ਤਾਜਾ ਖ਼ਬਰਾਂ


ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  13 minutes ago
ਨਵੀਂ ਦਿੱਲੀ, 8 ਦਸੰਬਰ- ਰਾਜਧਾਨੀ ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਫੈਕਟਰੀ 'ਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਉੱਥੇ...
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  29 minutes ago
ਨਵੀਂ ਦਿੱਲੀ, 8 ਦਸੰਬਰ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਜੇਕਰ ਕੋਈ ਫੈਕਟਰੀ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਤਾਂ ਉਸ ਨੂੰ ਬੰਦ ਕਰਨ ਦੀ...
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  42 minutes ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਦੇ ਚਾਂਦਨੀ ਚੌਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਅਨਾਜ ਮੰਡੀ ਇਲਾਕੇ 'ਚ ਫੈਕਟਰੀ 'ਚ ਅੱਗ ਲੱਗਣ ਕਾਰਨ ਹੋਈ 43 ਲੋਕਾਂ ਦੀ...
ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  59 minutes ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਦੇਸ਼ ਭਰ 'ਚ ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ...
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਗੁਰੂਹਰਸਹਾਏ, 8 ਦਸੰਬਰ (ਹਰਚਰਨ ਸਿੰਘ ਸੰਧੂ)- ਪਿੰਡ ਕੜਮਾ ਦੇ ਇੱਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ 40 ਸਾਲਾ ਰਿੰਕੂ...
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  about 1 hour ago
ਨਵੀਂ ਦਿੱਲੀ, 8 ਦਸੰਬਰ- ਦਿੱਲੀ ਫਾਇਰ ਸਰਵਿਸ (ਡੀ. ਐੱਫ. ਐੱਸ.) ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਅਨਾਜ ਮੰਡੀ ਇਲਾਕੇ 'ਚ ਅੱਜ ਸਵੇਰੇ ਵਾਪਰੀ ਅੱਗ ਲੱਗਣ ਦੀ ਘਟਨਾ 'ਤੇ ਕਿਹਾ ਕਿ...
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  about 1 hour ago
ਪਟਨਾ, 8 ਦਸੰਬਰ- ਰਾਜਧਾਨੀ ਦਿੱਲੀ 'ਚ ਇੱਕ ਫੈਕਟਰੀ 'ਚ ਲੱਗੀ ਅੱਗ ਕਾਰਨ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ...
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  about 2 hours ago
ਨਵੀਂ ਦਿੱਲੀ, 8 ਦਸੰਬਰ- ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਅਗਨੀਕਾਂਡ 'ਤੇ ਕਿਹਾ ਹੈ ਕਿ ਮੈਂ ਇਸ 'ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ...
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  about 2 hours ago
ਹੋਰ ਖ਼ਬਰਾਂ..

ਫ਼ਿਲਮ ਅੰਕ

ਕਰੀਨਾ ਕਪੂਰ ਨੈਣ ਸ਼ਰਬਤੀ

ਫਰਵਰੀ 2020 ਨੂੰ ਆਸਟ੍ਰੇਲੀਆ ਵਿਖੇ ਹੋ ਰਹੇ ਔਰਤਾਂ ਦੇ ਸੰਸਾਰ 20-20 ਕ੍ਰਿਕਟ ਕੱਪ ਮੈਚ ਅਤੇ ਫਿਰ ਅਕਤੂਬਰ ਵਿਚ ਆਦਮੀਆਂ ਦੇ ਵਿਸ਼ਵ ਕ੍ਰਿਕਟ ਮੁਕਾਬਲੇ 20-20 ਦੇ ਹੋਣੇ ਹਨ। ਇਨ੍ਹਾਂ ਲਈ ਬਣੀਆਂ ਦੋਵਾਂ ਟਰਾਫੀਆਂ ਦਾ ਮਹੂਰਤ ਕਰੀਨਾ ਕਪੂਰ ਦੇ ਹੱਥੋਂ ਆਈ.ਸੀ.ਸੀ. ਨੇ ਕਰਵਾਇਆ ਹੈ। ਕਰੀਨਾ ਨੇ ਕਿਹਾ ਕਿ ਔਰਤਾਂ ਕ੍ਰਿਕਟ 'ਚ ਮੱਲਾਂ ਮਾਰਨ ਤੇ ਉਸ ਦੇ ਤਾਂ ਸਵਰਗੀ ਸਹੁਰਾ ਸਾਹਬ ਪਟੌਦੀ ਮਹਾਨ ਕ੍ਰਿਕਟਰ ਸਨ, ਇਸ ਤਰ੍ਹਾਂ ਕ੍ਰਿਕਟ ਉਸ ਲਈ ਖਾਨਦਾਨੀ ਖੇਡ ਹੈ। ਇਸ ਸਮੇਂ 'ਲਾਲ ਸਿੰਘ ਚੱਢਾ', 'ਗੁੱਡ ਨਿਊਜ਼' ਫ਼ਿਲਮਾਂ 'ਬੋਬੇ' ਕਰ ਰਹੀ ਹੈ। 'ਲਾਲ ਸਿੰਘ ਚੱਢਾ' ਫ਼ਿਲਮ ਤੇ ਉਹ ਖਾਸ ਧਿਆਨ ਦੇ ਰਹੀ ਹੈ। 19 ਸਾਲ ਦੇ ਫ਼ਿਲਮੀ ਸਫ਼ਰ ਦੌਰਾਨ ਪਹਿਲੀ ਵਾਰ ਇਸ ਫ਼ਿਲਮ ਲਈ ਕਰੀਨਾ ਕਪੂਰ ਨੇ ਟੈਸਟ ਦਿੱਤਾ। ਕਰੀਨਾ ਅਨੁਸਾਰ ਇਹ ਵਧੀਆ ਹੈ ਤੇ ਆਮਿਰ ਖ਼ਾਨ ਨੇ ਅਜਿਹਾ ਕਰ ਕੇ ਕਿੱਤੇ ਪ੍ਰਤੀ ਇਮਾਨਦਾਰੀ ਵਿਖਾਈ ਹੈ। ਬਾਲੀਵੁੱਡ ਦੀ ਵਧੀਆ ਤੇ ਸੋਹਣੀ ਅਭਿਨੇਤਰੀ ਸੈਫ਼ੀਨਾ ਦੀ ਉਮਰ 39 ਸਾਲ ਹੋ ਗਈ ਹੈ ਪਰ ਮਾਤ ਉਹ 20-21 ਸਾਲ ਦੀਆਂ ਨਾਇਕਾਵਾਂ ਨੂੰ ਪਾ ਰਹੀ ਹੈ। ਚਮੜੀ ਤੇ ਜੁਲਫ਼ਾਂ ਦੋਵਾਂ ਦਾ ਖਿਆਲ ਉਹ ਖੂਬ ਰੱਖਦੀ ਹੈ। ਸ਼ਹਿਦ ਦੇ ਨਾਲ ਮੂੰਹ ਦੀ ਮਾਲਸ਼ ਕਰਦੀ ਹੈ। ਅਰੰਡੀ, ਬਦਾਮ ਤੇ ਜੈਤੂਨ ਦਾ ਤੇਲ ਮਿਲਾ ਕੇ ਉਹ ਸਿਰ ਦੀ ਮਾਲਸ਼ ਕਰ ਕੇ ਆਪਣੀਆਂ ਜੁਲਫ਼ਾਂ ਰੇਸ਼ਮੀ ਬਣਾ ਰਹੀ ਹੈ। ਲਿਪਬਾਮ ਉਹ ਪੱਕੀ ਲਾਉਂਦੀ ਹੈ ਤੇ ਫਿਰ 'ਰੇਸ਼ਮੀ ਜੁਲਫਾਂ ਸ਼ਰਬਤੀ ਅੱਖਾਂ ਤੇ ਗੁਲਾਬੀ ਹੋਂਠ' ਉਸ ਦੀ ਸੁੰਦਰਤਾ ਦੇ ਪ੍ਰਤੀਕ ਬਣ 'ਦਾ ਮੋਸਟ ਬਿਊਟੀਫੁਲ ਦ ਡਿਵਾ ਕਰੀਨਾ' ਬਣਾਉਂਦੇ ਹਨ। 8-10 ਪਾਣੀ ਦੇ ਗਿਲਾਸ ਸਿਆਲਾਂ ਵੀ ਪੀਣੇ ਤੇ ਢਾਈ ਸਾਲ ਦੇ 'ਤੈਮੂਰ' ਦੀ ਦੇਖ-ਭਾਲ ਵਿਚ ਹਰ ਕੰਮ 'ਚ ਕਰੀਨਾ ਪਾਸ ਹੁੰਦੀ ਜਾ ਰਹੀ ਹੈ। ਮਾਨਸਿਕ ਤੇ ਸਰੀਰਕ ਤੌਰ 'ਤੇ ਫਿਟ ਇਕ ਸੁੰਦਰ ਨਾਰੀ ਹੈ ਕਰੀਨਾ ਤੇ 'ਲਾਲ ਸਿੰਘ ਚੱਢਾ', 'ਗੁੱਡ ਨਿਊਜ਼' ਨਾਲ ਫਿਰ ਪ੍ਰਭਾਵ ਦੇਵੇਗੀ ਕਿ ਹਾਲੀਂ ਵੀ ਚੋਟੀ ਦੀ ਅਭਿਨੇਤਰੀ ਹੈ ਉਹ ...ਤੇ ਤੈਮੂਰ ਦੀ ਦੇਖ-ਭਾਲ ਨਾਲ ਸਫ਼ਲ ਮਾਂ ਤੇ ਸੈਫ਼ ਲਈ ਸਫ਼ਲ ਘਰ ਵਾਲੀ ਕਰੀਨਾ ਕਪੂਰ ਆਪਣੇ ਸੁੰਦਰ ਜਿਸਮ ਤੇ ਦਿੱਖ ਨਾਲ ਲੱਖਾਂ ਕਰੋੜਾਂ ਦਿਲਾਂ ਦੀ ਧੜਕਣ ਬਣੀ ਹੋਈ ਹੈ।


ਖ਼ਬਰ ਸ਼ੇਅਰ ਕਰੋ

ਡੇਜ਼ੀ ਸ਼ਾਹ ਤੀਰ ਨਿਸ਼ਾਨੇ 'ਤੇ

ਕਿਸਮਤ ਇਹੀ ਤਾਂ ਹੈ, ਬਹੁਤ ਚੰਗੀ ਕਿ ਸਲਮਾਨ ਖ਼ਾਨ ਜਿਹਾ ਵੱਡਾ ਸਿਤਾਰਾ ਨਿਰਮਾਤਾ ਨਾਲ ਨਾਰਾਜ਼ ਹੋ ਗਿਆ ਕਿ 'ਇੰਸ਼ਾਅੱਲਾਹ' ਵਿਚ ਡੇਜ਼ੀ ਸ਼ਾਹ ਨੂੰ ਨਹੀਂ ਲਿਆ ਤਾਂ ਉਹ ਵੀ ਫ਼ਿਲਮ ਨਹੀਂ ਕਰੇਗਾ। ਇਹ ਸੁਣ ਕੇ ਡੇਜ਼ੀ ਸ਼ਾਹ ਨੂੰ ਖੁਸ਼ੀ ਵਿਚ ਦੋ ਰਾਤਾਂ ਨੀਂਦ ਨਹੀਂ ਆਈ ਕਿ ਸਲਮਾਨ ਨੇ ਉਸ ਖਾਤਰ ਕੀਤੀ ਐਨੀ ਤਕੜੀ ਕੁਰਬਾਨੀ। ਡੇਜ਼ੀ ਸ਼ਾਹ ਭਾਵੇਂ ਚੰਦ ਕੁ ਫ਼ਿਲਮਾਂ ਤੱਕ ਸੀਮਤ ਹੈ ਪਰ ਇਸ ਦੀ ਚਰਚਾ ਮੁੰਬਈ ਨਗਰ ਵਿਚ ਹੁੰਦੀ ਹੀ ਰਹਿੰਦੀ ਹੈ।
'ਹੇਟ ਸਟੋਰੀ-3' ਭਾਵੇਂ ਕਲਿਕ ਨਹੀਂ ਹੋਈ ਪਰ ਮਾਈ ਦਾ ਲਾਲ ਕੋਈ ਵੀ ਇਸ ਦੇ ਕੰਮ ਨੂੰ ਘੱਟ ਕਰਕੇ ਨਹੀਂ ਨਾਪ ਸਕਦਾ। ਸਲਮਾਨ ਖ਼ਾਨ ਤਾਂ ਮਾਨਸਿਕ ਤੌਰ 'ਤੇ ਡੇਜ਼ੀ ਨਾਲ ਜੁੜਿਆ ਹੋਇਆ ਹੈ। ਗੱਲ ਕਿਸੇ ਫ਼ਿਲਮ ਦੀ ਨਹੀਂ ਬਲਕਿ ਮੇਲ-ਜੋਲ ਤੇ ਵਿਹਾਰ ਦੀ ਹੈ। ਡੇਜ਼ੀ ਨੇ ਰਾਈਫਿਲ ਸ਼ੂਟਿੰਗ ਸ਼ੁਰੂ ਕੀਤੀ ਹੈ, ਸੱਲੂ ਖ਼ੁਸ਼ ਹੈ, ਡੇਜ਼ੀ ਚੋਟੀ ਦੀ ਨਿਸ਼ਾਨੇਬਾਜ਼ ਬਣਨ ਦਾ ਸੁਪਨਾ ਲੈ ਕੇ ਇਹ ਸਿੱਖ ਰਹੀ ਹੈ। ਕਾਫੀ ਸਿਖਿਅਤ ਉਹ ਨਿਸ਼ਾਨਚੀ ਵਜੋਂ ਹੋ ਗਈ ਹੈ।
ਰਾਸ਼ਟਰੀ ਰਾਈਫਲ ਸ਼ੂਟਿੰਗ ਦੀ ਪ੍ਰਤੀਯੋਗਤਾ ਵਿਚ ਉਹ ਹਿੱਸਾ ਲੈ ਰਹੀ ਹੈ। ਡੇਜ਼ੀ ਇਸ ਨੂੰ ਸ਼ੌਕ ਨਹੀਂ ਕਿੱਤੇ ਵਜੋਂ ਵੀ ਅਪਣਾ ਰਹੀ ਹੈ ਪਰ ਇਸ ਲਈ ਉਹ ਅਭਿਨੈ ਨਹੀਂ ਕੁਰਬਾਨ ਕਰੇਗੀ। ਹੁਣ ਨਿਸ਼ਾਨਚੀ ਨਾਇਕਾ ਬਣ ਕੇ ਜ਼ਰੂਰ ਸਭ ਨੂੰ ਹੈਰਾਨ ਕਰੇਗੀ ਡੇਜ਼ੀ ਸ਼ਾਹ।
ਆਖਰੀ ਗੱਲ ਇਹ ਹੈ ਕਿ ਸਮਾਈਲ ਸੰਸਥਾ ਨਾਲ ਬੱਚਿਆਂ ਨੂੰ ਪਿਆਰ, ਫਲ਼, ਕਿਤਾਬਾਂ ਤੇ ਮਨੋਰੰਜਨ ਦੇ ਕੇ ਉਸ ਨੇ ਇਨਸਾਨੀਅਤ ਦਾ ਪ੍ਰਭਾਵ ਵੀ ਦਿਖਾ ਦਿੱਤਾ ਹੈ। 'ਜੈ ਹੋ ਡੇਜ਼ੀ ਸ਼ਾਹ' ਇਹ ਹੀ ਚੰਗੇ ਨਿਸ਼ਾਨਚੀ ਦੀ ਨਿਸ਼ਾਨੀ ਤੇ ਪਹਿਚਾਣ ਹੁੰਦੀ ਹੈ ਕਿ ਤੀਰ ਹਮੇਸ਼ਾ ਨਿਸ਼ਾਨੇ 'ਤੇ ਹੀ ਵੱਜੇ ਤਾਂ ਸਮਝੋ ਤੁਸੀਂ ਕਾਮਯਾਬ ਹੋ।

ਰਾਜ ਕੁਮਾਰ ਰਾਓ ਕਿੱਦਾਂ ਦਿਨ ਫਿਰੇ?

ਇਹ ਦੀਵਾਲੀ ਰਾਜ ਕੁਮਾਰ ਰਾਓ ਸ਼ਾਇਦ ਹੀ ਕਦੇ ਭੁੱਲ ਸਕੇ ਕਿਉਂਕਿ ਏਕਤਾ ਕਪੂਰ ਦੀ ਦੀਵਾਲੀ ਪਾਰਟੀ 'ਚ ਉਹ ਖਾਸ ਤੌਰ 'ਤੇ ਸੱਦੇ ਗਏ ਸਨ ਤੇ ਗੋਵਿੰਦਾ ਦੇ ਗਾਣੇ 'ਅੱਖੀਉਂ ਸੇ ਗੋਲੀ ਮਾਰੇ' 'ਤੇ ਏਕਤਾ ਨੇ ਨਾ ਸਿਰਫ਼ ਰਾਓ ਨਾਲ ਡਾਂਸ ਕੀਤਾ ਬਲਕਿ ਇੰਸਟਾਗ੍ਰਾਮ ਤੋਂ ਲੈ ਕੇ ਸਨੈਪ ਚੈਟ ਤੱਕ ਇਸ ਡਾਂਸ ਦੇ ਪਲਾਂ ਨੂੰ ਅਪਲੋਡ ਕਰ ਦਿਖਾਇਆ ਕਿ ਰਾਜਕੁਮਾਰ ਰਾਓ ਪ੍ਰਤੀ ਏਕਤਾ ਦਾ ਆਕਰਸ਼ਣ ਕਿੰਨਾ ਹੈ? 'ਮੇਡ ਇਨ ਚਾਈਨਾ' ਇਹ ਰਾਓ ਦੀ ਤਾਜ਼ਾ ਫ਼ਿਲਮ ਹੈ ਜਿਸ 'ਚ ਉਸ ਨਾਲ ਮੌਨੀ ਰਾਏ ਹੈ। 'ਬਿੱਗ ਬੌਸ' 'ਚ ਆਪਣੇ ਮੈਜਿਕ ਸੂਪ ਰਾਓ ਨੇ ਸਲਮਾਨ ਖ਼ਾਨ ਨੂੰ ਵੇਚਣ ਦੀ ਗੱਲ ਕੀਤੀ। ਮਜ਼ੇਦਾਰ ਇਹ ਕਿ ਰਾਓ ਨੇ ਟਿੱਚਰ ਕਰਦਿਆਂ ਕਿਹਾ ਕਿ ਸੱਲੂ ਭਾਈ ਮਰਦਾਨਾ ਕਮਜ਼ੋਰੀ ਦਾ ਇਲਾਜ ਹੈ, ਇਹ ਸੂਪ ਵੈਸੇ ਮੈਂ ਮਜ਼ਾਕ ਕਰ ਰਿਹਾ ਹਾਂ, ਤੁਹਾਨੂੰ ਇਸ ਦੀ ਲੋੜ ਨਹੀਂ ਹੈ। 'ਮੂਵੀ, ਮਸਤੀ ਵਿਦ ਮਨੀਸ਼ਾ ਪਾਲ' ਸ਼ੋਅ 'ਚ ਰਾਜਕੁਮਾਰ ਨੇ ਵਿਦਿਆ ਬਾਲਨ ਦੇ ਗਾਣੇ 'ਮੇਰਾ ਢੋਲਣਾ ਸੁਨ' ਤੇ ਸ਼ਾਨਦਾਰ ਨਾਚ ਦੇ ਕਦਮ ਦਿਖਾਏ ਹਨ। ਗੱਲ 'ਮੇਡ ਇਨ ਚਾਈਨਾ' ਦੀ ਕਰੀਏ ਤਾਂ ਰਾਜਕੁਮਾਰ ਰਾਓ ਦੀ ਇਸ ਫ਼ਿਲਮ ਨੇ 'ਸਾਂਡ ਕੀ ਆਂਖ' ਨੂੰ ਕਮਾਈ ਦੇ ਮਾਮਲੇ 'ਚ ਪਿਛਾਂਹ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ 'ਗਰੀਨ ਦੀਵਾਲੀ' ਦਾ ਹੋਕਾ ਵੀ 'ਮੇਡ ਇਨ ਚਾਈਨਾ' ਰਾਓ ਨੇ ਦਿੱਤਾ ਸੀ। ਨੈਸ਼ਨਲ ਫ਼ਿਲਮ ਐਵਾਰਡ ਜੇਤੂ ਅਭਿਨੇਤਾ ਹੈ ਉਹ ਤੇ ਹਰਿਆਣਾ ਦੇ ਗੁਰੂਗ੍ਰਾਮ ਦੇ ਆਮ ਪਰਿਵਾਰ 'ਚੋਂ ਉਹ ਹੈ। ਦੋ ਸਾਲ ਤੱਕ ਉਸ ਦੀ ਸਕੂਲ ਫੀਸ ਉਸ ਦੇ ਅਧਿਆਪਕ ਨੇ ਆਪ ਭਰੀ ਸੀ। ਇਕ ਵਾਰ 18 ਰੁਪਏ ਉਸ ਦੀ ਜੇਬ 'ਚ ਸਨ ਤੇ ਮੁੰਬਈ ਉਹ ਦੋ ਦਿਨ ਭੁੱਖਾ ਵੀ ਰਿਹਾ ਸੀ। ਸੜਕਾਂ 'ਤੇ ਉੱਡਦੀ ਮਿੱਟੀ ਲਈ ਇਨ੍ਹਾਂ 18 ਰੁਪਏ ਦਾ ਗੁਲਾਬ ਜਲ ਖਰੀਦ, ਮੂੰਹ ਧੋ ਕੇ ਉਹ ਫ਼ਿਲਮੀ ਟੈਸਟ 'ਤੇ ਗਿਆ ਸੀ। 'ਅੱਜ', 'ਰਾਗਿਨੀ ਐਸ.ਐਮ.ਐਸ.', 'ਕਾਈ ਪੋ ਚੇ', 'ਨਿਊਟਨ', 'ਇਸਤਰੀ', 'ਸਿਟੀ ਲਾਈਟਸ', 'ਬਰੇਲੀ ਕੀ ਬਰਫ਼ੀ', 'ਗੈਂਗਸ ਆਫ਼ ਵਾਸੇਪੁਰ', 'ਏਕ ਲੜਕੀ ਕੋ ਦੇਖਾ' ਆਦਿ ਤੱਕ ਕਈ ਫ਼ਿਲਮਾਂ ਨੇ 'ਮੇਡ ਇਨ ਚਾਈਨਾ' ਨਾਲ ਉਸ ਨੂੰ ਵੱਡੀ ਪਛਾਣ ਤੇ ਆਰਥਿਕ ਮਜ਼ਬੂਤ ਸਥਿਤੀ ਦੇ ਦਰਸ਼ਨ ਕਰਵਾਏ ਹਨ।

ਉਰਵਸ਼ੀ ਰੌਤੇਲਾ ਖੁੱਲ੍ਹਦਿਲੀ ਵਾਲੀ ਅਭਿਨੇਤਰੀ

ਪਾਗਲਪੰਤੀ' 'ਚ ਉਰਵਸ਼ੀ ਰੌਤੇਲਾ ਨਜ਼ਰ ਆ ਰਹੀ ਹੈ। ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਖਾਤੇ ਵਿਚ ਗਾਇਕ ਟੋਨੀ ਕੱਕੜ ਵਲੋਂ ਦਿੱਤੇ ਜਾ ਰਹੇ ਗੁਲਾਬ ਦੇ ਫੁੱਲ ਵਾਲਾ ਵੀਡੀਓ ਪਾਇਆ ਹੈ। ਉਰਵਸ਼ੀ ਫੁੱਲ ਲੈ ਕੇ ਉਸ ਨੂੰ ਗਲੇ ਨਾਲ ਲਾਉਂਦੀ ਹੈ ਤਾਂ ਜ਼ੋਰ ਦਾ ਝਟਕਾ ਲਗਦਾ ਹੈ। ਯਾਦ ਰਹੇ ਟੋਨੀ ਕੱਕੜ ਦੇ ਗਾਣੇ 'ਬਿਜਲੀ ਕੀ ਤਾਰ' 'ਚ ਉਰਵਸ਼ੀ ਸੀ। 'ਲਵ ਡੋਜ਼' ਤੋਂ ਲੈ ਕੇ 'ਪਾਗਲਪੰਤੀ' ਤੱਕ ਉਸ ਦਾ ਫ਼ਿਲਮੀ ਜੀਵਨ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਉਰਵਸ਼ੀ ਨੇ ਦੀਵਾਲੀ 'ਤੇ ਕਿਹਾ ਸੀ ਕਿ ਜਾਂਦੇ-ਜਾਂਦੇ ਸਾਲ 'ਚ ਫਿਰ ਉਹ ਖੂਬ ਪ੍ਰਸਿੱਧ ਹੋਵੇਗੀ। ਆਪਣੇ ਨਿੱਕੇ ਵੀਰ ਨੂੰ ਉਹ ਬਹੁਤ ਪਿਆਰ ਕਰਦੀ ਹੈ ਤੇ 'ਭਾਈ ਦੂਜ' ਵਾਲੇ ਦਿਨ ਉਰਵਸ਼ੀ ਨੇ ਆਪਣੇ ਵੀਰੇ ਯਸ਼ਰਾਜ ਰੌਤੇਲਾ ਨੂੰ ਸ਼ਾਨਦਾਰ ਕਰੂਜ਼ਰ ਬਾਈਕ ਹਾਰਲੀ ਡੇਵਿਡਸਨ ਫੈਡ ਬੋਬ ਤੋਹਫ਼ੇ 'ਚ ਦਿੱਤੀ। 14 ਲੱਖ 60 ਹਜ਼ਾਰ ਦੀ ਇਹ ਬਾਈਕ ਹੈ। ਇਧਰ ਗੋਆ ਦੇ ਕਲੱਬ 'ਚ ਉਰਵਸ਼ੀ ਦੇ ਨਾਂਅ ਦੀ ਦਾਰੂ ਵਿਕ ਰਹੀ ਹੈ। 'ਉਰਵਸ਼ੀ ਰੌਤੇਲਾ ਸ਼ਾਟ' ਇਸ ਦਾ ਨਾਂਅ ਹੈ। ਉਰਵਸ਼ੀ ਨੇ ਇਹ ਸੁਣ ਕੇ ਕਿਹਾ ਕਿ ਵਾਹ ਆਖ਼ਰ ਉਹ ਕੁਝ ਤਾਂ ਹੈ ਕਿ ਉਸ ਦਾ ਨਾਂਅ ਵਿਕਦਾ ਹੈ। ਗੋਆ ਵਾਲੇ ਕਹਿ ਰਹੇ ਕਿ ਉਰਵਸ਼ੀ ਖੁੱਲ੍ਹੇ ਸੁਭਾਅ ਦੀ ਹੈ, ਗੁੱਸਾ ਨਹੀਂ ਕਰਦੀ। ਉਸ ਦਾ ਨਾਂਅ ਵਿਕਦਾ ਹੈ ਤੇ ਪ੍ਰੇਸ਼ਾਨੀ ਵੀ ਕੋਈ ਨਹੀਂ ਕਿ ਕੋਈ ਕੇਸ ਕਰ ਦੇਵੇਗਾ।

-ਸੁਖਜੀਤ ਕੌਰ

ਨੂਪੁਰ ਸੈਨਨ ਵੀ ਫ਼ਿਲਮਾਂ 'ਚ ਆਈ

ਇਕ ਪਾਸੇ ਜਿਥੇ ਆਪਣੀਆਂ ਫ਼ਿਲਮਾਂ 'ਹਾਊਸਫੁੱਲ-4', 'ਪਤੀ-ਪਤਨੀ ਔਰ ਵੋ', 'ਪਾਨੀਪਤ' ਦੀ ਬਦੌਲਤ ਕ੍ਰਿਤੀ ਸੈਨਨ ਸੁਰਖੀਆਂ ਵਿਚ ਹੈ, ਉਥੇ ਹੁਣ ਉਸ ਦੀ ਭੈਣ ਨੁਪੂਰ ਵੀ ਬਾਲੀਵੁੱਡ ਵਿਚ ਆਪਣੇ ਦਮ 'ਤੇ ਆਪਣੀ ਹਾਜ਼ਰੀ ਦਾ ਅਹਿਸਾਸ ਪ੍ਰਗਟਾਉਣ ਲੱਗੀ ਹੈ। ਪਹਿਲਾਂ ਤਾਂ ਨੁਪੂਰ ਨੇ ਹਿੰਦੀ ਗੀਤਾਂ ਦੇ ਕਵਰ ਵਰਸ਼ਨ ਦੀ ਬਦੌਲਤ ਇੰਟਰਨੈੱਟ 'ਤੇ ਧੂਮ ਮਚਾਈ ਸੀ ਤੇ ਹੁਣ ਉਹ ਇਕ ਵੀਡੀਓ ਐਲਬਮ 'ਫਿਲਹਾਲ' ਵਿਚ ਦਿਖਾਈ ਦੇਵੇਗੀ। ਇਸ ਐਲਬਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਨੁਪੂਰ ਦੇ ਨਾਲ ਅਕਸ਼ੈ ਕੁਮਾਰ ਹੈ।
ਅਕਸ਼ੈ ਨੇ ਹਾਲ ਹੀ ਵਿਚ 'ਹਾਊਸਫੁਲ' ਵਿਚ ਕ੍ਰਿਤੀ ਦੇ ਨਾਲ ਕੰਮ ਕੀਤਾ ਹੈ ਤੇ ਹੁਣ ਉਹ ਉਸ ਦੀ ਭੈਣ ਦੇ ਨਾਲ ਆ ਰਹੀ ਹੈ। ਅਕਸ਼ੈ ਵਰਗੇ ਸਟਾਰ ਨਾਲ ਕੰਮ ਕਰਕੇ ਉਤਸ਼ਾਹੀ ਨੁਪੂਰ ਕਹਿੰਦੀ ਹੈ, 'ਮੈਂ ਸੋਚਿਆ ਨਹੀਂ ਸੀ ਕਿ ਅਕਸ਼ੈ ਵਰਗੇ ਸਟਾਰ ਦੇ ਨਾਲ ਬਾਲੀਵੁੱਡ ਵਿਚ ਮੇਰੀ ਸ਼ੁਰੂਆਤ ਹੋਵੇਗੀ। ਮੈਂ ਅਕਸ਼ੈ ਤੋਂ ਜ਼ਿਆਦਾ ਜਾਣੂ ਨਹੀਂ ਹਾਂ ਇਸ ਵਜ੍ਹਾ ਕਰਕੇ ਮੈਂ ਕੰਮ ਕਰਦੇ ਸਮੇਂ ਸ਼ੁਰੂ ਵਿਚ ਕਾਫੀ ਤਣਾਅ ਮਹਿਸੂਸ ਕਰ ਰਹੀ ਸੀ। ਫਿਰ ਪੰਜਾਬੀ ਭਾਸ਼ਾ ਮੇਰੇ ਕੰਮ ਆਈ। ਮੈਂ ਉਨ੍ਹਾਂ ਨਾਲ ਪੰਜਾਬੀ ਵਿਚ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਉਹ ਵੀ ਪੰਜਾਬੀ ਵਿਚ ਜਵਾਬ ਦੇਣ ਲੱਗੇ। ਇਸ ਨਾਲ ਹੌਲੀ-ਹੌਲੀ ਮੇਰਾ ਆਤਮ-ਵਿਸ਼ਵਾਸ ਵਧਣ ਲੱਗਿਆ ਅਤੇ ਉਨ੍ਹਾਂ ਨਾਲ ਕੰਮ ਕਰਕੇ ਇਹ ਜ਼ਰਾ ਵੀ ਅਹਿਸਾਸ ਨਹੀਂ ਹੋਇਆ ਕਿ ਉਹ ਇਕ ਸਟਾਰ ਹਨ ਅਤੇ ਨਵੀਂ ਹੀਰੋਇਨ ਦੇ ਨਾਲ ਕੰਮ ਕਰ ਰਹੇ ਹਨ। ਨੁਪੂਰ ਦੇ ਇਸ ਵੀਡੀਓ ਵਿਚ ਪੰਜਾਬੀ ਅਦਾਕਾਰ ਐਮੀ ਵਿਰਕ ਨੂੰ ਵੀ ਚਮਕਾਇਆ ਗਿਆ ਹੈ। ਅਕਸ਼ੈ ਵਲੋਂ ਇਸ ਵੀਡੀਓ ਵਿਚ ਕੰਮ ਕਰਨ ਦਾ ਸਿਹਰਾ ਫ਼ਿਲਮ 'ਕੇਸਰੀ' ਨੂੰ ਵੀ ਜਾਂਦਾ ਹੈ। ਆਪਣੀ ਇਸ ਫ਼ਿਲਮ ਦਾ ਇਕ ਗੀਤ 'ਤੇਰੀ ਮਿੱਟੀ...' ਅਕਸ਼ੈ ਨੂੰ ਖੂਬ ਪਸੰਦ ਹੈ ਅਤੇ ਇਹ ਪੰਜਾਬੀ ਗਾਇਕ ਬੀ. ਪ੍ਰਾਕ ਵਲੋਂ ਗਾਇਆ ਗਿਆ ਹੈ। ਉਨ੍ਹਾਂ ਨੇ ਹੀ 'ਫਿਲਹਾਲ' ਦੇ ਗੀਤ ਲਈ ਆਵਾਜ਼ ਦਿੱਤੀ ਹੈ ਅਤੇ ਜਦੋਂ ਅਕਸ਼ੈ ਨੂੰ ਵੀਡੀਓ ਲਈ ਪਹੁੰਚ ਕੀਤੀ ਗਈ ਤਾਂ ਉਹ ਜਲਦੀ ਰਾਜ਼ੀ ਹੋ ਗਏ। ਪਹਿਲਾਂ ਅਕਸ਼ੈ ਕਈ ਨਵੀਆਂ ਹੀਰੋਇਨਾਂ ਨਾਲ ਕੰਮ ਕਰ ਕੇ ਉਨ੍ਹਾਂ ਦਾ ਕੈਰੀਅਰ ਸੰਵਾਰ ਚੁੱਕੇ ਹਨ। ਉਮੀਦ ਹੈ ਕਿ ਨੂਪੁਰ ਲਈ ਵੀ ਉਸ ਦਾ ਲੱਕੀ ਟੱਚ ਕਾਰਗਰ ਸਾਬਤ ਹੋਵੇਗਾ।

ਕਿਆਰਾ ਅਡਵਾਨੀ 'ਇੰਦੂ ਕੀ ਜਵਾਨੀ'

ਤੇ ਹੁਣ ਕਿਆਰਾ ਅਡਵਾਨੀ ਦਾ ਟਵਿੱਟਰ ਖਾਤਾ ਹੈਕਰ ਨੇ ਅਗਵਾ ਕਰ ਲਿਆ ਹੈ। ਇਹ ਤਾਂ ਚੰਗਾ ਹੋਇਆ ਕਿ ਇੰਸਟਾਗ੍ਰਾਮ ਤੇ ਉਸ ਨੇ ਆਪਣੇ ਪ੍ਰਸੰਸਕਾਂ ਨੂੰ ਇਤਲਾਹ ਦਿੱਤੀ ਕਿ ਜੇਕਰ ਕੋਈ ਅਜੀਬ ਜੇਹਾ ਟਵੀਟ ਆਏ ਤਾਂ ਸਮਝੋ ਇਹ ਉਸ ਦਾ ਨਹੀਂ ਹੈ। ਵੈਸੇ ਜਲਦੀ ਹੀ ਕਿਆਰਾ ਦੀ ਇਹ ਅਗਵਾ ਵਾਲੀ ਚਿੰਤਾ ਮੁਕ ਰਹੀ ਹੈ ਕਿਉਂਕਿ ਟਵਿੱਟਰ ਨੇ ਕਿਆਰਾ ਨੂੰ ਸੂਚਤ ਕੀਤਾ ਹੈ ਕਿ ਜਲਦੀ ਤੇ ਪੱਕਾ ਛੁਟਕਾਰਾ। 'ਕਬੀਰ ਸਿੰਘ' ਚਲ ਗਈ, ਕਿਆਰਾ ਦੇ ਵਾਰੇ ਨਿਆਰੇ ਹੋ ਗਏ ਹਨ। ਕਿਤੇ ਕਾਰਤਿਕ, ਕੀਤੇ ਅਕਸ਼ੈ ਤੇ ਕਿਤੇ ਦਲਜੀਤ ਨਾਲ ਉਹ ਕੰਮ ਕਰ ਰਹੀ ਹੈ।
'ਗੁੱਡ ਨਿਊਜ਼' ਤੋਂ ਇਲਾਵਾ ਇਹ ਕਿਆਰਾ 'ਲਕਸਮੀ ਬੰਬ' ਵਿਚ ਵੀ ਆ ਰਹੀ ਹੈ। ਕਰਨ ਜੌਹਰ ਉਸ ਦਾ ਪ੍ਰਸੰਸਕ ਹੈ। ਇਸ ਦੇ ਨਾਲ ਹੀ ਕਿਆਰਾ ਅਡਵਾਨੀ 'ਸ਼ੇਰ ਸ਼ਾਹ' ਫ਼ਿਲਮ ਵਿਚ ਵੀ ਆ ਰਹੀ ਹੈ। ਚਾਹੇ ਕਿਆਰਾ ਦਾ ਨਾਂਅ ਸਿਧਾਰਥ ਮਲਹੋਤਰਾ ਨਾਲ ਲਿਆ ਜਾਂਦਾ ਹੈ ਪਰ ਇਹ ਸੱਚ ਨਹੀਂ। ਬਸ ਪਿਆਰ ਕੀਤਾ ਸੀ ਜਦ ਦਸਵੀਂ ਵਿਚ ਸੀ ਤੇ ਉਹ ਮੁੰਡਾ ਨਹੀਂ ਭੁਲਦਾ। ਗ਼ੈਰ-ਕਲਾਕਾਰ ਮੁੰਡਾ ਚਾਹੇ ਕਿਆਰਾ ਦੀ ਮਾਂ ਨੇ ਕਿਆਰਾ ਨੂੰ ਝਿੜਕਿਆ ਵੀ ਪਰ ਪਿਆਰ ਵਿਚ ਇਹ ਕੀ ਉਸ ਨੇ ਕਿਹਾ ਕਿ, 'ਮਾਂ ਮੈਨੂੰ ਨੰਬਰ ਚਾਹੀਦੇ ਸਨ ਤੇ ਮੈਂ ਉਸ ਹੁਸ਼ਿਆਰ ਮੁੰਡੇ ਦੀ ਸੰਗਤ ਤੇ ਪਿਆਰ ਨਾਲ ਮੈਰਿਟ ਵਿਚ ਆਈ।' ਉਹ ਅੱਜ ਵੀ ਉਸ ਮੁੰਡੇ ਨੂੰ ਫੋਨ ਕਰਦੀ ਹੈ ਪਰ ਉਹ ਵਿਆਹਾ ਗਿਆ ਹੈ ਤੇਉਸ ਦਾ ਮਿੱਤਰ ਬਰਕਰਾਰ ਹੈ। ਇਹ ਤਾਂ ਹੈ ਨਿੱਜੀ ਜੀਵਨ। ਜਦ ਕਿ 'ਸ਼ੈਤਾਨ ਕਾ ਸਾਲਾ' ਗੀਤ 'ਤੇ ਡਾਂਸ ਕਰ ਕਿਆਰਾ ਨੇ ਅਕਸ਼ੈ ਦਾ ਦਿਲ ਜਿੱਤ ਲਿਆ।
ਕਿਆਰਾ ਕੋਲ 'ਭੂਲ ਭਲੱਈਆ' ਫ਼ਿਲਮ ਵੀ ਹੈ। ਕਾਰਤਿਕ ਇਸ ਵਿਚ ਹੀਰੋ ਹੈ। ਕਿਆਰਾ ਫ਼ਿਲਮ ਇਕ ਹੋਰ 'ਇੰਦੂ ਕੀ ਜਵਾਨੀ' ਵੀ ਕਰ ਰਹੀ ਹੈ। ਮਿਸ ਕਿਆਰਾ ਇਸ ਵੇਲੇ ਸਾਰਾ ਅਲੀ ਖ਼ਾਨ ਤੇ ਦਿਸ਼ਾ ਪਟਾਨੀ ਦੀਆਂ ਫ਼ਿਲਮਾਂ ਵੀ ਪ੍ਰਾਪਤ ਕਰ ਰਹੀ ਹੈ। ਕਰੇ ਵੀ ਕਿਉਂ ਨਾ ਕਰਨ ਜੌਹਰ, ਅਕਸ਼ੈ ਤੇ ਕਾਰਤਿਕ ਉਸ ਨਾਲ ਹਨ।

ਸਚਾਈ ਹੁਣ ਸਾਹਮਣੇ ਆਏਗੀ ਜਸਲੀਨ ਮਠਾਰੂ

ਉਂਜ ਤਾਂ ਜਸਲੀਨ ਮਠਾਰੂ ਨੇ 'ਦ ਡਰਟੀ ਰਿਲੇਸ਼ਨ', 'ਡਰਟੀ ਬੌਸ' ਆਦਿ ਫ਼ਿਲਮਾਂ ਵਿਚ ਕੰਮ ਕੀਤਾ ਹੈ। 'ਡਰਟੀ ਬੌਸ' ਤਾਂ ਉਸ ਨੂੰ ਫਲੀ ਨਹੀਂ। ਹਾਂ, ਰਿਆਲਿਟੀ ਸ਼ੋਅ 'ਬਿੱਗ ਬੌਸ' ਜ਼ਰੂਰ ਫਲ ਗਿਆ। ਇਸ ਸ਼ੋਅ ਵਿਚ ਉਹ ਭਜਨ ਗਾਇਕ ਅਨੂਪ ਜਲੋਟਾ ਨਾਲ ਜੋੜੀ ਦੇ ਰੂਪ ਵਿਚ ਆਈ ਸੀ।
'ਬਿੱਗ ਬੌਸ' ਦੇ ਘਰ ਤੋਂ ਅਨੂਪ ਤੇ ਜਸਲੀਨ ਦੇ ਬਾਹਰ ਆਉਣ ਤੋਂ ਬਾਅਦ ਇਹ ਲੱਗਣ ਲੱਗਿਆ ਸੀ ਕਿ ਹੁਣ ਇਨ੍ਹਾਂ ਨੂੰ ਲੈ ਕੇ ਉੱਡਦੀ ਅਫ਼ਵਾਹ 'ਤੇ ਰੋਕ ਲਗ ਜਾਵੇਗੀ। ਪਰ ਇਸ ਤਰ੍ਹਾਂ ਹੋਇਆ ਨਹੀਂ। ਇਸ ਤਰ੍ਹਾਂ ਬਾਲੀਵੁੱਡ ਵਿਚ ਇਨ੍ਹਾਂ ਦੋਵਾਂ ਨੂੰ ਲੈ ਕੇ ਫਿਰ ਇਕ ਵਾਰ ਸਨਸਨੀ ਫੈਲ ਗਈ ਜਦੋਂ ਇਨ੍ਹਾਂ ਨੂੰ ਇਕੱਠਿਆਂ ਚਮਕਾਉਂਦੀ ਫ਼ਿਲਮ 'ਵੋ ਮੇਰੀ ਸਟੂਡੈਂਟ ਹੈ' ਦਾ ਐਲਾਨ ਕੀਤਾ ਗਿਆ ਅਤੇ ਇਸ ਫ਼ਿਲਮ ਦਾ ਨਿਰਦੇਸ਼ਨ ਜਸਲੀਨ ਦੇ ਪਿਤਾ ਕੇਸਰ ਮਠਾਰੂ ਵਲੋਂ ਕੀਤਾ ਜਾ ਰਿਹਾ ਹੈ।
ਫ਼ਿਲਮ ਬਾਰੇ ਜਸਲੀਨ ਕਹਿੰਦੀ ਹੈ, 'ਮੈਨੂੰ ਇਹ ਸਵੀਕਾਰਨ ਵਿਚ ਜ਼ਰਾ ਵੀ ਝਿਜਕ ਨਹੀਂ ਹੈ ਕਿ ਇਸ ਫ਼ਿਲਮ ਦਾ ਪ੍ਰਾਜੈਕਟ 'ਬਿੱਗ ਬੌਸ' ਦੀ ਬਦੌਲਤ ਹੀ ਬਣ ਸਕਿਆ। ਜਦੋਂ ਮੈਂ ਅਤੇ ਅਨੂਪ ਜੀ ਬਿੱਗ ਬੌਸ ਦੇ ਘਰ ਵਿਚ ਦਾਖਲ ਹੋਣ ਲੱਗੇ ਸੀ ਤਾਂ ਬਾਅਦ ਵਿਚ ਇਹ ਸਿਲਸਿਲਾ ਰੁਕਿਆ ਨਹੀਂ। ਅਨੂਪ ਜੀ ਜਿਥੇ ਕਿਤੇ ਭਜਨ ਸ਼ੋਅ ਕਰਨ ਜਾਂਦੇ ਤਾਂ ਉਨ੍ਹਾਂ ਨੂੰ ਭਜਨਾਂ ਬਾਰੇ ਘੱਟ ਅਤੇ ਮੇਰੇ ਬਾਰੇ ਜ਼ਿਆਦਾ ਪੁੱਛਿਆ ਜਾਂਦਾ। ਇਹ ਉਨ੍ਹਾਂ ਦਾ ਵੱਡਾਪਨ ਹੈ ਕਿ ਉਹ ਇਹ ਗੱਲਾਂ ਹਾਸੇ ਵਿਚ ਟਾਲ ਦਿੰਦੇ। ਮੈਂ ਵੀ ਜਿਥੇ ਕਿਤੇ ਮਿਊਜ਼ਿਕਲੀ ਸ਼ੋਅ ਲਈ ਜਾਂਦੀ ਤਾਂ ਦਰਸ਼ਕ ਇਹੀ ਕਹਿ ਕੇ ਰੌਲਾ ਪਾਉਂਦੇ ਕਿ ਜੀਜਾ ਨੂੰ ਨਾਲ ਕਿਉਂ ਨਹੀਂ ਲਿਆਂਦਾ। ਵਿਕੀਪੀਡੀਆ 'ਤੇ ਵੀ ਸਾਨੂੰ ਦੋਵਾਂ ਨੂੰ ਲੈ ਕੇ ਕਾਫੀ ਕੁਝ ਲਿਖਿਆ ਗਿਆ। ਸਾਡੇ ਦੋਵਾਂ ਨੂੰ ਲੈ ਕੇ ਮਚਿਆ ਹੋਇਆ ਹੰਗਾਮਾ ਦੇਖ ਕੇ ਨਿਰਮਾਤਾ ਕੰਵਲਜੀਤ ਤੇ ਫਹੀਮ ਕੁਰੈਸ਼ੀ ਨੇ ਸੋਚਿਆ ਕਿ ਕਿਉਂ ਨਾ ਸਾਡੇ ਦੋਵਾਂ ਨੂੰ ਇਕੱਠਿਆਂ ਲੈ ਕੇ ਫ਼ਿਲਮ ਬਣਾਈ ਜਾਵੇ। ਉਨ੍ਹਾਂ ਨੇ ਪਾਪਾ ਨਾਲ ਗੱਲ ਕੀਤੀ ਅਤੇ ਪਾਪਾ ਨੂੰ ਵੀ ਆਈਡੀਆ ਚੰਗਾ ਲੱਗਿਆ ਅਤੇ ਉਹ ਨਿਰਦੇਸ਼ਨ ਲਈ ਤਿਆਰ ਹੋ ਗਏ। ਫ਼ਿਲਮ ਬਾਰੇ ਜਦੋਂ ਅਨੂਪ ਜੀ ਨਾਲ ਗੱਲ ਕੀਤੀ ਤਾਂ ਉਹ ਵੀ ਝੱਟ ਤਿਆਰ ਹੋ ਗਏ। ਅਸਲ ਵਿਚ ਇਸ ਫ਼ਿਲਮ ਰਾਹੀਂ ਇਹ ਸੱਚਾਈ ਸਾਹਮਣੇ ਆਏਗੀ ਕਿ ਮੇਰੇ ਅਤੇ ਅਨੂਪ ਜੀ ਵਿਚਾਲੇ ਕੀ ਰਿਸ਼ਤਾ ਹੈ। ਸੱਚ ਇਹ ਹੈ ਕਿ ਮੈਂ ਉਨ੍ਹਾਂ ਦੀ ਸ਼ਾਗਿਰਦ ਹਾਂ ਅਤੇ ਉਹ ਮੇਰੇ ਗੁਰੂ ਹਨ। ਫ਼ਿਲਮ ਵਿਚ ਵੀ ਇਹੀ ਸਬੰਧ ਦਿਖਾਏ ਜਾਣਗੇ। ਇਥੇ ਮੈਨੂੰ ਦਿੱਲੀ ਦੀ ਕੁੜੀ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ ਜੋ ਗਾਇਕਾ ਬਣਨ ਦੇ ਇਰਾਦੇ ਨਾਲ ਮੁੰਬਈ ਆਉਂਦੀ ਹੈ ਅਤੇ ਅਨੂਪ ਜੀ ਬਤੌਰ ਗੁਰੂ ਉਸ ਨੂੰ ਗਾਇਕੀ ਦੇ ਗੁਰ ਸਿਖਾਉਂਦੇ ਹਨ। ਹਾਂ, ਕਹਾਣੀ ਵਿਚ ਮਸਾਲਾ ਪੇਸ਼ ਕਰਨ ਦੇ ਇਰਾਦੇ ਨਾਲ ਨਵੇਂ ਹੀਰੋ ਵਿਨੇ ਜੋਸ਼ੀ ਨੂੰ ਮੇਰੇ ਸਾਹਮਣੇ ਰੱਖਿਆ ਗਿਆ ਹੈ। ਫ਼ਿਲਮ ਦੇ ਨਾਂਅ 'ਵੋ ਮੇਰੀ ਸਟੂਡੈਂਟ ਹੈ' ਤੋਂ ਹੀ ਸਾਡੇ ਰਿਸ਼ਤੇ ਬਾਰੇ ਸਾਫ ਹੋ ਜਾਂਦਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਫ਼ਿਲਮ ਸਾਡੇ ਦਾਗ਼ ਧੋ ਦੋਵੇਗੀ।'

ਅਰਜਨ ਕਪੂਰ-ਰਕੁਲ ਪ੍ਰੀਤ ਇਕੱਠੇ ਫ਼ਿਲਮ ਕਰਨਗੇ

ਇਕ ਸੰਗੀਤ ਕੰਪਨੀ ਨੇ ਅਗਾਮੀ 'ਅਨਾਮ' ਫ਼ਿਲਮ ਦੇ ਨਿਰਮਾਣ ਲਈ ਜਾਨ ਅਬ੍ਰਾਹਮ ਤੇ ਨਿਖਿਲ ਆਡਵਾਨੀ ਦੇ ਨਾਲ ਹੱਥ ਮਿਲਾ ਲਿਆ ਹੈ। ਇਨ੍ਹਾਂ ਤਿੰਨਾਂ ਵਲੋਂ ਬਣਾਈ ਜਾਣ ਵਾਲੀ ਫ਼ਿਲਮ ਲਈ ਅਰਜਨ ਕਪੂਰ ਅਤੇ ਰਕੁਲ ਪ੍ਰੀਤ ਸਿੰਘ ਨੂੰ ਕਰਾਰਬੱਧ ਕਰ ਲਿਆ ਗਿਆ ਹੈ। ਇਸ ਫ਼ਿਲਮ ਰਾਹੀਂ ਇਹ ਦੋਵੇਂ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਫ਼ਿਲਮ ਦੇ ਨਿਰਦੇਸ਼ਨ ਦੀ ਵਾਗਡੋਰ ਕਾਸ਼ਵੀ ਨਾਇਰ ਨੂੰ ਸੌਂਪੀ ਗਈ ਹੈ। ਬਤੌਰ ਸਹਾਇਕ ਨਿਰਦੇਸ਼ਿਕਾ ਨਿਖਿਲ ਅਡਵਾਨੀ ਦੇ ਨਾਲ 'ਪਟਿਆਲਾ ਹਾਊਸ' ਤੇ 'ਡੀ ਡੇਅ' ਫ਼ਿਲਮਾਂ ਕਰਨ ਵਾਲੀ ਕਾਸ਼ਵੀ ਨਾਮੀ ਨਿਰਦੇਸ਼ਕ ਕੇ. ਸ਼ਸ਼ੀ ਲਾਲ ਨਾਇਰ ਦੀ ਬੇਟੀ ਹੈ। ਬਤੌਰ ਨਿਰਦੇਸ਼ਕ ਸ਼ਸ਼ੀ ਲਾਲ ਨਾਇਰ 'ਅੰਗਾਰ', 'ਵਨ ਟੂ ਕਾ ਫੋਰ', 'ਪਰਿਵਾਰ', 'ਬਹੂ ਕੀ ਆਵਾਜ਼' ਆਦਿ ਫ਼ਿਲਮਾਂ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਬੇਟੀ ਨਿਰਦੇਸ਼ਨ ਦੇ ਖੇਤਰ ਵਿਚ ਆ ਗਈ ਹੈ। ਪ੍ਰੇਮ ਕਹਾਣੀ 'ਤੇ ਆਧਾਰਿਤ ਕਾਸ਼ਵੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ, ਲਾਸ ਏਂਜਲਸ ਵਿਚ ਕੀਤੀ ਜਾਵੇਗੀ ਅਤੇ ਫ਼ਿਲਮ ਦਾ ਨਾਂਅ ਕੀ ਹੋਵੇਗਾ, ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

-ਮੁੰਬਈ ਪ੍ਰਤੀਨਿਧ

ਰੰਗਮੰਚ ਮੈਨੂੰ ਨਵੀਂ ਸ਼ਕਤੀ ਦਿੰਦਾ ਹੈ : ਰਾਕੇਸ਼ ਬੇਦੀ

ਸਾਲ 1979 ਵਿਚ ਬਾਲੀਵੁੱਡ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਰਾਕੇਸ਼ ਬੇਦੀ ਹੁਣ ਵੀ ਮੈਦਾਨ 'ਚ ਪੂਰੀ ਤਰ੍ਹਾਂ ਉਤਸ਼ਾਹ ਨਾਲ ਡਟੇ ਹੋਏ ਹਨ ਅਤੇ ਸਮੇਂ-ਸਮੇਂ 'ਤੇ ਮਨੋਰੰਜਨ ਦੇ ਚੌਕੇ-ਛੱਕੇ ਮਾਰਦੇ ਰਹਿੰਦੇ ਹਨ। ਕਾਮੇਡੀ ਦੇ ਦਮ 'ਤੇ ਆਪਣੀ ਪਛਾਣ ਬਣਾਉਣ ਵਾਲੇ ਰਾਕੇਸ਼ ਬੇਦੀ ਦੇ ਨਾਂਅ ਕਈ ਫ਼ਿਲਮਾਂ ਤੇ ਲੜੀਵਾਰ ਹਨ। ਫ਼ਿਲਮਾਂ ਤੇ ਲੜੀਵਾਰਾਂ ਦੇ ਨਾਲ ਉਹ ਰੰਗਮੰਚ 'ਤੇ ਵੀ ਆਪਣਾ ਰੰਗ ਬਹੁਤ ਜਮਾਉਂਦੇ ਹਨ ਅਤੇ ਨਾਟਕ ਵਿਚ ਅਭਿਨੈ ਦੇ ਨਾਲ-ਨਾਲ ਲੇਖਕ ਤੇ ਨਿਰਦੇਸ਼ਕ ਦੇ ਤੌਰ 'ਤੇ ਵੀ ਆਪਣਾ ਯੋਗਦਾਨ ਦਿੰਦੇ ਰਹੇ ਹਨ। ਹਾਲ ਹੀ ਵਿਚ ਰਾਕੇਸ਼ ਵਲੋਂ ਲਿਖੇ, ਨਿਰਦੇਸ਼ਿਤ ਕੀਤੇ ਅਭਿਨੈ ਵਾਲੇ ਨਵੇਂ ਨਾਟਕ 'ਪੱਤੇ ਖੁੱਲ੍ਹ ਗਏ' ਦਾ ਮੰਚਨ ਸ਼ੁਰੂ ਹੋਇਆ ਹੈ ਅਤੇ ਆਪਣੇ ਪਹਿਲਾਂ ਦੇ ਨਾਟਕਾਂ ਦੀ ਤਰ੍ਹਾਂ ਇਸ ਵਿਚ ਵੀ ਨਾਟਕ ਪ੍ਰੇਮੀਆਂ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਆਪਣੇ ਇਸ ਨਵੇਂ ਨਾਟਕ ਬਾਰੇ ਉਹ ਕਹਿੰਦੇ ਹਨ, 'ਇਸ ਵਿਚ ਅੱਜ ਦੇ ਜ਼ਮਾਨੇ ਦੀ ਗੱਲ ਕੀਤੀ ਗਈ ਹੈ। ਅੱਜ ਮੋਬਾਈਲ ਦਾ ਜ਼ਮਾਨਾ ਹੈ ਅਤੇ ਸਮਾਰਟ ਫੋਨ ਦੇ ਆਗਮਨ ਤੋਂ ਬਾਅਦ ਜਿਥੇ ਦੇਖੋ ਉਥੇ ਹਰ ਕੋਈ ਮੋਬਾਈਲ ਵਿਚ ਹੀ ਰੁੱਝਾ ਰਹਿੰਦਾ ਹੈ। ਇੰਝ ਲੱਗਦਾ ਹੈ ਜਿਵੇਂ ਅੱਜ ਦੀ ਜ਼ਿੰਦਗੀ ਮੋਬਾਈਲ ਤੱਕ ਹੀ ਸਿਮਟ ਗਈ ਹੈ। ਨਾਟਕ ਵਿਚ ਇਸ ਤਰ੍ਹਾਂ ਦੇ ਲੋਕਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਇਸ ਵਿਚ ਕੁਝ ਦੋਸਤ ਆਪਣੇ ਇਕ ਦੋਸਤ ਦੇ ਘਰ ਜਮ੍ਹਾਂ ਹੁੰਦੇ ਹਨ। ਇਹ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਹਨ। ਕੋਈ ਬਿਲਡਰ ਹੈ, ਕੋਈ ਸ਼ਾਇਰ ਤੇ ਕੋਈ ਡਾਕਟਰ। ਕਹਿਣ ਨੂੰ ਤਾਂ ਇਹ ਸਾਰੇ ਦੋਸਤ ਆਪਸ ਵਿਚ ਮਿਲਣ ਆਏ ਹਨ ਪਰ ਹਰ ਕੋਈ ਆਪਣਾ ਮੋਬਾਈਲ ਫੜ ਕੇ ਆਪਣੇ-ਆਪ ਵਿਚ ਰੁੱਝੇ ਰਹਿੰਦੇ ਹਨ। ਮਹਿਮਾਨਾਂ ਦਾ ਇਸ ਤਰ੍ਹਾਂ ਖੁਸ਼ਕ ਰਵੱਈਆ ਦੇਖ ਮੇਜ਼ਬਾਨ ਦੀ ਪਤਨੀ ਅੱਕ ਜਾਂਦੀ ਹੈ ਅਤੇ ਉਹ ਸਾਰਿਆਂ ਦੇ ਸਾਹਮਣੇ ਇਹ ਸ਼ਰਤ ਰੱਖ ਦਿੰਦੀ ਹੈ ਕਿ ਹੁਣ ਜੋ ਵੀ ਕੋਈ ਮੋਬਾਈਲ 'ਤੇ ਗੱਲ ਕਰੇਗਾ, ਉਸ ਨੂੰ ਆਪਣਾ ਸਪੀਕਰ ਚਾਲੂ ਰੱਖਣਾ ਹੋਵੇਗਾ। ਇਸ ਸ਼ਰਤ ਕਰਕੇ ਹਰ ਕਿਸੇ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਪੱਤੇ ਉਨ੍ਹਾਂ ਦੇ ਆਪਣੇ ਦੋਸਤਾਂ ਸਾਹਮਣੇ ਖੁੱਲ੍ਹ ਜਾਂਦੇ ਹਨ।' ਨਾਟਕ ਨੂੰ ਮਿਲ ਰਹੇ ਚੰਗੇ ਹੁੰਗਾਰੇ ਨੂੰ ਦੇਖ ਕੇ ਖੁਸ਼ ਰਾਕੇਸ਼ ਕਹਿੰਦੇ ਹਨ, 'ਅੱਜ ਚਾਰੇ ਪਾਸੇ ਮੰਦੀ ਦਾ ਸ਼ੋਰ ਪੈ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਲੋਕ ਜੇਬ ਵਿਚ ਹੱਥ ਪਾਉਂਦੇ ਹਨ ਤਾਂ ਪਹਿਲਾਂ ਦੋ ਵਾਰ ਸੋਚਦੇ ਹਨ। ਪਰ ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਚੰਗੇ ਨਾਟਕ 'ਤੇ ਮੰਦੀ ਦਾ ਕੋਈ ਅਸਰ ਨਹੀਂ ਪੈਂਦਾ। ਅੱਜ ਜਿਸ ਤਰ੍ਹਾਂ ਚੰਗੀ ਫ਼ਿਲਮ ਨੂੰ ਦੋ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ, ਉਸੇ ਤਰ੍ਹਾਂ ਇਕ ਚੰਗੇ ਨਾਟਕ ਨੂੰ ਦੇਖਣ ਲਈ ਦਰਸ਼ਕ ਹਾਲ ਵਿਚ ਆ ਹੀ ਜਾਂਦੇ ਹਨ। ਮੇਰੇ ਇਕ ਨਾਟਕ 'ਮਸਾਜ' ਦਾ ਸਾਲਾਂ ਤੋਂ ਮੰਚਨ ਹੁੰਦਾ ਆਇਆ ਹੈ। ਇਕ ਹੋਰ ਨਾਟਕ 'ਮੇਰਾ ਵੋ ਮਤਲਬ ਨਹੀਂ ਥਾ' ਦੇ ਸਵਾ ਸੌ ਤੋਂ ਜ਼ਿਆਦਾ ਸ਼ੋਅ ਹੋ ਚੁੱਕੇ ਹਨ ਅਤੇ ਇਕ ਵਾਰ ਵੀ ਕਰੰਟ ਬੁਕਿੰਗ ਦੀ ਖਿੜਕੀ ਨਹੀਂ ਖੋਲ੍ਹਣੀ ਪਈ। ਟੱਚਵੁੱਡ ਇਸ ਦੇ ਸ਼ੋਅ ਅਡਵਾਂਸ ਵਿਚ ਹੀ ਫੁੱਲ ਹੋ ਜਾਂਦੇ ਹਨ। ਹੁਣ 'ਪੱਤੇ ਖੁੱਲ੍ਹ ਗਏ' ਵੀ ਆਪਣੀ ਚੰਗੀ ਹਵਾ ਬਣਾਉਣ ਵਿਚ ਸਫ਼ਲ ਰਿਹਾ ਹੈ।' ਰੰਗਮੰਚ ਦਾ ਇਹ ਕੁਸ਼ਲ ਅਭਿਨੇਤਾ ਖ਼ੁਦ ਇਹ ਗੱਲ ਸਵੀਕਾਰਦਾ ਹੈ ਕਿ ਨਾਟਕਾਂ ਨੇ ਉਸ ਦੇ ਅੰਦਰ ਦੇ ਅਭਿਨੇਤਾ ਨੂੰ ਜਿਊਂਦਾ ਰੱਖਿਆ ਹੈ। ਆਪਣੇ ਭੂਤਕਾਲ 'ਤੇ ਨਜ਼ਰ ਪਾਉਂਦੇ ਹੋਏ ਰਾਕੇਸ਼ ਕਹਿੰਦੇ ਹਨ, 'ਮੈਂ ਕਾਮੇਡੀ ਭੂਮਿਕਾਵਾਂ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਫ਼ਿਲਮਾਂ ਤੇ ਲੜੀਵਾਰਾਂ ਵਿਚ ਹੁਣ ਵੀ ਕਾਮੇਡੀ ਕਰ ਰਿਹਾ ਹਾਂ। ਇਕ ਹੀ ਚੀਜ਼ ਕਰਦੇ ਰਹਿਣ ਨਾਲ ਬੋਰੀਅਤ ਹੋ ਜਾਂਦੀ ਹੈ ਪਰ ਮੇਰੇ ਅੰਦਰ ਵਸੇ ਅਭਿਨੇਤਾ ਨੂੰ ਰੰਗਮੰਚ ਨੇ ਬਚਾਅ ਲਿਆ। ਨਾਟਕ ਦਾ ਨਾਂਅ ਸੁਣਦਿਆਂ ਹੀ ਮੈਨੂੰ ਨਵੀਂ ਫੁਰਤੀ ਆ ਜਾਂਦੀ ਹੈ, ਕਿਉਂਕਿ ਰੰਗਮੰਚ ਮੈਨੂੰ ਨਵੀਂ ਊਰਜਾ ਦਿੰਦਾ ਹੈ।

-ਮੁੰਬਈ ਪ੍ਰਤੀਨਿਧ

ਐਕਟਰ ਅਤੇ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਨਾਂਅ ਚਮਕਾ ਰਹੀ ਹੈ ਰਜਨੀ ਸ੍ਰੀਧਰ

ਸ਼ਹਿਣਾ ਨੇੜਲੇ ਪਿੰਡ ਸੁਖਪੁਰਾ ਦੀ ਰਜਨੀ ਸ੍ਰੀਧਰ ਫ਼ਿਲਮ ਇੰਡਸਟਰੀ ਵਿਚ ਐਕਟਰੈਸ ਅਤੇ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਨਾਮਣਾ ਖੱਟ ਰਹੀ ਹੈ। ਜਨ ਸਿਹਤ ਅਤੇ ਵਾਟਰ ਸਪਲਾਈ ਮਹਿਕਮੇ ਵਿਚ ਮੁਲਾਜ਼ਮ ਹਰਪਾਲ ਸ਼ਰਮਾ ਅਤੇ ਚਰਨਜੀਤ ਕੌਰ ਦੀ ਇਹ ਹੋਣਹਾਰ ਸਪੁੱਤਰੀ ਮੁਢਲੀ ਪੜ੍ਹਾਈ ਕਰਨ ਉਪਰੰਤ ਜਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉਚੇਰੀ ਪੜ੍ਹਾਈ ਲਈ ਗਈ ਤਾਂ ਉਤੇ ਥੀਏਟਰ ਦੀ ਇੰਚਾਰਜ ਮੈਡਮ ਸੁਨੀਤਾ ਧੀਰ ਨਾਲ ਮੇਲ-ਜੋਲ ਹੋਇਆ ਤਾਂ ਥੀਏਟਰ ਕਰਨ ਲਈ ਫਾਰਮ ਭਰ ਦਿੱਤਾ। ਭਾਵੇਂ ਕਿ ਇਸ ਲਈ ਉਸ ਨੂੰ ਕੁਝ ਜੱਦੋਜਹਿਦ ਵੀ ਕਰਨੀ ਪਈ। ਥੀਏਟਰ ਕਰਦਿਆਂ ਉਨ੍ਹਾਂ ਦੇ ਗਰੁੱਪ ਵਲੋਂ ਸਭ ਤੋਂ ਵੱਧ ਪਲੇਅ ਕੀਤੇ ਗਏ। ਨਵਨਿੰਦਰ ਬਹਿਲ ਨਾਲ ਵੀ ਕੁਝ ਨਾਟਕ ਕੀਤੇ, ਇਸ ਦੌਰਾਨ ਹੀ ਮਿੱਟੀ ਨਾ ਫਰੋਲ ਜੋਗੀਆ' ਦੀ ਸਟਾਰਕਾਸਟ ਵਿਚ ਉਸ ਨੂੰ ਕਰਤਾਰ ਚੀਮਾ ਨਾਲ ਸੈਕਿੰਡ ਰੋਲ ਕਰਨ ਦੀ ਆਫਰ ਹੋਈ। ਇਸ ਉਪਰੰਤ ਰਜਨੀ ਸ੍ਰੀਧਰ ਨੇ ਮੈਡਮ ਸੁਨੀਤਾ ਧੀਰ ਦੇ ਕਹਿਣ 'ਤੇ ਐਨੀਮੇਸ਼ਨ ਫ਼ਿਲਮ 'ਚਾਰ ਸਾਹਿਬਜ਼ਾਦੇ' ਵਿਚ ਆਪਣੀ ਆਵਾਜ਼ ਦੇਣ ਤੋਂ ਇਲਾਵਾ ਫ਼ਿਲਮ 'ਰਾਂਝਾ ਰਫਿਊਜ਼ੀ', 'ਮਿੱਟੀ ਨਾ ਫਰੋਲ ਜੋਗੀਆ' ਆਦਿ ਪੰਜਾਬੀ ਦੀਆਂ 10 ਦੇ ਕਰੀਬ ਚਰਚਿਤ ਫ਼ਿਲਮਾਂ ਵਿਚ ਵੱਖ-ਵੱਖ ਰੋਲ ਨਿਭਾਏ। ਰਜਨੀ ਸ੍ਰੀਧਰ ਨੇ ਕੁਝ ਲੜੀਵਾਰਾਂ ਵਿਚ ਅਤੇ ਪੰਜਾਬ ਦੇ ਕਲਾਕਾਰਾਂ ਨਾਲ ਕੁਝ ਗੀਤਾਂ ਵਿਚ ਵੀ ਆਪਣੀ ਐਕਟਿੰਗ ਦੇ ਜੌਹਰ ਦਿਖਾਏ। ਪੰਜਾਬੀ ਫ਼ਿਲਮਾਂ ਵਿਚ ਆਪਣੀ ਐਕਟਿੰਗ ਦੀ ਧਾਕ ਜਮਾਉਣ ਉਪਰੰਤ ਰਜਨੀ ਸ੍ਰੀਧਰ ਨੇ ਮੁੰਬਈ ਦਾ ਰੁਖ਼ ਕੀਤਾ। ਇਸ ਸਮੇਂ ਰਜਨੀ ਸ੍ਰੀਧਰ ਐਕਟਿੰਗ ਤੋਂ ਇਲਾਵਾ ਅਸਿਸਟੈਂਟ ਡਾਇਰਕੈਟਰ ਦੇ ਤੌਰ 'ਤੇ ਰੁਝੀ ਹੋਈ ਹੈ। ਹੈਰੀ ਬਵੇਜਾ ਦੀ ਐਨੀਮੇਸ਼ਨ ਫ਼ਿਲਮ 'ਚਾਰ ਸਾਹਿਬਜ਼ਾਦੇ' ਦੇ ਦੂਸਰੇ ਭਾਗ ਕਰਨ ਤੋਂ ਇਲਾਵਾ 'ਹਿੰਦ ਦੀ ਚਾਦਰ' ਐਨੀਮੇਸ਼ਨ ਫ਼ਿਲਮ ਵੀ ਉਹ ਕਰ ਰਹੀ ਹੈ। ਇਕ ਪੰਜਾਬੀ ਦੀ ਵੱਡੀ ਫ਼ਿਲਮ ਜੋ ਕੁਸ਼ਤੀ ਨਾਲ ਸਬੰਧਿਤ ਹੈ, ਉਸ ਵਿਚ ਰਜਨੀ ਸ੍ਰੀਧਰ ਮੁੱਖ ਰੋਲ ਨਿਭਾਅ ਰਹੀ ਹੈ। ਦੋ ਪ੍ਰੋਜੈਕਟ ਹੋਰ ਉਸ ਦੇ ਹੱਥ ਵਿਚ ਹਨ। ਰਜਨੀ ਸ੍ਰੀਧਰ ਜਿਸ ਦੇ ਪਰਿਵਾਰ ਦਾ ਫ਼ਿਲਮ ਇੰਡਸਟਰੀ ਨਾਲ ਕੋਈ ਵਾਹ-ਵਾਸਤਾ ਨਹੀਂ ਸੀ, ਛੋਟੇ ਜਿਹੇ ਪਿੰਡ ਸੁਖਪੁਰਾ ਮੌੜ ਤੋਂ ਆਪਣੇ ਬਲਬੂਤੇ ਤੇ ਮੁੰਬਈ ਵਰਗੇ ਸ਼ਹਿਰ ਵਿਚ ਫ਼ਿਲਮ ਇੰਡਸਟਰੀ ਵਿਚ ਫ਼ਿਲਮਾਂ ਵਿਚ ਦਮਦਾਰ ਭੂਮਿਕਾਵਾਂ ਹਾਸਲ ਕਰਨ ਤੋਂ ਇਲਾਵਾ ਅਸਿਸਟੈਂਟ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਕਾਰਜ ਮਿਹਨਤ ਅਤੇ ਹਿੰਮਤ ਦਾ ਨਤੀਜਾ ਹੈ। ਉਸ ਅਨੁਸਾਰ ਫ਼ਿਲਮ ਇੰਡਸਟਰੀ ਵਿਚ ਕੰਮ ਲੱਭਣਾ ਵੀ ਔਖਾ ਹੈ ਅਤੇ ਕੰਮ ਕਰਨਾ ਵੀ ਔਖਾ ਹੈ ਪਰ ਲਗਨ ਅਤੇ ਮਿਹਨਤ ਨਾਲ ਮੰਜ਼ਲ ਨੂੰ ਸਰ ਕੀਤਾ ਜਾ ਸਕਦਾ ਹੈ।

-ਸੁਰੇਸ਼ ਗੋਗੀ
ਪੱਤਰਕਾਰ, ਸ਼ਹਿਣਾ।

ਸਾਹਿਤ 'ਚੋਂ ਉਪਜਿਆ ਗੀਤਕਾਰ ਹਰਮਨਜੀਤ ਰਾਣੀ ਤੱਤ

ਵਗਦੇ ਪਾਣੀ ਦੇ ਉਲਟ ਚੱਲਣ ਵਾਲੇ ਮੱਲਾਹ ਵਰਗਾ ਗੀਤਕਾਰ ਹੈ ਹਰਮਨਜੀਤ, ਕਿਉਂਕਿ ਮੌਜੂਦਾ ਸਮੇਂ ਦੇ ਭੜਕਾਊ ਗੀਤਾਂ ਦੀ ਬਹੁਤਾਤ ਵਾਲੀ ਗੀਤਕਾਰੀ 'ਚ ਹਰਮਨਜੀਤ ਦੀ ਕਲਮ ਨੇ ਇਕਦਮ ਬਦਲਾਅ ਪੈਦਾ ਕਰਕੇ ਸ਼ਬਦਾਂ ਦੀ ਅਹਿਮੀਅਤ ਨੂੰ ਦਰਸਾ ਕੇ ਸੁਚੱਜੇ ਰੂਪ 'ਚ ਸਾਹਿਤਕ ਗੀਤਾਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਕਲਾਂ 'ਚ ਪਿਤਾ ਗੁਰਤੇਜ ਸਿੰਘ ਅਤੇ ਮਾਤਾ ਸਰੋਜ ਰਾਣੀ ਦੇ ਘਰ ਪੈਦਾ ਹੋਏ ਹਰਮਨਜੀਤ ਦੇ ਹਰਮਨਜੀਤ 'ਰਾਣੀ ਤੱਤ' ਬਣਨ ਤੱਕ ਦੇ ਸਫ਼ਰ 'ਚ ਘਰੇਲੂ ਸਾਹਿਤਕ ਮਹੌਲ ਦੀ ਬਹੁਤ ਵੱਡੀ ਦੇਣ ਹੈ। ਹੌਲੀ ਹੌਲੀ ਉਸ ਦੀ ਕਲਮ ਨੇ ਸ਼ਬਦ ਉਕਰਨੇ ਸ਼ੁਰੂ ਕੀਤੇ। ਗੀਤ, ਕਵਿਤਾ, ਕਹਾਣੀ ਤੇ ਵਾਰਤਕ ਲਿਖਣ 'ਚ ਹਰਮਨਜੀਤ ਰੁੱਝਿਆ ਰਹਿਣ ਲੱਗਾ ਅਤੇ ਇਹ ਸ਼ਬਦਾਂ ਦਾ ਕਾਫ਼ਲਾ ਵਧਦਾ ਗਿਆ ਤੇ ਅਖੀਰ ਅਗਸਤ 2015 'ਚ ਪੰਜਾਬੀ ਸਾਹਿਤ ਦੀ ਸੁਪ੍ਰਸਿੱਧ ਪੁਸਤਕ 'ਰਾਣੀ ਤੱਤ' ਪਾਠਕਾਂ ਦੇ ਹੱਥਾਂ 'ਚ ਪੁੱਜੀ। ਹਰਮਨਜੀਤ ਦੀ ਇਹ ਕਿਤਾਬ ਪਾਠਕਾਂ ਨੂੰ ਇਸ ਕਦਰ ਪਸੰਦ ਆਈ ਕਿ ਇਸ ਕਿਤਾਬਾਂ ਦੇ ਵੱਡੀ ਗਿਣਤੀ ਪਾਠਕਾਂ ਦੀ ਮੰਗ ਅਨੁਸਾਰ ਇਸ ਦੇ 13 ਅਡੀਸ਼ਨ ਛਾਪੇ ਗਏ ਭਾਵ ਕਿ ਸਾਹਿਤ ਨੂੰ ਪਿਆਰ ਕਰਨ ਵਾਲਾ ਸ਼ਾਇਦ ਹੀ ਕੋਈ ਪਾਠਕ ਹੋਵੇਗਾ ਜਿਸਨੇ ਹਰਮਨਜੀਤ ਦੀ 'ਰਾਣੀ ਤੱਤ' ਨਾ ਪੜ੍ਹੀ ਹੋਵੇ। ਇਸ ਕਿਤਾਬ ਦੀ ਅਪਾਰ ਸਫ਼ਲਤਾ ਤੋਂ ਬਾਅਦ ਸਾਹਿਤਕ ਗਲਿਆਰਿਆਂ ਨੇ ਹਰਮਨਜੀਤ ਦੇ ਨਾਂਅ ਨਾਲ ਇਕ ਵਿਸ਼ੇਸ਼ ਤਖੱਲਸ਼ 'ਰਾਣੀ ਤੱਤ' ਜੋੜ ਦਿੱਤਾ। ਫਿਰ ਹਰਮਨਜੀਤ ਦੀ ਕਲਮ ਨੂੰ ਫ਼ਿਲਮੀ ਖੇਤਰ 'ਚ ਸੱਦੇ ਆਉਣ ਲੱਗੇ ਤੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਅਮਰਿੰਦਰ ਗਿੱਲ ਦੀ ਫ਼ਿਲਮ 'ਸਰਵਣ' ਵਿਚ ਹਰਮਨਜੀਤ ਦਾ 'ਰਾਜਿਆਂ' ਗੀਤ ਰਿਕਾਰਡ ਹੋਇਆ ਤੇ ਫਿਰ ਚੱਲ ਸੋ ਚੱਲ ਰਹੀ। ਫ਼ਿਲਮ 'ਲਹੌਰੀਏ' 'ਚ 'ਪਾਣੀ ਰਾਵੀ ਦਾ', 'ਗੁੱਤ 'ਚ ਲਹੌਰ' ਅਤੇ 'ਮਿੱਟੀ ਦਾ ਪੁਤਲਾ', ਅਦਾਕਾਰ ਐਮੀ ਵਿਰਕ ਦੀ ਆਵਾਜ਼ 'ਚ 'ਕਲੀ ਜੋਟਾ', ਫ਼ਿਲਮ ਲੌਂਗ ਲਾਚੀ ਦਾ ਮੁੱਖ ਗੀਤ 'ਲੌਂਗ ਲਾਚੀ', ਅਮਰਿੰਦਰ ਗਿੱਲ ਅਤੇ ਸੱਜਣ ਅਦੀਬ ਦੀ ਅਵਾਜ਼ 'ਚ 'ਦਰਸ਼ਨ ਮਹਿੰਗੇ', ਗਾਇਕ ਮਨਪ੍ਰੀਤ ਦੀ ਅਵਾਜ਼ 'ਚ 'ਕਿਤਾਬਾਂ ਵਾਲਾ ਰੱਖਣਾ' ਅਤੇ ਪ੍ਰਸਿੱਧ ਗਾਇਕ ਦਿਲਜੀਤ ਦੋੋਸਾਂਝ ਦੀ ਅਵਾਜ਼ 'ਚ ਧਾਰਮਿਕ ਗੀਤ 'ਆਰ ਨਾਨਕ ਪਾਰ ਨਾਨਕ' ਆਏ। ਸਭ ਤੋਂ ਅਹਿਮ ਗੱਲ ਹਰਮਨਜੀਤ ਦੇ ਲਿਖੇ ਗੀਤਾਂ ਦੀ ਗਿਣਤੀ ਭਾਵੇਂ ਪੋਟਿਆਂ 'ਤੇ ਗਿਣਨ ਜੋਗੀ ਹੈ, ਪਰ ਜਿੰਨੇ ਵੀ ਗੀਤ ਆਏ ਇਨ੍ਹਾਂ ਨੇ ਹਰਮਨਜੀਤ ਨੂੰ ਪੋਟਿਆਂ 'ਤੇ ਗਿਣੇ ਜਾਣ ਵਾਲੇ ਗੀਤਕਾਰਾਂ 'ਚ ਸ਼ੁਮਾਰ ਕਰ ਦਿੱਤਾ। ਜਲਦ ਹੀ ਹਰਮਨਜੀਤ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਕੰਵਰ ਗਰੇਵਾਲ, ਹਰਜੀਤ ਹਰਮਨ ਆਦਿ ਗਾਇਕਾਂ ਦੀ ਆਵਾਜ਼ 'ਚ ਸੁਣਨ ਨੂੰ ਮਿਲਣਗੇ। ਪੰਜਾਬੀ ਸਾਹਿਤ ਦਾ ਇਹ ਅਣਮੁੱਲਾ ਹੀਰਾ ਅੱਜਕਲ੍ਹ ਪਿੰਡ ਲੱਲੂਆਣਾ ਦੇ ਸਕੂਲ 'ਚ ਬਤੌਰ ਪ੍ਰਾਇਮਰੀ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।

-ਅਜੀਤ ਸਿੰਘ ਅਖਾੜਾ
ਪੱਤਰਕਾਰ ਜਗਰਾਉਂ

'ਜਰਸੀ' ਦੇ ਵਿਸਥਾਰ ਵਿਚ ਸ਼ਾਹਿਦ ਕਪੂਰ

'ਕਬੀਰ ਸਿੰਘ' ਦੀ ਸਫ਼ਲਤਾ ਤੋਂ ਬਾਅਦ ਸ਼ਾਹਿਦ ਕਪੂਰ ਦਾ ਵਿਸਥਾਰ ਫ਼ਿਲਮਾਂ ਵਿਚ ਭਰੋਸਾ ਹੋਰ ਵਧ ਗਿਆ ਹੈ। ਸ਼ਾਹਿਦ ਦੀ ਇਹ ਹਿੱਟ ਫ਼ਿਲਮ ਤੇਲਗੂ ਫ਼ਿਲਮ 'ਅਰਜਨ ਰੈਡੀ' ਦਾ ਵਿਸਥਾਰ ਸੀ। ਹੁਣ ਸ਼ਾਹਿਦ ਨੇ ਇਕ ਹੋਰ ਤੇਲਗੂ ਫ਼ਿਲਮ 'ਜਰਸੀ' ਦੇ ਹਿੰਦੀ ਵਿਸਥਾਰ ਵਿਚ ਕੰਮ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਫ਼ਿਲਮ ਨੂੰ ਗੌਤਮ ਤਿੰਨੌਰੀ ਨਿਰਦੇਸ਼ਿਤ ਕਰਨਗੇ। ਗੌਤਮ ਨੇ ਹੀ 'ਜਰਸੀ' ਦਾ ਨਿਰਦੇਸ਼ਨ ਕੀਤਾ ਸੀ।
'ਬੰਟੀ ਔਰ ਬਬਲੀ-2' ਵਿਚ ਰਾਣੀ ਮੁਖਰਜੀ

ਅਭਿਸ਼ੇਕ ਬੱਚਨ ਅਤੇ ਰਾਣੀ ਮੁਖਰਜੀ ਦੀ ਫ਼ਿਲਮ 'ਬੰਟੀ ਔਰ ਬਬਲੀ' ਦਾ ਨਿਰਮਾਣ ਯਸ਼ ਰਾਜ ਬੈਨਰ ਵਲੋਂ ਕੀਤਾ ਗਿਆ ਸੀ। ਹੁਣ ਇਸ ਬੈਨਰ ਵਲੋਂ 'ਬੰਟੀ ਔਰ ਬਬਲੀ-2' ਬਣਾਈ ਜਾਵੇਗੀ ਅਤੇ ਇਸ ਵਿਚ ਰਾਣੀ ਮੁਖਰਜੀ ਹੋਵੇਗੀ। ਰਾਣੀ ਦੇ ਨਾਲ ਇਸ ਵਿਚ ਆਰ. ਮਾਧਵਨ ਅਤੇ ਸਿਧਾਂਤ ਚਤੁਰਵੇਦੀ ਹੋਣਗੇ। 'ਬੰਟੀ ਔਰ ਬਬਲੀ' ਜਿਥੇ ਸ਼ਾਦ ਅਲੀ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ, ਉਥੇ ਇਸ ਨਵੇਂ ਵਰਸ਼ਨ ਦੇ ਨਿਰਦੇਸ਼ਕ ਹੋਣਗੇ ਵਰੁਣ ਵੀ. ਸ਼ਰਮਾ।

-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX