ਤਾਜਾ ਖ਼ਬਰਾਂ


ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  11 minutes ago
ਨਵੀਂ ਦਿੱਲੀ, 20 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ਼ ਨੇਤਾ ਜਗਤ ਪ੍ਰਕਾਸ਼ ਨੱਢਾ ਅੱਜ ਪਾਰਟੀ ਦੇ 14ਵੇਂ ਪ੍ਰਧਾਨ ਵਜੋਂ ਅਹੁਦਾ ...
ਨਿਰਭਿਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  46 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭਿਆ ਮਾਮਲੇ 'ਚ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ...
ਅੱਜ ਦਾ ਵਿਚਾਰ
. . .  about 1 hour ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਰਾਜਾਸਾਂਸੀ, 19 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) - ਮੌਸਮ ਖ਼ਰਾਬ ਹੋਣ ਅਤੇ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਉਡਾਣ ਰੱਦ ਹੋ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ...
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਖਿਦਰਾਣੇ ਦੀ ਇਸ ਢਾਬ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤੀ ਦੇ ਸਰ ਦਾ ਵਰਦਾਨ ਬਖ਼ਸ਼ਿਆ ਸੀ। ਇਸ ਇਤਿਹਾਸਕ ਸ਼ਹਿਰ ਦੀ ਮਹੱਤਤਾ ਨੂੰ ਵੇਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਦਿੱਤਾ ਗਿਆ ਅਤੇ 1995 ਵਿਚ ਜ਼ਿਲ੍ਹਾ ਸਦਰ ਮੁਕਾਮ ਵਜੋਂ ਹੋਂਦ ਵਿਚ ਆਇਆ। ਦਸਮੇਸ਼ ਪਿਤਾ ਨੇ ਇਸ ਅਸਥਾਨ 'ਤੇ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁੱਧ ਆਖ਼ਰੀ ਜੰਗ ਲੜ ਕੇ ਜ਼ਾਲਮਾਂ ਦਾ ਖ਼ਾਤਮਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਦੇ ਕੇ ਵਾਪਸ ਗਏ ਸਿੰਘਾਂ ਨੇ ਮਾਈ ਭਾਗੋ ਦੀ ਪ੍ਰੇਰਣਾ ਸਦਕਾ ਵਾਪਸ ਖਿਦਰਾਣੇ ਦੀ ਢਾਬ 'ਤੇ ਹੋਈ ਜੰਗ ਵਿਚ ਗੁਰੂ ਜੀ ਦਾ ਸਾਥ ਦਿੱਤਾ ਅਤੇ ਆਪਣਾ ਬੇਦਾਵਾ ਪੜਵਾ ਕੇ ਟੁੱਟੀ ਗੰਢੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ 40 ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ 'ਮੁਕਤੀ ਦਾ ਸਰ' (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ।
ਪੁਰਾਤਨ ਇਤਿਹਾਸ ਅਨੁਸਾਰ ਪਹਿਲਾਂ ਇੱਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ। ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਿੰਨ ਖੱਤਰੀ ਭਰਾ ਸਨ ਖਿਦਰਾਣਾ, ਧਿਗਾਣਾ ਅਤੇ ਰੁਪਾਣਾ। ਇਹ ਤਿੰਨੋਂ ਸ਼ਿਵ ਦੇ ਉਪਾਸਕ ਸਨ। ਇਨ੍ਹਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਕਾਰਨ ਤਿੰਨ ਢਾਬਾਂ ਖੁਦਵਾਈਆਂ। ਹਰ ਸਾਲ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਤੋਂ ਪਹਿਲਾਂ ਇਹ ਉੱਥੇ ਪਸ਼ੂ ਚਾਰਨ ਲੱਗੇ ਤੇ ਫਿਰ ਆਪਣੇ ਨਾਂਅ ਤੇ ਵੱਖੋ-ਵੱਖ ਪਿੰਡ ਵਸਾ ਲਏ। ਮੁਕਤਸਰ ਦੀ ਢਾਬ ਖਿਦਰਾਣੇ ਖੱਤਰੀ ਦੇ ਨਾਂਅ ਹੋਣ ਕਰਕੇ 'ਢਾਬ ਖਿਦਰਾਣਾ' ਮਸ਼ਹੂਰ ਹੋ ਗਈ।
ਮੁਕਤਸਰ ਦਾ ਇਲਾਕਾ ਪੁਰਾਤਨ ਕਾਲ ਤੋਂ ਜੰਗਲ ਜਾਂ ਮਾਲਵਾ ਹੋਣ ਕਾਰਨ ਇੱਥੇ ਪਾਣੀ ਦੀ ਬਹੁਤ ਥੁੜ ਸੀ। ਪਾਣੀ ਦਾ ਤਲ ਦੂਰ ਹੋਣ ਕਰਕੇ ਇਕ ਤਾਂ ਖੂਹ ਲੱਗਣੇ ਇੰਝ ਹੀ ਔਖੇ ਸਨ ਤੇ ਜੇ ਕਿਸੇ ਵਲੋਂ ਖੂਹ ਲਗਾਉਣ ਦਾ ਯਤਨ ਕੀਤਾ ਜਾਂਦਾ ਤਾਂ ਥੱਲੋਂ ਪਾਣੀ ਏਨਾ ਖਾਰਾ ਨਿਕਲਦਾ ਸੀ ਕਿ ਜੋ ਪਾਣੀ ਪੀਣ ਦੇ ਕਾਬਲ ਨਹੀਂ ਸੀ ਹੁੰਦਾ। ਜੇ ਕੋਈ ਵਿਅਕਤੀ ਪਾਣੀ ਪੀ ਵੀ ਲੈਂਦਾ ਸੀ ਤਾਂ ਉਹ ਦਸਤ ਜਾਂ ਮਰੋੜ ਲੱਗਣ ਕਰਕੇ ਬਿਮਾਰ ਹੋ ਜਾਂਦਾ ਸੀ। ਇਸ ਕਰਕੇ ਇਸ ਇਲਾਕੇ ਦੇ ਲੋਕ ਛੱਪੜਾਂ ਜਾਂ ਢਾਬਾਂ ਦਾ ਬਰਸਾਤੀ ਪਾਣੀ ਜੋ ਪੰਜ ਸੱਤ ਮੀਲਾਂ ਤੋਂ ਦੂਰ ਬਹੁਤ ਯਤਨਾਂ ਨਾਲ ਲਿਆਂਦਾ ਜਾਂਦਾ ਸੀ, ਪੀ ਕੇ ਹੀ ਗੁਜ਼ਾਰਾ ਕਰਦੇ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹੀਨਾ ਪੋਹ ਸੰਮਤ 1762 ਬਿਕ੍ਰਮੀ (ਸੰਨ 1705) ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨਾਲ ਧਰਮ-ਯੁੱਧ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫਾਂ ਵਿਚ ਆਪਣਾ ਆਪਾ ਵਾਰ ਕੇ ਸਰਬੰਸ ਕੁਰਬਾਨ ਕਰ ਕੇ ਕੀਰਤਪੁਰ, ਰੋਪੜ, ਕੋਟਲਾ, ਚਮਕੌਰ, ਮਾਛੀਵਾੜਾ, ਆਲਮਗੀਰ, ਲੰਮੇ ਜੱਟਪੁਰੇ, ਰਾਏਕੋਟ, ਕਾਂਗੜ, ਦੀਨਾ, ਰਖਾਲਾ, ਗੁਰੂਸਰ, ਭਗਤਾ, ਬਰਗਾੜੀ, ਬਹਿਬਲ, ਸਰਾਵਾਂ, ਪੱਤੋ, ਜੈਤੋ ਆਦਿ ਵਿਚ ਦੀ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾਂ ਰਸਤੇ ਵਿਚ ਹੀ ਖਬਰਾਂ ਮਿਲੀਆਂ ਕੇ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਆਪਣੇ ਯੋਧਿਆਂ ਦੀ ਮਦਦ ਅਤੇ ਭਰੋਸੇ ਤੇ ਰਸਤੇ ਵਿਚ ਹੀ ਬੜੇ ਜੋਸ਼ ਨਾਲ ਹਮ-ਰਕਾਬ ਹੋ ਗਏ ਸਨ। ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋਂ ਕਿਲ੍ਹਾ ਮੰਗਿਆ। ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗਲ ਹਕੂਮਤ ਵਲੋਂ ਉਸ ਸਮੇਂ 51 ਪਿੰਡ ਸਨ, ਜਿਨ੍ਹਾਂ ਨੂੰ ਪਰਗਨਾ ਕੋਟਕਪੂਰਾ ਜਾਂ ਪਰਗਨਾ ਬਰਾੜ ਕਿਹਾ ਜਾਂਦਾ ਸੀ। ਭਾਵੇਂ ਇਸ ਸਮੇਂ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ ਭਾਓ ਤਾਂ ਚੰਗਾ ਕੀਤਾ ਪਰ ਉਹ ਮੁਗਲਾਂ ਤੋਂ ਡਰ ਕੇ ਕਿਲ੍ਹਾ ਦੇਣੋ ਸਾਫ ਮੁਕਰ ਗਿਆ। ਗੁਰੂ ਸਾਹਿਬ ਨੇ ਉਸ ਦੀ ਇਹ ਕਮਜ਼ੋਰੀ ਦੇਖ ਕੇ ਸੁਭਾਵਿਕ ਹੀ ਕਿਹਾ 'ਚੌਧਰੀ ਕਪੂਰ ਸਿੰਘ! ਅਸੀਂ ਤੈਨੂੰ ਤੁਰੰਤ ਹੀ ਰਾਜ ਦੇਣਾ ਚਾਹੁੰਦੇ ਸੀ, ਪਰ ਹੁਣ ਤੂੰ ਤੁਰਕਾਂ ਤੋਂ ਡਰਿਆ ਹੈ, ਇਸ ਕਰਕੇ ਉਨ੍ਹਾਂ ਦੇ ਹੱਥੋਂ ਹੀ ਤਸੀਹੇ ਝੱਲ ਕੇ ਤੇਰੀ ਮੌਤ ਹੋਵੇਗੀ।' ਇਹ ਬਚਨ ਕਰ ਕੇ ਗੁਰੂ ਸਾਹਿਬ ਉਥੋਂ ਮੁਕਤਸਰ ਵੱਲ ਚੱਲ ਪਏ ਤੇ ਖਿਦਰਾਣੇ ਦੀ ਢਾਬ 'ਤੇ ਜਾ ਪੁੱਜੇ। ਇਧਰ ਚੌਧਰੀ ਕਪੂਰ ਸਿੰਘ ਨੇ ਮੁਗ਼ਲ ਫ਼ੌਜ ਦਾ ਸਾਥ ਦਿੱਤਾ ਤੇ ਗੁਰੂ ਸਾਹਿਬ ਦਾ ਉਹ ਬਚਨ ਜੋ ਉਨ੍ਹਾਂ ਸੁਭਾਵਿਕ ਹੀ ਚੌਧਰੀ ਕਪੂਰ ਸਿੰਘ ਨੂੰ ਕਿਹਾ ਸੀ ਉਸ ਸਮੇਂ ਤਾਂ ਨਹੀਂ ਪਰ ਪਿੱਛੋਂ ਸੰਨ 1708 ਈਸਵੀ ਵਿਚ ਮੰਝ ਰਾਜਪੂਤ ਈਸਾ ਖਾਨ ਦੇ ਹੱਥੋਂ (ਜੋ ਮੁਗ਼ਲ ਹਕੂਮਤ ਵਲੋਂ ਉਸ ਇਲਾਕੇ ਦਾ ਕਾਰਦਾਰ ਸੀ) ਚੌਧਰੀ ਕਪੂਰ ਸਿੰਘ ਦੇ ਫਾਹੇ ਲੱਗਣ ਕਰਕੇ ਅੱਖਰ-ਅੱਖਰ ਠੀਕ ਸਾਬਤ ਹੋਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜੇ ਖਿਦਰਾਣੇ ਪੁੱਜੇ ਹੀ ਸਨ ਕਿ ਪਿੱਛੇ ਦੁਸ਼ਮਣ ਦੀਆਂ ਫੌਜਾਂ, ਜਿਨ੍ਹਾਂ ਦੇ ਨਾਲ ਸੂਬਾ ਸਰਹਿੰਦ ਨੇ ਚੌਧਰੀ ਕਪੂਰ ਸਿੰਘ ਨੂੰ ਵੀ ਮੁਗਲ ਹਕੂਮਤ ਵਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਿਲ ਕਰ ਲਿਆ ਗਿਆ ਸੀ, ਦੂਰੋਂ ਧੂੜ-ਧਮਾਈ ਆਉਂਦੀਆਂ ਨਜ਼ਰ ਆਈਆਂ। ਗੁਰੂ ਸਾਹਿਬ ਦੇ ਨਾਲ ਇਸ ਸਮੇਂ ਸਿੱਖ ਯੋਧਿਆਂ ਤੋਂ ਬਿਨਾਂ ਚਾਲੀ ਮਝੈਲ ਸਿੱਖ ਯੋਧੇ ਵੀ ਸਨ ਜੋ ਪਹਿਲਾਂ ਔਕੜ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ, ਪਰ ਪਿੱਛੋਂ ਦਿਲ ਵਿਚ ਪਛਤਾਵਾ ਹੋਣ ਕਰਕੇ ਤੇ ਮਾਫ਼ੀ ਮੰਗਣ ਵਾਸਤੇ ਗੁਰੂ ਜੀ ਨਾਲ ਜਾ ਰਲੇ ਸਨ। ਇਨ੍ਹਾਂ ਚਾਲੀ ਸਿੰਘਾਂ ਨਾਲ ਮਾਈ ਭਾਗ ਕੌਰ ਨਾਂਅ ਦੀ ਦਲੇਰ ਸਿੰਘਣੀ ਵੀ ਸੀ।
ਗੁਰੂ ਸਾਹਿਬ ਇਸ ਸਮੇਂ ਖੁਦ ਤਾਂ ਕੁਝ ਸਿੰਘਾਂ ਨਾਲ ਖਿਦਰਾਣੇ ਤੋਂ ਅੱਗੇ ਟਿੱਬੀ ਸਾਹਿਬ ਦੇ ਸਥਾਨ 'ਤੇ ਚਲੇ ਗਏ ਤੇ ਦੁਸ਼ਮਣ ਨਾਲ ਟਾਕਰਾ ਕਰਨ ਲਈ ਤਿਆਰ ਹੋ ਗਏ ਪਰ ਚਾਲੀ ਸਿੰਘਾਂ ਨੇ ਹੋਰ ਸਾਥੀ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ ਉਤੇ ਮੋਰਚੇ ਕਾਇਮ ਕਰ ਲਏ ਤਾਂ ਕਿ ਦੁਸ਼ਮਣ ਨੂੰ ਉਥੇ ਹੀ ਰੋਕਿਆ ਜਾਵੇ ਤੇ ਕੋਈ ਵੀ ਮੁਗ਼ਲ ਸਿਪਾਹੀ ਟਿੱਬੀ ਸਾਹਿਬ ਵੱਲ ਨਾ ਵਧ ਸਕੇ। ਖਿਦਰਾਣੇ ਦੀ ਢਾਬ ਉਸ ਸਮੇਂ ਖੁਸ਼ਕ ਪਈ ਸੀ ਤੇ ਉਸਦੇ ਇਰਦ-ਗਿਰਦ ਬੜੇ ਝਾੜ ਝੰਖਾੜ ਉੱਗੇ ਹੋਏ ਸਨ। ਸਿੰਘਾਂ ਨੇ ਉਨ੍ਹਾਂ ਝਾੜਾਂ 'ਤੇ ਚਾਦਰਾਂ ਪਾ ਦਿੱਤੀਆਂ। ਇਸ ਕਰਕੇ ਦੁਸ਼ਮਣ ਨੂੰ ਭੁਲੇਖਾ ਪਿਆ ਕਿ ਸਿੱਖਾਂ ਦੀ ਸਾਰੀ ਫੌਜ ਤੰਬੂ ਲਾ ਕੇ ਬੈਠੀ ਹੋਈ ਹੈ ਇਸ ਕਰਕੇ ਮੁਗਲ ਸਿਪਾਹੀਆਂ ਨੇ ਆਉਂਦੀਆਂ ਹੀ ਸਿੱਖਾਂ ਉਤੇ ਹੱਲਾ ਬੋਲ ਦਿੱਤਾ। ਇਧਰ ਚਾਲੀ ਸਿੰਘਾਂ ਨੇ ਵੀ ਪਹਿਲਾਂ ਬੰਦੂਕਾਂ ਦੀ ਵਾੜ ਝਾੜੀ ਤੇ ਫ਼ਿਰ ਇਕ ਦਮ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਗੁੰਜਾਉਂਦੇ ਹੋਏ ਸਿਰੋਹੀਆਂ ਖਿੱਚ ਕੇ ਦੁਸ਼ਮਣ 'ਤੇ ਭੁੱਖੇ ਬਾਜਾਂ ਵਾਂਗ ਟੁੱਟ ਪਏ। ਇਹ ਦੇਖ ਕੇ ਮੁਗਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਬਹੁਤ ਸਾਰੇ ਸਿਪਾਹੀ ਮਾਰੇ ਜਾਣ ਤੇ ਆਖਰ ਮੈਦਾਨ ਛੱਡ ਕੇ ਵਾਪਸ ਕੋਟਕਪੂਰੇ ਵੱਲ ਹੀ ਨੱਸ ਗਏ। ਇਹ ਲੜਾਈ 21 ਵੈਸਾਖ ਸੰਮਤ 1762 ਬਿਕ੍ਰਮੀ ਨੂੰ ਸਿਰਫ਼ ਸਵਾ ਪਹਿਰ ਹੋਈ (ਕੁਝ ਇਤਿਹਾਸਕਾਰ ਇਹ ਲੜਾਈ ਤਿੰਨ ਦਿਨ ਹੋਈ ਦੱਸਦੇ ਹਨ)। ਇਸ ਲੜਾਈ ਵਿਚ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋਈ। ਜੋ ਚਾਲੀ ਮੁਕਤੇ ਸ਼ਹੀਦ ਹੋਏ ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ:-ਭਾਈ ਮਹਾਂ ਸਿੰਘ, ਸ਼ਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਕੀਰਤ ਸਿੰਘ, ਕਿਰਪਾਲ ਸਿੰਘ, ਖੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਯਾਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਮਯਾ ਸਿੰਘ, ਰਾਇ ਸਿੰਘ, ਲਛਮਣ ਸਿੰਘ। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਅਨੁਸਾਰ ਨਾਵਾਂ ਦੀ ਸੂਚੀ ਹੈ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਇਸ ਜੰਗ ਸਮੇਂ ਟਿੱਬੀ ਸਾਹਿਬ ਤੋਂ ਹੀ ਦੁਸ਼ਮਣ 'ਤੇ ਤੀਰਾਂ ਦੀ ਵਰਖਾ ਕਰ ਰਹੇ ਸਨ ਅਚਾਨਕ ਦੁਸ਼ਮਣ ਦੀ ਫੌਜ ਨੂੰ ਭਾਜੜ ਪਈ ਵੇਖ ਕੇ ਮੈਦਾਨ-ਏ-ਜੰਗ ਵਿਚ ਖਿਦਰਾਣੇ ਦੀ ਢਾਬ 'ਤੇ ਪੁੱਜੇ। ਜਿੱਥੇ ਉਨ੍ਹਾਂ ਜ਼ਖ਼ਮੀ ਸਿੱਖਾਂ ਦੀ ਸੰਭਾਲ ਕੀਤੀ ਅਤੇ ਚਾਲੀ ਮੁਕਤਿਆਂ ਵਿਚੋਂ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ, ਇਹ ਮੇਰਾ ਚਾਰ ਹਜ਼ਾਰੀ ਹੈ ਤੇ ਇਹ ਮੇਰਾ ਪੰਜ ਹਜ਼ਾਰੀ ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਕੋਲ ਪੁੱਜੇ ਜੋ ਸਹਿਕਦਾ ਹੀ ਸੀ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ, 'ਭਾਈ! ਮੰਗ ਜੋ ਤੇਰੀ ਇੱਛਾ ਹੋਵੇ। ਅੱਗੋ ਭਾਈ ਮਹਾਂ ਸਿੰਘ ਦਿਲੀ ਇੱਛਾ ਦੱਸੀ ਕਿ ਮਹਾਰਾਜ ਜੇ ਡਾਢੇ ਪ੍ਰਸੰਨ ਹੋ ਤਾਂ ਉਹ ਗੁਰਸਿੱਖੀ ਤੋਂ ਬੇਦਾਵੇ ਦਾ ਕਾਗਜ਼ ਪਾੜ ਦਿਓ ਤੇ ਟੁੱਟੀ ਗੰਢੋ ਤੇ ਗੁਰੂ ਸਾਹਿਬ ਨੇ ਬੇਦਾਵੇ ਦਾ ਉਹ ਕਾਗਜ਼ ਕੱਢ ਕੇ ਪਾੜ ਦਿੱਤਾ ਤੇ ਭਾਈ ਮਹਾਂ ਸਿੰਘ ਨੂੰ ਨਾਮ ਦਾਨ ਬਖਸ਼ ਕੇ ਉਸ ਦੀ ਅੰਤਲੀ ਮਨੋਕਾਮਨਾ ਪੂਰੀ ਕੀਤੀ ਤੇ ਇਸ ਅਸਥਾਨ ਦਾ ਨਾਂਅ ਖਿਦਰਾਣੇ ਤੋਂ ਮੁਕਤੀ ਦਾ ਸਰ ਰੱਖਿਆ। ਜੋ ਅੱਜਕਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਮਾਲਵੇ ਦੇ ਜਿਨ੍ਹਾਂ ਸਰਦਾਰਾਂ ਅਤੇ ਚੌਧਰੀਆਂ ਨੇ ਬਿਖੜੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਉਨ੍ਹਾਂ ਵਿਚ ਬਾਬਾ ਦਾਨ ਸਿੰਘ ਦਾ ਨਾਂਅ ਵੀ ਬੜੇ ਆਦਰ ਨਾਲ ਲਿਆ ਜਾਂਦਾ ਹੈ। ਦਸਮ ਪਾਤਸ਼ਾਹ ਤੋਂ ਇਹ ਅਸ਼ੀਰਵਾਦ ਹਾਸਲ ਕਰਨਾ ਕਿ ਦਾਨ ਸਿੰਘ ਮਾਝੇ ਵਿਚ ਭਾਈ ਮਹਾਂ ਸਿੰਘ ਵਲੋਂ ਸਿੱਖੀ ਦੀ ਲਾਜ ਰੱਖਣ ਵਾਂਗ ਤੂੰ ਮਾਲਵੇ ਦੀ ਸਿੱਖੀ ਦੀ ਲਾਜ ਰੱਖ ਲਈ ਹੈ। ਇਹ ਬਹੁਤ ਵੱਡੀ ਗੱਲ ਸੀ। ਮੁਕਤਸਰ ਦੀ ਜੰਗ ਪਿੱਛੋਂ ਬਾਬਾ ਦਾਨ ਸਿੰਘ ਬਰਾੜ ਆਪਣੇ ਕੁਝ ਸਾਥੀਆਂ ਸਮੇਤ ਤਲਵੰਡੀ ਸਾਬੋ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਰਹੇ। ਗੁਰੂ ਜੀ ਦੇ ਅਸ਼ੀਰਵਾਦ ਨਾਲ ਜਿੱਥੇ ਬਾਬਾ ਦਾਨ ਸਿੰਘ ਮਾਲਵੇ ਦੀ ਸਿੱਖੀ ਦਾ ਮਾਣ ਹੈ, ਉੱਥੇ ਉਹ ਸਿੱਖੀ ਸਿਦਕ ਅਤੇ ਭਰੋਸੇ ਦੀ ਵੀ ਇਕ ਅਦੁੱਤੀ ਮਿਸਾਲ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਧਰਤੀ 'ਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਲੱਖਾਂ ਸੰਗਤਾਂ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਜੁੜਦੀਆਂ ਹਨ।


-ਮੋਬਾ: 98729-14938


ਖ਼ਬਰ ਸ਼ੇਅਰ ਕਰੋ

ਹਿੰਮਤ ਅਤੇ ਦਲੇਰੀ ਦੀ ਮੂਰਤ ਸੀ ਮਾਈ ਭਾਗੋ

ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਦੀ ਜ਼ੁਲਮ ਖ਼ਿਲਾਫ਼ ਹੋਈ ਜੰਗ ਵਿਚ ਮਾਈ ਭਾਗੋ ਦੀ ਭੂਮਿਕਾ ਬਹੁਤ ਅਹਿਮ ਰਹੀ। ਉਨ੍ਹਾਂ ਜਿਥੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੱਖਾਂ ਨੂੰ ਗੁਰੂ ਜੀ ਦੇ ਲੜ ਲਾਇਆ, ਉੱਥੇ ਇਸ ਜੰਗ ਵਿਚ ਅਹਿਮ ਭੂਮਿਕਾ ਨਿਭਾ ਕੇ ਇਤਿਹਾਸ ਵਿਚ ਮਿਸਾਲ ਕਾਇਮ ਕੀਤੀ। ਆਪਣੀ ਹਿੰਮਤ ਅਤੇ ਦਲੇਰੀ ਸਦਕਾ ਉਨ੍ਹਾਂ ਜੰਗ ਵਿਚ ਦੁਸ਼ਮਣਾਂ ਨੂੰ ਭਾਜੜਾਂ ਪਾਈਆਂ। ਉਨ੍ਹਾਂ ਦਾ ਜੀਵਨ ਵੀ ਅਜੋਕੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰੂ ਸਾਹਿਬਾਨ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਹੈ ਅਤੇ ਇਸ ਦਲੇਰ ਸਿੰਘਣੀ ਦੀ ਜੰਗ ਵਿਚ ਭੂਮਿਕਾ ਵੀ ਪ੍ਰੇਰਣਾ ਸਰੋਤ ਬਣੀ। ਮਾਘੀ ਦੇ ਦਿਹਾੜੇ 'ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਪਹੁੰਚ ਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉੱਥੇ ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਜੰਗ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਹਨ। ਅਜਾਇਬ ਘਰ ਵਿਚ ਪੁਰਾਤਨ ਜੰਗ ਦੀਆਂ ਰੂਪਮਾਨ ਕੀਤੀਆਂ ਤਸਵੀਰਾਂ ਇਸ ਜੰਗ ਦੀ ਯਾਦ ਤਾਜ਼ਾ ਕਰਵਾਉਂਦੀਆਂ ਹਨ। ਇਸ ਜੰਗ ਵਿਚ ਜੂਝਦਿਆਂ ਮਾਈ ਭਾਗੋ ਨੇ ਹਿੰਮਤ ਅਤੇ ਦਲੇਰੀ ਦੀ ਮਿਸਾਲ ਕਾਇਮ ਕੀਤੀ, ਜੋ ਸਭ ਲਈ ਤੇ ਖਾਸ ਕਰਕੇ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਹੈ। ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸ਼ਰਧਾਲੂ ਇਸ ਦਿਹਾੜੇ 'ਤੇ ਹੋਰ ਇਤਿਹਾਸਕ ਅਸਥਾਨਾਂ ਦੇ ਨਾਲ-ਨਾਲ ਗੁਰਦੁਆਰਾ ਮਾਤਾ ਭਾਗ ਕੌਰ ਵਿਖੇ ਵੀ ਨਤਮਸਤਕ ਹੁੰਦੇ ਹਨ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ ਨੂੰ (ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁਖ ਹੋਏ ਸਨ) ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ ਸੀ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ 'ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ। ਮਾਈ ਭਾਗੋ ਇਸ ਯੁੱਧ ਵਿਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਮੈਦਾਨ-ਏ-ਜੰਗ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ, ਤਾਂ ਉਸ ਦੇ ਜ਼ਖ਼ਮ ਸਾਫ਼ ਕਰ ਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ। ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ ਦਸ ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ।


-ਸਟਾਫ਼ ਰਿਪੋਰਟਰ, 'ਅਜੀਤ' ਉੱਪ ਦਫ਼ਤਰ ਸ੍ਰੀ ਮੁਕਤਸਰ ਸਾਹਿਬ। ਮੋਬਾ: 98729-14938

ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਿਆਂ ਦਾ ਇਤਿਹਾਸ

ਸ੍ਰੀ ਮੁਕਤਸਰ ਸਾਹਿਬ ਉਹ ਪਾਵਨ ਧਰਤੀ ਹੈ, ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖ਼ਰੀ ਜੰਗ ਲੜੀ ਸੀ। ਇਸ ਜੰਗ ਵਿਚ ਫ਼ਤਹਿ ਹਾਸਿਲ ਕਰ ਕੇ ਭਾਰਤ ਵਿਚੋਂ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਤਿਹਾਸ ਦੇ ਪੰਨਿਆਂ ਵਿਚ ਇਸ ਸ਼ਹਿਰ ਦੀ ਵੱਡੀ ਮਹਾਨਤਾ ਹੈ। ਮਾਘੀ ਦੇ ਅਵਸਰ 'ਤੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ ਅਤੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰ ਕੇ 40 ਮੁਕਤਿਆਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹਨ। ਸ਼ਹਿਰ ਵਿਚ ਵੱਖ-ਵੱਖ ਇਤਿਹਾਸਕ ਗੁਰਦੁਆਰੇ ਹਨ ਤੇ ਉਨ੍ਹਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:
ਗੁਰਦੁਆਰਾ ਟੁੱਟੀ ਗੰਢੀ ਸਾਹਿਬ- ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ਼ਹਿਰ ਦੇ ਵਿਚਕਾਰ ਹੈ, ਜਿੱਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਭੁੱਲੜ ਸਿੰਘਾਂ ਦਾ ਬੇਦਾਵਾ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ੍ਹ ਕੇ ਮੁਕਤੀ ਪ੍ਰਦਾਨ ਕੀਤੀ ਅਤੇ ਟੁੱਟੀ ਗੰਢੀ।
ਗੁਰਦੁਆਰਾ ਤੰਬੂ ਸਾਹਿਬ- ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਹੈ। ਇਸ ਅਸਥਾਨ 'ਤੇ ਚਾਲੀ ਮੁਕਤਿਆਂ ਨੇ ਤੁਰਕਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫੌਜ ਆਉਂਦੀ ਵੇਖ ਕੇ ਝਾੜਾਂ ਅਤੇ ਕਰੀਰਾਂ ਦੇ ਝੁੰਡਾਂ ਤੇ ਕਪੜੇ ਅਤੇ ਚਾਦਰੇ ਤਾਣ ਦਿੱਤੇ ਸਨ ਤਾਂ ਕਿ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਦੇਖ ਕੇ ਬਹੁਤੀ ਫ਼ੌਜ਼ ਦਾ ਅਨੁਮਾਨ ਹੋਵੇ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ-ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਚਿਖਾ ਤਿਆਰ ਕਰ ਕੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜੋ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਸਨ। ਇੱਥੇ ਹਰ ਸਾਲ ਤਿੰਨ ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
ਗੁਰਦੁਆਰਾ ਮਾਈ ਭਾਗੋ-ਮਾਈ ਭਾਗੋ ਜਿਸ ਨੇ ਮਾਝੇ ਦੇ ਸਿੱਖਾਂ ਨੂੰ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਪ੍ਰੇਰਣਾ ਦੇ ਕੇ ਗੁਰੂ ਜੀ ਦੇ ਲੜ ਲਾਇਆ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ। ਮਾਈ ਭਾਗੋ ਇਸ ਯੁੱਧ ਵਿਚ ਜ਼ਖ਼ਮੀ ਹੋ ਗਏ ਸਨ। ਮਾਈ ਭਾਗੋ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਸਨ ਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ। ਉਨ੍ਹਾਂ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਦੇ ਕੋਲ ਲਗਪਗ 10 ਕਿਲੋਮੀਟਰ 'ਤੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ। ਉਨ੍ਹਾਂ ਦੇ ਨਾਂਅ ਤੇ ਗੁਰਦੁਆਰਾ ਮਾਤਾ ਭਾਗ ਕੌਰ ਸ਼ੁਸ਼ੋਭਿਤ ਹੈ।
ਗੁਰਦੁਆਰਾ ਟਿੱਬੀ ਸਾਹਿਬ-ਇਹ ਗੁਰਦੁਆਰਾ ਸ਼ਹਿਰ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ। ਇਥੇ ਰੇਤਲਾ ਉਚਾ ਟਿੱਬਾ ਸੀ ਅਤੇ ਜੰਗਲ ਸੀ। ਇਥੋਂ ਦਸ਼ਮ ਪਿਤਾ ਜੀ ਮੁਗਲ ਸੈਨਾ, ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹਿੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਤੇ ਖਿਦਰਾਣੇ ਦੇ ਅਸਥਾਨ ਤੇ ਚਾਲੀ ਮੁਕਤਿਆਂ ਨਾਲ ਲੜ ਰਹੀ ਸੀ ਤਾਂ ਗੁਰੂ ਜੀ ਉਚੀ ਟਿੱਬੀ ਤੋਂ ਤੀਰ ਚਲਾਉਂਦੇ ਰਹੇ। ਇਥੇ ਗੁਰਦੁਆਰਾ ਟਿੱਬੀ ਸਾਹਿਬ ਸ਼ੁਸ਼ੋਭਿਤ ਹੈ।
ਗੁਰਦੁਆਰਾ ਦਾਤਣਸਰ ਸਾਹਿਬ-ਇਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਹੈ। ਗੁਰੂ ਜੀ ਇਸ ਸਥਾਨ 'ਤੇ ਦਾਤਣ ਕੁਰਲਾ ਕਰਿਆ ਕਰਦੇ ਸਨ। ਇਕ ਦਿਨ ਗੁਰੂ ਜੀ ਦਾਤਨ ਕਰ ਰਹੇ ਸਨ ਕਿ ਅਜਿਹੀ ਘਟਨਾ ਵਾਪਰੀ ਕਿ ਇਕ ਗ਼ਦਾਰ ਮੁਸਲਮਾਨ ਨੂਰ ਦੀਨ ਜੋ ਕਿ ਨਿਹੰਗ ਸਿੰਘ ਦੇ ਭੇਸ ਵਿਚ ਸੀ, ਪਿਛਲੇ ਪਾਸਿਓਂ ਦੀ ਹੋ ਕੇ ਗੁਰੂ ਜੀ 'ਤੇ ਤਲਵਾਰ ਚਲਾ ਦਿੱਤੀ। ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਲਿਆ ਤੇ ਪਾਣੀ ਵਾਲਾ ਗੜਵਾ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਸਦਾ ਕੌਡਾ ਉਥੇ ਹੀ ਚਿੱਤ ਕਰ ਦਿੱਤਾ। ਇਥੇ ਗੁਰਦੁਆਰਾ ਦਾਤਣਸਰ ਸਾਹਿਬ ਮੌਜੂਦ ਹੈ।
ਗੁਰਦੁਆਰਾ ਰਕਾਬਸਰ ਸਾਹਿਬ -ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ। ਇੱਥੋਂ ਦਸਮੇਸ਼ ਪਿਤਾ ਜੀ ਖ਼ਿਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਲਈ ਘੋੜੇ ਤੇ ਚੜ੍ਹਨ ਲੱਗੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇੱਥੇ ਮੌਜੂਦ ਹੈ। ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ।
ਮੀਨਾਰ-ਏ-ਮੁਕਤੇ : ਮਿੰਨੀ ਸਕੱਤਰੇਤ ਦੇ ਨੇੜੇ ਚਾਲੀ ਮੁਕਤਿਆਂ ਦੀ ਯਾਦਗਾਰ ਮੀਨਾਰ-ਏ-ਮੁਕਤੇ 4 ਮਈ 2006 ਵਿਚ ਤਿਆਰ ਕੀਤੀ ਗਈ ਹੈ। ਜਿਸ ਵਿਚ 80 ਫੁੱਟ ਉਚਾ ਵਿਲੱਖਣ ਖੰਡਾ ਤਿਆਰ ਕੀਤਾ ਗਿਆ ਹੈ, ਜਿਸ ਤੇ ਚਾਲੀ ਮੁਕਤਿਆਂ ਨੂੰ ਸਮਰਪਿਤ ਚਾਲੀ ਗੋਲ ਚੱਕਰ ਹਨ ਤੇ ਯਾਦਗਾਰ ਤੇ ਚਾਲੀ ਮੁਕਤਿਆਂ ਦੇ ਨਾਂਅ ਅੰਕਿਤ ਹਨ। ਇਸ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ 'ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਂਅ 'ਤੇ ਯਾਦਗਾਰੀ ਗੇਟ ਉਸਾਰੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਇਨ੍ਹਾਂ ਅਮਰ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਦੀ ਬਦੌਲਤ ਦਸ਼ਮ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਮੁਕਤੀ ਦਾ ਸਰ (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ। ਜਿਸ ਵਿਚ ਰਾਗੀ-ਢਾਡੀ ਤੇ ਵਿਦਵਾਨ ਸੱਜਣ ਗੁਰੂ ਜਸ ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰਨਗੇ। 14 ਜਨਵਰੀ 2020 (1 ਮਾਘ) ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ਮਾਘੀ ਵਾਲੇ ਦਿਨ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ। ਇਸ ਦਿਨ ਹੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। 15 ਜਨਵਰੀ ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋ ਕੇ ਸ੍ਰੀ ਟਿੱਬੀ ਸਾਹਿਬ ਪੁੱਜੇਗਾ ਅਤੇ ਇੱਥੋਂ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ। ਨਿਹੰਗ ਸਿੰਘ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੌਹਰ ਸੰਗਤਾਂ ਨੂੰ ਵਿਖਾਉਣਗੇ। ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ਤੇ ਜਗ੍ਹਾਂ-ਜਗ੍ਹਾਂ ਗੁਰੂ ਕੇ ਲੰਗਰ ਅਤੁੱਟ ਵਰਤਣਗੇ। 14 ਜਨਵਰੀ ਦੀ ਰਾਤ ਨੂੰ ਦੀਪਮਾਲਾ ਹੋਵੇਗੀ। ਇਸ ਸ਼ਹੀਦੀ ਜੋੜ ਮੇਲੇ ਵਿਚ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ।


-ਰ.ਸ. ਢਿੱਲੋਂ

'ਬਸੰਤ ਰੁੱਤ' ਦਾ ਸ਼੍ਰੋਮਣੀ ਰਾਗ 'ਰਾਗੁ ਬਸੰਤੁ'

ਮਹਾਨ ਭਾਰਤ ਦੇਸ਼ ਵਿਚ ਹਰ ਸਾਲ ਆਉਂਦੀਆਂ 6 ਰੁੱਤਾਂ 'ਚ ਕ੍ਰਮਵਾਰ ਬਸੰਤ, ਗ੍ਰੀਖਮ, ਪਾਵਸ, ਸਰਦ, ਹਿਮ ਤੇ ਸ਼ਸ਼ਿਰ ਰੁੱਤਾਂ ਦਾ ਬਾਕਾਇਦਾ ਜ਼ਿਕਰ ਕਰਦਿਆਂ 'ਬਸੰਤ ਰੁੱਤ' ਦੌਰਾਨ 'ਰਾਗੁ ਬਸੰਤੁ' ਦੇ ਗਾਇਨ-ਵਾਦਨ ਦਾ ਹੋਣਾ ਵਿਰਾਸਤੀ ਤੌਰ 'ਤੇ ਲਾਜ਼ਮੀ ਮੰਨਿਆ ਜਾਂਦਾ ਹੈ। ਦਰਅਸਲ ਜਦੋਂ ਸੰਗੀਤ ਖੇਤਰ ਦੇ ਖੋਜੀ ਵਿਦਵਾਨਾਂ 'ਚ ਰਾਗੁ ਬਸੰਤੁ ਦੀ ਮਹੱਤਤਾ 'ਤੇ ਬਹੁਪੱਖੀ ਵਿਚਾਰਾਂ ਚਲਦੀਆਂ ਹਨ ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਤਰਤੀਬ ਅਨੁਸਾਰ 31 ਮੁੱਖ ਰਾਗਾਂ 'ਚੋਂ 25ਵੇਂ ਸਥਾਨ ਦੀ ਮਹਾਨ ਬਖਸ਼ਿਸ਼ ਨੂੰ ਪ੍ਰਾਪਤ ਹੋਣ ਸਦਕਾ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਹਰ ਸਾਲ ਉਚੇਚੇ ਤੌਰ 'ਤੇ ਪੋਹ ਮਹੀਨੇ ਦੀ ਅਖੀਰਲੀ ਰਾਤ ਤੋਂ ਆਰੰਭ ਹੋ ਕੇ ਹੋਲਾ ਮਹੱਲਾ ਦੇ ਦਿਹਾੜੇ ਦੀ 'ਆਸਾ ਕੀ ਵਾਰ' ਕੀਰਤਨ ਚੌਂਕੀ ਤੱਕ 'ਰਾਗੁ ਬਸੰਤੁ' ਵਿਚ ਪਹਿਲਾਂ ਸ਼ਬਦ ਉਪਰੰਤ 'ਬਸੰਤ ਕੀ ਵਾਰ' ਦਾ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤੇ ਜਾਣ ਕਰਕੇ ਵੀ ਬਸੰਤ ਰਾਗ ਨੂੰ ਇਕ ਪ੍ਰਸਿੱਧ, ਸ਼੍ਰੋਮਣੀ ਤੇ ਵਿਰਾਸਤੀ ਰਾਗ ਵਜੋਂ ਸਤਿਕਾਰਿਆ ਜਾਂਦਾ ਹੈ। ਪ੍ਰਿੰਸੀਪਲ ਦਿਆਲ ਸਿੰਘ ਲਿਖਦੇ ਹਨ, 'ਬਸੰਤ ਬਹੁਤ ਪ੍ਰਸਿੱਧ ਤੇ ਪੁਰਾਤਨ ਰਾਗ ਹੈ। ਪਰ ਇਸ ਦੇ ਸਰੂਪ ਸਬੰਧੀ ਪ੍ਰਾਚੀਨ ਤੇ ਆਧੁਨਿਕ ਸੰਗੀਤ ਗ੍ਰੰਥਾਂ ਵਿਚ ਮਤਭੇਦ ਪਾਏ ਹਨ।' ਅਹਿਮ ਗੱਲ ਇਹ ਵੀ ਹੈ ਕਿ ਰਾਗੁ ਬਸੰਤੁ ਦੇ 4 ਵੱਖਰੇ-ਵੱਖਰੇ ਸੁਰਾਤਮਕ ਸਰੂਪ ਹੋਂਦ 'ਚ ਹਨ, ਜਿਨ੍ਹਾਂ 'ਚ (1) ਪੂਰਵੀ ਥਾਟ ਦਾ ਬਸੰਤ, (2) ਬਿਲਾਵਲ ਥਾਟ ਦਾ ਬਸੰਤ ਭਾਵ ਸ਼ੁੱਧ ਸੁਰਾਂ ਵਾਲਾ, (3) ਮਾਰਵਾ ਥਾਟ ਦਾ ਬਸੰਤ, (4) ਕਲਿਆਨ ਥਾਟ ਦਾ ਭਾਵ ਪੁਰਾਤਨ ਬਸੰਤ ਦੀ ਹੋਂਦ ਮੰਨੀ ਜਾਂਦੀ ਹੈ।
ਪੀਲੇ ਰੰਗ ਨਾਲ ਸਬੰਧਿਤ ਇਸ ਮਨਮੋਹਣੇ ਰਾਗ ਦੇ ਨਾਂਅ ਦੀ ਸਮਾਨਤਾ ਜਿਥੇ ਬਸੰਤ ਰੁੱਤ ਨਾਲ ਮੁੱਖ ਤੌਰ 'ਤੇ ਪ੍ਰਵਾਨ ਕੀਤੀ ਜਾਂਦੀ ਹੈ, ਉਥੇ ਹਿੰਦੁਸਤਾਨੀ ਤਾਲ ਵਾਦਨ ਦੀ ਪਰੰਪਰਾ 'ਚ 'ਬਸੰਤ ਤਾਲ' (9 ਮਾਤਰਾ ਵਾਲੀ) ਧਰੁੱਵਪਦ ਗਾਇਕੀ ਦੀ ਪਖਾਵਜ ਦੀ ਤਾਲ ਹੈ, ਜਿਸ ਦੀ ਵਿਸ਼ੇਸ਼ਤਾ ਹਰੇਕ ਮਾਤਰਾ (ਸੰਖਿਆ) ਤੋਂ ਬਾਅਦ ਵਿਭਾਗ ਦੀ ਵੰਡ ਕੀਤੀ ਜਾਂਦੀ ਹੈ। ਖੇਤਾਂ 'ਚ ਹਰਿਆਲੀ ਆਉਣ ਨਾਲ ਜ਼ਿੰਦਗੀ 'ਚ ਇਕ ਨਵੀਂ ਖੁਸ਼ੀ ਦੀ ਬਹਾਰ ਤੇ ਕੁਦਰਤੀ ਤੌਰ 'ਤੇ ਮੌਸਮੀ ਬਦਲਾਅ ਭਾਵ ਠੰਢ ਦੇ ਜਾਣ ਦੇ ਸੰਕੇਤ 'ਆਈ ਬਸੰਤ ਪਾਲਾ ਉਡੰਤ' ਆਖ ਕੇ ਜਦੋਂ ਯਾਦ ਕੀਤਾ ਜਾਂਦਾ ਹੈ ਤਾਂ ਸਾਹਿਤਕ ਪੱਖ ਤੋਂ ਬਸੰਤ ਰਾਗ ਦੇ ਗਾਇਨ ਸਮੇਂ 'ਬਸੰਤ ਰੁੱਤ' ਦਾ ਵਰਨਣ ਹੀ ਸੁਣਿਆ ਜਾਂਦਾ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਸੰਤ ਸਬੰਧੀ ਇਸ ਤਰ੍ਹਾਂ ਕਿਰਪਾ ਕਰਦੇ ਹਨ-
ਬਸੰਤੁ ਚੜਿਆ ਫੂਲੀ ਬਨਰਾਇ॥
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥ ੧॥
ਪ੍ਰਸਿੱਧ ਵਿਦਵਾਨ ਪ੍ਰਿੰ: ਸਤਿਬੀਰ ਸਿੰਘ ਆਪਣੇ ਇਕ ਲੇਖ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਾਂ ਦੀ ਤਰਤੀਬ' 'ਚ ਇਸ ਰਾਗ ਸਬੰਧੀ ਲਿਖਦੇ ਹਨ, 'ਸਦਾ ਸਦਾ ਮੁਬਾਰਕਾਂ ਹਨ ਕਿਉਂ ਕਿ ਕਰਮ ਦਾ ਪੇਡ ਪੱਕਾ ਹੋ ਗਿਆ ਹੈ, ਸਾਖਾਂ ਹਰੀਆਂ ਆ ਗਈਆਂ ਹਨ।' ਇਸੇ ਤਰ੍ਹਾਂ ਆਪ ਜੀ ਬਸੰਤ ਕੀ ਵਾਰ ਸਬੰਧੀ ਵੀ ਆਪਣੀ ਸ਼ਰਧਾ ਇਸ ਤਰ੍ਹਾਂ ਪ੍ਰਗਟ ਕਰਦੇ ਹਨ, 'ਜਿਸ ਬਸੰਤ ਕੀ ਵਾਰ ਗਾ ਲਈ ਉਹ ਸਦਾ ਉਮਾਰ ਵਿਚ ਰਹਿੰਦਾ ਹੈ।' ਇਸੇ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਪੰਨਾ 715 'ਤੇ ਲਿਖਦੇ ਹਨ, 'ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿਚ ਹੋਇਆ ਕਰਦੀ ਹੈ।' ਇਸ ਤੋਂ ਇਲਾਵਾ ਪ੍ਰੋ: ਤਾਰਾ ਸਿੰਘ ਆਪਣੀ ਇਕ ਪੁਸਤਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ' ਦੇ ਪੰਨਾ 266 'ਤੇ ਇਸ ਤਰ੍ਹਾਂ ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੀ ਮਹਾਨ ਰਚਨਾ ਦਾ ਪ੍ਰਮਾਣ ਦਿੰਦੇ ਹਨ, 'ਬਹੋਸ਼ ਬਾਸ਼ ਕਿ ਹੰਗਾਮਿ ਨੌਬਹਾਰ ਆਮਦ ਬਹਾਰ ਆਮਦੋ ਯਾਰ ਆਮਦੋ ਕਿਰਾਰ ਆਮਦ' ਭਾਵ ਐ ਇਨਸਾਨ ਹੋਸ਼ ਸੰਭਾਲ, ਬਸੰਤ ਦੀ ਰੁੱਤ ਆਈ ਹੈ। ਬਸੰਤ ਦੀ ਰੁੱਤ ਆਈ ਤੇ ਮਿੱਤਰ ਆਇਆ ਸਾਡੇ ਮਨ ਨੂੰ ਚੈਨ ਆਈ।
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1168 ਤੋਂ ਆਰੰਭ ਹੋ ਕੇ ਅੰਗ 1196 ਤੱਕ ਦਰਜ ਰਾਗੁ ਬਸੰਤੁ ਵਿਚ ਦਰਜ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 13, ਸ੍ਰੀ ਗੁਰੂ ਅਮਰਦਾਸ ਜੀ ਦੇ 19, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 2 ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 20 ਸ਼ਬਦ ਦਰਜ ਹਨ ਜਦ ਕਿ 'ਰਾਗੁ ਬਸੰਤੁ ਹਿੰਡੋਲੁ' ਵਿਚ ਪਹਿਲੇ ਪਾਤਸ਼ਾਹ ਜੀ ਦੇ 5, ਤੀਜੇ ਪਾਤਸ਼ਾਹ ਜੀ ਦਾ ਇਕ, ਚੌਥੇ ਪਾਤਸ਼ਾਹ ਦੇ 6, ਪੰਜਵੇਂ ਪਾਤਸ਼ਾਹ ਦੇ 3 ਅਤੇ 5 ਸ਼ਬਦ ਨੌਵੇਂ ਮਹਾਰਾਜ ਜੀ ਦੇ ਦਰਜ ਹਨ। ਅੰਗ 1193 'ਤੇ 'ਬਸੰਤ ਕੀ ਵਾਰ ਮਹਲੁ ੫' ਦਰਜ ਹੈ, ਜਿਸ ਦੀਆਂ ਤਿੰਨ ਪਉੜੀਆਂ ਹਨ। ਅੰਗ 1193 ਤੋਂ 1196 ਤੱਕ ਭਗਤ ਬਾਣੀ ਦਰਜ ਹੈ, ਜਿਸ ਵਿਚ ਭਗਤ ਕਬੀਰ ਜੀ ਦੇ 7, ਭਗਤ ਰਾਮਨੰਦ ਜੀ ਦਾ ਇਕ, ਭਗਤ ਰਵਿਦਾਸ ਜੀ ਦਾ ਇਕ ਤੇ ਭਗਤ ਨਾਮਦੇਉ ਜੀ ਦੇ 3 ਸ਼ਬਦ ਹਨ, ਜਦ ਕਿ 'ਰਾਗੁ ਬਸੰਤੁ ਹਿੰਡੋਲੁ' ਵਿਚ ਭਗਤ ਕਬੀਰ ਜੀ ਦਾ ਇਕ ਸ਼ਬਦ ਦਰਜ ਹੈ।
ਕੀਰਤਨ ਚੌਕੀ ਦੀ ਆਰੰਭਤਾ ਸਮੇਂ ਰਾਗੀ ਸਿੰਘਾਂ ਵਲੋਂ ਸਾਜ਼ ਸੁਰ ਕਰਨ ਉਪਰੰਤ ਬਹੁਤ ਹੀ ਸਹਿਜ ਸੁਰਾਂ 'ਚ ਤਾਲਬੱਧ ਮੰਗਲਾਚਰਨ (ਇਕ ਤਾਲ 'ਚ ਬਿਲੰਵਤ ਲੈਅ 'ਚ) ਦਾ ਗਾਇਨ ਕਰਨ ਉਪਰੰਤ ਸ਼ਬਦ ਦਾ ਆਰੰਭ ਤਿੰਨ ਤਾਲ, ਰੂਪਕ ਤਾਲ, ਝੱਪ ਤਾਲ ਜਾਂ ਇਕ ਤਾਲ 'ਚ (ਮੱਧ ਲੈਅ 'ਚ) ਕਰ ਦਿੱਤਾ ਜਾਂਦਾ ਹੈ। ਫਿਰ ਸਥਾਈ ਦਾ ਗਾਇਨ ਕਰ ਕੇ ਸਹਾਇਕ ਤੇ ਜਥੇਦਾਰ ਰਾਗੀ ਸਿੰਘ ਦੋਵੇਂ ਵਾਰੀ-ਵਾਰੀ ਛੋਟੇ-ਛੋਟੇ ਆਲਾਪ, ਬੋਲ ਆਲਾਪ, ਆਕਾਰ 'ਚ ਤਾਨਾਂ ਅਤੇ ਬੋਲਤਾਨਾਂ ਆਦਿ ਦਾ ਪ੍ਰਯੋਗ ਬਾਕਾਇਦਾ ਲੈਅਕਾਰੀ ਨਾਲ ਬਹੁਤ ਸੁੰਦਰ ਤੇ ਪ੍ਰਭਾਵਸ਼ੀਲ ਕਲਾ ਨਾਲ ਕਰਦੇ ਹਨ। ਜਦੋਂ ਦੋਵੇਂ ਰਾਗੀ ਸਿੰਘ ਸ਼ਬਦ ਦੀ ਸਥਾਈ ਦਾ ਗਾਇਨ ਕਰ ਰਹੇ ਹੁੰਦੇ ਹਨ ਤਾਂ ਜੋੜੀ ਵਾਲਾ ਗੁਰਸਿੱਖ ਵੀਰ ਛੋਟੇ-ਛੋਟੇ ਮੁਖੜੇ, ਮੋਹਰੇ, ਪਰਨਾ ਤੇ ਚੱਕਰਦਾਰ ਟੁਕੜਿਆਂ ਆਦਿ ਦਾ ਬਾਖੂਬੀ ਵਾਦਨ ਕਰਦਾ ਹੈ। ਇਸੇ ਤਰ੍ਹਾਂ ਤੰਤੀ ਸਾਜ਼ ਵਾਲਾ ਸਿੰਘ ਵੀ ਜਿਥੇ ਬਹੁਤ ਸ਼ਰਧਾ ਨਾਲ ਸੰਗਤੀ ਕਰਦਾ ਹੈ, ਉਥੇ ਦੋਵੇਂ ਰਾਗੀ ਸਿੰਘਾਂ ਵਲੋਂ ਸ਼ਬਦ ਦੇ ਅੰਤਰਿਆਂ 'ਚ ਤਾਨਾਂ, ਅਲਾਪਾਂ ਤੇ ਤਿਹਾਈਆਂ ਆਦਿ ਦਾ ਕਲਾਤਮਕ ਪੱਖੋਂ ਬਹੁਤ ਸੁੰਦਰ ਪ੍ਰਯੋਗ ਕਰ ਕੇ ਲੈਅ ਨੂੰ ਥੋੜ੍ਹਾ ਵਧਾ ਕੇ ਸ਼ਬਦ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ। ਫਿਰ ਇਕ ਰਾਗੀ ਸਿੰਘ 'ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ॥' ਦਾ ਗਾਇਨ ਤਾਲ ਰਹਿਤ ਕਰਨ ਉਪਰੰਤ ਬਸੰਤ ਕੀ ਵਾਰ ਦੀ ਪਹਿਲੀ ਪਉੜੀ ਦਾ ਗਾਇਨ ਪਹਿਲਾਂ ਸਮੂਹਿਕ ਰੂਪ ਵਿਚ ਤਾਲ ਸਹਿਤ ਗਾਇਨ ਕਰ ਕੇ ਦੁਬਾਰਾ ਸਹਾਇਕ ਇਸੇ ਪਉੜੀ ਨੂੰ ਤਾਲ ਰਹਿਤ ਗਾਇਨ ਕਰਦਾ ਹੈ। ਇਸੇ ਤਰ੍ਹਾਂ ਨਾਲ ਹੀ ਜਥੇਦਾਰ ਰਾਗੀ ਸਿੰਘ 'ਸਲੋਕੁ॥ ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ॥' ਦਾ ਗਾਇਨ ਤਾਲ ਰਹਿਤ ਕਰਨ ਉਪਰੰਤ ਬਸੰਤ ਕੀ ਵਾਰ ਦੀ ਦੂਜੀ ਪਉੜੀ ਦਾ ਗਾਇਨ ਪਹਿਲਾਂ ਸਮੂਹਿਕ ਵਿਚ ਤਾਲ ਸਹਿਤ (ਪਉੜੀ ਤਾਲ 'ਚ) ਗਾਇਨ ਕਰਨ ਤੋਂ ਬਾਅਦ ਸਹਾਇਕ ਦੁਬਾਰਾ ਫਿਰ ਇਸੇ ਪਉੜੀ ਦਾ ਗਾਇਨ ਤਾਲ ਰਹਿਤ ਕਰਦਾ ਹੈ।
ਹਰ ਕੀਰਤਨ ਚੌਕੀ ਦੀ ਸਮਾਪਤੀ ਸਮੇਂ ਸਹਾਇਕ ਰਾਗੀ ਸਿੰਘ ਪਹਿਲੇ ਪਾਤਸ਼ਾਹ ਜੀ ਦਾ ਰਚਿਤ ਸਲੋਕ 'ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥' (ਅੰਗ 1089) ਦਾ ਗਾਇਨ ਤਾਲ ਰਹਿਤ ਕਰਨ ਉਪਰੰਤ ਰਾਗੀ ਜਥਾ ਸਮੂਹਿਕ ਤੌਰ 'ਤੇ ਬਸੰਤ ਕੀ ਵਾਰ ਦੀ ਤੀਜੀ ਪਉੜੀ ਦਾ ਗਾਇਨ ਤਾਲ ਸਹਿਤ ਕਰਦਾ ਹੈ ਤੇ ਫਿਰ ਸਹਾਇਕ ਰਾਗੀ ਸਿੰਘ ਦੁਬਾਰਾ ਤਾਲ ਰਹਿਤ ਕਰਨ ਉਪਰੰਤ ਸ੍ਰੀ 'ਜਪੁ' ਜੀ ਸਾਹਿਬ ਦਾ ਸਲੋਕੁ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਦਾ ਗਾਇਨ ਵੀ ਬਸੰਤ ਰਾਗ ਦੀਆਂ ਸੁਰਾਵਲੀਆਂ 'ਚ ਕਰ ਕੇ ਚੌਕੀ ਦੀ ਸਮਾਪਤੀ ਲਈ ਫ਼ਤਹਿ ਬੁਲਾਈ ਜਾਂਦੀ ਹੈ। ਹੋਲਾ ਮਹੱਲਾ ਦੇ ਦਿਹਾੜੇ ਦੀ 'ਆਸਾ ਕੀ ਵਾਰ' ਕੀਰਤਨ ਚੌਕੀ 'ਚ ਉਚੇਚੇ ਤੌਰ 'ਤੇ ਅਰਦਾਸੀਆ ਸਿੰਘ ਬਸੰਤ ਰਾਗ ਦਾ ਸ਼ਬਦ ਗਾਇਨ ਦੀ ਸਮਾਪਤੀ ਲਈ ਅਰਦਾਸ ਬੇਨਤੀ ਕਰਦਾ ਹੈ। ਉਪਰੰਤ ਰੋਜ਼ਾਨਾ ਪ੍ਰਚੱਲਿਤ ਰਾਗਾਂ 'ਚ ਸ਼ਬਦ ਕੀਰਤਨ ਆਰੰਭ ਹੋ ਜਾਂਦਾ ਹੈ।


-ਪਿੰਡ ਤੇ ਡਾਕ: ਨਗਰ, ਤਹਿ: ਫਿਲੌਰ (ਜਲੰਧਰ)-144410. ਮੋਬਾ: 98789-24026

ਸ਼੍ਰੋਮਣੀ ਭਗਤ ਨਾਮਦੇਵ ਦੇ 670ਵੇਂ ਜੋਤੀ-ਜੋਤਿ ਪੁਰਬ 'ਤੇ ਵਿਸ਼ੇਸ਼

ਭਗਤ ਨਾਮਦੇਵ

ਪੰਜਾਬ ਦੇ ਇਲਾਕੇ ਮਾਝੇ ਦੀ ਧਰਤੀ 'ਤੇ ਪੁਰਾਤਨ ਪਿੰਡਾਂ ਵਿਚੋਂ ਇਕ ਪਿੰਡ ਘੁਮਾਣ ਹੈ। ਇਹ ਪਿੰਡ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ ਤੇ ਬਲਾਕ ਸ੍ਰੀ ਹਰਿਗੋਬਿੰਦਪੁਰ ਵਿਚ ਸਥਿਤ ਹੈ ਜੋ ਕਿ ਬਟਾਲਾ ਤੋਂ 30 ਕਿੱਲੋਮੀਟਰ ਅਤੇ ਸ੍ਰੀ ਹਰਿਗੋਬਿੰਦਪੁਰ ਤੋਂ 10 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ 14ਵੀਂ ਸਦੀ ਵਿਚ ਭਗਤ ਨਾਮਦੇਵ ਜੀ ਨੇ ਆਬਾਦ ਕੀਤਾ ਸੀ। ਪੂਰਨ ਦਾਸ ਦੀ ਜਨਮਸਾਖੀ ਅਨੁਸਾਰ ਕਿਸੇ ਸਮੇਂ ਮਾਲਵੇ ਦੇ ਇਲਾਕੇ ਦੇ ਪਿੰਡ ਘਰਾਚੋਂ ਦੇ ਘੁੰਮਣ ਗੋਤ ਦੇ ਲੋਕ ਕਾਲ ਦੀ ਮਾਰ ਕਰਕੇ ਇਸ ਥਾਂ 'ਤੇ ਆ ਕੇ ਭਗਤ ਨਾਮਦੇਵ ਜੀ ਕੋਲ ਠਹਿਰੇ। ਪਿੰਡ ਵਸਣ 'ਤੇ ਭਗਤ ਨਾਮਦੇਵ ਜੀ ਨੇ ਪਿੰਡ ਭੂਤਵਿੰਡ ਤੋਂ ਮਾਤਾ ਅੜੌਲੀ ਤੇ ਉਸ ਦੇ ਪੁੱਤਰ ਬੋਹੜਦਾਸ ਨੂੰ ਇਸੇ ਨਗਰ ਵਿਚ ਬੁਲਾ ਲਿਆ ਸੀ। ਘੁਮਾਣ ਤੋਂ ਹੀ ਬਾਬਾ ਬੋਹੜ ਦਾਸ ਜੀ ਦੀ ਜੰਞ ਪਿੰਡ ਮਰੜੀ ਕਲ੍ਹਾਂ ਵਿਖੇ ਵਿਆਹ ਲਈ ਗਈ ਸੀ, ਜਿਸ ਵਿਆਹ ਦੀ ਵਿਚੋਲਗੀ ਭਗਤ ਨਾਮਦੇਵ ਜੀ ਦੁਆਰਾ ਕੀਤੀ ਗਈ। ਭਗਤ ਨਾਮਦੇਵ ਜੀ ਇਸ ਨਗਰ ਤੇ ਇਸ ਦੇ ਆਲੇ-ਦੁਆਲੇ ਕੋਈ 18 ਸਾਲ ਇਕ ਪ੍ਰਮਾਤਮਾ ਦੀ ਬੰਦਗੀ ਦਾ ਪ੍ਰਚਾਰ ਕਰਦੇ ਰਹੇ। ਇਸ ਨਗਰ ਵਿਖੇ ਹੀ 2 ਮਾਘ 1350 ਈ: ਨੂੰ ਭਗਤ ਨਾਮਦੇਵ ਜੀ ਜੋਤੀ-ਜੋਤਿ ਸਮਾਏ ਸਨ।
ਘੁਮਾਣ ਵਿਚ ਭਗਤ ਨਾਮਦੇਵ ਜੀ ਨਾਲ ਸਬੰਧਿਤ ਤਿੰਨ ਸਥਾਨ ਹਨ। ਪਹਿਲਾ ਅਸਥਾਨ ਗੁਰਦੁਆਰਾ ਸ੍ਰੀ ਨਾਮਦੇਵ ਦਰਬਾਰ ਸਾਹਿਬ ਹੈ। ਦੂਜਾ ਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਹੈ ਅਤੇ ਤੀਜਾ ਸਥਾਨ ਗੁਰਦੁਆਰਾ ਭੰਡਾਰਾ ਸਾਹਿਬ ਹੈ। ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜੋਤੀ-ਜੋਤਿ ਪੁਰਬ ਮਨਾਉਣ ਲਈ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਘੁਮਾਣ ਤੇ ਗੁਰਦੁਆਰਾ ਨਾਮੇਆਣਾ ਸਾਹਿਬ ਕਮੇਟੀ ਭੱਟੀਵਾਲ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਵਿਸ਼ੇਸ਼ ਸਮਾਗਮ 12 ਜਨਵਰੀ ਤੋਂ 17 ਜਨਵਰੀ ਤੱਕ ਕਰਵਾਏ ਜਾ ਰਹੇ ਹਨ। 13 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਭਗਤ ਨਾਮਦੇਵ ਜੀ ਦੀ ਯਾਦ ਵਿਚ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ 15, 16, 17 ਜਨਵਰੀ ਨੂੰ ਘੁਮਾਣ 'ਚ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਹੈ।


-ਪੱਤਰਕਾਰ ਘੁਮਾਣ,
ਮੋਬਾਈਲ : 98725-76002.

ਸ਼ਬਦ ਵਿਚਾਰ

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥

ਬਾਰਹਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ॥
ਮਾਘਿ ਮਜਨੁ ਸੰਗਿ ਸਾਧੂਆ
ਧੂੜੀ ਕਰਿ ਇਸਨਾਨੁ॥
ਹਰਿ ਕਾ ਨਾਮੁ ਧਿਆਇ ਸੁਣਿ
ਸਭਨਾ ਨੋ ਕਰਿ ਦਾਨੁ॥
ਜਨਮ ਕਰਮ ਮਲੁ ਉਤਰੈ
ਮਨ ਤੇ ਜਾਇ ਗੁਮਾਨੁ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥
ਸਚੈ ਮਾਰਗਿ ਚਲਦਿਆ
ਉਸਤਤਿ ਕਰੇ ਜਹਾਨੁ॥
ਅਠਸਠਿ ਤੀਰਥ ਸਗਲ ਪੁੰਨ
ਜੀਅ ਦਇਆ ਪਰਵਾਨੁ॥
ਜਿਸ ਨੋ ਦੇਵੈ ਦਇਆ
ਕਰਿ ਸੋਈ ਪੁਰਖੁ ਸੁਜਾਨੁ॥
ਜਿਨਾ ਮਿਲਿਆ ਪ੍ਰਭੁ ਆਪਣਾ
ਨਾਨਕ ਤਿਨ ਕੁਰਬਾਨੁ॥
ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨੁ॥ ੧੨॥
(ਅੰਗ 135-36)
ਪਦ ਅਰਥ : ਮਜਨੁ-ਇਸ਼ਨਾਨ। ਧੂੜੀ-ਚਰਨ ਧੂੜੀ ਵਿਚ। ਦਾਨੁ-ਨਾਮ ਦਾ ਦਾਨ। ਜਨਮ ਕਰਮ ਮਲੁ-ਜਨਮ ਜਨਮੰਤਰਾਂ ਵਿਚ ਕੀਤੇ ਕਰਮਾਂ ਦੀ ਮੈਲ। ਗੁਮਾਨੁ-ਹਉਮੈ, ਹੰਕਾਰ। ਨ ਮੋਹੀਐ-ਮੋਹ ਨਹੀਂ ਸਕਦਾ, ਠੱਗ ਨਹੀਂ ਸਕਦਾ। ਬਿਨਸੈ-ਨਾਸ ਹੋ ਜਾਂਦਾ ਹੈ। ਸੁਆਨੁ-ਕੁੱਤਾ। ਉਸਤਤਿ-ਸੋਭਾ। ਸਗਲ-ਸਾਰੇ। ਦੇਵੈ-ਨਾਮ ਦਾ ਦਾਨ ਦੇਵੇ। ਦਇਆ ਕਰਿ-ਕਿਰਪਾ ਕਰ ਕੇ। ਸੋਈ-ਉਹੀ। ਸੁਜਾਨੁ-ਸਿਆਣਾ ਹੈ। ਸੁਚੇ-ਪਵਿੱਤਰ। ਕਾਢੀਅਹਿ-ਆਖੇ ਜਾਂਦੇ ਹਨ, ਕਹੇ ਜਾਂਦੇ ਹਨ।
ਜੇਕਰ ਬਾਰਹਮਾਹਾ ਮਾਝ ਦੀਆਂ ਅੰਤਲੀਆਂ ਤੁਕਾਂ ਨੂੰ ਮਨ ਵਿਚ ਵਸਾ ਕੇ ਮਾਘ ਮਹੀਨੇ 'ਤੇ ਵਿਚਾਰ ਕੀਤੀ ਜਾਵੇ ਤਾਂ ਮਾਘ ਮਹੀਨੇ ਦੇ ਅੰਤਰੀਵ ਭਾਵ ਨੂੰ ਸਮਝਣਾ ਬੜਾ ਸੁਖਾਲਾ ਹੋ ਜਾਂਦਾ ਹੈ। ਉਹ ਦੋ ਤੁਕਾਂ ਇਸ ਪ੍ਰਕਾਰ ਹਨ-
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥
(ਅੰਗ 136)
ਮਾਹ-ਮਹੀਨੇ। ਦਿਵਸ-ਦਿਨ। ਮੂਰਤ-ਮਹੂਰਤ।
ਭਾਵ ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਲਈ ਸਾਰੇ ਮਹੀਨੇ, ਦਿਨ, ਮਹੂਰਤ ਸਭ ਭਲੇ ਹਨ। ਦੂਜੀ ਤੁਕ ਵਿਚ ਪੰਚਮ ਗੁਰਦੇਵ ਪ੍ਰਭੂ ਅੱਗੇ ਅਰਜੋਈ ਕਰ ਰਹੇ ਹਨ ਕਿ ਹੇ ਪ੍ਰਭੂ, ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ ਅਤੇ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਰੱਖੋ।
ਪੁਰਾਣੇ ਸਮਿਆਂ ਤੋਂ ਭਾਰਤ ਵਿਚ ਇਹ ਰੀਤੀ-ਰਿਵਾਜ ਚੱਲਿਆ ਆ ਰਿਹਾ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਕੀਤੇ ਪਾਪ ਧੁਲ ਜਾਂਦੇ ਹਨ। ਇਸ ਕਰਕੇ ਪਹਿਲੀ ਮਾਘ ਨੂੰ ਤੀਰਥਾਂ ਵਿਸ਼ੇਸ਼ ਕਰਕੇ ਪਰਯਾਗ ਤੀਰਥ 'ਤੇ ਇਸ਼ਨਾਨ ਕਰਨ ਦਾ ਬੜਾ ਮਹਾਤਮ ਮੰਨਿਆ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਮੱਤ ਇਸ ਗੱਲ ਨਾਲ ਸਹਿਮਤ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਾਣੀ ਸਾਰੀ ਉਮਰ ਤਾਂ ਪਾਪ ਕਮਾਉਂਦਾ ਰਹੇ ਤੇ ਬਾਅਦ ਵਿਚ ਤੀਰਥਾਂ 'ਤੇ ਇਸ਼ਨਾਨ ਕਰ ਕੇ ਭੁੱਲ ਬਖਸ਼ਾ ਲਵੇ। ਰਾਗੁ ਸੂਹੀ ਕੀ ਵਾਰ ਮਹਲਾ ੩ ਦੀ ੧੨ ਪਉੜੀ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ ਕਿ ਜੇਕਰ ਮਨ ਵਿਚ ਖੋਟ ਹੈ ਅਤੇ ਸਰੀਰ ਵਿਕਾਰਾਂ ਨਾਲ ਭਰਿਆ ਹੋਇਆ ਹੈ ਤਾਂ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਤਾਂ ਲੱਥ ਜਾਂਦੀ ਹੈ ਪਰ ਮਨ ਵਿਚ ਹੰਕਾਰ ਟਿਕੇ ਰਹਿਣ ਦੇ ਕਾਰਨ ਸਗੋਂ ਦੂਣੀ ਮੈਲ ਚੜ੍ਹ ਜਾਂਦੀ ਹੈ। ਤੁੰਮੀ ਦੀ ਉਦਾਹਰਨ ਦੇ ਕੇ ਆਪ ਜੀ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਤੁੰਮੀ ਨੂੰ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਜ਼ਹਿਰ (ਕੁੜੱਤਣ) ਉਸੇ ਤਰ੍ਹਾਂ ਕਾਇਮ ਰਹਿੰਦੀ ਹੈ-
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥
(ਅੰਗ 789)
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾਚੋਰ॥੨॥
(ਅੰਗ 789)
ਤਨਿ ਚੋਰ-ਸਰੀਰ ਵਿਕਾਰ ਨਾਲ ਭਰਿਆ ਹੋਇਆ ਹੈ। ਦੁਇ ਭਾ-ਦੂਣੀ ਮੈਲ। ਵਿਸੁ-ਜ਼ਹਿਰ। ਨਿਕੋਰ-ਨਿਰੋਲ, ਉਸੇ ਤਰ੍ਹਾਂ। ਅਣ-ਬਗੈਰ, ਬਿਨਾਂ।
ਸਾਧ ਜਨ ਭਾਵ ਭਲੇ ਪੁਰਖ ਤੀਰਥਾਂ 'ਤੇ ਇਸ਼ਨਾਨ ਕਰਨ ਤੋਂ ਬਿਨਾਂ ਹੀ ਭਲੇ ਹਨ ਅਰਥਾਤ ਚੰਗੇ ਹਨ ਪਰ ਚੋਰ ਤੀਰਥਾਂ 'ਤੇ ਇਸ਼ਨਾਨ ਕਰ ਕੇ ਵੀ ਚੋਰ ਹੀ ਰਹਿੰਦੇ ਹਨ-
ਇਸ ਲਈ ਹੇ ਭਾਈ, ਪਰਮਾਤਮਾ ਦਾ ਨਾਮ ਸਦਾ ਜਪਣਾ ਚਾਹੀਦਾ ਹੈ, ਜਿਸ ਨਾਲ ਕਾਮ, ਕ੍ਰੋਧ, ਹੰਕਾਰ ਆਦਿ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ ਅਤੇ ਇਕ ਪ੍ਰਭੂ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਗੁਰਵਾਕ ਹੈ-
ਹਰਿ ਕੋ ਨਾਮੁ ਜਪੀਐ ਨੀਤ॥
ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ॥੧॥ ਰਹਾਉ॥
(ਰਾਗੁ ਪ੍ਰਭਾਤੀ ਮਹਲਾ ੫, ਅੰਗ 1341)
ਨੀਤ-ਨਿਤ, ਸਦਾ। ਵਿਨਸੈ-ਨਾਸ ਹੋ ਜਾਂਦੇ ਹਨ।
ਪਰਮਾਤਮਾ ਧਰਮ ਦਾ ਨਿਆਂ ਕਰਦਾ ਹੈ। ਉਸ ਦਾ ਇਹ ਬਿਰਧ ਹੈ ਕਿ ਸੱਚੇ ਮਾਰਗ 'ਤੇ ਚੱਲਣ ਵਾਲੇ ਸਚਿਆਰਾਂ ਨੂੰ ਆਦਰ ਮਾਣ ਤੇ ਵਡਿਆਈ ਬਖ਼ਸ਼ਦਾ ਹੈ। ਸਿਰੀ ਰਾਮ ਕੀ ਵਾਰ ਮਹਲਾ ੪ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ :
ਸਚਿਆਰਾ ਦੇਇ ਵਡਿਆਈ
ਹਰਿ ਧਰਮ ਨਿਆਉ ਕੀਓਇ॥ (ਅੰਗ 89)
ਸਾਧੂ ਅਰਥਾਤ ਗੁਰਮੁੱਖਾਂ ਦੀ ਸੰਗਤ ਕਰਨ ਨਾਲ ਉਸ ਪ੍ਰਾਣੀ ਦਾ ਮਨ ਪਵਿੱਤਰ ਹੋ ਜਾਂਦਾ ਹੈ ਜਿਵੇਂ ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੁੰਦਾ ਹੈ :
ਸਾਧੂ ਸੰਗਤਿ ਨਿਰਮਲਾ
ਅਠਸਠਿ ਮਜਨਾਗਾ॥ (ਅੰਗ 965)
ਨਿਰਮਲਾ-ਪਵਿੱਤਰ ਹੋ ਜਾਂਦਾ ਹੈ। ਅਠਸਤਿ-ਅਠਾਹਠ। ਮਜਨਾਮ-ਇਸ਼ਨਾਨ ਕਰਨ ਨਾਲ।
ਅਜਿਹਾ ਸਾਧਕ ਭਾਗਾਂ ਵਾਲਾ ਹੈ ਜਿਸ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ :
ਜਿਸੁ ਪ੍ਰਭੁ ਮਿਲਿਆ ਆਪਣਾ
ਸੋ ਪੁਰਖੁ ਸਭਾਗਾ॥ (ਅੰਗ 965)
ਸੋ-ਉਹ, ਅਜੇਹਾ। ਪੁਰਖ-ਸਾਧਕ। ਸੁਭਾਗਾ-ਭਾਗਾਂ ਵਾਲਾ।
ਪੰਚਮ ਗੁਰਦੇਵ ਅਜਿਹੇ ਸਾਧਕ ਤੋਂ ਸਦਕੇ ਜਾਂਦੇ ਹਨ ਜੋ ਐਨਾ ਵੱਡਭਾਗਾ ਹੈ :
ਨਾਨਕ ਤਿਸੁ ਬਲਿਹਾਰਣੈ
ਜਿਸੁ ਏਵਡ ਭਾਗਾ॥ (ਅੰਗ 965)
ਇਹ ਸਭ ਕੁਝ ਗੁਰੂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਹੁੰਦਾ ਹੈ। ਜਦੋਂ ਪੂਰਾ ਗੁਰੂ ਪ੍ਰਾਣੀ ਤੇ ਦਿਆਲ ਹੁੰਦਾ ਹੈ ਤਾਂ ਉਸ ਸਾਧਕ ਦੀ ਘਾਲ ਕਮਾਈ ਸਫ਼ਲ ਹੋ ਜਾਂਦੀ ਹੈ ਜਿਸ ਨਾਲ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਗੁਰਵਾਕ ਹੈ :
ਗੁਰ ਪੂਰੇ ਜਬ ਭਏ ਦਇਆਲ॥
ਦੁਖ ਬਿਨਸੇ ਪੂਰਨ ਭਈ ਘਾਲ॥
(ਰਾਗੁ ਸੂਹੀ ਮਹਲਾ ੫, ਅੰਗ 743)
ਬਿਨਸੇ-ਨਾਸ਼ ਹੋ ਜਾਂਦੇ ਹਨ।
ਮਾਘ ਮਹੀਨੇ ਦੇ ਅਖਰੀਂ ਅਰਥ : ਮਾਘ ਦੇ ਮਹੀਨੇ ਦੁਆਰਾ ਪੰਚਮ ਗੁਰਦੇਵ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਮਾਘ ਦੇ ਮਹੀਨੇ ਸਾਧੂਜਨਾਂ ਅਰਥਾਤ ਗੁਰਮੁਖਾਂ (ਭਲੇ ਪੁਰਖਾਂ) ਦੀ ਚਰਨ ਧੂੜੀ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ।
ਹੇ ਭਾਈ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਨਾਮ ਦੀ ਸਿਫ਼ਤ ਸਲਾਹ ਸੁਣ। ਫਿਰ ਇਸ ਨਾਮ ਦੀ ਦਾਤ ਨੂੰ ਦੂਜਿਆਂ ਵਿਚ ਵੰਡ ਅਤੇ ਦੂਜਿਆਂ ਨੂੰ ਨਾਮ ਸਿਮਰਨ ਲਈ ਪ੍ਰੇਰ।
ਇੰਜ ਜਨਮਾਂ ਜਨਮਾਤਰਾਂ ਤੋਂ ਤੇਰੇ ਮਨ 'ਤੇ ਲੱਗੀ ਹੋਈ ਮੈਲ ਲੱਥ ਜਾਵੇਗੀ ਅਤੇ ਮਨ ਅੰਦਰੋਂ ਹਊਮੈ ਅਥਵਾ ਹੰਕਾਰ ਜਾਂਦਾ ਰਹੇਗਾ;
ਫਿਰ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਮੋਹ ਵਿਚ ਨਹੀਂ ਫਸੀਦਾ ਅਤੇ ਅੰਦਰੋਂ ਲੋਭ ਰੂਪੀ ਕੁੱਤਾ ਵੀ ਨਾਸ਼ ਹੋ ਜਾਂਦਾ ਹੈ;
ਸੱਚ ਦੇ ਰਾਹ 'ਤੇ ਚੱਲਣ ਨਾਲ ਜਗਤ ਵਿਚ ਸੋਭਾ ਹੁੰਦੀ ਹੈ ਅਤੇ ਜੀਵਾਂ 'ਤੇ ਦਇਆ ਕਰਨ ਨਾਲ ਸਾਰੇ ਅਠਾਹਠ ਤੀਰਤਾਂ ਦਾ ਪੁੰਨ ਪ੍ਰਾਪਤ ਹੁੰਦਾ ਹੈ;
ਕਿਰਪਾ ਕਰਕੇ ਜਿਸ ਨੂੰ ਪਰਮਾਤਮਾ ਨਾਮ ਦੀ ਦਾਤ ਬਖ਼ਸ਼ਦਾ ਹੈ, ਉਸ ਨੂੰ ਸਿਆਣਾ ਮਨੁੱਖ ਸਮਝਿਆ ਜਾਂਦਾ ਹੈ;
ਜਿਨ੍ਹਾਂ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਪੰਜਵੀਂ ਨਾਨਕ ਜੋਤਿ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ;
ਮਾਘ ਦੇ ਮਹੀਨੇ ਵਿਚ ਅਜਿਹੇ ਮਨੁੱਖ ਸੁੱਚੇ ਅਰਥਾਤ ਪਵਿੱਤਰ ਆਖੇ (ਸਮਝੇ) ਜਾਂਦੇ ਹਨ ਜਿਨ੍ਹਾਂ 'ਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ।


-217 ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਆਪਣੇ-ਆਪ ਨੂੰ ਛੋਟਾ ਸਮਝਣਾ ਹੀ ਅਗਿਆਨਤਾ ਹੈ

ਇਸ ਸੰਸਾਰ ਵਿਚ ਸਾਰੇ ਸੁੱਖ ਦੀ ਖੋਜ ਕਰਦੇ ਹਨ ਪਰ ਕੁਝ ਲੋਕ ਇਸ ਖੋਜ ਵਿਚ ਉਨ੍ਹਾਂ ਵਸਤਾਂ ਪਿੱਛੇ ਲੱਗ ਤੁਰਦੇ ਹਨ, ਜੋ ਅਸਥਾਈ ਅਤੇ ਨਸ਼ਵਰ ਹੁੰਦੀਆਂ ਹਨ। ਇੰਦਰੀਆਂ ਨਾਲ ਕਿਸੇ ਨੂੰ ਸੱਚਾ ਸੁੱਖ ਪ੍ਰਾਪਤ ਨਹੀਂ ਹੁੰਦਾ। ਸੁੱਖ ਤਾਂ ਕੇਵਲ ਆਤਮਾ ਵਿਚ ਹੁੰਦਾ ਹੈ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਅਸਲ ਉਦੇਸ਼ ਤਾਂ ਆਤਮ-ਸੁੱਖ ਹੈ। ਇਕ ਹੋਰ ਵਿਸ਼ੇਸ਼ ਗੱਲ ਕਿ ਅਗਿਆਨਤਾ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਅਸਲ ਅਗਿਆਨਤਾ ਤਾਂ ਇਹ ਹੈ ਕਿ ਤੁਸੀਂ ਆਪਣੇ ਆਨੰਦ ਸਰੂਪ ਨੂੰ ਕਮਜ਼ੋਰ ਸਮਝ ਕੇ ਰੋਂਦੇ ਹੋ। ਹਰ ਤਰ੍ਹਾਂ ਦੀ ਅਗਿਆਨਤਾ ਦਾ ਆਧਾਰ ਤਾਂ ਇਹ ਹੈ ਕਿ ਅਸੀਂ ਪੂਰਨ ਸ਼ੁੱਧ ਅਵਿਨਾਸ਼ੀ ਹੁੰਦੇ ਹੋਏ ਵੀ ਸੋਚਦੇ ਹਾਂ ਕਿ ਅਸੀਂ ਛੋਟੇ ਜਿਹੇ ਮਨ ਅਤੇ ਛੋਟੀ ਜਿਹੀ ਕਾਇਆ ਹਾਂ। ਅਸਲ ਵਿਚ ਇਹ ਸੁਆਰਥੀਪਨ ਹੈ। ਗਿਆਨ ਪ੍ਰਾਪਤੀ ਦਾ ਅਸਲ ਲਾਭ ਇਹ ਹੈ ਕਿ ਮਨੁੱਖ ਜਾਤੀ ਦਾ ਛੋਟਾ ਜਿਹਾ ਅੰਸ਼ ਵੀ ਜੇ ਸੁਆਰਥ ਤਿਆਗ ਦੇਵੇ ਤਾਂ ਇਹ ਸੰਸਾਰ ਸਵਰਗ ਬਣ ਸਕਦਾ ਹੈ। ਹਰ ਤਰ੍ਹਾਂ ਦੇ ਭੌਤਿਕ ਪਦਾਰਥ ਅਤੇ ਭੌਤਿਕ ਗਿਆਨ ਦੀ ਤਰੱਕੀ ਨਾਲ ਇਹ ਸੰਭਵ ਨਹੀਂ ਹੋ ਸਕਦਾ। ਭੌਤਿਕ ਸੁੱਖ ਤਾਂ ਬਲਦੀ ਅੱਗ 'ਤੇ ਘਿਓ ਪਾਉਣ ਸਮਾਨ ਹਨ, ਜੋ ਅੱਗ ਨੂੰ ਹੋਰ ਤੇਜ਼ ਕਰਦਾ ਹੈ। ਇਸੇ ਤਰ੍ਹਾਂ ਭੌਤਿਕ ਸੁੱਖ ਕੇਵਲ ਭੌਤਿਕ ਪਦਾਰਥ ਵੱਲ ਨੂੰ ਖਿੱਚਦੇ ਹਨ। ਸੁਆਰਥੀ ਅਤੇ ਅਗਿਆਨੀ ਹੀ ਅਜਿਹਾ ਸੋਚਦੇ ਅਤੇ ਕਰਦੇ ਹਨ। ਆਤਮ-ਸੁੱਖ ਦੀ ਪ੍ਰਾਪਤੀ ਲਈ ਗਿਆਨ ਪ੍ਰਾਪਤ ਕਰੋ ਤੇ ਪਰਉਪਕਾਰ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

'ਨਾਨਕੁ ਸਾਇਰੁ ਏਵ ਕਹਤੁ ਹੈ'

ਸਤਿਗੁਰੂ ਨਾਨਕ-ਬਾਣੀ ਵਿਚ ਆਏ ਛੰਦ ਦੀ ਵਿਆਖਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ, ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਅਧਾਰਿਤ ਹੈ। ਇਸੇ ਕਰਕੇ 'ਟੇਕ' ਭਾਵ 'ਰਹਾਉ' ਦੀਆਂ ਤੁਕਾਂ ਦਾ ਵਜ਼ਨ ਬਾਕੀ ਸ਼ਬਦ ਨਾਲੋਂ ਵੱਖ ਹੈ। ਐਸੇ ਹੀ ਕਈ ਹੋਰ ਵੀ ਪਦ ਸੰਗੀਤ ਸਬੰਧਿਤ ਹਨ, ਜੋ ਛੰਦ ਦੀ ਚਾਲ ਵਿਚ ਸ਼ਾਮਿਲ ਨਹੀਂ ਹਨ। ਕਈ ਥਾਈਂ ਛੰਦਾਂ ਦੀਆਂ ਤੁਕਾਂ ਵੱਧ-ਘੱਟ ਹੋਣ ਪਿੱਛੇ ਵੀ ਉਪਰੋਕਤ ਕਾਰਨ ਹੀ ਹੈ। ਸੰਗੀਤ ਅਤੇ ਛੰਦ ਸ਼ਾਸਤਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ।
1. ਸਵੈਯਾ : ਅਤੀ ਰੌਚਕ ਅਤੇ ਪਿਆਰਾ ਜਿਹਾ ਮਨਮੋਹਕ ਛੰਦ 'ਸਵੈਯਾ', ਜਿਸ ਦੇ ਕਈ ਰੂਪ ਹਨ, ਜਿਨ੍ਹਾਂ ਵਿਚੋਂ ਇਕ ਰੂਪ ਹੈ 'ਬੀਰ' ਸਵੈਯਾ। ਸਵੈਯੇ ਵਿਚ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਵੈਯੇ ਦਾ 'ਬੀਰ ਰੂਪ' ਮਿਲਦਾ ਹੈ।
ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ॥ (ਰਾਗ ਗਉੜੀ 489)
2. ਸਰਸੀ ਛੰਦ : ਇਹ ਛੰਦ ਚਾਰ ਤੁਕਾਂ ਦਾ ਹੁੰਦਾ ਹੈ।
(ੳ) ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ॥ (ਆਸਾ ਜੀ ਵਾਰ, ਅੰਗ 465)
(ਅ) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਜਪੁ ਜੀ, ਅੰਗ 7)
3. ਸਲੋਕ : ਸਤਿਗੁਰੂ ਨਾਨਕ-ਬਾਣੀ ਵਿਚ ਸਲੋਕ ਦੇ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਲਿਖੇ ਗਏ ਹਨ।
(ੳ) ਹਾਕਲ : ਇਸ ਛੰਦ ਦੀਆਂ 4 ਤੁਕਾਂ ਹੰਦੀਆਂ ਹਨ। ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ (ਆਸਾ ਦੀ ਵਾਰ, ਅੰਗ 470)
(ਅ) ਚਉਪਈ : ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਸਲੋਕ ਸਿਰਲੇਖ ਹੇਠ ਇਹ ਛੰਦ ਵੀ ਲਿਖਿਆ ਗਿਆ ਹੈ। ਵਿਸਮਾਦੁ ਨਾਦ ਵਿਸਮਾਦੁ ਵੇਦ, ਵਿਸਮਾਦੁ ਜੀਅ ਵਿਸਮਾਦੁ ਭੇਦ॥ (ਵਾਰ ਆਸਾ, ਅੰਗ 463)
(ੲ) ਸਾਰ ਛੰਦ (ਵਿਖਮ ਪਦ) : ਸਲੋਕ ਸਿਰਲੇਖ ਹੇਠ ਇਹ ਛੰਦ ਵੀ ਆਇਆ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਜੇਤੇ ਜੀਅ ਫਿਰਹਿ ਅਉਧੂਤੀ ਆਪੇਭਿਖਿਆ ਪਾਵੈ॥ ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੈ॥ (ਰਾਗ ਸਾਰੰਗ, ਅੰਗ 1238)
(ਸ) ਉਲਾਲਾ : ਇਸ ਛੰਦ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਜੀ ਦੀ ਬਾਣੀ ਵਿਚ ਇਹ ਛੰਦ ਵੀ ਸਲੋਕ ਸਿਰਲੇਖ ਹੇਠ ਲਿਖਿਆ ਗਿਆ ਹੈ। ਸਿਦਕੁਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ॥ ਦਿਦਾਰੁ ਪੂਰੇ ਪਾਇਸਾ ਥਾਉ ਨਹੀ ਖਾਇਕਾ॥ (ਵਾਰ ਸ੍ਰੀਰਾਗ, ਅੰਗ 83)
4. ਅਸ਼ਟਪਦੀ : ਅਸ਼ਟਪਦੀ ਆਪਣੇ ਆਪ ਕੋਈ ਛੰਦ ਨਹੀਂ। ਜਿਸ ਸ਼ਬਦ ਵਿਚ ਅੱਠ ਪਦ ਹੋਣ ਉਸ ਨੂੰ ਅਸ਼ਟਪਦੀ ਕਿਹਾ ਜਾਂਦਾ ਹੈ। ਅਸ਼ਟਪਦੀ ਸਿਰਲੇਖ ਹੇਠ ਕਈ ਪ੍ਰਕਾਰ ਦੇ ਛੰਦ ਸਤਿਗੁਰੂ ਜੀ ਦੀ ਬਾਣੀ ਵਿਚ ਲਿਖੇ ਗਏ ਹਨ।
(ੳ) ਨਿਸ਼ਾਨੀ ਛੰਦ : ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਪੂਰੇ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ॥ ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ॥ ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ॥ ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ॥ (ਰਾਗ ਮਾਰੂ, ਅੰਗ 1012)
(ਅ) ਸਾਰ ਛੰਦ : ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਥਿਤਿ ਵਾਰ ਨਾ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥ (ਜਪੁਜੀ ਸਾਹਿਬ, ਅੰਗ 4)
(ੲ) ਚਉਪਈ : ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਇਹ ਛੰਦ ਅਸ਼ਟਪਦੀ ਸਿਰਲੇਖ ਹੇਠ ਵੀ ਲਿਖਿਆ ਗਿਆ ਹੈ। ਵਿਸਮਾਦੁ ਰੂਪ ਵਿਸਮਾਦੁ ਰੰਗ, ਵਿਸਮਾਦੁ ਨਾਗੇ ਫਿਰਹਿ ਜੰਤ॥ (ਆਸਾ ਜੀ ਵਾਰ, ਅੰਗ 463)
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


navtejsinghnamdhari@gmail.com

ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਵਰ੍ਹਾ

ਗ਼ਦਰੀਆਂ ਦਾ ਅਹਿਮ ਰੋਲ ਸੀ ਸ਼੍ਰੋਮਣੀ ਅਕਾਲੀ ਦਲ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੰਗਰੇਜ਼ ਅਧਿਕਾਰੀ ਅਕਾਲੀ ਲਹਿਰ ਵਿਚ ਪ੍ਰਵਾਸੀਆਂ ਦੀ ਸ਼ਮੂਲੀਅਤ ਅਤੇ ਲਹਿਰ ਦੀ ਕਾਰਜਸ਼ੈਲੀ ਨੂੰ ਆਧਾਰ ਬਣਾ ਕੇ ਇਸ ਨਤੀਜੇ ਉੱਤੇ ਪੁੱਜੇ ਸਨ ਕਿ 'ਬੱਬਰ ਅਕਾਲੀ ਲਹਿਰ ਦਾ ਨਿਕਾਸ ਗ਼ਦਰ ਸਾਜਿਸ਼, 1915 ਵਿਚੋਂ ਹੋਇਆ ਪ੍ਰਤੀਤ ਹੁੰਦਾ ਹੈ।' ਇਸ ਬਾਰੇ ਤਾਰ ਦੇ ਸ਼ਬਦ ਸਨ, 'ਗਰੋਹ ਦੇ ਕਈ ਮੈਂਬਰ ਵਿਦੇਸ਼ਾਂ ਤੋਂ ਪਰਤੇ ਪ੍ਰਵਾਸੀ ਹਨ ਅਤੇ 0.32 ਬੋਰ ਦੇ ਪਿਸਤੌਲ, ਮੌਜ਼ਰ ਪਿਸਤੌਲ ਅਤੇ ਸਾਈਕਲੋ ਸਟਾਈਲ ਕੀਤੇ ਪਰਚਿਆਂ ਦੀ ਵਰਤੋਂ ਅਜਿਹਾ ਤੱਥ ਹੈ, ਜੋ 1915 ਦੇ ਤੌਰ-ਤਰੀਕਿਆਂ ਨਾਲ ਮੇਲ ਖਾਂਦਾ ਹੈ।' ਵਿਦਵਾਨ ਮਹਿੰਦਰ ਸਿੰਘ ਨੇ ਆਪਣੀ ਪੁਸਤਕ 'ਦ ਅਕਾਲੀ ਮੂਵਮੈਂਟ' ਵਿਚ ਵੀ ਇਹੋ ਮਤ ਪ੍ਰਗਟਾਇਆ ਹੈ ਕਿ ਗ਼ਦਰੀਆਂ ਦੀਆਂ ਕਾਰਵਾਈਆਂ ਨੇ ਚਰਮਪੰਥੀ ਪੰਜਾਬੀਆਂ ਵਿਚ ਹਾਕਮ ਦੀ ਹੁਕਮ ਅਦੂਲੀ ਦੀ ਭਾਵਨਾ ਪੈਦਾ ਕੀਤੀ, ਜਿਸ ਨੇ ਪਿੱਛੋਂ ਅਕਾਲੀ ਸੰਘਰਸ਼ ਦੇ ਦੌਰਾਨ ਬੱਬਰ ਅਕਾਲੀ ਜਥੇ ਦਾ ਰੂਪ ਧਾਰਿਆ।
ਅੰਗਰੇਜ਼ ਸਰਕਾਰ ਦੁਆਰਾ ਕੀਤੀਆਂ ਸਖ਼ਤ ਪੇਸ਼ਬੰਦੀਆਂ ਕਾਰਨ ਦਰਜਨ ਕੁ ਬੱਬਰ ਅਕਾਲੀ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਅਤੇ ਬਹੁਤੇ ਗ੍ਰਿਫ਼ਤਾਰ ਕਰ ਲਏ ਗਏ। ਸਾਲ 1924 ਵਿਚ ਜਿਨ੍ਹਾਂ 91 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ, ਉਨ੍ਹਾਂ ਵਿਚ 8 ਵਿਦੇਸ਼ਾਂ ਤੋਂ ਪਰਤੇ ਪ੍ਰਵਾਸੀ ਸਨ। ਇਨ੍ਹਾਂ ਗ੍ਰਿਫ਼ਤਾਰੀਆਂ ਦੇ ਫਲਸਰੂਪ ਲਗਪਗ ਦੋ ਕੁ ਸਾਲ ਦੇ ਸਮੇਂ ਅੰਦਰ ਹੀ ਬੱਬਰ ਅਕਾਲੀ ਲਹਿਰ ਅੰਤਿਮ ਪੜਾਅ ਉੱਤੇ ਪੁੱਜ ਗਈ। ਪਰ ਇਉਂ ਹੋਣ ਦੇ ਬਾਵਜੂਦ ਅਕਾਲੀ ਲਹਿਰ ਵਿਚੋਂ ਗ਼ਦਰੀ ਸੋਚ ਖਾਰਜ ਨਹੀਂ ਹੋਈ। ਅਸਲ ਵਿਚ ਬੱਬਰ ਲਹਿਰ ਦੇ ਸਮਾਨੰਤਰ ਹੀ ਕੁਝ ਹੋਰ ਗ਼ਦਰੀ ਆਗੂ ਅੰਦਰਖਾਤੇ ਅਕਾਲੀ ਲਹਿਰ ਨਾਲ ਸੰਪਰਕ ਬਣਾਉਣ ਲੱਗੇ ਹੋਏ ਸਨ ਅਤੇ ਅਕਾਲੀ ਲਹਿਰ ਨੂੰ ਸਾਮਰਾਜ ਵਿਰੋਧੀ ਲੋਕ ਲਹਿਰ ਬਣਾਉਣ ਦੇ ਯਤਨਾਂ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਸੀ, ਜਦ ਅਕਾਲੀ ਜਥਿਆਂ ਦਾ ਕੇਂਦਰੀ ਸੰਗਠਨ ਬਣਨ ਦੀ ਗੱਲ ਅਮਰੀਕਾ ਵਿਚ ਪਹੁੰਚੀ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-3154, ਸੈਕਟਰ 71, ਮੋਹਾਲੀ-160071. ਮੋਬਾ: 094170-49417

ਧਾਰਮਿਕ ਸਾਹਿਤ

ਇਲਾਹੀ ਦਰਸ਼ਨ
ਹਰਵਿੰਦਰ ਸਿੰਘ ਖ਼ਾਲਸਾ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
ਪੰਨੇ : 271, ਮੁੱਲ : 100 ਰੁਪਏ
ਸੰਪਰਕ : 98155-33725


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਜਨਮ ਉਤਸਵ ਦੇ ਇਸ ਵਰ੍ਹੇ ਵਿਚ ਸਰਕਾਰਾਂ, ਯੂਨੀਵਰਸਿਟੀਆਂ ਤੇ ਵੱਖ-ਵੱਖ ਅਦਾਰੇ ਆਪੋ-ਆਪਣੇ ਢੰਗ ਨਾਲ ਸਰਗਰਮ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 1919 ਤੋਂ 1973 ਤੱਕ ਦੇ 54 ਸਾਲਾਂ ਵਿਚ ਆਧੁਨਿਕ ਕਵੀਆਂ ਦੁਆਰਾ ਲਿਖੀਆਂ 101 ਪ੍ਰਤੀਨਿਧ ਕਵਿਤਾਵਾਂ ਦਾ ਇਹ ਸੰਗ੍ਰਹਿ ਇਸ ਅਵਸਰ ਉੱਤੇ ਪ੍ਰਕਾਸ਼ਿਤ ਕੀਤਾ ਹੈ। ਅਸਲ ਵਿਚ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਦੀ ਪੰਜਵੀਂ ਜਨਮ ਸ਼ਤਾਬਦੀ ਵੇਲੇ ਅਤੇ ਉਸ ਦੇ ਆਸ-ਪਾਸ ਕਾਫ਼ੀ ਕਵੀ ਦਰਬਾਰ ਹੋਏ। ਕਈ ਕਾਵਿ-ਸੰਗ੍ਰਹਿ ਛਪੇ। ਉਨ੍ਹਾਂ ਵਿਚੋਂ 101 ਕਵਿਤਾਵਾਂ ਚੁਣ ਕੇ ਤਰਤੀਬ ਦੇਣ ਦੀ ਜ਼ਿੰਮੇਵਾਰੀ ਕਮੇਟੀ ਨੇ ਹਰਵਿੰਦਰ ਸਿੰਘ ਖ਼ਾਲਸਾ ਨੂੰ ਸੌਂਪੀ। ਉਸ ਨੇ ਇਹ ਕਾਰਜ ਥੋੜ੍ਹੇ ਜਿਹੇ ਸਮੇਂ ਵਿਚ ਮਿਹਨਤ ਨਾਲ ਪੂਰਾ ਕੀਤਾ ਹੈ। ਪੱਕੀ ਗੱਤੇ ਦੀ ਜਿਲਦ, ਵਧੀਆ ਕਾਗ਼ਜ਼ ਤੇ ਸੁੰਦਰ ਛਪਾਈ ਵਾਲੀ ਪੌਣੇ ਤਿੰਨ ਸੌ ਪੰਨੇ ਦੀ ਕਿਤਾਬ ਸਿਰਫ਼ ਸੌ ਰੁਪਏ ਵਿਚ ਇਕ ਵਧੀਆ ਤੋਹਫ਼ੇ ਤੋਂ ਘੱਟ ਨਹੀਂ।
ਸੰਪਾਦਕ ਨੇ ਇਹ ਕਵਿਤਾਵਾਂ ਜਨ ਸਾਹਿਤ, ਅੰਮ੍ਰਿਤ, ਮੌਜੀ, ਸੰਤ ਸਿਪਾਹੀ, ਗੁਰਮਤਿ ਪ੍ਰਕਾਸ਼, ਗੁਰਦੁਆਰਾ ਗਜ਼ਟ, ਖ਼ਾਲਸਾ ਸਮਾਚਾਰ, ਫੁਲਵਾੜੀ, ਖ਼ਾਲਸਾ ਐਡਵੋਕੇਟ, ਚੜ੍ਹਦੀ ਕਲਾ, ਪੰਜਾਬੀ ਪਰਵਾਨਾ ਵਰਗੇ ਪੱਤਰ-ਪੱਤ੍ਰਿਕਾਵਾਂ, ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ 1919 ਤੋਂ 1973 ਤੱਕ ਪ੍ਰਕਾਸ਼ਿਤ ਕਿਤਾਬਾਂ ਵਿਚੋਂ ਚੁਣੀਆਂ ਹਨ। ਪ੍ਰੋ: ਪੂਰਨ ਸਿੰਘ, ਕਾਰਨ ਸਿੰਘ ਸ਼ਹੀਦ, ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਮੋਹਨ ਸਿੰਘ ਵੈਦ, ਤੀਰੇ, ਸਾਬਰ, ਨਾਨਕ ਸਿੰਘ, ਚਾਤ੍ਰਿਕ, ਸਫ਼ੀਰ, ਸ਼ਿਵ, ਬਲੱਗਣ, ਸ਼ਰਫ਼, ਬਾਵਾ ਬਲਵੰਤ, ਰਾਮ ਨਰਾਇਣ ਸਿੰਘ ਦਰਦੀ, ਵੰਤਾ, ਆਵਾਰਾ, ਰਾਜਰਾਜ, ਚਰਨ ਸਿੰਘ ਸਫ਼ਰੀ, ਅਵਤਾਰ ਸਿੰਘ ਆਜ਼ਾਦ, ਪਿਆਰਾ ਸਿੰਘ ਕਿਰਛਲ, ਪ੍ਰੋ: ਮੋਹਨ ਸਿੰਘ, ਪਿਆਰਾ ਸਿੰਘ ਪਦਮ, ਸੁਖਪਾਲ ਵੀਰ ਹਸਰਤ ਜਹੇ ਕਵੀ ਇਸ ਕਿਤਾਬ ਵਿਚ ਹਨ। ਚਰਨ ਸਿੰਘ ਸ਼ਹੀਦ ਦੀਆਂ ਦੋ ਧੀਆਂ ਤੇ ਪਦਮ ਸਾਹਿਬ ਦੀ ਬੇਟੀ ਦੀਆਂ ਨਜ਼ਮਾਂ ਵੀ ਹਨ ਇਸ ਵਿਚ।
ਇਲਾਹੀ ਦਰਸ਼ਨ ਪੁਸਤਕ ਵਿਚਲੀ ਕਵਿਤਾ ਦਾ ਸੁਭਾਅ ਸਾਧਾਰਨ ਸ਼ਰਧਾਂਜਲੀ ਵਾਲਾ ਹੈ। ਸਾਖੀਆਂ ਨੂੰ ਕਾਵਿ ਰੂਪ ਵਿਚ ਪੇਸ਼ ਕਰਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ ਬਿਆਨ ਕਰਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣਗਾਣ ਦੀਆਂ ਜੁਗਤਾਂ ਬਹੁਤੇ ਕਵੀਆਂ ਨੇ ਵਰਤੀਆਂ ਹਨ। ਤੁਕਾਂਤ/ਲੈਅ ਪੱਖੋਂ ਕਈ ਕਵੀ ਸਿਖਾਂਦਰੂ/ਕਮਜ਼ੋਰ ਹਨ। ਕਲਾਤਮਕ ਪੱਧਰ ਉੱਤੇ ਸਫ਼ਲ ਕਵੀ ਉਹੀ ਹਨ ਜੋ ਪੰਜਾਬੀ ਕਵਿਤਾ ਦੇ ਸਥਾਪਿਤ ਹਸਤਾਖ਼ਰ ਹਨ। ਬਾਕੀ ਤਾਂ ਹਾਜ਼ਰੀ ਲਾਣ ਵਾਲੀ ਗੱਲ ਹੀ ਹੈ।


-ਡਾ: ਕੁਲਦੀਪ ਸਿੰਘ ਧੀਰ
ਸਾਬਕਾ ਪ੍ਰੋਫ਼ੈਸਰ ਅਤੇ ਡੀਨ ਅਕਾਦਮਿਕ ਮਾਮਲੇ ਪੰ. ਯੂ. ਪਟਿਆਲਾ।

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਨਿਰਮਲ ਆਸ਼ਰਮ ਸੰਤ ਬਾਬਾ ਮਹਾਂ ਸਿੰਘ ਬੱਸੀਆਂ

ਇਤਿਹਾਸ ਦੀਆਂ ਯਾਦਾਂ ਦੇ ਕਲਾਵੇ 'ਚ ਬਹੁਤ ਕੁਝ ਸਮੋਈ ਬੈਠਾ ਹੈ ਇਤਿਹਾਸਕ ਨਗਰ ਪਿੰਡ ਬੱਸੀਆਂ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੱਜ ਤੋਂ ਤਕਰੀਬਨ ਸਵਾ ਦੋ ਸੌ ਸਾਲ ਪਹਿਲਾ ਰੱਬੀ ਪ੍ਰੇਮ 'ਚ ਰੰਗੀ ਅਭੇਦ ਰੂਹ ਸੰਤ ਬਾਬਾ ਮਹਾਂ ਸਿੰਘ ਨੇ ਇਸ ਪਿੰਡ ਦੀ ਜਗ੍ਹਾ ਦੀ ਚੋਣ ਕਰ ਕੇ ਇਕ ਪਾਸੇ ਇਕਾਂਤ ਸਥਾਨ 'ਤੇ ਡੇਰਾ ਲਾਇਆ ਅਤੇ ਪ੍ਰਭੂ ਬੰਦਗੀ ਅਤੇ ਘੋਰ ਤਪੱਸਿਆ ਨਾਲ ਅਧਿਆਤਮਿਕਤਾ ਦਾ ਕੇਂਦਰ 'ਨਿਰਮਲ ਆਸ਼ਰਮ' ਸਥਾਪਿਤ ਕੀਤਾ ਸੀ। ਸੰਤ ਮਹਾਂ ਸਿੰਘ ਜੀ ਜ਼ਿਆਦਾ ਸਮਾਂ ਪ੍ਰਮਾਤਮਾ ਬੰਦਗੀ ਤੇ ਬਾਕੀ ਸਮਾਂ ਸੰਗਤ ਦੀ ਸੇਵਾ ਵਿਚ ਗੁਜ਼ਾਰਦੇ ਸਨ। ਉਹ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਂਦੇ ਅਤੇ ਸਾਦਗੀ ਤੇ ਸੰਜਮ ਭਰੇ ਜੀਵਨ ਨਾਲ ਸਫਲ ਜੀਵਨ ਯਾਤਰਾ ਕਰਨ ਦੇ ਹਾਮੀ ਸਨ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫਲ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਜਾਨਸ਼ੀਨਾਂ 'ਚੋਂ ਮੌਜੂਦਾ ਮਹਾਂਪੁਰਸ਼ ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ ਮਹਾਂਪੁਰਸ਼ ਮਾਨਵਤਾ ਦੀ ਭਲਾਈ ਅਤੇ ਹਰ ਇਕ ਨੂੰ ਗੁਰਬਾਣੀ ਦਾ ਉਪਦੇਸ਼ ਦਿੰਦੇ, ਦ੍ਰਿੜ੍ਹਤਾ, ਵਿਸ਼ਵਾਸ ਨਾਲ ਗੁਰਬਾਣੀ ਪੜ੍ਹਨ ਅਤੇ ਅਮਲ ਕਰਨ ਅਤੇ ਤਰਕ-ਤਕਰਾਰ ਤੋਂ ਮੁਕਤ ਜੀਵਨ ਜਿਊਣ ਲਈ ਪ੍ਰੇਰਿਆ। ਮਹਾਂਪੁਰਸ਼ ਸੰਗਤ ਨੂੰ ਸਰੀਰਕ ਕਸ਼ਟ ਨਿਵਾਰਨ ਲਈ ਆਯੂਰਵੈਦਿਕ ਦਵਾਈਆਂ ਦੱਸਦੇ ਸਨ। ਸੰਤ ਬਾਬਾ ਮਹਾਂ ਸਿੰਘ ਜੀ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਵਿਚ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਤਰਲੋਚਨ ਸਿੰਘ ਵਲੋਂ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਨੂੰ ਮੁੱਖ ਰੱਖਦਿਆਂ 14 ਜਨਵਰੀ 2020 ਦਿਨ ਮੰਗਲਵਾਰ ਨੂੰ ਅੱਖਾਂ ਦਾ ਚੈਕਅੱਪ ਅਤੇ ਚਮੜੀ ਦੇ ਰੋਗਾਂ ਸਬੰਧੀ ਕੈਂਪ ਸਮੇਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ ਉਨ੍ਹਾਂ ਨੂੰ ਲੋੜੀਦਾ ਸਾਮਾਨ ਵੀ ਦਿੱਤਾ ਜਾਂਦਾ ਹੈ। ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸ਼ਖ਼ਸੀਅਤਾਂ ਸੰਗਤ ਦੇ ਰੂਪ ਵਿਚ ਮਹਾਂਪੁਰਸ਼ਾਂ ਨੂੰ ਸ਼ਰਧਾ ਭੇਟ ਕਰਨ ਲਈ ਆਉਂਦੀਆਂ ਹਨ।


-ਰਾਏਕੋਟ, ਮੋਬਾਈਲ : 98552-08507

ਅੰਮ੍ਰਿਤਸਰ ਦੇ ਇਤਿਹਾਸਕ ਕਿਲ੍ਹੇ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਕਿਲ੍ਹਾ ਗੋਬਿੰਦਗੜ੍ਹ
ਅੰਮ੍ਰਿਤਸਰ ਦੇ ਦਰਵਾਜ਼ਾ ਲੋਹਗੜ੍ਹ ਦੇ ਬਾਹਰ ਕਿਲ੍ਹਾ ਗੋਬਿੰਦਗੜ੍ਹ ਦੇ ਰੂਪ ਵਿਚ ਮੌਜੂਦ ਸਿੱਖ ਰਾਜ ਦੀ ਪ੍ਰਮੁੱਖ ਧਰੋਹਰ ਭੰਗੀ ਮਿਸਲ ਦੇ ਕੱਚੇ ਕਿਲ੍ਹੇ ਨੂੰ ਗਿਰਾ ਕੇ ਉਸੇ ਜਗ੍ਹਾ 'ਤੇ ਸੰਨ 1808 ਦੇ ਫਰਵਰੀ-ਮਾਰਚ ਮਹੀਨੇ 'ਚ ਉਸਾਰੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਵਲੋਂ ਜਦੋਂ ਸ: ਸ਼ਮੀਰ ਸਿੰਘ ਠੇਠਰ ਦੀ ਦੇਖ-ਰੇਖ ਵਿਚ ਇਸ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਤਾਂ ਕਿਲ੍ਹੇ ਦੇ ਨਕਸ਼ੇ ਤਿਆਰ ਕੀਤੇ ਜਾਣ ਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਵਿਸ਼ਾਲ ਕਿਲ੍ਹਾ ਤਿੰਨ ਸਾਲ ਵਿਚ ਮੁਕੰਮਲ ਹੋਵੇਗਾ, ਜਦਕਿ ਸ: ਸ਼ਮੀਰ ਸਿੰਘ ਨੇ ਦਿਨ-ਰਾਤ ਕਾਰੀਗਰਾਂ ਦੀਆਂ ਸੇਵਾਵਾਂ ਜਾਰੀ ਰੱਖਦਿਆਂ ਇਸ ਕਿਲ੍ਹੇ ਦੀ ਉਸਾਰੀ ਨੂੰ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਸਿਰੇ ਚਾੜ੍ਹ ਲਿਆ।
ਇਸ ਕਿਲ੍ਹੇ ਬਾਰੇ ਸ਼ੇਰ-ਏ-ਪੰਜਾਬ ਦਾ ਕਹਿਣਾ ਸੀ ਕਿ ਕਿਲ੍ਹਾ ਗੋਬਿੰਦਗੜ੍ਹ ਸਮੁੱਚੇ ਪੰਜਾਬ ਦੀ ਕੁੰਜੀ (ਚਾਬੀ) ਹੈ ਅਤੇ ਜਿਸ ਪਾਸ ਇਹ ਕਿਲ੍ਹਾ ਹੋਵੇਗਾ ਉਹੀ ਸਲਤਨਤ-ਏ-ਪੰਜਾਬ ਦਾ ਮਾਲਕ ਹੋਵੇਗਾ। ਕਿਲ੍ਹਾ ਗੋਬਿੰਦਗੜ੍ਹ ਨੂੰ ਲੈ ਕੇ ਕੁਝ ਅਜਿਹੀ ਹੀ ਸੋਚ ਕਿਲ੍ਹੇ 'ਤੇ ਕਾਬਜ਼ ਅੰਗਰੇਜ਼ ਸ਼ਾਸਕਾਂ ਦੀ ਵੀ ਰਹੀ, ਜਿਸ ਦਾ ਅੰਦਾਜ਼ਾ ਸੰਨ 1857 ਦੀ ਕ੍ਰਾਂਤੀ ਸਮੇਂ ਅੰਗਰੇਜ਼ ਸ਼ਾਸਕਾਂ ਵਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਨੂੰ ਭੇਜੀਆਂ ਟੈਲੀਗ੍ਰਾਮ ਤੋਂ ਸਹਿਜੇ ਹੀ ਹੋ ਜਾਂਦਾ ਹੈ, ਜਿਨ੍ਹਾਂ ਵਿਚ ਸਾਫ਼ ਤੌਰ 'ਤੇ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਵਿਦਰੋਹੀ ਸਿਪਾਹੀ ਪੰਜਾਬ ਦੇ ਸਿੱਖਾਂ ਦੇ ਸਹਿਯੋਗ ਨਾਲ ਕਿਲ੍ਹਾ ਗੋਬਿੰਦਗੜ੍ਹ 'ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਏ ਤਾਂ ਪੰਜਾਬ ਨੂੰ ਅੰਗਰੇਜ਼ੀ ਹਕੂਮਤ ਦੇ ਅਧਿਕਾਰ 'ਚੋਂ ਨਿਕਲਣ ਲੱਗਿਆਂ ਬਹੁਤਾ ਸਮਾਂ ਨਹੀਂ ਲੱਗੇਗਾ। ਕਰੀਬ 100 ਵਰ੍ਹਿਆਂ ਤੱਕ ਦੀ ਅੰਗਰੇਜ਼ੀ ਸ਼ਾਸਨ ਦੀ ਗ਼ੁਲਾਮੀ ਤੋਂ ਬਾਅਦ ਲੰਬੇ ਸਮੇਂ ਤੱਕ ਭਾਰਤੀ ਫ਼ੌਜ ਦੇ ਅਧਿਕਾਰ ਅਧੀਨ ਰਿਹਾ ਕਿਲ੍ਹਾ ਗੋਬਿੰਦਗੜ੍ਹ ਅਪ੍ਰੈਲ, 2005 ਵਿਚ ਸੈਨਾ ਵਲੋਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ ਅਤੇ ਮੌਜੂਦਾ ਸਮੇਂ ਇਹ ਮੁੰਬਈ ਦੀ ਮਾਇਆ ਨਗਰੀ ਕੰਪਨੀ ਦੇ ਪ੍ਰਬੰਧਾਂ ਹੇਠ ਹੈ।


-ਅੰਮ੍ਰਿਤਸਰ। ਮੋਬਾ: 93561-27771

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX