ਤਾਜਾ ਖ਼ਬਰਾਂ


ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  0 minutes ago
ਬਟਾਲਾ, 6 ਨਵੰਬਰ (ਡਾ. ਕਾਹਲੋਂ)- ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਲਈ ਭਾਰਤ ਦੇ ਡੇਰਾ ਬਾਬਾ ਨਾਨਕ...
ਪੁਲਿਸ ਮੁੱਠਭੇੜ 'ਚ ਮਾਰੇ ਗਏ 4 ਦੋਸ਼ੀਆਂ 'ਤੇ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿਹਾ- ਹੁਣ ਉਨ੍ਹਾਂ ਦੀ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ
. . .  4 minutes ago
ਹੈਦਰਾਬਾਦ, 6 ਦਸੰਬਰ- ਪੁਲਿਸ ਮੁੱਠਭੇੜ 'ਚ 4 ਦੋਸ਼ੀਆਂ ਜੇ ਮਾਰੇ ਜਾਣ 'ਤੇ ਜਬਰ ਜਨਾਹ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਤੋਂ ਉਹ...
ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  38 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 1 hour ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 1 hour ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਛੋਲਿਆਂ ਦੀ ਕਾਸ਼ਤ ਦੇ ਸੁਚੱਜੇ ਢੰਗ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੇ ਹੇਠਾਂ ਦਿੱਤੇ ਢੰਗ ਅਪਨਾ ਕੇ ਕਿਸਾਨ ਵੀਰ ਫ਼ਸਲ ਦਾ ਵਧੇਰਾ ਝਾੜ ਪ੍ਰਾਪਤ ਕਰ ਸਕਦੇ ਹਨ।
ਜ਼ਮੀਨ ਦੀ ਤਿਆਰੀ : ਛੋਲਿਆਂ ਦੀ ਫ਼ਸਲ ਦਾ ਵਧ ਝਾੜ ਲੈਣ ਲਈ ਡੂੰਘੀ ਵਹਾਈ (22.5 ਸੈਟੀਮੀਟਰ ਤੱਕ) ਫਾਇਦੇਮੰਦ ਹੈ। ਪੋਲੀਆਂ ਅਤੇ ਡੂੰਘੀਆਂ ਵਾਹੀਆਂ ਜ਼ਮੀਨਾਂ ਵਿਚ ਉਖੇੜਾ ਰੋਗ ਦੀ ਸਮੱਸਿਆ ਘੱਟ ਜਾਂਦੀ ਹੈ।
ਬਿਜਾਈ ਦਾ ਢੁਕਵਾਂ ਸਮਾਂ : ਫ਼ਸਲ ਨੂੰ ਸਹੀ ਸਮੇਂ 'ਤੇ ਬੀਜਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਬੀਜੀ ਫ਼ਸਲ ਵਧੇਰੇ ਵੱਧ ਜਾਂਦੀ ਹੈ ਅਤੇ ਫਲ ਘੱਟ ਪੈਂਦਾ ਹੈ, ਪਹਿਲਾਂ ਬੀਜੀ ਫ਼ਸਲ ਨੂੰ ਉੱਚ ਤਾਪਮਾਨ ਕਰਕੇ ਉਖੇੜੇ ਰੋਗ ਦੀ ਬੀਮਾਰੀ ਪੈਣ ਦਾ ਵੀ ਡਰ ਹੁੰਦਾ ਹੈ। ਪਿਛੇਤੀ ਬੀਜੀ ਫ਼ਸਲ ਦੀਆਂ ਜੜ੍ਹਾਂ ਅਤੇ ਪਤਰਾਲ ਦਾ ਸਹੀ ਵਾਧਾ ਨਾ ਹੋਣ ਕਰਕੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਬਰਾਨੀ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ ਦਾ ਸਹੀ ਸਮਾਂ 10 ਤੋਂ 25 ਅਕਤੂਬਰ ਹੈ ਜਦੋਂ ਕਿ ਸੇਜ਼ੂ ਹਾਲਤਾਂ ਵਿਚ ਦੇਸੀ ਅਤੇ ਕਾਬਲੀ ਛੋਲੇ 25 ਅਕਤੂਬਰ ਤੋਂ 10 ਨਵੰਬਰ ਤੱਕ ਬੀਜਣੇ ਚਾਹੀਦੇ ਹਨ।
ਬੀਜ ਦੀ ਮਾਤਰਾ : ਦੇਸੀ ਛੋਲਿਆਂ ਲਈ 15-18 ਕਿਲੋ ਬੀਜ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਪ੍ਰਤੀ ਏਕੜ ਬੀਜ ਬੀਜੋ, ਪਰ ਪੀਬੀ ਜੀ 5 ਲਈ 24 ਕਿਲੋ ਬੀਜ ਪ੍ਰਤੀ ਏਕੜ ਵਰਤੋ। ਜੇਕਰ ਦੇਸੀ ਛੋਲਿਆਂ ਦੀ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਅਤੇ ਦਸੰਬਰ ਦੇ ਪਹਿਲੇ ਪੰਦਰਵਾੜੇ ਵਿਚ ਕਰਨੀ ਹੋਵੇ ਤਾਂ ਕ੍ਰਮਵਾਰ 27 ਅਤੇ 36 ਕਿਲੋ ਬੀਜ ਪ੍ਰਤੀ ਏਕੜ ਪਾਉ।
ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਗਾਉਣਾ : ਬਿਜਾਈ ਤੋਂ ਪਹਿਲਾਂ ਜੀਵਾਣੂ ਖਾਦ ਦਾ ਟੀਕਾ ਲਗਾਉਣ ਨਾਲ ਵਧੇਰੇ ਝਾੜ ਮਿਲਦਾ ਹੈ। ਇਕ ਏਕੜ ਦੇ ਬੀਜ ਨੂੰ ਘੱਟੋ ਘੱਟ ਪਾਣੀ ਨਾਲ ਗਿੱਲਾ ਕਰਕੇ ਸਾਫ ਫਰਸ਼ 'ਤੇ ਖਿਲਾਰ ਲਓ, ਬਾਅਦ ਵਿਚ ਜੀਵਾਣੂ ਖਾਦ ਮੀਜ਼ੋਰਾਈਜ਼ੋਬੀਅਮ (ਐਲ ਜੀ ਆਰ 3) ਅਤੇ ਰਾਈਜ਼ੋਬੈਕਟੀਰੀਅਮ (ਆਰ ਬੀ-1) ਦੇ ਇਕ-ਇਕ ਪੈਕਟ ਨੂੰ ਬੀਜ ਵਿਚ ਚੰਗੀ ਤਰ੍ਹਾਂ ਰਲਾ ਦਿਓ ਅਤੇ ਛਾਵੇਂ ਸੁਕਾ ਕੇ ਇਕ ਘੰਟੇ ਦੇ ਅੰਦਰ ਬੀਜ ਦਿਓ।
ਬਿਜਾਈ ਦਾ ਢੰਗ : ਫ਼ਸਲ ਦੀ ਬਿਜਾਈ 30 ਸੈਂਟੀਮੀਟਰ ਦੀ ਵਿੱਥ 'ਤੇ ਸਿਆੜਾਂ ਵਿਚ 10 ਤੋਂ 12.5 ਸੈਂਟੀਮੀਟਰ ਡੂੰਘਾਈ ਤੇ ਪੋਰੇ ਨਾਲ ਕਰੋ। ਬਿਜਾਈ ਲਈ ਖਾਦ ਬੀਜ ਡਰਿੱਲ ਵੀ ਵਰਤੀ ਜਾ ਸਕਦੀ ਹੈ, ਪਰ ਬੀਜ ਵਾਲੇ ਖਾਚੇ ਵੱਡੇ ਹੋਏ ਚਾਹੀਦੇ ਹਨ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਛੋਲਿਆਂ ਦੀ ਬੀਜਾਈ ਬੈੱਡ ਪਲਾਟਰ ਨਾਲ 67.5 ਸੈਂਟੀਮੀਟਰ ਦੀ ਵਿੱਥ 'ਤੇ ਬਣੇ ਬੈੱਡਾਂ (37.5 ਸੈਂਟੀਮੀਟਰ ਬੈੱਡ ਅਤੇ 30 ਸੈਂਟੀਮੀਟਰ ਖਾਲੀ) ਤੇ ਕਰਨੀ ਚਾਹੀਦੀ ਹੈ। ਫ਼ਸਲ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ ਬੀਜੋ ਬਾਕੀ ਸਾਰੇ ਕਾਸ਼ਤਕਾਰੀ ਢੰਗ ਉਹੀ ਹਨ,ਜੋ ਆਮ ਬਿਜਾਈ ਲਈ ਸਿਫਾਰਸ਼ ਕੀਤੇ ਗਏ ਹਨ। ਬੈੱਡਾਂ ਉਤੇ ਬੀਜੀ ਗਈ ਫ਼ਸਲ, ਭਾਰੀਆਂ ਜ਼ਮੀਨਾਂ ਵਿਚ ਸਿੰਚਾਈ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਂਦੀ ਹੈ।
ਖਾਦਾਂ : ਖਾਦਾਂ ਦੀ ਵਰਤੋਂ ਜ਼ਮੀਨ ਦੀ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਦਰਮਿਆਨੀਆਂ ਉਪਜਾਓ ਜ਼ਮੀਨਾਂ ਵਿਚ ਦੇਸੀ ਛੋਲਿਆਂ ਲਈ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ ਜਦੋਂ ਕਿ ਕਾਬਲੀ ਛੋਲਿਆਂ ਦੀ ਕਾਸ਼ਤ ਲਈ 13 ਕਿਲੋ ਯੂਰੀਆ ਨਾਲ 100 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਦੋਨੋਂ ਖਾਦਾਂ ਬਿਜਾਈ ਸਮੇਂ ਪੋਰ ਦਿਓ। ਸਿਫਾਰਿਸ਼ ਖਾਦਾਂ ਤੋਂ ਇਲਾਵਾ ਫ਼ਸਲ ਦੀ ਬਿਜਾਈ ਤੋਂ 90 ਅਤੇ 110 ਦਿਨਾਂ ਬਾਅਦ 2 ਯੂਰੀਆ( 3 ਕਿਲੋ ਯੂਰੀਆ 150 ਲੀਟਰ ਪਾਣੀ ਵਿਚ ਪ੍ਰਤੀ ਲੀਟਰ) ਛਿੜਕਾਅ ਕਰਕੇ ਵਧੇਰੇ ਝਾੜ ਲਿਆ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ : ਨਦੀਨਾਂ 'ਤੇ ਕਾਬੂ ਪਾਉਣ ਲਈ ਇਕ ਤੋਂ ਦੋ ਗੋਡੀਆਂ ਬਹੁਤ ਹਨ। ਪਹਿਲੀ ਗੋਡੀ 30 ਦਿਨ ਅਤੇ ਦੂਜੀ 60 ਦਿਨਾਂ ਬਾਅਦ ਕਰਨੀ ਚਾਹੀਦੀ ਹੈ।
ਸਿੰਚਾਈ: ਵਰਖਾ ਅਨੁਸਾਰ ਇਕ ਪਾਣੀ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ। ਇਹ ਪਾਣੀ ਕਿਸੇ ਵੀ ਹਾਲਤ ਵਿਚ ਬਿਜਾਈ ਤੋਂ ਚਾਰ ਹਫਤੇ ਦੇ ਅੰਦਰ ਨਹੀਂ ਦੇਣਾ ਚਾਹੀਦਾ। ਜੇ ਬਾਰਿਸ਼ ਪਹਿਲਾਂ ਹੋ ਜਾਵੇ ਤਾਂ ਪਾਣੀ ਹੋਰ ਪਿਛੇਤਾ ਕਰ ਦਿਓ। ਭਾਰੀਆਂ ਜ਼ਮੀਨਾਂ, ਖਾਸ ਕਰਕੇ ਝੋਨੇ ਤੋਂ ਪਿੱਛੋਂ ਬੀਜੀ ਗਈ ਛੋਲਿਆਂ ਦੀ ਫ਼ਸਲ ਨੂੰ ਪਾਣੀ ਬਿਲਕੁਲ ਨਹੀਂ ਲਗਾਉਣਾ ਚਾਹੀਦਾ, ਜੇਕਰ ਪਾਣੀ ਲਗਾ ਦੇਈਏ ਤਾਂ ਬੂਟੇ ਸੁੱਕ ਜਾਂਦੇ ਹਨ। ਝੋਨੇ ਪਿੱਛੋਂ ਬੈੱਡਾਂ ਉਪਰ ਬੀਜੀ ਗਈ ਫ਼ਸਲ ਨੂੰ ਇਕ ਪਾਣੀ ਡੱਡੇ ਬਣਨ ਸਮੇਂ ਲਗਾਇਆ ਜਾ ਸਕਦਾ ਹੈ।
ਵਾਢੀ : ਜਦੋਂ ਬੂਟੇ ਸੁੱਕ ਜਾਣ ਤੇ ਡੱਡੇ ਪੱਕ ਜਾਣ, ਉਦੋ ਵਾਢੀ ਕਰਨੀ ਚਾਹੀਦੀ ਹੈ।


-ਪੀ. ਏ. ਯੂ., ਖੇਤਰੀ ਖੋਜ ਕੇਂਦਰ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਆਓ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!

ਘਰੇਲੂ ਬਗੀਚੀ ਘਰ ਵਿਚ ਜਾਂ ਘਰ ਦੇ ਨੇੜੇ ਦੀ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ, ਜਿੱਥੇ ਪਰਿਵਾਰ ਦੀ ਲੋੜ ਅਨੁਸਾਰ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਤੋਂ ਰਹਿਤ ਵੱਖ-ਵੱਖ ਪ੍ਰਕਾਰ ਦੀਆਂ ਮੌਸਮੀ ਸਬਜ਼ੀਆਂ, ਜੜ੍ਹੀ-ਬੂਟੀਆਂ ਅਤੇ ਕਈ ਵਾਰ ਕੁਝ ਫਲ ਉਗਾਏ ਜਾਂਦੇ ਹਨ।
ਘਰੇਲੂ ਬਗੀਚੀ ਦਾ ਮਹੱਤਵ ਸਿਰਫ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਸ ਤੋਂ ਕਿਤੇ ਵੱਧ ਹੈ। ਇਹ ਨਾਂ ਸਿਰਫ ਸਾਨੂੰ ਜ਼ਹਿਰ ਮੁਕਤ ਸਬਜ਼ੀਆਂ ਦਿੰਦੀ ਹੈ, ਬਲਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਉਸ ਕੁਦਰਤ ਨਾਲ ਵੀ ਜੋੜਦੀ ਹੈ, ਜਿਸ ਨਾਲ ਕਦੇ ਸਾਡਾ ਮਾਂ-ਪੁੱਤ ਵਾਲਾ ਰਿਸ਼ਤਾ ਹੁੰਦਾ ਸੀ। ਘਰੇਲੂ ਬਗੀਚੀ ਦੀ ਲੋੜ ਕਿਉਂ? ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਨਤੀਜੇ ਵਜੋਂ ਜਿੱਥੇ ਇਕ ਪਾਸੇ ਸਮੂਹ ਪੰਜਾਬੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਉੱਥੇ ਹੀ ਪ੍ਰਜਨਣ ਸਿਹਤ ਅਰਥਾਤ ਬੱਚੇ ਜਨਣ ਦੀ ਸਮਰੱਥਾ ਵੀ ਸਾਡੀ ਖ਼ੁਰਾਕ ਲੜੀ ਵਿਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਰਹੀ ਹੈ। ਪੰਜਾਬ ਮੰਦਬੁੱਧੀ ਅਤੇ ਜਮਾਂਦਰੂ ਅਪਾਹਜ ਬੱਚਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ। ਔਰਤਾਂ ਵਿਚ ਬਿਨਾਂ ਦਵਾਈਆਂ ਤੋਂ ਗਰਭ ਨਹੀਂ ਠਹਿਰਦੇ ਅਤੇ ਜੇ ਦਵਾਈਆਂ ਨਾਲ ਠਹਿਰ ਵੀ ਜਾਂਦੇ ਹਨ ਤਾਂ ਉਹ ਸਿਰੇ ਵੀ ਦਵਾਈਆਂ ਨਾਲ ਹੀ ਲੱਗਦੇ ਹਨ। ਇੱਥੇ ਹੀ ਬਸ ਨਹੀਂ ਅੱਜ ਪੰਜਾਬ ਵਿਚ ਵੱਡੀ ਗਿਣਤੀ ਵਿਚ ਛਿਮਾਹੇ, ਸਤਮਾਹੇ ਤੇ ਅਠਮਾਹੇ ਬੱਚਿਆਂ ਦਾ ਜਨਮ ਹੋ ਰਿਹਾ ਹੈ। ਜਿਨ੍ਹਾਂ ਵਿਚੋਂ ਬਹੁਤੇ ਜਨਮ ਉਪਰੰਤ ਤੁਰੰਤ ਕਾਲ ਦਾ ਗ੍ਰਾਸ ਬਣ ਜਾਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਅਸੀਂ ਬਜ਼ਾਰੂ ਸਬਜ਼ੀਆਂ ਰਾਹੀਂ ਸਭ ਤੋਂ ਵੱਧ ਮਾਤਰਾ ਵਿਚ ਜ਼ਹਿਰ ਦਾ ਸੇਵਨ ਕਰ ਰਹੇ ਹਾਂ। ਜਿਹੜਾ ਕਿ ਅੱਗੇ ਚੱਲ ਕਿ ਸਾਡੀ ਸਿਹਤ, ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇਹ ਹੀ ਕਾਰਨ ਹੈ ਕਿ ਸਾਨੂੰ ਸਭ ਨੂੰ ਆਪਣੇ ਲਈ ਸੁਰੱਖਿਅਤ ਅਤੇ ਨਿਰਮਲ ਖ਼ੁਰਾਕ ਜੁਟਾਉਣ ਵਾਸਤੇ ਘਰ-ਘਰ ਵਿਚ ਘਰੇਲੂ ਬਗੀਚੀਆਂ ਬਣਾਉਣ ਦੀ ਲੋੜ ਹੈ ਤੇ ਇਹ ਹੀ ਸਮੇਂ ਦੀ ਮੰਗ ਵੀ ਹੈ।
ਆਓ! ਘਰੇਲੂ ਬਗੀਚੀ ਬਣਾਈਏ:ਉੱਪਰ ਦਿੱਤੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਆਪਣੇ ਵਿਹੜੇ ਜਾਂ ਘਰ ਵਿਚ ਉਪਲਬਧ ਜਗ੍ਹਾ ਨੂੰ ਘਰੇਲੂ ਬਗੀਚੀ ਵਜੋਂ ਵਿਕਸਿਤ ਕਰਕੇ ਤਾਜ਼ੇ ਪਾਣੀ ਦੇ ਨਾਲ-ਨਾਲ ਰਸੋਈ ਦੇ ਅਣਉਪਯੋਗੀ ਪਾਣੀ ਨੂੰ ਵਰਤ ਕੇ ਆਪਣੀ ਜ਼ਰੂਰਤ ਦੀਆਂ ਸਬਜ਼ੀਆਂ ਉਗਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਘਰੇਲੂ ਬਗੀਚੀ ਅੱਗੇ ਚੱਲ ਕੇ ਵਾਤਾਵਰਨ ਪ੍ਰਦੂਸ਼ਣ ਦਾ ਜ਼ਰੀਆ ਬਣਨ ਵਾਲੇ ਅਣਉਪਯੋਗੀ ਪਾਣੀ ਨੂੰ ਵਰਤਣ ਦਾ ਸਹੀ ਢੰਗ ਹੋ ਸਕਦੀ ਹੈ। ਛੋਟੇ ਖੇਤਰ ਵਿਚ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੁਝ ਘਰੇਲੂ ਪਰ ਕੁਦਰਤੀ ਸਾਧਨ ਵਰਤ ਕੇ ਕੀਟਾਂ ਤੋਂ ਵੀ ਬੜੀ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸੋ, ਘਰੇਲੂ ਬਾੜੀ ਸਦਕੇ ਸਾਨੂੰ ਉੱਤਮ ਦਰਜ਼ੇ ਦੀਆਂ ਜ਼ਹਿਰ ਅਤੇ ਰਸਾਇਣ ਮੁਕਤ ਸਬਜ਼ੀਆਂ ਆਸਾਨੀ ਨਾਲ ਉਪਲਭਧ ਹੋ ਸਕਦੀਆਂ ਹਨ।
ਜਗ੍ਹਾ ਦੀ ਚੋਣ ਅਤੇ ਆਕਾਰ:ਘਰੇਲੂ ਬਗੀਚੀ ਲਈ ਪਿੰਡਾਂ ਵਿਚ ਘਰ ਦੇ ਵਿਹੜੇ ਜਾਂ ਵਾੜੇ ਨੂੰ ਚੁਣਿਆ ਜਾਂਦਾ ਹੈ। ਇਹ ਜ਼ਿਆਦਾ ਸੁਵਿਧਾਪੂਰਨ ਵੀ ਹੈ, ਕਿਉਂਕਿ ਪਰਿਵਾਰ ਦੇ ਮੈਂਬਰ ਸਬਜ਼ੀਆਂ ਵੱਲ ਲੋੜੀਂਦਾ ਧਿਆਨ ਦੇ ਸਕਦੇ ਹਨ ਅਤੇ ਘਰ ਦੀ ਰਸੋਈ ਦਾ ਫਾਲਤੂ ਪਾਣੀ ਵੀ ਸਬਜ਼ੀਆਂ ਲਈ ਵਰਤਿਆ ਜਾ ਸਕਦਾ ਹੈ। ਬਗੀਚੀ ਦਾ ਆਕਾਰ ਉਪਲਬਧ ਜਗ੍ਹਾ ਤੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ 'ਤੇ ਨਿਰਭਰ ਕਰਦਾ ਹੈ। ਸੋ, ਬਗੀਚੀ ਦੇ ਆਕਾਰ ਸਬੰਧੀ ਕੋਈ ਨਿਰਧਾਰਤ ਮਾਨਦੰਡ ਨਹੀਂ ਹਨ। ਫਿਰ ਵੀ ਤਿੰਨ- ਚਾਰ ਮਰਲੇ ਜਗ੍ਹਾ ਪੰਜ-ਛੇ ਮੈਂਬਰਾਂ ਵਾਲੇ ਪਰਿਵਾਰ ਦੀਆਂ ਸਬਜ਼ੀ ਸਬੰਧੀ ਲਗਪਗ ਸਾਰੀਆਂ ਜ਼ਰੂਰਤਾਂ ਪੂਰੀਆ ਕਰਨ ਲਈ ਕਾਫੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਦੀਪ ਕੰਬੋਜ
ਗੋਲੂ ਕਾ ਮੋੜ, ਤਹਿਸੀਲ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ। ਸੰਪਰਕ : 97810-00909.

ਖੁੱਲ੍ਹੇ ਡੁੱਲ੍ਹੇ ਪੰਜਾਬੀ

ਪੰਜਾਬੀਆਂ ਦੇ ਰੰਗ ਵੀ ਨਿਆਰੇ ਹਨ। ਜੋ ਵੀ ਕਰਨਗੇ ਖੁੱਲ੍ਹ ਕੇ ਕਰਨਗੇ। ਖਾਣਾ-ਪੀਣਾ, ਨੱਚਣਾ-ਗਾਉਣਾ, ਕੰਮ-ਘੜੰਮ, ਦੋਸਤੀ-ਦੁਸ਼ਮਣੀ, ਪਿਆਰ-ਨਫ਼ਰਤ, ਖਰਚ-ਖੇਚਲ, ਤਰਸ-ਆਕੜ, ਕੰਜੂਸੀ ਜਾਂ ਲੁਟਾਈ, ਲਈ ਪੰਜਾਬੀ ਕਿਸੇ ਹੱਦਾਂ ਵਿਚ ਨਹੀਂ ਬੰਨ੍ਹੇ ਹੋਏ। ਹੁਣ ਵਿਦੇਸ਼ਾਂ ਵਿਚ ਨੂੰ ਆਉਂਦੇ-ਜਾਂਦੇ ਜਹਾਜ਼ਾਂ ਦੀ ਗੱਲ ਲੈ ਲਵੋ। ਚੀਨ ਦੇ ਜਹਾਜ਼ਾਂ ਵਿਚ ਨਾ ਭੋਜਨ ਸਾਡੇ ਅਨੁਸਾਰ ਹੁੰਦਾ ਹੈ ਤੇ ਨਾ ਹੀ ਹਵਾਈ ਮਾਈਆਂ ਦੀ ਬੋਲੀ ਸਮਝ ਲਗਦੀ ਹੈ। ਇਸੇ ਲਈ ਸ਼ਾਕਾਹਾਰੀ ਪੰਜਾਬਣਾਂ ਨੇ 12-12 ਆਲੂ ਜ਼ੀਰੇ ਵਾਲੇ ਪਰੌਠੇ ਅੰਬ ਦੇ ਆਚਾਰ ਨਾਲ ਲੈ ਕੇ ਆਂਦੇ ਹੁੰਦੇ ਹਨ। ਬਸ ਜਹਾਜ਼ ਇਕ ਵਾਰ ਤਾਂ ਪਿੰਡ ਦਾ ਦਲਾਨ ਹੀ ਬਣ ਜਾਂਦਾ ਹੈ। ਖੁਸ਼ਬੂ ਦੇ ਅੰਬਾਰ ਲੱਗ ਜਾਂਦੇ ਹਨ। ਜਹਾਜ਼ ਦੇ ਪੈਰ ਭੁੰਜੇ ਲਗਦੇ ਹੀ, ਮਾਈਆਂ ਦੇ ਰੋਕਣ ਦੇ ਬਾਵਜੂਦ ਬੈਲਟਾਂ ਖੋਲ੍ਹ ਲੈਂਦੇ ਹਨ ਤੇ ਉੱਚੀ-ਉੱਚੀ ਫੋਨ 'ਤੇ ਗੱਲਾਂ ਕਰਨ ਲੱਗ ਪੈਂਦੇ ਹਨ। ਕਈ ਤਾਂ ਐਡੀ ਉੱਚੀ ਬੋਲਦੇ ਹਨ ਕਿ ਬਿਨਾਂ ਫੋਨ ਤੋਂ ਵੀ ਆਵਾਜ਼ ਪਿੰਡ ਪਹੁੰਚਦੀ ਹੋਊ। ਇਹ ਧੱਕੜ ਪੁਣਾ ਹੀ ਪੰਜਾਬੀਆਂ ਦੀ ਤਰੱਕੀ ਦਾ ਰਾਜ਼ ਹੈ। ਇਹੋ ਜਿਹਾ ਸੁਭਾਅ ਵੀ ਕਿਸੇ ਕਿਸੇ ਵਿਰਲੀ ਕੌਮ ਦੇ ਹੀ ਹਿੱਸੇ ਆਉਂਦਾ ਹੈ।


-ਮੋਬਾ: 98159-45018

ਬਾਸਮਤੀ ਦਾ ਰੌਸ਼ਨ ਭਵਿੱਖ

ਭਾਰਤ ਦੇ ਜੀ ਆਈ (ਭੁਗੋਲਿਕ ਇੰਡੀਕੇਟਰ) ਜ਼ੋਨ ਵਿਚ ਇਸ ਸਾਲ ਬਾਸਮਤੀ ਕਿਸਮਾਂ ਦੀ ਕਾਸ਼ਤ 19 ਲੱਖ ਹੈਕਟੇਅਰ ਰਕਬੇ 'ਤੇ ਹੋਈ ਹੈ। ਲੰਮੇ ਚੌਲਾਂ ਵਾਲੀ, ਖੁਸ਼ਬੂਦਾਰ ਅਤੇ ਖਾਣ ਲਈ ਸਵਾਦਲੀ ਕਿਸਮ ਪੂਸਾ ਬਾਸਮਤੀ-1121, ਜਿਸ ਨੂੰ ਆਮ ਕਿਸਾਨ ਬੀਜਦੇ ਹਨ, ਦੀ ਕਾਸ਼ਤ ਲਗਭਗ 11 ਲੱਖ ਹੈਕਟੇਅਰ ਰਕਬੇ 'ਤੇ ਹੋਈ ਹੈ। ਘੱਟ ਸਮੇਂ 'ਚ 115-120 ਦਿਨਾਂ ਵਿਚ ਪੱਕਣ ਵਾਲੀ ਥੋੜ੍ਹੇ ਸਮੇਂ ਦੀ ਕਿਸਮ ਪੂਸਾ ਬਾਸਮਤੀ - 1509 ਦੀ ਕਾਸ਼ਤ ਥੱਲੇ ਵਧ ਕੇ ਰਕਬਾ 6 ਲੱਖ ਹੈਕਟੇਅਰ ਹੋ ਗਿਆ। ਪੂਸਾ ਬਾਸਮਤੀ-1401 (ਪੂਸਾ ਬਾਸਮਤੀ - 6) ਕਿਸਮ ਦੀ ਕਾਸ਼ਤ 1.15 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਪੂਸਾ ਬਾਸਮਤੀ-1 ਕਿਸਮ 50 ਕੁ ਹਜ਼ਾਰ ਹੈਕਟੇਅਰ ਰਕਬੇ 'ਤੇ ਬੀਜੀ ਗਈ ਹੈ। ਬਾਕੀ 50 ਕੁ ਹਜ਼ਾਰ ਹੈਕਟੇਅਰ ਰਕਬਾ ਤਰੌੜੀ, ਸੀ ਐਸ ਆਰ-30 ਅਤੇ ਪੰਜਾਬ ਬਾਸਮਤੀ ਕਿਸਮਾਂ ਦੀ ਕਾਸ਼ਤ ਥੱਲੇ ਹੈ। ਬਾਸਮਤੀ ਕਿਸਮਾਂ ਵਿਚ ਪਕਾਉਣ ਅਤੇ ਖਾਣ ਵਾਲੇ ਵਿਸ਼ੇਸ਼ ਗੁਣ ਤਾਂ ਹੀ ਆ ਸਕਦੇ ਹਨ ਜੇ ਇਹ ਕਿਸਮਾਂ ਠੰਢੇ ਤਾਪਮਾਨ ਵਿਚ ਪੱਕਣ। ਇਸ ਲਈ ਸਿਫਾਰਸ਼ ਕੀਤੇ ਗਏ ਸਮੇਂ ਅਨੁਸਾਰ ਬਿਜਾਈ ਕਰਨੀ ਜ਼ਰੂਰੀ ਹੈ। ਦਾਣੇ ਪੈਣ ਸਮੇਂ ਜੇ ਤਾਪਮਾਨ ਵੱਧ ਹੋਵੇ ਤਾਂ ਬਾਸਮਤੀ ਦੇ ਵਿਸ਼ੇਸ਼ ਗੁਣ ਜਿਵੇਂ ਕਿ ਚੌਲਾਂ ਦਾ ਪੱਕਣਾ, ਪੱਕਣ ਉਪਰੰਤ ਲੰਮੇ ਹੋ ਜਾਣਾ ਅਤੇ ਜੁੜਨਾ ਨਾ, ਘੱਟ ਜਾਂਦੇ ਹਨ। ਬਾਸਮਤੀ ਦੀ ਫ਼ਸਲ ਨੂੰ ਝੰਡਾ ਰੋਗ (ਪੈਰ ਗਲਣ) ਦੀ ਬਿਮਾਰੀ ਦਾ ਹਮਲਾ ਹੁੰਦਾ ਹੈ। ਪ੍ਰੰਤੂ ਪੂਸਾ ਬਾਸਮਤੀ-1509 ਦੀ ਪਨੀਰੀ ਜਦੋਂ 25 ਦਿਨ ਦੀ ਹੋ ਜਾਵੇ ਖੇਤ ਵਿਚ ਲਗਾ ਦੇਣੀ ਚਾਹੀਦੀ ਹੈ। ਇਸ ਫ਼ਸਲ ਨੂੰ ਪ੍ਰਤੀ ਏਕੜ 54 ਕਿਲੋ ਯੂਰੀਆ ਨੂੰ ਵੰਡ ਕੇ 3, 6 ਅਤੇ 9 ਹਫਤਿਆਂ ਬਾਅਦ ਛੱਟੇ ਨਾਲ ਪਾ ਦੇਣਾ ਚਾਹੀਦਾ ਹੈ। ਜੇ ਕਣਕ ਵਿਚ ਫਾਸਫੋਰਸ ਦੀ ਪੂਰੀ ਖੁਰਾਕ ਦਿੱਤੀ ਗਈ ਹੋਵੇ ਤਾਂ ਇਹ ਤੱਤ ਬਾਸਮਤੀ ਦੀ ਫ਼ਸਲ ਵਿਚ ਨਹੀਂ ਪਾਉਣਾ ਚਾਹੀਦਾ। ਬਾਸਮਤੀ ਦੀ ਫ਼ਸਲ ਜਦੋਂ ਪੱਕ ਜਾਵੇ ਯਾਨੀ ਸਿੱਟੇ ਤਕਰੀਬਨ ਪੱਕ ਜਾਣ ਅਤੇ ਪਰਾਲੀ ਪੀਲੇ ਰੰਗ ਦੀ ਹੋ ਜਾਵੇ, ਵਾਢੀ ਕਰ ਲੈਣੀ ਚਾਹੀਦੀ ਹੈ। ਵਾਢੀ ਦੇਰ ਨਾਲ ਕਰਨ ਉਪਰੰਤ ਦਾਣੇ ਕਿਰਨ ਲੱਗ ਪੈਣਗੇ ਅਤੇ ਝਾੜ ਵਿਚ ਕਮੀ ਆਵੇਗੀ। ਫੇਰ ਵੱਢੀ ਹੋਈ ਫ਼ਸਲ, ਉਸੇ ਦਿਨ ਜਾਂ ਦੂਜੇ ਦਿਨ ਝਾੜ ਲੈਣੀ ਚਾਹੀਦੀ ਹੈ।
ਪਿਛਲੇ ਸਾਲ ਭਾਰਤ ਤੋਂ 32800 ਕਰੋੜ ਰੁਪਏ ਦੀ ਮਾਲੀਅਤ ਦੀ 48 ਲੱਖ ਟਨ ਬਾਸਮਤੀ ਵੱਖੋ ਵੱਖ ਮੁਲਕਾਂ ਨੂੰ ਬਰਾਮਦ ਕੀਤੀ ਗਈ ਸੀ। ਮਾਹਿਰਾਂ ਅਨੁਸਾਰ ਇਸ ਸਾਲ ਬਾਸਮਤੀ ਦੀ ਬਰਾਮਦ ਵਿਚ ਕਮੀ ਵਾਪਰਨ ਦੀ ਸੰਭਾਵਨਾ ਹੈ। ਈਰਾਨ, ਭਾਰਤ ਦੀ ਬਾਸਮਤੀ ਦਾ ਸਭ ਤੋਂ ਵੱਡਾ ਖਰੀਦਾਰ ਹੈ। ਦੂਜੇ ਨੰਬਰ 'ਤੇ ਸਾਉਦੀ ਅਰਬ ਹੈ। ਈਰਾਨ ਵਿਚ ਅਮਰੀਕਾ ਵੱਲੋਂ ਰੁਕਾਵਟਾਂ ਦਾਇਰ ਕਰਨ ਉਪਰੰਤ ਸਰਮਾਏ ਦੀ ਕਮੀ ਹੋ ਗਈ ਹੈ। ਈਰਾਨ ਦੇ ਤੇਲ ਦੀ ਵਿਕਰੀ ਵੀ ਉਸ ਤੇਜ਼ੀ ਨਾਲ ਨਹੀਂ ਹੋ ਰਹੀ। ਭਾਰਤ ਦੇ ਬਾਸਮਤੀ ਐਕਸਪੋਰਟਰਾਂ ਦਾ ਕਾਫ਼ੀ ਸਰਮਾਇਆ ਈਰਾਨ ਵਿਚ ਬਕਾਇਆ ਪਿਆ ਹੈ। ਇਸ ਸਾਲ ਹੁਣ ਤੱਕ ਪਿਛਲੇ ਸਾਲ ਨਾਲੋਂ ਬਾਸਮਤੀ ਕਾਫੀ ਘੱਟ ਬਰਾਮਦ ਹੋਈ ਹੈ। ਇਸ ਦੇ ਬਾਵਜੂਦ ਉਤਪਾਦਕਾਂ ਨੂੰ ਬਾਸਮਤੀ ਦਾ ਭਾਅ ਉੱਤਮ ਮਿਲ ਰਿਹਾ ਹੈ। ਪੂਸਾ ਬਾਸਮਤੀ - 1509 ਕਿਸਮ ਹਰਿਆਣਾ- ਪੰਜਾਬ ਦੀਆਂ ਮੰਡੀਆਂ ਵਿਚ 2700 ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਸ ਕਿਸਮ ਦੇ ਉਤਪਾਦਕਾਂ ਨੂੰ 2300 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲਿਆ ਸੀ। ਪੂਸਾ ਬਾਸਮਤੀ-6 (ਪੀ ਬੀ-1401) ਕਿਸਮ 3300 ਤੋਂ ਲੈ ਕੇ 3500 ਰੁਪਏ ਪ੍ਰਤੀ ਕੁਇੰਟਲ ਤੱਕ ਵਿੱਕ ਰਹੀ ਹੈ। ਪਿਛਲੇ ਸਾਲ ਉਤਪਾਦਕਾਂ ਨੂੰ 2600-2700 ਰੁਪਏ ਪ੍ਰਤੀ ਕੁਇੰਟਲ ਮੁੱਲ ਵਸੂਲ ਹੋਇਆ ਸੀ। ਪੂਸਾ ਬਾਸਮਤੀ -1121 ਕਿਸਮ ਜੋ ਪੱਕਣ ਨੂੰ ਲੰਮਾ ਸਮਾਂ ਲੈਂਦੀ ਹੈ ਅਜੇ ਮੰਡੀਆਂ ਵਿਚ ਨਹੀਂ ਆਈ। ਇਸ ਦੀ ਫ਼ਸਲ 15 ਅਕਤੂਬਰ ਤੱਕ ਮੰਡੀਕਰਨ ਲਈ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਅਨੁਮਾਨ ਲਾਇਆ ਹੈ ਕਿ ਇਸ ਸਾਲ ਉਤਪਾਦਕਾਂ ਨੂੰ ਇਸ ਕਿਸਮ ਦਾ ਵੀ ਵਧੀਆ ਭਾਅ ਮਿਲਣ ਦੀ ਸੰਭਾਵਨਾ ਹੈ। ਉਤਪਾਦਕਾਂ ਨੂੰ ਬਰਾਮਦ ਘੱਟ ਹੋਣ ਦੇ ਬਾਵਜੂਦ ਵੀ ਵਧੀਆ ਮੁੱਲ ਇਸ ਲਈ ਮਿਲ ਰਿਹਾ ਹੈ ਕਿ ਬਾਸਮਤੀ ਦੀ ਖਪਤ ਘਰੇਲੂ ਆਪਣੇ ਮੁਲਕ ਵਿਚ ਵੀ ਵਧ ਗਈ ਹੈ। ਦੱਖਣੀ ਰਾਜਾਂ ਦੇ ਲੋਕ ਵੀ ਹੁਣ ਬਾਸਮਤੀ ਖਾਣ ਲੱਗ ਗਏ ਹਨ। ਉੱਤਰੀ ਰਾਜਾਂ ਵਿਚ ਵੀ ਖਪਤਕਾਰਾਂ ਦੀ ਰੁਚੀ ਹੁਣ ਚੌਲ ਖਾਣ ਵੱਲ ਵਧੇਰੇ ਹੈ।
ਪੰਜਾਬ ਵਿਚ ਇਸ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਕੇ 6.5 ਲੱਖ ਹੈਕਟੇਅਰ ਹੋ ਗਿਆ ਹੈ। ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਤੇ ਡਾਇਰੈਕਟਰ ਖੇਤੀਬਾੜੀ ਸੁਤੰਤਰ ਕੁਮਾਰ ਐਰੀ ਦੇ ਉਪਰਾਲਿਆਂ ਨਾਲ ਪੰਜਾਬ ਦੀ ਬਾਸਮਤੀ ਦੀ ਫ਼ਸਲ ਕੀਟਨਾਸ਼ਕਾਂ ਦੀ ਰਹਿੰਦ-ਖੁਹੰਦ ਤੋਂ ਤਕਰੀਬਨ ਮੁਕਤ ਹੈ। ਇਸ ਲਈ ਐਕਸਪੋਰਟਰਜ਼ ਪੰਜਾਬ ਦੀਆਂ ਮੰਡੀਆਂ 'ਚ ਬਾਸਮਤੀ ਖ਼ਰੀਦਣ ਦੀ ਰੁਚੀ ਰੱਖਦੇ ਹਨ। ਖੇਤੀਬਾੜੀ ਵਿਭਾਗ ਨੇ ਬਾਸਮਤੀ ਉਤਪਾਦਕਾਂ ਨਾਲ ਆਪਣਾ ਸੰਪਰਕ ਬਣਾਈ ਰੱਖਿਆ ਅਤੇ ਉਹਨਾਂ ਨੂੰ ਅਜਿਹੇ ਕੀਟਨਾਂਸ਼ਕ ਜਿਹਨਾਂ ਦੀ ਰਹਿੰਦ-ਖੁਹੰਦ ਬਾਸਮਤੀ ਦੀ ਫ਼ਸਲ ਵਿਚ ਰਹਿ ਜਾਵੇ, ਵਰਤਣ ਤੋਂ ਗੁਰੇਜ਼ ਕਰਵਾਉਣ 'ਚ ਸਫ਼ਲ ਹੋ ਗਏ। ਪੰਜਾਬ ਦੇ ਫ਼ਸਲੀ - ਵਿਭਿੰਨਤਾ ਪ੍ਰੋਗਰਾਮ 'ਚ ਵੀ ਬਾਸਮਤੀ ਦੀ ਸਫ਼ਲਤਾ ਸਾਹਮਣੇ ਆਈ ਹੈ। ਸ਼ੁਰੂ - ਸ਼ੁਰੂ ਵਿਚ ਰਾਜ ਦੇ ਫ਼ਸਲੀ - ਵਿਭਿੰਨਤਾ ਪ੍ਰੋਗਰਾਮ ਵਿਚ ਬਾਸਮਤੀ ਨੂੰ ਕੁਝ ਅਣਗੌਲਿਆ ਜਿਹਾ ਕੀਤਾ ਗਿਆ ਭਾਂਪਦਾ ਸੀ। ਝੋਨੇ ਦੇ ਮੁਕਾਬਲੇ ਬਾਸਮਤੀ ਦੀ ਪਾਣੀ ਦੀ ਲੋੜ ਘੱਟ ਹੈ ਅਤੇ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਪੂਸਾ ਬਾਸਮਤੀ-1509 ਕਿਸਮ ਤਾਂ ਮੋਨਸੂਨ ਦੀ ਬਾਰਿਸ਼ ਦੇ ਪਾਣੀ ਨਾਲ ਹੀ ਪਲ ਜਾਂਦੀਆਂ ਹਨ।
ਬਾਸਮਤੀ ਦੇ ਪ੍ਰਸਿੱਧ ਬਰੀਡਰ ਅਤੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਸੰਯੁਕਤ ਡਾਇਰੈਕਟਰ (ਖੋਜ) ਅਤੇ ਜੈਨੇਟਿਕਸ ਡਵੀਜ਼ਨ ਦੇ ਮੁਖੀ ਡਾ: ਅਸ਼ੋਕ ਕੁਮਾਰ ਸਿੰਘ ਅਨੁਸਾਰ ਹੁਣ ਬਾਸਮਤੀ 'ਤੇ ਖੋਜ ਇਸ ਨੂੰ ਝੁਲਸ ਰੋਗ ਅਤੇ ਭੁਰੜ ਰੋਗ ਤੋਂ ਮੁਕਤ ਕਰਨ 'ਤੇ ਕੀਤੀ ਜਾ ਰਹੀ ਹੈ। ਬਾਸਮਤੀ ਕਿਸਮਾਂ ਵਿਚ ਬੀ ਐਲ ਬੀ ਅਤੇ ਬਲਾਸਟ ਤੋਂ ਮੁਕਤ ਕਰਨ ਲਈ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ। ਉਪਰਾਲਿਆਂ ਉਪਰੰਤ ਹੀ ਪੂਸਾ ਬਾਸਮਤੀ-1718 ਅਤੇ ਪੂਸਾ ਬਾਸਮਤੀ -1728 ਜਿਹੀਆਂ ਕਿਸਮਾਂ ਵਿਕਸਿਤ ਹੋਈਆ ਹਨ। ਬਾਸਮਤੀ ਕਿਸਮਾਂ ਨੂੰ ਬੀ ਐਲ ਬੀ ਅਤੇ ਭੁਰੜ ਰੋਗ ਵਧੇਰੇ ਲਗਦੇ ਹਨ। ਸ਼ਾਖਾਂ ਫੁੱਟਣ ਸਮੇਂ ਪੱਤਿਆਂ ਉੱਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿਨਾਰਿਆਂ ਤੋਂ ਭੂਰੇ ਰੰਗ ਦੇ ਹੁੰਦੇ ਹਨ। ਮੁੰਜਰਾਂ ਨਿਕਲਣ ਵਾਲੀ ਥਾਂ 'ਤੇ ਕਾਲੇ ਦਾਗ਼ ਵੀ ਪੈ ਜਾਂਦੇ ਹਨ ਜਿਸ ਨਾਲ ਮੁੰਜਰਾਂ ਡਿੱਗ ਪੈਂਦੀਆਂ ਹਨ।


-ਮੋਬਾਈਲ : 98152-36307

ਪਾ ਲੈ ਖੇਤੀ ਨਾਲ ਪਿਆਰ...

ਸੰਭਲ ਸੰਭਲ ਓਇ ਜੱਟਾ ਭੋਲਿਆ, ਤੂੰ ਹੱਥ ਅਕਲ ਨੂੰ ਮਾਰ।
ਤੈਨੂੰ ਅੰਨ ਦਾਤਾ ਨੇ ਆਖਦੇ, ਸਭ ਦੇ ਭਰਦਾ ਰਹੇਂ ਭੰਡਾਰ।
ਰਸਤੇ ਖੁਦਕੁਸ਼ੀਆਂ ਦੇ ਪੈ ਗਿਆ, ਕਿਹੜੀ ਭੁਲ ਗਈ ਤੈਨੂੰ ਮਾਰ।
ਤੂੰ ਤਾਂ ਜੱਟ ਪੰਜਾਬੀ ਸੂਰਮਾ, ਕਾਹਤੋਂ ਬੈਠਾ ਹਿੰਮਤ ਹਾਰ।
ਲੱਸੀ, ਦੁੱਧ, ਘਿਓ, ਮੱਖਣ ਛੱਡ ਕੇ, ਤੈਂ ਨਸ਼ੇ ਬਣਾ ਲਏ ਯਾਰ।
ਮੁਧਕਰ ਚੁੱਕਣੇ, ਮੂੰਗਲੀਆਂ ਫੇਰਨੀਆਂ, ਦਿੱਤੇ ਸ਼ੌਕ ਤੂੰ ਮਨੋ ਵਿਸਾਰ।
ਲੀਹ ਪਿਓ ਦਾਦੇ ਦੀ ਸੋਹਣਿਆ, ਕਿਉਂ ਦਿੱਤੀ ਮਨੋ ਵਿਸਾਰ।
ਤੇਰੀ ਦਸਾਂ ਨਹੁੰਆਂ ਦੀ ਕਿਰਤ ਤੇ, ਸਾਰਾ ਪਲਦਾ ਹੈ ਸੰਸਾਰ।
ਮਿੱਟੀ ਦੇ ਨਾਲ ਮਿੱਟੀ ਹੋ ਕੇ ਦਿਨ ਰਾਤੀਂ ਕਰਦੈਂ ਕਾਰ।
ਮਾਂ ਹੁੰਦੀ ਪੈਲੀ ਜੱਟ ਦੀ, ਵਿਚ ਸਿੱਟਾ ਮਿਹਨਤ ਦਾ ਮਾਰ।
ਤੂੰ ਨਾ ਦਿਲ ਦਿਲਗੀਰੀ ਧਾਰ ਲਈਂ, ਕੰਮ ਵਿਊਂਤ ਦੇ ਨਾਲ ਸੰਵਾਰ।
ਮਾੜੀ ਆਦਤ ਨਹੀਂ ਸਹੇੜਨੀ, ਸੁੱਚੀ ਹੱਥੀਂ ਕਰ ਲਈਂ ਕਾਰ।
ਵਾਹ ਲੈ ਦੱਬ ਕੇ, ਖਾ ਲੈ ਰੱਜ ਕੇ, ਪਾ ਲੈ ਖੇਤੀ ਨਾਲ ਪਿਆਰ।


-ਪ੍ਰੋ: ਸ਼ਫੀ ਮੁਹੰਮਦ ਮੂੰਗੋ
(ਰਾਸ਼ਟਰਪਤੀ ਐਵਾਰਡੀ), ਮੁਹੱਲਾ ਕਰਤਾਰਪੁਰਾ (ਕਹੂਟਾ),
ਨਾਭਾ-147201, ਜ਼ਿਲ੍ਹਾ ਪਟਿਆਲਾ। ਮੋਬਾਈਲ : 9501117772

ਫੁੱਲਾਂ ਦੀ ਕਾਸ਼ਤ ਕਰਨ ਵਾਲਾ ਸਿਮਰਾਨ ਰੰਗ

ਪਟਿਆਲਾ ਨਾਭਾ ਸੜਕ 'ਤੇ ਸਥਿਤ ਪਿੰਡ ਧਬਲਾਨ ਵਿਖੇ ਫੁੱਲਾਂ ਦੀ ਸ਼ੌਕ ਨਾਲ ਖੇਤੀ ਕਰਨ ਵਾਲੇ ਪੜ੍ਹੇ ਲਿਖੇ ਨੌਜਵਾਨ ਸਿਮਰਾਨ ਰੰਗ ਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਉਸ ਨੂੰ ਦੇਸ਼ ਤੇ ਵਿਦੇਸ਼ ਦੇ ਮੋਹਰੀ ਕਿਸਾਨਾਂ ਦੀ ਕਤਾਰ ਵਿਚ ਖੜ੍ਹਾ ਕਰ ਦੇਵੇਗੀ ਅਤੇ ਉਸ ਦਾ ਇਹ ਸ਼ੌਕ ਉਸ ਦੀ ਆਰਥਿਕ ਪੱਖੋਂ ਖੁਸ਼ਹਾਲੀ ਤੇ ਹੋਰਨਾਂ ਸੈਂਕੜੇ ਕਿਸਾਨਾਂ ਲਈ ਰਾਹ ਦਸੇਰਾ ਵੀ ਬਣੇਗਾ।
ਮਾਰਕੀਟਿੰਗ ਮੈਨੇਜਮੈਂਟ ਵਿਚ ਪੋਸਟ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ, ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ 'ਤੇ ਕਰਨ ਦਾ ਮਨ ਬਣਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਰਹੇ ਉਨ੍ਹਾਂ ਦੇ ਪਿਤਾ ਡਾ: ਅੱਲਾ ਰੰਗ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਦਾ ਮਾਰਗ-ਦਰਸ਼ਨ ਕੀਤਾ। ਸਿਮਰਾਨ ਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵਲੋਂ ਤਕਨੀਕੀ ਜਾਣਕਾਰੀ ਤੇ ਵਿੱਤੀ ਸਹਾਇਤਾ ਲੈ ਕੇ ਉਸ ਵਲੋਂ 7 ਏਕੜ ਰਕਬੇ 'ਚ ਫੁੱਲਾਂ ਦੇ ਬੀਜ ਤਿਆਰ ਕਰਨ ਲਈ ਸ਼ੁਰੂ ਕੀਤੀ ਖੇਤੀ ਵਧ ਕੇ ਹੁਣ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਰਨਾਟਕ 'ਚ 850 ਏਕੜ ਤੱਕ ਪੁੱਜ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਖੁਦ 80 ਏਕੜ ਜ਼ਮੀਨ 'ਚ ਫੁੱਲਾਂ ਦੀ ਖੇਤੀ ਕਰਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਚਾਰ ਸੂਬਿਆਂ ਦੇ ਕਰੀਬ 225 ਕਿਸਾਨਾਂ ਤੋਂ ਤਕਰੀਬਨ 770 ਏਕੜ ਰਕਬੇ 'ਚ ਕੰਟਰੈਕਟ ਫਾਰਮਿੰਗ ਰਾਹੀਂ ਡੇਜ਼ੀ, ਪਟੂਨਿਆ, ਐਨਕੋਜੀਆ ਤੇ ਗਜਾਟੀਆ ਸਮੇਤ 150 ਕਿਸਮ ਦੇ ਦੁਰਲੱਭ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨ ਦੇ ਕਰੀਬ ਮੁਲਕਾਂ ਨੂੰ ਆਪਣੀ ਬਾਇਓਕਾਰਵ ਸੀਡਜ਼ ਕੰਪਨੀ ਰਾਹੀਂ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਦੇਸ਼ ਵਿਚ ਲਿਆ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਵਲੋਂ ਧਬਲਾਨ ਫਾਰਮ 'ਚ ਸੋਲਰ ਪਾਵਰ ਸਿਸਟਮ, ਬਰਸਾਤੀ ਪਾਣੀ ਦੀ ਸੰਭਾਲ, ਡਰਿੱਪ ਤੇ ਮਿਲਚਿੰਗ ਪ੍ਰਣਾਲੀ ਅਪਣਾਅ ਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਵਿਸ਼ਵ ਪੱਧਰ ਦੀ ਗਰੇਡਿੰਗ, ਸਟੋਰੇਜ ਤੇ ਪੈਕਿੰਗ ਤਕਨੀਕ ਅਪਣਾਅ ਕੇ 95 ਫੀਸਦੀ ਦੇ ਕਰੀਬ ਉਪਜ ਵਿਦੇਸ਼ਾਂ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਫਾਰਮ 'ਤੇ ਲਗਾਏ 43 ਕਿੱਲੋਵਾਟ ਦੇ ਸੋਲਰ ਪਾਵਰ ਸਿਸਟਮ ਤੋਂ ਰੋਜ਼ਾਨਾ ਤਕਰੀਬਨ 225 ਯੂਨਿਟਾਂ ਨਾਲ ਉਹ ਆਪਣੇ ਫਾਰਮ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ। ਜਗਜੀਵਨ ਰਾਮ ਅਵਿਨਵ ਕਿਸਾਨ ਪੁਰਸਕਾਰ ਸਮੇਤ ਅਨੇਕਾਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਵਲੋਂ ਉਸ ਨੂੰ ਫੁੱਲਾਂ ਦੇ ਬੀਜਾਂ ਦੀ ਗਰੇਡੇਸ਼ਨ, ਪ੍ਰੋਸੈਸਿੰਗ, ਪੈਕਿੰਗ ਤੇ ਸਟੋਰੇਜ਼ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ 89 ਲੱਖ ਰੁਪਏ ਦੇ ਕਰੀਬ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।
ਸਿਮਰਾਨ ਰੰਗ ਨੇ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਫੁੱਲਾਂ ਦੇ ਭਾਰਤ ਵਿਚ ਪੈਦਾ ਕੀਤੇ ਬੀਜਾਂ ਦੀ ਪੂਰੀ ਦੁਨੀਆ ਵਿਚ ਸਰਦਾਰੀ ਰਹੇ। ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਆਰਥਿਕ ਦਸ਼ਾ ਮਜ਼ਬੂਤ ਕਰਨ ਲਈ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਾਗਬਾਨੀ, ਡੇਅਰੀ ਫਾਰਮਿੰਗ ਸਮੇਤ ਫੁੱਲਾਂ ਦੇ ਬੀਜਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।


-ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ।
ਮੋਬਾਈਲ : 9876101698

ਵਿਰਸੇ ਦੀਆਂ ਬਾਤਾਂ

ਰੁੱਖਾਂ ਦੀ ਤਪੱਸਿਆ ਨੂੰ ਜਾਣਦਾ ਨਾ ਕੋਈ

ਮਨੁੱਖ ਹੋਵੇ ਜਾਂ ਰੁੱਖ, ਉਹਦੀ ਤਪੱਸਿਆ ਬਹੁਤ ਘੱਟ ਲੋਕਾਂ ਨੂੰ ਦਿਸਦੀ ਹੈ। ਕਾਮਯਾਬ ਬੰਦੇ ਬਾਰੇ ਅਕਸਰ ਸਾਡੀ ਧਾਰਨਾ ਹੁੰਦੀ ਹੈ ਕਿ ਇਹ ਰਾਤੋ-ਰਾਤ ਇਸ ਥਾਂ ਤੱਕ ਪਹੁੰਚ ਗਿਆ, ਪਰ ਉਸ ਵਲੋਂ ਕੀਤੇ ਅਸਲ ਸੰਘਰਸ਼ ਬਾਰੇ ਨਹੀਂ ਜਾਣਦੇ ਹੁੰਦੇ। ਇਵੇਂ ਹੀ ਦਰੱਖਤ ਦੀ ਛਾਂ ਦੇਖ ਅਸੀਂ ਇਹ ਨਹੀਂ ਸਮਝਦੇ ਕਿ ਉਹਨੇ ਕਿੰਨੀਆਂ ਪਤਝੜਾਂ ਜਾਂ ਬਹਾਰਾਂ ਪਿੰਡੇ 'ਤੇ ਹੰਢਾਈਆਂ। ਕਿੰਨਿਆਂ ਨੇ ਉਸ ਨੂੰ ਟੱਕ ਲਾਏ, ਕਿੰਨੀਆਂ ਪੀਂਘਾਂ ਨੇ ਉਸ ਦੇ ਅੰਗ ਤੋੜੇ ਜਾਂ ਤੋੜਨ ਦੀ ਕੋਸ਼ਿਸ਼ ਕੀਤੀ, ਕਿੰਨੀ ਵਾਰ ਉਸ ਨੇ ਆਰੀ ਦਾ ਸਾਹਮਣਾ ਕੀਤਾ।
ਇਸ ਦਰੱਖਤ ਨੂੰ ਦੇਖ ਇੰਜ ਲਗਦਾ ਜਿਵੇਂ ਸਾਡਾ ਬਜ਼ੁਰਗ ਹੋਵੇ। ਇਹ ਬੁੱਢਾ ਹੋ ਗਿਆ, ਪਰ ਅੱਜ ਵੀ ਆਪਣੇ ਪੁੱਤਾਂ-ਧੀਆਂ ਬਾਰੇ ਸੋਚਦਾ। ਲਿਫ਼ ਗਿਆ, ਕੁੱਬ ਪੈ ਗਿਆ, ਪਰ ਆਪਣੇ ਫ਼ਰਜ਼ ਨਿਭਾਅ ਰਿਹਾ। ਕੱਲ੍ਹ ਨੂੰ ਕੋਈ ਇਹਦੇ ਦੁਆਲੇ ਆਰੀ ਜਾਂ ਕੁਹਾੜੀ ਲੈ ਕੇ ਹੋ ਜਾਵੇ ਤਾਂ ਇਹਦਾ ਕੋਈ ਕਸੂਰ ਨਹੀਂ ਹੋਣਾ, ਇਹ ਤਾਂ ਵਿਚਾਰਾ ਲੰਮਿਆਂ ਪੈ ਕੇ ਫ਼ਰਜ਼ ਨਿਭਾਅ ਰਿਹਾ।
ਪਿਛਲੇ ਕੁਝ ਮਹੀਨਿਆਂ ਤੋਂ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਦਿਹਾੜੇ ਦੇ ਸੰਦਰਭ ਵਿਚ ਰੁੱਖ ਲਾਓ ਮੁਹਿੰਮ ਚੱਲ ਰਹੀ ਹੈ। ਪਿੰਡਾਂ, ਸ਼ਹਿਰਾਂ ਦੇ ਲੋਕ ਸਰਗਰਮ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਲਾਉਣ ਤੋਂ ਬਾਅਦ ਅਗਲਾ ਵੱਡਾ ਸਵਾਲ ਉਨ੍ਹਾਂ ਨੂੰ ਪਾਲਣ ਦਾ ਹੈ। ਉਨ੍ਹਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ।
ਇਕ ਵੇਲ਼ੇ ਪਿੰਡਾਂ ਵਿਚ ਪਿੱਪਲ, ਬੋਹੜ ਵਰਗੇ ਦਰੱਖਤ ਆਮ ਮਿਲ ਜਾਂਦੇ ਸਨ। ਇਨ੍ਹਾਂ ਥੱਲੇ ਸੱਥਾਂ ਲੱਗਦੀਆਂ, ਤਖ਼ਤਪੋਸ਼ ਰੱਖੇ ਹੁੰਦੇ, ਠੰਢੇ ਪਾਣੀ ਵਾਲੇ ਨਲਕੇ ਹੁੰਦੇ। ਪਰ ਕੁਹਾੜੀਆਂ ਤੇ ਆਰੀਆਂ ਨੇ ਵੱਡੀ ਗਿਣਤੀ ਦਰੱਖਤ ਮੁਕਾ ਦਿੱਤੇ। ਅੱਜ ਲਾਏ ਜਾਣ ਵਾਲੇ ਦਰੱਖਤਾਂ ਦੀ ਜੇ ਸਹੀ ਤਰੀਕੇ ਨਾਲ ਦੇਖਭਾਲ ਹੋਵੇ ਤਾਂ ਦਹਾਕਿਆਂ ਬਾਅਦ ਉਹ ਉਨ੍ਹਾਂ ਦਰੱਖਤਾਂ ਵਰਗੇ ਹੋਣਗੇ, ਜਿਨ੍ਹਾਂ ਦਾ ਅਸੀਂ ਕਤਲ ਕੀਤਾ। ਦਰੱਖਤਾਂ ਦੇ ਨਾਂ 'ਤੇ ਪੰਜਾਬ 'ਚ ਸਫ਼ੈਦਾ ਦਿਸ ਰਿਹਾ, ਜਿਸ ਦਾ ਫ਼ਾਇਦਾ ਘੱਟ ਤੇ ਨੁਕਸਾਨ ਵੱਧ ਹੈ। ਪਿਛਲੇ ਦਿਨੀਂ ਪੁਣੇ ਵੱਲ ਦੇ ਇਕ ਸ਼ਖ਼ਸ ਦੀ ਖ਼ਬਰ ਪੜ੍ਹੀ। ਉਹਦੀ ਧੀ ਨੇ ਉਸ ਨੂੰ ਕਿਹਾ, 'ਪਾਪਾ, ਦਰੱਖਤਾਂ ਨਾਲ ਸਾਡੀ ਕੀ ਦੁਸ਼ਮਣੀ, ਇਨ੍ਹਾਂ ਨੂੰ ਮਾਰ ਕੇ ਕੀ ਮਿਲਦਾ।'
ਉਸ ਨੇ ਇਕ ਸੰਸਥਾ ਬਣਾਈ ਅਤੇ ਦਰੱਖਤਾਂ ਵਿਚ ਗੱਡੀਆਂ ਮੇਖਾਂ, ਕਿੱਲ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਤੱਕ ਉਹ ਹਜ਼ਾਰਾਂ ਦਰੱਖਤਾਂ ਵਿਚ ਵੱਖ-ਵੱਖ ਕਾਰਨਾਂ ਕਰਕੇ ਗੱਡੇ ਕਿੱਲ ਕੱਢ ਚੁੱਕਾ। ਉਹ ਕਹਿੰਦਾ, 'ਜੇ ਸਾਡੇ ਸਰੀਰ ਵਿਚ ਕੋਈ ਕਿੱਲ ਠੋਕੇ ਤਾਂ ਕਿੰਨਾ ਦੁੱਖ ਲੱਗੇ।'
ਗੱਲ ਸਿਰਫ਼ ਸੰਵੇਦਨਸ਼ੀਲ ਹੋਣ ਦੀ ਹੈ। ਜੇ ਦਰੱਖਤ ਤਿੱਖੜ ਦੁਪਹਿਰਾਂ ਝੱਲ ਸਾਨੂੰ ਛਾਂ, ਫ਼ਲ ਤੇ ਹੋਰ ਬੜਾ ਕੁਝ ਦਿੰਦੇ ਹਨ ਤਾਂ ਸੋਚੋ ਬਦਲੇ ਵਿਚ ਅਸੀਂ ਇਨ੍ਹਾਂ ਨੂੰ ਕੀ ਦੇ ਰਹੇ ਹਾਂ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX