ਤਾਜਾ ਖ਼ਬਰਾਂ


ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  56 minutes ago
ਅੰਮ੍ਰਿਤਸਰ 15 ਨਵੰਬਰ (ਜਸਵੰਤ ਸਿੰਘ ਜੱਸ ) - ਟੀਵੀ, ਰੰਗਮੰਚ ਅਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਨਰਿੰਦਰ ਜੱਟੂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਬੀਤੀ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਪੰਜ ਛੇ ਵਰ੍ਹਿਆਂ ਤੋਂ ਯਾਦਦਾਸ਼ਤ ਭੁੱਲ ਜਾਣ ਕਾਰਨ ਬਿਮਾਰ ਸਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ...
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ) - ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਅੱਜ ਤੜਕੇ 4:30 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਹੈ। ਪੂਰੀ ਦਿੱਲੀ 'ਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਜਿਸ ਦੇ ਚੱਲਦਿਆਂ ਵਿਜ਼ੀਬਿਲਿਟੀ (ਦ੍ਰਿਸ਼ਟਤਾ) ਸਿਰਫ਼ 400 ਮੀਟਰ ਰਹਿ ਗਈ ਹੈ। ਏਅਰ ਕੁਆਲਿਟੀ ਇੰਡੈਕਸ ਦਿੱਲੀ 'ਚ ਪੀ.ਐਮ 2.5 ਤੇ ਪੀ.ਐਮ 10 ਦਾ ਪੱਧਰ 500 ਤੱਕ ਪਹੁੰਚ...
ਅੱਜ ਦਾ ਵਿਚਾਰ
. . .  about 2 hours ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕੁਦਰਤ ਦੇ ਸਫ਼ਾਈ ਕਰਮਚਾਰੀ-2

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਸਮੇਂ ਗਿੱਧਾਂ ਦੀ ਪ੍ਰਜਾਤੀ ਘੋਰ ਸੰਕਟ ਵਿਚ ਹੈ | ਸਮਾਂ ਹੈ ਅਤੇ ਸਾਡਾ ਫ਼ਰਜ਼ ਵੀ ਕਿ ਅਸੀਂ ਇਸ 'ਕੀ ਸਟੋਨ ਸਪੀਸਿਜ਼' ਨੂੰ ਬਚਾਈਏ | ਇਕ ਰਸਾਇਣ 'ਡਾਈਕਲੋਫਿਨੈਕ' ਦੀ ਵਰਤੋਂ ਨਾਲ ਕਿਵੇਂ ਇਕ ਪ੍ਰਜਾਤੀ ਕੁਝ ਹੀ ਦਹਾਕਿਆਂ ਵਿਚ ਖ਼ਤਮ ਹੋ ਗਈ, ਇਹ ਸਾਡੇ ਸਭ ਦੇ ਸਾਹਮਣੇ ਹੈ | ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਡਾਈਕਲੋਫਿਨੈਕ ਹਿੰਦੁਸਤਾਨ ਵਿਚ ਉਪਲੱਬਧ ਹੈ ਅਤੇ ਇਹ ਵਰਤੀ ਵੀ ਜਾ ਰਹੀ ਹੈ |
ਕੁਝ ਪੰਛੀ ਵਿਗਿਆਨੀ ਇਸ ਪ੍ਰਜਾਤੀ ਦੇ ਅਲੋਪ ਹੋਣ 'ਤੇ ਦੁਖੀ ਹਨ | ਉਨ੍ਹਾਂ ਦੇ ਅਨੁਸਾਰ ਇਨ੍ਹਾਂ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਨਾਲ ਸਾਡੇ ਵਾਤਾਵਰਨ 'ਤੇ ਬਹੁਤ ਬੁਰੇ ਪ੍ਰਭਾਵ ਪੈ ਸਕਦੇ ਹਨ | ਮੁਰਦਾ ਜਾਨਵਰਾਂ ਦਾ ਠੀਕ ਤਰ੍ਹਾਂ ਨਿਪਟਾਰਾ ਨਾ ਹੋਣ ਕਾਰਨ ਮਨੁੱਖ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਡਾ: ਵਿਭੂ ਪ੍ਰਕਾਸ਼, ਡਿਪਟੀ ਡਾਇਰੈਕਟਰ-ਕਮ-ਮੁੱਖ ਵਿਗਿਆਨਕ ਬੰਬੇ ਨੈਸ਼ਨਲ ਹਿਸਟਰੀ ਸੁਸਾਇਟੀ, ਮੁੰਬਈ ਨੇ ਸਭ ਤੋਂ ਪਹਿਲਾਂ ਗਿੱਧਾਂ ਦੀ ਗਿਣਤੀ ਵਿਚ ਲਗਾਤਾਰ ਤੇਜ਼ੀ ਨਾਲ ਕਮੀ ਹੋਣ ਨੂੰ ਗੰਭੀਰਤਾ ਨਾਲ ਲਿਆ | ਸੰਨ 2005 ਵਿਚ ਡਾਈਕਲੋਫਿਨੈਕ ਦੇ ਉਤਪਾਦਨ ਅਤੇ ਵਰਤੋਂ 'ਤੇ ਪਾਬੰਦੀ ਲਗਾਉਣ ਵਿਚ ਵੀ ਡਾ: ਵਿਭੂ ਪ੍ਰਕਾਸ਼ ਨੇ ਅਹਿਮ ਭੂਮਿਕਾ ਨਿਭਾਈ |
ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਲਗਨ ਵੇਖ ਕੇ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ ਅਤੇ ਹਰਿਆਣਾ ਵਣ ਵਿਭਾਗ ਨੇ 2004 ਵਿਚ ਰਲ ਕੇ ਗਿੱਧਾਂ ਦੇ ਪ੍ਰਜਨਣ ਅਤੇ ਸਾਂਭ-ਸੰਭਾਲ ਲਈ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ (ਜੇ.ਸੀ.ਬੀ.ਸੀ.) ਸਥਾਪਿਤ ਕੀਤਾ, ਜਿਸ ਦਾ ਮਕਸਦ ਗਿੱਧਾਂ ਦੀਆਂ ਤਿੰਨ ਨਸਲਾਂ, ਓਰੀਐਾਟਲ ਵਾਈਟ ਬੈਕਡ, ਲੌਾਗ ਬਿਲਡ ਅਤੇ ਸਿਲੰਡਰ ਬਿਲਡ ਦੀ ਪ੍ਰਜਾਤੀ ਨੂੰ ਵਧਾਉਣਾ ਅਤੇ ਫਿਰ ਉਨ੍ਹਾਂ ਨੂੰ ਦੁਬਾਰਾ ਖੁੱਲ੍ਹਾ ਛੱਡਣਾ ਸੀ | ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਅਤੇ ਵੈਟਰਨਰੀ ਡਾਕਟਰਾਂ ਨੂੰ ਡਾਈਕਲੋਫਿਨੈਕ ਦੇ ਹਾਨੀਕਾਰਕ ਸਿੱਟਿਆਂ ਬਾਰੇ ਜਾਣਕਾਰੀ ਦੇਣੀ, ਉਸ ਦੀ ਵਰਤੋਂ ਬੰਦ ਕਰਵਾਉਣੀ ਅਤੇ ਉਸ ਦੇ ਸਥਾਨ 'ਤੇ ਨਵੀਂ ਖੋਜ ਕੀਤੀ ਮੇਲਾਕਸੀਕੈਮ ਦਵਾਈ ਦਾ ਇਸਤੇਮਾਲ ਕਰਨ ਲਈ ਪ੍ਰਚਾਰ ਕਰਨਾ ਵੀ ਇਸ ਦਾ ਉਦੇਸ਼ ਸੀ | ਇਸ ਮਹਾਨ ਕੰਮ ਲਈ ਉਨ੍ਹਾਂ ਦੀ ਪਤਨੀ ਨਿਕੀਤਾ ਪ੍ਰਕਾਸ਼ ਜੋ ਆਪ ਵੀ ਇਕ ਪੰਛੀ ਵਿਗਿਆਨੀ ਹੈ, ਦੇ ਸਹਿਯੋਗ ਨਾਲ ਇਸ ਵੇਲੇ ਇਹ ਸੈਂਟਰ ਸਫ਼ਲਤਾਪੂਰਵਕ ਗਿੱਧਾਂ ਦੀਆਂ ਪ੍ਰਜਾਤੀਆਂ ਦਾ ਪ੍ਰਜਨਣ ਅਤੇ ਇਨ੍ਹਾਂ ਦੀ ਸੰਭਾਲ ਦਾ ਕੰਮ ਕਰ ਰਿਹਾ ਹੈ |
ਇਸ ਉੱਦਮ ਵਿਚ ਭਾਰਤ ਸਰਕਾਰ ਦਾ ਵਾਤਾਵਰਨ ਮੰਤਰਾਲਾ, ਰਾਇਲ ਸੁਸਾਇਟੀ ਫਾਰ ਪ੍ਰੋਟੈਕਸ਼ਨ ਆਫ਼ ਬਰਡਜ਼ (ਯੂ.ਕੇ.), ਇੰਟਰਨੈਸ਼ਨਲ ਸੈਂਟਰ ਫਾਰ ਬਰਡਜ਼ ਆਫ਼ ਪਰੇ (ਯੂ.ਕੇ.), ਜ਼ੁਲੋਜੀਕਲ ਸੁਸਾਇਟੀ ਆਫ਼ ਲੰਡਨ ਅਤੇ ਡਾਰਵਿਨ ਇਨੀਸ਼ਿਏਟਿਵ ਫਾਰ ਸਰਵਾਈਵਲ ਆਫ ਸਪੀਸਿਜ਼ ਵਰਗੀਆਂ ਅਹਿਮ ਸੰਸਥਾਵਾਂ ਨੇ ਵੀ ਇਸ ਸੈਂਟਰ ਦੇ ਖੁੱਲ੍ਹਣ ਵਿਚ ਤਕਨੀਕੀ ਜਾਣਕਾਰੀ ਅਤੇ ਵਿੱਤੀ ਯੋਗਦਾਨ ਪਾਇਆ |
ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ ਪਿੰਜੌਰ ਸ਼ਹਿਰ ਤੋਂ ਕਰੀਬ ਅੱਠ ਕਿਲੋਮੀਟਰ ਦੀ ਦੂਰੀ 'ਤੇ ਮੋਰਨੀ ਪਹਾੜਾਂ ਦੇ ਨਜ਼ਦੀਕ ਸਥਿਤ, ਬੀੜ ਸ਼ਿਕਾਰਗੜ੍ਹ ਵਾਈਲਡ ਲਾਈਫ਼ ਸੈਂਚਰੀ ਦੇ ਕੋਲ 5 ਏਕੜ ਵਿਚ ਫੈਲਿਆ ਹੋਇਆ ਹੈ | ਇਹ ਨਾਲ ਲਗਦੇ ਰਾਜਾਂ ਅਤੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਵੱਖ-ਵੱਖ ਜਾਨਵਰਾਂ ਅਤੇ ਇਨਸਾਨਾਂ 'ਤੇ ਡਾਈਕਲੋਫਿਨੈਕ ਦੇ ਨੁਕਸਾਨਦਾਇਕ ਪ੍ਰਭਾਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਦਾ ਹੈ | ਇਸ ਵੇਲੇ ਗਿੱਧਾਂ ਨੂੰ ਬਚਾਉਣ ਲਈ ਤਿੰਨ ਹੋਰ ਕੇਂਦਰ ਰਾਣੀ (ਆਸਾਮ) ਵਿਚ, ਬਕਸਾ (ਪੱਛਮੀ ਬੰਗਾਲ) ਵਿਚ ਅਤੇ ਭੋਪਾਲ (ਮੱਧ ਪ੍ਰਦੇਸ਼) ਵਿਚ ਵੀ ਖੋਲ੍ਹੇ ਗਏ ਹਨ ਅਤੇ ਇਸ ਤੋਂ ਇਲਾਵਾ ਜੂਨਾਗੜ੍ਹ (ਗੁਜਰਾਤ), ਨੰਦਨਕਾਨਨ (ਓਡੀਸ਼ਾ), ਹੈਦਰਾਬਾਦ (ਤੇਲੰਗਾਨਾ), ਮੁੱਟਾ (ਝਾਰਖੰਡ) ਵਿਚ ਵੀ ਗਿੱਧਾਂ ਦੀ ਸਾਂਭ-ਸੰਭਾਲ ਲਈ ਕੇਂਦਰ ਖੋਲ੍ਹੇ ਗਏ ਹਨ |
ਜਟਾਯੂ ਕੇਂਦਰ ਪਿੰਜੌਰ ਵਿਚ ਬਣਾਏ ਗਏ ਪੰਜ 'ਪੰਛੀ ਘਰਾਂ' ਵਿਚ ਗਿੱਧਾਂ ਨੂੰ ਕੁਦਰਤੀ ਵਾਤਾਵਰਨ ਪ੍ਰਦਾਨ ਕੀਤਾ ਗਿਆ ਹੈ, ਜਿਥੇ ਉਹ ਆਮ ਦੀ ਤਰ੍ਹਾਂ ਝੁੰਡਾਂ ਦੇ ਰੂਪ ਵਿਚ ਹੀ ਰਹਿੰਦੀਆਂ ਹਨ | ਗਿੱਧਾਂ ਦੀ ਔਸਤ ਉਮਰ ਲਗਪਗ 40-45 ਸਾਲ ਹੁੰਦੀ ਹੈ | ਵੱਖ-ਵੱਖ ਉਮਰ ਸਮੂਹ ਦੀਆਂ ਗਿੱਧਾਂ ਨੂੰ ਰੱਖਣ ਲਈ ਵੱਖ-ਵੱਖ 'ਪੰਛੀ ਘਰ' ਬਣਾਏ ਗਏ ਹਨ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਪੰਛੀ ਘਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਨਾਲ ਗਿੱਧਾਂ ਦੀਆਂ ਬਿਨਾਂ ਕਿਸੇ ਹਿਲ-ਜੁਲ ਦੇ ਹਰ ਤਰ੍ਹਾਂ ਦੀਆਂ ਹਰਕਤਾਂ ਦਾ ਧਿਆਨ ਰੱਖਿਆ ਜਾਂਦਾ ਹੈ |
ਗਿੱਧਾਂ ਦੀ ਖੁਰਾਕ ਵਿਚ ਬੱਕਰੀ ਦਾ ਮੀਟ ਪਰੋਸਿਆ ਜਾਂਦਾ ਹੈ ਅਤੇ ਹਰੇਕ ਗਿੱਧ ਹਫ਼ਤੇ ਵਿਚ ਕਰੀਬ 3-4 ਕਿਲੋ ਮੀਟ ਖਾ ਜਾਂਦੀ ਹੈ | ਕਾਬਲ-ਏ-ਗ਼ੌਰ ਇਹ ਹੈ ਕਿ ਜਿਨ੍ਹਾਂ ਬੱਕਰੀਆਂ ਦਾ ਮੀਟ ਪਰੋਸਿਆ ਜਾਂਦਾ ਹੈ ਉਨ੍ਹਾਂ 'ਤੇ ਡਾਈਕਲੋਫਿਨੈਕ ਦਵਾਈ ਦੇ ਇਸਤੇਮਾਲ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਕਰੀਬ ਇਕ ਹਫ਼ਤਾ ਪਹਿਲਾਂ ਕੇਂਦਰ ਵਿਚ ਲਿਆ ਕੇ ਇਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ |
ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ ਵਿਚ ਮੌਜੂਦਾ ਸਮੇਂ 8 ਗਿੱਧ ਉਡਾਰੀ ਭਰਨ ਲਈ ਤਿਆਰ ਹਨ, ਜਿਨ੍ਹਾਂ ਨੂੰ ਦਸੰਬਰ ਮਹੀਨੇ ਵਿਚ ਖੁੱਲ੍ਹੇ ਅਸਮਾਨ ਵਿਚ ਛੱਡਿਆ ਜਾਵੇਗਾ | ਵਰਨਣਯੋਗ ਗੱਲ ਇਹ ਹੈ ਕਿ ਇਨ੍ਹਾਂ ਸਭ 'ਤੇ ਟਰਾਂਸਮੀਟਰ ਲਗਾਏ ਗਏ ਹਨ, ਜਿਸ ਨਾਲ ਇਨ੍ਹਾਂ 'ਤੇ ਉਡਾਰੀ ਭਰਨ ਤੋਂ ਬਾਅਦ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ |
ਜੇਕਰ ਇਹ ਵਿਲੱਖਣ ਪੰਛੀ ਸਾਡੀ ਧਰਤੀ ਤੋਂ ਪੂਰੀ ਤਰ੍ਹਾਂ ਅਲੋਪ ਹੋ ਜਾਣ ਤਾਂ ਇਹ ਸਾਡੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੋਵੇਗੀ | ਸਦੀਆਂ ਤੋਂ ਇਹ ਨਾ ਕੇਵਲ ਇਸ ਧਰਤੀ ਬਲਕਿ ਇਸ ਆਸਮਾਨ ਦਾ ਵੀ ਇਕ ਹਿੱਸਾ ਰਹੇ ਹਨ | ਆਓ, ਆਪਾਂ ਸਾਰੇ ਰਲ ਕੇ ਇਨ੍ਹਾਂ ਨੂੰ ਅਲੋਪ ਹੋਣ ਤੋਂ ਬਚਾਈਏ |
(ਸਮਾਪਤ)


ਖ਼ਬਰ ਸ਼ੇਅਰ ਕਰੋ

ਵਿਸ਼ਵ ਮੁੱਕੇਬਾਜ਼ੀ ਦੀ ਸਿਖ਼ਰ 'ਤੇ ਪਹੁੰਚੀ ਮੈਰੀਕਾਮ

ਐਮ. ਸੀ. ਮੈਰੀਕਾਮ ਦਾ ਅਰਜਨ ਦੀ ਤਰ੍ਹਾਂ ਬਸ ਟੀਚੇ 'ਤੇ ਨਿਸ਼ਾਨਾ ਸੀ ਅਤੇ ਉਸ ਨੂੰ ਇਸ ਵਿਚ ਸਫਲਤਾ ਵੀ ਮਿਲੀ | ਉਹ ਰਿਕਾਰਡ ਤੋੜ ਅੱਠਵੀਂ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਜਿੱਤ ਕੇ ਸਰਬੋਤਮ ਮਹਾਨ ਮੁੱਕੇਬਾਜ਼ ਬਣ ਗਈ | ਉਸ ਜਿੰਨੇ ਤਗਮੇ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਤੱਕ ਕੋਈ ਵੀ ਮੁੱਕੇਬਾਜ਼ ਨਹੀਂ ਹਾਸਲ ਕਰ ਸਕਿਆ | ਫਿਰ ਚਾਹੇ ਉਹ ਮਰਦ ਹੋਵੇ ਜਾਂ ਔਰਤ ਮੁੱਕੇਬਾਜ਼ | ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਰੀਕਾਮ ਨੇ ਇਹ ਸ਼ਾਨਦਾਰ ਪ੍ਰਾਪਤੀ ਤਿੰਨ ਵੱਖ-ਵੱਖ ਭਾਰ ਵਰਗਾਂ ਵਿਚ ਹਾਸਲ ਕੀਤੀ ਹੈ | ਇਨ੍ਹਾਂ ਵਿਚ ਸ਼ਾਮਿਲ ਹਨ ਪਿਨ-ਵੇਟ (45 ਕਿਲੋ), ਲਾਈਟ-ਫਲਾਈਵੇਟ (48 ਕਿਲੋ) ਅਤੇ ਹੁਣ ਫਲਾਈਵੇਟ (51 ਕਿਲੋ) | ਉਂਝ ਉਹ ਜੇਕਰ 12 ਅਕਤੂਬਰ 2019 ਨੂੰ ਰੂਸ ਦੇ ਉਲਾਨ ਉਦੇ ਸ਼ਹਿਰ ਵਿਚ ਉਹ ਕਾਂਸੀ ਦਾ ਤਗਮਾ ਨਾ ਵੀ ਜਿੱਤਦੀ ਤਾਂ ਵੀ ਉਹ ਦੁਨੀਆ ਦੀ ਸਰਬੋਤਮ ਮਹਿਲਾ ਮੁੱਕੇਬਾਜ਼ ਹੀ ਹੁੰਦੀ ਕਿਉਂਕਿ ਉਹ ਆਇਰਿਸ਼ ਮੁਟਿਆਰ ਕੇਟੀ ਟੇਲਰ ਦੇ ਛੇ ਤਗਮਿਆਂ ਦਾ ਰਿਕਾਰਡ ਪਹਿਲਾਂ ਹੀ ਤੋੜ ਚੁੱਕੀ ਸੀ, ਜਦੋਂ ਪਿਛਲੀ ਵਾਰ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿਚ ਆਪਣਾ ਸੱਤਵਾਂ ਤਗਮਾ ਜਿੱਤਿਆ ਸੀ | ਉਲਾਨ ਉਦੇ ਦੀ ਸਫ਼ਲਤਾ ਤੋਂ ਬਾਅਦ ਉਹ ਮਰਦਾਂ ਅਤੇ ਔਰਤਾਂ ਦੋਵਾਂ ਹੀ ਵਰਗਾਂ ਦੀ ਸਰਬੋਤਮ ਮੁੱਕੇਬਾਜ਼ ਬਣ ਗਈ ਹੈ |
ਮੈਰੀਕਾਮ ਤੋਂ ਪਹਿਲਾਂ ਮਰਦਾਂ ਵਿਚ ਕਿਊਬਾ ਦੇ ਹੈਵੀਵੇਟ ਮੁੱਕੇਬਾਜ਼ ਫੇਲਿਕਸ ਸਵੋਨ ਸਰਬੋਤਮ ਸ਼ਿਖਰ 'ਤੇ ਸੀ, ਜਿਨ੍ਹਾਂ ਨੇ ਆਪਣੇ 20 ਸਾਲਾਂ ਦੇ ਗ਼ੈਰ ਪੇਸ਼ੇਵਰ ਮੁੱਕੇਬਾਜ਼ੀ ਕੈਰੀਅਰ ਵਿਚ ਸੱਤ ਤਗਮੇ ਜਿੱਤੇ ਸਨ ਜਦੋਂ ਕਿ ਉਲਾਨ-ਉਦੇ (ਰੂਸ) ਵਿਚ ਹੋਈ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਵਿਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਕਾਂਸੀ ਦੇ ਤਗਮੇ ਦੇ ਰੂਪ ਵਿਚ ਆਪਣਾ ਅੱਠਵਾਂ ਤਗਮਾ ਜਿੱਤਿਆ | ਮੈਰੀਕਾਮ ਦੇ ਅੱਠ ਤਗਮਿਆਂ ਵਿਚੋਂ ਛੇ ਸੋਨ ਤਗਮਿਆਂ ਤੋਂ ਇਲਾਵਾ ਇਕ ਚਾਂਦੀ ਦਾ ਤਗਮਾ ਅਤੇ ਹੁਣ ਇਕ ਕਾਂਸੀ ਤਗਮਾ ਵੀ ਹੋ ਗਿਆ ਹੈ | ਉਂਝ ਮੈਰੀ ਨੇ ਲੰਡਨ ਉਲੰਪਿਕ 2012 ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਉਹ ਉਲੰਪਿਕ ਦਾ ਤਗਮਾ ਸੀ, ਜਿਸ ਦੀ ਗਿਣਤੀ ਵਿਸ਼ਵ ਚੈਂਪੀਅਨਸ਼ਿਪ ਦੇ ਤਗਮਿਆਂ ਦੇ ਨਾਲ ਨਹੀਂ ਹੁੰਦੀ | ਮੈਰੀ ਨੇ ਇਨ੍ਹਾਂ ਤਗਮਿਆਂ ਦੇ ਜਿੱਤਣ ਦਾ ਸਿਲਸਿਲਾ 2001 ਵਿਚ ਆਪਣਾ ਪਹਿਲਾ ਚਾਂਦੀ ਤਗਮਾ ਜਿੱਤ ਕੇ ਸ਼ੁਰੂ ਕੀਤਾ ਸੀ | ਉਹ ਵਿਸ਼ਵ ਚੈਂਪੀਅਨਸ਼ਿਪ ਦਾ ਪਹਿਲਾ ਪੱਧਰ ਸੀ | ਉਸ ਤੋਂ ਬਾਅਦ ਉਸ ਨੇ ਅਗਲੇ ਪੰਜ ਪੱਧਰਾਂ—2002, 2005, 2006, 2008, 2010 ਅਤੇ 2018 ਵਿਚ ਸੋਨ ਤਗਮੇ ਜਿੱਤੇ | ਦਿੱਲੀ ਵਿਚ 2018 ਤੋਂ ਪਹਿਲਾਂ ਉਸ ਦਾ ਆਖਿਰੀ ਸੋਨ ਤਗਮਾ ਬਿ੍ਜਟਾਊਨ 2010 ਵਿਚ ਆਇਆ ਸੀ |
ਵਰਣਨਯੋਗ ਗੱਲ ਇਹ ਹੈ ਕਿ ਉਸ ਦਾ ਨਵਾਂ ਤਗਮਾ 51 ਕਿਲੋ ਵਿਚ ਆਇਆ ਹੈ ਜੋ ਇਕ ਉਲੰਪਿਕ ਕੈਟਾਗਰੀ ਹੈ | ਵਿਸ਼ਵ ਬਾਕਸਿੰਗ ਵਿਚ ਮੈਰੀਕਾਮ ਉਸ ਸਮੇਂ ਤੋਂ ਤਗਮੇ ਜਿੱਤ ਰਹੀ ਹੈ ਜਦੋਂ ਮਹਿਲਾ ਬਾਕਸਿੰਗ ਉਲੰਪਿਕ ਦਾ ਹਿੱਸਾ ਨਹੀਂ ਬਣੀ ਸੀ | ਜਦੋਂ ਇਹ ਉਲੰਪਿਕ ਦਾ ਹਿੱਸਾ ਬਣੀ ਤਾਂ 48 ਕਿਲੋ ਭਾਰ ਵਰਗ ਨੂੰ ਸ਼ਾਮਿਲ ਨਹੀਂ ਸੀ ਕੀਤਾ ਗਿਆ, ਜਿਸ ਵਿਚ ਮੈਰੀਕਾਮ ਦਾ ਰਾਜ ਸੀ ਅਤੇ ਜੋ ਉਸ ਦਾ ਕੁਦਰਤੀ ਭਾਰ ਹੈ | ਹੁਣ ਉਸ ਨੂੰ ਆਪਣੇ ਤੋਂ ਜ਼ਿਆਦਾ ਤਾਕਤਵਰ ਤੇ ਲੰਬੀਆਂ ਔਰਤਾਂ ਦਾ ਮੁਕਾਬਲਾ 51 ਕਿਲੋ ਵਿਚ ਕਰਨਾ ਪਿਆ ਹੈ | ਵਰਣਨਯੋਗ ਹੈ ਕਿ ਭਾਰ ਘੱਟ ਕਰਨ 'ਤੇ ਤਾਂ ਪੰਚ ਦੀ ਤਾਕਤ ਬਰਕਰਾਰ ਰਹਿੰਦੀ ਹੈ, ਪਰ ਭਾਰ ਵਧਾਉਣ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੈ | ਖ਼ੈਰ, ਮੈਰੀਕਾਮ ਨੇ ਤਗਮੇ ਉਸ ਸਮੇਂ ਜਿੱਤੇ ਹਨ, ਜਦੋਂ ਉਹ ਅੱਲੜ੍ਹ ਸੀ, ਜੌੜੇ ਬੱਚਿਆਂ ਦੀ ਮਾਂ ਸੀ ਅਤੇ ਹੁਣ 36 ਸਾਲ ਦੀ ਉਮਰ ਵਿਚ ਖੇਡ ਤੋਂ ਕੁਝ ਦਿਨਾਂ ਦੇ ਬ੍ਰੇਕ ਤੋਂ ਬਾਅਦ ਰਿੰਗ ਵਿਚ ਵਾਪਸ ਆਈ ਹੈ ਅਤੇ ਭਾਰਤੀ ਸੰਸਦ ਦੇ ਉੱਪਰਲੇ ਸਦਨ ਭਾਵ ਰਾਜ ਸਭਾ ਦੀ ਮੈਂਬਰ ਹੈ |
ਹਾਲਾਂਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਸ਼ਾਨਦਾਰ ਸਫਲਤਾਵਾਂ ਦੇ ਬਾਵਜੂਦ ਮੈਰੀਕਾਮ ਤੋਂ ਇਕ ਵਰਗ ਅਕਸਰ ਇਹ ਕਹਿੰਦਾ ਰਹਿੰਦਾ ਹੈ ਕਿ ਉਹ ਨੌਜਵਾਨ ਦਾਅਵੇਦਾਰਾਂ ਲਈ ਥਾਂ ਛੱਡ ਦੇਵੇ | ਖੇਡ ਨੂੰ ਬਾਇੱਜ਼ਤ ਅਲਵਿਦਾ ਕਹਿ ਦੇਵੇ | ਉਸ ਨੇ ਜੋ ਕੁਝ ਹਾਸਲ ਕੀਤਾ ਹੈ, ਬਸ ਉਸੇ ਵਿਚ ਮਗਨ ਰਹੇ | ਪਰ ਇਸ ਤਾਜ਼ਾ ਤਗਮੇ ਦੇ ਨਾਲ ਮੈਰੀਕਾਮ ਨੇ ਇਸ ਤਰ੍ਹਾਂ ਦੇ ਸਲਾਹਕਾਰਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ | ਉਸ ਦੇ ਤਗਮੇ ਦੀ ਚਮਕ ਨੇ ਉਸ ਨੂੰ ਅਗਲੇ ਕੁਝ ਦਿਨਾਂ ਲਈ ਦਿਖਾਵੇਬਾਜ਼ਾਂ ਅਤੇ ਉਸ ਦੇ ਟਵਿੱਟਰ ਹਿਮਾਇਤੀਆਂ ਨੂੰ ਲੋਕਾਂ ਵਿਚਾਲੇ ਖੂਬ ਖਰੀਆਂ-ਖਰੀਆਂ ਸੁਣਾਏ ਜਾਣ ਦੀ ਸਥਿਤੀ ਪੈਦਾ ਕਰ ਦਿੱਤੀ ਹੈ | ਫਿਲਹਾਲ ਮੈਰੀਕਾਮ ਦੇ ਸਾਰੇ ਆਲੋਚਕ ਇਸ ਸਥਿਤੀ ਵਿਚ ਨਹੀਂ ਰਹਿ ਗਏ ਕਿ ਉਹ ਕਿਸੇ ਵੀ ਸੰਦਰਭ ਵਿਚ ਮੈਰੀ ਦੀ ਆਲੋਚਨਾ ਕਰ ਸਕਣ | ਐਮ. ਸੀ. ਮੈਰੀਕਾਮ ਨੇ ਉਹ ਕਾਰਨਾਮਾ ਕਰ ਦਿਖਾਇਆ ਹੈ, ਜੋ ਉਸ ਤੋਂ ਪਹਿਲਾਂ ਅੱਜ ਤੱਕ ਦੁਨੀਆ ਦੀ ਕੋਈ ਮਹਿਲਾ ਮੁੱਕੇਬਾਜ਼ ਨਹੀਂ ਕਰ ਸਕੀ ਸੀ |
ਫਿਲਹਾਲ, ਤਿੰਨ ਬੱਚਿਆਂ ਦੀ ਮਾਂ ਮੈਰੀਕਾਮ ਨੇ ਇਸ ਸਫਲਤਾ ਨਾਲ ਟੋਕੀਓ ਉਲੰਪਿਕ 2020 ਲਈ ਵੀ ਕੁਆਲੀਫਾਈ ਕਰ ਲਿਆ ਹੈ | ਇਸ ਤਰ੍ਹਾਂ ਉਸ ਨੂੰ ਉਲੰਪਿਕ ਸੋਨ ਤਗਮਾ ਹਾਸਲ ਕਰਨ ਦਾ ਆਪਣਾ ਸੁਪਨਾ ਸਾਕਾਰ ਕਰਨ ਦਾ ਇਕ ਮੌਕਾ ਹੋਰ ਮਿਲ ਜਾਂਦਾ ਹੈ | ਵਰਣਨਯੋਗ ਹੈ ਕਿ ਉਹ ਰੀਓ 2016 ਲਈ ਕੁਆਲੀਫਾਈ ਨਹੀਂ ਕਰ ਸਕੀ ਸੀ, ਜਿਸ ਦਾ ਅਫ਼ਸੋਸ ਉਸ ਨੂੰ ਅੱਜ ਤੱਕ ਹੈ | ਪਰ ਟੋਕੀਓ ਵਿਚ ਵੀ ਉਸ ਲਈ ਰਾਹ ਸੌਖੀ ਨਹੀਂ ਹੋਵੇਗੀ ਕਿਉਂਕਿ ਉਥੇ 48 ਕਿਲੋਗ੍ਰਾਮ ਵਰਗ ਨਹੀਂ ਹੋਵੇਗਾ ਅਤੇ ਉਸ ਨੂੰ 51 ਕਿਲੋ ਭਾਰ ਵਰਗ ਵਿਚ ਲੜਨਾ ਪਵੇਗਾ | ਮੈਰੀਕਾਮ ਵਿਚ ਹਾਲੇ ਭੁੱਖ ਬਾਕੀ ਹੈ | ਇਸ ਲਈ ਉਸ ਦਾ ਸੁਪਨਾ ਪੂਰਾ ਹੋ ਵੀ ਸਕਦਾ ਹੈ | ਉਹ ਕਹਿੰਦੀ ਹੈ, 'ਮੈਨੂੰ ਸੁਪਨੇ ਆਉਂਦੇ ਹਨ ਕਿ ਮੈਂ 2020 ਵਿਚ ਸੋਨ ਤਗਮਾ ਗਲ 'ਚ ਪਾਈ ਪੋਡੀਅਮ ਉੱਤੇ ਖੜ੍ਹੀ ਹਾਂ ਅਤੇ ਤਿਰੰਗਾ ਉੱਪਰ ਉੱਠਦਾ ਹੋਇਆ ਜਾ ਰਿਹਾ ਹੈ ਅਤੇ ਸਟੇਡੀਅਮ ਵਿਚ ਰਾਸ਼ਟਰੀ ਗੀਤ ਵੱਜ ਰਿਹਾ ਹੈ |'
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪਦਮਸ਼੍ਰੀ, ਪਦਮਭੂਸ਼ਣ, ਅਰਜਨ ਪੁਰਸਕਾਰ ਤੇ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਮੈਰੀ ਨੇ ਪੋਲੈਂਡ ਵਿਚ ਹੋਏ 13ਵੇਂ ਸਿਲੇਸੀਅਨ ਓਪਨ ਬਾਕਸਿੰਗ ਟੂਰਨਾਮੈਂਟ ਵਿਚ ਵੀ 48 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ ਸੀ | ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਸਾਲ 2018 ਵਿਚ ਚਾਰ ਸੋਨ ਤਗਮੇ ਜਿੱਤੇ ਸਨ | ਤਿੰਨ ਬੱਚਿਆਂ ਨੂੰ ਜਨਮ ਦੇਣ ਦੇ ਬਾਵਜੂਦ ਉਸ ਦਾ ਬਾਕਸਿੰਗ ਲਈ ਜਨੂੰਨ ਘੱਟ ਨਹੀਂ ਹੋਇਆ ਹੈ | ਇਸ ਦਾ ਸਿਹਰਾ ਉਹ ਆਪਣੇ ਪਤੀ ਤੇ ਪਰਿਵਾਰ ਨੂੰ ਦਿੰਦੀ ਹੈ |
ਮੈਰੀ ਨੇ 2005 ਵਿਚ ਫੁੱਟਬਾਲ ਖਿਡਾਰੀ ਕੇ. ਓਾਲੇਰ ਕਾਮ ਨਾਲ ਵਿਆਹ ਕੀਤਾ ਸੀ | ਰਿੰਗ ਨਾਲੋਂ ਉਸ ਦੀ ਜ਼ਿਆਦਾ ਤਾਕਤ ਘਰਦਿਆਂ ਦੀ ਮਾਨਸਿਕਤਾ 'ਤੇ ਜਿੱਤ ਹਾਸਲ ਕਰਨ ਵਿਚ ਲੱਗੀ ਕਿ ਔਰਤਾਂ ਨੂੰ ਵਿਆਹ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੀਦਾ ਅਤੇ ਵਿਸ਼ੇਸ਼ ਤੌਰ 'ਤੇ ਖੇਡਾਂ ਨੂੰ ਤਾਂ ਬਿਲਕੁਲ ਕੈਰੀਅਰ ਬਣਾਉਣਾ ਹੀ ਨਹੀਂ ਚਾਹੀਦਾ | ਉਸ ਦੀ ਖੇਡ ਮੁੱਕੇਬਾਜ਼ੀ ਹੈ, ਪਰ ਫਿਰ ਵੀ ਇਸ ਨੂੰ ਔਰਤਾਂ ਦੀ ਖੇਡ ਨਹੀਂ ਸਮਝਿਆ ਜਾਂਦਾ | ਮੈਰੀ ਲਈ ਸਾਲ 2007 ਜ਼ਿਆਦਾ ਚੁਣੌਤੀਪੂਰਨ ਹੋ ਗਿਆ ਜਦੋਂ ਉਸ ਨੇ ਆਪਣੇ ਪਹਿਲੇ ਦੋ ਬੇਟਿਆਂ ਨੂੰ ਜਨਮ ਦਿੱਤਾ | ਉਦੋਂ ਉਸ ਨੂੰ ਕਿਹਾ ਜਾਣ ਲੱਗਾ ਕਿ ਇਕ ਮਾਂ ਆਪਣੇ ਬੱਚਿਆਂ ਦੀ ਦੇਖਭਾਲ ਕਿਉਂ ਨਹੀਂ ਕਰਦੀ ਹੈ? ਉਹ ਦੁਨੀਆ ਭਰ ਵਿਚ ਤਗਮੇ ਦੀ ਭਾਲ ਵਿਚ ਕਿਉਂ ਰਹਿੰਦੀ ਹੈ, ਜਦ ਕਿ ਉਸ ਦੇ ਬੱਚੇ ਬਿਨਾਂ ਉਸ ਦੇ ਪਰਵਰਿਸ਼ ਨਾਲ ਪਲ ਰਹੇ ਹਨ?

ਖ਼ੁਸ਼ੀ ਦੀ ਖੋਜ

ਪਿਛਲੇ 200 ਵਰਿ੍ਹਆਂ ਤੋਂ, ਵਿਗਿਆਨ ਦੀ ਪ੍ਰੇਰਨਾ ਅਧੀਨ, ਸੰਸਾਰ ਤੇਜ਼ੀ ਨਾਲ ਬਦਲਦਾ ਰਿਹਾ ਹੈ | ਅਸੀਂ ਵੀ ਪਹਿਲਾਂ ਨਾਲੋਂ ਵੱਧ ਸਹੂਲਤਾਂ ਨਾਲ ਲੈਸ ਜੀਵਨ ਬਿਤਾ ਰਹੇ ਹਾਂ ਅਤੇ ਆਰਥਿਕ ਪੱਖੋਂ ਵੀ ਸੰਸਾਰ ਵਧੇਰੇ ਖ਼ੁਸ਼ਹਾਲ ਹੋਇਆ ਹੈ | ਪਰ ਕੀ ਅਸੀਂ ਪਹਿਲਾਂ ਨਾਲੋਂ ਵੱਧ ਖ਼ੁਸ਼ ਜਾਂ ਸੰਤੁਸ਼ਟ ਜੀਵਨ ਭੋਗ ਰਹੇ ਹਾਂ? ਅਜਿਹਾ ਹੈ ਨਹੀਂ | ਵਿਸ਼ਵ ਦੀ ਅਰੋਗਤਾ ਨਾਲ ਸਬੰਧਤ ਸੰਸਥਾ ਡਬਲਯੂ. ਐਚ. ਓ. ਅਨੁਸਾਰ, ਸੰਸਾਰ ਭਰ ਵਿਚ 30 ਕਰੋੜ ਵਿਅਕਤੀ ਮਨ ਦੀ ਉਦਾਸ ਅਵਸਥਾ ਨਾਲ ਜੂਝ ਰਹੇ ਹਨ | ਅਜਿਹਾ ਹੋਣਾ ਹੀ ਹੋਇਆ, ਜਦ ਕਿ ਖ਼ੁਸ਼ੀ ਪ੍ਰਾਪਤ ਕਰਨ ਦੇ ਸਾਧਨਾਂ ਦੀ ਹੀ ਬਹੁਤਿਆਂ ਨੂੰ ਸਮਝ ਨਹੀਂ | ਬਹੁਤੇ ਅੱਜ ਵੀ ਕੇਵਲ ਆਰਥਿਕ ਖ਼ੁਸ਼ਹਾਲ ਨੂੰ ਖ਼ੁਸ਼ ਰਹਿਣ ਦਾ ਸਾਧਨ ਸਮਝ ਰਹੇ ਹਨ | ਕਈ ਕੌਮਾਂ ਦੀ ਆਰਥਿਕ ਸਥਿਤੀ, ਬੀਤਦੇ ਸਮੇਂ ਨਾਲ, ਸੁਧਰਦੀ ਰਹੀ ਹੈ | ਇਸੇ ਅਨੁਪਾਤ ਨਾਲ ਕੀ ਉਨ੍ਹਾਂ ਦੀਆਂ ਖ਼ੁਸ਼ੀਆਂ 'ਚ ਉਛਾਲ ਆਇਆ ਹੈ? ਅਜਿਹਾ ਲੱਗ ਨਹੀਂ ਰਿਹਾ | ਜਿਵੇਂ ਜਿਵੇਂ ਮਾਨਵੀ ਵਸੋਂ ਵਧ ਰਹੀ ਹੈ, ਤਿਵੇਂ-ਤਿਵੇਂ ਜੀਵਨ ਨੂੰ ਮਧੋਲ ਰਹੀਆਂ ਸਥਿਤੀਆਂ ਦੀ ਸੂਚੀ ਵੀ ਲੰਬੀ ਹੋਈ ਜਾ ਰਹੀ ਹੈ |
ਕਾਸ਼ਤ ਆਰੰਭ ਕਰਨ ਤੋਂ ਪਹਿਲਾਂ ਮਨੁੱਖ ਅੱਜ ਨਾਲੋਂ ਵੱਧ ਸੰਤੁਸ਼ਟ ਜੀਵਨ ਬਿਤਾ ਰਿਹਾ ਸੀ, ਹਾਲਾਂਕਿ ਉਸ ਕੋਲ ਸੀ ਕੁਝ ਵੀ ਨਹੀਂ | ਉਸ ਕੋਲ ਸਿਵਾਏ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਦੇ, ਕਰਨ ਨੂੰ ਵੀ ਹੋਰ ਕੁਝ ਨਹੀਂ ਸੀ | ਸ਼ਿਕਾਰ ਕਰਕੇ ਸ਼ਿਕਾਰੀ ਜਦ ਟਿਕਾਣਿਆਂ 'ਤੇ ਪਰਤਦੇ, ਤਦ ਥਕੇਵੇਂ ਨਾਲ ਚੂਰ ਅਤੇ ਭੁੱਖ ਨਾਲ ਨਿਢਾਲ ਹੁੰਦੇ ਸਨ | ਉਨ੍ਹਾਂ ਦੇ ਥੱਕੇ ਸਰੀਰ ਨੂੰ ਜਦ ਆਰਾਮ ਮਿਲਦਾ ਅਤੇ ਖਾਣ ਨੂੰ ਸ਼ਿਕਾਰ ਕੀਤੇ ਜਾਨਵਰ ਦਾ ਭੁੰਨਿਆ ਮਾਸ, ਤਾਂ ਉਹ ਸਵਰਗ 'ਚ ਝੂਟੇ ਲੈਣ ਜਿਹਾ ਮਹਿਸੂਸ ਕਰਨ ਲਗਦੇ ਸਨ | ਅੱਜ, ਅਜਿਹੇ ਅਨੁਭਵ ਦੇ ਅਧਿਕਾਰੀ ਮਿਹਨਤ ਮੁਸ਼ੱਕਤ ਕਰ ਰਹੇ ਕਾਮੇ-ਕਿਸਾਨ ਵੀ ਨਹੀਂ, ਜਿਨ੍ਹਾਂ ਨੂੰ ਥੱਕ-ਟੁੱਟ ਕੇ ਵੀ ਮਨਭਾਉਣਾ ਪੇਟ ਭਰ ਖਾਣ ਨੂੰ ਨਹੀਂ ਮਿਲ ਰਿਹਾ | ਜਿਨ੍ਹਾਂ ਨੂੰ ਮਨ-ਲੁਭਾਉਣੇ ਪੇਟ ਭਰ ਖਾਣ ਨੂੰ ਮਿਲ ਰਿਹਾ ਹੈ, ਉਹ ਹਨ ਉਦਯੋਗਪਤੀ ਸੇਠ ਅਤੇ ਕੁਰਸੀਆਂ 'ਤੇ ਸੁਸ਼ੋਭਿਤ ਆਗੂ ਅਤੇ ਅਧਿਕਾਰੀ, ਜਿਨ੍ਹਾਂ ਕੋਲ ਹੈ ਬਹੁਤ ਕੁਝ, ਪਰ ਜਿਹੜੇ ਮੁੜ੍ਹਕਾ ਵਗਾਉਣੋ ਝਿਜਕਦੇ ਰਹਿੰਦੇ ਹਨ, ਜਿਸ ਕਾਰਨ ਇਹ ਵੀ ਅਜਿਹੇ ਅਨੁਭਵ ਤੋਂ ਵਾਂਝੇ ਹਨ |
ਕਾਸ਼ਤ ਦਾ ਕਿੱਤਾ ਅਪਣਾ ਲੈਣ ਉਪਰੰਤ ਮਨੁੱਖ ਦੇ ਵਿਚਰਨ 'ਚ ਅਨੇਕਾਂ ਤਬਦੀਲੀਆਂ ਅਤੇ ਸਾਡੇ ਆਪਸੀ ਸਬੰਧ ਪਹਿਲਾਂ ਵਾਂਗ ਨਿੱਘੇ ਨਾ ਰਹੇ | ਕਬੀਲਿਆਂ ਅੰਦਰ ਬਣਿਆ ਰਹਿਣ ਵਾਲਾ ਸ਼ਾਂਤ ਵਾਤਾਵਰਨ ਵੀ ਵਾਦ-ਵਿਵਾਦਾਂ ਦੀ ਭੇਟ ਹੋ ਗਿਆ ਅਤੇ ਆਪਸ 'ਚ ਲੜਨਾ-ਝਗੜਨਾ ਵੀ ਵਧ ਗਿਆ | ਮਾਨਵੀ ਵਸੋਂ 'ਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਅਤੇ ਹੋ ਰਹੀ ਤਰੱਕੀ ਦੇ ਨਤੀਜੇ ਵੀ ਆਨੰਦ-ਦਾਇਕ ਜੀਵਨ ਭੋਗਣ ਅਨੁਕੂਲ ਨਹੀਂ ਨਿਕਲ ਰਹੇ | ਰੋਗ ਵਧ ਰਹੇ ਹਨ; ਵਾਤਾਵਰਨ ਦੂਸ਼ਿਤ ਹੋਈ ਜਾ ਰਿਹਾ ਹੈ; ਭੁਗੋਲਕ ਤਾਪਮਾਨ ਵਧਦਾ ਜਾ ਰਿਹਾ ਹੈ ਅਤੇ ਸਿੱਟੇ ਵਜੋਂ ਰੁੱਤਾਂ ਅਤੇ ਮੌਸਮ ਸੰਜਮੀ ਨਹੀਂ ਰਹੇ | ਕੁਦਰਤੀ ਸ੍ਰੋਤ ਹੀ ਨਹੀਂ, ਵਰਤੋਂ ਯੋਗ ਪਾਣੀ ਵੀ ਥੁੜ੍ਹਦਾ ਜਾ ਰਿਹਾ ਹੈ ਅਤੇ ਹਰ ਬੀਤਦੇ ਪਲ ਜੀਵ-ਨਸਲਾਂ ਸੰਸਾਰੋਂ ਵਿਦਾ ਹੋਈ ਜਾ ਰਹੀਆਂ ਹਨ | ਅਜਿਹੇ ਹਾਲੀਂ, ਜਿਹੜੇ ਫਿਕਰਮੰਦ ਨਹੀਂ ਅਤੇ ਸੰਤੁਸ਼ਟ ਹਨ, ਖ਼ੁਸ਼ ਹਨ, ਵਾਕਿਆਈ ਕਮਾਲ ਕਰ ਰਹੇ ਹਨ |
ਵਿਅਕਤੀਗਤ ਪੱਧਰ ਤੇ ਖ਼ੁਸ਼ੀ-ਪ੍ਰਾਪਤੀ ਦੀ ਸਮੱਸਿਆ ਸਗੋਂ ਹੋਰ ਵੀ ਗੰਭੀਰ ਹੈ | ਖ਼ੁਸ਼ੀ ਹਾਸਲ ਕਰਨ ਲਈ ਵਿਅਕਤੀ ਨੂੰ ਵਿਆਪਕ ਸਥਿਤੀ ਅਨੁਕੂਲ ਰਾਹ ਚੁਣਨ ਦੀ ਲੋੜ ਹੁੰਦੀ ਹੈ | ਲੋੜਵੰਦ ਵਿਅਕਤੀ ਨੂੰ ਜੇਕਰ ਕਿਧਰੋਂ ਦੌਲਤ ਨਸੀਬ ਹੋ ਜਾਵੇ, ਉਸਨੂੰ ਇਸ ਕਾਰਨ ਖ਼ੁਸ਼ੀ ਮਿਲੇਗੀ ਹੀ ਮਿਲੇਗੀ | ਪਰ, ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਹੈ, ਉਨ੍ਹਾਂ ਦੇ ਖਾਤੇ 'ਚ ਵਾਧਾ ਉਨ੍ਹਾਂ ਲਈ ਖ਼ੁਸ਼ੀ ਦਾ ਕਾਰਨ ਕੀ ਬਣਨਾ ਹੋਇਆ |
ਟੱਬਰ 'ਚ ਵਿਆਪਕ ਮਾਹੌਲ ਦੇ ਜੀਵਨ ਬਤੀਤ ਕਰਨ ਨਾਲ ਸਿੱਧੇ ਸਬੰਧ ਹਨ | ਟੱਬਰ 'ਚ ਨਿੱਘੇ ਵਾਤਾਵਰਨ ਦਾ ਬਣਿਆ ਰਹਿਣਾ ਮਨ ਦੀ ਸ਼ਾਂਤੀ ਲਈ ਜ਼ਰੂਰੀ ਹੈ | ਜੀਵਨ ਭਰ ਲਈ ਹਮਦਰਦ ਸਾਥ ਦੇ ਮਿਲ ਜਾਣ ਦਾ ਵੀ ਆਪਣਾ ਹੀ, ਵੱਖਰੀ ਤਰ੍ਹਾਂ ਦਾ ਅਨੰਦ ਹੁੰਦਾ ਹੈ | ਜਿਸ ਜਿਸ ਦੇ ਯੋਗ ਵਿਰਸੇ 'ਚ ਮਿਲੇ ਜੀਨਾਂ ਨੇ ਇਕ ਵਿਅਕਤੀ ਨੂੰ ਬਣਾਇਆ ਹੁੰਦਾ ਹੈ, ਉਸ ਦੀਆਂ ਯੋਗਤਾਵਾਂ ਦਾ ਨਿੱਸਰਨਾ ਸਨੇਹਮਈ ਵਾਤਾਵਰਨ 'ਚ ਹੀ ਸੰਭਵ ਹੈ |
ਨਿਰਾਸ਼ ਹੋਣ ਦਾ ਅਤੇ ਦੁਖੀ ਮਹਿਸੂਸ ਕਰਨ ਦਾ ਕਾਰਨ ਇਹ ਵੀ ਹੈ ਕਿ ਸਾਨੂੰ ਇਕ-ਦੂਜੇ ਤੋਂ ਬਹੁਤ ਕੁਝ ਦੀ ਜਿਹੜੀ ਆਸ ਰਹਿੰਦੀ ਹੈ, ਉਹ ਪੂਰੀ ਘੱਟ-ਵੱਧ ਹੀ ਹੁੰਦੀ ਹੈ | ਵਿਆਪਕ ਸਿਆਸਤ ਦਾ ਤਾਂ ਮੰਤਵ ਹੀ ਲੋਕਾਂ ਦੀਆਂ ਆਸਾਂ ਨੂੰ ਮਘਦਿਆਂ ਰੱਖੀ ਰੱਖਣਾ ਹੈ | ਇਨ੍ਹਾਂ ਚੋਂ ਜਿਹੜੀਆਂ ਪੂਰੀਆਂ ਹੋਣ ਯੋਗ ਹਨ, ਉਹ ਵੀ ਜਦ ਪੂਰੀਆਂ ਨਹੀਂ ਹੁੰਦੀਆਂ, ਤਦ ਨਿਰਾਸ਼ਤਾਵਾਂ ਦੇ ਪ੍ਰਛਾਵਿਆਂ ਦਾ ਲੰਬਾ ਹੋ ਜਾਣਾ ਸੁਭਾਵਕ ਹੈ | ਪਰ, ਜਦ ਜਦ ਵੀ ਕਿਸੇ ਦੀ ਕੋਈ ਆਸ-ਉਮੀਦ ਜਾਂ ਝਾਕ, ਸਮਾਜਿਕ ਪੱਧਰ 'ਤੇ ਜਾਂ ਵਿਅਕਤੀਗਤ ਪੱਧਰ ਤੇ ਪੂਰੀ ਹੋ ਜਾਂਦੀ ਹੈ, ਤਦ ਇਹ ਖ਼ੁਸ਼ੀ ਦਾ ਕਾਰਨ ਬਣ ਜਾਂਦੀ ਹੈ | ਬਰਨਾਰਡ ਸ਼ਾਅ ਤਾਂ ਸਗੋਂ ਸਲਾਹ ਹੀ ਇਹ ਦੇ ਰਿਹਾ ਹੈ :
'ਖ਼ੁਸ਼ ਰਹਿਣ ਲਈ, ਹੋਰਨਾਂ ਤੋਂ ਆਸ-ਉਮੀਦ ਰੱਖਣਾ ਫਜ਼ੂਲ ਹੈ |'
ਖ਼ੁਸ਼ ਜੀਵਨ ਬਤੀਤ ਕਰਨ ਲਈ ਅਰੋਗਤਾ ਅਤੇ ਰੁਝੇਵਾਂ ਅਤੀ ਜ਼ਰੂਰੀ ਹਨ, ਜਿਨ੍ਹਾਂ ਦਾ ਉਕਾ ਹੀ ਕੋਈ ਬਦਲ ਨਹੀਂ | ਅਰੋਗਤਾ ਬਹੁਤ ਹੱਦ ਤਕ ਵਿਰਸੇ 'ਚ ਮਿਲੇ ਜੀਨਾਂ ਉਪਰ ਨਿਰਭਰ ਹੁੰਦੀ ਹੈ | ਪਰ, ਇਸ ਨੂੰ ਸੂਝਵਾਨ ਖਾਣ-ਪੀਣ ਅਤੇ ਸੁਅਸਥਕਾਰੀ ਆਦਤਾਂ ਦੁਆਰਾ ਵੀ ਉਤਸ਼ਾਹਿਤ ਕਰਦੇ ਰਹਿਣਾ ਸੰਭਵ ਹੈ | ਅਰੋਗ ਵਿਅਕਤੀ ਵੀ ਸੰਤੁਸ਼ਟ ਜੀਵਨ ਨਹੀਂ ਭੋਗਦੇ ਜੇਕਰ ਉਹ ਵਿਹਲੇ ਹਨ ਅਤੇ ਮੁੜ੍ਹਕਾ ਵਗਾਉਣ ਦੇ ਉਹ ਆਦੀ ਨਹੀਂ | ਉਨ੍ਹਾਂ ਨੂੰ ਸ਼ਾਮ ਦਾ ਸਵੇਰ ਕਰਨਾ ਅਤੇ ਸਵੇਰ ਦਾ ਸ਼ਾਮ ਕਰਨਾ ਦੁੱਭਰ ਲੱਗਣ ਲਗਦਾ ਹੈ | ਅਜਿਹੇ ਵਿਅਕਤੀ, ਆਪਣੇ ਹੁਸੜੇਪਣ ਦਾ ਇਲਾਜ ਮਨਪਸੰਦ ਰੁਝੇਵਾਂ ਅਪਣਾ ਕੇ ਕਰ ਸਕਦੇ ਹਨ | ਜਿਵੇਂ ਹਰਕਤ ਹਰ ਪ੍ਰਕਾਰ ਦੀ ਆਲਸ ਦਾ ਇਲਾਜ ਹੈ, ਇਸੇ ਤਰ੍ਹਾਂ ਰੁਝੇਵਾਂ ਹਰ ਤਰ੍ਹਾਂ ਦੇ ਅਕੇਵੇਂ ਦਾ ਇਲਾਜ ਹੈ | ਬਰਟਰੰਡ ਰੱਸਲ ਨੇ ਇਸ ਸਥਿਤੀ ਦਾ ਇਸ ਢੰਗ ਨਾਲ ਖੁਲਾਸਾ ਕੀਤਾ ਹੈ :
'ਜਦ ਮੈਂ ਵਿਚਾਰਵਾਨ ਜਾਂ ਸੰਤ-ਮਹਾਤਮਾ ਨਾਲ ਖ਼ੁਸ਼ੀ ਪ੍ਰਾਪਤ ਕਰਨ ਬਾਰੇ ਚਰਚਾ ਕਰਦਾ ਹਾਂ, ਤਦ ਲਗਦਾ ਹੈ ਕਿ ਇਸ ਸਮੱਸਿਆ ਦਾ ਸੁਲਝਣਾ ਸੰਭਵ ਨਹੀਂ | ਪਰ, ਜਦ ਮੈਂ ਮਾਲੀ ਨੂੰ ਬਗ਼ੀਚੇ 'ਚ ਰੱੁਝਿਆ ਵੇਖਦਾ ਹਾਂ, ਤਦ ਇਹ ਸਹਿਲ ਪ੍ਰਾਪਤ ਹੋਣ ਯੋਗ ਅਨੁਭਵ ਲੱਗਣ ਲਗਦਾ ਹੈ |'
ਖ਼ੁਸ਼ੀ ਕਲਾਵੇ 'ਚ ਆਉਣ ਯੋਗ ਵਿਵਸਥਾ ਨਹੀਂ; ਇਹ ਰੁਝੇਵਿਆਂ ਚੋਂ ਰਿਸ ਰਿਹਾ ਅਨੁਭਵ ਹੈ | ਇਸ ਦਾ ਕੋਈ ਵੀ ਰੰਗ ਜਾਂ ਰੂਪ ਹੋ ਸਕਦਾ ਹੈ | ਇਹ ਪਲ ਭਰ ਲਈ ਉਮੜਿਆ ਹੁਲਾਸ ਹੋ ਸਕਦਾ ਹੈ ਅਤੇ ਜਾਂ ਫਿਰ ਲੰਬੇ ਸਮੇਂ ਤਕ ਬਣੀ ਰਹਿਣ ਵਾਲੀ ਸੰਤੁਸ਼ਟਤਾ ਸੰਚਾਰੀ ਅਵਸਥਾ | ਵਿਵਾਦਕ ਪ੍ਰਵਚਨਾਂ ਲਈ ਜਾਣੇ ਜਾਣ ਵਾਲੇ ਬਰਨਾਰਡ ਸ਼ਾਅ ਤੋਂ ਇਕ ਪੱਤਰਕਾਰ ਨੇ ਪੁੱਛਿਆ :
'ਕੀ ਤੁਸੀਂ ਆਪਣੇ ਜੀਵਨ ਤੋਂ ਖ਼ੁਸ਼ ਹੋ ?'
ਉਸ ਦਾ ਉ ੱਤਰ ਸੀ :
'ਮੈਂ ਇੰਨਾ ਰੁੱਝਿਆ ਰਹਿੰਦਾ ਹਾਂ ਕਿ ਮੈਨੂੰ ਇਹ ਸੋਚਣ ਦੀ ਵੀ ਫੁਰਸਤ ਨਹੀਂ ਕਿ ਮੈਂ ਖ਼ੁਸ਼ ਹਾਂ ਜਾਂ ਨਹੀਂ |'
ਖ਼ੁਸ਼ੀ ਦਾ ਅਨੁਭਵ, ਅਸਲ 'ਚ, ਦਿਮਾਗ਼ ਅੰਦਰਲੀ ਰਸਾਇਣਕ ਉਧੇੜ-ਬੁਣ ਦਾ ਸਿੱਟਾ ਹੁੰਦਾ ਹੈ | ਵਾਪਰੀ ਘਟਨਾ, ਬਣੇ ਸਨੇਹਮਈ ਸਬੰਧ, ਮਨ ਨੂੰ ਲੁਭਾਉਂਦੇ ਦਿ੍ਸ਼ ਅਤੇ ਘਾਲੀ ਘਾਲਣਾ 'ਚ ਮਿਲੀ ਸਫਲਤਾ ਦੇ ਪ੍ਰਭਾਵ ਅਧੀਨ ਦਿਮਾਗ਼ ਅੰਦਰ ਉਤੇਜਨਾਵਾਂ ਦਾ ਸੰਚਾਲਨ ਕਰਦੇ ਅਣੂ ਰਿਸਣਾ ਆਰੰਭ ਕਰ ਦਿੰਦੇ ਹਨ | ਦਿਮਾਗ਼ ਅੰਦਰ ਰਿਸਦੇ ਐਾਡਾਰਫਨ ਮਨ ਨੂੰ ਖ਼ੁਸ਼ੀ ਦਾ ਅਨੁਭਵ ਕਰਵਾਉਂਦੇ ਹਨ | ਇਹ ਅਣੂ ਜਦ ਤੱਕ ਦਿਮਾਗ਼ ਵਿਚ ਰਹਿੰਦੇ ਹਨ, ਮਨ ਖੀਵਾ ਹੋਇਆ ਮਹਿਸੂਸ ਕਰਦਾ ਹੈ | ਇਨ੍ਹਾਂ ਦੇ ਖਰਚ ਹੋ ਜਾਣ ਉਪਰੰਤ ਮਨ ਦੀ ਪਹਿਲਾਂ ਵਾਲੀ ਦਸ਼ਾ ਪਰਤ ਆਉਂਦੀ ਹੈ |
ਮਨ ਨੂੰ ਖ਼ੁਸ਼ੀ ਦਾ ਅਨੁਭਵ ਕਰਵਾਉਂਦੇ ਅਣੂਆਂ ਨੂੰ ਜੀਨ ਉਪਜਾਉਂਦੇ ਹਨ | ਜਿਨ੍ਹਾਂ ਨੂੰ ਇਹ ਜੀਨ ਵਿਰਸੇ 'ਚ ਮਿਲੇ ਹੁੰਦੇ ਹਨ, ਉਹ ਮਿਲਣਸਾਰ ਸੁਭਾਓ ਸਹਿਤ ਵਧੀਆ ਦਿਨ ਕੱਟਦੇ ਹਨ | ਇਹ ਵਿਅਕਤੀ ਜੇਕਰ ਨੀਰਸ ਅਵਸਥਾ 'ਚ ਘਿਰਦੇ ਵੀ ਹਨ, ਤਦ ਇਸ ਚੋਂ ਉਭਰਨ 'ਚ ਇਨ੍ਹਾਂ ਨੂੰ ਸਮਾਂ ਨਹੀਂ ਲਗਦਾ | ਜੀਵਨ, ਇਨ੍ਹਾਂ ਲਈ, ਸਾਕਾਰਾਤਮਿਕ ਤਜਰਬਾ ਬਣਿਆ ਬੀਤਦਾ ਹੈ | ਜਿਹੜੇ, ਜੀਨ-ਵਿਰਸੇ ਪੱਖੋਂ ਇਨ੍ਹਾਂ ਜਿਹੇ ਸੁਭਾਗੇ ਨਹੀਂ, ਉਹ ਨੀਰਸਤਾ ਸਮੋਇਆ ਹੁਸੜਿਆ ਜੀਵਨ ਬਤੀਤ ਕਰਦੇ ਹਨ | ਇਹ ਜੋ ਕੁਝ ਵੀ ਕਰ ਰਹੇ ਹੁੰਦੇ ਹਨ, ਉਸ ਨਾਲੋਂ ਵੱਖਰਾ ਕੁਝ ਕਰਨ ਲਈ ਉਤਾਵਲੇ ਰਹਿੰਦੇ ਹਨ | ਜਦ ਜਦ ਵੀ ਇਨ੍ਹਾਂ ਨੂੰ ਜੋ ਚਾਹ ਰਹੇ ਹੁੰਦੇ ਹਨ, ਮਿਲ ਜਾਂਦਾ ਹੈ, ਉਸ ਤੋਂ ਵੀ ਇਹ ਉਪਰਾਮ ਹੋਣ 'ਚ ਸਮਾਂ ਨਹੀਂ ਲੈਂਦੇ | ਸਾਡੇ ਮਨਾਂ ਦੀ ਦਸ਼ਾ, ਇਸ ਤਰ੍ਹਾਂ ਨਾ ਸਹੂਲਤਾਂ ਨਾਲ ਲੈਸ ਰਹਿਣ-ਟਿਕਾਣੇ ਨਿਰਧਾਰਤ ਕਰਦੇ ਹਨ ਅਤੇ ਨਾ ਕਸ਼ਮੀਰ ਦੀਆਂ ਵਾਦੀਆਂ | ਇਸ ਨੂੰ ਨਿਰਧਾਰਤ ਕਰਦੇ ਹਨ ਦਿਮਾਗ਼ ਅੰਦਰ ਰਿਸਦੇ ਰਸ | ਮਿਲੀਆਂ ਸਫਲਤਾਵਾਂ ਜਾਂ ਵਾਪਰੀਆਂ ਘਟਨਾਵਾਂ, ਇਨ੍ਹਾਂ ਦੇ ਰਿਸਣ ਲਈ ਪ੍ਰੇਰਣਾ ਬਣਦੀਆਂ ਹਨ |
350 ਵਰਿ੍ਹਆਂ ਤੋਂ ਅਸੀਂ ਕੀਟਾਣੂਆ ਬਾਰੇ ਜਾਣਕਾਰ ਹਾਂ | ਇਨ੍ਹਾਂ ਨੂੰ ਅਸੀਂ ਰੋਗਾਂ ਦਾ ਕਾਰਨ ਹੀ ਸਮਝਦੇ ਰਹੇ | ਪਰ ਹੁਣ, ਇਨ੍ਹਾਂ ਦੀ ਅਰੋਗਤਾ ਅਤੇ ਮਨ ਨੂੰ ਖ਼ੁਸ਼ ਰੱਖਣ ਦੇ ਪ੍ਰਸੰਗ 'ਚ ਨਿਭਾਈ ਜਾ ਰਹੀ ਭੂਮਿਕਾ ਬਾਰੇ ਸਹਿਜੇ ਸਹਿਜੇ ਜਾਣਕਾਰੀ ਪ੍ਰਾਪਤ ਹੋ ਰਹੀ ਹੈ | ਸਾਡੀਆਂ ਆਂਦਰਾਂ 'ਚ ਪਲ ਰਹੇ ਕੀਟਾਣੂ ਸਾਡੇ ਲਈ ਵਿਟਾਮਿਨ ਉਪਜਾ ਰਹੇ ਹਨ, ਨਾ ਪਚਾਏ ਜਾਣ ਯੋਗ ਖਾਣ-ਪਦਾਰਥਾਂ ਨੂੰ ਪਚਾਏ ਜਾਣ ਯੋਗ ਰੂਪ ਅਰਪਣ ਕਰ ਰਹੇ ਹਨ ਅਤੇ ਰੋਗਾਂ ਦਾ ਕਾਰਨ ਬਣਦੇ ਕੀਟਾਣੂਆਂ ਨੂੰ ਸਰੀਰ ਅੰਦਰ ਟਿਕਣ ਨਹੀਂ ਦੇ ਰਹੇ | ਹੁਣ ਤਾਂ ਇਹ ਭੇਦ ਵੀ ਖੁੱਲ੍ਹ ਰਿਹਾ ਹੈ ਕਿ ਆਂਦਰਾਂ ਵਿਚ ਘਰ ਕਰੀ ਬੈਠੇ ਕੀਟਾਣੂ ਮਨ ਦੀ ਦਸ਼ਾ ਨੂੰ ਵੀ ਪ੍ਰਭਾਵਿਤ ਕਰਨ ਯੋਗ ਹਨ | ਇਹ ਜੀਵਾਣੂ ਦਿਮਾਗ਼ 'ਚ ਰਿਸਦੇ ਹਰ ਤਰ੍ਹਾਂ ਦੇ ਸੰਚਾਲਕ ਰਸ ਨੂੰ ਉਪਜਾ ਸਕਣ ਯੋਗ ਹਨ, ਜਿਨ੍ਹਾਂ ਦੁਆਰਾ ਇਹ ਮਨ ਦੇ ਨੀਰਸ ਅਵਸਥਾ ਚੋਂ ਉਭਰ ਆਉਣ 'ਚ ਸਹਾਈ ਸਿੱਧ ਹੋ ਰਹੇ ਹਨ |
ਖ਼ੁਸ਼ੀ ਦਾ ਅਜਿਹਾ ਸੁਭਾਓ ਹੈ ਕਿ ਜਦ ਇਸ ਦੀ ਚਾਹ ਹੁੰਦੀ ਹੈ, ਇਹ ਨਹੀਂ ਮਿਲਦੀ ਅਤੇ ਮਿਲਦੀ ਹੈ ਤਾਂ ਅਛੋਪਲੇ, ਚਾਹਿਆਂ ਬਿਨਾਂ:
'ਯਿਹ ਜ਼ਿੱਦ ਕਿ ਆਜ ਨਾ ਆਵੇ ਔਰ ਆਏ ਬਿਨ ਨਾ ਰਹੇ,
ਖ਼ੁਸ਼ੀ ਸੇ ਸ਼ਿਕਵਾ ਹਮੇਂ ਕਿਸ ਕਦਰ ਹੈ, ਕਿਆ ਕਹੀਏ |'
ਗ਼ਾਲਿਬ ਦੇ ਇਸ ਸ਼ਿਅਰ 'ਚ 'ਕਜ਼ਾ' ਦਾ 'ਖ਼ੁਸ਼ੀ' ਸ਼ਬਦ ਨਾਲ ਪ੍ਰਤਿਸਥਾਪਨ ਕਰਨ ਦੀ ਗੁਸਤਾਖ਼ੀ ਕਰ ਰਿਹਾ ਹਾਂ |

-ਫੋਨ : 98775-47971

ਭੁੱਲੀਆਂ ਵਿਸਰੀਆਂ ਯਾਦਾਂ

ਸੰਨ 2002 ਵਿਚ ਚੰਡੀਗੜ੍ਹ ਵਿਸ਼ਵ ਪੰਜਾਬੀ ਕਾਨਫ਼ਰੰਸ ਹੋਈ ਸੀ | ਉਸ ਕਾਨਫਰੰਸ ਵਿਚ ਇਹ ਸਾਰੇ ਸਾਹਿਤਕਾਰ ਸ਼ਾਮਿਲ ਹੋਏ ਸਨ | ਸ਼ਾਮ ਦੇ ਸਮੇਂ ਕੁਝ ਸਾਹਿਤਕਾਰ ਆਪਣੇ ਖ਼ੁਸ਼ੀ ਦੇ ਮੂਡ ਵਿਚ ਸਨ | ਜਸਟਿਸ ਸ: ਅਜੀਤ ਸਿੰਘ ਬੈਂਸ ਵੀ ਆਪਣੇ ਰੰਗ ਵਿਚ ਸਨ | ਫਿਰ ਡਾ: ਜੋਗਿੰਦਰ ਸਿੰਘ ਕੈਰੋਂ ਦੇ ਕਹਿਣ 'ਤੇ ਇਨ੍ਹਾਂ ਸਾਰਿਆਂ ਦੀ ਇਹ ਤਸਵੀਰ ਬੈਂਸ ਜੀ ਨਾਲ ਖਿੱਚੀ ਗਈ ਸੀ |

-ਮੋਬਾਈਲ : 98767-41231

ਕਿੱਸੇ ਅੰਗੂਠਾ ਛਾਪਾਂ ਦੇ

ਬੜੇ ਸਾਲ ਪਹਿਲਾਂ ਮੈਂ ਅੰਗੇਰਜ਼ੀ 'ਚ ਲਿਖੀ ਇਕ ਕਹਾਣੀ ਪੜ੍ਹੀ ਸੀ ਜੋ ਮੈਨੂੰ ਅੱਜ ਤੱਕ ਯਾਦ ਹੈ | ਇਕ ਸੋਲਾਂ ਸਾਲ ਦਾ ਲੜਕਾ ਚਰਚ ਦਾ ਘੜਿਆਲ ਵਜਾਉਣ ਦੀ ਨੌਕਰੀ ਕਰਦਾ ਸੀ | ਉਹ ਬੜੀ ਸ਼ਿੱਦਤ ਨਾਲ ਆਪਣੀ ਡਿਊਟੀ ਕਰਦਾ ਸੀ | ਇਕ ਦਿਨ ਵੱਡਾ ਪਾਦਰੀ ਚਰਚ ਦੇ ਦੌਰੇ 'ਤੇ ਆਇਆ | ਉਸ ਨੇ ਲੜਕੇ ਦਾ ਕੰਮ ਵੇਖਿਆ ਤੇ ਉਸ ਨੂੰ ਆਖਿਆ, 'ਬੇਟਾ ਤੂੰ ਕੰਮ ਬਹੁਤ ਵਧੀਆ ਕਰਦਾ ਹੈਾ, ਕਿੰਨਾ ਪੜਿ੍ਹਆ ਹੈਾ?
'ਸਰ ਮੈਂ ਤਾਂ ਬਿਲਕੁਲ ਅਨਪੜ੍ਹ ਹਾਂ |'
'ਹੈਾ, ਬਿਲਕੁਲ ਅਨਪੜ੍ਹ | ਫਿਰ ਤਾਂ ਤੂੰ ਇਸ ਨੌਕਰੀ 'ਤੇ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਚਰਚ ਵਿਚ ਕੋਈ ਵੀ ਨੌਕਰੀ ਕਰਨ ਲਈ ਦਸਵੀਂ ਪਾਸ ਹੋਣਾ ਜ਼ਰੂਰੀ ਹੈ |'
ਲੜਕੇ ਨੇ ਬੜੇ ਤਰਲੇ ਕੀਤੇ | ਪਰ ਉਸ ਦੀ ਇਕ ਨਾ ਸੁਣੀ ਗਈ | ਉਸ ਦੀ ਬਣਦੀ ਤਨਖਾਹ ਦੇ ਪੈਸੇ ਦੇ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ | ਲਾਚਾਰ ਤੇ ਉਦਾਸ ਲੜਕੇ ਨੇ ਆਤਮ-ਹੱਤਿਆ ਕਰਨ ਦੀ ਸੋਚੀ ਤੇ ਰੋਂਦਾ-ਰੋਂਦਾ ਸਮੰੁਦਰ ਵੱਲ ਤੁਰ ਪਿਆ | ਉਸ ਨੂੰ ਖਿਆਲ ਆਇਆ ਕਿ ਮਰਨ ਤੋਂ ਪਹਿਲਾਂ ਇਕ ਸਿਗਰਟ ਪੀ ਲਈ ਜਾਵੇ | ਸਿਗਰਟ ਖਰੀਦਣ ਦੀ ਤਲਾਸ਼ ਵਿਚ ਇਕ ਗਲੀ ਵਿਚ ਫਿਰ ਦੂਜੀ ਵਿਚ ਕਈ ਮੀਲ ਪੈਦਲ ਤੁਰਿਆ, ਪਰ ਇਕ ਵੀ ਸਿਗਰਟ ਦੀ ਦੁਕਾਨ ਨਾ ਮਿਲੀ | ਉਸ ਨੇ ਸੋਚਿਆ ਮੇਰੀ ਤਰ੍ਹਾਂ ਕਿਨੇ ਹੀ ਲਾਚਾਰ ਤੇ ਉਦਾਸ ਲੋਕਾਂ ਨੂੰ ਸਿਗਰਟ ਪੀਣ ਦੀ ਤਲਬ ਹੁੰਦੀ ਹੋਵੇਗੀ ਪਰ ਕੋਈ ਦੁਕਾਨ ਨਹੀਂ | ਸੋ, ਉਸ ਨੇ ਆਤਮ-ਹੱਤਿਆ ਦਾ ਵਿਚਾਰ ਛੱਡ ਕੇ ਗਲੀ ਵਿਚ ਸਿਗਰਟਾਂ ਵੇਚਣ ਦਾ ਫੈਸਲਾ ਕਰ ਲਿਆ | ਇਕ ਦੁਕਾਨਦਾਰ ਤੋਂ ਥੋੜ੍ਹੀ ਜਿਹੀ ਜਗ੍ਹਾ ਲੈ ਕੇ ਸਿਗਰਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ | ਥੋੜ੍ਹੇ ਸਮੇਂ ਬਾਅਦ ਉਸ ਨੇ ਆਪਣੀ ਦੁਕਾਨ ਖਰੀਦ ਲਈ | ਆਪਣੀ ਮਿਹਨਤ, ਸ਼ਿੱਦਤ ਤੇ ਸੂਝ-ਬੂਝ ਦੇ ਬਲ 'ਤੇ ਉਹ ਕਈ ਦੁਕਾਨਾਂ ਦਾ ਮਾਲਕ ਤੇ ਇਕ ਵੱਡਾ ਤੇ ਸਫਲ ਅਮੀਰ ਬਿਜ਼ਨੈਸਮੈਨ ਬਣ ਗਿਆ | ਲਿਖਣ-ਪੜ੍ਹਨ ਦਾ ਕੰਮ ਕਰਨ ਲਈ ਬੰਦੇ ਰੱਖ ਲਏ | ਬੈਂਕ ਦਾ ਕੰਮਕਾਜ ਉਹ ਹੀ ਕਰਦੇ ਸੀ ਤੇ ਉਹ ਆਪ ਕਦੇ ਬੈਂਕ ਨਹੀਂ ਸੀ ਗਿਆ | ਇਕ ਵਾਰ ਬੈਂਕ ਦੇ ਨਵੇਂ ਮੈਨੇਜਰ ਨੇ ਉਸ ਦਾ ਸਨਮਾਨ ਕਰਨ ਲਈ ਸੱਦਾ ਦਿੱਤਾ | ਬੈਂਕ ਵਿਚ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਬੈਂਕ ਮੈਨੇਜਰ ਨੇ ਉਸ ਨੂੰ ਵਿਜ਼ਿਟਰ ਬੁੱਕ ਵਿਚ ਕੁਝ ਸ਼ਬਦ ਲਿਖਣ ਲਈ ਬੇਨਤੀ ਕੀਤੀ | ਉਸ ਨੇ ਕਿਹਾ, 'ਮੈਂ ਲਿਖ ਨਹੀਂ ਸਕਦਾ ਮੈਂ ਤਾਂ ਬਿਲਕੁਲ ਅਨਪੜ੍ਹ ਹਾਂ |'
ਬੈਂਕ ਮੈਨੇਜਰ ਹੈਰਾਨ ਹੋ ਗਿਆ ਤੇ ਬੋਲਿਆ, 'ਸਰ ਤੁਸੀਂ ਅਨਪੜ੍ਹ ਹੋ ਕੇ ਵੀ ਏਨੇ ਕਾਮਯਾਬ ਹੋ, ਜੇ ਤੁਸੀਂ ਪੜ੍ਹੇ-ਲਿਖੇ ਹੁੰਦੇ ਤਾਂ ਕੀ ਹੁੰਦਾ |'
ਉਸ ਨੇ ਮੁਸਕਰਾ ਕੇ ਕਿਹਾ, 'ਤਾਂ ਮੈਂ ਅੱਜ ਵੀ ਚਰਚ ਦਾ ਘੜਿਆਲ ਵਜਾ ਰਿਹਾ ਹੁੰਦਾ |'
ਇਸ ਕਹਾਣੀ ਦਾ ਹੀਰੋ ਮੈਨੂੰ ਫਿਲਮ 'ਥ੍ਰੀ ਇਡੀਅਟਸ' ਵਿਚ ਸ਼ਿਮਲੇ ਦੇ ਅਮੀਰ ਪਰ ਅਨਪੜ੍ਹ ਬਿਜ਼ਨੈਸਮੈਨ ਰਣਚੋਰਦਾਸ ਜੋ ਆਪਣੇ ਲੜਕੇ ਲਈ ਕਿਸੇ ਵੀ ਕੀਮਤ ਤੇ ਡਿਗਰੀ ਹਾਸਲ ਕਰਨੀ ਚਾਹੁੰਦਾ ਹੈ, ਵਲੋਂ ਸਕੂਲ ਮਾਸਟਰ ਨਾਲ ਬੋਲਿਆ ਡਾਇਲਾਗ ਯਾਦ ਕਰਾਉਂਦਾ ਹੈ | 'ਮੈਂ ਇਸ ਆਲੀਸ਼ਾਨ ਬੰਗਲੇ ਤੇ ਵੱਡੀ ਅਸਟੇਟ ਦਾ ਮਾਲਕ ਹਾਂ, ਸਭ ਮੇਰਾ ਮਾਨ-ਸਨਮਾਨ ਕਰਦੇ ਹਨ ਪਰ ਮੇਰੀ ਪਿੱਠ ਪਿਛੇ ਮੈਨੂੰ 'ਅੰਗੂਠਾ ਛਾਪ' ਕਹਿੰਦੇ ਹਨ |'
ਕਹਾਣੀ ਤੇ ਫਿਲਮੀ ਡਾਇਲਾਗ ਦਾ ਸਬਕ ਇਹ ਹੈ ਕਿ ਜੋ ਬੰਦਾ ਨਾ ਵੀ ਪੜਿ੍ਹਆ-ਲਿਖਿਆ ਹੋਵੇ, ਨਾ ਹੀ ਉਸ ਕੋਲ ਵੱਡੀਆਂ-ਵੱਡੀਆਂ ਡਿਗਰੀਆਂ ਹੋਣ ਪਰ ਜੇ ਉਸ ਵਿਚ ਕੋਈ ਵੀ ਕੰਮ ਕਰਨ ਦਾ ਜਜ਼ਬਾ ਹੈ, ਸੂਝ-ਬੂਝ ਹੈ, ਸਿਆਣਪ ਹੈ ਤੇ ਰਿਸਕ ਲੈਣ ਦੀ ਹਿੰਮਤ ਹੈ ਤਾਂ ਉਹ ਕਿਤੇ ਤੋਂ ਕਿਤੇ ਪਹੁੰਚ ਸਕਦਾ ਹੈ | ਮਹਾਰਾਜਾ ਰਣਜੀਤ ਸਿੰਘ, ਬਾਦਸ਼ਾਹ ਅਕਬਰ, ਛਤਰਪਤੀ ਸ਼ਿਵਾ ਜੀ ਮਹਾਰਾਜ ਅਨਪੜ੍ਹ ਮੰਨੇ ਜਾਂਦੇ ਹਨ ਪਰ ਇਨ੍ਹਾਂ ਨੇ ਸਹੀ ਤੇ ਬੁੱਧੀਮਾਨ ਨੀਤੀਆਂ ਬਣਾਈਆਂ ਤੇ ਮਹਾਨ ਸਫਲ ਸ਼ਾਸਕ ਮੰਨੇ ਗਏ | ਨਾਲ ਦੀ ਨਾਲ ਦਿੱਲੀ ਦਾ ਸੁਲਤਾਨ ਮੁਹੰਮਦ ਤੁਗਲਕ ਪੜਿ੍ਹਆ-ਲਿਖਿਆ ਸੀ, ਪਰ ਉਸ ਦੀਆਂ ਸਾਰੀਆਂ ਨੀਤੀਆਂ ਫੇਲ੍ਹ ਹੋ ਗਈਆਂ | ਅੱਜ ਵੀ ਸਰਕਾਰ ਦੇ ਗ਼ਲਤ ਫੈਸਲੇ ਜਾਂ ਆਦੇਸ਼ ਨੂੰ 'ਤੁਗਲਕੀ ਫੁਰਮਾਨ' ਕਹਿ ਕੇ ਨਿੰਦਿਆ ਜਾਂਦਾ ਹੈ |
ਮੈਂ ਪੜ੍ਹਾਈ ਦੇ ਖਿਲਾਫ਼ ਨਹੀਂ ਹਾਂ | ਪੜ੍ਹਾਈ ਤਾਂ ਸੂਝ-ਬੂਝ ਤੇ ਬੁੱਧੀਮਾਨੀ ਨੂੰ ਚਾਰ ਚੰਨ ਲਗਾ ਦਿੰਦੀ ਹੈ | ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ | ਪਰ ਅੱਜ ਵੀ ਜਦੋਂ ਲੋਕੀਂ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਉਣ ਤੇ ਡਿਗਰੀਆਂ ਹਾਸਲ ਕਰਨ ਲਈ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ, ਕਈ ਲੋਕਾਂ ਦੇ ਬੱਚੇ ਆਮ ਸਕੂਲਾਂ ਵਿਚ ਪੜ੍ਹ ਕੇ ਜਾਂ ਕੋਈ ਵੱਡੀ ਡਿਗਰੀ ਨਾ ਹਾਸਲ ਕਰਕੇ ਵੀ ਜ਼ਿੰਦਗੀ ਵਿਚ ਸਫਲ ਹੋ ਜਾਂਦੇ ਹਨ |
ਪਰ ਜਿਹੜੀ ਗੱਲ ਨੇ ਮੈਨੂੰ ਸ਼ਸ਼ੋਪੰਜ ਵਿਚ ਪਾਇਆ ਹੈ, ਉਹ ਹੈ ਕਿ ਅੱਜ ਦੇ ਸਮੇਂ ਇਕ ਪਾਸੇ ਤਾਂ ਅਸੀਂ 'ਅੰਗੂਠਾ ਛਾਪਾਂ' ਦਾ ਮਜ਼ਾਕ ਉਡਾਉਂਦੇ ਹਾਂ, ਉਨ੍ਹਾਂ ਨੂੰ ਨਕਾਰਦੇ ਹਾਂ ਪਰ ਦੂਜੇ ਪਾਸੇ ਜੇਕਰ ਰਾਸ਼ਨ ਕਾਰਡ ਬਣਾਉਣਾ ਹੋਵੇ, ਅਧਾਰ ਕਾਰਡ ਬਣਾਉਣਾ ਹੋਵੇ, ਬੈਂਕ ਵਿਚ ਖਾਤਾ ਖੋਲ੍ਹਣਾ ਹੋਵੇ, ਮੁਲਕ ਤੋਂ ਬਾਹਰ ਜਾਣ ਲਈ ਵੀਜ਼ਾ ਲਗਾਉਣਾ ਹੋਵੇ, ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣੀ ਹੋਵੇ, ਸਭ ਥਾਂ 'ਤੇ ਸਾਡੀ ਫੋਟੋ ਤੇ ਦਸਤਖਤਾਂ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਅੰਗੂਠੇ ਦੀ ਛਾਪ | ਸੋ, ਅਸੀਂ ਸਾਰੇ ਬਣ ਗਏ ਹਾਂ ਪੜ੍ਹੇ-ਲਿਖੇ 'ਅੰਗੂਠਾ ਛਾਪ' | ਇਸ ਦੇ ਕਾਰਨ ਤਾਂ ਵੱਖ-ਵੱਖ ਦੱਸੇ ਜਾ ਰਹੇ ਹਨ, ਕਿਹਾ ਜਾ ਰਿਹਾ ਹੈ ਬੰਦੇ ਦੀ ਹੋਂਦ ਸਥਾਪਤ ਕਰਨ ਲਈ ਉਸ ਦੀ ਪਹਿਚਾਣ ਜਾਨਣ ਲਈ, ਦੇਸ਼ ਦੀ ਸੁਰੱਖਿਆ ਲਈ, ਨਾਗਰਿਕਾਂ ਦੀ ਛਾਣਬੀਣ ਕਰਨ ਲਈ ਅੰਗੂਠੇ ਦੀ ਛਾਪ ਜ਼ਰੂਰੀ ਹੈ | ਜੇਕਰ ਵਧੀ ਹੋਈ ਉਮਰ ਦੇ ਕਾਰਨ ਜਾਂ ਫਿਰ ਮਿਹਨਤ ਮੁਸ਼ੱਕਤ ਕਰਨ ਦੇ ਕਾਰਨ ਮਸ਼ੀਨ ਤੇ ਸਾਡੇ ਅੰਗੂਠੇ ਦੀ ਛਾਪ ਨਹੀਂ ਆਉਂਦੀ ਤਾਂ ਕੰਮ ਅਧੂਰਾ ਰਹਿ ਜਾਂਦਾ ਹੈ | ਲਗਦਾ ਹੈ ਸਾਨੂੰ ਸਾਰੇ ਪੜ੍ਹੇ-ਲਿਖੇ 'ਅੰਗੂਠਾ ਛਾਪਾਂ' ਨੂੰ ਪੜ੍ਹਾਈ ਦੇ ਨਾਲ-ਨਾਲ ਆਪਣਿਆਂ ਅੰਗੂਠਿਆਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਮਸ਼ੀਨ ਤੇ ਇਨ੍ਹਾਂ ਦੀ ਛਾਪ ਸਹੀ ਆ ਸਕੇ |

-46 ਕਰਤਾਰਪੁਰ, ਡਾ: ਸੂਲਰ, ਪਟਿਆਲਾ |
ਮੋਬਾਈਲ : 95015-31277.

ਪਾਲੀਵੁੱਡ ਝਰੋਖਾ ਸਿਰਮੌਰ ਪੰਜਾਬੀ ਨਾਇਕਾ : ਸ਼ਿਆਮਾ

ਸ਼ਿਆਮਾ ਬਾਰੇ ਇਹ ਮਸ਼ਹੂਰ ਸੀ ਕਿ ਜਿਸ ਤਰ੍ਹਾਂ ਹਿੰਦੀ ਫ਼ਿਲਮਾਂ 'ਚ ਸ਼ੰਮੀ ਕਪੂਰ ਫ਼ਿਲਮੀ ਗੀਤਾਂ ਨੂੰ ਪਰਦੇ 'ਤੇ ਜੀਵਤ ਕਰ ਸਕਦਾ ਹੈ, ਉਸੇ ਹੀ ਤਰ੍ਹਾਂ ਸ਼ਿਆਮਾ ਵੀ ਸੰਗੀਤ ਜਾਂ ਗੀਤ ਦੀ ਪ੍ਰਵਿਰਤੀ ਦੇ ਅਨੁਸਾਰ ਅਦਾਕਾਰੀ ਕਰ ਸਕਦੀ ਸੀ | ਇਸ ਸਬੰਧ 'ਚ ਉਸ ਦੀਆਂ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਦੇ ਗੀਤ ਇਸ ਦਿ੍ਸ਼ਟੀਕੋਣ ਦੀ ਪ੍ਰੋੜਤਾ ਕਰਦੇ ਹਨ | 'ਆਰ ਪਾਰ', 'ਭਾਬੀ' ਅਤੇ 'ਬਰਸਾਤ ਕੀ ਰਾਤ' ਵਰਗੀਆਂ ਕਲਾਸੀਕਲ ਫ਼ਿਲਮਾਂ ਨੂੰ ਸਦੀਵੀ ਸੰਗੀਤਕ ਰੂਪ ਦੇਣ ਵਿਚ ਸ਼ਿਆਮਾ ਦਾ ਬਹੁਤ ਵੱਡਾ ਯੋਗਦਾਨ ਸੀ |
ਸ਼ਿਆਮਾ ਦਾ ਅਸਲੀ ਨਾਂਅ ਖ਼ੁਰਸ਼ੀਦ ਅਖ਼ਤਰ ਸੀ | ਉਸ ਦਾ ਜਨਮ 7 ਜੂਨ, 1935 ਨੂੰ ਲਾਹੌਰ 'ਚ ਹੋਇਆ ਸੀ | ਸ਼ਿਆਮਾ ਵਾਲਾ ਨਾਂਅ ਉਸ ਨੂੰ ਨਿਰਦੇਸ਼ਕ ਵਿਜੈ ਭੱਟ ਨੇ ਦਿੱਤਾ ਸੀ | ਲਾਹੌਰ ਤੋਂ ਹੀ ਸ਼ਿਆਮਾ ਨੇ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕੀਤਾ ਸੀ | ਇਸ ਦਿ੍ਸ਼ਟੀਕੋਣ ਤੋਂ ਹੀ ਉਸ ਨੇ ਆਪਣਾ ਨਾਤਾ ਪੰਜਾਬੀ ਫ਼ਿਲਮਾਂ ਦੇ ਨਾਲ ਵੀ ਜੋੜਿਆ ਸੀ | ਇਸ ਸਬੰਧ 'ਚ ਉਸ ਦੀਆਂ ਦੋ ਫ਼ਿਲਮਾਂ 'ਕੌਡੇ ਸ਼ਾਹ', 'ਪੋਸਤੀ' ਸਦਾ ਹੀ ਪੰਜਾਬੀ ਫ਼ਿਲਮਾਂ ਦੇ ਇਤਿਹਾਸ 'ਚ ਦਰਜ ਰਹਿਣਗੀਆਂ |
ਜਦੋਂ ਸ਼ਿਆਮਾ ਨੇ ਪੰਜਾਬੀ ਸਿਨੇਮਾ ਦੇ ਖ਼ੇਤਰ 'ਚ ਪ੍ਰਵੇਸ਼ ਕੀਤਾ ਸੀ ਤਾਂ ਉਸ ਸਮੇਂ ਨੂਰਜਹਾਂ ਵੀ ਰਜਤਪਟ 'ਤੇ ਦਸਤਕ ਦੇ ਰਹੀ ਸੀ | ਦੋਵਾਂ ਨੇ ਹੀ ਪੰਜਾਬੀ ਸਿਨੇਮਾ ਤੋਂ ਜਲਦੀ ਕਿਨਾਰਾ ਕਰ ਕੇ ਉਰਦੂ-ਹਿੰਦੀ ਫ਼ਿਲਮਾਂ ਦਾ ਪੱਲਾ ਫੜ ਲਿਆ ਸੀ | ਲਿਹਾਜ਼ਾ, ਸ਼ਿਆਮਾ ਵੀ ਲਾਹੌਰ ਤੋਂ ਮੰੁਬਈ ਆ ਗਈ ਸੀ | ਪੰਜਾਬੀ ਫ਼ਿਲਮਾਂ 'ਚ ਉਸ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਬਣੀਆਂ ਕਿਰਤਾਂ 'ਚ ਹੀ ਭਾਗ ਲਿਆ ਸੀ | ਕਿਉਂਕਿ ਉਸ ਸਮੇਂ ਭਾਰਤੀ ਸਿਨੇਮਾ ਦਾ ਵਿਸਤਾਰ ਹੋ ਰਿਹਾ ਸੀ | ਇਸ ਲਈ ਸ਼ਿਆਮਾ ਨੇ ਪ੍ਰਾਂਤਿਕ ਸਿਨੇਮਾ ਤੋਂ ਬਾਅਦ ਰਾਸ਼ਟਰੀ ਸਿਨੇਮਾ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਸੀ | ਇਸ ਦਿ੍ਸ਼ਟੀਕੋਣ ਤੋਂ ਉਸ ਨੇ 200 ਦੇ ਕਰੀਬ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਸੀ |
ਭਾਵੇਂ ਸ਼ਿਆਮਾ ਨੇ ਪੰਜਾਬੀ ਸਿਨੇਮਾ ਨਾਲ ਬਹੁਤਾ ਜਾਂ ਨਿਰੰਤਰ ਸੰਪਰਕ ਨਹੀਂ ਰੱਖਿਆ ਸੀ ਪਰ ਉਸ ਨੇ ਪਾਲੀਵੁੱਡ ਦੀਆਂ ਨਾਇਕਾਵਾਂ ਲਈ ਇਕ ਮਾਰਗ-ਦਰਸ਼ਕ ਦਾ ਕੰਮ ਕੀਤਾ ਸੀ | ਜਿਸ ਵੇਲੇ ਉਸ ਨੇ ਪੰਜਾਬੀ ਫ਼ਿਲਮਾਂ ਲਈ ਨਾਇਕਾ ਬਣਨਾ ਸਵੀਕਾਰ ਕੀਤਾ, ਉਸ ਵੇਲੇ ਬਹੁਤ ਘੱਟ ਅਭਿਨੇਤਰੀਆਂ ਇਸ ਪ੍ਰਾਂਤਿਕ ਸਿਨੇਮਾ ਲਈ ਪ੍ਰਤੀਬੱਧ ਸਨ |
ਇਕ ਦੂਜੀ ਪ੍ਰਾਪਤੀ ਸ਼ਿਆਮਾ ਦੀ ਇਹ ਵੀ ਰਹੀ ਕਿ ਉਸ ਨੇ ਰੁਮਾਂਟਿਕ ਕਾਮੇਡੀ ਨੂੰ ਲੱਚਰਪੁਣੇ ਤੋਂ ਦੂਰ ਰੱਖਿਆ | ਸ਼ਿਆਮਾ ਨੇ 'ਪੋਸਤੀ' ਵਿਚਲੇ ਗਾਣੇ ਇਸ ਲਹਿਜ਼ੇ 'ਚ ਪੇਸ਼ ਕੀਤੇ ਕਿ ਦਰਸ਼ਕ ਹਰ ਆਉਣ ਵਾਲੀ ਫ਼ਿਲਮ 'ਚੋਂ ਉਸ ਦਾ ਅਕਸ ਲੱਭਣ ਲੱਗ ਪਏ ਸਨ |
ਸ਼ਿਆਮਾ ਦਾ ਪੰਜਾਬੀ ਸਿਨੇਮਾ ਤੋਂ ਦੂਰ ਜਾਣਾ ਇਕ ਵਪਾਰਕ ਮਜਬੂਰੀ ਜ਼ਰੂਰ ਹੋ ਸਕਦਾ ਹੈ ਪਰ ਉਹ ਪੰਜਾਬ ਤੋਂ ਕਦੇ ਵੀ ਦੂਰ ਨਹੀਂ ਸੀ ਹੋਈ | ਨਿਰਮਾਤਾ-ਨਿਰਦੇਸ਼ਕ ਜੁਗਲ ਕਿਸ਼ੋਰ ਅਕਸਰ ਆਪਣੀਆਂ ਹਿੰਦੀ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ਜਾਂ ਹਿਮਾਚਲ ਆ ਕੇ ਕਰਦਾ ਹੁੰਦਾ ਸੀ | ਸ਼ਿਆਮਾ ਉਚੇਚੇ ਤੌਰ 'ਤੇ ਆਪਣੇ ਲਈ ਉਸ ਕੋਲ ਕਿਸੇ ਰੋਲ ਦੀ ਮੰਗ ਕਰਨ ਜਾਂਦੀ ਹੁੰਦੀ ਸੀ ਤਾਂ ਕਿ ਉਹ ਇਸੇ ਬਹਾਨੇ ਪੰਜਾਬ ਆ ਸਕੇ |
ਆਪਣੀਆਂ ਭੂਮਿਕਾਵਾਂ ਦੀ ਤਰ੍ਹਾਂ ਸ਼ਿਆਮਾ ਨਿੱਜੀ ਜੀਵਨ 'ਚ ਵੀ ਬਹੁਤ ਹੀ ਬਿੰਦਾਸ ਸੀ | ਉਸ ਨੇ ਇਕ ਪਾਰਸੀ (ਫਾਲੀ ਮਿਸਤਰੀ) ਨਾਲ ਸ਼ਾਦੀ ਕੀਤੀ ਸੀ | ਬੇਸ਼ੱਕ ਉਸ ਦੀ ਆਪਣੀ ਹੀ ਬਿਰਾਦਰੀ ਦਿਆਂ ਲੋਕਾਂ ਨੇ ਇਸ ਸ਼ਾਦੀ ਦੀ ਵਿਰੋਧਤਾ ਕੀਤੀ ਸੀ ਪਰ ਸ਼ਿਆਮਾ ਨੇ ਉਦੋਂ ਵੀ ਕਿਹਾ ਸੀ ਕਿ 'ਮੈਂ ਸਿਰਫ਼ ਇਨਸਾਨੀਅਤ 'ਚ ਵਿਸ਼ਵਾਸ ਰੱਖਦੀ ਹਾਂ, ਧਾਰਮਿਕ ਬੰਧਨ ਮੈਨੂੰ ਸਵੀਕਾਰ ਨਹੀਂ |'
ਸ਼ਿਆਮਾ ਨੇ ਆਪਣੇ ਫਲੈਟ 'ਚ ਆਪਣੇ ਦੋ ਪੁੱਤਰਾਂ ਨਾਲ ਰਿਟਾਇਰਡ ਜੀਵਨ ਸਫਲਤਾਪੂਰਵਕ ਬਤੀਤ ਕੀਤਾ ਸੀ | ਉਸ ਦੀ ਇਕ ਬੇਟੀ ਵੀ ਹੈ ਜੋ ਕਿ ਇੰਗਲੈਂਡ ਵਿਆਹੀ ਹੋਈ ਹੈ |
ਕੁਝ ਸਮਾਂ ਪਹਿਲਾਂ ਆਪਣੇ ਸਮੇਂ ਦੀਆਂ ਪੰਜਾਬੀ ਫ਼ਿਲਮਾਂ ਦੀਆਂ ਕੁਝ ਚਰਚਿਤ ਨਾਇਕਾਵਾਂ ਸ਼ਿਆਮਾ ਦੇ 80ਵੇਂ ਜਨਮ ਦਿਨ 'ਤੇ ਇਕੱਠੀਆਂ ਹੋਈਆਂ ਸਨ | ਇਨ੍ਹਾਂ 'ਚੋਂ ਜ਼ਬੀਨ ਅਤੇ ਨਿਸ਼ੀ ਦੇ ਨਾਂਅ ਵਿਸ਼ੇਸ਼ ਤੌਰ 'ਤੇ ਲਏ ਜਾ ਸਕਦੇ ਹਨ | ਵੈਸੇ ਤਾਂ ਉਸ ਪਾਰਟੀ 'ਚ ਬੇਗ਼ਮ ਪਾਰਾ, ਅਜ਼ਰਾ ਅਤੇ ਸ਼ਕੀਲਾ ਵਰਗੀਆਂ ਪੁਰਾਣੀਆਂ ਅਦਾਕਾਰਾ ਵੀ ਮੌਜੂਦ ਸਨ ਪਰ ਜਿਸ ਤਰ੍ਹਾਂ ਉਸ ਪਾਰਟੀ 'ਚ ਸ਼ਿਆਮਾ ਨੇ ਆਪਣੀਆਂ ਪੰਜਾਬਣ ਸਹੇਲੀਆਂ ਨਾਲ ਗਿੱਧਾ ਪਾਇਆ ਉਹ ਇਸ ਗੱਲ ਦਾ ਸੂਚਕ ਸੀ ਕਿ ਸ਼ਿਆਮਾ ਅਜੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਸੀ | ਲਿਹਾਜ਼ਾ, ਇਸ ਗਿੱਧੇ 'ਚ ਇਹ ਗੀਤ ਵੀ ਸ਼ਾਮਿਲ ਸਨ:
ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ...
(ਕੌਡੇ ਸ਼ਾਹ)
ਦੁਪੱਟਾ ਪਤਲਾ ਗੰਢੇ ਦੀ ਛਿੱਲ ਵਰਗਾ...
(ਪੋਸਤੀ)
ਬਹੁਮੁਖੀ ਪ੍ਰਤਿਭਾ ਵਾਲੀ ਇਸ ਸ਼ਿਆਮਾ ਦਾ ਨਵੰਬਰ 2017 ਵਿਚ ਦਿਹਾਂਤ ਹੋ ਗਿਆ ਸੀ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਜਦੋਂ ਇਤਿਹਾਸ 'ਚੋਂ 11 ਦਿਨ ਗਵਾਚੇ

ਅਸੀਂ ਸਭ ਸਾਲ ਦਾ ਕਲੰਡਰ ਖ਼ਰੀਦਣ ਵਿਚ ਬੜਾ ਹੀ ਉਤਸ਼ਾਹ ਦਿਖਾਉਂਦੇ ਹਾਂ¢ ਖ਼ਰੀਦਣ ਤੋਂ ਬਾਅਦ ਪਹਿਲਾ ਕੰਮ ਹੁੰਦਾ ਹੈ ਉਸਨੂੰ ਚੰਗੀ ਤਰ੍ਹਾਂ ਨਾਲ ਦੇਖਣਾ ਜਿਸ ਵਿਚ ਅਸੀਂ ਤਿਉਹਾਰ, ਮਹੀਨੇ ਅਤੇ ਉਸ ਮਹੀਨੇ ਵਿਚ ਕਿਹੜੀ ਤਰੀਕ ਨੂੰ ਕਿਹੜਾ ਤਿਉਹਾਰ ਜਾਂ ਕੀ ਕੁਝ ਖ਼ਾਸ ਹੈ, ਦੇਖਣਾ ਕਦੇ ਨਹੀਂ ਭੁੱਲਦੇ¢ ਇਸ ਤੋਂ ਇਲਾਵਾ ਉਹ ਖ਼ਾਸ ਦਿਨ ਜਦੋਂ ਸਾਡਾ ਜਨਮ ਦਿਨ ਹੁੰਦਾ ਹੈ, ਅਸੀਂ ਬੜੇ ਹੀ ਚਾਵਾਂ ਨਾਲ ਯਾਦ ਰੱਖਦੇ ਹਾਂ¢ ਹੁਣ ਸੋਚੋ ਜੇਕਰ ਤੁਹਾਨੂੰ ਕਿਸੇ ਖਾਸ ਸਾਲ ਦੇ ਕਲੰਡਰ ਵਿਚ ਕਈ ਦਿਨ ਦਿਖਾਈ ਹੀ ਨਾ ਦੇਣ ਤਾਂ ਤੁਹਾਡਾ ਉਸ ਬਾਰੇ ਕੀ ਵਿਵਹਾਰ ਹੋਵੇਗਾ? ਇਸ ਗੱਲ ਨੂੰ ਸੁਣ ਕੇ ਸਾਹਮਣੇ ਵਾਲੇ ਨੂੰ ਪਾਗਲ ਜਾਂ ਕਲੰਡਰ ਪਿ੍ੰਟ ਕਰਨ ਵਾਲੇ ਨੂੰ ਪਿ੍ੰਟਿੰਗ ਵਿਚ ਗ਼ਲਤੀ ਜਾਂ ਇਥੋਂ ਤੱਕ ਕਿ ਮੂਰਖ ਵੀ ਸਮਝੋਗੇ¢ ਤੁਸੀਂ ਸ਼ਾਇਦ ਪਹਿਲਾਂ ਵਿਸ਼ਵਾਸ ਹੀ ਨਾ ਕਰੋ, ਕਿਉਂਕਿ ਇਹੋ ਜਿਹਾ ਅਸੰਭਵ ਹੀ ਜਾਪਦਾ ਹੈ ਪਰੰਤੂ ਇਹ ਬਿਲਕੁੱਲ ਸੱਚ ਹੈ¢ ਜੇਕਰ ਅਸੀਂ ਇਤਿਹਾਸ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਕੁਝ ਇਹੋ ਜਿਹਾ ਹੀ ਦੇਖਣ ਨੂੰ ਮਿਲਦਾ ਹੈਂ¢ ਜਿਵੇਂ ਸਾਨੂੰ ਪਤਾ ਹੈ ਕਿ ਸਤੰਬਰ ਮਹੀਨੇ ਵਿਚ 30 ਦਿਨ ਹੁੰਦੇ ਹਨ | ਜੇਕਰ ਕਿਹਾ ਜਾਵੇ ਕਿ ਇਸ ਸਾਲ 30 ਦਿਨਾਂ ਵਿਚੋਂ 11 ਦਿਨ ਘਟਾ ਦਿੱਤੇ ਗਏ ਹਨ ਤਾਂ ਸ਼ਾਇਦ ਅਸੀਂ ਹੈਰਾਨ ਹੋ ਜਾਵਾਂਗੇ , ਪਰੰਤੂ ਇਹ ਸੱਚ ਹੈ¢ ਜੇਕਰ ਅਸੀਂ ਸਤੰਬਰ 1752 ਦਾ ਇਤਿਹਾਸ ਪੜ੍ਹੀਏ ਤਾਂ ਅਸੀਂ ਦੇਖਾਂਗੇ ਕਿ ਇਸ ਸਾਲ ਦੇ ਕਲੰਡਰ ਵਿਚ 2 ਤਰੀਕ ਤੋਂ ਬਾਦ 14 ਤਰੀਕ ਦਿਖਾਈ ਦੇਵੇਗੀ ਭਾਵ ਕਿ ਕਲੰਡਰ ਵਿਚ ਇਹ ਦਿਨ ਗਾਇਬ ਹਨ¢ ਇਸਦਾ ਇਹ ਅਰਥ ਨਹੀਂ ਕਿ ਕਲੰਡਰ ਗ਼ਲਤ ਪਿ੍ੰਟ ਹੋ ਗਿਆ ਜਾਂ ਇਹ ਕਲੰਡਰ ਗ਼ਲਤ ਛਪ ਗਿਆ, ਬਲਕਿ ਇਹ ਇਕ ਤੱਥ ਹੈ, ਇਹ ਕੋਈ ਗ਼ਲਤੀ ਨਾ ਹੋ ਕੇ ਰੌਚਕ ਇਤਿਹਾਸ ਹੈ | ਦਰਅਸਲ ਸਤੰਬਰ 1752 ਤੋਂ ਪਹਿਲਾਂ ਇੰਗਲੈਂਡ ਵਿਚ ਤਰੀਕਾਂ ਨੂੰ ਨਿਰਧਾਰਿਤ ਕਰਨ ਲਈ ਰੋਮਨ ਜੂਲੀਅਨ ਕਲੰਡਰ (Roman •ulian 3alendar) ਦਾ ਪ੍ਰਚਲਣ ਸੀ¢ ਰੋਮਨ ਜੂਲੀਅਨ ਕਲੰਡਰ ਰੋਮਨ ਲੋਕਾਂ ਰਾਹੀਂ ਬਣਾਇਆ ਗਿਆ ਕਲੰਡਰ ਸੀ, ਜੋ ਕਈ ਸਾਲਾਂ ਤੱਕ ਯੂਰਪ ਅਤੇ ਰੋਮਨ ਰਾਜਾਂ ਅਧੀਨ ਆਉਣ ਵਾਲੇ ਦੇਸ਼ਾਂ ਦੇ ਸਮੇਂ ਦੀ ਗਣਨਾ ਦਾ ਜ਼ਰੀਆ ਬਣਿਆ ਰਿਹਾ¢ ਬਾਅਦ ਵਿਚ ਇਸ ਤੋਂ ਵੀ ਜ਼ਿਆਦਾ ਪ੍ਰਮਾਣਿਕ ਕਲੰਡਰ ਹੋਂਦ ਵਿਚ ਆਇਆ ਜਿਸਨੂੰ ਗਰੈਗੋਰੀਅਨ ਕਲੰਡਰ (7regorian calendar) ਦੇ ਨਾਮ ਨਾਲ ਜਾਣਿਆ ਗਿਆ¢ ਸੰਨ 1752 ਦਾ ਸਤੰਬਰ ਉਹ ਮਹੀਨਾ ਸੀ ਜਦੋਂ ਬਿ੍ਟੇਨ ਦੇ ਰਾਜੇ ਨੇ ਜੂਲੀਅਨ ਕਲੰਡਰ ਤੋਂ ਗਰੈਗੋਰੀਅਨ ਕਲੰਡਰ ਵਿਚ ਸ਼ਿਫਟ ਕੀਤਾ¢ ਹੁਣ ਕਿਉਂਕਿ ਰੋਮਨ ਜੂਲੀਅਨ ਦਾ ਉਹ ਸਾਲ ਗਰੈਗੋਰੀਅਨ ਕਲੰਡਰ ਤੋਂ 11 ਦਿਨ ਲੰਬਾ ਸੀ¢ ਇਸ ਲਈ ਇੰਗਲੈਂਡ ਦੇ ਰਾਜੇ ਨੇ ਸਤੰਬਰ 1752 ਕਲੰਡਰ ਤੋਂ 11 ਦਿਨ ਘੱਟ ਕਰਨ ਦੇ ਆਦੇਸ਼ ਦੇ ਦਿੱਤੇ ਜਿਸ ਸਦਕਾ ਇਸ ਮਹੀਨੇ ਕਰਮਚਾਰੀਆਂ ਦੇ ਮਜ਼ੇ ਆ ਗਏ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ 11 ਦਿਨ ਘੱਟ ਕੰਮ ਕੀਤਾ ਪਰੰਤੂ ਉਨ੍ਹਾਂ ਨੂੰ ਇਨ੍ਹਾਂ 11 ਦਿਨਾਂ ਦੀ ਤਨਖ਼ਾਹ ਵੀ ਪ੍ਰਾਪਤ ਹੋਈ | ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਇਨ੍ਹਾਂ 11 ਦਿਨਾਂ ਵਿਚ ਨਾ ਹੀ ਕੋਈ ਪੈਦਾ ਹੋਇਆ ਅਤੇ ਨਾ ਹੀ ਕੋਈ ਮਰਿਆ¢
ਪਰੰਤੂ ਕਈ ਲਾਭਾਂ ਦੇ ਬਾਵਜੂਦ ਕਈ ਲੋਕਾਂ ਨੂੰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ¢ ਕੁਝ ਦਿਨਾਂ ਬਾਅਦ ਵੱਡੀ ਸਮੱਸਿਆ ਆ ਖਲੋਤੀ¢ ਦਰਅਸਲ, ਰੋਮਨ ਕਲੰਡਰ ਅਨੁਸਾਰ ਨਵਾਂ ਸਾਲ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਸੀ ਹੁਣ ਕਿਉਂਕਿ ਗਰੈਗੋਰੀਅਨ ਕਲੰਡਰ ਲਾਗੂ ਕੀਤਾ ਗਿਆ ਸੀ, ਜਿਸ ਅਨੁਸਾਰ ਨਵਾਂ ਸਾਲ ਜਨਵਰੀ ਮਹੀਨੇ ਤੋਂ ਸ਼ੁਰੂ ਹੁੰਦਾ ਸੀ¢ ਹੁਣ ਲੋਕਾਂ ਸਾਹਮਣੇ ਇਹ ਇਕ ਵੱਡੀ ਸਮੱਸਿਆ ਸੀ¢ ਉਨ੍ਹਾਂ ਨੇ ਜਿੱਥੇ ਇਸ ਕਲੰਡਰ ਨੂੰ ਆਪਣਾ ਤਾਂ ਲਿਆ ਪਰੰਤੂ ਉਨ੍ਹਾਂ ਨੇ ਨਵਾਂ ਸਾਲ 1 ਅਪ੍ਰੈਲ ਨੂੰ ਹੀ ਮੰਨਿਆ¢ ਇਸ ਘਟਨਾ ਦਾ ਜਦੋਂ ਰਾਜੇ ਨੂੰ ਪਤਾ ਲੱਗਿਆ ਤਾਂ ਉਸ ਲਈ ਇਹ ਇਕ ਹੋਰ ਵੱਡੀ ਸਮੱਸਿਆ ਆ ਖਲੋਤੀ¢ ਰਾਜੇ ਦੇ ਸਮਝਾਉਣ ਤੇ ਜਦੋਂ ਲੋਕ ਨਹੀਂ ਮੰਨੇ ਤਾਂ ਇਸ ਸੱਮਸਿਆ ਤੋਂ ਬਾਹਰ ਨਿਕਲਣ ਲਈ ਰਾਜਾ ਨੇ ਇਹ ਘੋਸ਼ਣਾ ਕੀਤੀ ਕਿ ਜੋ ਲੋਕ 1 ਅਪ੍ਰੈਲ ਨੂੰ ਨਵਾਂ ਸਾਲ ਮੰਨਣਗੇ ਉਨ੍ਹਾਂ ਲੋਕਾਂ ਨੂੰ ਮੂਰਖਾਂ ਵਜੋਂ ਜਾਣਿਆ ਜਾਵੇਗਾ¢ ਸਿੱਟੇ ਵਜੋਂ 1 ਅਪ੍ਰੈਲ ਇਕ ਇਤਿਹਾਸਕ ਦਿਨ ਬਣ ਗਿਆ, ਜਿਸ ਬਾਰੇ ਅਸੀਂ ਸਾਰੇ ਹੀ ਜਾਣੂ ਹਾਂ ਕਿ ਅੱਜ ਵੀ 1 ਅਪ੍ਰੈਲ ਨੂੰ 'ਮੂਰਖ ਦਿਵਸ' ਦੇ ਦਿਨ ਵਜੋਂ ਮੰਨਿਆ ਜਾਂਦਾ ਹੈ¢ ਗਰੈਗੋਰੀਅਨ ਕਲੰਡਰ ਦੇ ਹੋਂਦ ਵਿਚ ਆਉਣ ਦੇ ਕਈ ਸਾਲਾਂ ਬਾਅਦ ਵੱਖ-ਵੱਖ ਦੇਸ਼ਾਂ ਦੁਆਰਾ ਇਸ ਨੂੰ ਅਪਣਾਇਆ ਗਿਆ¢ ਵਰਤਮਾਨ ਸਮੇਂ ਵਿਚ ਇਹ ਕਲੰਡਰ ਹੀ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ¢ ਵਿਸ਼ਵ ਦੇ ਜਿਸ ਦੇਸ਼ ਵਲੋਂ ਇਸ ਕਲੰਡਰ ਨੂੰ ਸਭ ਨਾਲੋਂ ਬਾਅਦ, ਅਪਣਾਇਆ ਗਿਆ, ਉਹ ਤੁਰਕੀ ਸੀ ਜਿਸ ਨੇ ਇਸ ਨੂੰ 1 ਜਨਵਰੀ 1927 ਈ: ਤੋਂ ਅਪਣਾਇਆ¢ ਇਕ ਤੱਥ ਜੋ ਬਾਕੀ ਬਚਿਆ ਹੈ, ਉਹ ਇਹ ਹੈ ਕਿ ਇਨ੍ਹਾਂ ਦੋਵੇਂ ਕਲੰਡਰਾਂ ਵਿਚੋਂ ਪ੍ਰਮਾਣਿਕ ਕਲੰਡਰ ਕਿਹੜਾ ਹੈ, ਰੋਮਨ ਜੂਲੀਅਨ ਕਲੰਡਰ ਜਾਂ ਗਰੈਗੋਰੀਅਨ ਕਲੰਡਰ? ਤਾਂ ਦੱਸ ਦੇਈਏ ਕਿ ਕਲੰਡਰ ਦੀ ਪ੍ਰਮਾਣਿਕਤਾ, ਧਰਤੀ ਦੁਆਰਾ ਸੂਰਜ ਦੇ ਚੱਕਰ ਲਗਾਉਣ ਦੇ ਸਮੇਂ ਦੇ ਸੰਬੰਧ ਵਿਚ ਨਿਸ਼ਚਿਤ ਕੀਤੀ ਜਾਂਦੀ ਹੈ¢ ਸੋ, ਰੋਮਨ ਜੂਲੀਅਨ ਕਲੰਡਰ ਧਰਤੀ ਦੁਆਰਾ ਸੂਰਜ ਦੇ ਦੁਆਲੇ ਚੱਕਰ ਲਗਾਉਣ ਦੀ ਠੀਕ ਗਣਨਾ ਕਰਨ ਦੇ ਅਸਮਰੱਥ ਹੈ ਜੋ ਲੀਪ ਸਾਲ ਦੀ ਸਹੀ ਵਿਆਖਿਆ ਨਹੀਂ ਕਰਦਾ ਜਦਕਿ ਗਰੈਗੋਰੀਅਨ ਕਲੰਡਰ ਲੀਪ ਸਾਲ ਦੀ ਵਿਆਖਿਆ ਇਸ ਨਾਲੋਂ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ¢ ਅੰਤ ਇਤਿਹਾਸ ਵਿਚੋਂ ਗ਼ਾਇਬ ਇਹ 11 ਦਿਨ ਗ਼ਾਇਬ ਹੀ ਰਹੇ¢ 

-ਮੋਬਾਈਲ : 62396-00623.

ਕੁਦਰਤ ਦੇ ਸਫ਼ਾਈ ਕਰਮਚਾਰੀ

ਮੈਂ, ਜਦ ਬਚਪਨ ਵਿਚ ਜਲੰਧਰ ਤੋਂ ਫਗਵਾੜਾ ਜਾਂਦਿਆਂ ਚਹੇੜੂ ਦਾ ਪੁਲ ਟੱਪਦਿਆਂ ਹੀ ਹੱਡਾ ਰੋੜੀ ਪਾਰ ਕਰਦੀ ਸੀ, ਤਾਂ ਬੱਸ ਦੀ ਖਿੜਕੀ ਵਿਚੋਂ ਹਜ਼ਾਰਾਂ ਹੀ ਗਿੱਧਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਸਾਂ | ਪਹਿਲਾਂ, ਗਿੱਧਾਂ ਦੇ ਵਿਸ਼ਾਲ ਝੁੰਡ ਸੜਕਾਂ ਦੇ ਕਿਨਾਰਿਆਂ 'ਤੇ, ਰੇਲਵੇ ਲਾਈਨਾਂ ਦੇ ਕੋਲ, ਖੇਤਾਂ ਵਿਚ ਜਾਂ ਆਸਮਾਨ ਵਿਚ ਸ਼ਾਨ ਨਾਲ ਉਡਦੇ ਨਜ਼ਰ ਆਉਂਦੇ ਸਨ ਪਰ ਇਹ ਕੁਝ ਹੀ ਸਾਲਾਂ ਵਿਚ ਅਲੋਪ ਹੋ ਗਏ |
'ਗਿੱਧ' ਇਹ ਨਾਂਅ ਸੁਣਦਿਆਂ ਹੀ ਕਚਿਆਣ ਜਿਹੀ ਆਉਂਦੀ ਹੈ | ਮਨ ਵਿਚ ਬੋਅ, ਮਰੇ, ਸੜੇ-ਗਲੇ ਹੋਏ ਜਾਨਵਰਾਂ ਦਾ ਖਿਆਲ ਆ ਜਾਂਦਾ ਹੈ ਪਰ ਅਸਲ ਵਿਚ ਗਿੱਧ ਨੂੰ ਕੁਦਰਤ ਦੇ ਸਾਫ਼-ਸਫ਼ਾਈ ਕਰਮਚਾਰੀ ਕਿਹਾ ਜਾ ਸਕਦਾ ਹੈ | ਇਹ ਸਾਡੇ 'ਈਕੋ ਸਿਸਟਮ' ਵਿਚ ਵਾਤਾਵਰਨ ਨੂੰ ਸਾਫ਼ ਅਤੇ ਬਿਮਾਰੀ ਰਹਿਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਫਿਰ ਵੀ ਇਹ ਨਾ-ਪਸੰਦ ਕੀਤੇ ਜਾਣ ਵਾਲੇ ਅਤੇ ਧਰਤੀ ਦੇ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਘਟਣ ਵਾਲੇ ਜੀਵ ਹਨ | ਕਰੀਬ ਦੋ-ਤਿੰਨ ਦਹਾਕੇ ਪਹਿਲਾਂ ਭਾਰਤ ਵਿਚ 4 ਕਰੋੜ ਦੇ ਲਗਪਗ ਗਿੱਧਾਂ ਸਨ ਜੋ ਕਿ ਹੁਣ ਕੁਝ ਹਜ਼ਾਰਾਂ ਵਿਚ ਹੀ ਰਹਿ ਗਈਆਂ ਹਨ | ਅੱਜ ਇਹ ਆਪਣੇ ਬਚਾਓ ਦੀ ਹਾਰੀ ਹੋਈ ਲੜਾਈ ਜਿੱਤਣ ਦੀ ਤਤਪਰਤਾ ਨਾਲ ਕੋਸ਼ਿਸ਼ ਕਰ ਰਹੇ ਹਨ |
ਅੱਸੀ ਦੇ ਦਹਾਕੇ ਵਿਚ ਭਾਰਤ ਵਿਚ ਗਿੱਧਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਸੀ | ਇਥੇ ਗਿੱਧਾਂ ਦੀਆਂ 9 ਪ੍ਰਜਾਤੀਆਂ ਪਾਈਆਂ ਜਾਂਦੀਆਂ ਸਨ ਪ੍ਰੰਤੂ ਕੇਵਲ ਦੋ ਦਹਾਕਿਆਂ ਦੇ ਅੰਦਰ ਹੀ ਗਿੱਧਾਂ ਦੀ 99% ਗਿਣਤੀ ਘਟ ਗਈ, ਜਿਸ ਨਾਲ ਇਕ ਬਹੁਤ ਹੀ ਗੰਭੀਰ ਵਾਤਾਵਰਨ ਅਸੰਤੁਲਨ ਪੈਦਾ ਹੋ ਗਿਆ | ਗਿੱਧ ਸਾਡੀ ਧਰਤੀ ਦੇ 'ਕੁਸ਼ਲ ਮੁਰਦਾਖੋਰ' ਹਨ ਅਤੇ ਧਰਤੀ ਦੀ 'ਫੂਡ ਚੇਨ' ਦੀ ਇਕ ਅਹਿਮ ਕੜੀ ਹਨ | ਇਨ੍ਹਾਂ ਕਾਰਨ ਜਲ ਪ੍ਰਦੂਸ਼ਣ, ਭੌਾ ਪ੍ਰਦੂਸ਼ਣ ਅਤੇ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਗੈਂਗਰੀਨ, ਟੈੱਟਨਸ, ਸੈਪਟਿਕ, ਬਲੱਡ ਕਲੋਟਿੰਗ, ਐਪਸੈਂਸ ਐਾਥਰੈਕਸ, ਬੋਟੂਲਿਜ਼ਮ ਅਤੇ ਕਈ ਮੂੰਹ ਦੀਆਂ ਬਿਮਾਰੀਆਂ ਦੇ ਫੈਲਣ 'ਤੇ ਰੋਕ ਰਹਿੰਦੀ ਹੈ |
ਮਨੁੱਖ ਜਾਤੀ ਅਤੇ ਧਰਤੀ ਦੇ ਬਾਕੀ ਜੀਵ-ਜੰਤੂਆਂ ਨੂੰ ਕਈ ਜ਼ਹਿਰੀਲੇ ਅਤੇ ਖ਼ਤਰਨਾਕ ਬੈਕਟੀਰੀਆ ਅਤੇ ਵਾਇਰਸ ਤੋਂ ਹੋਣ ਵਾਲੀਆਂ ਇਨ੍ਹਾਂ ਬਿਮਾਰੀਆਂ ਤੋਂ ਬਚਾਓ ਰਹਿੰਦਾ ਹੈ |
ਗਿੱਧਾਂ ਦਾ ਇਕ ਛੋਟਾ ਜਿਹਾ ਝੁੰਡ 300-400 ਕਿਲੋ ਦੇ ਜਾਨਵਰ ਦੇ ਮਾਸ ਨੂੰ ਕੁਝ ਇਕ ਘੰਟੇ ਦੇ ਵਿਚ ਹੀ ਖਾ ਜਾਂਦਾ ਹੈ ਅਤੇ ਕੇਵਲ ਜਾਨਵਰਾਂ ਦੀਆਂ ਹੱਡੀਆਂ ਹੀ ਬਚਦੀਆਂ ਹਨ | ਇਨ੍ਹਾਂ ਦੇ ਅਲੋਪ ਹੋਣ ਨਾਲ ਗਲੇ-ਸੜੇ ਮਾਸ ਕਈ-ਕਈ ਦਿਨਾਂ ਤੱਕ ਸ਼ਹਿਰਾਂ ਅਤੇ ਪਿੰਡਾਂ ਦੇ ਬਾਹਰ ਖਿਲਰੇ ਨਜ਼ਰ ਆਉਂਦੇ ਹਨ | ਨੱਕ ਨੂੰ ਸਾੜ ਦੇਣ ਵਾਲੀ ਬੋਅ ਤੋਂ ਇਲਾਵਾ ਜ਼ਹਿਰੀਲੇ ਅਤੇ ਖ਼ਤਰਨਾਕ ਵਾਇਰਸ ਅਤੇ ਬੈਕਟੀਰੀਆ ਇਨ੍ਹਾਂ ਵਿਚ ਪਲਦੇ ਹਨ | ਕਾਵਾਂ ਅਤੇ ਅਵਾਰਾ ਕੱੁਤਿਆਂ ਦੀ ਗਿਣਤੀ ਹੋਰ ਵੀ ਵਧਦੀ ਹੈ | ਫਿਰ ਇਨ੍ਹਾਂ ਕੁੱਤਿਆਂ ਦੇ ਮੂੰਹ ਨੂੰ ਕੱਚਾ ਮਾਸ ਇਸ ਤਰ੍ਹਾਂ ਲੱਗ ਜਾਂਦਾ ਹੈ ਕਿ ਇਹ ਇਸ ਦੇ ਨਾ ਮਿਲਣ 'ਤੇ ਖੂੰਖਾਰ ਹੋ ਜਾਂਦੇ ਹਨ ਅਤੇ ਇਨਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਨਾ ਕੇਵਲ ਵੱਡਿਆਂ ਨੂੰ ਸਗੋਂ ਬੱਚਿਆਂ ਨੂੰ ਵੀ ਸਰੀਰਕ ਪੱਖੋਂ ਨੁਕਸਾਨ ਉਠਾਉਣਾ ਪੈਂਦਾ ਹੈ, ਉਥੇ ਇਨ੍ਹਾਂ ਕਾਰਨ ਕਈ ਖ਼ਤਰਨਾਕ ਬਿਮਾਰੀਆਂ ਜਿਵੇਂ ਰੈਬੀਜ਼ ਆਦਿ ਵੀ ਫੈਲ ਜਾਂਦੀਆਂ ਹਨ |
1990 ਦੇ ਅਖ਼ੀਰ ਵਿਚ ਬੰਬੇ ਨੈਚੂਰਲ ਹਿਸਟਰੀ ਸੁਸਾਇਟੀ (ਬੀ. ਐਨ. ਐਚ. ਐਸ.) ਨੇ ਗਿੱਧਾਂ ਦੀ ਗਿਣਤੀ ਵਿਚ ਇਕਦਮ ਗਿਰਾਵਟ ਦਾ ਸਖ਼ਤ ਨੋਟਿਸ ਲਿਆ ਸੀ ਜਿਸ ਦੇ ਫ਼ਲਸਰੂਪ ਦੁਨੀਆ ਦੇ ਜੰਗਲੀ ਜੀਵ ਮਾਹਿਰਾਂ, ਵਿਗਿਆਨੀਆਂ, ਪੰਛੀਆਂ ਦੇ ਮਾਹਿਰਾਂ ਲਈ ਇਨ੍ਹਾਂ ਦੀ ਰਹੱਸਮਈ ਮੌਤ ਦਾ ਭੇਦ ਲੱਭਣਾ ਇਕ ਚੁਣੌਤੀ ਬਣ ਗਈ | ਫਿਰ ਪਾਕਿਸਤਾਨ ਵਿਚ ਮਰੀਆਂ ਕੁਝ ਗਿੱਧਾਂ ਤੇ ਅਮਰੀਕੀ ਵਿਗਿਆਨਕਾਂ ਨੇ ਖੋਜ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਰਕੇ ਹੋਈ ਸੀ | ਉੱਚ ਪੱਧਰੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਗਿੱਧਾਂ ਦੀ ਕਿਡਨੀ ਫੇਲ੍ਹ ਹੋਣ ਦਾ ਕਾਰਨ 'ਡਾਈਕਲੋਫਿਨੈਕ' ਨਾਮਕ ਦਵਾਈ ਸੀ | 'ਡਾਈਕਲੋਫਿਨੈਕ' ਟੀਕੇ ਰਾਹੀਂ ਜਾਂ ਗੋਲੀਆਂ ਰਾਹੀਂ ਇਨਸਾਨਾਂ ਅਤੇ ਖ਼ਾਸ ਕਰਕੇ ਪਸ਼ੂਆਂ ਨੂੰ ਦਰਦ ਆਦਿ ਤੋਂ ਰਾਹਤ ਦੇਣ ਲਈ ਵਰਤੀ ਜਾਣ ਵਾਲੀ ਪ੍ਰਮੁੱਖ ਦਵਾਈ ਸੀ | 99% ਹਿੰਦੁਸਤਾਨ, ਪਾਕਿਸਤਾਨ ਅਤੇ ਨੇਪਾਲ ਦੀਆਂ ਗਿੱਧਾਂ ਇਸੇ ਕਰਕੇ ਨਹੀਂ ਸਨ ਬਚੀਆਂ | ਇਸ ਤੋਂ ਚਿੰਤਿਤ ਹੋ ਕੇ ਸੰਨ 2000 ਵਿਚ ਵਰਲਡ ਕੰਜਰਵੇਸ਼ਨ ਯੂਨੀਅਨ ਨੇ ਗਿੱਧਾਂ ਨੂੰ 'ਕਰੀਟੀਕਲੀ ਇਨਡੇਜਰਡ' ਪ੍ਰਜਾਤੀਆਂ ਵਿਚ ਸ਼ਾਮਿਲ ਕਰ ਦਿੱਤਾ ਜਿਸ ਦਾ ਮਤਲਬ ਹੈ ਕਿ ਇਹ ਦੁਨੀਆ ਵਿਚ ਸਭ ਤੋਂ ਜਲਦੀ ਅਤੇ ਤੇਜ਼ੀ ਨਾਲ ਖ਼ਤਮ ਹੋ ਰਹੀ ਪ੍ਰਜਾਤੀ ਹੈ | ਫਿਰ 2002 ਵਿਚ ਭਾਰਤ ਨੇ ਇਨ੍ਹਾਂ ਨੂੰ 'ਇੰਡੀਅਨ ਵਾਈਲਡ ਲਾਈਫ਼ ਪ੍ਰੋਟੈਕਸ਼ਨ' ਐਕਟ ਦੇ 'ਸ਼ਡਿਊਲ-1' ਵਿਚ ਸ਼ਾਮਿਲ ਕਰ ਦਿੱਤਾ |
ਮਾਰਚ 2005 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਪਸ਼ੂਆਂ ਲਈ ਇਸਤੇਮਾਲ ਕੀਤੀ ਜਾਣ ਵਾਲੀ 'ਡਾਈਕਲੋਫਿਨੈਕ' ਦਾ ਛੇ ਮਹੀਨਿਆਂ ਦੇ ਅੰਦਰ ਉਤਪਾਦਨ ਅਤੇ ਇਸ ਨੂੰ ਬਾਜ਼ਾਰ ਵਿਚੋਂ ਖ਼ਤਮ ਕਰਨ ਦਾ ਹੁਕਮ ਦਿੱਤਾ | ਇਸ ਦੌਰਾਨ ਡਾਕਟਰੀ ਮਾਹਿਰਾਂ ਅਤੇ ਵਿਗਿਆਨਕਾਂ ਨੇ ਇਸ ਦਵਾਈ ਦਾ ਬਦਲ 'ਮਾਈਲੌਕਸਿਨ' ਲੱਭ ਲਿਆ | ਇਸ ਦਵਾਈ ਦੀ ਪਸ਼ੂਆਂ ਅਤੇ ਗਿੱਧਾਂ 'ਤੇ ਜਾਂਚ ਕੀਤੀ ਗਈ ਅਤੇ ਇਸ ਨੂੰ ਸੁਰੱਖਿਅਤ ਪਾਇਆ ਗਿਆ |
ਪਰ ਇਹ ਤਾਂ ਗਿੱਧਾਂ ਦੀ ਪ੍ਰਜਾਤੀ ਨੂੰ ਬਚਾਉਣ ਦੇ ਸੰਘਰਸ਼ ਦੀ ਅਜੇ ਸ਼ੁਰੂਆਤ ਹੀ ਹੈ ਲੇਕਿਨ ਇਨ੍ਹਾਂ ਦੇ ਪੁਨਰ ਉਥਾਨ ਲਈ ਕੇਵਲ ਵਿਗਿਆਨਕਾਂ ਜਾਂ ਜੰਗਲੀ ਜੀਵ ਮਾਹਿਰਾਂ ਦਾ ਹੀ ਨਹੀਂ ਬਲਕਿ ਹਰ ਇਨਸਾਨ, ਹਰ ਕਿਸਾਨ, ਹਰ ਪਸ਼ੂ ਪਾਲਕ ਦਾ ਯੋਗਦਾਨ ਪਾਉਣਾ ਕੇਵਲ ਅਹਿਮ ਹੀ ਨਹੀਂ ਸਗੋਂ ਜ਼ਰੂਰੀ ਵੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਦੀਵਾ ਲਟ ਲਟ ਬਲਿਆ...

ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਤੇ ਰਸਤਾ ਵਿਖਾਉਣ ਵਿਚ ਦੀਵੇ ਦੀ ਮੁਢਲੀ ਤੇ ਮਹੱਤਵਪੂਰਨ ਭੂਮਿਕਾ ਰਹੀ ਹੈ | ਦੀਵੇ ਦੀ ਰੌਸ਼ਨੀ ਉਸ ਨੂੰ ਗਿਆਨ ਪ੍ਰਦਾਨ ਕਰਦੀ ਆਈ ਹੈ, ਤਾਕਤ ਬਖ਼ਸ਼ਦੀ ਆਈ ਹੈ | ਹਨੇਰੇ ਨੂੰ ਮਿਟਾਉਣਾ ਤੇ ਚਾਨਣ ਫੈਲਾਉਣਾ ਦੀਵੇ ਦਾ ਧਰਮ ਹੈ | ਦੀਵਾ ਘਰ ਦੀ ਬਰਕਤ ਹੁੰਦਾ ਹੈ | ਗਿਆਨ, ਸੱਚ, ਉਜਾਲੇ, ਖ਼ੁਸ਼ੀ, ਖੇੜੇ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ ਆਦਿ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਦੀਵਾ | ਹਰੇਕ ਸਮੇਂ ਦੇ ਸੱਚ ਤੇ ਅਸਲੀਅਤ ਦੀ ਤਸਦੀਕ ਕਰਦਾ ਹੈ ਦੀਵਾ | ਹਨੇਰੇ ਉੱਪਰ ਜਿੱਤ ਪ੍ਰਾਪਤ ਕਰਨ ਦਾ ਹੌਸਲਾ ਰੱਖਦਾ ਹੈ ਦੀਵਾ | ਕਿਸੇ ਵਿਅਕਤੀ/ਸੰਸਥਾ ਵਲੋਂ ਸਮਾਜ ਦੀ ਬਿਹਤਰੀ ਵਾਸਤੇ ਜਾਂ ਸੁਖਾਵੇਂ ਭਵਿੱਖ ਵਾਸਤੇ ਕੋਈ ਨਵੀਂ ਵਿਉਂਤਬੰਦੀ, ਕੋਈ ਨਵਾਂ ਵਿਚਾਰ ਪੇਸ਼ ਕਰਨ, ਲੋਕਾਂ ਵਲੋਂ ਉਸ ਨੂੰ ਪਸੰਦ ਕਰ ਲੈਣ, ਸਵੀਕਾਰ ਕਰ ਲੈਣ ਆਦਿ ਨੂੰ ਆਪਣੇ ਵਿਚਾਰਾਂ/ਯੋਜਨਾ ਨਾਲ ਜਾਗਿ੍ਤੀ/ਚੇਤਨਾ ਦਾ ਦੀਵਾ ਬਾਲਣਾ ਕਹਿ ਲਿਆ ਜਾਂਦਾ ਹੈ | ਦੀਵੇ ਬਾਲਣ ਨੂੰ ਤੇ ਜਗਦੇ ਦੀਵੇ ਨੂੰ ਆਸਥਾ ਦਾ ਪ੍ਰਤੀਕ ਸਮਝਿਆ ਜਾਂਦਾ ਹੈ | ਦੀਵਾ ਤਾਂ ਸਵੈ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੁੰਦਾ ਹੈ | ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਆਇਆ ਹੈ:
ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ,
ਆਸ ਵਾਲਾ ਦੀਵਾ, ਅਸਾਂ ਵਿਹੜੇ ਵਿਚ ਬਾਲਿਆ |
ਦੀਵੇ ਤੇ ਉਸ ਵਿਚਲੀ ਬੱਤੀ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ | ਦੋਵੇਂ ਇਕ-ਦੂਜੇ ਦੇ ਪੂਰਕ ਹਨ | ਦੀਵੇ ਵਿਚਲਾ ਤੇਲ, ਘਿਓ ਉਸ ਦੀ ਜਿੰਦਜਾਨ ਹੈ | ਸ਼ਾਲਾ! ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਦਾ ਰਹੇ | ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਪ੍ਰਤੀਕ ਹੈ | ਵਿਸ਼ਵ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਲ ਕਰਨ ਲਈ ਰੌਸ਼ਨੀ ਵੱਲ ਜਾਂਦਾ ਰਸਤਾ ਦਿਖਾਉਂਦੇ ਹਨ | ਧਰਮ ਮਨੁੱਖੀ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ | ਅੱਖਾਂ ਦੀ ਬਾਹਰੀ, ਮਨ ਅੰਦਰਲੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ | ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਆਦਿ ਧਰਮ, ਲੋਕ ਧਰਮ, ਪੂਜਾ ਅਤੇ ਪੂਜਾ ਵਿਧੀਆਂ ਦੇ ਖੇਤਰ ਨਾਲ ਵੀ ਜੁੜਦੇ ਹਨ |
ਜਗਦੇ ਦੀਵੇ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ | ਮਹਾਂਪੁਰਸ਼ਾਂ ਦੇ ਬਚਨ, ਸਿੱਖਿਆਵਾਂ, ਸੂਰਬੀਰਾਂ ਦੀਆਂ ਕੁਰਬਾਨੀਆਂ, ਸ਼ਹਾਦਤ ਆਦਿ ਪਹਿਲੂਆਂ ਨੂੰ ਰੌਸ਼ਨੀ ਦੇਣ ਵਾਲੀ ਤੇ ਮਾਨਵਤਾ ਦਾ ਮਾਰਗ ਦਰਸ਼ਨ ਕਰਨ ਵਾਲੀ ਲਾਟ ਵਜੋਂ ਸਤਿਕਾਰਿਆ ਜਾਂਦਾ ਹੈ | ਇਕ ਭੈਣ ਆਪਣੇ ਭਰਾ ਪ੍ਰਤੀ ਪਿਆਰ-ਸਤਿਕਾਰ ਪ੍ਰਗਟ ਕਰਦਿਆਂ ਕਹਿੰਦੀ ਹੈ:
ਜਾਂ ਵੀਰਾ ਬੈਠਾ ਚੌਾਕੇ, ਭਾਂਡਿਆਂ ਰਿਸ਼ਮਾਂ ਛੱਡੀਆਂ
ਜਾਂ ਵੀਰ ਵੜਿਆ ਅੰਦਰ, ਦੀਵਾ ਲਟ ਲਟ ਬਲਿਆ... |
ਲਟ-ਲਟ ਬਲਦਾ ਦੀਵਾ ਬਹੁਤ ਕੁਝ ਕਹਿੰਦਾ ਹੈ | ਕਈ ਸੰਕੇਤ ਕਰਦਾ ਹੈ | ਬਹੁਤ ਕੁਝ ਅਣਕਿਹਾ ਰਹਿਣ ਦਿੰਦਾ ਹੈ | ਕਈਆਂ ਦੇ ਮਨ ਅੰਦਰ ਚੇਤਨਾ ਦੇ ਦੀਵੇ ਜਗਾ ਦਿੰਦਾ ਹੈ | ਦੀਵਾ ਭੁੱਲੇ-ਭਟਕਿਆਂ ਨੂੰ ਰਸਤੇ ਵਿਖਾਉਂਦਾ ਹੈ | ਰੌਸ਼ਨੀ ਵੰਡਣਾ ਉਸ ਦੀ ਫਿਤਰਤ ਹੈ |
ਮੁਸ਼ਕਿਲਾਂ, ਦੁਸ਼ਵਾਰੀਆਂ, ਚੁਣੌਤੀਆਂ, ਵਿਪਰੀਤ ਸਥਿਤੀਆਂ, ਗ਼ੈਰ-ਮੁਆਫਕ ਹਾਲਤਾਂ ਆਦਿ ਦਾ ਮੁਕਾਬਲਾ ਕਰਨਾ ਕੋਈ ਦੀਵੇ ਕੋਲੋਂ ਸਿੱਖੇ | ਮਾਰੂ ਝੱਖੜ ਜੇ ਦੀਵੇ ਨੂੰ ਬੁਝਾ ਵੀ ਜਾਂਦਾ ਹੈ ਤਾਂ ਕੀ? ਦੀਵੇ ਨੇ ਤਾਂ ਆਪਣਾ ਵਾਅਦਾ ਨਿਭਾਉਣਾ ਹੁੰਦਾ ਹੈ | ਉਸ ਨੂੰ ਧਰਾਤਲ ਉੱਪਰ ਟਿਕੇ ਰਹਿਣ ਦੀ ਲੋੜ ਹੁੰਦੀ ਹੈ | ਉਸ ਦੇ ਪੈਰ ਨਹੀਂ ਉਖੜਣੇ ਚਾਹੀਦੇ | ਉਹ ਬੁਝ ਕੇ ਵੀ ਆਸ ਨਹੀਂ ਛੱਡਦਾ | ਇਸ ਆਸ ਵਿਚ ਜੀਵਨ ਦੇ ਗੁੱਝੇ ਭੇਦ ਛੁਪੇ ਹਨ | ਉਹ ਅਗਲੀ ਰਾਤ ਨੂੰ ਰੁਸ਼ਨਾਉਣ ਦੀ ਤਿਆਰੀ/ਉਡੀਕ ਕਰਨ ਲੱਗ ਜਾਂਦਾ ਹੈ | ਦੀਵਾ ਉਮੀਦ ਤੇ ਰੌਸ਼ਨ ਭਵਿੱਖ ਦਾ ਪ੍ਰਤੀਕ ਬਣਦਾ ਹੈ |
ਜਾਗੋ ਦੇ ਨਾਚ ਵਿਚ ਉਸ ਨਾਚ ਦੀਆਂ ਤਿਆਰੀਆਂ ਦੀ ਪ੍ਰਕਿਰਿਆ ਹੀ ਦੀਵਿਆਂ ਤੋਂ ਸ਼ੁਰੂ ਹੁੰਦੀ ਹੈ | ਦੀਵੇ ਹੀ ਜਾਗੋ ਨੂੰ ਆਧਾਰ ਪ੍ਰਦਾਨ ਕਰਦੇ ਹਨ | ਜਾਗੋ ਦੇ ਬਲਦੇ ਦੀਵਿਆਂ ਦੇ ਚਾਨਣ ਵਿਚ ਆਸ ਦੀਆਂ ਨਵਕਿਰਨਾਂ ਨਵਾਂ ਸੰਦੇਸ਼ ਲੈ ਕੇ ਪ੍ਰਗਟ ਹੁੰਦੀਆਂ ਹਨ ਅਤੇ ਸਭ ਪਾਸੇ ਉਮੀਦਾਂ ਦੇ ਸਾਕਾਰਾਤਮਿਕ ਤੇ ਰੁਸ਼ਨਾਕ ਮੁਹਾਂਦਰੇ ਸਿਰਜਦਾ ਚਾਨਣ ਫੈਲਦਾ ਨਜ਼ਰ ਆਉਣ ਲਗਦਾ ਹੈ |
ਦੀਵਾਲੀ ਵਾਲੀ ਰਾਤ ਨੂੰ ਘਰ ਦੇ ਬਨੇਰਿਆਂ 'ਤੇ, ਮਮਟੀਆਂ 'ਤੇ, ਘਰ ਦੇ ਮੁੱਖ ਦਰਵਾਜ਼ੇ ਆਦਿ 'ਤੇ ਦੀਵੇ ਜਗਾਏ ਜਾਂਦੇ ਹਨ | ਘਰ ਦੇ ਹਰੇਕ ਕੋਣੇ ਨੂੰ ਰੌਸ਼ਨ ਕਰ ਦੇਣ ਦਾ ਯਤਨ ਕੀਤਾ ਜਾਂਦਾ ਹੈ, ਖ਼ੁਸ਼ੀ ਦੇ ਪ੍ਰਗਟਾਵੇ ਲਈ, ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਹਨ | ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ | ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦਿ੍ਸ਼ ਕੋਲੋਂ ਕੋਈ ਖ਼ੁਸ਼ੀਆਂ ਸਾਂਝੀਆਂ ਕਰਨ ਅਤੇ ਖ਼ੁਸ਼ੀਆਂ ਨੂੰ ਵਿਸਥਾਰ ਦੇਣ ਦਾ ਸਲੀਕਾ ਸਿੱਖੇ | ਖੁੱਲ੍ਹ ਕੇ ਜਿਊਣ ਦੀ ਜਾਚ ਵੀ ਦੀਵੇ ਕੋਲੋਂ ਸਿੱਖੀ ਜਾ ਸਕਦੀ ਹੈ | ਦੀਵੇ ਜਗਦੇ ਹਨ ਤਾਂ ਮਨ ਨੂੰ ਖ਼ੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ | ਜਗਦੇ ਦੀਵੇ ਨੂੰ ਜਦੋਂ ਕੋਈ ਵਿਅਕਤੀ ਆਪਣੇ ਹੱਥਾਂ ਵਿਚ ਫੜ ਕੇ ਹੋਰ ਕਈ ਦੀਵੇ ਜਗਾਉਂਦਾ ਹੈ ਤਾਂ ਉਸ ਦੇ ਇਸ ਅਮਲ ਨੂੰ ਕਿਸੇ ਦਾ ਫਿਕਰ ਕਰਨ ਕਿਸੇ ਤੱਕ ਪ੍ਰਕਾਸ਼ ਪਹੁੰਚਾਉਣ ਦੇ ਅਰਥਾਂ ਵਿਚ ਵੇਖਿਆ ਜਾ ਸਕਦਾ ਹੈ |
ਅਜਿਹੇ ਮਨੁੱਖ ਵੀ ਹੁੰਦੇ ਹਨ, ਜਿਨ੍ਹਾਂ ਦੀ ਸਾਰੀ ਉਮਰ ਦੀਵੇ ਜਗਾਉਂਦਿਆਂ-ਜਗਾਉਂਦਿਆਂ ਹੀ ਲੰਘ ਜਾਂਦੀ ਹੈ | ਦੂਰ-ਦੂਰ ਤੱਕ ਰੌਸ਼ਨੀ ਫੈਲਾਉਣ ਦੇ ਅਭਿਲਾਸ਼ੀ ਲੋਕ ਦੀਵੇ ਜਗਾਉਂਦਿਆਂ ਹੋਇਆਂ ਆਪਣੀਆਂ ਉਂਗਲਾਂ ਵੀ ਲੂਹ ਬੈਠਦੇ ਹਨ | ਅਜਿਹੇ ਲੋਕ ਵੀ ਹੁੰਦੇ ਹਨ ਜੋ ਦੀਵੇ ਬਾਲਣ ਲਈ ਦੂਰ-ਦੁਰੇਡੇ ਦੇ ਹਨੇਰਿਆਂ ਦੀ ਭਾਲ ਵਿਚ ਰਹਿੰਦੇ ਹਨ | ਉਨ੍ਹਾਂ ਨੂੰ ਇਸ ਗੱਲ ਕਰਕੇ ਜਾਣਿਆ ਜਾਂਦਾ ਹੈ ਕਿ ਉਨ੍ਹਾਂ ਨੇ ਉਸ ਥਾਂ 'ਤੇ ਜਾ ਕੇ ਦੀਵੇ ਜਗਾਏ ਸਨ ਜਿਥੇ ਕਦੇ ਰੌਸ਼ਨੀ ਪਹੁੰਚ ਸਕਣ ਦੀ ਤਕੱਵੋਂ ਵੀ ਨਹੀਂ ਸੀ ਕੀਤੀ ਜਾ ਸਕਦੀ |
ਚੌਮੁਖੀਆ ਦੀਵਾ ਵੀ ਕਈ ਪੱਖਾਂ ਤੋਂ ਆਪਣੀ ਪਛਾਣ ਤੇ ਮਹੱਤਵ ਰੱਖਦਾ ਹੈ | ਇਸ ਦੀਵੇ ਦੇ ਚਾਰੇ ਪਾਸੇ ਦੀਵਾ ਰੱਖਣ ਲਈ ਥਾਂ ਬਣੀ ਹੁੰਦੀ ਹੈ | ਕੀਮਤੀ ਧਾਤਾਂ ਦੇ ਬਣੇ ਦੀਵਿਆਂ ਨੂੰ ਕਈ ਤਰ੍ਹਾਂ ਦੇ ਧਾਰਮਿਕ ਅਨੁਸ਼ਠਾਨਾਂ ਨੂੰ ਨਿਭਾਉਣ ਵੇਲੇ ਜਗਾਇਆ ਜਾਂਦਾ ਹੈ | ਆਰਤੀ ਉਤਾਰੀ ਜਾਂਦੀ ਹੈ, ਜਗਦੇ ਦੀਵਿਆਂ ਨੂੰ ਵਿਸ਼ੇਸ਼ ਆਕਾਰ ਪ੍ਰਦਾਨ ਕੀਤੇ ਜਾਂਦੇ ਹਨ | ਹੁਣ ਆਟੇ, ਮਿੱਟੀ ਜਾਂ ਕਿਸੇ ਧਾਤ ਆਦਿ ਦੇ ਦੀਵਿਆਂ ਦੀ ਥਾਂ 'ਤੇ ਬਿਜਲਈ ਬਲਬਾਂ, ਵੰਨ-ਸੁਵੰਨੀਆਂ, ਰੰਗ-ਬਰੰਗੀਆਂ ਰੌਸ਼ਨੀਆਂ, ਐਲ.ਈ.ਡੀ. ਰੌਸ਼ਨੀਆਂ, ਜਗਦੀਆਂ-ਬੁਝਦੀਆਂ ਰੌਸ਼ਨੀਆਂ, ਪੰਕਤੀਆਂ, ਦਾਇਰਿਆਂ, ਕੋਣਾਂ ਆਦਿ ਵਿਚ ਘੰੁਮਦੀਆਂ ਪ੍ਰਤੀਤ ਹੁੰਦੀਆਂ ਰੌਸ਼ਨੀਆਂ ਨਾਲ ਧਾਰਮਿਕ ਅਸਥਾਨਾਂ, ਵੱਡੀਆਂ ਇਮਾਰਤਾਂ, ਭਵਨਾਂ ਤੇ ਘਰਾਂ ਨੂੰ ਸਜਾਇਆ ਜਾਂਦਾ ਹੈ | ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਅਵਸਰ 'ਤੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ | ਉਨ੍ਹਾਂ ਲੋਕਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ | ਜਿਥੇ-ਜਿਥੇ ਹਨੇਰਾ ਹੈ, ਉਥੇ ਉਥੇ ਰੌਸ਼ਨੀ ਪਹੁੰਚੇ | ਜਿਥੇ ਝੂਠ, ਕੂੜ, ਕੁਸੱਤ ਹੈ, ਉਥੇ ਰੌਸ਼ਨੀ ਪਹੁੰਚੇ | ਦੀਵਾ ਜਗਦਾ ਰਹਿਣਾ ਚਾਹੀਦਾ ਹੈ | ਲਟ ਲਟ ਬਲਦਾ ਰਹਿਣਾ ਚਾਹੀਦਾ ਹੈ | ਸ਼ਾਲਾ! ਦੀਵੇ ਜਗਦੇ ਰਹਿਣ | ਆਪਣਾ ਅਸਰ ਦਿਖਾਉਂਦੇ ਰਹਿਣ |

-185, ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ-146001.
ਮੋਬਾਈਲ : 98885-10185.

ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ-ਜੈਗੜ੍ਹ

ਰਾਜਸਥਾਨ ਦੀ ਰਾਜਧਾਨੀ ਜੈਪੁਰ ਆਪਣੇ ਪਹਾੜੀ ਕਿਲਿ੍ਹਆਂ ਅਤੇ ਦੂਸਰੇ ਵਿਰਾਸਤੀ ਸਥਾਨਾਂ ਕਰਕੇ ਵਿਸ਼ਵ ਪ੍ਰਸਿੱਧ ਹੈ | ਜੈਪੁਰ ਦੇ ਕਿਲਿ੍ਹਆਂ ਵਿਚੋਂ ਇਕ ਪ੍ਰਮੁੱਖ ਕਿਲ੍ਹਾ 'ਜੈਗੜ੍ਹ' ਹੈ | ਇਹ ਕਿਲ੍ਹਾ ਆਮੇਰ ਦੇ ਕਿਲ੍ਹੇ ਦੇ ਨਜ਼ਦੀਕ ਅਰਾਵਲੀ ਪਰਬਤ ਸ਼੍ਰੇਣੀ ਦੇ 'ਚੀਲ ਕਾ ਟਿੱਲਾ' ਨਾਮੀ ਲਗਪਗ ਸਿੱਧੇ ਖੜ੍ਹੇ ਪਰਬਤ ਉੱਪਰ ਸਥਿਤ ਹੈ | ਜੈਗੜ੍ਹ ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ ਹੈ | ਇਹ ਆਮੇਰ ਦੇ ਕਿਲ੍ਹੇ ਤੋਂ ਲਗਪਗ 400 ਮੀਟਰ ਉਚਾਈ 'ਤੇ ਸਥਿਤ ਹੈ | ਅਜਿਹਾ ਹੋਣ ਕਾਰਨ ਇੱਥੋਂ ਆਸ ਪਾਸ ਦਾ ਸੁੰਦਰ ਨਜ਼ਾਰਾ ਵਿਖਾਈ ਦਿੰਦਾ ਹੈ | ਇਸ ਕਿਲ੍ਹੇ ਦਾ ਨਿਰਮਾਣ ਮਹਾਰਾਜਾ ਸਵਾਈ ਜੈ ਸਿੰਘ ਦੋਇਮ ਨੇ 1726 ਈ. ਵਿਚ ਆਮੇਰ ਦੇ ਕਿਲ੍ਹੇ ਦੀ ਸੁਰੱਖਿਆ ਦੇ ਉਦੇਸ਼ ਨਾਲ ਕਰਵਾਇਆ ਸੀ | ਉਸਦੇ ਨਾਂ 'ਤੇ ਹੀ ਇਸ ਕਿਲ੍ਹੇ ਦਾ ਨਾਂ 'ਜੈਗੜ੍ਹ' ਪੈ ਗਿਆ | ਇਸ ਕਿਲ੍ਹੇ ਨੂੰ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ |
ਕਿਲ੍ਹਾ ਜੈਗੜ੍ਹ ਜੈਪੁਰ ਤੋਂ 10 ਕਿਲੋਮੀਟਰ ਦੂਰੀ 'ਤੇ ਆਮੇਰ ਨੂੰ ਜਾਂਦੀ ਸੜਕ ਤੋਂ ਪੱਛਮ ਦਿਸ਼ਾ ਵੱਲ ਜਾਂਦੀ ਖੜ੍ਹਵੀਂ ਚੜ੍ਹਾਈ ਵਾਲੀ ਸੜਕ ਦੇ ਉੱਤਰ ਵਾਲੇ ਪਾਸੇ ਵੱਲ ਸਥਿਤ ਹੈ | ਇਸ ਸੜਕ ਦੇ ਦੂਸਰੇ ਪਾਸੇ 'ਨਾਹਰਗੜ੍ਹ' ਦਾ ਕਿਲ੍ਹਾ ਸਥਿਤ ਹੈ | ਲਾਲ ਪੱਥਰ ਨਾਲ ਬਣੇ ਇਸ ਕਿਲ੍ਹੇ ਵਿਚ ਇਸ ਪਾਸੇ ਤੋਂ 'ਡੂੰਗਰ' ਦਰਵਾਜ਼ੇ ਰਾਹੀਂ ਪ੍ਰਵੇਸ਼ ਕੀਤਾ ਜਾਂਦਾ ਹੈ | ਇਸ ਦਰਵਾਜ਼ੇ ਦੇ ਨਜ਼ਦੀਕ ਬਾਹਰ ਟਿਕਟ ਖਿੜਕੀ ਹੈ, ਜਿੱਥੋਂ ਅੰਦਰ ਜਾਣ ਲਈ ਆਪਣੀ ਅਤੇ ਆਪਣੀ ਕਾਰ ਆਦਿ ਦੀ ਟਿਕਟ ਲਈ ਜਾਂਦੀ ਹੈ | ਜੈਗੜ੍ਹ ਕਿਲ੍ਹੇ ਦੀ ਯੋਜਨਾਬੰਦੀ ਆਮੇਰ ਦੇ ਕਿਲ੍ਹੇ ਵਾਂਗ ਹੀ ਹੈ | ਇਹ ਕਿਲ੍ਹਾ ਉੱਤਰ ਤੋਂ ਦੱਖਣ ਵੱਲ 3 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਵੱਲ 1 ਕਿਲੋਮੀਟਰ ਦੇ ਲਗਪਗ ਖੇਤਰ ਵਿਚ ਫੈਲਿਆ ਹੋਇਆ ਹੈ | ਕਿਲ੍ਹੇ ਦੇ ਸਾਰੇ ਪਾਸਿਆਂ ਤੋਂ ਗੋਲੀਬਾਰੀ ਲਈ ਮੋਰੇ ਰੱਖੇ ਗਏ ਹਨ, ਜਿੱਥੋਂ ਛੁਪ ਕੇ ਦੁਸ਼ਮਣ 'ਤੇ ਨਿਸ਼ਾਨਾ ਲਗਾਇਆ ਜਾ ਸਕੇ |
ਕਿਲ੍ਹਾ ਜੈਗੜ੍ਹ ਆਮੇਰ ਦੇ ਕਿਲ੍ਹੇ ਨਾਲ ਇਕ ਸੁਰੰਗ ਦੁਆਰਾ ਜੁੜਿਆ ਹੋਇਆ ਸੀ | ਇਸ ਸੁਰੰਗ ਦਾ ਇਤਿਹਾਸਿਕ ਮਹੱਤਵ ਹੈ | ਇਹ ਸੁਰੰਗ ਸ਼ਾਹੀ ਪਰਿਵਾਰ ਅਤੇ ਉਨ੍ਹਾਂ ਦੇ ਕੁਝ ਕੁ ਵਿਸ਼ਵਾਸਪਾਤਰ ਲੋਕਾਂ ਲਈ ਆਮੇਰ ਦੇ ਕਿਲ੍ਹੇ 'ਤੇ ਕਿਸੇ ਤਰ੍ਹਾਂ ਦਾ ਸੰਕਟ ਆਉਣ 'ਤੇ ਉੱਥੋਂ ਨਿਕਲਣ ਲਈ ਗੁਪਤ ਰਸਤਾ ਸੀ | ਇਹ ਸੁਰੰਗ ਸ਼ਾਹੀ ਪਰਿਵਾਰ ਦੁਆਰਾ ਇਹਨਾਂ ਕਿਲਿ੍ਹਆਂ ਵਿਚ ਆਉਣ ਜਾਣ ਲਈ ਉਪਯੋਗ ਕੀਤੀ ਜਾਂਦੀ ਸੀ | ਆਮੇਰ ਅਤੇ ਜੈਗੜ੍ਹ ਕਿਲਿ੍ਹਆਂ ਦੇ ਵਿਚਕਾਰਲੀ ਦੂਰੀ ਜ਼ਿਆਦਾ ਹੈ, ਪਰ ਇਸ ਸੁਰੰਗ ਰਾਹੀਂ ਇਹ ਦੂਰੀ ਮਹਿਜ਼ 600 ਮੀਟਰ ਰਹਿ ਜਾਂਦੀ ਸੀ | ਜੈਗੜ੍ਹ ਦਾ ਕਿਲ੍ਹਾ ਆਮੇਰ ਦੇ ਕਿਲ੍ਹੇ ਦੇ ਮੁਕਾਬਲੇ ਡਿਜ਼ਾਈਨ ਦੇ ਪੱਖ ਤੋਂ ਕਾਫੀ ਸਧਾਰਨ ਹੈ | ਅਜਿਹਾ ਹੋਣ ਦਾ ਕਰਨ ਇਸ ਕਿਲ੍ਹੇ ਦੇ ਨਿਰਮਾਣ ਦਾ ਉਦੇਸ਼ ਰਾਜਸੀ ਨਾ ਹੋੋ ਕੇ ਸੈਨਿਕ ਸੀ |
ਇਸ ਕਿਲ੍ਹੇ ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਇੱਥੇ ਮੌਜੂਦ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੋਪਾਂ ਵਿਚ ਸ਼ੁਮਾਰ 'ਜੈਬਾਣ' ਹੈ | ਇਸ ਤੋਪ ਦਾ ਨਿਰਮਾਣ ਇਸ ੇ ਕਿਲ੍ਹੇ ਦੇ ਤੋਪ ਕਾਰਖਾਨੇ ਵਿਚ ਹੀ 1720 ਈ. ਵਿਚ ਕੀਤਾ ਗਿਆ ਸੀ | ਇਹ ਤੋਪ ਡੂੰਗਰ ਦਰਵਾਜ਼ੇ ਦੇ ਨਜ਼ਦੀਕ ਇਕ ਉੱਚੇ ਸਥਾਨ 'ਤੇ ਟਾਇਰਾਂ ਉੱਪਰ ਇਕ ਸ਼ੈੱਡ ਹੇਠ ਖੜ੍ਹੀ ਵਿਖਾਈ ਦਿੰਦੀ ਹੈ | ਇਸ ਤੋਪ ਦੀ ਲੰਬਾਈ 20 ਫੁੱਟ, ਗੋਲਾਈ 8 ਫੁੱਟ 7.5 ਇੰਚ ਅਤੇ ਵਜ਼ਨ 50 ਟਨ ਹੈ | ਇਸ ਦੇ ਟਾਇਰਾਂ ਦੀ ਉਚਾਈ ਨੌਾ ਫੁੱਟ ਅਤੇ ਧੁਰੇ ਦੀ ਮੋਟਾਈ ਇਕ ਫੁੱਟ ਹੈ | ਪਿਛਲੇ ਪਹੀਆਂ ਦੀ ਸਹਾਇਤਾ ਨਾਲ ਇਸ ਦੀ ਦਿਸ਼ਾ ਬਦਲੀ ਜਾ ਸਕਦੀ ਸੀ | ਇਸ ਤੋਪ ਨੂੰ ਹਾਥੀਆਂ ਦੀ ਸਹਾਇਤਾ ਨਾਲ ਖਿੱਚਿਆ ਜਾਂਦਾ ਸੀ | ਜੈਬਾਣ ਨੂੰ ਇਕ ਵਾਰ ਚਲਾਉਣ ਲਈ ਇਸ ਵਿਚ 100 ਕਿਲੋਗ੍ਰਾਮ ਬਰੂਦ ਭਰਨਾ ਪੈਂਦਾ ਸੀ ਅਤੇ ਇਹ 35 ਕਿਲੋਮੀਟਰ ਤੱਕ ਮਾਰ ਕਰਦੀ ਸੀ | ਇਸ ਤੋਪ ਨੂੰ ਮੌਜੂਦਾ ਸਥਾਨ 'ਤੇ ਮਹਾਰਾਜਾ ਸਵਾਈ ਰਾਮ ਸਿੰਘ ਨੇ ਰਖਵਾਇਆ ਸੀ | ਇਸ ਕਿਲ੍ਹੇ ਤੱਕ ਕਦੇ ਦੁਸ਼ਮਣ ਨਹੀਂ ਪਹੁੰਚ ਸਕਿਆ , ਇਸ ਕਰਕੇ ਇਸ ਤੋਪ ਨੂੰ ਚਲਾਉਣ ਦੀ ਕਦੇ ਜ਼ਰੂਰਤ ਨਹੀਂ ਪਈ | ਇਸ ਨੂੰ ਕੇਵਲ ਇਸ ਦੇ ਨਿਰੀਖਣ ਸਮੇਂ ਚਲਾਇਆ ਗਿਆ ਸੀ ਅਤੇ ਇਸ ਦਾ ਗੋਲਾ ਚਾਕੂਸ ਨਾਮੀਂ ਸਥਾਨ 'ਤੇ ਜਾ ਕੇ ਡਿੱਗਿਆ ਸੀ | ਇਸ ਦੇ ਕਾਰੀਗਰਾਂ ਨੇ ਇਸ ਉੱਪਰ ਵੇਲ ਬੂਟੇ ਉੱਕਰ ਕੇ ਆਪਣੇ ਕਲਾਤਮਿਕ ਸ਼ੌਾਕ ਦੀ ਪੂਰਤੀ ਵੀ ਕੀਤੀ ਹੈ | ਇਸ ਤੋਪ ਵੱਲ ਜਾਂਦੇ ਸਮੇਂ ਰਸਤੇ ਵਿਚ ਕਿਲ੍ਹੇ ਦਾ ਖੰਡਰ ਦਾ ਰੂਪ ਧਾਰਦਾ ਢਾਂਚਾ ਅਤੇ ਇਕ ਡੂੰਘਾ ਤਲਾਬ ਨੁਮਾ ਸਫੈਦ ਪੱਥਰ ਦਾ ਬਣਿਆ ਟੋਇਆ ਸਥਿਤ ਹੈ |
ਜੈਗੜ੍ਹ ਕਿਲ੍ਹੇ ਵਿਚ ਪਾਣੀ ਇਕੱਠਾ ਕਰਨ ਲਈ ਛੱਤ ਵਾਲਾ ਇਕ ਤਲਾਬ, ਜਿਸ ਨੂੰ 'ਪਾਣੀ ਕਾ ਟੰਕਾ' ਕਿਹਾ ਜਾਂਦਾ ਹੈ, ਜਿੱਥੇ ਕਿਲ੍ਹੇ ਵਿਚੋਂ ਵਰਤੋਂ ਲਈ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ | ਇਸ ਤੋਂ ਇਲਾਵਾ ਕਿਲ੍ਹੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਲਈ ਆਮੇਰ ਦੇ ਕਿਲ੍ਹੇ ਵੱਲ ਪਹਾੜੀਆਂ ਦੇ ਵਿਚਕਾਰ ਬਣੀ ਸਾਗਰ ਝੀਲ ਤੋਂ ਇਸ ਦੇ ਲਈ ਪਾਣੀ ਦਾ ਪ੍ਰਬੰਧ ਸੀ | ਜੈਪੁਰ ਦਾ ਸਭ ਤੋਂ ਉੱਚਾ ਕਿਲ੍ਹਾ ਹੋਣ ਕਾਰਨ ਜੈਪੁਰ ਦੀ ਸੁਰੱਖਿਆ ਲਈ ਇੱਥੋਂ ਵਧੀਆ ਨਿਗਰਾਨੀ ਕੀਤੀ ਜਾ ਸਕਦੀ ਸੀ | ਇੱਥੇ 'ਦੀਯਾ ਬੁਰਜ' ਨਾਮੀ ਪੰਜ ਮੰਜ਼ਿਲਾ ਮਿਲਟਰੀ 'ਵਾਚ ਟਾਵਰ' ਮੌਜੂਦ ਹੈ, ਜਿਸ ਦੇ ਉੱਪਰ ਜੈਪੁਰ ਦੇ 'ਕੁਛਵਾਹਾ' ਖਾਨਦਾਨ ਦਾ ਝੰਡਾ ਲਹਿਰਾ ਰਿਹਾ ਹੈ |
ਇਸ ਤੋਂ ਇਲਾਵਾ ਕਿਲ੍ਹੇ ਵਿਚ ਇਕ ਬਗੀਚਾ, ਸ਼ਾਸਤਰ ਘਰ, ਮਹੱਲ ਸਮੂਹ , ਤੋਪ ਢਲਾਈ ਕਾਰਖਾਨਾ, ਅੰਨ ਭੰਡਾਰ ਆਦਿ ਮੌਜੂਦ ਹਨ | ਇਸ ਕਿਲ੍ਹੇ ਦੇ ਨਿਰਮਾਣ ਤੋਂ ਪਹਿਲਾਂ ਹੀ ਇੱਥੇ ਤੋਪ ਬਣਾਉਣ ਦਾ ਕਾਰਖਾਨਾ ਸਥਾਪਤ ਸੀ | ਸੈਨਾ ਲਈ ਲੋੜੀਂਦੀਆਂ ਵੱਖ-ਵੱਖ ਪ੍ਰਕਾਰ ਦੀਆਂ ਤੋਪਾਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਸਨ | ਮੁਗਲ ਸੈਨਾ ਲਈ ਵੀ ਕੁਝ ਤੋਪਾਂ ਇੱਥੇ ਤਿਆਰ ਕੀਤੀਆਂ ਗਈਆਂ | ਕਿਲ੍ਹੇ ਵਿਚਲੇ ਮਿਊਜ਼ੀਅਮ ਵਿਚ ਵੱਖ-ਵੱਖ ਤਰ੍ਹਾਂ ਦੀਆਂ ਤਲਵਾਰਾਂ, ਢਾਲਾਂ, ਬੰਦੂਕਾਂ, ਛੋਟੀਆਂ ਤੋਪਾਂ, ਫ਼ੌਜ ਦੀਆਂ ਬੰਦੂਕਾਂ, ਤੋਪਾਂ ਦੇ ਗੋਲੇ ਅਤੇ ਰਾਜਘਰਾਣੇ ਨਾਲ ਸਬੰਧਤ ਤਸਵੀਰਾਂ ਰੱਖੀਆਂ ਗਈਆਂ ਹਨ |
ਇਸ ਕਿਲ੍ਹੇ ਵਿਚਲੇ ਮਹੱਲ ਸਮੂਹ ਵਿਚ ਲਲਿਤ ਮੰਦਰ ਸ਼ਾਹੀ ਪਰਿਵਾਰ ਦੇ ਗਰਮੀ ਦੀ ਰੁੱਤ ਵਿਚ ਨਿਵਾਸ ਲਈ ਉਪਯੋਗ ਹੁੰਦਾ ਸੀ | ਲਲਿਤ ਮੰਦਿਰ ਰਾਜਪੂਤ ਭਵਨ ਨਿਰਮਾਣ ਕਲਾ ਦਾ ਪ੍ਰਤੀਕ ਹੈ | ਇਸ ਵਿਚ ਅੱਠ ਜੁੜਵੇਂ ਸਤੰਭ ਹਨ | ਉਪਰਲੀ ਮੰਜ਼ਿਲ ਵਿਚ ਪੱਥਰ ਦੀ ਜਾਲੀ ਦੁਆਰਾ ਹਵਾ ਦਾ ਪ੍ਰਵੇਸ਼ ਹੁੰਦਾ ਹੈ | ਇਸ ਦੇ ਸਾਹਮਣੇ ਵਰਗਾਕਾਰ ਵਿਹੜਾ ਹੈ | ਇਸ ਤੋਂ ਅੱਗੇ ਸ਼ੁੁਭਟ ਨਿਵਾਸ ਹੈ | ਜਿਸ ਤਰ੍ਹਾਂ ਇਸ ਦੇ ਨਾਂ ਤੋਂ ਹੀ ਸਿੱਧ ਹੁੰਦਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਸੈਨਾ ਦੇ ਅਧਿਕਾਰੀਆਂ ਦੁਆਰਾ ਬੈਠ ਕੇ ਕਿਸੇ ਨਾ ਕਿਸੇ ਵਿਸ਼ੇ 'ਤੇ ਚਰਚਾ ਕੀਤੀ ਜਾਂਦੀ ਸੀ | ਇਸ ਤੋਂ ਅੱਗੇ ਲੱਛਮੀ ਵਿਲਾਸ ਮਹੱਲ ਹੈ | ਇਸ ਦਾ ਪ੍ਰਯੋਗ ਮਹਾਰਾਜੇ ਵਲੋਂ ਆਪਣੇ ਅਰਾਮ ਅਤੇ ਮਹੱਤਵਪੂਰਨ ਬੈਠਕਾਂ ਸਮੇਂ ਕੀਤਾ ਜਾਂਦਾ ਸੀ | ਇਹ ਸਥਾਨ ਵੀ ਕਾਫੀ ਸੁੰਦਰ ਅਤੇ ਕਲਾਤਮਿਕ ਹੈ | ਵਿਲਾਸ ਮੰਦਰ ਸ਼ਾਹੀ ਪਰਿਵਾਰ ਦੀਆਂ ਔਰਤਾਂ ਲਈ ਬਣਾਇਆ ਗਿਆ ਮਹੱਲ ਹੈ | ਇਸ ਦੀਆਂ ਜਾਲੀਦਾਰ ਖਿੜਕੀਆਂ ਅਤੇ ਝਰੋਖਿਆਂ ਵਿਚੋਂ ਲੰਘਦੀ ਹਵਾ ਇਸ ਨੂੰ ਠੰਢਾ ਰੱਖਦੀ ਸੀ | ਅਰਾਮ ਮੰਦਰ ਅਤੇ ਬਾਗ਼ ਇਸ ਦੇ ਬਿਲਕੁਲ ਉੱਤਰ ਵੱਲ ਸਥਿਤ ਮੁਗਲ ਸ਼ੈਲੀ ਵਿਚ ਬਣਿਆ ਇਕ ਬਗ਼ੀਚਾ ਹੈ | ਇਸ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ | ਇੱਥੇ ਕਈ ਫ਼ਿਲਮਾਂ ਦਾ ਫ਼ਿਲਮਾਂਕਣ ਵੀ ਕੀਤਾ ਗਿਆ ਹੈ |
ਇਸ ਕਿਲ੍ਹੇ ਦੀ ਆਪਣੀ ਸੁੰਦਰਤਾ ਕਾਰਨ ਵੱਖਰੀ ਪਹਿਚਾਣ ਹੋਣ ਦੇ ਨਾਲ ਨਾਲ ਇਸ ਦੇ ਚਰਚਾ ਵਿਚ ਰਹਿਣ ਦਾ ਕਾਰਨ ਆਮੇਰ ਦੇ ਰਾਜ ਘਰਾਣੇ ਦੇ ਸ਼ਾਹੀ ਖਜ਼ਾਨੇ ਦੇ ਇਸ ਕਿਲ੍ਹੇ ਵਿਚ ਦੱਬੇ ਹੋਣ ਦਾ ਰਹੱਸ ਵੀ ਹੈ | ਇਸ ਕਿਲ੍ਹੇ ਦੇ ਇਸ ਖਜ਼ਾਨੇ ਉੱਪਰ ਪਾਕਿਸਤਾਨ ਨੇ ਵੀ ਆਪਣੇ ਹਿੱਸੇ ਸਬੰਧੀ ਦਾਅਵਾ ਕੀਤਾ ਸੀ | ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਵਿਚ 1976 ਵਿਚ ਇਸ ਖਜ਼ਾਨੇ ਦੀ ਭਾਲ ਲਈ ਕਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਖੁਦਾਈ ਕਰਵਾਈ ਗਈ | ਕਿਲ੍ਹੇ ਦੇ ਪਾਣੀ ਦੇ ਟੰਕੇ ਨੂੰ ਖਾਲੀ ਕਰਕੇ ਇਸ ਦੀ ਫਰਸ਼ ਤੱਕ ਪੁੱਟੀ ਗਈ ਸੀ | ਪਰ ਕਿਹਾ ਜਾਂਦਾ ਹੈ ਕਿ ਇਸ ਵਿਚੋਂ ਕੁਝ ਪ੍ਰਾਪਤ ਨਹੀਂ ਹੋਇਆ |
ਭਾਰਤ ਦੇ ਵੱਖਰੀ ਕਿਸਮ ਦੇ ਕਿਲਿ੍ਹਆਂ ਵਿਚ ਸ਼ੁਮਾਰ ਕਿਲ੍ਹਾ 'ਜੈਗੜ੍ਹ' ਜੈਪੁਰ ਦੇ ਵਿਰਾਸਤੀ ਸਥਾਨਾਂ ਵਿਚੋਂ ਪ੍ਰਮੁੱਖ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ | ਜੈਪੁਰ ਆਏ ਸੈਲਾਨੀ ਇਸ ਕਿਲ੍ਹੇ ਵਿਚ ਆ ਕੇ ਇਸ ਦੀ ਸੁੰਦਰਤਾ ਦਾ ਲੁਤਫ ਉਠਾਉਂਦੇ ਹਨ |

-ਪਿੰਡ ਤੇ ਡਾ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)
ਮੋਬਾਈਲ : 81469-24800

ਸਾਹਿਤ ਦੇ ਦੋ ਨੋਬਲ ਪੁਰਸਕਾਰ ਜੇਤੂ : ਓਲਗਾ ਤੋਕਾਚੁਰਕ ਅਤੇ ਪੀਟਰ ਹੈਾਡਕੇ

ਪਿਛਲੇ ਕਈ ਦਿਨਾਂ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਸ ਸਾਲ ਸਾਹਿਤ ਦਾ ਨੋਬਲ ਪੁਰਸਕਾਰ ਕਿਸ ਦੇ ਹਿੱਸੇ ਆਵੇਗਾ? ਸਭ ਦੇ ਆਪਣੇ-ਆਪਣੇ ਅੰਦਾਜ਼ੇ ਸਨ | ਮਜ਼ਾਕ ਦੇ ਤੌਰ 'ਤੇ ਇਹ ਵੀ ਪੁੱਛਿਆ ਜਾ ਰਿਹਾ ਸੀ ਕਿ ਕੀ ਹਿੰਦੀ ਵਿਚ ਭਵਿੱਖ ਵਿਚ ਕੋਈ ਇਸ ਤਰ੍ਹਾਂ ਦਾ ਲੇਖਕ ਨਜ਼ਰੀਂ ਪੈਂਦਾ ਹੈ ਜੋ ਇਸ ਪੁਰਸਕਾਰ ਦਾ ਦਾਅਵੇਦਾਰ ਹੋ ਸਕਦਾ ਹੈ ਜਾਂ ਹਾਲੇ ਸਾਨੂੰ ਕਈ ਵਰ੍ਹੇ ਪਹਿਲਾਂ ਮਿਲੇ ਸਿਰਫ਼ ਸਾਹਿਤ ਦੇ ਇਕਮਾਤਰ ਨੋਬਲ ਪੁਰਸਕਾਰ ਜੇਤੂ ਭਾਰਤੀ ਰਵਿੰਦਰਨਾਥ ਟੈਗੋਰ 'ਤੇ ਹੀ ਫ਼ਖਰ ਕਰਦੇ ਰਹਿਣਾ ਪਵੇਗਾ | ਜ਼ਾਹਿਰ ਹੈ ਇਹ ਹਵਾ ਵਿਚ ਪੁੱਛੇ ਗਏ ਸਵਾਲ ਸਨ ਅਤੇ ਇਨ੍ਹਾਂ ਦਾ ਜਵਾਬ ਵੀ ਹਵਾ ਵਿਚ ਹੀ ਸੀ | ਹਾਂ, ਇਹ ਸੱਚ ਹੈ ਕਿ ਇਸ ਵਾਰ ਬੇਚੈਨੀ ਥੋੜ੍ਹੀ ਜ਼ਿਆਦਾ ਸੀ, ਕਿਉਂਕਿ 2018 ਵਿਚ ਨੋਬਲ ਫਾਊਾਡੇਸ਼ਨ ਸੈਕਸ ਸਕੈਂਡਲ ਦੀ ਵਜ੍ਹਾ ਨਾਲ ਇਹ ਪੁਰਸਕਾਰ ਨਹੀਂ ਦੇ ਸਕੀ ਸੀ | ਲਿਹਾਜ਼ਾ ਇਸ ਵਾਰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਨੋਬਲ ਫਾਊਾਡੇਸ਼ਨ ਨੇ ਦੋ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ | 2018 ਦਾ ਨੋਬਲ 75 ਸਾਲਾ ਪੋਲਿਸ਼ ਲੇਖਿਕਾ ਓਲਗਾ ਤੋਕਾਚੁਰਕ ਨੂੰ ਮਿਲਿਆ ਅਤੇ 2019 ਦਾ ਪੁਰਸਕਾਰ 76 ਸਾਲਾ ਆਸਟਰੀਆਈ ਨਾਵਲਕਾਰ, ਨਾਟਕਕਾਰ, ਅਨੁਵਾਦਕ ਅਤੇ ਫ਼ਿਲਮਕਾਰ ਪੀਟਰ ਹੈਾਡਕੇ ਦੇ ਹਿੱਸੇ ਆਇਆ |
ਓਲਗਾ ਤੋਕਾਚੁਰਕ ਕਹਾਣੀਆਂ, ਕਵਿਤਾਵਾਂ, ਨਾਵਲ ਲੇਖਨ ਦੇ ਨਾਲ-ਨਾਲ ਫ਼ਿਲਮੀ ਲੇਖਨ ਨਾਲ ਵੀ ਜੁੜੀ ਹੋਈ ਹੈ | ਇਸ ਐਲਾਨ ਦੇ ਨਾਲ ਹੀ ਇਕ ਵਾਰ ਫਿਰ ਤੋਂ ਉਹ ਸਾਰੇ ਅੰਦਾਜ਼ੇ ਧਰੇ ਧਰਾਏ ਰਹਿ ਗਏ ਜਿਨ੍ਹਾਂ ਦੇ ਸਹਾਰੇ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਸ ਵਾਰ ਦਾ ਪੁਰਸਕਾਰ ਮਿਲਾਨ ਕੁੰਦੇਰਾ, ਹਾਰੁਕੀ ਮੁਰਾਕਾਮੀ, ਮਾਰਗਰੇਟ ਐਟਵੁੱਡ, ਐਨੀ ਕਾਰਸਨ ਜਾਂ ਅਡੂਨਿਸ ਵਿਚੋਂ ਕਿਸੇ ਇਕ ਨੂੰ ਮਿਲੇ | ਘੱਟ ਤੋਂ ਘੱਟ ਮਿਲਾਨ ਕੁੰਦੇਰਾ ਅਤੇ ਹਾਰੂਕੀ ਮੁਰਾਕਾਮੀ ਪਿਛਲੇ ਕਾਫੀ ਸਾਲਾਂ ਤੋਂ ਹਿੰਦੀ ਵਿਚ ਹੀ ਨਹੀਂ ਦੁਨੀਆ ਭਰ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਬਹੁਤ ਅਨੁਵਾਦਿਤ ਹੋ ਰਹੇ ਹਨ ਅਤੇ ਇਸ ਲਈ ਪੜ੍ਹੇ ਵੀ ਜਾ ਰਹੇ ਹਨ | ਸ਼ਾਇਦ ਨੋਬਲ ਫਾਊਾਡੇਸ਼ਨ ਲਈ ਇਹ ਆਧਾਰ ਬਿਲਕੁਲ ਮਾਇਨੇ ਨਹੀਂ ਰੱਖਦਾ ਕਿ ਜਿਸ ਨੂੰ ਪੁਰਸਕਾਰ ਦਿੱਤਾ ਜਾ ਰਿਹਾ ਹੈ, ਉਸ ਦਾ ਸੰਸਾਰ ਪੱਧਰ ਫੈਲਾਅ ਕਿੰਨਾ ਕੁ ਹੈ |
ਫਿਲਹਾਲ ਨਿਰਣਾਇਕ ਮੰਡਲ ਨੇ ਆਪਣੇ ਬਿਆਨ ਵਿਚ ਕਿਹਾ, 'ਓਲਗਾ ਤੋਕਾਚੁਰਕ ਨੇ ਆਪਣੀ ਕਲਪਨਾਸ਼ੀਲ ਕਥਾ ਲਈ ਮਾਨਤਾ ਪ੍ਰਾਪਤ ਕੀਤੀ ਹੈ | ਉਹ ਭੂਗੋਲਿਕ ਹੱਦਾਂ ਨੂੰ ਤੋੜਦੇ ਹੋਏ ਸੰਸਾਰਕ ਜੀਵਨ ਨੂੰ ਪੇਸ਼ ਕਰਦੀ ਹੈ | ਜਦ ਕਿ ਪੀਟਰ ਹੈਾਡਕੇ ਨੂੰ ਮਨੁੱਖੀ ਅਨੁਭਵਾਂ ਦੀਆਂ ਉਨ੍ਹਾਂ ਖਾਸੀਅਤਾਂ ਨੂੰ ਲੱਭਣ ਲਈ, ਜੋ ਭਾਸ਼ਾ ਗ਼ੈਰ-ਇਮਾਨਦਾਰੀ ਦੇ ਬੋਝ ਹੇਠ ਦੱਬ ਜਾਂਦੀਆਂ ਹਨ, ਲਈ ਇਹ ਪੁਰਸਕਾਰ ਦਿੱਤਾ ਗਿਆ ਹੈ |' ਇਨ੍ਹਾਂ ਪੁਰਸਕਾਰਾਂ ਨਾਲ ਜੁੜਿਆ ਇਕ ਦਿਲਚਸਪ ਸੰਯੋਗ ਇਹ ਵੀ ਹੈ ਕਿ ਦੋਵੇਂ ਹੀ ਜੇਤੂ ਫ਼ਿਲਮ ਲੇਖਨ ਨਾਲ ਜੁੜੇ ਹੋਏ ਹਨ | ਓਲਗਾ ਦੀ ਲਿਖੀ ਇਕ ਫ਼ਿਲਮ ਆਸਕਰ ਵਿਚ ਜਾ ਚੁੱਕੀ ਹੈ | ਹੈਾਡਕੇ ਦੀ ਲਿਖੀ ਫ਼ਿਲਮ 'ਬਿ੍ਟਿਸ਼ ਅਕਾਦਮੀ ਆਫ਼ ਫ਼ਿਲਮ ਐਾਡ ਟੈਲੀਵਿਜ਼ਨ ਆਰਟਸ' ਲਈ ਨਾਮਜ਼ਦ ਹੋ ਚੁੱਕੀ ਹੈ | ਓਲਗਾ ਦਾ ਲੇਖਨ ਇਕ ਪੌਰਾਣਿਕ ਰਿਦਮ ਲਈ ਹੁੰਦਾ ਹੈ | ਉਨ੍ਹਾਂ ਦੀ ਇਕ ਪੁਸਤਕ 'ਕਮਰੇ ਔਰ ਅਨਯ ਕਹਾਨੀਆਂ' ਰਾਜਕਮਲ ਪ੍ਰਕਾਸ਼ਨ ਵਲੋਂ ਹਿੰਦੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਇਨ੍ਹਾਂ ਵਿਚੋਂ ਤਿੰਨ ਕਹਾਣੀਆਂ ਹਨ, 'ਕਮਰੇ', 'ਅਲਮਾਰੀ' ਅਤੇ 'ਊਪਰ ਵਾਲੇ ਕਾ ਹਾਥ' | ਤਿੰਨੇ ਕਹਾਣੀਆਂ ਕਿਰਦਾਰਾਂ ਦੀ ਰਹੱਸਮਈ ਅੰਦਰੂਨੀ ਮਨੋਵਿਰਤੀ ਨੂੰ ਪੇਸ਼ ਕਰਦੀਆਂ ਹਨ |
'ਅਲਮਾਰੀ' ਵਿਚ ਆਪਣੇ ਲਈ ਸੁਰੱਖਿਅਤ ਥਾਂ ਭਾਲਦੀ ਇੱਛਾ ਨੂੰ ਦਿਖਾਇਆ ਗਿਆ ਹੈ ਤੇ ਕਮਰੇ ਵਿਚ, ਇਕ ਹੋਟਲ ਦੇ ਅਨੇਕ ਕਮਰਿਆਂ ਦੇ ਬਹਾਨੇ ਇਨਸਾਨੀ ਜੀਵਨ ਦੇ 'ਬਲੈਕ ਐਾਡ ਵਾਈ੍ਹਟ' ਨੂੰ ਪੇਸ਼ ਕੀਤਾ ਗਿਆ ਹੈ | 'ਊਪਰ ਵਾਲੇ ਕਾ ਹਾਥ' ਕਹਾਣੀ ਦਾ ਨਾਇਕ ਮਨੁੱਖ ਅਤੇ ਸੱਭਿਅਤਾ ਦੀਆਂ ਕੁਝ ਮਜਬੂਰੀਆਂ ਵੱਲ ਸੰਕੇਤ ਕਰਦਾ ਹੈ | ਓਲਗਾ ਨੂੰ ਪੋਲੈਂਡ ਦੇ ਉੱਚ ਮਿਆਰੀ ਐਵਾਰਡ ਨਾਈਕ ਨਾਲ ਵੀ ਦੋ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ | ਸਾਲ 2015 ਵਿਚ ਹੀ ਉਨ੍ਹਾਂ ਨੂੰ 'ਜਰਮਨ ਪੋਲਿਸ਼ ਇੰਟਰਨੈਸ਼ਨਲ ਬਿ੍ਜ ਪ੍ਰਾਈਜ਼' ਦਿੱਤਾ ਗਿਆ ਸੀ | ਇਹ ਪੁਰਸਕਾਰ ਯੂਰਪੀ ਦੇਸ਼ਾਂ ਵਿਚਾਲੇ ਲੋਕਤੰਤਰਿਕ ਵਿਕਾਸ, ਆਪਸੀ ਸਮਝ ਅਤੇ ਸ਼ਾਂਤੀ ਨੂੰ ਵਧਾਉਣ ਲਈ ਦਿੱਤਾ ਜਾਂਦਾ ਹੈ | ਪੋਲਿਸ਼ ਨਾਵਲਕਾਰ ਓਲਗਾ ਨੂੰ 2018 ਵਿਚ ਮੈਨ ਬੁੱਕਰ ਪ੍ਰਾਈਜ਼ ਉਨ੍ਹਾਂ ਦੇ ਨਾਵਲ 'ਫਲਾਈਟਸ' ਲਈ ਦਿੱਤਾ ਗਿਆ ਸੀ |
ਉਹ ਇਹ ਪੁਰਸਕਾਰ ਹਾਸਲ ਕਰਨ ਵਾਲੀ ਪੋਲੈਂਡ ਦੀ ਪਹਿਲੀ ਲੇਖਿਕਾ ਸੀ | 'ਫਲਾਈਟਸ' ਮੂਲ ਰੂਪ ਵਿਚ ਇਕ ਇਸ ਤਰ੍ਹਾਂ ਦਾ ਨਾਵਲ ਹੈ ਜਿਸ ਵਿਚ ਦਸਤਾਵੇਜ਼ਾਂ, ਅਲੱਗ-ਅਲੱਗ ਬਿਖਰੇ ਹੋਏ ਟੁਕੜਿਆਂ ਨੂੰ ਸਮੇਟਿਆ ਗਿਆ ਹੈ | ਇਸ ਨਾਵਲ ਵਿਚ ਪ੍ਰਚੱਲਤ ਪਰੰਪਰਾਗਤ ਕਿਰਦਾਰ ਤੁਹਾਨੂੰ ਨਹੀਂ ਮਿਲਨਗੇ | ਇਹ ਸੱਭਿਆਚਾਰਕ ਸੰਕਟ ਦੀ ਪੇਸ਼ਕਾਰੀ ਕਰਦਾ ਨਾਵਲ ਹੈ | ਦੂਜੇ ਪਾਸੇ ਪੀਟਰ ਹੈਾਡਕੇ ਜਰਮਨ ਪਿਤਾ ਅਤੇ ਸਲੋਵੇਨਿਆਈ ਮਾਂ ਦੀ ਸੰਤਾਨ ਹੈ | ਕਾਨੂੰਨ ਦੀ ਪੜ੍ਹਾਈ ਕਰਨ ਦੇ ਬਾਅਦ ਉਹ ਲੇਖਨ ਨਾਲ ਜੁੜ ਗਏ | ਥੀਏਟਰ ਵੀ ਉਨ੍ਹਾਂ ਦੀਆਂ ਤਰਜੀਹਾਂ ਵਿਚ ਸੀ | 1966 ਵਿਚ ਉਨ੍ਹਾਂ ਨੇ 'ਆਫੇਂਡਿੰਗ ਦ ਆਡੀਅੰਸ' ਨਾਂਅ ਨਾਲ ਇਕ ਨਾਟਕ ਕੀਤਾ | ਇਕ ਘੰਟੇ ਦੇ ਇਸ ਨਾਟਕ ਵਿਚ ਚਾਰ ਅਭਿਨੇਤਾ ਦਰਸ਼ਕਾਂ ਦਾ ਅਪਮਾਨ ਕਰਦੇ ਹਨ | ਉਹ ਆਪਣੇ ਅਭਿਨੈ ਦੀ ਤਾਰੀਫ ਕਰਦੇ ਹਨ |
ਇਸ ਨਾਟਕ ਨੂੰ ਵੱਖ-ਵੱਖ ਆਲੋਚਨਾਵਾਂ ਵਿਚੀਂ ਲੰਘਣਾ ਪਿਆ | ਇਸ ਨਾਟਕ ਵਿਚ ਰਵਾਇਤੀ ਪਲਾਟ ਨਹੀਂ ਸੀ | ਸੰਵਾਦ ਨਹੀਂ ਸਨ | ਸ਼ਾਇਦ ਇਸੇ ਲਈ ਇਹ ਤਜਰਬਾ ਬੁਹਤ ਜ਼ਿਆਦਾ ਸਫਲ ਨਹੀਂ ਹੋਇਆ | ਬਾਅਦ ਵਿਚ ਉਨ੍ਹਾਂ ਹੋਰ ਵੀ ਕਈ ਨਾਟਕ ਲਿਖੇ ਅਤੇ ਖੇਡੇ | 1969 ਵਿਚ 'ਮਾਈ ਫੁੱਟ ਮਾਈ ਟਿਊਟਰ' ਅਤੇ 'ਦ ਰਾਈਡ ਐਕ੍ਰਾਸ ਲੇਕ ਕਾਂਸਟੈਂਸ' ਵਰਗੇ ਨਾਟਕ ਲਿਖੇ | ਪਰ ਉਨ੍ਹਾਂ ਨੂੰ ਮਾਨਤਾ ਨਾਵਲਾਂ 'ਚ ਮਿਲੀ | ਉਨ੍ਹਾਂ ਦੇ ਚਰਚਿਤ ਨਾਵਲਾਂ ਵਿਚੋਂ 'ਗੋਆਲੀਸ ਏਾਗਜਾਇਟੀ ਐਟ ਦੀ ਪੈਨਲਟੀ ਕਿਕ' ਅਤੇ 'ਸਲੋ ਹੋਮਕਮਿੰਗ' ਹਨ | ਉਨ੍ਹਾਂ ਨੇ ਲਗਪਗ ਸਭ ਸਿਨਫ਼ਾਂ 'ਤੇ ਹੱਥ ਅਜ਼ਮਾਇਆ | ਕਵਿਤਾਵਾਂ ਵੀ ਲਿਖੀਆਂ, ਨਾਟਕ, ਨਾਵਲ ਲਿਖੇ, ਰੇਡੀਓ ਨਾਟਕ ਅਤੇ ਫ਼ਿਲਮਾਂ ਲਈ ਪਟਕਥਾਵਾਂ ਲਿਖੀਆਂ | ਨਾਲ ਹੀ ਉਨ੍ਹਾਂ ਨੇ ਛੋਟੀਆਂ ਕਹਾਣੀਆਂ ਵੀ ਲਿਖੀਆਂ | ਉਨ੍ਹਾਂ ਰੋਜ਼ਮਰ੍ਹਾ ਦੇ ਜੀਵਨ ਅਤੇ ਉਸ ਦੇ ਯਥਾਰਥ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਅਤੇ ਉਸ ਨੂੰ ਸਰਲ ਭਾਸ਼ਾ ਵਿਚ ਕਿਹਾ | 1973 ਵਿਚ ਉਨ੍ਹਾਂ ਨੂੰ ਬਰਨਰ ਅਤੇ 1991 ਵਿਚ ਗਿ੍ਲ ਪੈਲਜਰ ਪੁਰਸਕਾਰ ਦਿੱਤਾ ਗਿਆ |
ਦਿਲਚਸਪ ਗੱਲ ਹੈ ਕਿ ਜਦੋਂ ਉਨ੍ਹਾਂ ਦੀ ਰਾਜਨੀਤੀ ਨੇ 2006 ਵਿਚ ਉਨ੍ਹਾਂ ਦੀ ਸਾਹਿਤਕ ਪ੍ਰਸਿੱਧੀ ਨੂੰ ਢਕ ਲਿਆ ਅਤੇ ਉਨ੍ਹਾਂ ਦੀ ਸਾਹਿਤਕ ਦਿੱਖ ਧੁੰਦਲੀ ਪੈਣ ਲੱਗੀ ਤਾਂ ਉਨ੍ਹਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲ ਗਿਆ | ਜ਼ਾਹਿਰ ਹੈ ਹੁਣ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਸਾਹਿਤਕ ਦਿੱਖ ਵਿਚ ਨਿਖਾਰ ਆਵੇਗਾ | ਪਰ ਇਹ ਵੀ ਵਰਣਨਯੋਗ ਹੈ ਕਿ ਅਮਰੀਕੀ ਗਾਇਕ ਬੌਬ ਡਿਲਨ ਨੂੰ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ | ਗਾਇਕੀ ਦੀ ਦੁਨੀਆ ਵਿਚ ਸ਼ਾਇਦ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਜਦੋਂ ਗਾਇਕ ਨੂੰ ਸਭ ਤੋਂ ਪ੍ਰਸਿੱਧ ਸਾਹਿਤਕ ਪੁਰਸਕਾਰ ਮਿਲਿਆ ਹੋਵੇ | ਇਸ ਤੋਂ ਪਹਿਲਾਂ ਕਵੀਆਂ ਨੂੰ ਇਹ ਪੁਰਸਕਾਰ ਮਿਲ ਚੁੱਕਾ ਹੈ | ਬੌਬ ਨੇ 1959 ਵਿਚ ਪੇਸ਼ੇਵਰ ਤੌਰ 'ਤੇ ਗਾਉਣਾ ਸ਼ੁਰੂ ਕੀਤਾ ਅਤੇ ਸਾਲ ਭਰ ਵਿਚ ਹੀ ਉਨ੍ਹਾਂ ਦੇ ਗਾਣੇ ਨਵੀਂ ਪੀੜ੍ਹੀ ਦੀ ਆਵਾਜ਼ ਬਣ ਗਏ ਸੀ | ਪਰ ਅਨੇਕ ਮੰਚਾਂ ਤੋਂ ਉਨ੍ਹਾਂ ਨੂੰ ਪੁਰਸਕਾਰ ਦੇਣ ਦਾ ਵਿਰੋਧ ਵੀ ਹੋਇਆ ਸੀ | ਜ਼ਾਹਿਰ ਹੈ ਕਿ ਇਹ ਤੈਅ ਕਰਨਾ ਨੋਬਲ ਕਮੇਟੀ ਦਾ ਕੰਮ ਹੈ ਕਿ ਕਿਸ ਨੂੰ ਪੁਰਸਕਾਰ ਦੇਣਾ ਹੈ ਤੇ ਕਿਸ ਨੂੰ ਨਹੀਂ |
ਪਰ ਇਹ ਵੀ ਸੋਚਣ-ਸਮਝਣ ਅਤੇ ਵਿਚਾਰਸ਼ੀਲ ਲੋਕਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਚੁਣੇ ਗਏ ਵਿਅਕਤੀਆਂ ਨੂੰ ਨਿਰਪੱਖ ਰੂਪ ਵਿਚ ਪਰਖ ਸਕਣ | ਬੌਬ ਡਿਲਨ ਨੂੰ ਪੁਰਸਕਾਰ ਮਿਲਣ ਤੋਂ ਬਾਅਦ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਨ ਵਿਚ ਆਈਆਂ ਸਨ ਕਿ ਕਿਸੇ ਹਿੰਦੀ ਦੇ ਫ਼ਿਲਮੀ ਗੀਤਕਾਰ ਨੂੰ ਵੀ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ ਜਾਂ ਮਿਲ ਸਕਦਾ ਹੈ | ਇਨ੍ਹਾਂ ਸਭ ਗੱਲਾਂ ਨੂੰ ਜੇਕਰ ਛੱਡ ਵੀ ਦਿੱਤਾ ਜਾਵੇ ਤਾਂ ਕੁਝ ਸਵਾਲ ਦਿਮਾਗ ਵਿਚ ਫਿਰ ਵੀ ਕਾਇਮ ਰਹਿੰਦੇ ਹਨ | ਪਹਿਲਾ ਇਹ ਕਿ ਭਾਰਤ ਸਮੇਤ ਦੁਨੀਆ ਦੇ ਅਨੇਕ ਦੇਸ਼ਾਂ ਵਿਚ ਦੱਖਣਪੰਥੀ ਤਾਕਤਾਂ ਸਿਖ਼ਰ 'ਤੇ ਪਹੁੰਚ ਗਈਆਂ ਹਨ | ਕੀ ਇਸ ਬਦਲੇ ਹੋਏ ਰਾਜਨੀਤਕ ਦਿ੍ਸ਼ ਦਾ ਕੋਈ ਪ੍ਰਭਾਵ ਸਾਹਿਤ ਦੇ ਨੋਬਲ ਪੁਰਸਕਾਰ 'ਤੇ ਵੀ ਪੈਂਦਾ ਹੋਵੇਗਾ? ਕੀ ਜਿਸ ਤਰ੍ਹਾਂ ਦੀਆਂ ਗ਼ੈਰ-ਦਲੀਲੀ ਬੇਜੋੜ ਰਾਜਨੀਤਕ ਪੱਧਰ 'ਤੇ ਦਿਖਾਈ ਦਿੰਦੀਆਂ ਹਨ, ਉਸ ਦੀ ਆਵਾਜ਼ ਇਨ੍ਹਾਂ ਸੰਸਥਾਵਾਂ ਤੱਕ ਵੀ ਪਹੁੰਚਦੀ ਹੋਵੇਗੀ?
••

ਕਾਸ਼, ਇਹ ਇੰਜ ਨਾ ਹੁੰਦਾ!

ਜਦੋਂ ਮੈਂ ਲੋਕਾਂ ਦੇ ਤਿੜਕਦੇ ਰਿਸ਼ਤਿਆਂ ਬਾਰੇ ਸੋਚਦਾ ਹਾਂ, ਉਜੜੇ ਘਰਾਂ ਬਾਰੇ ਸੋਚਦਾ ਹਾਂ, ਲੋਕਾਂ ਨੂੰ ਆਪਣੇ ਕੀਤੇ 'ਤੇ ਪਛਤਾਉਂਦੇ ਵੇਖਦਾ ਹਾਂ, ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਨਾਲ ਗ੍ਰਸੇ ਵੇਖਦਾ ਹਾਂ ਤਾਂ ਮੈਨੂੰ ਬੰਦੇ ਦੇ ਉਹ ਔਗੁਣ ਯਾਦ ਆ ਜਾਂਦੇ ਹਨ, ਜਿਹੜੇ ਕਿ ਉਹ ਹੰਕਾਰ ਵਿਚ ਆ ਕੇ ਕਰ ਤਾਂ ਬੈਠਦਾ ਹੈ ਤੇ ਫਿਰ ਪਛਤਾਉਂਦਾ ਹੈ | ਇਹ ਸਭ ਗ਼ਲਤੀਆਂ ਦਾ ਮੁੱਖ ਕਾਰਨ ਹੈ ਬੰਦੇ ਦਾ ਉਹ ਹੰਕਾਰ ਜਿਹੜਾ ਕਿ ਉਸ ਦੇ ਸਿਰ ਚੜ੍ਹ ਕੇ ਬੋਲਦਾ ਹੀ ਨਹੀਂ ਸਗੋਂ ਉਸ ਨੂੰ ਆਪਣੇ ਆਪੇ ਤੋਂ ਬਾਹਰ ਵੀ ਕਰ ਦਿੰਦਾ ਹੈ | ਦੋ ਭਰਾਵਾਂ ਵਿਚ ਪਈ ਫੁਟ ਦਾ ਕਾਰਨ ਸਿਰਫ਼ ਲਾਲਚ ਹੀ ਨਹੀਂ ਹੁੰਦਾ ਸਗੋਂ ਹੰਕਾਰ ਦਾ ਵਧ ਰਿਹਾ ਰੋਲ ਵੀ ਹੁੰਦਾ ਹੈ | ਇਕ ਸ਼ਾਦੀ ਟੁੱਟ ਜਾਂਦੀ ਹੈ, ਇਸ ਕਰਕੇ ਨਹੀਂ ਕਿ ਉਹ ਇਕ-ਦੂਜੇ ਨੂੰ ਚਾਹੁੰਦੇ ਨਹੀਂ, ਸਗੋਂ ਇਸ ਕਰਕੇ ਕਿ ਉਹ ਆਪਣੇ-ਆਪਣੇ ਹੰਕਾਰ ਨੂੰ ਕਾਬੂ ਵਿਚ ਨਹੀਂ ਰੱਖ ਸਕਦੇ | ਪਰ ਹੰਕਾਰ ਦੀ ਮਾਰੀ ਸੱਟ ਤਾਂ ਵੱਡਿਆਂ-ਵੱਡਿਆਂ ਨੂੰ ਖੁੱਡੇ ਲਾਈਨ ਲਾ ਕੇ ਰੱਖ ਦਿੰਦੀ ਹੈ |
ਕੀ ਫਿਰ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਜ਼ਿੰਦਗੀ ਵਿਚ ਹੰਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ? ਇਥੇ ਹੀ ਸਾਡਾ ਸਮਾਜ ਮਾਰ ਖਾ ਜਾਂਦਾ ਹੈ ਕਿਉਂਕਿ ਉਹ ਬੰਦੇ ਨੂੰ ਇਥੋਂ ਤੱਕ ਥੱਲੇ ਲਾ ਦਿੰਦਾ ਹੈ ਕਿ ਉਹ ਹੰਕਾਰ ਬਿਲਕੁਲ ਹੀ ਛੱਡ ਦੇਵੇ | ਹੰਕਾਰ ਜਿਸ ਨੂੰ ਮਨੋਵਿਗਿਆਨ ਵਿਚ ਈਗੋ ਕਿਹਾ ਹੈ ਸਾਡੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਊਣ ਵਿਚ ਮਦਦ ਵੀ ਕਰਦਾ ਹੈ | ਇਹ ਸਵੈਮਾਣ ਭਾਵ ਹੰਕਾਰ ਹੀ ਹੈ ਜੋ ਇਕ ਵਿਦਿਆਰਥੀ ਨੂੰ ਪੜ੍ਹਾਈ ਵਿਚ ਖ਼ੂਬ ਰੁਚੀ ਲੈਣ ਲਾ ਦਿੰਦਾ ਹੈ ਤਾਂ ਕਿ ਉਹ ਮਾਅਰਕੇ ਮਾਰ ਸਕੇ ਤੇ ਦੂਜਿਆਂ ਨਾਲੋਂ ਅੱਗੇ ਵਧ ਸਕੇ |
ਪਰ ਸੋਚਣ ਦੀ ਗੱਲ ਇਹ ਹੈ ਕਿ ਹੰਕਾਰ ਬੰਦੇ ਵਿਚ ਹੋਣਾ ਤਾਂ ਜ਼ਰੂਰ ਚਾਹੀਦਾ ਹੈ ਪਰ ਉਸ ਦਾ ਸਹੀ ਸੰਤੁਲਨ ਵਿਚ ਹੋਣਾ, ਤੇ ਸਹੀ ਜਗ੍ਹਾ 'ਤੇ ਵਰਤਿਆ ਜਾਣਾ ਜ਼ਰੂਰੀ ਹੁੰਦਾ ਹੈ | ਇਸੇ ਨੂੰ ਭਾਵਨਾਤਮਿਕ ਬੁੱਧੀ ਕਿਹਾ ਜਾਂਦਾ ਹੈ | ਭਾਵਨਾਤਮਿਕ ਬੁੱਧੀ ਅਸਲ ਵਿਚ ਸਾਡੀ ਮਾਨਸਿਕ ਬੁੱਧੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ | ਜਦੋਂ ਜ਼ਿੰਦਗੀ ਵਿਚ ਪੁਆੜੇ ਪੈਂਦੇ ਹਨ ਤਾਂ ਉਸ ਦਾ ਆਧਾਰ ਬੰਦੇ ਦੀ ਮਾਨਸਿਕ ਬੁੱਧੀ ਦਾ ਬੰਦੇ ਦੀ ਭਾਵਨਾਤਮਿਕ ਬੁੱਧੀ 'ਤੇ ਹਾਵੀ ਹੋਣਾ ਹੁੰਦਾ ਹੈ | ਜਦੋਂ ਸੰੁਦਰ ਤੋਂ ਸੰੁਦਰ ਜੋੜਿਆਂ ਦੇ ਤਲਾਕ ਹੁੰਦੇ ਹਨ ਤਾਂ ਜ਼ਿਆਦਾਤਰ ਉਨ੍ਹਾਂ ਦਾ ਭਾਵਨਾਤਮਿਕ ਬੁੱਧੀ ਨੂੰ ਕਾਬੂ ਵਿਚ ਨਾ ਰੱਖਣ ਕਾਰਨ ਹੀ ਹੁੰਦੇ ਹਨ |
ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਸਮਾਜ ਵਿਚ ਪਰਿਵਾਰਕ ਰਿਸ਼ਤੇ ਬਹੁਤ ਹੀ ਘੱਟ ਤਿੜਕਦੇ ਹੁੰਦੇ ਹਨ | ਉਦੋਂ ਇਨਸਾਨ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨੂੰ ਭਲੀ-ਭਾਂਤ ਸਮਝਦਾ ਹੁੰਦਾ ਸੀ | ਹੁਣ ਦੇ ਯੁੱਗ ਵਿਚ ਬੰਦਾ ਹੰਕਾਰ ਵਿਚ ਆ ਕੇ ਆਪਣੇ-ਆਪ ਦੇ ਅਸਲੀ ਵਜੂਦ ਨੂੰ ਏਨਾ ਕੁ ਭੁੱਲ ਜਾਂਦਾ ਹੈ ਕਿ ਉਸ ਨੂੰ ਆਪਣੇ ਵੀ ਪਰਾਏ ਲੱਗਣ ਲੱਗ ਪੈਂਦੇ ਹਨ | ਦਿਨ-ਬ-ਦਿਨ ਨਵੀਆਂ ਭੜਕਾਊ ਘਟਨਾਵਾਂ, ਨਵੇਂ ਭੜਕਾਊ ਸੀਰੀਅਲ ਤੇ ਨਵੇਂ ਭੜਕਾਊ ਵਾਤਾਵਰਨ ਨੂੰ ਵੇਖ ਕੇ ਬੰਦਾ ਹੋਰ ਦਾ ਹੋਰ ਹੀ ਹੋ ਰਿਹਾ ਹੈ | ਗੱਲ ਮੱੁਕਦੀ ਸਿਰਫ਼ ਇਥੇ ਹੈ ਕਿ ਬੰਦੇ ਦਾ ਆਪਣੇ ਭਾਵਨਾਤਮਿਕ ਵਰਤਾਰੇ ਤੇ ਬੁੱਧੀ 'ਤੇ ਕਾਬੂ ਵੀ ਨਹੀਂ ਰਹਿੰਦਾ ਤੇ ਰਹਿੰਦਾ-ਖੰੂਹਦਾ ਉਸ ਨੂੰ ਆਪਣੀ ਅਜਿਹੀ ਹੀ ਸੰਗਤ ਵਿਗਾੜ ਕੇ ਰੱਖ ਦਿੰਦੀ ਹੈ |
ਹੁਣ ਭਾਵੇਂ ਸਾਡੀ ਸਰਕਾਰ ਨਸ਼ੇ 'ਤੇ ਕਾਬੂ ਪਾਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਪਰ ਫਿਰ ਵੀ ਨਸ਼ਾ ਦਿਨ-ਬ-ਦਿਨ ਚੋਰੀ ਛੁਪੇ ਆਪਣੀ ਹੀ ਗਤੀ 'ਤੇ ਵਧ ਫੁੱਲ ਰਿਹਾ ਹੈ | ਇਸ ਸਭ ਕੁਝ ਦੇ ਪਿੱਛੇ ਬੰਦੇ ਦੀ ਭਾਵਨਾਤਮਿਕ ਬੁੱਧੀ ਦਾ ਗੰੁਮਰਾਹ ਹੋਣਾ ਹੀ ਮੁੱਖ ਕਾਰਨ ਹੈ | ਬੰਦਾ ਆਮ ਤੌਰ 'ਤੇ ਚੁਸਤ ਤੇ ਚਲਾਕ ਬਣਨ ਦੀ ਕੋਸ਼ਿਸ਼ ਤਾਂ ਕਰਦਾ ਹੈ ਪਰ ਅਸਲ ਵਿਚ ਉਹ ਆਪਣੀ ਭਾਵਨਾਤਮਿਕ ਬੁੱਧੀ ਨੂੰ ਇਕ ਤਰ੍ਹਾਂ ਦਾ ਘੁਣ ਲਗਾ ਰਿਹਾ ਹੈ |
ਅੱਜ ਜੇਕਰ ਸਾਡੀ ਕੋਈ ਬਜ਼ੁਰਗ ਪੀੜ੍ਹੀ ਦਾ ਕੋਈ ਸਿਆਣਾ ਬੰਦਾ ਹੁਣ ਦੀ ਨੌਜਵਾਨ ਪੀੜ੍ਹੀ ਦੇ ਕਾਰਨਾਮੇ ਵੇਖ ਲੈਂਦਾ ਹੈ ਤਾਂ ਉਹ ਸਿਰਫ਼ ਇਹ ਕਹਿ ਹੀ ਉੱਠਦਾ ਹੈ, 'ਕਾਸ਼! ਇੰਜ ਨਾ ਹੁੰਦਾ | 'ਪਰ ਕੀ ਹੁਣ ਦੇ ਜ਼ਮਾਨੇ ਦੀ ਬਜ਼ੁਰਗ ਪੀੜ੍ਹੀ ਕੁਝ ਵੀ ਨਹੀਂ ਕਰ ਸਕਦੀ? ਕੀ ਸਾਡੇ ਵਿਚ ਏਨਾ ਕੁ ਨੈਤਿਕ ਹੌਸਲਾ ਨਹੀਂ ਕਿ ਅਸੀਂ ਆਪਣੇ ਗੰੁਮਰਾਹ ਹੋਏ ਬੱਚੇ ਨੂੰ ਦੂਜਿਆਂ ਦੇ ਸਾਹਮਣੇ ਕਹਿ ਸਕੀਏ ਕਿ ਸਾਡਾ ਆਪਣਾ ਹੀ ਬੱਚਾ ਗ਼ਲਤ ਹੈ | ਪਰ ਇਹ ਕਹਿਣ ਵਿਚ ਸਾਡੀ ਆਪਣੀ ਹਉਮੈ ਨੂੰ ਸੱਟ ਵੱਜਦੀ ਹੈ ਤੇ ਅਸੀਂ ਇਹ ਕਹਿਣ ਤੋਂ ਗੁਰੇਜ਼ ਕਰਦੇ ਹਾਂ |
ਲੋੜ ਹੈ ਸਾਨੂੰ ਆਪਣੇ ਅੰਦਰ ਹੰਕਾਰ ਨੂੰ ਸਹੀ ਸੰਤੁਲਨ ਵਿਚ ਰੱਖਣ ਦੀ | ਹੰਕਾਰ ਇਕ ਅਜਿਹੀ ਬਿਰਤੀ ਹੈ ਜਿਸ ਤੋਂ ਬਗੈਰ ਨਾ ਤਾਂ ਅਸੀਂ ਜੀ ਸਕਦੇ ਹਾਂ ਤੇ ਜਿਸ ਨੂੰ ਸੰਤੁਲਨ ਵਿਚ ਰੱਖਣ ਵਿਚ ਅਸੀਂ ਮਾਰ ਖਾ ਜਾਂਦੇ ਹਾਂ ਤੇ ਕਹਿ ਦਿੰਦੇ ਹਾਂ ਕਾਸ਼! ਇਹ ਇੰਜ ਨਾ ਹੁੰਦਾ | ਪਰ ਇਹ ਸਭ ਕੁਝ ਬਦਲਿਆ ਜਾ ਸਕਦਾ ਹੈ | ਲੋੜ ਹੈ ਸਾਨੂੰ ਆਪਣੇ-ਆਪ ਨੂੰ ਬਦਲਣ ਦੀ | ਇਸ ਤੋਂ ਪਹਿਲਾਂ ਕਿ ਅਸੀਂ ਦੂਜਿਆਂ ਨੂੰ ਬਦਲ ਸਕੀਏ ਸਾਨੂੰ ਆਪਣੇ-ਆਪ ਨੂੰ ਬਦਲਣਾ ਹੋਵੇਗਾ | ਆਓ, ਅਸੀਂ ਆਪਣੇ-ਆਪ ਨੂੰ ਵੀ ਬਦਲੀਏ ਤੇ ਆਪਣੇ ਜ਼ਮਾਨੇ ਨੂੰ ਵੀ ਬਦਲੀਏ | ਦੂਜਿਆਂ ਦੀ ਸੁੱਖ ਮੰਗੋ ਤੇ ਆਪਣੇ ਘਰ ਸੁਖ ਸ਼ਾਂਤੀ ਆਪਣੇ-ਆਪ ਵਰਸਣ ਲੱਗੇਗੀ | ਸੋ, ਜੋ ਦੁੱਖ ਦੇ ਭਾਂਬੜ ਅਸੀਂ ਏਧਰ-ਓਧਰ ਵੇਖ ਰਹੇ ਹਾਂ ਕਾਸ਼! ਇਹ ਇੰਜ ਨਾ ਹੁੰਦਾ |

-ਨੇੜੇ ਗੀਤਾ ਭਵਨ, ਵਾਰਡ ਨੰਬਰ : 3,
ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

ਭੁੱਲੀਆਂ ਵਿਸਰੀਆਂ ਯਾਦਾਂ

1975 'ਚ ਸ੍ਰੀਨਗਰ (ਕਸ਼ਮੀਰ) ਵਿਖੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਹੋਈ ਸੀ | ਉਸ ਸਮੇਂ ਕੁਝ ਪੰਜਾਬ ਦੇ ਸਾਹਿਤਕਾਰ ਤੇ ਕੁਝ ਜੰਮੂ-ਕਸ਼ਮੀਰ ਦੇ ਸਾਹਿਤਕਾਰ ਇਕੱਠੇ ਗੱਲਾਂਬਾਤਾਂ ਕਰ ਰਹੇ ਸਨ | ਡਾ: ਕੁਲਬੀਰ ਸਿੰਘ ਕਾਂਗ ਦੇ ਕਹਿਣ 'ਤੇ ਇਨ੍ਹਾਂ ਸਾਰਿਆਂ ਦੀ ਇਹ ਯਾਦਗਾਰੀ ਤਸਵੀਰ ਕਸ਼ਮੀਰੀ ਸਾਹਿਤਕਾਰਾਂ ਨਾਲ ਖਿੱਚੀ ਗਈ ਸੀ |

-ਮੋਬਾਈਲ : 98767-41231

ਪਾਲੀਵੁੱਡ ਝਰੋਖਾ ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ: ਬੀਨੂੰ ਢਿੱਲੋਂ

ਪਿਛਲੇ ਕੁਝ ਸਮੇਂ ਤੋਂ ਇਕ ਚਿਹਰੇ ਹੀ ਵੱਖ-ਵੱਖ ਤਰ੍ਹਾਂ ਦੀ ਅਦਾਕਾਰੀ ਪੇਸ਼ ਕਰ ਕੇ ਪੰਜਾਬੀ ਸਿਨੇਮਾ 'ਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ | ਇਹ ਚਿਹਰਾ ਹੈ ਬੀਨੂੰ ਢਿੱਲੋਂ | ਕਾਮੇਡੀ ਤੋਂ ਲੈ ਕੇ ਨਾਇਕੀ ਤੱਕ ਦੀਆਂ ਭੂਮਿਕਾਵਾਂ ਬੜੀ ਖੂਬੀ ਨਾਲ ਇਸ ਅਦਾਕਾਰ ਨੇ ਨਿਭਾਈਆਂ ਹਨ, ਜਿਸ ਤੋਂ ਉਸ ਦੀ ਬਹੁ-ਪੱਖੀ ਪ੍ਰਤਿਭਾ ਦਾ ਅੰਦਾਜ਼ਾ ਆਸਾਨੀ ਨਾਲ ਹੀ ਹੋ ਜਾਂਦਾ ਹੈ |
ਬੀਨੂੰ ਦਾ ਅਸਲੀ ਨਾਂਅ ਬਰਿੰਦਰ ਸਿੰਘ ਢਿੱਲੋਂ ਹੈ | ਉਸ ਦਾ ਜਨਮ 29 ਅਗਸਤ, 1975 ਨੂੰ ਧੂਰੀ ਵਿਚ ਹੋਇਆ | ਉਸ ਦੀ ਉਚੇਰੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੁਕੰਮਲ ਹੋਈ ਸੀ | ਯੂਨੀਵਰਸਿਟੀ 'ਚ ਰਹਿੰਦਿਆਂ ਹੀ ਉਸ ਨੇ ਭੰਗੜੇ ਅਤੇ ਡਰਾਮੇ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ | ਕਦੇ-ਕਦੇ ਉਹ ਸਟੇਜ ਐਾਕਰ ਵੀ ਬਣ ਜਾਇਆ ਕਰਦਾ ਸੀ | ਇਹ ਵੱਖ-ਵੱਖ ਅਨੁਭਵਾਂ ਨੇ ਉਸ ਦੀ ਕਲਾ ਨੂੰ ਨਿਖਾਰਨ 'ਚ ਮਦਦ ਕੀਤੀ ਸੀ |
ਦਰਅਸਲ ਆਪਣੇ ਕੈਰੀਅਰ ਦੇ ਆਰੰਭ 'ਚ ਬੀਨੂੰ ਨੂੰ ਜੋ ਵੀ ਭੂਮਿਕਾ ਮਿਲੀ ਉਸ ਨੇ ਉਸ ਨਾਲ ਇਨਸਾਫ ਕੀਤਾ | ਉਸ ਨੇ ਸਬੰਧਿਤ ਭੂਮਿਕਾ ਦੀ ਲੰਬਾਈ ਨੂੰ ਨਹੀਂ ਬਲਕਿ ਗਹਿਰਾਈ ਨੂੰ ਮਾਪਿਆ | ਇਸ ਲਈ ਉਸ ਨੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ 'ਚ ਆਪਣਾ ਅਕਸ ਛੱਡਿਆ |
ਪਰ ਬੀਨੂੰ ਨੂੰ ਅਸਲੀ ਬਰੇਕ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ 'ਚੰਨੋ' ਦੇ ਮਾਧਿਅਮ ਰਾਹੀਂ ਦੁਆਈ ਸੀ | 'ਚੰਨੋ' ਵਿਚਲਾ ਕਿਰਦਾਰ ਅਜਿਹਾ ਸੀ ਜਿਹੜਾ ਕਿ ਇਕ ਵਿਆਹੁਤਾ ਅਤੇ ਗਰਭਵਤੀ ਔਰਤ (ਨਾਇਕਾ) ਪ੍ਰਤੀ ਹਮਦਰਦੀ ਰੱਖਦਾ ਹੈ ਅਤੇ ਉਸ ਲਈ ਹਰੇਕ ਤਰ੍ਹਾਂ ਦਾ ਤਿਆਗ ਕਰਦਾ ਹੈ | ਗੰਭੀਰ ਵਿਸ਼ੇ 'ਤੇ ਆਧਾਰਿਤ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਢੁੱਕਵਾਂ ਸਮਰਥਨ ਨਹੀਂ ਮਿਲਿਆ ਸੀ |
ਇਸ ਦੇ ਉਲਟ 'ਵੇਖ ਬਰਾਤਾਂ ਚੱਲੀਆਂ' ਵਿਚ ਉਸ ਨੇ ਇਕ ਹਲਕੀ-ਫੁਲਕੀ ਭੂਮਿਕਾ ਕੀਤੀ ਸੀ | ਅੰਧ-ਵਿਸ਼ਵਾਸਾਂ 'ਤੇ ਚੋਟ ਕਰਨ ਵਾਲੀ ਇਸ ਕਾਮੇਡੀ ਫ਼ਿਲਮ 'ਚ ਬੀਨੂੰ ਦੀ ਸ਼ਾਦੀ ਇਕ ਕੁੱਤੀ ਨਾਲ ਕੀਤੀ ਜਾਂਦੀ ਹੈ ਤਾਂ ਕਿ ਉਸ ਦੇ ਗ੍ਰਹਿ ਟਲ ਜਾਣ | ਦਰਸ਼ਕਾਂ ਨੂੰ ਇਹ ਕਾਮੇਡੀ ਫ਼ਿਲਮ ਕਾਫੀ ਪਸੰਦ ਆਈ ਸੀ |
ਪਰ ਆਮ ਤੌਰ 'ਤੇ ਬੀਨੂੰ ਦੀ ਜੋੜੀ ਕਿਸੇ ਨਾਇਕਾ ਨਾਲ ਨਹੀਂ ਬਲਕਿ ਇਕ ਸਹਿ-ਕਾਮੇਡੀਅਨ ਦੇ ਰੂਪ ਵਿਚ ਜਸਵਿੰਦਰ ਭੱਲਾ ਨਾਲ ਹੀ ਹਿੱਟ ਹੁੰਦੀ ਦੇਖੀ ਗਈ ਹੈ | ਇਸ ਗੱਲ ਦਾ ਸ਼ਾਇਦ ਬੀਨੂੰ ਨੂੰ ਮਾਣ ਵੀ ਹੈ ਅਤੇ ਹੈਰਾਨਗੀ ਵੀ | ਉਸ ਨੇ 'ਚੰਨੋ' ਵਾਲੀ ਭੂਮਿਕਾ ਬੜੀ ਸ਼ਿੱਦਤ ਦੇ ਨਾਲ ਨਿਭਾਈ ਸੀ ਪਰ ਦਰਸ਼ਕਾਂ ਦੇ ਠੰਢੇ ਵਤੀਰੇ ਨੇ ਉਸ ਦਾ ਦਿਲ ਤੋੜ ਦਿੱਤਾ ਸੀ |
ਬਾਵਜੂਦ ਇਨ੍ਹਾਂ ਪ੍ਰਸਥਿਤੀਆਂ ਦੇ ਬੀਨੂੰ ਪੰਜਾਬੀ ਸਿਨੇਮਾ 'ਚ ਅਦਾਕਾਰੀ ਦੇ ਖੇਤਰ 'ਚ ਕਈ ਨਵੇਂ ਤਜਰਬੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ | ਇਹ ਪ੍ਰਤੀਬੱਧ ਅਦਾਕਾਰ ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦਾ ਹੈ? ਉਹ ਹੁਣ ਖੁਦ ਵੀ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵੱਲ ਕਦਮ ਵਧਾ ਰਿਹਾ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਸਰਕਾਰ-ਏ-ਖ਼ਾਲਸਾ ਸਮੇਂ ਕਸ਼ਮੀਰ ਵਿਚ ਸੁਧਾਰ ਤੇ ਵਿਕਾਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਕਮ ਮਿਲਣ ਦੀ ਦੇਰ ਸੀ ਕਿ ਖ਼ਾਲਸਾ ਫ਼ੌਜਾਂ ਨੇ ਸਭ ਤੋਂ ਪਹਿਲਾਂ ਬਾਰਾਮੂਲਾ ਦੇ ਰਈਸਾਂ ਨੂੰ ਜਾ ਘੇਰਿਆ | ਉਨ੍ਹਾਂ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਨੱਕ ਨਾਲ ਲਕੀਰਾਂ ਕਢਾ ਦਿੱਤੀਆਂ | ਹੁਣ ਖ਼ਾਲਸਾ ਫ਼ੌਜਾਂ ਨੇ ਬਿਨਾਂ ਕਿਸੇ ਖ਼ੂਨ ਖਰਾਬੇ ਦੇ ਖੱਖੇ ਤੇ ਬੱਬਿਆਂ ਨੂੰ ਜਾ ਕਾਬੂ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਢੰਗ ਨਾਲ ਸਜ਼ਾ ਦਿੱਤੀ ਕਿ ਬਾਕੀ ਗ਼ੱਦਾਰ ਦੇਖ ਕੇ ਖ਼ਾਲਸੇ ਦੇ ਆ ਚਰਨੀਂ ਪਏ | ਉਨ੍ਹਾਂ ਨੇ ਭਰੇ ਦਰਬਾਰ ਵਿਚ ਖਾਲਸੇ ਅੱਗੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ ਤੇ ਅੱਗੇ ਤੋਂ ਖਾਲਸੇ ਦੇ ਵਫ਼ਾਦਾਰ ਰਹਿਣ ਦਾ ਵਿਸ਼ਵਾਸ ਦਿਵਾਇਆ | ਇਸ ਤਰ੍ਹਾਂ ਉਨ੍ਹਾਂ ਤੋਂ ਕੇਵਲ ਮਾਲੀਏ ਦੀ ਵਸੂਲੀ ਹੀ ਨਹੀਂ ਕੀਤੀ ਗਈ ਸਗੋਂ ਵੱਡੀ ਗਿਣਤੀ ਵਿਚ ਜੁਰਮਾਨਾ ਵੀ ਵਸੂਲਿਆ ਗਿਆ | ਇਸ ਤਰ੍ਹਾਂ ਖਜ਼ਾਨਾ ਹੋਰ ਮਜ਼ਬੂਤ ਹੋ ਗਿਆ |
ਸਰਦਾਰ ਹਰੀ ਸਿੰਘ ਨਲਵਾ ਨੇ ਦੂਜੇ ਸੁਧਾਰਾਂ ਤੋਂ ਮਗਰੋਂ ਇਥੋਂ ਦੇ ਮਿਹਨਤੀ ਕਿਸਾਨਾਂ ਵੱਲ ਧਿਆਨ ਦਿੱਤਾ ਜਿਹੜੇ ਕਾਫੀ ਔਖਾ ਜੀਵਨ ਬਸਰ ਕਰ ਰਹੇ ਸਨ | ਸ: ਹਰੀ ਸਿੰਘ ਨਲਵਾ ਨੇ ਮਾਲੀਏ ਸਬੰਧੀ ਪੜਤਾਲ ਕਰਵਾ ਕੇ ਮਾਲੀਏ ਵਿਚ ਕਟੌਤੀ ਕਰਵਾਈ | ਇਸ ਤਰ੍ਹਾਂ ਆਮ ਕਿਸਾਨਾਂ ਦਾ ਜੀਵਨ ਸੌਖਾ ਹੋ ਗਿਆ |
ਕਸ਼ਮੀਰ ਵਿਚ ਸੰਨ 907 ਈਸਵੀ ਤੋਂ ਸ਼ੰਕਰ ਵਰਮਾ ਦੇ ਸਮੇਂ ਤੋਂ ਜੋ ਕਸ਼ਮੀਰ ਦਾ ਰਾਜਾ ਸੀ, ਵਗਾਰ ਦਾ ਰਿਵਾਜ਼ ਪੀੜ੍ਹੀ-ਦਰ-ਪੀੜ੍ਹੀ ਚਲਦਾ ਆਉਂਦਾ ਸੀ | ਸੰਨ 1664 ਈਸਵੀ ਨੂੰ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਕਸ਼ਮੀਰ ਗਿਆ ਤਾਂ ਉਸ ਸਮੇਂ ਅਣਗਿਣਤ ਵਗਾਰੀ ਸਾਮਾਨ ਢੋਣ ਲਈ ਵਰਤੇ ਗਏ | ਸ: ਹਰੀ ਸਿੰਘ ਨਲਵਾ ਨੇ ਆਪਣੇ ਅੱਖੀਂ ਇਸ ਵਗਾਰ ਦੀ ਜਹਾਲਤ ਨੂੰ ਦੇਖਿਆ ਅਤੇ ਸਰਦਾਰ ਹਰੀ ਸਿੰਘ ਨਲਵਾ ਨੇ ਇਸ ਵਗਾਰ ਨੂੰ ਸਦਾ ਲਈ ਬੰਦ ਕਰਵਾਉਣ ਲਈ ਇਕ ਫੁਰਮਾਨ ਜਾਰੀ ਕੀਤਾ | ਇਸ ਤੋਂ ਬਾਅਦ ਸਰਕਾਰੀ ਸਮਾਨ ਢੋਣ ਲਈ ਖੱਚਰਾਂ ਤੇ ਟੱਟੂਆਂ ਦੀ ਵਰਤੋਂ ਹੋਣ ਲੱਗੀ |
ਕਸ਼ਮੀਰ ਵਿਚ ਹਰ ਇਕ ਵਿਅਕਤੀ ਤੋਂ ਜਨਮ, ਮੰਗਣੀ ਅਤੇ ਵਿਆਹ ਦੇ ਸਮੇਂ ਇਕ ਟੈਕਸ ਲਿਆ ਜਾਂਦਾ ਸੀ, ਜਿਸ ਨੂੰ 'ਤੋਰਾ' ਟੈਕਸ ਕਹਿੰਦੇ ਸਨ | ਕਸ਼ਮੀਰੀਆਂ ਦੀ ਮਾਲੀ ਹਾਲਤ ਉਸ ਸਮੇਂ ਇੰਨੀ ਮਾੜੀ ਸੀ ਕਿ ਉਹ ਆਮ ਤੌਰ 'ਤੇ ਚਰਵਾਹੇ, ਆਜੜੀ, ਤੇ ਸਧਾਰਨ ਕਿਸਾਨ ਬਣ ਕੇ ਆਪਣੇ ਦਿਨ ਗੁਜ਼ਾਰਦੇ ਸਨ | ਸਰਦਾਰ ਨਲਵਾ ਨੇ ਲਗਦੇ ਹੱਥ ਇਸ ਟੈਕਸ ਨੂੰ ਵੀ ਜਨਤਾ ਦੇ ਗਲੋਂ ਲਾਹ ਦਿੱਤਾ |
ਜਨਤਾ ਦੀ ਫਰਿਆਦ ਸੁਣਨ ਲਈ ਨੇੜੇ-ਨੇੜੇ ਥਾਣੇ ਕਾਇਮ ਕੀਤੇ ਗਏ | ਫੈਸਲੇ ਦੋਵਾਂ ਧਿਰਾਂ ਦੀ ਗੱਲਬਾਤ ਸੁਣ ਕੇ ਤੁਰੰਤ ਕੀਤੇ ਜਾਂਦੇ ਸਨ | ਗਲਤ ਤੇ ਝੂਠੀ ਗਵਾਹੀ ਦੇਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਸੀ |
ਕਸ਼ਮੀਰ ਵਿਚ ਤੋਲ-ਨਾਪ ਕਈ ਤਰ੍ਹਾਂ ਦੇ ਪ੍ਰਚਲਿਤ ਸਨ ਜਿਸ ਕਾਰਨ ਝਗੜੇ ਆਮ ਹੀ ਹੁੰਦੇ ਰਹਿੰਦੇ ਸਨ | ਸਰਦਾਰ ਹਰੀ ਸਿੰਘ ਨੇ ਲੋਹੇ ਦੇ ਤੋਲ ਸਭ ਥਾਂ ਵਰਤਣ ਦਾ ਹੁਕਮ ਦਿੱਤਾ | ਇਸੇ ਤਰ੍ਹਾਂ ਨਾਪਣ ਲਈ ਗਜ਼ ਇਕੋ ਜਿਹਾ ਵਰਤਣ ਦਾ ਹੁਕਮ ਦਿੱਤਾ | ਇਸ ਸਾਰੇ ਪ੍ਰਬੰਧ ਨਾਲ ਕਸ਼ਮੀਰ ਦੇ ਉਹ ਵਸਨੀਕ ਜਿਹੜੇ ਜ਼ੁਲਮਾਂ ਤੇ ਅੱਤਿਆਚਾਰਾਂ ਤੋਂ ਤੰਗ ਆ ਕੇ ਹੋਰ ਥਾਂ ਜਾ ਵਸੇ ਸਨ, ਹਜ਼ਾਰਾਂ ਦੀ ਗਿਣਤੀ ਵਿਚ ਮੁੜ ਕਸ਼ਮੀਰ ਵਿਚ ਆ ਵਸੇ |
ਕਸ਼ਮੀਰ ਦੇ ਇਤਿਹਾਸ ਨੂੰ ਦੇਖਿਆਂ ਪਤਾ ਲਗਦਾ ਹੈ ਕਿ ਸੰਨ 1400 ਈਸਵੀ ਤੋਂ ਪਹਿਲਾਂ 93 ਫ਼ੀਸਦੀ ਹਿੰਦੂ ਅਤੇ 7 ਫ਼ੀਸਦੀ ਮੁਸਲਮਾਨ ਸਨ ਪਰ ਸਮੇਂ ਨੇ ਜਦੋਂ ਕਰਵਟ ਲਈ ਤਾਂ ਉਸ ਤੋਂ ਬਾਅਦ ਸ: ਹਰੀ ਸਿੰਘ ਨਲਵਾ ਸਮੇਂ 93 ਫ਼ੀਸਦੀ ਮੁਸਲਮਾਨ ਅਤੇ 7 ਫ਼ੀਸਦੀ ਹਿੰਦੂ ਸਨ |
ਸਰਦਾਰ ਹਰੀ ਸਿੰਘ ਨਲਵਾ ਨੇ ਜਦ ਸਾਰੀ ਪੜਤਾਲ ਕਰਵਾਈ ਤਾਂ ਪਤਾ ਲੱਗਿਆ ਕਿ ਨਰਿੰਦਰ ਸੁਆਮੀ ਦਾ ਮੰਦਰ ਜਿਸ ਨੂੰ ਮਹਾਰਾਜਾ ਨਰਿੰਦਰ ਸਿੰਘ ਦਿੱਤਿਆ ਨੇ ਸੰਨ 178-191 ਈ: ਵਿਚ ਬਣਵਾਇਆ ਸੀ ਤੇ ਇਸ ਨੂੰ ਮੁਸਲਮਾਨ ਹਾਕਮਾਂ ਨੇ ਨਰ ਪੀਰ ਦੀ ਜ਼ਿਆਰਤ ਦੀ ਸ਼ਕਲ ਵਿਚ ਬਦਲ ਦਿੱਤਾ ਸੀ, ਪੰਜ ਗੰੁਮਜਾਂ, ਮੰਦਰ ਮਹਾਂ ਸ੍ਰੀ ਦੇ ਨਾਂਅ ਨਾਲ ਪ੍ਰਸਿੱਧ ਸੀ, ਇਸ ਨੂੰ ਮਹਾਰਾਜਾ ਪ੍ਰਵਾਰਸੈਨ ਦੂਜੇ ਨੇ ਬੜਾ ਖੁੱਲ੍ਹਾ ਧਨ ਲਗਾ ਕੇ ਬਣਵਾਇਆ ਸੀ | ਸ਼ਾਹ ਸਕੰਦਰ ਹਾਕਮ ਕਸ਼ਮੀਰ ਦੀ ਬੇਗਮ ਦੀ ਮੌਤ ਸਮੇਂ ਸੰਨ 1404 ਈ: ਵਿਚ ਇਥੇ ਬੇਗਮ ਨੂੰ ਦਫਨਾ ਕੇ ਇਸ ਉਤੇ ਪੱਕੀ ਜ਼ਿਆਰਤ ਬਣਵਾ ਦਿੱਤੀ ਗਈ |
ਸਰਦਾਰ ਹਰੀ ਸਿੰਘ ਨਲਵਾ ਵਿਦਵਾਨਾਂ ਗੁਣੀਆਂ ਦਾ ਕਦਰਦਾਨ ਸੀ | ਉਨ੍ਹਾਂ ਤੋਂ ਪਹਿਲਾਂ ਚਲੀਆਂ ਆ ਰਹੀਆਂ ਗ਼ਲਤ ਪਰੰਪਰਾਵਾਂ ਨੂੰ ਬੰਦ ਕੀਤਾ ਅਤੇ ਐਲਾਨ ਜਾਰੀ ਕਰਵਾਇਆ ਕਿ 'ਖ਼ਾਲਸਾ ਰਾਜ' ਵਿਚ ਮਨੁੱਖੀ ਪੁਸ਼ਾਕ ਦੀ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਘੋੜੇ ਆਦਿ ਦੀ ਸਵਾਰੀ ਕਰਨ ਦੀ ਵੀ ਹਕੂਮਤ ਵਲੋਂ ਖੁੱਲ੍ਹ ਹੈ | ਇਸ ਤਰ੍ਹਾਂ ਹੁਕਮ ਨਾਲ ਇਕ ਫ਼ਿਰਕੇ ਦੇ ਲੋਕਾਂ ਦੀ ਰਹਿਣੀ-ਬਹਿਣੀ ਵਿਚ ਬਹੁਤ ਫਰਕ ਪੈ ਗਿਆ ਅਤੇ ਵਿਆਹ-ਸ਼ਾਦੀਆਂ 'ਤੇ ਲੱਗੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ |
ਕਸ਼ਮੀਰ ਵਿਚ ਕੇਸਰ ਦੀ ਖੇਤੀ ਬਹੁਤ ਹੁੰਦੀ ਹੈ | ਸੰਨ 1800 ਈ: ਤੋਂ ਬਾਅਦ ਕੇਸਰ ਦੀ ਬਿਜਾਈ ਦਿਨੋ-ਦਿਨ ਘਟ ਕੇ ਨਾਮਾਤਰ ਰਹਿ ਗਈ ਸੀ | ਜ਼ਿਮੀਂਦਾਰਾਂ ਨੇ ਸਰਕਾਰੀ ਲਗਾਨ ਦੀ ਸਖਤੀ, ਬਦਅਮਨੀ ਦੇ ਕਾਰਨ ਕੇਸਰ ਦੇ ਖੇਤਾਂ ਦੀ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਅਤੇ ਮਾਲੀ ਹਾਲਤ ਦੀ ਕਮਜ਼ੋਰੀ ਕਾਰਨ ਕੇਸਰ ਦੀ ਖੇਤੀ ਛੱਡ ਦਿੱਤੀ ਸੀ | ਸਰਦਾਰ ਹਰੀ ਸਿੰਘ ਨਲਵਾ ਨੇ ਇਲਾਕੇ ਦੇ ਜ਼ਿਮੀਂਦਾਰਾਂ ਦਾ ਇਕੱਠ ਬੁਲਾ ਕੇ ਕੇਸਰ ਦੀ ਖੇਤੀ ਲਈ ਪ੍ਰੇਰਿਆ ਅਤੇ ਆਪ ਖੁਦ ਉਨ੍ਹਾਂ ਦੇ ਸਰਪ੍ਰਸਤ ਬਣੇ |
ਕਸ਼ਮੀਰ ਕਿਸੇ ਸਮੇਂ ਘਰੇਲੂ ਦਸਤਕਾਰੀਆਂ ਦਾ ਘਰ ਮੰਨਿਆ ਜਾਂਦਾ ਸੀ | ਪਰ ਉਹ ਆਲੋਪ ਹੋ ਚੱਲੀਆਂ ਸਨ | ਸਰਦਾਰ ਹਰੀ ਸਿੰਘ ਨਲਵਾ ਨੇ ਉਨ੍ਹਾਂ ਦਸਤਕਾਰੀਆਂ ਨੂੰ ਮੁੜ ਸੁਰਜੀਤ ਕੀਤਾ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਸਿੱਧ ਕਾਗਜ਼ਸਾਜ਼ੀ ਦਾ ਹੁਨਰ ਸੀ | ਕਿਸੇ ਸਮੇਂ ਕਸ਼ਮੀਰੀ ਕਾਗਜ਼ ਦਾ ਟਾਕਰਾ ਕੋਈ ਦੇਸ਼ ਨਹੀਂ ਸੀ ਕਰਦਾ | ਸਰਦਾਰ ਨਲਵਾ ਨੇ ਇਨ੍ਹਾਂ ਹੁਨਰ ਦੇ ਮਾਹਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਇਸ ਕਾਗਜ਼ਸਾਜ਼ੀ ਦੀ ਦਸਤਕਾਰੀ ਨੂੰ ਵੱਡੇ ਪੱਧਰ 'ਤੇ ਫਿਰ ਸ਼ੁਰੂ ਕਰਵਾਇਆ | ਇਥੋਂ ਤਿਆਰ ਹੋਇਆ ਕਾਗਜ਼ ਪੰਜਾਬ ਨੂੰ ਭੇਜਣ ਦਾ ਖਾਸ ਪ੍ਰਬੰਧ ਕੀਤਾ ਗਿਆ | ਸ: ਨਲਵਾ ਦੀ ਮੌਜੂਦਗੀ ਸਮੇਂ ਸ਼ੇਰ ਜੰਗੀ, ਦਾਹਮਸਤੀ, ਕਲਮਦਾਨੀ, ਹਸਤਮਸਤੀ ਤੇ ਹਰੀਰੀਆ ਕਿਸਮ ਦਾ ਕਾਗਜ਼ ਤਿਆਰ ਹੁੰਦਾ ਸੀ | ਇਸ ਦੇ ਨਾਲ ਹੀ ਸਰਦਾਰ ਨਲਵਾ ਨੇ ਕਸ਼ਮੀਰ ਜੋ ਉੱਨ ਦਾ ਘਰ ਹੈ ਤੇ ਜਿਸ ਤੋਂ ਕਸ਼ਮੀਰੀ ਬੜੀ ਮਿਹਨਤ ਅਤੇ ਲਗਨ ਨਾਲ ਸ਼ਾਲ, ਦੁਸ਼ਾਲੇ, ਪਸ਼ਮੀਨੇ ਤੇ ਰੇਸ਼ਮ ਦੇ ਵਸਤਰ ਤਿਆਰ ਕਰਦੇ ਹਨ, ਉਨ੍ਹਾਂ ਕਸ਼ਮੀਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਤਾਂ ਜੋ ਦਸਤਕਾਰੀਆਂ ਨੂੰ ਉੱਨਤ ਕੀਤਾ ਜਾ ਸਕੇ | ਇਸ ਨਾਲ ਵਪਾਰ ਵਿਚ ਬਹੁਤ ਵਾਧਾ ਹੋਇਆ | ਇਸ ਸਮੇਂ ਇਨ੍ਹਾਂ ਵਸਤੂਆਂ ਦਾ ਵਪਾਰ ਜਿਥੇ ਅੰਮਿ੍ਤਸਰ ਤੇ ਹਿੰਦੁਸਤਾਨ ਦੇ ਹੋਰ ਸ਼ਹਿਰਾਂ ਦੇ ਨਾਲ ਕਾਫ਼ੀ ਸੀ, ਉਥੇ ਕਾਬਲ, ਯਾਰਕੰਦ (ਚੀਨ), ਬਲਖ-ਬੁਖਾਰਾ (ਰੂਸ) ਤੁਰਕੀ ਨਾਲ ਵੀ ਜ਼ੋਰਾਂ 'ਤੇ ਹੋ ਗਿਆ ਸੀ |
ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ ਵਲੋਂ ਕਸ਼ਮੀਰ ਵਿਚ ਕੀਤੇ ਸੁਧਾਰ ਤੇ ਵਿਕਾਸ ਤੋਂ ਖ਼ੁਸ਼ ਹੋ ਕੇ ਸਰਦਾਰ ਨਲਵਾ ਨੂੰ ਆਪਣੇ-ਨਾਂਅ ਦਾ ਸਿੱਕਾ ਜਾਰੀ ਕਰਨ ਲਈ ਹੁਕਮ ਕੀਤਾ | ਸ: ਹਰੀ ਸਿੰਘ ਨਲਵਾ ਦੇ ਨਾਂਅ ਦਾ ਸਿੱਕਾ ਬਹੁਤ ਲੰਬਾ ਸਮਾਂ ਚਲਦਾ ਰਿਹਾ | ਸਿੱਖ ਰਾਜ ਸਮੇਂ ਘਾਟੀ ਵਿਚ ਪੂਰਨ ਸ਼ਾਂਤੀ ਸੀ ਤੇ ਘਾਟੀ ਵਿਚ ਪ੍ਰਸ਼ਾਸਕੀ ਪ੍ਰਬੰਧ ਅਤੇ ਰਾਖੀ ਲਈ ਸਿਰਫ਼ ਦੋ ਪਲਟਨਾਂ ਸਨ, ਜਿਨ੍ਹਾਂ ਦੀ ਗਿਣਤੀ 1400 ਸੀ | ਇਸ ਤੋਂ ਪਹਿਲਾਂ ਅਕਬਰ ਬਾਦਸ਼ਾਹ ਦੇ ਸਮੇਂ 4892 ਘੋੜ ਸਵਾਰ ਤੇ 92400 ਪੈਦਲ ਫ਼ੌਜ ਘਾਟੀ ਵਿਚ ਪ੍ਰਬੰਧ ਲਈ ਰੱਖੀ ਗਈ ਸੀ | ਪਠਾਣਾਂ ਦੇ ਸਮੇਂ 20,000 ਫ਼ੌਜੀ ਘਾਟੀ ਵਿਚ ਮੌਜੂਦ ਸਨ | ਸਿੱਖ ਰਾਜ ਦੇ ਸਮੇਂ ਹੀ ਸਰਦਾਰ ਹਰੀ ਸਿੰਘ ਨਲਵਾ ਅਤੇ ਸਿੱਖ ਫ਼ੌਜਾਂ ਨੇ ਅਫ਼ਗਾਨੀ ਫ਼ੌਜਾਂ ਨੂੰ ਠੱਲ੍ਹ ਪਾਈ | ਜੇ ਸਿੱਖ ਰਾਜ ਦੇ ਸਮੇਂ ਸਰਦਾਰ ਹਰੀ ਸਿੰਘ ਨਲਵਾ, ਸਿੱਖ ਜਰਨੈਲ ਸਿੱਖ ਫ਼ੌਜਾਂ ਕਸ਼ਮੀਰ 'ਤੇ ਹਮਲਾ ਕਰਕੇ ਅਫ਼ਗਾਨਾਂ ਨੂੰ ਨਾ ਭਜਾਉਂਦੀਆਂ ਤਾਂ ਕਸ਼ਮੀਰ ਅੱਜ ਵੀ ਅਫ਼ਗਾਨਾਂ ਦਾ ਹੀ ਹਿੱਸਾ ਹੋਣਾ ਸੀ | ਸਿੱਖ ਰਾਜ ਸਮੇਂ ਅਫ਼ਗਾਨਾਂ ਨੂੰ ਭਾਂਜ ਦੇ ਕੇ ਕਸ਼ਮੀਰ ਫਤਹਿ ਕਰਨ ਸਮੇਂ ਸ਼ਹੀਦੀਆਂ ਪਾਉਣ ਵਾਲੀਆਂ ਸਿੱਖ ਰਾਜ ਦੀਆਂ ਫ਼ੌਜਾਂ ਨੂੰ ਪ੍ਰਣਾਮ ਕਰਦੇ ਹਾਂ | ਜਿਨ੍ਹਾਂ ਦੀ ਬਦੌਲਤ ਕਸ਼ਮੀਰ ਅੱਜ ਭਾਰਤ ਦਾ ਹਿੱਸਾ ਹੈ | (ਸਮਾਪਤ)

-ਬਠਿੰਡਾ | ਮੋਬਾਈਲ : 98155-33725.

ਛੋਟੀ ਕਹਾਣੀ: ਝੂਠ ਬੋਲਦਾ ਹੋਊ

ਪਿੰਡ ਜਾਣ ਵਾਲੀ ਬੱਸ ਵਿਚ ਹਾਲੇ ਬੈਠਾ ਹੀ ਸੀ ਕਿ ਇਕ ਫਟੇ-ਪੁਰਾਣੇ ਕੱਪੜੇ ਪਾਈ ਬਾਰਾਂ ਕੁ ਸਾਲਾਂ ਦਾ ਮੰੁਡਾ ਬੱਸ 'ਚ ਚੜ੍ਹ ਆਇਆ | ਉਸ ਦੇ ਹੱਥ 'ਚ ਇਸ਼ਤਿਹਾਰਨੁਮਾ ਪਰਚੀਆਂ ਦਾ ਥੱਬਾ ਸੀ | ਉਸ ਨੇ ਸਾਰੀਆਂ ਸਵਾਰੀਆਂ ਨੂੰ ਪਰਚੀਆਂ ਵੰਡ ਦਿੱਤੀਆਂ | ਜਦੋਂ ਮੈਂ ਪੜ੍ਹ ਕੇ ਦੇਖਿਆ ਤਾਂ ਸੰੁਨ ਜਿਹਾ ਹੋ ਗਿਆ | ਪਰਚੀ ਉੱਪਰ ਲਿਖਿਆ ਸੀ ਕਿ ਇਸ ਮੰੁਡੇ ਦਾ ਭਰਾ ਰਿਕਸ਼ਾ ਚਲਾਉਂਦਾ ਸੀ | ਉਸ ਦਾ ਐਕਸੀਡੈਂਟ ਹੋ ਗਿਆ | ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹਨ | ਉਸ ਦੀ ਲੜਕੀ ਦਾ ਅਗਲੇ ਮਹੀਨੇ ਵਿਆਹ ਹੈ | ਦਿਲ ਖੋਲ੍ਹ ਕੇ ਦਾਨ ਦਿਓ ਜੀ | ਹੇਠਾਂ ਸ਼ਹਿਰ ਦੀ ਪ੍ਰਮੁੱਖ ਸੇਵਾ ਸੰਮਤੀ ਵਲੋਂ ਬੇਨਤੀ ਕੀਤੀ ਗਈ ਸੀ |
'ਤੁਹਾਡੇ ਕੋਲ ਟੁੱਟੇ ਦਸ ਰੁਪਈਏ ਹੈਗੇ', ਮੈਂ ਆਪਣੀ ਪਤਨੀ ਤੋਂ ਪੁੱਛਿਆ |
'ਨਹੀਂ ਮੇਰੇ ਕੋਲ ਤਾਂ ਸੌ ਸੌ ਦੇ ਨੋਟ ਹੀ ਨੇ |'
'ਚੱਲ ਸੌ ਦਾ ਨੋਟ ਹੀ ਦੇ ਦੇ... ਵਿਚਾਰੇ ਦੀ ਭੈਣ ਦਾ ਵਿਆਹ ਹੈ... ਪੰੁਨ ਲੱਗੂ', ਮੈਂ ਉਸ ਨੂੰ ਸੰਜੀਦਗੀ ਨਾਲ ਆਖਿਆ |
'ਰਹਿਣ ਦਿਓ... ਇਹ ਝੂਠ ਬੋਲਦਾ ਹੋਊ', ਉਸ ਨੇ ਨੱਕ ਸੁਕੋੜਿਆ ਅਤੇ ਮੰੂਹ ਦੂਜੇ ਪਾਸੇ ਕਰ ਲਿਆ |
'ਤੈਨੂੰ ਕਿਵੇਂ ਪਤਾ ਕਿ ਇਹ ਝੂਠ ਬੋਲਦਾ |'
'ਜਿਵੇਂ ਆਪਾਂ ਲੜਕੀ ਦੇ ਵਿਆਹ ਲਈ ਜੀ.ਪੀ. ਫੰਡ ਐਡਵਾਂਸ ਕਢਾਇਆ ਅਤੇ ਵਿਆਹ ਥੋਡੀ ਭੈਣ ਦਾ ਕਰਨ ਲੱਗੇ ਆਂ |'

-ਟੀ-359, ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ ਟਾਊਨਸ਼ਿਪ-145029. ਪਠਾਨਕੋਟ | ਮੋਬਾਈਲ : 98552-24834.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX