ਤਾਜਾ ਖ਼ਬਰਾਂ


ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  38 minutes ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  about 1 hour ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  4 minutes ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  about 2 hours ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  about 2 hours ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  about 2 hours ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  about 2 hours ago
ਹੋਰ ਖ਼ਬਰਾਂ..

ਖੇਡ ਜਗਤ

ਪੰਜਾਬੀ ਖਿਡਾਰੀਆਂ ਲਈ ਮਾਣ ਸਨਮਾਨ ਦਾ ਵਰ੍ਹਾ ਰਿਹਾ 2019

ਸਾਲ 2019 ਪੰਜਾਬ ਦੇ ਖਿਡਾਰੀਆਂ ਲਈ ਮਾਣ-ਸਨਮਾਨ ਵਾਲੇ ਵਰ੍ਹੇ ਵਜੋਂ ਯਾਦ ਰੱਖਿਆ ਜਾਵੇਗਾ। ਇਸ ਸਾਲ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 82 ਨਵੇਂ-ਪੁਰਾਣੇ ਖਿਡਾਰੀਆਂ ਨੂੰ ਵਿਸ਼ਵ ਖੇਡ ਮੰਚ 'ਤੇ ਮੱਲਾਂ ਮਾਰਨ ਬਦਲੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ 'ਚ 12 ਉਹ ਸਿਤਾਰੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ 2011, 12, 13, 14 ਤੇ 15 'ਚ ਭਾਰਤ ਸਰਕਾਰ ਨੇ ਪਦਮਸ਼੍ਰੀ, ਦਰੋਣਾਚਾਰੀਆ, ਰਾਜੀਵ ਗਾਂਧੀ ਖੇਲ ਰਤਨ, ਅਰਜੁਨਾ ਐਵਾਰਡ ਤੇ ਧਿਆਨ ਚੰਦ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਸੀ। ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉੱਦਮ ਨੇ ਰਾਜ ਦੇ ਖਿਡਾਰੀਆਂ 'ਚ ਨਵਾਂ ਉਤਸ਼ਾਹ ਭਰਿਆ।
ਮੁੱਕੇਬਾਜ਼ੀ:- ਇਸ ਵਰ੍ਹੇ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੇ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਦੇਸ਼ ਲਈ ਚਾਂਦੀ, ਇੰਡੀਆ ਓਪਨ ਟੂਰਨਾਮੈਂਟ 'ਚੋਂ ਚਾਂਦੀ, ਪ੍ਰੈਜ਼ੀਡੈਂਟ ਕੱਪ ਇੰਡੋਨੇਸ਼ੀਆ 'ਚੋਂ ਸੋਨ ਅਤੇ ਕੌਮੀ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ, ਪੰਜਾਬ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਪਟਿਆਲਵੀ ਮੁੱਕੇਬਾਜ਼ ਤਾਨਿਸ਼ਬੀਰ ਕੌਰ ਸੰਧੂ ਤੇ ਖੁਸ਼ੀ ਨੇ ਕਰਮਵਾਰ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ। ਤਾਨਿਸ਼ਬੀਰ ਕੌਰ ਨੇ ਯੂਥ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ। ਕੋਮਲਪ੍ਰੀਤ ਕੌਰ ਨੇ ਵਿਸ਼ਵ ਯੂਥ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਿਆ।
ਨਿਸ਼ਾਨੇਬਾਜ਼ੀ:- ਮਨਿੰਦਰ ਬਾਠ ਤਰਨਤਾਰਨ (ਭਾਰਤੀ ਸੈਨਾ) ਨੇ ਜਰਮਨੀ 'ਚ ਹੋਈ ਓਪਨ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ 10 ਮੀਟਰ ਪਿਸਟਲ ਵਰਗ 'ਚੋਂ ਸੋਨ ਤਗਮਾ ਜਿੱਤਿਆ। ਮਾਨਸਾ ਜ਼ਿਲ੍ਹੇ ਦੇ ਸਕੇ ਭਰਾਵਾਂ ਵਿਜੈਵੀਰ ਸਿੰਘ ਸਿੱਧੂ ਤੇ ਊਦੈਵੀਰ ਸਿੰਘ ਸਿੱਧੂ ਨੇ ਜਰਮਨੀ 'ਚ ਹੋਏ ਜੂਨੀਅਰ ਵਿਸ਼ਵ ਕੱਪ ਦੇ 25 ਮੀਟਰ ਏਅਰ ਪਿਸਟਲ ਵਰਗ 'ਚੋਂ ਸੋਨ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਰਾਜਕੰਵਰ ਸਿੰਘ ਸੰਧੂ ਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚੋਂ ਸੋਨ ਤਗਮੇ ਜਿੱਤੇ। ਇਸ਼ਮੀਤ ਔਲਖ ਪਟਿਆਲਾ, ਖੁਸ਼ਕੀਰਤ ਕੌਰ ਸੰਧੂ ਤੇ ਸਿਮਰਤ ਕੌਰ ਬਰਾੜ ਫ਼ਰੀਦਕੋਟ ਨੇ ਕੌਮੀ ਚੈਂਪੀਅਨਸ਼ਿਪ 'ਚੋਂ ਸੋਨ ਤਗਮੇ ਜਿੱਤੇ। ਵਿਜੈਵੀਰ ਸਿੰਘ, ਉਦੈਵੀਰ ਸਿੰਘ ਤੇ ਸਿਮਰਨਜੀਤ ਕੌਰ ਜੌਹਲ ਪਟਿਆਲਾ ਨੇ ਖੇਲੋ ਇੰਡੀਆ ਖੇਡਾਂ 'ਚੋਂ ਵੀ ਸੋਨ ਤਗਮੇ ਜਿੱਤੇ।
ਹਾਕੀ:- ਮਿੱਠਾਪੁਰੀਏ ਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ 'ਤੇ ਆਪਣਾ ਕਬਜ਼ਾ ਇਸ ਵਰ੍ਹੇ ਵੀ ਕਾਇਮ ਰੱਖਿਆ। ਉਸ ਨੇ ਏਸ਼ੀਆ ਦੇ ਸਰਬੋਤਮ ਖਿਡਾਰੀ ਦਾ ਖਿਤਾਬ ਵੀ ਜਿੱਤਿਆ। ਹਰਮਨਪ੍ਰੀਤ ਸਿੰਘ, ਕਿਸ਼੍ਰਨ ਬਹਾਦਰ ਪਾਠਕ, ਹਾਰਦਿਕ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਕੁਮਾਰ, ਗੁਰਿੰਦਰ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ ਨੇ ਵੱਖ-ਵੱਖ ਟੂਰਨਾਮੈਂਟਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਗੁਰਜੀਤ ਕੌਰ ਡਰੈਗ ਫਲਿੱਕਰ ਵਜੋਂ ਭਾਰਤੀ ਔਰਤਾਂ ਦੀ ਟੀਮ ਦਾ ਧੁਰਾ ਬਣੀ ਰਹੀ ਅਤੇ ਭਾਰਤੀ ਟੀਮ ਨੂੰ ਉਲੰਪਿਕ ਲਈ ਕੁਆਲੀਫਾਈ ਕਰਵਾਉਣ 'ਚ ਉਸ ਦਾ ਵੱਡਾ ਯੋਗਦਾਨ ਰਿਹਾ। ਇਸ ਤੋਂ ਇਲਾਵਾ ਉਹ ਵੱਖ-ਵੱਖ ਕੌਮਾਂਤਰੀ ਟੂਰਨਾਮੈਂਟਾਂ 'ਚ ਵੀ ਕੌਮੀ ਟੀਮ ਦੀ ਅਹਿਮ ਮੈਂਬਰ ਵਜੋਂ ਖੇਡੀ। 5-ਏ ਸਾਈਡ ਹਾਕੀ ਦਾ ਕੌਮੀ ਖਿਤਾਬ ਪੰਜਾਬ ਦੀ ਟੀਮ ਨੇ ਜਿੱਤਿਆ। ਇਸ ਵਰ੍ਹੇ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਟੀਮਾਂ ਨਹਿਰੂ ਹਾਕੀ ਦੇ ਫਾਈਨਲ ਮੁਕਾਬਲੇ ਦੌਰਾਨ ਦਿੱਲੀ ਵਿਖੇ ਮੈਚ ਦੌਰਾਨ ਆਪਸ 'ਚ ਖਹਿਬੜ ਪਈਆਂ। ਇਸ ਮਾਰ-ਕੁਟਾਈ ਵਾਲੀ ਘਟਨਾ 'ਤੇ ਸਖਤ ਰੁਖ ਅਪਣਾਉਂਦਿਆ ਹਾਕੀ ਇੰਡੀਆ ਨੇ ਪੰਜਾਬ ਪੁਲਿਸ 'ਤੇ 4 ਖਿਡਾਰੀਆਂ 'ਤੇ ਇਕ ਮੈਨੇਜਰ ਤੇ ਪੰਜਾਬ ਨੈਸ਼ਨਲ ਬੈਂਕ ਦੇ 2 ਖਿਡਾਰੀਆਂ 'ਤੇ 2-2 ਸਾਲ ਦੀ ਪਾਬੰਦੀ ਲਗਾਈ ਹੈ। ਨਹਿਰੂ ਹਾਕੀ ਵਲੋਂ ਆਪਣੇ ਟੂਰਨਾਮੈਂਟ 'ਚ ਖੇਡਣ ਲਈ ਪੰਜਾਬ ਪੁਲਿਸ 'ਤੇ 4 ਸਾਲ ਲਈ ਅਤੇ ਪੰਜਾਬ ਨੈਸ਼ਨਲ ਬੈਂਕ 'ਤੇ 2 ਸਾਲ ਲਈ ਪਾਬੰਦੀ ਲਗਾ ਦਿੱਤੀ।
ਅਥਲੈਟਿਕਸ:- 2012 'ਚ ਹੋਈ ਵਿਸ਼ਵ ਪੈਦਲ ਚਾਲ ਚੈਂਪੀਅਨਸ਼ਿਪ 'ਚੋਂ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ ਰੂਸੀ ਖਿਡਾਰੀਆਂ ਦੇ ਡੋਪਿੰਗ ਦੇ ਦੋਸ਼ੀ ਪਾਏ ਜਾਣ ਕਾਰਨ, ਕਾਂਸੀ ਦੇ ਤਗਮੇ ਦੀ ਹੱਕਦਾਰ ਬਣੀ। ਕੋਚ ਗੁਰਦੇਵ ਸਿੰਘ ਨਾਗਰਾ ਦੀ ਅਗਵਾਈ ਵਾਲੀ ਉਕਤ ਟੀਮ 'ਚ ਪੰਜਾਬੀ ਪੁੱਤਰ ਸੁਰਿੰਦਰ ਸਿੰਘ ਵੀ ਸ਼ਾਮਲ ਸੀ। ਤੇਜਿੰਦਰਪਾਲ ਸਿੰਘ ਤੂਰ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਦੀ ਪ੍ਰਤੀਨਿਧਤਾ ਵੀ ਕੀਤੀ। ਉਸ ਨੇ ਸੈਫ ਖੇਡਾਂ 'ਚੋਂ ਸੋਨ ਤਗਮਾ ਜਿੱਤਿਆ। ਡਿਸਕਸ ਸੁਟਾਵੇ ਕਿਰਪਾਲ ਸਿੰਘ ਬਾਠ ਨੇ ਵੀ ਸੈਫ ਖੇਡਾਂ 'ਚੋਂ ਸੋਨ ਤਗਮਾ ਜਿੱਤਿਆ। ਇਨ੍ਹਾਂ ਖੇਡਾਂ ਦੀ ਰਿਲੇਅ ਦੌੜ 'ਚੋਂ ਗੁਰਿੰਦਰਵੀਰ ਸਿੰਘ, ਹਰਜੀਤ ਸਿੰਘ ਨੇ ਚਾਂਦੀ ਦੇ ਤਗਮੇ ਜਿੱਤੇ। ਵੀਰਪਾਲ ਕੌਰ ਭਾਈ ਰੂਪਾ ਨੇ ਰਿਲੇਅ ਦੌੜ 'ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਕੌਮੀ ਪੱਧਰ 'ਤੇ ਅਰਪਿੰਦਰ ਸਿੰਘ, ਨਵਜੀਤ ਕੌਰ, ਕਮਲਪ੍ਰੀਤ ਕੌਰ, ਜਸਦੀਪ ਸਿੰਘ ਢਿੱਲੋਂ, ਅਰਸ਼ਦੀਪ ਸਿੰਘ ਬਰਾੜ, ਮਹਿਕਪ੍ਰੀਤ ਸਿੰਘ, ਅੰਮ੍ਰਿਤ ਕੌਰ, ਬਲਜੀਤ ਕੌਰ, ਹਰਮਿਲਨ ਬੈਂਸ, ਗਗਨਦੀਪ ਸਿੰਘ, ਰੁਪਿੰਦਰ ਕੌਰ, ਪਰਮਜੋਤ ਕੌਰ, ਅਮਨਦੀਪ ਸਿੰਘ, ਦਵਿੰਦਰ ਸਿੰਘ ਕੰਗ ਤੇ ਕਰਨਵੀਰ ਸਿੰਘ ਵੱਖ-ਵੱਖ ਕੌਮੀ ਚੈਂਪੀਅਨਸ਼ਿਪਾਂ 'ਚੋਂ ਸੋਨ ਤਗਮੇ ਜੇਤੂ ਬਣੇ। ਹੈਮਰ ਥਰੋਅਰ ਦਮਨੀਤ ਸਿੰਘ ਬਰਨਾਲਾ ਨਵੇਂ ਸਿਤਾਰੇ ਵਜੋਂ ਉੱਭਰਿਆ।
ਬਾਸਕਟਬਾਲ:- ਪੰਜਾਬ ਦੇ ਗੱਭਰੂਆਂ ਨੇ ਇਸ ਵਰ੍ਹੇ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਖੇਲੋ ਇੰਡੀਆ ਅੰਡਰ-17 ਤੇ 21 ਵਰਗਾਂ 'ਚ ਪੰਜਾਬ ਦੇ ਮੁੰਡਿਆਂ ਨੇ ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਪੰਜਾਬ ਦੀ ਜੂਨੀਅਰ ਟੀਮ ਨੇ ਵੀ ਬਾਸਕਟਬਾਲ 'ਚ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਬਾਸਕਟਬਾਲ ਲੀਗ ਐਨ.ਬੀ.ਏ. 'ਚ ਖੇਡਣ ਵਾਲੇ ਪੰਜਾਬੀ ਪੁੱਤਰ ਸਤਨਾਮ ਸਿੰਘ ਬੰਮਰਾ ਇਸ ਵਰ੍ਹੇ ਡੋਪਿੰਗ ਵਿਵਾਦ 'ਚ ਘਿਰ ਗਿਆ। ਪੰਜਾਬਣ ਖਿਡਾਰਨ ਹਰਸਿਮਰਨ ਕੌਰ ਇਸ ਵਰ੍ਹੇ ਭਾਰਤੀ ਟੀਮ ਦਾ ਸ਼ਿੰਗਾਰ ਬਣੀ ਅਤੇ ਵਿਦੇਸ਼ੀ ਲੀਗਜ਼ 'ਚ ਖੇਡਣ ਦਾ ਵੀ ਉਸ ਨੂੰ ਮੌਕਾ ਮਿਲਿਆ।
ਕਿਸ਼ਤੀ ਚਾਲਣ:- ਸ਼ਗਨਦੀਪ ਸਿੰਘ ਦਲੇਲ ਵਾਲਾ (ਮਾਨਸਾ) ਨੇ ਏਸ਼ੀਅਨ ਜੂਨੀਅਰ ਇੰਡੋਰ ਕਿਸ਼ਤੀ ਚਾਲਣ ਚੈਂਪੀਅਨਸ਼ਿਪ ਦੇ ਸਿੰਗਲ, ਮਿਕਸ ਤੇ ਡਬਲ ਸਕੱਲ ਮੁਕਾਬਲਿਆਂ 'ਚੋਂ ਨਵੇਂ ਕੀਰਤੀਮਾਨ ਸਿਰਜ ਕੇ, ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਸੀਨੀਅਰ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ 'ਚੋਂ ਨਵਨੀਤ ਕੌਰ ਸਬ-ਇੰਸਪੈਕਟਰ ਪੰਜਾਬ ਪੁਲਿਸ ਨੇ ਸਿੰਗਲ ਸਕੱਲ ਤੇ ਮਿਕਸ ਡਬਲ ਸਕੱਲ ਵਰਗ 'ਚੋਂ ਸੋਨ ਤਗਮੇ ਜਿੱਤੇ। ਸ਼ਗਨਦੀਪ ਸਿੰਘ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਏਸ਼ੀਅਨ ਚੈਂਪੀਅਨਸ਼ਿਪ 'ਚ ਪੰਜਾਬੀ ਪੁੱਤਰ ਜਸਵੀਰ ਸਿੰਘ ਸਿੱਧੂ ਬਠਿੰਡਾ, ਚਰਨਜੀਤ ਸਿੰਘ ਸਮਰਾ ਨੇ ਸੋਨ, ਸਵਰਨ ਸਿੰਘ ਦਲੇਲ ਵਾਲਾ (ਮਾਨਸਾ), ਸੁਖਮੀਤ ਸਿੰਘ ਫਰਵਾਹੀ (ਮਾਨਸਾ) ਨੇ ਚਾਂਦੀ ਤੇ ਕਾਂਸੀ, ਇਕਬਾਲ ਸਿੰਘ ਹੁਸ਼ਿਆਰਪੁਰ, ਮਲਕੀਤ ਸਿੰਘ ਸੰਧੂ ਤਰਨਤਾਰਨ, ਖੁਸ਼ਪ੍ਰੀਤ ਸਿੰਘ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਸੰਗਰੂਰ ਤੇ ਗੁਰਿੰਦਰ ਚੀਮਾ ਮੁਹਾਲੀ ਨੇ ਕਾਂਸੀ ਦਾ ਤਗਮਾ ਜਿੱਤਿਆ। ਇੰਡੋਰ ਜੂਨੀਅਰ ਕੌਮੀ ਚੈਂਪੀਅਨਸ਼ਿਪ 'ਚ ਅਰਵਿੰਦਰ ਮਾਨ, ਸ਼ਗਨਦੀਪ ਸਿੰਘ, ਕਰਨਵੀਰ ਸਿੰਘ ਤੇ ਹਰਨੂਰ ਸਿੰਘ ਚੈਂਪੀਅਨ ਬਣੇ। ਕੌਮੀ ਇੰਡੋਰ ਕਿਸ਼ਤੀ ਚਾਲਣ ਚੈਂਪੀਅਨਸ਼ਿਪ ਵੀ ਪੰਜਾਬੀਆਂ ਨੇ ਕੋਚ ਤੇਜਿੰਦਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ ਦੀ ਅਗਵਾਈ 'ਚ ਜਿੱਤੀ।
ਤੀਰਅੰਦਾਜ਼ੀ:- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਦੇ ਸ਼ਾਗਿਰਦ ਸੁਖਬੀਰ ਸਿੰਘ ਫ਼ਿਰੋਜ਼ਪੁਰ ਤੇ ਰਾਜ ਕੌਰ ਅੰਮ੍ਰਿਤਸਰ ਨੇ ਕ੍ਰਮਵਾਰ ਵਿਸ਼ਵ ਯੂਥ ਤੇ ਸੀਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਦੇਸ਼ ਦੀ ਨੁਮਾਇੰਦਗੀ ਕੀਤੀ। ਸੁਖਬੀਰ ਸਿੰਘ ਤੇ ਸੰਗਮਪ੍ਰੀਤ ਸਿੰਘ ਪਟਿਆਲਾ ਨੇ ਯੂਥ ਵਿਸ਼ਵ ਚੈਂਪੀਅਨਸ਼ਿਪ ਦੇ ਟੀਮ ਮੁਕਾਬਲੇ 'ਚੋਂ ਕਾਂਸੀ ਅਤੇ ਸੁਖਬੀਰ ਸਿੰਘ ਨੇ ਮਿਕਸ ਟੀਮ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਹਰਵਿੰਦਰ ਸਿੰਘ ਧੰਜੂ ਨੇ ਏਸ਼ੀਅਨ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜਿੱਤ ਕੇ, ਟੋਕੀਓ ਪੈਰਾ ਉਲੰਪਿਕ ਦੀ ਟਿਕਟ ਵੀ ਕਟਾਈ।
ਕਬੱਡੀ:- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਅੱਠ ਮੁਲਕਾਂ ਦੀਆਂ ਟੀਮਾਂ ਨੇ ਹਿੱਸਾ। ਇਸ ਟੂਰਨਾਮੈਂਟ ਨੂੰ ਭਾਰਤੀ ਟੀਮ ਨੇ ਜਿੱਤਣ ਮਾਣ ਪ੍ਰਾਪਤ ਕੀਤਾ। ਇਸ ਵਰ੍ਹੇ ਨੂੰ ਦਾਇਰੇ ਵਾਲੀ ਕਬੱਡੀ 'ਚ ਡੋਪ ਟੈਸਟਿੰਗ ਕਾਰਨ ਯਾਦ ਰੱਖਿਆ ਜਾਵੇਗਾ। ਪੰਜਾਬ ਦੀਆਂ ਸਿਰਕੱਢ ਕਬੱਡੀ ਜਥੇਬੰਦੀਆਂ ਵਲੋਂ ਡੋਪਿੰਗ ਖਿਲਾਫ ਵਿੱਢੀ ਮੁਹਿੰਮ ਤਹਿਤ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ 52 ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੇ 39 ਖਿਡਾਰੀ ਡੋਪਿੰਗ ਦੇ ਕਥਿਤ ਤੌਰ 'ਤੇ ਦੋਸ਼ੀ ਕਰਾਰ ਦਿੱਤੇ ਗਏ। ਇਨ੍ਹਾਂ ਨਤੀਜਿਆਂ ਖਿਲਾਫ ਕਬੱਡੀ ਜਗਤ 'ਚ ਵੱਡਾ ਉਬਾਲ ਆਇਆ। ਜਿਸ ਦਾ ਸੇਕ ਸਭ ਤੋਂ ਪਹਿਲਾਂ ਕਬੱਡੀ ਜਗਤ 'ਚ ਸਭ ਤੋਂ ਮਹਿੰਗੀ ਮੰਨੀ ਜਾਂਦੀ ਕੈਨੇਡਾ ਦੀ ਕਬੱਡੀ ਨੂੰ ਲੱਗਿਆ, ਜਿਸ ਕਾਰਨ ਇਸ ਵਰ੍ਹੇ ਕੈਨੇਡਾ 'ਚ ਕਬੱਡੀ ਕੱਪ ਨਹੀਂ ਹੋਏ। ਡੋਪਿੰਗ ਵਿਵਾਦ 'ਚੋਂ ਕਬੱਡੀ ਪ੍ਰਬੰਧਕਾਂ ਤੇ ਟੀਮਾਂ 'ਚ ਕਾਫੀ ਭੰਨ-ਤੋੜ ਹੋਈ, ਜਿਸ ਕਾਰਨ ਖਿਡਾਰੀਆਂ ਵਲੋਂ ਮੇਜਰ ਕਬੱਡੀ ਲੀਗ ਨਾਂਅ ਦੀ ਸੰਸਥਾ ਦਾ ਗਠਨ ਵੀ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਮੁਲਕਾਂ ਦੀਆਂ ਕਬੱਡੀ ਜਥੇਬੰਦੀਆਂ ਡੋਪ ਟੈਸਟਿੰਗ ਦੇ ਮੁੱਦੇ 'ਤੇ ਇਕਮੱਤ ਵੀ ਹੋਈਆਂ। ਇਸ ਵਰ੍ਹੇ ਹਰਿਆਣਾ 'ਚ ਹੋਈ ਔਰਤਾਂ ਦੀ ਪਹਿਲੀ ਲੀਗ 'ਚ ਪੰਜਾਬ ਕੁਈਨਜ਼ ਟੀਮ ਨੇ ਖਿਤਾਬ ਜਿੱਤਿਆ। ਨੇਪਾਲ 'ਚ ਹੋਈਆਂ ਸੈਫ ਖੇਡਾਂ 'ਚ ਸੋਨ ਤਗਮਾ ਜੇਤੂ ਟੀਮ ਪੰਜਾਬਣ ਖਿਡਾਰੀ ਹਰਵਿੰਦਰ ਨੋਨਾ ਵੀ ਸ਼ਾਮਿਲ ਸੀ। ਏਸ਼ੀਅਨ ਖੇਡਾਂ 'ਚੋਂ ਚਾਂਦੀ ਦਾ ਤਗਮਾ ਅਤੇ ਦਾਇਰੇ ਵਾਲੀ ਕਬੱਡੀ ਦੀ ਵਿਸ਼ਵ ਚੈਂਪੀਅਨ ਖਿਡਾਰਨ ਰਣਦੀਪ ਕੌਰ ਇਸ ਵਰ੍ਹੇ ਵਿਆਹ ਦੇ ਬੰਧਨ 'ਚ ਬੱਝ ਗਈ। ਵਿਸ਼ਵ ਚੈਂਪੀਅਨ ਕਬੱਡੀ ਖਿਡਾਰੀ ਨਰਿੰਦਰ ਕੁਮਾਰ ਬਿੱਟੂ ਦੁਗਾਲ (ਪਟਿਆਲਾ) ਇਸ ਵਰ੍ਹੇ ਸਦੀਵੀ ਵਿਛੋੜਾ ਦੇ ਗਿਆ, ਜਿਸ ਨਾਲ ਸਮੁੱਚਾ ਕਬੱਡੀ ਜਗਤ ਝੰਜੋੜਿਆ ਗਿਆ।
ਕ੍ਰਿਕਟ:- ਇਸ ਵਰ੍ਹੇ ਸ਼ੁਭਮਨ ਗਿੱਲ ਦੀ ਦੱਖਣੀ ਅਫ਼ਰੀਕਾ ਖਿਲਾਫ਼ ਖੇਡੀ ਭਾਰਤੀ ਟੈਸਟ ਟੀਮ 'ਚ ਚੋਣ ਹੋਈ ਪਰ ਉਸ ਨੂੰ ਖੇਡਣ ਦਾ ਮੌਕਾ ਨਾ ਮਿਲਿਆ। ਇਸੇ ਤਰ੍ਹਾਂ ਮਿਯੰਕ ਮਾਰਕੰਡੇ ਨੂੰ ਵੀ ਆਸਟ੍ਰੇਲੀਆ ਖਿਲਾਫ ਟੀ-20 ਲੜੀ ਲਈ ਕੌਮੀ ਟੀਮ 'ਚ ਚੁਣਿਆ ਗਿਆ ਪਰ ਉਸ ਨੂੰ ਵੀ ਖੇਡਣ ਦਾ ਮੌਕਾ ਨਾ ਮਿਲਿਆ। ਹਰਮਨਪ੍ਰੀਤ ਕੌਰ ਇਸ ਵਰ੍ਹੇ ਭਾਰਤੀ ਟੀ-20 ਟੀਮ ਦੀ ਕਪਤਾਨ ਬਣੀ। ਰਾਜਿੰਦਰ ਸਿੰਘ ਗੁਪਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਰਣਜੀ ਟਰਾਫੀ 'ਚ ਪੰਜਾਬ ਦੀ ਟੀਮ ਨਾਕ ਆਊਟ ਦੌਰ 'ਚ ਨਾ ਪੁੱਜ ਸਕੀ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਪਟਿਆਲਾ। ਮੋਬਾ: 97795-90575


ਖ਼ਬਰ ਸ਼ੇਅਰ ਕਰੋ

ਖੇਡ ਦਾ ਮਤਲਬ ਸਿਰਫ਼ ਜਿੱਤਣਾ ਹੀ ਨਹੀਂ ਹੁੰਦਾ

ਕਿਸੇ ਵੀ ਦੇਸ਼ ਦੀ ਕੋਈ ਵੀ ਖੇਡ ਹੋਵੇ, ਉਸ ਦੇ ਪ੍ਰੇਮੀ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਖਿਡਾਰੀ ਜਿੱਤ ਕੇ ਹੀ ਆਉਣ। ਸਵਦੇਸ਼ੀ ਪ੍ਰੇਮ ਦੀ ਆਪਣੀ ਮਹੱਤਤਾ ਹੈ, ਪਰ ਨਾਲ-ਨਾਲ ਸਾਨੂੰ ਦੂਜਿਆਂ ਦੇਸ਼ਾਂ ਦੇ ਬਿਹਤਰੀਨ ਖਿਡਾਰੀਆਂ ਨੂੰ ਦਾਦ ਦੇਣੀ ਵੀ ਆਉਣੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਖੇਡ ਦਾ ਮਜ਼ਾ ਤਾਂ ਇਸ ਦੀ ਅਨਿਸਚਿਤਤਾ ਵਿਚ ਹੀ ਹੁੰਦਾ ਹੈ। ਖੇਡਾਂ ਦੀ ਦੁਨੀਆ ਵੀ ਬਹੁਤ ਹੀ ਅਲੋਕਾਰ ਜਿਹੀ ਹੁੰਦੀ ਹੈ। ਇਹ ਕੋਈ ਨਹੀਂ ਕਹਿ ਸਕਦਾ ਕਿਸੇ ਦਿਨ ਖੇਡ ਰਹੇ ਖਿਡਾਰੀ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ਅਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸਮਤ ਕਦੋਂ ਕਿਸੇ ਖਿਡਾਰੀ ਦਾ ਸਾਥ ਦੇ ਦੇਵੇ। ਇਸ ਲਈ ਖੇਡਾਂ ਨੂੰ ਖੇਡਾਂ ਦੀ ਭਾਵਨਾ ਨਾਲ ਹੀ ਲਿਆ ਜਾਣਾ ਚਾਹੀਦਾ ਹੈ। ਇਨ੍ਹਾਂ 'ਚ ਇਹ ਭਾਵਨਾ ਬਿਮਾਰ ਮਾਨਸਿਕਤਾ ਵੱਲ ਨਹੀਂ ਵਧਣੀ ਚਾਹੀਦੀ, ਸਗੋਂ ਤੰਦਰੁਸਤ ਸੋਚ ਦੀ ਲਖਾਇਕ ਹੋਣੀ ਚਾਹੀਦੀ ਹੈ।
ਅਸੀਂ ਸਮਝਦੇ ਹਾਂ ਕਿ ਇਸ ਪੱਖੋਂ ਮੀਡੀਆ ਨੂੰ ਵੀ ਆਪਣਾ ਰੋਲ ਦੇਸ਼ ਹਿਤ ਵਿਚ ਨਿਭਾਉਣਾ ਚਾਹੀਦਾ ਹੈ। ਭਾਰਤ 'ਚ ਮੀਡੀਆ ਨੇ ਹੀ ਕ੍ਰਿਕਟ ਨੂੰ ਇਕ ਜਨੂੰਨ ਬਣਾ ਦਿੱਤਾ ਹੈ। ਕ੍ਰਿਕਟਰਾਂ ਦੇ ਨਾਲ-ਨਾਲ ਮੀਡੀਆ ਦੀ ਆਪਣੀ ਕਮਾਈ ਵੀ ਇਸ 'ਚ ਲੁਕੀ ਹੋਈ ਹੈ। ਅੱਜਕਲ੍ਹ ਯੂ-ਟਿਊਬ ਚੈਨਲਾਂ ਦਾ ਵੀ ਜ਼ਮਾਨਾ ਹੈ। ਹਰ ਕੋਈ ਆਪਣੇ ਚੈਨਲ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਖ਼ਬਰ ਨੂੰ ਖਾਸ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ। ਕਈ ਵਾਰ ਲੋਕ ਇਨ੍ਹਾਂ ਖਾਸ ਬਣੀਆਂ ਖ਼ਬਰਾਂ ਵੱਲ ਭਾਵੁਕ ਜਿਹੇ ਹੋ ਜਾਂਦੇ ਹਨ। ਸਾਡੇ ਦੇਸ਼ 'ਚ ਕ੍ਰਿਕਟ ਦੇ ਹਾਰਨ ਦਾ ਦੁੱਖ ਉਸ ਸ਼ਿੱਦਤ ਨਾਲ ਖੇਡ ਪ੍ਰੇਮੀਆਂ ਨੂੰ ਨਹੀਂ ਹੁੰਦਾ, ਜਿਸ ਤੀਬਰਤਾ ਨਾਲ ਮੀਡੀਆ ਨੂੰ ਹੁੰਦਾ ਹੈ। ਖ਼ਾਸ ਕਰਕੇ ਬਿਜਲਈ ਮੀਡੀਆ ਨੂੰ ਭਾਰਤ 'ਚ ਕ੍ਰਿਕਟ ਦੀ ਹਾਰ ਕਰਕੇ ਵੱਖ-ਵੱਖ ਬਿਜਲਈ ਚੈਨਲਾਂ ਦੀ ਦਿਲਚਸਪ ਸਮੱਗਰੀ ਜੋ ਉਨ੍ਹਾਂ ਨੇ ਆਪਣੇ ਦਰਸ਼ਕਾਂ ਅੱਗੇ ਪਰੋਸਣੀ ਹੁੰਦੀ ਹੈ, ਉਹ ਰਹਿ ਜਾਂਦੀ ਹੈ। ਜਿੱਤ ਦੇ ਜਸ਼ਨ 'ਚ ਜੋ ਰਹਿ ਜਾਂਦਾ ਮੀਡੀਆ ਉਸ ਨੂੰ ਫਿਰ ਦੇਸ਼ 'ਚ ਪਿੱਟ-ਸਿਆਪਾ ਪਾ ਕੇ ਪੂਰਾ ਕਰਨਾ ਚਾਹੁੰਦਾ ਹੈ। ਕਿਉਂਕਿ ਮੀਡੀਆ ਨੂੰ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸਮੱਗਰੀ ਦੀ ਲੋੜ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਜੋ ਲੋਕ ਹਾਰਨ 'ਤੇ ਵਿਰੋਧ, ਮੁਜ਼ਾਹਰੇ ਕਰਦੇ ਹਨ, ਉਨ੍ਹਾਂ ਨੂੰ ਸੱਚਮੁੱਚ ਖੇਡ ਦੇ ਫੈਨ ਨਹੀਂ ਕਿਹਾ ਜਾ ਸਕਦਾ। ਇਹ ਲੋਕ ਇਕ ਤਰ੍ਹਾਂ ਨਾਲ ਪ੍ਰਚਾਰ ਦੇ ਭੁੱਖੇ ਹੁੰਦੇ ਹਨ।
ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹ ਠੀਕ ਹੈ ਕਿ ਦੇਸ਼ ਵਾਸੀਆਂ ਨੂੰ ਆਪਣੇ ਖਿਡਾਰੀਆਂ ਦੀ ਜਿੱਤ 'ਤੇ ਖ਼ੁਸ਼ੀ ਹੁੰਦੀ ਹੈ ਪਰ ਹਾਰ ਵੀ ਤਾਂ ਉਸੇ ਖੇਡ ਦਾ ਇਕ ਪਹਿਲੂ ਹੁੰਦਾ ਹੈ। ਉਸ 'ਤੇ ਹੱਦ ਦਰਜੇ ਦੀ ਨਾਰਾਜ਼ਗੀ ਪ੍ਰਗਟਾਉਣਾ ਜਾਂ ਨਾਰਾਜ਼ਗੀ ਪ੍ਰਗਟਾਉਣ ਲਈ ਦੇਸ਼ ਦੇ ਮੀਡੀਆ ਵਲੋਂ ਹੱਲਾਸ਼ੇਰੀ ਦੇਣੀ ਕਿਸੇ ਤਰ੍ਹਾਂ ਦੀ ਵੀ ਖੇਡ ਭਾਵਨਾ ਨਹੀਂ ਹੈ। ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਸਾਡੇ ਬਹੁਤ ਲੋਕਾਂ ਦਾ ਖੇਡਾਂ ਵਿਚਲੀ ਜਿੱਤ ਹਾਰ ਪ੍ਰਤੀ ਅਜਬ ਵਰਤਾਰਾ ਹੈ। ਨਾ ਸਾਡੇ ਤੋਂ ਹਾਰ ਸਹਾਰੀ ਜਾਂਦੀ ਹੈ, ਨਾ ਜਿੱਤ ਪਚਾਈ ਜਾਂਦੀ ਹੈ। ਆਪਣੀ ਟੀਮ ਜਿੱਤ ਜਾਵੇ ਤਾਂ ਉਨ੍ਹਾਂ ਨੂੰ ਜਿੱਤ ਦਾ ਬੁਖਾਰ ਚੜ੍ਹ ਜਾਂਦਾ ਹੈ ਜੇ ਹਾਰ ਜਾਵੇ ਤਾਂ ਹਾਰ ਦੇ ਨਮੂਨੀਏ ਤੋਂ ਉਹ ਬਚ ਨਹੀਂ ਸਕਦੇ। ਪਰ ਇਹ ਇਕ ਸਿਹਤਮੰਦ ਖੇਡ ਪ੍ਰੇਮੀ ਕਦੇ ਇੰਜ ਨਾ ਸੋਚੇ, ਉਸ ਨੂੰ ਬਸ ਆਪਣੀ ਖੇਡ ਪਿਆਰੀ ਹੋਵੇ।


-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਲੱਖਾਂ ਦੀ ਦੌੜ ਤੇ ਕਰੋੜਾਂ ਦੀ ਵਿਕਟ

ਇਹ ਖੇਡ ਹੈ ਜਾਂ ਸੱਟਾ ਬਾਜ਼ਾਰ?

ਆਈ.ਪੀ.ਐਲ. 2020 ਲਈ ਹੋਈ ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕੰਮਿਨਸ ਨੂੰ 15.5 ਕਰੋੜ ਰੁਪਏ ਵਿਚ ਖ਼ਰੀਦਿਆ ਹੈ ਅਤੇ ਇਸ ਤਰ੍ਹਾਂ ਉਹ ਇਸ ਆਈ.ਪੀ.ਐਲ. ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਜਾਂਦੇ ਹਨ। ਜੇ ਇਹ ਮੰਨ ਕੇ ਚੱਲੀਏ ਕਿ ਲੀਗ ਸਟੇਜ ਦੇ ਸਾਰੇ 14 ਮੈਚਾਂ ਵਿਚ ਪੈਟ ਕੰਮਿਨਸ ਆਪਣੇ ਚਾਰ ਓਵਰਾਂ ਦਾ ਕੋਟਾ ਪੂਰਾ ਕਰਨਗੇ ਜਾਂ ਕੁੱਲ 336 ਗੇਂਦ ਸੁੱਟਣਗੇ ਤਾਂ ਇਸ ਦਾ ਭਾਵ ਹੈ ਕਿ ਉਹ ਇਕ ਗੇਂਦ ਸੁੱਟਣ ਲਈ 4.6 ਲੱਖ ਰੁਪਏ ਲੈਣਗੇ। ਸਵਾਲ ਹੈ ਕਿ ਕੀ ਇਕ ਗੇਂਦ ਲਈ ਏਨੇ ਪੈਸੇ ਦੇਣਾ ਜਾਇਜ਼ ਹੈ, ਖ਼ਾਸਕਰ ਜੇ ਉਸ ਗੇਂਦ 'ਤੇ ਵਿਕਟ ਨਾ ਮਿਲੇ?
ਬੱਲੇਬਾਜ਼ਾਂ 'ਚੋਂ ਸਭ ਤੋਂ ਜ਼ਿਆਦਾ ਰਾਸ਼ੀ (10.75 ਕਰੋੜ ਰੁਪਏ) ਕਿੰਗਜ਼ ਇਲੈਵਨ ਪੰਜਾਬ ਨੇ ਆਸਟਰੇਲੀਆ ਦੇ ਗਲੇਨ ਮੈਕਸਵੈਲ ਨੂੰ ਖ਼ਰੀਦਣ ਲਈ ਦਿੱਤੀ। ਇਹ ਕਹਿਣਾ ਤਾਂ ਔਖਾ ਹੈ ਕਿ ਆਈ.ਪੀ.ਐਲ. 2020 ਵਿਚ ਮੈਕਸਵੈਲ ਕਿੰਨੀਆਂ ਦੌੜਾਂ ਬਣਾਉਣਗੇ, ਪਰ ਆਈ.ਪੀ.ਐਲ. 2018 ਵਿਚ ਉਨ੍ਹਾਂ ਨੇ 169 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦੀ ਇਕ ਦੌੜ 6.4 ਲੱਖ ਰੁਪਏ ਵਿਚ ਪਈ ਸੀ ਤਾਂ ਕੀ ਇਕ ਦੌੜ ਲਈ ਲੱਖਾਂ ਰੁਪਏ ਦੇਣਾ ਜਾਇਜ਼ ਹੈ, ਖ਼ਾਸਕਰ ਜਦੋਂ ਉਹ ਟ੍ਰਾਫੀ ਨਾ ਜਿੱਤ ਸਕੇ? ਦਰਅਸਲ, ਆਈ.ਪੀ.ਐਲ. ਦੀ ਹਰ ਖ਼ਰੀਦਦਾਰੀ ਜੂਆ ਹੈ। ਇਕ ਖਿਡਾਰੀ ਨੂੰ ਕਰੋੜਾਂ ਰੁਪਏ ਵਿਚ ਖਰੀਦਣਾ ਸਫਲਤਾ ਦੀ ਗਾਰੰਟੀ ਨਹੀਂ ਹੈ।
ਕਦੇ-ਕਦੇ ਤਾਂ ਸਭ ਤੋਂ ਮਹਿੰਗੀ ਖ਼ਰੀਦਦਾਰੀ ਬਹੁਤ ਖਰਾਬ ਨਿਵੇਸ਼ ਸਾਬਤ ਹੋ ਸਕਦੀ ਹੈ। ਪਰ ਇਕ ਵਾਰ ਕੋਈ ਟੀਮ ਕਿਸੇ ਖਿਡਾਰੀ ਨੂੰ ਖ਼ਰੀਦ ਲਏ ਤਾਂ ਫਿਰ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਹੈ। ਮਸਲਨ, ਕਿੰਗਜ਼ ਇਲੈਵਨ ਪੰਜਾਬ ਨੇ ਆਈ.ਪੀ.ਐਲ. 2019 ਲਈ ਹਰਫਨਮੌਲਾ ਖਿਡਾਰੀ ਵਰੁਣ ਚੱਕਰਵਰਤੀ ਨੂੰ 8.4 ਕਰੋੜ ਰੁਪਏ ਵਿਚ ਖ਼ਰੀਦਿਆ। ਉਹ ਪੂਰੇ ਸੀਜ਼ਨ ਵਿਚ ਸਿਰਫ ਇਕ ਮੈਚ ਖੇਡੇ, ਉਸ ਵਿਚ ਉਸ ਨੇ ਇਕ ਦੌੜ ਵੀ ਨਹੀਂ ਬਣਾਈ, 18 ਗੇਂਦਾਂ ਸੁੱਟਣ ਦਾ ਮੌਕਾ ਮਿਲਿਆ ਭਾਵ ਇਕ ਗੇਂਦ 46 ਲੱਖ ਰੁਪਏ ਵਿਚ ਸੁੱਟੀ, ਇਕ ਵਿਕਟ ਮਿਲਿਆ, ਜਿਸ ਦਾ ਭਾਵ ਇਹ ਹੋਇਆ ਕਿ ਇਕ ਵਿਕਟ ਕਿੰਗਜ਼ ਇਲੈਵਨ ਪੰਜਾਬ ਨੂੰ 8.4 ਕਰੋੜ ਰੁਪਏ ਵਿਚ ਪਈ। ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਨੇ ਬਰਿੰਦਰ ਸਿੰਘ ਸਰਨ ਅਤੇ ਰਸਿਕ ਧਰ ਨੂੰ ਕ੍ਰਮਵਾਰ 3.4 ਕਰੋੜ ਰੁਪਏ ਤੇ 20 ਲੱਖ ਰੁਪਏ ਵਿਚ ਖ਼ਰੀਦਿਆ ਸੀ, ਪਰ ਦੋਵਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਪੈਟ ਕੰਮਿਨਸ ਤੋਂ ਇਲਾਵਾ ਜਿਹੜੇ ਗੇਂਦਬਾਜ਼ ਇਸ ਵਾਰ ਮਹਿੰਗੇ ਖ਼ਰੀਦੇ ਗਏ ਹਨ, ਉਹ ਹਨ ਦੱਖਣੀ ਅਫਰੀਕਾ ਦੇ ਕ੍ਰਿਸ ਮੋਰਿਸ, ਜਿਨ੍ਹਾਂ ਨੂੰ ਰਾਇਲ ਚੈਲੇਂਜਰਜ਼ ਬੰਗਲੂਰੁ ਨੇ 10 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਦੀ ਇਕ ਗੇਂਦ ਲੀਗ ਪੱਧਰ 'ਤੇ 2.9 ਲੱਖ ਰੁਪਏ ਵਿਚ ਪਏਗੀ। ਵੈਸਟ ਇੰਡੀਜ਼ ਦੇ ਸ਼ੇਲਡਨ ਕੋਟ੍ਰਰੇਲ, ਜਿਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8.5 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਦੀ ਇਕ ਗੇਂਦ ਲੀਗ ਪੱਧਰ 'ਤੇ 2.5 ਲੱਖ ਰੁਪਏ ਵਿਚ ਪਏਗੀ। ਆਸਟ੍ਰੇਲੀਆ ਦੇ ਨਾਥਨ ਕੋਲਟਰ-ਨਾਈਲ ਜਿਨ੍ਹਾਂ ਨੂੰ ਮੁੰਬਈ ਇੰਡੀਅਨਸ ਨੇ 8 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਦੀ ਇਕ ਗੇਂਦ ਲੀਗ ਪੱਧਰ 'ਤੇ 2.4 ਲੱਖ ਰੁਪਏ ਵਿਚ ਪਏਗੀ ਅਤੇ ਭਾਰਤ ਦੇ ਪਿਯੂਸ਼ ਚਾਵਲਾ, ਜਿਨ੍ਹਾਂ ਨੂੰ ਚੇਨੱਈ ਸੁਪਰ ਕਿੰਗਜ਼ ਨੇ 6.75 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਨ੍ਹਾਂ ਦੀ ਇਕ ਗੇਂਦ ਲੀਗ ਪੱਧਰ 'ਤੇ 2 ਲੱਖ ਰੁਪਏ ਵਿਚ ਪਏਗੀ।
ਜਿਥੋਂ ਤੱਕ ਗਲੈਨ ਮੈਕਸਵੈੱਲ ਤੋਂ ਇਲਾਵਾ ਇਸ ਵਾਰ ਮਹਿੰਗੇ ਖ਼ਰੀਦੇ ਗਏ ਬੱਲੇਬਾਜ਼ ਹਨ, ਤਾਂ ਉਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਵੈਸਟ ਇੰਡੀਜ਼ ਦੇ ਸ਼ਿਮਰਨ ਹੇਟਮਇਰ, ਜਿਸ ਨੂੰ ਡੇਲੀ ਕੈਪੀਟਲਜ਼ ਨੇ 7.75 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਉਸ ਨੇ ਆਈ.ਪੀ.ਐਲ. 2019 ਵਿਚ ਰਾਇਲ ਚੈਂਲੇਜਰਜ਼ ਬੰਗਲੂਰੁ ਲਈ 8.6 ਲੱਖ ਰੁਪਏ ਪ੍ਰਤੀ ਦੌੜ ਦੇ ਹਿਸਾਬ ਨਾਲ ਸਿਰਫ 90 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਇਓਨ ਮਾਰਗਨ ਜਿਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 5.25 ਕਰੋੜ ਰੁਪਏ ਵਿਚ ਖ਼ਰੀਦਿਆ ਹੈ, ਉਸ ਨੇ ਆਈ.ਪੀ.ਐਲ. 2017 ਵਿਚ 8.1 ਲੱਖ ਰੁਪਏ ਪ੍ਰਤੀ ਦੌੜ ਦੇ ਹਿਸਾਬ ਨਾਲ ਕੁੱਲ 65 ਦੌੜਾਂ ਬਣਾਈਆਂ ਸਨ।
ਗ਼ੌਰਤਲਬ ਹੈ ਕਿ 2019 ਵਿਚ ਦੱਖਣੀ ਅਫਰੀਕਾ ਦੇ ਕੋਲਿਨ ਇਨਗ੍ਰਾਮ ਨੂੰ ਡੇਲੀ ਕੈਪੀਟਲਜ਼ ਨੇ 6.4 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਉਸ ਨੇ ਕੁੱਲ 184 ਦੌੜਾਂ ਬਣਾਈਆਂ, ਇਕ ਦੌੜ 3.5 ਲੱਖ ਰੁਪਏ ਦੀ ਪਈ ਸੀ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਲ ਨੂੰ ਸਨਰਾਈਜ਼ਰ ਹੈਦਰਾਬਾਦ ਨੇ 4.2 ਕਰੋੜ ਵਿਚ ਖ਼ਰੀਦਿਆ ਸੀ, ਉਸ ਦੀਆਂ ਕੁੱਲ 90 ਦੌੜਾਂ 4.7 ਲੱਖ ਰੁਪਏ ਵਿਚ ਪ੍ਰਤੀ ਦੌੜ ਦੇ ਹਿਸਾਬ ਨਾਲ ਪਈਆਂ। ਇਸੇ ਤਰ੍ਹਾਂ ਜੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਕਿੰਗਜ਼ ਇਲੈਵਨ ਪੰਜਾਬ ਨੇ ਭਾਰਤ ਦੇ ਐਮ. ਅਸ਼ਵਿਨ 2 ਕਰੋੜ ਰੁਪਏ ਅਤੇ ਅਰਸ਼ਦੀਪ ਸਿੰਘ 2 ਕਰੋੜ ਰੁਪਏ ਵਿਚ ਨੂੰ ਖ਼ਰੀਦਿਆ ਸੀ। ਅਸ਼ਵਿਨ ਨੇ 5 ਵਿਕਟਾਂ ਲਈਆਂ ਸਨ ਭਾਵ 40 ਲੱਖ ਰੁਪਏ ਵਿਚ ਇਕ ਵਿਕਟ, ਜਦੋਂ ਕਿ ਅਰਸ਼ਦੀਪ ਨੇ 3 ਵਿਕਟਾਂ ਲਈਆਂ ਭਾਵ 66.7 ਲੱਖ ਰੁਪਏ ਵਿਚ ਇਕ ਵਿਕਟ।
ਉਂਜ ਆਈ.ਪੀ.ਐਲ. ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ (ਜਾਂ ਸਭ ਤੋਂ ਖ਼ਰਾਬ) ਗੇਂਦਬਾਜ਼ ਰਾਜਸਥਾਨ ਰਾਇਲ ਦੇ ਲਈ ਜੈਦੇਵ ਉਨਦਕਤ (ਖ਼ਰੀਦ 8.4 ਕਰੋੜ), ਜਿਸ ਨੇ ਆਪਣੇ 10 ਵਿਕਟ 84 ਲੱਖ ਰੁਪਏ ਪ੍ਰਤੀ ਵਿਕਟ ਦੇ ਹਿਸਾਬ ਨਾਲ ਲਏ ਅਤੇ ਚੇਨਈ ਸੁਪਰਕਿੰਗਜ਼ ਦੇ ਮੋਹਿਤ ਸ਼ਰਮਾ (ਖ਼ਰੀਦ 5 ਕਰੋੜ ਰੁਪਏ) ਜਿਨ੍ਹਾਂ ਨੇ ਆਪਣਾ ਇਕ ਵਿਕਟ 5 ਕਰੋੜ ਰੁਪਏ ਵਿਚ ਲਿਆ, ਰਹੇ ਹਨ। ਸਵਾਲ ਇਹ ਹੈ ਕਿ ਕੀ ਇਨ੍ਹਾਂ ਅਸਫ਼ਲਤਾਵਾਂ ਨਾਲ ਟੀਮਾਂ ਨੇ ਕੋਈ ਸਬਕ ਸਿੱਖਿਆ ਹੈ? ਸ਼ਾਇਦ ਨਹੀਂ। ਮਸਲਨ, ਵਰੁਣ ਚੱਕਰਵਰਤੀ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 4 ਕਰੋੜ ਰੁਪਏ ਵਿਚ ਖ਼ਰੀਦਿਆ ਅਤੇ ਜੈਦੇਵ ਉਨਦਕਤ ਨੂੰ ਰਾਜਸਥਾਨ ਰਾਇਲਜ਼ ਨੇ 3 ਕਰੋੜ ਰੁਪਏ ਵਿਚ ਖ਼ਰੀਦਿਆ।
ਉਂਜ ਆਈ.ਪੀ.ਐਲ. ਦੇ ਇਤਿਹਾਸ 'ਤੇ ਜੇ ਝਾਤੀ ਮਾਰੀ ਜਾਏ ਤਾਂ ਜਿਹੜੇ ਖਿਡਾਰੀ ਬਹੁਤ ਮਹਿੰਗੇ ਖ਼ਰੀਦੇ ਗਏ ਹਨ, ਉਹ ਚੰਗੇ ਹੋਣ ਦੇ ਬਾਵਜੂਦ ਪਤਾ ਨਹੀਂ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕੇ ਜਾਂ ਇੰਜ ਕਹਿ ਸਕਦੇ ਹਾਂ ਕਿ ਆਪਣੀ 'ਕੀਮਤ' ਨੂੰ ਉਚਿਤ ਨਾ ਠਹਿਰਾ ਸਕੇ, ਜਿਵੇਂ ਯੁਵਰਾਜ ਸਿੰਘ 2014 (ਰਾਇਲਜ਼ ਚੈਲੇਂਜਰਜ਼ ਬੰਗਲੂਰੂ, 14 ਕਰੋੜ ਰੁਪਏ) ਤੇ 2015 (ਡੇਲੀ ਡੇਅਰਡੇਵਿਲਜ਼, 16 ਕਰੋੜ ਰੁਪਏ), ਬੇਨ ਸਟੋਕਸ 2018 (ਰਾਜਸਥਾਨ ਰਾਇਲਜ਼, 12.5 ਕਰੋੜ ਰੁਪਏ) ਜਾਂ ਫਿਰ ਦਿਨੇਸ਼ ਕਾਰਤਿਕ 2014 (ਡੇਲੀ ਡੇਅਰਡੇਵਿਲਜ਼, 12.5 ਕਰੋੜ ਰੁਪਏ)।
ਇਸ ਵਾਰ ਨਵੇਂ ਉੱਭਰਦੇ ਨੌਜਵਾਨ ਖਿਡਾਰੀਆਂ 'ਤੇ ਵੱਡੇ ਦਾਅ ਖੇਡੇ ਗਏ ਹਨ, ਜਿਵੇਂ ਰਾਜਸਥਾਨ ਰਾਇਲਜ਼ ਨੇ 17 ਸਾਲਾ ਯਸ਼ਸਵੀ ਜੈਸਵਾਲ (2.4 ਕਰੋੜ ਰੁਪਏ), 19 ਸਾਲਾ ਰਵੀ ਬਿਸ਼ਨੋਈ (2 ਕਰੋੜ ਰੁਪਏ) ਤੇ 19 ਸਾਲਾ ਕਾਰਤਿਕ ਤਿਆਗੀ (1.3 ਕਰੋੜ ਰੁਪਏ), ਸਨਰਾਈਜ਼ਰ ਹੈਦਰਾਬਾਦ ਨੇ 19 ਸਾਲਾ ਪ੍ਰਿਯਮ ਗਰਗ (1.9 ਕਰੋੜ ਰੁਪਏ) ਤੇ 22 ਸਾਲਾ ਵਿਰਾਟ ਸਿੰਘ (1.9 ਕਰੋੜ ਰੁਪਏ) ਨੂੰ ਖ਼ਰੀਦਿਆ। ਹੁਣ ਇਹ ਦੇਖਣਾ ਬਾਕੀ ਹੈ ਕਿ ਇਹ ਨੌਜਵਾਨ ਖਿਡਾਰੀ ਖ਼ੁਦ ਨੂੰ ਸਥਾਪਿਤ ਕਰ ਸਕਣਗੇ ਜਾਂ ਪੈਸੇ ਦੀ ਚਮਕ-ਦਮਕ ਵਿਚ ਹੀ ਕਿਤੇ ਗੁਆਚ ਜਾਣਗੇ?


-(ਇਮੇਜ ਰਿਫਲੈਕਸ਼ਨ ਸੈਂਟਰ)

ਫ਼ੀਫ਼ਾ ਕਲੱਬ ਵਿਸ਼ਵ ਕੱਪ ਖਿਤਾਬ ਜੇਤੂ

ਲਿਵਰਪੂਲ ਬਣਿਆ ਵਿਸ਼ਵ ਦਾ ਬਿਹਤਰੀਨ ਫੁੱਟਬਾਲ ਕਲੱਬ

ਇੰਗਲੈਂਡ ਦੇ ਇਤਿਹਾਸਕ ਕਲੱਬ, ਲਿਵਰਪੂਲ ਫੁੱਟਬਾਲ ਕਲੱਬ ਨੇ ਬੀਤੇ ਦਿਨੀਂ ਦੁਨੀਆ ਦਾ ਸਭ ਤੋਂ ਵਧੀਆ ਫੁੱਟਬਾਲ ਕਲੱਬ ਬਣਨ ਦਾ ਮਾਣ ਹਾਸਲ ਕੀਤਾ। ਲਿਵਰਪੂਲ ਨੇ ਬ੍ਰਾਜ਼ੀਲ ਦੇ ਫਲੇਮਿੰਗੋ ਕਲੱਬ ਨੂੰ ਹਰਾ ਕੇ ਪਹਿਲੀ ਵਾਰ ਫ਼ੀਫ਼ਾ ਕਲੱਬ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ਦੋਹਾ (ਕਤਰ) ਦੇ ਖਲੀਫ਼ਾ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਫ਼ੀਫ਼ਾ ਕਲੱਬ ਵਿਸ਼ਵ ਕੱਪ ਦੇ ਫਾਈਨਲ ਵਿਚ ਲਿਵਰਪੂਲ ਨੇ ਉਹ ਖੇਡ ਵਿਖਾਈ ਜੋ ਇਸ ਖਿਤਾਬ ਦੀ ਸਹੀ ਹੱਕਦਾਰ ਵੀ ਸੀ। ਇਸ ਮੁਕਾਬਲੇ ਵਿਚ ਲਿਵਰਪੂਲ ਨੂੰ ਤੈਅ ਸਮੇਂ ਅੰਦਰ ਇਕ ਪਨੈਲਟੀ ਕਿੱਕ ਵੀ ਮਿਲੀ ਪਰ ਵੀਡੀਓ ਅਸਿਸਟੈਂਟ ਰੈਫ਼ਰੀ (ਵਾਰ) ਦੀ ਮਦਦ ਨਾਲ ਉਹ ਫ਼ੈਸਲਾ ਪਲਟ ਦਿੱਤਾ ਗਿਆ ਸੀ ਪਰ ਫੇਰ ਵੀ ਲਿਵਰਪੂਲ ਨੇ ਆਪਣੇ ਸਿਰੜ ਸਦਕਾ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ਵਿਚ ਲਿਵਰਪੂਲ ਟੀਮ ਨੇ ਉਸ ਵੇਲੇ ਜਿੱਤ ਦਰਜ ਕੀਤੀ ਜਦੋਂ ਉਨ੍ਹਾਂ ਲਗਾਤਾਰ ਹਰ ਹਫ਼ਤੇ ਦੋ-ਦੋ ਮੈਚ ਖੇਡੇ ਸਨ ਅਤੇ ਗਜ਼ਬ ਦੀ ਸਮਰਥਾ ਵਿਖਾਉਂਦੇ ਹੋਏ ਇਸ ਟੀਮ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੌਜੂਦਾ ਸੀਜ਼ਨ ਵਿਚ ਲਿਵਰਪੂਲ ਫੁੱਟਬਾਲ ਕਲੱਬ ਦੀ ਇਹ ਤਾਜ਼ਾ ਤਰੀਨ ਪ੍ਰਾਪਤੀ ਹੈ। ਕੁਝ ਮਹੀਨੇ ਪਹਿਲਾਂ, ਇਸ ਟੀਮ ਨੇ ਚੈਲਸੀ ਨੂੰ ਹਰਾ ਕੇ ਯੂਏਫਾ ਸੂਪਰ ਕੱਪ ਦਾ ਖਿਤਾਬ ਵੀ ਜਿੱਤਿਆ ਸੀ ਜਦਕਿ ਇਹੀ ਟੀਮ, ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਟੂਰਨਾਮੈਂਟ 'ਯੂਏਫਾ ਚੈਂਪੀਅਨਜ਼ ਲੀਗ' ਦੇ ਖਿਤਾਬ ਨੂੰ ਜਿੱਤਦੇ ਹੋਏ ਇਕ ਨਵਾਂ ਇਤਿਹਾਸ ਪਹਿਲਾਂ ਹੀ ਰਚ ਚੁੱਕੀ ਹੈ। ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲ ਕੋਚ ਐਲਾਨੇ ਜਾ ਚੁੱਕੇ, ਲਿਵਰਪੂਲ ਕੋਚ ਜਰਗਨ ਕਲੌਪ ਦੀ ਪਿਛਲੇ ਚਾਰ ਸਾਲਾਂ ਦੀ ਮਿਹਨਤ ਹੁਣ ਟੀਮ ਦੀ ਵਰਦੀ ਵਰਗਾ ਸੂਹਾ ਲਾਲ ਰੰਗ ਲਿਆਈ ਹੈ। ਇਸ ਵੇਲੇ ਲਿਵਰਪੂਲ ਕੋਲ ਰਿਕਾਰਡ ਜਿੱਤਾਂ, ਰਿਕਾਰਡ ਅੰਕ, ਰਿਕਾਰਡ ਡਿਫੈਂਸ ਅਤੇ ਅਜੇਤੂ ਹੋਣ ਦਾ ਰਿਕਾਰਡ ਮੌਜੂਦ ਹੈ।
ਇਸ ਦੌਰਾਨ ਲਿਵਰਪੂਲ ਦੇ ਖਿਡਾਰੀ ਵੀ ਲਗਾਤਾਰ ਚਮਕ ਰਹੇ ਹਨ। ਬੀਤੇ ਦਿਨੀਂ ਲਿਵਰਪੂਲ ਦੇ ਸਟਾਰ ਫ਼ਾਰਵਰਡ ਸਾਡੀਓ ਮਾਨੇ ਨੂੰ ਸਮੁੱਚੇ ਅਫ਼ਰੀਕਾ ਮਹਾਂਦੀਪ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਹੈ। ਫ਼ੀਫ਼ਾ ਵਲੋਂ ਸਾਲ ਦੇ ਸਭ ਤੋਂ ਬਿਹਤਰੀਨ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਵਕਾਰੀ 'ਬੈਲਨ-ਡੋਰ' ਐਵਾਰਡ ਭਾਵੇਂ, ਲਿਓਨਲ ਮੈਸੀ ਨੇ ਜਿੱਤਿਆ ਸੀ ਪਰ ਲਿਵਰਪੂਲ ਕਲੱਬ ਦੇ ਵਰਜਿਲ ਵੈਨ ਡਾਈਕ ਬਹੁਤੇ ਲੋਕਾਂ ਦੀ ਨਜ਼ਰ ਵਿਚ ਸਹੀ ਜੇਤੂ ਸਨ ਅਤੇ ਦੁਹਾਂ ਦਰਮਿਆਨ ਸਿਰਫ਼ ਸੱਤ ਅੰਕਾਂ ਦਾ ਹੀ ਫ਼ਰਕ ਸੀ ਅਤੇ ਉਹ ਵੀ ਉਸ ਵੇਲੇ ਜਦੋਂ ਵਰਜਿਲ ਵੈਨ ਡਾਈਕ ਦੀ ਮੌਜੂਦਗੀ ਵਿਚ ਲਿਵਰਪੂਲ ਨੇ ਮੈਸੀ ਦੀ ਟੀਮ ਬਾਰਸੀਲੋਨਾ ਨੂੰ ਯੂਏਫਾ ਚੈਂਪੀਅਨਜ਼ ਲੀਗ ਦੇ ਸੈਮੀਫ਼ਾਈਨਲ ਵਿਚ ਹਰਾਇਆ ਸੀ। ਇਸ ਤਰ੍ਹਾਂ, ਇਕ ਡਿਫੈਂਡਰ ਦਾ ਮੈਸੀ ਅਤੇ ਰੋਨਾਲਡੋ ਦਰਮਿਆਨ ਵਿਸ਼ਵ ਫੁੱਟਬਾਲ ਦੇ ਸਭ ਤੋਂ ਵੱਡੇ ਇਨਾਮ ਮੌਕੇ ਖੜ੍ਹੇ ਹੋਣਾ ਆਪਣੇ-ਆਪ ਵਿਚ ਵਰਜਿਲ ਵੈਨ ਡਾਈਕ ਦੇ ਉੱਚੇ ਕੱਦ ਦੀ ਗਵਾਹੀ ਭਰਦਾ ਹੈ ਅਤੇ ਕਹਿੰਦੇ ਕਹਾਉਂਦੇ ਫੁੱਟਬਾਲ ਮਾਹਿਰ ਹੁਣ ਆਖ਼ਰਕਾਰ ਵਰਜਿਲ ਵੈਨ ਡਾਈਕ ਦਾ ਨਾਂਅ ਸਹੀ ਢੰਗ ਨਾਲ ਲਿਖਣ ਬਾਰੇ ਸਿੱਖ ਲੈਣਗੇ। ਇਸ ਦੌਰਾਨ ਲਿਵਰਪੂਲ ਕਲੱਬ ਦੇ ਬ੍ਰਾਜ਼ੀਲੀ ਗੋਲਕੀਪਰ ਐਲੀਸਨ ਬੈਕਰ ਨੂੰ ਦੁਨੀਆ ਦਾ ਸਭ ਤੋਂ ਵਧੀਆ ਗੋਲਕੀਪਰ ਐਲਾਨਿਆ ਜਾ ਚੁੱਕਿਆ ਹੈ ਜਦਕਿ ਲਿਵਰਪੂਲ ਦੇ ਹੀ ਮੁਹੰਮਦ ਸਲਾਹ, ਸਾਡੀਓ ਮਾਨੇ ਅਤੇ ਐਲਕਸੈਡਰ ਆਰਨਲਡ ਵੀ ਚੋਟੀ ਦੇ ਦਸ ਖਿਡਾਰੀਆਂ ਵਿਚ ਸ਼ਾਮਿਲ ਐਲਾਨੇ ਗਏ ਜੋ ਇਸ ਇਤਿਹਾਸਕ ਕਲੱਬ ਲਈ ਮਾਣ ਵਾਲੀ ਗੱਲ ਹੈ।


-ਪਿੰਡ: ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ: ਜਲੰਧਰ 144023
E-mail: sudeepsdhillon@ymail.com

2019 ਚਰਚਿਤ ਖੇਡ ਘਟਨਾਵਾਂ

ਕੁਝ ਪਹੁੰਚ ਸਕੇ ਨਾ ਮੰਜ਼ਿਲ 'ਤੇ, ਕੁਝ ਉੱਭਰੇ ਬਣ ਕੇ ਨਵੇਂ ਰੁਸਤਮ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਵਿਰਾਟ ਕੋਹਲੀ ਫਿਰ ਬਣੇ ਨੰਬਰ ਵੱਨ ਟੈਸਟ ਬੱਲੇਬਾਜ਼ ਅਤੇ ਸਫ਼ਲ ਕਪਤਾਨ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਦੇ ਸਟੀਵਨ ਸਮਿਥ ਨੂੰ ਪਿੱਛੇ ਛੱਡਦਿਆਂ ਆਈ.ਸੀ.ਸੀ. ਵਲੋਂ ਜਾਰੀ ਕੀਤੀ ਤਾਜ਼ਾ ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਫਿਰ ਤੋਂ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਬੰਗਲਾਦੇਸ਼ ਦੇ ਖਿਲਾਫ ਕੋਲਕਾਤਾ 'ਚ ਦਿਨ-ਰਾਤ ਟੈਸਟ ਮੈਚ 'ਚ 136 ਦੌੜਾਂ ਦੀ ਪਾਰੀ ਖੇਡਣ ਵਾਲੇ ਕੋਹਲੀ ਦੇ ਹੁਣ 928 ਅੰਕ ਹੋ ਗਏ ਹਨ। ਇਸ ਤੋਂ ਇਲਾਵਾ ਭਾਰਤ ਨੇ ਜਮੈਕਾ ਦੇ ਕਿੰਗਸਟਨ ਦੇ ਸਵੀਨਾ ਪਾਰਕ ਵਿਚ ਖੇਡੇ ਦੂਜੇ ਟੈਸਟ ਮੈਚ ਵਿਚ ਵੈਸਟ ਇੰਡੀਜ਼ ਨੂੰ 257 ਦੌੜਾਂ ਨਾਲ ਹਰਾ ਕੇ ਕੈਰੇਬਿਆਈ ਧਰਤੀ 'ਤੇ ਪਹਿਲੀ ਵਾਰ ਵੈਸਟ ਇੰਡੀਜ਼ ਦਾ ਟੈਸਟ ਸੀਰੀਜ਼ ਸਫਾਇਆ ਕੀਤਾ। ਇਸ ਜਿੱਤ ਨਾਲ ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਬਣ ਗਏ ਹਨ। ਉਸ ਨੇ ਕੁਲ ਖੇਡੇ 47 ਟੈਸਟ ਮੈਚਾਂ ਵਿਚੋਂ 28 ਮੈਚਾਂ 'ਚ ਜਿੱਤ ਦੇ ਝੰਡੇ ਗੱਡੇ। ਵਿਰਾਟ ਕੋਹਲੀ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰਾਂ ਦੀ ਸੂਚੀ ਵਿਚ ਨੰਬਰ ਇਕ (24 ਮਿਲੀਅਨ ਡਾਲਰ) 'ਤੇ ਹਨ। ਤਿੰਨਾਂ ਫਾਰਮੈਟਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕੋਹਲੀ ਨੂੰ ਰੱਨ ਮਸ਼ੀਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਮੈਰਾਥਨ ਦੌੜ ਦਾ ਅਜੂਬਾ : ਕਿਪਚੋਗੇ : ਉਲੰਪਿਕ ਅਤੇ ਵਿਸ਼ਵ ਰਿਕਾਰਡ ਹੋਲਡਰ ਕੀਨੀਆ ਦੇ 36 ਵਰ੍ਹਿਆਂ ਦੇ ਅਥਲੀਟ ਇਡੀਯੁਬ ਕਿਪਚੋਗੇ ਨੇ ਮੈਰਾਥਨ ਦੌੜ ਦੇ ਅਜੂਬੇ ਵਜੋਂ ਸੁਰਖੀਆਂ ਬਟੋਰੀਆਂ। ਉਹ 42.195 ਕਿਲੋਮੀਟਰ ਦਾ ਫਾਸਲਾ 2 ਘੰਟੇ ਤੋਂ ਵੀ ਘੱਟ ਸਮੇਂ ਵਿਚ ਪੂਰਾ ਕਰਨ ਵਾਲਾ ਧਰਤੀ ਦਾ ਪਹਿਲਾ ਮਾਨਵ ਬਣਿਆ। ਵਿਆਨਾ 'ਚ ਹੋਈ ਮੈਰਾਥਨ ਦੌੜ ਕਿਪਚੋਗੇ ਨੇ 1 ਘੰਟਾ 49 ਮਿੰਟ 40.2 ਸੈਕਿੰਡ ਨਾਲ ਪੂਰੀ ਕਰ ਕੇ ਨਵਾਂ ਇਤਿਹਾਸ ਲਿਖਿਆ। ਫਿਲਹਾਲ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਪਰ ਮੈਰਾਥਨ ਦੌੜ ਦਾ ਰਿਕਾਰਡ ਕਿਪਚੋਗੇ ਦੇ ਨਾਂਅ ਹੀ ਲਿਖਿਆ ਹੋਇਆ ਹੈ, ਜੋ ਉਸ ਨੇ ਪਿਛਲੇ ਸਾਲ ਬਰਲਿਨ ਵਿਚ ਬਣਾਇਆ। ਉਲੰਪਿਕ ਅਤੇ ਵਿਸ਼ਵ ਚੈਂਪੀਅਨ ਸਮੇਤ ਕਿਪਚੋਗੇ ਕੁੱਲ 11 ਸੋਨ ਤਗਮੇ ਜਿੱਤ ਚੁੱਕਾ ਹੈ।
ਟੈਨਿਸ : ਰਾਫੇਲ ਨਡਾਲ ਅਤੇ ਐਸ਼ਲੇ ਬਾਰਟੀ ਦੀ ਹੋਈ ਬੱਲੇ-ਬੱਲੇ : ਸਰਬੀਆਂ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਅਤੇ ਸਪੈਨਿਸ਼ ਸਟਾਰ ਨਡਾਲ ਨੇ ਮਿਲ ਕੇ ਇਸ ਸਾਲ ਦੇ ਚਾਰੋ ਗਰੈਡ ਸਲੈਮ ਜਿੱਤੇ। ਦੋਵਾਂ ਵਿਚਕਾਰ ਰੈਂਕਿੰਗ ਦੀ ਜੰਗ ਵੀ ਜਾਰੀ ਰਹੀ ਪਰ ਆਖਰਕਾਰ ਰਾਫੇਲ ਨਡਾਲ ਸਿਖਰਲੇ ਨੰਬਰ ਦੀ ਬਾਜ਼ੀ ਮਾਰਨ ਵਿਚ ਕਾਮਯਾਬ ਰਿਹਾ। ਨਡਾਲ ਨੇ ਫਰੈਂਚ ਓਪਨ ਆਸਟ੍ਰੇਲੀਆ ਦੇ ਪੇਸ਼ੇਵਰ ਖਿਡਾਰੀ ਡੌਮੀਨਿਕ ਥਇਏਮ ਨੂੰ ਹਰਾ ਕੇ ਜਿੱਤਿਆ ਅਤੇ ਯੂ.ਐਸ. ਓਪਨ 'ਚ ਪਹਿਲੀ ਵਾਰ ਫਾਈਨਲ 'ਚ ਪਹੁੰਚੇ ਡੈਨਲਿਲ ਮੇਦਵੇਦੇਵ ਨੂੰ ਹਰਾ ਕੇ ਇਹ ਖ਼ਿਤਾਬ ਜਿੱਤ ਲਿਆ। ਨਡਾਲ ਹੁਣ ਤੱਕ 19 ਗਰੈਡ ਸਲੈਮ ਖ਼ਿਤਾਬ ਜਿੱਤ ਚੁੱਕਾ ਹੈ। ਨਡਾਲ ਨੇ 2008 ਬੀਜਿੰਗ ਉਲੰਪਿਕ ਵਿਚ ਵੀ ਸੋਨ ਤਗਮਾ ਜਿੱਤਿਆ ਸੀ। ਮਹਿਲਾ ਦਰਜਾਬੰਦੀ 'ਚ 24 ਅਪ੍ਰੈਲ, 1996 'ਚ ਜਨਮੀ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੇ ਪਹਿਲਾ ਦਰਜਾ ਮੱਲਿਆ। ਉਸ ਨੇ ਚੈਕ ਗਣਰਾਜ ਦੀ ਮਾਰਕੇਤਾ ਵੋਡਰੋਸੋਵਾ ਨੂੰ ਫਰੈਂਚ ਓਪਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਬਾਰਟੀ ਟੈਨਿਸ ਡਬਲਜ਼ ਦੀ ਵੀ ਸ਼ਾਨਦਾਰ ਖਿਡਾਰੀ ਹੈ ਤੇ ਵਰਤਮਾਨ ਸਮੇਂ ਡਬਲਜ਼ ਰੈਂਕਿੰਗ 5ਵੇਂ ਨੰਬਰ 'ਤੇ ਬਿਰਾਜਮਾਨ ਹੈ।
ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਬਣੀ ਪੀ.ਵੀ. ਸਿੰਧੂ : ਉਲੰਪਿਕ ਤਗਮਾ (ਰੀਉ-2016) ਜੇਤੂ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਨਵਾਂ ਇਤਿਹਾਸ ਲਿਖਿਆ। ਉਸ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 2019 ਦੇ ਫਾਈਨਲ ਦੁਨੀਆ ਦੇ ਚੌਥੇ ਨੰਬਰ ਦੀ ਖਿਡਾਰਨ ਜਪਾਨ ਦੀ ਨੋਜੋਮੀ ਉਕੂਹਾਰਾ ਨੂੰ ਹਰਾ ਕੇ ਪਹਿਲੀ ਵਾਰ ਸੋਨ ਤਗਮਾ ਜਿੱਤ ਕੇ ਵਿਸ਼ਵ ਖ਼ਿਤਾਬ 'ਤੇ ਕਬਜ਼ਾ ਕੀਤਾ। ਵਰਤਮਾਨ ਸਮੇਂ 6ਵੇਂ ਨੰਬਰ 'ਤੇ ਬਿਰਾਜਮਾਨ ਸਿੰਧੂ ਸੰਨ 2017 ਅਤੇ 2018 'ਚ ਚਾਂਦੀ ਅਤੇ 2013-2014 'ਚ ਵਿਸ਼ਵ ਮੁਕਾਬਲੇ 'ਚ ਕਾਂਸੀ ਤਗਮਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਦੇ ਬੀ. ਸਾਈ ਪ੍ਰਣੀਤ ਨੇ ਵੀ ਇਸ ਮੁਕਾਬਲੇ ਵਿਚ ਕਾਂਸੀ ਤਗਮਾ ਜਿੱਤ ਕੇ ਚਮਤਕਾਰ ਕੀਤਾ। ਸਿੰਧੂ ਦੀ ਸਫ਼ਲਤਾ ਦੇ ਨਾਲ-ਨਾਲ ਭਾਰਤ ਦੀ ਮਾਨਸੀ ਜੋਸ਼ੀ ਨੇ ਵੀ ਪੈਰਾ ਵਿਸ਼ਵ ਬੈਡਮਿੰਟਨ ਵਿਚ ਸੁਨਹਿਰੀ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ।
ਅਪੂਰਵੀ ਚੰਦੇਲਾ ਦੁਨੀਆ ਦੀ ਅੱਵਲ ਨੰਬਰ ਦੀ ਨਿਸ਼ਾਨਚੀ ਬਣੀ : ਇਹ ਸਾਲ ਅਪੂਰਵੀ ਚੰਦੇਲਾ ਲਈ ਯਾਦਗਾਰ ਰਿਹਾ। ਰਾਜਸਥਾਨ ਦੀ ਬੇਟੀ 4 ਜਨਵਰੀ, 1993 ਨੂੰ ਗੁਲਾਬੀ ਸ਼ਹਿਰ ਜੈਪੁਰ ਵਿਚ ਜਨਮੀ ਚੰਦੇਲਾ ਸਿਖਰ ਦੀਆਂ ਸੁਰਖੀਆਂ 'ਚ ਹੈ। 10 ਮੀਟਰ ਏਅਰ ਰਾਈਫਲ ਮੁਕਾਬਲੇ ਦੀ ਦਰਜਾਬੰਦੀ 'ਚ ਦੁਨੀਆ ਦੀ ਅੱਵਲ ਨਿਸ਼ਾਨਚੀ ਵਜੋਂ ਪੋਸਟਰ ਗਰਲ ਬਣ ਕੇ ਉੱਭਰੀ ਹੈ। ਚੰਦੇਲਾ ਨੇ 2020 ਉਲੰਪਿਕ ਕੋਟਾ ਵੀ ਹਾਸਲ ਕੀਤਾ। ਚੰਦੇਲਾ ਨੇ ਫਰਵਰੀ, 2019, ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿਚ 252.9 ਦੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਉਸ ਨੇ 2014 ਗਲਾਸਗੋ ਖੇਡਾਂ ਵਿਚ ਵੀ ਸੋਨ ਤਗਮਾ ਜਿੱਤਿਆ ਸੀ। ਅਜਿਹੀ ਭਾਗਵਤ ਤੋਂ ਬਾਅਦ ਅਪੂਰਵੀ ਚੰਦੇਲਾ ਭਾਰਤ ਦੀ ਦੂਜੀ ਮਹਿਲਾ ਰਾਈਫਲ ਸ਼ੂਟਰ ਹੈ, ਜੋ ਨੰਬਰ ਇਕ 'ਤੇ ਪਹੁੰਚੀ। 2018 ਏਸ਼ਿਆਈ ਖੇਡਾਂ ਵਿਚ ਚੰਦੇਲਾ ਨੇ 10 ਮੀਟਰ ਮਿਸ਼ਰਤ ਮੁਕਾਬਲੇ ਵਿਚ ਕਾਂਸੀ ਤਗਮਾ ਜਿੱਤਿਆ ਸੀ। ਚੰਦੇਲਾ ਤੋਂ ਇਲਾਵਾ ਅੰਜਮ ਮੌਦਗਿਲ, ਮਨੂ ਭਾਕਰ, ਦਿਵਿਆਸ ਸਿੰਘ ਪਵਾਰ, ਅਭਿਸ਼ੇਖ ਵਰਮਾ ਅਤੇ ਸੌਰਵ ਆਦਿ ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਭਾਰਤ ਨੇ ਨਿਸ਼ਾਨੇਬਾਜ਼ੀ ਵਿਚ ਸਭ ਤੋਂ ਜ਼ਿਆਦਾ ਉਲੰਪਿਕ ਕੋਟਾ ਹਾਸਲ ਕੀਤੇ ਹਨ। ਮੇਰਠ ਨਿਵਾਸੀ ਸੌਰਭ ਚੌਧਰੀ ਨੇ ਨਵੇਂ ਵਿਸ਼ਵ ਰਿਕਾਰਡ ਨਾਲ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ। ਦਿਵਿਆਸ ਨੇ ਮਿਸ਼ਰਤ ਵਰਗ ਵਿਚ 10 ਮੀਟਰ ਏਅਰ ਰਾਈਫਲ ਅਤੇ 20 ਸਾਲਾ ਈਲੈਵੇਨਿਲ ਵਲਾਰੀਵਾਨ ਨੇ 10 ਮੀਟਰ ਏਅਰ ਰਾਈਫਲ ਵਰਗ ਵਿਚ ਸੋਨ ਤਗਮਾ ਜਿੱਤਿਆ।
ਪੰਕਜ ਅਡਵਾਨੀ ਨੇ ਜਿੱਤਿਆ 22ਵਾਂ ਵਿਸ਼ਵ ਖ਼ਿਤਾਬ : ਭਾਰਤ ਦੇ ਦਿੱਗਜ਼ ਖਿਡਾਰੀ ਪੰਕਜ ਅਡਵਾਨੀ ਨੇ ਮਿਆਂਮਾਰ ਦੇ ਥਵੇ ਉ. ਕੋ. ਨੂੰ ਆਈ.ਬੀ.ਐਸ.ਐਫ. ਵਿਸ਼ਵ ਰਿਕਾਰਡ ਬਿਲਿਅਰਡ ਮੁਕਾਬਲੇ ਦੇ ਫਾਈਨਲ ਵਿਚ 6-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਮਾਡਲੇ 'ਚ ਖੇਡੇ ਗਏ ਟੂਰਨਾਮੈਂਟ ਵਿਚ ਅਡਵਾਨੀ ਨੇ ਆਪਣਾ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ। ਬਿਲਿਆਰਡ ਦੇ ਛੋਟੇ ਫਾਰਮੈਟ 150 ਐਪ 'ਚ ਅਡਵਾਨੀ ਲਗਾਤਾਰ ਚੌਥੇ ਸਾਲ ਜੇਤੂ ਰਹੇ।
ਕੁਸ਼ਤੀ : ਦੀਪਕ ਪੂਨੀਆ ਬਣੇ ਨੰਬਰ ਇਕ ਪਹਿਲਵਾਨ : ਭਾਰਤੀ ਪਹਿਲਵਾਨ ਦੀਪਕ ਪੂਨੀਆ 86 ਕਿਲੋਗ੍ਰਾਮ ਭਾਰ ਵਰਗ ਵਿਚ ਆਲਮੀ ਰੈਂਕਿੰਗ ਵਿਚ ਸਿਖਰ 'ਤੇ ਪਹੁੰਚੇ। ਸਤੰਬਰ, 2019 ਨੂੰ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਹਾਲਾਂਕਿ ਸੱਟ ਲੱਗਣ ਕਾਰਨ ਫਾਈਨਲ ਮੁਕਾਬਲੇ ਵਿਚ ਈਰਾਨੀ ਪਹਿਲਵਾਨ ਹਸਨ ਯਾਜਦਾਨੀ ਦੇ ਖਿਲਾਫ਼ ਮੈਦਾਨ 'ਚ ਨਾ ਉਤਰ ਸਕੇ ਤੇ ਉਸ ਨੂੰ ਚਾਂਦੀ ਤਗਮੇ ਨਾਲ ਹੀ ਸਬਰ ਕਰਨਾ ਪਿਆ ਪਰ ਅੰਕਾਂ ਦੇ ਆਧਾਰ 'ਤੇ ਉਹ ਬਾਜ਼ੀ ਮਾਰਨ ਵਿਚ ਸਫਲ ਰਹੇ ਬਜਰੰਗ ਪੂਨੀਆ ਹੁਣ ਦੂਜੇ ਨੰਬਰ 'ਤੇ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਗਮਾ ਜਿੱਤ ਕੇ ਰਾਹੁਲ ਅਵਾਰੇ, ਦਰਜਾਬੰਦੀ ਵਿਚ ਦੂਜੇ ਨੰਬਰ 'ਤੇ ਪਹੁੰਚੇ, ਜਦਕਿ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਵੀ ਦੂਜੇ ਨੰਬਰ 'ਤੇ ਹੈ।
ਮਾਵਾਂ ਨੇ ਬਿਖੇਰਿਆ ਜਲਵਾ : ਅਥਲੈਟਿਕ ਦੀ ਦੁਨੀਆ ਵਿਚ ਇਸ ਸਾਲ ਮਾਵਾਂ ਨੇ ਖੂਬ ਜਲਵਾ ਬਿਖੇਰਿਆ। ਜਮੈਕਾ ਦੀ ਸ਼ੈਲੀ ਐਨ ਫ੍ਰੇਸ਼ਰ 100 ਮੀਟਰ ਦੌੜ ਵਿਚ ਸੋਨ, ਅਮਰੀਕਾ ਦੀ ਏਲੀਸਨ ਫਿਲਿਕਸ 4×400 ਮੀਟਰ ਮਿਕਸਡ ਰਿਲੇਅ 'ਚ ਸੋਨ, ਚੀਨ ਦੀ ਲਿਊ ਹੇਗ 20 ਕਿ: ਮੀ: ਪੈਦਲ ਚਾਲ 'ਚ ਸੋਨ ਤਗਮਾ ਜਿੱਤਣ 'ਚ ਕਾਮਯਾਬ ਰਹੀਆਂ। ਫ੍ਰੇਸ਼ਰ ਫਲਿਕਸ ਅਤੇ ਹੇਰਾ ਦਾ ਸੁਨਹਿਰੀ ਤਗਮਾ ਜਿੱਤਣਾ ਇਸ ਲਈ ਖਾਸ ਹੈ, ਕਿਉਂਕਿ ਇਹ ਤਿੰਨੇ ਦੌੜਾਕ ਪਿਛਲੇ ਦੋ ਸਾਲਾਂ ਦੌਰਾਨ ਮਾਵਾਂ ਬਣੀਆਂ ਹਨ। ਦੋਹਾ 'ਚ ਸੋਨ ਤਗਮਾ ਜਿੱਤਣ ਤੋਂ ਬਾਅਦ ਫੇਲਿਕਸ ਸਭ ਤੋਂ ਜ਼ਿਆਦਾ 12 ਸੋਨ ਤਗਮੇ ਜਿੱਤਣ ਵਾਲੀ ਅਥਲੀਟ ਬਣ ਗਈ ਹੈ। ਉਸੈਨ ਬੋਲਟ ਨੇ ਕੁਲ 11 ਤਗਮੇ ਜਿੱਤੇ ਸਨ।
ਸੁਰਖੀਆਂ 'ਚ ਰਹੀ ਹਿਮਾਦਾਸ : ਹਿਮਾਦਾਸ ਨੇ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਸਿਰਫ ਇਕ ਮਹੀਨੇ ਵਿਚ 5 ਸੋਨ ਤਗਮੇ ਜਿੱਤ ਕੇ ਅਥਲੈਟਿਕ ਦੀ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ। ਹਿਮਾਦਾਸ ਨੇ 100 ਮੀਟਰ 11.74 ਸੈ:, 200 ਮੀਟਰ 23.10 ਸੈ:, 4×400 ਮੀਟਰ ਰਿਲੇਅ 50.79 ਸੈ: 'ਚ ਪੂਰੀ ਕੀਤੀ। ਹਿਮਾਦਾਸ ਅੰਡਰ-20 ਵਿਸ਼ਵ ਕੱਪ ਵਿਚ 400 ਮੀਟਰ ਦੌੜ 'ਚ ਸੋਨ ਤਗਮਾ ਜਿੱਤ ਚੁੱਕੀ ਹੈ।
ਅਲਵਿਦਾ : ਬਹੁਤ ਯਾਦ ਆਉਣਗੇ ਕ੍ਰਿਕਟ ਦੇ ਯੁਵਰਾਜ : ਭਾਰਤੀ ਟੀਮ ਨੂੰ ਦੂਜੀ ਵਾਰ ਵਿਸ਼ਵ ਕੱਪ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿਚ ਨਹੀਂ ਦਿਸਣਗੇ। ਮਜ਼ਬੂਤ ਇੱਛਾ ਸ਼ਕਤੀ ਅਤੇ ਬੁਲੰਦ ਇਰਾਦੇ ਨਾਲ ਕ੍ਰਿਕਟ ਦੀ ਦੁਨੀਆ ਵਿਚ ਪੈਂਠ ਜਮਾਉਣ ਵਾਲੇ ਯੁਵਰਾਜ ਨੂੰ ਕਈ ਮਹੱਤਵਪੂਰਨ ਪਾਰੀਆਂ ਕਰਕੇ ਯਾਦ ਕੀਤਾ ਜਾਵੇਗਾ। ਯੁਵਰਾਜ ਜਦੋਂ ਟੀਮ ਵਿਚ ਸ਼ਾਮਿਲ ਹੋਏ ਤਾਂ ਉਸ ਦੀ ਉਮਰ 19 ਸਾਲ ਸੀ। ਠੀਕ 19 ਸਾਲ ਬਾਅਦ ਹੀ ਉਸ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 2011 ਵਿਸ਼ਵ ਕੱਪ ਦੌਰਾਨ ਮੈਦਾਨ ਵਿਚ ਖੂਨ ਦੀਆਂ ਉਲਟੀਆਂ ਆਉਣ ਦੇ ਬਾਵਜੂਦ ਟੀਮ ਇੰਡੀਆ ਨੂੰ ਵਿਸ਼ਵ ਜੇਤੂ ਬਣਾਇਆ, ਇਹ ਉਸ ਦੀ ਜ਼ਿੰਦਾਦਿਲੀ ਦੀ ਮਿਸਾਲ ਕਹੀ ਜਾਵੇਗੀ ਪਰ ਕ੍ਰਿਕਟ ਦੇ ਸਰਤਾਜ ਖਿਡਾਰੀ ਦੀ ਖਾਮੋਸ਼ ਵਿਦਾਈ, ਉਸ ਦੇ ਚਹੇਤਿਆਂ ਨੂੰ ਅੱਖਰਦੀ ਰਹੇਗੀ ਤੇ ਕ੍ਰਿਕਟ ਪ੍ਰਬੰਧਨ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ।
ਲੀ ਚੋਗ ਵੇਈ : ਕੈਂਸਰ ਨਾਲ ਜੂਝ ਰਹੇ, 3 ਵਾਰ ਉਲੰਪਿਕ ਚਾਂਦੀ ਤਗਮਾ ਅਤੇ 3 ਵਿਸ਼ਵ ਕੱਪਾਂ ਵਿਚ ਚਾਂਦੀ ਤਗਮਾ ਜੇਤੂ ਮਲੇਸ਼ੀਆ ਦੇ ਸਟਾਰ ਖਿਡਾਰੀ ਲੀ ਚੋਗ ਵੇਈ ਨੇ ਭਰੇ ਮਨ ਨਾਲ ਬੈਡਮਿੰਟਨ ਨੂੰ ਅਲਵਿਦਾ ਕਹਿ ਦਿੱਤਾ। ਸਪੇਨ ਦੇ ਫੁੱਟਬਾਲਰ, ਡੇਵਿਡ ਵਿਲਾ ਅਤੇ ਹਮਵਤਨ ਜਾਵੀ ਹਰਨਾਡੇਜ ਨੇ ਟੰਗੇ ਕਿੱਲੀ 'ਤੇ ਬੂਟ, ਭਾਰਤ ਦੀ ਕ੍ਰਿਕਟ ਸਨਸਨੀ ਮਿਤਾਲੀ ਰਾਜ ਦੀ ਟੀ-20 ਕ੍ਰਿਕਟ ਨੂੰ ਅਲਵਿਦਾ ਦੇ ਨਾਲ ਕ੍ਰਿਕਟ ਇਤਿਹਾਸ ਦੇ ਇਕ ਸੁਨਹਿਰੀ ਅਧਿਆਇ ਦਾ ਹੋਇਆ ਅੰਤ।
(ਸਮਾਪਤ)


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਅਪਾਹਜ ਹੁੰਦੇ ਹੋਏ ਵੀ ਖੇਡ ਦੇ ਮੈਦਾਨ ਵਿਚ ਕੁੱਦ ਪਿਆ

ਅਦਿੱਤਿਆ ਛੌਕਰ

ਅਪਾਹਜ ਵੀਲਚੇਅਰ ਖਿਡਾਰੀ ਅਦਿੱਤਿਆ ਛੌਕਰ ਦਾ ਜਨਮ 20 ਨਵੰਬਰ 1993 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਭਾਗਪਤ ਦੇ ਇਕ ਪਿੰਡ ਸੈਦਬਹਾਰ ਵਿਚ ਪਿਤਾ ਰਾਕੇਸ਼ ਛੌਕਰ ਦੇ ਘਰ ਮਾਤਾ ਮਿਥਲੇਸ਼ ਦੇਵੀ ਦੀ ਕੁੱਖੋਂ ਹੋਇਆ। ਅਦਿੱਤਿਆ ਛੌਕਰ ਦਾ ਜੀਵਨ ਅਪਾਹਜ ਨਹੀਂ ਸੀ ਅਤੇ ਉਸ ਦਾ ਜੀਵਨ ਆਮ ਨੌਜਵਾਨਾਂ ਦੀ ਤਰ੍ਹਾਂ ਹੀ ਬਤੀਤ ਹੋ ਰਿਹਾ ਸੀ ਪਰ ਜ਼ਿੰਦਗੀ ਵਿਚ ਆਏ ਹਾਦਸੇ ਨੇ ਉਸ ਨੂੰ ਅਪਾਹਜ ਬਣਾ ਦਿੱਤਾ। ਹੋਇਆ ਇਸ ਤਰ੍ਹਾਂ ਕਿ 16 ਸਤੰਬਰ 2014 ਨੂੰ ਉਹ ਬੀ. ਏ. ਦੇ ਅੰਤਿਮ ਸਾਲ ਵਿਚ ਮੇਰਠ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਬਲੌਨੀ ਪੁਲ 'ਤੇ ਉਸ ਨੂੰ ਕਿਸੇ ਅਗਿਆਤ ਵਾਹਨ ਨੇ ਲਪੇਟ ਵਿਚ ਲੈ ਲਿਆ ਅਤੇ ਉਹ ਬੁਰੀ ਤਰ੍ਹਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਅਦਿੱਤਿਆ ਛੌਕਰ ਨੂੰ ਡਾਕਟਰ ਕੋਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਪੈ ਜਾਣ ਦੀ ਪੁਸ਼ਟੀ ਕਰ ਦਿੱਤੀ ਅਤੇ ਅਦਿੱਤਿਆ ਛੌਕਰ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿਤਾ ਅਤੇ ਲਗਾਤਾਰ ਦੋ ਸਾਲ ਉਹ ਘਰ ਬੈੱਡ 'ਤੇ ਹੀ ਪਿਆ ਰਿਹਾ ਅਤੇ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਜ਼ਿੰਦਗੀ ਇਕਦਮ ਖ਼ਤਮ ਹੋ ਗਈ। ਸਾਲ 2016 ਵਿਚ ਉਸ ਨੂੰ ਘਰ ਵਿਚ ਕੋਈ ਅਜਿਹੇ ਨੌਜਵਾਨ ਮਿਲਣ ਆਏ ਜਿਹੜੇ ਆਪ ਵੀ ਰੀੜ੍ਹ ਦੀ ਸੱਟ ਤੋਂ ਪੀੜਤ ਸੀ ਪਰ ਇਸ ਦੇ ਬਾਵਜੂਦ ਵੀ ਉਹ ਆਮ ਜ਼ਿੰਦਗੀ ਜਿਊਂ ਰਹੇ ਸਨ। ਉਨ੍ਹਾਂ ਨੇ ਅਦਿੱਤਿਆ ਨੂੰ ਹੌਸਲਾ ਦਿੱਤਾ ਅਤੇ ਅਦਿੱਤਿਆ ਇਸ ਕਦਰ ਪ੍ਰਭਾਵਿਤ ਹੋਇਆ ਕਿ ਉਹ ਬੈੱਡ ਤੋਂ ਉਠਿਆ ਅਤੇ ਵੀਲ੍ਹਚੇਅਰ 'ਤੇ ਬੈਠ ਉਪਰ ਵੱਲ ਤੱਕਣ ਲੱਗਾ ਜਿਵੇਂ ਖੁੱਲ੍ਹੇ ਅਸਮਾਨ ਨੇ ਅਦਿੱਤਿਆ ਨੂੰ ਆਵਾਜ਼ ਮਾਰੀ ਕਿ ਜ਼ਿੰਦਗੀ ਦੀ ਜੰਗ ਵੀਲ੍ਹਚੇਅਰ 'ਤੇ ਹੀ ਦੌੜ ਅਤੇ ਤੂੰ ਇਕ ਦਿਨ ਕਾਮਯਾਬ ਹੋਵੇਂਗਾ। ਸਾਲ 2017 ਵਿਚ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਯੂਨੀਵਰਸਿਟੀ ਐਲ. ਪੀ. ਯੂ. ਵਿਚ ਸਪਾਈਨਲ ਕੋਰਡ ਇੰਜਰੀ ਵਾਲਿਆਂ ਲਈ ਇਕ ਵਿਸ਼ੇਸ਼ ਸਮਾਗਮ ਹੋਇਆ ਅਤੇ ਅਦਿੱਤਿਆ ਨੇ ਉਸ ਵਿਚ ਵੀ ਭਾਗ ਲਿਆ ਜਿਥੇ ਉਸ ਨੂੰ ਨਵੀਂ ਦਿਸ਼ਾ ਪ੍ਰਦਾਨ ਹੋਈ। ਅਦਿੱਤਿਆ ਨੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਸ ਨੇ ਵੀਲ੍ਹਚੇਅਰ 'ਤੇ ਖੇਡਣਾ ਸ਼ੁਰੂ ਕੀਤਾ ਅਤੇ ਡੀ. ਐਸ. ਐਸ. ਕ੍ਰਿਕਟ ਐਸੋਸੀਏਸ਼ਨ ਵਿਚ ਦਾਖਲਾ ਲੈ ਲਿਆ ਅਤੇ ਉਸ ਨੇ ਵੀਲ੍ਹਚੇਅਰ 'ਤੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿਤੀ। ਉਸ ਨੇ ਕ੍ਰਿਕਟ ਵਿਚ ਇਕ ਚੰਗਾ ਮੁਕਾਮ ਹਾਸਲ ਕਰ ਲਿਆ। ਸਾਲ 2019 ਵਿਚ ਉਸ ਨੇ ਉੱਤਰ ਪ੍ਰਦੇਸ਼ ਵਿਚ ਹੀ ਆਯੋਯਿਤ ਹੋਈਆਂ ਪੈਰਾ ਖੇਡਾਂ ਵਿਚ ਹਿੱਸਾ ਲਿਆ ਜਿਥੇ ਉਸ ਨੇ ਜੈਵਲਿਨ ਥਰੋਅ ਵਿਚ ਦੋ ਸੋਨ ਤਗਮੇ ਜਿੱਤ ਕੇ ਆਪਣੇ ਪ੍ਰਦੇਸ਼ ਦਾ ਨਾਂਅ ਰੌਸ਼ਨ ਕੀਤਾ। ਇਥੇ ਹੀ ਬੱਸ ਨਹੀਂ ਉਹ ਵੀਲ੍ਹਚੇਅਰ 'ਤੇ ਹੀ 10 ਕਿਲੋਮੀਟਰ ਦੀ ਮੈਰਾਥਨ ਦੌੜ, ਦੌੜ ਚੁਕਿਆ ਹੈ ਅਦਿੱਤਿਆ ਨੂੰ ਗਿਲਾ ਹੈ ਉੱਤਰ ਪ੍ਰਦੇਸ਼ ਸਰਕਾਰ ਪੈਰਾ ਖਿਡਾਰੀਆਂ ਦੀ ਕੋਈ ਮਦਦ ਨਹੀਂ ਕਰਦੀ, ਉਸ ਦਾ ਆਖਣਾ ਹੈ ਕਿ ਜੇਕਰ ਪ੍ਰਦੇਸ਼ ਦੀ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਕਰੇ ਤਾਂ ਉਹ ਦੇਸ਼ ਲਈ ਖੇਡ ਕੇ ਦੇਸ਼ ਦਾ ਮਾਣ ਬਣ ਸਕਦੇ ਹਨ ਕਿਉਂਕਿ ਉਨ੍ਹਾਂ ਅੰਦਰ ਵੀ ਖੇਡਣ ਦਾ ਕਮਾਲ ਦਾ ਜਜ਼ਬਾ ਹੈ। ਅਦਿੱਤਿਆ ਛੌਕਰ ਦੂਸਰੇ ਅਪਾਹਜ ਲੋਕਾਂ ਨੂੰ ਸੰਦੇਸ਼ ਦਿੰਦਾ ਹੈ ਕਿ ਜ਼ਿੰਦਗੀ ਆਸ ਦੀ ਹੈ ਨਿਰਾਸ਼ਾ ਦੀ ਨਹੀਂ ਇਸ ਲਈ ਹਿੰਮਤ ਅਤੇ ਦਲੇਰੀ ਨਾਲ ਜੀਓ।


-ਮੋ: 98551-14484.

ਅਸੀਂ ਕਿੰਨੇ ਕੁ ਤਿਆਰ ਟੋਕੀਓ 2020 ਲਈ?

ਬੇਸ਼ੱਕ ਅਸੀਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਹਾਂ ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਦੇਸ਼ ਵਿਚ ਹਨ ਪਰ ਕੀ ਅਸੀਂ ਵਿਸ਼ਵ ਖੇਡ ਖੇਤਰ ਵਿਚ ਆਪਣੇ-ਆਪ ਨੂੰ ਸਾਬਤ ਕਰ ਪਾ ਰਹੇ ਹਾਂ? ਹਰ ਵਾਰ ਉਲੰਪਿਕ ਖੇਡਾਂ ਜੋ ਕਿ ਵਿਸ਼ਵ ਦੀਆਂ ਸਰਬੋਤਮ ਖੇਡਾਂ ਹਨ, ਵਿਚ ਆਪਣੇ ਸ਼ਾਖ ਨੂੰ ਬਚਾਉਣ ਲਈ ਅਸੀਂ ਜੱਦੋ-ਜਹਿਦ ਕਰਦੇ ਨਜ਼ਰ ਆਂਉਦੇ ਹਾਂ ਤੇ ਇਕ ਜਾਂ ਦੋ ਤਗਮਿਆਂ ਨਾਲ ਆਪਣੇ-ਆਪ ਨੂੰ ਸੰਤੁਸ਼ਟ ਕਰ ਲੈਂਦੇ ਹਾਂ। ਪਿਛਲੀਆਂ ਕਿੰਨੀਆਂ ਹੀ ਉਲੰਪਿਕ ਖੇਡਾਂ ਵਿਚ ਸਾਡੇ 2 ਜਾਂ 3 ਤਗਮਿਆਂ ਤੋਂ ਵੱਧ ਕਦੇ ਵੀ ਤਗਮੇ ਨਹੀਂ ਵਧੇ। ਭਾਰਤੀ ਹਾਕੀ ਦੇ ਸੁਨਹਿਰੀ ਦੌਰ ਸਮੇਂ ਬੇਸ਼ੱਕ ਹਾਕੀ ਨੇ ਇਨ੍ਹਾਂ ਖੇਡਾਂ ਵਿਚ ਸਾਡੀ ਬਹੁਤ ਸਮੇਂ ਤੱਕ ਲਾਜ ਰੱਖੀ ਪਰ ਹੁਣ ਸਾਡੀ ਭਾਰਤੀ ਹਾਕੀ ਵੀ ਬਹੁਤ ਸਮੇਂ ਤੋਂ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ। ਭਾਰਤ ਨੇ 1900 ਵਿਚ ਇਨ੍ਹਾਂ ਖੇਡਾਂ ਵਿਚ ਭਾਗ ਲੈਣਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ 24 ਉਲੰਪਿਕ ਖੇਡਾਂ ਵਿਚ ਭਾਰਤ ਨੇ ਸਿਰਫ 28 ਤਗਮੇ (9 ਸੋਨ, 6 ਚਾਂਦੀ, 11 ਤਾਂਬੇ) ਜਿੱਤੇ ਹਨ, ਜਿਨ੍ਹਾਂ ਵਿਚ ਜ਼ਿਆਦਾ ਤਗਮੇ ਸਾਡੀ ਖੇਡ ਹਾਕੀ ਦੇ ਹਨ। ਅੱਜ ਅਸੀਂ ਆਉਂਦੇ ਸਾਲ ਵਿਚ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਟੋਕੀਓ 2020 ਬਾਰੇ ਗੱਲ ਕਰਾਂਗੇ ਕਿ ਸਾਡੇ ਖਿਡਾਰੀ ਇਨ੍ਹਾਂ ਵਿਸ਼ਵ ਮਿਆਰੀ ਖੇਡਾਂ ਲਈ ਕਿੰਨੇ ਕੁ ਤਿਆਰ ਹਨ।
ਇਸ ਵਾਰ ਦੀਆਂ ਉਲੰਪਿਕ ਖੇਡਾਂ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ 24 ਜੁਲਾਈ ਤੋਂ 9 ਅਗਸਤ, 2020 ਤੱਕ ਹੋਣ ਜਾ ਰਹੀਆਂ ਹਨ। ਇਹ ਖੇਡਾਂ ਟੋਕੀਓ ਦੇ ਨਿਊ ਨੈਸ਼ਨਲ ਸਟੇਡੀਅਮ ਵਿਖੇ ਸ਼ੁਰੂ ਹੋਣਗੀਆਂ, ਜਿਨ੍ਹਾਂ ਵਿਚ 206 ਦੇਸ਼ਾਂ ਦੇ ਤਕਰੀਬਨ 11091 ਖਿਡਾਰੀ ਭਾਗ ਲੈਣਗੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਟੀ.ਓ.ਪੀ. (ਟਾਰਗੇਟ ਉਲੰਪਿਕ ਪੋਡੀਅਮ) ਦੀ ਸਕੀਮ ਦੇ ਨਾਲ-ਨਾਲ ਹੋਰ ਵੀ ਅਨੇਕਾਂ ਵਿਵਸਥਾਵਾਂ ਕੀਤੀਆਂ ਗਈਆਂ ਹਨ, ਤਾਂ ਜੋ ਉਲੰਪਿਕ ਖੇਡਾਂ ਵਿਚ ਭਾਰਤ ਦੇ ਤਗਮਿਆਂ ਦੀ ਸੂਚੀ ਵਿਚ ਵਾਧਾ ਹੋ ਸਕੇ ਅਤੇ ਹਰ ਵਾਰ ਖੇਡ ਮੰਤਰੀ ਅਤੇ ਖੇਡ ਸੰਸਥਾਵਾਂ ਵਲੋਂ ਇਹ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਣ ਦੇ ਨਾਲ ਹੀ ਸਰਕਾਰ ਦੀਆਂ ਅਤੇ ਖੇਡ ਸੰਸਥਾਵਾਂ ਦੀਆਂ ਤਿਆਰੀਆਂ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਦਾ ਹੈ। ਜਿਵੇਂ-ਜਿਵੇਂ ਟੋਕਿਓ ਉਲੰਪਿਕ ਨਜ਼ਦੀਕ ਆ ਰਹੀ ਹੈ, ਉਵੇਂ-ਉਵੇਂ ਉਲੰਪਿਕ ਕੁਆਲੀਫਾਈ ਕਰਨ ਦੀ ਦੌੜ ਭਾਰਤੀ ਖਿਡਾਰੀਆਂ ਵਿਚ ਤੇਜ਼ ਹੋ ਰਹੀ ਹੈ ਅਤੇ ਹੁਣ ਤੱਕ ਆਰਚਰੀ, ਅਥਲੈਟਿਕਸ, ਸ਼ੂਟਿੰਗ, ਮੁੱਕੇਬਾਜ਼ੀ ਅਤੇ ਕੁਸ਼ਤੀਆਂ ਵਿਚ ਕਈ ਭਾਰਤੀ ਖਿਡਾਰੀ ਆਪਣਾ ਦਮਖਮ ਦਿਖਾ ਕੇ ਇਨ੍ਹਾਂ ਖੇਡਾਂ ਲਈ ਆਪਣੀ ਜਗ੍ਹਾ ਪੱਕੀ ਵੀ ਕਰ ਚੁੱਕੇ ਹਨ।
ਆਓ ਦੇਖੀਏ ਕਿ ਸਾਡੇ ਦੇਸ਼ ਨੇ ਕਿਨ੍ਹਾਂ ਖਿਡਾਰੀਆਂ 'ਤੇ ਉਲੰਪਿਕ ਤਗਮੇ ਦੀਆਂ ਉਮੀਦਾਂ ਟਿਕਾ ਰੱਖੀਆਂ ਹਨ। ਜੇਕਰ ਹੁਣ ਸਭ ਤੋਂ ਤਾਜ਼ੀ ਉਮੀਦ ਕਿਸੇ ਖਿਡਾਰੀ ਤੋਂ ਭਾਰਤ ਦੇ ਖੇਡ ਪ੍ਰੇਮੀ ਅਤੇ ਖੇਡ ਪ੍ਰਬੰਧਕ ਕਰ ਰਹੇ ਹਨ ਤਾਂ ਉਹ ਹੈ ਭਾਰਤ ਦੀ ਸਭ ਤੋਂ ਵੱਡੀ ਖੇਡ ਸਨਸਨੀ ਮੁੱਕੇਬਾਜ਼ ਅਮਿਤ ਪੰਘਾਲ, ਜਿਸ ਨੇ ਕਿ ਬੀਤੇ ਇਕ ਸਾਲ ਵਿਚ ਆਪਣੀ ਖੇਡ ਵਿਚ ਇਹੋ ਜਿਹੇ ਮਾਅਰਕੇ ਮਾਰੇ ਹਨ ਕਿ ਸਾਰੇ ਸੰਸਾਰ ਦੇ ਖੇਡ ਵਿਸ਼ਲੇਸ਼ਕ ਉਸ ਤੋਂ ਬਹੁਤ ਪ੍ਰਭਾਵਿਤ ਹਨ। ਛੋਟਾ ਟਾਈਸਨ ਦੇ ਨਾਂਅ ਨਾਲ ਮਸ਼ਹੂਰ ਅਮਿਤ 2018 ਦੀਆਂ ਏਸ਼ੀਅਨ ਖੇਡਾਂ ਅਤੇ 2019 ਦੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਲੰਪਿਕ ਚੈਂਪੀਅਨ ਹਸਨਬਾਏ ਦਸਮਤੋਵ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਉਲੰਪਿਕ ਖੇਡਾਂ ਵਿਚ ਤਗਮੇ ਦਾ ਪ੍ਰਮੁੱਖ ਦਾਅਵੇਦਾਰ ਹੈ। ਇਸੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲਾ ਉਹ ਪਹਿਲਾ ਭਾਰਤੀ ਬਣਿਆ। ਰੀਉ ਉਲੰਪਿਕ ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਵੀ ਇਸੇ ਸਾਲ ਵਿਸ਼ਵ ਜੇਤੂ ਬਣੀ ਹੈ, ਜਿਸ ਤੋਂ ਭਾਰਤ ਨੂੰ ਤਗਮੇ ਦੀ ਖਾਸੀ ਆਸ ਹੈ। ਇਸ ਤੋਂ ਇਲਾਵਾ ਭਾਰਤੀ ਨਿਸ਼ਾਨੇਬਾਜ਼ਾਂ ਤੋਂ ਵੀ ਤਗਮਿਆਂ ਦੀ ਚੰਗੀ ਉਮੀਦ ਹੈ, ਮਨੂੰ ਭਾਖਰ ਜੋ ਕਿ 10 ਮੀਟਰ ਏਅਰ ਪਿਸਟਲ ਵਿਚ ਆਲਮੀ ਪੱਧਰ 'ਤੇ ਜੇਤੂ ਰਹੀ ਸੀ, ਤੋਂ ਭਾਰਤੀ ਖਾਸੇ ਆਸਵੰਦ ਹਨ।
ਕੁਝ ਹੋਰ ਭਾਰਤੀ ਸ਼ੂਟਰ ਵੀ ਇਸ ਵਾਰ ਚੰਗਾ ਕਰ ਸਕਦੇ ਹਨ। ਕੁਸ਼ਤੀਆਂ ਵਿਚ ਵੀ ਵਿਨੇਸ਼ ਫੋਗਟ ਅਤੇ ਬਜਰੰਗ ਪੂਨੀਆ ਵਰਗੇ ਪਹਿਲਵਾਨ ਤਗਮੇ ਲਈ ਚੰਗੀ ਆਸ ਜਗਾ ਰਹੇ ਹਨ। ਜੇਕਰ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਟਰੈਕ ਐਂਡ ਫੀਲਡ 'ਤੇ ਨਜ਼ਰ ਮਾਰੀ ਜਾਵੇ ਤਾਂ ਹਿਮਾ ਦਾਸ ਅਤੇ ਨੀਰਜ ਚੋਪੜਾ ਵਰਗੇ ਅਥਲੀਟਾਂ ਨੇ ਭਾਰਤ ਲਈ ਇਕ ਚੰਗੀ ਉਮੀਦ ਜਗਾਈ ਹੈ, ਜਿਸ ਨਾਲ ਉਲੰਪਿਕ ਪੱਧਰ 'ਤੇ ਭਾਰਤੀ ਚੁਣੌਤੀ ਪੇਸ਼ ਹੋਵੇਗੀ। ਆਖਰ ਵਿਚ ਗੱਲ ਕਰਦੇ ਹਾਂ ਸਾਡੀ ਮਾਣਮੱਤੀ ਖੇਡ ਹਾਕੀ ਦੀ, ਜੋ ਕਿ ਪਿਛਲੇ ਕਾਫੀ ਅਰਸੇ ਤੋਂ ਪਛੜੀ ਹੋਈ ਸੀ ਪਰ ਹੁਣ ਸਮੇਂ ਨਾਲ ਆਪਣੀ ਲੈਅ ਮੁੜ ਪ੍ਰਾਪਤ ਕਰਦੀ ਜਾ ਰਹੀ ਹੈ ਅਤੇ ਇਸ ਵਾਰ ਤਗਮੇ ਦੀ ਤਕੜੀ ਦਾਅਵੇਦਾਰ ਦੇਖੀ ਜਾ ਰਹੀ ਹੈ। ਬੇਸ਼ੱਕ ਸਾਡੇ ਕੁਝ ਖਿਡਾਰੀ ਤਗਮਿਆਂ ਦੇ ਦਾਅਵੇਦਾਰ ਜ਼ਰੂਰ ਹਨ ਪਰ ਦੁਨੀਆ ਦੇ ਸਭ ਤੋਂ ਵੱਧ ਨੌਜਵਾਨਾਂ ਮੁਲਕ ਵਿਚੋਂ ਇੱਕਾ-ਦੁੱਕਾ ਤਗਮਿਆਂ ਦੀ ਉਮੀਦ ਲਾ ਕੇ ਬੈਠਣਾ ਸਾਡੇ ਖੇਡ ਸਿਸਟਮ 'ਤੇ ਤਕੜਾ ਸਵਾਲੀਆ ਚਿੰਨ੍ਹ ਹੈ।


-ਮੋਬਾ: 83605-64449

ਖੇਡ ਸਾਹਿਤ

ਕੁਸ਼ਤੀ ਦਾ ਪਹਿਲਵਾਨ ਮਹਾਂਬਲੀ ਕਰਤਾਰ ਸਿੰਘ (ਜੀਵਨੀ)
ਲੇਖਕ : ਰਜਿੰਦਰ ਸਿੰਘ
ਪ੍ਰਕਾਸ਼ਕ : ਸਾਂਈ ਆਰਟਸ ਐਂਡ ਪ੍ਰਿੰਟਰਜ਼ ਸੰਤੋਖਪੁਰਾ, ਜਲੰਧਰ
ਮੁੱਲ : 120 ਰੁਪਏ


ਵਿਸ਼ਵ ਵਿਚ ਪਹਿਲਵਾਨ ਕਰਤਾਰ ਸਿੰਘ ਦੀ ਕੁਸ਼ਤੀ ਦੇ ਖੇਤਰ ਵਿਚ ਇਕ ਵੱਖਰੀ ਪਛਾਣ ਹੈ ਤੇ ਲੇਖਕ ਰਜਿੰਦਰ ਸਿੰਘ ਵਲੋਂ ਕਰਤਾਰ ਸਿੰਘ ਦੀ ਜੀਵਨੀ 'ਤੇ ਲਿਖੀ ਗਈ ਪੁਸਤਕ 'ਕੁਸ਼ਤੀ ਦਾ ਮਹਾਂਬਲੀ ਪਹਿਲਵਾਨ' ਜੋ ਸਾਈਂ ਆਰਟਸ ਐਂਡ ਪ੍ਰਿੰਟਰਜ਼ ਸੰਤੋਖਪੁਰਾ ਜਲੰਧਰ ਤੋਂ ਛਪਾ ਕੇ ਖੇਡ ਪ੍ਰੇਮੀਆਂ ਨੂੰ ਭੇਟ ਕੀਤੀ ਗਈ ਹੈ ਤੇ ਇਸ ਪੁਸਤਕ ਦੀ ਕੀਮਤ 120 ਰੁਪਏ ਰੱਖੀ ਗਈ ਹੈ ਤੇ ਇਸ ਦੇ ਵਿਚ ਪਹਿਲਵਾਨ ਕਰਤਾਰ ਸਿੰਘ ਦੇ ਜੀਵਨ ਅਤੇ ਹਰ ਪੱਖ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਵਰਨਣ ਕੀਤਾ ਹੈ। ਪਹਿਲਵਾਨ ਕਰਤਾਰ ਸਿੰਘ ਇਕ ਸਫ਼ਲ ਉੱਚ ਕੋਟੀ ਦਾ ਖਿਡਾਰੀ, ਕੋਚ, ਪ੍ਰਬੰਧਕ ਤੇ ਪਹਿਲਵਾਨਾਂ ਦੇ ਮਸੀਹਾ ਦੇ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਵਿਉਂਤਵੱੱਧ ਤਰੀਕੇ ਨਾਲ ਇਸ ਦੇ ਵਿਚ ਛਾਪਿਆ ਗਿਆ ਹੈ। ਪਹਿਲਵਾਨਾਂ ਤੋਂ ਇਲਾਵਾ ਹਰ ਇਕ ਖਿਡਾਰੀ ਨੂੰ ਪਹਿਲਵਾਨ ਕਰਤਾਰ ਸਿੰਘ ਦੀ ਇਸ ਕਿਤਾਬ ਤੋਂ ਜੀਵਨ ਨੂੰ ਇਹ ਸੇਧ ਮਿਲੇਗੀ ਕਿ ਕਿਸ ਤਰ੍ਹਾਂ ਨਾਲ ਜ਼ਿੰਦਗੀ ਦੇ ਵਿਚ ਸੰਘਰਸ਼ ਕਰਕੇ ਖੇਡ ਖੇਤਰ ਦੇ ਵਿਚ ਵੱਡੇ ਮੁਕਾਮ 'ਤੇ ਪੁੱਜਿਆ ਜਾ ਸਕਦਾ ਹੈ ਤੇ ਖੇਡਾਂ ਦੇ ਖੇਤਰ ਵਿਚ ਕਿਵੇਂ ਕੁਸ਼ਤੀ ਦੀ ਸੇਵਾ ਕੀਤੀ ਜਾ ਸਕਦੀ ਹੈ। ਪਹਿਲਵਾਨ ਕਰਤਾਰ ਸਿੰਘ ਨੇ ਏਸ਼ੀਅਨ ਖੇਡਾਂ ਵਿਚ 1978, 1982, 1986 ਏਸ਼ੀਅਨ ਖੇਡਾਂ ਤੇ 1980, 1984 ਤੇ 1988 ਦੀਆਂ ਤਿੰਨ ਉਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਲਗਾਤਾਰ 13 ਸਾਲ ਤੋਂ ਵੱਧ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨ ਬਣਨ ਦਾ ਮਾਣ ਕੀਤਾ ਤੇ ਪੰਜਾਬ ਸਰਕਾਰ ਨੇ ਪਹਿਲਵਾਨ ਕਰਤਾਰ ਸਿੰਘ ਨੂੰ 1982 ਦੀਆਂ ਏਸ਼ੀਅਨ ਖੇਡਾਂ ਵਿਚੋਂ ਚੰਗੀ ਕਾਰਗੁਜ਼ਾਰੀ ਕਰਕੇ ਵਿਸ਼ੇਸ਼ ਤੌਰ 'ਤੇ ਮਾਰੂਤੀ ਕਾਰ ਦੇ ਨਾਲ ਸਨਮਾਨ ਕੀਤਾ ਸੀ ਤੇ ਇਸ ਤੋਂ ਬਾਅਦ ਇਨ੍ਹਾਂ ਦੀਆਂ ਸੇਵਾਵਾਂ ਬਤੌਰ ਖੇਡ ਡਾਇਰੈਕਟਰ ਵੀ ਸਫ਼ਲ ਰਹੀਆਂ ਤੇ ਇਨ੍ਹਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਜਨਰਲ ਸਕੱਤਰ ਵਜੋਂ ਜੋ ਸੇਵਾਵਾਂ ਨਿਭਾਈਆਂ ਉਸ ਨੂੰ ਸਦਾ ਯਾਦ ਕੀਤਾ ਜਾਵੇਗਾ। ਇਸ ਵਿਚ ਲੇਖਕ ਨੇ ਕਰਤਾਰ ਸਿੰਘ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਬਰੀਕੀ ਦੇ ਨਾਲ ਘੋਖ ਕੇ ਬਹੁਤ ਹੀ ਚੰਗੇ ਤਰੀਕੇ ਨਾਲ ਵਿਸਥਾਰ ਸਹਿਤ ਲਿਖ ਕੇ ਬਚਪਨ ਤੋਂ ਜਵਾਨੀ ਤੇ ਸੇਵਾ ਮੁਕਤੀ ਤੋਂ ਬਾਅਦ ਦੇ ਸੰਘਰਸ਼ ਨੂੰ ਵਰਨਣ ਕੀਤਾ ਹੈ ਕਿ ਕਿਵੇਂ ਕਰਤਾਰ ਸਿੰਘ ਨੂੰ ਪਿੰਡ ਸੁਰ ਸਿੰਘ ਤੋਂ ਕੁਸ਼ਤੀ ਦਾ ਸ਼ੌਕ ਪਿਆ ਤੇ ਕਿਵੇਂ ਹੌਲੀ-ਹੌਲੀ ਸਾਰੀਆਂ ਮੰਜ਼ਿਲਾਂ ਸਰ ਕੀਤੀਆਂ ਤੇ ਸਕੂਲ ਤੋਂ ਕਾਲਜ, ਪੰਜਾਬ ਪੱਧਰ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਕੁਸ਼ਤੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਪੰਜਾਬ ਪੁਲਿਸ ਦੇ ਵਿਚ ਆਈ.ਪੀ.ਐਸ. ਬਣਨ ਦਾ ਮਾਣ ਹਾਸਲ ਕੀਤਾ ਤੇ ਭਾਰਤ ਵਿਚ ਕੁਸ਼ਤੀ ਦੇ ਧਰੂ ਤਾਰੇ ਵਾਂਗੂ ਆਪਣੀ ਚਮਕ ਬਿਖੇਰੀ। ਅੱਜ ਵੀ ਪਹਿਲਵਾਨ ਕਰਤਾਰ ਸਿੰਘ ਪਹਿਲਵਾਨਾਂ ਦੀ ਸੇਵਾ ਵਿਚ ਰੁੱਝੇ ਹੋਏ ਹਨ ਤੇ ਦੇਸ਼ ਦੇ ਨਾਮੀ ਪਹਿਲਵਾਨਾਂ ਲਈ ਕੁਸ਼ਤੀ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਤੇ ਦੰਗਲ ਵੀ ਕਰਵਾ ਰਹੇ ਹਨ ਤੇ ਕੁਸ਼ਤੀ ਦੀ ਇਕ ਸਫ਼ਲ ਅਕੈਡਮੀ ਵੀ ਚਲਾ ਕੇ ਰਾਜ ਤੇ ਦੇਸ਼ ਦੇ ਪਹਿਲਵਾਨਾਂ ਨੂੰ ਕੁਸ਼ਤੀ ਦੇ ਖੇਤਰ ਵਿਚ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। ਲੇਖਕ ਰਜਿੰਦਰ ਸਿੰਘ ਨੇ ਜੋ ਕੁਸ਼ਤੀ ਦਾ ਮਹਾਂਬਲੀ ਪਹਿਲਵਾਨ ਕਰਤਾਰ ਸਿੰਘ ਪੁਸਤਕ ਖੇਡ ਪ੍ਰੇਮੀਆਂ ਦੇ ਰੁ-ਬਰੂ ਕੀਤੀ ਹੈ ਉਹ ਵਧਾਈ ਦੇ ਪਾਤਰ ਹਨ ਤੇ ਇਸ ਨਾਲ ਦੇਸ਼ ਦੇ ਖਿਡਾਰੀਆਂ ਵਿਚ ਇਕ ਨਵਾਂ ਜੋਸ਼ ਭਰੇਗੀ ਤੇ ਕਰਤਾਰ ਸਿੰਘ ਨੂੰ ਆਪਣਾ ਰੋਲ ਮਾਡਲ ਮੰਨ ਕੇ ਖੇਡ ਖੇਤਰ ਵਿਚ ਆਪਣੇ ਸਫ਼ਰ ਨੂੰ ਉਚਾਈਆਂ 'ਤੇ ਲੈ ਕੇ ਜਾਣ 'ਚ ਸਫ਼ਲ ਹੋਣਗੇ।


-ਜਤਿੰਦਰ ਸਾਬੀ
ਮੋਬਾਈਲ : 98729-78781

ਭਾਰਤੀ ਗੇਂਦਬਾਜ਼ੀ ਦਾ ਤਰਾਸ਼ਿਆ ਹੀਰਾ

ਜਸਪ੍ਰੀਤ ਭੁੰਮਰਾ

ਭਾਰਤੀ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਆਪਣੀ ਅਨੋਖੀ ਗੇਂਦਬਾਜ਼ੀ ਰਾਹੀਂ ਟੈਸਟ ਕ੍ਰਿਕਟ ਵਿਚ ਭਾਰਤ ਲਈ ਤੀਸਰੀ ਤੇ ਆਪਣੇ ਲਈ ਪਹਿਲੀ ਹੈਟ੍ਰਿਕ ਹਾਸਲ ਕਰਨ ਵਾਲਾ ਜਸਪ੍ਰੀਤ ਭੁੰਮਰਾਹ ਇਕ ਸੱਜੇ ਹੱਥ ਨਾਲ ਮੱਧਮ ਤੇਜ਼ਬਾਜ਼ ਗੇਂਦਬਾਜ਼ੀ ਕਰਨ ਵਾਲਾ ਨਵੀਆਂ ਸਿਖਰਾਂ ਛੋਹਣ ਵਾਲਾ ਇਤਿਹਾਸ ਰਚਣ ਵਾਲਾ ਬਣ ਗਿਆ ਹੈ।
ਭਾਰਤੀ ਕ੍ਰਿਕਟ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਹਰਭਜਨ ਸਿੰਘ ਅਤੇ ਇਰਫਾਨ ਪਠਾਨ ਨੇ ਇਹ ਮਾਣ ਭਾਰਤ ਨੂੰ ਦਿਵਾਇਆ ਹੈ। ਉਸ ਦੀ ਬਣਾਈ ਗਈ ਹੈਟ੍ਰਿਕ ਦਾ ਵਰਨਣ ਬਹੁਤ ਦਿਲਚਸਪ ਹੈ। ਉਸ ਨੇ ਨੌਵੇਂ ਓਵਰ ਵਿਚ ਪਹਿਲੀ ਗੇਂਦ ਵਿਚ ਦੁਨੀਆ ਦੇ ਮਹਾਨ ਬੱਲੇਬਾਜ਼ ਡਰੇਨ ਨੂੰ ਆਊਟ ਕੀਤਾ ਤੇ ਇਸ ਨੂੰ ਆਮ ਸਾਧਾਰਨ ਗੱਲ ਸਮਝੀ ਤੇ ਦੂਜੀ ਬਾਲ ਵਿਚ ਉਸ ਨੇ ਜਦੋਂ ਬਰੂਕਸ ਨੂੰ ਆਊਟ ਕੀਤਾ ਤਾਂ ਵੀ ਉਹ ਆਮ ਸਾਧਾਰਨ ਸਥਿਤੀ ਵਿਚ ਸੀ। ਤੀਸਰੀ ਗੇਂਦ ਵਿਚ ਭੁੰਮਰਾ ਨੇ ਚੇਜ਼ ਵੱਲ ਬਾਲ ਸੁੱਟੀ ਪਰ ਰੈਫਰੀ ਨੇ ਆਊਟ ਨਹੀਂ ਦਿੱਤਾ, ਪਰ ਜੋ ਹੋਣਾ ਸੀ, ਪਹਿਲਾਂ ਨਾ ਹੋਇਆ। ਫਿਰ ਕਪਤਾਨ ਕੋਹਲੀ ਦੇ ਮਨ ਵਿਚ ਰੀਵਿਊ ਲੈਣ ਦਾ ਮਨ ਹੋਇਆ ਤੇ ਇਹ ਭਾਰਤ ਦੇ ਹੱਕ ਵਿਚ ਗਿਆ ਤੇ ਇਸ ਤਰ੍ਹਾਂ ਭੁੰਮਰਾ ਦੇ ਹੈਟ੍ਰਿਕ ਦਾ ਇਤਿਹਾਸ ਸਿਰਜਿਆ ਗਿਆ।
ਭਾਰਤ ਦੇ ਕ੍ਰਿਕਟ ਪ੍ਰੇਮੀ ਇਸ ਗੱਲ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਕਿ ਅਜੇ 2016 ਵਿਚ ਇਸ ਖਿਡਾਰੀ ਨੇ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਹੈ ਤੇ ਇਸ ਸਮੇਂ ਉਹ ਦੁਨੀਆ ਦਾ ਇਕ ਲਾਸਾਨੀ ਗੇਂਦਬਾਜ਼ ਬਣ ਗਿਆ ਹੈ। ਇਸ ਤੋਂ ਵੱਧ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਉਸ ਨੇ ਕ੍ਰਿਕਟ ਦੀ ਹਰ ਵੰਨਗੀ ਟੀ-20, ਇਕ ਰੋਜ਼ਾ 50 ਓਵਰ ਵਾਲੇ ਤੇ ਹੁਣ ਟੈਸਟ ਮੈਚਾਂ ਵਿਚ ਆਪਣੀ ਖੇਡ ਦੀ ਨਿਆਰੀ ਛਾਪ ਛੱਡੀ ਹੈ। 6 ਦਸੰਬਰ, 1993 ਨੂੰ ਗੁਜਰਾਤ ਦੇ ਅਹਿਮਦਾਬਾਦ ਵਿਚ ਪਿਤਾ ਜਸਬੀਰ ਸਿੰਘ ਤੇ ਮਾਤਾ ਦਲਜੀਤ ਕੌਰ ਦੇ ਘਰ ਵਿਚ ਜਨਮਿਆ ਕੇਵਲ 25 ਸਾਲ 8 ਮਹੀਨੇ ਦਾ ਇਹ ਖਿਡਾਰੀ ਆਪਣੀ ਨਿਆਰੀ ਗੇਂਦਬਾਜ਼ੀ ਕਰਕੇ ਜਾਣਿਆ ਜਾਂਦਾ ਹੈ। ਪਾਰਖੂਆਂ ਅਨੁਸਾਰ ਇਹ ਟੀ-20 ਦੀ ਦੇਣ ਹੈ, ਜਿਸ ਕਰਕੇ ਪਾਰਖੂਆਂ ਦਾ ਧਿਆਨ ਉਸ ਵੱਲ ਖਿੱਚਿਆ ਗਿਆ ਹੈ। ਇਹ ਸੱਜੇ ਹੱਥ ਨਾਲ ਖੇਡਣ ਵਾਲਾ ਆਪਣੇ-ਆਪ ਵਿਚ ਇਕ ਅਜਿਹਾ ਖਿਡਾਰੀ ਬਣ ਗਿਆ ਹੈ ਕਿ ਇਸ ਦਾ ਪ੍ਰਦਰਸ਼ਨ ਦੁਨੀਆ ਦੇ ਇਕ ਹੋਰ ਨਾਮਵਰ ਖਿਡਾਰੀ ਸ੍ਰੀਲੰਕਾ ਦੇ ਮਲਿੰਗਾ ਨਾਲ ਮਿਲਦਾ-ਜੁਲਦਾ ਹੋਣ ਕਰਕੇ ਕੀਤਾ ਜਾਂਦਾ ਹੈ।
ਦੁਨੀਆ ਦਾ ਇਹ ਗੇਂਦਬਾਜ਼ ਜਿੰਨਾ ਗੇਂਦਬਾਜ਼ੀ ਵਿਚ ਪਰਵੀਣ ਹੈ, ਨਾਲ ਹੱਦ ਦਰਜੇ ਦਾ ਹਲੀਮ ਹੈ। ਆਪਣੀ ਇਸ ਕਾਮਯਾਬੀ ਦਾ ਸਿਹਰਾ ਵਿਰਾਟ ਦੇ ਸਿਰ ਬੰਨ੍ਹਾਉਂਦਾ ਹੋਇਆ ਇਹ ਗੱਲ ਬਹੁਤ ਹਲੀਮੀ ਨਾਲ ਕਹਿੰਦਾ ਹੈ ਕਿ ਚੇਂਜ਼ ਨੂੰ ਜਦੋਂ ਮੈਦਾਨੀ ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਉਸ ਸਮੇਂ ਵਿਰਾਟ ਕੋਹਲੀ ਨੇ ਇਕ ਇਤਿਹਾਸਕ ਰੀਵਿਊ ਮੰਗਿਆ, ਜਿਸ ਨਾਲ ਵੈਸਟ ਇੰਡੀਜ਼ ਦਾ ਖਿਡਾਰੀ ਆਊਟ ਦਿੱਤਾ ਗਿਆ, ਜੋ ਇਸ ਪ੍ਰਾਪਤੀ ਦੀ ਅਹਿਮ ਕੜੀ ਬਣਿਆ। ਇਨ੍ਹਾਂ ਦੋਵੇਂ ਗੇਂਦਬਾਜ਼ਾਂ 'ਤੇ ਕਈ ਵਾਰ ਤਿੱਖੇ ਪ੍ਰਤੀਕ੍ਰਮ ਵੀ ਹੋਏ ਹਨ ਪਰ ਆਖਰਕਾਰ ਇਨ੍ਹਾਂ ਦੀ ਗੇਂਦਬਾਜ਼ੀ ਨੂੰ ਸਵੀਕਾਰ ਕਰਨਾ ਪਿਆ ਹੈ।


-274-ਏ. ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX