• ਦੋਵੇਂ ਦੇਸ਼ ਵੱਡੀਆਂ ਚੁਣੌਤੀਆਂ ਨੂੰ ਹਰਾ ਸਕਦੇ ਹਨ-ਮੋਦੀ • ਵਾਈਟ ਹਾਊਸ ਵਿਖੇ ਦੋਵਾਂ ਆਗੂਆਂ ਵਿਚਾਲੇ ਇਕ ਘੰਟੇ ਤੋਂ ਵੱਧ ਚੱਲੀ ਗੱਲਬਾਤ • ਕੋਵਿਡ ਤੇ ਜਲਵਾਯੂ ਤਬਦੀਲੀ ਰਹੇ ਅਹਿਮ ਮੁੱਦੇ
ਵਾਸ਼ਿੰਗਟਨ/ਸਾਨ ਫਰਾਂਸਿਸਕੋ, 24 ਸਤੰਬਰ (ਏਜੰਸੀ/ਐੱਸ. ਅਸ਼ੋਕ ਭੌਰਾ)-ਸੰਯੁਕਤ ਰਾਸ਼ਟਰ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਲਈ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਆਪਣੀ ਪਹਿਲੀ ਦੁਵੱਲੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਦੋਵਾਂ ਨੇਤਾਵਾਂ ਵਲੋਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ | ਮੀਟਿੰਗ ਦੌਰਾਨ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ, ਕੋਵਿਡ-19, ਲੋਕਤੰਤਰੀ ਕਦਰਾ ਕੀਮਤਾਂ, ਜਲਵਾਯੂ ਤਬਦੀਲੀ, ਆਰਥਿਕ ਸਹਿਯੋਗ, ਅਫ਼ਗਾਨਿਸਤਾਨ ਸਮੇਤ ਵੱਖ-ਵੱਖ ਤਰਜੀਹੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਬਾਈਡਨ ਨੇ ਕਿਹਾ ਕਿ ਵਿਸ਼ਵ ਅਗਲੇ ਹਫ਼ਤੇ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਏਗਾ, ਜਿਨ੍ਹਾਂ ਦਾ ਅਹਿੰਸਾ, ਸਤਿਕਾਰ ਤੇ ਸਹਿਣਸ਼ੀਲਤਾ ਦਾ ਸੰਦੇਸ਼ ਅੱਜ ਸ਼ਾਇਦ ਪਹਿਲਾਂ ਨਾਲੋਂ ਜ਼ਿਆਦਾ ਪ੍ਰਸੰਗਿਕ ਹੋ ਗਿਆ ਹੈ | ਬਾਈਡਨ ਨੇ ਕਿਹਾ ਕਿ ਅਸੀ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦੇ ਨਵੇਂ ਅਧਿਆਏ ਨੂੰ ਦੇਖ ਰਹੇ ਹਾਂ ਤੇ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਤੇ ਨਜ਼ਦੀਕ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਵਿਸ਼ਵਾਸ਼ ਕਰਦਾ ਹਾਂ ਕਿ ਅਮਰੀਕਾ-ਭਾਰਤ ਸਬੰਧ ਬਹੁਤ ਸਾਰੀਆਂ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ 'ਚ ਮਦਦ ਕਰ ਸਕਦੇ ਹਨ | ਬਾਈਡਨ ਨੇ ਕਿਹਾ ਕਿ ਮੈਂ 2006 'ਚ ਹੀ ਕਹਿ ਦਿੱਤਾ ਸੀ ਕਿ 2020 ਤੱਕ ਅਮਰੀਕਾ ਤੇ ਭਾਰਤ ਦੁਨੀਆ ਦੇ ਸਭ ਤੋਂ ਨੇੜਲੇ ਦੇਸ਼ਾਂ 'ਚ ਸ਼ਾਮਿਲ ਹੋਣਗੇ ਤੇ ਅੱਜ ਅਸੀ ਸਭ ਤੋਂ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ ਦਾ ਇਕ ਅਧਿਆਏ ਆਰੰਭ ਕਰ ਰਹੇ ਹਾਂ | ਪ੍ਰਧਾਨ ਮੰਤਰੀ ਮੋਦੀ ਨੇ ਬਾਈਡਨ ਨੂੰ ਕਿਹਾ ਕਿ ਅਸੀ ਇਸ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ 'ਚ ਮਿਲ ਰਹੇ ਹਾਂ ਤੇ ਤੁਹਾਡੀ ਲੀਡਰਸ਼ਿਪ ਨਿਸਚਿਤ ਰੂਪ 'ਚ ਇਸ 'ਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਕਿ ਇਹ ਦਹਾਕਾ ਕਿਵੇਂ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਨੂੰ ਹੋਰ ਡੂੰਘਾ ਕਰਨ ਲਈ ਬੀਜ ਬੀਜੇ ਗਏ ਹਨ ਤੇ ਮੈਨੂੰ ਖੁਸ਼ੀ ਹੈ ਕਿ ਭਾਰਤੀ ਪ੍ਰਵਾਸੀ ਅਮਰੀਕਾ ਦੀ ਤਰੱਕੀ 'ਚ ਸਰਗਰਮ ਯੋਗਦਾਨ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਪ੍ਰਤੀਭਾ ਦੀ ਵਰਤੋਂ ਵਧੇਰੇ ਵਿਸ਼ਵਵਿਆਪੀ ਭਲਾਈ ਤੇ ਤਕਨੀਕ ਦਾ ਲਾਭ ਲੈਣ ਲਈ ਕਰਨੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਹਾਕੇ 'ਚ ਭਾਰਤ-ਅਮਰੀਕਾ ਸੰਬੰਧਾਂ 'ਚ ਵਪਾਰ ਇਕ ਮਹੱਤਵਪੂਰਨ ਕਾਰਕ ਹੋਵੇਗਾ ਤੇ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਖੇਤਰ 'ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਵੱਡੀਆਂ ਚੁਣੌਤੀਆਂ ਨੂੰ ਮਿਲਕੇ ਹਰਾ ਸਕਦੇ ਹਨ | ਇਸ ਸਾਲ ਜਨਵਰੀ 'ਚ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਉਪਰੰਤ ਜੋ ਬਾਈਡਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਹੈ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2014 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 7ਵੀਂ ਵਾਰ ਅਮਰੀਕਾ ਦਾ ਦੌਰਾ ਕਰ ਰਹੇ ਹਨ | ਇਸ ਮੌਕੇ ਦੋਵਾਂ ਆਗੂਆਂ ਵਲੋਂ ਭਾਰਤ ਤੇ ਅਮਰੀਕਾ ਵਿਚਾਲੇ ਡੂੰਘੇ ਸਬੰਧਾਂ ਨੂੰ ਮਜ਼ਬੂਤ ਕਰਨ, ਇਕ ਖੁੱਲ੍ਹੇ ਤੇ ਸੁਤੰਤਰ ਹਿੰਦ-ਪ੍ਰਸ਼ਾਂਤ ਖੇਤਰ ਨੂੰ ਕਾਇਮ ਰੱਖਣ, ਕੋਵਿਡ-19 ਨਾਲ ਨਜਿੱਠਣ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ ਹਰ ਮੁੱਦੇ 'ਤੇ ਸਹਿਯੋਗ ਵਧਾਉਣ 'ਤੇ ਸਹਿਮਤੀ ਪ੍ਰਗਟ ਕੀਤੀ ਗਈ |
ਵਾਸ਼ਿੰਗਟਨ, 24 ਸਤੰਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ 'ਚ ਸ਼ੁੱਕਰਵਾਰ ਨੂੰ ਹੋਏ ਕੁਆਡ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲੀਆ ਤੇ ਜਾਪਾਨ ਦੇ ਹਮਰੁਤਬਾ ਨਾਲ ਪਹਿਲੀ ਵਿਅਕਤੀਗਤ ਬੈਠਕ 'ਚ ਹਿੱਸਾ ਲਿਆ | ਭਾਰਤ, ਜਾਪਾਨ, ਅਮਰੀਕਾ ਤੇ ਆਸਟ੍ਰੇਲੀਆ ਨੇ ਨਵੰਬਰ 2017 'ਚ ਹਿੰਦ-ਪ੍ਰਸ਼ਾਂਤ ਖੇਤਰ ਦੇ ਮਹੱਤਵਪੂਰਨ ਸਮੁੰਦਰੀ ਮਾਗਰਾਂ 'ਚ ਚੀਨ ਦੇ ਵਧ ਰਹੇ ਦਖਲ ਤੇ ਸੈਨਿਕ ਮੌਜੂਦਗੀ ਦੇ ਟਾਕਰੇ ਲਈ ਨਵੀਂ ਰਣਨੀਤੀ ਵਿਕਸਤ ਕਰਨ ਲਈ 'ਕੁਆਡ' ਦੀ ਸਥਾਪਨਾ ਕੀਤੀ ਸੀ | ਰਾਸ਼ਟਰਪਤੀ ਬਾਈਡਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵਾਈਟ ਹਾਊਸ 'ਚ ਪਹਿਲੀ ਵਾਰ ਵਿਅਕਤੀਗਤ ਰੂਪ 'ਚ ਕੁਆਡ ਸੰਮੇਲਨ 'ਚ ਸ਼ਾਮਿਲ ਹੋਣ ਲਈ ਅਮਰੀਕਾ ਦੀ ਰਾਜਧਾਨੀ ਪੁੱਜੇ ਹਨ | ਇਸ ਮੌਕੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਚਾਰ ਲੋਕਤੰਤਰਿਕ ਦੇਸ਼ ਕੋਵਿਡ-19 ਤੋਂ ਲੈ ਕੇ ਜਲਵਾਯੂ ਬਦਲਾਅ ਜਿਹੀਆਂ ਸਾਂਝਾ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇਕ ਸਾਥ ਆਏ ਹਨ, ਇਹ ਸਮੂਹ ਦੇ ਲੋਕਤੰਤਰਿਕ ਸਾਂਝੀਵਾਲ ਵਿਸ਼ਵ ਦੇ ਵਿਚਾਰਾਂ ਨੂੰ ਸਾਂਝਾ ਕਰਦੇ ਹਨ ਅਤੇ ਭਵਿੱਖ ਲਈ ਇਕ ਸਮਾਨ ਦਿ੍ਸ਼ਟੀਕੌਣ ਰੱਖਦੇ ਹਨ | ਇਸ ਮੌਕੇ ਆਪਣੇ ਛੋਟੇ ਤੇ ਸਪੱਸ਼ਟ ਭਾਸ਼ਣ 'ਚ ਪ੍ਰਧਾਨ ਮੰਤਰੀ ਮੋਦੀ ਨੇ ਕੁਆਡ ਦੀ ਪਹਿਲੀ 'ਇਨ-ਪ੍ਰਸਨ' ਬੈਠਕ ਬੁਲਾਉਣ ਲਈ ਬਾਈਡਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ 4 ਦੇਸ਼ਾਂ ਦਾ ਸਮੂਹ 'ਕੁਆਡ' ਹਿੰਦ-ਪ੍ਰਸ਼ਾਂਤ ਦੇ ਨਾਲ-ਨਾਲ ਪੂਰੇ ਵਿਸ਼ਵ 'ਚ ਸ਼ਾਂਤੀ ਤੇ ਪ੍ਰਗਤੀ ਲਿਆਉਣ 'ਚ ਅਹਿਮ ਭੂਮਿਕਾ ਨਿਭਾਏਗਾ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਸਮੂਹ ਵਿਸ਼ਵ-ਵਿਆਪੀ ਭਲਾਈ ਲਈ ਇਕ ਤਾਕਤ ਦੇ ਰੂਪ 'ਚ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਕੁਆਡ ਵੈਕਸੀਨ ਪਹਿਲ ਦੇ ਚੱਲਦੇ ਇੰਡੋ-ਪੈਸੀਫਿਕ ਦੇਸ਼ਾਂ ਨੂੰ ਮਦਦ ਮਿਲੇਗੀ, ਜਦੋਂ ਦੁਨੀਆ ਕੋਵਿਡ-19 ਮਹਾਂਮਾਰੀ ਨਾਲ ਲੜ੍ਹ ਰਹੀ ਹੈ | ਜਾਪਾਨ 'ਚ 2004 ਆਈ ਸੁਨਾਮੀ ਬਾਅਦ ਅਸੀਂ ਕੁਆਡ ਗਠਜੋੜ ਦੇ ਰੂਪ 'ਚ ਮਾਨਵਤਾ ਲਈ ਪਿਰ ਇਕ ਸਾਥ ਆਏ ਹਾਂ | ਉਨ੍ਹਾਂ ਕਿਹਾ ਆਪਣੇ ਦੋਸਤਾਂ ਨਾਲ ਚਰਚਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਪਲਾਈ ਲੜੀ, ਵਿਸ਼ਵ-ਵਿਆਪੀ ਸੁਰੱਖਿਆ, ਜਲਵਾਯੂ ਕਾਰਵਾਈ, ਕੋਵਿਡ ਨਾਲ ਨਜਿੱਠਣ ਲਈ ਤਕਨੀਕੀ ਸਹਿਯੋਗ ਕੀਤਾ ਹੈ | ਇਸ ਮੌਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਜ਼ਬਰਦਸਤੀ ਤੋਂ ਮੁਕਤ ਕਰਵਾਉਣਾ ਹੋਵੇਗਾ ਤੇ ਵਿਵਾਦਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਸਲਝਾਇਆ ਜਾਣਾ ਚਾਹੀਦਾ ਹੈ | ਹਿੰਦ-ਪ੍ਰਸ਼ਾਂਤ ਖੇਤਰ ਨੂੰ ਵੱਡੀਆਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨਾਲ ਸਾਨੂੰ ਨਜਿੱਠਣਾ ਹੈ | ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡੇ ਸੁਗਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਸ਼ੀਂ ਸ਼ਿਕਰ ਸੰਮੇਲਨ ਕਵਾਉਣ ਦੇ ਸਮਰਥ ਹਾਂ ਅਤੇ ਚਾਰੋਂ ਨੇਤਾ ਇਕ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬੜਾਵਾ ਦੇਣ, ਜਲਵਾਯੂ ਸੰਕਟ ਨੂੰ ਦੂਰ ਕਰਨ ਤੇ ਕੋਵਿਡ-19 ਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਹਨ |
ਜੋ ਬਾਈਡਨ ਨੇ ਭਾਰਤ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ 29 ਸਾਲ ਦੀ ਉਮਰ 'ਚ 1972 'ਚ ਸੈਨੇਟਰ ਚੁਣੇ ਗਏ ਸਨ ਤਾਂ ਉਨ੍ਹਾਂ ਨੂੰ ਮੁੰਬਈ ਤੋਂ ਇਕ ਖਤ ਗਿਆ ਸੀ, ਜਿਸ ਨੂੰ ਪਾਉਣ ਵਾਲੇ ਦੇ ਨਾਂਅ ਪਿੱਛੇ ਬਾਈਡਨ ਲੱਗਦਾ ਸੀ | ਉਨ੍ਹਾਂ ਦੱਸਿਆ ਕਿ ਅਗਲੇ ਦਿਨ ਮੀਡੀਆ ਤੋਂ ਪਤਾ ਲੱਗਾ ਕਿ ਭਾਰਤ 'ਚ 5 ਵਿਅਕਤੀ ਬਾਈਡਨ ਉਪ ਨਾਂਅ ਵਾਲੇ ਰਹਿ ਰਹੇ ਹਨ |
ਵਾਈਟ ਹਾਊਸ ਸਥਿਤ ਓਵਲ ਦਫਤਰ ਵਿਖੇ ਰਾਸ਼ਟਰਪਤੀ ਜੋ ਬਾਈਡਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰੈੱਸ ਸਾਹਮਣੇ ਲੈ ਗਏ, ਜਿਥੇ ਦੋਵਾਂ ਨੇ ਕੁਰਸੀਆਂ 'ਤੇ ਬੈਠ ਕੇ ਮੀਡੀਆ ਸਾਹਮਣੇ ਗੱਲਬਾਤ ਕਰਨੀ ਸੀ ਤਾਂ ਬਾਈਡਨ ਨੇ ਮਜਾਕ ਕਰਦਿਆਂ ਕਿਹਾ ਕਿ ਅਮਰੀਕੀ ਪ੍ਰੈੱਸ ਨਾਲੋਂ ਭਾਰਤੀ ਪ੍ਰੈੱਸ ਦਾ ਵਿਹਾਰ ਵਧੀਆ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਇਜਾਜ਼ਤ ਨਾਲ ਸਾਨੂੰ ਪ੍ਰਸ਼ਨਾਂ ਦੇ ਉੱਤਰ ਨਹੀਂ ਦੇਣੇ ਚਾਹੀਦੇ, ਕਿਉਂਕਿ ਉਹ ਬਿੰਦੂ 'ਤੇ ਕੋਈ ਪ੍ਰਸ਼ਨ ਨਹੀਂ ਪੁੱਛਣਗੇ |
ਵਕੀਲ ਦੇ ਭੇਸ 'ਚ ਆਏ ਸਨ ਹਮਲਾਵਰਵਕੀਲ ਦੇ ਭੇਸ 'ਚ ਆਏ ਸਨ ਹਮਲਾਵਰ
ਨਵੀਂ ਦਿੱਲੀ, 24 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਰੋਹਿਣੀ ਅਦਾਲਤ 'ਚ ਤਾਬੜ ਤੋੜ ਗੋਲੀਆਂ ਚੱਲਣ 'ਤੇ ਪੂਰੀ ਤਰ੍ਹਾਂ ਨਾਲ ਸ਼ੋਰ-ਸ਼ਰਾਬਾ ਮਚ ਗਿਆ ਅਚਾਨਕ ਹੋਈ ਗੋਲੀਬਾਰੀ 'ਚ ਗੈਂਗਸਟਰ ਜਿਤੇਂਦਰ ਗੋਗੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਦੋ ਬਦਮਾਸ਼ ਵੀ ਸ਼ਾਮਿਲ ਹਨ | ਇਹ ਵੀ ਦੱਸਿਆ ਜਾਂਦਾ ਹੈ ਕਿ ਹਮਲਾ ਕਰਨ ਵਾਲੇ ਬਦਮਾਸ਼ ਵਕੀਲ ਦੇ ਭੇਸ 'ਚ ਆਏ ਸਨ ਅਤੇ ਇਹ ਘਟਨਾ ਇਥੋਂ ਦੇ ਕਮਰਾ ਨੰਬਰ 207 ਵਿਖੇ ਹੋਈ | ਹਮਲਾ ਕਰਨ ਵਾਲੇ ਦੋ ਬਦਮਾਸ਼ ਸਨ ਅਤੇ ਉਨ੍ਹਾਂ ਨੇ ਇਕਦਮ ਜਿਤੇਂਦਰ ਗੋਗੀ 'ਤੇ ਹਮਲਾ ਕਰ ਦਿੱਤਾ ਅਤੇ ਉਥੇ ਤਾਇਨਾਤ ਪੁਲਿਸ ਨੇ ਵੀ ਜਵਾਬੀ ਫਾਈਰਿੰਗ ਕੀਤੀ, ਜਿਸ ਨਾਲ ਦੋਵੇਂ ਬਦਮਾਸ਼ ਮਾਰੇ ਗਏ | ਹਾਲਾਂਕਿ ਅਦਾਲਤ ਵਿਚ ਪੂਰੀ ਤਰ੍ਹਾਂ ਨਾਲ ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ ਅਤੇ ਅੰਦਰ ਜਾਣ ਦੇ ਸਮੇਂ ਚੈਕਿੰਗ ਵੀ ਹੁੰਦੀ ਹੈ ਪ੍ਰੰਤੂ ਇਹ ਲੋਕ ਪਤਾ ਨਹੀਂ ਕਿਸ ਤਰ੍ਹਾਂ ਹਥਿਆਰ ਲੈ ਕੇ ਅੰਦਰ ਚਲੇ ਗਏ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਟਿੱਲੂ ਗਰੋਹ ਦੇ ਸਨ ਜਿਤੇਂਦਰ ਗੋਗੀ ਦੇ ਬਦਮਾਸ਼ਾਂ ਨੇ ਕਈ ਗੋਲੀਆਂ ਮਾਰੀਆਂ | ਇਸ ਵਾਰਦਾਤ 'ਚ ਇਕ ਵਕੀਲ ਔਰਤ ਵੀ ਜ਼ਖ਼ਮੀ ਹੋ ਗਈ ਹੈ | ਜਿਤੇਂਦਰ ਗੋਗੀ 'ਤੇ ਕਈ ਮਾਮਲੇ ਵੀ ਚੱਲ ਰਹੇ ਸਨ ਅਤੇ ਇਸ ਨੇ ਪੁਲਿਸ 'ਤੇ ਵੀ ਪਹਿਲਾਂ ਗੋਲੀ ਚਲਾਈ ਸੀ | ਪੁਲਿਸ ਨੇ ਇਸ ਨੂੰ ਗੁਰੂਗ੍ਰਾਮ ਤੋਂ ਗਿ੍ਫ਼ਤਾਰ ਕੀਤਾ ਸੀ ਅਤੇ ਉਸ ਸਮੇਂ ਇਸ 'ਤੇ 8 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਸੀ | ਹਾਲਾਂਕਿ ਜਿਤੇਂਦਰ ਗੋਗੀ ਨੂੰ ਗੋਲੀਆਂ ਲੱਗਣ ਤੋਂ ਬਾਅਦ ਹਸਪਤਾਲ ਵੀ ਲਿਜਾਇਆ ਗਿਆ, ਪ੍ਰੰਤੂ ਉਸ ਦੀ ਮੌਤ ਹੋ ਗਈ ਸੀ ਜਿਸ ਸਮੇਂ ਇਹ ਹਮਲਾ ਹੋਇਆ ਤਾਂ ਜਿਤੇਂਦਰ ਗੋਗੀ ਤੋਂ ਕੁੱਝ ਹੀ ਦੂਰੀ 'ਤੇ ਜੱਜ ਵੀ ਸਨ | ਇਸ ਵਾਰਦਾਤ ਪ੍ਰਤੀ ਮਿਲੀ ਹੋਰ ਜਾਣਕਾਰੀ ਦੇ ਅਨੁਸਾਰ ਇਸ ਵਾਰਦਾਤ ਵਿਚ 25 ਰੌ ਾਦ ਗੋਲੀਆਂ ਚੱਲੀਆਂ | ਜਿਤੇਂਦਰ ਗੋਗੀ ਨੂੰ ਕੋਰਟ ਵਿਚ ਪੇਸ਼ੀ ਲਈ ਲਿਆਂਦਾ ਗਿਆ ਸੀ | ਇਹ ਵੀ ਪਤਾ ਲੱਗਾ ਹੈ ਕਿ ਜਿਤੇਂਦਰ ਗੋਗੀ ਅਤੇ ਟਿੱਲੂ ਗਰੋਹ ਦੇ ਵਿਚਕਾਰ ਪਿਛਲੇ ਸਮੇਂ ਤੋਂ ਕਾਫ਼ੀ ਦੁਸ਼ਮਣੀ ਚੱਲ ਰਹੀ ਸੀ ਅਤੇ ਇਸ ਦੁਸ਼ਮਣੀ 'ਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ | ਇਸ ਵਾਰਦਾਤ ਪ੍ਰਤੀ ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮੌਕੇ 'ਤੇ ਕਾਰਵਾਈ ਕੀਤੀ ਹੈ ਅਤੇ ਇਸ ਮਾਮਲੇ ਪ੍ਰਤੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਨੇ ਸੁਰੱਖਿਆ ਜਾਂਚ ਪ੍ਰਤੀ ਕਿਹਾ ਕਿ ਸੁਰੱਖਿਆ ਜਾਂਚ ਵਿਚ ਹੋਈ ਕਮੀ ਦੀ ਵੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ |
ਪਾਰਟੀ ਤੇ ਸਰਕਾਰ ਅੰਦਰ ਉੱਭਰੇ ਵੱਖ-ਵੱਖ 'ਪਾਵਰ ਸੈਂਟਰਾਂ' ਨੇ ਉਲਝਾਏ ਫ਼ੈਸਲੇ
ਹਰਕਵਲਜੀਤ ਸਿੰਘ
ਚੰਡੀਗੜ੍ਹ, 24 ਸਤੰਬਰ -ਪੰਜਾਬ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਪਾਰਟੀ ਹਾਈਕਮਾਨ ਕਿਸੇ ਫ਼ੈਸਲੇ 'ਤੇ ਪੁੱਜਣ 'ਚ ਅਸਫਲ ਸਾਬਤ ਹੋ ਰਹੀ ਹੈ ਅਤੇ ਕੱਲ੍ਹ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹਾਈਕਮਾਨ ਅਤੇ ਫਿਰ ਰਾਹੁਲ ਗਾਂਧੀ ਵਲੋਂ ਕੋਈ ਪੰਜ ਘੰਟੇ ਦੀਆਂ ਮੀਟਿੰਗਾਂ ਤੋਂ ਬਾਅਦ ਚੰਡੀਗੜ੍ਹ ਪਰਤੇ ਮੁੱਖ ਮੰਤਰੀ ਨੂੰ ਅੱਜ ਦੁਬਾਰਾ ਵਾਪਸ ਦਿੱਲੀ ਸੱਦ ਲਿਆ ਗਿਆ ਹੈ | ਪਾਰਟੀ ਸੂਤਰਾਂ ਅਨੁਸਾਰ ਇਸ ਦਾ ਕਾਰਨ ਨਵੇਂ ਲਏ ਜਾ ਰਹੇ ਇਕ ਦੋ ਮੰਤਰੀਆਂ ਸਬੰਧੀ ਪਾਰਟੀ 'ਚ ਦੁਬਾਰਾ ਵਿਵਾਦ ਖੜ੍ਹਾ ਹੋਣਾ ਹੈ ਅਤੇ ਵਿਸ਼ੇਸ਼ ਕਰ ਮਾਲਵੇ ਦੇ ਇਕ ਸੀਨੀਅਰ ਵਿਧਾਇਕ ਨੂੰ ਮੰਤਰੀ ਬਣਾਉਣ ਦੇ ਮੁੱਦੇ 'ਤੇ ਪਾਰਟੀ 'ਚ ਆਪਸੀ ਖਿੱਚੋਤਾਣ ਹੋਣ ਕਾਰਨ ਇਸ ਸਬੰਧੀ ਫ਼ੈਸਲਾ ਉਲਝ ਗਿਆ ਹੈ | ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਸਰਕਾਰ 'ਚ ਜਿਵੇਂ ਨਵੇਂ ਪਾਵਰ ਸੈਂਟਰ ਉੱਭਰੇ ਹਨ, ਉਨ੍ਹਾਂ ਦੇ ਪਰਸਪਰ ਵਿਰੋਧੀ ਦਬਾਵਾਂ ਕਰਨ ਹਾਈਕਮਾਨ ਵੀ ਫ਼ੈਸਲੇ ਲੈਣ 'ਚ ਅਸਮਰਥ ਸਾਬਤ ਹੋ ਰਹੀ ਹੈ | ਮੁੱਖ ਮੰਤਰੀ ਸ. ਚੰਨੀ ਵਲੋਂ ਹਾਲਾਂਕਿ ਅੱਜ ਸਵੇਰੇ ਚੰਡੀਗੜ੍ਹ ਵਾਪਸ ਪਰਤਣ 'ਤੇ ਦੱਸਿਆ ਗਿਆ ਸੀ ਕਿ ਇਕ ਦੋ ਨਾਵਾਂ ਨੂੰ ਛੱਡ ਕੇ ਬਾਕੀ ਸਾਰੇ ਨਾਵਾਂ 'ਤੇ ਸਹਿਮਤੀ ਬਣ ਗਈ ਹੈ, ਪਰ ਇਸ ਦੇ ਬਾਵਜੂਦ ਵੀ ਰਾਜ ਸਰਕਾਰ ਵਲੋਂ ਪੰਜਾਬ ਰਾਜ ਭਵਨ ਨੂੰ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣ ਸਬੰਧੀ ਸਿਫ਼ਾਰਸ਼ ਨਹੀਂ ਭੇਜੀ ਜਾ ਸਕੀ | ਦਿਲਚਸਪ ਗੱਲ ਇਹ ਹੈ ਕਿ ਨਵੇਂ ਰਾਜਪਾਲ ਜੋ ਸਨਿਚਰਵਾਰ ਨੂੰ ਦੁਪਹਿਰ ਦੇ ਖਾਣੇ ਤੱਕ ਕੰਮ ਕਰਦੇ ਹਨ ਅਤੇ ਐਤਵਾਰ ਨੂੰ ਛੁੱਟੀ ਕਰਦੇ ਹਨ, ਨੂੰ ਸਰਕਾਰ ਵਲੋਂ ਦਿੱਲੀ ਫ਼ੈਸਲਾ ਹੋਣ ਦੀ ਸੂਰਤ 'ਚ ਕੀ ਇਸ ਸਮੇਂ ਦੌਰਾਨ ਸਹੁੰ ਚੁੱਕ ਸਮਾਗਮ ਰੱਖਣ ਲਈ ਰਾਜ਼ੀ ਕੀਤਾ ਜਾ ਸਕੇਗਾ ਜਾਂ ਇਹ ਸਮਾਗਮ ਹੁਣ ਅਗਲੇ ਹਫ਼ਤੇ 'ਤੇ ਜਾਵੇਗਾ | ਪਾਰਟੀ ਸੂਤਰਾਂ ਅਨੁਸਾਰ ਮਾਲਵਾ ਖੇਤਰ ਦੇ ਸੀਨੀਅਰ ਆਗੂ ਰਾਜਾ ਵੜਿੰਗ, ਜਿਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੰਤਰੀ ਬਣਾਉਣਾ ਚਾਹੁੰਦੇ ਹਨ, ਦਾ ਨਾਂਅ ਕੱਲ੍ਹ ਰਾਤ ਸਪੱਸ਼ਟ ਹੋ ਗਿਆ ਸੀ, ਪਰ ਅੱਜ ਦੁਬਾਰਾ ਉਨ੍ਹਾਂ ਦੇ ਨਾਂਅ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ | ਇਸੇ ਤਰ੍ਹਾਂ ਦੋ ਹੋਰ ਵਿਧਾਇਕਾਂ ਦਾ ਨਾਂਅ ਮੰਤਰੀ ਲਈ ਰੱਖਿਆ ਗਿਆ ਸੀ, ਪਰ ਪਾਰਟੀ ਹਾਈਕਮਾਨ ਨੇ ਇਨ੍ਹਾਂ 'ਚੋਂ ਇਕ ਦੀ ਚੋਣ ਕਰਨੀ ਸੀ | ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਦੋ ਉਪ ਮੁੱਖ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ ਹੈ, ਉਨ੍ਹਾਂ ਨੂੰ ਅਜੇ ਤੱਕ ਕੋਈ ਕੰਮਕਾਜ ਜਾਂ ਵਿਭਾਗ ਅਲਾਟ ਨਹੀਂ ਕੀਤਾ ਗਿਆ, ਜਿਸ ਕਾਰਨ ਦਫ਼ਤਰਾਂ 'ਚ ਬੈਠ ਕੇ ਉਨ੍ਹਾਂ ਨੂੰ ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਕੋਲ ਕੰਮਕਾਜ ਕੀ ਹੈ |
ਅਹਿਮ ਨਿਯੁਕਤੀਆਂ ਸੰਬੰਧੀ ਫ਼ੈਸਲੇ ਵੀ ਲਟਕੇ
ਰਾਜ ਸਰਕਾਰ 'ਚ ਕੁਝ ਅਹਿਮ ਨਿਯੁਕਤੀਆਂ ਸਬੰਧੀ ਵੀ ਫ਼ੈਸਲੇ ਲਗਾਤਾਰ ਲਟਕ ਰਹੇ ਹਨ | ਮੁੱਖ ਮੰਤਰੀ ਵਲੋਂ ਆਪਣੀ ਸਰਕਾਰ ਦੇ ਮੁੱਖ ਸਕੱਤਰ ਦੀ ਚੋਣ ਭਾਵੇਂ ਕਰ ਲਈ ਗਈ ਹੈ ਪਰ ਆਪਣੇ ਐਡਵੋਕੇਟ ਜਨਰਲ ਅਤੇ ਡੀ.ਜੀ.ਪੀ. ਦੀ ਨਿਯੁਕਤੀ ਉਨ੍ਹਾਂ ਵਲੋਂ ਕੀਤੀ ਜਾਣੀ ਬਾਕੀ ਹੈ | ਮੁੱਖ ਮੰਤਰੀ ਵਲੋਂ ਦਪਿੰਦਰ ਸਿੰਘ ਪਟਵਾਲੀਆ ਨੂੰ ਐਡਵੋਕੇਟ ਜਨਰਲ ਦੀ ਜੋ ਸਿਫ਼ਾਰਸ਼ ਕੀਤੀ ਗਈ ਸੀ, ਉਸ ਨੂੰ ਪਾਰਟੀ ਹਾਈਕਮਾਨ ਵਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੰਘ ਜੋ ਕਿ ਪੁਰਾਣੇ ਕਾਂਗਰਸੀ ਵੀ ਹਨ, ਦੀ ਚੋਣ ਇਸ ਅਹਿਮ ਅਹੁਦੇ ਲਈ ਕੀਤੀ ਗਈ ਹੈ ਪਰ ਉਨ੍ਹਾਂ ਦੀ ਨਿਯੁਕਤੀ ਸਬੰਧੀ ਵੀ ਫਾਈਲ 'ਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾ ਹੋਣ ਕਾਰਨ ਫਾਈਲ ਅੱਗੋਂ ਰਾਜ ਭਵਨ ਅੱਜ ਨਹੀਂ ਭੇਜੀ ਗਈ | ਇਸੇ ਤਰ੍ਹਾਂ ਰਾਜ ਦੇ ਡੀ.ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਵੀ ਅਨਿਸ਼ਚਿਤਤਾ ਵਾਲੇ ਹਾਲਾਤ ਬਣੇ ਹੋਏ ਹਨ, ਭਾਵੇਂ ਸਰਕਾਰੀ ਹਲਕਿਆਂ 'ਚ ਚਰਚਾ ਹੈ ਕਿ ਸਰਕਾਰ ਸਿਧਾਰਥ ਚਟੋਪਾਧਿਆਏ ਨੂੰ ਨਵਾਂ ਡੀ.ਜੀ.ਪੀ. ਲਗਾਉਣਾ ਚਾਹੁੰਦੀ ਹੈ, ਪਰ ਕੁਝ ਕਾਰਨਾਂ ਕਰਕੇ ਉਨ੍ਹਾਂ ਦੀ ਨਿਯੁਕਤੀ ਸਬੰਧੀ ਵੀ ਅਜੇ ਕੁਝ ਤਕਨੀਕੀ ਕਾਰਨਾਂ ਕਰਕੇ ਫੈਸਲਾ ਨਹੀਂ ਲਿਆ ਜਾ ਸਕਿਆ | ਡੀ.ਜੀ.ਪੀ. ਦੇ ਅਹੁਦੇ ਲਈ ਸ੍ਰੀ ਡੀ.ਕੇ ਭਾਵਰਾ ਅਤੇ ਇਕਬਾਲਪ੍ਰੀਤ ਸਿੰਘ ਸਹੋਤਾ ਦਾ ਨਾਮ ਵੀ ਸੂਚੀ 'ਚ ਹੈ | ਸਰਕਾਰ ਵਿਚਲੇ ਵੱਖ-ਵੱਖ ਪਾਵਰ ਸੈਂਟਰਾਂ ਵਲੋਂ ਵੱਖ-ਵੱਖ ਅਧਿਕਾਰੀਆਂ ਦੀ ਨਿਯੁਕਤੀ ਲਈ ਜ਼ੋਰ ਲੱਗ ਰਿਹਾ ਹੈ | ਇਸੇ ਤਰ੍ਹਾਂ ਸਰਕਾਰ ਵਿਚ ਦੂਜੇ ਉੱਚ ਪੱਧਰ ਦੇ ਤਬਾਦਲਿਆਂ ਸਬੰਧੀ ਵੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ | ਹਾਲਾਂਕਿ ਨਵੀਂ ਸਰਕਾਰ ਦੇ ਗਠਨ ਨੂੰ ਅੱਜ ਪੰਜ ਦਿਨ ਹੋ ਗਏ ਹਨ | ਇਸੇ ਦੌਰਾਨ ਦੇਰ ਰਾਤ ਇਹ ਵੀ ਚਰਚਾ ਚੱਲ ਰਹੀ ਸੀ ਕਿ ਪ੍ਰਗਟ ਸਿੰਘ ਜੋ ਕਿ ਪਾਰਟੀ ਦੇ ਜਨਰਲ ਸਕੱਤਰ ਹਨ ਅਤੇ ਕੁਲਜੀਤ ਸਿੰਘ ਨਾਗਰਾ ਜੋ ਕਿ ਕਾਰਜਕਾਰੀ ਪ੍ਰਧਾਨ ਹਨ ਨੂੰ ਮੰਤਰੀ ਬਣਾਉਣ ਦੀ ਤਜ਼ਵੀਜ ਹੈ, ਪਰ ਨਾਲ ਹੀ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਜੇਕਰ ਇਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਤਾਂ ਕਾਂਗਰਸ ਪਾਰਟੀ ਦੇ ਜਥੇਬੰਦਕ ਕੰਮ ਕੌਣ ਚਲਾਵੇਗਾ |
ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵਲੋਂ ਐਲਾਨੇ ਗਏ ਵੱਕਾਰੀ ਸਿਵਲ ਸੇਵਾਵਾਂ ਪ੍ਰੀਖਿਆ 2020 ਦੇ ਨਤੀਜੇ 'ਚ ਕਟਿਹਾਰ (ਬਿਹਾਰ) ਵਾਸੀ ਸ਼ੁਭਮ ਕੁਮਾਰ (24) ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ ਜਾਗਿ੍ਤੀ ਅਵਸਥੀ ਤੇ ਅੰਕਿਤਾ ਜੈਨ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ | ਆਈ.ਆਈ.ਟੀ. ਬੰਬੇ ਤੋਂ ਬੀ.ਟੈੱਕ. (ਸਿਵਲ ਇੰਜੀਨੀਅਰਿੰਗ) ਕਰਨ ਵਾਲੇ ਸ਼ੁਭਮ ਕੁਮਾਰ ਨੇ ਆਪਣੇ ਵਿਕਲਪਿਕ ਵਿਸ਼ੇ ਵਜੋਂ ਮਾਨਵ ਵਿਗਿਆਨ 'ਚ ਪ੍ਰੀਖਿਆ ਪਾਸ ਕੀਤੀ | ਮਹਿਲਾ ਉਮੀਦਵਾਰਾਂ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੀ ਭੋਪਾਲ (ਮੱਧ ਪ੍ਰਦੇਸ਼) ਵਾਸੀ ਜਾਗਿ੍ਤੀ ਅਵਸਥੀ (24), ਜੋ ਐਮ.ਐਨ.ਆਈ.ਟੀ. ਭੋਪਾਲ ਤੋਂ ਬੀ.ਟੈੱਕ. (ਇਲੈਕਟਿ੍ਕ ਇੰਜੀਨੀਅਰਿੰਗ) ਹੈ, ਨੇ ਵਿਕਲਪਿਕ ਵਿਸ਼ੇ ਵਜੋਂ ਸਮਾਜ ਸ਼ਾਸਤਰ ਨਾਲ ਪ੍ਰੀਖਿਆ ਪਾਸ ਕੀਤੀ ਹੈ | 2015 ਬੈਚ ਦੀ 'ਟਾਪਰ' ਟੀਨਾ ਡਾਬੀ ਦੀ ਭੈਣ ਰੀਆ ਡਾਬੀ ਨੇ 15ਵਾਂ ਸਥਾਨ ਹਾਸਲ ਕੀਤਾ ਹੈ | ਸ਼ੁਭਮ ਨੇ ਆਪਣੇ ਤੀਜੇ ਯਤਨ 'ਚ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ 2018 'ਚ ਉਹ ਆਪਣੇ ਪਹਿਲੇ ਯਤਨ 'ਚ ਸਫਲ ਨਹੀਂ ਹੋ ਸਕਿਆ ਸੀ | ਸ਼ੁਭਮ ਨੇ ਸਾਲ 2019 'ਚ ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਸੀ ਤੇ ਉਹ ਇੰਡੀਅਨ ਡਿਫੈਂਸ ਅਕਾਊਾਟ ਸਰਵਿਸ (ਆਈ.ਡੀ.ਏ.ਐਸ.) ਲਈ ਚੁਣਿਆ ਗਿਆ ਸੀ | ਇਸ ਵੇਲੇ ਉਹ ਨੈਸ਼ਨਲ ਅਕੈਡਮੀ ਆਫ਼ ਡਿਫੈਂਸ ਫਾਈਨੈਂਸ਼ਲ ਮੈਨੇਜਮੈਂਟ (ਐਨ.ਏ.ਡੀ.ਐਫ.ਐਮ.) 'ਚ ਸਿਖਲਾਈ ਲੈ ਰਿਹਾ ਹੈ | ਜਾਗਿ੍ਤੀ ਅਵਸਥੀ ਦਾ ਇਹ ਦੂਜਾ ਯਤਨ ਸੀ, ਜਦੋਂਕਿ ਉਹ ਪਹਿਲੀ ਵਾਰ ਪ੍ਰੀਖਿਆ ਪਾਸ ਨਹੀਂ ਕਰ ਸਕੀ ਸੀ | ਸਿਖਰਲੇ 25 ਉਮੀਦਵਾਰਾਂ 'ਚ 13 ਪੁਰਸ਼ ਤੇ 12 ਔਰਤਾਂ ਸ਼ਾਮਿਲ ਹਨ, ਜਦੋਂਕਿ ਕੁੱਲ 761 ਉਮੀਦਵਾਰਾਂ 'ਚ 545 ਪੁਰਸ਼ਾਂ ਤੇ 216 ਔਰਤਾਂ ਨੇ ਦੇਸ਼ ਦੀ ਸਭ ਤੋਂ ਕਠਿਨ ਮੰਨੀ ਜਾਣ ਵਾਲੀ ਪ੍ਰੀਖਿਆ ਪਾਸ ਕੀਤੀ ਹੈ |
ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰਾਲਾ ਨੇ ਸਪੇਸ ਦੀ ਏਅਰਬਸ ਡਿਫੈਂਸ ਐਂਡ ਸਪੇਨ ਦੇ ਨਾਲ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ | ਇਹ ਸੀ-295 ਮੀਡੀਅਮ ਟਰਾਂਸਪੋਰਟ ਜਹਾਜ਼ ਭਾਰਤੀ ਹਵਾਈ ਫੌਜ 'ਚ ਹੁਣ ਤੱਕ ਸ਼ਾਮਿਲ ਰਹੇ ...
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਚੌਕੀ ਮਿੱਲਰਗੰਜ ਦੇ ਬਿਲਕੁਲ ਨੇੜੇ ਅੱਜ ਸ਼ਾਮ ਦੋ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਸੋਨਾ ਕਾਰੋਬਾਰੀ ਦੇ ਮੁਲਾਜ਼ਮਾਂ ਪਾਸੋਂ 35 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ...
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2021-22 ਲਈ ਨਕਦ ਕਰਜ਼ਾ ਹੱਦ (ਕੈਸ਼ ਕ੍ਰੈਡਿਟ ਲਿਮਟ) ਸਬੰਧੀ ਸੂਬੇ ਨੂੰ ਭਾਰਤੀ ਰਿਜ਼ਰਵ ਬੈਂਕ ਤੋਂ ...
ਵਾਸ਼ਿੰਗਟਨ, 24 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਲਾ ਹੈਰਿਸ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਦਾਦਾ ਪੀ.ਵੀ. ਗੋਪਾਲਨ, ਜੋ ਕਿ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਸਨ, ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ, ਜੋ ਯਾਦਗਾਰ ਵਜੋਂ ...
ਕੁਰੂਕਸ਼ੇਤਰ, 24 ਸਤੰਬਰ (ਏਜੰਸੀ)- ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਇਥੇ ਭਾਜਪਾ ਦੇ ਪ੍ਰੋਗਰਾਮ ਵਾਲੇ ਸਥਾਨ ਦੇ ਬਾਹਰ ਧਰਨਾ ਦਿੱਤਾ ਤੇ ਕਿਸੇ ਵੀ ਪਾਰਟੀ ਆਗੂ ਤੇ ਵਰਕਰ ਨੂੰ ਇਮਾਰਤ 'ਚ ਦਾਖ਼ਲ ਨਹੀਂ ਹੋਣ ਦਿੱਤਾ | ਸੈਣੀ ਸਮਾਜ ਭਵਨ ...
ਚੰਡੀਗੜ੍ਹ, 24 ਸਤੰਬਰ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੱੁਕਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਪੰਜਾਬ ਦੇ ਜੀ.ਐਸ.ਟੀ. ਦੇ 1,400 ਕਰੋੜ ਰੁਪਏ ਤੋਂ ਵਧੇਰੇ ਦੇ ਬਕਾਏ ਦੇ ਨਿਪਟਾਰੇ ਲਈ ਵਧੇਰੇ ਕੋਸ਼ਿਸ਼ਾਂ ਕੀਤੀਆਂ ਹਨ, ਜਿਸ ਨੂੰ ਮਾਨਤਾ ਦਿੱਤੀ ਜਾਣੀ ...
ਮੁੰਬਈ, 24 ਸਤੰਬਰ (ਅਜੀਤ ਬਿਊਰੋ)- ਯੂਨਾਈਟਿਡ ਬ੍ਰੇਵਰੀਜ਼ ਲਿਮਟਿਡ ਦੇ ਮੁੱਖ ਮਾਰਕੀਟਿੰਗ ਅਫਸਰ ਦੇਬਬ੍ਰਤ ਮੁਖਰਜੀ (ਦੇਬੂ) ਨੂੰ ਸਾਲ 2021-22 ਲਈ ਏ.ਬੀ.ਸੀ. (ਆਡਿਟ ਬਿਊਰੋ ਆਫ ਸਰਕੂਲੇਸ਼ਨ) ਦੇ ਚੇਅਰਮੈਨ ਚੁਣਿਆ ਗਿਆ ਹੈ | ਪਿਛਲੇ 27 ਸਾਲਾਂ ਤੋਂ ਇੰਡਸਟਰੀ ਦਾ ਤਜ਼ਰਬਾ ...
ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵਜੋਂ ਮਨਜਿੰਦਰ ਸਿੰਘ ਸਿਰਸਾ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਕੀਤੀ ਗਈ ਨਾਮਜ਼ਦਗੀ ਸਬੰਧੀ ਮਾਮਲੇ 'ਚ ਦਿੱਲੀ ਹਾਈ ਕੋਰਟ 'ਚ ਹੋਈ ਲੰਮੀ ਬਹਿਸ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX