ਤਾਜਾ ਖ਼ਬਰਾਂ


ਪੁਲਿਸ ਮੁੱਠਭੇੜ 'ਚ ਮਾਰੇ ਗਏ 4 ਦੋਸ਼ੀਆਂ 'ਤੇ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿਹਾ- ਹੁਣ ਉਨ੍ਹਾਂ ਦੀ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ
. . .  3 minutes ago
ਹੈਦਰਾਬਾਦ, 6 ਦਸੰਬਰ- ਪੁਲਿਸ ਮੁੱਠਭੇੜ 'ਚ 4 ਦੋਸ਼ੀਆਂ ਜੇ ਮਾਰੇ ਜਾਣ 'ਤੇ ਜਬਰ ਜਨਾਹ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਤੋਂ ਉਹ...
ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  37 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 1 hour ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 1 hour ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੁਦਰਤ ਦੇ ਸਫ਼ਾਈ ਕਰਮਚਾਰੀ

ਮੈਂ, ਜਦ ਬਚਪਨ ਵਿਚ ਜਲੰਧਰ ਤੋਂ ਫਗਵਾੜਾ ਜਾਂਦਿਆਂ ਚਹੇੜੂ ਦਾ ਪੁਲ ਟੱਪਦਿਆਂ ਹੀ ਹੱਡਾ ਰੋੜੀ ਪਾਰ ਕਰਦੀ ਸੀ, ਤਾਂ ਬੱਸ ਦੀ ਖਿੜਕੀ ਵਿਚੋਂ ਹਜ਼ਾਰਾਂ ਹੀ ਗਿੱਧਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਸਾਂ | ਪਹਿਲਾਂ, ਗਿੱਧਾਂ ਦੇ ਵਿਸ਼ਾਲ ਝੁੰਡ ਸੜਕਾਂ ਦੇ ਕਿਨਾਰਿਆਂ 'ਤੇ, ਰੇਲਵੇ ਲਾਈਨਾਂ ਦੇ ਕੋਲ, ਖੇਤਾਂ ਵਿਚ ਜਾਂ ਆਸਮਾਨ ਵਿਚ ਸ਼ਾਨ ਨਾਲ ਉਡਦੇ ਨਜ਼ਰ ਆਉਂਦੇ ਸਨ ਪਰ ਇਹ ਕੁਝ ਹੀ ਸਾਲਾਂ ਵਿਚ ਅਲੋਪ ਹੋ ਗਏ |
'ਗਿੱਧ' ਇਹ ਨਾਂਅ ਸੁਣਦਿਆਂ ਹੀ ਕਚਿਆਣ ਜਿਹੀ ਆਉਂਦੀ ਹੈ | ਮਨ ਵਿਚ ਬੋਅ, ਮਰੇ, ਸੜੇ-ਗਲੇ ਹੋਏ ਜਾਨਵਰਾਂ ਦਾ ਖਿਆਲ ਆ ਜਾਂਦਾ ਹੈ ਪਰ ਅਸਲ ਵਿਚ ਗਿੱਧ ਨੂੰ ਕੁਦਰਤ ਦੇ ਸਾਫ਼-ਸਫ਼ਾਈ ਕਰਮਚਾਰੀ ਕਿਹਾ ਜਾ ਸਕਦਾ ਹੈ | ਇਹ ਸਾਡੇ 'ਈਕੋ ਸਿਸਟਮ' ਵਿਚ ਵਾਤਾਵਰਨ ਨੂੰ ਸਾਫ਼ ਅਤੇ ਬਿਮਾਰੀ ਰਹਿਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਫਿਰ ਵੀ ਇਹ ਨਾ-ਪਸੰਦ ਕੀਤੇ ਜਾਣ ਵਾਲੇ ਅਤੇ ਧਰਤੀ ਦੇ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਘਟਣ ਵਾਲੇ ਜੀਵ ਹਨ | ਕਰੀਬ ਦੋ-ਤਿੰਨ ਦਹਾਕੇ ਪਹਿਲਾਂ ਭਾਰਤ ਵਿਚ 4 ਕਰੋੜ ਦੇ ਲਗਪਗ ਗਿੱਧਾਂ ਸਨ ਜੋ ਕਿ ਹੁਣ ਕੁਝ ਹਜ਼ਾਰਾਂ ਵਿਚ ਹੀ ਰਹਿ ਗਈਆਂ ਹਨ | ਅੱਜ ਇਹ ਆਪਣੇ ਬਚਾਓ ਦੀ ਹਾਰੀ ਹੋਈ ਲੜਾਈ ਜਿੱਤਣ ਦੀ ਤਤਪਰਤਾ ਨਾਲ ਕੋਸ਼ਿਸ਼ ਕਰ ਰਹੇ ਹਨ |
ਅੱਸੀ ਦੇ ਦਹਾਕੇ ਵਿਚ ਭਾਰਤ ਵਿਚ ਗਿੱਧਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਸੀ | ਇਥੇ ਗਿੱਧਾਂ ਦੀਆਂ 9 ਪ੍ਰਜਾਤੀਆਂ ਪਾਈਆਂ ਜਾਂਦੀਆਂ ਸਨ ਪ੍ਰੰਤੂ ਕੇਵਲ ਦੋ ਦਹਾਕਿਆਂ ਦੇ ਅੰਦਰ ਹੀ ਗਿੱਧਾਂ ਦੀ 99% ਗਿਣਤੀ ਘਟ ਗਈ, ਜਿਸ ਨਾਲ ਇਕ ਬਹੁਤ ਹੀ ਗੰਭੀਰ ਵਾਤਾਵਰਨ ਅਸੰਤੁਲਨ ਪੈਦਾ ਹੋ ਗਿਆ | ਗਿੱਧ ਸਾਡੀ ਧਰਤੀ ਦੇ 'ਕੁਸ਼ਲ ਮੁਰਦਾਖੋਰ' ਹਨ ਅਤੇ ਧਰਤੀ ਦੀ 'ਫੂਡ ਚੇਨ' ਦੀ ਇਕ ਅਹਿਮ ਕੜੀ ਹਨ | ਇਨ੍ਹਾਂ ਕਾਰਨ ਜਲ ਪ੍ਰਦੂਸ਼ਣ, ਭੌਾ ਪ੍ਰਦੂਸ਼ਣ ਅਤੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਗੈਂਗਰੀਨ, ਟੈੱਟਨਸ, ਸੈਪਟਿਕ, ਬਲੱਡ ਕਲੋਟਿੰਗ, ਐਪਸੈਂਸ ਐਾਥਰੈਕਸ, ਬੋਟੂਲਿਜ਼ਮ ਅਤੇ ਕਈ ਮੂੰਹ ਦੀਆਂ ਬਿਮਾਰੀਆਂ ਦੇ ਫੈਲਣ 'ਤੇ ਰੋਕ ਰਹਿੰਦੀ ਹੈ |
ਮਨੁੱਖ ਜਾਤੀ ਅਤੇ ਧਰਤੀ ਦੇ ਬਾਕੀ ਜੀਵ-ਜੰਤੂਆਂ ਨੂੰ ਕਈ ਜ਼ਹਿਰੀਲੇ ਅਤੇ ਖ਼ਤਰਨਾਕ ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲੀਆਂ ਇਨ੍ਹਾਂ ਬਿਮਾਰੀਆਂ ਤੋਂ ਬਚਾਓ ਰਹਿੰਦਾ ਹੈ |
ਗਿੱਧਾਂ ਦਾ ਇਕ ਛੋਟਾ ਜਿਹਾ ਝੁੰਡ 300-400 ਕਿਲੋ ਦੇ ਜਾਨਵਰ ਦੇ ਮਾਸ ਨੂੰ ਕੁਝ ਇਕ ਘੰਟੇ ਦੇ ਵਿਚ ਹੀ ਖਾ ਜਾਂਦਾ ਹੈ ਅਤੇ ਕੇਵਲ ਜਾਨਵਰਾਂ ਦੀਆਂ ਹੱਡੀਆਂ ਹੀ ਬਚਦੀਆਂ ਹਨ | ਇਨ੍ਹਾਂ ਦੇ ਅਲੋਪ ਹੋਣ ਨਾਲ ਗਲੇ-ਸੜੇ ਮਾਸ ਕਈ-ਕਈ ਦਿਨਾਂ ਤੱਕ ਸ਼ਹਿਰਾਂ ਅਤੇ ਪਿੰਡਾਂ ਦੇ ਬਾਹਰ ਖਿਲਰੇ ਨਜ਼ਰ ਆਉਂਦੇ ਹਨ | ਨੱਕ ਨੂੰ ਸਾੜ ਦੇਣ ਵਾਲੀ ਬੋਅ ਤੋਂ ਇਲਾਵਾ ਜ਼ਹਿਰੀਲੇ ਅਤੇ ਖ਼ਤਰਨਾਕ ਵਾਇਰਸ ਅਤੇ ਬੈਕਟੀਰੀਆ ਇਨ੍ਹਾਂ ਵਿਚ ਪਲਦੇ ਹਨ | ਕਾਵਾਂ ਅਤੇ ਅਵਾਰਾ ਕੱੁਤਿਆਂ ਦੀ ਗਿਣਤੀ ਹੋਰ ਵੀ ਵਧਦੀ ਹੈ | ਫਿਰ ਇਨ੍ਹਾਂ ਕੁੱਤਿਆਂ ਦੇ ਮੂੰਹ ਨੂੰ ਕੱਚਾ ਮਾਸ ਇਸ ਤਰ੍ਹਾਂ ਲੱਗ ਜਾਂਦਾ ਹੈ ਕਿ ਇਹ ਇਸ ਦੇ ਨਾ ਮਿਲਣ 'ਤੇ ਖੂੰਖਾਰ ਹੋ ਜਾਂਦੇ ਹਨ ਅਤੇ ਇਨਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਨਾ ਕੇਵਲ ਵੱਡਿਆਂ ਨੂੰ ਸਗੋਂ ਬੱਚਿਆਂ ਨੂੰ ਵੀ ਸਰੀਰਕ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ, ਉਥੇ ਇਨ੍ਹਾਂ ਕਾਰਨ ਕਈ ਖ਼ਤਰਨਾਕ ਬਿਮਾਰੀਆਂ ਜਿਵੇਂ ਰੈਬੀਜ਼ ਆਦਿ ਵੀ ਫੈਲ ਜਾਂਦੀਆਂ ਹਨ |
1990 ਦੇ ਅਖ਼ੀਰ ਵਿਚ ਬੰਬੇ ਨੈਚੂਰਲ ਹਿਸਟਰੀ ਸੁਸਾਇਟੀ (ਬੀ. ਐਨ. ਐਚ. ਐਸ.) ਨੇ ਗਿੱਧਾਂ ਦੀ ਗਿਣਤੀ ਵਿਚ ਇਕਦਮ ਗਿਰਾਵਟ ਦਾ ਸਖ਼ਤ ਨੋਟਿਸ ਲਿਆ ਸੀ ਜਿਸ ਦੇ ਫ਼ਲਸਰੂਪ ਦੁਨੀਆ ਦੇ ਜੰਗਲੀ ਜੀਵ ਮਾਹਿਰਾਂ, ਵਿਗਿਆਨੀਆਂ, ਪੰਛੀਆਂ ਦੇ ਮਾਹਿਰਾਂ ਲਈ ਇਨ੍ਹਾਂ ਦੀ ਰਹੱਸਮਈ ਮੌਤ ਦਾ ਭੇਦ ਲੱਭਣਾ ਇਕ ਚੁਣੌਤੀ ਬਣ ਗਈ | ਫਿਰ ਪਾਕਿਸਤਾਨ ਵਿਚ ਮਰੀਆਂ ਕੁਝ ਗਿੱਧਾਂ ਤੇ ਅਮਰੀਕੀ ਵਿਗਿਆਨਕਾਂ ਨੇ ਖੋਜ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਰਕੇ ਹੋਈ ਸੀ | ਉੱਚ ਪੱਧਰੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਗਿੱਧਾਂ ਦੀ ਕਿਡਨੀ ਫੇਲ੍ਹ ਹੋਣ ਦਾ ਕਾਰਨ 'ਡਾਈਕਲੋਫਿਨੈਕ' ਨਾਮਕ ਦਵਾਈ ਸੀ | 'ਡਾਈਕਲੋਫਿਨੈਕ' ਟੀਕੇ ਰਾਹੀਂ ਜਾਂ ਗੋਲੀਆਂ ਰਾਹੀਂ ਇਨਸਾਨਾਂ ਅਤੇ ਖ਼ਾਸ ਕਰਕੇ ਪਸ਼ੂਆਂ ਨੂੰ ਦਰਦ ਆਦਿ ਤੋਂ ਰਾਹਤ ਦੇਣ ਲਈ ਵਰਤੀ ਜਾਣ ਵਾਲੀ ਪ੍ਰਮੁੱਖ ਦਵਾਈ ਸੀ | 99% ਹਿੰਦੁਸਤਾਨ, ਪਾਕਿਸਤਾਨ ਅਤੇ ਨੇਪਾਲ ਦੀਆਂ ਗਿੱਧਾਂ ਇਸੇ ਕਰਕੇ ਨਹੀਂ ਸਨ ਬਚੀਆਂ | ਇਸ ਤੋਂ ਚਿੰਤਿਤ ਹੋ ਕੇ ਸੰਨ 2000 ਵਿਚ ਵਰਲਡ ਕੰਜਰਵੇਸ਼ਨ ਯੂਨੀਅਨ ਨੇ ਗਿੱਧਾਂ ਨੂੰ 'ਕਰੀਟੀਕਲੀ ਇਨਡੇਜਰਡ' ਪ੍ਰਜਾਤੀਆਂ ਵਿਚ ਸ਼ਾਮਿਲ ਕਰ ਦਿੱਤਾ ਜਿਸ ਦਾ ਮਤਲਬ ਹੈ ਕਿ ਇਹ ਦੁਨੀਆ ਵਿਚ ਸਭ ਤੋਂ ਜਲਦੀ ਅਤੇ ਤੇਜ਼ੀ ਨਾਲ ਖ਼ਤਮ ਹੋ ਰਹੀ ਪ੍ਰਜਾਤੀ ਹੈ | ਫਿਰ 2002 ਵਿਚ ਭਾਰਤ ਨੇ ਇਨ੍ਹਾਂ ਨੂੰ 'ਇੰਡੀਅਨ ਵਾਈਲਡ ਲਾਈਫ਼ ਪ੍ਰੋਟੈਕਸ਼ਨ' ਐਕਟ ਦੇ 'ਸ਼ਡਿਊਲ-1' ਵਿਚ ਸ਼ਾਮਿਲ ਕਰ ਦਿੱਤਾ |
ਮਾਰਚ 2005 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਪਸ਼ੂਆਂ ਲਈ ਇਸਤੇਮਾਲ ਕੀਤੀ ਜਾਣ ਵਾਲੀ 'ਡਾਈਕਲੋਫਿਨੈਕ' ਦਾ ਛੇ ਮਹੀਨਿਆਂ ਦੇ ਅੰਦਰ ਉਤਪਾਦਨ ਅਤੇ ਇਸ ਨੂੰ ਬਾਜ਼ਾਰ ਵਿਚੋਂ ਖ਼ਤਮ ਕਰਨ ਦਾ ਹੁਕਮ ਦਿੱਤਾ | ਇਸ ਦੌਰਾਨ ਡਾਕਟਰੀ ਮਾਹਿਰਾਂ ਅਤੇ ਵਿਗਿਆਨਕਾਂ ਨੇ ਇਸ ਦਵਾਈ ਦਾ ਬਦਲ 'ਮਾਈਲੌਕਸਿਨ' ਲੱਭ ਲਿਆ | ਇਸ ਦਵਾਈ ਦੀ ਪਸ਼ੂਆਂ ਅਤੇ ਗਿੱਧਾਂ 'ਤੇ ਜਾਂਚ ਕੀਤੀ ਗਈ ਅਤੇ ਇਸ ਨੂੰ ਸੁਰੱਖਿਅਤ ਪਾਇਆ ਗਿਆ |
ਪਰ ਇਹ ਤਾਂ ਗਿੱਧਾਂ ਦੀ ਪ੍ਰਜਾਤੀ ਨੂੰ ਬਚਾਉਣ ਦੇ ਸੰਘਰਸ਼ ਦੀ ਅਜੇ ਸ਼ੁਰੂਆਤ ਹੀ ਹੈ ਲੇਕਿਨ ਇਨ੍ਹਾਂ ਦੇ ਪੁਨਰ ਉਥਾਨ ਲਈ ਕੇਵਲ ਵਿਗਿਆਨਕਾਂ ਜਾਂ ਜੰਗਲੀ ਜੀਵ ਮਾਹਿਰਾਂ ਦਾ ਹੀ ਨਹੀਂ ਬਲਕਿ ਹਰ ਇਨਸਾਨ, ਹਰ ਕਿਸਾਨ, ਹਰ ਪਸ਼ੂ ਪਾਲਕ ਦਾ ਯੋਗਦਾਨ ਪਾਉਣਾ ਕੇਵਲ ਅਹਿਮ ਹੀ ਨਹੀਂ ਸਗੋਂ ਜ਼ਰੂਰੀ ਵੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਦੀਵਾ ਲਟ ਲਟ ਬਲਿਆ...

ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਤੇ ਰਸਤਾ ਵਿਖਾਉਣ ਵਿਚ ਦੀਵੇ ਦੀ ਮੁਢਲੀ ਤੇ ਮਹੱਤਵਪੂਰਨ ਭੂਮਿਕਾ ਰਹੀ ਹੈ | ਦੀਵੇ ਦੀ ਰੌਸ਼ਨੀ ਉਸ ਨੂੰ ਗਿਆਨ ਪ੍ਰਦਾਨ ਕਰਦੀ ਆਈ ਹੈ, ਤਾਕਤ ਬਖ਼ਸ਼ਦੀ ਆਈ ਹੈ | ਹਨੇਰੇ ਨੂੰ ਮਿਟਾਉਣਾ ਤੇ ਚਾਨਣ ਫੈਲਾਉਣਾ ਦੀਵੇ ਦਾ ਧਰਮ ਹੈ | ਦੀਵਾ ਘਰ ਦੀ ਬਰਕਤ ਹੁੰਦਾ ਹੈ | ਗਿਆਨ, ਸੱਚ, ਉਜਾਲੇ, ਖ਼ੁਸ਼ੀ, ਖੇੜੇ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ ਆਦਿ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਦੀਵਾ | ਹਰੇਕ ਸਮੇਂ ਦੇ ਸੱਚ ਤੇ ਅਸਲੀਅਤ ਦੀ ਤਸਦੀਕ ਕਰਦਾ ਹੈ ਦੀਵਾ | ਹਨੇਰੇ ਉੱਪਰ ਜਿੱਤ ਪ੍ਰਾਪਤ ਕਰਨ ਦਾ ਹੌਸਲਾ ਰੱਖਦਾ ਹੈ ਦੀਵਾ | ਕਿਸੇ ਵਿਅਕਤੀ/ਸੰਸਥਾ ਵਲੋਂ ਸਮਾਜ ਦੀ ਬਿਹਤਰੀ ਵਾਸਤੇ ਜਾਂ ਸੁਖਾਵੇਂ ਭਵਿੱਖ ਵਾਸਤੇ ਕੋਈ ਨਵੀਂ ਵਿਉਂਤਬੰਦੀ, ਕੋਈ ਨਵਾਂ ਵਿਚਾਰ ਪੇਸ਼ ਕਰਨ, ਲੋਕਾਂ ਵਲੋਂ ਉਸ ਨੂੰ ਪਸੰਦ ਕਰ ਲੈਣ, ਸਵੀਕਾਰ ਕਰ ਲੈਣ ਆਦਿ ਨੂੰ ਆਪਣੇ ਵਿਚਾਰਾਂ/ਯੋਜਨਾ ਨਾਲ ਜਾਗਿ੍ਤੀ/ਚੇਤਨਾ ਦਾ ਦੀਵਾ ਬਾਲਣਾ ਕਹਿ ਲਿਆ ਜਾਂਦਾ ਹੈ | ਦੀਵੇ ਬਾਲਣ ਨੂੰ ਤੇ ਜਗਦੇ ਦੀਵੇ ਨੂੰ ਆਸਥਾ ਦਾ ਪ੍ਰਤੀਕ ਸਮਝਿਆ ਜਾਂਦਾ ਹੈ | ਦੀਵਾ ਤਾਂ ਸਵੈ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੁੰਦਾ ਹੈ | ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਆਇਆ ਹੈ:
ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ,
ਆਸ ਵਾਲਾ ਦੀਵਾ, ਅਸਾਂ ਵਿਹੜੇ ਵਿਚ ਬਾਲਿਆ |
ਦੀਵੇ ਤੇ ਉਸ ਵਿਚਲੀ ਬੱਤੀ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ | ਦੋਵੇਂ ਇਕ-ਦੂਜੇ ਦੇ ਪੂਰਕ ਹਨ | ਦੀਵੇ ਵਿਚਲਾ ਤੇਲ, ਘਿਓ ਉਸ ਦੀ ਜਿੰਦਜਾਨ ਹੈ | ਸ਼ਾਲਾ! ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਦਾ ਰਹੇ | ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਪ੍ਰਤੀਕ ਹੈ | ਵਿਸ਼ਵ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਲ ਕਰਨ ਲਈ ਰੌਸ਼ਨੀ ਵੱਲ ਜਾਂਦਾ ਰਸਤਾ ਦਿਖਾਉਂਦੇ ਹਨ | ਧਰਮ ਮਨੁੱਖੀ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ | ਅੱਖਾਂ ਦੀ ਬਾਹਰੀ, ਮਨ ਅੰਦਰਲੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ | ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਆਦਿ ਧਰਮ, ਲੋਕ ਧਰਮ, ਪੂਜਾ ਅਤੇ ਪੂਜਾ ਵਿਧੀਆਂ ਦੇ ਖੇਤਰ ਨਾਲ ਵੀ ਜੁੜਦੇ ਹਨ |
ਜਗਦੇ ਦੀਵੇ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ | ਮਹਾਂਪੁਰਸ਼ਾਂ ਦੇ ਬਚਨ, ਸਿੱਖਿਆਵਾਂ, ਸੂਰਬੀਰਾਂ ਦੀਆਂ ਕੁਰਬਾਨੀਆਂ, ਸ਼ਹਾਦਤ ਆਦਿ ਪਹਿਲੂਆਂ ਨੂੰ ਰੌਸ਼ਨੀ ਦੇਣ ਵਾਲੀ ਤੇ ਮਾਨਵਤਾ ਦਾ ਮਾਰਗ ਦਰਸ਼ਨ ਕਰਨ ਵਾਲੀ ਲਾਟ ਵਜੋਂ ਸਤਿਕਾਰਿਆ ਜਾਂਦਾ ਹੈ | ਇਕ ਭੈਣ ਆਪਣੇ ਭਰਾ ਪ੍ਰਤੀ ਪਿਆਰ-ਸਤਿਕਾਰ ਪ੍ਰਗਟ ਕਰਦਿਆਂ ਕਹਿੰਦੀ ਹੈ:
ਜਾਂ ਵੀਰਾ ਬੈਠਾ ਚੌਾਕੇ, ਭਾਂਡਿਆਂ ਰਿਸ਼ਮਾਂ ਛੱਡੀਆਂ
ਜਾਂ ਵੀਰ ਵੜਿਆ ਅੰਦਰ, ਦੀਵਾ ਲਟ ਲਟ ਬਲਿਆ... |
ਲਟ-ਲਟ ਬਲਦਾ ਦੀਵਾ ਬਹੁਤ ਕੁਝ ਕਹਿੰਦਾ ਹੈ | ਕਈ ਸੰਕੇਤ ਕਰਦਾ ਹੈ | ਬਹੁਤ ਕੁਝ ਅਣਕਿਹਾ ਰਹਿਣ ਦਿੰਦਾ ਹੈ | ਕਈਆਂ ਦੇ ਮਨ ਅੰਦਰ ਚੇਤਨਾ ਦੇ ਦੀਵੇ ਜਗਾ ਦਿੰਦਾ ਹੈ | ਦੀਵਾ ਭੁੱਲੇ-ਭਟਕਿਆਂ ਨੂੰ ਰਸਤੇ ਵਿਖਾਉਂਦਾ ਹੈ | ਰੌਸ਼ਨੀ ਵੰਡਣਾ ਉਸ ਦੀ ਫਿਤਰਤ ਹੈ |
ਮੁਸ਼ਕਿਲਾਂ, ਦੁਸ਼ਵਾਰੀਆਂ, ਚੁਣੌਤੀਆਂ, ਵਿਪਰੀਤ ਸਥਿਤੀਆਂ, ਗ਼ੈਰ-ਮੁਆਫਕ ਹਾਲਤਾਂ ਆਦਿ ਦਾ ਮੁਕਾਬਲਾ ਕਰਨਾ ਕੋਈ ਦੀਵੇ ਕੋਲੋਂ ਸਿੱਖੇ | ਮਾਰੂ ਝੱਖੜ ਜੇ ਦੀਵੇ ਨੂੰ ਬੁਝਾ ਵੀ ਜਾਂਦਾ ਹੈ ਤਾਂ ਕੀ? ਦੀਵੇ ਨੇ ਤਾਂ ਆਪਣਾ ਵਾਅਦਾ ਨਿਭਾਉਣਾ ਹੁੰਦਾ ਹੈ | ਉਸ ਨੂੰ ਧਰਾਤਲ ਉੱਪਰ ਟਿਕੇ ਰਹਿਣ ਦੀ ਲੋੜ ਹੁੰਦੀ ਹੈ | ਉਸ ਦੇ ਪੈਰ ਨਹੀਂ ਉਖੜਣੇ ਚਾਹੀਦੇ | ਉਹ ਬੁਝ ਕੇ ਵੀ ਆਸ ਨਹੀਂ ਛੱਡਦਾ | ਇਸ ਆਸ ਵਿਚ ਜੀਵਨ ਦੇ ਗੁੱਝੇ ਭੇਦ ਛੁਪੇ ਹਨ | ਉਹ ਅਗਲੀ ਰਾਤ ਨੂੰ ਰੁਸ਼ਨਾਉਣ ਦੀ ਤਿਆਰੀ/ਉਡੀਕ ਕਰਨ ਲੱਗ ਜਾਂਦਾ ਹੈ | ਦੀਵਾ ਉਮੀਦ ਤੇ ਰੌਸ਼ਨ ਭਵਿੱਖ ਦਾ ਪ੍ਰਤੀਕ ਬਣਦਾ ਹੈ |
ਜਾਗੋ ਦੇ ਨਾਚ ਵਿਚ ਉਸ ਨਾਚ ਦੀਆਂ ਤਿਆਰੀਆਂ ਦੀ ਪ੍ਰਕਿਰਿਆ ਹੀ ਦੀਵਿਆਂ ਤੋਂ ਸ਼ੁਰੂ ਹੁੰਦੀ ਹੈ | ਦੀਵੇ ਹੀ ਜਾਗੋ ਨੂੰ ਆਧਾਰ ਪ੍ਰਦਾਨ ਕਰਦੇ ਹਨ | ਜਾਗੋ ਦੇ ਬਲਦੇ ਦੀਵਿਆਂ ਦੇ ਚਾਨਣ ਵਿਚ ਆਸ ਦੀਆਂ ਨਵਕਿਰਨਾਂ ਨਵਾਂ ਸੰਦੇਸ਼ ਲੈ ਕੇ ਪ੍ਰਗਟ ਹੁੰਦੀਆਂ ਹਨ ਅਤੇ ਸਭ ਪਾਸੇ ਉਮੀਦਾਂ ਦੇ ਸਾਕਾਰਾਤਮਿਕ ਤੇ ਰੁਸ਼ਨਾਕ ਮੁਹਾਂਦਰੇ ਸਿਰਜਦਾ ਚਾਨਣ ਫੈਲਦਾ ਨਜ਼ਰ ਆਉਣ ਲਗਦਾ ਹੈ |
ਦੀਵਾਲੀ ਵਾਲੀ ਰਾਤ ਨੂੰ ਘਰ ਦੇ ਬਨੇਰਿਆਂ 'ਤੇ, ਮਮਟੀਆਂ 'ਤੇ, ਘਰ ਦੇ ਮੁੱਖ ਦਰਵਾਜ਼ੇ ਆਦਿ 'ਤੇ ਦੀਵੇ ਜਗਾਏ ਜਾਂਦੇ ਹਨ | ਘਰ ਦੇ ਹਰੇਕ ਕੋਣੇ ਨੂੰ ਰੌਸ਼ਨ ਕਰ ਦੇਣ ਦਾ ਯਤਨ ਕੀਤਾ ਜਾਂਦਾ ਹੈ, ਖ਼ੁਸ਼ੀ ਦੇ ਪ੍ਰਗਟਾਵੇ ਲਈ, ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਹਨ | ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ | ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦਿ੍ਸ਼ ਕੋਲੋਂ ਕੋਈ ਖ਼ੁਸ਼ੀਆਂ ਸਾਂਝੀਆਂ ਕਰਨ ਅਤੇ ਖ਼ੁਸ਼ੀਆਂ ਨੂੰ ਵਿਸਥਾਰ ਦੇਣ ਦਾ ਸਲੀਕਾ ਸਿੱਖੇ | ਖੁੱਲ੍ਹ ਕੇ ਜਿਊਣ ਦੀ ਜਾਚ ਵੀ ਦੀਵੇ ਕੋਲੋਂ ਸਿੱਖੀ ਜਾ ਸਕਦੀ ਹੈ | ਦੀਵੇ ਜਗਦੇ ਹਨ ਤਾਂ ਮਨ ਨੂੰ ਖ਼ੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ | ਜਗਦੇ ਦੀਵੇ ਨੂੰ ਜਦੋਂ ਕੋਈ ਵਿਅਕਤੀ ਆਪਣੇ ਹੱਥਾਂ ਵਿਚ ਫੜ ਕੇ ਹੋਰ ਕਈ ਦੀਵੇ ਜਗਾਉਂਦਾ ਹੈ ਤਾਂ ਉਸ ਦੇ ਇਸ ਅਮਲ ਨੂੰ ਕਿਸੇ ਦਾ ਫਿਕਰ ਕਰਨ ਕਿਸੇ ਤੱਕ ਪ੍ਰਕਾਸ਼ ਪਹੁੰਚਾਉਣ ਦੇ ਅਰਥਾਂ ਵਿਚ ਵੇਖਿਆ ਜਾ ਸਕਦਾ ਹੈ |
ਅਜਿਹੇ ਮਨੁੱਖ ਵੀ ਹੁੰਦੇ ਹਨ, ਜਿਨ੍ਹਾਂ ਦੀ ਸਾਰੀ ਉਮਰ ਦੀਵੇ ਜਗਾਉਂਦਿਆਂ-ਜਗਾਉਂਦਿਆਂ ਹੀ ਲੰਘ ਜਾਂਦੀ ਹੈ | ਦੂਰ-ਦੂਰ ਤੱਕ ਰੌਸ਼ਨੀ ਫੈਲਾਉਣ ਦੇ ਅਭਿਲਾਸ਼ੀ ਲੋਕ ਦੀਵੇ ਜਗਾਉਂਦਿਆਂ ਹੋਇਆਂ ਆਪਣੀਆਂ ਉਂਗਲਾਂ ਵੀ ਲੂਹ ਬੈਠਦੇ ਹਨ | ਅਜਿਹੇ ਲੋਕ ਵੀ ਹੁੰਦੇ ਹਨ ਜੋ ਦੀਵੇ ਬਾਲਣ ਲਈ ਦੂਰ-ਦੁਰੇਡੇ ਦੇ ਹਨੇਰਿਆਂ ਦੀ ਭਾਲ ਵਿਚ ਰਹਿੰਦੇ ਹਨ | ਉਨ੍ਹਾਂ ਨੂੰ ਇਸ ਗੱਲ ਕਰਕੇ ਜਾਣਿਆ ਜਾਂਦਾ ਹੈ ਕਿ ਉਨ੍ਹਾਂ ਨੇ ਉਸ ਥਾਂ 'ਤੇ ਜਾ ਕੇ ਦੀਵੇ ਜਗਾਏ ਸਨ ਜਿਥੇ ਕਦੇ ਰੌਸ਼ਨੀ ਪਹੁੰਚ ਸਕਣ ਦੀ ਤਕੱਵੋਂ ਵੀ ਨਹੀਂ ਸੀ ਕੀਤੀ ਜਾ ਸਕਦੀ |
ਚੌਮੁਖੀਆ ਦੀਵਾ ਵੀ ਕਈ ਪੱਖਾਂ ਤੋਂ ਆਪਣੀ ਪਛਾਣ ਤੇ ਮਹੱਤਵ ਰੱਖਦਾ ਹੈ | ਇਸ ਦੀਵੇ ਦੇ ਚਾਰੇ ਪਾਸੇ ਦੀਵਾ ਰੱਖਣ ਲਈ ਥਾਂ ਬਣੀ ਹੁੰਦੀ ਹੈ | ਕੀਮਤੀ ਧਾਤਾਂ ਦੇ ਬਣੇ ਦੀਵਿਆਂ ਨੂੰ ਕਈ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨਾਂ ਨੂੰ ਨਿਭਾਉਣ ਵੇਲੇ ਜਗਾਇਆ ਜਾਂਦਾ ਹੈ | ਆਰਤੀ ਉਤਾਰੀ ਜਾਂਦੀ ਹੈ, ਜਗਦੇ ਦੀਵਿਆਂ ਨੂੰ ਵਿਸ਼ੇਸ਼ ਆਕਾਰ ਪ੍ਰਦਾਨ ਕੀਤੇ ਜਾਂਦੇ ਹਨ | ਹੁਣ ਆਟੇ, ਮਿੱਟੀ ਜਾਂ ਕਿਸੇ ਧਾਤ ਆਦਿ ਦੇ ਦੀਵਿਆਂ ਦੀ ਥਾਂ 'ਤੇ ਬਿਜਲਈ ਬਲਬਾਂ, ਵੰਨ-ਸੁਵੰਨੀਆਂ, ਰੰਗ-ਬਰੰਗੀਆਂ ਰੌਸ਼ਨੀਆਂ, ਐਲ.ਈ.ਡੀ. ਰੌਸ਼ਨੀਆਂ, ਜਗਦੀਆਂ-ਬੁਝਦੀਆਂ ਰੌਸ਼ਨੀਆਂ, ਪੰਕਤੀਆਂ, ਦਾਇਰਿਆਂ, ਕੋਣਾਂ ਆਦਿ ਵਿਚ ਘੰੁਮਦੀਆਂ ਪ੍ਰਤੀਤ ਹੁੰਦੀਆਂ ਰੌਸ਼ਨੀਆਂ ਨਾਲ ਧਾਰਮਿਕ ਅਸਥਾਨਾਂ, ਵੱਡੀਆਂ ਇਮਾਰਤਾਂ, ਭਵਨਾਂ ਤੇ ਘਰਾਂ ਨੂੰ ਸਜਾਇਆ ਜਾਂਦਾ ਹੈ | ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਅਵਸਰ 'ਤੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ | ਉਨ੍ਹਾਂ ਲੋਕਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ | ਜਿਥੇ-ਜਿਥੇ ਹਨੇਰਾ ਹੈ, ਉਥੇ ਉਥੇ ਰੌਸ਼ਨੀ ਪਹੁੰਚੇ | ਜਿਥੇ ਝੂਠ, ਕੂੜ, ਕੁਸੱਤ ਹੈ, ਉਥੇ ਰੌਸ਼ਨੀ ਪਹੁੰਚੇ | ਦੀਵਾ ਜਗਦਾ ਰਹਿਣਾ ਚਾਹੀਦਾ ਹੈ | ਲਟ ਲਟ ਬਲਦਾ ਰਹਿਣਾ ਚਾਹੀਦਾ ਹੈ | ਸ਼ਾਲਾ! ਦੀਵੇ ਜਗਦੇ ਰਹਿਣ | ਆਪਣਾ ਅਸਰ ਦਿਖਾਉਂਦੇ ਰਹਿਣ |

-185, ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ-146001.
ਮੋਬਾਈਲ : 98885-10185.

ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ-ਜੈਗੜ੍ਹ

ਰਾਜਸਥਾਨ ਦੀ ਰਾਜਧਾਨੀ ਜੈਪੁਰ ਆਪਣੇ ਪਹਾੜੀ ਕਿਲਿ੍ਹਆਂ ਅਤੇ ਦੂਸਰੇ ਵਿਰਾਸਤੀ ਸਥਾਨਾਂ ਕਰਕੇ ਵਿਸ਼ਵ ਪ੍ਰਸਿੱਧ ਹੈ | ਜੈਪੁਰ ਦੇ ਕਿਲਿ੍ਹਆਂ ਵਿਚੋਂ ਇਕ ਪ੍ਰਮੁੱਖ ਕਿਲ੍ਹਾ 'ਜੈਗੜ੍ਹ' ਹੈ | ਇਹ ਕਿਲ੍ਹਾ ਆਮੇਰ ਦੇ ਕਿਲ੍ਹੇ ਦੇ ਨਜ਼ਦੀਕ ਅਰਾਵਲੀ ਪਰਬਤ ਸ਼੍ਰੇਣੀ ਦੇ 'ਚੀਲ ਕਾ ਟਿੱਲਾ' ਨਾਮੀ ਲਗਪਗ ਸਿੱਧੇ ਖੜ੍ਹੇ ਪਰਬਤ ਉੱਪਰ ਸਥਿਤ ਹੈ | ਜੈਗੜ੍ਹ ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ ਹੈ | ਇਹ ਆਮੇਰ ਦੇ ਕਿਲ੍ਹੇ ਤੋਂ ਲਗਪਗ 400 ਮੀਟਰ ਉਚਾਈ 'ਤੇ ਸਥਿਤ ਹੈ | ਅਜਿਹਾ ਹੋਣ ਕਾਰਨ ਇੱਥੋਂ ਆਸ ਪਾਸ ਦਾ ਸੁੰਦਰ ਨਜ਼ਾਰਾ ਵਿਖਾਈ ਦਿੰਦਾ ਹੈ | ਇਸ ਕਿਲ੍ਹੇ ਦਾ ਨਿਰਮਾਣ ਮਹਾਰਾਜਾ ਸਵਾਈ ਜੈ ਸਿੰਘ ਦੋਇਮ ਨੇ 1726 ਈ. ਵਿਚ ਆਮੇਰ ਦੇ ਕਿਲ੍ਹੇ ਦੀ ਸੁਰੱਖਿਆ ਦੇ ਉਦੇਸ਼ ਨਾਲ ਕਰਵਾਇਆ ਸੀ | ਉਸਦੇ ਨਾਂ 'ਤੇ ਹੀ ਇਸ ਕਿਲ੍ਹੇ ਦਾ ਨਾਂ 'ਜੈਗੜ੍ਹ' ਪੈ ਗਿਆ | ਇਸ ਕਿਲ੍ਹੇ ਨੂੰ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ |
ਕਿਲ੍ਹਾ ਜੈਗੜ੍ਹ ਜੈਪੁਰ ਤੋਂ 10 ਕਿਲੋਮੀਟਰ ਦੂਰੀ 'ਤੇ ਆਮੇਰ ਨੂੰ ਜਾਂਦੀ ਸੜਕ ਤੋਂ ਪੱਛਮ ਦਿਸ਼ਾ ਵੱਲ ਜਾਂਦੀ ਖੜ੍ਹਵੀਂ ਚੜ੍ਹਾਈ ਵਾਲੀ ਸੜਕ ਦੇ ਉੱਤਰ ਵਾਲੇ ਪਾਸੇ ਵੱਲ ਸਥਿਤ ਹੈ | ਇਸ ਸੜਕ ਦੇ ਦੂਸਰੇ ਪਾਸੇ 'ਨਾਹਰਗੜ੍ਹ' ਦਾ ਕਿਲ੍ਹਾ ਸਥਿਤ ਹੈ | ਲਾਲ ਪੱਥਰ ਨਾਲ ਬਣੇ ਇਸ ਕਿਲ੍ਹੇ ਵਿਚ ਇਸ ਪਾਸੇ ਤੋਂ 'ਡੂੰਗਰ' ਦਰਵਾਜ਼ੇ ਰਾਹੀਂ ਪ੍ਰਵੇਸ਼ ਕੀਤਾ ਜਾਂਦਾ ਹੈ | ਇਸ ਦਰਵਾਜ਼ੇ ਦੇ ਨਜ਼ਦੀਕ ਬਾਹਰ ਟਿਕਟ ਖਿੜਕੀ ਹੈ, ਜਿੱਥੋਂ ਅੰਦਰ ਜਾਣ ਲਈ ਆਪਣੀ ਅਤੇ ਆਪਣੀ ਕਾਰ ਆਦਿ ਦੀ ਟਿਕਟ ਲਈ ਜਾਂਦੀ ਹੈ | ਜੈਗੜ੍ਹ ਕਿਲ੍ਹੇ ਦੀ ਯੋਜਨਾਬੰਦੀ ਆਮੇਰ ਦੇ ਕਿਲ੍ਹੇ ਵਾਂਗ ਹੀ ਹੈ | ਇਹ ਕਿਲ੍ਹਾ ਉੱਤਰ ਤੋਂ ਦੱਖਣ ਵੱਲ 3 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਵੱਲ 1 ਕਿਲੋਮੀਟਰ ਦੇ ਲਗਪਗ ਖੇਤਰ ਵਿਚ ਫੈਲਿਆ ਹੋਇਆ ਹੈ | ਕਿਲ੍ਹੇ ਦੇ ਸਾਰੇ ਪਾਸਿਆਂ ਤੋਂ ਗੋਲੀਬਾਰੀ ਲਈ ਮੋਰੇ ਰੱਖੇ ਗਏ ਹਨ, ਜਿੱਥੋਂ ਛੁਪ ਕੇ ਦੁਸ਼ਮਣ 'ਤੇ ਨਿਸ਼ਾਨਾ ਲਗਾਇਆ ਜਾ ਸਕੇ |
ਕਿਲ੍ਹਾ ਜੈਗੜ੍ਹ ਆਮੇਰ ਦੇ ਕਿਲ੍ਹੇ ਨਾਲ ਇਕ ਸੁਰੰਗ ਦੁਆਰਾ ਜੁੜਿਆ ਹੋਇਆ ਸੀ | ਇਸ ਸੁਰੰਗ ਦਾ ਇਤਿਹਾਸਿਕ ਮਹੱਤਵ ਹੈ | ਇਹ ਸੁਰੰਗ ਸ਼ਾਹੀ ਪਰਿਵਾਰ ਅਤੇ ਉਨ੍ਹਾਂ ਦੇ ਕੁਝ ਕੁ ਵਿਸ਼ਵਾਸਪਾਤਰ ਲੋਕਾਂ ਲਈ ਆਮੇਰ ਦੇ ਕਿਲ੍ਹੇ 'ਤੇ ਕਿਸੇ ਤਰ੍ਹਾਂ ਦਾ ਸੰਕਟ ਆਉਣ 'ਤੇ ਉੱਥੋਂ ਨਿਕਲਣ ਲਈ ਗੁਪਤ ਰਸਤਾ ਸੀ | ਇਹ ਸੁਰੰਗ ਸ਼ਾਹੀ ਪਰਿਵਾਰ ਦੁਆਰਾ ਇਹਨਾਂ ਕਿਲਿ੍ਹਆਂ ਵਿਚ ਆਉਣ ਜਾਣ ਲਈ ਉਪਯੋਗ ਕੀਤੀ ਜਾਂਦੀ ਸੀ | ਆਮੇਰ ਅਤੇ ਜੈਗੜ੍ਹ ਕਿਲਿ੍ਹਆਂ ਦੇ ਵਿਚਕਾਰਲੀ ਦੂਰੀ ਜ਼ਿਆਦਾ ਹੈ, ਪਰ ਇਸ ਸੁਰੰਗ ਰਾਹੀਂ ਇਹ ਦੂਰੀ ਮਹਿਜ਼ 600 ਮੀਟਰ ਰਹਿ ਜਾਂਦੀ ਸੀ | ਜੈਗੜ੍ਹ ਦਾ ਕਿਲ੍ਹਾ ਆਮੇਰ ਦੇ ਕਿਲ੍ਹੇ ਦੇ ਮੁਕਾਬਲੇ ਡਿਜ਼ਾਈਨ ਦੇ ਪੱਖ ਤੋਂ ਕਾਫੀ ਸਧਾਰਨ ਹੈ | ਅਜਿਹਾ ਹੋਣ ਦਾ ਕਰਨ ਇਸ ਕਿਲ੍ਹੇ ਦੇ ਨਿਰਮਾਣ ਦਾ ਉਦੇਸ਼ ਰਾਜਸੀ ਨਾ ਹੋੋ ਕੇ ਸੈਨਿਕ ਸੀ |
ਇਸ ਕਿਲ੍ਹੇ ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਇੱਥੇ ਮੌਜੂਦ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੋਪਾਂ ਵਿਚ ਸ਼ੁਮਾਰ 'ਜੈਬਾਣ' ਹੈ | ਇਸ ਤੋਪ ਦਾ ਨਿਰਮਾਣ ਇਸ ੇ ਕਿਲ੍ਹੇ ਦੇ ਤੋਪ ਕਾਰਖਾਨੇ ਵਿਚ ਹੀ 1720 ਈ. ਵਿਚ ਕੀਤਾ ਗਿਆ ਸੀ | ਇਹ ਤੋਪ ਡੂੰਗਰ ਦਰਵਾਜ਼ੇ ਦੇ ਨਜ਼ਦੀਕ ਇਕ ਉੱਚੇ ਸਥਾਨ 'ਤੇ ਟਾਇਰਾਂ ਉੱਪਰ ਇਕ ਸ਼ੈੱਡ ਹੇਠ ਖੜ੍ਹੀ ਵਿਖਾਈ ਦਿੰਦੀ ਹੈ | ਇਸ ਤੋਪ ਦੀ ਲੰਬਾਈ 20 ਫੁੱਟ, ਗੋਲਾਈ 8 ਫੁੱਟ 7.5 ਇੰਚ ਅਤੇ ਵਜ਼ਨ 50 ਟਨ ਹੈ | ਇਸ ਦੇ ਟਾਇਰਾਂ ਦੀ ਉਚਾਈ ਨੌਾ ਫੁੱਟ ਅਤੇ ਧੁਰੇ ਦੀ ਮੋਟਾਈ ਇਕ ਫੁੱਟ ਹੈ | ਪਿਛਲੇ ਪਹੀਆਂ ਦੀ ਸਹਾਇਤਾ ਨਾਲ ਇਸ ਦੀ ਦਿਸ਼ਾ ਬਦਲੀ ਜਾ ਸਕਦੀ ਸੀ | ਇਸ ਤੋਪ ਨੂੰ ਹਾਥੀਆਂ ਦੀ ਸਹਾਇਤਾ ਨਾਲ ਖਿੱਚਿਆ ਜਾਂਦਾ ਸੀ | ਜੈਬਾਣ ਨੂੰ ਇਕ ਵਾਰ ਚਲਾਉਣ ਲਈ ਇਸ ਵਿਚ 100 ਕਿਲੋਗ੍ਰਾਮ ਬਰੂਦ ਭਰਨਾ ਪੈਂਦਾ ਸੀ ਅਤੇ ਇਹ 35 ਕਿਲੋਮੀਟਰ ਤੱਕ ਮਾਰ ਕਰਦੀ ਸੀ | ਇਸ ਤੋਪ ਨੂੰ ਮੌਜੂਦਾ ਸਥਾਨ 'ਤੇ ਮਹਾਰਾਜਾ ਸਵਾਈ ਰਾਮ ਸਿੰਘ ਨੇ ਰਖਵਾਇਆ ਸੀ | ਇਸ ਕਿਲ੍ਹੇ ਤੱਕ ਕਦੇ ਦੁਸ਼ਮਣ ਨਹੀਂ ਪਹੁੰਚ ਸਕਿਆ , ਇਸ ਕਰਕੇ ਇਸ ਤੋਪ ਨੂੰ ਚਲਾਉਣ ਦੀ ਕਦੇ ਜ਼ਰੂਰਤ ਨਹੀਂ ਪਈ | ਇਸ ਨੂੰ ਕੇਵਲ ਇਸ ਦੇ ਨਿਰੀਖਣ ਸਮੇਂ ਚਲਾਇਆ ਗਿਆ ਸੀ ਅਤੇ ਇਸ ਦਾ ਗੋਲਾ ਚਾਕੂਸ ਨਾਮੀਂ ਸਥਾਨ 'ਤੇ ਜਾ ਕੇ ਡਿੱਗਿਆ ਸੀ | ਇਸ ਦੇ ਕਾਰੀਗਰਾਂ ਨੇ ਇਸ ਉੱਪਰ ਵੇਲ ਬੂਟੇ ਉੱਕਰ ਕੇ ਆਪਣੇ ਕਲਾਤਮਿਕ ਸ਼ੌਾਕ ਦੀ ਪੂਰਤੀ ਵੀ ਕੀਤੀ ਹੈ | ਇਸ ਤੋਪ ਵੱਲ ਜਾਂਦੇ ਸਮੇਂ ਰਸਤੇ ਵਿਚ ਕਿਲ੍ਹੇ ਦਾ ਖੰਡਰ ਦਾ ਰੂਪ ਧਾਰਦਾ ਢਾਂਚਾ ਅਤੇ ਇਕ ਡੂੰਘਾ ਤਲਾਬ ਨੁਮਾ ਸਫੈਦ ਪੱਥਰ ਦਾ ਬਣਿਆ ਟੋਇਆ ਸਥਿਤ ਹੈ |
ਜੈਗੜ੍ਹ ਕਿਲ੍ਹੇ ਵਿਚ ਪਾਣੀ ਇਕੱਠਾ ਕਰਨ ਲਈ ਛੱਤ ਵਾਲਾ ਇਕ ਤਲਾਬ, ਜਿਸ ਨੂੰ 'ਪਾਣੀ ਕਾ ਟੰਕਾ' ਕਿਹਾ ਜਾਂਦਾ ਹੈ, ਜਿੱਥੇ ਕਿਲ੍ਹੇ ਵਿਚੋਂ ਵਰਤੋਂ ਲਈ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ | ਇਸ ਤੋਂ ਇਲਾਵਾ ਕਿਲ੍ਹੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਲਈ ਆਮੇਰ ਦੇ ਕਿਲ੍ਹੇ ਵੱਲ ਪਹਾੜੀਆਂ ਦੇ ਵਿਚਕਾਰ ਬਣੀ ਸਾਗਰ ਝੀਲ ਤੋਂ ਇਸ ਦੇ ਲਈ ਪਾਣੀ ਦਾ ਪ੍ਰਬੰਧ ਸੀ | ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ ਹੋਣ ਕਾਰਨ ਜੈਪੁਰ ਦੀ ਸੁਰੱਖਿਆ ਲਈ ਇੱਥੋਂ ਵਧੀਆ ਨਿਗਰਾਨੀ ਕੀਤੀ ਜਾ ਸਕਦੀ ਸੀ | ਇੱਥੇ 'ਦੀਯਾ ਬੁਰਜ' ਨਾਮੀ ਪੰਜ ਮੰਜ਼ਿਲਾ ਮਿਲਟਰੀ 'ਵਾਚ ਟਾਵਰ' ਮੌਜੂਦ ਹੈ, ਜਿਸ ਦੇ ਉੱਪਰ ਜੈਪੁਰ ਦੇ 'ਕੁਛਵਾਹਾ' ਖਾਨਦਾਨ ਦਾ ਝੰਡਾ ਲਹਿਰਾ ਰਿਹਾ ਹੈ |
ਇਸ ਤੋਂ ਇਲਾਵਾ ਕਿਲ੍ਹੇ ਵਿਚ ਇਕ ਬਗੀਚਾ, ਸ਼ਾਸਤਰ ਘਰ, ਮਹੱਲ ਸਮੂਹ , ਤੋਪ ਢਲਾਈ ਕਾਰਖਾਨਾ, ਅੰਨ ਭੰਡਾਰ ਆਦਿ ਮੌਜੂਦ ਹਨ | ਇਸ ਕਿਲ੍ਹੇ ਦੇ ਨਿਰਮਾਣ ਤੋਂ ਪਹਿਲਾਂ ਹੀ ਇੱਥੇ ਤੋਪ ਬਣਾਉਣ ਦਾ ਕਾਰਖਾਨਾ ਸਥਾਪਤ ਸੀ | ਸੈਨਾ ਲਈ ਲੋੜੀਂਦੀਆਂ ਵੱਖ-ਵੱਖ ਪ੍ਰਕਾਰ ਦੀਆਂ ਤੋਪਾਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਸਨ | ਮੁਗਲ ਸੈਨਾ ਲਈ ਵੀ ਕੁਝ ਤੋਪਾਂ ਇੱਥੇ ਤਿਆਰ ਕੀਤੀਆਂ ਗਈਆਂ | ਕਿਲ੍ਹੇ ਵਿਚਲੇ ਮਿਊਜ਼ੀਅਮ ਵਿਚ ਵੱਖ-ਵੱਖ ਤਰ੍ਹਾਂ ਦੀਆਂ ਤਲਵਾਰਾਂ, ਢਾਲਾਂ, ਬੰਦੂਕਾਂ, ਛੋਟੀਆਂ ਤੋਪਾਂ, ਫ਼ੌਜ ਦੀਆਂ ਬੰਦੂਕਾਂ, ਤੋਪਾਂ ਦੇ ਗੋਲੇ ਅਤੇ ਰਾਜਘਰਾਣੇ ਨਾਲ ਸਬੰਧਤ ਤਸਵੀਰਾਂ ਰੱਖੀਆਂ ਗਈਆਂ ਹਨ |
ਇਸ ਕਿਲ੍ਹੇ ਵਿਚਲੇ ਮਹੱਲ ਸਮੂਹ ਵਿਚ ਲਲਿਤ ਮੰਦਰ ਸ਼ਾਹੀ ਪਰਿਵਾਰ ਦੇ ਗਰਮੀ ਦੀ ਰੁੱਤ ਵਿਚ ਨਿਵਾਸ ਲਈ ਉਪਯੋਗ ਹੁੰਦਾ ਸੀ | ਲਲਿਤ ਮੰਦਿਰ ਰਾਜਪੂਤ ਭਵਨ ਨਿਰਮਾਣ ਕਲਾ ਦਾ ਪ੍ਰਤੀਕ ਹੈ | ਇਸ ਵਿਚ ਅੱਠ ਜੁੜਵੇਂ ਸਤੰਭ ਹਨ | ਉਪਰਲੀ ਮੰਜ਼ਿਲ ਵਿਚ ਪੱਥਰ ਦੀ ਜਾਲੀ ਦੁਆਰਾ ਹਵਾ ਦਾ ਪ੍ਰਵੇਸ਼ ਹੁੰਦਾ ਹੈ | ਇਸ ਦੇ ਸਾਹਮਣੇ ਵਰਗਾਕਾਰ ਵਿਹੜਾ ਹੈ | ਇਸ ਤੋਂ ਅੱਗੇ ਸ਼ੁੁਭਟ ਨਿਵਾਸ ਹੈ | ਜਿਸ ਤਰ੍ਹਾਂ ਇਸ ਦੇ ਨਾਂ ਤੋਂ ਹੀ ਸਿੱਧ ਹੁੰਦਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਸੈਨਾ ਦੇ ਅਧਿਕਾਰੀਆਂ ਦੁਆਰਾ ਬੈਠ ਕੇ ਕਿਸੇ ਨਾ ਕਿਸੇ ਵਿਸ਼ੇ 'ਤੇ ਚਰਚਾ ਕੀਤੀ ਜਾਂਦੀ ਸੀ | ਇਸ ਤੋਂ ਅੱਗੇ ਲੱਛਮੀ ਵਿਲਾਸ ਮਹੱਲ ਹੈ | ਇਸ ਦਾ ਪ੍ਰਯੋਗ ਮਹਾਰਾਜੇ ਵਲੋਂ ਆਪਣੇ ਅਰਾਮ ਅਤੇ ਮਹੱਤਵਪੂਰਨ ਬੈਠਕਾਂ ਸਮੇਂ ਕੀਤਾ ਜਾਂਦਾ ਸੀ | ਇਹ ਸਥਾਨ ਵੀ ਕਾਫੀ ਸੁੰਦਰ ਅਤੇ ਕਲਾਤਮਿਕ ਹੈ | ਵਿਲਾਸ ਮੰਦਰ ਸ਼ਾਹੀ ਪਰਿਵਾਰ ਦੀਆਂ ਔਰਤਾਂ ਲਈ ਬਣਾਇਆ ਗਿਆ ਮਹੱਲ ਹੈ | ਇਸ ਦੀਆਂ ਜਾਲੀਦਾਰ ਖਿੜਕੀਆਂ ਅਤੇ ਝਰੋਖਿਆਂ ਵਿਚੋਂ ਲੰਘਦੀ ਹਵਾ ਇਸ ਨੂੰ ਠੰਢਾ ਰੱਖਦੀ ਸੀ | ਅਰਾਮ ਮੰਦਰ ਅਤੇ ਬਾਗ਼ ਇਸ ਦੇ ਬਿਲਕੁਲ ਉੱਤਰ ਵੱਲ ਸਥਿਤ ਮੁਗਲ ਸ਼ੈਲੀ ਵਿਚ ਬਣਿਆ ਇਕ ਬਗ਼ੀਚਾ ਹੈ | ਇਸ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ | ਇੱਥੇ ਕਈ ਫ਼ਿਲਮਾਂ ਦਾ ਫ਼ਿਲਮਾਂਕਣ ਵੀ ਕੀਤਾ ਗਿਆ ਹੈ |
ਇਸ ਕਿਲ੍ਹੇ ਦੀ ਆਪਣੀ ਸੁੰਦਰਤਾ ਕਾਰਨ ਵੱਖਰੀ ਪਹਿਚਾਣ ਹੋਣ ਦੇ ਨਾਲ ਨਾਲ ਇਸ ਦੇ ਚਰਚਾ ਵਿਚ ਰਹਿਣ ਦਾ ਕਾਰਨ ਆਮੇਰ ਦੇ ਰਾਜ ਘਰਾਣੇ ਦੇ ਸ਼ਾਹੀ ਖਜ਼ਾਨੇ ਦੇ ਇਸ ਕਿਲ੍ਹੇ ਵਿਚ ਦੱਬੇ ਹੋਣ ਦਾ ਰਹੱਸ ਵੀ ਹੈ | ਇਸ ਕਿਲ੍ਹੇ ਦੇ ਇਸ ਖਜ਼ਾਨੇ ਉੱਪਰ ਪਾਕਿਸਤਾਨ ਨੇ ਵੀ ਆਪਣੇ ਹਿੱਸੇ ਸਬੰਧੀ ਦਾਅਵਾ ਕੀਤਾ ਸੀ | ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਵਿਚ 1976 ਵਿਚ ਇਸ ਖਜ਼ਾਨੇ ਦੀ ਭਾਲ ਲਈ ਕਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਖੁਦਾਈ ਕਰਵਾਈ ਗਈ | ਕਿਲ੍ਹੇ ਦੇ ਪਾਣੀ ਦੇ ਟੰਕੇ ਨੂੰ ਖਾਲੀ ਕਰਕੇ ਇਸ ਦੀ ਫਰਸ਼ ਤੱਕ ਪੁੱਟੀ ਗਈ ਸੀ | ਪਰ ਕਿਹਾ ਜਾਂਦਾ ਹੈ ਕਿ ਇਸ ਵਿਚੋਂ ਕੁਝ ਪ੍ਰਾਪਤ ਨਹੀਂ ਹੋਇਆ |
ਭਾਰਤ ਦੇ ਵੱਖਰੀ ਕਿਸਮ ਦੇ ਕਿਲਿ੍ਹਆਂ ਵਿਚ ਸ਼ੁਮਾਰ ਕਿਲ੍ਹਾ 'ਜੈਗੜ੍ਹ' ਜੈਪੁਰ ਦੇ ਵਿਰਾਸਤੀ ਸਥਾਨਾਂ ਵਿਚੋਂ ਪ੍ਰਮੁੱਖ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ | ਜੈਪੁਰ ਆਏ ਸੈਲਾਨੀ ਇਸ ਕਿਲ੍ਹੇ ਵਿਚ ਆ ਕੇ ਇਸ ਦੀ ਸੁੰਦਰਤਾ ਦਾ ਲੁਤਫ ਉਠਾਉਂਦੇ ਹਨ |

-ਪਿੰਡ ਤੇ ਡਾ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)
ਮੋਬਾਈਲ : 81469-24800

ਸਾਹਿਤ ਦੇ ਦੋ ਨੋਬਲ ਪੁਰਸਕਾਰ ਜੇਤੂ : ਓਲਗਾ ਤੋਕਾਚੁਰਕ ਅਤੇ ਪੀਟਰ ਹੈਾਡਕੇ

ਪਿਛਲੇ ਕਈ ਦਿਨਾਂ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਕਿਸ ਦੇ ਹਿੱਸੇ ਆਵੇਗਾ? ਸਭ ਦੇ ਆਪਣੇ-ਆਪਣੇ ਅੰਦਾਜ਼ੇ ਸਨ | ਮਜ਼ਾਕ ਦੇ ਤੌਰ 'ਤੇ ਇਹ ਵੀ ਪੁੱਛਿਆ ਜਾ ਰਿਹਾ ਸੀ ਕਿ ਕੀ ਹਿੰਦੀ ਵਿਚ ਭਵਿੱਖ ਵਿਚ ਕੋਈ ਇਸ ਤਰ੍ਹਾਂ ਦਾ ਲੇਖਕ ਨਜ਼ਰੀਂ ਪੈਂਦਾ ਹੈ ਜੋ ਇਸ ਪੁਰਸਕਾਰ ਦਾ ਦਾਅਵੇਦਾਰ ਹੋ ਸਕਦਾ ਹੈ ਜਾਂ ਹਾਲੇ ਸਾਨੂੰ ਕਈ ਵਰ੍ਹੇ ਪਹਿਲਾਂ ਮਿਲੇ ਸਿਰਫ਼ ਸਾਹਿਤ ਦੇ ਇਕਮਾਤਰ ਨੋਬਲ ਪੁਰਸਕਾਰ ਜੇਤੂ ਭਾਰਤੀ ਰਵਿੰਦਰਨਾਥ ਟੈਗੋਰ 'ਤੇ ਹੀ ਫ਼ਖਰ ਕਰਦੇ ਰਹਿਣਾ ਪਵੇਗਾ | ਜ਼ਾਹਿਰ ਹੈ ਇਹ ਹਵਾ ਵਿਚ ਪੁੱਛੇ ਗਏ ਸਵਾਲ ਸਨ ਅਤੇ ਇਨ੍ਹਾਂ ਦਾ ਜਵਾਬ ਵੀ ਹਵਾ ਵਿਚ ਹੀ ਸੀ | ਹਾਂ, ਇਹ ਸੱਚ ਹੈ ਕਿ ਇਸ ਵਾਰ ਬੇਚੈਨੀ ਥੋੜ੍ਹੀ ਜ਼ਿਆਦਾ ਸੀ, ਕਿਉਂਕਿ 2018 ਵਿਚ ਨੋਬਲ ਫਾਊਾਡੇਸ਼ਨ ਸੈਕਸ ਸਕੈਂਡਲ ਦੀ ਵਜ੍ਹਾ ਨਾਲ ਇਹ ਪੁਰਸਕਾਰ ਨਹੀਂ ਦੇ ਸਕੀ ਸੀ | ਲਿਹਾਜ਼ਾ ਇਸ ਵਾਰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਨੋਬਲ ਫਾਊਾਡੇਸ਼ਨ ਨੇ ਦੋ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ | 2018 ਦਾ ਨੋਬਲ 75 ਸਾਲਾ ਪੋਲਿਸ਼ ਲੇਖਿਕਾ ਓਲਗਾ ਤੋਕਾਚੁਰਕ ਨੂੰ ਮਿਲਿਆ ਅਤੇ 2019 ਦਾ ਪੁਰਸਕਾਰ 76 ਸਾਲਾ ਆਸਟਰੀਆਈ ਨਾਵਲਕਾਰ, ਨਾਟਕਕਾਰ, ਅਨੁਵਾਦਕ ਅਤੇ ਫ਼ਿਲਮਕਾਰ ਪੀਟਰ ਹੈਾਡਕੇ ਦੇ ਹਿੱਸੇ ਆਇਆ |
ਓਲਗਾ ਤੋਕਾਚੁਰਕ ਕਹਾਣੀਆਂ, ਕਵਿਤਾਵਾਂ, ਨਾਵਲ ਲੇਖਨ ਦੇ ਨਾਲ-ਨਾਲ ਫ਼ਿਲਮੀ ਲੇਖਨ ਨਾਲ ਵੀ ਜੁੜੀ ਹੋਈ ਹੈ | ਇਸ ਐਲਾਨ ਦੇ ਨਾਲ ਹੀ ਇਕ ਵਾਰ ਫਿਰ ਤੋਂ ਉਹ ਸਾਰੇ ਅੰਦਾਜ਼ੇ ਧਰੇ ਧਰਾਏ ਰਹਿ ਗਏ ਜਿਨ੍ਹਾਂ ਦੇ ਸਹਾਰੇ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਸ ਵਾਰ ਦਾ ਪੁਰਸਕਾਰ ਮਿਲਾਨ ਕੁੰਦੇਰਾ, ਹਾਰੁਕੀ ਮੁਰਾਕਾਮੀ, ਮਾਰਗਰੇਟ ਐਟਵੁੱਡ, ਐਨੀ ਕਾਰਸਨ ਜਾਂ ਅਡੂਨਿਸ ਵਿਚੋਂ ਕਿਸੇ ਇਕ ਨੂੰ ਮਿਲੇ | ਘੱਟ ਤੋਂ ਘੱਟ ਮਿਲਾਨ ਕੁੰਦੇਰਾ ਅਤੇ ਹਾਰੂਕੀ ਮੁਰਾਕਾਮੀ ਪਿਛਲੇ ਕਾਫੀ ਸਾਲਾਂ ਤੋਂ ਹਿੰਦੀ ਵਿਚ ਹੀ ਨਹੀਂ ਦੁਨੀਆ ਭਰ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਬਹੁਤ ਅਨੁਵਾਦਿਤ ਹੋ ਰਹੇ ਹਨ ਅਤੇ ਇਸ ਲਈ ਪੜ੍ਹੇ ਵੀ ਜਾ ਰਹੇ ਹਨ | ਸ਼ਾਇਦ ਨੋਬਲ ਫਾਊਾਡੇਸ਼ਨ ਲਈ ਇਹ ਆਧਾਰ ਬਿਲਕੁਲ ਮਾਇਨੇ ਨਹੀਂ ਰੱਖਦਾ ਕਿ ਜਿਸ ਨੂੰ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਸ ਦਾ ਸੰਸਾਰ ਪੱਧਰ ਫੈਲਾਅ ਕਿੰਨਾ ਕੁ ਹੈ |
ਫਿਲਹਾਲ ਨਿਰਣਾਇਕ ਮੰਡਲ ਨੇ ਆਪਣੇ ਬਿਆਨ ਵਿਚ ਕਿਹਾ, 'ਓਲਗਾ ਤੋਕਾਚੁਰਕ ਨੇ ਆਪਣੀ ਕਲਪਨਾਸ਼ੀਲ ਕਥਾ ਲਈ ਮਾਨਤਾ ਪ੍ਰਾਪਤ ਕੀਤੀ ਹੈ | ਉਹ ਭੂਗੋਲਿਕ ਹੱਦਾਂ ਨੂੰ ਤੋੜਦੇ ਹੋਏ ਸੰਸਾਰਕ ਜੀਵਨ ਨੂੰ ਪੇਸ਼ ਕਰਦੀ ਹੈ | ਜਦ ਕਿ ਪੀਟਰ ਹੈਾਡਕੇ ਨੂੰ ਮਨੁੱਖੀ ਅਨੁਭਵਾਂ ਦੀਆਂ ਉਨ੍ਹਾਂ ਖਾਸੀਅਤਾਂ ਨੂੰ ਲੱਭਣ ਲਈ, ਜੋ ਭਾਸ਼ਾ ਗ਼ੈਰ-ਇਮਾਨਦਾਰੀ ਦੇ ਬੋਝ ਹੇਠ ਦੱਬ ਜਾਂਦੀਆਂ ਹਨ, ਲਈ ਇਹ ਪੁਰਸਕਾਰ ਦਿੱਤਾ ਗਿਆ ਹੈ |' ਇਨ੍ਹਾਂ ਪੁਰਸਕਾਰਾਂ ਨਾਲ ਜੁੜਿਆ ਇਕ ਦਿਲਚਸਪ ਸੰਯੋਗ ਇਹ ਵੀ ਹੈ ਕਿ ਦੋਵੇਂ ਹੀ ਜੇਤੂ ਫ਼ਿਲਮ ਲੇਖਨ ਨਾਲ ਜੁੜੇ ਹੋਏ ਹਨ | ਓਲਗਾ ਦੀ ਲਿਖੀ ਇਕ ਫ਼ਿਲਮ ਆਸਕਰ ਵਿਚ ਜਾ ਚੁੱਕੀ ਹੈ | ਹੈਾਡਕੇ ਦੀ ਲਿਖੀ ਫ਼ਿਲਮ 'ਬਿ੍ਟਿਸ਼ ਅਕਾਦਮੀ ਆਫ਼ ਫ਼ਿਲਮ ਐਾਡ ਟੈਲੀਵਿਜ਼ਨ ਆਰਟਸ' ਲਈ ਨਾਮਜ਼ਦ ਹੋ ਚੁੱਕੀ ਹੈ | ਓਲਗਾ ਦਾ ਲੇਖਨ ਇਕ ਪੌਰਾਣਿਕ ਰਿਦਮ ਲਈ ਹੁੰਦਾ ਹੈ | ਉਨ੍ਹਾਂ ਦੀ ਇਕ ਪੁਸਤਕ 'ਕਮਰੇ ਔਰ ਅਨਯ ਕਹਾਨੀਆਂ' ਰਾਜਕਮਲ ਪ੍ਰਕਾਸ਼ਨ ਵਲੋਂ ਹਿੰਦੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਇਨ੍ਹਾਂ ਵਿਚੋਂ ਤਿੰਨ ਕਹਾਣੀਆਂ ਹਨ, 'ਕਮਰੇ', 'ਅਲਮਾਰੀ' ਅਤੇ 'ਊਪਰ ਵਾਲੇ ਕਾ ਹਾਥ' | ਤਿੰਨੇ ਕਹਾਣੀਆਂ ਕਿਰਦਾਰਾਂ ਦੀ ਰਹੱਸਮਈ ਅੰਦਰੂਨੀ ਮਨੋਵਿਰਤੀ ਨੂੰ ਪੇਸ਼ ਕਰਦੀਆਂ ਹਨ |
'ਅਲਮਾਰੀ' ਵਿਚ ਆਪਣੇ ਲਈ ਸੁਰੱਖਿਅਤ ਥਾਂ ਭਾਲਦੀ ਇੱਛਾ ਨੂੰ ਦਿਖਾਇਆ ਗਿਆ ਹੈ ਤੇ ਕਮਰੇ ਵਿਚ, ਇਕ ਹੋਟਲ ਦੇ ਅਨੇਕ ਕਮਰਿਆਂ ਦੇ ਬਹਾਨੇ ਇਨਸਾਨੀ ਜੀਵਨ ਦੇ 'ਬਲੈਕ ਐਾਡ ਵਾਈ੍ਹਟ' ਨੂੰ ਪੇਸ਼ ਕੀਤਾ ਗਿਆ ਹੈ | 'ਊਪਰ ਵਾਲੇ ਕਾ ਹਾਥ' ਕਹਾਣੀ ਦਾ ਨਾਇਕ ਮਨੁੱਖ ਅਤੇ ਸੱਭਿਅਤਾ ਦੀਆਂ ਕੁਝ ਮਜਬੂਰੀਆਂ ਵੱਲ ਸੰਕੇਤ ਕਰਦਾ ਹੈ | ਓਲਗਾ ਨੂੰ ਪੋਲੈਂਡ ਦੇ ਉੱਚ ਮਿਆਰੀ ਐਵਾਰਡ ਨਾਈਕ ਨਾਲ ਵੀ ਦੋ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ | ਸਾਲ 2015 ਵਿਚ ਹੀ ਉਨ੍ਹਾਂ ਨੂੰ 'ਜਰਮਨ ਪੋਲਿਸ਼ ਇੰਟਰਨੈਸ਼ਨਲ ਬਿ੍ਜ ਪ੍ਰਾਈਜ਼' ਦਿੱਤਾ ਗਿਆ ਸੀ | ਇਹ ਪੁਰਸਕਾਰ ਯੂਰਪੀ ਦੇਸ਼ਾਂ ਵਿਚਾਲੇ ਲੋਕਤੰਤਰਿਕ ਵਿਕਾਸ, ਆਪਸੀ ਸਮਝ ਅਤੇ ਸ਼ਾਂਤੀ ਨੂੰ ਵਧਾਉਣ ਲਈ ਦਿੱਤਾ ਜਾਂਦਾ ਹੈ | ਪੋਲਿਸ਼ ਨਾਵਲਕਾਰ ਓਲਗਾ ਨੂੰ 2018 ਵਿਚ ਮੈਨ ਬੁੱਕਰ ਪ੍ਰਾਈਜ਼ ਉਨ੍ਹਾਂ ਦੇ ਨਾਵਲ 'ਫਲਾਈਟਸ' ਲਈ ਦਿੱਤਾ ਗਿਆ ਸੀ |
ਉਹ ਇਹ ਪੁਰਸਕਾਰ ਹਾਸਲ ਕਰਨ ਵਾਲੀ ਪੋਲੈਂਡ ਦੀ ਪਹਿਲੀ ਲੇਖਿਕਾ ਸੀ | 'ਫਲਾਈਟਸ' ਮੂਲ ਰੂਪ ਵਿਚ ਇਕ ਇਸ ਤਰ੍ਹਾਂ ਦਾ ਨਾਵਲ ਹੈ ਜਿਸ ਵਿਚ ਦਸਤਾਵੇਜ਼ਾਂ, ਅਲੱਗ-ਅਲੱਗ ਬਿਖਰੇ ਹੋਏ ਟੁਕੜਿਆਂ ਨੂੰ ਸਮੇਟਿਆ ਗਿਆ ਹੈ | ਇਸ ਨਾਵਲ ਵਿਚ ਪ੍ਰਚੱਲਤ ਪਰੰਪਰਾਗਤ ਕਿਰਦਾਰ ਤੁਹਾਨੂੰ ਨਹੀਂ ਮਿਲਨਗੇ | ਇਹ ਸੱਭਿਆਚਾਰਕ ਸੰਕਟ ਦੀ ਪੇਸ਼ਕਾਰੀ ਕਰਦਾ ਨਾਵਲ ਹੈ | ਦੂਜੇ ਪਾਸੇ ਪੀਟਰ ਹੈਾਡਕੇ ਜਰਮਨ ਪਿਤਾ ਅਤੇ ਸਲੋਵੇਨਿਆਈ ਮਾਂ ਦੀ ਸੰਤਾਨ ਹੈ | ਕਾਨੂੰਨ ਦੀ ਪੜ੍ਹਾਈ ਕਰਨ ਦੇ ਬਾਅਦ ਉਹ ਲੇਖਨ ਨਾਲ ਜੁੜ ਗਏ | ਥੀਏਟਰ ਵੀ ਉਨ੍ਹਾਂ ਦੀਆਂ ਤਰਜੀਹਾਂ ਵਿਚ ਸੀ | 1966 ਵਿਚ ਉਨ੍ਹਾਂ ਨੇ 'ਆਫੇਂਡਿੰਗ ਦ ਆਡੀਅੰਸ' ਨਾਂਅ ਨਾਲ ਇਕ ਨਾਟਕ ਕੀਤਾ | ਇਕ ਘੰਟੇ ਦੇ ਇਸ ਨਾਟਕ ਵਿਚ ਚਾਰ ਅਭਿਨੇਤਾ ਦਰਸ਼ਕਾਂ ਦਾ ਅਪਮਾਨ ਕਰਦੇ ਹਨ | ਉਹ ਆਪਣੇ ਅਭਿਨੈ ਦੀ ਤਾਰੀਫ ਕਰਦੇ ਹਨ |
ਇਸ ਨਾਟਕ ਨੂੰ ਵੱਖ-ਵੱਖ ਆਲੋਚਨਾਵਾਂ ਵਿਚੀਂ ਲੰਘਣਾ ਪਿਆ | ਇਸ ਨਾਟਕ ਵਿਚ ਰਵਾਇਤੀ ਪਲਾਟ ਨਹੀਂ ਸੀ | ਸੰਵਾਦ ਨਹੀਂ ਸਨ | ਸ਼ਾਇਦ ਇਸੇ ਲਈ ਇਹ ਤਜਰਬਾ ਬੁਹਤ ਜ਼ਿਆਦਾ ਸਫਲ ਨਹੀਂ ਹੋਇਆ | ਬਾਅਦ ਵਿਚ ਉਨ੍ਹਾਂ ਹੋਰ ਵੀ ਕਈ ਨਾਟਕ ਲਿਖੇ ਅਤੇ ਖੇਡੇ | 1969 ਵਿਚ 'ਮਾਈ ਫੁੱਟ ਮਾਈ ਟਿਊਟਰ' ਅਤੇ 'ਦ ਰਾਈਡ ਐਕ੍ਰਾਸ ਲੇਕ ਕਾਂਸਟੈਂਸ' ਵਰਗੇ ਨਾਟਕ ਲਿਖੇ | ਪਰ ਉਨ੍ਹਾਂ ਨੂੰ ਮਾਨਤਾ ਨਾਵਲਾਂ 'ਚ ਮਿਲੀ | ਉਨ੍ਹਾਂ ਦੇ ਚਰਚਿਤ ਨਾਵਲਾਂ ਵਿਚੋਂ 'ਗੋਆਲੀਸ ਏਾਗਜਾਇਟੀ ਐਟ ਦੀ ਪੈਨਲਟੀ ਕਿਕ' ਅਤੇ 'ਸਲੋ ਹੋਮਕਮਿੰਗ' ਹਨ | ਉਨ੍ਹਾਂ ਨੇ ਲਗਪਗ ਸਭ ਸਿਨਫ਼ਾਂ 'ਤੇ ਹੱਥ ਅਜ਼ਮਾਇਆ | ਕਵਿਤਾਵਾਂ ਵੀ ਲਿਖੀਆਂ, ਨਾਟਕ, ਨਾਵਲ ਲਿਖੇ, ਰੇਡੀਓ ਨਾਟਕ ਅਤੇ ਫ਼ਿਲਮਾਂ ਲਈ ਪਟਕਥਾਵਾਂ ਲਿਖੀਆਂ | ਨਾਲ ਹੀ ਉਨ੍ਹਾਂ ਨੇ ਛੋਟੀਆਂ ਕਹਾਣੀਆਂ ਵੀ ਲਿਖੀਆਂ | ਉਨ੍ਹਾਂ ਰੋਜ਼ਮਰ੍ਹਾ ਦੇ ਜੀਵਨ ਅਤੇ ਉਸ ਦੇ ਯਥਾਰਥ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਅਤੇ ਉਸ ਨੂੰ ਸਰਲ ਭਾਸ਼ਾ ਵਿਚ ਕਿਹਾ | 1973 ਵਿਚ ਉਨ੍ਹਾਂ ਨੂੰ ਬਰਨਰ ਅਤੇ 1991 ਵਿਚ ਗਿ੍ਲ ਪੈਲਜਰ ਪੁਰਸਕਾਰ ਦਿੱਤਾ ਗਿਆ |
ਦਿਲਚਸਪ ਗੱਲ ਹੈ ਕਿ ਜਦੋਂ ਉਨ੍ਹਾਂ ਦੀ ਰਾਜਨੀਤੀ ਨੇ 2006 ਵਿਚ ਉਨ੍ਹਾਂ ਦੀ ਸਾਹਿਤਕ ਪ੍ਰਸਿੱਧੀ ਨੂੰ ਢਕ ਲਿਆ ਅਤੇ ਉਨ੍ਹਾਂ ਦੀ ਸਾਹਿਤਕ ਦਿੱਖ ਧੁੰਦਲੀ ਪੈਣ ਲੱਗੀ ਤਾਂ ਉਨ੍ਹਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲ ਗਿਆ | ਜ਼ਾਹਿਰ ਹੈ ਹੁਣ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਸਾਹਿਤਕ ਦਿੱਖ ਵਿਚ ਨਿਖਾਰ ਆਵੇਗਾ | ਪਰ ਇਹ ਵੀ ਵਰਣਨਯੋਗ ਹੈ ਕਿ ਅਮਰੀਕੀ ਗਾਇਕ ਬੌਬ ਡਿਲਨ ਨੂੰ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ | ਗਾਇਕੀ ਦੀ ਦੁਨੀਆ ਵਿਚ ਸ਼ਾਇਦ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਜਦੋਂ ਗਾਇਕ ਨੂੰ ਸਭ ਤੋਂ ਪ੍ਰਸਿੱਧ ਸਾਹਿਤਕ ਪੁਰਸਕਾਰ ਮਿਲਿਆ ਹੋਵੇ | ਇਸ ਤੋਂ ਪਹਿਲਾਂ ਕਵੀਆਂ ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ | ਬੌਬ ਨੇ 1959 ਵਿਚ ਪੇਸ਼ੇਵਰ ਤੌਰ 'ਤੇ ਗਾਉਣਾ ਸ਼ੁਰੂ ਕੀਤਾ ਅਤੇ ਸਾਲ ਭਰ ਵਿਚ ਹੀ ਉਨ੍ਹਾਂ ਦੇ ਗਾਣੇ ਨਵੀਂ ਪੀੜ੍ਹੀ ਦੀ ਆਵਾਜ਼ ਬਣ ਗਏ ਸੀ | ਪਰ ਅਨੇਕ ਮੰਚਾਂ ਤੋਂ ਉਨ੍ਹਾਂ ਨੂੰ ਪੁਰਸਕਾਰ ਦੇਣ ਦਾ ਵਿਰੋਧ ਵੀ ਹੋਇਆ ਸੀ | ਜ਼ਾਹਿਰ ਹੈ ਕਿ ਇਹ ਤੈਅ ਕਰਨਾ ਨੋਬਲ ਕਮੇਟੀ ਦਾ ਕੰਮ ਹੈ ਕਿ ਕਿਸ ਨੂੰ ਪੁਰਸਕਾਰ ਦੇਣਾ ਹੈ ਤੇ ਕਿਸ ਨੂੰ ਨਹੀਂ |
ਪਰ ਇਹ ਵੀ ਸੋਚਣ-ਸਮਝਣ ਅਤੇ ਵਿਚਾਰਸ਼ੀਲ ਲੋਕਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਚੁਣੇ ਗਏ ਵਿਅਕਤੀਆਂ ਨੂੰ ਨਿਰਪੱਖ ਰੂਪ ਵਿਚ ਪਰਖ ਸਕਣ | ਬੌਬ ਡਿਲਨ ਨੂੰ ਪੁਰਸਕਾਰ ਮਿਲਣ ਤੋਂ ਬਾਅਦ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਵਿਚ ਆਈਆਂ ਸਨ ਕਿ ਕਿਸੇ ਹਿੰਦੀ ਦੇ ਫ਼ਿਲਮੀ ਗੀਤਕਾਰ ਨੂੰ ਵੀ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ ਜਾਂ ਮਿਲ ਸਕਦਾ ਹੈ | ਇਨ੍ਹਾਂ ਸਭ ਗੱਲਾਂ ਨੂੰ ਜੇਕਰ ਛੱਡ ਵੀ ਦਿੱਤਾ ਜਾਵੇ ਤਾਂ ਕੁਝ ਸਵਾਲ ਦਿਮਾਗ ਵਿਚ ਫਿਰ ਵੀ ਕਾਇਮ ਰਹਿੰਦੇ ਹਨ | ਪਹਿਲਾ ਇਹ ਕਿ ਭਾਰਤ ਸਮੇਤ ਦੁਨੀਆ ਦੇ ਅਨੇਕ ਦੇਸ਼ਾਂ ਵਿਚ ਦੱਖਣਪੰਥੀ ਤਾਕਤਾਂ ਸਿਖ਼ਰ 'ਤੇ ਪਹੁੰਚ ਗਈਆਂ ਹਨ | ਕੀ ਇਸ ਬਦਲੇ ਹੋਏ ਰਾਜਨੀਤਕ ਦਿ੍ਸ਼ ਦਾ ਕੋਈ ਪ੍ਰਭਾਵ ਸਾਹਿਤ ਦੇ ਨੋਬਲ ਪੁਰਸਕਾਰ 'ਤੇ ਵੀ ਪੈਂਦਾ ਹੋਵੇਗਾ? ਕੀ ਜਿਸ ਤਰ੍ਹਾਂ ਦੀਆਂ ਗ਼ੈਰ-ਦਲੀਲੀ ਬੇਜੋੜ ਰਾਜਨੀਤਕ ਪੱਧਰ 'ਤੇ ਦਿਖਾਈ ਦਿੰਦੀਆਂ ਹਨ, ਉਸ ਦੀ ਆਵਾਜ਼ ਇਨ੍ਹਾਂ ਸੰਸਥਾਵਾਂ ਤੱਕ ਵੀ ਪਹੁੰਚਦੀ ਹੋਵੇਗੀ?
••

ਕਾਸ਼, ਇਹ ਇੰਜ ਨਾ ਹੁੰਦਾ!

ਜਦੋਂ ਮੈਂ ਲੋਕਾਂ ਦੇ ਤਿੜਕਦੇ ਰਿਸ਼ਤਿਆਂ ਬਾਰੇ ਸੋਚਦਾ ਹਾਂ, ਉਜੜੇ ਘਰਾਂ ਬਾਰੇ ਸੋਚਦਾ ਹਾਂ, ਲੋਕਾਂ ਨੂੰ ਆਪਣੇ ਕੀਤੇ 'ਤੇ ਪਛਤਾਉਂਦੇ ਵੇਖਦਾ ਹਾਂ, ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਨਾਲ ਗ੍ਰਸੇ ਵੇਖਦਾ ਹਾਂ ਤਾਂ ਮੈਨੂੰ ਬੰਦੇ ਦੇ ਉਹ ਔਗੁਣ ਯਾਦ ਆ ਜਾਂਦੇ ਹਨ, ਜਿਹੜੇ ਕਿ ਉਹ ਹੰਕਾਰ ਵਿਚ ਆ ਕੇ ਕਰ ਤਾਂ ਬੈਠਦਾ ਹੈ ਤੇ ਫਿਰ ਪਛਤਾਉਂਦਾ ਹੈ | ਇਹ ਸਭ ਗ਼ਲਤੀਆਂ ਦਾ ਮੁੱਖ ਕਾਰਨ ਹੈ ਬੰਦੇ ਦਾ ਉਹ ਹੰਕਾਰ ਜਿਹੜਾ ਕਿ ਉਸ ਦੇ ਸਿਰ ਚੜ੍ਹ ਕੇ ਬੋਲਦਾ ਹੀ ਨਹੀਂ ਸਗੋਂ ਉਸ ਨੂੰ ਆਪਣੇ ਆਪੇ ਤੋਂ ਬਾਹਰ ਵੀ ਕਰ ਦਿੰਦਾ ਹੈ | ਦੋ ਭਰਾਵਾਂ ਵਿਚ ਪਈ ਫੁਟ ਦਾ ਕਾਰਨ ਸਿਰਫ਼ ਲਾਲਚ ਹੀ ਨਹੀਂ ਹੁੰਦਾ ਸਗੋਂ ਹੰਕਾਰ ਦਾ ਵਧ ਰਿਹਾ ਰੋਲ ਵੀ ਹੁੰਦਾ ਹੈ | ਇਕ ਸ਼ਾਦੀ ਟੁੱਟ ਜਾਂਦੀ ਹੈ, ਇਸ ਕਰਕੇ ਨਹੀਂ ਕਿ ਉਹ ਇਕ-ਦੂਜੇ ਨੂੰ ਚਾਹੁੰਦੇ ਨਹੀਂ, ਸਗੋਂ ਇਸ ਕਰਕੇ ਕਿ ਉਹ ਆਪਣੇ-ਆਪਣੇ ਹੰਕਾਰ ਨੂੰ ਕਾਬੂ ਵਿਚ ਨਹੀਂ ਰੱਖ ਸਕਦੇ | ਪਰ ਹੰਕਾਰ ਦੀ ਮਾਰੀ ਸੱਟ ਤਾਂ ਵੱਡਿਆਂ-ਵੱਡਿਆਂ ਨੂੰ ਖੁੱਡੇ ਲਾਈਨ ਲਾ ਕੇ ਰੱਖ ਦਿੰਦੀ ਹੈ |
ਕੀ ਫਿਰ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਜ਼ਿੰਦਗੀ ਵਿਚ ਹੰਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ? ਇਥੇ ਹੀ ਸਾਡਾ ਸਮਾਜ ਮਾਰ ਖਾ ਜਾਂਦਾ ਹੈ ਕਿਉਂਕਿ ਉਹ ਬੰਦੇ ਨੂੰ ਇਥੋਂ ਤੱਕ ਥੱਲੇ ਲਾ ਦਿੰਦਾ ਹੈ ਕਿ ਉਹ ਹੰਕਾਰ ਬਿਲਕੁਲ ਹੀ ਛੱਡ ਦੇਵੇ | ਹੰਕਾਰ ਜਿਸ ਨੂੰ ਮਨੋਵਿਗਿਆਨ ਵਿਚ ਈਗੋ ਕਿਹਾ ਹੈ ਸਾਡੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਊਣ ਵਿਚ ਮਦਦ ਵੀ ਕਰਦਾ ਹੈ | ਇਹ ਸਵੈਮਾਣ ਭਾਵ ਹੰਕਾਰ ਹੀ ਹੈ ਜੋ ਇਕ ਵਿਦਿਆਰਥੀ ਨੂੰ ਪੜ੍ਹਾਈ ਵਿਚ ਖ਼ੂਬ ਰੁਚੀ ਲੈਣ ਲਾ ਦਿੰਦਾ ਹੈ ਤਾਂ ਕਿ ਉਹ ਮਾਅਰਕੇ ਮਾਰ ਸਕੇ ਤੇ ਦੂਜਿਆਂ ਨਾਲੋਂ ਅੱਗੇ ਵਧ ਸਕੇ |
ਪਰ ਸੋਚਣ ਦੀ ਗੱਲ ਇਹ ਹੈ ਕਿ ਹੰਕਾਰ ਬੰਦੇ ਵਿਚ ਹੋਣਾ ਤਾਂ ਜ਼ਰੂਰ ਚਾਹੀਦਾ ਹੈ ਪਰ ਉਸ ਦਾ ਸਹੀ ਸੰਤੁਲਨ ਵਿਚ ਹੋਣਾ, ਤੇ ਸਹੀ ਜਗ੍ਹਾ 'ਤੇ ਵਰਤਿਆ ਜਾਣਾ ਜ਼ਰੂਰੀ ਹੁੰਦਾ ਹੈ | ਇਸੇ ਨੂੰ ਭਾਵਨਾਤਮਿਕ ਬੁੱਧੀ ਕਿਹਾ ਜਾਂਦਾ ਹੈ | ਭਾਵਨਾਤਮਿਕ ਬੁੱਧੀ ਅਸਲ ਵਿਚ ਸਾਡੀ ਮਾਨਸਿਕ ਬੁੱਧੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ | ਜਦੋਂ ਜ਼ਿੰਦਗੀ ਵਿਚ ਪੁਆੜੇ ਪੈਂਦੇ ਹਨ ਤਾਂ ਉਸ ਦਾ ਆਧਾਰ ਬੰਦੇ ਦੀ ਮਾਨਸਿਕ ਬੁੱਧੀ ਦਾ ਬੰਦੇ ਦੀ ਭਾਵਨਾਤਮਿਕ ਬੁੱਧੀ 'ਤੇ ਹਾਵੀ ਹੋਣਾ ਹੁੰਦਾ ਹੈ | ਜਦੋਂ ਸੰੁਦਰ ਤੋਂ ਸੰੁਦਰ ਜੋੜਿਆਂ ਦੇ ਤਲਾਕ ਹੁੰਦੇ ਹਨ ਤਾਂ ਜ਼ਿਆਦਾਤਰ ਉਨ੍ਹਾਂ ਦਾ ਭਾਵਨਾਤਮਿਕ ਬੁੱਧੀ ਨੂੰ ਕਾਬੂ ਵਿਚ ਨਾ ਰੱਖਣ ਕਾਰਨ ਹੀ ਹੁੰਦੇ ਹਨ |
ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਸਮਾਜ ਵਿਚ ਪਰਿਵਾਰਕ ਰਿਸ਼ਤੇ ਬਹੁਤ ਹੀ ਘੱਟ ਤਿੜਕਦੇ ਹੁੰਦੇ ਹਨ | ਉਦੋਂ ਇਨਸਾਨ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨੂੰ ਭਲੀ-ਭਾਂਤ ਸਮਝਦਾ ਹੁੰਦਾ ਸੀ | ਹੁਣ ਦੇ ਯੁੱਗ ਵਿਚ ਬੰਦਾ ਹੰਕਾਰ ਵਿਚ ਆ ਕੇ ਆਪਣੇ-ਆਪ ਦੇ ਅਸਲੀ ਵਜੂਦ ਨੂੰ ਏਨਾ ਕੁ ਭੁੱਲ ਜਾਂਦਾ ਹੈ ਕਿ ਉਸ ਨੂੰ ਆਪਣੇ ਵੀ ਪਰਾਏ ਲੱਗਣ ਲੱਗ ਪੈਂਦੇ ਹਨ | ਦਿਨ-ਬ-ਦਿਨ ਨਵੀਆਂ ਭੜਕਾਊ ਘਟਨਾਵਾਂ, ਨਵੇਂ ਭੜਕਾਊ ਸੀਰੀਅਲ ਤੇ ਨਵੇਂ ਭੜਕਾਊ ਵਾਤਾਵਰਨ ਨੂੰ ਵੇਖ ਕੇ ਬੰਦਾ ਹੋਰ ਦਾ ਹੋਰ ਹੀ ਹੋ ਰਿਹਾ ਹੈ | ਗੱਲ ਮੱੁਕਦੀ ਸਿਰਫ਼ ਇਥੇ ਹੈ ਕਿ ਬੰਦੇ ਦਾ ਆਪਣੇ ਭਾਵਨਾਤਮਿਕ ਵਰਤਾਰੇ ਤੇ ਬੁੱਧੀ 'ਤੇ ਕਾਬੂ ਵੀ ਨਹੀਂ ਰਹਿੰਦਾ ਤੇ ਰਹਿੰਦਾ-ਖੰੂਹਦਾ ਉਸ ਨੂੰ ਆਪਣੀ ਅਜਿਹੀ ਹੀ ਸੰਗਤ ਵਿਗਾੜ ਕੇ ਰੱਖ ਦਿੰਦੀ ਹੈ |
ਹੁਣ ਭਾਵੇਂ ਸਾਡੀ ਸਰਕਾਰ ਨਸ਼ੇ 'ਤੇ ਕਾਬੂ ਪਾਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਪਰ ਫਿਰ ਵੀ ਨਸ਼ਾ ਦਿਨ-ਬ-ਦਿਨ ਚੋਰੀ ਛੁਪੇ ਆਪਣੀ ਹੀ ਗਤੀ 'ਤੇ ਵਧ ਫੁੱਲ ਰਿਹਾ ਹੈ | ਇਸ ਸਭ ਕੁਝ ਦੇ ਪਿੱਛੇ ਬੰਦੇ ਦੀ ਭਾਵਨਾਤਮਿਕ ਬੁੱਧੀ ਦਾ ਗੰੁਮਰਾਹ ਹੋਣਾ ਹੀ ਮੁੱਖ ਕਾਰਨ ਹੈ | ਬੰਦਾ ਆਮ ਤੌਰ 'ਤੇ ਚੁਸਤ ਤੇ ਚਲਾਕ ਬਣਨ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਅਸਲ ਵਿਚ ਉਹ ਆਪਣੀ ਭਾਵਨਾਤਮਿਕ ਬੁੱਧੀ ਨੂੰ ਇਕ ਤਰ੍ਹਾਂ ਦਾ ਘੁਣ ਲਗਾ ਰਿਹਾ ਹੈ |
ਅੱਜ ਜੇਕਰ ਸਾਡੀ ਕੋਈ ਬਜ਼ੁਰਗ ਪੀੜ੍ਹੀ ਦਾ ਕੋਈ ਸਿਆਣਾ ਬੰਦਾ ਹੁਣ ਦੀ ਨੌਜਵਾਨ ਪੀੜ੍ਹੀ ਦੇ ਕਾਰਨਾਮੇ ਵੇਖ ਲੈਂਦਾ ਹੈ ਤਾਂ ਉਹ ਸਿਰਫ਼ ਇਹ ਕਹਿ ਹੀ ਉੱਠਦਾ ਹੈ, 'ਕਾਸ਼! ਇੰਜ ਨਾ ਹੁੰਦਾ | 'ਪਰ ਕੀ ਹੁਣ ਦੇ ਜ਼ਮਾਨੇ ਦੀ ਬਜ਼ੁਰਗ ਪੀੜ੍ਹੀ ਕੁਝ ਵੀ ਨਹੀਂ ਕਰ ਸਕਦੀ? ਕੀ ਸਾਡੇ ਵਿਚ ਏਨਾ ਕੁ ਨੈਤਿਕ ਹੌਸਲਾ ਨਹੀਂ ਕਿ ਅਸੀਂ ਆਪਣੇ ਗੰੁਮਰਾਹ ਹੋਏ ਬੱਚੇ ਨੂੰ ਦੂਜਿਆਂ ਦੇ ਸਾਹਮਣੇ ਕਹਿ ਸਕੀਏ ਕਿ ਸਾਡਾ ਆਪਣਾ ਹੀ ਬੱਚਾ ਗ਼ਲਤ ਹੈ | ਪਰ ਇਹ ਕਹਿਣ ਵਿਚ ਸਾਡੀ ਆਪਣੀ ਹਉਮੈ ਨੂੰ ਸੱਟ ਵੱਜਦੀ ਹੈ ਤੇ ਅਸੀਂ ਇਹ ਕਹਿਣ ਤੋਂ ਗੁਰੇਜ਼ ਕਰਦੇ ਹਾਂ |
ਲੋੜ ਹੈ ਸਾਨੂੰ ਆਪਣੇ ਅੰਦਰ ਹੰਕਾਰ ਨੂੰ ਸਹੀ ਸੰਤੁਲਨ ਵਿਚ ਰੱਖਣ ਦੀ | ਹੰਕਾਰ ਇਕ ਅਜਿਹੀ ਬਿਰਤੀ ਹੈ ਜਿਸ ਤੋਂ ਬਗੈਰ ਨਾ ਤਾਂ ਅਸੀਂ ਜੀ ਸਕਦੇ ਹਾਂ ਤੇ ਜਿਸ ਨੂੰ ਸੰਤੁਲਨ ਵਿਚ ਰੱਖਣ ਵਿਚ ਅਸੀਂ ਮਾਰ ਖਾ ਜਾਂਦੇ ਹਾਂ ਤੇ ਕਹਿ ਦਿੰਦੇ ਹਾਂ ਕਾਸ਼! ਇਹ ਇੰਜ ਨਾ ਹੁੰਦਾ | ਪਰ ਇਹ ਸਭ ਕੁਝ ਬਦਲਿਆ ਜਾ ਸਕਦਾ ਹੈ | ਲੋੜ ਹੈ ਸਾਨੂੰ ਆਪਣੇ-ਆਪ ਨੂੰ ਬਦਲਣ ਦੀ | ਇਸ ਤੋਂ ਪਹਿਲਾਂ ਕਿ ਅਸੀਂ ਦੂਜਿਆਂ ਨੂੰ ਬਦਲ ਸਕੀਏ ਸਾਨੂੰ ਆਪਣੇ-ਆਪ ਨੂੰ ਬਦਲਣਾ ਹੋਵੇਗਾ | ਆਓ, ਅਸੀਂ ਆਪਣੇ-ਆਪ ਨੂੰ ਵੀ ਬਦਲੀਏ ਤੇ ਆਪਣੇ ਜ਼ਮਾਨੇ ਨੂੰ ਵੀ ਬਦਲੀਏ | ਦੂਜਿਆਂ ਦੀ ਸੁੱਖ ਮੰਗੋ ਤੇ ਆਪਣੇ ਘਰ ਸੁਖ ਸ਼ਾਂਤੀ ਆਪਣੇ-ਆਪ ਵਰਸਣ ਲੱਗੇਗੀ | ਸੋ, ਜੋ ਦੁੱਖ ਦੇ ਭਾਂਬੜ ਅਸੀਂ ਏਧਰ-ਓਧਰ ਵੇਖ ਰਹੇ ਹਾਂ ਕਾਸ਼! ਇਹ ਇੰਜ ਨਾ ਹੁੰਦਾ |

-ਨੇੜੇ ਗੀਤਾ ਭਵਨ, ਵਾਰਡ ਨੰਬਰ : 3,
ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

ਭੁੱਲੀਆਂ ਵਿਸਰੀਆਂ ਯਾਦਾਂ

1975 'ਚ ਸ੍ਰੀਨਗਰ (ਕਸ਼ਮੀਰ) ਵਿਖੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਹੋਈ ਸੀ | ਉਸ ਸਮੇਂ ਕੁਝ ਪੰਜਾਬ ਦੇ ਸਾਹਿਤਕਾਰ ਤੇ ਕੁਝ ਜੰਮੂ-ਕਸ਼ਮੀਰ ਦੇ ਸਾਹਿਤਕਾਰ ਇਕੱਠੇ ਗੱਲਾਂਬਾਤਾਂ ਕਰ ਰਹੇ ਸਨ | ਡਾ: ਕੁਲਬੀਰ ਸਿੰਘ ਕਾਂਗ ਦੇ ਕਹਿਣ 'ਤੇ ਇਨ੍ਹਾਂ ਸਾਰਿਆਂ ਦੀ ਇਹ ਯਾਦਗਾਰੀ ਤਸਵੀਰ ਕਸ਼ਮੀਰੀ ਸਾਹਿਤਕਾਰਾਂ ਨਾਲ ਖਿੱਚੀ ਗਈ ਸੀ |

-ਮੋਬਾਈਲ : 98767-41231

ਪਾਲੀਵੁੱਡ ਝਰੋਖਾ ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ: ਬੀਨੂੰ ਢਿੱਲੋਂ

ਪਿਛਲੇ ਕੁਝ ਸਮੇਂ ਤੋਂ ਇਕ ਚਿਹਰੇ ਹੀ ਵੱਖ-ਵੱਖ ਤਰ੍ਹਾਂ ਦੀ ਅਦਾਕਾਰੀ ਪੇਸ਼ ਕਰ ਕੇ ਪੰਜਾਬੀ ਸਿਨੇਮਾ 'ਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ | ਇਹ ਚਿਹਰਾ ਹੈ ਬੀਨੂੰ ਢਿੱਲੋਂ | ਕਾਮੇਡੀ ਤੋਂ ਲੈ ਕੇ ਨਾਇਕੀ ਤੱਕ ਦੀਆਂ ਭੂਮਿਕਾਵਾਂ ਬੜੀ ਖੂਬੀ ਨਾਲ ਇਸ ਅਦਾਕਾਰ ਨੇ ਨਿਭਾਈਆਂ ਹਨ, ਜਿਸ ਤੋਂ ਉਸ ਦੀ ਬਹੁ-ਪੱਖੀ ਪ੍ਰਤਿਭਾ ਦਾ ਅੰਦਾਜ਼ਾ ਆਸਾਨੀ ਨਾਲ ਹੀ ਹੋ ਜਾਂਦਾ ਹੈ |
ਬੀਨੂੰ ਦਾ ਅਸਲੀ ਨਾਂਅ ਬਰਿੰਦਰ ਸਿੰਘ ਢਿੱਲੋਂ ਹੈ | ਉਸ ਦਾ ਜਨਮ 29 ਅਗਸਤ, 1975 ਨੂੰ ਧੂਰੀ ਵਿਚ ਹੋਇਆ | ਉਸ ਦੀ ਉਚੇਰੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੁਕੰਮਲ ਹੋਈ ਸੀ | ਯੂਨੀਵਰਸਿਟੀ 'ਚ ਰਹਿੰਦਿਆਂ ਹੀ ਉਸ ਨੇ ਭੰਗੜੇ ਅਤੇ ਡਰਾਮੇ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ | ਕਦੇ-ਕਦੇ ਉਹ ਸਟੇਜ ਐਾਕਰ ਵੀ ਬਣ ਜਾਇਆ ਕਰਦਾ ਸੀ | ਇਹ ਵੱਖ-ਵੱਖ ਅਨੁਭਵਾਂ ਨੇ ਉਸ ਦੀ ਕਲਾ ਨੂੰ ਨਿਖਾਰਨ 'ਚ ਮਦਦ ਕੀਤੀ ਸੀ |
ਦਰਅਸਲ ਆਪਣੇ ਕੈਰੀਅਰ ਦੇ ਆਰੰਭ 'ਚ ਬੀਨੂੰ ਨੂੰ ਜੋ ਵੀ ਭੂਮਿਕਾ ਮਿਲੀ ਉਸ ਨੇ ਉਸ ਨਾਲ ਇਨਸਾਫ ਕੀਤਾ | ਉਸ ਨੇ ਸਬੰਧਿਤ ਭੂਮਿਕਾ ਦੀ ਲੰਬਾਈ ਨੂੰ ਨਹੀਂ ਬਲਕਿ ਗਹਿਰਾਈ ਨੂੰ ਮਾਪਿਆ | ਇਸ ਲਈ ਉਸ ਨੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ 'ਚ ਆਪਣਾ ਅਕਸ ਛੱਡਿਆ |
ਪਰ ਬੀਨੂੰ ਨੂੰ ਅਸਲੀ ਬਰੇਕ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ 'ਚੰਨੋ' ਦੇ ਮਾਧਿਅਮ ਰਾਹੀਂ ਦੁਆਈ ਸੀ | 'ਚੰਨੋ' ਵਿਚਲਾ ਕਿਰਦਾਰ ਅਜਿਹਾ ਸੀ ਜਿਹੜਾ ਕਿ ਇਕ ਵਿਆਹੁਤਾ ਅਤੇ ਗਰਭਵਤੀ ਔਰਤ (ਨਾਇਕਾ) ਪ੍ਰਤੀ ਹਮਦਰਦੀ ਰੱਖਦਾ ਹੈ ਅਤੇ ਉਸ ਲਈ ਹਰੇਕ ਤਰ੍ਹਾਂ ਦਾ ਤਿਆਗ ਕਰਦਾ ਹੈ | ਗੰਭੀਰ ਵਿਸ਼ੇ 'ਤੇ ਆਧਾਰਿਤ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਢੁੱਕਵਾਂ ਸਮਰਥਨ ਨਹੀਂ ਮਿਲਿਆ ਸੀ |
ਇਸ ਦੇ ਉਲਟ 'ਵੇਖ ਬਰਾਤਾਂ ਚੱਲੀਆਂ' ਵਿਚ ਉਸ ਨੇ ਇਕ ਹਲਕੀ-ਫੁਲਕੀ ਭੂਮਿਕਾ ਕੀਤੀ ਸੀ | ਅੰਧ-ਵਿਸ਼ਵਾਸਾਂ 'ਤੇ ਚੋਟ ਕਰਨ ਵਾਲੀ ਇਸ ਕਾਮੇਡੀ ਫ਼ਿਲਮ 'ਚ ਬੀਨੂੰ ਦੀ ਸ਼ਾਦੀ ਇਕ ਕੁੱਤੀ ਨਾਲ ਕੀਤੀ ਜਾਂਦੀ ਹੈ ਤਾਂ ਕਿ ਉਸ ਦੇ ਗ੍ਰਹਿ ਟਲ ਜਾਣ | ਦਰਸ਼ਕਾਂ ਨੂੰ ਇਹ ਕਾਮੇਡੀ ਫ਼ਿਲਮ ਕਾਫੀ ਪਸੰਦ ਆਈ ਸੀ |
ਪਰ ਆਮ ਤੌਰ 'ਤੇ ਬੀਨੂੰ ਦੀ ਜੋੜੀ ਕਿਸੇ ਨਾਇਕਾ ਨਾਲ ਨਹੀਂ ਬਲਕਿ ਇਕ ਸਹਿ-ਕਾਮੇਡੀਅਨ ਦੇ ਰੂਪ ਵਿਚ ਜਸਵਿੰਦਰ ਭੱਲਾ ਨਾਲ ਹੀ ਹਿੱਟ ਹੁੰਦੀ ਦੇਖੀ ਗਈ ਹੈ | ਇਸ ਗੱਲ ਦਾ ਸ਼ਾਇਦ ਬੀਨੂੰ ਨੂੰ ਮਾਣ ਵੀ ਹੈ ਅਤੇ ਹੈਰਾਨਗੀ ਵੀ | ਉਸ ਨੇ 'ਚੰਨੋ' ਵਾਲੀ ਭੂਮਿਕਾ ਬੜੀ ਸ਼ਿੱਦਤ ਦੇ ਨਾਲ ਨਿਭਾਈ ਸੀ ਪਰ ਦਰਸ਼ਕਾਂ ਦੇ ਠੰਢੇ ਵਤੀਰੇ ਨੇ ਉਸ ਦਾ ਦਿਲ ਤੋੜ ਦਿੱਤਾ ਸੀ |
ਬਾਵਜੂਦ ਇਨ੍ਹਾਂ ਪ੍ਰਸਥਿਤੀਆਂ ਦੇ ਬੀਨੂੰ ਪੰਜਾਬੀ ਸਿਨੇਮਾ 'ਚ ਅਦਾਕਾਰੀ ਦੇ ਖੇਤਰ 'ਚ ਕਈ ਨਵੇਂ ਤਜਰਬੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ | ਇਹ ਪ੍ਰਤੀਬੱਧ ਅਦਾਕਾਰ ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦਾ ਹੈ? ਉਹ ਹੁਣ ਖੁਦ ਵੀ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵੱਲ ਕਦਮ ਵਧਾ ਰਿਹਾ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਸਰਕਾਰ-ਏ-ਖ਼ਾਲਸਾ ਸਮੇਂ ਕਸ਼ਮੀਰ ਵਿਚ ਸੁਧਾਰ ਤੇ ਵਿਕਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਕਮ ਮਿਲਣ ਦੀ ਦੇਰ ਸੀ ਕਿ ਖ਼ਾਲਸਾ ਫ਼ੌਜਾਂ ਨੇ ਸਭ ਤੋਂ ਪਹਿਲਾਂ ਬਾਰਾਮੂਲਾ ਦੇ ਰਈਸਾਂ ਨੂੰ ਜਾ ਘੇਰਿਆ | ਉਨ੍ਹਾਂ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਨੱਕ ਨਾਲ ਲਕੀਰਾਂ ਕਢਾ ਦਿੱਤੀਆਂ | ਹੁਣ ਖ਼ਾਲਸਾ ਫ਼ੌਜਾਂ ਨੇ ਬਿਨਾਂ ਕਿਸੇ ਖ਼ੂਨ ਖਰਾਬੇ ਦੇ ਖੱਖੇ ਤੇ ਬੱਬਿਆਂ ਨੂੰ ਜਾ ਕਾਬੂ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਢੰਗ ਨਾਲ ਸਜ਼ਾ ਦਿੱਤੀ ਕਿ ਬਾਕੀ ਗ਼ੱਦਾਰ ਦੇਖ ਕੇ ਖ਼ਾਲਸੇ ਦੇ ਆ ਚਰਨੀਂ ਪਏ | ਉਨ੍ਹਾਂ ਨੇ ਭਰੇ ਦਰਬਾਰ ਵਿਚ ਖਾਲਸੇ ਅੱਗੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ ਤੇ ਅੱਗੇ ਤੋਂ ਖਾਲਸੇ ਦੇ ਵਫ਼ਾਦਾਰ ਰਹਿਣ ਦਾ ਵਿਸ਼ਵਾਸ ਦਿਵਾਇਆ | ਇਸ ਤਰ੍ਹਾਂ ਉਨ੍ਹਾਂ ਤੋਂ ਕੇਵਲ ਮਾਲੀਏ ਦੀ ਵਸੂਲੀ ਹੀ ਨਹੀਂ ਕੀਤੀ ਗਈ ਸਗੋਂ ਵੱਡੀ ਗਿਣਤੀ ਵਿਚ ਜੁਰਮਾਨਾ ਵੀ ਵਸੂਲਿਆ ਗਿਆ | ਇਸ ਤਰ੍ਹਾਂ ਖਜ਼ਾਨਾ ਹੋਰ ਮਜ਼ਬੂਤ ਹੋ ਗਿਆ |
ਸਰਦਾਰ ਹਰੀ ਸਿੰਘ ਨਲਵਾ ਨੇ ਦੂਜੇ ਸੁਧਾਰਾਂ ਤੋਂ ਮਗਰੋਂ ਇਥੋਂ ਦੇ ਮਿਹਨਤੀ ਕਿਸਾਨਾਂ ਵੱਲ ਧਿਆਨ ਦਿੱਤਾ ਜਿਹੜੇ ਕਾਫੀ ਔਖਾ ਜੀਵਨ ਬਸਰ ਕਰ ਰਹੇ ਸਨ | ਸ: ਹਰੀ ਸਿੰਘ ਨਲਵਾ ਨੇ ਮਾਲੀਏ ਸਬੰਧੀ ਪੜਤਾਲ ਕਰਵਾ ਕੇ ਮਾਲੀਏ ਵਿਚ ਕਟੌਤੀ ਕਰਵਾਈ | ਇਸ ਤਰ੍ਹਾਂ ਆਮ ਕਿਸਾਨਾਂ ਦਾ ਜੀਵਨ ਸੌਖਾ ਹੋ ਗਿਆ |
ਕਸ਼ਮੀਰ ਵਿਚ ਸੰਨ 907 ਈਸਵੀ ਤੋਂ ਸ਼ੰਕਰ ਵਰਮਾ ਦੇ ਸਮੇਂ ਤੋਂ ਜੋ ਕਸ਼ਮੀਰ ਦਾ ਰਾਜਾ ਸੀ, ਵਗਾਰ ਦਾ ਰਿਵਾਜ਼ ਪੀੜ੍ਹੀ-ਦਰ-ਪੀੜ੍ਹੀ ਚਲਦਾ ਆਉਂਦਾ ਸੀ | ਸੰਨ 1664 ਈਸਵੀ ਨੂੰ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਕਸ਼ਮੀਰ ਗਿਆ ਤਾਂ ਉਸ ਸਮੇਂ ਅਣਗਿਣਤ ਵਗਾਰੀ ਸਾਮਾਨ ਢੋਣ ਲਈ ਵਰਤੇ ਗਏ | ਸ: ਹਰੀ ਸਿੰਘ ਨਲਵਾ ਨੇ ਆਪਣੇ ਅੱਖੀਂ ਇਸ ਵਗਾਰ ਦੀ ਜਹਾਲਤ ਨੂੰ ਦੇਖਿਆ ਅਤੇ ਸਰਦਾਰ ਹਰੀ ਸਿੰਘ ਨਲਵਾ ਨੇ ਇਸ ਵਗਾਰ ਨੂੰ ਸਦਾ ਲਈ ਬੰਦ ਕਰਵਾਉਣ ਲਈ ਇਕ ਫੁਰਮਾਨ ਜਾਰੀ ਕੀਤਾ | ਇਸ ਤੋਂ ਬਾਅਦ ਸਰਕਾਰੀ ਸਮਾਨ ਢੋਣ ਲਈ ਖੱਚਰਾਂ ਤੇ ਟੱਟੂਆਂ ਦੀ ਵਰਤੋਂ ਹੋਣ ਲੱਗੀ |
ਕਸ਼ਮੀਰ ਵਿਚ ਹਰ ਇਕ ਵਿਅਕਤੀ ਤੋਂ ਜਨਮ, ਮੰਗਣੀ ਅਤੇ ਵਿਆਹ ਦੇ ਸਮੇਂ ਇਕ ਟੈਕਸ ਲਿਆ ਜਾਂਦਾ ਸੀ, ਜਿਸ ਨੂੰ 'ਤੋਰਾ' ਟੈਕਸ ਕਹਿੰਦੇ ਸਨ | ਕਸ਼ਮੀਰੀਆਂ ਦੀ ਮਾਲੀ ਹਾਲਤ ਉਸ ਸਮੇਂ ਇੰਨੀ ਮਾੜੀ ਸੀ ਕਿ ਉਹ ਆਮ ਤੌਰ 'ਤੇ ਚਰਵਾਹੇ, ਆਜੜੀ, ਤੇ ਸਧਾਰਨ ਕਿਸਾਨ ਬਣ ਕੇ ਆਪਣੇ ਦਿਨ ਗੁਜ਼ਾਰਦੇ ਸਨ | ਸਰਦਾਰ ਨਲਵਾ ਨੇ ਲਗਦੇ ਹੱਥ ਇਸ ਟੈਕਸ ਨੂੰ ਵੀ ਜਨਤਾ ਦੇ ਗਲੋਂ ਲਾਹ ਦਿੱਤਾ |
ਜਨਤਾ ਦੀ ਫਰਿਆਦ ਸੁਣਨ ਲਈ ਨੇੜੇ-ਨੇੜੇ ਥਾਣੇ ਕਾਇਮ ਕੀਤੇ ਗਏ | ਫੈਸਲੇ ਦੋਵਾਂ ਧਿਰਾਂ ਦੀ ਗੱਲਬਾਤ ਸੁਣ ਕੇ ਤੁਰੰਤ ਕੀਤੇ ਜਾਂਦੇ ਸਨ | ਗਲਤ ਤੇ ਝੂਠੀ ਗਵਾਹੀ ਦੇਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਸੀ |
ਕਸ਼ਮੀਰ ਵਿਚ ਤੋਲ-ਨਾਪ ਕਈ ਤਰ੍ਹਾਂ ਦੇ ਪ੍ਰਚਲਿਤ ਸਨ ਜਿਸ ਕਾਰਨ ਝਗੜੇ ਆਮ ਹੀ ਹੁੰਦੇ ਰਹਿੰਦੇ ਸਨ | ਸਰਦਾਰ ਹਰੀ ਸਿੰਘ ਨੇ ਲੋਹੇ ਦੇ ਤੋਲ ਸਭ ਥਾਂ ਵਰਤਣ ਦਾ ਹੁਕਮ ਦਿੱਤਾ | ਇਸੇ ਤਰ੍ਹਾਂ ਨਾਪਣ ਲਈ ਗਜ਼ ਇਕੋ ਜਿਹਾ ਵਰਤਣ ਦਾ ਹੁਕਮ ਦਿੱਤਾ | ਇਸ ਸਾਰੇ ਪ੍ਰਬੰਧ ਨਾਲ ਕਸ਼ਮੀਰ ਦੇ ਉਹ ਵਸਨੀਕ ਜਿਹੜੇ ਜ਼ੁਲਮਾਂ ਤੇ ਅੱਤਿਆਚਾਰਾਂ ਤੋਂ ਤੰਗ ਆ ਕੇ ਹੋਰ ਥਾਂ ਜਾ ਵਸੇ ਸਨ, ਹਜ਼ਾਰਾਂ ਦੀ ਗਿਣਤੀ ਵਿਚ ਮੁੜ ਕਸ਼ਮੀਰ ਵਿਚ ਆ ਵਸੇ |
ਕਸ਼ਮੀਰ ਦੇ ਇਤਿਹਾਸ ਨੂੰ ਦੇਖਿਆਂ ਪਤਾ ਲਗਦਾ ਹੈ ਕਿ ਸੰਨ 1400 ਈਸਵੀ ਤੋਂ ਪਹਿਲਾਂ 93 ਫ਼ੀਸਦੀ ਹਿੰਦੂ ਅਤੇ 7 ਫ਼ੀਸਦੀ ਮੁਸਲਮਾਨ ਸਨ ਪਰ ਸਮੇਂ ਨੇ ਜਦੋਂ ਕਰਵਟ ਲਈ ਤਾਂ ਉਸ ਤੋਂ ਬਾਅਦ ਸ: ਹਰੀ ਸਿੰਘ ਨਲਵਾ ਸਮੇਂ 93 ਫ਼ੀਸਦੀ ਮੁਸਲਮਾਨ ਅਤੇ 7 ਫ਼ੀਸਦੀ ਹਿੰਦੂ ਸਨ |
ਸਰਦਾਰ ਹਰੀ ਸਿੰਘ ਨਲਵਾ ਨੇ ਜਦ ਸਾਰੀ ਪੜਤਾਲ ਕਰਵਾਈ ਤਾਂ ਪਤਾ ਲੱਗਿਆ ਕਿ ਨਰਿੰਦਰ ਸੁਆਮੀ ਦਾ ਮੰਦਰ ਜਿਸ ਨੂੰ ਮਹਾਰਾਜਾ ਨਰਿੰਦਰ ਸਿੰਘ ਦਿੱਤਿਆ ਨੇ ਸੰਨ 178-191 ਈ: ਵਿਚ ਬਣਵਾਇਆ ਸੀ ਤੇ ਇਸ ਨੂੰ ਮੁਸਲਮਾਨ ਹਾਕਮਾਂ ਨੇ ਨਰ ਪੀਰ ਦੀ ਜ਼ਿਆਰਤ ਦੀ ਸ਼ਕਲ ਵਿਚ ਬਦਲ ਦਿੱਤਾ ਸੀ, ਪੰਜ ਗੰੁਮਜਾਂ, ਮੰਦਰ ਮਹਾਂ ਸ੍ਰੀ ਦੇ ਨਾਂਅ ਨਾਲ ਪ੍ਰਸਿੱਧ ਸੀ, ਇਸ ਨੂੰ ਮਹਾਰਾਜਾ ਪ੍ਰਵਾਰਸੈਨ ਦੂਜੇ ਨੇ ਬੜਾ ਖੁੱਲ੍ਹਾ ਧਨ ਲਗਾ ਕੇ ਬਣਵਾਇਆ ਸੀ | ਸ਼ਾਹ ਸਕੰਦਰ ਹਾਕਮ ਕਸ਼ਮੀਰ ਦੀ ਬੇਗਮ ਦੀ ਮੌਤ ਸਮੇਂ ਸੰਨ 1404 ਈ: ਵਿਚ ਇਥੇ ਬੇਗਮ ਨੂੰ ਦਫਨਾ ਕੇ ਇਸ ਉਤੇ ਪੱਕੀ ਜ਼ਿਆਰਤ ਬਣਵਾ ਦਿੱਤੀ ਗਈ |
ਸਰਦਾਰ ਹਰੀ ਸਿੰਘ ਨਲਵਾ ਵਿਦਵਾਨਾਂ ਗੁਣੀਆਂ ਦਾ ਕਦਰਦਾਨ ਸੀ | ਉਨ੍ਹਾਂ ਤੋਂ ਪਹਿਲਾਂ ਚਲੀਆਂ ਆ ਰਹੀਆਂ ਗ਼ਲਤ ਪਰੰਪਰਾਵਾਂ ਨੂੰ ਬੰਦ ਕੀਤਾ ਅਤੇ ਐਲਾਨ ਜਾਰੀ ਕਰਵਾਇਆ ਕਿ 'ਖ਼ਾਲਸਾ ਰਾਜ' ਵਿਚ ਮਨੁੱਖੀ ਪੁਸ਼ਾਕ ਦੀ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਘੋੜੇ ਆਦਿ ਦੀ ਸਵਾਰੀ ਕਰਨ ਦੀ ਵੀ ਹਕੂਮਤ ਵਲੋਂ ਖੁੱਲ੍ਹ ਹੈ | ਇਸ ਤਰ੍ਹਾਂ ਹੁਕਮ ਨਾਲ ਇਕ ਫ਼ਿਰਕੇ ਦੇ ਲੋਕਾਂ ਦੀ ਰਹਿਣੀ-ਬਹਿਣੀ ਵਿਚ ਬਹੁਤ ਫਰਕ ਪੈ ਗਿਆ ਅਤੇ ਵਿਆਹ-ਸ਼ਾਦੀਆਂ 'ਤੇ ਲੱਗੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ |
ਕਸ਼ਮੀਰ ਵਿਚ ਕੇਸਰ ਦੀ ਖੇਤੀ ਬਹੁਤ ਹੁੰਦੀ ਹੈ | ਸੰਨ 1800 ਈ: ਤੋਂ ਬਾਅਦ ਕੇਸਰ ਦੀ ਬਿਜਾਈ ਦਿਨੋ-ਦਿਨ ਘਟ ਕੇ ਨਾਮਾਤਰ ਰਹਿ ਗਈ ਸੀ | ਜ਼ਿਮੀਂਦਾਰਾਂ ਨੇ ਸਰਕਾਰੀ ਲਗਾਨ ਦੀ ਸਖਤੀ, ਬਦਅਮਨੀ ਦੇ ਕਾਰਨ ਕੇਸਰ ਦੇ ਖੇਤਾਂ ਦੀ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਅਤੇ ਮਾਲੀ ਹਾਲਤ ਦੀ ਕਮਜ਼ੋਰੀ ਕਾਰਨ ਕੇਸਰ ਦੀ ਖੇਤੀ ਛੱਡ ਦਿੱਤੀ ਸੀ | ਸਰਦਾਰ ਹਰੀ ਸਿੰਘ ਨਲਵਾ ਨੇ ਇਲਾਕੇ ਦੇ ਜ਼ਿਮੀਂਦਾਰਾਂ ਦਾ ਇਕੱਠ ਬੁਲਾ ਕੇ ਕੇਸਰ ਦੀ ਖੇਤੀ ਲਈ ਪ੍ਰੇਰਿਆ ਅਤੇ ਆਪ ਖੁਦ ਉਨ੍ਹਾਂ ਦੇ ਸਰਪ੍ਰਸਤ ਬਣੇ |
ਕਸ਼ਮੀਰ ਕਿਸੇ ਸਮੇਂ ਘਰੇਲੂ ਦਸਤਕਾਰੀਆਂ ਦਾ ਘਰ ਮੰਨਿਆ ਜਾਂਦਾ ਸੀ | ਪਰ ਉਹ ਆਲੋਪ ਹੋ ਚੱਲੀਆਂ ਸਨ | ਸਰਦਾਰ ਹਰੀ ਸਿੰਘ ਨਲਵਾ ਨੇ ਉਨ੍ਹਾਂ ਦਸਤਕਾਰੀਆਂ ਨੂੰ ਮੁੜ ਸੁਰਜੀਤ ਕੀਤਾ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਕਾਗਜ਼ਸਾਜ਼ੀ ਦਾ ਹੁਨਰ ਸੀ | ਕਿਸੇ ਸਮੇਂ ਕਸ਼ਮੀਰੀ ਕਾਗਜ਼ ਦਾ ਟਾਕਰਾ ਕੋਈ ਦੇਸ਼ ਨਹੀਂ ਸੀ ਕਰਦਾ | ਸਰਦਾਰ ਨਲਵਾ ਨੇ ਇਨ੍ਹਾਂ ਹੁਨਰ ਦੇ ਮਾਹਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਇਸ ਕਾਗਜ਼ਸਾਜ਼ੀ ਦੀ ਦਸਤਕਾਰੀ ਨੂੰ ਵੱਡੇ ਪੱਧਰ 'ਤੇ ਫਿਰ ਸ਼ੁਰੂ ਕਰਵਾਇਆ | ਇਥੋਂ ਤਿਆਰ ਹੋਇਆ ਕਾਗਜ਼ ਪੰਜਾਬ ਨੂੰ ਭੇਜਣ ਦਾ ਖਾਸ ਪ੍ਰਬੰਧ ਕੀਤਾ ਗਿਆ | ਸ: ਨਲਵਾ ਦੀ ਮੌਜੂਦਗੀ ਸਮੇਂ ਸ਼ੇਰ ਜੰਗੀ, ਦਾਹਮਸਤੀ, ਕਲਮਦਾਨੀ, ਹਸਤਮਸਤੀ ਤੇ ਹਰੀਰੀਆ ਕਿਸਮ ਦਾ ਕਾਗਜ਼ ਤਿਆਰ ਹੁੰਦਾ ਸੀ | ਇਸ ਦੇ ਨਾਲ ਹੀ ਸਰਦਾਰ ਨਲਵਾ ਨੇ ਕਸ਼ਮੀਰ ਜੋ ਉੱਨ ਦਾ ਘਰ ਹੈ ਤੇ ਜਿਸ ਤੋਂ ਕਸ਼ਮੀਰੀ ਬੜੀ ਮਿਹਨਤ ਅਤੇ ਲਗਨ ਨਾਲ ਸ਼ਾਲ, ਦੁਸ਼ਾਲੇ, ਪਸ਼ਮੀਨੇ ਤੇ ਰੇਸ਼ਮ ਦੇ ਵਸਤਰ ਤਿਆਰ ਕਰਦੇ ਹਨ, ਉਨ੍ਹਾਂ ਕਸ਼ਮੀਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਤਾਂ ਜੋ ਦਸਤਕਾਰੀਆਂ ਨੂੰ ਉੱਨਤ ਕੀਤਾ ਜਾ ਸਕੇ | ਇਸ ਨਾਲ ਵਪਾਰ ਵਿਚ ਬਹੁਤ ਵਾਧਾ ਹੋਇਆ | ਇਸ ਸਮੇਂ ਇਨ੍ਹਾਂ ਵਸਤੂਆਂ ਦਾ ਵਪਾਰ ਜਿਥੇ ਅੰਮਿ੍ਤਸਰ ਤੇ ਹਿੰਦੁਸਤਾਨ ਦੇ ਹੋਰ ਸ਼ਹਿਰਾਂ ਦੇ ਨਾਲ ਕਾਫ਼ੀ ਸੀ, ਉਥੇ ਕਾਬਲ, ਯਾਰਕੰਦ (ਚੀਨ), ਬਲਖ-ਬੁਖਾਰਾ (ਰੂਸ) ਤੁਰਕੀ ਨਾਲ ਵੀ ਜ਼ੋਰਾਂ 'ਤੇ ਹੋ ਗਿਆ ਸੀ |
ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ ਵਲੋਂ ਕਸ਼ਮੀਰ ਵਿਚ ਕੀਤੇ ਸੁਧਾਰ ਤੇ ਵਿਕਾਸ ਤੋਂ ਖ਼ੁਸ਼ ਹੋ ਕੇ ਸਰਦਾਰ ਨਲਵਾ ਨੂੰ ਆਪਣੇ-ਨਾਂਅ ਦਾ ਸਿੱਕਾ ਜਾਰੀ ਕਰਨ ਲਈ ਹੁਕਮ ਕੀਤਾ | ਸ: ਹਰੀ ਸਿੰਘ ਨਲਵਾ ਦੇ ਨਾਂਅ ਦਾ ਸਿੱਕਾ ਬਹੁਤ ਲੰਬਾ ਸਮਾਂ ਚਲਦਾ ਰਿਹਾ | ਸਿੱਖ ਰਾਜ ਸਮੇਂ ਘਾਟੀ ਵਿਚ ਪੂਰਨ ਸ਼ਾਂਤੀ ਸੀ ਤੇ ਘਾਟੀ ਵਿਚ ਪ੍ਰਸ਼ਾਸਕੀ ਪ੍ਰਬੰਧ ਅਤੇ ਰਾਖੀ ਲਈ ਸਿਰਫ਼ ਦੋ ਪਲਟਨਾਂ ਸਨ, ਜਿਨ੍ਹਾਂ ਦੀ ਗਿਣਤੀ 1400 ਸੀ | ਇਸ ਤੋਂ ਪਹਿਲਾਂ ਅਕਬਰ ਬਾਦਸ਼ਾਹ ਦੇ ਸਮੇਂ 4892 ਘੋੜ ਸਵਾਰ ਤੇ 92400 ਪੈਦਲ ਫ਼ੌਜ ਘਾਟੀ ਵਿਚ ਪ੍ਰਬੰਧ ਲਈ ਰੱਖੀ ਗਈ ਸੀ | ਪਠਾਣਾਂ ਦੇ ਸਮੇਂ 20,000 ਫ਼ੌਜੀ ਘਾਟੀ ਵਿਚ ਮੌਜੂਦ ਸਨ | ਸਿੱਖ ਰਾਜ ਦੇ ਸਮੇਂ ਹੀ ਸਰਦਾਰ ਹਰੀ ਸਿੰਘ ਨਲਵਾ ਅਤੇ ਸਿੱਖ ਫ਼ੌਜਾਂ ਨੇ ਅਫ਼ਗਾਨੀ ਫ਼ੌਜਾਂ ਨੂੰ ਠੱਲ੍ਹ ਪਾਈ | ਜੇ ਸਿੱਖ ਰਾਜ ਦੇ ਸਮੇਂ ਸਰਦਾਰ ਹਰੀ ਸਿੰਘ ਨਲਵਾ, ਸਿੱਖ ਜਰਨੈਲ ਸਿੱਖ ਫ਼ੌਜਾਂ ਕਸ਼ਮੀਰ 'ਤੇ ਹਮਲਾ ਕਰਕੇ ਅਫ਼ਗਾਨਾਂ ਨੂੰ ਨਾ ਭਜਾਉਂਦੀਆਂ ਤਾਂ ਕਸ਼ਮੀਰ ਅੱਜ ਵੀ ਅਫ਼ਗਾਨਾਂ ਦਾ ਹੀ ਹਿੱਸਾ ਹੋਣਾ ਸੀ | ਸਿੱਖ ਰਾਜ ਸਮੇਂ ਅਫ਼ਗਾਨਾਂ ਨੂੰ ਭਾਂਜ ਦੇ ਕੇ ਕਸ਼ਮੀਰ ਫਤਹਿ ਕਰਨ ਸਮੇਂ ਸ਼ਹੀਦੀਆਂ ਪਾਉਣ ਵਾਲੀਆਂ ਸਿੱਖ ਰਾਜ ਦੀਆਂ ਫ਼ੌਜਾਂ ਨੂੰ ਪ੍ਰਣਾਮ ਕਰਦੇ ਹਾਂ | ਜਿਨ੍ਹਾਂ ਦੀ ਬਦੌਲਤ ਕਸ਼ਮੀਰ ਅੱਜ ਭਾਰਤ ਦਾ ਹਿੱਸਾ ਹੈ | (ਸਮਾਪਤ)

-ਬਠਿੰਡਾ | ਮੋਬਾਈਲ : 98155-33725.

ਛੋਟੀ ਕਹਾਣੀ: ਝੂਠ ਬੋਲਦਾ ਹੋਊ

ਪਿੰਡ ਜਾਣ ਵਾਲੀ ਬੱਸ ਵਿਚ ਹਾਲੇ ਬੈਠਾ ਹੀ ਸੀ ਕਿ ਇਕ ਫਟੇ-ਪੁਰਾਣੇ ਕੱਪੜੇ ਪਾਈ ਬਾਰਾਂ ਕੁ ਸਾਲਾਂ ਦਾ ਮੰੁਡਾ ਬੱਸ 'ਚ ਚੜ੍ਹ ਆਇਆ | ਉਸ ਦੇ ਹੱਥ 'ਚ ਇਸ਼ਤਿਹਾਰਨੁਮਾ ਪਰਚੀਆਂ ਦਾ ਥੱਬਾ ਸੀ | ਉਸ ਨੇ ਸਾਰੀਆਂ ਸਵਾਰੀਆਂ ਨੂੰ ਪਰਚੀਆਂ ਵੰਡ ਦਿੱਤੀਆਂ | ਜਦੋਂ ਮੈਂ ਪੜ੍ਹ ਕੇ ਦੇਖਿਆ ਤਾਂ ਸੰੁਨ ਜਿਹਾ ਹੋ ਗਿਆ | ਪਰਚੀ ਉੱਪਰ ਲਿਖਿਆ ਸੀ ਕਿ ਇਸ ਮੰੁਡੇ ਦਾ ਭਰਾ ਰਿਕਸ਼ਾ ਚਲਾਉਂਦਾ ਸੀ | ਉਸ ਦਾ ਐਕਸੀਡੈਂਟ ਹੋ ਗਿਆ | ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ | ਉਸ ਦੀ ਲੜਕੀ ਦਾ ਅਗਲੇ ਮਹੀਨੇ ਵਿਆਹ ਹੈ | ਦਿਲ ਖੋਲ੍ਹ ਕੇ ਦਾਨ ਦਿਓ ਜੀ | ਹੇਠਾਂ ਸ਼ਹਿਰ ਦੀ ਪ੍ਰਮੁੱਖ ਸੇਵਾ ਸੰਮਤੀ ਵਲੋਂ ਬੇਨਤੀ ਕੀਤੀ ਗਈ ਸੀ |
'ਤੁਹਾਡੇ ਕੋਲ ਟੁੱਟੇ ਦਸ ਰੁਪਈਏ ਹੈਗੇ', ਮੈਂ ਆਪਣੀ ਪਤਨੀ ਤੋਂ ਪੁੱਛਿਆ |
'ਨਹੀਂ ਮੇਰੇ ਕੋਲ ਤਾਂ ਸੌ ਸੌ ਦੇ ਨੋਟ ਹੀ ਨੇ |'
'ਚੱਲ ਸੌ ਦਾ ਨੋਟ ਹੀ ਦੇ ਦੇ... ਵਿਚਾਰੇ ਦੀ ਭੈਣ ਦਾ ਵਿਆਹ ਹੈ... ਪੰੁਨ ਲੱਗੂ', ਮੈਂ ਉਸ ਨੂੰ ਸੰਜੀਦਗੀ ਨਾਲ ਆਖਿਆ |
'ਰਹਿਣ ਦਿਓ... ਇਹ ਝੂਠ ਬੋਲਦਾ ਹੋਊ', ਉਸ ਨੇ ਨੱਕ ਸੁਕੋੜਿਆ ਅਤੇ ਮੰੂਹ ਦੂਜੇ ਪਾਸੇ ਕਰ ਲਿਆ |
'ਤੈਨੂੰ ਕਿਵੇਂ ਪਤਾ ਕਿ ਇਹ ਝੂਠ ਬੋਲਦਾ |'
'ਜਿਵੇਂ ਆਪਾਂ ਲੜਕੀ ਦੇ ਵਿਆਹ ਲਈ ਜੀ.ਪੀ. ਫੰਡ ਐਡਵਾਂਸ ਕਢਾਇਆ ਅਤੇ ਵਿਆਹ ਥੋਡੀ ਭੈਣ ਦਾ ਕਰਨ ਲੱਗੇ ਆਂ |'

-ਟੀ-359, ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ ਟਾਊਨਸ਼ਿਪ-145029. ਪਠਾਨਕੋਟ | ਮੋਬਾਈਲ : 98552-24834.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX