ਮੇਜਰ ਸਿੰਘ/ਉਪਮਾ ਡਾਗਾ ਪਾਰਥ/ ਰਾਮ ਸਿੰਘ ਬਰਾੜ /ਵਿਪਿਨ ਧਾਲੀਵਾਲ ਤਸਵੀਰਾਂ : ਮੁਨੀਸ਼
ਕਿਸਾਨ ਕਾਫ਼ਲਿਆਂ ਦੇ ਮੁਹਾਜ਼ ਤੋਂ, 28 ਨਵੰਬਰ-ਖੇਤੀ ਕਾਨੂੰਨਾਂ ਖ਼ਿਲਾਫ਼ ਗਰਜਵੀਂ ਆਵਾਜ਼ ਬੁਲੰਦ ਕਰਕੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰੀ ਰੋਕਾਂ ਤੋੜ ਕੇ ਅੱਗੇ ਵਧਦੇ ਕਿਸਾਨ ਕਾਫ਼ਲਿਆਂ ਨੇ ਦਿੱਲੀ ਘੇਰ ਲਈ ਹੈ | ਹਜ਼ਾਰਾਂ ਦੀ ਗਿਣਤੀ 'ਚ ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਪੁੱਜੇ ਕਿਸਾਨਾਂ ਨੇ ਅੱਜ ਦਿੱਲੀ ਹਾਈਵੇ ਉੱਪਰ ਸਿੰਘੂ ਬਾਰਡਰ, ਰੋਹਤਕ, ਦਿੱਲੀ ਰੋਡ ਅਤੇ ਟਿਕਰੀ ਬਾਰਡਰ ਉੱਪਰ ਮੁਕੰਮਲ ਜਾਮ ਲਗਾ ਕੇ ਦਿੱਲੀ ਘੇਰ ਲਈ ਹੈ | ਇਸ ਕਰਕੇ ਦਿੱਲੀ ਨੂੰ ਆਉਣ-ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ ਤੇ ਵਾਹਨਾਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ | ਦਿੱਲੀ ਹਾਈਵੇ ਉੱਪਰ ਦੋ ਦਿਨ ਤੋਂ ਜਾਮ ਲੱਗਣ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਫਸੇ ਫਲ, ਸਬਜ਼ੀਆਂ ਦੇ ਟਰੱਕ ਖ਼ਰਾਬ ਹੋਣੇ ਵੀ ਸ਼ੁਰੂ ਹੋ ਗਏ ਹਨ | ਤਿੰਨਾਂ ਹੀ ਮੁੱਖ ਲਾਂਘਿਆਂ ਉੱਪਰ ਲੱਗੇ ਜਾਮ ਕਾਰਨ ਦਿੱਲੀ ਅੰਦਰਲੀ ਆਵਾਜਾਈ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ | ਮੋਦੀ ਸਰਕਾਰ ਵਲੋਂ ਦਿੱਲੀ ਹਾਈਵੇ ਉੱਪਰ ਅੰਨ੍ਹੇਵਾਹ ਹੰਝੂ ਗੈਸ ਤੇ ਪਾਣੀਆਂ ਦੀਆਂ ਬੁਛਾੜਾਂ ਨਾਲ ਕਿਸਾਨਾਂ ਦਾ ਸਵਾਗਤ ਕਰਨ ਬਾਅਦ ਜਦ ਕਿਸਾਨਾਂ ਦੇ ਹੌਸਲੇ ਬੁਲੰਦ ਰਹੇ ਤੇ ਉਹ ਭਾਰੀ ਰੋਕਾਂ ਤੋੜ ਕੇ ਦਿੱਲੀ ਵੱਲ ਵਧਣ ਲਈ ਤਤਪਰ ਹੋਏ ਤਾਂ ਸਰਕਾਰ ਵਲੋਂ ਕਿਸਾਨਾਂ ਨੂੰ ਲਾਂਘਾ ਦੇਣ ਤੇ ਬੁਰਾਰੀ (ਰਿੰਗ ਰੋਡ ਦਿੱਲੀ) ਨਿਰੰਕਾਰੀ ਮੈਦਾਨ 'ਚ ਇਕੱਤਰ ਹੋਣ ਦੀ ਪੇਸ਼ਕਸ਼ ਕੀਤੀ ਪਰ 30 ਕਿਸਾਨ ਜਥੇਬੰਦੀਆਂ ਤੇ ਬੀ.ਕੇ.ਯੂ. (ਉਗਰਾਹਾਂ) ਨੇ ਬੁਰਾਰੀ ਜਾਣ ਤੋਂ ਇਨਕਾਰ ਕਰਕੇ ਦਿੱਲੀ ਹਾਈਵੇ, ਰੋਹਤਕ-ਦਿੱਲੀ ਰੋਡ 'ਤੇ ਟਿਕਰੀ ਬਾਰਡਰ ਉੱਪਰ ਧਰਨੇ ਮਾਰ ਦਿੱਲੀ ਨੂੰ ਘੇਰਾ ਪਾ ਲਿਆ | 30 ਕਿਸਾਨ ਜਥੇਬੰਦੀਆਂ ਦੀ ਲੰਮੀ ਚੱਲੀ ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਦਿੱਲੀ ਹਾਈਵੇ ਤੇ ਸਿੰਘੂ ਬਾਰਡਰ 'ਤੇ ਧਰਨਾ ਜਾਰੀ ਰਹੇਗਾ ਤੇ ਅਗਲੇ ਪ੍ਰੋਗਰਾਮ ਬਾਰੇ 29 ਨਵੰਬਰ ਨੂੰ ਫਿਰ ਮੀਟਿੰਗ ਹੋਵੇਗੀ | ਉਨ੍ਹਾਂ ਦੱਸਿਆ ਕਿ ਧਰਨਾ ਤਾਂ ਦਿਨ-ਰਾਤ ਚੱਲੇਗਾ ਪਰ ਸਟੇਜ ਸਿਰਫ਼ 11 ਤੋਂ 4 ਵਜੇ ਤੱਕ ਹੀ ਚੱਲਿਆ ਕਰੇਗੀ ਤੇ ਸਟੇਜ ਉੱਪਰ ਸਿਰਫ਼ ਕਿਸਾਨ ਜਥੇਬੰਦੀਆਂ ਦੇ ਬੁਲਾਰੇ ਹੀ ਬੋਲਣਗੇ | ਬਾਹਰਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਅਸਲ ਵਿਚ ਆਮ ਕਿਸਾਨਾਂ ਦੇ ਜਜ਼ਬਾਤ ਬੁਰਾਰੀ 'ਚ ਇਕੱਤਰ ਹੋਣ ਵਾਲੀ ਪੇਸ਼ਕਸ਼ ਰੱਦ ਕਰਕੇ ਦਿੱਲੀ ਹਾਈਵੇ ਉੱਪਰ ਧਰਨਾ ਮਾਰਨ ਦੇ ਹੱਕ 'ਚ ਸੀ | ਕਿਸਾਨ ਜਥੇਬੰਦੀਆਂ ਜਦ ਇਸ ਮਾਮਲੇ ਉੱਪਰ ਵਿਚਾਰ ਕਰ ਰਹੀਆਂ ਸਨ ਤਾਂ ਢਾਈ-ਤਿੰਨ ਘੰਟੇ ਪ੍ਰਮੁੱਖ ਆਗੂਆਂ ਦੀ ਗ਼ੈਰ-ਹਾਜ਼ਰੀ 'ਚ ਲੱਗੀ ਸਟੇਜ ਉੱਪਰੋਂ ਬੋਲਣ ਵਾਲੇ ਦੂਜੀ, ਤੀਜੀ ਕਤਾਰ ਦੇ ਆਗੂ ਇਸ ਤਰ੍ਹਾਂ ਦੇ ਭਾਵੁਕ ਬਿਆਨ ਦਿੰਦੇ ਰਹੇ ਕਿ ਧਰਨਾ ਇੱਥੋਂ ਨਹੀਂ ਚੁੱਕਣਾ | ਨਾਲ ਹੀ ਕਿਸਾਨਾਂ ਦੀ ਸਟੇਜ ਤੋਂ ਸ਼ੰਭੂ ਮੋਰਚੇ ਦੇ ਦੀਪ ਸਿੱਧੂ, ਲੱਖਾ ਸਿਧਾਣਾ ਤੇ ਕਈ ਹੋਰ ਕਲਾਕਰ ਵੀ ਇਹ ਭਾਸ਼ਨ ਦਿੰਦੇ ਰਹੇ ਕਿ ਕਿਸਾਨ ਆਗੂਆਂ ਨੂੰ ਹਿੱਲਣ ਨਹੀਂ ਦੇਣਾ | ਹਾਈਵੇ ਉੱਪਰ ਧਰਨਾ ਮਾਰ ਕੇ ਅਸੀਂ ਸਰਕਾਰ ਦੀ ਧੌਣ ਉੱਪਰ ਗੋਡਾ ਰੱਖਿਆ ਹੈ ਤੇ ਇਹ ਮੰਗਾਂ ਮੰਨੇ ਜਾਣ ਤੱਕ ਰੱਖਿਆ ਰਹਿਣਾ ਚਾਹੀਦਾ ਹੈ | ਲਗਦਾ ਹੈ ਕਿ ਲੋਕ-ਜਜ਼ਬਾਤਾਂ ਨੂੰ ਕਾਬੂ ਰੱਖਣ ਤੇ ਕਲਾਕਾਰਾਂ ਦੇ ਦਬਾਅ ਗਰੁੱਪ ਦੀ ਆਲੋਚਨਾ ਤੋਂ ਬਚਣ ਲਈ ਜਥੇਬੰਦੀਆਂ ਨੇ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦਾ ਫ਼ੈਸਲਾ ਕੀਤਾ ਹੈ |
ਉਗਰਾਹਾਂ ਜਥੇਬੰਦੀ ਰੋਹਤਕ ਬਾਈਪਾਸ 'ਤੇ ਡਟੀ
ਜੀਂਦ ਤੇ ਰੋਹਤਕ ਰਾਹੀਂ ਵੱਡਾ ਕਾਫ਼ਲਾ ਲੈ ਕੇ ਦਿੱਲੀ ਪੁੱਜੇ ਬੀ.ਕੇ.ਯੂ. ਉਗਰਾਹਾਂ ਨੇ ਵੀ ਬੁਰਾਰੀ ਜਾਣ ਦੀ ਪੇਸ਼ਕਸ਼ ਠੁਕਰਾ ਕੇ ਦਿੱਲੀ-ਰੋਹਤਕ ਉੱਪਰ ਧਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਪਾਸੇ ਵੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ | ਜਥੇਬੰਦੀ ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਉਨ੍ਹਾਂ ਦੀ ਜੰਤਰ-ਮੰਤਰ ਜਾਣ ਦੀ ਮੰਗ ਸਰਕਾਰ ਨੇ ਠੁਕਰਾ ਦਿੱਤੀ ਹੈ ਜਿਸ ਕਰਕੇ ਅਸੀਂ ਬੁਰਾਰੀ ਜਾਣ ਦੀ ਪੇਸ਼ਕਸ਼ ਠੁਕਰਾ ਕੇ ਬਾਈਪਾਸ ਉੱਪਰ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ |
ਬੁਰਾਰੀ ਬਾਰਡਰ 'ਤੇ ਲੱਗਾ ਧਰਨਾ
30 ਕਿਸਾਨ ਜਥੇਬੰਦੀਆਂ 'ਚ ਸ਼ਾਮਿਲ ਕਈ ਜਥੇਬੰਦੀਆਂ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਪਰ ਧਰਨਾ ਆਰੰਭ ਕਰ ਦਿੱਤਾ ਹੈ | ਟਰਾਲੀਆਂ ਰਾਹੀਂ ਇਹ ਕਾਫ਼ਲੇ ਹਿਸਾਰ ਵਾਲੇ ਪਾਸੇ ਤੋਂ ਇੱਥੇ ਪੁੱਜੇ ਹੋਏ ਹਨ | ਤਿੰਨ ਕਿੱਲੋਮੀਟਰ 'ਚ ਟਰਾਲੀਆਂ ਤੇ ਹੋਰ ਵਾਹਨ ਫੈਲੇ ਹੋਏ ਹਨ ਤੇ ਅਜੇ ਹੋਰ ਟਰਾਲੀਆਂ ਦੇ ਕਾਫ਼ਲੇ ਵੀ ਆ ਰਹੇ ਹਨ | ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਇਸ ਧਰਨੇ 'ਚ ਕਿਰਤੀ ਕਿਸਾਨ ਯੂਨੀਅਨ, ਬੀ.ਕੇ.ਯੂ. ਕਾਦੀਆਂ, ਬੀ.ਕੇ.ਯੂ. (ਮਾਨਸਾ), ਲੱਖੋਵਾਲ ਤੇ ਪੰਜਾਬ ਕਿਸਾਨ ਯੂਨੀਅਨ ਦੇ ਕਾਫ਼ਲੇ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਮੁੱਖ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਉਹ ਧਰਨਾ ਜਾਰੀ ਰੱਖਣਗੇ |
ਸਿੰਘੂ ਬਾਰਡਰ ਉੱਪਰ ਭਾਰੀ ਰੌਣਕਾਂ
ਦਿੱਲੀ ਦੇ ਸਿੰਘੂ ਬਾਰਡਰ ਉੱਪਰ 8 ਕਿੱਲੋਮੀਟਰ ਦੇ ਕਰੀਬ 6 ਮਾਰਗੀ ਸੜਕਾਂ ਉੱਪਰ ਤਰਪਾਲਾਂ ਦੀਆਂ ਛੱਤਾਂ ਪਾ ਕੇ ਮਕਾਨ ਬਣਾਈਆਂ ਟਰਾਲੀਆਂ ਦਾ ਹੜ੍ਹ ਆਇਆ ਨਜ਼ਰ ਆ ਰਿਹਾ ਹੈ | ਹਾਵੀਏ ਉੱਪਰ ਹੀ ਲੋਹ ਤਪ ਰਹੇ ਹਨ | ਕਿਧਰੇ ਸਬਜ਼ੀਆਂ-ਦਾਲਾਂ ਬਣ ਰਹੀਆਂ ਹਨ, ਕਿਧਰੇ ਪ੍ਰਸ਼ਾਦੇ ਪੱਕ ਰਹੇ ਹਨ ਤੇ ਕਿਧਰੇ ਚਾਹ ਦੇ ਵੱਡੇ ਦੇਗੇ ਚੜ੍ਹੇ ਹੋਏ ਹਨ | ਖਾਣ-ਪੀਣ ਦੀ ਹਰ ਵਸਤ ਕਿਸਾਨ ਨਾਲ ਹੀ ਲੈ ਗਏ ਹਨ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਵਿਸ਼ਾਲ ਲੰਗਰ ਲਗਾਏ ਗਏ ਹਨ ਤੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖੁਦ ਲੰਗਰ ਦੀ ਸੇਵਾ ਨਿਭਾਅ ਰਹੇ ਹਨ | ਹਰਿਆਣਾ ਦੇ ਕਈ ਕਿਸਾਨ ਆਗੂਆਂ ਤੇ ਆੜ੍ਹਤੀਆਂ ਵਲੋਂ ਫਲ ਵੀ ਵੱਡੇ ਪੱਧਰ 'ਤੇ ਵੰਡੇ ਜਾ ਰਹੇ ਹਨ | ਬਹੁਤ ਸਾਰੀਆਂ ਥਾਵਾਂ ਉੱਪਰ ਬੀਬੀਆਂ ਦੇ ਜਥੇ ਨਾਅਰੇ ਮਾਰ ਰਹੇ ਹਨ ਤੇ ਕਈ ਥਾੲੀਂ ਬੀਬੀਆਂ ਲੰਗਰ ਬਣਾਉਣ 'ਚ ਰੁੱਝੀਆਂ ਨਜ਼ਰ ਆਉਂਦੀਆਂ ਹਨ | ਹਰੀਆਂ, ਲਾਲ ਤੇ ਬਸੰਤੀ ਰੰਗ ਦੀਆਂ ਝੰਡੀਆਂ ਹਰ ਪਾਸੇ ਨਜ਼ਰ ਆਉਂਦੀਆਂ ਹਨ | ਇਸ ਵਾਰ ਕਿਸਾਨ ਮੋਰਚੇ ਦੀ ਵਿਲੱਖਣਤਾ ਇਹ ਹੈ ਕਿ ਬੀਬੀਆਂ ਦੇ ਨਾਲ ਨੌਜਵਾਨਾਂ ਦੀ ਗਿਣਤੀ ਕਾਫ਼ੀ ਭਰਵੀਂ ਹੈ | ਪੁਲਿਸ ਨਾਕੇ ਤੋੜਨ 'ਚ ਜਿੱਥੇ ਜੋਸ਼ ਤੇ ਹੱਲਾਸ਼ੇਰੀ ਤਾਂ ਕਿਸਾਨਾਂ ਨੇ ਵੀ ਘੱਟ ਨਹੀਂ ਦਿਖਾਈ ਪਰ ਨੌਜਵਾਨਾਂ ਦੀ ਹਿੰੰਮਤ, ਜੁਗਤ ਤੇ ਦਲੇਰੀ ਦਾ ਜਸ ਹਰ ਪਾਸੇ ਗਾਇਆ ਜਾ ਰਿਹਾ ਹੈ | ਕਿਸਾਨ ਮੋਰਚੇ 'ਚ ਜੋਸ਼ ਤੇ ਜਜ਼ਬਾਤ ਏਨੇ ਭਾਰੂ ਹਨ ਕਿ ਬਹੁਤੀ ਕਿਸਾਨ ਲੀਡਰਸ਼ਿਪ ਕਿਨਾਰੇ ਲੱਗੀ ਮਹਿਸੂਸ ਕਰ ਰਹੀ ਹੈ |
ਖੇਤੀ ਮੰਤਰੀ ਨਾਲ ਗੱਲ ਦਾ ਕੋਈ ਅਰਥ ਨਹੀਂ-ਹਰਿਆਣਾ ਆਗੂ
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੁੰਨੀ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਧਰਨੇ ਬਾਰੇ ਜੋ ਫ਼ੈਸਲਾ ਕਰਨਗੀਆਂ ਹਰਿਆਣਾ ਦੇ ਕਿਸਾਨ ਸੰਗਠਨ ਉਸੇ ਅਨੁਸਾਰ ਚੱਲਣਗੇ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਗੱਲ ਕਰਨ ਦਾ ਕੋਈ ਅਰਥ ਹੀ ਨਹੀਂ ਕਿਉਂਕਿ ਖੇਤੀ ਮੰਤਰੀ ਤਾਂ ਪ੍ਰਧਾਨ ਮੰਤਰੀ ਦਾ ਨੌਕਰ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੁਰੰਤ ਕਿਸਾਨ ਆਗੂਆਂ ਨਾਲ ਮੀਟਿੰਗ ਸੱਦਣ | ਉਨ੍ਹਾਂ ਕਿਹਾ ਕਿ ਕਾਨੂੰਨਾਂ ਬਾਰੇ ਗ਼ਲਤਫ਼ਹਿਮੀ ਦੂਰ ਕਰਨ ਦੀ ਗੱਲ ਗ਼ਲਤ ਹੈ | ਮਸਲਾ ਤਾਂ ਕਾਨੂੰਨਾਂ 'ਚ ਪਾਈਆਂ ਗ਼ਲਤ ਮੱਦਾਂ ਨੂੰ ਵਾਪਸ ਲੈਣ ਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਕਹਿੰਦੇ ਸੀ ਦਿੱਲੀ ਜਾਣਾ, ਪਰ ਸਰਕਾਰ ਰੋਕ ਰਹੀ ਸੀ ਤੇ ਹੁਣ ਸਰਕਾਰ ਲਾਂਘਾ ਦੇ ਰਹੀ ਹੈ ਪਰ ਅਸੀਂ ਨਹੀਂ ਜਾਣਾ |
ਸ਼ੰਭੂ ਮੋਰਚੇ ਨੇ ਲਾਈ ਵੱਖ ਸਟੇਜ
ਸ਼ੰਭੂ ਬਾਰਡਰ ਵਾਂਗ ਹੀ ਕਲਾਕਾਰਾਂ ਤੇ ਕੁਝ ਸਮਾਜ ਸੇਵੀਆਂ ਵਲੋਂ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਤੋਂ ਵੱਖ ਸਟੇਜ ਲਗਾਈ ਸੀ, ਉਸ ਤਰ੍ਹਾਂ ਅੱਜ ਸਿੰਘੂ ਬਾਰਡਰ ਹਾਈਵੇ ਉੱਪਰ ਵੀ ਸ਼ੰਭੂ ਮੋਰਚੇ ਦੇ ਆਗੂਆਂ ਨੇ ਵੱਖਰੀ ਸਟੇਜ ਲਗਾ ਲਈ | ਕਿਸਾਨ ਜਥੇਬੰਦੀਆਂ ਦੇ ਨਾਲ ਹੀ ਸ਼ੰਭੂ ਮੋਰਚੇ ਨੇ ਆਪਣੀ ਸਟੇਜ ਲਗਾਈ ਹੈ | ਇਸ ਸਟੇਜ ਤੋਂ ਅੱਜ ਦੀਪ ਸਿੱਧੂ ਤੇ ਲੱਖਾ ਸਿਧਾਣਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ | ਅੱਜ ਸਵੇਰੇ ਪਹਿਲਾਂ ਉਕਤ ਦੋਵੇਂ ਆਗੂ ਕਿਸਾਨ ਸਟੇਜ ਤੋਂ ਵੀ ਬੋਲੇ ਸਨ ਪਰ ਬਾਅਦ ਦੁਪਹਿਰ 30 ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 'ਚ ਇਹ ਫ਼ੈਸਲਾ ਲਿਆ ਗਿਆ ਕਿ ਸਟੇਜ ਤੋਂ ਸਿਰਫ਼ ਕਿਸਾਨ ਆਗੂ ਹੀ ਬੋਲ ਸਕਣਗੇ ਤੇ ਬਾਹਰਲੀਆਂ ਜਥੇਬੰਦੀਆਂ ਦੇ ਕਿਸੇ ਆਗੂ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ |
ਬੱਬੂ ਮਾਨ ਸਟੇਜ ਤੋਂ ਬੋਲੇ
ਉੱਘੇ ਗਾਇਕ ਬੱਬੂ ਮਾਨ ਨੇ ਵੀ ਸ਼ਾਮਾਂ ਨੂੰ ਸ਼ੰਭੂ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਤੇ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਸਾਡੀ ਅਗਵਾਈ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਕਰਨਗੇ ਤੇ ਉਹ ਜੋ ਵੀ ਫ਼ੈਸਲਾ ਸੁਣਾਉਣਗੇ ਸਾਨੂੰ ਸਿਰ ਮੱਥੇ ਹੋਵੇਗਾ | ਬੱਬੂ ਮਾਨ ਨੇ ਪੰਜਾਬੀਆਂ ਦੇ ਕੁਰਬਾਨੀ ਭਰੇ ਇਤਿਹਾਸ ਦੀ ਸ਼ਲਾਘਾ ਕੀਤੀ ਤੇ ਨਵਾਂ ਇਤਿਹਾਸ ਰਚਨ ਦੀ ਪ੍ਰਤੀਬੱਧਤਾ ਵੀ ਵਿਖਾਈ |
ਉਗਰਾਹਾਂ ਨੇ ਠੁਕਰਾਈ ਕੇਂਦਰੀ ਮੰਤਰੀ ਦੀ ਅਪੀਲ
ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫ਼ੋਨ ਉੱਪਰ ਉਨ੍ਹਾਂ ਨੂੰ ਬੁਰਾਰੀ ਮੈਦਾਨ 'ਚ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਸੀ ਪਰ ਉਨ੍ਹਾਂ ਇਹ ਅਪੀਲ ਰੱਦ ਕਰਦਿਆਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦਾ ਖੋਹਿਆ ਹੱਕ ਬਹਾਲ ਕਰਨ ਦੀ ਮੰਗ ਕੀਤੀ | ਉਨ੍ਹਾਂ ਦਿੱਲੀ ਵਿਖੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਮੰਗਾਂ ਦੇ ਨਿਪਟਾਰੇ ਤੱਕ ਇਹ ਮੋਰਚਾ ਕਾਇਮ ਰਹੇਗਾ | ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਾਉਣ 'ਚ ਭੂਮਿਕਾ ਨਿਭਾਅ ਰਹੇ | ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵਲੋਂ ਪੰਜ ਮੈਂਬਰੀ ਵਫ਼ਦ ਦੀ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਵਾਉਣ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਤੇ ਕਿਹਾ ਕਿ 30 ਕਿਸਾਨ ਜਥੇਬੰਦੀਆਂ, ਕਿਸਾਨ-ਮਜ਼ਦੂਰ ਸੰਘਰਸ਼ ਕਰ ਰਹੇ ਹਨ ਤੇ ਤਿੰਨਾਂ ਨੂੰ ਬਕਾਇਆ ਗੱਲਬਾਤ ਦਾ ਸੱਦਾ ਭੇਜੇ ਬਿਨਾਂ ਉਹ ਇਕੱਲੇ ਗੱਲਬਾਤ ਨਹੀਂ ਕਰਨਗੇ | ਉਨ੍ਹਾਂ ਗੱਲਬਾਤ ਲਈ ਠੋਸ ਤਜਵੀਜ਼ ਭੇਜਣ ਦੀ ਵੀ ਮੰਗ ਕੀਤੀ | ਰੋਹਤਕ-ਦਿੱਲੀ ਰੋਡ ਉੱਪਰ ਲੱਗੇ ਮੋਰਚੇ ਵਿਚ ਭਾਰੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਹਨ |
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਵਲੋਂ ਪ੍ਰਦਰਸ਼ਨ ਲਈ ਨਿਰਧਾਰਿਤ ਕੀਤੇ ਸਥਾਨ ਬੁਰਾਰੀ ਮੈਦਾਨ 'ਚ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸੁਣਿਆ ਜਾਵੇਗਾ ਤੇ ਉਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਿਰਧਾਰਿਤ ਸਥਾਨ 'ਤੇ ਕਿਸਾਨਾਂ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ | ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਕਿਸਾਨ ਨਿਰਧਾਰਿਤ ਸਥਾਨ 'ਤੇ ਚਲੇ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਵੀ ਸੌਖ ਹੋਵੇਗੀ ਅਤੇ ਹਾਈਵੇਅ ਬੰਦ ਹੋਣ ਕਾਰਨ ਪੇ੍ਰਸ਼ਾਨ ਲੋਕਾਂ ਨੂੰ ਵੀ ਰਾਹਤ ਮਿਲੇਗੀ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਪਹਿਲਾਂ ਤੈਅਸ਼ੁਦਾ ਸਮਾਂ 3 ਦਸੰਬਰ ਤੋਂ ਪਹਿਲਾਂ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦੀਆਂ ਹਨ ਤਾਂ ਪਹਿਲਾਂ ਉਨ੍ਹਾਂ ਨੂੰ ਪ੍ਰਦਰਸ਼ਨ ਲਈ ਨਿਰਧਾਰਿਤ ਸਥਾਨ 'ਤੇ ਜਾਣਾ ਪਵੇਗਾ ਅਤੇ ਸਰਕਾਰ ਵਲੋਂ ਉਨ੍ਹਾਂ ਨਾਲ ਨਿਰਧਾਰਤ ਮਿਤੀ ਤੋਂ ਪਹਿਲਾਂ ਹੀ ਗੱਲਬਾਤ ਕੀਤੀ ਜਾਵੇਗੀ | ਉਨ੍ਹਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਉਹ ਸ਼ਾਂਤੀਪੂਰਨ ਅਤੇ ਲੋਕਤੰਤਰਿਕ ਤਰੀਕੇ ਨਾਲ ਆਪਣਾ ਅੰਦੋਲਨ ਜਾਰੀ ਰੱਖਣ ਅਤੇ ਗੱਲਬਾਤ ਨੂੰ ਵੀ ਅੱਗੇ ਵਧਾਉਣ | ਉਨ੍ਹਾਂ ਕਿਹਾ ਕਿ ਮੈਂ ਭਰੋਸਾ ਦਿੰਦਾ ਹਾਂ ਕਿ ਨਿਰਧਾਰਤ ਸਥਾਨ 'ਤੇ ਜਾਣ ਦੇ ਤੁਰੰਤ ਬਾਅਦ ਹੀ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ |
ਕਿਸਾਨ ਅਮਿਤ ਸ਼ਾਹ ਦੀ ਅਪੀਲ ਮੰਨਣ-ਕੈਪਟਨ
ਚੰਡੀਗੜ੍ਹ, (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰੋਸ ਪ੍ਰਦਰਸ਼ਨ ਲਈ ਮਿੱਥੀ ਗਈ ਜਗ੍ਹਾ 'ਤੇ ਜਾਣ ਲਈ ਕੀਤੀ ਗਈ ਅਪੀਲ ਨੂੰ ਪ੍ਰਵਾਨ ਕਰਨ ਲਈ ਆਖਿਆ ਹੈ ਜਿਸ ਨਾਲ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਗੱਲਬਾਤ ਛੇਤੀ ਤੋਰਨ ਦਾ ਰਾਹ ਪੱਧਰਾ ਹੋਵੇਗਾ | ਅਮਿਤ ਸ਼ਾਹ ਵਲੋਂ ਕਿਸਾਨਾਂ ਨਾਲ ਜਲਦ ਵਿਚਾਰ-ਵਟਾਂਦਰਾ ਕਰਨ ਦੀ ਕੀਤੀ ਪੇਸ਼ਕਸ਼ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕੈਪਟਨ ਨੇ ਕਿਹਾ ਕਿ ਇਹ ਕਿਸਾਨ ਭਾਈਚਾਰੇ ਅਤੇ ਮੁਲਕ ਦੇ ਵਡੇਰੇ ਹਿੱਤ ਵਿਚ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹ ਨੇ 3 ਦਸੰਬਰ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ, ਜੋ ਸਵਾਗਤਯੋਗ ਕਦਮ ਹੈ |
ਨਵੀਂ ਦਿੱਲੀ, 28 ਨਵੰਬਰ (ਪੀ.ਟੀ.ਆਈ.)-ਰਾਸ਼ਟਰੀ ਰਾਜਧਾਨੀ ਨੂੰ ਘੇਰਨ ਜਾ ਰਹੇ ਕਿਸਾਨਾਂ ਵਲੋਂ ਲਗਾਤਾਰ ਤੀਜੇ ਦਿਨ ਕੀਤੇ ਗਏ ਭਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਕਿਸੇ ਸਮੇਂ ਵੀ ਗੱਲਬਾਤ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਅੰਦੋਲਨ ਬੰਦ ਕਰਕੇ ਸਰਕਾਰ ਨਾਲ ਗੱਲਬਾਤ ਕਰਨ ਲਈ ਅੱਗੇ ਆਉਣ | ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ 32 ਕਿਸਾਨ ਯੂਨੀਅਨਾਂ ਨੂੰ 3 ਦਸੰਬਰ ਨੂੰ ਗੱਲਬਾਤ ਦਾ ਸੱਦਾ ਦੇ ਚੁੱਕੀ ਹੈ ਪਰ ਜੇਕਰ ਉਹ ਚਾਹੁੰਦੇ ਹਨ ਤਾਂ ਕੇਂਦਰ ਸਰਕਾਰ ਇਸ ਤੋਂ ਪਹਿਲਾਂ ਵੀ ਕਿਸੇ ਸਮੇਂ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ |
ਚੰਡੀਗੜ੍ਹ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕਣਾ ਬਹੁਤ ਮੰਦਭਾਗਾ ਤੇ ਨਿੰਦਾਯੋਗ ਹੈ | ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਨੁਮਾਇੰਦੇ ਇਸ ਮਾਮਲੇ 'ਚ ਕੇਂਦਰ ਸਰਕਾਰ ਨਾਲ ਗੱਲ ਕਰਨ ਕਿਉਂਕਿ ਗੱਲਬਾਤ ਹੀ ਇਸ ਦਾ ਹੱਲ ਹੈ | ਗੁਰੂਗ੍ਰਾਮ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੱਟਰ ਨੇ ਕਿਹਾ ਕਿ ਇਹ ਅੰਦੋਲਨ ਮੁੱਖ ਤੌਰ 'ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਥੇ ਦੇ ਕੁਝ ਸੰਗਠਨਾਂ ਵਲੋਂ ਪ੍ਰਾਯੋਜਿਤ ਹੈ | ਉਨ੍ਹਾਂ ਕਿਹਾ ਕਿ ਮੈਂ ਅੰਦੋਲਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਿੰਨ ਦਿਨਾਂ ਦੌਰਾਨ ਕਈ ਵਾਰ ਗੱਲਬਾਤ ਕਰਨ ਦਾ ਯਤਨ ਕੀਤਾ ਲੇਕਿਨ ਉਨ੍ਹਾਂ ਨੇ ਗੱਲ ਨਹੀਂ ਕੀਤੀ |
ਚੰਡੀਗੜ੍ਹ, 28 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ 'ਤੇ ਜ਼ੁਲਮ ਢਾਹੁਣ ਲਈ ਹਰਿਆਣਾ 'ਚ ਆਪਣੇ ਹਮਰੁਤਬਾ ਨੂੰ ਕਰੜੇ ਹੱਥੀਂ ਲੈਂਦਿਆਂ ਐਮ.ਐਲ. ਖੱਟਰ ਨੂੰ ਸਪੱਸ਼ਟ ਤੌਰ 'ਤੇ ਮੁਆਫ਼ੀ ਮੰਗਣ ਲਈ ਆਖਿਆ | ਕੈਪਟਨ ਨੇ ਕਿਹਾ ਕਿ ਹਰਿਆਣਾ ਵਲੋਂ ਪੰਜਾਬ ਦੇ ਕਿਸਾਨਾਂ ਉੱਪਰ ਅੱਥਰੂ ਗੈਸ ਛੱਡਣ ਅਤੇ ਲਾਠੀਚਾਰਜ ਕਰਨ ਅਤੇ ਜਲ ਤੋਪਾਂ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ, ਜਿਸ ਕਰਕੇ ਉਨ੍ਹਾਂ ਵਲੋਂ ਖੱਟਰ ਨਾਲ ਗੱਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ | ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਮਸਲੇ ਦਾ ਨਿਪਟਾਰਾ ਹੋਵੇ ਅਤੇ ਟਕਰਾਅ ਖ਼ਤਮ ਹੋ ਜਾਵੇ ਅਤੇ ਉਹ ਮਸਲੇ ਦੇ ਹੱਲ ਲਈ ਜੋ ਸਹਾਇਤਾ ਕਰ ਸਕਦੇ ਹਨ, ਉਹ ਕਰਨਗੇ |
ਕਿਸਾਨਾਂ ਨੇ ਹੁਣ ਦਿੱਲੀ ਕੂਚ ਕਰਨ ਦੀ ਬਜਾਏ ਬਹਾਦਰਗੜ੍ਹ ਦੇ ਟਿਕਰੀ ਬਾਰਡਰ 'ਤੇ ਡੇਰਾ ਲਾ ਲਿਆ ਹੈ | ਇਕ ਪਾਸੇ ਪੁਲਿਸ ਤੇ ਅਰਧ ਸੈਨਿਕ ਬਲ ਤਾਂ ਦੂਜੇ ਪਾਸੇ ਕਿਸਾਨ ਡਟੇ ਹੋਏ ਹਨ | ਅਜਿਹੇ 'ਚ ਦਿੱਲੀ-ਹਰਿਆਣਾ ਸਰਹੱਦ 'ਤੇ ਤਣਾਅਪੂਰਨ ਮਾਹੌਲ ਬਣ ਗਿਆ ਹੈ | ਪੁਲਿਸ ਪ੍ਰਸ਼ਾਸਨ ਕਿਸਾਨਾਂ ਦੀ ਹਰ ਹਰਕਤ 'ਤੇ ਨਜ਼ਰਾਂ ਟਿਕਾਈ ਬੈਠਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਹ ਕਿਸੇ ਵੀ ਸੂਰਤ 'ਚ ਇੱਥੋਂ ਨਹੀਂ ਹਟਣਗੇ | ਅੱਜ ਸੜਕ ਦੇ ਦੋਵਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੇ ਕਿਸਾਨਾਂ ਨੇ ਆਪਣੇ ਹੱਥਾਂ 'ਚ ਕਿਸਾਨ ਯੂਨੀਅਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਅਤੇ ਰੈਲੀਆਂ ਕੀਤੀਆਂ | ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਜਥੇ ਵਾਇਆ ਰੋਹਤਕ ਤੋਂ ਬਹਾਦਰਗੜ੍ਹ ਪਹੁੰਚ ਸਕਦੇ ਹਨ | ਕਿਸਾਨਾਂ ਦੇ ਟਿਕਰੀ ਬਾਰਡਰ 'ਤੇ ਡੇਰਾ ਲਾਉਣ ਤੋਂ ਬਾਅਦ ਇਕ ਪਾਸੇ ਪੁਲਿਸ ਨੇ ਬੈਰੀਕੇਡ ਤੇ ਵੱਡੇ-ਵੱਡੇ ਪੱਥਰ ਲਗਾ ਦਿੱਤੇ ਹਨ ਤਾਂ ਦੂਜੇ ਪਾਸੇ ਕਿਸਾਨਾਂ ਨੇ ਵੀ ਬੈਰੀਕੇਡ ਲਗਾਏ ਹਨ | ਅਜਿਹੇ 'ਚ ਹਾਲਾਤ ਹੋਰ ਤਣਾਅਪੂਰਨ ਬਣ ਗਏ ਹਨ | ਕਿਸਾਨ ਆਗੂਆਂ ਵਲੋਂ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ |
ਮੈਟਰੋ ਸੇਵਾ ਬਹਾਲ-ਬੱਸਾਂ ਬੰਦ
ਟਿਕਰੀ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਹੋਇਆ ਹਾਲਾਤ ਤਾਂ ਕਾਫ਼ੀ ਤਣਾਅਪੂਰਨ ਹਨ ਪਰ ਸਰਕਾਰ ਨੇ ਦਿੱਲੀ ਬਹਾਦਰਗੜ੍ਹ ਵਿਚਾਲੇ ਬੰਦ ਪਈ ਮੈਟਰੋ ਨੂੰ ਚਾਲੂ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ ਪਰ ਬਹਾਦਰਗੜ੍ਹ ਤੋਂ ਦਿੱਲੀ ਦੇ ਲਈ ਹਰਿਆਣਾ ਰੋਡਵੇਜ਼ ਅਤੇ ਨਿੱਜੀ ਬੱਸਾਂ ਬੰਦ ਹਨ |
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਦੇਸ਼ ਦੀਆਂ 8 ਵਿਰੋਧੀ ਪਾਰਟੀਆਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਦੇਸ਼ ਦੀ ਖ਼ੁਰਾਕ ਸੁਰੱਖਿਆ ਲਈ ਖ਼ਤਰਾ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਸੁੱਟਣਾ, ਪਾਣੀ ਦੀਆਂ ਬੁਛਾੜਾਂ ਮਾਰਨਾ ਤੇ ਸੜਕਾਂ ਪੁੱਟਣਾ ਕਿਸਾਨਾਂ ਖ਼ਿਲਾਫ਼ 'ਯੁੱਧ ਛੇੜਨ' ਵਾਂਗ ਹੈ | ਇਨ੍ਹਾਂ ਪਾਰਟੀਆਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ | ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਡੀ. ਐਮ. ਕੇ. ਦੇ ਟੀ. ਆਰ. ਬਾਲੂ, ਮਾਰਕਸੀ ਪਾਰਟੀ ਦੇ ਸੀਤਾਰਾਮ ਯੇਚੁਰੀ, ਕਮਿਊਨਿਸਟ ਪਾਰਟੀ ਦੇ ਡੀ. ਰਾਜਾ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ, ਸੀ. ਪੀ. ਆਈ (ਐਮ. ਐਲ) ਦੇ ਦੀਪਾਂਕਰ ਭੱਟਾਚਾਰੀਆ, ਫਾਰਵਰਡ ਬਲਾਕ ਦੇ ਦੇਵਵ੍ਰਤ ਵਿਸ਼ਵਾਸ ਅਤੇ ਆਰ. ਐਸ. ਪੀ. ਦੇ ਮਨੋਜ ਭੱਟਾਚਾਰੀਆ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀ ਹਿੰਮਤ ਨੂੰ ਸਲਾਮ ਕਰਦੇ ਹਨ |
ਲਗਾਤਾਰ ਦੋ ਦਿਨਾਂ ਤੋਂ ਹਜ਼ਾਰਾਂ ਕਿਸਾਨ ਸਿੰਘੂ ਬਾਰਡਰ 'ਤੇ ਡੱਟੇ ਹੋਏ ਹਨ | ਹਰਿਆਣਾ ਤੇ ਦਿੱਲੀ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਦਿੱਲੀ 'ਚ ਦਾਖਲ ਹੋਣ ਤੋਂ ਰੋਕ ਰੱਖਿਆ ਹੈ | ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬੁਰਾੜੀ ਸਥਿਤ ਨਿਰੰਕਾਰੀ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਕਈ ਕਿਸਾਨ ਸੰਗਠਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ 'ਚ ਦਿੱਲੀ-ਗਾਜੀਪੁਰ ਬਾਰਡਰ 'ਤੇ ਇਕੱਠੇ ਹੋ ਗਏ | ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ...
ਸੰਗਰੂਰ, (ਫੁੱਲ)-ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਨਾਲ ਕੀਤੇ ਮਾੜੇ ਵਿਵਹਾਰ ਨੂੰ ਵੇਖਦਿਆਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ 'ਜੈ ਜਵਾਨ, ਜੈ ਕਿਸਾਨ' ...
ਕੇਂਦਰ ਸਰਕਾਰ ਵਲੋਂ ਦਿੱਲੀ ਪੁਲਿਸ ਦੇ ਮਾਰਫਤ ਕਿਸਾਨਾਂ ਨੂੰ ਧਰਨੇ ਲਈ ਅਲਾਟ ਕੀਤਾ ਬੁਰਾਰੀ ਮੈਦਾਨ ਅਜੇ ਵੀ ਕਿਸਾਨਾਂ ਦੀ ਆਮਦ ਉਡੀਕ ਰਿਹਾ ਹੈ | ਤਕਰੀਬਨ 2 ਲੱਖ ਤੋਂ ਵੱਧ ਦੀ ਸਮਰਥਾ ਵਾਲੇ ਬੁਰਾਰੀ ਮੈਦਾਨ 'ਚ ਸ਼ਨਿਚਰਵਾਰ ਸ਼ਾਮ ਤੱਕ ਸਿਰਫ 400-500 ਕਿਸਾਨ ਅਤੇ ...
ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਮਨੀਸ਼ ਸ੍ਰੀਵਾਸਤਵ ਕਿਸਾਨ ਮਜ਼ਦੂਰ ਸੰਗਠਨ ਦੇ ਰਾਹੁਲ ਰਾਜ, ਲੋਕ ਸੰਘਰਸ਼ ਮੋਰਚਾ ਦੀ ਪ੍ਰਤਿਭਾ ਸ਼ਿੰਦੇ ਤੇ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟੇਕਰ ਅਤੇ ਹੋਰ ਨੇਤਾਵਾਂ ਦੀ ਅਗਵਾਈ 'ਚ ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ ਕਰਦਿਆਂ ਅਜਿਹੀਆਂ ਸਾਜ਼ਿਸ਼ੀ ਚਾਲਾਂ ਚੱਲਣ ਵਾਲਿਆਂ ਤੋਂ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ | ...
ਚੰਡੀਗੜ੍ਹ, (ਗੁਰਪ੍ਰੀਤ ਸਿੰਘ ਜਾਗੋਵਾਲ)- ਜਦ ਪੰਜਾਬ ਤੋਂ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ ਉਸ ਸਮੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਕਿਸਾਨ ਆਪਣੇ ਮੁੱਦਿਆਂ ਦੇ ਹੱਲ ਲਈ ਵਿਰੋਧ ...
ਨਵੀਂ ਦਿੱਲੀ, 28 ਨਵੰਬਰ (ਏਜੰਸੀ)-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੰਕਾਰ ਨੇ ਜਵਾਨਾਂ ਨੂੰ ਕਿਸਾਨਾਂ ਖਿਲਾਫ਼ ਖੜ੍ਹਾ ਕਰ ਦਿੱਤਾ ...
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਆਪਣੇ ਮਿਸ਼ਨ ਵੱਲ ਵਧ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ | ਢੀਂਡਸਾ ਨੇ ...
ਅੰਮਿ੍ਤਸਰ, (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 30 ਨਵੰਬਰ ਨੂੰ ਆ ਰਹੇ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਭਰ 'ਚ ਵਸਦੀਆਂ ਸੰਗਤਾਂ ਨੂੰ ਗੁਰਪੁਰਬ ਮਨਾਉਣ ਦੇ ਨਾਲ ਨਾਲ ...
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ | ਮੋਦੀ ਸਰਕਾਰ ਨੰੂ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਕੇ ਇਨ੍ਹਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX