ਤਾਜਾ ਖ਼ਬਰਾਂ


ਲੁਧਿਆਣਾ ਵਿਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ
. . .  14 minutes ago
ਲੁਧਿਆਣਾ, 7 ਜੂਨ (ਸਲੇਮਪੁਰੀ) - ਲੁਧਿਆਣਾ ਸਥਿਤ ਸੀ ਐੱਮ ਸੀ ਅਤੇ ਹਸਪਤਾਲ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਡਾਕਟਰ-ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਔਰਤ ਕਈ ਸਰੀਰਕ ਬਿਮਾਰੀਆਂ ਦੇ ਚੱਲਦਿਆਂ ਹਸਪਤਾਲ ਵਿਚ ਜੇਰੇ ਇਲਾਜ...
ਪਠਾਨਕੋਟ 'ਚ ਕੋਰੋਨਾ ਦੇ 2 ਹੋਰ ਮਾਮਲਿਆਂ ਦੀ ਪੁਸ਼ਟੀ
. . .  21 minutes ago
ਪਠਾਨਕੋਟ, 7 ਜੂਨ (ਆਰ. ਸਿੰਘ/ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਇੱਕ ਮਰੀਜ਼ ਮੀਰਪੁਰ ਕਲੋਨੀ ਤੇ ਦੂਜਾ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ...
ਨੌਜਵਾਨ ਦੀ ਕੁੱਟਮਾਰ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸੰਗਤ ਥਾਣੇ ਦੇ ਘਿਰਾਓ 'ਚ ਸ਼ਾਮਲ ਹੋਣਗੇ ਲੰਬੀ ਖੇਤ ਮਜ਼ਦੂਰ
. . .  38 minutes ago
ਕਪੂਰਥਲਾ ਦੇ ਪਿੰਡ ਮਾਇਓ ਪਟੀ ਦੇ ਚਾਰ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  44 minutes ago
ਕਪੂਰਥਲਾ, 7 ਜੂਨ (ਅਮਰਜੀਤ ਸਿੰਘ ਸਡਾਨਾ)- ਫਗਵਾੜਾ(ਕਪੂਰਥਲਾ) ਨਾਲ ਸੰਬੰਧਿਤ ਪਿੰਡ ਮਾਇਓ ਪਟੀ ਵਿਖੇ ਚਾਰ ਵਿਅਕਤੀਆਂ ਦੀ ਕੋਰੋਨਾ ...
ਮੁਹਾਲੀ ਅੰਦਰ ਦੋ ਹੋਰ ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  51 minutes ago
ਐੱਸ.ਏ.ਐੱਸ. ਨਗਰ, 7 ਜੂਨ (ਕੇ.ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ ਅੱਜ ਦੋ ਹੋਰ ਨਵੇਂ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ...
ਹਲਕਾ ਸ਼ੁਤਰਾਣਾ(ਪਟਿਆਲਾ) 'ਚ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  55 minutes ago
ਸ਼ੁਤਰਾਣਾ, 7 ਜੂਨ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਇਕ ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ...
ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਦਿੱਲੀ ਵਾਸੀਆਂ ਦਾ ਹੀ ਹੋਵੇਗਾ ਇਲਾਜ : ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 7 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ...
ਕੱਲ੍ਹ ਤੋਂ ਦਿੱਲੀ 'ਚ ਖੁੱਲ੍ਹਣਗੇ ਮਾਲ, ਰੈਸਟੋਰੈਂਟ ਅਤੇ ਸਾਰੇ ਧਾਰਮਿਕ ਸਥਾਨ : ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 7 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕੱਲ੍ਹ ਤੋਂ ਮਾਲ, ਰੈਸਟੋਰੈਂਟ...
ਜ਼ਿਲ੍ਹਾ ਪਠਾਨਕੋਟ 'ਚ 136 ਵਿਅਕਤੀਆਂ ਦੇ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 1 hour ago
ਪਠਾਨਕੋਟ, 7 ਜੂਨ (ਸੰਧੂ) - ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵੱਖ-ਵੱਖ ਖੇਤਰਾਂ ...
ਕੇਜਰੀਵਾਲ ਸਰਕਾਰ ਵੱਲੋਂ ਕੱਲ੍ਹ ਤੋ ਦਿੱਲੀ ਸਰਹੱਦ ਖੋਲ੍ਹਣ ਦਾ ਐਲਾਨ
. . .  about 1 hour ago
ਨਵੀਂ ਦਿੱਲੀ, 7 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਤੋਂ ਦਿੱਲੀ ਬਾਰਡਰ ਖੋਲ੍ਹਣ ਦਾ ਐਲਾਨ ...
ਮੋਗਾ ਵਿਖੇ 'ਆਪ' ਨੂੰ ਝਟਕਾ, ਯੂਥ ਆਗੂ ਸੈਂਕੜੇ ਵਰਕਰਾਂ ਸਮੇਤ ਅਕਾਲੀ ਦਲ 'ਚ ਸ਼ਾਮਲ
. . .  about 2 hours ago
ਮੋਗਾ, 7 ਜੂਨ (ਗੁਰਤੇਜ ਬੱਬੀ)- ਜ਼ਿਲ੍ਹਾ ਮੋਗਾ 'ਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦ ਆਮ ਆਦਮੀ ਪਾਰਟੀ...
ਆਦਮਪੁਰ-ਦਿੱਲੀ ਸਪਾਈਸ ਜੈੱਟ ਦੀ ਉਡਾਣ 30 ਜੂਨ ਤੱਕ ਰੱਦ
. . .  about 2 hours ago
(ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਾਰੀਆਂ ਉਡਾਣਾਂ ਰੱਦ ਹੋ ਗਈਆਂ ...
ਐੱਸ.ਡੀ.ਐੱਸ.ਐਮ ਜੱਜ ਸਮੇਤ ਸਮੂਹ ਸਟਾਫ਼ ਦੇ ਪੁਲਿਸ ਕਰਮੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 2 hours ago
ਭੁੱਲਥ(ਕਪੂਰਥਲਾ), 7 ਜੂਨ (ਸੁਖਜਿੰਦਰ ਸਿੰਘ ਮੁਲਤਾਨੀ)- ਬੀਤੇ ਦਿਨ ਇਕ ਥਾਣੇਦਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸਮੁੱਚੇ...
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੂਅਲ ਰੈਲੀ ਦਾ ਆਰ.ਜੇ.ਡੀ ਨੇ ਕੀਤਾ ਵਿਰੋਧ
. . .  about 2 hours ago
ਪਟਨਾ, 7 ਜੂਨ- ਬਿਹਾਰ ਦੀ ਰਾਜਧਾਨੀ ਪਟਨਾ 'ਚ ਆਰ.ਜੇ.ਡੀ ਨੇਤਾ ਤੇਜੱਸਵੀ ਯਾਦਵ, ਰਾਬੜੀ ਦੇਵੀ ਅਤੇ ਤੇਜ ਪ੍ਰਤਾਪ ਯਾਦਵ ...
ਲੇਹ 'ਚ ਫਸੇ 115 ਮਜ਼ਦੂਰਾਂ ਨੂੰ ਏਅਰਲਿਫਟ ਕਰਨ ਦੀ ਕੀਤੀ ਜਾ ਰਹੀ ਹੈ ਤਿਆਰੀ
. . .  about 2 hours ago
ਰਾਂਚੀ, 7 ਜੂਨ- ਝਾਰ ਖੰਡ ਦੇ ਸੀ.ਐਮ.ਓ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਝਾਰਖੰਡ ਸਰਕਾਰ ਅੱਜ ਤੋਂ ਲੇਹ ਤੋਂ ਦੂਸਰਾ...
ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ ਨੂੰ ਲੁੱਟਿਆ
. . .  about 3 hours ago
ਛੇਹਰਟਾ, 7 ਜੂਨ (ਸੁਰਿੰਦਰ ਸਿੰਘ ਵਿਰਦੀ)- ਥਾਣਾ ਛੇਹਰਟਾ ਦੇ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਵਿਖੇ ਸਥਿਤ ਪੰਜਾਬ ਨੈਸ਼ਨਲ...
ਦੁਵੱਲੇ ਸੰਬੰਧਾਂ ਦੇ ਸਰਵਪੱਖੀ ਵਿਕਾਸ ਲਈ ਭਾਰਤ-ਚੀਨ ਸਰਹੱਦੀ ਖੇਤਰਾਂ 'ਚ ਸ਼ਾਂਤੀ ਜ਼ਰੂਰੀ
. . .  about 2 hours ago
ਨਵੀਂ ਦਿੱਲੀ, 7 ਜੂਨ - ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋਵੇਂ ਪੱਖ ਸਰਹੱਦੀ ਖੇਤਰਾਂ ..
ਫ਼ਰੀਦਕੋਟ 'ਚ ਕੋਰੋਨਾ ਦੇ ਤਿੰਨ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਪੁਰਬਾ)- ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ 'ਚ ਕੋਰੋਨਾ ਦੇ ਤਿੰਨ ਹੋਰ ਮਰੀਜ਼...
ਇਕਾਂਤਵਾਸ ਕੇਂਦਰ 'ਚ ਠਹਿਰਾਈ ਵਿਦੇਸ਼ੋਂ ਪਰਤੀ ਔਰਤ ਦੀ 50 ਹਜ਼ਾਰ ਰੁਪਏ ਦੀ ਚੋਰੀ
. . .  about 3 hours ago
ਬਟਾਲਾ, 7 ਜੂਨ( ਕਾਹਲੋਂ)- ਸਥਾਨਕ ਬੱਸ ਸਟੈਂਡ ਨਜ਼ਦੀਕ ਬਣਾਏ ਰੈਣ ਬਸੇਰੇ ਇਕਾਂਤਵਾਸ ਕੇਂਦਰ 'ਚ ਦੋਹਾ ਕਤਰ ਤੋਂ ਆਈ ਔਰਤ ...
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 9971 ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 7 ਜੂਨ- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ...
ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ 'ਚ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  about 4 hours ago
ਬਠਿੰਡਾ, 7 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਨਾਲ ਸਬੰਧਿਤ ਇੱਕ ਵਿਅਕਤੀ ਦੀ ਕੋਰੋਨਾ...
ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  about 4 hours ago
ਚੰਡੀਗੜ੍ਹ, 7 ਜੂਨ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ...
ਸ਼ੋਪੀਆ 'ਚ ਸੁੱਰਖਿਆ ਬਲਾ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ
. . .  about 5 hours ago
ਸ੍ਰੀਨਗਰ, 7 ਜੂਨ- ਜੰਮੂ-ਕਸ਼ਮੀਰ 'ਚ ਸ਼ੋਪੀਆ ਜ਼ਿਲ੍ਹੇ ਦੇ ਰੇਬੇਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ..
ਕੋਰੋਨਾ ਨੇ ਦਿੱਲੀ ਪੁਲਿਸ ਦੇ ਇਕ ਹੋਰ ਮੁਲਾਜ਼ਮ ਦੀ ਲਈ ਜਾਨ
. . .  about 5 hours ago
ਨਵੀਂ ਦਿੱਲੀ, 7 ਜੂਨ- ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ...
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਗੇ ਵਰਚੂਅਲ ਰੈਲੀ
. . .  about 6 hours ago
ਪਟਨਾ, 7 ਜੂਨ- ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਵਿਧਾਨ ਸਭਾ ਦੇ ਲਈ ਵਰਚੂਅਲ ਰੈਲੀ ਕਰਨਗੇ। ਜਾਣਕਾਰੀ ਦੇ ਅਨੁਸਾਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਵਿਰਾਸਤੀ ਤੇ ਰਿਆਸਤੀ ਸ਼ਹਿਰ ਫ਼ਰੀਦਕੋਟ ਦੀ ਇਤਿਹਾਸਕ ਗਾਥਾ

ਫ਼ਰੀਦਕੋਟ ਸ਼ਹਿਰ ਦਾ ਪਹਿਲਾ ਨਾਂਅ 'ਮੋਕਲਹਰ' ਸੀ। ਇਹ ਸ਼ਹਿਰ ਦਰਿਆ ਸਤਲੁਜ ਦੇ ਕੰਢੇ ਨੇੜੇ ਛੋਟੇ ਜਿਹੇ ਕਸਬੇ ਦੇ ਰੂਪ 'ਚ ਵਸਿਆ ਹੋਇਆ ਸੀ। ਇਸ ਕਸਬੇ 'ਤੇ ਭੱਟੀ ਰਾਜਪੂਤ ਰਾਜੇ 'ਮੋਕਲ' ਦਾ ਰਾਜ ਸੀ। ਮੋਕਲਹਰ ਨਾਂਅ ਦੇ ਇਸ ਕਸਬੇ ਵਿਚ ਰਾਜੇ ਨੇ ਸ਼ਹਿਰ ਦੀ ਸੁਰੱਖਿਆ ਲਈ ਇਕ ਗੜ੍ਹੀ ਦਰਿਆ ਦੇ ਕੰਢੇ 'ਤੇ ਬਣਾਈ ਸੀ ਕਿਉਂਕਿ ਇਸ ਸ਼ਹਿਰ ਨੂੰ ਬਾਹਰਲੇ ਲੁਟੇਰੇ ਲੁੱਟ ਕੇ ਲੈ ਜਾਂਦੇ ਸਨ। ਸੁਰੱਖਿਆ ਪੱਖੋਂ ਗੜ੍ਹੀ ਨੂੰ ਹੋਰ ਮਜ਼ਬੂਤ ਕਰਨ ਲਈ ਗੜ੍ਹੀ ਦੀ ਬਾਹਰਲੀ ਕੰਧ ਨੂੰ ਹੋਰ ਉੱਚਾ ਕੀਤਾ ਜਾ ਰਿਹਾ ਸੀ ਜਿਸ ਵਾਸਤੇ ਰਾਜੇ ਵਲੋਂ ਲੋਕਾਂ ਤੋਂ ਵਗਾਰ ਦੇ ਰੂਪ 'ਚ ਇੱਟਾਂ ਅਤੇ ਗਾਰਾ ਢੋਣ ਦਾ ਕੰਮ ਲਿਆ ਜਾ ਰਿਹਾ ਸੀ। ਸਬੱਬ ਨਾਲ ਬਾਬਾ ਫ਼ਰੀਦ ਜੀ ਦਿੱਲੀ ਤੋਂ ਪਾਕ ਪਟਨ ਨੂੰ ਜਾਂਦੇ ਸਮੇਂ ਇਸ ਸ਼ਹਿਰ ਦੇ ਨਜ਼ਦੀਕ ਇਕ ਥਾਂ 'ਤੇ ਰੁਕੇ ਹੋਏ ਸਨ। ਉਹ ਆਪਣਾ ਖਾਣ-ਪੀਣ ਦਾ ਪ੍ਰਬੰਧ ਕਰਨ ਲਈ ਸ਼ਹਿਰ ਵੱਲ ਚਲੇ ਗਏ। ਉਹ ਆਪਣੇ ਨਾਲ ਆਪਣੇ ਮੁਰਸ਼ਦ ਬੁਖਤਿਆਰ ਕਾਕੀ ਵਲੋਂ ਬਖ਼ਸ਼ਿਸ਼ ਕੀਤੀ ਗੋਦੜੀ ਜਿਸ ਨੂੰ ਉਹ ਹਮੇਸ਼ਾ ਅੰਗ ਸੰਗ ਰੱਖਦੇ ਸਨ, ਉਸ ਸੁੰਨਸਾਨ ਥਾਂ 'ਤੇ ਬੇਰੀ ਦੇ ਦਰੱਖਤ ਉੁੱਤੇ ਟੰਗ ਆਏ। ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਰਾਜੇ ਦੇ ਸਿਪਾਹੀਆਂ ਨੇ ਬਾਬਾ ਜੀ ਨੂੰ ਵਗਾਰ ਲਈ ਫੜ ਲਿਆ ਅਤੇ ਇੱਟਾਂ, ਗਾਰਾ ਢੋਣ ਦੇ ਕੰਮ 'ਤੇ ਲਾ ਦਿੱਤਾ। ਜਦੋਂ ਰਾਜੇ ਨੂੰ ਇਸ ਗੱਲ ਦਾ ਚਾਨਣ ਹੋਇਆ ਕਿ ਇਹ ਮਹਾਨ ਪੁਰਸ਼ ਤਾਂ ਬਾਬਾ ਫ਼ਰੀਦ ਜੀ ਹਨ, ਕਿਉਂਕਿ ਬਾਬਾ ਜੀ ਦਾ ਨਾਂਅ ਉੱਤਰੀ ਭਾਰਤ ਵਿਚ ਪ੍ਰਸਿੱਧ ਹੋ ਚੁੱਕਾ ਸੀ, ਆਪਣੀ ਗ਼ਲਤੀ ਨੂੰ ਬਖਸ਼ਾਉਣ ਲਈ ਰਾਜਾ ਬਾਬਾ ਫ਼ਰੀਦ ਜੀ ਤੋਂ ਗ਼ਲਤੀ ਦੀ ਮੁਆਫ਼ੀ ਮੰਗਣ ਲੱਗਾ। ਰਾਜੇ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਇਸ ਸ਼ਹਿਰ ਨੂੰ ਵਧਣ ਫੁੱਲਣ ਦਾ ਅਸ਼ੀਰਵਾਦ ਦਿਉ। ਰਾਜੇ ਨੇ ਸ਼ਰਧਾਵਾਨ ਹੁੰਦਿਆਂ ਇਸ ਸ਼ਹਿਰ ਦਾ ਨਾਂਅ ਬਾਬਾ ਫ਼ਰੀਦ ਜੀ ਦੇ ਨਾਂਅ 'ਫ਼ਰੀਦਕੋਟ' ਰੱਖ ਦਿੱਤਾ। ਇਹ ਵਾਕਿਆ ਬਾਰਵੀਂ ਸਦੀ ਦਾ ਦੱਸਿਆ ਜਾਂਦਾ ਹੈ। ਜਿਸ ਸਥਾਨ 'ਤੇ ਬਾਬਾ ਫਰੀਦ ਜੀ ਨੇ ਤਪ ਕੀਤਾ, ਉਸ ਅਸਥਾਨ 'ਤੇ ਹੁਣ ਗੁਰਦੁਆਰਾ ਗੋਦੜੀ ਸਾਹਿਬ ਅਤੇ ਜਿੱਥੋਂ ਬਾਬਾ ਜੀ ਗਾਰੇ ਦੀ ਟੋਕਰੀ ਚੁੱਕ ਕੇ ਗੜ੍ਹੀ ਤੱਕ ਲੈ ਜਾਂਦੇ ਸਨ, ਉਸ ਅਸਥਾਨ 'ਤੇ ਗੁਰਦਆਰਾ ਟਿੱਲਾ ਬਾਬਾ ਫ਼ਰੀਦ ਸੁਸ਼ੋਭਿਤ ਹੈ।
ਫ਼ਰੀਦਕੋਟ 'ਤੇ ਸਿੱਖ ਰਾਜਿਆਂ ਦਾ ਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਇਲਾਕੇ ਵਿਚ ਖਿਦਰਾਣੇ ਦੀ ਢਾਬ ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦੀ ਜੰਗ ਲੜਨ ਤੋਂ ਬਾਅਦ ਕੋਟਕਪੂਰੇ ਦੇ ਰਾਜਾ ਕਪੂਰ ਸਿੰਘ ਦੀ ਮੌਤ ਤੋਂ ਪਿੱਛੋਂ ਉਸ ਦੀ ਅੰਸ਼-ਵੰਸ਼ ਵਿਚੋਂ ਸਰਦਾਰ ਹਮੀਰ ਸਿੰਘ ਦੇ ਕਿਲ੍ਹੇ ਵਿਚ ਆ ਕੇ ਵੱਸ ਜਾਣ ਤੋਂ ਹੋਇਆ। ਮਹਾਰਾਜਾ ਹਮੀਰ ਸਿੰਘ ਨੂੰ ਸਮੁੱਚੇ ਬਰਾੜ ਭਾਈਚਾਰੇ ਨੇ ਆਪਣਾ ਆਗੂ ਮੰਨਿਆਂ ਅਤੇ ਰਾਜਧਾਨੀ ਕੋਟਕਪੂਰਾ ਨੂੰ ਬਦਲ ਕੇ ਫ਼ਰੀਦਕੋਟ ਲੈ ਆਂਦਾ। ਅੱਜ ਜੋ ਇੱਥੇ ਮੌਜੂਦਾ ਕਿਲ੍ਹਾ ਹੈ,ਉਸਦਾ ਨਿਰਮਾਣ ਮਹਾਰਾਜਾ ਹਮੀਰ ਸਿੰਘ ਨੇ 1732 ਈਸਵੀ 'ਚ ਕਰਵਾਇਆ ਸੀ। ਇਹ ਕਿਲ੍ਹਾ 14 ਏਕੜ ਵਿਚ ਬਣਿਆਂ ਹੋਇਆ ਹੈ। ਮਹਾਰਾਜਾ ਹਮੀਰ ਸਿੰਘ ਸੰਨ 1782 ਵਿਚ ਸਵਰਗਵਾਸ ਹੋ ਗਏ। ਇਸ ਤੋਂ ਬਾਅਦ ਮਹਾਰਾਜਾ ਮੋਹਰ ਸਿੰਘ ਗੱਦੀ 'ਤੇ ਬੈਠੇ ਤੇ 1798 ਵਿਚ ਉਹ ਚਲਾਣਾ ਕਰ ਗਏ। ਇਸ ਤੋਂ ਬਾਅਦ ਰਾਜ ਪ੍ਰਬੰਧ ਮਹਾਰਾਜਾ ਚੜ੍ਹਤ ਸਿੰਘ ਨੇ ਸੰਭਾਲਿਆ। ਉਨ੍ਹਾਂ ਤੋਂ ਬਾਅਦ 1804 'ਚ ਮਹਾਰਾਜਾ ਗੁਲਾਬ ਸਿੰਘ ਸੱਤ ਸਾਲ ਦੀ ਉਮਰ 'ਚ ਸ਼ਾਸ਼ਕ ਬਣੇ। 1806 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਮੋਹਕਮ ਚੰਦ ਨੇ ਵੀ ਫ਼ਰੀਦਕੋਟ ਰਿਆਸਤ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਮਹਾਰਾਜਾ ਗੁਲਾਬ ਸਿੰਘ ਵਲੋਂ ਸਖਤ ਟੱਕਰ ਮਿਲਣ 'ਤੇ ਉਹ ਕਾਮਯਾਬ ਨਾ ਹੋ ਸਕਿਆ ਤੇ ਬੇਰੰਗ ਵਾਪਸ ਪਰਤ ਗਿਆ। ਮਹਾਰਾਜਾ ਗੁਲਾਬ ਸਿੰਘ ਦਾ ਆਪਣੇ ਸੂਹੀਆਂ ਹੱਥੋਂ ਕਤਲ ਹੋ ਜਾਣ ਤੋਂ ਬਾਅਦ ਸੰਨ 1826 ਵਿਚ ਮਹਾਰਾਜਾ ਗੁਲਾਬ ਸਿੰਘ ਦੇ ਟਿੱਕਾ ਅਤਰ ਸਿੰਘ ਨੂੰ ਪੰਜ ਸਾਲ ਦੀ ਉਮਰ ਵਿਚ ਰਾਜ ਗੱਦੀ ਮਿਲੀ। 1827 ਵਿਚ ਹੀ ਮਹਾਰਾਜਾ ਅਤਰ ਸਿੰਘ ਦੀ ਮੌਤ ਹੋ ਗਈ। ਫਿਰ ਮਹਾਰਾਜਾ ਗੁਲਾਬ ਸਿੰਘ ਦੇ ਭਰਾ ਕੰਵਰ ਪਹਾੜ ਸਿੰਘ ਨੂੰ ਸੰਨ 1827 ਨੂੰ ਰਾਜ ਸਿੰਘਾਸਨ 'ਤੇ ਬਿਠਾਇਆ ਗਿਆ। ਮਹਾਰਾਜਾ ਪਹਾੜ ਸਿੰਘ ਜਿਸ ਨੂੰ 'ਪਹਾੜਾ ਸਿੰਘ' ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ, ਚੰਗੇ ਨੀਤੀਵਾਨ ਸ਼ਾਸਕ ਸਨ। ਉਨ੍ਹਾਂ ਨੇ ਇਸ ਰੇਤਲੇ ਤੇ ਬੀਆਬਾਨ ਇਲਾਕੇ 'ਚ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਇਕ ਨਹਿਰ ਧਰਮਕੋਟ ਨੇੜਿਉਂ ਸਤਲੁਜ ਦਰਿਆ ਵਿਚੋਂ ਕੱਢ ਕੇ ਆਪਣੀ ਰਿਆਸਤ ਵਿਚ ਲਿਆਂਦੀ, ਖੂਹ ਲਗਵਾਏ ਅਤੇ ਫਸਲਾਂ ਲਈ ਪਾਣੀ ਦਾ ਪ੍ਰਬੰਧ ਕੀਤਾ। ਮਹਾਰਾਜਾ ਪਹਾੜ ਸਿੰਘ ਦੇ ਸ਼ਾਸਨ ਕਾਲ ਦੌਰਾਨ ਸੰਨ 1845 ਵਿਚ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿਚ ਜੰਗ ਛਿੜ ਪਈ ਜੋ ਮੁੱਦਕੀ, ਫੇਰੂ ਸ਼ਹਿਰ, ਆਲੀਵਾਲ ਅਤੇ ਸਭਰਾਵਾਂ ਵਿਖੇ ਲੜੀ ਗਈ। ਜੰਗ ਬਹੁਤ ਭਿਆਨਕ ਹੋਈ। ਫ਼ਰੀਦਕੋਟ ਰਿਆਸਤ ਦੀ ਲਾਹੌਰ ਦਰਬਾਰ ਨਾਲ ਨਹੀਂ ਸੀ ਬਣਦੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਕਈ ਵਾਰ ਇਸ ਰਿਆਸਤ ਨੂੰ ਆਪਣੇ ਰਾਜ ਵਿਚ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਮਹਾਰਾਜਾ ਪਹਾੜ ਸਿੰਘ ਨੇ ਇਸ ਯੁੱਧ ਵਿਚ ਅੰਗਰੇਜ਼ਾਂ ਦੀ ਹਮਾਇਤ ਕੀਤੀ ਅਤੇ ਅੰਗਰੇਜ਼ਾਂ ਨੂੰ ਆਪਣੇ ਸੂਹੀਏ ਤੋਂ ਮਿਲੀ ਇਤਲਾਹ ਅਨੁਸਾਰ ਸੂਚਨਾ ਦਿੱਤੀ ਕਿ ਸਿੱਖ ਫ਼ੌਜਾਂ ਪਿੱਛੇ ਹਟ ਗਈਆਂ ਹਨ ਤੁਸੀਂ ਜਾ ਕੇ ਕਬਜ਼ਾ ਕਰ ਲਉੁ। ਇਸ ਤਰ੍ਹਾਂ ਅੰਗਰੇਜ਼ਾਂ ਨੇ ਮੁੜ ਖੋਹੇ ਹੋਏ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਇਸ ਜੰਗ ਦੇ ਹਾਲ ਦਾ ਬਿਆਨ ਪ੍ਰਸਿੱਧ ਕਿੱਸਾਕਾਰ ਸ਼ਾਹ ਮੁਹੰਮਦ ਨੇ ਆਪਣੇ ਕਿੱਸੇ ਵਿਚ ਇਉਂ ਕੀਤਾ ਹੈ:
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਇਤਿਹਾਸਕਾਰਾਂ ਨੇ ਇਸ ਹਾਰ ਦਾ ਕਾਰਨ ਮਹਾਰਾਜਾ ਪਹਾੜ ਸਿੰਘ ਨੂੰ ਠਹਿਰਾਇਆ ਹੈ, ਜਿਸ ਨੂੰ ਸਿੱਖ ਇਤਿਹਾਸ ਵਿਚ ਮਾੜਾ ਸਮਝਿਆ ਜਾਂਦਾ ਹੈ।
ਮਹਾਰਾਜਾ ਵਜ਼ੀਰ ਸਿੰਘ : ਸੰਨ 1849 ਵਿਚ ਮਹਾਰਾਜਾ ਪਹਾੜ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਵਜ਼ੀਰ ਸਿੰਘ ਨੇ ਫ਼ਰੀਦਕੋਟ ਰਿਆਸਤ ਦਾ ਰਾਜਭਾਗ ਸੰਭਾਲਿਆ। ਮਹਾਰਾਜਾ ਵਜ਼ੀਰ ਸਿੰਘ ਨੇ ਰਾਜਭਾਗ ਨੂੰ ਚਾਰ ਪਰਗਣਿਆਂ ਵਿਚ ਵੰਡਿਆ ਜਿਸ ਵਿਚ ਫ਼ਰੀਦਕੋਟ, ਦੀਪ ਸਿੰਘ ਵਾਲਾ, ਕੋਟਕਪੂਰਾ ਅਤੇ ਭਗਤਾ ਪਿੰਡ ਸ਼ਾਮਿਲ ਸਨ। ਫ਼ਰੀਦਕੋਟ ਤੇ ਕੋਟਕਪੂਰਾ ਨੂੰ ਤਹਿਸੀਲਾਂ ਦਾ ਦਰਜਾ ਦਿੱਤਾ ਅਤੇ ਹਰ ਪਰਗਣੇ ਵਿਚ ਇਕ ਇਕ ਥਾਣਾ ਬਣਾਇਆ। ਪਿੰਡਾਂ ਵਿਚ ਚੌਕੀਦਾਰ ਨਿਯੁਕਤ ਕੀਤੇ। ਪਿੰਡਾਂ ਦੀਆਂ ਹੱਦਾਂ ਮੁਕੱਰਰ ਕੀਤੀਆਂ। ਮਹਾਰਾਜਾ ਵਜ਼ੀਰ ਸਿੰਘ ਇਨਸਾਫ਼ ਪਸੰਦ ਸ਼ਾਸਕ ਸਨ। ਉਨ੍ਹਾਂ ਨੇ ਕਚਹਿਰੀਆਂ ਕਾਇਮ ਕਰਕੇ ਲਿਖਤੀ ਸ਼ਿਕਾਇਤਾਂ ਪੇਸ਼ ਕਰਨ ਦੀ ਪ੍ਰਥਾ ਸ਼ੁਰੂ ਕੀਤੀ। ਅੰਗਰੇਜ਼ਾਂ ਦੇ ਨਮੂਨੇ ਦੀ ਪੁਲਿਸ ਅਤੇ ਵਰਦੀਧਾਰੀ ਫ਼ੌਜ ਤਿਆਰ ਕੀਤੀ ਅਤੇ ਫ਼ੌਜ ਦੀ ਕੰਪਨੀਆਂ ਵਿਚ ਵੰਡ ਕੀਤੀ। ਮਹਾਰਾਜਾ ਵਜ਼ੀਰ ਸਿੰਘ ਧਾਰਮਿਕ ਖਿਆਲਾਂ ਦੇ ਸਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਕਈ ਗੁਰਦੁਆਰਿਆਂ ਦੀ ਸੇਵਾ ਕਰਵਾਈ, ਲੰਗਰ ਲਗਾਏ, ਗ਼ਰੀਬਾਂ, ਯਤੀਮਾਂ, ਵਿਧਵਾਵਾਂ ਦਾ ਖਾਸ ਖਿਆਲ ਰੱਖਿਆ। 1874 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਅਤੇ ਫ਼ਰੀਦਕੋਟ ਰਿਆਸਤ ਦੇ ਅਗਲੇ ਸ਼ਾਸਕ ਮਹਾਰਾਜਾ ਵਜ਼ੀਰ ਸਿੰਘ ਦੇ ਸਪੁੱਤਰ ਮਹਾਰਾਜਾ ਬਿਕਰਮ ਸਿੰਘ 32 ਸਾਲ ਦੀ ਉਮਰ ਵਿਚ ਬਣੇ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-ਮੋਬਾਈਲ : 98143-06545


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -9

ਗੁ: ਸ੍ਰੀ ਪੰਜਾ ਸਾਹਿਬ ਦਾ ਪ੍ਰਬੰਧ ਪੰਥ ਨੇ ਕਿਵੇਂ ਸੰਭਾਲਿਆ?

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਅਗਲੇ ਦਿਨ ਗੁਰਦੁਆਰਾ ਸਾਹਿਬ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਜਥੇਦਾਰ ਝੱਬਰ ਨੇ ਦੇਖਿਆ ਕਿ ਮਹੰਤ ਦੇ ਹਿੰਦੂ ਹਮਾਇਤੀਆਂ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਡੰਡੇ, ਸੋਟੇ ਫੜੇ ਹੋਏ ਹਨ। ਜਥੇਦਾਰ ਝੱਬਰ ਨੇ ਪੁਲਿਸ ਕਪਤਾਨ ਨੂੰ ਕਿਹਾ ਕਿ ਕੁਝ ਲੋਕ ਗੁਰਦੁਆਰਾ ਸਾਹਿਬ 'ਤੇ ਹੱਲਾ ਕਰਨ ਲਈ ਆਏ ਹਨ ਜੇ ਕਹੋ ਤਾਂ ਮੈਂ ਆਪਣੇ ਜਥੇ ਦੇ ਸਿੰਘ ਇਨ੍ਹਾਂ ਨੂੰ ਭਜਾਉਣ ਲਈ ਭੇਜਾਂ? ਕਪਤਾਨ ਨੇ ਕਿਹਾ ਕਿ ਨਹੀਂ ਨਹੀਂ, ਮੈਂ ਆਪ ਖ਼ੁਦ ਦੇਖਦਾ ਹਾਂ। ਕਪਤਾਨ ਦੇ ਕਹਿਣ 'ਤੇ ਉਸ ਦੇ ਸਿਪਾਹੀਆਂ ਨੇ ਗੁਰਦੁਆਰਾ ਸਾਹਿਬ 'ਤੇ ਧਾਵਾ ਕਰਨ ਆਏ ਲੋਕਾਂ ਨੂੰ ਡੰਡੇ ਮਾਰ ਮਾਰ ਕੇ ਭਜਾ ਦਿੱਤਾ ਅਤੇ 20-25 ਸਿਪਾਹੀ ਗੁਰਦੁਆਰਾ ਸਾਹਿਬ ਦਾਖਲ ਹੋ ਗਏ ਅਤੇ ਡੰਡਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸ: ਸੋਹਣ ਸਿੰਘ ਸੇਵਾਦਾਰ ਦੇ ਦੱਸਣ 'ਤੇ ਕਿ ਪੁਲਿਸ ਤਾਂ ਸਿੰਘਾਂ ਨੂੰ ਡੰਡੇ ਮਾਰਨ ਲੱਗ ਪਈ ਹੈ। ਜਥੇਦਾਰ ਝੱਬਰ ਹੁਰਾਂ ਨੇ ਪੁਲਿਸ ਕਪਤਾਨ ਨੂੰ ਕਿਹਾ ਕਿ ਅਸੀਂ ਤਾਂ ਗੁਰਦੁਆਰੇ ਵਿਚੋਂ ਬਾਹਰ ਨਹੀਂ ਨਿਕਲਣਾ, ਜੇਕਰ ਸਾਨੂੰ ਅੰਦਰੋਂ ਕੱਢਣਾ ਹੈ ਤਾਂ ਗੋਲੀ ਚਲਾਓ। ਕਪਤਾਨ ਨੇ ਕਿਹਾ ਕਿ ਸਿੱਖਾਂ ਨੂੰ ਗੁਰਦੁਆਰੇ ਵਿਚੋਂ ਨਾ ਕੱਢੋ, ਮਹੰਤ ਦੇ ਬੰਦਿਆਂ ਨੂੰ ਬਾਹਰ ਕੱਢ ਦਿਓ। ਪੁਲਿਸ ਨੇ ਮਹੰਤ ਦੇ ਬੰਦਿਆਂ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢ ਕੇ ਚਾਰੇ ਪਾਸੇ ਪਹਿਰਾ ਲਗਾ ਦਿੱਤਾ।
ਅਗਲੇ ਦਿਨ 23 ਨਵੰਬਰ 1920 ਈ: ਨੂੰ ਮਹੰਤ ਦੇ ਨਾਲ ਦੋ ਢਾਈ ਸੌ ਦੇ ਕਰੀਬ ਔਰਤਾਂ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪੁੱਜੀਆਂ। ਉਨ੍ਹਾਂ ਦਾ ਇਰਾਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਵਾਲੇ ਸਿੰਘਾਂ ਦੀ ਬੇਇੱਜ਼ਤੀ ਕਰਨ ਦਾ ਸੀ। ਉਨ੍ਹਾਂ ਵਿਚੋਂ ਇਕ ਉੱਚੇ ਲੰਬੇ ਕੱਦ ਵਾਲੀ ਬੀਬੀ ਰੱਜੋ ਨੇ ਜਥੇਦਾਰ ਝੱਬਰ ਹੁਰਾਂ ਨੂੰ ਵੰਗਾਰਿਆ ਕਿ ਉਹ ਉਸ ਨਾਲ ਮੁਕਾਬਲਾ ਕਰੇ। ਜਥੇਦਾਰ ਝੱਬਰ ਹੁਰਾਂ ਨੇ ਉਸ ਬੀਬੀ ਨੂੰ ਕਿਹਾ ਕਿ ਜੇ ਮੁਕਾਬਲਾ ਕਰਵਾਉਣਾ ਹੀ ਹੈ ਤਾਂ ਆਪਣੇ ਪਤੀ ਨੂੰ ਲੈ ਆਵੇ। ਜਥੇਦਾਰ ਝੱਬਰ ਜੀ ਨੇ ਸੇਵਾਦਾਰਾਂ ਤੋਂ ਲਾਠੀਆਂ ਲੈ ਲਈਆਂ ਤੇ ਕਿਹਾ ਕਿ ਇਨ੍ਹਾਂ ਬੀਬੀਆਂ ਨੂੰ ਕੁਝ ਨਹੀਂ ਕਹਿਣਾ। ਉਨ੍ਹਾਂ ਔਰਤਾਂ ਨੇ ਇਕ ਸਿੰਘ ਦੇ ਦਾਹੜੇ ਨੂੰ ਹੱਥ ਵੀ ਪਾਇਆ। ਰਾਤ ਪੈਣ 'ਤੇ ਬਹੁਤ ਸਾਰੀਆਂ ਔਰਤਾਂ ਚਲੀਆਂ ਗਈਆਂ, ਪਰੰਤੂ ਮਹੰਤ ਮਿੱਠਾ ਸਿੰਘ ਦੀ ਵਿਧਵਾ ਸਮੇਤ ਪੰਜਾਹ ਕੁ ਔਰਤਾਂ ਨਾ ਗਈਆਂ। ਜਥੇਦਾਰ ਝੱਬਰ ਬਹੁਤ ਨੀਤੀਵਾਨ ਸਨ। ਉਨ੍ਹਾਂ ਦੀ ਬਣਾਈ ਨੀਤੀ ਸਫ਼ਲ ਹੋਈ ਅਤੇ ਉਹ ਔਰਤਾਂ ਉਥੋਂ ਚਲੀਆਂ ਗਈਆਂ। ਇਸ ਘਟਨਾ ਤੋਂ ਪਹਿਲਾਂ ਜਦੋਂ ਇਹ ਔਰਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੀਆਂ ਸਨ ਤਾਂ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਆਦਮੀ ਖੜ੍ਹਾ ਇਨ੍ਹਾਂ ਔਰਤਾਂ ਨੂੰ ਇਸ਼ਾਰੇ ਕਰ ਰਿਹਾ ਸੀ। ਜਥੇਦਾਰ ਝੱਬਰ ਨੇ ਉਸ ਨੂੰ ਦੇਖਿਆ ਤੇ ਜਾ ਮੋਢੇ ਤੋਂ ਫੜਿਆ ਤਾਂ ਉਹ ਥਰ ਥਰ ਕੰਬਣ ਲੱਗ ਪਿਆ। ਬਾਅਦ ਵਿਚ ਪਤਾ ਲੱਗਿਆ ਕਿ ਉਹ ਕਿਸ਼ਨ ਚੰਦ ਐਡੀਟਰ 'ਸ਼ਾਂਤੀ ਅਖ਼ਬਾਰ' ਰਾਵਲਪਿੰਡੀ ਦਾ ਸੀ। ਇਸ ਨੇ ਆਪਣੀ ਅਖ਼ਬਾਰ ਵਿਚ ਖ਼ਬਰ ਇਸ ਤਰ੍ਹਾਂ ਛਾਪੀ 'ਜੋ ਸਿੱਖ ਗੁਰਦੁਆਰਾ ਸਾਹਿਬ ਮੇਂ ਕਬਜ਼ਾ ਲੇਨੇ ਕੇ ਲੀਏ ਆਏ ਹੂਏ ਹੈਂ, ਇਨ ਕੇ ਕਦ ਰਾਖਸ਼ੋ ਮਾਫ਼ਕ ਲੰਬੇ ਹੈਂ ਔਰ ਜਬ ਯਹ ਜੈਕਾਰੇ ਗੂੰਜਾਤੇ ਹੈਂ ਤੋ ਹਸਨ ਅਬਦਾਲ ਕੀ ਪਹਾੜੀਆਂ ਥਰ ਥਰ ਕਾਂਪਤੀ ਹੈਂ।' ਅਗਲੇ ਦਿਨ ਕੈਬਲਪੁਰ ਦਾ ਡਿਪਟੀ ਕਮਿਸ਼ਨਰ ਡਾਕ ਬੰਗਲੇ ਆਇਆ ਤੇ ਉਸ ਨੇ ਜਥੇਦਾਰ ਝੱਬਰ ਹੁਰਾਂ ਨੂੰ ਬੁਲਾ ਭੇਜਿਆ। ਜਦੋਂ ਰਾਵਲਪਿੰਡੀ ਸਿੰਘ ਸਭਾ ਦੇ ਸਿੰਘਾਂ ਨੂੰ ਪਤਾ ਲੱਗਿਆ ਤਾਂ ਗੁਰਦੁਆਰਾ ਸਿੰਘ ਸਭਾ ਰਾਵਲਪਿੰਡੀ ਦੇ ਪ੍ਰਧਾਨ ਸ: ਰਾਮ ਸਿੰਘ ਸਾਹਨੀ, ਸ: ਸੋਹਣ ਸਿੰਘ ਰਈਸ ਵੀ ਪਹੁੰਚ ਗਏ, ਜਿਸ ਸਮੇਂ ਜਥੇਦਾਰ ਝੱਬਰ ਡਾਕ ਬੰਗਲੇ ਪੁੱਜੇ ਤਾਂ ਡਿਪਟੀ ਕਮਿਸ਼ਨਰ ਬੜੇ ਪਿਆਰ ਨਾਲ ਜਥੇਦਾਰ ਹੁਰਾਂ ਨੂੰ ਮਿਲਿਆ। ਉਹ ਜਥੇਦਾਰ 'ਝੱਬਰ' ਹੁਰਾਂ ਦਾ ਪੁਰਾਣਾ ਵਾਕਿਫ਼ ਸੀ। ਮਹੰਤ ਸੰਤ ਸਿੰਘ ਨੂੰ ਵੀ ਬੁਲਾਇਆ ਗਿਆ ਸੀ। ਜਦ ਸਾਰੇ ਡਾਕ ਬੰਗਲੇ ਬੈਠੇ ਹੋਏ ਸਨ ਤਾਂ ਉਸ ਸਮੇਂ ਸ: ਸੁੰਦਰ ਸਿੰਘ ਰਾਮਗੜ੍ਹੀਆ ਅਤੇ ਸ: ਹਰਬੰਸ ਸਿੰਘ ਅਟਾਰੀ ਦੀ ਤਾਰ ਜਥੇਦਾਰ ਝੱਬਰ ਨੂੰ ਮਿਲੀ। ਤਾਰਾਂ ਵਿਚ ਲਿਖਿਆ ਸੀ ਕਿ ਜੇ ਝੱਬਰ ਜੀ ਨੂੰ ਮਾਇਆ ਜਾਂ ਸਿੰਘਾਂ ਦੀ ਲੋੜ ਹੋਵੇ ਤਾਂ ਦੱਸੋ ਅਸੀਂ ਭੇਜ ਦੇਵਾਂਗੇ। ਜਥੇ: ਝੱਬਰ ਨੇ ਉਹ ਤਾਰਾਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨ ਨੂੰ ਦਿਖਾਈਆਂ। ਅਖੀਰ ਡਿਪਟੀ ਕਮਿਸ਼ਨਰ ਨੇ ਸੰਤ ਸਿੰਘ ਨੂੰ ਗੁਰਦੁਆਰੇ 'ਚੋਂ ਬਾਹਰ ਕੱਢ ਦਿੱਤਾ ਅਤੇ ਉਸ ਦੇ ਦਾਖਲੇ 'ਤੇ ਪੱਕੀ ਪਾਬੰਦੀ ਲਗਾ ਦਿੱਤੀ। ਮਗਰੋਂ ਮਹੰਤ ਸੰਤ ਸਿੰਘ ਨੇ 6 ਦਸੰਬਰ 1920 ਈ: ਨੂੰ ਮੁਕੱਦਮਾ ਕੀਤਾ ਜੋ 20 ਦਸੰਬਰ 1920 ਈ: ਨੂੰ ਖਾਰਿਜ ਹੋ ਗਿਆ। ਗੁਰਦੁਆਰਾ ਪੰਜਾ ਸਾਹਿਬ ਵਿਖੇ ਕੱਤਕ ਦੀ ਪੂਰਨਮਾਸ਼ੀ ਦੇ ਦਿਨ 1920 ਈ: ਨੂੰ ਦੀਵਾਨ ਸਜਿਆ। ਇਸ ਦੀਵਾਨ ਵਿਚ ਪੋਠੋਹਾਰ, ਧੰਨੀ, ਪਿਸ਼ੌਰ ਤੋਂ ਸੰਗਤਾਂ ਵਧ ਚੜ੍ਹ ਕੇ ਪਹੁੰਚੀਆਂ। ਇਸ ਸਮਾਗਮ ਵਿਚ ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪਹੁੰਚੇ। ਇਥੋਂ ਹੀ ਜਾ ਕੇ ਜਥੇਦਾਰ ਤੇਜਾ ਸਿੰਘ 'ਭੁੱਚਰ' ਨੇ ਗੁਰਦੁਆਰਾ ਭਾਈ ਜੋਗਾ ਸਿੰਘ ਦਾ ਪ੍ਰਬੰਧ ਸੰਭਾਲਿਆ ਸੀ। ਇਸ ਸਮਾਗਮ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਇਕ ਕਮੇਟੀ ਬਣਾਈ ਗਈ, ਜਿਸ ਸਮੇਂ ਗੁਰਦੁਆਰਾ ਐਕਟ ਲਾਗੂ ਹੋਇਆ ਅਤੇ 1932 ਈ: ਨੂੰ ਗੁਰਦੁਆਰਾ ਸਾਹਿਬ ਦੀ ਚੋਣ ਹੋਈ, ਉਸ ਵਿਚ ਜ਼ਿਲ੍ਹੇਵਾਰ ਮੈਂਬਰ ਚੁਣੇ ਗਏ। 1. ਸ: ਕਰਤਾਰ ਸਿੰਘ ਡਡਿਆਲ (ਜਿਹਲਮ), 2. ਚੌਧਰੀ ਈਸ਼ਰ ਸਿੰਘ ਮੱਕੜ, 3. ਸ: ਬਲਵੰਤ ਸਿੰਘ ਗੁਜਰ ਖਾਨ, 4. ਸ: ਕਰਤਾਰ ਸਿੰਘ ਕੈਂਬਲਪੁਰੀ (ਅਟਕ), 5. ਸ: ਮੂਲਾ ਸਿੰਘ ਦੋਮਈ, 6. ਚੌਧਰੀ ਜੈ ਸਿੰਘ ਗੁਜਰ ਖਾਨ, 7. ਸ: ਕਿਰਪਾਲ ਸਿੰਘ ਪਿਸ਼ਾਵਰ, 8. ਸ: ਗਿਆਨ ਸਿੰਘ ਐਬਟਾਬਾਦ, 9. ਲਾਲਾ ਜਗਤ ਰਾਮ ਸਹਿਜਧਾਰੀ ਸਿੱਖ, 10. ਸ੍ਰੀ ਗੁਰੂ ਸਿੰਘ ਸਭਾ ਹਿਜ਼ਰੋ। ਸ: ਕਰਤਾਰ ਸਿੰਘ ਝੱਬਰ ਹਰ ਰੋਜ਼ ਸਾਰੇ ਦਿਨ ਦੀ ਕਮਾਈ ਰਾਤ ਨੂੰ ਲਿਖਦੇ ਸਨ ਜੋ ਅਕਾਲੀ ਅਖ਼ਬਾਰ ਵਿਚ ਛਪਦੀ ਸੀ। ਜਥੇਦਾਰ ਹੁਰਾਂ ਨੇ ਪੰਜਾ ਸਾਹਿਬ ਇਕ ਰਾਤ ਨੂੰ ਲਿਖਿਆ ਕਿ ਵਿਰੋਧੀ ਲੋਕਾਂ ਨੂੰ ਰੋਕ ਪਾਉਣ ਲਈ ਦੋ ਸੌ ਸਿੰਘਾਂ ਦਾ ਇਕ ਜਥਾ ਅੰਮ੍ਰਿਤਸਰ ਤਿਆਰ ਰੱਖਿਆ ਜਾਵੇ, ਜਦ ਕਿਧਰੇ ਲੋੜ ਪਵੇ ਤਾਂ ਉਸ ਜਥੇ ਨੂੰ ਭੇਜਿਆ ਜਾਵੇ। ਇਹ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਲਈ ਪਹਿਲੀ ਤਜਵੀਜ਼ ਸੀ ਜੋ ਅਕਾਲੀ ਵਿਚ ਛਪੀ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-ਬਠਿੰਡਾ, ਮੋਬਾਈਲ : 98155-33725

22 ਮਈ ਨੂੰ ਸ਼ਹੀਦੀ ਜੋੜ ਮੇਲੇ 'ਤੇ ਵਿਸ਼ੇਸ਼

ਸ਼ਹੀਦੀ ਸਾਕਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਵਿਚ ਬਹੁਤ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕਾਰਜ ਬਾਬਾ ਬਿਸ਼ਨ ਸਿੰਘ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਸ੍ਰੀ ਪਾਉਂਟਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਦਾ ਪ੍ਰਬੰਧ ਮਹੰਤਾਂ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਨੇ ਲਾਲਚ-ਵੱਸ ਹੋ ਕੇ ਬੇਅੰਤ ਕੁਰੀਤੀਆਂ ਤੇ ਮਨਮੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਤਿਤ ਮਹੰਤ ਵਲੋਂ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਗਤਾਂ ਦੁਆਰਾ ਪਤਾ ਲੱਗਾ ਤਾਂ ਉਨ੍ਹਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰਵਾ ਦਿੱਤੀ।
23ਵਾਂ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ, 1964 ਮੰਗਲਵਾਰ ਵਾਲੇ ਦਿਨ ਸਵੇਰੇ ਹੀ ਤਹਿਸੀਲਦਾਰ ਆਇਆ ਅਤੇ ਕਿਹਾ ਕਿ ਡੀ. ਸੀ. ਸਾਹਿਬ ਮਿਸਟਰ ਆਰ. ਕੇ. ਚੰਡੇਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਨੂੰ ਰੈਸਟ ਹਾਊਸ ਵਿਚ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਕਰ ਲਿਆ। ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਬਲ ਲੈ ਕੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸਿੰਘਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ।
ਉਸ ਵੇਲੇ ਗੁਰਦੁਆਰਾ ਸਾਹਿਬ ਅੰਦਰ 15 ਕੁ ਸਿੱਖ ਹਾਜ਼ਰ ਸਨ, ਜਿਨ੍ਹਾਂ ਵਿਚੋਂ ਇਸ ਸ਼ਹੀਦੀ ਸਾਕੇ ਦੇ ਚਸ਼ਮਦੀਦ ਗਵਾਹ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜੋ ਕਿ ਉਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਅ ਰਹੇ ਸਨ ਅਤੇ ਤਿੰਨ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਦੇ ਦੱਸਣ ਅਨੁਸਾਰ ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ੍ਰੀ ਅਖੰਡ ਪਾਠ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਚਲਾਈ ਗਈ ਗੋਲੀ ਕਾਰਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ 11 ਨਿਹੰਗ ਸਿੰਘ ਸ਼ਹੀਦ ਹੋ ਗਏ ਅਤੇ ਕਈ ਸਿੱਖ ਜ਼ਖਮੀ ਹੋ ਗਏ।
ਇਸ ਸਾਕੇ ਵਿਚ ਸ਼ਹੀਦ ਹੋਏ ਸਮੂਹ ਨਿਹੰਗ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 22 ਮਈ (ਦਿਨ ਸ਼ੁੱਕਰਵਾਰ) ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੌਜੂਦਾ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਦੀ ਅਗਵਾਈ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਅਤੇ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਸ਼ਹੀਦੀ ਜੋੜ ਮੇਲਾ ਸਾਦੇ ਢੰਗ ਨਾਲ ਸੰਗਤਾਂ ਦੇ ਇਕੱਠ ਕੀਤੇ ਬਗ਼ੈਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਇਆ ਜਾ ਰਿਹਾ ਹੈ।


-ਚੱਬੇਵਾਲ (ਹੁਸ਼ਿਆਰਪੁਰ)।

ਗੁਰਮਤਿ ਦੇ ਮਹਾਨ ਵਿਦਵਾਨ-ਪ੍ਰਿੰ: ਭਗਤ ਸਿੰਘ 'ਹੀਰਾ'

ਪ੍ਰਿੰ: ਭਗਤ ਸਿੰਘ 'ਹੀਰਾ' ਗੁਰਮਤਿ ਦੇ ਉੱਚ ਕੋਟੀ ਦੇ ਗਿਣੇ ਜਾਣ ਵਾਲੇ ਵਿਦਵਾਨਾਂ 'ਚੋਂ ਇਕ ਸਨ। ਉਨ੍ਹਾਂ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਿੱਖ ਧਰਮ, ਸਾਹਿਤ ਤੇ ਇਤਿਹਾਸ ਦੇ ਮੁਤਾਲੇ, ਖੋਜ-ਭਾਲ ਅਤੇ ਵਿਆਖਿਆ-ਵਿਖਿਆਨ ਲਈ ਅਰਪਣ ਰਿਹਾ। ਉਹ ਤਕਰੀਰ ਤੇ ਤਹਿਰੀਰ ਦੋਵਾਂ ਦੇ ਧਨੀ ਸਨ। ਉਨ੍ਹਾਂ ਨੇ ਕੇਵਲ ਭਾਰਤ ਵਿਚ ਹੀ ਨਹੀਂ ਸਗੋਂ ਦੱਖਣ ਪੂਰਬ ਏਸ਼ੀਆ ਵਿਚ ਥਾਂ-ਥਾਂ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਜਨਮ 17 ਮਈ, 1907 ਈ: ਵਿਚ ਪਿਤਾ ਸ: ਸ਼ਰਧਾ ਸਿੰਘ ਦੇ ਘਰ ਗੁਜ਼ਰਖਾਨ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਮੁਢਲੀ ਵਿੱਦਿਆ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਗੁਜ਼ਰਖਾਨ ਤੋਂ ਅਤੇ ਉਚੇਰੀ ਵਿੱਦਿਆ ਗਾਰਡਨ ਮਿਸ਼ਨ ਕਾਲਜ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ।
1956 ਤੋਂ 1965 ਈ: ਤੱਕ ਉਹ ਬਿਹਾਰ ਤੇ ਉੱਤਰ ਪ੍ਰਦੇਸ਼ ਵਿਚ ਪ੍ਰਚਾਰ ਦੌਰੇ 'ਤੇ ਚੱਲ ਪਏ। ਉਨ੍ਹਾਂ ਨੇ ਬਿਹਾਰ ਸਿੱਖ ਪ੍ਰਤੀਨਿੱਧ ਬੋਰਡ ਦੀ ਬਣਤਰ ਬਣਾਈ ਤੇ ਬਿਹਾਰ ਦੀਆਂ ਸਾਰੀਆਂ ਸਿੰਘ ਸਭਾਵਾਂ ਨੂੰ ਬੋਰਡ ਨਾਲ ਜੋੜਿਆ। 1957 ਵਿਚ ਹੀਰਾ ਜੀ ਨੇ ਗੁਰੂ ਗੋਬਿੰਦ ਸਿੰਘ ਪਟਨਾ ਕਾਲਜ ਖੋਲ੍ਹਣ ਤੇ ਸਥਾਪਤ ਕਰਨ ਵਿਚ ਵਿਸ਼ੇਸ਼ ਦਿਲਚਸਪੀ ਲਈ। ਕੁਝ ਸਮਾਂ ਹੀਰਾ ਜੀ ਨੂੰ ਇਸ ਕਾਲਜ ਦੇ ਪ੍ਰਿੰਸੀਪਲ ਹੋਣ ਦਾ ਮੌਕਾ ਵੀ ਮਿਲਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਪਟਨਾ ਸਾਹਿਬ ਵਿਖੇ ਮਨਾਉਣ ਲਈ ਕਮੇਟੀ ਨੇ ਆਪਣਾ ਮੁੱਖ ਪ੍ਰਚਾਰਕ ਬਣਾ ਕੇ ਦੇਸ਼-ਪ੍ਰਦੇਸ ਵਿਚ ਭੇਜਿਆ ਤੇ 1972 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁੰਬਈ ਦੇ ਪ੍ਰਬੰਧਕਾਂ ਨੇ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ ਨੂੰ ਉੱਚ ਪੱਧਰ 'ਤੇ ਮਨਾਉਣ ਲਈ ਆਪ ਨੂੰ ਸੁਪਰਡੈਂਟ ਦੀ ਸੇਵਾ ਸੌਂਪ ਦਿੱਤੀ। 1974 ਤੋਂ ਉਹ ਨਿਯੁਕਤੀਆਂ ਤੋਂ ਸੁਤੰਤਰ ਹੋ ਕੇ ਸਿੱਖ ਧਰਮ ਤੇ ਪ੍ਰਚਾਰ, ਪ੍ਰਸਾਰ ਅਤੇ ਗੁਰਮਤਿ ਦੀ ਲਿਖਤੀ ਤੇ ਤਕਰੀਰੀ ਸੇਵਾ ਲਈ ਜੁਟੇ ਹੋਏ ਸਨ।
ਪ੍ਰਿੰ: ਭਗਤ ਸਿੰਘ 'ਹੀਰਾ' ਗੋਨਿਆਣਾ ਮੰਡੀ (ਬਠਿੰਡਾ) ਤੋਂ ਛਪਦੇ 'ਭਾਈ ਕਨੱਈਆ ਸੇਵਾ ਜੋਤੀ' ਮੈਗਜ਼ੀਨ ਦੇ 15 ਸਾਲ ਮੁੱਖ ਸਲਾਹਕਾਰ ਰਹੇ।
ਉਨ੍ਹਾਂ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਛਪ ਚੁੱਕੀਆਂ ਸਨ। ਇਨ੍ਹਾਂ ਵਿਚੋਂ ਛੇ ਪੁਸਤਕਾਂ ਅੰਗਰੇਜ਼ੀ ਵਿਚ ਹਨ। 'ਹੀਰਾ' ਜੀ ਦੀਆਂ ਗੁਰਮਤਿ ਵਿਚਾਰਧਾਰਾ, ਜੀਵਨ ਭਾਈ ਕਨੱਈਆ ਜੀ, ੴ ਦਰਸ਼ਨ ਪੁਸਤਕਾਂ ਵਧੇਰੇ ਪ੍ਰਸਿੱਧ ਹਨ। ਉਨ੍ਹਾਂ ਦੇ ਅਨੇਕਾਂ ਲੇਖ ਅਖ਼ਬਾਰਾਂ, ਰਸਾਲਿਆਂ, ਮੈਗਜ਼ੀਨਾਂ (ਸੀਸ ਗੰਜ, ਗੁਰਮਤਿ ਪ੍ਰਕਾਸ਼, ਗੁਰਦੁਆਰਾ ਗਜ਼ਟ, ਗੁਰ ਸੰਦੇਸ਼, ਭਾਈ ਕਨੱਈਆ ਸੇਵਾ ਜੋਤੀ, ਸਿੱਖ ਸੋਚ, ਸੱਚਖੰਡ ਪ੍ਰੱਤ੍ਰਿਕਾ) ਵਿਚ ਛਪ ਚੁੱਕੇ ਹਨ। ਪ੍ਰਿੰ: 'ਹੀਰਾ' ਜੀ ਨੇ ਸੇਵਾਪੰਥੀ ਸੰਪਰਦਾਇ ਬਾਰੇ ਕਾਫੀ ਪੁਸਤਕਾਂ ਲਿਖੀਆਂ।
ਉਨ੍ਹਾਂ ਨੂੰ ਧਰਮ ਤੇ ਸਿੱਖ ਇਤਿਹਾਸ ਦੇ ਉੱਚਤਮ ਲਿਖਾਰੀ ਵਜੋਂ 1963 ਵਿਚ ਬਿਹਾਰ ਸਿੱਖ ਪ੍ਰਤੀਨਿਧ ਬੋਰਡ ਜਮਸ਼ੇਦਪੁਰ ਵਲੋਂ 1965 'ਚ ਮੋਟਰ ਮਰਚੈਂਟਸ ਐਸੋਸੀਏਸ਼ਨ ਮੁੰਬਈ ਵਲੋਂ, 1976 ਵਿਚ ਪੰਜਾਬੀ ਵਿੱਦਿਅਕ ਬੋਰਡ ਮਲਾਇਆ ਵਲੋਂ, 1988 ਵਿਚ ਸੰਤ ਨਿਧਾਨ ਸਿੰਘ ਮੈਮੋਰੀਅਲ ਐਵਾਰਡ ਕਮੇਟੀ ਬੈਂਕਾਕ ਵਲੋਂ, 16 ਸਤੰਬਰ, 1993 ਈ: ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਅਤੇ ਹੋਰ ਸੰਸਥਾਵਾਂ ਤੇ ਸ਼ਖ਼ਸੀਅਤਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ। ਗੁਰਮਤਿ ਦੇ ਮਹਾਨ ਵਿਆਖਿਆਕਾਰ, ਉੱਘੇ ਲੇਖਕ, ਅਨੇਕਾਂ ਪੁਸਤਕਾਂ ਦੇ ਰਚਨਹਾਰ ਪ੍ਰਿੰ: ਭਗਤ ਸਿੰਘ 'ਹੀਰਾ' 92 ਸਾਲ ਦੀ ਉਮਰ ਭੋਗ ਕੇ 6 ਦਸੰਬਰ, 1999 ਈ: ਨੂੰ ਮਾਤਾ ਚੰਨਣ ਦੇਵੀ ਹਸਪਤਾਲ ਦਿੱਲੀ ਵਿਖੇ ਗੁਰੂ ਚਰਨਾਂ ਵਿਚ ਜਾ ਬਿਰਾਜੇ।


-ਕਰਨੈਲ ਸਿੰਘ ਐਮ.ਏ.
#1138/63-ਏ, ਗੁਰੂ ਤੇਗ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
E. mail : karnailsinghma@gmail.com

ਸ਼ਬਦ ਵਿਚਾਰ

ਏਕਾ ਮਾਈ ਜੁਗਤਿ ਵਿਆਈ...

'ਜਪੁ' ਪਉੜੀ ਤੀਹਵੀਂ
ਏਕਾ ਮਾਈ ਜੁਗਤਿ ਵਿਆਈ
ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ
ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ
ਜਿਵ ਹੋਵੈ ਫੁਰਮਾਣੁ॥
ਓਹੁ ਵੇਖੈ ਓਨਾ ਨਦਰਿ ਨ ਆਵੈ
ਬਹੁਤਾ ਏਹੁ ਵਿਡਾਣੁ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ॥੩੦॥ (ਅੰਗ : 7)
ਪਦਅਰਥ : ਏਕਾ-ਇਕ। ਮਾਈ-ਮਾਇਆ॥ ਜੁਗਤਿ-ਜੁਗਤੀ ਨਾਲ। ਵਿਆਈ-ਪ੍ਰਸੂਤੀ ਹੋਈ। ਤਿਨਿ ਚੇਲੇ-ਤਿੰਨ ਸੇਵਕ। ਪਰਵਾਣੁ-ਪਰਮਾਣੀਕ। ਇਕੁ ਸੰਸਾਰੀ-ਇਕ ਸੰਸਾਰ ਚਲਾਉਣ ਵਾਲਾ (ਬ੍ਰਹਮਾ)। ਭੰਡਾਰੀ-ਰਿਜ਼ਕ ਪਹੁੰਚਾਉਣ ਵਾਲਾ (ਵਿਸ਼ਨੂੰ)। ਲਾਏ ਦੀਬਾਣੁ-ਦਰਬਾਰ ਲਾਉਣ ਵਾਲਾ, ਇਨਸਾਫ਼ ਕਰਨ ਵਾਲਾ (ਸ਼ਿਵਜੀ)। ਤਿਸੁ ਭਾਵੈ-ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਚੰਗਾ ਲਗਦਾ ਹੈ। ਤਿਵੈ ਚਲਾਵੈ-ਉਸੇ ਤਰ੍ਹਾਂ ਸੰਸਾਰ ਦੀ ਕਾਰ ਚਲਾ ਰਿਹਾ ਹੈ। ਫੁਰਮਾਣੁ-ਹੁਕਮ, ਪਰਮਾਤਮਾ ਦਾ ਹੁਕਮ ਹੁੰਦਾ ਹੈ। ਓਹੁ-ਉਹ ਪਰਮਾਤਮਾ। ਨਦਰਿ-ਨਜ਼ਰ। ਇਹੁ ਵਿਡਾਣੁ-ਅਸਚਰਜ ਵਾਲੀ ਇਹ ਗੱਲ ਹੈ। ਆਦੇਸੁ-ਪਰਨਾਮ ਹੈ, ਨਮਸਕਾਰ ਹੈ। ਤਿਸੈ-ਉਸ (ਪਰਮਾਤਮਾ) ਨੂੰ। ਆਦਿ-ਮੁੱਢ ਤੋਂ। ਅਨੀਲੁ-ਰੰਗ ਰੂਪ ਤੋਂ ਰਹਿਤ। ਅਨਾਹਿਤ-ਨਾਸ ਰਹਿਤ, ਅਬਿਨਾਸੀ। ਵੇਸੁ-ਭੇਸ, ਰੂਪੀ।
ਜਗਤ ਗੁਰੂ ਬਾਬੇ ਦੇ ਰਾਗੁ ਮਾਰੂ ਸੋਹਲੇ ਵਿਚ ਪਾਵਨ ਬਚਨ ਹਨ ਕਿ ਕਰੋੜਾਂ ਅਰਬਾਂ ਸਾਲ ਪਹਿਲਾਂ ਜਦੋਂ ਹਾਲੇ ਜਗਤ ਰਚਨਾ ਨਹੀਂ ਹੋਈ ਸੀ, ਹਰ ਪਾਸੇ ਘੁੱਪ ਹਨੇਰਾ ਸੀ, ਨਾ ਹੀ ਧਰਤੀ ਸੀ ਅਤੇ ਨਾ ਹੀ ਆਕਾਸ਼ ਸੀ, ਨਾ ਹੀ ਕਿਧਰੇ ਬੇਅੰਤ ਪ੍ਰਭੂ ਦਾ ਹੁਕਮ ਚਲ ਰਿਹਾ ਸੀ। ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਸੀ ਅਤੇ ਨਾ ਹੀ ਸੂਰਜ ਸੀ, ਕੇਵਲ ਪਰਮਾਤਮਾ ਆਪਣੇ-ਆਪ ਵਿਚ ਹੀ ਸਮਾਧੀ ਲਾਈ ਬੈਠਾ ਸੀ:
ਅਰਬਦ ਨਰਦਬ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ
ਸੁੰਨ ਸਮਾਧਿ ਲਗਾਇਦਾ॥੧॥ (ਅੰਗ : 1035)
ਅਰਬਦ-10 ਕਰੋੜ। ਨਰਬਦ-ਨ+ਅਰਬਦ, ਜਿਸ ਵਾਸਤੇ ਅਰਬਦ ਅੱਖਰ ਵਰਤਿਆ ਨਾ ਜਾ ਸਕੇ, ਜਿਸ ਦੀ ਗਿਣਤੀ ਅੱਖਰਾਂ ਦੁਆਰਾ ਕੀਤੀ ਨਾ ਜਾ ਸਕੇ। ਧੁੰਧੂਕਾਰਾ-ਘੁਪ ਹਨੇਰਾ, ਜਿਥੇ ਕੁਝ ਵੀ ਦਿਖਾਈ ਨਾ ਦੇਵੇ। ਧਰਣਿ-ਧਰਤੀ। ਗਗਨ-ਆਕਾਸ਼। ਹੁਕਮੁ-ਅਪਾਰਾ-ਪਰਮਾਤਮਾ ਦਾ ਕਿਧਰੇ ਹੁਕਮ ਚਲਦਾ ਸੀ। ਰੈਨਿ-ਰਾਤ। ਸੁੰਨ ਸਮਾਧਿ-ਕੇਵਲ ਇਕ ਪਰਮਾਤਮਾ ਹੀ ਸਮਾਧੀ ਲਾਈ ਬੈਠਾ ਸੀ।
ਉਸ ਵੇਲੇ ਨਾ ਕੋਈ ਬ੍ਰਹਮਾ ਸੀ, ਨਾ ਵਿਸ਼ਨੂੰ ਅਤੇ ਨਾ ਹੀ ਸ਼ਿਵਜੀ। ਕੇਵਲ ਇਕ ਪਰਮਾਤਮਾ ਹੀ ਪਰਮਾਤਮਾ ਸੀ। ਉਸ ਇਕ ਤੋਂ ਬਿਨਾਂ ਹੋਰ ਕੁਝ ਵੀ ਦਿਸਦਾ ਨਹੀਂ ਸੀ:
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥
ਅਵਰੁ ਨ ਦੀਸੈ ਏਕੋ ਸੋਈ॥
(ਅੰਗ : 1035)
ਬਿਸਨੁ-ਵਿਸ਼ਨੂੰ। ਮਹੇਸੁ-ਸ਼ਿਵਜੀ।
ਜਦੋਂ ਉਸ ਸੁੰਨ ਦੇ ਮਨ ਵਿਚ ਆਇਆ ਤਾਂ ਉਸ ਨੇ ਜਗਤ ਦੀ ਰਚਨਾ ਕਰ ਦਿੱਤੀ ਅਤੇ ਇਸ ਜਗਤ ਪਸਾਰੇ ਨੂੰ ਕਿਸੇ ਸਹਾਰੇ ਤੋਂ ਬਿਨਾਂ ਆਪੋ-ਆਪਣੇ ਥਾਂ 'ਤੇ ਟਿਕਾ ਦਿੱਤਾ। ਉਸ ਨੇ ਫਿਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਨੂੰ ਪੈਦਾ ਕਰ ਕੇ ਜਗਤ ਵਿਚ ਮਾਇਆ ਦਾ ਮੋਹ ਵੀ ਜੀਵਾਂ ਦੇ ਮਨਾਂ ਅੰਦਰ ਵਸਾ ਦਿੱਤਾ:
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥
ਬਾਝੁ ਕਲਾ ਆਡਾਣੁ ਰਹਾਇਆ॥
ਬ੍ਰਹਮਾ ਬਿਸਨੁ ਮਹੇਸੁ ਉਪਾਏ
ਮਾਇਆ ਮੋਹੁ ਵਧਾਇਦਾ॥ (ਅੰਗ : 1036)
ਬਾਝੁ ਕਲਾ-ਸਹਾਰੇ ਤੋਂ ਬਿਨਾਂ। ਆਡਾਣੁ-ਪਸਾਰਾ। ਰਹਾਇਆ-ਟਿਕਾ ਦਿੱਤਾ।
ਬਾਣੀ ਸਿਧ ਗੋਸਟਿ (ਰਾਗੁ ਰਾਮਕਲੀ ਮਹਲਾ ੧) ਵਿਚ ਗੁਰੂ ਬਾਬਾ ਨੇ ਸਿੱਧਾਂ ਜੋਗੀਆਂ ਨੂੰ ਸਮਝਾਇਆ ਹੈ ਕਿ ਅੰਦਰ ਬਾਹਰ ਸਾਰੀ ਤ੍ਰੈਲੋਕੀ ਵਿਚ ਪ੍ਰਭੂ ਹਰ ਥਾਂ ਵਿਆਪਕ ਹੈ, ਜਿਥੇ ਮਾਇਕ ਫੁਰਨੇ (ਸੰਕਲਪ ਅਤੇ ਵਿਕਲਪ) ਨਹੀਂ ਵਿਆਪਦੇ ਕਿਉਂਕਿ ਇਹ ਮਾਇਆ ਰੂਪੀ ਖੇਡ ਤਾਂ ਪ੍ਰਭੂ ਦੀ ਆਪਣੀ ਹੀ ਬਣਾਈ ਹੋਈ ਹੈ:
ਅੰਤਰਿ ਸੁੰਨੰ ਬਾਹਰਿ ਸੁੰਨੰ
ਤ੍ਰਿਭਵਣ ਸੁੰਨ ਮਸੁੰਨੰ॥ (ਅੰਗ : 943)
ਸੁੰਨੰ-ਨਿਰਗੁਣ ਪਰਮਾਤਮਾ ਜੋ ਫੁਰਨਿਆਂ ਤੋਂ ਰਹਿਤ ਹੈ। ਤ੍ਰਿਭਵਣ-ਤ੍ਰਿਲੋਕੀ, ਤਿੰਨ ਲੋਕ (ਸੁਰਗ ਧਰਤੀ ਤੇ ਪਾਤਾਲ)। ਸੁੰਨ ਮਸੁੰਨੰ-ਸੁੰਨ ਹੀ ਸੁੰਨ, ਨਿਰਗੁਣ ਪ੍ਰਭੂ ਜੋ ਮਾਇਆ ਦੇ ਫੁਰਨਿਆਂ ਤੋਂ ਰਹਿਤ ਹੈ।
ਬਾਣੀ ਦੀ ਅੰਤਲੀ 73ਵੀਂ ਪਉੜੀ ਵਿਚ ਜਗਤ ਗੁਰੂ ਬਾਬਾ ਪਰਮਾਤਮਾ ਨੂੰ ਸੰਬੋਧਨ ਕਰ ਰਹੇ ਹਨ ਕਿ ਹੇ ਪ੍ਰਭੂ ਤੂੰ ਕੇਹੋ ਜਿਹਾ ਹੈਂ ਅਤੇ ਕਿੰਨਾ ਕੁ ਵੱਡਾ ਹੈਂ। ਇਸ ਬਾਰੇ ਤੂੰ ਆਪ ਹੀ ਜਾਣਦਾ ਹੈਂ ਹੋਰ ਕੋਈ ਦੂਜਾ ਕਿਆ ਆਖ ਸਕਦਾ ਹੈ:
ਤੇਰੀ ਗਤਿ ਮਿਤਿ ਤੂਹੈ ਜਾਣਹਿ
ਕਿਆ ਕੋ ਆਖਿ ਵਖਾਣੈ॥ (ਅੰਗ : 946)
ਗਤਿ ਮਿਤਿ-ਗਿਣਤੀ ਮਿਣਤੀ।
ਤੂੰ ਆਪ ਹੀ ਲੁਕਿਆ ਹੋਇਆ ਹੈਂ, ਅਦ੍ਰਿਸਟ ਹੈਂ ਅਤੇ ਆਪ ਹੀ ਪ੍ਰਗਟ ਹੈਂ ਭਾਵ ਤੂੰ ਆਪ ਹੀ ਸੂਖਮ ਹੈਂ ਅਤੇ ਆਪ ਹੀ ਅਸਥੂਲ ਹੈਂ। ਹੇ ਪ੍ਰਭੂ, ਤੂੰ ਸਾਰੇ ਰੰਗਾਂ ਨੂੰ ਆਪ ਹੀ ਮਾਣ ਰਿਹਾ ਹੈਂ:
ਤੂ ਆਪੇ ਗੁਪਤਾ ਆਪੇ ਪਰਗਟੁ
ਆਪੇ ਸਭਿ ਰੰਗ ਮਾਣੈ॥ (ਅੰਗ : 946)
ਅਗਲੀਆਂ ਤੁੱਕਾਂ ਵਿਚ ਗੁਰੂ ਬਾਬਾ ਦ੍ਰਿੜ ਕਰਵਾ ਰਹੇ ਹਨ ਕਿ ਇਹ ਜਗਤ ਖੇਡ ਸਭ ਆਬਿਨਾਸੀ ਪ੍ਰਭੂ ਦੀ ਰਚੀ ਹੋਈ ਹੈ, ਜਿਸ ਦੀ ਸੋਝੀ ਗੁਰਮੁਖਾਂ ਨੂੰ ਹੀ ਪੈਂਦੀ ਹੈ। ਸਾਰੇ ਜੁਗਾਂ ਵਿਚ ਉਹ ਆਪ ਹੀ ਆਪ ਮੌਜੂਦ ਹੈ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-217-ਆਰ, ਮਾਡਲ ਟਾਊਨ, ਜਲੰਧਰ।

ਕਿਲ੍ਹਾ ਗੋਬਿੰਦਗੜ੍ਹ ਬਾਰੇ ਇਤਿਹਾਸ ਦੇ ਕੁਝ ਅਨਜਾਣੇ ਤੱਥ

(ਲੜੀ ਜੋੜਨ ਲਈ 4 ਮਈ, ਸੋਮਵਾਰ ਦਾ ਅੰਕ ਦੇਖੋ)
ਕਿਲ੍ਹੇ ਦੇ ਬਾਹਰ ਹੁੰਦੀ ਸੀ ਮੋਤੀ ਝੀਲ
ਸੰਨ 1850 ਤੋਂ ਪਹਿਲਾਂ ਕਿਲ੍ਹਾ ਗੋਬਿੰਦਗੜ੍ਹ ਦੇ ਸਾਹਮਣੇ 'ਮੋਤੀ ਝੀਲ' ਹੋਇਆ ਕਰਦੀ ਸੀ, ਜੋ ਕਿਲ੍ਹੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਦਰਵਾਜ਼ਾ ਰਾਮ ਬਾਗ ਤੱਕ ਜਾਂਦੀ ਸੀ। ਡਬਲਿਊ. ਐਲ. ਐਮ. ਜੌਰਜ 'ਹਿਸਟਰੀ ਆਫ਼ ਦਾ ਸਿਖਜ਼' ਦੇ ਅੰਕ 1 ਦੇ ਪੰਨਾ ਨੰ. 19 'ਤੇ ਲਿਖਦਾ ਹੈ ਕਿ ਮੋਤੀ ਝੀਲ 'ਚੋਂ ਪਾਣੀ ਲੈ ਕੇ ਕਿਲ੍ਹਾ ਗੋਬਿੰਦਗੜ੍ਹ ਦੇ ਬਾਹਰ ਵਾਲੀ ਖਾਈ 'ਚ ਭਰਿਆ ਜਾਂਦਾ ਸੀ। ਕਿਲ੍ਹੇ ਦੇ ਅੰਦਰ ਵਰਤੋਂ 'ਚ ਲਿਆਇਆ ਜਾਣ ਵਾਲਾ ਪਾਣੀ ਵੀ ਇਸੇ ਝੀਲ ਤੋਂ ਲਿਆ ਜਾਂਦਾ ਸੀ। ਜੇਮਜ਼ ਕੋਲੇ 'ਲਾਰਡ ਹਾਰਡਿੰਗਜ਼ ਟੂਰ' ਦੇ ਪੰਨਾ 104 'ਤੇ ਲਿਖਦਾ ਹੈ ਕਿ ਕਿਲ੍ਹੇ ਦਾ ਪਰਛਾਵਾਂ ਝੀਲ 'ਚ ਨਜ਼ਰ ਆਉਂਦਾ ਸੀ। ਜਿਸ ਨਾਲ ਬਾਹਰੋਂ ਆਏ ਦੁਸ਼ਮਣ ਆਸਾਨੀ ਨਾਲ ਇਹ ਜਾਣ ਸਕਦੇ ਸਨ ਕਿ ਕਿਲ੍ਹੇ 'ਚ ਕਿੰਨੀ ਫ਼ੌਜ ਅਤੇ ਕਿੰਨੇ ਹਥਿਆਰ ਹਨ। ਇਸ ਲਈ ਬਾਅਦ 'ਚ ਇਹ ਝੀਲ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ।


ਫ਼ੋਨ : 9356127771

ਅਕਾਲੀ ਲਹਿਰ-7

ਭਾਈ ਆਸਾ ਸਿੰਘ ਉਰਫ਼ ਮਹਿਤਾਬ ਸਿੰਘ ਪਿੰਡ ਭੁਕੜੁੱਦੀ (ਜਲੰਧਰ)

ਭਾਈ ਆਸਾ ਸਿੰਘ ਦਾ ਜਨਮ ਸਾਲ 1885 ਵਿਚ ਪਿੰਡ ਭੁਕੜੁੱਦੀ ਜ਼ਿਲ੍ਹਾ ਜਲੰਧਰ (ਹੁਣ ਕਿਸ਼ਨਪੁਰ, ਜ਼ਿਲ੍ਹਾ ਸ਼.ਭ.ਸ. ਨਗਰ) ਵਿਚ ਹੋਇਆ। ਗੱਭਰੂ ਆਸਾ ਸਿੰਘ 1904 ਵਿਚ ਰੁਜ਼ਗਾਰ ਦੀ ਭਾਲ ਵਿਚ ਲੰਕਾ ਚਲਾ ਗਿਆ ਅਤੇ ਉੱਥੇ ਅੰਗਰੇਜ਼ੀ ਤੋਪਖਾਨੇ ਵਿਚ ਨੌਕਰੀ ਕੀਤੀ। ਉਨ੍ਹੀਂ ਦਿਨੀਂ ਲੰਕਾ ਪੱਛਮੀ ਮੁਲਕਾਂ ਵੱਲ ਜਾਣ-ਆਉਣ ਦੇ ਰਾਹ ਵਿਚ ਪੈਂਦਾ ਸੀ। ਉਧਰੋਂ ਮੁੜਨ ਵਾਲੇ ਮੁਸਾਫਿਰਾਂ ਤੋਂ ਉੱਥੋਂ ਦੀ ਖੁਸ਼ਹਾਲੀ ਬਾਰੇ ਸੁਣ ਕੇ ਆਸਾ ਸਿੰਘ ਨੇ ਵੀ ਕੈਨੇਡਾ ਜਾਣ ਦਾ ਮਨ ਬਣਾਇਆ ਅਤੇ ਉਹ 1908 ਵਿਚ ਵੈਨਕੂਵਰ ਪਹੁੰਚ ਗਿਆ। ਕੈਨੇਡਾ ਵਿਚਲੇ ਦੇਸ਼ਭਗਤਾਂ ਦੇ ਸੰਪਰਕ ਵਿਚ ਆ ਕੇ ਉਸ ਦੇ ਮਨ ਵਿਚ ਵੀ ਦੇਸ਼-ਆਜ਼ਾਦੀ ਦੀ ਉਮੰਗ ਪੈਦਾ ਹੋਈ ਜਿਸ ਨੂੰ ਗ਼ਦਰ ਪਾਰਟੀ ਦੇ ਪ੍ਰਚਾਰ ਨੇ ਹੋਰ ਪ੍ਰਬਲ ਕੀਤਾ। ਜਦ ਪਹਿਲੀ ਸੰਸਾਰ ਜੰਗ ਨੂੰ ਅੰਗਰੇਜ਼ਾਂ ਖਿਲਾਫ਼ ਹਥਿਆਰਬੰਦ ਗ਼ਦਰ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾ ਲੈਣ ਦਾ ਹੱਥ ਆਇਆ ਮੌਕਾ ਸਮਝਦਿਆਂ ਗ਼ਦਰ ਪਾਰਟੀ ਨੇ ਆਪਣੇ ਮੈਂਬਰਾਂ ਨੂੰ ਦੇਸ਼ ਪਰਤਣ ਦਾ ਸੱਦਾ ਦਿੱਤਾ ਤਾਂ ਆਸਾ ਸਿੰਘ ਵੀ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਕੇ 13 ਅਕਤੂਬਰ, 1914 ਨੂੰ ਕਲਕੱਤੇ ਪੁੱਜ ਗਿਆ। ਅੰਗਰੇਜ਼ ਸਰਕਾਰ ਨੇ ਵਿਦੇਸ਼ਾਂ ਤੋਂ ਆ ਰਹੇ ਦੇਸ਼ ਭਗਤਾਂ ਨੂੰ ਕਾਬੂ ਕਰਨ ਲਈ ਪਹਿਲਾਂ ਹੀ ਯੋਜਨਾਬੰਦੀ ਕਰ ਰੱਖੀ ਸੀ ਜਿਸ ਅਨੁਸਾਰ ਆਸਾ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ 3 ਸਾਲ ਵਾਸਤੇ ਪਿੰਡ ਵਿਚ ਜੂਹਬੰਦ ਕਰ ਦਿੱਤਾ ਗਿਆ। ਉਸ ਦੇ ਮਨ ਵਿਚ ਦੇਸ਼ ਦੀ ਆਜ਼ਾਦੀ ਵਾਸਤੇ ਕੁਝ ਕਰਨ ਦੀ ਤਾਂਘ ਪਹਿਲਾਂ ਹੀ ਸੀ, ਇਸ ਲਈ ਉਹ ਜੂਹਬੰਦੀ ਖ਼ਤਮ ਹੋਣ ਉੱਤੇ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲੱਗਾ। 21 ਫਰਵਰੀ, 1921 ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ, ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਨੇ ਸੈਂਕੜੇ ਬੇਦੋਸ਼ੇ ਸ਼ਾਂਤਮਈ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਰੋਸ ਪ੍ਰਗਟ ਕਰਨ ਵਾਸਤੇ ਸਿੱਖ ਵੱਡੀ ਗਿਣਤੀ ਵਿਚ ਉੱਥੇ ਪੁੱਜਣ ਵਾਲਿਆਂ ਵਿਚ ਆਸਾ ਸਿੰਘ ਵੀ ਸੀ ਜਿਸ ਨੇ ਨਨਕਾਣਾ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਅਤੇ ਉਸ ਦਾ ਨਾਉਂ 'ਮਹਿਤਾਬ ਸਿੰਘ' ਰੱਖਿਆ ਗਿਆ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX