ਤਾਜਾ ਖ਼ਬਰਾਂ


ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  58 minutes ago
ਅੰਮ੍ਰਿਤਸਰ 15 ਨਵੰਬਰ (ਜਸਵੰਤ ਸਿੰਘ ਜੱਸ ) - ਟੀਵੀ, ਰੰਗਮੰਚ ਅਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਨਰਿੰਦਰ ਜੱਟੂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਬੀਤੀ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਪੰਜ ਛੇ ਵਰ੍ਹਿਆਂ ਤੋਂ ਯਾਦਦਾਸ਼ਤ ਭੁੱਲ ਜਾਣ ਕਾਰਨ ਬਿਮਾਰ ਸਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ...
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ) - ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਅੱਜ ਤੜਕੇ 4:30 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਹੈ। ਪੂਰੀ ਦਿੱਲੀ 'ਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਜਿਸ ਦੇ ਚੱਲਦਿਆਂ ਵਿਜ਼ੀਬਿਲਿਟੀ (ਦ੍ਰਿਸ਼ਟਤਾ) ਸਿਰਫ਼ 400 ਮੀਟਰ ਰਹਿ ਗਈ ਹੈ। ਏਅਰ ਕੁਆਲਿਟੀ ਇੰਡੈਕਸ ਦਿੱਲੀ 'ਚ ਪੀ.ਐਮ 2.5 ਤੇ ਪੀ.ਐਮ 10 ਦਾ ਪੱਧਰ 500 ਤੱਕ ਪਹੁੰਚ...
ਅੱਜ ਦਾ ਵਿਚਾਰ
. . .  about 2 hours ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਇਸ ਮੌਸਮ ਵਿਚ ਕਿਹੜੇ-ਕਿਹੜੇ ਫਲਦਾਰ ਬੂਟੇ ਲਗਾਈਏ?

ਅਜੋਕੇ ਸਮੇਂ ਦੌਰਾਨ ਜਿਥੇ ਭਾਰਤ ਵਿਚ ਫਲਾਂ ਦੀ ਖੇਤੀ ਲੋੜੀਂਦੀ ਹੈ, ਉਥੇ ਪੰਜਾਬ ਵਿਚ ਵੀ ਰਵਾਇਤੀ ਖੇਤੀ ਦੇ ਬਦਲ ਵਜੋਂ ਫਲਾਂ ਦੀ ਖੇਤੀ ਨੂੰ ਅਪਣਾਉਣ ਦੀ ਲੋੜ ਹੈ। ਇਸ ਨਾਲ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਵੀ ਸ਼ੁੱਧ ਕੀਤਾ ਜਾ ਸਕਦਾ ਹੈ। ਵਿਸ਼ਵ ਤਾਪਮਾਨ ਵਿਚ ਹੁੰਦਾ ਹਰ ਸਾਲ ਵਾਧਾ ਗਲੋਬਲ ਵਾਰਮਿੰਗ ਕਾਰਨ ਹੁੰਦਾ ਹੈ। ਇਸ ਨੂੰ ਹਰਿਆਵਲ ਭਾਵ ਬਾਗ਼ਬਾਨੀ ਨਾਲ ਠੱਲ੍ਹ ਪਾਈ ਜਾ ਸਕਦੀ ਹੈ। ਚੰਗੇ ਸਿਹਤਮੰਦ ਜੀਵਨ ਲਈ ਹਵਾ ਵਿਚ ਆਕਸੀਜਨ ਦੀ ਫ਼ੀਸਦੀ ਮਾਤਰਾ ਘਟਣੀ ਨਹੀਂ ਚਾਹੀਦੀ। ਪੌਦੇ ਬਹੁਤ ਚੰਗੇ ਹਵਾ ਸੋਧ ਪ੍ਰਕ੍ਰਿਤਕ ਯੰਤਰ ਹਨ, ਜਿਹੜੇ ਹਵਾ ਵਿਚ ਆਕਸੀਜਨ ਦੀ ਮਾਤਰਾ ਸੰਤੁਲਨ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਨੁਸਾਰ ਇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਆਪਣੀ ਖ਼ੁਰਾਕ ਵਿਚ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਰ ਅਸੀ ਹਰ ਰੋਜ਼ ਫਲਾਂ ਦਾ ਸੇਵਨ ਨਹੀਂ ਕਰਦੇ ਹਾਂ। ਕਿਉਕਿ ਫਲ ਦੇ ਮਹਿੰਗੇ ਹੋਣ ਦੇ ਨਾਲ-ਨਾਲ ਸਾਨੂੰ ਇਹ ਹਰ ਰੋਜ਼ ਤਾਜ਼ੇ ਹਾਲਤ ਵਿਚ ਪ੍ਰਾਪਤ ਨਹੀਂ ਹੋ ਪਾਉਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਉੱਤੇ ਅੰਨ੍ਹੇਵਾਹ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਕਰਕੇ ਅਸੀ ਇਨ੍ਹਾਂ ਦਾ ਸੇਵਨ ਕਰਨ ਤੋ ਪ੍ਰਹੇਜ ਕਰਦੇ ਹਾਂ। ਇਸ ਲਈ ਸਾਨੂੰ ਇਨ੍ਹਾਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਆਪਣੀ ਨਿੱਜੀ ਵਰਤੋ ਲਈ ਪੌਸ਼ਟਿਕ ਫਲਾਂ ਦੀ ਬਗ਼ੀਚੀ ਆਪਣੇ ਘਰ ਵਿਚ ਹੀ ਲਗਾ ਲੈਣੀ ਚਾਹੀਦੀ ਹੈ। ਇਸ ਲਈ ਨਵਾਂ ਬਾਗ਼ ਲਗਾਉਣ ਤੋ ਪਹਿਲਾਂ ਬਾਗ਼ ਦੀ ਢੁੱਕਵੀ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਾਗ਼ ਵਿਚ ਫਲਦਾਰ ਬੂਟਿਆਂ ਦੀ ਕਾਸ਼ਤ ਇਕ ਲੰਮੇ ਸਮੇਂ ਦਾ ਧੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਪੰਜਾਬ ਵਿਚ ਇਸ ਮੌਸਮ (ਸਤੰਬਰ ਤੋ ਅਕਤੂਬਰ) ਵਿਚ ਸਦਾਬਹਾਰੀ ਫਲਦਾਰ ਬੂਟਿਆਂ ਨੂੰ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਵੱਖ-ਵੱਖ ਸਦਾਬਹਾਰੀ ਫਲਦਾਰ ਬੂਟਿਆਂ ਦੀ ਕਾਸ਼ਤ ਲਈ ਕੁੱਝ ਢੁੱਕਵਂੇ ਇਲਾਕੇ ਸਿਫ਼ਾਰਿਸ਼ ਕੀਤੇ ਗਏ ਹਨ। ਜਿਵੇਂ ਕਿ ਨੀਮ ਪਹਾੜੀ ਇਲਾਕਿਆਂ ਵਿਚ ਅੰਬ, ਲੀਚੀ, ਕਿੰਨੂ ਅਤੇ ਹੋਰ ਸੰਤਰੇ, ਅਮਰੂਦ, ਚੀਕੂ, ਕਾਗ਼ਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਆਮਲਾ ਅਤੇ ਲੁਕਾਠਲਗਾਏ ਜਾ ਸਕਦੇ ਹਨ। ਕਂੇਦਰੀ ਇਲਾਕਿਆਂ ਵਿਚ ਅਮਰੂਦ, ਅੰਬ, ਕਿੰਨੂ, ਆਮਲਾ, ਹੋਰ ਸੰਤਰੇ, ਬੇਰ, ਮਾਲਟਾ, ਕਾਗ਼ਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਨੂੰ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਸੇਂਜੂ ਖ਼ੁਸ਼ਕ ਇਲਾਕਿਆਂ ਵਿਚ ਕਿੰਨੂ ਅਤੇ ਹੋਰ ਸੰਤਰੇ, ਮਾਲਟਾ, ਅਮਰੂਦ, ਆਂਵਲਾ,ਬੇਰ, ਗਰੇਪਫਰੂਟ, ਕਾਗਜ਼ੀ ਨਿੰਬੂ, ਬਾਰਾਮਾਸੀ ਨਿੰਬੂ, ਆਮਲਾ ਅਤੇ ਖਜੂਰ ਲਗਾਏ ਜਾ ਸਕਦੇ ਹਨ। ਕੰਢੀ ਦੇ ਇਲਾਕੇ ਵਿਚ ਅਮਰੂਦ, ਬੇਰ, ਆਮਲਾ, ਅੰਬ, ਗਲਗਲ, ਕਿੰਨੂ ਅਤੇ ਹੋਰ ਸੰਤਰੇ, ਕਾਗ਼ਜ਼ੀ ਨਿੰਬੂ ਅਤੇ ਬਾਰਾਮਾਸੀ ਨਿੰਬੂ ਅਤੇ ਬੇਟ ਦੇ ਇਲਾਕੇ ਵਿਚ ਅਮਰੂਦ ਅਤੇ ਬੇਰ ਲਗਾਏ ਜਾ ਸਕਦੇ ਹਨ।
ਫਲਦਾਰ ਬੂਟਿਆਂ ਵਿਚਕਾਰ ਫ਼ਾਸਲਾ: ਫਲਦਾਰ ਬੂਟਿਆਂ ਵਿਚਕਾਰ ਸਹੀ ਫ਼ਾਸਲਾ ਜਿੱਥੇ ਧੁੱਪ ਅਤੇ ਹਵਾ ਦਾ ਵਧੀਆ ਨਿਕਾਸ ਕਰਦਾ ਹੈ ਉੱਥੇ ਹੀ ਬੂਟਿਆਂ ਦੀ ਵਧੇਰੇ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਦੇਣ ਦੀ ਸਮਰੱਥਾ ਨੂੰ ਵਧਾਉਦਾ ਹੈ। ਨਿੰਬੂ ਜਾਤੀ ਦੇ ਬੂਟਿਆਂ ਸਮੇਤ ਕਿੰਨੂ ਆਮ ਪ੍ਰਣਾਲੀ ਰਾਹੀਂ6 × 6 ਮੀਟਰ (110 ਬੂਟੇ ਪ੍ਰਤੀ ਏਕੜ), ਕਿੰਨੂ ਸੰਘਣੀ ਪ੍ਰਣਾਲੀ ਰਾਹੀਂ 6 ×3 ਮੀਟਰ (220 ਬੂਟੇ ਪ੍ਰਤੀ ਏਕੜ), ਅਮਰੂਦ ਆਮ ਪ੍ਰਣਾਲੀ ਰਾਹੀਂ 6×6 ਮੀਟਰ (110 ਬੂਟੇ ਪ੍ਰਤੀ ਏਕੜ), ਅਮਰੂਦ ਸੰਘਣੀ ਪ੍ਰਣਾਲੀ ਰਾਹੀਂ6×5 ਮੀਟਰ (132 ਬੂਟੇ ਪ੍ਰਤੀ ਏਕੜ), ਅੰਬ/ਚੀਕੂ 9×9 ਮੀਟਰ (49 ਬੂਟੇ ਪ੍ਰਤੀ ਏਕੜ), ਲੁਕਾਠ 6.5×6.5 ਮੀਟਰ (90 ਬੂਟੇ ਪ੍ਰਤੀ ਏਕੜ), ਬੇਰ/ਲੀਚੀ/ਆਂਵਲਾ 7.5 ×7.5 ਮੀਟਰ (72 ਬੂਟੇ ਪ੍ਰਤੀ ਏਕੜ) ਅਤੇ ਪਪੀਤਾ 1.5×1.5 ਮੀਟਰ (1760 ਬੂਟੇ ਪ੍ਰਤੀ ਏਕੜ) ਅਤੇ ਖਜੂਰ 8 × 8 ਮੀਟਰ (63 ਬੂਟੇ ਪ੍ਰਤੀ ਏਕੜ) ਦਾ ਕਤਾਰਾਂ ਬੂਟਿਆਂ ਦਾ ਫ਼ਾਸਲਾ ਰੱਖ ਕੇ ਲਗਾਉਣੇ ਚਾਹੀਦੇ ਹਨ।
ਨਵੇਂ ਲਗਾਏ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ: ਨਵੇਂ ਲਗਾਏ ਬੂਟਿਆਂ ਨੂੰ ਸਿੱਧੇ ਰੱਖਣ ਲਈ ਸੋਟੀ ਦਾ ਸਹਾਰਾ ਦਿਓ। ਬੂਟਿਆਂ ਨੂੰ ਲੋੜ ਅਨੁਸਾਰ ਥੋੜੇ-ਥੋੜੇ ਅੰਤਰਾਲ 'ਤੇ ਪਾਣੀ ਲਗਾਓ। ਪਰ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਨਾ ਲਗਾਉ। ਬੂਟਿਆਂ ਦੀ ਜੜ੍ਹ ਤੋਂ ਫੁੱਟਣ ਵਾਲੀਆਂ ਟਹਿਣੀਆਂ ਅਤੇ ਸੁੱਕੀਆਂ ਅਤੇ ਰੋਗੀ ਟਹਿਣੀਆਂ ਨੂੰ ਸਮੇਂ-ਸਮੇਂ ਸਿਰ ਕੱਟਦੇ ਰਹੋ। ਗਰਮੀ ਅਤੇ ਸਰਦੀ ਦੇ ਮਾੜੇ ਅਸਰ ਤੋਂ ਇਨ੍ਹਾਂ ਦਾ ਬਚਾਅ ਕਰੋ। ਜੇਕਰ ਬੂਟਿਆਂ ਨੂੰ ਸਿਉਂਕ ਦਾ ਹਮਲਾ ਹੋਣ ਲੱਗੇ ਤਾਂ ਇਨ੍ਹਾਂ ਨੂੰ ਅੱਧਾ ਲਿਟਰ ਕਲੋਰੋਪਾਇਰੀਫ਼ਾਸ 20 ਈ ਸੀ ਪ੍ਰਤੀ ਏਕੜ ਦੇ ਹਿਸਾਬ ਪਾ ਦਿਉ ਅਤੇ ਬਾਅਦ ਵਿਚ ਹਲਕਾ ਜਿਹਾ ਪਾਣੀ ਲਾ ਦਿਉ। ਇਨ੍ਹਾਂ ਬੂਟਿਆਂ ਦੇ ਵਧੀਆ ਵਾਧੇ ਅਤੇ ਵਿਕਾਸ ਲਈ ਦੋ ਸਾਲ ਦੀ ਉਮਰ ਤੋਂ ਬਾਅਦ ਸਿਫ਼ਾਰਿਸ਼ ਕੀਤੀਆਂ ਖ਼ਾਦਾਂ ਪਾਉ ਤਾਂ ਜੋ ਇਨ੍ਹਾਂ ਤੋਂ ਚੰਗਾ ਝਾੜ ਅਤੇ ਵਧੀਆ ਗੁਣਵੱਤਾ ਵਾਲੇ ਫਲ ਪੈਦਾ ਕੀਤੇ ਜਾ ਸਕਣ। ਜਦੋਂ ਤੱਕ ਇਹ ਬੂਟੇ ਫਲ ਦੇਣ ਨਹੀਂ ਲੱਗਦੇ, ਉਦੋਂ ਤੱਕ ਆਮਦਨ ਲੈਣ ਲਈ ਬਾਗ਼ ਵਿਚ ਫਲੀਦਾਰ ਅੰਤਰ ਫ਼ਸਲਾਂ ਲਗਾਈਆਂ ਜਾ ਸਕਦੀਆਂ ਹਨ। ਅੰਬ ਅਤੇ ਲੀਚੀ ਦੇ ਬੂਟਿਆਂ ਨੂੰ ਫਲ ਦੇਰ ਨਾਲ ਲੱਗਣਾ ਸ਼ੁਰੂ ਹੁੰਦਾ ਹੈ, ਇਸ ਲਈ ਇਨ੍ਹਾਂ ਦੇ ਬਾਗ਼ਾਂ ਵਿਚ ਆੜੂ, ਅਲੂਚਾ, ਅਮਰੂਦ, ਕਿੰਨੂ ਜਾਂ ਪਪੀਤੇ ਦੇ ਬੂਟੇ ਪੂਰਕਾਂ ਵਜੋਂ ਲਗਾਏ ਜਾ ਸਕਦੇ ਹਨ। ਪਰ ਇਹ ਧਿਆਨ ਵਿਚ ਰੱਖੋ ਕਿ ਇਨ੍ਹਾਂ ਫ਼ਸਲਾਂ ਲਈ ਪਾਣੀ ਅਤੇ ਖ਼ਾਦ ਦਾ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ।
ਹਵਾ ਰੋਕੂ ਵਾੜ ਲਗਾਉਣਾ: ਬਾਗ਼ ਨੂੰ ਗਰਮ ਅਤੇ ਸਰਦ ਹਵਾਵਾਂ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨਾ, ਜਾਮਨ, ਅੰਬ, ਸ਼ਹਿਤੂਤ ਆਦਿ ਬੂਟਿਆਂ ਦੀ ਵਾੜ ਲਗਾਉ। ਇਨ੍ਹਾਂ ਹਵਾ ਰੋਕੂ ਵਾੜਦੇ ਤੌਰ 'ਤੇ ਲਗਾਏ ਗਏ ਦਰੱਖ਼ਤਾਂ ਦੇ ਵਿਚਕਾਰ ਬੋਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਬੂਟਿਆਂ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ। ਪਰ ਇਹ ਧਿਆਨ ਵਿਚ ਰੱਖੋ ਕਿ ਨਿੰਬੂ ਜਾਤੀ ਦੇ ਬਾਗ਼ਾਂ ਦੁਆਲੇ ਨਿੰਬੂ ਜਾਤੀ ਦੇ ਬੂਟਿਆਂ ਦੀ ਵਾੜ ਨਹੀਂ ਲਗਾਉਣੀ ਚਾਹੀਦੀ ਹੈ।


-ਅਸਿਸਟੈਂਟ ਹਾਰਟੀਕਲਚਰਿਸਟ, ਪੰਜਾਬ ਖੇਤਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।


ਖ਼ਬਰ ਸ਼ੇਅਰ ਕਰੋ

ਖੁਰਾਕੀ ਤੱਤਾਂ ਵਾਲੇ ਹਰੇ ਚਾਰੇ ਦੀ ਦੁਧਾਰੂ ਪਸ਼ੂਆਂ ਨੂੰ ਸਖ਼ਤ ਲੋੜ

ਪੰਜਾਬ ਵਿਚ ਫ਼ਸਲੀ ਵਰ੍ਹੇ 2017-18 ਵਿਚ ਚਾਰੇ ਦੀਆਂ ਫ਼ਸਲਾਂ ਦੀ ਕਾਸ਼ਤ ਲਗਭਗ 8.97 ਲੱਖ ਹੈਕਟੇਅਰ ਰਕਬੇ ਤੇ ਕੀਤੀ ਗਈ ਹੈ। ਹਾੜ੍ਹੀ ਵਿਚ 3.6 ਲੱਖ ਹੈਕਟੇਅਰ ਵਿਚੋਂ 707 ਲੱਖ ਟਨ ਹਰਾ ਚਾਰਾ ਪੈਦਾ ਹੁੰਦਾ ਹੈ। ਪੰਜਾਬ ਵਿਚ ਇਸ ਵੇਲੇ ਪਸ਼ੂਆਂ ਦੀ ਗਿਣਤੀ ਕਰੀਬ 81.2 ਲੱਖ ਹੈ ਅਤੇ ਇਕ ਵੱਡੇ ਪਸ਼ੂ ਨੂੰ 40 ਕਿਲੋ ਹਰੇ ਚਾਰੇ ਦੀ ਜ਼ਰੂਰਤ ਹੁੰਦੀ ਹੈ, ਪ੍ਰੰਤੂ ਇਕ ਪਸ਼ੂ ਨੂੰ ਕਰੀਬ 31 ਕਿਲੋ ਹਰਾ ਚਾਰਾ ਹੀ ਮਿਲਦਾ ਹੈ, ਜੋ ਬਹੁਤ ਘੱਟ ਹੈ। 40 ਕਿਲੋ ਹਰੇ ਚਾਰੇ ਦੀ ਲੋੜ ਪੂਰੀ ਕਰਨ ਲਈ 911 ਲੱਖ ਟਨ ਹਰੇ ਚਾਰੇ ਦੀ ਪ੍ਰਤੀ ਸਾਲ ਜ਼ਰੂਰਤ ਹੈ। ਸਸਤਾ ਦੁੱਧ ਪੈਦਾ ਕਰਨ ਲਈ ਵੰਡ (ਫੀਡ) ਦੀ ਜਗ੍ਹਾ 6-7 ਕਿਲੋ ਦੁੱਧ ਦੇਣ ਵਾਲੀਆਂ ਲਵੇਰੀਆਂ ਨੂੰ ਕੇਵਲ 40 ਕਿਲੋ ਹਰੇ ਚਾਰੇ ਦੀ ਲੋੜ ਹੈ। ਰਾਜ ਅੰਦਰ ਹਰੇ ਚਾਰੇ ਹੇਠ ਹੋਰ ਰਕਬਾ ਵੱਧਣ ਦੀ ਆਸ ਨਹੀਂ ਹੈ, ਇਸ ਲਈ ਵਾਰ-ਵਾਰ ਕਟਾਈਆਂ ਦੇਣ ਵਾਲੇ ਚਾਰਿਆਂ ਦੀ ਕਾਸ਼ਤ ਕਰਨ ਨਾਲ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਹਾੜ੍ਹੀ ਦੇ ਚਾਰਿਆਂ ਵਿਚ ਬਰਸੀਮ ਬਹੁਤ ਪੌਸ਼ਟਿਕ ਚਾਰਾ ਹੈ। ਬਰਸੀਮ ਨੂੰ ਹਾੜ੍ਹੀ ਦੇ ਚਾਰਿਆਂ ਦਾ ਰਾਜਾ ਵੀ ਕਿਹਾ ਜਾਦਾਂ ਹੈ। ਬਰਸੀਮ ਦੀ ਬਿਜਾਈ ਦਾ ਹੁਣ ਢੁੱਕਵਾਂ ਸਮਾਂ ਹੈ, ਜਿਨ੍ਹਾਂ ਜਲਦੀ ਹੋ ਸਕਦੀ ਹੈ, ਬਿਜਾਈ ਕਰ ਦੇਣੀ ਚਾਹੀਦੀ ਹੈ। ਪਛੇਤੀ ਬਿਜਾਈ ਨਾਲ ਝਾੜ੍ਹ ਘੱਟ ਅਤੇ ਅਗੇਤਾ ਬੀਜਣ ਨਾਲ ਇਟ-ਸਿਟ ਅਤੇ ਹੋਰ ਨਦੀਨਾਂ ਦੀ ਸਮੱਸਿਆ ਆਉਂਦੀ ਹੈ। ਬੀ. ਐਲ. 43, ਬੀ. ਐਲ. 42, ਬੀ. ਐਲ. 10 ਅਤੇ ਬੀ.ਐਲ.1, ਬਰਸੀਮ ਦੀਆਂ ਉੱਨਤ ਕਿਸਮਾਂ ਹਨ। ਬੀ.ਐਲ. 42 ਕਿਸਮ ਦਾ ਝਾੜ੍ਹ ਸਭ ਕਿਸਮਾਂ ਨਾਲੋ ਵੱਧ ਹੁੰਦਾ ਹੈ। ਅਗਾਂਹ-ਵਧੂ ਅਤੇ ਨੈਸ਼ਨਲ ਅਵਾਰਡੀ ਕਿਸਾਨ ਬਲਬੀਰ ਸਿੰਘ ਜੜ੍ਹੀਆ ਦਾ ਕਹਿਣਾ ਹੈ ਕਿ ਬੀ.ਐਲ.-42 ਕਿਸਮ ਦਾ ਬਰਸੀਮ ਪ੍ਰਤੀ ਏਕੜ੍ਹ 440 ਕੁਇੰਟਲ ਝਾੜ੍ਹ ਦਿੰਦਾ ਹੈ। ਪਰ ਉਨ੍ਹਾਂ ਕਿਹਾ ਕਿ ਇਸ ਕਿਸਮ ਤੋ ਹੋਰ ਵਧੇਰੇ ਵੀ ਝਾੜ੍ਹ ਪ੍ਰਾਪਤ ਕੀਤਾ ਹੈ। ਬੀ.ਐਲ.-43 ਕਿਸਮ ਜੂਨ ਦੇ ਪਹਿਲੇ ਹਫ਼ਤੇ ਤੱਕ ਔਸਤਨ 390 ਕੁਇੰਟਲ ਪ੍ਰਤੀ ਏਕੜ੍ਹ ਹਰਾ ਚਾਰਾ ਦਿੰਦਾ ਹੈ। ਬੀ.ਐਲ.-10 ਅੱਧ ਜੂਨ ਤੱਕ ਔਸਤਨ 410 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦਾ ਹੈ। ਬੀ.ਐਲ.-1 ਕਿਸਮ ਦਾ ਬਰਸੀਮ ਮਈ ਦੇ ਆਖੀਰ ਤੱਕ ਕਰੀਬ 380 ਕੁਇੰਟਲ ਪ੍ਰਤੀ ਏਕੜ੍ਹ ਹਰਾ ਚਾਰਾ ਦਿੰਦਾ ਹੈ। ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਵਿਚ 750 ਗ੍ਰਾਮ ਸਰ੍ਹੋਂ ਅਤੇ 12 ਕਿਲੋ ਜਵੀ ਰਲਾ ਕੇ ਬੀਜਣਾ ਲਾਹੇਵੰਦ ਰਹਿੰਦਾ ਹੈ। ਕਿਸਾਨ ਜਵੀ ਦੀ ਜਗ੍ਹਾ ਜੌਂ ਦੇ ਬੀਜ ਜਾਂ ਰਾਈ ਘਾਹ 1 ਕਿਲੋ ਪ੍ਰਤੀ ਏਕੜ੍ਹ ਵੀ ਵਰਤਿਆ ਜਾ ਸਕਦਾ ਹੈ। ਫਲੀਦਾਰ ਤੇ ਗ਼ੈਰ-ਫਲੀਦਾਰ ਚਾਰੇ ਰਲਾ ਕੇ ਬੀਜਣੇ ਚਾਹੀਦੇ ਹਨ। ਫਲੀਦਾਰ ਚਾਰਿਆਂ ਵਿਚ ਪ੍ਰੋਟੀਨ ਤੇ ਗ਼ੈਰ-ਫਲੀਦਾਰ ਚਾਰਿਆਂ ਵਿਚ ਕਾਰਬੋਹਾਈਡ੍ਰੇਟ ਤੱਤ ਹੁੰਦਾ ਹੈ। ਸਰੋਂ ਦਾ ਬੀਜ 750 ਗ੍ਰਾਮ ਤੋ ਵਧੇਰੇ ਨਹੀਂ ਪਾਉਣਾ ਚਾਹੀਦਾ। ਵਧੇਰੇ ਸਰ੍ਹੋਂ ਪਾਉਣ ਨਾਲ ਸਰਦੀਆਂ ਦੇ ਦਿਨਾਂ ਵਿਚ ਕਈ ਵਾਰ ਕਈ ਕਈ ਦਿਨ ਸੂਰਜ ਨਹੀਂ ਦਿਸਦਾ, ਇਸ ਤਰ੍ਹਾਂ ਦੇ ਦਿਨਾਂ ਵਿਚ ਚਾਰੇ ਦੀਆਂ ਫ਼ਸਲਾਂ ਵਿਚ ਫਾਸਫੋਰਸ ਦੀ ਘਾਟ ਆ ਜਾਂਦੀ ਹੈ, ਜਿਸ ਨਾਲ ਪਸ਼ੂਆਂ ਵਿਚ ਲਹੂ ਮੂਤਣ ਦੀ ਸਮੱਸਿਆ ਆ ਸਕਦੀ ਹੈ। ਬਰਸੀਮ ਦੇ ਬੀਜ ਦਾ ਵੱਧ ਝਾੜ੍ਹ ਲੈਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟਰੇਟ (13.0.45) 2 ਕਿਲੋ ਪੋਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ੍ਹ ਦੀਆਂ ਦੋ ਸਪਰੇਆਂ ਹਫ਼ਤੇ ਹਫ਼ਤੇ ਦੇ ਵਕਫ਼ੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ। ਇਸ ਤਰ੍ਹਾਂ ਇਕ ਹਫ਼ਤੇ ਦੇ ਫਰਕ ਨਾਲ ਦੋ ਵਾਰ ਸਪਰੇਅ ਕਰੋ। ਬੀਜ ਵਾਲੀ ਫ਼ਸਲ ਨੂੰ ਕੀੜਿਆਂ ਤੋ ਬਚਾਉਣ ਲਈ ਖੇਤੀਬਾੜ੍ਹੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਪਰੇਅ ਕੀਤੀ ਜਾਵੇ।


-ਪੱਤਰ-ਪ੍ਰੇਰਕ, ਸਲਾਣਾ (ਅਮਲੋਹ)। ਮੋ: ਨੰ: 98555-21640

ਸਮਝ ਦੀ ਗੱਲ

ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੀ ਰੁਚੀ ਪਹਿਲਾਂ ਨਾਲੋਂ ਕੁਝ ਘੱਟ ਗਈ ਹੈ। ਭਾਵੇਂ ਕਿ ਖੇਤੀ ਨਾਲ ਸਬੰਧਿਤ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਨੇ ਵੀ ਧੂੰਆਂ ਧਾਰ ਪ੍ਰਚਾਰ ਕੀਤਾ ਹੈ ਪਰ ਉਹ ਕੋਈ ਸਸਤਾ ਬਦਲ ਨਹੀਂਂ ਦੇ ਸਕੇ। ਹੈਪੀ ਸੀਡਰ ਨਾਲ ਵੀ ਲੋਕ ਕਣਕ ਬੀਜ ਕੇ ਖੁਸ਼ ਨਹੀਂ ਹਨ । ਕਈ ਲੋਕਾਂ ਨੇ ਪਰਾਲੀ ਨੂੰ ਹੋਰਨਾਂ ਕੰਮਾਂ ਲਈ ਸਾਂਭਣਾ ਸ਼ੁਰੂ ਕਰ ਦਿੱਤਾ ਹੈ। ਇਕ ਚੰਗੀ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਨੇ ਕੁਝ ਇਹੋ ਜਿਹੇ ਕਾਰਖਾਨੇ ਲਗਾ ਦਿੱਤੇ ਹਨ। ਜਿੱਥੇ ਉਹ ਕਿਸਾਨਾਂ ਦੀ ਪਰਾਲੀ ਦੀਆਂ ਗੱਠਾਂ ਵੀ ਬੰਨਦੇ ਹਨ ਤੇ 100 ਰੁਪਿਆ ਕੁਇੰਟਲ ਵੀ ਦਿੰਦੇ ਹਨ। ਜੇਕਰ ਇਹੋ ਜਿਹੀ ਇੰਡਸਟਰੀ ਨੂੰ ਹੌਂਸਲਾ ਦਿੱਤਾ ਜਾਵੇ ਤਾਂ ਸਭ ਦਾ ਭਲ਼ਾ ਹੋ ਸਕਦਾ ਹੈ।


-ਮੋਬਾ: 98159-45018

ਪੰਜਾਬ ਝੋਨੇ ਤੇ ਕਣਕ ਦੀ ਕਾਸ਼ਤ 'ਚ ਮੋਹਰੀ ਸੂਬਾ

ਕਣਕ 'ਚ ਹੀ ਨਹੀਂ ਪੰਜਾਬ ਝੋਨੇ 'ਚ ਵੀ ਦੇਸ਼ ਦਾ ਮੋਹਰੀ ਸੂਬਾ ਰਿਹਾ ਹੈ। ਸੰ: 2017 - 18 ਵਿਚ ਇਸ ਨੂੰ ਭਾਰਤ ਸਰਕਾਰ ਵਲੋਂ ਚੌਲਾਂ ਦੇ ਖੇਤਰ 'ਚ 'ਕ੍ਰਿਸ਼ੀ ਕਰਮਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਝੋਨੇ (ਬਾਸਮਤੀ ਸ਼ਾਮਿਲ ਹੈ) ਦੇ ਉਤਪਾਦਨ ਨਾਲ ਖਰੀਫ ਦੀ ਫ਼ਸਲ ਬੜੀ ਆਸ਼ਾਜਨਕ ਹੈ। ਝੋਨੇ ਦੀ ਕਾਸ਼ਤ 22.91 ਲੱਖ ਹੈਕਟੇਅਰ ਅਤੇ ਬਾਸਮਤੀ ਦੀ 6.29 ਲੱਖ ਹੈਕਟੇਅਰ ਰਕਬੇ ਤੇ ਕੀਤੀ ਗਈ ਹੈ। ਉਤਪਾਦਕਤਾ ਤਰਤੀਬਵਾਰ 6874 ਕਿਲੋਗ੍ਰਾਮ ਅਤੇ 4450 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੋਣ ਦਾ ਅਨੁਮਾਨ ਹੈ। ਅਨੁਮਾਨਤ ਉਤਪਾਦਨ ਝੋਨੇ ਦਾ 157.48 ਲੱਖ ਟਨ ਅਤੇ ਬਾਸਮਤੀ ਦਾ 28 ਲੱਖ ਟਨ ਨੂੰ ਛੂਹ ਜਾਣ ਦੀ ਸੰਭਾਵਨਾ ਹੈ। ਬਾਸਮਤੀ ਦੀ ਪੂਸਾ ਬਾਸਮਤੀ 1509 ਕਿਸਮ ਜੋ ਪੱਕਣ ਨੂੰ ਥੋੜ੍ਹਾ ਸਮਾਂ (115 ਤੋਂ 120 ਦਿਨ) ਲੈਂਦੀ ਹੈ, ਤਕਰੀਬਨ ਵੱਢੀ ਜਾ ਚੁੱਕੀ ਹੈ ਅਤੇ ਇਸ ਦਾ ਮੰਡੀਕਰਨ ਹੋ ਰਿਹਾ ਹੈ। ਮੰਡੀ 'ਚ ਕਿਸਾਨਾਂ ਨੂੰ 2700-2800 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲ ਰਿਹਾ ਹੈ ਜਦੋਂ ਕਿ ਪਿਛਲੇ ਸਾਲ 2200 - 2300 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲਿਆ ਸੀ। ਨਾਗਰਾ (ਸੰਗਰੂਰ) ਪਿੰਡ ਦੇ ਮਨਜੀਤ ਸਿੰਘ ਘੁੰਮਣ ਨੇ ਪੂਸਾ ਬਾਸਮਤੀ 1509 ਕਿਸਮ ਤੋਂ 26 ਕੁਇੰਟਲ ਪ੍ਰਤੀ ਏਕੜ ਤੱਕ ਆਪਣੇ 8 ਏਕੜ ਰਕਬੇ ਵਿਚੋਂ ਪ੍ਰਾਪਤੀ ਕੀਤੀ ਹੈ। ਧਰਮਗੜ੍ਹ (ਫਤਿਹਗੜ੍ਹ ਸਾਹਿਬ) ਦੇ ਪੀ ਏ ਯੂ ਤੇ ਭਾਰਤੀ ਖੇਤੀ ਖੋਜ ਸੰਸਥਾਨ ਤੋਂ ਸਨਮਾਨਿਤ ਬਲਬੀਰ ਸਿੰਘ ਜੜੀਆ 22 ਕੁਇੰਟਲ ਪ੍ਰਤੀ ਏਕੜ ਉਤਪਾਦਕਤਾ ਪ੍ਰਾਪਤ ਕਰ ਰਿਹਾ ਹੈ। ਉਸ ਨੇ 10 ਏਕੜ ਰਕਬੇ 'ਚ ਪੂਸਾ ਬਾਸਮਤੀ 1509 ਕਿਸਮ ਦੀ ਕਾਸ਼ਤ ਕੀਤੀ ਹੋਈ ਹੈ। ਇਸੇ ਤਰ੍ਹਾਂ ਗੁਰਮੇਲ ਸਿੰਘ ਗਹਿਲਾਂ ਜਿਹੇ ਅਗਾਂਹਵਧੂ ਕਿਸਾਨ ਪੂਸਾ 44 ਕਿਸਮ ਦੇ ਝੋਨੇ ਤੋਂ 42 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲੈ ਰਹੇ ਹਨ। ਨਾਗਰਾ ਦਾ ਮਨਜੀਤ ਸਿੰਘ ਘੁੰਮਣ ਉਹਨਾਂ ਵਿਚੋਂ ਇਕ ਹੈ। ਸਟੇਟ ਐਵਾਰਡੀ ਪੰਜਾਬ ਸਰਕਾਰ ਨਾਲ ਝੋਨੇ ਦੇ ਖੇਤਰ 'ਚ 'ਕ੍ਰਿਸ਼ੀ ਕਰਮਨ ਪੁਰਸਕਾਰ' ਦੇ ਜੇਤੂ ਰਾਜਮੋਹਨ ਸਿੰਘ ਕਾਲੇਕਾ ਬਿਸ਼ਨਪੁਰ ਛੰਨਾ ਨੇ ਆਪਣੇ 20 ਏਕੜ ਫਾਰਮ ਤੇ ਪੂਸਾ 44 ਕਿਸਮ ਦੀ ਪਨੀਰੀ 9 ਮਈ ਨੂੰ ਬੀਜ ਕੇ 13-20 ਜੂਨ ਦੇ ਦਰਮਿਆਨ ਟਰਾਂਸਪਲਾਂਟ ਕੀਤੀ ਅਤੇ 8 ਅਕਤੂਬਰ ਨੂੰ ਵੱਢ ਲਈ। ਉਸ ਨੇ ਕਿਸੇ ਜ਼ਹਿਰ ਦਾ ਪ੍ਰਯੋਗ ਨਹੀਂ ਕੀਤਾ। ਝਾੜ ਦੀ ਪ੍ਰਾਪਤੀ 32.5 ਕੁਇੰਟਲ ਪ੍ਰਤੀ ਏਕੜ ਹੋਈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਕਰਮਚਾਰੀਆਂ ਨੇ ਕਾਲੇਕਾ ਦੇ ਖੇਤ ਤੇ ਝੋਨੇ ਦੀ ਲੁਆਈ ਅਤੇ ਵਾਢੀ ਆਪਣੀ ਹਾਜ਼ਰੀ 'ਚ ਕਰਵਾਈ ਅਤੇ ਇਸ ਦੇ ਅੰਕੜੇ ਰਿਕਾਰਡ ਕੀਤੇ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਾਲੇਕਾ ਦੀ ਜ਼ਹਿਰ ਮੁਕੱਤ ਖੇਤੀ ਦੀ ਪ੍ਰਸੰਸਾ ਕੀਤੀ ਹੈ। ਮੰਡੀ 'ਚ ਨਮੀ ਦੀ ਮਾਤਰਾ 18 - 19 ਪ੍ਰਤੀਸ਼ਤ ਆਈ ਅਤੇ ਕਾਲੇਕਾ ਨੂੰ ਪੂਰੀ ਐਮ ਐਸ ਪੀ ਪ੍ਰਾਪਤ ਹੋਈ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜੋ ਹਾੜੀ ਦੀ ਯੋਜਨਾ ਬਣਾਈ ਹੈ ਉਸ ਤਹਿਤ ਕਣਕ ਦੀ ਕਾਸ਼ਤ 34.90 ਲੱਖ ਹੈਕਟੇਅਰ ਰਕਬੇ ਤੇ ਕੀਤੀ ਜਾਵੇਗੀ। ਤਕਰੀਬਨ 13 ਹਜ਼ਾਰ ਹੈਕਟੇਅਰ ਰਕਬੇ ਤੇ ਜੌਂਅ ਬੀਜੇ ਜਾਣਗੇ ਅਤੇ ਸਰ੍ਹੋਂ ਦੀ ਕਾਸ਼ਤ 10 ਹਜ਼ਾਰ ਹੈਕਟੇਅਰ ਰਕਬੇ ਤੇ ਕੀਤੀ ਜਾਵੇਗੀ। ਗਰਮ ਰੁੱਤ ਦੀ ਮੂੰਗੀ 25 ਹਜ਼ਾਰ ਹੈਕਟੇਅਰ ਤੇ ਬੀਜੀ ਜਾਵੇਗੀ ਤਾਂ ਜੋ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਵੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਆਵੇ। ਡਾਇਰੈਕਟਰ ਐਰੀ ਅਨੁਸਾਰ ਇਸ ਸਾਲ ਜੌਂਆਂ ਦੀ ਕਾਸ਼ਤ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਵੇਗੀ। ਕਣਕ ਦੀ ਬਿਜਾਈ ਲਈ ਖੇਤ ਨੂੰ ਤਵੀਆਂ ਜਾਂ ਹਲਾਂ ਨਾਲ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ। ਹਲਕੀਆਂ ਜ਼ਮੀਨਾਂ ਨੂੰ ਭਾਰੀ ਜ਼ਮੀਨਾਂ ਦੇ ਮੁਕਾਬਲੇ ਘੱਟ ਵਹਾਈ ਦੀ ਲੋੜ ਹੁੰਦੀ ਹੈ। ਵਹਾਈ ਖੇਤ ਵਿਚ ਨਮੀ ਅਨੁਸਾਰ ਕਰਨੀ ਚਾਹੀਦੀ ਹੈ। ਜੇਕਰ ਨਮੀਂ ਘੱਟ ਹੋਵੇ ਤਾਂ ਰੌਣੀ ਕਰ ਕੇ ਖੇਤ ਤਿਆਰ ਕਰਨਾ ਚਾਹੀਦਾ ਹੈ। ਫ਼ਸਲ ਦਾ ਝਾੜ ਉਸਦੀ ਬਿਜਾਈ ਦੇ ਸਮੇਂ ਤੇ ਨਿਰਭਰ ਕਰਦਾ ਹੈ। ਸਹੀ ਸਮੇਂ ਤੋਂ ਇਕ ਹਫ਼ਤੇ ਦੇਰੀ ਕਰਨ ਨਾਲ ਬੀਜਣ ਉਪਰੰਤ ਲਗਭਗ 1.5 ਕੁਇੰਟਲ ਪ੍ਰਤੀ ਏਕੜ ਝਾੜ ਘੱਟ ਜਾਂਦਾ ਹੈ। ਵਧੇਰੇ ਝਾੜ ਲੈਣ ਲਈ ਖੇਤ ਵਿਚ ਬੂਟਿਆਂ ਦੀ ਗਿਣਤੀ ਦਾ ਪੂਰਾ ਹੋਣਾ ਜ਼ਰੂਰੀ ਹੈ। ਕਿਸਮ ਦੀ ਚੋਣ ਤੋਂ ਬਾਅਦ ਬਿਮਾਰੀ - ਰਹਿਤ ਅਤੇ ਸੁਧਰੇ ਸਿਹਤਮੰਦ ਬੀਜ ਨੂੰ ਉਪਯੋਗ 'ਚ ਲਿਆਉਣਾ ਚਾਹੀਦਾ ਹੈ। ਕਿਸੇ ਹੋਰ ਕਿਸਮ ਦਾ ਬੀਜ ਜਾਂ ਨਦੀਨ ਖੇਤ ਵਿਚ ਨਹੀਂ ਹੋਣੇ ਚਾਹੀਦੇ। ਬੀਜ ਦੀ ਸੋਧ ਦਵਾਈਆਂ ਨਾਲ ਕਰ ਲੈਣੀ ਚਾਹੀਦੀ ਹੈ। ਸਿਊਂਕ ਅਤੇ ਬੀਜ ਤੋਂ ਲਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੇਵਲ ਬੀਜ ਦੇ ਸੋਧਣ ਨਾਲ ਹੀ ਕੀਤੀ ਜਾ ਸਕਦੀ ਹੈ। ਬਿਜਾਈ ਲਈ ਖੇਤ ਦੀ ਤਿਆਰੀ ਅਨੁਸਾਰ ਸੀਡ-ਕਮ-ਫਰਟੀਲਾਈਜ਼ਰ ਡਰਿਲ, ਜ਼ੀਰੋ ਡਰਿਲ ਜਾਂ ਹੈਪੀ ਸੀਡਰ ਨਾਲ ਕਰਨੀ ਚਾਹੀਦੀ ਹੈ। ਕਣਕ ਦੀ ਬਿਜਾਈ ਚੰਗੇ ਵੱਤਰ ਵਿਚ 4 -6 ਸੈਂਟੀਮੀਟਰ ਡੂੰਘਾਈ ਤੇ ਕਤਾਰ ਤੋਂ ਕਤਾਰ 15 - 20 ਸੈਂਟੀਮੀਟਰ ਦੇ ਫ਼ਾਸਲੇ ਉੱਪਰ ਕਰ ਦੇਣੀ ਚਾਹੀਦੀ ਹੈ। ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਤੇ ਹੋਣੀ ਚਾਹੀਦੀ ਹੈ।


-ਮੋਬਾਈਲ : 98152-36307

ਆਲੂਆਂ ਦੀ ਸੁਚੱਜੀ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਲੂ ਦਾ ਝਾੜ ਬੀਜ ਦੇ ਅਕਾਰ ਅਤੇ ਬੂਟਿਆਂ ਅਤੇ ਵੱਟਾਂ ਵਿਚਕਾਰ ਫਾਸਲੇ 'ਤੇ ਬਹੁਤ ਨਿਰਭਰ ਹੈ। ਆਮ ਤੌਰ 'ਤੇ 60 ਸੈਂਟੀਮੀਟਰ ਫਾਸਲੇ ਵਾਲੀਆਂ ਵੱਟਾਂ ਉਤੇ 20 ਸੈਂਟੀਮੀਟਰ ਦੀ ਵਿੱਥ 'ਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ। ਟਰੈਕਟਰ ਨਾਲ ਬਿਜਾਈ ਕਰਨ ਲਈ ਸੈਮੀ-ਆਟੋਮੈਟਿਕ ਜਾਂ ਆਟੋ ਮੈਟਿਕ ਮਸ਼ੀਨਾਂ ਦੀ ਵਰਤੋਂ ਸਮੇਂ ਮਸ਼ੀਨਰੀ ਅਨੁਸਾਰ ਫਾਸਲੇ ਵਿਚ ਥੋੜ੍ਹਾ-ਬਹੁਤ ਅਦਲ-ਬਦਲ ਕੀਤਾ ਜਾ ਸਕਦਾ ਹੈ।
ਖਾਦਾਂ : ਆਲੂ ਨੂੰ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ ਦੀ ਕਾਫੀ ਲੋੜ ਹੁੰਦੀ ਹੈ। ਕਿਸੇ ਵੀ ਇਕ ਤੱਤ ਦੀ ਘਾਟ ਜਾਂ ਵਾਧ ਫ਼ਸਲ ਦੀ ਝਾੜ 'ਤੇ ਮਾੜਾ ਅਸਰ ਪਾ ਸਕਦੀ ਹੈ । ਇਸ ਲਈ ਤੱਤਾਂ ਦਾ ਠੀਕ ਮਾਤਰਾ ਵਿਚ ਮਿਲਣਾ ਝਾੜ ਤੇ ਕੁਆਲਿਟੀ ਲਈ ਜ਼ਰੂਰੀ ਹੈ। ਗਲੀ-ਸੜੀ ਰੂੜੀ ਦੀ ਖਾਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਸਾਰੇ ਵੱਡੇ ਤੇ ਛੋਟੇ ਲਘੂ ਤੱਤ ਸਪਲਾਈ ਕਰਨ ਵਿਚ ਸਹਾਈ ਹੁੰਦੀ ਹੈ। ਸਿੰਚਾਈ ਵਾਲੀ ਪਤਝੜ ਵਾਲੀ ਫ਼ਸਲ ਲਈ 75 ਕਿਲੋ ਨਾਈਟਰੋਜਨ (165 ਕਿਲੋ ਯੂਰੀਆ) 25 ਕਿਲੋ ਫਾਸਫੋਰਸ (155 ਕਿਲੋ ਸੁਪਰ ਫਾਸਫੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮੁਰੀਏਟ ਆਫ ਪੋਟਾਸ਼) ਪ੍ਰਤੀ ਏਕੜ ਤੋਂ ਬਿਨਾਂ 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਵਰਤਣੀ ਚਾਹੀਦੀ ਹੈ। ਸਾਰੀ ਫਾਸਫੋਰਸ ਤੇ ਪੋਟਾਸ਼ ਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਤੇ ਬਾਕੀ ਨਾਈਟਰੋਜਨ 25-30 ਦਿਨਾਂ ਬਾਅਦ ਆਲੂਆਂ ਨੂੰ ਮਿੱਟੀ ਚਾੜ੍ਹਣ ਵੇਲੇ ਪਾਉਣੀ ਚਾਹੀਦੀ ਹੈ।ਬੀਜ ਵਾਲੀ ਫ਼ਸਲ ਲਈ ਖਾਦਾਂ ਦੀ ਮਾਤਰਾ 20% ਘਟਾਈ ਜਾ ਸਕਦੀ ਹੈ। ਮਿੱਟੀ ਟੈਸਟ ਦੇ ਅਧਾਰ 'ਤੇ ਖਾਦਾਂ ਦੀ ਮਾਤਰਾ ਘੱਟ-ਵਧ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ : ਆਲੂਆਂ ਦੀ ਫ਼ਸਲ ਵਿਚ ਕਈ ਤਰ੍ਹਾਂ ਦੇ ਨਦੀਨ ਮਿਲਦੇ ਹਨ ਜਿਵੇਂ ਗੁੱਲੀ ਡੰਡਾ, ਜੌਂਧਰ, ਬਾਥੂ, ਜੰਗਲੀ ਚੁਲਾਈ, ਹਿਰਨਖੁਰੀ, ਮੋਥਾ, ਸੇਂਜੀ, ਬੂਟੀ, ਇਟਸਿਟ ਆਦਿ। ਨਦੀਨ ਨਾਸ਼ਕਾਂ ਦੀ ਵਰਤੋਂ ਇਨ੍ਹਾਂ ਨਦੀਨਾਂ ਨੂੰ ਖਤਮ ਕਰਨ ਲਈ ਗੋਡੀ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੈ। ਕੁਝ ਨਦੀਨ-ਨਾਸ਼ਕ ਨਦੀਨਾਂ ਦੇ ਬੀਜ ਜੰਮਣ ਤੋਂ ਪਹਿਲਾਂ ਤੇ ਕੁਝ ਨਦੀਨਾਂ ਦੇ ਜੰਮਣ ਤੋਂ ਬਾਅਦ ਵਰਤੇ ਜਾਂਦੇ ਹਨ।
ਸਿੰਚਾਈ : ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਉਣਾ ਚਾਹੀਦਾ ਹੈ, ਇਸ ਨਾਲ ਆਲੂ ਦਾ ਪੁੰਗਾਰ ਚੰਗਾ ਹੁੰਦਾ ਹੈ। ਪਹਿਲੀਆਂ ਸਿੰਚਾਈਆਂ ਹਲਕੀਆਂ ਤੇ ਬਾਕੀ ਦੀਆਂ ਸਿੰਚਾਈਆਂ ਭਰਵੀਆਂ, ਕਿਉਂਕਿ ਬਾਅਦ ਵਿਚ ਫ਼ਸਲ ਦੀ ਪਾਣੀ ਦੀ ਲੋੜ ਵੱਧ ਜਾਂਦੀ ਹੈ। ਸਿੰਚਾਈਆਂ ਵਿਚ ਵਕਫਾ ਤੇ ਸਿੰਚਾਈ ਦੀ ਮਾਤਰਾ ਫ਼ਸਲ ਦੀ ਲੋੜ ਮੁਤਾਬਕ ਕਰਨੀ ਚਾਹੀਦੀ ਹੈ। ਆਮ ਤੌਰ 'ਤੇ ਲਗਾਤਾਰ ਤੇ ਹਲਕੀਆਂ ਸਿੰਚਾਈਆਂ ਜ਼ਿਆਦਾ ਅਸਰਦਾਇਕ ਹੁੰਦੀਆਂ ਹਨ। ਜੇਕਰ ਭਰ ਕੇ ਪਾਣੀ ਲਾਇਆ ਜਾਵੇ ਤਾਂ ਵੱਟਾਂ ਸਖਤ ਹੋ ਜਾਂਦੀਆਂ ਹਨ, ਜੜ੍ਹਾਂ ਨੂੰ ਹਵਾ ਘੱਟ ਮਿਲਦੀ ਹੈ ਤੇ ਆਲੂਆਂ ਦਾ ਵਿਕਾਸ ਰੁਕ ਜਾਂਦਾ ਹੈ। ਜਦੋਂ ਫ਼ਸਲ ਪੱਕਣ 'ਤੇ ਆਉਂਦੀ ਹੈ ਪਾਣੀ ਘੱਟ ਕਰ ਦੇਣਾ ਚਾਹੀਦਾ ਹੈ ਤੇ ਆਲੂ ਪੁੱਟਣ ਤੋਂ ਦੋ ਹਫਤੇ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਆਲੂ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਤੇ ਇਨ੍ਹਾਂ ਦੀ ਕੁਆਲਟੀ ਵਿਚ ਸੁਧਾਰ ਆਉਂਦਾ ਹੈ।
ਪੁਟਾਈ : ਆਲੂਆਂ ਦੀ ਪੁਟਾਈ ਫ਼ਸਲ ਦੀ ਪਕਾਈ ਤੇ ਵੇਚਣ ਵੇਲੇ ਭਾਅ 'ਤੇ ਨਿਰਭਰ ਕਰਦੀ ਹੈ। ਜਦੋਂ ਆਲੂਆਂ ਦੇ ਪੱਤੇ ਹਲਕੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਪੱਤੇ ਗਿਰਨ ਲਗ ਪੈਂਦੇ ਹਨ ਤਾਂ ਫ਼ਸਲ ਪੱਕਾਈ ਦੇ ਵਲ ਵਧ ਰਹੀ ਹੁੰਦੀ ਹੈ। ਅਗੇਤੀਆਂ ਕਿਸਮਾਂ ਦਾ ਭਾਅ ਜ਼ਿਆਦਾ ਹੁੰਦਾ ਹੈ ਤੇ ਝਾੜ ਘੱਟ ਹੁੰਦਾ ਹੈ। ਲੇਟ ਪੱਕਣ ਵਾਲੀਆਂ ਕਿਸਮਾਂ ਤੋਂ ਝਾੜ ਵੱਧ ਮਿਲਦਾ ਹੈ ਪਰ ਭਾਅ ਘਟ ਜਾਂਦਾ ਹੈ। ਇਸ ਲਈ ਪੁਟਾਈ ਦਾ ਸਮਾਂ ਬਹੁਤ ਸਿਆਣਪ ਨਾਲ ਚੁਣਨਾ ਚਾਹੀਦਾ ਹੈ, ਤਾਂ ਜੋ ਝਾੜ ਵੀ ਠੀਕ ਹੋਵੇ ਤੇ ਮੰਡੀ ਵਿਚ ਭਾਅ ਵੀ ਚੰਗਾ ਮਿਲ ਸਕੇ। ਟਰੈਕਟਰ ਨਾਲ ਚੱਲਣ ਵਾਲੀ ਆਲੂ ਪੁੱਟਣ ਵਾਲੀ ਮਸ਼ੀਨ (ਡਿੱਗਰ) ਪੁਟਾਈ ਲਈ ਵਰਤੀ ਜਾਂਦੀ ਹੈ। ਆਲੂਆਂ ਦੀ ਪੁਟਾਈ ਵੇਲੇ ਜ਼ਮੀਨ ਵਿਚ ਠੀਕ ਵੱਤਰ ਹੋਣਾ ਚਾਹੀਦਾ, ਇਸ ਨਾਲ ਮਸ਼ੀਨਾਂ ਨੂੰ ਚੱਲਣ ਵਿਚ ਕੋਈ ਦਿੱਕਤ ਨਹੀਂ ਆਉਂਦੀ।
ਗਰੇਡਿੰਗ ਤੇ ਸਟੋਰ ਕਰਨਾ : ਫ਼ਸਲ ਦੀ ਗਰੇਡਿੰਗ ਕਰਨੀ ਅਤੀ ਜ਼ਰੂਰੀ ਹੈ। ਇਸ ਤਰ੍ਹਾਂ ਆਲੂ ਉਤਪਾਦਕ ਨੂੰ ਜ਼ਿਆਦਾ ਭਾਅ ਮਿਲ ਸਕਦਾ ਹੈ ਤੇ ਗਾਹਕ ਨੂੰ ਚੰਗੀ ਕੁਆਲਿਟੀ ਦਾ ਆਲੂ ਮਿਲ ਸਕਦਾ ਹੈ। ਮੰਡੀ ਵਿਚ ਵੇਚਣ ਲਈ ਜਾਂ ਫੈਕਟਰੀਆਂ ਵਿਚ ਭੇਜਣ ਲਈ ਆਲੂ ਦਾ ਵੱਡਾ ਸਾਈਜ਼ ਪਸੰਦ ਕੀਤਾ ਜਾਂਦਾ ਹੈ। ਆਲੂਆਂ ਦਾ ਬੀਜ ਰੱਖਣ ਲਈ ਆਲੂ ਨੂੰ ਉਸ ਸਟੋਰ ਵਿਚ ਰੱਖੋ, ਜਿਸ ਦਾ ਤਾਪਮਾਨ 2-4 ਡਿਗਰੀ ਸੈਲਸੀਅਸ ਤੇ ਨਮੀ 75-80 ਫ਼ੀਸਦੀ ਹੋਵੇ। ਮੰਡੀ ਵਿਚ ਵੇਚਣ ਜਾਂ ਫੈਕਟਰੀਆਂ ਵਿਚ ਭੇਜਣ ਲਈ ਆਲੂਆਂ ਨੂੰ 10-12 ਡਿਗਰੀ ਸੈਲਸੀਅਸ ਅਤੇ 75-80 ਫ਼ੀਸਦੀ ਨਮੀ ਵਾਲੇ ਸਟੋਰ ਵਿਚ ਰੱਖੋ। ਇਸ ਸਟੋਰ ਵਿਚ ਆਲੂ ਨੂੰ ਕਾਫੀ ਸਮੇਂ ਤੱਕ ਰੱਖਣ ਲਈ ਦੋ ਵਾਰ (ਇਕ ਮਹੀਨਾ ਬਾਅਦ ਤੇ 4 ਮਹੀਨੇ ਬਾਅਦ) ਸੀ ਆਈ ਪੀ ਸੀ (ਆਈਸੋ ਪਰੋਪਾਈਲ ਕਲੋਰੋਫੀਨਾਈਲ ਕਾਰਬਾਮੇਟ) ਦਾ ਧੂੰਆਂ ਕੀਤਾ ਜਾਂਦਾ ਹੈ। ਇਸ ਨਾਲ ਆਲੂ ਦਾ ਫੁਟਾਰਾ ਨਿਕਲਣਾ, ਗਲਣਾ ਤੇ ਸੁੰਗੜਨਾ ਰੁਕ ਜਾਂਦਾ ਹੈ ਤੇ ਆਲੂ ਦੇ ਵਜ਼ਨ ਵਿਚ ਕੋਈ ਕਮੀ ਨਹੀਂ ਆਉਂਦੀ। ਇਹ ਆਲੂ ਮੰਡੀ ਵਿਚ ਵੇਚ ਕੇ ਚੰਗਾ ਮੁਨਾਫਾ ਲਿਆ ਜਾ ਸਕਦਾ ਹੈ। ਇਹ ਆਲੂ ਪਹਾੜੀ ਆਲੂ ਦੇ ਮੁਕਾਬਲੇ ਮੰਡੀ ਵਿਚ ਵੇਚੇ ਜਾ ਸਕਦਾ ਹਨ। (ਸਮਾਪਤ)


-ਮੋਬਾਈਲ : 82838-1424

ਕੁਝ ਤਾਂ ਸੋਚ ਕਿਸਾਨਾਂ

ਨਾੜ, ਪਰਾਲੀ ਸਾੜੀ ਜਾਵੇਂ, ਲਾਅ ਕੇ ਕੋਈ ਬਹਾਨਾ,
ਕਿਉਂ ਧਰਤੀ ਨੂੰ ਲਾਂਬੂ ਲਾਵੇਂ, ਕੁਝ ਤਾਂ ਸੋਚ ਕਿਸਾਨਾ।
ਅੰਨ ਦਾਤਿਆ ਆਪਣੇ ਹੱਥੀਂ ਆਪਣੀ ਕਿਸਮਤ ਸਾੜੇਂ,
ਲਗਾ ਕੇ ਅੱਗ ਧੂੰਆਂ ਕਿੱਦਾਂ ਵਿਚ ਅਸਮਾਨੀਂ ਚਾੜ੍ਹੇਂ।
ਐਕਸੀਡੈਂਟ 'ਚ ਹੋ ਅਪਾਹਜ ਜਾਂਦੀਆਂ ਨੇ ਕਈ ਜਾਨਾਂ,
ਕਿਉਂ ਪਰਾਲੀ ਸਾੜੀ ਜਾਵੇਂ, ਕੁਝ ਤਾਂ ਸੋਚ ਕਿਸਾਨਾ।
ਹਵਾ 'ਚ ਪ੍ਰਦੂਸ਼ਣ ਰਲ ਕੇ, ਹੋ ਜਾਉ ਗੰਧਲਾ ਚਾਰ ਚੁਫੇਰਾ,
ਦਮਾ, ਕੈਂਸਰ ਤੇ ਖੁਰਕ ਵਰਗੇ ਰੋਗ ਪਾਉਣਗੇ ਘੇਰਾ।
ਆਪਣੇ ਹੱਥੀਂ ਆਪਣਾ ਝੁੱਗਾ ਚੌੜ ਨਾ ਕਰੀਂ ਜੁਆਨਾ,
ਕਿਉਂ ਧਰਤੀ ਨੂੰ ਸਾੜੀ ਜਾਵੇਂ, ਕੁਝ ਤਾ ਸੋਚ ਕਿਸਾਨਾ,
ਪਰਾਲੀ ਨੂੰ ਅੱਗ ਲਗਾਇਆਂ ਲੱਖਾਂ ਜੀਵ ਨੇ ਮਰਦੇ।
ਜਿਹੜੇ ਸਾਨੂੰ ਜੀਵਨ ਦਿੰਦੇ, ਰੁੱਖ ਬੂਟੇ ਵੀ ਸੜਦੇ,
ਜੋ ਨੇ ਸਾਡੇ ਮਿੱਤਰ ਕੀੜੇ, ਜਾਣ ਉਨ੍ਹਾਂ ਦੀਆਂ ਜਾਨਾਂ।
ਕਿਉਂ ਉਨ੍ਹਾਂ ਨੂੰ ਸਾੜੀ ਜਾਵੇਂ ਕੁਝ ਤਾਂ ਸੋਚ ਕਿਸਾਨਾ
ਵਾਧੂ ਖਰਚੇ ਕਰਕੇ ਹੋ ਗਈ, ਕਰਜ਼ੇ ਦੀ ਪੰਡ ਭਾਰੀ,
ਖੁਦਕੁਸ਼ੀਆਂ ਹੱਲ ਨਹੀ ਇਸਦਾ, ਹੁੰਦੀ ਸਗੋਂ ਖੁਆਰੀ,
ਤੂੰ ਫਰਜ਼ਾਂ ਦਾ ਪਾਂਧੀ ਬਣਕੇ, ਲਿਖ ਕੋਈ ਅਫਸਾਨਾ।
ਕਿਉਂ ਧਰਤੀ ਨੂੰ ਸਾੜੀ ਜਾਵੇਂ, ਕੁਝ ਤਾਂ ਸੋਚ ਕਿਸਾਨਾਂ,
ਨਵੇਂ ਤਰੀਕੇ ਦੱਸੇ ਨੇ ਜੋ ਖੇਤੀਬਾੜੀ ਦੇ ਮਾਹਿਰਾਂ,
ਸਖ਼ਤ ਕਾਨੂੰਨ ਬਣਾ ਦਿੱਤੇ ਨੇ ਸਮੇਂ ਦੀਆਂ ਸਰਕਾਰਾਂ।
ਮੱਖਣ ਗਿੱਲ ਦੇ ਆਖੇ ਲੱਗੋ ਨਹੀਂ ਤੇ ਹੋਊ ਜੁਰਮਾਨਾ
ਕਿਉਂ ਧਰਤੀ ਨੂੂੰ ਸਾੜੀ ਜਾਵੇਂ, ਕੁਝ ਤਾਂ ਸੋਚ ਕਿਸਾਨਾਂ,


-ਮੱਖਣ ਸਿੰਘ ਗਿੱਲ
ਸਾਬਕਾ ਸਰਪੰਚ ਸੰਤੂਨੰਗਲ ਜ਼ਿਲ੍ਹਾ ਅੰਮ੍ਰਿਤਸਰ
ਮੋਬਾਈਲ : 98722-41431

ਖੇਤੀਬਾੜੀ ਨਾਲ ਸਬੰਧਿਤ ਦਵਾਈਆਂ ਦੀ ਨਕਲਖੋਰੀ ਰੋਕਣ ਦੀ ਲੋੜ

ਦਿਨ ਚੜ੍ਹਦਿਆਂ ਹੀ ਵਾਤਾਵਰਨ ਦੀ ਸੰਭਾਲ, ਖੇਤੀਬਾੜੀ ਵਿਚ ਆ ਰਹੀ ਗਿਰਾਵਟ ਦੀਆਂ ਖ਼ਬਰਾਂ ਰੋਜ਼ਾਨਾ ਹੀ ਪੜ੍ਹਨ ਨੂੰ ਮਿਲਦੀਆਂ ਹਨ। ਸਰਕਾਰੀ ਦਫਤਰਾਂ ਵਿਚ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਨੇਕਾਂ ਤਰ੍ਹਾਂ ਦੇ ਉਪਰਾਲਿਆਂ ਦੀਆਂ ਵੱਡੀਆਂ-ਵੱਡੀਆਂ ਫਾਇਲਾਂ ਨਜ਼ਰ ਆਉਂਦੀਆਂ ਹਨ। ਪਰ ਜ਼ਮੀਨੀ ਪੱਧਰ 'ਤੇ ਅੱਜ ਇਹ ਸਭ ਸਾਲਾਨਾ ਨਾਟਕ ਹੀ ਨਜ਼ਰ ਆਉਂਦਾ ਹੈ।
ਪਹਿਲੀ ਗੱਲ ਅੱਜ ਦੀ ਕਿਸਾਨੀ ਦੀ ਆਰਥਿਕਤਾ ਬਾਰੇ ਅਸੀਂ ਭਲੀ-ਭਾਂਤ ਜਾਣਦੇ ਹਾਂ। ਕਿਵੇਂ ਕਰਜ਼ਾ ਚੁੱਕ ਆਪਣੀ ਫਸਲ ਨੂੰ ਪਾਲਦੇ ਹਨ, ਲੋੜ ਅਨੁਸਾਰ ਉਨ੍ਹਾਂ ਨੂੰ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ। ਪਰ ਅਫਸੋਸ ਇਨ੍ਹਾਂ ਵਰਤੋਂ ਵਿਚ ਆ ਰਹੀਆਂ ਦਵਾਈਆਂ ਦਾ ਨਤੀਜਾ ਗੁਣਵੱਤਾ ਅਨੁਸਾਰ ਸਹੀ ਨਹੀਂ ਮਿਲਦਾ? ਫਿਰ ਕਿਸਾਨੀ ਦੀ ਭੁੱਬ ਨਿਕਲਦੀ ਹੈ। ਇਸ ਸਭ ਦਾ ਕਾਰਨ ਉਨ੍ਹਾਂ ਦਵਾਈਆਂ ਦਾ ਨਕਲੀ ਹੋਣਾ ਹੈ। ਜਿਨ੍ਹਾਂ ਦੀ ਪਹਿਚਾਣ ਕਰਨੀ ਆਮ ਵਿਅਕਤੀ ਦੇ ਹੱਥ ਵੱਸ ਨਹੀਂ ਹੁੰਦੀ ਕਿਉਂਕਿ ਦੇਖਣ ਨੂੰ ਇਨ੍ਹਾਂ ਦਵਾਈਆਂ ਦੇ ਬਾਹਰੀ ਬਣਤਰ ਇਕੋ ਜਿਹੀ ਹੁੰਦੀ ਹੈ। ਘੋਲ ਵਿਚ ਵੀ ਕੋਈ ਬਹੁਤਾ ਫਰਕ ਦਿਖਾਈ ਨਹੀਂ ਦਿੰਦਾ। ਅੰਤ ਪਤਾ ਇਸ ਦਾ ਵਰਤੋਂ ਤੋਂ ਬਾਅਦ ਲਗਦਾ ਹੈ। ਸ਼ਿਕਾਇਤ ਕਰਨ ਤੇ ਦੁਕਾਨਦਾਰ ਕਿਸੇ ਦੀ ਸੁਣਦੇ ਤੱਕ ਨਹੀਂ ਉਪਰੋਂ ਸਪਰੇਅ ਦੀ ਸਹੀ ਤਕਨੀਕ ਦੁਆਰਾ ਨਾ ਕੀਤਾ ਜਾਣਾ ਕਾਰਨ ਬਣਾ ਦਿੰਦੇ ਹਨ। ਪਿਛਲੀ ਦਿਨੀਂ ਸੋਸ਼ਲ ਮੀਡੀਆ ਤੇ ਨਕਲੀ ਦਵਾਈਆਂ ਦੇ ਫੜੇ ਜਾਣ ਦੀਆਂ ਅਨੇਕਾਂ ਹੀ ਵੀਡੀਓ ਵਾਇਰਲ ਹੋਈਆਂ ਹਨ। ਪਰ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਨਕਲੀ ਦਵਾਈਆਂ ਬਣਾਉਣ ਵਾਲੇ ਮਗਰਮੱਛਾਂ ਨੂੰ ਨਹੀਂ ਫੜ ਸਕੇ।
ਦੂਸਰਾ ਇਹ ਵੀ ਦੇਖਣ ਵਿਚ ਆਇਆ ਹੈ, ਕਿ ਕੁਝ ਦਵਾਈਆਂ ਦੀ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਮਹਿਕਮੇ ਵਲੋਂ ਪੂਰਨ ਰੋਕ ਲਗਾਈ ਹੋਈ ਹੈ ਕਿਉਂਕਿ ਦਵਾਈਆਂ ਫ਼ਸਲ, ਵਾਤਾਵਰਨ ਲਈ ਹਾਨੀਕਾਰਕ ਹਨ, ਪਰ ਇਨ੍ਹਾਂ ਦੀ ਵਿਕਰੀ ਵੀ ਖੁੱਲ੍ਹੇਆਮ ਹੋ ਰਹੀ ਹੈ।
ਸੋ, ਇਸ ਸਭ ਲਈ ਜਿਥੇ ਦੁਕਾਨਦਾਰ ਦੇ ਨਾਲ-ਨਾਲ ਕਿਸਾਨ ਵੀ ਬਰਾਬਰ ਦੇ ਭਾਗੀਦਾਰ ਹਨ। ਕਿਉਂਕਿ ਜਦੋਂ ਕੋਈ ਦਵਾਈ ਖਰੀਦੀ ਜਾਂਦੀ ਹੈ ਤਾਂ ਦੁਕਾਨਦਾਰ ਵਲੋਂ ਉਸ ਦੇ ਦੋ ਰੇਟ ਦੱਸੇ ਜਾਂਦੇ ਹਨ, ਪਹਿਲਾਂ ਬਿਨਾਂ ਪੱਕੇ ਬਿੱਲ ਤੋਂ ਦੂਸਰਾ ਪੱਕੇ ਬਿੱਲ ਸਮੇਤ। ਜਾਗਰੂਕਤਾ ਦੀ ਘਾਟ ਕਾਰਨ ਕਿਸਾਨਾਂ ਲਈ ਬਿੱਲ ਦੀ ਅਹਿਮੀਅਤ ਨਾ ਜਾਣਦੇ ਹੋਏ ਬਿੱਲ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਪਰ ਬਿਨਾਂ ਬਿੱਲ ਤੋਂ ਦਵਾਈ ਸਸਤੇ ਰੇਟਾਂ ਵਿਚ ਹੀ ਖਰੀਦੀ ਜਾਂਦੀ ਹੈ। ਇਸ ਲਾਲਚ ਕਾਰਨ ਕਿਸਾਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਸੋ, ਲੋੜ ਹੈ ਸਿਰਫ਼ ਪ੍ਰਸ਼ਾਸਨ, ਸਬੰਧਿਤ ਮਹਿਕਮੇ ਦੇ ਕਰਨ ਨਾਲ ਕੁਝ ਨਹੀਂ ਹੋਣਾ। ਇਸ ਨਕਲਖੋਰੀ ਦੇ ਧੰਦੇ ਨੂੰ ਖਤਮ ਕਰਨ ਲਈ ਸਾਨੂੰ ਇਕਜੁੱਟ ਹੋਣਾ ਪਵੇਗਾ। ਲਾਲਚ ਨੂੰ ਛੱਡ ਦਿਓ ਪੱਕੇ ਬਿੱਲ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਨਾ ਖਰੀਦੋ।


-ਮਲੇਰਕੋਟਲਾ। ਮੋਬਾ : 94179-71451.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX