆ-ਪਛਾਣਿਆ ਜਿਹਾ ਲੱਗਿਆ। ਦਿਮਾਗ਼ 'ਤੇ ਕਾਫ਼ੀ ਜ਼ੋਰ ਦੇਣ ਤੋਂ ਬਾਅਦ ਉਸ ਨੂੰ ਇਹ ਯਾਦ ਆਇਆ ਕਿ ਜਦੋਂ ਉਹ ਉਤਪਲ ਸੰਘਵੀ ਸਕੂਲ ਵਿਚ ਪੜ੍ਹਾਈ ਕਰ ਰਿਹਾ ਸੀ, ਉਦੋਂ ਜੋਤੀ ਉਥੇ ਗਣਿਤ ਦੀ ਅਧਿਆਪਕਾ ਸੀ ਅਤੇ ਉਸ ਨੂੰ ਗਣਿਤ ਸਿਖਾਉਂਦੀ ਸੀ।

-ਮੁੰਬਈ ਪ੍ਰਤੀਨਿਧ

ਹਾਲੀਵੁੱਡ ਵਿਚ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਈ ਸੀ : ਪ੍ਰਿਅੰਕਾ ਚੋਪੜਾ

ਪ੍ਰਿਅੰਕਾ ਚੋਪੜਾ ਪਿਛਲੇ ਕਾਫੀ ਸਮੇਂ ਤੋਂ ਹਾਲੀਵੁੱਡ ਵਿਚ ਰੁੱਝੀ ਹੋਈ ਹੈ। ਉਹ ਉਥੇ ਫ਼ਿਲਮਾਂ ਤੇ ਲੜੀਵਾਰਾਂ ਵਿਚ ਆਪਣੇ ਨਾਂਅ ਦੇ ਝੰਡੇ ਗੱਡ ਰਹੀ ਹੈ। ਇਕ ਸਮੇਂ ਬਾਅਦ ਪ੍ਰਿਅੰਕਾ ਨੇ ਹਿੰਦੀ ਫ਼ਿਲਮ 'ਦ ਸਕਾਈ ਇਜ਼ ਪਿੰਕ' ਵਿਚ ਕੰਮ ਕੀਤਾ ਹੈ ਅਤੇ ਇਥੇ ਉਸ ਨੇ ਇਕ ਇਸ ਤਰ੍ਹਾਂ ਦੀ ਮਾਂ ਦੀ ਭੂਮਿਕਾ ਨਿਭਾਈ ਹੈ, ਜਿਸ ਦੀ ਬੇਟੀ ਅੱਲੜ੍ਹ ਉਮਰ ਦੀ ਹੈ ਤੇ ਗੰਭੀਰ ਬਿਮਾਰੀ ਨਾਲ ਪੀੜਤ ਹੈ।
ਇਸ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਇਹ ਫ਼ਿਲਮ ਅਸਲ ਕਿਰਦਾਰਾਂ 'ਤੇ ਆਧਾਰਿਤ ਹੈ। ਇਥੇ ਆਮ ਜ਼ਿੰਦਗੀ ਜੀਅ ਰਹੇ ਕਿਰਦਾਰ ਹਨ। ਨਾ ਤਾਂ ਨਾਮੀ ਖਿਡਾਰੀ ਹਨ ਤੇ ਨਾ ਹੀ ਸਟਾਰ। ਜਦੋਂ ਨਿਰਦੇਸ਼ਿਕਾ ਸ਼ੋਨਾਲੀ ਨੇ ਫ਼ਿਲਮ ਦੀ ਕਹਾਣੀ ਦੱਸੀ ਤਾਂ ਲੱਗਿਆ ਸੀ ਕਿ ਇਹ ਸਪੈਸ਼ਲ ਫ਼ਿਲਮ ਹੈ। ਮੈਨੂੰ ਮਾਂ ਦੀ ਭੂਮਿਕਾ ਅਪੀਲ ਕਰ ਗਈ ਸੀ। ਉਂਜ ਵੀ ਮਾਂ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਨਵਾਂ ਤਜਰਬਾ ਨਹੀਂ ਸੀ। 'ਮੈਰੀ ਕਾਮ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਮੈਨੂੰ ਮਾਂ ਦੀ ਭੂਮਿਕਾ ਵਿਚ ਪੇਸ਼ ਕੀਤਾ ਗਿਆ ਸੀ। 'ਸਾਤ ਖੂਨ ਮਾਫ਼' ਵਿਚ ਮੈਂ ਨਸੀਰੂਦੀਨ ਸ਼ਾਹ ਵਰਗੇ ਸੀਨੀਅਰ ਐਕਟਰ ਦੀ ਪਤਨੀ ਦੀ ਭੂਮਿਕਾ ਵਿਚ ਸੀ। ਮੇਰੇ ਲਈ ਕਿਰਦਾਰ ਮਹੱਤਵ ਰੱਖਦਾ ਹੈ ਨਾ ਕਿ ਕਿਰਦਾਰ ਦੀ ਉਮਰ। ਇਸ ਫ਼ਿਲਮ ਵਿਚ ਇਕ ਮਾਂ ਨੂੰ ਆਪਣੀ ਬੇਟੀ ਦੀ ਬਿਮਾਰੀ ਦੀ ਬਦੌਲਤ ਕੀ ਕੁਝ ਸਹਿਣਾ ਪੈਂਦਾ ਹੈ, ਬੇਟੀ ਦੀ ਬਿਮਾਰੀ ਦੇ ਚਲਦਿਆਂ ਮਾਂ ਦੀ ਜ਼ਿੰਦਗੀ ਕਿਵੇਂ ਬਿਖਰ ਜਾਂਦੀ ਹੈ, ਇਹ ਕਹਾਣੀ ਇਸ ਵਿਚ ਹੈ। ਇਕ ਸੁਲਝੀ ਹੋਈ ਹਿੰਦੀ ਫ਼ਿਲਮ ਰਾਹੀਂ ਦਰਸ਼ਕਾਂ ਸਾਹਮਣੇ ਦੁਬਾਰਾ ਆਉਣਾ ਮੈਨੂੰ ਚੰਗਾ ਲੱਗ ਰਿਹਾ ਹੈ।'
* ਇਸ ਵੱਖਰੀ ਜਿਹੀ ਭੂਮਿਕਾ ਰਾਹੀਂ ਹਿੰਦੀ ਦਰਸ਼ਕਾਂ ਸਾਹਮਣੇ ਆਉਣ ਨੂੰ ਕੀ ਤੁਸੀਂ ਚੁਣੌਤੀ ਦੇ ਰੂਪ ਵਿਚ ਲਿਆ ਸੀ?
-ਜੀ ਨਹੀਂ, ਚੁਣੌਤੀ ਸਵੀਕਾਰ ਕਰਕੇ ਮੈਂ ਕੀ ਸਾਬਤ ਕਰ ਲਵਾਂਗੀ। ਸੱਚ ਤਾਂ ਇਹ ਹੈ ਕਿ ਜਦੋਂ ਮੈਂ ਫ਼ਿਲਮਾਂ ਵਿਚ ਆਈ ਸੀ ਉਦੋਂ ਇਥੇ ਮੇਰਾ ਮਾਰਗ ਦਰਸ਼ਨ ਕਰਨ ਵਾਲਾ ਕੋਈ ਨਹੀਂ ਸੀ। ਗ਼ੈਰ-ਫ਼ਿਲਮੀ ਪਰਿਵਾਰ ਦੀ ਹੋਣ ਦੀ ਵਜ੍ਹਾ ਕਰਕੇ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਹੱਥ ਵਿਚ ਲੈਣੀਆਂ ਚਾਹੀਦੀਆਂ ਹਨ। ਇਸ ਨਾ-ਸਮਝੀ ਦੀ ਵਜ੍ਹਾ ਕਰਕੇ ਨਾਂਹ-ਪੱਖੀ ਭੂਮਿਾਵਾਂ ਵੀ ਕੀਤੀਆਂ। ਇਸ ਦਾ ਫਾਇਦਾ ਇਹ ਹੋਇਆ ਕਿ ਇਕ ਕਲਾਕਾਰ ਦੇ ਤੌਰ 'ਤੇ ਮੇਰਾ ਆਤਮ-ਵਿਸ਼ਵਾਸ ਵਧਿਆ ਅਤੇ ਇਸ ਵਿਸ਼ਵਾਸ ਦੀ ਵਜ੍ਹਾ ਕਰਕੇ ਮੈਂ ਇਥੋਂ ਤੱਕ ਪਹੁੰਚਣ ਵਿਚ ਕਾਮਯਾਬ ਰਹੀ ਹਾਂ।
* ਇਸੇ ਆਤਮ-ਵਿਸ਼ਵਾਸ ਦੀ ਵਜ੍ਹਾ ਕਰਕੇ ਤੁਸੀਂ ਹਾਲੀਵੁੱਡ ਦੀ ਵੀ ਨਾਮੀ ਸਟਾਰ ਬਣ ਗਏ ਹੋ, ਠੀਕ ਹੈ ਨਾ?
-ਹਾਂ, ਉਥੇ ਵੀ ਆਤਮ-ਵਿਸ਼ਵਾਸ ਬਹੁਤ ਕੰਮ ਆਇਆ। ਨਾਲ ਹੀ ਉਥੇ ਜਿਸ ਸੂਝ-ਬੂਝ ਤੋਂ ਕੰਮ ਲਿਆ ਇਸ ਦਾ ਵੀ ਫਾਇਦਾ ਮਿਲਿਆ। ਜਦੋਂ ਮੈਂ ਬਾਲੀਵੁੱਡ ਵਿਚ ਦਾਖ਼ਲ ਹੋਈ ਤਾਂ ਮੇਰੇ ਸਿਰ 'ਤੇ ਸੁੰਦਰਤਾ ਪ੍ਰਤੀਯੋਗਤਾ ਦਾ ਤਾਜ ਸੀ। ਮੇਰੀ ਇਕ ਪਛਾਣ ਬਣੀ ਹੋਈ ਸੀ। ਸੋ, ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ। ਪਰ ਜਦੋਂ ਹਾਲੀਵੁੱਡ ਗਈ ਤਾਂ ਉਥੇ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਈ। ਜਦੋਂ ਮੈਂ ਉਥੇ ਗਈ ਉਦੋਂ 31 ਸਾਲ ਦੀ ਸੀ। ਪਤਾ ਸੀ ਕਿ ਕੀ ਭੂਮਿਕਾ ਮਿਲ ਸਕਦੀ ਹੈ। ਮੇਰੇ ਕੋਲ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਅਨੁਭਵ ਸੀ ਪਰ ਹਾਲੀਵੁੱਡ ਵਿਚ ਇਹ ਪ੍ਰਚਲਿਤ ਰਾਇ ਹੈ ਕਿ ਹਿੰਦੀ ਫ਼ਿਲਮਾਂ ਵਿਚ ਹੀਰੋਇਨ ਦੇ ਹਿੱਸੇ ਨਾਚ-ਗਾਣਾ ਤੇ ਮੈਲੋਡ੍ਰਾਮਾ ਭਰੇ ਦ੍ਰਿਸ਼ ਹੀ ਆਉਂਦੇ ਹਨ। ਮੈਂ ਉਨ੍ਹਾਂ ਦੀ ਇਹ ਮਿੱਥ ਤੋੜਨੀ ਸੀ। ਉਸ ਦੇ ਬਾਅਦ ਉਹ ਮੈਨੂੰ ਗੰਭੀਰਤਾ ਨਾਲ ਲੈ ਸਕਦੇ ਸਨ। ਮੈਂ ਜਦੋਂ ਹਾਲੀਵੁੱਡ ਲਈ ਪਹਿਲੀ ਵਾਰ ਉਡਾਨ ਭਰੀ ਸੀ ਉਦੋਂ ਆਪਣਾ ਈਗੋ, ਆਪਣਾ ਸਟਾਰਡਮ ਇਥੇ ਏਅਰਪੋਰਟ 'ਤੇ ਹੀ ਛੱਡ ਗਈ ਸੀ। ਉਥੇ ਮੈਨੂੰ ਬਹੁਤ ਆਡੀਸ਼ਨ ਦੇਣੇ ਪਏ ਜਦ ਕਿ ਭਾਰਤ ਵਿਚ ਆਡੀਸ਼ਨ ਦੇਣ ਦੀ ਨੌਬਤ ਹੀ ਨਹੀਂ ਆਈ ਸੀ। ਉਥੇ ਨਵੇਂ ਕਲਾਕਾਰਾਂ ਦੇ ਨਾਲ ਆਡੀਸ਼ਨ ਦਿੱਤੇ। ਆਡੀਸ਼ਨ ਦਿੰਦੇ ਸਮੇਂ ਇਹ ਨਹੀਂ ਪ੍ਰਗਟਾਇਆ ਕਿ ਮੈਂ ਇੰਡੀਆ ਤੋਂ ਆਈ ਸਟਾਰ ਹਾਂ। ਇਥੇ ਮੈਨੂੰ ਕਿਸੇ ਨਿਰਦੇਸ਼ਕ ਨੂੰ ਆਪਣੀ ਪਛਾਣ ਦੇਣ ਦੀ ਲੋੜ ਨਹੀਂ ਪਈ ਸੀ ਪਰ ਉਥੇ ਹਰ ਕਿਸੇ ਨੂੰ ਆਪਣੀ ਪਛਾਣ ਦੇਣੀ ਪੈਂਦੀ ਸੀ। ਸੰਘਰਸ਼ ਕੀ ਹੁੰਦਾ ਹੈ, ਇਸ ਦਾ ਪਤਾ ਉਥੇ ਜਾ ਕੇ ਲੱਗਿਆ। ਸ਼ੁਕਰ ਪਰਮਾਤਮਾ ਦਾ, ਇਸ ਸੰਘਰਸ਼ ਤੋਂ ਬਾਅਦ ਉਥੇ ਕਾਮਯਾਬੀ ਮਿਲੀ।'


-ਇੰਦਰਮੋਹਨ ਪੰਨੂੰ

ਅਮਿਤਾਭ ਮੇਰੇ ਗੁਰੂ ਹਨ

ਚਿਰੰਜੀਵੀ

ਤਕਰੀਬਨ ਤੀਹ ਸਾਲ ਪਹਿਲਾਂ ਤੇਲਗੂ ਫ਼ਿਲਮਾਂ ਦੇ ਸੁਪਰ ਸਟਾਰ ਚਿਰੰਜੀਵੀ ਨੇ ਫ਼ਿਲਮ 'ਪ੍ਰਤੀਬੰਧ' ਰਾਹੀਂ ਹਿੰਦੀ ਫ਼ਿਲਮਾਂ ਵਿਚ ਦਾਖ਼ਲਾ ਲਿਆ ਸੀ। ਉਸ ਤੋਂ ਬਾਅਦ 'ਦ ਜੈਂਟਲਮੈਨ' ਤੇ 'ਆਜ ਕਾ ਗੁੰਡਾਰਾਜ' ਵਿਚ ਵੀ ਕੰਮ ਕੀਤਾ ਸੀ। ਇਨ੍ਹਾਂ ਦੋ ਫ਼ਿਲਮਾਂ ਦੇ ਅਸਫ਼ਲ ਹੋਣ 'ਤੇ ਉਨ੍ਹਾਂ ਨੂੰ ਬਾਲੀਵੁੱਡ ਵਲੋਂ ਜ਼ਿਆਦਾ ਤਵੱਜੋ ਨਾ ਦਿੱਤੇ ਜਾਣ 'ਤੇ ਉਹ ਤੇਲਗੂ ਫ਼ਿਲਮਾਂ ਵੱਲ ਚਲੇ ਗਏ। ਲੰਮੇ ਸਮੇਂ ਤੋਂ ਹਿੰਦੀ ਫ਼ਿਲਮਾਂ ਤੋਂ ਦੂਰ ਰਹੇ ਚਿਰੰਜੀਵੀ ਦੀਆਂ ਹਿਟ ਤੇਲਗੂ ਫ਼ਿਲਮਾਂ ਹਿੰਦੀ ਵਿਚ ਡਬ ਕਰਕੇ ਟੀ. ਵੀ. 'ਤੇ ਦਿਖਾਈਆਂ ਜਾਂਦੀਆਂ ਰਹੀਆਂ ਹਨ ਪਰ ਹਿੰਦੀ ਦਰਸ਼ਕਾਂ ਨੂੰ ਵੱਡੇ ਪਰਦੇ 'ਤੇ ਉਨ੍ਹਾਂ ਨੂੰ ਦੇਖਿਆਂ ਲੰਮਾ ਸਮਾਂ ਹੋ ਗਿਆ। ਹੁਣ ਉਹ 'ਸਈ ਰਾ ਨਰਸਿਮਹਾ ਰੈਡੀ' ਰਾਹੀਂ ਹਿੰਦੀ ਦਰਸ਼ਕਾਂ ਸਾਹਮਣੇ ਆ ਰਹੇ ਹਨ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਅਮਿਤਾਭ ਬੱਚਨ ਉਨ੍ਹਾਂ ਨਾਲ ਹਨ। ਅਮਿਤਾਭ ਦੇ ਨਾਲ ਕੰਮ ਕਰਨ ਦੀ ਉਨ੍ਹਾਂ ਦੀ ਸਾਲਾਂ ਪੁਰਾਣੀ ਤਮੰਨਾ ਹੁਣ ਇਸ ਫ਼ਿਲਮ ਰਾਹੀਂ ਪੂਰੀ ਹੋਈ ਹੈ।
ਅਮਿਤਾਭ ਦੇ ਨਾਲ ਕੰਮ ਕਰਨ ਦਾ ਸੰਯੋਗ ਕਿਵੇਂ ਬਣਿਆ, ਇਸ ਬਾਰੇ ਉਹ ਦੱਸਦੇ ਹੋਏ ਕਹਿੰਦੇ ਹਨ, 'ਜਦੋਂ ਮੈਂ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ ਉਦੋਂ ਤੋਂ ਅਮਿਤਾਭ ਬੱਚਨ ਦਾ ਪ੍ਰਸੰਸਕ ਹਾਂ। ਅਭਿਨੈ ਦੇ ਕਈ ਫਨ ਮੈਂ ਉਨ੍ਹਾਂ ਦੀਆਂ ਫ਼ਿਲਮਾਂ ਦੇਖ ਕੇ ਸਿੱਖੇ ਹਨ। ਜਦੋਂ ਮੇਰੀ ਹਿੰਦੀ ਫ਼ਿਲਮ 'ਪ੍ਰਤੀਬੰਧ' ਬਣ ਕੇ ਤਿਆਰ ਹੋ ਗਈ ਤਾਂ ਮਨ ਵਿਚ ਬਹੁਤ ਇੱਛਾ ਸੀ ਕਿ ਅਮਿਤ ਜੀ ਇਹ ਫ਼ਿਲਮ ਦੇਖਣ। ਉਹ 'ਜ਼ੰਜੀਰ' ਵਿਚ ਪੁਲਿਸ ਦੀ ਵਰਦੀ ਪਾ ਕੇ ਸਟਾਰ ਬਣੇ ਅਤੇ ਉਨ੍ਹਾਂ ਨੂੰ 'ਐਂਗਰੀ ਯੰਗਮੈਨ' ਦਾ ਖ਼ਿਤਾਬ ਦਿੱਤਾ ਗਿਆ। 'ਪ੍ਰਤੀਬੰਧ' ਵਿਚ ਮੈਂ ਗੁਸੈਲ ਸੁਭਾਅ ਦੇ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ ਅਤੇ ਮੈਂ ਚਾਹੁੰਦਾ ਸੀ ਕਿ ਅਮਿਤ ਜੀ ਇਹ ਫ਼ਿਲਮ ਦੇਖ ਕੇ ਆਪਣੀ ਰਾਇ ਦੇਣ। ਸੱਦਾ ਦੇਣ 'ਤੇ ਉਹ ਫ਼ਿਲਮ ਦੇਖਣ ਆਏ ਅਤੇ ਮੇਰੇ ਕੰਮ ਦੀ ਬਹੁਤ ਪ੍ਰਸੰਸਾ ਕੀਤੀ। ਉਸ ਤੋਂ ਬਾਅਦ ਸਾਡੇ ਦੋਵਾਂ ਵਿਚਾਲੇ ਚੰਗਾ ਰਿਸ਼ਤਾ ਬਣ ਗਿਆ ਅਤੇ ਜਦੋਂ ਕਦੀ ਉਨ੍ਹਾਂ ਦੇ ਇਥੇ ਕੋਈ ਸਮਾਰੋਹ ਹੁੰਦਾ ਹੈ ਤਾਂ ਉਹ ਮੈਨੂੰ ਤੇ ਪਤਨੀ ਨੂੰ ਸੱਦਾ ਦੇਣਾ ਨਹੀਂ ਭੁੱਲਦੇ। ਉਨ੍ਹਾਂ ਨੇ ਆਪਣੇ ਸੱਤਰਵੇਂ ਜਨਮ ਦਿਨ ਮੌਕੇ ਜੋ ਪਾਰਟੀ ਦਿੱਤੀ ਸੀ, ਉਦੋਂ ਮੈਨੂੰ ਪਰਿਵਾਰ ਸਮੇਤ ਸੱਦਾ ਦਿੱਤਾ ਸੀ। ਜਦੋਂ ਇਸ ਫ਼ਿਲਮ ਦੇ ਨਿਰਮਾਣ ਦੀ ਯੋਜਨਾ ਬਣਾਈ ਜਾ ਰਹੀ ਸੀ' ਉਦੋਂ ਮੇਰੇ ਨਿਰਦੇਸ਼ਕ ਨੇ ਕਿਹਾ ਸੀ ਕਿ ਇਸ ਵਿਚ ਨਰਸਿਮਹਾ ਰੈਡੀ ਦੇ ਗੁਰੂ ਗੋਸਾਈ ਵੇਕੰਨਾ ਦੀ ਭੂਮਿਕਾ ਵਿਚ ਉਹ ਅਮਿਤਾਭ ਨੂੰ ਲੈਣਾ ਚਾਹੁੰਦਾ ਹਨ। ਉਨ੍ਹਾਂ ਦਿਨਾਂ ਵਿਚ ਮੈਂ ਸੰਸਦ ਮੈਂਬਰ ਸੀ। ਸੋ, ਸੰਸਦ ਵਿਚ ਜਯਾ ਜੀ ਨਾਲ ਮੁਲਾਕਾਤ ਹੋ ਗਈ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੀ ਫ਼ਿਲਮ ਵਿਚ ਅਮਿਤਾਭ ਜੀ ਨੂੰ ਲੈਣਾ ਚਾਹੁੰਦਾ ਹਾਂ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਮੇਰਾ ਸੁਨੇਹਾ ਜ਼ਰੂਰ ਉਨ੍ਹਾਂ ਤੱਕ ਪਹੁੰਚਾ ਦੇਵੇਗੀ। ਕੁਝ ਦਿਨ ਬਾਅਦ ਜਦੋਂ ਮੈਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਤਾਂ ਤੁਰੰਤ ਉਨ੍ਹਾਂ ਦਾ ਜਵਾਬ ਆਇਆ ਅਤੇ ਫਿਰ ਉਹ ਕੰਮ ਕਰਨ ਲਈ ਤਿਆਰ ਹੋ ਗਏ। ਉਹ ਆਪਣੇ ਪ੍ਰਾਈਵੇਟ ਜੈੱਟ ਰਾਹੀਂ ਹੈਦਰਾਬਾਦ ਆਏ ਸਨ ਅਤੇ ਇਸ ਦੇ ਕਿਰਾਏ ਦਾ ਭੁਗਤਾਨ ਵੀ ਖ਼ੁਦ ਹੀ ਕੀਤਾ ਸੀ। ਉਹ ਮੇਰੇ ਗੁਰੂ ਹਨ ਅਤੇ ਹੁਣ ਜਦੋਂ ਪਰਦੇ 'ਤੇ ਉਨ੍ਹਾਂ ਨੇ ਮੇਰੇ ਗੁਰੂ ਦਾ ਕਿਰਦਾਰ ਨਿਭਾਇਆ ਤਾਂ ਮੈਂ ਧੰਨ ਹੋ ਗਿਆ। ਮੇਰੇ ਲਈ ਇਹ ਵੱਡੀ ਗੱਲ ਹੈ ਕਿ ਮੇਰੀ ਫ਼ਿਲਮ ਵਿਚ ਅਮਿਤਾਭ ਨੇ ਕੰਮ ਕੀਤਾ ਹੈ ਅਤੇ ਇਸ ਦਾ ਫ਼ਖਰ ਮੈਨੂੰ ਤਾਉਮਰ ਰਹੇਗਾ।' ਇਹ ਕਹਿੰਦੇ ਹੋਏ ਉਨ੍ਹਾਂ ਦੇ ਚਿਹਰੇ 'ਤੇ ਗੌਰਵ ਦੇ ਭਾਅ ਪ੍ਰਗਟ ਹੋ ਰਹੇ ਸਨ।


-ਮੁੰਬਈ ਪ੍ਰਤੀਨਿਧ

ਅੜ੍ਹਬ ਮੁਟਿਆਰ ਸੋਨਮ ਬਾਜਵਾ ਦਾ ਨਵਾਂ ਰੂਪ

'ਮੁਕਲਾਵਾ' ਫ਼ਿਲਮ ਨੂੰ ਮਿਲੀ ਵੱਡੀ ਸਫ਼ਲਤਾ ਤੋਂ ਬਾਅਦ ਹੁਣ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਆਪਣੀ ਨਵੀਂ ਫ਼ਿਲਮ 'ਅੜਬ ਮੁਟਿਆਰਾਂ' ਲੈ ਕੇ ਆਏ ਹਨ। ਸੋਨਮ ਬਾਜਵਾ ਨੂੰ ਦਰਸ਼ਕਾਂ ਨੇ ਜ਼ਿਆਦਤਰ ਐਮੀ ਵਿਰਕ ਨਾਲ ਪਰਿਵਾਰਕ ਕਿਰਦਾਰਾਂ ਵਿਚ ਹੀ ਵੇਖਿਆ ਹੈ, ਜਦ ਕਿ ਇਸ ਔਰਤ ਪ੍ਰਧਾਨ ਫ਼ਿਲਮ ਵਿਚ ਦਰਸ਼ਕ ਸੋਨਮ ਬਾਜਵਾ ਨੂੰ ਉਸ ਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਿਲਕੁਲ ਹਟਵੇਂ, ਇਕ ਬੜੇ ਹੀ ਪ੍ਰਭਾਵਸ਼ਾਲੀ ਅਤੇ ਰੋਹਬਦਾਰ ਕਿਰਦਾਰ ਵਿਚ ਵੇਖਣਗੇ।
'ਵਾਈਟ ਹਿੱਲ ਸਟੂਡੀਓ' ਅਤੇ ਤਾਓ ਚੇਨ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਅਜੋਕੇ ਸਮਾਜ ਵਿਚ ਔਰਤ ਦੀ ਸ਼ਖ਼ਸੀਅਤ ਪਹਿਲੂਆਂ ਦੀ ਪੇਸ਼ਕਾਰੀ ਕਰਦੀ, ਅੰਤਰਜਾਤੀ ਵਿਆਹਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ, ਸਤਿਕਾਰ ਭਾਵਨਾ ਦੀ ਗੱਲ ਕਰਦੀ ਵਿਅੰਗਮਈ ਪਰਿਵਾਰਕ ਕਹਾਣੀ ਹੈ, ਜੋ ਸਾਡੇ ਸਮਾਜ ਦੇ ਕੌੜੇ ਸੱਚ ਤੋਂ ਪਰਦਾ ਚੁੱਕੇਗੀ। ਇਸ ਫ਼ਿਲਮ ਵਿਚ ਨਿੰਜਾ, ਸੋਨਮ ਬਾਜਵਾ, ਅਜੈ ਸਰਕਾਰੀਆ ਮਹਿਰੀਨ ਪੀਰਜਾਦਾ, ਬੀ. ਐਨ. ਸ਼ਰਮਾ, ਸੁਦੇਸ਼ ਲਹਿਰੀ, ਉਪਾਸਨਾ ਸਿੰਘ, ਨਵਨੀਤ ਨਿਸ਼ਾਨ, ਮਾਇਰਾ ਸਿੰਘ, ਇੰਦਰਪਾਲ ਅਤੇ ਰਾਜੀਵ ਮਹਿਰਾ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਨੇ ਦਿੱਤਾ ਹੈ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਸਿੱਧੂ ਮੂਸੇਵਾਲਾ ਦੇ ਗੀਤਾਂ ਕਰਕੇ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਕਾਫ਼ੀ ਚਰਚਾ ਵਿਚ ਹੈ। ਯਕੀਨਨ ਇਹ ਫਿਲਮ 'ਗੁੱਡੀਆਂ ਪਟੋਲੇ' ਵਾਂਗ ਸੋਨਮ ਬਾਜਵਾ ਦੇ ਫ਼ਿਲਮੀ ਕੈਰੀਅਰ ਨੂੰ ਇਕ ਨਵਾਂ ਮੋੜ ਦੇਵੇਗੀ। ਸੋਨਮ ਬਾਜਵਾ ਪਹਿਲੀ ਵਾਰ ਅੰਬਰਸਰੀ ਅੜ੍ਹਬ ਮੁਟਿਆਰ 'ਬੱਬੂ ਬੈਂਸ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਫ਼ਿਲਮ ਦਾ ਵਿਸ਼ਾ ਕਾਮੇਡੀ ਅਧਾਰਤ ਮਨੋਰੰਜਨ ਭਰਪੂਰ ਹੈ। 18 ਅਕਤੂਬਰ ਨੂੰ ਇਹ ਫ਼ਿਲਮ ਦੇਸ਼-ਵਿਦੇਸ਼ਾਂ ਵਿਚ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।


-ਸੁਰਜੀਤ ਜੱਸਲ

ਦਾਨਿਸ਼ ਜੇ ਸਿੰਘ ਨੇ ਆਪਣੀ ਪਲੇਠੀ ਫ਼ਿਲਮ 'ਉਜੜਾ ਚਮਨ' ਨਾਲ ਬਾਲੀਵੁੱਡ ਵਿਚ ਪੈਰ ਧਰਿਆ

8 ਨਵੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਤੋਂ ਦਾਨਿਸ਼ ਜੇ ਸਿੰਘ ਨੂੰ ਵੱਡੀਆਂ ਆਸਾਂ
ਪੰਜਾਬ ਦੇ ਉੱਭਰਦੇ ਗਾਇਕ ਤੇ ਗੀਤਕਾਰ ਦਾਨਿਸ਼ ਜੇ ਸਿੰਘ ਦੇ ਪਲੇਠੇ ਗੀਤ 'ਕੋਕਾ ਗੋਰੀਏ' ਤੇ 'ਰੱਬ ਮੰਨਿਆ' ਨੂੰ ਦੇਸ਼ ਵਿਦੇਸ਼ ਦੇ ਲੱਖਾਂ ਸਰੋਤਿਆਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਉਨ੍ਹਾਂ ਵਲੋਂ ਲਿਖੀ ਗਈ ਪਰਿਵਾਰਕ ਹਿੰਦੀ ਕਾਮੇਡੀ ਫ਼ਿਲਮ 'ਉਜੜਾ ਚਮਨ' ਦੇ ਇਕ ਅਕਤੂਬਰ ਨੂੰ ਰਿਲੀਜ਼ ਹੋਏ ਟਰੇਲਰ ਨੂੰ ਯੂ.ਟਿਊਬ ਦੇ ਕਰੋੜਾਂ ਸਰੋਤਿਆਂ ਨੇ ਅਥਾਹ ਪਿਆਰ ਦਿੱਤਾ ਹੈ। ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਉਪਰੰਤ ਫ਼ਿਲਮ ਜਗਤ ਵਿਚ ਵੀ ਉਨ੍ਹਾਂ ਦੀ ਚਰਚਾ ਹੋ ਰਹੀ ਹੈ। 8 ਨਵੰਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋ ਰਹੀ ਫ਼ਿਲਮ 'ਉਜੜਾ ਚਮਨ' ਤੋਂ ਦਾਨਿਸ਼ ਜੇ ਸਿੰਘ ਨੂੰ ਬਹੁਤ ਵੱਡੀਆਂ ਆਸਾਂ ਹਨ। ਮੁੰਬਈ ਦੀ ਪ੍ਰਸਿੱਧ ਨਿਰਮਾਤਾ ਕੰਪਨੀ ਪੈਰੋਨਾਮਾ ਸਟੂਡੀਓ ਜਿਨ੍ਹਾਂ ਨੇ ਫ਼ਿਲਮ ਜਗਤ ਨੂੰ 'ਪਿਆਰ ਕਾ ਪੰਚਨਾਮਾ', ਦਰਿਸ਼ਮ, ਸਿੰਘਮ, ਰੇਡ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ, ਵਲੋਂ ਤਿਆਰ ਕੀਤੀ ਕਾਮੇਡੀ ਫ਼ਿਲਮ ਉਜੜਾ ਚਮਨ ਫ਼ਿਲਮ ਦੀ ਸਟੋਰੀ ਦੇ ਲੇਖਕ ਤੇ ਕ੍ਰਇਏਟਿਵ ਨਿਰਦੇਸ਼ਕ ਦਾਨਿਸ਼ ਜੇ ਸਿੰਘ ਹਨ ਤੇ ਫ਼ਿਲਮ ਦੇ ਡਾਇਲਾਗ ਤੇ ਸਕਰੀਨ ਪਲੇਅ ਵੀ ਉਨ੍ਹਾਂ ਵਲੋਂ ਹੀ ਲਿਖੇ ਗਏ ਹਨ। ਆਪਣੀ ਮਿਹਨਤ, ਲਗਨ ਤੇ ਦ੍ਰਿੜ੍ਹ ਇੱਛਾ ਸ਼ਕਤੀ ਸਦਕਾ ਦਾਨਿਸ਼ ਜੇ ਸਿੰਘ ਨੇ ਛੋਟੀ ਉਮਰ ਵਿਚ ਜਿਹੜਾ ਮੁਕਾਮ ਹਾਸਲ ਕੀਤਾ ਹੈ, ਉਸ ਮੁਕਾਮ 'ਤੇ ਪੁੱਜਦਿਆਂ ਕਈ ਵਰ੍ਹੇ ਲੱਗ ਜਾਂਦੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਦਾਨਿਸ਼ ਜੇ ਸਿੰਘ ਨੇ ਮੁੰਬਈ ਦੇ ਫ਼ਿਲਮ ਇੰਸਟੀਚਿਊਟ ਤੋਂ ਫ਼ਿਲਮ ਨਿਰਦੇਸ਼ਨ ਵਿਚ ਸਿੱਖਿਆ ਪ੍ਰਾਪਤ ਕੀਤੀ। ਭਾਵੇਂ ਉਨ੍ਹਾਂ ਦਾ ਕੋਈ ਸੰਗੀਤਕ ਪਿਛੋਕੜ ਨਹੀਂ, ਪਰ ਬਚਪਨ ਤੋਂ ਸੰਗੀਤ ਵਿਚ ਉਨ੍ਹਾਂ ਦੀ ਦਿਲਚਸਪੀ ਤੇ ਸਖ਼ਤ ਮਿਹਨਤ ਦਾਨਿਸ਼ ਜੇ ਸਿੰਘ ਨੂੰ ਗਾਇਕੀ ਤੋਂ ਫ਼ਿਲਮਾਂ ਵੱਲ ਲੈ ਆਈ। ਆਪਣੀ ਪਲੇਠੀ ਕਾਮੇਡੀ ਫ਼ਿਲਮ 'ਉਜੜਾ ਚਮਨ' ਨਾਲ ਉਨ੍ਹਾਂ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਹੈ। ਕਪੂਰਥਲਾ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਦਾਨਿਸ਼ ਜੇ ਸਿੰਘ ਨੂੰ ਆਸ ਹੈ ਕਿ ਹਿੰਦੀ ਸਿਨੇਮਾ ਨਾਲ ਸਬੰਧਿਤ ਦਰਸ਼ਕ ਉਨ੍ਹਾਂ ਦੀ ਆਉਣ ਵਾਲੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਦੇਣਗੇ।


-ਅਮਰਜੀਤ ਕੋਮਲ

ਫ਼ਿਲਮੀ ਖ਼ਬਰਾਂ

'ਸਤਿਆਮੇਵ ਜਯਤੇ-2' ਵਿਚ ਜਾਨ-ਦਿਵਿਆ

ਸੰਗੀਤ ਕੰਪਨੀ ਟੀ-ਸੀਰੀਜ਼ ਵਲੋਂ ਬਣਾਈ ਗਈ ਐਕਸ਼ਨ ਫ਼ਿਲਮ 'ਸਤਿਆਮੇਵ ਜਯਤੇ' ਵਿਚ ਜਾਨ ਅਬ੍ਰਾਹਮ ਵਲੋਂ ਜਾਂਬਾਜ਼ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਗਈ ਸੀ। ਮਿਲਾਪ ਜ਼ਵੇਰੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਚੰਗਾ ਹੁੰਗਾਰਾ ਮਿਲਿਆ ਤਾਂ ਹੁਣ ਇਸ ਦਾ ਵਿਸਥਾਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਵੀ ਜਾਨ ਅਬ੍ਰਾਹਮ ਹੋਣਗੇ ਪਰ ਇਥੇ ਉਨ੍ਹਾਂ ਨਾਲ ਦਿਵਿਆ ਖੋਸਲਾ ਹੋਵੇਗੀ। 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਤੋਂ ਪੇਸ਼ ਹੋਈ ਦਿਵਿਆ ਨੇ ਵਿਆਹ ਕਰਵਾ ਕੇ ਅਭਿਨੈ ਤੋਂ ਦੂਰੀ ਬਣਾ ਲਈ ਸੀ। ਬਾਅਦ ਵਿਚ ਆਪਣੀ ਵਾਪਸੀ ਕਰਦੇ ਹੋਏ ਕੁਝ ਵੀਡੀਓ ਐਲਬਮ ਨਿਰਦੇਸ਼ਿਤ ਕੀਤੇ ਤਾਂ 'ਯਾਰੀਆਂ' ਤੇ 'ਸਨਮ ਰੇ' ਫ਼ਿਲਮਾਂ ਵੀ ਨਿਰਦੇਸ਼ਿਤ ਕੀਤੀਆਂ। ਲਘੂ ਫ਼ਿਲਮ 'ਬੁਲਬੁਲ' ਵਿਚ ਅਭਿਨੈ ਕਰਨ ਤੋਂ ਬਾਅਦ ਹੁਣ ਉਹ ਵੱਡੇ ਪਰਦੇ 'ਤੇ ਆਪਣੀ ਵਾਪਸੀ ਕਰ ਰਹੀ ਹੈ।
ਆਸ਼ਾ ਭੱਟ ਨੂੰ ਮਿਲੀ ਕੰਨੜ ਫ਼ਿਲਮ

ਕੰਨੜ ਸੁੰਦਰੀ ਆਸ਼ਾ ਭੱਟ ਨੇ ਫ਼ਿਲਮ 'ਜੰਗਲੀ' ਰਾਹੀਂ ਹਿੰਦੀ ਫ਼ਿਲਮਾਂ ਵਿਚ ਦਾਖ਼ਲਾ ਕੀਤਾ ਸੀ। ਵਿਧੁਤ ਜਾਮਵਾਲ ਨੂੰ ਨਾਇਕ ਦੀ ਭੂਮਿਕਾ ਵਿਚ ਪੇਸ਼ ਕਰਦੀ ਇਹ ਫ਼ਿਲਮ ਖ਼ਾਸ ਚੱਲੀ ਨਹੀਂ ਸੀ। ਸੋ, ਆਸ਼ਾ ਦਾ ਕੈਰੀਅਰ ਵੀ ਸੰਵਰ ਨਹੀਂ ਸਕਿਆ। ਇਸ ਤਰ੍ਹਾਂ ਹੁਣ ਉਸ ਨੇ ਕੰਨੜ ਫ਼ਿਲਮਾਂ ਵੱਲ ਰੁਖ਼ ਕਰ ਲਿਆ ਹੈ ਅਤੇ ਕੰਨੜ ਫ਼ਿਲਮ 'ਰੋਬਰਟ' ਲਈ ਉਸ ਨੂੰ ਕਰਾਰਬੱਧ ਕਰ ਲਿਆ ਗਿਆ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਹਨ ਤਰੁਣ ਸੁਧੀਰ ਅਤੇ ਨਾਇਕ ਹਨ ਕੰਨੜ ਫ਼ਿਲਮਾਂ ਦੇ ਸਟਾਰ ਦਰਸ਼ਨ।
ਹੁਣ ਹਿੰਦੀ ਵਿਚ ਡਬ ਹੋਵੇਗੀ 'ਰਘੂ ਸੀ. ਐਨ. ਜੀ.'

ਸਾਲ 2015 ਵਿਚ ਗੁਜਰਾਤੀ ਫ਼ਿਲਮ 'ਫ਼ਿਲਮ' ਬਣਾਉਣ ਵਾਲੇ ਨਿਰਦੇਸ਼ਕ ਵਿਸ਼ਾਲ ਵਡਾਵਾਲਾ ਨੇ ਹੁਣ ਸਸਪੈਂਸ ਥ੍ਰਿਲਰ ਗੁਜਰਾਤੀ ਫ਼ਿਲਮ 'ਰਘੂ ਸੀ. ਐਨ. ਜੀ.' ਬਣਾਈ ਹੈ। ਰਾਜਕੋਟ ਵਿਚ ਮੁੱਖ ਤੌਰ 'ਤੇ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਇਕ ਸਾਇਕਿਕ ਰਿਕਸ਼ਾ ਵਾਲੇ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜੋ ਇਕ ਜੋੜੇ ਨੂੰ ਅਗਵਾ ਕਰ ਲੈਂਦਾ ਹੈ। ਇਸ ਫ਼ਿਲਮ ਦਾ ਪ੍ਰੋਮੋ ਬਾਹਰ ਆਉਣ ਤੋਂ ਬਾਅਦ ਵਿਸ਼ਾਲ ਦੇ ਕੋਲ ਇਹ ਸੁਝਾਅ ਆਉਣ ਲੱਗੇ ਕਿ ਇਸ ਨੂੰ ਹਿੰਦੀ ਵਿਚ ਡੱਬ ਕਰ ਕੇ ਪੇਸ਼ ਕਰਨਾ ਸਹੀ ਰਹੇਗਾ।


-ਮੁੰਬਈ ਪ੍ਰਤੀਨਿਧ

ਬੋਲੀ ਤੇ ਸੱਭਿਆਚਾਰ ਦਾ ਮੁਦਈ ਪਰਵਿੰਦਰ ਸਿੰਘ ਸਾਬੀ

ਇਸ ਰੰਗਲੀ ਦੁਨੀਆ 'ਤੇ ਜੋ ਕਹਾਵਤਾਂ ਬਣੀਆਂ ਹਨ, ਉਨ੍ਹਾਂ ਸੱਚਾਈਆਂ ਦਾ ਬੰਦੇ ਨੂੰ ਉਮਰ ਦੇ ਹਿਸਾਬ ਨਾਲ ਪਤਾ ਲਗਦਾ ਹੈ। ਜੋ ਇਨਸਾਨ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ, ਸੁਨਹਿਰੀ ਸੁਪਨੇ ਸਜਾਉਂਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲੀ ਯਤਨਸ਼ੀਲ ਰਹਿੰਦੇ ਹਨ। ਉਹ ਵਾਕਿਆ ਹੀ ਬਚਪਨ ਵਿਚ ਜਾਂਬਾਜ਼ ਹੁੰਦੇ ਹਨ, ਸਿਰਕੱਢ ਤੇ ਉਸਾਰੂ ਸੋਚ ਵਾਲੇ ਹੁੰਦੇ ਹਨ। ਅਜਿਹਾ ਹੀ ਪਿੰਡ ਪਧਿਆਣਾ, ਨੇੜੇ ਆਦਮਪੁਰ ਦੁਆਬਾ ਦਾ ਜੰਮਪਲ ਪਰਵਿੰਦਰ ਸਿੰਘ ਸਾਬੀ ਹੈ। ਉਹ ਸੰਨ 1976 ਵਿਚ ਪਿਤਾ ਸ੍ਰੀ ਹਰਦੇਵ ਸਿੰਘ ਤੇ ਮਾਤਾ ਸ੍ਰੀਮਤੀ ਅਵਿਨਾਸ਼ ਕੌਰ ਦੇ ਘਰ ਜਨਮਿਆ ਤੇ ਪਿੰਡ ਦੇ ਸਕੂਲ ਤੋਂ ਦਸਵੀਂ ਕਰਨ ਉਪਰੰਤ ਸੀਨੀਅਰ ਸੈਕੰਡਰੀ ਡਰੋਲੀ ਕਲਾਂ ਅਤੇ ਸਟੈਮਫੋਰਡ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਦੇ ਨਾਲ ਐਮ.ਬੀ.ਏ. ਡਿਗਰੀ ਹਾਸਲ ਕੀਤੀ। ਇਸ ਦਰਮਿਆਨ ਆਪਣੇ ਤਾਇਆ ਮਹਿੰਦਰ ਸਿੰਘ ਸਰਪੰਚ ਨਾਲ ਰਾਜਸੀ ਸਰਗਰਮੀਆਂ 'ਚ ਰੁਝ ਗਿਆ। ਸਾਬੀ ਦੇ ਪ੍ਰੇਰਨਾ ਸਰੋਤ ਸ: ਪਰਮਜੀਤ ਸਿੰਘ ਸਰੋਆ ਅਤੇ ਸ: ਕਿਰਪਾਲ ਸਿੰਘ ਬਡੂੰਗਰ ਹਨ, ਬਿਜ਼ਨੈਸਮੈਨ ਦੇ ਤੌਰ 'ਤੇ 14 ਸਾਲ ਪਹਿਲਾਂ ਉਸ ਬੈਂਕਾਕ ਵਿਚ ਇਕ ਛੋਟੇ ਜਿਹੇ ਗੈਸਟ ਹਾਊਸ ਨੂੰ ਲੈ ਕੇ ਕੰਮ ਸ਼ੁਰੂ ਕੀਤਾ, ਜੋ ਬਾਅਦ ਵਿਚ ਹੋਟਲਾਂ ਵਿਚ ਤਬਦੀਲ ਹੋ ਗਿਆ। ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਸਨਮਾਨਿਤ ਸਾਬੀ ਮਾਂ-ਬੋਲੀ ਪੰਜਾਬੀ ਅਤੇ ਸੱਭਿਆਚਾਰ ਨੂੰ ਵਿਦੇਸ਼ਾਂ ਵਿਚ ਵੀ ਪ੍ਰਫੁੱਲਿਤ ਕਰਦਾ ਰਿਹਾ ਹੈ। ਗਾਇਕ ਸੁਰਿੰਦਰ ਲਾਡੀ, ਲਖਵਿੰਦਰ ਲੱਕੀ, ਮਿਸ ਰੇਸ਼ਮਾ ਅਤੇ ਗਾਇਕ ਤਾਜ ਨਗੀਨਾ ਅਤੇ ਹੋਰ ਕਲਾਕਾਰਾਂ ਨੂੰ ਅੱਗੇ ਵਧਣ 'ਚ ਸਹਾਈ ਹੋਇਆ ਹੈ। ਕਈ ਵਾਰੀ ਨਵੇਂ ਸਾਲ ਦੇ ਵਰਾਇਟੀ ਸ਼ੋਅ ਵੀ ਆਯੋਜਿਤ ਕੀਤੇ ਹਨ। ਬਹੁਤ ਹੀ ਹੱਸਮੁੱਖ ਸੁਭਾਅ ਤੇ ਮਿਲਣਸਾਰ ਪਰਵਿੰਦਰ ਸਿੰਘ ਸਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸਦਾ ਯਤਨਸ਼ੀਲ ਰਹਿੰਦਾ ਹੈ। ਇਸ ਦੇ ਮਾਤਾ-ਪਿਤਾ 35 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਹਨ ਪਰ ਆਪ ਖੁਦ ਬੈਂਕਾਕ ਦਾ ਪੱਕਾ ਵਸਨੀਕ ਹੋ ਕੇ ਪੂਰੇ ਸੰਸਾਰ ਵਿਚ ਆਪਣਾ ਵੱਖਰਾ ਪ੍ਰਭਾਵ ਕਾਇਮ ਕਰ ਚੁੱਕਾ ਹੈ। ਲੋੜਵੰਦ ਪੰਜਾਬੀਆਂ ਦੀ ਸਹਾਇਤਾ ਕਰਨਾ ਇਸ ਦਾ ਸੁਭਾਅ ਹੈ। ਇਸ ਦੇ ਪਿੰਡ ਪਧਿਆਣਾ ਦੇ ਉੱਘੇ ਸ਼ਾਇਰ ਸਾਧੂ ਸਿੰਘ ਆਂਚਲ ਗੀਤ (ਮਹਿਰਮ ਦਿਲਾਂ ਦੇ ਮਾਹੀ-ਮੋੜੇਂਗਾ ਕੱਦ ਮੁਹਾਰਾਂ) ਗਾਇਕਾ ਸੁਰਿੰਦਰ ਕੌਰ ਅਤੇ ਲਾਲੀ ਪਧਿਆਣਵੀ ਦੇ ਗੀਤ ਕੋਕਾ ਗਾਇਕਾ ਸਰਬਜੀਤ ਕੌਰ ਦੀ ਰੰਗਤ ਸਦਕਾ ਪਰਵਿੰਦਰ ਸਾਬੀ ਮਿਆਰੀ ਤੇ ਸਾਫ਼-ਸੁਥਰੀ ਕਲਮ ਦਾ ਵਾਰਸ ਹੈ।


-ਬਲਦੇਵ ਰਾਹੀ

ਕੰਨੜ ਫ਼ਿਲਮਾਂ ਤੋਂ ਆਈ ਐਨਦ੍ਰਿਤਾ ਰੇਅ

ਤਕਰੀਬਨ ਤੀਹ ਕੰਨੜ ਅਤੇ ਦੋ ਬੰਗਲਾ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਐਨਦ੍ਰਿਤਾ ਰੇਅ ਨੇ ਬਾਲੀਵੁੱਡ ਵੱਲ ਆਪਣੇ ਕਦਮ ਵਧਾ ਲਏ ਹਨ। ਅਰਬਾਜ਼ ਖਾਨ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਡਰਾਉਣੀ, ਥ੍ਰਿਲਰ ਫ਼ਿਲਮ 'ਮੈਂ ਜ਼ਰੂਰ ਆਊਂਗਾ' ਵਿਚ ਉਹ ਅਰਬਾਜ਼ ਦੀ ਪਤਨੀ ਦੀ ਭੂਮਿਕਾ ਨਿਭਾਅ ਰਹੀ ਹੈ।
ਐਨਦ੍ਰਿਤਾ ਕਈ ਐਡ ਫ਼ਿਲਮਾਂ ਕਰ ਚੁੱਕੀ ਹੈ ਅਤੇ ਇਨ੍ਹਾਂ ਵਿਚ ਉਸ ਦਾ ਖ਼ੂਬਸੂਰਤ ਚਿਹਰਾ ਦੇਖ ਕੇ ਕਈ ਫ਼ਿਲਮ ਵਾਲੇ ਉਸ ਨੂੰ ਆਪਣੀਆਂ ਫ਼ਿਲਮਾਂ ਵਿਚ ਲੈਣਾ ਚਾਹੁੰਦੇ ਸਨ ਪਰ ਉਹ ਕੰਨੜ ਫ਼ਿਲਮਾਂ ਵਿਚ ਰੁੱਝੀ ਹੋਈ ਸੀ। ਸੋ, ਹੁਣ ਜਾ ਕੇ ਹਿੰਦੀ ਫ਼ਿਲਮਾਂ ਵਿਚ ਉਸ ਦਾ ਦਾਖ਼ਲਾ ਹੋਇਆ ਹੈ। ਇਸ ਫ਼ਿਲਮ ਵਿਚ ਐਨਦ੍ਰਿਤਾ ਦਾ ਕਿਰਦਾਰ ਆਪਣੇ ਪਤੀ ਨਾਲ ਧੋਖਾ ਕਰਨ ਵਾਲੀ ਪਤਨੀ ਦਾ ਹੈ। ਇਕ ਇਸ ਤਰ੍ਹਾਂ ਦੀ ਪਤਨੀ ਜੋ ਆਪਣੇ ਜਿਊਂਦੇ ਪਤੀ ਨੂੰ ਦਫ਼ਨਾ ਦਿੰਦੀ ਹੈ। ਇਸ ਤਰ੍ਹਾਂ ਦੀ ਬੋਲਡ ਭੂਮਿਕਾ ਰਾਹੀਂ ਹਿੰਦੀ ਫ਼ਿਲਮਾਂ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਬਾਰੇ ਉਹ ਕਹਿੰਦੀ ਹੈ, 'ਮੈਂ ਮੰਨਦੀ ਹਾਂ ਕਿ ਇਹ ਆਮ ਹੀਰੋਇਨ ਵਾਲੀ ਭੂਮਿਕਾ ਨਹੀਂ ਹੈ, ਫ਼ਿਲਮ ਵਿਚ ਮੇਰੇ ਹਿੱਸੇ ਬੋਲਡ ਦ੍ਰਿਸ਼ ਵੀ ਆਏ ਹਨ। ਮੇਰੀ ਇੱਛਾ ਸੀ ਕਿ ਬਾਲੀਵੁੱਡ ਵਿਚ ਮੈਂ ਆਪਣੀ ਸ਼ੁਰੂਆਤ ਚੁਣੌਤੀਪੂਰਨ ਫ਼ਿਲਮਾਂ ਨਾਲ ਕਰਾਂ, ਤਾਂ ਕਿ ਫ਼ਿਲਮ ਵਾਲਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਸਕਾਂ। ਇਸ ਤਰ੍ਹਾਂ ਮੈਨੂੰ ਲਗਦਾ ਹੈ ਕਿ ਇਕ ਸਹੀ ਭੂਮਿਕਾ ਨਾਲ ਹਿੰਦੀ ਫ਼ਿਲਮਾਂ ਵਿਚ ਮੇਰੀ ਸ਼ੁਰੂਆਤ ਹੋ ਰਹੀ ਹੈ।'
ਐਨਦ੍ਰਿਤਾ ਲਈ ਇਹ ਭੂਮਿਕਾ ਨਿਭਾਉਣਾ ਇਸ ਲਈ ਵੀ ਚੁਣੌਤੀਪੂਰਨ ਰਿਹਾ, ਕਿਉਂਕਿ ਸਵਿਟਜ਼ਰਲੈਂਡ ਵਿਚ ਮੁੱਖ ਤੌਰ 'ਤੇ ਫ਼ਿਲਮਾਈ ਗਈ ਇਸ ਫ਼ਿਲਮ ਵਿਚ ਕਈ ਥਾਂ ਬਰਫ਼ੀਲੀਆਂ ਥਾਵਾਂ ਹਨ। ਉਥੇ ਮਾਈਨਿਸ 17 ਡਿਗਰੀ ਦੀ ਭਾਰੀ ਢੰਡ ਦੇ ਮਾਹੌਲ ਵਿਚ ਆਮ ਕੱਪੜੇ ਪਾ ਕੇ ਕੈਮਰੇ ਸਾਹਮਣੇ ਅਭਿਨੈ ਕਰਦੇ ਸਮੇਂ ਉਸ ਨੂੰ ਨਾਨੀ ਯਾਦ ਆ ਗਈ ਸੀ।
ਇਸ ਫ਼ਿਲਮ ਤੋਂ ਬਾਅਦ ਉਸ ਦੀ ਇਕ ਹੋਰ ਹਿੰਦੀ ਫ਼ਿਲਮ ਆਏਗੀ, ਜਿਸ ਦੇ ਨਿਰਦੇਸ਼ਕ ਹਾਰਦਿਕ ਗੱਜਰ ਹਨ। ਇਸ ਵਿਚ ਉਹ ਨੌਟੰਕੀ ਕੰਪਨੀ ਵਿਚ ਕੰਮ ਕਰਨ ਵਾਲੀ ਕਲਾਕਾਰ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਇਥੇ ਉਸ ਦੇ ਹਿੱਸੇ ਸੀਤਾ ਮਈਆ ਦੀ ਭੂਮਿਕਾ ਨਿਭਾਉਣਾ ਆਇਆ ਹੈ। ਹੁਣ ਤੱਕ ਫ਼ਿਲਮ ਦਾ ਨਾਂਅ ਨਹੀਂ ਰੱਖਿਆ ਗਿਆ ਹੈ ਪਰ ਐਨਦ੍ਰਿਤਾ ਦਾ ਕਹਿਣਾ ਹੈ ਕਿ ਸ਼ਾਇਦ ਫ਼ਿਲਮ ਦਾ ਨਾਂਅ 'ਭਵਾਈ' ਰੱਖਿਆ ਜਾਵੇ। ਉਂਝ ਭਵਾਈ ਗੁਜਰਾਤੀ ਸ਼ਬਦ ਹੈ ਅਤੇ ਇਸ ਦਾ ਅਰਥ ਨੌਟੰਕੀ ਹੁੰਦਾ ਹੈ।


-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX