ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤ ਨੂੰ ਮਹਾਨ ਸ਼ਕਤੀ, ਇਕ ਮਿੱਤਰ ਦੇਸ਼ ਤੇ ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ ਦੇਸ਼ ਕਰਾਰ ਦਿੱਤਾ। ਮੁਲਾਕਾਤ ਦੌਰਾਨ ਪੁਤਿਨ ਨੇ ਵਿਸ਼ਵ 'ਚ ਅੱਤਵਾਦ, ਨਸ਼ਾ ਤਸਕਰੀ ਤੇ ਸੰਗਠਿਤ ਅਪਰਾਧ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪੁਤਿਨ ਨੇ ਅਫ਼ਗਾਨਿਸਤਾਨ 'ਚ ਜਾਰੀ ਹਾਲਾਤ 'ਤੇ ਵੀ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਇਸ ਖੇਤਰ 'ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਤੇ ਰੂਸ ਵਲੋਂ ਤਾਲਮੇਲ ਜਾਰੀ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ 'ਅਸੀਂ ਭਾਰਤ ਨੂੰ ਮਹਾਨ ਰਾਸ਼ਟਰ, ਇਕ ਮਿੱਤਰ ਦੇਸ਼ ਤੇ ਸਮੇਂ ਦੀ ਕਸੌਟੀ 'ਤੇ ਖਰਾ ਉਤਰਨ ਵਾਲਾ ਦੇਸ਼ ਸਮਝਦੇ ਹਾਂ'। ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਅੱਗੇ ਵਧ ਰਹੇ ਹਨ ਤੇ ਅਸੀਂ ਦੋਵਾਂ ਦੇਸ਼ਾਂ ਦੇ ਬਿਹਤਰੀਨ ਭਵਿੱਖ ਲਈ ਆਸਵੰਦ ਹਾਂ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਭਾਰਤ ਤੇ ਰੂਸ ਦੇ ਸੰਬੰਧਾਂ 'ਚ ਕੋਈ ਬਦਲਾਅ ਨਹੀਂ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਸੰਬੰਧ ਮਜ਼ਬੂਤ ਹੋ ਰਹੇ ਹਨ ਤੇ ਦੋਵੇਂ ਧਿਰਾਂ ਅਫਗਾਨਿਸਤਾਨ 'ਚ ਸਥਿਤੀ ਤੇ ਹੋਰ ਮੁੱਦਿਆਂ 'ਤੇ ਸੰਪਰਕ 'ਚ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ 'ਚ ਵਿਸ਼ਵ ਨੇ ਮੌਲਿਕ ਪਰਿਵਰਤਨ ਤੇ ਵੱਖ-ਵੱਖ ਪ੍ਰਕਾਰ ਦੇ ਭੂ-ਰਾਜਨੀਤਕ ਬਦਲਾਅ ਵੇਖੇ ਹਨ, ਪਰ ਭਾਰਤ ਤੇ ਰੂਸ ਦੀ ਮਿੱਤਰਤਾ ਪਹਿਲਾਂ ਵਾਂਗ ਬਣੀ ਹੋਈ ਹੈ। 2+2 ਗੱਲਬਾਤ ਲਈ ਭਾਰਤ ਦੇ ਸੰਖੇਪ ਦੌਰੇ 'ਤੇ ਪੁੱਜੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ-ਰੂਸ ਸਿਖਰ ਬੈਠਕ ਕੀਤੀ, ਜਿਸ 'ਚ ਦੋਵਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਵਧਾਉਣ ਦੇ ਉਦੇਸ਼ਾਂ ਨਾਲ ਕਈ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ।
ਭਾਰਤ ਤੇ ਰੂਸ ਮਿਲ ਕੇ ਬਣਾਉਣਗੇ ਏ. ਕੇ. 203 ਅਸਾਲਟ ਰਾਈਫ਼ਲਾਂ
ਨਵੀਂ ਦਿੱਲੀ, 6 ਦਸੰਬਰ (ਏਜੰਸੀ)-10 ਸਾਲਾਂ ਤੱਕ ਫੌਜੀ ਸਹਿਯੋਗ ਲਈ ਇਕ ਹੋਰ ਸਮਝੌਤੇ ਨੂੰ ਪੱਕੇ ਕਰਨ ਤੋਂ ਇਲਾਵਾ ਭਾਰਤ ਤੇ ਰੂਸ ਨੇ ਉੱਤਰ ਪ੍ਰਦੇਸ਼ ਦੇ ਅਮੇਠੀ 'ਚ 6 ਲੱਖ ਤੋਂ ਵੱਧ ਏ.ਕੇ. 203 ਅਸਾਲਟ ਰਾਈਫਲਾਂ ਦੇ ਸਾਂਝੇ ਉਤਪਾਦਨ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਭਾਰਤ ਦੀਆਂ ਹਥਿਆਰਬੰਦ ਫੌਜਾਂ ਲਈ ਅਸਾਲਟ ਰਾਈਫਲਾਂ ਦੇ ਉਤਪਾਦਨ 'ਤੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਛੋਟੇ ਹਥਿਆਰਾਂ ਦੀ ਕਲਾਸ਼ਨੀਕੋਵ ਲੜੀ ਦੇ ਨਿਰਮਾਣ ਖੇਤਰ 'ਚ ਸਹਿਯੋਗ ਲਈ ਸਮਝੌਤੇ 'ਚ ਸੋਧ ਕਰਨ ਲਈ ਇਕ ਹੋਰ ਸਮਝੌਤਾ ਕੀਤਾ, ਜਿਸ ਨੂੰ ਅਸਲ 'ਚ ਫਰਵਰੀ 2019 'ਚ ਸਹੀਬੱਧ ਕੀਤਾ ਗਿਆ ਸੀ। ਇਹ ਸਮਝੌਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਰੂਸ ਨਾਲ 2+2 ਗੱਲਬਾਤ ਸ਼ੁਰੂ ਕਰਨ ਮੌਕੇ ਕੀਤੇ ਗਏ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਾਰਤ-ਰੂਸ ਸੰਬੰਧਾਂ ਦਾ ਇਤਿਹਾਸਕ ਦਿਨ ਹੈ। ਉਨ੍ਹਾਂ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਗੁਆਂਢੀ ਮੁਲਕ 'ਚ ਅਸਾਧਾਰਨ ਫੌਜੀਕਰਨ ਤੇ ਉੱਤਰੀ ਸਰਹੱਦ 'ਤੇ ਬਿਨਾਂ ਕਿਸੇ ਕਾਰਨ ਹਮਲਾਵਰ ਰੁਖ਼ ਨੇ ਸਖ਼ਤ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਤੇ ਅੰਦਰੂਨੀ ਸਮਰੱਥਾ ਦੇ ਨਾਲ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ-ਰੂਸ ਸੰਬੰਧਾਂ ਵਿਚ ਪਿਛਲੇ ਦਿਨਾਂ 'ਚ ਬੇਮਿਸਾਲ ਤਰੱਕੀ ਹੋਈ ਹੈ। ਭਾਰਤ-ਰੂਸ ਰਿਸ਼ਤੇ ਇਸ ਬਦਲਦੀ ਦੁਨੀਆ 'ਚ ਹੋਰ ਗੂੜ੍ਹੇ ਹੋਣ ਦੇ ਨਾਲ-ਨਾਲ ਸਮੇਂ ਦੀ ਕਸਵੱਟੀ 'ਤੇ ਖਰੇ ਉਤਰੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਤਵਾਦ, ਹਿੰਸਾ ਤੇ ਕੱਟੜਵਾਦ ਨੂੰ ਖਿੱਤੇ 'ਚ ਦਰਪੇਸ਼ ਪ੍ਰਮੁੱਖ ਚੁਣੌਤੀਆਂ ਵਜੋਂ ਪੇਸ਼ ਕੀਤਾ। ਉਧਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਦੁਵੱਲੀ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਤੇ ਰੂਸ ਦੇ ਰਿਸ਼ਤੇ ਨਿਵੇਕਲੇ ਹਨ ਤੇ ਤੇਜ਼ੀ ਨਾਲ ਬਦਲਦੇ ਭੂ-ਸਿਆਸੀ ਆਲਮ 'ਚ ਵਿਸ਼ੇਸ਼ ਤੌਰ 'ਤੇ ਸਥਿਰ ਤੇ ਮਜ਼ਬੂਤ ਬਣੇ ਹੋਏ ਹਨ। ਭਾਰਤ ਅਤੇ ਰੂਸ ਨੇ ਮਨੁੱਖੀ ਪੁਲਾੜ ਉਡਾਨ ਪ੍ਰੋਗਰਾਮ ਸਮੇਤ ਪੁਲਾੜ ਖੇਤਰ 'ਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ ਲਾਂਚ ਵਾਹਨਾਂ ਦੇ ਸੰਚਾਲਨ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਐਸ-400 ਸੌਦੇ ਦਾ ਕੇਵਲ ਪ੍ਰਤੀਕਾਤਮਕ ਅਰਥ ਨਹੀਂ ਹੈ, ਬਲਕਿ, ਭਾਰਤੀ ਰੱਖਿਆ ਸਮਰੱਥਾ ਲਈ ਇਸ ਦਾ ਇਕ ਬਹੁਤ ਹੀ ਮਹੱਤਵਪੂਰਨ ਵਿਵਹਾਰਕ ਅਰਥ ਹੈ ਅਤੇ ਅਮਰੀਕਾ ਵਲੋਂ ਸਹਿਯੋਗ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਭਾਰਤ-ਰੂਸ ਵਿਚਾਲੇ 28 ਸਮਝੌਤੇ
ਅੱਤਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ 'ਤੇ ਬਣੀ ਸਹਿਮਤੀ
ਭਾਰਤ ਤੇ ਰੂਸ ਨੇ ਸੋਮਵਾਰ ਆਪਸੀ ਭਾਈਵਾਲੀ ਨੂੰ ਹੋਰ ਵਿਆਪਕ ਆਧਾਰ ਦੇਣ ਲਈ 28 ਸਮਝੌਤਿਆਂ 'ਤੇ ਦਸਤਖਤ ਕੀਤੇ ਅਤੇ ਅੱਤਵਾਦ ਦੇ ਖ਼ਤਰੇ ਵਰਗੀਆਂ ਵੱਡੀਆਂ ਚੁਣੌਤੀਆਂ ਤੇ ਅਫਗਾਨਿਸਤਾਨ ਦੀ ਸਥਿਤੀ ਨਾਲ ਨਜਿੱਠਣ ਲਈ ਸਹਿਯੋਗ ਤੇ ਤਾਲਮੇਲ ਵਧਾਉਣ 'ਤੇ ਸਹਿਮਤੀ ਪ੍ਰਗਟ ਕੀਤੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਸਿਖਰ ਵਾਰਤਾ ਨੂੰ 'ਬਹੁਤ ਲਾਭਕਾਰੀ' ਦੱਸਦਿਆਂ ਕਿਹਾ ਕਿ ਦੋਵੇਂ ਧਿਰਾਂ ਦਰਮਿਆਨ ਕਈ ਖੇਤਰਾਂ 'ਚ ਸਰਕਾਰ-ਦਰ-ਸਰਕਾਰ 28 ਸਮਝੌਤੇ ਹੋਏ ਹਨ। ਸ਼੍ਰਿੰਗਲਾ ਨੇ ਦੱਸਿਆ ਕਿ ਮੋਦੀ ਤੇ ਪੁਤਿਨ ਨੇ ਅਫਗਾਨਿਸਤਾਨ ਦੀ ਸਥਿਤੀ 'ਤੇ ਭਾਰਤ ਤੇ ਰੂਸ ਵਿਚਾਲੇ ਨਜ਼ਦੀਕੀ ਸਲਾਹ ਤੇ ਤਾਲਮੇਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਦੋਵੇਂ ਧਿਰਾਂ ਇਸ ਗੱਲ 'ਤੇ ਸਪੱਸ਼ਟ ਹਨ ਕਿ ਅਫਗਾਨ ਖੇਤਰ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ, ਸਿਖਲਾਈ ਦੇਣ ਜਾਂ ਕਿਸੇ ਵੀ ਅੱਤਵਾਦੀ ਕਾਰਵਾਈ ਦੀ ਯੋਜਨਾ ਬਣਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਦੋਵਾਂ ਧਿਰਾਂ ਨੇ ਸਰਹੱਦ ਪਾਰ ਦੇ ਅੱਤਵਾਦ ਨਾਲ ਲੜਨ ਦੀ ਲੋੜ 'ਤੇ ਜ਼ੋਰ ਦਿੱਤਾ। ਭਾਰਤ ਅਤੇ ਰੂਸ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਤੁਰੰਤ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ। ਵਿਦੇਸ਼ ਸਕੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਊਰਜਾ ਦੇ ਰਣਨੀਤਕ ਖੇਤਰ 'ਚ ਸਹਿਯੋਗ ਬਾਰੇ ਵਿਸਥਾਰ 'ਚ ਚਰਚਾ ਹੋਈ।
ਚੰਡੀਗੜ੍ਹ, 6 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ 9 ਵਿਚ ਆਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਦੇ ਦਫ਼ਤਰ ਦਾ ਉਦਘਾਟਨ ਕੀਤਾ। ਦਫ਼ਤਰ 'ਚ ਪਹੁੰਚਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਦਫ਼ਤਰ ਦੇ ਉਦਘਾਟਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਅਤੇ ਢੀਂਡਸਾ ਧੜ੍ਹੇ ਨਾਲ ਮਿਲ ਕੇ ਪੰਜਾਬ ਵਿਚ 2022 ਦੀਆਂ ਚੋਣਾਂ ਜਿੱਤ ਸਰਕਾਰ ਬਣਾਉਣ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਉਹ ਪੰਜਾਬ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਸਮੇਂ ਦੀ ਕਮੀ ਉਨ੍ਹਾਂ ਲਈ ਕੋਈ ਵੱਡੀ ਚੁਣੌਤੀ ਨਹੀਂ ਹੈ ਅਤੇ ਇਸ ਤੋਂ ਪਹਿਲਾ ਵੀ ਉਹ ਅਜਿਹੀ ਸਥਿਤੀ ਅੰਦਰ ਚੋਣਾਂ ਜਿੱਤ ਚੁੱਕੇ ਹਨ। ਕੈਪਟਨ ਨੇ ਕਿਹਾ ਕਿ 1980 'ਚ ਉਨ੍ਹਾਂ ਨੇ ਅਕਾਲੀ ਦਲ ਦੇ ਲੀਡਰ ਅਜੀਤ ਸਿੰਘ ਸਰਹੱਦੀ ਨੂੰ 14 ਦਿਨਾਂ ਵਿਚ ਹਰਾਇਆ ਸੀ ਜਦਕਿ ਅਜੀਤ ਸਿੰਘ ਨੂੰ ਚਾਰ ਮਹੀਨੇ ਪਹਿਲਾ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਿਆ ਸੀ। ਕੈਪਟਨ ਨੇ ਕਿਹਾ ਕਿ ਅਸੀਂ ਲੜਾਈ ਲਈ ਤਿਆਰ ਹਾਂ, 10 ਦਿਨ ਪਹਿਲਾਂ ਪਾਰਟੀ ਮੈਂਬਰਸ਼ਿਪ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਵੀ ਜਲਦ ਕੰਮ ਸ਼ੁਰੂ ਹੋ ਜਾਵੇਗਾ। ਅੱਗੇ ਦੀ ਰਣਨੀਤੀ ਲਈ ਉਹ ਜਲਦ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਮਿਲਣਗੇ ਅਤੇ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਵੀ ਮੀਟਿੰਗ ਕਰਕੇ ਸੀਟਾਂ ਸੰਬੰਧੀ ਗੱਲ ਕਰਨਗੇ।
ਚੰਨੀ ਸਰਕਾਰ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼
ਇਸ ਮੌਕੇ ਕੈਪਟਨ ਨੇ ਕਾਂਗਰਸ ਦੀ ਚੰਨੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ, ਉਨ੍ਹਾਂ ਕਿਹਾ ਕਿ ਬੀਤੇ 2 ਮਹੀਨਿਆਂ ਦੌਰਾਨ ਸਰਕਾਰ 'ਚ ਭ੍ਰਿਸ਼ਟਾਚਾਰ ਵਧਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਡੇ ਪੱਧਰ 'ਤੇ ਇਸ਼ਤਿਹਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੇਖ ਕੇ ਹਾਸਾ ਆਉਂਦਾ ਹੈ, ਉਨ੍ਹਾਂ ਕਿਹਾ ਕਿ ਕਿਸੇ ਵੀ ਸਕੀਮ ਦੇ ਐਲਾਨ ਕਰਨ ਦੀ ਸ਼ੁਰੂਆਤ ਤੋਂ ਕੰਮ ਦੇ ਪੂਰਾ ਹੋਣ ਤੱਕ 4 ਮਹੀਨੇ ਤੋਂ ਇਕ ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਕੇਂਦਰ ਸਰਕਾਰ ਸਮੇਤ ਕਈ ਏਜੰਸੀਆਂ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੁੰਦੀ ਹੈ, ਉਨ੍ਹਾਂ ਕਿਹਾ ਕਿ ਚੰਨੀ ਬੱਸ ਡਰਾਮਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਰ ਕਾਨੂੰਨੀ ਮਾਈਨਿੰਗ ਹਾਲੇ ਵੀ ਜਾਰੀ ਹੈ। ਪੰਜਾਬ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਦੀ ਵਕਾਲਤ ਕਰਨ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਪਹਿਲਾਂ ਸਾਡੇ ਜਵਾਨਾਂ ਨੂੰ ਮਾਰਨਾ ਬੰਦ ਕਰੇ ਫਿਰ ਇਸ ਬਾਰੇ ਗੱਲ ਸੋਚੀ ਜਾ ਸਕਦੀ ਹੈ। ਸ. ਨਵਜੋਤ ਸਿੰਘ ਸਿੱਧੂ ਵਲੋਂ ਕੁਝ ਉਮੀਦਵਾਰਾਂ ਨੂੰ ਬਦਲਣ ਦੀ ਸਥਿਤੀ ਵਿਚ ਕੀ ਕੈਪਟਨ ਉਨ੍ਹਾਂ ਉਮੀਦਵਾਰਾਂ ਨੂੰ ਆਪਣੀ ਪਾਰਟੀ 'ਚ ਸੀਟ ਦੇਣਗੇ, ਇਸ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਉਹ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਸੀਟ ਦੇਣਗੇ ਜੋ ਸੀਟ ਲੈਣ ਦੇ ਕਾਬਲ ਹੋਣਗੇ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਤਿੰਨੇ ਪਾਰਟੀਆਂ ਮਿਲ ਕੇ ਹੀ ਤੈਅ ਕਰਨਗੀਆਂ।
ਆਮ ਆਦਮੀ ਪਾਰਟੀ 'ਤੇ ਵੀ ਕੈਪਟਨ ਦਾ ਹਮਲਾ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵਜੂਦ ਖ਼ਤਮ ਹੋ ਰਿਹਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਤਾਂ ਉਨ੍ਹਾਂ ਦੇ ਖ਼ੁਦ ਦੇ ਵਿਧਾਇਕ ਕਿਉਂ ਪਾਰਟੀ ਛੱਡ ਕੇ ਭੱਜ ਰਹੇ ਹਨ। ਕੈਪਟਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਵੀ ਖੋਖਲਾ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਲਈ ਬਣਾ ਰਹੇ ਨੇ ਕਮੇਟੀ-ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਬਿੱਲਾਂ ਨੂੰ ਵਾਪਸ ਲੈ ਚੁੱਕੇ ਹਨ ਅਤੇ ਉਹ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਅਤੇ ਕਿਸਾਨਾਂ ਦੇ ਹੋਰ ਮੁੱਦਿਆਂ ਲਈ ਇਕ ਕਮੇਟੀ ਵੀ ਬਣਾ ਰਹੇ ਹਨ ਜਿਸ ਵਿਚ ਕਿਸਾਨਾਂ ਦੇ ਪੰਜ ਆਗੂਆਂ ਨੂੰ ਵੀ ਮੈਂਬਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਵੀ ਐਮ.ਐਸ.ਪੀ. ਨੂੰ ਲੈ ਕੇ ਸੰਸਦ ਵਿਚ ਬਿਆਨ ਦਿੱਤਾ ਜਾ ਚੁੱਕਿਆ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦਾ ਪੁੱਤਰ ਸ. ਰਣਇੰਦਰ ਸਿੰਘ, ਲੜਕੀ ਜੈਇੰਦਰ ਕੌਰ ਅਤੇ ਸ. ਸੁੱਖਇੰਦਰ ਸਿੰਘ,. ਭਰਤ ਇੰਦਰ ਸਿੰਘ ਚਾਹਲ ਸਮੇਤ ਉਨ੍ਹਾਂ ਦੇ ਹੋਰ ਕਰੀਬੀ ਵੀ ਸ਼ਾਮਿਲ ਸਨ।
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ ਆਗੂਆਂ ਦੇ ਆਪਾ-ਵਿਰੋਧੀ ਬਿਆਨਾਂ ਦਰਮਿਆਨ ਹੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਕਵਾਇਦ ਤਹਿਤ ਕਾਂਗਰਸ ਵਲੋਂ ਕਈ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਵਲੋਂ ਐਲਾਨੀਆਂ ਚੋਣ ਕਮੇਟੀਆਂ 'ਚ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਜੈ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ ਹੈ। ਚੰਦਨ ਯਾਦਵ 'ਤੇ ਕ੍ਰਿਸ਼ਣਾ ਅਲਾਵਰੂ ਇਸ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ਸਕਰੀਨਿੰਗ ਕਮੇਟੀ 'ਚ ਉਨ੍ਹਾਂ ਆਗੂਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਪੰਜਾਬ 'ਚ ਆਪਣੇ ਅਹੁਦਿਆਂ ਦੇ ਕਾਰਨ ਉਮੀਦਵਾਰਾਂ ਦੀ ਚੋਣ ਕਰਨ 'ਚ ਅਹਿਮੀਅਤ ਰੱਖਦੇ ਹਨ। ਇਨ੍ਹਾਂ ਆਗੂਆਂ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ 'ਚ ਕਾਂਗਰਸ ਦੇ ਸਾਰੇ ਸਕੱਤਰ ਇੰਚਾਰਜ ਵੀ ਸਕਰੀਨਿੰਗ ਕਮੇਟੀ ਦੇ ਮੈਂਬਰ ਹਨ।
ਹਿੰਦੂ ਵੋਟਾਂ 'ਤੇ ਕਾਂਗਰਸ ਦੀ ਨਜ਼ਰ
ਕਾਂਗਰਸ ਵਲੋਂ ਜਾਰੀ ਸੂਚੀ 'ਚ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਸੂਬੇ ਦੀਆਂ ਹਿੰਦੂ ਵੋਟਾਂ ਨੂੰ ਆਪਣੇ ਪਾਲੇ 'ਚ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਦੋਵੇਂ ਹੀ ਮੁੱਖ ਮੰਤਰੀ ਦੇ ਮੁੱਖ ਦਾਅਵੇਦਾਰਾਂ ਵਜੋਂ ਪਾਰਟੀ ਹਾਈਕਮਾਨ ਦੀ ਤਰਜੀਹੀ ਪਸੰਦ ਸਨ। ਜਿੱਥੇ ਅੰਬਿਕਾ ਸੋਨੀ ਨੇੇ ਆਪ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਉੱਥੇ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਤਜਵੀਜ਼ ਕਾਰਨ ਸੁਨੀਲ ਜਾਖੜ ਦਾ ਨਾਂਅ ਇਸ ਤੋਂ ਬਾਹਰ ਹੋ ਗਿਆ ਸੀ। ਹਲਕਿਆਂ ਮੁਤਾਬਿਕ ਪਾਰਟੀ ਦੇ ਇਸ ਫ਼ੈਸਲੇ ਤੋਂ ਬਾਅਦ ਸੁਨੀਲ ਜਾਖੜ ਕਾਫ਼ੀ ਖਫ਼ਾ ਹਨ। ਪਾਰਟੀ ਵਲੋਂ ਸੁਨੀਲ ਜਾਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਜਾਖੜ ਨੇ ਸਿੱਧੂ ਜਾਂ ਚੰਨੀ ਹੇਠ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਾਖੜ ਲਗਾਤਾਰ ਆਪਣੇ ਟਵੀਟਾਂ ਰਾਹੀਂ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਨੂੰ ਵੀ ਨਿਸ਼ਾਨੇ 'ਤੇ ਲੈਂਦੇ ਰਹੇ ਹਨ। ਹਾਲਾਂਕਿ ਹਾਈਕਮਾਨ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਉਹ ਗੁਰੇਜ਼ ਕਰਦੇ ਰਹੇ। ਹਲਕਿਆਂ ਮੁਤਾਬਿਕ ਜਾਖੜ ਲਗਾਤਾਰ ਪਾਰਟੀ ਹਾਈਕਮਾਨ ਦੇ ਸੰਪਰਕ 'ਚ ਵੀ ਰਹਿ ਰਹੇ ਸਨ। ਦੂਜੇ ਪਾਸੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵੀ ਦੱਬੇ-ਘੁੱਟੇ ਹੋਣ ਦੀ ਖ਼ਬਰ ਸੀ। ਹਲਕਿਆਂ ਮੁਤਾਬਿਕ ਸਭ ਤੋਂ ਪਹਿਲਾਂ ਕੈਪਟਨ ਦਾ ਵਿਰੋਧ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਨਾ ਸੌਂਪੇ ਜਾਣ 'ਤੇ ਉਹ ਨਾਰਾਜ਼ ਚੱਲ ਰਹੇ ਸਨ। ਹੁਣ ਕਾਂਗਰਸ ਵਲੋਂ ਇਨ੍ਹਾਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕਵਾਇਦ ਹੇਠ ਚੋਣਾਂ ਦੀਆਂ ਤਿਆਰੀਆਂ ਦਾ ਅਹਿਮ ਜ਼ਿੰਮਾ ਉਨ੍ਹਾਂ ਨੂੰ ਸੌਂਪਿਆ ਗਿਆ ਹੈ।
ਚੰਡੀਗੜ੍ਹ, 6 ਦਸੰਬਰ (ਪ੍ਰੋ: ਅਵਤਾਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 7 ਦਸੰਬਰ ਨੂੰ ਇਕ ਰੋਜ਼ਾ ਪੰਜਾਬ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਜਿਥੇ ਉਹ ਕਰਤਾਰਪੁਰ (ਜਲੰਧਰ) 'ਚ ਹੋਣ ਵਾਲੇ ਪ੍ਰੋਗਰਾਮ 'ਚ ਔਰਤਾਂ ਦੇ ਰੂ-ਬਰੂ ਹੋਣਗੇ, ਉਥੇ ਹੁਸ਼ਿਆਰਪੁਰ 'ਚ ਐਸ. ਸੀ. ਭਾਈਚਾਰੇ ਨਾਲ ਮੀਟਿੰਗ ਕਰਨਗੇ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਇਹ ਦੌਰੇ ਅਸਲ 'ਚ 2022 ਦੀਆਂ ਚੋਣਾਂ ਮੌਕੇ ਪਾਰਟੀ ਵਲੋਂ ਤਿਆਰ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਦਾ ਹਿੱਸਾ ਹਨ।
ਨਵੀਂ ਦਿੱਲੀ, 6 ਦਸੰਬਰ (ਪੀ.ਟੀ.ਆਈ.)-ਦਿੱਲੀ ਦੰਗਿਆਂ ਦੇ ਮਾਮਲੇ 'ਚ ਪਹਿਲੀ ਵਾਰ ਅਦਾਲਤ ਨੇ ਇਕ ਦੰਗਾਕਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਗੋਕਲਪੁਰੀ 'ਚ ਲੁੱਟਖੋਹ ਤੋਂ ਬਾਅਦ ਘਰ ਸਾੜਨ ਦੇ ਮਾਮਲੇ 'ਚ ਵਧੀਕ ਜੱਜ ਵਰੇਂਦਰ ਭੱਟ ਦੀ ਅਦਾਲਤ ਨੇ ਦੋਸ਼ੀ ਦਿਨੇਸ਼ ਯਾਦਵ ਉਰਫ਼ ਮਾਈਕਲ ਨੂੰ ਦੋਸ਼ੀ ਠਹਿਰਾਇਆ ਹੈ। ਉਸ ਦੀ ਸਜ਼ਾ 'ਤੇ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪਿਛਲੇ ਸਾਲ ਫਰਵਰੀ 'ਚ ਉੱਤਰ ਪੂਰਬੀ ਦਿੱਲੀ 'ਚ ਦੰਗੇ ਭੜਕ ਗਏ ਸਨ। ਦੰਗਿਆਂ ਦੌਰਾਨ 25 ਫਰਵਰੀ 2020 ਨੂੰ ਗੋਕਲਪੁਰੀ ਇਲਾਕੇ ਦੇ ਭਾਗੀਰਥੀ ਵਿਹਾਰ ਡੀ-ਬਲਾਕ 'ਚ 73 ਸਾਲਾ ਮਨੋਰੀ ਦੇ ਘਰ 'ਤੇ ਦੰਗਾਕਾਰੀਆਂ ਨੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਘਰ 'ਚ ਕੋਈ ਮੌਜੂਦ ਨਹੀਂ ਸੀ। ਦੰਗਾਕਾਰੀ ਉਨ੍ਹਾਂ ਦੇ ਘਰ 'ਚ ਸਮਾਨ ਲੁੱਟ ਕੇ ਲੈ ਗਏ ਅਤੇ ਘਰ ਨੂੰ ਅੱਗ ਲਗਾ ਦਿੱਤੀ ਸੀ।
ਕੋਹਿਮਾ, 6 ਦਸੰਬਰ (ਪੀ. ਟੀ. ਆਈ.)-ਨਾਗਾਲੈਂਡ ਪੁਲਿਸ ਵਲੋਂ ਸੋਮਵਾਰ ਨੂੰ ਫ਼ੌਜ ਦੀ 21ਵੀਂ ਪੈਰਾ ਵਿਸ਼ੇਸ਼ ਬਲ ਦੇ ਖ਼ਿਲਾਫ਼ ਨਾਗਰਿਕਾਂ 'ਤੇ ਗੋਲੀਬਾਰੀ ਲਈ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਨ ਕਸਬਾ, ਜਿਥੇ ਉਕਤ ਗੋਲੀਬਾਰੀ ਦੀ ਘਟਨਾ ਵਾਪਰੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿਸ ਕਾਰਨ ਉਥੇ ਧਾਰਾ 144 ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਕਈ ਕਬਾਇਲੀ ਸੰਗਠਨਾਂ ਵਲੋਂ ਸੁਰੱਖਿਆ ਬਲਾਂ ਦੀ ਕਾਰਵਾਈ ਦੇ ਵਿਰੋਧ 'ਚ ਬੰਦ ਦਾ ਸੱਦਾ ਦਿੱਤਾ ਗਿਆ। ਸੁਰੱਖਿਆ ਬਲਾਂ ਵਲੋਂ ਨਾਗਰਿਕਾਂ 'ਤੇ ਕੀਤੀ ਗੋਲੀਬਾਰੀ 'ਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਕੋਨਯਕ ਯੂਨੀਅਨ, ਜੋ ਜ਼ਿਲ੍ਹਾ ਮੋਨ ਦੀ ਸਰਵਉੱਚ ਮੁਕੱਦਮੇ ਵਾਲੀ ਸੰਸਥਾ ਹੈ, ਨੇ ਸ਼ੁਰੂ 'ਚ ਦਾਅਵਾ ਕੀਤਾ ਸੀ ਕਿ ਗੋਲੀਬਾਰੀ 'ਚ 17 ਨਾਗਰਿਕ ਮਾਰੇ ਗਏ ਹਨ ਪਰ ਬਾਅਦ 'ਚ ਇਸ ਨੂੰ ਘਟਾ ਕੇ 14 ਕਰ ਦਿੱਤਾ ਗਿਆ ਸੀ। ਹਾਲਾਂਕਿ, ਪੁਲਿਸ ਨੇ ਕਿਹਾ ਹੈ ਕਿ ਸਨਿਚਰਵਾਰ ਅਤੇ ਐਤਵਾਰ ਨੂੰ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ 'ਚ 14 ਨਾਗਰਿਕ ਮਾਰੇ ਗਏ ਸਨ। ਪਹਿਲੀ ਘਟਨਾ, ਜਿਸ 'ਚ 6 ਨਾਗਰਿਕ ਮਾਰੇ ਗਏ ਸਨ, ਉਦੋਂ ਵਾਪਰੀ ਜਦੋਂ ਫ਼ੌਜ ਦੇ ਜਵਾਨਾਂ ਨੇ ਸਨਿਚਰਵਾਰ ਸ਼ਾਮ ਨੂੰ ਇਕ ਪਿਕ-ਅੱਪ ਵੈਨ 'ਚ ਘਰ ਪਰਤ ਰਹੇ ਕੋਲੇ ਦੀ ਖਾਣ ਦੇ ਮਜ਼ਦੂਰਾਂ ਨੂੰ ਪਾਬੰਦੀਸ਼ੁਦਾ ਜਥੇਬੰਦੀ ਐਨ. ਐਸ. ਸੀ. ਐਨ. (ਕੇ.) ਦੇ ਯੁੰਗ ਆਂਗ ਧੜੇ ਨਾਲ ਸਬੰਧਿਤ ਅੱਤਵਾਦੀ ਸਮਝ ਲਿਆ। ਜਦੋਂ ਮਜ਼ਦੂਰ ਆਪਣੇ ਘਰਾਂ ਤੱਕ ਨਹੀਂ ਪਹੁੰਚ ਸਕੇ ਤਾਂ ਸਥਾਨਕ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਫ਼ੌਜ ਦੀਆਂ ਗੱਡੀਆਂ ਨੂੰ ਘੇਰ ਲਿਆ। ਇਸ ਦੌਰਾਨ ਹੋਈ ਝੜਪ 'ਚ ਇਕ ਜਵਾਨ ਦੀ ਮੌਤ ਹੋ ਗਈ ਤੇ ਪਿੰਡ ਵਾਸੀਆਂ ਵਲੋਂ ਫ਼ੌਜ ਦੀਆਂ ਗੱਡੀਆਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਜਵਾਨਾਂ ਵਲੋਂ ਸਵੈ-ਰੱਖਿਆ 'ਚ ਚਲਾਈਆਂ ਗੋਲੀਆਂ ਨਾਲ ਸੱਤ ਹੋਰ ਨਾਗਰਿਕ ਹਲਾਕ ਹੋ ਗਏ। ਪੁਲਿਸ ਅਨੁਸਾਰ ਘਟਨਾ ਦੇ ਵਿਰੋਧ 'ਚ ਭੜਕੇ ਦੰਗੇ ਐਤਵਾਰ ਦੁਪਹਿਰ ਤੱਕ ਜਾਰੀ ਰਹੇ, ਜਿਸ ਦੌਰਾਨ ਗੁੱਸੇ 'ਚ ਆਈ ਭੀੜ ਨੇ ਕੋਨਯਕ ਯੂਨੀਅਨ ਦੇ ਦਫ਼ਤਰਾਂ ਤੇ ਆਸਾਮ ਰਾਈਫਲਜ਼ ਦੇ ਇਕ ਕੈਂਪ 'ਚ ਭੰਨ-ਤੋੜ ਕਰਦਿਆਂ ਕੁਝ ਹਿੱਸਿਆਂ ਨੂੰ ਅੱਗ ਲਗਾ ਦਿੱਤੀ ਗਈ। ਇਥੇ ਸੁਰੱਖਿਆ ਬਲਾਂ ਨੇ ਜਦੋਂ ਭੀੜ ਨੂੰ ਖਿੰਡਾਉਣ ਲਈ ਗੋਲੀਬਾਰੀ ਕੀਤੀ ਤਾਂ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਨਾਗਾਲੈਂਡ ਪੁਲਿਸ ਵਲੋਂ ਫ਼ੌਜ ਦੀ 21ਵੀਂ ਪੈਰਾ ਵਿਸ਼ੇਸ਼ ਬਲ ਦੇ ਖ਼ਿਲਾਫ਼ ਇਕ 'ਸੂ ਮੋਟੋ' ਐਫ. ਆਈ. ਆਰ. ਦਰਜ ਕੀਤੀ ਗਈ ਹੈ।
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਵਪਾਰ ਨੂੰ ਪ੍ਰਫੂਲਿਤ ਕਰਨ ਲਈ ਸਰਕਾਰ ਨੂੰ ਪਾਕਿਸਤਾਨ ਨਾਲ ਮੁੜ ਵਪਾਰ ਖੋਲ੍ਹਣ ਲਈ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਪੱਤਰ ਲਿਖਣਗੇ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਵੀ ਕਰਨਗੇ। ਮੁੱਖ ਮੰਤਰੀ ਅੱਜ ਇਥੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਏ 15ਵੇਂ ਪਾਈਟੈਕਸ ਮੇਲੇ 'ਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਰਾਜਨੀਤਕ ਸ਼ਖ਼ਸੀਅਤਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਪਾਈਟੈਕਸ ਮੇਲੇ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗਪਤੀਆਂ ਨੂੰ ਰਾਹਤ ਦਿੰਦਿਆਂ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ ਵੈਟ ਦੇ ਬਕਾਇਆ 40 ਹਜ਼ਾਰ ਕੇਸਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਸੂਬਾ ਸਰਕਾਰ ਵਲੋਂ ਪੁਰਾਣੇ ਉਦਯੋਗਾਂ ਦੇ ਵਿਸਥਾਰ ਲਈ ਸੀ. ਐਲ. ਯੂ. ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਰੱਖੀ ਕਨਵੈਨਸ਼ਨ ਸੈਂਟਰ ਬਣਾਉਣ ਦੀ ਅਹਿਮ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਅਗਲੇ ਹਫ਼ਤੇ ਅੰਮ੍ਰਿਤਸਰ ਵਿਚ 10 ਏਕੜ ਵਿਚ ਬਣਨ ਵਾਲੇ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਪਾਈਟੈਕਸ ਮੇਲੇ ਲਈ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਸਰਹੱਦ ਪਾਰ ਵਪਾਰ ਨੂੰ ਵਧਾਉਣ ਦੀ ਲੋੜ ਹੈ। ਇਹ ਪੰਜਾਬ ਦੇ ਵਿਕਾਸ ਦਾ ਗੇਟਵੇ ਹੈ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਿੰਨਾ ਅੰਮ੍ਰਿਤਸਰ ਪ੍ਰਫੂੱਲਿਤ ਹੋਵੇਗਾ, ਪੰਜਾਬ ਓਨਾ ਹੀ ਮਜ਼ਬੂਤ ਹੋਵੇਗਾ। ਇਸ ਤੋਂ ਪਹਿਲਾਂ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਕੋ-ਚੇਅਰ ਕਰਨ ਗਿਲਹੋਤਰਾ ਨੇ ਮੁੱਖ ਮੰਤਰੀ ਦਾ ਇੱਥੇ ਪਹੁੰਚਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ-ਲਾਹੌਰ ਸੜਕ ਦੇ ਖੁੱਲ੍ਹਣ ਨਾਲ ਪੰਜਾਬ 'ਚ ਉਦਯੋਗਾਂ ਨੂੰ ਹੁਲਾਰਾ ਮਿਲੇਗਾ। ਇਸ ਦੌਰਾਨ ਸਮੁੱਚੀ ਟੀਮ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ: ਰਾਜ ਕੁਮਾਰ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ. ਸੀ. ਸੰਤੋਖ ਸਿੰਘ ਭਲਾਈਪੁਰ (ਸਾਰੇ ਵਿਧਾਇਕ), ਮਮਤਾ ਦੱਤਾ ਚੇਅਰਮੈਨ ਖਾਦੀ ਬੋਰਡ, ਪੀ. ਐਚ. ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਜਨਰਲ ਸਕੱਤਰ ਨਵੀਨ ਸੇਠ, ਜੈਦੀਪ ਸਿੰਘ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
ਡਾ: ਕਮਲ ਕਾਹਲੋਂ
ਬਟਾਲਾ, 6 ਦਸੰਬਰ-ਪੰਜਾਬ ਕਾਂਗਰਸ 'ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਛੋਟੇ ਭਰਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦਰਮਿਆਨ ਸਿਆਸੀ ਖਿਚੋਤਾਣ ਸ਼ੁਰੂ ਹੋ ਚੁੱਕੀ ਹੈ। ਅੱਜ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਵਿਧਾਨ ਸਭਾ ...
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਐਤਵਾਰ ਨੂੰ ਨਾਗਾਲੈਂਡ 'ਚ ਫ਼ੌਜ ਵਲੋਂ ਕੀਤੀ ਗੋਲੀਬਾਰੀ ਨਾਲ ਮਰੇ ਆਮ ਨਾਗਰਿਕਾਂ ਦਾ ਮਾਮਲਾ ਸੰਸਦ ਦੇ ਦੋਹਾਂ ਸਦਨਾਂ 'ਚ ਛਾਇਆ ਰਿਹਾ। ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਖੁਫ਼ੀਆ ਏਜੰਸੀਆਂ ਦੀ ਕੁਤਾਹੀ ਦੱਸਦਿਆਂ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ। ਇਹ ਜਾਣਕਾਰੀ ਉਕਤ ਕਮੇਟੀ ਦੇ ਮੁਖੀ ਰਾਘਵ ਚੱਢਾ ਨੇ ਸੋਮਵਾਰ ਨੂੰ ਦਿੰਦਿਆਂ ਦੱਸਿਆ ਕਿ ...
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਲਈ ਕੇਂਦਰ ਸਰਕਾਰ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰੇ, ਤਾਂ ਜੋ ਸ਼ਰਧਾਲੂਆਂ ਨੂੰ ਇਸ ਇਤਿਹਾਸਕ ਅਹਿਮੀਅਤ ਵਾਲੇ ਸਮਾਗਮ ਦਾ ਹਿੱਸਾ ਬਣਨ 'ਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਕੇਂਦਰ ਅਤੇ ਫ਼ੌਜ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਿਛਲੇ ਸਾਲ ਦੇ ਫ਼ੈਸਲੇ ਦੇ ਬਾਅਦ 615 'ਚੋਂ 487 ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਇਸ ...
ਇਸਲਾਮਾਬਾਦ, 6 ਦਸੰਬਰ (ਏਜੰਸੀ)-ਪਾਕਿਸਤਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਸਾਹਮਣੇ ਕਸ਼ਮੀਰ ਦਾ ਰਾਗ ਅਲਾਪਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਇਕ ਹੋਰ ਪੱਤਰ ਲਿਖ ਕੇ ਕਸ਼ਮੀਰ ਦਾ ਮੁੱਦਾ ...
ਨਵੀਂ ਦਿੱਲੀ, 6 ਦਸੰਬਰ (ਪੀ. ਟੀ. ਆਈ.)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੋਕਾਂ 'ਤੇ ਕਥਿਤ ਜਬਰ ਦੇ ਵਿਰੋਧ 'ਚ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਨਿਰਦੋਸ਼ਾਂ ਦੀਆਂ ਹੱਤਿਆਵਾਂ ਤੁਰੰਤ ਬੰਦ ...
ਬੈਂਕਾਕ, 6 ਦਸੰਬਰ (ਏਜੰਸੀਆਂ)-ਮਿਆਂਮਾਰ ਦੀ ਇਕ ਵਿਸ਼ੇਸ਼ ਅਦਾਲਤ ਨੇ ਮਿਆਂਮਾਰ ਦੀ ਸੱਤਾ ਤੋਂ ਬੇਦਖ਼ਲ ਕੀਤੀ ਆਗੂ ਆਂਗ ਸਾਨ ਸੂ ਕੀ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਸਜ਼ਾ ਸੁਣਾਉਣ ...
ਨਵੀਂ ਦਿੱਲੀ 6 ਦਸੰਬਰ (ਜਗਤਾਰ ਸਿੰਘ)-ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਸਰਵਸਤੀ ਵਿਹਾਰ ਪੁਲਿਸ ਥਾਣੇ 'ਚ ਦਰਜ ਇਕ ਕੇਸ 'ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਸਿੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX