ਤਾਜਾ ਖ਼ਬਰਾਂ


ਸੁਖਬੀਰ ਵੱਲੋਂ ਕੈਪਟਨ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  18 minutes ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਕਾਨਫਰੰਂਸਿੰਗ ਰਾਹੀ ਸਰਵ ਪਾਰਟੀ ਮੀਟਿੰਗ ਦੌਰਾਨ ਕੋਵਿਡ-19 ਦਾ ਮੁਕਾਬਲਾ ਕਰ ਲਈ ਮੁੱਖ ਮੰਤਰੀ...
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  27 minutes ago
ਪਠਾਨਕੋਟ, ਸੁਜਾਨਪੁਰ 8 ਅਪ੍ਰੈਲ (ਸੰਧੂ, ਜਗਦੀਪ ਸਿੰਘ) - ਸਿਹਤ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਦੀ ਜ਼ਿਲ੍ਹਾ ਪਠਾਨਕੋਟ ਦੀ ਰਿਪੋਰਟ ਅਨੁਸਾਰ ਬੁੱਧਵਾਰ ਸਾਮ ਤੱਕ ਕੋਰੋਨਾ ਟੈਸਟ ਲਈ ਕਰੀਬ 66 ਲੋਕਾਂ ਦੇ ਸੈਂਪਲ ਭੇਜੇ ਗਏ ਹਨ ਜਿਨ੍ਹਾਂ ਵਿਚ ਸਿਹਤ ਵਿਭਾਗ ਦੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਵੀ ਲੈ ਕੇ ਭੇਜੇ ਗਏ ਹਨ ਜੋ ਕਿ ਕੋਰੋਨਾ ਮ੍ਰਿਤਕ ਮਹਿਲਾ ਦੇ ਸਿਵਲ ਹਸਪਤਾਲ...
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  34 minutes ago
ਅੰਮ੍ਰਿਤਸਰ, 8 ਅਪ੍ਰੈਲ ( ਸੁਰਿੰਦਰਪਾਲ ਸਿੰਘ ਵਰਪਾਲ ) - ਇੰਸਟੀਚਿਊਟ ਫ਼ਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (ਆਈ.ਡੀ.ਈ.ਏ) ਨੇ ਕੋਵਿਡ-19 ਲਈ ਸਵੈ-ਮੁਲਾਂਕਣ ਟੂਲ ਕਿੱਟ ਲਾਂਚ ਕੀਤੀ ਹੈ। ਇਸ ਨੂੰ “psdm.gov.in” 'ਤੇ ਅੱਪਲੋਡ ਕੀਤਾ ਗਿਆ ਹੈ ਜਿੱਥੋਂ ਕੋਈ ਵੀ ਵਿਅਕਤੀ ਇਸ ਟੂਲ ਕਿੱਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਕਰ...
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  40 minutes ago
ਬਰਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ) - ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਖਾ ਰੋਡ ਬਰਨਾਲਾ ਦੀ ਕੋਰੋਨਾ ਵਾਇਰਸ ਪੀੜਤ ਔਰਤ ਦੇ ਸੰਪਰਕ...
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  44 minutes ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ) - ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕੋਰੋਨਾ, ਕੋਵਿਡ-19 ਦੀ ਮਹਾਂਮਾਰੀ ਨੂੰ ਫੈਲਣ...
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  52 minutes ago
ਅੰਮ੍ਰਿਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 2 ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਨਾਲ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ, ਜਿੱਥੇ ਵਾਇਰਸ...
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  58 minutes ago
ਚੰਡੀਗੜ੍ਹ, 8 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਤਾਲਾਬੰਦੀ ਤੋਂ ਹੌਲੀ ਹੌਲੀ ਬਾਹਰ ਕੱਢਣ ਦੇ ਤਰੀਕੇ ਲੱਭਣ ਲਈ ਜਲਦ ਹੀ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ। ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਂਸਿੰਗ ਦੌਰਾਨ ਉਨ੍ਹਾਂ ਉਦਯੋਗਪਤੀਆਂ ਨੂੰ ਇਸ ਮੁਸ਼ਕਲ ਘੜੀ ਵਿਚ ਨਾਜ਼ੁਕ ਮੁੱਦਿਆਂ ਤੇ ਚੁਨੌਤੀਆਂ...
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  about 1 hour ago
ਠੱਠੀ ਭਾਈ, 8 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਚ ਠਹਿਰੇ 13 ਮੁਸਲਿਮ ਆਗੂਆਂ 'ਚੋਂ ਕੋਰੋਨਾ ਵਾਇਰਸ ਦੇ ਚਾਰ ਮਾਮਲੇ ਪਾਜ਼ੀਟਿਵ ਆਉਣ ਤੋਂ ਬਾਅਦ ਅੱਜ ਡੀ ਆਈ ਜੀ ਫ਼ਿਰੋਜ਼ਪੁਰ ਰੇਂਜ ਆਈ ਪੀ ਐੱਸ ਹਰਦਿਆਲ ਸਿੰਘ ਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਪਿੰਡ ਸੁਖਾਨੰਦ ਵਿਖੇ...
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  about 1 hour ago
ਚੰਡੀਗੜ੍ਹ, 8 ਅਪ੍ਰੈਲ (ਹਰਕਵਲਜੀਤ ਸਿੰਘ) - ਪੰਜਾਬ ਸਰਕਾਰ ਵੱਲੋਂ ਅੱਜ ਇਨ੍ਹਾਂ ਖ਼ਬਰਾਂ ਨੂੰ ਰੱਦ ਕੀਤਾ ਗਿਆ ਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਕਰਫ਼ਿਊ 14 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਕੋਈ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਸਪਸ਼ਟ ਕੀਤਾ...
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  about 1 hour ago
ਨਵੀਂ ਦਿੱਲੀ, 8 ਅਪ੍ਰੈਲ - ਪ੍ਰਧਾਨ ਮੰਤਰੀ ਨੇ ਅੱਜ ਵੱਖ ਵੱਖ ਸਿਆਸੀ ਦਲਾਂ ਦੇ ਲੀਡਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਉੱਚੇ ਪਹਾੜ, ਨੀਵਾਂ ਦਿਲ

35-40 ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਉੱਤਰਾਖੰਡ ਦੇ ਰੁਦਰਪ੍ਰਯਾਗ ਸ਼ਹਿਰ ਜਾਣ ਦਾ ਮੌਕਾ ਮਿਲਿਆ। ਉਥੇ ਮੇਰੀ ਇਕ ਰਿਸ਼ਤੇਦਾਰ ਲੜਕੀ ਸਿਲਾਈ-ਕਢਾਈ ਦੀ ਸੰਸਥਾ ਚਲਾ ਰਹੀ ਸੀ। ਇਹ ਸ਼ਹਿਰ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਪੈਂਦਾ ਹੈ। ਉੱਚੇ-ਉੱਚੇ ਪਹਾੜਾਂ ਅਤੇ ਡੂੰਘੀਆਂ ਘਾਟੀਆਂ ਦਾ ਸਫ਼ਰ ਕਰਨ ਦਾ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ। ਸਵੇਰੇ ਰਿਸ਼ੀਕੇਸ਼ ਤੋਂ ਚਲ ਕੇ ਸ਼ਾਮ 5 ਵਜੇ ਦੇ ਕਰੀਬ ਮੈਂ ਰੁਦਰਪ੍ਰਯਾਗ ਪੁੱਜ ਗਿਆ। ਬੱਸ ਅੱਡੇ ਤੋਂ ਪਤਾ ਕਰ ਕੇ ਮੈਂ ਨਦੀ ਦਾ ਪੁਲ ਪਾਰ ਕੀਤਾ ਅਤੇ ਥੋੜ੍ਹੀ ਹੀ ਦੂਰੀ 'ਤੇ ਸਥਿਤ ਆਪਣੀ ਮੰਜ਼ਿਲ 'ਤੇ ਪੁੱਜ ਗਿਆ। ਇਹ ਇਕ ਦੋ ਛੱਤੀ ਇਮਾਰਤ ਸੀ, ਥੱਲੇ ਸਕੂਲ ਚਲਦਾ ਸੀ ਅਤੇ ਉੱਪਰ ਰਿਹਾਇਸ਼ ਦਾ ਪ੍ਰਬੰਧ ਸੀ। ਉੱਪਰ ਪਹਾੜੀ ਤਰਜ਼ ਦੇ ਢਾਲਵੀਂ ਛੱਤ ਵਾਲੇ ਕਮਰੇ ਵਿਚ ਮੇਰਾ ਰਹਿਣ ਦਾ ਪ੍ਰਬੰਧ ਕੀਤਾ ਗਿਆ। ਅਗਲੇ ਦਿਨ ਜਦ ਸਕੂਲ ਚਲ ਰਿਹਾ ਸੀ ਤਾਂ ਨਾਲ ਦੇ ਹੀ ਕਿਸੇ ਸ਼ਹਿਰ ਤੋਂ ਮੇਰੀ ਰਿਸ਼ਤੇਦਾਰ ਦੀ ਸਹੇਲੀ ਤਾਰਾ ਹਾਂਕੇ ਜੋ ਇਸੇ ਤਰ੍ਹਾਂ ਦਾ ਸਕੂਲ ਚਲਾ ਰਹੀ ਸੀ, ਉਸ ਨੂੰ ਮਿਲਣ ਆ ਗਈ। ਉਸ ਦੇ ਨਾਲ ਉਸ ਦੀ ਇਕ ਹੈਲਪਰ ਔਰਤ ਵੀ ਸੀ। ਉਸ ਦਾ ਨਾਂਅ ਮੈਨੂੰ ਯਾਦ ਨਹੀਂ ਜਾਂ ਸ਼ਾਇਦ ਮੈਂ ਪੁੱਛ ਹੀ ਨਹੀਂ ਸਕਿਆ। ਜਲ ਪਾਣੀ ਛਕ ਕੇ ਉਹ ਹੈਲਪਰ ਔਰਤ ਉੱਪਰ ਆ ਗਈ ਅਤੇ 'ਭਾਈ ਸਾਹਿਬ ਨਮਸਤੇ' ਕਹਿ ਕੇ ਮੇਰੇ ਬੈੱਡ 'ਤੇ ਮੇਰੇ ਨਾਲ ਹੀ ਬੈਠ ਗਈ। ਉਸ ਅਣਜਾਣ ਔਰਤ ਦਾ ਇਸ ਤਰ੍ਹਾਂ ਮੇਰੇ ਨਾਲ ਬੈਠਣਾ ਮੈਨੂੰ ਕੁਝ ਅਜੀਬ ਜਿਹਾ ਲੱਗਾ। ਖ਼ੈਰ ਉਸ ਗੋਰੀ-ਚਿੱਟੀ ਅਤੇ ਲੰਮੇ ਕੱਦ ਵਾਲੀ ਔਰਤ ਨੇ ਮੈਨੂੰ ਮੇਰੇ ਪੰਜਾਬ ਤੋਂ ਇਥੇ ਬਾਰੇ ਸਫ਼ਰ ਦੀ ਰਾਜ਼ੀ-ਖੁਸ਼ੀ ਪੁੱਛੀ ਅਤੇ ਫਿਰ ਆਪਣੇ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਉੁਹ ਇਹ ਕਹਿ ਕੇ ਥੱਲੇ ਚਲੀ ਗਈ, 'ਭਾਈ ਸਾਹਿਬ ਮੈਂ ਅਭੀ ਆਤੀ ਹੂੰ', ਕੁਝ ਮਿੰਟਾਂ ਬਾਅਦ ਫਿਰ ਵਾਪਸ ਆ ਗਈ। ਉਸ ਦੇ ਹੱਥਾਂ ਵਿਚ ਇਕ 10 ਰੁਪਏ ਦਾ ਨੋਟ ਸੀ। ਉਸ ਨੋਟ ਦੇ ਇਕ ਕੋਨੇ 'ਤੇ ਚਿੱਟੇ ਥਾਂ 'ਤੇ ਮਸਰਾਂ ਦੇ ਦਾਣੇ ਜਿੰਨਾ ਇਕ ਦਾਗ਼ ਸੀ। ਕਹਿਣ ਲੱਗੀ, 'ਭਾਈ ਸਾਹਿਬ ਸ਼ਾਮ ਕੋ ਬਾਜ਼ਾਰ ਜਾਏਂਗੇ, ਯੇ ਨੋਟ ਚੇਂਜ਼ ਕਰਵਾਨਾ ਹੈ ਨਹੀਂ ਤੋ ਕੁਝ ਖਰੀਦ ਲੇਂਗੈ। ਉਦੋਂ ਨੋਟ ਵੱਡੇ ਸਾਈਜ਼ ਦੇ ਹੁੰਦੇ ਸਨ। ਮੈਂ ਆਪਣੀ ਜੇਬ ਵਿਚੋਂ 10 ਰੁਪਏ ਦਾ ਨਵਾਂ ਨੋਟ ਉਸ ਨੂੰ ਦੇ ਦਿੱਤਾ ਅਤੇ ਉਸ ਦਾ ਆਪਣੀ ਜੇਬ ਵਿਚ ਪਾ ਲਿਆ, ਪਰ ਮੇਰੀ ਸਮਝ ਵਿਚ ਕੁਝ ਨਹੀਂ ਆਇਆ ਕੀ ਆਖਰ ਮਾਜਰਾ ਕੀ ਹੈ।'
ਨਵਾਂ ਨੋਟ ਸਾਂਭਦੀ ਹੋਈ ਕਹਿਣ ਲੱਗੀ, 'ਆਜ ਸ਼ਾਮ ਕੋ ਬਾਜ਼ਾਰ ਨਹੀਂ ਜਾਏਂਗੇ ਚਲੋ ਅਭੀ ਕਾਫੀ ਦਿਨ ਪੜਾ ਹੈ, ਨਦੀ ਕੇ ਸਾਥ-ਸਾਥ ਜਾ ਕੇ ਇਕ ਕੋਟੇਸ਼ਵਰ ਜਗ੍ਹਾ ਹੈ, ਮੈਂ ਵੁਹ ਆਪ ਕੋ ਦਿਖਾਤੀ ਹੂੰ।' ਅਸੀਂ ਦੋਵੇਂ ਹੀ ਇਕ ਪਗਡੰਡੀਨੁਮਾ ਰਸਤੇ 'ਤੇ ਚਲ ਪਏ। ਇਕ ਪਾਸੇ ਉੱਚੇ-ਉੱਚੇ ਪਹਾੜ ਦੂਜੇ ਪਾਸੇ ਬਹੁਤ ਡੂੰਘੀ ਨਦੀ ਤੇਜ਼ ਰਫਤਾਰ ਨਾਲ ਚਲ ਰਹੀ ਸੀ। ਕੋਟੇਸ਼ਵਰ ਪਹੁੰਚੇ, ਇਹ ਨਦੀ ਦੇ ਕਿਨਾਰੇ ਇਕ ਗੂਫ਼ਾਨੁਮਾ ਜਗ੍ਹਾ ਸੀ। ਜਿਸ ਵਿਚ ਨਦੀ ਦੀਆਂ ਛੱਲਾਂ ਦੇ ਛਿੱਟੇ ਉਸ ਹਨੇਰੀ ਗੁਫਾ ਨੂੰ ਗਿੱਲਾ ਕਰੀ ਰੱਖਦੇ ਹਨ। ਮੇਰਾ ਹੱਥ ਫੜ ਕੇ ਉਸ ਨੇ ਇਕ ਉਭਰੀ ਹੋਈ ਚੀਜ਼ 'ਤੇ ਰੱਖਿਆ ਜੋ ਕਾਲੇ ਪੱਥਰ ਵਿਚੋਂ ਨਿਕਲੀ ਇਕ ਚਿੱਟੇ ਰੰਗ ਦੀ ਪੱਥਰ ਵਰਗੀ ਚੀਜ਼ ਸੀ। ਕਹਿਣ ਲੱਗੀ, 'ਭਾਈ ਸਾਹਿਬ ਯੇਹ ਸ਼ਿਵਲਿੰਗ ਹੈ ਯਹਾਂ ਕੰਵਾਰੀ ਲੜਕੀਆਂ ਤੀਨ-ਤੀਨ ਪੱਤੋ ਵਾਲੀ ਇਕ ਸੌ ਪੱਤੀਆਂ ਲਾ ਕਰ ਇਸ ਕੀ ਪੂਜਾ ਕਰਤੀ ਹੈਂ। ਐਸੇ ਤਰੀਕੇ ਸੇ ਕੀ ਹੂਈ ਪੂਜਾ ਸੇ ਉਨ ਕੋ ਮਨਪਸੰਦ ਕਾ ਪਤੀ ਮਿਲਤਾ ਹੈ, ਜਿਸ ਸੇ ਵੁਹ ਬਹੁਤ ਸਾਰੇ ਪਿਆਰ ਕੀ ਆਸ਼ਾ ਕਰਤੀ ਹੈਂ।' ਕੋਟੇਸ਼ਵਰ ਤੋਂ ਵਾਪਸ ਮੁੜਦੇ ਸਮੇਂ ਕਾਫੀ ਹਨੇਰਾ ਹੋ ਚੁੱਕਾ ਸੀ। ਪਹਾੜਾਂ ਵਿਚ ਹਨੇਰਾ ਵੀ ਡਰਾਉਣਾ ਅਤੇ ਖੌਫ਼ਨਾਕ ਲਗਦਾ ਹੈ। ਥੋੜ੍ਹੀ ਦੂਰ ਜਾ ਕੇ ਉਸ ਨੇ ਮੈਨੂੰ ਪੁੱਛਿਆ, 'ਭਾਈ ਸਾਹਿਬ, ਆਪਕੀ ਸ਼ਾਦੀ ਹੋ ਚੁਕੀ ਹੈ ਜਾਂ ਕੰਵਾਰੇ ਹੋ?' 'ਜੀ ਸ਼ਾਦੀ ਹੋ ਚੁਕੀ ਹੈ' ਮੇਰਾ ਉੱਤਰ ਸੁਣ ਕੇ ਉਹ ਕਾਫੀ ਦੇਰ ਚੁੱਪ ਰਹੀ, ਹੁਣ ਮੈਨੂੰ ਉਸ ਦੇ ਹਾਵ-ਭਾਵਾਂ ਦੀ ਕੁਝ-ਕੁਝ ਸਮਝ ਪੈਣ ਲੱਗ ਪਈ ਸੀ, ਘਰ ਪਹੁੰਚ ਗਏ।
ਅਗਲੇ ਦਿਨ ਮੇਰਾ ਬਦਰੀਨਾਥ ਮੰਦਰ ਜਾਣ ਦਾ ਪ੍ਰੋਗਰਾਮ ਸੀ। ਸਵੇਰੇ ਉਠ ਕੇ ਨਾਸ਼ਤਾ ਕੀਤਾ ਅਤੇ ਸਫ਼ਰ 'ਤੇ ਚਲ ਪਿਆ। ਉਦੋਂ ਜੋਸ਼ੀ ਮੱਠ ਤੋਂ ਬਦਰੀ ਨਾਥ ਬੱਸ ਸਰਵਿਸ ਚਾਲੂ ਨਹੀਂ ਹੋਈ ਸੀ। ਪੈਦਲ ਹੀ ਜਾਣਾ ਪੈਂਦਾ ਸੀ। ਜਿਵੇਂ-ਜਿਵੇਂ ਅੱਗੇ ਵਧ ਰਿਹਾ ਸਾਂ ਪਹਾੜ ਉੱਚੇ ਤੋਂ ਉੱਚੇ ਹੋ ਰਹੇ ਸਨ। ਸਫ਼ਰ ਰੌਚਕ ਹੋਣ ਕਰਕੇ ਥਕਾਵਟ ਮਹਿਸੂਸ ਨਹੀਂ ਹੋ ਰਹੀ ਸੀ। ਰਸਤੇ ਵਿਚ ਪੈਦਲ ਆਉਂਦੇ ਹੋਏ ਮੈਨੂੰ ਮਾਲਵੇ ਇਲਾਕੇ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਮਿਲੇ। ਬੁਹਤੀ ਗਰਮ ਜੋਸ਼ੀ ਨਾਲ ਮਿਲੇ, ਉਹ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮੁੜ ਰਹੇ ਸਨ। ਉਨ੍ਹਾਂ ਮੈਨੂੰ ਕਿਹਾ ਕਿ ਤੁਸੀਂ ਹੁਣ ਸ੍ਰੀ ਹੇਮਕੁੰਟ ਸਾਹਿਬ ਦੇ ਬਹੁਤ ਨਜ਼ਦੀਕ ਆ ਗਏ ਹੋ। ਜ਼ਰੂਰ ਦਰਸ਼ਨ ਕਰ ਕੇ ਜਾਣਾ। ਉਨ੍ਹਾਂ ਮੈਨੂੰ ਇਕ ਆਗਿਆ ਪੱਤਰ ਦਿੱਤਾ ਤੇ ਕਿਹਾ ਕਿ ਇਹ ਦਿਖਾ ਕੇ ਗੋਬਿੰਦਘਾਟ ਤੋਂ ਸੱਜੇ ਪਾਸੇ ਪੁਲਿਸ ਚੌਕੀ ਨੂੰ ਕਹਿ ਕੇ ਨਦੀ ਪਾਰ ਕਰਕੇ ਚਲੇ ਜਾਣਾ। ਉਨ੍ਹਾਂ ਦੀ ਤਾਕੀਦ ਸੀ ਕਿ ਸ੍ਰੀ ਹੇਮਕੁੰਟ ਦੇ ਦਰਸ਼ਨ ਜ਼ਰੂਰ ਕਰ ਕੇ ਜਾਇਓ। ਪਰ ਮੈਂ ਜਦੋਂ ਉਹ ਪੇਪਰ ਦੇਖਿਆ ਤਾਂ ਇਹ ਤਹਿਸੀਲਦਾਰ ਜੋਸ਼ੀ ਮੱਠ ਦੀ ਮੋਹਰ ਹੇਠ ਜਾਰੀ ਹੋਇਆ ਆਗਿਆ ਪੱਤਰ ਸੀ। ਪ੍ਰਿੰਸੀਪਲ ਸਾਹਿਬ ਦੀ ਫੋਟੋ ਵੀ ਉੱਪਰ ਲੱਗੀ ਹੋਈ ਸੀ। ਉਪਰ 56-60 ਸਾਲ ਲਿਖੀ ਹੋਈ ਸੀ। ਮੈਂ ਇਸ ਪੱਤਰ 'ਤੇ ਜਾਣਾ ਮੁਨਾਸਿਬ ਨਾ ਸਮਝਿਆ। ਗੋਬਿੰਦ ਘਾਟ ਪਹੁੰਚ ਕੇ ਮੈਨੂੰ ਪਤਾ ਲੱਗਿਆ ਕਿ ਚੌਕੀ ਵਾਲਿਆਂ ਨੂੰ ਪੰਜ-ਦਸ ਰੁਪਏ ਦੇ ਦਿਓ, ਤਾਂ ਉਹ ਨਦੀ ਪਾਰ ਕਰਕੇ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਆਗਿਆ ਦੇ ਦਿੰਦੇ ਹਨ। ਪ੍ਰਦੇਸ਼ ਦਾ ਮਾਮਲਾ ਬੇਗਾਨੀ ਪੁਲਿਸ ਕਰਕੇ ਮੈਂ ਸ੍ਰੀ ਹੇਮਕੁੰਟ ਸਾਹਿਬ ਨਾ ਜਾ ਸਕਿਆ ਅਤੇ ਸਿੱਧਾ ਬਦਰੀ ਨਾਥ ਮੰਦਰ ਪੁੱਜ ਗਿਆ। ਉਥੇ ਰਾਤ ਰਹਿ ਕੇ ਵਾਪਸੀ ਵੇਲੇ ਮੈਨੂੰ ਇਕ ਫ਼ੌਜੀ ਟਰੱਕ ਮਿਲ ਗਿਆ, ਮੈਂ ਸ਼ਾਮ ਨੂੰ ਆਰਾਮ ਨਾਲ ਵਾਪਸ ਰੁਦਰਪ੍ਰਯਾਗ ਪੁੱਜ ਗਿਆ।
ਵਾਪਸੀ 'ਤੇ ਘਰ ਆ ਕੇ ਮੈਨੂੰ ਪਤਾ ਲੱਗਾ ਕਿ ਉਸ ਲੜਕੀ ਨੇ ਨਦੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮੈਨੂੰ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ। ਉਸ ਦੀ ਸੀਨੀਅਰ ਮੈਡਮ ਤਾਰਾ ਹਾਂਕੇ ਅਜੇ ਉਥੇ ਹੀ ਸੀ, ਉਸ ਨੇ ਦੱਸਿਆ ਕਿ ਇਸ ਲੜਕੀ ਦੀ ਸ਼ਾਦੀ ਹੋ ਚੁੱਕੀ ਸੀ ਅਤੇ ਇਸ ਦਾ ਪਤੀ ਯੂ.ਪੀ. ਦੇ ਕਿਸੇ ਸ਼ਹਿਰ ਵਿਚ ਨੌਕਰੀ ਕਰਦਾ ਸੀ ਤੇ ਕਦੇ-ਕਦੇ ਸਾਲ ਦੋ ਸਾਲੀਂ ਘਰ ਆਉਂਦਾ ਪਰ ਆਪਣੀ ਪਤਨੀ ਨੂੰ ਨਾਲ ਨਹੀਂ ਲੈ ਕੇ ਜਾਂਦਾ ਸੀ। ਸਹੁਰੇ ਘਰ 'ਚ ਵੀ ਉਸ ਨੂੰ ਤੰਗੀ-ਤੁਰਸ਼ੀ ਦੇ ਦਿਨ ਕੱਟਣੇ ਪੈਂਦੇ ਸਨ। ਰੰਗ ਰੂਪ ਦੀ ਸੁਨੱਖੀ ਹੋਣ ਕਾਰਨ ਉਸ ਨੂੰ ਆਂਢ-ਗੁਆਂਢ ਤੋਂ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਪਤੀ ਖਰਚਾ ਵੀ ਨਹੀਂ ਭੇਜਦਾ ਸੀ। ਇਸ ਲਈ ਸੁਸਰਾਲ ਵਾਲੇ ਵੀ ਉਸ ਲੜਕੀ ਨੂੰ ਆਪਣੇ ਉਪਰ ਬੋਝ ਹੀ ਸਮਝਦੇ ਸਨ। ਲੜਕੀ ਬੜੀ ਨੇਕ ਦਿਲ ਅਤੇ ਠੰਢੇ ਸੁਭਾਅ ਵਾਲੀ ਸੀ। ਉਸ ਨੂੰ ਸ਼ੱਕ ਸੀ ਕਿ ਸ਼ਾਇਦ ਉਸ ਦੇ ਪਤੀ ਨੇ ਕੰਮ ਵਾਲੇ ਥਾਂ 'ਤੇ ਕੋਈ ਔਰਤ ਰੱਖੀ ਹੋਵੇਗੀ ਜਾਂ ਉਸ ਨੇ ਉਥੇ ਹੋ ਸਕਦਾ ਹੈ ਕਿ ਵਿਆਹ ਵੀ ਕਰਵਾ ਲਿਆ ਹੋਵੇ।
ਇਕ ਦਿਨ ਉਸ ਨੇ ਫ਼ੈਸਲਾ ਕੀਤਾ ਕਿ ਹੁਣ ਜਦੋਂ ਵੀ ਉਸ ਦਾ ਪਤੀ ਆਇਆ ਤਾਂ ਉਹ ਉਸ ਦੇ ਨਾਲ ਹੀ ਚਲੀ ਜਾਵੇਗੀ। ਉਹ ਆਇਆ ਅਤੇ ਇਕ ਰਾਤ ਰਹਿ ਕੇ ਸਵੇਰੇ ਫਿਰ ਤਿਆਰ ਹੋ ਗਿਆ। ਉਸ ਦੀ ਪਤਨੀ ਬੱਸ ਅੱਡੇ ਤੱਕ ਉਸ ਦੇ ਨਾਲ ਗਈ ਅਤੇ ਨਾਲ ਜਾਣ ਲਈ ਜ਼ਿੱਦ ਕਰਨ ਲੱਗੀ ਪਰ ਪਤੀ ਤਾਂ ਬਿਲਕੁਲ ਉਸ ਨੂੰ ਨਾਲ ਲੈ ਜਾਣ ਲਈ ਤਿਆਰ ਨਹੀਂ ਸੀ। ਇਸ ਲਈ ਉਸ ਨੇ ਬੱਸ ਅੱਡੇ 'ਤੇ ਹੀ ਪਤਨੀ ਦੀ ਪਿਟਾਈ ਕਰ ਦਿੱਤੀ ਅਤੇ ਰੋਂਦੀ ਕੁਰਲਾਉਂਦੀ ਨੂੰ ਛੱਡ ਕੇ ਚਲਾ ਗਿਆ। ਪਿਛਲੇ ਕੁਝ ਸਮੇਂ ਤੋਂ ਉਸ ਨੇ ਤਾਰਾ ਦੇ ਸਕੂਲੇ ਹੈਲਪਰ ਦੀ ਨੌਕਰੀ ਕਰ ਲਈ। ਤਾਰਾ ਵੀ ਹੈਰਾਨ ਸੀ ਕਿ ਸਮਝ ਨਹੀਂ ਆਉਂਦੀ ਕਿ ਉਸ ਨੇ ਖ਼ੁਦਕੁਸ਼ੀ ਕਿਉਂ ਕੀਤੀ, ਮੈਨੂੰ ਇਹ ਰਾਮ ਕਹਾਣੀ ਸੁਣ ਕੇ ਅਹਿਸਾਸ ਹੋਇਆ ਕਿ ਸ਼ਾਇਦ ਮੇਰੇ ਕੋਲੋਂ ਕੋਈ ਗ਼ਲਤੀ ਹੋਈ ਹੈ।


-ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।
ਮੋਬਾਈਲ : 99157-31345.


ਖ਼ਬਰ ਸ਼ੇਅਰ ਕਰੋ

ਗ਼ਜ਼ਲ

* ਡਾ: ਸਰਬਜੀਤ ਕੌਰ ਸੰਧਾਵਾਲੀਆ *

ਕੀ ਲਿਖਾਂ ਤੇਰਾ ਪਤਾ ਤੇ ਕਿਸ ਜਗ੍ਹਾ ਦਾ ਨਾਂਅ ਲਿਖਾਂ,
ਕਿਹੜਿਆਂ ਹਰਫ਼ਾਂ 'ਚ ਤੈਨੂੰ ਕੀ ਲਿਖਾਂ ਕੀ ਨਾ ਲਿਖਾਂ।
ਸੂਰਜਾ ਵੇ ਲਿਖ ਦਿਆਂ ਸ਼ੁਰੂਆਤ ਵਿਚ ਜੇ ਨਾਂਅ ਤੇਰਾ,
ਅੰਤ ਵਿਚ ਆਪੇ ਨੂੰ ਤੇਰੀ ਧੁੱਪ ਹਾਂ ਜਾਂ ਛਾਂ ਲਿਖਾਂ।
ਇਸ਼ਕ ਤੇਰੇ ਵਿਚ ਭਿੱਜੇ ਮੌਸਮਾਂ ਦਾ ਦੌਰ ਹੈ,
ਨਾਮ ਤੇਰਾ ਬਾਰਿਸ਼ਾਂ ਵਿਚ ਕਿਸ ਤਰ੍ਹਾਂ ਕਿਸ ਥਾਂ ਲਿਖਾਂ।
ਲਿਖਣ ਲੱਗਿਆਂ ਹੀ ਸਿਆਹੀ ਹੰਝੂਆਂ ਨਾਲ ਵਹਿ ਗਈ,
ਅੱਖਰਾਂ ਨੂੰ ਚੜ੍ਹ ਗਿਆ ਸਾਹ ਦੱਸ ਹੁਣ ਕਿੱਦਾਂ ਲਿਖਾਂ।
ਉਂਜ ਤਾਂ ਤੂੰ ਜਾਣਦਾ ਹੈਂ ਧੜਕਣਾਂ ਦਾ ਹਾਲ ਵੀ,
ਤੂੰ ਹੀ ਦੱਸ ਕਿ ਜਜ਼ਬਿਆਂ ਦਾ ਤਰਜਮਾ ਕਿੱਦਾਂ ਲਿਖਾਂ।
ਸਾਰੀਆਂ ਨਾੜਾਂ 'ਚ ਤੇਰਾ ਧਿਆਨ ਤੇਰੀ ਯਾਦ ਹੈ,
ਕਿਸ ਤਰ੍ਹਾਂ ਭਿੱਜੀਆਂ ਸਵੇਰਾਂ ਕਿਸ ਤਰ੍ਹਾਂ ਸ਼ਾਮਾਂ ਲਿਖਾਂ।
ਪਿਆਰ ਤੇਰੇ ਨੇ ਸਿਖਾਇਆ ਸੂਲੀਆਂ ਤੇ ਥਿਰਕਣਾ,
ਕਿਸ ਤਰ੍ਹਾਂ ਸਰਸ਼ਾਰੀਆਂ ਤੇ ਕਿਸ ਤਰ੍ਹਾਂ ਹੂਕਾਂ ਲਿਖਾਂ।
ਨਾਮ ਤੇਰਾ ਲਿਖ ਦਿਆਂ ਜੇ ਟਹਿਕਦੇ ਫੁੱਲਾਂ ਦੇ ਨਾਲ,
ਕਿਸ ਤਰ੍ਹਾਂ ਮੈਂ ਨਾਮ ਤੇਰੇ ਰੂਹ ਦੀਆਂ ਮਹਿਕਾਂ ਲਿਖਾਂ।
ਹਰ ਅਦਾ ਖ਼ਾਮੋਸ਼ ਤੇਰੀ ਕਰ ਰਹੀ ਮਦਹੋਸ਼ ਹੈ,
ਕੀ ਕਰਾਂ ਇਜ਼ਹਾਰ ਤੇਰਾ ਕਿਸ ਤਰ੍ਹਾਂ ਰਮਜ਼ਾਂ ਲਿਖਾਂ।

ਤਿੰਨ ਰੁਬਾਈਆਂ ਕੋਰੋਨਾ ਦੇ ਨਾਂਅ

* ਜਸਵੰਤ ਸਿੰਘ ਸੇਖਵਾਂ *

ਹੈ ਦਿਨ ਜੇ ਢਲ ਰਿਹਾ ਲਗਦੈ ਤਾਂ ਮੁਕਣੀ ਰਾਤ ਵੀ ਆਖ਼ਿਰ।
ਇਹ 'ਨ੍ਹੇਰਾ ਸਿਮਟ ਕੇ ਰਹਿਣਾ ਚੜੂ ਪ੍ਰਭਾਤ ਵੀ ਆਖ਼ਿਰ।
ਮਹਾਂਮਾਰੀ ਨੇ ਮਰ ਜਾਣਾ ਤੇ ਮੌਲੂ ਜ਼ਿੰਦਗੀ ਫਿਰ ਤੋਂ,
ਹੈ ਚਲਣੀ 'ਸੇਖਵਾਂ' ਖ਼ੁਸ਼ੀਆਂ ਦੀ ਗੂੜ੍ਹੀ ਬਾਤ ਵੀ ਆਖ਼ਿਰ।

ਕੋਰੋਨਾ ਕਿੰਜ ਹੈ ਮਰਦਾ ਇਹ ਜਾਨਣ ਦੀ ਜ਼ਰੂਰਤ ਹੈ।
ਘਰੀਂ ਬੰਦ ਹੋ ਕੇ ਜ਼ਿੰਦਗੀ ਨੂੰ ਹੀ ਮਾਨਣ ਦੀ ਜ਼ਰੂਰਤ ਹੈ।
ਮਹਾਂਮਾਰੀ ਦੇ ਸੰਗ ਜੋ 'ਸੇਖਵਾਂ' ਪਏ ਜੂਝਦੇ ਯੋਧੇ,
ਉਨ੍ਹਾਂ ਦੇ ਲਈ ਦੁਆਵਾਂ ਦੇ ਹੀ ਚਾਨਣ ਦੀ ਜ਼ਰੂਰਤ ਹੈ।

ਗ਼ਜ਼ਬ ਦੇ ਝੁਲਦੇ ਝੱਖੜਾਂ ਨੂੰ ਤਾਂ ਰੁੱਖ ਵੀ ਝੁਕ ਕੇ ਸਹਿੰਦੇ ਨੇ।
ਉਡਾਰੀ ਭਰਨ ਨਾ ਪੰਛੀ ਕਿਤੇ ਲੁਕ ਛਿਪ ਕੇ ਬਹਿੰਦੇ ਨੇ।
ਸਮਾਂ ਕੁਝ 'ਸੇਖਵਾਂ' ਹਾਲੇ ਘਰਾਂ ਵਿਚ ਕੈਦ ਹੀ ਰਹੀਏ,
ਜੋ ਮੁਸ਼ਕਿਲ ਵਿਚ ਨਹੀਂ ਡੋਲੇ ਉਸੇ ਨੂੰ ਜੀਵਨ ਕਹਿੰਦੇ ਨੇ।


ਮੋਬਾਈਲ : 98184-89010

ਉਲੰਪਿਕ ਦਾ ਸੋਨ ਤਗਮਾ

ਸਵੇਰੇ ਜਦੋਂ ਮਾਨਸੀ ਪਾਰਕ ਕੋਲ ਦੀ ਲੰਘੀ ਤਾਂ ਉਸ ਨੇ ਦੇਖਿਆ ਕਿ ਪਾਰਕ ਵਿਚ ਚਾਂਦਨੀਆਂ ਕਨਾਤਾਂ ਲੱਗ ਰਹੀਆਂ ਹਨ। ਉਸ ਨੇ ਸੋਚਿਆ ਅੱਜ ਇਥੇ ਕੋਈ ਉਤਸਵ ਹੋਏਗਾ ਕਿਉਂਕਿ ਉਸ ਪਾਰਕ ਵਿਚ ਕਾਲੋਨੀ ਵਾਲਿਆਂ ਵਲੋਂ ਕੁਝ ਨਾ ਕੁਝ ਹੁੰਦਾ ਰਹਿੰਦਾ ਸੀ। ਕਦੇ ਸ਼ਾਦੀ, ਕਦੀ ਪਾਠ-ਪੂਜਾ ਤੇ ਕਦੀ ਕੋਈ ਪਾਰਟੀ। ਮਾਨਸੀ ਕਲਪਨਾ ਕਰਨ ਲੱਗੀ ਕਿ ਭਾਵੇਂ ਕੁਝ ਵੀ ਹੋਵੇ ਸ਼ਾਮ ਨੂੰ ਖਾਣਾ ਤਾਂ ਮਿਲੇਗਾ ਹੀ। ਉਸ ਨੇ ਰੱਬ ਅੱਗੇ ਬੇਨਤੀ ਕੀਤੀ ਕਿ ਅੱਜ ਉਸ ਦੀ ਬੋਰੀ ਜਲਦੀ ਭਰ ਜਾਵੇ ਤਾਂ ਕਿ ਉਹ ਜਲਦੀ ਵਿਹੀਲ ਹੋ ਕੇ ਇਥੇ ਆ ਸਕੇ। ਇਹ ਸੋਚਦਿਆਂ ਹਲਵਾ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਾ।
ਸ਼ਾਇਦ ਰੱਬ ਨੇ ਉਸ ਦੀ ਬੇਨਤੀ ਸੁਣ ਲਈ ਸੀ। ਉਸ ਦੀ ਬੋਰੀ ਦਿਨੇ ਹੀ ਰੱਦੀ ਕਾਗਜ਼ਾਂ ਨਾਲ ਭਰ ਗਈ ਸੀ। ਜਦੋਂ ਉਹ ਝੌਂਪੜੀ 'ਚ ਪਹੁੰਚੀ ਤਾਂ ਉਸ ਦੀ ਮਾਂ 'ਕੱਲੀ ਉਦਾਸ ਜਿਹੀ ਬੋਰੀ 'ਤੇ ਬੈਠੀ ਸੋਚ ਰਹੀ ਸੀ ਕਿ ਅੱਜ ਉਹ ਬਿਮਾਰੀ ਕਰਕੇ ਕੁਝ ਵੀ ਲਿਆ ਨਹੀਂ ਸਕੀ ਤੇ ਡੱਬੇ ਵਿਚ ਰਾਤ ਨੂੰ ਖਾਣਾ ਲਈ ਚਾਵਲ ਵੀ ਨਹੀਂ। ਮਾਨਸੀ ਨੇ ਨੇੜੇ ਹੋ ਕੇ ਮਾਂ ਨੂੰ ਦੱਸਿਆ ਕਿ ਪਾਰਕ ਵਿਚ ਅੱਜ ਕੋਈ ਉਤਸਵ ਹੈ। ਸਾਰੇ ਉਥੇ ਜਾ ਰਹੇ ਹਨ, ਤੂੰ ਵੀ ਉੱਠ ਕੇ ਮੇਰੇ ਨਾਲ ਚੱਲ। ਉਥੇ ਖਾਣ ਲਈ ਬਹੁਤ ਕੁਝ ਬਣ ਰਿਹਾ ਹੈ।
'ਆਪਾਂ ਨੂੰ ਉਥੇ ਵੜਨ ਕੌਣ ਦੇਵੇਗਾ, ਉੱਥੇ ਤਾਂ ਮੋਟੂ ਡੰਡਾ ਲੈ ਕੇ ਗੇਟ 'ਤੇ ਖੜ੍ਹਾ ਰਹਿੰਦਾ।'
'ਮਾਂ ਤੂੰ ਚੱਲ ਤਾਂ ਸਹੀ, ਅੱਜ ਹਲਵਾ ਖਾਣ ਨੂੰ ਬਹੁਤ ਦਿਲ ਕਰਦਾ', ਮਾਨਸੀ ਨੇ ਮਾਂ ਦਾ ਹੱਥ ਫੜ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਉਹ ਦੋਵੇਂ ਪਾਰਕ ਕੋਲ ਪਹੁੰਚੀਆਂ ਤਾਂ ਉਨ੍ਹਾਂ ਦੇ ਸਾਰੇ ਆਂਢੀ-ਗੁਆਂਢੀ ਉਥੇ ਝੁਰਮਟ ਪਾਈ ਬੈਠੇ ਸਨ। ਮੋਟੂ ਨੇ ਆਪਣਾ ਡੰਡਾ ਘੁਮਾਉਂਦਿਆਂ ਸਭ ਨੂੰ ਗੇਟ ਤੋਂ ਪਰ੍ਹੇ ਹੋ ਕੇ, ਚੁੱਪ ਕਰ ਕੇ ਬੈਠਣ ਨੂੰ ਕਿਹਾ। ਨਾਲ ਹੀ ਉਸ ਨੇ ਚਿਤਾਵਨੀ ਵੀ ਦੇ ਦਿੱਤੀ ਕਿ 'ਜੇ ਰੌਲਾ ਪਿਆ ਤਾਂ ਡੰਡੇ ਮਾਰ-ਮਾਰ ਕੇ ਭੁੱਖੇ ਹੀ ਤੋਰਾਂਗਾ', ਮੋਟੂ ਦਾ ਡੰਡਾ ਘੁੰਮਦਾ ਦੇਖ ਕੇ ਸਾਰੇ ਚੁੱਪ ਕਰ ਕੇ ਗੇਟੋਂ ਪਰਾਂ ਹੋ ਕੇ ਬੈਠ ਗਏ।
ਉਨ੍ਹਾਂ ਨੂੰ ਉਥੇ ਬੈਠਿਆਂ ਘੰਟਾ ਬੀਤ ਗਿਆ। ਚਾਨਣੀਆਂ ਹੇਠ ਡੀ.ਜੇ. ਕੰਨ ਪਾੜ ਆਵਾਜ਼ ਨਾਲ ਥਰਥਰਾ ਰਿਹਾ ਸੀ। ਲੋਕ ਸ਼ਰਾਬ ਦੇ ਨਸ਼ੇ ਵਿਚ ਕੁਝ ਝੂਮ ਰਹੇ ਸਨ ਤੇ ਕੁਝ ਦੁਲੱਤੀਆਂ ਅਤੇ ਚੀਕਾਂ ਮਾਰ ਰਹੇ ਸਨ। ਕੋਈ ਗੱਲ ਸੁਣ ਨਹੀਂ ਸੀ ਰਹੀ। ਕੁਝ ਲੋਕ ਜਿਨ੍ਹਾਂ ਨੇ ਦੂਰ ਜਾਣਾ ਸੀ, ਉਹ ਪਲੇਟਾਂ ਚੁੱਕੀ, ਖਾਣੇ ਦੀ ਮੇਜ਼ ਦੁਆਲੇ ਚੱਕਰ ਕੱਢਦੇ ਵਰਾਇਟੀ ਦੇਖ ਰਹੇ ਸਨ ਕਿ ਉਹ ਪਲੇਟ ਵਿਚ ਕੀ ਰੱਖਣ ਤੇ ਕੀ ਨਾ ਰੱਖਣ।
ਵੇਟਰ ਬਣਿਆ ਹੋਇਆ ਖਾਣਾ ਮਾਨਸੀ ਹੁਰਾਂ ਦੇ ਅੱਗੋਂ ਦੀ ਲੈ ਕੇ ਆਉਂਦੇ ਸਨ। ਜਦੋਂ ਵੀ ਕੋਈ ਲੰਘਦਾ ਉਹ ਸਾਰੇ ਰੌਲੀ ਪੌਣ ਲੱਗ ਜਾਂਦੇ ਕਿ ਸਾਨੂੰ ਥੋੜ੍ਹਾ ਦੇ ਦੇ ਬੱਚੇ ਭੁੱਖੇ ਹਨ। ਉਨ੍ਹਾਂ ਦੀ ਰੌਲੀ ਸੁਣ ਕੇ ਮੋਟੂ ਡੰਡਾ ਘੁਮਾਉਂਦਾ ਉਨ੍ਹਾਂ ਨੂੰ ਚੁੱਪ ਕਰਨ ਲਈ ਕਹਿੰਦਾ ਤੇ ਮਿੰਟ ਕੁ ਖੜੋ ਕੇ ਫਿਰ ਪਰ੍ਹਾਂ ਚਲੇ ਜਾਂਦਾ।
ਥੋੜ੍ਹੇ ਚਿਰ ਪਿਛੋਂ ਇਕ ਬਜ਼ੁਰਗ ਨੇ ਮੋਟੂ ਨੂੰ ਕਿਹਾ ਉਨ੍ਹਾਂ ਦੀ ਲਾਈਨ ਲੁਆ ਕੇ ਰੋਟੀ ਵਰਤਾ ਦੇਵੇ ਕਿਉਂਕਿ ਅੰਦਰਲਾ ਇਕੱਠ ਤਕਰੀਬਨ ਰੋਟੀ ਖਾ ਹਟਿਆ ਸੀ। ਇਸ ਕੰਮ ਲਈ ਬਜ਼ੁਰਗ ਨੇ ਅੰਦਰੋਂ ਦੋ ਮੁੰਡੇ ਵੀ ਭੇਜ ਦਿੱਤੇ ਸਨ। ਉਨ੍ਹਾਂ ਮੁੰਡਿਆਂ ਨੇ ਫਟਾਫਟ ਚਾਰ-ਚਾਰ ਪੰਜ-ਪੰਜ ਰੋਟੀਆਂ ਸਾਰਿਆਂ ਦੇ ਹੱਥਾਂ ਉੱਤੇ ਰੱਖੀਆਂ ਤੇ ਰੋਟੀਆਂ ਦੇ ਉੱਤੇ ਹੀ ਸਬਜ਼ੀ ਪਾ ਕੇ ਉਨ੍ਹਾਂ ਨੂੰ ਉਠਣ ਲਈ ਕਹਿ ਦਿੱਤਾ। ਇਸ ਦੇ ਨਾਲ ਹੀ ਮੋਟੂ ਨੇ ਡੰਡਾ ਘੁਮਾਉਣਾ ਸ਼ੁਰੂ ਕਰ ਦਿੱਤਾ। ਤਕਰੀਬਨ ਸਾਰਾ ਲਾਣਾ ਹੀ ਉਠ ਤੁਰਿਆ ਸੀ ਕਿਉਂਕਿ ਹਨੇਰਾ ਕਾਫੀ ਹੋ ਗਿਆ ਸੀ। ਪਰ ਮਾਨਸੀ ਨੇ ਉਠਦੀ-ਉਠਦੀ ਨੇ ਕਾਫੀ ਚਿਰ ਲਾ ਦਿੱਤਾ। ਅਸਲ ਵਿਚ ਉਸਦੀ ਨਜ਼ਰ ਅੰਦਰ ਪਏ ਮੂੰਗੀ ਦੇ ਹਲਵੇ ਉੱਤੇ ਸੀ। ਉਸ ਨੇ ਮੁੰਡਿਆਂ ਨੂੰ ਕਿਹਾ ਵੀ ਸੀ ਪਰ ਕਿਸੇ ਨੇ ਨਹੀਂ ਸੀ ਸੁਣਿਆ ਜਾਂ ਘੇਸਲ ਵੱਟ ਗਏ। ਮਾਨਸੀ ਨੇ ਦੇਖਿਆ ਮੋਟੂ ਉਥੇ ਹੈ ਨਹੀਂ ਅੰਦਰ ਵੀ ਦੋ-ਤਿੰਨ ਬੰਦੇ ਹੀ ਖਾਣੇ ਦੀ ਮੇਜ਼ ਕੋਲ ਸਨ। ਉਹ ਆਲਾ-ਦੁਆਲਾ ਦੇਖਦੀ ਸਿੱਧੀ ਹਲਵੇ ਦੀ ਟਰੇ ਕੋਲ ਗਈ ਤੇ ਜਲਦੀ ਦੇਣੀ ਇਕ ਪੇਪਰ ਪਲੇਟ ਚੁੱਕੀ ਤੇ ਦੋ ਕੜਛੀਆਂ ਹਲਵਾ ਪਾਇਆ ਤੇ ਗੇਟ ਵੱਲ ਨੂੰ ਹੋ ਗਈ। ਅਜੇ ਉਹ ਅੱਧ ਵਿਚਾਲੇ ਹੀ ਸੀ ਕਿ ਮੋਟੂ ਡੰਡਾ ਘੁਮਾਉਂਦਾ ਉਸ ਵੱਲ ਨੂੰ ਆਇਆ। ਮਾਨਸੀ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ। ਪਰ ਉਹਨੇ ਹਿੰਮਤ ਨਾਲ ਸ਼ੂਟ ਵੱਟ ਲਈ। ਗੇਟ ਕੋਲ ਜਾ ਕੇ ਮਾਨਸੀ ਨੇ ਪਿਛੇ ਦੇਖਿਆ, ਮੋਟੂ ਵੀ ਦੌੜਾ ਆ ਰਿਹਾ ਸੀ। ਮਾਨਸੀ ਨੇ ਵੀ ਆਪਣਾ ਸਾਰਾ ਜ਼ੋਰ ਲਾ ਦਿੱਤਾ ਤੇ ਗੇਟ ਲੰਘ ਗਈ। ਗੇਟ ਲੰਘ ਕੇ ਵੀ ਉਸ ਨੇ ਮਾਂ ਕੋਲ ਜਾ ਕੇ ਹੀ ਸਾਹ ਲਿਆ। ਉਸ ਨੇ ਪਿਛੇ ਮੁੜ ਕੇ ਦੇਖਿਆ ਮੋਟੂ ਗੇਟ ਕੋਲ ਹੀ ਹਫਿਆ ਖੜ੍ਹਾ ਸੀ। ਉਸ ਦਾ ਢਿੱਡ ਲੁਹਾਰ ਦੀ ਧੌਂਖਨੀ ਵਾਂਗੂੰ ਹੇਠਾਂ ਉੱਤੇ ਹੋ ਰਿਹਾ ਸੀ। ਬੇਸ਼ਕ ਮਾਨਸੀ ਵੀ ਸਾਹੋਸਾਹ ਹੋਈ ਸੀ ਪਰ ਉਸ ਦਾ ਹਲਵਾ ਸਹੀ ਸਲਾਮਤ ਉਸ ਦੇ ਹੱਥ ਵਿਚ ਸੀ। ਇਹ ਦੇਖ ਕੇ ਉਹ ਏਨੀ ਖ਼ੁਸ਼ ਹੋਈ ਜਿਵੇਂ ਕਿਸੇ ਉਲੰਪਿਕ ਦੌੜਾਕ ਨੇ ਉਲੰਪਿਕ ਦਾ ਸੋਨ ਤਗਮਾ ਜਿੱਤ ਲਿਆ ਹੋਵੇ।


-ਮੋਬਾਈਲ : 98762-09542.

ਗੁੱਸਾ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਗੁੱਸਾ ਆਉਣ ਨਾਲ ਬੰਦਾ ਦੰਦ ਪੀਸਦਾ ਹੈ। ਮਾਸ-ਪੇਸ਼ੀਆਂ ਮੀਚੀਆਂ ਜਾਂਦੀਆਂ ਹਨ। ਸਾਹ ਤੇਜ਼ ਹੋ ਜਾਂਦਾ ਹੈ ਅਤੇ ਦਿਲ ਦੀ ਧੜਕਣ ਵਧ ਜਾਂਦੀ ਹੈ।
* ਆਦਮੀ ਗੁੱਸੇ ਵਿਚ ਸਮੁੰਦਰ ਦੀ ਤਰ੍ਹਾਂ ਬਹਿਰਾ ਅਤੇ ਅੱਗ ਦੀ ਤਰ੍ਹਾਂ ਉਤਾਵਲਾ ਹੋ ਜਾਂਦਾ ਹੈ।
* ਗੁੱਸਾ ਸਮਝਦਾਰੀ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ ਅਤੇ ਅਕਲ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ।
* ਗੁੱਸਾ ਦਿਮਾਗ ਦਾ ਦੁਸ਼ਮਣ ਅਤੇ ਸਰੀਰ/ਸਿਹਤ ਦਾ ਸੱਤਿਆਨਾਸ ਕਰਦਾ ਹੈ।
* ਜਦੋਂ ਗੁੱਸਾ ਬਹੁਤ ਵੱਧ ਜਾਂਦਾ ਹੈ ਤਾਂ ਬੰਦੇ ਦੇ ਚੰਗੇ ਗੁਣ ਵੀ ਇਸ ਦੇ ਪਿਛੇ ਛੁਪ ਜਾਂਦੇ ਹਨ।
* ਪਰਿਵਾਰ ਵਿਚ ਗੁੱਸਾ ਹੀ ਬਹੁਤ ਸਾਰੀਆਂ ਲੜਾਈਆਂ ਦਾ ਕਾਰਨ ਹੁੰਦਾ ਹੈ।
* ਹਮੇਸ਼ਾ ਗੁੱਸੇ ਵਿਚ ਰਹਿਣਾ ਅਤੇ ਫਿਕਰਾਂ ਵਿਚ ਪਏ ਰਹਿਣਾ ਇਕ ਸਰਾਪ ਹੈ।
* ਗੁੱਸਾ ਇਕ ਨਸ਼ੇ ਵਾਂਗ ਹੈ। ਇਹ ਮਨੁੱਖ ਨੂੰ ਘਟਾਉਂਦਾ ਹੈ ਅਤੇ ਉਪਰੰਤ ਮਨੁੱਖ ਨੂੰ ਇਕ ਪਸ਼ੂ ਦੇ ਲੈਵਲ ਦੇ ਬਰਾਬਰ ਡੀਗਰੇਡ ਕਰ ਦਿੰਦਾ ਹੈ।
* ਹੰਕਾਰ ਮਨ ਨੂੰ ਖਾ ਜਾਂਦਾ ਹੈ, ਗੁੱਸਾ ਅਕਲ ਨੂੰ ਅਤੇ ਚਿੰਤਾ ਉਮਰ ਨੂੰ ਖਾ ਜਾਂਦੀ ਹੈ।
* ਗੁੱਸਾ ਇਕ ਅਜਿਹੀ ਚੀਜ਼ ਹੈ ਜੋ ਸਾਡੀ ਕੀਤੀ ਕਰਾਈ 'ਤੇ ਪਾਣੀ ਫੇਰ ਦਿੰਦਾ ਹੈ। ਇਸ ਲਈ ਇਸ ਨੂੰ ਪਿਆਰ, ਸਤਿਕਾਰ ਅਤੇ ਸਹਿਣਸ਼ੀਲਤਾ 'ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ।
* ਗੁੱਸਾ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ ਅਤੇ ਇਹ ਸ਼ਰੀਕੇਬਾਜ਼ੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
* ਉਹ ਮਨੁੱਖ ਸੱਚਮੁੱਚ ਹੀ ਬੁੱਧੀਮਾਨ ਹੁੰਦਾ ਹੈ, ਜਿਹੜਾ ਗੁੱਸੇ ਦੀ ਹਾਲਤ ਵਿਚ ਵੀ ਬੁਰੀ ਗਲ ਮੂੰਹੋਂ ਨਹੀਂ ਕੱਢਦਾ।
* ਵੱਡਿਆਂ ਦੇ ਬਰਾਬਰ ਬੋਲਣ ਨਾਲ, ਕਿਸੇ ਦੀ ਗੱਲ ਨੂੰ ਬਰਦਾਸ਼ਤ ਨਾ ਕਰਨਾ, ਗੁੱਸਾ/ਕਲੇਸ਼ ਪਾਉਣ ਨਾਲ ਘਰ ਦੀਆਂ ਨੀਹਾਂ ਕਮਜ਼ੋਰ ਹੁੰਦੀਆਂ ਹਨ।
* ਗੁੱਸੇ ਤੇ ਨਫ਼ਰਤ ਦਾ ਰਾਹ ਕਦੇ ਵੀ ਉੱਚੇ ਪਾਸੇ ਵੱਲ ਨਹੀਂ ਜਾਂਦਾ।
* ਗੁੱਸਾ ਦਿਮਾਗ਼ ਦੇ ਗਿਆਨ ਦੇ ਦੀਵੇ ਨੂੰ ਬੁਝਾ ਦਿੰਦਾ ਹੈ।
* ਕਰੋਧ ਦੀ ਅੱਗ ਵਿਚ ਗਿਆਨ ਤੇ ਅਕਲ ਸੜ ਕੇ ਨਸ਼ਟ ਹੋ ਜਾਂਦੀ ਹੈ।
* ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਹੀ ਭਸਮ ਕਰੇ। ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਵੀ ਸਾੜ ਕੇ ਸੁਆਹ ਕਰ ਸਕਦੀ ਹੈ।
* ਜ਼ਿਆਦਾ ਗੁੱਸੇ ਵਿਚ ਰਹਿਣ ਵਾਲੇ ਵਿਅਕਤੀ ਦੇ ਦੋਸਤ ਘੱਟ ਤੇ ਦੁਸ਼ਮਣ ਵੱਧ ਹੁੰਦੇ ਹਨ।
* ਗੁੱਸੇਖੋਰ ਵਿਅਕਤੀ ਅਸਲ ਵਿਚ ਆਪਣੇ ਨਾਲ ਵੀ ਗੁੱਸੇ ਰਹਿੰਦਾ ਹੈ।
* ਜੇਕਰ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾਂ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫ਼ੀ ਹਨ।
* ਗੁੱਸਾ ਤੁਹਾਨੂੰ ਛੋਟਾ ਬਣਾਉਂਦਾ ਹੈ, ਮੁਆਫ਼ੀ ਤੁਹਾਨੂੰ ਮਹਾਨ ਬਣਾਉਂਦੀ ਹੈ।
* ਜਦੋਂ ਗੁੱਸੇ ਦਾ ਤੂਫਾਨ ਆ ਕੇ ਲੰਘ ਜਾਂਦਾ ਹੈ ਤਾਂ ਪਿਛੇ ਸਿਰਫ਼ ਦੁੱਖ ਹੀ ਦੁੱਖ ਛੱਡ ਜਾਂਦਾ ਹੈ।
* ਗੁੱਸਾ ਜਿਸ 'ਤੇ ਕੀਤਾ ਜਾਂਦਾ ਹੈ, ਉਸ ਨੂੰ ਅੰਦਰ ਤੱਕ ਹਿਲਾ ਦਿੰਦਾ ਹੈ ਅਤੇ ਜੋ ਗੁੱਸਾ ਕਰਦਾ ਹੈ, ਉਹ ਵੀ ਹਿੱਲ ਜਾਂਦਾ ਹੈ।
* ਮਨੁੱਖ ਗੁੱਸੇ ਵਿਚ ਹੀ ਪਾਪ ਕਰਦਾ ਹੈ, ਪਿਆਰ ਵਿਚ ਕਦੇ ਪਾਪ ਨਹੀਂ ਹੁੰਦਾ। ਇਸ ਲਈ ਸਾਡੇ ਨਾਲ ਰਹਿਣ ਵਾਲਾ ਗੁੱਸਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ।
* ਸਿਆਣਿਆਂ ਦਾ ਕਥਨ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਦੀ ਅਕਲ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਉਹ ਇਸ ਗੁੱਸੇ ਵਿਚ ਅੰਨ੍ਹਾ ਹੋਇਆ ਕਈ ਵਾਰ ਅਜਿਹੇ ਕਦਮ ਚੁੱਕ ਲੈਂਦਾ ਹੈ, ਜਿਸ ਨਾਲ ਸਾਰੀ ਜ਼ਿੰਦਗੀ ਪਛਤਾਵੇ ਤੋਂ ਇਲਾਵਾ ਉਸ ਦੇ ਪੱਲੇ ਕੱਖ ਨਹੀਂ ਬਚਦਾ।
* ਗੁੱਸੇ 'ਚ ਆ ਕੇ ਵਿਅਕਤੀ ਜੋ ਵੀ ਕੰਮ ਕਰਦਾ ਹੈ, ਉਹ ਗ਼ਲਤ ਹੀ ਹੁੰਦਾ ਹੈ।
* ਗੁੱਸੇ ਵਿਚ ਮਨੁੱਖ ਆਪਣੇ ਜੀਵਨ ਵਿਚ ਬਹੁਤ ਨੁਕਸਾਨ ਕਰ ਲੈਂਦਾ ਹੈ।
* ਗੁੱਸਾ ਅਕਲ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ। ਸਮਾਜ ਵਿਚ ਜ਼ਿਆਦਾਤਰ ਅਪਰਾਧ ਤੇ ਕਤਲ ਗੁੱਸੇ ਕਾਰਨ ਹੀ ਹੁੰਦੇ ਹਨ।
* ਗੁੱਸਾ ਕਿਸੇ ਵੀ ਵਿਅਕਤੀ ਦਾ ਸੁਭਾਅ ਨਹੀਂ ਹੁੰਦਾ। ਗੁੱਸਾ ਕਰਨ ਵਾਲਾ ਆਪਣੀ ਹੀ ਸਿਹਤ ਨੂੰ ਵਿਗਾੜਦਾ ਹੈ, ਉਸ ਦੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ, ਉਸ ਨੂੰ ਕਬਜ਼ ਦੀ ਸ਼ਿਕਾਇਤ ਰਹਿ ਸਕਦੀ ਹੈ, ਉਸ ਨੂੰ ਭੁੱਖ ਵੀ ਘੱਟ ਲੱਗ ਸਕਦੀ ਹੈ।
* ਗੁੱਸੇ ਵਾਲਾ ਵਿਅਕਤੀ ਮਿੱਤਰਾਂ ਵਿਚ ਘ੍ਰਿਣਾ ਦਾ ਪਾਤਰ ਸਮਝਿਆ ਜਾਂਦਾ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਹੰਕਾਰੀ ਬੰਦੇ ਲਈ ਕੋਈ ਈਸ਼ਵਰ ਨਹੀਂ, ਈਰਖਾਲੂ ਦਾ ਕੋਈ ਗੁਆਂਢੀ ਨਹੀਂ ਤੇ ਗੁਸੈਲ ਦਾ ਕੋਈ ਮਿੱਤਰ ਨਹੀਂ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਵਿਅੰਗ

ਬੇਤੁਕੇ ਕਲਾਕਾਰਾਂ ਦਾ ਗੁੱਭ ਗੁਭਾਟ

ਬੇਤੁਕੇ ਗਾਇਕ ਤੇ ਗੀਤਕਾਰ ਸਰਕਾਰ ਦੇ ਆਪਹੁਦਰੇ ਫੈਸਲੇ ਤੋਂ ਅੰਤਾਂ ਦੇ ਦੁਖੀ ਹਨ। ਇਸ ਇਕ ਪਾਸੜ ਫ਼ੈਸਲੇ ਕਾਰਨ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਸੀ। ਸੰਵਿਧਾਨ ਵਲੋਂ ਮਿਲੇ ਆਜ਼ਾਦੀ ਦੇ ਅਧਿਕਾਰ ਨੂੰ ਖੋਹਿਆ ਜਾ ਰਿਹਾ ਸੀ। ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਊਲ-ਜਲੂਲ ਭੰਡੀ ਪ੍ਰਚਾਰ ਕਾਰਨ ਉਨ੍ਹਾਂ ਦਾ ਨਾਂਅ ਬੱਦੂ ਹੋ ਰਿਹਾ ਸੀ ਤੇ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਲੱਤ ਮਾਰੀ ਜਾ ਰਹੀ ਸੀ। ਅਖੇ, ਇਹੋ ਜਿਹੇ ਲੋਕ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਨ੍ਹਾਂ ਨੂੰ ਨਸ਼ੇ, ਹਥਿਆਰਾਂ, ਸ਼ਰਾਬ ਦੇ ਪ੍ਰਚਾਰ ਤੇ ਔਰਤਾਂ ਦਾ ਅਪਮਾਨ ਕਰਨ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ।
ਇਨ੍ਹਾਂ ਨਦੀਨਾਂ 'ਤੇ ਵੀ ਨਦੀਨਨਾਸ਼ਕ ਛਿੜਕਣ ਦੀ ਲੋੜ ਹੈ। ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਵਿਰੁੱਧ ਕੌਮੀ ਪੱਧਰ 'ਤੇ ਜੱਦੋ-ਜਹਿਦ ਕਰਨ ਦੀ ਲੋੜ ਹੈ। ਇਹ ਘਤਿੱਤੀ ਲੋਕ ਸਾਡੇ ਸੱਭਿਆਚਾਰ ਦੀ ਗ਼ਲਤ ਨੁਮਾਇੰਦਗੀ ਕਰਦੇ ਹਨ ਤੇ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਹਨ।
ਇਨ੍ਹਾਂ ਨੇ ਤਾਂ ਸਭ ਸੰਗ ਸ਼ਰਮ ਵੇਚ ਖਾਧੀ ਹੈ। ਹੁਣ ਸਾਡੇ ਸਬਰ ਦੀ ਇੰਤਹਾ ਹੋ ਗਈ ਹੈ। ਅਸੀਂ ਇਨ੍ਹਾਂ ਦੀ ਤਰਕਹੀਣ ਕਾਂਵਾਂਰੌਲੀ ਹੋਰ ਬਰਦਾਸ਼ਤ ਨਹੀਂ ਕਰਾਂਗੇ। ਇਹ ਜੰਗਲ ਦੀ ਅੱਗ ਵਾਂਗ ਫੈਲ ਰਹੀ ਲੱਚਰਤਾ ਖਤਮ ਕਰ ਕੇ ਹੀ ਸਾਹ ਲਵਾਂਗੇ। ਅਸੀਂ ਇਕ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਾਂਗੇ। ਲੱਚਰਤਾ ਤੇ ਹਿੰਸਾਤਮਕ ਰੁਝਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਾਂਗੇ, ਸੱਦ ਕੇ ਵੀ ਸਮਝਾਵਾਂਗੇ। ਜੇਕਰ ਇਨ੍ਹਾਂ ਨੇ ਫਿਰ ਵੀ ਕੋਝੀਆਂ ਹਰਕਤਾਂ ਤੋਂ ਗੁਰੇਜ਼ ਨਾ ਕੀਤਾ ਤਾਂ ਇਨ੍ਹਾਂ ਨਾਮਾਕੂਲਾਂ ਵਿਰੁੱਧ ਆਈ.ਪੀ.ਸੀ. ਦੀ ਫਲਾਣੀ-ਫਲਾਣੀ ਧਾਰਾ ਹੇਠ ਕੇਸ ਦਰਜ ਕਰਾਵਾਂਗੇ। ਜੇ ਫਿਰ ਵੀ ਨਾ ਹਟੇ ਤਾਂ...।
ਬੇਤੁਕੇ ਕਲਾਕਾਰ ਸਰਕਾਰ ਦੇ ਇਹੋ ਜਿਹੇ ਭੰਡੀ ਪ੍ਰਚਾਰ ਤੇ ਧਮਕੀਆਂ ਕਾਰਨ ਦੰਦ ਪੀਹ ਰਹੇ ਸਨ। ਉਹ ਰਹਿ-ਰਹਿ ਕੇ ਆਪਣੇ ਦੋਖੀਆਂ ਵਿਰੁੱਧ ਅਵਾ-ਤਵਾ ਬੋਲ ਕੇ ਦਿਲ ਦੀ ਭੜਾਸ ਕੱਢ ਰਹੇ ਸਨ। ਅਖੇ, ਇਹੋ ਜਿਹੇ ਕਲਾਕਾਰ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਹ ਸਿਰਫਿਰੇ ਬਿਮਾਰ ਮਾਨਸਿਕਤਾ ਤੋਂ ਪੀੜਤ ਹਨ। ਇਹ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਹਨ। ਲਓ, ਕਰ ਲਓ ਗੱਲ। ਅਖੇ, ਇਹ ਸੱਭਿਆਚਾਰ ਤੇ ਸਮਾਜ ਦੇ ਦੋਖੀ ਹਨ। ਇਨ੍ਹਾਂ ਨੂੰ ਨਸ਼ੇ, ਹਥਿਆਰਾਂ, ਸ਼ਰਾਬ ਦੇ ਪ੍ਰਚਾਰ ਤੇ ਔਰਤਾਂ ਦਾ ਅਪਮਾਨ ਕਰਨ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਬੱਲੇ ਉਏ ਬਹੁਤੇ ਸਿਆਣਿਓ। ਸਦਕੇ ਜਾਈਏ ਤੁਹਾਡੀ ਸੋਚ ਦੇ। ਤੁਸੀਂ ਕੋਈ ਜੁਆਕ ਤਾਂ ਨਹੀਂ ਬਈ ਰੋਟੀ ਨੂੰ ਚੋਚੀ ਕਹਿੰਦੇ ਓਂ। ਤੁਹਾਨੂੰ ਪਤਾ ਈ ਹੋਣੈ ਕਿ ਸਾਡੇ ਸੰਵਿਧਾਨ 'ਚ ਇਕ ਆਜ਼ਾਦੀ ਦੇ ਅਧਿਕਾਰ ਬਾਰੇ ਵੀ ਲਿਖਿਐ। ਸਾਨੂੰ ਦੇਸ਼ ਵਾਸੀਆਂ ਨੂੰ ਆਪਾ ਪ੍ਰਗਟਾਉਣ ਦੀ ਵੀ ਆਜ਼ਾਦੀ ਹੈ। ਅਸੀਂ ਭਾਸ਼ਨਾਂ ਤੇ ਗੀਤਾਂ ਰਾਹੀਂ ਦਿਲ ਦੇ ਵਲਵਲੇ ਬਾਹਰ ਕੱਢ ਸਕਦੇ ਹਾਂ। ਇਹ ਸਾਡਾ ਹੱਕ ਹੈ। ਇਸ ਅਧਿਕਾਰ 'ਤੇ ਰੋਕ ਲਾਉਣੀ ਤਾਂ ਸਾਡੇ ਦੇਸ਼ ਦੇ ਪਰਜਾਤੰਤਰਵਾਦੀ ਢਾਂਚੇ 'ਤੇ ਰੋਕ ਲਾਉਣ ਵਾਲੀ ਗੱਲ ਹੈ।
ਅਸੀਂ ਇਨ੍ਹਾਂ ਬੰਦਿਸ਼ਾਂ ਖਿਲਾਫ਼ ਯੂਨੀਅਨ ਬਣਾਵਾਂਗੇ। ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਵਾਂਗੇ। ਅਸੀਂ ਆਪਣੇ ਆਜ਼ਾਦੀ ਦੇ ਹੱਕ 'ਤੇ ਡਾਕਾ ਨਹੀਂ ਪੈਣ ਦਿਆਂਗੇ।
ਰਹੀ ਗੱਲ ਨਸ਼ਿਆਂ, ਹਥਿਆਰਾਂ, ਸ਼ਰਾਬ ਤੇ ਔਰਤਾਂ ਬਾਰੇ ਲਿਖਣ/ਗਾਉਣ ਦੀ। ਭਾਈ, ਐਵੇਂ ਨਾ ਖਿਦੋ ਵਾਂਗਰ ਬੁੜ੍ਹਕੀ ਜਾਓ। ਅਸੀਂ ਤਾਂ ਸਿਰਫ਼ ਸਮਾਜ ਦੀ ਅਜੋਕੀ ਤਸਵੀਰ ਹੀ ਪੇਸ਼ ਕਰਦੇ ਹਾਂ।
ਸਮਾਜ ਵਿਚ ਫੈਲ ਰਹੇ ਹਥਿਆਰਾਂ ਦੇ ਮਾਰੂ ਪ੍ਰਭਾਵਾਂ, ਵਹਿਸ਼ੀਅਤ ਤੇ ਨੈਤਿਕ ਗਿਰਾਵਟ ਬਾਰੇ ਦੱਸ ਕੇ ਤਾਂ ਅਸੀਂ ਸਗੋਂ ਜਨਤਾ ਜਨਾਰਦਨ ਨੂੰ ਇਨ੍ਹਾਂ ਬਾਰੇ ਚੇਤੰਨ ਕਰ ਰਹੇ ਹਾਂ। ਆਪ ਹੀ ਦੱਸੋ ਕਿ ਮਾੜਾ ਕਰ ਰਹੇ ਹਾਂ? ਤੁਹਾਨੂੰ ਯਾਦ ਹੋਣੈ ਅੱਜ ਤੋਂ ਅੱਧੀ ਸਦੀ ਪਹਿਲਾਂ ਬੰਦੂਕਾਂ, ਰਾਈਫਲਾਂ ਤੇ ਨਾਜਾਇਜ਼ ਕਬਜ਼ਿਆਂ ਦੀਆਂ ਕਿਧਰੇ ਕੋਈ ਗੱਲਾਂ ਨਹੀਂ ਸੀ ਹੁੰਦੀਆਂ।
ਉਦੋਂ ਸਾਡੇ ਜਿਹੇ ਗੀਤਕਾਰਾਂ ਨੇ ਸਮੇਂ ਦੀ ਨਬਜ਼ ਪਛਾਣਦਿਆਂ ਉਹੋ ਜਿਹੇ ਗੀਤ ਲਿਖ ਦਿੱਤੇ ਤੇ ਗਾਇਕਾਂ ਨੇ ਉਹੀ ਗੀਤ ਗਾ ਦਿੱਤੇ। ਉਦੋਂ ਡਾਂਗ ਪ੍ਰਮੁੱਖ ਹਥਿਆਰ ਸੀ, ਗੀਤਕਾਰਾਂ ਨੇ 'ਡਾਂਗ' 'ਤੇ ਗੀਤ ਲਿਖ ਦਿੱਤੇ। ਹੁਣ ਸਾਇੰਸ ਦੀਆਂ ਖੋਜਾਂ ਕਾਰਨ ਬੰਦੂਕਾਂ, ਰਫਲਾਂ ਤੇ ਸਟੇਨਗੰਨਾਂ ਆ ਗਈਆਂ ਹਨ ਤਾਂ ਅਸੀਂ ਇਨ੍ਹਾਂ ਹਥਿਆਰਾਂ 'ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਇਹਦੇ 'ਚ ਮਾੜਾ ਕੀ ਹੈ? ਕੀ ਇਕ ਕਵੀ, ਗੀਤਕਾਰ ਜਾਂ ਲੇਖਕ ਸਮਾਜ 'ਚ ਵਿਚਰਦਾ ਹੋਇਆ, ਉਸ ਦੀ ਵਰਤਮਾਨ ਤਸਵੀਰ ਪੇਸ਼ ਕਰਨ ਤੋਂ ਪਾਸਾ ਵੱਟ ਲਵੇ ਤੇ ਸਮਾਜ ਨੂੰ ਨਿਰੰਤਰ ਬਦਲ ਰਹੀਆਂ ਹਾਲਤਾਂ ਤੇ ਖਤਰਿਆਂ ਤੋਂ ਆਗਾਹ ਨਾ ਕਰੇ? ਕੀ ਇਹ ਸਮਾਜ ਪ੍ਰਤੀ ਕੁਤਾਹੀ ਨਹੀਂ ਹੋਵੇਗੀ? ਗੱਲ ਬਦਲਦੇ ਹਾਲਾਤ ਦੀ ਹੈ। ਇਸ ਸੰਦਰਭ 'ਚ ਗੀਤ ਲਿਖਣਾ ਤਾਂ ਜਾਗਰੂਕਤਾ ਫੈਲਾਉਣਾ ਹੈ। ਸਮਾਜ ਤੇ ਕੌਮ ਨੂੰ ਖਤਰਿਆਂ ਤੋਂ ਸੁਚੇਤ ਕਰਨਾ ਤਾਂ ਸੂਰਬੀਰਤਾ ਹੈ। ਸਾਡੇ 'ਤੇ ਦੋਸ਼ ਮੜ੍ਹਨ ਵਾਲਿਓ ਲੋਕੋ, ਆਪਣੀ ਸੌੜੀ ਸੋਚ ਨੂੰ ਬਦਲੋ, ਇਸ ਦਾ ਨਵੀਨੀਕਰਨ ਕਰਾਓ।
ਥੋਡੀ ਸੋਚ ਸਮੇਂ ਦੇ ਹਾਣ ਦੀ ਹੋ ਜਾਊ ਤਾਂ ਥੋਨੂੰ ਆਪੇ ਹੀ ਸਭ ਕੁਝ ਚੰਗਾ ਲੱਗਣ ਲੱਗ ਜਾਊ।
ਤੁਸੀਂ ਇਲਜ਼ਾਮ ਲਾਉਂਦੇ ਓ ਕਿ ਅਸੀਂ ਬੇਤੁਕੇ ਗੀਤ ਲਿਖਦੇ ਹਾਂ ਤੇ ਬੇਤੁਕੇ ਗੀਤ ਹੀ ਗਾਉਂਦੇ ਹਾਂ। ਬਹੁਤੀ ਮੀਣ-ਮੇਖ ਕੱਢਣ ਵਾਲਿਓ। ਜ਼ਰਾ ਕੰਨ ਕਰਿਓ ਸਾਡੀ ਗੱਲ ਵੱਲ। ਜਦੋਂ ਮਾਨਵਤਾ ਨਾਲ ਸਰਸ਼ਾਰ ਦਿਲਾਂ 'ਚੋਂ ਸੱਚੇ ਵਲਵਲੇ ਆਪ-ਮੁਹਾਰੇ ਬਾਹਰ ਆਉਂਦੇ ਆ ਤਾਂ ਉਦੋਂ ਸਾਨੂੰ ਤੁਹਾਡੀਆਂ ਇਹ ਪਿੰਗਲ, ਅਰੂਜ ਵਾਲੀਆਂ ਬੰਦਿਸ਼ਾਂ ਨਹੀਂ ਚੇਤੇ ਰਹਿੰਦੀਆਂ। ਜਿਵੇਂ ਧਰਤੀ ਮਾਂ ਦੀ ਗੋਦ 'ਚੋਂ ਆਪ-ਮੁਹਾਰੇ ਹੀ ਚਸ਼ਮਾ ਫੁੱਟ ਨਿਕਲਦਾ ਹੈ, ਉਵੇਂ ਹੀ ਸਾਡੇ ਗੀਤ ਆਪ ਮੁਹਾਰੇ ਫੁਟਦੇ ਹਨ। ਇਹ ਲੋਕਾਈ ਦੇ ਦਰਦਾਂ ਨਾਲ ਓਤ-ਪੋਤ ਗੀਤ ਸਭ ਬੰਦਿਸ਼ਾਂ ਤੋੜ ਦਿੰਦੇ ਹਨ। ਆਪਣੇ ਮਨ 'ਚ ਲਬਾਲਬ ਭਰੇ ਕਰੁਨਾਰਸ ਦੇ ਪ੍ਰਗਟਾਵੇ ਲਈ ਅਸੀਂ ਤੁਹਾਡੇ ਦੱਸੇ ਫਾਰਮੂਲਿਆਂ 'ਤੇ ਚੱਲਣ ਲਈ ਮਜਬੂਰ ਨਹੀਂ। ਜਨਤਾ ਦੇ ਦੁੱਖਾਂ ਦਾ ਪ੍ਰਗਟਾਵਾ ਕਰਨਾ ਹੀ ਸਾਡਾ ਨੈਤਿਕ ਫ਼ਰਜ਼ ਹੈ। ਇਹੀ ਸਾਡਾ ਮਿਸ਼ਨ ਹੈ। ਇਹੀ ਸਾਡੀ ਪ੍ਰਤੀਬੱਧਤਾ ਹੈ।
ਅਸੀਂ ਨਹੀਂ ਆਪਣੇ ਪਵਿੱਤਰ ਫ਼ਰਜ਼ ਤੋਂ ਕੋਤਾਹੀ ਕਰਨੀ। ਅਖੇ ਤੂੰ ਕੌਣ? ਮੈਂ ਖਾਹਮਖਾਹ।
ਅਖੇ : ਅਸੀਂ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਾਂਗੇ। ਇਨ੍ਹਾਂ ਵਿਰੁੱਧ ਕੇਸ ਦਰਜ ਕਰਾਵਾਂਗੇ। ਇਸ ਕਾਂਗਿਆਰੀ 'ਤੇ ਨਦੀਨਨਾਸ਼ਕ ਛਿੜਕਾਂਗੇ। ਅਸੀਂ ਕਹਿਨੇ ਆਂ ਨਦੀਨਨਾਸ਼ਕ ਕਾਹਨੂੰ ਛਿੜਕਣੈ ਸਿੱਧਾ ਫਾਂਸੀ ਹੀ ਟੰਗ ਦਿਓ। ਸਾਨੂੰ ਇਹ ਵੀ ਮਨਜ਼ੂਰ ਹੈ। ਐਦਾਂ ਕਰ ਕੇ ਤੁਸੀਂ ਕੋਈ ਨਵੀਂ ਪਿਰਤ ਨਹੀਂ ਪਾਉਣੀ। ਸੱਚ ਦਾ ਪੱਲਾ ਫੜਨ ਵਾਲਿਆਂ 'ਤੇ ਤਾਂ ਸ਼ੁਰੂ ਤੋਂ ਹੀ ਜੁਲਮੋ-ਸਿਤਮ ਹੁੰਦੇ ਆਏ ਆ। ਤੁਹਾਡੇ ਵਰਗਿਆਂ ਦੀ ਸਿਤਮਜ਼ਰੀਫੀ ਕਾਰਨ ਹੀ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ।
ਅਖੇ : ਇਹ ਬੇਤੁਕੇ ਲੋਕ ਸਮਾਜ ਦੇ ਦੋਖੀ ਆ। ਇਹ ਰਿਸ਼ਤਿਆਂ ਨੂੰ ਕਲੰਕਿਤ ਕਰਦੇ ਆ। ਔਰਤਾਂ ਦਾ ਅਪਮਾਨ ਕਰਦੇ ਆ। ਲਓ ਕਰ ਲਓ ਗੱਲ। ਪੁੱਛਣ ਆਲਾ ਹੋਵੇ ਬਈ ਥੋਡੇ ਸ਼੍ਰੋਮਣੀ ਗੀਤਕਾਰ ਨਹੀਂ ਔਰਤਾਂ ਤੇ ਗੀਤ ਲਿਖਦੇ। ਥੋਡੇ ਇਹੀ ਗੀਤ ਸ੍ਰੇਸ਼ਟ ਤੇ ਸਾਡੇ ਗੀਤ ਤੁਕਬੰਦੀ। ਥੋਡਾ ਕੁੱਤਾ ਟੌਮੀ ਤੇ ਸਾਡਾ ਕੁੱਤਾ ਕੁਤੀੜ੍ਹ। ਸਮਝ ਨਹੀਂ ਆਉਂਦੇ ਥੋਡੇ ਮਾਪਦੰਡ।
ਸਾਨੂੰ ਵੀ ਆਪਣਾ ਇਹ ਪੈਮਾਨਾ ਮੁਹੱਈਆ ਕਰਾ ਦਿਓ ਤਾਂ ਕਿ ਅਸੀਂ ਵੀ ਤੁਕਬੰਦੀ ਛੱਡ ਕੇ ਤੁਹਡੇ ਵਰਗੇ ਆਲ੍ਹਾ ਤੇ ਲਾਸਾਨੀ ਗੀਤ ਲਿਖ ਸਕੀਏ ਜਾਂ ਫਿਰ ਗਾ ਸਕੀਏ। ਸੁੰਦਰਤਾ, ਹਥਿਆਰਾਂ ਜਾਂ ਨਸ਼ੇ ਦੀਆਂ ਵਹਿਬਤਾਂ ਦਾ ਸਵੀਕਾਰਨਯੋਗ ਜ਼ਿਕਰ ਕਰਨ ਲਈ ਸਾਨੂੰ ਵੀ ਕੋਈ ਕੋਸ਼ ਉਪਲਬਧ ਕਰਵਾ ਦਿਓ।
ਵਰਜਿਤ ਅੱਖਰਾਂ ਦੀ ਡਿਕਸ਼ਨਰੀ ਛਪਵਾ ਦਿਓ, ਸੁੰਦਰਤਾ ਬਿਆਨ ਕਰਨ ਦੀਆਂ ਸੀਮਾਵਾਂ ਦੱਸ ਦਿਓ, ਵਲਵਲਿਆਂ ਨੂੰ ਪ੍ਰਗਟਾਉਣ ਦੀ ਹੱਦ 'ਤੇ ਚਾਨਣਾ ਪਾ ਦਿਓ, ਆਪਣੇ ਵਲੋਂ ਮਨਜ਼ੂਰਸ਼ੁਦਾ ਸਮਾਨ-ਅਰਥੀ ਸ਼ਬਦਾਂ ਦੀ ਸੂਚੀ ਘੱਲ ਦਿਓ, ਕਿਸੇ ਦੀ ਸਿਫ਼ਤ ਕਰਨ ਦੀਆਂ ਹੱਦਾਂ ਮਿੱਥ ਦਿਓ।
ਜਦ ਤੱਕ ਤੁਹਾਡਾ ਇਹ ਵਿਸ਼ਵਕੋਸ਼, ਹਿਦਾਇਤਨਾਮਾ ਲਿਖਾਰੀ ਨਹੀਂ ਛਪ ਜਾਂਦਾ।
ਉਦੋਂ ਤੱਕ ਤਾਂ ਸਾਥੋਂ ਨਸ਼ਿਆਂ ਨੂੰ ਬਤਾਊਂ ਤੇ ਹਥਿਆਰਾਂ ਨੂੰ ਖਰਬੂਜ਼ਾ ਕਹਿ ਨਹੀਂ ਹੋਣਾ। ਇਹੋ ਜਿਹਾ ਕੁਫ਼ਰ ਸਾਡੇ ਤੋਂ ਨਹੀਂ ਤੋਲ ਹੋਣਾ। ਇਹ ਸਾਡੀ ਫ਼ਿਤਰਤ ਹੀ ਨਹੀਂ।

ਵਾਰਡ ਨੰ: 28, ਮਕਾਨ ਨੰ: 582, ਮੋਗਾ (ਪੰਜਾਬ)। ਮੋਬਾਈਲ : 93573-61417.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX