ਤਾਜਾ ਖ਼ਬਰਾਂ


ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  29 minutes ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 minute ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  11 minutes ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਰੀਆ, ਪਰਾਕਸ਼ੀ ਤੇ ਮੁਸਕਾਨ ਸ਼ਾਮਲ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  about 2 hours ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  about 2 hours ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  about 2 hours ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  about 2 hours ago
ਹੋਰ ਖ਼ਬਰਾਂ..

ਸਾਡੀ ਸਿਹਤ

ਹਾਜ਼ਮੇ ਦੀ ਸਮੱਸਿਆ - ਘਬਰਾਉਣ ਦੀ ਲੋੜ ਨਹੀਂ

ਅੱਜ ਦੇ ਯੁੱਗ ਵਿਚ ਸਾਡੇ ਖਾਣ-ਪੀਣ ਨੇ ਸਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਕੋਈ ਵੀ ਜੰਕ ਫੂਡ ਕਿਸੇ ਵੀ ਸਮੇਂ ਅਸੀਂ ਬਿਨਾਂ ਸੋਚੇ ਸਮਝੇ ਖਾ ਲੈਂਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਹਾਜ਼ਮਾ ਤੰਤਰ ਵਿਚ ਗੜਬੜੀ ਹੋਣ ਲਗਦੀ ਹੈ। ਸਾਡੀ ਜੀਵਨਸ਼ੈਲੀ ਇਸ ਸਮੱਸਿਆ ਦਾ ਵੱਡਾ ਕਾਰਨ ਹੈ ਪਰ ਫਿਰ ਵੀ ਅਸੀਂ ਜਲਦੀ ਸਵੀਕਾਰ ਨਹੀਂ ਕਰਦੇ ਕਿ ਅਸੀਂ ਗ਼ਲਤ ਸਮੇਂ 'ਤੇ ਗ਼ਲਤ ਖਾਣ-ਪੀਣ ਨੂੰ ਅਪਣਾਉਂਦੇ ਹਾਂ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਧਿਆਨ ਦਿਓ ਕੁਝ ਗੱਲਾਂ 'ਤੇ :
ਥੋੜ੍ਹਾ-ਥੋੜ੍ਹਾ ਖਾਓ ਜ਼ਿਆਦਾ ਵਾਰ ਖਾਓ : ਤਿੰਨ ਮੁੱਖ ਭੋਜਨ ਦੀ ਥਾਂ ਥੋੜ੍ਹਾ ਥੋੜ੍ਹਾ ਕਰਕੇ ਖਾਓ ਅਤੇ ਦਿਨ ਵਿਚ ਪੰਜ ਵਾਰ ਖਾਓ ਪਰ ਦਿਨ ਭਰ ਵਿਚ ਜਿੰਨੀ ਮਾਤਰਾ ਤੁਹਾਨੂੰ ਖਾਣੀ ਹੋਵੇ, ਓਨੀ ਹੀ ਖਾਓ। ਜ਼ਿਆਦਾ ਨਾ ਖਾਓ। ਥੋੜ੍ਹੇ ਸਮੇਂ ਬਾਅਦ ਖਾਣ ਨਾਲ ਤੁਹਾਨੂੰ ਖਾਣ ਵਿਚ ਦਿਲਚਸਪੀ ਵੀ ਘੱਟ ਹੋਵੇਗੀ ਅਤੇ ਸਰੀਰ ਵਿਚ ਖੂਨ ਦੀ ਸ਼ੂਗਰ ਵੀ ਠੀਕ ਰਹੇਗੀ।
ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ : ਤਲਿਆ ਹੋਇਆ ਭੋਜਨ ਹਾਜ਼ਮੇ ਲਈ ਮੁਸ਼ਕਿਲ ਹੁੰਦਾ ਹੈ। ਤੇਜ਼ ਮਸਾਲੇ ਐਸਿਡੀਟੀ ਬਣਾਉਂਦੇ ਹਨ। ਮਸਾਲੇਦਾਰ ਭੋਜਨ ਲਗਾਤਾਰ ਖਾਣ ਨਾਲ ਪੇਟ ਵਿਚ ਦਰਦ ਰਹਿੰਦਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਦਾ ਹਾਜ਼ਮਾ ਕਮਜ਼ੋਰ ਹੁੰਦਾ ਹੈ। ਖਾਣਾ ਸਾਦਾ ਅਤੇ ਤਾਜ਼ਾ ਹੀ ਖਾਓ। ਭਾਫ਼ ਨਾਲ ਬਣਿਆ ਭੋਜਨ ਜਾਂ ਘੱਟ ਤੇਲ ਵਿਚ ਬਣਿਆ ਭੋਜਨ ਸਿਹਤ ਲਈ ਹਿਤਕਾਰੀ ਹੁੰਦਾ ਹੈ। ਹਫ਼ਤੇ ਵਿਚ ਦੋ ਵਾਰ ਘੱਟ ਤੋਂ ਘੱਟ ਰਾਤ ਨੂੰ ਨਮਕੀਨ ਸਬਜ਼ੀਆਂ ਵਾਲਾ ਦਲੀਆ ਜਾਂ ਸਬਜ਼ੀਆਂ ਵਾਲੀ ਖਿਚੜੀ ਖਾਓ ਤਾਂ ਕਿ ਪੇਟ ਨੂੰ ਅਰਾਮ ਮਿਲ ਸਕੇ। ਦਿਨ ਵਿਚ ਵੀ ਘੱਟ ਮਸਾਲੇ ਵਾਲਾ ਭੋਜਨ ਖਾਓ। ਰਾਤ ਨੂੰ ਹਫ਼ਤੇ ਵਿਚ ਇਕ ਦਿਨ ਸਬਜ਼ੀਆਂ ਦੇ ਸੂਪ ਦੇ ਨਾਲ ਬ੍ਰਾਊਨ ਬਰੈੱਡ ਲੈ ਸਕਦੇ ਹੋ।
ਚਾਹ, ਕੌਫੀ, ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖੋ : ਜ਼ਿਆਦਾ ਚਾਹ-ਕੌਫੀ ਦੇ ਸੇਵਨ ਨਾਲ ਛਾਤੀ ਵਿਚ ਸੜਨ ਹੁੰਦੀ ਹੈ ਅਤੇ ਪੇਟ ਵਿਚ ਦਰਦ ਹੋਣ ਲਗਦੀ ਹੈ ਅਤੇ ਖਾਧਾ ਹੋਇਆ ਖਾਣਾ ਹਜ਼ਮ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਸ਼ਰਾਬ ਦਾ ਸੇਵਨ ਵੀ ਛਾਤੀ ਵਿਚ ਸੜਨ ਅਤੇ ਪੇਟ ਵਿਚ ਗੜਬੜੀ ਪੈਦਾ ਕਰਦਾ ਹੈ। ਚਾਹ-ਕੌਫੀ ਦਾ ਸੇਵਨ ਸੀਮਤ ਮਾਤਰਾ ਵਿਚ ਕਰੋ ਅਤੇ ਸ਼ਰਾਬ ਦਾ ਸੇਵਨ ਵੀ ਘੱਟ ਤੋਂ ਘੱਟ ਮਾਤਰਾ ਵਿਚ ਕਰੋ।
ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਘੰਟੇ ਪਹਿਲਾਂ ਭੋਜਨ ਕਰੋ : ਰਾਤ ਦਾ ਭੋਜਨ ਸ਼ਾਮ 7 ਵਜੇ ਤੱਕ ਜ਼ਰੂਰ ਕਰ ਲਓ ਜਿਸ ਨਾਲ ਰਾਤ ਨੂੰ ਤੁਸੀਂ ਅਰਾਮ ਨਾਲ ਸੌਂ ਸਕੋ। ਸੌਣ ਤੋਂ ਘੱਟ ਤੋਂ ਘੱਟ ਦੋ ਤਿੰਨ ਘੰਟੇ ਪਹਿਲਾਂ ਕੀਤਾ ਭੋਜਨ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਜਿਸ ਨਾਲ ਨੀਂਦ ਆਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਰਾਤ ਨੂੰ ਭੋਜਨ ਸੀਮਤ ਮਾਤਰਾ ਵਿਚ ਕਰੋ। ਕਦੀ ਮਜਬੂਰੀ ਨਾਲ ਕਿਸੇ ਪਾਰਟੀ ਵਿਚ ਜਾਓ ਤਾਂ ਉਥੇ ਸੀਮਤ ਮਾਤਰਾ ਵਿਚ ਖਾਓ।
ਕਸਰਤ ਕਰੋ : ਨਿਯਮਤ ਕਸਰਤ ਹਾਜ਼ਮਾ ਤੰਤਰ ਨੂੰ ਦਰੁਸਤ ਰੱਖਦੀ ਹੈ, ਇਸ ਲਈ ਆਪਣੀ ਕਸਰਤ ਲਈ ਸਮਾਂ ਜ਼ਰੂਰ ਕੱਢੋ। ਕਸਰਤ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਸਾਨੂੰ ਸਰਗਰਮ ਰੱਖਦੀ ਹੈ। ਇਹ ਸਾਡੇ ਖਾਧੇ ਹੋਏ ਖਾਧ ਪਦਾਰਥਾਂ ਨੂੰ ਸਹੀ ਹਜ਼ਮ ਕਰਨ ਵਿਚ ਮਦਦ ਕਰਦੀ ਹੈ। ਰਾਤ ਨੂੰ ਖਾਣੇ ਤੋਂ ਬਾਅਦ ਹਲਕਾ-ਫੁਲਕਾ ਘਰ ਵਿਚ ਟਹਿਲ ਲੈਣਾ ਚੰਗਾ ਹੁੰਦਾ ਹੈ।


ਖ਼ਬਰ ਸ਼ੇਅਰ ਕਰੋ

ਢਲਦੀ ਉਮਰ ਦਾ ਅਜੀਬ ਰੋਗ : ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਸਰੀਰ ਵਿਚ ਕਈ ਮੁਸ਼ਕਿਲਾਂ ਪੈਦਾ ਹੁੰਦੀਆਂ ਜਾਂਦੀਆਂ ਹਨ। ਪੰਜਾਹ ਦੀ ਉਮਰ ਤੋਂ ਬਾਅਦ ਹਮੇਸ਼ਾ ਮਰਦਾਂ ਵਿਚ ਇਹ ਰੋਗ ਆਮ ਪੈਦਾ ਹੋ ਜਾਂਦਾ ਹੈ ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ। ਪੇਟ ਦੇ ਹੇਠਾਂ ਮੂਤਰਾਸ਼ੇ ਵਿਚ ਪ੍ਰੋਸਟੇਟ ਗ੍ਰੰਥੀ ਹੁੰਦੀ ਹੈ। ਇਹ ਮਰਦ ਪ੍ਰਜਣਨ ਪ੍ਰਣਾਲੀ ਦਾ ਇਕ ਅੰਗ ਹੈ। ਇਸ ਦਾ ਮੁੱਖ ਕੰਮ ਅੰਡਾਸ਼ਯ ਵਿਚ ਬਣੇ ਸ਼ੁਕਰਾਣੂਆਂ ਨੂੰ ਦ੍ਰਵ ਨਾਲ ਮੇਲ ਕਰਾਉਣਾ ਹੈ ਜਿਸ ਨਾਲ ਉਨ੍ਹਾਂ ਨੂੰ ਭੋਜਨ ਮਿਲਦਾ ਹੈ।
ਇਸ ਤੋਂ ਇਲਾਵਾ ਇਸੇ ਦ੍ਰਵ ਵਿਚ ਤੈਰਦੇ ਇਹ ਸ਼ੁਕਰਾਣੂ ਗਰਭ ਭਾਗ ਵਿਚ ਜਾਂਦੇ ਹਨ। ਇਸ ਦ੍ਰਵ ਨੂੰ ਵੀਰਯ ਕਹਿੰਦੇ ਹਨ। ਸੱਠ ਤੋਂ ਸੱਤਰ ਸਾਲ ਦੀ ਉਮਰ ਵਿਚ ਇਹ ਰੋਗ ਜ਼ਿਆਦਾ ਹੁੰਦਾ ਹੈ ਪਰ ਕੁਝ ਲੋਕਾਂ ਵਿਚ ਇਹ 40 ਤੋਂ 60 ਸਾਲ ਦੀ ਉਮਰ ਵਿਚ ਵੀ ਪੈਦਾ ਹੋ ਜਾਂਦਾ ਹੈ। 70 ਤੋਂ ਬਾਅਦ ਵੀ ਇਸ ਦੇ ਪੈਦਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਪ੍ਰੋਸਟੇਟ ਗ੍ਰੰਥੀ ਵਧਦੀ ਹੈ ਤਾਂ ਸ਼ੁਰੂ ਵਿਚ ਕਾਮੁਕਤਾ ਵਧਦੀ ਹੈ। ਉਦੋਂ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਕਾਸ਼! ਉਹ ਫਿਰ ਤੋਂ ਜਵਾਨ ਹੋ ਸਕਦੇ ਤਾਂ ਕਿੰਨਾ ਚੰਗਾ ਹੁੰਦਾ। ਪ੍ਰੋਸਟੇਟ ਗ੍ਰੰਥੀ ਵਧਣ ਨਾਲ ਜਿਵੇਂ-ਜਿਵੇਂ ਮੂਤਰ ਭਾਗ ਵਿਚ ਦਬਾਅ ਵਧਦਾ ਹੈ ਤਿਵੇਂ-ਤਿਵੇਂ ਮੂਤਰ ਕਰਨ ਵਿਚ ਮੁਸ਼ਕਿਲ ਵਧਦੀ ਜਾਂਦੀ ਹੈ।
ਸ਼ੁਰੂ ਵਿਚ ਘੰਟੇ-ਅੱਧੇ ਘੰਟੇ ਪਿੱਛੋਂ ਪਿਸ਼ਾਬ ਕਰਨਾ ਪੈਂਦਾ ਹੈ। ਹਰ ਸਮੇਂ ਇਸ ਤਰ੍ਹਾਂ ਲਗਦਾ ਹੈ ਕਿ ਬਹੁਤ ਪੇਸ਼ਾਬ ਆਵੇਗਾ ਪਰ ਬਹੁਤ ਥੋੜ੍ਹਾ ਆਉਂਦਾ ਹੈ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਪੇਸ਼ਾਬ ਹਾਲੇ ਕਾਫੀ ਰਹਿ ਗਿਆ ਹੈ। ਇਨ੍ਹਾਂ ਦਿਨਾਂ ਵਿਚ ਮੂਤਰ ਭਾਗ ਵਿਚ ਸੰਕ੍ਰਮਣ ਹੋ ਜਾਂਦਾ ਹੈ ਜਿਸ ਨਾਲ ਪੇਟ ਦੇ ਹੇਠਾਂ ਦਰਦ ਰਹਿਣ ਲਗਦਾ ਹੈ। ਜੇਕਰ ਇਸ ਸਮੇਂ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਸਥਿਤੀ ਭਿਆਨਕ ਹੋ ਸਕਦੀ ਹੈ। ਉਦੋਂ ਤੁਰੰਤ ਸਹੀ ਮਾਹਿਰ ਨੂੰ ਦਿਖਾਉਣਾ ਚਾਹੀਦਾ।
ਪ੍ਰੋਸਟੇਟ ਦੇ ਮਾਮਲੇ ਵਿਚ ਆਮ ਤੌਰ 'ਤੇ ਡਾਕਟਰ ਮਲ ਭਾਗ ਵਿਚ ਉਂਗਲੀ ਪਾ ਕੇ ਇਹ ਪਤਾ ਲਗਾਉਂਦਾ ਹੈ ਕਿ ਪ੍ਰੋਸਟੇਟ ਵਧਿਆ ਹੈ ਜਾਂ ਨਹੀਂ। ਇਹ ਬਿਨਾਂ ਕਿਸੇ ਖਰਚ ਦੀ ਜਾਂਚ ਹੈ। ਜਿਵੇਂ ਜ਼ਿਆਦਾਤਰ ਡਾਕਟਰ ਅਲਟਰਾਸਾਊਂਡ ਕਰਾਉਣ ਦੀ ਸਲਾਹ ਦੇ ਦਿੰਦੇ ਹਨ। ਵਧਿਆ ਹੋਇਆ ਪਰੋਸਟੇਟ ਆਪ੍ਰੇਸ਼ਨ ਨਾਲ ਹੀ ਕੱਢਿਆ ਜਾ ਸਕਦਾ ਹੈ। ਅਲਟਰਾਸਾਊਂਡ ਦੇ ਇਲਾਵਾ ਬਲੱਡ ਯੂਰੀਆ ਅਤੇ ਆਈ. ਵੀ. ਪੀ. ਰੰਗੀਨ ਐਕਸ-ਰੇ ਜਾਂਚ ਵੀ ਕਰਾਈ ਜਾ ਸਕਦੀ ਹੈ। ਪਰੋਸਟੇਟ ਦੇ ਵਧਣ ਨਾਲ ਸਭ ਤੋਂ ਜ਼ਿਆਦਾ ਮੂਤਰ ਭਾਗ ਨੂੰ ਨੁਕਸਾਨ ਪਹੁੰਚਦਾ ਹੈ। ਮੂਤਰ ਭਾਗ ਵਿਚ ਸੰਕ੍ਰਮਣ ਹੋ ਜਾਂਦਾ ਹੈ, ਦੀਵਾਰਾਂ ਵਿਗੜ ਜਾਂਦੀਆਂ ਹਨ ਅਤੇ ਪਥਰੀ ਵੀ ਬਣ ਜਾਂਦੀ ਹੈ। ਲੰਮੇ ਸਮੇਂ ਤੱਕ ਰੋਗ ਬਣਿਆ ਰਹੇ ਤਾਂ ਗੁਰਦੇ ਫੁੱਲ ਜਾਂਦੇ ਹਨ ਅਤੇ ਉਹ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾਉਂਦੇ।
ਪ੍ਰੋਸਟੇਟ ਜਾਨਲੇਵਾ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਾਇਆ ਜਾਵੇ। ਪ੍ਰੋਸਟੇਟ ਦੇ ਵਧੇ ਹੋਏ ਹਿੱਸੇ ਨੂੰ ਕੱਟ ਕੇ ਬਾਹਰ ਕੱਢਣਾ ਹੀ ਇਸ ਦਾ ਇਕ ਮਾਤਰ ਹੱਲ ਹੈ, ਉਹ ਚਾਹੇ ਪੇਟ ਦੇ ਹੇਠਾਂ ਚੀਰਾ ਲਗਾ ਕੇ ਕੱਢਿਆ ਜਾਵੇ ਜਾਂ ਰਿਸਕਟੋਸਕੋਪ ਜ਼ਰੀਏ। ਦੋਵੇਂ ਹੀ ਤਰ੍ਹਾਂ ਦੇ ਆਪ੍ਰੇਸ਼ਨ ਮਾਹਿਰ ਡਾਕਟਰ ਤੋਂ ਕਰਾਉਣੇ ਚਾਹੀਦੇ। ਮਾਹਿਰ ਡਾਕਟਰ ਉਹੀ ਹੋਵੇਗਾ ਜੋ ਆਏ ਦਿਨ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦਾ ਰਹਿੰਦਾ ਹੈ। ਇਸ ਲਈ ਇਸ ਤਰ੍ਹਾਂ ਦੇ ਨਿੱਜੀ ਜਾਂ ਸਰਕਾਰੀ ਹਸਪਤਾਲ ਦੀ ਚੋਣ ਕਰੋ ਜੋ ਪੱਥਰੀ ਅਤੇ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦੇ ਰਹਿੰਦੇ ਹੋਣ। ਧਿਆਨ ਰੱਖਣ ਦੀ ਗੱਲ ਹੈ ਕਿ ਪ੍ਰੋਸਟੇਟ ਦੀ ਸਮੱਸਿਆ ਦਾ ਹੱਲ ਦਵਾਈਆਂ ਜਾਂ ਹੋਰ ਕਿਸੇ ਪੈਥੀ ਨਾਲ ਨਹੀਂ ਹੈ। ਵਧੇ ਹੋਏ ਪ੍ਰੋਸਟੇਟ ਨੂੰ ਕੱਟ ਕੇ ਕੱਢੇ ਬਿਨਾਂ ਕਿਸੇ ਦਵਾਈ ਨਾਲ ਘੱਟ ਨਹੀਂ ਕੀਤਾ ਜਾ ਸਕਦਾ।
**

ਰੋਜ਼ ਖਾਓ ਸੇਬ

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਰੋਗ ਤੋਂ ਬਚਾਅ ਲਈ ਨਿਯਮਿਤ ਛਿਲਕੇ ਸਮੇਤ ਸੇਬ ਦਾ ਸੇਵਨ ਜ਼ਰੂਰੀ ਹੈ। ਖੋਜਕਰਤਾ ਡਾ. ਫ੍ਰਾਂਸਿਸ ਰਾਊਲ ਦਾ ਕਹਿਣਾ ਹੈ ਕਿ ਦਰਅਸਲ ਇਹ ਰਸਾਇਣ ਇਕ ਤਰ੍ਹਾਂ ਦਾ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਜੋ ਕੈਂਸਰਕਾਰਕ ਕੋਸ਼ਿਕਾਵਾਂ ਦੇ ਬੇਕਾਬੂ ਵਾਧੇ ਨੂੰ ਰੋਕਦਾ ਹੈ।
ਖੋਜਾਂ ਤੋਂ ਸੇਬ ਦੇ ਅਨੇਕਾਂ ਫਾਇਦੇ ਸਾਹਮਣੇ ਆਏ ਹਨ, ਜੋ ਇਸ ਤਰ੍ਹਾਂ ਹਨ :-
* ਮੈਡੀਕਲ ਜਾਂਚ ਤੋਂ ਸਾਬਤ ਹੋਇਆ ਹੈ ਕਿ ਹਰ ਰੋਜ਼ ਇਕ ਕੱਪ ਸੇਬ ਦੇ ਰਸ ਦਾ ਸੇਵਨ ਨਾ ਸਿਰਫ਼ ਨੀਂਦ ਦੀ ਬਿਮਾਰੀ ਨੂੰ ਦੂਰ ਕਰਦਾ ਹੈ, ਬਲਕਿ ਦਿਨ ਦੀ ਸ਼ੁਰੂਆਤ ਨੂੰ ਸਿਹਤਮੰਦ ਅਤੇ ਪ੍ਰਭਾਵਸਾਲੀ ਵੀ ਬਣਾਉਂਦਾ ਹੈ।
* ਸੇਬ ਵਿਚ ਘੱਟ ਮਾਤਰਾ ਵਿਚ 'ਪੇਕਟਿਨ' ਨਾਮੀ ਇਕ ਘੁਲਣਸ਼ੀਲ ਰੇਸ਼ੇਦਾਰ ਤੱਤ ਵੀ ਪਾਇਆ ਜਾਂਦਾ ਹੈ। ਇਹ ਖੂਨ ਵਿਚ ਕਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਵਿਚ ਰੱਖਦਾ ਹੈ।
* ਸੇਬ ਦਾ ਰਸ ਦਿਲ ਨੂੰ ਤਾਕਤ ਪ੍ਰਦਾਨ ਕਰਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਹ ਸਰੀਰ ਦੇ ਵਾਧੂ ਤੱਤਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
* ਜੇਕਰ ਤੁਹਾਨੂੰ ਮਾਈਗ੍ਰੇਨ (ਅੱਧਾ ਸਿਰ ਸਿਰਦ) ਹੈ ਤਾਂ 21 ਦਿਨ ਤੱਕ ਸੇਬ ਨੂੰ ਸਵਾਦ ਅਨੁਸਾਰ ਨਮਕ ਦੇ ਨਾਲ ਖਾਣ ਨਾਲ ਲਾਭ ਹੁੰਦਾ ਹੈ।
* ਸੇਬ ਦਾ ਸੇਵਨ ਹਮੇਸ਼ਾ ਭੋਜਨ ਤੋਂ ਪਹਿਲਾਂ ਹੀ ਕਰਨਾ ਚਾਹੀਦਾ। ਇਸ ਨਾਲ ਕਬਜ਼ ਦਾ ਖ਼ਾਤਮਾ ਹੁੰਦਾ ਹੈ। ਦਿਮਾਗ ਨੂੰ ਤਰਾਵਟ ਵੀ ਮਿਲਦੀ ਹੈ। ਭੋਜਨ ਤੋਂ ਬਾਅਦ ਸੇਬ ਦਾ ਸੇਵਨ ਕਬਜ਼-ਕਾਰਕ ਦੱਸਿਆ ਗਿਆ ਹੈ।
ਸੇਬ ਵਿਚ ਮੌਜੂਦ ਏਨੇ ਸਾਰੇ ਰੋਗ-ਨਿਵਾਰਕ ਗੁਣਾਂ ਕਰੇਕ ਹੀ ਇਸ ਨੂੰ ਡਾਕਟਰਾਂ ਦਾ ਡਾਕਟਰ ਕਹਿਣਾ ਕੋਈ ਅਤਿਕਥਨੀ ਹੋਵੇਗੀ। ਅਸਲ ਵਿਚ ਇਸ ਦੇ ਨਿਯਮਿਤ ਰੂਪ ਨਾਲ ਸੇਵਨ ਨਾਲ ਤੁਸੀਂ ਲੰਮੇ ਸਮੇਂ ਤੱਕ ਖ਼ੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
**

ਮਿਰਗੀ ਤੋਂ ਬਚਾਅ ਸੰਭਵ ਹੈ

ਮਿਰਗੀ ਦਿਮਾਗ ਨਾਲ ਸਬੰਧਤ ਬਿਮਾਰੀ ਹੈ, ਜੋ ਕਮੋਬੇਸ਼ ਸਾਰੇ ਦੇਸ਼ਾਂ ਵਿਚ ਇਕੋ ਰੂਪ ਨਾਲ ਪਾਈ ਜਾਂਦੀ ਹੈ। ਲੰਡਨ ਵਿਚ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਗਰੀਬਾਂ ਨੂੰ ਮਿਰਗੀ ਦੀ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਬ੍ਰਿਟੇਨ ਦੇ ਇੰਸਟੀਚਿਊਟ ਆਫ ਨਿਊਰੋਲਾਜੀ ਦੀ ਰਿਪੋਰਟ ਦੇ ਮੁਤਾਬਿਕ ਮਿਰਗੀ ਅਤੇ ਗਰੀਬੀ ਦੇ ਵਿਚ ਸਬੰਧ ਨੂੰ ਰੇਖਾਂਕਿਤ ਕਰਨ ਵਾਲੇ ਕਈ ਤੱਥ ਹਨ।
ਅਧਿਐਨ ਅਨੁਸਾਰ ਕਈ ਕਾਰਨਾਂ ਕਰਕੇ ਮਿਰਗੀ ਦੇ ਰੋਗੀਆਂ ਦੀ ਗਰੀਬੀ ਹੋਰ ਵਧਣ ਦੀ ਸੰਭਾਵਨਾ ਰਹਿੰਦੀ ਹੈ, ਜਿਵੇਂ ਉਨ੍ਹਾਂ ਦਾ ਨੌਕਰੀ ਨਾ ਕਰ ਸਕਣਾ ਆਦਿ। ਖੋਜ ਅਨੁਸਾਰ ਮਿਰਗੀ ਦੇ ਮਰੀਜ਼ਾਂ ਦੇ ਜੀਨ ਨਾਲ ਉਨ੍ਹਾਂ ਦੀ ਸਿੱਖਿਅਕ ਉਪਲਬਧੀ ਅਤੇ ਉਨ੍ਹਾਂ ਦੀ ਸਿਹਤ ਵੀ ਨਿਰਧਾਰਤ ਹੁੰਦੀ ਹੈ। ਜਨਮ ਤੋਂ ਪੈਦਾ ਹੋਏ ਵਿਗਾੜ ਅਤੇ ਘੱਟ ਭੋਜਨ ਵਰਗੇ ਕਾਰਨ ਗਰੀਬਾਂ ਵਿਚ ਮਿਰਗੀ ਦਾ ਖਤਰਾ ਵਧਾਉਂਦੇ ਹਨ।
ਮਿਰਗੀ ਰੋਗ ਤੋਂ ਪੀੜਤ ਮਰੀਜ਼ ਜੇ ਆਪਣੇ ਮਨੋਬਲ ਨੂੰ ਵਧਾਵੇ ਅਤੇ ਆਪਣੇ ਆਤਵਿਸ਼ਵਾਸ ਨੂੰ ਮਜ਼ਬੂਤ ਰੱਖੇ ਤਾਂ ਕਾਫੀ ਹੱਦ ਤੱਕ ਮਿਰਗੀ ਦੇ ਪੈਣ ਵਾਲੇ ਦੌਰਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮਿਰਗੀ ਦਾ ਰੋਗ ਗੰਭੀਰ ਰੂਪ ਧਾਰਨ ਨਾ ਕਰੇ, ਇਸ ਵਾਸਤੇ ਜ਼ਰੂਰੀ ਹੈ ਕਿ ਇਸ ਦੇ ਸ਼ੁਰੂਆਤੀ ਸੰਭਾਵਿਤ ਲੱਛਣਾਂ ਨੂੰ ਪਛਾਣ ਕੇ ਕਾਰਗਰ ਕਦਮ ਚੁੱਕੇ ਜਾਣ।
ਮਿਰਗੀ ਦੇ ਲੱਛਣ : * ਅਚਾਨਕ ਜ਼ਮੀਨ 'ਤੇ ਡਿਗਣਾ, * ਮੂੰਹ ਦਾ ਇਕ ਪਾਸੇ ਘੁੰਮਣਾ, * ਅੱਖਾਂ ਪਥਰਾਅ ਜਾਣਾ, * ਮੁੱਠੀਆਂ ਕੱਸਣਾ, * ਧੌਣ ਟੇਢੀ ਹੋਣੀ, * ਮੂੰਹ ਵਿਚੋਂ ਝੱਗ ਨਿਕਲਣੀ, * ਸਿਰਫ ਅੱਧੇ ਸਕਿੰਟ ਲਈ ਚੱਕਰ ਆਉਣਾ, * ਜੀਭ ਦਾ ਬਾਹਰ ਦੰਦਾਂ ਦੇ ਵਿਚ ਆ ਜਾਣਾ, * ਔਂ-ਓਂ-ਗੋਂ-ਗੋਂ ਦੀ ਆਵਾਜ਼ ਕੱਢਣਾ ਅਤੇ ਬੇਹੋਸ਼ ਹੋਣਾ, * ਸਿਰ ਵਿਚ ਦਰਦ ਅਤੇ ਚੱਕਰ ਆਉਣਾ, * ਔਰਤਾਂ ਵਿਚ ਮਾਸਕ ਧਰਮ (ਮਾਹਵਾਰੀ) ਦੇ ਦੌਰਾਨ ਦੌਰੇ ਪੈਣਾ ਆਦਿ ਪ੍ਰਮੁੱਖ ਹਨ।
ਰੋਕਥਾਮ ਦੇ ਉਪਾਅ : ਇਨ੍ਹਾਂ ਲੱਛਣਾਂ ਵਿਚੋਂ ਕੋਈ ਹੋਵੇ ਤਾਂ ਮਿਰਗੀ ਹੋਣ ਦੀ ਸੰਭਾਵਨਾ 70 ਫੀਸਦੀ ਹੁੰਦੀ ਹੈ। ਇਸ ਲਈ ਹੇਠ ਲਿਖੀਆਂ ਗੱਲਾਂ 'ਤੇ ਅਮਲ ਕਰੋ-
* ਨਜ਼ਦੀਕੀ ਹਸਪਤਾਲ ਵਿਚ ਸਬੰਧਤ ਵਿਅਕਤੀ ਦੀ ਡਾਕਟਰੀ ਜਾਂਚ ਛੇਤੀ ਤੋਂ ਛੇਤੀ ਕਰਵਾਓ ਜਾਂ ਵੱਡੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਯੋਗ ਡਾਕਟਰ ਤੋਂ ਵਿਅਕਤੀ ਦੀ ਡਾਕਟਰੀ ਜਾਂਚ ਕਰਵਾਓ।
* ਮਿਰਗੀ ਤੋਂ ਪੀੜਤ ਵਿਅਕਤੀ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ।
* ਮਿਰਗੀ ਦੇ ਰੋਗੀ ਘਰ ਵਿਚ ਛੱਤ 'ਤੇ ਜਾਂਦੇ ਸਮੇਂ ਪੌੜੀਆਂ ਤੋਂ ਹੇਠਾਂ ਡਿਗ ਪੈਂਦੇ ਹਨ, ਇਸ ਲਈ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਮਰੀਜ਼ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ।
* ਮਿਰਗੀ ਦੇ ਰੋਗੀ ਨੂੰ ਘਰ ਵਿਚ ਚੁੱਲ੍ਹੇ ਅਤੇ ਰਸੋਈ ਗੈਸ 'ਤੇ ਖਾਣਾ, ਚਾਹ ਆਦਿ ਨਹੀਂ ਬਣਾਉਣਾ ਚਾਹੀਦਾ।
* ਮਰੀਜ਼ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਵਿਚ ਭਾਰੀ ਕੰਮ-ਕਾਜ ਨਹੀਂ ਕਰਨਾ ਚਾਹੀਦਾ।

ਸਿਹਤ ਖ਼ਬਰਨਾਮਾ

ਸੰਗੀਤ ਸੁਣੋ ਅਤੇ ਬਿਮਾਰੀ ਤੋਂ ਛੁਟਕਾਰਾ ਪਾਓ

ਇਰਵਿਨ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਅਲਜ਼ਾਇਮਰ ਰੋਗ ਵਿਚ ਸੰਗੀਤ ਪੱਧਤੀ ਫਾਇਦਾ ਪਹੁੰਚਾਉਂਦੀ ਹੈ। ਇਸ ਤੋਂ ਪਹਿਲਾਂ ਵੀ ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਸੰਗੀਤ ਪੱਧਤੀ ਦਾ ਯਾਦ ਸ਼ਕਤੀ ਅਤੇ ਮਾਨਸਿਕ ਕਾਰਜ ਤਾਕਤ 'ਤੇ ਪ੍ਰਭਾਵ ਪੈਂਦਾ ਹੈ। ਇਕ ਹੋਰ ਖੋਜ ਜੋ ਯੂਨੀਵਰਸਿਟੀ ਆਫ਼ ਮਿਆਮੀ ਸਕੂਲ ਆਫ਼ ਮੈਡੀਸਨ ਵਲੋਂ 1991 ਵਿਚ ਕੀਤੀ ਗਈ ਸੀ, ਉਸ ਵਿਚ ਮਾਹਿਰਾਂ ਨੇ ਕਈ ਤਰ੍ਹਾਂ ਦੇ ਹਾਰਮੋਨ ਦੇ ਖੂਨ 'ਤੇ ਪ੍ਰਭਾਵ ਨੂੰ ਜਾਣਿਆ ਅਤੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਸੰਗੀਤ ਪੱਧਤੀ ਲਈ, ਉਨ੍ਹਾਂ ਵਿਚ ਮੈਟਾਲੋਨਿਨ ਨਾਮੀ ਇਕ ਹਾਰਮੋਨ ਦਾ ਪੱਧਰ ਜ਼ਿਆਦਾ ਪਾਇਆ ਗਿਆ। ਇਹ ਹਾਰਮੋਨ ਤਣਾਅ ਘੱਟ ਕਰਦਾ ਹੈ ਅਤੇ ਮੂਡ ਚੰਗਾ ਕਰਦਾ ਹੈ।
ਸੰਗੀਤ ਪੱਧਤੀ ਤੋਂ ਪਾਰਕਿਸਨ ਰੋਗ ਦੇ ਉਨ੍ਹਾਂ ਰੋਗੀਆਂ ਨੂੰ ਜਿਨ੍ਹਾਂ ਵਿਚੋਂ ਹੌਲੀਆਂ ਸਰੀਰਕ ਪ੍ਰਕਿਰਿਆਵਾਂ ਤੇ ਕੰਬਣ ਵਰਗੀਆਂ ਸਰੀਰਕ ਸਮੱਸਿਆਵਾਂ ਪਾਈਆਂ ਗਈਆਂ, ਉਨ੍ਹਾਂ ਨੂੰ ਵੀ ਲਾਭ ਪਹੁੰਚਿਆ। ਸੰਗੀਤ ਦੀ ਧੁਨ 'ਤੇ ਉਨ੍ਹਾਂ ਦੀ ਚਾਲ ਤੇਜ਼ ਪਾਈ ਗਈ। ਉਹ ਵੱਡੇ ਕਦਮ ਪੁੱਟਣ ਲੱਗੇ ਅਤੇ ਇਨ੍ਹਾਂ ਰੋਗੀਆਂ ਨੇ ਜ਼ਿਆਦਾ ਸੰਤੁਲਨ ਦਿਖਾਇਆ ਅਤੇ ਉਨ੍ਹਾਂ ਦਾ ਆਪਣੀਆਂ ਸਰਗਰਮੀਆਂ 'ਤੇ ਕੰਟਰੋਲ ਰਿਹਾ। ਮਾਹਿਰਾਂ ਅਨੁਸਾਰ ਸ਼ਾਇਦ ਸੰਗੀਤ ਦੀ ਧੁਨ ਨੇ ਉਨ੍ਹਾਂ ਦੇ ਦਰਦ ਨੂੰ ਘੱਟ ਕਰਨ ਵਿਚ ਮਦਦ ਕੀਤੀ। ਸੰਗੀਤ ਇਲਾਜ ਨਾਲ ਇਨ੍ਹਾਂ ਰੋਗੀਆਂ ਦਾ ਤਣਾਅ ਵੀ ਘਟ ਗਿਆ।
ਸਹੀ ਜੀਵਨ-ਸ਼ੈਲੀ ਅਪਣਾਓ

ਚੰਗੀ ਸਿਹਤ ਆਪਣੇ-ਆਪ ਵਿਚ ਇਕ ਬੇਸ਼ਕੀਮਤੀ ਤੋਹਫ਼ਾ ਹੈ ਪਰ ਅੱਜਕਲ੍ਹ ਵਿਅਕਤੀ ਏਨੇ ਰੋਗਾਂ ਨਾਲ ਪੀੜਤ ਹੈ ਕਿ ਸਿਹਤਮੰਦ ਵਿਅਕਤੀ ਬਹੁਤ ਘੱਟ ਹੀ ਨਜ਼ਰ ਆਉਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਜਿਸ ਜੀਵਨ-ਸ਼ੈਲੀ ਦੀ ਚੋਣ ਕਰਦੇ ਹਾਂ ਉਹ ਸਾਡੀ ਸਿਹਤ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ।
ਜ਼ਿਆਦਾਤਰ ਵਿਅਕਤੀ ਇਹ ਸੋਚਦੇ ਹਨ ਕਿ 35 ਸਾਲ ਦੀ ਉਮਰ ਤੋਂ ਬਾਅਦ ਹੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਪਰ ਇਸ ਤਰ੍ਹਾਂ ਨਹੀਂ ਹੈ। ਜੋ ਜੀਵਨਸ਼ੈਲੀ ਅਸੀਂ ਬਚਪਨ ਜਾਂ ਅੱਲ੍ਹੜ ਉਮਰ ਵਿਚ ਚੁਣ ਲੈਂਦੇ ਹਾਂ ਉਹ ਸਾਡੇ ਤਾਅ-ਉਮਰ ਪ੍ਰਭਾਵਿਤ ਕਰਦੀ ਹੈ, ਇਸ ਲਈ ਚੰਗੀ ਸਿਹਤ ਖ਼ੁਦ ਦੇ ਹੱਥ ਵਿਚ ਹੁੰਦੀ ਹੈ। ਜੇਕਰ ਤੁਸੀਂ ਵੀ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਜੀਵਨਸ਼ੈਲੀ ਬਦਲ ਲਓ। ਹਮੇਸ਼ਾ ਸੰਤੁਲਿਤ ਭੋਜਨ ਹੀ ਲਓ ਤੇ ਫਲਾਂ ਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਮੱਖਣ, ਕ੍ਰੀਮ, ਚਰਬੀਯੁਕਤ ਭੋਜਨ, ਚੀਨੀ ਤੇ ਹੋਰ ਮਿੱਠੀਆਂ ਚੀਜ਼ਾਂ ਦਾ ਸੇਵਨ ਕਰੋ ਪਰ ਸੀਮਿਤ ਮਾਤਰਾ ਵਿਚ। ਜੇਕਰ ਤੁਹਾਡਾ ਵਜ਼ਨ ਜ਼ਿਆਦਾ ਵਧ ਰਿਹਾ ਹੈ ਤਾਂ ਉਸ 'ਤੇ ਕਾਬੂ ਰੱਖੋ ਕਿਉਂਕਿ ਮੋਟਾਪਾ ਨਾ ਸਿਰਫ਼ ਤੁਹਾਡੀ ਸ਼ਖ਼ਸੀਅਤ ਨੂੰ ਖਰਾਬ ਕਰਦਾ ਹੈ ਬਲਕਿ ਕਈ ਰੋਗਾਂ ਦੀ ਸੰਭਾਵਨਾ ਨੂੰ ਵੀ ਵਧਾ ਦਿੰਦਾ ਹੈ।
ਗਾਜਰ ਬਚਾਉਂਦੀ ਹੈ ਕੈਂਸਰ ਤੋਂ

ਇੰਟਰਨੈਸ਼ਨਲ ਜਰਨਲ ਆਫ਼ ਕੈਂਸਰ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਜੋ ਔਰਤਾਂ ਹਫ਼ਤੇ ਵਿਚ ਪੰਜ ਦਿਨ ਘੱਟ ਤੋਂ ਘੱਟ ਚਾਰ ਗਾਜਰਾਂ ਰੋਜ਼ ਖਾਦੀਆਂ ਹਨ, ਉਨ੍ਹਾਂ ਵਿਚ ਕੈਂਸਰ ਹੋਣ ਦਾ ਖ਼ਤਰ ਅੱਧਾ ਰਹਿ ਜਾਂਦਾ ਹੈ। ਅਧਿਐਨ ਨੇ ਇਸ ਦਾ ਸਿਹਰਾ ਬੇਟਾ ਕੈਰੋਟਿਨ ਨੂੰ ਦਿੱਤਾ ਹੈ ਕਿਉਂਕਿ ਗਾਜਰ ਵਿਚ ਬੇਟਾ ਕੈਰੋਟਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕੈਂਸਰ ਰੋਧੀ ਮੰਨਿਆ ਜਾਂਦਾ ਹੈ। ਗਾਜਰ ਦੇ ਇਲਾਵਾ ਏਪਰੀਕਾਟ, ਸ਼ਕਰਕੰਦੀ, ਖਰਬੂਜ਼ਾ ਤੇ ਸੀਤਾਫਲ ਵਿਚ ਵੀ ਬੇਟਾ ਕੈਰੋਟਿਨ ਚੰਗੀ ਮਾਤਰਾ 'ਚ ਹੁੰਦਾ ਹੈ।

ਖੁੱਲ੍ਹੇ ਦਫ਼ਤਰ ਵਧੀਆ ਹਨ ਛੋਟੇ ਕੈਬਿਨਾਂ ਤੋਂ

ਅੱਜਕਲ੍ਹ ਥਾਂ ਬਹੁਤ ਕੀਮਤੀ ਹੈ ਅਤੇ ਛੋਟੇ-ਛੋਟੇ ਥਾਂ 'ਤੇ ਕੈਬਿਨ ਦਾ ਰੂਪ ਦੇ ਕੇ ਦਫ਼ਤਰ ਖੋਲ੍ਹੇ ਦਿੱਤੇ ਜਾਂਦੇ ਹਨ ਪਰ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਛੋਟੇ-ਛੋਟੇ ਕੈਬਿਨ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਥਾਂ 'ਤੇ ਕੰਮ ਕਰਨ ਨਾਲ ਕਰਮਚਾਰੀਆਂ 'ਚ ਤਣਾਅ ਵਧਦਾ ਹੈ ਜਦ ਕਿ ਵੱਡੇ ਦਫ਼ਤਰਾਂ ਵਿਚ ਕੰਮ ਕਰਨ ਨਾਲ ਉਤਪਾਦਕਤਾ ਅਤੇ ਆਤਮਵਿਸ਼ਵਾਸ ਵਿਚ ਵਾਧਾ ਪਾਇਆ ਗਿਆ। ਖੁੱਲ੍ਹੇ ਦਫ਼ਤਰ ਵਿਚ ਕੰਮ ਕਰਨ ਨਾਲ ਕਰਮਚਾਰੀ ਇਕ-ਦੂਜੇ ਦੀਆਂ ਮਨੋਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਜਿਸ ਨਾਲ ਤਣਾਅ ਘੱਟ ਹੁੰਦਾ ਹੈ।

ਤਣਾਅ ਨੂੰ ਭਾਰੂ ਨਾ ਪੈਣ ਦਿਓ

ਤਣਾਅ ਦਾ ਪ੍ਰਗਟਾਵਾ ਇਸ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ ਜੋ ਤਣਾਅ ਥਕਾਨ, ਚਿੰਤਾ, ਗੁੱਸੇ, ਦਮਾ, ਗੈਸਿਟ੍ਰਕ ਅਲਸਰ ਜਿਥੋਂ ਤੱਕ ਕਿ ਦਿਲ ਦੀ ਬਿਮਾਰੀ ਦੇ ਰੂਪ ਵਿਚ ਵੀ ਪ੍ਰਗਟ ਹੋ ਸਕਦਾ ਹੈ। ਤਣਾਅ ਮੂਕ ਪ੍ਰਚਾਲਕ ਹੈ। ਚੁੱਪਚਾਪ ਆਪਣਾ ਕੰਮ ਕਰਦਾ ਰਹਿੰਦਾ ਹੈ। ਤਣਾਅ ਦੇ ਸ਼ਿਕਾਰ ਨੂੰ ਉਦੋਂ ਤੱਕ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਜਦੋਂ ਤੱਕ ਉਹ ਇਸ ਦੇ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋ ਜਾਂਦਾ।
ਹਰ ਤਰ੍ਹਾਂ ਦਾ ਤਣਾਅ ਹਾਨੀਕਰਕ ਵੀ ਨਹੀਂ ਹੁੰਦਾ। ਥੋੜ੍ਹਾ ਬਹੁਤ ਤਣਾਅ ਤਾਂ ਜੀਵਨ ਵਿਚ ਅੱਗੇ ਵਧਣ, ਤਰੱਕੀ ਕਰਨ ਮੁਕਾਬਲੇ ਲਈ ਜ਼ਰੂਰੀ ਹੈ। ਇਸ ਦੀ ਜ਼ਿਆਦਾ ਮਾਤਰਾ ਵੀ ਲੰਮੇ ਸਮੇਂ ਤੱਕ ਦੁੱਖ ਪਹੁੰਚਾਉਂਦੀ ਹੈ। ਬਲੱਡ ਪ੍ਰੈਸ਼ਰ ਦੀ ਤਰ੍ਹਾਂ ਇਸ ਦਾ ਹੋਣਾ ਵੀ ਜ਼ਰੂਰੀ ਹੈ ਪਰ ਇਕ ਹੱਦ ਅੰਦਰ।
ਤਣਾਅ ਕੰਟਰੋਲ ਦੇ ਦੋ ਰਸਤੇ ਹੋ ਸਕਦੇ ਹਨ-ਸੰਘਰਸ਼ ਜਾਂ ਬਚ ਨਿਕਲਣਾ। ਜਾਂ ਤਾਂ ਇਸ ਦਾ ਸਾਹਮਣਾ ਕਰੋ ਜਾਂ ਇਸ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰੋ। ਤਣਾਅ ਸਾਨੂੰ ਘੇਰੇ ਹੀ ਨਾ, ਇਹ ਕਾਮਨਾ ਤਾਂ ਵਿਅਰਥ ਹੈ। ਤਣਾਅ ਅੱਜ ਦੇ ਜੀਵਨ ਦਾ ਅਭਿੰਨ ਅੰਗ ਹੈ ਅਤੇ ਰਹੇਗਾ। ਇਸ ਦਾ ਪ੍ਰਭਾਵ ਖੇਤਰ ਵਧਦਾ ਹੀ ਜਾ ਰਿਹਾ ਹੈ ਅਤੇ ਅੱਗੇ ਵੀ ਨਿਰੰਤਰ ਵਧਦੇ ਜਾਣ ਦੀ ਸੰਭਾਵਨਾ ਹੈ। ਹਾਂ, ਅਸੀਂ ਇਸ ਨੂੰ ਕੰਟਰੋਲ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ।
ਤਣਾਅ ਤੋਂ ਬਚਾਅ ਦਾ ਇਕ ਮੋਟਾ ਜਿਹਾ ਅਸੂਲ ਤਾਂ ਇਹ ਹੋ ਸਕਦਾ ਹੈ ਕਿ ਜਿਸ ਗੱਲ 'ਤੇ, ਜਿਸ ਕੰਮ 'ਤੇ, ਜਿਨ੍ਹਾਂ ਹਾਲਾਤਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਉਨ੍ਹਾਂ 'ਤੇ ਧਿਆਨ ਨਾ ਦਿਓ। ਉਨ੍ਹਾਂ ਨੂੰ ਅਣਗੌਲਿਆ ਕਰੋ। ਜਿਨ੍ਹਾਂ ਦੀ ਅਣਗਹਿਲੀ ਸੰਭਵ ਨਾ ਹੋਵੇ, ਉਨ੍ਹਾਂ 'ਤੇ ਕੰਟਰੋਲ ਕਰੋ। ਇਸ ਨੂੰ ਅੰਗਰੇਜ਼ੀ ਵਿਚ ਕਹਿੰਦੇ ਹਨ 'ਇਗਨੋਰ ਵੱਟ ਕੈਨਨਾਟ ਬੀ ਕੰਟਰੋਲਡ ਐਂਡ ਕੰਟਰੋਲ ਵੱਟ ਕੈਨਨਾਟ ਬੀ ਇਗਨੋਰਡ'। ਇਹ ਸੰਸਾਰ ਤਾਂ ਜਿਵੇਂ ਹੈ, ਉਸੇ ਤਰ੍ਹਾਂ ਦਾ ਰਹੇਗਾ। ਬੁਰੀ ਤੋਂ ਬੁਰੀ ਸਥਿਤੀ ਤੋਂ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਚੁੱਕਣਾ ਸਾਡਾ ਨਿਸ਼ਚਾ ਹੋਣਾ ਚਾਹੀਦਾ।
ਹੜਬੜੀ ਕਰਨ ਦੀ ਆਦਤ ਛੱਡੋ। ਆਪਣੇ ਹੀ ਉੱਪਰ ਸਾਰਾ ਬੋਝ ਨਾ ਪਾਓ। ਆਪਣੀ ਰੁਚੀ ਅਨੁਸਾਰ ਕੋਈ ਸ਼ੌਕ ਰੱਖੋ। ਉਸ 'ਤੇ ਮਨ, ਦਿਮਾਗ ਨੂੰ ਨਵੀਂ ਊਰਜਾ ਮਿਲਦੀ ਹੈ। ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਦੀ-ਕਦੀ ਬਾਹਰੀ ਦੁਨੀਆ ਤੋਂ ਹਟ ਕੇ ਖ਼ੁਦ ਨਾਲ ਰੂ-ਬਰੂ ਹੋਣ ਦਾ ਮੌਕਾ ਵੀ ਕੱਢੋ।
ਇਨਸਾਨੀ ਨਾਸਮਝੀਆਂ ਨੂੰ ਹੱਸ ਕੇ ਟਾਲ ਦਿਓ। ਕਾਰਜ ਖੇਤਰ ਦੀਆਂ ਪਰੇਸ਼ਾਨੀਆਂ ਜਿਥੋਂ ਤੱਕ ਹੋ ਸਕੇ ਘਰ ਨਾ ਲਿਆਓ। ਐਤਵਾਰ ਅਤੇ ਛੁੱਟੀ ਜਾਂ ਫੁਰਸਤ ਲਈ ਹੱਸਣ ਖੇਡਣ ਲਈ ਪਰਿਵਾਰ ਦੇ ਨਾਲ ਬਿਤਾਓ। ਮਿਲਣ, ਮਿਲਾਉਣ, ਆਨੰਦ ਲੈਣ ਲਈ ਹੁੰਦੇ ਹਨ। ਸਮੇਂ-ਸਮੇਂ 'ਤੇ ਛੁੱਟੀ ਲਓ, ਪਰਿਵਾਰ ਦੇ ਨਾਲ ਘੁੰਮਣ ਜਾਓ। ਤੁਹਾਡੀ ਪਤਨੀ ਅਤੇ ਬੱਚੇ ਤਣਾਅ ਦੇ ਵਿਰੁੱਧ ਤੁਹਾਡੀ ਸਭ ਤੋਂ ਮਜ਼ਬੂਤ ਢਾਲ ਹਨ।

ਮਾਸਪੇਸ਼ੀਆਂ ਅਤੇ ਫੇਫੜਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਪ੍ਰਾਣਾਯਾਮ

ਪ੍ਰਾਣਾਯਾਮ ਇਕ ਇਸ ਤਰ੍ਹਾਂ ਦੀ ਕਿਰਿਆ ਹੈ, ਜਿਸ ਨਾਲ ਨਾ ਸਿਰਫ਼ ਪ੍ਰਾਣ ਹਵਾ ਦੀ ਪੂਰਤੀ ਸਾਡੇ ਅੰਗਾਂ ਨੂੰ ਹੁੰਦੀ ਹੈ, ਸਗੋਂ ਅੰਦਰੂਨੀ ਅੰਗਾਂ ਦੀ ਕਸਰਤ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਸਿਹਤ ਦੇ ਪੱਖ ਤੋਂ ਪ੍ਰਾਣਾਯਾਮ ਬਹੁਤ ਉਪਯੋਗੀ ਹੈ।
ਪ੍ਰਾਣਾਯਾਮ ਕਰਦੇ ਸਮੇਂ ਪੇਟ ਦੀਆਂ ਮਾਸਪੇਸ਼ੀਆਂ ਵਾਰੀ-ਵਾਰੀ ਨਾਲ ਬਹੁਤ ਸੁੰਗੜਦੀਆਂ ਅਤੇ ਫੈਲਦੀਆਂ ਹਨ, ਜਿਸ ਨਾਲ ਅੰਗਾਂ ਦੀ ਚੰਗੀ ਤਰ੍ਹਾਂ ਕਸਰਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੰਤੜੀਆਂ ਦੇ ਜਲਨ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਇਸ ਨਾਲ ਲਾਭ ਮਿਲਦਾ ਹੈ। ਜਿਹੜੇ ਲੋਕ ਸਾਹ ਕਿਰਿਆ ਨੂੰ ਠੀਕ ਕਰਨ ਲਈ ਕਿਸੇ ਤਰ੍ਹਾਂ ਦਾ ਅਭਿਆਸ ਨਹੀਂ ਕਰਦੇ, ਉਹ ਆਪਣੇ ਫੇਫੜਿਆਂ ਦੇ ਕੁਝ ਅੰਸ਼ਾਂ ਤੋਂ ਹੀ ਸਾਹ ਲੈਂਦੇ ਹਨ, ਬਾਕੀ ਹਿੱਸਾ ਉਨ੍ਹਾਂ ਦਾ ਨਿਕੰਮਾ ਪਿਆ ਰਹਿੰਦਾ ਹੈ। ਇਨ੍ਹਾਂ ਵਿਚ ਹਵਾ ਦਾ ਸੰਚਾਰ ਚੰਗੀ ਤਰ੍ਹਾਂ ਨਾਲ ਨਹੀਂ ਹੁੰਦਾ, ਨਤੀਜੇ ਵਜੋਂ ਟੀ.ਬੀ. ਦੇ ਜੀਵਾਣੂ ਉਥੇ ਵਧਣ-ਫੁੱਲਣ ਲੱਗਦੇ ਹਨ। ਜੇਕਰ ਪ੍ਰਾਣਾਯਾਮ ਨਾਲ ਫੇਫੜਿਆਂ ਦੇ ਹਰ ਹਿੱਸੇ ਤੋਂ ਕੰਮ ਲਿਆ ਜਾਣ ਲੱਗੇ ਅਤੇ ਉਸ ਦਾ ਹਰੇਕ ਦਿਨ ਵਿਚ ਕਈ-ਕਈ ਵਾਰ ਸ਼ੁੱਧ ਹਵਾ ਨਾਲ ਘੁਲ ਜਾਇਆ ਕਰੇ ਤਾਂ ਫਿਰ ਇਨ੍ਹਾਂ ਜੀਵਾਣੂਆਂ ਦਾ ਹਮਲਾ ਅਸੰਭਵ ਹੋ ਜਾਵੇਗਾ ਅਤੇ ਸਿਹਤ ਸਬੰਧੀ ਇਨ੍ਹਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਪ੍ਰਾਣਾਯਾਮ ਨਾਲ ਸਾਫ, ਸਾਹ ਅਤੇ ਮਲੋਪਉਯੋਗੀ ਅੰਗਾਂ ਦੀ ਕਿਰਿਆ ਠੀਕ ਹੋਣ ਨਾਲ ਖੂਨ ਚੰਗੀ ਤਰ੍ਹਾਂ ਬਣਿਆ ਰਹਿੰਦਾ ਹੈ। ਇਹੀ ਖੂਨ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦਾ ਹੈ। ਇਹ ਕੰਮ ਖ਼ਾਸ ਕਰਕੇ ਦਿਲ ਦਾ ਹੈ। ਖੂਨ ਸੰਚਾਰ ਨਾਲ ਸਬੰਧ ਰੱਖਣ ਵਾਲਾ ਪ੍ਰਧਾਨ ਅੰਗ ਹੈ ਦਿਲ ਅਤੇ ਪ੍ਰਾਣਾਯਾਮ ਨਾਲ ਉਸ ਦੇ ਜ਼ਿਆਦਾ ਸਿਹਤਮੰਦ ਹੋ ਜਾਣ ਨਾਲ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰਨ ਲੱਗਦੇ ਹਨ।
ਪ੍ਰਾਣਾਯਾਮ ਨਾਲ ਦਿਮਾਗ਼ ਨੂੰ ਤਾਕਤ ਮਿਲਦੀ ਹੈ। ਸਰੀਰ ਵਿਗਿਆਨੀ ਇਸ ਵਿਸ਼ੇ 'ਤੇ ਇਕ ਮਤ ਹਨ ਕਿ ਸਾਹ ਲੈਂਦੇ ਸਮੇਂ ਦਿਮਾਗ਼ 'ਚੋਂ ਦੂਸ਼ਿਤ ਖੂਨ ਨਿਕਲਦਾ ਹੈ ਅਤੇ ਸਾਫ਼ ਖੂਨ ਉਸ ਵਿਚ ਸੰਚਾਰਿਤ ਹੁੰਦਾ ਹੈ। ਜੇਕਰ ਸਾਹ ਡੂੰਘਾ ਹੋਵੇ ਤਾਂ ਦੂਸ਼ਿਤ ਖੂਨ ਨਾਲ-ਨਾਲ ਵਗਦਾ ਹੈ ਅਤੇ ਦਿਲ ਤੋਂ ਜੋ ਸ਼ੁੱਧ ਖੂਨ ਉਥੇ ਆਉਂਦਾ ਹੈ, ਉਹ ਹੋਰ ਵੀ ਫਾਇਦੇਮੰਦ ਹੁੰਦਾ ਹੈ। ਨਤੀਜੇ ਵਜੋਂ ਸਾਹ ਡੂੰਘਾ ਲਿਆ ਜਾਵੇ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦਿਮਾਗ਼ ਤੋਂ ਸਾਰਾ ਦੂਸ਼ਿਤ ਖੂਨ ਅੱਗੇ ਨਹੀਂ ਜਾਂਦਾ ਹੈ ਅਤੇ ਦਿਲ ਦਾ ਸ਼ੁੱਧ ਖੂਨ ਉਸ ਨੂੰ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ।
ਪ੍ਰਾਣਾਯਾਮ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਦਬਾਅ ਪੈਂਦਾ ਹੈ। ਦਬਾਅ ਨਾਲ ਉਸ ਖੇਤਰ ਦਾ ਖੂਨ ਸੰਚਾਰ ਵਧ ਜਾਂਦਾ ਹੈ। ਖੂਨ ਦਾ ਦੌਰਾ ਸਹੀ ਹੋਣ ਨਾਲ ਉਨ੍ਹਾਂ ਅੰਗਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਵਿਅਕਤੀ ਦਾ ਹੌਲੀ-ਹੌਲੀ ਆਤਮ ਵਿਕਾਸ ਕਰਦੇ ਹੋਏ ਆਪਣੇ ਨਿਸ਼ਾਨੇ ਤੱਕ ਪਹੁੰਚ ਜਾਂਦਾ ਹੈ। ਪ੍ਰਾਣਾਯਾਮ ਇਕ ਹਾਨੀ-ਰਹਿਤ ਯੋਗ ਅਭਿਆਸ ਹੀ ਨਹੀਂ, ਸਗੋਂ ਇਹ ਫੇਫੜਿਆਂ ਨੂੰ ਸਿਹਤਮੰਦ ਵੀ ਕਰਦਾ ਹੈ।

ਸਹੀ ਸਾਹ ਲੈਣਾ : ਜਿਊਣ ਲਈ ਅਹਿਮ

ਜਿਊਣ ਲਈ ਸਾਹ ਲੈਣਾ ਸਭ ਤੋਂ ਅਹਿਮ ਹੈ। ਸਾਹ ਚੱਲ ਰਿਹਾ ਹੈ ਤਾਂ ਤੁਸੀਂ ਜ਼ਿੰਦਾ ਹੋ। ਸਾਹ ਬੰਦ ਹੋਣ 'ਤੇ ਦੁਨੀਆ ਨੂੰ ਅਲਵਿਦਾ ਕਹਿਣਾ ਪੈਂਦਾ ਹੈ। ਪੈਦਾ ਹੋਣ ਤੋਂ ਲੈ ਕੇ ਜੀਵਨ ਦੇ ਆਖਰੀ ਸਮੇਂ ਤੱਕ ਅਸੀਂ ਸਾਹ ਲੈਂਦੇ ਹਾਂ। ਜੇ ਅਸੀਂ ਸਹੀ ਤਰੀਕੇ ਨਾਲ ਸਾਹ ਲੈਣਾ ਸਿੱਖ ਲਈਏ ਤਾਂ ਅਸੀਂ ਜ਼ਿਆਦਾ ਤੰਦਰੁਸਤ ਅਤੇ ਖੁਸ਼ ਰਹਿ ਸਕਦੇ ਹਾਂ। ਅਸੀਂ ਆਪਣੇ ਫੇਫੜਿਆਂ ਦੀ ਸਮਰੱਥਾ ਅਨੁਸਾਰ ਸਾਹ ਨਹੀਂ ਲੈਂਦੇ, ਉਸ ਦੀ 15-20 ਫੀਸਦੀ ਤੱਕ ਹੀ ਵਰਤੋਂ ਕਰਦੇ ਹਾਂ।
ਸਾਹ ਲੈਣ ਦਾ ਸਹੀ ਤਰੀਕਾ : ਸਾਹ ਲੈਣ ਦਾ ਸਹੀ ਤਰੀਕਾ ਜਾਣਨ ਲਈ ਸਾਹ ਲੈਂਦੇ ਸਮੇਂ ਪੇਟ 'ਤੇ ਹੱਥ ਰੱਖੋ। ਜੇ ਤੁਹਾਡਾ ਪੇਟ ਸਾਹ ਲੈਣ ਦੇ ਨਾਲ ਫੁੱਲਦਾ ਹੈ ਅਤੇ ਸਾਹ ਛੱਡਣ 'ਤੇ ਪੇਟ ਅੰਦਰ ਜਾਂਦਾ ਹੈ ਤਾਂ ਇਹ ਸਾਹ ਲੈਣ ਅਤੇ ਛੱਡਣ ਦਾ ਸਹੀ ਤਰੀਕਾ ਹੈ। ਅਕਸਰ ਲੋਕ ਸਾਹ ਲੈਂਦੇ ਸਮੇਂ ਪੇਟ ਅੰਦਰ ਕਰਦੇ ਹਨ ਅਤੇ ਸਾਹ ਛੱਡਣ ਸਮੇਂ ਪੇਟ ਬਾਹਰ। ਇਹ ਗ਼ਲਤ ਹੈ। ਅਜਿਹਾ ਕਰਨ ਨਾਲ ਸਾਡੇ ਫੇਫੜਿਆਂ ਅਤੇ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ।
ਇਸ ਵਾਸਤੇ ਦਿਨ ਵਿਚ ਕਈ ਵਾਰ ਆਪਣੇ-ਆਪ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਅਸੀਂ ਸਾਹ ਠੀਕ ਲੈ ਰਹੇ ਹਾਂ ਜਾਂ ਗ਼ਲਤ। ਵਾਰ-ਵਾਰ ਦੇ ਅਭਿਆਸ ਨਾਲ ਅਸੀਂ ਸਹੀ ਤਰੀਕੇ ਨਾਲ ਸਾਹ ਲੈ ਸਕਦੇ ਹਾਂ। ਗੁਬਾਰਾ ਇਸ ਦੀ ਸਹੀ ਉਦਾਹਰਨ ਹੈ। ਜਿਵੇਂ ਹਵਾ ਭਰਨ ਦੇ ਨਾਲ-ਨਾਲ ਗੁਬਾਰਾ ਫੁੱਲਦਾ ਹੈ ਅਤੇ ਹਵਾ ਨਿਕਲਣ 'ਤੇ ਗੁਬਾਰਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡਾ ਪੇਟ ਵੀ ਸਾਹ ਲੈਣ ਅਤੇ ਛੱਡਣ ਦੇ ਨਾਲ ਕੰਮ ਕਰਦਾ ਹੈ।
ਇਕ ਮਿੰਟ ਵਿਚ ਅਸੀਂ (ਆਮ ਆਦਮੀ) 12 ਤੋਂ 20 ਸਾਹ ਲੈਂਦੇ ਹਾਂ, ਖਿਡਾਰੀ ਹੋਰ ਜ਼ਿਆਦਾ। ਸਰੀਰਕ ਮਿਹਨਤ ਕਰਨ ਵਾਲਿਆਂ ਦੀ ਸਾਹ ਲੈਣ ਦੀ ਸਮਰੱਥਾ 10 ਤੋਂ 12 ਹੁੰਦੀ ਹੈ। ਮੋਟੇ ਲੋਕ ਜ਼ਿਆਦਾ ਸਾਹ ਲੈਂਦੇ ਹਨ। ਇਕ ਮਿੰਟ ਵਿਚ 12 ਤੋਂ 25 ਸਾਹ ਲੈਣਾ ਨਾਰਮਲ ਮੰਨਿਆ ਜਾਂਦਾ ਹੈ। ਇਸ ਤੋਂ ਜ਼ਿਆਦਾ ਜਾਂ ਘੱਟ ਠੀਕ ਨਹੀਂ। ਬੁੱਢੇ ਲੋਕ ਇਕ ਮਿੰਟ ਵਿਚ 12 ਤੋਂ 28 ਤੱਕ ਸਾਹ ਲੈਂਦੇ ਹਨ, ਜੋ ਨਾਰਮਲ ਹੈ।
ਡੂੰਘੇ, ਹੌਲੀ ਸਾਹ ਲੈਣ ਦੇ ਲਾਭ : ਸਾਹ ਹਮੇਸ਼ਾ ਹੌਲੀ ਅਤੇ ਡੂੰਘੇ ਲਓ। ਇਸ ਨਾਲ ਤਣਾਅ ਘੱਟ ਹੁੰਦਾ ਹੈ, ਖੂਨ ਦੇ ਦਬਾਅ ਘੱਟ ਹੁੰਦਾ ਹੈ, ਸਰੀਰ ਵਿਚ ਖੂਨ ਦਾ ਦੌਰਾ ਬਿਹਤਰ ਹੁੰਦਾ ਹੈ। ਸਰੀਰ ਵਿਚੋਂ ਅਜਿਹੇ ਹਾਰਮੋਨਜ਼ ਨਿਕਲਦੇ ਹਨ ਜੋ ਸਾਡੇ ਦਰਦ ਨੂੰ ਘੱਟ ਕਰਦੇ ਹਨ, ਮਨ ਸ਼ਾਂਤ ਰਹਿੰਦਾ ਹੈ, ਮਨ 'ਤੇ ਕਾਬੂ ਕਰਨਾ ਆਸਾਨ ਹੁੰਦਾ ਹੈ। ਅਸੀਂ ਸੁਚੇਤ ਰਹਿੰਦੇ ਹਾਂ ਅਤੇ ਨਰਵਸ ਸਿਸਟਮ ਬਿਹਤਰ ਹੁੰਦਾ ਹੈ। ਲੰਬੇ, ਡੂੰਘੇ ਸਾਹ ਨਾਲ ਯਾਦਾਸ਼ਤ ਚੰਗੀ ਹੁੰਦੀ ਹੈ ਅਤੇ ਮਾਨਸਿਕ ਇਕਾਗਰਤਾ ਵਧਦੀ ਹੈ। ਸਾਡੀ ਪਾਚਣ ਪ੍ਰਣਾਲੀ ਵਿਚ ਸੁਧਾਰ ਹੁੰਦਾ ਹੈ ਅਤੇ ਊਰਜਾ ਦਾ ਪੱਧਰ ਵਧਦਾ ਹੈ।
ਤੇਜ਼ ਸਾਹ ਲੈਣ ਦੇ ਨੁਕਸਾਨ : ਤੇਜ਼-ਤੇਜ਼ ਲੈਣ ਨਾਲ ਸਰੀਰ ਵਿਚ ਆਕਸੀਜਨ ਘੱਟ ਹੋ ਜਾਂਦੀ ਹੈ, ਜਿਸ ਨਾਲ ਤਣਾਅ, ਦਮਾ, ਨਿਮੋਨੀਆ ਅਤੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਸਾਡੀਆਂ ਮਾਸਪੇਸ਼ੀਆਂ ਵਿਚ ਅਕੜਾਅ ਆਉਣ ਨਾਲ ਕ੍ਰੈਂਪਸ ਵਧਦੇ ਹਨ। ਦਿਲ ਦੀ ਧੜਕਣ ਵਧਦੀ ਹੈ, ਖੂਨ ਦਾ ਦਬਾਅ ਵਧਦਾ ਹੈ, ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਇਸ ਲਈ ਅੱਜ ਤੋਂ ਹੀ ਸਹੀ ਸਾਹ ਲੈਣ ਦੀ ਆਦਤ ਪਾਓ ਤਾਂ ਕਿ ਸਰੀਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਹਰ ਘੰਟੇ ਬਾਅਦ 3-4 ਮਿੰਟ ਤੱਕ ਸਹੀ ਸਾਹ ਲੈਣ ਦਾ ਅਭਿਆਸ ਕਰੋ।


-ਨੀਤੂ ਗੁਪਤਾ

ਆਓ ਜਾਣੀਏ ਚਾਕਲੇਟ ਬਾਰੇ

ਪਿਛਲੇ ਕੁਝ ਸਾਲਾਂ ਵਿਚ ਚਾਕਲੇਟ ਨੂੰ ਲੈ ਕੇ ਕਈ ਖੋਜਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਹ ਰੌਸ਼ਨੀ ਵਿਚ ਆਈ ਹੈ ਕਿ ਚਾਕਲੇਟ ਦਿਲ ਨੂੰ ਸੁਰੱਖਿਆ ਦਿੰਦੀ ਹੈ, ਕੈਂਸਰ ਨੂੰ ਦੂਰ ਰੱਖਦੀ ਹੈ ਅਤੇ ਕਈ ਸਿਹਤਮੰਦ ਲਾਭ ਦਿੰਦੀ ਹੈ। ਫਲਾਂ ਤੇ ਸਬਜ਼ੀਆਂ ਦੀ ਤਰ੍ਹਾਂ ਇਹ ਵੀ ਪੌਸ਼ਕ ਹੈ। ਆਓ ਮਾਰਦੇ ਹਾਂ ਇਨ੍ਹਾਂ ਖੋਜਾਂ 'ਤੇ ਨਜ਼ਰ ਜੋ ਦੱਸਦੇ ਹਨ ਚਾਕਲੇਟ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ।
ਚਾਕਲੇਟ ਵਿਚ ਹੋਰ ਬੀਜਾਂ ਦੀ ਤਰ੍ਹਾਂ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਚਾਕਲੇਟ ਵਿਚ ਐਂਟੀਆਕਸੀਡੈਂਟ ਫਲੇਵੋਨਾਈਡਸ ਪਾਏ ਜਾਂਦੇ ਹਨ। ਇਨ੍ਹਾਂ ਫਲੈਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਸਿਹਤਮੰਦ ਮੰਨਿਆ ਜਾਂਦਾ ਹੈ। ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਫਲੈਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਦਿਲ ਰੋਗਾਂ, ਫੇਫੜਿਆਂ ਅਤੇ ਸਤਨ ਕੈਂਸਰ, ਅਸਥਮਾ, ਟਾਈਪ-2 ਸ਼ੂਗਰ ਦੀ ਸੰਭਾਵਨਾ ਘੱਟ ਕਰਦਾ ਹੈ।
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਚਾਕਲੇਟ ਵਿਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਕ ਛੋਟੀ ਚਾਕਲੇਟ ਬਾਰ ਭਾਵ 30 ਗ੍ਰਾਮ ਚਾਕਲੇਟ ਵਿਚ 140-150 ਕੈਲੋਰੀ ਤੇ 8-10 ਗ੍ਰਾਮ ਚਰਬੀ ਦੀ ਮਾਤਰਾ ਪਾਈ ਜਾਂਦੀ ਹੈ, ਇਸ ਲਈ ਚਾਕਲੇਟ ਦਾ ਸੇਵਨ ਵਜ਼ਨ ਵਧਾਉਂਦਾ ਹੈ। ਚਾਕਲੇਟ ਦਾ ਸੇਵਨ ਕਰਦੇ ਸਮੇਂ ਤੁਹਾਡੇ ਵਲੋਂ ਲਿਆ ਜਾ ਰਿਹਾ ਭੋਜਨ ਵਿਚ ਕੈਲੋਰੀ ਦੀ ਮਾਤਰਾ ਘੱਟ ਹੋਣੀ ਚਾਹੀਦੀ।
ਚਾਕਲੇਟ ਵਿਚ ਕੈਲੋਰੀ ਦੀ ਤੇ ਚਰਬੀ ਦੀ ਜ਼ਿਆਦਾ ਮਾਤਰਾ ਦੇ ਕਾਰਨ ਇਸ ਨੂੰ ਸਿਹਤਵਰਧਕ ਨਹੀਂ ਮੰਨਿਆ ਜਾਂਦਾ। ਚਾਕਲੇਟ ਨੂੰ ਦੰਦਾਂ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਚਾਕਲੇਟ ਵਿਚ ਜੋ ਪਦਾਰਥ ਮਿਲਾਏ ਜਾਂਦੇ ਹਨ, ਉਹ ਦੰਦ ਟੁੱਟਣ ਦਾ ਕਾਰਨ ਬਣਦੇ ਹਨ। ਸਾਦੀ ਚਾਕਲੇਟ ਮਿੱਠੀ ਹੋਣ ਦੇ ਬਾਵਜੂਦ ਚਿਪਕਣ ਵਾਲੀ ਨਹੀਂ ਹੁੰਦੀ ਪਰ ਕੁਝ ਚਾਕਲੇਟ ਪ੍ਰੋਡਕਟਸ ਵਿਚ ਕੈਰੇਮਲ, ਕਿਸ਼ਮਿਸ਼ ਆਦਿ ਮਿਲਾਏ ਜਾਂਦੇ ਹਨ ਜੋ ਦੰਦਾਂ ਲਈ ਨੁਕਸਾਨਦਾਇਕ ਹੁੰਦੇ ਹਨ।
ਚਾਕਲੇਟ ਵਿਚ ਕੈਫੀਨ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਚਾਹ ਤੇ ਕਾਫੀ ਦੀ ਤੁਲਨਾ ਵਿਚ। ਇਕ ਕੱਪ ਚਾਹ ਵਿਚ ਕੈਫੀਨ ਦੀ ਮਾਤਰਾ 40 ਮਿ.ਗ੍ਰਾ. ਅਤੇ ਇਕ ਕੱਪ ਕਾਫੀ ਵਿਚ 115 ਮਿ.ਗ੍ਰਾ. ਹੁੰਦੀ ਹੈ ਜਦ ਕਿ ਮਿਲਕ ਚਾਕਲੇਟ ਦੀ 30 ਗ੍ਰਾਮ ਬਾਰ ਵਿਚ ਕੈਫੀਨ ਸਿਰਫ਼ 6 ਮਿ.ਗ੍ਰਾ. ਤੇ ਡਾਰਕ ਚਾਕਲੇਟ ਵਿਚ 20 ਮਿ.ਗ੍ਰਾ. ਹੁੰਦੀ ਹੈ।

ਰੋਗ ਪ੍ਰਤੀਰੋਧਕ ਅਤੇ ਵਿਟਾਮਿਨ ਨਾਲ ਭਰਪੂਰ-ਸ਼ਹਿਦ

ਜੇਕਰ ਸ਼ਹਿਦ ਦਾ ਰਸਾਇਣਕ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸ਼ਹਿਦ ਵਿਚ ਚੀਨੀ ਦੇ ਇਲਾਵਾ ਅਲਬਿਊਮਿਨ, ਚਰਬੀ, ਪਰਾਗ, ਕੇਸਰ, ਵਿਟਾਮਿਨ-ਸੀ ਅਤੇ ਭਰਪੂਰ ਮਾਤਰਾ ਵਿਚ ਖਣਿਜ ਦਾ ਮਿਸ਼ਰਣ ਪਾਇਆ ਜਾਂਦਾ ਹੈ। ਮਨੁੱਖ ਦਾ ਹਾਜ਼ਮਾ ਇਸ ਨੂੰ ਹਜ਼ਮ ਕਰਨ ਵਿਚ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਦੇ ਗੁਣਾਂ ਦੇ ਕਾਰਨ ਇਹ ਰੋਗੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਇਆ ਹੈ।
ਸ਼ਹਿਦ ਇਕ ਪੌਸ਼ਟਿਕਤਾ ਨਾਲ ਭਰਪੂਰ ਭੋਜਨ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰ ਰੋਗਾਂ ਦਾ ਨਾਸ਼ ਕਰਦਾ ਹੈ। ਮਧੂਮੱਖੀਆਂ ਵਲੋਂ ਬਣਾਇਆ ਇਹ ਅਨਮੋਲ ਕੁਦਰਤੀ ਤੋਹਫ਼ਾ ਰੋਗੀਆਂ ਲਈ ਇਕ ਬਹੁਤ ਵਧੀਆ ਦਵਾਈ ਹੈ।
ਸ਼ਹਿਦ ਦੇ ਸਾਲਾਂ ਤੱਕ ਵੀ ਰੱਖੇ ਜਾਣ ਤੱਕ ਇਸ ਵਿਚ ਸੜਨ ਦੇ ਲੱਛਣ ਨਹੀਂ ਆਉਂਦੇ। ਇਸ ਨੂੰ ਕਿਸੇ ਵੀ ਹੋਰ ਤੱਤ ਦੇ ਨਾਲ ਮਿਲਾਇਆ ਨਹੀਂ ਜਾ ਸਕਦਾ। ਇਸ ਨੂੰ ਕਿਸੇ ਤੱਤ ਦੇ ਨਾਲ ਮਿਲਾਉਣ 'ਤੇ ਇਹ ਨਸ਼ਟ ਨਹੀਂ ਹੋ ਜਾਂਦਾ ਹੈ ਜਾਂ ਆਪਣੀ ਗੁਣਵੱਤਾ ਗਵਾ ਦਿੰਦਾ ਹੈ। ਸ਼ਹਿਦ ਦੇ ਸਾਰੇ ਤੱਤਾਂ ਨੂੰ ਮਿਲਾ ਕੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮਯਾਬ ਰਹੇ। ਚਾਹ, ਕਾਫੀ ਵਰਗੇ ਪੀਣ ਵਾਲੇ ਪਦਾਰਥਾਂ ਦੀ ਥਾਂ 'ਤੇ ਜੇਕਰ ਇਕ ਕੱਪ ਪਾਣੀ ਵਿਚ ਦੋ ਚਮਚ ਸ਼ਹਿਦ ਪਾ ਕੇ ਹਰ ਰੋਜ਼ ਪੀਤਾ ਜਾਵੇ ਤਾਂ ਇਹ ਸਰੀਰ ਦੀ ਥਕਾਵਟ ਨੂੰ ਦੂਰ ਕਰਕੇ ਪਾਚਨ ਸ਼ਕਤੀ ਅਤੇ ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦਾ ਹੈ। ਸਿਹਤਮੰਦ ਸਰੀਰ ਲਈ ਸ਼ਹਿਦ ਸਰਬੋਤਮ ਹੈ। ਹੁਣ ਸ਼ਹਿਦ ਦਾ ਪ੍ਰਯੋਗ ਕਰਕੇ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਨਿਰਮਾਣ ਹੋ ਰਿਹਾ ਹੈ।
ਪਾਚਨ ਕਾਰਜਸ਼ੀਲਤਾ ਵਧਾਉਣ ਅਤੇ ਸ਼ਕਤੀ ਹਾਸਲ ਕਰਨ ਲਈ ਅਣਗਣਿਤ ਟਾਨਿਕ ਬਾਜ਼ਾਰ ਵਿਚ ਮੌਜੂਦ ਹਨ ਪਰ ਇਹ ਫਾਇਦਾ ਦੇਣ ਦੇ ਨਾਲ-ਨਾਲ ਆਪਣਾ ਬੁਰਾ ਪ੍ਰਭਾਵ ਵੀ ਛੱਡ ਸਕਦੇ ਹਨ ਪਰ ਸ਼ਹਿਦ ਇਨ੍ਹਾਂ ਸਭ ਦਾ ਬਦਲ ਹੈ। ਇਸ ਦੇ ਲਾਭ ਅਣਗਿਣਤ ਹਨ ਪਰ ਹਾਨੀਆਂ ਨਿਗੁਣ ਹਨ।


-ਸੁਨੀਲ ਪਰਸਾਈ

ਦੰਦਾਂ ਦੀ ਸਿਹਤ ਅਤੇ ਸੁੰਦਰਤਾ

ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ। ਸਾਹਮਣੇ ਵਾਲੇ ਦੰਦ ਸੁੰਦਰਤਾ (ਦਿੱਖ) ਲਈ, ਬੋਲਣ ਲਈ ਅਤੇ ਚੱਕ ਮਾਰ ਕੇ ਖਾਣ ਲਈ ਵਰਤੋਂ 'ਚ ਆਉਂਦੇ ਹਨ। ਇਨ੍ਹਾਂ ਨਾਲ ਹੀ ਸਾਡੀ ਸ਼ਖ਼ਸੀਅਤ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਸੂਏ ਦੰਦ ਕੱਟਣ ਦਾ ਕੰਮ ਕਰਦੇ ਹਨ ਅਤੇ ਖੂਬਸੂਰਤ ਮੁਸਕਾਨ ਵਾਸਤੇ ਬਹੁਤ ਜ਼ਰੂਰੀ ਹਨ। ਇਹ ਸਭ ਤੋਂ ਮਜ਼ਬੂਤ ਦੰਦ ਹੁੰਦੇ ਹਨ। ਦਾੜ੍ਹਾਂ ਦੀ ਮਦਦ ਨਾਲ ਅਸੀਂ ਖਾਣਾ ਚਿੱਥਦੇ ਹਾਂ ਜੋ ਕਿ ਛੇਤੀ ਹਜ਼ਮ ਹੋ ਜਾਂਦਾ ਹੈ। ਦਾੜ੍ਹਾਂ ਨਾਲ ਸਾਡਾ ਮੂੰਹ ਵੀ ਭਰਿਆ ਲਗਦਾ ਹੈ। ਜੇਕਰ ਦਾੜ੍ਹਾਂ ਨਿਕਲ ਜਾਣ ਤਾਂ ਗੱਲ੍ਹਾਂ ਅੰਦਰ ਨੂੰ ਵੜ ਜਾਂਦੀਆਂ ਹਨ ਤੇ ਉਮਰ ਜ਼ਿਆਦਾ ਨਜ਼ਰ ਆਉਣ ਲਗਦੀ ਹੈ। ਜੇਕਰ ਇਨ੍ਹਾਂ ਸਾਰੇ 32 ਦੰਦਾਂ ਵਿਚੋਂ ਕੋਈ ਵੀ ਦੰਦ ਖਰਾਬ ਹੋ ਜਾਵੇ ਤਾਂ ਸਾਰਾ ਸੰਤੁਲਨ ਵਿਗੜ ਜਾਂਦਾ ਹੈ। ਇਸ ਲਈ ਦੰਦਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਦੰਦਾਂ ਦੀਆਂ ਕੁਝ ਆਮ ਬਿਮਾਰੀਆਂ ਹਨ ਜਿਵੇਂ ਕਿ:
* ਦੰਦਾਂ ਨੂੰ ਕੀੜਾ ਲੱਗਣਾ। * ਦੰਦਾਂ ਉਤੇ ਕਰੇੜਾ ਜੰਮਣਾ। * ਦੰਦ ਟੁੱਟ ਜਾਣਾ। * ਦੰਦਾਂ ਦਾ ਰੰਗ ਬਦਲਣਾ ਜਿਵੇਂ ਕਿ ਪੀਲੇ ਹੋ ਜਾਣ ਜਾਂ ਕਾਲੇ ਹੋ ਜਾਣ। * ਦੰਦਾਂ ਉਤੇ ਚਿੱਟੇ ਜਾਂ ਭੂਰੇ ਰੰਗ ਦੇ ਦਾਗ਼ ਪੈਣੇ * ਦੰਦ ਟੇਢੇ ਮੇਢੇ ਹੋਣੇ। * ਦੰਦਾਂ ਦਾ ਆਕਾਰ ਛੋਟਾ, ਵੱਡਾ ਹੋਣਾ। * ਦੰਦ ਦਾ ਹਿਲਦੇ ਹੋਣਾ ਆਦਿ।
ਜੇਕਰ ਦੰਦਾਂ ਨੂੰ ਕੀੜਾ ਲੱਗ ਜਾਵੇ ਤਾਂ ਦੰਦਾਂ ਉਤੇ ਕਾਲਾ ਜਿਹਾ ਥੱਬਾ ਨਜ਼ਰ ਆਉਂਦਾ ਹੈ। ਹੌਲੀ-ਹੌਲੀ ਦੰਦ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਵਾਰ ਟੁੱਟ ਵੀ ਜਾਂਦਾ ਹੈ, ਇਸ ਲਈ ਜਦੋਂ ਵੀ ਤੁਸੀਂ ਦੰਦਾਂ ਉਤੇ ਕਾਲੇ ਰੰਗ ਦੇ ਨਿਸ਼ਾਨ ਵੇਖੋ ਤਾਂ ਡਾਕਟਰ ਕੋਲ ਜਾ ਕੇ ਇਲਾਜ ਕਰਵਾਓ।
ਦਿਨ ਵਿਚ ਦੋ ਵਾਰ ਸਾਫ ਨਾ ਕਰੀਏ ਤਾਂ ਹੌਲੀ-ਹੌਲੀ ਦੰਦਾਂ ਉਤੇ ਕਰੇੜਾ ਜੰਮ ਜਾਂਦਾ ਹੈ। ਇਸ ਨਾਲ ਮਸੂੜ੍ਹਿਆਂ ਦੀ ਬਿਮਾਰੀ ਹੋ ਜਾਂਦੀ ਹੈ। ਜਿਸ ਕਾਰਨ ਮਸੂੜ੍ਹਿਆਂ ਵਿਚੋਂ ਖ਼ੂਨ ਆਉਣ ਲਗਦਾ ਹੈ। ਮੂੰਹ 'ਚੋਂ ਬਦਬੂ ਆਉਂਦੀ ਹੈ, ਪਸ ਨਿਕਲਣ ਲਗਦੀ ਹੈ, ਹੱਡੀ ਖੁਰ ਜਾਂਦੀ ਹੈ ਅਤੇ ਹੌਲੀ-ਹੌਲੀ ਦੰਦ ਹਿੱਲਣ ਲੱਗ ਜਾਂਦੇ ਹਨ। ਇਸ ਦੇ ਇਲਾਜ ਵਾਸਤੇ ਦੰਦਾਂ ਦੀ ਸਫਾਈ ਕੀਤੀ ਜਾਂਦੀ ਹੈ ਅਤੇ ਕਰੇੜਾ ਸਾਫ਼ ਕੀਤਾ ਜਾਂਦਾ ਹੈ।
ਕਈ ਵਾਰ ਮਰੀਜ਼ ਦਾ ਅਗਲਾ ਦੰਦ ਟੁੱਟ ਜਾਂਦਾ ਹੈ, ਤਾਂ ਵੀ ਘਬਰਾਉਣ ਦੀ ਲੋੜ ਨਹੀਂ। ਜੇਕਰ ਦੰਦ ਟੁੱਟਣ ਤੇ ਮਰੀਜ਼ ਜਲਦੀ ਹੀ ਡਾਕਟਰ ਕੋਲ ਆ ਜਾਵੇ ਤਾਂ ਉਸੇ ਵੇਲੇ ਹੀ ਦੰਦ ਦੀ ਵਿਨਿਅਰਿੰਗ ਕਰ ਕੇ ਉਸ ਨੂੰ ਠੀਕ ਕਰ ਦਿੱਤਾ ਜਾਂਦਾ ਹੈ।
ਜੇਕਰ ਦੰਦ ਜ਼ਿਆਦਾ ਟੁੱਟਿਆ ਹੋਵੇ ਅਤੇ ਨਸ ਨੰਗੀ ਹੋ ਗਈ ਹੋਵੇ ਤਾਂ ਮਰੀਜ਼ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਇਸ ਤਕਲੀਫ਼ ਵਿਚ ਟੀਕਾ ਲਗਾ ਕੇ ਅਤੇ ਸੁੰਨ ਕਰਕੇ ਨਸ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਦੰਦ ਨੂੰ ਪੂਰਾ ਬਣਾ ਦਿੱਤਾ ਜਾਂਦਾ ਹੈ।
ਕਈ ਇਲਾਕਿਆਂ ਵਿਚ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਕਰਕੇ ਦੰਦਾਂ ਉਤੇ ਪੀਲੇ ਜਾਂ ਭੂਰੇ ਰੰਗ ਦੇ ਦਾਗ਼ ਪੈ ਜਾਂਦੇ ਹਨ। ਇਸ ਨੂੰ ਮੌਟਲਿੰਗ ਕਹਿੰਦੇ ਹਨ। ਕਈ ਵਾਰ ਬਚਪਨ ਵਿਚ ਕੁਝ ਦਵਾਈਆਂ ਖਾਣ ਨਾਲ ਦੰਦ ਕਾਲੇ ਹੋ ਜਾਂਦੇ ਹਨ। ਕਈ ਮਰੀਜ਼ਾਂ ਦੇ ਦੰਦ ਕੁਦਰਤੀ ਜ਼ਿਆਦਾ ਪੀਲੇ ਹੁੰਦੇ ਹਨ।
ਕਈ ਵਾਰ ਕਈਆਂ ਦੇ ਦੰਦ-ਮੇਢੇ ਹੁੰਦੇ ਹਨ, ਕੋਈ ਦੰਦ ਥੋੜ੍ਹਾ ਜਿਹਾ ਬਾਹਰ ਜਾਂ ਥੋੜ੍ਹਾ ਜਿਹਾ ਅੰਦਰ ਹੁੰਦਾ ਹੈ। ਇਨ੍ਹਾਂ ਨੂੰ ਬਿਨਾਂ ਤਾਰਾਂ ਲਗਾਏ ਇਕ ਦੋ ਸਿਟਿੰਗ ਵਿਚ ਹੀ ਇਕ ਸਾਰ ਜਾਂ ਠੀਕ ਕਰ ਸਕਦੇ ਹਾਂ। ਇਸ ਤਕਨੀਕ ਦਾ ਲਾਭ ਬੱਚਿਆਂ ਨਾਲੋਂ ਵੱਡਿਆਂ ਨੂੰ ਜ਼ਿਆਦਾ ਹੁੰਦਾ ਹੈ ਜੋ ਦੰਦ ਸਿੱਧੇ ਕਰਨ ਲਈ ਤਾਰਾਂ ਲਗਵਾਉਣਾ ਨਹੀਂ ਚਾਹੁੰਦੇ।
ਕਈ ਵਾਰ ਅਗਲੇ ਦੰਦਾਂ ਵਿਚ ਵਿੱਥ ਹੁੰਦੀ ਹੈ ਜੋ ਕਿ ਦੇਖਣ ਵਿਚ ਮਾੜੀ ਲਗਦੀ ਹੈ ਤੇ ਜਦੋਂ ਮਰੀਜ਼ ਮੂੰਹ ਖੋਲ੍ਹਦਾ ਹੈ ਤਾਂ ਦੇਖਣਵਾਲੇ ਦਾ ਧਿਆਨ ਉਥੇ ਹੀ ਜਾਂਦਾ ਹੈ। ਇਸ ਨੂੰ ਠੀਕ ਕਰਨ ਵਾਸਤੇ ਨਾਲ ਦੇ ਦੋਵਾਂ ਦੰਦਾਂ ਨੂੰ 'ਬਿਲਡ ਅਪ' ਕਰਕੇ ਵਿੱਥਾਂ ਘਟਾ ਸਕਦੇ ਹਾਂ।
ਸੋ, ਇਲਾਜ ਲਈ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਦੰਦਾਂ ਅਤੇ ਮਸੂੜਿਆਂ ਦੇ ਰੋਗ ਕਿਸੇ ਦਵਾਈ ਨਾਲ ਜਾਂ ਆਪਣੇ ਆਪ ਠੀਕ ਨਹੀਂ ਹੁੰਦੇ। ਇਨ੍ਹਾਂ ਦਾ ਇਲਾਜ ਕਰਨਾ ਪੈਂਦਾ ਹੈ ਤੇ ਦੰਦਾਂ ਦੇ ਡਾਕਟਰ ਕੋਲ ਜਲਦੀ ਤੋਂ ਜਲਦੀ ਜਾਣਾ ਚਾਹੀਦਾ ਹੈ। ਕਈ ਵਾਰ ਅਣਗਹਿਲੀ ਕਰਕੇ ਦੰਦ ਹਿੱਲਣ ਲੱਗ ਜਾਂਦੇ ਹਨ ਜਾਂ ਸੱਟ ਲੱਗਣ ਕਰਕੇ ਦੰਦ ਹਿੱਲਣ ਲੱਗ ਜਾਂਦੇ ਹਨ। ਫਾਈਬਰ ਸਪਲਿੰਟਿੰਗ ਨਾਲ ਦੰਦਾਂ ਨੂੰ ਆਪਸ ਵਿਚ ਜੋੜ ਦਿੱਤਾ ਜਾਂਦਾ ਹੈ ਜੋ ਕਿ ਬਿਲਕੁਲ ਦੰਦ ਦੇ ਰੰਗ ਦੀ ਹੁੰਦੀ ਹੈ।
ਜੇਕਰ ਦੰਦ ਵਿਚ ਦਰਦ ਹੋਵੇ, ਸੋਜ਼ਿਸ਼ ਹੋਵੇ ਤੇ ਬਿਮਾਰੀ ਨਸਾਂ ਤੱਕ ਪਹੁੰਚ ਗਈ ਹੋਵੇ ਤਾਂ ਵੀ ਦੰਦ ਨੂੰ ਕਢਾਉਣਾ ਨਹੀਂ ਚਾਹੀਦਾ ਇਸ ਨੂੰ ਆਰ.ਸੀ.ਟੀ. ਕਰਕੇ ਠੀਕ ਕਰ ਸਕਦੇ ਹਾਂ। ਇਹ ਇਲਾਜ ਇਕ ਸਿਟਿੰਗ ਤੋਂ ਲੈ ਕੇ ਤਿੰਨ ਸਿਟਿੰਗ ਵਿਚ ਕੀਤਾ ਜਾਂਦਾ ਹੈ ਅਤੇ ਅਸੀਂ ਦੰਦਾਂ ਨੂੰ ਬਚਾ ਸਕਦੇ ਹਾਂ।
ਦੰਦਾਂ ਨੂੰ ਨਿਰੋਗ ਰੱਖਣ ਲਈ ਕੁਝ ਸਲਾਹਾਂ
* ਰੋਜ਼ ਦੋ ਵਾਰ ਬੁਰਸ਼ ਕਰੋ। ਇਕ ਵਾਰ ਸਵੇਰੇ ਤੇ ਦੂਜੀ ਵਾਰ ਸੌਣ ਤੋਂ ਪਹਿਲਾਂ।
* ਕੱਚੇ ਫਲ ਅਤੇ ਸਬਜ਼ੀਆਂ ਖਾਓ। ਜਿਸ ਨਾਲ ਦੰਦਾਂ ਦੀ ਕਸਰਤ ਹੁੰਦੀ ਹੈ।


-ਮਨਜੀਤ ਸੈਣੀ ਹਸਪਤਾਲ, 421, ਮਾਲ ਰੋਡ,
ਮਾਡਲ ਟਾਊਨ, ਜਲੰਧਰ।
ਮੋਬਾਈਲ :
98143-82907,
99889-60002

ਜ਼ਰੂਰੀ ਹੈ ਤੰਦਰੁਸਤ ਅੱਖਾਂ

ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨਾਲ ਸਰੀਰ ਦੇ ਸਾਰੇ ਅੰਗ ਤਾਕਤਵਰ ਹੁੰਦੇ ਹਨ ਪਰ ਅੱਖਾਂ ਲਈ ਕੁਝ ਵਿਸ਼ੇਸ਼ ਰੂਪ ਨਾਲ ਉਤਰਦਾਈ ਇਸ ਤਰ੍ਹਾਂ ਦੇ ਭੋਜਨ ਤੱਤ ਵਿਗਿਆਨੀਆਂ ਵਲੋਂ ਲੱਭੇ ਗਏ ਹਨ, ਜਿਨ੍ਹਾਂ ਦੀ ਜੇਕਰ ਅਣਗਹਿਲੀ ਕੀਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ 'ਤੇ ਉਲਟ ਪ੍ਰਭਾਵ ਪੈਂਦਾ ਹੈ। ਸਾਡੀਆਂ ਅੱਖਾਂ ਸਿਹਤਮੰਦ ਰਹਿਣ, ਇਸ ਲਈ ਹੇਠ ਲਿਖੀਆਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ।
* ਅੱਖਾਂ ਸਾਫ, ਨਿਰਮਲ ਅਤੇ ਹਮੇਸ਼ਾ ਸਵੱਛ ਰਹਿਣ, ਇਸ 'ਤੇ ਹਮੇਸ਼ਾ ਧਿਆਨ ਰੱਖਣਾ ਚਾਹੀਦਾ।
* ਅੱਖਾਂ ਦੀ ਕੁਦਰਤੀ ਠੰਢਕ ਪਸੰਦ ਹੈ, ਸਵੇਰੇ ਉੱਠ ਕੇ ਠੰਢੇ ਪਾਣੀ ਨਾਲ ਸਾਫ਼ ਕਰਨਾ ਨਾ ਭੁੱਲੋ। ਸਾਫ ਗਿਲਾਸ ਵਿਚ ਪਾਣੀ ਲੈ ਕੇ ਚੂਲੀ ਭਰ ਕੇ ਅੱਖਾਂ 'ਤੇ ਹਲਕੇ ਛਿੱਟੇ ਮਾਰੋ। ਧਿਆਨ ਰਹੇ ਪਲਕਾਂ ਝਪਕਣ ਨਹੀਂ। ਇਹ ਸਿਲਸਿਲਾ ਪੰਜ ਸੱਤ ਵਾਰ ਕਰ ਲੈਣ ਨਾਲ ਅੱਖਾਂ ਸਾਫ਼ ਅਤੇ ਸਿਹਤਮੰਦ ਅਨੁਭਵ ਹੋਣ ਲਗਦੀਆਂ ਹਨ।
* ਅੱਖਾਂ ਨੂੰ ਧੂੜ ਅਤੇ ਗਰਮੀ ਤੋਂ ਬਚਾਈ ਰੱਖਣ ਲਈ ਹਫ਼ਤੇ ਵਿਚ ਦੋ ਵਾਰ ਵਿਸ਼ੇਸ਼ ਮਿਹਨਤ ਕਰਨੀ ਚਾਹੀਦੀ। ਇਸ ਲਈ ਇਕ ਬਾਲਟੀ ਸਾਫ਼ ਪਾਣੀ ਵਿਚ ਸਾਹ ਰੋਕ ਕੇ ਆਪਣੇ ਸਿਰ ਨੂੰ ਉਸ ਪਾਣੀ ਵਿਚ ਏਨਾ ਡੁਬੋਇਆ ਜਾਵੇ ਕਿ ਅੱਖਾਂ, ਨੱਕ, ਮੂੰਹ ਸਾਰੇ ਪੂਰੀ ਤਰ੍ਹਾਂ ਨਾਲ ਡੁੱਬ ਜਾਣ। ਹੁਣ ਉਸੇ ਪਾਣੀ ਦੇ ਅੰਦਰ ਅੱਖਾਂ ਖੋਲ੍ਹਣ, ਬੰਦ ਕਰਨ ਅਤੇ ਪੁਤਲੀਆਂ ਨੂੰ ਇਧਰ-ਉਧਰ ਘੁਮਾਉਣ ਦਾ ਯਤਨ ਕਰੋ। ਜਦੋਂ ਸਾਹ ਲੈਣਾ ਹੋਵੇ ਤਾਂ ਸਿਰ ਬਾਹਰ ਕਰ ਲਉ। ਦੋ-ਚਾਰ ਵਾਰ ਇਸ ਤਰ੍ਹਾਂ ਅਭਿਆਸ ਕਰਨ ਨਾਲ ਅੱਖਾਂ ਸਾਫ਼ ਅਤੇ ਠੰਢੀਆਂ ਹੋ ਜਾਂਦੀਆਂ ਹਨ।
* ਅੱਖ ਮਾਹਿਰਾਂ ਅਨੁਸਾਰ ਵਿਟਾਮਿਨ 'ਏ' ਅੱਖਾਂ ਲਈ ਚੰਗਾ ਹੁੰਦਾ ਹੈ। ਸਾਡੀਆਂ ਅੱਖਾਂ ਦੇ 'ਰੈਟੀਨਾ' ਦੋਸ਼ਾਂ ਵਿਚ ਜੋ ਪ੍ਰਤੀਕਿਰਿਆ ਹੁੰਦੀ ਹੈ ਉਸ ਲਈ ਵਿਟਾਮਿਨ 'ਏ' ਦੀ ਭਰਪੂਰ ਮਾਤਰਾ ਵਿਚ ਮੌਜੂਦਗੀ ਜ਼ਰੂਰੀ ਹੈ। ਵਿਟਾਮਿਨ 'ਏ' ਦੀ ਕਮੀ ਨਾਲ ਰਤੌਂਧੀ ਹੋਣ ਲਗਦੀਆਂ ਹਨ। ਅੱਖਾਂ ਦੀ ਕੰਜਕਟਾਈਵਾ ਦੇ ਕੋਸ਼ ਮੋਟੇ, ਪਰਤਦਾਰ ਅਤੇ ਸੁੱਕੇ ਹੋ ਜਾਂਦੇ ਹਨ ਅਤੇ ਆਪਣੀ ਚਮਕ ਗਵਾ ਦਿੰਦੇ ਹਨ। ਅੱਖਾਂ ਤੋਂ ਪਾਣੀ ਵਗਣ ਲਗਦਾ ਹੈ। ਧੁੱਪ ਵਿਚ ਕੁਝ ਦੇਖ ਸਕਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਅਖੀਰ ਅੱਖਾਂ ਦੀ ਜੋਤੀ ਗੁਆਚ ਜਾਂਦੀ ਹੈ। ਵਿਟਾਮਿਨ 'ਏ' ਯੁਕਤ ਭੋਜਨ-ਦੁੱਧ, ਮੱਖਣ, ਟਮਾਟਰ, ਗਾਜਰ, ਹਰੇ ਸਾਗ, ਸਬਜ਼ੀ ਆਦਿ ਦਾ ਵਿਸ਼ੇਸ਼ ਰੂਪ ਨਾਲ ਸੇਵਨ ਕਰਨਾ ਚਾਹੀਦਾ।
* ਅੱਖਾਂ ਨੂੰ ਸਾਫ਼ ਅਤੇ ਮਜ਼ਬੂਤ ਬਣਾਈ ਰੱਖਣ ਵਿਚ ਤ੍ਰਿਫਲਾ ਜਲ ਕਾਫ਼ੀ ਗੁਣਕਾਰੀ ਹੁੰਦਾ ਹੈ। ਕਿਸੇ ਸਾਫ਼-ਸੁਥਰੇ ਮਿੱਟੀ ਦੇ ਭਾਂਡੇ ਜਾਂ ਸਟੀਲ ਦੇ ਭਾਂਡੇ ਵਿਚ ਇਕ ਦੋ ਚਮਚ ਤ੍ਰਿਫਲਾ ਚੂਰਨ ਨੂੰ ਰਾਤ ਨੂੰ ਇਕ ਗਿਲਾਸ ਪਾਣੀ ਵਿਚ ਭਿਉਂ ਦਿੱਤਾ ਜਾਵੇ ਅਤੇ ਸਵੇਰੇ ਉਸ ਨਾਲ ਸਾਫ਼ ਹੱਥਾਂ ਨਾਲ ਅੱਖਾਂ ਧੋਣ ਨਾਲ ਅੱਖਾਂ ਦੀ ਸਫਾਈ ਦੇ ਨਾਲ ਕੁਦਰਤੀ ਪੋਸ਼ਣ ਵੀ ਉਨ੍ਹਾਂ ਨੂੰ ਮਿਲਦਾ ਰਹੇਗਾ।
* ਅੱਖਾਂ ਨੂੰ ਨੀਂਦ ਨਾਲ ਵਿਸ਼ਰਾਮ ਮਿਲਦਾ ਹੈ, ਇਸ ਲਈ ਪੂਰੀ ਨੀਂਦ ਲੈਣ ਵਿਚ ਕੋਤਾਹੀ ਨਹੀਂ ਵਰਤਣੀ ਚਾਹੀਦੀ। ਚੌਵੀ ਘੰਟੇ ਵਿਚੋਂ ਘੱਟ ਤੋਂ ਘੱਟ ਛੇ-ਸੱਤ ਘੰਟੇ ਸੌਣ ਨਾਲ ਅੱਖਾਂ ਚੁਸਤ ਅਤੇ ਦਰੁਸਤ ਬਣੀਆਂ ਰਹਿੰਦੀਆਂ ਹਨ। * ਅੱਖਾਂ ਨੂੰ ਕਮਜ਼ੋਰ ਅਤੇ ਬਿਮਾਰ ਬਣਾਉਣ ਵਿਚ ਮੁਖ ਸਾਧਨ ਟੈਲੀਵਿਜ਼ਨ ਅਤੇ ਕੰਪਿਊਟਰ ਦਾ ਅਤਿ ਪ੍ਰਯੋਗ ਵੀ ਹੈ। ਉਸ ਨੂੰ ਦੇਖਦੇ ਸਮੇਂ ਇਕ ਟੱਕ ਨਾ ਦੇਖੋ ਅਤੇ ਕੰਪਿਊਟਰ 'ਤੇ ਜ਼ਿਆਦਾ ਦੇਰ ਤੱਕ ਕੰਮ ਨਾ ਕਰੋ।
* ਅੱਖਾਂ ਤੋਂ ਬਾਰੀਕ ਕੰਮ ਲੈਂਦੇ ਸਮੇਂ ਵੀ ਉਨ੍ਹਾਂ ਨੂੰ ਵਿਚਾਲੇ-ਵਿਚਾਲੇ ਅਰਾਮ ਦਿੱਤਾ ਜਾਣਾ ਜ਼ਰੂਰੀ ਹੈ। ਜੇਕਰ ਪੜ੍ਹਾਈ ਕਰ ਰਹੇ ਹੋ ਜਾਂ ਸਿਲਾਈ, ਕਢਾਈ ਕਰ ਰਹੇ ਹੋ ਤਾਂ 20 ਮਿੰਟ ਬਾਅਦ ਕੰਮ ਬੰਦ ਕਰਕੇ ਥੋੜ੍ਹੀ ਦੇਰ ਤੱਕ ਦੋਵੇਂ ਅੱਖਾਂ ਦੀਆਂ ਹਥੇਲੀਆਂ ਨਾਲ ਅੱਖਾਂ ਬੰਦ ਰੱਖਣ ਨਾਲ ਉਨ੍ਹਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ।
* ਸਵੇਰ ਦੇ ਸਮੇਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਕੁਝ ਸੈਕਿੰਡ ਤੱਕ ਸੂਰਜ ਦੀ ਰੌਸ਼ਨੀ ਨੂੰ ਦੇਖਣਾ ਅਤੇ ਫਿਰ ਅੱਖਾਂ ਬੰਦ ਕਰਨਾ ਅਤੇ ਰਾਤ ਨੂੰ ਚੰਦਰਮਾ ਦੇ ਨਾਲ ਵੀ ਇਸ ਪ੍ਰਕਿਰਿਆ ਨੂੰ ਦੁਬਾਰਾ ਕਰਨਾ ਉੱਤਮ ਕਸਰਤ ਹੈ।
* ਅੱਖ ਮਾਹਿਰਾਂ ਅਨੁਸਾਰ ਐਨਕ ਦੀ ਵਰਤੋਂ ਕਰਨਾ ਜ਼ਰੂਰੀ ਹੁੰਦਾ ਹੈ। ਗ਼ਲਤ ਸ਼ੀਸ਼ੇ ਦਾ ਪ੍ਰਭਾਵ ਅੱਖਾਂ 'ਤੇ ਬੁਰਾ ਪੈਂਦਾ ਹੈ।

ਐਕਿਊਪ੍ਰੈਸ਼ਰ ਨਾਲ ਮਾਈਗ੍ਰੇਨ ਦਾ ਇਲਾਜ

ਸਿਰਦਰਦ ਇਕ ਇਸ ਤਰ੍ਹਾਂ ਦੀ ਸਮੱਸਿਆ ਹੈ ਜਿਸ ਦਾ ਵਿਅਕਤੀ ਆਏ ਦਿਨ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹ ਰੋਗ ਕਦੀ-ਕਦੀ ਖੁਦ ਠੀਕ ਹੋ ਜਾਂਦਾ ਹੈ ਤੇ ਕਦੀ-ਕਦੀ ਦਵਾਈ ਲੈਣ ਤੋਂ ਬਾਅਦ ਜਲਦੀ ਠੀਕ ਨਹੀਂ ਹੁੰਦਾ ਅਤੇ ਰੋਗੀ ਨੂੰ ਕਾਫੀ ਦਿਨਾਂ ਤੱਕ ਪਰੇਸ਼ਾਨ ਹੋਣਾ ਪੈਂਦਾ ਹੈ।
ਆਯੁਰਵੈਦ ਵਿਚ 11 ਤਰ੍ਹਾਂ ਦੇ ਸਿਰਦਰਦ ਦੱਸੇ ਗਏ ਹਨ। ਉਨ੍ਹਾਂ ਵਿਚੋਂ ਮਾਈਗ੍ਰੇਨ ਵੀ ਇਕ ਹੈ। ਮਾਈਗ੍ਰੇਨ ਵਿਚ ਅੱਧੇ ਹਿੱਸੇ ਵਿਚ ਕਾਫੀ ਤੇਜ਼ ਦਰਦ ਹੁੰਦਾ ਹੈ ਅਤੇ ਆਰੀ ਨਾਲ ਕੱਟਣ ਵਰਗਾ ਦਰਦ ਦਾ ਅਹਿਸਾਸ ਹੁੰਦਾ ਹੈ। ਮਾਈਗ੍ਰੇਨ ਦਾ ਦਰਦ ਕਈ ਦਿਨਾਂ ਤੱਕ ਹੁੰਦਾ ਰਹਿੰਦਾ ਹੈ। ਕੁਝ ਲੋਕ ਕੁਝ ਦਿਨਾਂ ਬਾਅਦ ਅਤੇ ਕੁਝ ਲੋਕ ਕਈ ਮਹੀਨਿਆਂ ਬਾਅਦ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਰੋਗ ਦਾ ਦਵਾਈਆਂ ਨਾਲ ਸੰਤੋਸ਼ਜਨਕ ਇਲਾਜ ਹਾਲੇ ਨਹੀਂ ਲੱਭਿਆ ਜਾ ਸਕਿਆ ਹੈ।
ਮਾਈਗ੍ਰੇਨ ਕਈ ਕਾਰਨਾਂ ਨਾਲ ਹੁੰਦਾ ਹੈ। ਇਹ ਕਬਜ਼, ਪੇਟ ਗੈਸ, ਜਿਗਰ ਜਾਂ ਪਿੱਤੇ ਵਿਚ ਗੜਬੜੀ, ਪੁਰਾਣਾ ਨਜ਼ਲਾ, ਜ਼ੁਕਾਮ, ਗਰਦਨ ਵਿਚ ਰੀੜ੍ਹ ਦੀ ਹੱਡੀ ਦੇ ਨੁਕਸ ਕਾਰਨ, ਕੰਨ ਜਾਂ ਦੰਦ ਦਰਦ ਤੋਂ ਹੁੰਦਾ ਹੈ। ਨਸਾਂ ਵਿਚ ਖਿਚਾਅ, ਤਿੱਲੀ ਦਾ ਵਧਣਾ, ਸਿਰ ਵਿਚ ਟਿਊਮਰ, ਮਾਨਸਿਕ ਅਸ਼ਾਂਤੀ, ਅੱਖਾਂ ਦੀਆਂ ਬਿਮਾਰੀਆਂ ਅਤੇ ਨਿਰੰਤਰ ਚਿੰਤਾ ਦੇ ਕਾਰਨ ਵੀ ਮਾਈਗ੍ਰੇਨ ਹੁੰਦਾ ਹੈ। ਕਈ ਲੋਕ ਕੁਝ ਵਿਸ਼ੇਸ਼ ਵਸਤੂਆਂ ਦੇ ਖਾਣ-ਪੀਣ ਨਾਲ ਇਸ ਦਾ ਸ਼ਿਕਾਰ ਹੁੰਦੇ ਹਨ। ਇਹ ਰੋਗ ਹਾਰਮੋਨਸ ਅੰਸਤੁਲਨ, ਮਿਰਗੀ ਅਤੇ ਪੇਸ਼ਾਬ ਦੇ ਰੋਗ ਦੇ ਕਾਰਨ ਵੀ ਹੁੰਦਾ ਹੈ।
ਦਵਾਈਆਂ ਨਾਲ ਮਾਈਗ੍ਰੇਨ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਪਰ ਐਕਿਊਪ੍ਰੈਸ਼ਰ ਤੋਂ ਬਿਨਾਂ ਕਿਸੇ ਦਵਾਈ ਨਾਲ ਇਸ ਰੋਗ ਨੂੰ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਹੈ।
ਐਕਿਊਪ੍ਰੈਸ਼ਰ ਇਕ ਚਮਤਕਾਰੀ ਪੱਧਤੀ ਹੈ ਜਿਸ ਵਿਚ ਹੱਥਾਂ ਅਤੇ ਪੈਰਾਂ ਦੇ ਕੁਝ ਵਿਸ਼ੇਸ਼ ਕੇਂਦਰਾਂ 'ਤੇ ਹੱਥ ਦੇ ਅੰਗੂਠੇ ਨਾਲ ਦਬਾਅ ਪਾ ਕੇ ਮਾਲਿਸ਼ ਕਰਕੇ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਦਾ ਸਰੀਰ ਦੇ ਵੱਖ-ਵੱਖ ਅੰਦਰੂਨੀ ਅੰਗਾਂ ਨਾਲ ਸਿੱਧਾ ਸੰਪਰਕ ਹੁੰਦਾ ਹੈ। ਇਹ ਇਲਾਜ ਪੱਧਤੀ ਇਕ ਸੌਖੀ ਇਲਾਜ ਪੱਧਤੀ ਹੈ, ਜਿਸ ਨਾਲ ਬੱਚੇ, ਬੁੱਢੇ, ਜਵਾਨ ਸਾਰੇ ਖ਼ੁਦ ਆਪਣਾ ਇਲਾਜ ਕਰ ਸਕਦੇ ਹਨ। ਇਸ ਪੱਧਤੀ ਨਾਲ ਇਲਾਜ ਕਰਨ ਨਾਲ ਰੋਗੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ।
ਇਸ ਪੱਧਤੀ ਨਾਲ ਮਾਈਗ੍ਰੇਨ ਦਾ ਇਲਾਜ ਕਰਦੇ ਸਮੇਂ ਸਭ ਤੋਂ ਪਹਿਲਾਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਇਕੱਠੇ ਇਕ-ਦੋ ਮਿੰਟ ਅਤੇ ਉਸ ਤੋਂ ਬਾਅਦ ਦੋਵਾਂ ਹੱਥਾਂ ਦੇ ਉੱਪਰ ਤ੍ਰਿਕੋਨ ਥਾਂ 'ਤੇ 2-3 ਮਿੰਟ ਤੱਕ ਮਾਲਿਸ਼ ਵਰਗਾ ਦਬਾਅ ਦਿੱਤਾ ਜਾਂਦਾ ਹੈ। ਅਟੈਕ ਦੀ ਹਾਲਤ ਵਿਚ ਇਨ੍ਹਾਂ ਕੇਂਦਰਾਂ 'ਤੇ ਦਬਾਅ ਦੇਣ ਨਾਲ ਦਰਦ ਘੱਟ ਹੋ ਜਾਂਦਾ ਹੈ ਜਾਂ ਬਿਲਕੁਲ ਦੂਰ ਹੋ ਜਾਂਦਾ ਹੈ।
ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਦੇ ਚਾਰੇ ਪਾਸੇ ਦੇ ਕੇਂਦਰਾਂ ਦਾ ਦਿਮਾਗ਼ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਉਨ੍ਹਾਂ 'ਤੇ ਦਬਾਅ ਪਾਉਣ ਨਾਲ ਦਿਮਾਗ ਦਾ ਤਣਾਅ ਦੂਰ ਹੁੰਦਾ ਹੈ। ਹੱਥਾਂ ਅਤੇ ਪੈਰਾਂ ਦੇ ਉੱਪਰ ਮਾਲਿਸ਼ ਕਰਨ ਨਾਲ ਬਰਾਬਰ ਦਬਾਅ ਪਾਉਣਾ ਚਾਹੀਦਾ।
ਐਕਿਊਪ੍ਰੈਸ਼ਰ ਵਲੋਂ ਇਲਾਜ ਦਿਨ ਵਿਚ ਦੋ ਵਾਰ ਸਵੇਰੇ-ਸ਼ਾਮ ਕਰਨਾ ਚਾਹੀਦਾ। ਜੇਕਰ ਸਵੇਰੇ-ਸ਼ਾਮ ਇਲਾਜ ਦੇਣਾ ਸੰਭਵ ਨਾ ਹੋਵੇ ਤਾਂ ਦਿਨ ਵਿਚ ਕਦੀ ਵੀ ਕੀਤਾ ਜਾ ਸਕਦਾ ਹੈ। ਸਾਰੇ ਕੇਂਦਰਾਂ 'ਤੇ ਦਬਾਅ ਦੇਣ ਵਿਚ ਲਗਪਗ 15-20 ਮਿੰਟ ਲੱਗ ਸਕਦੇ ਹਨ। ਆਮ ਤੌਰ 'ਤੇ ਐਕਿਊਪ੍ਰੈਸ਼ਰ ਨਾਲ ਰੋਗੀ 10-15 ਦਿਨ ਵਿਚ ਬਿਲਕੁਲ ਠੀਕ ਹੋ ਜਾਂਦਾ ਹੈ। ਰੋਗ ਪੁਰਾਣਾ ਹੋਣ 'ਤੇ ਇਸ ਵਿਚ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਇਹ ਇਕ ਚਮਤਕਾਰੀ ਇਲਾਜ ਪ੍ਰਣਾਲੀ ਹੈ ਜਿਸ ਨਾਲ ਰੋਗੀ ਨੂੰ ਜ਼ਰੂਰ ਲਾਭ ਮਿਲਦਾ ਹੈ।


-ਐਮ. ਬੀ. ਪਹਾੜੀ

ਸਿਹਤ ਖ਼ਬਰਨਾਮਾ

ਸੋਇਆਬੀਨ ਦਿਲ ਲਈ ਚੰਗਾ

ਮਾਹਿਰਾਂ ਦੇ ਅਨੁਸਾਰ ਸੋਇਆਬੀਨ ਕੋਲੈਸਟ੍ਰੋਲ ਰਹਿਤ ਪ੍ਰੋਟੀਨ, ਫਾਈਬਰ, ਕੈਲਸ਼ੀਅਮ ਅਤੇ ਫੋਲਿਕ ਐਸਿਡ ਦਾ ਚੰਗਾ ਸਰੋਤ ਹੈ। ਸੋਇਆਬੀਨ ਵਿਚ ਪਾਏ ਜਾਣ ਵਾਲੇ ਤੱਤ ਦਿਲ ਦੇ ਰੋਗ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ, ਕਿਉਂਕਿ ਇਹ ਐਲ.ਡੀ.ਐਲ. ਬੁਰੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਹੀ ਨਹੀਂ, ਇਹ ਆਸਟਿਓਪੋਰੋਸਿਸ ਰੋਗ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ। ਇਸ ਲਈ ਸੋਇਆਬੀਨ ਦਾ ਸੇਵਨ ਸਿਹਤਵਰਧਕ ਹੈ।
ਕੰਪਿਊਟਰ ਕਾਰਗੁਜ਼ਾਰੀ ਵਿਚ ਸੁਧਾਰ ਨਹੀਂ, ਕਮੀ ਲਿਆਉਂਦਾ ਹੈ

ਕੰਪਿਊਟਰ ਦੀ ਵਧਦੀ ਵਰਤੋਂ ਕੀ ਬੱਚੇ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ? ਇਸ ਗੱਲ ਦਾ ਪਤਾ ਲਗਾਇਆ ਗਿਆ ਇਕ ਖੋਜ ਦੌਰਾਨ। ਇਸ ਖੋਜ ਵਿਚ 15 ਸਾਲ ਦੀ ਉਮਰ ਦੇ ਲਗਪਗ 1,00,000 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਵਿਦਿਆਰਥੀ ਵਿਕਸਿਤ ਦੇਸ਼ਾਂ ਦੇ ਵੀ ਸਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵੀ। ਇਸ ਖੋਜ ਨਾਲ ਇਹ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਨੂੰ ਆਪਣੇ ਘਰਾਂ ਵਿਚ ਵੀ ਕੰਪਿਊਟਰ ਉਪਲਬਧ ਸਨ, ਉਨ੍ਹਾਂ ਨੇ ਵਿਗਿਆਨ, ਗਣਿਤ ਵਰਗੇ ਵਿਸ਼ਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਦੀ ਬਜਾਏ ਸਹੀ ਕਾਰਗੁਜ਼ਾਰੀ ਨਹੀਂ ਦਿਖਾਈ। ਮਾਹਿਰਾਂ ਅਨੁਸਾਰ ਕੰਪਿਊਟਰ ਬੱਚੇ ਨੂੰ ਪੜ੍ਹਾਈ ਤੋਂ ਦੂਰ ਲੈ ਜਾਂਦਾ ਹੈ, ਕਿਉਂਕਿ ਜੋ ਗਿਆਨ ਕੰਪਿਊਟਰ ਦੁਆਰਾ ਮਿਲਦਾ ਹੈ, ਉਹ ਕੁਸ਼ਲ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਸਿੱਖਣ ਦਾ ਕੁਸ਼ਲ ਤਰੀਕਾ, ਕਿਉਂਕਿ ਕੰਪਿਊਟਰ ਦੀ ਵਰਤੋਂ ਸਿੱਖਣ ਤੋਂ ਇਲਾਵਾ ਦੂਜੇ ਕੰਮਾਂ ਲਈ ਜ਼ਿਆਦਾ ਕੀਤੀ ਜਾਂਦੀ ਹੈ। ਇਹੀ ਨਹੀਂ, ਇਸ ਖੋਜ ਨਾਲ ਇਹ ਵੀ ਸਾਹਮਣੇ ਆਇਆ ਕਿ ਜੋ ਕੰਮ ਕਿਤਾਬਾਂ ਕਰ ਸਕਦੀਆਂ ਹਨ, ਉਹ ਕੰਪਿਊਟਰ ਨਹੀਂ। ਉਹ ਬੱਚੇ, ਜਿਨ੍ਹਾਂ ਦੇ ਘਰਾਂ ਵਿਚ 500 ਤੋਂ ਵੀ ਜ਼ਿਆਦਾ ਕਿਤਾਬਾਂ ਪਾਈਆਂ ਗਈਆਂ, ਉਨ੍ਹਾਂ ਨੇ ਕਿਤਾਬਾਂ ਨਾ ਪੜ੍ਹਨ ਵਾਲੇ ਬੱਚਿਆਂ ਦੀ ਤੁਲਨਾ ਵਿਚ ਗਣਿਤ, ਵਿਗਿਆਨ ਵਰਗੇ ਵਿਸ਼ਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX