• ਕਿਹਾ, ਸਿਰਫ ਅੰਕੜੇ ਨਹੀਂ, ਦੇਸ਼ ਦੀ ਸਮਰੱਥਾ ਦੀ ਹੈ ਝਲਕ • 'ਤਾਲੀ-ਥਾਲੀ' 'ਤੇ ਕੀਤੇ ਤਨਜ਼ਾਂ ਦਾ ਵੀ ਦਿੱਤਾ ਜਵਾਬ • ਜਦ ਤੱਕ ਜੰਗ ਜਾਰੀ ਹੈ, ਹਥਿਆਰ ਨਹੀਂ ਸੁੱਟਣੇ ਚਾਹੀਦੇ-ਪ੍ਰਧਾਨ ਮੰਤਰੀ
ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਕੋਰੋਨਾ ਟੀਕਾਕਰਨ 'ਚ 100 ਕਰੋੜ ਦਾ ਅੰਕੜਾ ਪਾਰ ਕਰਨ ਤੋਂ ਇਕ ਦਿਨ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇਸ ਪੜਾਅ ਨੂੰ ਚਿੰਤਾ ਤੋਂ ਭਰੋਸੇ ਦਾ ਸਫਰ ਕਰਾਰ ਦਿੱਤਾ | ਕੋਰੋਨਾ ਕਾਲ ਦੇ ਡੇਢ ਸਾਲ ਤੋਂ ਵੱਧ ਸਮੇਂ 'ਚ ਆਪਣੇ 10ਵੇਂ ਸੰਬੋਧਨ 'ਚ ਮੋਦੀ ਦਾ ਫੋਕਸ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਲਈ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਤਾਂ ਰਿਹਾ ਹੀ, ਇਸ ਦੇ ਨਾਲ ਉਨ੍ਹਾਂ ਵਿਰੋਧੀ ਧਿਰ ਨੂੰ ਵੀ ਨਿਸ਼ਾਨੇ 'ਤੇ ਲੈਣ ਤੋਂ ਗੁਰੇਜ਼ ਨਹੀਂ ਕੀਤਾ | ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ਵਲੋਂ ਕੀਤੀਆਂ ਟਿੱਪਣੀਆਂ ਅਤੇ 'ਤਾਲੀ-ਥਾਲੀ' ਵਜਾਉਣ 'ਤੇ ਕੀਤੇ ਤਨਜ਼ਾਂ ਦਾ ਵੀ ਜਵਾਬ ਦਿੰਦਿਆਂ ਕਿਹਾ ਕਿ ਇਹ ਸਭ ਕਵਾਇਦ ਹਿੱਸੇਦਾਰੀ ਵਧਾਉਣ ਅਤੇ ਹੌਸਲਾ ਅਫਜ਼ਾਈ ਕਰਨ ਲਈ ਸੀ | ਤਕਰੀਬਨ 20 ਮਿੰਟ ਦੇ ਸੰਬੋਧਨ 'ਚ ਉਨ੍ਹਾਂ ਟੀਕਾਕਰਨ ਤੋਂ ਇਲਾਵਾ, ਅਰਥਚਾਰੇ, ਕਿਸਾਨਾਂ ਅਤੇ ਤਿਉਹਾਰਾਂ ਦਾ ਜ਼ਿਕਰ ਕੀਤਾ ਅਤੇ ਮੁੜ ਦੁਹਰਾਉਂਦਿਆਂ ਮਾਸਕ ਨੂੰ ਰੋਜ਼ਮਰਾ ਦੀ ਜ਼ਿੰਦਗੀ ਦੀ ਆਦਤ ਬਣਾਉਣ ਨੂੰ ਵੀ ਕਿਹਾ |
ਸਮਰੱਥਾ ਝਲਕ ਰਹੀ ਹੈ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ 100 ਕਰੋੜ ਖੁਰਾਕਾਂ ਦੇ ਟੀਚੇ ਨੂੰ ਵੱਡੀ ਉਪਲਬਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ ਅੰਕੜਾ ਨਹੀਂ ਦੇਸ਼ ਦੀ ਸਮਰੱਥਾ ਦੀ ਝਲਕ ਹੈ | ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਭਾਰਤ ਨੇ ਇਕ ਮੁਸ਼ਕਿਲ ਪਰ ਬਹੁਤ ਹੀ ਖਾਸ ਟੀਚਾ ਹਾਸਲ ਕੀਤਾ ਹੈ |
ਜਨ ਭਾਗੀਦਾਰੀ ਨੇ ਦਿਵਾਈ ਸਫਲਤਾ
ਪ੍ਰਧਾਨ ਮੰਤਰੀ ਨੇ ਮੁਹਿੰਮ ਦੀ ਸਫਲਤਾ ਨੂੰ ਜਨਭਾਗੀਦਾਰੀ ਕਾਰਨ ਹਾਸਲ ਕੀਤੀ ਸਫਲਤਾ ਕਰਾਰ ਦਿੰਦਿਆਂ ਕਿਹਾ ਕਿ ਮਹਾਂਮਾਰੀ ਖ਼ਿਲਾਫ਼ ਦੇਸ਼ ਦੀ ਲੜਾਈ 'ਚ ਜਨ ਭਾਗੀਦਾਰੀ ਕਾਫੀ ਅਹਿਮ ਰਹੀ, ਜਿਸ ਨੂੰ ਦੇਸ਼ 'ਚ ਰੱਖਿਆ ਦੀ ਕਤਾਰ 'ਚ ਪਹਿਲੀ ਸਫ਼ ਬਣਾਇਆ ਗਿਆ |
ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਚਲਾਈ ਟੀਕਾਕਰਨ ਮੁਹਿੰਮ 'ਚ ਇਹ ਯਕੀਨੀ ਬਣਾਇਆ ਗਿਆ ਕਿ ਵੀ. ਆਈ. ਪੀ. ਸੱਭਿਆਚਾਰ ਹਾਵੀ ਨਾ ਹੋਵੇ | ਉਨ੍ਹਾਂ ਕਿਹਾ ਕਿ ਪਿੰਡਾਂ, ਸ਼ਹਿਰਾਂ ਅਤੇ ਹਰ ਥਾਂਅ 'ਤੇ ਟੀਕਾਕਰਨ ਦਾ ਇਕ ਹੀ ਮੰਤਰ ਰਿਹਾ ਕਿ ਵੈਕਸੀਨ ਵਿਤਕਰਾ ਨਹੀਂ ਕਰਦੀ ਤਾਂ ਵੈਕਸੀਨੇਸ਼ਨ 'ਚ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ |
'ਤਾਲੀ-ਥਾਲੀ' ਦਾ ਵੀ ਕੀਤਾ ਉਚੇਚਾ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ 'ਤਾਲੀ-ਥਾਲੀ' ਦਾ ਵੀ ਉਚੇਚਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਅਸੀਂ 'ਤਾਲੀ-ਥਾਲੀ' ਵਜਾਈ ਤਾਂ ਕੁਝ ਲੋਕਾਂ ਨੇ ਕਿਹਾ ਸੀ ਕਿ ਇਸ ਨਾਲ ਬਿਮਾਰੀ ਭੱਜ ਜਾਵੇਗੀ | ਉਨ੍ਹਾਂ ਤਨਜ਼ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ (ਤਾਲੀ-ਥਾਲੀ ਵਜਾਉਣ) ਨਾਲ ਇਕਜੁੱਟਤਾ ਦੀ ਤਾਕਤ ਦਿਖੀ | ਉਸ ਤਾਕਤ ਨੇ ਹੀ ਦੇਸ਼ ਨੂੰ ਅੱਜ 100 ਕਰੋੜ ਤੱਕ ਪਹੁੰਚਾਇਆ ਹੈ |
ਸਾਇੰਸ ਆਧਾਰਿਤ ਮੁਹਿੰਮ
ਪ੍ਰਧਾਨ ਮੰਤਰੀ ਨੇ ਪੂਰੀ ਟੀਕਾਕਰਨ ਮੁਹਿੰਮ ਨੂੰ ਸਾਇੰਸ ਆਧਾਰਿਤ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦਾ ਪੂਰਾ ਟੀਕਾਕਰਨ ਪ੍ਰੋਗਰਾਮ ਵਿਗਿਆਨਕ ਆਧਾਰ 'ਤੇ ਜੰਮਿਆ ਅਤੇ ਵਧਿਆ ਹੈ ਅਤੇ ਹੁਣ ਵਿਗਿਆਨਕ ਆਧਾਰ 'ਤੇ ਚਾਰੋ ਪਾਸੇ ਪਹੁੰਚ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸ ਇਲਾਕੇ 'ਚ ਕਿੰਨੀ ਅਤੇ ਕਦੋਂ ਵੈਕਸੀਨ ਪਹੁੰਚਣੀ ਚਾਹੀਦੀ ਹੈ ਇਸ ਲਈ ਵੀ ਵਿਗਿਆਨਕ ਫਾਰਮੂਲੇ ਦੀ ਵਰਤੋਂ ਹੋਈ ਹੈ |
ਕਿਸਾਨਾਂ ਦਾ ਵੀ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕਿਸਾਨਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਰਿਕਾਰਡ ਪੱਧਰ 'ਤੇ ਅਨਾਜ ਦੀ ਖਰੀਦ ਹੋ ਰਹੀ ਹੈ | ਕਿਸਾਨਾਂ ਦੇ ਖਾਤੇ 'ਚ ਸਿੱਧੇ ਪੈਸੇ ਜਾ ਰਹੇ ਹਨ |
ਜਦੋਂ ਤੱਕ ਜੰਗ ਜਾਰੀ ਹੈ ਹਥਿਆਰ ਸੁੱਟਣੇ ਨਹੀਂ ਚਾਹੀਦੇ
ਆਉਂਦੇ ਤਿਉਹਾਰਾਂ ਦੇ ਸੀਜਨ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਇਹਤਿਆਤ ਵਰਤਣ ਦੀ ਵੀ ਤਾਕੀਦ ਕੀਤੀ | ਉਨ੍ਹਾਂ ਮਾਸਕ ਪਾਉਣ ਦੀ ਲੋੜ 'ਤੇ ਜੋਰ ਦਿੰਦਿਆਂ ਕਿਹਾ ਕਿ ਕਵਚ ਕਿੰਨਾ ਵੀ ਵੱਡਾ ਅਤੇ ਸੁਰੱਖਿਅਤ ਹੋਵੇ, ਜਦ ਤੱਕ ਜੰਗ ਚੱਲ ਰਹੀ ਹੋਵੇ ਤਾਂ ਹਥਿਆਰ ਨਹੀਂ ਸੁੱਟਣੇ ਚਾਹੀਦੇ | ਉਨ੍ਹਾਂ ਪੈਰਾਂ 'ਚ ਜੁੱਤੇ ਪਾਉਣ ਵਾਂਗ ਬਾਹਰ ਜਾਣ ਸਮੇਂ ਮਾਸਕ ਲਾ ਕੇ ਜਾਣ ਦੀ ਆਦਤ ਅਪਣਾਉਣ ਨੂੰ ਕਿਹਾ |
ਨਵੀਂ ਦਿੱਲੀ, 22 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਆਪਣੀ ਧਰਮ ਪਤਨੀ ਅਤੇ ਨੂੰ ਹ ਨਾਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ | ਤਖਤ ਸ੍ਰੀ ਪਟਨਾ ਸਾਹਿਬ ਦੇ ਅਹੁਦੇਦਾਰਾਂ ਵਲੋਂ ਰਾਸ਼ਟਰਪਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵਾਲਾ ਯਾਦਗਾਰੀ ਚਿੰਨ੍ਹ, ਕਿਰਪਾਨ ਭੇਟ ਕੀਤੀ ਗਈ | ਜਥੇਦਾਰ ਰਣਜੀਤ ਸਿੰਘ ਵਲੋਂ ਰਾਸ਼ਟਰਪਤੀ ਨੂੰ ਸਿਰੋਪਾਓ ਦਿੱਤਾ ਗਿਆ | ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਸੋਹੀ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੈਂਬਰ ਗੁਰਵਿੰਦਰ ਸਿੰਘ ਆਦਿ ਨੇ ਰਾਸ਼ਟਰਪਤੀ ਨੂੰ ਗੁਲਦਸਤਾ ਭੇਟ ਕੀਤਾ | ਇਸ ਤੋਂ ਇਲਾਵਾ ਤਖ਼ਤ ਸਾਹਿਬ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ, ਸੁਪਰਡੈਂਟ ਦਲਜੀਤ ਸਿੰਘ, ਬਿਹਾਰ ਗੁਰਦੁਆਰਾ ਕਮੇਟੀ ਦੇ ਸੂਰਜ ਸਿੰਘ ਨਲਵਾ ਵੀ ਮੌਜੂਦ ਸਨ | ਇਸ ਮੌਕੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਗੁਰੂ ਗੋਬੰਦ ਸਿੰਘ ਜੀ ਦੇ ਨਾਂਅ 'ਤੇ ਇਕ ਯੂੂਨੀਵਰਸਿਟੀ ਬਣਾਉਣ ਬਾਰੇ ਕਿਹਾ ਗਿਆ ਅਤੇ ਨਾਲ ਹੀ ਕਿਸਾਨਾਂ ਦੇ ਮਸਲੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਵੀ ਕੀਤੀ ਗਈ | ਇਸ ਤੋਂ ਇਲਾਵਾ ਜਿਨ੍ਹਾਂ ਸਿੱਖ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਗਈ |
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 3 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ | ਪਾਰਟੀ ਦੇ ਬਟਾਲਾ ਹਲਕੇ ਤੋਂ ਮੌਜੂਦਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਹੁਣ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਤੇ ਸ. ਰਵੀਕਰਨ ਸਿੰਘ ਕਾਹਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਯੂਨਸ ਮੁਹੰਮਦ ਮਲੇਰਕੋਟਲਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ | ਇਸ ਦੇ ਨਾਲ ਸ. ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਅੱਜ ਐਲਾਨੇ ਤਿੰਨੇ ਉਮੀਦਵਾਰਾਂ ਸਮੇਤ ਪਾਰਟੀ ਵਲੋਂ ਹੁਣ ਤੱਕ 77 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ | ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ |
ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਸੀ. ਬੀ. ਐਸ. ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢਣ ਦੇਫ਼ੈੈਸਲੇ ਨੂੰ ਲੈ ਕੇ ਪੰਜਾਬ 'ਚ ਖਾਸਾ ਵਿਵਾਦ ਛਿੜਿਆ ਹੋਇਆ ਹੈ, ਜਿਸ 'ਚ ਸੱਤਾਧਾਰੀ ਕਾਂਗਰਸ ਤੋਂ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਇਸ ਕਦਮ ਦੀ ਨਿਖੇਧੀ ਕਰ ਰਹੀਆਂ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬੀ ਨੂੰ ਮੁੱਖ ਵਿਸ਼ਿਆਂ ਤੋਂ ਬਾਹਰ ਰੱਖਣ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਸੰਵਿਧਾਨ ਦੀ ਸੰਘੀ ਢਾਂਚੇ ਦੀ ਮੂਲ ਭਾਵਨਾ ਦੇ ਉਲਟ ਕਰਾਰ ਦਿੱਤਾ | ਉਨ੍ਹਾਂ ਟਵੀਟ ਕੀਤਾ ਕਿ ਆਪਣੀ ਮੂਲ ਭਾਸ਼ਾ ਸਿੱਖਣ 'ਚ ਇਹ ਫ਼ੈਸਲਾ ਪੰਜਾਬੀ ਨੌਜਵਾਨਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ | ਮੁੱਖ ਮੰਤਰੀ ਨੇ ਬੋਰਡ ਨੂੰ ਆਪਣਾ ਫ਼ੈਸਲਾ ਬਦਲਣ ਨੂੰ ਕਿਹਾ |
ਮੁੱਖ ਮੰਤਰੀ ਮਾਮਲਾ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਚੁੱਕਣ- ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ 10ਵੀਂ ਤੇ 12ਵੀਂ ਕਲਾਸ ਦੀਆਂ ਸੀ.ਬੀ.ਐਸ.ਈ. ਦੀਆਂ ਪ੍ਰੀਖਿਆਵਾਂ ਦੇ ਮਾਮਲੇ 'ਚ ਪੰਜਾਬੀ ਦਾ ਦਰਜਾ ਘਟਾ ਕੇ ਮਾਈਨਰ ਕਰਨ ਅਤੇ ਅੱਧੇ ਸੂਬੇ ਨੂੰ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਲਿਆਉਣ ਦੇ ਮਾਮਲੇ 'ਚ ਵਿਤਕਰੇ ਦਾ ਮਸਲਾ ਕੇਂਦਰ ਕੋਲ ਜ਼ੋਰਦਾਰ ਢੰਗ ਨਾਲ ਚੁੱਕਣ | ਉਨ੍ਹਾਂ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਵਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤੇ ਜਾਣ ਦੇ ਮਾਮਲੇ ਮੁੱਖ ਮੰਤਰੀ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਚੁੱਕਣ ਤੋਂ ਇਨਕਾਰੀ ਹਨ |
ਸੀ.ਬੀ.ਐਸ.ਈ. ਦਾ ਸਪੱਸ਼ਟੀਕਰਨ
ਇਸ ਵਿਵਾਦ ਦਰਮਿਆਨ ਸੀ. ਬੀ. ਐਸ. ਈ. ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਿਸ਼ਿਆਂ ਦਾ ਵਰਗੀਕਰਨ ਪ੍ਰਸ਼ਾਸਨਿਕ ਆਧਾਰ 'ਤੇ ਕੀਤਾ ਗਿਆ ਹੈ | ਬੋਰਡ ਨੇ ਕਿਹਾ ਕਿ ਅਕਾਦਮਿਕ ਪੱਖੋਂ ਹਰ ਵਿਸ਼ਾ ਇਕ ਜਿਹੀ ਅਹਿਮੀਅਤ ਰੱਖਦਾ ਹੈ | ਪੰਜਾਬੀ ਖੇਤਰੀ ਭਾਸ਼ਾਵਾਂ 'ਚੋਂ ਇਕ ਹੈ | ਪ੍ਰੀਖਿਆਵਾਂ ਦੇ ਸੰਚਾਲਨ ਲਈ ਲੋੜੀਂਦੀਆਂ ਤਿਆਰੀਆਂ ਲਈ ਪ੍ਰਸ਼ਾਸਨਿਕ ਸੁਵਿਧਾ ਦੇ ਮਕਸਦ ਨਾਲ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ (ਮਾਈਨਰ ਕੈਟਾਗਰੀ) 'ਚ ਰੱਖਿਆ ਗਿਆ ਹੈ | ਬੋਰਡ ਮੁਤਾਬਿਕ ਜਿਨ੍ਹਾਂ ਵਿਸ਼ਿਆਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੁੰਦੀ ਹੈ, ਉਸ ਨੂੰ 'ਮਾਈਨਰ' ਵਿਸ਼ਾ ਮੰਨਿਆ ਜਾਂਦਾ ਹੈ | ਬੋਰਡ ਨੇ ਇਹ ਵੀ ਕਿਹਾ ਕਿ ਵਿਸ਼ਿਆਂ ਦਾ ਵਰਗੀਕਰਨ ਕਿਸੇ ਵੀ ਵਿਸ਼ੇ ਦੀ ਅਹਿਮੀਅਤ ਨੂੰ ਘਟਾਉਂਦਾ ਜਾਂ ਵਧਾਉਂਦਾ ਨਹੀਂ ਹੈ |
ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪਹਿਲੀ ਸਥਿਤੀ ਬਹਾਲ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਹੱਦ ਨਾਲ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਅਤੇ 11 ਅਕਤੂਬਰ, 2021 ਦੇ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਇਕਜੁਟ ਹੋ ਕੇ ਕੰਮ ਕਰ ਸਕਣ | ਇਸ ਦੌਰਾਨ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ 'ਤੇ ਮੀਟਿੰਗ ਲਈ ਸਮਾਂ ਦੇਣ ਦੀ ਅਪੀਲ ਕੀਤੀ | ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਚੰਨੀ ਨੇ ਜਾਣਕਾਰੀ ਦਿੱਤੀ ਕਿ ਬੀ.ਐਸ.ਐਫ. ਨੂੰ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਕਰਨ ਅਤੇ ਮੋਹਰੇ ਹੋ ਕੇ ਰੱਖਿਆ ਕਰਨ ਦੀ ਪ੍ਰਮੁੱਖ ਡਿਊਟੀ ਕਰਨ ਦੀ ਸਿਖਲਾਈ ਮਿਲਦੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਅੰਦਰ ਅਮਨ-ਕਾਨੂੰਨ ਦੀ ਹਿਫ਼ਾਜ਼ਤ ਕਰਨ ਦੀ ਡਿਊਟੀ ਅਤੇ ਜ਼ਿੰਮੇਵਾਰੀ ਸੂਬਾਈ ਜਾਂ ਸਥਾਨਕ ਪੁਲਿਸ ਦੀ ਬਣਦੀ ਹੈ | ਇਸ ਤੋਂ ਇਲਾਵਾ ਪੰਜਾਬ ਪੁਲਿਸ ਅਮਨ-ਕਾਨੂੰਨ ਦੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰਨ ਤੌਰ 'ਤੇ ਸਮਰੱਥ ਹੈ | ਇਸ ਸਮੁੱਚੇ ਮਾਮਲੇ 'ਤੇ ਮੁੜ ਗ਼ੌਰ ਕਰਨ ਦੀ ਜ਼ੋਰਦਾਰ ਪੈਰਵੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਹੁਣ ਮੌਜੂਦਾ ਵਿਵਸਥਾ 'ਚ ਆਪਹੁਦਰੇ ਢੰਗ ਨਾਲ ਬਦਲਾਅ ਕਰ ਦੇਣ ਦਾ ਕੋਈ ਨਿਆਂਇਕ ਆਧਾਰ ਨਹੀਂ ਬਣਦਾ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੂਬਾ ਸੂਚੀ ਤਹਿਤ ਪੁਲਿਸ ਅਤੇ ਅਮਨ-ਕਾਨੂੰਨ ਸੂਬਾਈ ਵਿਸ਼ੇ ਹਨ ਅਤੇ ਇਨ੍ਹਾਂ ਨੂੰ ਸੂਬਿਆਂ ਵਲੋਂ ਦੇਖਿਆ ਜਾ ਰਿਹਾ ਹੈ | ਚੰਨੀ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 11 ਅਕਤੂਬਰ, 2021 ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ, ਆਸਾਮ ਅਤੇ ਪੱਛਮੀ ਬੰਗਾਲ ਰਾਜਾਂ 'ਚ ਅੰਤਰਰਾਸ਼ਟਰੀ ਸਰਹੱਦਾਂ ਦੇ ਨਾਲ-ਨਾਲ ਬੀ.ਐਸ.ਐਫ. ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਖੇਤਰਾਂ ਤੱਕ ਵਧਾ ਦੇਣ 'ਤੇ ਕਿੰਤੂ ਕਰਦਿਆਂ ਕਿਹਾ ਕਿ ਇਹ ਨੋਟੀਫ਼ਿਕੇਸ਼ਨ ਸੀਮਾ ਸੁਰੱਖਿਆ ਬਲ ਐਕਟ, 1958 (1968 ਦਾ ਐਕਟ 47) ਦੀ ਧਾਰਾ 139 ਦੀ ਉਪ-ਧਾਰਾ (1) ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ 3 ਜੁਲਾਈ, 2014 ਦੇ ਪਹਿਲਾਂ ਦੇ ਨੋਟੀਫ਼ਿਕੇਸ਼ਨ 'ਚ ਸੋਧ ਕਰਕੇ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਗੁਜਰਾਤ, ਰਾਜਸਥਾਨ, ਪੰਜਾਬ, ਪੱਛਮੀ ਬੰਗਾਲ ਅਤੇ ਆਸਾਮ ਸੂਬਿਆਂ 'ਚ ਭਾਰਤ ਦੀਆਂ ਸਰਹੱਦਾਂ ਦੇ ਨਾਲ-ਨਾਲ ਚੱਲਦੇ 50 ਕਿਲੋਮੀਟਰ ਦੇ ਖੇਤਰ 'ਚ ਸ਼ਾਮਿਲ ਬੀ.ਐਸ.ਐਫ. ਦੇ ਬਹੁਤ ਸਾਰੇ ਖੇਤਰਾਂ ਅਤੇ ਮਣੀਪੁਰ, ਮਿਜ਼ੋਰਮ, ਤਿ੍ਪੁਰਾ, ਨਾਗਾਲੈਂਡ, ਮੇਘਾਲਿਆ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸਮੁੱਚੇ ਖੇਤਰਾਂ 'ਚ ਬੀ.ਐਸ.ਐਫ. ਦੀਆਂ ਸ਼ਕਤੀਆਂ ਵਧਾ ਦਿੱਤੀਆਂ ਗਈਆਂ | 22 ਸਤੰਬਰ, 1969 ਅਤੇ 11 ਜੂਨ, 2012 ਦੇ ਪਿਛਲੇ ਨੋਟੀਫਿਕੇਸ਼ਨਾਂ ਅਨੁਸਾਰ ਬੀ.ਐਸ.ਐਫ. ਨੂੰ ਸਿਰਫ 15 ਕਿਲੋਮੀਟਰ ਦੇ ਖੇਤਰ ਵਿੱਚ ਅਧਿਕਾਰ ਦਿੱਤਾ ਗਿਆ ਸੀ |
ਹਰੀਸ਼ ਰਾਵਤ ਨੂੰ ਜ਼ਿੰਮੇਵਾਰੀ ਤੋਂ ਕੀਤਾ ਮੁਕਤ, ਪਰ ਕਾਂਗਰਸ ਕਾਰਜਕਾਰਨੀ ਕਮੇਟੀ 'ਚ ਬਣੇ ਰਹਿਣਗੇ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 22 ਅਕਤੂਬਰ -ਕਾਫੀ ਚਿਰ ਤੋਂ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ 'ਚ ਸਰਗਰਮ ਰਹਿ ਰਹੇ ਰਾਜਸਥਾਨ ਸਰਕਾਰ 'ਚ ਮੰਤਰੀ ਹਰੀਸ਼ ਚੌਧਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ | ਪਾਰਟੀ ਵਲੋਂ ਭਾਵੇਂ ਇਸ ਦਾ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ ਹੈ ਪਰ ਸਿਆਸੀ ਹਲਕਿਆਂ 'ਚ ਹਰੀਸ਼ ਚੌਧਰੀ ਨੂੰ ਇਹ ਅਹੁਦਾ ਮਿਲਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਸੀ | ਹਰੀਸ਼ ਚੌਧਰੀ ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਰਹੇ ਹਰੀਸ਼ ਰਾਵਤ ਦੀ ਥਾਂ ਲੈਣਗੇ | ਉਤਰਾਖੰਡ ਵਿਧਾਨ ਸਭਾ ਚੋਣਾਂ ਦੀ ਆਮਦ ਦਾ ਹਵਾਲਾ ਦਿੰਦਿਆਂ ਹਰੀਸ਼ ਰਾਵਤ ਨੇ ਪਾਰਟੀ ਹਾਈਕਮਾਨ ਨੂੰ ਖੁਦ ਕਰਮਭੂਮੀ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਉਹ 'ਜਨਮਭੂਮੀ' ਉਤਰਾਖੰਡ ਵੱਲ ਆਪਣਾ ਧਿਆਨ ਦੇ ਸਕਣ | ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਹਰੀਸ਼ ਚੌਧਰੀ ਨੂੰ ਪੰਜਾਬ ਦਾ ਇੰਚਾਰਜ ਐਲਾਨਦਿਆਂ ਕਿਹਾ ਕਿ ਹਰੀਸ਼ ਚੌਧਰੀ ਨੂੰ ਫੌਰੀ ਤੌਰ 'ਤੇ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਬਣਾਇਆ ਜਾਂਦਾ ਹੈ | ਉਨ੍ਹਾਂ ਕਿਹਾ ਹਰੀਸ਼ ਰਾਵਤ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਦੀ ਮੌਜੂਦਾ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਹੈ ਪਰ ਉਹ ਕਾਂਗਰਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਬਣੇ ਰਹਿਣਗੇ | ਹਰੀਸ਼ ਚੌਧਰੀ ਜੋ ਕਿ ਪੰਜਾਬ 'ਚ ਹੋਏ ਹਾਲੀਆ ਬਦਲਾਅ ਦੇ ਸਮੇਂ ਦੇ ਨਿਗਰਾਨ ਬਣਾਏ ਗਏ, 2017 'ਚ ਵੀ ਪੰਜਾਬ ਦੇ ਸਹਿ ਇੰਚਾਰਜ ਸਨ | ਹਲਕਿਆਂ ਮੁਤਾਬਿਕ ਰਾਜਸਥਾਨ ਸਰਕਾਰ 'ਚ ਮਾਲ ਮੰਤਰੀ ਰਹੇ ਹਰੀਸ਼ ਚੌਧਰੀ ਨੇ ਆਪ ਹੀ ਸੰਗਠਨ 'ਚ ਜਾਣ ਦੀ ਇੱਛਾ ਪ੍ਰਗਟਾਈ ਸੀ | ਰਾਹੁਲ ਗਾਂਧੀ ਦੇ ਕਰੀਬੀ ਹੋਣ ਅਤੇ ਸੂਬਾਈ ਸਿਆਸਤ 'ਚ ਸਰਗਰਮ ਭੂਮਿਕਾ ਨਿਭਾਉਣ ਕਾਰਨ ਵੀ ਹਰੀਸ਼ ਚੌਧਰੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ | ਹਲਕਿਆਂ ਮੁਤਾਬਿਕ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਹਰੀਸ਼ ਚੌਧਰੀ ਨੂੰ ਰਾਜਸਥਾਨ ਮੰਤਰੀ ਮੰਡਲ ਤੋਂ ਹਟਾਇਆ ਜਾ ਸਕਦਾ ਹੈ | ਜ਼ਿਕਰਯੋਗ ਹੈ ਕਿ ਹਰੀਸ਼ ਚੌਧਰੀ ਰਾਜਸਥਾਨ ਦੇ ਦੂਜੇ ਅਜਿਹੇ ਮੰਤਰੀ ਹਨ ਜਿਸ ਨੂੰ ਸੰਗਠਨ 'ਚ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਸਿਹਤ ਮੰਤਰੀ ਰਘੂ ਸ਼ਰਮਾ ਨੂੰ ਗੁਜਰਾਤ ਅਤੇ ਦਮਨਦੀਪ ਦਾ ਇੰਚਾਰਜ ਬਣਾਇਆ ਗਿਆ ਸੀ | ਇਨ੍ਹਾਂ ਦੋਵਾਂ ਮੰਤਰੀਆਂ ਤੋਂ ਇਲਾਵਾ ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੇਟਾਸਰਾ ਨੂੰ ਵੀ ਮੰਤਰੀ ਮੰਡਲ ਤੋਂ ਹਟਾਇਆ ਜਾ ਸਕਦਾ ਹੈ | ਸੂਬਾਈ ਪੱਧਰ 'ਤੇ ਅੰਦਰੂਨੀ ਖਿਚੋਤਾਣ ਦਾ ਸਾਹਮਣਾ ਕਰ ਰਹੀ ਕਾਂਗਰਸ ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ 'ਚ ਵੀ ਮਸਲੇ ਹੱਲ ਕਰਨ ਦੀ ਕੋਸ਼ਿਸ਼ 'ਚ ਹੈ, ਜਿਸ 'ਚ ਰਾਜਸਥਾਨ ਦਾ ਨਾਂਅ ਵੀ ਸ਼ਾਮਿਲ ਹੈ | ਹਲਕਿਆਂ ਮੁਤਾਬਿਕ ਰਾਜਸਥਾਨ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਨੂੰ ਸੰਗਠਨ ਦੀਆਂ ਹੋਰ ਜ਼ਿੰਮੇਵਾਰੀਆਂ ਦੇ ਕੇ ਮੰਤਰੀ ਮੰਡਲ 'ਚ ਕੁਝ ਨਵੇਂ ਚਿਹਰੇ ਸ਼ਾਮਿਲ ਕੀਤੇ ਜਾ ਸਕਦੇ ਹਨ, ਜਿਸ ਨਾਲ ਸਚਿਨ ਪਾਇਲਟ ਦੇ ਸਮਰਥਕਾਂ ਨੂੰ ਸੂਬਾਈ ਸਿਆਸਤ 'ਚ ਲਿਆਂਦਾ ਜਾ ਸਕਦਾ ਹੈ |
ਹਰੀਸ਼ ਰਾਵਤ ਨੇ ਕੀਤਾ ਧੰਨਵਾਦ
ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਤੋਂ ਬਾਅਦ ਹਰੀਸ਼ ਰਾਵਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਅਪੀਲ ਸਵੀਕਾਰ ਕੀਤੀ | ਹਰੀਸ਼ ਰਾਵਤ ਨੇ ਟਵਿੱਟਰ ਸੰਦੇਸ਼ ਰਾਹੀਂ ਪੰਜਾਬ ਦੇ ਕਾਂਗਰਸੀਆਂ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਿਲ 'ਚ ਹਮੇਸ਼ਾ ਪੰਜਾਬ ਰਹੇਗਾ | ਉਨ੍ਹਾਂ ਆਪਣੇ ਸੰਦੇਸ਼ 'ਚ ਇਹ ਵੀ ਕਿਹਾ ਕਿ ਉਹ ਪੰਜਾਬ ਤੋਂ ਵੱਖ ਨਹੀਂ ਹਨ | ਦੂਜੇ ਪਾਸੇ ਹਰੀਸ਼ ਚੌਧਰੀ ਨੇ ਵੀ ਨਵੀਂ ਮਿਲੀ ਜ਼ਿੰਮੇਵਾਰੀ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ |
ਸੁੰਦਰ ਜਲੌਅ, ਫੁੱਲਾਂ ਦੀ ਮਨਮੋਹਕ ਸਜਾਵਟ, ਅਲੌਕਿਕ ਦੀਪਮਾਲਾ ਤੇ ਆਤਿਸ਼ਬਾਜ਼ੀ ਬਣੀ ਖਿੱਚ ਦਾ ਕੇਂਦਰ
ਅੰਮਿ੍ਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੰਗਤਾਂ ਦਾ ਸੈਲਾਬ ਨਜ਼ਰ ਆਇਆ ਅਤੇ ਪਰਿਕਰਮਾ 'ਚ ਬੇਰ ਬਾਬਾ ਬੁੱਢਾ ਸਾਹਿਬ ਨੇੜੇ ਸਥਿਤ ਛਬੀਲ ਤੱਕ ਸੰਗਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਅੰਮਿ੍ਤ ਵੇਲੇ ਤੋਂ ਦੇਰ ਰਾਤ ਤੱਕ ਸ਼ਰਧਾਲੂਆਂ ਨੇ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਸ਼ਰਧਾ ਸਹਿਤ ਗੁਰੂ ਦਰ 'ਤੇ ਸੀਸ ਨਿਵਾਇਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ | ਰੰਗ ਬਿਰੰਗੇ ਫੁੱਲਾਂ ਦੀ ਸਜਾਵਟ ਸ਼ਰਧਾਲੂਆਂ ਦਾ ਮਨ ਮੋਹ ਰਹੀ ਸੀ | ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ | ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਵੀ ਸਜਾਏ ਗਏ ਸੁੰਦਰ ਜਲੌਅ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ | ਇਸੇ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰੂ-ਜੱਸ ਸਰਵਣ ਕਰਵਾਇਆ | ਜਿੱਥੇ ਅੱਜ ਹੋਏ ਕਵੀ ਦਰਬਾਰ 'ਚ ਪੰਥਕ ਕਵੀਆਂ ਨੇ ਗੁਰੂ ਸਾਹਿਬ ਦੇ ਲਾਸਾਨੀ ਜੀਵਨ ਬਾਰੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ, ਉਥੇ ਬੀਤੀ ਰਾਤ ਰਾਗ ਦਰਬਾਰ ਅਤੇ ਪੜਤਾਲ ਗਾਇਣ ਕੀਰਤਨ ਸਮਾਗਮ 'ਚ ਪ੍ਰਸਿੱਧ ਰਾਗੀ ਜਥਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਗੁਰਬਾਣੀ 'ਚੋਂ ਰਾਗ ਆਧਾਰਤ ਸ਼ਬਦ ਕੀਰਤਨ ਤੰਤੀ ਤੇ ਰਵਾਇਤੀ ਸਾਜ਼ਾਂ ਨਾਲ ਸਰਵਣ ਕਰਵਾਇਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਚੌਥੇ ਪਾਤਸ਼ਾਹ ਦੇ ਜੀਵਨ ਅਤੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਕੀਤੀ | ਵੱਖ-ਵੱਖ ਧਾਰਮਿਕ ਮੁਕਾਬਲਿਆਂ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰਨਾਂ ਵਲੋਂ ਸਨਮਾਨਿਤ ਕੀਤਾ ਗਿਆ |
ਜਥੇਦਾਰ ਵਲੋਂ ਵਧਾਈ
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਵੀਡੀਓ ਸੰਦੇਸ਼ 'ਚ ਦੇਸ਼ ਵਿਦੇਸ਼ ਵੱਸਦੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਚੌਥੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ 'ਤੇ ਅਮਲ ਕਰਨ ਦੀ ਤਾਕੀਦ ਕੀਤੀ |
ਬਾਲਾਸੋਰ (ਓਡੀਸ਼ਾ), 22 ਅਕਤੂਬਰ (ਪੀ.ਟੀ.ਆਈ.)-ਭਾਰਤ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਚਾਂਦੀਪੁਰ 'ਚ ਪ੍ਰੀਖਣ ਰੇਂਜ (ਆਈ.ਟੀ.ਆਰ.) ਤੋਂ ਦੇਸ਼ 'ਚ ਹੀ ਵਿਕਸਿਤ ਹਾਈ-ਸਪੀਡ ਐਕਸਪੈਂਡੇਬਲ ਏਰੀਅਲ ਟਾਰਗੇਟ (ਹੀਟ) 'ਅਭਿਆਸ' ਦਾ ਸਫ਼ਲਤਾ ਪੂਰਵਕ ਪ੍ਰੀਖਣ ਕੀਤਾ | ਡੀ.ਆਰ.ਡੀ.ਓ.ਦੇ ...
ਪਾਕਿ ਫ਼ੌਜ ਦੇ ਮੁੱਖ ਦਫ਼ਤਰ 'ਚ ਲਏ ਜਾ ਰਹੇ ਅਫ਼ਗਾਨ ਵਿਦੇਸ਼ੀ ਤੇ ਰੱਖਿਆ ਫ਼ੈਸਲੇ : ਅਮਰੁੱਲਾਹ ਸਾਲੇਹ
ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਤਾਲਿਬਾਨ ਦੇ ਕਾਬੁਲ 'ਤੇ ਕਬਜ਼ਾ ਕਰਨ ਦੇ 49 ਦਿਨਾਂ ਬਾਅਦ ਸਾਹਮਣੇ ਆਏ ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ...
ਲਖੀਮਪੁਰ ਖੀਰੀ, 22 ਅਕਤੂਬਰ (ਏਜੰਸੀ)-ਲਖੀਮਪੁਰ ਖੀਰੀ ਘਟਨਾ 'ਚ ਕਥਿਤ ਭੂਮਿਕਾ ਦੇ ਦੋਸ਼ 'ਚ ਗਿ੍ਫ਼ਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਫਿਰ 2 ਦਿਨਾ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਇਹ ਦੂਸਰੀ ਵਾਰ ਹੈ ਜਦੋਂ ...
ਸੋਨੀਪਤ, 22 ਅਕਤੂਬਰ (ਇੰਟ.)-ਹਰਿਆਣਾ ਪੁਲਿਸ ਵਲੋਂ ਇਕ ਨਿਹੰਗ ਨੂੰ ਸੋਨੀਪਤ ਦੇ ਸਿੰਘੂ ਬਾਰਡਰ 'ਤੇ ਮੁਰਗੀ ਮੁਫ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ | ਜ਼ਖ਼ਮੀ ਮਜ਼ਦੂਰ ਬਿਹਾਰ ਦੇ ਮਨੋਜ ਪਾਸਵਾਨ, ਜੋ ਕੁੰਡਲੀ ...
ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ੍ਹ 'ਚ 3 ਅਕਤੂਬਰ ਵਾਲੇ ਦਿਨ ਵਾਪਰੀ ਦਰਦਨਾਕ ਘਟਨਾ 'ਚ ਜਾਨ ਗਵਾਉਣ ਵਾਲੇ ਕਿਸਾਨਾਂ ...
ਨਵੀਂ ਦਿੱਲੀ, 22 ਅਕਤੂਬਰ (ਪੀ.ਟੀ.ਆਈ.)-ਸੰਸਦ ਦਾ ਲਗਪਗ ਇਕ ਮਹੀਨੇ ਤੱਕ ਚੱਲਣ ਵਾਲਾ ਸਰਦ ਰੁੱਤ ਦਾ ਇਜਲਾਸ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ | ਇਸ ਸੰਬੰਧੀ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਜਲਾਸ ਦੌਰਾਨ ਕੋਵਿਡ-19 ਦੇ ਸਾਰੇ ...
ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਕੋਰੋਨਾ ਟੀਕਾਕਰਨ 'ਚ 100 ਕਰੋੜ ਖੁਰਾਕਾਂ ਦਾ ਟੀਚਾ ਪੂਰਾ ਹੋਣ 'ਤੇ ਜਿੱਥੇ ਕੇਂਦਰ ਸਰਕਾਰ ਵਲੋਂ ਇਸ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਜਾ ਰਿਹਾ ਹੈ, ਉੱਥੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਸੁਪਰੀਮ ਕੋਰਟ 'ਚ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਫ਼ੌਜ ਦੀਆਂ 39 ਮਹਿਲਾ ਅਫ਼ਸਰਾਂ ਨੂੰ ਸਥਾਈ ਕਮਿਸ਼ਨ ਮਿਲਿਆ ਹੈ | ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ ਕਿ 7 ਦਿਨਾਂ ਦੇ ਅੰਦਰ ਇਨ੍ਹਾਂ ਮਹਿਲਾ ...
ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)- ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ | ਕੈਨੇਡਾ ਆਧਾਰਿਤ ਇੰਟਰਨੈਸ਼ਨਲ ਫੋਰਮ ਫ਼ਾਰ ਰਾਈਟਸ ਐਂਡ ਸਕਿਉਰਿਟੀ (ਆਈ. ਐਫ਼. ਐਫ਼. ਆਰ. ਏ. ਐਸ.) ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ...
ਚੰਡੀਗੜ੍ਹ, 22 ਅਕਤੂਬਰ (ਏਜੰਸੀ)-ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਅੱਜ ਕਾਰ ਨੂੰ ਪਿੱਛਿਓਾ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾਅ ਗਈ | ਇਸ ਕਾਰਨ ਕਾਰ 'ਚ ਸਵਾਰ 8 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ | ਪੁਲਿਸ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX