ਤਾਜਾ ਖ਼ਬਰਾਂ


ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  9 minutes ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  40 minutes ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  44 minutes ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਇਕ ਇਮਾਰਤ ਨੂੰ ਲੱਗੀ ਅੱਗ,3 ਲੜਕੀਆਂ ਗੰਭੀਰ ਜ਼ਖਮੀ
. . .  16 minutes ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  about 1 hour ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  about 1 hour ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  about 2 hours ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  about 2 hours ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਮਾਂ, ਡੱਡਾਂ ਤੇ ਮੈਂ

ਇਹ 1977 ਦੇ ਸਿਆਲਾਂ ਦੇ ਦਿਨ ਸੀ, ਜਦੋਂ ਮਲੋਟ ਤੋਂ ਬਦਲੀ ਕਰਵਾ ਕੇ ਮੇਰੇ ਪਿਤਾ ਬਰੀਵਾਲਾ ਮੰਡੀ, ਜੋ ਕਿ ਸਾਡੇ ਜੱਦੀ ਪਿੰਡ ਜੰਡੋਕੀ ਤੋਂ 4 ਕਿਲੋਮੀਟਰ 'ਤੇ ਸੀ, ਸਾਇੰਸ ਮਾਸਟਰ ਦੇ ਤੌਰ 'ਤੇ ਆ ਹਾਜ਼ਰ ਹੋਏ | ਅੱਠਵੀਂ 'ਚ ਸੀ ਮੈਂ ਤੇ ਮੇਰੀ ਭੈਣ ਪੰਜਵੀਂ 'ਚ | ਸਾਂਝਾ ਘਰ ਸੀ, ਚਾਚੇ ਦੇ ਟੱਬਰ ਨਾਲ, ਨਾਲ ਦਾਦਾ ਤੇ ਦਾਦੀ | ਦਾਦੀ ਨੂੰ ਅਸੀਂ ਸਾਰੇ ਮਾਂ ਕਹਿੰਦੇ ਹੁੰਦੇ ਸੀ, ਚਾਚੇ ਤੇ ਪਿਤਾ ਦੀ ਰੀਸ ਨਾਲ | ਮਾਂ ਨਾਲ ਮੇਰਾ ਬਹੁਤ ਪਿਆਰ ਸੀ | ਮਲੋਟ ਤੋਂ, ਪਹਿਲਾਂ ਵੀ ਮੈਨੂੰ ਨਿੱਕੇ ਹੁੰਦਿਆਂ ਚਾਚਾ ਪਿੰਡ ਲੈ ਆਉਂਦਾ ਸੀ | ਮੈਂ ਸਾਰਾ ਦਿਨ ਮਾਂ (ਦਾਦੀ) ਦੇ ਗਲ਼ ਲੱਗਿਆ ਰਹਿੰਦਾ | ਉਹ ਵੀ ਮੈਨੂੰ ਅੰਤਾਂ ਦਾ ਪਿਆਰ ਕਰਦੀ | ਤੜਾਗੀ 'ਚ ਘੰੁਗਰੂ ਪਾ ਕੇ ਮਾਂ ਨੇ ਮੇਰੇ ਲੱਕ ਨਾਲ ਬੰਨ੍ਹ ਦਿੱਤੀ ਸੀ ਤੇ ਮੈਂ ਵਾਵਰੋਲੇ ਵਾਂਗ ਨੰਗਾ ਵੇਹੜੇ 'ਚ ਭੱਜਿਆ ਫਿਰਦਾ | ਗੁਸੈਲ ਵੀ ਬੜੀ ਸੀ ਉਹ, ਚਾਚੀ ਤੇ ਮੇਰੀ ਮੰਮੀ ਨੂੰ ਅਕਸਰ ਆੜੇ ਹੱਥੀਂ ਲੈਂਦੀ, 'ਹੱਥ ਟੁੱਟ ਜਾਣ ਥੋਡੇ, ਜਾਏ ਖਾਣੇ ਦੀਉ, ਭਰਾਵਾਂ ਪਿੱਟੀਓ'... ਜਿਹੇ ਛੰਦਾਂ ਨਾਲ ਨਿਵਾਜਦੀ ਨਿੱਕੀ ਮੋਟੀ ਗ਼ਲਤੀ ਹੋਣ 'ਤੇ ਉਨ੍ਹਾਂ ਨੂੰ | ਪਰ ਮੈਨੂੰ ਕੁੱਛੜੋਂ ਨਾ ਲਾਹੁੰਦੀ | ਜੇ ਕਿਸੇ ਗੱਲੋਂ ਮੈਂ ਰੁੱਸ ਜਾਣਾ ਤਾਂ ਸਿਰਹਾਣੇ ਬੈਠੀ ਰਹਿੰਦੀ ਜਿੰਨਾ ਚਿਰ ਕੁਝ ਖਾ ਨਾ ਲੈਂਦਾ | ਪਏ-ਪਏ ਦੇ ਵਾਲਾਂ 'ਚ ਹੱਥ ਫੇਰਦੀ ਰਹਿੰਦੀ ਤੇ ਪਤਾ ਨੀਂ ਕਦੋਂ ਉਹ ਆਵਦੇ ਹੱਥਾਂ ਦੀਆਂ ਉਂਗਲਾਂ 'ਚੋਂ ਹੁੰਦੀ ਹੋਈ ਮੇਰੇ ਸਿਰ ਦੇ ਵਾਲਾਂ ਰਾਹੀਂ ਮੇਰੇ ਰੋਮ-ਰੋਮ 'ਚ ਸਮਾ ਗਈ | ਕਦੇ ਅੱਕਦੀ-ਥੱਕਦੀ ਨਾ, ਸਾਰਾ ਦਿਨ ਨੰਗੇ ਪੈਰੀਂ ਊਰੀ ਵਾਂਗੂ ਘੰੁਮਦੀ ਰਹਿੰਦੀ ਘਰ 'ਚ | ਪਿੰਡ 'ਚ ਜ਼ਮੀਨ ਹੇਠਲਾ ਪਾਣੀ ਖਾਰਾ ਸੀ ਪਰ ਪਿੰਡ ਦੀ ਫਿਰਨੀ ਦੇ ਨਲਕਿਆਂ ਦਾ ਸ਼ਹਿਦ ਵਰਗਾ ਮਿੱਠਾ | ਪਾਣੀ ਭਰਨ ਜਾਣ ਲੱਗਿਆਂ ਮੈਂ ਵੀ ਨਾਲ ਜਾਣ ਦੀ ਰਿਹਾੜ ਕਰਨੀ ਤਾਂ ਤੌੜਾ ਸਿਰ 'ਤੇ ਰੱਖ ਉਹਨੇ ਮੈਨੂੰ ਵੀ ਕੁੱਛੜ ਚੁੱਕ ਲੈਣਾ | ਭਰਿਆ ਤੌੜਾ ਤੇ ਸਿੱਕੇ ਵਰਗੇ ਨੂੰ ਮੈਨੂੰ ਚੁੱਕੀ, ਜਦੋਂ ਵਾਪਸ ਮੁੜਨਾ ਤਾਂ ਖੰੁਢਾਂ 'ਤੇ ਬੈਠੇ ਪਿੰਡ ਦੇ ਬੰਦਿਆਂ 'ਚੋਂ ਕਿਸੇ ਨੇ ਕਹਿਣਾ, 'ਤਾਈ ਇਹਨੂੰ ਲਾਹ ਦੇ ਥੱਲੇ | ਕਿਉਂ ਔਖੀ ਹੋਈ ਜਾਨੀ ਐਾ |' ਤਾਂ ਮਾਂ ਨੇ ਝਪਟ ਕੇ ਜਵਾਬ ਦੇਣਾ, 'ਤੇਰਾ ਢਿੱਡ ਦੁਖਦੈ, ਮੇਰਾ ਪੋਤਾ ਮਸਾਂ ਚਾਰ ਦਿਨ ਆਇਆ ਮਲੋਟੋਂ, ਪਤਾ ਨੀ ਜਗਿੰਦਰ ਕਿੱਦੇਂ ਆ ਕੇ ਲੈ ਜੇ |' ਸੱਤ-ਅੱਠ ਸਾਲ ਦਾ ਹੋਇਆ ਤਾਂ ਵਾਲ ਰੱਖਤੇ ਘਰਦਿਆਂ ਨੇ | ਵਾਲ ਐਾ ਵਧੇ ਜਿਵੇਂ ਮੈਂ ਮਸਾਂ ਮਿਲਿਆ ਹੋਵਾਂ | ਤਿੰਨ-ਚਾਰ ਸਾਲਾਂ ਵਿਚ ਹੀ ਖੜ੍ਹੇ ਦੇ ਖੁੱਚਾਂ ਤੱਕ ਆਉਣ ਲੱਗ ਪਏ | ਮਲੋਟੋਂ ਪਿੰਡ ਆਉਣ 'ਤੇ ਮਾਂ ਮੀਢੀਆਂ ਕਰਕੇ ਜੂੜਾ ਕਰਿਆ ਕਰੇ ਬੜੇ ਪਿਆਰ ਨਾਲ, ਤੇ ਨਾਲ-ਨਾਲ ਲਾਡ ਵੀ ਬਥੇਰਾ | ਚਾਅ ਨਾਲ ਪਿੰਡ ਦੀਆਂ ਗਲੀਆਂ 'ਚ ਭੱਜਿਆ ਫਿਰਦਾ ਮੈਂ, ਨਹਿਰਾਂ ਦੇ ਪੁਲਾਂ ਤੋਂ ਛਾਲਾਂ ਮਾਰਦਾ, ਰੇਤੇ 'ਚ ਲਿਟਦਾ ਤੇ ਫੇਰ ਪਾਣੀ 'ਚ ਛਾਲਾਂ ਮਾਰਦਾ, ਪਿੰਡ ਦੇ ਮੰੁਡਿਆਂ ਨਾਲ ਮੱਝਾਂ ਚਾਰਦਾ, ਛੱਪੜਾਂ, ਸੇਮ ਨਾਲਿਆਂ 'ਚ ਮੱਛੀਆਂ ਫੜਦਾ | ਛੇਤੀ ਹੀ ਪਿੰਡ ਦੀ ਰਗ-ਰਗ ਤੋਂ ਜਾਣੂ ਹੋ ਗਿਆ | ਸਾਉਣ ਮਹੀਨੇ ਕਿਸੇ ਮੱਝ ਨੇ ਸੂਣਾ ਤਾਂ ਮਾਂ ਨੇ ਬੌਹਲੀ ਬਾਲਟੀ 'ਚ ਪਾ ਆਂਢ-ਗੁਆਂਢ ਦੇ ਜੁਆਕ ਇਕੱਠੇ ਕਰਕੇ ਦੂਜੇ ਪਿੰਡ ਨੂੰ ਜਾਂਦੇ ਰਾਹ 'ਤੇ ਬੇਰੀ ਥੱਲੇ ਬਣੀ ਵਡੇਰਿਆਂ 'ਚੋਂ ਇਕ ਦੀ ਮੜ੍ਹੀ ਵੱਲ ਲੈ ਤੁਰਨਾ | ਰਾਹ 'ਚ ਪੈਂਦਾ ਛੱਪੜ ਨੇੜੇ ਆਉਣ 'ਤੇ ਅਸੀਂ ਉਹਦੇ ਨਾਲੋਂ ਨਿੱਖੜ ਕੇ ਛੱਪੜ ਕੰਢੇ ਬੈਠੀਆਂ ਡੱਡਾਂ (ਡੱਡੀਆਂ) ਵੱਲ ਭੱਜਣਾ | ਮਾਂ ਨੇ ਦੁਹਾਈਆਂ ਪਾਉਣੀਆਂ, 'ਜਏ ਖਾਣੇ ਦਿਓ ਡੱਡਾਂ ਨਾ ਮਾਰ ਦਿਓ ਜੇ ਕਿਤੇ, ਮੱਝਾਂ ਫਲ਼ ਸਿੱਟ ਜਾਂਦੀਆਂ ਹੁੰਦੀਆਂ, ਫੇਰ ਦੁੱਧ ਨੂੰ ਤਰਸੋਂਗੇ |' ਪਰ ਸਾਡੇ ਪਹੰੁਚਣ ਤੋਂ ਪਹਿਲਾਂ ਹੀ ਉਹ ਛੱਪੜ 'ਚ ਧੜਾਂ-ਧੜਾਂ ਛਾਲਾਂ ਮਾਰ ਜਾਂਦੀਆਂ ਤੇ ਅਸੀਂ ਛੱਪੜ ਦੀ ਚੜ੍ਹਾਈ ਚੜ੍ਹ ਕੇ ਮਾਂ ਨਾਲ ਫੇਰ ਜਾ ਰਲਦੇ | ਬੇਰੀ ਥੱਲੇ 6 ਇੱਟਾਂ ਦੀ ਕਲੀ ਕੀਤੀ ਮੜ੍ਹੀ ਕੋਲ ਅਸੀਂ ਬਹੁਲੀ ਦੀ ਝਾਕ 'ਚ ਬਲਾਂਗੜੀ ਮਾਰ ਕੇ ਬੈਠ ਜਾਣਾ | ਮਾਂ ਨੇ ਜੁੱਤੀ ਇਕ ਪਾਸੇ ਲਾਹ ਕੇ ਮੜ੍ਹੀ 'ਤੇ ਥੋੜ੍ਹੀ ਜਿਹੀ ਬਹੁਲੀ ਪਾ ਕੇ ਮੱਥਾ ਟੇਕਣਾ ਤੇ ਸਾਨੂੰ ਬਾਟੀਆਂ 'ਚ ਬਹੁਲੀ ਪਾ ਦੇਣੀ | ਕੁਝ ਸਾਲ ਹੋਰ ਬੀਤੇ ਤੇ ਹੁਣ ਅਸੀਂ ਸਾਰਾ ਪਰਿਵਾਰ ਮਲੋਟੋਂ ਪਿੰਡ ਪੱਕੇ ਤੌਰ 'ਤੇ ਰਹਿਣ ਲਈ ਪਹੁੰਚ ਗਏ ਸੀ | ਪਰ ਬਿਜਲੀ ਨਹੀਂ ਸੀ ਪਹੁੰਚੀ ਅਜੇ ਸਾਡੇ ਪਿੰਡ, ਲਾਲਟੈਣ ਜਗਾ ਕੇ ਰਾਤ ਨੂੰ ਮਾੜਾ-ਮੋਟਾ ਪੜ੍ਹਨਾ, ਕੱਚੇ ਘਰ ਸੀ ਅਜੇ ਪਿੰਡ 'ਚ ਲਗਪਗ ਸਾਰੇ, ਲਾਲਟਣ ਦਾ ਕਮਰੇ 'ਚ ਧੰੂਆਂ ਹੋਣਾ ਤਾਂ ਮਾਂ ਨੇ ਕਹਿਣਾ, 'ਪੁੱਤ ਪੈ ਜਾ ਸਵੇਰੇ ਪੜ੍ਹ ਲੀਂ |' ਇਕ ਵਾਰ ਅੱਧੀ ਰਾਤ ਮੈਂ ਅੱਭੜਵਾਹੇ ਸੁੱਤਾ ਉਠਿਆ ਤੇ ਮਾਂ ਨੂੰ ਜਗਾ ਕੇ ਆਖਿਆ, 'ਮਾਂ ਮੇਰੇ ਮੰਜੇ ਥੱਲੇ ਚੜੇਲਾਂ ਐ |' 'ਲੈ ਕਰ ਲੋ ਘਿਉ ਨੂੰ ਭਾਂਡਾ, ਜਾਏ ਵੱਢਿਆ ਦਿਆ, ਤੂੰ ਸੀ ਕਿਥੇ ਅੱਜ ਸਾਰੀ ਦਿਹਾੜੀ, ਸਕੂਲ ਵੀ ਨੀ ਗਿਆ, ਪਤਾ ਨੀਂ ਕਿਥੇ-ਕਿਥੇ ਧੱਕੇ ਖਾਂਦਾ ਫਿਰਦੈਂ ਦਿਨੇ ਤੇ ਹੁਣ ਚੜੇਲਾਂ ਦੇ ਸੁਪਨੇ ਆਉਂਦੇ ਐ ਤੈਨੂੰ |' ਸਾਰੀ ਰਾਤ ਮੈਂ ਉਸ 'ਤੇ ਇਕ ਲੱਤ ਰੱਖ ਕੇ ਸੁੱਤਾ ਰਿਹਾ, ਮੇਰੇ ਵਾਲਾਂ 'ਚ ਹੱਥ ਫੇਰਦੀ ਰਹੀ ਉਹ ਆਪਣੀ ਬਾਂਹ 'ਤੇ ਪਾ ਕੇ ਮੈਨੂੰ | ਪਤਾ ਨੀਂ ਕੀ ਮਨ 'ਚ ਆਇਆ ਉਹਦੇ, ਸਵੇਰੇ ਉਠ ਕੇ ਮੇਰਾ ਮੰਜਾ ਇਕ ਪਾਸੇ ਕੀਤਾ ਤੇ ਹੇਠੋਂ ਆਟੇ ਵਾਲੀ ਚੱਕੀ ਘੜੀਸ ਕੇ ਕੱਪੜੇ ਨਾਲ ਕਾਫ਼ ਕਰਨ ਲੱਗ ਪਈ | ਪਿਛਲੇ 20 ਸਾਲ ਤੋਂ ਸ਼ਾਇਦ ਇਹ ਚੱਕੀ ਇਥੇ ਈ ਪਈ ਸੀ | ਮਸ਼ੀਨੀ ਚੱਕੀਆਂ ਆਉਣ ਤੋਂ ਪਹਿਲਾਂ ਮਾਂ ਤੇ ਉਹਦੀ ਸੱਸ ਨੇ ਪਤਾ ਨੀਂ ਕਿੰਨੇ ਢੇਰਾਂ ਦੇ ਢੇਰ ਕਣਕ, ਛੋਲੇ ਤੇ ਮੱਕੀ ਪੀਹੀ ਸੀ ਇਹਦੇ 'ਚ | ਚੱਕੀ ਸਾਫ਼ ਕਰਕੇ ਮਾਂ ਨੇ ਦੋ ਬੁੱਕ ਕਣਕ ਲਿਆ ਕੇ ਚੱਕੀ ਦੇ ਪੁੜਾਂ 'ਚ ਪਾਏ ਤੇ ਪੀਹਣ ਲੱਗੀ | ਉਸ ਆਟੇ ਦੀਆਂ ਦੋ ਰੋਟੀਆਂ ਬਣਾ ਕੇ ਮਿਰਚ ਦੀ ਚਟਣੀ ਰਗੜ ਕੇ ਮੈਨੂੰ ਦਹੀਂ ਨਾਲ ਖਵਾਈਆਂ | ਉਸ ਦਿਨ ਤੋਂ ਬਾਅਦ ਫਿਰ ਮੈਨੂੰ ਚੜੇਲਾਂ ਨੀ ਦਿਸੀਆਂ ਕਦੇ | ਅੱਠਵੀਂ 'ਚੋਂ ਸਕੂਲ 'ਚੋਂ ਪਹਿਲੇ ਨੰਬਰ 'ਤੇ ਆਇਆ, ਨੰਬਰ ਆਏ 800 'ਚੋਂ 416, ਪੂਰੇ 52 ਫ਼ੀਸਦੀ | ਪਿਤਾ ਨੂੰ ਫਿਕਰ ਹੋਇਆ ਤੇ ਡੰਡੇ ਨਾਲ ਮੈਨੂੰ ਸਿੱਧਾ ਕਰਨ ਦੀ ਯੋਜਨਾ ਬਣਾਈ ਗਈ | ਇਸ ਦਾ ਅਸਰ ਵੀ ਸਾਹਮਣੇ ਆਇਆ | ਦਸਵੀਂ 'ਚੋਂ ਚੰਗੇ ਨੰਬਰ ਲੈ ਗਿਆ ਮੈਂ | ਬਾਪੂ (ਦਾਦਾ) ਕਹੇ ਹੁਣ ਏਹਦਾ ਮੰਗਣਾ ਕਰ ਦਿਉ ਤੇ ਹਲ ਮਗਰ ਲਾ ਦਿਉ | ਚਾਚੇ ਦਾ ਵਾਹੀ 'ਚ ਪਹਿਲਾਂ ਈ ਘੱਟ ਧਿਆਨ ਸੀ | ਫਿਲਮਾਂ ਵੇਖਣਾ, ਮੁਹੰਮਦ ਸਦੀਕ, ਮਾਣਕ ਤੇ ਦੀਦਾਰ ਸੰਧੂ ਦੇ ਖਾੜੇ ਵੇਖਣ ਤੁਰਿਆ ਰਹਿਣਾ ਤੇ ਸ਼ਾਮ ਨੂੰ ਟੰੁਨ ਹੋ ਕੇ ਘਰੇ ਮੁੜਨਾ | ਇਹ ਨਹੀਂ, ਕਿ ਉਹਨੇ ਕਦੇ ਕੰਮ ਨਹੀਂ ਸੀ ਕੀਤਾ | ਬੜਾ ਸਚਿਆਰਾ ਸੀ ਉਹ ਖੇਤੀ ਦੇ ਕੰਮ ਨੂੰ | ਕਈ ਸਾਲ ਰੱਜ ਕੇ ਕੰਮ ਕੀਤਾ, ਫਿਰ ਪਤਾ ਨਹੀਂ ਕਈ ਸਾਲ ਨਰਮੇ ਦੀ ਫ਼ਸਲ ਦਾ ਸੰੁਡੀ ਕਾਰਨ ਸਿਰੇ ਨਾ ਚੜ੍ਹਨ ਕਾਰਨ ਜਾਂ ਕੋਈ ਹੋਰ,ਉਸ ਦਾ ਮਨ ਕੰਮ ਤੋਂ ਉਕਤਾ ਗਿਆ | ਜਿਹੜੀ ਗੱਲੋਂ ਮਲੋਟੋਂ ਅੱਡਾ ਪੱਟਿਆ ਸੀ ਘਰ ਦੀ ਖੇਤੀ ਨੂੰ ਕਿਸੇ ਰਾਹੇ ਪਾਉਣ ਦਾ ਉਹ ਮਕਸਦ ਪੂਰਾ ਨਾ ਹੁੰਦਿਆਂ ਵੇਖ ਅਸੀਂ ਅੱਡ ਹੋ ਕੇ ਮੁਕਤਸਰ ਆ ਡੇਰੇ ਲਾਏ, ਤੇ ਮੈਨੂੰ ਗੌਰਮਿੰਟ ਕਾਲਜ ਪਰੈਪ ਮੈਡੀਕਲ 'ਚ ਦਾਖਲ ਕਰਵਾ ਦਿੱਤਾ | ਕਦੇ-ਕਦੇ ਪਿੰਡ ਜਾਂਦਾ ਤਾਂ ਮਾਂ ਗਲ ਨੂੰ ਚੰੁਬੜ ਜਾਂਦੀ, ਫੋੜੇ ਵਾਂਗੰੂ ਫਿੱਸ ਪੈਂਦੀ, ਚਾਚੇ ਦੀਆਂ ਸ਼ਿਕਾਇਤਾਂ ਲਾਉਂਦੀ ਤੇ ਉਹ ਕੋਲੇ ਬੈਠਾ ਮੁਸਕੜੀਆਂ 'ਚ ਹੱਸਦਾ ਰਹਿੰਦਾ | ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾਖਲਾ ਮਿਲਿਆ ਤਾਂ ਖੇਡਾਂ 'ਚ ਦਿਲਚਸਪੀ ਕਰਕੇ ਪਿੰਡ ਜਾਣਾ ਹੋਰ ਘਟ ਗਿਆ | ਮਾਂ ਤਾਂ ਜਿਵੇਂ ਵਿੱਸਰ ਈ ਗਈ | ਫਿਰ ਵੀ ਜਦੋਂ ਕਦੇ ਜਾਂਦਾ ਉਡੀਕਦੀ ਮਿਲਦੀ, ਆ ਗਿਆ 'ਮੇਰਾ ਪਿੰਦਰ' ਕਹਿ ਕੇ ਗਲ ਨੂੰ ਚੰੁਬੜ ਜਾਂਦੀ, ਹੰਝੂਆਂ ਨਾਲ ਮੋਢਾ ਭਿਉਂ ਦਿੰਦੀ | (ਚਲਦਾ)

-8/33, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ |
ਮੋਬਾਈਲ : 75085-02300.


ਖ਼ਬਰ ਸ਼ੇਅਰ ਕਰੋ

ਗ਼ਜ਼ਲ

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਰਾਹਾਂ ਤੱਕ ਤੱਕ ਸਾਡੇ ਨੈਣਾਂ ਦਾ ਸੀ ਛੰਭ ਸੁੱਕਾ, ਨਜ਼ਰਾਂ ਸੀ ਗਈਆਂ ਪਥਰਾ |
ਰੋਮ ਰੋਮ ਵਿਚੋਂ ਦਿਲ ਚੀਰਵੀਂ ਪੁਕਾਰ ਉੱਠੀ, ਆ ਕੇ ਸਾਨੂੰ ਚਾਨਣ ਪਿਲਾ |
ਤੇਰਿਆਂ ਵਿਛੋੜਿਆਂ ਨੇ ਦਿਨੇ ਹੀ ਹਨੇਰ ਕੀਤਾ, ਦਿੱਤਾ ਸਾਨੂੰ ਮੱਸਿਆ ਬਣਾ,
ਮਿੱਟੀ ਦੇ ਸਰੀਰ ਵਾਲੇ ਦੀਵੇ ਵਿਚ ਚਾਨਣਾ ਵੇ, ਵਸਲਾਂ ਦੀ ਜੋਤਿ ਜਗਾ |
ਜਦੋਂ ਥੱਕ ਹੰਭ ਸਾਡੀ ਜਿੰਦ ਸੀ ਉਦਾਸ ਹੋਈ, ਹਉਕਿਆਂ ਦਾ ਮੁੱਲ ਪੈ ਗਿਆ,
ਦਿਲ ਦੇ ਪਪੀਹੇ ਨੂੰ ਸੀ ਦੀਦ ਦੀ ਪਿਆਸ ਲੱਗੀ, ਬਣ ਕੇ ਤੂੰ ਬੰੂਦ ਆ ਗਿਆ |
ਹਿਰਦੇ ਦੇ ਵਿਹੜੇ ਵਿਚ ਰਾਤ ਰਾਣੀ ਮਹਿਕ ਉਠੀ, ਸੱਧਰਾਂ ਨੂੰ ਬੂਰ ਪੈ ਗਿਆ,
ਸੁੱਕੀਆਂ ਕਰੰੂਬਲਾਂ ਤੇ ਮੁਰਝਾਈਆਂ ਕਲੀਆਂ ਤੇ, ਮੌਸਮੇ ਬਹਾਰ ਆ ਗਿਆ |
ਸਾਹਾਂ ਵਿਚ ਜਦੋਂ ਤੇਰੇ ਆਉਣ ਦੀ ਫੁਹਾਰ ਪਈ, ਝੂਮ ਉਠੀ ਦਿਲ ਦੀ ਫ਼ਿਜ਼ਾ,
ਨੈਣਾਂ ਦੇ ਕਟੋਰਿਆਂ ਨੇ ਚੰਨ ਦਾ ਦੀਦਾਰ ਕੀਤਾ, ਰੰਗਲਾ ਖ਼ੁਮਾਰ ਛਾ ਗਿਆ |
ਚਿਰਾਂ ਪਿਛੋਂ ਜਦੋਂ ਤੇਰਾ ਨੂਰੀ ਮੁੱਖ ਤੱਕਿਆ ਤਾਂ ਅੱਥਰੂ ਵੀ ਪਏ ਮੁਸਕਾ,
ਜਦੋਂ ਅਸੀਂ ਡੀਕ ਲਾ ਕੇ ਨੂਰ ਵਾਲੇ ਜਾਮ ਪੀਤੇ, ਰੂਹ ਨੂੰ ਸਰੂਰ ਆ ਗਿਆ |
ਨੇਤਰਾਂ 'ਚ ਵਸੀ ਸਾਡੇ ਠੰਢ ਸੀ ਹਿਮਾਲਿਆ ਦੀ, ਹਿਰਦੇ ਨੂੰ ਸਬਰ ਪਿਆ,
ਅਰਸ਼ੀ ਸੁਗੰਧੀਆਂ ਤੇ ਸੱਚੀਆਂ ਫ਼ਕੀਰੀਆਂ ਦਾ ਦਿਲ ਵਿਚ ਵਾਸ ਹੋ ਗਿਆ |

ਗਾਰੰਟੀ

ਵੋਟਾਂ ਲੈਣ ਆਏ ਨੇਤਾ ਨੇ ਲੋਕਾਂ ਦੇ ਇਕੱਠ ਨੂੰ ਕਿਹਾ, 'ਤੁਸੀਂ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਘਰ-ਘਰ ਵਿਚ ਨੌਕਰੀਆਂ ਦੇਣ ਦੀ ਗਾਰੰਟੀ ਦੇ ਰਿਹਾ ਹਾਂ |'
ਇਕ ਪੜਿ੍ਹਆ-ਲਿਖਿਆ ਬੇਰੁਜ਼ਗਾਰ ਨੌਜਵਾਨ ਉਠ ਕੇ ਬੋਲਿਆ, 'ਸਾਹਿਬ ਜੀ, ਨੌਕਰੀਆਂ ਤਾਂ ਤੁਸੀਂ ਦੇਵੋਗੇ, ਪਰ ਤਨਖਾਹ ਦੀ ਗਾਰੰਟੀ ਕੌਣ ਦੇਵੇਗਾ |'
'ਨੇਤਾ...?'

-ਸਾਹਿਤ ਸਭਾ, ਜਗਰਾਉਂ | ਮੋਬਾਈਲ : 98551-27254.

ਇਤਿਹਾਸ ਤੇ ਵਰਤਮਾਨ ਦੀਆਂ ਬਾਤਾਂ ਪਾਉਂਦਾ ਪੰਜਾਬੀ ਰੰਗਮੰਚ-2019

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਟਿਆਲੇ ਤੋਂ ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਹੇਠ ਨਾਟਕ 'ਮੈਂ ਜ਼ਿੰਦਗੀ' ਦੇ ਕਈ ਸ਼ੋਅ ਕੀਤੇ ਗਏ ਅਤੇ ਉਨ੍ਹਾਂ ਨੇ 10 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਕਰਵਾਇਆ | 'ਲੋਕ ਕਲਾ ਮੰਚ ਮੁੱਲਾਂਪੁਰ' ਸਾਰਾ ਸਾਲ ਹੀ ਨਾਟ ਸਰਗਰਮੀਆਂ ਨਾਲ ਵਾਬਸਤਾ ਰਿਹਾ ਤੇ ਉਨ੍ਹਾਂ ਨੇ ਜਲਿ੍ਹਆਂ ਵਾਲਾ ਬਾਗ਼ ਬਾਰੇ ਮਹੱਤਵਪੂਰਨ ਨਾਟਕ 'ਸਿਰ ਜੋ ਝੁਕੇ ਨਹੀਂ', 'ਪਾਉਣ ਪੈੜਾਂ ਜੋ ਪੈਰ', 'ਬਾਗ਼ੀ', 'ਜੇ ਅਸੀਂ ਚੁੱਪ ਹੀ ਰਹੇ', ਅਤੇ 'ਅੱਗ ਦਾ ਸਫ਼ਰ' ਨਾਟਕ ਖੇਡਣ ਤੋਂ ਇਲਾਵਾ ਹਰਕੇਸ਼ ਚੌਧਰੀ ਨੇ 'ਗੁਰਸ਼ਰਨ ਨਾਟ ਕਲਾ ਭਵਨ' ਵਿਚ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨਾਟਕ ਸਰਗਰਮੀਆਂ ਜਾਰੀ ਰੱਖੀਆਂ | ਬਠਿੰਡੇ ਵਾਲੇ ਕੀਰਤੀ ਕਿਰਪਾਲ ਵਲੋਂ ਰੰਗਮੰਚ ਸਰਗਰਮੀਆਂ ਦੀ ਲਗਾਤਾਰਤਾ ਨੂੰ ਜਾਰੀ ਰੱਖਦਿਆਂ ਬਠਿੰਡੇ ਵਿਚ 13 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਕੀਤਾ ਅਤੇ ਆਪਣੇ ਨਵੇਂ ਪੁਰਾਣੇ ਨਾਟਕਾਂ 'ਜਿਥੇ ਬਾਬਾ ਪੈਰ ਧਰਿ' (ਸਤਵਿੰਦਰ ਸੋਨੀ), 'ਸੌਦਾਗਰ' (ਨਿਰਮਲ ਜੌੜਾ), 'ਇਹ ਮਹਾਂਭਾਰਤ ਦਾ ਯੁੱਗ ਨਹੀਂ' (ਡਾ: ਆਤਮਜੀਤ), 'ਸਿਰਜਣਾ' (ਪਾਲੀ ਭੁਪਿੰਦਰ) ਅਤੇ 'ਰੱਬ ਜੀ ਥੱਲੇ ਆ ਜਾਓ' ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ | ਇਸੇ ਤਰ੍ਹਾਂ ਚੰਡੀਗੜ੍ਹ ਵਾਲੀ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ 'ਚਿੜੀ ਦੀ ਅੰਬਰ ਵੱਲ ਉਡਾਣ', 'ਚੱਲ ਅੰਮਿ੍ਤਸਰ ਲੰਡਨ ਚੱਲੀਏ' ਅਤੇ 'ਮਨ ਮਿੱਟੀ ਦਾ ਬੋਲਿਆ' ਦੀਆਂ ਪੇਸ਼ਕਾਰੀਆਂ ਪੰਜਾਬ ਅਤੇ ਕੈਨੇਡਾ, ਇੰਗਲੈਂਡ ਵਿਚ ਵੀ ਹੁੰਦੀਆਂ ਰਹੀਆਂ | ਸੰਗੀਤਾ ਗੁਪਤਾ ਨੇ ਵੀ ਆਪਣੇ ਨਾਟ ਮੰਡਲੀ ਦੇ ਨਾਲ ਨਾਟਕ 'ਮੈਟਰੀਮੋਨੀਅਲ', 'ਕਠਪੁਤਲੀਆਂ' 'ਮਾਈ ਲਾਈਫ਼ ਮਾਈ ਵੇ' ਅਤੇ 'ਖਤ ਲਈ ਸ਼ੁਕਰੀਆ' ਦੀਆਂ ਲਗਾਤਾਰ ਪੇਸ਼ਕਾਰੀਆਂ ਕੀਤੀਆਂ | ਚੰਡੀਗੜ੍ਹ ਸਕੂਲ ਆਫ਼ ਡਰਾਮਾ ਵਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ 'ਸੱਤ ਬੇਗਾਨੇ', 'ਮਿੱਟੀ ਦਾ ਮੁੱਲ', 'ਛੱਤ', ਜਿਨ ਸੱਚ ਪਲੇ ਹੋਇ' ਅਤੇ 'ਹਵਾਈ ਗੋਲੇ' ਕਾਮਯਾਬੀ ਨਾਲ ਖੇਡੇ ਗਏ | ਨਾਟਕੀ ਪੇਸ਼ਕਾਰੀਆਂ ਵਿਚ ਨਵੇਂ ਤਜਰਬੇ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਚਕਰੇਸ਼ ਕੁਮਾਰ ਨੇ ਆਪਣੇ ਨਾਟਕ 'ਪਹਿਲਾ ਅਧਿਆਪਕ', 'ਭੁੱਖ ਦਾ ਇਲਾਜ', 'ਜਲਿ੍ਹਆਂ ਵਾਲਾ ਬਾਗ਼', 'ਰੋਡੈਂਟ' ਅਤੇ 'ਚਾਰਾ ਹੋ ਗਿਆ' ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ | ਨਿਰਦੇਸ਼ਕ ਰਮਨ ਮਿੱਤਲ ਨੇ ਹਰ ਸਾਲ ਦੀ ਤਰ੍ਹਾਂ ਰੋਪੜ ਵਿਖੇ ਨਵ ਉਸਾਰੇ ਓਪਨ ਏਅਰ ਥੀਏਟਰ ਵਿਚ ਚਾਰ ਰੋਜ਼ਾ ਰੰਗਮੰਚ ਉਤਸਵ 2019 ਕਾਮਯਾਬੀ ਨਾਲ ਕੀਤਾ ਅਤੇ ਨਾਟਕ 'ਇਕ ਸੀ ਗਧਾ', 'ਪੁਲ-ਸਿਰਾਤ', 'ਅੱਧੇ-ਅਧੂਰੇ' ਅਤੇ 'ਸੱਤ ਬੇਗਾਨੇ' ਦੀ ਪੇਸ਼ਕਾਰੀ ਕਰਵਾਈ | ਚੰਡੀਗੜ੍ਹ ਦੇ ਬਾਲ ਭਵਨ ਵਿਖੇ ਸੁਦੇਸ਼ ਸ਼ਰਮਾ ਦੀ ਅਗਵਾਈ ਵਿਚ 'ਥੀਏਟਰ ਫਾਰ ਥੀਏਟਰ' ਵਲੋਂ ਦੂਸਰਾ ਰੰਗਮੰਚ ਮੇਲਾ ਜੋ ਕਿ ਇਕ ਮਹੀਨਾ ਲਗਾਤਾਰ ਕਰਵਾਇਆ ਗਿਆ, ਇਸ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਨਾਟਕ ਟੀਮਾਂ ਨੇ ਸ਼ਮੂਲੀਅਤ ਕੀਤੀ | ਇਸੇ ਤਰ੍ਹਾਂ ਬਟਾਲਾ ਵਿਖੇ ਬਣੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਚ ਵੀ ਸਾਰਾ ਸਾਲ ਲਗਾਤਾਰ ਨਾਟਕੀ ਪੇਸ਼ਕਾਰੀਆਂ, ਡਾ: ਰਵਿੰਦਰ, ਡਾ: ਸਤਿਨਾਮ ਸਿੰਘ, ਡਾ: ਨਿੱਜਰ ਅਤੇ ਡਾ: ਨਰੇਸ਼ ਦੀ ਅਗਵਾਈ ਵਿਚ ਕਰਵਾਈਆਂ ਜਾਂਦੀਆਂ ਰਹੀਆਂ |
ਜਲੰਧਰ ਸ਼ਹਿਰ ਵਿਚ ਪੰਜਾਬੀ ਰੰਗਮੰਚ ਨੂੰ ਨਿਰੰਤਰਤਾ ਦੇਣ ਲਈ ਪ੍ਰੋ: ਅੰਕੁਰ ਸ਼ਰਮਾ ਨੇ ਕੇ. ਐਲ. ਸਹਿਗਲ ਮੈਮੋਰੀਅਲ ਫਾਊਾਡੇਸ਼ਨ ਨਾਲ ਮਿਲ ਕੇ ਪੰਜਾਬੀ ਰੰਗਮੰਚ ਉਤਸਵ ਕਰਵਾਉਣਾ ਸ਼ੁਰੂ ਕੀਤਾ ਹੈ | 2019 ਵਿਚ ਵੀ ਸੱਤ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਕਰਵਾਇਆ ਗਿਆ ਹੈ | ਜਲੰਧਰ ਵਿਚ ਵੀ ਹਰ ਸਾਲ ਦੀ ਤਰ੍ਹਾਂ ਗ਼ਦਰੀ ਬਾਬਿਆਂ ਦੇ ਮੇਲੇ ਉਤੇ ਇਕ ਨਵੰਬਰ 2019 ਦੀ ਸਾਰੀ ਰਾਤ ਨਾਟਕ 'ਬੁੱਲ੍ਹਾ', 'ਸੰਮਾਂ ਵਾਲੀ ਡਾਂਗ', 'ਚੱਲ ਅੰਮਿ੍ਤਸਰ ਲੰਡਨ ਚੱਲੀਏ', 'ਦੇਸ਼ ਧਰੋਹੀ ਕੌਣ', 'ਕਹਾਣੀ ਵਾਲਾ ਦਲਬੀਰ' ਨੇ ਹਜ਼ਾਰਾਂ ਦਰਸ਼ਕਾਂ ਸਾਹਮਣੇ ਭਰਵੀਂ ਹਾਜ਼ਰੀ ਲਵਾਈ ਹੈ | 'ਪਲਸ ਮੰਚ' ਵਲੋਂ ਹਰ ਸਾਲ ਬਰਨਾਲਾ ਵਿਖੇ 27 ਸਤੰਬਰ ਦੀ ਰਾਤ 'ਗੁਰਸ਼ਰਨ ਸਿੰਘ ਇਨਕਲਾਬੀ ਰੰਗਮੰਚ ਦਿਵਸ' ਦੇ ਤੌਰ 'ਤੇ ਮਨਾਉਂਦੇ ਹੋਏ ਕਈ ਨਾਟਕ ਖਿਡਵਾਏ ਗਏ ਹਨ | ਕਰਤਾਰਪੁਰ ਵਿਖੇ ਬਣੇ 'ਜੰਗ-ਏ-ਆਜ਼ਾਦੀ ਯਾਦਗਾਰ' ਵਿਖੇ ਸਾਲ 2019 ਵਿਚ ਨਾਟਕਾਂ ਦੀ ਪੇਸ਼ਕਾਰੀ ਹਰ ਮਹੀਨੇ ਸ਼ੁਰੂ ਕੀਤੀ ਗਈ, ਜਿਸ ਵਿਚ 'ਬਸੰਤੀ ਚੋਲਾ', 'ਸ਼ਹਾਦਤ', 'ਤੋਪਾਂ ਦੇ ਮੂੰਹ ਮੋੜਨ ਵਾਲੇ', 'ਮੈਂ ਫੇਰ ਆਵਾਂਗਾ', ਖ਼ੂਨੀ ਵਿਸਾਖੀ' ਅਤੇ 'ਚੱਲ ਅੰਮਿ੍ਤਸਰ ਲੰਡਨ ਚਲੀਏ' ਪੇਸ਼ ਕੀਤੇ ਗਏ |
ਡਾ: ਕੁਲਦੀਪ ਦੀਪ ਨੇ ਨਵੇਂ ਨਾਟਕ ਲਿਖੇ ਵੀ ਤੇ ਪੇਸ਼ ਵੀ ਕੀਤੇ ਨੇ ਜਿਨ੍ਹਾਂ ਵਿਚ ਜਲਿ੍ਹਆਂ ਵਾਲਾ ਬਾਗ਼ ਬਾਰੇ ਦਸ ਛੋਟੇ-ਛੋਟੇ ਹਿੱਸਿਆਂ ਵਿਚ ਸਕੂਲ ਦੇ ਬੱਚਿਆਂ ਕੋਲੋਂ ਨਾਟਕ ਖਿਡਵਾਏ ਗਏ | ਨਾਟਕਕਾਰ ਬਲਰਾਮ ਨੇ ਨਵਾਂ ਨਾਟਕ 'ਇਕ ਤਜਰਬਾ ਹੋਰ' ਲਿਖਿਆ ਹੈ | ਪਟਿਆਲੇ ਤੋਂ ਹੀ ਬਜ਼ੁਰਗ ਰੰਗਕਰਮੀ ਜੋੜੀ 'ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ' ਨੇ ਬੱਚਿਆਂ ਤੇ ਵੱਡਿਆਂ ਕਲਾਕਾਰਾਂ ਨਾਲ ਰੰਗਮੰਚ ਵਰਕਸ਼ਾਪਾਂ ਕੀਤੀਆਂ ਤੇ ਨਾਟਕ ਤਿਆਰ ਕੀਤੇ |
ਲੁਧਿਆਣੇ ਤੋਂ ਤਰਲੋਚਨ ਦੀ ਨਿਰਦੇਸ਼ਨਾ ਹੇਠ 'ਇਕ ਵਿਚਾਰਾ ਬਚਪਨ', 'ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ', 'ਦੂਰ-ਪਾਸ' ਅਤੇ 'ਕਥਾ ਇਕ ਕੰਸ ਦੀ' ਨਾਟਕ ਖੇਡੇ ਗਏ | ਪ੍ਰੋ: ਅਜਮੇਰ ਔਲਖ ਦੇ ਤੁਰ ਜਾਣ ਤੋਂ ਬਾਅਦ ਵੀ 'ਲੋਕ ਕਲਾ ਮੰਚ ਮਾਨਸਾ' ਨੇ ਪੈਰ ਪਿਛੇ ਨਹੀਂ ਕੀਤੇ, ਬਲਕਿ ਆਪਣੀਆਂ ਨਾਟ ਸਰਗਰਮੀਆਂ ਜਾਰੀ ਰੱਖਦਿਆਂ 'ਬੇਗਾਨੇ ਬੋਹੜ ਦੀ ਛਾਂ', 'ਕਲਖ ਹਨੇਰੇ' ਅਤੇ 'ਅਵੇਸਲੇ ਯੁੱਧਾਂ ਦੀ ਨਾਇਕਾ' ਨਾਟਕ ਮਨਜੀਤ ਔਲਖ ਦੀ ਅਗਵਾਈ ਅਤੇ ਸੁਭਾਸ਼ ਬਿੱਟੂ ਦੀ ਨਿਰਦੇਸ਼ਨਾ ਹੇਠ ਕਈ ਥਾਵਾਂ 'ਤੇ ਖੇਡੇ | ਨੌਜਵਾਨ ਨਿਰਦੇਸ਼ਕ ਬਨਿੰਦਰ ਬੰਨੀ ਨੇ 2019 ਵਿਚ ਨਾਟਕ 'ਹੁਣ ਮੈਂ ਸੈਟ ਹਾਂ' ਕਾਮਯਾਬੀ ਨਾਲ ਖੇਡਿਆ ਹੈ | ਮੋਗੇ ਤੋਂ ਬਲਜੀਤ ਮੋਗਾ ਨੇ ਆਪਣੇ ਨਾਟ ਗਰੁੱਪ 'ਰੈਡ ਆਰਟਸ ਮੋਗਾ' ਵਲੋਂ ਨੁੱਕੜ ਨਾਟਕਾਂ ਦੀ ਲੜੀ ਤਹਿਤ ਲਗਭਗ 1500 ਸ਼ੋਅ ਕੀਤੇ | ਕੁਝ ਸਟੇਜ ਨਾਟਕਾਂ ਦੀ ਪੇਸ਼ਕਾਰੀ ਵੀ ਕੀਤੀ | ਰੈਡ ਆਰਟਸ ਮੋਗਾ ਵਲੋਂ ਭਗਤ ਸਿੰਘ ਬਾਰੇ ਨਾਟਕ ਲਗਭਗ 200 ਪਿੰਡਾਂ ਵਿਚ ਕੀਤੇ ਗਏ | 'ਆਖਿਰ ਕਦੋਂ ਤੱਕ', 'ਵਹਿੰਗੀ', 'ਜੈ ਪ੍ਰਦੂਸ਼ਨ' ਅਤੇ 'ਸਾਹਿਬ ਬੀਵੀ ਤੇ ਰਿਸ਼ਤੇਦਾਰ', 'ਆਰਡਰ-ਆਰਡਰ', 'ਅਡਮਿਟ ਇੰਡੀਆ' ਅਤੇ 'ਗੱਲ ਕਿਰਤੀ ਲੋਕਾਂ ਦੀ' ਦੀਪ ਜਗਦੀਪ ਤੇ ਦੀਪਕ ਨਿਆਜ਼ ਦੀ ਨਿਰਦੇਸ਼ਨਾ ਹੇਠ ਕੀਤੇ ਗਏ | ਸਾਲ 2019 ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਲਗਭਗ 200 ਪਿੰਡਾਂ ਤੇ ਸ਼ਹਿਰਾਂ ਵਿਚ ਵੱਖ-ਵੱਖ ਟੀਮਾਂ ਕੋਲੋਂ ਨਾਟਕ ਕਰਵਾਏ ਗਏ ਅਤੇ ਨਾਟਕ ਦੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਵੀ ਕਰਵਾਈ ਗਈ ਅਤੇ ਨਾਟਕਕਾਰ ਦਵਿੰਦਰ ਦਮਨ, ਜਤਿੰਦਰ ਕੌਰ, ਉਮਾ ਗੁਰਬਖ਼ਸ਼ ਸਿੰਘ, ਨੀਲਮ ਮਾਨ ਸਿੰਘ ਅਤੇ ਗੁਰਮੀਤ ਬਾਵਾ ਬਾਰੇ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ ਗਈਆਂ | ਸਾਲ 2019 ਵਿਚ ਜਲਿ੍ਹਆਂ ਵਾਲਾ ਬਾਗ਼ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਅਗਵਾਈ ਵਿਚ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਨਾਟਕ 'ਖ਼ੂਨੀ ਵਿਸਾਖੀ' (ਕੇਵਲ ਧਾਲੀਵਾਲ), 'ਚੱਲ ਅੰਮਿ੍ਤਸਰ ਲੰਡਨ ਚੱਲੀਏ' (ਅਨੀਤਾ ਸ਼ਬਦੀਸ਼), 'ਸਿਰ ਜੋ ਝੁਕੇ ਨਹੀਂ' (ਸੁਰਿੰਦਰ ਸ਼ਰਮਾ), 'ਸ਼ਹੀਦੀ ਖ਼ੂਹ' (ਵਿਸ਼ੂ ਸ਼ਰਮਾ), 'ਦੇਸ਼ ਮੇਰਾ-1919', (ਗੁਰਤੇਜ ਮਾਨ), 'ਆਜ਼ਾਦੀ ਦਾ ਸੁਪਨਾ' (ਰਜੇਸ਼ ਸ਼ਰਮਾ), 'ਜਲਿ੍ਹਆਂ ਵਾਲਾ' (ਪਵੇਲ ਸੰਧੂ) ਅਤੇ ਹੋਰ ਕਈ ਨਾਟਕ ਜਲਿ੍ਹਆਂ ਵਾਲਾ ਬਾਗ਼ ਬਾਰੇ ਅੰਮਿ੍ਤਸਰ, ਜਲੰਧਰ, ਕਰਤਾਰਪੁਰ, ਸਰਾਭਾ, ਲੁਧਿਆਣਾ, ਬਟਾਲਾ, ਗੁਰਦਾਸਪੁਰ, ਪ੍ਰੀਤ ਨਗਰ, ਤਰਨ-ਤਾਰਨ, ਸੰਗਰੂਰ, ਮਲੇਰਕੋਟਲਾ, ਸੁਨਾਮ, ਧੂਰੀ, ਪਟਿਆਲਾ, ਫਗਵਾੜਾ, ਕਪੂਰਥਲਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ ਅਤੇ ਪੰਜਾਬ ਦੇ ਹੋਰ ਸ਼ਹਿਰਾਂ, ਕਸਬਿਆਂ ਵਿਚ ਵੀ ਕੀਤੇ ਗਏ | ਸਾਲ 2019 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦਾ ਸਾਲ ਵੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਬਾਬਾ ਨਾਨਕ ਜੀ ਦੇ ਬਾਰੇ ਲਿਖੇ 13 ਨਾਟਕਾਂ ਦੀ ਪੁਸਤਕ 'ਜਿਥੇ ਬਾਬਾ ਪੈਰ ਧਰਿ' (ਸੰਪਾਦਕ ਕੇਵਲ ਧਾਲੀਵਾਲ) ਵੀ ਛਾਪੀ ਗਈ ਅਤੇ ਪੰਜਾਬ ਸਰਕਾਰ ਦੇ ਸੱਭਿਆਚਾਰਕ ਵਿਭਾਗ ਦੀ ਅਗਵਾਈ ਵਿਚ ਬਾਬਾ ਨਾਨਕ ਬਾਰੇ ਲਿਖੇ ਨਾਟਕਾਂ ਦਾ ਮੰਚਨ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਕੀਤਾ ਗਿਆ | ਸਾਲ 2019 ਦੀਆਂ ਰੰਗਮੰਚ ਸਰਗਰਮੀਆਂ ਦੀ ਲਗਾਤਾਰਤਾ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੇ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਪੰਜਾਬੀ ਜਨਜੀਵਨ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਸਮੱਸਿਆਵਾਂ ਤੋਂ ਅਵੇਸਲੇ ਨਹੀਂ | ਸਾਲ 2019 ਦੀਆਂ ਨਾਟਕ ਪੇਸ਼ਕਾਰੀਆਂ ਵਿਚ ਜਿੱਥੇ ਕਲਾਸੀਕਲ ਅਤੇ ਬਹੁ-ਪਰਤੀ ਨਾਟਕਾਂ ਦੀਆਂ ਉੱਚ ਪੇਸ਼ਕਾਰੀਆਂ ਨੇ ਹਾਜ਼ਰੀ ਲਵਾਈ ਹੈ, ਉਥੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਨੁੱਕੜ ਨਾਟਕਾਂ ਦੇ ਰਾਹੀਂ ਕਲਾਕਾਰ ਲੋਕਾਈ ਨੂੰ ਸੰਬੋਧਨ ਹੋਏ ਹਨ | ਸਾਲ 2019 ਵਿਚ ਪੰਜਾਬੀ ਰੰਗਮੰਚ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਮੌਕੇ ਵੀ ਸਿਜਦਾ ਕੀਤਾ ਹੈ ਤੇ ਨਾਟਕੀ ਪੇਸ਼ਕਾਰੀਆਂ ਰਾਹੀਂ ਜਲਿ੍ਹਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਹੈ | ਸਾਲ 2019 ਦਾ ਪੰਜਾਬੀ ਰੰਗਮੰਚ ਇਤਿਹਾਸ ਤੇ ਵਰਤਮਾਨ ਦੀਆਂ ਬਾਤਾਂ ਪਾਉਂਦਾ ਰਿਹਾ | (ਸਮਾਪਤ)

-ਮੋਬਾਈਲ : 98142 99422

ਚਿੰਤਾ

• ਚਿੰਤਾ ਦੋ ਅੱਖਰਾਂ ਦਾ ਸ਼ਬਦ ਹੈ | ਜੇ ਟਿੱਪੀ ਹਟਾ ਲਈ ਜਾਵੇ ਤਾਂ ਲਫ਼ਜ਼ ਚਿਤਾ ਬਣ ਜਾਂਦਾ ਹੈ | ਭਾਵ ਚਿੰਤਾ ਤੋਂ ਸ਼ੁਰੂ ਕੀਤੇ ਸਫ਼ਰ ਦਾ ਅੰਤ ਚਿਤਾ 'ਤੇ ਜਾ ਕੇ ਹੁੰਦਾ ਹੈ | ਸ਼ਮਸ਼ਾਨ ਭੂਮੀ ਵਿਖੇ ਚਿਤਾ 'ਤੇ ਜਾ ਕੇ ਮਨੁੱਖ ਦਾ ਨਾਤਾ ਪਰਿਵਾਰ ਨਾਲੋਂ ਖ਼ਤਮ ਹੋ ਜਾਂਦਾ ਹੈ |
• ਚਿੰਤਾ (ਫਿਕਰ) ਤਾਂ ਇਕ ਅਜਿਹਾ ਵਿਆਜ ਹੈ ਜਿਹੜਾ ਦੁਖਾਂਤ ਵਾਪਰਨ ਤੋਂ ਪਹਿਲਾਂ ਹੀ ਤਾਰਿਆ ਜਾਂਦਾ ਹੈ |
• ਚਿੰਤਾ ਤੋਂ ਵੱਡਾ ਕੋਈ ਕਸ਼ਟ ਨਹੀਂ | ਚਿੰਤਾ ਡੀਪ੍ਰੈਸ਼ਨ ਹੈ, ਬਿਮਾਰੀ ਹੈ, ਸਰੀਰਕ ਅਤੇ ਮਾਨਸਿਕ ਜਕੜਨ ਹੈ | ਚਿੰਤਾ ਮਾਨਸਿਕ ਪ੍ਰਕਿਰਿਆ ਹੈ ਅਤੇ ਬੰਦੇ ਦੇ ਅੰਦਰ ਰਹਿੰਦੀ ਹੈ |
• ਮਾਂ ਬੱਚੇ ਦੇ ਬਾਹਰ ਜਾਣ ਤੋਂ ਲੈ ਕੇ ਵਾਪਸ ਆਉਣ ਤੱਕ ਉਸ ਦੀ ਰਾਹ ਵੇਖਦੀ ਹੈ | ਬੱਚੇ ਦੇ ਪ੍ਰਤੀ ਮਾਂ ਦੀ ਚਿੰਤਾ ਨੂੰ ਬਸ ਉਹੀ ਸਮਝ ਸਕਦੀ ਹੈ |
• ਚਿੰਤਨ ਅਤੇ ਚਿੰਤਾ 'ਚ ਉਹੀ ਅੰਤਰ ਹੁੰਦਾ ਹੈ ਜੋ ਇਕ ਆਤਮ-ਵਿਸ਼ਵਾਸ ਭਰੇ ਤੰਦਰੁਸਤ ਵਿਅਕਤੀ ਅਤੇ ਰੋਗੀ 'ਚ ਹੁੰਦਾ ਹੈ |
• ਚਿੰਤਨ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਰਾਹਤ ਹੈ, ਸਕੂਨ ਹੈ, ਹੱਲ ਹੈ ਜੋ ਤਾਜ਼ਗੀ ਬਣ ਕੇ ਜੀਵਨ ਨੂੰ ਰਵਾਨੀ ਬਖਸ਼ਦਾ ਹੈ | ਚਿੰਤਾ ਨਾਲ ਨਹੀਂ, ਚਿੰਤਨ ਨਾਲ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ | ਉਸਾਰੂ ਚਿੰਤਾ, ਚਿੰਤਨ ਕਹਾਉਂਦੀ ਹੈ |
• ਜੋ ਸਮਾਂ ਚਿੰਤਾ 'ਚ ਗਿਆ, ਸਮਝੋ ਕੂੜੇਦਾਨ 'ਚ ਗਿਆ | ਜੋ ਸਮਾਂ ਚਿੰਤਨ 'ਚ ਗਿਆ ਸਮਝੋ ਤਿਜੋਰੀ ਵਿਚ ਜਮ੍ਹਾ ਹੋ ਗਿਆ |
• ਚਿੰਤਾ ਕਰੋਗੇ ਤਾਂ ਭਟਕ ਜਾਓਗੇ | ਚਿੰਤਨ ਕਰੋਗੇ ਤਾਂ ਭਟਕੇ ਹੋਇਆਂ ਨੂੰ ਵੀ ਰਸਤਾ ਵਿਖਾ ਸਕੋਗੇ |
• ਆਮ ਤੌਰ'ਤੇ ਚਿੰਤਾਵਾਂ, ਇੱਛਾਵਾਂ ਦਾ ਨਤੀਜਾ ਹੁੰਦੀਆਂ ਹਨ |
• ਬੱਚਿਆਂ ਨੂੰ ਨਾ ਬੀਤੇ ਦੀ ਚਿੰਤਾ ਹੁੰਦੀ ਹੈ ਅਤੇ ਨਾ ਭਵਿੱਖ ਦੀ, ਉਹ ਸਿਰਫ਼ ਵਰਤਮਾਨ ਵਿਚ ਹੀ ਜਿਊਾਦੇ ਹਨ ਪਰ ਅਸੀਂ ਅਜਿਹਾ ਨਹੀਂ ਕਰ ਸਕਦੇ |
• ਜੀਵ ਜੋ ਪ੍ਰਾਪਤ ਕਰਨਾ ਚਾਹੁੰਦਾ ਹੈ, ਸ਼ਾਇਦ ਨਾ ਮਿਲੇ | ਇਹ ਚਿੰਤਾ ਹਰੇਕ ਉਸ ਜੀਵ ਦੇ ਮਨ ਵਿਚ ਚਲਦੀ ਹੈ ਜੋ ਕਾਮਨਾਵਾਂ ਨਾਲ ਜੀਅ ਰਿਹਾ ਹੈ |
• ਜਿਨ੍ਹਾਂ ਲੋਕਾਂ ਨੂੰ ਨੌਕਰੀ ਖੁਸਣ ਦਾ ਡਰ ਰਹਿੰਦਾ ਹੈ, ਉਨ੍ਹਾਂ ਲੋਕਾਂ ਦੀ ਸਿਹਤ ਖਰਾਬ ਰਹਿੰਦੀ ਹੈ ਅਤੇ ਉਨ੍ਹਾਂ ਵਿਚ ਤਣਾਅ ਅਤੇ ਚਿੰਤਾ ਦੇ ਲੱਛਣ ਵੀ ਪਨਪਦੇ ਹਨ |
• ਮਨੁੱਖ ਨੂੰ ਜੀਵਨ ਵਿਚ ਕਿਸ-ਕਿਸ ਤਰ੍ਹਾਂ ਦੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਪੰਜਾਬੀ ਦੇ ਕਿਸੇ ਸ਼ਾਇਰ ਨੇ ਬਹੁਤ ਵੇਰਵੇ ਸਹਿਤ ਇੰਝ ਲਿਖਿਆ ਹੈ:
ਸੁੱਖ ਸ਼ਾਂਤੀ ਕੀਕਣ ਹੋਵੇ, ਸਭ ਨੂੰ ਇਹੋ ਸੁਆਲ ਦੀ ਚਿੰਤਾ |
ਕਿਸੇ ਨੂੰ ਆਪਣੇ ਢਿੱਡ ਦੀ ਚਿੰਤਾ, ਕਿਸੇ ਨੂੰ ਭਾਈਵਾਲ ਦੀ ਚਿੰਤਾ |
ਕਿਸੇ ਨੂੰ ਆਉਂਦੇ ਮਾਲ ਦੀ ਚਿੰਤਾ, ਕਿਸੇ ਨੂੰ ਜਾਂਦੇ ਮਾਲ ਦੀ ਚਿੰਤਾ |
• ਵਿਆਹਾਂ 'ਤੇ ਹੁੰਦਾ ਬੇਲੋੜਾ ਖਰਚਾ ਵੀ ਚਿੰਤਾ ਦਾ ਸਬਬ ਬਣ ਰਿਹਾ ਹੈ |
• ਡਰ, ਮੋਹ, ਅਸ਼ਕਤੀ ਅਤੇ ਹੜਬੜੀ ਇਹ ਚਾਰੋਂ ਚਿੰਤਾ ਦੇ ਰਿਸ਼ਤੇਦਾਰ ਹਨ | ਜੇਕਰ ਇਕ ਹੈ ਤਾਂ ਦੂਸਰੇ ਆਪਣੇ-ਆਪ ਆ ਜਾਣਗੇ |
• ਜਿਥੇ ਕੁਬੁੱਧੀ ਹੋਵੇਗੀ, ਉਥੇ ਅਸ਼ਾਂਤੀ, ਚਿੰਤਾ ਅਤੇ ਤਿ੍ਸ਼ਨਾ ਨੇ ਡੇਰੇ ਲਾਏ ਹੋਏ ਹੋਣਗੇ |
• ਦਿਲ ਵਿਸ਼ਵਾਸ ਦਾ ਨਾਂਅ ਹੈ, ਜਦਕਿ ਬੁੱਧੀ ਸ਼ੱਕ ਅਤੇ ਚਿੰਤਾ ਕਰਦੀ ਹੈ |
• ਵਕਤ ਅਤੇ ਤਜਰਬੇ ਹੀ ਇਨਸਾਨ ਦਾ ਡਰ, ਚਿੰਤਾ ਅਤੇ ਈਰਖਾ ਨਾਲ ਵਾਕਫ਼ੀਅਤ ਪਾਉਂਦੇ ਹਨ | ਉਸ ਨੂੰ ਇਨਸਾਨਾਂ ਦੇ ਦੂਜੇ ਰੂਪ ਨਾਲ ਜਾਣੂ ਕਰਾਉਂਦੇ ਹਨ |
• ਚਿੰਤਾਵਾਂ ਦੀ ਗਿਣਤੀ ਕਰਨੀ ਔਖੀ ਹੈ, ਕਿਉਂਕਿ ਚਿੰਤਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ | ਜਿਵੇਂ : ਪਰਿਵਾਰ ਵਿਚ ਕਿਸੇ ਮੈਂਬਰ ਨੂੰ ਖ਼ਤਰਨਾਕ ਬਿਮਾਰੀ ਦਾ ਲੱਗ ਜਾਣਾ, ਕਿਸੇ ਮੁਕੱਦਮੇਬਾਜ਼ੀ ਵਿਚ ਉਲਝ ਜਾਣਾ, ਜ਼ਿਆਦਾ ਬਾਰਿਸ਼ ਪੈਣ ਕਰਕੇ ਘਰ (ਮਕਾਨ) ਢਹਿ ਜਾਣਾ ਤੇ ਉਸ ਨੂੰ ਦੁਬਾਰਾ ਬਣਾਉਣ ਜੋਗੇ ਪੈਸੇ ਕੋਲ ਨਾ ਹੋਣਾ, ਪਰਿਵਾਰ ਵਿਚ ਬੱਚੇ ਬਹੁਤ ਜ਼ਿਆਦਾ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਨੌਕਰੀ ਜਾਂ ਕੰਮ ਨਾ ਮਿਲਣਾ, ਲੜਕੀ/ਲੜਕੇ ਦੀ ਸ਼ਾਦੀ ਦੀ ਉਮਰ ਲੰਘ ਜਾਣਾ, ਆਪਣੀ ਪਤਨੀ ਨਾਲ ਜਾਂ ਪਤਨੀ ਦੀ ਪਤੀ ਨਾਲ ਨਾ ਬਣਨੀ, ਪੁੱਤਰ ਦਾ ਨਸ਼ੇੜੀ ਬਣ ਜਾਣਾ, ਲੜਕੀ ਨੂੰ ਸਹੁਰਿਆਂ ਵਲੋਂ ਤੰਗ ਕਰਨਾ, ਮਾੜੇ ਗੁਆਂਢੀ ਨਾਲ ਵਾਹ ਪੈ ਜਾਣਾ, ਸਿਆਲ ਭਾਵ ਠੰਢ ਦੀ ਰੁੱਤ ਆਉਣ ਵਾਲੀ ਹੋਵੇ ਪਰ ਘਰ ਵਿਚ ਗਰਮ ਬਿਸਤਰ ਜਾਂ ਕੱਪੜੇ ਨਾ ਹੋਣਾ, ਘਰ ਵਿਚ ਅਚਾਨਕ ਗੈਸ ਸਿਲੰਡਰ ਮੁੱਕ ਜਾਣਾ, ਕਿਸਾਨ ਦੀ ਪੱਕੀ ਫ਼ਸਲ 'ਤੇ ਗੜੇ ਪੈ ਜਾਣਾ ਆਦਿ |
• ਚਿੰਤਾ ਨਾਲ ਸੰੁਦਰਤਾ, ਤਾਕਤ ਅਤੇ ਗਿਆਨ ਦਾ ਨਾਸ ਹੁੰਦਾ ਹੈ |
• ਚਿੰਤਾ ਨਾਲ ਪਾਗਲਪਨ ਹੋ ਸਕਦਾ ਹੈ, ਦਿਲ ਦੀ ਬਿਮਾਰੀ ਲੱਗ ਸਕਦੀ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ | ਚਿੰਤਾ ਰੋਗਾਂ ਦੀ ਜੜ੍ਹ ਹੈ | ਇਸ ਲਈ ਕਦੇ ਵੀ ਚਿੰਤਾ, ਫਿਕਰ ਨਾ ਕਰੋ ਤੇ ਨਾ ਹੀ ਤਣਾਓ ਵਿਚ ਰਹੋ | (ਚਲਦਾ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਸਹਾਰਾ
'ਹੈਲੋ, ਤੁਸੀਂ ਕਿੱਥੇ ਹੋ?'
'ਮੈਂ ਇੱਥੇ ਟਰੈਫਿਕ ਵਿਚ ਫਸ ਗਿਆ ਹਾਂ | ਦਸ ਪੰਦਰਾਂ ਮਿੰਟ ਲੱਗ ਜਾਣਗੇ |'
'ਠੀਕ ਹੈ ਜਲਦੀ ਕਰੋ |'
ਏਨਾ ਕਹਿ ਸੁਨੀਤਾ ਨੇ ਫੋਨ ਕੱਟ ਦਿੱਤਾ ਅਤੇ ਬੇਚੈਨੀ ਨਾਲ ਏਧਰ ਉਧਰ ਵੇਖਣ ਲੱਗੀ | ਸਕੂਲ ਦੀ ਛੁੱਟੀ ਹੋ ਜਾਣ ਤੋਂ ਬਾਅਦ ਉਸ ਨੇ ਆਪਣੇ ਪਤੀ ਸੁਰੇਸ਼ ਨਾਲ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਸੀ | ਇਸ ਕਰਕੇ ਉਹ ਸਕੂਲ ਵੈਨ ਤੋਂ ਇਸ ਬਾਈਪਾਸ 'ਤੇ ਹੀ ਉਤਰ ਗਈ ਸੀ ਤਾਂ ਜੋ ਅੱਗੇ ਜਲਦੀ ਪਹੁੰਚ ਸਕਣ | ਦੁਪਹਿਰ ਦਾ ਸਮਾਂ ਸੀ ਅਤੇ ਸੁਨੀਤਾ ਇਕੱਲੀ ਖੜ੍ਹੀ ਆਸੇ ਪਾਸੇ ਦੇਖ ਰਹੀ ਸੀ | ਲੰਘਦੇ ਟੱਪਦੇ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੇ ਸਨ | ਸੁਨੀਤਾ ਨੂੰ ਇਹ ਸਭ ਸਹੀ ਨਹੀਂ ਲੱਗ ਰਿਹਾ ਸੀ | ਉਹ ਤਾਂ ਸਕੂਲੋਂ ਘਰ ਤੇ ਘਰੋਂ ਸਕੂਲ ਵਾਲੀ ਰੁਟੀਨ ਵਿਚ ਬੱਝੀ ਹੋਈ ਸੀ | ਥੋੜ੍ਹੇ ਜਿਹੇ ਫਾਸਲੇ 'ਤੇ ਇਕ ਬਜ਼ੁਰਗ ਮੈਲੇ ਕੁਚੈਲੇ ਕੱਪੜੇ ਪਾਈ ਬੈਠਾ ਸੀ | ਜਿਸ ਦੇ ਸਿਰ ਦੇ ਵਾਲ ਵੀ ਉਲਝੇ ਹੋਏ ਸਨ | ਲੰਘਦੇ ਰਾਹਗੀਰ ਉਸ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਸਨ | ਉਹ ਉਨ੍ਹਾਂ ਨੂੰ ਘੂਰ-ਘੂਰ ਵੇਖਦਾ ਤੇ ਕੋਲ ਪਏ ਇੱਟਾਂ ਵੱਟੇ ਵੀ ਚਲਾ ਦਿੰਦਾ | ਸੁਨੀਤਾ ਨੇ ਪਰਸ ਵਿਚ ਪਈਆਂ ਕੁਝ ਟਾਫੀਆਂ ਉਸ ਵੱਲ ਵਧਾਈਆਂ | ਬੜੇ ਚਾਅ ਨਾਲ ਉਸ ਨੇ ਟਾਫੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ | ਸੁਨੀਤਾ ਨੇ ਇਕ ਦੋ ਗੱਲਾਂ ਉਸ ਤੋਂ ਪੁੱਛੀਆਂ , ਉਹ ਇਸ਼ਾਰਿਆਂ ਵਿਚ ਹੀ ਸਮਝਾਉਣ ਲੱਗਾ | ਹੁਣ ਨਾ ਤਾਂ ਸੁਨੀਤਾ ਨੂੰ ਇਕੱਲਾਪਣ ਮਹਿਸੂਸ ਹੋਇਆ ਤੇ ਨਾ ਹੀ ਲੋਕ ਉਸ ਬਜ਼ੁਰਗ ਨੂੰ ਕੁਝ ਕਹਿ ਰਹੇ ਸਨ | ਦੋਵਾਂ ਨੂੰ ਇਕ ਦੂਜੇ ਦਾ ਸਹਾਰਾ ਮਿਲ ਗਿਆ ਸੀ |

-ਹਰਮਨਦੀਪ ਕੌਰ 
ਬਰਨਾਲਾ |

ਫ਼ਰਜ਼
ਬੜੀ ਤੇਜ਼ੀ ਨਾਲ ਸ਼ਹਿਰ ਵੱਲ ਨੂੰ ਵਧ ਰਹੇ ਬੁਲਟ ਮੋਟਰਸਾਈਕਲ 'ਤੇ ਸਵਾਰ ਤਿੰਨ ਲੜਕਿਆਂ ਨੂੰ ਪੁਲਿਸ ਨੇ ਨਾਕੇ 'ਤੇ ਰੋਕਿਆ ਹੋਇਆ ਸੀ | ਹੈਲਮੈਟ ਨਾ ਪਾਉਣ ਅਤੇ ਤੀਹਰੀ ਸਵਾਰੀ ਬੈਠਣ ਦੇ ਜੁਰਮ 'ਚ ਏ.ਐਸ.ਆਈ. ਨੇ ਮੋਟਰਸਾਈਕਲ ਦਾ ਚਲਾਨ ਕਰ ਕੇ ਥਾਣੇ ਬੰਦ ਕਰਨ ਦਾ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਸੀ |
ਉਨ੍ਹਾਂ ਤਿੰਨੋਂ ਲੜਕਿਆਂ ਨੇ ਆਪਣਾ ਪੱਖ ਰਖਦਿਆਂ ਸਨਿਮਰ ਬੇਨਤੀ ਕੀਤੀ, 'ਸਰ ਸਾਡੇ ਕਾਲਜ ਦੇ ਸਾਥੀ ਦਾ ਐਕਸੀਡੈਂਟ ਹੋ ਗਿਆ, ਸਾਨੂੰ ਖ਼ਬਰ ਮਿਲੀ ਹੈ ਕਿ ਉਸਨੂੰ ਖੂਨ ਦੀ ਸਖ਼ਤ ਜ਼ਰੂਰਤ ਹੈ | ਅਸੀਂ ਤਿੰਨੇ ਉਸੇ ਨੂੰ ਹੀ ਖੂਨ ਦੇਣ ਜਾ ਰਹੇ ਹਾਂ | ਸਰ ਪਲੀਜ਼ ਸਾਨੂੰ ਜਾਣ ਦਿਓ, ਸਾਡੇ ਦੋਸਤ ਦੀ ਜ਼ਿੰਦਗੀ ਦਾ ਸਵਾਲ ਹੈ |' ਉਹ ਤਿੰਨੋਂ ਹੀ ਕਰੀਬ ਅੱਧਾ ਘੰਟਾ ਕੋਸ਼ਿਸ਼ਾਂ ਕਰਦੇ ਰਹੇ ਪਰ ਏ.ਐਸ.ਆਈ. ਨੇ ਉਨ੍ਹਾਂ ਦੀ ਇਕ ਨਾ ਸੁਣੀ | ਉਹ ਤਿੰਨੋਂ ਉਥੋਂ ਪੈਦਲ ਚੱਲਣ ਹੀ ਲੱਗੇ ਸਨ ਕਿ ਪੁਲਿਸ ਦੀ ਜਿਪਸੀ 'ਚ ਏ.ਐਸ.ਆਈ. ਲਈ ਵਾਇਰਲੈੱਸ ਤੋਂ ਕਾਲ ਸੈਨ ਆਈ, 'ਜਨਾਬ ਮੈਂ ਸਿਵਲ ਹਸਪਤਾਲ ਤੋਂ ਹੌਲਦਾਰ ਬਿੱਕਰ ਸਿੰਘ ਗੱਲ ਕਰ ਰਿਹਾਂ, ਘੰਟਾ ਕੁ ਪਹਿਲਾਂ ਇਥੇ ਚੌਕ ਵਿਚ ਇਕ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਸੀ | ਮੈਂ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਪਰ ਜਨਾਬ ਖ਼ੂਨ ਬਹੁਤ ਵਹਿ ਚੁੱਕਾ ਸੀ, ਜਿਨ੍ਹਾਂ ਨੇ ਖੂਨ ਦੇਣਾ ਸੀ ਉਹ ਟਾਈਮ 'ਤੇ ਪੁੱਜੇ ਨਹੀਂ, ਖ਼ੂਨ ਨਾ ਮਿਲਣ ਕਾਰਨ ਉਹ ਮੰੁਡਾ ਦਮ ਤੋੜ ਗਿਆ | ਉਸ ਦੇ ਬਟੂਏ 'ਚੋਂ ਮਿਲੇ ਲਾਈਸੈਂਸ ਅਤੇ ਆਈਡੈਂਟਿਟੀ ਕਾਰਡ ਤੋਂ ਉਸ ਦੀ ਤੁਹਾਡੇ ਘਰ ਦੇ ਚਿਰਾਗ....' ਏਸ ਤੋਂ ਬਾਅਦ ਹੌਲਦਾਰ ਦਾ ਗਚ ਭਰ ਗਿਆ ਸੀ |

-ਗੁਰਦੀਪ 'ਮਣਕੂ' ਪੋਨਾ
ਐਚ.ਐਸ.ਐਮ. ਜਗਰਾਉਂ |
ਮੋਬਾਈਲ : 94639-88918.

ਉਹੀ
ਆਜ਼ਾਦ ਦੇਸ਼ ਦੇ ਆਜ਼ਾਦ ਬਾਸ਼ਿੰਦਿਆਂ ਦੇ ਜਦੋਂ ਮੈਂ ਨੱਕ ਵਿਚ ਨਕੇਲ ਤੇ ਮੰੂਹ ਉਤੇ ਛਿਕਲੀ ਲੱਗੀ ਹੋਈ ਵੇਖੀ ਤਾਂ ਮੇਰੇ ਬੁੱਲ੍ਹਾਂ ਉਤੇ ਇਕ ਕਵਿਤਾ ਦੇ ਕੁਝ ਲਫ਼ਜ਼ ਆ ਕੇ ਬੋਲਣ ਲੱਗੇ : ਥਾਂ ਗੋਰਿਆਂ ਦੀ ਕਾਲੇ ਆਣ ਬੈਠੇ, ਹੁਲੀਆ ਬਦਲਿਆ ਰਹੀ ਸਰਕਾਰ ਉਹੀਓ |

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ, 155 ਸੈਕਟਰ 2-ਏ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ | ਮੋਬਾਈਲ : 98554-80191

ਕਹਾਣੀ: ਦਿਲ ਦਾ ਗੁਬਾਰ

ਪਿਆਰੀ ਸਹੇਲੀ ਦੇ ਵਿਛੜਨ ਦਾ ਦੁੱਖ ਬਹੁਤ ਜ਼ਿਆਦਾ ਸੀ | ਲੰਬੇ ਸਫ਼ਰ ਦੇ ਬਾਵਜੂਦ ਮੈਂ ਵੇਲੇ ਸਿਰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਗਈ | ਚਾਹ ਦਾ ਕੱਪ ਲੈ ਕੇ ਘਰ ਦੀਆਂ ਔਰਤਾਂ ਕੋਲ ਜਾ ਕੇ ਖਲੋ ਗਈ | ਸਭ ਦੇ ਮੰੂਹ 'ਤੇ ਬਸ ਇਕ ਹੀ ਗੱਲ ਸੀ ਕਿ ਸਾਰੀ ਉਮਰ ਮਾਪਿਆਂ 'ਤੇ ਬੋਝ ਬਣੀ ਰਹੀ, ਸਹੁਰੇ ਘਰ ਵਸੀ ਹੀ ਨਹੀਂ, ਕਰਮਾਂਜਲੀ ਕਿਹੋ ਜਿਹੇ ਲੇਖ ਲਿਖਾ ਕੇ ਲਿਆਈ, ਪਰ ਉਹ ਤਾਂ ਨੌਕਰੀ ਕਰਦੀ ਸੀ ਤੇ ਬੜੀ ਵੱਡੀ ਪੋਸਟ ਤੋਂ ਰਿਟਾਇਰ ਹੋਈ ਸੀ | ਪਰ ਮੇਰੀ ਗੱਲ ਨੂੰ ਇਕ ਔਰਤ ਵਿਚੋਂ ਹੀ ਟੋਕਦੇ ਹੋਏ ਬੋਲੀ, ਨੌਕਰੀ ਵੀ ਤਾਂ ਪਿਓ ਦੀ ਥਾਂ 'ਤੇ ਹੀ ਕੀਤੀ ਪਤਾ ਨੀ ਕਿੱਦਾਂ ਕਰ ਲਈ ਨੌਕਰੀ? ਚੱਜ ਦੀ ਹੁੰਦੀ ਤਾਂ ਵਸਿਆ ਵਸਾਇਆ ਘਰ ਨਾ ਉਜਾੜਦੀ, ਸਾਰੀ ਉਮਰ ਮਾਪਿਆਂ ਦਾ ਦਰ ਮੱਲੀ ਬੈਠੀ ਰਹੀ | ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਇਥੇ ਜਿੰਨੇ ਮੰੂਹ ਓਨੀਆਂ ਗੱਲਾਂ ਸਨ, ਮੇਰੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਤੇ ਮੈਂ ਆਪਣੀ ਪਿਆਰੀ ਸਹੇਲੀ ਦੇ ਿਖ਼ਲਾਫ਼ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ | ਮੈਂ ਪੁਰਾਣੀਆਂ ਯਾਦਾਂ ਤੇ ਗੁਵਾਚੇ ਹੋਏ ਪਲਾਂ ਨੂੰ ਮੁੜ ਯਾਦਾਂ ਵਿਚ ਲੱਭਣ ਲੱਗ ਪਈ |
ਅਸੀਂ ਦੋਵਾਂ ਨੇ ਇਕੱਠਿਆਂ ਹੀ ਦਫ਼ਤਰ ਜੁਆਇਨ ਕੀਤਾ ਸੀ | ਪੰਮੀ ਆਪਣੇ ਪਿਤਾ ਦੀ ਥਾਂ 'ਤੇ ਅਤੇ ਮੈਂ ਫਰੈਸ਼ ਨੌਕਰੀ ਲਈ ਆਈ ਸੀ | ਕੁਝ ਦਿਨਾਂ ਬਾਅਦ ਹੀ ਸਾਡੀ ਦੋਸਤੀ ਸਕੀਆਂ ਭੈਣਾਂ ਵਾਂਗ ਹੋ ਗਈ |
ਸਮਾਂ ਕਦ ਖੰਭ ਲਾ ਕੇ ਉਡਿਆ, ਪਤਾ ਈ ਨੀ ਲੱਗਾ | ਮੈਂ ਆਪਣੇ ਵਿਆਹ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਵਿਚ ਪੰਮੀ ਦੇ ਵਿਆਹ ਦੀ ਗੱਲ ਪੰਮੀ ਤੋਂ ਪੁੱਛੇ ਬਗੈਰ ਹੀ ਤੋਰ ਲਈ, ਮੈਨੂੰ ਪੂਰਾ ਯਕੀਨ ਸੀ ਕਿ ਉਹ ਮੈਨੂੰ ਮਨ੍ਹਾ ਨਹੀਂ ਕਰ ਸਕਦੀ ਪਰ ਹੋਇਆ ਬਿਲਕੁਲ ਇਸ ਦੇ ਉਲਟ | ਪਹਿਲਾਂ ਤਾਂ ਉਹ ਇਕਦਮ ਚੁੱਪ ਹੋ ਗਈ, ਉਸ ਦਾ ਪੀਲਾ ਪੈਂਦਾ ਰੰਗ ਵੇਖ ਕੇ ਉਸ ਨੂੰ ਸਮਝਾਇਆ, ਮੈਂ ਪਹਿਲਾਂ ਹੀ ਤੇਰੇ ਬਾਰੇ ਸਾਰੀ ਗੱਲ ਕਰ ਲਈ ਹੈ, ਤੇ ਉਹ ਕਦੀ ਵੀ ਤੈਨੂੰ ਨਹੀਂ ਮਨਾਂ ਕਰਨਗੇ ਤੂੰ ਜਦੋਂ ਚਾਹੇ ਪੇਕੇ ਘਰ ਜਾ ਸਕਦੀ ਹੈਾ ਤੇ ਮਦਦ ਕਰ ਸਕਦੀ ਹੈਾ |
ਪਰ ਉਸ ਦਾ ਧਿਆਨ ਕਿਧਰੇ ਹੋਰ ਸੀ, ਜਿਵੇਂ ਉਹ ਮੇਰੀਆਂ ਗੱਲਾਂ ਤੋਂ ਬੇਖ਼ਬਰ ਹੋਵੇ ਤੇ ਕੰਬਦੀ ਆਵਾਜ਼ ਵਿਚ ਬੋਲੀ, ਤੈਨੂੰ ਪਤਾ ਮੈਂ ਆਪਣੇ ਪਿਤਾ ਜੀ ਦੀ ਥਾਂ 'ਤੇ ਨੌਕਰੀ ਕਰਦੀ ਹਾਂ ਘਰ ਵਿਚ ਦਾਦੀ, ਮਾਂ, ਚਾਰ ਨਿੱਕੀਆਂ ਭੈਣਾਂ ਤੇ ਸਭ ਤੋਂ ਛੋਟਾ ਅਪਾਹਜ਼ ਭਰਾ | ਪਹਿਲਾਂ ਇਹ ਸਭ ਮੇਰੇ ਪਿਆਰੇ ਪਿਤਾ ਜੀ ਦੀ ਜ਼ਿੰਮੇਵਾਰੀ ਸੀ ਤੇ ਉਨ੍ਹਾਂ ਤੋਂ ਬਾਅਦ ਹੁਣ ਮੇਰੀ | ਹੁਣ ਮੈਂ ਆਪਣੇ ਲਈ ਨਹੀਂ, ਇਨ੍ਹਾਂ ਬਾਰੇ ਹੀ ਸੋਚਣਾ ਹੈ, ਮੇਰੇ ਲਈ ਸਭ ਤੋਂ ਪਹਿਲਾਂ ਪਰਿਵਾਰ ਅਤੇ ਬਾਅਦ ਵਿਚ ਮੈਂ ਹਾਂ |
ਪਰ ਤੂੰ ਆਪਣੀ ਉਮਰ ਕਿੱਦਾਂ ਕੱਟਣੀ ਹੈ ਸਾਰੀ? ਜੇ ਹੁਣ ਵਿਆਹ ਦੀ ਉਮਰ ਨਿਕਲ ਗਈ ਤਾਂ ਕੌਣ ਕਰੂ ਤੇਰੇ ਨਾਲ ਵਿਆਹ? ਆਪਣਾ ਘਰ ਨੀ ਚਾਹੀਦਾ ਤੈਨੂੰ?
ਕਿਹੜਾ ਆਪਣਾ ਘਰ? ਕਮਲੀਏ ਕਿਹੜੇ ਭੁਲੇਖੇ ਵਿਚ ਜੀਅ ਰਹੀ ਐਾ ਤੂੰ? ਅਸਲ ਵਿਚ ਹਰ ਔਰਤ ਆਪਣੇ ਘਰ ਦੀ ਰੱਟ ਲਾਈ ਰੱਖਦੀ ਐ ਨਾ, ਉਸ ਵਿਚਾਰੀ ਦਾ ਤਾਂ ਹੈ ਕੁਝ ਵੀ ਨਹੀਂ, ਨਾ ਪੇਕਾ ਨਾ ਸਹੁਰਾ, ਫੇਰ ਮੇਰੇ ਵੱਲ ਵੇਖਦੇ ਹੋਏ ਬੋਲੀ, ਮੈਨੂੰ ਪਤਾ ਤੂੰ ਮੇਰਾ ਚੰਗਾ ਹੀ ਸੋਚਦੀਂ ਐਾ, ਪਰ ਅੱਜ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਪਹਿਲੀ ਤੇ ਆਖਰੀ ਵਾਰ ਦੱਸਣ ਲੱਗੀ ਹਾਂ |
ਮੇਰੀ ਭੈਣ ਤੂੰ ਬਸ ਏਨਾ ਕੁ ਸਮਝ ਲੈ ਕਿ ਮੈਂ ਹੱਡ ਮਾਸ ਦਾ ਟੁਕੜਾ ਹੁਣ ਕਿ ਜਿਊਾਦੀ-ਜਾਗਦੀ ਲਾਸ਼ ਹਾਂ | ਜਿਸ ਦਾ ਆਪਣਾ ਕੋਈ ਵਜੂਦ ਨਹੀਂ, ਨਾਲੇ ਉਮਰ ਇਹ ਤਾਂ ਹੁਣ ਮੇਰੇ ਵਸ ਤੋਂ ਬਾਹਰ ਦੀ ਗੱਲ ਹੈ, ਉਂਝ ਵੀ ਨਿਕਲ ਈ ਜਾਣੀ ਐ?
ਭੈਣਾਂ ਦੇ ਘਰ ਵਸਦੇ ਵੇਖ ਕੇ ਮਾਂ ਦੇ ਜ਼ੋਰ ਪਾਉਣ 'ਤੇ ਉਸ ਨੇ ਆਪਣਾ ਘਰ ਵੀ ਵਸਾ ਲਿਆ ਸੀ | ਪਰ ਪੇਕਾ ਘਰ ਅਕਸਰ ਉਸ ਦੇ ਸਹੁਰੇ ਘਰ ਵਿਚ ਲੜਾਈ ਦਾ ਕਾਰਨ ਬਣਦਾ ਸੀ | ਫਿਰ ਵੀ ਘਰ ਦੀ ਲੜਾਈ ਤੋਂ ਡਰਦੀ ਉਸ ਨੇ ਦਫ਼ਤਰੋਂ ਛੁੱਟੀ ਲੈ ਕੇ ਕਦੇ-ਕਦੇ ਪੇਕੇ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਲੋੜੀਂਦੀ ਮਦਦ ਵੀ ਕਰ ਦਿੰਦੀ ਸੀ |
ਉਸ ਨੇ ਮਾਂ ਲਈ ਚੰਗੇ ਤੋਂ ਚੰਗੇ ਡਾਕਟਰ ਦੀਆਂ ਸੇਵਾਵਾਂ ਵੀ ਲਈਆਂ ਪਰ ਮਾਂ ਦੀ ਸਿਹਤ ਵਿਚ ਕੋਈ ਸੁਧਾਰ ਨਾ ਆਇਆ ਤਾਂ ਉਸ ਨੂੰ ਸਦੀਵੀ ਵਿਛੋੜਾ ਦੇ ਗਈ |
ਅਪਾਹਜ ਭਰਾ ਘਰ ਵਿਚ ਇਕੱਲਾ ਹੋਣ ਕਾਰਨ ਜਦੋਂ ਉਸ ਨੇ ਸਹੁਰੇ ਘਰ ਉਸ ਨੂੰ ਨਾਲ ਰੱਖਣ ਬਾਰੇ ਕਿਹਾ ਤਾਂ ਉਨ੍ਹਾਂ ਨੇ ਦੋਵਾਂ ਵਿਚੋਂ ਇਕ ਪਾਸੇ ਹੋਣ ਨੂੰ ਕਿਹਾ ਤਾਂ ਉਸਨੇ ਖ਼ੁਸ਼ੀ-ਖ਼ੁਸ਼ੀ ਆਪਣੇ ਭਰਾ ਦੀ ਬਾਂਹ ਫੜਨ ਨੂੰ ਪਹਿਲ ਦਿੱਤੀ ਤੇ ਸਹੁਰੇ ਘਰ ਤੋਂ ਹਮੇਸ਼ਾ ਲਈ ਮੰੂਹ ਮੋੜ ਲਿਆ |
ਮੌਕਾ ਵੇਖ ਕੇ ਉਸ ਨੇ ਘਰ ਵਿਚ ਹੀ ਭਰਾ ਨੂੰ ਦੁਕਾਨ ਖੋਲ੍ਹ ਦਿੱਤੀ ਤੇ ਲੋੜੀਂਦਾ ਪਰਿਵਾਰ ਦੇਖ ਕੇ ਉਸ ਦਾ ਘਰ ਵੀ ਵਸਾ ਦਿੱਤਾ |
ਪਰ ਜ਼ਿੰਮੇਵਾਰੀਆਂ ਘਟਣ ਤੋਂ ਅਜੇ ਵੀ ਇਨਕਾਰੀ ਸਨ | ਉਸ ਨੇ ਡਿਗਦੀ ਸਿਹਤ ਕਾਰਨ ਰਿਟਾਇਰਮੈਂਟ ਪਹਿਲਾਂ ਹੀ ਲੈ ਲਈ ਤੇ ਮਿਲੇ ਫੰਡ ਵਿਚੋਂ ਭਰਾ ਦੇ ਨਾਂਅ ਘਰ ਲੈ ਦਿੱਤਾ ਤੇ ਬਚਦਾ ਪੈਸਾ ਉਸ ਦੇ ਨਾਂਅ 'ਤੇ ਕਰਵਾ ਦਿੱਤਾ | ਤੂੰ ਆਪਣੇ ਲਈ ਕੀ ਰੱਖਿਆ? ਤੇ ਮੇਰੇ ਪੁੱਛਣ 'ਤੇ ਉਹ ਬੋਲੀ ਮੇਰਾ ਹੈ ਵੀ ਕੀ ਸੀ? ਪਿਤਾ ਜੀ ਨੇ ਵੀ ਤਾਂ ਇਸ ਨੂੰ ਦੇਣਾ ਸੀ, ਉਨ੍ਹਾਂ ਦੀ ਕਮਾਈ ਸੀ ਸੋ ਮੈਂ ਦੇ ਦਿੱਤੀ, ਮੇਰਾ ਕੀ ਐ ਦੋ ਫੁਲਕੇ ਖਾਣੇ ਆ, ਉਹ ਤਾਂ ਮੈਨੂੰ ਮਿਲਣਗੇ ਹੀ | ਇੰਨੀ ਵੱਡੀ ਗੱਲ ਉਹ ਕਿੰਨੀ ਆਸਾਨੀ ਨਾਲ ਕਹਿ ਰਹੀ ਸੀ |
ਅਕਸਰ ਰਿਟਾਇਰਮੈਂਟ ਤੋਂ ਬਾਅਦ ਫੋਨ 'ਤੇ ਜਦੋਂ ਅਸੀਂ ਦੁੱਖ-ਸੁੱਖ ਫੋਲਦੀਆਂ ਤਾਂ ਭਾਬੀ ਦੀ ਚੀਕਣ ਦੀ ਆਵਾਜ਼ ਸੁਣਾਈ ਦਿੰਦੀ, ਬਈ ਫੋਨ 'ਤੇ ਮਿੱਟੀ ਪੱਟ ਮੇਰੀ ਕਿ ਮੈਂ ਤੇਰੀ ਸੇਵਾ ਨੀ ਕਰਦੀ, ਵਿਹਲੀ ਕਿਸੇ ਥਾਂ ਦੀ, ਤਾਹੀਂ ਤਾਂ ਪੇਕੇ ਘਰ ਬੈਠੀ ਐਾ, ਕੰਮ ਕਾਜ ਕਰਨ ਵਾਲੀ ਹੁੰਦੀ ਤਾਂ ਸਹੁਰੇ ਨਾ ਵੱਸਦੀ?
ਮੈਂ ਪੁੱਛਦੀ ਪਰ ਪੰਮੀ ਇਸ ਬਾਰੇ ਕਦੀ ਵੀ ਗੱਲ ਨਾ ਕਰਦੀ |
ਸੋਚਦੀ ਸਾਂ ਕਿ ਚੀਕ-ਚੀਕ ਕੇ ਸਭ ਨੂੰ ਪੰਮੀ ਬਾਰੇ ਦੱਸਾਂ ਉਹ ਪੇਕਿਆਂ 'ਤੇ ਬੋਝ ਨਹੀਂ, ਸਗੋਂ ਇਕ ਮਜ਼ਬੂਤ ਥੰਮ੍ਹ ਸੀ, ਜਿਸ ਨੇ ਪਿਤਾ ਜੀ ਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਆਉਣ ਵਾਲਾ ਹਰ ਤੂਫ਼ਾਨ ਆਪਣੇ ਪਿੰਡੇ 'ਤੇ ਹੰਢਾਇਆ, ਹਰ ਮੀਂਹ-ਝੱਖੜ ਆਪਣੇ 'ਤੇ ਵਰ੍ਹਾਇਆ |
ਪਰ ਕਿੰਝ ਦੱਸਾਂ? ਕਿਹਨੂੰ ਦੱਸਾਂ? ਇਥੇ ਕੋਈ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਤੇ ਵਹਿੰਦੇ ਅੱਥਰੂ ਰੋਕਣ ਦੀ ਕੋਸ਼ਿਸ਼ ਵਿਚ ਮੈਂ ਦਿਲ ਦੀਆਂ ਗੱਲਾਂ ਤੇ ਦਿਲ ਦਾ ਗੁਬਾਰ ਦਿਲ ਵਿਚ ਹੀ ਲੈ ਕੇ ਘਰ ਵਾਪਸ ਪਰਤ ਰਹੀ ਸਾਂ |

-ਫਗਵਾੜਾ,
ਮੋਬਾਈਲ : 95922-71300.

ਦੋ ਗ਼ਜ਼ਲਾਂ

ਰੰਗ, ਖ਼ੁਸ਼ਬੂ, ਰੌਸ਼ਨੀ ਦੀ ਬਾਤ ਪਾ
ਮਹਿਕ ਬਣ ਸਾਰੀ ਫ਼ਿਜ਼ਾ ਵਿਚ ਫੈਲ ਜਾ |
ਡੀਕ ਲਾ ਕੇ ਪੀ ਪਿਆਲਾ ਇਸ਼ਕ ਦਾ,
ਪਿਆਰ ਦਾ ਕੋਈ ਸੁਰੀਲਾ ਗੀਤ ਗਾ |
ਪੌਣ ਦੇ ਦਰਦੀਲੜੇ ਜਿਹੇ ਸਾਜ਼ 'ਤੇ
ਤੂੰ ਕੋਈ ਨਗ਼ਮਾ ਮੁਹੱਬਤ ਦਾ ਸੁਣਾ |
ਵਾਸ ਕਰ ਲੈ ਬੱਦਲਾਂ ਦੇ ਫ਼ਰਸ਼ 'ਤੇ
ਅੰਬਰਾਂ ਵਿਚ ਸਤਰੰਗੀ ਪੀਂਘ ਪਾ |
ਵਕਤ ਤਾਂ ਪਲ ਪਲ ਉਡਾਰੀ ਮਾਰਦਾ,
ਏਸ 'ਤੇ ਕੋਈ ਸੁਨਹਿਰੀ ਪੈੜ ਪਾ |
ਆਪਣੇ ਦਿਲ ਨੂੰ ਬਣਾ ਲੈ ਵੰਝਲੀ
ਧੜਕਣਾਂ ਦੀ ਤਾਲ ਉੱਪਰ ਥਿਰਕ ਜਾ |
ਇਕ ਵੀ ਹੰਝੂ ਅਜਾੲੀਂ ਨਾ ਵਹੇ,
ਕੱਲਰਾਂ 'ਤੇ ਮੇਘ ਬਣ ਕੇ ਬਰਸ ਜਾ |
ਜ਼ਿੰਦਗੀ ਤਾਂ ਬੇਸ਼ਕੀਮਤ ਦਾਤ ਹੈ,
ਏਸ ਦੇ ਸਨਮਾਨ ਵਿਚ ਆਪਾ ਵਿਛਾ |
ਹਰ ਲਮਹਾ ਤੇਰਾ ਰੂਹਾਨੀ ਜਸ਼ਨ ਹੈ
ਹਰ ਸਮੇਂ ਤੂੰ ਮੋਰ ਬਣ ਕੇ ਪੈਲ ਪਾ |
ਬੇਖ਼ੁਦੀ, ਮਸਤੀ, ਖ਼ਾਮੋਸ਼ੀ, ਕੰਬਣੀ,
ਕਿਸ ਕਦਰ ਮਸਰੂਰ ਹੈਾ ਝੱਲਿਆ ਦਿਲਾ |
ਆਤਮਾ ਅੰਦਰ ਸਿਤਾਰੇ ਗੰੁਦ ਕੇ,
ਹੁਣ ਕੋਈ ਸੁਰਤਾਲ ਸਾਹਾਂ ਦੀ ਵਜਾ |
             ***

ਮਹਿਕਦੀ ਹੋਈ ਜ਼ਿੰਦਗੀ ਦੀ ਖ਼ੈਰ ਦੇ,
ਇਸ਼ਕ ਵਾਲੀ ਰਿੰਦਗੀ ਦੀ ਖ਼ੈਰ ਦੇ |
ਹਰ ਤਰਫ਼ ਬੱਸ ਤੰੂ ਹੀ ਤੂੰ ਦਿਸਦਾ ਰਹੇਂ,
ਆਪਣੀ ਦੀਵਾਨਗੀ ਦੀ ਖ਼ੈਰ ਦੇ |
ਆਸ਼ਕੀ ਦੀਆਂ ਬਖ਼ਸ਼ ਦੇ ਮਖ਼ਮੂਰੀਆਂ,
ਰਸ ਭਰੀ ਮਸਤਾਨਗੀ ਦੀ ਖ਼ੈਰ ਦੇ |
ਭੁੱਲ ਜਾਵਾਂ ਹੋਰ ਸਭ ਦੁਸ਼ਵਾਰੀਆਂ,
ਬੱਸ ਆਪਣੀ ਮਯਕਸ਼ੀ ਦੀ ਖ਼ੈਰ ਦੇ |
ਜਦ ਕਦੇ ਵੀ ਆਉਣ ਰਾਤਾਂ ਕਾਲੀਆਂ,
ਉਸ ਸਮੇਂ ਤੂੰ ਰੌਸ਼ਨੀ ਦੀ ਖ਼ੈਰ ਦੇ |
ਧੜਕਣਾਂ ਦਾ ਤਾਲ ਮੇਰੇ ਨਾਮ ਹੈ,
ਅਰਜ਼ ਹੈ ਪਰਵਾਨਗੀ ਦੀ ਖ਼ੈਰ ਦੇ |
ਹੋਰ ਕੋਈ ਨਾਮ ਕੰਨੀਂ ਨਾ ਪਵੇ,
ਇਸ ਤਰ੍ਹਾਂ ਤੂੰ ਦਿਲਕਸ਼ੀ ਦੀ ਖ਼ੈਰ ਦੇ |
ਘੋਲ ਦੇ ਸਾਹਾਂ 'ਚ ਖ਼ੁਸ਼ਬੂ ਨਾਮ ਦੀ,
ਦਿਲ ਨਿਵਾਜ਼ਾ ਬੰਦਗੀ ਦੀ ਖ਼ੈਰ ਦੇ |
            ***

ਨਹਿਲੇ 'ਤੇ ਦਹਿਲਾ: ਖਾਣਾ ਨਹੀਂ ਮੈਂ ਤਾਂ ਵਿਟਾਮਿਨ ਖਾ ਰਿਹਾ ਸਾਂ

ਮਸ਼ਹੂਰ ਗਾਇਕ ਗੁਲਾਮ ਮੁਸਤਫ਼ਾ ਨਾਨਵੈਜ ਖਾਣਾ ਖਾਣ ਦੇ ਬੜੇ ਸ਼ੌਕੀਨ ਸਨ | ਉਹ ਘਰ ਵਿਚ ਵੀ ਅਤੇ ਬਾਹਰ ਵੀ ਇਸੇ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਸਨ | ਜਿਹੜੀ ਪਾਰਟੀ ਵਿਚ ਵੀ ਉਸ ਨੂੰ ਇਸ ਤਰ੍ਹਾਂ ਦੇ ਖਾਣੇ ਦੀ ਉਮੀਦ ਹੁੰਦੀ ਉਹ ਬਹੁਤ ਜ਼ਿਆਦਾ ਰੁਝੇਵਿਆਂ ਦੇ ਬਾਵਜੂਦ ਵੀ ਪਾਰਟੀ 'ਚ ਹਿੱਸਾ ਜ਼ਰੂਰ ਲੈਂਦੇ | ਪਾਰਟੀ ਹੋ ਜਾਣ ਤੋਂ ਬਾਅਦ ਉਹ ਪੁੱਛ ਕੇ ਵੀ ਖਾਣਾ ਪਕਾਉਣ ਵਾਲਿਆਂ ਨੂੰ ਮਿਲਦੇ ਅਤੇ ਉਨ੍ਹਾਂ ਦੇ ਖਾਣੇ ਦੀ ਭਰਪੂਰ ਤਾਰੀਫ਼ ਕਰਦੇ ਅਤੇ ਉਨ੍ਹਾਂ ਨੂੰ ਇਨਾਮ ਦੇ ਕੇ ਨਵਾਜਦੇ |
ਇਕ ਵਾਰੀ ਉਹ ਫ਼ਿਲਮੀ ਗੀਤਕਾਰ ਇੰਦੀਵਰ ਦੇ ਸੱਦੇ 'ਤੇ ਉਨ੍ਹਾਂ ਦੇ ਘਰ ਗਏ | ਬਹੁਤ ਹੀ ਸੋਹਣੇ ਤਰੀਕੇ ਨਾਲ ਖਾਣਾ ਮੇਜ਼ 'ਤੇ ਸਜਾਇਆ ਗਿਆ ਸੀ | ਮਜ਼ੇ ਦੀ ਗੱਲ ਇਹ ਸੀ ਕਿ ਗੁਲਾਮ ਮੁਸਤਫ਼ਾ ਸਾਹਿਬ ਨੂੰ ਹੀ ਖਾਣੇ 'ਤੇ ਬੁਲਾਇਆ ਗਿਆ ਸੀ | ਜਦੋਂ ਮੁਸਤਫ਼ਾ ਸਾਹਬ ਹੱਥ ਧੋ ਕੇ ਖਾਣੇ ਵਾਲੀ ਮੇਜ਼ 'ਤੇ ਖਾਣਾ ਖਾਣ ਲਈ ਕੁਰਸੀ 'ਤੇ ਬੈਠੇ ਤਾਂ ਮੇਜ਼ 'ਤੇ ਲੱਗੇ ਡੌਾਗੇ 'ਤੇ ਹੱਥ ਰੱਖ ਕੇ ਇੰਦੀਵਰ ਨੇ ਗੁਲਾਮ ਮੁਸਤਫ਼ਾ ਸਾਹਿਬ ਨੂੰ ਜਾਣਕਾਰੀ ਦੇਣੀ ਸ਼ੁਰੂ ਕੀਤੀ |
'ਮੁਸਤਫ਼ਾ ਸਾਹਿਬ, ਐਹ ਵੇਖੋ ਇਹ ਦਾਲ ਹੈ, ਦਾਲ ਵਿਚ ਵਿਟਾਮਿਨ 'ਬੀ' ਅਤੇ ਭਰਪੂਰ ਪ੍ਰੋਟੀਨ ਹੁੰਦੀ ਹੈ, ਇਹ ਪਾਲਕ ਏ ਇਸ ਵਿਚ ਆਇਰਨ ਅਤੇ ਵਿਟਾਮਿਨ 'ਸੀ' ਹੁੰਦਾ ਹੈ | ਇਹ ਵੇਖੋ ਇਹ ਕੱਦੂ ਦੀ ਸਬਜ਼ੀ ਏ, ਇਸ ਵਿਚ ਭਾਰੀ ਮਾਤਰਾ ਵਿਚ ਵਿਟਾਮਿਨ 'ਏ' ਹੁੰਦਾ ਹੈ | ਅਹਿ ਨਿੰਬੂ ਏ, ਇਸ ਵਿਚ ਵਿਟਾਮਿਨ 'ਸੀ' ਹੁੰਦਾ ਹੈ ਜੋ ਦੰਦਾਂ ਨੂੰ ਮਜ਼ਬੂਤ ਕਰਦਾ ਹੈ |'
ਅਤੇ ਜਦੋਂ ਦੋਵੇਂ ਜਣੇ ਖਾਣਾ ਖਾ ਚੁੱਕੇ ਅਤੇ ਹੱਥ ਧੋ ਕੇ ਮੁੜ ਕੇ ਇਕੱਠੇ ਬੈਠੇ ਤਾਂ ਇੰਦੀਵਰ ਨੇ ਗੁਲਾਮ ਮੁਸਤਫ਼ਾ ਸਾਹਿਬ ਨੂੰ ਖਾਣੇ ਬਾਰੇ ਪੁੱਛਿਆ ਤਾਂ ਅੰਦਰੋਂ-ਅੰਦਰੀ ਬਹਿਬਲ ਹੋਏ ਗੁਲਾਮ ਮੁਸਤਫ਼ਾ ਨੇ ਕਿਹਾ, 'ਖਾਣਾ ਨਹੀਂ ਮੈਂ ਤਾਂ ਵਿਟਾਮਿਨ ਖਾ ਰਿਹਾ ਸੀ |'

ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. (ਪੰਜਾਬ) |
ਮੋਬਾਈਲ : 94170-91668.

ਕਹਾਣੀ: ਹਨੇਰਿਆਂ ਤੋਂ ਮੁਕਤੀ

ਬੰਤਾ ਸਿੰਘ ਨੂੰ ਜਾਪਿਆ ਜਿਵੇਂ ਕੋਈ ਉਸ ਦੇ ਨਾਲ-ਨਾਲ ਹੋਵੇ, ਬਿਲਕੁਲ ਉਸ ਦੇ ਨੇੜੇ | ਫਿਰ ਉਸ ਨੂੰ ਕਾਫ਼ੀ ਸ਼ੋਰ-ਸ਼ਰਾਬਾ ਸੁਣਾਈ ਦੇਣ ਲੱਗਾ | ਕਦੇ ਜਾਪਦਾ ਬਹੁਤ ਨੇੜੇ ਹੈ, ਕਦੇ ਬਹੁਤ ਦੂਰ | ਨਹੀਂ... ਨਹੀਂ... ਇਹ ਤਾਂ ਉਸ ਦੇ ਅੰਦਰੋਂ ਸੁਣਾਈ ਦੇ ਰਿਹਾ ਸੀ | ਭਾਂਤ-ਭਾਂਤ ਦੀਆਂ ਮੂਰਤਾਂ ਬਣ ਰਹੀਆਂ ਸਨ, ਪਰ ਸਪੱਸ਼ਟ ਕੋਈ ਵੀ ਨਹੀਂ ਸੀ | ਉਸ ਨੇ ਗਹੁ ਨਾਲ ਦੇਖਣ ਦੀ ਕੋਸ਼ਿਸ਼ ਕੀਤੀ | ਇਕ ਮੂਰਤ ਸਪੱਸ਼ਟ ਹੋਣ ਲੱਗੀ, ਪਰ ਯਤਨ ਕਰਨ 'ਤੇ ਵੀ ਪਛਾਣ ਨਾ ਸਕਿਆ |
'ਤੰੂ ਕੌਣ ਏਾ?... ਆਹ ਰੌਲਾ ਕੀਹਨੇ ਪਾ ਰੱਖਿਐ? ਬੰਤਾ ਸਿੰਘ ਨੇ ਪੁੱਛਿਆ |
'ਅਸੀਂ ਤੁਹਾਡੇ ਧੀਆਂ ਪੁੱਤਰ', ਆਵਾਜ਼ ਆਈ ਪਰ ਆਕਾਰ ਸਪੱਸ਼ਟ ਨਾ ਹੋਇਆ |
'ਧੱਕੇ ਨਾਲ ਈ ਧੀਆਂ ਪੁੱਤਰ ਬਣਦੇ ਓ, ਜਾਓ ਸੌਣ ਦਿਓ', ਬੰਤਾ ਸਿੰਘ ਖਿਝ ਕੇ ਬੋਲਿਆ |
'ਜੇ ਤੁਸੀਂ ਧੀਆਂ ਪੁੱਤਰਾਂ ਨੂੰ ਚੰਗੇ ਬਣਾਉਗੇ, ਤਾਂ ਹੀ ਚੈਨ ਦੀ ਨੀਂਦ ਸੌਾ ਸਕੋਗੇ', ਆਵਾਜ਼ ਬੜੀ ਪਿਆਰੀ ਸੀ |
'ਮੈਨੂੰ ਨੀਂ ਸਮਝ ਆਉਂਦੀ ਕੋਈ ਗੱਲ', ਉਹ ਰੌਣੀ ਆਵਾਜ਼ ਵਿਚ ਬੋਲਿਆ |
'ਚਲੋ ਠੀਕ ਐ ਘਬਰਾਓ ਨਾ, ਮੈਂ ਦੱਸਦੀ ਆਂ | ਮੈਂ ਤੁਹਾਡੀ ਸੋਚ, ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ, ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰਦੇ ਓ, ਮੈਨੂੰ ਅਤੇ ਆਪਣੇ-ਆਪ ਨੂੰ ਦੁਨੀਆ ਕੋਲੋਂ ਚੰਗਾ ਜਾਂ ਬੁਰਾ ਕਹਾਉਂਦੇ ਓ | ਆਹ, ਜਿਹੜੇ ਸ਼ੋਰ ਮਚਾ ਰਹੇ ਨੇ, ਇਹ ਤੁਹਾਡੇ ਵਿਚਾਰ ਨੇ ਕੋਈ ਆਉਂਦੈ, ਕੋਈ ਜਾਂਦੈ | ਪੱਕੇ ਤੌਰ 'ਤੇ ਨਹੀਂ ਟਿਕਦੇ | ਇਸ ਲਈ ਅੰਦਰ ਘੜਮਸ ਪਿਆ ਰਹਿੰਦੈ | ਪਰ ਹਾਂ, ਜੇ ਤੁਸੀਂ ਨੇਕੀ, ਇਮਾਨਦਾਰੀ ਅਤੇ ਸਚਾਈ ਨੂੰ ਆਪਣੇ ਅੰਦਰ ਵਸਾ ਲਵੋਗੇ ਤਾਂ ਦੁਨੀਆ ਤੁਹਾਡੀ ਵੀ ਤਾਰੀਫ਼ ਕਰੂ ਅਤੇ ਸਾਡੀ ਵੀ', ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ, ਇਸ ਲਈ ਉਹ ਚੁੱਪ-ਚਾਪ ਸੁਣ ਰਿਹਾ ਸੀ | ਪਰ ਇਸ ਦੇ ਨਾਲ ਹੀ ਉਸ ਨੂੰ ਇਕ ਹੋਰ ਆਵਾਜ਼ ਸੁਣਾਈ ਦਿੱਤੀ |
'ਹੱਥ ਵਿਚ ਕਿਤਾਬ ਉਂਜ ਸੁੱਤੇ ਪਏ ਨੇ, ਪਤਾ ਨਹੀਂ ਹੁਣ ਪੜ੍ਹਨ ਦਾ ਕੀ ਝੱਲ ਚੜਿ੍ਹਐ ਐਸ ਉਮਰੇ', ਇਹ ਤਾਂ ਬੰਤਾ ਸਿੰਘ ਦੀ ਪਤਨੀ ਦੀ ਆਵਾਜ਼ ਸੀ | ਬੰਤਾ ਸਿੰਘ ਦੇ ਹੱਥੋਂ ਕਿਤਾਬ ਫੜ ਕੇ ਉਸ ਨੇ ਇਕ ਪਾਸੇ ਰੱਖ ਦਿੱਤੀ |
ਬੰਤਾ ਸਿੰਘ ਉੱਠ ਕੇ ਬੈਠ ਗਿਆ | ਉਹ ਹੈਰਾਨ ਪ੍ਰੇਸ਼ਾਨ ਸੀ | ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਨੇ ਸੁਪਨਾ ਦੇਖਿਆ ਹੈ ਜਾਂ ਫਿਰ ਕਿਤਾਬ ਵਿਚ ਪੜਿ੍ਹਆ ਹੈ ਸਾਰਾ ਕੁਝ | ਸ਼ਾਇਦ ਰਲਵਾਂ-ਮਿਲਵਾਂ ਸੀ | ਕਿਤਾਬ ਪੜ੍ਹਦਿਆਂ ਅੱਖ ਲੱਗ ਗਈ ਹੋਵੇਗੀ |
ਅੱਧੀ ਰਾਤ ਨੂੰ ਚਾਹ ਕਰਵਾ ਲੀ, ਚਾਹ ਪੀ ਕੇ ਫੇਰ ਕਿਤਾਬ ਪੜ੍ਹਨ ਲੱਗ ਗੇ ਕੀ ਐ ਏਹਦੇ 'ਚ?' ਉਸ ਦੀ ਪਤਨੀ ਖਿਝੀ ਪਈ ਸੀ |
ਓਏ, ਕਿਸੇ ਨੇ ਦਿੱਤੀ ਸੀ ਪੜ੍ਹਨ ਨੂੰ | ਮੈਂ ਤਾਂ ਲੈਂਦਾ ਨੀ ਸੀ ਧੱਕੇ ਨਾਲ ਦੇ 'ਤੀ | ਪਰ ਕਿਤਾਬ ਹੈ ਬੜੀ ਵਧੀਆ, ਆਖ ਕੇ ਉਹ ਕੰਮ 'ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਪਤਨੀ ਰਸੋਈ ਵਿਚ ਚਲੀ ਗਈ |
ਬੰਤਾ ਸਿੰਘ ਨੇ ਸਮੇਂ ਸਿਰ ਬੱਸ ਅੱਡੇ 'ਤੇ ਜਾ ਲਾਈ | ਉਸ ਨੂੰ ਡਰਾਇਵਰੀ ਕਰਦਿਆਂ ਬਾਰ੍ਹਾਂ-ਤੇਰ੍ਹਾਂ ਸਾਲ ਹੋ ਗਏ ਸਨ ਪਰ ਅੱਜ ਵਾਂਗ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ | ਬੱਸ ਖਚਾਖਚ ਭਰੀ ਪਈ ਸੀ, ਫਿਰ ਵੀ ਪੜ੍ਹਨ ਵਾਲੇ ਮੰੁਡੇ-ਕੁੜੀਆਂ ਬੱਸ ਵਿਚ ਧੁਸ ਦੇ ਕੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ | ਸਮੇਂ ਅਨੁਸਾਰ ਉਸ ਨੇ ਬੱਸ ਤੋਰੀ | ਇਕ ਕਾਲਜੀਏਟ ਮੰੁਡੇ ਨੇ ਬੁਰੀ ਭਾਵਨਾ ਨਾਲ ਬੱਸ ਦੇ ਡੰਡੇ ਦਾ ਸਹਾਰਾ ਲਈ ਖੜ੍ਹੀ ਕੁੜੀ ਦੇ ਹੱਥ ਉਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਪਰ ਰੁਕ ਗਿਆ, ਉਸ ਨੂੰ ਲੱਗਿਆ ਜਿਵੇਂ ਉਹ ਆਪਣੇ-ਆਪ ਨੂੰ ਗਾਲ਼ ਕੱਢਦਾ-ਕੱਢਦਾ ਰੁਕਿਆ ਹੋਵੇ | ਉਸ ਦਾ ਧਿਆਨ ਹੱਥ ਵਿਚ ਫੜੀ ਕਿਤਾਬ ਵੱਲ ਸੀ | ਇਕ ਤੀਹ ਪੈਂਤੀ ਸਾਲ ਦੇ ਚੰਗੇ ਸੂਟ-ਬੂਟ ਵਾਲੇ ਬੰਦੇ ਨੇ ਆਪਣੀਆਂ ਕੱਛਾਂ ਵਿਚ ਹੱਥ ਦਿੱਤੇ ਅਤੇ ਨਾਲ ਬੈਠੀ ਔਰਤ ਦੀ ਵੱਖੀ ਵੱਲ ਉਂਗਲ ਸਿੱਧੀ ਕੀਤੀ | ਪਰ ਉਸ ਨੇ ਇਕਦਮ ਮੁੱਠੀਆਂ ਬੰਦ ਕਰ ਲਈਆਂ ਅਤੇ ਉਹ ਕਿਤਾਬ ਖੋਲ੍ਹ ਕੇ ਪੜ੍ਹਨ ਲੱਗਾ |
ਬੰਤਾ ਸਿੰਘ ਨੇ ਅੱਜ ਕੋਈ ਵੀ ਘਟੀਆ ਗਾਣਿਆਂ ਵਾਲੀ ਕੈਸੇਟ ਨਾ ਚਲਾਈ | ਕੰਡਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ, ਗਾਣੇ ਲਾਉਣ ਲਈ | ਪਰ ਉਸ ਨੇ ਧਿਆਨ ਨਾ ਦਿੱਤਾ | ਅਖੀਰ ਟਿਕਟਾਂ ਕੱਟ ਕੇ ਵਿਹਲਾ ਹੋਇਆ ਕੰਡਕਟਰ ਆ ਕੇ ਇੰਜਣ 'ਤੇ ਬੈਠ ਗਿਆ | ਉਸ ਨੇ ਬੰਤਾ ਸਿੰਘ ਨੂੰ ਕੁਝ ਕਿਹਾ | ਬੰਤਾ ਸਿੰਘ ਨੇ ਇਕ ਕੈਸੇਟ ਚਲਾ ਦਿੱਤੀ | ਜਿਹੜੀ ਕਈ ਮਹੀਨਿਆਂ ਤੋਂ ਬੱਸ ਵਿਚ ਪਈ ਹੋਈ ਸੀ | ਪਰ ਸੁਣੀ ਕਦੇ ਵੀ ਨਹੀਂ ਸੀ | ਇਸ ਵਿਚ ਯੋਧਿਆਂ ਦੀਆਂ ਵਾਰਾਂ ਸਨ, ਜਿਨ੍ਹਾਂ ਨੇ ਧੀਆਂ-ਭੈਣਾਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਾ ਕੀਤੀ | ਇਕ ਵਾਰੀ ਤਾਂ ਕੰਡਕਟਰ ਨੇ ਬੁੱਲ੍ਹ ਜਿਹੇ ਵੱਟ ਕੇ ਆਪਣਾ ਸਿਰ ਸੱਜੇ-ਖੱਬੇ ਹਿਲਾਇਆ ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ 'ਤੇ ਸ਼ੱਕ ਹੋ ਰਿਹਾ ਹੋਵੇ ਕਿ ਸਹੀ ਹੈ ਜਾਂ ਨਹੀਂ | ਪਰ ਜਦੋਂ ਉਸ ਨੇ ਦੋ-ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾਂ ਹੋ ਗਿਆ, ਕਿਉਂਕਿ ਇਨ੍ਹਾਂ ਮਹਾਨ ਸੂਰਬੀਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ | ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿਚ ਦੀ ਕਈ ਵਾਰੀ ਸਵਾਰੀਆਂ 'ਤੇ ਨਿਗਾਹ ਮਾਰੀ, ਅੱਜ ਕੋਈ ਵੀ ਮਨਚਲਾ ਸ਼ਰਾਰਤ ਕਰਦਾ ਨਾ ਦਿਸਿਆ, ਕੁੜੀਆਂ ਵੀ ਆਪਣੇ ਨੰਗੇ ਮੋਢਿਆਂ ਨੂੰ ਚੰੁਨੀ ਨਾਲ ਕੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ | ਉਹ ਸੋਚ ਰਿਹਾ ਸੀ ਕਿਤਾਬ ਵਿਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਹੀ ਗੰਦੇ ਵਿਚਾਰਾਂ ਨੂੰ ਫੈਲਾਅ ਕੇ ਸਮਾਜ ਨੂੰ ਗੰਦਾ ਕਰਦੇ ਹਾਂ | ਬੱਸ ਟਿਕਾਣੇ ਪਹੁੰਚਾ ਕੇ ਰੋਕ ਦਿੱਤੀ | ਬੰਤਾ ਸਿੰਘ ਮੋਢੇ ਉਤੇ ਪਰਨਾ ਰੱਖ ਹੇਠਾਂ ਉਤਰਿਆ |
'ਕਿਉਂ ਬਈ ਕਿਤਾਬ ਪੜ੍ਹੀ ਸੀ?' ਕਿਸੇ ਨੇ ਪਿਛੋਂ ਦੀ ਬੰਤਾ ਸਿੰਘ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ |
ਉਸ ਨੇ ਪਿਛੇ ਮੁੜ ਕੇ ਦੇਖਿਆ ਇਹ ਤਾਂ ਪ੍ਰੋਫੈਸਰ ਸਾਹਿਬ ਸਨ, ਜਿਹੜੇ ਚਾਰ ਕੁ ਦਿਨ ਪਹਿਲਾਂ ਕੁਝ ਕਿਤਾਬਾਂ ਵੰਡ ਕੇ ਗਏ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਨੂੰ ਜ਼ਰੂਰ ਪੜ੍ਹਨਾ | ਬੰਤਾ ਸਿੰਘ ਨੇ ਦੋ-ਦਿਨ ਤਾਂ ਕਿਤਾਬ ਖੋਲ੍ਹ ਕੇ ਵੀ ਨਹੀਂ ਦੇਖੀ, ਰਾਤ ਪੜ੍ਹਨੀ ਸ਼ੁਰੂ ਕੀਤੀ, ਚੰਗੀ ਲੱਗੀ ਤਾਂ ਅੱਧਿਓਾ ਵੱਧ ਪੜ੍ਹ ਦਿੱਤੀ |
ਹਾਂ ਜੀ, ਥੋੜ੍ਹੀ ਜਿਹੀ ਰਹਿੰਦੀ ਐ... | ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਪ੍ਰੋਫੈਸਰ ਸਾਹਿਬ ਦੇ ਦੁਆਲੇ ਦਸ ਕੁ ਜਣਿਆਂ ਦੀ ਇਕ ਜਮਾਤ ਬਣ ਗਈ | ਉਨ੍ਹਾਂ ਵਿਚੋਂ ਕਾਲਜੀਏਟ ਮੰੁਡਾ ਅਤੇ ਸੂਟ-ਬੂਟ ਵਾਲਾ ਬੰਦਾ ਵੀ ਸ਼ਾਮਿਲ ਸਨ | ਉਨ੍ਹਾਂ ਵਿਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ, ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜ੍ਹਨ ਲਈ ਦੇ ਦਿਓ |
ਚੰਗੀਆਂ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਕੇ ਸੋਚ ਨੂੰ ਪਵਿੱਤਰ ਬਣਾ ਦਿੰਦੀ ਹੈ | ਪ੍ਰੋਫੈਸਰ ਸਾਹਿਬ ਕਹਿ ਰਹੇ ਸਨ |
ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਸਨ | ਉਸ ਦਾ ਜੀਅ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ, ਪਰ ਹੁਣ ਤਾਂ ਕੁਝ ਨਹੀਂ ਸੀ ਬਣ ਸਕਦਾ | ਉਸ ਨੂੰ ਯਾਦ ਸੀ ਨੌਵੀਂ ਜਮਾਤ ਵਿਚ ਪੜ੍ਹਦਿਆਂ ਮਾਸਟਰ ਜੀ ਨੇ ਉਸ ਨੂੰ ਬਾਪੂ ਦਾ ਅੰਗੂਠਾ ਰਿਪੋਰਟ ਕਾਰਡ 'ਤੇ ਲਗਵਾ ਕੇ ਲਿਆਉਣ ਲਈ ਕਿਹਾ ਸੀ | ਉਹ ਫੇਲ੍ਹ ਸੀ ਇਸ ਕਰਕੇ ਬਾਪੂ ਤੋਂ ਡਰਦਿਆਂ ਉਸ ਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਲਾ ਲਿਆ ਸੀ | ਮਾਸਟਰ ਜੀ ਪਛਾਣ ਗਏ | ਉਸ ਨੇ ਕੁੱਟ-ਕੁੱਟ ਕੇ ਜ਼ੋਰ ਲਾ ਲਿਆ, ਪਰ ਉਸ ਨੇ ਸੱਚ ਨਹੀਂ ਸੀ ਦੱਸਿਆ | ਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀ | ਉਹ ਡਰਦਾ ਬਿਮਾਰ ਹੋ ਗਿਆ ਅਤੇ ਮੁੜ ਸਕੂਲ ਨਹੀਂ ਗਿਆ |
ਬੰਤਾ ਸਿੰਘ ਕੀ ਸੋਚ ਰਹੇ ਓ |
'ਜੀ ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਓ, ਦੇਵਤਿਆਂ ਵਰਗਾ |' ਉਸ ਦੇ ਮੰੂਹੋਂ ਕੀ ਬੋਲਿਆ ਗਿਆ ਉਸ ਨੂੰ ਪਤਾ ਹੀ ਨਾ ਲੱਗਾ |
'ਮੈਂ ਹੀ ਨਹੀਂ, ਬਲਕਿ ਤੁਸੀਂ ਵੀ ਬਹੁਤ ਕੁਸ਼ ਕਰ ਸਕਦੇ ਹੋ, ਮੇਰੇ ਤੋਂ ਵੀ ਵੱਧ | ਤੁਹਾਡੀ ਬੱਸ ਵਿਚ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਨੇ ਉਨ੍ਹਾਂ ਦਾ ਖਿਆਲ ਰੱਖ ਕੇ, ਉਨ੍ਹਾਂ ਨੂੰ ਗੰਦ-ਮੰਦ ਨਾ ਸੁਣਾਓ, ਨਾ ਫ਼ਿਲਮਾਂ ਰਾਹੀਂ ਗੰਦ-ਮੰਦ ਦਿਖਾਓ |'
ਬੰਤਾ ਸਿੰਘ ਨੇ ਕੈਸੇਟ ਵਾਲੀ ਗੱਲ ਸੁਣਾਈ | ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ ਅਤੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਸਕੂਨ ਮਿਲਿਆ |
ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਐ, ਇਸ ਕਰਕੇ ਐਨੀ ਛੇਤੀ ਅਸਰ ਹੋਇਆ ਤੇਰੀ ਸੋਚ 'ਤੇ | ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਅਤੇ ਸ਼ਰਮ ਵੀ ਆਈ | ਕੰਡਕਟਰ ਨੇ ਵਾਜ ਮਾਰੀ ਬੱਸ ਦੇ ਤੁਰਨ ਦਾ ਸਮਾਂ ਹੋ ਚੁੱਕਾ ਸੀ | ਉਸ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ |
ਪ੍ਰੋਫੈਸਰ ਸਾਹਿਬ ਦੀਆਂ ਅੱਖਾਂ ਵਿਚ ਅਲੋਕਾਰ ਚਮਕ ਸੀ | ਅਜਿਹੀ ਚਮਕ ਜਿਹੜੀ ਸਾਰੀ ਦੁਨੀਆ ਨੂੰ ਰੁਸ਼ਨਾ ਸਕਦੀ ਹੈ, ਗਿਆਨ ਦਾ ਚਾਨਣ ਵੰਡ ਕੇ | ਅਜਿਹਾ ਚਾਨਣ ਜਿਹੜਾ ਇਨਸਾਨ ਦੀਆਂ ਅੱਖਾਂ ਅਤੇ ਕੰਨਾਂ ਰਾਹੀਂ ਉਸ ਦੇ ਅੰਦਰ ਦਾਖ਼ਲ ਹੋ ਕੇ ਉਸ ਦੀ ਅੰਦਰਲੀ ਰੌਸ਼ਨੀ ਨਾਲ ਇਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਰੌਸ਼ਨ ਕਰਕੇ ਉਸ ਨੂੰ ਹਨੇਰਿਆਂ ਵਿਚ ਭਟਕਣ ਦੇ ਸਰਾਪ ਤੋਂ ਮੁਕਤ ਕਰਦਾ ਹੈ |

-ਅੱਧੀ ਟਿੱਬੀ, ਬਡਰੁੱਖਾਂ (ਸੰਗਰੂਰ) |
shergillamritkaur080@gmail.com

ਸਿਆਣਪ

(ਲੜੀ ਜੋੜਨ ਲਈ ਐਤਵਾਰ 5 ਜਨਵਰੀ ਦਾ ਅੰਕ ਦੇਖੋ)
• ਕਾਰ, ਬੱਸ, ਟਰੱਕ ਨੂੰ ਅੰਨ੍ਹੇਵਾਹ ਤੇ ਹੱਦ ਤੋਂ ਵੱਧ ਤੇਜ਼ ਚਲਾਉਣਾ ਜ਼ਿੰਦਗੀ ਵਿਚ ਸਿਆਣਪ ਦਾ ਕੰਮ ਨਹੀਂ ਹੈ, ਖ਼ਾਸ ਕਰਕੇ ਠੰਢ ਅਤੇ ਧੁੰਦ ਦੇ ਮੌਸਮ ਵਿਚ |
• ਜਦੋਂ ਕਿਸੇ ਇੰਟਰਵਿਊ 'ਤੇ ਜਾਊ ਤਾਂ ਇਨ੍ਹਾਂ ਸਿਆਣੀਆਂ ਗੱਲਾਂ ਵੱਲ ਖਾਸ ਧਿਆਨ ਦਿਓ:
* ਡੋਰਮੈਟ 'ਤੇ ਬੂਟ ਸਾਫ਼ ਕਰੋ |
* ਆਗਿਆ ਲੈ ਕੇ ਅੰਦਰ ਦਾਖ਼ਲ ਹੋਵੋ |
* ਕੱਪੜੇ ਭਾਵੇਂ ਸਾਧਾਰਨ ਹੋਣ ਪਰ ਸਾਫ਼-ਸੁਥਰੇ ਹੋਣ |
* ਇੰਟਰਵਿਊ ਸਮੇਂ ਬਹਿਸਬਾਜ਼ੀ ਨਾ ਕਰੋ |
* ਜੇਕਰ ਹੋ ਸਕੇ ਤਾਂ ਸਵਾਲਾਂ ਦੇ ਜਵਾਬ ਸੰਖੇਪ ਵਿਚ ਦਿਓ |
• ਗ਼ਲਤ ਲੋਕਾਂ ਦੀ ਜਿੱਤ ਉਸੇ ਵਕਤ ਹੀ ਤੈਅ ਹੋ ਜਾਂਦੀ ਹੈ ਜਦੋਂ ਸਹੀ ਅਤੇ ਸਿਆਣੇ ਲੋਕ ਚੁੱਪ ਹੋ ਜਾਂਦੇ ਹਨ |
• ਗਿਆਨ ਪ੍ਰਾਪਤ ਕਰਨ ਲਈ ਅਧਿਐਨ ਜ਼ਰੂਰੀ ਹੈ ਅਤੇ ਬੁੱਧੀ ਪ੍ਰਾਪਤ ਕਰਨ ਲਈ ਸਮਝਣਾ ਜ਼ਰੂਰੀ ਹੈ |
• ਮੂਰਖ ਵਿਅਕਤੀ ਬਹੁਤ ਘੱਟ ਸੰਤੁਸ਼ਟ ਹੁੰਦਾ ਹੈ ਜਦੋਂ ਕਿ ਬੁੱਧੀਮਾਨ ਵਿਅਕਤੀ ਦੀ ਸਭ ਤੋਂ ਵੱਡੀ ਪੂੰਜੀ ਸੰਤੁਸ਼ਟੀ ਹੀ ਹੈ |
• ਦੂਸਰੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪੈਂਦੀ ਹੈ |
• ਪਿੰਡਾਂ ਵਿਚ ਬਜ਼ੁਰਗ ਅਕਸਰ ਕਿਹਾ ਕਰਦੇ ਸਨ ਅਸਲ ਸਿਆਣਾ ਉਹੀ ਹੁੰਦਾ ਹੈ ਜੋ ਤਿੰਨਾਂ ਕੋਟਾਂ ਤੋਂ ਜ਼ਿੰਦਗੀ ਭਰ ਬਚਿਆ ਰਹੇ |
• ਜੇ ਜਵਾਨਾਂ ਕੋਲ ਸਿਆਣਪ ਆ ਜਾਵੇ ਅਤੇ ਬਜ਼ੁਰਗਾਂ ਕੋਲ ਤਾਕਤ ਆ ਜਾਵੇ ਤਾਂ ਮਜ਼ਾ ਹੀ ਆ ਜਾਵੇ |
• ਜਦੋਂ ਕੋਈ ਸਿਆਣਾ ਆਦਮੀ ਮਰਦਾ ਹੈ ਤਾਂ ਇੰਜ ਲਗਦਾ ਹੈ ਜਿਵੇਂ ਅਸਮਾਨ ਵੀ ਵਿਰਲਾਪ ਕਰ ਰਿਹਾ ਹੋਵੇ |
• ਹਰ ਸਿਆਣਾ ਬੰਦਾ, ਕਿਸੇ ਹੋਰ ਅਜਿਹੇ ਵਿਅਕਤੀ ਨਾਲ ਵੀ ਸਬੰਧ ਬਣਾ ਕੇ ਰੱਖਦਾ ਹੈ ਜਿਸ ਨੂੰ ਉਹ ਆਪਣੇ ਤੋਂ ਵੀ ਜ਼ਿਆਦਾ ਸਿਆਣਾ ਸਮਝਦਾ ਹੈ |
• ਸਿਆਣੇ ਬਣਨ ਦੇ ਯਤਨ ਕਰੋ | ਸਿਆਣੇ ਦੀ ਤਰ੍ਹਾਂ ਵਿਚਾਰ ਕਰੋ ਪਰ ਗੱਲਬਾਤ ਆਮ ਲੋਕਾਂ ਦੀ ਤਰ੍ਹਾਂ ਹੀ ਕਰੋ |
• ਸਾਡੇ ਸਮਾਜ ਨੂੰ ਸਿਆਣਿਆਂ, ਸਮਝਦਾਰ ਵਿਅਕਤੀਆਂ (ਬੰਦਿਆਂ) ਦੀ ਸਭ ਤੋਂ ਵੱਧ ਲੋੜ ਹੈ |
• ਆਪਣੀ ਸਿਆਣਪ, ਬੁੱਧੀ ਦੀ ਵਰਤੋਂ ਚੰਗੇ ਅਤੇ ਨੇਕ ਕੰਮਾਂ ਵਿਚ ਕਰੋ ਤਾਂ ਕਿ ਤੁਹਾਡਾ ਜੀਵਨ ਕਾਮਯਾਬ ਬਣ ਸਕੇ ਜੋ ਕਿ ਜੀਵ ਜਗਤ ਦੇ ਹੋਰ ਪ੍ਰਾਣੀ ਨਹੀਂ ਕਰ ਸਕਦੇ |

-ਮੋਬਾਈਲ : 99155-63406.

ਕਹਾਣੀ: ਕਰਜ਼ਾ

ਜੱਗਾ ਸਿੰਘ, ਸੁਬਹਾ ਵਿਹੜੇ ਵਿਚ ਕੁਰਸੀ 'ਤੇ ਬੈਠਾ, ਆਪਣੇ ਛੋਟੇ ਲੜਕਿਆਂ ਮਹਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਤੋਂ ਮੰਜਾ ਬੁਣਵਾ ਰਿਹਾ ਸੀ | ਤਦੋਂ ਹੀ ਉਸ ਦਾ ਅੱਡ ਹੋਇਆ ਵੱਡਾ ਲੜਕਾ ਗੁਰਦੇਵ ਸਿੰਘ, ਖ਼ੁਸ਼ੀ ਦੇ ਰੌਾਅ ਵਿਚ, ਦਰਵਾਜ਼ੇ ਵਾਲੇ ਬਾਰ ਵਲੋਂ ਅੰਦਰ ਆਉਂਦਿਆਂ ਹੀ ਬੋਲਿਆ, 'ਓਏ ਤਕੜੈਂ ਬਾਪੂ, ਸਤ ਸ੍ਰੀ ਅਕਾਲ |' 'ਸਤਿ ਸ੍ਰੀ ਅਕਾਲ' ਜੱਗਾ ਸਿੰਘ ਨੇ ਜਵਾਬ ਦਿੱਤਾ | 'ਤੁਸੀਂ ਵੀ ਤਕੜੇ ਓ ਬਾਈ ਲੱਸੀ ਪੀਣਿਓਾ?' ਉਸ ਨੇ ਆਪਣੇ ਛੋਟੇ ਵੈਸ਼ਨੂੰ ਭਰਾਵਾਂ 'ਤੇ ਤੰਨਜ਼ ਕੱਸਦੇ ਹੋਏ ਹਾਲ-ਚਾਲ ਪੁੱਛਿਆ ਅਤੇ ਬਿਨਾਂ ਜਵਾਬ ਸੁਣੇ ਹੀ ਕਹਿਣ ਲੱਗਾ, 'ਬਾਪੂ ਅੱਜ ਸ਼ਾਮ ਨੂੰ ਆਪਣੇ ਘਰ ਇਕ ਛੋਟੀ ਜਿਹੀ ਪਾਰਟੀ ਰੱਖੀ ਐ, ਤੁਸੀਂ ਸਾਰੇ ਪਰਿਵਾਰ ਨੇ ਉਧਰ ਹੀ ਰੋਟੀ ਖਾਣੀ ਅਤੇ ਚਾਹ ਪਾਣੀ ਪੀਣਾ' | ਜੱਗਾ ਸਿੰਘ ਨੇ ਹੈਰਾਨੀ ਨਾਲ ਪੁੱਛਿਆ, 'ਪਾਰਟੀ? ਕਾਹਦੀ ਪਾਰਟੀ?'
ਜੱਗਾ ਸਿੰਘ ਪਿੰਡ ਦਾ ਧੜੱਲੇਦਾਰ, ਪੰਚਾਇਤੀ, ਸੱਚਾ-ਸੁੱਚਾ ਅਤੇ ਮਿਹਨਤੀ ਆਦਮੀ ਸੀ | ਉਸ ਕੋਲ 9 ਕਿੱਲੇ ਜ਼ਮੀਨ ਸੀ | ਲਗਪਗ ਡੇਢ ਕਨਾਲ ਵਿਚ ਪੱਕਾ ਘਰ ਪਾਇਆ ਹੋਇਆ ਸੀ | ਜੱਗਾ ਸਿੰਘ ਦੇ ਤਿੰਨ ਲੜਕੇ, ਗੁਰਦੇਵ ਸਿੰਘ, ਮਹਿੰਦਰ ਸਿੰਘ ਤੇ ਜੋਗਿੰਦਰ ਸਿੰਘ ਅਤੇ ਇਕ ਲੜਕੀ ਸੀ | ਇਹ ਸਾਰੇ ਵਿਆਹੇ ਹੋਏ ਅਤੇ ਪੁੱਤਾਂ-ਧੀਆਂ ਵਾਲੇ ਸਨ | ਵੱਡਾ ਲੜਕਾ ਗੁਰਦੇਵ ਸਿੰਘ ਵੱਖ ਪਿੰਡ ਵਿਆਹਿਆ ਹੋਇਆ ਸੀ ਪਰ ਛੋਟੇ ਦੋਵੇਂ ਲੜਕੇ ਇਕ ਘਰ ਹੀ ਵਿਆਹੇ ਹੋਏ ਸਨ | ਇਸ ਤਰ੍ਹਾਂ ਉਸ ਦੀਆਂ ਛੋਟੀਆਂ ਨੂੰ ਹਾਂ ਆਪਸ ਵਿਚ ਭੈਣਾਂ ਸਨ, ਜਿਨ੍ਹਾਂ ਦਾ ਆਪਸ ਵਿਚ ਬੜਾ ਪਿਆਰ ਸੀ | ਜੱਗਾ ਸਿੰਘ ਦੀ ਘਰਵਾਲੀ ਛੇ-ਸੱਤ ਸਾਲ ਪਹਿਲਾਂ ਕਿਸੇ ਖੋਟੀ ਬਿਮਾਰੀ ਕਾਰਨ ਚੱਲ ਵਸੀ ਸੀ |
ਜੱਗਾ ਸਿੰਘ ਦਾ ਵੱਡਾ ਪੁੱਤਰ ਗੁਰਦੇਵ ਸਿੰਘ ਅਤੇ ਉਸ ਦੀ ਘਰਵਾਲੀ ਦੋਵੇਂ ਕੰਮਚੋਰ ਅਤੇ ਖਚਰੇ ਸਨ | ਖੇਤ ਦੇ ਕੰਮ ਲਈ ਅਕਸਰ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਗੁਰਦੇਵ ਸਿੰਘ ਟਾਲ-ਮਟੋਲ ਕਰਦਾ ਜਾਂ ਰਿਸ਼ਤੇਦਾਰੀਆਂ ਵਿਚ ਤੁਰਿਆ ਰਹਿੰਦਾ | ਘਰ ਦਾ ਕੰਮ ਅਕਸਰ ਛੋਟੀਆਂ ਨੂੰ ਹਾਂ ਹੀ ਕਰਦੀਆਂ | ਛੋਟੇ ਲੜਕੇ ਕੂਨੇ ਸਨ ਅਤੇ ਆਪਣੇ ਵੱਡੇ ਭਾਈ ਦੀਆਂ ਆਦਤਾਂ ਨੂੰ ਕੋਈ ਬਹੁਤਾ ਨਾ ਗੌਲਦੇ ਅਤੇ ਘਰ ਤੇ ਖੇਤ ਵਿਚ ਹੱਡ ਭੰਨਵੀਂ ਮਿਹਨਤ ਕਰਦੇ | ਪੁੱਤਾਂ ਅਤੇ ਨੂੰ ਹਾਂ ਵਿਚ ਕੋਈ ਖਟਾਸ ਜਾਂ ਰੰਜਸ਼ ਪੈਦਾ ਹੋਵੇ, ਦੂਰਅੰਦੇਸ਼ ਜੱਗਾ ਸਿੰਘ ਨੇ ਗੁਰਦੇਵ ਸਿੰਘ ਨੂੰ ਅੱਡ ਕਰ ਦਿੱਤਾ, ਜੋ ਗੁਰਦੇਵ ਸਿੰਘ ਅਤੇ ਉਸ ਦੀ ਘਰਵਾਲੀ ਚਾਹੁੰਦੇ ਹੀ ਸਨ | ਆਪ ਜੱਗਾ ਸਿੰਘ ਆਪਣੇ ਛੋਟੇ ਪੁੱਤਰਾਂ ਵੱਲ ਹੀ ਰਿਹਾ |
ਪਰ ਗੁਰਦੇਵ ਸਿੰਘ ਨੂੰ ਅੱਡ ਹੋ ਕੇ ਖ਼ਰਚ ਕਰ ਕੇ ਕਬੀਲਦਾਰੀ ਦੀਆਂ ਵਸਤਾਂ ਅਤੇ ਖੇਤੀ ਦੇ ਸੰਦ ਨਵੇਂ ਬਣਾਉਣੇ ਪਏ | ਉਸ ਨੇ ਆਪਣੇ ਲੜਕੇ ਦੇ ਵਿਆਹ ਵੇਲੇ ਲੋੜ ਤੋਂ ਵੱਧ ਖ਼ਰਚਾ ਕੀਤਾ, ਖੁੱਲ੍ਹੀ ਸ਼ਰਾਬ ਵਰਤਾਈ, ਜਿਸ ਕਰਕੇ ਉਹ ਕਰਜ਼ਾਈ ਹੋ ਗਿਆ | ਉਸ ਨੇ ਸੁਸਾਇਟੀ ਤੋਂ ਅਤੇ ਜ਼ਮੀਨ ਦੀ ਲਿਮਟ ਬਣਾ ਕੇ ਬੈਂਕ ਤੋਂ ਕਰਜ਼ਾ ਚੱਕ ਲਿਆ, ਪਰ ਵਾਪਸ ਮੋੜ ਨਾ ਸਕਿਆ | ਜੱਗਾ ਸਿੰਘ ਆਪਣੇ ਲੜਕੇ ਦੇ ਕਰਜ਼ਾਈ ਹੋਣ 'ਤੇ ਚਿੰਤਾਤੁਰ ਸੀ |
ਜੱਗਾ ਸਿੰਘ ਦੀਆਂ ਦੋ ਤਿੰਨ ਫਸਲਾਂ ਮਾੜੇ ਬੀਜਾਂ ਅਤੇ ਨਕਲੀ ਸਪਰੇਆਂ ਕਾਰਨ ਖਰਾਬ ਹੋ ਗਈਆਂ, ਜਿਸ ਕਰਕੇ ਉਸ ਦੇ ਘਰ ਦੀ ਹਾਲਤ ਵੀ ਪਤਲੀ ਪੈ ਗਈ | ਉਸ ਦੇ ਛੋਟੇ ਲੜਕਿਆਂ ਨੇ ਜ਼ਮੀਨ ਦੀ ਲਿਮਟ ਬਣਾ ਕੇ ਕਰਜ਼ਾ ਚੁੱਕਣਾ ਚਾਹਿਆ ਤਾਂ ਜੱਗਾ ਸਿੰਘ ਨੇ ਮਨ੍ਹਾ ਕਰ ਦਿੱਤਾ ਅਤੇ ਸਮਝਾਇਆ ਕਿ ਘਰੇਲੂ ਖਰਚੇ ਘੱਟ ਕਰ ਲਓ ਪਰ ਕਰਜ਼ਾ ਨਹੀਂ ਚੁੱਕਣਾ, ਕਿਉਂਕਿ ਕਰਜ਼ਾ ਨਿੱਤ ਪ੍ਰਤੀ ਦਿਨ ਵਧਦਾ-ਵਧਦਾ ਇਕ ਦਿਨ ਦਿਓ ਦਾ ਵਿਕਰਾਲ ਰੂਪ ਧਾਰ ਕੇ ਕਿਸਾਨ ਨੂੰ ਹੀ ਖਾ ਜਾਂਦਾ ਹੈ |
ਸੂਬੇ ਵਿਚ ਵਿਧਾਨ ਸਭਾ ਦੀਆਂ ਵੋਟਾਂ ਪਈਆਂ | ਗੁਰਦੇਵ ਸਿੰਘ ਨੇ ਸਰਪੰਚ ਅਤੇ ਪਟਵਾਰੀ ਨਾਲ ਮਿਲ ਕੇ ਆਪਣਾ ਨੀਲਾ ਕਾਰਡ ਬਣਾ ਲਿਆ, ਜਿਸ ਨਾਲ ਉਸ ਨੂੰ ਕਣਕ ਅਤੇ ਦਾਲ ਮੁਫ਼ਤ ਵਾਂਗ ਮਿਲਣ ਲੱਗੀ | ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ, ਸਰਕਾਰ ਨੇ ਕੁਝ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ | ਇਸ ਸਕੀਮ ਅਧੀਨ ਗੁਰਦੇਵ ਸਿੰਘ ਦਾ ਦੋ ਲੱਖ ਦਾ ਕਰਜ਼ਾ ਮੁਆਫ਼ ਹੋ ਗਿਆ, ਜਿਸ 'ਤੇ ਸਾਰਾ ਪਰਿਵਾਰ ਬੜਾ ਖੁਸ਼ ਸੀ | ਗੁਰਦੇਵ ਸਿੰਘ ਨੇ ਘਰ ਵਿਚ ਸ਼ਾਮ ਵੇਲੇ ਇਕ ਛੋਟੀ ਜਿਹੀ ਪਾਰਟੀ ਰੱਖੀ, ਜਿਸ ਵਿਚ ਉਸ ਨੇ ਗੁਆਂਢੀਆਂ, ਆਪਣੇ ਪਿਤਾ, ਭਰਾਵਾਂ ਨੂੰ ਸਣੇ ਪਰਿਵਾਰ ਸੱਦਾ ਦਿੱਤਾ ਸੀ, ਇਸ ਪਾਰਟੀ ਵਿਚ ਉਸ ਨੇ ਆਪਣੇ ਸਹੁਰੇ ਅਤੇ ਨਾਨਕੇ ਪਰਿਵਾਰ ਨੂੰ ਵੀ ਬੁਲਾਇਆ ਸੀ |
ਸ਼ਾਮ ਨੂੰ ਗੁਰਦੇਵ ਸਿੰਘ ਦੇ ਘਰ ਪਾਰਟੀ ਚੱਲ ਰਹੀ ਸੀ, ਘਰ ਵਿਚ ਵਿਆਹ ਵਰਗਾ ਮਾਹੌਲ ਸੀ, ਮੰੁਡਿਆਂ ਨੇ ਧੀਮੀ ਆਵਾਜ਼ ਵਿਚ ਡੀ.ਜੇ. ਲਾ ਰੱਖਿਆ ਸੀ | ਸਭ ਖਾ-ਪੀ ਰਹੇ ਸਨ | ਗੁਰਦੇਵ ਸਿੰਘ ਦੀ ਘਰਵਾਲੀ ਆਪਣੀਆਂ ਛੋਟੀਆਂ ਦਰਾਣੀਆਂ ਕੋਲ ਆ ਕੇ ਕਹਿਣ ਲੱਗੀ, 'ਭੈਣ ਸੰਗਿਓ ਨਾ, ਮਿੱਠਾ ਵਗੈਰਾ ਬਣਾਇਐ, ਰੱਜ ਕੇ ਖਾ-ਪੀ ਕੇ ਜਾਇਓ |' 'ਲੈ ਭੈਣੇ ਸੰਗ ਕਾਹਦੀ, ਆਪਣਾ ਘਰ ਐ, ਹੋਰ ਕੋਈ ਕੰਮ ਧੰਦਾ ਹੈ ਤਾਂ ਦੱਸ?' ਉਸ ਦੀ ਵਿਚਕਾਰਲੀ ਦਰਾਣੀ ਬੋਲੀ | 'ਬੱਸ ਭੈਣੇ ਸ਼ਾਬਾਸ਼ੇ' ਤੇ ਮੁਸਕਰਾਉਂਦੀ ਹੋਈ ਗੁਰਦੇਵ ਸਿੰਘ ਦੀ ਘਰ ਵਾਲੀ, ਕਾਹਲੀ ਨਾਲ ਦੂਸਰੇ ਮਹਿਮਾਨਾਂ ਵੱਲ ਚਲੀ ਗਈ |
'ਵੇਖਿਆ ਭੈਣੇ, ਕੰਮ ਕਰਨ ਵਾਲੀ ਨੂੰ ਹ ਮਿਲਗੀ, ਦਾਜ ਦਾ ਟਰੱਕ ਭਰ ਕੇ ਲਿਆਈ ਐ, ਆਹ ਹੁਣ ਦੋ ਲੱਖ ਦਾ ਕਰਜ਼ਾ ਮੁਆਫ਼ ਹੋ ਗਿਆ, ਵੇਖ ਕਿਵੇਂ ਅੱਸਰ ਸੰਢ ਵਾਂਗੂ ਮੱਛਰੀ ਫਿਰਦੀ ਐ' ਜੱਗਾ ਸਿੰਘ ਦੀ ਸਭ ਤੋਂ ਛੋਟੀ ਨੂੰ ਹ ਨੇ ਆਪਣੀ ਵੱਡੀ ਭੈਣ ਕੋਲ, ਵੱਡੀ ਦਰਾਣੀ ਤੇ ਸ਼ਰੀਕਪੁਣੇ ਵਾਲੀ ਟਿੱਪਣੀ ਕੀਤੀ |... ਤੇ ਹੋਰ ਭੈਣੇ ਵੇਖ ਤਾਂ ਸਹੀ ਮਰੰੂਡੇ ਮੰੂਹੀਂ ਜੀ ਕਿਵੇਂ ਹੱਸਦੀ ਫਿਰਦੀ ਐ, ਕਿਵੇਂ ਬਰਾਸ਼ਾਂ ਕੰਨਾਂ ਤੱਕ ਪਾਟੀਐਾ |' ਵੱਡੀ ਨੇ ਆਪਣੀ ਛੋਟੀ ਭੈਣ ਦੀ ਹਾਂ ਵਿਚ ਹਾਂ ਮਿਲਾਈ |... 'ਜਦੋਂ ਅੱਡ ਹੋਏ ਸੀ, ਉਦੋਂ ਇਨ੍ਹਾਂ ਦੇ ਕੋਈ ਦੋ ਪੈਸਿਆਂ ਦਾ ਲੂਣ ਨੀ ਪੱਲੇ ਪੌਾਦਾ ਸੀ, ਦੋਵੇਂ ਜੀਅ ਕਿਵੇਂ ਮਚੀ ਮਸ਼ਾਲ ਵਰਗਾ ਮੰੂਹ ਬਣਾਈ ਫਿਰਦੇ ਸੀ |' ਛੋਟੀ ਨੇ ਫਿਰ ਕਿਹਾ | ...'ਚੱਲ ਭੈਣੇ ਚੰਗਾ ਹੋਇਆ ਇਨ੍ਹਾਂ ਦਾ ਕਰਜ਼ਾ ਮੁਆਫ਼ ਹੋ ਗਿਆ, ਸ਼ਰੀਕ ਤਾਂ ਰਸਦਾ ਵਸਦਾ ਈ ਚੰਗਾ ਹੁੰਦੈ, ਜੇ ਕੁਝ ਨਾ ਦੇਊਗਾ ਤਾਂ ਮੰਗੂਗਾ ਤਾਂ ਨਾ', ਵੱਡੀ ਭੈਣ ਨੇ ਗੱਲ ਨਿਬੇੜੀ |
ਗੁਰਦੇਵ ਸਿੰਘ ਆਪਣੇ ਬਾਪੂ ਜੱਗਾ ਸਿੰਘ ਕੋਲ ਆ ਬੈਠਾ ਅਤੇ ਕੋਲ ਬੈਠੇ ਛੋਟੇ ਵੈਸ਼ਨੂੰ ਭਰਾਵਾਂ ਨੂੰ ਮਖੌਲ ਨਾਲ ਕਹਿਣ ਲੱਗਾ, 'ਕਿਉਂ ਬਾਈ ਲੱਸੀ ਪੀਣਿਓ, ਕੁਝ ਖਾਧਾ ਪੀਤਾ?' 'ਹਾਂ ਬਾਈ ਸਭ ਕੁਝ ਛਕੀ ਜਾਨੇ ਆਂ' ਛੋਟਿਆਂ ਨੇ ਹੱਸ ਕੇ ਜਵਾਬ ਦਿੱਤਾ | ਫਿਰ ਜੱਗਾ ਸਿੰਘ ਨੂੰ ਮੁਖਾਤਿਬ ਹੋ ਕੇ ਕਹਿਣ ਲੱਗਾ, 'ਬਾਪੂ ਹੁਣ ਤੇਰੇ ਵਾਲਾ ਸਤਿਜੁਗੀ ਜ਼ਮਾਨਾ ਨਹੀਂ ਰਿਹਾ, ਔਹ ਵੇਖ ਉਸ ਬੈਠਕ ਵਿਚ ਨੰਬਰਦਾਰ, ਸਰਪੰਚ ਅਤੇ ਪਟਵਾਰੀ ਖਾਈ ਪੀਈ ਜਾਂਦੇ ਨੇ, ਇਨ੍ਹਾਂ ਦੀ ਕਿਰਪਾ ਨਾਲ ਇਹ ਕਰਜ਼ਾ ਮੁਆਫ਼ ਹੋਇਐ ਅਤੇ ਇਹ ਦੋ ਰੁਪਏ ਕਿੱਲੋ ਵਾਲੀ ਕਣਕ ਅਤੇ ਦਾਲ ਮਿਲਦੀ ਐ | ਜੇ ਮਹਿੰਦਰ ਸਿੰਘ ਅਤੇ ਜੁਗਿੰਦਰ ਸਿੰਘ ਵੀ ਲਿਮਟ ਬਣਾ ਕੇ ਰਕਮ ਚੁੱਕੀ ਹੁੰਦੀ ਤਾਂ ਇਨ੍ਹਾਂ ਦਾ ਵੀ ਅੱਜ ਦੋ-ਦੋ ਲੱਖ ਰੁਪਿਆ ਮੁਆਫ਼ ਹੋ ਜਾਂਦਾ | ਅਜੇ ਵੀ ਲਿਮਟ ਬਣਾ ਕੇ ਬੈਂਕ ਤੋਂ ਰਕਮ ਚੱਕ ਲੋ ਅਤੇ ਸੁਸਾਇਟੀ ਤੋਂ ਪੈਸੇ ਲੈ ਲੋ | ਅਗਲੀਆਂ ਵੋਟਾਂ ਆਉਣ ਵਾਲੀਆਂ ਨੇ, ਗੌਰਮਿੰਟ ਨੇ ਸਭ ਕਰਜ਼ੇ ਮੁਆਫ਼ ਕਰ ਦੇਣੇ ਐ, ਥੋਡੇ ਵੀ ਮੁਆਫ਼ ਹੋ ਜਾਣਗੇ, ਬਾਕੀ ਥੋਡੀ ਮਰਜ਼ੀ | ਚੰਗਾ ਬਾਪੂ ਪਰਸ਼ਾਦੇ ਵਗੈਰਾ ਛਕ ਕੇ ਜਾਇਓ', ਕਹਿੰਦਾ ਹੋਇਆ ਗੁਰਦੇਵ ਸਿੰਘ ਦੂਸਰੇ ਮਹਿਮਾਨਾਂ ਵੱਲ ਤੁਰ ਗਿਆ |
ਰਾਤ ਨੂੰ ਮੰਜੇ 'ਤੇ ਪਿਆ ਜੱਗਾ ਸਿੰਘ ਸੋਚ ਰਿਹਾ ਸੀ ਕਿ ਸ਼ਾਇਦ ਉਸ ਦੀਆਂ ਸਤਿਯੁਗੀ ਸਿੱਖਿਆਵਾਂ ਰਾਜਨੇਤਾਵਾਂ ਦੀਆਂ ਸਰਕਾਰੀ ਸਕੀਮਾਂ ਥੱਲੇ ਦਫ਼ਨ ਹੋ ਗਈਆਂ ਸਨ | ਉਸ ਨੇ ਸੋਚਿਆ ਕਿ ਸਰਕਾਰ ਵਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਬਹੁਤ ਚੰਗੀ ਸਕੀਮ ਹੈ ਪਰ ਇਹ ਕਿਹੋ ਜਿਹੀਆਂ ਸਰਕਾਰਾਂ ਹਨ, ਜੋ ਕਿਸਾਨਾਂ ਨੂੰ ਚੰਗੇ ਬੀਜ, ਰੇਹਾਂ, ਸਪਰੇਆਂ, ਖੇਤੀ ਦੇ ਰਿਆਤਿੀ ਦਰਾਂ ਤੇ ਸੰਦ, ਫ਼ਸਲਾਂ ਦੇ ਚੰਗੇ ਭਾਅ ਨਹੀਂ ਦੇ ਰਹੀਆਂ, ਫਸਲਾਂ ਦਾ ਸਹੀ ਮੰਡੀਕਰਨ ਨਹੀਂ ਹੋ ਰਿਹਾ, ਵਿਚੋਲੇ ਕਿਸਾਨਾਂ ਨੂੰ ਲੁੱਟ ਰਹੇ ਹਨ | ਜੇ ਇਨ੍ਹਾਂ ਗੱਲਾਂ ਵੱਲ ਸਰਕਾਰ ਧਿਆਨ ਦੇਵੇ ਤਾਂ ਕਿਸਾਨਾਂ ਸਿਰ ਕਰਜ਼ਾ ਚੜ੍ਹੇ ਹੀ ਕਿਉਂ, ਸਗੋਂ ਕਿਸਾਨ ਖ਼ੁਸ਼ਹਾਲ ਅਤੇ ਆਤਮ-ਨਿਰਭਰ ਹੋਣ | ਸਰਕਾਰਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦਾ ਝਾਂਸਾ ਦੇ ਕੇ, ਬਾਕੀ ਹੱਕਾਂ ਤੋਂ ਵਾਂਝਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੰਗੂ ਬਣਾ ਰਹੀਆਂ ਹਨ, ਜਿਸ ਨਾਲ ਕਿਸਾਨੀ ਬਰਬਾਦ ਹੋ ਰਹੀ ਹੈ | ਜੱਗਾ ਸਿੰਘ ਦੇ ਦੋਵੇਂ ਛੋਟੇ ਪੁੱਤਰ ਅਤੇ ਨੂੰ ਹਾਂ ਵੀ ਕਰਜ਼ਾ ਚੁੱਕਣ ਅਤੇ ਫਿਰ ਉਸ ਦੇ ਮੁਆਫ਼ ਹੋਣ ਵਾਲੀ ਸਕੀਮ ਨੂੰ , ਰਾਤ ਭਰ ਤਾਸ਼ ਵਾਂਗ ਤਰਾਸਦੇ ਰਹੇ ਅਤੇ ਫੈਸਲਾ ਕਰਕੇ ਹੀ ਸੁੱਤੇ |
ਇਹ ਪਹਿਲਾ ਸਮਾਂ ਸੀ, ਜਦੋਂ ਜੱਗਾ ਸਿੰਘ ਤੋਂ ਪੁੱਛੇ ਬਗੈਰ ਉਸ ਦੇ ਦੋਵੇਂ ਛੋਟੇ ਪੁੱਤਰ, ਕਰਜ਼ਾ ਚੁੱਕਣ ਲਈ, ਜ਼ਮੀਨ ਦੀ ਜਮ੍ਹਾਬੰਦੀ ਲੈਣ ਲਈ, ਸੁਬਹਾ ਪਟਵਾਰੀ ਕੋਲ ਖੜ੍ਹੇ ਸਨ |

-ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਗਲੀ ਨੰ: 10, ਮਕਾ ਨੰ: 20055. ਮੋਬਾਈਲ : 98151-60994.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX