ਤਾਜਾ ਖ਼ਬਰਾਂ


ਪੁਲਿਸ ਮੁੱਠਭੇੜ 'ਚ ਮਾਰੇ ਗਏ 4 ਦੋਸ਼ੀਆਂ 'ਤੇ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿਹਾ- ਹੁਣ ਉਨ੍ਹਾਂ ਦੀ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ
. . .  1 minute ago
ਹੈਦਰਾਬਾਦ, 6 ਦਸੰਬਰ- ਪੁਲਿਸ ਮੁੱਠਭੇੜ 'ਚ 4 ਦੋਸ਼ੀਆਂ ਜੇ ਮਾਰੇ ਜਾਣ 'ਤੇ ਜਬਰ ਜਨਾਹ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਤੋਂ ਉਹ...
ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  35 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 1 hour ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 1 hour ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤ ਦੀ ਉਲੰਪਿਕ ਲਈ ਤਿਆਰੀ ਵੱਡੀ ਪੱਧਰ 'ਤੇ ਜਾਰੀ

ਹੁਣ ਉਹ ਸਮਾਂ ਆ ਗਿਆ ਹੈ ਜਦੋਂ ਦੁਨੀਆ ਦੇ ਸਾਰੇ ਦੇਸ਼ ਖੇਡਾਂ ਦੇ ਮਹਾਂਕੁੰਭ ਉਲੰਪਿਕ ਖੇਡਾਂ ਦੀ ਤਿਆਰੀ ਦੇ ਆਖਰੀ ਗੇੜ ਵਿਚ ਪੂਰੀ ਵਾਹ ਲਾਉਣ ਲੱਗੇ ਹੋਏ ਹਨ। ਜਾਪਾਨ ਦੇਸ਼ ਦੀ ਰਾਜਧਾਨੀ ਟੋਕੀਓ ਵਿਚ ਅਗਲੇ ਸਾਲ ਯਾਨੀ ਸਾਲ 2020 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਬਾਕੀ ਦੇਸ਼ਾਂ ਵਾਂਗ ਸਾਡੇ ਭਾਰਤ ਦੇਸ਼ ਦੀ ਤਿਆਰੀ ਵੀ ਚੱਲ ਰਹੀ ਹੈ। ਭਾਰਤ ਦੇਸ਼ ਦੀ ਤਿਆਰੀ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ ਕਿ ਭਾਰਤ ਦੇ ਕਿੰਨੇ ਕੁ ਖਿਡਾਰੀ ਉਲੰਪਿਕ ਲਈ ਕੁਆਲੀਫਾਈ ਕਰਦੇ ਹਨ, ਕਿਉਂਕਿ ਜਿੰਨੇ ਜ਼ਿਆਦਾ ਖਿਡਾਰੀ ਉਲੰਪਿਕ ਦਾ ਕੋਟਾ ਭਾਵ ਸਥਾਨ ਹਾਸਲ ਕਰਨ ਵਿਚ ਕਾਮਯਾਬ ਹੋਣਗੇ, ਓਨੀਆਂ ਹੀ ਤਗਮੇ ਜਿੱਤਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਇਸੇ ਤਿਆਰੀ ਦੀ ਤਾਜ਼ਾ ਸਥਿਤੀ ਇਹ ਹੈ ਕਿ ਟੋਕੀਓ ਉਲੰਪਿਕ 2020 ਲਈ ਤੀਰਅੰਦਾਜ਼ੀ, ਐਥਲੈਟਿਕਸ, ਸ਼ੂਟਿੰਗ ਅਤੇ ਰੈਸਲਿੰਗ ਵਿਚ ਭਾਰਤ ਨੇ ਹੁਣ ਤੱਕ ਕੁੱਲ 18 ਕੋਟੇ ਹਾਸਲ ਕਰ ਲਏ ਹਨ। ਹੁਣ ਤੱਕ ਭਾਰਤੀ ਖਿਡਾਰੀਆਂ ਵਲੋਂ ਐਥਲੈਟਿਕਸ ਵਿਚ 2, ਸ਼ੂਟਿੰਗ ਵਿਚ 9, ਕੁਸ਼ਤੀ ਵਿਚ 4 ਅਤੇ ਤੀਰਅੰਦਾਜ਼ੀ ਵਿਚ 3 ਕੋਟੇ ਹਾਸਲ ਕੀਤੇ ਗਏ ਹਨ। ਕੁਸ਼ਤੀ ਵਿਚ ਰਵੀ ਕੁਮਾਰ, ਬਜਰੰਗ ਪੁਨੀਆ, ਦੀਪਕ ਪੁਨੀਆ ਅਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਉਲੰਪਿਕ ਕੋਟਾ ਜਿੱਤਿਆ ਹੋਇਆ ਹੈ। ਤੀਰਅੰਦਾਜ਼ੀ ਵਿਚ ਤਰੁਣਦੀਪ ਰਾਏ, ਅਤਾਨੂ ਦਾਸ ਅਤੇ ਪ੍ਰਵੀਨ ਜਾਧਵ (ਪੁਰਸ਼ ਟੀਮ ਰੀਕਵਰ) ਨੇ ਕੋਟਾ ਹਾਸਲ ਕੀਤਾ ਹੋਇਆ ਹੈ। ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ਵਿਚ ਇਰਫਾਨ ਨੂੰ ਐਥਲੀਟ ਕੋਟਾ ਮਿਲ ਗਿਆ ਹੈ ਜਦਕਿ ਮਿਕਸਡ ਰਿਲੇਅ ਟੀਮ ਲਈ ਮੁਹੰਮਦ ਅਨਸ, ਵੀ.ਕੇ. ਵਿਸਮਯ, ਜਿਸਨਾ ਮੈਥਿਊ ਅਤੇ ਨਿਰਮਲ ਸਿੰਘ ਨੇ ਕੋਟਾ ਹਾਸਲ ਕੀਤਾ ਹੋਇਆ ਹੈ। ਇਸੇ ਤਰ੍ਹਾਂ, ਜੇਕਰ ਬਾਕੀ ਰਹਿੰਦੇ ਖਿਡਾਰੀਆਂ ਅਤੇ ਖੇਡਾਂ ਦੀ ਗੱਲ ਹੋਵੇ ਤਾਂ ਇਹ ਪਤਾ ਲਗਦਾ ਹੈ ਕਿ ਨਿਸ਼ਾਨੇਬਾਜ਼ੀ ਵਿਚ ਦਿਵਯਾਂਸ਼ ਸਿੰਘ ਪੰਵਾਰ (10 ਮੀਟਰ ਏਅਰ ਰਾਈਫਲ), ਸੰਜੀਵ ਰਾਜਪੂਤ (50 ਮੀਟਰ ਰਾਈਫਲ ਤਿੰਨ ਪੋਜ਼ੀਸ਼ਨ) ਅਤੇ ਰਾਹੀ ਸਰਨੋਬਤ (25 ਮੀਟਰ ਪਿਸਟਲ ਮਹਿਲਾ) ਨੇ ਉਲੰਪਿਕ ਕੋਟਾ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ 10 ਮੀਟਰ ਏਅਰ ਪਿਸਟਲ ਵਿਚ ਸੌਰਭ ਚੌਧਰੀ ਅਤੇ ਅਭਿਸ਼ੇਕ ਵਰਮਾ, ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਅੰਜੁਮ ਅਤੇ ਅਪੂਰਵੀ ਚੰਦੇਲਾ ਅਤੇ ਮਹਿਲਾ 10 ਮੀਟਰ ਏਅਰ ਪਿਸਟਲ ਵਿਚ ਮਨੂ ਭਾਕਰ ਅਤੇ ਯਾਸ਼ਸਵਨੀ ਸਿੰਘ ਨੇ 2-2 ਕੋਟੇ ਹਾਸਲ ਕੀਤੇ ਹਨ। ਉਲੰਪਿਕ ਦੀਆਂ ਤਿਆਰੀਆਂ ਲਈ ਸਭ ਤੋਂ ਚੰਗਾ ਸੰਕੇਤ ਲੰਘੇ ਦਿਨੀਂ ਉਸ ਵੇਲੇ ਵਿਖਿਆ ਸੀ, ਜਦੋਂ ਨੂਰ ਸੁਲਤਾਨ (ਕਜ਼ਾਕਿਸਤਾਨ) ਵਿਖੇ ਮੁਕੰਮਲ ਹੋਈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਭਾਰਤ ਲਈ ਦੀਪਕ ਪੁਨੀਆ (86 ਕਿੱਲੋ) ਨੇ ਚਾਂਦੀ, ਰਵੀ ਕੁਮਾਰ ਦਹੀਆ (57 ਕਿਲੋ), ਰਾਹੁਲ ਅਵਾਰੇ (61 ਕਿਲੋ), ਬਜਰੰਗ ਪੁਨੀਆ (65 ਕਿਲੋ) ਅਤੇ ਵਿਨੇਸ਼ ਫੋਗਟ (53 ਕਿੱਲੋ) ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਇਸ ਦੌਰਾਨ ਰਾਹੁਲ ਅਵਾਰੇ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਲੰਪਿਕ ਕੋਟੇ ਹਾਸਲ ਕਰ ਲਏ ਸਨ। ਉਲੰਪਿਕ ਖੇਡਾਂ ਟੋਕੀਓ ਵਿਚ ਅਗਲੇ ਸਾਲ 24 ਜੁਲਾਈ ਤੋਂ ਸ਼ੁਰੂ ਹੋਣਗੀਆਂ ਪਰ ਇਸ ਨੂੰ ਦੂਰ ਨਾ ਮੰਨਦੇ ਹੋਏ ਹੁਣੇ ਤੋਂ ਹੀ ਸਖ਼ਤ ਤਿਆਰੀ ਦੀ ਲੋੜ ਹੈ, ਕਿਉਂਕਿ ਬਾਕੀ ਦੇਸ਼ ਤਾਂ ਪਿਛਲੇ 4 ਸਾਲ ਤੋਂ ਹੀ ਇਸ ਪਾਸੇ ਲੱਗੇ ਹੋਏ ਹਨ। ਇਸੇ ਕਰਕੇ ਮੁਕਾਬਲਾ ਉਥੇ ਸਖਤ ਹੋਵੇਗਾ, ਕਿਉਂਕਿ ਦੁਨੀਆ ਭਰ ਦੇ ਖਿਡਾਰੀ ਆਪਣੀਆਂ ਖੇਡਾਂ ਵਿਚ ਤਗਮੇ ਜਿੱਤਣ ਦੇ ਇਰਾਦੇ ਨਾਲ ਉੱਤਰਨਗੇ। ਭਾਰਤ ਨੂੰ ਸ਼ੂਟਿੰਗ ਅਤੇ ਕੁਸ਼ਤੀ ਵਿਚ ਤਗਮੇ ਦੀਆਂ ਕਾਫੀ ਉਮੀਦ ਹਨ ਪਰ ਬਾਕੀ ਖੇਡਾਂ ਖਾਸ ਕਰ ਹਾਕੀ ਅਤੇ ਬੈਡਮਿੰਟਨ ਲਈ ਵੀ ਆਸ ਬਣ ਸਕਦੀ ਹੈ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਤਿਆਰੀ ਹੋਰ ਤੇਜ਼ ਕੀਤੀ ਜਾਵੇਗੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਆਈ.ਐਸ.ਐਲ. ਸਟਾਰ ਖਿਡਾਰੀਆਂ 'ਤੇ ਟਿਕੀਆਂ ਦਾਅਵੇਦਾਰੀ ਦੀਆਂ ਨਜ਼ਰਾਂ

ਵਰਤਮਾਨ ਸਮੇਂ ਬੰਗਲੁਰੂ ਐਫ.ਸੀ. ਇਸ ਲੀਗ ਦੀ ਜੇਤੂ ਟੀਮ ਹੈ। ਦੋ ਵਾਰ ਦੀ ਆਈ.ਐਸ.ਐਲ. ਚੇਨਈ ਐਫ.ਸੀ. ਨੇ ਇਸ ਵਾਰ ਹੈਦਰਾਬਾਦ ਐਫ.ਸੀ. ਦੇ ਗੋਲਕੀਪਰ ਵਿਸ਼ਾਲ ਕੈਥ ਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ। ਵਿਸ਼ਾਲ ਇਸ ਸਮੇਂ ਭਾਰਤੀ ਟੀਮ ਨਾਲ ਵਿਸ਼ਵ ਕੱਪ ਕੁਆਲੀਫਾਈ ਮੁਕਾਬਲਿਆਂ ਵਿਚ ਹਿੱਸਾ ਲੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਰੋਹੜੂ ਕਸਬੇ ਨਾਲ ਸਬੰਧ ਰੱਖਣ ਵਾਲੇ 6 ਫੁੱਟ 2 ਇੰਚ ਲੰਬੇ ਗੋਲਕੀਪਰ ਵਿਸ਼ਾਲ ਨੇ 3 ਸਾਲ ਆਈ.ਲੀਗ ਦੀ ਟੀਮ ਸ਼ਿਲਾਗ ਲਾਜੋਗ ਲਈ ਬਤੌਰ ਗੋਲਕੀਪਰ ਪ੍ਰਭਾਵਸ਼ਾਲੀ ਖੇਡ ਦਾ ਮੁਜ਼ਾਹਰਾ ਕੀਤਾ ਹੈ। ਵਿਸ਼ਾਲ ਅੰਡਰ-16, ਅੰਡਰ-19 ਅਤੇ ਅੰਡਰ-23 ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕਾ ਹੈ। ਚੇਨਈ ਟੀਮ ਨੇ ਇਸ ਵਾਰ ਮਿਜ਼ੋਰਮ ਦੇ ਖਿਡਾਰੀ ਲੈਲਜੁਆਲਾ ਚੁਗਤੇ ਨੂੰ ਵੀ ਟੀਮ ਦਾ ਹਿੱਸਾ ਬਣਾਇਆ ਹੈ। ਇਸ ਤੋਂ ਪਹਿਲਾਂ ਦਿੱਲੀ ਡਾਇਨਮੋਸ ਵਲੋਂ 2 ਸਾਲ ਖੇਡਣ ਵਾਲੇ ਚੁਗਤੇ ਨੇ 18 ਸਾਲ ਦੀ ਉਮਰ ਵਿਚ ਭਾਰਤੀ ਸੀਨੀਅਰ ਟੀਮ ਵਿਚ ਸ਼ਾਮਿਲ ਹੋ ਕੇ ਸੈਫ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ। ਚੇਨਈ ਐਫ.ਸੀ. ਤੋਂ ਇਸ ਤੇਜ਼-ਤਰਾਰ ਸਟਰਾਈਕ ਤੋਂ ਵੱਡੀਆਂ ਉਮੀਦਾਂ ਹਨ। ਇਸ ਤੋਂ ਇਲਾਵਾ ਚੇਨਈ ਐਫ.ਸੀ. ਨੇ ਬਲਗਾਰੀਆ ਲੀਗ 'ਚ ਖੇਡ ਚੁੱਕੇ ਰੂਮਾਨੀਆ ਮੂਲ ਦੇ ਖਿਡਾਰੀ 30 ਵਰ੍ਹਿਆਂ ਦੇ ਸਟਰਾਈਕਰ ਡਰਾਗੋਸ ਫਿਰਤੋਲਿਸਕੀਊ ਤੇ ਤਾਮਿਲਨਾਡੂ ਦੇ ਏਡਵਿਨ ਵੰਨਸਪਾਲ ਨੂੰ ਵੀ ਟੀਮ ਵਿਚ ਸ਼ਾਮਿਲ ਕੀਤਾ ਹੈ।
ਮੌਜੂਦਾ ਇੰਡੀਅਨ ਸੁਪਰ ਚੈਂਪੀਅਨ ਬੰਗਲੁਰੂ ਐਫ.ਸੀ. ਇਕ ਵਾਰ ਫਿਰ ਦਮਦਾਰ ਦਾਅਵੇਦਾਰੀ ਨਾਲ ਮੈਦਾਨ 'ਚ ਉਤਰ ਰਹੀ ਹੈ। ਇਸ ਸੀਜ਼ਨ ਵਿਚ ਕਲੱਬ ਨੇ ਬ੍ਰਾਜ਼ੀਲ ਦੇ ਮੱਧ ਪੰਕਤੀ ਦੇ ਖਿਡਾਰੀ ਰਾਫਾਏਲ ਔਗਸਟੋ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ। 28 ਵਰ੍ਹਿਆਂ ਦਾ ਇਹ ਖਿਡਾਰੀ ਪਿਛਲੇ 4 ਸਾਲ ਤੋਂ ਚੇਨਈ ਐਫ.ਸੀ. ਵਲੋਂ ਖੇਡਿਆ ਸੀ। ਇਸ ਦੌਰਾਨ ਦੋ ਵਾਰ ਚੇਨਈ ਨੇ ਖਿਤਾਬ ਆਪਣੇ ਨਾਂਅ ਕੀਤਾ ਸੀ। ਬੰਗਲੁਰੂ ਨਾਲ ਜੁੜਨ ਵਾਲੇ ਹੋਰ ਖਿਡਾਰੀਆਂ 'ਚ ਮੈਨੂਅਲ ਉਨਵੂ, ਐਲ. ਸੁਰੇਸ਼ ਵਾਨਗਜਮ, ਪ੍ਰਭਸੁਖਨ ਗਿੱਲ ਅਤੇ ਪਿਛਲੇ ਸਾਲ ਪੂਨੇ ਵਲੋਂ ਮੈਦਾਨ 'ਚ ਉੱਤਰੇ ਏ. ਕੋਰੋਈਅਨ ਨੂੰ ਵੀ ਟੀਮ 'ਚ ਸ਼ਾਮਿਲ ਕੀਤਾ ਹੈ।
ਦਾਅਵੇਦਾਰੀ ਲਈ ਮਜ਼ਬੂਤ ਦਸਤਕ ਦੇਣ ਲਈ ਜਮਸ਼ੇਦਪੁਰ ਦੀ ਟੀਮ ਨੇ ਇਸ ਵਾਰ ਭਾਰਤੀ ਟੀਮ 'ਚ ਸਟਰਾਈਕਰ ਵਜੋਂ ਖੇਡ ਰਹੇ ਕੈਨਾਨੌਰ (ਕੇਰਲਾ) ਦੇ ਖਿਡਾਰੀ ਵੀ. ਕੇ. ਵਿਨੀਥ ਨੂੰ ਆਪਣੀ ਟੀਮ ਵਿਚ ਸ਼ਾਮਿਲ ਕੀਤਾ ਹੈ। 31 ਵਰ੍ਹਿਆਂ ਦੇ ਵਿਨੀਥ ਨੇ 203 ਮੈਚ ਖੇਡਦਿਆਂ 53 ਗੋਲ ਕੀਤੇ ਹਨ। ਸੰਨ 2013 ਤੋਂ ਮੌਜੂਦਾ ਸਮੇਂ ਤੱਕ ਇਹ ਖਿਡਾਰੀ 7 ਵਾਰ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕਾ ਹੈ। ਵੀਨੀਥ 2016 ਵਿਚ ਲੀਗ ਦਾ ਟਾਪ ਸਕੋਰਰ ਰਿਹਾ ਸੀ। ਉਸ ਸਮੇਂ ਇਹ ਕੇਰਲਾ ਬਲਾਸਟਰ ਵਲੋਂ ਮੈਦਾਨ ਵਿਚ ਉਤਰਿਆ ਸੀ।
ਕੇਰਲਾ ਬਲਾਸਟਰ ਨੇ ਇਹ ਕਹਿ ਕੇ ਫੁੱਟਬਾਲ ਗਲਿਆਰਿਆਂ ਵਿਚ ਭੜਥੂ ਪਾ ਦਿੱਤਾ ਕਿ ਹੁਣ ਸਾਡੇ ਕੋਲ ਮੈਸੀ ਹੈ। ਕੇਰਲਾ ਵਲੋਂ ਕੈਮਰੂਨ ਦੇ ਰਾਫਾਏਲ ਅਰਿਕ ਮੈਸੀ ਨਾਲ ਕਰਾਰ ਕੀਤਾ ਹੈ। 27 ਵਰ੍ਹਿਆਂ ਦਾ ਇਹ ਖਿਡਾਰੀ ਕੈਮਰੂਨ ਦੀ ਕੌਮੀ ਟੀਮ ਲਈ 2013, 2017 ਅਤੇ 2018 'ਚ ਖੇਡ ਚੁੱਕਾ ਹੈ। ਸਟਰਾਈਕਰ ਵਜੋਂ ਖੇਡਣ ਵਾਲਾ ਮੈਸੀ ਚੀਨ ਅਤੇ ਇਰਾਨ ਲੀਗ ਦਾ ਹਿੱਸਾ ਬਣ ਚੁੱਕਾ ਹੈ। ਇਸ ਤੋਂ ਇਲਾਵਾ ਕੇਰਲਾ ਨੇ ਸੇਨੇਗਿਲ ਮੂਲ ਦੇ ਮਿਡਫੀਲਡਰ ਮੁਹਮਦੋ ਮੁਸਤਫਾ ਜਿੰਗ ਨੂੰ ਟੀਮ 'ਚ ਸ਼ਾਮਿਲ ਕੀਤਾ। ਇਸ ਤੋਂ ਇਲਾਵਾ ਮੋਰਾਕੋ ਮੂਲ ਦਾ ਮਿਡਫੀਲਡਰ ਅਹਿਮਦ ਜਾਹੋਉ ਨੇ ਇਸ ਸਾਲ ਵੀ ਗੋਆ ਖੇਡਣ ਲਈ ਦਸਤਖਤ ਕੀਤੇ ਹਨ ਤੇ ਬੰਗਲੁਰੂ ਐਫ.ਸੀ. ਵਲੋਂ ਖੇਡਣ ਵਾਲੇ ਸਿਸਕੋ ਹਰਨਾਡੇਜ ਇਸ ਵਾਰ ਦਿੱਲੀ ਡਾਇਨਾਮੋਸ ਲਈ ਖੇਡੇਗਾ। ਭਾਰਤੀ ਖਿਡਾਰੀ ਸੁਨੀਲ ਸ਼ੇਤਰੀ ਇਸ ਵਾਰ ਫਿਰ ਬੰਗਲੁਰੂ ਟੀਮ ਦੀ ਜਰਸੀ ਪਹਿਨੇਗਾ।
ਖੈਰ, ਆਈ.ਐਸ.ਐਲ. ਦੇ 5 ਪੜਾਅ ਦੇ ਸਫਰ 'ਚ 3 ਟੀਮਾਂ ਏ.ਟੀ.ਕੇ. ਨੇ (2014, 2016), ਚੇਨਈ ਨੇ (2015-2017) ਅਤੇ ਬੰਗਲੁਰੂ ਨੇ 2018 'ਚ ਜੇਤੂ ਹਸਤਾਖਰ ਲਿਖੇ ਹਨ। ਇਸ ਵਾਰ ਬਾਜ਼ੀ ਕੌਣ ਮਾਰੇਗਾ, ਇਹ ਤਾਂ ਵਕਤ ਹੀ ਦੱਸੇਗਾ ਪਰ ਸਟਾਰ ਖਿਡਾਰੀਆਂ 'ਤੇ ਟਿਕੀਆਂ ਹਨ ਦਾਅਵੇਦਾਰਾਂ ਦੀਆਂ ਨਜ਼ਰਾਂ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਪੰਜਾਬ 'ਚ ਕਿਵੇਂ ਆਵੇ ਖੇਡ ਕ੍ਰਾਂਤੀ

ਕਿਸੇ ਸਮੇਂ ਭਾਰਤੀ ਖੇਡਾਂ ਦੇ ਸਰਦਾਰ ਕਹੇ ਜਾਣ ਵਾਲੇ ਸਾਡੇ ਸੂਬੇ ਪੰਜਾਬ ਦੀ ਅਜੋਕੇ ਦੌਰ 'ਚ ਕੌਮੀ ਪੱਧਰ 'ਤੇ ਪਹਿਲਾਂ ਵਾਲੀ ਸਾਖ ਨਹੀਂ ਰਹੀ। ਭਾਵੇਂ ਕਿ ਖੇਡਾਂ 'ਤੇ ਪਹਿਲਾ ਨਾਲੋਂ ਜ਼ਿਆਦਾ ਖਰਚ ਕੀਤਾ ਜਾ ਰਿਹਾ ਹੈ, ਪਰ ਪ੍ਰਤੀਬੱਧਤਾ, ਮਿਹਨਤ ਤੇ ਇਮਾਨਦਾਰੀ ਦੀ ਘਾਟ ਕਾਰਨ ਪੰਜਾਬ ਖੇਡਾਂ ਦੇ ਖੇਤਰ 'ਚ ਆਪਣਾ ਪੁਰਾਣਾ ਰੁਤਬਾ ਹਾਸਲ ਕਰਦਾ ਨਜ਼ਰ ਨਹੀਂ ਆ ਰਿਹਾ। ਮੌਜੂਦਾ ਸਥਿਤੀ 'ਚੋਂ ਬਿਹਤਰ ਦੌਰ 'ਚ ਪ੍ਰਵੇਸ਼ ਕਰਨ ਲਈ ਵੱਡੇ ਬਜਟ ਦੀ ਬਜਾਏ ਯੋਜਨਾਬੱਧੀ ਅਤੇ ਮੌਜੂਦਾ ਖੇਡ ਢਾਂਚੇ ਦੀ ਸਹੀ ਵਰਤੋਂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਮੌਜੂਦਾ ਹਾਲਾਤ : ਪੰਜਾਬ 'ਚ ਹੋਰਨਾਂ ਰਾਜਾਂ ਦੇ ਮੁਕਾਬਲੇ ਅਜੇ ਵੀ ਬਿਹਤਰ ਖੇਡ ਢਾਂਚਾ ਉਪਲਬਧ ਹੈ, ਜਿਸ ਵਿਚ ਖੇਡ ਸੰਸਥਾਵਾਂ, ਕੋਚ ਅਤੇ ਮੈਦਾਨ ਸ਼ਾਮਲ ਹਨ। ਦੂਸਰੇ ਰਾਜਾਂ ਦੇ ਮੁਕਾਬਲਤਨ ਪੰਜਾਬ 'ਚ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੈ ਅਤੇ ਆਪਣੀ ਔਲਾਦ ਨੂੰ ਖੇਡਾਂ ਦੇ ਖੇਤਰ 'ਚ ਅੱਗੇ ਵਧਣ ਲਈ ਵਧੀਆ ਖੁਰਾਕ ਤੇ ਹੋਰ ਸਹੂਲਤਾਂ ਦੇਣ ਦੇ ਵੀ ਬਹੁਤ ਸਾਰੇ ਪਰਿਵਾਰ ਸਮਰੱਥ ਹਨ। ਤੀਸਰਾ ਪੱਖ ਪੰਜਾਬ ਦੇ ਲੋਕਾਂ ਦੀ ਖੇਡਾਂ 'ਚ ਬੇਮਿਸਾਲ ਦਿਲਚਸਪੀ ਹੈ। ਇੰਨਾ ਕੁਝ ਬੁਨਿਆਦੀ ਸਹੂਲਤਾਂ ਦੇ ਬਾਵਜੂਦ ਪੰਜਾਬੀਆਂ ਦੀਆਂ ਖੇਡ ਪ੍ਰਾਪਤੀਆਂ ਦੇ ਨਤੀਜੇ ਤਸੱਲੀਬਖਸ਼ ਨਹੀਂ ਆ ਰਹੇ। ਇਸ ਘਾਟ ਦਾ ਸਭ ਤੋਂ ਪਹਿਲਾ ਕਾਰਨ ਸਾਡੇ ਖੇਡ ਸੰਚਾਲਕਾਂ 'ਚ ਪ੍ਰਤੀਬੱਧਤਾ ਦੀ ਘਾਟ ਨਜ਼ਰ ਆ ਰਹੀ ਹੈ। ਪੰਜਾਬ ਦਾ ਕੋਈ ਵੀ ਅਜਿਹਾ ਪਿੰਡ ਨਹੀਂ ਹੋਣਾ, ਜਿੱਥੇ ਕਿਸੇ ਨਾ ਕਿਸੇ ਖੇਡ ਲਈ ਮੈਦਾਨ ਉਪਲਬਧ ਨਾ ਹੋਵੇ ਪਰ ਇਨ੍ਹਾਂ 'ਚੋਂ ਸਾਰਾ ਸਾਲ ਕਿੰਨੇ ਮੈਦਾਨਾਂ 'ਚ ਖੇਡ ਸਰਗਰਮੀਆਂ ਚਲਦੀਆਂ ਹਨ, ਆਪਾਂ ਸਭ ਭਲੀਭਾਂਤ ਜਾਣਦੇ ਹਾਂ। ਇਸ ਦੇ ਨਾਲ ਹੀ ਇਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਅਜੇ ਵੀ ਉਨ੍ਹਾਂ ਖੇਡਾਂ ਵੱਲ ਘੱਟ ਧਿਆਨ ਦੇ ਰਹੇ ਹਾਂ, ਜਿਨ੍ਹਾਂ 'ਚ ਸਾਡੀਆਂ ਪ੍ਰਾਪਤੀਆਂ 'ਚ ਦੁਨੀਆ ਲੋਹਾ ਮੰਨਦੀ ਰਹੀ ਹੈ। ਦੂਸਰੇ ਰਾਜਾਂ ਦੇ ਮੁਕਾਬਲੇ ਪੰਜਾਬ ਕੋਲ ਕੋਚਾਂ ਤੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਨਫਰੀ ਕਾਫੀ ਜ਼ਿਆਦਾ ਹੈ ਪਰ ਇਨ੍ਹਾਂ 'ਚੋਂ ਬਹੁਤ ਘੱਟ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹਨ।
ਕੀ ਕੀਤਾ ਜਾਵੇ : ਸਾਡੇ ਸੂਬੇ ਦੇ ਖੇਡ ਮਿਆਰ ਨੂੰ ਉੱਚਾ ਚੁੱਕਣ ਲਈ ਕੁਝ ਅਜਿਹੇ ਕਦਮ ਚੁੱਕਣ ਦੀ ਜ਼ਰੂਰਤ ਹੈ, ਜਿਨ੍ਹਾਂ ਨਾਲ ਪੰਜਾਬ ਦੀ ਖੇਡ ਦਸ਼ਾ ਸਹਿਜੇ ਹੀ ਬੁਲੰਦੀਆਂ ਵੱਲ ਜਾ ਸਕਦੀ ਹੈ। ਪੰਜਾਬ 'ਚ ਦਾਇਰੇ ਵਾਲੀ ਕਬੱਡੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਨੂੰ ਸਰਕਾਰ ਵਲੋਂ ਰਾਜ 'ਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਖੇਡ ਰਾਹੀਂ ਰਾਜ ਦੀ ਨਵੀਂ ਪਨੀਰੀ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ 'ਚੋਂ ਕਬੱਡੀ ਦੇ ਖੇਤਰ 'ਚ ਸਿਖਰ ਵੱਲ ਜਾਣ ਦੇ ਸਮਰੱਥ ਖਿਡਾਰੀਆਂ ਨੂੰ ਛੱਡ ਕੇ, ਬਾਕੀ ਨੂੰ ਸਕੂਲੀ ਜੀਵਨ ਦੌਰਾਨ ਹੋਰਨਾਂ ਖੇਡਾਂ ਵੱਲ ਮੋੜ ਦਿੱਤਾ ਜਾਵੇ। ਦੂਸਰਾ ਕਦਮ ਸਰਕਾਰ ਵਲੋਂ ਉਨ੍ਹਾਂ ਖੇਡਾਂ ਦੀ ਚੋਣ ਕੀਤੀ ਜਾਵੇ, ਜਿਨ੍ਹਾਂ 'ਚ ਪੰਜਾਬੀ ਬਹੁਤ ਜਲਦੀ ਵੱਡੇ ਮੰਚ 'ਤੇ ਪੁੱਜਣ ਦੇ ਸਮਰੱਥ ਹੋ ਜਾਂਦੇ ਹਨ। ਮਿਸਾਲ ਵਜੋਂ ਹਾਕੀ, ਭਾਰ ਤੋਲਣ, ਅਥਲੈਟਿਕਸ, ਕੁਸ਼ਤੀ, ਕਬੱਡੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਜੂਡੋ, ਬਾਸਕਟਬਾਲ, ਜਿਮਨਾਸਟਿਕ, ਕਿਸ਼ਤੀ ਚਾਲਣ, ਫੁੱਟਬਾਲ, ਮੁੱਕੇਬਾਜ਼ੀ, ਵਾਲੀਬਾਲ ਤੇ ਹੈਂਡਬਾਲ ਵਰਗੀਆਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਰਾਜ ਦੇ ਸਾਰੇ ਸਕੂਲਾਂ 'ਚ ਪ੍ਰਾਇਮਰੀ ਪੱਧਰ ਤੋਂ ਹੀ ਖੋ-ਖੋ ਤੇ ਅਥਲੈਟਿਕਸ 'ਚ ਹਿੱਸਾ ਲੈਣਾ ਹਰੇਕ ਵਿਦਿਆਰਥੀ ਲਈ ਲਾਜ਼ਮੀ ਬਣਾਇਆ ਜਾਵੇ। ਇਨ੍ਹਾਂ ਦੋ ਖੇਡਾਂ ਰਾਹੀਂ ਬਹੁਤ ਸਾਰੀਆਂ ਖੇਡਾਂ ਦੇ ਖਿਡਾਰੀ ਪੈਦਾ ਕਰ ਸਕਦੇ ਹਾਂ ਅਤੇ ਇਨ੍ਹਾਂ ਨੂੰ ਕਰਵਾਉਣ ਲਈ ਵੱਡੇ ਖੇਡ ਢਾਂਚੇ ਦੀ ਵੀ ਜ਼ਰੂਰਤ ਨਹੀਂ ਹੈ।
ਅਗਲੇ ਕਦਮ ਵਜੋਂ ਰਾਜ ਦੇ ਖੇਡ ਵਿਭਾਗ 'ਚ ਤਾਇਨਾਤ ਕੋਚਾਂ ਨੂੰ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰ 'ਚ ਵੀ ਤਾਇਨਾਤ ਕੀਤਾ ਜਾਵੇ, ਜਿੱਥੋਂ ਸਭ ਤੋਂ ਵਧੇਰੇ ਖਿਡਾਰੀ ਆਉਂਦੇ ਹਨ। ਬੜੇ ਅਫ਼ਸੋਸ ਦੀ ਗੱਲ ਹੈ ਕਿ ਰਾਜ ਦੇ ਹਰੇਕ ਜ਼ਿਲ੍ਹੇ 'ਚ ਖੇਡ ਵਿਭਾਗ ਦੇ 30 ਤੋਂ 40 ਤੱਕ ਕੋਚ ਨਿਯੁਕਤ ਹਨ ਪਰ ਉਨ੍ਹਾਂ 'ਚ 5 ਫੀਸਦੀ ਵੀ ਪੇਂਡੂ ਖੇਤਰ 'ਚ ਕੰਮ ਨਹੀਂ ਕਰਦੇ। ਇਸ ਦੇ ਨਾਲ ਹੀ ਰਾਜ ਦੇ ਸਰਕਾਰੀ ਸਕੂਲਾਂ 'ਚ ਤਾਇਨਾਤ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਆਪਣੀ ਕਰਮਭੂਮੀ ਵਾਲੇ ਪਿੰਡ, ਕਸਬੇ ਜਾਂ ਸ਼ਹਿਰ 'ਚ ਕਿਸੇ ਨਾ ਕਿਸੇ ਖੇਡ ਦਾ ਸਿਖਲਾਈ ਕੇਂਦਰ ਚਲਾਉਣਾ ਲਾਜ਼ਮੀ ਬਣਾਇਆ ਜਾਵੇ, ਜਿਸ ਲਈ ਉਨ੍ਹਾਂ ਦੀ ਸਕੂਲਾਂ 'ਚ ਡਿਊਟੀ ਦਾ ਸਮਾਂ ਭਾਵੇਂ ਘਟਾ ਦਿੱਤਾ ਜਾਵੇ। ਅਜਿਹਾ ਕਰਨ ਨਾਲ ਪੰਜਾਬ ਦੇ ਹਰੇਕ ਪਿੰਡ 'ਚ ਨਵੀਂ ਪਨੀਰੀ ਨੂੰ ਬੇਕਾਰੀ ਕਾਰਨ ਨਸ਼ਿਆਂ ਵਰਗੀਆਂ ਅਲਾਮਤਾਂ ਵੱਲ ਜਾਣ ਦੇ ਬਦਲ ਵਜੋਂ ਖੇਡ ਸਰਗਰਮੀਆਂ ਦਾ ਰੁਝੇਵਾਂ ਮਿਲੇਗਾ। ਇਸ ਦੇ ਨਾਲ ਹੀ ਸਕੂਲਾਂ 'ਚ ਹਰੇਕ ਸਰੀਰਕ ਸਿੱਖਿਆ ਅਧਿਆਪਕ ਨੂੰ ਅਥਲੈਟਿਕਸ ਦੇ ਨਾਲ-ਨਾਲ ਇਕ ਖੇਡ ਦਾ ਸਿਖਲਾਈ ਕੇਂਦਰ ਚਲਾਉਣਾ ਲਾਜ਼ਮੀ ਬਣਾਇਆ ਜਾਵੇ।
ਆਖਰੀ ਕਦਮ ਰਾਜ 'ਚ ਸਥਾਪਤ ਸਪੋਰਟਸ ਸਕੂਲਾਂ, ਪੰਜਾਬ ਇੰਸਟੀਚਿਊਟ ਆਫ ਸਪੋਰਟਸ, ਖੇਡ ਵਿਭਾਗ ਦੇ ਵੱਡੇ ਕੇਂਦਰਾਂ, ਸਕੂਲ ਵਿਭਾਗ ਦੇ ਵਿੰਗਾਂ, ਯੂਨੀਵਰਸਿਟੀਆਂ ਦੇ ਖੇਡ ਢਾਂਚੇ ਅਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਿਖਲਾਈ ਕੇਂਦਰਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ। ਇਨ੍ਹਾਂ ਸੰਸਥਾਵਾਂ ਲਈ ਖਿਡਾਰੀਆਂ ਦੀ ਚੋਣ ਪ੍ਰਾਇਮਰੀ ਪੱਧਰ ਤੋਂ ਹੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮਿਆਰੀ ਸਹੂਲਤਾਂ ਦਿੱਤੀਆਂ ਜਾਣ। ਇਸ ਦੇ ਨਾਲ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵੀ ਖੇਡਾਂ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾਵੇ। ਸਭ ਤੋਂ ਵੱਡੀ ਲੋੜ ਉਕਤ ਸਾਰੇ ਅਦਾਰਿਆਂ 'ਚ ਤਾਲਮੇਲ ਦੀ ਹੈ। ਇਹ ਅਦਾਰੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਚੋਣ ਕਰਨ ਵੇਲੇ ਇਕਸੁਰ ਰਹਿਣ। ਸਰਕਾਰ ਵਲੋਂ ਖਿਡਾਰੀਆਂ ਨੂੰ ਸਹੂਲਤਾਂ ਸਮੇਂ ਸਿਰ ਦਿੱਤੀਆਂ ਜਾਣ। ਇਨ੍ਹਾਂ ਕੁਝ ਸਰਗਰਮੀਆਂ ਨਾਲ ਪੰਜਾਬ ਨੂੰ ਜਿੱਥੇ ਖੇਡਾਂ ਦੇ ਖੇਤਰ 'ਚ ਮੁੜ ਮੋਹਰੀ ਸਫਾਂ 'ਚ ਪਹੁੰਚਾਇਆ ਜਾ ਸਕਦਾ ਹੈ, ਉੱਥੇ ਰਾਜ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਵੀ ਬਚਾਇਆ ਜਾ ਸਕਦਾ ਹੈ।


-ਪਟਿਆਲਾ। ਮੋਬਾ: 97795-90575

ਕਮਰ ਵਿਚ ਨੁਕਸ ਹੋਣ ਦੇ ਬਾਵਜੂਦ ਖੇਡ ਦੇ ਮੈਦਾਨ ਦਾ ਹੀਰੋ-ਰਾਜੂ ਮਗੋਤਰਾ ਬੰਗਾਲ

ਰਾਜੂ ਮਗੋਤਰਾ ਜਨਮ ਜਾਤ ਤੋਂ ਹੀ ਛੋਟੇ ਕੱਦ ਦਾ ਹੈ ਅਤੇ ਜਨਮ ਤੋਂ ਹੀ ਉਸ ਦੀ ਕਮਰ ਵਿਚ ਨੁਕਸ ਹੈ ਪਰ ਕੁਦਰਤ ਵਲੋਂ ਇਸ ਵਰਤਾਰੇ ਦੇ ਬਾਵਜੂਦ ਉਹ ਖੇਡ ਦੇ ਮੈਦਾਨ ਦਾ ਹੀਰੋ ਹੈ ਅਤੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰਰੀ ਪੈਰਾ ਬੈਡਮਿੰਟਨ ਖਿਡਾਰੀ ਹੈ, ਜਿਸ ਦੀ ਆਪਣੀ ਧਾਕ ਅਤੇ ਸ਼ਾਨ ਹੈ ਅਤੇ ਇਸ ਪੈਰਾ ਖਿਡਾਰੀ 'ਤੇ ਪੂਰਾ ਪੱਛਮੀ ਬੰਗਾਲ ਮਾਣ ਕਰਦਾ ਹੈ ਅਤੇ ਰਾਜੂ ਮਗੋਤਰਾ ਮਾਣ ਕਰਦਾ ਹੈ ਆਪਣੇ ਕੋਚ ਗੌਰਵ ਖੰਨਾ 'ਤੇ, ਜਿਸ ਨੇ ਉਸ ਨੂੰ ਖੇਡ ਦੇ ਮੈਦਾਨ ਵਿਚ ਇਸ ਕਦਰ ਤਰਾਸ਼ਿਆ ਕਿ ਅੱਜ ਉਹ ਮਾਣਮੱਤਾ ਪੈਰਾ ਖਿਡਾਰੀ ਹੈ। ਰਾਜੂ ਮਗੋਤਰਾ ਦਾ ਜਨਮ 12 ਜੂਨ, 1984 ਨੂੰ ਪਿਤਾ ਦਲੀਪ ਮਗੋਤਰਾ ਦੇ ਘਰ ਮਾਤਾ ਬੀਨਾ ਮਗੋਤਰਾ ਦੀ ਕੁੱਖੋਂ ਪੱਛਮੀ ਬੰਗਾਲ ਦੇ ਜ਼ਿਲ੍ਹਾ ਬੁਰਦਵਾਨ ਦੇ ਪਿੰਡ ਸੇਰਸੋਲਾ ਰਾਜਬਾਰੀ ਵਿਖੇ ਹੋਇਆ। ਰਾਜੂ ਮਗੋਤਰਾ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਹ ਸਕੂਲ ਪੜ੍ਹਦਾ ਇਕ ਨਾਮਵਾਰ ਖਿਡਾਰੀ ਬਣਨ ਦੇ ਸੁਪਨੇ ਲੈਂਦਾ ਸੀ ਪਰ ਉਸ ਦੇ ਨਾਲ ਦੇ ਸਾਥੀ ਉਸ ਨੂੰ ਛੋਟਾ ਕੱਦ ਹੋਣ ਕਰਕੇ ਮਜ਼ਾਕ ਕਰਦੇ ਸੀ ਪਰ ਉਸ ਨੇ ਕਿਸੇ ਦੀ ਵੀ ਪ੍ਰਵਾਹ ਨਾ ਕੀਤੀ। ਉਹ ਆਪਣੀ ਮੰਜ਼ਿਲ 'ਤੇ ਪੁੱਜਣ ਲਈ ਕਿਸੇ ਉਸਤਾਦ ਦੀ ਤਲਾਸ਼ ਕਰਨ ਲੱਗਿਆ ਅਤੇ ਨਾਲੋ-ਨਾਲ ਉਹ ਟਿੱਚਰਾਂ-ਮਿਹਣਿਆਂ ਦਾ ਸ਼ਿਕਾਰ ਹੁੰਦਾ ਗ੍ਰੈਜੂਏਸ਼ਨ ਵੀ ਕਰ ਗਿਆ। ਇਸ ਹੀਰੇ ਨੂੰ ਜੌਹਰੀ ਵੀ ਐਸਾ ਮਿਲਿਆ ਜਿਵੇਂ ਦੋਵਾਂ ਨੂੰ ਹੀ ਇਕ-ਦੂਸਰੇ ਦੀ ਤਲਾਸ਼ ਸੀ ਅਤੇ ਉਸ ਦੀ ਮੁਲਾਕਾਤ ਬੈਡਮਿੰਟਨ ਦੇ ਪ੍ਰਸਿੱਧ ਕੋਚ ਗੌਰਵ ਖੰਨਾ ਨਾਲ ਹੋਈ ਅਤੇ ਫਿਰ ਸਫ਼ਰ ਸ਼ੁਰੂ ਹੋਇਆ ਖੇਡ ਦੇ ਮੈਦਾਨ ਦਾ।
ਸਾਲ 2015 ਵਿਚ ਬੈਂਗਲੁਰੂ ਵਿਖੇ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਜਿੱਥੇ ਉਹ ਬੈਡਮਿੰਟਨ ਵਿਚ ਸਿੰਗਲ ਅਤੇ ਡਬਲ ਖੇਡਦਿਆਂ 2 ਸੋਨ ਤਗਮੇ ਆਪਣੇ ਨਾਂਅ ਕਰਕੇ ਪਹਿਲੀ ਵਾਰ ਹੀ ਚੈਂਪੀਅਨ ਬਣ ਗਿਆ। ਉਸ ਦੇ ਕੋਚ ਗੌਰਵ ਖੰਨਾ ਤੋਂ ਇਹ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਉਹ ਖੁਸ਼ੀ ਨਾਲ ਅੱਖਾਂ ਭਰ ਕੇ ਰਾਜੂ ਮਗੋਤਰਾ ਨੂੰ ਗਲ ਨਾਲ ਲਾ ਕੇ ਆਖਣ ਲੱਗਿਆ ਕਿ 'ਜੌਹਰੀ ਨੂੰ ਹੀਰੇ ਦੀ ਤਲਾਸ਼ ਸੀ, ਉਹੀ ਮਿਲਿਆ ਹੈ, ਕੋਈ ਪੱਥਰ ਨਹੀਂ।' ਉਸ ਤੋਂ ਬਾਅਦ ਰਾਜੂ ਮਗੋਤਰਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਦਮ-ਦਰ-ਕਦਮ ਅੱਗੇ ਹੀ ਵਧਦਾ ਗਿਆ। ਸਾਲ 2018 ਵਿਚ ਹੀ ਉਸ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿਖੇ ਹੋਈ ਨੈਸ਼ਨਲ ਪੈਰਾ-ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਗ ਲਿਆ, ਜਿੱਥੇ ਉਸ ਨੇ ਆਪਣਾ ਚੰਗਾ ਪ੍ਰਦਰਸ਼ਨ ਕਰਦਿਆਂ ਸਿੰਗਲ ਅਤੇ ਡਬਲ ਖੇਡਦਿਆਂ 2 ਚਾਂਦੀ ਦੇ ਤਗਮੇ ਆਪਣੇ ਨਾਂਅ ਕੀਤੇ। ਸਾਲ 2019 ਵਿਚ ਉੱਤਰਾਖੰਡ ਦੇ ਸ਼ਹਿਰ ਰੁਦਰਪੁਰ ਵਿਖੇ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਿੰਗਲ ਖੇਡਦਿਆਂ ਚਾਂਦੀ ਦਾ ਤਗਮਾ ਅਤੇ ਡਬਲ ਖੇਡਦਿਆਂ ਸੋਨ ਤਗਮਾ ਆਪਣੇ ਨਾਂਅ ਕਰ ਲਿਆ।
ਜੇਕਰ ਰਾਜੂ ਮਗੋਤਰਾ ਦੇ ਅੰਤਰਰਾਸ਼ਟਰੀ ਸਫ਼ਰ ਦੀ ਗੱਲ ਕਰੀਏ ਤਾਂ ਸਾਲ 2017 ਵਿਚ ਕੋਰੀਆ ਵਿਖੇ ਹੋਈ ਪੈਰਾ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿਚ ਉਹ ਡਬਲ ਅਤੇ ਮੈਕਸ ਡਬਲ ਖੇਡਦਿਆਂ 2 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦੀ ਸ਼ਾਨ ਬਣਿਆ। ਸਾਲ 2018 ਵਿਚ ਥਾਈਲੈਂਡ ਵਿਖੇ ਹੋਈ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਵਿਚ ਰਾਜੂ ਮਗੋਤਰਾ ਸਿੰਗਲ ਅਤੇ ਡਬਲ ਖੇਡਦਿਆਂ 2 ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦੀ ਸ਼ਾਨ ਬਣਿਆ। ਸਾਲ 2018 ਵਿਚ ਡੁਬਈ ਵਿਖੇ ਡਬਲ ਖੇਡਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2018 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਜੈਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਵੀ ਉਸ ਨੇ ਭਾਗ ਲਿਆ। ਸਾਲ 2019 ਵਿਚ ਥਾਈਲੈਂਡ ਵਿਖੇ ਹੋਈ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਡਬਲ ਖੇਡਦਿਆਂ ਚਾਂਦੀ ਦਾ ਤਗਮਾ ਜਿੱਤਿਆ। ਸਾਲ 2019 ਵਿਚ ਆਇਰਲੈਂਡ ਵਿਖੇ ਹੋਈਆਂ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਖੇਡਾਂ ਵਿਚ ਰਾਜੂ ਮਗੋਤਰਾ ਨੇ ਡਬਲ ਖੇਡਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।
ਸਾਲ 2019 ਵਿਚ ਯੁਗਾਂਡਾ ਵਿਖੇ ਹੋਈ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਵਿਚ ਸਿੰਗਲ ਵਿਚ ਚਾਂਦੀ ਅਤੇ ਡਬਲ ਖੇਡਦਿਆਂ ਸੋਨ ਤਗਮਾ ਆਪਣੇ ਨਾਂਅ ਕੀਤਾ। ਸਾਲ 2019 ਵਿਚ ਹੀ ਡੁਬਈ ਪੈਰਾ ਬੈਡਮਿੰਟਨ ਵਿਚ ਡਬਲ ਖੇਡਦਿਆਂ ਸੋਨ ਤਗਮਾ ਜਿੱਤ ਕੇ ਤਿਰੰਗਾ ਲਹਿਰਾਇਆ। ਸਾਲ 2019 ਵਿਚ ਹੀ ਤੁਰਕੀ ਵਿਖੇ ਹੋਈ ਪੈਰਾ ਬੈਡਮਿੰਟਨ ਵਿਚ ਵੀ ਰਾਜੂ ਮਗੋਤਰਾ ਨੇ ਡਬਲ ਖੇਡਦਿਆਂ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2019 ਵਿਚ ਹੀ ਬੀ. ਬਡਲਯੂ. ਐਫ. ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜੋ ਸਵਿਟਜ਼ਰਲੈਂਡ ਵਿਖੇ ਹੋਈ, ਵਿਚ ਰਾਜੂ ਮਗੋਤਰਾ ਨੇ ਡਬਲ ਖੇਡਦਿਆਂ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ ਅਤੇ ਰਾਜੂ ਮਗੋਤਰਾ ਦਾ ਇਹ ਸਫ਼ਰ ਲਗਾਤਾਰ ਜਾਰੀ ਹੈ ਅਤੇ ਉਹ ਲਖਨਊ ਵਿਖੇ ਆਪਣੇ ਕੋਚ ਗੌਰਵ ਖੰਨਾ ਕੋਲ ਬੈਡਮਿੰਟਨ ਕੈਂਪ ਵਿਚ ਲਗਾਤਾਰ ਅਭਿਆਸ ਕਰ ਰਿਹਾ ਹੈ, ਕਿਉਂਕਿ ਉਸ ਦਾ ਅਗਲਾ ਨਿਸ਼ਾਨਾ ਸਾਲ 2020 ਵਿਚ ਟੋਕੀਓ ਵਿਖੇ ਹੋਣ ਵਾਲੀ ਪੈਰਾ ਉਲੰਪਿਕ ਵਿਚ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕਰਨਾ ਹੈ ਅਤੇ ਉਸ ਦਾ ਹੌਸਲਾ ਦਸਦਾ ਹੈ ਕਿ ਉਹ ਉਲੰਪਿਕ ਵਿਚ ਵੀ ਤਗਮਾ ਲੈ ਕੇ ਆਵੇਗਾ ਅਤੇ ਭਾਰਤ ਦਾ ਨਾਂਅ ਫਿਰ ਚਮਕਾਵੇਗਾ।


-ਮੋਬਾ: 98551-14484

ਖਿਡਾਰੀਆਂ ਵਿਚ ਸਮਰਪਿਤ ਭਾਵਨਾ ਦੀ ਲੋੜ

ਕੋਈ ਸਮਾਂ ਸੀ ਕਿ ਜਦੋਂ ਖੇਡਾਂ ਖੇਡਣ ਦਾ ਉਦੇਸ਼ ਮਨੋਰੰਜਨ ਜਾਂ ਫਿਰ ਸਰੀਰ ਨੂੰ ਅਰੋਗ, ਤੰਦਰੁਸਤ ਰੱਖਣਾ ਹੁੰਦਾ ਸੀ। ਖੇਡਾਂ ਖੇਡਣ 'ਚ ਇਕ ਮਾਨਸਿਕ ਸਕੂਨ, ਮਾਨਸਿਕ ਖੁਸ਼ੀ ਸੀ। ਕਿਸੇ ਨੂੰ ਜਿੱਤ ਜਾਂ ਹਾਰ ਦੀ ਬਹੁਤੀ ਪ੍ਰਵਾਹ ਨਹੀਂ ਸੀ ਹੁੰਦੀ। ਕੋਈ ਮਾਨਸਿਕ ਸਕੂਨ, ਮਾਨਸਿਕ ਦਬਾਅ ਨਹੀਂ ਸੀ ਹੁੰਦਾ। ਨਾ ਟੀ. ਵੀ. ਦਾ ਦੌਰ ਸੀ, ਨਾ ਰੇਡੀਓ ਦਾ ਆਲਮ ਸੀ, ਨਾ ਮੀਡੀਆ ਖੇਡਾਂ ਦੇ ਨਾਲ ਜੁੜਿਆ ਸੀ, ਨਾ ਸਰਕਾਰ ਖਿਡਾਰੀਆਂ ਲਈ ਕੋਈ ਸਹੂਲਤਾਂ ਮੁਹੱਈਆ ਕਰਦੀ। ਪਰ ਹਰ ਕੋਈ ਖੇਡ-ਖੇਡ ਕੇ ਆਨੰਦਿਤ ਹੁੰਦਾ ਸੀ। ਉਸ ਅਨੰਦ, ਉਸ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ ਸੀ।
ਪਰ ਇਸ ਦੇ ਉਲਟ ਅੱਜ ਖੇਡਾਂ ਸਿਰਫ ਜਿੱਤਣ ਲਈ ਖੇਡੀਆਂ ਜਾਂਦੀਆਂ ਹਨ। ਜਿੱਤ ਪ੍ਰਾਪਤ ਕਰਨ ਲਈ ਅੱਜ ਦਾ ਖਿਡਾਰੀ ਕੁਝ ਵੀ ਕਰਨ ਨੂੰ ਤਿਆਰ ਹੈ, ਕਿਉਂਕਿ ਇਸ ਜਿੱਤ ਨਾਲ ਉਸ ਦੇ ਨਿੱਜੀ ਹਿਤ ਜੁੜੇ ਹੁੰਦੇ ਹਨ। ਅੱਜ ਕਿਸੇ ਵੀ ਖਿਡਾਰੀ ਨੂੰ ਹਾਰ ਇਸ ਕਰਕੇ ਬਰਦਾਸ਼ਤ ਨਹੀਂ ਹੁੰਦੀ, ਕਿਉਂਕਿ ਹਾਰਨ ਵਾਲੇ ਨੂੰ ਕੋਈ ਇੱਜ਼ਤ ਨਹੀਂ ਦਿੰਦਾ, ਹਾਰਨ ਵਾਲੇ ਦਾ ਕੋਈ ਸਤਿਕਾਰ ਨਹੀਂ ਕਰਦਾ। ਇਸ ਦੇ ਪਿੱਛੇ ਪਦਾਰਥਵਾਦੀ ਦ੍ਰਿਸ਼ਟੀ ਦਾ ਹਾਵੀ ਹੋਣਾ ਹੈ। ਖੇਡ ਜਗਤ ਦਾ ਸਾਰਾ ਰੁਮਾਂਚ ਅਸੀਂ ਸਿਰਫ ਜਿੱਤ ਨਾਲ ਜੋੜ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਜਿੱਤਣ ਵਾਲੇ ਖਿਡਾਰੀ ਨੂੰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੈਸੇ ਕਮਾਉਣ ਦੇ ਮੌਕੇ ਮਿਲਦੇ ਹਨ। ਖੇਡ ਸੰਸਥਾਵਾਂ ਇਨਾਮੀ ਰਾਸ਼ੀ ਦਿੰਦੀਆਂ ਹਨ। ਸਰਕਾਰ ਇਨਾਮੀ ਰਾਸ਼ੀ ਦਿੰਦੀ ਹੈ। ਮੀਡੀਆ ਖਿਡਾਰੀਆਂ ਦੀ ਜਿੱਤ ਨੂੰ ਕਾਫੀ ਚਰਚਿਤ ਕਰਦਾ ਹੈ। ਖਿਡਾਰੀ 'ਹੀਰੋ' ਬਣ ਜਾਂਦੇ ਹਨ। ਕਈ ਕੰਪਨੀਆਂ ਵਿਗਿਆਪਨ ਆਦਿ ਲਈ ਸੱਦਾ ਦਿੰਦੀਆਂ ਹਨ। ਇਸ ਲਈ ਖਿਡਾਰੀ ਲਈ ਜਿੱਤ ਹੀ ਅਸਲੀ 'ਮਹਿਬੂਬਾ' ਬਣ ਜਾਂਦੀ ਹੈ।
ਅਸੀਂ ਸਮਝਦੇ ਹਾਂ ਕਿ ਖਿਡਾਰੀਆਂ ਦੇ ਜਿੱਤੀ ਹਿਤਾਂ ਦੀ ਕਹਾਣੀ ਟੀਮ ਦੀ ਚੋਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਸ ਖਿਡਾਰੀ ਦੀ ਟੀਮ ਵਿਚ ਚੋਣ ਨਹੀਂ ਹੁੰਦੀ, ਉਹ ਆਪਣੇ ਦਿਲ ਵਿਚ ਆਪਣੀ ਟੀਮ ਨੂੰ ਕਦੇ ਸ਼ੁੱਭ ਕਾਮਨਾਵਾਂ ਨਹੀਂ ਦੇ ਸਕਦਾ। ਉਹ ਇਹੀ ਸੋਚਦਾ ਕਿ ਉਸ ਦੀ ਟੀਮ ਹਾਰ ਜਾਵੇ, ਕਿਉਂਕਿ ਉਹ ਵਿਚ ਨਹੀਂ ਹੈ। ਜੇ ਟੀਮ ਜਿੱਤ ਗਈ, ਚੈਂਪੀਅਨ ਬਣ ਗਈ ਤਾਂ ਉਸ ਨੂੰ ਦੁੱਖ ਪਹੁੰਚਣਾ ਹੈ, ਕਿਉਂਕਿ ਉਹ ਟੀਮ 'ਚ ਨਹੀਂ ਹੈ। ਚੈਂਪੀਅਨ ਬਣਨ 'ਤੇ ਉਸ ਦੀ ਟੀਮ ਨੂੰ ਇਨਾਮੀ ਰਾਸ਼ੀ ਮਿਲੇਗੀ ਪਰ ਉਹ...। ਜਾਂ ਉਹ ਟੀਮ ਚੋਣ ਵੇਲੇ ਸੋਚਦਾ ਹੈ ਕਿ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਵੇ, ਬਿਮਾਰ ਹੋ ਜਾਵੇ ਤਾਂ ਕਿ ਉਸ ਦੀ ਥਾਂ 'ਤੇ ਉਸ ਦੀ ਚੋਣ ਹੋ ਸਕੇ। ਇਹ ਸਾਰਾ ਕੁਝ ਵੀ ਕਿਤੇ ਅਸਿੱਧੇ ਤੌਰ 'ਤੇ ਜਿੱਤ ਨਾਲ ਹੀ ਜੁੜਿਆ ਹੈ। ਦੇਸ਼ ਦੇ ਹਿਤਾਂ ਦਾ ਕਿਸ ਨੂੰ ਖਿਆਲ ਹੁੰਦਾ ਹੈ? ਕੌਣ ਇਹ ਸੋਚਦਾ ਕਿ ਉਸ ਤੋਂ ਬਿਹਤਰ ਖਿਡਾਰੀ ਨਾਲ ਜੇ ਟੀਮ ਜਿੱਤ ਸਕਦੀ ਹੈ ਤਾਂ ਉਸ ਦਾ ਟੀਮ 'ਚੋਂ ਬਾਹਰ ਹੋਣਾ ਹੀ ਠੀਕ ਸੀ। ਟੀਮ 'ਚ ਸ਼ਾਮਿਲ ਹੋਣ ਲਈ ਅਨਫਿੱਟ ਖਿਡਾਰੀ ਵੀ ਆਪਣੇ-ਆਪ ਨੂੰ ਪੂਰੀ ਤਰ੍ਹਾਂ ਫਿੱਟ ਸਾਬਤ ਕਰਨਾ ਚਾਹੁੰਦਾ ਹੈ। ਉਸ ਲਈ ਆਪਣੀ ਹਉਮੈ ਹੀ ਸਭ ਤੋਂ ਵੱਡੀ ਹੈ, ਜਿਸ ਅੱਗੇ ਦੇਸ਼ ਵੀ ਛੋਟਾ ਹੋ ਜਾਂਦੈ, ਬੌਣਾ ਰਹਿ ਜਾਂਦਾ ਹੈ। ਖਿਡਾਰੀ ਆਪਣੇ-ਆਪ ਨੂੰ ਜਿੱਤਦਾ ਦੇਖਣਾ ਚਾਹੁੰਦੇ ਹਨ, ਦੇਸ਼ ਨੂੰ ਨਹੀਂ।
ਦੂਜੇ ਪਾਸੇ ਦਰਸ਼ਕਾਂ ਦਾ ਵੀ ਇਹੀ ਹਾਲ ਹੈ। ਉਨ੍ਹਾਂ ਦੀ ਮਾਨਸਿਕਤਾ ਵੀ ਆਪਣੀ ਟੀਮ ਦੀ ਜਿੱਤ ਨਾਲ ਜੁੜੀ ਹੁੰਦੀ ਹੈ, ਜਿਸ ਨੂੰ ਉਤਸ਼ਾਹਤ ਕਰਨ ਲਈ ਉਹ ਮੈਦਾਨ ਵਿਚ ਆਏ ਹੁੰਦੇ ਹਨ। ਦਿਲਚਸਪੀ ਇਕ ਵਧੀਆ ਖੇਡ ਵਿਚ ਨਹੀਂ, ਭਾਵੇਂ ਵਿਰੋਧੀ ਟੀਮ ਦੀ ਹੀ ਕਿਉਂ ਨਾ ਹੋਵੇ। ਰੁਚੀ ਆਪਣੀ ਟੀਮ ਦੀ ਜਿੱਤ 'ਚ ਹੈ, ਭਾਵੇਂ ਉਹ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਹੋਵੇ। ਸਾਡੀ ਜਾਚੇ ਇਕ ਵਧੀਆ ਖਿਡਾਰੀ, ਇਕ ਉੱਤਮ ਖਿਡਾਰੀ ਆਪਣੀ ਬਿਹਤਰੀਨ ਖੇਡ ਖੇਡੇ ਅਤੇ ਦਰਸ਼ਕ ਇਕ ਸੱਚੀ-ਸੁੱਚੀ ਖੇਡ ਭਾਵਨਾ ਦਾ ਖੇਡ ਮੈਦਾਨ ਵਿਚ ਮੁਜ਼ਾਹਰਾ ਕਰੇ। ਖਿਡਾਰੀਆਂ ਨੂੰ ਸਨਮਾਨ ਸਾਫ਼-ਸੁਥਰੀ ਖੇਡ ਖੇਡਣ ਵੀ ਦਿੱਤਾ ਜਾਵੇ, ਭਾਵੇਂ ਉਹ ਹਾਰਨ ਵਾਲੇ ਹੀ ਕਿਉਂ ਨਾ ਹੋਣ। ਖੇਡਾਂ ਦੀ ਦੁਨੀਆ ਵਿਚ ਇਹ ਇਕ ਲਾਹੇਵੰਦ ਰੁਝਾਨ ਸਾਬਤ ਹੋ ਸਕਦਾ ਹੈ। ਦੂਜੇ ਪਾਸੇ ਜਿੱਤ ਦੀ ਭੁੱਖ ਲਈ ਨਸ਼ਿਆਂ ਦਾ ਸੇਵਨ ਕਰਨਾ ਖੇਡ ਜਗਤ ਨੂੰ ਕਲੰਕਿਤ ਕਰਨਾ ਹੈ। ਜਿੱਤ ਚੁੱਕੇ ਖਿਡਾਰੀ ਜਦੋਂ ਨਸ਼ਿਆਂ ਦੇ ਸੇਵਨ ਦੇ ਦੋਸ਼ੀ ਸਾਬਤ ਹੁੰਦੇ ਹਨ ਤਾਂ ਤਗਮਿਆਂ ਦੀ ਵਾਪਸੀ ਖੇਡ ਜਗਤ ਨੂੰ ਅਪਮਾਨਿਤ ਕਰਦੀ ਹੈ।
ਆਓ ਇਹ ਰੁਝਾਨ ਸਮਾਪਤ ਕਰੀਏ। ਜਦੋਂ ਹਾਰ ਚੁੱਕੇ ਖਿਡਾਰੀਆਂ ਨੂੰ ਅਪਮਾਨਿਤ ਕੀਤਾ ਜਾਵੇ, ਉਨ੍ਹਾਂ ਨੂੰ ਜ਼ਲੀਲ ਕਰਨ ਲਈ ਇੱਟਾਂ-ਰੋੜੇ, ਟਮਾਟਰ ਤੱਕ ਵਰਸਾਏ ਜਾਂਦੇ ਹਨ, ਜਿਸ ਤੋਂ ਡਰਦਿਆਂ ਉਹ ਕਈ ਵਾਰ ਹਵਾਈ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਚੁੱਪ ਕਰਕੇ ਹੀ ਖਿਸਕਣ ਦੀ ਕਰਦੇ ਹਨ। ਹਾਰੇ ਖਿਡਾਰੀਆਂ ਦਾ ਨਿਰਾਦਰ ਕਰ ਕੇ ਉਨ੍ਹਾਂ 'ਚ ਹੀਣ ਭਾਵਨਾ ਨਾ ਪੈਦਾ ਕਰੀਏ। ਆਓ, ਚੰਗੀ ਖੇਡ ਨੂੰ ਦਾਦ ਦੇਣੀ ਵੀ ਸਿੱਖੀਏ। ਜਿੱਤਾਂ ਲਈ ਖੇਡ ਮੈਦਾਨ 'ਚ ਹਾਰਾਂ ਦੀ ਵਰਤੋਂ ਕਰਨ ਵਾਲਿਓ, ਕਦੇ ਹਾਰ ਦਾ ਵੀ ਸਤਿਕਾਰ ਕਰਨਾ ਸਿੱਖੀਏ, ਜੋ ਇਮਾਨਦਾਰੀ ਨਾਲ, ਸਮਰਪਿਤ ਭਾਵਨਾ ਨਾਲ ਖੇਡਣ ਤੋਂ ਬਾਅਦ ਮਿਲੀ ਹੋਵੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX